ਇੱਕ ਯਾਦ ਅਤੇ ਕੁਝ ਦਿਲਚਸਪ ਖਬਰਾਂ  - ਜਸਵੰਤ ਸਿੰਘ 'ਅਜੀਤ'

ਭਗਤ ਸਿੰਘ, ਜਿਨਹਾ ਅਤੇ ਇਮਤਿਆਜ਼ ਕੁਰੈਸ਼ੀ : ਭਾਰਤ ਦੀ ਅਜ਼ਾਦੀ ਦੇ ਇਤਿਹਾਸ ਦੇ ਪੰਨੇ, ਜੋ ਆਸ਼ੂਤੋਸ਼ ਕੁਮਾਰ ਨੇ ਆਪਣੀ ਫੇਸਬੁਕ ਤੇ ਖੋਲ੍ਹੇ ਹਨ, ਇਸ ਗਲ ਦੇ ਗੁਆਹ ਹਨ ਕਿ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਨੇ 'ਬਹਿਰਿਆਂ (ਡੋਰਿਆਂ) ਦੇ ਕੰਨ ਖੋਲ੍ਹ ਉਨ੍ਹਾਂ ਨੂੰ ਸੁਨਾਣ ਲਈ' ਜਿਸ ਸੈਂਟਰਲ ਅਸੰਬਲੀ ਵਿੱਚ ਬੰਬ ਸੁਟਿਆ ਸੀ, ਉਸ ਵਿੱਚ ਮੁਹੰਮਦ ਅਲੀ ਜਿਨਹਾ ਵੀ ਮੌਜੂਦ ਸੀ। ਉਹ ਬੰਬ ਬਹਿਰਿਆਂ (ਡੋਰਿਆਂ) ਦੇ ਕੰਨ ਖੋਲ੍ਹਣ ਵਿੱਚ ਸਫਲ ਨਾ ਹੋ ਸਕਿਆ। ਪਰ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਨੂੰ ਫੜ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ। ਦਸਿਆ ਗਿਆ ਹੈ ਕਿ ਜੇਲ੍ਹ ਵਿੱਚ ਆਪਣੇ ਨਾਲ ਹੋ ਰਹੀ ਬੇਇਨਸਾਫੀ ਵਿਰੁਧ ਭਗਤ ਸਿੰਘ ਅਤੇ ਉਸਦੇ ਸਾਥੀਆਂ ਨੇ ਭੁਖ ਹੜਤਾਲ ਕਰ ਦਿੱਤੀ। ਹੜਤਾਲ ਕਰ ਰਹੇ ਕ੍ਰਾਂਤੀਕਾਰੀਆਂ ਦੀ ਸੇਹਤ ਇਤਨੀ ਵਿਗੜ ਗਈ ਕਿ ਉਹ ਅਦਾਲਤ ਵਿੱਚ ਪੇਸ਼ ਕਰਨ ਲਾਇਕ ਵੀ ਨਾ ਰਹੇ। ਉਸ ਸਮੇਂ ਦੀਆਂ ਕਾਨੂੰਨੀ ਮਾਨਤਾਵਾਂ ਅਨੁਸਾਰ, ਅਦਾਲਤ ਵਿੱਚ ਉਨ੍ਹਾਂ ਦੀ ਹਾਜ਼ਰੀ ਤੋਂ ਬਿਨਾ, ਉਨ੍ਹਾਂ ਵਿਰੁਧ ਮੁਕਦਮਾ ਨਹੀਂ ਸੀ ਚਲ ਸਕਦਾ। ਇਸ ਰੁਕਾਵਟ ਨੂੰ ਦੂਰ ਕਰਨ ਲਈ ਸਰਕਾਰ ਵਲੋਂ ਸੈਂਟਰਲ ਅਸੰਬਲੀ ਵਿੱਚ ਇੱਕ ਸੋਧ ਬਿਲ ਪੇਸ਼ ਕੀਤਾ ਗਿਆ, ਤਾਂ ਜੋ ਉਸਨੂੰ ਕੈਦੀਆਂ ਦੀ ਗੈਰ-ਹਾਜ਼ਰੀ ਵਿੱਚ, ਉਨ੍ਹਾਂ ਵਿਰੁਧ ਮੁਕਦਮਾ ਚਲਾਣ ਦਾ ਅਧਿਕਾਰ ਮਿਲ ਜਾਏ। ਉਸ ਬਿਲ ਤੇ ਹੋ ਰਹੀ ਚਰਚਾ ਵਿੱਚ ਹਿਸਾ ਲੈਂਦਿਆਂ ਮੁਹੰਮਦ ਅਲੀ ਜਿਨਹਾ ਨੇ ਆਪਣੇ ਤਿੱਖੇ ਅਤੇ ਤੇਜ਼ ਭਾਸ਼ਣ ਰਾਹੀਂ ਇਸ ਸੋਧ ਬਿਲ ਦੀਆਂ ਧਜੀਆਂ ਉੱਡਾ ਦਿੱਤੀਆਂ। ਉਸਦਾ ਭਾਸ਼ਣ ਦਲੀਲਾਂ ਅਤੇ ਸਬੂਤਾਂ ਤੋਂ ਬਿਨਾ ਵਿਅੰਗ ਬਾਣਾ ਨਾਲ ਓਤ-ਪੋਤ ਸੀ। ਉਸਨੇ ਆਪਣੇ ਦਲੀਲਾਂ ਭਰੇ ਭਾਸ਼ਣ ਨਾਲ ਸਦਨ ਅਤੇ ਸਰਕਾਰ ਨੂੰ ਮਜਬੂਰ ਕਰ ਦਿੱਤਾ ਕਿ ਉਹ ਵੇਖਣ ਕਿ ਭਗਤ ਸਿੰਘ ਕੋਈ ਸਾਧਾਰਣ ਅਪਰਾਧੀ ਨਹੀਂ, ਸਗੋਂ ਦਬੇ-ਕੁਚਲੇ ਜਾ ਰਹੇ ਕਰੋੜਾਂ ਹਿੰਦੁਸਤਾਨੀਆਂ ਦੀ ਬਗਾਵਤ ਦੀ ਆਵਾਜ਼ ਹੈ। ਉਸਦੇ ਇਸ ਭਾਸ਼ਣ ਕਾਰਣ ਸਰਕਾਰੀ ਪ੍ਰਸਤਾਵ ਪਾਸ ਨਾ ਹੋ ਸਕਿਆ। ਜਿਸ ਤੇ ਸਰਕਾਰ ਨੇ ਇੱਕ ਆਰਡੀਨੈਂਸ ਜਾਰੀ ਕਰ, ਇੱਕ ਟ੍ਰਿਬਿਊਨਲ ਗਠਤ ਕਰ ਦਿੱਤਾ। ਇਸ ਟ੍ਰਿਬਿਊਨਲ ਦੀ ਮਿਆਦ ਚਾਰ ਮਹੀਨੇ ਸੀ। ਇਸ ਮਿਆਦ ਦੇ ਖਤਮ ਹੋਣ ਤੋਂ ਕੇਵਲ ਛੇ ਦਿਨ ਹੀ ਪਹਿਲਾਂ ਟ੍ਰਿਬਿਊਨਲ ਨੇ ਸੁਣਵਾਈ ਸ਼ੁਰੂ ਕਰ, ਫੈਸਲਾ ਸੁਣਾ ਦਿੱਤਾ, ਜਿਸਤੋਂ ਸਪਸ਼ਟ ਹੈ ਕਿ ਉਸ ਟ੍ਰਿਬਿਊਨਲ ਨੇ ਕ੍ਰਾਂਤੀਕਾਰੀਆਂ ਨੂੰ ਫਾਂਸੀ ਦੇਣ ਦੀ ਜੋ ਸਜ਼ਾ ਸੁਣਵਾਈ, ਉਹ ਨੈਤਿਕ ਅਤੇ ਵਿਧਾਨਕ, ਦੋਹਾਂ ਦੇ ਅਧਾਰ ਤੇ ਖੋਖਲੀ ਸੀ। ਪਿਛਲੇ ਵਰ੍ਹੇ ਇਮਤਿਆਜ਼ ਕੁਰੈਸ਼ੀ ਨਾਂ ਦੇ ਇੱਕ ਪਾਕਿਸਤਾਨੀ ਨੇ ਲਾਹੌਰ ਹਾਈਕੋਰਟ ਵਿੱਚ ਇਕ ਮੁਕਦਮਾ ਦਾਇਰ ਕੀਤਾ, ਜਿਸ ਵਿੱਚ ਉਸਨੇ ਮੰਗ ਕੀਤੀ ਕਿ ਭਗਤ ਸਿੰਘ ਅਤੇ ਉਸਦੇ ਸਾਥੀਆਂ ਨੂੰ ਸੁਣਾਈ ਗਈ ਸਜ਼ਾ ਨੂੰ ਗੈਰ-ਕਾਨੂੰਨੀ ਕਰਾਰ ਦੇ, ਰੱਦ ਕੀਤਾ ਜਾਏ ਅਤੇ ਉਨ੍ਹਾਂ ਨੂੰ ਬੇਗੁਨਾਹ ਕਰਾਰ ਦਿੱਤਾ ਜਾਏ।  


ਤਲਾਕ ਦੇ ਕੁਝ ਦਿਲਚਸਪ ਮਾਮਲੇ : ਦਸਿਆ ਗਿਆ ਹੈ ਕਿ ਕੁਝ ਹੀ ਸਮਾਂ ਪਹਿਲਾਂ ਗੱਠਤ 'ਅਗੈਂਸਟ ਵੁਮਨ ਸੈੱਲ' ਦੇ ਸਾਹਮਣੇ ਤਲਾਕ ਦਾ ਇੱਕ ਮਾਮਲਾ ਅਜਿਹਾ ਆਇਆ, ਜਿਸ ਵਿੱਚ ਇੱਕ 32 ਵਰ੍ਹਿਆਂ ਦੀ ਸਰਕਾਰੀ ਨੌਕਰੀ ਕਰ ਰਹੀ ਔਰਤ ਨੇ ਆਪਣੇ ਪਤੀ ਵਿਰੁਧ ਕੀਤੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਹ ਬੀਤੇ ਕਈ ਵਰ੍ਹਿਆਂ ਤੋਂ ਮਾਨਸਿਕ ਰੂਪ ਵਿੱਚ ਪ੍ਰੇਸ਼ਾਨ ਅਤੇ ਤਨਾਉ ਵਿੱਚ ਹੈ, ਕਿਉਂਕਿ ਉਸਦਾ ਪਤੀ ਨਹਾਣ ਤੋਂ ਬਾਅਦ ਕਦੀ ਵੀ ਆਪਣਾ ਤੋਲੀਆ ਸੁਕਣੇ ਨਹੀਂ ਪਾਂਦਾ, ਜਿੱਥੇ ਹੁੰਦਾ ਹੈ, ਸੁੱਟ ਦਿੰਦਾ ਹੈ। ਕਾਫੀ ਲੜਾਈ-ਝਗੜਾ ਕਰਨ ਦੇ ਬਾਅਦ ਵੀ ਉਹ ਇਸਤੇਮਾਲ ਕਰਨ ਤੋਂ ਬਾਅਦ ਫਲਸ਼ ਨਹੀਂ ਚਲਾਂਦਾ। ਦਫਤਰੋਂ ਆਣ ਤੋਂ ਬਾਅਦ ਜੁਤੀਆਂ ਲਾਹ, ਇੱਧਰ-ਉੱਧਰ ਸੁਟ ਦਿੰਦਾ ਹੈ। ਉਸਨੇ ਕਿਹਾ ਕਿ ਜਦੋਂ ਕਾਫੀ ਸਮਝਾਣ-ਬੁਝਾਣ ਦੇ ਬਾਅਦ ਵੀ ਪਤੀ ਦੇ ਵਿਹਾਰ ਵਿੱਚ ਕੋਈ ਬਦਲਾਉ ਨਹੀਂ ਆਇਆ, ਤਾਂ ਉਸਨੂੰ ਮਜਬੂਰਨ ਸ਼ਿਕਾਇਤ ਕਰਨੀ ਪਈ। 
ਇਸੇ ਤਰ੍ਹਾਂ ਇਸੇ ਸੈੱਲ ਵਿੱਚ ਆਈ ਇੱਕ ਹੋਰ ਸ਼ਿਕਾਇਤ ਵਿੱਚ ਦਸਿਆ ਗਿਆ ਕਿ ਪਤਨੀ ਨੇ ਆਪਣੇ ਪਤੀ ਪੁਰ ਦੋਸ਼ ਲਾਇਆ ਹੈ ਕਿ ਉਹ ਉਸਨੂੰ ਕਦੀ ਵੀ ਬਾਹਰ ਘੁਮਾਣ ਲਈ ਨਹੀਂ ਲੈ ਕੇ ਜਾਂਦਾ। ਜਿਸ ਕਾਰਣ ਉਹ ਨਿਰਾਸ਼ਾ ਦੇ ਤਨਾਉ ਵਿੱਚ ਘਿਰਦੀ ਜਾ ਰਹੀ ਹੈ। ਘਰ ਵਿੱਚ ਬੰਦ ਰਹਿਣ ਕਾਰਣ ਉਸਦੀ ਸਿਹਤ ਪੁਰ ਵੀ ਮਾੜਾ ਅਸਰ ਪੈ ਰਿਹਾ ਹੈ। ਉਸਨੇ ਇਹ ਵੀ ਦਸਿਆ ਕਿ ਉਸਨੂੰ ਕਈ ਵਰ੍ਹਿਆਂ ਤੋਂ ਸ਼ਾਪਿੰਗ ਵੀ ਨਹੀਂ ਕਰਵਾਈ ਗਈ। ਘਰੇਲੂ ਕੰਮ ਦਾ ਭਾਰ ਬਹੁਤਾ ਹੋਣ ਅਤੇ ਪਤੀ ਵਲੋਂ ਕੋਈ ਵੀ ਸੁਣਾਈ ਨਾ ਕੀਤੇ ਜਾਣ ਦੇ ਕਾਰਣ ਉਹ ਪਤੀ ਨਾਲੋਂ ਅਲਗ ਹੋਣਾ ਚਾਹੁੰਦੀ ਹੈ।


ਮਹਿੰਗਾਈ ਬਨਾਮ ਬਚਤ : ਹਾਲਾਂਕਿ ਭਾਰਤੀ ਆਰਥਕ, ਰਾਜਨੈਤਿਕ ਅਤੇ ਸਮਾਜਕ ਹਾਲਾਤ ਨੂੰ ਵੇਖਦਿਆਂ ਸੇਵਾ-ਮੁਕਤੀ, ਅਰਥਾਤ ਰਿਟਾਇਰਮੈਂਟ ਤੋਂ ਬਾਅਦ ਵਿੱਤੀ ਸੁਰਖਿਆ ਲਈ ਬਚਤ ਕੀਤੇ ਜਾਣ ਨੂੰ ਬਹੁਤ ਹੀ ਜ਼ਰੂਰੀ ਸਮਝਿਆ ਜਾਂਦਾ ਹੈ। ਪ੍ਰੰਤੂ ਇਸਦੇ ਵਿਰੁਧ ਵੇਖਣ ਵਿੱਚ ਇਹ ਆ ਰਿਹਾ ਹੈ ਕਿ ਦੇਸ਼ ਵਿੱਚਲੇ ਲਗਭਗ 47 ਪ੍ਰਤੀਸ਼ਤ ਕੰਮ-ਕਾਜੀ ਲੋਕੀ ਅਜਿਹੇ ਹਨ, ਜੋ ਰਿਟਾਇਰਮੈਂਟ ਤੋਂ ਬਾਅਦ ਬੁਢਾਪੇ ਲਈ ਕੋਈ ਬਚਤ ਨਹੀਂ ਕਰ ਪਾ ਰਹੇ। ਇਹ ਖੁਲਾਸਾ ਇਪਸੋਸ ਮੋਰੀ ਵਲੋਂ ਆਨ-ਲਾਇਨ ਕਰਵਾਏ ਗਏ ਸਰਵੇ ਵਿੱਚ ਹੋਇਆ ਹੈ। ਇਸ ਸਰਵੇ ਆਨੁਸਾਰ ਭਾਰਤ ਵਿੱਚ ਕੰਮ-ਕਾਰ ਵਿੱਚ ਲਗੇ ਲੋਕਾਂ ਵਿਚੋਂ 47 ਪ੍ਰਤੀਸ਼ਤ ਨੇ ਆਪਣੀ ਸੇਵਾ-ਮੁਕਤੀ ਤੋਂ ਬਾਅਦ ਲਈ ਬਚਤ ਸ਼ੁਰੂ ਕੀਤੀ ਹੀ ਨਹੀਂ ਜਾਂ ਫਿਰ ਸ਼ੁਰੂ ਕੀਤਾ ਗਿਆ ਹੋਇਆ ਬਚਤ ਦਾ ਸਿਲਸਿਲਾ ਬੰਦ ਕਰ ਦਿਤਾ ਹੈ। ਇਨ੍ਹਾਂ ਵਿਚੋਂ ਕਈਆਂ ਨੇ ਕਿਹਾ ਹੈ ਕਿ ਬਚਤ ਕਰਨਾ ਤਾਂ ਦੂਰ ਰਿਹਾ, ਉਨ੍ਹਾਂ ਲਈ ਤਾਂ ਘਰ ਚਲਾਣਾ ਤਕ ਦੂਬਰ ਹੋਇਆ ਪਿਆ ਹੈ। ਅਜਿਹੇ ਲੋਕਾਂ ਦਾ ਔਸਤ ਪ੍ਰਤੀਸ਼ਤ 46 ਤੋਂ ਇੱਕ ਪ੍ਰਤੀਸ਼ਤ ਵੱਧ ਹੈ। ਇਸ ਸਰਵੇ ਅਨੁਸਾਰ 44 ਪ੍ਰਤੀਸ਼ਤ ਲੋਕਾਂ ਨੇ ਕਿਹਾ ਕਿ ਉਨ੍ਹਾਂ ਬੁਢਾਪੇ ਲਈ ਪੂੰਜੀ ਜੁਟਾਣ ਦੀ ਸ਼ੁ੍ਰਰੂਆਤ ਤਾਂ ਕੀਤੀ ਸੀ, ਪ੍ਰੰਤੂ ਮਹਿੰਗਾਈ ਦੇ ਲਗਾਤਾਰ ਵੱਧਦਿਆਂ ਜਾਣ ਕਾਰਣ ਵਰਤਮਾਨ ਜ਼ਰੂਰਤਾਂ ਨੂੰ ਪੂਰਿਆਂ ਕਰਨ ਵਿੱਚ ਆ ਰਹੀਆਂ ਪ੍ਰੇਸ਼ਾਨੀਆਂ ਕਾਰਣ ਉਨ੍ਹਾਂ ਨੂੰ ਇਹ ਸਿਲਸਿਲਾ ਬੰਦ ਕਰ ਦੇਣ ਤੇ ਮਜਬੂਰ ਹੋਣਾ ਪਿਆ। ਇਸਤੋਂ ਇਲਾਵਾ 21 ਪ੍ਰਤੀਸ਼ਤ ਕੰਮਕਾਜੀ ਲੋਕਾਂ ਨੇ ਦਸਿਆ ਕਿ ਉਨ੍ਹਾਂ ਤਾਂ ਬਚਤ ਕਰਨੀ ਸੁਰੂ ਹੀ ਨਹੀਂ ਕੀਤੀ। ਦਸਿਆ ਜਾਂਦਾ ਹੈ ਕਿ ਸਭ ਤੋਂ ਵੱਧ ਚਿੰਤਾਜਨਕ ਸਥਿਤੀ ਇਹ ਹੈ ਕਿ 60 ਵਰ੍ਹਿਆਂ ਦੀ ਉਮਰ ਦੇ 22 ਪ੍ਰਤੀਸ਼ਤ ਅਤੇ 50 ਵਰ੍ਹਿਆਂ ਦੀ ਉਮਰ ਦੇ 14 ਪ੍ਰਥੀਸ਼ਤ ਲੋਕਾਂ ਨੇ ਬੁਢਾਪੇ ਲਈ ਕਿਸੇ ਵੀ ਤਰ੍ਹਾਂ ਦੀ ਬਚਤ ਸ਼ੁਰੂ ਨਹੀਂ ਕੀਤੀ ਹੋਈ। ਇਸਦਾ ਕਾਰਣ ਸ਼ਾਇਦ ਇਹੀ ਹੈ ਕਿ ਲਗਾਤਾਰ ਵਧਦੀ ਚਲ਼ੀ ਆ ਰਹੀ ਮਹਿੰਗਾਈ ਹੀ ਉਨ੍ਹਾਂ ਦੇ ਬਚਤ ਕਰ ਸਕਣ ਦੀ ਸਮਰਥਾ ਵਿੱਚ ਰੁਕਾਵਟ ਬਣੀ ਚਲੀ ਆ ਰਹੀ ਹੈ।


ਗਣ + ਤੰਤਰ : ਇੱਕ ਭਾਰਤੀ ਵਿਚਾਰਕ ਦੀਆਂ ਨਜ਼ਰਾਂ ਵਿੱਚ ਦੇਸ਼ ਦੇ ਆਮ ਆਦਮੀ ਦੇ 'ਗਣ' ਅਤੇ ਦੇਸ਼ ਦੀ ਅਫਰਸ਼ਾਹੀ ਦੇ 'ਤੰਤਰ' ਦੇ ਤੁਲਨਾਤਮਕ ਮਹੱਤਵ ਨੂੰ ਲੈ ਕੇ ਵਿਦਵਾਨਾਂ ਵਿੱਚ ਆਪਾ-ਵਿਰੋਧੀ ਮੱਤ ਹਨ। ਕੁਝ-ਇੱਕ ਦਾ ਵਿਚਾਰ ਹੈ ਕਿ 'ਗਣ' ਦੀ ਮਹਤੱਤਾ ਵਕਤੀ ਹੈ ਅਰਥਾਤ ਚੋਣਾਂ ਦੇ ਸਮੇਂ ਹੀ 'ਗਣ' ਦੀ ਵੁਕਤ ਨਜ਼ਰ ਆਉਂਦੀ ਹੈ, ਨਹੀਂ ਤਾਂ ਰਾਜ ਨੇਤਾ ਬਹੁਤਿਆਂ ਨੂੰ ਉਲੂ ਅਤੇ ਬਾਕੀਆਂ ਨੂੰ ਉਲੂ ਦਾ ਪੱਠਾ ਸਮਝਦੇ ਹਨ। ਚੋਣਾਂ ਤੋਂ ਬਾਅਦ ਜਨਤਾ ਦੀ ਉਹੀ ਦਸ਼ਾ ਹੁੰਦੀ ਹੈ, ਜੋ ਬਿਨਾਂ ਵਾਈ-ਫਾਈ ਦੇ ਇੰਟਰਨੈੱਟ ਦੀ। ਉਧਰ ਤੰਤਰ ਦਾ ਅਹੁਦਾ ਚੋਣਾਂ ਤੋਂ ਪਹਿਲਾਂ ਅਤੇ ਬਾਅਦ ਤਕ ਬਰਕਰਾਰ ਰਹਿੰਦਾ ਹੈ। ਕਿਉਂਕਿ ਸਰਕਾਰ ਦੀ 'ਕਾਰ' ਦੇ ਬਾਹਰਲੇ ਢਾਂਚੇ ਵਿੱਚ ਭਾਵੇਂ ਰਾਜਸੀ ਮਾਲਕ ਦਾ ਬਦਲਿਆ ਮੁਖੌਟਾ, ਆਸਪਾਸ ਪ੍ਰੋਗਰਾਮ ਦੇ ਪੋਸਟਰਾਂ ਅਤੇ ਲਾਉਡ ਸਪੀਕਰਾਂ ਰਾਹੀ 'ਗਣ' ਦਾ ਗੁਣ-ਗਾਨ ਕਰ ਰਿਹਾ ਹੋਵੇ, ਪਰ 'ਤੰਤਰ' ਦੇ ਇੰਜਣ ਬਿਨਾ ਉਸਦਾ ਤਿਲ ਭਰ ਵੀ ਇਧਰ-ਉਧਰ ਖਿਸਕਣਾ ਮੁਸ਼ਕਲ ਹੈ। ਕੁਝ ਹੋਰ ਵਿਚਾਰਕਾਂ ਦਾ ਮਤ ਹੈ ਕਿ ਗਣ ਨੂੰ ਲਗਾਤਾਰ ਝਾਂਸਾ ਦਿੱਤਾ ਜਾਂਦਾ ਹੈ ਕਿ ਉਹ ਲੋਕੀ ਜੋ ਵਿਸ਼ਾਲ ਇਮਾਰਤਾਂ ਵਿੱਚ ਬਿਰਾਜਮਾਨ ਹਨ, ਉਹ ਸਾਰੇ ਹੀ ਉਸਦੇ ਸੇਵਕ ਹਨ। 'ਗਣ' ਸੱਚਾਈ ਜਾਣਦਾ ਹੈ। ਹਰ ਨਿਸ਼ਚਿਤ ਸਮੇਂ ਬਾਅਦ 'ਤੰਤਰ' ਦੀ ਤਨਖਾਹ ਵਧਦੀ ਹੈ, ਨਾਲ ਹੀ ਮਹਿੰਗਾਈ ਵੀ। 'ਗਣ' ਦਾ ਉਹੀ ਹਾਲ ਰਹਿੰਦਾ ਹੈ। ਮਹਿੰਗਾਈ ਦੇ ਵਧਦਿਆਂ ਜਾਣ ਨਾਲ ਉਸਦੀ ਦਾਲ ਪਤਲੀ ਹੁੰਦਿਆਂ-ਹੁੰਦਿਆਂ ਉਸਦੀ ਥਾਲੀ ਵਿਚੋਂ ਗਾਇਬ ਹੋ ਜਾਂਦੀ ਹੈ। ਉਸਦੀ ਕਿਸਮਤ ਸਰਦੀਆਂ ਵਿੱਚ ਠਿਠੁਰਦਿਆਂ ਰਹਿਣ ਅਤੇ ਗਰਮੀਆਂ ਵਿੱਚ ਲੂ ਦੀ ਤਪਸ਼ ਸਹਿਣਾ ਹੈ। ਜਦਕਿ 'ਤੰਤਰ' ਮਹਿੰਗਾਈ ਦਾ ਪ੍ਰਬੰਧ ਕਰਨਾ ਜਾਣਦਾ ਹੈ। ਉਸਨੇ ਨਿਜੀ ਸੁਆਰਥ ਦੇ 'ਸੇਵਾ ਕੇਂਦਰ' ਬਣਾ ਰਖੇ ਹਨ। ਉਹ ਇਸਦੇ ਉਲੂ ਸਿੱਧੇ ਕਰਦੇ ਹਨ ਅਤੇ ਬਦਲੇ ਵਿੱਚ ਕਦੀ 'ਨਕਦੀ', ਅਤੇ ਕਦੀ 'ਸਮਿਗਰੀ' ਦੀ ਸੇਵਾ ਪਾ ਨਿਹਾਲ ਹੁੰਦੇ ਰਹਿੰਦੇ ਹਨ। ਲੈਣ-ਦੇਣ ਦੀ ਇਸ ਸਾਧਾਰਣ ਪ੍ਰਕ੍ਰਿਆ ਨੂੰ ਭ੍ਰਿਸ਼ਟਾਚਾਰ ਦਾ ਨਾਂ ਦੇਣਾ ਹਾਸੋ-ਹੀਣਾ ਹੈ। ਮਨੋਕਾਮਨਾ ਦੀ ਪੂਰਤੀ ਲਈ ਮੰਦਿਰ ਵਿੱਚ ਨਕਦ ਜਾਂ ਪ੍ਰਸ਼ਾਦ ਚੜ੍ਹਾਉਣਾ ਕੀ ਭ੍ਰਿਸ਼ਟਾਚਾਰ ਹੈ? ਅਜਿਹੇ 'ਸਿੱਧ' ਅਵਤਾਰ ਅਜਕਲ ਹਰ ਸਰਕਾਰੀ ਦਫਤਰ ਦਾ ਸ਼ਿੰਗਾਰ ਹਨ।

...ਅਤੇ ਅੰਤ ਵਿੱਚ : ਦਾਅਵਾ ਕੀਤਾ ਜਾਂਦਾ ਹੈ ਕਿ ਸਮਾਂ ਆ ਗਿਆ ਹੈ ਕਿ 'ਤੰਤਰ' ਹੁਣ ਆਪ ਹੀ ਪਹਿਲ ਕਰ ਭ੍ਰਿਸ਼ਟਾਚਾਰ ਦੀ ਪ੍ਰੀਭਾਸ਼ਾ ਬਦਲ ਦੇਵੇ। ਇਹ ਗਲ ਵਿਸ਼ਵਾਸ ਨਾਲ ਕਹੀ ਜਾ ਸਕਦੀ ਹੈ ਕਿ ਸਮਝਦਾਰ ਰਾਜਨੈਤਿਕ ਆਕਾ ਇਸ ਜ਼ਰੂਰੀ ਪ੍ਰੀਵਰਤਨ ਵਿੱਚ ਉਸਦਾ ਸਹਿਯੋਗ ਕਰਨਗੇ। ਉਨ੍ਹਾਂ ਨੂੰ ਆਪਣੀ ਸਾਖ ਤੇ ਵੱਟਾ ਲਗਵਾ ਜੇਲ੍ਹ ਜਾਣ ਤੇ ਕੋਈ ਇਤਰਾਜ਼ ਨਹੀਂ ਹੈ, ਬਸ 'ਗਣ' ਵਲੋਂ ਭੁਲਾ ਦੇਣ ਦਾ ਹੀ ਉਸਨੂੰ ਡਰ ਹੈ। ਉਂਝ ਮੰਨਿਆ ਜਾਂਦਾ ਹੈ ਕਿ 'ਤੰਤਰ' ਬਹੁਤ ਚਾਲਾਕ ਹੈ। ਆਪਣੀਆਂ ਕਾਰਗੁਜ਼ਾਰੀਆਂ ਲਈ ਅਸਾਨੀ ਨਾਲ ਪਕੜ ਵਿੱਚ ਨਹੀਂ ਆਉਂਦਾ। ਉਸਨੇ ਤਾਂ ਬਸ ਇਹੀ ਫੈਸਲਾ ਕਰਨਾ ਹੈ ਕਿ ਦੇਸ਼ 'ਗਣਤੰਤਰ' ਹੈ ਜਾਂ 'ਤੰਤਰ' ਦਾ 'ਗੜ੍ਹ'? ਨਹੀਂ ਤਾਂ ਜਦੋਂ ਕਦੀ ਵੀ ਅੰਗ੍ਰੇਜ਼ੀ ਸ਼ਾਸਨ ਦੇ ਅਤੀਤ ਵਿੱਚ ਡੁਬਿਆ 'ਗਣ' ਚੇਤਿਆ, ਤਾਂ ਫਿਰ 'ਤੰਤਰ' ਦਾ ਭਵਿਖ ਕੋਈ ਖਾਸ ਉਜਲਾ ਨਹੀਂ ਰਹਿ ਪਾਇਗਾ। 

Mobile : +91 95 82 71 98 90
E-Mail :  jaswantsinghajit@gmail.com

Address : Jaswant Singh Ajit, Senior Journalist
51, Sheetal Apartment, Plot no. 12, Sector 14, Rohini DELHI-110085