Sukhpal Singh Gill

ਏਥੋਂ ਕਰਨ ਅੱਜ ਕੱਲ੍ਹ ਬਿਰਖ ਵੀ ਕਿਤੇ ਹੋਰ ਜਾਣ ਦੇ ਮਸ਼ਵਰੇ - ਸੁਖਪਾਲ ਸਿੰਘ ਗਿੱਲ

ਭਾਰਤ ਦੀ ਅਜ਼ਾਦੀ ਲਈ ਪੰਜਾਬੀਆਂ ਨੇ ਸਭ ਤੋ ਵੱਧ ਕੁਰਬਾਨੀਆਂ ਕੀਤੀਆਂ ਜੋ ਪੱਗੜੀ ਸੰਭਾਲ ਓ ਜੱਟਾ ਲਹਿਰ ਤੋਂ ਲੈ ਕੇ ਕਿਸਾਨੀ ਮੋਰਚੇ 2020—21 ਤੱਕ  ਨਿਰੰਤਰ ਬਰਕਰਾਰ ਰਹੀਆਂ।ਪੰਜਾਬ ਨੂੰ ਹਰ ਪੱਖੋਂ ਗ੍ਰਹਿਣ ਲਾਉਣ ਦੀਆਂ ਕੋਸ਼ਿਸ਼ਾਂ ਵੀ ਜਾਰੀ  ਰਹੀਆਂ ਪਰ ਸ਼ਾਨਾਂਮੱਤੀ ਇਤਿਹਾਸ ਕਾਇਮ ਰਿਹਾ।ਪੰਜਾਬੀਆਂ  ਦਾ  ਪ੍ਰਵਾਸ ਨਾਲ ਪੁਰਾਣਾ ਰਿਸ਼ਤਾ ਹੈ।1950 ਤੋਂ ਹੀ ਪੰਜਾਬੀ ਇੰਗਲੈਂਡ ਵਿੱਚ ਵਸਣ ਲੱਗ ਪਏ ਉਦੋਂ ਤਾਂ ਗੁਲਾਮੀ ਦੀ ਮਾਰ ਵੀ ਸੀ ਪਰ ਅਜ਼ਾਦੀ ਤੋਂ ਬਾਅਦ ਇੰਨੀਆਂ ਕੁਰਬਾਨੀਆਂ ਦੇਣ ਦੇ ਬਾਵਜੂਦ ਵੀ ਪੰਜਾਬ ਦੇ ਇਤਿਹਾਸ, ਭੂਗੋਲਿਕ ਸਥਿੱਤੀਆਂ, ਵਾਤਾਵਰਨ, ਆਰਥਿਕ ਪੱਖ, ਸੱਭਿਆਚਾਰਕ ਅਤੇ ਭਾਈਚਾਰਕ ਏਕਤਾ ਨੂੰ ਖਦੇੜਨ ਦੀਆਂ ਸਾਜਿਸ਼ਾਂ ਵੀ  ਚੱਲਦੀਆਂ ਰਹੀਆਂ।ਅਜ਼ਾਦੀ ਤੋਂ ਬਾਅਦ ਵੀ 01 ਨਵੰਬਰ 1966 ਨੂੰ ਪੰਜਾਬ ਫਿਰ ਟੁੱਟਿਆ ਜਿਸਦਾ ਸਿਰਜਿਆ ਸੁਪਨਾ ਵੀ ਪੰਜਾਬ , ਪੰਜਾਬੀ ਅਤੇ ਪੰਜਾਬੀਅਤ ਦੀ ਵਿਰਾਸਤ ਨੂੰ ਸਾਂਭਣ ਵਿੱਚ ਨਾਕਾਮਯਾਬ ਰਿਹਾ।ਇਹ ਮਾਮਲਾ ਅਜੇ ਲੋਕਾਂ ਦੀ ਕਚਿਹਰੀ ਵਿੱਚ ਲੰਬਿਤ ਪਿਆ ਹੈ।ਅੱਜ ਪੰਜਾਬ ਦੀ ਦਸ਼ਾ—ਦਿਸ਼ਾ ਵਿਗੜਦੀ ਜਾ ਰਹੀ ਹੈ।ਨਤੀਜਾ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਹੋ ਰਿਹਾ ਹੈ।ਮਾਪੇ ਬੇਵੱਸ ਅਤੇ ਲਾਚਾਰ ਹਨ।ਰੁਜ਼ਗਾਰ, ਸਿਹਤ ਅਤੇ ਵਿਸ਼ਵਾਸ਼ ਨਾਲ ਜੀਉਣ ਦੀ ਤਾਂਘ ਬਾਹਰਲੇ ਦੇਸ਼ਾਂ ਨੂੰ ਜਾਣ ਲਈ ਜਵਾਨੀ ਨੂੰ ਪ੍ਰੇਰਿਤ ਕਰ ਰਹੀ ਹੈ।

      ਸਮੇਂ ਦੇ ਹਾਲਾਤਾਂ ਅਤੇ ਭਵਿੱਖੀ ਤਸਵੀਰ ਨੂੰ ਸਮਝਦੇ ਹੋਏ ਪੰਜਾਬੀਆਂ ਨੇ ਬੱਚਿਆਂ ਦੇ ਭਵਿੱਖ ਵਿਦੇਸ਼ਾਂ ਵਿੱਚ ਸੁਰੱਖਿਅਤ ਸਮਝਿਆ।ਬੱਚਿਆਂ ਨੂੰ ਵਿਦੇਸ਼ ਭੇਜਣ ਤੇ ਰੁਝਾਨ ਤੋਂ ਕਿਸੇ ਸਰਕਾਰ ਨੇ ਚਿੰਤਾ ਜ਼ਾਹਰ ਨਹੀਂ ਕੀਤੀ।ਪੰਜਾਬ ਵਿੱਚ 55 ਲੱਖ ਘਰ ਹਨ।2014 ਤੋ 2021 ਤੱਕ 54.36 ਲੱਖ ਪਾਸਪੋਰਟ ਬਣੇ।ਪੰਜਾਬ ਵਿੱਚ 14 ਪਾਸਪੋਰਟ ਕੇਂਦਰ ਹਨ ਜੋ 7 ਤੋਂ 11 ਦਿਨਾਂ ਦੇ ਵਿੱਚ ਪਾਸਪੋਰਟ ਤਿਆਰ ਕਰ ਦਿੰਦੇ ਹਨ।2018 ਵਿੱਚ 60331, 2019 ਵਿੱਚ 73574, 2020 ਵਿੱਚ 33412 ਅਤੇ ਫਰਵਰੀ 2021 ਤੱਕ 5791 ਪਾਸਪੋਰਟ ਬਣੇ।ਇਸ ਪਿੱਛੇ ਪੰਜਾਬੀਆਂ ਦੀ ਸ਼ਾਨਾਂਮੱਤੀ ਅਤੇ ਠਾਠ—ਬਾਠ ਵਾਲਾ ਜੀਵਨ ਵੀ ਛੁਪਿਆ ਹੋਇਆ ਹੈ।ਰੁਜ਼ਗਾਰ ਪੱਖੋਂ ਖੁਸੇ ਪੰਜਾਬ ਨੇ ਮਾਂ ਬੋਲੀ ਪੰਜਾਬੀ ਵੀ ਵਿਸਾਰੀ।ਭਾਸ਼ਾ ਦਾ ਰੁਜ਼ਗਾਰ ਨਾਲ ਸਿੱਧਾ ਸੰਬੰਧ ਹੈ।ਸਾਡੇ ਬੱਚੇ ਅੰਗਰੇਜ਼ੀ ਵੱਲ ਤਾਂ ਹੀ ਹੋ ਰਹੇ ਹਨ ਕਿਉਂਕਿ ਉਹ ਭਵਿੱਖ ਨੂੰ ਵਿਦੇਸ਼ਾਂ ਵਿੱਚ ਸੁਰੱਖਿਅਤ ਸਮਝਦੇ ਹਨ।ਬਾਹਰੀ ਸੂਬਿਆਂ ਤੋਂ ਰੋਜ਼ੀ ਰੋਟੀ ਖਾਤਰ ਆਏ ਮਜ਼ਦੂਰ ਵੀਰ ਆਪਣੇ ਪਰਿਵਾਰਾਂ ਨੂੰ ਪੰਜਾਬ ਵਿੱਚ ਵਸਾ ਕੇ ਪੰਜਾਬੀ ਸਕੂਲਾਂ ਵਿੱਚ ਪੜ੍ਹਾ ਰਹੇ ਹਨ।ਇਸ ਸੰਬੰਧੀ ਡਾਕਟਰ ਸੁਰਜੀਤ ਪਾਤਰ ਨੇ ਲੁਧਿਆਣਾ ਦੇ ਇੱਕ ਪਿੰਡ ਦੇ ਸਕੁਲ ਵਿੱਚ ਪ੍ਰਵਾਸੀ ਵੀਰ ਦੀ ਲੜਕੀ ਪੰਜਾਬੀ ਲਿਖਦੀ ਦੇਖੀ ਤਾਂ ਇਉਂ ਨਕਸ਼ਾ ਉਲੀਕਿਆ : —
“ ਪਿੱਛੇ—ਪਿੱਛੇ ਰਿਜ਼ਕ ਦੇ ਆਇਆ ਨੰਦ ਕਿਸ਼ੋਰ,
ਚੱਲ ਕੇ ਦੂਰ ਬਿਹਾਰ ਤੋਂ ਗੱਡੀ ਬੈਠ  ਸਿਆਲਦਾ  ਨਾਲ ਬਥੇਰੇ ਹੋਰ,
ਰਾਮਕਲੀ ਵੀ ਨਾਲ ਸੀ ਸੁਘੜ ਲੁਗਾਈ ਉਸਦੀ ਲੁਧਿਆਣੇ ਦੇ ਕੋਲ ਹੀ ਇੱਕ ਪਿੰਡ ਬਾਲੇਵਾਲ ਵਿੱਚ,
ਜੜ੍ਹ ਲੱਗੀ ਤੇ ਪੁੰਗਰੀ, ਰਾਮਕਲੀ ਦੀ ਕੁੱਖ ਤੋਂ ਜਨਮੀ ਬੇਟੀ ਉਸਦੀ,
ਨਾਂ ਰੱਖਿਆਂ ਸੀ ਮਾਧੁਰੀ ਕੱਲ੍ਹ ਮੈਂ ਦੇਖੀ ਮਾਧੁਰੀ,
ਉਸੇ ਪਿੰਡ ਸਕੂਲ ਵਿੱਚ ਗੁੱਤਾਂ ਬੰਨ ਕੇ ਰੀਬਨ ਦੇ ਵਿੱਚ ਸੋਹਣੀ ਪੱਟੀ ਪੋਚ ਕੇ,
ੳ, ਅ ਲਿਖ ਰਹੀ ਸੀ, ੳ, ਅ ਲਿਖ ਰਹੀ ਸੀ।”
    
ਪੰਜਾਬੀਆਂ ਦਾ ਮਿਹਨਤੀ ਸੁਭਾਅ,ਖੱੁਲਾ ਖਾਣ—ਪੀਣ, ਭਾਈਚਾਰਕ ਏਕਤਾ ਅਤੇ ਵਾਤਾਵਰਨ ਬਲਵਾਨ ਸੀ।ਇਸਨੂੰ ‘ਬਲਿਹਾਰੀ ਕੁਦਰਤਿ ਵਸਿਆ’ ਦੇ ਫਲਸਫ਼ੇ ਤੋਂ ਵੀ ਦੂਰ ਕਰਨ ਦੀ ਕੋਸ਼ਿਸ਼ ਕੀਤੀ।ਕਈ ਰਾਜਾਂ ਵਿੱਚ ਵਾਤਾਵਰਨ ਸੰਭਾਲਣ ਲਈ ਯੋਗ ਨੀਤੀਆਂ ਤੈਅ ਹੋਈਆਂ।ਕਈ ਰਾਜਾਂ ਵਿੱਚ ਬਾਹਰੀ ਸੂਬਿਆਂ ਦੇ ਵਸਨੀਕਾਂ ਨੂੰ ਜ਼ਮੀਨ ਦਾ ਬੈਨਾਮਾ ਵੀ ਨਹੀਂ ਕੀਤਾ ਜਾਂਦਾ।ਚਲੋ ਖੈਰ ਇਸਦਾ ਮੇਲ ਪੰਜਾਬ ਨਾਲ ਕਰਵਾਉਣਾ ਵਾਜਬ ਨਹੀਂ ਹੈ।ਸਾਡੇ ਪੰਜਾਬ ਵਿੱਚ ਅਜ਼ਾਦੀ ਤੋਂ ਬਾਅਦ ਵੀ ਜੋ ਮਰਜ਼ੀ ਚੱਲੀ ਜਾਵੇ ਸਭ ਠੀਕ।
ਭੰਜਾਬ ਦੀਆਂ ਕਈ ਕਲਮਾਂ ਨੇ ਕਾਫੀ ਸਮੇਂ ਤੋ ਰੋਲਾ ਪਾਇਆ ਕਿ ਸਾਂਭੋ ਪੰਜਾਬ ਨੂੰ, ਊੜਾ, ਜੂੜਾ, ਮਾਂ ਬੋਲੀ, ਜ਼ਮੀਨ, ਸੱਭਿਆਚਾਰ ਤੇ ਭਾਈਚਾਰਕ ਏਕਤਾ ਦੀ ਰਾਖੀ ਕਰੋ।ਸੁਣੀ ਸਭ ਨੇ ਮਰਜ਼ੀ ਆਪਣੀ ਹੀ ਕੀਤੀ।ਹਾਲਾਤ ਦਿਨੋਂ—ਦਿਨ ਇਸ ਨਤੀਜੇ ਤੇ ਪੁੱਜੇ ਕਿ ਜੰਮਦੇ ਬੱਚੇ ਦਾ ਭਵਿੱਖ ਪਹਿਲਾਂ ਹੀ ਦਿੱਸਣ ਲੱਗ ਪੈਂਦਾ ਹੈ।ਭਗਵੰਤ ਮਾਨ ਦਾ ਇੱਕ ਗਾਣਾ ਹਾਲਾਤਾਂ ਅਨੁਸਾਰ ਦੂਰ ਦਰਸ਼ੀ ਰੱਖਦਾ ਹੋਇਆ ਬਿਲਕੁਲ ਢੁੱਕਵਾਂ ਹੈ :—
“ਚੱਕ ਤੇ ਟਿੱਬੇ ਲਾਤਾ ਝੋਨਾ, ਧਰਤੀ ਕਹਿੰਦੇ ਉਗਲੇ ਸੋਨਾ”
ਸਬਮਰਸੀਬਲਾਂ ਨੇ ਖਿੱਚਤਾ ਪਾਣੀ, ਫਸਲ ਬੀਜ ਲਈ ਧਰਤੀ ਖਾਣੀ,
ਰੇਹਾਂ ਪਾ ਸਪਰੇਆਂ ਮੰਡੀਆਂ ‘ਚ ਲਾਤੀਆਂ ਢੇਰੀਆਂ,
ਨੀ ਅੱਜ ਕੱਲ ਦਿਖਦੀਆਂ ਨਹੀਂ ਕਿੱਕਰਾਂ, ਟਾਹਲੀਆਂ, ਬੇਰੀਆਂ,
ਖੇਤੀ ਅੱਜ ਕੱਲ ੍ਹਬਣ ਕੇ ਰਹਿ ਗਈ ਸੋਦਾ ਮਿੱਤਰੋ ਘਾਟੇ ਦਾ,
ਅੰਨਦਾਤੇ ਨੂੰ ਫਿਕਰ ਖਾ ਗਿਆ, ਦਾਲ, ਚੀਨੀ ਤੇ ਆਟੇ ਦਾ,
ਅੱਧੋਂ ਵੱਧ ਜਵਾਨੀ ਖਾ ਲਈ ਲਾਲਚ ਖੋਰ ਕੈਮਿਸਟਾਂ ਨੇ,
ਨਸ਼ੇ ‘ਚ ਉਜੜੇ ਘਰਾਂ ਦੀਆਂ ਹੁਣ ਮਾਨਾਂ ਲੰਬੀਆਂ ਲਿਸਟਾਂ ਨੇ,
ਬਚਿਆ ਖੁਚਿਆ ਸਿਆਸਤ ਖਾ ਗਈ, ਠੱਗ ਚੋਰਾਂ ਕੋਲ ਤਾਕਤ ਆ ਗਈ,
ਫੁੱਲ ਉਗੇਂਦੀ ਧਰਤੀ ਤੇ ਉੱਗ ਪੈਣ ਨਾ ਥੋਰਾਂ, ਵਤਨ ਪੰਜਾਬ ਦੀਆਂ ਡਾਹਢੇ ਦੇ ਹੱਥ ਡੋਰਾਂ।

ਅਮਰੀਕਾ, ਕੈਨੇਡਾ, ਇੰਗਲੈਂਡ, ਯੂਰਪੀਅਨ ਅਤੇ ਅਰਬ ਵਰਗੇ ਮੁਲਕਾਂ ਵਿੱਚ ਸਾਡੇ ਮਿਹਨਤੀ ਅਤੇ ਪੜ੍ਹ—ਲਿਖੇ ਨੋਜਵਾਨ ਵਹੀਰਾਂ ਘੱਤ ਜਾ ਰਹੇ ਹਨ।2016 ਤੋਂ ਕੈਨੇਡਾ ਦਾ ਰੁਝਾਨ ਜ਼ਿਆਦਾ ਵਧਿਆ। 75 ਹਜ਼ਾਰ ਪੰਜਾਬੀ ਕੈਨੇਡਾ ਗਿਆ।ਕੈਨੇਡਾ ਨੇ 200 ਕਾਲਜ ਵਿਦੇਸ਼ੀਆਂ ਲਈ ਖੋਲੇ ਜਿਸਦਾ ਟੀਚਾ4 ਲੱਖ 94 ਹਜ਼ਾਰ ਸੀ। 2018 ਵਿੱਚ ਇੱਕ ਲੱਖ 25 ਹਜ਼ਾਰ ਵਿਦਿਆਰਥੀ ਪੰਜਾਬ ਤੋ ਕੈਨੇਡਾ ਗਿਆ।ਇਸੇ ਦੌਰਾਨ 25 ਹਜ਼ਾਰ ਵਿਦਿਆਰਥੀ ਆਸਟ੍ਰੇਲੀਆ ਗਿਆ।ਪੰਜਾਬ ਦਾ ਖਜ਼ਾਨਾ ਜਵਾਨੀ ਅਤੇ ਪੜ੍ਹਾਈ ਵਿਦੇਸ਼ਾਂ ਨੇ ਲੈ ਲਈ।ਹਰ ਸਾਲ 27 ਹਜ਼ਾਰ ਕਰੋੜ ਰੁਪਈਆ ਪੰਜਾਬੀਆਂ ਦਾ ਵਿਦੇਸ਼ੀ ਖਾਤਿਆਂ ਵਿੱਚ ਜਾਂਦਾ ਹੈ।ਕੈਨੇਡਾ ਦੀ 3 ਕਰੋੜ 60 ਲੱਖ ਅਬਾਦੀ ਹੈ।ਇਸ ਅਬਾਦੀ ਦਾ 1.3 ਫੀਸਦੀ ਪੰਜਾਬੀ ਹੈ।ਯੂਨਾਈਟਿਡ ਨੇਸ਼ਨਜ਼ ਆਫਿਸ ਆਫ ਡਰੱਗਜ਼ ਐਂਡ ਕਰਾਈਮ ਦੀ ਰਿਪੋਰਟ ਅਨੁਸਾਰ ਪੰਜਾਬ ਵਿੱਚੋਂ 20 ਹਜ਼ਾਰ ਵਿਅਕਤੀ ਹਰ ਸਾਲ ਗੈਰ ਕਾਨੂੰਨੀ ਤਰੀਕੇ ਨਾਲ ਪ੍ਰਵਾਸ ਕਰਦੇ ਹਨ।ਪੰਜਾਬ ਵਿੱਚ 90 ਲੱਖ ਦੇ ਲਗਭਗ ਬੇਰੁਜਗਾਰੀ ਦਾ ਅੰਕੜਾ ਹੈ।ਸਰਕਾਰਾਂ ਇਸ ਵਿਸ਼ੇ ਤੇ ਚਿੰਤਾ ਮੁਕਤ ਰਹੀਆਂ।
ਪੰਜਾਬ ਦੇ ਹਰ ਪੱਖੋਂ ਬਣੇ ਹਾਲਾਤਾਂ ਨੇ ਅਵਿਸ਼ਵਾਸ਼ ਅਤੇ ਵਿਵਸਥਾ ਤੇ ਯਕੀਨ ਨਾ ਰਹਿਣ ਦੀ ਭਾਵਨਾ ਬਣਾ ਦਿੱਤੀ।ਜਿਸ ਵਿੱਚੋਂ “ਚੱਲ ਉੱਡ ਚੱਲੀਏ” ਦਾ ਹਿੱਕ ਉੱਤੇ ਪੱਥਰ ਧਰ ਕੇ ਮਨ ਬਣਾਉਣਾ ਪਿਆ ਅਤੇ ਪੈਂਦਾ ਹੈ ਜੋ ਭਵਿੱਖ ਵਿੱਚ ਵੀ ਬਰਕਰਾਰ ਰਹੇਗਾ।ਇਸ ਦੋੜ ਵਿੱਚ ਇਮੀਗਰੇਸ਼ਨ ਦੀ ਲੁੱਟ ਅਤੇ ਵਪਾਰੀਕਰਨ ਦਾ ਸਾਹਮਣਾ ਕਰਕੇ ਵੀ ਪੰਜਾਬੀ ਆਪਣੇ ਹਾਲਾਤਾਂ ਦੇ ਠੀਕ ਹੋਣ ਨੂੰ ਬਿਲਕੁਲ ਵੀ ਯਕੀਨ ਨਹੀਂ ਕਰਦੇ।ਡਾਕਟਰ ਸੁਰਜੀਤ ਪਾਤਰ ਦਾ ਸੁਨੇਹਾ ਪੰਜਾਬ ਦੇ ਹਾਲਾਤਾਂ ਤੇ ਪੂਰਾ ਢੁੱਕਦਾ ਹੈ :—
“ਏਥੋਂ ਕੁੱਲ ਪਰਿੰਦੇ ਹੀ ਉੱਡ ਗਏ,
       ਏਥੋਂ ਮੇਘ ਆਉਂਦੇ ਵੀ ਮੁੜ ਗਏ,
       ਏਥੋਂ ਕਰਨ ਅੱਜ ਕੱਲ੍ਹ ਬਿਰਖ ਵੀ,
ਕਿਤੇ ਹੋਰ ਜਾਣ ਦੇ ਮਸ਼ਵਰੇ”।

ਸ਼ਾਲਾ!ਪੰਜਾਬ ਦਾ ਖੁਸਿਆ ਰੁਤਬਾ ਬਹਾਲ ਹੋ ਕੇ ਪੁਰਾਣਾ ਪੰਜਾਬ ਰੁਜ਼ਗਾਰ ਮੁਖੀ, ਤਰੱਕੀ ਵਾਲਾ ਅਤੇ ਸਮੇਂ ਦਾ ਹਾਣੀ ਬਣਨ ਵਾਲਾ ਸੂਬਾ ਬਣੇ ਜਿਸ ਵਿੱਚ ਸਾਰੇ ਪੰਜਾਬੀ ਆਰਥਿਕ, ਸੱਭਿਆਚਾਰਕ, ਧਾਰਮਿਕ, ਸਿਹਤ, ਵਾਤਾਵਰਨ ਅਤੇ ਭਾਈਚਾਰਕ ਏਕਤਾ ਪੱਖੋਂ ਮੁੜ ਬਲਵਾਨ ਬਣਨ ਤਾਂ ਜੋ ਵਿਦੇਸ਼ੀ ਨਾਗਰਿਕ ਬਣਨ ਦਾ ਰੁਝਾਨ ਰੁਕੇ।ਸ਼ੌਂਕ ਦੇ ਤੌਰ ਤੇ ਜ਼ਰੂਰ ਜਾਣ।ਤੇਰੀ ਜੈ ਪੰਜਾਬੀ ਮਾਤਾ।

ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ
98781—11445
ਦੁਬਾਰੇ ਭੇਜਿਆ

ਜਨਮ ਦਿਨ ਤੇ ਵਿਸ਼ੇਸ਼ :  ਸੱਭਿਆਚਾਰ ਦੀ ਗੂੰਜਦੀ ਆਵਾਜ਼ — ਸੁਰਿੰਦਰ ਕੌਰ - ਸੁਖਪਾਲ ਸਿੰਘ ਗਿੱਲ

ਸੱਭਿਆਚਾਰ ਮਨੁੱਖ ਦੁਆਰਾ ਸਿਰਜੀ ਜੀਵਨ ਜਾਂਚ ਨੂੰ ਕਹਿੰਦੇ ਹਨ । ਇਹ ਕਿਸੇ ਸਮਾਜ ਵਿੱਚ ਗਹਿਰਾਈ ਤੱਕ ਬਿਆਪਤ ਗੁਣਾਂ ਦੇ ਸਮੱ[ਚ ਦਾ ਨਾਮ ਹੈ , ਜੋ ਉਸ ਸਮਾਜ ਦੇ ਸੋਚਾਂ , ਵਿਚਾਰਨ , ਕਾਰਜਕਰਨ , ਖਾਣ ਪੀਣ , ਬੋਲਣ , ਨਾਚ, ਗਾਉਣ , ਸਾਹਿਤ , ਕਲਾ ਆਦਿ ਵਿੱਚ ਰੂਪਮਾਨ ਹੁੰਦਾ ਹੈ । ਲੋਕ ਗੀਤਾਂ ਰਾਹੀਂ ਸੱਭਿਆਚਾਰ ਦੀ ਖੁਸ਼ਬੂ ਨੂੰ ਵਿਗਾੜਨ ਦੀ ਬਜਾਏ ਸਾਂਭ ਕੇ ਰੱਖਣ ਦੀ ਜ਼ਰੂਰਤ ਹੈ । ਕਿਸੇ ਪ੍ਰਸਿੱਧ ਦਾਰਸ਼ਨਿਕ ਨੇ ਕਿਹਾ ਸੀ , " ਤੁਸੀਂ ਮੈਨੂੰ ਕਿਸੇ ਸਮਾਜ ਦੇ ਪੰਜ ਗੀਤ ਸੁਣਾ ਦਿਓ , ਮਂ? ਤੁਹਾਨੂੰ ਉਸ ਸਮਾਜ ਦੀਆਂ ਪੀੜ੍ਹੀਆਂ ਦਾ ਭਵਿੱਖ ਦੱਸ ਸਕਦਾ ਹਾਂ " ਸੱਭਿਆਚਾਰ ਨੂੰ  ਇਤਿਹਾਸਿਕ ਬਣਾਉਣ ਲਈ ਲੇਖਕ ਦੀ ਵੱਡੀ ਭੂਮਿਕਾ ਹੁੰਦੀ ਹੈ । ਜਾਰਜ ਬਰਨਾਡ ਸ਼ਾਹ ਨੇ ਲਿਖਿਆ ਸੀ " ਜਿਹੜਾ ਆਦਮੀ ਲੋਕਾਂ ਬਾਰੇ ਅਤੇ ਸਾਰੇ ਸਮਿਆਂ  ਬਾਰੇ ਲਿਖਦਾ ਹੈ ਉਹ ਸੱਚਾ ਲੇਖਕ ਹੈ " । ਸੱਚਾ ਲੇਖਕ ਹੀ ਗਾਇਕ ਨੂੰ ਸੱਭਿਆਚਾਰਕ ਸ਼ਬਦਾਵਲੀ ਦਿੰਦਾ ਹੈ । ਸਿਆਣੇ ਗਾਇਕ ਦੀ ਨਿਸ਼ਾਨੀ ਹੀ  ਸੱਭਿਆਚਾਰਕ ਅਤੇ ਸਦਾ ਜੀਉਂਦੇ ਰਹਿਣ ਵਾਲੇ ਗੀਤ ਗਾਉਣ ਕਰਕੇ ਹੀ ਹੁੰਦੀ ਹੈ ।
        ਆਦਿ ਕਾਲ ਤੋਂ  ਅੱਜ ਤੱਕ ਦੇਖਿਆ ਜਾਵੇ ਤਾਂ ਗਾਇਕਾਂ ਨੇ ਸੱਭਿਆਚਾਰ ਨੂੰ ਫਰਸ਼ ਤੋਂ ਅਰਸ਼ ਤੱਕ ਅਤੇ ਅਰਸ਼ ਤੋਂ ਫਰਸ਼ ਤੱਕ ਲਿਆਦਾ ਹੈ । ਕਿਹਾ ਜਾਂਦਾ ਹੈ " ਗੁਲਾਬ ਦੀ ਕੀਮਤ ਉਸਦੀ ਖੁਸ਼ਬੂ  ਲਈ ਹੁੰਦੀ ਹੈ , ਇਸੇ ਤਰ੍ਹਾਂ ਬੰਦੇ ਦੀ ਕੀਮਤ ਵੀ ਉਸਦੀ ਸਖਸ਼ੀਅਤ ਲਈ ਹੁੰਦੀ ਹੈ "  ਅੱਜ ਤੱਕ ਦੇ ਹਲਾਤਾਂ ਨੂੰ ਸੇਧ ਦੇਣ ਲਈ ਮਾਣ ਮੱਤੀ ਗਾਇਕਾ ਸੁਰਿੰਦਰ ਕੌਰ ਆਪਣੇ ਗੀਤਾਂ ਅਤੇ ਆਵਾਜ਼ ਨਾਲ ਗੂੰਜਦੀ ਹੈ । ਪਹਿਲੀ ਕਿਲਕਾਰੀ ਨਾਲ 25 ਨੰਵਬਰ 1929 ਨੂੰ ਜਨਮ ਤੋਂ 15 ਜੂਨ 2006 ਤੱਕ 77 ਵਰੇ੍ਹ ਇਹ ਸੁਰੀਲੀ ਕੋਇਲ ਸੱਭਿਆਚਾਰ ਦੇ ਬਾਗਾਂ ਵਿੱਚ ਖੁਸ਼ਬੂ ਦਿੰਦੀ ਰਹੀ । ਅੱਜ ਜ਼ਮਾਨੇ ਨੇ ਇਸ ਖੇਤਰ ਵਿੱਚ ਹੁੰਦੇ ਕਿੰਤੂ ਪ੍ਰੰਤੂ ਦੇਖਕੇ  ਅਜਿਹੀ ਗਾਇਕਾਂ ਨੂੰ ਦੁਬਾਰੇ ਚੇਤੇ ਕਰਨਾ ਸ਼ੁਰੂ ਕਰ ਦਿੱਤਾ ਹੈ । ਸਾਡੇ ਵਿੱਚ ਇੱਕ ਕਮੀ ਵੀ ਰਹੀ ਕਿ ਅਸੀਂ ਵੀ ਕੀਮਤ ਮਰਨ ਤੋਂ ਬਾਅਦ ਹੀ ਪਾਈ ।
 ਪੰਜਾਬ ਦੀ ਇਸ ਕੋਇਲ ਗਾਇਕਾ ਦੀ ਧੀ ਡੋਲੀ ਗਲੇਰੀਆ ਨੇ ਕਿਸਾਨ ਅੰਦੋਲਨ ਵਿੱਚ 16 ਸਾਲ ਬਾਅਦ ਦਰਦ ਫਰੋਲਦੇ ਹੋਏ ਕਿਹਾ ਕਿ ਸਾਡੀ ਮਾਂ ਨੂੰ ਪਦਮਸ਼੍ਰੀ ਵੀ  ਹਰਿਆਣਾ ਨੇ ਦਿੱਤਾ । ਗਾਇਕੀ ਦੇ ਖੇਤਰ ਵਿੱਚ ਸੱਭਿਆਚਾਰਕ ਅਤੇ ਮਾਂ ਬੋਲੀ ਦੀ ਸੇਵਾ ਪੰਜਾਬੀਅਤ ਲਈ ਕੀਤੀ । ਧੀ ਨੇ ਦੁੱਖ ਇੱਥੋਂ ਤੱਕ ਦੱਸਿਆ ਕਿ ਉਸਦੀ ਮਰਨ ਦੀ ਇੱਛਾ ਪੰਜਾਬ ਵਿੱਚ ਸੀ ਪਰ ਫਿਰ ਵੀ ਪੰਜਾਬ ਨੇ ਉਸਦੀ ਸਾਰ ਨਹੀਂ ਲਈ ।
                                             ਪੰਜਾਬੀ ਸੱਭਿਆਚਾਰ ਦੇ ਅੰਗ ਢੋਲਾ , ਮਾਹੀਆ , ਭਾਬੋ , ਡੋਲੀ  ਲਈ ਦਿਲ ਟੁੰਬਵੇਂ  ਸੁਨੇਹੇ ਦਿੱਤੇ ਜੋ ਅੱਜ ਤੱਕ ਵੀ ਖੁਸ਼ਬੂ ਦਿੰਦੇ ਹਨ । ਪਰ ਇਹਨਾਂ ਨੂੰ ਘਸਮੈਲੇ ਕਰਨ ਦਾ ਵਰਕਾ ਵੀ ਨਾਲ ਦੀ ਨਾਲ ਖੁਲ ਗਿਆ ।  ਧੀ ਨੂੰ ਦਰਵਾਜ਼ੇ ਤੋਂ ਡੋਲੀ ਤੋਰਨ ਤੱਕ ਹੰਝੂ ਪੁੰਝਣ ਵਾਲਾ ਸੁਨੇਹਾ ਵੀ  ਮੱਧਮ ਪਿਆ ਹੈ ਪਰ ਮਾਂ ਪਿਓ ਦਾ ਧੀ ਲਈ ਪਿਆਰ ਸੁਰਿੰਦਰ ਕੌਰ ਮੁਤਾਬਿਕ ਹੀ ਚੱਲ ਰਿਹਾ ਹੈ ।
"  ਅੱਜ ਦੀ ਦਿਹਾੜੀ ਰੱਖ ਡੋਲੀ ਨੀ ਮਾਏ   "
                                                  ਸੱਸ ਨੂੰ ਹਊੁਆ ਬਣਾ ਕੇ  ਪੇਸ਼ ਕਰਨ ਵਾਲਿਆਂ ਨੂੰ ਸੁਰਿੰਦਰ ਕੌਰ ਕਰਾਰਾ ਜਵਾਬ ਇਓਂ ਦੇ ਰਹੀ ਹੈ ।
" ਮਾਂਵਾ ਲਾਡ ਲਡਾਵਣ  ਧੀ ਵਿਗਾੜਨ ਲਈ , ਸੱਸਾਂ ਦੇਵਣ ਮੱਤਾਂ ਉਮਰ ਸਵਾਰਨ ਲਈ    "
 ਧੀ ਪ੍ਰਤੀ  ਜ਼ਿਆਦਾ ਜਾਗਰੂਕ ਹੁੰਦੀ ਸਦਾ ਬਹਾਰ ਅਤੋ ਸੱਭਿਆਚਾਰ ਦੀ ਮਲਿਕਾ ਇਸ ਗਾਇਕ ਨੇ ਇਓਂ ਰੂਪਮਾਨ ਕੀਤਾ ਹੈ
 " ਡਾਚੀ ਵਾਲਿਆ ਮੋੜ ਮੋਹਾਰ ਵੇ , ਸੋਹਣੀ ਵਾਲਿਆ ਲੈ ਚੱਲ ਨਾਲ ਵੇ    "  
ਅੱਜ ਭਾਵੇਂ ਅਜਿਹੀ ਗਾਇਕਾ ਦਾ ਸਾਹਿਤ ਸਾਂਭਿਆ ਹੋਇਆ ਹੈ , ਪਰ ਉਸਦੀ ਮਹਿਕ ਨੂੰ ਕੁਝ  ਮਾਣ ਮੱਤੇ ਗਾਇਕਾਂ ਨੇ ਜੀਉਂਦਾ ਰੱਖਿਆ ਹੋਇਆ ਹੈ । ਸ਼ਰੀਰ ਕਰਕੇ ਭਾਂਵੇ ਸਾਡੇ ਵਿੱਚ ਨਹੀਂ ਹੈ , ਪਰ ਸੱਭਿਆਚਾਰ ਦੀ ਆਵਾਜ਼ ਅਤੇ ਸੁਰੀਲੀ ਆਵਾਜ਼ ਕਰਕੇ ਸਾਨੂੰ ਭਵਿੱਖ ਮੁੱਖੀ ਸੁਨੇਹੇ ਦਿੰਦੀ ਹੋਈ ਅੱਜ ਵੀ  ਜੀਉਂਦੀ ਲੱਗਦੀ ਹੈ ।

ਸੁਖਪਾਲ ਸਿੰਘ ਗਿੱਲ
9878111445
ਅਬਿਆਣਾ ਕਲਾਂ  ।

ਮਿਲਾਵਟ ਖੋਰੀ - ਸੁਖਪਾਲ ਸਿੰਘ ਗਿੱਲ

ਅੱਜ ਸਿਹਤ ਦੇ ਪੱਖ ਨਾਲ ਖਿਲਵਾੜ ਹੋਣ ਲਈ ਮਿਲਾਵਟ ਖੋਰੀ ਸਭ ਤੋਂ ਅੱਗੇ ਹੈ । ਕਾਰਨ ਸਪੱਸ਼ਟ ਹੈ ਕਿ ਮਿਲੀਭੁਗਤ ਅਤੇ ਢਿੱਲੀ ਕਾਰਗੁਜ਼ਾਰੀ ਇਸ ਧੰਦੇ ਨੂੰ ਉੱਤਸ਼ਾਹਿਤ ਕਰਦੇ ਹਨ । ਇਸ ਵਿੱਚੋਂ ਭ੍ਰਿਸ਼ਟਾਚਾਰ ਦੀ ਬਦਬੂ ਆਉਂਦੀ ਹੈ । ਮਿਲਾਵਟ ਖੋਰੀ ਨਾਲ ਮਨੁੱਖੀ ਜੀਵਨ ਨੂੰ ਖਤਰਿਆਂ ਦੀਆਂ ਸੁਰਖੀਆਂ ਰਹਿੰਦੀਆਂ ਹਨ ।ਪਰ ਪੁਖਤਾ ਇੰਤਜਾਮ ਜ਼ੀਰੋ ਹਨ ।
                  ਬਜ਼ਾਰ ਵਿੱਚ ਦਵਾਈਆਂ ਨਾਲ ਪੱਕੇ ਫਲ ਸਬਜ਼ੀਆਂ ਜ਼ਹਿਰਾਂ ਵਰਤਾ ਰਹੀਆਂ ਹਨ  । ਬੇਮੌਸਮੀ ਚੀਜ਼ਾ ਦੀ ਭਰਮਾਰ ਵੀ ਰਹਿੰਦੀ ਹੈ ।ਇਸ ਲਈ ਵੀ ਮਿਲਾਵਟ ਖੋਰੀ ਜ਼ਿੰਮੇਵਾਰ ਹੁੰਦੀ ਹੈ । ਨਿੱਤ ਦਿਨ ਸ਼ੋਸ਼ਲ ਮੀਡੀਆ ਤੇ ਮਿਲਾਵਟ ਖੋਰੀ ਦੀਆਂ ਝਲਕਾਂ ਦਿਖਦੀਆਂ ਰਹਿੰਦੀਆਂ ਹਨ । ਇਹਨਾਂ ਨੂੰ ਕੂੜ - ਕੁਆੜ ਸਮਝ ਕੇ ਪਰੇ ਸੁੱਟਣ ਦੀ ਬਜਾਏ ਤਹਿ ਤੱਕ ਜਾਣ ਦੀ ਲੋੜ ਹੈ  । ਸੱਚ ਜਨਤਾ ਸਾਹਮਣੇ ਆਉਣਾ ਚਾਹੀਦਾ ਹੈ ।
                               ਹੈਰਾਨੀ ਦੀ ਗੱਲ ਹੈ ਕਿ ਲੋਕਾਂ ਨੂੰ ਜ਼ਹਿਰ ਰੂਪੀ ਸ਼ਰਾਬ ਵੀ ਸ਼ੁੱਧ ਨਹੀਂ ਮਿਲਦੀ । ਸ਼ਰਾਬ ਵਿੱਚ ਕੈਪਸੂਲ ਅਤੇ ਕੈਮੀਕਲਾਂ ਦੀ ਮਿਲਾਵਟ ਨਾਲ ਮਨੁੱਖੀ ਜਾਨਾਂ ਨੂੰ ਦੁੱਗਣਾ ਖਤਰਾ ਹੁੰਦਾ ਹੈ । ਪੀਣ ਵਾਲੇ ਪਦਾਰਥਾਂ ਵਿੱਚ ਅਤੇ ਮਿਠਾਈਆਂ ਵਿੱਚ ਮਿਲਾਵਟ ਖੋਰੀ ਬਹੁਤੀ ਵਾਰੀ ਖਾਣ ਸਾਰ ਹੀ ਪਤਾ ਲੱਗ ਜਾਂਦੀ ਹੈ । ਇੱਕ ਵਾਰ ਮਿਲਾਵਟੀ ਚੀਜ਼ ਖਾਣ ਨਾਲ ਸ਼ਰੀਰ ਇੰਨ੍ਹਾਂ ਪ੍ਰਭਾਵਿਤ ਹੁੰਦਾ ਹੈ ਜਿੰਨਾਂ ਚਲਦੇ ਘਰਾਟ ਵਿੱਚ ਗਟਾ ਫਸਣ ਨਾਲ
ਘਰਾਟ। ਮਿਲਾਵਟ ਖੋਰੀ ਸਿਹਤ ਅਤੇ ਆਰਥਿਕ ਪੱਖ ਨੂੰ ਡਾਵਾਂ - ਡੋਲ ਰੱਖਦੀ ਹੈ ।
          ਲੋਕਾਂ ਦੀ ਜਾਨ ਲਈ ਵੇਲਾ ਬੀਤਣ ਤੋਂ ਬਾਅਦ ਜਾਗਣ ਦਾ ਸੁਭਾਅ ਤਿਆਗਣਾ ਪਵੇਗਾ । ਇਸ ਮਿਲਾਵਟ ਖੋਰੀ ਦੈਂਤ ਨਾਲ ਕਿਸੇ ਕਿਸਮ ਦਾ ਸਮਝੋਤਾ ਨਹੀਂ ਚਾਹੀਦਾ । ਇਸ ਖੇਤਰ ਵਿੱਚ ਜ਼ੀਰੋ ਪ੍ਰਤੀਸ਼ਤ ਸਹਿਣਸ਼ੀਲਤਾ ਵੀ
ਨਹੀਂ ਹੋਣੀ ਚਾਹੀਦੀ । ਮਿਲਾਵਟ ਖੋਰੀ ਦੇ ਦੋਸ਼ੀਆਂ ਨੂੰ ਮਿਸਾਲੀ ਅਤੇ ਤੁਰੰਤ ਸਜ਼ਾ ਦਾ ਉਪਬੰਧ ਹੋਣਾ ਚਾਹੀਦਾ ਹੈ , ਤਾਂ ਜੋ ਇਸ ਘਾਤਕ ਮਰਜ਼ ਤੋਂ ਲੋਕਾਂ ਨੂੰ ਨਿਜਾਤ ਮਿਲ ਸਕੇ । ਇਸ ਖੇਤਰ ਵਿੱਚ ਸਰਕਾਰ ਵਲੋਂ ਕੀਤੀ ਤੁਰੰਤ ਪਹਿਲ ਕਿਸੇ ਪੁੰਨ ਕਰਮ ਤੋਂ ਘੱਟ ਨਹੀਂ ਹੋਵੇਗੀ ।
                     ਜਦੋਂ ਮਿਲਾਵਟ ਖੋਰੀ ਦੀਆਂ ਮਿਸਾਲਾਂ ਬਿਨਾਂ ਰੋਕ ਟੋਕ ਤੋਂ  ਮਿਲਦੀਆਂ ਹਨ ਤਾਂ ਸਾਡੀ ਵਿਵਸਥਾ ਦਾ ਮੂੰਹ ਚਿੜਾਉਂਦੀਆਂ ਹਨ । ਅੱਜ ਭੱਖਦਾ ਮਸਲਾ ਹੈ ਕਿ ਮਿਲਾਵਟ ਖੋਰੀ ਨੂੰ ਰੋਕਣ ਲਈ ਸਖਤ ਅਤੇ ਛੇਤੀ ਕਦਮ ਪੁੱਟੇ ਜਾਣ , ਦੇਰ ਪਹਿਲਾਂ ਹੀ ਬਹੁਤ ਹੋ ਚੁੱਕੀ ਹੈ । ਇਸ ਦੈਂਤ ਨੂੰ ਨੱਥ ਪੈਣ ਨਾਲ ਸਰਕਾਰ  ਲੋਕ ਵਿਸ਼ਵਾਸ ਜਿੱਤ ਕੇ ਨਵਾਂ ਅਧਿਆਏ ਸ਼ੁਰੂ ਕਰ ਸਕਦੀ ਹੈ ।

ਸੁਖਪਾਲ ਸਿੰਘ ਗਿੱਲ
9878111445
ਅਬਿਆਣਾ ਕਲਾਂ

ਮਾਂ ਧਰਤੀ - ਸੁਖਪਾਲ ਸਿੰਘ ਗਿੱਲ

ਜਿਸ ਧਰਤੀ ਨੂੰ ਮਾਤਾ ਆਖਾਂ ,
ਉੱਥੇ ਚੋਰ ਮਸੇਰੇ ਫਿਰਦੇ ।
ਹੱਕ ਲੈਣ ਲਈ ਆਪਣੇ—ਆਪਣੇ ,
ਧਾਹਾਂ ਮਾਰ ਬਥੇਰੇ ਫਿਰਦੇ ।
ਕਹਿੰਦੇ ਫਿਰਦੇ ਲੋਕਾਂ ਤੰਤਰ ,।
ਝੂਠੀ—ਮੂਠੀ ਤੇਰੇ ਫਿਰਦੇ ।
ਲੋਕਾਂ ਨੂੰ ਦਬਾਈ ਰੱਖਦੇ ,
ਡਾਂਗਾਂ ਲਈ ਸਵੇਰੇ ਮਿਲਦੇ ।
ਸਾਡੀ ਮਾਤਾ ਲੁੱਟੀ ਜਿਸਨੇ ,
ਉਹੀ ਕਰਨ ਨਬੇੜੇ ਫਿਰਦੇ ।
 ਪੁੱਤਰ ਤੇਰਾ ਜਾਗ ਪਿਆ ਏ ,
ਨਾ ਘਬਰਾਈਂ ਹੁਣ ਨੀ ਮੁੜਦੇ ।
ਮਾਂ ਭਾਰਤ ਦਾ ਪੁੱਤ ਪੰਜਾਬੀ ,
ਰੱਖੂ ਤੇਰੇ ਚਿਹਰੇ ਖਿੜ੍ਹਦੇ ।
ਤੈਨੂੰ ਮਾੜੀ ਇੱਕੋ ਲੱਗਦੀ ,
ਛੇੜਿਆ ਨਾਲ ਹੀ ਛੇੜੇ ਛਿੜਦੇ ।
ਜਾਤ ਪੰਜਾਬੀ ਕੱਠੀ ਹੋਈ ,
ਝਗੜੇ ਆਪ ਨਬੇੜੀ ਫਿਰਦੇ ।
ਤੇਰੀ ਜੈ ਪੰਜਾਬੀ ਮਾਤਾ ,
ਰਾਗ ਗੁਣਾਂ ਦੇ ਛੇੜੀ ਫਿਰਦੇ ।
124 ਵਿੱਚੋਂ 94 ਦਿੱਤੇ  ,
ਸਿਰ ਤੇਰੇ ਤੇ ਤਾਜ ਜੋ ਖਿੜ੍ਹਦੇ ।
ਮਾਂ ਮੇਰੀ ਪੰਜਾਬੀ ਬੋਲੀ  ,
ਤਾਂ ਹੀ ਸਾਨੂੰ ਜੋਸ਼ ਵਸੀਲੇ ਮਿਲਦੇ ।

ਸੁਖਪਾਲ ਸਿੰਘ ਗਿੱਲ
9878111445
 ਅਬਿਆਣਾ ਕਲਾਂ

ਖੇਤੀ ਵੀ ਇੱਕ ਧਰਮ ਹੈ - ਸੁਖਪਾਲ ਸਿੰਘ ਗਿੱਲ

ਪਿੰਡਾਂ ਦੇ ਜੀਵਨ ਵਿਚ ਨਸੀਹਤ ਦੇਣ ਲਈ ਖੇਤ ਅਤੇ ਖੇਤੀ ਤੇ ਆਧਾਰਿਤ ਕਈ ਅਖਾਣਾਂ ਦਾ ਆਗਾਜ਼ ਹੋਇਆ ਹੈ। ਇਹ ਅਖਾਣਾਂ ਨਿਰੰਤਰ ਨਸੀਹਤ ਦੇ ਰਹੀਆਂ ਹਨ। ਖੇਤੀ ਆਦਿ ਕਾਲ ਤੋਂ ਸਾਡਾ ਜੀਵਨ ਨਿਰਬਾਹ ਹੈ। ਖੇਤੀ ਨਾਲ ਹੀ ਸਾਡਾ ਸੱਭਿਆਚਾਰ ਝਲਕਦਾ ਹੈ। ਪੰਜਾਬੀ ਲੋਕ ਸਮੂਹ ਦੁਆਰਾ ਸਿਰਜੀ ਵਿਸ਼ੇਸ਼ ਜੀਵਨ ਜਾਂਚ ਜਿਸ ਵਿੱਚ ਲੋਕਾਂ ਦਾ ਰਹਿਣ-ਸਹਿਣ,ਕਿੱਤੇ, ਰਸਮਾਂ ਤੇ ਪਹਿਰਾਵਾ ਹੁੰਦਾ ਹੈ ਇਸੇ ਨੂੰ ਹੀ ਸੱਭਿਆਚਾਰ ਕਿਹਾ ਜਾਂਦਾ ਹੈ।ਸਾਡੇ ਇਸ ਸੱਭਿਆਚਾਰ ਨੂੰ ਖੇਤੀ ਦਾ ਗੂੜ੍ਹਾ ਰੰਗ ਚੜਿਆ ਹੋਇਆ ਹੈ।ਇਸ ਪਵਿੱਤਰ ਕਿੱਤੇ ਉਤੇ ਸਾਡਾ ਭਵਿੱਖ ਅਤੇ ਸਿਹਤ ਟਿਕੀ ਹੋਈ ਹੈ। ਖੇਤੀ ਤੇ ਆਧਾਰਿਤ ਸਾਡੀਆਂ ਰਸਮਾਂ ਅਤੇ ਪਹਿਰਾਵੇ ਬਣਦੇ ਗਏ।
    ਖੁਸੇ ਮਿਹਨਤੀ ਸੁਭਾਅ ਨੂੰ ਸਾਡੇ ਸੱਭਿਆਚਾਰ ਵਿੱਚ ਉਪਜੇ ਬੁਰੇ ਗਾਣਿਆਂ ਨੇ ਮਾਨਤਾ ਦਿੱਤੀ ਹੈ। ਝੂਠੇ ਜਿਹੇ ਨਜ਼ਾਰੇ ਸਬਜ਼ਬਾਗ ਦਿਖਾ ਕੇ ਖੇਤ,ਖੇਤੀ ਅਤੇ ਕਿਸਾਨੀ ਨੂੰ ਕੁਰਾਹੇ ਪਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਫਸਲਾਂ ਦਾ ਘੱਟ ਮੁੱਲ, ਬੀਜਾਂ, ਖੇਤੀ ਸੰਦਾਂ, ਖਾਦ,ਬਿਜਲੀ ਦਾ ਵੱਧ ਮੁੱਲ ਖੁਦਕੁਸ਼ੀਆਂ ਨੂੰ ਆਵਾਜ਼ਾਂ ਮਾਰ ਰਿਹਾ ਹੈ। ਇਸ ਨਾਲ ਪਵਿੱਤਰ ਕਿੱਤਾ ਖੇਤੀ ਮੈਲਾ ਹੋ ਰਿਹਾ ਹੈ। ਇਕ ਸਮਾਂ ਸੀ ਜਦੋਂ ਖੇਤੀ ਦਾ ਕਿੱਤਾ ਸਭ ਕੁਝ ਘਰੋਂ ਪੈਦਾ ਕਰਕੇ ਸਾਦਗੀ ਅਤੇ ਤੰਦਰੁਸਤੀ ਵਾਲੀ ਜ਼ਿੰਦਗੀ ਜਿਉਂਦਾ ਸੀ। ਲੈ ਨੱਠ ਵਿਚ ਲੋੜੋਂ ਵੱਧ ਅਤੇ ਸਿਫਾਰਿਸ਼ ਤੋਂ ਵੱਧ ਜ਼ਹਿਰਾਂ ਖਾਦਾਂ ਨੇ ਤਰ੍ਹਾਂ-ਤਰ੍ਹਾਂ ਦੇ ਝੰਜਟ ਪੈਦਾ ਕੀਤੇ। ਇਸ ਬਾਰੇ ਬਹੁਤ ਰੌਲਾ ਰੱਪਾ ਪਾਇਆ ਗਿਆ। ਪਰ ਜਦੋਂ ਨਾਂਹ ਪੱਖੀ ਅਤੇ ਮਾਰੂ ਪ੍ਰਭਾਵ ਪੈਣੇ ਸ਼ੁਰੂ ਹੋਏ ਤਾਂ ਹੁਣ ਅੱਖ ਖੁੱਲ੍ਹੀ ਲੱਗਦੀ ਹੈ।ਇਸ ਖੁੱਲ੍ਹੀ ਅੱਖ ਵਿਚ ਪਛਤਾਵਾ ਵੀ ਨਜ਼ਰ ਆਉਂਦਾ ਹੈ।
    ਅੰਨਦਾਤੇ ਦੇ ਖਿਤਾਬੀ ਰੂਪ ਨੂੰ ਖੁਦ ਸਹੇੜੀਆਂ ਆਦਤਾਂ, ਸਰਕਾਰੀ ਅਤੇ ਕੁਦਰਤੀ ਮਾਰਾਂ ਨੇ ਦਾਤੇ ਦਾ ਉਲਟ ਰੂਪ ਪੇਸ਼ ਕੀਤਾ ਹੈ। ਜਦੋਂ ਵੀ ਲੋਕਾਂ ਦੀਆਂ ਸੱਥਾਂ ਸਰਕਾਰੀ ਦਾਅਵੇ ਘੋਖੀਏ ਤਾਂ ਗੇਂਦ ਅੰਨਦਾਤੇ ਦੇ ਪਾੜੇ ਵੱਲ ਮੁੜ ਜਾਂਦੀ ਹੈ। ਖੇਤੀ ਖੇਤਰ ਦੀ ਵੱਡੀ ਘਾਟ ਇਹ ਹੈ ਕਿ ਆਪਣੀ ਗੱਲ ਰੱਖਣ ਅਤੇ ਮੰਨਵਾਉਣ ਲਈ ਜਥੇਬੰਦ ਨਹੀਂ ਹੋ ਸਕਦੇ। ਜ਼ਮੀਨਾਂ ਲੀਰੋ ਲੀਰ ਹੋਈਆਂ ਸੁਭਾਅ ਆਦਤਾਂ ਉਹੀ ਰਹਿ ਗਈਆਂ। ਆਪਣੇ ਲਈ ਵੀ ਜੈਵਿਕ ਅਤੇ ਫਸਲੀ ਵਿਭਿੰਨਤਾ ਨਹੀਂ ਅਪਣਾ ਸਕੇ। ਘੱਟੋ-ਘੱਟ ਰਸੋਈ ਵੀ ਜ਼ਹਿਰ ਮੁਕਤ ਖਾਦ ਪਦਾਰਥਾਂ ਨਾਲ ਨਹੀਂ ਚਲਾ ਸਕੇ। ਘਰੇਲੂ ਬਗੀਚਿਆਂ ਵੱਲ ਵੀ ਉਤਸ਼ਾਹਿਤ ਨਹੀਂ ਹੋਏ।ਖੇਤੀ ਖੇਤਰ ਦੀਆਂ ਬਹੁਤ ਸਾਰੀਆਂ ਸੁਧਾਰਵਾਦੀ ਨੀਤੀਆਂ ਨੂੰ ਸੋਚਣ ਸਮਝਣ ਅਤੇ ਹੰਢਾਉਣ ਦਾ ਮੌਕਾ ਤਾਂ ਮਿਲਦਾ ਹੈ ਪਰ ਮਜਬੂਰੀ ਨੇ ਘੇਰ ਘੇਰ ਕੇ ਉਸੇ ਖੁੰਡੇ ਕੋਲ ਖੜ੍ਹਨ ਦਾ ਮਨ ਬਣਾ ਰੱਖਿਆ ਹੈ।
    ਖੇਤੀ ਦੇ ਸਹਾਇਕ ਧੰਦੇ ਕੁਝ ਜੇਬ ਹਰੀ ਰੱਖਦੇ ਹਨ, ਪਰ ਇਹ ਕਿਤੇ ਸਮੇਂ ਦੀ ਪਾਬੰਦੀ ਅਤੇ ਘਰੇਲੂ ਗੁਲਾਮੀ ਨੂੰ ਪੱਲੇ ਪਾਉਂਦੇ ਹਨ। ਇਹ ਦੋਵੇਂ ਤੱਥ ਸਾਡੇ ਸੁਭਾਅ ਵਿਚੋਂ ਮਨਫੀ ਹੋ ਚੁੱਕੇ ਹਨ। ਸਿਆਣਿਆਂ ਦੀ ਕਹਾਵਤ ਸੀ " ਪਰ ਹੱਥ ਵਣਜ ਸਨੇਹੀ ਖੇਤੀ, ਕਦੇ ਨਾ ਹੁੰਦੇ ਬੱਤੀਓ ਤੇਤੀ"। ਆਮ ਕਿਹਾ ਜਾਂਦਾ ਸੀ ਕਿ ਖੇਤ ਬੰਨਾ ਖਸਮ ਨੂੰ ਉਡੀਕਦਾ ਰਹਿੰਦਾ  ਹੈ। ਅੱਜ ਨਵੀਂ ਪੀੜ੍ਹੀ ਇਸ ਬੰਨੇ ਜਾਣ ਨੂੰ ਤਿਆਰ ਨਹੀਂ ਫਾਲਤੂ ਦੇ ਸ਼ੌਕ ਅਤੇ ਮੋਬਾਈਲ ਵਿਚ ਸਮਾਂ ਬਰਬਾਦ ਕਰਦੇ ਹਨ। ਕਿਰਸਾਨ ਦੀ ਪੇਂਡੂ ਸੱਥਾਂ ਵਿਚ ਉਦਾਹਰਨ ਇਸ ਤਰ੍ਹਾਂ ਦਿੱਤੀ ਜਾਂਦੀ ਸੀ ਕਿ ਜੇ ਕਿਰਸ ਹੈ ਤਾਂ ਆਣ ਹੈ। ਖੇਤੀ ਖਸਮਾਂ ਸੇਤੀ ਦਾ ਸਿਧਾਂਤ ਵੀ ਪਿਛਲਖੁਰੀਆਂ ਮੁੜ ਚੁਕਿਆ ਹੈ।
    ਖੇਤੀ ਨੂੰ ਲੱਗੀ ਨਜ਼ਰ ਨੇ ਕਿਸਾਨ ਦਾ ਮੁਹਾਂਦਰਾ ਗਲਤ ਪੇਸ਼ ਕੀਤਾ ਹੈ। ਜਿਣਸ ਦੀ ਘੱਟ ਕੀਮਤ ਕਿਸਾਨ ਲਈ ਮਾਰੂ ਕੁਦਰਤ ਦੀ ਮਾਰ ਕਿਸਾਨ ਲਈ ਮਾਰੂ ਖੇਤੀ ਦੀਆਂ ਸਹਾਇਕ ਚੀਜ਼ਾਂ ਦੀਆਂ ਵਧੀਆ ਕੀਮਤਾਂ ਕਿਸਾਨ ਲਈ ਮਾਰੂ। ਖੇਤੀ ਬਾਰੇ ਬਹੁਤ ਲਿਖ ਪੜ੍ਹ ਅਤੇ ਛਪ ਚੁੱਕਾ ਹੈ। ਪਰ ਫਿਰ ਵੀ ਸੁਰਖੀਆਂ ਬਣਦੀਆਂ ਰਹਿੰਦੀਆਂ ਹਨ। ਪਾਣੀ ਸੰਕਟ ਜ਼ਹਿਰਾਂ ਖਾਦਾਂ ਦੀ ਦੁਰਵਰਤੋਂ ਵਾਤਾਵਰਣ ਅੰਨਦਾਤੇ ਦੀ ਮਾਲੀ ਹਾਲਤ ਕਿਸਾਨੀ ਪਰਿਵਾਰਾਂ ਨੂੰ ਸਹੀ ਸਹੂਲਤਾਂ ਦੇਣਾ ਇਸ ਸਭ ਕਾਸੇ ਦਾ ਸੰਤੁਲਨ ਬਣਾ ਕੇ ਕਾਨੂੰਨੀ ਨਕਸ਼ਾ ਪੇਸ਼ ਕਰਨਾ ਚਾਹੀਦਾ ਹੈ ਤਾਂ ਜੋ ਹੁਣ ਵੀ ਖੇਤੀ ਦੀ ਨਸੀਹਤ ਦੇਣ ਵਾਲੀ ਕਹਾਵਤ ਤੋਂ ਕੁਝ ਸਿੱਖ ਕੇ ਪਿੱਛੇ ਮੁੜ ਸਕੀਏ।
    "ਅਬ ਪਛਤਾਏ ਤੋਂ ਕਿਆ ਹੁਆ,ਜਬ ਚਿੜੀਆ ਚੁਗ ਗਈ ਖੇਤ "
ਅੱਜ ਇਸ ਗੱਲ ਦਾ ਪਛਤਾਵਾ ਹੋਣਾ ਸ਼ੁਰੂ ਹੋ ਗਿਆ ਹੈ ਕਿ ਅਸੀਂ ਸੰਤੁਲਨ ਬਣਾ ਕੇ ਨਹੀਂ ਚੱਲੇ ਇਸ ਦੇ ਪ੍ਰਭਾਵ ਪ੍ਰਤੱਖ ਨਜ਼ਰ ਆਉਣ ਲੱਗ ਪਏ ਹਨ। ਹੁਣ ਵੀ ਜੇ ਚੁਗੇ ਖੇਤਾਂ ਨੂੰ ਦੁਬਾਰਾ ਬੀਜ ਲਈਏ ਤਾਂ ਫਸਲ ਦੁਬਾਰੇ ਹਰੀ ਭਰੀ ਹੋ ਸਕਦੀ ਹੈ। ਪੰਜਾਬ ਮੁੜ ਲੀਹਾਂ ਉਤੇ ਆ ਸਕਦਾ ਹੈ।
                                        ਸੁਖਪਾਲ ਸਿੰਘ ਗਿੱਲ ਮੋਬ: 98781-11445
                                        ਅਬਿਆਣਾ ਕਲਾਂ

ਮਿੱਟੀ ਵਾਜ਼ਾ ਮਾਰਦੀ - ਸੁਖਪਾਲ ਸਿੰਘ ਗਿੱਲ

 " ਰੱਬ ਨੇ ਪਿੰਡ ਬਣਾਏ ਰੱਬ ਪਿੰਡਾਂ ਵਿੱਚ ਵੱਸਦਾ "    ਪੰਜਾਬੀ ਦੀ ਇਹ ਪ੍ਰਸਿੱਧ ਕਹਾਵਤ ਰੋਜ਼ਾਨਾ ਘਸਮੈਲੀ ਹੋ ਰਹੀ ਹੈ । ਪਿੰਡਾਂ ਵਿੱਚ ਕਿਸਾਨੀ ਭਾਈਚਾਰਾ ਪਿਛਲੇ ਇੱਕ ਸਾਲ ਤੋਂ ਸਮੇਤ 80 — 80 ਸਾਲਾਂ ਦੇ ਬਜ਼ੁਰਗਾਂ ਨਾਲ ਪਿੰਡ ਛੱਡ ਕੇ ਆਪਣੀ ਹੋਂਦ ਬਚਾਉਣ ਲਈ ਸ਼ੰਘਰਸ਼ ਕਰ ਰਿਹਾ ਹੈ ।ਇਸ ਤੋA ਲੱਗਦਾ ਹੈ ਇੱਕ ਪਾਸੇ ਕੁਦਰਤੀ ਮਾਰਾਂ ਦੂਜੇ ਪਾਸੇ ਸਰਕਾਰਾਂ ਦੀ ਮਾਰ ਨੇ ਕਿਸਾਨ ਦਾ ਸੁਭਾਅ ਵਕਾਰ ਤੇ ਲਾ ਦਿੱਤਾ ਹੈ । ਪੰਜਾਬ ਵਿੱਚ ਖੇਤੀ ਖੇਤਰ ਨਾਲ ਜੁੜੀਆਂ ਸਮੱਸਿਆਵਾਂ ਨਿੱਤ ਦਿਨ ਸੁਰਖੀਆਂ ਵਿੱਚ ਰਹਿੰਦੀਆਂ ਹਨ। ਇਨ੍ਹਾਂ ਸਮੱਸਿਆਵਾਂ ਨਾਲ ਜੂਝਣਾ ਕਿਸਾਨ ਨੇ ਆਪਣੇ ਸੁਭਾਅ ਦਾ ਅੰਗ ਬਣਾ ਲਿਆ ਹੈ। ਲੋਕਤੰਤਰ ਵਿੱਚ ਖੇਤੀ ਕਰਨ ਵਾਲੇ ਨੂੰ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਹੱਲ ਕੱਢਣ ਲਈ ਸਬਜ਼ਬਾਗ ਦਿਖਾਏ ਜਾਂਦੇ ਹਨ। ਬਾਅਦ ਵਿੱਚ ਘੁੰਮਣਘੇਰੀਆਂ ਸ਼ੁਰੂ ਹੋ ਕੇ ਲਾਚਾਰੀ ਪੱਲੇ ਪੈ ਜਾਂਦੀ ਹੈ। ਪੁਖਤਾ ਇੰਤਜਾਮ ਵਾਰੀ ਵੀ ਉਡੀਕ ਕਰਦੇ ਰਹਿੰਦੇ ਹਨ। ਪੰਜਾਬ ਦਾ ਕਿਸਾਨ ਆਰਥਿਕ ਪੱਖ ਤੋਂ ਬਿਲਕੁਲ ਆਜ਼ਾਦ ਨਹੀਂ ਹੈ ।ਅਜ਼ਾਦੀ  ਭਾਲਦੇ ਫਿਰਦੇ ਵਿਚਾਰੇ ਹੋਰ ਅਣਹੋਣੀ ਨੇ ਘੇਰ ਲਏ ।            
          ਅੱਸੀ — ਅੱਸੀ ਸਾਲਾਂ ਦੇ ਬਜ਼ੁਰਗਾਂ ਦੀ ਜ਼ਿੰਮੇਵਾਰੀ ਖੇਤਾਂ ਦੀ ਰਾਖੀ ਕਰਨ ਦੀ ਸੀ ਨਾ , ਕਿ  ਸੰਘਰਸ਼ ਕਰਨ ਦੀ  ।ਮਰਦਾ ਕੀ ਨਾ ਕਰਦਾ ? ਖੇਤੀ ਸੁਧਾਰਾਂ ਨੂੰ ਕੁਦਰਤ ਅਤੇ ਸਰਕਾਰ ਦੀ ਦੋਹਰੀ ਮਾਰ ਝੱਲਣੀ ਪੈਂਦੀ ਹੈ। ਸਰਕਾਰ ਨੂੰ ਤਾਂ ਜ਼ਿੰਮੇਵਾਰ ਠਹਿਰਾ ਦੇਣਾ ਲੋਕਾਂ ਦਾ ਹੱਕ ਹੁੰਦਾ ਹੈ ।ਪਰ ਕੁਦਰਤ ਨੂੰ ਕੌਣ ਆਖੇ? ਕੁਦਰਤੀ ਆਫਤਾਂ ਬਾਰੇ ਸਰਕਾਰ ਯਤਨ ਤਾਂ ਕਰਦੀ ਹੈ। ਪਰ ਆਰਥਿਕ ਹਾਲਾਤ ਬਹੁਤੇ ਸਾਜਗਾਰ ਨਹੀਂ ਹੁੰਦੇ। ਸਰਕਾਰਾਂ ਨੂੰ ਚਾਹੀਦਾ ਹੈ ਕਿ ਕਿਸਾਨ ਦੀ ਜ਼ਿੰਦਗੀ ਵਿੱਚ ਬਾਰ—ਬਾਰ ਔਕੜਾਂ ਤੋਂ ਬਚਣ ਲਈ ਪੁਖਤਾ ਇੰਤਜ਼ਾਮ ਕੀਤੇ ਜਾਣ। ਕਿਸਾਨ ਨੂੰ ਅੰਨਦਾਤਾ ਹੀ ਰਹਿਣ ਦਿੱਤਾ ਜਾਵੇ। ਕਿਸਾਨਾਂ ਦੀ ਮੰਗ  ਨੂੰ  ਖੈ਼ਰਾਤ ਨਹੀਂ ਬਲਕਿ ਫਰਜ਼ ਸਮਝ ਕੇ ਕੰਮ ਕੀਤਾ ਜਾਵੇ। ਕਿਸਾਨੀ ਮਾਨਸਿਕਤਾ ਨੂੰ ਰਾਜਨੀਤਿਕ ਖੇਤਰ ਨਾਲ ਜੋੜਨ ਦੀ ਬਜਾਏ ਪਾਸੇ ਰੱਖਿਆ ਜਾਵੇ। ਖੇਤੀ ਸੁਧਾਰਾਂ ਅਤੇ ਕਿਸਾਨ ਨੂੰ ਰਾਜਨੀਤਿਕ ਜਮਾਤ ਬਿਨਾਂ ਵਜਾਹ ਘਸਮੰਡ ਕੇ ਰੱਖ ਦਿੰਦੀ ਹੈ। ਜਿਸ ਨਾਲ ਕਿਸਾਨ ਦਾ ਦਾਤਾ ਅਤੇ ਦਾਨੀ ਸੁਭਾਅ ਠੇਸਿਆ ਜਾਂਦਾ ਹੈ। ਅੱਜ ਕਿਸਾਨੀ ਅੰਦੋਲਨ ਦੇ ਦੌਰ ਨੇ ਪਿੰਡਾਂ ਦਾ ਆਰਥਿਕ ਖੇਤਰ ਅਤੇ  ਸੱਭਿਆਚਾਰ ਮੈਲਾ ਕਰ ਦਿੱਤਾ ਹੈ । ਦੂਜੇ ਪਾਸੇ ਭਾਈਚਾਰਕ ਏਕਤਾ ਦੀ ਸੁਨਹਿਰੀ ਲਿਖਤ ਵੀ ਲਿਖੀ ਹੈ ।ਅੰਦੋਲਨ ਲਈ ਪਿੰਡਾਂ ਦੇ ਪਿੰਡ ਦਿੱਲੀ ਬਾਰਡਰ ਤੇ ਡੇਰੇ ਲਾਈ ਬੈਠੇ ਹਨ ਉਹਨਾਂ ਦੇ ਖੇਤਾਂ ਦੀ ਮਿੱਟੀ  ਵਾਜ਼ਾ ਮਾਰ ਮਾਰ ਹੰਭ ਗਈ ਹੈ ।     
                           ਖੇਤੀ ਲਈ ਮੰਡੀਕਰਨ, ਬੀਮਾ, ਸਬਸਿਡੀਆਂ, ਸਸਤੇ ਕਰਜ਼ੇ, ਮੁਫਤ ਬਿਜਲੀ ਤਾਂ ਸਰਕਾਰਾਂ ਵੱਲੋਂ ਦੁਹਾਈ ਦਿੱਤੀ ਜਾਂਦੀ ਹੈ ਉਪਰੋਂ ਕਿਸਾਨ ਉੱਪਰ ਕਿਸਾਨਾਂ ਦੀ ਆਸ ਦੇ ਉਲਟ ਕਾਨੂzਨ ਬਣਾ ਦਿੱਤੇ ਹਨ । ਇਸਦੀ ਵਜ੍ਹਾ ਸਰਕਾਰ ਅਤੇ ਕਿਸਾਨ ਮਿਲ ਬੈਠ ਕੇ ਲੱਭਣ ਤਾਂ ਜੋ ਕਿਸਾਨ ਦੀ ਮੰਗ ਅਨੁਸਾਰ ਮਸਲਾ ਹੱਲ ਹੋ ਸਕੇ।ਖੁਦਕਸ਼ੀਆਂ ਦੇ ਵਧੇ ਅੰਕੜੇ ਨੇ ਵੀ ਸਭ ਕੁੱਝ ਘੁੰਮਣ ਘੇਰੀਆਂ ਵਿੱਚ ਪਾ ਦਿੱਤਾ ਹੈ । ਖੇਤੀ ਖੇਤਰ ਨਾਲ ਜੁੜਿਆ ਕਿਸਾਨ ਆਪਣੇ ਆਪ ਤੇ ਮਾਣ ਨਹੀਂ ਕਰ ਸਕਦਾ ਕਿਉਂਕਿ ਉਸਦੇ ਬੱਚੇ ਅਤੇ ਪਰਿਵਾਰ ਦੀਆਂ ਲੋੜਾਂ ਲਈ ਤੰਗੀਆਂ ਤੁਰਸ਼ੀਆਂ ਸਾਹਮਣੇ ਖੜ੍ਹੀਆਂ ਰਹਿੰਦੀਆਂ ਹਨ। ਕਿਸਾਨ ਖਿਆਲਾਂ ਵਿੱਚ ਡੁੱਬ ਕੇ ਚਿੰਤਾ ਮੁਖੀ ਜੀਵਨ ਬਸਰ ਕਰਦਾ ਰਿਹਾ । ਪਰ ਖੁਸ਼ ਅਤੇ ਖੁਸ਼ਹਾਲ ਵੀ ਰਿਹਾ । ਅੱਜ ਕਿਸਾਨ ਦੀ ਇੱਛਾ ਅਤੇ ਮੰਗ ਦੇ ਉਲਟ  ਨੀਤੀਆਂ ਨੇ ਇਸ ਖੁਸ਼ਹਾਲੀ ਨੂੰ ਖਰਾਬ ਕਰਨ ਦਾ ਟੀਚਾ ਮਿੱਥ ਲਿਆ ਹੈ ਨਾਲ ਦੀ ਨਾਲ ਸੰਘਰਸ਼ਸ਼ੀਲ ਯੋਧਿਆਂ ਨੇ "  ਹੁਣ ਮੁੜਦੇ ਨੀ ਲਏ ਬਿਨਾਂ ਹੱਕ ਦਿੱਲੀਏ  "  ਹਰਭਜਨ ਮਾਨ ਦਾ ਸੰਦੇਸ਼ ਕਾਇਮ ਰੱਖਿਆ ਹੋਇਆ ਹੈ ।
                    ਪੰਜਾਬੀ ਗਾਇਕਾਂ ਨੇ ਸੰਘਰਸ਼ ਨੂੰ ਮਘਦਾ ਰੱਖਣ ਲਈ ਕਾਫੀ ਯਤਨ ਕੀਤੇ । ਕੰਨਵਰ ਗਰੇਵਾਲ ਅਤੇ ਹਰਫ ਚੀਮਾਂ ਦੋ ਅਜਿਹੇ ਗਾਇਕ ਹਨ ਜੋ ਸ਼ੁਰੂ ਤੋਂ ਨਿਸ਼ਕਾਮ ਅਤੇ ਵਿਵਾਦ ਰਹਿਤ ਰਹਿ ਕੇ ਜਾਗਰੂਕਤਾ ਦਾ ਹੋਕਾ ਅਣਥੱਕਤਾ ਨਾਲ ਦੇ ਰਹੇ ਹਨ । ਇਹਨਾਂ ਦਾ ਯੋਗਦਾਨ ਨਿਵੇਕਲੀ ਅਤੇ ਸੁਨਹਿਰੀ ਲੋਅ ਦਿੰਦਾ ਰਹੇਗਾ । ਕਿਸਾਨ  ਆਪਣੇ ਦਾਤਾ ਸੁਭਾਅ ਨੂੰ ਛੱਡ ਕੇ ਰਾਜਨੀਤਿਕ ਵਰਗ ਤੋਂ ਟੇਕ ਲਗਾ ਕੇ ਬੈਠਾ ਕਿਸਾਨ ਆਸਵੰਦ  ਹੈ। ਹੋਰ ਵੀ  ਸੁਧਾਰ ਜਿਵੇਂ ਕਿ ਖੇਤੀ ਖੇਤਰ ਨਾਲ ਜੁੜੇ ਪਰਿਵਾਰਾਂ ਦੀ ਸਿਹਤ ਅਤੇ ਸਿੱਖਿਆ ਦਾ ਖਰਚ ਸਰਕਾਰ ਉੱਠਾ ਲਵੇ ਤਾਂ ਇਸ ਤੋਂ ਵੱਡਾ ਪੁੰਨ ਕਰਮ ਹੋਰ ਕੋਈ ਨਹੀਂ ਹੋ ਸਕਦਾ। ਖੇਤੀ ਨੂੰ ਉਦਯੋਗ ਦਾ ਦਰਜਾ ਦਿੱਤਾ ਜਾਵੇ। ਰਾਜਨੀਤਿਕ ਮੁਫਾਦਾਂ ਲਈ ਖੇਤੀ ਖੇਤਰ ਨੂੰ ਨਾ ਵਰਤਿਆ ਜਾਵੇ। ਚੋਣ ਐਲਾਨਨਾਮੇ ਵਿੱਚ ਖੇਤੀ ਸੁਧਾਰਾਂ ਅਤੇ ਕਿਸਾਨ ਦੀ ਦਸ਼ਾ ਨੂੰ ਕਾਨੂੰਨੀ ਦਾਇਰੇ ਹੇਠ ਲਿਆਂਦਾ ਜਾਵੇ, ਤਾਂ ਜੋ ਕਿਸਾਨ ਨੂੰ ਵਰਗਲਾਉਣ ਦੀ ਪ੍ਰਕਿਰਿਆ ਰੁਕੇ। ਜੇ ਕਿਸਾਨ ਖੁਸ਼ਹਾਲ ਹੈ ਤਾਂ ਸਮਾਜ ਅਤੇ ਦੇਸ਼ ਖੁਸ਼ਹਾਲ ਹੋਵੇਗਾ ਇਸ ਲਈ ਖੇਤੀ ਖੇਤਰ ਦੇ ਸੁਧਾਰ ਰਾਜਨੀਤੀ ਤੋਂ ਉੱਪਰ ਉੱਠ ਕੇ ਹੋਣ। ਸਾਰੇ ਵਰਗ ਇੱਕਮੁੱਠ ਹੋ ਕੇ ਖੇਤੀ ਦੀ ਦਸ਼ਾ ਨੂੰ ਸੁਧਾਰਨ।ਕਿਸਾਨ ਦੀ ਹਾਲਤ ਨੂੰ ਵੋਟ ਰਾਜਨੀਤੀ ਨਾਲ ਜੋੜਨ ਦੀ ਬਜਾਏ ਇਸ ਦੀ ਦਸ਼ਾ ਸੁਧਾਰਨ ਲਈ ਰਾਜਨੀਤੀ ਤੋਂ ਉੱਪਰ ਉੱਠ ਕੇ ਕੰਮ ਕੀਤੇ ਜਾਣ।
                             ਸਰਕਾਰ ਕਿਸਾਨ ਲਈ ਰੱਬ ਦਾ ਰੂਪ ਹੁੰਦੀ ਹੈ। ਇਸ ਲਈ ਸਰਕਾਰੀ ਸਵੱਲੀ ਨਜ਼ਰ ਤੋਂ ਬਿਨਾਂ ਕਿਸਾਨ ਦੀਆਂ ਮੁਸ਼ਕਲਾਂ ਦਾ ਹੱਲ ਬਹੁਤ ਔਖਾ ਹੈ। ਹੁਣ ਢੁੱਕਵਾਂ ਸਮਾਂ ਹੈ ਕਿਸਾਨੀ ਸੰਘਰਸ਼ ਨਾਲ ਜੁੜੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਸਰਕਾਰ ਹਲੀਮੀ ਨਾਲ ਪਹਿਲ ਕਦਮੀ ਕਰੇ । ਡਾਕਟਰ ਸਵਾਮੀਨਾਥਨ ਵੱਲੋਂ ਕਿਸਾਨ ਦੀ ਫਸਲੀ ਲਾਗਤ ਉੱਪਰ 50 ਫੀਸਦੀ ਮੁਨਾਫਾ ਦਿੱਤੇ ਜਾਣ ਦੀ ਸਿਫਾਰਸ਼ ਕੀਤੀ ਸੀ। ਪਰ ਠੰਢੇ ਬਸਤੇ ਵਿੱਚ ਪੈ ਗਈ। ਇਸਦੇ ਉਲਟ ਸਰਕਾਰ ਨੇ ਬਿਨ ਮੰਗੇ ਉਹ ਚੀਜ਼ ਦੇ ਦਿੱਤੀ ਜਿਸਦੀ ਨਾ ਮੰਗ ਸੀ ਨਾ ਲੋੜ । 26 ਅਗਸਤ ਨੂੰ "  ਪੱਗੜੀ ਸੰਭਾਲ ਓ ਜੱਟਾ  "   ਜੋ ਨ'A ਮਹੀਨੇ ਲਹਿਰ ਚੱਲੀ ਸੀ . ਉਸ ਤੋਂ ਉਪਰ ਦਾ ਇਤਿਹਾਸ ਲਿੱਖਿਆ ਜਾਵੇਗਾ । ਸਰਕਾਰ ਕਿਸਾਨੀ ਮਸਲੇ ਦਾ ਹੱਲ ਕਰੇ ਤਾਂ ਕਿ ਬਜ਼ਰੁਗਾਂ ਨੂੰ ਮਿੱਟੀ  ਅਵਾਜ਼ਾ ਮਾਰਨ ਤੋਂ ਹੱਟ ਜਾਏ ਅਤੇ ਆਪਣੇ ਜਾਇਆਂ ਦੀਆਂ ਪੈੜਾਂ ਦੀ ਮੁੜ ਖੁਸ਼ਬੂ ਲੈ ਸਕੇ ।  

ਸੁਖਪਾਲ ਸਿੰਘ ਗਿੱਲ
                                    ਅਬਿਆਣਾ ਕਲਾਂ,
                                    ਮੋਬਾ ਨੰ. 98781—11445

ਭਾਦੋਂ ' ਚ ਜੱਟ  ਸਾਧ ਹੋ ਗਿਆ ਸੀ ? - ਸੁਖਪਾਲ ਸਿੰਘ ਗਿੱਲ

ਅਤੀਤ ਤੋ ਵਰਤਮਾਨ ਤੱਕ ਬਹੁਤ ਸਾਰੀਆਂ ਕਹਾਵਤਾਂ ਕਹਾਣੀਆਂ ਅਤੇ ਦੰਦ ਕਥਾਵਾਂ ਜੁੜੀਆਂ ਹੋਈਆਂ ਹਨ।ਜੇ ਹੁਣ ਦੀ ਤਰ੍ਹਾਂ ਰੂੜ੍ਹੀਵਾਦੀ ਵਿਚਾਰ ਪੱਲੇ ਬੰਨੀ ਰੱਖੇ ਤਾਂ ਇਹ ਭਵਿੱਖ ਵਿੱਚ ਵੀ ਰੂੜ੍ਹੀਵਾਦ ਦੇ ਪਰਛਾਂਵੇਂ ਦਿੰਦੀਆਂ ਰਹਿਣਗੀਆਂ। ਭਾਦੋਂ ਵਰਖਾ ਰੱੁਤ ਦਾ ਦੂਜਾ ਮਹੀਨਾ ਹੁੰਦਾ ਹੈ।ਪਹਿਲਾਂ ਮਹੀਨਾ ਸਾਉਣ ਹੁੰਦਾ ਹੈ।ਸਾਉਣ ਦੇ ਛਰਾਟਿਆਂ ਦਾ ਭਵਿੱਖੀ ਅਨੁਮਾਨ ਲੱਗ ਜਾਂਦਾ ਹੈ ਜਿਸ ਨਾਲ ਜਿਮੀਦਾਰ ਵਰਗ ਚੌਕਸ ਹੋ ਜਾਂਦਾ ਹੈ।ਸਾਉਣ ਮਹੀਨੇ ਫਸਲਾਂ ਪੱਖੋਂ ਕੁੱਝ ਜੱਟ ਮੋਕਲਾ ਜਿਹਾ ਹੋ ਜਾਂਦਾ ਹੈ।ਫਸਲ ਦੀ ਆਮਦ ਵੱਲ ਤਿਆਰੀ ਖਿੱਚੀ ਜਾਦੀ ਹੈ।ਸੱਭਿਆਚਾਰਕ ਪੱਖ ਤੋਂ ਤੀਆਂ ਦਾ ਤਿਉਹਾਰ ਮਨਾਉਣ ਤੋ ਬਾਅਦ ਕਿਹਾ ਜਾਂਦਾ ਹੈ “ਸਾਉਣ ਵੀਰ ਇੱਕਠੀਆਂ ਕਰੇ, ਭਾਦੋਂ ਚੰਦਰੀ ਵਿਛੋੜੇ  ਪਾਵੇ”।
        ਆਮ ਕਹਾਵਤ ਹੈ ਕਿ ਭਾਦੋਂ ਵਿੱਚ ਜੱਟ ਸਾਧ ਹੋ ਗਿਆ ਸੀ।ਇਸ ਪੱਖ ਦੇ ਤਰਕ ਅਤੇ ਰੂੜ੍ਹੀਵਾਦ ਦੋ ਪਹਿਲੂ ਹਨ।ਰੂੜ੍ਹੀਵਾਦ ਪੱਖ ਤੋ ਸਿਆਣਿਆਂ ਤੋ ਕਹਾਵਤ ਸੁਣੀ ਗਈ ਹੈ ਕਿ ਭਾਦੋਂ ਦੀ ਸਵੇਰੇ ਜੱਟ ਖੇਤ ਗਿਆ।ਲਹਿੰਬਰੀਆਂ ਫਸਲਾਂ ਵਿੱਚ ਕੰਮ ਕਰਨਾ ਸੀ ਕਿ ਚਿੱਟੀ ਧੁੱਪ ਟਟਿਆਣੇ ਵਾਂਗ ਨੱਚਣ ਲੱਗ ਪਈ।ਗਰਮੀ ਅਤੇ ਚਿੱਪ-ਚਿੱਪ ਕਰਦਾ ਪਸੀਨਾ ਜੱਟ ਨੂੰ ਕੰਮ ਛੁਡਾ ਕੇ ਸਾਧ ਬਣਨ ਵੱਲ ਲੈ ਗਿਆ। “ਭਾਦੋਂ ਦਾ ਭਜਾਇਆ ਜੱਟ ਸਾਧ ਹੋ ਗਿਆ” ਇਸ ਮਹੀਨੇ ਪੈਲਾਂ ਪਾਉਂਦੇ ਝੋਨੇ ਵਿੱਚੋਂ ਘਾਹ ਕੱਢਿਆ ਜਾਂਦਾ ਹੈ।ਕਮਾਦ ਦੀ ਫਸਲ ਦੇ ਮੁੱਢੇ ਬੰਨੇ ਜਾਂਦੇ ਹਨ। ਨਰਮਾ ਅਤੇ ਹਰਾ ਚਾਰਾ ਵੀ ਜੋਬਨ ਉੱਤੇ ਹੁੰਦਾ ਹੈ।ਤਰਕ ਦੇ ਆਧਾਰ ਤੇ ਦੇਖੀਏ ਭਾਦੋਂ ਦੀ ਨਿੱਚੜਦੀ ਗਰਮੀ ਵਿੱਚ ਇਹਨਾਂ ਫਸਲਾਂ ਦੀ ਦੇਖਭਾਲ ਕਰਨੀ ਕਿਸੇ ਤਪੱਸਿਆ ਤੋ ਘੱਟ ਨਹੀ ਹੈ।ਇਸ ਲਈ ਇਸ ਤਪੱਸਿਆਮਈ ਮਹੀਨੇ ਵਿੱਚ ਕੰਮ ਕਰਨ ਲਈ ਜੱਟ ਨੂੰ ਉਸਦੀ ਤਪੱਸਿਆ ਵਜੋਂ ਸਾਧ ਦਾ ਰੁਤਬਾ ਦਿੱਤਾ ਗਿਆ।ਜੱਟ ਦੀ ਤਪੱਸਿਆ ਦਾ ਸਿਖਰ ਇਸੇ ਮਹੀਨੇ ਹੁੰਦਾ ਹੈ।
       ਭਾਦੋਂ ਮਹੀਨੇ ਦੀ ਕਹਾਵਤ ਹੈ “ ਭਾਦੋਂ ਦੇ ਛਰਾਟੇ, ਗੁੰਨੇ ਰਹਿ ਗਏ ਆਟੇ” ਸਾਉਣ ਤੋ ਉਲਟ ਇਸ ਮਹੀਨੇ ਇੱਕ ਦਮ ਛਰਾਟੇ ਪੈਣ ਦਾ ਕੋਈ ਅਨੁਮਾਨ ਨਹੀਂ ਹੁੰਦਾ।ਆਟੇ ਗੁੰਨੇ ਰਹਿ ਜਾਂਦੇ ਹਨ, ਖੇਤਾਂ ਵੱਲ ਭੱਜਣਾ ਪੈ ਜਾਂਦਾ ਹੈ।ਇਸ ਤੋ ਇਲਾਵਾ ਭਾਦੋਂ ਮਹੀਨਾ ਇਮਤਿਹਾਨ ਵੀ ਲੈਂਦਾ ਹੈ।ਸਾਧ ਦੀ ਤਪੱਸਿਆ ਦਾ ਕੋਈ ਨਤੀਜਾ ਨਹੀਂ ਦੇਖਦਾ।ਜੱਟ ਦੀ ਤਪੱਸਿਆ ਦਾ ਨਤੀਜਾ ਅੱਸੂ ਕੱਤਕ ਵਿੱਚ ਦਿਖ ਜਾਂਦਾ ਹੈ।ਦੇਸੀ ਮਹੀਨਿਆਂ ਵਿੱਚ ਇਸਦੀ ਮਹੱਤਤਾ ਮਨੁੱਖਤਾ ਅਤੇ ਫਸਲਾਂ ਲਈ ਆਪਣੀ ਹੀ ਪਹਿਚਾਣ ਹੈ।ਅੰਗਰੇਜ਼ੀ ਮਹੀਨਿਆਂ ਦੇ ਅੱਧ ਅਗਸਤ ਤੋਂ ਅੱਧ ਸਤੰਬਰ ਤੱਕ ਇਹ ਮਹੀਨਾ ਹੁੰਦਾ ਹੈ।ਇਸ ਮਹੀਨੇ ਵਿੱਚ ਫਸਲਾਂ ਦੀ ਸੰਭਾਲ ਬੱਚੇ ਨੂੰ ਸੰਭਾਲਣ ਬਰਾਬਰ ਦੀ ਹੁੰਦੀ ਹੈ।ਹਰ ਪੱਖੋਂ ਤਪੱਸਿਆ ਹੀ ਤਪੱਸਿਆ।ਹੁਣ ਮਸ਼ੀਨੀ ਯੁੱਗ ਨੇ ਭਾਦੋਂ ਵਿੱਚ ਜੱਟ ਦੇ ਸਾਧ ਬਣਨ ਦੀ ਕਥਾ ਨੂੰ ਅਤੀਤ ਦੇ ਪਰਛਾਂਵੇਂ ਬਣਾ ਦਿੱਤਾ ਹੈ।ਵਿਿਗਆਨਕ ਉੱਨਤੀ ਅਤੇ ਹਰੀਕ੍ਰਾਂਤੀ ਨੇ ਇਸ ਕਹਾਵਤ ਨੂੰ ਜੱਟ ਦੀ ਖੇਤਾਂ ਵਿੱਚ ਹੁੰਦੀ ਤਪੱਸਿਆ ਨੂੰ ਸਾਧ ਦੀ ਤਪੱਸਿਆ ਤੋਂ ਉੱਪਰ ਬਣਾ ਦਿੱਤਾ ਹੈ।ਗੁਰੂ ਨਾਨਕ ਦਾ ਕਥਨ, “ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ”  ਸਹੀ ਰੂਪ ਵਿੱਚ ਪੇਸ਼ ਕੀਤਾ ਹੈ।
       ਭਾਦੋਂ ਨਾਨਕਸ਼ਾਹੀ ਜੰਤਰੀ ਦਾ ਛੇਵਾਂ ਮਹੀਨਾ ਹੈ।ਅਗਸਤ ਮਹੀਨੇ ਦੀ ਸੰਗਰਾਂਦ ਤੋਂ ਸ਼ੁਰੂ ਹੁੰਦਾ ਹੈ।ਸਾਡੀ ਪਵਿੱਤਰ ਗੁਰਬਾਣੀ ਵਿੱਚ ਇਸ ਮਹੀਨੇ ਨੂੰ ਇਉਂ ਉਚਾਰਿਆ ਗਿਆ ਹੈ :-
    “ਭਾਦੁਇ ਭਰਮਿ ਭੁਲਾਣੀਆ, ਦੂਜੇ ਲਗਾ ਹੇਤੁ॥
     ਲਖ ਸੀਗਾਰ ਬਣਾਇਆ, ਕਾਰਜਿ ਨਾਹੀ ਕੇਤੁ॥
     ਜਿਤੁ ਦਿਿਨ ਦੇਹ ਬਿਨਸਸੀ, ਤਿਤੁ ਵੇਲੈ ਕਹਸਨਿ ਪ੍ਰੇਤੁ॥
     ਪਕੜ ਚਲਾਇਨਿ ਦੂਤ ਜਮ, ਕਿਸੈ ਨ ਦੇਨੀ ਭੇਤੁ॥
     ਛਡਿ ਖੜੋਤੇ ਖਿਨੈ ਮਾਹਿ, ਜਿਨ ਸਿਉ ਲਗਾ ਹੇਤੁ॥
    ਹਥ ਮਰੋੜੇ ਤਨੁ ਕਪੇ, ਸਿਆਹਹੁ ਹੋਆ ਸੇਤੁ॥
    ਜੇਹਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤੁ॥
    ਨਾਨਕ` ਪ੍ਰਭ ਸਰਣਾਗਤੀ, ਚਰਣ ਬੋਹਿਥ ਪ੍ਰਭੁ ਦੇਤੁ॥
    ਸੇ ਭਾਦੁਇ ਨਰਕਿ ਨ ਪਾਈਅਹਿ, ਗੁਰ ਰਖਣ ਵਾਲਾ ਹੇਤੁ॥”  

       ਧਾਰਮਿਕ, ਸਮਾਜਿਕ ਅਤੇ ਆਰਥਿਕ ਪੱਖ ਤੋਂ ਇਸ ਮਹੀਨੇ ਨੂੰ ਪ੍ਰਵਾਨ ਕੀਤਾ ਗਿਆ ਹੈ।ਸਿਰੜ, ਸਿਦਕ, ਮਿਹਨਤ ਅਤੇ ਧਾਰਮਿਕਤਾ ਦਾ ਖਜ਼ਾਨਾ ਭਾਦੋਂ ਮਹੀਨਾ ਜੱਟ ਦੀ ਹਰ ਪੱਖੋਂ ਤਪੱਸਿਆ ਕਰਕੇ ਹੀ ਜੱਟ ਦੀ ਤਪੱਸਿਆ ਨੂੰ ਸਾਧ ਦੀ ਤਪੱਸਿਆ ਤੋਂ ਉੱਪਰ ਬਣਾਉਂਦਾ ਹੈ।ਅੰਨ ਦਾਤੇ ਦਾ ਖਿਤਾਬ ਪਾਉਂਦਾ ਹੈ।ਸਹਿਣਸ਼ੀਲਤਾ ਵਾਲੀ ਤਪੱਸਿਆ ਹੀ ਜੱਟ ਨੂੰ ਭਾਦੋਂ ਮਹੀਨੇ ਸਾਧ ਦਾ ਰੁਤਬਾ ਦਿੰਦੀ ਹੈ।

ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ,
98781-11445 

ਧੀ ਨਾਲ ਹੀ ਸੋਂਹਦਾ ਸੱਭਿਆਚਾਰ - ਸੁਖਪਾਲ ਸਿੰਘ ਗਿੱਲ

ਧੀ ਸੱਭਿਆਚਾਰ ਦੀ ਇਕਾਈ ਹੈ ਇਸ ਤੋਂ ਬਿਨ੍ਹਾਂ ਸੱਭਿਆਚਾਰ ਬੇ-ਜਾਨ ਹੁੰਦਾ ਹੈ।ਜਿਵੇਂ ਸਿੱਕੇ ਦੀ ਕੀਮਤ ਦੋਵੇ ਪਾਸਿਆਂ ਨਾਲ ਹੁੰਦੀ ਹੈ।ਉਸੇ ਤਰ੍ਹਾਂ ਸੱਭਿਆਚਾਰ ਦੀ ਕੀਮਤ ਇਸਦੇ ਅੰਗਾਂ ਅਤੇ ਧੀਆਂ ਨਾਲ ਹੁੰਦੀ ਹੈ।ਸੱਭਿਆਚਾਰ ਦਾ ਅੰਗ ਚਰਖਾ, ਕਿੱਕਲੀ,ਖੂਹ,ਗੁੱਡੀਆਂ,ਪਟੋਲੇ,ਖੇਤ ਅਤੇ ਢੋਲ ਮਾਹੀ ਸਭ ਧੀ ਤੋਂ ਬਿਨ੍ਹਾਂ ਨਾ-ਹੋਇਆ ਲੱਗਦਾ ਹੈ।
    ਬਾਬਲ ਦੇ ਵਿਹੜੇ ਦਾ ਸ਼ਿੰਗਾਰ ਧੀ ਜਦੋਂ ਸਹੁਰੇ ਘਰ ਵਿਦਾ ਹੁੰਦੀ ਹੈ ਤਾਂ ਸਭ ਕੁੱਝ ਪਲਟਿਆਂ ਜਾਂਦਾ ਹੈ।ਹੁਣ ਧੀ ਨੂੰ ਬਹੂ,ਨੂੰਹ ਅਤੇ ਭਰਜਾਈ ਆਦਿ ਵਿੱਚ ਬਦਲਣਾ ਅਤੇ ਗਵਾਚਣਾ ਪੈਂਦਾ ਹੈ।ਪੰਜਾਬੀਅਤ ਦਾ ਮਾਣਮੱਤਾ ਗਾਇਕ ਹਰਭਜਨ ਮਾਨ ਜਦੋਂ ਇਹ ਗਾਣਾ:-
    “ ਵੱਸਦਾ ਰਹੇ ਮੇਰੇ ਬਾਬਲ ਦਾ ਵਿਹੜਾ ਧੀਆਂ ਦੀ ਇਹੋ ਦੁਆ”
ਗਾੳਂੁਦਾ ਹੈ ਤਾਂ ਸੱਭਿਆਚਾਰ ਸ਼ਿਖਰਾਂ ਛੂੰਹ ਰਿਹਾ ਹੁੰਦਾ ਹੈ।ਸੱਭਿਆਚਾਰ ਧੀ ਦੇ ਜਨਮ ਤੋਂ ਬੁਢਾਪੇ ਤੱਕ ਵੱਖ-ਵੱਖ ਪੜਾਵਾਂ ਵਿੱਚ ਗੂੰਜਦਾ ਹੈ।ਕਿੱਕਲੀ ਤੋਂ ਲੈ ਕੇ ਅਰਥੀ ਤੱਕ ਰਸਮ ਰਿਵਾਜ ਧੀ ਨਾਲ ਬੰਨੇ੍ਹ ਹੋਏ ਹਨ:-
    “ ਕਿੱਕਲੀ ਕਲੀਰ ਦੀ ਪੱਗ ਮੇਰੇ ਵੀਰ ਦੀ ਦਪੁੱਟਾ ਮੇਰੇ ਭਾਈ ਦਾ ਫਿੱਟੇ ਮੂੰਹ ਜਵਾਈ ਦਾ”
    ਮੁਕਲਾਵੇ ਜਾਂਦੀ ਧੀ ਚੰਨ ਮਾਹੀ ਨੂੰ ਇਉਂ ਟਕੋਰਾ ਕਰਦੀ ਹੈ:-
    “ ਮੈ ਤਾਂ ਕੁੜੀਆਂ ਦਾ ਦਿਲ ਪ੍ਰਚਾਵਾਂ ਰੋਂਦੀ ਨਾਂ ਤੂੰ ਜਾਣੀ ਸੋਹਣਿਆਂ”
ਸੱਸ ਨਾਲ ਸਹੁਰੇ ਘਰ 36 ਦਾ ਅੰਕੜਾ ਇਉਂ ਉਜਾਗਰ ਕਰਦੀ ਹੈ:-
    “ ਸੁਥਣੇ ਸੱਤ ਰੰਗੀਏ ਤੈਨੂੰ ਸੱਸ ਮਰੀ ਤੇ ਪਾਵਾਂ”
ਸਮੇਂ ਦੇ ਬਦਲੇ ਵੇੇਗ ਨੇ ਸੱਭਿਆਚਾਰ ਨੂੰ ਪ੍ਰਭਾਵਿਤ ਕੀਤਾ ਹੈ।ਸਮੇਂ ਦਾ ਹਾਣੀ ਬਣਨ ਵਿੱਚ ਪਿੱਛੇ ਰਹਿ ਗਿਆ ਹੈ।ਧੀ ਦਾ ਸੱਭਿਆਚਾਰ ਗ੍ਰਸ ਗਿਆ ਹੈ।ਹਿੰਸਾ ਬਲਾਤਕਾਰ,ਦਰਿੰਦਗੀ ਅਤੇ ਕੁੱਝ ਧੀਆਂ ਦੇ ਬਾਬਲ ਦੀ ਪੱਗ ਨੂੰ ਦਾਗ ਲਾਉਣ ਦੇ ਕੰਮਾਂ ਨੇ ਧੀ ਪ੍ਰਤੀ ਸਮਾਜ ਦਾ ਨਜ਼ਰੀਆਂ ਬਦਲਿਆ ਹੈ।ਪਿੰਡਾਂ ਦੀ ਭਾਸ਼ਾ ਵਿੱਚ
        “ਧੀ ਤੋਂ ਨਾਂ ਡਰੋਂ ਧੀ ਦੇ ਕਰਮਾਂ ਤੋਂ ਡਰੋ”
ਲਾਗੂ ਹੋ ਚੁੱਕਾ ਹੈ।ਇਹਨਾਂ ਕਾਰਨਾਂ ਕਰਕੇ ਧੀ ਪ੍ਰਤੀ ਸੱਭਿਆਚਾਰ ਦਾ ਮੇਲ ਘਸਮੈਲਾ ਹੋ ਚੁੱਕਾ ਹੈ।ਪੰਜਾਬ ਦੇ ਰਸਮ ਰਿਵਾਜ  ਅਤੇ ਸੱਭਿਆਚਾਰ ਵਿੱਚ ਹਰਭਜਨ ਮਾਨ ਅਤੇ ਗੁਰਦਾਸ ਮਾਨ ਵਰਗੇ ਕਲਾਂਕਾਰਾਂ ਨੇ ਧੀ ਦੇ ਸੱਭਿਆਚਾਰ ਨਾਲ ਮੇਲ ਦੀ ਗਵਾਹੀ ਕਾਇਮ ਰੱਖੀ ਹੋਈ ਹੈ।ਹਕੀਕਤ ਵਿੱਚ ਹਲਾਤ ਵੱਖਰੇ ਚੱਲ ਰਹੇ ਹਨ।ਮੁੱਕਦੀ ਗੱਲ ਧੀ ਬਿਨਾਂ ਸੱਭਿਆਚਾਰ ਅਧੂਰਾ ਲੱਗਦਾ ਹੈ ਅਤੇ ਸੱਭਿਆਚਾਰ ਬਿਨਾਂ ਮਾਣਮੱਤੀਆਂ ਧੀਆਂ ਵੀ ਮਹਿਕ ਨਹੀਂ ਬਖੇਰ ਸਕਦੀਆਂ।
                                    ਸੁਖਪਾਲ ਸਿੰਘ ਗਿੱਲ
                                    ਫੋਨ:-98781-11445

ਵਿਰਾਸਤੀ ਵਿਰਸੇ ਦਾ ਮੋਤੀ — ਗੁੜ - ਸੁਖਪਾਲ ਸਿੰਘ ਗਿੱਲ

ਗੁੜ ਬਾਰੇ  ਇੱਕ ਦੰਦ ਕਥਾ ਹੈ ਕਿ ਗੁੜ ਨੇ ਰੱਬ ਕੋਲ ਫਰਿਆਦ ਕੀਤੀ ਕਿ ਲੋਕ ਮੈਨੂੰ ਖਾਂਦੇ ਹਨ । ਅੱਗੋਂ ਰੱਬ ਨੇ ਜਵਾਬ ਦਿੱਤਾ ਪਰੇ ਹਟ ਜਾ ਮੇਰਾ ਵੀ ਜੀਅ ਕਰ ਗਿਆ ਹੈ ਕਿ ਤੈਨੂੰ ਖਾ ਲਵਾਂ । ਪੁਰਾਤਨ ਸਮੇਂ ਤੋਂ ਗੁੜ ਸਾਡੇ ਵਿਰਾਸਤੀ ਵਿਰਸੇ ਦਾ ਮੋਤੀ ਅਤੇ ਸ਼ਿੰਗਾਰ ਰਿਹਾ ਹੈ । ਵਿੱਚ ਵਿਚਾਲੇ ਖੁਰਾਸਾਨੀ ਦੁਲੱਤੇ ਮਾਰ ਕੇ   ਚੀਨੀ ਵੱਲ ਨੂੰ ਹੋ ਗਏ ਸਾਂ ।ਇਸ ਦੇ ਦੁਰਪ੍ਰਭਾਵ ਇੰਨੇ ਵੱਧ ਗਏ ਹਨ ਕਿ ਕਾਬੂ ਤੋਂ ਬਾਹਰ ਹੋ ਗਏ ਹਨ । ਹੁਣ ਗੁੜ ਦੀ ਯਾਦ ਦੁਬਾਰੇ ਆ ਗਈ ਹੈ । ਹੈਰਾਨੀ ਹੁੰਦੀ ਹੈ ਜੋ ਸਾਡੇ ਘਰਾਂ ਦੀ ਖੁਸ਼ਬੂ ਸੀ ਉਸਦੀ ਚਾਹ ਦਾ ਕੱਪ ਪੰਜਾਹ ਰੁਪਏ ਵਿੱਚ ਮਿਲਦਾ ਹੈ । ਖੁਸ਼ੀ ਵੀ ਹੁੰਦੀ ਹੈ ਕਿ ਗੁੜ ਦਾ ਰੇਟ ਅੱਜ ਚੀਨੀ ਤੋਂ ਵੱਧ ਹੈ ।ਸ਼ੱਕਰ ਤਾਂ ਲੱਭਿਆ ਵੀ ਨਹੀਂ ਮਿਲਦੀ । ਕਿੱਥੇ ਸ਼ੱਕਰ ਦਾ ਸ਼ਰਬਤ ਅੱਜ ਤੇ ਸ਼ਰਬਤਾਂ ਨੂੰ  ਫਿੱਕਾ ਅਤੇ ਝੂਠਾ ਕਰਦਾ ਸੀ । ਜੇ ਖੇਤੀ ਦੇ ਸਹਾਇਕ ਧੰੰਦੇ ਦਾ ਇੱਕ ਕਿੱਤਾ ਗੁੜ ਬਣਾਉਣਾ ਰਹਿੰਦਾ ਤਾਂ ਕਈ ਝੰਜਟਾਂ ਦਾ ਨਿਬੇੜਾ ਹੋ ਜਾਣਾ ਸੀ । ਗਰਮ ਗੁੜ ਵਿਰਸੇ ਦੀ ਸੁਗਾਤ ਨੂੰ ਅੱਜ ਤਰਸਣਾ ਪੈਂਦਾ ਹੈ । ਰੂੜੀ ਤੋਂ ਤਿਆਰ ਹੋਇਆ ਗੰਨਾ ਗੁੜ ਪੈਦਾ ਕਰਕੇ ਗੁਣਵੱਤਾ ਭਰਪੂਰ ਹੁੰਦਾ ਸੀ । ਸਭ ਤੋਂ ਵੱਡੀ ਗੱਲ ਹੈ ਕਿ ਗੁੜ ਬਣਾਉਣ ਸਮੇਂ ਭਾਈਚਾਰਕ ਏਕਤਾ ਦਾ ਸਬੂਤ ਵੀ ਮਿਲਦਾ ਸੀ । ਗੁੜ ਬਣਾਉਣ ਵਾਲੀ ਘੁਲਾੜੀ ਤੇ ਰੌਣਕ ਲੱਗੀ ਰਹਿੰਦੀ ਸੀ ।   ਜੋ ਅੱਜ ਗਾਇਬ ਹੈ ।
                             ਪਿੰਡਾਂ ਦੇ ਲੋਕਾਂ ਨੂੰ ਜਦੋਂ ਫਰਜ਼ੀ ਤਿਆਰ ਹੋ ਰਹੇ ਗੁੜ ਖਰੀਦ ਦੇ ਦੇਖਿਆ ਜਾਂਦਾ ਹੈ ਤਾਂ ਅਜੀਬ ਲੱਗਦਾ ਹੈ । ਜਿਹਨਾਂ ਨੇ ਘਰਾਂ ਚ ਗੁੜ ਦੀ ਖੁਸ਼ਬੂ ਦਾ ਅਨੰਦ ਮਾਣਿਆ ਹੁੰਦਾ ਹੈ । ਉਹਨਾਂ  ਲਈ ਤਾਂ ਹੋਰ ਵੀ ਅਜੀਬ ਲੱਗਦਾ ਹੈ । ਗੰਨੇ ਤੋਂ ਚੀਨੀ ਬਣਾਉਣ ਨੂੰ ਪ੍ਰਫੁਲਿੱਤ ਕਰਨ ਲਈ ਉੱਦਮ ਪਿਛਲੇ ਸਮੇਂ ਤੋਂ ਵਿਵਾਦਾਂ ਵਿੱਚ ਰਹੇ ਹਨ । ਖੰਡ ਮਿੱਲਾਂ ਵੱਲੋਂ ਗੰਨਾ ਵੇਚਣ ਵਾਲੇ ਕਿਸਾਨਾਂ ਨੂੰ ਭੁਗਤਾਨ ਸੰਬੰਧੀ  ਦਿੱਕਤਾਂ ਨੇ ਨਾਨੀ ਚੇਤੇ ਕਰਵਾ ਦਿੱਤੀ ਹੈ । ਅੱਜ ਸਮਾਂ ਮੰਗ ਕਰਦਾ ਹੈ ਕਿ ਗੁੜ ਨੂੰ ਖੇਤੀ ਦੇ ਪ੍ਰਮੁੱਖ ਸਹਾਇਕ ਧੰਦੇ ਵਜੋਂ ਉਤਸ਼ਾਹਿਤ ਕਰਕੇ ਚੋਖੀ ਕਮਾਈ ਕੀਤੀ ਜਾ ਸਕਦੀ ਹੈ । ਸਿਰਫ ਮਿਹਨਤ ਦੀ ਲੋੜ ਹੈ । ਸਾਡਾ ਖੁਸਿਆ ਮਿਹਨਤੀ ਸੁਭਾਅ ਇਸ ਵਿੱਚ ਰੁਕਾਵਟ ਹੈ । ਆਖਰ ਇਸ ਵੱਲ ਮੁੜਨਾ ਪਵੇਗਾ । ਗੁੜ ਜਿੱਥੇ ਆਯੂਰਵੈਦਿਕ  ਦਵਾਈ ਹੈ । ਉੱਥੇ ਪਰਚੂਨ ਵਿੱਚ  ਵਿਕਦਾ ਹੈ । ਜੇ ਅਸੀਂ ਪਰਵਾਸੀ ਮਜ਼ਦੂਰਾਂ ਨੂੰ ਦੇਖੀਏ ਤਾਂ ਉਹ ਪੰਜਾਬ ਵਿੱਚ ਆ ਕੇ  ਇਹ ਕਿੱੱਤਾ ਅਪਣਾ ਕੇ  ਖੁਸ਼ਹਾਲ ਹੋ ਰਹੇ ਹਨ  । ਸਾਡਾ ਤਾਂ ਇਹ ਵਿਰਾਸਤੀ ਕਿੱਤਾ ਹੈ ।
          ਬੀਤ ਦੇ ਇਲਾਕੇ ਦਾ ਗੁੜ ਮਸ਼ਹੂਰ ਹੈ । ਗੰਨਾ ਸਾਰੇ ਪੰਜਾਬ ਵਿੱਚ ਹੁੰਦਾ ਹੈ । ਚੀਨੀ ਨਾਲ ਸਿਹਤ ਲਈ ਖਿਲਵਾੜ ਹੋ ਕੇ ਮਨੁੱਖਤਾ ਲਈ ਵੰਗਾਰ ਨੇ ਗੁੜ ਦੀ ਯਾਦ ਦਿਵਾਈ ਹੈ । ਉਂਝ ਗੁੜ ਨਾਲ ਖਿਲਵਾੜ ਉਦੋਂ ਹੀ ਸ਼ੁਰੂ ਹੋ ਗਿਆ ਸੀ  । ਜਦੋਂ ਮੈਲ ਉਤਾਰਨ ਲਈ ਰਸਾਇਣਾਂ ਦੀ ਵਰਤੋਂ ਸ਼ੁਰੂ ਹੋ ਗਈ ਸੀ । ਜੈਵਿਕ ਤਰੀਕੇ ਦੇ ਗੁੜ ਨਾਲ  ਲੋਕ ਸਿਹਤ ਪੱਖੋਂ ਬਲਵਾਨ ਰਹਿੰਦੇ ਹਨ । ਅੱਜ ਕਿਸਾਨ ਆਪਣਾ ਗੁੜ ਤਿਆਰ ਕਰਕੇ ਖੁਦ ਵੇਚਣ  ਤਾਂ ਕੋਈ ਮਿਹਣਾ ਨਹੀਂ । ਇਸ ਕਿੱਤੇ ਨਾਲ ਸ਼ਰਮ ਪਰੇ ਕਰਕੇ ਰੱਖ ਦੇਣੀ ਚਾਹੀਦੀ ਹੈ । ਥੋੜ੍ਹੇ ਸਮੇਂ ਵਿੱਚ ਹੀ ਜੈਵਿਕ ਗੁੜ  ਅਤੇ ਖੁਦ ਮੰਡੀਕਰਨ ਦੇ ਪ੍ਰਭਾਵ ਦਿਖਣੇ ਸ਼ੁਰੂ ਹੋ ਜਾਣਗੇ । ਕੜਾਹੇ ਅਤੇ ਵੇਲਣੇ ਵਿੱਚੋਂ ਨਿਕਲ ਕੇ ਗੁੜ ਆਇਰਨ ਦੀ ਲੋੜ ਵੀ ਪੂਰੀ ਕਰਦਾ ਹੈ । ਗੁੜ ਦੀ ਗੱਚਕ ਅਤੇ ਟਿੱਕੀ ਬਣਾਕੇ  ਕੀਮਤ ਹੋਰ ਵੀ ਵੱਧ ਮਿਲਦੀ ਹੈ । ਇਹ ਸਾਡਾ ਗੁਣ ਹੋਰਾਂ ਨੇ ਕਬੂਲ ਕਰਕੇ ਸਾਨੂੰ ਹਾਸ਼ੀਏ ਵੱਲ ਧੱਕਿਆ ਹੈ ।  ਆਪਣੇ ਗੰਨੇ ਦਾ ਰਸ ਵੇਚਣ ਵਾਲੇ 5 ਹਜ਼ਾਰ ਰੁਪਈਆ ਰੋਜ਼ ਦਾ ਕਮਾ ਲੈਂਦੇ ਹਨ । ਇਸ ਲਈ ਗੁੜ ਦਾ ਧੰਦਾ ਆਤਮ ਨਿਰਭਰਤਾ ਦਾ ਸਬੂਤ ਦੇਵੇਗਾ । ਜਿਸ ਨਾਲ ਕਿਸਾਨ ਦੀ ਜੇਬ ਹਰੀ ਰਹੇਗੀ । ਨਿੱਤ ਦੀਆਂ ਲੋੜਾਂ ਵੀ ਪੂਰੀਆਂ ਹੋਣਗੀਆਂ ।
            ਉਂਝ ਵੀ ਸਾਡੇ ਬਾਬੇ ਨਾਨਕ ਨੇ ਕਰਤਾਰਪੁਰ ਵਿੱਚ ਕਿਰਤ ਦੀ ਬੀਜ ਬੋਅ ਕੇ ਸਾਨੂੰ ਮਿਹਨਤ ਦਾ ਸਬਕ ਦਿੱਤਾ ਸੀ  । ਅਸੀਂ ਇਹ ਵੀ ਭੁਲਾ ਦਿੱਤਾ ਹੈ । "  ਕਿਰਸਾਣੀ ਕਿਰਸਾਣੁ ਕਰੇ  "  ਜਨਮ ਸਮੇਂ ਗੁੜ ਆਦਿ ਵਸਤਾਂ ਦੀ  ਬਣੀ ਘੁੱਟੀ ਬੱਚੇ ਨੂੰ ਦੇ ਕੇ ਗੁੜ੍ਹਤੀ ਦਿੱਤੀ ਜਾਂਦੀ ਸੀ । ਦਿਲ ਵਿੱਚ ਛੁਰੀ ਮੂੰਹ ਵਿੱਚ ਗੁੜ ਦੀ ਕਹਾਵਤ ਵੀ ਭਾਰੂ ਰਹੀ ਜੋ ਅੱਜ ਵੀ ਹੋਰ ਰੂਪ ਵਿੱਚ ਪੇਸ਼ ਕੀਤੀ ਜਾਂਦੀ ਹੈ । ਵਿਆਹ ਸ਼ਾਦੀ ਸਮੇਂ ਗੁੜ ਦੀ ਭਾਜੀ ਦਿੱਤੀ ਜਾਂਦੀ ਸੀ ।  ਜੋ ਅੱਜ ਦੇ ਦੇਸੀ ਟੱਟੂਆਂ ਨੇ  ਮਿਠਾਈ ਨੂੰ ਇਸਦੀ ਥਾਂ ਦੇ ਦਿੱਤੀ ਹੈ । ਹੇੈਰਾਨੀ ਇਹ ਵੀ ਹੈ ਕਿ ਮਿਠਾਈ ਖਾਣ ਨੂੰ ਅੱਜ ਕੋਈ ਤਿਆਰ ਨਹੀਂ ਹੈ । ਪਰ ਗੁੜ ਫਿਰ ਵੀ ਨਹੀਂ ਦਿੱਤਾ ਜਾਂਦਾ ਹੈ । ਗੁੜ ਦੇ ਰੰਗ ਨੂੰ ਰਸਾਇਣ ਪਾ ਕੇ ਚਿੱਟਾ ਵੀ ਨਹੀਂ ਕਰਨਾ ਚਾਹੀਦਾ ਇਸ ਨਾਲ ਗੁੜ ਆਪਣਾ ਦੇਸੀ ਗੁਣ  ਖਤਮ ਕਰ ਦਿੰਦਾ ਹੈ । ਗੰਨੇ ਦੀ ਫਸਲ ਮੋਂਢੀ ਰੱਖ ਕੇ ਦੁਵਾਰੇ ਵੀ ਹੋ ਜਾਂਦੀ ਹੈ ।  ਜੋ ਹੋਰ ਫਸਲਾਂ ਵਿੱਚ ਨਹੀਂ  ਹੁੰਦਾ । ਜੱਟ ਗੰਨਾਂ ਨਹੀਂ ਦਿੰਦਾ ਸੀ ਗੁੜ ਦੀ ਭੇਲੀ ਦੇ ਦਿੰਦਾ ਸੀ । ਕੁੱਲ ਮਿਲਾ ਕੇ  ਕਿਹਾ ਜਾ ਸਕਦਾ ਹੈ ਕਿ ਗੁੜ ਸਾਡੇ ਵਿਰਾਸਤੀ ਵਿਰਸੇ ਦਾ ਮੋਤੀ ਹੈ ।  ਆਓ ਇਸ ਵੱਲ ਤੁਰੰਤ ਮੁੜੀਏ ।

ਸੁਖਪਾਲ ਸਿੰਘ ਗਿੱਲ   
9878111445
ਦੁਬਾਰੇ ਸੋਧ ਕੇ ਭੇਜਿਆ

ਅਬਿਆਣਾ ਕਲਾਂ

ਸਿੱਖਿਆ ਧੀ ਦਾ ਸਦਾਬਹਾਰ ਗਹਿਣਾ - ਸੁਖਪਾਲ ਸਿੰਘ ਗਿੱਲ


ਸੱਭਿਆਚਾਰ ,  ਸਮਾਜਿਕ ਅਤੇ ਜੀਵਨ ਜਾਂਚ ਲਈ ਸਿੱਖਿਆ ਮਾਨਵ ਜਾਤੀ ਲਈ ਬੁਨਿਆਦ ਹੈ  । ਪਰ ਸਾਡੇ ਸੱਭਿਆਚਾਰ ਅਤੇ ਸਮਾਜ ਵਿੱਚ ਸਿੱਖਿਆ ਧੀ ਦਾ ਸਦਾਬਹਾਰ ਗਹਿਣਾ ਹੈ । ਸਿੱਖਿਆ ਦਾ ਅਸਲੀ ਅਰਥ ਅਜਿਹੀ ਸਿੱਖਿਆ ਦੇਣਾ ਹੈ , ਜਿਸ ਨਾਲ ਜੀਵਨ ਦੇ ਸਾਰੇ ਪੱਖਾਂ ਦਾ ਗਿਆਨ ਦੇਣਾ ਹੈ । ਇਸ ਨਾਲ ਹੀ ਸਖਸ਼ੀਅਤ ਨਿਖਾਰੀ ਜਾਂਦੀ ਹੈ । ਕਿਹਾ ਵੀ ਜਾਂਦਾ ਹੈ ਕਿ ਫੁੱਲ ਦੀ  ਕੀਮਤ ਉਸਦੀ ਖੁਸ਼ਬੂ ਲਈ ਹੈ ।  ਆਦਮੀ ਦੀ ਕੀਮਤ  ਵੀ ਉਸਦੇ ਚੱਜ ਆਚਾਰ ਲਈ ਪੈਂਦੀ ਹੈ ।  ਸਾਡੇ ਸਮਾਜ ਵਿੱਚ ਧੀ ਨੂੰ ਸਿੱਖਿਆ ਦੇਣ ਲਈ ਸਾਰੇ ਪਰਿਵਾਰ ਦਾ ਧਿਆਨ ਕੇਂਦਰਿਤ ਹੁੰਦਾ ਹੈ । ਉਂਝ ਸੰਯੁਕਤ ਪਰਿਵਾਰ ਵਿੱਚ ਧੀ ਦੀ ਨੈਤਿਕ ਸਿੱਖਿਆ ਹਮੇਸ਼ਾ ਉੱਚੀ ਰਹਿੰਦੀ ਸੀ । ਮਾਪਿਆਂ ਨੇ ਜੰਮਦੀ ਸਾਰ ਪਹਿਲੀ ਕਿਲਕਾਰੀ ਨਾਲ ਹੀ ਧੀ ਦੀ ਨੈਤਿਕ ਸਿੱਖਿਆ ਸ਼ੁਰੂ ਹੋ ਜਾਂਦੀ ਹੈ । ਅੱਜ ਬਦਲੇ ਜ਼ਮਾਨੇ ਨੇ ਇਸ ਸਿੱਖਿਆ ਦਾ ਰੁਖ ਬਦਲਿਆ ਹੈ।
                         ਸਿੱਖਿਆ ਸੱਭਿਅਤ ਸਮਾਜ ਦੀ ਬੁਨਿਆਦ ਹੈ । ਇਸ ਨਾਲ ਜੀਵਨ ਜਾਂਚ ਪਤਾ ਚੱਲਦੀ ਹੈ । ਸਿੱਖਿਆ , ਸਮਾਜਿਕ, ਕਿਤਾਬੀ ਅਤੇ ਅਨੁਭਵੀ ਹੁੰਦੀ ਹੈ ।ਧੀ ਨੂੰ ਸਭ ਤੋਂ ਪਹਿਲਾ ਨੈਤਿਕ ਸਿੱਖਿਆ ਫਿਰ ਕਿਤਾਬੀ ਸਿੱਖਿਆ ਦੀ ਲੋੜ ਹੁੰਦੀ । ਸਿਆਣੇ ਕਹਿ ਵੀ ਦਿੰਦੇ ਸਨ ਪੜ੍ਹਨ ਨਾਲੋਂ ਕੜ੍ਹਨਾਂ ਵੀ  ਬਹੁਤ ਜ਼ਰੂਰੀ ਹੈ । ਜੋ ਅਸੀਂ ਕਿਤਾਬਾਂ ਵਿੱਚ ਸਿੱਖਦੇ ਹਾਂ , ਉਸ ਨਾਲ ਸਮਾਜੀਕਰਨ ਘਰਾਂ ਵਿੱਚ ਨਾਲੋਂ ਨਾਲ ਹੋਣ ਲੱਗੇ ਤਾਂ ਸੋਨੇ ਤੇ ਸੁਹਾਗੇ ਦਾ ਕੰਮ ਹੁੰਦਾ ਹੈ । ਜੋ ਪੜ੍ਹੇ ਲਿਖੇ ਨੈਤਿਕ ਪੱਖ ਤੋਂ ਪੂਰੇ ਹੁੰਦੇ ਹਨ । ਉਹਨਾਂ ਦੀ ਜੀਵਨਸ਼ੈਲੀ ਵੀ ਪੂਰੀ ਹੁੰਦੀ ਹੈ । ਧੀ ਦਾ ਸਮਾਜੀਕਰਨ ਅਤੇ  ਸਿੱਖਿਆ ਨਾਲ ਸਰਬ ਪੱਖੀ ਹੋ ਜਾਂਦਾ ਹੈ ।  ਜਿਸ ਨਾਲ 2 ਘਰ ਅਤੇ ਅਗਲੀ ਪੀੜ੍ਹੀ ਦਾ ਭਵਿੱਖ ਸੁਨਹਿਰੀ ਹੋ ਜਾਂਦਾ ਹੈ । ਸਕੂਲੀ ਸਿੱਖਿਆ ਵਿੱਚ ਵੀ ਧੀ ਦੀ ਸਿੱਖਿਆ ਦਾ ਸਮਾਜਿਕ ਨੈਤਿਕ ਪੱਖ ਕਵਰ ਕਰਨ ਲਈ ਅਧਿਆਏ ਹੋਣਾ ਚਾਹੀਦਾ ਹੈ । ਇਸਦੇ ਮੁਕਾਬਲੇ ਵੀ ਹੋਣੇ ਚਾਹੀਦੇ ਹਨ । ਸਾਡੀਆਂ ਧੀਆਂ ਸਾਡਾ ਮਾਣ ਹੁੰਦੀਆਂ ਹਨ ।
                             ਸਾਡੇ ਗੁਰੂ ਸਾਹਿਬਾਨ ਨੇ ਸਾਡੇ ਵਿਆਹ ਸਮੇਂ ਅਨੰਦ^ਕਾਰਜ ਦੀ ਦਾਤ ਬਖਸ਼ੀ ਇਸ ਲਈ ਸਾਡੇ ਵਿਆਹ ਸਮਝੋਤੇ ਨਹੀਂ ਬਲਕਿ ਅਨੰਦ ਹੁੰਦੇ ਹਨ । ਚਾਰ ਲਾਵਾਂ ਦੇ ਪਾਠ ਵਿੱਚ ਹਰ ਤਰਾਂ੍ਹ ਦੀ ਸਿੱਖਿਆ ਮਿਲ ਜਾਂਦੀ ਹੈ । ਧੀ ਕਹਿੰਦੀ ਹੈ ਕਿ ਮੈਂ ਸਾਰੇ ਝੂਠੇ ਸਾਕ ਖਤਮ ਕਰਕੇ ਪਤੀ ਪਰਮੇਸ਼ਰ ਦੇ ਲੜ ਲੱਗੀ ਹਾਂ । ੌ ਉਸਤਤਿ ਨਿੰਦਾ ਨਾਨਕ ਜੀ ਮੈ ਹਭ ਵਞਾਈ ਛੋੜਿਆ , ਹਭ ਕਿਝੁ ਤਿਆਗੀ , ਹਭੈ ਸਾਕ ਕੂੜਾਵੇ ਡਿਠੇ ਤਓੁ ਪਲੈ ਤੈਡੈ ਲਾਗੀ  ੌ   ਪਤੀ ^ ਪਤਨੀ ਨੂੰ ਇਹ ਵੀ ਸੰਦੇਸ਼ ਹੈ ਕਿ ੌ ਨਿਵਣੁ  ਸੁ ਅਖਰੁ , ਖਵਣ ਗੁਣੁ ਜਿਹਬਾ ਮਣੀਆ ਮੰਤੁ  ੌ  ਮਾਂ ^ ਪਿਉ ਨੂੰ  ਪਤਾ ਹੁੰਦਾ ਹੈ ਕਿ ਧੀ ਨੇ ਜ਼ਿਆਦਾ ਸਮਾਂ ਸਹੁਰੇ ਘਰ ਰਹਿਣਾ ਹੈ । ਦੋਵਾਂ ਘਰਾਂ ਵਿੱਚ ਸਾਰਥਿਕ ਰੋਲ ਵੀ ਨਿਭਾਉਣਾ ਹੈ । ਇਸ ਲਈ ਧੀ ਦੀ ਸਿੱਖਿਆ ਦਾ ਮਹੱਤਵ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ । ਗੁਰਬਾਣੀ ਹੁਕਮ ਕਰਦੀ ਹੈ । ਕਿ ਜੀਵ ਇਸਤਰੀ ਤਾਂ  ਆਪਣੇ ਅੰਦਰ ਅਕਾਲ ਪੁਰਖ ਦੇ ਗੁਣ ਪੈਦਾ ਕਰਨ ਨਾਲ  ਅਗਲੇ ਘਰ ਵੀ ਸੁਖੀ ਰਹਿੰਦੀ ਹੈ । ਅਜਿਹੀ ਧੀ ਦਾ ਆਚਾਰਨ ਹਮੇਸ਼ਾ ਉੱਚਾ ਰਹਿੰਦਾ ਹੈ । ਸਹੁਰੇ ਘਰ ਮਾਣ ਪਾਉਂਦੀ ਹੈ ।
         ਪਹਿਲੀ ਲੋਰੀ ਤੋਂ ਸ਼ੁਰੂ ਹੋਈ ਸਿੱਖਿਆ ਪਰਿਵਾਰਿਕ ਹਾਲਾਤਾਂ ਤੇ ਵੀ ਨਿਰਭਰ ਕਰਦੀ ਹੈ । ਜੇ ਧੀ ਦੇ ਮਾਂ ਬਾਪ ਦੀ ਆਪਸ ਵਿੱਚ ਅਣ ^ ਬਣ ਰਹੇ ਤਾਂ ਅਸਰ ਧੀ ਤੇ ਵੀ ਪੈਂਦਾ ਹੈ ।ਧੀ ਰੂਪੀ ਸੋਨੇ ਨੂੰ ਕੋਈ ਮਾਂ ਬਾਪ ਨਹੀਂ ਚਾਹੁੰਦਾ ਕਿ ਸਿੱਖਿਆ ਪੱਖੋਂ ਅਧੂਰੀ ਰਹੇ । ਨੈਤਿਕ ਸਿੱਖਿਆ ਲਈ ਪਰਿਵਾਰ ਵਿੱਚ ਧੀ ਨੂੰ ਸਾਰਥਿਕ ਮਾਹੋਲ ਮਿਲਣਾ ਜ਼ਰੂਰੀ ਹੈ । ਆਖਰ ਜਦੋਂ ਅਨੰਦ ਕਾਰਜ ਹੁੰਦੇ ਹਨ ਤਾਂ ਸਹੇਲੀਆਂ ਵੀ ਸਿੱਖਿਆ ਪੜ੍ਹਦੀਆਂ ਸਨ । ਇਹ ਸਿੱਖਿਆ ਉਸ ਅਨੰਦ ^ ਕਾਰਜ ਤੋਂ ਬਾਅਦ ਸ਼ੁਰੂ ਕਰਦੀਆਂ ਸਨ । ਇਹ ਸਿੱਖਿਆ ਬਚਪਨ ਤੋਂ ਅਨੰਦ^ਕਾਰਜ ਤੱਕ ਦੀ ਸਿੱਖਿਆ ਦਾ ਨਿਚੋੜ ਹੁੰਦਾ ਸੀ । ਇਸ ਵਿੱਚ ਸਮਾਜ ਦੇ ਅਨੁਭਵ ਛੁਪੇ ਹੁੰਦੇ ਸਨ । ਸਿੱਖਿਆ ਰਾਹੀਂ ਆਪਣੀ ਸਹੇਲੀ ਅਤੇ ਹੋਣ ਵਾਲੇ ਪਤੀ ਨੂੰ ਮਿਲਜੁਲ ਕੇ ਰਹਿਣ ਦਾ ਸੰਦੇਸ਼ ਦਿੰਦੀਆ ਸਨ । ਵਿਆਂਦੜ ਕੁੜੀ ਦੇ ਸਹੁਰੇ ਪਰਿਵਾਰ ਨੂੰ ਵੀ ਇਹ ਸਿੱਖਿਆ ਸੇਧਿਤ ਹੁੰਦੀ ਸੀ । ਇਹ ਸਿੱਖਿਆ ਸ਼ੀਸ਼ੇ ਚ ਜੜਾ ਕੇ ਰੱਖੀ ਜਾਂਦੀ ਸੀ ਜੋ ਅੱਜ ਵੀ ਬਹੁਤੇ ਘਰਾਂ ਦਾ ਸ਼ਿੰਗਾਰ ਹੈ । ਅਜਿਹੀ ਸਿੱਖਿਆ ਪੜ੍ਹਨੀ ਹਕੀਕਤ ਵਿੱਚ ਤਾਂ ਮਿੱਟਣ ਕਿਨਾਰੇ ਹੈ । ਪਰ ਇਸਦੇ ਮਿੱਟਦੇ ਜਾ ਰਹੇ ਰੂਝਾਨ ਨਾਲ ਸ਼ਾਨਾਮਤੀ ਵਿਰਸਾ , ਰਸਮਾਂ ਅਤੇ ਸੱਭਿਆਚਾਰ ਨੂੰ ਗ੍ਰਹਿਣ ਲੱਗ ਗਿਆ ਹੈ । ਜਿਸ ਨਾਲ ਧੀਆਂ ਭੈਣਾਂ ਦੇ ਚਾਅ ਮਲਾਰ ਮਧੋਲੇ ਗਏ ਹਨ । ਕਿਹਾ ਵੀ ਗਿਆ ਹੈ ਕਿ ਧੀ ਤੋਂ ਬਿਨਾਂ ਤਾਂ ਸੱਭਿਆਚਾਰ ਹੀ ਬੇਜ਼ਾਨ ਹੁੰਦਾ ਹੈ ।ਇਸ ਮਾਣ ਮੱਤੇ ਰਿਵਾਜ਼ ਨੂੰ ਲੋਕਾਂ ਦੀ ਦੋੜ ਨੇ ਖਤਮ ਕਰ ਦਿੱਤਾ ਹੈ । ਮੁੜ ਸੁਰਜੀਤ ਹੋ ਜਾਵੇ ਭਾਵੇਂ ਜੰਝ ਤੋਰਨ ਦੇ ਸਮੇਂ ਇਹ ਸਿੱਖਿਆ ਪੜ੍ਹ ਦਿੱਤੀ ਜਾਵੇ  । ਆਓ ਧੀਓ ਸਹੁਰੇ ਘਰ ਨੈਤਿਕ ਵਿਵਹਾਰ ਉੱਚਾ ਰੱਖ ਕੇ ਗੁਰਬਾਣੀ ਦੀ ਸੇਧ ਅਨੁਸਾਰ ਜੀਵਨ ਬਸਰ ਕਰੀਏ ।
ਸੁਖਪਾਲ ਸਿੰਘ ਗਿੱਲ
9878111445 ਅਬਿਆਣਾ ਕਲਾਂ