ਲਾਂਬੂ ਲਾਉਣ ਵਾਲੇ ਲਾਂਬੇ ਦੇ ਝੂਠਾਂ ਤੋਂ ਝਾੜੀ ਧੂੜ - ਗੁਰਚਰਨ ਸਿੰਘ ਜਿਉਣ ਵਾਲਾ

ਗੁਰਸ਼ਰਨਜੀਤ ਸਿੰਘ ਲਾਂਬਾ ਜੀਓ! ਜਿਸ ਤਰ੍ਹਾਂ ਤੁਸੀਂ ਡਾ. ਗੁਰਦਰਸ਼ਨ ਸਿੰਘ ਢਿਲੋਂ ਨੂੰ ‘ ਟੀ. ਵੀ. ਗਲੋਬਲ ਪੰਜਾਬ’ ਤੇ ਨਿੰਦ ਰਹੇ ਹੋ ਕਿ, “ਜਿਹੜਾ ਸਿੱਖ ਇਹ ਕਹਿੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕੁੱਝ ਨਹੀਂ ਲਿਖਿਆ ਉਹ ਸਿੱਖ ਹੀ ਨਹੀਂ ਹੋ ਸਕਦਾ, ਉਸ ਨੇ ਸ੍ਰੀ (ਸਿਰੀ) ਦਸਮ ਗਰੰਥ ਸਾਹਿਬ ਵੇਖਿਆ ਹੀ ਨਹੀਂ, ਬੜੀ ਬੇਹੂਦਾ ਜਿਹੀ ਦਲੀਲ ਹੈ”। ਦਰਅਸਲ ਤੁਸੀਂ ਖੁਦ ਹੀ ਕਦੀ ਦਸਮ ਗ੍ਰੰਥ ਦੇ ਨੇੜ-ਤੇੜ ਨਹੀਂ ਗਏ। ਅਸਲ ‘ਚ ਤੁਸੀਂ ਸਰੂਪ ਦਾਸ ਭੱਲਾ ਦਾ ‘ਮਹਿਮਾ ਪ੍ਰਕਾਸ਼’ ਪੜ੍ਹਿਆ ਤੇ ਕੁੱਝ ਹੋਰ ਇਧਰੋਂ-ਉਧਰੋਂ ਮਸਾਲਾ ਇਕੱਠਾ ਕੀਤਾ ਹੋਇਆ ਹੈ। ਨਾ ਤੁਹਾਨੂੰ ਇਸ ਗ੍ਰੰਥ ਦੇ ਇਤਿਹਾਸ ਬਾਰੇ ਵਾਕਫੀ ਹੈ ਤੇ ਨਾ ਹੀ ਇਸ ਵਿਚਲੀਆਂ ਗਵਾਹੀਆਂ ਦਾ ਹੀ ਪਤਾ ਹੈ। ਆਓ ਤੁਹਾਡੀ ਇਸ ਗੱਲ-ਬਾਤ ਦਾ ਚੀਰ-ਫਾੜ ਕਰੀਏ।
ਦਸਮ ਗੁਰੂ ਦੇ ਸਮਕਾਲੀਆਂ ਦੇ ਨਾਮ ਗਿਣਦੇ ਤੁਸੀਂ ਕੇਸਰ ਸਿੰਘ ਛਿੱਬਰ, ਕੰਕਣ ਕਵੀ ਅਤੇ ਕਵੀ ਸੈਨਾਪਤੀ ਦਾ ਨਾਮ ਲੈਂਦੇ ਹੋ। ਤੁਹਾਨੂੰ ਤੇ ਇਹ ਵੀ ਪਤਾ ਨਹੀਂ ਕਿ ਕੇਸਰ ਸਿੰਘ ਛਿੱਬਰ ਗੁਰੂ ਜੀ ਦੇ ਅਕਾਲ ਚਲਾਣਾ ਕਰਨ ਤੋਂ ਅੱਠ ਸਾਲ ਬਾਅਦ 1715 ਈ: ਨੂੰ ਪੈਦਾ ਹੋਇਆ ਹੈ। ਜੇਕਰ ਤੁਸੀਂ “ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ” ਕ੍ਰਿਤ ਕੇਸਰ ਸਿੰਘ ਛਿੱਬਰ, ਪਿਆਰਾ ਸਿੰਘ ਪਦਮ ਦੁਆਰਾ ਛਾਪਿਆ, ਪੜ੍ਹਿਆ ਹੁੰਦਾ ਤਾਂ ਤੁਹਾਨੂੰ ਪਤਾ ਚੱਲ ਜਾਂਦਾ ਕਿ ਕੇਸਰ ਸਿੰਘ ਛਿੱਬਰ ਪੈਦਾ ਕਦੋਂ ਹੋਇਆ? ਕਵੀ ਸੈਨਾਪਤਿ ਦਾ ਗ੍ਰੰਥ ‘ ਸਿਰੀ ਗੁਰ ਸੋਭਾ’ ਮੇਰੇ ਕੋਲ ਹੈ ਤੇ ਉਸ ਵਿਚ ਕਿਤੇ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਕਿਸੇ ਗ੍ਰੰਥ ਜਾਂ ਕਿਸੇ ਬਾਣੀ ਦੇ ਲਿਖੇ ਹੋਣ ਦਾ ਜ਼ਿਕਰ ਨਹੀਂ। ਹਾਂ, ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਦਾ ਜ਼ਿਕਰ ਕਰਦੇ ਹੋਏ ਉਹ ਲਿਖਦੇ ਹਨ;
“  ਪ੍ਰਗਟ ਭਏ ਗੁਰੁ ਤੇਗ ਬਹਾਦਰ। ਸਗਲ ਸ੍ਰਿਸਟ ਪੈ ਜਾਕੀ ਚਾਦਰ।
     ਕਰਮ ਧਰਮ ਕੀ ਜਿਨਿ ਪਤਿ ਰਾਖੀ। ਅਟਲ ਕਰੀ ਕਲਿਯੁਗ ਮੈਂ ਸਾਖੀ”॥ 14॥
ਹੁਣ ਗੱਲ ਕਰੀਏ ਕਵੀ ਕੰਕਣ ਦੀ; ਸੰਤ ਸਿਪਾਹੀ ਦਾ ਹੀ ਪੋਸਟ ਕੀਤਾ ਇਸ ਕਵੀ ਦਾ ਗ੍ਰੰਥ, “ਦਸ ਗੁਰ ਕਥਾ” ਜਿਸਦੇ 52 ਪੰਨੇ ਹਨ ਅੱਜ ਮੈਂ ਉਹ ਸਾਰਾ ਪੜ੍ਹ ਕੇ ਤੁਹਾਨੂੰ ਜਵਾਬ ਲਿਖਣ ਲੱਗਾ ਹਾਂ। ਦਸਮ ਗੁਰੂ ਗੋਬਿੰਦ ਸਿੰਘ ਜੀ ਦੇ ਖਾਲਸਾ ਸਾਜਣਾ ਬਾਰੇ ਲਿਖ ਕੇ ਉਹ ਇਸ ਗ੍ਰੰਥ ਨੂੰ ਸਮਾਪਤ ਕਰ ਦਿੰਦੇ ਹਨ ਪਰ ਕਿਤੇ ਵੀ ਇਕ ਅੱਖਰ ਵੀ ਦਸਮ ਗੁਰੂ ਜੀ ਦੀਆਂ ਲਿਖਤਾਂ ਹੋਣ ਬਾਰੇ ਜਾਂ ਸਿਰੀ ਦਸਮ ਗ੍ਰੰਥ ਜਾਂ ਗੁਰੂ ਜੀ ਦੀ ਹੋਰ ਕਿਸੇ ਲਿਖਤ ਹੋਣ ਦਾ ਜ਼ਿਕਰ ਨਹੀਂ ਕਰਦੇ। ਸਗੋਂ ਗੁਰੂ ਗੋਬਿੰਦ ਸਿੰਘ ਜੀ ਵਲੋਂ ਕਿਸੇ ਮਜ਼ਬੀ ਸਿੱਖ ਨੂੰ ਦਿੱਲੀ ਘੱਲ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਧੜ ਨੂੰ ਅੰਮ੍ਰਿਤਸਰ ਮੰਗਵਾ ਕੇ , ਚੰਦਨ ਦੀ ਚਿਖਾ ਚਿਣ ਕੇ, ਆਪ ਦਾਗ ਦੇਣ ਦਾ ਵਰਨਣ ਹੈ ਜੋ ਵਿਸ਼ਵਾਸ ਕਰਨ ਦੇ ਯੋਗ ਨਹੀਂ ਸਗੋਂ ਸਰਾ-ਸਰ ਝੂਠ ਹੈ। ਗੁਰੂ ਗੋਬਿੰਦ ਸਿੰਘ ਜੀ ਆਪਣੇ ਸਾਰੇ ਜੀਵਨ ਕਾਲ ਵਿਚ ਕਦੀ ਵੀ ਅੰਮ੍ਰਿਤਸਰ ਨਹੀਂ ਗਏ। ਇਹ ਗੱਲ ਵੀ ਕੰਕਣ ਕਵੀ ਨੂੰ ਸ਼ੱਕ ਦੇ ਘੇਰੇ ਵਿਚ ਲਿਆ ਖੜਾ ਕਰਦੀ ਹੈ ਕਿ ਕੀ ਉਹ ਵਾਕਿਆ ਹੀ ਗੁਰੂ ਗੋਬਿੰਦ ਸਿੰਘ ਜੀ ਦਾ ਸਮਕਾਲੀ ਸੀ? ਕਿਸੇ ਵੀ ਮੁਰਦਾ ਸਰੀਰ ਨੂੰ ਚੰਦਨ ਦੀ ਚਿਖਾ ਵਿਚ ਅਗਨ ਭੇਟ ਕਰਨਾ, ਗੁਰਬਾਣੀ ਰਚੇਤਿਆਂ ਦੇ ਸਿਧਾਂਤ ਦੇ ਪ੍ਰਤੀਕੂਲ ਹੈ, ਪਰ ਇਹ ਕੰਮ ਲਾਂਬੂ ਲਾਉਣ ਵਾਲੇ ਲਾਂਬਿਆਂ ਦੇ ਅਨਕੂਲ ਹੈ।
“ਹੋਵੈ ਐਸਾ ਸਿੱਖ ਮਮ” ਸਤਿਗੁਰ ਕਹਿਆ ਸੁਨਾਇ॥ ਲੋਥ ਹਮਾਰੇ ਪਿਤਾ ਕੀ ਤਹਿ ਤੇ ਲਯਾਵੈ ਜਾਇ।181॥....॥ ਮਜ਼ਬੀ ਊਪਰ ਸਤਿਗੁਰੂ ਐਸੀ ਕ੍ਰਿਪਾ ਕੀਨ॥ ਅੰਮ੍ਰਿਤਸਰ ਤਾਲ ਕੀ ਬਾਹੀ ਚਉਥੀ ਦੀਨ॥187॥ ਇਕਠਾ ਕਰ ਚੰਦਨ ਅਧਿਕ ਲੀਨੀ ਚਿਤਾ ਬਨਾਇ॥187॥ ਸਤਿਗੁਰ ਦੀਨਾ ਦਾਗ ਨਿਜ ਊਪਰ ਲੋਥ ਧਰਾਇ॥188॥
ਇਸ ਗ੍ਰੰਥ ਦੇ ਕੁੱਲ ਪੰਨੇ 52 ਹਨ। ਇਸ ਗ੍ਰੰਥ ਵਿਚ ਕਿਤੇ ਵੀ ਜ਼ਿਕਰ ਨਹੀਂ ਮਿਲਦਾ ਕਿ ਕਵੀ ਕੰਕਣ ਗੁਰੂ ਜੀ ਦਾ ਸਮਕਾਲੀ ਸੀ। ਭਾਈ ਵੀਰ ਸਿੰਘ ਦੇ ਅਟਕਲ ਪੱਚੂ ਹੀ ਕਵੀ ਕੰਕਣ ਨੂੰ ਗੁਰੂ ਜੀ ਦਾ ਸਮਕਾਲੀ ਸਾਬਤ ਕਰਦੇ ਹਨ। ਹਾਂ! ਜਿਸ ਦਾ ਜ਼ਿਕਰ ਕਰਨਾ ਬਣਦਾ ਸੀ ਉਸ ਦਾ ਤੁਸੀਂ ਕੀਤਾ ਹੀ ਨਹੀਂ ਉਹ ਹਨ ਭਾਈ ਨੰਦ ਲਾਲ (ਸਿੰਘ) ਗੋਯਾ ਜਿਸ ਦੀਆਂ ਦੋ ਲਿਖਤਾਂ ਵਰਨਣ ਕਰਨ ਯੋਗ ਹਨ; ਰਹਿਤਨਾਮਾ ਅਤੇ ਤਨਖਾਹਨਾਮਾ। ਰਹਿਤਨਾਮਾ ਸੰਮਤ 1752 ਦਾ ਲਿਖਿਆ ਹੋਇਆ ਹੋਣ ਕਰਕੇ ਲਿਖਾਰੀ ਗੁਰੂ ਜੀ ਨੂੰ ਗੁਰਦੇਵ ਕਰਕੇ ਸੰਬੋਧਨ ਕਰਦਾ ਹੈ ਅਤੇ ਤਨਖਾਹਨਾਮਾ 1699 ਈ: ਤੋਂ ਬਾਅਦ ਦਾ ਲਿਖਿਆ ਹੋਣ ਕਰਕੇ ਗੁਰੂ ਜੀ ਦਾ ਪੂਰਾ ਨਾਮ,” ਕਹੈ ਗੋਬਿੰਦ ਸਿੰਘ ਲਾਲ ਜੀ” ਲਿਖਦਾ ਹੈ। ਭਾਈ ਨੰਦ ਲਾਲ (ਸਿੰਘ) ਕਿਤੇ ਵੀ ਗੁਰੂ ਜੀ ਦੀ ਕਿਸੇ ਲਿਖਤ ਦਾ ਜ਼ਿਕਰ ਨਹੀਂ ਕਰਦੇ। ਇਸੇ ਹੀ ਤਰ੍ਹਾਂ ‘ਪਰਚੀਆਂ ਗੁਰੂ ਕੀਆਂ” ਲਿਖਾਰੀ ਭਾਈ ਸੇਵਾ ਦਾਸ, ਜੋ ਗੁਰੂ ਜੀ ਤੇ ਅਕਾਲ ਚਾਲਾਣਾ ਕਰਨ ਤੋਂ ਸਿਰਫ 31-35 ਸਾਲ ਬਾਅਦ ‘ਚ ਲਿਖੀਆਂ ਗਈਆਂ ਹਨ, ਵਿਚ ਵੀ ਗੁਰੂ ਜੀ ਦੇ ਦਸਮ ਗ੍ਰੰਥ ਦਾ ਕੋਈ ਜ਼ਿਕਰ ਨਹੀਂ ਮਿਲਦਾ।

ਕੇਸਰ ਸਿੰਘ ਛਿੱਬਰ ਬਾਰੇ ਕੁੱਝ ਹੋਰ: ਛੋਟਾ ਗ੍ਰੰਥ ਜੀ ਜਨਮੇ ਸਾਹਿਬ ਦਸਵੇਂ ਪਾਤਸ਼ਾਹ ਕੇ ਧਾਮ। ਸੰਮਤ ਸਤਾਰਾਂ ਸੈ ਪਚਵੰਜਾ ਬਹੁਤ ਖਿਡਾਵੇ ਲਿਖਾਰੇ ਨਾਮ॥ ਅੱਗੇ ਜਾ ਕੇ ਲਿਖਦੇ ਹਨ; ਸਿਖਾਂ ਕੀਤੀ ਅਰਦਾਸ ਜੀ ਨਾਲ ਚਾਹੀਏ ਮਿਲਾਯਾ॥ ਬਚਨ ਕੀਤਾ ਗ੍ਰੰਥ ਹੈ ਉਹ ਇਹ ਅਸਾਡੀ ਖੇਡ। ਨਾਲ ਨਾ ਮਿਲਾਇਆ ਆਹਾ ਪਿਆਰਾ ਕਉਨ ਜਾਨੈ ਭੇਦ॥ ਜੇਕਰ ਛਿੱਬਰ ਦਾ ਦਿੱਤਾ ਸੰਮਤ 1755 ਦਸਮ ਗ੍ਰੰਥ ਨੂੰ ਸੰਪੂਰਨ ਕਰਨ ਦਾ ਮੰਨ ਲਿਆ ਜਾਵੇ ਤਾਂ ਜ਼ਫਰਨਾਮਾ ਦਸਮ ਗ੍ਰੰਥ ਦਾ ਹਿੱਸਾ ਨਹੀਂ ਹੋਣਾ ਚਾਹੀਦਾ ਕਿਉਂਕਿ ਇਹ ਲਿਖਤ ਸੰਮਤ 1763 ਦੇ ਨੇੜ-ਤੇੜ ਦੀ ਹੈ। ਬਹੁਤ ਖਿਡਾਵੇ ਲਿਖਾਰੇ ਨਾਮ ਦਾ ਮਤਲਬ ਇਹ ਬਣਦਾ ਹੈ ਕਿ ਲਿਖਣ ਵਾਲੇ ਕਵੀ ਇਕ ਨਹੀਂ ਬਹੁਤ ਸਾਰੇ ਹਨ। ਜਿਵੇਂ;
                                                ਗੁਰੂ ਅਰਜਨ ਕੇ ਧਾਮ ਗ੍ਰੰਥ ਸਾਹਿਬ ਜਨਮੁ ਹੈ ਧਾਰਾ॥
                                                ਦਾਯਾ ਸੀ ਭਾਈ ਗੁਰਦਾਸ ਲਿਖਾਰਾ ਖਿਡਾਵਣ ਹਾਰਾ॥266॥ ਬੰਸਵਲੀਨਾਮਾ ਪੱਤਰਾ 298॥ ਗੁਰੂ ਗ੍ਰੰਥ ਸਾਹਿਬ ਲਿਖਵਾਇਆ ਗੁਰੂ ਅਰਜਨ ਪਾਤਸਾਹ ਜੀ ਨੇ ਹੈ ਪਰ ਇਸ ਵਿਚ ਬਾਣੀ ਬਹੁਤੇ ਲਿਖਾਰੀਆਂ ਦੀ ਹੈ ਨਾ ਕੇ ਸਿਰਫ ਗੁਰੂ ਅਰਜਨ ਜੀ ਦੀ। ਛੋਟੇ ਗ੍ਰੰਥ ਦਾ ਮਤਲਬ ਦਸਮ ਗ੍ਰੰਥ ਨਹੀਂ ਬਣਦਾ ਜੇ ਬਣਦਾ ਹੈ ਤਾਂ ਵੀ ਲਿਖਾਰੀ ਇਕ ਨਾ ਹੋ ਕੇ ਬਹੁਤੇ ਲਿਖਾਰੀ ਹਨ। ਤਾਂ ਵੀ ਦਸਮ ਗ੍ਰੰਥ ਦਾ ਲਿਖਾਰੀ ਗੁਰੂ ਗੋਬਿੰਦ ਸਿੰਘ ਜੀ ਨਹੀਂ ਮੰਨਿਆ ਜਾ ਸਕਦਾ।
ਸਰੂਪ ਦਾਸ ਭੱਲਾ ਕ੍ਰਿਤ ‘ਮਹਿਮਾ ਪ੍ਰਕਾਸ਼’ “ਬੇਦ ਬਿਦਿਆ ਪ੍ਰਕਾਸ ਕੋ ਸੰਕਲਪ ਧਰਿਓ ਮਨ ਦਿਆਲ। ਪੰਡਤ ਪੁਰਾਨ ਇਕਤ੍ਰ ਕਰ ਭਾਖਾ ਰਚੀ ਬਿਸਾਲ॥1॥......॥ ਗੁਰਮੁਖੀ ਲਿਖਾਰੀ ਨਿਕਟ ਬੁਲਾਏ। ਤਾਕੋ ਸਭ ਬਿਧ ਦਈ ਬੁਝਾਏ। ਕਰ ਭਾਖਾ ਲਿਖੋ ਗੁਰਮੁਖੀ ਭਾਈ। ਮੁਨਿ ਮੋਕੋ ਦੇਹੁ ਕਥਾ ਸੁਨਾਈ॥5॥ ਗੁਰਸ਼ਰਨਜੀਤ ਸਿੰਘ ਲਾਂਬਾ ਜੀਓ! ਮਤਲਬ ਤੁਸੀਂ ਸਮਝ ਹੀ ਗਏ ਹੋਵੋਗੇ। ਪੰਡਤਾਂ ਨਾਲ ਗੁਰਮੁਖੀ ਲਿਖਾਰੀ ਲਾ ਕੇ ਸੰਸਕ੍ਰਿਤ ਦੇ ਗ੍ਰੰਥਾਂ ਦਾ ਉਲੱਥਾ ਕਰਵਾਇਆ। ਇਸੇ ਉਲੱਥੇ ਨੂੰ ਇਕੱਠਾ ਕਰਕੇ ਹੀ ‘ਵਿੱਦਿਆ ਸਾਗਰ’ ਨਾਮ ਦਾ ਗ੍ਰੰਥ ਬਣਾਇਆ ਗਿਆ। ਇਹੀ ਗ੍ਰੰਥ ਕਦੀ ਵਿੱਦਿਆਧਰ, ਕਦੀ ਬਚਿਤ੍ਰ ਨਾਟਿਕ, ਕਦੀ ਦਸਵੇਂ ਪਾਤਸ਼ਾਹ ਕਾ ਗ੍ਰੰਥ,  ਕਦੀ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਅਤੇ ਹੁਣ ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਕੱਲ੍ਹ ਨੂੰ “ਸ੍ਰੀ ਗੁਰੂ ਗ੍ਰੰਥ ਸਾਹਿਬ” ਬਣ ਜਾਵੇਗਾ।
ਸੰਬਤ ਸੱਤ੍ਰਹ ਸਹਸ ਭਣਿਜੈ॥ ਅਰਧ ਸਹਸ ਫੁਨਿ ਤੀਨਿ ਕਹਿਜੈ॥ ਭਾਦ੍ਰਵ ਸੁਦੀ ਅਸ਼ਟਮੀ ਰਵਿ ਵਾਰਾ॥ ਤੀਰ ਸਤੁੱਦ੍ਰਵ ਗ੍ਰੰਥ ਸੁਧਾਰਾ॥ 405॥ ਤੁਹਾਨੂੰ ਤਾਂ ਇਹ ਵੀ ਪੜ੍ਹਨਾ ਨਹੀਂ ਆਇਆ। ਤੁਹਾਨੂੰ ਤਾਂ ਇਸ ਗ੍ਰੰਥ ਵਿਚ ਆਈਆਂ ਤਰੀਕਾਂ ਦਾ ਵੀ ਨਹੀਂ ਪਤਾ ।  ਜਿਵੇਂ ਤੁਸੀਂ ਜ਼ਿਕਰ ਕਰਦੇ ਹੋ ਕਿ ਇਸ ਗ੍ਰੰਥ ਨੂੰ ਮੁਕੰਮਲ ਕਰਨ ਦੀਆਂ ਘੱਟੋ ਘੱਟ 10 ਤਰੀਕਾਂ ਹਨ। ਜੇਕਰ ਤੁਸੀਂ ਨੌਂ ਵੀ ਸਾਬਤ ਕਰ ਦਿਓ ਤਾਂ ਮੈਂ ਤੁਹਾਨੂੰ ਦਸ ਹਜ਼ਾਰ ਅਮਰੀਕਨ ਡਾਲਰ ਦਿਆਗਾਂ ਨਹੀਂ ਤਾਂ ਤੁਸੀਂ ਮੈਨੂੰ ਦੇਓਗੇ। ਇਹ ਮੇਰਾ ਤੁਹਾਨੂੰ ਚੈਲਿੰਜ਼ ਹੈ। ਪੰਨਾ 254, 354, 386, 570 ਅਤੇ 1388 ਤੇ ਇਹ ਪੰਜ ਤਰੀਕਾਂ ਆਈਆਂ ਹਨ ਇਸ ਤੋਂ ਵੱਧ ਕੁੱਝ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਣ ਹੋਣ ਦੀ ਇਕ ਤਰੀਕ ਹੈ। ਦਸਮ ਗ੍ਰੰਥ ਦੇ ਲਿਖਾਰੀ ਨੂੰ ਪੰਜ ਤਰੀਕਾਂ ਦੇਣ ਦੀ ਕੀ ਲੋੜ ਪਈ ਸੀ?
ਗਿਆਨੀ ਗਿਆਨ ਸਿੰਘ ਜੀ ਦਸਮ ਗ੍ਰੰਥ ਬਾਰੇ ਕੀ ਲਿਖਦੇ ਹਨ;
ਜੋ ਅਬ ਗ੍ਰੰਥ ਦਸਮ ਗੁਰ ਕੇਰਾ। ਕਹਿਲਾਵਤ ਮਧ ਪੰਥ ਅਛੇਰਾ। ਗੁਰ ਕੇ ਸਮੇ ਬੀੜ ਨਹਿ ਤਾਂਕੀ। ਭਈ ਬਾਣੀਆਂ ਰਹੀ ਇਕਾਂਕੀ। ਅਨਕੈ ਠੌਰ ਪੋਥੀਆਂ ਮਾਹਿ। ਬਾਣੀ ਰਹੀ ਦਸਮ ਗੁਰ ਵਾਹਿ। ਪੰਥ ਪ੍ਰ. ਪੰਨਾ 305। ਸੰ: 1931 ਬਿ:।
ਸਾਡਾ ਨਿੱਤਨੇਮ ਗੁਰੂ ਗ੍ਰੰਥ ਸਾਹਿਬ ਜੀ  ਮੁਢਲੇ 13 ਪੰਨੇ ਹਨ। ਕੀ ਤੁਸੀਂ ਇਹ ਸਾਬਤ ਕਰ ਸਕਦੇ ਹੋ ਕਿ ਅੱਜ ਵਾਲਾ ਨਿੱਤਨੇਮ ਗੁਰੂ ਗੋਬਿੰਦ ਸਿੰਘ ਜੀ ਹੀ ਲਾਗੂ ਕਰਕੇ ਗਏ ਹਨ? ਸਿੱਖ ਰਹਿਤ ਮਰਯਾਦਾ ਤਾਂ ਬਣਾਈ ਹੀ ਵੀਹਵੀਂ ਸਦੀ ਦੇ ਪਹਿਲੇ ਚੌਥੇ ਹਿੱਸੇ ਵਿਚ ਹੈ ਅਤੇ ਇਹ ਬਦਲਦੀ ਆਈ ਹੈ। ਅੱਜ ਤੋਂ ਕੋਈ 200 ਸਾਲ ਪਹਿਲਾਂ ਦਾ ਸਬੂਤ ਤੁਹਾਡੇ ਕੋਲ ਹੋਵੇ ਜੋ ਤੁਹਾਡੀ ਇਸ ਰਾਇ ਦੀ ਪ੍ਰੋੜਤਾ ਕਰਦਾ ਹੋਵੇ ਤਾਂ ਦੱਸਣਾ ਜੀਓ? ਸਿੱਖ ਰਹਿਤ ਮਰਯਾਦਾ ਦੀ ਇਹ ਗੱਲ ਵੀ ਗਲਤ ਸਾਬਤ ਹੁੰਦੀ ਹੈ ਕਿ ਸਿੱਖ ਓਹ ਹੈ ਜੋ ਦਸ ਗੁਰੂ ਸਹਿਬਾਨ ਦੀ ਬਾਣੀ ਤੇ ਨਿਸਚਾ ਰੱਖਦਾ ਹੋਵੇ। ਜੇਕਰ ਦਸਮ ਗ੍ਰੰਥ ਨੁੰ ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ ਮੰਨ ਵੀ ਲਿਆ ਜਾਵੇ ਤਾਂ ਵੀ ਸਾਨੂੰ ਛੇਵੇਂ, ਸੱਤਵੇਂ ਅਤੇ ਅੱਠਵੇਂ ਗੁਰੂ ਸਹਿਬਾਨ ਦਾ ਲਿਖਿਆ ਹੋਇਆ ਕੁੱਝ ਵੀ ਨਹੀਂ ਮਿਲਦਾ। ਸਿਰਫ ਸੱਤ ਗੁਰੂ ਸਾਹਿਬਾਨ ਦੀ ਬਾਣੀ ਹੈ। ਹੁਣ ਤੁਸੀਂ ਪੁੱਛੋ ਜਾ ਕੇ ਸਿੱਖ ਰਹਿਤ ਮਰਯਾਦਾ ਛਾਪਣ ਵਾਲਿਆਂ ਨੂੰ ਕਿ ਤਿੰਨ ਗੁਰੂ ਸਹਿਬਾਨ ਦੀ ਬਾਣੀ ਕਿੱਥੋ ਪੜ੍ਹੀਏ? ਕੀ ਬਾਣੀ ਲਿਖਣ ਵਾਲਿਆਂ ਨੂੰ ਹੀ ਅਸੀਂ ਆਪਣਾ ਗੁਰੂ ਮੰਨਣਾ ਹੈ?
ਕੀ ਗੁਰੂ ਗੋਬਿੰਦ ਸਿੰਘ ਜੀ ਭੁੱਲੜ ਸਨ; ਸੱਤ੍ਰਹ ਸੈ ਪੈਤਾਲ ਮੈ ਕੀਨੀ ਕਥਾ ਸੁਧਾਰ॥ ਚੂਕ ਹੋਇ ਜਹਿ ਤਹਿ ਸੁ ਕਬਿ ਲੀਜਹੁ ਸਕਲ ਸੁਧਾਰ॥755॥ਪੰਨਾ 354॥ ਇਸ ਤਰ੍ਹਾਂ ਦੀਆਂ ਪੰਗਤੀਆਂ ਇਸ ਗ੍ਰੰਥ ਵਿਚ ਕਈ ਵਾਰ ਆਉਦੀਆਂ ਹਨ।
ਦਸਮ ਗ੍ਰੰਥ ਦਾ ਲਿਖਾਰੀ ਮਹਾਂਕਾਲ ਦਾ ਪੁਜਾਰੀ ਹੈ ਤੇ ਉਸਦੇ ਸਿੱਖ ਬਣਾਉਣ ਦਾ ਤਰੀਕਾ ਹੈ ਸ਼ਰਾਬ ਅਫੀਮ ਭੰਗ ਪਿਆ ਕੇ ਨਾ ਕੇ ਖੰਡੇ-ਬਾਟੇ ਦੀ ਪਾਹੁਲ ਪਿਆ ਕੇ। ਦ. ਗ੍ਰੰ. ਪੰਨਾ 1210, ਚਰਿਤ੍ਰ 266 ਅਖੀਰਲਾ ਬੰਦ।
ਇਹ ਛਲ ਸੌ ਮਿਸਰਹਿ ਛਲਾ ਪਾਹਨ ਦਏ ਬਹਾਇ। ਮਹਾਕਾਲ ਕੋ ਸਿੱਖਯ ਕਰ ਮਦਰਾ ਭਾਂਗ ਪਵਾਇ॥125॥
ਕੀ ਗੁਰੂ ਜੀ ਦੇਵੀ ਦੇ ਪੁਜਾਰੀ ਸਨ?
ਸਰਬਕਾਲ ਹੈ ਪਿਤਾ ਹਮਾਰਾ॥ ਦੇਬਿ ਕਾਲਕਾ ਮਾਤ ਹਮਾਰਾ॥ 5॥ਪੰਨਾ 73॥ ਇਸਨੂੰ ਯੁਗਲ ਭਗਤੀ ਕਹਿੰਦੇ ਹਨ ਜੋ ਹਿੰਦੂ ਮੱਤ ਵਿਚ ਪ੍ਰਵਾਨ ਹੈ। ਜਿਵੇਂ: ਰਾਧੇ ਸ਼ਾਮ, ਸੀਤਾ ਰਾਮ, ਬਿਸ਼ਨੂੰ ਲੱਛਮੀ, ਮਹਾਂਕਾਲ ਤੇ ਕਾਲਕਾ॥ ਦਸਮ ਗ੍ਰੰਥ ਦਾ ਲਿਖਾਰੀ ਮਹਾਂਕਾਲ ਦੀ ਪੂਜਾ ਕਰਨ ਤੋਂ ਝੱਟ ਹੀ ਬਾਅਦ ਦੇਵੀ ਪੂਜਣ ਦਾ ਜ਼ਿਕਰ ਕਰਨਾ ਨਹੀਂ ਭੁੱਲਦਾ ਜੋ ਤਾਂਤਰਕ ਮੱਤ ਦਾ ਸਿਧਾਂਤ ਹੈ।
ਤਹ ਹਮ ਅਧਿਕ ਤਪੱਸਿਆ ਸਾਧੀ॥ ਮਹਾਂਕਾਲ ਕਾਲਕਾ ਅਰਾਧੀ॥ 2॥ਪੰਨਾ 54-55॥ ਕ੍ਰਿਪ ਕਰੀ ਹਮ ਪਰ ਜਗਮਾਤਾ॥ ਗ੍ਰੰਥ ਕਰਾ ਪੂਰਨ ਸੁਭਰਾਤਾ॥ ਕਿਲਬਿਖ ਸਕਲ ਦੇਹ ਕੋ ਹਰਤਾ॥ ਦੁਸਟ ਦੋਖਿਯਨ ਕੋ ਛੈ ਕਰਤਾ॥402॥ ਪੰਨਾ 1388॥
ਚਉਦਹ ਲੋਕਾਂ ਛਾਇਆ ਜਸੁ ਜਗਮਾਤ ਦਾ॥ ਦੁਰਗਾ ਪਾਠ ਬਣਾਇਆ ਸਭੇ ਪਉੜੀਆ॥ ਫੇਰਿ ਨ ਜੂਨੀ ਆਇਆ ਜਿਨਿ ਇਹ ਗਾਇਆ॥55॥ ਇਤਿ ਸ੍ਰੀ ਦੁਰਗਾ ਕੀ ਵਾਰ ਸਮਾਪਤੰ ਸਤੁ ਸੁਭਮ ਸਤੁ॥ ਪੰਨਾ 127॥ ਇਸ ਦੁਰਗਾ ਦੀ ਵਾਰ ਵਿਚੋਂ ਹੀ ਸਾਡੀ ਅਰਦਾਸ ਆਈ ਹੈ ਦਸਮ ਗ੍ਰੰਥ ਦੇ ਪੰਨਾ 119 ਤੋਂ ਸ਼ੁਰੂ ਹੁੰਦੀ ਹੈ॥।
ਦਸਮ ਗ੍ਰੰਥ ਦਾ ਰੱਬ ਕਿਹੋ ਜਿਹਾ ਹੈ?
ਚਤੁਰ ਬਾਂਹ ਚਾਰੰ॥ ਨਿਜੂਟ ਸੁਧਾਰੰ॥ ਗਦਾ ਪਾਸ ਸੋਹੰ॥ ਜਮੰ ਮਾਨ ਮੋਹੰ॥32॥ ਸੁਭੰ ਜੀਭ ਜੁਆਲੰ॥ ਸੁ ਦਾੜ੍ਹਾ ਕਰਾਲੰ॥ 33॥  ਪੰਨਾ 41॥ ਇਸਦੇ ਉਲਟ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1359 ਤੇ ਦਰਜ ਸਲੋਕ ਗਦਾ ਤੇ ਸੰਖ ਆਦਿ ਹੋਣ ਦੀ ਗੱਲ ਨੂੰ ਰੱਦ ਕਰਦਾ ਹੈ॥ ਨ ਸੰਖੰ ਨਾ ਚਕ੍ਰੰ ਨ ਗਦਾ ਨ ਸਿਅਮੰ॥ ਅਸਚ੍ਰਜ ਰੂਪੰ ਰਹੰਤ ਜਨਮੰ॥ ਨੇਤ ਨੇਤ ਕਥੰਤਿ ਬੇਦਾ॥ ਊਚ ਮੂਚ ਅਪਾਰ ਗੋਬੰਦਹ॥
ਦਸਮ ਗ੍ਰੰਥ ਦਾ ਰੱਬ ਸ਼ਰਾਬ ਵੀ ਪੀਂਦਾ ਹੈ। ਮਦਰਾ ਕਰ ਮੱਤ ਮਹਾ ਭਭਕੰ॥ ਬਨ ਮੈ ਮਨੋ ਬਾਘ ਬਚਾ ਬਬਕੰ॥ 53॥ ਪੰਨਾ 42॥
ਦਸਮ ਗ੍ਰੰਥ ਵਿਚ ਸ੍ਰਿਸ਼ਟੀ ਸਾਜਣ ਦਾ ਢੰਗ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਪਰੀਤ ਹੈ।
ਏਕ ਸ੍ਰਵਣ ਤੇ ਮੈਲ ਨਿਕਾਰਾ॥ ਤਾ ਤੇ ਮਧੁ ਕੀਟਬ ਤਨ ਧਾਰਾ॥ ਦੁਤੀਯ ਕਾਨ ਤੇ ਮੈਲੁ ਨਿਕਾਰੀ॥ ਤਾ ਤੇ ਭਈ ਸ੍ਰਿਸ਼ਟ ਇਹ ਸਾਰੀ॥13॥ ਪੰਨਾ 47॥ ਜਦੋਂ ਦੂਜੇ ਕੰਨ ਤੋਂ ਮੈਲ ਨਿਕਾਲਣ ਤੋਂ ਬਾਅਦ ਹੀ ਇਹ ਸਾਰੀ ਸ੍ਰਿਸ਼ਟੀ ਬਣੀ ਹੈ ਤਾਂ ਫਿਰ ਪਹਿਲੇ ਕੰਨ ਦੀ ਮੈਲ ਤੋਂ ਬਣਾਏ ਗਏ ਕੀੜੇ ਮਕੌੜੇ ਕਿਥੇ ਰੱਖੇ? ‘ਜਪੁ’ ਬਾਣੀ ਸ੍ਰਿਸ਼ਟੀ ਸਾਜਣ ਬਾਰੇ ਕੀ ਫੁਰਮਾਣ ਕਰਦੀ ਹੈ। ਥਿਤਿ ਵਾਰੁ ਨਾ ਜੋਗੀ ਜਾਣੈ ਰੁਤਿ ਮਾਹੁ ਨਾ ਕੋਈ ॥ ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ ॥
ਕਿਸੇ ਵੀ ਗ੍ਰੰਥ ਨੂੰ ਤੋਲਣ ਵਾਸਤੇ ਸਾਡੇ ਕੋਲ ਤੱਕੜ ਗੁਰੂ ਗਰੰਥ ਸਾਹਿਬ ਜੀ ਦਾ ਹੈ। ਜੋ ਇਸ ਤੱਕੜ ਤੇ ਪੂਰਾ ਨਹੀਂ ਤੁਲਦਾ, ਭਾਂਵੇ ਉਹ ਕਿਸੇ ਦਾ ਵੀ ਲਿਖਿਆ ਹੋਵੇ, ਉਸ ਗ੍ਰੰਥ ਦਾ ਸਿੱਖਾਂ ਨਾਲ ਕੋਈ ਸਬੰਧ ਨਹੀਂ। ਲਾਂਬਾ ਜੀਓ! ਡਾ. ਹਰਭਜਨ ਸਿੰਘ ਡੇਹਰਾਦੂਨ ਵਾਲੇ, ਡਾ. ਹਰਪਾਲ ਸਿੰਘ ਪੰਨੂੰ ਘੱਗੇ ਵਾਲਾ, ਡਾ. ਜੋਧ ਵਿਚ ਦਸਮ ਗ੍ਰੰਥ ਵਾਲਾ, ਤੁਸੀਂ ਅਤੇ ਤੁਹਾਡਾ ਸਾਰਾ ‘ਲੁੰਗ-ਲਾਣਾ’, ਜੋ ਆਰ. ਐਸ. ਐਸ, ਦੀ ਮੈਂਬਰਸ਼ਿਪ ਲਿਸਟ ਵਿਚ ਹਨ, ਦੋ ਚਾਰ ਪੰਗਤੀਆਂ ਹੀ ਦਸਮ ਗ੍ਰੰਥ ਵਿਚੋਂ ਸਟੇਜਾਂ ਤੇ ਬੋਲਦੇ ਹਨ। ਜਿਵੇ: ਅਵਰ ਬਾਸਨਾ ਨਾਹਿ ਪ੍ਰਭ ਧਰਮ ਜੁੱਧ ਕੈ ਚਾਇ॥2491॥ ਜਾਗਤ ਜੋਤ ਜਪੈ ਨਿਸ ਬਾਸੁਰ ਏਕ ਬਿਨਾ ਮਨ ਨੈਕ ਨ ਆਨੈ॥ ਆਦਿ। ਕਿਸੇ ਵੀ ਗ੍ਰੰਥ ਨੂੰ ਮਾਪਣ ਦਾ ਇਹ ਤਰੀਕਾ ਗਲਤ ਹੈ। ਕਿਸੇ ਵੀ ਗ੍ਰੰਥ ਬਾਰੇ ਕੋਈ ਫੈਸਲਾ ਲੈਣਾ ਹੈ ਤਾਂ ਪੂਰੇ ਦਾ ਪੂਰਾ ਗ੍ਰੰਥ ਤੋਲਣਾ ਪਵੇਗਾ। ਕਿਸੇ ਵੀ ਮਾੜੇ ਤੋਂ ਮਾੜੇ ਗ੍ਰੰਥ ਵਿਚ ਕੁੱਝ ਨਾ ਕੁੱਝ ਚੰਗਾ ਜਰੂਰ ਮਿਲ ਜਵੇਗਾ ਪਰ ਇਸਦਾ ਮਤਲਬ ਇਹ ਨਹੀਂ ਕਿ ਉਹ ਗ੍ਰੰਥ ਚੰਗਾ ਹੈ।
ਹਾਲੇ ਮੈਂ ਕੋਕ-ਸਾਸ਼ਤ੍ਰ ਵਾਲੇ ਹਿੱਸੇ ਅਤੇ ਸੱਤਵਾਰ ਸ਼ਰਾਬ ਵਿਚੋਂ ਸ਼ਰਾਬ ਕੱਢਣ ਵਾਲੇ ਹਿੱਸੇ ਨੂੰ ਛੇੜਿਆ ਨਹੀਂ। ਜੇਕਰ ਤੁਸੀਂ ਦਸਮ ਗ੍ਰੰਥ ਦੇ ਅੰਦਰੂਨੀ ਹਵਾਲਿਆਂ ਬਾਰੇ ਟੀ.ਵੀ. ਤੇ ਚਰਚਾ-ਵਾਰਤਾ ਕਰਨਾ ਚਾਹੋ ਤਾਂ ਮੈਂ ਤਿਆਰ ਹਾਂ ਜੀ। ਸਬੂਤ
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ # +1 647 966 1332