Tarsem Bashar

ਲੋਕ ਸਭਾ ਚੋਣਾਂ :-- ਇੱਕ ਮਹੱਤਵਪੂਰਨ ਪੜ੍ਹਾਅ - ਤਰਸੇਮ ਬਸ਼ਰ

ਲੋਕ ਸਭਾ ਚੌਣ਼ਾਂ ਦਾ ਮਾਹੌਲ ਗਰਮ ਹੈ। ਇਹ ਚੋਣਾਂ ਕਈ ਪੱਖਾਂ ਤੋਂ ਬੇਹੱਦ ਦਿਲਚਸਪ ਹਨ ਤੇ ਮਹੱਤਵਪੂਰਨ ਵੀ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਧੁਰ ਵਿਰੋਧੀ ਚਾਹ ਕੇ ਵੀ ਇਕੱਠੇ ਨਹੀਂ ਹੋ ਸਕੇ ਇੱਥੋਂ ਤੱਕ ਕਿ ਕਈ ਸੀਟਾਂ ਤੇ ਆਪਣੀਆਂ ਹੀ ਹਮਖਿਆਲ ਪਾਰਟੀ ਦੇ ਉਮੀਦਵਾਰਾਂ ਨੂੰ ਹਰਾਉਣ ਵਾਸਤੇ ਖੜੇ ਵੀ ਹਨ । ਚੋਣਾਂ ਦਾ ਨਤੀਜਾ ਚਾਹੇ ਕੁੱਝ ਵੀ ਹੋਵੇ ਵਿਰੋਧੀ ਧਿਰ ਦਾ ਇਕੱਠੇ ਨਾ ਹੋ ਸਕਣਾ ਬੀਜੇ.ਪੀ ਵਾਸਤੇ ਰਾਮ ਬਾਣ ਦਾ ਕੰਮ ਕਰੇਗਾ । ਰਵਾਇਤੀ ਤੌਰ ਤੇ ਹਿੰਦੂਤਵ ਦੀ ਰਾਜਨੀਤੀ ਕਰਨ ਵਾਲੀ ਭਾਰਤੀ ਜਨਤਾ ਪਾਰਟੀ ਨੇ ਚੋਣਾਂ ਦੌਰਾਨ ਵੀ ਕਈ. ਨਵੇਂ ਨਾਅਰੇ ਦਿੱਤੇ , ਕਈ ਮੁੱਦੇ ਬਦਲੇ । ਰਾਸ਼ਟਰਵਾਦ ਦੇ ਮੁੱਦੇ ਤੇ ਵਿਰੋਧੀਆਂ ਨੂੰ ਘੇਰਦੀ ਰਹੀ ਉੱਥੇ ਹੀ ਸਾਧਵੀ ਪ੍ਰੱਗਿਆ ਠਾਕੁਰ ਨੂੰ ਟਿਕਟ ਦੇ ਕੇ ਆਪਣੇ ਰਵਾਇਤੀ ਵੋਟ ਬੈਂਕ ਨੂੰ ਵੀ ਸੁਨੇਹਾ ਦਿੱਤਾ ਕਿ ਹਿੰਦੂਤਵ ਭਾਜਪਾ ਲਈ ਹਾਲੇ ਵੀ ਮਹੱਤਵਪੂਰਨ ਹੈ ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਟੈਲੀਵਿਜਨ ਚੈਨਲਾਂ ਤੇ ਛਾਏ ਹੋਏ ਹਨ । ਇਸ ਵਾਰ ਦੀਆਂ ਚੋਣਾਂ ਵਿੱਚ ਮੀਡੀਆ ਦੀ ਭੂਮਿਕਾ ਵੀ ਚਰਚਾ ਵਿੱਚ ਰਹੀ ਹੈ ।ਕਾਰਪੋਰੇਟ ਜਗਤ ਦੀ ਦਖਲਅੰਦਾਜ਼ੀ ਪ੍ਰਤੱਖ ਰੂਪ ਵਿੱਚ ਨਜ਼ਰ ਆ ਰਹੀ ਹੈ । ਹੱਦ ਤਾਂ ਇਹ ਹੈ ਕਿ ਕਈ ਮੀਡੀਆ ਘਰਾਣਿਆ ਨੇ ਨਿਰਪੱਖਤਾ ਦਾ ਨਾਟਕ ਕਰਨਾ ਤੱਕ ਛੱਡ ਦਿੱਤਾ ਹੈ । ਜਿੱਥੇ ਇਹ ਚੋਣਾਂ ਮੀਡੀਆ ਵੱਲੋਂ ਨਿਭਾਈ. ਗਈ ਆਪਣੀ ਭੂਮਿਕਾ ਲਈ ਜਾਣੀਆ ਜਾਣਗੀਆਂ  ਉੱਥੇ ਹੀ ਇਹ ਚੋਣਾਂ  ਰਾਜਨੀਤਿਕ ਦਲਾ ਦੇ ਵਿਵਹਾਰ ਲਈ ਵੀ ਜਾਣੀਆ ਜਾਣਗੀਆ । ਸਿਧਾਤਿਕ ਮਤਭੇਦ , ਵਿਅਕਤੀਗਤ ਵਿਰੋਧਾਂ ਵਿੱਚ ਬਦਲ ਗਏ ਹਨ। ਵਿਅਕਤੀਗਤ ਇਲਜਾਮ ਲਗਾਏ ਜਾ ਰਹੇ ਹਨ ।ਅਹੁਦਿਆਂ ਦੀ ਮਰਿਯਾਦਾ ਨੂੰ ਤਾਕ ਵਿੱਚ ਰੱਖ ਕੇ ਨਾਅਰੇ ਘੜ੍ਹੇ ਜਾ ਰਹੇ ਹਨ । ਦੇਸ਼ ਦੇ ਨਾਇਕਾਂ ਨੂੰ ਵੰਡਣ ਦੀ ਕੋਸ਼ਿਸ਼  ਕੀਤੀ ਗਈ ।ਪਹਿਲਾਂ ਦੀ ਰਾਜਨੀਤੀ ਵਿੱਚ ਪਤਨ ਇੱਥੋਂ ਤੱਕ ਨਹੀਂ ਸੀ ਵੇਖਿਆ ਜਾਂਦਾ ।

        ਪੁਲਵਾਮਾਂ ਕਾਂਡ ਨਾ ਵਾਪਰਦਾ ਤਾਂ ਇਸ ਵਾਰ ਚੋਣ ਮੁਹਿੰਮ ਦੇ ਮੁੱਦੇ ਕੁੱਝ ਹੋਰ ਹੋਣੇ ਸਨ ਤੇ ਭਾਜਪਾ ਲਈ ਸਥਿਤੀ ਕੁੱਝ ਵੱਧ ਮੁਸ਼ਕਿਲ ਵਾਲੀ ਹੋਣੀ ਸੀ। ਪਰ ਏਅਰਸਟਰਾਈਕ ਤੋਂ ਬਾਅਦ ਦੇਸ਼ ਵਿੱਚ ਰਾਜਨੀਤਿਕ ਮਾਹੌਲ ਅਚਾਨਕ ਬਦਲ ਗਿਆ । ਦੇਸ਼ ਭਗਤੀ ਅਤੇ ਅੱਤਵਾਦ ਵਿਰੋਧ ਦੇ ਨਾਂ ਤੇ ਭਾਜਪਾ ਨੂੰ ਅਜਿਹਾ ਮੁੱਦਾ ਮਿਲ ਗਿਆ ਜਿਸ ਦਾ ਤੋੜ ਵਿਰੋਧੀ ਪਾਰਟੀਆਂ ਕੋਲ ਨਹੀਂ ਸੀ ਹੋ ਸਕਦਾ । ਭਾਜਪਾ ਅਤੇ ਰਾਸ਼ਟਰੀ ਸਵੈਮ ਸੰਘ ਦੀ ਧਰੁਵੀਕਰਨ ਦੀ ਰਾਜਨੀਤੀ ਤੇ ਉਠ ਰਹੀਆਂ ਵਿਰੋਧੀ ਧਿਰ ਦੀਆਂ ਅਵਾਜਾਂ ਮੱਠੀਆਂ ਪੈ ਗਈਆਂ । ਇਹ ਗੱਲ ਅਲਹਿਦਾ ਹੈ ਕਿ ਭਾਜਪਾ ਤੀਜੇ ਪੜ੍ਹਾਅ ਦੀਆਂ ਚੋਣਾਂ ਤੋ ਂ ਬਾਅਦ ਹੋਰਨਾਂ ਮੁੱਦਿਆਂ ਤੇ ਧਿਆਨ ਕੇਦਰਿਤ ਕਰਨ ਲੱਗੀ ਸੀ ।ਭਾਜਪਾ ਨੇ ਆਪਣੀ ਧਾਰ ਮੁੱਖ ਤੌਰ ਤੇ ਗਾਂਧੀ ਪਰਿਵਾਰ ਵਿਰੁੱਧ ਰੱਖੀ ,ਵਿਅਕਤੀਗਤ ਹਮਲੇ ਕੀਤੇ ਉੱਥੇ ਹੀ ਕਾਂਗਰਸ ਮੋਦੀ ਵਿਰੋਧੀਆਂ ਨਾਲ ਇੱਕ ਸੁਰ ਹੋਣ ਵਿੱਚ ਅਸਫਲ ਰਹੀ ਭਾਵੇਂ ਕਿ ਮਮਤਾ ਬੈਨਰਜੀ ,ਮਾਇਆਵਤੀ ,ਅਖਿਲੇਸ਼ ਯਾਦਵ ਦੇ ਰੂਪ ਵਿੱਚ ਵਿਰੋਧੀ ਆਵਾਜ਼ਾਂ ਮੌਜੂਦ ਸਨ । ਮੁਖਰ ਅਵਾਜਾਂ ਦੀ ਗੱਲ ਹੋ ਰਹੀ ਹੈ ਤਾਂ ਇੱਕ ਦਿਲਚਸਪ ਪੱਖ ਇਹ ਵੀ ਵੇਖਣ ਵਾਲਾ ਹੈ ਕਿ ਵਿਰੋਧੀ ਧਿਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਉੱਠਣ ਵਾਲੀਆਂ ਸਖਤ ਅਵਾਜਾਂ ਵਿੱਚ ਚਰਚਿਤ ਰਹੇ  ਵਿਦਿਆਰਥੀ ਆਗੂ ਕਨੱਈਆ ਕੁਮਾਰ ,ਮੁਸਲਮਾਨ ਨੇਤਾ ਅਸ-ਉ-ਦੀਨ ਉਵੈਸੀ ਅਤੇ ਰਾਜ ਠਾਕਰੇ ਭਾਵੇਂ ਕਿ ਇੰਨਾ੍ਹਂ ਦਾ ਰਾਜਨੀਤਿਕ ਆਧਾਰ ਬਹੁਤ ਸੀਮਿਤ ਸੀ । ਭਾਵੇਂ ਮਾਇਆਵਤੀ ,ਮਮਤਾ ਬੈਨਰਜੀ , ਅਖਿਲੇਸ਼ ਯਾਦਵ , ਰਾਹੁਲ ਗਾਂਧੀ , ਤੇਜੱਸਵੀ ਯਾਦਵ ਅਰਵਿੰਦ ਕੇਜਰੀਵਾਲ ਭਾਜਪਾ ਸਰਕਾਰ ਦੇ ਵਿਰੁੱਧ ਬੋਲਦੇ ਰਹੇ ਪਰ ਆਮ ਲੋਕਾਂ ਵਿੱਚ ਚਰਚਾ ਕਨੱਈਆ ਕੁਮਾਰ ਅਤੇ ਉਵੈਸੀ ਦੀ ਰਹੀ ।ਬੇਗੂਸਰਾਏ ਬਿਹਾਰ ਤੋਂ ਖੱਬੇ ਪੱਖੀ ਪਾਰਟੀ ਦੇ ਉਮੀਦਵਾਰ ਕਨੱਈਆ ਕੁਮਾਰ ਨੂੰ ਚੋਣਾਂ ਦੌਰਾਨ ਵੱਡੀ ਚਰਚਾ ਮਿਲੀ ਤੇ ਇਸੇ ਆਧਾਰ ਤੇ ਮਿਲੀ ਕਿ ਉਹ ਬਹੁਤ ਮੁਖਰ ਹੋ ਕੇ ਸਖਤ ਸ਼ਬਦਾਂ ਵਿੱਚ ਭਾਜਪਾ ਅਤੇ ਆਰ ਐਸ ਐਸ ਦੀ ਆਲੋਚਨਾ  ਕਰਦਾ ਰਿਹਾ ਹੈ ਅਤੇ ਮੋਦੀ ਦੇ ਵਿਰੋਧੀਆਂ ਵਿੱਚੋਂ ਇੱਕ ਪ੍ਰਮੁੱਖ ਚੇਹਰੇ ਵਜੋਂ ਸਥਾਪਿਤ ਹੋਣ ਵਿੱਚ ਉਹ ਕਾਮਯਾਬ ਰਿਹਾ ਹੈ । ਕਿਹਾ ਜਾਂਦਾ ਰਿਹਾ ਹੈ ਕਿ ਉਹ ਬੇਗੂਸਰਾਏ ਤੋਂ ਜਿੱਤਣ ਦੀ ਸਥਿਤੀ ਵਿੱਚ ਵੀ ਹੈ । ਭਾਵੇ ਦੇਸ਼ ਵਿੱਚ ਖੱਬੇ ਪੱਖੀ ਪਾਰਟੀਆਂ ਦੇ ਬਹੁਤੇ ਕਿਲੇ ਢਹਿ ਚੁੱਕੇ ਹਨ ਪਰ ਕਨੱਈਆਂ ਕੁਮਾਰ ਦੇ ਰੂਪ ਵਿੱਚ ਅਜਿਹਾ ਚਿਹਰਾ ਮਿਲ ਗਿਆ ਹੈ ਂਜੋ ਮੁੱਖ ਧਾਰਾ ਦੀ ਰਾਜਨੀਤੀ ਵਿੱਚ ਉਹਨਾਂ ਦੀ ਹੋਂਦ ਅਤੇ ਚਰਚਾ ਨੂੰ ਬਣਾਏ ਰੱਖਣ ਵਿੱਚ ਸਹਾਇਕ ਸਾਬਤ ਹੋ ਰਿਹਾ ਹੈ ।ਅਜੋਕੀ ਕੌਮੀ ਰਾਜਨੀਤੀ ਵਿੱਚ  ਕੁੱਝ ਚੋਣ ਪ੍ਰਸਥਿਤੀਆਂ ਹੋਰ ਵੀ ਦਿਲਚਸਪ ਹਨ। ਕਿਹਾ ਜਾਂਦਾ ਹੈ ਕਿ ਨਿਤੀਸ਼ ਕੁਮਾਰ ਭਾਜਪਾ ਨਾਲ ਗਠਬੰਧਨ ਹੋਣ ਦੇ ਬਾਵਜੂਦ ਅਸਹਿਜ ਹਨ।ਵਿਚਾਰਧਾਰਕ ਭਿੰਨਤਾ ਕਾਰਨ ਚੋਣ ਮੈਨੀਫੈਸਟੋ ਤੱਕ ਰੀਲੀਜ ਨਹੀਂ ਕਰ ਰਹੇ ।ਉੱਤਰਪ੍ਰਦੇਸ ਼ ਦੇ ਚਰਚਿਤ ਮਹਾਗਠਬੰਧਨ ਵਿੱਚ ਅਖਿਲੇਸ਼ ਯਾਦਵ ਵੀ ਅਸਥਿਰਤਾ ਦੀ ਭਾਵਨਾ ਚੋਂ ਲੰਘ ਰਹੇ ਹਨ । ਉਹਨਾਂ ਨੂੰ ਨਹੀਂ ਭਰੋਸਾ ਕਿ ਚੋਣਾਂ ਬਾਅਦ ਮਾਇਆਵਤੀ ਦਾ ਕੀ ਰਵੱਈਆ ਹੋਵੇਗਾ । ਰਾਜਨੀਤਿਕ ਹਲਕਿਆਂ ਵਿੱਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੇਕਰ ਭਾਜਪਾ ਦੀਆਂ ਸੀਟਾ ਘੱਟ ਆਈਆਂ ਤਾ ਸ਼ਿਵ ਸੈਨਾ ਭਾਜਪਾ ਨਾਲੋਂ ਤੋੜ ਵਿਛੋੜਾ ਕਰ ਸਕਦੀ ਹੈ ।
          ਇੰਨਾਂ ਚੋਣਾਂ ਦੌਰਾਨ ਭਾਜਪਾ ਨੂੰ ਫਿਲਮੀ ਸਿਤਾਰਿਆਂ ਉੱਪਰ ਕਾਫੀ ਭਰੋਸਾ ਜਤਾਇਆ ਹੈ ।ਫਿਲਮੀ ਦੁਨੀਆਂ ਵਿੱਚ ਧਰਮਿੰਦਰ ਅਤੇ ਉਹਨਾਂ ਦੇ ਪੁੱਤਰ ਸੰਨੀ ਦਿਉਲ ਨੱਚਣ ਵਾਲੇ ਪੱਖ ਤੋਂ ਕਮਜੋਰ ਹੀ ਮੰਨੇ ਜਾਂਦੇ ਰਹੇ ਹਨ । ਹੁਣ ਦੇਖਣਾ ਹੋਵੇਗਾ ਕੇ ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਸੰਨੀ ਦਿਉਲ ਰਾਜਨੀਤਿਕ ਮੈਦਾਨ ਵਿੱਚ ਖਰੇ ਉੱਤਰੇ ਹਨ ਜਾਂ ਨਹੀਂ । ਉਹਨਾਂ ਦਾ ਮੁਕਾਬਲੇ ਪੰਜਾਬ ਦੇ ਧੁਰਿੰਦਰ ਸੁਨੀਲ ਜਾਖੜ ਨਾਲ ਹੈ ।ਦੇਸ਼ ਦੇ ਭਵਿੱਖ ਲਈ. ਆਮ ਚੋਣਾਂ ਮਹੱਤਵਪੂਰਨ ਹੁੰਦੀਆਂ ਹਨ ਤੇ ਇਹ ਵੀ ਹਨ ਪਰ ਰਾਜਨੀਤਿਕ ਪਾਰਟੀਆਂ ਵੱਲੋਂ ਵੋਟਾਂ ਲਈ ਜਿਸ ਤਰ੍ਹਾਂ ਧਾਰਮਿਕ ਆਧਾਰ ਤੇ ਧਰੁਵੀਕਰਨ ਦੀ ਕੌਸ਼ਿਸ਼ ਕੀਤੀ ਗਈ ਹੈ ,ਇਤਿਹਾਸ ਨਾਲ ਖਿਲਵਾੜ ਕਰਨ ਦੀ ਕੋਸ਼ਿਸ਼ ਕੀਤੀ ਗਈ। ਊਹ ਕਿਸੇ ਵੀ ਲੋਕਤੰਤਰ ਲਈ ਵਧੀਆ ਮਿਸਾਲ ਨਹੀਂ ਹੈ। ਮੀਡੀਆ ਖਾਸ ਕਰ ਇਲੈਕਟਰੋਨਿਕ ਮੀਡੀਆ ਦੇ ਕੁੱਝ ਚੈਨਲਾਂ ਵੱਲੋਂ ਜਿਸ ਤਰ੍ਹਾਂ ਰਾਜਨੀਤਿਕ ਪਾਰਟੀਆਂ ਦੇ ਅਕਸ਼ ਨੂੰ ਉਭਾਰਨ ਅਤੇ ਖਰਾਬ ਕਰਨ ਦੀ ਕਵਾਇਦ ਕੀਤੀ ਜਾਂਦੀ ਹੈ ਉਹ ਵੀ  ਕੌਮਾਂਤਰੀ ਪੱਧਰ ਤੇ ਭਾਰਤ ਦੇ ਮੀਡੀਆ ਦਾ ਅਕਸ਼ ਧੁੰਦਲਾ ਕਰਦੀ ਹੈ । ਲੁਕੇ ਹੋਏ ਰੂਪ ਵਿੱਚ ਇਸ ਵਾਰ ਦੀਆਂ ਚੋਣਾਂ ਵਿੱਚ ਕਾਰਪੋਰੇਟ ਜਗਤ ਦੀ ਦਖਲਅੰਦਾਜੀ ਵੀ ਨਜ਼ਰ ਆਉਂਦੀ ਹੈ ਪੈਸਾ ਪਾਣੀ ਦੀ ਤਰ੍ਹਾਂ ਵਹਾਇਆ ਜਾ ਰਿਹਾ ਹੈ ਇਹ ਵੀ ਕਿ ਮੈਂ ਲੋਕਤੰਤਰ ਵਿੱਚ ਸਿਹਤਮੰਦ ਰੁਝਾਣ ਨਹੀਂ ਹੈ। ਭਵਿੱਖ ਵਿੱਚ ਇਹ ਦਖਲ ਹੋਰ ਵੱਧ ਸਕਦਾ ਹੈ ਜਿਸ ਦੇ ਸਿੱਟੇ ਚੰਗੇ ਨਹੀਂ ਨਿੱਕਲ ਸਕਦੇ।ਸ਼ੋਸ਼ਲ ਮੀਡੀਆ ਦਾ ਪ੍ਰਭਾਵ ਵੀ ਇੰਨ੍ਹਾਂ ਚੋਣਾ ਦੌਰਾਨ ਮਿਲਿਆ ਹੈ ਤੇ ਇਸ ਦੇ ਪ੍ਰਭਾਵ ਨੂੰ ਵੀ ਘੱਟ ਕਰਕੇ ਨਹੀਂ ਦੇਖਿਆ ਜਾਣਾ ਚਾਹੀਦਾ ।ਸ਼ੋਸ਼ਲ ਮੀਡੀਆ ਅੱਜ ਦਾ ਸਥਾਪਿਤ ਸੱਚ ਹੈ ਅਤੇ ਆਮ ਲੋਕਾਂ ਦੀ ਆਵਾਜ਼ ਵਜੋਂ ਜਾਣਿਆ ਜਾਣ ਲੱਗਾ ਹੈ । ਕਨੱਈਆ ਕੁਮਾਰ ਵਰਗੇ ਨੌਜਵਾਨ ਆਗੂ ਸ਼ੋਸ਼ਲ ਮੀਡੀਆ ਰਾਹੀਂ ਹੀ ਸਥਾਪਿਤ ਹੋਣ ਵਿੱਚ ਕਾਮਯਾਬ ਹੋਏ ਹਨ । 
           ਮੀਡੀਆ ਰਾਹੀਂ ਜਿਸ ਤਰ੍ਹਾਂ ਦੀ ਤਸਵੀਰ ਪੇਸ਼ ਕੀਤੀ ਜਾ ਰਹੀ ਹੈ ਮੇਰੀ ਨਜ਼ਰ ਵਿੱਚ ਨਤੀਜੇ ਉਸ ਤਰ੍ਹਾਂ ਦੇ ਨਹੀਂ ਆਉਂਣਗੇ । ਭਾਵੇਂ ਵਿਕਾਸ ,ਰੋਜਗਾਰ ,ਗਰੀਬੀ ਆਦਿ ਮੁੱਦੇ ਮੁੱਖ ਜਗ੍ਹਾ ਨਹੀਂ ਬਣਾ ਸਕੇ ਪਰ  ਇਹ ਨਤੀਜੇ ਆਮ ਭਾਰਤੀਆਂ ਦੇ ਵਿਵੇਕ ਦਾ ਪ੍ਰਦਰਸ਼ਨ ਹੋਣਗੇ।  ਉਹ ਭਾਰਤੀ ਂਜੋ ਆਪਣਾ ਵਿਚਾਰ ਰੱਖਦੇ ਹਨ ,ਆਪਣੀ ਸਮਝ ਰੱਖਦਾ ਹੈ ।ਇੰਨ੍ਹਾਂ ਨੂੰ ਵਰਗਲਾਇਆ ਨਹੀਂ ਜਾ ਸਕਦਾ ,ਭਰਮਾਇਆ ਨਹੀਂ ਜਾ ਸਕਦਾ । ਅੱਜ ਨਹੀਂ ਤਾਂ ਕੁੱਝ ਰਾਜਨੀਤਿਕ ਪਾਰਟੀਆਂ ਨੂੰ ਹੱਥਕੰਢੇ ਅਪਣਾਉਣਾ ਛੱਡਣਾ ਹੀ ਪਵੇਗਾ । ਲੋਕਮੱਤ ਤੇ ਮੁੱਦਾ ਅਧਾਰਿਤ ਰਾਜਨੀਤੀ ਵੱਲ ਆਉਣਾ ਹੀ ਹੋਵੇਗਾ ।      

ਤਰਸੇਮ ਬਸ਼ਰ
ਪ੍ਰਤਾਪ ਨਗਰ
ਬਠਿੰਡਾ
99156-20944
ਈਮੇਲ : bashartarsem@gmail.com

ਮਿੰਨੀ ਕਹਾਣੀ : ਸੌਦਾਗਰ - ਤਰਸੇਮ ਬਸ਼ਰ

ਇਹ ਸਰਦੀਆਂ ਦੇ ਦਿਨ ਸਨ । ਐਤਵਾਰ ਦੀ ਸਜ਼ੀ ਖਾਸ ਮਾਰਕਿਟ ਵਿੱਚ ਦੁਕਾਨਨੁਮਾ ਰੇਹੜੀ ਵੀ ਖਾਸ ਨਜ਼ਰ ਆਉਂਦੀ  ਸੀ । ਬੱਚਿਆ ਦੇ ਰੰਗ-ਬਿਰੰਗੇ ਕੱਪੜੇ ,ਨੰਨੇ-ਨੰਨੇ ਪੈਰਾਂ ਲਈ ਸਿਤਾਰਿਆਂ ਤੇ ਸ਼ੀਸ਼ਿਆਂ ਨਾਲ ਚਮਕਦੀਆਂ ਛੋਟੀਆਂ-ਛੋਟੀਆਂ ਜੁੱਤੀਆਂ ਨਾਲ ਭਰੀ ਪਈ ਦੁਕਾਨ । ਦੁਕਾਨ ਦਾ ਮਾਲਕ ਸ਼ਾਇਦ ਸਮਾਨ ਪਿੱਛੇ ਗੱਲ੍ਹੇ ਤੇ ਪੈਸਿਆਂ ਨੂੰ ਗਿਣ ਰਿਹੈ ਹੋਣੈ ,ਉਹ ਨਜ਼ਰ ਨਹੀਂ ਸੀ ਆ ਰਿਹਾ ਕਿ ਮੇਰੀ ਨਜ਼ਰ ਉਸ ਤੇ ਪਈ । ਸਿਰ ਤੇ ਪੁਰਾਣੀ ਟੋਪੀ ਫਟੀ ਕਮੀਜ਼ ਤੇ ਪਾਇਆ ਘਸਮੈਲਾ ਜਿਹਾ ਸਵੈਟਰ ਦੇ ਨਾਲ ਪੋਂਚਿਆਂ ਤੋਂ ਉਦੜ ਚੁੱਕਿਆ ਇੱਕ ਪੁਰਾਣਾ ਪਜਾਮਾ । ਠੰਢ ਵਿੱਚ ਵੀ ਉਸ ਦੇ ਪੈਰੀਂ ਚੱਪਲਾਂ ਪਾਈਆਂ ਹੋਈਆਂ ਸਨ ।
   ''ਲੈ ਲਓ...... ਲੈ ਲਓ ਬੱਚਿਆਂ ਲਈ ਗਰਮ ਸੂਟ ਟੌਰੀ ਜੁੱਤੀਆਂ ਲੈ ਲਓ...........ਥੋਡੇ ਬੱਚੇ ਖੁਸ਼ ਹੋ  ਜਾਣਗੇ ।''
ਉਹ ਅੱਠ-ਨੌ ਸਾਲਾਂ ਦਾ ਹੋਣੈ ਪਰ ਲਗਦਾ ਨਹੀਂ ਸੀ ਉਹ ਸਮਾਨ ਵੇਚਣ ਲਈ ਪੂਰਾ ਤਤਪਰ ਲੱਗ ਰਿਹਾ ਸੀ ਗਾਹਕਾਂ ਦਾ ਹੱਥ ਫੜਨ ਤੱਕ ਜਾ ਰਿਹਾ ਸੀ । ਮੈਂ ਵੀ  ਉਸ ਆਵਾਜ ਵੱਲ ਖਿਚਿਆ ਗਿਆ ਤੇ ਸੋਚਿਆ ਕਿ ਕੁੱਝ ਲੈ ਵੀ ਲਵਾਂ। ਰੇਹੜੀ ਨੇੜੇ ਹੋਇਆ ਵੀ ਪਰ ਦੇਖਿਆ ਉਹ ਨਜ਼ਰ ਚੁਰਾ ਕੇ ਹਸਰਤ ਭਰੀ ਨਿਗਾਹਾਂ ਨਾਲ , ਨਾਲ ਦੀ ਬੂਟਾਂ ਵਾਲੀ ਰੇਹੜੀ ਤੇ ਪਏ ਬੂਟਾ ਵੱਲ ਦੇਖ ਰਿਹਾ ਸੀ । ਉਹ ਬੂਟਾਂ ਵੱਲ ਦੇਖ ਰਿਹਾ ਸੀ ਤੇ ਮੈਂ ਕਦੇ ਉਸ ਦੀ ਦੁਕਾਨ ਤੇ ਪਈਆਂ ਚਮਕਦੀਆਂ ਜੁੱਤੀਆਂ ਵੱਲ, ਕਦੇ ਉਸ ਦੇ ਠਰਦੇ ਪੈਰਾਂ ਵੱਲ ।ਮੈਂ ਰੇਹੜੀ ਵੱਲ ਜਾਂਦਾ ਰੁਕ ਗਿਆ ਮੇਰੇ ਕਦਮ ਹੋਰ ਅੱਗੇ ਵਧਣ ਤੋਂ ਇਨਕਾਰੀ ਸਨ । ਮੇਰੀ ਹਿੰਮਤ ਨਾ ਹੋਈ ਕਿ ਸੁਪਨਿਆ ਦੇ ਉਸ ਸੌਦਾਗਰ ਨਾਲ ਆਪਣੀ ਕਿਸੇ ਹਸਰਤ ਦੇ ਸਮਾਨ ਦਾ ਸੌਦਾ ਕਰ ਸਕਾਂ ਮੈਨੂੰ ਲੱਗਿਆ ਸੀ ਕਿ ਜਿਵੇਂ ਉਹ ਆਪਣੇ ਸੁਪਨੇ ਵੇਚ ਰਿਹਾ ਸੀ ਹਸਰਤਾਂ ਨੂੰ ਸੁਆ ਦੇਣ ਲਈ ਕੋਈ ਲੋਰੀ ਸੁਣਾ ਰਿਹਾ ਸੀ ।ਇਸ ਲੋਰੀ ਦੀ ਲੈਅ ਨੇ ਜਿਵੇਂ ਮੈਨੂੰ ਜੜ੍ਹ ਕਰ ਦਿੱਤਾ ਸੀ ।

ਤਰਸੇਮ ਬਸ਼ਰ,

ਪ੍ਰਤਾਪ ਨਗਰ,
ਬਠਿੰਡਾ ।
99156-20944
.ਈ ਮੇਲ---bashartarsem@gmail.com

ਬੂਟਾ - ਤਰਸੇਮ ਬਸ਼ਰ

     ਪਤਾ ਨਹੀਂ ਕਿਹੜੀ ਚੀਜ਼ ਹੈ ਂਜੋ ਮੈਨੂੰ ਉਸ ਛੋਟੀ ਜਿਹੀ ਸੜਕ ਤੇ ਲੈ ਜਾਂਦੀ ਹੈ ਂਜੋ ਰੇਲਵੇ ਸਟੇਸ਼ਨ ਦੇ ਨੇੜੇ ਬਣੀ ਬਾਬੇ ਦੀ ਦਰਗਾਹ ਤੋਂ ਸ਼ੁਰੂ ਹੁੰਦੀ ਹੈ ਤੇ ਕਿਲੋ ਕੁ ਮੀਟਰ ਅੱਗੇ ਜਾ ਕੇ ਖਤਮ ਹੋ ਜਾਂਦੀ ਹੈ । ਰੇਲਵੇ ਲਾਈਨਾਂ ਦੇ ਬਰਾਬਰ ਚਲਦੀ ਇਸ ਸੜਕ ਤੇ ਦਿਨੇ ਕੁੱਝ ਨਹੀਂ ਹੁੰਦਾ ਪਰ ਰਾਤ ਨੂੰ ਮਾਹੌਲ ਬਦਲਦਾ ਹੈ ਕਈ ਬਿਮਾਰ ,ਰਾਹਗੀਰ  ਭਿਖਾਰੀ ਤੇ ਗਰੀਬ ਪਰਿਵਾਰ ਇੱਥੇ ਰਾਤ ਕੱਟਣ ਆਉਂਦੇ ਹਨ । ਥੋੜੀ ਰੌਣਕ ਹੋ ਜਾਂਦੀ ਹੈ ।ਬੇਸ਼ੱਕ ਰੋਜ਼ ਨਵੇਂ ਚਿਹਰੇ ਜੁੜਦੇ ਹਨ ਪਰ ਅਜਿਹੇ ਵੀ ਹਨ ਕਈ ,ਜਿਵੇਂ ਉਹ ਇੱਥੋਂ ਦੇ ਪੱਕੇ ਵਸਨੀਕ ਹੋਣ ।ਇਹ ਰੇਲਵੇ ਸ਼ਟੇਸ਼ਨ ਦੇ ਪਲੇਟਫਾਰਮਾਂ ਤੇ ਰਾਤ ਕੱਟਣ ਵਾਲੇ ਲੋਕ ਨਹੀਂ ਹਨ । ਇੱਕ ਨੌਜੁਆਨ ਸਾਧੂ ਨੂੰ ਮੈਂ ਅਰਸੇ ਤੋਂ ਦੇਖਦਾ ਆ ਰਿਹਾ ਹਾਂ। ਪਹਿਲਾਂ ਉਹ ਇਕੱਲਾ ਹੁੰਦਾ ਸੀ ਫਿਰ ਛੋਟੀ ਜਿਹੀ ਤਰਪਾਲ ਵਾਲੀ ਉਸਦੀ ਝੁੱਗੀ ਵਿੱਚ  ਇੱਕ ਨੌਜੁਆਨ ਔਰਤ ਵੀ ਆ ਗਈ ਸੀ ਤੇ ਹੁਣ ਕੁੱਝ ਅਰਸੇ ਤੋਂ ਇੱਕ ਛੋਟਾ ਜਿਹਾ ਬੱਚਾ ਵੀ ਮੈਂ ਦੇਖਦਾ ਆ ਰਿਹਾ ਹਾਂ ।       
      ਜਿਸ ਚੀਜ਼ ਨੂੰ ਅਕਸਰ ਦੇਖਦੇ ਹੋਈਏ ਤੇ ਉਹ ਨਜ਼ਰ ਨਾ ਆਵੇ ਤਾਂ ਦਿਮਾਗ ਚੇਤੰਨ ਹੋ ਜਾਂਦਾ ਹੈ। ਸਾਉਣ ਦੀ ਇੱਕ ਸ਼ਾਮ ਜਦੋਂ ਉੱਥੋਂ ਦੀ ਗੁਜਰਿਆ ਤਾਂ ਦੇਖਿਆ ਉਹ ਨੌਜੁਆਨ ਸਾਧੂ ਦੀ ਆਰਜੀ ਕੁੱਲੀ ਦਾ ਨਾਂ ਨਿਸ਼ਾਨ  ਨਹੀਂ ਸੀ । ਉਸ ਜਗ੍ਹਾ ਤੇ ਇੱਟਾਂ ਬਿਖਰੀਆਂ ਪਈਆਂ ਸਨ ਤੇ ਨੇੜੇ ਹੀ ਇੱਕ ਬੂਟਾ ਲੱਗਿਆ ਹੋਇਆ ਸੀ ਜਿਸ ਦੀਆਂ ਜੜ੍ਹਾਂ ਵਿੱਚ ਪਈ ਮਿੱਟੀ ਦੀ ਤਾਸੀਰ ਤੋਂ ਪਤਾ ਲੱਗਦਾ ਸੀ ਕਿ ਬੂਟਾ ਕੁੱਝ ਕੁ ਦਿਨ ਪਹਿਲਾਂ ਦਾ ਹੀ ਲੱਗਿਆ ਹੈ । ਇਹ ਸਭ ਦੇਖ ਕੇ ਮੇਰੇ ਅੰਦਰ ਉਤਸੁਕਤਾ ਪੈਦਾ ਹੋ ਗਈ ਸੀ ਕਿ ਇਹ ਪਰਿਵਾਰ ਕਿੱਧਰ ਗਿਆ ਹੈ ? ਇਹ ਬੂਟਾ ਕਿਹਨੇ ਲਾਇਆ ਹੈ ? ਇਹਨਾਂ ਖਿੱਲਰੀਆਂ ਪਈਆਂ ਇੱਟਾਂ ਦਾ ਕੀ ਮਤਲਬ ਹੈ ? ਮੈਂ ਆਸ-ਪਾਸ ਨਿੱਗ੍ਹਾ ਦੌੜਾਈ ਰਾਤ ਕੱਟਣ ਵਾਲੇ ਲੋਕ ਆ ਗਏ ਸਨ। ਥੋੜੀ ਦੂਰ ਰੇਲਵੇ ਦੇ ਬਣੇ ਕਮਰਿਆਂ ਦੇ  ਬਰਾਡੇਂ ਵਿੱਚ ਇੱਕ ਬਜੁਰਗ ਬੈਠਾ ਸੀ । ਮੈਂ ਪਛਾਣਦਾ ਸੀ ਕਿ ਇਹ ਵੀ ਇੱਥੇ ਰਹਿੰਦਾ ਹੈ । ਮੈਂ ਝਕਦਾ-ਝਕਦਾ ਉਹਦੇ ਕੋਲ ਗਿਆ ।
   ''ਯਹਾਂ ਂਜੋ ਬਾਬਾ ਰਹਿਤਾ ਥਾ ਵੋਹ ਕਹਾਂ ਚਲੇ ਗਏ ।''
 ਬਜੁਰਗ ਨੇ ਬੇਰੁਖ਼ੀ ਨਾਲ ਮੇਰੇ ਵੱਲ ਤੱਕਿਆ ਸ਼ਾਇਦ ਉਹ ਗੱਲਬਾਤ ਕਰਨ ਦੇ ਰੋਂਅ 'ਚ ਨਹੀਂ ਸੀ ਪਰ ਬੋਲ ਪਿਆ ।
 ਉਹ ਪੰਜਾਬੀ ਵਿੱਚ ਬੋਲਿਆ ਸੀ ,''ਬਾਊ ਜੀ ਤੁਸੀਂ ਕੀ ਲੈਣੈ ''
''ਵੈਸੇ ਹੀ ,ਮੈਂ ਉਹਨੂੰ ਜਾਣਦਾ ਆਂ ''

 ''ਉਹ ਮੀਹਾਂ ਕਰਕੇ ਕਿਤੇ ਗਏ ਆ , ਪਹਿਲਾਂ ਤਾਂ ਕੱਲ੍ਹੇ ਹੁੰਦੇ ਸੀ ਮੀਹਾਂ ਦਾ ਟੈਮ ਇੱਥੇ ਹੀ ਕੱਢ ਲੈਦੇ ਸੀ ਪਰ ਹੁਣ ਛੋਟੇ ਬੱਚੇ ਕਰਕੇ ਔਖਿਆਈ ਸੀ ।''
  ''ਤੇ ਆਹ ਬੂਟਾ ''
''ਬੂਟਾ ਓਹੀ ਲਾ ਕੇ ਗਏ ਆ ,ਕਹਿੰਦਾ ਸੀ ਆਪੇ ਟੈਮ ਪਾ ਕੇ ਵੱਡਾ ਹੋ ਜੂ ਤੇ ਆਹ ਇੱਟਾਂ ਵੀ ਓਹੀ ਨਿਸ਼ਾਨੀ ਵਜੋਂ ਖਿਲਾਰ ਕੇ ਗਏ ਨੇ ''
   ''ਵਾਪਸ ਆਉਣਗੇ ''
  ''ਤੇ ਹੋਰ ਬਾਊਜੀ ਆਉਣਗੇ ਹੀ........ ਉਹਨਾਂ ਕਿੱਥੇ ਜਾਣੈ..........ਨਾਲੇ ਉਹਨਾਂ ਦਾ ਮੁੰਡਾ ਹੋਰ ਕਿਤੇ ਜੀ ਵੀ ਤਾਂ ਨਹੀਂ ਲਾਉਂਦਾ , ਜਿੱਦਣ  ਗਏ ਸੀ ਓਦਣ ਵੀ ਬਹੁਤ ਰੋਇਆ ਸ਼ੀ, ਆਹ ਬੂਟੇ ਨੂੰ ਦੇਖਦਾ ਹਾਂ ਤਾਂ ਮੈਨੂੰ ਵੀ ਛੋਰ ਦੀ ਬਹੁਤ ਯਾਦ ਆਉਦੀ ਐ ।''
       ਇਹ ਕਹਿ ਕਿ ਬਾਬਾ ਚੁੱਪ ਕਰ ਗਿਆ ਤੇ ਭਾਰੀ ਕਦਮਾਂ ਨਾਲ ਉੱਠ ਕੇ ਬੂਟੇ ਲਾਗੇ ਗਿਆ ਤੇ ਮਿੱਟੀ ਥਪਥਪਾਉਣ ਲੱਗਿਆ ਸੀ ।ਮੈਂ ਵਾਪਿਸ ਘਰ ਨੂੰ  ਪੈਦਲ ਚੱਲ ਪਿਆ ਮਨ ਵਿੱਚ ਕਦੇ ਉਹਨਾਂ ਦੇ ਬੱਚੇ ਦਾ ਮਾਸੂਮ ਚਿਹਰਾ ਦਸਤਕ ਦਿੰਦਾ ਤੇ ਕਦੇ ਬੂਟੇ ਦੇ ਚਮਕਦੇ ਹਰੇ ਪੱਤੇ ਤੇ ਕਦੇ ਬਜ਼ੁਰਗ ਦੇ ਕਹੇ ਇਹ ਸ਼ਬਦ ਗੂੰਜਦੇ ਰਹਿੰਦੇ ਨੇ ਕਿ ''ਉਹ ਕਿਤੇ ਹੋਰ ਜੀ ਵੀ ਤਾਂ ਨਹੀਂ  ਲਾਉਂਦਾ ।''ਮਾਸੂਮ ਦਾ ਜੀ ਵੀ ਕਿੱਥੇ ਲੱਗ ਗਿਆ ਸੀ !
ਹੁਣ ਵੀ ਕਈ ਵਾਰ ਓਧਰ ਗਿਆ ਹਾਂ ।ਬੂਟੇ ਨੂੰ ਦੇਖਦਾ ਹਾਂ ਤੇ ਫਿਰ ਸੋਚਦਾ ਹਾਂ ਕਾਹਦਾ ਬੂਟਾ ਲਾ ਕੇ ਗਏ ਸਨ ਉਹ ? ਆਸਾਂ-ਉਮੀਦਾਂ  ਦਾ ਜਾਂ ਫਿਰ ਕੁੱਝ ਵੀ ਨਾ ਬਦਲੇ ਜਾਣ ਦੀ ਨਾਉਮੀਦੀ ਦਾ ।

ਤਰਸੇਮ ਬਸ਼ਰ
ਮੋਬਾਇਲ ---9915620944
.ਈਮੇਲ ----bashartarsem@gmail.com 

ਅਜੋਕੇ ਹਾਲਾਤ ਤੇ ਸਆਦਤ ਹਸਨ ਮੰਟੋ - ਤਰਸੇਮ ਬਸ਼ਰ

ਮੌਬ ਲਿੰਚਿੰਗ..........ਬੱਚਾ ਚੋਰੀ ਕਰਨ ਦੇ ਸ਼ੱਕ ਵਿੱਚ ,ਅਫ਼ਵਾਹਾਂ ਫੈਲਣ ਕਾਰਨ ਉਨਮਾਦੀ ਭੀੜ ਨੇ ਕੁੱਟ-ਕੁੱਟ ਕੇ ਮਾਰ ਦਿੱਤੇ ਦੋ ਬੇਗੁਨਾਹ..........।
    '' ਇਹ ਪਾਗਲਖਾਨੇ ,ਇਸ ਵੱਡੇ ਪਾਗਲਖਾਨੇ'' (ਨਫ਼ਰਤ ਭਰਿਆ ਸਮਾਜ ) ਤੋਂ ਕਿਤੇ ਮਹਿਫੂਜ਼ ਤੇ ਸ਼ਾਤ ਥਾਵਾਂ ਨੇ । ਉੱਥੇ ਇੰਨੀਆਂ ਖਤਰਨਾਕ ਸੋਚਾਂ ਵਾਲੇ ਲੋਕ ਨਹੀਂ ਰਹਿੰਦੇ।ਉਹ ਬਹੁਤਾ ਦਿਮਾਗ ਨਹੀਂ ਚਲਾਉਂਦੇ ।''ਇਹ ਸ਼ਬਦ ਸਆਦਤ ਹਸਨ ਮੰਟੋ ਨੇ ਆਪਣੀ ਪਤਨੀ ਨੂੰ ਉਦੋਂ ਕਹੇ ਜਦੋਂ ਇਹ ਮਹਾਨ ਸਾਹਿਤਕਾਰ ਪਾਗਲਖਾਨੇ ਵਿੱਚ ਦਾਖਲ ਸੀ ਬਾਹਰ ਦੇਸ਼ ਦੀ ਵੰਡ ਕਾਰਨ ਮਨੁੱਖਤਾ ਲਹੂ-ਲੁਹਾਨ ਸੀ । ਸਆਦਤ ਹਸਨ ਮੰਟੋ ਦੇ ਕਹੇ ਸ਼ਬਦ ਉਦੋਂ ਵੀ ਸੱਚ ਸਨ ਤੇ ਅੱਜ ਵੀ ਸੱਚ ਹਨ । ਦੇਸ਼ ਦੀ ਵੰਡ ਕਾਰਨ ਸਮਾਜ ਵਿੱਚ ਘੁਲੀ ਨਫ਼ਰਤ , ਹੋਈ ਕਤਲੋ-ਗਾਰਤ ਦੇ ਹਾਲਾਤਾਂ ਨੇ ਉਰਦੂ ਦੇ ਇਸ ਮਹਾਨ ਲੇਖਕ ਦੀ ਸੋਚ ਤੇ ਡੂੰਘਾ ਅਸਰ ਪਾਇਆ ਸੀ ।ਮਾਨਸਿਕ ਤਵਾਜਨ ਡੋਲਿਆ ,ਮਾਨਸਿਕ ਟੁੱਟ-ਭੱਜ ਹੋਈ ਤੇ ਮੰਟੋ ਨੂੰ ਪਾਗਲਖਾਨੇ ਵਿੱਚ ਦਾਖਲ ਰਹਿਣਾ ਪਿਆ ਸੀ ।ਖੰਡਿਤ ਤੇ ਜ਼ਖਮੀ ਮਾਨਸਿਕ ਬਿਰਤੀ ਦੇ ਇਸੇ ਦੌਰ ਵਿੱਚੋਂ ਕਈ ਮਹਾਨ ਕਹਾਣੀਆਂ ਨੇ ਜਨਮ ਲਿਆ ਸੀ । ਵੰਡ ਵੇਲੇ ਲੋਕ ਕਿਵੇਂ ਧਰਮ ਦੀ ਆੜ੍ਹ ਵਿੱਚ ਇਨਸਾਨ ਤੋਂ ਹੈਵਾਨ ਬਣੇ ਤੇ ਆਪਣੇ-ਆਪ ਹੀ ਆਪਣੀ ਹੈਵਾਨੀਅਤ ਨੂੰ ਬਦਲੇ ਦੇ ਰੂਪ ਵਿੱਚ ਕੀਤੀ ਕਾਰਵਾਈ ਕਹਿ ਕੇ ਸਹੀ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਤਾਂ ਮੰਟੋ ਬੇਚੈਨ ਹੋ ਹੋ ਕੇ ਉਠਦੇ ,ਉਹ ਹੈਰਾਨ ਹੋ ਜਾਂਦੇ ਸਨ ਕਿ ਇਨਸਾਨ ਕਿਵੇਂ ਬਦਲ ਜਾਂਦਾ ਹੈ, ਕਿਵੇਂ ਇਨਸਾਨ ਵਿੱਚੋਂ ਇਨਸਾਨੀਅਤ ਮਨਫੀ ਹੋ ਜਾਂਦੀ ਹੈ ।
      ਰਾਜਨੀਤੀ ਵੱਲੋਂ ਪੈਦਾ ਕੀਤੇ ਗਏ ਹਾਲਾਤ ਸਿੱਧੇ ਤੌਰ ਤੇ ਸਮਾਜਿਕ ਤਾਣੇ-ਬਾਣੇ ਤੇ ਅਸਰ ਪਾਉਂਦੇ ਰਹੇ  ਹਨ ਤੇ ਇਹਦੇ ਸਿੱਟੇ ਕਦੇ ਵੀ ਚੰਗੇ ਨਹੀਂ ਨਿੱਕਲੇ ।ਦੇਸ਼ ਦੀ ਵੰਡ ਵੀ ਇੱਕ ਅਜਿਹਾ ਹੀ ਨਤੀਜਾ ਸੀ । ਇਹ ਕੋਈ ਅਚਾਨਕ ਵਾਪਰਿਆ ਘਟਨਾਕ੍ਰਮ ਨਹੀ ਸੀ ਰਾਜਨੀਤੀ ਨੇ ਕਈ ਦਹਾਕੇ ਪਹਿਲਾਂ ਇਸ ਦੀ ਬਿਸਾਤ ਵਿਛਾ ਦਿੱਤੀ ਸੀ ਤੇ ਹੌਲ਼ੀ-ਹੌਲ਼ੀ ਅਜਿਹੇ ਹਾਲਾਤ ਪੈਦਾ ਕੀਤੇ ਗਏ ਸਨ ਕਿ ਇਹ ਅਣਮਨੁੱਖੀ ਵਰਤਾਰਾ ਬਹੁਤ ਹੀ ਭਿਆਨਕ ਰੂਪ ਵਿੱਚ ਸਭ ਦੇ ਸਾਹਮਣੇ ਆਇਆ ਸੀ ।  ਸਆਦਤ ਹਸਨ ਮੰਟੋ ਨੇ ਆਪਣੀ ਕਹਾਣੀ ''ਟੋਬਾ ਟੇਕ ਸਿੰਘ ''ਵਿੱਚ ਇਸ ਅਣਮਨੁੱਖੀ ਵੰਡ ਤੇ ਗਹਿਰਾ ਵਿਅੰਗ ਕੀਤਾ ਹੈ ।ਉਹ ਕਹਿੰਦੇ ਹਨ ਕਿ ਆਮ ਲੋਕਾਂ ਨੇ ਵੰਡ ਨੂੰ ਤਸਲੀਮ ਕਰ ਲਿਆ ਪਰ ਪਾਗਲਖਾਨੇ ਵਿੱਚ ਬੰਦ ਪਾਗਲ ਇਸ ਵੰਡ ਨੂੰ ਤਸਲੀਮ ਕਰਨ ਤੋਂ ਮੁਨਕਰ ਸਨ ਉਹ ਇਸ ਵੰਡ ਨੂੰ ਸਮਝ ਹੀ ਨਹੀਂ ਪਾ ਰਹੇ ਸਨ ।ਉਹ ਨਹੀਂ ਸਨ ਸਮਝ ਪਾ ਰਹੇ ਕਿ ਅਜਿਹਾ ਵੀ ਹੋ ਸਕਦਾ ਹੈ , ਕਿਵੇਂ ਹੋ ਸਕਦਾ ਹੈ ? 
     ਅੱਜ ਦੇਸ਼ ਵਿੱਚ ਮੌਬ ਲਿੰਚਿੰਗ ਦਾ ਬੋਲ-ਬਾਲਾ ਹੈ ।ਭੀੜ ਫੈਲੀਆਂ ਅਫਵਾਹਾਂ ਨੂੰ ਸੁਣ ਕੇ ਮੌਕੇ ਤੇ ਹੀ ਇਨਸਾਫ਼ ਕਰ ਦਿੰਦੀ ਹੈ । ਇਨਸਾਨਾਂ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਜਾਂਦਾ ਹੈ ਜਿੱਥੇ ਮੌਬ ਲਿੰਚਿੰਗ ਚਿੰਤਾਂ ਦਾ ਵਿਸ਼ਾ ਹੈ ,ਉੱਥੇ ਹੀ ਧਾਰਮਿਕ ਫਿਕਰਮੰਦੀਆਂ ਦਾ ਵੀ ਆਪਣਾ ਵਜੂਦ ਹੈ ।ਇਉਂ ਲਗਦਾ ਹੈ ਹਰ ਧਰਮ ਨੂੰ ਆਪਣੀ ਹੋਂਦ ਤੇ ਖਤਰਾ ਹੈ ,ਹਰ ਫਿਰਕਾ ਦੂਸਕੇ ਫਿਰਕੇ ਤੋਂ ਦੂਰ ਹੈ ,ਧਾਰਮਿਕ ਸਦਭਾਵਨਾ ਅਜਿਹੀ ਸ਼ਕਲ ਵਿੱਚ ਨਹੀਂ ਹੈ ਜੋ ਸੋਚੀ ਜਾਂਦੀ ਰਹੀ ਹੈ ਤੇ ਜੋ ਹੋਣੀ ਚਾਹੀਦੀ ਹੈ ।ਅੱਜ ਵੀ ,ਕੋਈ ਵੀ ਛੋਟੀ ਜਿਹੀ ਘਟਨਾ ਸਮਾਜ ਲਈ ਘਾਤਕ ਸਿੱਧ ਹੋ ਜਾਂਦੀ ਹੈ ਤੇ ਕਈ ਵਾਰ ਮਨੁੱਖੀ ਏਕਤਾ ਦੀ ਹਿੱਕ ਤੇ ਲਹੂ ਦੀ ਲਕੀਰ ਵੀ ਖਿੱਚ ਜਾਂਦੀ ਹੈ । 
       ਕਦੇ-ਕਦੇ ਸੋਚਦਾ ਹਾਂ ਕਿ ਇਹਨਾਂ ਖਬਰਾਂ ਦਾ। ਜੇਕਰ ਸਆਦਤ ਹਸਨ ਮੰਟੋ ਜਿੰਦਾ ਹੁੰਦੇ ਤਾਂ ਉਹਨਾਂ ਤੇ ਕਿਸ ਤਰਾ੍ਹਂ ਦਾ ਅਸਰ ਹੁੰਦਾ ।ਉਹ ਮਨੁੱਖੀ ਫ਼ਿਤਰਤ ਨੂੰ ਪੜ੍ਹਣ ਵਾਲੇ ਦਾਨੇਸ਼ਵਰ ਸਨ । ਇੱਕ ਅਫਵਾਹ ਦੇ ਆਧਾਰ ਤੇ ਹੀ ਲੋਕਾਂ ਨੇ ਕਿਸੇ ਮਨੁੱਖ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ,ਅਜਿਹੀਆਂ ਖ਼ਬਰਾ ਪੜ੍ਹ ਕੇ ਬੇਸ਼ੱਕ ਉਹ ਬਹੁਤ ਬੇਚੈਨ ਹੋ ਜਾਂਦੇ ।ਉਹ ਕਾਰਨ ਲੱਭਣ ਦੀ ਕੋਸ਼ਿਸ਼ ਕਰਦੇ ਕਿ ਕਿਉਂ ਭੀੜ ਨਾਲ ਜੁੜੇ ਇਨਸਾਨ ਕੁੱਝ ਪਲਾਂ ਵਿੱਚ ਹੀ ਅਜਿਹੇ ਹੋ ਜਾਂਦੇ ਹਨ ।ਸ਼ਾਇਦ ਜਲਦੀ ਹੀ ਉਹ ਕਿਸੇ ਸਿੱਟੇ ਤੇ ਵੀ ਪਹੁੰਚ ਜਾਂਦੇ ।ਜਰੂਰ ਕੋਈ ਮਹਾਨ ਕਹਾਣੀ ਜਨਮ ਲੈਂਦੀ । ਕਹਾਣੀ ਰਾਹੀਂ ਉਹ ਸੁਨੇਹਾ ਦੇਣ ਦੀ ਕੋਸ਼ਿਸ਼ ਕਰਦੇ ਕਿ ਲੋਕ ਜਾਗਰੂਕ ਰਹਿਣ ,ਅਜਿਹੀ ਸੋਚ ਨੇ ਕਿਸੇ ਦਾ ਕੁੱਝ ਨਹੀਂ ਸਵਾਰਿਆ ।
         ਜਿੰਨਾਂ ਦਿਨਾਂ ਵਿੱਚ ਭੀੜ ਨੇ ਇਖ਼ਲਾਕ ਨੂੰ ਮਾਰਿਆ ,ਉਹਨਾਂ ਦਿਨਾਂ ਵਿੱਚ ਮੈਂ ਸਆਦਤ ਹਸਨ ਮੰਟੋ ਨੂੰ ਯਾਦ ਕੀਤਾ ਸੀ ।ਜੇ ਉਹ ਹੁੰਦੇ ਤਾਂ ਜਰੂਰ ਕੋਈ ਅਫ਼ਸਾਨਾ ਲਿਖਦੇ ਜਾਂ ਫਿਰ ਲਿਖਦੇ ਕਿ ਇਖ਼ਲਾਕ ਨਹੀਂ ਸੀ ਮਰਨਾ ਚਾਹੀਦਾ । ਨਾ ਤਾਂ ਇਨਸਾਨ ਦੇ ਰੂਪ ਵਿੱਚ ਤੇ ਨਾ ਹੀ ਇਨਸਾਨ ਦਾ ਵਿਅਕਤੀਗਤ ਇਖ਼ਲਾਕ ।ਅੱਜ ਇਖ਼ਲਾਕ ਹੀ ਨਹੀਂ ਮਰਿਆ ,ਦੋਵੇਂ ਮਰੇ ਨੇ ।

ਤਰਸੇਮ ਬਸ਼ਰ
99156-20944
ਈਮੇਲ bashartarsem@gmail.com

ਮਿੰਨੀ ਕਹਾਣੀ : ਗੁਨਾਹ - ਤਰਸੇਮ ਬਸ਼ਰ

ਗਰੀਬੀ ਬੜ੍ਹੀ ਭੈੜੀ ਚੀਜ਼ ਹੈ । ਉਤੋਂ ਚਾਰ ਬੱਚੇ । ਘਰਵਾਲੀ ਨੇ ਦੋ-ਤਿੰਨ ਸਾਲ ਪਹਿਲਾਂ ਕੁਛ ਖਾ ਲਿਆ ਸੀ ਪਰ ਬਚ ਗਈ । ਇਹ ਸੌਦਾ ਉਸਨੂੰ ਮਹਿੰਗਾ ਪਿਆ ਸੀ । ਕਈ ਹਜ਼ਾਰ 'ਚ । ਨਾ ਉਸ ਨੂੰ ਪਤਾ ਸੀ ਤੇ ਨਾ ਘਰਵਾਲੀ ਨੂੰ ਕਿ ਦੇਸ਼ ਵਿੱਚ ਆਪੇ ਮਰਨ ਦੀ ਇਜ਼ਾਜਤ ਨਹੀਂ । ਇਹ ਇੱਕ ਜ਼ੁਰਮ ਸੀ ।
        ਪਹਿਲਾਂ ਘਰਵਾਲੀ ਨੇ ਆਪੇ ਮਰਨ ਦੀ ਕੋਸ਼ਿਸ਼ ਦਾ ਜੁਰਮ ਕੀਤਾ ਸੀ ਤੇ ਅੱਜ ਉਹ ਆਪ ਫੜ੍ਹਿਆ ਗਿਆ । ਹੁਣ ਜੁਰਮ ਸੀ ਆਪਣੇ ਹੀ ਬੱਚੇ ਨੂੰ ਵੇਚਣ ਦਾ । ਠਾਣੇ ਦੀਆਂ ਡਰਾਉਣੀਆਂ ਕੰਧਾਂ  ਤੇ ਗੋਦ ਵਿੱਚ ਬੈਠਾ ਮਾਸੂਮ , ਜਿਸ ਦਾ ਉਸਨੇ ਸੌਦਾ ਕੀਤਾ ਸੀ ਤਾ ਕਿ ਬਾਕੀ ਤਿੰਨਾਂ ਦੇ  ਭਵਿੱਖ ਨੂੰ ਸੁਖਾਲਾ ਕਰ ਲਵੇ । ਉਸਨੂੰ ਨਹੀਂ ਸੀ ਪਤਾ ਜ਼ਿਗਰ ਦੇ ਟੁਕੜੇ ਨੂੰ ਵੇਚਣ ਦਾ ਇਹ ਜੁਰਮ ਉਸਨੂੰ ਹੋਰ ਮਹਿੰਗਾ ਪੈਣ ਵਾਲਾ ਹੈ ।ਉਹ ਸੋਚ ਰਿਹਾ ਸੀ ਇਸ ਧਰਤੀ ਤੇ ਵੱਡਾ ਗੁਨਾਹ ਕਿਹੜਾ ਹੈ ? ਆਪੇ ਮਰਨ ਦੀ ਕੋਸ਼ਿਸ਼ ਕਰਨੀ , ਆਪਣੇ ਜਿਗਰ ਦੇ ਟੁਕੜੇ ਨੂੰ ਵੇਚਣਾ , ਜੀਣਾ ਜਾਂ ਫਿਰ ਇਸ ਧਰਤੀ ਤੇ ਗਰੀਬੀ ਵਿੱਚ ਪੈਦਾ ਹੋਣਾ । ਸਵਾਲਾਂ ਦਾਂ ਇੱਕ ਬਵੰਡਰ ਸੀ ਜਾਂ ਫਿਰ ਗੁਆਚਦੇ ਜਾਂਦੇ ਉਸ ਦੇ ਹੋਸ਼।

ਤਰਸੇਮ ਬਸ਼ਰ
99156-20944

ਮਾਂ ਬਾਰੇ ਮੇਰਾ ਲੇਖ ਦੇ ਕੁੱਝ ਅੰਸ਼ ਹਾਂ ! ਇਹ ਰਵਾਇਤੀ ਲੇਖ ਨਹੀਂ ਹੈ - ਤਰਸੇਮ ਬਸ਼ਰ

ਸ਼ੁਕਰ ਹੈ ਬਹੱਤਰ ਸਾਲ ਦੀ ਉਮਰ ਵਿੱਚ ਵੀ ਮੇਰੀ ਮਾਂ ਦਾ ਇੱਕ ਵੀ ਵਾਲ ਸਫੇਦ ਨਹੀਂ ਹੈ ਨਹੀਂ ਤਾਂ ਸ਼ਾਇਦ ਮੇਰੀਆਂ ਉਦਾਸੀਆਂ ਹੋਰ ਡੂੰਘੇਰੀਆਂ ਹੋ ਜਾਂਦੀਆਂ  ਪਰ ਮੇਰੀ ਮਾਂ ਹੁਣ ਬੁੱ਼ਢੀ ਹੋ ਗਈ ,ਉਹ ਪਹਿਲਾਂ ਵਾਂਗੂੰ ਹੁਣ ਤੁਰ ਫਿਰ ਨਹੀਂ ਸਕਦੀ ,ਕੁੱਬ ਪੈਂਦਾ ਹੈ ,ਸ਼ਰੀਰ ਹੱਡੀਆਂ ਦਾ ਢਾਂਚਾ ਮਾਤਰ ਰਹਿ ਗਿਆ ਹੈ । ਵੱਡਾ ਤਪ ਕੀਤਾ ਹੈ ਉਸਨੇ ਜਿੰਦਗੀ ਵਿੱਚ ਤੇ ਜਿੰਦਗੀ ਹੁਣ ਆਰਾਮ ਚਾਹੁੰਦੀ ਹੈ । ਜਾਣਦਾ ਮੈਂ ਵੀ ਹਾਂ ਪਰ ਇਸ ਸੱਚਾਈ ਤੋਂ ਮੁਨਕਰ ਹੋਣਾ ਚਾਹੁੰਦਾ ਹਾਂ, ਸਮੇਂ ਨੂੰ ਖੜ੍ਹਾ ਲੈਂਣਾ ਚਾਹੁੰਦਾ ਹਾਂ । ਮੈਨੂੰ ਯਾਦ ਹੈ ਮੈਂ ਇੱਕ ਵਾਰ ਕਿਹਾ ਸੀ ,''ਮੇਰੇ ਸਾਹਮਣੇ ਕੁੱਬ ਜਿਹੇ ਨਾਲ ਨਾ ਤੁਰਿਆ ਕਰ ,ਮੈਨੂੰ ਡਰ ਲੱਗਦਾ ਐ ।'' ਉਹ ਮੇਰੇ ਸਾਹਮਣੇ ਤੰਦਰੁਸਤ ਰਹਿਣ ਦੀ ਕੋਸ਼ਿਸ਼ ਕਰਦੀ ਰਹਿੰਦੀ ਹੈ ਸਿੱਧਾ ਹੋ ਕੇ ਤੁਰਨ ਦੀ ਕੋਸ਼ਿਸ਼ ਕਰਦੀ ਹੈ । ਮੈਨੂੰ ਪਤਾ ਹੈ ਇੰਨ੍ਹੀ ਦਿਨੀ ਉਹ ਸੌਂਦੀ ਨਈ, ਪੈਂਦੀ ਨਈ  ਕਿਉਂਕਿ ਮੈ ਤਨਾਓ ਵਿੱਚ ਹਾਂ , ਉਲਝਿਆ ਹਾਂ ।ਉਹ ਮੇਰੇ ਨਾਲ ਗੱਲ ਕਰਦੀ ਹੈ ਤੇ ਮੈਂ ਸੋਚ ਛੱਡਦਾ ਹਾਂ ਇਸ ਵਿਚਾਰੀ ਅਨਪੜ੍ਹ ਨੂੰ ਕੀ ਪਤਾ ਇੰਨਾ  ਪੰਗਿਆਂ ਦਾ । ਉਹ ਆਥਣ ਸਵੇਰ ਮੇਰੇ ਕੋਲ ਜਰੂਰ ਆਉਂਦੀ ਹੈ ।ਮੇਰੇ ਚਿਹਰੇ ਨੂੰ ਦੇਖਦੀ ਹੈ, ਕਮਜ਼ੋਰ ਨਜ਼ਰ ਨਾਲ ਪੜ੍ਹਣ ਦੀ ਕੋਸ਼ਿਸ਼ ਕਰਦੀ ਹੈ ਤੇ ਵੱਡਾ ਯਤਨ ਕਰਦੀ ਹੈ ਕਿ ਮੈਂ ੳਸਦੀ ਚਿੰਤਾਂ ਨੂੰ ਨਾ ਪੜ੍ਹ ਸਕਾਂ । ਇੱਕ ਦਿਨ ਮੈਨੂੰ ਉਸਦਾ ਚਿਹਰਾ ਉਤਰਿਆ ਲੱਗਿਆ, ਚਿੰਤਤ ਲੱਗਿਆ ਤੇ ਕਿਸੇ ਅਨਹੋਣੇ  ਡਰੋਂ ਅਖੀਰ ਕਹਿ ਹੀ ਬੈਠਾ ,'' ਤੂੰ ,ਠੀਕ ਰਹਿ ਮਾਂ  ਠੀਕ ਤੇਰੇ ਬਗੈਰ ਮੈਂ ਵੀ ਮਰਜੂੰਗਾ ।''ਤੇ ਮਾਂ ਨੇ ਸਭ ਕੁੱਝ ਬਦਲ ਲਿਆ । ਜਿਵੇਂ ਪਹਿਲਾਂ ਵਾਂਗੂੰ ਤਾਕਤ ਦੇ ਟੀਕੇ ਲਵਾ ਲਏ ਹੋਣ ।ਮੇਰੇ ਘਰੇ ਹੁੰਦਿਆਂ ਉਹ ਮੰਜੇ ਤੇ ਨਹੀਂ ਪੈਂਦੀ ਸਗੋਂ ਕੁੱਝ ਨਾ ਕੁੱਝ ਕਰਦੀ ਰਹਿੰਦੀ ਹੈ ।ਬੜੇ ਸਾਲ ਮੈਂ ਇਸ ਭੁਲੇਖੇ ਵਿੱਚ ਰਿਹਾ ਹਾਂ ਕਿ ਮਾਂ ਅਨਪੜ੍ਹ ਹੈ ਤੇ ਮੈਂ ਇੱਕ ਲਿਖਾਰੀ ਉਹ ਮੈਨੂੰ ਸਮਝਣ ਤੋਂ ਅਸਮਰਥ ਹੈ ਪਰ ਕਿੰਨੀ ਛੋਟੀ ਸੋਚ ਸੀ ਮੇਰੀ ਤੇ ਮਾਂ ਦਾ ਕਲਾਵਾ ਕਿੰਨਾ ਵੱਡਾ ।ਛੋਟੇ ਹੁੰਦਿਆਂ ਤੋਂ ਮਾਂ ਉਸ ਵੇਲੇ ਤੱਕ ਰੋਟੀ ਨਹੀਂ ਸੀ ਖਾਂਦੀ ਜਦੋਂ ਤੱਕ ਅਸੀਂ ਦੋਵੇਂ ਭਰਾ ਰੋਟੀ ਨਾ ਖਾਂ ਲੈਂਦੇ ਤੇ ਹੁਣ ਵੀ ਓਹੀ ਹਾਲ ਹੈ ।                                                                                                                                    ਬਾਹਰ ਜਾਣ ਵੇਲੇ ਸ਼ਾਮ ਨੂੰ ਤੁਰਨਾ ਪੈਂਦਾ ਹੈ ਤੇ ਰਸਤੇ ਵਿੱਚ ਬੀਵੀ ਦਾ ਫੋਨ ਆਉਂਦਾ ਹੈ'' ਰੋਟੀ ਖਾ ਲੀ'' ।ਮੈਨੂੰ ਪਤਾ ਹੁੰਦਾ ਹੈ ਇਹ ਮੇਰੀ ਮਾਂ ਪੁੱਛ ਰਹੀ ਹੁੰਦੀ ਹੈ ।ਮੇਰਾ ਭਾਵੁਕ ਦਿਲ ,ਘਰ ਵਿੱਚ ਮੌਜੂਦ ਗੂੰਗੀ ਬੋਲੀ ਬੱਚੀ, ਛੋਟਾ ਜਿਹਾ ਅਗਮ (2)ਅਜਿਹੇ ਹਾਲਾਤ ਹਨ ਕੇ ਸਦੀਵੀ ਅਰਾਮ ਦੀ ਮੁੰਤਜ਼ਰ  ਮੇਰੀ ਮਾਂ ਨੇ ਮੌਤ ਨੂੰ ਫਿਲਹਾਲ ਟਾਲ ਦਿੱਤਾ ਹੈ ਤੇ ਪਤਾ ਨਹੀਂ ਮੈਨੂੰ ਕਿਉਂ ਵਿਸ਼ਵਾਸ਼ ਹੈ ਕਿ ਉਹ ਅਜਿਹਾ ਕਰ ਸਕਦੀ ਹੈ ।ਮੈਂ ਸਵੇਰੇ ਉੱਠ ਕੇ ਕਦੇ ਉਹਦੇ ਕਮਰੇ ਵਿੱਚ ਉਹਨੂੰ ਦੇਖਣ ਨਹੀਂ ਜਾਂਦਾ ।ਮੈਨੂੰ ਪਤਾ ਹੈ ਉਸਨੇ ਮੇਰੇ ਫਿਕਰ ਵਿੱਚ ਮੌਤ ਨੂੰ ਦੂਰ ਦੂਰ ਤੱਕ ਟਾਲ ਰੱਖਿਆ ਹੈ ।ਮੈਂ ਕਿਤੇ ਵੀ ਰਹਾਂ ਕਿਸੇ ਤਰ੍ਹਾਂ ਵੀ ਰਹਾਂ ਉਹ ਰੱਬ ਵਾਂਗੂੰ ਮੇਰੇ ਨਾਲ ਹੁੰਦੀ ਹੈ ।  ਇਹ ਚਮਤਕਾਰ ਮੇਰੇ ਨਾਲ  ਰੋਜ਼ ਹੁੰਦਾ ਹੈ ਪਰ ਮੈਂ ਇਸ ਚਮਤਕਾਰ ਨੂੰ ਕੈਦ ਨਹੀਂ ਕਰ ਸਕਦਾ ਦੇਖਦਾ ਜਰੂਰ ਹਾਂ ।

ਤਰਸੇਮ ਬਸ਼ਰ
m. no 99156-20944

ਧਰਮ ਸੰਕਟ - ਤਰਸੇਮ ਬਸ਼ਰ

ਪਿੰਡ 'ਚ ਫੱਜੀ ਇੱਕ ਬੁੱਧੀਜੀਵੀ ਦੇ ਤੌਰ ਤੇ ਜਾਣਿਆ ਜਾਂਦਾ ਸੀ । ਪੰਜਾਹ ਨੂੰ ਪਹੁੰਚਿਆ ਫੱਜੀ ਅਖਬਾਰ ਦਾ ਸ਼ੌਕੀਨ ਸੀ ਤੇ ਲੋਕਾਂ ਨੂੰ ਵੀ ਬਦਲਦੇ ਹਾਲਾਤਾਂ ਤੋਂ ਜਾਣੂ ਕਰਾਉਣ ਦਾ ਸ਼ੌਕੀਨ ਵੀ ।ਵੋਟਾਂ ਦੇ ਦਿਨਾਂ ਵਿੱਚ ਤਨਦੇਹੀ ਨਾਲ ਲੋਕਾਂ ਨੂੰ ਵੋਟ ਦੇ ਅਧਿਕਾਰ ਦੀ ਅਹਿਮੀਅਤ ਬਾਰੇ ਦੱਸਦਾ ।ਲੋਕਾਂ ਨੂੰ ਉਹਨਾਂ ਦੇ ਅਧਿਕਾਰਾਂ ਬਾਰੇ ਦੱਸਦਾ ਜਿਵੇਂ ਉਹ ਹੁਣ ਵੀ ਕੋਈ ਜੰਗ ਲੜ੍ਹ ਰਿਹਾ ਹੋਵੇ ।
        ਵੋਟਾਂ ਦਾ ਦਿਨ ਆਇਆ ਤਾਂ ਉਹ ਆਪ ਤਨਾਅ ਵਿੱਚ ਸੀ । ਵੋਟ ਮਹਿਜ ਉਸ ਲਈ ਇੱਕ ਰਸਮੀ ਕਾਰਵਾਈ ਨਹੀਂ ਸੀ ਪਰ ਉਹ ਪਾਵੇ ਕਿਸ ਨੂੰ ।ਉਹ ਵੋਟ ਨੂੰ ਸਮਾਜ ਅਤੇ ਦੇਸ਼ ਦੀ ਤਕਰੀਰ ਨਾਲ ਜੋੜ ਕੇ ਦੇਖਦਾ ਸੀ । ਟਾਇਮ ਬੀਤਣ ਲੱਗਿਆ ਤਾਂ ਉਸ ਦਾ ਤਨਾਅ ਵੱਧਦਾ ਜਾ ਰਿਹਾ ਸੀ ।ਛੜਾ ਛਾਂਟ ਸੀ , ਇਕੱਲੀ ਵੋਟ ਸੀ ਪਰ ਬਟਨ ਦੱਬਣ ਦੇ ਖਿਆਲ ਨਾਲ ਉਹ ਪਸੀਨੇ ਨਾਲ ਤਰ-ਬ-ਤਰ ਹੋਇਆ ਪਿਆ ਸੀ । ਉਸ ਦੇ ਸਾਹਮਣੇ ਦੋ  ਉਮੀਦਵਾਰ ਸਨ । ਇੱਕ ਉਮੀਦਵਾਰ ਨੂੰ ਉਹ ਪਸੰਦ ਕਰਦਾ ਸੀ ਪਰ ਉਸ ਦੀ ਪਾਰਟੀ ਦੀਆਂ ਨੀਤੀਆਂ ਠੀਕ ਨਹੀਂ ਸਨ ਜਾਪਦੀਆਂ ।ਦੂਜੀ ਪਾਰਟੀ ਼ਉਹ ਸੀ ਜਿਸ ਨੂੰ ਉਹ ਸ਼ੁਰੂ ਤੋਂ ਵੋਟ ਪਾਉਂਦਾ ਆਇਆ ਪਰ ਉਸਦਾ ਉਮੀਦਵਾਰ ੳਸ ਨੂੰ ਨਹੀਂ ਸੀ ਭਾਉਂਦਾ ਉਹ ਬਹੁਤ ਵੱਡਾ ਬੰਦਾ ਸੀ ਇੱਕ ਧਨਾਡ ।
                ਚਾਹ ਕੀਤੀ ਫਿਰ ਚਾਹ  ਪੀ ਕੇ ਮਨ ਬਣਾਉਣ ਲੱਗਿਆ  ਟਾਇਮ ਹੁੰਦਾ ਜਾ ਰਿਹਾ ਸੀ ।ਉਹ ਘਰੋ ਤੁਰਿਆ ਤਾਂ ਸੋਚਾਂ ਦੇ ਭੰਬਲ-ਭੂਸੇ ਵਿੱਚ ਉਸਨੂੰ ਵੋਟ ਪਾਉਣ ਤੋਂ ਬਿਨਾਂ ਚੈਨ ਨਹੀਂ ਸੀ ਆਉਣਾ ਤੇ ਉਹ ਇਹ ਵੀ ਨਹੀਂ ਸੀ ਚਾਹੁੰਦਾ ਕਿ ਉਹਦੀ ਵੋਟ ਕਿਸੇ ਗਲਤ ਪਾਰਟੀ ਦੇ ਬੰਦੇ ਨੂੰ ਪੈ ਜਾਵੇ । ਹੁਣ ਉਹ ਦਿਲੋਂ ਚਾਹੁੰਦਾ ਸੀ ਕਿ ਉਹ ਪਹੁੰਚੇ ਤੇ ਟਾਂਇਮ ਹੋ ਚੁੱਕਿਆ ਹੋਵੇ ਤੇ ਹੋਇਆ ਵੀ ਇਹੀ ।  ਉਹ ਪਹੁੰਚਿਆਂ ਤਾਂ ਸੱਚੀ ਵੋਟਾਂ ਪੈਣੀਆਂ ਬੰਦ ਹੋ ਚੁੱਕੀਆਂ ਸਨ । ਉਸਨੇ ਇੱਕ ਸੌਖਾ ਤੇ ਲੰਮਾ ਸਾਹ ਲਿਆ ਸੀ।  ਉਹ ਧਰਮ ਸੰਕਟ 'ਚੋਂ ਬਾਹਰ ਆ ਚੁੱਕਿਆ ਸੀ ............ਪਰ ਦੋ ਕੁ ਪਲਾਂ 'ਚ ਉਹ ਉਦਾਸ ਹੋ ਗਿਆ ਸੀ ਜਿਵੇਂ ਕੋਈ ਜੰਗ ਹਾਰ ਗਿਆ ਸੀ । ਉਸਦਾ ਤਣਿਆ ਹੋਇਆ ਜਿਸਮ ਥੋੜਾ ਢਿੱਲਾ ਪੈ ਗਿਆ ਸੀ ਤੇ ਦਹਿਕਦੀਆਂ ਮੁੱਛਾਂ ਨਾਲ ਸਜਿਆ ਚਿਹਰਾ ਝੁਕ ਗਿਆ ਸੀ ।

ਤਰਸੇਮ ਬਸ਼ਰ
 ਮੋਬਾ:---9915620944
ਈਮੇਲ :-bashartarsem@gmail.com