‘ਰੱਬ ਜਿਨਾਂਦੜੇ ਵੱਲ’ - ਕੁਲਵੰਤ ਕਾਹਲੋਂ (ਕੈਲੀ) ਬਰਲਿਨ

ਤੱਤੀ ਵਾਅ ਨੀ ਲਗਦੀ
ਠੰਡ ਵਰਤੇ ਹਰ ਪਲ,
ਜਿੱਤਣ ਬਾਜ਼ੀ ਇਸ਼ਕ ਦੀ
ਅੱਜ ਜਿੱਤਣ ਭਾਵੇਂ ਕਲ,
ਰੱਬ ਜਿਨਾਂਦੜੇ ਵੱਲ
‘ਵੇ ਝੱਲਿਆ’ਰੱਬ ਜਿਨਾਂਦੜੇ ਵੱਲ।

ਲੱਥੇ ਮੈਲ ਜਨਮਾਂਦੜੀ
ਭਾਵੇਂ ਧੋਵਣ ਮਿੱਟੀ ਮੱਲ,
ਫ਼ਕੀਰ ਬੈਠਾ ਬਿਨ ਕੰਬਲ਼ੀ
ਤਾਂ ਵੀ,ਚਹੁੰ ਪਾਸੀਂ ਗੱਲ,
ਰੱਬ ਜਿਨਾਂਦੜੇ ਵੱਲ
‘ਵੇ ਝੱਲਿਆ’ਰੱਬ ਜਿਨਾਂਦੜੇ ਵੱਲ।

ਫਿਰਦੇ ਪਾਪ ਕਮਾਂਵਦੇ
ਬੈਠੇ ਧੌਲਰ ਨੂੰ ਮੱਲ,
ਆਪ ਮੁਹਾਰੇ ‘ਉਸ’ਡਾਹਢੇ ਨੇ
ਪਾ ਦੇਣੀ ਏ ਠੱਲ੍ਹ।
ਰੱਬ ਜਿਨਾਂਦੜੇ ਵੱਲ
‘ਵੇ ਝੱਲਿਆ’ਰੱਬ ਜਿਨਾਂਦੜੇ ਵੱਲ।

ਤੈਥੋਂ ਉਹ ਵੀ ਹੋ ਜਾਵਣਾ
ਭੋਰਾ ਨੀ,ਜਿਸ ਦਾ ਵੱਲ,
ਬਖ਼ਸ਼ਣਹਾਰੇ ਬਖ਼ਸ਼ਿਆ
ਹਰ ਮੁਸ਼ਕਿਲ ਦਾ ਹੱਲ,
ਰੱਬ ਜਿਨਾਂਦੜੇ ਵੱਲ
‘ਵੇ ਝੱਲਿਆ’ਰੱਬ ਜਿਨਾਂਦੜੇ ਵੱਲ।

ਭੁੱਲਿਆ ਫਿਰੇ ਤੂੰ ਰੱਬ ਨੂੰ
ਤੇ ਫਿਰੇਂ ਖਿਲਾਰੀ ਝੱਲ,
‘ਕੁਲਵੰਤ’ਉਸ ਸਭ ਨੂੰ ਦੇਵਣਾਂ
ਕੀਤੇ ਕਰਮਾਂ ਦਾ ਫਲ,
ਰੱਬ ਜਿਨਾਂਦੜੇ ਵੱਲ
‘ਵੇ ਝੱਲਿਆ’ਰੱਬ ਜਿਨਾਂਦੜੇ ਵੱਲ।

ਕੁਲਵੰਤ ਕਾਹਲੋਂ (ਕੈਲੀ) ਬਰਲਿਨ
Kellysinghk@yahoo.com