Shivcharan-Jaggi-Kussa

ਕਾਂਡ 9 : ਖੇਤ ਟਿਊਬਵੈੱਲ ਚੱਲ ਰਿਹਾ ਸੀ। - ਸ਼ਿਵਚਰਨ ਜੱਗੀ ਕੁੱਸਾ

ਖੇਤ ਟਿਊਬਵੈੱਲ ਚੱਲ ਰਿਹਾ ਸੀ।
ਚਲ੍ਹੇ ਵਿੱਚ ਚਾਂਦੀ ਰੰਗੇ ਪਾਣੀ ਦੀ ਧਾਰ ਡਿੱਗ ਰਹੀ ਸੀ। ਚਾਰੇ ਪਾਸੇ ਹਰਿਆਲੀ ਹੀ ਹਰਿਆਲੀ ਨਜ਼ਰ ਆਉਂਦੀ ਸੀ। ਜੋਗਾ ਸਿੰਘ ਚਲ੍ਹੇ ਕੋਲ਼ ਘੁੱਗੂ ਜਿਹਾ ਹੋਇਆ ਬੈਠਾ ਸੀ। ਗੇਜਾ ਅਜੇ ਨੱਕਾ ਮੋੜ ਕੇ ਵਾਪਸ ਆਇਆ ਹੀ ਸੀ। ਅਚਾਨਕ ਬਾਗੋ-ਬਾਗ ਹੋਈ ਹਰ ਕੌਰ ਆ ਗਈ। ਕਿਸੇ ਖ਼ੁਸ਼ੀ ਵਿਚ ਉਹ ਉਡੀ ਫ਼ਿਰਦੀ ਸੀ।  
-''ਕੀ ਗੱਲ ਤਾਈ? ਬਾਹਲ਼ੇ ਈ ਕੁੱਤੇ ਜੇ ਫ਼ੇਲ੍ਹ ਕਰੀ ਫ਼ਿਰਦੀ ਐਂ..?" ਮੋਢਿਓਂ ਕਹੀ ਲਾਹ ਕੇ ਰੱਖਦਾ ਹੋਇਆ ਗੇਜਾ ਟਿੱਚਰ ਜਿਹੀ ਨਾਲ਼ ਬੋਲਿਆ।
-''ਵੇ ਮੈਨੂੰ ਤਾਂ ਅੱਜ ਬਾਹਲ਼ੀ ਈ ਖ਼ੁਸ਼ੀ ਐ, ਪੁੱਤ...! ਮੇਰਾ ਤਾਂ ਅੱਜ ਧਰਤੀ 'ਤੇ ਪੈਰ ਨੀ ਲੱਗਦਾ..!! ਚਿੱਤ ਕਰਦੈ ਰਾਗਟ ਬਣ ਕੇ ਅਸਮਾਨ ਨੂੰ ਉਡ'ਜਾਂ...!"
-''ਸਾਨੂੰ ਵੀ ਦੱਸ ਤਾਈ..! ਅਸੀਂ ਵੀ ਜਾੜ੍ਹ ਤੱਤੀ ਕਰਨ ਆਲ਼ੇ ਬਣੀਏਂ..!"
-''ਹੋਰ ਤੂੰ ਕੀ ਕਰਨੈਂ...? ਮੂਤ ਪੀਣ ਤੋਂ ਬਿਨਾ ਥੋਨੂੰ ਕੋਈ ਕੰਮ ਈ ਨੀ ਆਉਂਦਾ...??"
-''ਸਾਡੀ ਗੱਲ ਘੱਟੇ ਈ ਪਾਅ'ਤੀ ਤਾਈ...! ਖ਼ੁਸ਼ੀ ਵੀ ਸਾਂਝੀ ਕਰ...!"
-''ਵੇ ਆਪਣੇ ਘਰ 'ਤੇ ਜੋਤਾਂ ਵਾਲ਼ੇ ਸੰਤਾਂ ਦੀ ਕਿਰਪਾ ਦ੍ਰਿਸ਼ਟੀ ਹੋਗੀ..! ਆਪਣੀ ਅਨੂਪ ਕੁਰ ਦਾ ਪੈਰ ਭਾਰੈ..!"
ਗੇਜੇ ਨੇ ''ਜੈ ਜੋਤਾਂ ਵਾਲ਼ੇ ਸੰਤ ਅਨੂਪ ਅਲੱਖ ਜੀ ਦੀ" ਆਖ ਡੇਕ ਦੇ ਮੁੱਢੋਂ ਬੋਤਲ ਕੱਢ ਲਈ।
-''ਦੇਖ ਔਤਾਂ ਦੇ ਜਾਣੇ ਨੂੰ ਕਿਵੇਂ ਹਲ਼ਕ ਉਠ ਖੜ੍ਹਿਆ...!"
-''ਤਾਈ ਕਦੇ ਘੁੱਟ ਲਾ ਕੇ ਦੇਖ..! ਦੇਖ ਕਿਵੇਂ ਸੁਰਗਾਂ ਦੇ ਝੂਟੇ ਆਉਂਦੇ ਐ, ਨਾਲ਼ੇ ਸਾਰਾ ਪਿੰਡ ਮਿੱਤਰਾਂ ਦਾ ਲੱਗੂ...!"
-''ਵੇ ਤੂੰ ਮੈਥੋਂ ਕਿਤੇ ਲਿਵਤਰੇ ਨਾ ਖਾ ਲਈਂ...! ਅਖੇ ਅੰਨ੍ਹਾਂ ਜੁਲਾਹਾ ਮਾਂ ਨੂੰ ਮਛਕਰੀਆਂ..!"
ਅਖੀਰ ਸਾਰੇ ਪ੍ਰੀਵਾਰ ਦੀਆਂ ਆਸਾਂ ਨੂੰ ਬੂਰ ਪਿਆ! ਅਨੂਪ ਕੌਰ ਨੇ ਇੱਕ ਸੋਹਣੇ-ਸੁਣੱਖੇ ਅਤੇ ਤੰਦਰੁਸਤ ਪੁੱਤਰ ਨੂੰ ਜਨਮ ਦਿੱਤਾ। ਘਰ 'ਤੇ ਖ਼ੁਸ਼ੀਆਂ ਖੇੜਿਆਂ ਦੀ ਭਰਮਾਰ ਹੋ ਗਈ! ਸਾਰਾ ਪ੍ਰੀਵਾਰ ਖੇੜੇ ਵਿਚ ਆ ਗਿਆ!
ਗੇਜਾ ਅਤੇ ਜੋਗਾ ਸਿੰਘ ਇੱਕ-ਦੂਜੇ ਨੂੰ ਵਧਾਈਆਂ ਦਿੰਦੇ, ਆਪਸ ਵਿਚ ਜੱਫ਼ੀਆਂ ਪਾ-ਪਾ ਮਿਲ਼ ਰਹੇ ਸਨ।
-''ਬਾਈ ਅੱਜ ਰੂੜੀ-ਮਾਰਕਾ ਨੀ, ਅੱਜ 'ਇੰਗਲਿਸ' ਪੀਣੀਂ ਐਂ! ਇੰਗਲਿਸ..!!" ਗੇਜਾ ਬੋਲਿਆ।
-''ਗੇਜਿਆ...! ਤੂੰ ਮੇਰੀ ਹਿੱਕ ਦਾ ਵਾਲ਼...! ਜਾਨ ਮੰਗ, ਜਾਨ ਹਾਜ਼ਰ ਕਰੂੰਗਾ..!"
ਅੰਦਰ ਅਨੂਪ ਕੌਰ ਮੰਜੇ 'ਤੇ ਪਈ ਧੰਨ ਸ਼੍ਰੀ ਗੁਰੂ ਨਾਨਕ ਪਾਤਿਸ਼ਾਹ ਦਾ ਸ਼ੁਕਰਾਨਾ ਕਰ ਰਹੀ ਸੀ।
ਦੂਜੇ ਕਮਰੇ ਵਿਚ ਹਰ ਕੌਰ ਪੋਤੇ ਨੂੰ ਬੁੱਕਲ਼ 'ਚ ਲਈ ਬੈਠੀ ਸੀ। ਮੁੰਡੇ ਦਾ ਨਾਂ ਯਾਦਵਿੰਦਰ ਸਿੰਘ ਰੱਖਿਆ, ਪਰ ਜੋਗਾ ਸਿੰਘ ਉਸ ਨੂੰ ''ਗੋਗੀ" ਹੀ ਆਖ ਕੇ ਬੁਲਾਉਂਦਾ।
0 0 0 0 0

ਦਿਨਾਂ ਜਾਂਦਿਆਂ ਨੂੰ ਕੀ ਲੱਗਦੈ...? ਦਿਨ, ਹਫ਼ਤੇ, ਮਹੀਨੇ ਅਤੇ ਫ਼ਿਰ ਸਾਲ ਬੀਤਦੇ ਗਏ ਅਤੇ ਗੋਗੀ ਉਡਾਰ ਹੁੰਦਾ ਗਿਆ। ਹੁਣ ਤਾਂ ਜਦ ਜੋਗਾ ਅਤੇ ਗੇਜਾ ਰਾਤ ਨੂੰ ਦਾਰੂ ਪੀਂਦੇ ਹੁੰਦੇ ਤਾਂ ਗੋਗੀ ਦੰਦੀਆਂ ਜਿਹੀਆਂ ਕੱਢਦਾ ਉਹਨਾਂ ਦੇ ਕੋਲ਼ ਆ ਖੜ੍ਹਦਾ। ਜੋਗਾ ਸਿੰਘ ਦਾਰੂ ਦਾ ਡੱਟ ਭਰ ਕੇ ਉਸ ਦੇ ਮੂੰਹ ਨੂੰ ਲਾ ਦਿੰਦਾ। ਗੋਗੀ ਦਾਰੂ ਦਾ ਡੱਟ ਪੀ ਕੇ ਘਸਮੈਲ਼ਾ ਜਿਹਾ ਮੂੰਹ ਕਰਦਾ ਅਤੇ ਧੁੜਧੜ੍ਹੀ ਜਿਹੀ ਲੈਂਦਾ।
-''ਆਪਣੀ ਤਾਂ ਸਾਰੀ ਉਮਰ ਕੁੱਤੇ ਕੰਮਾਂ 'ਚ ਲੰਘ'ਗੀ, ਪਰ ਇਹਨੂੰ ਪੁੱਠੀ ਬਹਿਵਤ ਨਾ ਪਾ, ਬਾਈ...! ਇਹ ਆਪਾਂ ਨੂੰ ਈ ਤੰਗ ਕਰੂ..!" ਗੇਜੇ ਨੇ ਸਿਆਣਪ ਭਰੀ ਗੱਲ ਜੋਗੇ ਨੂੰ ਆਖੀ।
-''ਓਏ ਕੁਛ ਨੀ ਹੁੰਦਾ ਗੇਜਿਆ...! ਕੋਈ ਲੱਤ ਨੀ ਟੁੱਟਦੀ...! ਜੇ ਜੱਟ ਦਾ ਪੁੱਤ ਦਾਰੂ ਨਾ ਪੀਊ, ਹੋਰ ਮੰਦਰ ਦਾ ਪੁਜਾਰੀ ਬਣੂੰ...?? ਲੈ ਗੋਗੀ, ਇੱਕ ਹੋਰ ਸਿੱਟ ਅੰਦਰ ਪੁੱਤ, ਠਾਰੀ ਐ...!" ਉਹ ਅੱਖਾਂ ਮੀਚ ਕੇ ਇੱਕ ਡੱਟ ਹੋਰ ਚਾੜ੍ਹ ਜਾਂਦਾ।
-''ਤੇ ਹੁਣ ਮਾਰ ਇੱਕ ਲਲਕਰਾ..!" ਜੋਗੇ ਦੇ ਕਹਿਣ 'ਤੇ ਗੋਗੀ ''ਬੁਰਰਰਰਰਰਾਅ" ਆਖ ਲਲਕਾਰਾ ਮਾਰਦਾ।
ਲਲਕਾਰਾ ਸੁਣ ਕੇ ਹਰ ਕੌਰ ਅੰਦਰ ਆਈ।
-''ਅੱਜ ਇਹ ਲਾਲਿਆਂ ਦੇ ਮੁੰਡੇ ਨੂੰ ਕੁੱਟ ਆਇਆ..!" ਹਰ ਕੌਰ ਨੇ ਦੱਸਿਆ।
-''ਓਹ ਬੱਲੇ...! ਘੜ੍ਹ'ਤਾ ਲਾਅਲਾ...?" ਜੋਗਾ ਸਿੰਘ ਖੁਸ਼ ਹੁੰਦਾ ਬੋਲਿਆ।
-''ਘੜ੍ਹ'ਤਾ..!"
-''ਇਹਨੂੰ ਚਮਲ੍ਹਾ ਨਾ...! ਕੰਨ ਖਿੱਚ ਇਹਦੇ, ਇਹ ਤਾਂ ਬਾਹਲ਼ੀ ਔਲੋ ਕਰਨ ਲੱਗ ਪਿਆ..!"
-''ਓਏ ਕੁਛ ਨੀ ਹੁੰਦਾ ਬੇਬੇ...! ਕੁੱਟ ਖਾ ਕੇ ਆਉਣਾ ਮਿਹਣਾ ਹੁੰਦੈ ਜੱਟ ਨੂੰ...! ਪਾ ਦਿਆ ਕਰ ਪੁੜਪੁੜੀ 'ਚ ਚਿੱਬ ਪੁੱਤ..! ਡਰਨਾ ਨੀ ਕਿਸੇ ਲੰਡੇ ਲਾਟ ਤੋਂ...!"
-''ਨਾ ਇਹਨੂੰ ਸਿਰ ਚੜ੍ਹਾਈ ਜਾਹ...! ਦੁਖੀ ਕਰੂ ਤੈਨੂੰ..!!"
-''ਕੋਈ ਨੀ ਗੋਲ਼ੀ ਵੱਜਦੀ, ਬੇਬੇ..! ਬਾਹਲ਼ੀ ਮਗਜਮਾਰੀ ਨਾ ਕਰਿਆ ਕਰ..!"
ਅਗਲੇ ਦਿਨ ਜੋਗਾ ਸਿੰਘ ਖੇਤ ਨੂੰ ਤੁਰਿਆ ਜਾ ਰਿਹਾ ਸੀ।
ਸੱਥ ਵਿਚ ਅੱਧਾ ਪਿੰਡ ਇਕੱਠਾ ਹੋਇਆ ਬੈਠਾ ਸੀ।
-''ਆਹ ਹਰੀ ਕ੍ਰਾਂਤੀ ਨੇ ਤਾਂ ਦੁਨੀਆਂ ਦੇ ਦਿਨ ਈ ਫ਼ੇਰਤੇ..! ਕਿੱਧਰੇ ਨਵੇਂ ਟਰੈਗਟ, ਕਿੱਧਰੇ ਮੋਟਰ ਛੈਂਕਲ, ਕਿਧਰੇ ਜਿਪਸੀਆਂ, ਮੈਖਿਆ ਦੁਨੀਆਂ ਨੂੰ ਸੁਰਤ ਆਗੀ, ਸਾਨੂੰ ਛੈਂਕਲ ਨੀ ਸੀ ਜੁੜਿਆ...!" ਬਾਬਾ ਬੋਹੜ ਸਿੰਘ ਨੇ ਕਿਹਾ।
-''ਦਿਨਾਂ ਫ਼ਿਰਿਆਂ ਦਾ ਤਾਂ ਵੀਹਾਂ-ਪੱਚੀਆਂ ਸਾਲਾਂ ਬਾਅਦ ਜਾ ਕੇ ਪਤਾ ਲੱਗੂ, ਬਾਬਾ..!" ਹਜੂਰ ਸਿੰਘ ਫ਼ੌਜੀ ਨੇ ਕਿਹਾ।
-''ਓਹ ਕਿਵੇਂ...?"
-''ਯੂਰੀਆ ਪਾ-ਪਾ ਦੁਨੀਆਂ ਨੇ ਵਾਹੁੰਣ-ਬੀਜਣ ਆਲ਼ੀ ਪੈਲ਼ੀ ਜ਼ਹਿਰ ਬਣਾ ਲੈਣੀ ਐਂ..! ਤੇ ਜਦੋਂ ਧਰਤੀ ਜ਼ਹਿਰੀਲੀ ਹੋਗੀ, ਪਾਣੀ ਵੀ ਜ਼ਹਿਰੀਲਾ ਹੋਊ, ਤੇ ਜਦ ਲੋਕ ਉਹ ਪਾਣੀ ਫ਼ਸਲਾਂ ਨੂੰ ਲਾਉਣਗੇ, ਜਾਂ ਆਪ ਪੀਣਗੇ, ਤਾਂ ਕੈਂਸਰ ਤੇ ਪੀਲ਼ੀਏ ਵਰਗੀਆਂ ਘਾਤਕ ਬਿਮਾਰੀਆਂ ਲੱਗਣਗੀਆਂ..!"
-''ਇੱਕ ਵਾਰੀ ਤਾਂ ਦੁਨੀਆਂ ਦੀ ਪੈਸੇ ਆਲ਼ੀ ਭੁੱਖ ਨਿਕਲ਼ਗੀ...! ਕੋਠੀਆਂ ਖੜ੍ਹੀਆਂ ਹੋਗੀਆਂ..!"
-''ਭੱਠ ਪਿਆ ਸੋਨਾਂ, ਜਿਹੜਾ ਕੰਨਾਂ ਨੂੰ ਖਾਵੇ...! ਜਿਹੜੇ ਅੱਜ ਹਰੀ ਕ੍ਰਾਂਤੀ ਦੇ ਗੁਣ ਗਾਉਂਦੇ ਐ, ਕੱਲ੍ਹ ਨੂੰ ਓਹੀ ਕਰਜ਼ੇ ਦੇ ਮਾਰੇ ਖ਼ੁਦਕਸ਼ੀਆਂ ਕਰਨਗੇ..! ਮੇਰੀ ਅੱਜ ਦੀ ਗੱਲ ਲਿਖ ਲਿਓ, ਦੁਨੀਆਂ ਚਾਦਰ ਦੇਖ ਕੇ ਪੈਰ ਨੀ ਪਸਾਰਦੀ..!" ਗਿਆਨੀ ਨੇ ਹਜੂਰ ਸਿੰਘ ਦੇ ਹੱਕ 'ਚ ਵੋਟ ਭੁਗਤਾਈ।
-''................।" ਸੁਣ ਕੇ ਬਾਬਾ ਬੋਹੜ ਸਿੰਘ ਚੁੱਪ ਵੱਟ ਗਿਆ। ਉਸ ਨੂੰ ਲੱਗਿਆ ਕਿ ਫ਼ੌਜੀ ਅਤੇ ਗਿਆਨੀ ਝੂਠ ਬੋਲ ਰਹੇ ਸਨ।
ਦਿਨ ਹੋਰ ਫ਼ਿਰਦੇ ਗਏ।
ਮੌਸਮ ਬਦਲਦੇ ਰਹੇ।
ਸੀਰੀ ਗੇਜਾ ਅਤੇ ਜੋਗਾ ਸਿੰਘ ਦੀਆਂ ਦਾਹੜ੍ਹੀਆਂ ਵਿੱਚੋਂ ਹੁਣ ਬੱਗੀ ਭਾਅ ਮਾਰਨ ਲੱਗ ਪਈ ਸੀ ਅਤੇ ਗੋਗੀ ਕਾਲਜ ਜਾਣ ਲੱਗ ਪਿਆ ਸੀ।
ਗੇਜਾ ਖੇਤ ਝੋਨੇ ਵਿਚੋਂ ਕੱਖ ਕੱਢ ਰਿਹਾ ਸੀ।
ਦੂਰ-ਦੂਰ ਤੱਕ ਹਰੇਵਾਈ ਪੱਲਰੀ ਪਈ ਸੀ।
 -''ਲੈ ਦਿੱਤਾ ਸ਼ੇਰ ਬੱਗੇ ਨੂੰ ਮੋਟਰ ਛੈਂਕਲ...?" ਹੱਥ ਵਿਚ ਫ਼ੜੇ ਕੱਖ ਪਰ੍ਹੇ ਚਲਾ ਕੇ ਮਾਰਦਾ ਹੋਇਆ ਬੋਲਿਆ।
-''ਲੈ'ਤਾ...! ਕਹਿੰਦਾ ਕਾਲਜ ਜਾਂਦੇ ਦੀ ਟੌਹਰ ਨੀ ਬਣਦੀ...!"
-''ਕਹਿ ਤੇਰੀ ਟੌਹਰ 'ਚ ਕਸਰ ਨਾ ਰਹਿ'ਜੇ, ਅਸੀਂ ਤਾਂ ਜਿਹੜੇ ਠੂਠੇ ਖਾਣੈਂ, ਓਸੇ ਈ ਖਾਣੈਂ...!"
-''ਆਪਣੇ ਖਾਨਦਾਨ 'ਚੋਂ ਕਿਸੇ ਨੇ ਕਾਲਜ ਦਾ ਮੂੰਹ ਨੀ ਸੀ ਦੇਖਿਆ, ਸ਼ੁਕਰ ਐ ਪੁੱਤ ਨੇ ਲੀਹ ਤੋੜੀ ਐ, ਅਸੀਂ ਤਾਂ ਬਲ਼ਦਾਂ ਦੀਆਂ ਪੂਛਾਂ ਮਰੋੜਨ ਜੋਕਰੇ ਈ ਰਹੇ ਸਾਰੀ ਉਮਰ...!" ਜੋਗਾ ਸਿੰਘ ਨੇ ਧਰਤੀ ਨੂੰ ਨਮਸ਼ਕਾਰ ਕੀਤੀ।
-''ਸਹੀ ਕਿਹਾ ਬਾਈ...! ਅਸੀਂ ਤਾਂ ਘੀਸੀ ਕਰਨ ਆਲ਼ੇ ਈ ਰਹਿ ਜਾਣੈਂ..!"
-''ਆਪਾਂ ਵੀ ਦੋਨਾਲ਼ੀ ਬੰਦੂਖ ਲਿਆਂਦੀ...!" ਜੋਗਾ ਸਿੰਘ ਨੇ ਇੱਕ ਨਵੀਂ ਖ਼ਬਰ ਸੁਣਾਈ।
-''ਕੀ ਥੁੜਿਆ ਪਿਆ ਸੀ...?" ਗੇਜਾ ਕੱਖ ਪਰ੍ਹਾਂ ਸੁੱਟ ਕੇ ਬੜੀ ਗੰਭੀਰਤਾ ਨਾਲ਼ ਜੋਗਾ ਸਿੰਘ ਵੱਲ ਝਾਕਿਆ।
-''ਮੈਂ ਸੋਚਿਆ ਜਿੱਥੇ ਕੱਟਿਆਂ ਦੇ, ਓਥੇ ਵੱਛਿਆਂ ਦੇ..! ਜਿੱਥੇ ਮੋਟਰ ਛੈਂਕਲ 'ਤੇ ਲੱਗ ਗੇ, ਓਥੇ ਹੋਰ ਸਹੀ, ਰੀਝ ਤਾਂ ਪੂਰੀ ਕਰ ਲਈਏ..!"
-''ਹਥਿਆਰ ਮਾੜਾ ਈ ਹੁੰਦੈ ਬਾਈ...! ਜੱਟ ਤਾਂ ਸੁਹਾਗੇ 'ਤੇ ਨੀ ਮਾਣ ਹੁੰਦਾ...!"
-''ਯਾਰ ਕਦੋਂ ਦਾ ਲਸੰਸ ਬਣਾ ਕੇ ਰੱਖਿਆ ਵਾ ਸੀ, ਸੋਚਿਆ ਹੁਣ ਇਹ ਘੁੱਸਾ ਵੀ ਕੱਢ ਈ ਦੇਈਏ...!"
-''......................।" ਗੇਜਾ ਚੁੱਪ ਵੱਟ ਗਿਆ।
ਅਗਲੇ ਦਿਨ ਗੋਗੀ ਮੋਟਰ ਸਾਈਕਲ 'ਤੇ ਚੜ੍ਹ ਕਾਲਜ ਜਾ ਰਿਹਾ ਸੀ। ਅਚਾਨਕ ਪਾਰਕ ਵਾਲ਼ੇ ਪਾਸਿਓਂ ਡਾਲੀ ਨਿਕਲ਼ ਆਈ ਤਾਂ ਗੋਗੀ ਨੇ ਮੋਟਰ ਸਾਈਕਲ ਉਸ ਦੇ ਅੱਗੇ ਲਾ ਕੇ ਖੜ੍ਹਾ ਕਰ ਦਿੱਤਾ। ਕੁੜੀ ਦਾ ਦਿਲ ਹਿੱਕ ਵਿੱਚ ਹਥੌੜ੍ਹੇ ਵਾਂਗ ਵੱਜ ਰਿਹਾ ਸੀ। ਉਹ ਮੋਟਰ ਸਾਈਕਲ ਖੜ੍ਹਾ ਕਰ, ਢਾਕਾਂ 'ਤੇ ਹੱਥ ਰੱਖ ਕੁੜੀ ਦੇ ਅੱਗੇ ਜਾ ਖੜ੍ਹਿਆ। ਸੁੰਨਸਾਨ ਜਗਾਹ 'ਤੇ ਇੱਕ ਤਰ੍ਹਾਂ ਨਾਲ਼ ਹਾੜ ਬੋਲ ਰਿਹਾ ਸੀ।
-''ਇਹ ਕੀ ਬਦਤਮੀਜ਼ੀ ਐ, ਗੋਗੀ...!" ਡਾਲੀ ਬੋਲੀ।
-''ਜੋਗੀ ਤੇਰੇ ਦਰ 'ਤੇ ਖ਼ੈਰ ਮੰਗਣ ਆਇਐ, ਖਾਲੀ ਨਾ ਮੋੜੀਂ, ਡਾਲੀ..!" ਗੋਗੀ ਜਿਵੇਂ ਝੋਲ਼ੀ ਅੱਡੀ ਖੜ੍ਹਾ ਸੀ।
-''ਤੈਨੂੰ ਕਾਲਜ ਵਿੱਚ ਵੀ ਕਿੰਨੀ ਵਾਰੀ ਕਿਹੈ ਬਈ ਮੇਰਾ ਰਾਹ ਨਾ ਰੋਕਿਆ ਕਰ..! ਤੂੰ ਹਟਦਾ ਨੀ ਬਦਮਾਸ਼ੀਆਂ ਕਰਨੋਂ..?"
-''ਜਦ ਕੁਰਬਾਨੀ ਦੇ ਰਾਹ 'ਤੇ ਆਈਏ, ਤਾਂ ਪੱਟ ਦਾ ਮਾਸ ਵੀ ਖੁਆ ਦੇਈਦੈ, ਤੇ ਜੇ ਅੜੀ 'ਤੇ ਆ ਜਾਈਏ, ਭਰਾੜ੍ਹ ਵੀ ਕਰ ਦਿੰਨੇ ਐਂ, ਨਖਰੋ..!" ਗੋਗੀ ਨੇ ਤਿਰਛਾ ਝਾਕ ਕੇ ਕੁੜੀ ਦੀ ਬਾਂਹ ਫ਼ੜ ਲਈ।
-''ਤੇਰੇ ਵਰਗਾ ਬੇਸ਼ਰਮ ਮੈਂ ਅੱਜ ਤੱਕ ਨੀ ਦੇਖਿਆ..!"
-''....ਤੇ ਅੱਜ ਤੋਂ ਬਾਅਦ ਦੇਖੇਂਗੀ ਵੀ ਨੀ..!" ਸੁਣ ਕੇ ਕੁੜੀ ਦੇ ਸਾਹ ਸੂਤੇ ਗਏ, ''ਜੇ ਉਂਗਲ਼ੀ ਨਾਲ਼ ਘਿਉ ਨਾ ਨਿਕਲ਼ੇ, ਤਾਂ ਕਈ ਵਾਰ ਕੜਛੀ ਨਾਲ਼ ਕੱਢਣਾ ਪੈਂਦੈ, ਜਿੰਨਾਂ ਚਿਰ ਤੇਰੀ ਅੜ ਨੀ ਭੰਨਦਾ, ਤੇਰੇ ਵੀ ਵਲ਼ ਨੀ ਨਿਕਲ਼ਣੇ...!" ਉਸ ਨੇ ਕੁੜੀ ਦੀ ਚੁੰਨੀ ਲਾਹ ਕੇ ਕੁੜੀ ਦੇ ਗਲ਼ ਵਿੱਚ ਪਾ ਲਈ ਅਤੇ ਜਬਰੀ ਆਪਣੇ ਵੱਲ ਖਿੱਚਣਾ ਸ਼ੁਰੂ ਕਰ ਦਿੱਤਾ।
ਗੋਗੀ ਦੀ ਬਦਨੀਤ ਦੇਖ ਕੇ ਕੁੜੀ ਬੇਵੱਸਾਂ ਵਾਂਗ ਪਾਰਕ ਵੱਲ ਦੌੜ ਪਈ।
ਗੋਗੀ ਕੁੜੀ ਦੇ ਪਿੱਛੇ ਵੱਟ 'ਤੇ ਦੌੜਿਆ ਅਤੇ ਝਿੜ੍ਹੀ ਵਰਗੀ ਪਾਰਕ ਦੇ ਵੱਡੇ ਦਰੱਖ਼ਤ ਹੇਠ ਬੱਕਰੇ ਵਾਂਗ ਢਾਹ ਲਿਆ। ਮਿਰਗਣੀ ਭੇੜ੍ਹੀਏ ਦੇ ਜਾਬੜ੍ਹੇ ਵਿੱਚੋਂ ਨਿਕਲਣ ਦੀ ਕੋਸ਼ਿਸ਼ ਵਿੱਚ ਤਾਣ ਲਾ ਰਹੀ ਸੀ। ਪਰ ਨਿਰਬਲ ਸੀ।
-''ਛੱਡ ਦੇ ਕੁੱਤਿਆ, ਹਰਾਮਜ਼ਾਦਿਆ...!"
-''ਅਸੀਂ ਸੱਪ ਦੇ ਸਿਰ 'ਚੋਂ ਮਣੀਂ ਕੱਢ ਲਈਏ, ਤੂੰ ਕਿਹੜੇ ਬਾਗ ਦੀ ਮੂਲ਼ੀ ਐਂ...?" ਉਸ ਕੁੜੀ ਦੇ ਮੂੰਹ ਕੋਲ਼ ਮੂੰਹ ਕਰ ਕੇ ਆਖਿਆ। ਉਸ ਦੇ ਮੱਥੇ ਤੋਂ ਪਸੀਨਾਂ ਧਰਾਲ਼ੀਂ ਵਹਿ ਰਿਹਾ ਸੀ।
ਬੇਵੱਸ ਹੋ ਕੇ ਡਾਲੀ ਆਖਰ ਤਰਲਿਆਂ 'ਤੇ ਉਤਰ ਆਈ।
-''ਹਾੜ੍ਹੇ-ਹਾੜ੍ਹੇ ਗੋਗੀ, ਇਹ ਦੁਰਗਤੀ ਨਾ ਕਰ..! ਮੈਂ ਤੇਰੇ ਅੱਗੇ ਹੱਥ ਜੋੜਦੀ ਐਂ, ਤੇਰੇ ਪੈਰੀਂ ਪੈਨੀਂ ਆਂ..!" ਉਸ ਨੇ ਸੱਚ ਹੀ ਹੱਥ ਜੋੜੇ, ''ਹੋਰ ਤੇਰੀ ਹਰ ਗੱਲ ਮੰਨੂੰਗੀ, ਪਰ ਆਹ ਕਹਿਰ ਨਾ ਕਰ...!"
-''ਕੱਢ ਲਏ ਨ੍ਹਾਂ ਸਾਰੇ ਵਿੰਗ-ਵਲ਼...? ਹੋਗੀ ਨ੍ਹਾਂ ਸੱਪ ਵਾਂਗੂੰ ਸਿੱਧੀ...?? ਬਣਗੀ ਨ੍ਹਾਂ ਤੱਕਲ਼ਾ...??"
ਅਚਾਨਕ ਡਾਲੀ ਦੀ ਹਿਰਦੇਵੇਧਕ ਚੀਕ ਨਿਕਲ਼ੀ ਅਤੇ ਦਰੱਖ਼ਤਾਂ ਤੋਂ ਪੰਛੀਆਂ ਦੀ ਡਾਰ ''ਫ਼ੁਰਰ" ਕਰ ਕੇ ਉਡੀ।
ਕੁੜੀ ਭਰੇ ਜੱਗ ਜਹਾਨ ਵਿੱਚ ਉਜੜ ਚੁੱਕੀ ਸੀ। ਉਸ ਦੇ ਥੱਲੇ ਖ਼ੂਨ ਦਾ ਛੱਪੜ ਲੱਗ ਗਿਆ ਸੀ।
ਦੁਪਿਹਰੋਂ ਬਾਅਦ ਗੋਗੀ ਦਾ ਦੋਸਤ ਭੁਪਿੰਦਰ ਖੇਤ ਕੰਮ ਕਰਦੇ ਜੋਗਾ ਸਿੰਘ ਅਤੇ ਗੇਜੇ ਕੋਲ਼ ਪਹੁੰਚਿਆ। ਉਸ ਨੇ ਕਈ ਗੱਲਾਂ ਜੋਗਾ ਸਿੰਘ ਨੂੰ ਕੰਨ ਵਿਚ ਦੱਸੀਆਂ ਤਾਂ ਜੋਗਾ ਸਿੰਘ ਦੇ ਔਸਾਣ ਮਾਰੇ ਗਏ, ਸੁਰਤ ਬੌਂਦਲ਼ ਗਈ। ਉਹ ਖੇਤ ਵਿੱਚ ਕਹੀ ਸੁੱਟ ਪੈਰ ਤੋਂ ਹੀ ਦੌੜ ਪਿਆ।
ਜਦ ਜੋਗਾ ਸਿੰਘ ਠਾਣੇ ਪਹੁੰਚਿਆ ਤਾਂ ਦਿਨ ਢਲ਼ ਗਿਆ ਸੀ।
ਦੂਰੋਂ ਕੋਨੇ ਵਾਲ਼ੀ ਹਵਾਲਾਤ ਵਿੱਚ ਉਸ ਨੇ ਗੋਗੀ ਨੂੰ ਖੜ੍ਹੇ ਤੱਕਿਆ ਤਾਂ ਜੋਗਾ ਸਿੰਘ ਦਾ ਸੀਤ ਨਿਕਲ਼ ਗਿਆ। ਇਕਲੌਤਾ ਪੁੱਤ ਸਲਾਖਾਂ ਪਿੱਛੇ ਤਾੜਿਆ ਦੇਖ ਕੇ ਜੋਗਾ ਸਿੰਘ ਦੀ ਧਾਹ ਨਿਕਲਣ ਵਾਲ਼ੀ ਹੋ ਗਈ। ਉਹ ਸਿੱਧਾ ਠਾਣੇਦਾਰ ਅੱਗੇ ਜਾ ਪੇਸ਼ ਹੋਇਆ। ਦਾਹੜ੍ਹੀ ਰੱਸੀ ਨਾਲ਼ ਬਹੁਤੀ ਕਸੀ ਹੋਣ ਕਰ ਕੇ ਉਸ ਦੇ ਮੂੰਹ 'ਤੇ ਛਿੱਕਲ਼ੀ ਚਾੜ੍ਹੀ ਦਾ ਭੁਲੇਖਾ ਪੈਂਦਾ ਸੀ। ਜੋਗਾ ਸਿੰਘ ਦੇ ਜੋੜੇ ਹੱਥ ਕੰਬ ਰਹੇ ਸਨ।
-''ਸਰਦਾਰ ਜੀ, ਜੋ ਹੁਕਮ ਕਰੋਂਗੇ, ਹਾਜ਼ਰ ਕਰੂੰਗਾ, ਪਰ ਮੇਰੀ ਦੁਹਾਈ ਐ, ਮੁੰਡੇ ਨੂੰ ਕੁੱਟਿਓ ਮਾਰਿਓ ਨਾ..!"
-''.................।" ਠਾਣੇਦਾਰ ਸਿਰ ਤੋਂ ਲੈ ਕੇ ਪੈਰਾਂ ਤੱਕ ਉਸ ਨੂੰ ਗਹਿਰੀ ਨਜ਼ਰ ਨਾਲ਼ ਤਾੜਿਆ।
-''ਤੂੰ ਕੀਹਦਾ ਕੁਛ ਐਂ...?" ਠਾਣੇਦਾਰ ਦੀਆਂ ਅੱਖਾਂ ਵਿੱਚੋਂ ਜਿਵੇਂ ਅੰਗਿਆਰ ਝੜ੍ਹੇ ਸਨ।
-''ਮੈਂ ਜੀ ਔਸ ਲਟਕੇ ਦਾ ਬਾਪ ਐਂ...!" ਉਸ ਨੇ ਹਵਾਲਾਤ ਵਿੱਚ ਖੜ੍ਹੇ ਗੋਗੀ ਵੱਲ ਹੱਥ ਕਰ ਕੇ ਦੱਸਿਆ।
-''ਜੋ ਹਾਲਤ ਤੇਰੇ ਬੁੱਚੜ ਮੁੰਡੇ ਨੇ ਕੁੜੀ ਦੀ ਕੀਤੀ ਐ, ਓਹਦੇ ਬਾਰੇ ਕੀ ਕਹੇਂਗਾ ਚੌਰਿਆ..? ਕੁੜੀ ਤਾਂ ਕੰਜਰ ਨੇ ਮਰਨ ਆਲ਼ੀ ਕਰਤੀ, ਪਤਾ ਨੀ ਬਚੂਗੀ, ਪਤਾ ਨੀ ਨਾਲ਼ ਦਫ਼ਾ ਤਿੰਨ ਸੌ ਦੋ ਹੋਰ ਲੱਗ ਜਾਣੀ ਐਂ...!"
-''ਸਰਦਾਰ ਜੀ, ਮੁੰਡੇ ਤੋਂ ਗਲਤੀ ਹੋ ਗਈ, ਮੁਆਫ਼ੀ ਮੈਂ ਮੰਗਦੈਂ...! 'ਕੱਲਾ-'ਕੱਲਾ ਪੁੱਤ ਐ ਜੀ, ਬਖਸ਼ੋ ਸਰਕਾਰ..! ਆਹ ਲਓ ਮੈਂ ਹੱਥ ਜੋੜਦੈਂ..!"
-''ਧੀ ਆਬਦੀ ਦਿਆ ਖਸਮਾਂ, ਹੱਥ ਜੋੜਨ ਨਾਲ਼ ਨੀ, ਹੱਥ ਪੈਰ ਹਿਲਾਉਣ ਨਾਲ਼ ਕੁਛ ਬਣੂੰ...!" ਮੁਣਸ਼ੀ ਬੋਲਿਆ।
-''ਤੁਸੀਂ ਹੁਕਮ ਕਰੋ ਸਰਕਾਰ, ਮੈਂ ਚਿੜੀਆਂ ਦਾ ਦੁੱਧ ਲਿਆ ਕੇ ਦੇਣ ਨੂੰ ਤਿਆਰ ਐਂ, ਪਰ ਮੇਰੇ ਪੁੱਤ ਨੂੰ ਫ਼ੁੱਲ ਦੀ ਨਾ ਲਾਇਓ, ਸਹੁੰ ਗਊ ਦੀ ਮਸਾਂ ਦੋਜਕਾਂ ਨਾਲ਼ ਪਾਲ਼ਿਐ...!" ਜੋਗਾ ਸਿੰਘ ਦੇ ਕਹਿਣ 'ਤੇ ਮੁਣਸ਼ੀ ਰਹੱਸਮਈ ਨਜ਼ਰ ਨਾਲ਼ ਠਾਣੇਦਾਰ ਵੱਲ ਝਾਕਿਆ। ਉਹਨਾਂ ਦੀ ਅੱਖ ਨਾਲ਼ ਅੱਖ ਮਿਲ਼ੀ ਅਤੇ ਕੋਈ ''ਗੁਪਤ ਸੰਧੀ" ਹੋ ਕੇ ''ਸਿੱਧੀ ਯਾਰੀ" ਪੈ ਗਈ।
ਪੀੜਤ ਕੁੜੀ ਦੇ ਪਿੰਡ ਵਿਚ ਹਾਹਾਕਾਰ ਮੱਚ ਗਈ ਸੀ। ਵੱਖੋ-ਵੱਖ ਸਿਆਸੀ ਪਾਰਟੀਆਂ ਦੀਆਂ ਕਾਰਾਂ ਪੀੜਤ ਕੁੜੀ ਦੇ ਘਰ ਆ ਜਾ ਰਹੀਆਂ ਹਨ, ਕਦੇ ਕਿਸੇ ਪਾਰਟੀ ਦਾ ਲੀਡਰ ਮੌਕਾ ਸਾਂਭਣ ਆ ਵੜਦਾ, ਅਤੇ ਕਦੇ ਕਿਸੇ ਪਾਰਟੀ ਦਾ ਲੀਡਰ ਆਪਣੇ ਲਾਮ-ਲਸ਼ਕਰ ਸਮੇਤ ਕਾਫ਼ਲੇ ਸਮੇਤ ਆ ਖੜ੍ਹਦਾ। ਸਾਰੇ ਮਤਲਬੀ ਲੀਡਰ ਆਪਣੇ-ਆਪਣੇ ਅੰਦਾਜ਼ ਵਿਚ ਮੇਲਾ ਲੁੱਟਣ ਦੀ ''ਤਾਕ" ਵਿੱਚ ਸਨ। ਅਗਲੀਆਂ ਚੋਣਾਂ ਸਿਰ 'ਤੇ ਸਨ, ਜਿਸ ਕਰ ਕੇ ਵਗਦੀ ਗੰਗਾ ਵਿੱਚ ''ਹੱਥ ਸੁੱਚੇ" ਕੀਤੇ ਜਾ ਰਹੇ ਸਨ।
ਪੰਚਾਇਤ ਇਕੱਠੀ ਹੋਈ ਬੈਠੀ ਸੀ।
ਸਾਰਾ ਪਿੰਡ ਹਾਜ਼ਰ ਸੀ।
-''ਇਹ ਮੌਕਾ ਪ੍ਰਸਤ ਲੀਡਰ ਸਭ ਖੱਸੀ ਲੁੰਗ-ਲਾਣੈਂ...! ਜੇ ਇਹਨਾਂ ਲੀਡਰਾਂ 'ਚ ਦਮ ਹੁੰਦਾ, ਪੁਲ਼ਸ ਦੋਸ਼ੀ ਨੂੰ ਪੈਸੇ ਲੈ ਕੇ ਨੀ ਸੀ ਛੱਡਦੀ...!" ਪੰਚਾਇਤ ਮੈਂਬਰ ਅਤੀ-ਅੰਤ ਤਪਿਆ ਹੋਇਆ ਬੋਲਿਆ।
-''ਜੇ ਦੋਸ਼ੀ ਪੁਲ਼ਸ ਨੇ ਪੈਸੇ ਲੈ ਕੇ ਛੱਡ'ਤਾ, ਅਸੀਂ ਤਾਂ ਨੀ ਬਖ਼ਸ਼ਣਾਂ..! ਅਸੀਂ ਤਾਂ ਅਗਲੇ ਦਾ ਸਿਵਾ ਮਚਾ ਕੇ ਦਮ ਲਵਾਂਗੇ..!!" ਪਿੰਡ ਦਾ ਇੱਕ ਤੱਤਾ ਨੌਜਵਾਨ ਭੱਠ ਦੇ ਛੋਲੇ ਵਾਂਗ ਬੁੜ੍ਹਕਿਆ।
-''ਜੇ ਕੁੜੀ ਦਾ ਪਿਉ ਗ਼ਰੀਬ ਐ, ਓਹਨੇ ਬਾਕੀ ਸਾਰਾ ਪਿੰਡ ਵੀ ਮਰਿਆ ਈ ਸਮਝ ਲਿਆ...?" ਇੱਕ ਹੋਰ ਚੋਬਰ ਤੋਂ ਵੀ ਰਿਹਾ ਨਾ ਗਿਆ।
-''ਭੇਜ ਸਰਪੈਂਚਾ ਸੁਨੇਹਾਂ...! ਜਾਂ ਤਾਂ ਕੁੜੀ ਨਾਲ਼ ਵਿਆਹ ਕਰੇ, ਨਹੀਂ ਦੁਸ਼ਟ ਨੂੰ ਗੱਡੀ ਅਸੀਂ ਆਪ ਚਾੜ੍ਹਾਂਗੇ...!"
-''ਸ਼ਾਂਤੀ ਰੱਖੋ...! ਸੁਨੇਹਾਂ ਅੱਜ ਈ ਪਹੁੰਚ ਜਾਊ...!!" ਸਰਪੰਚ ਨੇ ਮੱਚਦੀ ਅੱਗ 'ਤੇ ਪਾਣੀ ਦਾ ਛਿੱਟਾ ਮਾਰਿਆ।
-''ਉਰ੍ਹੇ ਆ ਜੰਗੀਰ...!" ਸਰਪੰਚ ਨੇ ਚੌਂਕੀਦਾਰ ਨੂੰ ਕੁਝ ਸਮਝਾਇਆ
ਸਰਪੰਚ ਦਾ ਸੁਨੇਹਾਂ ਲੈ ਕੇ ਚੌਂਕੀਦਾਰ ਸਾਈਕਲ 'ਤੇ ਚੜ੍ਹ ਗਿਆ।
ਜੋਗਾ ਸਿੰਘ ਘੋਰ ਉਦਾਸੀ ਵਿੱਚ ਵਿਹੜ੍ਹੇ ਵਿੱਚ ਪਾਗਲਾਂ ਵਾਂਗ ਫਿਰ ਰਿਹਾ ਸੀ। ਹੁਣ ਉਹ ਖ਼ਤਰਾ ਭਾਂਪ ਕੇ ਆਪਣੀ ਬੰਦੂਕ ਅੱਠੇ ਪਹਿਰ ਹੱਥ ਵਿੱਚ ਰੱਖਦਾ। ਪਿੰਡ ਦੇ ਲੋਕ ਗੁੱਝੇ ਅਵਾਜ਼ੇ ਕਸਦੇ, ''ਦੇਖ ਸਾਲ਼ਾ ਡਰਦਾ ਕਿਵੇਂ ਟੰਬਾ ਚੱਕੀ ਫ਼ਿਰਦੈ..!" ਬੰਦੂਕ ਨੂੰ ਲੋਕ ਵਿਅੰਗ ਨਾਲ਼ ''ਟੰਬਾ" ਹੀ ਦੱਸਦੇ।
-''ਸਰਦਾਰ ਜੀ ਘਰੇ ਈ ਓਂ...?" ਚੌਂਕੀਦਾਰ ਦੀ ਅਵਾਜ਼ ਨੇ ਜਿਵੇਂ ਉਸ ਨੂੰ ਡਰਾ ਦਿੱਤਾ ਸੀ।
-''ਤੂੰ ਕੌਣ ਐਂ ਭਾਈ...?" ਜੋਗਾ ਸਿੰਘ ਅੰਦਰੋਂ ਕੰਬਿਆ ਹੋਇਆ ਸੀ।
-''ਮੈਂ ਪੀੜਤ ਕੁੜੀ ਦੇ ਪਿੰਡੋਂ ਆਇਐਂ, ਸਰਦਾਰਾ...!"
-''.....................।" ਜੋਗਾ ਸਿੰਘ ਘੁੱਟਾਂਬਾਟੀ ਚੌਂਕੀਦਾਰ ਵੱਲ ਝਾਕ ਰਿਹਾ ਸੀ।
-''ਸਾਰਾ ਪਿੰਡ ਇੱਕ ਮੋਰੀ ਲੰਘ ਗਿਐ, ਸਰਦਾਰ ਸਾਅਬ...! ਸਰਪੈਂਚ ਸਾਅਬ ਨੇ ਮੈਨੂੰ ਆਪ ਥੋਡੇ ਕੋਲ਼ੇ ਭੇਜਿਐ...! ਕੰਮ ਬਹੁਤਾ ਖਰਾਬ ਹੋ ਗਿਆ...! ਮੇਰੀ ਮੰਨੋਂ, ਮੁੰਡੇ ਦਾ ਕੁੜੀ ਨਾਲ਼ 'ਨੰਦ ਕਾਰਜ ਕਰ ਦਿਓ, ਨਹੀਂ ਸਾਰਾ ਪਿੰਡ ਮੁੰਡੇ ਦੀ ਜਾਨ ਮਗਰ ਹੱਥ ਧੋ ਕੇ ਪੈ ਜਾਊਗਾ, ਖਿਲਾਰਾ ਬਾਹਵਾ ਪੈ ਗਿਆ...!"
-''.......................।" ਜੋਗਾ ਸਿੰਘ ਚੁੱਪ ਚਾਪ, ਘੋਰ ਦੁਬਿਧਾ ਵਿਚ ਫ਼ਸਿਆ ਸੁਣ ਰਿਹਾ ਸੀ। ਉਸ ਦੇ ਮੱਥੇ ਨੂੰ ਮੁੜ੍ਹਕਾ ਆ ਗਿਆ।
-''ਲੋਕਾਂ ਦੇ ਏਕੇ ਮੂਹਰੇ ਤਾਂ ਵੱਡੀਆਂ ਵੱਡੀਆਂ ਸਰਕਾਰਾਂ ਨੀ ਟਿਕਦੀਆਂ, ਸਰਦਾਰਾ..! ਗਿਆ ਵੇਲ਼ਾ ਹੱਥ ਨੀ ਆਉਂਦਾ ਹੁੰਦਾ...! ਫ਼ੇਰ ਲੀਹ ਕੁੱਟਣ ਦਾ ਕੋਈ ਫ਼ਾਇਦਾ ਨੀ ਹੋਣਾਂ...! ਮੇਰਾ ਕੰਮ ਸੀ ਸੁਨੇਹਾਂ ਪਹੁੰਚਾਉਣਾ, ਬਾਕੀ ਥੋਡੀ ਮਰਜ਼ੀ...!"
ਉਹਨਾਂ ਦੀ ਗੁਫ਼ਤਗੂ ਸੁਣ ਕੇ ਹਰ ਕੌਰ ਕੋਲ਼ ਆ ਗਈ।
ਉਹ ਜਿਵੇਂ ਇੱਕ ਦਿਨ ਵਿੱਚ ਹੀ ਬਿਰਧ ਹੋ ਗਈ ਸੀ।
-''ਸਲਾਹ ਤਾਂ ਕੁੜੀ ਦੀ ਵੀ ਵਿੱਚ ਹੋਣੀਂ ਐਂ, ਹੁਣ ਦੋਸ਼ ਸਾਰਾ ਮੇਰੇ ਪੋਤੇ ਸਿਰ ਮੜ੍ਹ'ਤਾ..?" ਹਰ ਕੌਰ ਨੇ ਅਵੱਲੀ ਗੱਲ ਹੀ ਸੁਣਾਈ।
-''ਤੂੰ ਚੁੱਪ ਰਹਿ ਬੇਬੇ...! ਹੋਰ ਨਾ ਬੇੜੀਆਂ 'ਚ ਵੱਟੇ ਪਾਅ'ਦੀਂ...!" ਜੋਗਾ ਸਿੰਘ ਖਿਝ ਕੇ ਹਰ ਕੌਰ ਨੂੰ ਪਿਆ।  
-''ਮੈਂ ਨਾ ਥੋਨੂੰ ਕਦੇ ਚੰਗੀ ਲੱਗੀ...।" ਹਰ ਕੌਰ ਵੱਟ ਖਾ ਕੇ ਮੁੜ ਗਈ।
-''ਬੇਬੇ, ਨਵੀਂ ਕੰਗ ਨਾ ਖੜ੍ਹੀ ਕਰਦੀਂ ਕੋਈ, ਕਿਰਪਾ ਕਰ ਕੇ ਚੁੱਪ ਦਾ ਦਾਨ ਬਗਸ਼, ਮੈਂ ਅੱਗੇ ਬਥੇਰ੍ਹਾ ਦੁਖੀ ਐਂ...!"
-''ਤੇ ਮੈਂ ਤਾਂ ਗਿੱਧਾ ਪਾਉਂਦੀ ਫ਼ਿਰਦੀ ਹੋਊਂਗੀ..? ਨ੍ਹਾਂ ਮੈਂ ਨੀ ਦੁਖੀ...? ਤੈਨੂੰ ਕਿੰਨਾਂ ਕਿਹਾ ਸੀ ਬਈ ਇਹਨੂੰ ਸਿਰ ਨਾ ਚਾੜ੍ਹ, ਇਹ ਤੈਨੂੰ ਤੰਗ ਕਰੂ, ਮੇਰੀ ਮੰਨੀ ਕਿਸੇ ਕੰਜਰ ਨੇ...?" ਬੇਬੇ ਆਪਣੀ ਜਗਾਹ ਬਥੇਰੀ ਤੰਗ ਸੀ।
-''ਬਾਈ ਸਿਆਂ, ਬੈਠ, ਚਾਹ ਪੀਅ...!" ਜੋਗਾ ਸਿੰਘ ਨੇ ਚੌਂਕੀਦਾਰ ਵੱਲ ਮੂੰਹ ਕੀਤਾ।
ਚੌਂਕੀਦਾਰ ਮੰਜੇ 'ਤੇ ਬੈਠ ਗਿਆ।
-''ਸਰਦਾਰਾ, ਜਿਹੜੀ ਗੱਲ ਦਾ ਟਿਕ-ਟਿਕਾਅ ਹੋ ਜੇ, ਓਹਦੇ ਨਾਲ਼ ਦੀ ਰੀਸ ਨੀ ਹੁੰਦੀ, ਪਿੱਛੋਂ ਪਛਤਾਉਣ ਨਾਲ਼ ਕੁਛ ਨੀ ਬਣਦਾ ਹੁੰਦਾ...!"
-''ਮਿੱਤਰ ਪਿਆਰਿਆ, ਉਹਨਾਂ ਨੂੰ ਆਖ ਵਿਆਹ ਦੀ ਤਿਆਰੀ ਕਰਨ..! ਸਾਡੀ ਪੂਰੀ ਸਹਿਮਤੀ ਐ, ਨਾਲ਼ੇ ਸਰਪੈਂਚ ਸਾਹਬ ਦਾ ਕਿਹਾ ਸਿਰ ਮੱਥੇ, ਮੈਂ 'ਲਾਕੇ ਦੀ ਸੰਗਤ ਕੋਲ਼ੋਂ ਨਾਬਰ ਥੋੜ੍ਹੋ ਐਂ, ਪਟੜੀਫ਼ੇਰ ਵਰਤਣੈਂ...!"
ਚਾਹ ਪੀ ਕੇ ਚੌਂਕੀਦਾਰ ਰਾਹ ਪੈ ਗਿਆ।
ਗੋਗੀ ਅਤੇ ਡਾਲੀ ਦਾ ਵਿਆਹ ਹੋ ਗਿਆ। ਵਿਆਹ ਬਿਲਕੁਲ ਸਾਦਾ ਹੋਇਆ ਸੀ। ਪੰਜ ਬੰਦੇ ਬਰਾਤ ਦੇ ਗਏ ਅਤੇ ਆਨੰਦ ਕਾਰਜ ਪੜ੍ਹਾ ਕੇ ਕੁੜੀ ਨੂੰ ਲੈ ਕੇ ਘਰ ਆ ਗਏ।
ਰਾਤ ਦਾ ਵੇਲ਼ਾ ਸੀ।
ਸੱਸ ਅਨੂਪ ਕੌਰ ਡਾਲੀ ਨੂੰ ਦੁੱਧ ਦਾ ਗਿਲਾਸ ਪਿਆ ਕੇ ਚਲੀ ਗਈ। ਉਹ ਬਿਲਕੁਲ ਚੁੱਪ ਸੀ। ਪਰ ਉਸ ਨੇ ਦੋ ਕੁ ਵਾਰ ਬੜੇ ਮੋਹ ਨਾਲ਼ ਡਾਲੀ ਨੂੰ ਘੁੱਟ ਕੇ ਆਪਣੇ ਨਾਲ਼ ਲਾਇਆ ਸੀ।
ਸਜੀ-ਧਜੀ ਡਾਲੀ ਸੁਹਾਗ ਰਾਤ ਵਾਲ਼ੇ ਕਮਰੇ ਵਿਚ ਘੁੰਡ ਕੱਢੀ ਬੈਠੀ ਕਿਸੇ ਸ਼ਮ੍ਹਾਂ ਵਾਂਗ ਬਲ਼ ਰਹੀ ਸੀ।
ਰਾਤ ਕਾਫ਼ੀ ਹੋ ਚੁੱਕੀ ਸੀ। ਕਾਨਸ 'ਤੇ ਪਿਆ ਟਾਈਮ-ਪੀਸ ਰਾਤ ਦੇ ਗਿਆਰਾਂ ਵਜਾ ਰਿਹਾ ਸੀ। ਸਾਰਾ ਜੱਗ ਜਹਾਨ ਗੂੜ੍ਹੀ ਨੀਂਦ ਵਿਚ ਡੁੱਬ ਚੁੱਕਾ ਸੀ। ਪਰ ਗੋਗੀ ਅਜੇ ਤੱਕ ਨਹੀਂ ਬਹੁੜਿਆ ਸੀ।
ਬਾਹਰ ਟਿਕੀ ਰਾਤ ਵਿਚ ਬਿੰਡੇ ਬੋਲ ਰਹੇ ਸਨ।
ਦੂਰ ਖੇਤਾਂ ਵਿੱਚ ਕਿਤੇ ਟਟੀਹਰ੍ਹੀ ਦੀ ਅਵਾਜ਼ ਸੁਣਾਈ ਦਿੰਦੀ ਸੀ।
ਡਾਲੀ ਨੇ ਬਾਹਰਲਾ ਪਰਦਾ ਚੁੱਕ ਕੇ ਬਾਹਰ ਦੇਖਿਆ। ਦੂਰ-ਦੂਰ ਤੱਕ ਹਨ੍ਹੇਰਾ ਪਸਰਿਆ ਪਿਆ ਸੀ। ਕਿਤੇ-ਕਿਤੇ ਕਿਸੇ ਮੋਟਰ 'ਤੇ ਕੋਈ ਮੱਧਮ ਜਿਹਾ ਬੱਲ੍ਹਬ ਜਗ ਰਿਹਾ ਸੀ ਅਤੇ ਦੂਰ ਰੋਹੀ ਵਿੱਚ ਕਿਸੇ ਕੁੱਤੇ ਦੇ ਰੋਣ ਦੀ ਅਵਾਜ਼ ਆ ਰਹੀ ਸੀ।
ਅਚਾਨਕ ਬੈਠਕ ਦੇ ਦਰਵਾਜੇ ਨੂੰ ਠੁੱਡ ਵੱਜਿਆ ਤਾਂ ਡਾਲੀ ਦਾ ਕਾਲ਼ਜਾ ਨਿਕਲ਼ ਗਿਆ।
ਗੋਗੀ ਦਾਰੂ ਵਿੱਚ ਪੂਰਾ ਧੁੱਤ ਸੀ। ਨਸ਼ੇ ਨਾਲ਼ ਉਸ ਦੀਆਂ ਅੱਖਾਂ ਸਾਹਣ ਵਾਂਗ ਪੁੱਠੀਆਂ ਹੋਈਆਂ ਪਈਆਂ ਸਨ। ਉਸ ਤੋਂ ਸਿੱਧਾ ਖੜ੍ਹਾ ਨਹੀਂ ਹੋਇਆ ਜਾ ਰਿਹਾ ਸੀ। ਉਸ ਨੇ ਆਪਣੀ ਪਿੱਠ ਨਾਲ਼ ਹੀ ਦਰਵਾਜਾ ਬੰਦ ਕੀਤਾ ਅਤੇ ਡਿੱਗਦਾ ਢਹਿੰਦਾ ਡਾਲੀ ਵਾਲ਼ੇ ਬੈੱਡ 'ਤੇ ਆ ਡਿੱਗਿਆ।
-''ਬਹੁਤ ਖ਼ੁਸ਼ ਹੋਵੇਂਗੀ ਅੱਜ...??" ਉਹ ਸਾਰਾ ਮੂੰਹ ਖੋਲ੍ਹ ਕੇ ਜਿੰਨ ਵਾਂਗ ਹੱਸਿਆ, ''ਸੋਚਦੀ ਹੋਵੇਂਗੀ ਮੇਰੀ ਪਿੱਠ ਲਾਅਤੀ ਤੂੰ...?"
-''....................।" ਉਸ ਦੇ ਮੂੰਹ 'ਚੋਂ ਡਾਲੀ ਨੂੰ ਅਜੀਬ ਜਿਹੀ ਬੂਅ ਆਈ ਤਾਂ ਉਸ ਨੇ ਸਾਹ ਥਾਂ 'ਤੇ ਹੀ ਘੁੱਟ ਲਿਆ।
-''ਬਹੁਤ ਖ਼ੁਸ਼ ਹੋਵੇਂਗੀ ਮੇਰੇ ਨਾਲ਼ ਵਿਆਹ ਕਰਕੇ..?" ਸ਼ਰਾਬੀ ਗੋਗੀ ਦਾ ਬੁੱਚੜ ਜਿਹਾ ਮੂੰਹ ਡਾਲੀ ਨੂੰ ਜਿਵੇਂ ਖਾਣ ਆ ਰਿਹਾ ਸੀ। ਉਸ ਨੇ ਕਰੋਧ ਨਾਲ਼ ਡਾਲੀ ਦੀ ਸ਼ਗਨਾਂ ਵਾਲ਼ੀ ਚੁੰਨੀ ਲਾਹ ਕੇ ਉਸ ਦੇ ਗਲ਼ ਦੁਆਲ਼ੇ ਲਪੇਟ ਲਈ।
-''ਨਿੱਤ ਤੇਰੇ ਓਹ ਬਦਲੇ ਲਊਂਗਾ, ਤੂੰ ਧਰਤੀ 'ਤੇ ਨੱਕ ਰਗੜੇਂਗੀ...! ਬੁਰਕ ਮਾਰ-ਮਾਰ ਨਿੱਤ ਚੂੰਡਿਆ ਕਰੂੰਗਾ ਤੈਨੂੰ...! ਗਿਣ-ਗਿਣ ਕੇ ਬਦਲੇ ਲਊਂਗਾ ਤੇਰੇ...!"
-''.................।" ਡਾਲੀ ਦੀਆਂ ਖਾਨਿਓਂ ਗੁਆਚ ਗਈਆਂ। ਉਹ ਪੱਥਰ ਹੋਈਆਂ ਨਜ਼ਰਾਂ ਨਾਲ਼ ਗੋਗੀ ਵੱਲ ਦੇਖ ਰਹੀ ਸੀ।
-''ਅੱਖਾਂ ਜੀਆਂ ਕੀ ਕੱਢਦੀ ਐਂ...? ਡਰਾਉਨੀ ਐਂ ਮੈਨੂੰ...?? ਨ੍ਹਾਂ ਮੈਨੂੰ ਡਰਾਉਨੀ ਐਂ ਤੂੰ..???" ਗੋਗੀ ਨੇ ਡਾਲੀ ਨੂੰ ਵਾਲ਼ਾਂ ਤੋਂ ਫ਼ੜ ਕੇ ਪੰਜ-ਸੱਤ ਥੱਪੜ ਜੜ ਦਿੱਤੇ। ਡਾਲੀ ਦਾ ਸ਼ਿੰਗਾਰ ਖਿੰਡ-ਪੁੰਡ ਗਿਆ ਅਤੇ ਨੱਕ ਵਿੱਚੋਂ ਖ਼ੂਨ ਵਗ ਪਿਆ। ਉਸ ਦੀਆਂ ਅੱਖਾਂ ਵਿੱਚ ਹੰਝੂ ਕੰਮ ਰਹੇ ਸਨ।
 ਗੋਗੀ ਨੇ ਮੁੜ ਉਸ ਨੂੰ ਵਾਲ਼ਾਂ ਤੋਂ ਫ਼ੜ ਲਿਆ।
-''ਅੱਜ ਤਾਂ ਮਹੂਰਤ ਜਿਆ ਈ ਕੀਤੈ, ਟਰੇਲਰ ਜਿਆ ਈ ਦਿਖਾਇਐ...! ਕੱਲ੍ਹ ਤੋਂ ਫ਼ਿਲਮ ਸ਼ੁਰੂ ਹੋਊਗੀ..!" ਤੇ ਉਹ ਟੇਢਾ ਹੋ ਕੇ ਘੁਰਾੜ੍ਹੇ ਮਾਰਨ ਲੱਗ ਪਿਆ।
ਅਗਲੇ ਦਿਨ ਸਵੇਰੇ ਹਰ ਕੌਰ ਨੇ ਜੋਗਾ ਸਿੰਘ ਨੂੰ ਅਚਾਨਕ ਖੇਤ ਜਾਂਦੇ ਨੂੰ ਰੋਕ ਲਿਆ।
-''ਵੇ ਸੁਣਿਐਂ, ਜੋਤਾਂ ਵਾਲ਼ੇ ਮਹਾਂਪੁਰਖਾਂ 'ਤੇ ਕੋਈ ਕੇਸ ਦਰਜ ਹੋ ਗਿਆ..?" ਹਰ ਕੌਰ ਨੇ ਜੋਗਾ ਸਿੰਘ ਨੂੰ ਦੱਸਿਆ।
-''ਉਹਨੂੰ ਕੀ ਹੋਣੈਂ ਬੇਬੇ..? ਬਥੇਰੀ ਦੁਨੀਆਂ ਉਹਦੇ ਮਗਰ ਐ...!"
-''ਵੇ ਜਾ ਕੇ ਪਤਾ ਤਾਂ ਕਰ, ਫ਼ੇਰ ਵੀ ਆਪਣੇ ਕਿੰਨੇ ਸਹਿਯੋਗੀ ਐ...!"
ਜੋਗਾ ਸਿੰਘ ਬੇਬੇ ਦੇ ਕਹੇ ਸੰਤਾਂ ਦੇ ਡੇਰੇ ਨੂੰ ਤੁਰ ਪਿਆ। ਡੇਰੇ ਜਾ ਕੇ ਉਸ ਨੂੰ ਕਿਸੇ ਇਜਾਜ਼ਤ ਦੀ ਤਾਂ ਲੋੜ ਹੀ ਨਹੀਂ ਸੀ। ਸਾਰੇ ਡੇਰੇ ਨੂੰ ਪਤਾ ਸੀ ਕਿ ਜੋਗਾ ਸਿੰਘ ਦਾ ਸਾਰਾ ਪ੍ਰੀਵਾਰ ਡੇਰੇ ਦਾ ਕਿੰਨਾਂ ਸ਼ਰਧਾਲੂ ਸੀ। ਸੰਤ ਜੀ ਦੇ ਨਿੱਜੀ ਚੇਲੇ ਨੇ ਜੋਗਾ ਸਿੰਘ ਨੂੰ ਬਿਨਾ ਕੁਝ ਪੁੱਛੇ ਸੁਣੇ ਅੰਦਰ ਜਾਣ ਦੀ ਇਜਾਜ਼ਤ ਦੇ ਦਿੱਤੀ।
ਜਦ ਜੋਗਾ ਸਿੰਘ ਅੰਦਰ ਪਹੁੰਚਿਆ ਤਾਂ ਸੰਤ ਮੁੱਖ ਮੰਤਰੀ ਨਾਲ਼ ਫ਼ੋਨ 'ਤੇ ਗੱਲ ਕਰ ਰਹੇ ਸਨ।
-''ਪੈਰੀਂ ਪੈਣਾਂ ਮਹਾਂਪੁਰਖੋ...! ਪ੍ਰਣਾਮ..!! ਚਰਨ ਵੰਦਨਾਂ...!!" ਮੁੱਖ ਮੰਤਰੀ ਬਾਬੇ ਦੇ ਪੈਰੀਂ ਪਿਆ ਖੜ੍ਹਾ ਸੀ।
-''ਜਿਉਂਦੇ ਵਸਦੇ ਰਹੋ ਭਾਈ..! ਠੀਕ ਹੋ...??"
-''ਆਪ ਜੀ ਦੀ ਦਇਆ ਹੈ ਮਹਾਂਪੁਰਖੋ...! ਤੁਸੀਂ ਹੁਕਮ ਕਰੋ, ਕਿਵੇਂ ਯਾਦ ਕੀਤਾ ਅੱਜ...??"
-''ਥੋਨੂੰ ਪਤਾ ਈ ਐ ਭਾਈ, ਆਪਣੇ 'ਤੇ ਓਹ ਨਾਬਾਲਿਗ ਕੁੜੀ ਨਾਲ਼ ਬਲਾਤਕਾਰ ਦਾ ਕੇਸ ਜਿਆ ਦਰਜ ਹੋ ਗਿਆ ਸੀ..!"
-''ਉਹ ਤਾਂ ਮੀਡੀਆ ਨੇ ਪੱਟੀ ਨੀ ਬੱਝਣ ਦਿੱਤੀ ਮਹਾਂਪੁਰਖੋ, ਨਹੀਂ ਆਪਾਂ ਕੇਸ ਦਰਜ਼ ਹੋਣ ਦਿੰਦੇ ਸੀ..? ਉਹ ਤਾਂ ਮੀਡੀਆ ਨੇ ਸਿੰਗ ਮਿੱਟੀ ਚੱਕ ਲਈ...!" ਮੁੱਖ ਮੰਤਰੀ ਨੇ ਬੇਵੱਸੀ ਜ਼ਾਹਿਰ ਕੀਤੀ।
-''ਖ਼ੈਰ...! ਸਾਧੂ ਆਪਣਾ ਤੇ ਬਿੱਛੁ ਆਪਣਾ ਕਾਰਜ ਨੀ ਛੱਡਦੇ, ਅਗਲੇ ਹਫ਼ਤੇ ਮੇਰੀ ਪੇਸ਼ੀ ਐ...!"
-''ਜੀ....!"
-''ਆਪਣੇ ਵਾਲ਼ਾ ਕੇਸ ਜੱਜ ਗੁਰਜੋਤ ਸਿਉਂ ਕੋਲ਼ ਐ, ਤੈਨੂੰ ਪਤੈ ਬਈ ਗੁਰਜੋਤ ਸਿਉਂ ਗੁਰਸਿੱਖ ਅੰਮ੍ਰਿਤਧਾਰੀ ਤੇ ਗੁਰਬਾਣੀ ਦਾ ਪੈਰੋਕਾਰ ਐ, ਤੇ ਡੇਰੇ ਵਾਲ਼ੇ ਸਾਰੇ ਮਹਾਂਪੁਰਖਾਂ ਨੂੰ ਨਫ਼ਰਤ ਕਰਦੈ, ਉਹਨਾਂ ਨੂੰ ਚੋਰ ਈ ਦੱਸਦੈ...!"
-''ਮੇਰੇ ਲਈ ਕੀ ਹੁਕਮ ਐਂ ਗਰੀਬ ਨਿਵਾਜ...??"
-''ਤੁਸੀਂ ਜੱਜ ਗੁਰਜੋਤ ਸਿਉਂ ਦੇ ਕੰਨ ਖਿੱਚੋ...! ਉਹ ਆਪਣੇ ਕੇਸ 'ਚ ਅੜਿੱਕਾ ਨਾ ਬਣੇ...!"
-''ਕੰਨ ਕੀ...? ਮੈਂ ਉਹਨੂੰ ਮੋਟੇ ਅੱਖਰਾਂ 'ਚ ਈ ਸਮਝਾ ਦਿੰਨੈਂ ਮਹਾਂਪੁਰਖੋ..! ਪਰ ਤੁਸੀਂ ਵੀ ਆਉਂਦੀ ਇਲੈਕਸ਼ਨ 'ਚ ਸਾਡੇ ਸਿਰ 'ਤੇ ਹੱਥ ਰੱਖਿਓ, ਐਤਕੀਂ ਵਿਰੋਧੀ ਪਾਰਟੀ ਅੱਡੀ ਚੋਟੀ ਦਾ ਜੋਰ ਲਾਈ ਆਉਂਦੀ ਐ..!"
-''ਕਮਲ਼ੀ ਗੱਲ...! ਨ੍ਹਾਂ ਸਿਰ 'ਤੇ ਹੱਥ ਅੱਗੇ ਨੀ ਰੱਖਿਆ...?"
-''ਰੱਖਿਐ ਮਹਾਂਪੁਰਖੋ, ਰੱਖਿਐ...! ਪਰ ਜਦੋਂ ਦੇ ਆਹ ਨਵੀਂ ਪਾਰਟੀ ਵਾਲ਼ੇ ਖੜ੍ਹੇ ਹੋਏ ਐ, ਜਨਤਾ ਝੰਡੇ ਚੱਕ ਕੇ ਇਹਨਾਂ ਮਗਰ ਤੁਰਪੀ, ਸਾਡੀ ਤਾਂ ਨੀਂਦ ਹਰਾਮ ਕੀਤੀ ਪਈ ਐ ਖਸਮਾਂ ਨੂੰ ਖਾਣਿਆਂ ਨੇ...!!"
-''ਨਿਸ਼ਚਿੰਤ ਹੋਜਾ, ਨਿਸ਼ਚਿੰਤ...! ਤੂੰ ਆਪਣਾ ਕੰਮ ਕਰ, ਮੈਂ ਆਪਣਾ ਕੰਮ ਕਰੂੰ...!" ਸੰਤ ਨੇ ਤਾੜਨਾ ਕਰਨ ਵਾਲ਼ਿਆਂ ਵਾਂਗ ਕਿਹਾ।
-''ਸਤਿ ਬਚਨ ਮਹਾਂਪੁਰਖੋ...!"
ਫ਼ੋਨ ਕੱਟੇ ਗਏ।
ਜੋਗਾ ਸਿੰਘ ਦੁੱਧ ਛਕ ਕੇ ਅਤੇ ਆਸ਼ੀਰਵਾਦ ਲੈ ਕੇ ਆ ਗਿਆ।

0 0 0 0 0


ਅਜੇ ਜੱਜ ਗੁਰਜੋਤ ਸਿੰਘ ਅਜੇ ਦਫ਼ਤਰੋਂ ਘਰ ਜਾਣ ਦੀ ਤਿਆਰੀ ਵਿੱਚ ਹੀ ਸੀ ਕਿ ਅਚਾਨਕ ਫ਼ੋਨ ਖੜਕ ਪਿਆ। ਜੱਜ ਗੁਰਜੋਤ ਸਿੰਘ ਨੇ ਫ਼ੋਨ ਚੁੱਕ ਲਿਆ।  
-''ਜੱਜ, ਸਰਦਾਰ ਗੁਰਜੋਤ ਸਿੰਘ ਜੀ ਬੋਲ ਰਹੇ ਨੇ...?" ਮੁੱਖ ਮੰਤਰੀ ਦੇ ਪੀ.ਏ. ਨੇ ਪੁੱਛਿਆ।
-''ਜੀ ਜਨਾਬ...! ਜੱਜ ਗੁਰਜੋਤ ਸਿੰਘ ਬੋਲ ਰਿਹੈਂ ਜੀ...!"
-''ਜੱਜ ਸਾਹਿਬ, ਸੀ. ਐੱਮ. ਸਾਹਿਬ ਆਪ ਨਾਲ਼ ਗੱਲ ਕਰਨਾ ਚਾਹੁੰਦੇ ਨੇ..!"
-''ਕਰਵਾਓ ਜਨਾਬ...!"
ਪੀ.ਏ. ਨੇ ਮੁੱਖ ਮੰਤਰੀ ਨੂੰ ਫ਼ੋਨ ਫ਼ੜਾ ਦਿੱਤਾ।
-''ਸਤਿ ਸ੍ਰੀ ਅਕਾਲ ਜੱਜ ਸਾਹਿਬ...!" ਮੁੱਖ ਮੰਤਰੀ ਘਿਉ ਸਿੱਧੀ ਉਂਗਲ਼ ਨਾਲ਼ ਕੱਢਣ ਦਾ ਹੀ ਆਦੀ ਸੀ।
-''ਸਤਿ ਸ੍ਰੀ ਅਕਾਲ ਸੀ.ਐੱਮ. ਸਾਹਿਬ...!"
-''ਸੰਤ ਅਨੋਖ ਅਲੱਖ ਜੋਤਾਂ ਵਾਲ਼ੇ ਮਹਾਂਪੁਰਖਾਂ ਦਾ ਕੇਸ ਤੁਹਾਡੇ ਕੋਲ਼ ਈ ਐ...?"
-''ਜੀ ਜਨਾਬ...! ਮੇਰੇ ਕੋਲ਼ ਹੀ ਐ...!!"
-''ਜੱਜ ਸਾਹਿਬ, ਸੰਤ ਮਹਾਂਪੁਰਖਾਂ ਦਾ ਵਾਲ਼ ਵੀ ਵਿੰਗਾ ਨੀ ਹੋਣਾ ਚਾਹੀਦਾ, ਖਿਆਲ ਰੱਖਣਾ, ਅਸੀਂ ਤੇਰਾ ਖਿਆਲ ਰੱਖਾਂਗੇ..!" ਮੁੱਖ ਮੰਤਰੀ ਨੇ ਇੱਕ ਤਰ੍ਹਾਂ ਨਾਲ਼ ਗੁੱਝਾ ਹੁਕਮ ਦਾ ਮਰੋੜਾ ਚਾੜ੍ਹਿਆ।
-''ਸੀ. ਐੱਮ. ਸਾਹਿਬ, ਬਾਬੇ ਨੇ ਨਾਬਾਲਿਗ ਕੁੜੀ ਨਾਲ਼ ਬਲਾਤਕਾਰ ਕੀਤੈ, ਤੇ ਸਾਡੇ ਕੋਲ਼ ਸਬੂਤ ਵੀ ਮੌਜੂਦ ਨੇ ਤੇ ਗਵਾਹ ਵੀ...!" ਜੱਜ ਗੁਰਜੋਤ ਸਿੰਘ ਦੇ ਕਹਿਣ 'ਤੇ ਮੁੱਖ ਮੰਤਰੀ ਤੈਸ਼ ਵਿੱਚ ਆ ਗਿਆ।
-''ਤੂੰ ਗੋਲ਼ੀ ਮਾਰ ਗਵਾਹਾਂ ਤੇ ਸਬੂਤਾਂ ਨੂੰ...! ਮੈਂ ਮਹਾਂਪੁਰਖ ਤੇਰੇ ਤੋਂ ਬਰੀ ਲੈਣੇ ਐਂ, ਨਹੀਂ ਆਪਦਾ ਬੋਰੀਆਂ ਬਿਸਤਰਾ ਬੰਨ੍ਹ ਕੇ ਰੱਖ...!"
-''ਜਿੰਨਾਂ ਚਿਰ ਨੌਕਰੀ ਕੀਤੀ ਐ, ਕਾਨੂੰਨ, ਇਨਸਾਫ਼ ਅਤੇ ਇਮਾਨਦਾਰੀ ਦੇ ਦਾਇਰੇ 'ਚ ਰਹਿ ਕੇ ਕੀਤੀ ਐ ਸੀ. ਐੱਮ. ਸਾਹਿਬ...! ਜੇ ਤੁਸੀਂ ਕਿਸੇ ਦੀ ਕਦਰ ਨਹੀਂ ਪਾ ਸਕਦੇ, ਤਾਂ ਘੱਟੋ ਘੱਟ ਜ਼ਲੀਲ ਤਾਂ ਨਾ ਕਰੋ...?"
-''ਓਹ ਯੂ ਸ਼ੱਟ ਅੱਪ...!! ਦੋ ਕੌਡੀ ਦਾ ਜੱਜ, ਮੇਰੇ ਸਾਹਮਣੇ ਜ਼ੁਬਾਨ ਚਲਾਉਂਨੈ...?"
-''ਬਿਹੇਵ ਯੂਅਰਸੈਲਫ਼ ਸੀ. ਐੱਮ. ਸਾਹਿਬ...! ਮੈਂ ਐਹੋ ਜਿਹੇ ਸਿਸਟਮ ਵਿੱਚ ਕੰਮ ਹੀ ਨਹੀਂ ਕਰਨਾ, ਮੇਰਾ ਅਸਤੀਫ਼ਾ..!" ਜੱਜ ਨੇ ਫ਼ੋਨ ਕੱਟ ਦਿੱਤਾ।
ਪੂਰਾ ਖ਼ੁਸ਼ ਹੋ ਕੇ ਮੁੱਖ ਮੰਤਰੀ ਨੇ ਜੋਤਾਂ ਵਾਲ਼ੇ ਸੰਤ ਜੀ ਨੂੰ ਫ਼ੋਨ ਮਿਲ਼ਾ ਲਿਆ।
-''ਲਓ ਮਹਾਂਪੁਰਖੋ..! ਨਾ ਰਹੂਗਾ ਬਾਂਸ, ਤੇ ਨਾ ਵੱਜੂਗੀ ਬਾਂਸੁਰੀ..! ਆਪਾਂ ਜੱਜ ਦਾ ਪੱਤਾ ਈ ਕੱਟ ਮਾਰਿਆ..!"
-''ਸ਼ਾਬਾਸ਼...! ਵਧੀਆ ਕੀਤਾ...! ਚਾਰ ਅੱਖਰ ਗੁਰਬਾਣੀ ਦੇ ਪੜ੍ਹ ਕੇ ਬਾਹਲ਼ਾ ਈ ਬ੍ਰਹਮ-ਗਿਆਨੀ ਬਣਦਾ ਸੀ..!"
-''ਤੋਰ'ਤਾ ਘਰ ਨੂੰ...! ਹੁਣ ਚਿੰਤਾ ਮੁਕਤ ਹੋ ਜਾਓ...!! ਸਾਡੇ ਹੁੰਦੇ ਥੋਨੂੰ ਕੋਈ ਫ਼ਿਕਰ ਹੋਵੇ..? ਇਹ ਤਾਂ ਹੋ ਈ ਨੀ ਸਕਦਾ ਮਹਾਂਪੁਰਖੋ..!"
ਘੋਰ ਪ੍ਰੇਸ਼ਾਨੀ ਵਿੱਚ ਜੱਜ ਘਰ ਪਹੁੰਚਿਆ।
ਘਰਵਾਲ਼ੀ ਜਪਨਾਮ ਕੌਰ ਨੇ ਪਾਣੀ ਦਾ ਗਿਲਾਸ ਫ਼ੜਾਇਆ।
-''ਕੀ ਗੱਲ...? ਅੱਜ ਐਨੇ ਚੁੱਪ ਜਿਹੇ ਕਿਉਂ ਹੋ...? ਸਿਹਤ ਠੀਕ ਐ..?" ਜਪਨਾਮ ਕੌਰ ਨੇ ਫ਼ਿਕਰ ਕੀਤਾ।
-''ਅੱਜ ਭ੍ਰਿਸ਼ਟ ਸਿਸਟਮ ਨਾਲ਼ ਟੱਕਰ ਹੋਗੀ, ਮੈਂ ਅਸਤੀਫ਼ਾ ਦੇ ਕੇ ਘਰ ਆ ਗਿਆ..!" ਉਸ ਨੇ ਪਾਣੀ ਪੀ ਕੇ ਗਿਲਾਸ ਵਾਪਸ ਕਰ ਦਿੱਤਾ।
-''ਵਧੀਆ ਕੀਤਾ...! ਸਾਰੀ ਉਮਰ ਕੰਮ ਈ ਤਾਂ ਨੀ ਕਰੀ ਜਾਣਾ..!! ਬਥੇਰਾ ਕੰਮ ਕਰ ਲਿਆ, ਹੁਣ ਅਰਾਮ ਕਰੋ..!!"
ਅਚਾਨਕ ਜਪੁਜੀ ਅੰਦਰ ਆਈ। ਉਹ ਬਹੁਤ ਖ਼ੁਸ਼ ਸੀ ਅਤੇ ਉਸ ਦੇ ਹੱਥ ਵਿੱਚ ਕੁਝ ਕਾਗਜ਼ ਅਤੇ ਲੱਡੂਆਂ ਦਾ ਡੱਬਾ ਫ਼ੜਿਆ ਹੋਇਆ ਸੀ।
-''ਡੈਡੀ ਜੀ...!" ਉਹ ਬੱਚੇ ਵਾਂਗ ਬਾਪ ਦੀ ਬੁੱਕਲ਼ ਵਿਚ ਆ ਵੜੀ।
-''ਠੀਕ ਐਂ ਪੁੱਤ...?"
-''ਚੜ੍ਹਦੀ ਕਲਾ..! ਗੁਰੂ ਕਿਰਪਾ...! ਲਓ ਪਹਿਲਾਂ ਲੱਡੂ ਖਾਓ...!!"
-''ਲੱਡੂ...? ਕਿਹੜੀ ਖ਼ੁਸ਼ੀ ਵਿੱਚ...?" ਬਾਪੂ ਹੈਰਾਨ ਸੀ।
-''ਮੇਰੀ ਸਿਲੈਕਸ਼ਨ ਹੋ ਗਈ, ਤੁਹਾਡੀ ਧੀ ਵੀ ਅੱਜ ਜੱਜ ਬਣਗੀ, ਯੂਅਰ ਆਨਰ...!" ਉਸ ਨੇ ਵਿਅੰਗ ਨਾਲ਼ ਕਹਿੰਦੀ ਨੇ ਬਾਪ ਦੇ ਮੂੰਹ ਵਿੱਚ ਲੱਡੂ ਪਾਇਆ।
-''ਤੇ ਤੁਹਾਡਾ ਬਾਪ ਅਸਤੀਫ਼ਾ ਦੇ ਆਇਆ, ਮੀ ਲਾਰਡ...!!" ਗੁਰਜੋਤ ਸਿੰਘ ਲੱਡੂ ਖਾਂਦਾ ਬੋਲਿਆ।
-''ਧੰਨ ਗੁਰੂ ਨਾਨਕ ਪਾਤਿਸ਼ਾਹ ਕਿੱਡੇ ਮਿਹਰਵਾਨ ਐਂ...! ਬਾਪ ਨੇ ਅਸਤੀਫ਼ਾ ਦਿੱਤਾ, ਧੀ ਨੂੰ ਅਹੁਦਾ ਬਖ਼ਸ਼ ਦਿੱਤਾ..।" ਮਾਂ ਨੇ ਧਰਤੀ ਨੂੰ ਹੱਥ ਲਾ ਕੇ ਨਮਸ਼ਕਾਰ ਕੀਤੀ।
-''ਥੋਨੂੰ ਸਾਰੀ ਉਮਰ ਜੱਜਪੁਣਾ ਸੁੱਖ ਕੇ ਤਾਂ ਨਹੀਂ ਸੀ ਦਿੱਤਾ, ਯੂਅਰ ਆਨਰ..? ਹੁਣ ਤੁਸੀਂ ਆਪਣੀ ਹਾਈ ਕਮਾਂਡ ਨਾਲ਼ ਜ਼ਿੰਦਗੀ ਦਾ ਲੁਤਫ਼ ਲਓ, ਤੇ ਕੰਮ ਥੋਡੀ ਧੀ ਕਰੂਗੀ...!" ਜਪੁਜੀ ਬਹੁਤ ਖ਼ੁਸ਼ ਸੀ। ਉਸ ਨੇ ਆਪਣੀ ਮਾਂ ਵੱਲ ਹੱਥ ਕਰ ਕੇ ''ਹਾਈ ਕਮਾਂਡ" 'ਤੇ ਪੂਰਾ ਜੋਰ ਦਿੱਤਾ ਸੀ।
ਅਗਲੀ ਸਵੇਰ ਅਖ਼ਬਾਰ ਵਾਲ਼ਾ ਅਖ਼ਬਾਰ ਸੁੱਟ ਗਿਆ। ਜੱਜ ਨਹਾ ਰਿਹਾ ਸੀ। ਜਪੁਜੀ ਦੀ ਮਾਂ ਜਪਨਾਮ ਕੌਰ ਰਸੋਈ ਵਿੱਚ ਨਾਸ਼ਤਾ ਤਿਆਰ ਕਰ ਰਹੀ ਸੀ। ਜਪੁਜੀ ਨੇ ਅਖ਼ਬਾਰ ਜਾ ਚੁੱਕਿਆ। ਅਖ਼ਬਾਰ ਦੇ ਮੁੱਖ ਪੰਨੇ ਉੱਪਰ ਉੱਪਰ ਮੋਟੀ ਸੁਰਖੀ ਸੀ;
''ਪਾਕਿਸਤਾਨੀ ਅੱਤਿਵਾਦੀਆਂ ਨਾਲ਼ ਮੁਕਾਬਲਾ ਕਰਦਾ ਫ਼ੌਜੀ ਅਫ਼ਸਰ ਰਮਣੀਕ ਸਿੰਘ ਸ਼ਹੀਦ"
ਖ਼ਬਰ ਦੇ ਐਨ੍ਹ ਵਿਚਕਾਰ ਰਮਣੀਕ ਸਿੰਘ ਦੀ ਦਸਤਾਰ ਵਾਲ਼ੀ ਫ਼ੋਟੋ ਲੱਗੀ ਹੋਈ ਸੀ। ਜਪੁਜੀ ਹੱਥੋਂ ਅਖ਼ਬਾਰ ਛੁੱਟ ਗਿਆ ਅਤੇ ਉਸ ਦੀਆਂ ਅੱਖਾਂ ਨੱਕੋ-ਨੱਕ ਭਰ ਆਈਆਂ। ਉਹ ਵਾਪਸ ਆ ਕੇ ਬੈੱਡ 'ਤੇ ''ਧੜ੍ਹੰਮ" ਕਰ ਕੇ ਡਿੱਗ ਪਈ ਅਤੇ ਰਮਣੀਕ ਨਾਲ਼ ਜੁੜੀ ਤੰਦ ਉਸ ਨੂੰ ਅਤੀਤ ਵਿੱਚ ਖਿੱਚ ਕੇ ਲੈ ਗਈ.....
....ਜਪੁਜੀ ਅਤੇ ਰਮਣੀਕ ਕਾਲਜ ਦੀ ਪਾਰਕ ਵਿੱਚ ਸਰੂ ਦੇ ਬੂਟੇ ਕੋਲ਼ ਹੀ ਆ ਕੇ ਬੈਠਦੇ ਸਨ। ਇਹ ਸਰੂ ਦਾ ਬੂਟਾ ''ਰਮਣੀਕ ਜੀ" ਨੂੰ ਕੁਦਰਤ ਦੇ ਕੁਝ ਜ਼ਿਆਦਾ ਹੀ ਕਰੀਬ ਜਾਪਦਾ।
-''ਨਿੱਕੀ-ਨਿੱਕੀ ਗੱਲ ਦਾ ਗੁੱਸਾ ਨੀ ਕਰੀਦਾ, ਗੁੱਸਾ ਚੰਡਾਲ ਹੁੰਦੈ, ਤੇ ਸਿਹਤ ਲਈ ਵੀ ਮਾੜੈ...!!" ਰਮਣੀਕ ਜੀ ਨੇ ਜਪੁਜੀ ਦੇ ਨੱਕ ਦੀ ਕਰੂੰਬਲ਼ ਘੁੱਟਦਿਆਂ ਕਿਹਾ। ਪਰ ਜਪੁਜੀ ਉਂਗਲ਼ 'ਤੇ ਚੁੰਨੀ ਲਪੇਟਦੀ, ਭਰੀ-ਪੀਤੀ ਚੁੱਪ ਸੀ।
-''ਇੱਕ ਤਾਂ ਤੇਰੇ 'ਚ ਚਮਚਾ ਕੁ ਖ਼ੂਨ ਦਾ ਐ, ਸਾਲ਼ਾ ਛੇਤੀ ਉਬਲ਼ ਜਾਂਦੈ...!"
-''................।" ਰਮਣੀਕ ਦੀ ਵਿਅੰਗਮਈ ਗੱਲ 'ਤੇ ਜਪੁਜੀ ਦਾ ਹਾਸਾ ਨਿਕਲ਼ ਗਿਆ।
-''ਤਿੰਨ ਦਿਨ ਦੇ ਸੀ ਕਿੱਥੇ...? ਨਾ ਕੋਈ ਟੈਲੀਫ਼ੋਨ ਨਾ ਸੁਨੇਹਾਂ...?" ਉਸ ਨੇ ਗੁਲਾਬੀ ਬੁੱਲ੍ਹ ਟੇਰੇ।
-''ਤੈਨੂੰ ਦੱਸਿਆ ਤਾਂ ਸੀ..? ਬਈ ਬਾਪੂ ਜੀ ਨੇ ਆਰਮੀ ਦੇ ਹੈੱਡ ਕੁਆਰਟਰ ਸੱਦ ਲਿਆ ਸੀ, ਦੱਸਣ ਦਾ ਸਮਾਂ ਈ ਨੀ ਮਿਲ਼ਿਆ...!" ਰਮਣੀਕ ਨੇ ਸਪੱਸ਼ਟੀਕਰਣ ਦਿੱਤਾ।
-''................।" ਜਪੁਜੀ ਫ਼ਿਰ ਮੂੰਹ ਵੱਟ ਕੇ ਖੜ੍ਹ ਗਈ।
-''ਚਲੋ ਹੁਣ ਮੁਆਫ਼ ਵੀ ਕਰ ਦਿਓ ਬਾਬਾ ਜੀ...! ਮੈਂ ਥੋਡੀ ਕੈਲੀ ਗਊ...!" ਰਮਣੀਕ ਨੇ ਹੱਥ ਜੋੜ ਲਏ।
-''.....................।" ਜਪੁਜੀ ਚੁੱਪ ਸੀ।
-''ਤੇਰੇ ਇਹ ਦਬਕੇ ਕਦੇ ਸਾਡੀ ਜਾਨ ਲੈ ਕੇ ਰਹਿਣਗੇ...!" ਰਮਣੀਕ ਨੇ ਕਿਹਾ ਤਾਂ ਜਪੁਜੀ ਨੇ ਉਸ ਦੇ ਮੂੰਹ 'ਤੇ ਹੱਥ ਰੱਖ ਦਿੱਤਾ।
-''ਜਪੁਜੀ.....!" ਮਾਂ ਦੀ ਅਵਾਜ਼ ਸੀ। ਮਾਂ ਦੀ ਅਵਾਜ਼ ਨਾਲ਼ ਜਪੁਜੀ ਦੀ ਸੁਰਤੀ ਟੁੱਟੀ। ਉਸ ਦੀਆਂ ਅੱਖਾਂ ਵਿੱਚੋਂ ਹੰਝੂ ਕਣੀਆਂ ਵਾਂਗ ਡਿੱਗ ਰਹੇ ਸਨ।
-''ਆਈ ਮਾਂ....!!" ਬੈੱਡ ਉਪਰੋਂ ਉਠ ਕੇ ਜਪੁਜੀ ਨੇ ਹੰਝੂ ਪੂੰਝ ਲਏ।
-''ਨਾਸ਼ਤਾ ਤਿਆਰ ਐ, ਬੇਟੇ...!"
ਜਪੁਜੀ ਨਾ ਚਾਹੁੰਦੀ ਹੋਈ ਵੀ ਨਾਸ਼ਤੇ ਦੇ ਮੇਜ ਵੱਲ ਨੂੰ ਤੁਰ ਪਈ।

ਕਾਂਡ 8 : ਕਹਿਰ ਦੀ ਹਨ੍ਹੇਰੀ ਰਾਤ ਸੀ। - ਸ਼ਿਵਚਰਨ ਜੱਗੀ ਕੁੱਸਾ

ਕਹਿਰ ਦੀ ਹਨ੍ਹੇਰੀ ਰਾਤ ਸੀ।
ਬਿਖੜੇ ਪੈਂਡੇ ਦਾ ਕੱਚਾ ਰਸਤਾ ਅਤੇ ਡਰਾਉਣੀ ਰਾਤ ''ਸਾਂ-ਸਾਂ" ਕਰਦੀ ਸੱਪ ਵਾਂਗ ਛੂਕ ਰਹੀ ਸੀ।
ਗੇਜਾ ਇੱਕ ਹੱਥ ਵਿਚ ਬੱਚੀ ਚੁੱਕੀ, ਦੂਜੇ ਹੱਥ ਨਾਲ਼ ਬੋਤਲ 'ਚੋਂ ਦਾਰੂ ਪੀਂਦਾ ਜਾ ਰਿਹਾ ਸੀ। ਟਿਕੀ ਰਾਤ ਵਿੱਚ ਕੁੜੀ ਰੋ ਰਹੀ ਸੀ। ਦੂਰ ਪਿੰਡ ਵਿਚ ਕਿਤੇ-ਕਿਤੇ ਬੱਤੀ ਜਗਦੀ ਦਿਖਾਈ ਦਿੰਦੀ ਸੀ। ਕੁੜੀ ਰੋਣੋਂ ਬੰਦ ਨਹੀਂ ਹੋ ਰਹੀ ਸੀ।
-''ਧੀ ਧਿਆਣੀਏਂ, ਲੱਗਦੈ ਆਬਦੀ ਮਾਂ ਦਾ ਦਰੇਗ ਤੂੰ ਵੀ ਬਹੁਤ ਕਰਦੀ ਐਂ...!" ਗੇਜੇ ਨੇ ਕਿਹਾ।
ਬੱਚੀ ਹੋਰ ਉਚੀ-ਉਚੀ ਰੋਣ ਲੱਗ ਪਈ।
-''ਬੱਸ ਪਹੁੰਚ ਗਏ ਸਮਝ...! ਰੋ ਨਾਂ...! ਹੁਣ ਤਾਂ ਦੰਦਾਂ 'ਚ ਜੀਭ ਐ...!"
ਕੁੜੀ ਰੋਣੋਂ ਬੰਦ ਨਹੀਂ ਹੁੰਦੀ ਸੀ। ਸ਼ਾਇਦ ਸਰਦੀ ਨਾਲ਼ ਬਿਲਕ ਰਹੀ ਸੀ।
-''ਲੱਗਦੈ ਸਹੁਰੀ ਨੂੰ ਠਾਰੀ ਲੱਗਦੀ ਹੋਣੀਂ ਐਂ...! ਹੈਗਾ 'ਲਾਜ ਠਾਰੀ ਦਾ ਵੀ ਆਪਣੇ ਕੋਲ਼ੇ ਧੀਏ-ਧਿਆਣੀਏਂ...!!" ਉਸ ਨੇ ਡੱਬ 'ਚ ਦਿੱਤੀ ਬੋਤਲ ਕੱਢ ਲਈ।
-''ਠਾਰੀ ਨੂੰ ਤਾਂ ਮਾਰਾਂਗੇ ਆਪਾਂ ਬੁੜ੍ਹਕਾ ਕੇ....! ਰੋਲ਼ ਦਿਆਂਗੇ ਠਾਰੀ ਨੂੰ ਤਾਂ ਆਪਾਂ...! ਠਾਰੀ ਆਪਣੇ ਨੇੜੇ ਕਿਵੇਂ ਆਜੂ....?? ਲੈ ਧੀਏ, ਤੋਲ਼ਾ ਕੁ ਸਿੱਟ ਅੰਦਰ....!! ਇਹ ਤਾਂ ਦੁਆਈ ਐ ਇੱਕ...!"
ਗੇਜੇ ਨੇ ਕੁੜੀ ਦੇ ਮੂੰਹ ਨੂੰ ਬੋਤਲ ਲਾ ਕੇ ਦਾਰੂ ਦੀਆਂ ਘੁੱਟਾਂ ਪਿਆ ਦਿੱਤੀਆਂ।
ਕੁੜੀ ਚੁੱਪ ਕਰ ਗਈ।
-''ਕਰਗੀ ਨ੍ਹਾਂ ਚੁੱਪ ਧੀਏ ਮੇਰੀਏ...? ਦੁਨੀਆਂ ਕਮਲ਼ੀ ਥੋੜ੍ਹੋ ਐ, ਜਿਹੜੀ ਇਹਨੂੰ ਪੀਂਦੀ ਐ...? ਇਹ ਤਾਂ ਦੁੱਖ ਤੋੜ ਔਸ਼ਧੀ ਐ...! ਪਤਾ ਨੀ ਧਾਰਮਿਕ ਲੋਕ ਇਹਨੂੰ ਪੀਣਾ ਪਾਪ ਕਿਉਂ ਸਮਝਦੇ ਐ...?" ਉਸ ਨੇ ਦੋ ਘੁੱਟਾਂ ਆਪ ਵੀ ਅੰਦਰ ਸੁੱਟ ਲਈਆਂ ਅਤੇ ਟਿਕੀ ਰਾਤ ਵਿੱਚ ਰਾਹ ਲੱਭਦਾ ਅੱਗੇ ਤੁਰ ਪਿਆ।
ਰਾਤ ਟਿਕੀ ਹੋਈ ਸੀ।
ਬਿੰਡੇ ਟਿਆਂਕ ਰਹੇ ਸਨ।
ਦੂਰ ਖੇਤ ਵਿੱਚ ਇੱਕ ਟਟੀਹਰ੍ਹੀ ਚੀਕ ਰਹੀ ਸੀ।
ਗੇਜਾ ਦਾਰੂ ਨਾਲ਼ ਟੁੰਨ ਹੋਇਆ ਵਾਟ ਵੱਢਦਾ ਜਾ ਰਿਹਾ ਸੀ।
ਨਸ਼ੇ ਨਾਲ਼ ਗੇੜੇ ਖਾਂਦਾ ਗੇਜਾ ਨਹਿਰ ਦੀ ਪਟੜੀ 'ਤੇ ਪਹੁੰਚ ਗਿਆ।
-''ਲੈ ਧੀ ਧਿਆਣੀਏਂ...! ਤੇਰੇ ਨਾਲ਼ ਆਪਣਾ ਐਨਾਂ ਕੁ ਈ ਨਾਤਾ ਸੀ...! ਜਾਹ, ਰੱਬ ਤੇਰਾ ਭਲਾ ਕਰੇ...!"
     -''................।" ਕੁੜੀ ਚੁੱਪ ਸੀ। ਰੋਂਦੀ ਵੀ ਨਹੀਂ ਸੀ। ਸ਼ਾਇਦ ਦਾਰੂ ਦੀ ਘੂਕੀ ਨਾਲ਼ ਸੌਂ ਗਈ ਸੀ?
-''ਹੈਂਅ...? ਇਹ ਤਾਂ ਬਚਾਰੀ ਸਤਜੁਗੀ ਬੋਲਦੀ ਵੀ ਨੀ...?? ਕਿਤੇ ਸਹੁਰੀ ਠਾਰੀ ਨਾਲ਼ ਤਾਂ ਨੀ ਮਰਗੀ...? ਚੰਗਾ ਭਾਈ, ਜਾਹ ਆਬਦੇ ਦੇਸ਼ ਨੂੰ....!! ਹੁਣ ਸਾਡੇ ਅਰਗੇ ਬੁੱਚੜਾਂ ਦੇ ਮੁਲਕ ਨਾ ਆਈਂ, ਨਹੀਂ ਮੈਨੂੰ ਈ ਫ਼ੇਰ ਕੋਈ ਢਾਣਸ ਕਰਨਾ ਪਊ...! ਸਰਦਾਰ ਲੋਕ ਆਪ ਪਾਪ ਨੀ ਕਰਦੇ, ਮੇਰੇ ਅਰਗੇ ਗਰੀਬਾਂ ਤੋਂ ਕਰਵਾਉਂਦੇ ਐ, ਧੀਏ...! ਹੁਣ ਨਾ ਬੁੱਚੜਖਾਨਿਆਂ ਵੱਲ ਫ਼ੇਰਾ ਪਾਈਂ..! ਜਮ੍ਹਾਂ ਮੂੰਹ ਨਾ ਕਰੀਂ ਐਧਰ ਨੂੰ...! ਲੈ ਹੁਣ ਬੋਲ ਬਾਘਰੂ...! ਰੱਬ ਤੈਨੂੰ ਚੰਗੀ ਜੂਨ 'ਚ ਪਾਵੇ, ਧੀਏ..! ਵਾਅਅਖਰੂ....!!" ਉਸ ਨੇ ਬੱਚੀ ਨੂੰ ਨਹਿਰ ਦੀ ਪਟੜੀ ਦੀਆਂ ਝਾੜ੍ਹੀਆਂ ਵਿੱਚ ਦੀ, ਪਾਣੀ ਵੱਲ ਨੂੰ ਚਲਾ ਮਾਰਿਆ। ਗੇਜੇ ਦੇ ਕੰਨ ਬੋਲ਼ੇ ਹੋ ਚੁੱਕੇ ਸਨ। ਬੱਚੀ ਚਲਾ ਕੇ ਮਾਰਨ ਤੋਂ ਬਾਅਦ ਉਸ ਨੇ ਦੋਨੋਂ ਹੱਥ ਝਾੜੇ ਅਤੇ ਡੱਬ 'ਚੋਂ ਬੋਤਲ ਕੱਢ ਕੇ ਦਾਰੂ ਦੀਆਂ ਘੁੱਟਾਂ ਭਰ ਪਿੱਛੇ ਮੁੜ ਪਿਆ।
ਦਾਰੂ ਦਾ ਰੱਜਿਆ ਗੇਜਾ ਪਤਾ ਨਹੀਂ ਕਦੋਂ ਆ ਕੇ ਸੁੱਤਾ ਸੀ।
ਅਗਲੇ ਦਿਨ ਗੇਜਾ ਅਤੇ ਜੋਗਾ ਸਿੰਘ ਖੇਤ ਪੱਠੇ ਵੱਢ ਰਹੇ ਸਨ।
-''ਰਾਤ ਕੰਮ ਕਰਤਾ ਸੀ, ਟੰਚ...?" ਜੋਗੇ ਨੇ ਗੇਜੇ ਨੂੰ ਪੁੱਛਿਆ।
-''ਵੱਢ'ਤਾ ਸੀ ਫ਼ਸਤਾ ਬਾਈ...! ਕਰ'ਤਾ ਤੈਨੂੰ ਸੁਰਖ਼ਰੂ...!!"
-''ਕਿਸੇ ਨੇ ਦੇਖਿਆ ਤਾਂ ਨੀ ਤੈਨੂੰ...?"
-''ਦੇਖਣਾ ਮੈਨੂੰ ਕੀਹਨੇ ਸੀ...? ਪਰਲੋਂ ਅਰਗੀ ਤਾਂ 'ਨ੍ਹੇਰੀ ਰਾਤ ਸੀ...!"
-''......................।" ਪਤਾ ਨਹੀਂ ਕੀ ਸੋਚ ਕੇ ਜੋਗਾ ਚੁੱਪ ਕਰ ਗਿਆ?
-''ਚੱਲ ਪੱਠੇ ਲੱਦ, ਬੇਬੇ ਕਹਿੰਦੀ ਸੀ ਅੱਜ ਜੋਤਾਂ ਆਲ਼ੇ ਸੰਤਾਂ ਦੇ ਜਾਣੈਂ...!"
-''ਕੋਈ ਸੱਤਸੰਗ ਐ...?"
-''ਭੰਡਾਰਾ ਨੀ ਹੁੰਦਾ ਹਰ ਸਾਲ...?"
-''ਮੈਂ ਤਾਂ ਭੁੱਲ ਈ ਗਿਆ ਸੀ...!"
ਉਹ ਪੱਠੇ ਲੱਦ ਘਰ ਆ ਗਏ ਅਤੇ ਬੇਬੇ ਨੂੰ ਲੈ ਸੰਤਾਂ ਦੇ ਡੇਰੇ ਪਹੁੰਚ ਗਏ। ਸੰਤ ਅਨੋਖ ਅਲੱਖ ਜੋਤਾਂ ਵਾਲ਼ੇ ਦੇ ਡੇਰੇ ਵਿੱਚ ਬੜੀ ਗਹਿਮਾਂ ਗਹਿਮੀਂ ਸੀ। ਡੇਰੇ 'ਤੇ ਕਮਾਂਡੋ ਅਤੇ ਪੁਲੀਸ ਦਾ ਸਖ਼ਤ ਪਹਿਰਾ ਸੀ ਅਤੇ ਸੰਗੀਨਾਂ ਵਾਲ਼ੇ ਡੇਰੇ ਦੇ ਕੋਨੇ-ਕੋਨੇ ਵਿੱਚ ਖੜ੍ਹੇ ਸਨ।  
ਅਚਾਨਕ ਗਰਦੋਗੋਰ ਉਠੀ।
ਡੇਰੇ ਵਿੱਚ ਦੋ ਵੱਖੋ-ਵੱਖ ਪਾਰਟੀਆਂ ਦੇ ਲੀਡਰ ਪਹੁੰਚ ਗਏ। ਕਮਾਂਡੋ ਅਤੇ ਪੁਲੀਸ ਨੂੰ ਹੱਥਾਂ-ਪੈਰਾਂ ਦੀ ਪਈ ਹੋਈ ਸੀ। ਉਹ ਲੋਕਾਂ ਨੂੰ ਫ਼ੜ-ਫ਼ੜ ਇੱਕ ਪਾਸੇ ਕਰਦੇ ਸਨ। ਦੋਨੋਂ ਲੀਡਰ ਅੱਗੜ-ਪਿੱਛੜ ਸੰਤ ਜੀ ਦੇ ਆਸਣ ਕੋਲ਼ ਪਹੁੰਚੇ ਅਤੇ ਡੰਡਾਉਤ ਕਰ ਕੇ ਸੰਤਾਂ ਨੂੰ ਮੱਥਾ ਟੇਕਿਆ।
ਸੰਤਾਂ ਨੇ ਜੋਤ ਉੱਪਰੋਂ ਦੀ ਮੋਰ ਦੇ ਖੰਭਾਂ ਵਾਲ਼ਾ ਚਵਰ ਲੰਘਾ ਕੇ ਉਹਨਾਂ ਨੂੰ ਆਸ਼ੀਰਵਾਦ ਦਿੱਤਾ।
-''ਮਹਾਂਪੁਰਖੋ..! ਅਗਲੀ ਇਲੈਕਸ਼ਨ ਸਿਰ 'ਤੇ ਹੈ, ਸਿਰ 'ਤੇ ਹੱਥ ਰੱਖਿਓ...!"
-''..................।" ਸੰਤ ਜੀ ਡੂੰਘੀ ਸੋਚ ਵਿੱਚ ਮੁਸਕੁਰਾਏ।
-''ਦੇਖੋ....! ਤੁਸੀਂ ਦੋਨੋਂ ਹੀ ਮੇਰੇ ਅਜ਼ੀਜ਼ ਹੋ...! ਤੁਸੀਂ ਦੋਨੋਂ ਆਪਸ ਵਿੱਚ ਦੋਸਤ ਵੀ ਹੋ ਤੇ ਰਿਸ਼ਤੇਦਾਰ ਵੀ...!" ਸੰਤ ਜੀ ਪਹਿਲੇ ਲੀਡਰ ਨੂੰ ਸੰਬੋਧਿਤ ਹੋਏ।
-''ਜੀ.....!" ਲੀਡਰ ਕਿਸੇ ਆਗਿਆਕਾਰ ਵਿਦਿਆਰਥੀ ਵਾਂਗ ਹੱਥ ਜੋੜੀ ਬੈਠਾ ਸੀ।
-''ਤੁਹਾਡੇ 'ਚੋਂ ਕਿਸੇ ਪਾਰਟੀ ਦੀ ਸਰਕਾਰ ਬਣੇ, ਤੁਸੀਂ ਇੱਕ-ਦੂਜੇ ਨੂੰ ਠਿੱਬੀ ਨੀ ਲਾਉਣੀ...! ਰਲ਼-ਮਿਲ਼ ਕੇ ਰਹਿਣੈਂ...! ਜੋਤਾਂ ਵਾਲ਼ੇ ਬ੍ਰਹਮ ਗਿਆਨੀ ਭਲੀ ਕਰਨਗੇ...!! ਪ੍ਰਲੋਕ 'ਚ ਬੈਠਿਆਂ ਨੂੰ ਉਹਨਾਂ ਨੂੰ ਸਭ ਕੁਛ ਨਜ਼ਰ ਆਉਂਦੈ..! ਉਹ ਜਾਣੀ ਜਾਣ ਮਹਾਂਪੁਰਖ਼ ਨੇ ਭਾਈ.. !"
-''ਸਤਿ ਬਚਨ...!" ਦੋਨੋਂ ਲੀਡਰਾਂ ਨੇ ਅਦਬ ਵਿੱਚ ਸਿਰ ਝੁਕਾਇਆ।
ਸੰਤ ਜੀ ਨੇ ਉਹਨਾਂ ਨੂੰ ਆਪਣੇ ਲੋਟੇ ਵਿਚੋਂ ''ਚਰਨਾਂਮਤ" ਦਿੱਤਾ।
ਚਰਨਾਂਮਤ ਅਤੇ ਆਸ਼ੀਰਵਾਦ ਲੈ ਕੇ ਲੀਡਰ ਚਾਲੇ ਪਾ ਗਏ।
ਲੀਡਰਾਂ ਦੇ ਚਾਲੇ ਪਾਉਣ ਉਪਰੰਤ ਆਮ ਸ਼ਰਧਾਲੂਆਂ ਨੂੰ ਡੇਰੇ ਅੰਦਰ ਆਉਣ ਦੀ ਇਜਾਜ਼ਤ ਦਿੱਤੀ ਗਈ। ਹਰ ਕੌਰ ਅਤੇ ਜੋਗਾ ਸਿੰਘ ਵੀ ਉਹਨਾਂ ਸ਼ਰਧਾਲੂਆਂ ਦੇ ਵਿੱਚ ਸਨ।
ਹਰ ਕੌਰ ਸਿੱਧੀ ਸੰਤਾਂ ਦੇ ਆਸਣ ਵਾਲ਼ੇ ਕਮਰੇ ਅੰਦਰ ਚਲੀ ਗਈ।
ਪਹਿਰੇਦਾਰ ਉਸ ਨੂੰ ਬੇਰੋਕ ਅੰਦਰ ਜਾਣ ਦੀ ਇਜਾਜ਼ਤ ਦੇ ਦਿੱਤੀ।
ਸੰਤ ਜੀ ਦੁੱਧ ਚਿੱਟੇ ਆਸਣ ਉਪਰ ਬਿਰਾਜਮਾਨ ਸਨ। ਕੋਲ਼ ਮੋਰ ਦੇ ਖੰਭਾਂ ਵਾਲ਼ਾ ਚਵਰ ਪਿਆ ਸੀ। ਇੱਕ ਪਾਸੇ ਚਰਨਾਂਮਤ ਵਾਲ਼ਾ ਲੋਟਾ ਅਤੇ ਇੱਕ ਪਾਸੇ ਖੂੰਜੇ ਵੱਡੀ ਜੋਤ ਜਗ ਰਹੀ ਸੀ। ਅਤਰ ਫੁਲੇਲਾਂ ਕਾਰਨ ਅੰਦਰੋਂ ਸੁਗੰਧੀ ਦੀਆਂ ਲਪਟਾਂ ਆ ਰਹੀਆਂ ਸਨ।
ਹਰ ਕੌਰ ਸੰਤ ਜੀ ਦੇ ਪੈਰਾਂ 'ਤੇ ਡੰਡਾਉਤ ਕਰਦੀ ਉਚੀ-ਉਚੀ ਰੋ ਪਈ।
ਜੋਗਾ ਸਿੰਘ ਚੁੱਪ ਚਾਪ ਹੱਥ ਜੋੜੀ ਖੜ੍ਹਾ ਸੀ।
ਸੰਤ ਜੀ ਸ਼ਾਂਤ ਸਨ। ਚੁੱਪ ਸਨ। ਸੰਗਤ ਚੁੱਪ ਚਾਪ ਮੂਕ ਦਰਸ਼ਕ ਬਣੀ ਖੜ੍ਹੀ ਸੀ।
ਅਖੀਰ ਜਦੋਂ ਹਰ ਕੌਰ ਦਾ ਰੋਣਾ ਕੁਝ ਠੱਲ੍ਹਿਆ ਤਾਂ ਸੰਤ ਜੀ ਨੇ ਲੋਟੇ ਵਿੱਚੋਂ ਚਰਨਾਂਮਤ ਦਾ ਛਿੱਟਾ ਉਸ ਦੇ ਸਿਰ 'ਤੇ ਮਾਰਿਆ ਅਤੇ ਫ਼ੇਰ ਮੋਰ ਦੇ ਖੰਭਾਂ ਦਾ ਚਵਰ ਸਿਰ ਨੂੰ ਛੁਹਾਇਆ।
-''ਭਾਈ ਹਰ ਕੁਰੇ....? ਰੋਂਦੇ ਕਿਉਂ ਹੋ....??"
-''ਤੁਸੀਂ ਜਾਣੀ-ਜਾਣ ਮਹਾਂਪੁਰਖੋ...! ਤੁਸੀਂ ਧੰਨ...! ਤੁਸੀਂ ਦਿਲਾਂ ਦੀਆਂ ਬਾਤਾਂ ਬੁੱਝਣ ਵਾਲ਼ੇ ਮੇਰੇ ਮਾਲਕ...!" ਉਹ ਓਸੇ ਤਰ੍ਹਾਂ ਚਰਨਾਂ 'ਤੇ ਪਈ ਬੋਲੀ।
-''ਪਰ ਸੰਗਤਾਂ ਨੂੰ ਵੀ ਪਤਾ ਲੱਗੇ, ਭਾਈ...! ਸਾਡੀ ਜਾਣੀ-ਜਾਣਤਾ ਨੂੰ ਛੱਡੋ, ਆਪਣੇ ਮੁੱਖੋਂ ਫ਼ੁਰਮਾਨ ਕਰ ਕੇ ਸੰਗਤਾਂ ਨੂੰ ਦੱਸੋ..!"
-''ਮੇਰੇ ਘਰ ਚਰਨ ਪਾਓ ਮਹਾਂਪੁਰਖੋ....! ਮੈਨੂੰ ਪੋਤਾ ਚਾਹੀਦੈ...!!" ਉਹ ਓਸੇ ਤਰ੍ਹਾਂ ਚਰਨਾਂ ਵਿੱਚ ਪਈ ਸੀ।
-''...................।" ਸੰਤ ਜੀ ਮੁਸਕੁਰਾ ਪਏ।
-''ਪ੍ਰਲੋਕ ਵਾਲ਼ੇ ਮਹਾਂਪੁਰਖ ਕਿਰਪਾ ਕਰਨਗੇ...! ਪੁੱਤਰ ਵੀ ਅਵੱਸ਼ ਹੋਵੇਗਾ, ਭਾਈ..! ਅਵੱਸ਼ ਹੋਵੇਗਾ..!"
-''ਚਰਨ ਦੱਸੋ ਕਦੋਂ ਪਾਓਂਗੇ...?"
-''ਬੀਰ ਸਿੰਘ...!" ਸੰਤਾਂ ਨੇ ਆਪਣੇ ਚੇਲੇ ਨੂੰ ਹਾਕ ਮਾਰੀ।
-''ਜੀ ਮਹਾਰਾਜ...!" ਚੇਲਾ ਹਾਜ਼ਰ ਸੀ।
-''ਆਉਂਦੀ ਪੁੰਨਿਆਂ ਨੂੰ ਆਪਣਾ ਕਿਤੇ ਸਮਾਗਮ ਤਾਂ ਨੀ...?"
ਚੇਲਾ ਡਾਇਰੀ ਦੇਖਣ ਲੱਗ ਪਿਆ।
-''ਨਹੀਂ ਮਹਾਰਾਜ...! ਕੋਈ ਸਮਾਗਮ ਨਹੀਂ...!"
-''ਡਾਇਰੀ ਉਪਰ ਬੀਬੀ ਹਰ ਕੁਰ ਦਾ ਨਾਮ ਲਿਖ ਦਿਓ...!"
-''ਸਤਿ ਬਚਨ ਮਹਾਰਾਜ...!"
-''ਆਉਂਦੀ ਪੁੰਨਿਆਂ ਨੂੰ ਦਰਸ਼ਣ ਕਰਾਂਗੇ, ਭਾਈ...!"
-''ਧੰਨ ਹੋ ਮਹਾਂਪੁਰਖੋ...! ਕੋਟ-ਕੋਟ ਧੰਨਵਾਦ...!"
ਉਡੀਕਦੀ ਹਰ ਕੌਰ ਨੂੰ ਪੁੰਨਿਆਂ ਦਾ ਦਿਨ ਮਸਾਂ ਆਇਆ। ਹਰ ਕੌਰ ਦਾ ਘਰ ਸ਼ਿੰਗਾਰਿਆ ਹੋਇਆ ਸੀ। ਵਿਹੜ੍ਹੇ ਵਿੱਚ ਰੰਗ-ਬਿਰੰਗੀਆਂ ਝੰਡੀਆਂ ਲੱਗੀਆਂ ਹੋਈ ਸਨ। ਹਰ ਕੌਰ ਦੀ ਵਿਹੜ੍ਹੇ ਵਿਚ ਅੱਡੀ ਨਹੀਂ ਸੀ ਲੱਗਦੀ। ਅੱਜ ਜੋਗਾ ਸਿੰਘ ਅਤੇ ਗੇਜਾ ਵੀ ਘਰ ਹੀ ਸਨ। ਪਰ ਅੱਜ ਉਹਨਾਂ ਨੇ ਸ਼ਰਾਬ ਨਹੀਂ ਸੀ ਪੀਤੀ। ਟੁੱਟੇ ਹੋਏ ਨਸ਼ੇ ਕਾਰਨ ਉਹਨਾਂ ਦੇ ਮੂੰਹ ਧੁਆਂਖੇ ਜਿਹੇ ਪਏ ਸਨ ਅਤੇ ਉਹ ਦੁਖੀ ਜਿਹੇ ਬਾਹਰਲੀ ਬੈਠਕ ਵਿੱਚ ਬੈਠੇ ਸਨ।
-''ਅੱਜ ਮਹਾਂਪੁਰਖਾਂ ਨੇ ਆਪਣੇ ਘਰੇ ਚਰਨ ਪਾਉਣੇ ਐਂ...! ਤੂੰ ਆਬਦਾ ਗਾਤਰਾ ਲਾਹ ਦੇ ਅੱਜ ਦਾ ਦਿਨ..! ਮਹਾਂਪੁਰਖ ਇਹਨੂੰ ਚੰਗਾ ਨੀ ਸਮਝਦੇ..!" ਹਰ ਕੌਰ ਨੇ ਅਨੂਪ ਕੌਰ ਨੂੰ ਕਿਹਾ।
-''.................।" ਅਨੂਪ ਕੌਰ ਨੇ ਘੋਰ ਹੈਰਾਨ ਹੋ ਕੇ ਸੱਸ ਵੱਲ ਦੇਖਿਆ।
-''ਆਨੇ ਜੇ ਕੀ ਕੱਢਦੀ ਐਂ...? ਸੁਣਿਆਂ ਨੀ ਤੈਨੂੰ...??" ਹਰ ਕੌਰ ਨੂੰਹ ਨੂੰ ਕੌੜੀ।
-''ਬੀਜੀ, ਇਹ ਤੁਸੀਂ ਕੀ ਕਹਿ ਰਹੇ ਓਂ...? ਸ੍ਰੀ ਸਾਹਿਬ ਤਾਂ ਅੰਮ੍ਰਿਤਧਾਰੀ ਦੇ ਸਰੀਰ ਤੋਂ ਮਰ ਕੇ ਵੀ ਵੱਖ ਨੀ ਹੁੰਦੀ, ਨਾਲ਼ ਈ ਸਸਕਾਰ ਕਰਦੇ ਐ...!"
-''ਤੇਰੇ ਵਰਗੀ ਜ਼ਿੱਦੀ ਕੱਟੜਪੰਥੀ ਨੇ ਮੇਰੇ ਟੱਬਰ ਦੀਆਂ ਬੇੜੀਆਂ 'ਚ ਵੀ ਵੱਟੇ ਪਾਏ ਵੇ ਐ..! ਨਹੀਂ ਹੁਣ ਨੂੰ ਗਲੋਟੇ ਵਰਗਾ ਪੋਤਾ ਮੇਰੀ ਬੁੱਕਲ਼ 'ਚ ਹੋਣਾ ਸੀ..।" ਹਰ ਕੌਰ ਨੇ ਠੁਣਾਂ ਅਨੂਪ ਕੌਰ ਸਿਰ ਹੀ ਭੰਨਿਆਂ।
-''ਬੀਜੀ, ਇਹ ਜੋ ਤੁਸੀਂ ਕਰ ਰਹੇ ਹੋ, ਇਹ ਆਡੰਬਰ ਐ...! ਧੰਨ ਗੁਰੂ ਨਾਨਕ ਪਾਤਿਸ਼ਾਹ ਨੇ ''ਉਏ ਹਰਿ ਕੇ ਸੰਤ ਨ ਆਖੀਐ, ਬਾਨਾਰਸ ਕੇ ਠਗ" ਦੱਸਿਐ ਇਹਨਾਂ ਨੂੰ...! ਦਾਤਾਂ ਦੇਣ ਵਾਲ਼ਾ ਅਕਾਲ ਪੁਰਖ ਐ, ''ਦੱਦਾ ਦਾਤਾ ਏਕੁ ਹੈ ਸਬ ਕਉ ਦੇਵਨਹਾਰ॥" ਜਪੁਜੀ ਸਾਹਿਬ ਵਿਚ ਫ਼ੁਰਮਾਇਐ, ''ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ॥"
-''ਮੈਂ ਤੇਰਾ ਕੋਈ ਉਪਦੇਸ਼ ਨੀ ਸੁਣਨਾ...! ਜੇ ਨਹੀਂ ਲਾਹੁੰਣਾਂ ਤਾਂ ਆਬਦਾ ਗਾਤਰਾ ਢਕ ਕੇ ਰੱਖੀਂ..! ਨ੍ਹਾਂ ਤੂੰ ਗਾਤਰੇ ਦੀ ਕੋਈ ਨੁਮਾਇਸ਼ ਲਾਉਣੀਂ ਐਂ..? ਤੇਰੇ ਬਾਬੇ ਨੇ ਕਿਹੈ ਬਈ ਗਾਤਰਾ ਲੋਕਾਂ ਨੂੰ ਦਿਖਾ-ਦਿਖਾ ਕੇ ਪਾਇਓ..???"
ਅਚਾਨਕ ਬਾਹਰੋਂ ਗੱਡੀਆਂ ਦੀ ਘੂਕ ਸੁਣਾਈ ਦਿੱਤੀ ਤਾਂ ਹਰ ਕੌਰ ਬਾਹਰ ਚੱਕਵੇਂ ਪੈਰੀਂ ਬਾਹਰ ਨੂੰ ਤੁਰ ਪਈ।
-''ਵੇ ਜੋਗਿਆ....!"
-''ਹੋਅ ਬੇਬੇ...?"
 -''ਲੱਗਦੈ ਮਹਾਂਪੁਰਖ ਆ ਗਏ..!" ਉਹ ਖ਼ੁਸ਼ ਹੋਈ ਬੋਲੀ।
 -''................।" ਗੇਜਾ ਅਤੇ ਜੋਗਾ ਸਿੰਘ ਬੈਠਕ 'ਚੋਂ ਬਾਹਰ ਆ ਗਏ।
-''ਆ ਜਾ ਬਾਬਾ..! ਗੜ੍ਹੀ ਦੇ ਜਾਣਿਆਂ ਤੂੰ ਤਾਂ ਅੱਜ ਸਾਡੀ ਦਾਰੂ ਨੂੰ ਬੰਨ੍ਹ ਮਾਰ'ਤਾ..!" ਗੇਜਾ ਮੂੰਹ ਵਿੱਚ ਹੀ ਬੋਲਿਆ, ''ਛੱਪ ਦੇ ਕੇ ਆ ਮੇਰਾ ਬੀਰ, ਤੇ ਗਰਨ ਦੇ ਕੇ ਚਾਲੇ ਪਾਅ, ਅਸੀਂ ਵੀ ਮੂੰਹ ਕੌੜਾ ਕਰਨ ਜੋਕਰੇ ਹੋਈਏ..!"
''ਸੰਤ ਜੀ" ਦੇ ਹਥਿਆਰਬੰਦ ਬਾਡੀਗਾਰਡਾਂ ਦੀਆਂ ਚਾਰ ਗੱਡੀਆਂ ਵੀਹੀ ਵਿਚ ਆ ਲੱਗੀਆਂ।
ਇੱਕ ਘੜ੍ਹਮੱਸ ਜਿਹਾ ਮੱਚ ਗਿਆ ਸੀ।
ਹਰ ਕੌਰ ਸਰਦਲ 'ਤੇ ਚੋਣ ਲਈ ਸਰ੍ਹੋਂ ਦਾ ਤੇਲ ਚੁੱਕੀ ਖੜ੍ਹੀ ਸੀ। ਜੋਗਾ ਸਿੰਘ ਅਤੇ ਗੇਜਾ ਨਾਲ਼ ਹੱਥ ਜੋੜੀ ਖੜ੍ਹੇ ਸਨ। ਅਨੂਪ ਕੌਰ ਪਿਛਲੇ ਵਿਹੜ੍ਹੇ ਵਿਚ ਥਮਲ੍ਹੇ ਨਾਲ਼ ਖੜ੍ਹੀ ਸਾਰਾ ''ਆਡੰਬਰ" ਦੇਖ ਰਹੀ ਸੀ।
ਸੰਤ ਜੀ ਆਪਣੀ ਆਲੀਸ਼ਾਨ ਕਾਰ ਵਿੱਚੋਂ ਨਿਕਲ਼ੇ ਤਾਂ ਗੇਜੇ ਅਤੇ ਜੋਗਾ ਸਿੰਘ ਉਹਨਾਂ ਦੇ ਚਰਨਾਂ ਉਪਰ ਆਪਣਾ ਪਰਨਾਂ ਮਾਰ ਕੇ ਚਰਨ ਝਾੜ੍ਹੇ।
ਸੰਤ ਦਰਵਾਜੇ ਅੱਗੇ ਆਏ ਤਾਂ ਹਰ ਕੌਰ ਤੇਲ ਚੋਂਦੀ ਧਾਰਨਾ ਗਾਉਣ ਲੱਗ ਪਈ;
''ਆਓ ਮਹਾਂਪੁਰਖੋ, ਜੀ ਆਇਆਂ ਨੂੰ...! ਆਓ ਮੇਰੇ ਦਿਉਤਿਓ, ਜੀ ਆਇਆਂ ਨੂੰ..!!"
ਸੰਤ ਜੀ ਗੇਜੇ ਹੋਰਾਂ ਵਾਲ਼ੀ ਬੈਠਕ ਵਿੱਚ ''ਸਜ" ਗਏ।
ਬੈਠਕ ਵਿੱਚ ਚਾਰੇ ਪਾਸੇ ਦੇਸੀ ਘਿਉ ਦੀਆਂ ਜੋਤਾਂ ਹੀ ਜੋਤਾਂ ਜਗ ਰਹੀਆਂ ਸਨ।
ਧੂਫ਼ ਦਾ ਧੂੰਆਂ ਸੱਪ ਵਾਂਗ ਅਸਮਾਨ ਨੂੰ ਚੜ੍ਹਦਾ ਸੀ।
-''ਮਾਤਾ ਜੀ..!" ਸੰਤ ਜੀ ਹਰ ਕੌਰ ਨੂੰ ਸੰਬੋਧਨ ਹੋਏ।
-''ਜੀ ਮਹਾਂਪੁਰਖੋ...?"
-''ਸਮਾਂ ਸਾਡੇ ਕੋਲ਼ ਬਹੁਤ ਘੱਟ ਐ...! ਜਲਦੀ ਦਹੀਂ ਲਿਆਓ ਭਾਈ...!!"
-''ਸਤਿ ਬਚਨ ਜੀ...!!"
ਹਰ ਕੌਰ ''ਦੰਮ-ਦੰਮ" ਕਰਦੀ ਅੰਦਰ ਚਲੀ ਗਈ।
ਗੇਜਾ ਅਤੇ ਜੋਗਾ ਸਿੰਘ ਸੰਤ ਜੀ ਕੋਲ਼ ਹੱਥ ਜੋੜੀ ਖੜ੍ਹੇ ਸਨ।
-''ਬੈਠੋ ਭਾਈ ਜੋਗਾ ਸਿੰਘ..! ਬਾਕੀ ਸੰਗਤ ਨੂੰ ਬਾਹਰ ਬਿਠਾ ਦਿਓ..!"
-''ਸਤਿ ਬਚਨ ਸੰਤ ਜੀ..!" ਜੋਗਾ ਸਿੰਘ ਨੇ ਇਸ਼ਾਰੇ ਨਾਲ਼ ਸੰਗਤ ਨੂੰ ਬਾਹਰ ਕੱਢ ਦਿੱਤਾ ਅਤੇ ਆਪ ਸੰਤ ਜੀ ਦੇ ਕੋਲ਼ ਬੈਠ ਗਿਆ।
ਹਰ ਕੌਰ ਦਹੀਂ ਦਾ ਕਟੋਰਾ ਲੈ ਕੇ ਆ ਗਈ।
-''ਦਰਵਾਜਾ ਬੰਦ ਕਰ ਦਿਓ ਭਾਈ, ਤੇ ਸੰਗਤ ਨੂੰ ਬੇਨਤੀ ਕਰੋ, ਚੁੱਪ ਦਾ ਦਾਨ ਬਖਸ਼ੇ..!"
ਹਰ ਕੌਰ ਨੇ ਬਾਹਰ ਝਾਕ ਕੇ ''ਰੌਲ਼ਾ ਬੰਦ ਕਰੋ ਭਾਈ...!" ਆਖ ਕੇ ਦਰਵਾਜਾ ਬੰਦ ਕਰ ਲਿਆ।
ਹੁਣ ਕਮਰੇ ਅੰਦਰ ਸੰਤ ਜੀ, ਜੋਗਾ ਸਿੰਘ, ਗੇਜਾ ਅਤੇ ਹਰ ਕੌਰ ਸਨ।
ਸੰਤ ਜੀ ਨੇ ਆਪਣੇ ਉਪਰ ਚਿੱਟਾ ਚਾਦਰਾ ਲੈ ਕੇ ਦਹੀਂ ਵਿਚਕਾਰ ਰੱਖ ਲਿਆ ਅਤੇ ਮੰਤਰ ਪੜ੍ਹਨੇ ਸ਼ੁਰੂ ਕਰ ਦਿੱਤੇ। ਜੋਗਾ ਸਿੰਘ, ਗੇਜਾ ਅਤੇ ਹਰ ਕੌਰ ਅੱਖਾਂ ਬੰਦ ਕਰੀ, ਮੰਤਰ ਮੁਘਧ ਹੋਏ ਬੈਠੇ ਸਨ। ਕੁਝ ਪਲਾਂ ਬਾਅਦ ਮੰਤਰ ਖ਼ਤਮ ਹੁੰਦੇ ਹੀ ਸੰਤ ਜੀ ਨੇ ਚਾਦਰੇ ਦਾ ਝੁੰਬ ਲਾਹ ਦਿੱਤਾ।
-''ਇਹ ਦਹੀਂ ਨੂੰਹ ਰਾਣੀਂ ਨੂੰ ਸਵੇਰੇ ਮੂੰਹ ਹਨ੍ਹੇਰੇ ਖਾਣ ਨੂੰ ਦੇਣੈ, ਮਾਤਾ ਜੀ..! ਗੋਦ ਨੂੰ ਭਾਗ ਲੱਗਣਗੇ, ਪੁੱਤਰ ਨਾਲ਼ ਗੋਦ ਭਰੇਗੀ..!!"
-''ਸਤਿ ਬਚਨ..! ਧੰਨ ਭਾਗ..!" ਹਰ ਕੌਰ ਨੇ ਦਹੀਂ ਦਾ ਕਟੋਰਾ ਫ਼ੜ ਕੇ ਮੱਥੇ ਨੂੰ ਲਾਇਆ।
ਸੰਤ ਜੀ ਦੇ ਜਾਣ ਤੋਂ ਬਾਅਦ ਜੋਗਾ ਸਿੰਘ ਅਤੇ ਗੇਜੇ ਨੇ ਦਾਰੂ ਝੋਅ ਲਈ।
-''ਝੱਗੇ ਲਹਿ ਚੱਲੇ ਸੀ ਬਿਨਾ ਪੀਤੀ ਤੋਂ...!" ਗੇਜੇ ਨੇ ਲੰਡਾ ਪੈੱਗ ਹਲ਼ਕਿਆਂ ਵਾਂਗ ਅੰਦਰ ਸੁੱਟਿਆ।
-''.................।" ਜੋਗਾ ਉਚੀ-ਉਚੀ ਹੱਸ ਪਿਆ।
-''ਆਪਣੀ ਬੁੜ੍ਹੀ ਵੀ ਕੇਰਾਂ ਈ ਧਰਮਰਾਜ ਬਣ ਤੁਰਦੀ ਐ, ਬਈ ਜੇ ਬਾਬੇ ਨੂੰ ਬੁਲਾਉਣੈ, ਤੂੰ ਤੜਕੇ ਜਾਂ ਦੁਪਿਹਰੇ ਬੁਲਾ, ਆਥਣੇ ਦਾਰੂ ਦੇ ਟੈਮ ਬੁਲਾ ਕੇ ਬਹਿਗੀ...!"
-''ਚੱਲ ਹੁਣ ਲਾਹ ਲੈ ਡੰਝਾਂ...!"
-''ਉਹ ਤਾਂ ਲਾਹ ਈ ਲੈਣੀਐਂ..! ਪਰ ਬਾਈ ਜੋਗਿਆ, ਬਾਹਲ਼ਾ ਬਾਬੇ ਦੇ ਦਹੀਂ 'ਤੇ ਵੀ ਨਾ ਰਹੀਂ..! ਆਪ ਵੀ ਕੋਈ ਹੱਥ ਪੱਲਾ ਹਿਲਾਈਂ...!" ਗੇਜੇ ਨੇ ਪੈੱਗ ਪੀ ਕੇ ਗਿਲਾਸ ਥੱਲੇ ਰੱਖਿਆ ਅਤੇ ਅਚਾਰ ਦੀ ਫ਼ਾੜੀ ਮੂੰਹ 'ਚ ਪਾਉਂਦਾ ਬੋਲਿਆ।
 -''.................।" ਪੈੱਗ ਪਾਉਂਦਾ ਜੋਗਾ ਸਿੰਘ ਗੇਜੇ ਦੀ ਗੱਲ 'ਤੇ ਉਚੀ-ਉਚੀ ਹੱਸ ਪਿਆ।
-''ਤੇਰੀਆਂ ਗੱਲਾਂ ਵੀ ਧਰਨ ਹਿਲਾਊ ਹੁੰਦੀਐਂ, ਬਾਈ ਗੇਜਿਆ...!"
ਦੇਰ ਰਾਤ ਤੱਕ ਉਹ ਦਾਰੂ ਪੀਂਦੇ ਰਹੇ ਅਤੇ ਗੇਜਾ ਰੋਟੀ ਲੈ ਕੇ ਘਰ ਚਲਿਆ ਗਿਆ।
ਅੱਧੀ ਰਾਤ ਟਿਕੀ ਹੋਈ ਸੀ। ਬਿੰਡੇ ਬੋਲ ਰਹੇ ਸਨ। ਸਾਰਾ ਜੱਗ ਜਹਾਨ ਨੀਂਦ ਵਿਚ ਡੁੱਬਿਆ ਹੋਇਆ ਸੀ। ਦੂਰ ਗਲ਼ੀ ਵਿੱਚ ਕਿਤੇ ਕੁੱਤਾ ਭੌਂਕਣ ਦੀ ਅਵਾਜ਼ ਆਉਂਦੀ ਸੀ। ਦੂਰ ਕਿਸੇ ਕਿੱਕਰ ਉਪਰ ਕੋਈ ਗਿਰਝ ਚੀਕ ਰਹੀ ਸੀ। ਕਿਤੇ ਕੋਈ ਉਲੂ ''ਘੂੰਅ-ਘੂੰਅ" ਕਰਦਾ ਸੀ।
ਦਾਰੂ ਨਾਲ਼ ਰੱਜਿਆ ਗੇਜਾ ਘੁਰਾੜ੍ਹੇ ਮਾਰ ਰਿਹਾ ਸੀ।
ਗੇਜੇ ਨੂੰ ਇੱਕ ਭੈੜ੍ਹਾ ਅਤੇ ਡਰਾਉਣਾ ਸੁਪਨਾ ਆਇਆ। ਝਾੜ੍ਹੀਆਂ ਵਿੱਚ ਸੁੱਟੀ ਕੁੜੀ ਗੇਜੇ ਦੀ ਹਿੱਕ 'ਤੇ ਪਈ ਸੀ। ...ਤੇ ਫ਼ਿਰ ਉਹ ਕੁੜੀ ਅਚਾਨਕ ਉਠ ਕੇ ਗੇਜੇ ਦੀ ਹਿੱਕ 'ਤੇ ਬੈਠ ਗਈ। ਉਸ ਦੀਆਂ ਕਰੋਧੀ ਅੱਖਾਂ ਵਿੱਚੋਂ ਲਹੂ ਫ਼ੁੱਟ ਪਿਆ ਸੀ। ਗੇਜਾ ਮੁੜ੍ਹਕੋ-ਮੁੜ੍ਹਕੀ ਹੋਇਆ ਪਿਆ, ਭੱਜਣ ਲਈ ਲੱਤਾਂ ਜਿਹੀਆਂ ਚਲਾ ਰਿਹਾ ਸੀ। ਫ਼ਿਰ ਕੁੜੀ ਇੱਕ ਪਾਸਿਓਂ ਦੰਦਿਆਂ ਵਾਲ਼ੀ ਵੱਡੀ ਦਾਤਰ ਚੁੱਕ ਕੇ ਗੇਜੇ ਦਾ ਗਲ਼ ਚੀਰਨ ਲੱਗ ਪਈ। ਉਸ ਦੀ ਗਰਦਨ ਲਹੂ ਲੁਹਾਣ ਹੋ ਗਈ, ਖ਼ੂਨ ਧਰਾਲ਼ੀਂ ਵਗਣ ਲੱਗ ਪਿਆ ਅਤੇ ਅਚਾਨਕ ਕੋਲ਼ ਖੜ੍ਹਾ ਬੋਤਾ ਕਿਸੇ ਪਰਬਤ ਵਾਂਗ ਗੇਜੇ ਦੇ ਉਪਰ ਆ ਡਿੱਗਿਆ। ਗੇਜੇ ਦੀ ਚੰਘਿਆੜ੍ਹ ਨਿਕਲ਼ੀ। ਉਹ ਪਿੱਟ ਉਠਿਆ।
-''ਓਏ ਬਹੁੜ੍ਹੀ ਓਏ...! ਮਾਰਤਾ ਓਏ ਲੋਕੋ..! ਮਾਰਤਾ ਓਏ ਜੁਆਕੜੀ ਨੇ...!! ਓਏ ਫ਼ੜੋ ਓਏ ਇਹਨੂੰ...! ਓਏ ਫ਼ੜ ਲਓ ਓਏ ਰੱਬ ਦਾ ਵਾਸਤਾ, ਮੈਨੂੰ ਤਾਂ ਲਹੂ ਲੁਹਾਣ ਕਰਤਾ ਸਹੁਰੀ ਨੇ...!!!!" ਗੇਜਾ ਸੁੱਤਾ ਪਿਆ ਰੌਲ਼ਾ ਪਾਉਣ ਲੱਗ ਪਿਆ।
ਗੇਜੇ ਦੇ ਘਰਵਾਲ਼ੀ ਫ਼ੱਤੋ ਨੇ ਗੇਜੇ ਨੂੰ ਦੱਬ ਕੇ ਹਲੂਣਿਆਂ।
ਗੇਜੇ ਦੀ ਅੱਖ ਖੁੱਲ੍ਹੀ। ਉਹ ਘਬਰਾਇਆ ਅਤੇ ਭਮੱਤਰਿਆ ਜਿਹਾ ਹਨ੍ਹੇਰੇ ਵਿਚ ਝਾਕਿਆ। ਉਸ ਦਾ ਸਰੀਰ ਪਸੀਨੇ ਨਾਲ਼ ਗੜੁੱਚ ਸੀ।
-''ਵੇ ਕੀ ਹੋ ਗਿਆ ਤੈਨੂੰ...??" ਫੱਤੋ ਕੋਲ਼ ਖੜ੍ਹੀ ਕੰਬੀ ਜਾ ਰਹੀ ਸੀ। ਡਰਾਉਣੀਆਂ ਜਿਹੀਆਂ ਚੰਘਿਆੜ੍ਹਾਂ ਸੁਣ ਕੇ ਉਸ ਦਾ ਕਾਲ਼ਜਾ ਨਿਕਲ਼ ਗਿਆ ਸੀ।
-''ਕੁਛ ਨੀ, ਪੈ ਜਾ...!!" ਉਸ ਨੇ ਇੱਕ ਤਰ੍ਹਾਂ ਫੱਤੋ ਨੂੰ ਤੋੜ ਕੇ ਸੁੱਟਿਆ।
-''ਕਾਹਦੀ ਜੁਆਕੜੀ ਜੀ ਮਾਰੀ ਐ...? ਇਹ ਤਾਂ ਸਹੁਰੀ ਹਿੱਕ 'ਤੇ ਚੜ੍ਹ ਕੇ ਡਰਾਉਣ ਲੱਗਪੀ...!!" ਗੇਜੇ ਦਾ ਮਨ ਬੋਲਿਆ। ਉਹ ਵੱਡਾ ਸਾਰਾ ''ਵਾਹਿਗੁਰੂ" ਆਖ ਕੇ ਫ਼ਿਰ ਪੈ ਗਿਆ।
ਸਵੇਰੇ-ਸਵੇਰੇ ਮੂੰਹ ਹਨ੍ਹੇਰੇ ਗੁਰਦੁਆਰੇ ਦਾ ਪਾਠੀ ਬੋਲਿਆ, ਤਾਂ ਹਰ ਕੌਰ ਸੰਤ ਜੀ ਵਾਲ਼ਾ ਦਹੀਂ ਲੈ ਕੇ ਨੂੰਹ ਅਨੂਪ ਕੌਰ ਦੇ ਦੁਆਲ਼ੇ ਹੋ ਗਈ। ਪਰ ਅਨੂਪ ਕੌਰ ਕਰਮ-ਕਾਂਡ ਵਾਲ਼ਾ ਦਹੀਂ ਖਾਣਾ ਨਹੀਂ ਸੀ ਚਾਹੁੰਦੀ। ਉਹ ਸੱਸ ਨੂੰ ਟਰਕਾਉਣਾ ਚਾਹੁੰਦੀ ਸੀ।
-''ਬੀਜੀ, ਚਮਚਾ ਵੀ ਦੇ ਦਿੰਦੇ..?"
-''.............।" ਹਰ ਕੌਰ ਚਮਚਾ ਲੈਣ ਗਈ ਤਾਂ ਅਨੂਪ ਕੌਰ ਅੱਖ ਬਚਾ ਕੇ ''ਧੰਨ ਗੁਰੂ ਨਾਨਕ ਪਾਤਿਸ਼ਾਹ" ਆਖ ਦਹੀਂ ਇੱਕ ਪਾਸੇ ਡੋਲ੍ਹ ਦਿੱਤਾ। ਜਦ ਹਰ ਕੌਰ ਚਮਚਾ ਲੈ ਕੇ ਆਈ ਤਾਂ ਅਨੂਪ ਕੌਰ ਨੇ ਮੂੰਹ ਹਨ੍ਹੇਰੇ ਚਮਚੇ ਨਾਲ਼ ਦਹੀਂ ਖਾਣ ਦਾ ਵਿਖਾਵਾ ਜਿਹਾ ਕੀਤਾ ਅਤੇ ਮੁੜ ਕਟੋਰੀ ਧੋਣ ਨਲ਼ਕੇ 'ਤੇ ਚਲੀ ਗਈ।
ਗੁਰਦੁਆਰੇ ਦੇ ਸਪੀਕਰ ਵਿੱਚੋਂ ਸ਼ਬਦ ਚੱਲ ਰਿਹਾ ਸੀ:
-''ਭਗਤਾ ਦੀ ਸਦਾ ਤੂ ਰਖਦਾ ਹਰਿ ਜੀਉ ਧੁਰਿ ਤੂ ਰਖਦਾ ਆਇਆ॥
ਪ੍ਰਹਿਲਾਦ ਜਨ ਤੁਧੁ ਰਾਖਿ ਲਏ ਹਰਿ ਜੀਉ ਹਰਣਾਖਸੁ ਮਾਰਿ ਪਚਾਇਆ॥"
ਵੈਰਾਗ ਵਿਚ ਅਨੂਪ ਕੌਰ ਦੀਆਂ ਅੱਖਾਂ ਭਰ ਆਈਆਂ।

ਕਾਂਡ 7 : ਜੋਗਾ ਸਿੰਘ ਦਾ ਵਿਆਹ ਹੋ ਗਿਆ। - ਸ਼ਿਵਚਰਨ ਜੱਗੀ ਕੁੱਸਾ

ਸਾਰੀ ਜ਼ਿੰਦਗੀ ਦੁੱਖਾਂ ਮੁਸੀਬਤਾਂ ਨਾਲ਼ ਸੰਘਰਸ਼ ਕਰਦੀ ਹਰ ਕੌਰ ਨੂੰ ਹੁਣ ਕੋਈ ਵੀ ਖ਼ੁਸ਼ੀ ਖ਼ੁਸ਼ ਨਹੀਂ ਸੀ ਕਰਦੀ। ਉਸ ਦੇ ਖੁਸ਼ਕ ਅਤੇ ਲੜਾਕੇ ਜਿਹੇ ਸੁਭਾਅ ਤੋਂ ਲੋਕ ਭੈਅ ਖਾਂਦੇ। ਕਲੇਸ਼ ਗਲ਼ ਪੈਣ ਦੇ ਡਰੋਂ ਛੇਤੀ ਕੀਤੇ ਕੋਈ ਹਰ ਕੌਰ ਨਾਲ਼ ਗੱਲ ਨਾ ਕਰਦਾ।
ਜਦ ਜੋਗਾ ਸਿੰਘ ਡੋਲੀ ਲੈ ਕੇ ਪਹੁੰਚਿਆ ਤਾਂ ਵਿਆਹ ਦੇ ਚਾਅ ਵਿੱਚ ਕੁੜੀਆਂ-ਕੱਤਰੀਆਂ ਵਿਆਹ ਦੇ ਗੀਤ ਗਾ ਰਹੀਆਂ ਸਨ;
-''ਪਾਣੀ ਵਾਰ ਨੀ ਬੰਨੇ ਦੀਏ ਮਾਏ, ਬੰਨਾਂ ਬੰਨੀਂ ਬਾਰ ਖੜ੍ਹੇ...!"
-''ਸੁੱਖਾਂ ਸੁਖਦੀ ਨੂੰ ਇਹ ਦਿਨ ਆਏ, ਬੰਨਾਂ ਬੰਨੀਂ ਬਾਰ ਖੜ੍ਹੇ....!!"
ਹਰ ਕੌਰ ਨੇ ਪਾਣੀ ਵਾਰ ਕੇ ਪੀਤਾ। ਹਰ ਕੋਈ ਹਰ ਕੌਰ ਨੂੰ ਵਧਾਈਆਂ ਦੇ ਰਿਹਾ ਸੀ।
-''ਵਧਾਈਆਂ ਹਰ ਕੁਰੇ...! ਸੋਹਣੀ ਸੁਣੱਖੀ ਨੂੰਹ, ਤੇ ਰਾਜਾ ਘਰ ਮਿਲ਼ਿਐ...!"
-''ਲੈਣ-ਦੇਣ ਨਾਲ਼ ਘਰ ਭਰ'ਤਾ ਅਗਲਿਆਂ ਨੇ ਤੇਰਾ, ਕਿਸੇ ਗੱਲ ਦੀ ਕਸਰ ਨੀ ਛੱਡੀ!"
-''ਨੂੰਹ ਨਾਲ਼ ਬਣਾ ਕੇ ਰੱਖੀਂ...! ਐਹੋ ਜੇ ਅੰਗ-ਸਾਕ ਕਿਛਮਤ ਨਾਲ਼ ਮਿਲ਼ਦੇ ਐ...!"
ਔਰਤਾਂ ਭਾਂਤ-ਭਾਂਤ ਦੇ ਬਚਨ ਬਿਲਾਸ ਕਰ ਰਹੀਆਂ ਸਨ। ਪਰ ਹਰ ਕੌਰ ਫ਼ੌਲਾਦੀ ਚੁੱਪ ਧਾਰੀ ਫ਼ਿਰਦੀ ਸੀ।
-''ਦੇਖ ਮੇਰੀਆਂ ਮੇਰੀਆਂ ਮਾਵਾਂ ਬਣ ਕੇ ਕਿਵੇਂ ਮੱਤਾਂ ਦਿੰਦੀਐਂ ਮੇਰੇ ਪਿਉ ਦੀਆਂ ਰੰਨਾਂ...! ਜਿਵੇਂ ਬਾਹਲ਼ੀਆਂ ਈ ਸਿਆਣੀਆਂ ਹੁੰਦੀਐਂ...!" ਉਸ ਨੇ ਬੁੜ੍ਹੀਆਂ ਦੀਆਂ ਗੱਲਾਂ ਸੁਣ ਕੇ ਅੰਦਰੋਂ ਭੜ੍ਹਾਸ ਕੱਢੀ ਸੀ। ਪਰ ਮੂੰਹੋਂ ਚੁੱਪ ਸੀ।
ਇੱਕ ਪਾਸੇ ਬੰਦੇ ਦਾਰੂ ਝੋਈ ਬੈਠੇ ਸਨ।
ਗੇਜਾ ਲਾਹਣ ਪੀ ਕੇ ਮੰਜੇ 'ਤੇ ''ਮੰਤਰੀ" ਬਣਿਆਂ ਬੈਠਾ ਸੀ। ਉਸ ਦੇ ਨੀਲਾ ਕੁੜਤਾ, ਗੁਲਾਬੀ ਚਾਦਰਾ ਅਤੇ ਖੱਟੀ ਪੱਗ ਬੰਨ੍ਹੀ ਹੋਈ ਸੀ। ਅੱਖਾਂ ਵਿੱਚ ਸੁਰਮੇਂ ਦੀਆਂ ਖਿੱਚੀਆਂ ਧਾਰੀਆਂ ਨਸ਼ੇ ਕਾਰਨ ਖਿੱਲਰ ਗਈਆਂ ਸਨ। ਉਹ ਰੋਹੀ 'ਚ ਗੁਆਚੀ ਭੇਡ ਵਰਗਾ ਲੱਗਦਾ ਸੀ।
-''ਗੇਜਿਆ ਦਾਰੂ ਬੜੀ ਖੱਟਰ ਐ ਬਈ...! ਧਰਮ 'ਨਾ ਅੰਦਰ ਖੌਰੂ ਪੱਟਦੀ ਜਾਂਦੀ ਐ...!" ਮਾਮਾ ਬੋਲਿਆ।
-''ਮੈਂ ਤੇ ਜੋਗੇ ਬਾਈ ਨੇ ਪੂਰੀ ਮਿਹਨਤ ਨਾ' ਕੱਢੀ ਐ ਮਾਮਾ...! ਐਨ੍ਹ ਪੂਰਾ ਨਿੱਕ-ਸੁੱਕ ਪਾ ਕੇ..! ਗਿਣਦੀ ਜਾਂਦੀ ਐ ਨ੍ਹਾਂ ਗੰਡੇ..?" ਦਾਰੂ ਦੀ ਸਿਫ਼ਤ ਸੁਣ ਕੇ ਗੇਜੇ ਦੀ ਛਾਤੀ ਗਜ ਚੌੜੀ ਹੋ ਗਈ ਸੀ।
    -''ਗੇਜਾ ਆਪ ਕਿਹੜਾ ਘੱਟ ਐ..? ਆਪ ਵੀ ਨਹਿੰਗਾਂ ਦੇ ਬਰਛੇ ਵਰਗੈ...! ਚੁੱਪ ਚੁਪੀਤਾ ਬੰਦੇ ਦੇ ਵਿਚ ਦੀ ਨਿਕਲ਼ਦੈ...!" ਇੱਕ ਹੋਰ ਮਹਿਮਾਨ ਬੋਲਿਆ।
-''ਅਸੀਂ ਤਾਂ ਅੱਖਾਂ 'ਚ ਅੱਖਾਂ ਪਾ ਕੇ ਬੰਦਾ ਭਸਮ ਕਰ ਦੇਈਏ, ਡਰਦਾ ਤਾਂ ਸਾਡਾ ਕੋਈ ਮੂਤ ਨੀ ਉਲੰਘਦਾ, ਸਰਦਾਰਾ...!" ਗੇਜਾ ਤੋਤਲਾ ਬੋਲਿਆ। ਉਹ ਦਾਰੂ ਦੇ ਨਸ਼ੇ ਨਾਲ਼ ਗਰੜਪੌਂਕ ਬਣਿਆਂ ਬੈਠਾ ਸੀ।
-''ਬੜਾ ਪ੍ਰੇਮ ਐਂ ਇਹਦਾ ਤੇ ਆਪਣੇ ਜੋਗੇ ਦਾ...! ਸੀਰੀ ਮਾਲਕ ਆਲ਼ਾ ਤਾਂ ਕੋਈ ਰਿਸ਼ਤਾ ਈ ਨੀ, ਭਰਾਂਵਾਂ ਆਲ਼ਾ ਨਾਤੈ...!" ਮਾਮਾ ਬੋਲਿਆ।
-''ਰੱਬ ਇਹਨਾਂ ਨੂੰ ਰਾਜੀ ਰੱਖੇ...!"
ਅਨੂਪ ਕੌਰ ਅੰਮ੍ਰਿਤਧਾਰੀ ਕੁੜੀ ਸੀ। ਉਹ ਹਰ ਕੌਰ ਨੂੰ ਹਰ ਤਰ੍ਹਾਂ ਨਾਲ਼ ਖ਼ੁਸ਼ ਰੱਖਣ ਦੀ ਕੋਸ਼ਿਸ਼ ਕਰਦੀ। ਪਰ ਹਰ ਕੌਰ ਦਾ ਘੁੱਟੇ ਜਿਹੇ ਮੂੰਹ 'ਤੇ ਕਦੇ ਮੁਸਕੁਰਾਹਟ ਨਾ ਆਈ।
ਛੇ ਮਹੀਨੇ ਬੀਤੇ ਤਾਂ ਅਚਾਨਕ ਫ਼ੁੱਫ਼ੜ ਮਹਿੰਗਾ ਸਿੰਘ ਆ ਗਿਆ।
ਹਰ ਕੌਰ ਪੀੜ੍ਹੀ ਖਿੱਚ ਕੇ ਕੋਲ਼ ਬੈਠ ਗਈ। ਉਹ ਪੀੜ੍ਹੀ 'ਤੇ ਬੈਠੀ ਸੂਤ ਉਟੇਰ ਰਹੀ ਸੀ।
-''ਅਨੂਪ ਕੁਰੇ...!"
-''ਹਾਂ ਬੀਜੀ...?"
-''ਚਾਹ ਬਣਾ ਪੁੱਤ, ਦੇਖ ਤੇਰਾ ਫ਼ੁੱਫ਼ੜ ਆਇਐ...!"
-''ਬਣਾਉਨੀ ਆਂ ਬੀਜੀ...!"
-''ਖੁਸ਼ ਐਂ ਹਰ ਕੁਰੇ...?"
-''ਅਜੇ ਤੱਕ ਤਾਂ ਖ਼ੁਸ਼ ਈ ਆਂ...!"
-''ਨੂੰਹ ਤੰਗ ਫ਼ੰਗ ਤਾਂ ਨੀ ਕਰਦੀ...?"
-''ਮੈਨੂੰ ਤੰਗ ਫੰਗ ਕਰ ਕੇ ਕਿਸੇ ਨੇ ਮਰਨੈਂ..? ਮੈਂ ਤਾਂ ਜੀਓ-ਜੀਅ ਨੂੰ ਸੂਈ ਦੇ ਨੱਕੇ ਵਿੱਚ ਦੀ ਕੱਢ ਕੇ ਰੱਖਦੀ ਐਂ...!"
-''ਬਖਸ਼ ਮਾਲਕਾ..!" ਉਸ ਨੇ ਮੂੰਹ ਵਿੱਚ ਹੀ ਕਿਹਾ, ''ਬਾਹਲ਼ਾ ਵੀ ਨੱਕੇ 'ਚੋਂ ਨਾ ਕੱਢ...! ਪੋਤੇ ਤੈਨੂੰ ਏਸੇ ਨੂੰਹ ਨੇ ਦੇਣੇ ਐਂ...! ਪੋਤੇ ਦੇਣ ਆਲ਼ੀ ਕੋਈ ਪ੍ਰਲੋਕ 'ਚੋਂ ਨੀ ਆ ਜਾਣੀ, ਸੋਨੇ ਦੀ ਮੁਰਗੀ ਨੂੰ ਕਦੇ ਮਾਰੀਦਾ ਨੀ ਹੁੰਦਾ..! ਬਾਕੀ ਤੂੰ ਆਪ ਈ ਸਿਆਣੀ ਐਂ, ਤੇਰੇ ਨਾਲ਼ੋਂ ਤਾਂ ਜੱਗ 'ਤੇ ਕੋਈ ਸਿਆਣਾ ਹੋ ਨੀ ਸਕਦਾ..!" ਉਹ ਗੱਲਾਂ ਹੱਡ 'ਤੇ ਮਾਰੀ ਆ ਰਿਹਾ ਸੀ।
-''ਤੂੰ ਹਰ ਗੱਲ ਨਾਲ਼ ਝੇਡ ਨਾ ਕਰਿਆ ਕਰ..! ਬੱਚਾ-ਬੱਚੀ ਹੋਣ ਆਲ਼ੈ, ਕਿਤੇ ਕੋਈ ਪੱਥਰ ਨਾ ਜੰਮ ਕੇ ਧਰਦੇ...?"
ਅਨੂਪ ਕੌਰ ਚਾਹ ਲੈ ਕੇ ਆ ਗਈ।
-''ਸਤਿ ਸ੍ਰੀ ਅਕਾਲ ਫ਼ੁੱਫ਼ੜ ਜੀ...!"
-''ਸਾਸਰੀਕਾਲ ਭਾਈ...! ਠੀਕ ਐਂ...?"
-''ਹਾਂ ਜੀ ਫ਼ੁੱਫ਼ੜ ਜੀ...!"
-''ਪੋਤਾ ਦੇ-ਦੇ ਆਪਣੀ ਸੱਸ ਨੂੰ ਐਤਕੀਂ, ਖਰਸ ਪਏ ਬੋਤੇ ਮਾਂਗੂੰ ਬਾਹਲ਼ੇ ਢਿੱਲੇ ਜੇ ਬੁੱਲ੍ਹ ਕਰੀ ਫ਼ਿਰਦੀ ਐ...!"
-''ਤੂੰ ਕਿਤੇ ਮੈਥੋਂ ਖੌਂਸੜੇ ਨਾ ਖਾਲੀਂ...!"
-''ਨ੍ਹਾਂ ਮੈਂ ਕੋਈ ਮਾੜੀ ਗੱਲ ਕੀਤੀ ਐ...?" ਉਸ ਨੇ ਚਾਹ ਦੇ ਗਿਲਾਸ ਨੂੰ ਹੱਥ ਪਾ ਲਿਆ, ''ਪੋਤਾ ਦੇਣ ਦੀ ਸ਼ਿਫ਼ਾਰਸ਼ ਈ ਕੀਤੀ ਐ..! ਤੇਰੇ ਸਾਹਮਣੇ ਮੈਂ ਰੱਬ ਬਣ ਕੇ ਵੀ ਖੜ੍ਹਜਾਂ, ਤੂੰ ਮੈਨੂੰ ਫ਼ੇਰ ਵੀ ਗਾਲ਼ਾਂ ਈ ਕੱਢਣੀਐਂ..!"
-''ਅੱਜ ਕਿੱਧਰੋਂ ਆਇਐਂ...?" ਹਰ ਕੌਰ ਨੇ ਪੁੱਛਿਆ।
-''ਮਿੱਤ ਸਿਉਂ ਦੇ ਮੁੰਡੇ ਨੂੰ ਮੈਂ ਰਿਸ਼ਤਾ ਨੀ ਸੀ ਕਰਵਾਇਆ...?"
-''ਆਹੋ...!"
-''ਉਹ ਵਿਚਾਰਾ ਮੁੰਡਾ ਪੂਰਾ ਹੋ ਗਿਆ...!"
-''ਬੂਹ ਮੈਂ ਮਰਜਾਂ...!" ਹਰ ਕੌਰ ਨੇ ਸੱਚ ਹੀ ਦਰਦ ਮੰਨਿਆਂ, ''ਪ੍ਰਮਾਤਮਾ ਕਿਸੇ ਧੀ ਪੁੱਤ ਦਾ ਦੁੱਖ ਨਾ ਦਿਖਾਵੇ..! ਤੂੰ ਵੀ ਕਦੇ ਚੱਜ ਦੀ ਖਬਰ ਨੀ ਦਿੰਦਾ..! ਬੱਸ ਤਬਾਹੀ ਆਲ਼ੇ ਕਹਾਣੇ ਸੁਣਾਉਂਦਾ ਰਹਿੰਨੈਂ...!"
-''ਮੈਂ ਆਬਦੇ ਕੋਲ਼ੋਂ ਜੋੜ-ਜੋੜ ਥੋੜ੍ਹੋ ਸੁਣਾਈ ਜਾਨੈਂ...? ਜੋ ਬੀਤਦੀ ਐ ਉਹ ਸੁਣਾਉਨੈਂ....! ਕੀ ਦੱਸਾਂ ਹਰ ਕੁਰੇ...? ਮਿੱਤ ਸਿਉਂ ਦੀ ਨਿੱਕੀ ਜੀ ਪੋਤੀ ਨੇ ਤਾਂ ਸਾਰੀ ਦੁਨੀਆਂ ਰੁਆਤੀ...! ਉਹ ਕਿਹੜੀ ਅੱਖ ਸੀ, ਜਿਹੜੀ ਸਿੱਲ੍ਹੀ ਨੀ ਸੀ ਹੋਈ...!" ਮਹਿੰਗਾ ਸਿਉਂ ਨੇ ਕਹਾਣੀ ਦੱਸਣੀ ਸ਼ੁਰੂ ਕੀਤੀ......
.............ਜਦ ਵੀ ਪ੍ਰੀਤ ਜੈਲਦਾਰਾਂ ਦੇ ''ਕਾਕਿਆਂ" ਨੂੰ ਜਿਪਸੀਆਂ ਅਤੇ ਬੁਲਿਟ ਮੋਟਰ ਸਾਈਕਲਾਂ 'ਤੇ ਘੁੰਮਦੇ ਦੇਖਦਾ, ਤਾਂ ਉਸ ਦੇ ਅੰਦਰੋਂ ਹਾਉਕੇ ਦੇ ਨਾਲ਼-ਨਾਲ਼ ਇੱਕ ਚੀਸ ਵੀ ਉਠਦੀ, ''ਕਾਸ਼! ਮੇਰਾ ਬਾਪੂ ਵੀ ਇਹਨਾਂ ਦੇ ਪਿਉ ਵਾਂਗੂੰ ਅਮੀਰ ਹੁੰਦਾ...!"  ਉਹ ਪੱਠੇ ਵੱਢਦਾ ਹੱਥ ਵਾਲ਼ੀ ਦਾਤੀ ਖੇਤ ਵਿੱਚ ਗੱਡ ਕੇ ਸੜਕ ਵੱਲ ਦੇਖਣ ਲੱਗ ਜਾਂਦਾ। ਜੈਲਦਾਰ ਦੇ ਅਮੀਰ 'ਕਾਕੇ' ਨਿੱਤ ਨਵਾਂ ਕੋਈ ''ਸ਼ੋਸ਼ਾ" ਕਰਦੇ। ਕਦੇ ਕੋਈ ਨਵਾਂ ਹਥਿਆਰ ਲਿਆ ਕੇ ਉਸ ਦੀ ਪ੍ਰਦਸ਼ਨੀ ਕਰਦੇ ਅਤੇ ਕਦੇ ਕੋਈ ਨਵਾਂ ਟਰੈਕਟਰ ਲਿਆ ਕੇ, ਟਰੈਕਟਰ ਉਪਰ ਲੱਗੀ ਟੇਪ ਰਿਕਾਰਡਰ ਦੀ ਅਵਾਜ਼ ''ਫ਼ੁੱਲ" ਛੱਡ ਕੇ ਪਿੰਡ ਵਿੱਚ ਭਲਵਾਨੀ ਗੇੜਾ ਦਿੰਦੇ। ਉਹਨਾਂ ਦੀਆਂ ਸ਼ੋਸ਼ੇਬਾਜ਼ੀਆਂ ਦੇਖ ਕੇ ਪਿੰਡ ਦੀ ਮੁੰਡੀਹਰ ਝੁਰਦੀ ਰਹਿੰਦੀ।
-''ਚੋਰ ਨੂੰ ਖਾਂਦੇ ਨੂੰ ਨਾ ਦੇਖੀਏ ਪੁੱਤ...! ਚੋਰ ਦੇ ਲਿਵਤਰੇ ਪੈਂਦੇ ਦੇਖੀਏ..!! ਚੋਰਾਂ ਦੇ ਸੌ ਦਿਨਾਂ ਬਾਅਦ ਇੱਕ ਦਿਨ ਸਾਧ ਦਾ ਵੀ ਜ਼ਰੂਰ ਆਉਣਾ ਹੁੰਦੈ..!" ਤਜ਼ਰਬਿਆਂ ਦੀ ਮੂਰਤ ਬਾਪੂ ਅਸਮਾਨੀਂ ਸੁਪਨਿਆਂ ਵਿੱਚ ਉਲ਼ਝਦੇ ਜਾਂਦੇ ਪੁੱਤ ਨੂੰ ਬੰਨ੍ਹ ਮਾਰ ਕੇ ਰੋਕਣ ਦਾ ਯਤਨ ਕਰਦਾ।
-''ਯਾਦ ਰੱਖੀਂ ਬਾਪੂ..! ਆ ਲੈਣ ਦੇ ਸਾਡੇ ਵੀ ਦਿਨ, ਜੇ ਸੱਚੇ ਪਾਤਿਸ਼ਾਹ ਨੇ ਦਿਨ ਫ਼ੇਰੇ, ਸਾਰੇ ਪਿੰਡ ਨਾਲ਼ੋਂ ਉਚੀ ਕੋਠੀ ਪਾ ਕੇ ਦਿਖਾਊਂਗਾ..!"
-''ਦਸਾਂ ਨਹੁੰਆਂ ਦੀ ਕਿਰਤ ਕਮਾਈ ਅਰਗੀ ਰੀਸ ਨੀ ਹੁੰਦੀ ਪੁੱਤ, ਨੀਂਦ ਬੜੀ ਸੋਹਣੀ ਆਉਂਦੀ ਐ..! ਆਪਣੇ ਗੁਰੂ ਆਪਾਂ ਨੂੰ ਐਵੇਂ ਨੀ ਸਿੱਖਿਆ ਦੇ ਗਏ; ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥ ਨ ਜਾਈ॥ ਜਿਸ ਨੋ ਆਪ ਖੁਆਏ ਕਰਤਾ ਖੁਸਿ ਲਏ ਚੰਗਿਆਈ॥" ਪਰ ਬੱਗੀ ਦਾੜ੍ਹੀ ਵਾਲ਼ੇ ਗੁਣੀ-ਗਿਆਨੀ ਬਾਪੂ ਦੀ ਸਿੱਖਿਆ ਜੁਆਨ ਹੁੰਦੇ ਆ ਰਹੇ ਪ੍ਰੀਤ ਦੇ ਪੱਲੇ ਘੱਟ ਹੀ ਪੈਂਦੀ। ਉਹ ਦਿਮਾਗ 'ਤੇ ਚੜ੍ਹੇ ਸੁਪਨਿਆਂ ਨਾਲ਼ ਹੀ ਘੋਲ਼ ਕਰਦਾ ਰਹਿੰਦਾ।
ਇੱਕ ਦਿਨ ਪ੍ਰੀਤ ਅਤੇ ਸੀਰੀ ਜੈਬਾ ਗੋਡੇ-ਗੋਡੇ ਖੜ੍ਹੀ ਕਣਕ ਨੂੰ ਪਾਣੀ ਲਾ ਰਹੇ ਸਨ।
-''ਪਾੜ੍ਹਿਆ, ਵਿਆਹ-ਵੂਹ ਕਦੋਂ ਦਿਖਾਉਣੈਂ..?" ਨੱਕਾ ਮੋੜਦੇ ਜੈਬੇ ਨੇ ਪ੍ਰੀਤ ਨੂੰ ਚਾਣਚੱਕ ਛੇੜਿਆ।
-''ਵੇਲ਼ਾ ਤਾਂ ਆਬਦਾ ਨੀ ਪੂਰਾ ਹੁੰਦਾ ਬਾਈ ਜੈਬਿਆ, ਅਗਲੀ ਨੂੰ ਕੀ ਪੀਂਘ ਝੁਟਾ ਦਿਆਂਗੇ..?"
-''ਜਿਵੇਂ ਬਾਣੀਏਂ ਨੀ ਗੱਲੀਂ ਬਾਤੀਂ ਅਗਲੇ ਤੋਂ ਹੱਟੀ ਵਾਰਨ ਜਾਂਦੇ..? ਅਸੀਂ ਤੇਰੇ ਤੋਂ ਆਪਣਾ 'ਸੀਰ' ਵਾਰ ਦਿਆਂਗੇ ਪਾੜ੍ਹਿਆ, ਜਿੱਥੇ ਮਰਜੀ ਐ ਝੋਕ ਕੇ ਦੇਖ ਲਈਂ, ਆਪਾਂ ਕਿਹੜਾ ਭਾਨੋਂ ਨੂੰ ਤੁੰਗਲ਼ ਕਰਵਾ ਕੇ ਦੇਣੇ ਐਂ..?"
-''...................।" ਪ੍ਰੀਤ ਉਚੀ-ਉਚੀ ਹੱਸ ਪਿਆ।
-''ਯਾਰ ਦੀ ਗੱਲ ਨੂੰ ਲੱਲੂ-ਪੰਜੂ ਨਾ ਸਮਝ..! ਤੇਰੇ ਘਰ ਦਾ ਨੂਣ ਖਾਧੈ, ਤੂੰ ਵਿਆਹ ਕਰਵਾ, ਜਾਹ ਮੈਂ ਪੂਰੇ ਸਾਲ ਦੇ ਸੀਰ ਦੇ ਪੈਸੇ ਨੀ ਲੈਂਦਾ..!"
-''..............।" ਪ੍ਰੀਤ ਹੱਸੀ ਜਾ ਰਿਹਾ ਸੀ। ਉਹ ਜੈਬੇ ਦੀ ਦਰਿਆ-ਦਿਲੀ ਦਾ ਵੀ ਕਾਇਲ ਸੀ। ਜੈਬਾ ਦੁਨੀਆਂ ਵਿੱਚ 'ਕੱਲੀ ਜਾਨ ਸੀ। ਉਸ ਦੇ ਮਾਂ-ਬਾਪ ਛੋਟੇ ਹੁੰਦੇ ਦੇ ਹੀ ਸਵਰਗ ਸਿਧਾਰ ਗਏ ਸਨ। ਉਹ ਨਿੱਕਾ ਹੁੰਦਾ ਹੀ ਪ੍ਰੀਤ ਕਿਆਂ ਨਾਲ਼ ਸੀਰੀ ਆ ਰਲ਼ਿਆ ਸੀ, ਅਤੇ ਹੁਣ ਤੱਕ ਨਾਲ਼ ਨਿਭਦਾ ਆ ਰਿਹਾ ਸੀ।
-''ਜੇ ਜੇਬੋਂ ਨੰਗ ਐਂ, ਨੀਤ ਦੇ ਨੰਗ ਨੀ ਛੋਟੇ ਭਾਈ..! ਯਾਰ ਨੂੰ ਭਾਂਵੇਂ ਸੁਹਾਗੇ ਦੀ ਥਾਂ ਸਿੱਟਲੀਂ, ਸੀਅ ਨੀ ਕਰੂੰਗਾ...!" ਉਸ ਨੇ ਵੱਡਾ ਸਾਰਾ ਹੱਥ ਛਾਤੀ 'ਤੇ ਮਾਰਿਆ। ਛਾਤੀ ਛੱਜ ਵਾਂਗ ਖੜਕੀ।
-''ਮੇਰਾ ਇੱਕ ਕੰਮ ਕਰ ਬਾਈ ਜੈਬਿਆ..!"
-''ਬੋਲ..?"
-''ਮੈਂ ਜਾਣਾ ਚਾਹੁੰਨੈ ਬਾਹਰ, ਤੂੰ ਕਿਵੇਂ ਨਾ ਕਿਵੇਂ ਬਾਪੂ ਨੂੰ ਮਨਾ...!"
-''ਛੋਟੇ ਭਾਈ ਸਿਆਣੇ ਕਹਿੰਦੇ ਹੁੰਦੇ ਐ, ਬਾਹਰ ਦੀ ਝਾਕ ਨਾ ਰੱਖੀਏ, ਘਰ ਅੱਧੀ ਚੰਗੀ..!"
-''ਮੈਂ ਤੈਨੂੰ ਕੀ ਕੰਮ ਕਿਹੈ, ਤੂੰ ਤਾਂ ਕਵੀਸ਼ਰੀ ਕਰਨ ਲੱਗ ਪਿਆ, ਬਾਈ..?"
-''ਆਬਦੀ ਪੜ੍ਹਾਈ ਤਾਂ ਪੂਰੀ ਕਰ ਲੈ, ਫ਼ੇਰ ਤਾਏ ਨੂੰ ਬਾਹਰ ਵਾਸਤੇ ਵੀ ਮਨਾਲਾਂਗੇ..!"
-''ਪੜ੍ਹ ਕੇ ਕਿਹੜਾ ਤਸੀਲਦਾਰ ਲੱਗ ਜਾਣੈ..? ਖੇਤਾਂ 'ਚ ਈ ਨੱਕੇ ਮੋੜਨੇ ਐਂ...!"
-''..............।" ਸਿਰੇ ਦੀ ਸੱਚਾਈ ਸੁਣ ਕੇ ਜੈਬਾ ਚੁੱਪ ਵੱਟ ਗਿਆ।
ਪ੍ਰੀਤ ਚੱਲਦੀ ਮੋਟਰ ਵੱਲ ਚਲਿਆ ਗਿਆ। ਜੈਬਾ ਕਿਆਰੇ ਦਾ ਸਿਰਾ ਦੇਖਣ ਤੁਰਾ ਪਿਆ।
-''ਓਏ ਤੂੰ ਕਿੱਧਰੋਂ ਭੱਜਿਆ ਆਉਨੈਂ ਬਰੀ ਦਿਆ ਤਿਔਰਾ..?" ਜੈਬੇ ਨੇ ਗੁਆਂਢੀਆਂ ਦੇ ਮੁੰਡੇ ਨੂੰ ਪੁੱਛਿਆ। ਉਹ ਕਿਆਰੋ-ਕਿਆਰੀ ਭੱਜਿਆ ਆ ਰਿਹਾ ਸੀ।
-''ਪ੍ਰੀਤ ਚਾਚੇ ਨੂੰ ਦੇਖਣ ਆਲ਼ੇ ਆਏ ਐ, ਉਹਨੂੰ ਘਰੇ ਸੱਦਿਐ...!"
-''ਓਹ ਬੱਲੇ ਭਤੀਜ...! ਕਿੱਡੀ ਖੁਸ਼ੀ ਦੀ ਖ਼ਬਰ ਸੁਣਾਈ ਐ, ਆ ਤੈਨੂੰ ਗੁੜ ਖੁਆਵਾਂ..!" ਜੈਬਾ ਜੁਆਕ ਨੂੰ ਮੋਟਰ ਵਾਲ਼ੀ ਕੋਠੜੀ ਵੱਲ ਨੂੰ ਲੈ ਤੁਰਿਆ।
ਤੌੜੇ ਵਿੱਚੋਂ ਘੁਲ੍ਹਾੜੀ ਵਾਲ਼ਾ ਗੁੜ ਕੱਢ ਕੇ ਜੈਬੇ ਨੇ ਮੁੰਡੇ ਅੱਗੇ ਕੀਤਾ।
-''ਲੈ ਕਰ ਮੂੰਹ ਮਿੱਠਾ, ਕਿੱਡੀ ਵਧੀਆ ਖ਼ਬਰ ਦਿੱਤੀ ਐ ਭਤੀਜ ਤੂੰ..!"
-''ਘਰ ਦਾ ਗੁੜ ਖੁਆ ਕੇ ਜੁਆਕ ਨੂੰ ਮੋਕ ਨਾ ਲਾਅਦੀਂ ਬਾਈ..!"
-''ਓਏ ਕੁਛ ਨੀ ਹੁੰਦਾ ਜੱਟ ਦੇ ਪੁੱਤ ਨੂੰ, ਕਿੱਧਰੇ ਨੀ ਲੱਗਦੀ ਇਹਨੂੰ ਮੋਕ..! ਇਹਨੇ ਤਾਂ ਖ਼ਬਰ ਈ ਬੱਤੀ ਸੁਲੱਖਣੀ ਦਿੱਤੀ ਐ, ਚੱਕ ਪੁੱਤ, ਖਾਅ ਤੇ ਕੱਢ ਕੁੱਖਾਂ..!"
-''ਸਾਨੂੰ ਵੀ ਦੱਸ ਦੇ ਬਾਈ..? ਅਸੀਂ ਵੀ ਭੋਰਾ ਖ਼ੁਸ਼ ਹੋ ਲਈਏ..!" ਪ੍ਰੀਤ ਬੋਲਿਆ।
-''ਤੂੰ ਮੂੰਹ ਹੱਥ ਧੋ ਤੇ ਘਰੇ ਚੱਲ, ਤੈਨੂੰ ਦੇਖਣ ਆਲ਼ੇ ਆਏ ਐ..! ਅਸੀਂ ਤਾਂ ਰਹਿਗੇ, ਜਿਹੋ ਜੇ ਸੀਗੇ, ਤੂੰ ਤਾਂ ਕਬੀਲਦਾਰਾਂ 'ਚ ਬਹਿੰਦਾ ਹੋ..!" ਸੁਣ ਕੇ ਪ੍ਰੀਤ ਨੇ ਜੈਬੇ ਦੇ ਗੋਡੇ ਫ਼ੜ ਲਏ, ''ਬਾਈ ਜੈਬਿਆ, ਮੈਨੂੰ ਬਚਾਅ...! ਮੈਂ ਨੀ ਅਜੇ ਵਿਆਹ ਕਰਵਾਉਣਾ..!"
-''ਤੂੰ ਕਮਲ਼ ਨਾ ਮਾਰ..! ਜਾਹ ਮੂੰਹ ਹੱਥ ਧੋ, ਤੇ ਚੱਲ..!" ਜੈਬੇ ਨੇ ਪ੍ਰੀਤ ਵਾਲ਼ੀ ਕਹੀ ਫ਼ੜ ਕੇ ਇੱਕ ਪਾਸੇ ਰੱਖ ਦਿੱਤੀ, ''ਵਿਹੜੇ ਆਇਆ ਚਾਨਣ ਨੀ ਧੱਕੀਦਾ..!"
-''ਯਾਰ ਬਾਈ, ਆਪ ਤਾਂ ਕਿਸੇ ਤਣ-ਪੱਤਣ ਲੱਗੇ ਨੀ, ਅਗਲੀ ਨੂੰ ਵੀ ਪਰੁੰਨ੍ਹ ਕੇ ਧਰ ਦਿਆਂਗੇ..!"
-''ਸੋਚੀਂ ਪਿਆ, ਤੇ ਬੰਦਾ ਗਿਆ..! ਸੱਜੇ ਨੂੰ ਖੱਬਾ ਨਾ ਦੇਖ, ਚੱਲ..!" ਜੈਬੇ ਨੇ ਮੋਟਰ ਬੰਦ ਕਰ ਦਿੱਤੀ ਅਤੇ ਪ੍ਰੀਤ ਨੂੰ ਖਿੱਚ ਕੇ ਘਰ ਲੈ ਗਿਆ।
ਧੀ ਦੇ ਮਾਪੇ ਸੋਹਣੇ ਸੁਣੱਖੇ ਪ੍ਰੀਤ ਨੂੰ ਦੇਖਣ ਸਾਰ ਹੀ ਕਾਇਲ ਹੋ ਗਏ ਅਤੇ ਰਿਸ਼ਤਾ ਪੱਕਾ ਕਰ ਦਿੱਤਾ। ਪਰ ਪ੍ਰੀਤ ਇਸ ਰਿਸ਼ਤੇ ਤੋਂ ਮੁਨੱਕਰ ਸੀ। ਉਸ ਨੇ ਘਰ ਵਿੱਚ ਕਲੇਸ਼ ਖੜ੍ਹਾ ਕਰ ਲਿਆ।
-''ਮੈਂ ਵਿਆਹ-ਵੂਹ ਕੋਈ ਨੀ ਕਰਵਾਉਣਾ, ਮੈਂ ਤਾਂ ਬਾਹਰ ਜਾਣੈਂ..!" ਉਸ ਨੇ ਲਕੀਰ ਖਿੱਚ ਦਿੱਤੀ। ਸਭ ਨੂੰ ਸੱਪ ਸੁੰਘ ਗਿਆ। ਕਈ ਦਿਨ ''ਘੈਂਸ-ਘੈਂਸ" ਹੁੰਦੀ ਰਹੀ। ਅਖੀਰ ਉਸ ਦੀ ਮਾਂ ਨੇ ਪੁੱਤ ਅੱਗੇ ਹੱਥ ਜੋੜੇ, ''ਤੂੰ ਇੱਕ ਆਰੀ ਵਿਆਹ ਕਰਵਾ ਲੈ ਪੁੱਤ, ਤੇਰੇ ਪਿਉ ਨੂੰ ਮਨਾਉਣਾ ਮੇਰਾ ਕੰਮ, ਮੈਂ ਤੋਰੂੰ ਤੈਨੂੰ ਬਾਹਰ...!"
-''..................।" ਪ੍ਰੀਤ ਚੁੱਪ ਸੀ।
-''ਨਾਲ਼ੇ ਤੇਰਾ ਸਹੁਰਾ ਕਹਿੰਦਾ ਸੀ, ਉਹਨਾਂ ਦੇ ਪੰਜਾਹ ਜੀਅ ਕਨੇਡੇ ਐ, ਉਹ ਤੇਰੀ ਮੱਦਤ ਵੀ ਕਰ ਦੇਣਗੇ..!" ਆਖਣ 'ਤੇ ਸੁੱਕੀ ਵੇਲ ਨੂੰ ਪਾਣੀ ਮਿਲਣ ਵਾਂਗ ਪ੍ਰੀਤ ਨੇ ਸਿਰ ਉਚਾ ਚੁੱਕਿਆ ਅਤੇ ਨਜ਼ਰਾਂ ਰਾਹੀਂ ਸਹਿਮਤੀ ਹੋ ਗਈ।
ਗਿਣਤੀ ਦੇ ਹਫ਼ਤਿਆਂ ਵਿੱਚ ਪ੍ਰੀਤ ਦਾ ਵਿਆਹ ਹੋ ਗਿਆ।
ਲਗਰ ਵਰਗੀ ਸੋਹਣੀ ਕੁੜੀ ਪੁਨੀਤ, ਪ੍ਰੀਤ ਦੀ ਹਮਸਫ਼ਰ ਬਣ ਘਰ ਆ ਗਈ। ਸੁੰਨਾਂ ਅਤੇ ਧੁਆਂਖਿਆ ਵਿਹੜਾ ਜਿਵੇਂ ਚਾਨਣ ਅਤੇ ਖੇੜਿਆਂ ਨਾਲ਼ ਭਰ ਗਿਆ ਸੀ। ਪ੍ਰੀਤ ਦੇ ਮਾਂ-ਬਾਪ ਦੇ ਵੀ ਧਰਤੀ ਪੈਰ ਨਹੀਂ ਲੱਗਦੇ ਸਨ। ਕਮਲ਼ਾ ਹੋਇਆ ਜੈਬਾ ਗਈ ਰਾਤ ਤੱਕ ਲਾਹਣ ਪੀਂਦਾ ਅਤੇ ਬੱਕਰੇ ਦੀਆਂ ਸੈਂਖੀਆਂ ਚੂਸਦਾ ਰਿਹਾ ਸੀ।
ਤਿੰਨ ਕੁ ਮਹੀਨੇ ਤਾਂ ਸੁੱਖ ਸਾਂਦ ਨਾਲ਼ ਬੀਤ ਗਏ। ਪਰ ਤੀਜੇ ਮਹੀਨੇ ਬਾਅਦ ਹੀ ਪ੍ਰੀਤ ਨੂੰ ਬਾਹਰ ਜਾਣ ਵਾਲ਼ਾ ਹੀਂਗਣਾ ਫ਼ਿਰ ਛੁੱਟ ਪਿਆ। ਮਾਂ ਨੇ ਫ਼ਿਰ ਹਾੜ੍ਹੇ ਕੱਢੇ, ਪੁਨੀਤ ਦਾ ਵੇਰਵਾ ਦੇ ਕੇ ਵਾਸਤੇ ਪਾਏ। ਪਰ ਪ੍ਰੀਤ ਇੱਕੋ ਗੱਲ 'ਤੇ ਅੜਿਆ ਰਿਹਾ, ''ਥੋਡੇ ਕਹਿਣ 'ਤੇ ਮੈਂ ਆਪਣਾ ਵਾਅਦਾ ਪੂਰਾ ਕੀਤਾ, ਹੁਣ ਤੁਸੀਂ ਆਪਣਾ ਵਾਅਦਾ ਪੂਰਾ ਕਰੋ..!" ਪ੍ਰੀਤ ਦੀ ਅੜੀ 'ਤੇ ਸਾਰਾ ਟੱਬਰ ਦੁਖੀ ਸੀ। ਪ੍ਰੀਤ ਦੀ ਮਾਂ ਨੇ ਆਪਣੀ ਨੂੰਹ ਨੂੰ ਝੰਜੋੜਿਆ, ''ਪੁਨੀਤ, ਤੂੰ ਈ ਕੁਛ ਕਹਿ ਕੇ ਦੇਖ'ਲਾ ਪੁੱਤ, ਸਾਡੀ ਆਖੀ ਤਾਂ ਹੁਣ ਉਹ ਮੰਨਦਾ ਨੀ..!" ਪਰ ਨੂੰਹ ਨੇ ਵੀ ਹੱਥ ਖੜ੍ਹੇ ਕਰ ਦਿੱਤੇ, ''ਬੀਜੀ, ਮੈਂ ਤਾਂ ਪਹਿਲਾਂ ਈ ਕਹਿ ਕੇ ਦੇਖ ਚੁੱਕੀ ਐਂ, ਗੱਲ ਈ ਨੀ ਸੁਣਦੇ..!" ਸੱਜ ਵਿਆਹੀ ਦੇ ਅੰਦਰੋਂ ਵੀ ਧੁਖਦੀਆਂ ਰੀਝਾਂ ਦਾ ਧੂੰਆਂ ਨਿਕਲ਼ਿਆ। ਉਸ ਨੇ ਬਲ਼ਦੀ ਚਿਖ਼ਾ ਵਾਂਗ ਹਾਉਕਾ ਲਿਆ। ਬੇਵੱਸ ਨੂੰਹ ਦੀਆਂ ਭਰੀਆਂ ਅੱਖਾਂ ਦੇਖ, ਸੱਸ ਚੁੱਪ ਕਰ ਗਈ।
ਤਣਾਓ ਭਰੇ ਮਾਹੌਲ ਵਿੱਚ ਹਫ਼ਤਾ ਹੋਰ ਲੰਘ ਗਿਆ।
ਇੱਕ ਦਿਨ ਆਥਣੇ ਜਿਹੇ ਜੈਬਾ ਪੱਠੇ ਵੱਢ ਰਿਹਾ ਸੀ। ਪ੍ਰੀਤ ਮੋਰਨੀਆਂ ਵਾਲ਼ਾ ਝੋਲ਼ਾ ਹੱਥ ਵਿੱਚ ਫ਼ੜੀ ਡਿੱਕਡੋਲੇ ਜਿਹੇ ਖਾਂਦਾ ਤੁਰਿਆ ਆ ਰਿਹਾ ਸੀ। ਜੈਬੇ ਨੇ ਦਾਤੀ ਸੁੱਟ ਡੰਡੀ 'ਤੇ ਤੁਰੇ ਆ ਰਹੇ ਪ੍ਰੀਤ ਨੂੰ ਗਹੁ ਨਾਲ਼ ਤੱਕਿਆ ਤਾਂ ਪ੍ਰੀਤ ਦੀ ਤੋਰ ਵਿੱਚ ਕੋਈ ਨਸ਼ਾ ਝੂਲ ਰਿਹਾ ਸੀ। ਹੈਰਾਨੀ ਨਾਲ਼ ਜੈਬੇ ਦਾ ਮੂੰਹ ਖੁੱਲ੍ਹਾ ਹੀ ਰਹਿ ਗਿਆ। ਪ੍ਰੀਤ ਨੇ ਅੱਜ ਤੱਕ ਕਿਸੇ ਨਸ਼ੇ ਨੂੰ ਹੱਥ ਤੱਕ ਨਹੀਂ ਲਾਇਆ ਸੀ। ਸੋਚਾਂ ਵਿੱਚ ਬੌਂਦਲ਼ਿਆ ਜੈਬਾ ਬੁਲਡੋਜਰ ਵਾਂਗ ਉਸ ਦੇ ਅੱਗੇ ਜਾ ਖੜ੍ਹਾ, ''ਛੋਟੇ ਭਾਈ, ਕੁਛ ਖਾਧਾ ਪੀਤੈ ਅੱਜ..?" ਉਸ ਨੇ ਪ੍ਰੀਤ ਦਾ ਮੋਢਾ ਫ਼ੜ, ਝੰਜੋੜ ਕੇ ਪੁੱਛਿਆ।
-''ਬੈਲੀਆਂ ਨੇ ਬੈਲ ਕਮਾਉਣੇ ਬਾਈ ਜੈਬਿਆ... ਤੇ ਸਾਡੀ ਕਿਹੜਾ ਝੱਗੀ ਲਹਿ ਜਾਊ...!" ਉਸ ਨੇ ਬੱਕਰਾ ਬੁਲਾ ਕੇ ਬਾਂਹ ਉਪਰ ਚੁੱਕੀ ਤਾਂ ਪ੍ਰੀਤ ਦਾ ਸਰੀਰ ਡੋਲ ਗਿਆ। ਜੈਬੇ ਨੇ ਉਸ ਨੂੰ ਸੰਭਾਲ਼ ਲਿਆ, ''ਓਏ ਇਹ ਕੀ ਕਰਨ ਲੱਗ ਪਿਆ ਖਸਮਾਂ ਨੂੰ ਖਾਣਿਆਂ? ਤਾਏ ਹੋਰੀਂ ਸਾਰੇ ਅੰਬਰਤਧਾਰੀ, ਤੇ ਤੂੰ ਆਹ ਕੀ ਲੱਛਣ ਕਰਨ ਲੱਗ ਪਿਆ..? ਤਾਇਆ ਤਾਈ ਤਾਂ ਦੇਖ ਕੇ ਸਾਹ ਖਿੱਚ ਜਾਣਗੇ..!"
-''ਅਜੇ ਤਾਂ ਆਹ ਪੀਣੀ ਐਂ ਬਾਈ...!" ਉਸ ਨੇ ਮੋਰਨੀਆਂ ਵਾਲ਼ੇ ਝੋਲ਼ੇ ਵਿੱਚੋਂ ਸਪਰੇਅ ਵਾਲ਼ੀ ਦੁਆਈ ਦੀ ਬੋਤਲ ਕੱਢ ਕੇ ਦਿਖਾਈ ਤਾਂ ਭੈਅ ਨਾਲ਼ ਜੈਬੇ ਦਾ ਅੰਦਰ ਹਿੱਲ ਗਿਆ, ''ਓਏ ਗਵੱਜੀਆ, ਆਹ ਕੀ ਚੰਦ ਚਾੜ੍ਹਨ ਲੱਗਿਐਂ..? 'ਕੱਲਾ-'ਕੱਲਾ ਪੁੱਤ ਐਂ, ਹੁਣ ਬੁੱਢੇ ਵਾਰੇ ਮਾਪਿਆਂ ਨੂੰ ਆਹ ਫੱਟ ਦੇਵੇਂਗਾ..?" ਜੈਬੇ ਨੂੰ ਹੌਲ ਪੈਣ ਵਾਲ਼ਾ ਹੋਇਆ ਪਿਆ ਸੀ।
-''ਬੱਸ ਬਾਈ ਜੈਬਿਆ, ਹੁਣ ਯਾਰ ਗੱਡੀ ਚੜ੍ਹ ਜਾਣਗੇ... ਤੂੰ ਬੈਠੀ ਰੋਵੇਂਗੀ ਵਣਾਂ ਦੀ ਛਾਂਵੇਂ..!" ਉਹ ਨਸ਼ੇ ਵਿੱਚ ਕਵੀਸ਼ਰੀ ਕਰੀ ਜਾ ਰਿਹਾ ਸੀ। ਜੈਬੇ ਨੇ ਧੱਕਾ ਮਾਰ ਕੇ ਪ੍ਰੀਤ ਨੂੰ ਬਰਸੀਨ ਦੀ ਭਰੀ 'ਤੇ ਸੁੱਟ ਲਿਆ ਅਤੇ ਹੱਥੋਂ ਦੁਆਈ ਵਾਲ਼ੀ ਬੋਤਲ ਖੋਹ ਲਈ। ਪ੍ਰੀਤ ਬੋਤਲ ਖੋਹਣ ਪਿਆ ਤਾਂ ਜੈਬੇ ਨੇ ਗੁਆਂਢੀ ਖੇਤਾਂ ਵਾਲ਼ਿਆਂ ਨੂੰ ਅਵਾਜ਼ਾਂ ਮਾਰ ਕੇ ਲੋਕ ਇਕੱਠੇ ਕਰ ਲਏ ਅਤੇ ਪ੍ਰੀਤ ਨੂੰ ਖਿੱਚ ਧੂਹ ਕੇ ਘਰ ਲੈ ਆਂਦਾ। ਨਸ਼ੇ ਵਿੱਚ ਉਹ ਆਪਣਾ ਆਪ ਛੁਡਾ-ਛੁਡਾ ਕੇ ਭੱਜਦਾ ਸੀ। ਇਕਲੌਤੇ ਪੁੱਤ ਦੀ ਨਸ਼ਈ ਹਾਲਤ ਦੇਖ ਕੇ ਮਾਂ ਨੂੰ ਗਸ਼ ਪੈਣ ਵਾਲ਼ੀ ਹੋ ਗਈ ਅਤੇ ਸੱਜ ਵਿਆਹੀ ਪੁਨੀਤ ਢਿੱਡ 'ਚ ਮੁੱਕੀਆਂ ਦੇ ਕੇ ਬੈਠ ਗਈ।
-''ਤਾਇਆ, ਇਹਦਾ ਬਾਹਰਲਾ ਜੁਗਾੜ ਕਰੋ, ਪਿੱਛਾ ਆਪਾਂ ਰਲ਼ ਮਿਲ਼ ਕੇ ਸਾਂਭ ਲਵਾਂਗੇ..!" ਹਾਲਾਤਾਂ ਤੋਂ ਹਾਰ ਕੇ ਜੈਬੇ ਨੇ ਮਿੱਤ ਸਿੰਘ ਨੂੰ ਕਿਹਾ, ''ਗਿਆ ਵੇਲ਼ਾ ਹੱਥ ਨੀ ਆਉਂਦਾ, ਪਿੱਛੋਂ ਅੱਕਾਂ 'ਚ ਡਾਂਗਾਂ ਮਾਰਨ ਨਾਲ਼ ਕੁਛ ਨੀ ਹੋਣਾ, ਵੇਲ਼ਾ ਸਾਂਭ ਤਾਇਆ..!"
-''..............।" ਥਮਲ੍ਹੇ ਵਰਗੇ ਜਿਗਰੇ ਵਾਲ਼ਾ ਮਿੱਤ ਸਿੰਘ ਚੁੱਪ ਸੀ।
-''ਹਰਖ ਦਾ ਮਾਰਿਆ ਧੀ ਪੁੱਤ ਨਰਕ 'ਚ ਪੈ ਜਾਂਦੈ..! ਆਪਾਂ ਜਿਹੜੇ ਠੂਠੇ ਖਾਣੈ, ਓਸੇ ਈ ਖਾਣੈ ਤਾਇਆ, ਤੂੰ ਇਹਦਾ ਬੰਨ੍ਹ-ਸੁੱਬ ਕਰ, ਮੇਰਾ ਚਾਹੇ ਸਾਲ ਦਾ ਸੀਰ ਨਾ ਦੇਈਂ, ਮੇਰੇ ਕਿਹੜਾ ਪੱਪੂ ਹੋਰੀਂ ਰੋਂਦੇ ਐ..!"
ਭਲੇ ਵੇਲ਼ਿਆਂ ਵਿੱਚ ਮਿੱਤ ਸਿੰਘ ਨੇ ਪ੍ਰੀਤ ਨੂੰ ''ਚੋਰ-ਮੋਰੀਆਂ" ਰਾਹੀਂ ਕੈਨੇਡਾ ਵੜਦਾ ਕਰ ਦਿੱਤਾ।
-''ਲੈ ਮੈਂ ਆਬਦਾ ਫ਼ਰਜ਼ ਨਿਭਾਅ ਦਿੱਤਾ, ਹੁਣ ਤੂੰ ਆਬਦੇ ਫ਼ਰਜ ਨਾ ਭੁੱਲਜੀਂ, ਜਿਉਣ ਜੋਕਰਿਆ..!" ਤੁਰਦੇ ਪੁੱਤ ਨੂੰ ਮਿੱਤ ਸਿੰਘ ਨੇ ਹਿੱਕ 'ਤੇ ਪੱਥਰ ਰੱਖ ਕੇ ਆਖਿਆ ਸੀ। ਮਨ ਪ੍ਰੀਤ ਦਾ ਵੀ ਭਰਿਆ ਹੋਇਆ ਸੀ। ਅੱਖਾਂ ਭਿੱਜੀਆਂ ਹੋਈਆਂ ਸਨ।
-''ਇੱਕ ਗੱਲ ਯਾਦ ਰੱਖੀਂ..! ਰਾਤ ਨੂੰ ਖਾਣਾ, ਤੇ ਸਵੇਰ ਨੂੰ ਗੰਦ ਬਣ ਜਾਣਾ..! ਵਿਗੜਦਾ ਆਬਦਾ ਹੁੰਦੈ, ਤੇ ਮੂੰਹ ਕਾਲ਼ਸ ਲੋਕ ਦਿੰਦੇ ਐ, ਤੇ ਦੂਜੇ ਪਾਸੇ ਬਣਦਾ ਆਬਦਾ ਹੁੰਦੈ, ਤੇ ਬੱਲੇ-ਬੱਲੇ ਲੋਕ ਕਰਦੇ ਐ, ਇਹ ਦੇਖ ਲਈਂ ਬਈ ਤੂੰ ਕਿਹੜੇ ਪਾਸੇ ਤੁਰਨੈ ਸ਼ੇਰ ਬੱਗਿਆ..!"
ਦੋ ਮਹੀਨੇ ਰੁਲ਼ਦਾ-ਖੁਲ਼ਦਾ ਪ੍ਰੀਤ ਕੈਨੇਡਾ ਦੇ ਸ਼ਹਿਰ 'ਸਰੀ' ਪਹੁੰਚ ਗਿਆ। ਬਿਗਾਨਾ ਮੁਲਕ ਅਤੇ ਬਿਗਾਨੇ ਲੋਕ! ਉਹ ਧਰਤੀ, ਜਿੱਥੇ ਲੋਕ ਅੱਤ ਦੇ ਨਜ਼ਦੀਕੀਆਂ ਦੇ ਸਸਕਾਰ ਵੀ ਛੁੱਟੀ ਵਾਲ਼ੇ ਦਿਨ ਕਰਦੇ ਸਨ। ਮਸ਼ੀਨਾਂ ਨਾਲ਼ ਮਸ਼ੀਨ ਹੋਈ ਦੁਨੀਆਂ। ਤੇਜ਼ ਰੌਸ਼ਨੀਆਂ ਵਿੱਚ ਚੁੰਧਿਆਈਆਂ ਨਜ਼ਰਾਂ, ਕੰਮਾਂ-ਕਾਰਾਂ ਅਤੇ ਮੌਰਗੇਜਾਂ ਦੇ ਖੋਖਲ਼ੇ ਕੀਤੇ ਹੋਏ ਦਿਮਾਗ! ਇੱਕ-ਦੂਜੇ ਤੋਂ ਅੱਗੇ ਲੰਘਣ ਦੀ ਦੌੜ ਵਿੱਚ ਮਸ਼ਰੂਫ਼ ਹੋਏ ਲੋਕ! ਪ੍ਰੀਤ ਦੀ ਕਦੇ ਦਿਹਾੜੀ ਲੱਗ ਜਾਂਦੀ, ਕਦੇ ਉਹ ਵਿਹਲਾ ਮੱਖੀਆਂ ਮਾਰਦਾ। ਜਦ ਉਸ ਨੂੰ ਕੋਈ ਕੰਮ ਨਾ ਮਿਲ਼ਦਾ ਤਾਂ ਉਹ ਗੁਰੂ ਘਰ ਜਾ ਕੇ ਹਾਜ਼ਰੀ ਦੇ ਨਾਲ਼-ਨਾਲ਼ ਢਿੱਡ ਵੀ ਭਰ ਆਉਂਦਾ। ਉਸ ਦੇ ਨਾਲ਼ ਦੇ ਮੁੰਡੇ ਛੁੱਟੀ ਵਾਲ਼ੇ ਦਿਨ ਬੋਤਲਾਂ ਲਿਆ ਕੇ ਖ਼ੂਬ ਦਾਰੂ ਪੀਂਦੇ, ਮੁਰਗੇ ਰਾੜ੍ਹਦੇ, ਪਰ ਪ੍ਰੀਤ ਡਬਲਰੋਟੀ ਅਤੇ ਦਾਲ਼ ਨਾਲ਼ ਕਾਲ਼ਜਾ ਧਾਫ਼ੜ ਕੇ ਚੁੱਪ-ਚਾਪ ਸੌਂ ਜਾਂਦਾ। ਨਾਲ਼ ਦੇ ਮੁੰਡੇ ਉਸ ਦੀ ਖਿੱਲੀ ਉਡਾਉਂਦੇ, ''ਇਹ ਤਾਂ ਹੱਥ ਘੁੱਟ ਬੰਦੈ..! ਸਿਰੇ ਦਾ ਸੂਮ..!"
-''ਇਹ ਤਾਂ ਰੁਪਈਏ 'ਤੇ ਲੀਰ ਫ਼ੇਰ ਕੇ ਰੱਖਣ ਆਲ਼ਾ ਮਹਾਂਪੁਰਖ ਐ ਬਾਈ...!"
-''ਇਹਦੀਆਂ ਗੱਲਾਂ ਗਾਂਹਾਂ...!"
-''ਕਿਉਂ ਮਗਜਮਾਰੀ ਕਰਦੇ ਐਂ, ਅਗਲੇ ਨੇ ਹਿੱਕ 'ਤੇ ਧਰ ਕੇ ਲਿਜਾਣਾ ਹੋਊ...?" ਨਾਲ਼ ਦੇ ਮੁੰਡੇ ਉਸ 'ਤੇ ਅਵਾਜ਼ੇ ਕਸਦੇ। ਚੋਭਾਂ ਲਾਉਂਦੇ। ਪਰ ਪ੍ਰੀਤ ਚੁੱਪ ਹੀ ਰਹਿੰਦਾ।
ਤਿੰਨ ਦਿਨ ਤੋਂ ਪ੍ਰੀਤ ਨੂੰ ਕੋਈ ਕੰਮ ਨਹੀਂ ਮਿਲ਼ਿਆ ਸੀ। ਉਹ ਗੁਰ ੂਘਰ ਤੋਂ ਲੰਗਰ ਛਕ ਕੇ ਘੋਰ ਉਦਾਸ ਤੁਰਿਆ ਆ ਰਿਹਾ ਸੀ। ਸਾਹਮਣਿਓਂ ਉਸ ਨੂੰ ਅੰਗਰੇਜ਼ੀ ਮਾਹੌਲ ਦੀ ਪੁੱਠ ਚੜ੍ਹੀ ਵਾਲ਼ਾ ਪੰਜਾਬੀ ਮੁੰਡਾ ਮਿਲ਼ ਪਿਆ। ਵਾਲ਼ਾਂ ਦੀ ਕੰਨਾਂ ਉਪਰੋਂ ਉਸਤਰੇ ਨਾਲ਼ ਮੁਰੱਬੇਬੰਦੀ ਜਿਹੀ ਕਰਵਾ ਕੇ ਉਪਰਲੇ ਵਾਲ਼ ਉਸ ਨੇ ਕੁੱਕੜ ਦੀ ਕਲਗੀ ਵਾਂਗ ਖੜ੍ਹੇ ਕੀਤੇ ਹੋਏ ਸਨ ਅਤੇ ਹੱਥਾਂ ਦੀਆਂ ਤਕਰੀਬਨ ਸਾਰੀਆਂ ਉਂਗਲ਼ਾਂ ਵਿੱਚ ਛਾਪਾਂ ਪਾਈਆਂ ਹੋਈਆਂ ਸਨ। ਗਲ਼ ਵਿੱਚ ਸੋਨੇ ਦੀ ਮੋਟੀ ਸੰਗਲ਼ੀ ਅਤੇ ਹਿੱਕ ਉਪਰ ਸ਼ੇਰ ਖੁਣਵਾਇਆ ਹੋਇਆ ਸੀ।
-''ਕੀ ਹਾਲ ਨੇ ਬਰੱਦਰ..?" ਉਹ ਪ੍ਰੀਤ ਨੂੰ ਬੜੀ ਅਪਣੱਤ ਨਾਲ਼ ਮਿਲ਼ਿਆ। ਪਰ ਪ੍ਰੀਤ ਸੋਚਾਂ ਵਿੱਚ ਡੁੱਬਿਆ ਕੋਲ਼ ਦੀ ਲੰਘ ਚੱਲਿਆ। ਉਸ ਨੇ ਇਸ ਲੜਕੇ ਨੂੰ ਕਦੇ ਦੇਖਿਆ ਤੱਕ ਨਹੀਂ ਸੀ।
-''ਗੱਲ ਤਾਂ ਸੁਣ'ਜਾ ਭਰਾਵਾ..!" ਉਸ ਦੇ ਕਹਿਣ 'ਤੇ ਪ੍ਰੀਤ ਰੁਕ ਗਿਆ।
-''ਕੰਮ ਚਾਹੀਦੈ...?" ਉਹ ਸੋਨੇ ਦੀ ਮੋਟੀ ਮੁੰਦਰੀ ਨੂੰ ਉਂਗਲ਼ ਵਿੱਚ ਘੁੰਮਾਉਂਦਾ ਬੋਲਿਆ।
-''...............।" ਪ੍ਰੀਤ ਅਜੇ ਵੀ ਚੁੱਪ ਸੀ।
-''ਮੇਰਾ ਨਾਂ ਡੈਬੀ ਆ...! ਸੱਤੇ ਦਿਨ ਕੰਮ, ਤੇ ਸਾਡੀ ਕੰਪਨੀ ਪੱਕਾ ਵੀ ਕਰਵਾਊ...!" ਮਿਲਾਉਣ ਲਈ ਉਸ ਨੇ ਪ੍ਰੀਤ ਵੱਲ ਹੱਥ ਵਧਾਇਆ।
-''..............।" ਪ੍ਰੀਤ ਰੱਬ ਦੇ ਸ਼ੁਕਰਾਨੇ ਵਜੋਂ ਅਸਮਾਨ ਵੱਲ ਝਾਕ ਰਿਹਾ ਸੀ। ਉਸ ਨੂੰ ਆਸ ਨਹੀਂ ਸੀ ਕਿ ਰੱਬ ਛੱਪਰ ਪਾੜ ਕੇ ਦੇ ਦੇਵੇਗਾ।
ਉਸ ਦਿਨ ਤੋਂ ਪ੍ਰੀਤ ਦਾ ਕੰਮ ਖੁੱਲ੍ਹਾ-ਡੁੱਲ੍ਹਾ ਸ਼ੁਰੂ ਹੋ ਗਿਆ। ਡੈਬੀ ਪ੍ਰੀਤ ਦੀ ਜ਼ਿੰਦਗੀ ਵਿੱਚ ਕੀ ਆਇਆ, ਦਿਨ-ਬ-ਦਿਨ ਪ੍ਰੀਤ ਦੀਆਂ ਲਹਿਰਾਂ-ਬਹਿਰਾਂ ਹੁੰਦੀਆਂ ਤੁਰੀਆਂ ਜਾ ਰਹੀਆਂ ਸਨ। ਕੀਮਤੀ ਘਰ ਅਤੇ ਮਹਿੰਗੀਆਂ ਕਾਰਾਂ ਘਰੇ ਆ ਖੜ੍ਹੀਆਂ। ਪਤਾ ਨਹੀਂ ਪ੍ਰੀਤ ਦੇ ਹੱਥ ਕਿਹੜੀ ਗਿੱਦੜਸਿੰਗੀ ਆ ਗਈ ਸੀ, ਉਹ ਪੈਸੇ ਵਿੱਚ ਖੇਡਣ ਲੱਗ ਪਿਆ ਸੀ। ਉਸ ਦੇ ਨਾਲ਼ ਦੇ ਮੁੰਡੇ ਹੈਰਾਨ ਸਨ। ਉਹ ਰਾਤ ਨੂੰ ਦਾਰੂ ਪੀਂਦੇ ਗੱਲਾਂ ਸਾਂਝੀਆਂ ਕਰਦੇ, ''ਪ੍ਰੀਤ ਕੰਜਰ ਡਰੱਗ ਡੀਲਰਾਂ ਨਾਲ਼ ਰਲ਼ ਗਿਆ..!"
-''ਫ਼ੇਰ ਤੈਨੂੰ ਕੀ...? ਜੀਹਦਾ ਸਿਰ ਦੁਖੂ, ਆਪੇ ਪੱਟੀ ਬੰਨੂ..! ਅਖੇ ਤੂੰ ਕੌਣ, ਕਹਿੰਦਾ ਮੈਂ ਖਾਹ-ਮਖਾਹ..!"
ਮੁੰਡੇ ਉਸ ਨੂੰ ਲੈ ਕੇ ਕਚ੍ਹੀਰਾ ਕਰਦੇ।
-''ਬਾਪੂ, ਮਾਰ ਜਿਹੜੀ ਪੈਲ਼ੀ ਦਾ ਸੌਦਾ ਮਾਰਦੈਂ, ਪੈਸੇ ਮੈਂ ਭੇਜੂੰ..!" ਰਾਤ ਨੂੰ ਪੈੱਗ ਲਾ ਕੇ ਪ੍ਰੀਤ ਨੇ ਬਾਪੂ ਨੂੰ ਫ਼ੋਨ 'ਤੇ ਕਿਹਾ।
-''ਪੁੱਤ, ਕੜਬਚੱਬਾਂ ਦਾ ਮੁੰਡਾ ਪੰਜ ਸਾਲ ਹੋਗੇ ਬਾਹਰ ਗਏ ਨੂੰ, ਉਹਦੇ ਅਜੇ ਤੱਕ ਪੈਰ ਨੀ ਲੱਗੇ, ਆਨਾਂ ਨੀ ਭੇਜਿਆ ਘਰਦਿਆਂ ਨੂੰ, ਪੱਚੀ ਲੱਖ ਲਾ ਕੇ ਭੇਜਿਐ ਵਿਚਾਰਿਆਂ ਨੇ...!"
-''ਆਬਦੀ-ਆਬਦੀ ਕਿਸਮਤ ਹੁੰਦੀ ਐ, ਬਾਪੂ..!"
-''ਤੂੰ ਕਿਤੇ ਕੋਈ ਐਰਾ-ਗੈਰਾ ਕੰਮ ਤਾਂ ਨੀ ਕਰਨ ਲੱਗ ਪਿਆ...?" ਬਾਪੂ ਨੇ ਅੰਦਰਲਾ ਡਰ ਉਜਾਗਰ ਕੀਤਾ।
-''ਨਹੀਂ ਬਾਪੂ..! ਕੋਈ ਨੀ ਕਰਦਾ, ਤੁਸੀਂ ਆਪ ਈ ਕਹਿੰਦੇ ਹੁੰਦੇ ਸੀ ਕਿ ਕੰਮ ਕੋਈ ਵੀ ਮਾੜਾ ਨੀ ਹੁੰਦਾ..!"
-''ਫ਼ਰਕ ਤਾਂ ਕੋਈ ''ਬਾਪੂ" ਤੇ ''ਮਾਂ ਦੇ ਖਸਮ" 'ਚ ਵੀ ਨੀ ਹੁੰਦਾ, ਪਰ ਬੋਲਣ ਵਾਲ਼ਾ ਸੰਕੋਚ ਕਰਦੈ..!"
-''...............।" ਪ੍ਰੀਤ ਨਿਰੁੱਤਰ ਹੋ ਗਿਆ।
-''ਪੁੱਤ, ਦਸਾਂ ਨਹੁੰਆਂ ਦੀ ਕਿਰਤ 'ਚ ਬਰਕਤ ਹੁੰਦੀ ਐ, ਤੇ ਨਾਲ਼ੇ ਜੱਗ ਸਲ਼ਾਹੁਤਾ ਕਰਦੈ..!"
-''ਤੁਸੀਂ ਫ਼ਿਕਰ ਨਾ ਕਰੋ ਬਾਪੂ ਜੀ..! ਥੋਨੂੰ ਕੋਈ ਉਲਾਂਭਾ ਨੀ ਆਊ, ਬੀਜੀ ਨਾਲ਼ ਗੱਲ ਕਰਵਾ ਦਿਓ...!"
ਬਾਪੂ ਨੇ ਫ਼ੋਨ ਅੱਗੇ ਫ਼ੜਾ ਦਿੱਤਾ।
-''ਪੁੱਤ, ਕੋਈ ਮਾੜਾ ਧੰਦਾ ਨਾ ਵਿੱਢ-ਲੀਂ, ਪੁਨੀਤ ਬਾਰੇ ਵੀ ਸੋਚੀਂ, ਉਹਦਾ ਪੈਰ ਭਾਰੈ...!"
-''ਓਹ ਬੱਲੇ...! ਫ਼ੇਰ ਤਾਂ ਵਧਾਈਆਂ ਬੀਜੀ..!" ਖ਼ੁਸ਼ੀ ਨਾਲ਼ ਲੱਟੂ ਹੋਏ ਪ੍ਰੀਤ ਨੇ ਬੋਤਲ ਮੂੰਹ ਨੂੰ ਲਾ ਲਈ।
ਪੁਨੀਤ ਦੇ ਦਿਨ ਪੂਰੇ ਹੋਣ 'ਤੇ ਉਸ ਨੇ ਇੱਕ ਸੋਹਣੀ ਸੁਣੱਖੀ ਬੱਚੀ ਨੂੰ ਜਨਮ ਦਿੱਤਾ। ਹਰੇ ਕਾਗਜ਼ 'ਤੇ ਜਿਵੇਂ ਸੋਨੇ ਦੀ ਡਲ਼ੀ ਪਈ ਸੀ। ਬੱਚੀ ਦਾ ਨਾਂ ''ਗੁਰਅੰਮ੍ਰਿਤ" ਰੱਖਿਆ ਗਿਆ। ਸੁੰਨੇ ਪਏ ਘਰ ਵਿੱਚ ਕਿਲਕਾਰੀਆਂ ਵੱਜਣ ਲੱਗ ਪਈਆਂ ਅਤੇ ਘਰ ਦੀਆਂ ਕੁਮਲ਼ਾਈਆਂ ਵੇਲਾਂ ਖ਼ੁਸ਼ੀਆਂ ਨਾਲ਼ ਟਹਿਕ ਪਈਆਂ।
ਪ੍ਰੀਤ ਨੇ ਪੰਜਾਂ ਸਾਲਾਂ ਵਿੱਚ ਪੱਚੀ ਏਕੜ ਦਾ ਟੱਕ ਖਰੀਦ ਮਾਰਿਆ ਅਤੇ ਅਸਮਾਨ ਛੂੰਹਦੀ ਕੋਠੀ ਖੜ੍ਹੀ ਕਰ ਲਈ। ਇਲਾਕੇ ਵਿੱਚ ਗੱਲਾਂ ਹੋਣ ਲੱਗ ਪਈਆਂ। ਪਰ ਸੰਤ ਕੌਰ ਅਤੇ ਮਿੱਤ ਸਿੰਘ ਵਿੱਚ ਕੋਈ ਮੜਕ ਨਾ ਆਈ। ਉਹ ਸਾਧੂ ਸੁਭਾਅ ਵਿੱਚ ਹੀ ਵਿਚਰਦੇ ਰਹੇ। ਗੁਰਅੰਮ੍ਰਿਤ ਦੀ ਉਮਰ ਪੰਜ ਸਾਲ ਤੋਂ ਉਪਰ ਹੋ ਗਈ ਸੀ। ਹੁਣ ਉਹ 'ਪਾਪਾ' ਨੂੰ ਯਾਦ ਕਰਦੀ। ਪੁਨੀਤ ਉਸ ਨੂੰ ਮੋਬਾਇਲ ਫ਼ੋਨ 'ਤੇ ਫ਼ੋਟੋ ਲਾਹ-ਲਾਹ ਕੇ ਦਿੰਦੀ, ''ਆਹ ਕਮਰਾ ਤੇਰੇ ਪਾਪਾ ਜੀ ਦਾ ਪੁੱਤ, ਤੇ ਆਹ ਕਮਰਾ ਮੇਰੀ ਗੁਰਅੰਮ੍ਰਿਤ ਦਾ...!" ਉਹ ਮੋਬਾਇਲ 'ਤੇ ਫ਼ੋਟੋ ਦਿਖਾ-ਦਿਖਾ ਕੇ ਆਖਦੀ।
-''ਨਹੀਂ ਮਾਂ..! ਮੈਂ ਤਾਂ ਪਾਪਾ ਵਾਲ਼ੇ ਕਮਰੇ 'ਚ ਪਾਪਾ ਕੋਲ਼ ਹੀ ਪਊਂਗੀ..!"
-''ਚੰਗਾ ਮੇਰੀ ਪਟਰਾਣੀ...! ਪਾਪਾ ਕੋਲ਼ ਪੈ ਜਾਇਆ ਕਰੀਂ..! ਹੋਰ ਦੱਸੋ ਪਟਰਾਣੀ ਜੀ..? ਹੋਰ ਕੋਈ ਸੇਵਾ..??" ਪੁਨੀਤ ਨੇ ਕਿਹਾ ਤਾਂ ਗੁਰਅੰਮ੍ਰਿਤ ਚੁੱਪ ਕਰ ਗਈ। ਮਾਸੂਮ ਚਿਹਰੇ ਦੀ ਮਾਸੂਮੀਅਤ ਆਪਣੀ ਮਿਸਾਲ ਆਪ ਸੀ।
-''ਆਬਦੇ ਪਾਪਾ ਜੀ ਨੂੰ ਕਹਿ ਕੇ ਹੁਣ ਸਾਨੂੰ ਮਿਲ਼ ਜਾਣ ਤੇ ਤੈਨੂੰ ਤੇ ਪੁਨੀਤ ਨੂੰ ਨਾਲ਼ ਲੈ ਜਾਣ..!" ਦਾਦੀ ਸੰਤ ਕੌਰ ਨੇ ਕਿਹਾ।
-''ਅੱਜ ਕਹੇਂਗਾ ਨ੍ਹਾ ਪੁੱਤ..?" ਰੋਟੀ ਖਾਂਦਾ ਮਿੱਤ ਸਿੰਘ ਬੋਲਿਆ, ਤਾਂ ਗੁਰਅੰਮ੍ਰਿਤ ਨੇ 'ਹਾਂ' ਵਿੱਚ ਸਿਰ ਹਿਲਾਇਆ।
ਹੁਣ ਘਰ ਵਾਲ਼ਾ ਫ਼ੋਨ ਤਕਰੀਬਨ ਗੁਰਅੰਮ੍ਰਿਤ ਹੀ ਚੁੱਕਦੀ। ਜਦ ਫ਼ੋਨ ਵੱਜਦਾ ਤਾਂ ਉਹ ਭੱਜੀ ਜਾਂਦੀ ਅਤੇ ਫ਼ੋਨ ਜਾ ਚੁੱਕਦੀ।
-''ਪਾਪਾ, ਹੁਣ ਤੁਸੀਂ ਆਜੋ...!" ਅਗਲੇ ਦਿਨ ਗੁਰਅੰਮ੍ਰਿਤ ਨੇ ਪਾਪਾ ਨੂੰ ਫ਼ੋਨ 'ਤੇ ਕਿਹਾ।
-''ਲੈ ਆ ਗਿਆ ਪੁੱਤ ਫ਼ੇਰ, ਕੱਲ੍ਹ ਨੂੰ ਟਿਕਟ ਕਰਵਾਉਨੈਂ, ਮੇਰੇ ਪੁੱਤੂ ਨੇ ਕਿਤੇ ਨਿੱਤ-ਨਿੱਤ ਕਹਿਣੈ...? ਲਿਆ ਦਾਦਾ ਜੀ ਨਾਲ਼ ਗੱਲ ਕਰਵਾ...!" ਗੁਰਅੰਮ੍ਰਿਤ ਨੇ ਫ਼ੋਨ ਦਾਦਾ ਜੀ ਨੂੰ ਫ਼ੜਾ ਦਿੱਤਾ।
-''ਹਾਂ ਪੁੱਤ..?" ਮਿੱਤ ਸਿੰਘ ਫ਼ੋਨ ਫ਼ੜ ਕੇ ਬੋਲਿਆ।
-''ਬਾਪੂ ਜੀ, ਕੱਲ੍ਹ ਨੂੰ ਤੁਸੀਂ ਖੁੱਲ੍ਹੀ-ਡੁੱਲ੍ਹੀ ਨਵੀਂ ਗੱਡੀ ਕਢਵਾਓ, ਮੈਂ ਥੋਨੂੰ ਆਉਣ ਦਾ ਦਿਨ ਦੱਸਦੈਂ..! ਤੇ ਜਦੋਂ ਮੈਂ ਆਵਾਂ, ਏਅਰਪੋਰਟ 'ਤੇ ਬਾਈ ਜੈਬੇ ਨੂੰ ਨਾਲ਼ ਜ਼ਰੂਰ ਲੈ ਕੇ ਆਇਓ..!"
-''ਚੰਗਾ ਪੁੱਤ...! ਫ਼ੇਰ ਡਰੈਵਰ ਨਾਲ਼ 'ਕੱਲਾ ਜੈਬਾ ਈ ਆ ਜਾਊਗਾ, ਮੈਂ ਕੀ ਕਰਨੈਂ, ਵਾਧੂ ਲੰਮੇ ਸਫ਼ਰ 'ਚ ਔਖਾ ਹੋਊਂਗਾ..!"
-''ਜਿਵੇਂ ਚੰਗਾ ਲੱਗੇ, ਕਰ ਲਿਓ ਬਾਪੂ..! ਜੈਬਾ ਮੈਨੂੰ ਆਪਣਾ ਸੀਰੀ ਨੀ, ਆਪਣੇ ਘਰ ਦਾ ਮੈਂਬਰ ਤੇ ਵੱਡਾ ਭਰਾ ਈ ਲੱਗਦੈ..!"
-''ਅਸੀਂ ਕਿਹੜਾ ਉਹਨੂੰ ਓਪਰਾ ਸਮਝਦੇ ਐਂ ਪੁੱਤ..? ਜੈਬਾ ਤਾਂ ਸਾਨੂੰ ਕਦੇ ਬਿਗਾਨਾ ਲੱਗਿਆ ਈ ਨੀ..! ਬਥੇਰਾ ਦੁਖਦੇ ਸੁਖਦੇ ਕੰਮ ਆਇਐ ਜਿਉਣ ਜੋਕਰਾ..!"
ਤੀਜੇ ਦਿਨ ਨਵੀਂ ਗੱਡੀ ਘਰ ਆ ਗਈ।
ਹਫ਼ਤੇ ਬਾਅਦ ਪ੍ਰੀਤ ਨੇ ਦਿੱਲੀ ਆ ਉਤਰਨਾ ਸੀ।
ਮਿਥੇ ਦਿਨ 'ਤੇ ਪ੍ਰੀਤ ਦਿੱਲੀ ਆ ਉਤਰਿਆ। ਇੱਧਰੋਂ ਜੈਬਾ ਅਤੇ ਡਰਾਈਵਰ ਪਹੁੰਚੇ ਹੋਏ ਸਨ। ਪ੍ਰੀਤ ਖਾ ਪੀ ਕੇ ਪੂਰਾ ਦੁੜਕ ਗਿਆ ਸੀ। ਉਸ ਦੀ ਮੂਲ਼ੀ ਵਰਗੀ ਧੌਣ ਬੋਹੜ ਦੇ ਮੁੱਛ ਵਰਗੀ ਹੋ ਗਈ ਸੀ। ਸਰੀਰ ਪੂਰਾ ਭਰ ਗਿਆ ਸੀ। ਆਉਣ ਸਾਰ ਉਸ ਨੇ ਜੈਬੇ ਨੂੰ ਗਲਵਕੜੀ ਪਾ ਲਈ। ਜੈਬਾ ਪ੍ਰੀਤ ਅੱਗੇ ਛਿਲਕਾਂ ਦਾ ਘੋੜ੍ਹਾ ਜਿਹਾ ਹੀ ਲੱਗਦਾ ਸੀ।
-''ਜੱਟ ਦੀ ਕੁਤਕੁਤੀ ਆਲ਼ੀ ਗੱਲ ਨਾ ਕਰੀਂ ਨਿੱਕੇ ਭਾਈ...!" ਜੈਬਾ ਪ੍ਰੀਤ ਦੀ ਗਲਵਕੜੀ 'ਚ ਘੁੱਟਿਆ ਬੋਲ ਰਿਹਾ ਸੀ।
-''.....................।" ਪ੍ਰੀਤ ਉਚੀ-ਉਚੀ ਹੱਸ ਪਿਆ।
-''ਕੀੜੀ ਨੂੰ ਤਾਂ ਤੱਕਲ਼ੇ ਦਾ ਦਾਗ ਈ ਬਥੇਰਾ ਹੁੰਦੈ..!" ਜੈਬੇ ਦੇ ਕਹਿਣ 'ਤੇ ਡਰਾਈਵਰ ਵੀ ਹੱਸ ਪਿਆ।
-''ਇਹ ਮੇਰਾ ਵੱਡਾ ਬਾਈ ਅਜੈਬ ਸਿੰਘ..! ਆਪਣੇ ਖੇਤਾਂ ਦਾ ਰਾਜਾ ਤੇ ਸਾਰੇ ਕਾਰੋਬਾਰ ਦਾ ਕਰਤਾ ਧਰਤਾ..!" ਪ੍ਰੀਤ ਅਜੇ ਵੀ ਜੈਬੇ ਨੂੰ ਗਲਵਕੜੀ ਵਿੱਚ ਘੁੱਟੀ ਖੜ੍ਹਾ ਸੀ।
-''ਐਨਾਂ ਭਾਰ ਨਾ ਚੜ੍ਹਾ ਛੋਟੇ ਭਾਈ, ਜੈਬੇ ਨੂੰ ਜੈਬਾ ਈ ਰਹਿਣ ਦੇ..! ਮੈਨੂੰ ਆਬਦਾ ਸੀਰੀ ਈ ਰਹਿਣ ਦੇ..!"
-''ਇਹ ਗੱਲ ਆਖ ਕੇ ਸਾਨੂੰ ਨੀਂਵਾਂ ਨਾ ਕਰ ਬਾਈ ਜੈਬਿਆ..! ਤੂੰ ਮੇਰੀ ਹਿੱਕ ਦਾ ਵਾਲ਼ ਤੇ ਦੁਖ ਸੁਖ ਦਾ ਸਾਂਝੀ..!"
-''ਚੱਲ, ਕੁਵੇਲ਼ਾ ਨਾ ਕਰ, ਬੈਠ ਗੱਡੀ 'ਚ..!" ਜੈਬੇ ਨੇ ਕਿਹਾ।
-''ਹੁਣ ਤਾਂ ਦਿਨ ਚੜ੍ਹਨੈਂ ਬਾਈ..! ਕੁਵੇਲ਼ਾ ਨੀ, ਹੁਣ ਤਾਂ ਸਵੇਰਾ ਈ ਹੋਊ..!" ਪ੍ਰੀਤ ਹੱਸ ਪਿਆ।
ਸਮਾਨ ਗੱਡੀ ਵਿੱਚ ਰੱਖ ਸਾਰੇ ਗੱਡੀ ਵਿੱਚ ਬੈਠ ਤੁਰ ਪਏ।
-''ਨੱਪ ਦੇ ਕਿੱਲੀ ਬਾਈ, ਜਾਗਰਾ..!" ਪ੍ਰੀਤ ਨੇ ਪਿੰਡ ਦੇ ਡਰਾਈਵਰ ਨੂੰ ਕਿਹਾ।
-''ਹੌਲ਼ੀ ਰੱਖੀਂ, ਮ੍ਹਾਤੜ ਦੇ ਤਾਂ ਐਸ ਉਮਰ ਹੱਡ ਵੀ ਨੀ ਜੁੜਨੇ..!" ਜੈਬਾ ਬੋਲਿਆ।
-''ਆਹ ਚੱਕ ਡਰ ਚੱਕ ਦੁਆਈ ਯਾਰ..! ਪਹਿਲਾਂ ਜੈਬੇ ਬਾਈ ਦਾ ਡਰ ਲਾਹੀਏ..!" ਪ੍ਰੀਤ ਨੇ ਬੋਤਲ ਦਾ ਗਲ਼ ਕੁੱਕੜ ਵਾਂਗ ਮਰੋੜਿਆ ਅਤੇ ਲੰਡਾ ਪੈੱਗ ਪਾ ਕੇ ਜੈਬੇ ਨੂੰ ਫ਼ੜਾ ਦਿੱਤਾ।
-''ਆਹ ਤਾਂ ਬਾਹਲ਼ਾ ਬਾਈ, ਮੈਂ ਊਂ ਨਾ ਲੜਾਕੇ ਜਹਾਜ ਮਾਂਗੂੰ ਮੂਧੇ ਮੂੰਹ ਜਾ ਡਿੱਗਾਂ..!"
-''ਇਹ ਬਾਹਰਲੀ ਐ ਬਾਈ ਜੈਬਿਆ, ਖਰਾਬ ਨੀ ਕਰਦੀ..! ਚੱਕ ਦੇ ਕਸੀਸ ਵੱਟ ਕੇ..!"
ਜੈਬੇ ਨੇ ਜਾੜ੍ਹ ਘੁੱਟ ਕੇ ਪੈੱਗ ਖਾਲੀ ਕਰ ਦਿੱਤਾ।
ਸੂਰਜ ਵਾਹਵਾ ਚੜ੍ਹ ਆਇਆ ਸੀ। ਉਹ ਖਾਂਦੇ-ਪੀਂਦੇ ਅਤੇ ਹਾਸਾ-ਠੱਠਾ ਕਰਦੇ ਰਾਜਪੁਰੇ ਆ ਗਏ। ਰਾਜਪੁਰੇ ਆ ਕੇ ਉਹਨਾਂ ਨੇ ਰੋਟੀ ਖਾਧੀ ਅਤੇ ਅੱਗੇ ਚਾਲੇ ਪਾ ਦਿੱਤੇ। ਹੁਣ ਉਹ ਸਰੂਰ ਵਿੱਚ ਹੋਏ ਹੁਣ ਟੇਪ ਰਿਕਾਰਡਰ ਦੇ ਨਾਲ਼ ਗਾ ਰਹੇ ਸਨ। ਜੈਬਾ ਵੀ ਲੋਰ ਵਿੱਚ ਸਿਰ ਹਿਲਾ ਰਿਹਾ ਸੀ।
-''ਬਾਈ ਜੈਬਿਆ, ਗੱਡੀ ਤੂੰ ਚਲਾ..!" ਸ਼ਰਾਬੀ ਪ੍ਰੀਤ ਨੇ ਕਿਹਾ।
-''ਓਏ ਅਸੀਂ ਟਰੈਗਟ ਚਲਾਉਣ ਆਲ਼ੇ ਵਲੈਤੀ ਗੱਡੀਆਂ ਕਿੱਥੋਂ ਚਲਾ ਲਵਾਂਗੇ...? ਤੂੰ ਜਾਗਰ ਨੂੰ ਈ ਦੱਬੀ ਜਾਣ ਦੇ..!"
-''ਨਹੀਂ ਬਾਈ ਜੈਬਿਆ, ਤੂੰ ਚਲਾ..!" ਉਹ ਨਸ਼ੇ ਦੀ ਲੋਰ 'ਚ ਇੱਕੋ ਰਟ ਲਾਈ ਜਾ ਰਿਹਾ ਸੀ।
-''ਪਿੰਡ ਕੋਲ਼ੇ ਜਾ ਕੇ ਫ਼ੜਾ ਦਿਆਂਗੇ ਪ੍ਰੀਤ, ਬੱਸ ਥੋੜ੍ਹੀ ਵਾਟ ਈ ਰਹਿਗੀ..!"
ਉਹ ਦਾਰੂ ਪੀਂਦੇ ਤੁਰੇ ਆਏ।
ਪਿੰਡ ਦੀ ਜੂਹ ਕੋਲ਼ ਆ ਕੇ ਪ੍ਰੀਤ ਖਹਿੜ੍ਹੇ ਪੈ ਗਿਆ, ''ਜਾਗਰਾ, ਗੱਡੀ ਜੈਬੇ ਬਾਈ ਨੂੰ ਫ਼ੜਾ, ਹੁਣ ਤਾਂ ਪਿੰਡ ਦੀ ਜੂਹ ਵੀ ਆਉਣ ਵਾਲ਼ੀ ਐ..!"
ਜਾਗਰ ਨੇ ਗੱਡੀ ਰੋਕ ਲਈ।
ਸਾਰਿਆਂ ਨੇ ਸੜਕ ਦੇ ਕੰਢੇ ਖੜ੍ਹ ਇੱਕ-ਇੱਕ ਪੈੱਗ ਹੋਰ ਲਾਇਆ ਅਤੇ ਇੱਕ ਲੰਡਾ ਪੈੱਗ ਜਾਗਰ ਨੂੰ ਵੀ ਲੁਆ ਦਿੱਤਾ।
-''ਚੱਲ ਬਾਈ ਜੈਬਿਆ, ਫ਼ੜ ਗੱਡੀ..! ਚਲਾਉਣ ਦਾ ਢੰਗ ਤੈਨੂੰ ਜਾਗਰ ਬਾਈ ਦੱਸੀ ਚੱਲੂ..!"  ਪੈੱਗ ਪੀ ਕੇ ਪ੍ਰੀਤ ਅਮਰੂਦ ਦੀ ਫ਼ਾੜੀ ਮੂੰਹ ਵਿੱਚ ਪਾਉਂਦਾ ਬੋਲਿਆ। ਸਾਰੇ ਗੱਡੀ ਵਿੱਚ ਬੈਠ ਗਏ ਅਤੇ ਗੱਡੀ ਤੁਰ ਪਈ।
ਜੈਬਾ ਸਟੇਅਰਿੰਗ 'ਤੇ ਬੈਠਾ ਸੀ। ਜਾਗਰ ਉਸ ਨੂੰ ਚਲਾਉਣ ਦਾ ਢੰਗ ਦੱਸ ਰਿਹਾ ਸੀ। ਫ਼ੁੱਲ ਅਵਾਜ਼ ਵਿੱਚ ਟੇਪ ਵੱਜ ਰਹੀ ਸੀ। ਪ੍ਰੀਤ ਸੀਟ 'ਤੇ ਬੈਠਾ ਹੀ ਨਾਚ ਕਰ ਰਿਹਾ ਸੀ ਨਸ਼ੇ ਨਾਲ਼ ਉਸ ਦਾ ਚਿਹਰਾ ਭੰਗਰੂੰਣਾ ਜਿਹਾ ਹੋ ਗਿਆ ਸੀ। ਜ਼ੁਬਾਨ ਥਿੜਕਣ ਲੱਗ ਪਈ ਸੀ। ਸ਼ਰਾਬੀ ਜੈਬਾ ਗੱਡੀ ਦੀਆਂ ਬਲ਼ਦ ਮੂਤਣੀਆਂ ਪੁਆਉਂਦਾ ਜਾ ਰਿਹਾ ਸੀ। ਸੜਕ 'ਤੇ ਆਉਂਦੇ ਲੋਕ ਉਸ ਨੂੰ ਹਾਰਨ ਮਾਰ ਕੇ ਸਾਵਧਾਨ ਕਰਦੇ ਤਾਂ ਉਹ ਸਾਰੇ ਲਲਕਾਰੇ ਮਾਰਨ ਲੱਗ ਪੈਂਦੇ ਅਤੇ ਅਗਲੇ ਗੱਡੀ ਪਾਸੇ ਦੀ ਲੰਘਾ ਕੇ ਲੈ ਜਾਂਦੇ।
-''ਆ ਗਈ ਮਿੱਤਰਾਂ ਦੇ ਪਿੰਡ ਦੀ ਜੂਹ...!" ਆਪਣੇ ਪਿੰਡ ਦੇ ਨਾਮ ਦਾ ਬੋਰਡ ਪੜ੍ਹ ਕੇ ਪ੍ਰੀਤ ਬੋਲਿਆ ਤਾਂ ਜਾਗਰ ਨੇ ''ਬਚੀਂ ਬਾਈ ૶ ਬਚੀਂ ਬਾਈ" ਦਾ  ਰੌਲ਼ਾ ਮਚਾਇਆ। ਪੱਥਰ ਲੱਦੀ ਆ ਰਿਹਾ ਟਰੱਕ ਸਿੱਧਾ ਪ੍ਰੀਤ ਹੋਰਾਂ ਦੀ ਗੱਡੀ ਵਿੱਚ ਆ ਵੱਜਿਆ ਅਤੇ ਤਕਰੀਬਨ ਅੱਧਾ ਕਿੱਲਾ ਗੱਡੀ ਨੂੰ ਸੜਕ 'ਤੇ ਧੱਕੀ ਗਿਆ। ਗੱਡੀ ਸੜਕ ਕਿਨਾਰੇ ਲੱਗੇ ਵੱਡੇ ਬੋਹੜ ਨਾਲ਼ ਜਾ ਟਕਰਾਈ। ਭਾਰਾ ਪੱਥਰ ਲੱਦਿਆ ਹੋਣ ਕਾਰਨ ਟਰੱਕ ਦੇ ਵੀ ਬਰੇਕ ਨਹੀਂ ਸਨ ਲੱਗ ਰਹੇ। ਪ੍ਰੀਤ ਹੋਰਾਂ ਦੀ ਗੱਡੀ ਵਿੱਚ ਚੀਕ ਚਿਹਾੜਾ ਮੱਚ ਗਿਆ ਸੀ। ਜਦ ਟਰੱਕ ਰੁਕਿਆ ਤਾਂ ਘਬਰਾਏ ਡਰਾਈਵਰ ਨੇ ਕਾਹਲ਼ੀ ਨਾਲ਼ ਉੱਤਰ ਕੇ ਹਾਲਾਤਾਂ ਦਾ ਮੋਟਾ ਜਿਹਾ ਜਾਇਜ਼ਾ ਲਿਆ। ਚੀਕਾਂ-ਰੌਲ਼ੀ ਬੰਦ ਹੋ ਗਈ ਸੀ, ਜੈਬਾ ਅਤੇ ਪ੍ਰੀਤ ਮਰ ਚੁੱਕੇ ਸਨ, ਜਦ ਕਿ ਜਾਗਰ ਡਰਾਈਵਰ ਅਜੇ ਸਹਿਕ ਰਿਹਾ ਸੀ। ਟਰੱਕ ਚਾਲਕ ਦੀਆਂ ਅੱਖਾਂ ਅੱਗੇ ਭੂਚਾਲ਼ ਆ ਗਿਆ ਅਤੇ ਉਹ ਹਨ੍ਹੇਰੀ ਵਾਂਗ ਟਰੱਕ ਵੱਲ ਨੂੰ ਦੌੜਿਆ, ਟਰੱਕ ਬੈਕ ਕੀਤਾ ਅਤੇ ਪੱਤੇ ਤੋੜ ਗਿਆ।
ਸੜਕ ਉਪਰ ਲੰਘਦੇ ਲੋਕ ਹੌਲ਼ੀ-ਹੌਲ਼ੀ ਰੁਕਣ ਲੱਗ ਪਏ ਅਤੇ ਇਕੱਠ ਬੱਝ ਗਿਆ।
ਕਿਸੇ ਦੇ ਖ਼ਬਰ ਕਰਨ 'ਤੇ ਪੁਲੀਸ ਵੀ ਪਹੁੰਚ ਗਈ। ਡਰਾਈਵਰ ਨੂੰ ਹਸਪਤਾਲ਼ ਪਹੁੰਚਾਇਆ ਗਿਆ ਅਤੇ ਪਹਿਚਾਣ ਹੋਣ 'ਤੇ ਮ੍ਰਿਤਕਾਂ ਦੇ ਵਾਰਸਾਂ ਨੂੰ ਬੁਲਾ ਲਿਆ। ਸ਼ਨਾਖ਼ਤ ਕਰਵਾ ਕੇ ਲਾਸ਼ਾਂ ਪੋਸਟ ਮਾਰਟਮ ਲਈ ਹਸਪਤਾਲ਼ ਨੂੰ ਤੋਰ ਦਿੱਤੀਆਂ ਗਈਆਂ।
ਜਿਉਂ-ਜਿਉਂ ਪਿੰਡ ਵਿੱਚ ਦੁਖਦਾਈ ਖ਼ਬਰ ਫ਼ੈਲਦੀ ਗਈ, ਤਿਉਂ-ਤਿਉਂ ਪਿੰਡ ਦੇ ਚੁੱਲ੍ਹੇ ਬਲਣੇ ਬੰਦ ਹੁੰਦੇ ਗਏ। ਸਾਰੇ ਪਿੰਡ ਨੂੰ ਜਿਵੇਂ ਸਕਤਾ ਮਾਰ ਗਿਆ ਸੀ। ਜਿਵੇਂ ਪਿੰਡ ਵਿੱਚ ਕੋਈ ''ਦੈਂਤ" ਫ਼ਿਰ ਗਿਆ ਸੀ, ਜਿਸ ਨੇ ਪਿੰਡ ਉਜਾੜ ਦਿੱਤਾ ਸੀ। ਪਿੰਡ ਦੇ ਲੋਕ ਜਿਵੇਂ 'ਗੁੰਗੇ-ਬੋਲ਼ੇ' ਸਨ। ਕੋਈ ਕਿਸੇ ਨਾਲ਼ ਗੱਲ ਨਹੀਂ ਕਰ ਰਿਹਾ ਸੀ।
    ਪੋਸਟ ਮਾਰਟਮ ਤੋਂ ਬਾਅਦ ਜਦ ਲਾਸ਼ਾਂ ਪਿੰਡ ਪਹੁੰਚੀਆਂ ਤਾਂ ਪਹਿਲਾਂ ਹੁਬਕੀਆਂ, ਫ਼ੇਰ ਧਾਹਾਂ ਅਤੇ ਫ਼ਿਰ ਕੀਰਨੇ ਉਚੇ ਉਠੇ। ਆਪਣੀ ਮਾਂ ਪੁਨੀਤ ਕੌਰ ਕੋਲ਼ ਗੁਰਅੰਮ੍ਰਿਤ ਚੁੱਪ-ਚਾਪ ਮੂਕ ਦਰਸ਼ਕ ਬਣੀ ਬੈਠੀ ਸੀ। ਉਸ ਦੇ ਹੱਥ ਵਿੱਚ ਕੁਝ ਫ਼ੋਟੋਆਂ ਫ਼ੜੀਆਂ ਹੋਈਆਂ ਸਨ, ਜੋ ਉਸ ਨੇ ਆਪਣੇ ਪਾਪਾ ਜੀ ਨੂੰ ਦਿਖਾਉਣੀਆਂ ਸਨ। ਪਰ ਉਸ ਮਾਸੂਮ ਨੂੰ ਕੀ ਪਤਾ ਸੀ ਕਿ ਉਸ ਦੇ ਪਾਪਾ ਤਾਂ ਉਸ ਦੁਨੀਆਂ ਵਿੱਚ ਜਾ ਬਿਰਾਜੇ ਸਨ, ਜਿੱਥੋਂ ਅੱਜ ਤੱਕ ਕੋਈ ਮੁੜਿਆ ਨਹੀਂ ਸੀ। 
    ਪ੍ਰੀਤ ਦੀ ਲਾਸ਼ ਵਿਹੜੇ ਵਿੱਚ ਪਈ ਸੀ। ਪ੍ਰੀਤ ਦੀ ਮਾਂ ਅਤੇ ਪੁਨੀਤ ਵਿਰਲਾਪ ਕਰ ਰਹੀਆਂ ਸਨ। ਬੱਚੀ ਗੁਰਅੰਮ੍ਰਿਤ ਇੱਕ ਪਾਸੇ ਖੜ੍ਹੀ ਫ਼ੋਟੋ ਦਿਖਾਉਣ ਦੀ ਆਸ ਨਾਲ਼ ਖੜ੍ਹੀ ਸੀ। ਪਰ ਉਸ ਦਾ ਮੌਕਾ ਨਹੀਂ ਲੱਗ ਰਿਹਾ ਸੀ, ਅਤੇ ਨਾ ਹੀ ਉਸ ਦੀ ਕੋਈ ਸੁਣ ਰਿਹਾ ਸੀ। ਉਹ ਕਦੇ ਮਾਂ, ਕਦੇ ਦਾਦੀ ਅਤੇ ਕਦੇ ਦਾਦੇ ਦੇ ਅੱਗੇ ਜਾ ਕੇ ਪਾਪਾ ਦੇ ਕਮਰੇ ਦੀਆਂ ਫ਼ੋਟੋ ਲਹਿਰਾ ਰਹੀ ਸੀ।
    ਜੈਬੇ ਦੇ ਤਾਏ ਦਾ ਮੁੰਡਾ ਜੈਬੇ ਦੀ ਲਾਸ਼ ਲੈਣ ਆਇਆ ਤਾਂ ਮਿੱਤ ਸਿੰਘ ਨੇ ਮਨ ਭਰ ਕੇ ਕਿਹਾ, ''ਜੈਬਾ ਸਾਡੇ ਘਰ ਦਾ ਜੀਅ ਸੀ ਪੁੱਤਰਾ, ਮੈਂ ਆਪਣੇ ਹੱਥੀਂ ਉਹਦਾ ਸਸਕਾਰ ਕਰੂੰਗਾ..!" ਸੁਣ ਕੇ ਜੈਬੇ ਦੇ ਤਾਏ ਦਾ ਮੁੰਡਾ ਹੱਥ ਜੋੜ ਕੇ ਖੜ੍ਹ ਗਿਆ, ''ਸ਼ਾਬਾਸ਼ੇ ਸਰਦਾਰਾ..! ਮੈਨੂੰ ਤਾਂ ਇਹਦੀ ਚਿੰਤਾ ਖਾਈ ਜਾਂਦੀ ਸੀ, ਬਈ 'ਕੱਲੀ ਜਾਨ ਦਾ ਸਸਕਾਰ ਕੌਣ ਕਰੂ..?"
    -''ਜੈਬਾ ਕਦੇ 'ਕੱਲੀ ਜਾਨ ਨੀ ਸੀ ਸ਼ੇਰਾ, ਜੈਬਾ ਸਾਡੇ ਟੱਬਰ ਦਾ ਜੀਅ ਸੀ..! ਕੀ ਹੋ ਗਿਆ ਐਡਾ ਭਾਣਾ ਵਾਪਰ ਗਿਆ, ਬਥੇਰਾ ਦੁੱਖਾਂ ਸੰਕਟਾਂ 'ਚ ਸਾਡੇ ਨਾਲ਼ ਵਗਿਐ ਜਿਉਣ ਜੋਕਰਾ, ਕਿੰਨਾ ਮੋਹ ਸੀ ਇਹਦਾ ਤੇ ਆਪਣੇ ਪ੍ਰੀਤ ਦਾ, ਔਹ ਦੇਖ'ਲਾ, ਮੌਤ ਵੀ 'ਕੱਠੇ ਈ ਲਿਖਾ ਕੇ ਲਿਆਏ ਸੀ...!" ਮਿੱਤ ਸਿਉਂ ਉਚੀ-ਉਚੀ ਰੋ ਪਿਆ। ਰੋਂਦਾ ਦਾਦਾ ਗੁਰਅੰਮ੍ਰਿਤ ਤੋਂ ਸਹਾਰਿਆ ਨਾ ਗਿਆ, ਉਸ ਨੇ ਮਿੱਤ ਸਿਉਂ ਦਾ ਮੋਢਾ ਆ ਨੱਪਿਆ। ਭਿੱਜੀਆਂ ਅੱਖਾਂ ਮਿੱਤ ਸਿਉਂ ਨੇ ਉਪਰ ਚੁੱਕੀਆਂ ਤਾਂ ਪੋਤਰੀ ਹੱਥ ਵਿੱਚ ਪ੍ਰੀਤ ਵਾਲ਼ੇ ਕਮਰੇ ਦੀਆਂ ਫ਼ੋਟੋ ਚੁੱਕੀ ਖੜ੍ਹੀ ਸੀ। ਫ਼ੋਟੋ ਦੇਖ ਕੇ ਮਿੱਤ ਸਿਉਂ ਹੋਰ ਭਾਵੁਕ ਹੋ ਗਿਆ। ਉਸ ਨੇ ਹੰਝੂਆਂ ਨਾਲ਼ ਚੋਂਦੀਆਂ ਅੱਖਾਂ ਦੱਬ ਲਈਆਂ।
-''ਬਾਬਾ ਜੀ..!" ਗੁਰਅੰਮ੍ਰਿਤ ਦਾਦੇ ਦੀ ਬੁੱਕਲ਼ ਵਿੱਚ ਵੜ ਗਈ।
-''ਹਾਂ ਪੁੱਤ...?"
-''ਤੁਸੀਂ ਰੋਨੇ ਕਿਉਂ ਆਂ..?"
-''ਦੇਖ ਪੁੱਤ, ਤੇਰਾ ਜੈਬਾ ਤਾਇਆ, ਤੇ ਤੇਰਾ ਪਾਪਾ ਆਪਾਂ ਨੂੰ ਛੱਡ ਕੇ ਤੁਰ ਗਏ...!" ਤੇ ਉਹ ਪੋਤਰੀ ਨੂੰ ਘੁੱਟ ਕੇ ਭੁੱਬੀਂ ਰੋ ਪਿਆ।
-''ਤੇ ਫ਼ੇਰ ਕੀ ਹੋ ਗਿਆ..?" ਪੋਤਰੀ ਨੇ ਭੋਲ਼ੇ-ਭਾਅ ਹੀ ਕਿਹਾ ਤਾਂ ਮਿੱਤ ਸਿੰਘ ਨੇ ਭਿੱਜੀਆਂ ਅੱਖਾਂ ਉਪਰ ਚੁੱਕੀਆਂ।
-''ਥੋਡੇ ਕੋਲ਼ ਮੈਂ ਹੈ ਤਾਂ ਹੈਗ੍ਹੀ..!" ਉਸ ਨੇ ਦਾਦੇ ਦੇ ਹੰਝੂ ਪੂੰਝੇ ਤਾਂ ਬਲ਼ਦੀ ਹਿੱਕ 'ਤੇ ਜਿਵੇਂ ਸੀਤ ਪਾਣੀ ਦਾ ਛਿੜਕਾਅ ਹੋ ਗਿਆ ਸੀ। ਮਾਸੂਮ ਪੋਤਰੀ ਦੇ ਦੋ ਮਿੱਠੇ ਬੋਲਾਂ ਨੇ ਹਿਰਦੇ ਦੀ ਪੀੜ ਕਾਫ਼ੀ ਹੱਦ ਤੱਕ ਚੂਸ ਲਈ ਸੀ। ਨਿਰਬਲ ਜਿਹਾ ਬੈਠਾ ਮਿੱਤ ਸਿੰਘ ਪੋਤਰੀ ਨੂੰ ਚੁੱਕ ਕੇ ਖੜ੍ਹਾ ਹੋ ਗਿਆ, ''ਚਲੋ ਬਈ, ਸਸਕਾਰ ਦਾ ਪ੍ਰਬੰਧ ਕਰੀਏ..! ਕੁਵੇਲ਼ਾ ਨਾ ਕਰੋ..!" ਮਿੱਤ ਸਿੰਘ ਦੇ ਬੋਲਾਂ ਵਿੱਚ ਹੁਣ ਥਿੜਕਾਅ ਨਹੀਂ, ਸਹਿਜ ਸੀ।
-''ਐਵੇਂ ਦੁਨੀਆਂ ਧੀਆਂ ਨੂੰ ਕੁੱਖਾਂ 'ਚ ਮਾਰੀ ਤੁਰੀ ਜਾਂਦੀ ਐ, ਇਹਨਾਂ ਅਰਗਾ ਆਸਰਾ ਕਿਹੜੈ..?" ਉਹ ਪੋਤਰੀ ਨੂੰ ਹਿੱਕ ਨਾਲ਼ ਲਾਈ ਸਸਕਾਰ ਦੀ ਤਿਆਰੀ ਕਰਦੇ ਮੁੰਡਿਆਂ ਦੇ ਅੱਗੇ ਲੱਗ ਤੁਰਿਆ।............
-''....................।" ਹਰ ਕੌਰ ਦੀਆਂ ਅੱਖਾਂ ਵਿੱਚੋਂ ਹੰਝੂ ''ਤਰਿੱਪ-ਤਰਿੱਪ" ਚੋਈ ਜਾ ਰਹੇ ਸਨ
-''ਜੀਹਦਾ ਜੁਆਨ ਪੁੱਤ ਕਹਿਰ ਦੀ ਮੌਤ ਮਰਜੇ, ਉਹਦਾ ਹਾਲ ਦੇਖਲਾ ਕੀ ਹੋਊ...?" ਫ਼ੁੱਫ਼ੜ ਮਹਿੰਗਾ ਸਿੰਘ ਖ਼ੁਦ ਦੁਖੀ ਬੈਠਾ ਸੀ।
ਆਥਣੇ ਫ਼ੁੱਫ਼ੜ ਚਲਾ ਗਿਆ।
ਅਨੂਪ ਕੌਰ ਪਾਠ-ਪੂਜਾ ਕਰਨ ਵਾਲ਼ੀ, ਰੱਬੀ ਬਿਰਤੀ ਵਾਲ਼ੀ ਕੁੜੀ ਸੀ। ਰੱਬ ਦੀ ਰਜ਼ਾ ਅਤੇ ਭਾਣੇ 'ਚ ਰਹਿਣ ਵਾਲ਼ੀ ਔਰਤ! ਜਦ ਕਿ ਜੋਗਾ ਸਿੰਘ ਹਰ ਰੋਜ਼ ਦਾ ਪਿਆਕੜ ਸੀ। ਦਾਰੂ ਪੀਤੀ ਬਿਨਾ ਤਾਂ ਜੋਗਾ ਸਿੰਘ ਨੂੰ ਨੀਂਦ ਨਹੀਂ ਆਉਂਦੀ ਸੀ ਅਤੇ ਸੁਰਤ ਸੰਭਲਣ ਤੋਂ ਲੈ ਕੇ ਅੱਜ ਤੱਕ ਉਸ ਨੇ ਕਦੇ ਨਾਗਾ ਵੀ ਨਹੀਂ ਪਾਇਆ ਸੀ। ਅਨੂਪ ਕੌਰ ਹਰ ਰੋਜ਼ ਰੱਬ ਅੱਗੇ ਹੱਥ ਜੋੜਦੀ ਅਤੇ ਜੋਗਾ ਸਿੰਘ ਦੀ ਸ਼ਰਾਬ ਛੁਡਾਉਣ ਲਈ ਅਰਜੋਈਆਂ ਕਰਦੀ।
ਰਾਤ ਨੂੰ ਹਰ ਕੌਰ ਰੋਟੀ ਖਾ ਕੇ ਮੰਜੇ ਵਿੱਚ ਵੜ ਗਈ।
ਅਨੂਪ ਕੌਰ ਕੀਰਤਨ ਸੋਹਿਲੇ ਦਾ ਪਾਠ ਕਰ ਕੇ ਗੁਟਕਾ ਸਾਹਿਬ ਟਾਂਡ ਉਪਰ ਰੱਖ, ਜੋਗਾ ਸਿੰਘ ਕੋਲ਼ ਮੰਜੇ 'ਤੇ ਆ ਪਈ।
ਜੋਗਾ ਸਿੰਘ ਪੈੱਗ-ਸ਼ੈੱਗ ਲਾਈ ਕਰਾਰਾ ਜਿਹਾ ਹੋਇਆ, ਰੰਗਾਂ ਵਿੱਚ ਪਿਆ ਸੀ।
ਖੂੰਜੇ ਇੱਕ ਪਾਸੇ ਲਾਲਟੈਣ ਜਗ ਰਹੀ ਸੀ
-''ਬੀਜੀ, ਮੁੰਡਾ-ਮੁੰਡਾ ਕਰਦੇ ਰਹਿੰਦੇ ਐ..!" ਅਨੂਪ ਕੌਰ ਨੇ ਬੜੀ ਸੰਖੇਪ ਗੱਲ ਆਖੀ।
-''ਫ਼ੇਰ ਕੀ ਮਾੜਾ ਕਹਿੰਦੀ ਐ...? ਠੀਕ ਈ ਤਾਂ ਕਹਿੰਦੀ ਐ ਬੇਬੇ...! ਮੁੰਡਾ ਚਾਹੀਦੈ, ਮੁੰਡਾ...!! ਤੇ ਉਹ ਵੀ ਘਣ ਵਰਗਾ...!! ਜਿਹੜਾ ਜੰਮਦਾ ਈ ਨੱਕੇ ਮੋੜੇ...!" ਉਸ ਨੇ ਬੜੇ ਗੜ੍ਹਕੇ ਨਾਲ਼ ਕਿਹਾ।
-''ਤੁਸੀਂ ਆਪਦੀ ਦਾਰੂ ਛੱਡ ਕੇ ਅਰਦਾਸ ਕਰਿਆ ਕਰੋ, ਗੁਰੂ ਸਾਹਿਬਾਨ ਸਭ ਕੁਛ ਬਖ਼ਸ਼ਣਗੇ..!" ਅਨੂਪ ਕੌਰ ਨੇ ਬੜੀ ਮਾਸੂਮੀਅਤ ਨਾਲ਼ ਆਖਿਆ।
-''.................।" ਜੋਗਾ ਸਿੰਘ ਵੱਟ ਖਾ ਗਿਆ। ਉਸ ਨੇ ਖਰੂਦੀ ਸਾਹਣ ਵਾਂਗ ਪਾਸਾ ਮਾਰਿਆ।
-''ਤੂੰ ਬਾਹਲ਼ੀ ਸੰਤਣੀਂ ਬਣ ਕੇ ਮੇਰੀ ਦਾਰੂ ਦੇ ਰਾਹ 'ਚ ਰੋੜਾ ਨਾ ਬਣਿਆਂ ਕਰ..! ਸੁਣ ਗਿਆ..?? ਆਬਦੀਆਂ ਗੁਣੀ-ਗਿਆਨੀ ਗੱਲਾਂ ਆਬਦੇ ਕੋਲ਼ੇ ਰੱਖਿਆ ਕਰ..!"
-''........................।" ਅਨੂਪ ਕੌਰ ਚੁੱਪ ਵੱਟ ਗਈ।
ਇੱਕ ਪਾਸੇ ਲਾਲਟੈਣ ਭੜ੍ਹੱਕ ਕੇ ਬੰਦ ਹੋ ਗਈ।
ਦਿਨ ਚੜ੍ਹਦਾ ਰਿਹਾ ਅਤੇ ਛੁਪਦਾ ਰਿਹਾ।
ਧੁੱਪ ਛਾਂ ਅਤੇ ਪ੍ਰਛਾਂਵੇਂ ਹਨ੍ਹੇਰੇ ਵਿੱਚ ਬਦਲਦੇ ਰਹੇ।
ਅਨੂਪ ਕੌਰ ਦੇ ਦਿਨ ਪੂਰੇ ਹੋ ਗਏ। ਅਨੂਪ ਕੌਰ ਨੂੰ ਜੰਮਣ ਪੀੜਾਂ ਸ਼ੁਰੂ ਹੋ ਗਈਆਂ।  
ਪਿੰਡ ਦੀ ਦਾਈ ਨ੍ਹਾਮੋਂ ਬੁਲਾ ਲਈ ਗਈ।
-''ਜੋਰ ਲਾ ਪੁੱਤ...! ਜੋਰ ਲਾ ਪੂਰਾ...!!"
ਬੈਠਕ ਅੰਦਰੋਂ ਦਾਈ ਦੀ ਅਵਾਜ਼ ਆ ਰਹੀ ਸੀ। ਅਨੂਪ ਕੌਰ ਦਾ ਬੁਰਾ ਹਾਲ ਸੀ। ਉਹ ਦਰਦ ਨਾਲ਼ ਮੰਜੇ 'ਤੇ ਸੱਪ ਵਾਂਗ ਮੇਹਲ ਰਹੀ ਸੀ। ਉਸ ਦੇ ਮੱਥੇ ਤੋਂ ਪਸੀਨਾਂ ਧਰਾਲ਼ਾਂ ਬਣ ਵਗ ਰਿਹਾ ਸੀ ਅਤੇ ਵਾਲ਼ ਮੱਥੇ 'ਤੇ ਉਲ਼ਝੇ ਪਏ ਸਨ। ਦਾਈ ਉਸ ਦਾ ਢਿੱਡ ਮਲ਼ ਰਹੀ ਸੀ ਅਤੇ ਕਦੇ ਕੋਈ ਹੋਰ ਬੰਨ੍ਹ-ਸੁੱਬ ਕਰ ਰਹੀ ਸੀ।
ਸਵੇਰ ਦੇ ਤਿੰਨ ਵਜੇ ਤੱਕ ਅਨੂਪ ਕੌਰ ਪੀੜਾਂ ਦੀ ਸੂਲ਼ੀ ਚੜ੍ਹੀ ਰਹੀ।
ਅਖੀਰ ਅਨੂਪ ਕੌਰ ਦਾ ਛੁਟਕਾਰਾ ਹੋਇਆ, ਸਵੇਰੇ ਤਿੰਨ ਵਜੇ ਜਾ ਕੇ ਬੱਚੇ ਦਾ ਜਨਮ ਹੋਇਆ। ਕਿਲਕਾਰੀ ਵੱਜੀ ਤਾਂ ਅਨੂਪ ਕੌਰ ਦੀ ਜਾਨ ਛੁੱਟੀ।
-''ਕੀ ਹੋਇਐ ਅੰਮਾਂ ਜੀ...?" ਹਰ ਕੌਰ ਨੇ ਨ੍ਹਾਮੋਂ ਨੂੰ ਪੁੱਛਿਆ ਅਤੇ ਕਿਸੇ ਤਾਂਘ ਅਤੇ ਕਾਹਲ਼ੀ ਨਾਲ਼ ਉਹ ਦੇਖਣ ਲਈ ਅਹੁਲ਼ੀ।
-''ਧੀ ਧਿਆਣੀ ਆਈ ਐ, ਹਰ ਕੁਰੇ...! ਪੋਤੀ ਦਿੱਤੀ ਐ ਤੈਨੂੰ ਰੱਬ ਨੇ...! ਕਹਿੰਦੇ ਹੁੰਦੇ ਐ ਓਹੀ ਨਾਰ ਸੁਲੱਖਣੀ, ਜੀਹਨੇ ਪਹਿਲਾਂ ਜਾਈ ਲੱਛਮੀਂ...!" ਨ੍ਹਾਮੋਂ ਦਾਈ ਨੇ ਸੜੀ-ਬਲ਼ੀ ਹਰ ਕੌਰ ਦੀਆਂ ਬਾਂਹਾਂ ਉਤੇ ਨਵਜੰਮੀ ਬੱਚੀ ਰੱਖ ਦਿੱਤੀ।
ਹਰ ਕੌਰ ਨੇ ਬੱਚੀ ਨੂੰ ਦੇਖ ਕੇ ਫ਼ੇਰ ਨੱਕ ਚਾੜ੍ਹਿਆ।
-''ਕਿੰਨੀ ਸੋਹਣੀ ਧੀ ਐ...!" ਨ੍ਹਾਮੋਂ ਬੋਲੀ।
-''......................।" ਹਰ ਕੌਰ ਨੇ ਬੁੱਲ੍ਹ ਟੇਰ ਕੇ ਮੂੰਹ ਸਕੋੜ ਲਿਆ।
ਨ੍ਹਾਮੋਂ ਨਵਜੰਮੀ ਬੱਚੀ ਨੂੰ ਕੜ੍ਹਾਹੀਏ 'ਚ ਗਰਮ ਪਾਣੀਂ ਪਾ ਕੇ ਨਹਾਉਣ ਲੱਗ ਪਈ।
-''ਹਰ ਕੁਰੇ...!" ਨ੍ਹਾਮੋਂ ਬੋਲੀ।
-''ਹਾਂ ਬੇਬੇ...?"
-''ਕੁੜੀ ਦਾ ਤਾਂ ਭਾਈ ਇੱਕ ਹੱਥ ਕਮਜੋਰ ਲੱਗਦੈ...!" ਨ੍ਹਾਮੋਂ ਨੇ ਅਜੀਬ ਹੀ ਭਾਖਿਆ ਦਿੱਤੀ।
-''ਮੈਨੂੰ ਤਾਂ ਪਹਿਲਾਂ ਈ ਪਤਾ ਸੀ, ਬਈ ਕੋਈ ਲੂਲ੍ਹਾ-ਲੰਗੜਾ ਈ ਜੰਮੂੰ...!" ਹਰ ਕੌਰ ਕਚੀਲ ਵਾਂਗ ਬੋਲੀ।
-''ਇਹਦਾ 'ਲਾਜ ਕਰਵਾਉਣਾ ਪਊ..!"
-''ਲਾਜ ਨੂੰ ਮੈਂ ਇਹਨੂੰ ਕਿਤੇ ਬਾਹਰਲੇ ਮੁਲਕ ਨਾ ਲੈਜਾਂ...!"
-''ਧੀ ਧਿਆਣੀ ਐਂ, ਇਉਂ ਨਾ ਬੋਲ ਹਰ ਕੁਰੇ..!"
-''ਨ੍ਹਾਂ ਧੀ ਧਿਆਣੀ ਨੂੰ ਮੈਂ ਚਿੱਠੀ ਪਾ ਕੇ ਸੱਦਿਆ ਸੀ...?"
-''.................।" ਨ੍ਹਾਮੋਂ ਚੁੱਪ ਕਰ ਗਈ।
-''ਪੱਥਰ ਜੰਮ ਕੇ ਗਿੱਲੀ ਮਿੱਟੀ ਦਾ ਪੋਚਾ ਫ਼ੇਰਤਾ ਸਾਡੀਆਂ ਰੀਝਾਂ 'ਤੇ...!" ਉਹ ਬਾਹਰ ਬੈਠਕ ਵਿੱਚ ਬੈਠੇ ਜੋਗਾ ਸਿੰਘ ਹੋਰਾਂ ਵੱਲ ਤੁਰ ਪਈ।
ਬਾਹਰਲੀ ਬੈਠਕ ਵਿਚ ਸੀਰੀ ਗੇਜਾ ਅਤੇ ਜੋਗਾ ਸਿੰਘ ਦਾਰੂ ਪੀ ਰਹੇ ਸਨ।
ਹਰ ਕੌਰ ਹਨ੍ਹੇਰੀ ਵਾਂਗ ਉਹਨਾਂ ਕੋਲ਼ ਆਈ।
-''ਕੁੜੀ ਜੰਮ ਕੇ ਧਰ'ਤੀ...! ...ਤੇ ਉਹ ਵੀ ਲੁੰਜੀ...!!"
-''..................।" ਗੇਜੇ ਅਤੇ ਜੋਗਾ ਸਿੰਘ ਨੂੰ ਜਿਵੇਂ ਸੱਪ ਸੁੰਘ ਗਿਆ। ਉਹ ਤਾਂ ਅੱਜ ਪੁੱਤ ਦੀ ਆਸ ਲਾ ਕੇ ਦਾਰੂ ਨਾਲ਼ ਕਮਲ਼ੇ ਹੋਏ ਪਏ ਸਨ।
-''ਲਾਹਣ ਪੀ ਕੇ ਦੰਦੀਆਂ ਜੀਆਂ ਨਾ ਕੱਢੋ..! ਹੁਣ ਤੁਸੀਂ ਸੋਚੋ, ਬਈ ਇਹਤੋਂ ਬੱਜੋਰੱਤੀ ਤੋਂ ਖਹਿੜ੍ਹਾ ਕਿਵੇਂ ਛੁਡਾਉਣੈ...!'' ਆਖ ਹਰ ਕੌਰ ਬੜੀ ਤੇਜੀ ਨਾਲ਼ ਵਾਪਸ ਚਲੀ ਗਈ।
-''ਆਹ ਤਾਂ ਰੱਬ ਨੇ ਕੋਈ ਵੈਰ ਕੱਢਿਐ ਬਾਈ ਜੋਗਿਆ...! ਕੁੜੀ ਮੱਥੇ ਮਾਰੀ, ਤੇ ਉਹ ਵੀ ਅੱਧੋਰਾਣੀ..!"
-''ਹਾਏ ਓਏ ਰੱਬਾ....!" ਸੁਣ ਕੇ ਸ਼ਰਾਬੀ ਜੋਗਾ ਉਚੀ-ਉਚੀ ਰੋਣ ਲੱਗ ਪਿਆ।
ਅਨੂਪ ਕੌਰ ਨਿਢਾਲ਼ ਅਤੇ ਨਿਰਬਲ ਹੋਈ ਚੁੱਪ ਚਾਪ ਮੰਜੇ 'ਤੇ ਪਈ ਸੀ। ਇੱਕ ਪਾਸੇ ਨਵਜੰਮੀ ਧੀ ਪਈ ਸੀ। ਧੀ ਵੱਖੀ ਨਾਲ਼ ਲੱਗੀ ਉਸ ਨੂੰ ਅਜੀਬ ਜਿਹਾ ਨਿੱਘ ਦੇ ਰਹੀ ਸੀ। ਜਿਵੇਂ ਹਰੇ ਰੰਗ ਦੇ ਕਾਗਜ਼ ਉਪਰ ਸੋਨੇ ਦੀ ਡਲ਼ੀ ਪਈ ਸੀ। ਧੀ ਦੇ ਨਿੱਕੇ-ਨਿੱਕੇ ਸਾਹ ਉਸ ਨੂੰ ਅਜੀਬ ਆਨੰਦ ਦੇ ਰਹੇ ਸਨ।
-''ਮੈਂ ਦੁਪਿਹਰੇ ਫ਼ੇਰ ਆਊਂਗੀ ਨੂੰਹ ਰਾਣੀਏਂ...! ਤੂੰ ਅਜੇ ਮੰਜੇ ਤੋਂ ਨਾ ਉਠੀਂ, ਹਵਾ ਨਾ ਲੱਗਜੇ ਤੈਨੂੰ...! ਆ ਕੇ ਤੇਰਾ ਢਿੱਡ ਮਲੂੰਗੀ..!" ਨ੍ਹਾਮੋਂ ਉਠ ਕੇ ਤੁਰ ਗਈ।
ਅਨੂਪ ਕੌਰ ਕੁਝ ਨਹੀਂ ਬੋਲੀ। ਉਸ ਦਾ ਸਰੀਰ ਜਿਸਮਾਨੀ ਪੀੜ ਨਾਲੋਂ ਮਾਨਸਿਕ ਤੌਰ 'ਤੇ ਜ਼ਿਆਦਾ ਵਿੰਨ੍ਹਿਆਂ ਪਿਆ ਸੀ।
ਇੱਕ ਪਾਸੇ ਹਰ ਕੌਰ ਰੁੱਸਿਆਂ ਵਾਂਗ ਬੈਠੀ ਸੀ।
ਉਹ ਨਵਜੰਮੀਂ ਪੋਤਰੀ ਵੱਲ ਡੈਣ ਵਾਂਗ ਝਾਕਦੀ ਸੀ।
ਅਗਲੇ ਦਿਨ ਗੇਜਾ ਅਤੇ ਜੋਗਾ ਖੇਤ ਚੁੱਪ ਚਾਪ ਪੱਠੇ ਵੱਢ ਰਹੇ ਸਨ। ਉਹਨਾਂ 'ਚੋਂ ਕੋਈ ਕਿਸੇ ਨਾਲ਼ ਗੱਲ ਨਹੀਂ ਕਰ ਰਿਹਾ। ਜਿਵੇਂ ਉਹ ਇੱਕ-ਦੂਜੇ ਨਾਲ਼ ਲੜੇ ਹੋਏ ਸਨ। ਉਹਨਾਂ ਪੱਠੇ ਇਕੱਠੇ ਕੀਤੇ ਅਤੇ ਰੇੜ੍ਹੀ ਵਿੱਚ ਲੱਦ ਘਰ ਨੂੰ ਤੁਰ ਪਏ। ਕਿਸੇ ਨੂੰ ਕੋਈ ਗੱਲ ਨਹੀਂ ਸੁੱਝ ਰਹੀ ਸੀ। ਜਿਵੇਂ ਉਹ ਗੂੰਗੇ-ਬੋਲ਼ੇ ਸਨ।
ਉਹਨਾਂ ਨੇ ਪੱਠੇ ਕੁਤਰ ਕੇ ਪਸ਼ੂਆਂ ਨੂੰ ਪਾਏ ਅਤੇ ਬਾਹਰਲੇ ਰਾਹ ਵਾਲ਼ੀ ਬੈਠਕ ਵਿੱਚ ਆ ਬੈਠੇ। ਲਾਲਟੈਣ ਬਾਲ਼ ਕੇ ਉਹਨਾਂ ਨੇ ਬੋਤਲ ਖੋਲ੍ਹ ਦਾਰੂ ਝੋਅ ਲਈ।
ਬਿੰਡੇ ਬੋਲ ਰਹੇ ਸਨ। ਪੈੱਗ ਚੱਲ ਰਹੇ ਸਨ। ਜੋਗਾ ਸਿੰਘ ਦਾਰੂ ਪੀਂਦਾ-ਪੀਂਦਾ ਵਿੱਚ ਦੀ ਰੋਣ ਲੱਗ ਜਾਂਦਾ ਸੀ ਅਤੇ ਫ਼ਿਰ ਉਸ ਨੂੰ ਪਤਾ ਨਹੀਂ ਕੀ ਸੁੱਝਿਆ, ਉਸ ਨੇ ਕਰੋਧ ਨਾਲ਼ ਬੋਤਲ ਚੁੱਕ ਕੰਧ ਨਾਲ਼ ਮਾਰੀ। ਬੋਤਲ ਕੀਚਰਾਂ ਹੋ ਗਈ ਅਤੇ ਕੱਚ ਦੇ ਟੁਕੜੇ ਦੂਰ-ਦੂਰ ਤੱਕ ਖਿੱਲਰ ਗਏ।
-''ਰੋਣਾਂ ਮਰਦਾਂ ਨੂੰ ਮਿਹਣਾਂ ਬਾਈ, ਕੋਈ ਹੁਕਮ ਕਰ, ਤੇਰੇ ਲਈ ਫ਼ਾਹੇ ਲੱਗਣ ਨੂੰ ਤਿਆਰ ਐਂ...!"
-''ਬੇਬੇ ਬਹੁਤ ਦੁਖੀ ਐ ਗੇਜਿਆ...! ਉਸ ਨੇ ਸਾਰੀ ਉਮਰ ਕੋਈ ਸੁਖ ਨੀ ਦੇਖਿਆ, ਹੁਣ ਆਹ ਪੋਤੇ ਆਲ਼ੀ ਮਾੜੀ ਜੀ ਆਸ ਜੀ ਬੱਝੀ ਸੀ, ਤੇ ਉਹ ਵੀ...!" ਉਹ ਮੁੜ ਅੱਖਾਂ 'ਤੇ ਬਾਂਹ ਰੱਖ ਕੇ ਰੋਣ ਲੱਗ ਪਿਆ।
-''ਦੁਖੀ ਤਾਂ ਸਾਰੇ ਈ ਐਂ...! ਮੈਂ ਤਾਂ ਸੋਚਿਆ ਸੀ ਪੁੱਤ ਹੋਊ, ਭੰਗੜ੍ਹੇ ਪਾ ਕੇ ਸ਼ਰੀਕਾਂ ਦਾ ਕਾਲ਼ਜਾ ਫ਼ੂਕਾਂਗੇ...!!" ਗੇਜਾ ਬੋਲਿਆ।
-''ਸਾਰਾ ਕੁਛ ਧਰਿਆ ਧਰਾਇਆ ਰਹਿ ਗਿਆ, ਮੈਥੋਂ ਬੇਬੇ ਦਾ ਦੁੱਖ ਜਰਿਆ ਨੀ ਜਾਂਦਾ, ਗੇਜਿਆ...!" ਜੋਗੇ ਦੇ ਹਾਉਕੇ ਹੋਰ ਉਚੇ ਹੋ ਗਏ।
-''..............।" ਇੱਕ ਚੁੱਪ ਛਾ ਗਈ।
-''ਗੇਜਿਆ...!"
-''ਹਾਂ ਬਾਈ...?"
-''ਮੇਰਾ ਇੱਕ ਕੰਮ ਕਰ...!"
-''ਬੋਲ...?"
-''ਇੱਕ ਬੋਝ ਲਾਹ ਸਿਰ ਤੋਂ...!!"
-''ਤੂੰ ਇੱਕ ਇਸ਼ਾਰਾ ਕਰ, ਚਿੜੀਆਂ ਦਾ ਦੁੱਧ ਹਾਜਰ ਕਰੂੰ, ਬਾਈ...! ਰੋੜਾ ਮਾਰ ਕੇ ਸੂਰਜ ਥੱਲੇ ਸਿੱਟਲੂੰ...!" ਉਹ ਦਾਰੂ ਨਾਲ਼ ਰੱਜਿਆ ਸੂਰਮਾਂ ਬਣਿਆਂ ਬੈਠਾ ਸੀ।
-''ਏਸ ਜੁਆਕੜੀ ਦਾ ਕੰਮ ਨਬੇੜ...!" ਲਾਲਟੈਣ ਦੇ ਚਾਨਣ ਵਿਚ ਜੋਗਾ ਸਿੰਘ ਦਾ ਚਿਹਰਾ, ਕਿਸੇ ਜਿੰਨ ਦਾ ਚਿਹਰਾ ਜਾਪਦਾ ਸੀ।
-''ਤੇਰਾ ਮਤਲਬ.....ਜਮਾਂ ਈ ਕੰਮ ਘੜਿੱਚ..?" ਉਸ ਨੇ ਇਸ਼ਾਰੇ ਨਾਲ਼ ਆਪਣੀ ਧੌਣ 'ਤੇ ਪੁੱਠਾ ਅੰਗੂਠਾ ਫ਼ੇਰ ਕੇ ਰਮਜ਼ ਪੁੱਛੀ। ਗੇਜੇ ਦਾ ਚਿਹਰਾ ਵੀ ਪ੍ਰੇਤ ਵਰਗਾ ਲੱਗਦਾ ਸੀ।
-''ਆਹੋ...!! ਰੁਪਈਆ ਪੰਜ ਹਜ਼ਾਰ ਦਿਊਂਗਾ...! ਆਹ ਫ਼ੜ ਬੋਤਲ...!"
-''ਤੂੰ ਗੋਲ਼ੀ ਮਾਰ ਰੁਪਈਆਂ ਨੂੰ...! ਯਾਰੀ ਐ, ਛੋਲਿਆਂ ਦਾ ਵੱਢ ਨੀ, ਬਾਈ..! ਕੰਮ ਅੱਜ ਈ ਨਬੇੜ ਦਿੰਨੇ ਐਂ..! ਇੱਕ ਦੋ ਦਿਨਾਂ ਦੇ ਜੁਆਕ ਦਾ ਪਾਪ ਨੀ ਲੱਗਦਾ, ਉਹਨੂੰ ਕਿਹੜਾ ਕੋਈ ਸੁਰਤ ਹੁੰਦੀ ਐ..?"
ਜੋਗਾ ਸਿੰਘ ਜਮਦੂਤ ਵਾਂਗ ਉਠਿਆ।
ਲਾਲਟੈਣ ਦੇ ਚਾਨਣ ਵਿਚ ਉਹ ਬਿਕਰਾਲ਼ ਰੂਪ ਧਾਰੀ ਖੜ੍ਹਾ ਸੀ।
-''ਚੱਲ...! ਜਦੋਂ ਕੋਈ ਕੰਮ ਨਬੇੜਨਾ ਹੋਵੇ, ਤਾਂ ਸੱਜੇ ਨੂੰ ਖੱਬਾ ਨੀ ਉਡੀਕੀਦਾ, ਬਾਈ..!" ਦਾਰੂ ਨਾਲ ਰੱਜੇ ਉਹ ਬਾਹਰਲੇ ਰਾਹ ਵਾਲ਼ੀ ਬੈਠਕ ਵਿੱਚੋਂ ਉਠ ਘਰ ਆ ਗਏ।
ਨਿੱਕੀ ਜਿਹੀ ਬੱਚੀ ਅਨੂਪ ਕੌਰ ਦੇ ਨਾਲ਼ ਮੰਜੇ 'ਤੇ ਪਈ ਸੀ। ਜਿਵੇਂ ਸੁੱਕੇ ਪੱਤਿਆਂ ਵਿੱਚ ਗੇਂਦੇ ਦਾ ਫ਼ੁੱਲ ਖਿੜਿਆ ਹੁੰਦੈ। ਅਨੂਪ ਕੌਰ ਦੀਆਂ ਅੱਖਾਂ ਬੰਦ ਸਨ। ਇੱਕ ਪਾਸੇ ਮੱਧਮ ਜਿਹਾ ਦੀਵਾ ਜਗ ਰਿਹਾ ਸੀ।
ਜਦ ਦੀਵੇ ਦੇ ਚਾਨਣ ਵਿੱਚ ਜੋਗਾ ਸਿੰਘ ਨੇ ਫ਼ੁੱਲ ਵਰਗੀ ਬੱਚੀ ਨੂੰ ਚੁੱਕਿਆ ਤਾਂ ਅਨੂਪ ਕੌਰ ਦੀ ''ਪਟੱਕ" ਦੇਣੇ ਅੱਖ ਖੁੱਲ੍ਹ ਗਈ। ਬੁਰੀਆਂ ਨੀਅਤਾਂ ਅਤੇ ਖ਼ੂਨੀ ਇਰਾਦੇ ਭਾਂਪ ਕੇ ਅਨੂਪ ਕੌਰ ਅੱਭੜਵਾਹੇ ਉਠ ਕੇ ਬੈਠ ਗਈ। ਉਹ ਜੋਗਾ ਸਿੰਘ ਦਾ ਚੰਡਾਲ਼ ਚਿਹਰਾ ਦੇਖ ਕੇ ਕੰਬੀ ਜਾ ਰਹੀ ਸੀ।
ਜਦ ਉਹ ਬੱਚੀ ਨੂੰ ਲੈ ਕੇ ਤੁਰਨ ਲੱਗਿਆ ਤਾਂ ਅਨੂਪ ਕੌਰ ਨੇ ਕੰਧ ਬਣ ਕੇ ਉਸ ਦਾ ਰਾਹ ਰੋਕ ਲਿਆ।
-''ਇਹਨੂੰ ਅੱਧੀ ਰਾਤੋਂ ਕਿੱਧਰ ਲੈ ਕੇ ਚੱਲੇ ਹੋ...?" ਉਸ ਦੇ ਸਰੀਰ ਦਾ ਲੂੰ-ਕੰਡਾ ਖੜ੍ਹਾ ਸੀ।
-''ਇਹਦਾ ਭੋਗ ਪਾਉਣ...!"
ਅਨੂਪ ਕੌਰ ਨੇ ਹੱਥ ਜੋੜ ਲਏ।
-''ਨਾ ਸਰਦਾਰਾ...! ਇਹਨੇ ਅਜੇ ਵਿਚਾਰੀ ਨੇ ਜੱਗ ਦਾ ਦੇਖਿਆ ਈ ਕੀ ਐ..? ਨਾ ਪਾਪ ਕਰ...!!"
-''ਓਏ ਪਰ੍ਹਾਂ ਮਰ..! ਸਾਲ਼ੀ ਪਾਪ ਦੀ...!" ਜੋਗਾ ਸਿੰਘ ਨੇ ਅਨੂਪ ਕੌਰ ਧੱਕਾ ਦੇ ਕੇ ਪਾਸੇ ਕਰ ਦਿੱਤੀ।
-''ਬੀਜੀ.....! ਰੋਕੋ ਇਹਨਾਂ ਨੂੰ...! ਦੇਖੋ ਕੀ ਅਨਰਥ ਕਰਨ ਚੱਲੇ ਐ...!" ਅਨੂਪ ਕੌਰ ਨੇ ਚੁੰਨੀ ਦਾ ਪੱਲਾ ਅੱਡ ਕੇ ਸੱਸ ਹਰ ਕੌਰ ਨੂੰ ਵਾਸਤਾ ਪਾਇਆ। ਨਾਲ ਉਹ ਜਾਰੋ-ਜਾਰ ਰੋ ਰਹੀ ਸੀ।
-''..................।" ਸੱਸ ਹਰ ਕੌਰ ਨੇ ਕੌੜਾ ਜਿਹਾ ਝਾਕ ਕੇ ਮੂੰਹ ਪਾਸੇ ਕਰ ਲਿਆ।
ਜਦ ਸੱਸ ਨੇ ਕੋਈ ਗ਼ੌਰ ਨਾ ਕੀਤੀ ਤਾਂ ਅਨੂਪ ਕੌਰ ਮੁੜ ਜੋਗਾ ਸਿੰਘ ਕੋਲ਼ ਚਲੀ ਗਈ।
-''ਨਾ ਸਰਦਾਰਾ, ਇਹ ਅਨਰਥ ਨਾ ਕਰ...! ਜੇ ਤੂੰ ਕਹੇਂ ਤਾਂ ਮੈਂ ਆਬਦੀ ਧੀ ਨੂੰ ਲੈ ਕੇ ਪੇਕੀਂ ਚਲੀ ਜਾਨੀ ਐਂ..! ਆਪੇ ਔਖੀ ਸੌਖੀ ਪਾਲ਼ ਲਊਂਗੀ, ਤੁਹਾਡੇ 'ਤੇ ਬੋਝ ਨੀ ਬਣਨ ਦਿੰਦੀ...!" ਉਸ ਨੇ ਉਸ ਕੋਲੋਂ ਕੁੜੀ ਲੈਣੀ ਚਾਹੀ।
-''ਓਏ ਦਫ਼ਾ ਹੋ...! ਸਾਲ਼ੀ ਕੁੱਤਿਆਂ ਦੀ..!" ਜੋਗਾ ਸਿੰਘ ਨੇ ਉਸ ਨੂੰ ਧੱਕਾ ਮਾਰ ਕੇ ਸੁੱਟ ਦਿੱਤਾ। ਉਹ ਰੋਂਦੀ ਕੁਰਲਾਉਂਦੀ ਧਰਤੀ 'ਤੇ ਜਾ ਡਿੱਗੀ। ਉਸ ਦਾ ਸਿਰ ਪਾਵੇ ਨਾਲ਼ ਵੱਜ ਸੁੰਨ ਹੋ ਗਿਆ ਸੀ। ਇੱਕ ਪਾਸੇ ਹਰ ਕੌਰ ਬੜੇ ਅਰਾਮ ਨਾਲ਼ ਦੁੱਧ ਪੀ ਰਹੀ ਸੀ। ਉਸ ਦੇ ਦਿਮਾਗ 'ਤੇ ਕੋਈ ਅਸਰ ਨਹੀਂ ਸੀ।
ਜੋਗਾ ਸਿੰਘ ਨੇ ਬੱਚੀ ਸ਼ਰਾਬੀ ਗੇਜੇ ਨੂੰ ਜਾ ਫ਼ੜਾਈ।
-''ਲੈ ਚੱਕ ਗੇਜਿਆ...! ਤੇ ਪੂਰ ਇਹਦਾ ਸੰਖ ਲੀਰ ਜੀ ਦਾ...!"
-''.........................।" ਗੇਜੇ ਨੇ ਦਾਰੂ ਦੀ ਭਰੀ ਬੋਤਲ ਡੱਬ ਵਿੱਚ ਟੰਗ ਕੇ ਕੁੜੀ ਫ਼ੜ ਲਈ।
ਕੁੜੀ ਰੋਣ ਲੱਗ ਪਈ।
ਧੀ ਰੋਣ 'ਤੇ ਮਾਂ ਅਨੂਪ ਕੌਰ ਨੂੰ ਹੌਲ ਪਿਆ।
-''ਕੰਮ ਅਧੂਰਾ ਨਾ ਰਹਿ'ਜੇ...! ਟੰਚ ਕਰ ਕੇ ਮੁੜਨੈਂ...!"
-''ਮੈਂ ਕਹਿੰਨੈ ਜਿੱਧਰੋਂ ਆਈ ਐ, ਗੋਲ਼ੀ ਮਾਂਗੂੰ ਓਧਰੇ ਈ ਜਾਊ ਛੂਕਦੀ, ਬਾਈ..! ਵਹਿਮ ਨਾ ਮੰਨ...!!" ਸ਼ਰਾਬੀ ਗੇਜੇ ਨੇ ਬੁੱਕਲ਼ 'ਚ ਕੁੜੀ ਲਕੋਂਦਿਆਂ ਕਿਹਾ।
ਬੇਵੱਸ ਅਤੇ ਮਜਬੂਰ ਅਨੂਪ ਕੌਰ ਗੇਜੇ ਦੇ ਪੈਰਾਂ ਵਿੱਚ ਆ ਡਿੱਗੀ।
ਉਸ ਨੇ ਚੁੰਨੀ ਦਾ ਪੱਲੜਾ ਅੱਡ ਲਿਆ।
-''ਨਾ ਵੇ ਵੀਰਾ ਗੇਜਿਆ...! ਨਾ ਐਨਾਂ ਕਹਿਰ ਢਾਹ...! ਰੱਬ ਤੋਂ ਡਰ, ਰੱਬ ਤੋਂ..!"
-''ਜੇ ਰੱਬ ਸਾਡੇ ਨਾਲ਼ ਬੈਰ ਕੱਢੂ, ਤਾਂ ਅਸੀਂ ਕਿਹੜਾ ਭਲੀ ਗੁਜ਼ਾਰਾਂਗੇ, ਭਰਜਾਈਏ..? ਜੇ ਬਾਈ ਨੂੰ ਮੁੰਡਾ ਦੇ ਦਿੰਦਾ, ਅਸੀਂ ਵੀ ਚੰਡਾਲ਼ ਨਾ ਬਣਦੇ...!" ਗੇਜਾ ਰੱਬ ਬਣਿਆਂ ਖੜ੍ਹਾ ਸੀ।
-''ਹਰ ਜੀਅ ਆਬਦੀ ਕਿਸਮਤ ਲਿਖਵਾ ਕੇ ਲਿਆਉਂਦੈ ਵੀਰਾ...! ਨਾ ਰੱਬ ਦੇ ਸ਼ਰੀਕ ਬਣੋਂ...!" ਉਸ ਨੇ ਵਾਸਤਾ ਪਾਇਆ।
-''ਪਹਿਲਾਂ ਰੱਬ ਸਾਡਾ ਸ਼ਰੀਕ ਬਣਦੈ...! ਸ਼ਰੀਕ ਬਣਨ ਦੀ ਸਾਡੀ ਵਾਰੀ ਤਾਂ ਬਾਅਦ 'ਚ ਆਈ ਐ...! ਕੀ ਘਸਦਾ ਸੀ ਜੇ ਬਾਈ ਦੇ ਘਰੇ ਪੁੱਤ ਭੇਜ ਦਿੰਦਾ..?"
ਕਰੋਧੀ ਹੋਏ ਜੋਗਾ ਸਿੰਘ ਨੇ ਅਨੂਪ ਕੌਰ ਨੂੰ ਵਾਲ਼ਾਂ ਤੋਂ ਫ਼ੜ ਖੜ੍ਹੀ ਕਰ ਲਿਆ।
-''ਸੁਣ ਧਿਆਨ ਨਾਲ਼ ਮੇਰੀ ਗੱਲ...! ਜੇ ਹੁਣ ਸਾਡੇ ਕੰਮ 'ਚ ਦਖ਼ਲ ਦਿੱਤੈ, ਨਾਲ਼ ਈ ਤੈਨੂੰ ਪਾਰ ਬੁਲਾ ਦਿਆਂਗੇ...!" ਉਸ ਨੇ ਡਰਾਵਾ ਦਿੱਤਾ।
ਅਨੂਪ ਕੌਰ ਕਿਸੇ ਸ਼ੀਹਣੀਂ ਵਾਂਗ ਬਿਫ਼ਰ ਕੇ ਖੜ੍ਹ ਗਈ।
-''ਬੁਲਾ ਵੈਰੀਆ...! ਬੁਲਾ ਪਾਰ ਮੈਨੂੰ...!! ਮੈਂ ਤਾਂ ਚਾਹੁੰਨੀ ਐਂ ਤੂੰ ਮੈਨੂੰ ਪਾਰ ਬੁਲਾਵੇਂ...! ਤੇਰੇ ਵਰਗੇ ਦੈਂਤ ਦੇ ਘਰੇ ਮੈਂ ਰਹਿਣਾ ਵੀ ਨੀ ਚਾਹੁੰਦੀ...! ਬੁਲਾ ਪਾਰ ਮੈਨੂੰ...!!" ਉਹ ਕਰੋਧ ਅਤੇ ਬੇਵੱਸੀ ਨਾਲ਼ ਹਿੱਕ 'ਚ ਧੱਫ਼ੇ ਮਾਰਨ ਲੱਗ ਪਈ।
-''ਬੇਬੇ...! ਆਹ ਫ਼ੜ ਇਹਨੂੰ...! ਡਮਾਕ ਹਿੱਲ ਗਿਆ ਇਹਦਾ...!!" ਜੋਗੇ ਨੇ ਮਾਂ ਨੂੰ ਕਿਹਾ।
ਸਾਹਣ ਵਾਂਗ ਭੂਸਰੀ ਹਰ ਕੌਰ ਅੱਗੇ ਆ ਗਈ।
ਕਰੋਧ ਨਾਲ਼ ਉਸ ਦੀਆਂ ਨਾਸਾਂ ਵਿੱਚੋਂ ਠੂੰਹੇਂ ਡਿੱਗ ਰਹੇ ਸਨ।
-''ਕੀ ਲੱਛਣ ਫ਼ੜਿਐ ਨ੍ਹੀ ਤੂੰ...? ਕਾਹਦਾ ਝੱਜੂ ਪਾਇਐ...?? ਆਹ ਲੀਰ ਜੀ ਪਿੱਛੇ ਕੀ ਇਹਨੇ ਯੱਭ ਖੜ੍ਹਾ ਕੀਤੈ..! ਜਾਹ ਵੇ ਗੇਜਿਆ, ਲੈਜਾ ਇਹਨੂੰ, ਦਾਰੂ ਪੀ ਕੇ ਕਿਵੇਂ ਗਟਰ-ਗਟਰ ਝਾਕੀ ਜਾਂਦੈ ਔਤਾਂ ਦੇ ਜਾਣਾਂ, ਬਲੱਜ...!"
-''...................।" ਗੇਜਾ ਬੱਚੀ ਨੂੰ ਲੈ ਕੇ ਤੁਰਨ ਲੱਗਿਆ ਤਾਂ ਕੁੜੀ ਮੁੜ ਰੋਣ ਲੱਗ ਪਈ।
ਧੀ ਦੇ ਵੈਰਾਗ ਵਿੱਚ ਅਨੂਪ ਕੌਰ ਦੀਆਂ ਲੇਰਾਂ ਨਿਕਲ਼ ਗਈਆਂ।
-''ਇਹ ਨਾ ਸੋਚੀਂ ਮੇਰੀ ਬੱਚੀ, ਕਿ ਤੇਰੀ ਮਾਂ ਨੇ ਤੈਨੂੰ ਬਚਾਉਣ ਦੀ ਕੋਸ਼ਿਸ਼ ਨੀ ਕੀਤੀ...! ਡਾਢਿਆਂ ਮੂਹਰੇ ਮੈਂ ਬੇਵੱਸ ਹਾਂ ਮੇਰੀ ਬੱਚੀ, ਬੇਵੱਸ ਹਾਂ...!!! ਮੈਨੂੰ ਮੁਆਫ਼ ਕਰੀਂ ਮੇਰੀਏ ਧੀਏ...! ਨਿਰਬਲ ਤੇ ਨਿਤਾਣੀਂ ਮਾਂ ਨੂੰ ਮੁਆਫ਼ ਕਰੀਂ...! ਤੇਰਾ ਰਾਖਾ ਤਾਂ ਹੁਣ ਕਰਤਾਰ ਈ ਐ...!" ਉਹ ਗੇਜੇ ਦੀ ਬੁੱਕਲ਼ ਵਿੱਚ ਜਾਂਦੀ ਕੁੜੀ ਨੂੰ ਆਖ, ਵਿਰਲਾਪ ਕਰ ਰਹੀ ਸੀ।
ਗੇਜਾ ਕੁੜੀ ਨੂੰ ਲੈ ਤੁਰ ਗਿਆ।
ਜੋਗਾ ਬੈਠਕ ਵਿੱਚ ਬੈਠ ਫ਼ਿਰ ਦਾਰੂ ਪੀਣ ਲੱਗ ਪਿਆ।
ਅਨੂਪ ਕੌਰ ਹਨ੍ਹੇਰੇ ਵਿਹੜ੍ਹੇ ਵਿੱਚ ਬੈਠੀ ਰੋਈ ਜਾ ਰਹੀ ਸੀ।
ਅਨੂਪ ਕੌਰ ਦੀ ਬੁਝਦੀ ਆਸ ਵਾਂਗ ਪਿਛਲੇ ਕਮਰੇ ਵਿੱਚ ਲਾਲਟੈਣ ਦੀ ਬੱਤੀ ਵੀ ਬੁਝਦੀ ਜਾ ਰਹੀ ਸੀ।
-''ਐਥੇ ਹੁਣ ਕਾਹਦੇ ਸਿਆਪੇ ਕਰਨ ਬਹਿਗੀ ਨੀ...? ਚੱਲ ਅੰਦਰ...!! ਅੱਧੀ ਰਾਤੋਂ ਕੀ ਲੋਕਾਂ ਨੂੰ ਤਮਾਸ਼ਾ ਦਿਖਾਉਣ ਲੱਗੀ ਐ ਗੱਦੋਂ ਦੇ ਜਾਣੀਂ..!" ਹਰ ਕੌਰ ਨੇ ਦਬਕਾ ਮਾਰਿਆ।
ਅਨੂਪ ਕੌਰ ਧਰਾਲ਼ੀਂ ਰੋਂਦੀ ਸੋਚ ਰਹੀ ਸੀ। .....ਸਦੀਆਂ ਤੋਂ ਔਰਤ ਹੀ ਔਰਤ ਦੀ ਸਭ ਤੋਂ ਵੱਡੀ ਦੁਸ਼ਮਣ ਤੁਰੀ ਆ ਰਹੀ ਹੈ..! ਅਨੰਤ ਕਲਾ ਭਰਪੂਰ, ਦੀਨ ਦੁਨੀ ਦੇ ਮਾਲਕ, ਧੰਨ ਗੁਰੂ ਨਾਨਕ ਪਾਤਿਸ਼ਾਹ ਤਾਂ ''ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥" ਆਖ ਕੇ ਨਾਰੀ ਦੇ ਹੱਕ 'ਚ ਅਵਾਜ਼ ਬੁਲੰਦ ਕਰ ਗਏ, ਪਰ ਔਰਤ ਨੇ ਔਰਤ ਦਾ ਸੱਤਿਆਨਾਸ ਕਰਨ ਵਿੱਚ ਕੋਈ ਕਸਰ ਬਾਕੀ ਨੀ ਛੱਡੀ...!
ਅਨੂਪ ਕੌਰ ਦਾ ਇੱਕ ਵਾਰ ਫ਼ੇਰ ਰੋਣ ਨਿਕਲ਼ ਗਿਆ।

ਕਾਂਡ 6 : ਸਰਦੀਆਂ ਦਾ ਸੂਰਜ ਅਸਮਾਨ ਵਿੱਚ ਕੂੰਗੜਿਆ ਜਿਹਾ ਖੜ੍ਹਾ ਸੀ। - ਸ਼ਿਵਚਰਨ ਜੱਗੀ ਕੁੱਸਾ

ਸਰਦੀਆਂ ਦਾ ਸੂਰਜ ਅਸਮਾਨ ਵਿੱਚ ਕੂੰਗੜਿਆ ਜਿਹਾ ਖੜ੍ਹਾ ਸੀ।
    ਦਾਰੂ ਨਾਲ਼ ''ਟੁੰਨ" ਹੋਇਆ ਜੁਗਾੜੂ ਕੰਧਾਂ ਕੌਲਿਆਂ ਵਿੱਚ ਵੱਜਦਾ ਜਾ ਰਿਹਾ ਸੀ। ਲੋਕ ਉਸ ਨੂੰ ਦੇਖ ਕੇ ਪਾਸਾ ਵੱਟ ਰਹੇ ਸਨ। ਕੋਈ ਵੀ ਕਬੀਲਦਾਰ ਬੰਦਾ ਕਲੇਸ਼ੀ ਜਿਹੇ ਬੰਦੇ ਨਾਲ਼ ਕਲਾਮ ਨਹੀਂ ਕਰਨਾ ਚਾਹੁੰਦਾ ਸੀ। ਬਿਨਾ ਕਿਸੇ ਕਾਰਨ ਤੋਂ ਭਰਜਾਈ ਦੀ ''ਚੁੱਕ" ਵਿੱਚ ਆ ਕੇ ਜੁਗਾੜੂ ਨੇ ਘਰਾਂ 'ਚੋਂ ਸ਼ਰੀਕ ਹਜਾਰਾ ਸਿੰਘ ਦਾ ਕਤਲ ਕਰ ਦਿੱਤਾ ਸੀ, ਇਸ ਲਈ ਲੋਕ ਹੁਣ ਜੁਗਾੜੂ ਨੂੰ ਘੱਟ ਹੀ ਮੂੰਹ ਲਾਉਂਦੇ ਸਨ।
    ਸੰਤਾ ਸਿੰਘ ਬਰਸੀਨ ਵੱਢ ਕੇ ਰੇੜ੍ਹੀ ਵਿੱਚ ਸੁੱਟ ਰਿਹਾ ਸੀ।
    ਉਸ ਦੇ ਬਿਲਕੁਲ ਨਜ਼ਦੀਕ ਜਾ ਕੇ ਦਾਰੂ ਨਾਲ਼ ਰੱਜੇ ਜੁਗਾੜੂ ਨੇ ਬੱਕਰਾ ਬੁਲਾਇਆ ਅਤੇ ਫ਼ਿਰ ਲਲਕਾਰਾ ਮਾਰਿਆ।
    ਸਾਊ ਜਿਹੇ ਸੰਤੇ ਦਾ ਕਾਲ਼ਜਾ ਨਿਕਲ਼ ਗਿਆ। ਉਸ ਨੇ ਪੱਠਿਆਂ ਦਾ ਥੱਬਾ ਰੇੜ੍ਹੀ ਵਿੱਚ ਸੁੱਟ ਕੇ ਜਦ ਗਹੁ ਨਾਲ਼ ਤੱਕਿਆ ਤਾਂ ਜੰਗਲੀ ਗੈਂਡੇ ਵਰਗਾ ਜੁਗਾੜੂ ਧੁੱਸ ਦੇਈ ਸੰਤੇ ਵੱਲ ਨੂੰ ਲਪਕਿਆ ਆ ਰਿਹਾ ਸੀ। ਸੰਤੇ ਦੇ ਹੋਸ਼ ਜਵਾਬ ਦੇ ਗਏ ਅਤੇ ਉਹ ਪੈਰ ਤੋਂ ਹੀ ਸਿਰਤੋੜ ਇੰਜਣ ਵਾਲ਼ੇ ਕੋਠੇ ਵੱਲ ਨੂੰ ਭੱਜ ਤੁਰਿਆ। ਪਰ ਭੂਸਰੇ ਸਾਹਣ ਵਰਗਾ ਜੁਗਾੜੂ ਬਰਸੀਨ ਦੇ ਕਿਆਰੇ ਵਿੱਚ ਦੀ ਟੇਢ ਦੇ ਕੇ ਉਸ ਦੇ ਸਾਹਮਣੇ ਜਾ ਖੜ੍ਹਾ। ਜੁਗਾੜੂ ਦੀਆਂ ਅੱਖਾਂ ਵਿੱਚੋਂ ਰੱਤ ਚੋਅ ਰਹੀ ਸੀ। ਦੋਨਾਲ਼ੀ ਬੰਦੂਕ ਵਰਗੀਆਂ ਨਾਸਾਂ 'ਤੋਂ ਫ਼ਰਾਟੇ ਵੱਜ ਰਹੇ ਸਨ।
-''ਭੱਜ ਕਿੱਧਰ ਭੱਜਦੈਂ...!" ਉਸ ਨੇ ਰੱਸੇ ਨੂੰ ਨਾਗਵਲ਼ ਪਾ ਕੇ ਸੰਤੇ ਦੇ ਗਲ਼ ਵਿੱਚ ਸੁੱਟ ਲਿਆ। ਸੰਤੇ ਦੀਆਂ ਅੱਖਾਂ ਅੱਗੇ ਭੂਚਾਲ਼ ਆ ਗਿਆ ਅਤੇ ਧਰਤੀ ਘੁਕਦੀ ਦਿਸੀ।
-''ਨ੍ਹਾਂ ਭੱਜ ਹੁਣ....?" ਜੁਗਾੜੂ ਨੇ ਰੱਸੇ ਨੂੰ ਕਸੀਸ ਵੱਟ ਕੇ ਕਸਾਅ ਪਾਇਆ ਤਾਂ ਸੰਤੇ ਦਾ ਸਾਹ ਬੰਦ ਹੋ ਗਿਆ ਅਤੇ ਅੱਖਾਂ ਅੱਗੇ ਹਨ੍ਹੇਰ ਛਾਉਂਦਾ ਲੱਗਿਆ। ਉਸ ਨੇ ਬਚਾਓ ਲਈ ਹੱਥ-ਪੈਰ ਜਿਹੇ ਮਾਰੇ, ਪਰ ਨੌਂ ਗਜੇ ਜੁਗਾੜੂ ਕੋਲੋਂ ਫ਼ਕੀਰ ਜਿਹਾ ਬੰਦਾ ਸੰਤਾ ਕਿਸ ਤਰ੍ਹਾਂ ਬਚ ਸਕਦਾ ਸੀ?
-''ਤੇਰਾ ਮੇਰੇ ਨਾਲ਼ ਵੈਰ ਕੀ ਐ...?" ਸੰਤ ਸਿਉਂ ਨੇ ਆਖਰੀ ਤਾਣ ਲਾ ਕੇ ਜੁਗਾੜੂ ਨੂੰ ਪੁੱਛਿਆ। ਉਸ ਦੇ ਗਲ਼ ਵਿੱਚੋਂ ਘੱਗੀ ਜਿਹੀ ਅਵਾਜ਼ ਨਿਕਲ਼ੀ।
-''ਕੋਈ ਨੀ...! ਜਮ੍ਹਾਂ ਈ ਕੋਈ ਬੈਰ ਨੀ ਬਾਈ ਸਿਆਂ...! ਬੱਸ ਨਿੱਕੀ ਭਾਬੋ ਦਾ ਹੁਕਮ ਐਂ...! ਓਸੇ ਦਾ ਹੁਕਮ ਗਜਾਉਣੈਂ...!" ਉਸ ਨੇ ਰੱਸੇ ਨੂੰ ਹੋਰ ਕਸਾਅ ਪਾਇਆ ਅਤੇ ਸੰਤੇ ਦਾ ਸਾਹ ਬੰਦ ਹੋਣ ਕਾਰਨ ਨਾਲ਼ ਦੀ ਨਾਲ਼ ਹੀ ਲੁੜਕ ਗਿਆ।
-''ਲੈ ਨਿੱਕੀਏ ਭਰਜਾਈਏ...! ਪੁਗਾ'ਤੇ ਆਪਣੇ ਬਚਨ..! ਚੜ੍ਹਾ ਦਿੱਤੇ ਤੇਰੇ ਬੋਲਾਂ 'ਤੇ ਫ਼ੁੱਲ..! ਚੱਕਲਾ ਆ ਕੇ ਆਬਦਾ ਦੁਸ਼ਮਣ ਸੰਤਾ ਸਿਉਂ...! ਆਹ ਪਿਐ ਬੱਕਰੇ ਮਾਂਗੂੰ 'ਕੱਠਾ ਕੀਤਾ...!" ਉਹ ਸੰਤੇ ਦੀ ਲਾਅਸ਼ ਘੜ੍ਹੀਸ ਕੇ ਕੱਚੇ ਰਾਹ 'ਤੇ ਲੈ ਆਇਆ ਸੀ।
-''ਦੇਖ ਭਾਬੋ...! ਪਾਅ ਦਰਸ਼ਣ ਆਬਦੇ ਬੈਰੀ ਦੇ, ਚਾੜ੍ਹਤਾ ਗੱਡੀ...!" ਜੁਗਾੜੂ ਅਸਮਾਨ ਵੱਲ ਬਾਹਾਂ ਉਲਾਰ-ਉਲਾਰ ਕੇ ਗਰਜ ਰਿਹਾ ਸੀ।
-''ਓਏ ਇਹ ਕੀ ਕਹਿਰ ਢਾਅ ਦਿੱਤਾ ਓਏ ਜਾਲਮਾਂ....!" ਦੂਰੋਂ ਤਾਇਆ ਬਖਤੌਰ ਸਿਰਤੋੜ ਭੱਜਿਆ ਆ ਰਿਹਾ ਸੀ।
ਸਾਰਾ ਪਿੰਡ ਇਕੱਠਾ ਹੋ ਗਿਆ ਸੀ।
ਸੰਤੇ ਦੀ ਲਾਅਸ਼ ਸ਼ਾਂਤ, ਅਹਿਲ ਪਈ ਸੀ।
-''ਮੈਂ ਤੇਰੀ ਰੱਖਿਆ ਨੀ ਕਰ ਸਕਿਆ ਓਏ ਸ਼ੇਰਾ...! ਤੇਰਾ ਤਾਇਆ ਲਲੈਕ ਨਿਕਲਿਆ..! ਤੇਰਾ ਤਾਇਆ ਬੋਲਾਂ ਦਾ ਕੱਚਾ ਨਿਕਲਿਆ...!"
ਤਾਇਆ ਬਖਤੌਰ ਦਰਵੇਸ਼ ਜਿਹੇ ਸੰਤੇ ਦੀ ਲਾਅਸ਼ 'ਤੇ ਪਿਆ ਵਿਰਲਾਪ ਕਰ ਰਿਹਾ ਸੀ।
ਦੂਰ ਠੇਕੇ 'ਤੇ ਖੜ੍ਹ ਕੇ ਜੁਗਾੜੂ ਬੋਤਲ ਖਰੀਦ ਰਿਹਾ ਸੀ। ਦਿਨ ਦਿਹਾੜ੍ਹੇ ਕੀਤਾ ਖ਼ੂਨ ਉਸ ਦੇ ਸਿਰ ਨੂੰ ਚੜ੍ਹਿਆ ਹੋਇਆ ਸੀ। ਪਿੰਡ ਵਿੱਚ ਤੜਥੱਲ ਮੱਚਿਆ ਪਿਆ ਸੀ। ਜੁਗਾੜੂ ਨੇ ਤਿੰਨ-ਚਾਰ ਮਹੀਨਿਆਂ ਵਿੱਚ ਹੀ ਇੱਕ ਘਰ ਦੇ ਦੋ ਬੰਦੇ ''ਪਾਰ" ਬੁਲਾ ਦਿੱਤੇ ਸਨ। ਤੇ ਉਹ ਵੀ ਬੇਕਸੂਰ ਅਤੇ ਨਿਹੱਥੇ...! ਸਾਰੇ ਪਿੰਡ ਦੇ ਦੰਦ ਜੁੜੇ ਪਏ ਸਨ।
ਠੇਕੇ ਦੇ ਅੰਦਰ ਬੈਠਾ ਠੇਕੇ ਦਾ ਮਾਲਕ ਲਾਲਾ ਜੁਗਾੜੂ ਨੂੰ ਦੇਖ-ਦੇਖ ਜੁਲਾਹੇ ਦੀ ਤਾਣੀ ਵਾਂਗੂੰ ਕੰਬੀ ਜਾ ਰਿਹਾ ਸੀ।
-''ਸੀਸੀ ਕੱਢ...! ਦੇਖ-ਦੇਖ ਮੂਤੀ ਕਿਉਂ ਜਾਨੈਂ ਸਾਲ਼ਿਆ...?" ਉਸ ਨੇ ਬਾਣੀਏਂ ਦੇ ਅੱਗੇ ਨੋਟ ਇਸ ਤਰ੍ਹਾਂ ਸੁੱਟੇ, ਜਿਵੇਂ ਮੌਲੇ ਬਲ਼ਦ ਅੱਗੇ ਕੜਬ ਸਿੱਟੀਦੀ ਹੈ!
-''ਮੇਰੇਆਰ ਡਰ ਤਾਂ ਲੱਗਦਾ ਈ ਐ, ਤੂੰ ਤਾਂ ਮਿੰਟ 'ਚ ਬੰਦਾ ਮਾਰਤਾ...! ਤੇਰੇ ਵਰਗੇ ਤੋਂ ਤਾਂ ਰਾਮ ਬਚਾਏ...! ਏ ਆਹ ਚੱਕ ਆਬਦੀ ਚੀਜ਼, ਤੇ ਖਹਿੜ੍ਹਾ ਛੱਡ..!" ਉਸ ਨੇ ਬੋਤਲ ਜੁਗਾੜੂ ਹੱਥ ਦੇ ਕੇ ਖਿੜਕੀ ਬੰਦ ਕਰ ਲਈ ਅਤੇ ''ਰਾਮ-ਨਾਮ" ਜਪਣ ਲੱਗ ਪਿਆ।
ਜੁਗਾੜੂ ਨੇ ਬੋਤਲ ਦਾ ਡੱਟ ਦੰਦਾਂ ਨਾਲ਼ ਤੋੜਿਆ ਅਤੇ ਮੂੰਹ ਲਾ ਕੇ ਅੱਧੀ ਬੋਤਲ ਸੂਤ ਧਰੀ।
-''ਪੁਗਾ ਦਿੱਤੇ ਬਚਨ ਭਾਬੋ ਤੇਰੇ...!" ਉਹ ਮੁੜ ਸੰਤੇ ਦੀ ਲਾਅਸ਼ ਕੋਲ਼ ਆ ਗਿਆ।
-''ਖ਼ਬਰਦਾਰ ਹੋਜਾ ਹੁਣ...! ਜੇ ਮੇਰੇ ਬੰਦੇ ਨੂੰ ਦੇ ਸਰੀਰ ਨੂੰ ਹੱਥ ਲਾਇਆ, ਗੋਲ਼ੀ ਬਣ ਕੇ ਵਿਚ ਦੀ ਨਿਕਲਜੂੰ...!" ਦੂਰੋਂ ਸੰਤਾ ਸਿੰਘ ਦੇ ਘਰਵਾਲ਼ੀ ਹਰ ਕੌਰ ਨੇ ਹੋਕਰਾ ਮਾਰਿਆ। ਉਸ ਦੇ ਹੱਥ ਵਿੱਚ ਸੇਲੇ ਵਾਲ਼ੀ ਡਾਂਗ ਸੀ ਅਤੇ ਉਸ ਨੇ ਸਿਰ 'ਤੇ ਮੜਾਸਾ ਮਾਰਿਆ ਹੋਇਆ ਸੀ। ਦੂਰੋਂ ਉਹ ਕਿਸੇ ਮਰਦ ਦਾ ਭੁਲੇਖਾ ਪਾਉਂਦੀ ਸੀ।
-''ਤਾਇਆ ਜੀ, ਪੁਲ਼ਸ ਲੈ ਕੇ ਆਓ, ਇਹਨੂੰ ਹਰਾਮਦੇ ਨੂੰ ਮੈਂ ਰੋਕਦੀ ਆਂ...!" ਹਰ ਕੌਰ ਨੇ ਬਖਤੌਰ ਨੂੰ ਕਿਹਾ।
-''ਪੁਲ਼ਸ ਤਾਂ ਆਗੀ ਭਾਈ...!" ਪਿੱਛੋਂ ਸਰਪੰਚ ਬੋਲਿਆ।
ਹਰ ਕੌਰ ਦੀ ਹਿੰਮਤ ਦੇਖ ਕੇ ਪਿੰਡ ਦੀ ਮੁੰਡੀਹਰ ਨੇ ਜੁਗਾੜੂ ਨੂੰ ਘੇਰ ਲਿਆ। ਉਹ ਪਾੜ 'ਚ ਫ਼ੜੇ ਚੋਰ ਵਾਂਗ ਝਾਕ ਰਿਹਾ ਸੀ। ਚਾਰ ਚੁਫ਼ੇਰਿਓਂ ਘਿਰਿਆ ਦੇਖ ਕੇ ਉਸ ਦੀ ਬੇਮੋਖੀ ਪੀਤੀ ਦਾਰੂ ਲਹਿ ਗਈ ਸੀ।
-''ਇਹਨੂੰ ਹਰਾਮ ਦੇ ਤੁਖਮ ਨੂੰ ਮੂਧਾ ਪਾਓ, ਇਹਦੀਆਂ ਮੁੱਛਾਂ ਪੱਟ ਕੇ ਇਹਦੀ ..... 'ਚ ਦਿਓ ਇਹਦੀ ਮਾਂ ਦੇ .... ਦਿੱਤਾ! ਇਹਨੇ ਵੀ ਬੜੇ ਵੀਰਵਾਰ ਲੰਘਾਏ ਐ...!" ਠਾਣੇਦਾਰ ਨੇ ਜੀਪ 'ਚੋਂ ਉਤਰਦਿਆਂ ਕਿਹਾ। ਇਹ ਠਾਣੇਦਾਰ ਨਵਾਂ ਹੀ ਬਦਲ ਕੇ ਆਇਆ ਸੀ ਅਤੇ ਆਪਣੇ ਸਖ਼ਤ ਸੁਭਾਅ ਲਈ ਮਸ਼ਹੂਰ ਸੀ। ਸਰਪੰਚ ਨੇ ਉਸ ਨੂੰ ਜੁਗਾੜੂ ਬਾਰੇ ਸਾਰਾ ਕੁਝ ਦੱਸ ਦਿੱਤਾ ਸੀ।
ਕੁਝ ਪਲਾਂ ਵਿੱਚ ਹੀ ਸਿਪਾਹੀਆਂ ਨੇ ਜੁਗਾੜੂ ਦਾ ਮੋਰ ਬਣਾ ਦਿੱਤਾ।
ਉਹ ਛੁਰੀਆਂ ਥੱਲੇ ਪਏ ਸੂਰ ਵਾਂਗ ਮਿਆਂਕ ਰਿਹਾ ਸੀ।
-''ਬੋਲ...! ਬੋਲ ਉਹਨੂੰ ਕਿਉਂ ਮਾਰਿਆ ਹਰਾਮ ਦਿਆ...?" ਠਾਣੇਦਾਰ ਖ਼ੁਦ ਡੰਡਾ ਲੈ ਕੇ ਝੰਬਣ ਡਹਿ ਪਿਆ। ਜੁਗਾੜੂ ਦੇ ਹੱਡ ਗੋਡਿਆਂ 'ਤੇ ਵਰ੍ਹਦੇ ਡੰਡੇ ''ਟੱਕ-ਟੱਕ" ਦੀ ਅਵਾਜ਼ ਕਰਦੇ ਸਨ ਅਤੇ ਜੁਗਾੜੂ ਦਾ ਅੜਾਹਟ ਕੰਧਾਂ ਨਾਲ਼ ਵੱਜ-ਵੱਜ ਮੁੜਦਾ ਸੀ।
-''ਐਨਾਂ ਨਾ ਮਾਰ ਸਰਦਾਰਾ, ਮਰ ਜਾਊਂਗਾ...!" ਜੁਗਾੜੂ ਹੱਥ ਜੋੜੀ ਕੰਬੀ ਜਾ ਰਿਹਾ ਸੀ। ਉਸ ਦੀਆਂ ਉਂਗਲ਼ਾਂ ਸੁੱਜ ਕੇ ਪਾਥੀ ਬਣ ਗਈਆਂ ਸਨ।
-''ਤੇਰੀ ਭੈਣ ਦਾ ਸਾਕ ਲੈਲਾਂ, ਤੈਨੂੰ ਮਾਰਾਂ ਨਾ ਤਾਂ ਹੋਰ ਤੈਨੂੰ ਨਿਉਂਦਾ ਦੇਵਾਂ..? ਭੈਣ ਦਿਆਂ ਘੜੁੱਕਿਆ ਬਿਨਾਂ ਗੱਲੋਂ ਦਰਵੇਸ਼ ਬੰਦਾ ਮਾਰ ਕੇ ਪਰ੍ਹਾਂ ਕੀਤਾ..!"
-''ਮੈਥੋਂ ਗਲਤੀ ਹੋਗੀ ਸਰਦਾਰਾ...! ਮੈਨੂੰ ਬਖ਼ਸ਼, ਮੈਂ ਮਰਜੂੰਗਾ...!" ਉਹ ਹੱਥ ਜੋੜ ਕੇ ਵਾਸਤੇ ਘੱਤ ਰਿਹਾ ਸੀ।
-''ਸਾਲ਼ਿਆ ਤੂੰ ਦੱਸਦਾ ਕਿਉਂ ਨੀ...? ਸੰਤਾ ਸਿਉਂ ਨੂੰ ਤੂੰ ਕਾਹਤੋਂ ਮਾਰਿਆ..?" ਸਰਪੰਚ ਬੋਲਿਆ। ਉਸ ਦੇ ਅੰਦਰੋਂ ਵੀ ਵਟਣੇਂ ਉਠੀ ਜਾ ਰਹੇ ਸਨ।
-''ਮੈਨੂੰ ਤਾਂ ਮੇਰੀ ਨਿੱਕੀ ਭਰਜਾਈ ਨੇ ਨੀ ਟਿਕਣ ਦਿੱਤਾ, ਸਰਪੈਂਚਾ..! ਉਹਨੇ ਈ ਮੇਰੇ ਗਿੱਟੇ ਸੋਟੀ ਲਾਈ ਰੱਖੀ, ਅੱਗੇ ਮੈਥੋਂ ਬਿਚਾਰਾ ਹਜਾਰਾ ਮਰਵਾ ਕੇ ਰੱਖਤਾ...!" ਉਹ ਉਚੀ-ਉਚੀ ਰੋਣ ਲੱਗ ਪਿਆ।
-''ਸੰਤੇ ਨੂੰ ਕਿਉਂ ਮਾਰਿਆ...?" ਠਾਣੇਦਾਰ ਦਾ ਡੰਡਾ ਜੁਗਾੜੂ ਦੇ ਸਿਰ 'ਤੇ ਘੁਕ ਰਿਹਾ ਸੀ।
-''ਮੈਨੂੰ ਤਾਂ ਆਪ ਨੀ ਪਤਾ ਸਰਦਾਰਾ...! ਮੇਰਾ ਤਾਂ ਇਹਨਾਂ ਜਿਉਣ ਜੋਕਰਿਆਂ ਨਾਲ਼ ਕੋਈ ਬੈਰ ਨੀ ਸੀ, ਮੇਰੀ ਨਿੱਕੀ ਭਰਜਾਈ ਕਹਿੰਦੀ ਸੰਤੇ ਨੂੰ ਮਾਰ ਦੇ, ਤੈਨੂੰ ਸਾਕ ਲਿਆ ਕੇ ਦਿਊਂਗੀ, ਮੈਂ ਤਾਂ ਉਹਦੀਆਂ ਗੱਲਾਂ 'ਚ ਆ ਗਿਆ..! ਹਾੜ੍ਹੇ, ਚਾਹੇ ਫ਼ਾਹੇ ਲਾ ਦਿਓ, ਪਰ ਐਨਾਂ ਮਾਰੋ ਨਾ ਵੀਰ ਬਣ ਕੇ, ਮੇਰੇ ਤਾਂ ਚਿੱਬ ਪੈਗੇ ਸਰੀਰ 'ਚ, ਤੇ ਮਾਸ ਚਿਲੂੰ-ਚਿਲੂੰ ਕਰੀ ਜਾਂਦੈ...!" ਉਸ ਨੇ ਮੁੜ ਸੁੱਜੇ ਹੱਥ ਜੋੜ ਦਿੱਤੇ। ਡੰਡਿਆਂ ਦਾ ਭੰਨਿਆਂ ਉਹ ''ਭੁੱਟ-ਭੁੱਟ" ਬੋਲੀ ਜਾ ਰਿਹਾ ਸੀ। ਇਸ ਹੋਣ ਵਾਲ਼ੇ ਸਲੂਕ ਬਾਰੇ ਤਾਂ ਉਸ ਨੇ ਕਦੇ ਸੋਚਿਆ ਹੀ ਨਹੀਂ ਸੀ।
-''ਤੇਜ ਕੁਰ ਨੇ ਸਾਕ ਦਾ ਲਾਲਚ ਦਿੱਤਾ, ਤੇ ਤੂੰ ਸਾਕ ਦੇ ਲਾਲਚ 'ਚ ਸਾਧੂ ਵਰਗਾ ਬੰਦਾ ਮਾਰਤਾ..?" ਸਰਪੰਚ ਦੁੱਖ ਦੇ ਨਾਲ਼-ਨਾਲ਼ ਦੰਗ ਵੀ ਬਹੁਤਾ ਸੀ।
-''ਕੁੱਤਾ ਭੌਂਕਦੈ ਸਰਪੈਂਚ ਸਾਹਬ..! ਮੈਂ ਇਹਨੂੰ ਕੁਛ ਨੀ ਕਿਹਾ, ਮੈਂ ਤਾਂ ਇਹਨੂੰ ਕਦੇ ਦੇਹਲ਼ੀ ਨੀ ਚੜ੍ਹਨ ਦਿੱਤਾ ਜਹਾਨ ਦੀ ਜੂਠ ਨੂੰ, ਹੁਣ ਛਿੱਤਰ ਪੈਂਦਿਆਂ ਤੋਂ ਬਚਣ ਵਾਸਤੇ ਮੇਰਾ ਨਾਂ ਬਕੀ ਜਾਂਦੈ ਔਤਾਂ ਦੇ ਜਾਣਾ..!" ਇੱਕ ਖੂੰਜੇ ਤੋਂ ਤੇਜ ਕੌਰ ਅੱਗੇ ਹੋ ਕੇ ਬੋਲੀ।
-''ਦੁੱਧ ਧੋਤੀ ਤੂੰ ਵੀ ਹੈਨ੍ਹੀ ਭਾਈ..! ਤੇਰੀਆਂ ਵੀ ਮੈਨੂੰ ਬਥੇਰੀਆਂ ਕਨਸੋਆਂ ਮਿਲ਼ਦੀਆਂ ਰਹੀਐਂ, ਸਾਰੇ ਟਟਬੈਰ ਤੇਰੇ ਖੜ੍ਹੇ ਕੀਤੇ ਵੇ ਐ..! ਤੂੰ ਈ ਇਹਦੀ ਪੂਛ ਨੂੰ ਵੱਟ ਚਾੜ੍ਹੀ ਰੱਖਿਐ, ਨਹੀਂ ਇਹਦਾ ਹਜਾਰੇ ਕੇ ਟੱਬਰ ਨਾਲ਼ ਕੀ ਬੈਰ ਸੀ..?"
-''ਹਜਾਰੇ ਕੇ ਟੱਬਰ ਨੇ ਇਹਦੀ ਭੈਣ ਦਾ ਰਿਸ਼ਤਾ ਨੀ ਸੀ ਲਿਆ ਸਰਪੈਂਚਾ, ਸਾਰੇ ਪਿੰਡ ਨੂੰ ਪਤੈ, ਓਦੋਂ ਦੀ ਮੈਨੂੰ ਟਿਕਣ ਨੀ ਸੀ ਦਿੰਦੀ, ਪਿਉ ਪੁੱਤ ਮਰਵਾ ਕੇ ਦਮ ਲਿਆ, ਤੇ ਹੁਣ ਸੱਚੀ ਬਣਦੀ ਐ..!" ਜੁਗਾੜੂ ਜੁਆਕ ਵਾਂਗ ਬਿਲਕੀ ਜਾ ਰਿਹਾ ਸੀ।
-''ਸਰਪੈਂਚ ਸਾਹਬ, ਲਾਅਸ਼ ਪੋਸਟ ਮਾਰਮ ਵਾਸਤੇ ਸ਼ਹਿਰ ਲੈ ਆਓ...! ਚੱਲ ਤੂੰ ਵੀ ਜੀਪ 'ਚ ਬੈਠ ਨੀ..!" ਠਾਣੇਦਾਰ ਤੇਜ ਕੌਰ ਨੂੰ ਕੌੜਿਆ।
-''ਇਹਨੂੰ ਵੀ ਜੀਪ 'ਚ ਲੱਦੋ...!" ਠਾਣੇਦਾਰ ਨੇ ਬੜੀ ਖੁੰਦਕ ਨਾਲ਼ ਸਿਪਾਹੀਆਂ ਨੂੰ ਇਸ਼ਾਰਾ ਕੀਤਾ।
-''ਮੈਂ ਕਿਉਂ ਜੀਪ 'ਚ ਬੈਠਾਂ ਠਾਣੇਦਾਰਾ..? ਮੇਰਾ ਕੀ ਕਸੂਰ ਐ..? ਨ੍ਹਾਂ ਮੈਂ ਕੀ ਗੁਨਾਂਹ ਕਰਤਾ..?" ਭਮੱਤਰੀ ਤੇਜ ਕੌਰ ਬੋਲੀ। ਉਸ ਨੂੰ ਭੱਜਣ ਨੂੰ ਕੋਈ ਰਾਹ ਨਹੀਂ ਲੱਭਦਾ ਸੀ। ਇਸ ਗਲ਼ ਪੈਣ ਵਾਲ਼ੀ ਬਲਾਅ ਬਾਰੇ ਤਾਂ ਉਸ ਨੇ ਕਦੇ ਸੁਪਨੇ ਵਿੱਚ ਵੀ ਚਿਤਵਿਆ ਨਹੀਂ ਸੀ। ਰੋਜੇ ਬਖਸ਼ਾਉਂਦੀ ਤੇਜ ਕੌਰ ਦੇ ਤਾਂ ਨਮਾਜਾਂ ਗਲ਼ ਆ ਪਈਆਂ ਸਨ।
-''ਗੁਨਾਂਹ ਕੱਲ੍ਹ ਨੂੰ ਅਦਾਲਤ ਜਾ ਕੇ ਦੱਸਾਂਗੇ...!" ਠਾਣੇਦਾਰ ਬੋਲਿਆ।
-''ਚੱਲ ਬੈਠ...! ਨਹੀਂ ਸਾਨੂੰ ਧੱਕੇ ਨਾਲ਼ ਚੜ੍ਹਾਉਣਾ ਪਊ...!" ਹੌਲਦਾਰ ਨੇ ਕਿਹਾ।
-''ਵੇ ਪਿੰਡਾ..! ਥੋਡੇ ਪਿੰਡ ਦੀ ਤੀਮੀ ਮਾਨੀ ਨੂੰ ਠਾਣੇ ਲੈ ਚੱਲੇ ਐ, ਥੋਨੂੰ ਕੋਈ ਸ਼ਰਮ ਹਯਾ ਨੀ ਆਉਂਦਾ..?" ਉਸ ਨੇ ਸਾਰੇ ਪਿੰਡ ਦੀ ਅਣਖ ਨੂੰ ਲਲਕਾਰਿਆ।
-''ਆਦਮਖੋਰੇ, ਤੂੰ ਪਿੰਡ 'ਚ ਕਤਲ 'ਤੇ ਕਤਲ ਕਰਵਾਈ ਚੱਲ, ਪਿੰਡ ਤੇਰੀ ਇੱਜਤ ਬਚਾਉਣ ਵਾਸਤੇ ਭੱਜਿਆ ਫ਼ਿਰੇ...? ਸ਼ਰਮ ਹਯਾ ਤਾਂ ਤੈਨੂੰ ਚਾਹੀਦਾ ਸੀ, ਅਗਲਿਆਂ ਦਾ ਘਰ ਉਜਾੜ ਕੇ ਧਰਤਾ...!"
-''ਘਰ ਵੀ ਸਾਧੂ ਮਹਾਤਮਾਂ ਵਰਗੇ ਬੰਦਿਆਂ ਦੇ ਉਜਾੜੇ ਡੈਣ ਨੇ...!" ਬਖਤੌਰ ਬੋਲਿਆ।
ਪੁਲੀਸ ਦੀ ਜੀਪ ਜੇਠ ਭਰਜਾਈ ਨੂੰ ਲੱਦ ਕੇ ਲੈ ਗਈ।
ਸਰਪੰਚ ਹੋਰੀਂ ਸੰਤਾ ਸਿਉਂ ਦੀ ਲਾਅਸ਼ ਪੋਸਟ ਮਾਰਟਮ ਲਈ ਤੁਰਨ ਲੱਗੇ ਤਾਂ ਹਰ ਕੌਰ ਅੱਗੇ ਆ ਗਈ।
-''ਮੈਂ ਵੀ ਲਾਅਸ਼ ਦੇ ਨਾਲ਼ ਜਾਣੈਂ, ਤਾਇਆ ਜੀ..!" ਉਸ ਨੇ ਬਖਤੌਰ ਸਿੰਘ ਨੂੰ ਆਖਿਆ।
-''ਤੈਨੂੰ ਬੱਚਾ ਬੱਚੀ ਹੋਣ ਆਲ਼ੇ ਪੁੱਤ, ਕਮਲ਼ ਨਾ ਮਾਰ..! ਹਜਾਰਾ ਸਿਉਂ ਦੀ ਕੁਲ਼, ਉਹਦੀ ਅਗਲੀ ਪੀੜ੍ਹੀ ਦਾ ਖਿਆਲ ਕਰ, ਘਰ ਨੂੰ ਜਾਹ, ਅਸੀਂ ਹੈ ਤਾਂ ਹੈਗੇ..?"
-''ਨਾਲ਼ੇ ਹੁਣ ਤੂੰ ਨਾਲ਼ ਕੀ ਕਰਨ ਜਾਣੈਂ ਸ਼ੇਰਾ..? ਸੰਤਾ ਸਿਉਂ ਤਾਂ ਹੁਣ ਮਿੱਟੀ ਐ...!" ਤਾਇਆ ਬਖਤੌਰ ਫ਼ਿੱਸ ਪਿਆ।
-''.................।" ਤਾਏ ਬਖਤੌਰ ਦੀ ਵੈਰਾਗ ਵਾਲ਼ੀ ਹਾਲਤ ਦੇਖ ਕੇ ਹਰ ਕੌਰ ਚੁੱਪ ਵੱਟ ਗਈ।
ਲਾਅਸ਼ ਵਾਲ਼ੀ ਟਰਾਲੀ ਤੁਰ ਗਈ।
ਸਾਰਾ ਪਿੰਡ ਹਰਾਸਿਆ ਜਿਹਾ ਖੜ੍ਹਾ ਸੀ।
......ਉਸ ਦਿਨ ਤੋਂ ਬਾਅਦ ਹਰ ਕੌਰ ਨੇ ਆਪਣਾ ਲੱਕ ਬੰਨ੍ਹ ਲਿਆ ਸੀ। ਤਾਇਆ ਬਖਤੌਰ ਅਤੇ ਸਾਰਾ ਪਿੰਡ ਉਸ ਦੀ ਮੱਦਦ ਕਰਦਾ ਸੀ। ਦਿਨ ਪੂਰੇ ਹੋਣ 'ਤੇ ਹਰ ਕੌਰ ਨੇ ਇੱਕ ਨਿੱਗਰ ਪੁੱਤ ਨੂੰ ਜਨਮ ਦਿੱਤਾ, ਜਿਸ ਦਾ ਨਾਂ ''ਜੋਗਾ ਸਿੰਘ" ਰੱਖਿਆ।
.....ਤੇ ਅੱਜ ਮੁੱਦਤਾਂ ਬਾਅਦ ਹਰ ਕੌਰ ਦੇ ਘਰ ਕਿਸੇ ਖ਼ੁਸ਼ੀ ਨੇ ਪੈਰ ਪਾਉਣੇ ਸਨ। ਇਕਲੌਤੇ ਪੁੱਤਰ ਦਾ ਵਿਆਹ ਹੋਣਾ ਸੀ। ਭਰ ਜੁਆਨ ਉਮਰ ਤੋਂ ਲੈ ਕੇ ਹਰ ਕੌਰ ਨੇ ਬੁੜ੍ਹਾਪਾ ਕੱਟਿਆ ਸੀ। ਸਾਰੀ ਉਮਰ ਉਸ ਨੇ ਜੱਦੋਜਹਿਦ ਨਾਲ਼ ਤਵੇ 'ਤੇ ਪਈ ਨੇ ਕੱਟੀ ਸੀ ਅਤੇ ਲੱਖਾਂ ਔਖਾਂ ਨਾਲ਼ ਦੋ ਹੱਥ ਕਰਦਿਆਂ ਉਸ ਦਾ ਸੁਭਾਅ ਚਿੜਚੜਾ ਜਿਹਾ ਹੋ ਗਿਆ ਸੀ। ਉਹ ਹਰ ਵਕਤ ਅੱਕਿਆਂ ਵਾਂਗ ਝਾਕਦੀ ਅਤੇ ਮੱਥੇ 'ਤੇ ਕੁੱਤੇ ਵਾਲ਼ੀ ਤਿਊੜੀ ਪਾਈ ਰੱਖਦੀ। ਸਾਰੀ ਜ਼ਿੰਦਗੀ ਉਸ ਨੇ ਕਿਸੇ ਨੂੰ ਖੰਘਣ ਨਹੀਂ ਦਿੱਤਾ ਸੀ। ਪਿੰਡ ਦਾ ਕੋਈ ਬੰਦਾ ਅੱਖ ਵਿੱਚ ਪਾਇਆ ਨਹੀਂ ਰੜਕਿਆ ਸੀ। ਜੁਗਾੜੂ ਅਤੇ ਉਸ ਦੀ ਭਰਜਾਈ ਤੇਜ ਕੌਰ ਦੇ ਖ਼ਿਲਾਫ਼ ਠੋਕ ਕੇ ਅਗਵਾਹੀਆਂ ਦਿੱਤੀਆਂ ਸਨ ਅਤੇ ਸਿਰ 'ਤੇ ਮੜਾਸਾ ਮਾਰ ਕੇ ਮੁਕੱਦਮੇਂ ਦੀ ਪੂਰੀ ਪੈਰਵਾਹੀ ਕੀਤੀ ਸੀ। ਹਰ ਕੌਰ ਨੇ ਉਤਨਾ ਚਿਰ ਦਮ ਨਹੀਂ ਲਿਆ ਸੀ, ਜਦ ਤੱਕ ਜੁਗਾੜੂ ਨੂੰ ਫ਼ਾਂਸੀ ਅਤੇ ਉਸ ਦੀ ਭਰਜਾਈ ਤੇਜ ਕੌਰ ਨੂੰ ਵੀਹ ਸਾਲ ਦੀ ਸਜ਼ਾ ਨਹੀਂ ਬੋਲ ਗਈ।

ਕਾਂਡ 5: ਅੱਜ ਮੌਸਮ ਬੜਾ ਸੁਹਾਵਣਾ ਸੀ। - ਸ਼ਿਵਚਰਨ ਜੱਗੀ ਕੁੱਸਾ

ਅੱਜ ਮੌਸਮ ਬੜਾ ਸੁਹਾਵਣਾ ਸੀ।
ਸ਼ਾਮ ਦਾ ਮੌਕਾ ਸੀ। ਸੰਤਾ ਸਿਉਂ ਖੇਤ ਕੱਸੀ ਦਾ ਪਾਣੀ ਲਾ ਰਿਹਾ ਸੀ, ਦੂਰ ਵੱਟ 'ਤੇ ਇੱਕ ਪਾਸੇ ਬਖਤੌਰ ਸਿਉਂ ਬੈਠਾ ਸੀ। ਅਚਾਨਕ ਕਾਕੂ ਚੌਂਕੀਦਾਰ ਨੇ ਉਹਨਾਂ ਕੋਲ਼ ਸਾਈਕਲ ਆ ਰੋਕਿਆ। ਚੜ੍ਹੇ ਸਾਹ ਤੋਂ ਲੱਗਦਾ ਸੀ ਕਿ ਉਸ ਨੇ ਸਾਈਕਲ ਬਹੁਤ ਤੇਜ਼ ਚਲਾਇਆ ਸੀ।
-''ਬਾਹਲ਼ਾ ਈ ਸਾਹੋ ਸਾਹ ਹੋਇਆ ਫ਼ਿਰਦੈਂ ਕਾਕੂ, ਸੁੱਖ ਐ..?" ਭਗਵਾਨ ਨੇ ਪੁੱਛਿਆ।
-''ਸੰਤਾ ਸਿਆਂ, ਮਾੜਾ ਜਿਆ ਉਰ੍ਹੇ ਹੋ ਕੇ ਮੇਰੀ ਗੱਲ ਸੁਣ..!" ਕਾਕੂ ਨੇ ਹੱਥ ਹਿਲਾ ਕੇ ਕਿਹਾ, ''ਤੂੰ ਵੀ ਨੇੜੇ ਆ ਜਾਹ ਬਖਤੌਰ ਸਿਆਂ..!"
ਸੰਤੇ ਦੇ ਨਾਲ਼ ਬਖਤੌਰ ਸਿਉਂ ਵੀ ਕੋਲ਼ ਆ ਗਿਆ।
-''ਮੈਨੂੰ ਸਰਪੈਂਚ ਨੇ ਭੇਜਿਐ...!" ਕਾਕੂ ਬੜਾ ਧੀਮਾਂ ਬੋਲਿਆ।
-''ਦੱਸ...?" ਬਖਤੌਰ ਦੀ ਤੇਜ਼ ਤਰਾਰ ਅੱਖ ਚੌਂਕੀਦਾਰ ਨੂੰ ਪੜ੍ਹਨ ਦਾ ਯਤਨ ਕਰ ਰਹੀ ਸੀ। ਪਰ ਕਿਸੇ ਗੱਲ ਦਾ ਸਿਰਾ ਹੱਥ ਨਹੀਂ ਆ ਰਿਹਾ ਸੀ।
-''ਜੁਗਾੜੂ ਬਰੀ ਹੋ ਕੇ ਘਰੇ ਆ ਗਿਆ..! ਆਬਦਾ ਬਚਾ ਰੱਖ..! ਅੱਬਲ ਤਾਂ ਚਾਰ ਦਿਨ ਕਿਸੇ ਪਾਸੇ ਟਿੱਭ ਜਾ..! ਵੈਰੀ ਤੇ ਹਲ਼ਕੇ ਕੁੱਤੇ ਦਾ ਵਿਸਾਹ ਨੀ ਖਾਈਦਾ ਹੁੰਦਾ..!" ਚੌਂਕੀਦਾਰ ਨੇ ਸੰਤਾ ਸਿਉਂ ਵੱਲ ਮੂੰਹ ਕਰ ਕੇ ਦੱਸਿਆ ਤਾਂ ਦੋਹਾਂ ਦੇ ਥੰਮ੍ਹ ਹਿੱਲ ਗਏ। ਸੰਤੇ ਦੇ ਮੱਥੇ ਤੋਂ ਕੱਚੀ ਤਰੇਲ਼ੀ ਦੀ ਛੱਲ ਫ਼ੁੱਟੀ।
-''ਤਿੰਨਾਂ ਮਹੀਨਿਆਂ 'ਚ ਈ ਘਰੇ ਕਿਵੇਂ ਆ ਗਿਆ..?" ਬਖਤੌਰ ਨੂੰ ਕੋਈ ਲੱਲ ਨਹੀਂ ਲੱਗ ਰਿਹਾ ਸੀ। ਉਸ ਦਾ ਦਿਮਾਗ ਖੱਲਾਂ ਖੂੰਜਿਆਂ ਵਿੱਚ ਹੱਥ ਮਾਰਦਾ ਫ਼ਿਰਦਾ ਸੀ, ''ਸੰਤਾ ਸਿਆਂ, ਤੂੰ ਕਿਆਰਿਆਂ ਵਿੱਚ ਪਾਣੀ ਖੁੱਲ੍ਹਾ ਛੱਡ, ਤੇ ਚੱਲ ਸਰਪੈਂਚ ਨੂੰ ਮਿਲ਼ਦੇ ਆਂ ਚੱਲ ਕੇ, ਤਿੰਨਾਂ ਮਹੀਨਿਆਂ 'ਚ ਬੰਦਾ ਖੋਟੇ ਪੈਸੇ ਮਾਂਗੂੰ ਘਰ ਆਜੇ, ਆਹ ਤਾਂ ਲੋਹੜ੍ਹਾ ਐ ਭੈੜ੍ਹਿਆ...!" ਬਖਤੌਰ ਕਿਆਰੇ ਦੇ ਖੂੰਜੇ ਰੱਖੀ ਜੁੱਤੀ ਕਾਹਲ਼ੀ ਨਾਲ਼ ਪੈਰਾਂ ਵਿੱਚ ਅੜਾਉਣ ਲੱਗ ਪਿਆ।
ਸੰਤੇ ਨੇ ਵੱਟਾਂ ਵੱਢ ਪਾਣੀ ਖੁੱਲ੍ਹਾ ਛੱਡ ਦਿੱਤਾ ਅਤੇ ਪੈਰ ਧੋ ਕੇ ਜੁੱਤੀ ਪਾ ਲਈ।
ਬਾਪੂ ਦੇ ਜਾਣ ਵਾਲ਼ੇ ਫ਼ੱਟ ਉਪਰ ਅੱਜ ਫ਼ਿਰ ਇੱਕ ਵਾਰ ਰੰਦਾ ਵੱਜ ਗਿਆ ਸੀ।
ਜੁੱਤੀ ਪਾਉਂਦੇ ਦੇ ਉਸ ਦੇ ਹੱਥ ਕੰਬ ਰਹੇ ਸਨ। ਬਾਪੂ ਦੇ ਕਾਤਲ ਨੂੰ ਜੇਲ੍ਹ ਤੋਰ ਕੇ ਉਹ ਤਾਂ ਸੁਖ ਦਾ ਸਾਹ ਲਈ ਬੈਠਾ ਸੀ। ਉਸ ਨੂੰ ਕੀ ਪਤਾ ਸੀ ਕਿ ਵੈਰੀ ਹਿੱਲਦੀ ਕੰਧ ਵਾਂਗ ਮੁੜ ਉਤੇ ਆ ਡਿੱਗੇਗਾ..?
-''ਘਬਰਾ ਨਾ ਪੁੱਤ ਸੋਹਣਿਆਂ...! ਜਿੰਨੀ ਕੁ ਜੋਕਰਾ ਹਾਂ, ਸਿਰ ਤੋਂ ਲੈ ਕੇ ਪੈਰਾਂ ਤੱਕ ਤੇਰੇ ਨਾਲ਼ ਐਂ...!" ਬਖਤੌਰ ਨੇ ਸੰਤੇ ਨੂੰ ਕਿਹਾ।
-''................।" ਪਰ ਸੰਤਾ ਸਿੰਘ ਚੁੱਪ ਸੀ। ਖ਼ਬਰ ਸੁਣ ਕੇ ਉਸ ਦਾ ਤੌਅਰ ਚੁੱਕਿਆ ਗਿਆ ਸੀ।
-''ਇੱਕ ਗੱਲ ਐ ਸੰਤਾ ਸਿਆਂ...!" ਉਸ ਨੂੰ ਚੁੱਪ ਦੇਖ ਕੇ ਬਖਤੌਰ ਸਿਉਂ ਬੋਲਿਆ।
-''..................।" ਸੰਤਾ ਨਾ ਬੋਲਿਆ।
-''ਆਪਾਂ ਵੀ ਇੱਕ ਅੱਧਾ ਹਥਿਆਰ ਹੱਥ ਹੇਠ ਕਰੀਏ, ਦੁਸ਼ਮਣ ਦਾ ਪਤਾ ਨੀ ਹੁੰਦਾ..!"
ਉਹ ਰਵਾਂ-ਰਵੀਂ ਸਰਪੰਚ ਕੋਲ਼ ਪਹੁੰਚ ਗਏ।
ਸਰਪੰਚ ਵੀ ਦੁਬਿਧਾ ਜਿਹੀ ਵਿੱਚ ਦੁਖੀ ਜਿਹਾ ਬੈਠਾ ਸੀ।
-''ਆਹ ਕੀ ਲੋਹੜ੍ਹਾ ਵੱਜਿਆ ਸਰਪੈਂਚਾ..? ਥਮਲ੍ਹੇ ਅਰਗਾ ਬੰਦਾ ਮਾਰ ਕੇ ਅਗਲਾ ਤੀਜੇ ਮ੍ਹੀਨੇ ਘਰੇ ਆ ਵੱਜੇ ਅਲੋਕਾਰ ਨੀ..?" ਬਖਤੌਰ ਨੇ ਨਿਰਾਸ਼ਾ ਭਿੱਜੇ ਗੁੱਸੇ ਦਾ ਇਜ਼ਹਾਰ ਸਰਪੰਚ ਕੋਲ਼ ਕੀਤਾ।
-''ਗੱਲਾਂ ਕਈ ਐ ਬਖਤੌਰ ਸਿਆਂ..!" ਸਰਪੰਚ ਜਿਵੇਂ ਖੂਹ 'ਚੋਂ ਬੋਲਿਆ ਸੀ।
-''.................।" ਬਖਤੌਰ ਨੇ ਸੁਆਲੀਆ ਨਜ਼ਰਾਂ ਸਰਪੰਚ ਦੇ ਮੂੰਹ ਉਪਰ ਗੱਡ ਰੱਖੀਆਂ ਸਨ।
-''ਪਹਿਲੀ ਗੱਲ ਤਾਂ ਆਪਣੇ ਕੇਸ ਨੂੰ ਪੁਲ਼ਸ ਨੇ ਈ ਸਹੀ ਤਰੀਕੇ ਨਾਲ਼ ਨੀ ਚੱਕਿਆ..! ਨਾ ਸਬੂਤ ਪੇਸ਼ ਕੀਤੇ, ਤੇ ਨਾ ਕੋਈ ਗਵਾਹ ਖੜ੍ਹਾ ਕੀਤਾ, ਨਾ ਕੋਈ ਹਥਿਆਰ ਪੇਸ਼ ਕੀਤਾ, ਤੇ ਨਾ ਮੁਜਰਮ ਦੇ ਪੈਰਾਂ ਦੇ ਨਿਸ਼ਾਨ ਚੱਕੇ..! ਅਦਾਲਤ ਦਾ ਸਾਰਾ ਦਾਰੋਮਦਾਰ ਗਵਾਹਾਂ ਤੇ ਸਬੂਤਾਂ 'ਤੇ ਹੁੰਦੈ, ਜਦੋਂ ਅਦਾਲਤ ਕੋਲ਼ ਨਾ ਸਬੂਤ ਨਾ ਗਵਾਹ, ਓਹ ਸਜ਼ਾ ਕਿਹੜੇ ਆਧਾਰ 'ਤੇ ਦਿੰਦੀ..? ਜੱਜ ਨੇ ਅਗਲੇ ਦੇ ਰੱਸੇ ਲਾਹ'ਤੇ..! ਤੇ ਅਗਲਾ ਦਣ-ਦਣਾਉਂਦਾ ਘਰੇ ਆ ਵੱਜਿਆ...!"
-''ਪਰ ਉਹ ਤਾਂ ਪੁਲ਼ਸ ਕੋਲ਼ੇ ਸਾਰੇ ਪਿੰਡ ਦੇ ਸਾਹਮਣੇ ਆਪ ਮੰਨਿਆਂ ਸੀ ਬਈ ਕਤਲ ਮੈਂ ਕੀਤੈ..!" ਬਖਤੌਰ ਪਿੱਟਣ ਵਾਲ਼ਿਆਂ ਵਾਂਗ ਬੋਲ ਰਿਹਾ ਸੀ।
-''ਪਰ ਇਹ ਤਾਂ ਜੱਜ 'ਤੇ ਮੁਨੱਸਰ ਐ ਨ੍ਹਾਂ, ਬਈ ਉਹ ਇਸ ਇਕਬਾਲੀਆ ਬਿਆਨ ਨੂੰ ਕਿੰਨੀ ਕੁ ਗੰਭੀਰਤਾ ਨਾਲ਼ ਲੈਂਦੈ, ਦੂਜੀ ਗੱਲ ਇਹ ਐ ਬਈ ਇਹਦੇ ਵਕੀਲ ਨੇ ਕੋਈ ਡਾਕਟਰੀ ਰਿਪੋਰਟ ਦਿੱਤੀ ਸੀ, ਬਈ ਮੇਰੇ ਮੁਵੱਕਲ ਦੀ ਦਿਮਾਗੀ ਹਾਲਤ ਠੀਕ ਨੀ, ਆਪਣੇ ਵੱਲੋਂ ਵੀ ਕੋਈ ਨਿੱਗਰ ਪੈਰਵਾਹੀ ਨੀ ਹੋਈ, ਓਹ ਸਾਰੀਆਂ ਗੱਲਾਂ ਦੋਸ਼ੀ ਦੇ ਹੱਕ 'ਚ ਗਈਆਂ ਤੇ ਅਗਲਾ ਛੁੱਟ ਕੇ ਖੋਟੇ ਪੈਸੇ ਮਾਂਗੂੰ ਘਰੇ ਆ ਗਿਆ...!"
-''.................।" ਬਖਤੌਰ ਸਿਉਂ ਲੰਮਾਂ ਸਾਹ ਖਿੱਚ ਕੇ ਬੈਠ ਗਿਆ। ਉਸ ਦੇ ਨਾਲ਼ ਸੰਤਾ ਢੇਰੀ ਜਿਹੀ ਢਾਹ ਕੇ, ਮੁਰਕੜੀ ਜਿਹੀ ਮਾਰੀ ਬੈਠਾ ਸੀ।
-''ਚਿੰਤਾ ਤਾਂ ਮੈਨੂੰ ਇਹ ਲੱਗੀ ਵੀ ਐ, ਬਈ ਕਿਤੇ ਆਪਣੇ ਸੰਤਾ ਸਿਉਂ ਦਾ ਨਾ ਕੋਈ ਨਛਕਾਨ ਕਰਦੇ, ਸਾਡੇ ਕੋਲ਼ੋਂ ਤਾਂ ਅਜੇ ਹਜਾਰਾ ਸਿਉਂ ਦਾ ਫ਼ੱਟ ਨੀ ਭਰਿਆ ਗਿਆ, ਬਰਾਬਰ ਦਾ ਭਾਈ ਮਰ ਗਿਆ...!" ਬਖਤੌਰ ਦਾ ਮਨ ਭਰ ਆਇਆ, ''ਪਰਬਤ ਅਰਗਾ ਬੰਦਾ ਮਿਲਟ 'ਚ...!" ਬਖਤੌਰ ਕੋਲ਼ੋਂ ਗੱਲ ਨਾ ਪੂਰੀ ਹੋਈ, ਉਸ ਦੀਆਂ ਅੱਖਾਂ ਨੱਕੋ ਨੱਕ ਭਰੀਆਂ ਹੋਈਆਂ ਸਨ।
-''ਦਿਲ 'ਤੇ ਨਾ ਲਾ ਬਾਈ ਬਖਤੌਰ ਸਿਆਂ..! ਆਪਾਂ ਕਰਦੇ ਐਂ ਕੋਈ ਬੰਦੋਬਸਤ..! ਪਰ ਇੱਕ ਗੱਲ ਐ..!" ਸਰਪੰਚ ਨੇ ਅਗਲੀ ਗੱਲ ਵੱਲ ਇਸ਼ਾਰਾ ਕੀਤਾ।
-''.................।" ਬਖਤੌਰ ਨੇ ਭਿੱਜੀਆਂ ਨਜ਼ਰਾਂ ਉਪਰ ਚੁੱਕੀਆਂ।
-''ਸਿਆਣੇ ਕਹਿੰਦੇ ਹੁੰਦੇ ਐ, ਬਈ ਹਲ਼ਕੇ ਕੁੱਤੇ, ਖਰੂਦੀ ਸਾਹਣ ਤੇ ਵਿਗੜੇ ਬੰਦੇ ਦਾ ਕਦੇ ਵਿਸਾਹ ਨੀ ਖਾਈਦਾ..!"
-''ਫ਼ੇਰ ਆਬਦੇ ਬਚਾਓ ਵਾਸਤੇ ਕਿਸੇ ਹਥਿਆਰ ਦਾ ਢਾਣਸ ਕਰੀਏ...?"
-''ਹਥਿਆਰ ਦਾ ਢਾਣਸ ਤਾਂ ਕਰ ਦਿਆਂਗੇ, ਪਰ ਲੋੜ ਪੈਣ 'ਤੇ ਸੰਤਾ ਚਲਾ ਵੀ ਲਉ..?" ਸਰਪੰਚ ਨੇ ਅਗਲੀ ਗੱਲ ਵੱਲ ਇਸ਼ਾਰਾ ਕੀਤਾ।
-''..................।" ਬਖਤੌਰ ਨੇ ਸੰਤੇ ਵੱਲ ਦੇਖਿਆ। ਉਹ ਪੱਥਰ ਹੋਇਆ ਚੁੱਪ ਵੱਟੀ ਬੈਠਾ ਸੀ।
-''ਸਰਪੈਂਚਾ ਹੋਰ ਨਾ ਕੰਮ ਕਰੀਏ..?" ਬਖਤੌਰ ਨੂੰ ਕੋਈ ਨਵੀਂ ਗੱਲ ਸੁੱਝੀ ਸੀ।
-''ਕੀ...?"
-''ਆਪਾਂ ਠਾਣੇ ਦਰਖ਼ਾਸਤ ਨਾ ਦੇ ਦੇਈਏ ਬਈ ਸੰਤੇ ਨੂੰ ਜੁਗਾੜੂ ਤੋਂ ਖ਼ਤਰੈ, ਤੇ ਉਹ ਇਹਨੂੰ ਕੋਈ ਨਛਕਾਨ ਪੁਚਾ ਸਕਦੈ..? ਜਦੋਂ ਪੁਲ਼ਸ ਨੇ ਜਮਾਨਤਾਂ ਕਰਵਾ ਦਿੱਤੀਆਂ, ਜੁਗਾੜੂ ਆਪੇ ਡਰ ਮੰਨੂੰ..?"
-''ਓਏ ਭੋਲ਼ਿਆ ਬਾਈ, ਜਦੋਂ ਕੁੱਤੀ ਹੈ ਈ ਚੋਰਾਂ ਦੀ, ਓਹਨਾਂ ਤੋਂ ਕਿਹੜੇ ਭਲੇ ਦੀ ਆਸ ਰੱਖੀਏ..? ਦਰਖ਼ਾਸਤ ਦੇ ਦਿੰਨੇ ਐਂ, ਪਰ ਆਬਦੇ ਆਪ ਨੂੰ ਫ਼ੋਕਾ ਧਰਵਾਸ ਦੇਣਾ, ਤੇ ਡੁੱਬਦੀ ਬੇੜੀ ਦੇ ਰਹਿਮ 'ਤੇ ਹੱਥ ਜੋੜ ਕੇ ਬੈਠੇ ਰਹਿਣਾ ਮਹਾਂ ਮੂਰਖਤਾਈ ਐ..!"  
-''ਪਰ ਇਹਦਾ ਕੋਈ ਹੱਲ ਤਾਂ ਕੱਢਣਾ ਪਊ, ਸਰਪੈਂਚਾ..! ਮਰਦਾ ਕੀ ਨੀ ਕਰਦਾ..? ਹੱਲ ਕੱਢੇ ਬਿਨਾਂ ਤਾਂ ਨੀ ਸਰਨਾਂ..!"
-''ਆਪਣੇ ਪਿੰਡ ਆਲ਼ੇ ਸਕੂਲ 'ਚ ਸ਼ੈੱਡ ਪੈਂਦੈ, ਮੈਂ ਹੁਣ ਜਾਣੈ ਸਕੂਲ ਨੂੰ, ਤੂੰ ਆਥਣੇ ਆ ਮੇਰੇ ਕੋਲ਼ੇ, ਓਦੋਂ ਤੱਕ ਹੱਲ ਕੱਢਦੇ ਐਂ ਕੋਈ..!" ਸਰਪੰਚ ਨੇ ਆਖਿਆ।
-''ਚੰਗਾ..!"
-''ਬਖਤੌਰ ਸਿਆਂ, ਤੂੰ ਅਜੇ ਸੰਤਾ ਸਿਉਂ ਨੂੰ 'ਕੱਲਾ ਨਾ ਛੱਡੀਂ, ਸਮੇਂ ਦਾ ਮੂੰਹ ਸੁੰਘਦੇ ਐਂ, ਬਈ ਤਿੰਨ ਮਹੀਨੇ ਜੇਲ੍ਹ 'ਚ ਰਹਿਣ ਤੋਂ ਬਾਅਦ ਕੁਛ ਬੰਦਾ ਵੀ ਬਣਿਆਂ, ਜਾਂ ਓਹੀ ਰੰਘੜ੍ਹਊ ਧੌਣ 'ਚ ਅੜਾਈ ਫ਼ਿਰਦੈ..?"
-''ਸਿਆਣੇ ਕਹਿੰਦੇ ਨੀ ਹੁੰਦੇ..? ਬਈ ਰੱਸੀ ਮੱਚ ਜਾਂਦੀ ਐ, ਪਰ ਵੱਟ ਨੀ ਜਾਂਦਾ, ਊਤ ਲੋਕ ਛੇਤੀ ਕੀਤੇ ਸਿੱਧੇ ਥੋੜ੍ਹੋ ਹੁੰਦੇ ਐ..? ਇਹ ਕੁੱਤੇ ਦੀਆਂ ਪੂਛਾਂ ਵੰਝਲੀ 'ਚ ਪਾਈਆਂ ਸਿੱਧੀਆਂ ਹੋਣ ਵਾਲ਼ੀਆਂ ਨੀ, ਸਰਪੈਂਚਾ..! ਇਹਨਾਂ ਵਾਸਤੇ ਤਾਂ ਕੋਈ ਜੁਗਤ ਈ ਲੜਾਉਣੀ ਪਊ..! ਜਾਂ ਫ਼ੇਰ ਅੱਡੀਆਂ ਦਾ ਜੋਰ ਲਾ ਕੇ ਜੜੋਂ ਈ ਖਿੱਚਣੀਆਂ ਪੈਣਗੀਆਂ...।" ਬਖਤੌਰ ਘੋਰ ਨਿਰਾਸ਼ਾ ਵਿੱਚੋਂ ਬੋਲ ਰਿਹਾ ਸੀ।
-''ਬਾਹਲ਼ਾ ਕਲਪ ਨਾ ਬਖਤੌਰ ਸਿਆਂ, ਆਥਣੇ ਕਰਦੇ ਐਂ ਕੋਈ ਵਿਚਾਰ..!"
-''ਚੱਲ ਬਈ ਸ਼ੇਰ ਬੱਗਿਆ...!" ਬਖਤੌਰ ਨੇ ਸੰਤੇ ਦੀ ਪਿੱਠ ਥਾਪੜੀ।
ਸੰਤਾ ਮਰੇ ਜਿਹੇ ਮਨ ਨਾਲ਼ ਉਠ ਕੇ ਖੜ੍ਹਾ ਹੋ ਗਿਆ।
-''ਢਿੱਲਾ ਜਿਆ ਕਾਹਨੂੰ ਹੁੰਨੈ ਸੰਤਾ ਸਿਆਂ..? ਤੇਰੇ ਵੱਜਣ ਆਲ਼ੀ ਗੋਲ਼ੀ, ਪਹਿਲਾਂ ਮੇਰੀ ਹਿੱਕ 'ਚ ਦੀ ਲੰਘੂ..!" ਬਖਤੌਰ ਨੇ ਸਾਰੇ ਜੋਰ ਨਾਲ਼ ਹਿੱਕ 'ਚ ਧੱਫਾ ਮਾਰਿਆ।
ਉਹ ਆਪਣੇ-ਆਪਣੇ ਰਸਤੇ ਪੈ ਗਏ।
ਸਕੂਲ ਦੇ ਦਰਵਾਜੇ ਵਿੱਚ ਹੀ ਸਰਪੰਚ ਨੂੰ ਜੁਗਾੜੂ ਦੀ ਭਰਜਾਈ ਤੇਜ ਕੌਰ ਮਿਲ਼ ਪਈ। ਉਹ ਅੱਖ ਦੀ ਬੇਈਮਾਨ ਅਤੇ ਮੂੰਹ ਦੀ ਮਿੱਠੀ ਸੀ। ਤੇਜ ਕੌਰ ਦਾ ਲੋਹੜ੍ਹੇ ਦਾ ਰੰਗ ਰੂਪ ਦੁਹਾਈ ਬਣਿਆਂ ਪਿਆ ਸੀ। ਮੋਟੀਆਂ ਅੱਖਾਂ ਵਿੱਚ ਪਾਇਆ ਸੁਰਮਾਂ ਦੇਖਣ ਵਾਲ਼ੇ ਨੂੰ ਗਸ਼ ਪਾਉਂਦਾ ਸੀ।
-''ਚਾਚਾ ਜੀ, ਸਤਿ ਸ੍ਰੀ ਅਕਾਲ..!" ਉਸ ਨੇ ਸਰਪੰਚ ਨੂੰ ਹੱਥ ਜੋੜੇ।
-''ਸਤਿ ਸ੍ਰੀ ਅਕਾਲ ਭਾਈ ਬੀਬਾ, ਠੀਕ ਓਂ..?"
-''ਹਾਂ ਜੀ ਠੀਕ ਆਂ..!"
-''ਤੁਸੀਂ ਜੁਗਾੜੂ ਦੇ...?"
-''ਜੀ ਹਾਂ, ਮੈਂ ਉਹਨਾਂ ਦੀ ਨਿੱਕੀ ਭਰਜਾਈ ਆਂ ਜੀ...!"
-''ਵੱਡੇ ਘਰ ਜਾ ਕੇ ਸੁਧਰਿਆ ਕੁਛ...? ਕਿ ਅਜੇ ਵੀ ਓਹੋ ਜਿਆ ਈ ਐ...??"
-''ਨਹੀਂ ਜੀ, ਹੁਣ ਤਾਂ ਕੁਛ ਠੀਕ ਐ..!"
-''ਚਲੋ ਸ਼ੁਕਰ ਐ ਭਾਈ ਬੀਬਾ..! ਮਾਰਿਆ ਤਾਂ ਸਹੁਰੇ ਨੇ ਕਮਲ਼ ਈ, ਬਿਨਾ ਕਸੂਰ ਬੰਦਾ ਮਾਰ'ਤਾ, ਹੁਣ ਸਮਝਾ ਕੇ ਰੱਖਿਓ ਭਾਈ, ਕੁਛ ਨੀ ਪਿਆ ਇਹਨਾਂ ਗੱਲਾਂ 'ਚ, ਬਾਧੂ ਉਜਾੜੇ ਨੂੰ ਈ ਥਾਂ ਐਂ..!"
-''ਨਹੀਂ ਹੁਣ ਤਾਂ ਕੁਛ ਸੁਧਾਰ ਹੋਇਐ, ਚਾਚਾ ਜੀ..!"
-''ਕਲੇਸ਼ਾਂ 'ਚ ਕੀ ਰੱਖਿਐ ਭਾਈ, ਤੁਸੀਂ ਪੜ੍ਹੇ ਲਿਖੇ, ਸਿਆਣੇ ਓਂ, ਬੱਸ ਉਹਨੂੰ ਸਿਆਣਾ ਬਣਾ ਕੇ ਰੱਖੋ, ਕਲੇਸ਼ਾਂ 'ਚ ਉਲਝੇ ਘਰਾਂ ਦੇ ਤਾਂ ਚੁੱਲ੍ਹਿਆਂ 'ਚ ਘਾਹ ਉਗ ਆਉਂਦੈ..!" ਆਖ ਸਰਪੰਚ ਸਕੂਲ ਅੰਦਰ ਚਲਿਆ ਗਿਆ।
ਤੇਜ ਕੌਰ ਬੜੀ ਤੇਜੀ ਨਾਲ਼ ਘਰ ਆ ਗਈ।
ਜੁਗਾੜੂ ਮੰਜੇ 'ਤੇ ਸਿਰ ਜਿਹਾ ਸੁੱਟੀ ਪਿਆ ਸੀ।
-''ਕੀੜਿਆਂ ਆਲ਼ੇ ਕੁੱਤੇ ਵਾਂਗੂੰ ਕਾਹਤੋਂ ਸਿਰ ਜਿਆ ਸਿੱਟੀ ਪਿਐਂ, ਭਾਈ ਜੀ..?" ਉਸ ਨੇ ਜੁਗਾੜੂ ਨੂੰ ਹਿਲਾਇਆ।
-''ਨਹੀਂ, ਊਂ ਈਂ ਪਿਐਂ..!" ਉਸ ਨੇ ਬੜਾ ਜੋਰ ਲਾ ਕੇ ਅੱਖਾਂ ਪੱਟੀਆਂ।
-''ਜੇਲ੍ਹ 'ਚ ਜਾ ਕੇ ਤਾਂ ਲੋਕ ਮੋਢਿਆਂ ਉਤੋਂ ਦੀ ਥੁੱਕਣ ਲੱਗ ਜਾਂਦੇ ਐ, ਤੂੰ ਚਾਰ ਦਿਨ ਜੇਲ੍ਹ 'ਚ ਜਾ ਕੇ ਜਮਾਂ ਈ ਖੱਸੀ ਜਿਆ ਹੋ ਗਿਆ..?" ਤੇਜ ਕੌਰ ਨੇ ਉਸ ਦੀ ਮਰਦਾਨਗੀ ਨੂੰ ''ਆਰ" ਲਾਈ।
-''......................।" ਜੁਗਾੜੂ ਪਿਆ-ਪਿਆ ਇੱਕ ਦਮ ਤੇਜ ਕੌਰ ਵੱਲ ਝਾਕਿਆ। ਜਿਵੇਂ ਉਸ ਦੇ ਸਰੀਰ ਨੂੰ ਕੋਈ ਕਰੰਟ ਲੱਗਿਆ ਸੀ। ਨਿੱਖਰੀ ਤਿੱਖਰੀ ਭਰਜਾਈ ਨੂੰ ਦੇਖ ਕੇ ਉਸ ਦੀਆਂ ਅੱਖਾਂ ਬੈਟਰੀ ਵਾਂਗ ਜਗੀਆਂ ਸਨ।
-''ਕਿਹੋ ਜੀਆਂ ਗੱਲਾਂ ਕਰੀ ਜਾਨੀਂ ਐਂ...?" ਉਹ ਪਿਆਸੇ ਕਾਂ ਵਾਂਗ ਛੋਟੀ ਭਰਜਾਈ ਵੱਲ ਝਾਕਿਆ। ਭਰਜਾਈ ਦਾ ਸਰੀਰ ਦੋ ਗਜ ਫ਼ਾਸਲੇ ਤੋਂ ਵੀ ਭੱਠ ਵਾਂਗ ਸੇਕ ਮਾਰ ਰਿਹਾ ਸੀ।
-''ਲੈ ਫ਼ੜ ਪੈਸੇ, ਜਾਹ ਠੇਕੇ ਤੋਂ ਲਿਆ ਬੋਤਲ, ਤੇ ਗੜ੍ਹਕੇ ਨਾਲ਼ ਪੀਅ...! ਮੇਰੇ ਤੇ ਤੇਰੇ ਭਰਾ ਦੇ ਹੁੰਦਿਆਂ ਤੂੰ ਸੁੱਕੇ ਸੋੜ੍ਹੇ ਥੋੜ੍ਹੋ ਮਰਨੈਂ..? ਜਾਹ ਲਿਆ ਬੋਤਲ, ਤੇ ਦੋ ਪੈੱਗ ਲਾ ਕੇ ਟੱਸ ਫ਼ੜ, ਕੰਨ ਜੇ ਨਾ ਸਿੱਟ...!" ਭਰਜਾਈ ਨੇ ਛਾਤੀਆਂ ਦੇ ਸੰਨ੍ਹ 'ਚੋਂ ਹਾਥੀ ਦੇ ਕੰਨ ਜਿੱਡੇ ਨੋਟ ਕੱਢ ਕੇ ਫ਼ੜਾਏ। ਉਸ ਦੇ ਤਰਕ ਜਿਹੀ ਮਾਰਨ 'ਤੇ ਜੁਗਾੜੂ ਛਾਲ਼ ਮਾਰ ਕੇ ਮੰਜੇ ਤੋਂ ਉਠਿਆ, ਜਿਵੇਂ ਉਸ ਦੀ ਪਿੱਠ ਹੇਠ ਕੋਈ ਸੱਪ ਆ ਗਿਆ ਸੀ। ਭਰਜਾਈ ਦੀ ਤਿੱਖੀ ਤਰਕ ਬੜੀ ਜ਼ਹਿਰੀਲੀ ਸੀ। ਭਰਜਾਈ ਦੇ ਹੱਥੋਂ ਨੋਟ ਉਸ ਨੇ ਉਂਗਲ਼ਾਂ ਦਾ ਚਿਮਟਾ ਬਣਾ ਕੇ ਫ਼ੜੇ। ਨਿੱਕੀ ਭਰਜਾਈ ਦੀ ਤਰਕ ਉਸ ਦੇ ਨਸ਼ਤਰ ਵਾਂਗ ਵੱਜੀ ਸੀ।
ਜੁਗਾੜੂ ਸੀ ਕਿ ਕੋਈ ਬਲਾਅ..? ਉਹ ਫ਼ੁਰਤੀ ਨਾਲ਼ ਬੋਤਲ ਲੈ ਕੇ ਮੁੜ ਆਇਆ। ਉਸ ਦੇ ਆਉਣ ਤੱਕ ਭਰਜਾਈ ਨੇ ਸਾਗ ਨੂੰ ਲਸਣ, ਹਰੀ ਮਿਰਚ ਅਤੇ ਅਧਰਕ ਦਾ ਤੜਕਾ ਲਾ ਦਿੱਤਾ ਸੀ। ਉਪਰ ਹਰਾ ਧਨੀਆਂ ਛਿੜਕ ਦਿੱਤਾ ਸੀ।
-''ਲੈ ਚੱਕ..! ਹੁਣੇ ਤੜਕਾ ਲਾਇਐ..! ਐਸ਼ਾਂ ਕਰ ਤੇ ਬੁੱਲੇ ਵੱਢ..!" ਉਹ ਸਾਗ ਦੀ ਬਾਟੀ ਅਤੇ ਪਾਣੀ ਦਾ ਜੱਗ ਜੁਗਾੜੂ ਅੱਗੇ ਰੱਖਦੀ ਬੋਲੀ।
-''ਕੋਈ ਗਿਲਾਸ ਵੀ ਲਿਆ ਦੇ..! ਕਿ ਬੁੱਕ ਨਾਲ਼ ਈ ਪੀ'ਲਾਂ...?" ਉਸ ਨੇ ਬੋਤਲ ਦਾ ਗਲ਼ ਕੁੱਕੜ ਵਾਂਗ ਮਰੋੜਿਆ। ਦਾਰੂ ਦੀ ਬੋਤਲ ਨੇ ਉਸ ਅੰਦਰ ਕਿਸੇ ਹੌਂਸਲੇ ਦਾ ਸੰਚਾਰ ਕਰ ਦਿੱਤਾ ਸੀ।
-''ਗਿਲਾਸ ਕੀ..? ਜਾਨ ਮੰਗ ਜਾਨ, ਭਾਈ ਜੀ..! ਤੇਰੀ ਜਾਨ ਨੂੰ ਕਾਹਦਾ ਘਾਟੈ...?" ਉਹ ਮੱਖੀ ਵਾਂਗੂੰ ''ਭਿਣਨ-ਭਿਣਨ" ਕਰਦੀ ਵਾਪਸ ਮੁੜ ਗਈ।
-''ਜਾਨ ਤੇਰੀ ਐਂਵੇਂ ਆਈ ਐ..?"
-''ਅੱਜ ਸਕੂਲ 'ਚ ਮੈਨੂੰ ਸਰਪੈਂਚ ਮਿਲ਼ਿਆ ਸੀ..!" ਤੇਜ ਕੌਰ ਨੇ ਅਸਲ ਗੱਲ ਦੱਸੀ।
-''...............।" ਜੁਗਾੜੂ ਨੇ ਗਿਲਾਸ ਦਾਰੂ ਦਾ ਭਰ ਕੇ ਧਰਤੀ ਮਾਤਾ ਨੂੰ ਛਿੱਟਾ ਦਿਤਾ ਅਤੇ ਸ਼ਰਬਤ ਦੇ ਪਾਣੀ ਵਾਂਗ ਸੂਤ ਗਿਆ। ਘਰ ਦੀ ਦਾਰੂ ਨੇ ਉਸ ਨੂੰ ਪੱਠਾ ਲਾ ਦਿੱਤਾ ਸੀ। ਉਸ ਨੇ ਧੁੜਧੁੜੀ ਜਿਹੀ ਲੈ ਕੇ ਸਾਗ ਦਾ ਚਮਚਾ ਮੂੰਹ ਵਿੱਚ ਪਾਇਆ। ਜਾੜ੍ਹ ਹੇਠ ਆਈ ਹਰੀ ਮਿਰਚ ਦੀ ਕੁੜੱਤਣ ਨਾਲ਼ ਉਸ ਦਾ ਮੂੰਹ ਆਪਣੇ ਆਪ ਖੁੱਲ੍ਹ ਗਿਆ।
-''ਬੋਲਦਾ ਸੀ ਕੁਛ...?" ਉਹ ਮੂੰਹ ਬਕਬਕਾ ਜਿਹਾ ਬਣਾਈ ਬੈਠਾ ਸੀ।
-''ਬੋਲਣਾ ਤਾਂ ਕੀ ਸੀ..? ਸਮਝੌਤੀਆਂ ਜੀਆਂ ਦਿੰਦਾ ਸੀ, ਇਹ ਕੰਮ ਮਾੜੇ ਐ ਭਾਈ, ਉਹਨੂੰ ਸਮਝਾਓ ਭਾਈ, ਲੜਾਈ ਝਗੜ੍ਹਿਆਂ 'ਚ ਕੁਛ ਨੀ ਪਿਆ ਭਾਈ..!" ਗੱਲਾਂ ਕਰਦੀ ਤੇਜ ਕੌਰ ਨਾਲ਼ ਦੀ ਨਾਲ਼ ਜੁਗਾੜੂ ਦਾ ਚਿਹਰਾ ਪੜ੍ਹ ਰਹੀ ਸੀ। ਪਰ ਜੁਗਾੜੂ ਨੇ ਕੋਈ ਤਰਾਰਾ ਨਹੀਂ ਦਿਖਾਇਆ ਸੀ। ਕੋਈ ਕਰੜਾ ਜਵਾਬ ਨਹੀਂ ਦਿੱਤਾ ਸੀ।
-''ਕਹਿ ਜਿੰਨ੍ਹਾਂ ਨੇ ਸੁੱਥਣਾਂ ਸੁਆਈਐਂ, ਦੂਜੇ ਕੰਮ ਵਾਸਤੇ ਥਾਂ ਪਹਿਲਾਂ ਰੱਖੇ ਐ..!"
-''ਮੈਂ ਤਾਂ ਕਹਿਤਾ...!"
-''ਕੀ ਕਹਿਤਾ...?" ਜੁਗਾੜੂ ਨੇ ਇੱਕ ਗਿਲਾਸ ਹੋਰ ਭਰ ਲਿਆ।
-''ਬਈ ਬੰਦਾ ਜਿਹੜਾ ਕੁਛ ਕਰਦੈ, ਆਬਦੇ ਸਿਰ 'ਤੇ ਈ ਕਰਦੈ...!" ਤੇਜ ਕੌਰ ਨੇ ਸਰਾਸਰ ਝੂਠ ਬੋਲਿਆ। ਉਹ ਜੁਗਾੜੂ ਦੀ ਬੁਝੀ ਧੂਣੀਂ 'ਤੇ ਭੂਕਣੇ ਨਾਲ਼ ਫ਼ੂਕ ਮਾਰਨਾ ਚਾਹੁੰਦੀ ਸੀ।
-''ਮੇਰੀ ਤਾਂ ਅੰਦਰ ਕਿਸੇ ਕੰਜਰ ਨੇ ਬਾਤ ਨੀ ਪੁੱਛੀ, ਮੈਂ ਤਾਂ ਆਬਦੇ ਸਿਰ 'ਤੇ ਛੁੱਟ ਕੇ ਆਇਐਂ..!" ਜੁਗਾੜੂ ਨੇ ਲੱਠ ਵਰਗਾ ਉਲਾਂਭਾ ਭਰਜਾਈ ਦੇ ਪੈਰੀਂ ਵਗਾਹ ਮਾਰਿਆ।
-''ਲੈ, ਦੋ ਵਾਰੀ ਤਾਂ ਮੈਂ ਤੇਰੀ ਮੁਲਾਕਾਤ ਕਰਨ ਗਈ ਆਂ..!" ਭਰਜਾਈ ਅੰਦਰੋਂ ਥਿੜਕੀ। ਪਰ ਤੁਰੰਤ ਸੰਭਲ਼ ਗਈ। ਉਸ ਨੇ ਸੋਚਿਆ ਤੱਕ ਨਹੀਂ ਸੀ ਕਿ ਜੁਗਾੜੂ ਉਖੜੀ ਕੁਹਾੜ੍ਹੀ ਵਾਂਗ ਮੱਥੇ 'ਚ ਵੱਜੇਗਾ?
-''ਤੇਰੀ ਗੱਲ ਨੀ ਕਰਦਾ ਭਰਜਾਈਏ...! ਮੰਨੋ ਪੈਣੇ ਲੋਕਾਂ ਦੀ ਗੱਲ ਕਰਦੈਂ, ਤੂੰ ਤਾਂ ਆਬਦੇ ਆਪ ਨੂੰ ਮੱਲੋਮੱਲੀ ਵਿੱਚ ਘਸੋੜ ਲੈਨੀਂ ਐਂ, ਤੂੰ ਉਹਨਾਂ ਕੰਜਰਾਂ ਨਾਲ਼ ਮਿਲ਼ਗੀ...? ਤੂੰ ਸੌ ਗੁਣਾਂ ਦੀ ਗੁਥਲੀ, ਤੇ ਲੋਕ ਸਾਲ਼ੇ ਗੰਦ ਦੇ ਬੋਰੇ..! ਤੂੰ ਉਹਨਾਂ ਨਾਲ਼ ਮਿਲਗੀ...?"
-''ਮੈਂ ਤਾਂ ਤੇਰੇ ਸਾਹੀਂ ਸਾਹ ਲੈਨੀਂ ਐਂ, ਦੁਨੀਆਂ ਸੌ ਗੱਲਾਂ ਕਰਦੀ ਊਝਾਂ ਲਾਉਂਦੀ ਐ, ਪਰ ਮੇਰੇ ਕੋਈ ਕੰਜਰ ਜੁੱਤੀ ਦੇ ਯਾਦ ਨੀ, ਮੈਂ ਮਾਰਦੀ ਆਂ ਢਾਕ ਤੋਂ ਦੀ ਦੁਨੀਆਂ ਨੂੰ..!"
-''ਤੇ ਮੈਂ ਕਿਹੜਾ ਕਦੇ ਕੋਈ ਫ਼ਰਕ ਰੱਖਿਐ ਲਾਣੇਦਾਰਨੀਏਂ..? ਲਹੂ ਡੋਲ੍ਹਣ ਨੂੰ ਮੈਂ ਤਿਆਰ ਰਹਿੰਨੈਂ, ਤੂੰ ਹੁਕਮ ਕਰ, ਮੈਂ ਸਾਰਾ ਪਿੰਡ ਮਾਰ ਦਿਆਂ..!" ਉਸ ਨੇ ਕਸੀਸ ਵੱਟ ਕੇ ਗਿਲਾਸ ਅੰਦਰ ਸੁੱਟਿਆ। ਨਸ਼ੇ ਦੀ ਲੋਰ ਨੇ ਉਸ ਨੂੰ ਸੱਤਰੰਗੀ ਪੀਂਘ ਵਾਲ਼ਾ ਹੁਲ੍ਹਾਰਾ ਦਿੱਤਾ, ''ਬੱਸ ਤੂੰ ਨਾ ਪਿੱਛਾ ਦੇਈਂ ਭਾਬੋ, ਤੇਰੇ ਇੱਕ ਇਸ਼ਾਰੇ 'ਤੇ ਮੈਂ ਸਾਰੀ ਦੁਨੀਆਂ ਫ਼ਨਾਂਹ ਕਰਦੂੰ..!"
-''ਲੈ, ਇੱਕ ਪੈੱਗ ਮੇਰੇ ਹੱਥ ਦਾ ਵੀ ਪੀਅ..!" ਉਸ ਨੇ ਪੌਣਾ ਗਿਲਾਸ ਕਰ ਕੇ ਜੁਗਾੜੂ ਦੇ ਹੱਥ ਫ਼ੜਾ ਦਿੱਤਾ।
-''ਤੇਰੇ ਆਖੇ ਤੋਂ ਤਾਂ ਮੈਂ ਮੌਹਰਾ ਵੀ ਪੀ ਜਾਊਂ, ਭਾਬੋ...! ਤੂੰ ਹੁਕਮ ਤਾਂ ਕਰ ਕੇ ਦੇਖ...!" ਉਸ ਨੇ ਗਿਲਾਸ ਖਾਲੀ ਕਰ ਦਿੱਤਾ। ਉਸ ਦੀਆਂ ਅੱਖਾਂ ਦਾ ਰੰਗ ''ਜੋਗੀਆਂ" ਹੋ ਗਿਆ ਸੀ। ਜੰਗਲੀ ਬੋਤੇ ਵਾਂਗ ਉਹ ਮੰਜੇ 'ਤੇ ਹੀ ਤੜਾਫ਼ੇ ਜਿਹੇ ਮਾਰਨ ਲੱਗ ਪਿਆ। ਫ਼ਿਰ ਉਹ ਉਠ ਕੇ ਜੰਗਲੀ ਬੋਤੇ ਵਾਂਗ ਬੁੱਕਿਆ। ਤੇਜ ਕੌਰ ਨੇ ਉਸ ਦੇ ਮੂੰਹ 'ਤੇ ਹੱਥ ਰੱਖ ਕੇ ਮਸਾਂ ਚੁੱਪ ਕਰਵਾਇਆ।
-''ਕਿਉਂ ਝੱਜੂ ਪਾਇਐ...? ਲੋਕਾਂ ਨੂੰ ਤਮਾਸ਼ਾ ਦਿਖਾਉਣੈ...?" ਤੇਜ ਕੌਰ ਦਾ ਹੱਥ ਜੁਗਾੜੂ ਦੇ ਮੂੰਹ 'ਚੋਂ ਡਿੱਗੀ ਝੱਗ ਨਾਲ਼ ਲਿੱਬੜ ਗਿਆ ਸੀ।
-''ਤੇਰੀ ਖਾਤਰ ਤਾਂ ਮੈਂ ਖੂਹ 'ਚ ਡਿੱਗਣ ਨੂੰ ਤਿਆਰ ਬਰ ਤਿਆਰ ਐਂ, ਭਾਬੋ ਮੇਰੀਏ..!"
-''ਖੂਹ 'ਚ ਡਿੱਗਣ ਨੂੰ ਮੈਂ ਜਮਾਂ ਨੀ ਆਖਦੀ..!"
-''ਖਾਤੇ 'ਚ ਡਿੱਗ ਪੈਂਨੈ..?"
-''ਵੇ ਫ੍ਹੋਅਟ...!"
-''ਹੋਰ ਦੱਸ ਕੀ ਕਰਾਂ...? ਤੇਰੀ ਖਾਤਰ ਮੈਂ ਫ਼ਾਕੜਾਂ ਹੋਜਾਂ..!"
-''ਕਹਿੰਦੇ ਨੀ ਹੁੰਦੇ..? ਪੁੱਤਰ ਜੰਮੇਂ ਨਲਾਇਕ ਨਾ, ਧੀ ਅੰਨ੍ਹੀ ਚੰਗੀ..!"
-''ਨਲੈਕ...?"
-''ਤੇ ਹੋਰ ਤੂੰ ਜਣਦਿਆਂ ਦਾ ਸਿਰ ਐਂ...?" ਤੇਜ ਕੌਰ ਖਿਝੀ ਪਈ ਸੀ।
-''ਇੱਕ ਜੱਫ਼ੀ ਪਾ ਲੈ, ਚਾਹੇ ਮੇਰੀ ਬਲੀ ਲੈ ਲਈਂ...!"
-''ਲੈ...! ਤੂੰ ਵੀ ਕੀ ਯਾਦ ਕਰੇਂਗਾ..!" ਤੇਜ ਕੌਰ ਨੇ ਉਸ ਨੂੰ ਪਿੱਛੋਂ ਜੱਫ਼ੀ ਪਾ ਲਈ।
-''ਅਖੇ ਬੱਕਰੀ ਨੇ ਦਿੱਤਾ ਦੁੱਧ, ਤੇ ਓਹ ਵੀ ਮੀਂਗਣਾਂ ਘੋਲ਼ ਕੇ...! ਜੱਫ਼ੀ ਪਾਈ, ਤੇ ਉਹ ਵੀ ਪਿੱਛੋਂ..? ਵੇਲ਼ਾ ਜਿਆ ਪੂਰਾ ਨਾ ਕਰ, ਜੇ ਪਾਉਣੀਂ ਐਂ ਤਾਂ ਸਾਹਮਣੇ ਆ ਕੇ ਪਾਅ...! ਹਿੱਕ 'ਚ ਵੱਜ ਟਿਕਾਅ ਕੇ..! ਅੱਖਾਂ ਜੀਆਂ ਨਾ ਪੂੰਝ...!"
ਤੇਜ ਕੌਰ ਅੱਗੇ ਆ ਗਈ ਅਤੇ ਉਸ ਨੇ ਜੁਗਾੜੂ ਨੂੰ ਘੁੱਟ ਕੇ ਗਲਵਕੜੀ ਵਿੱਚ ਜਕੜ ਲਿਆ।
-''ਐਹਨਾਂ ਗੱਲਾਂ ਨੂੰ ਤਾਂ ਮੈਂ ਜੁੱਗੜਿਆਂ ਦਾ ਤਰਸੀ ਜਾਨੈਂ, ਭਾਬੋ...! ਮੈਂ ਤਾਂ ਗਲਵਕੜੀ ਨੂੰ ਤਰਸ ਗਿਆ..!"
-''ਹੁਣ ਤਾਂ ਰੱਜ ਆ ਗਿਆ...?"
-''ਇੱਕ ਹੋਰ ਪਾ ਲੈ, ਫ਼ੇਰ ਦੁੱਖ ਟੁੱਟਣਗੇ ਜੁੱਗਾਂ ਜੁਗਾਂਤਰਾਂ ਦੇ...!"
ਤੇਜ ਕੌਰ ਨੇ ਇੱਕ ਵਾਰ ਫ਼ਿਰ ਗਲਵਕੜੀ ਪਾ ਲਈ।
-''ਭਾਬੋ...!"
-''ਬੋਲ...?"
-''ਇੱਕ ਗੱਲ ਆਖਾਂ...?"
-''ਵੀਹ ਆਖ...!" ਉਹ ਉਸ ਨੂੰ ਘੁੱਟੀ ਖੜ੍ਹੀ ਸੀ।
-''ਪੂਰੀ ਕਰੇਂਗੀ...?"
-''ਅੱਗੇ ਕਦੇ ਮੁੱਕਰੀ ਐਂ...? ਤੇਰਾ ਹਰ ਕੰਮ ਅੱਧ ਬੋਲ ਨੀ ਕੀਤਾ..?"
-''ਮੈਨੂੰ ਸਾਕ ਕਦੋਂ ਕਰਵਾਉਣੈ...?"
-''............................।" ਗੱਲ ਸੁਣ ਕੇ ਤੇਜ ਕੌਰ ਨੂੰ ਭੁਆਂਟਣੀ ਆਈ।
-''ਤੈਨੂੰ ਮੇਰੇ ਹੁੰਦਿਆਂ ਟੋਟ ਐ ਕਾਸੇ ਦੀ...?"
-''ਆਬਦੀ ਤੀਮੀਂ ਤਾਂ ਫ਼ੇਰ ਆਬਦੀ ਈ ਹੁੰਦੀ ਐ ਨ੍ਹਾਂ..?"
-''ਤੂੰ ਬਿਗਾਨਿਆਂ ਵਾਲ਼ੀ ਗੱਲ ਜੀ ਕਰ ਕੇ ਮੇਰਾ ਦਿਲ ਨਾ ਤੋੜਿਆ ਕਰ ਭਾਈ ਜੀ, ਦੱਸ ਮੈਂ ਕਦੇ ਕਿਸੇ ਗੱਲੋਂ ਤੇਰਾ ਹੱਥ ਫ਼ੜਿਐ..? ਤੂੰ ਪਾਣੀ ਮੰਗਦੈਂ, ਤੈਨੂੰ ਦੁੱਧ ਹਾਜਰ ਕਰੀਦੈ...!"
-''ਐਨੇ ਮਹੀਨਿਆਂ ਬਾਅਦ ਮੈਂ ਜੇਲ੍ਹ 'ਚੋਂ ਆਇਐਂ, ਤੇ ਤੂੰ....!" ਜੁਗਾੜੂ ਨੇ ਅਜੇ ਗੱਲ ਵੀ ਪੂਰੀ ਨੀ ਸੀ ਕੀਤੀ, ਤੇਜ ਕੌਰ ਨੇ ਉਸ ਦੇ ਮੂੰਹ 'ਤੇ ਹੱਥ ਰੱਖ ਲਿਆ।
-''ਚੱਲ ਅੰਦਰ...!" ਉਸ ਨੇ ਬਾਹਰਲੇ ਦਰਵਾਜੇ ਦਾ ਕੁੰਡਾ ਲਾ ਦਿੱਤਾ ਅਤੇ ਬਾਂਹ ਫ਼ੜ ਕੇ ਜੁਗਾੜੂ ਨੂੰ ਅੰਦਰ ਲੈ ਤੁਰੀ। ਉਸ ਦੇ ਦਿਲ ਦੀ ਧੜ੍ਹਕਣ ਤੇਜ਼ ਹੋ ਗਈ ਸੀ। ਜੁਗਾੜੂ ਵੀ ਬੋਤੇ ਵਾਂਗ ਪੁਲਾਂਘਾਂ ਪੁੱਟਦਾ ਧੁੱਸ ਦੇਈ ਆ ਰਿਹਾ ਸੀ।
ਸਵਾਤ ਦਾ ਦਰਵਾਜਾ ਭੇੜ੍ਹ ਕੇ ਜੁਗਾੜੂ ਨੇ ਭਰਜਾਈ ਨੂੰ ਚੱਭਾ ਮਾਰਿਆ ਅਤੇ ਚਰ੍ਹੀ ਦੀ ਪੂਲੀ ਵਾਂਗ ਥੱਲੇ ਧਰ ਲਈ।
ਕਮਰੇ ਅੰਦਰ ਲੋਰ ਦਾ ਤੁਫ਼ਾਨ ਉਠਿਆ ਅਤੇ ਸਮਾਂ ਪਾ ਕੇ ਸ਼ਾਂਤ ਹੋ ਗਿਆ।
-''ਚੱਲ ਲੀੜੇ ਪਾ ਕੇ ਬਾਹਰ ਚੱਲ, ਕੋਈ ਆ ਨਾ ਜਾਵੇ...!"
ਜੁਗਾੜੂ ਕੱਪੜੇ ਪਾ ਕੇ ਬਾਹਰ ਨਿਕਲ਼ ਗਿਆ। ਹੁਣ ਉਸ ਦੇ ਸਰੀਰ ਵਿੱਚ ਉਤਨਾ ਬਲ ਨਹੀਂ ਸੀ, ਜਿੰਨਾਂ ਉਹ ਪਹਿਲਾਂ ਫ਼ੁੰਕਾਰੇ ਮਾਰਦਾ ਸੀ।
ਪਿੱਛੇ ਹੀ ਤੇਜ ਕੌਰ ਬਾਹਰ ਆ ਗਈ।
-''ਮੰਗ ਕੀ ਮੰਗਦੀ ਐਂ, ਭਾਬੋ..?" ਉਹ ਪੈੱਗ ਪਾਉਂਦਾ ਬੋਲਿਆ।
-''ਮੈਂ ਕੀ ਮੰਗਣੈਂ..? ਕਾਸੇ ਦੀ ਲੋੜ ਨੀ, ਤੇਰਾ ਦਿੱਤਾ ਸਭ ਕੁਛ ਐ..!"
-''ਨਹੀਂ..! ਮੰਗ ਕੀ ਮੰਗਦੀ ਐਂ, ਓਹੀ ਹਾਜ਼ਰ ਕਰੂੰ..!"
-''ਵੇ ਮੈਂ ਕੀ ਮੰਗਣੈਂ ਕਮਲ਼ਿਆ..? ਸੱਤੇ ਖ਼ੈਰਾਂ..!"
-''ਨਹੀਂ ਭਾਬੋ...! ਤੀਸਰਾ ਬਚਨ ਐਂ, ਮੰਗ..!"
-''ਜੋ ਮੰਗਿਆ ਦੇਵੇਂਗਾ..?"
-''ਤੈਨੂੰ ਬਚਨ ਦਿੱਤਾ, ਜੋ ਬੱਤੀ ਦੰਦਾਂ 'ਚੋਂ ਕੱਢੇਂਗੀ, ਓਹੀ ਦਿਊਂਗਾ...!"
-''ਪੱਕੀ ਗੱਲ ਐ...?"
-''ਇੱਟ ਅਰਗੀ ਪੱਕੀ...!"
-''ਪੱਕਾ ਬਚਨ...!"
-''ਮਰਦਾਂ ਆਲ਼ਾ ਬਚਨ ਭਾਬੋ...! ਮਰਦਾਂ ਆਲ਼ਾ ਬਚਨ...!"
-''ਹਜਾਰੇ ਦੇ ਸੰਤੇ ਨੂੰ ਪਾਰ ਬੁਲਾ ਦੇ..!"
-''ਹਜਾਰੇ ਦੇ ਸੰਤੇ ਨੂੰ..?" ਜੁਗਾੜੂ ਦੇ ਹੱਥ ਢਿੱਲੇ ਪੈ ਗਏ।
-''ਹਾਂ...!"
-''.........................।" ਉਸ ਨੇ ਭਰਜਾਈ ਦਾ ਚਿਹਰਾ ਗਹੁ ਨਾਲ਼ ਤੱਕਿਆ। ਭਰਜਾਈ ਦਾ ਚਿਹਰਾ ਉਸ ਨੂੰ ਕਿਸੇ ਬੁੱਚੜ ਵਰਗਾ ਲੱਗਿਆ ਅਤੇ ਉਹ ਫ਼ੌਲਾਦੀ ਚੁੱਪ ਧਾਰ ਗਿਆ।
-''ਬੱਸ...? ਆਹੀ ਬਚਨ ਸੀ..?" ਭਰਜਾਈ ਦਾ ਚਿਹਰਾ ਪੱਥਰ ਬਣਿਆਂ ਪਿਆ ਸੀ। ਉਸ ਨੇ ਜਿੰਨ ਵਰਗਾ ਮੂੰਹ ਖੋਲ੍ਹ ਕੇ ਮਿਹਣੇ ਵਰਗਾ ਸੁਆਲ ਕੀਤਾ।
-''ਪਰ ਕਿਉਂ..? ਓਹਨੇ ਕਿਹੈ ਤੈਨੂੰ ਕੁਛ..?"
-''ਹੁਣ ਗੱਲਾਂ ਈ ਪੁੱਛੀ ਜਾਵੇਂਗਾ, ਜਾਂ ਆਬਦੇ ਕੀਤੇ ਬਚਨ 'ਤੇ ਵੀ ਪੱਕਾ ਰਹੇਂਗਾ..? ਓਦੋਂ ਤਾਂ ਤੀਸਰੇ ਬਚਨ ਦੀ ਰਟ ਲਾਈ ਫ਼ਿਰਦਾ ਸੀ, ਜਿਵੇਂ ਅਕਬਰ ਬਾਦਸ਼ਾਹ ਹੁੰਨੈਂ..!" ਉਹ ਕੌੜਾ ਜਿਹਾ ਮੁਸਕੁਰਾਈ।
-''ਕੰਮ ਥੋੜ੍ਹਾ ਜਿਆ ਠੰਢਾ ਨਾ ਪੈ ਲੈਣ ਦੀਏ..? ਹੁਣੇ ਹੁਣੇ ਤਾਂ ਹਜਾਰੇ ਦਾ ਗੁੱਗਾ ਪੂਜ ਕੇ ਹਟੇ ਐਂ..!"
-''ਵੇ ਪਸ਼ੂਆ..! ਅੱਗੇ ਕਿਹੜਾ ਉਹਨਾਂ ਨੇ ਤੇਰੀ ਕੰਧ ਢਾਅਤੀ..? ਜਿਹੋ ਜਿਆ ਉਹਨਾਂ ਨੇ ਅੱਗੇ ਲੱਲ੍ਹਰ ਲਾਅਤਾ, ਓਹੋ ਜਿਆ ਈ ਹੁਣ ਲਾ ਦੇਣਗੇ, ਨਾਲ਼ੇ ਹੁਣ ਕਿਹੜਾ ਕੋਈ ਮਗਰ ਆਉਣ ਆਲ਼ਾ ਰਹੂ..?"
-''ਸੰਤੇ ਵਾਸਤੇ ਤੇਰੀ ਭੈਣ ਦਾ ਰਿਸ਼ਤਾ ਨੀ ਸੀ ਲਿਆ ਹਜਾਰੇ ਕਿਆਂ ਨੇ, ਤੂੰ ਉਹ ਕਿੜ੍ਹ ਕੱਢਦੀ ਐਂ, ਭਾਬੋ..! ਮੈਂ ਸਾਰੀ ਹੀਰ ਜਾਣਦੈਂ, ਕਮਲ਼ਾ ਮੈਂ ਜਮਾਂ ਨੀ, ਮੈਨੂੰ ਤਾਂ ਤੂੰ ਰਿਸ਼ਤਾ ਕਰਵਾਇਆ ਨੀ, ਮੈਂ ਤਾਂ ਬੋਤੇ ਦੀ ਪੂਛ ਅਰਗਾ ਲੰਡਾ ਈ ਡੱਕ-ਡੱਕ ਵੱਜਦਾ ਫ਼ਿਰਦੈਂ...!"
-''ਤੂੰ ਇਹ ਕੰਮ ਸਿਰੇ ਲਾਅ, ਜਿੱਦਣ ਬਰੀ ਹੋ ਕੇ ਆ ਗਿਆ, ਓਦਣ ਈ ਰਿਸ਼ਤਾ ਲਿਆਦੂੰ..!"
-''ਪੱਕੀ ਗੱਲ ਐ...?"
-''ਓਹ...ਹੋਅ.....! ਬੇ'ਤਬਾਰੀ ਜੀ ਨਾ ਕਰਿਆ ਕਰ..!" ਤੇਜ ਕੌਰ ਨੇ ਬੁੱਲ੍ਹ ਟੇਰੇ।
-''ਲੈ ਫ਼ੇਰ ਅੱਜ ਰਾਤ ਨੂੰ ਈ ਲੈ ਕੰਡਾ ਕੱਢਿਆ...!"
-''ਰਾਤ ਕੀਹਦੀ ਮਾਂ ਨੂੰ ਆਈ..? ਤੂੰ ਪੈੱਗ ਸ਼ੈਗ ਲਾ ਕੇ ਖੇਤ ਈ ਜਾ ਦੱਬ, ਅਗਲਾ ਹੁਣੇ ਰੇੜ੍ਹੀ ਲੈ ਕੇ ਪੱਠਿਆਂ ਨੂੰ ਗਿਐ..!"
-''ਤੂੰ ਦੇਖਿਐ...?"
-''ਜੇ ਦੇਖਿਐ, ਤਾਂ ਹੀ ਤਾਂ ਆਖਦੀ ਐਂ..! ਵੈਰੀ ਨੂੰ ਆਵੇਸਲ਼ੇ ਨੂੰ ਈ ਦੱਬੀਏ..! ਤੂੰ ਇੱਕ ਅੱਧਾ ਪੈੱਗ ਲਾ, ਬਾਹਲ਼ੀ ਨਾ ਅਜੇ ਪੀਂਵੀਂ, ਆ ਕੇ ਚਾਹੇ ਸਾਰੀ ਪੀ ਲਈਂ, ਇੱਕ ਬੋਤਲ ਦੇ ਪੈਸੇ ਤੈਨੂੰ ਹੋਰ ਦੇ ਦਿੰਨੀ ਆਂ...! ਆਹ ਲੈ ਫ਼ੜ..!" ਉਸ ਨੇ ਕੁਝ ਨੋਟ ਉਸ ਦੀ ਮੁੱਠੀ ਵਿੱਚ ਦੇ ਦਿੱਤੇ।
-''ਹੁਣ ਬਾਹਰ ਨੀ ਪੀਣੀ, ਕੰਮ ਕਰ ਕੇ ਘਰੇ ਆ ਕੇ ਪੀਣੀ ਐਂ...!"
-''ਮੈਂ ਤੇਰੇ ਤੋਂ ਨਾਬਰ ਐਂ...? ਚੱਲ ਓਏ ਭਗਤਾ..! ਪੁਗਾ ਭਾਬੋ ਨੂੰ ਦਿੱਤੇ ਬੋਲ, ਕਰ ਪੂਰੇ ਬਚਨ, ਲਿਆ ਇੱਕ ਤਕੜਾ ਜਿਆ ਰੱਸਾ ਫ਼ੜਾ ਕੇਰਾਂ..! ਜੇ ਕੋਈ ਹਥਿਆਰ ਚੱਕਿਆ, ਲੋਕ ਸ਼ੱਕ ਕਰਨਗੇ, ਰੱਸਾ ਹੱਥ 'ਚ ਹੋਊ ਤਾਂ ਲੋਕ ਸੋਚਣਗੇ ਬਈ ਪੱਠਿਆਂ ਨੂੰ ਚੱਲਿਐ..!"
-''ਸਿਆਣਾ ਹੋ ਗਿਆ ਤੂੰ..! ਨਾਲ਼ੇ ਕਿਸੇ ਕੋਲ਼ ਭਾਫ਼ ਨੀ ਕੱਢਣੀ, ਬੱਸ ਕੰਮ ਕਰ ਕੇ ਛੱਪ ਦੇਣੇ ਆਜੀਂ..! ਆਹ ਲੈ ਰੱਸਾ, ਤੇ ਆਹ ਫ਼ੜ ਦਾਤੀ...!"
-''ਮਾਸਟਰ ਕਦੋਂ ਆਊ...?" ਜੁਗਾੜੂ ਆਪਣੇ ਛੋਟੇ ਭਰਾ ਨੂੰ ''ਮਾਸਟਰ" ਹੀ ਆਖਦਾ ਸੀ।
-''ਉਹ ਤਾਂ ਸਕੂਲ ਬੰਦ ਹੋਏ ਤੋਂ ਆਊ..! ਅੱਜ ਚੈਹਾ ਪੈਣੈਂ ਸਕੂਲ 'ਚ, ਸਕੂਲ ਤੋਂ ਬਾਅਦ ਅੱਜ ਘੁੱਟ ਲਾਉਣਗੇ ਵੀ ਓਥੇ..! ਉਹ ਤਾਂ ਅੱਜ ਲੇਟ ਈ ਆਊ..!"
ਜੁਗਾੜੂ ਨੇ ਇੱਕ ਪੂਰਾ ਗਿਲਾਸ ਭਰ ਕੇ ਅੰਦਰ ਸੁੱਟਿਆ ਅਤੇ ਰੱਸਾ ਅਤੇ ਦਾਤੀ ਲੈ ਬਾਹਰ ਨਿਕਲ਼ ਗਿਆ।
ਤੇਜ ਕੌਰ ਕਿਸੇ ਵਿਸ਼ੇਸ਼ ਲਹਿਜੇ ਨਾਲ਼ ਜਾਂਦੇ ਜੁਗਾੜੂ ਨੂੰ ਤੱਕ ਰਹੀ ਸੀ। ਜੁਗਾੜੂ ਉਸ ਲਈ ਦੇਵਤਾ ਸੀ, ਜਿਸ ਨੇ ਉਸ ਦੇ ਸਾਰੇ ਧੋਣੇ ਧੋ ਦੇਣੇ ਸਨ। ਸ਼ਰੀਕ ਨੂੰ ਮਾਰ ਕੇ ਜਦ ਜੁਗਾੜੂ ਨੇ ਸਾਰੀ ਉਮਰ ਲਈ ਅੰਦਰ ਚਲਿਆ ਜਾਣਾ ਸੀ ਤਾਂ ਜੁਗਾੜੂ ਦੀ ਸਾਰੀ ਜ਼ਮੀਨ ਤੇਜ ਕੌਰ ਅਤੇ ਉਸ ਦੇ ਘਰਵਾਲ਼ੇ ਨੇ ਹੀ ਭੋਰ-ਭੋਰ ਖਾਣੀਂ ਸੀ। ਜੁਗਾੜੂ ਤਾਂ ਉਸ ਲਈ ਇੱਕ ''ਖਾਣ" ਸੀ, ਜਿਸ ਵਿੱਚੋਂ ਸੋਨਾ ਨਹੀਂ, ਝੋਟੇ ਦੇ ਸਿਰ ਵਰਗੀ ਉਪਜਾਊ ਪੈਲ਼ੀ ਹੀ ਨਿਕਲਣੀ ਸੀ।

ਕਾਂਡ 4 : ਫ਼ੁੱਫ਼ੜ ਮਹਿੰਗਾ ਸਿੰਘ ਦੀ ਭੱਜ-ਨੱਠ ਰੰਗ ਲਿਆਈ। - ਸ਼ਿਵਚਰਨ ਜੱਗੀ ਕੁੱਸਾ

ਕਾਂਡ 4


ਫ਼ੁੱਫ਼ੜ ਮਹਿੰਗਾ ਸਿੰਘ ਦੀ ਭੱਜ-ਨੱਠ ਰੰਗ ਲਿਆਈ।
ਸਾਰਾ ਕੰਮ ਸੁੱਖ ਸਾਂਦ ਨਾਲ਼ ਸਿਰੇ ਚੜ੍ਹ ਗਿਆ।
ਜੋਗੇ ਦਾ ਰਿਸ਼ਤਾ ਅਨੂਪ ਕੌਰ ਨਾਲ਼ ''ਪੱਕਾ" ਹੋ ਗਿਆ। ਹਰ ਕੌਰ ਦੀ ਵੀ ਵਿਹੜੇ ਵਿੱਚ ਅੱਡੀ ਨਹੀਂ ਲੱਗਦੀ ਸੀ। ਕਿਸੇ ਦਿਨ ਉਹ ਇਸ ਘਰ ਵਿੱਚ ਨੂੰਹ ਬਣ ਕੇ ਆਈ ਸੀ, ਤੇ ਹੁਣ ਰੱਬ ਨੇ ਅਪਰ ਅਪਾਰ ਕਿਰਪਾ ਕੀਤੀ ਸੀ, ਉਸ ਦੇ ਘਰ ਨੂੰਹ ਆਉਣ ਵਾਲ਼ੀ ਸੀ। ਚਾਹੇ ਉਹ ਸੁਭਾਅ ਦੀ ਕਿੰਨੀ ਵੀ ਅੜਬ ਅਤੇ ਸਖ਼ਤ ਸੀ, ਪਰ ਅੱਜ ਉਹ ਰੱਬ ਅੱਗੇ ਸ਼ੁਕਰਾਨੇ ਵਜੋਂ ਲਿਫ਼ੀ ਪਈ ਸੀ। ਉਸ ਨੇ ਵੀ ਜੁਆਨੀ ਤੋਂ ਲੈ ਕੇ ਹੁਣ ਤੱਕ ਸੰਤਾਪ ਹੀ ਹੰਢਾਇਆ ਸੀ। ਉਸ ਦੇ ਪਤੀ ਸੰਤਾ ਸਿੰਘ ਦਾ ਜੁਆਨੀ ਵੇਲ਼ੇ ਕਤਲ ਹੋ ਗਿਆ ਸੀ ਅਤੇ ਹਰ ਕੌਰ ਨੂੰ ਅੜਬਾਈ ਕਰਨੀ ਪਈ ਸੀ, ਨਹੀਂ ਤਾਂ ਹੰਕਾਰ ਨਾਲ਼ ਆਫ਼ਰੇ ਸ਼ਰੀਕਾਂ ਨੇ ਉਸ ਨੂੰ ਕਿਹੜਾ ਸ਼ਾਂਤੀ ਨਾਲ਼ ਜਿਉਣ ਦੇਣਾ ਸੀ...?
.....ਅਸਲ ਵਿੱਚ ਹਰ ਕੌਰ ਦੇ ਘਰਵਾਲ਼ਾ ਸੰਤਾ ਸਿੰਘ ਵਾਕਿਆ ਹੀ ''ਭਗਤ" ਬੰਦਾ ਸੀ। ਫ਼ੱਕਰ, ਫ਼ਕੀਰ ਅਤੇ ਸਾਧੂ ਸੁਭਾਅ ਦਾ ''ਕੂੰਨਾਂ" ਬੰਦਾ! ਵਲ਼-ਫ਼ੇਰ ਵਾਲ਼ੀ ਲਕੀਰ ਤਾਂ ਰੱਬ ਨੇ ਉਸ ਵਿੱਚ ਪਾਈ ਹੀ ਨਹੀਂ ਸੀ। ਹਰ ਕੌਰ ਅਤੇ ਸੰਤ ਸਿੰਘ ਦੇ ਵਿਆਹ ਨੂੰ ਅਜੇ ਛੇ ਕੁ ਮਹੀਨੇ ਹੀ ਹੋਏ ਸਨ ਕਿ ਹਰ ਕੌਰ ਦੇ ਸਹੁਰੇ ਹਜਾਰਾ ਸਿੰਘ ਦਾ ਕਤਲ ਹੋ ਗਿਆ। ਹਜਾਰਾ ਸਿੰਘ ਕਹੀ 'ਤੇ ਟੁੱਕ ਧਰ ਕੇ ਖਾਣ ਵਾਲ਼ਾ ''ਘੈਂਟ" ਅਤੇ ''ਝੰਡੇ ਹੇਠਲਾ" ਬੰਦਾ ਸੀ। ਉਹ ਆਪਣੇ ਪੁੱਤ ਸੰਤਾ ਸਿੰਘ ਨੂੰ ਹਮੇਸ਼ਾ ਠ੍ਹੋਕਰਦਾ ਰਹਿੰਦਾ, ''ਨੀਵੀਂ ਜੀ ਸਿੱਟ ਕੇ, ਮਾਊਂ ਜਿਆ ਬਣ ਕੇ ਨਾ ਤੁਰਿਆ ਕਰ ਓਏ..! ਬੰਦਿਆਂ ਮਾਂਗੂੰ ਹਿੱਕ ਕੱਢ ਕੇ ਤੁਰਿਆ ਕਰ, ਪਤਾ ਲੱਗੇ ਬਈ ਕੋਈ ਮਰਦ ਬੱਚਾ ਬੀਹੀ 'ਚ ਆਉਂਦੈ, ਤੁਰਦੇ ਬੰਦੇ ਨਾਲ਼ ਧਰਤੀ ਹਿੱਲੇ, ਤਾਂ ਨਜਾਰਾ ਆਉਂਦੈ..!" ਹਜਾਰਾ ਸਿੰਘ ਅਕਸਰ ਸੰਤ ਸਿੰਘ ਨੂੰ ਆਖਦਾ, ਪਰ ਸੰਤਾ ਸਿੰਘ ਦੰਦੀਆਂ ਜਿਹੀਆਂ ਕੱਢ ਕੇ ਚੁੱਪ ਵੱਟ ਜਾਂਦਾ। ਉਹ ਬਾਪ ਮੂਹਰੇ ਤਾਂ ਕੀ, ਕਿਸੇ ਅੱਗੇ ਵੀ ਨਹੀਂ ਬੋਲਿਆ ਸੀ।
-''ਹਜਾਰਾ ਸਿਆਂ, ਇਹ ਤੇਰੇ 'ਤੇ ਤਾਂ ਗਿਆ ਨੀ, ਤੁਸੀਂ ਤਾਂ ਸਾਰਾ ਖ਼ਾਨਦਾਨ ਅੱਗ ਉਗਲ਼ਣ ਆਲ਼ੇ ਸੀ, ਇਹ ਗਊ ਦਾ ਜਾਇਆ ਜਿਆ ਪਤਾ ਨੀ ਕੀਹਦੇ 'ਤੇ ਗਿਐ..?" ਤਾਇਆ ਬਖਤੌਰਾ ਆਖਦਾ।
-''ਇਹ ਆਬਦੀ ਮਾਂ 'ਤੇ ਗਿਐ, ਬਖਤੌਰਿਆ..! ਉਹ ਬਚਾਰੀ ਜਮਾਂ ਰੱਬ ਦੀ ਭਗਤਣੀ ਸੀ..!"
-''ਉਹਦਾ ਕੀ ਮੁੱਲ ਸੀ..? ਜਮਾਂ ਈ ਦਰਵੇਸ਼ਣੀ ਸੀ..! ਲੈ ਕੀ ਬੁੱਝੀਏ..? ਇੰਦ ਕੁਰ ਜਮਾਂ ਰੱਬ ਦਾ ਜੀਅ ਸੀ, ਕਦੇ ਕੀੜੀ 'ਤੇ ਪੈਰ ਨੀ ਧਰਿਆ ਹੋਣਾ ਬਚਾਰੀ ਨੇ, ਬਿਮਾਰੀ ਦੇਖ ਕੀ ਆ ਚਿੰਬੜੀ...!"
-''ਪਤਾ ਨੀ ਰੱਬ ਦਿਆਂ ਰੰਗਾਂ ਦਾ, ਬੇਲੀਆ..!"
-''ਤੂੰ ਤਾਂ ਇਲਾਜ ਵਾਲ਼ੀ ਵੀ ਕਸਰ ਨੀ ਛੱਡੀ ਹਜਾਰਾ ਸਿਆਂ, ਬੱਸ ਬਿਚਾਰੀ ਲਿਖਾ ਕੇ ਈ ਥੋੜ੍ਹੀ ਲਿਆਈ ਸੀ..!"
-''ਪਰ ਬਖਤੌਰ ਸਿਆਂ, ਤੀਮੀਂ ਬਿਨਾ ਘਰ ਮੂਧਾ ਵੱਜ ਜਾਂਦੈ, ਤੀਮੀਂ ਘਰੇ ਹੋਵੇ, ਖੇਤ ਫ਼ਿਰਦੇ ਬੰਦੇ ਨੂੰ ਕੋਈ ਚਿੰਤਾ ਨੀ ਰਹਿੰਦੀ, ਸਿਰੋਂ ਸਰਦਾਰ ਬਣ ਤੁਰਿਆ ਫ਼ਿਰਦੈ..! 'ਕੱਲੇ ਬੰਦੇ ਨੂੰ ਛੱਤੀ ਫ਼ਿਕਰ..!"
-''ਝੋਰਾ ਕਾਹਦਾ ਕਰਦੈਂ..? ਤੇਰਾ ਸ਼ੇਰ ਹੁਣ ਸੁੱਖ ਨਾ' ਜੁਆਨ ਐਂ, ਘਰੇ ਨੂੰਹ ਆਈ ਵੀ ਐ, ਕੱਲ੍ਹ ਨੂੰ ਰੱਬ ਪੋਤਾ ਦੇ-ਦੂ..! ਦਿਨਾਂ ਜਾਂਦਿਆਂ ਨੂੰ ਕੀ ਲੱਗਦੈ..? ਅੱਖ ਦੇ ਫ਼ੋਰ ਨਾਲ਼ ਸਮਾਂ ਬੀਤ ਜਾਂਦੈ..!"
ਅਜੇ ਉਹ ਗੱਲਾਂ ਹੀ ਕਰ ਰਹੇ ਸਨ ਕਿ ਗੁਆਂਢੀ ਮੁੰਡੇ ਨੇ ਇੱਕ ਅਜੀਬ ਹੀ ਖ਼ਬਰ ਆ ਸੁਣਾਈ।
-''ਤਾਇਆ, ਟਾਂਡੇ ਭੰਨਾਂ ਦਾ ਜੁਗਾੜੂ ਥੋਡਾ ਇੰਜਣ ਲੱਦੀ ਜਾਂਦੈ...!"
-''ਓਹਦੀ ਮਾਂ ਦੀ ਕੰਢੀ ਇੰਜਣ ਲੱਦ'ਦੇ ਦੀ...! ਇਹ ਘਸਮੈਲ਼ਾ ਜਿਆ ਮਰੂ ਕਦੇ ਮੇਰੇ ਹੱਥੋਂ, ਖਹਿਣੋਂ ਨੀ ਹਟਦਾ..! ਓਏ ਸੰਤਿਆ, ਜਾਹ ਲਿਆ ਓਏ ਚੱਕ ਕੇ ਮੇਰਾ ਟਕੂਆ, ਅੱਜ ਜਾਂ ਓਹ ਨਲ਼ੀਚੋਚਲ਼ ਨੀ, ਜਾਂ ਮੈਂ ਨੀ..!" ਬਾਪੂ ਦੇ ਵਿਗੜੇ ਤੌਰ ਦੇਖ ਕੇ ਸੰਤਾ ਕੰਬਣ ਲੱਗ ਪਿਆ।
-''ਕਮਲ਼ ਨਾ ਮਾਰ ਹਜਾਰਿਆ..! ਆਬਦੇ ਜੁਆਕ ਦਾ ਖਿਆਲ ਕਰ, ਤੇਰੇ ਬਿਨਾਂ ਇਹਦਾ ਹੈ ਵੀ ਕੌਣ..? ਸਮਾਈ ਕਰ..!" ਸਿਆਣੇ ਬਖਤੌਰੇ ਨੇ ਹਜਾਰਾ ਸਿੰਘ ਨੂੰ ਮੱਤ ਦਿੱਤੀ।
-''ਚੁੱਪ ਵੱਟੀ ਤੋਂ ਸ਼ਰੀਕ ਹੋਰ ਉਤੇ ਚੜ੍ਹਨਗੇ ਬਖਤੌਰਿਆ, ਮੈਨੂੰ ਅੱਜ ਕੱਟਾ ਕੱਟੀ ਕੱਢ ਈ ਲੈਣ ਦੇ, ਜੇ ਅੱਜ ਨਾ ਮੂੰਹ ਭਮਾਏ, ਕੱਲ੍ਹ ਨੂੰ ਇਹ ਜੁਆਕ ਦੇ ਨਾਸੀਂ ਧੂੰਆਂ ਲਿਆਉਣਗੇ...!" ਹਜਾਰਾ ਸਿੰਘ ਸਿਰਤੋੜ ਖੇਤਾਂ ਨੂੰ ਦੌੜ ਪਿਆ। ਹਰਫ਼ਲ਼ਿਆ ਸੰਤਾ ਵੀ ਉਸ ਦੇ ਮਗਰ ਭੱਜਿਆ ਜਾ ਰਿਹਾ ਸੀ।
-''ਤੂੰ ਮੇਰੇ ਮਗਰ ਕਿਉਂ ਤੁਰਿਆ ਆਉਨੈ, ਚੱਲ ਮੁੜ ਘਰ ਨੂੰ...!" ਗੁੱਸੇ ਵਿੱਚ ਦਧਨ ਹੋਏ ਹਜਾਰਾ ਸਿੰਘ ਨੇ ਸੰਤੇ ਨੂੰ ਦਬਕਾ ਮਾਰ ਕੇ ਮੋੜ ਦਿੱਤਾ। ਉਹ ਨਹੀਂ ਚਾਹੁੰਦਾ ਸੀ ਕਿ ਉਸ ਦਾ ਇਕਲੌਤਾ ਪੁੱਤ ਕਿਸੇ ਲੜਾਈ ਵਿੱਚ ਨਾਲ਼ ਹੋਵੇ। ਬਾਪੂ ਤੋਂ ਡਰਦਾ, ਆਖਾ ਮੰਨ ਸੰਤਾ ਵਾਪਸ ਮੁੜ ਗਿਆ। ਉਸ ਨੂੰ ਬਾਪੂ ਦੇ ਚਿਹਰੇ ਤੋਂ ਚੰਡਾਲ ਦਿਸਿਆ ਅਤੇ ਭੈਅ ਆਇਆ ਸੀ।
ਜਦ ਹਜਾਰਾ ਸਿੰਘ ਨੇ ਖੇਤ ਜਾ ਕੇ ਦੇਖਿਆ ਤਾਂ ਟਾਂਡੇ ਭੰਨਾਂ ਦਾ ਜੁਗਾੜੂ ਇੰਜਣ ਲੱਦ ਕੇ ਰੇੜ੍ਹੀ ਪਹੀ 'ਤੇ ਲਈ ਜਾ ਰਿਹਾ ਸੀ। ਉਸ ਨੇ ਇੰਜਣ ਵਾਲ਼ੇ ਕੋਠੇ ਵਿੱਚੋਂ ''ਸੇਲਾ" ਧੂਹ ਲਿਆ।
-''ਓਏ ਦੱਲੀ ਦਿਆ ਪੁੱਤਾ...! ਤੈਨੂੰ ਪਤਾ ਨੀ ਤੂੰ ਕੀਹਦੇ ਨਾਲ਼ ਪੰਗੇ ਲੈਨੈ..?" ਹਜਾਰਾ ਸਿੰਘ ਨੇ ਹੱਥ ਲੰਮਾਂ ਸੇਲਾ ਪਹੀ 'ਤੇ ਜਾ ਗੱਡਿਆ, ''ਸਾਲ਼ਿਆਂ ਨਾ ਤੂੰ ਤਿੰਨਾਂ 'ਚ, ਤੇ ਨਾ ਤੇਰ੍ਹਾਂ 'ਚ..!"
-''......................।" ਜੁਗਾੜੂ ਮੱਟਰ ਬਣਿਆਂ ਰੇੜ੍ਹੀ ਹੱਕੀ ਗਿਆ। ਪਰ ਮੂੰਹੋਂ ਕੁਛ ਨਾ ਬੋਲਿਆ।
-''ਇਹਨੂੰ ਲੱਦੀ ਜਾਨੈਂ, ਜਿਵੇਂ ਬਾਪੂ ਆਲ਼ਾ ਹੁੰਦੈ, ਇਹ ਇੰਜਣ ਕੀਹਨੂੰ ਪੁੱਛ ਕੇ ਲੱਦਿਐ ਓਏ ਮਾਂ ਦਿਆ ਯਾਰਾ..?"
-''..........................।" ਜੁਗਾੜੂ ਫ਼ਿਰ ਚੁੱਪ ਰਿਹਾ।
ਉਸ ਦੀ ਸ਼ੈਤਾਨੀ ਚੁੱਪ ਨੇ ਹਜਾਰਾ ਸਿਉਂ ਨੂੰ ਹੋਰ ਵੱਟ ਚਾੜ੍ਹ ਦਿੱਤਾ। ਉਹ ਰੇੜ੍ਹੀ ਦੇ ਅੱਗੇ ਹੋ ਗਿਆ ਅਤੇ ਬਲ਼ਦ ਦੀ ਨੱਥ ਫ਼ੜ, ਬੁਸ਼ਕਰ ਮਾਰ ਕੇ ਬਲ਼ਦ ਰੋਕ ਲਿਆ, ''ਬੱਸ ਬਈ ਗਊ ਮਾਤਾ ਦੇ ਜਾਇਆ, ਆਪਣਾ ਤੇਰੇ ਨਾਲ਼ ਕੋਈ ਵੈਰ ਨੀ..!" ਹਜਾਰਾ ਸਿੰਘ ਨੇ ਬਲ਼ਦ ਦਾ ਮੱਥਾ ਪਲ਼ੋਸਦਿਆਂ ਕਿਹਾ।
 ਗੁੱਗਲ਼ ਹੋਇਆ ਬੈਠਾ ਜੁਗਾੜੂ ਛਾਲ਼ ਮਾਰ ਕੇ ਥੱਲੇ ਉੱਤਰ ਆਇਆ ਅਤੇ ਲੈਂਦੇ ਹੱਥ ਡੱਬ ਵਿੱਚੋਂ ਦੇਸੀ ਪਸਤੌਲ ਕੱਢ ਕੇ ਹਜਾਰਾ ਸਿਉਂ 'ਤੇ ਫ਼ਾਇਰ ਕਰ ਦਿੱਤਾ। ਨਾਲ਼ੀ ਵਿੱਚੋਂ ਹੱਥ ਲੰਮੀ ਲਾਟ ਨਿਕਲੀ। ਗੋਲ਼ੀ ਨੇ ਜਿਵੇਂ ਅਸਮਾਨ ਪਾੜ ਦਿੱਤਾ ਸੀ। ਖੇਤਾਂ ਵਿੱਚ ਦੜੇ ਬੈਠੇ ਤਿੱਤਰਾਂ ਦੀ ਡਾਰ ''ਫ਼ੁਰਰ" ਕਰ ਕੇ ਅੰਬਰ ਨੂੰ ਉਡ ਗਈ। ਹਜਾਰਾ ਸਿਉਂ ਭੁਆਟਣੀ ਖਾ ਕੇ ਖੇਤ ਵਿੱਚ ਡਿੱਗਿਆ। ਉਸ ਦੀਆਂ ਅੱਖਾਂ ਅੱਗੇ ਹਨ੍ਹੇਰ ਛਾਅ ਗਿਆ ਸੀ। ਵਾਤਾਵਰਣ ਕਾਲ਼ਸ ਵਿੱਚ ਬਦਲਦਾ ਲੱਗਿਆ।
-''ਤੈਨੂੰ ਪਤਾ ਨੀ ਬਈ ਮੈਂ ਦੂਰੋਂ ਮਾਰਨ ਆਲ਼ਾ ਵੀ ਕੋਲ਼ੇ ਰੱਖਦਾ ਹੁੰਨੈ..?" ਜੁਗਾੜੂ ਵਿਅੰਗ ਨਾਲ਼ ਬੋਲਿਆ। ਗੋਲ਼ੀ ਵੱਜਣ ਦੇ ਬਾਵਜੂਦ ਵੀ ਅਥਾਹ ਫ਼ੱਟੜ ਹੋਇਆ ਹਜਾਰਾ ਸਿੰਘ ਉਠਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਸ ਦੀ ਛਾਤੀ ਵਿੱਚੋਂ ਖ਼ੂਨ ਦਾ ਪਰਨਾਲ਼ਾ ਵਗ ਤੁਰਿਆ ਸੀ। ਗੀਝੇ ਵਿੱਚੋਂ ਇੱਕ ਰੌਂਦ ਹੋਰ ਕੱਢ ਕੇ ਜੁਗਾੜੂ ਨੇ ਪਸਤੌਲ ਵਿੱਚ ਚਾੜ੍ਹ ਲਿਆ ਅਤੇ ਪੀੜ ਨਾਲ਼ ਤੜਫ਼ਦੇ ਹਜਾਰਾ ਸਿੰਘ ਵੱਲ ਸਿੰਨ੍ਹ ਕੇ ਬੋਲਿਆ, ''ਤੂੰ 'ਕੱਲੇ ਇੰਜਣ ਦੀ ਗੱਲ ਕਰਦੈਂ...? ਅਸੀਂ ਤਾਂ ਤੇਰਾ ਸਾਰਾ ਖੇਤ ਵਾਹੁੰਣੈ, ਬਾਈ ਸਿਆਂ..! ਲੈ, ਕਰ ਤਿਆਰੀ ਅਗਲੇ ਮੁਲਕ ਦੀ, ਐਸ ਮੁਲਕ 'ਚ ਤੇਰਾ ਵੀਜਾ ਖਤਮ ਹੋ ਗਿਆ...!" ਤੇ ਜੁਗਾੜੂ ਨੇ ਘੋੜ੍ਹਾ ਦੱਬ ਦਿੱਤਾ। ਹਜਾਰਾ ਸਿੰਘ ਦੀ ਛਾਤੀ ਭਰਾੜ੍ਹ ਹੋ ਗਈ ਅਤੇ ਉਸ ਦਾ ਸਿਰ ਇੱਕ ਪਾਸੇ ਨੂੰ ਲੁੜਕ ਗਿਆ। ਬਰੋਟੇ 'ਤੇ ਬੈਠੇ ਪੰਛੀਆਂ ਨੇ ਕਾਂਵਾਂਰੌਲ਼ੀ ਮਚਾ ਦਿੱਤੀ।
ਦਿਨ ਦਿਹਾੜ੍ਹੇ ਹਜਾਰਾ ਸਿੰਘ ਦਾ ਕਤਲ ਹੋਇਆ ਸੁਣ ਕੇ ਪਿੰਡ ਵਿੱਚ ਹਾਹਾਕਾਰ ਮੱਚ ਗਈ।
ਸਾਰੇ ਪਿੰਡ ਨੂੰ ਜਿਵੇਂ ਸਕਤਾ ਮਾਰ ਗਿਆ ਸੀ, ਜਾਂ ਦੰਦਲ਼ ਪੈ ਗਈ ਸੀ। ਜੁਗਾੜੂ ਵੱਲੋਂ ਇਹ ਹਿੰਮਤ ਨਹੀਂ ਇੱਕ ''ਹਿਮਾਕਤ" ਸੀ। ਕਿਸੇ ਪੇਂਡੂ ਭਰਾ ਦਾ ਇੰਜਣ ਬਿਨਾ ਪੁੱਛੇ ਚੁੱਕ ਲਿਜਾਣਾ ਕਿੱਧਰਲੀ ਭਦਰਕਾਰੀ ਸੀ..?  ਸਾਰਾ ਪਿੰਡ ''ਥੂਹ-ਥੂਹ" ਕਰਦਾ ਸੀ, ਪਰ ਦੁਸ਼ਮਣੀ ਪੈਣ ਦੇ ਡਰੋਂ ਕੋਈ ਖੁੱਲ੍ਹ ਕੇ ਨਹੀਂ ਬੋਲ ਰਿਹਾ ਸੀ। ਵਸਦੇ ਰਸਦੇ ਪਿੰਡ ਵਿੱਚ ਕੌਣ ਆਖੇ ਕਿ ਆ ਬੈਲ, ਮੁਝੇ ਮਾਰ..? ਜਾਂ ਜਾਂਦੀਏ ਬਲਾਏ ਦੁਪਿਹਰਾ ਕੱਟ ਜਾ...?? ਦਹਿਸ਼ਤ ਮਾਰਿਆ ਸਾਰਾ ਪਿੰਡ ਚੁੱਪ ਸੀ।
ਸੰਤਾ ਸਿਉਂ ਰੋਂਦਾ ਧਾਹ ਨਹੀਂ ਧਰਦਾ ਸੀ। ਥਮਲ੍ਹੇ ਵਰਗਾ ਉਸ ਦਾ ਬਾਪੂ ਇੱਕ ਪਲ ਵਿੱਚ ਮਿੱਟੀ ਹੋ ਗਿਆ ਸੀ। ਇੱਕੋ-ਇੱਕ ਬਾਪੂ ਹੀ ਤਾਂ ਉਸ ਦਾ ਆਸਰਾ ਸੀ। ਬਾਪੂ ਨੇ ਹੀ ਤਾਂ ਉਸ ਨੂੰ ਮਾਂ ਅਤੇ ਬਾਪ ਦਾ ਸਾਂਝਾ ਪਿਆਰ ਦਿੱਤਾ ਸੀ। ਰੀਝਾਂ ਅਤੇ ਲਾਡਾਂ ਨਾਲ਼ ਪਾਲ਼ਿਆ ਸੀ, ਤੇ ਬਾਪੂ ਹੁਣ ਅੱਖ ਦੇ ਫ਼ੋਰ ਵਿੱਚ ''ਝਾਅਤ" ਆਖ ਤੁਰ ਗਿਆ ਸੀ। ਸੰਤਾ ਸਿੰਘ ਦੇ ਹੰਝੂ ''ਪਰਲ਼-ਪਰਲ਼" ਡਿੱਗੀ ਜਾ ਰਹੇ ਸਨ। ਹਜਾਰਾ ਸਿੰਘ ਦਾ ਮੂੰਹ ਖੁੱਲ੍ਹਾ ਸੀ ਅਤੇ ਅੱਧ ਖੁੱਲ੍ਹੀਆਂ ਅੱਖਾਂ ਪਥਰਾਈਆਂ ਹੋਈਆਂ ਸਨ। ਜਿਵੇਂ ਇਕਲੌਤੇ ਪੁੱਤ ਦੇ ਵਿਯੋਗ ਵਿੱਚ ਪੱਥਰ ਹੋ ਗਈਆਂ ਸਨ।
ਸਾਰਾ ਪਿੰਡ ਹਜਾਰਾ ਸਿੰਘ ਦੀ ਲਾਸ਼ ਕੋਲ਼ ਘੇਰਾ ਘੱਤੀ ਖੜ੍ਹਾ ਸੀ।
ਲਾਸ਼ ਥੱਲੇ ਖ਼ੂਨ ਦਾ ਛੱਪੜ ਲੱਗ ਗਿਆ ਸੀ।
ਮੱਖੀਆਂ ਭਿਣਕ ਰਹੀਆਂ ਸਨ।
-''ਲਾਸ਼ ਨੂੰ ਪਿੰਡ ਤਾਂ ਲੈ ਕੇ ਚੱਲੋ..!" ਬਖਤੌਰ ਨੇ ਕਿਹਾ।
-''ਚਲੋ ਪਾਓ ਹੱਥ...!" ਕੋਈ ਪਿੰਡ ਦਾ ਬੰਦਾ ਬੋਲਿਆ।
-''ਇਹ ਚਿੱਟੇ ਦਿਨ ਹੋਏ ਕਤਲ ਦਾ ਕੇਸ ਐ, ਪੁਲ਼ਸ ਨੂੰ ਖ਼ਬਰ ਕਰੋ, ਨਹੀਂ ਪੁਲ਼ਸ ਸਾਰੇ ਪਿੰਡ ਨੂੰ ਗਧੀ ਗੇੜ 'ਚ ਪਾਈ ਫ਼ਿਰੂ..!" ਪਿੰਡ ਦੇ ਸਰਪੰਚ ਨੇ ਸਿਆਣਪ ਨਾਲ਼ ਜ਼ਿੰਮੇਵਾਰੀ ਸਮਝਦਿਆਂ ਕਿਹਾ।
-''ਤੂੰ ਭੇਜ ਕਿਸੇ ਨੂੰ ਸਰਪੈਂਚਾ..! ਸਾਡੇ ਤਾਂ ਕਿਸੇ ਨੇ ਆਖੇ ਨੀ ਲੱਗਣਾ..!" ਬਖਤੌਰ ਨੇ ਕਿਹਾ।
-''ਜਾਹ ਕਾਕੂ, ਤੂੰ ਜਾਹ ਠਾਣੇ...!" ਸਰਪੰਚ ਨੇ ਚੌਂਕੀਦਾਰ ਨੂੰ ਕਿਹਾ।
-''ਸਤਿ ਬਚਨ...!" ਆਖ ਚੌਂਕੀਦਾਰ ਸਾਈਕਲ ਚੁੱਕ ਠਾਣੇ ਦੇ ਰਾਹ ਪੈ ਗਿਆ।
ਕਰੀਬ ਘੰਟੇ ਕੁ ਬਾਅਦ ਪੁਲੀਸ ਪਹੁੰਚ ਗਈ।
ਠਾਣੇਦਾਰ ਕਿੱਕਰ ਸਿੰਘ ਨੇ ਵਕੂਏ ਵਾਲ਼ੀ ਜਗਾਹ ਦਾ ਜਾਇਜ਼ਾ ਲਿਆ।
-''ਦੋਸ਼ੀ ਕੌਣ ਐਂ...?" ਠਾਣੇਦਾਰ ਦਾ ਸੁਆਲ ਇੱਟ ਵਾਂਗ ਸਾਰੇ ਪਿੰਡ ਦੇ ਕਪਾਲ਼ 'ਚ ਆ ਪਿਆ।
-''................।" ਸਾਰਾ ਪਿੰਡ ਨੀਵੀਂ ਪਾ ਗਿਆ।
-''ਮੈਂ ਪੁੱਛਿਐ ਇਸ ਦਾ ਕਤਲ ਕੀਹਨੇ ਕੀਤੈ..?" ਠਾਣੇਦਾਰ ਨੇ ਨਾਸਾਂ 'ਚੋਂ ਫ਼ੁੰਕਾਰਾ ਮਾਰਿਆ।
-''....................।" ਫ਼ਿਰ ਕੋਈ ਨਾ ਬੋਲਿਆ।
ਸਾਰੇ ਪਿੰਡ ਵਿੱਚੋਂ ਕੋਈ ਵੀ ਦੁਸ਼ਮਣੀ ਮੁੱਲ ਨਹੀਂ ਲੈਣੀ ਚਾਹੁੰਦਾ ਸੀ।
-''ਕੁੜੀ ਯਾਹਵਾ ਸਾਰਾ ਪਿੰਡ ਈ ਅੰਨ੍ਹੈਂ....?" ਠਾਣੇਦਾਰ ਨੂੰ ਚੇਹ ਚੜ੍ਹ ਗਈ, ''ਦਿਨ ਦਿਹਾੜ੍ਹੇ ਪਿੰਡ ਵਿੱਚ ਖ਼ੂਨ ਹੋ ਗਿਆ, ਸਾਰੇ ਪਿੰਡ 'ਚੋਂ ਕਿਸੇ ਨੇ ਵੀ ਨੀ ਦੇਖਿਆ..?" ਉਸ ਨੇ ਜੀਪ 'ਤੇ ਡੰਡਾ ਖੜਕਾਇਆ। ਅੱਖਾਂ ਦੇ ਲਾਲ ਡੋਰੇ ਹੋਰ ਭਿਆਨਕ ਹੋ ਗਏ।
-''.....................।" ਸਾਰਾ ਪਿੰਡ ਚੁੱਪ ਸੀ।
-''ਕਿਉਂ ਇਹਨਾਂ ਨੂੰ ਵੰਝ 'ਤੇ ਚੜ੍ਹਾਈ ਫ਼ਿਰਦੈਂ, ਸਰਦਾਰਾ...? ਕਤਲ ਮੈਂ ਕੀਤੈ...!" ਭੀੜ੍ਹ ਪਿੱਛੋਂ ਜੁਗਾੜੂ ਅੱਗੇ ਆ ਕੇ ਬੋਲਿਆ ਤਾਂ ਇੱਕ ਹੋਰ ਸੰਨਾਟਾ ਛਾ ਗਿਆ। ਠਾਣੇਦਾਰ ਦਾ ਪਾਰਾ ਵੀ ਕੁਝ ਥੱਲੇ ਆ ਗਿਆ। ਸਾਰਾ ਪਿੰਡ ਇੱਕ ਟੱਕ ਜੁਗਾੜੂ ਵੱਲ ਦੇਖ ਰਿਹਾ ਸੀ। ਜੁਗਾੜੂ ਹਿੱਕ ਤਾਣੀਂ ਠਾਣੇਦਾਰ ਅੱਗੇ ਥੰਮ੍ਹ ਬਣਿਆਂ ਖੜ੍ਹਾ ਸੀ।
-''ਭੈਣ ਦਿਆ ਖਸਮਾਂ...! ਸਾਲ਼ਿਆ ਬੰਦਾ ਮਾਰਨ ਨੂੰ ਮਿੰਟ ਨੀ ਲਾਇਆ, ਤੇਰੇ ਕੀ ਉਹ ਪੈਰ ਲਤੜਦਾ ਸੀ..?"
-''ਅਦਬ ਨਾਲ਼ ਬੋਲ ਸਰਦਾਰਾ, ਅਦਬ ਨਾਲ਼..!" ਜੁਗਾੜੂ ਜੇਤੂ ਵਾਂਗ ਹੱਥ ਅੱਗੇ ਕਰ ਦਿੱਤੇ, ''ਹੱਥਕੜੀ ਲਾ ਤੇ ਆਬਦੀ ਬਣਦੀ ਕਾਰਵਾਈ ਕਰ, ਪਰ ਵੀਰਾ ਜੀ ਬਣ ਕੇ ਗਾਲ਼ ਨਾ ਕੱਢੀਂ, ਕਿਤੇ ਉਹ ਨਾ ਹੋਵੇ, ਬਈ ਮੈਨੂੰ ਇੱਕ ਅੱਧਾ ਹੋਰ ਬੱਕਰੇ ਮਾਂਗੂੰ ਅਲ਼ੱਦ ਕੇ ਸਿੱਟਣਾ ਪਵੇ, ਦਸ ਕਤਲ ਕੀਤਿਆਂ ਤੋਂ ਵੀ ਫ਼ਾਂਸੀ ਇੱਕ ਵਾਰੀ ਹੁੰਦੀ ਐ ਜਿਉਣ ਜੋਕਰਿਆ, ਤੈਨੂੰ ਤਾਂ ਕਾਨੂੰਨਾਂ ਦਾ ਜਾਅਦੇ ਪਤਾ ਹੋਣੈਂ..!" ਜੁਗਾੜੂ ਦੀਆਂ ਸੱਪ ਵਰਗੀਆਂ ਸੇਹਲੀਆਂ ਵਲ਼ ਖਾ ਗਈਆਂ।
-''ਕੰਜਰਾ...! ਕਰਨੇ ਕਤਲ, ਤੇ ਦਿਖਾਉਣੀਆਂ ਧੌਂਸਾਂ..? ਚੱਲ ਲਾ ਓਏ ਹੱਥਕੜੀ ਇਹਨੂੰ..!" ਠਾਣੇਦਾਰ ਨੇ ਸਿਪਾਹੀ ਨੂੰ ਇਸ਼ਾਰਾ ਕੀਤਾ, ''ਲਾਅਸ਼ ਪੋਸਟ ਮਾਰਟਮ ਵਾਸਤੇ ਭੇਜਣੀ ਐਂ ਸਰਪੈਂਚਾ, ਕਿਸੇ ਟਰੈਕਟਰ ਟਰਾਲੀ ਦਾ ਪ੍ਰਬੰਧ ਕਰੋ..!"
-''ਆਪਣੇ ਆਲ਼ੀ ਈ ਲੈ ਆਓ ਸਰਪੈਂਚਾ, ਟਰੈਗਟ ਟਰਾਲੀ ਖਾਤਰ ਕਿੱਥੇ ਕਿਸੇ ਦੇ ਹਾੜ੍ਹੇ ਕੱਢਦੇ ਫ਼ਿਰੋਂਗੇ..? ਗੁਆਂਢੀ ਬੰਦੇ ਦੀ ਲਾਸ਼ ਐ, ਰੋਲਣੀਂ ਥੋੜ੍ਹੋ ਐ..?" ਹੱਥਕੜੀਆਂ ਵਿੱਚ ਜਕੜਿਆ ਜੁਗਾੜੂ ਬੋਲਿਆ। ਉਸ ਦੀਆਂ ਨਿੱਡਰਤਾ ਭਰੀਆਂ ਬੇਸ਼ਰਮ ਹਰਕਤਾਂ 'ਤੇ ਸਾਰਾ ਪਿੰਡ ਦੰਗ ਸੀ।
-''ਤੂੰ ਲਾਸ਼ ਦੇ ਨਾਲ਼ ਈ ਆਜੀਂ, ਸਰਪੈਂਚਾ..!" ਜੀਪ 'ਚ ਬੈਠਦੇ ਠਾਣੇਦਾਰ ਨੇ ਕਿਹਾ।
ਜੁਗਾੜੂ ਨੂੰ ਲੈ ਕੇ ਪੁਲੀਸ ਤੁਰ ਗਈ।
ਸੰਤੇ ਨੂੰ ਲੈ ਕੇ ਬਖਤੌਰ ਪਿੰਡ ਆ ਗਿਆ।
ਉਹ ਰੋਂਦਾ ਧਾਹ ਨਹੀਂ ਧਰਦਾ ਸੀ।
-''ਬੱਸ ਪੁੱਤ...! ਰੋ ਨਾ..!! ਅੱਜ ਤੋਂ ਤੇਰਾ ਬਾਪੂ, ਮੈਂ..!" ਬਖਤੌਰ ਨੇ ਸੰਤੇ ਦੇ ਮੋਢੇ 'ਤੇ ਹੱਥ ਰੱਖਿਆ।
ਜਦ ਲਾਅਸ਼ ਪੋਸਟ ਮਾਰਟਮ ਤੋਂ ਬਾਅਦ ਪਿੰਡ ਆਈ ਤਾਂ ਸਾਰੇ ਪਿੰਡ ਨੂੰ ਜਿਵੇਂ ਹੌਲ ਪੈ ਗਿਆ ਸੀ।
ਜਦੋਂ ਹਜਾਰਾ ਸਿੰਘ ਦਾ ਦਾਹ ਸਸਕਾਰ ਕੀਤਾ ਗਿਆ ਤਾਂ ਸਾਰਾ ਪਿੰਡ ਸੁੰਨ ਹੋਇਆ ਖੜ੍ਹਾ ਸੀ। ਬਖਤੌਰ ਸੰਤੇ ਦੇ ਮੋਢੇ 'ਤੇ ਹੱਥ ਰੱਖੀ ਧਰਵਾਸ ਬਣਿਆਂ ਹੋਇਆ ਸੀ। ਹਰ ਕੌਰ ਸਦਮੇਂ ਵਿੱਚ ਸਿਲ਼-ਪੱਥਰ ਹੋਈ ਖੜ੍ਹੀ ਸੀ।
ਰਾਤ ਨੂੰ ਦੋ ਪੈੱਗ ਲਾ ਕੇ ਠਾਣੇਦਾਰ ਨੇ ਜੁਗਾੜੂ ਨੂੰ ਬਾਹਰ ਕੱਢ ਲਿਆ।
-''ਹਾਂ ਬਈ, ਹੁਣ ਬੋਲ...? ਪਿੰਡ ਦੇ ਸਾਹਮਣੇ ਤਾਂ ਤੂੰ ਬੜਾ ਜਿਉਣਾ ਮੌੜ ਬਣਿਆਂ ਖੜ੍ਹਾ ਸੀ, ਹੁਣ ਦੱਸ..? ਕੀ ਵੈਰ ਸੀ ਤੇਰਾ ਮਕਤੂਲ ਨਾਲ਼...?"
-''ਸਰਦਾਰਾ, ਤੂੰ ਵੀ ਜੱਟ ਭਰਾ ਐਂ, ਜੱਟ ਹਿੱਕ 'ਚ ਵੱਜੀ ਗੋਲ਼ੀ ਜਰ ਲਊ, ਪਰ ਸ਼ਰੀਕ ਦਾ ਖੰਘੂਰਾ ਨੀ ਜਰਦਾ...! ਉਹ ਤਾਂ ਹਥਿਆਰ ਦਾ ਪ੍ਰਬੰਧ ਈ ਪਛੇਤਾ ਹੋਇਆ, ਨਹੀਂ ਘੁੱਗਾ ਤਾਂ ਕਦੋਂ ਦਾ ਚਿੱਤ ਕੀਤਾ ਹੋਣਾ ਸੀ..!"
-''................।" ਠਾਣੇਦਾਰ ਚੁੱਪ ਸੀ। ਕਿਸੇ ਸੋਚ ਵਿੱਚ ਪਿਆ ਹੋਇਆ ਸੀ।
-''ਓਹਦੀ ਖੰਘੂਰਾ ਮਾਰਨ ਦੀ ਆਦਤ ਨੀ ਸੀ ਜਾਂਦੀ, ਮੇਰੇ ਤਾਂ ਨਿੱਤ ਹਿੱਕ 'ਤੇ ਸੱਪ ਲਿਟਦਾ ਸੀ ਸਰਦਾਰਾ..! ਮੈਂ ਤਾਂ ਵੱਜਦੇ ਖੰਘੂਰੇ ਦੀ ਸੰਘੀ ਦੱਬਣੀ ਸੀ, ਦੱਬਤੀ, ਹੁਣ ਤੂੰ ਆਪਣਾ ਕਾਰਜ ਕਰ..!" ਉਸ ਨੇ ਠਾਣੇਦਾਰ ਨੂੰ ਸਹੀ ਅਤੇ ਖਰੀਆਂ ਹੀ ਸੁਣਾ ਦਿੱਤੀਆਂ।
ਸਿਰ ਮਾਰਦਾ ਠਾਣੇਦਾਰ ਦਫ਼ਤਰ ਆ ਵੜਿਆ।
-''ਕੀ ਗੱਲ ਹੋਗੀ, ਸਰਕਾਰ..? ਬਹੁਤੇ ਹੀ ਪ੍ਰੇਸ਼ਾਨ ਲੱਗਦੇ ਓਂ...?" ਮੁਣਸ਼ੀ ਨੇ ਪੁੱਛਿਆ। ਦੇਸੀ ਦਾਰੂ ਅੰਦਰ ਸੁੱਟ ਕੇ ਉਹ ਰੰਗਾਂ 'ਚ ਹੋਇਆ ਬੈਠਾ ਸੀ। ਉਸ ਨੂੰ ਤਾਂ ਹੁਣ ਕੰਧਾਂ ਵੀ ਭਰਜਾਈਆਂ ਨਜ਼ਰ ਆਉਂਦੀਆਂ ਸਨ।
-''ਔਸ ਟੂਟਲ਼ ਜੇ ਜੱਟ ਦੀਆਂ ਤੂੰ ਗੱਲਾਂ ਨੀ ਸੁਣੀਆਂ..?"
-''ਸੁਣੀਆਂ ਕਿਉਂ ਨੀ..? ਸਾਰੀਆਂ ਈ ਸੁਣੀਐਂ...!" ਮੁਣਸ਼ੀ ਮਸ਼ੀਨ ਵਾਂਗ ਬੋਲਿਆ।
-''ਗੱਲ ਕੋਈ ਤਣ ਪੱਤਣ ਈ ਨੀ ਲਾਉਂਦਾ..!"
-''ਆਪਾਂ ਲਾ ਕੇ ਕਰਨਾ ਵੀ ਕੀ ਐ, ਹਜੂਰ..? ਉਹ ਮੁੱਕਰਦਾ ਥੋੜ੍ਹੋ ਐ..? ਇਕਬਾਲ ਤਾਂ ਕਰਦੈ ਨ੍ਹਾਂ..? ਲੋੜੀਂਦੀਆਂ ਦਫ਼ਾਵਾਂ ਲਾਓ, ਤੇ ਉਹਨੂੰ ਇਲਾਕਾ ਮਜਿਸਟਰੇਟ ਦੇ ਪੇਸ਼ ਕਰ ਕੇ ਅਗਲਾ ਰਾਹ ਦਿਖਾਓ..! ਮੈਨੂੰ ਤਾਂ ਪਤਾ ਲੱਗਿਐ ਬਈ ਮਕਤੂਲ ਦਾ ਵਾਰਿਸ ਈ ਕੋਈ ਨੀ ਚੱਜ ਦਾ..!"
-''ਇੱਕ ਮੁੰਡਾ ਐ, ਓਹ ਕਿਸੇ ਕੰਮ ਦਾ ਨੀ..!" ਠਾਣੇਦਾਰ ਨੇ ਦੱਸਿਆ, ''ਨਹੀਂ ਅਗਲਾ ਨੋਟਾਂ ਦਾ ਥੱਬਾ ਪੈਰਾਂ 'ਚ ਮਾਰਦੈ, ਬਈ ਚੱਕੋ ਜੀ ਤੇ ਦਿਖਾਓ ਤਰਾਰੇ..!"
-''ਫ਼ੇਰ ਆਪਾਂ ਜ਼ਰੂਰੀ ਛਮਕ-ਮੋਲ਼ੀਆਂ 'ਚ ਹੱਥ ਪਾਉਣੈਂ...? ਦਫ਼ਾਵਾਂ ਲਾ ਕੇ ਪਰਚਾ ਕੱਟੋ, ਤੇ ਅੱਗੇ ਤੋਰੋ, ਜਦੋਂ ਚਾਰ ਦਿਨ ਜੇਲ੍ਹ 'ਚ ਕੱਟੇ, ਆਪੇ ਧਰਨ ਟਿਕਾਣੇ ਆ ਜਾਊਗੀ..! ਚਾਰ ਦਿਨਾਂ 'ਚ ਐਹੇ ਜੇ ਦਾ ਬਲੱਡ ਘਟਣ ਲੱਗ ਪੈਂਦੈ...!" ਮੁਣਸ਼ੀ ਮੁਫ਼ਤੀ ਦੀ ਦਾਰੂ ਦੇ ਨਸ਼ੇ 'ਚ ''ਨੇਕ ਸਲਾਹਾਂ" ਦੇ ਰਿਹਾ ਸੀ।
-''ਇਹ ਸਾਲ਼ਾ ਆਬਦੇ ਜਾਣੇ ਗਾਊਂਡਰ ਬਣਨ ਨੂੰ ਫ਼ਿਰਦੈ, ਤੇ ਜੱਜ ਨੇ ਇਹਨੂੰ ਵੀਹ ਸਾਲ ਨੂੰ ਠੋਕ ਦੇਣੈ..!"
-''ਫ਼ੇਰ ਆਪਣੇ ਕੰਨੋਂ ਕੀ ਮੈਲ਼ ਜਾਂਦੀ ਐ..? ਪਵੇ ਢੱਠੇ ਖੂਹ 'ਚ..! ਜਿਹੜਾ ਕਰੂ, ਆਪੇ ਭਰੂ..! ਥੋਡੀ ਤਾਂ ਉਹ ਗੱਲ ਐ, ਬਈ ਪਿੰਡ 'ਚ ਕਿਸੇ ਦੀ ਜੰਨ ਤੁਰੀ ਜਾਵੇ, ਤੇ ਵਿਚਾਰਾ ਜੁਲਾਹਾ ਦੋਵੇਂ ਹੱਥ ਜੋੜੀ ਖੜ੍ਹਾ, ਅਖੇ ਮੇਰੇ ਪਿੰਡ ਦੀ ਇੱਜਤ ਜਾ ਰਹੀ ਐ..! ਜੀਹਦੀਆਂ ਅੱਖਾਂ ਦੁਖਣਗੀਆਂ, ਆਪੇ ਪੱਟੀ ਬੰਨੂੰ ਸਰਦਾਰ ਜੀ, ਤੁਸੀਂ ਦਿਲ 'ਤੇ ਕਾਹਤੋਂ ਕਿਉਂ ਲਾਈ ਐ..? ਟੈਣਸ਼ਣ ਲੈਣ ਨਾਲ਼ ਦਿਲ ਦੀਆਂ ਬਿਮਾਰੀਆਂ ਲੱਗਦੀਐਂ..! ਨ੍ਹੋਅ ਚਿੰਤਾ ਐਂਡ ਨ੍ਹੋਅ ਟੈਣਸ਼ਣ...!"
-''ਤੂੰ ਪੈੱਗ ਪਾਅ, ਮੈਨੂੰ ਇੱਕ ਗੱਲ ਚੇਤੇ ਆਗੀ...!" ਠਾਣੇਦਾਰ ਨੇ ਮੁਣਸ਼ੀ ਨੂੰ ਕਿਹਾ।
-''ਆਹ ਕੀਤੀ ਐ ਨ੍ਹਾਂ ਲੱਖ ਰੁਪਈਏ ਦੀ ਗੱਲ...? ਪੈੱਗ ਲਓ...!" ਮੁਣਸ਼ੀ ਹੁਕਮ ਦੀ ਤਾਮੀਲ ਕਰਦਾ ਹੋਇਆ, ਪੈੱਗ ਪਾਉਣ ਲੱਗ ਪਿਆ।
-''ਲਓ, ਚੱਕੋ ਤੇ ਸੁਣਾਓ ਪ੍ਰਬਚਨ...!"
-''ਤੈਨੂੰ ਪਤੈ ਬਈ ਮੇਰੇ ਕਾਫ਼ੀ ਰਿਸ਼ਤੇਦਾਰ ਇੰਗਲੈਂਡ 'ਚ ਰਹਿੰਦੇ ਐ, ਓਥੇ ਇੱਕ ਵਾਰੀ ਆਪਣੇ ਦੇਸੀ ਬੰਦਿਆਂ ਦੀ ਲੜਾਈ ਹੋਗੀ, ਤੇ ਲੜਾਈ ਹੋਈ ਵੀ ਬੜੀ ਖ਼ਤਰਨਾਕ..!"
-''ਅੱਛਾ...?"
-''ਚਲੋ, ਕੇਸ ਅਦਾਲਤ ਚਲਿਆ ਗਿਆ..!"
-''ਜਾਣਾ ਈ ਸੀ..!"
-''ਜੱਜ ਨੇ ਪੁੱਛਿਆ ਬਈ ਲੜਾਈ ਦਾ ਮੁੱਢ ਕਿੱਥੋਂ ਬੱਝਿਆ, ਮਤਲਬ ਅਸਲ ਕਾਰਨ ਕੀ ਸੀ..? ਤੇ ਆਪਣਾ ਦੇਸੀ ਬਾਈ ਦੂਜੇ ਦੇਸੀ ਵੱਲ ਉਂਗਲ਼ ਕਰ ਕੇ ਜੱਜ ਨੂੰ ਕਹਿੰਦਾ, ਅਖੇ ਜੀ ਇਹ ਮੈਨੂੰ ਦੇਖ ਕੇ ਮੁੱਛ ਨੂੰ ਵੱਟ ਦਿੰਦਾ ਸੀ, ਮੈਥੋਂ ਜਰਿਆ ਨਾ ਗਿਆ, ਤੇ ਮੈਂ ਅੰਨ੍ਹੇ ਆਲ਼ਾ ਜੱਫਾ ਮਾਰ ਕੇ ਥੱਲੇ ਸਿੱਟ ਲਿਆ...! ਜੱਜ ਵਿਚਾਰਾ ਗੋਰਾ..! ਓਸ ਗੋਰੇ ਜੱਜ ਨੂੰ ਇਹ ਸਮਝ ਨਾ ਲੱਗੇ ਬਈ ਅਗਲੇ ਨੂੰ ਦੇਖ ਕੇ ਮੁੱਛ ਨੂੰ ਵਟਾ ਦੇਣ ਨਾਲ਼ ਕਿਹੜੀ ਪਰਲੋਂ ਆ ਗਈ ਸੀ, ਜਾਂ ਮੁੱਛ ਨੂੰ ਵੱਟ ਦੇਣਾ ਕਿਹੜਾ ਅਪਰਾਧ ਸੀ, ਪਰ ਉਹਨੂੰ ਵਿਚਾਰੇ ਗੋਰੇ ਨੂੰ ਸਾਡੇ ਪੰਜਾਬੀਆਂ ਦੇ ਰੌਲ਼ੇ-ਗੌਲ਼ੇ ਦਾ ਕੀ ਪਤਾ..?"
-''ਉਹਨੂੰ ਇਹ ਨੀ ਨ੍ਹਾਂ ਪਤਾ ਬਈ ਇਹ ਪਤੰਦਰ ਗੰਨਾਂ ਨੀ ਦਿੰਦੇ, ਗੁੜ ਦੀ ਭੇਲੀ ਦੇ ਦਿੰਦੇ ਐ...?" ਮੁਣਸ਼ੀ ਉਚੀ-ਉਚੀ ਹੱਸ ਪਿਆ।
-''ਆਪਣੇ ਲੋਕ ਚਾਹੇ ਮੰਗਲ਼ ਗ੍ਰਹਿ 'ਤੇ ਚਲੇ ਜਾਣ, ਇਹਨਾਂ ਦੀਆਂ ਘੀਸੀ ਕਰਨ ਆਲ਼ੀਆਂ ਆਦਤਾਂ ਨੀ ਜਾਣੀਆਂ, ਇਹਨਾਂ ਦੇ ਤਾਂ ਓਹੀ ਗੁੱਡੀਆਂ ਤੇ ਓਹੀ ਪਟੋਲ੍ਹੇ ਰਹਿਣੇ ਐਂ..! ਜਿਵੇਂ ਕਿਸੇ ਤੀਮੀਂ ਨੇ ਆਬਦੇ ਯੱਭਲ਼ ਜੇ ਖਸਮ ਨੂੰ ਆਖਿਆ ਸੀ, ਲੋਕੀ ਚੰਦ ਉਤੇ ਪਹੁੰਚ ਗਏ ਭੋਲ਼ਿਆ ਵੇ ਚੰਨਾਂ, ਤੇਰੀ ਓਹੀ ਹਲ਼ ਪੰਜਾਲ਼ੀ, ਤੇਰਾ ਓਹੀ ਕੌਲੀ ਛੰਨਾਂ...! ਆਪਣੇ ਆਲ਼ੇ ਪੜ੍ਹ-ਪੜ੍ਹ ਕੇ ਚਾਹੇ ਕੜ੍ਹ ਜਾਣ, ਪਰ ਬਿਸਕੁਟ ਇਹਨਾਂ ਨੇ ਚਾਹ 'ਚ ਡਬੋ ਕੇ ਈ ਖਾਣੇ ਐਂ...!" ਮੁਣਸ਼ੀ ਹੱਸਿਆ।
-''.................।" ਠਾਣੇਦਾਰ ਵੀ ਹੱਸ ਪਿਆ।
-''ਆਪਣੇ ਬੰਦਿਆਂ ਨੇ ਜੁੱਤੀ ਚਾਹੇ ਬਾਹਰਲੀ ਪਾਈ ਵੀ ਹੋਵੇ, ਪਰ ਤੁਰਨਾ ਪਤੰਦਰਾਂ ਨੇ ਖੁੱਸੇ ਆਲ਼ੀ ਤੋਰ ਈ ਹੁੰਦੈ..!"
-''...................।" ਦੋਨੋਂ ਉਚੀ-ਉਚੀ ਹੱਸ ਪਏ।
-''ਸਾਡੇ ਇੱਕ ਰਿਸ਼ਤੇਦਾਰ ਨੇ ਜਰਮਨੀ 'ਚ ਮੇਮ ਨਾਲ਼ ਵਿਆਹ ਕਰਵਾ ਲਿਆ, ਸਾਡੀ ਭੂਆ ਨੱਕ ਵੱਟੇ, ਅਖੇ ਮੇਮ ਪਤਾ ਨੀ ਕਿਹੜੀ ਜਾਤ ਕੁਜਾਤ ਦੀ ਹੋਣੀ ਐਂ, ਅਖੇ ਮੈਂ ਤਾਂ ਸੁਣਿਐਂ ਬਈ ਮੇਮਾਂ ਤਾਂ ਟੁੱਟ ਪੈਣੀਆਂ ਜੰਗਲ-ਪਾਣੀ ਆਲ਼ੇ ਹੱਥ ਈ ਨੀ ਧੋਂਦੀਆਂ, ਲੈ ਦੱਸੋ ? ਬਈ ਤੂੰ ਓਹਦੇ ਕੋਲ਼ੋਂ ਚੁੱਲ੍ਹਾ ਚੌਂਕਾ ਕਰਵਾਉਣੈ..? ਅਗਲੀ ਧੋਵੇ, ਨਾ ਧੋਵੇ..?" ਮੁਣਸ਼ੀ ਨੇ ਦੋ ਪੈੱਗ ਹੋਰ ਪਾ ਲਏ।
-''ਹੁਣ ਇਹਦਾ ਕੀ ਕਰੀਏ...?" ਠਾਣੇਦਾਰ ਪੈੱਗ ਚੁੱਕ ਕੇ ਅਸਲ ਗੱਲ ਵੱਲ ਆਇਆ।
-''ਥੋਨੂੰ ਦੱਸਿਆ ਤਾਂ ਹੈ..! ਇਕਬਾਲੀਆ ਬਿਆਨ ਦੇ ਆਧਾਰ 'ਤੇ ਦਫ਼ਾ ਤਿੰਨ ਸੌ ਦੋ ਲਾ ਕੇ ਪਰਚਾ ਕੱਟੋ ਤੇ ਜੱਜ ਦੇ ਪੇਸ਼ ਕਰ ਕੇ ਫ਼ਾਰਗ ਹੋਵੋ....! ਜਿਹੜੇ ਤਿਲ਼ਾਂ 'ਚ ਤੇਲ ਈ ਨੀ, ਉਹਨਾਂ ਨੂੰ ਛੱਟਣ ਦਾ ਕੀ ਫ਼ਾਇਦਾ..?"
-''ਇਹਦੇ ਤਿਲ਼ਾਂ 'ਚ ਤੇਲ ਹੈਗਾ, ਪਤਾ ਨੀ ਨਹੀਂ ਹੈਗ੍ਹਾ, ਪਰ ਜੋ ਗੱਲ ਮੈਨੂੰ ਸਰਪੈਂਚ ਦੱਸ ਕੇ ਗਿਐ, ਇਹਦੀ ਭਰਜਾਈ ਆਬਦੇ ਮਿਸ਼ਨ 'ਚ ਕਾਮਯਾਬ ਹੋਗੀ, ਇਹ ਨਿਕਲ਼ਿਆ ਸਿਰੇ ਦਾ ਮੂਰਖ, ਭੈਣ ਦਾ ਗੜਦੁੰਬਾ..!" ਠਾਣੇਦਾਰ ਨੇ ਇੱਕ ਅਜੀਬ ਅਕਾਸ਼ਬਾਣੀ ਮੁਣਸ਼ੀ ਨੂੰ ਸੁਣਾਈ।
-''ਉਹ ਮਿਸ਼ਨ ਕਿਹੜੈ...?"
-''ਇਹ ਸਾਲ਼ਾ ਹੈਗਾ ਮਹਾਂ ਬੇਵਕੂਫ਼, ਲੋਲ੍ਹਾ ਤੇ ਲਾਈਲੱਗ...! ਲੀਰ ਦਾ ਫ਼ਕੀਰ..! ਇਹਦੀ ਨਿੱਕੀ ਭਰਜਾਈ ਹੈਗੀ ਚੰਟ, ਪੂਰੀ ਚਤਰ ਤੇ ਸੱਤਾਂ ਪੱਤਣਾਂ ਦੀ ਤਾਰੂ..! ਉਹ ਇਹਨੂੰ ਮਹੀਨੇ ਕੁ ਦੀ ਪਾਊਡਰ ਆਲ਼ੀਆਂ ਕੱਛਾਂ ਸੁੰਘਾਉਂਦੀ ਆਉਂਦੀ ਸੀ, ਤੇ ਇਹ ਕੱਛਾਂ ਦੀ ਵਾਸ਼ਨਾ 'ਚ ਹੋਇਆ ਪਿਆ ਸੀ ਕਮਲ਼ਾ..! ਓਹਨੇ ਇਹਨੂੰ ਰੇਤ ਕੇ ਅਗਲੇ ਦਾ ਕਤਲ ਕਰਵਾ ਧਰਿਆ ਬਈ ਆਪੇ ਜੇਲ੍ਹ 'ਚ ਰੁਲ਼ਦਾ ਖੁਲ਼ਦਾ ਮਰਜੂ, ਤੇ ਇਹਦੇ ਹਿੱਸੇ ਦੀ ਜ਼ਮੀਨ ਸਾਂਭਾਂਗੇ ਅਸੀਂ..! ਇਹ ਸਾਲ਼ਾ ਧੱਫ਼ੇ ਦਾ ਢੋਲ ਐ, ਇਹਨੇ ਆਬਦਾ ਦਿਮਾਗ ਤਾਂ ਵਰਤਿਆ ਨੀ, ਭਰਜਾਈ ਮੂਹਰੇ ਗੱਬਰ ਸਿਉਂ ਬਣਨ ਦੇ ਮਾਰੇ ਨੇ ਬਿਨਾਂ ਗੱਲੋਂ ਅਗਲੇ ਦੀ ਜਾਨ ਲੈ ਲਈ, ਅਖੇ ਮੈਨੂੰ ਖੰਘੂਰੇ ਮਾਰਦਾ ਸੀ, ਬਈ ਸਾਲ਼ਿਆ ਖੰਘੂਰੇ ਈ ਮਾਰਦਾ ਸੀ, ਟੰਬਾ ਤਾਂ ਨੀ ਮਾਰਿਆ..?...!" ਦਾਰੂ ਦੇ ਨਸ਼ੇ ਵਿੱਚ ਠਾਣੇਦਾਰ ਨੇ ਸਾਰਾ ਰਾਜ ਉਜਾਗਰ ਕਰ ਦਿੱਤਾ।
-''ਆਪਣੇ ਠਾਣੇਦਾਰ ਕੁੰਢਾ ਸਿਉਂ ਮਾਂਗੂੰ..! ਉਹਨੂੰ ਵੀ ਖੰਘੂਰੇ ਜੇ ਮਾਰਨ ਦੀ ਬੁਰੀ ਬਾਣ ਸੀ, ਦਾਰੂ ਪੀ ਕੇ ਤਾਂ ਪਤੰਦਰ ਹਟਦਾ ਈ ਨੀ ਸੀ, ਸੁੱਕੇ ਜੇ ਖੰਘੂਰੇ ਈ ਮਾਰੀ ਜਾਂਦਾ ਸੀ..! ਬਰੇਕ ਈ ਨੀ ਸੀ ਲਾਉਂਦਾ ਮੁਫ਼ਤ ਦੀ ਪੀ ਕੇ..!"
ਅਗਲੇ ਦਿਨ ਦਫ਼ਾ ਤਿੰਨ ਸੌ ਦੋ ਲਾ ਕੇ ਜੁਗਾੜੂ ਨੂੰ ਇਲਾਕਾ ਮਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕਰ ਦਿੱਤਾ। ਦੋਸ਼ੀ ਦੇ ਇਕਬਾਲੀਆ ਬਿਆਨ ਉਪਰ ਕਿਸੇ ਰਿਮਾਂਡ ਦੀ ਜ਼ਰੂਰਤ ਨਹੀਂ ਸੀ। ਬਿਆਨ ਕਲਮਬੱਧ ਕਰ ਕੇ ਜੱਜ ਨੇ ਜੁਗਾੜੂ ਨੂੰ ਜੇਲ੍ਹ ਭੇਜ ਦਿੱਤਾ।

ਕਾਂਡ 3 : ਸਵੇਰੇ ਫ਼ੁੱਫ਼ੜ ਤਰੋਤਾਜ਼ਾ ਸੀ।  - ਸ਼ਿਵਚਰਨ ਜੱਗੀ ਕੁੱਸਾ

ਕਾਂਡ 3


ਸਵੇਰੇ ਫ਼ੁੱਫ਼ੜ ਤਰੋਤਾਜ਼ਾ ਸੀ।
ਰਾਤ ਦੀ ਪੀਤੀ ਦਾਰੂ ਉਸ ਦੇ ਭੋਰਾ ਯਾਦ ਨਹੀਂ ਸੀ।
ਹਰ ਕੌਰ ਨੇ ਚਾਹ ਲਿਆ ਕੇ ਉਸ ਦੇ ਕੋਲ਼ ਰੱਖ ਲਈ।
-''ਵੇ ਗੱਲ ਸੁਣ, ਸਾਡੇ ਪਿੰਡ ਆਲ਼ੀ ਤਪ ਕੌਰ ਦਾ ਕੀ ਹਾਲ ਐ, ਹੈ ਕੋਈ ਖ਼ਬਰਸਾਰ ਉਹਦੀ..?"
-''ਉਹਦਾ ਤਾਂ ਹਾਲ ਨਾ ਪੁੱਛ ਹਰ ਕੁਰੇ, ਕਲਜੁਗੀ ਔਲ਼ਾਦ ਨਿਕਲ਼ੀ ਓਹਦੀ ਤਾਂ...!"
-''ਬੂਹ ਮੈਂ ਮਰਜਾਂ, ਵੇ ਕੀ ਹੋਇਆ...? ਉਹ ਤਾਂ ਬਚਾਰੀ ਬਾਹਲ਼ੀ ਦਰਵੇਸ਼ਣੀ ਸੀ...!"
-''ਦਰਵੇਸ਼ਾਂ 'ਤੇ ਈ ਭੀੜ੍ਹਾਂ ਪੈਂਦੀਐਂ ਹਰ ਕੁਰੇ...! ਰੱਬ ਵੀ ਭਗਤਾਂ ਦੇ ਈ ਅੰਤਰੇ ਲੈਂਦੈ...!"
ਫ਼ੁੱਫ਼ੜ ਨੇ ਤਪ ਕੌਰ ਦੀ ਦਰਦ ਭਰੀ ਕਹਾਣੀ ਬਿਆਨ ਕਰਨੀ ਸ਼ੁਰੂ ਕਰ ਦਿੱਤੀ......
.....ਸ਼ਾਮ ਦਾ ਵੇਲ਼ਾ ਸੀ।
ਸਰਦੀਆਂ ਦਾ ਸੂਰਜ ਡੁੱਬਣ 'ਤੇ ਖੜ੍ਹਾ ਸੀ।
ਹੱਥ ਵਿਚ ਫ਼ਟੇ ਪੁਰਾਣੇ ਰੁਮਾਲ ਵਿੱਚ ਕੁਝ ਰੁਪਏ ਘੁੱਟੀ ਤਪ ਕੌਰ ਪਿੰਡ ਵਾਲ਼ੀ ਸੜਕ 'ਤੇ ਘੋਰ ਉਦਾਸ ਤੁਰੀ ਜਾ ਰਹੀ ਸੀ। ਉਸ ਦੀਆਂ ਜੋਤਹੀਣ ਅੱਖਾਂ ਵਿੱਚੋਂ ਬੇਕਦਰੇ ਹੰਝੂ ਵਗ ਕੇ ਸੁੱਕ ਚੁੱਕੇ ਸਨ। ਅੱਜ ਪਤਾ ਨਹੀਂ ਕਿੰਨੀ ਵਾਰ ਉਹ ਰੋਈ ਸੀ। ਹੁਣ ਵੀ ਉਸ ਦੇ ਮਨ ਵਿਚ ਕੋਈ ਵਿਰਲਾਪ ਚੱਲ ਰਿਹਾ ਸੀ, ਪਰ ਉਸ ਨੂੰ ਸੁਣਨ ਵਾਲ਼ਾ ਕੋਈ ਨਹੀਂ ਸੀ। ਆਥਣੇ ਪਿੰਡੋਂ ਕੋਈ ਬੱਸ ਨਹੀਂ ਜਾਂਦੀ ਸੀ, ਇਸ ਲਈ ਉਹ ਅਗਲੇ ਪਿੰਡ ਦੇ ਬੱਸ ਅੱਡੇ ਨੂੰ ਤੁਰ ਪਈ ਸੀ।
-''ਐਦੂੰ ਤਾਂ ਮੈਨੂੰ ਦਿੰਦਾ ਈ ਨਾ...! ਆਹ ਦਿਨ ਤਾਂ ਨਾ ਦੇਖਣੇ ਪੈਂਦੇ...?" ਉਸ ਨੇ ਮੂੰਹ ਉਪਰ ਨੂੰ ਚੁੱਕ ਕੇ ਪਤਾ ਨਹੀਂ ਕਿਸ ਨੂੰ ਉਲਾਂਭਾ ਦਿੱਤਾ ਸੀ। ਉਸ ਦਾ ਦੁਬਾਰਾ ਰੋਣ ਨਿਕਲ਼ ਗਿਆ। ਪਰ ਆਸਾ ਪਾਸਾ ਦੇਖ ਕੇ ਉਸ ਨੇ ਆਪਣੇ ਹੰਝੂ ਅੱਧੋਰਾਣੀ ਚੁੰਨੀ ਵਿਚ ਬੋਚ ਲਏ। ਭੈੜ੍ਹੇ ਜ਼ਮਾਨੇ ਤੋਂ ਵੀ ਉਹ ਡਰਦੀ ਸੀ। ਬਹੁਤਾ ਡਰ ਉਸ ਨੂੰ ਸ਼ਰੀਕਾਂ ਦੇ ਤਾਹਨਿਆਂ ਦਾ ਸੀ। ਜਿਹਨਾਂ ਦੇ ਮੂੰਹ ਵਿਚ ਕੈਂਚੀਆਂ ਚੱਲਦੀਆਂ, ਅਤੇ ਬੋਲ ਉਸਤਰਿਆਂ ਵਰਗੇ ਸਨ।
-''ਇਸ ਬੇਰਹਿਮ ਤੇ ਬੇਈਮਾਨ ਦੁਨੀਆਂ ਤੋਂ ਆਬਦਾ ਨੰਗ ਆਪ ਢਕਣਾ ਪੈਂਦੈ ਤਪ ਕੁਰੇ, ਇਹ ਨੀ ਟਿਕਣ ਦਿੰਦੀ ਕਿਸੇ ਨੂੰ...!" ਉਸ ਨੂੰ ਆਪਣੀ ਮਾਂ ਦੇ ਕਹੇ ਬੋਲ ਯਾਦ ਆਏ, ਜੋ ਕਈ ਵਰ੍ਹੇ ਪਹਿਲਾਂ ਰੱਬ ਦੇ ਚਰਨਾਂ ਵਿੱਚ ਜਾ ਬਿਰਾਜੀ ਸੀ। ਮਾਂ ਨੂੰ ਯਾਦ ਕਰ ਕੇ ਉਸ ਦਾ ਮਨ ਫ਼ਿਰ ਭਰ ਆਇਆ।
-''ਚੱਲਣੈਂ ਤਾਈ...?" ਪਿੰਡ ਦੇ ਕਿਸੇ ਮੁੰਡੇ ਨੇ ਜੀਪ ਬਰਾਬਰ ਰੋਕ ਕੇ ਪੁੱਛਿਆ।
ਤਪ ਕੌਰ ਦੀ ਸੋਚ ਟੁੱਟੀ ਅਤੇ ਉਹ ਚੁੱਪ ਚਾਪ ਜੀਪ ਵਿਚ ਚੜ੍ਹ ਗਈ।
-''ਤਾਈ ਕਿੱਧਰ ਨੂੰ...?"
-''ਜਿੱਧਰ ਨੂੰ ਰੱਬ ਲੈਜੂ ਪੁੱਤ..!" ਤਪ ਕੌਰ ਬੋਲੀ, ''ਟੁੱਟੇ ਪੱਤਿਆਂ ਦਾ ਕੋਈ ਟਿਕਾਣਾ ਥੋੜ੍ਹੋ ਹੁੰਦੈ..? ਦੀਵੇ ਦੀ ਲਾਟ ਤਾਂ ਹਵਾ ਦੇ ਰਹਿਮ 'ਤੇ ਈ ਜਗਦੀ ਐ...!" ਉਸ ਦੇ ਮਨ ਕੀਰਨਾਂ ਪਾਇਆ।
-''ਐਨੀ ਕੁਵੇਲ਼ੇ...? ਸੁੱਖ ਐ ਤਾਈ...??" ਮੁੰਡੇ ਨੇ ਸੁਆਲ ਕੀਤਾ।
-''..............।" ਤਪ ਕੌਰ ਚੁੱਪ ਰਹੀ। ਪਰ ਮਨ ਉਸ ਦਾ ਫ਼ਿਰ ਭਰ ਆਇਆ ਸੀ। ਉਸ ਨੇ ਭਰੀਆਂ ਅੱਖਾਂ ਚੁੰਨੀ ਨਾਲ਼ ਸਾਫ਼ ਕਰ ਲਈਆਂ।
ਕੁਛ ਸੋਚ ਕੇ ਜੀਪ ਵਾਲ਼ਾ ਮੁੰਡਾ ਵੀ ਚੁੱਪ ਕਰ ਗਿਆ।
ਖੇਤਾਂ ਵਿਚ ਦੂਰ-ਦੂਰ ਤੱਕ ਹਰਿਆਲੀ ਪਸਰੀ ਹੋਈ ਸੀ।
ਛੁਪਦੇ ਸੂਰਜ ਦੀ ਲਾਲੀ ਫ਼ਸਲਾਂ ਨੂੰ ਸੂਹਾ ਜੋਬਨ ਚਾੜ੍ਹ ਰਹੀ ਸੀ।
ਪਰ ਤਪ ਕੌਰ ਦੇ ਮਨ ਵਿੱਚ ਹਨ੍ਹੇਰ ਛਾਇਆ ਹੋਇਆ ਸੀ।
ਮੋਗਾ-ਬਰਨਾਲ਼ਾ ਵਾਲ਼ੀ ਮੁੱਖ ਸੜਕ 'ਤੇ ਚੜ੍ਹ ਕੇ ਮੁੰਡੇ ਨੇ ਜੀਪ ਬੱਸ ਅੱਡੇ 'ਤੇ ਆ ਰੋਕੀ।
-''ਐਥੋਂ ਈ ਬੱਸ ਫ਼ੜਨੀਂ ਐਂ ਤਾਈ...?"
-''ਆਹੋ ਪੁੱਤ! ਜਿਉਂਦਾ ਵਸਦਾ ਰਹਿ ਜਿਉਣ ਜੋਕਰਿਆ...!"
ਜੀਪ 'ਚੋਂ ਉਤਰ ਕੇ ਉਸ ਨੇ ਸੜਕ 'ਤੇ ਨਜ਼ਰ ਮਾਰੀ। ਦੂਰ ਮੋੜ 'ਤੇ ਬੱਸ ਆ ਰਹੀ ਸੀ। ਬੈਠੀਆਂ ਸਵਾਰੀਆਂ ਬੱਸ ਨੂੰ ਦੇਖ ਕੇ ਉਠ ਖੜ੍ਹੀਆਂ।
-''ਰਾਹ ਦੀ ਕੋਈ ਸਵਾਰੀ ਨਾ ਹੋਵੇ ਬਈ...! ਬੱਸ ਬੱਧਣੀ ਤੋਂ ਉਰ੍ਹੇ ਨੀ ਰੁਕਣੀਂ...!" ਰੁਕਦੀ ਬੱਸ 'ਚੋਂ ਉਤਰਦਾ ਕੰਡਕਟਰ ਬੋਲਿਆ। ਮੂੰਹ ਵਿੱਚ ਉਸ ਨੇ ਵਿਸਲ ਤੁੰਨੀ ਹੋਈ ਸੀ।
-''ਬੁੱਟਰ ਤਾਂ ਰੋਕੇਂਗਾ ਨ੍ਹਾ ਪੁੱਤ...?" ਤਪ ਕੌਰ ਨੇ ਪੁੱਛਿਆ।
-''ਬੁੱਟਰ ਰੁਕੂਗੀ ਮਾਈ...! ਜਲਦੀ ਚੜ੍ਹ, ਟੈਮ ਨਾ ਖਰਾਬ ਕਰ, ਸਾਡੇ ਮਗਰ ਇੱਕ ਹੋਰ ਬੱਸ 'ਵਾਅਰ' ਮਾਂਗੂੰ ਚੜ੍ਹੀ ਆਉਂਦੀ ਐ, ਕਿਤੇ ਸਵਾਰੀਆਂ ਨਾ ਚੱਕ'ਲੇ ਸਾਡੀਆਂ....!"
ਤਪ ਕੌਰ ਧੁਰਲੀ ਜਿਹੀ ਮਾਰ ਕੇ ਚੜ੍ਹ ਗਈ ਅਤੇ ਬੱਸ ਤੁਰ ਪਈ।
-''ਦੇਖ ਕਿਵੇਂ ਅੱਗ ਲੱਗੀ ਐ ਮੰਨੋਂ ਦੇ ਜਾਣਿਆਂ ਨੂੰ...!" ਬਰਾਬਰ ਦੀ ਸੀਟ 'ਤੇ ਬੈਠੀ ਕਿਸੇ ਬੇਬੇ ਨੇ ''ਬੂ-ਪਾਹਰਿਆ" ਕੀਤੀ। ਉਸ ਦਾ ਸਿਰ ਅਗਲੀ ਸੀਟ ਦੇ ਡੰਡਿਆਂ 'ਤੇ ਜਾ ਵੱਜਿਆ ਸੀ, ''ਬਈ ਤੁਸੀਂ ਹੌਲ਼ੀ ਤੁਰਪੋ...! ਅੱਗੇ ਜਾ ਕੇ ਦੱਸੋ ਕੀ ਦੁਸਿਹਰੇ ਦਾ ਰਾਵਣ ਸਾੜਨੈਂ ਤੁਸੀਂ...!" ਬੇਬੇ ''ਬੁੜ-ਬੁੜ" ਕਰੀ ਜਾ ਰਹੀ ਸੀ।
-''ਜੇ ਸਰੀਰ ਨਹੀਂ ਸਾਥ ਦਿੰਦਾ ਤਾਂ ਘਰੇ ਬੈਠਿਆ ਕਰ ਬੇਬੇ...! ਕਾਹਨੂੰ ਆਬਦੀ ਵੈਰਨ ਬਣਦੀ ਐਂ..?" ਕੰਡਕਟਰ ਨੇ ਟਾਂਚ ਕੀਤੀ।
-''ਵੇ ਤੂੰ ਮੈਥੋਂ ਖੌਂਸੜੇ ਨਾ ਖਾ ਲਈਂ, ਜਣਦਿਆਂ ਨੂੰ ਰੋਣਾਂ...!"
ਬੱਸ ਨੇ ਪੂਰੀ ਰਫ਼ਤਾਰ ਫ਼ੜ ਲਈ ਸੀ।
ਸੀਟ 'ਤੇ ਬੈਠੀ ਤਪ ਕੌਰ ਅਚਨਚੇਤ ਆਪਣੇ ਅਤੀਤ ਨਾਲ਼ ਜਾ ਜੁੜੀ।.....
.....ਅਜੇ ਕੱਲ੍ਹ ਦੀ ਗੱਲ ਸੀ, ਜਦ ਤਪ ਕੌਰ ਦੀ ਡੋਲੀ ਤੁਰੀ ਸੀ। ਚਾਹੇ ਤਪ ਕੌਰ ਦੇ ਮਾਂ-ਬਾਪ ਗ਼ਰੀਬ ਹੀ ਸਨ, ਪਰ ਮਨ ਦੀਆਂ ਇੱਛਾਵਾਂ ਨੂੰ ਕੌਣ ਠੱਲ੍ਹ ਸਕਿਐ...? ਮਨ ਵਿਚ ਸੁਪਨਿਆਂ, ਅਰਮਾਨਾਂ ਅਤੇ ਸਧਰਾਂ ਦੀ ਪੋਟਲੀ ਹਿੱਕ ਨਾਲ਼ ਘੁੱਟੀ ਤਪ ਕੌਰ ਸਹੁਰੀਂ ਆ ਗਈ। ਤਪ ਕੌਰ ਦੇ ਘਰਵਾਲ਼ਾ ਸੰਤ ਸਿੰਘ ਵਾਕਿਆ ਹੀ ''ਸੰਤ" ਬੰਦਾ ਸੀ। ਨਾ ਕਿਸੇ ਦੀ ਚੰਗੀ ਅਤੇ ਨਾ ਮਾੜੀ! ਰੱਬ ਦੀ ਰਜ਼ਾ ਵਿਚ ਵਿਚਰਨ ਵਾਲ਼ਾ ਫ਼ਕੀਰ ਬਿਰਤੀ ਦਾ ਸਾਧੂ ਬੰਦਾ!
-''ਮੇਰੇ ਸਿਰ 'ਚ ਚਾਹੇ ਗਲ਼ੀਆਂ ਕਰੀ ਜਾਈਂ, ਕੋਈ ਪ੍ਰਵਾਹ ਨੀ...! ਚਿੜੀਆਂ ਦਾ ਦੁੱਧ ਮੰਗੇਂਗੀ, ਉਹ ਵੀ ਪੈਦਾ ਕਰ ਕੇ ਦਿਊਂਗਾ, ਪਰ ਸ਼ਰੀਕੇ ਕਬੀਲੇ 'ਚ ਮੈਨੂੰ ਕੋਈ ਉਲਾਂਭਾ ਖੱਟ ਕੇ ਨਾ ਦੇਈਂ, ਤੇਰੇ ਚਰਨਾਂ 'ਚ ਮੇਰੀ ਆਹੀ ਬੇਨਤੀ ਐ...!" ਪਹਿਲੀ ਰਾਤ ਉਸ ਨੇ ਇੱਕੋ-ਇੱਕ ਗੱਲ ਤਪ ਕੌਰ ਨੂੰ ਆਖੀ ਸੀ। ਤਪ ਕੌਰ ਚੁੱਪ ਰਹੀ, ਪਰ ਭੋਲ਼ੇ-ਭਾਲ਼ੇ ਪਤੀ-ਦੇਵ ਤੋਂ ਉਹ ਜਾਨ ਨਿਛਾਵਰ ਕਰਨ ਵਾਲ਼ੀ ਹੋ ਗਈ ਸੀ।
-''ਆਪਣਾ ਸੰਤ ਤਾਂ ਇਹਨੂੰ ਡੱਕਾ ਨੀ ਆਖਦਾ, ਪੂਛ-ਪੂਛ ਈ ਕਰਦਾ ਰਹਿੰਦੈ, ਐਕਣ ਤਾਂ ਇਹ ਸਿਰ 'ਤੇ ਚੜ੍ਹਜੂ...!" ਇੱਕ ਦਿਨ ਕੁਪੱਤੀ ਸੱਸ ਨੇ ਆਪਣੇ ਛੜੇ ਪੁੱਤ ਧੱਤੂ ਨੂੰ ਗੁੱਝਾ ਬੋਲ ਕੰਨ ਵਿਚ ਆਖਿਆ।
-''ਸਿਰ ਕਿਵੇਂ ਚੜ੍ਹਜੂ ਬੇਬੇ...? ਸਿਰ ਚੜ੍ਹੀ ਸਾਨੂੰ ਲਾਹੁੰਣੀ ਆਉਂਦੀ ਐ, ਅਸੀਂ ਕਿੱਕਰ ਤੋਂ ਕਾਟੋ ਲਾਹ ਲਈਏ, ਇਹ ਚਾਮਚੜਿੱਕ ਤਾਂ ਚੀਜ ਈ ਕੀ ਐ...? ਤੂੰ ਝੋਰਾ ਨਾ ਕਰਿਆ ਕਰ, ਜੇ ਚਿਰ-ਫ਼ਿਰ ਕਰੇ, ਤਾਂ ਦੱਸੀਂ, ਇਹਨੂੰ ਤਾਂ ਪੈਰ ਥੱਲੇ ਮਸਲ਼ ਦਿਆਂਗੇ...!" ਧੱਤੂ ਨੂੰ ਤਾਂ ਤਪ ਕੌਰ 'ਤੇ ਪਹਿਲਾਂ ਹੀ ਰੰਜ ਸੀ।
ਧੱਤੂ ਜਮਾਂਦਰੂ ਛੜਾ ਸੀ। ਇੱਕ ਲੱਤ ਵਿਚ ਬੱਜ ਅਤੇ ਅੱਖਾਂ 'ਚ ਭੈਂਗ ਹੋਣ ਕਾਰਨ ਕਿਸੇ ਰਿਸ਼ਤਾ ਕਰਵਾਉਣ ਵਾਲ਼ੇ ਨੇ ਲੱਤ ਨਾ ਲਾਈ ਅਤੇ ਸਰੀਰਕ ਢਾਂਚੇ ਦੀਆਂ ਜ਼ਰਬਾਂ ਤਕਸੀਮਾਂ ਵਿਚ ਧੱਤੂ ਛੜਾ ਹੀ ਰਹਿ ਗਿਆ। ਸਾਰੀ ਦਿਹਾੜ੍ਹੀ ਵਿਹਲਾ ਉਹ ਲੋਕਾਂ ਦੀਆਂ ਕੰਧਾਂ ਕੌਲ਼ਿਆਂ ਵਿਚ ਵੱਜਦਾ ਫ਼ਿਰਦਾ ਰਹਿੰਦਾ। ਹੁਣ ਜਦੋਂ ਦਾ ਉਸ ਦਾ ਛੋਟਾ ਭਰਾ ਸੰਤ ਵਿਆਹਿਆ ਗਿਆ ਸੀ, ਤਾਂ ਉਸ ਨੇ ਵਿਆਹ ਦੀ ਰਹਿੰਦੀ ਆਸ ਦੇ ਡੱਕੇ ਵੀ ਭੰਨ ਦਿੱਤੇ ਸਨ। ਦੋ ਕੁ ਦਿਨ ਉਸ ਨੇ ਤਪ ਕੌਰ ਨੂੰ ਬੜੇ ਚਾਅ ਨਾਲ਼ ''ਸਤਿ ਸ੍ਰੀ ਅਕਾਲ" ਬੁਲਾਈ। ਪਰ ਜਦ ਤਪ ਕੌਰ ''ਸਤਿ ਸ੍ਰੀ ਅਕਾਲ" ਤੋਂ ਅੱਗੇ ਨਾ ਵਧੀ, ਤਾਂ ਧੱਤੂ ਨੇ ਤਪ ਕੌਰ ਨਾਲ਼ ਖਾਰ ਖਾਣੀਂ ਅਤੇ ਈਰਖਾ ਕਰਨੀ ਸ਼ੁਰੂ ਕਰ ਦਿੱਤੀ।
-''ਕੰਜਰ ਦੀ ਅੱਖ ਈ ਨੀ ਮਿਲ਼ਾਉਂਦੀ...!" ਧੱਤੂ ਮਨ ਵਿਚ ਖਿਝਦਾ ਅਤੇ ਕੁੜ੍ਹਦਾ ਰਹਿੰਦਾ।
ਤਪ ਕੌਰ ਨੂੰ ''ਉਮੀਦਵਾਰੀ" ਹੋਈ ਤਾਂ ਖ਼ਬਰ ਮਿਲ਼ਣ 'ਤੇ ਉਸ ਦਾ ਬਾਪ ਤਪ ਕੌਰ ਨੂੰ ਲੈਣ ਆ ਗਿਆ।
-''ਅਸੀਂ ਨੀ ਤੋਰਨੀ ਚੰਦ ਸਿਆਂ...! ਸਾਡਾ ਤਾਂ ਭਾਈ ਆਪ ਨੀ ਕੰਮ ਦਾ ਸਰਦਾ...!" ਖਰੂਦੀ ਸੱਸ ਨੇ ਚਿੱਟਾ ਹੀ ਜਵਾਬ ਦੇ ਦਿੱਤਾ।
-''ਚੇਤ ਕੁਰੇ, ਕੁੜੀ ਦਾ ਪੈਰ ਭਾਰੈ, ਰੀਤਾਂ ਰਵਾਇਤਾਂ ਮੁਤਾਬਿਕ ਕੁੜੀ ਦਾ ਪਹਿਲਾ ਜਣੇਪਾ ਤਾਂ ਪੇਕੀਂ ਹੋਣਾ ਚਾਹੀਦੈ, ਤੂੰ ਤਾਂ ਆਪ ਸਿਆਣੀਂ ਐਂ...! ਜੇ ਪਤਾ ਹੁੰਦਾ ਤੁਸੀਂ ਨਹੀਂ ਤੋਰਨੀ, ਤਾਂ ਕੁੜੀ ਦੀ ਬੇਬੇ ਇਹਨੂੰ ਨਿੱਕ-ਸੁੱਕ ਰਲ਼ਾ ਕੇ ਭੇਜ ਦਿੰਦੀ...!"
-''ਮੈਂ ਇੱਕ ਆਰੀ ਕਹਿਤਾ ਬਈ ਅਸੀਂ ਨਹੀਂ ਤੋਰਨੀ, ਜਿਹੜਾ ਨਿੱਕ-ਸੁੱਕ ਰਲ਼ਾ ਕੇ ਦੇਣੈ, ਫ਼ੇਰ ਦੇ ਜਾਈਂ..! ਤੂੰ ਕਿਹੜਾ ਸਿੰਘਾਪੁਰੋਂ ਆਉਣੈਂ, ਚੁੱਲ੍ਹੇ ਦੇ ਵੱਟੇ ਨਾਲ਼ ਤਾਂ ਤੂੰ ਬੈਠੈਂ...!" ਉਸ ਨੇ ਬੜੇ ਰੁੱਖੇ ਅੰਦਾਜ਼ ਵਿਚ ਕਿਹਾ।
-''.................।" ਢੇਰੀ ਜਿਹੀ ਢਾਹ ਕੇ ਤਪ ਕੌਰ ਦਾ ਬਾਪ ਵਾਪਸ ਮੁੜ ਗਿਆ।
-''ਜੇ ਸਾਡੇ ਨਾਲ਼ ਬਣਾ ਕੇ ਰੱਖਦੀ, ਆਹ ਦੁਰਗਤੀਆਂ ਨਾ ਹੁੰਦੀਆਂ...!" ਧੱਤੂ ਨੇ ਤਪ ਕੌਰ ਨੂੰ ਗੱਲ ਰੜਕਾਈ।
ਪਰ ਤਪ ਕੌਰ ਕੰਨ ਲਪੇਟ ਕੇ ਅੰਦਰ ਵੜ ਗਈ। ਕੁਝ ਨਾ ਬੋਲੀ। ਉਹ ਧੱਤੂ ਨੂੰ ਮੱਥੇ ਵੀ ਲਾਉਣਾ ਨਹੀਂ ਚਾਹੁੰਦੀ ਸੀ।
ਉਸ ਰਾਤ ਤਪ ਕੌਰ ਰੱਜ ਕੇ ਰੋਈ। ਇਤਨੀ ਸ਼ਾਇਦ ਉਹ ਜ਼ਿੰਦਗੀ 'ਚ ਪਹਿਲੀ ਵਾਰ ਰੋਈ ਸੀ।
-''ਅਜੇ ਵੀ ਮੌਕੈ...! ਛੱਡ ਦੇ ਹਿੰਡ...! ਸੌਖੀ ਰਹੇਂਗੀ, ਮੈਨੂੰ ਕੋਈ ਕੋਹੜ੍ਹ ਨੀ ਹੋਇਆ...!" ਧੱਤੂ ਦੀ ਮਾਰੂ ਨੀਅਤ ਉਸ ਨੂੰ ਸ਼ਿਕਾਰ ਵਾਂਗ ਤਾੜ ਰਹੀ ਸੀ।
-''.............।" ਤਪ ਕੌਰ ਨੇ ਆਪਣੀ ਫ਼ੌਲ਼ਾਦੀ ਚੁੱਪ ਨਾ ਤੋੜੀ।
-''ਤੇਰੀ ਧੌਣ 'ਚੋਂ ਵੀ ਨਖਰੇ ਆਲ਼ਾ ਕਿੱਲਾ ਕੱਢਣਾ ਪੈਣੈਂ, ਲੱਤਾਂ ਦੇ ਭੂਤ ਬਾਤਾਂ ਨਾਲ਼ ਕਾਹਨੂੰ ਮੰਨਦੇ ਐ...?" ਧੱਤੂ ਦੀਆਂ ਅੱਖਾਂ ਦਾ ਭੈਂਗ ਡੁਬਕ੍ਹੀਆਂ ਲਾਉਣ ਲੱਗ ਪਿਆ।
ਤਪ ਕੌਰ ਅੰਦਰ ਵੜ ਗਈ। ਉਸ ਨੇ ਫ਼ਿਰ ਮੂੰਹ ਨਾ ਖੋਲ੍ਹਿਆ।
ਤਪ ਕੌਰ ਦੇ ਦਿਨ ਪੂਰੇ ਹੋ ਗਏ।
ਸਵੇਰ ਦੀ ਉਹ ਸੁੰਡੀ ਵਾਂਗ ਤੜਪੀ ਜਾ ਰਹੀ ਸੀ। ਮਾਂ ਦੇ ਕਹਿਣ 'ਤੇ ਸੰਤ ਸਿੰਘ ਪਿੰਡ ਦੀ ਦਾਈ ਨੂੰ ਬੁਲਾ ਲਿਆਇਆ। ਦਾਈ ਨੇ ਆ ਕੇ ਸਰ੍ਹੋਂ ਦੇ ਤੇਲ ਨਾਲ਼ ਪੇਟ ਮਲ਼ਿਆ।
-''ਸੰਤ ਤੇ ਧੱਤੂ ਹੋਰੀਂ, ਸਾਰੇ ਮੇਰੇ ਹੱਥਾਂ 'ਚ ਜੰਮੇਂ ਐਂ ਪੁੱਤ...!" ਪੇਟ ਮਲ਼ਦੀ ਭੋਲ਼ੀ-ਭਾਲ਼ੀ ਦਾਈ ਤਪ ਕੌਰ ਨੂੰ ਆਖ ਰਹੀ ਸੀ।
-''ਇਹਨੂੰ ਪੇਕੀਂ ਕਿਉਂ ਨਾ ਭੇਜਿਆ ਚੇਤੋ...?" ਦਾਈ ਨੇ ਤਪ ਕੌਰ ਦੀ ਸੱਸ ਨੂੰ ਸੁਆਲ ਕੀਤਾ, ''ਪਹਿਲਾ ਜਣੇਪਾ ਤਾਂ ਭੈਣੇ ਪੇਕੀਂ ਹੁੰਦੈ...!"
-''ਪੇਕਿਆਂ ਤੋਂ ਕੋਈ ਲੈਣ ਈ ਨੀ ਆਇਆ, ਮੈਂ ਕਿਹੜੇ ਖੂਹ 'ਚ ਛਾਲ਼ ਮਾਰਦੀ...?" ਸੱਸ ਨੇ ਠੁਣਾਂ ਪੇਕਿਆਂ ਸਿਰ ਭੰਨਿਆਂ। ਉਹ ਅੱਕਿਆਂ ਵਾਂਗ ਬੋਲਦੀ ਸੀ।
ਦਾਈ ਚੁੱਪ ਹੋ ਗਈ।
ਸੱਸ ਦੀ ਨਿਰੋਲ ਝੂਠੀ ਗੱਲ ਤਪ ਕੌਰ ਦਾ ਸੀਨਾਂ ਦੋਫ਼ਾੜ ਕਰ ਗਈ। ਉਹ ਜਣੇਪਾ ਪੀੜਾਂ ਦੇ ਪੱਜ ਬੁੱਕੋ-ਬੁੱਕ ਅੱਥਰੂ ਕੇਰ ਰਹੀ ਸੀ।
ਜਦ ਸੂਰਜ ਛੁਪਿਆ ਤਾਂ ਜੰਮਣ-ਪੀੜਾਂ ਨੇ ਤਪ ਕੌਰ ਅੰਦਰ ਜੁਆਲਾ-ਮੁਖੀ ਮਚਾ ਦਿੱਤੀ। ਅੰਦਰ ਦਰਦਾਂ ਦਾ ਲਾਵਾ ਮੱਚਿਆ ਤਾਂ ਉਸ ਦੀਆਂ ਚੀਕਾਂ ਨੇ ਕੰਧਾਂ ਕੰਬਣ ਲਾ ਦਿੱਤੀਆਂ। ਬਾਹਰ ਬੈਠਾ ਧੱਤੂ ਉਸ ਦੀਆਂ ਚੀਕਾਂ ਸੁਣ ਕੇ ਬਾਗੋ-ਬਾਗ ਹੋਈ ਜਾ ਰਿਹਾ ਸੀ। ਸੰਤ ਸਿੰਘ ਹੱਥ ਜੋੜੀ ਅਤੇ ਅੱਖਾਂ ਮੀਟੀ ਬੈਠਾ ਸੀ।
-''ਚੇਤ ਕੁਰੇ, ਡਾਕਦਾਰ ਨੂੰ ਬੁਲਾਓ..! ਟੀਕਾ ਲੱਗ ਕੇ ਜੁਆਕ ਛੇਤੀ ਹੋਜੂ...!" ਦਾਈ ਨੇ ਸੱਸ ਨੂੰ ਕਿਹਾ।
ਸੱਸ ਧੱਤੂ ਹੋਰਾਂ ਕੋਲ਼ ਬੈਠਕ ਵਿਚ ਆ ਗਈ।
-''ਜਾਹ ਵੇ ਧੱਤੂ ਡਾਕਦਾਰ ਨੂੰ ਬੁਲਾ ਕੇ ਲਿਆ..!" ਚੇਤ ਕੌਰ ਨੇ ਕਿਹਾ ਤਾਂ ਸੰਤ ਸਿੰਘ ਉਠ ਖੜ੍ਹਿਆ।
-''ਮੈਂ ਜਾਨੈਂ ਬੇਬੇ, ਬਾਈ ਨੂੰ ਬੈਠਾ ਰਹਿਣ ਦੇ...!" ਸੰਤ ਨੇ ਧੱਤੂ ਦੀ ਲੰਗੜੀ ਲੱਤ ਦਾ ਖਿਆਲ ਕਰ ਕੇ ਕਿਹਾ।
-''ਤੂੰ ਰਹਿਣ ਦੇ ਸੰਤ...! ਮੈਂ ਜਾਨੈਂ...!" ਧੱਤੂ ਬਾਹਰ ਨਿਕਲ਼ ਗਿਆ। ਉਹ ਨਵੇਂ ਦੁੱਧ ਹੋਣ ਵਾਲ਼ੀ ਮੱਝ ਵਾਂਗ ਲੰਗੜੀ ਲੱਤ ਘੁੰਮਾਉਂਦਾ ਜਾ ਰਿਹਾ ਸੀ। ਨਾ ਤਾਂ ਉਸ ਨੇ ਡਾਕਟਰ ਦੇ ਜਾਣਾ ਸੀ, ਅਤੇ ਨਾ ਹੀ ਗਿਆ। ਉਹ ਦੇਸੀ ਦਾਰੂ ਦੀ ਬੋਤਲ ਖਰੀਦ, ਘਰ ਆ ਗਿਆ।
-''ਡਾਕਦਾਰ ਦੀ ਤਾਂ ਮਾਸੀ ਮਰਗੀ ਬੇਬੇ...! ਮਕਾਣ ਗਿਆ ਹੋਇਐ...!" ਉਸ ਨੇ ਦੱਸਿਆ।
ਤਪ ਕੌਰ ਦਾ ਬੁਰਾ ਹਾਲ ਸੀ। ਉਸ ਦਾ ਜਿਵੇਂ ਦੂਸਰਾ ਜਨਮ ਹੋ ਰਿਹਾ ਸੀ।
-''ਇਉਂ ਤਾਂ ਚੇਤ ਕੁਰੇ ਬਹੂ ਦੀ ਜਾਨ ਨੂੰ ਖਤਰਾ ਹੋਜੂ...! ਇਹਨੂੰ ਸ਼ਹਿਰ ਲੈਜੋ...!" ਦਾਈ ਨੇ ਹਮਦਰਦੀ ਪ੍ਰਗਟਾਈ।
-''ਕਰਦੀ ਆਂ ਮੈਂ ਗੱਲ ਧੱਤੂ ਨਾਲ਼...!" ਚੇਤ ਕੌਰ ਬਾਹਰ ਨਿਕਲ਼ ਗਈ।
ਧੱਤੂ ਚਾਰ ਪੈੱਗ ਲਾ ਕੇ ''ਰਾਠ" ਬਣਿਆਂ ਬੈਠਾ ਸੀ।
-''ਭਾਗੋ ਤਾਂ ਕਹਿੰਦੀ ਇਹਨੂੰ ਸ਼ਹਿਰ ਲੈਜੋ...!" ਉਸ ਨੇ ਤਿਰਛੀ ਨਜ਼ਰ ਨਾਲ਼ ਧੱਤੂ ਵੱਲ ਦੇਖਿਆ।
-''ਸ਼ਹਿਰ ਲਿਜਾਣ ਵਾਸਤੇ ਤਾਂ ਟਰਾਲੀ ਜਾਂ ਕਾਰ ਦਾ ਢਾਣਸ ਕਰਨਾ ਪਊ ਬੇਬੇ...! ਮੈਂ ਡਾਕਦਾਰ ਵੱਲ ਫ਼ੇਰ ਗੇੜਾ ਮਾਰਦੈਂ, ਮਕਾਣ ਗਿਆ ਓਥੇ ਬੈਠਾ ਥੋੜ੍ਹੋ ਰਹੂ, ਕੀ ਐ ਮੁੜ ਈ ਆਇਆ ਹੋਵੇ...?" ਧੱਤੂ ਨੇ ਕਿਹਾ, ''ਨਾਲ਼ੇ ਸੰਤ ਓਦੋਂ ਦਾ ਪਾਠ ਕਰੀ ਜਾਂਦੈ, ਇਹਦਾ ਬਾਬਾ ਵੀ ਕੋਈ ਨਾ ਕੋਈ ਰੰਗ ਦਿਖਾਊ...!" ਉਸ ਨੇ ਕੌੜਾ ਜਿਹਾ ਹੱਸ ਕੇ ਸੰਤ ਸਿੰਘ 'ਤੇ ਵਿਅੰਗ ਕਸਿਆ। ਪਰ ਸੰਤ ਕੁਝ ਨਾ ਬੋਲਿਆ।
ਧੱਤੂ ਨੇ ਤੂੜੀ ਵਾਲ਼ੇ ਅੰਦਰ ਵੜ ਕੇ ਇੱਕ ਪੈੱਗ ਹੋਰ ਅੰਦਰ ਸੁੱਟਿਆ ਅਤੇ ਖੰਘੂਰਾ ਮਾਰ ਕੇ ਬਾਹਰ ਨਿਕਲ਼ ਗਿਆ।
ਰਾਤ ਅੱਧੀ ਹੋ ਚੁੱਕੀ ਸੀ।
ਚੀਕ-ਚੀਕ ਕੇ ਤਪ ਕੌਰ ਦਾ ਗਲ਼ਾ ਘਗਿਆ ਗਿਆ ਸੀ। ਉਸ ਅੰਦਰੋਂ ਅਵਾਜ਼ ਨਹੀਂ ਨਿਕਲ਼ ਰਹੀ ਸੀ।
ਅੱਧੀ ਰਾਤੋਂ ਬਾਅਦ ਧੱਤੂ ਡਾਕਟਰ ਨੂੰ ਲੈ ਕੇ ਆਇਆ।  
ਅਜੇ ਉਹ ਦਰਵਾਜੇ ਅੰਦਰ ਦਾਖ਼ਲ ਹੋਏ ਹੀ ਸਨ ਕਿ ਤਪ ਕੌਰ ਦੀ ਜਾਨ ਛੁੱਟ ਗਈ। ਬੱਚਾ ਹੋ ਗਿਆ। ਪਰ ਦਾਈ ਹੈਰਾਨ ਸੀ ਕਿ ਬੱਚਾ ਰੋਇਆ ਨਹੀਂ ਸੀ। ਉਸ ਨੇ ਬੱਚੇ ਦੇ ਦੋ-ਤਿੰਨ ਥਪੇੜੇ ਜਿਹੇ ਮਾਰੇ, ਪਰ ਬੱਚਾ ਨਾ ਰੋਇਆ। ਦਾਈ ਨੇ ਬੱਚਾ ਚੁੱਕਿਆ ਅਤੇ ਲੈਂਪ ਕੋਲ਼ ਲੈ ਗਈ। ਬੱਚਾ ਪੀਲ਼ਾ ਜ਼ਰਦ ਸੀ।
ਸੱਸ ਵੀ ਭੱਜ ਕੇ ਲੈਂਪ ਕੋਲ਼ ਆਈ।
-''ਮਰੀ ਵੀ ਬੱਚੀ ਹੋਈ ਐ...!" ਦਾਈ ਨੇ ਦੁੱਖ ਜਿਹੇ ਨਾਲ਼ ਚੇਤ ਕੌਰ ਨੂੰ ਦੱਸਿਆ।
ਮਰੀ ਹੋਈ ਬੱਚੀ ਜੰਮੀ ਦੇਖ ਕੇ ਸੱਸ ਨੇ ਮੂੰਹ ਘੁੱਟ ਲਿਆ।
ਤਪ ਕੌਰ ਕਿਸੇ ਚੰਗੀ ਖ਼ਬਰ ਦੀ ਆਸ ਵਿਚ ਸੀ। ਕੰਨ ਉਸ ਦੇ ਦਾਈ ਵੱਲ ਲੱਗੇ ਹੋਏ ਸਨ।
-''ਜਿਹੋ ਜੀ ਨੀਤ ਸੀ, ਓਹੋ ਜੀ ਮੁਰਾਦ ਪਾ ਲਈ ਕੁਲੈਹਣੀ ਨੇ, ਮਰੀ ਵੀ ਕੁੜੀ ਜੰਮ ਕੇ ਸਿੱਟਤੀ...!" ਸੱਸ ਦੇ ਬੋਲਾਂ ਦਾ ਬਾਣ ਉਸ ਦੇ ਕਾਲ਼ਜੇ ਵੱਜਿਆ ਅਤੇ ਉਸ ਦੀ ਧਾਹ ਨਿਕਲ਼ ਗਈ। ਉਸ ਨੇ ਮੂੰਹ 'ਤੇ ਰਜਾਈ ਲੈ ਲਈ। ਜਿਸਮਾਨੀ ਪੀੜਾਂ ਉਹ ਕਾਫ਼ੀ ਹੱਦ ਤੱਕ ਭੁੱਲ ਗਈ ਸੀ।
-''ਡਾਕਦਾਰ ਨੂੰ ਆਖ ਬਹੂ ਦੇ ਧੁਣਖਵਾਅ ਦਾ ਟੀਕਾ ਲਾਦੂ, ਬਥੇਰਾ ਵਖਤ ਭਰਿਐ ਬਿਚਾਰੀ ਨੇ...!" ਦਾਈ ਨੇ ਆਖਿਆ।
ਸੱਸ ਜਿੰਨ ਵਾਂਗ ਬਾਹਰ ਆਈ।
-''ਮਰੀ ਵੀ ਕੁੜੀ ਜੰਮੀ ਐਂ...!" ਉਸ ਨੇ ਸੰਤ ਸਿੰਘ ਨੂੰ ਸੁਣਾ ਕੇ ਕਿਹਾ।
ਡਾਕਟਰ ਨੇ ਲੰਬਾ ਸਾਹ ਲੈ ਕੇ ਦੁੱਖ ਵਿਚ ਨੀਂਵੀਂ ਸੁੱਟ ਲਈ।
ਸੰਤ ਸਿੰਘ ਅਹਿਲ ਬੈਠਾ ਸੀ। ਉਸ ਦੇ ਮਨ 'ਤੇ ਕੋਈ ਅਸਰ ਨਹੀਂ ਹੋਇਆ ਸੀ।
-''ਜਾਹ ਓਹਦੇ ਧੁਣਖਵਾਅ ਦਾ ਸੂਆ ਲਾ ਦੇ ਪੁੱਤ..!" ਚੇਤ ਕੌਰ ਨੇ ਡਾਕਟਰ ਨੂੰ ਕਿਹਾ।
-''ਧੁਣਖਵਾਅ ਦਾ ਸੂਆ ਲਾਉਣ ਨੂੰ ਓਹਦੇ ਕਸੀਆ ਵੱਜਿਐ...? ਰਹਿਣ ਦੇ...! ਬਾਧੂ ਖਰਚੇ ਦਾ ਘਰ...!" ਧੱਤੂ ਖਿਝ ਕੇ ਬੋਲਿਆ।
-''ਧੁਣਖਵਾਅ ਦਾ ਟੀਕਾ ਮੈਂ ਲਾ ਜਾਨੈਂ ਬਾਈ, ਪੰਜੀ ਨਾ ਦੇਈਂ...!" ਤਰਸ ਦੀ ਮੂਰਤ ਬਣਿਆਂ ਡਾਕਟਰ ਬੋਲਿਆ।
-''ਤੇਰੀ ਕਿਹੜੀ ਮਾਸੀ ਗੁਜਰ ਗਈ ਇੰਦਰ...?" ਚੇਤ ਕੌਰ ਨੇ ਡਾਕਟਰ ਨੂੰ ਪੁੱਛਿਆ।
-''ਮੇਰੀ ਤਾਂ ਕੋਈ ਮਾਸੀ ਨੀ ਗੁਜਰੀ, ਤਾਈ..। ਸਾਰੀਆਂ ਚੜ੍ਹਦੀ ਕਲਾ 'ਚ ਐ...।" ਡਾਕਟਰ ਨੇ ਕਿਹਾ ਤਾਂ ਧੱਤੂ ਮਾਂ ਵੱਲ ਪਿਆਸੇ ਕਾਂ ਵਾਂਗ ਝਾਕਿਆ। ਸੰਤ ਨੇ ਗੱਲ ਸੁਣ ਕੇ ਸਿਰ ਉਪਰ ਚੁੱਕਿਆ, ਅਤੇ ਉਹ ਫ਼ਿਰ ਹੱਥ ਜੋੜ ਕੇ ਬੈਠ ਗਿਆ। ਚੇਤ ਕੌਰ ਦੇ ਮਨ 'ਤੇ ਕੋਈ ਅਸਰ ਨਾ ਹੋਇਆ। ਉਹ ਬੇਕਿਰਕ ਪੁੱਤ ਦੀ ਚਾਲ ਸਮਝ ਗਈ ਸੀ।
ਡਾਕਟਰ ਨੇ ਇੱਕ ਟੀਕਾ ਤਾਕਤ ਦਾ ਅਤੇ ਇੱਕ ਧੁਣਖਵਾਅ ਦਾ ਲਾਇਆ ਅਤੇ ਬਿਨਾ ਪੈਸੇ ਲਿਆਂ ਚਲਿਆ ਗਿਆ।
ਬੋਤਲ ਵਿਚੋਂ ਰਹਿੰਦੀ ਦਾਰੂ ਧੱਤੂ ਨੇ ਸੂਤ ਧਰੀ।
ਰਾਤ ਨੂੰ ਘਰ ਦੇ ਇੱਕ ਪਾਸੇ ਟੋਆ ਪੁੱਟ ਕੇ ਧੀ-ਧਿਆਣੀ ਨੂੰ ਦਫ਼ਨਾ ਦਿੱਤਾ ਗਿਆ। ਤਪ ਕੌਰ ਨੂੰ ਧੀ ਦਾ ਮੂੰਹ ਤੱਕ ਨਹੀਂ ਵਿਾਖਾਇਆ ਸੀ। ਉਹ ਸਬਰ ਸੰਤੋਖ ਆਸਰੇ ਘੁੱਟ ਵੱਟੀ ਪਈ ਸੀ। ਤਨ ਦੀ ਕਮਜ਼ੋਰੀ ਕਾਰਨ ਉਸ ਤੋਂ ਹਿੱਲਿਆ ਨਹੀਂ ਜਾ ਰਿਹਾ ਸੀ।
ਉਪਰੋਥਲ਼ੀ ਤਪ ਕੌਰ ਤਿੰਨ ਵਾਰ ਗਰਭਵਤੀ ਹੋਈ ਅਤੇ ਹਰ ਵਾਰ ਉਸ ਨਾਲ਼ ਓਹੀ ਹਾਲ ਹੁੰਦਾ ਰਿਹਾ। ਹਰ ਵਾਰ ਸੱਸ ਉਸ ਨੂੰ ਪੇਕੀਂ ਨਾ ਜਾਣ ਦਿੰਦੀ, ਉਸ ਦਾ ਜਣੇਪਾ ਸਹੁਰੀਂ ਹੀ ਹੁੰਦਾ ਅਤੇ ਬੱਚਾ ਮਰਿਆ ਹੋਇਆ ਜੰਮਦਾ! ਤਿੰਨ ਧੀਆਂ ਜੰਮੀਆਂ ਅਤੇ ਤਿੰਨੇ ਹੀ ਮਰੀਆਂ ਹੋਈਆਂ ਜੱਗ 'ਤੇ ਆਈਆਂ।
ਜਦ ਚੌਥੀ ਵਾਰ ਤਪ ਕੌਰ ਨੂੰ ਬੱਚਾ-ਬੱਚੀ ਹੋਣ ਵਾਲ਼ਾ ਹੋਇਆ ਤਾਂ ਤਪ ਕੌਰ ਨੇ ਸੰਤ ਸਿੰਘ ਨੂੰ ਆਪਣੇ ਮਨ ਦੀ ਖ਼ਾਹਿਸ਼ ਦੱਸੀ।
-''ਮੈਂ ਇਸ ਵਾਰੀ ਬੱਚਾ ਪੇਕੀਂ ਜੰਮਣਾ ਚਾਹੁੰਨੀ ਆਂ, ਜੇ ਤੂੰ ਮੈਨੂੰ ਪੇਕੀਂ ਛੱਡ ਆਵੇਂ...? ਕਿਸਮਤ ਹਰ ਵਾਰੀ ਆਪਣੇ ਨਾਲ਼ ਧੱਕਾ ਕਰਦੀ ਐ, ਕੀ ਐ ਥਾਂ ਬਦਲਣ ਨਾਲ਼ ਆਪਣੇ ਨਛੱਤਰ ਵੀ ਸਿੱਧੇ ਹੋ ਜਾਣ...?" ਰੱਬੀ ਰੂਹ ਸੰਤ ਸਿੰਘ ਨੇ ਫ਼ੱਟ ''ਹਾਂ" ਕਰ ਦਿੱਤੀ ਅਤੇ ਮੂੰਹ ਹਨ੍ਹੇਰੇ ਸਾਈਕਲ 'ਤੇ ਚੜ੍ਹ ਤਪ ਕੌਰ ਨੂੰ ਪੇਕੀਂ ਛੱਡ ਆਇਆ।
ਮਾਂ ਅਤੇ ਧੱਤੂ ਨੇ ਝੱਜੂ ਪਾ ਲਿਆ।
-''ਤੂੰ ਸਾਲ਼ਿਆ ਮਾਂਊਂਆਂ ਜਿਆ ਕੇਰਾਂ ਈ ਪਟਿਆਲ਼ੇ ਆਲ਼ਾ ਭੂਪਾ ਬਣ ਤੁਰਿਆ, ਬੇਬੇ ਨੂੰ ਤਾਂ ਪੁੱਛ ਲੈਂਦਾ...?" ਧੱਤੂ ਪ੍ਰੇਤ ਵਾਂਗ ਟੱਪਿਆ। ਪਰ ਸੰਤ ਸਿੰਘ 'ਤੇ ਕੋਈ ਅਸਰ ਨਾ ਹੋਇਆ। ਉਹ ਆਪਣੇ ਸੁਭਾਅ ਅਨੁਸਾਰ ਮਸਤ ਹੀ ਰਿਹਾ।
ਤਪ ਕੌਰ ਦੇ ਮਨ ਦੀ ਮੁਰਾਦ ਪੂਰੀ ਹੋਈ। ਉਸ ਨੇ ਲੋਗੜ ਵਰਗੇ ਮੁੰਡੇ ਨੂੰ ਜਨਮ ਦਿੱਤਾ। ਤਪ ਕੌਰ ਨੇ ਦਸ ਵਾਰ ਧਰਤੀ ਨੂੰ ਨਮਸਕਾਰ ਕੀਤੀ। ਉਸ ਦਾ ਪਿਆਰ ਦਾ ਨਾਂ ''ਲੋਟਣ" ਰੱਖਿਆ ਗਿਆ।
-''ਜਿਹੋ ਜੀ ਆਪ ਐ, ਓਹੋ ਜਿਆ ਮੁੰਡਾ ਜੰਮਿਆਂ ਹੋਊ...!" ਖ਼ੁਸ਼ੀ ਜਾਂ ਕੋਈ ਸ਼ਗਨ ਕਰਨ ਦੀ ਵਜਾਏ ਸੱਸ ਨੇ ਖ਼ਬਰ ਮਿਲਣ 'ਤੇ ਖੁੰਧਕ ਵਿਚ ਬੁੱਲ੍ਹ ਟੇਰੇ।
ਸ਼ਾਮ ਨੂੰ ਧੱਤੂ ਦਾਰੂ ਦੀਆਂ ਦੋ ਬੋਤਲਾਂ ਲੈ ਕੇ ਘਰ ਆਇਆ।
-''ਲੈ ਬਈ ਸੰਤ...! ਸਾਰੀ ਉਮਰ ਮੈਂ ਤੈਨੂੰ ਸੁਆਲ ਨੀ ਪਾਇਆ, ਪਰ ਅੱਜ ਤੈਨੂੰ ਮੇਰੀ ਗੱਲ ਮੰਨਣੀ ਪਊ ਛੋਟੇ ਭਾਈ..!"
-''ਬੋਲ...?" ਸੰਤ ਸਹਿਜ ਸੁਭਾਅ ਬੋਲਿਆ।
-''ਅੱਜ ਮੈਨੂੰ ਭਤੀਜ ਹੋਏ ਦੀ ਐਨੀ ਖ਼ੁਸ਼ੀ ਐ, ਸੇਰ ਖ਼ੂਨ ਵਧ ਗਿਆ ਮੇਰਾ...! ਅੱਜ ਮੇਰੇ ਨਾਲ਼ ਨਿੱਕਾ ਵੀਰ ਬਣ ਕੇ ਪੈੱਗ ਪੀਅ...!"
-''ਤੈਨੂੰ ਪਤੈ ਬਈ ਮੈਂ ਤਾਂ ਕਦੇ ਪੀਤੀ ਨੀ...!"
-''ਅੱਜ ਪੀਅ ਨਾ ਫ਼ੇਰ...! ਕਰ ਖ਼ੁਸ਼ੀ ਸਾਂਝੀ...!" ਉਸ ਨੇ ਬੋਤਲ ਅੱਗੇ ਰੱਖ ਦਿੱਤੀ।
ਸੰਤ ਕੁਝ ਨਾ ਬੋਲਿਆ। ਆਦਤ ਅਨੁਸਾਰ ਚੁੱਪ ਹੀ ਰਿਹਾ।
-''ਆਪਣੇ ਘਰ ਦੀ ਜੜ੍ਹ ਲੱਗੀ ਐ, ਲੈ ਖ਼ੁਸ਼ੀ 'ਚ ਚੱਕ ਪੈੱਗ...!" ਉਸ ਨੇ ਦਾਰੂ ਦਾ ਭਰਿਆ ਗਿਲਾਸ ਸੰਤ ਦੇ ਮੂੰਹ ਨੂੰ ਲਾ ਦਿੱਤਾ।
ਬਿਨਾ ਕਿਸੇ ਹੀਲ ਹੁੱਜਤ ਦੇ ਸੰਤ ਗਿਲਾਸ ਖਿੱਚ ਗਿਆ। ਕਦੇ ਦਾਰੂ ਨਾ ਪੀਤੀ ਹੋਣ ਕਾਰਨ ਦਾਰੂ ਨੇ ਉਸ ਨੂੰ ਪੱਠਾ ਲਾ ਦਿੱਤਾ। ਹੱਥੂ ਆਉਣ ਨਾਲ਼ ਉਸ ਦਾ ਸਾਹ ਬੰਦ ਹੋ ਗਿਆ। ਸਾਗ ਦਾ ਕੌਲਾ ਉਸ ਨੇ ਸੰਤ ਅੱਗੇ ਕੀਤਾ, ਤਾਂ ਸੰਤ ਨੇ ਉਂਗਲ਼ ਨਾਲ਼ ਬਾਹਵਾ ਸਾਗ ਚੱਟ ਲਿਆ।
ਸੰਤ ਨੂੰ ਲੋਰ ਜਿਹੀ ਤਾਂ ਆਈ। ਪਰ ਉਹ ਬੋਲਿਆ ਕੁਝ ਨਹੀਂ ਸੀ। ''ਬੱਸ ਇੱਕ ਹੋਰ ૶ ਬੱਸ ਇੱਕ ਹੋਰ" ਕਰਦੇ ਧੱਤੂ ਨੇ ਸੰਤ ਨੂੰ ਪੌਣੀ ਬੋਤਲ ਪਿਆ ਦਿੱਤੀ। ਆਖਰੀ ਪੈੱਗ ਪੀਂਦਾ ਸੰਤ ਓਥੇ ਹੀ ਲੁੜਕ ਗਿਆ। ਧੱਤੂ ਨੇ ਉਸ ਦੇ ਸਿਰ ਹੇਠ ਸਿਰ੍ਹਾਣਾ ਅਤੇ ਉਪਰ ਖੇਸ ਦੇ ਦਿੱਤਾ।
-''ਵੇ ਧੱਤੂ, ਸੰਤ ਨੂੰ ਵੀ ਰੋਟੀ ਫ਼ੜਾ ਦੇ ਪੁੱਤ...!" ਬੇਬੇ ਨੇ ਕਿਹਾ।
-''ਉਹ ਅੱਜ ਖ਼ੁਸ਼ੀ 'ਚ ਟੱਲੀ ਐ ਬੇਬੇ...! ਓਹਨੇ ਨੀ ਰੋਟੀ ਖਾਣੀ...!" ਦਾਰੂ ਨਾਲ਼ ਬਾਬੂ ਬਣਿਆਂ ਧੱਤੂ ਰੋਟੀ ਦੀ ਬੁਰਕੀ ਕੌਲੀ ਦੀ ਵਜਾਏ ਮੰਜੇ 'ਤੇ ਹੀ ਘਸਾਈ ਜਾ ਰਿਹਾ ਸੀ। ਅੱਧ ਪਚੱਧ ਰੋਟੀ ਖਾ ਕੇ ਉਸ ਨੇ ਭਾਂਡੇ ਮੰਜੇ ਹੇਠ ਕਰ ਦਿੱਤੇ ਅਤੇ ਪੈਣ ਸਾਰ ਘੁਰਾੜ੍ਹੇ ਮਾਰਨ ਲੱਗ ਪਿਆ।
ਸਵੇਰੇ ਜਦ ਬੇਬੇ ਸੰਤ ਨੂੰ ਚਾਹ ਦਾ ਗਿਲਾਸ ਦੇਣ ਗਈ ਤਾਂ ਸੰਤ ਦਾ ਮੂੰਹ ਅੱਡਿਆ ਹੋਇਆ ਅਤੇ ਅੱਖਾਂ ਖੜ੍ਹੀਆਂ ਸਨ।
ਦੇਖ ਕੇ ਬੇਬੇ ਦੀ ਭੁੱਬ ਨਿਕਲ਼ ਗਈ। ਉਸ ਦਾ ਕੀਰਨਾ ਪਿੰਡ ਦੀ ਜੂਹ ਤੱਕ ਸੁਣਿਆਂ ਸੀ।
ਧੱਤੂ ਜਾ ਕੇ ਤਪ ਕੌਰ ਨੂੰ ਲੈ ਆਇਆ। ਤਪ ਕੌਰ ਦੇ ਨਾਲ਼ ਪੇਕਿਆਂ ਤੋਂ ਮਕਾਣ ਵੀ ਆਈ ਸੀ।
ਸੰਤ ਸਿੰਘ ਦਾ ਸਸਕਾਰ ਕਰ ਦਿੱਤਾ ਗਿਆ। ਜਿਹੜਾ ਥੋੜਾ ਬਹੁਤਾ ਸੁਖ ਅਰਾਮ ਤਪ ਕੌਰ ਦੇ ਕਰਮਾਂ ਵਿੱਚ ਸੀ, ਉਹ ਵੀ ਅੱਜ ਸੰਤ ਸਿੰਘ ਦੀ ਚਿਖ਼ਾ ਨਾਲ਼ ਸੜ ਕੇ ਸੁਆਹ ਹੋ ਗਿਆ ਸੀ। ਆਸਾਂ ਉਮੀਦਾਂ ਦਾ ਜਨਾਜਾ ਚੁੱਕੀ ਅਤੇ ਨਵ-ਜੰਮੇ ਪੁੱਤਰ ਨੂੰ ਗਲ਼ ਲਾਈ ਉਹ ਘਰ ਆ ਗਈ ਸੀ। ਆਪਣਾ ਭਵਿੱਖ ਉਸ ਨੇ ਕੁੱਛੜ ਚੁੱਕਿਆ ਹੋਇਆ ਸੀ।
-''ਦਿਲ ਹੌਲ਼ਾ ਨਾ ਕਰੀਂ ਤਪੋ...! ਹੋਇਆ ਤੇਰਾ ਸ਼ੇਰ ਦਿਨਾਂ 'ਚ ਜੁਆਨ...! ਸਾਰੇ ਗਮ ਭੁੱਲ ਜਾਣਗੇ..!" ਤੁਰਦੀ ਮਾਂ ਨੇ ਤਪ ਕੌਰ ਨੂੰ ਦਿਲਾਸਾ ਦਿੱਤਾ ਸੀ। ਪਰ ਤਪ ਕੌਰ ਨਾ ਬੋਲੀ।
ਸੰਤ ਸਿੰਘ ਤਾਂ ਜੱਗੋਂ ਕੂਚ ਕਰ ਗਿਆ ਸੀ। ਪਰ ਧੱਤੂ ਨੇ ਹੁਣ ਹੋਰ ਅੱਤ ਚੁੱਕ ਲਈ ਸੀ ਅਤੇ ਤਪ ਕੌਰ ਦਾ ਜਿਉਣਾ ਦੁੱਭਰ ਕਰ ਦਿੱਤਾ ਸੀ। ਪਰ ਹੁਣ ਸਬਰ ਨੂੰ ਸਿਰੜ ਬਣਾ ਕੇ ਤਪ ਕੌਰ ਨੇ ਲੱਕ ਬੰਨ੍ਹ ਲਿਆ ਅਤੇ ਅੰਦਰੋਂ ਕਰੜੀ ਹੋ ਗਈ। ਉਸ ਨੂੰ ਪਤਾ ਸੀ ਕਿ ਕਰਾਰੇ ਹੱਥਾਂ ਬਿਨਾ ਵੈਰੀ ਨੇ ਵਧੀਕੀਆਂ ਕਰਨੋਂ ਬਾਜ ਨਹੀਂ ਆਉਣਾ ਸੀ। ਕਿਉਂਕਿ ਧੱਤੂ ਹੁਣ ਉਸ ਦੇ ਨਾਲ਼ ਬਹੁਤਾ ਹੀ ਖਹਿ-ਖਹਿ ਕੇ ਲੰਘਣ ਲੱਗ ਪਿਆ ਸੀ।
ਸ਼ਾਮ ਨੂੰ ਧੱਤੂ ਦੀ ਮਾਸੀ ਨੇ ਗੇੜਾ ਮਾਰਿਆ। ਉਹ ਤਪ ਕੌਰ ਦੇ ਮੁੰਡੇ ਅਤੇ ਤਪ ਕੌਰ ਨਾਲ਼ ਬਹੁਤੀ ਹੀ ਹਮਦਰਦੀ ਜਿਹੀ ਦਿਖਾ ਰਹੀ ਸੀ।
ਰੋਟੀ ਖਾਣ ਤੋਂ ਬਾਅਦ ਮਾਸੀ ਤਪ ਕੌਰ ਦੇ ਮੁੰਡੇ ਲੋਟਣ ਨੂੰ ਗੋਦੀ ਵਿਚ ਲਈ ਬੈਠੀ ਸੀ। ਧੱਤੂ ਕਿਸੇ ਗ਼ੈਬੀ ਖ਼ੁਸ਼ੀ ਵਿਚ ਵਾਰ-ਵਾਰ ਤੂੜੀ ਵਾਲ਼ੇ ਅੰਦਰ ਜਾ ਕੇ ਰੂੜੀ-ਮਾਰਕਾ ਦਾ ਪੈੱਗ ਚਾੜ੍ਹਦਾ ਸੀ। ਪਰ ਅੱਜ ਦਾਰੂ ਉਸ ਨੂੰ ਕੌੜੀ ਨਹੀਂ ਲੱਗ ਰਹੀ ਸੀ, ਸਗੋਂ ਹੁਲ੍ਹਾਰਾ ਦੇ ਰਹੀ ਸੀ।
-''ਤਪ ਕੁਰੇ...!"
-''ਹਾਂ ਮਾਸੀ ਜੀ...?"
-''ਉਰ੍ਹੇ ਆ ਪੁੱਤ...! ਬੈਠ ਮੇਰੇ ਕੋਲ਼ੇ, ਕੋਈ ਕਬੀਲਦਾਰੀ ਦੀ ਗੱਲ ਕਰੀਏ...!" ਮਾਸੀ ਬੋਲੀ।
-''ਚਾਰ ਕੁ ਭਾਂਡੇ ਧੋਣ ਆਲ਼ੇ ਰਹਿਗੇ ਮਾਸੀ ਜੀ, ਨਬੇੜ ਕੇ ਆਈ, ਨਹੀਂ ਰਾਤ ਨੂੰ ਕੁੱਤੇ ਬਿੱਲੇ ਮੂੰਹ ਪਾਉਣਗੇ...!" ਉਹ ਧੱਤੂ ਵੱਲ ਚੋਰ ਅੱਖ ਝਾਕ ਕੇ ਬੋਲੀ।
-''ਕਰ ਲੈ ਜਿਹੜੇ ਖੇਖਣ ਕਰਨੇ ਐਂ, ਇੱਕ ਨਾ ਇੱਕ ਦਿਨ ਤਾਂ ਪੰਜਾਲ਼ੀ ਹੇਠ ਆਵੇਂਗੀ..!" ਧੱਤੂ ਦਾ ਮਨ ਬੋਲਿਆ।
-''ਭਾਂਡੇ ਮੈਂ ਧੋ ਲੈਨੀ ਐਂ ਤਪ ਕੁਰੇ...! ਤੂੰ ਸੁਣ ਲੈ ਆਬਦੀ ਮਾਸੀ ਦੀ ਗੱਲ...! ਕਿੱਡੀ ਦੂਰੋਂ ਚੱਲ ਕੇ ਆਈ ਐ..!" ਸੱਸ ਨੇ ਕਿਹਾ। ਪਹਿਲੀ ਵਾਰ ਸੱਸ ਇਤਨੇ ਨਰਮ ਸ਼ਬਦਾਂ ਨਾਲ਼ ਸੰਬੋਧਨ ਹੋਈ ਸੀ।
ਹੈਰਾਨ ਹੋਈ ਤਪ ਕੌਰ ਧੱਤੂ ਦੀ ਮਾਸੀ ਦੀ ਪੈਂਦ ਆ ਬੈਠੀ।
-''ਰੱਬ ਦਾ ਕੀਤਾ ਕੋਈ ਮੋੜ ਨੀ ਸਕਦਾ ਧੀਏ ਮੇਰੀਏ...! ਡਾਢੇ ਰੱਬ ਅੱਗੇ ਕਾਹਦਾ ਜੋਰ...?"
-''...............।" ਤਪ ਕੌਰ ਸੁਣ ਰਹੀ ਸੀ।
-''ਤੁਰ ਗਿਆਂ ਦੇ ਨਾਲ਼ ਨੀ ਮਰਿਆ ਜਾਂਦਾ, ਜਿਉਂਦੇ ਜੀਆਂ ਨੂੰ ਵੀਹ ਅੱਕ ਚੱਬਣੇ ਪੈਂਦੇ ਐ...!"
-''..............।"
-''ਦੇਖ, ਆਪਣਾ ਲੋਟਣ ਰਤੀ ਭਰ ਜੁਆਕ ਐ, ਛੋਰ੍ਹ ਦੇ ਸਿਰ ਤੋਂ ਬਾਪ ਦੀ ਛਾਂ ਜਾਂਦੀ ਲੱਗੀ...! ਬਾਪੂ ਤਾਂ ਬੱਚੇ ਦੇ ਸਿਰ 'ਤੇ ਧੁੱਪ ਨੀ ਜਰਦਾ, ਕੁਛ ਹੋਰ ਨਾ ਕੋਲ਼ੇ ਹੋਵੇ, ਤਾਂ ਹੱਥ ਦੀ ਛਾਂ ਕਰ ਲੈਂਦੈ...!"
-''.............।"
-''ਜੇ ਮੇਰੀ ਮੰਨੇ ਤਾਂ ਆਪਣੇ ਧੱਤੂ ਨੂੰ ਸਿਰ ਧਰਲਾ...! ਘਰ ਦਾ ਜੀਅ ਐ, ਨਾਲ਼ੇ ਉਹਦਾ ਘਰ ਵਸਜੂ, ਤੇ ਨਾਲ਼ੇ ਐਸ ਜੁਆਕ ਨੂੰ ਪਿਉ ਆਲ਼ਾ ਸਹਾਰਾ ਮਿਲ਼ਜੂ...!"
ਮਾਸੀ ਦੀ ਗੱਲ ਸੁਣ ਕੇ ਤਪ ਕੌਰ ਸੁੰਨ ਹੋ ਗਈ। ਉਸ ਨੂੰ ਮਾਸੀ ਤੋਂ ਇਹ ਕਦਾਚਿੱਤ ਆਸ ਨਹੀਂ ਸੀ ਕਿ ਉਹ ਐਡਾ ਮੂੰਗਲ਼ਾ ਕੱਛ ਵਿੱਚੋਂ ਕੱਢ ਮਾਰੇਗੀ। ਉਸ ਦਾ ਸਾਰਾ ਸਰੀਰ ''ਝਰਨ-ਝਰਨ" ਕਰੀ ਜਾ ਰਿਹਾ ਸੀ।
-''ਬੋਲ ਪੁੱਤ...! ਜੇ ਤੀਮੀਂ ਦਾ ਸਿਰ ਨੰਗਾ ਹੋਵੇ, ਤਾਂ ਬੀਹ 'ਕੁੱਤੇ-ਬਿੱਲੇ' ਲਾਲ਼ਾਂ ਸਿੱਟਦੇ ਮਗਰ ਲੱਗ ਤੁਰਦੇ ਐ, ਜੇ ਖਸਮ ਸਿਰ 'ਤੇ ਹੋਵੇ, ਅਗਲਾ ਭੈਅ ਮੰਨਦੈ..!" ਮਾਸੀ ਘੋਟ-ਘੋਟ ਬੋਲ ਰਹੀ ਸੀ। ਉਸ ਦਾ ਮਾਤਾ ਦੇ ਦਾਗਾਂ ਨਾਲ਼ ਖਾਧਾ ਮੂੰਹ ਤਪ ਕੌਰ ਨੂੰ ਜਿਵੇਂ ਡਰਾਉਣ ਆ ਰਿਹਾ ਸੀ।
-''ਨਾਲ਼ੇ ਧੱਤੂ ਬਿਚਾਰਾ ਬਿਗਾਨਾ ਥੋੜ੍ਹੋ ਐ...? ਆਬਦਾ ਖ਼ੂਨ ਐਂ...! ਸਿਆਣੇ ਐਵੇਂ ਨੀ ਆਖਦੇ, ਬਈ ਆਬਦਾ ਮਾਰੂ, ਛਾਂਵੇਂ ਸਿੱਟੂ...!" ਚੌਂਕੇ ਵਿਚੋਂ ਬੇਬੇ ਭਾਂਡੇ ਸਾਂਭਦੀ ਬੋਲੀ।
-''ਮਾਸੀ ਜੀ...!" ਤਪ ਕੌਰ ਨੇ ਕਾਫ਼ੀ ਦੇਰ ਬਾਅਦ ਮੂੰਹ ਖੋਲ੍ਹਿਆ, ''ਜਿਹੜੀ ਚੀਜ਼ ਨੂੰ ਅੱਖਾਂ ਨੀ ਝੱਲਦੀਆਂ, ਉਹਨੂੰ ਜੀਭ ਕੀ ਝੱਲੂ...? ਮੈਨੂੰ ਸਾਰੀ ਉਮਰ ਰੰਡੇਪਾ ਕੱਟਣਾ ਮਨਜੂਰ ਐ, ਪਰ ਮੈਂ ਕਿਸੇ ਨੂੰ ਸਿਰ ਨੀ ਧਰਨਾ, ਆਪਣੀਆਂ ਬਣੀਆਂ ਆਪਣੇ ਸਿਰ 'ਤੇ ਕੱਟੂੰ...!"
-''.............।" ਸੁਣ ਕੇ ਸਭ ਨੂੰ ਸਕਤਾ ਮਾਰ ਗਿਆ। ਮੂੰਹ ਸਿਉਂਤੇ ਗਏ। ਘਰ ਵਿੱਚ ਇੱਕ ਤਰ੍ਹਾਂ ਨਾਲ਼ 'ਹਾੜ' ਬੋਲਣ ਲੱਗ ਪਿਆ। ਪਰ ਧੱਤੂ ਦੇ ਸਿਰ ਵਿੱਚ ਬਿਜਲੀਆਂ ਕੜਕੀ ਜਾ ਰਹੀਆਂ ਸਨ। ਉਸ ਦੀਆਂ ਮੌਲੇ ਦੇ ਸਿੰਗਾਂ ਵਾਂਗ ਅਕੜਾਈਆਂ ਮੁੱਛਾਂ ਹੁਣ ਗਿੱਲੀ ਸੁੱਥਣ ਵਾਂਗ ਥੱਲੇ ਡਿੱਗ ਪਈਆਂ ਸਨ।
-''ਲੈ, ਸਾਲ਼ੀ ਕਿਵੇਂ ਨੰਬਰਦਾਰਨੀ ਬਣੀ ਫ਼ਿਰਦੀ ਐ...!" ਧੱਤੂ ਨੇ ਦਿਲ 'ਚ ਉਸ ਨੂੰ ਗਾਲ਼ ਕੱਢੀ।
ਮਾਸੀ ਕੋਲ ਕਹਿਣ ਲਈ ਕੁਝ ਵੀ ਬਚਿਆ ਨਹੀਂ ਸੀ।
ਉਹ ਚੁੱਪ ਕਰ ਗਈ।
ਸੱਸ ਦੇ ਅੰਦਰੋਂ ਵੀ ਵਟਣੇ ਉਠੇ।
ਅਗਲੇ ਦਿਨ ਬੇਬੇ ਮਾਸੀ ਨੂੰ ਬੱਸ ਚੜ੍ਹਾਉਣ ਬੱਸ ਅੱਡੇ ਨੂੰ ਤੁਰ ਗਈ ਅਤੇ ਤਪ ਕੌਰ ਮੱਝਾਂ ਨੂੰ ਪੱਠੇ ਪਾ ਰਹੀ ਸੀ।
ਧੱਤੂ ਦੀ ਅਜੇ ਰਾਤ ਦੀ ਪੀਤੀ ਨਹੀਂ ਉਤਰੀ ਸੀ ਅਤੇ ਉਤੋਂ ਉਸ ਨੇ ਇੱਕ ਪੈੱਗ ਸਵੇਰੇ ਹੀ ਅੰਦਰ ਸੁੱਟ ਲਿਆ ਸੀ।
ਦਾਰੂ ਲਾਟ ਵਾਂਗ ਸਾੜ ਪਾਉਂਦੀ ਹਲ਼ਕ 'ਚੋਂ ਥੱਲੇ ਉਤਰੀ ਸੀ।
-''ਤੇਰੇ ਆਲ਼ੇ ਖਸਮ ਨੇ ਦਾਰੂ ਦੇ ਪੈੱਗ 'ਚ ਇੱਕ ਗੋਲ਼ੀ ਸਟਿੱਕਣੀ ਦੀ ਨੀ ਸੀ ਝੱਲੀ, ਰਾਤੋ ਰਾਤ ਰੰਡੀ ਕਰ ਗਿਆ ਸੀ ਤੈਨੂੰ, ਹੁਣ ਕਿਤੇ ਉਹ ਨਾ ਹੋਵੇ, ਬਈ ਤੇਰੀ ਆਕੜ ਭੰਨਣ ਖਾਤਰ ਤੇਰਾ ਪੁੱਤ ਵੀ ਗੱਡੀ ਚਾੜ੍ਹਨਾ ਪਵੇ...!" ਦਾਰੂ ਦੇ ਨਸ਼ੇ 'ਚ ਧੱਤੂ ਨੇ ''ਅਜੀਬ" ਅਕਾਸ਼ਬਾਣੀ ਕੀਤੀ। ਭਿਆਨਕ ਗੱਲ ਨੇ ਤਪ ਕੌਰ ਦਾ ਲਹੂ ਪੀਅ ਲਿਆ। ਉਹ ਪਥਰਾਈਆਂ ਅੱਖਾਂ ਨਾਲ਼ ਸਿੱਧੀ ਸਲੋਟ ਧੱਤੂ ਵੱਲ ਝਾਕ ਰਹੀ ਸੀ। ਉਸ ਨੇ ਕਦੇ ਸੁਪਨੇ ਵਿਚ ਵੀ ਨਹੀਂ ਸੋਚਿਆ ਸੀ ਕਿ ਜ਼ਾਲਮ ਧੱਤੂ ਨੇ ਫ਼ਕੀਰ ਤਬੀਅਤ ਸੰਤ ਨੂੰ ''ਕੁਛ" ਦੇ ਕੇ ਮਾਰਿਆ ਹੋਵੇਗਾ...?
ਤਪ ਕੌਰ ਬਰਸੀਨ ਨਾਲ਼ ਲਿੱਬੜੇ ਹੱਥੀਂ ਮੁੰਡੇ ਨੂੰ ਚੁੱਕ ਸਿੱਧੀ ਸਰਪੰਚ ਕੋਲ਼ ਚਲੀ ਗਈ।
-''ਸਰਪੈਂਚਾ, ਜੇ ਮੇਰਾ ਧਰਮ ਦਾ ਭਰਾ ਐਂ, ਤਾਂ ਮੈਨੂੰ ਅੱਡ ਕਰਵਾ ਦੇ...! ਅੱਗੇ ਧੱਤੂ ਜਲਾਦ ਨੇ ਮੇਰੇ ਸਿਰ ਦਾ ਸਾਂਈਂ ਲੈ ਲਿਆ, ਹੁਣ ਕਿਤੇ ਉਹਦੀ ਬੇਈਮਾਨੀ ਦੀ ਬਿਜਲੀ ਮੇਰੇ ਪੁੱਤ 'ਤੇ ਨਾ ਡਿੱਗ ਪਵੇ...!"
ਸਰਪੰਚ ਨੇ ਸ਼ਾਮ ਤੱਕ ਤਪ ਕੌਰ ਦਾ ਬਾਪ ਬੁਲਾ ਲਿਆ ਅਤੇ ਪੰਚਾਇਤ ਇਕੱਠੀ ਕਰ, ਤਪ ਕੌਰ ਦਾ ਸਮਾਨ ਵੰਡ ਦਿੱਤਾ।
-''ਜੇ ਤਪ ਕੁਰ ਨੂੰ ਤੰਗ ਪ੍ਰੇਸ਼ਾਨ ਕੀਤੈ, ਤਾਂ ਸੰਤ ਦੇ ਕਤਲ ਦੀ ਰਪਟ ਮੈਂ ਠਾਣੇ ਦਿਊਂਗਾ, ਦਫ਼ਾ ਤਿੰਨ ਸੌ ਦੋ ਦੇ ਤਹਿਤ ਫ਼ਾਂਸੀ ਦੀ ਸਜ਼ਾ ਹੋਊਗੀ, ਨਹੀਂ ਉਮਰ ਕੈਦ ਤਾਂ ਵੱਟ 'ਤੇ ਪਈ ਐ, ਆਬਦਾ ਪੜ੍ਹਿਆ ਵਿਚਾਰ ਲਈਂ, ਸਾਰੀ ਜ਼ਿੰਦਗੀ ਸੀਖਾਂ ਪਿੱਛੇ ਨਿਕਲੂ, ਸੱਚ ਪੁਲ਼ਸ ਨੇ ਆਪੇ ਕੁੱਟ ਕੇ ਹੱਡਾਂ 'ਚੋਂ ਕੱਢ ਲੈਣੈ...! ਹੁਣ ਤਪ ਕੌਰ ਥੋਡੀ ਨਹੀਂ, ਸਾਰੇ ਪਿੰਡ ਦੀ ਇੱਜ਼ਤ ਐਂ..!" ਤੁਰਦੇ ਧੱਤੂ ਨੂੰ ਸਰਪੰਚ ਨੇ ਅਗਲੇ ਸੱਚ ਤੋਂ ਜਾਣੂੰ ਕਰਵਾਇਆ। ਸੁਣ ਕੇ ਡਰ ਦੀ ਝਰਨਾਹਟ ਸਾਰੇ ਸਰੀਰ ਨੂੰ ਚੜ੍ਹ ਗਈ ਅਤੇ ਧੱਤੂ ਨੂੰ ਮੁੜ੍ਹਕਾ ਆ ਗਿਆ।
ਤਪ ਕੌਰ ਨੇ ਕਮਰਕੱਸਾ ਕਰ ਕੇ ਤਪੱਸਿਆ ਵਾਂਗ ਆਪਣਾ ਪੁੱਤਰ ਪਾਲ਼ਣਾ ਸ਼ੁਰੂ ਕਰ ਦਿੱਤਾ।
ਪੇਟ ਬੰਨ੍ਹ ਅਤੇ ਆਪਣੀਆਂ ਖਾਹਿਸ਼ਾਂ ਨੂੰ ਜਿੰਦਰਾ ਮਾਰ ਪੁੱਤ ਨੂੰ ਬੀ.ਏ. ਕਰਵਾ ਦਿੱਤੀ।
ਪਰ ਮਾੜੀ ਕਿਸਮਤ ਤਪ ਕੌਰ ਦੀ! ਉਸ ਦੀ ਤਪੱਸਿਆ ਰਾਸ ਨਾ ਆਈ ਅਤੇ ਉਸ ਦਾ ਨਾਲਾਇਕ ਪੁੱਤਰ ਮਾੜੀ ਸੰਗਤ ਵਿੱਚ ਪੈ ਕੇ ਨਸ਼ਿਆਂ 'ਤੇ ਲੱਗ ਗਿਆ। ਤਪ ਕੌਰ ਨੇ ਬਥ੍ਹੇਰਾ ਜਾਭਾਂ ਦਾ ਭੇੜ੍ਹ ਕੀਤਾ, ਹੱਥ ਜੋੜੇ, ਵਾਸਤੇ ਪਾਏ, ਪਰ ਪ੍ਰਨਾਲ਼ਾ ਥਾਂ ਦਾ ਥਾਂ ਸਿਰ ਹੀ ਰਿਹਾ। ਲੋਟਣ ਦੀਆਂ ਆਦਤਾਂ ਨਾ ਬਦਲੀਆਂ, ਸਗੋਂ ਦਿਨ-ਬ-ਦਿਨ ਵਿਗੜਦੀਆਂ ਹੀ ਗਈਆਂ। ਉਹ ਆਪਣੀਆਂ ਮਰੀਆਂ ਧੀਆਂ ਨੂੰ ਯਾਦ ਕਰ-ਕਰ ਮਣ-ਮਣ ਰੋਂਦੀ। ਜਿਹੜੇ ਪੁੱਤ ਨੂੰ ਪਾਣੀ ਦੀ ਜਗਾਹ ਉਸ ਨੇ ਖ਼ੂਨ ਦੀਆਂ ਘੁੱਟਾਂ ਨਾਲ਼ ਪਾਲ਼ਿਆ, ਉਹ ਹੀ ਉਸ ਦੀਆਂ ਸਧਰਾਂ ਅਤੇ ਅਰਮਾਨਾਂ ਨੂੰ ਕੁਚਲ਼ਦਾ ਹੋਇਆ, ਜ਼ਾਲਮ ਬਣ ਤੁਰਿਆ ਅਤੇ ਨਸ਼ੇ ਲਈ ਪੈਸੇ ਮੰਗਦਾ ਅਤੇ ਪੈਸੇ ਖਾਤਰ ਉਸ ਦੀ ਧੂਹ-ਘੜ੍ਹੀਸ ਕਰਦਾ। ਪਰ ਲੋਕ-ਲਾਜ ਦੇ ਡਰੋਂ ਉਹ ਸਾਰਾ ਦੁਰਵਿਵਹਾਰ ਛੁਪਾਈ ਰੱਖਦੀ।
ਅੱਜ ਤਾਂ ਉਸ ਦੀ ਜ਼ਿੰਦਗੀ ਦੀ ਅਖੀਰ ਹੀ ਹੋ ਗਈ ਸੀ, ਜਦ ਉਸ ਦਾ ਲਹੂ ਦੀਆਂ ਘੁੱਟਾਂ ਪਿਆ-ਪਿਆ ਕੇ ਪਾਲ਼ਿਆ ਲਾਡਲਾ ਪੁੱਤਰ ਨਸ਼ੇ ਲਈ ਉਸ ਦੀ ਗੁੱਤ ਨੂੰ ਚਿੰਬੜ ਗਿਆ ਅਤੇ ਪਹਿਲਾਂ ਥੱਪੜ, ਫ਼ੇਰ ਮੁੱਕੇ ਅਤੇ ਫ਼ੇਰ ਲੱਤਾਂ ਨਾਲ਼ ਕੁੱਟਣ ਡਹਿ ਪਿਆ।
-''ਮੈਥੋਂ ਪੈਸੇ ਲਕੋ ਕੇ ਦੱਸ ਕਿਹੜੇ ਯਾਰ ਦੀਆਂ ਰੀਝਾਂ ਪੂਰੀਆਂ ਕਰਨੀਐਂ...?" ਉਸ ਨੇ ਮੁੜ ਥੱਪੜਾਂ ਅਤੇ ਮੁੱਕੀਆਂ ਦਾ ਮੀਂਹ ਵਰ੍ਹਾ ਦਿੱਤਾ। ਪੁੱਤ ਦੇ ਬੋਲਾਂ ਦਾ ਅਗਨ-ਬਾਣ ਤਪ ਕੌਰ ਦੀ ਰੂਹ ਝੁਲ਼ਸ ਗਿਆ ਅਤੇ ਉਸ ਦੀ ਜ਼ਿੰਦਗੀ ਦੀਆਂ ਪੱਤੀਆਂ ਮੱਚ ਸੜ ਗਈਆਂ।
ਧਰਤੀ 'ਤੇ ਪਈ ਤਪ ਕੌਰ ਜਾਰੋ-ਜਾਰ ਰੋਈ ਜਾ ਰਹੀ ਸੀ। ਉਸ ਦੇ ਹੰਝੂ ''ਤਰਿੱਪ-ਤਰਿੱਪ" ਕੰਨਾਂ 'ਤੇ ਡੁੱਲ੍ਹੀ ਜਾ ਰਹੇ ਸਨ।
ਸਾਰਾ ਦਿਨ ਉਹ ਹਾਲੋਂ ਬੇਹਾਲ ਰੋਂਦੀ ਰਹੀ।
ਉਸ ਦੀ ਰੂਹ ਵੈਰਾਨ ਹੋਈ ਪਈ ਸੀ।
ਅਖੀਰ ਦਿਨ ਡੁਬਦੇ ਨਾਲ਼ ਉਸ ਨੇ ਸੰਦੂਕ ਦੇ ਉਪਰ ਬੰਨ੍ਹ ਕੇ ਰੱਖੇ ਵੀਹ ਰੁਪਈਏ ਚੁੱਕੇ ਅਤੇ ਨਾਲ਼ ਦੇ ਪਿੰਡ ਦੇ ਬੱਸ ਅੱਡੇ ਨੂੰ ਤੁਰ ਪਈ। ਉਸ ਦਾ ਜੀਅ ਪੁੱਛਿਆ ਹੀ ਜਾਣਦਾ ਸੀ। ਉਹ ਸੁੱਕੇ ਖ਼ੂਹ ਦੀ ਮੌਣ ਵਾਂਗ ਸੁੰਨ-ਮਸਾਣ ਅਤੇ ਉਜੜੀ-ਉਜੜੀ ਸੀ।.......
    -''ਬੂਹ ਮੈਂ ਮੱਚਗੀ, ਗੰਦੀ 'ਲ਼ਾਦ ਵੀ ਨਾ ਹੋਵੇ ਕਿਸੇ ਦੇ...!" ਹਰ ਕੌਰ ਦੇ ਚਾਹ ਲੰਘਣੋਂ ਹਟ ਗਈ ਸੀ।
    -''ਓਹਦੇ ਤਾਂ ਬੁਰੇ ਹਾਲ ਈ ਐ ਹਰ ਕੁਰੇ..! ਪੁੱਤ ਦੀਆਂ ਵਧੀਕੀਆਂ ਨੂੰ ਦਿਲ 'ਤੇ ਲਾ-ਗੀ..!"
    -''ਫ਼ੇਰ ਹੁਣ ਕਿੱਥੇ ਰਹਿੰਦੀ ਐ...?"
    -''ਪੇਕੀਂ ਦਿਨ ਕਟੀ ਕਰਦੀ ਐ ਬਿਚਾਰੀ...! ਹੋਰ ਉਹਨੇ ਕਿੱਥੇ ਜਾਣੈਂ..? ਪੇਕੇ ਸਤਿਯੁਗੀ ਸੀਗੇ, ਜਿਹਨਾਂ ਨੇ ਉਹਨੂੰ ਆਸਰਾ ਦਿੱਤਾ...!" ਫ਼ੁੱਫ਼ੜ ਅਤੀਅੰਤ ਦੁਖੀ ਹੋਇਆ ਪਿਆ ਸੀ।

ਕਿਸ਼ਤ 2 : ਸੁੱਤੀ ਪਈ ਨੂੰ ਹਿਚਕੀਆਂ ਆਈਆਂ, - ਸ਼ਿਵਚਰਨ ਜੱਗੀ ਕੁੱਸਾ

ਕਿਸ਼ਤ 2 :


ਸੁੱਤੀ ਪਈ ਨੂੰ ਹਿਚਕੀਆਂ ਆਈਆਂ,
ਖ਼ੈਰ ਹੋਵੇ ਸੱਜਣਾਂ ਦੀ...

    ਜਦ ਉਹ ਘਰ ਪਹੁੰਚੇ ਤਾਂ ਫ਼ੁੱਫ਼ੜ ਮਹਿੰਗਾ ਸਿਉਂ ਬੇਬੇ ਨਾਲ਼ ਗੱਲੀਂ ਲੱਗਿਆ ਹੋਇਆ ਸੀ। ਕਰੜ-ਬਰੜੀ ਦਾਹੜੀ ਵਾਲ਼ੇ ਵਿਚੋਲੇ ਨੂੰ ਦਾਹੜੀ ਕਾਲ਼ੀ ਕਰਨ ਦੀ ਬਹੁਤੀ ਜਾਂਚ ਨਹੀਂ ਸੀ। ਅੱਘੜ੍ਹ-ਦੁਘੜ੍ਹੀ ਕਾਲ਼ੀ ਕੀਤੀ ਦਾਹੜੀ ਗਰਮੀਆਂ ਮੌਕੇ ਖੇਤ ਵਿੱਚ ਖੜ੍ਹੀ ਇੱਟਸਿੱਟ ਵਰਗੀ ਲੱਗਦੀ ਸੀ। ਉਸ ਦਾ ਘੁੱਟਿਆ ਜਿਹਾ ਮੂੰਹ ਬੰਦੂਕ ਦੇ ਬੁੱਗ ਵਰਗਾ ਸੀ।
    -''ਤਕੜੈਂ ਫ਼ੁੱਫ਼ੜਾ...?" ਜੋਗੇ ਨੇ ਹੱਥ ਜੋੜ ਲਏ।
    -''ਜਮਾਂ ਘੋੜ੍ਹਾ..! ਲੋਹੇ ਅਰਗਾ..! ਤੂੰ ਦੇਹ ਗੱਲ...? ਸਰੀਰ ਕੈਮ ਐਂ...??"
    -''ਘਣ ਅਰਗਾ ਫ਼ੁੱਫ਼ੜਾ..! ਪੂਰਾ ਘਣ ਅਰਗਾ..!"
    -''ਚਲੋ ਰੱਬ ਥੋਨੂੰ ਰਾਜੀ ਰੱਖੇ..! ਤੂੰ ਬਈ ਗੇਜਿਆ, ਬੋਲਦਾ ਈ ਨੀ...?" ਫ਼ੁੱਫ਼ੜ ਨੇ ਸ਼ਿਕਵਾ ਕੀਤਾ।
    -''ਜਿੱਥੇ ਸਿਆਣੇ ਬੰਦੇ ਬੋਲਦੇ ਹੋਣ ਸਰਦਾਰਾ, ਓਥੇ ਮੇਰੇ ਅਰਗਾ ਸਿੱਧਰਾ ਕੀ ਬੋਲੂ..?" ਗੇਜੇ ਨੇ ਕਿਹਾ, ''ਅਸੀਂ ਤਾਂ ਥੋਡੇ ਅਰਗੇ ਸਿਆਣਿਆਂ ਨੂੰ ਸੁਣਨ ਆਲ਼ੇ ਸਰੋਤੇ ਐਂ..!"
    -''ਨ੍ਹਾ ਤੂੰ ਕਿਸੇ ਦੀ ਨੂੰਹ ਧੀ ਨਾਲ਼ੋਂ ਘੱਟ ਐਂ..? ਐਮੇ ਨੀ ਨਿੱਕੀਆਂ-ਨਿੱਕੀਆਂ ਗੱਲਾਂ ਸੋਚੀਦੀਆਂ..! ਜੱਜ ਬਣ ਕੇ ਰਹੀਏ..! ਜਿਵੇਂ ਕਿਸੇ ਮੀਰਜਾਦੇ ਨੂੰ ਉਹਦਾ ਮੁੰਡਾ ਕਹਿੰਦਾ ਅਖੇ ਬਾਪੂ, ਤੈਨੂੰ ਸਾਰਾ ਪਿੰਡ ਟਿੱਚ ਜਾਣਦੈ, ਓਹ ਕਹਿੰਦਾ ਪੁੱਤ ਵਹਿਮ ਨਾ ਮੰਨ, ਮੈਂ 'ਕੱਲਾ ਈ ਸਾਰੇ ਪਿੰਡ ਨੂੰ ਟਿੱਚ ਜਾਣਦੈਂ..! ਆਹ ਆਪਣੀ ਹਰ ਕੁਰ ਦੇਖਲਾ, ਉਮਰ ਦੇ ਪਿਛਲੇ ਪਹਿਰ ਵੀ ਨੱਕ 'ਤੇ ਮੱਖੀ ਨੀ ਬਹਿਣ ਦਿੰਦੀ, ਤੇਰੇ ਸਾਹਮਣੇ ਐਂ, ਮੈਂ ਇਹਦੇ ਨਾਲ਼ ਬੇਡਰ ਹੋ ਕੇ ਆਢਾ ਲਾਈ ਬੈਠੈਂ, ਸਾਡਾ ਜਿਗਰਾ ਵੀ ਦੇਖ, ਨਹੀਂ ਹਰ ਕੁਰ ਮਾਤਾ ਰਾਣੀ ਦੀ ਤਾਬ ਕੌਣ ਝੱਲੇ..? ਨਿਰੀ ਜੁਆਲਾ ਮੁਖੀ ਐ..!"
    ਸਾਰੇ ਹੱਸ ਪਏ।
    ਪਰ ਜੋਗੇ ਦੀ ਮਾਂ ਹਰ ਕੌਰ ਕੁੜੈਣ ਪੀਤੀ ਵਾਲ਼ਿਆਂ ਵਾਂਗ ਮੂੰਹ ਵੱਟੀ ਬੈਠੀ ਸੀ।
    -''ਤੂੰ ਵੀ ਮਾੜਾ ਮੋਟਾ ਹੱਸ ਲੈਂਦੀ, ਮੂੰਹ ਦੀ 'ਪਰਾਟੀਸ' ਹੋ ਜਾਂਦੀ ਐ, ਹਰ ਕੁਰੇ..! ਤੂੰ ਤਾਂ ਮੂੰਹ ਬਾਹਲ਼ਾ ਈ ਘੁੱਗੂ ਅਰਗਾ ਕਰੀ ਬੈਠੀ ਐਂ..!" ਉਹ ਹਰ ਕੌਰ ਵੱਲ ਤਿਰਛਾ ਝਾਕਿਆ।
    -''ਮੈਂ ਰੱਜੀ ਧਾਈ ਥੋਡੇ ਹੱਸਣ ਖੁਣੋਂ..! ਮੇਰਾ ਡਮਾਕ ਫ਼ਿਰਿਐ, ਮੈਂ ਬਿਨਾਂ ਗੱਲੋਂ ਜਾੜ੍ਹਾਂ ਜੀਆਂ ਕੱਢੀ ਜਾਵਾਂ..? ਥੋਨੂੰ ਤਾਂ ਨਾ ਚੜ੍ਹੀਦੀ, ਤੇ ਨਾ ਲੱਥੀਦੀ..! ਅਖੇ ਪਿੰਡ ਉਜੜਿਆ ਜਾਵੇ ਤੇ ਕਮਲ਼ੀ ਨੂੰ ਕੱਤਣ ਦੀ...!" ਹਰ ਕੌਰ ਬੋਲੀ।
    ਹਰ ਕੌਰ ਅੜਬ ਸੁਭਾਅ ਦੀ ''ਕੱਬੀ" ਔਰਤ ਸੀ। ਘਰਵਾਲ਼ਾ ਮਰਨ ਤੋਂ ਬਾਅਦ ਉਸ ਦਾ ਸੁਭਾਅ ਚਿੜਚਿੜਾ ਜਿਹਾ ਹੋ ਗਿਆ ਸੀ। ਆਂਢ-ਗੁਆਂਢ ਦਾ ਕੋਈ ਬੰਦਾ ਬੁੜ੍ਹੀ ਉਸ ਨਾਲ਼ ਛੇਤੀ ਕੀਤੇ ਗੱਲ ਕਰ ਕੇ ਰਾਜ਼ੀ ਨਹੀਂ ਸੀ। ਉਸ ਦਾ ਚਿਹਰਾ ਹਮੇਸ਼ਾ ਤਣਿਆਂ ਰਹਿੰਦਾ ਅਤੇ ਮੂੰਹ 'ਤੇ ਸਿੱਧੀ ਗਾਲ਼ ਲਿਖੀ ਹੋਈ ਸੀ। ਗੱਲ ਕਰਨ ਵਾਲ਼ੇ ਨੂੰ ਗੱਲੀਂ ਬਾਤੀਂ ਵੱਢਣ ਆਉਂਦੀ ਸੀ।
    -''ਤੁਸੀਂ ਕੁਤਰੋ ਪੱਠੇ..! ਸਾਨੂੰ ਗੱਲ ਕਰਨ ਦਿਓ, ਤੂੰ ਚਾਹ ਪੀ ਵੇ..!" ਉਹ ਵਿਚੋਲੇ ਨੂੰ ਟੋਕਦੀ ਬੋਲੀ, ''ਤੈਨੂੰ ਵੀ ਭਕਾਈ ਮਾਰਨ ਤੋਂ ਬਿਨਾ ਕੋਈ ਕੰਮ ਨੀ ਆਉਂਦਾ..!"
    -''ਪੀਈ ਤਾਂ ਜਾਨੈਂ..! ਹੋਰ ਹੁਣ ਮੈਨੂੰ ਚਾਹ ਚੁੰਘਣੀ ਨਾਲ਼ ਤਾਂ ਨੀ ਦੇਣੀਂ...?" ਉਸ ਨੇ ਚਾਹ ਦਾ ਗਿਲਾਸ ਚੁੱਕ ਕੇ ਮੂੰਹ ਨੂੰ ਲਾ ਲਿਆ।
-''ਤੈਨੂੰ ਭਕਾਈ ਮਾਰਨ ਆਸਤੇ ਮੁੰਡੇ ਮਿਲ਼ਗੇ, ਤੇ ਤੂੰ ਬਾਂਦਰ ਮਾਂਗੂੰ ਲਾਚੜ ਗਿਆ, ਕੰਮ ਦੀ ਗੱਲ ਕਰ ਕੋਈ..!"
-''ਚੰਗਾ, ਮੈਂ ਕੀ ਕਹਿੰਦਾ ਸੀ..? ਇੱਕ ਤਾਂ ਤੂੰ ਛੋਤ ਲਾਹ ਕੇ ਤੂੰ ਮੈਨੂੰ ਗੱਲ ਭੁਲਾ ਦਿੰਨੀ ਐਂ...!"
-''ਛੱਡੀਦਾ ਤੈਨੂੰ ਮੱਝ ਥੱਲੇ ਐ, ਜਾ ਤੂੰ ਕੱਟੇ ਵੱਛਿਆਂ ਥੱਲੇ ਵੜਦੈਂ, ਹੜਬੋਕਾ...!"
-''ਚੰਗਾ ਮਾਤਾ ਰਾਣੀ ਹਰ ਕੁਰ ਜੀ, ਬੋਲਿਆ ਚੱਲਿਆ ਮਾਫ਼ ਕਰੋ...! ਜੈ ਮਾਤਾ ਦੀ...!"
-''ਚੱਲ ਗੱਲ ਤੋਰ ਅੱਗੇ...!"
-''ਕੀ ਗੱਲ ਕਰਦਾ ਸੀ ਮੈਂ...?"
-''ਕੁੜੀ ਦੇ ਟੱਬਰ ਦੀ ਗੱਲ ਕਰਦਾ ਸੀ, ਹੋਰ ਤੂੰ ਕਬੀਛਰੀ ਥੋੜ੍ਹੋ ਸੁਣਾਉਂਦਾ ਸੀ..?"
-''ਲੈ ਹਾਂ ਸੱਚ, ਹਰ ਕੁਰੇ, ਸਾਰਾ ਪ੍ਰੀਵਾਰ ਪਾਠ ਪੂਜਾ ਕਰਨ ਤੇ ਰੱਬ ਨੂੰ ਮੰਨਣ ਆਲ਼ਾ ਐ, ਪੂਰਾ ਧਾਰਮਿਕ ਟੱਬਰ..!"
-''ਵੇ ਧਾਰਮਿਕ ਟੱਬਰ ਤੋਂ ਮੈਂ ਕਿਹੜਾ ਹਵਨ ਕਰਾਉਣੈ, ਗੱਲਾਂ ਕੀ ਕਰੀ ਜਾਂਦੈ, ਔਤਾਂ ਦੇ ਜਾਣਾ..! ਤੂੰ ਕੋਈ ਲੈਣ ਦੇਣ ਦੀ ਗੱਲ ਕਰ..!" ਹਰ ਕੌਰ ਹੋਰ ਖਿਝ ਗਈ ਸੀ। ਉਸ ਨੇ ਵਿਚੋਲੇ ਵੱਲੋਂ ਮੂੰਹ ਵੱਟ ਕੇ ਬੁੱਲ੍ਹ ਟੇਰੇ।
-''ਤੂੰ ਮੈਨੂੰ ਵੱਢ ਖਾਣਿਆਂ ਮਾਂਗੂੰ ਘਰੂਟ ਮਾਰਨ ਕਿਉਂ ਆਉਨੀ ਐਂ..?"
-''ਵੇ ਥੇਹ ਹੋਣਿਆਂ, ਹੋਰ ਹੁਣ ਤੈਨੂੰ ਕੰਠਾ ਪਾਵਾਂ..? ਕੰਮ ਦੀ ਗੱਲ ਤਾਂ ਕੋਈ ਕਰਦਾ ਨੀ, ਹੋਰ ਈ ਝੁੱਗੀਆਂ 'ਚ ਬੱਟੇ ਮਾਰੀ ਜਾਨੈਂ..!"
-''ਲੈ ਸੁਣ..! ਕੰਨ ਕਰ ਕੋਲ਼ ਨੂੰ..!"
-''................।" ਹਰ ਕੌਰ ਨੇ ਧਿਆਨ ਓਧਰ ਕਰ ਲਿਆ।
-''ਸੌ ਹੱਥ ਰੱਸਾ ਸਿਰੇ 'ਤੇ ਗੰਢ..! 'ਕੱਲੀ-'ਕੱਲੀ ਕੁੜੀ, ਤੇ ਗਿਆਰਾਂ ਕਿੱਲੇ ਜ਼ਮੀਨ ਐਂ..!"
-''ਨ੍ਹੀ ਮਾਂ ਸਦਕੇ..! ਪਹਿਲਾਂ ਨਾ ਬੋਲਿਆ..? ਅਖੇ ਵਿਹਲਾ ਬਾਣੀਆਂ ਕੀ ਕੰਮ ਕਰੇ, ਐਧਰਲੇ ਬੱਟੇ ਔਧਰ ਧਰੇ..! ਹੁਣ ਕੀਤੈ ਜੀਅ ਖ਼ੁਸ਼..! ਹੋਰ ਈ ਉੱਘ ਦੀਆਂ ਪਤਾਲ਼ ਮਾਰੀ ਜਾਊ, ਲੈ ਕਰ ਮੂੰਹ ਮਿੱਠਾ..!" ਉਸ ਨੇ ਵਿਚੋਲੇ ਨੂੰ ਗੁੜ ਦੀ ਰੋੜੀ ਫ਼ੜਾਈ।
-''ਮੂੰਹ ਮਿੱਠਾ, ਗੁੜ ਨਾਲ਼ ਈ...?? ਐਦੂੰ ਤਾਂ ਤੂੰ ਮੇਰੇ ਗੋਲ਼ੀ ਮਾਰ ਦਿੰਦੀ..?" ਉਹ ਗੁੜ ਦੀ ਰੋੜੀ ਵੱਲ ਪਿਆਸੇ ਕਾਂ ਵਾਂਗ ਝਾਕਿਆ।
-''ਵੇ ਔਤਾਂ ਦੇ ਜਾਣਿਆਂ, ਮਾਣ ਦੀ ਤਾਂ ਜੁੱਤੀ ਵੀ ਬਥੇਰੀ ਹੁੰਦੀ ਐ..! ਨਾਲ਼ੇ ਗੁੜ ਤਾਂ ਸਾਰੀਆਂ ਮਠਿਆਈਆਂ ਨਾਲ਼ੋਂ ਮਿੱਠਾ ਹੁੰਦੈ..!"
-''ਤੈਨੂੰ ਕੁੜੀ ਨਾਲ਼ ਗਿਆਰਾਂ ਕਿੱਲੇ ਪੈਲ਼ੀ ਮਿਲ਼ਜੂ, ਪਰ ਕੱਟੇ ਨੂੰ ਵੀ ਮਣ ਦੁੱਧ ਦਾ ਕੋਈ ਫ਼ਾਇਦਾ ਹੋਊਗਾ ਕਿ ਮੇਰੇ ਪੱਲੇ ਬੱਸ ਛੜਾਂ ਤੇ ਲਿੱਬੜੀਆਂ ਪੂਛਾਂ ਈ ਐਂ..?"
-''ਵੇ ਖਸਮਾਂ ਨੂੰ ਖਾਣਿਆਂ...! ਸਾਰਾ ਘਰ ਬਾਰ ਈ ਤੇਰੈ, ਤੂੰ ਘਸਮੈਲ਼ੀਆਂ ਜੀਆਂ ਗੱਲਾਂ ਕਾਹਤੋਂ ਕਰੀ ਜਾਨੈਂ..? ਛੱਪ ਦੇਣੇ ਪੱਕ-ਠੱਕ ਕਰ, ਵਿਆਹ ਕਰੀਏ...! ਤੇਰਾ ਮੱਥਾ ਵੀ ਡੰਮੂੰਗੀ..!"
-''ਅਖੇ ਘਰ-ਬਾਰ ਤੇਰਾ, ਪਰ ਕੋਠੀ ਹੱਥ ਨਾ ਲਾਈਂ..! ਨ੍ਹਾਂ ਮੇਰਾ ਮੱਥਾ ਤੈਨੂੰ ਡੰਮ੍ਹਣ ਵਾਲ਼ਾ ਲੱਗਦੈ..?"
-''ਵੇ ਤੂੰ ਕੋਠੀ ਪੁਆ ਤਾਂ ਸਹੀ, ਚਾਹੇ ਭੰਗੜ੍ਹੇ ਪਾਈਂ ਤੇ ਚਾਹੇ ਪੱਟੀਂ ਖੁਰਗੋ..!"
-''ਕੋਠੀ ਤੇਰੀ ਹੋਊਗੀ, ਮੈਨੂੰ ਤਾਂ ਕਿਸੇ ਨੇ ਨਜਰ-ਵੱਟੂ ਆਲ਼ੀ ਥਾਂ ਵੀ ਨੀ ਲਾਉਣਾ...!"
-''ਤੂੰ ਮੋੜ੍ਹੀਆਂ 'ਚ ਡਾਂਗਾਂ ਨਾ ਮਾਰੀ ਜਾਇਆ ਕਰ...!"
-''ਮੁੰਡੇ ਨੂੰ ਵੀ ਪੁੱਛ ਲੈ, ਕਿਤੇ ਉਹ ਨਾ ਤੋਕੜ ਮੱਝ ਮਾਂਗੂੰ ਲੱਤ ਚੱਕ ਜੇ..?" ਵਿਚੋਲੇ ਨੇ ਡਰ ਦੱਸਿਆ।
-''ਖੌਂਸੜੇ...! ਖੌਂਸੜੇ ਨਾ ਖਾਊਗਾ..? ਵੇ ਮੇਰੇ ਮੂਹਰੇ ਤਾਂ ਕਦੇ ਉਹਦਾ ਪਿਉ ਨੀ ਸੀ ਕੁਸਕਿਆ, ਇਹਨੇ ਤਾਂ ਕੀ ਸਾਹ ਕੱਢਣੈਂ..? ਮੈਂ ਤਾਂ ਜੇ ਆਈ 'ਤੇ ਆ ਜਾਂ, ਸਰਾਲ਼ ਮਾਂਗੂੰ ਸਾਹ ਪੀਣ ਆਲ਼ੀ ਐਂ...!"
-''ਬਾਘਰੂ...! ਕਿਤੇ ਸੰਤ ਸਿਉਂ ਨੂੰ ਤੂੰ ਈ ਤਾਂ ਨੀ ਗੱਡੀ ਚਾੜ੍ਹਤਾ ਸੀ..?"
-''ਵੇ ਤੂੰ ਮੈਥੋਂ ਕਿਤੇ ਮੂੰਹ ਨਾ ਭੰਨਾ ਲੀਂ..! ਅਖੇ ਅੰਨ੍ਹਾਂ ਜੁਲਾਹਾ ਤੇ ਮਾਂ ਨਾਲ਼ ਮਛਕਰੀਆਂ..!"
-''ਜਿਸ ਹਿਸਾਬ ਨਾਲ਼ ਤੂੰ ਗੱਲਾਂ ਕਰਦੀ ਐਂ, ਚਰਜ ਵੀ ਕੋਈ ਨੀ..! ਗਲ਼ 'ਗੂਠਾ ਦੇ ਕੇ ਭੜ੍ਹੋਲੇ 'ਚ ਪਾਅਤਾ ਹੋਵੇ..?" ਉਸ ਨੇ ਤਰਕ ਮਾਰ ਕੇ ਵਿਅੰਗ ਨਾਲ਼ ਮੂੰਹ ਵਿੰਗਾ ਕਰ ਲਿਆ।
-''ਤੂੰ ਮੈਥੋਂ ਮੌਰ ਤਾਂ ਨੀ ਤੁੜਾਉਣੇ..?"
-''ਤੂੰ ਤੋੜ ਫੋੜ ਆਲ਼ੀਆਂ ਗੱਲਾਂ ਨਾ ਕਰਿਆ ਕਰ, ਕਦੇ ਸ਼ਾਂਤ ਵੀ ਰਹਿ ਪਿਆ ਕਰ..! ਮੁੰਡਿਆਂ ਨੇ ਪੱਠੇ ਕੁਤਰ ਲਏ ਐ, ਅੱਜ ਤਾਂ ਘੁੱਟ ਲਾ ਕੇ ਈ ਜਾਊਂ, ਤੇਰੀਆਂ ਖੁਸ਼ਕ ਜੀਆਂ ਗੱਲਾਂ ਨੇ ਮੇਰਾ ਤਾਂ ਅੰਦਰ ਖੁਰਚ ਸਿੱਟਿਆ, ਮੈਂ ਕਹਿੰਨੈਂ ਜਮਾਂ ਈ ਖੁਸ਼ਕੀ ਦੀ ਸਿੱਕਰੀ ਪਾ ਧਰੀ, ਅੱਜ ਤਾਂ ਪੈੱਗ ਸ਼ੈੱਗ ਲਾ ਕੇ ਈ ਪਾਊਂ ਚਾਲੇ..!"
-''ਫ਼ੇਰ ਜਾਣਾ ਖੇਹ ਖਾਣ ਐਂ...? ਅੱਜ ਐਥੇ ਈ ਰਹਿ'ਪਾ..!"
-''ਰਹਿ ਤਾਂ ਪਊਂਗਾ, ਜੇ ਸਾਬਤਾ ਈ ਤੋਰ ਦੇਂਗੀ..! ਵੱਢੂੰ-ਖਾਊਂ ਤਾਂ ਤੂੰ ਕਰੀ ਜਾਨੀ ਐਂ..! ਕਿਤੇ ਉਹ ਨਾ ਹੋਵੇ ਬਈ ਮੇਰੇ ਦਾਹ ਸਸਕਾਰ ਦਾ ਪ੍ਰਬੰਧ ਕਰਦੇ ਫ਼ਿਰਨ...?" ਉਹ ਹਰ ਕੌਰ ਵੱਲ ਟੇਢੀ ਨਜ਼ਰ ਝਾਕਿਆ।
ਹਰ ਕੌਰ ਨੂੰ ਸੁਣਿਆਂ ਨਹੀਂ ਸੀ। ਉਸ ਦਾ ਧਿਆਨ ਪੱਠੇ ਕੁਤਰ ਰਹੇ ਮੁੰਡਿਆਂ ਵੱਲ ਚਲਿਆ ਗਿਆ ਸੀ।
-''ਵੇ ਮੁੰਡਿਓ...!"
-''ਹਾਂ ਬੇਬੇ...?"
-''ਵੇ ਜੇ ਪੱਠੇ ਕੁਤਰ ਲਏ, ਐਹਨੂੰ ਦਿਓ ਮੂਤ ਪੀਣ ਨੂੰ, ਕਦੋਂ ਦਾ ਨੀਅਤ ਜੀ ਬੁੜ੍ਹਕਾਈ ਜਾਂਦੈ..!"
-''ਨੁਹਾ ਦਿਆਂਗੇ ਤਾਈ, ਨੁਹਾ..! ਤੂੰ ਕੋਈ ਖ਼ੁਸ਼ਖ਼ਬਰੀ ਤਾਂ ਕੱਢ ਮੂੰਹ 'ਚੋਂ..!" ਗੇਜਾ ਮਸ਼ੀਨ ਗੇੜਦਾ ਬੋਲਿਆ।
-''ਤੂੰ ਖ਼ੁਸ਼ਖ਼ਬਰੀ ਸੁੱਕੀ ਈ ਸੁਣਨ ਨੂੰ ਫ਼ਿਰਦੈਂ...?"
-''ਫ਼ੁੱਫ਼ੜਾ, ਤੇਰੀ ਜਾਨ ਨੂੰ ਲੱਡੂਆਂ ਦਾ ਘਾਟੈ..?"
-''ਲੱਡੂ ਤਾਂ ਹਰ ਕੁਰ ਈ ਬਥੇਰੇ ਖੁਆਦੂ ਮੈਨੂੰ, ਤੂੰ ਮੂੰਹ ਕੌੜਾ ਕਰਵਾਉਣ ਦੀ ਗੱਲ ਕਰ ..!"
-''ਦੇਖ ਕਿਮੇਂ ਲੱਲੀ ਲੱਗੀ ਐ ਰੁੜ੍ਹ ਜਾਣੇ ਬੋਕ ਨੂੰ..!"
-''ਤੇ ਲੱਲੀ ਲੱਗੇ ਨ੍ਹਾਂ..? ਮੈਂ ਐਮੇ ਈ ਛਿੱਤਰ ਘੜ੍ਹੀਸਦਾ ਫ਼ਿਰਦੈਂ...? ਕਦੇ ਉਹਨਾਂ ਦੀਆਂ ਲਾਅਲ਼ਾਂ ਚੱਟਦੈਂ, ਤੇ ਕਦੇ ਥੋਡੀਆਂ..! ਨ੍ਹਾ ਬਿਆਹ ਤੋਂ ਮਗਰੋਂ ਮੈਨੂੰ ਕਿਹੜਾ ਪਿਲਛਣ ਲੱਗਜੂ, ਹੈਂਅ..?" ਫ਼ੁੱਫ਼ੜ ਵੱਟ ਖਾ ਗਿਆ।
-''ਦੇਖ ਕਿਮੇ ਜਾਨ ਨਿਕਲਦੀ ਐ ਟੁੱਟੜੇ ਦੀ..!"
-''ਨ੍ਹਾ ਜਾਨ ਟੁੱਟੇ ਨਾ..? ਜੇ ਸਰੀਰ ਤੇਲ 'ਤੇ ਚੱਲਦਾ ਹੁੰਦਾ, ਤੂੰ ਤਾਂ ਉਹ ਵੀ ਨੀ ਸੀ ਪੁਆਉਣਾ ਹਰ ਕੁਰੇ, ਸੁੱਕਾ ਈ ਦੱਬੀ ਫ਼ਿਰਨਾ ਸੀ, ਚਾਹੇ ਵਿੱਚ ਦੀ ਧੂੰਆਂ ਨਿਕਲ਼ ਜਾਂਦਾ..!"
-''ਗੱਲਾਂ ਦੇਖ ਅੱਗ ਲੱਗੜੇ ਨੂੰ ਕਿੰਨੀਆਂ ਆਉਂਦੀਐਂ..! ਗੱਲੀਂ ਵਾਰੇ ਨੀ ਆਉਣ ਦਿੰਦਾ..!"
-''ਜੇ ਗੱਲਾਂ ਨਾ ਆਉਂਦੀਆਂ ਹੁੰਦੀਆਂ, ਤਾਂ ਲੋਕਾਂ ਦੇ ਟੂਟਲ਼ ਜੇ ਜੁਆਕ ਕਿਮੇ ਵਿਆਹੁੰਦਾ ਵਿਚੋਲਾ ਬਣ ਕੇ...? ਇਹ ਵੀ ਗੱਲਾਂ ਨਾਲ਼ ਈ ਵਿਆਹੇ ਜਾਂਦੇ ਐ, ਨਹੀਂ ਅਣਪੜ੍ਹ ਲਾਣਾ ਵਿਆਹੁੰਣਾ ਸੌਖਾ ਥੋੜ੍ਹੋ ਐ..?" ਫ਼ੁੱਫ਼ੜ ਕੋਝਾ ਵਾਰ ਕਰ ਗਿਆ।
-''..............।" ਹੱਡ 'ਤੇ ਵੱਜੀ ਕਰ ਕੇ ਹਰ ਕੌਰ ਚੁੱਪ ਕਰ ਗਈ।
ਪਸ਼ੂਆਂ ਨੂੰ ਪੱਠੇ ਪਾ ਕੇ ਉਹਨਾਂ ਨੇ ਬੋਤਲ ਖੋਲ੍ਹ ਲਈ।
ਤਿੰਨਾਂ ਵਿੱਚ ਗਿਲਾਸ ਘੁਕ ਰਿਹਾ ਸੀ।
ਸਾਗ ਵਾਲ਼ੀ ਕੌਲੀ ਗੇੜੀਂ ਪਈ ਹੋਈ ਸੀ।
ਪੈਂਦੀ ਸੱਟੇ ਉਹਨਾਂ ਨੇ ਇੱਕ ਬੋਤਲ ਸੂਤ ਧਰੀ।
-''ਇੱਕ ਅੱਧੀ ਹੋਰ ਕੱਢ, ਅਜੇ ਤਾਂ ਓਸ ਗੱਲ ਦੇ ਆਖਣ ਮਾਂਗੂੰ ਧਰਨ ਵੀ ਨੀ ਗਿੱਲੀ ਹੋਈ..!" ਫ਼ੁੱਫ਼ੜ ਦੀਆਂ ਅੱਖਾਂ ਵਿੱਚ ਨਸ਼ਾ ਡੋਲਣ ਲੱਗ ਪਿਆ, ''ਨਾਲ਼ੇ ਜਾਹ ਕੋਈ ਦਾਲ਼ ਸਬਜ਼ੀ ਲਿਆ ਫ਼ੜ ਕੇ, ਸੁੱਕੀ ਤਾਂ ਖਸਮਾਂ ਨੂੰ ਖਾਣੀਂ ਆਰੀ ਮਾਂਗੂੰ ਵਾਂਢ ਕਰੀ ਜਾਂਦੀ ਐ...!"
-''ਬੇਬੇ....!" ਜੋਗੇ ਨੇ ਮਾਂ ਨੂੰ ਹਾਕ ਮਾਰੀ।
-''ਵੇ ਹੋਅ....?"
-''ਨਾਲ਼ ਖਾਣ ਨੂੰ ਦੇਹ ਕੁਛ...!"
-''ਬੇਬੇ ਤਾਂ ਮੈਂ ਕਹਿੰਨੈ ਤੈਨੂੰ ਕਿਤੇ ਬੋਤਾ ਨਾ ਭੁੰਨ ਦੇ..  ?"
ਫ਼ੁੱਫ਼ੜ ਦੇ ਕਹਿਣ 'ਤੇ ਸਾਰੇ ਹੱਸ ਪਏ।
-''ਤੂੰ ਹਟਜਾ ਲਿੱਚ-ਗੜਿੱਚੀਆਂ ਕਰਨੋਂ..!" ਹਰ ਕੌਰ ਸਾਗ ਦੀ ਬਾਟੀ ਚੁੱਕੀ ਅੰਦਰ ਆਉਂਦੀ ਹੋਈ ਬੋਲੀ।
-''ਹੁਣ ਮੈਂ ਕੀ ਲਿੱਚ-ਗੜਿੱਚੀ ਕੀਤੀ ਐ..? ਕਿਉਂ ਮੁੰਡਿਓ, ਮੈਂ ਬੋਲਿਐਂ ਕੁਛ...? ਨ੍ਹਾਂ ਦੱਸੋ ਬੋਲਿਐਂ..? ਹਰ ਕੁਰੇ, ਤੇਰਾ ਵੀ ਸ਼ੱਕੀ ਸੁਭਾਅ ਨੀ ਸੁਧਰਨਾ..!"
-''ਹੁਣ ਤਾਂ ਅੱਗੇ ਜਾ ਕੇ ਈ ਸੁਧਰੂ...!" ਉਸ ਨੇ ਬਾਟੀ ਉਹਨਾਂ ਅੱਗੇ ਰੱਖ ਦਿੱਤੀ।
-''ਕਿਉਂ ਢਹਿੰਦੀ ਕਲਾ ਆਲ਼ੀਆਂ ਗੱਲਾਂ ਕਰਦੀ ਹੁੰਨੀ ਐਂ..? ਅਜੇ ਤਾਂ ਨੂੰਹ ਦੇ ਹੱਥ ਦੇ ਗੁਲਗਲੇ ਛਕਣੇ ਐਂ, ਤੇ ਨਾਲ਼ੇ ਖਿਡਾਉਣੇ ਐਂ ਪੋਤੇ..!"
-''ਲੈ ਫ਼ੁੱਫ਼ੜਾ, ਨੂੰਹ ਦੇ ਗੁਲਗਲਿਆਂ ਦੇ ਨਾਂ ਨੂੰ ਅਗਲੀ ਸ਼ੀਸ਼ੀ...!" ਗੇਜੇ ਨੇ ਇੱਕ ਖੂੰਜਿਓਂ ਬੋਤਲ ਚੁੱਕ ਕੇ ਅੱਗੇ ਰੱਖ ਦਿੱਤੀ।
-''ਓਏ ਨਹੀਂ ਰੀਸਾਂ ਓਏ ਜਿਉਣ ਜੋਕਰਿਆ...!" ਉਸ ਨੇ ਬੋਤਲ ਝਿਣਕ ਕੇ ਮਣਕਾ ਬੰਨ੍ਹਿਆਂ, ''ਵਾਰੇ ਬਲਿਹਾਰੇ ਜਾਵਾਂ ਤੇਰੇ..! ਜੇ ਥੋਡੇ ਅਰਗਾ ਜਿਗਰਾ ਹਰ ਕੁਰ ਦਾ ਹੁੰਦਾ, ਹੁਣ ਨੂੰ ਐਸ ਘਰੇ ਰੰਗ ਭਾਗ ਲੱਗੇ ਹੋਣੇ ਸੀ..!" ਜਾਂਦੀ ਹਰ ਕੌਰ ਦੀ ਪਿੱਠ ਵੱਲ ਦੇਖ ਕੇ ਫ਼ੁੱਫ਼ੜ ਬੋਲਿਆ। ਉਸ ਨੇ ਗਿੱਠ ਲੰਮੀ ਜੀਭ ਕੱਢੀ ਸੀ।
-''ਟਲ਼ਜਾ ਤੂੰ...!" ਹਰ ਕੌਰ ਵਿਹੜੇ ਵਿੱਚੋਂ ਬੋਲੀ, ''ਮੈਂ ਮੱਥੇ 'ਚ ਇੱਟ ਮਾਰ ਕੇ ਟੀਕ ਚਲਾਦੂੰ..!"
-''ਹੋਰ ਤੂੰ ਕੀ ਕਰਨੈਂ...! ਤੇਰੀਆਂ ਆਹੀ ਗੱਲਾਂ ਮੈਨੂੰ ਹੌਲ ਪਾਉਂਦੀਆਂ ਰਹਿੰਦੀਐਂ, ਤਾਂ ਹੀ ਮੈਂ ਆਉਂਦਾ ਨੀ..  !"
-''ਫ਼ੁੱਫ਼ੜਾ ਲੜਾਈ ਝਗੜਾ ਛੱਡ, ਕੋਈ ਕੰਮ ਦੀ ਗੱਲ ਸੁਣਾ...!"
-''ਮੈਂ ਕਦੋਂ ਲੜਦੈਂ...? ਹਰ ਵੇਲ਼ੇ ਸੂਹਣ ਤਾਂ ਹਰ ਕੁਰ ਖੜ੍ਹੀ ਕਰੀ ਰੱਖਦੀ ਐ..! ਧੌਲ਼ੇ ਝਾਟੇ ਆਲ਼ੀ ਹੋਗੀ, ਲੜਾਈ ਝਗੜੇ ਬਿਨਾ ਹੋਰ ਕੁਛ ਨੀ ਆਉਂਦਾ..  ! ਪੈਂਦੀ ਸੱਟੇ ਟੋਕਰੇ ਹੇਠੋਂ ਲੜਾਈ ਕੱਢ ਲੈਂਦੀ ਐ...  !"
ਗੇਜਾ ਪੈੱਗ ਪਾਉਣ ਲੱਗ ਪਿਆ।
-''ਜਦੋਂ ਕੋਈ ਗੱਲ ਕਰੀਏ, ਗਲ਼ ਘੁੱਟਣ ਆਉਂਦੀ ਐ..!"
-''ਬੁੜ੍ਹੀਆਂ ਦਾ ਮਾਜਨਾ ਈ ਕੁਛ ਐਸਾ ਹੁੰਦੈ ਫ਼ੁੱਫ਼ੜ ਸਿਆਂ...! ਲੈ ਚੱਕ, ਮਾਰ ਮੋਰਚਾ...!" ਗੇਜੇ ਨੇ ਦਾਰੂ ਦਾ ਗਿਲਾਸ ਫ਼ੁੱਫ਼ੜ ਦੇ ਹੱਥ ਦੇ ਦਿੱਤਾ। ਫ਼ੁੱਫ਼ੜ ਨੇ ਜਾੜ੍ਹ ਘੁੱਟ ਕੇ ਅੰਦਰ ਸੁੱਟਿਆ। ਟੁੱਟੇ ਤਾਰੇ ਵਾਂਗ ਲੀਕ ਪਾਉਂਦੀ ਦਾਰੂ ਥੱਲੇ ਉਤਰੀ।
-''ਹੌਲ਼ੀ ਮਰਲਾ, ਕੋਈ ਮਗਰ ਪਿਐ...?" ਵਿਹੜੇ ਵਿੱਚ ਬੈਠੀ ਹਰ ਕੌਰ ਬੋਲੀ। ਉਹ ਵਿਹੜੇ ਵਿੱਚ ਮੰਜੇ 'ਤੇ ਬੈਠੀ ਕੋਚਰ ਵਾਂਗ ਝਾਕ ਰਹੀ ਸੀ।
-''ਤੂੰ ਆਬਦੀ ਦੂਰਬੀਨ ਦੀ ਸ਼ਿਸ਼ਤ ਮੇਰੇ 'ਤੇ ਈ ਕਿਉਂ ਸਿੰਨ੍ਹੀਂ ਰੱਖਦੀ ਐਂ..? ਨਾਲ਼ੇ ਜਿਹੜਾ ਕੰਮ ਜਿੰਨੀ ਜਲਦੀ ਨਿੱਬੜਜੇ, ਓਹਦੇ ਨਾਲ਼ ਦੀ ਰੀਸ ਨੀ ਹੁੰਦੀ..!"
-''ਅਖੇ ਭੁੱਖੇ ਜੱਟ ਕਟੋਰਾ ਲੱਭਾ, ਪਾਣੀ ਪੀ-ਪੀ ਆਫ਼ਰਿਆ...!"
-''ਅਸੀਂ ਪਾਣੀ ਪੀ ਕੇ ਆਫ਼ਰਨ ਆਲ਼ੇ ਥੋੜ੍ਹੋ ਐਂ..? ਅਸੀਂ ਤਾਂ ਦਾਰੂ ਪੀ ਕੇ ਲਿਟਣ ਆਲ਼ੇ ਐਂ, ਕਿਉਂ ਬਈ ਸ਼ੇਰੋ..?"
-''ਸੋਲ਼ਾਂ ਆਨੇ ਸਹੀ ਕਿਹਾ ਫੱਫੜਾ...!" ਗੇਜਾ ਵੀ ਤੋਤਲਾ ਬੋਲਿਆ।
-''ਤੂੰ ਵੀ ਫ਼ੁੱਫ਼ੜ ਨੂੰ ''ਫੱਫੜ" ਈ ਦੱਸਣ ਲੱਗ ਪਿਆ, ਜੇ ਹਰ ਕੁਰ ਨੇ ਸੁਣ ਲਿਆ, ਪੜਛੱਤੀ ਸਿਰ 'ਤੇ ਚੱਕਲੂ..!"
-''ਰੋਟੀ ਖਾਈਏ ਫ਼ੇਰ...?" ਜੋਗਾ ਵੀ ਦੇਸੀ ਦਾਰੂ ਨਾਲ਼ ''ਬਾਬੂ" ਬਣਿਆਂ ਬੋਲਿਆ।
-''ਅਜੇ ਰੋਟੀ ਖਾਣ ਜੋਕਰੇ ਹੋ ਤਾਂ ਜਾਈਏ ਯਾਰ...! ਅਜੇ ਤਾਂ ਮਸਾਂ ਚਾਅ ਜਿਆ ਚੜ੍ਹਨ ਲੱਗਿਐ ਘੁੱਟ ਲਾ ਕੇ..!"
-''ਜਦੋਂ ਸਾਗ ਦੀ ਬਾਟੀ ਉਤੇ ਡੋਲ੍ਹ ਲਈ, ਇਹ ਤਾਂ ਓਦੋਂ ਖਾਣ ਜੋਕਰਾ ਹੋਊ..!" ਹਰ ਕੌਰ ਨੇ ਮੁੜ ਠੁਣਾਂ ਉਸ ਦੇ ਸਿਰ ਭੰਨਿਆਂ।
-''ਮੈਂ ਤਾਂ ਹਲੂੰਮਾਣ ਦੇਵਤਾ ਬਣ ਕੇ ਖੜ੍ਹਜਾਂ, ਤੂੰ ਤਾਂ ਫ਼ੇਰ ਵੀ ਘੋਰੜੂ ਮੇਰੇ 'ਤੇ ਈ ਵਜਾਉਣੈ..! ਤੇਰਾ ਕੋਈ 'ਲਾਜ ਨੀ ਹਰ ਕੁਰੇ..! ਰੱਬ ਜਾਣੇ ਤੇਰਾ ਮੇਰੇ ਨਾਲ਼ ਕੀ ਬੈਰ ਐ..? ਪਾ ਭੋਰਾ ਜਿਉਣ ਜੋਕਰਿਆ, ਨਕਾਲ਼ ਨੀ ਮਰਨ ਦੇਈਦਾ, ਨਹੀਂ ਸਾਰਾ ਕੀਤਾ ਕਰਾਇਆ ਖੂਹ 'ਚ ਪੈ ਜਾਂਦੈ..! ਹਰ ਕੁਰ ਤਾਂ ਮੇਰੀ ਜਾਨ ਲੈ ਕੇ ਦਮ ਲਊ..!"  
-''ਹੁਕਮ ਕਰ ਫ਼ੁੱਫ਼ੜਾ..!" ਗੇਜੇ ਦੀ ਜਗਾਹ ਜੋਗੇ ਨੇ ਦਾਰੂ ਗਿਲਾਸ ਵਿੱਚ ਉਲੱਦ ਦਿੱਤੀ।
-''ਮੈਂ ਰੋਟੀਆਂ ਲਾਹ ਕੇ ਰੱਖ ਦਿੰਨੀ ਐਂ, ਜਦੋਂ ਡੱਫ਼ ਲਈ, ਆਪ ਈ ਖਾ ਲਿਓ, ਨਹੀਂ ਮੈਂ 'ਨ੍ਹੇਰੇ 'ਚ ਹੱਥ ਫ਼ੂਕੀ ਜਾਊਂਗੀ..!"
-''ਇਹ ਵਧੀਆ ਗੱਲ ਐ..! ਤੂੰ ਕੰਮ ਨਬੇੜ ਕੇ ਪੈ, ਸਾਡੀ ਚਿੰਤਾ ਨਾ ਕਰ..!"
ਉਹ ਦੇਰ ਰਾਤ ਤੱਕ ਦਾਰੂ ਪੀਂਦੇ ਰਹੇ।


...ਚਲਦਾ... ਅਗਲੀ ਕਿਸ਼ਤ ਅਗਲੇ ਹਫ਼ਤੇ

ਲੜੀਵਾਰ ਨਾਵਲ : ਕੁੱਲੀ ਯਾਰ ਦੀ ਸੁਰਗ ਦਾ ਝੂਟਾ - ਸ਼ਿਵਚਰਨ ਜੱਗੀ ਕੁੱਸਾ

(ਕਾਂਡ 1)

''ਕੁੱਲੀ ਯਾਰ ਦੀ ਸੁਰਗ ਦਾ ਝੂਟਾ,
ਮੈਂ ਅੱਗ ਲਾਵਾਂ ਮਹਿਲਾਂ ਨੂੰ...!"


    ਸਰਦੀਆਂ ਦੇ ਦਿਨ ਸਨ।
    ਗੁਲਾਬੀ ਠੰਢ ਵਰ੍ਹਦੀ ਸੀ।
    ਪਿਛਲੇ ਦਿਨਾਂ ਵਿੱਚ ਠਾਰੀ ਨੇ ਲੋਕਾਂ ਦੀਆਂ ਕੋਕੜਾਂ ਕਰ ਮਾਰੀਆਂ ਸਨ। ਸਾਰੀ ਰਾਤ ਅਤੇ ਅੱਧਾ ਦਿਨ ਧੁੰਦ ਪੈਂਦੀ ਸੀ। ਸੂਰਜ ਦੇਵਤਾ ਤਾਂ ਕਿਤੇ ਦੁਪਿਹਰ ਵੇਲ਼ੇ ਜਾ ਕੇ ਦਰਸ਼ਣ ਦਿੰਦਾ ਸੀ। ਪਰ ਐਨਾਂ ਸ਼ੁਕਰ ਸੀ ਕਿ ਬਰਫ਼ ਵਾਂਗ ਪੈਂਦੀ ਸਰਦੀ ਨੇ ਫ਼ਸਲਾਂ ਦਾ ਕੋਈ ਨੁਕਸਾਨ ਨਹੀਂ ਕੀਤਾ ਸੀ। ਇਸ ਗੱਲੋਂ ਜ਼ਿੰਮੀਦਾਰ ਕੁਝ ਹਲਕਾ ਅਤੇ ਸੌਖਾ ਮਹਿਸੂਸ ਕਰਦੇ ਸਨ। ਦਿਨੇ ਵੀ ਪਸ਼ੂਆਂ ਦੀ ਪਿੱਠ ਤੋਂ ਝੁੱਲ ਨਹੀਂ ਲਹਿੰਦਾ ਸੀ। ਠੰਢ ਨੇ ਲੋਕਾਂ ਦੀ ਬੱਸ ਕਰਵਾ ਦਿੱਤੀ ਸੀ।
    ਪਰ ਅੱਜ ਦਿਨ ਬੜਾ ਨਿੱਘਾ ਅਤੇ ਸੁਹਾਵਣਾ ਸੀ।
ਤਿੱਖੀ ਨਿਕਲ਼ੀ ਧੁੱਪ ਪਿੰਡੇ ਤੋਂ ਚੂੰਢੀ ਭਰਦੀ ਸੀ। ਕਈ ਦਿਨਾਂ ਬਾਅਦ ਸੂਰਜ ਦੇ ਨਿੱਘ ਨੇ ਠਾਰੀ ਦਾ ਮੂੰਹ ਭੰਨਿਆਂ ਸੀ। ਸ਼ਹਿਰ ਦੀ ਵੱਖੀ ਵੱਲ ਪੈਂਦੀ ਨਹਿਰ ਦਾ ਪਾਣੀ ਕਿਸੇ ਰਮਣੀਕ ਝੀਲ ਦਾ ਭੁਲੇਖਾ ਪਾ ਰਿਹਾ ਸੀ। ਨਹਿਰ ਦੀ ਪਟੜੀ ਤੋਂ ਤੁਰਦੇ ਜੋਗਾ ਸਿੰਘ ਨੇ ਪੁਲ਼ 'ਤੇ ਆਣ ਕੇ ਪਿੰਡ ਜਾਣ ਵਾਲ਼ੀ ਬੱਸ ਫ਼ੜ ਲਈ। ਬੱਸ ਦੀਆਂ ਸਵਾਰੀਆਂ ਕੰਬਲ਼ ਜਾਂ ਟੋਟਿਆਂ ਦੀ ਬੁੱਕਲ਼ ਮਾਰੀ, ਖੰਭ ਜਿਹੇ ਘੁੱਟੀ ਬੈਠੀਆਂ ਸਨ।
ਰੋਡਵੇਜ਼ ਦੀ ਬੱਸ ਵਿੱਚ ਬੈਠਾ ਜੋਗਾ ਸਿੰਘ ਦੂਰ-ਦੂਰ ਤੱਕ ਪਸਰੀ ਹਰਿਆਵਲ ਨੂੰ ਤੱਕ ਸਰਸ਼ਾਰ ਹੋ ਰਿਹਾ ਸੀ। ਦੂਰ ਤੱਕ ਕਾਦਰ ਦੀ ਕੁਦਰਤ ਦੇ ਰੰਗ ਪੱਲਰੇ ਪਏ ਸਨ। ਕਣਕ ਦੇ ਬੂਟੇ ਬੱਲੀਆਂ ਦੀ ਕਲਗੀ ਲਾਈ ਖੜ੍ਹੇ ਹੱਸ ਰਹੇ ਸਨ। ਸਰ੍ਹੋਂ ਦੇ ਫ਼ੁੱਲ ਹਰਿਆਵਲ ਦੀ ਹਿੱਕ 'ਤੇ ਮਸਤੀ ਨਾਲ਼ ਝੂੰਮ ਰਹੇ ਸਨ, ਜਿਵੇਂ ਸੰਦਲੀ ਹੱਥਾਂ ਵਿੱਚ ਸੋਨੇ ਦੀਆਂ ਮੁੰਦਰੀਆਂ ਪਹਿਨੀਆਂ ਹੋਈਆਂ ਸਨ। ਬੱਸ ਦੀ ਬਾਰੀ ਵਿੱਚੋਂ ਆਇਆ ਹਵਾ ਦਾ ਬੁੱਲਾ ਜੋਗੇ ਨੂੰ ਇੱਕ ਤਰ੍ਹਾਂ ਨਾਲ਼ ਹੁਲ੍ਹਾਰਾ ਦੇ ਗਿਆ ਸੀ। ਫ਼ਸਲਾਂ ਦੀ ਮਹਿਕ ਨੇ ਜਿਵੇਂ ਉਸ ਦੇ ਜ਼ਿਹਨ ਅੰਦਰ ਕਿਸੇ ਚੰਦਨ ਦਾ ਛਿੜਕਾਅ ਕਰ ਦਿੱਤਾ ਸੀ। ਕਿਸੇ ਗ਼ੈਬੀ ਆਨੰਦ ਨਾਲ਼ ਉਸ ਨੇ ਸਾਹ ਉਪਰ ਖਿੱਚਿਆ। ਇੱਕ ਪਾਸੇ ਕਮਾਦ ਦੇ ਖੇਤ ਓਹਲਿਓਂ ''ਭਗਵਾਨ ਤੇਰੀ ਕੁਦਰਤ" ਗਾਉਂਦੇ ਤਿੱਤਰ ਨੇ ਜੋਗੇ ਦੇ ਮਨ ਨੂੰ ਹੋਰ ਮਸਤੀ ਚਾੜ੍ਹ ਦਿੱਤੀ।
    ਬੱਸ ਅੱਡੇ 'ਤੇ ਉੱਤਰ ਜੋਗਾ ਸਿੰਘ ਘਰ ਜਾਣ ਦੀ ਵਜਾਏ ਖੇਤ ਨੂੰ ਹੀ ਸਿੱਧਾ ਹੋ ਗਿਆ।
    ਜੋਗੇ ਦਾ ਸੀਰੀ ਗੇਜਾ ਪੱਠੇ ਵੱਢੀ ਜਾ ਰਿਹਾ ਸੀ।
ਪੱਲੀ ਕੋਲ਼ੋਂ ਦਾਤੀ ਚੁੱਕ ਜੋਗੇ ਨੇ ਵੀ ਬਰਸੀਨ ਨੂੰ ਵਾਢਾ ਧਰ ਲਿਆ।  
    -''ਜਾ ਆਇਆ ਬਾਈ...?" ਗੇਜੇ ਨੇ ਮੀਸਣਾ ਜਿਹਾ ਹਾਸਾ ਹੱਸ ਕੇ ਜੋਗੇ ਨੂੰ ਪੁੱਛਿਆ। ਗੇਜਾ ਜੋਗੇ ਨਾਲ਼ ਲੰਮੇ ਸਮੇਂ ਤੋਂ ਸੀਰੀ ਚੱਲਿਆ ਆ ਰਿਹਾ ਸੀ। ਸੀਰੀ ਜਾਂ ਮਾਲਕ ਵਾਲ਼ੀ ਗੱਲ ਤਾਂ ਉਹਨਾਂ ਵਿੱਚ ਹੈ ਹੀ ਨਹੀਂ ਸੀ, ਉਹਨਾਂ ਦਾ ਤਾਂ ਭਰਾਵਾਂ ਵਾਲ਼ਾ ਪ੍ਰੇਮ ਸੀ। ਦੋਨੋਂ ਇੱਕ ਦੂਜੇ ਉਪਰ ਜਾਨ ਵਾਰਦੇ, ਇੱਕ ਦੂਜੇ ਲਈ ਲਹੂ ਡੋਲ੍ਹਦੇ ਸਨ।
    -''ਹਾਂ, ਜਾ ਆਇਆ...!" ਜੋਗੇ ਨੇ ਹੁੰਗਾਰਾ ਰੂਹ ਨਾਲ਼ ਨਹੀਂ ਸੀ ਭਰਿਆ। ਹੁੰਗਾਰੇ ਵਿੱਚ ਗੜ੍ਹਕਾ ਨਹੀਂ ਸੀ। ਬੱਸ ਹੁੰਗਾਰਾ ਭਰ ਕੇ ਇੱਕ ਤਰ੍ਹਾਂ ਨਾਲ਼ ਵੇਲ਼ਾ ਪੂਰਾ ਜਿਹਾ ਹੀ ਕੀਤਾ ਸੀ।
    -''ਪਈ ਮਿਹਨਤ ਪੱਲੇ ਕਿ ਨਹੀਂ...?"
    -''ਜਿੰਨੀ ਆਸ ਉਮੀਦ ਨਾਲ਼ ਗਿਆ ਸੀ, ਓਨੀ ਨੀ ਪਈ..!"  ਬਰਸੀਨ ਦਾ ਰੁੱਗ ਸੁੱਟਦਿਆਂ ਜੋਗੇ ਨੇ ਬਾਂਹ ਨਾਲ਼ ਮੱਥਾ ਪੂੰਝਿਆ।
    -''ਚਲੋ, ਜਾਂਦੇ ਚੋਰ ਦੀ ਤੜਾਗੀ ਈ ਸਹੀ..! ਹਾੜ੍ਹੀ ਤੱਕ ਤਾਂ ਕੰਮ ਚੱਲੂ..?"
    -''ਹਾਂ, ਹਾੜ੍ਹੀ ਤੱਕ ਜਾਨ ਸੌਖੀ ਰਹੂ, ਅੱਗੇ ਰੱਬ ਰਾਖਾ..! ਔਹ ਲੀਲੀ ਛੱਤ ਆਲ਼ਾ..!"
    -''ਜੱਟ ਦਾ ਤਾਂ ਹੁੰਦਾ ਈ ਰੱਬ ਐ ਬਾਈ ਜੋਗਾ ਸਿਆਂ...!"
    -''ਯਾਰ ਗੇਜਿਆ, ਇੱਕ ਗੱਲ ਸਮਝ ਨੀ ਆਉਂਦੀ..!"
    -''ਕੀ...?"
    -''ਜੀਓ-ਜੀਅ ਜਿੰਮੀਦਾਰ ਨਾਲ਼ ਕਿਹੜਾ ਬੈਰ ਕੱਢਦੇ ਐ..? ਗੌਰਮਿੰਟ ਤੋਂ ਲੈ ਕੇ ਆੜ੍ਹਤੀਏ ਤੱਕ, ਸਾਰੇ ਕੰਜਰ ਝੱਗੇ ਲਾਹੁੰਣ ਨੂੰ ਪੈਂਦੇ ਐ..! ਇਉਂ ਜੱਟ ਕਿੰਨਾਂ ਕੁ ਚਿਰ ਕੱਟੂ..?"
    -''ਆਪਾਂ 'ਕੱਲੇ ਥੋੜ੍ਹੋ ਐਂ ਬਾਈ ਜੋਗਿਆ..? ਸਾਰੀ ਦੁਨੀਆਂ ਦਾ ਆਹੀ ਹਾਲ ਐ...! ਜੀਹਨੂੰ ਮਰਜ਼ੀ ਐ ਹੱਥ ਲਾ ਕੇ ਦੇਖਲਾ, ਅੰਬਿਆ ਪਿਐ..! ਜੱਟ ਤਾਂ ਇਹਨਾਂ ਨੇ ਕੀਤਾ ਪਿਐ, ਖੱਸੀ...!"
    -''ਨਾ ਤਾਂ ਜੱਟ ਨੂੰ ਡੀਜਲ ਦਿੰਦੇ ਐ, ਤੇ ਨਾ ਦਿੰਦੇ ਐ ਬਿਜਲੀ, ਖੇਤੀ ਜੱਟ ਇਹਨਾਂ ਦੀ ਮਾਂ ਦੇ ਘੜੁੱਕੇ ਨਾਲ਼ ਕਰੂ..?"
    -''ਕਾਹਨੂੰ ਕਲ਼ਪੀ ਜਾਨੈਂ..? ਪੱਠੇ ਵੱਢ ਲਏ ਐ, ਆਥਣੇ ਘੁੱਟ ਲਾ ਕੇ ਰੰਗਾਂ 'ਚ ਹੋਵਾਂਗੇ, ਮੈਂ ਰਾਤ ਕੱਢ ਲਈਆਂ ਸੀ ਅੱਠ ਸੀਸੀਆਂ..!" ਗੇਜੇ ਨੇ ਉਸ ਨੂੰ ਠੰਢਾ ਕੀਤਾ।
    -''ਬੱਲੇ...! ਬਾਹਲ਼ਾ ਈ ਤੱਤਾ ਨਿਕਲ਼ਿਆ..!" ਜੋਗੇ ਨੂੰ ਸਾਰੇ ਦੁੱਖ ਭੁੱਲ ਗਏ।
    -''ਜਦੋਂ ਕੋਈ ਕੰਮ ਕਰਨਾ ਹੋਵੇ, ਸੱਜੇ ਨੂੰ ਖੱਬਾ ਥੋੜ੍ਹੋ ਉਡੀਕੀਦੈ..? ਫ਼ੇਰ ਤਾਂ ਓਸ ਗੱਲ ਦੇ ਆਖਣ ਮਾਂਗੂੰ, ਬਾਜ ਆਲ਼ੀ ਫ਼ੁਰਤੀ ਮਾਰੀਦੀ ਐ..!"
    -''ਗੇਜਿਆ, ਅੱਜ ਮੈਨੂੰ ਹਾਸਾ ਬੜਾ ਆਇਆ...!" ਜੋਗੇ ਨੂੰ ਅਚਾਨਕ ਕਿਸੇ ਗੱਲ ਦਾ ਚੇਤਾ ਆ ਗਿਆ।
    -''ਕਿਉਂ...?"
    -''ਮੈਂ ਕਰਾੜਾਂ ਦੇ ਘੋਰਨੇ ਜੇ 'ਚ ਮੂਤਣ ਚਲਿਆ ਗਿਆ, ਜੀਹਨੂੰ ਕੰਜਰ ਦੇ 'ਟੌਲੈਟ' ਕਹਿੰਦੇ ਐ...!"
    -''ਫ਼ੇਰ...!"
    -''ਅੰਦਰ ਸਾਲਿਆਂ ਨੇ ਬਾਲਟੀ ਜਿੱਡਾ ਜੱਗ ਰੱਖਿਆ ਵਾ ਹੱਥ ਧੋਣ ਨੂੰ...! ਮੈਂ ਪੁੱਛਿਆ ਕਰਾੜਾ, ਟੌਲੈਟ 'ਚ ਜੰਗਲ ਪਾਣੀ ਆਲ਼ੇ ਹੱਥ ਧੋਨੇ ਐਂ, ਕਿ ਮੱਝ ਨੁਹਾਉਦੇ ਹੁੰਨੇ ਐਂ...?"
    -''......................।" ਹੱਸਦੇ ਗੇਜੇ ਦੀਆਂ ਵੱਖੀਆਂ ਦੁਖਣ ਲੱਗ ਪਈਆਂ।
    -''ਲਾਅਲੇ ਤਾਂ ਸਾਲ਼ੇ ਫ਼ੇਰ ਵੀ ਠੀਕ ਜੇ ਈ ਹੁੰਦੇ ਐ, ਚੌਗਾਠਾ ਤਾਂ ਬਾਈ ਸਿਆਂ ਲਾਲੀਆਂ ਦਾ ਵੱਡਾ ਹੁੰਦੈ, ਹੱਥ ਧੋਣ ਵਾਸਤੇ ਬਾਲਟੀ ਦੀ ਤਾਂ ਉਹਨਾਂ ਨੂੰ ਲੋੜ ਪੈਂਦੀ ਹੋਣੀ ਐਂ...!"
    -''..........................।" ਦੋਨੋਂ ਫ਼ਿਰ ਹੱਸ ਪਏ।
    -''ਅੱਜ ਦਿਨ ਦੇਖ ਕੈਸਾ ਲੱਗਿਐ..!"
    -''ਸੂਰਜ ਦੇਵਤਾ ਕਈ ਦਿਨਾਂ ਬਾਅਦ ਦਿਆਲ ਹੋਇਐ..!"
    ਅਜੇ ਉਹ ਗੱਲਾਂ ਕਰ ਹੀ ਰਹੇ ਸਨ ਕਿ ਗੁਆਂਢੀਆਂ ਦਾ ਮੁੰਡਾ ਉਹਨਾਂ ਦੇ ਸਿਰ 'ਤੇ ਆ ਖੜ੍ਹਾ।
    -''ਚਾਚਾ, ਤੈਨੂੰ ਘਰੇ ਸੱਦੀਦੈ...!" ਮੁੰਡੇ ਨੇ ਜੋਗੇ ਨੂੰ ਸੁਨੇਹਾਂ ਦਿੱਤਾ।
    -''ਕਿਉਂ...? ਚਾਚੇ ਤੋਂ ਮੱਝ ਨਵੇਂ ਦੁੱਧ ਕਰਵਾਉਣੀ ਐਂ..?" ਗੇਜਾ ਝਹੇਡ ਕਰਦਾ ਹੋਇਆ ਬੋਲਿਆ।
    -''..............।" ਸੰਗਾਊ ਜਿਹਾ ਮੁੰਡਾ ਦੰਦੀਆਂ ਜਿਹੀਆਂ ਕੱਢ ਕੇ ਚੁੱਪ ਕਰ ਗਿਆ।
    -''ਤੇਰੀ ਮਾਂ ਨੇ ਤਾਂ ਨੀ ਬੁਲਾਇਆ, ਭਤੀਜ...?" ਜੋਗਾ ਵੀ ਗੁੱਝੀ ਟਿੱਚਰ ਕਰ ਗਿਆ।
    -''ਨਹੀਂ..!" ਉਸ ਨੇ ਸ਼ਰਮ ਨਾਲ਼ ਨੀਵੀਂ ਪਾ ਲਈ। ਉਸ ਦਾ ਮੂੰਹ ਲਾਲ ਝਰੰਗ ਹੋ ਗਿਆ ਸੀ।
    -''ਤੇਰੀ ਮਾਂ ਦੀ ਬਿੱਲੀ ਅੱਖ ਵੀ ਬੰਦੇ ਦੇ ਭੂਰੀ ਕੀੜੀ ਮਾਂਗੂੰ ਲੜਦੀ ਐ...!"
    -''......................।" ਮੁੰਡਾ ਮੁੜ ਹੱਸ ਕੇ ਨੀਂਵੀਂ ਪਾ ਗਿਆ। ਉਹ ਪੈਰ ਦੇ ਅੰਗੂਠੇ ਨਾਲ਼ ਧਰਤੀ ਖੁਰਲ਼ ਰਿਹਾ ਸੀ।
    -''ਹੋਰ ਕੀਹਨੇ ਬੁਲਾਇਐ ਫ਼ੇਰ..?"
    -''ਥੋਡੇ ਘਰੇ ਕੋਈ ਵਿਚੋਲਾ ਆਇਐ, ਬੇਬੇ ਨੇ ਸੱਦਿਐ...!"
    -''ਓਹ ਬੱਲੇ...! ਤੇਰੇ ਮੂੰਹ ਘਿਉ ਸ਼ੱਕਰ, ਪੁੱਤ..!" ਗੇਜਾ ਦਾਤੀ ਸੁੱਟ ਕੇ ਖੜ੍ਹਾ ਹੋ ਗਿਆ, ''ਕਿਸ਼ਤਾਂ 'ਚ ਗੱਲਾਂ ਤੂੰ ਦੱਸਦੈਂ, ਖਸਮਾਂ ਨੂੰ ਖਾਣਿਆਂ..! ਪਹਿਲਾਂ ਨਾ ਸਿੱਧੀ ਗੱਲ ਦੱਸੀ..? ਤੂੰ ਚੱਲ, ਅਸੀਂ ਆਉਨੇ ਐਂ...! ਨਾਲ਼ੇ ਆ ਕੇ ਤੇਰਾ ਮੂੰਹ ਮਿੱਠਾ ਕਰਵਾਉਨੇ ਆਂ...!"
-''...............................।"
    -''ਜਿਉਂਦਾ ਰਹਿ ਜਿਉਣ ਜੋਕਰਿਆ...! ਆਬਦੀ ਮਾਂ ਨੂੰ ਕਹੀਂ ਦਿਉਰ ਦੇ ਸੁਰਮਾਂ ਪਾਉਣ ਆਸਤੇ ਤਿਆਰ ਰਹੇ...! ਕਲਕੱਤਿਓਂ ਪੱਖੀ ਤੇ ਦਿੱਲੀਓਂ ਸੁਰਮੇਦਾਣੀ ਲਿਆ ਕੇ ਦਿਆਂਗੇ...!"
    -''ਤੇ ਨਾਲ਼ੇ ਸੰਵਾਅ ਕੇ ਦਿਆਂਗੇ ਫ਼ੁੱਲਾਂ ਆਲ਼ਾ ਗਰਾਰਾ...! ਦੇਖੀਂ ਫ਼ੇਰ, ਚੱਪਲਾਂ 'ਤੇ ਨਾਚ ਕਰਿਆ ਕਰੂ ਪੱਟ ਹੋਣੀਂ..!"
    -''ਨਾਚ ਕੀ...? ਮੋਰ ਆਂਗੂੰ ਪੈਹਲ੍ਹ ਪਾਊ, ਪੈਹਲ੍ਹ...!"
    -''ਮੈਖਿਆ ਸੱਪ ਮਾਂਗੂੰ ਮੇਹਲੂ...! ਜੇ ਮੇਮਾਂ ਦੇ ਦੇਸ਼ ਜੰਮੀਂ ਹੁੰਦੀ, ਪਰਲੋਂ ਲਿਆ ਦਿੰਦੀ...!"
-''ਤੇ ਹੁਣ ਕਿਹੜਾ ਘੱਟ ਐ...? ਦੇਖਣ ਆਲ਼ੇ ਦਾ ਕਾਲ਼ਜਾ ਕੱਢਦੀ ਐ...!"
    ਹੱਸਦਾ ਅਤੇ ਸੰਗਦਾ ਮੁੰਡਾ ਤੁਰ ਗਿਆ।
    -''ਲੈ ਬਾਈ ਜੋਗਿਆ, ਅਸੀਂ ਤਾਂ ਜਿਹੜੇ ਠੂਠੇ ਖਾਣੈਂ, ਓਸੇ ਈ ਖਾਣੈਂ, ਤੂੰ ਤਾਂ ਸੁੱਖ ਨਾ' ਕਰ ਤਿਆਰੀ ਸਿਹਰੇ ਬੰਨ੍ਹਣ ਦੀ..! ਹੋ ਸਕਦੈ ਤੇਰੇ ਨਾਲ਼ ਕਦੇ ਸਾਨੂੰ ਵੀ ਤਿੰਨ ਖੂੰਜੇ ਪਰਾਉਂਠੇ ਮਿਲ਼ ਜਿਆ ਕਰਨ, ਤਾਈ ਦੇ ਹੱਥਾਂ ਦੀਆਂ ਚੱਕੀ ਦੇ ਪੜੂਏ ਅਰਗੀਆਂ ਖਾ-ਖਾ ਕੇ ਤਾਂ ਸਾਲ਼ੀਆਂ ਜਾਭਾਂ ਘਸ ਗਈਆਂ..? ਜੀਭ 'ਤੇ ਅੱਟਣ ਪੈਗੇ..!"
    -''ਪਿੰਡ ਬੱਝਿਆ ਨੀ, ਤੇ ਮੰਗਤੇ ਪਹਿਲਾਂ..!"
-''...............।" ਗੇਜਾ ਹੱਸ ਪਿਆ।
    -''ਤੇਰੀ ਵੀ ਓਹ ਗੱਲ ਐ, ਅਖੇ ਸੂਤ ਨਾ ਪਤਾਣ, ਜੁਲਾਹੇ ਨਾ' ਠੇਂਗੋ ਠੇਂਗੀ..!"
    -''ਸੂਤ ਪਤਾਣ ਕਾਹਤੋਂ ਨੀ..? ਜਿਹੜਾ ਵਿਚੋਲਾ ਆਇਐ, ਕੁਛ ਨਾ ਕੁਛ ਤਾਂ ਲੈ ਕੇ ਆਇਆ ਹੋਊ..? ਵਿਚੋਲਾ ਤਾਂ ਮਿੱਟੀ ਦਾ ਮਾਣ ਨੀ ਹੁੰਦਾ..! ਚੱਲ, ਚੱਲ ਕੇ ਮੂੰਹ ਸੁੰਘੀਏ..!" ਗੇਜੇ ਨੇ ਹਿੰਮਤ ਅਤੇ ਹੌਂਸਲੇ ਨਾਲ਼ ਪੱਠੇ ਰੇੜ੍ਹੀ ਵਿੱਚ ਲੱਦਣੇ ਸ਼ੁਰੂ ਕਰ ਦਿੱਤੇ। ਉਸ ਦੇ ਅੰਦਰ ਕੋਈ ਕੁਤਕੁਤੀ ਹੋਈ ਸੀ।
    -''ਚੱਲ ਪੁੱਤ ਮੇਰਿਆ, ਹੋ ਖੜ੍ਹਾ..! ਅੱਜ ਬਾਈ ਦਾ ਘਰ ਵਸਣ ਲੱਗਿਐ...!" ਉਸ ਨੇ ਰੇੜ੍ਹੀ ਕੋਲ਼ ਬੈਠੇ ਵਹਿੜ੍ਹਕੇ ਦੇ ਪਰੈਣੀ ਦੀ ਪੋਲੀ ਜਿਹੀ ਹੁੱਝ ਮਾਰੀ, ਵਹਿੜ੍ਹਕਾ ਲੱਗਦੇ ਹੱਥ ਹੀ ਖੜ੍ਹਾ ਹੋ ਗਿਆ ਅਤੇ ਉਸ ਨੇ ਕੰਨ ਹਿਲਾਏ।
    -''ਤੂੰ ਰੇੜ੍ਹੀ ਲੈ ਕੇ ਚੱਲ ਬਾਈ..! ਮੈਂ ਦੋ ਬੋਤਲਾਂ ਚੱਕ ਲਿਆਵਾਂ..! ਵਿਚੋਲੇ ਦਾ ਮੂੰਹ ਬਕਬਕਾ ਕਰਾਂਗੇ..!" ਉਹ ਖੇਤ ਵਾਲ਼ੇ ਕੋਠੇ ਵੱਲ ਨੂੰ ਭੱਜ ਲਿਆ।
    -''ਅਖੇ ਜੁਆਕ ਦਾ ਪੱਜ, ਤੇ ਬਾਬੇ ਦਾ ਰੱਜ...! ਬਚੋਲੇ ਦਾ ਤਾਂ ਇੱਕ ਬਹਾਨਾ ਈ ਐ, ਕਮਲ਼ੇ ਤਾਂ ਆਪਾਂ ਹੋਣੈਂ...!"
    -''ਤੂੰ ਤਾਂ ਜਾਣੀਂ ਜਾਣ ਐਂ, ਦਿਲਾਂ ਦੀਆਂ ਬੁੱਝਣ ਆਲ਼ਾ....।" ਭੱਜਿਆ ਜਾਂਦਾ ਗੇਜਾ ਹੱਸ ਪਿਆ।
-''ਛੇਤੀ ਆਜੀਂ...! ਕਿਤੇ 'ਕੱਲਾ ਈ ਡੁੱਘੂ ਨਾ ਲਾਉਣ ਲੱਗਪੀਂ..!" ਜੋਗੇ ਨੇ ਸੁਣਾਈ ਕੀਤੀ।
    -''ਕਾਣੀਂ ਵੰਡ ਜਮਾਂ ਨੀ ਕਰਦਾ, ਬਾਈ..! ਤੇਰੀ ਗੈਰਹਾਜਰੀ 'ਚ ਤਿੱਪ ਨੀ ਅੰਦਰ ਜਾਊ..!" ਉਹ ਭੱਜਿਆ ਜਾਂਦਾ ਕਹਿ ਰਿਹਾ ਸੀ।
    -''ਤੇਰਾ 'ਤਬਾਰ ਜਿਆ ਘੱਟ ਈ ਐ ਮੈਨੂੰ, ਦਾਰੂ ਦੇਖ ਕੇ ਕਦੇ-ਕਦੇ ਤੈਨੂੰ ਵੀ ਗਧੇ ਆਲ਼ਾ ਹੀਂਗਣਾਂ ਉਠ ਖੜ੍ਹਦੈ...!" ਜੋਗੇ ਨੇ ਰੇੜ੍ਹੀ ਤੋਰ ਲਈ। ਪਰ ਗੇਜੇ ਨੂੰ ਕੁਛ ਨਹੀਂ ਸੁਣਿਆਂ ਸੀ। ਉਹ ਦਾਰੂ ਦੇ ਚਾਅ ਵਿੱਚ ਦੁੜਕੀ ਚਾਲ ਦੂਰ ਨਿਕਲ਼ ਗਿਆ ਸੀ। ਘਰ ਦੀ ਕੱਢੀ ਦਾਰੂ ਉਸ ਨੂੰ ਘਿਉ ਵਾਂਗ ਲੱਗਦੀ ਸੀ।
    ਘਰ ਪਹੁੰਚਣ ਤੋਂ ਪਹਿਲਾਂ ਹੀ ਗੇਜਾ ਜੋਗੇ ਦੀ ਰੇੜ੍ਹੀ ਨਾਲ਼ ਆ ਰਲ਼ਿਆ।


....ਦੂਜਾ ਕਾਂਡ ਅਗਲੇ ਹਫ਼ਤੇ