ਮਿੰਨੀ ਕਹਾਣੀ---ਸ਼ਮਸ਼ਾਨ - ਰੋਹਿਤ ਕੁਮਾਰ

ਨਮੀਤਾ ਆਪਣੇ ਕਮਰੇ ਵਿੱਚ ਪਲੰਘ ਤੇ ਬੈਠੀ ਸਿਗਰੇਟ ਦੇ ਲੰਮੇ-ਲੰਮੇ ਕਸ਼ ਖਿੱਚ ਰਹੀ ਸੀ ਨਾਲ-ਨਾਲ ਹੀ ਉਹ ਸੋਚਾਂ ਦੇ ਸਾਗਰਾਂ ਵਿੱਚ ਡੁੱਬੀ ਜਾ ਰਹੀ ਸੀ। ਅਚਾਨਕ ਨਮੀਤਾ ਦੀ ਸੁਰਤ ਟੁੱਟੀ ਜਦ ਉਸਨੇ ਕਿਸੇ ਦੀਆਂ ਸਿਸਕੀਆਂ ਦੀ ਅਵਾਜ਼ ਸੁਣੀ। ਨਮੀਤਾ ਫਟਾ-ਫਟ ਆਪਣੇ ਪਲੰਘ ਤੋਂ ਉੱਠੀ ਉਸਨੇ ਆਸੇ-ਪਾਸੇ ਨਜ਼ਰ ਮਾਰੀ ਪਰ ਉਸਨੂੰ ਕੋਈ ਨਜ਼ਰ ਨਾ ਆਇਆ। ਫਿਰ ਜਦੋਂ ਉਸਨੇ ਚੰਗੀ ਤਰਾਂ ਧਿਆਨ ਲਾ ਕੇ ਸੁਣਿਆ ਤਾਂ ਉਸਨੂੰ ਅਹਿਸਾਸ ਹੋਇਆ ਕੀ ਰੋਣ ਦੀ ਆਵਾਜ਼ ਉਸਦੇ ਪਲੰਘ ਕੋਲੋਂ ਆ ਰਹੀ ਹੈ ਜਦ ਉਸਨੇ ਝੁਕਕੇ ਦੇਖਿਆ ਤਾਂ ਇੱਕ 14-15 ਸਾਲਾਂ ਦੀ ਕੁੜੀ ਉਸਦੇ ਪਲੰਘ ਥੱਲੇ ਲੁਕੀ ਪਈ ਸੀ। ਨਮੀਤਾ ਨੇ ਉਸਨੂੰ ਪਿਆਰ ਨਾਲ ਬਾਹਰ ਕੱਢ ਕੇ ਆਪਣੇ ਨਾਲ ਪਲੰਘ ਤੇ ਬਿਠਾ ਲਿਆ।
    'ਇਹ ਕੁੜੀਏ ਤੂੰ ਰੋ ਕਿਉਂ ਰਹੀ ਆਂ ਨਾਲੇ ਐਥੇ ਕਿਉਂ ਲੁਕੀ ਪਈ ਸੀ?
    ''ਦੀਦੀ ਮੈਂ ਘਰ ਜਾਣਾ ਮੈਨੂੰ ਨੀ ਪਤਾ ਮੈਨੂੰ ਐਥੇ ਕਿਉਂ ਰੱਖਿਆ?
    'ਹਾ-ਹਾ-ਹਾ ਭੋਲੀ ਕੁੜੀ ਤੂੰ ਐਥੋਂ ਘਰ ਨੀ ਸਿੱਧਾ ਸ਼ਮਸ਼ਾਨ ਦਾ ਈ ਰਾਹ ਨਿਕਲਦਾ ਆ ਖਾਲਾ ਤੋਂ ਤੂੰ ਬਚ ਨੀ ਸਕਦੀ।
    'ਦੀਦੀ ਤੁਸੀਂ ਵੀ ਨੀ ਬਚਾ ਸਕਦੇ ਮੈਨੂੰ?
    ''ਲੈ ਦੱਸ ਭਲਾ ਮੈਨੂੰ ਤਾਂ ਆਪ ਐਥੇ ਕੈਦ ਕੱਟਦੀ ਨੂੰ 10 ਸਾਲ ਹੋ ਗਏ ਆ।''
    ਅਗਲੀ ਗੱਲ ਉਸ ਕੁੜੀ ਦੇ ਮੂੰਹ ਵਿੱਚ ਹੀ ਸੀ ਕੀ ਕੁੱਝ ਹੱਟੇ-ਕੱਟੇ ਬੰਦੇ ਕਮਰੇ ਵਿੱਚ ਆਏ ਤੇ ਨਮੀਤਾ ਦੇ ਲੱਖ ਰੋਕਣ ਤੇ ਵੀ ਉਸ ਕੁੜੀ ਨੂੰ ਧੂਹ ਕੇ ਦੂਸਰੇ ਕਮਰੇ ਵਿੱਚ ਲੈ ਗਏ ਤੇ ਉਸਨੂੰ ਅੰਦਰ ਛੱਡ ਕੇ ਬਾਹਰੋਂ ਕੁੰਡੀ ਲਾ ਕੇ ਪਤਾ ਨੀ ਕਿੱਧਰ ਚਲੇ ਗਏ।
    ਜਦ ਉਸ ਕੁੜੀ ਨੇ ਸਾਹਮਣੇ ਦੇਖਿਆ ਤਾਂ ਇੱਕ ਵੱਡੇ ਢਿੱਡ ਵਾਲਾ ਬੰਦਾ ਜਿਵੇਂ ਉਸਨੂੰ ਨਿਗਲ ਜਾਣ ਲਈ ਤਿਆਰ ਬੈਠਾ ਹੋਵੇ ਉਹ ਵਾਰ-ਵਾਰ ਉਸਨੂੰ ਪਲੰਘ ਤੇ ਆਉਣ ਲਈ ਕਹਿ ਰਿਹਾ ਸੀ। ਜਿੱਦਾਂ ਹੀ ਕੁੜੀ ਦੀ ਨਜ਼ਰ ਪਲੰਘ ਤੇ ਪਈ ਉਸਦੇ ਕੰਨੀਂ ਨਮੀਤਾ ਦੇ ਬੋਲ ਗੂੰਜਣ ਲੱਗੇ। 'ਐਥੋਂ ਘਰ ਨੀਂ ਸ਼ਮਸ਼ਾਨ ਦਾ ਰਾਹ ਨਿਕਲਦਾ' ਫਿਰ ਉਹ ਲਾਸ਼ ਜਹੀ ਬਣੀ ਖੜੀ ਰਹੀ ਤੇ ਭਾਰੇ ਢਿੱਡ ਵਾਲਾ ਉਸਨੂੰ ਖੂਨੀ ਹਾਸਾ ਹੱਸਦਾ ਚੁੱਕ ਕੇ ਪਲੰਘ ਤੇ ਲੈ ਗਿਆ।
ਸੰਪਰਕ:84 27 44 74 34