ਅਜੋਕੀ ਗੀਤਕਾਰੀ ਤੇ ਗਾਇਕੀ ਨੇ ਪੰਜਾਬੀ ਸਭਿਆਚਾਰ ਨੂੰ ਕੀਤਾ ਨਸ਼ਟ - ਹਰਮਿੰਦਰ ਸਿੰਘ ਭੱਟ

*ਅਜੋਕੀ ਗਾਇਕੀ ਨੌਜਵਾਨ ਪੀੜ੍ਹੀ ਨੂੰ ਗ਼ਲਤ ਰਸਤਿਆਂ ਉਪਰ ਚੱਲਣ ਲਈ ਉਕਸਾ ਰਹੀ ਹੈ

ਪੰਜਾਬ ਗੁਰੂਆਂ ਦੀ ਪਵਿੱਤਰ ਧਰਤੀ ਹੈ ਅਤੇ ਇਹ ਧਰਤੀ ਲਾਮਿਸਾਲ ਸ਼ਹੀਦੀਆਂ ਅਤੇ ਕੁਰਬਾਨੀਆਂ ਨਾਲ ਰੰਗੀ ਪਈ ਹੈ। ਕਦੇ ਇਸ ਦਾ ਸੰਗੀਤਕ ਮਾਹੌਲ ਧਾਰਮਿਕ, ਦੇਸ਼-ਭਗਤੀ ਅਤੇ ਆਪਸੀ ਭਾਈਚਾਰੇ ਦੀ ਰੰਗਤ ਵਿੱਚ ਰੰਗਿਆ ਹੋਇਆ ਸੀ ਪਰ ਅਜੋਕੇ ਗੀਤਕਾਰਾਂ ਅਤੇ ਗਾਇਕਾਂ ਨੇ ਇਸ ਦੇ ਮਾਹੌਲ ਨੂੰ ਆਪਣੀ ਗਾਇਕੀ ਵਿਚਲੀ ਅਸ਼ਲੀਲਤਾ ਨਾਲ ਮਲੀਨ ਕਰ ਦਿੱਤਾ ਹੈ। ਅਸ਼ਲੀਲ ਗਾਇਕੀ ਦੀ ਨਾ ਰੁਕਣ ਵਾਲੀ ਹਨੇਰੀ ਪੰਜਾਬ ਵਿੱਚ ਨਿਰੰਤਰ ਵੱਗ ਰਹੀ ਹੈ। ਅਸ਼ਲੀਲ ਗਾਇਕੀ ਦੀ ਇਹ ਹਨੇਰੀ ਮੈਰਿਜ ਪੈਲੇਸਾਂ ਵਿੱਚ ਡੀ. ਜੇ. 'ਤੇ, ਪਿੰਡਾਂ ਵਿੱਚ ਟਰੈਕਟਰਾਂ 'ਤੇ ਲੱਗੇ ਡੈੱਕਾਂ ਵਿੱਚ, ਨਿੱਜੀ ਬੱਸਾਂ ਵਿੱਚ, ਨੌਜਵਾਨਾਂ ਦੇ ਮੋਬਾਇਲਾਂ 'ਤੇ ਅਤੇ ਨਿੱਜੀ ਟੀ. ਵੀ. ਚੈਨਲਾਂ 'ਤੇ ਬੇਰੋਕ ਟੋਕ ਵੱਗ ਰਹੀ ਹੈ ਅਤੇ ਅਸ਼ਲੀਲਤਾ ਦਾ ਗੰਦ ਪਾ ਕੇ ਹਰ ਵਿਅਕਤੀ ਨੂੰ ਸ਼ਰਮਸਾਰ ਕਰ ਰਹੀ ਹੈ। ਪੰਜਾਬੀ ਦੇ ਕੁੱਝ ਨਿੱਜੀ ਟੀ. ਵੀ. ਚੈਨਲ ਸਵੇਰ-ਸ਼ਾਮ ਨੂੰ ਗੁਰਬਾਣੀ ਪ੍ਰਸਾਰਿਤ ਕਰਨ ਤੋਂ ਬਾਅਦ ਸਾਰਾ ਦਿਨ ਅਸ਼ਲੀਲ ਕੰਜਰਪੁਣਾ ਪੇਸ਼ ਕਰ ਰਹੇ ਹਨ ਅਤੇ ਖ਼ੂਬ ਪੈਸਾ ਕਮਾਅ ਰਹੇ ਹਨ। ਅਜੋਕੀ ਗਾਇਕੀ ਅੱਜ ਇੱਕ ਵਪਾਰਕ ਧੰਦਾ ਬਣ ਗਿਆ ਹੈ। ਇਹ ਸੱਚ ਹੈ ਜਿਨ੍ਹਾਂ ਅਜੋਕੇ ਲਚਰਤਾ ਪੇਸ਼ ਕਰ ਰਹੇ ਗਾਇਕਾਂ ਕੋਲ ਕਦੀ ਸਾਈਕਲ/ਸਕੂਟਰ ਨਹੀਂ ਸੀ ਹੁੰਦਾ ਅੱਜ ਉਹੀ ਗਾਇਕ ਲਜ਼ਗਰੀ ਗੱਡੀਆਂ ਵਿੱਚ ਘੁੰਮ ਰਹੇ ਹਨ। ਵਿਦੇਸ਼ਾਂ ਦੇ ਟੂਰ ਲਗਾ ਕੇ ਪੌਂਡ ਅਤੇ ਡਾਲਰ ਕਮਾਅ ਰਹੇ ਹਨ। ਉਹਨਾ ਦਾ ਇਹ ਸ਼ਾਹੀ ਠਾਠ ਵਾਲਾ ਜੀਵਨ ਪੱਧਰ ਵੇਖ ਕੇ ਅੱਜ ਪੰਜਾਬ ਦਾ ਹਰ ਨੌਜਵਾਨ, ਗਾਇਕ ਬਣਨ ਦੀ ਦੌੜ ਵਿੱਚ ਸ਼ਾਮਲ ਹੈ। ਭਾਂਵੇਂ ਉਸ ਨੂੰ ਸੰਗੀਤ ਦੀ ਕੋਈ ਬਹੁਤੀ ਜਾਣਕਾਰੀ ਨਹੀਂ ਹੈ। ਫਿਰ ਵੀ ਉਹ ਰਾਤੋ-ਰਾਤ 'ਸਿੰਗਰ ਸਟਾਰ' ਬਨਣ ਲਈ ਸ਼ਰਮ ਹਯਾਅ ਦੀ ਲੋਈ ਨੂੰ ਲੀਰੋ-ਲੀਰ ਕਰਕੇ ਪੰਜਾਬੀ ਸਭਿਆਚਾਰਕ ਵਿਰਸੇ ਦੀ ਮਾਣ-ਮੱਤੀ ਥਾਲੀ ਵਿੱਚ ਅਸ਼ਲੀਲਤਾ ਪਰੋਸ ਰਿਹਾ ਹੈ। ਅੱਜ ਦੇ ਜਿਆਦਾ ਤਰ ਗਾਇਕ ਵੱਧ ਤੋਂ ਵੱਧ ਪੈਸੇ ਕਮਾਉਣ ਲਈ ਕਾਮ ਉਕਸਾਊ ਗਾਇਕੀ ਪੇਸ਼ ਕਰ ਰਹੇ ਹਨ। ਅਜਿਹੀ ਗਾਇਕੀ ਨੂੰ ਪਰਿਵਾਰ ਸਮੇਤ ਬੈਠ ਕੇ ਟੀ. ਵੀ. ਚੈਨਲਾਂ ਉਤੇ ਨਾ ਸੁਣਿਆ ਜਾ ਸਕਦਾ ਹੈ ਤੇ ਨਾ ਹੀ ਵੇਖਿਆ ਜਾ ਸਕਦਾ ਹੈ। ਹਰ ਨੌਜਵਾਨ ਆਪਣੀ ਭੈਣ ਅਤੇ ਮਾਂ ਨੂੰ ਅਜੋਕੀ ਗਾਇਕੀ ਸੁਣਨ ਤੋਂ ਤਾਂ ਰੋਕ ਰਹੇ ਹਨ ਪਰ ਆਪ ਦੂਜੇ ਦੀਆਂ ਧੀਆਂ ਭੈਣਾਂ ਦੀਆਂ ਅਸ਼ਲੀਲ ਗਾਇਕੀ ਦੀਆਂ ਬਣੀਆਂ ਵੀਡੀਓ ਬੜੇ ਚਾਅ ਨਾਲ ਵੇਖ ਅਤੇ ਸੁਣ ਰਹੇ ਹਨ। ਸੰਗੀਤ ਮਨੁੱਖ ਦੀ ਰੂਹ ਵਿੱਚ ਖਿੜਾਓ ਪੈਦਾ ਕਰਦਾ ਹੈ। ਥੱਕੇ ਟੁੱਟੇ ਮਨੁੱਖ ਦੀ ਥਕਾਵਟ ਨੂੰ ਦੂਰ ਕਰਦਾ ਹੈ। ਪਰ ਅੱਜ ਨਾ ਤਾਂ ਦਿਲਾਂ ਨੂੰ ਟੁੰਬਣ ਵਾਲਾ ਸੰਗੀਤ ਹੀ ਹੈ ਤੇ ਨਾ ਹੀ ਦਿਲਾਂ ਨੂੰ ਧੂ ਪਾਉਣ ਵਾਲੀ ਗੀਤਕਾਰੀ ਅਤੇ ਗਾਇਕੀ। ਪੂਰੀ ਦੀ ਪੂਰੀ ਅਜੋਕੀ ਗਾਇਕੀ ਔਰਤ, ਜੱਟ, ਹਥਿਆਰਾਂ, ਆਸ਼ਕੀ ਅਤੇ ਨਸਿਆਂ ਦੁਆਲੇ ਹੀ ਘੁੰਮ ਰਹੀ ਹੈ। ਪੰਜਾਬੀ ਗਾਇਕਾਂ ਵਲੋਂ ਗੀਤਾਂ ਵਿੱਚ ਲਗਾਤਾਰ ਹਥਿਆਰਾਂ ਦਾ ਪ੍ਰਦਰਸ਼ਨ ਹਿੰਸਾ ਅਤੇ ਕਤਲੇਆਮ ਨੌਜਵਾਨ ਪੀੜ੍ਹੀ ਨੂੰ ਨਾ ਕੇਵਲ ਗੁਮਰਾਹ ਕਰ ਰਿਹਾ ਹੈ ਬਲਕਿ ਨੌਜਵਾਨਾਂ ਲਈ ਘਾਤਕ ਵੀ ਹੋ ਰਿਹਾ ਹੈ। ਦੂਜਿਆਂ ਦਾ ਜਾਨ ਲੈਣ ਲਈ ਗਾਇਕ ਨੌਜਵਾਨਾਂ ਨੂੰ ਉਕਸਾ ਰਹੇ ਹਨ। 18 ਤੋ 20 ਸਾਲ ਦੇ ਨੌਜਵਾਨਾਂ 'ਤੇ ਇਹ ਜਿਆਦਾ ਪ੍ਰਭਾਵ ਪਾ ਰਿਹਾ ਹੈ। ਅਜੋਕੀ ਗਾਇਕੀ ਨੌਜਵਾਨ ਪੀੜ੍ਹੀ ਨੂੰ ਗ਼ਲਤ ਰਸਤਿਆਂ ਉਪਰ ਚੱਲਣ ਲਈ ਉਕਸਾ ਰਹੀ ਹੈ।
    ਇਸ ਵਿਚ ਕੋਈ ਝੂਠ ਨਹੀਂ ਹੋਵੇਗਾ ਕਿ ਸਾਡਾ ਪੰਜਾਬੀ ਸੱਭਿਆਚਾਰ ਪੂਰੀ ਤਰਾਂ ਨਾਲ ਨਸ਼ਟ ਹੁੰਦਾ ਜਾ ਰਿਹਾ ਹੈ ਕਿਉਂਕਿ ਪਹਿਲਾਂ ਦੇ ਨਾਲੋਂ ਅੱਜ ਦੇ ਲੱਚਰ ਗਾਣੇ ਸਾਡੀ ਹੁਣ ਵਾਲੀ ਅਤੇ ਆਉਣ ਵਾਲੀ ਨੌਜਵਾਨ ਪੀੜੀ ਤੇ ਬੁਰਾ ਅਸਰ ਪਾ ਰਹੇ ਹਨ। ਜਿਸ ਕਰਕੇ ਸਾਡੀ ਪੰਜਾਬੀਅਤ ਇਹਨਾਂ ਲੱਚਰ ਗਾਣਿਆਂ ਦੇ ਵੱਲ ਧਿਆਨ ਦੇ ਕੇ ਆਪਣੀ ਜ਼ਿੰਦਗੀ ਖਰਾਬ ਕਰ ਰਹੀ ਹੈ ਜਿਸ ਨਾਲ ਉਹਨਾਂ ਦੇ ਦਿਮਾਗ ਤੇ ਮਾੜਾ ਅਸਰ ਪੈਂਦਾ ਜਾ ਰਿਹਾ ਹੈ ਕਿਉਂਕਿ ਅੱਜ ਦੇ ਇਹਨਾਂ ਪੰਜਾਬੀ ਗਾਣਿਆਂ ਦੇ ਵਿਚ ਫੁਕਰਪੁਣੇ ਨਾਲ ਹਥਿਆਰਾਂ ਨੂੰ ਕੁਝ ਜਿਆਦਾ ਹੀ ਪ੍ਰਮੋਟ ਕੀਤਾ ਜਾਂਦਾ ਹੈ ਜਿਸ ਨਾਲ ਨੌਜਵਾਨ ਪੀੜੀ ਇਹਨਾਂ ਹਥਿਆਰਾਂ ਵਾਲੇ ਗਾਣਿਆਂ ਨੂੰ ਸੁਣ ਕੇ ਉਨ੍ਹਾਂ ਦੀਆਂ ਰੀਸਾਂ ਕਰਦੀ ਹੈ ਜਦਕਿ ਇਹਨਾਂ ਹਥਿਆਰਾਂ ਨੂੰ ਅੱਜ ਦੇ ਗਾਇਕ ਸਿਰਫ਼ ਆਪਣੀ ਸ਼ਾਨੋ-ਸ਼ੌਕਤ ਤੇ ਸ਼ੁਹਰਤ ਨੂੰ ਵਧਾਉਣ ਲਈ ਵਰਤਦੇ ਹਨ ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਸਾਡੇ ਇਹਨਾਂ ਹਥਿਆਰਾਂ ਵਾਲੇ ਗਾਣਿਆਂ ਦੇ ਨਾਲ ਸਾਡੀ ਆਉਣ ਵਾਲੀ ਨੌਜਵਾਨ ਪੀੜੀ ਤੇ ਕੀ ਅਸਰ ਪੈਂਦਾ ਹੈ।ਅੱਜ ਤਾਂ ਨੌਜਵਾਨ ਪੀੜ੍ਹੀ ਇਹ ਗਾਇਕੀ ਬੜੇ ਚਾਅ ਅਤੇ ਜੋਸ਼ ਨਾਲ ਸੁਣ ਰਹੀ ਹੈ ਪਰ ਜਦੋਂ ਕੱਲ੍ਹ ਨੂੰ ਉਨ੍ਹਾਂ ਦੇ ਘਰ ਧੀ ਜੰਮ ਪਵੇਗੀ ਫਿਰ ਇਹ ਗਾਇਕੀ ਉਨ੍ਹਾਂ ਦੇ ਕੰਨਾਂ ਵਿੱਚ ਕੁੜੱਤਣ ਮਹਿਸੂਸ ਹੋਵੇਗੀ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਹੋਵੇਗੀ। ਫਿਰ ਸਿਰਫ਼ ਪਛਤਾਵਾ ਵੀ ਪੱਲੇ ਰਹਿ ਜਾਵੇਗਾ।

ਹਰਮਿੰਦਰ ਸਿੰਘ ਭੱਟ
ਬਿਸਨਗੜ੍ਹ (ਬਈਏਵਾਲ)
ਸੰਗਰੂਰ 09914062205

04 Feb. 2019