Taskeen

ਆਪਣਾ ਮੂਲ ਪਛਾਣਨ ਦਾ ਵੇਲਾ - ਤਸਕੀਨ

ਦੇਸ਼ ਸਿਆਸੀ ਅਫਰਾ ਤਫਰੀ ਅਤੇ ਹਾਕਮਾਨਾ ਬੁਰਛਾਗਰਦੀ ਦੇ ਦੌਰ ਵਿਚੋਂ ਲੰਘ ਰਿਹਾ ਹੈ। ਵਿਦਿਆਰਥੀਆਂ ਦੇ ਸ਼ਾਂਤਮਈ ਘੋਲ ਨੇ ਦਿਖਾ ਦਿੱਤਾ ਹੈ ਕਿ ਉਹ ਸੱਚੇ ਦੇਸ਼ ਭਗਤ ਹਨ। ਜਿਸ ਵੇਲੇ ਦੇਸ਼ ਦੇ ਸੰਵਿਧਾਨ ਨੂੰ ਦਾਅ ਤੇ ਲਾ ਦਿੱਤਾ ਗਿਆ ਹੋਵੇ, ਵਿਦਿਆਰਥੀ, ਬੁੱਧੀਵਾਨ/ਲੇਖਕ ਆਵਾਮ ਦੀ ਰਹਿਨੁਮਾਈ ਕਰਦਿਆਂ ਮੈਦਾਨ ਵਿਚ ਕੁੱਦ ਪਏ ਹੋਣ ਤਾਂ ਹਾਕਮਾਂ ਦਾ ਖੌਫ਼ ਬਰਬਰਤਾ ਵਿਚ ਤਾਂ ਤਬਦੀਲ ਹੋਣਾ ਹੀ ਹੈ, ਰਿਆਸਤ ਵੀ ਇਨ੍ਹਾਂ ਖਿਲਾਫ਼ ਅੱਗ ਉੱਗਲਣ ਲੱਗ ਪੈਂਦੀ ਹੈ। ਲਿਹਾਜ਼ਾ ਸੜਕਾਂ, ਘਰਾਂ, ਲਾਇਬ੍ਰੇਰੀਆਂ, ਯੂਨੀਵਰਸਿਟੀਆਂ ਤੇ ਹੋ ਰਿਹਾ ਕਹਿਰ 'ਮੀਡੀਆ ਪੁਰਾਣ' ਦੀਆਂ ਅੱਖਾਂ ਤੋਂ ਓਹਲੇ ਹੋ ਜਾਂਦਾ ਹੈ। ਜੇ ਸਰਕਾਰ ਅੰਦਰ ਬੇਚੈਨ ਆਵਾਮ ਦਾ ਖੌਫ਼ ਨਾ ਹੋਵੇ ਤਾਂ ਉਹ ਆਪਣੇ ਕਾਰਕੁਨਾਂ ਤੋਂ ਐੱਨਆਰਸੀ, ਐੱਨਏਏ ਅਤੇ ਐੱਨਪੀਆਰ ਦੇ ਹੱਕ ਵਿਚ ਗਾਲਾਂ ਅਤੇ ਅਹਿੰਸਾ ਨਾਲ ਭਰੇ 'ਰੋਸ' ਮੁਜ਼ਾਹਰੇ ਨਾ ਕਰਵਾਏ।
      ਅਕਸਰ ਲੋਕ ਮੁੱਖਧਾਰਾ ਦੇ ਮੀਡੀਏ ਨੂੰ ਕੋਸਦਿਆਂ ਇਸ ਨੂੰ ਅਵਾਮ ਵਿਰੋਧੀ ਕਹਿੰਦੇ ਹਨ। ਉਹ ਇਸ ਮੁਗ਼ਾਲਤੇ ਵਿਚ ਹਨ ਕਿ ਦੇਸ਼ ਅੰਦਰ ਜਮਹੂਰੀਅਤ ਹੈ ਅਤੇ ਉਹ ਇਸ ਤੋਂ ਚੌਥੇ ਥੰਮ੍ਹ ਦੇ ਫ਼ਰਜ਼ਾਂ ਦੀ ਮੰਗ ਕਰ ਰਹੇ ਹਨ। ਅੱਜ ਜਮਹੂਰੀਅਤ ਅਤੇ ਸੰਵਿਧਾਨ ਬਚਾਉਣ ਲਈ ਹੀ ਤਾਂ ਅਵਾਮ ਸੜਕਾਂ ਉੱਤੇ ਹੈ। ਫਿਰ ਅਸੀਂ ਕਿਉਂ ਹਾਕਮ ਮੀਡੀਆ ਕੋਲੋਂ ਭਾਈ ਘਨੱਈਆ ਬਣਨ ਦੀ ਮੰਗ ਕਰਦੇ ਪਾਣੀ ਅਤੇ ਮਰਹਮ ਪੱਟੀ ਦਾ ਭਰੋਸੇ ਦਾ ਵਹਿਮ ਪਾਲ ਰਹੇ ਹਾਂ? ਇਤਿਹਾਸ ਇੱਕੋ ਵਾਰ ਨਹੀਂ, ਵਾਰ ਵਾਰ ਲਿਖਿਆ ਜਾਂਦਾ ਹੈ। ਅੱਜ ਇਸ ਨੂੰ ਵਿਦਿਆਰਥੀ, ਬੁੱਧੀਜੀਵੀ ਅਤੇ ਲੋਕ ਲਿਖ ਰਹੇ ਹਨ। ਹਾਕਮ ਇਸ ਨੂੰ ਟੁਕੜੇ ਟੁਕੜੇ ਗੈਂਗ, ਅਰਬਨ ਨਕਸਲ ਆਦਿ ਨਕਸ਼ਾਂ ਵਿਚ ਢਾਲ ਕੇ ਪਛਾਨਣ ਦੀ ਕੋਸ਼ਿਸ਼ ਵਿਚ ਚੂਰ ਹੈ। ਉਹ ਇਨ੍ਹਾਂ ਦੇ ਕੱਪੜਿਆਂ ਤੋਂ ਵੀ ਇਨ੍ਹਾਂ ਦੇ ਨਕਸ਼ ਪਛਾਣਨ ਦੀ ਕੋਸ਼ਿਸ਼ ਵਿਚ ਹਨ। ਇਨਸਾਨ ਦੇ ਲਹੂ ਦਾ ਰੰਗ ਜੇ ਇਕ ਨਾ ਹੁੰਦਾ ਤਾਂ ਇਹ ਪਛਾਣ ਕਿੰਨੀ ਸੌਖੀ ਹੁੰਦੀ? ਇਤਿਹਾਸ ਹਰ ਵੇਲੇ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਸਿਰ ਦੀ ਮੰਗ ਕਰਦਾ ਹੈ।
      ਮੀਡੀਆ ਪੁਰਾਣ ਇਸ 'ਟੁਕੜੇ ਟੁਕੜੇ ਗੈਂਗ' ਵਿਰੁੱਧ ਕੂੜ ਪ੍ਰਚਾਰ ਕਰ ਰਿਹਾ ਹੈ। ਪੁਰਾਣਾਂ ਦੀ ਵੀ ਆਪਣੇ ਸਮੇਂ ਵਿਚ ਇਹੋ ਭੂਮਿਕਾ ਰਹੀ ਹੈ। ਯਾਦ ਕਰੋ, ਅਸੁਰ ਕੌਣ ਸਨ? ਮੁੱਖਧਾਰਾ ਦੀ ਭਗਤੀ ਸਿਆਸਤ ਦੇ ਵਿਰੋਧੀ। ਪੁਰਾਣ ਦੱਸਦੇ ਹਨ ਕਿ ਅਸੁਰ/ਰਾਖਸ਼ ਭਗਤੀ/ਬ੍ਰਾਹਮਣੀ ਵਿਚਾਰਧਾਰਾ ਤੋਂ ਕਿਤੇ ਬਲਵਾਨ ਅਤੇ ਤਾਕਤਵਰ ਸਨ। ਮੀਡੀਆ ਵੀ ਇਹ ਗਵਾਹੀ ਦੇ ਰਿਹਾ ਹੈ ਕਿ 'ਟੁਕੜੇ ਟੁਕੜੇ ਗੈਂਗ' ਕਿੰਨੇ ਬਲਵਾਨ ਹਨ। ਹਾਕਮੀ ਰਿਆਸਤੀ ਤਾਕਤ, ਮੀਡੀਆ ਪੁਰਾਣ ਦੇ ਬਾਵਜੂਦ ਲੋਕ ਵਿਰੋਧੀ ਕਾਨੂੰਨ ਦੇ ਹੱਕ ਵਿਚ ਭਾੜੇ ਦੇ ਮੁਜ਼ਾਹਰੇ ਕਰਵਾਏ ਜਾ ਰਹੇ ਹਨ। ਇਹ ਮੁਜ਼ਾਹਰਾਕਾਰੀ ਸੁਰਾਂ ਦੀ ਹਾਕਮੀ ਭਗਤੀ ਵਿਚ ਪ੍ਰਹਿਲਾਦ ਵਾਂਗ ਹਰਨਾਕਸ਼ਪ/ਹਰਨਾਖਸ਼ ਦੇ ਵਧ ਲਈ ਨਰਸਿੰਘ ਅਵਤਾਰ ਦੀ ਸ਼ਰਨ ਵਿਚ ਹਨ।
      ਹਰਨਾਕਸ਼ਪ ਦੀ ਮਿੱਥ ਨਾਲ ਅੱਜ ਦਾ ਕੀ ਸਬੰਧ ਬਣਦਾ ਹੈ? ਵਰਤਮਾਨ ਨੂੰ ਕਿਉਂਕਿ ਬੀਂਡੀ ਪਾ ਕੇ 'ਮਨੂ ਸਮਰਿਤੀ' ਕਾਲ ਵਿਚ ਖਿੱਚਣ ਦਾ ਪੂਰਾ ਤਾਣ ਲਾਇਆ ਜਾ ਰਿਹਾ ਹੈ, ਇਸ ਲਈ ਹਰਨਾਕਸ਼ਪ ਦੀ ਮਿੱਥ ਦੁਹਰਾਉਂਦੇ ਹਾਂ। ਹਰਨਾਕਸ਼ਪ ਤਾਕਤਵਰ ਅਸੁਰ ਰਾਜਾ ਸੀ ਜਿਸ ਨੂੰ ਸ਼ਿਵਾ ਤੋਂ ਵਰਦਾਨ ਮਿਲਿਆ ਹੋਇਆ ਸੀ (ਕਿਉਂਕਿ ਅਸੁਰ ਸ਼ੈਵ ਸਨ) ਕਿ ਨਾ ਉਹ ਦਿਨੇ ਮਰੇਗਾ ਨਾ ਰਾਤ ਨੂੰ, ਨਾ ਅੰਦਰ ਮਰੇਗਾ ਨਾ ਬਾਹਰ, ਨਾ ਧਰਤੀ ਉੱਤੇ ਮਰੇਗਾ ਨਾ ਅਸਮਾਨ ਵਿਚ, ਨਾ ਸਰਦੀ ਵਿਚ ਮਰੇਗਾ ਨਾ ਗਰਮੀ ਵਿਚ, ਨਾ ਆਦਮੀ ਤੋਂ ਮਰੇਗਾ ਨਾ ਜਾਨਵਰ ਤੋਂ। ਇਸੇ ਵਰਦਾਨ ਸਦਕਾ ਉਸ ਨੇ ਸੁਰਾਂ ਦੀ ਵਿਚਾਰਧਾਰਕ ਰਾਮ ਭਗਤੀ ਦੀ ਬਜਾਏ ਅਸੁਰਾਂ ਦੇ ਰਾਜ ਨੂੰ ਵੱਧ ਤਾਕਤਵਰ ਬਣਾ ਲਿਆ ਅਤੇ ਰਾਮ ਭਗਤੀ ਦਾ ਵਿਚਾਰ ਰੱਦ ਕਰ ਦਿੱਤਾ। ਪ੍ਰਹਿਲਾਦ ਹਰਨਾਕਸ਼ਪ ਦਾ ਛੋਟਾ ਪੁੱਤਰ ਸੀ। ਉਸ ਨੇ ਅਸੁਰ ਹਰਨਾਕਸ਼ਪ ਦੀ ਡੰਡੌਤ ਕਰਨ ਦੀ ਬਜਾਏ ਸੁਰਾਂ ਦੇ ਰਾਮ ਦੀ ਭਗਤੀ ਕਰਨੀ ਸ਼ੁਰੂ ਕਰ ਦਿੱਤੀ। ਹਰਨਾਕਸ਼ਪ ਨੇ ਪ੍ਰਹਿਲਾਦ ਨੂੰ ਦਰਬਾਰ ਵਿਚ ਬੁਲਾਇਆ ਅਤੇ ਕਿਹਾ ਕਿ ਮੇਰੀ ਬਜਾਏ ਰਾਮ ਦੀ ਭਗਤੀ ਕਿਉਂ ਕਰਦਾ ਹੈਂ। ਪ੍ਰਹਿਲਾਦ ਨੇ ਕਿਹਾ ਮੈਨੂੰ ਮਾਂ ਨੇ ਹਮੇਸ਼ਾਂ ਰਾਮ ਦੀ ਭਗਤੀ ਹੀ ਸਿਖਾਈ ਹੈ। ਹਰਨਾਕਸ਼ਪ ਇਸ ਉੱਪਰ ਕਹਿਰਵਾਨ ਹੋ ਗਿਆ। ਉਸ ਨੇ ਪ੍ਰਹਿਲਾਦ ਨੂੰ ਤਪਦੇ ਥੰਮ੍ਹ ਨਾਲ ਜੱਫ਼ੀ ਪਾਉਣ ਦਾ ਹੁਕਮ ਦਿੱਤਾ। ਪ੍ਰਹਿਲਾਦ ਛੋਟਾ ਸੀ ਅਤੇ ਡਰ ਗਿਆ। ਉਸ ਨੇ ਕਿਹਾ- 'ਓ ਰਾਮ ਤੂੰ ਮੇਰਾ ਪਾਲਕ ਹੈਂ, ਮੈਨੂੰ ਬਚਾ। ਮੈਂ ਤੈਨੂੰ ਪਿਆਰਦਾ ਹਾਂ। ਮੈਂ ਤੇਰੇ ਅੱਗੇ ਅਰਦਾਸ ਕਰਦਾਂ, ਮੈਨੂੰ ਬਚਾ।' ਇਹ ਅਰਦਾਸ ਤੋਂ ਬਾਅਦ ਪ੍ਰਹਿਲਾਦ ਨੂੰ ਤਪਦੇ ਥੰਮ੍ਹ ਉੱਤੇ ਨਿੱਕੀ ਜਿਹੀ ਕੀੜੀ ਤੁਰਦੀ ਨਜ਼ਰ ਆਈ। ਪ੍ਰਹਿਲਾਦ ਨੇ ਦੌੜ ਕੇ ਥੰਮ੍ਹ ਨੂੰ ਜੱਫ਼ੀ ਪਾ ਲਈ। ਥੰਮ੍ਹ ਐਨ ਠੰਢਾ ਸੀ। ਥੰਮ੍ਹ ਪਾਟ ਗਿਆ ਅਤੇ ਉਸ ਵਿਚੋਂ ਨਰ ਸਿੰਘ ਅਵਤਾਰ ਪਰਗਟ ਹੋਏ। ਉਸ ਦਾ ਅੱਧਾ ਉਪਰਲਾ ਧੜ ਸ਼ੇਰ ਦਾ ਅਤੇ ਹੇਠਲਾ ਅੱਧਾ ਧੜ ਆਦਮੀ ਦਾ ਸੀ। ਉਸ ਨੇ ਸਰਦਲਾਂ ਵਿਚ ਹਰਨਾਕਸ਼ਪ ਨੂੰ ਪੱਟਾਂ ਉੱਤੇ ਲੰਮਾ ਪਾ ਲਿਆ। ਇਹ ਨਾ ਧਰਤੀ ਸੀ ਨਾ ਅਸਮਾਨ। ਗਰਮੀ ਅਤੇ ਸਰਦੀ ਦੀ ਵਿਚਕਾਰਲੀ ਰੁੱਤ ਦਾ ਸਮਾਂ ਸੀ। ਉਹ ਨਾ ਨਰ ਸੀ ਨਾ ਆਦਮੀ। ਨਰ ਸਿੰਘ। ਉਸ ਨੇ ਆਪਣੇ ਪੰਜੇ ਉਸ ਦੀ ਹਿੱਕ ਵਿਚ ਗੱਡ ਦਿੱਤੇ ਅਤੇ ਅਸੁਰ ਹਰਨਾਕਸ਼ਪ ਦਾ ਰਾਜ ਸਮਾਪਤ ਕਰਕੇ ਰਾਮ ਭਗਤੀ ਦਾ ਆਰੀਅਨ ਰਾਜ ਪੱਕਿਆਂ ਕੀਤਾ ਜਿਸ ਵਿਚ ਪ੍ਰਹਿਲਾਦ ਸੰਤੁਸ਼ਟ ਹੋ ਕੇ ਰਾਮ ਭਗਤੀ ਵਿਚ ਰੁੱਝ ਗਿਆ।
       ਇਹ ਪੁਰਾਣ ਕਥਾ ਅਸੁਰਾਂ ਦਾ ਇਤਿਹਾਸ ਦੱਸਦੀ ਹੈ ਕਿ ਉਹ ਕਿੰਨੇ ਬਲਵਾਨ ਸਨ। ਅਸੁਰ ਦਾ ਅਰਥ ਉਹ ਸਾਰੇ ਲੋਕ ਜੋ ਮੁੱਖਧਾਰਾ ਦੀ ਭਗਤੀ ਵਿਚਾਰਧਾਰਾ ਤੋਂ ਆਕੀ ਸਨ। ਇਸ 'ਅਸੁਰ' ਜਨਤਾ 'ਚੋਂ ਪ੍ਰਹਿਲਾਦ ਉਧਾਲ ਕੇ ਉਨ੍ਹਾਂ ਦੀ ਤਾਕਤ ਨੂੰ ਖੋਰਾ ਲਾਇਆ ਜਾਂਦਾ ਹੈ, ਜਿਵੇਂ ਐੱਨਏਏ, ਐੱਨਆਰਸੀ, ਐੱਨਪੀਆਰ ਦੇ ਹੱਕ 'ਚ ਜਲੂਸ ਕੱਢਦੇ ਸਪਾਂਸਰ/ਭਗਤ ਕਾਰਕੁਨ, ਜਿਨ੍ਹਾਂ ਨੂੰ ਵੀ ਨਾਗਰਿਕਤਾ ਸਾਬਿਤ ਕਰਨੀ ਪੈਣੀ ਹੈ ਕਿ ਉਹ ਇਸ ਦੇਸ਼ ਦੇ ਨਾਗਰਿਕ ਹਨ ਜਾਂ ਨਹੀਂ। ਕੀ ਅੱਜ ਦੇ ਹਾਕਮ ਤੇ ਮੀਡੀਆ ਪੁਰਾਣ ਪੁਰਾਣਿਕ ਵਿਆਖਿਆ ਨਹੀਂ ਕਰ ਰਹੇ? ਜਿੱਥੇ ਪੜ੍ਹੇ ਲਿਖੇ ਲੋਕਾਂ ਦੀ ਤਾਕਤ ਨੂੰ 'ਟੁਕੜੇ ਟੁਕੜੇ ਗੈਂਗ'/ਅਸੁਰ ਦੱਸਿਆ ਜਾ ਰਿਹਾ ਹੈ (ਜਮਹੂਰੀਅਤ ਤਾਂ ਲੋਕਾਂ ਦੀ, ਲੋਕਾਂ ਦੁਆਰਾ, ਲੋਕਾਂ ਵਾਸਤੇ ਕਹੀ ਜਾਂਦੀ ਹੈ)। ੳਵਾਮ/ਟੁਕੜੇ ਟੁਕੜੇ ਗੈਂਗ ਦੀ ਦੇਸ਼ ਭਗਤੀ ਤੋਂ ਤ੍ਰਭਕਿਆ ਨਰ ਸਿੰਘ ਰਾਮ ਲੀਲ੍ਹਾ ਮੈਦਾਨ 'ਚ ਫਾਊਲ ਖੇਡਦਿਆਂ ਭਗਵਾਨ ਕ੍ਰਿਸ਼ਨ ਵਾਂਗ ਦਿਨ ਨੂੰ ਰਾਤ ਵਿਚ ਤਬਦੀਲ ਕਰ ਦਿੰਦਾ ਹੈ। ਬਾਬਰ ਤਾਂ ਜਰਵਾਣਾ ਸੀ ਜਿਹੜਾ ਬਾਬਾ ਨਾਨਕ ਦੇ ਸ਼ਬਦਾਂ ਵਿਚ 'ਪਾਪ ਕੀ ਜੰਞ ਲੈ ਕਾਬਲਹੁ ਧਾਇਆ' ਸੀ ਪਰ ਅੱਜ ਦਾ ਹਾਕਮ ਕਾਇਰ ਹੈ। 'ਅੰਧੀ ਰਯਤਿ ਗਿਆਨ ਵਿਹੂਣੀ' ਜੇ ਗਿਆਨਵਾਨ ਹੋ ਕੇ ਆਪਣੇ ਹੱਕਾਂ ਦਾ ਮੁਜ਼ਾਹਰਾ ਕਰੇ ਤਾਂ ਜਨਤਾ ਨੂੰ ਹੀ ਪਾਪ ਕੀ ਜੰਞ/ਟੁਕੜੇ ਟੁਕੜੇ ਗੈਂਗ ਦੇ ਲਕਬ 'ਚ ਬੰਨ੍ਹ ਦੇਣਾ ਸਾਡੇ ਸਮੇਂ ਦੀ ਕਰੂਰ ਹਕੀਕਤ ਹੈ।
      ਬ੍ਰਾਹਮਣਵਾਦ, ਹਿੰਦੂਤਵ, ਧੱਕੜਸ਼ਾਹ ਨਿਜ਼ਾਮ ਅਤੇ ਫਾਸ਼ੀਵਾਦ ਗਿਆਨ ਦੇ ਪੱਕੇ ਦੁਸ਼ਮਣ ਹੁੰਦੇ ਹਨ। ਉਹ ਸਿਰਾਂ ਨਾਲ ਸੋਚਣ ਵਾਲਿਆਂ ਦੇ ਹਮੇਸ਼ਾ ਸਿਰਾਂ ਤੇ ਵਾਰ ਕਰਦੇ ਹਨ, ਭਾਵੇਂ ਉਹ ਹਿਟਲਰ ਹੋਵੇ, ਮਸੋਲਿਨੀ, ਸਟਾਲਿਨ ਜਾਂ ਜਾਰਜ ਬੁਸ਼। ਅੱਜ ਹਾਕਮਾਨਾ ਤਾਕਤ ਬੁਸ਼ ਵਾਂਗ ਇਹ ਦੁਹਰਾ ਰਹੀ ਹੈ ਕਿ ਜੇ ਤੁਸੀਂ ਸਾਡੇ ਨਾਲ ਨਹੀਂ ਹੋ ਤਾਂ ਤੁਸੀਂ ਵਿਦਵਾਨ ਸਿਰਾਂ, ਭਾਵ ਟੁਕੜੇ ਟੁਕੜੇ ਗੈਂਗ/ਅਰਬਨ ਨਕਸਲ/ਮਾਓਵਾਦੀਆਂ ਦੇ ਨਾਲ ਹੋ। ਲਾਇਬ੍ਰੇਰੀਆਂ ਤੇ ਹਮਲੇ, ਔਰਤਾਂ ਤੇ ਹਮਲੇ, ਅਰੁੰਧਤੀ ਰਾਏ ਖ਼ਿਲਾਫ਼ ਸ਼ਿਕਾਇਤ ਇਸ ਗੱਲ ਦੇ ਸੂਚਕ ਹਨ ਕਿ ਹਾਕਮ, ਸਿਰਾਂ ਵਾਲਿਆਂ/ਸੋਚਣ ਵਾਲਿਆਂ ਗਿਆਨਵਾਨ ਲੋਕਾਂ ਤੋਂ ਡਰੇ ਹੋਏ ਉਨ੍ਹਾਂ ਦੇ ਸਿਰ ਫਿਹਣ ਲਈ ਕਾਹਲ਼ੇ ਹਨ। ਪੁਲੀਸ ਉਨ੍ਹਾਂ ਦੇ ਸਿਰ ਫਿਹਣ ਲਈ ਉਨ੍ਹਾਂ ਦੇ ਘਰ ਘਰ ਪਹੁੰਚ ਰਹੀ ਹੈ। ਸਾਡੇ ਦੇਸ਼ ਦਾ ਫੌਜੀ ਜਰਨੈਲ ਵੀ ਪਿੱਛੇ ਨਹੀਂ ਰਿਹਾ। ਉਹ ਦੇਸ਼ ਦੇ ਦੁਸ਼ਮਣਾਂ ਨਾਲ ਆਢਾ ਲੈਣ ਦੀ ਬਜਾਇ ਵਿਖਾਵਾਕਾਰੀ ਨਿਹੱਥੇ ਅਵਾਮ ਦਾ ਸਿਰ ਫਿਹਣ ਦਾ ਫਤਵਾ ਜਾਰੀ ਕਰਦਾ ਹੈ। ਸਭ ਸੰਸਥਾਵਾਂ 'ਅਸੁਰਾਂ' ਦੇ ਸਿਰ ਫਿਹਣ ਲਈ 'ਨਰ ਸਿੰਘ' ਦੀ ਭਗਤੀ ਵਿਚ ਲੀਨ ਹਨ।
      ਵਿਦਿਆਰਥੀ/ਨੌਜੁਆਨ ਕਿਸੇ ਵੀ ਦੇਸ਼ ਦਾ ਸਰਮਾਇਆ ਹੁੰਦੇ ਹਨ। ਅੱਜ ਜੋ ਸਲੂਕ ਉਨ੍ਹਾਂ ਨਾਲ ਕੀਤਾ ਜਾ ਰਿਹਾ, ਅਜਿਹਾ ਦੁਸ਼ਮਣ ਨਾਲ ਵੀ ਨਹੀਂ ਕੀਤਾ ਜਾ ਸਕਦਾ। ਬਾਬਰ ਜਰਵਾਣਾ ਸੀ। ਪਾਣੀਪਤ ਦੀ ਲੜਾਈ ਹਾਰਨ ਵਾਲੇ ਦਿੱਲੀ ਦੇ ਸੁਲਤਾਨ ਇਬਰਾਹੀਮ ਲੋਧੀ ਦੇ ਲਾਪਤਾ ਹੋ ਜਾਣ ਤੇ ਬਾਬਰ ਨੇ ਹੁਕਮ ਦਿੱਤਾ ਕਿ ਸੁਲਤਾਨ ਦੀ ਭਾਲ ਕੀਤੀ ਜਾਵੇ। ਜੇ ਉਹ ਭੱਜ ਗਿਆ ਹੋਵੇ ਤਾਂ ਉਸ ਨੂੰ ਇੱਥੇ ਲਿਆ ਕੇ ਫਾਹੇ ਲਾਇਆ ਜਾਵੇ। ਇੰਨੇ ਚਿਰ ਨੂੰ ਇਕ ਫੌਜੀ ਜਰਨੈਲ ਸੁਲਤਾਨ ਦਾ ਸਿਰ ਵੱਢ ਕੇ ਲੈ ਆਇਆ ਅਤੇ ਕਿਹਾ ਕਿ ਉਹ ਇਸ ਜੰਗ ਵਿਚ ਹੀ ਮਾਰਿਆ ਗਿਆ ਤਾਂ ਬਾਬਰ ਨੇ ਹੁਕਮ ਦਿਤਾ ਕਿ ਇਸ ਨੂੰ ਇਥੇ ਹੀ ਸਪੁਰਦੇ-ਖ਼ਾਕ ਕਰਕੇ ਮਕਬਰਾ ਬਣਾ ਦਿੱਤਾ ਜਾਵੇ। ਉਹ ਬਹਾਦਰ ਸੀ ਅਤੇ ਬਹਾਦਰਾਂ ਵਾਂਗ ਲੜ ਕੇ ਮਰਿਆ ਹੈ। ਇਸ ਦੀ ਇੱਜ਼ਤ ਕਰਨੀ ਬਣਦੀ ਹੈ।
      ਬਾਬਰ ਦੇ ਪੜਦਾਦੇ ਤੈਮੂਰ ਲੰਗ ਨੇ ਆਪਣੇ ਮੰਤਰੀਆਂ ਨੂੰ ਕਿਹਾ - ਮੈਂ ਤੁਹਾਨੂੰ ਬਰਾਬਰ ਬਿਠਾਉਣ ਦੀ ਬਜਾਏ ਵਿਦਵਾਨਾਂ/ਲੇਖਕਾਂ ਨੂੰ ਕਿਉਂ ਬਰਾਬਰ ਬਿਠਾਉਂਦਾ ਹਾਂ। ਦਰਬਾਰੀਆਂ ਨੇ ਪੁਛਿਆ- ਕਿਉਂ? ਤੈਮੂਰ ਨੇ ਕਿਹਾ ਕਿ ਖਵੀਸੋ! ਤੁਸੀਂ ਤਾਂ ਆਪਣੇ ਫਾਇਦਿਆਂ ਲਈ ਮੈਨੂੰ ਖੁਸ਼ ਕਰਨ ਦਾ ਯਤਨ ਕਰਦੇ ਹੋ ਅਤੇ ਮੇਰੀ ਮੱਤ ਤੇ ਹਓਮੈ/ਗ਼ਰੂਰ ਦਾ ਪਰਦਾ ਪਾ ਦਿੰਦੇ ਹੋ ਪਰ ਇਹ ਵਿਦਵਾਨ/ਲੇਖਕ ਮੇਰੀ ਅਲੋਚਨਾ/ਤਨਕੀਦ ਰਾਹੀਂ ਮੇਰੀ ਮੱਤ ਵਿਚ ਜੰਮੇ ਜਾਲ਼ੇ ਲਾਹੁੰਦੇ ਹਨ ਕਿਉਂਕਿ ਇਨ੍ਹਾਂ ਨੂੰ ਮੇਰੇ ਕੋਲੋਂ ਕੋਈ ਲਾਲਚ ਨਹੀਂ ਹੈ। ਇਨ੍ਹਾਂ ਦੁਆਰਾ ਕੀਤੀ ਅਲੋਚਨਾ ਮੇਰਾ ਰਾਹ ਰੌਸ਼ਨ ਕਰਦੀ ਹੈ।
      ਛੇ ਸੱਤ ਸਦੀਆਂ ਬਾਅਦ ਮੇਰੇ ਦੇਸ਼ ਦਾ ਲੇਖਕ/ਵਿਦਵਾਨ ਜੇਲ੍ਹਾਂ, ਕਚਹਿਰੀਆਂ ਵਿਚ ਰੁਲਣ ਲਈ ਮਜਬੂਰ ਹੈ, ਕਿਉਂਕਿ ਉਹ ਪੀੜਤ ਵਿਦਿਆਰਥੀਆਂ, ਨੌਜੁਆਨਾਂ ਅਤੇ ਅਵਾਮ ਦਾ ਰਾਹ ਰੌਸ਼ਨ ਕਰਨ ਦਾ ਜੋਖ਼ਿਮ ਮੁੱਲ ਲੈ ਰਿਹਾ ਹੈ। ਉਹ ਅਰਬਨ ਨਕਸਲ, ਟੁਕੜੇ ਟੁਕੜੇ ਗੈਂਗ ਦੇ ਹਿੱਸੇ ਵਜੋਂ ਦੁਰਕਾਰਿਆ ਜਾ ਰਿਹਾ ਹੈ। ਬਾਬਾ ਨਾਨਕ ਆਖਦੇ ਨੇ- 'ਦੁਖੁ ਦਾਰੂ ਸੁਖੁ ਰੋਗ ਭਇਆ।' ਇਹ ਦੁੱਖ ਹੀ ਇਨ੍ਹਾਂ ਵਿਦਵਾਨਾਂ/ਲੇਖਕਾਂ/ ਵਿਦਿਆਰਥੀਆਂ/ਅਵਾਮ ਲਈ ਗਿਆਨ ਦਾ ਦਾਰੂ ਬਣਨਾ ਹੈ। ਇਹ ਕੌੜੀ ਦਵਾਈ ਪੀਤੇ ਬਿਨਾਂ ਦੁੱਖਾਂ ਤੋਂ ਮੁਕਤੀ ਅਸੰਭਵ ਹੈ। ਅਸੀਂ ਆਪਣਾ ਮੂਲ ਪਛਾਣਨ ਵੱਲ ਮਰ ਮਰ ਜਿਉਂਦੇ ਹੋਏ ਹੀ ਪੁਲਾਂਘ ਪੁੱਟ ਸਕਾਂਗੇ। ਜਮਹੂਰੀਅਤ ਅਤੇ ਸੰਵਿਧਾਨ ਸਾਡੇ ਪੁਰਖਿਆਂ ਨੇ ਜਨਤਾ ਦੇ ਸੁੱਖ ਲਈ ਸਾਡੀ ਝੋਲੀ ਪਾਇਆ ਹੈ। ਜੇ ਅੱਜ ਇਸ ਦੀ ਰਾਖੀ ਦੀ ਜ਼ਰੂਰਤ ਹੈ, ਕੋਈ ਤਾਂ ਕੀਮਤ ਸਾਨੂੰ ਵੀ ਦੇਣੀ ਪਵੇਗੀ।

ਸੰਪਰਕ : 98140-99426

ਪੰਜਾਬੀਆਂ ਨੂੰ ਜੋਸ਼ ਨਾਲ ਹੋਸ਼ ਦੀ ਵੀ ਲੋੜ - ਤਸਕੀਨ

ਅੱਜ ਪੰਜਾਬ ਆਪਣਾ ਇਤਿਹਾਸ ਦੁਹਰਾਉਂਦਿਆਂ ਆਪਣੇ ਆਪ ਨਾਲ ਤੇ ਹਾਕਮ ਹਿੰਦੂਤਵੀ ਵਿਚਾਰਧਾਰਾ ਦੇ ਪੈਂਤੜਿਆਂ ਨਾਲ ਜੂਝ ਰਿਹਾ ਹੈ। ਭਾਰਤ ਨੂੰ ਹਰ ਪਾਸੇ ਇਕਹਿਰੇ ਰੰਗ ਵਿਚ ਰੰਗਣ ਵਾਲੀ ਇਸ ਵਿਚਾਰਧਾਰਾ ਨੂੰ ਪੰਜਾਬ ਚੁਣੌਤੀ ਦੇ ਰਿਹਾ ਹੈ। ਮਜ਼ਲੂਮ ਬਣਾ ਦਿੱਤੀ ਗਈ ਕਸ਼ਮੀਰੀ ਕੌਮ ਦੇ ਹੱਕਾਂ ਲਈ ਡਟਿਆ ਖੜ੍ਹਾ ਹੈ। ਆਪਣੀ ਵਿਰਾਸਤ ਦੇ ਵਿਸਥਾਰ ਲਈ ਇਸ ਵੇਲੇ ਪੰਜਾਬੀਆਂ ਅੰਦਰ ਪੂਰਾ ਜੋਸ਼ ਹੈ। ਜੋਸ਼ ਨਾਲ ਹੋਸ਼ ਜਾਂ ਬੌਧਿਕ ਅਗਵਾਈ ਦੀ ਵੱਧ ਲੋੜ ਹੁੰਦੀ ਹੈ। ਇਸ ਲਈ ਜੋਸ਼ ਦੇ ਨਾਲ ਨਾਲ ਹੋਸ਼/ਚਿੰਤਨ ਦੇ ਵਿਰਸੇ ਨੂੰ ਫਰੋਲਣਾ ਵੀ ਜ਼ਰੂਰੀ ਹੈ, ਕਿਉਂਕਿ ਹੋਸ਼ ਤੋਂ ਬਿਨਾ ਜੋਸ਼ ਨੇ ਪੰਜਾਬ ਨੂੰ ਲੰਮਾ ਸਮਾਂ ਸੰਕਟ ਭੋਗਣ ਦੇ ਰਾਹ ਪਾਇਆ ਅਤੇ ਉਹ ਹੱਕੀ ਸਿਆਸੀ ਲੜਾਈ ਨੂੰ ਵੀ ਬਹਿਕਦੇ ਰੋਹ ਵਿਚ ਰੋੜ੍ਹਦਾ ਗਿਆ।
       ਪੰਜਾਬੀ ਸਦੀਆਂ ਤੋਂ ਬ੍ਰਾਹਮਣਵਾਦੀ ਵਿਚਾਰਧਾਰਾ ਨੂੰ ਟੱਕਰ ਦੇਣ ਵਾਲੀ ਕੌਮ ਹਨ, ਇਸੇ ਲਈ ਮਨੂ ਸਮਰਿਤੀ ਇਸ ਨੂੰ 'ਮਲੇਸ਼ ਦੇਸ਼' ਵਜੋਂ ਸੰਬੋਧਿਤ ਹੁੰਦੀ ਹੈ। ਬਾਬਾ ਨਾਨਕ ਨੇ ਇਸ ਵਿਚਾਰਾਧਾਰਾ ਨਾਲ ਟੱਕਰਨ ਵਾਲੀ ਬਾਣੀ ਦੀ ਰਚਨਾ ਕੀਤੀ ਅਤੇ ਸਥਾਪਤੀ ਵਿਰੁੱਧ ਨੀਚਾਂ ਨਾਲ ਖੜ੍ਹੇ ਹੋਣ ਦਾ ਚਿੰਤਨ ਪੰਜਾਬੀਅਤ ਦੀਆਂ ਰਗਾਂ ਵਿਚ ਖੂਨ ਬਣ ਕੇ ਦੌੜਦਾ ਰਿਹਾ। ਗੁਰੂ ਗੋਬਿੰਦ ਸਿੰਘ ਸਾਹਮਣੇ ਅਜਿਹੀ ਹਾਲਤ ਆ ਗਈ ਕਿ ਸਥਾਪਤੀ ਵਿਰੁੱਧ ਕੇਵਲ ਕਲਮ ਹੀ ਨਹੀਂ ਸਗੋਂ ਹਥਿਆਰਾਂ ਦੀ ਲੋੜ ਵੀ ਮਹਿਸੂਸ ਹੋਈ। ਹੋਸ਼ ਪਹਿਲਾਂ ਅਤੇ ਉਸ ਦੀ ਰਾਖੀ ਲਈ ਜੋਸ਼ ਦੀ ਲੋੜ ਨੇ ਪੰਜਾਬੀਅਤ ਨੂੰ ਨਵਾਂ ਹੁਲਾਰਾ ਦਿੱਤਾ। ਬਾਬਾ ਬੁੱਲ੍ਹੇ ਸ਼ਾਹ, ਸੁਲਤਾਨ ਬਾਹੂ, ਵਾਰਿਸ ਸ਼ਾਹ ਸਭ ਪੰਜਾਬੀਅਤ ਨੂੰ ਜੋਸ਼ ਨਾਲ ਹੋਸ਼ ਰਾਹੀਂ ਸਿੰਜਦੇ ਰਹੇ ਅਤੇ ਮੁੱਖਧਾਰਾ ਤੋਂ ਬੇਖੌਫ਼ ਉਸ ਖ਼ਿਲਾਫ਼ ਦਰਸ਼ਨ ਦਾ ਵਿਸਥਾਰ ਕਰਦੇ ਰਹੇ। ਉਨ੍ਹਾਂ ਦਾ ਚਿੰਤਨ ਸੰਸਾਰ ਨੂੰ ਸੰਬੋਧਨ ਕਰਦਾ ਹੈ, ਇਸੇ ਲਈ ਉਹ ਭਾਸ਼ਾਈ ਵਲਗਣਾਂ ਤੋਂ ਪਾਰ ਸਥਾਪਤੀ ਵਿਰੁੱਧ ਮਨੁੱਖ ਦੇ ਹੋਣ ਦੀ ਲੜਾਈ ਲੜਦੇ ਹਨ। ਭਗਤ ਸਿੰਘ ਨੇ ਬਸਤੀਵਾਦੀ+ਬੁਰਜੂਆ ਵਿਚਾਰਧਾਰਾ ਦੇ ਖਿਲਾਫ਼ ਜੋਸ਼ ਰਾਹੀਂ ਸਮਾਜਵਾਦੀ ਹੋਸ਼ (ਚਿੰਤਨ) ਨੂੰ ਅਗਲਾ ਵਿਸਥਾਰ ਦਿੱਤਾ, ਭਾਵ ਪੰਜਾਬੀਆਂ ਦਾ ਇਤਿਹਾਸ ਹਾਕਮ ਵਿਚਾਰਧਾਰਾ ਖ਼ਿਲਾਫ਼ ਜੋਸ਼ ਅਤੇ ਹੋਸ਼ ਨਾਲ ਟੱਕਰਨ ਦਾ ਇਤਿਹਾਸ ਬਣ ਕੇ ਮਜ਼ਲੂਮ ਨੂੰ ਤਾਕਤ ਦੇਣ ਦਾ ਇਤਿਹਾਸ ਹੈ ਅਤੇ ਅੱਜ ਨਵੇਂ ਮੋੜ 'ਤੇ ਪਹੁੰਚਦਿਆਂ ਹਿੰਦੂਤਵ ਦੇ ਵਿਕਰਾਲ ਸੰਸਾਰ ਨਾਲ ਟੱਕਰਨ ਦੇ ਦੌਰ ਵਿਚੋਂ ਲੰਘ ਰਿਹਾ ਹੈ। ਪੰਜਾਬ ਇਸ ਨੂੰ ਹਰ ਪੱਧਰ ਤੇ ਟੱਕਰ ਦੇਣ ਦੀ ਕੋਸ਼ਿਸ਼ 'ਚ ਹੈ।
       ਰੌਲਾ ਇਹ ਪੈ ਰਿਹਾ ਹੈ ਕਿ 'ਪੰਜਾਬੀ ਗਾਇਕ ਗੁਰਦਾਸ ਮਾਨ ਨੇ ਰੇਡੀਓ ਇੰਟਰਵਿਊ ਵਿਚ ਹਿੰਦੀ ਬਾਰੇ ਕਿਹਾ ਕਿ ਇਹ ਸਾਰਿਆਂ ਨੂੰ ਬੋਲਣੀ ਚਾਹੀਦੀ ਹੈ। ਜੇ ਹਿੰਦੀ ਪੜ੍ਹਦੇ ਜਾਂ ਫਿਲਮਾਂ ਦੇਖਦੇ ਹਾਂ ਤਾਂ ਬੋਲਣ ਵਿਚ ਕੀ ਹਰਜ ਹੈ। ਜਦੋਂ ਜਰਮਨੀ ਵਿਚ ਸਾਰੇ ਜਰਮਨ ਬੋਲਦੇ ਹਨ ਅਤੇ ਫ਼ਰਾਂਸ ਵਿਚ ਸਾਰੇ ਫ਼ਰਾਂਸੀਸੀ ਤਾਂ ਹਿੰਦੋਸਤਾਨ ਵਿਚ ਹਿੰਦੀ ਕਿਉਂ ਨਹੀਂ।' ਬਦਕਿਸਮਤੀ ਨੂੰ ਇਹ ਬਿਆਨ ਉਦੋਂ ਆਇਆ ਹੈ ਜਦੋਂ 'ਹਿੰਦੂ-ਹਿੰਦੀ-ਹਿੰਦੋਸਤਾਨ' ਰਾਹੀਂ ਭਾਰਤ ਨੂੰ ਇਕਹਿਰੇ ਰੰਗ ਵਿਚ ਰੰਗਣ ਦਾ ਬੁਲਡੋਜ਼ਰ ਚੱਲ ਰਿਹਾ ਹੈ। ਅਮਿਤ ਸ਼ਾਹ ਨੇ ਹਿੰਦੀ ਨੂੰ ਸਾਰੇ ਭਾਰਤੀਆਂ ਨੂੰ ਪਹਿਲੀ ਭਾਸ਼ਾ ਵਜੋਂ ਵਰਤਣ ਦੀ ਤਾਕੀਦ ਕਰ ਦਿੱਤੀ (ਹਾਲਾਂਕਿ ਬਾਅਦ ਵਿਚ ਉਸ ਨੇ ਇਹ ਬਿਆਨ ਵਾਪਿਸ ਲੈ ਲਿਆ) ਅਤੇ ਪੰਜਾਬ ਵਿਚ ਇਕ ਹੋਰ ਲਿਖਾਰੀ ਇਸ ਦੀ ਤਾਕੀਦ ਕਰਦਾ ਫ਼ਤਵਾ, ਪੰਜਾਬੀ ਲੇਖਕ ਤੇਜਵੰਤ ਮਾਨ ਨੂੰ ਧਮਕੀ ਰਾਹੀਂ ਦਿੰਦਾ ਹੈ ਕਿ 'ਦੋ ਸਾਲ ਠਹਿਰੋ, ਫਿਰ ਦੱਸਾਂਗੇ।'
ਅਜਿਹੇ ਮਾਹੌਲ ਵਿਚ ਪੰਜਾਬੀ ਅਤੇ ਪੰਜਾਬੀਅਤ ਨੂੰ ਮਿਲ ਰਹੀ ਚੁਣੌਤੀ ਦੇ ਐਨ ਮੌਕੇ ਗੁਰਦਾਸ ਮਾਨ ਦਾ ਬਿਆਨ ਪੰਜਾਬੀ ਦੇ ਪਰਵਾਨਿਆਂ ਲਈ ਰੋਹ ਦਾ ਕਾਰਨ ਬਣਿਆ ਹੋਇਆ ਹੈ। ਇਹ ਮੌਕਾ ਮੇਲ ਹੀ ਇਸ ਰੋਹ ਦਾ ਮੁੱਖ ਕਾਰਨ ਹੈ। ਦੁਨੀਆ ਵਿਚ ਥਾਂ ਥਾਂ ਉਸ ਖ਼ਿਲਾਫ਼ ਵਿਖਾਵੇ ਹੋ ਰਹੇ ਹਨ ਅਤੇ ਸੋਸ਼ਲ ਮੀਡੀਆ ਉੱਪਰ ਵੀ ਉਸ ਵਿਰੁੱਧ ਹਨੇਰੀ ਝੁੱਲ ਰਹੀ ਹੈ। ਉਸ ਖ਼ਿਲਾਫ਼ ਅਜਿਹੀ ਸ਼ਬਦਾਵਲੀ ਵਰਤੀ ਜਾ ਰਹੀ ਹੈ ਜੋ ਸੱਭਿਅਕ ਸਮਾਜ ਨੂੰ ਸੋਭਾ ਨਹੀਂ ਦਿੰਦੀ। ਉਸ ਦੇ ਵਿਚਾਰਾਂ ਨਾਲ ਸੰਵਾਦ ਰਾਹੀਂ ਵਿਰੋਧ ਜਿਤਾਇਆ ਜਾ ਸਕਦਾ ਹੈ, ਕਿਉਂਕਿ ਉਸ ਦੀਆਂ ਹਿੰਦੀ ਦੇ ਹੱਕ ਵਿਚ ਦਲੀਲਾਂ ਬਹੁਤ ਕਮਜ਼ੋਰ ਅਤੇ ਇਤਿਹਾਸ ਵਿਰੋਧੀ ਹਨ, ਹਾਲਾਂਕਿ ਉਸ ਨੇ ਹਿੰਦੀ ਦੀ ਬਜਾਏ ਹਿੰਦੋਸਤਾਨੀ ਭਾਸ਼ਾ ਦੀ ਵਕਾਲਤ ਕੀਤੀ ਜੋ ਪਹਿਲਾਂ ਬੌਲੀਵੁੱਡ ਦੀ ਭਾਸ਼ਾ ਹੈ ਅਤੇ ਉਹ ਵੀ ਦੱਖਣ ਦੇ ਪ੍ਰਸੰਗ ਵਿਚ। ਉਸ ਨੇ ਹਿੰਦੋਸਤਾਨੀ ਨੂੰ ਮਾਂ ਨਹੀਂ, ਮਾਸੀ ਕਿਹਾ ਹੈ ਅਤੇ ਕਦੇ ਪੰਜਾਬੀਆਂ ਦੀ ਇਹ ਮਾਸੀ ਫ਼ਾਰਸੀ ਅਤੇ ਉਰਦੂ ਵੀ ਰਹੀਆਂ ਹਨ। ਗੁਰਦਾਸ ਮਾਨ ਦੀ ਸਮੁੱਚੀ ਹੋਂਦ ਅਤੇ ਪੰਜਾਬੀ ਜ਼ਬਾਨ, ਸੱਭਿਆਚਾਰ ਅਤੇ ਸਮਾਜ 'ਚ ਪਾਏ ਉਸ ਦੇ ਯੋਗਦਾਨ ਨੂੰ ਇੱਕ ਵਾਢਿਉਂ ਰੱਦ ਕਰਨਾ ਅਕ੍ਰਿਤਘਣਤਾ ਹੋਏਗੀ। ਪੰਜਾਬੀ ਸਮਾਜ ਅਜਿਹਾ ਨਹੀਂ ਕਰ ਸਕਦਾ। ਪੰਜਾਬੀਆਂ ਦਾ ਅਜਿਹੇ ਬਿਆਨ 'ਤੇ ਗੁੱਸਾ ਕਰਨਾ ਜਾਇਜ਼ ਹੋ ਸਕਦਾ ਹੈ ਅਤੇ ਜੋਸ਼ 'ਚ ਆਉਣਾ ਵੀ ਜਾਇਜ਼ ਹੈ, ਮਗਰ ਹੋਸ਼ ਦੇ ਮੰਤਰ ਤੋਂ ਬਿਨਾ ਜੋਸ਼ ਗਲਤ ਲੀਹੇ ਚੜ੍ਹ ਜਾਂਦਾ ਹੈ।
      ਗੁਰਦਾਸ ਮਾਨ ਨਾਲ ਸੰਵਾਦ ਰਚਾਉਣ ਲਈ ਥੋੜ੍ਹਾ ਇਤਿਹਾਸ ਵੱਲ ਮੁੜਨਾ ਪਵੇਗਾ। ਪੰਜਾਬੀਆਂ ਕੋਲ ਹਮੇਸ਼ਾ ਇਕ ਸੰਪਰਕ ਭਾਸ਼ਾ ਰਹੀ ਹੈ ਜੋ ਉਸ ਨੂੰ ਪੂਰੇ ਭਾਰਤ ਜਾਂ ਸੰਸਾਰ ਨਾਲ ਜੋੜਦੀ ਰਹੀ ਹੈ। ਮਾਨ ਖੁਦ ਕਹਿੰਦਾ ਹੈ, ''ਹਰ ਭਾਸ਼ਾ ਸਿੱਖੋ, ਸਿੱਖਣੀ ਵੀ ਚਾਹੀਦੀ ਪਰ ਪੱਕੀ ਵੇਖ ਕੇ ਕੱਚੀ ਨਹੀਂ ਢਾਈਦੀ।" ਉਹ ਪੰਜਾਬੀ ਨੂੰ ਦੇਸ਼ ਦੀ 'ਰਕਾਨ' ਕਹਿਣ ਵਾਲਾ ਲੇਖਕ ਹੈ। ਜਿਸ ਨੂੰ ਰਕਾਨ ਦੇ ਅਰਥ ਨਹੀਂ ਪਤਾ, ਉਹ ਮਾਨ ਨੂੰ ਨਹੀਂ ਸਮਝ ਸਕਦਾ। ਭਾਰਤ ਵਿਚ ਲਿਖੀ ਜਾਣ ਵਾਲੀ ਕਿਤਾਬੀ ਹਿੰਦੀ ਹਿੰਦੋਸਤਾਨ ਦੇ ਕਿਸੇ ਵੀ ਖਿੱਤੇ ਦੀ ਭਾਸ਼ਾ ਨਹੀਂ। ਇਹ ਹਿੰਦੂਤਵ ਦੀ ਸਿਆਸਤ ਵਿਚੋਂ ਕੱਲ੍ਹ ਜੰਮੀ ਭਾਸ਼ਾ ਹੈ। ਫ਼ਿਲਮਾਂ ਦੀ ਭਾਸ਼ਾ ਹਿੰਦੀ ਨਹੀਂ, ਉਹ ਹਿੰਦੋਸਤਾਨੀ ਜਾਂ ਹਿੰਦਵੀ ਹੈ ਜੋ ਕਈ ਸਦੀਆਂ ਤੋਂ ਮੌਜੂਦ ਸੀ ਤੇ ਅੱਜ ਵੀ ਭਾਰਤ ਦੇ ਬਹੁਤ ਸਾਰੇ ਲੋਕ ਇਸ ਨੂੰ ਬੋਲ ਜਾਂ ਸਮਝ ਲੈਂਦੇ ਹਨ ਪਰ ਲਿਖੀ ਜਾਂ ਪੜ੍ਹੀ ਜਾਣ ਵਾਲੀ ਹਿੰਦੀ ਨੂੰ ਹਿੰਦੀ ਖੇਤਰ ਦੇ ਪੜ੍ਹੇ ਲੋਕ ਹੀ ਲਿਖ ਪੜ੍ਹ ਸਮਝ ਸਕਦੇ ਹਨ। ਮਾਨ ਦਾ ਜਰਮਨ ਦੀ ਭਾਸ਼ਾ ਜਰਮਨੀ ਅਤੇ ਫ਼ਰਾਂਸ ਦੀ ਭਾਸ਼ਾ ਫ਼ਰਾਂਸੀਸੀ ਵਾਲਾ ਨੁਕਤਾ ਯੂਰੋਪੀਅਨ ਇਤਿਹਾਸ ਬਾਰੇ ਨਾਸਮਝੀ ਵਿਚੋਂ ਪੈਦਾ ਹੋਇਆ ਹੈ। ਆਧੁਨਿਕ ਯੂਰੋਪ ਵਿਚ ਪੈਦਾ ਹੋਏ ਕੌਮੀਅਤ ਦੇ ਸਿਧਾਂਤ 'ਤੇ ਲੰਮੀ ਚੌੜੀ ਚਰਚਾ ਯੂਰੋਪ ਦੀਆਂ ਲਾਇਬਰੇਰੀਆਂ ਦੀ ਜ਼ੀਨਤ ਹੈ।
       ਜੂਲੀਅਸ ਸੀਜ਼ਰ ਨੇ ਲੋਅਰ ਜਰਮਨ ਦੇ ਕਬੀਲਿਆਂ ਨੂੰ ਹਰਾ ਕੇ ਇਸ ਨੂੰ ਰੋਮਨ ਸਾਮਰਾਜ ਦਾ ਹਿੱਸਾ ਬਣਾ ਲਿਆ। ਇਹ ਚਾਰ ਕਬੀਲਿਆਂ ਜਰਮਨ, ਗਾਲ, ਇੰਗਲਿਸ਼ ਅਤੇ ਬੈਲਜੀਅਸ ਦਾ ਸਮੂਹ ਸੀ ਜਿਨ੍ਹਾਂ ਦੀ ਵੱਖ ਵੱਖ ਭਾਸ਼ਾ ਸੀ। ਰੋਮਨ ਸਾਮਰਾਜ ਦਾ ਉਪਰਲਾ ਵਰਗ ਲੈਟਿਨ ਬੋਲਦਾ ਸੀ, ਜਿਵੇਂ ਸਾਡੇ ਫ਼ਾਰਸੀ ਬੋਲੀ ਜਾਂਦੀ ਸੀ। ਇਨ੍ਹਾਂ ਕਬੀਲਿਆਂ ਦੀ ਜਨਤਾ ਆਪੋ-ਆਪਣੀ ਭਾਸ਼ਾ ਬੋਲਦੀ ਸੀ। ਇਸ ਆਮ ਜਨਤਾ ਨਾਲ ਉਪਰਲੇ ਵਰਗ ਨੂੰ ਸਥਾਨਕ ਸੰਪਰਕ ਭਾਸ਼ਾ ਸਿੱਖਣੀ ਪੈਂਦੀ, ਜਿਵੇਂ ਫ਼ਾਰਸੀਦਾਨਾਂ ਨੂੰ ਪੰਜਾਬੀ, ਗੁਜਰਾਤੀ, ਮਰਾਠੀ, ਬੰਗਾਲੀ ਆਦਿ। ਜਿਵੇਂ ਜਰਮਨੀ, ਫ਼ਰਾਂਸੀਸੀ, ਇੰਗਲਿਸ਼ ਕੌਮਾਂ ਆਧੁਨਿਕ ਯੁੱਗ ਦੀ ਦੇਣ ਹਨ ਅਤੇ ਉਨ੍ਹਾਂ ਦੀ ਇਕ ਕੌਮੀ ਭਾਸ਼ਾ ਹੈ, ਹਿੰਦੋਸਤਾਨ ਉਸ ਤਰ੍ਹਾਂ ਦਾ ਇਕ ਕੌਮੀ ਦੇਸ਼ ਨਹੀਂ। ਇਹ ਅਜਿਹੇ ਭੂਗੋਲਿਕ ਖਿੱਤੇ ਵਿਚ ਬੱਝਾ ਬਹੁਕੌਮੀ ਦੇਸ਼ ਹੈ ਜਿੱਥੇ ਪੰਜਾਬੀ, ਬੰਗਾਲੀ, ਮਰਾਠੀ, ਕਸ਼ਮੀਰੀ, ਤਮਿਲ, ਗੁਜਰਾਤੀ ਆਦਿ ਵੱਖ ਵੱਖ ਕੌਮਾਂ ਹਨ ਅਤੇ ਵੱਖ ਵੱਖ ਉਨ੍ਹਾਂ ਦੀ ਬੋਲੀ ਹੈ। ਸੰਪਰਕ ਭਾਸ਼ਾ ਹੋਣੀ ਚਾਹੀਦੀ ਪਰ ਹਿੰਦੀ ਹੀ ਕਿਉਂ? ਕਿਉਂਕਿ ਰਾਜ ਹਿੰਦੂਵਾਦੀ ਵਿਚਾਰਾਂ ਦੇ ਹੱਥ ਵਿਚ ਹੈ ਅਤੇ ਉਹ ਭਾਰਤ ਦੇ ਸੰਘੀ ਢਾਂਚੇ ਦੀ ਬਹੁਕੌਮੀ ਸੱਭਿਆਚਾਰਕ ਖੂਬਸੂਰਤੀ ਨੂੰ ਇਕੋ ਹਿਦੂਤਵੀ ਰੰਗ ਵਿਚ ਡੋਬਣ ਲਈ ਦ੍ਰਿੜ ਹਨ।
        ਆਜ਼ਾਦੀ ਦਾ ਸੰਘਰਸ਼ ਆਜ਼ਾਦੀ ਦੇ ਨਾਲ ਨਾਲ ਫ਼ਿਰਕੂ ਰੰਗ ਗੂੜ੍ਹਾ ਕਰਨ ਦਾ ਇਤਿਹਾਸ ਵੀ ਹੈ। ਸਾਵਰਕਰ ਦੇ ਦੋ ਕੌਮਾਂ ਦੇ ਸਿਧਾਂਤ ਵਿਚੋਂ ਪਾਕਿਸਤਾਨ ਨੇ ਜਨਮ ਲਿਆ ਪਰ ਮਸਲਾ ਉੱਥੇ ਦਾ ਉੱਥੇ ਹੈ, ਭਾਵ ਧਰਮ ਕਦੇ ਕੌਮ ਨਹੀਂ ਹੋ ਸਕਦਾ। ਇਸ ਹਿਸਾਬ ਨਾਲ ਸਿੱਖ, ਬੋਧੀ, ਜੈਨ, ਪਾਰਸੀ, ਇਸਾਈ ਆਦਿ ਵੀ ਸਭ ਕੌਮਾਂ ਹਨ ਪਰ ਕੌਮ ਕਿਸੇ ਭਾਸ਼ਾ ਤੇ ਉਸ ਦੇ ਸੱਭਿਆਚਾਰ ਵਿਚੋਂ ਹੋਂਦ ਵਿਚ ਆਉਂਦੀ ਹੈ। ਧਰਮ ਨੂੰ ਕੌਮ ਮੰਨਿਆ ਜਾਵੇ ਤਾਂ ਇਸਾਈਆਂ, ਬੋਧੀਆਂ, ਮੁਸਲਮਾਨਾਂ ਦਾ ਇਕ ਇਕ ਦੇਸ਼ ਹੋਣਾ ਚਾਹੀਦਾ ਹੈ ਪਰ ਅਜਿਹਾ ਨਹੀਂ ਹੋ ਸਕਦਾ, ਕਿਉਂਕਿ ਕੌਮ ਨੂੰ ਕੌਮ ਬਣਾਉਣ ਲਈ ਭਾਸ਼ਾ ਅਤੇ ਉਸ ਦਾ ਸੱਭਿਆਚਾਰ ਲਾਜ਼ਮੀ ਹੈ। ਪੰਜਾਬੀ ਨੂੰ ਹਿੰਦੀ ਦੇ ਰੰਗ ਵਿਚ ਨਹੀਂ ਰੰਗਿਆ ਜਾ ਸਕਦਾ। ਇਹ ਉਸੇ ਤਰ੍ਹਾਂ ਦਾ ਯਤਨ ਹੈ, ਜਿਵੇਂ ਲਹਿੰਦੇ ਪੰਜਾਬ ਵਿਚ ਜਗੀਰੂ ਇਲੀਤ (elite) ਨੇ ਉਰਦੂ ਦਾ ਜੂਲ਼ਾ ਪੰਜਾਬੀ ਦੇ ਗਲ ਵਿਚ ਪਾ ਰੱਖਿਆ ਹੈ ਅਤੇ ਆਮ ਲੋਕਾਂ ਕੋਲੋਂ ਉਨ੍ਹਾਂ ਦੀ ਭਾਸ਼ਾ ਖੋਹਣ ਦਾ ਯਤਨ ਹੁੰਦਾ ਆ ਰਿਹਾ ਹੈ।
      ਪੰਜਾਬੀ ਜ਼ਬਾਨ ਨਾਲ ਪਿਆਰ ਕਰਨ ਵਾਲੇ ਗੁਰਦਾਸ ਮਾਨ ਨੂੰ ਕਈ ਲੋਕ ਭੱਦੇ ਵਿਸ਼ੇਸ਼ਣਾਂ ਨਾਲ ਨਵਾਜ ਰਹੇ ਹਨ। ਇਸ ਬਿਆਨ ਨਾਲੋਂ ਵੱਧ ਮਾਰੂ ਕਾਰਜ ਉਸ ਨੇ ਡੇਰਾਵਾਦੀ ਬਣ ਕੇ ਡੇਰਿਆਂ ਦੀ ਤਰੱਕੀ ਵਿਚ ਚੋਖਾ 'ਯੋਗਦਾਨ' ਪਾਉਂਦਿਆਂ ਕੀਤਾ। ਉਸ ਵੇਲੇ ਉਸ ਦੇ ਖ਼ਿਲਾਫ਼ ਕੋਈ ਨਹੀਂ ਬੋਲਿਆ ਕਿਉਂਕਿ ਉਹ ਇਹ ਕੌੜੀ ਦਵਾਈ ਪੀਰਵਾਦੀ ਜਗੀਰੂ ਵਿਚਾਰਧਾਰਾ ਦੀ ਚਾਸ਼ਨੀ ਵਿਚ ਡੋਬ ਕੇ ਖੁਆ ਰਿਹਾ ਸੀ। ਗੁਰਦਾਸ ਮਾਨ ਨੇ ਸ਼ਬਦ ਦੇ ਪੱਧਰ ਤੇ ਜਗੀਰੂ ਵੈਲੀਪੁਣੇ ਅਤੇ ਫ਼ਿਰਕੂ ਜ਼ਹਿਰ ਖ਼ਿਲਾਫ਼ ਲਗਾਤਾਰ ਚਾਰ ਦਹਾਕੇ ਕੰਮ ਕੀਤਾ ਹੈ ਅਤੇ ਆਪਣੇ ਨਿਵੇਕਲੇ ਵਿਚਾਰਾਂ ਨਾਲ ਪੰਜਾਬੀਅਤ ਦੀ ਫ਼ਸਲ ਨੂੰ ਸਿੰਜਿਆ ਹੈ। ਵੈਲੀ ਸੱਭਿਆਚਾਰ ਪੰਜਾਬ ਨੂੰ ਘੁਣ ਵਾਂਗ ਖਾ ਰਿਹਾ ਹੈ। ਗੁਰਦਾਸ ਮਾਨ ਦਾ ਲਿਖਣ ਅਤੇ ਗਾਉਣ ਦਾ ਨਿਵੇਕਲਾ ਤਰੀਕਾ ਜੈਵਿਕ ਬੁੱਧੀਵਾਨਾਂ ਵਾਲਾ ਹੈ ਜਿਸ ਨੂੰ ਕਦੇ ਵੀ ਖਾਰਿਜ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਕੀਤਾ ਜਾਣਾ ਚਾਹੀਦਾ ਹੈ।
      ਕੋਈ ਵੀ ਮਨੁੱਖ ਸੰਪੂਰਨ ਨਹੀਂ ਹੁੰਦਾ। ਸਿੱਧੂ ਮੂਸੇਵਾਲਾ ਤੇ ਗੁਰਦਾਸ ਮਾਨ ਲਈ ਇਕੋ ਜਿਹੀ ਭਾਸ਼ਾ ਨਾਲ ਅਸੀਂ ਆਪਣਾ ਹੋਸ਼ ਨਾ ਗਵਾਈਏ। ਮੁਸ਼ਕਿਲ ਦੌਰ ਵਿਚੋਂ ਲੰਘ ਰਹੇ ਪੰਜਾਬੀਆਂ ਦੇ ਜੋਸ਼ ਨੂੰ ਸਲਾਮ ਪਰ ਹੋਸ਼/ਚਿੰਤਨ ਜੱਦੋ-ਜਹਿਦ ਵਿਚ ਬਹੁਤ ਜ਼ਰੂਰੀ ਹੁੰਦੇ ਹਨ। ਗੁਰਦਾਸ ਮਾਨ ਨੂੰ ਪੰਜਾਬੀ ਦੁਸ਼ਮਣ ਕਰਾਰ ਦੇ ਕੇ ਅਸੀਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਅਸਲੀ ਦੁਸ਼ਮਣਾਂ ਦੇ ਹੱਥ ਮਜ਼ਬੂਤ ਕਰ ਰਹੇ ਹੋਵਾਂਗੇ ਕਿਉਂਕਿ ਮਾਨ ਕਿਸੇ ਵੀ ਤਰ੍ਹਾਂ ਉਸ ਪਾਲੇ ਦਾ ਹਮਸਫ਼ਰ ਨਹੀਂ ਹੈ। ਉਹ ਸੋਸ਼ਲ ਮੀਡੀਆ ਨੂੰ ਵਿਅੰਗ ਨਾਲ ਸੰਬੋਧਿਤ ਸੀ ਪਰ ਮਾਨ ਲਈ ਅੱਜ ਦੇ ਟਰੌਲਿੰਗ ਯੁੱਗ ਵਿਚ ਨਜਿੱਠਣਾ ਸੌਖਾ ਨਹੀਂ ਜਿੱਥੇ ਸਾਰੇ ਹੀ ਮੁਨਸਿਫ਼ ਹਨ। ਇਸ ਮਾਧਿਅਮ ਨਾਲ ਜੁੜੇ ਲੋਕਾਂ ਦਾ ਆਪ ਭਾਵੇਂ ਸਮਾਜਿਕ ਸਰੋਕਾਰਾਂ ਵਿਚ ਕੋਈ ਯੋਗਦਾਨ ਹੋਵੇ ਜਾਂ ਨਾ ਹੋਵੇ ਪਰ ਉਹ ਰੋਮਿਲਾ ਥਾਪਰ ਨੂੰ ਫ਼ਿਕਸਨ ਲੇਖਕ ਲਿਖ ਕੇ ਉਸ ਨੂੰ ਡਿਗਰੀਆਂ ਪੁੱਛਣ ਦੀ ਆਦਤ ਜ਼ਰੂਰ ਰੱਖਦੇ ਹਨ। ਸਾਡੀ ਨਾਰਾਜ਼ਗੀ ਦੀ ਭਾਸ਼ਾ ਨੇ ਮਾਨ ਨੂੰ ਵੀ ਉਸੇ ਭਾਸ਼ਾ ਦੇ ਰਾਹੇ ਤੋਰ ਦਿੱਤਾ ਹੈ। ਗੁਰਦਾਸ ਮਾਨ ਨੂੰ ਵੀ ਗੁੱਸੇ ਤੋਂ ਨਹੀਂ, ਹੋਸ਼ ਤੋਂ ਕੰਮ ਲੈਣਾ ਚਾਹੀਦਾ ਹੈ ਅਤੇ ਦਲੀਲ ਨਾਲ ਇਸ ਮਸਲੇ ਨੂੰ ਨਜਿੱਠਣਾ ਚਾਹੀਦਾ ਹੈ। ਮਾਨ ਮਾਨਵੀ ਸਮਾਜਿਕ ਸਰੋਕਾਰਾਂ ਨੂੰ ਪ੍ਰਨਾਇਆ ਬੰਦਾ ਅਤੇ ਗੁਣਾਂ ਦੀ ਗੁਥਲੀ ਹੈ। ਪੰਜਾਬੀਆਂ ਦਾ ਉਸ ਲਈ ਇੰਨਾ ਗੁੱਸਾ ਜਾਇਜ਼ ਨਹੀਂ।

ਸੰਪਰਕ : 98140-99426