ਗਵਾਂਢ ਵੱਲ ਵੱਟੇ ਮਾਰਨ ਦੀ ਥਾਂ ਪਾਕਿਸਤਾਨੀ ਹਾਕਮਾਂ ਨੂੰ ਆਪਣਾ ਘਰ ਸਾਂਭਣਾ ਚਾਹੀਦੈ - ਜਤਿੰਦਰ ਪਨੂੰ

ਅਸੀਂ ਭਾਰਤ ਦੇ ਲੋਕ ਆਪਣੇ ਦੇਸ਼ ਵਿੱਚ ਹੁੰਦੀ ਹਰ ਗੱਲ ਬਾਰੇ ਆਪਣੀ ਜ਼ਿਮੇਵਾਰੀ ਦੀ ਹੱਦ ਵੀ ਜਾਣਦੇ ਹਾਂ ਅਤੇ ਇਸ ਦੇ ਗਲਤ ਜਾਂ ਠੀਕ ਹਰ ਰੁਝਾਨ ਬਾਰੇ ਪ੍ਰਤੀਕਰਮ ਦੇਣਾ ਵੀ ਜਾਣਦੇ ਹਾਂ। ਕਈ ਮੌਕੇ ਇਹੋ ਜਿਹੇ ਵੀ ਆ ਜਾਂਦੇ ਹਨ, ਜਦੋਂ ਇਹ ਸਮਝਿਆ ਜਾਂਦਾ ਹੈ ਕਿ ਸਰਕਾਰ ਕੁਰਾਹੇ ਵੀ ਪਈ ਹੈ ਅਤੇ ਆਪਣੇ ਖਿਲਾਫ ਟਿਪਣੀ ਕਰਨ ਵਾਲਿਆਂ ਦੇ ਲਈ ਸਖਤੀ ਦਾ ਰਾਹ ਵੀ ਫੜ ਸਕਦੀ ਹੈ ਜਾਂ ਫੜ ਚੁੱਕੀ ਹੈ, ਫਿਰ ਵੀ ਜਿਨ੍ਹਾਂ ਸਿਰ ਇਹੋ ਜਿਹੇ ਹਾਲਾਤ ਵਿੱਚ ਪ੍ਰਤੀਕਰਮ ਦੇਣ ਦੀ ਜ਼ਿਮੇਵਾਰੀ ਹੈ, ਉਹ ਕਦੇ ਆਪਣੀ ਜ਼ਿਮੇਵਾਰੀ ਤੋਂ ਖੁੰਝਦੇ ਨਹੀਂ। ਅਸੀਂ ਇਸ ਤੋਂ ਵੀ ਇਨਕਾਰ ਨਹੀਂ ਕਰਾਂਗੇ ਕਿ ਦੇਸ਼ ਵਿੱਚ ਮੀਡੀਏ ਦਾ ਇੱਕ ਹਿੱਸਾ ਇਸ ਵੇਲੇ ਸਰਕਾਰ ਅਤੇ ਉਸ ਦੇ ਪਿੱਛੇ ਖੜੇ 'ਪਰਵਾਰ' ਦੀ ਤਰਫਦਾਰੀ ਕਰਨ ਨੂੰ ਪੱਬਾਂ ਭਾਰ ਹੋਇਆ ਪਿਆ ਹੈ, ਪਰ ਹਰ ਦੇਸ਼ ਵਿੱਚ ਹਰ ਸਰਕਾਰ ਦੇ ਵਕਤ ਇਸ ਤਰ੍ਹਾਂ ਦਾ ਰੁਝਾਨ ਵੇਖਿਆ ਜਾ ਸਕਦਾ ਹੈ ਤੇ ਇਸ ਉੱਤੇ ਹੈਰਾਨੀ ਨਹੀਂ ਹੋਣੀ ਚਾਹੀਦੀ। ਅੰਗਰੇਜ਼ਾਂ ਵੇਲੇ ਵੀ ਉਨ੍ਹਾਂ ਦੀ ਤਰਫਦਾਰੀ ਕਰਨ ਵਾਲੇ ਮੌਜੂਦ ਸਨ। ਭਾਰਤ ਦੇ ਮੌਜੂਦਾ ਮਾਹੌਲ ਨੂੰ ਕੋਈ ਐਮਰਜੈਂਸੀ ਦੇ ਸਮੇਂ ਨਾਲ ਤੋਲਣ ਦਾ ਯਤਨ ਕਰਦਾ ਹੈ ਤੇ ਕੋਈ ਤਾਨਾਸ਼ਾਹੀ ਨਾਲ ਜੋੜ ਕੇ ਵੇਖ ਰਿਹਾ ਹੈ। ਹਰ ਕਿਸੇ ਨੂੰ ਆਪਣੀ ਅੱਖ ਨਾਲ ਵੇਖਣ ਦਾ ਹੱਕ ਹੈ। ਸਾਡੀ ਨਜ਼ਰ ਵਿੱਚ ਇਹ ਐਮਰਜੈਂਸੀ ਵਰਗਾ ਨਹੀਂ, ਪਰ ਜਿਹੜੀ ਕਿਸਮ ਦਾ ਰਾਜ ਹੈ, ਉਹ ਅਣ-ਐਲਾਨੀ ਐਮਰਜੈਂਸੀ ਦੇ ਨੇੜੇ ਮੰਨਿਆ ਜਾ ਸਕਦਾ ਹੈ। ਤਾਨਾਸ਼ਾਹੀ ਭਾਰਤ ਵਿੱਚ ਆ ਗਈ ਹੋਵੇ, ਅਜੇ ਇਹੋ ਜਿਹੀ ਗੱਲ ਕਹਿਣੀ ਔਖੀ ਹੈ, ਉਂਜ ਇਸ ਦਾ ਖਤਰਾ ਮਹਿਸੂਸ ਕੀਤਾ ਜਾ ਸਕਦਾ ਹੈ।
ਇਹ ਸਭ ਕੁਝ ਸਾਡੇ ਦੇਸ਼ ਨਾਲ ਸੰਬੰਧਤ ਹੈ ਤੇ ਇਸ ਬਾਰੇ ਟਿਪਣੀ ਕਰਨ ਤੋਂ ਸਾਡੇ ਮੀਡੀਏ ਵਿੱਚਲੇ ਜ਼ਿਮੇਵਾਰ ਲੋਕ ਨਾ ਅਜੇ ਤੱਕ ਪਿੱਛੇ ਹਟੇ ਹਨ, ਨਾ ਅੱਗੋਂ ਹੀ ਹਟਣਗੇ, ਪਰ ਅਸੀਂ ਇਸ ਗੱਲ ਨੂੰ ਮਾਨਤਾ ਨਹੀਂ ਦੇ ਸਕਦੇ ਕਿ ਬਾਹਰ ਤੋਂ ਕੋਈ ਤਾਕਤ ਉੱਠ ਕੇ ਭਾਰਤ ਦੇ ਖਿਲਾਫ ਬਾਕਾਇਦਾ ਮੁਹਿੰਮ ਚਲਾਉਣ ਲੱਗ ਪਏ। ਪਾਕਿਸਤਾਨ ਦੀ ਸਰਕਾਰ ਨੇ ਇਸ ਵਕਤ ਇਹੋ ਮੁਹਿੰਮ ਚਲਾਈ ਪਈ ਹੈ ਤੇ ਅਸਲੋਂ ਨਾਜਾਇਜ਼ ਦਖਲ ਦੇ ਰਹੀ ਹੈ। ਇਸ ਹਫਤੇ ਓਥੋਂ ਦੀ ਸਰਕਾਰ ਨੇ ਪੰਜ ਫਰਵਰੀ ਨੂੰ 'ਕਸ਼ਮੀਰ ਡੇਅ' ਮਨਾਇਆ ਹੈ ਤੇ ਉਸ ਦਿਨ ਪ੍ਰਧਾਨ ਮੰਤਰੀ ਇਮਰਾਨ ਖਾਨ ਤੋਂ ਲੈ ਕੇ ਛੋਟੇ-ਵੱਡੇ ਆਗੂਆਂ ਤੱਕ ਨੇ ਭਾਰਤ ਵਿਰੁੱਧ ਰੱਜਵੀਂ ਭੜਾਸ ਕੱਢੀ ਹੈ। ਉਨ੍ਹਾਂ ਨੇ ਕਸ਼ਮੀਰੀ ਲੋਕਾਂ ਨਾਲ ਹਮਦਰਦੀ ਪੇਸ਼ ਕਰਨ ਦੇ ਦਾਅਵੇ ਕਰ ਕੇ ਭਾਰਤ ਦੇ ਖਿਲਾਫ 'ਜਹਾਦ' ਦੇ ਨਾਂਅ ਹੇਠ ਚਲਾਏ ਜਾ ਰਹੇ ਅੱਤਵਾਦ ਦੀ ਵੀ ਹਮਾਇਤ ਕੀਤੀ ਹੈ ਅਤੇ ਇੰਜ ਕਰਨ ਦੇ ਵਕਤ ਉਨ੍ਹਾਂ ਨੇ ਹਕੀਕਤਾਂ ਦਾ ਸ਼ੀਸ਼ਾ ਵੇਖਣ ਦੀ ਕਿਸੇ ਪੱਧਰ ਉੱਤੇ ਵੀ ਲੋੜ ਨਹੀਂ ਸਮਝੀ।
ਪਾਕਿਸਤਾਨ ਨੂੰ ਹਕੀਕਤਾਂ ਦਾ ਸ਼ੀਸ਼ਾ ਵਿਖਾਉਣ ਤੋਂ ਪਹਿਲਾਂ ਅਸੀਂ ਇਹ ਗੱਲ ਸਾਫ ਕਰ ਦੇਈਏ ਕਿ ਇਸ ਵਕਤ ਦੀ ਭਾਰਤ ਸਰਕਾਰ ਨੇ ਜਿਸ ਤਰ੍ਹਾਂ ਪਿਛਲੇ ਪੰਜ ਅਗਸਤ ਨੂੰ ਜੰਮੂ-ਕਸ਼ਮੀਰ ਦੇ ਵਿਸ਼ੇਸ਼ ਦਰਜੇ ਦੀ ਧਾਰਾ ਤਿੰਨ ਸੌ ਸੱਤਰ ਤੋੜੀ ਸੀ, ਉਸ ਨਾਲ ਅਸੀਂ ਕਦੇ ਸਹਿਮਤ ਨਹੀਂ ਹੋ ਸਕੇ। ਉਸ ਤੋਂ ਬਾਅਦ ਛੇ ਮਹੀਨੇ ਲੰਘ ਜਾਣ ਦੇ ਬਾਵਜੂਦ ਪਾਬੰਦੀਆਂ ਕਾਇਮ ਰੱਖਣ ਦੀ ਵੀ ਅਸੀਂ ਨੁਕਤਾਚੀਨੀ ਕਰ ਰਹੇ ਹਾਂ ਅਤੇ ਹਾਲਾਤ ਸੁਧਰਨ ਤੱਕ ਕਰਦੇ ਰਹਾਂਗੇ।
ਜਿੱਥੋਂ ਤੱਕ ਗਵਾਂਢੀ ਦੇਸ਼ ਪਾਕਿਸਤਾਨ ਦਾ ਸੰਬੰਧ ਹੈ, ਉਸ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਇੱਕ ਕੰਟਰੋਲ ਰੇਖਾ ਏਸੇ ਲਈ ਬਣੀ ਹੋਈ ਹੈ ਕਿ ਉਹ ਓਧਰ ਦਾ ਕੰਟਰੋਲ ਜਿੱਦਾਂ ਵੀ ਸੰਭਾਲਣ, ਭਾਰਤ ਦਖਲ ਦੇਣ ਦੀ ਕੋਸ਼ਿਸ਼ ਨਹੀਂ ਕਰੇਗਾ ਤੇ ਏਧਰ ਦੇ ਮਾਮਲਿਆਂ ਵਿੱਚ ਪਾਕਿਸਤਾਨ ਦਖਲ ਨਹੀਂ ਦੇਵੇਗਾ। ਇੰਦਰਾ ਗਾਂਧੀ ਅਤੇ ਜ਼ੁਲਫਕਾਰ ਅਲੀ ਭੁੱਟੋ ਵਿਚਾਲੇ ਹੋਏ ਸ਼ਿਮਲਾ ਸਮਝੌਤੇ ਵਿੱਚ ਵੀ ਇਹ ਗੱਲ ਕਹੀ ਗਈ ਸੀ ਕਿ ਕੋਈ ਇੱਕ ਦੂਸਰੇ ਦੇਸ਼ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲ ਨਹੀਂ ਦੇਵੇਗਾ ਅਤੇ ਕੰਟਰੋਲ ਰੇਖਾ ਦੀ ਸਥਿਤੀ ਨੂੰ ਇੱਕ-ਤਰਫਾ ਤੌਰ ਉੱਤੇ ਬਦਲਣ ਦੀ ਕੋਸ਼ਿਸ਼ ਨਹੀਂ ਕਰੇਗਾ। ਇਸ ਦੇ ਬਾਵਜੂਦ ਪਾਕਿਸਤਾਨ ਨੇ ਕਾਰਗਿਲ ਜੰਗ ਲਾ ਕੇ ਸਥਿਤੀ ਬਦਲਣ ਦਾ ਯਤਨ ਕੀਤਾ ਸੀ। ਉਸ ਨੇ ਭਾਰਤ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲ ਦੇਣ ਦਾ ਕਦੇ ਕੋਈ ਮੌਕਾ ਨਹੀਂ ਛੱਡਿਆ ਤੇ ਉਸ ਵੱਲੋਂ 'ਕਸ਼ਮੀਰ ਡੇਅ' ਦਾ ਤਮਾਸ਼ਾ ਕਰਨਾ ਵੀ ਅਸਲ ਵਿੱਚ ਭਾਰਤ ਦੇ ਮਾਮਲਿਆਂ ਵਿੱਚ ਦਖਲ ਦੇਣ ਦਾ ਨਮੂਨਾ ਹੈ।
ਸਾਰੀ ਦੁਨੀਆ ਜਾਣਦੀ ਹੈ ਕਿ ਬ੍ਰਿਟੇਨ ਦੀ ਸਰਕਾਰ ਨੇ ਜਾਣ ਵੇਲੇ ਭਾਰਤ ਅਤੇ ਪਾਕਿਸਤਾਨ ਦੋ ਦੇਸ਼ ਬਣਾਉਣ ਦੇ ਨਾਲ ਦੇਸੀ ਰਿਆਸਤਾਂ ਦੇ ਰਾਜਿਆਂ ਨੂੰ ਇਹ ਖੁੱਲ੍ਹ ਦੇ ਦਿੱਤੀ ਸੀ ਕਿ ਉਹ ਦੋਵਾਂ ਵਿੱਚੋਂ ਕਿਸੇ ਵੀ ਦੇਸ਼ ਨਾਲ ਜੁੜ ਜਾਣ ਜਾਂ ਆਜ਼ਾਦ ਰਿਆਸਤ ਵੀ ਰੱਖਣੀ ਚਾਹੁਣ ਤਾਂ ਰੱਖ ਸਕਦੇ ਹਨ। ਕਸ਼ਮੀਰ ਰਿਆਸਤ ਦੇ ਰਾਜੇ ਨੇ ਬੇਵਕੂਫੀ ਕੀਤੀ ਤੇ ਆਜ਼ਾਦ ਰਹਿਣ ਦਾ ਰਾਹ ਚੁਣਿਆ, ਜਿਸ ਵਿੱਚ ਭਾਰਤ ਨੇ ਦਖਲ ਨਹੀਂ ਸੀ ਦਿੱਤਾ, ਪਰ ਪਾਕਿਸਤਾਨ ਨੇ ਅੰਗਰੇਜ਼ ਫੌਜੀ ਅਫਸਰਾਂ ਨਾਲ ਸਾਜ਼ਿਸ਼ ਕਰ ਕੇ ਕਸ਼ਮੀਰ ਉੱਤੇ ਕਬਜ਼ਾ ਕਰਨ ਲਈ ਹਮਲਾ ਕਰ ਦਿੱਤਾ ਸੀ। ਅੱਧੀ ਰਿਆਸਤ ਪਾਕਿਸਤਾਨ ਦੇ ਹੱਥ ਚੜ੍ਹ ਜਾਣ ਪਿੱਛੋਂ ਕਸ਼ਮੀਰ ਦੇ ਰਾਜੇ ਨੇ ਆਪਣੇ ਕਾਨੂੰਨੀ ਹੱਕ ਦੀ ਵਰਤੋਂ ਕਰ ਕੇ ਆਪਣੀ ਰਿਆਸਤ ਭਾਰਤ ਵਿੱਚ ਸ਼ਮਲ ਕਰਨ ਦਾ ਲਿਖਤੀ ਸਮਝੌਤਾ ਕਰ ਲਿਆ ਅਤੇ ਉਸ ਦਿਨ ਤੋਂ ਇਹ ਰਾਜ ਕਾਨੂੰਨੀ ਤੌਰ ਉੱਤੇ ਭਾਰਤ ਵਿੱਚ ਸ਼ਾਮਲ ਹੈ, ਜਦ ਕਿ ਓਧਰਲਾ ਕਸ਼ਮੀਰ ਨਾਜਾਇਜ਼ ਉੱਤੇ ਪਾਕਿਸਤਾਨ ਨੇ ਕਬਜ਼ੇ ਵਿੱਚ ਕੀਤਾ ਹੋਇਆ ਹੈ। ਇਸ ਦੇ ਬਾਵਜੂਦ ਭਾਰਤ ਵੱਲੋਂ ਕਦੇ ਉਹ ਹਿੱਸਾ ਵਾਪਸ ਲੈਣ ਦੀ ਫੌਜੀ ਕੋਸ਼ਿਸ਼ ਨਹੀਂ ਹੋਈ ਤੇ ਪਾਕਿਸਤਾਨ ਬਾਕੀ ਦਾ ਕਸ਼ਮੀਰ ਵੀ ਹੜੱਪਣ ਦੇ ਇਰਾਦੇ ਹੇਠ ਕਈ ਮੌਕਿਆਂ ਉੱਤੇ ਹਮਲਾਵਰੀ ਕਰ ਚੁੱਕਾ ਹੈ। ਉਸ ਦੀ ਇਹ ਹਮਲਾਵਰੀ ਉਸ ਨੂੰ ਮਹਿੰਗੀ ਵੀ ਪੈਂਦੀ ਰਹੀ ਹੈ।
ਇੱਕ ਮੌਕੇ ਭਾਰਤੀ ਖੇਤਰ ਵਿੱਚ ਪੈਦਾ ਹੋਇਆ ਬੁਰਹਾਨ ਵਾਨੀ ਨਾਂਅ ਦਾ ਮੁੰਡਾ ਭਾਰਤ ਵਿੱਚ ਗੁੰਮਰਾਹ ਹੋ ਕੇ ਕਿਸੇ ਤਰ੍ਹਾਂ ਅੱਤਵਾਦ ਦੇ ਰਾਹ ਪਿਆ ਤੇ ਭਾਰਤੀ ਫੋਰਸਾਂ ਨਾਲ ਲੜਦਾ ਹੋਇਆ ਭਾਰਤੀ ਖੇਤਰ ਵਿੱਚ ਹੀ ਮਾਰਿਆ ਗਿਆ। ਉਸ ਦੀ ਮੌਤ ਉੱਤੇ ਪਾਕਿਸਤਾਨ ਦੀ ਸਰਕਾਰ ਨੇ ਸਾਰੇ ਦੇਸ਼ ਵਿੱਚ ਫੌਜਾਂ ਸਮੇਤ ਹਰ ਕਿਸੇ ਨੂੰ ਸੋਗ ਮਨਾਉਣ ਲਈ ਹੁਕਮ ਛੱਡ ਦਿੱਤਾ, ਜਿਸ ਨਾਲ ਸਾਬਤ ਹੋ ਗਿਆ ਕਿ ਉਹ ਪਾਕਿਸਤਾਨੀ ਏਜੰਟ ਵਜੋਂ ਕੰਮ ਕਰਦਾ ਮਾਰਿਆ ਗਿਆ ਸੀ।
ਇਹੋ ਜਿਹੇ ਕਈ ਹੋਰ ਮੌਕੇ ਵੀ ਆਉਂਦੇ ਰਹੇ ਹਨ ਤੇ ਜਦੋਂ ਪਿਛਲੇ ਸਾਲ ਭਾਰਤ ਸਰਕਾਰ ਨੇ ਜੰਮੂ-ਕਸ਼ਮੀਰ ਲਈ ਵਿਸ਼ੇਸ਼ ਦਰਜੇ ਦੀ ਧਾਰਾ ਤਿੰਨ ਸੌ ਸੱਤਰ ਖਤਮ ਕੀਤੀ ਤਾਂ ਓਦੋਂ ਤੋਂ ਪਾਕਿਸਤਾਨ ਸਰਕਾਰ ਨੇ ਸੰਸਾਰ ਭਰ ਵਿੱਚ ਮੁਹਿੰਮ ਹੀ ਚਲਾ ਦਿੱਤੀ ਹੈ। ਉਨ੍ਹਾਂ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਦੁਨੀਆ ਭਰ ਦੇ ਦੌਰੇ ਇਸ ਮਕਸਦ ਲਈ ਕੀਤੇ ਕਿ ਇਸ ਮਾਮਲੇ ਵਿੱਚ ਪਾਕਿਸਤਾਨ ਦੀ ਹਮਾਇਤ ਵਿੱਚ ਦੂਸਰੇ ਦੇਸ਼ਾਂ ਨੂੰ ਖੜਾ ਕੀਤਾ ਜਾ ਸਕੇ, ਪਰ ਉਸ ਨਾਲ ਚੀਨ ਸਮੇਤ ਸਿਰਫ ਤਿੰਨ ਦੇਸ਼ ਹੀ ਖੜੇ ਹੋ ਸਕੇ, ਬਾਕੀ ਦੁਨੀਆ ਪਾਕਿਸਤਾਨ ਦੇ ਜਾਲ ਵਿੱਚ ਨਹੀਂ ਫਸੀ। ਉਹ ਸਾਰੇ ਦੇਸ਼ ਇਹ ਗੱਲ ਜਾਣਦੇ ਹਨ ਕਿ ਪਾਕਿਸਤਾਨ ਇਸ ਕੰਮ ਦੇ ਬਹਾਨੇ ਅੱਤਵਾਦ ਦੀ ਭੱਠੀ ਚੱਲਦੀ ਰੱਖਣ ਦੇ ਯਤਨ ਵਿੱਚ ਹੈ।
ਦੂਸਰੇ ਪਾਸੇ ਦੁਨੀਆ ਦੇ ਦੇਸ਼ ਇਹ ਵੀ ਜਾਣਦੇ ਹਨ ਕਿ ਪਾਕਿਸਤਾਨ ਵਿੱਚ ਆਰਥਿਕਤਾ ਦਾ ਬਹੁਤ ਬੁਰਾ ਹਾਲ ਹੈ ਤੇ ਇਹ ਦੇਸ਼ ਹਰ ਕਿਸੇ ਦੇਸ਼ ਅੱਗੇ ਚਾਰ ਛਿੱਲੜ ਲੈਣ ਲਈ ਝੋਲੀ ਫੈਲਾਉਂਦਾ ਰਹਿੰਦਾ ਹੈ। ਦੁਨੀਆ ਦੇ ਦੇਸ਼ਾਂ ਵਾਲੇ ਇਸ ਪੱਖ ਤੋਂ ਉਸ ਦੀ ਮਦਦ ਇਸ ਕਰ ਕੇ ਨਹੀਂ ਕਰਦੇ ਕਿ ਜਿਹੜਾ ਪੈਸਾ ਪਾਕਿਸਤਾਨ ਵਿੱਚ ਗਿਆ, ਉਹ ਲੋਕਾਂ ਦੇ ਭਲੇ ਵਾਲੇ ਕੰਮਾਂ ਵਿੱਚ ਲਾਉਣ ਤੋਂ ਪਹਿਲਾਂ ਉਸ ਦਾ ਦਸਵੰਧ ਅੱਤਵਾਦੀ ਜਥੇਬੰਦੀਆਂ ਨੂੰ ਚੱਲਦੀਆਂ ਰੱਖਣ ਲਈ ਕੱਢਿਆ ਜਾਵੇਗਾ ਤੇ ਇਸ ਦਾ ਖਮਿਆਜ਼ਾ ਕਿਸੇ ਨਾ ਕਿਸੇ ਰੂਪ ਵਿੱਚ ਉਨ੍ਹਾਂ ਨੂੰ ਵੀ ਭੁਗਤਣਾ ਪਵੇਗਾ। ਇਹ ਗੱਲ ਦੁਨੀਆ ਦੇ ਦੇਸ਼ ਜਾਣਦੇ ਹਨ ਕਿ ਪਾਕਿਸਤਾਨ ਦੇ ਲੋਕਾਂ ਦੀ ਕਿੰਨੀ ਮੰਦੀ ਹਾਲਤ ਹੈ, ਪਰ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਇਸ ਪਾਸੇ ਧਿਆਨ ਦੇਣ ਤੋਂ ਵੱਧ ਭਾਰਤ ਵਿਰੋਧੀ ਲਾਮਬੰਦੀ ਕਰਨ ਲਈ ਆਪਣੇ ਖਜ਼ਾਨੇ ਦੀ ਬਾਕੀ ਬਚਦੀ ਛੱਲੀ-ਪੂਣੀ ਵੀ ਵੇਚਣ ਤੋਂ ਨਹੀਂ ਹਟਦਾ। ਇਸ ਹਫਤੇ ਉਸ ਨੇ ਮਲੇਸ਼ੀਆ ਤੱਕ ਪਹੁੰਚ ਦੌਰਾਨ ਸਖੀ-ਦਾਤਿਆਂ ਵਾਲੀ ਪੇਸ਼ਕਸ਼ ਕਰ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਕਿ ਉਸ ਦੇਸ਼ ਦਾ ਪਾਮ ਆਇਲ, ਜਿਹੜਾ ਕੱਲ੍ਹ ਤੱਕ ਭਾਰਤ ਖਰੀਦਦਾ ਸੀ ਤੇ ਅੱਜ ਕੱਲ੍ਹ ਲੈਣਾ ਬੰਦ ਕਰ ਦਿੱਤਾ ਹੈ, ਸਾਰੇ ਦਾ ਸਾਰਾ ਪਾਕਿਸਤਾਨ ਖਰੀਦ ਲਵੇਗਾ। ਮਲੇਸ਼ੀਆ ਦਾ ਪਾਮ ਆਇਲ ਜਿੰਨਾ ਪਿਛਲੇ ਸਮੇਂ ਵਿੱਚ ਪਾਕਿਸਤਾਨ ਖਰੀਦ ਰਿਹਾ ਸੀ, ਭਾਰਤ ਉਸ ਤੋਂ ਤਿੰਨ ਗੁਣਾਂ ਖਰੀਦਦਾ ਸੀ, ਜਦੋਂ ਉਹ ਸਾਰਾ ਤੇਲ ਪਾਕਿਸਤਾਨ ਲੈ ਲਵੇਗਾ ਤਾਂ ਆਪਣੀ ਲੋੜ ਤੋਂ ਵੱਧ ਖਰੀਦ ਕਰ ਕੇ ਉਸ ਦਾ ਕਰੇਗਾ ਕੀ, ਸਿਰਫ ਪੈਸਾ ਹੀ ਫੂਕੇਗਾ ਤੇ ਉਹ ਵੀ ਸਿਰਫ ਇਸ ਲਈ ਕਿ ਮਲੇਸ਼ੀਆ ਨੂੰ ਭਾਰਤ ਦੇ ਵਿਰੋਧ ਵਿੱਚ ਆਪਣੇ ਨਾਲ ਰੱਖਣਾ ਹੈ। ਇਮਰਾਨ ਖਾਨ ਦੀ ਇਸ ਹਮਾਕਤ ਦਾ ਖਮਿਆਜ਼ਾ ਉਸ ਦੇ ਦੇਸ਼ ਦੇ ਲੋਕ ਜਦੋਂ ਭੁਗਤਣਗੇ ਤਾਂ ਦੇਸ਼ ਦੀ ਹਾਲਤ ਹੋਰ ਵੀ ਮੰਦੀ ਤੋਂ ਮੰਦੀ ਹੁੰਦੀ ਜਾਵੇਗਾ, ਪਰ ਉਸ ਨੂੰ ਇਸ ਦਾ ਫਿਕਰ ਨਹੀਂ।
ਐਨ ਓਦੋਂ, ਜਦੋਂ ਉਸ ਦੇਸ਼ ਵਿੱਚ ਭਾਰਤ ਵਿਚਲੇ ਕਸ਼ਮੀਰ ਦੇ ਲੋਕਾਂ ਨਾਲ ਹਮਦਰਦੀ ਦੇ ਵਿਖਾਲੇ ਵਜੋਂ 'ਕਸ਼ਮੀਰ ਡੇਅ' ਮਨਾਇਆ ਜਾ ਰਿਹਾ ਹੈ, ਉਸ ਦੇਸ਼ ਦੇ ਆਪਣੇ ਕੰਟਰੋਲ ਵਾਲੇ ਕਸ਼ਮੀਰ ਖਿੱਤੇ ਦੀ ਹਾਲਤ ਵੱਲ ਵੇਖਣ ਦੀ ਉਸ ਨੂੰ ਕੋਈ ਜ਼ਰੂਰਤ ਨਹੀਂ ਜਾਪਦੀ। ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ ਦੇ ਲੋਕ ਵੀ ਇੱਕ 'ਕਸ਼ਮੀਰ ਡੇਅ' ਮਨਾਉਂਦੇ ਹਨ ਤੇ ਉਹ ਬਾਈ ਅਕਤੂਬਰ ਨੂੰ ਹੁੰਦਾ ਹੈ, ਜਿਹੜਾ ਪਿਛਲੇ ਬਾਈ ਅਕਤੂਬਰ ਨੂੰ ਵੀ ਮਨਾਇਆ ਗਿਆ ਤੇ ਪਾਕਿਸਾਨੀ ਫੌਜ ਵੱਲੋਂ ਉਨ੍ਹਾਂ ਉੱਤੇ ਉਸ 'ਕਸ਼ਮੀਰ ਡੇਅ' ਵਾਲੇ ਪ੍ਰਦਰਸ਼ਨਾਂ ਦੌਰਾਨ ਚਲਾਈ ਗੋਲੀ ਨਾਲ ਦੋ ਜਣੇ ਮਾਰੇ ਗਏ ਅਤੇ ਕਈ ਹੋਰ ਲੋਕ ਜ਼ਖਮੀ ਹੋਏ ਸਨ। ਓਧਰਲੇ ਕਸ਼ਮੀਰ ਦੇ ਲੋਕ ਬਾਈ ਅਕਤੂਬਰ ਦਾ ਦਿਨ ਇਸ ਵਾਸਤੇ ਮਨਾਉਂਦੇ ਹਨ ਕਿ ਜਦੋਂ ਆਜ਼ਾਦੀ ਮਿਲੀ ਤਾਂ ਉਸ ਤੋਂ ਮਸਾਂ ਸਵਾ ਦੋ ਮਹੀਨੇ ਬਾਅਦ ਬਾਈ ਅਕਤੂਬਰ ਨੂੰ ਉਨ੍ਹਾਂ ਉੱਤੇ ਹਮਲਾ ਕਰ ਕੇ ਪਾਕਿਸਤਾਨੀ ਫੌਜ ਨੇ ਉਸ ਇਲਾਕੇ ਉੱਤੇ ਨਾਜਾਇਜ਼ ਕਬਜ਼ਾ ਕੀਤਾ ਸੀ। ਉਹ ਅੱਜ ਤੱਕ ਉਸ ਦੇਸ਼ ਵਿੱਚ ਰਹਿਣ ਨੂੰ ਤਿਆਰ ਨਹੀਂ। ਸੋਚਣ ਦੀ ਗੱਲ ਹੈ ਕਿ ਕਦੀ ਇਹ ਖਬਰ ਆਈ ਹੀ ਨਹੀਂ ਕਿ ਉਸ ਇਲਾਕੇ ਵਿੱਚ ਚੱਲਦੀ ਪਾਕਿਸਤਾਨ ਤੋਂ ਵੱਖ ਹੋਣ ਤੇ ਫਿਰ ਭਾਰਤ ਨਾਲ ਜੁੜਨ ਦੀ ਲਹਿਰ ਨੂੰ ਭਾਰਤ ਵੱਲੋਂ ਮਦਦ ਕੀਤੀ ਜਾ ਰਹੀ ਹੈ। ਭਾਰਤ ਇਸ ਤਰ੍ਹਾਂ ਇਸ ਲਈ ਨਹੀਂ ਕਰਦਾ ਕਿ ਉਹ ਸ਼ਿਮਲਾ ਸਮਝੌਤੇ ਸਮੇਤ ਹਰ ਵਾਅਦੇ ਅਤੇ ਹਰ ਦਸਤਾਵੇਜ਼ ਉੱਤੇ ਕਾਇਮ ਹੈ ਤੇ ਇਸ ਤਰ੍ਹਾਂ ਦੀ ਸ਼ਰਾਰਤਬਾਜ਼ੀ ਕਰਨ ਦੇ ਨਾਲ ਦੁਨੀਆ ਸਾਹਮਣੇ ਆਪਣੇ ਆਪ ਨੂੰ 'ਪਾਕਿਸਤਾਨ ਵਰਗਾ ਹੀ' ਸਾਬਤ ਨਹੀਂ ਕਰਨਾ ਚਾਹੁੰਦਾ। ਪਾਕਿਸਤਾਨੀ ਲੀਡਰਾਂ ਦਾ ਉਸ ਦੇਸ਼ ਦੀ ਕਾਇਮੀ ਤੋਂ ਲੈ ਕੇ ਅੱਜ ਤੱਕ ਦਾ ਵਿਹਾਰ ਉਨ੍ਹਾਂ ਤੱਕ ਸੀਮਤ ਹੈ, ਭਾਰਤ ਨੇ ਇਸ ਦੀ ਇਨਫੈਕਸ਼ਨ ਨੂੰ ਆਪਣੇ ਤੀਕ ਨਹੀਂ ਪਹੁੰਚਣ ਦਿੱਤਾ ਤੇ ਸਾਨੂੰ ਲੋਕਾਂ ਨੂੰ ਆਸ ਹੈ ਕਿ ਭਾਰਤ ਇਸ ਨੀਤੀ ਵੱਲ ਕਦੇ ਤੁਰੇਗਾ ਵੀ ਨਹੀਂ।
ਅਸੀਂ ਇਹ ਗੱਲ ਫਿਰ ਕਹਿ ਦੇਈਏ ਕਿ ਸਾਡੇ ਦੇਸ਼ ਵਿੱਚ ਕਈ ਗੱਲਾਂ ਬਾਰੇ ਸਾਨੂੰ ਵੀ ਸ਼ਿਕਵੇ ਹਨ, ਅਸੀਂ ਆਪਣੇ ਮੱਤਭੇਦ ਲੁਕਾਏ ਵੀ ਕਦੇ ਨਹੀਂ ਤੇ ਲੁਕਾਵਾਂਗੇ ਵੀ ਨਹੀਂ, ਕਿਉਂਕਿ ਭਾਰਤ ਦਾ ਸੰਵਿਧਾਨ ਸਾਨੂੰ ਇਹ ਸ਼ਿਕਵੇ ਰੱਖਣ ਲਈ ਪੂਰਾ ਹੱਕ ਦੇਂਦਾ ਹੈ, ਪਰ ਭਾਰਤ ਦੇ ਲੋਕ ਕਦੇ ਵੀ ਪਾਕਿਸਤਾਨ ਦੀ ਹਮਲਾਵਰੀ ਨੀਤੀ ਨੂੰ ਪ੍ਰਵਾਨ ਨਹੀਂ ਕਰ ਸਕਦੇ। ਉਸ ਦੇਸ਼ ਦੇ ਹਾਕਮਾਂ ਨੂੰ ਗਵਾਂਢੀ ਘਰ ਵਿੱਚ ਇੱਟਾਂ-ਵੱਟੇ ਮਾਰਨ ਦੀ ਨੀਤੀ ਛੱਡ ਕੇ ਆਪਣਾ ਘਰ ਸਾਂਭਣਾ ਚਾਹੀਦਾ ਹੈ।