ਉਹ ਮੌਤਾਂ ਦੇ ਮੁਆਵਜੇ ਦੀ ਖੈਰਾਤ ਵੀ ਪਾਉਂਦੇ ਰਹਿਣਗੇ….. - ਬਘੇਲ ਸਿੰਘ ਧਾਲੀਵਾਲ

ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਚ ਸੂਬੇ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਉੱਪ ਮੁੱਖ ਮੰਤਰੀ ਕੇਸਵ ਪ੍ਰਸ਼ਾਦ ਮੌਰੀਆ ਅਤੇ ਕੇਂਦਰੀ ਗ੍ਰਿਹ ਰਾਜ ਮੰਤਰੀ ਅਜੈ ਮਿਸ਼ਰਾ ਦੇ ਦੌਰੇ ਦੌਰਾਨ ਕਿਸਾਨਾਂ ਵੱਲੋਂ ਕੀਤੇ ਵਿਰੋਧ ਪ੍ਰਦਰਸ਼ਣ ਤੋ ਗੁੱਸੇ ਵਿੱਚ ਆਏ ਕੇਂਦਰੀ ਰਾਜ ਮੰਤਰੀ ਦੇ ਪੁੱਤਰ ਅਸ਼ੀਸ਼ ਮਿਸ਼ਰਾ ਵੱਲੋਂ ਵਿਖਾਵਾਕਾਰੀ ਕਿਸਾਨਾਂ ਤੇ ਗੱਡੀ ਚੜਾ ਕੇ ਛੇ ਕਿਸਾਨਾਂ ਨੂੰ ਮਾਰ ਦੇਣ ਅਤੇ ਅੱਠ ਦਸ ਦੇ ਕਰੀਬ ਕਿਸਾਨਾਂ ਨੂੰ ਗੰਭੀਰ ਰੂਪ ਵਿੱਚ ਜਖਮੀ ਕਰਨ ਦੀਆਂ ਦਿਲ ਦਹਿਲਾਅ ਦੇਣ ਵਾਲੀਆਂ ਖਬਰਾਂ ਸਾਹਮਣੇ ਆਈਆਂ ਹਨ। ਸ਼ਰੇਆਮ ਗੁੰਡਾਗਰਦੀ ਦੀਆਂ ਜਨਤਕ ਹੋਈਆਂ ਵੀਡੀਓ ਨੇ ਦੇਸ਼ ਦੇ ਬੱਚੇ ਬੱਚੇ ਦਾ ਦਿਲ ਦਹਿਲਾਅ ਦਿੱਤਾ ਅਤੇ ਪੂਰੀ ਦੁਨੀਆਂ ਦਾ ਧਿਆਨ ਇਸ ਦਰਦਨਾਕ ਘਟਨਾ ਨੇ ਖਿੱਚਿਆ ਹੈ।ਇਸ ਸਰਕਾਰੀ ਸਰਪ੍ਰਸਤੀ ਪਰਾਪਤ ਦਹਿਸਤਗਰਦੀ ਨੇ ਹਰ ਸੂਝਵਾਨ ਨੂੰ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਕਦੇ ਵੀ ਲੋਕ ਹਿਤੂ ਨਹੀ ਹੋ ਸਕਦੀ। ਕਿਸਾਨੀ ਅੰਦੋਲਨ ਦੇ ਚੱਲਦਿਆਂ ਜਿਸਤਰਾਂ ਦਾ ਰਵੱਈਆ ਭਾਜਪਾ ਸਰਕਾਰ ਵਾਲੇ ਸੂਬਿਆਂ ਦਾ ਸਾਹਮਣੇ ਆਇਆ ਹੈ,ਉਹ ਕਦੇ ਵੀ ਲੋਕ ਰਾਜ ਦਾ ਨਮੂਨਾ ਪੇਸ ਨਹੀ ਕਰਦਾ,ਬਲਕਿ ਤਾਨਾਸ਼ਾਹੀ ਦੇ ਵਿਰਾਟ ਰੂਪ ਨੂੰ ਉੱਘੜਵੇਂ ਢੰਗ ਨਾਲ ਰੂਪਮਾਨ ਕਰਦਾ ਹੈ। ਬਿਨਾ ਸ਼ੱਕ ਕਿਸਾਨੀ ਅੰਦੋਲਨ ਹੁਣ ਪੰਜਾਬ ਜਾਂ ਪੰਜਾਬੀ ਕਿਸਾਨਾਂ ਦਾ ਨਹੀ ਰਿਹਾ,ਇਹ ਪੂਰੇ ਮੁਲਕ ਦੇ ਕਿਸਾਨਾਂ ,ਮਜਦੂਰਾਂ ਸਮੇਤ ਹਰ ਉਸ ਵਰਗ ਦਾ ਅੰਦੋਲਨ ਬਣ ਗਿਆ ਹੈ,ਜੋ ਖੁੱਲੀ ਅੱਖ ਅਤੇ ਜਾਗਦੇ ਦਿਮਾਗ ਨਾਲ ਭਾਰਤੀ ਹਕੂਮਤ ਦੀਆਂ ਫਿਰਕਾਪ੍ਰਸਤ ਅਤੇ ਸਰਮਾਏਦਾਰ ਪੱਖੀ ਨੀਤੀਆਂ ਨੂੰ ਲਾਗੂ ਹੁੰਦੇ ਦੇਖ ਅਤੇ ਸਮਝ ਰਿਹਾ ਹੈ।ਇਹ ਉਹਨਾਂ ਲੋਕਾਂ ਦਾ ਵੀ ਅੰਦੋਲਨ ਬਣ ਗਿਆ ਹੈ,ਜਿਹੜੇ ਕਿਸੇ ਵੀ ਕੀਮਤ ਤੇ ਦੇਸ਼ ਨੂੰ ਫਿਰਕੂ ਨਫ਼ਰਤ ਦੀ ਅੱਗ ਵਿੱਚ ਸੜਦਾ ਦੇਖਣ ਦੇ ਮੁਦਈ ਨਹੀ ਹਨ।ਇਹ ਵੀ ਸਚ ਹੈ ਕਿ ਭਾਵੇਂ ਅੰਦੋਲਨ ਦੇਸ਼ ਭਰ ਦੇ ਲੋਕਾਂ ਦਾ ਅੰਦੋਲਨ ਬਣ ਗਿਆ ਹੈ,ਪਰ ਇਸ ਦੇ ਬਾਵਜੂਦ ਅੰਦੋਲਨ ਚ ਸਿੱਖ ਕਿਸਾਨੀ ਦੀ ਸਰਗਰਮ ਭੂਮਿਕਾ ਹਮੇਸਾਂ ਹੀ ਅਸਰ-ਅੰਦਾਜ਼ ਰਹੀ ਹੈ,ਜਿਹੜੀ ਕੇਂਦਰੀ ਤਾਕਤਾਂ ਨੂੰ ਕਦੇ ਵੀ ਪਸੰਦ ਨਹੀ ਰਹੀ ਅਤੇ ਨਾ ਹੀ ਹੁਣ ਪਸੰਦ ਹੈ।ਪੰਜਾਬ,ਹਰਿਆਣਾ,ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਅੰਦਰ ਅੰਦੋਲਨ ਦੀ ਹਰ ਸਰਗਰਮੀ ਚ ਸਿੱਖ ਕਿਸਾਨੀ ਮੋਹਰੀ ਅਤੇ ਭਾਰੂ ਰਹੀ ਹੈ,ਇਹੋ ਕਾਰਨ ਹੈ ਕਿ ਜਾਲਮ ਤਾਕਤਾਂ ਦਾ ਨਿਸਾਨਾ ਵੀ ਹਮੇਸਾ ਸਿੱਖ ਕਿਸਾਨ ਬਣਦੇ ਰਹੇ। 26  ਜਨਵਰੀ ਦੀ ਘਟਨਾ ਵਿੱਚ ਪੁਲਿਸ ਦੀ ਕਰੋਪੀ ਦਾ ਸਿਕਾਰ ਹੋਕੇ ਕਿਸਾਨੀ ਅੰਦੋਲਨ ਦੇ ਸਭ ਤੋ ਪਹਿਲੇ ਸ਼ਹੀਦ ਹੋਣ ਦਾ ਮਾਣ ਪਰਾਪਤ ਕਰਨ ਵਾਲੇ,ਪੰਥਕ ਸਖਸ਼ੀਅਤ ਅਤੇ ਸਿੱਖ ਵਿਦਵਾਨ ਬਾਬਾ ਹਰਦੀਪ ਸਿੰਘ ਡਿਬਡਿਬਾ ਦੇ ਪੋਤਰੇ ਕਾਕਾ ਨਵਰੀਤ ਸਿੰਘ ਤੋ ਲੈ ਕੇ ਬੀਤੇ ਦਿਨ ਉੱਤਰ ਪ੍ਰਦੇਸ਼ ਦੇ ਲਖੀਮਪੁਰ ਦੀ ਘਟਨਾ ਚ ਸ਼ਹੀਦ ਹੋਣ ਵਾਲੇ ਛੇ ਕਿਸਾਨਾਂ ਤੱਕ ਅਤੇ ਅੰਦੋਲਨ ਦੌਰਾਨ ਹੋਈਆਂ ਸੱਤ ਸੌ ਦੇ ਕਰੀਬ ਕਿਸਾਨੀ ਮੌਤਾਂ ਦੀ ਗਿਣਤੀ ਵਿੱਚ ਵੀ ਜਿਆਦਾ ਮੌਤਾਂ ਪੰਜਾਬ ਦੇ ਹਿੱਸੇ ਆਈਆਂ ਹਨ,ਜਿਸਨੂੰ ਸਮਝਣ ਦੀ ਲੋੜ ਹੈ।ਇਸ ਦਾ ਮਤਲਬ ਇਹ ਨਹੀ ਕਿ ਇਹ ਮੌਤਾਂ ਨੂੰ ਕਿਸੇ ਧਰਮ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ,ਬਲਕਿ ਇਹਦਾ ਮਤਲਬ ਇਹ ਹੋਣਾ ਚਾਹੀਦਾ ਹੈ ਕਿ ਇਹਨਾਂ ਵੱਡੀ ਗਿਣਤੀ ਸਿੱਖ ਕਿਸਾਨਾਂ ਦੀਆਂ ਕੁਰਬਾਨੀਆਂ ਹੋਣ ਦਾ ਮਤਲਬ ਕੀ ਹੈ ? ਕਿਉਂ ਹਰ ਪਾਸੇ ਸਿੱਖ ਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ?ਇਹ ਵੀ ਕੌੜਾ ਸੱਚ ਹੈ ਕਿ ਕਿਸਾਨੀ ਅੰਦੋਲਨ ਦੀ ਲੀਡਰਸ਼ਿੱਪ ਖੱਬੇ ਪੱਖੀ ਸੋਚ ਦੇ ਗਹਿਰੇ ਪ੍ਰਭਾਵ ਅਧੀਨ ਹੋਣ ਕਰਕੇ ਸਿੱਖ ਕੌਂਮ ਦੀ ਭੂਮਿਕਾ ਨੂੰ ਹਮੇਸਾ ਨਜਰ ਅੰਦਾਜ਼ ਕਰਦੀ ਆਈ ਹੈ,ਬਲਕਿ ਸਿੱਖ ਪੁਰਖਿਆਂ ਤੋ ਪਰੇਰਨਾ ਲੈ ਕੇ ਦਿੱਲੀ ਦੀ ਹਿੱਕ ਤੇ ਝੰਡੇ ਗੱਡਣ ਵਾਲੀ ਪੰਜਾਬ ਦੀ ਜਵਾਨੀ ਨੂੰ ਅੰਦੋਲਨ ਤੋ ਹੀ ਦੂਰ ਕਰ ਦਿੱਤਾ। ਜੇਕਰ ਕਿਸਾਨੀ ਅੰਦੋਲਨ ਨੇ ਐਨੀਆਂ ਮੌਤਾਂ ਅਤੇ ਦਰਦਨਾਕ ਸ਼ਹਾਦਤਾਂ ਤੋ ਬਾਅਦ ਮਿਰਤਕਾਂ ਅਤੇ ਜਖਮੀਆਂ ਦੇ ਪਰਿਵਾਰਾਂ ਨੂੰ ਮੁਆਵਜਾ ਦਿਵਾਏ ਜਾਣ ਨੂੰ ਵੀ ਪਰਾਪਤੀਆਂ ਦੀ ਲਿਸਟ ਵਿੱਚ ਸ਼ਾਮਲ ਕੀਤਾ ਹੋਇਆ ਹੈ,ਤਾਂ ਸਮਝਣਾ ਚਾਹੀਦਾ ਹੈ,ਕਿ ਇਹ ਅੰਦੋਲਨ ਦੀ ਅਗਵਾਈ ਕਰਨ ਵਾਲੇ ਆਗੂ, ਦੇਸ਼ ਦੇ ਲੱਖਾਂ ਦੀ ਗਿਣਤੀ ਵਿੱਚ ਅੰਦੋਲਨ ਨਾਲ ਦਿਲੀ ਭਾਵਨਾਵਾਂ ਨਾਲ ਜੁੜੇ ਕਿਸਾਨਾਂ ਮਜਦੂਰਾਂ ਦੀਆਂ ਭਾਵਨਾਵਾਂ ਨਾਲ ਵਿਸਾਹ-ਘਾਤ ਕਰ ਰਹੇ ਹਨ। ਇਹ ਪਰਾਪਤੀਆਂ ਦੀ ਲਿਸਟ ਵਿੱਚ ਸ਼ਾਮਲ ਨਹੀ ਹੋਣਾ ਚਾਹੀਦਾ ਕਿ ਕਿਸਾਨੀ ਅੰਦੋਲਨ ਚ ਮਰਨ ਵਾਲੇ ਹਰ ਕਿਸਾਨ,ਮਜਦੂਰ ਦੇ ਪਰਿਵਾਰ ਨੂੰ ਸਰਕਾਰ ਤੋ ਮੁਆਵਜੇ ਦੇ ਚੈਕ ਲੈ ਕੇ ਦਿੱਤੇ ਜਾ ਰਹੇ ਹਨ। ਜੇਕਰ ਅੰਦੋਲਨ ਦੀ ਪਰਾਪਤੀ ਦੀ ਗੱਲ ਕੀਤੀ ਜਾਵੇ,ਤਾਂ ਸਭ ਤੋ ਵੱਡੀ ਅਤੇ ਇੱਕੋ ਇੱਕ ਪਰਾਪਤੀ ਇਹ ਹੀ ਸਮਝੀ ਜਾ ਸਕਦੀ ਹੈ, ਕਿ ਇਸ ਅੰਦੋਲਨ ਨੇ ਪੂਰੇ ਦੇਸ਼ ਦੇ ਕਿਸਾਨਾਂ ਮਜਦੂਰਾਂ ਨੂੰ ਜਾਗਰੂਕ ਕਰਕੇ ਸਾਂਝੇ ਘੋਲ ਚ ਸ਼ਾਮਲ ਕਰ ਲਿਆ ਹੈ।ਇਹੋ ਕਾਰਨ ਹੈ ਕਿ ਉੱਤਰ ਪ੍ਰਦੇਸ਼ ਦੇ ਲਖੀਮਪੁਰ ਦੀ ਘਟਨਾ ਦਾ ਪ੍ਰਤੀਕਰਮ ਦੇਸ਼  ਦੇ ਵੱਖ ਵੱਖ ਸੂਬਿਆਂ ਚ ਦੇਖਿਆ ਜਾ ਰਿਹਾ ਹੈ। ਅੰਦੋਲਨ ਦੀਆਂ ਹੱਕੀ ਮੰਗਾਂ ਪ੍ਰਤੀ ਸਰਕਾਰ ਦੇ ਅੜੀਅਲ ਰਵੱਈਏ ਪਿੱਛੇ,ਜਿੱਥੇ ਅੰਡਾਨੀ ਅੰਬਾਨੀਆਂ ਦਾ ਸਰਕਾਰ ਤੇ ਗਲਬਾ ਹੋਣਾ ਸਮਝਿਆ ਜਾ ਰਿਹਾ,ਓਥੇ ਰਵਾਇਤੀ ਕਿਸਾਨੀ ਲੀਡਰਸ਼ਿੱਪ ਨੂੰ ਵੀ ਕਸੂਰਵਾਰ ਮੰਨਿਆ ਜਾ ਰਿਹਾ ਹੈ।ਕਿਸਾਨੀ ਅੰਦੋਲਨ ਦੇ ਲਟਕਣ ਦਾ ਮੁੱਖ ਕਾਰਨ ਸੱਚਮੁੱਚ ਇਹ ਹੈ ਕਿ ਕਿਸਾਨੀ ਲੀਡਰਸ਼ਿੱਪ ਦੇਸ਼ ਦੀ ਸਿਆਸੀ ਜਮਾਤ ਤੋ ਹਟਵੀਂ ਨਹੀ ਹੈ,ਬਲਕਿ ਬਿਲਕੁਲ ਉਸੇਤਰਾਂ ਦੀ ਨੀਤੀ ਨਾਲ ਹੀ ਅੱਗੇ ਵਧਦੀ ਆ ਰਹੀ ਹੈ,ਜਿਸ ਕਰਕੇ ਹੁਣ ਤਕ ਕਿਸਾਨ ਜਥੇਬੰਦੀਆਂ ਦੀ ਸਾਂਝ ਅਪਣੇ ਲੋਕਾਂ ਨਾਲੋਂ ਵੱਧ,ਸਿਆਸੀ ਜਮਾਤਾਂ ਨਾਲ ਜਿਆਦਾ ਰਹੀ ਹੈ।ਕਿਸਾਨ ਯੂਨੀਆਨ ਦੇ ਪ੍ਰਧਾਨ ਭਪਿੰਦਰ ਸਿੰਘ,ਅਜਮੇਰ ਸਿੰਘ ਲੱਖੋਵਾਲ ਅਤੇ ਦਿੱਲੀ ਕਿਸਾਨੀ ਅੰਦੋਲਨ ਦੇ ਮੌਜੂਦਾ ਵੱਡੇ ਆਗੂ ਬਲਵੀਰ ਸਿੰਘ ਰਾਜੇਵਾਲ ਸਮੇਤ ਬਹੁਤ ਸਾਰੇ ਆਗੂ ਹਨ,ਜਿੰਨਾਂ ਤੇ ਜਥੇਬੰਦੀਆਂ ਦੀ ਤਾਕਤ ਦੀ ਆੜ ਚ ਨਿੱਜੀ ਲਾਭ ਲੈਣ ਦੇ ਦੋਸ ਜਨਤਕ ਹੁੰਦੇ ਰਹੇ ਹਨ।ਕਿਸਾਨੀ  ਅੰਦੋਲਨ ਚ ਲੱਖਾਂ ਦੇ ਇਕੱਠ ਹੋਣ ਅਤੇ ਕਿਸਾਨਾਂ ਦਾ ਕਿਸੇ ਵੀ ਤਰਾਂ ਦੀਆਂ ਕੁਰਬਾਨੀਆਂ ਤੋ ਪਿੱਛੇ ਨਾ ਰਹਿਣ ਦੇ ਬਾਵਜੂਦ ਵੀ ਨਾਕਾਮਯਾਬੀ ਦਾ ਕਾਰਨ ਇਹ ਹੈ ਕਿ ਜਿਸਤਰਾਂ ਵੱਖ ਵੱਖ ਸਿਆਸੀ ਪਾਰਟੀਆਂ ਦੇ ਵਰਕਰ ਤਾਂ ਭੋਲ਼ੇ ਭਾਅ ਚ ਅਪਣੀ ਪਾਰਟੀ ਲਈ ਹਰ ਕੁਰਬਾਨੀ ਕਰਨ ਨੂੰ,ਤਿਆਰ ਹੋ ਜਾਂਦੇ ਹਨ,ਪਰ ਆਗੂ ਸਿਆਸੀ ਲਾਹਾ ਲੈਣ ਤੱਕ ਸੀਮਤ ਹੁੰਦੇ ਹਨ,ਠੀਕ ਇਸਤਰਾਂ ਦਾ ਹਾਲ ਹੀ ਕਿਸਾਨੀ ਅੰਦੋਲਨ ਦਾ ਵੀ ਹੈ, ਜਿੱਥੇ ਲੱਖਾਂ ਕਿਸਾਨਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ,ਤੇ ਉਹ ਹਰ ਕੁਰਬਾਨੀ ਦੇਣ ਲਈ ਹਿੱਕਾਂ ਡਾਹ ਦਿੰਦੇ ਹਨ, ਪਰ ਆਗੂਆਂ ਦਾ ਪੈਂਤੜਾ ਸਿਆਸੀ ਹੈ,ਜਿਸ ਕਰਕੇ ਕੁਰਬਾਨੀਆਂ ਦਾ ਮੁੱਲ ਵੀ ਉਹ ਅਪਣੇ ਹਿਸਾਬ ਨਾਲ ਹੀ ਅੰਕਦੇ ਹਨ।ਉਦਾਹਰਣ ਦੇ ਤੌਰ ਤੇ ਜਿਸਤਰਾਂ ਉੱਤਰ ਪ੍ਰਦੇਸ਼ ਚ ਸ਼ਹੀਦ ਅਤੇ ਜਖਮੀ ਹੋਏ ਕਿਸਾਨਾਂ ਤੋ ਬਾਅਦ ਦਿੱਲੀ ਵੱਲ ਵਧਣ ਦੀ ਬਜਾਏ ਸੰਯੁਕਤ ਕਿਸਾਨ ਮੋਰਚੇ ਵੱਲੋਂ ਅਪਣੇ ਅਪਣੇ ਸੂਬਿਆਂ ਦੇ ਡੀ ਸੀ ਨੂੰ ਮੰਗ ਪੱਤਰ ਦੇਣ ਦਾ ਜੋ ਸੱਦਾ ਦਿੱਤਾ ਸੀ,ਬਹੁ ਗਿਣਤੀ ਵਿੱਚ ਬੁੱਧੀਜੀਵੀ ਅਤੇ ਸੂਝਵਾਂਨ ਲੋਕ ਮੋਰਚੇ ਦੇ ਇਸ ਸੱਦੇ ਨੂੰ ਤਰਕਹੀਣ ਤੇ ਕੇਂਦਰ ਸਰਕਾਰ ਦੀ ਘੁਰਕੀ ਤੋ ਡਰ ਕੇ ਦਿੱਤਾ ਗਿਆ ਫੈਸਲਾ ਸਮਝ ਰਹੇ ਹਨ।ਇਹ ਵਾਜਬ ਵੀ ਹੈ ਕਿ ਦੋਸ਼ੀ ਕੇਂਦਰ ਸਰਕਾਰ ਅਤੇ ਉਹਨਾਂ ਦੇ ਮੰਤਰੀ ਹਨ,ਫਿਰ ਪੰਜਾਬ ਦੇ ਡੀ ਸੀ ਇਹਨਾਂ ਮੰਗ ਪੱਤਰਾਂ ਨੂੰ ਰੱਦੀ ਦੀ ਟੋਕਰੀ ਚ ਸੁੱਟਣ ਤੋ ਸਿਵਾਏ ਹੋਰ ਕੁੱਝ ਵੀ ਨਹੀ ਕਰ ਸਕਦੇ। ਹਰ  ਕੋਈ ਕਸ਼ਮੀਰ ਚ ਤੈਨਾਤ ਡਿਪਟੀ ਕਮਿਸ਼ਨਰ ਕੰਨਨ ਗੋਪੀ ਨਾਥਨ ( ਭਾਰਤੀ ਸਿਵਲ ਸੇਵਾ ਦੇ ਕੇਰਲ ਕੇਡਰ 2012 ਬੈਚ ਦੇ ਅਧਿਕਾਰੀ,ਜਿਸ ਨੇ ਅਪਣੇ ਅਧਿਕਾਰਾਂ ਦੀ ਵਰਤੋ ਨਾ ਕਰ ਸਕਣ ਕਰਕੇ ਅਤੇ ਜੰਮੂ ਕਸ਼ਮੀਰ ਦੇ ਲੋਕਾਂ ਦੇ ਮੁਢਲੇ ਅਧਿਕਾਰ ਖੋਹੇ ਜਾਣ ਦੇ ਰੋਸ ਵਜੋ ਅਪਣੇ ਉੱਚ ਆਹੁਦੇ ਤੋ ਅਸਤੀਫਾ ਦੇ ਦਿੱਤਾ ਸੀ)  ਨਹੀ ਬਣ ਸਕਦਾ। ਭਾਜਪਾ ਦੀ ਕੇਂਦਰੀ ਹਾਈਕਮਾਂਡ ਇਹ ਚੰਗੀ ਤਰਾਂ ਸਮਝਦੀ ਹੈ ਕਿ ਕਿਸਾਨਾਂ ਦੇ ਆਗੂ ਕੋਈ ਵੀ ਅਜਿਹਾ ਕਦਮ ਨਹੀ ਚੁੱਕ ਸਕਦੇ,ਜਿਸ ਨਾਲ ਕੇਂਦਰ ਲਈ ਮੁਸ਼ਕਲਾਂ ਪੈਦਾ ਹੁੰਦੀਆਂ ਹੋਣ,ਉਹ ਸਮਝ ਚੁੱਕੀ ਹੈ ਕਿ ਕਿਸਾਨ ਟਕਰਾਓ ਦੇ ਰਾਹ ਨਹੀ ਪੈਣਗੇ,ਇਸ ਲਈ ਹੀ ਉਹਨਾਂ ਨੇ ਕਿਸਾਨਾਂ ਤੇ ਹਮਲੇ ਕਰਨੇ ਅਰੰਭ ਕਰ ਦਿੱਤੇ ਹਨ,ਤਾਂ ਕਿ ਅੰਦੋਲਨ ਚ ਸ਼ਾਮਲ ਕਿਸਾਨਾਂ, ਮਜਦੂਰਾਂ ਚ ਮੌਤ ਦੀ ਦਹਿਸਤ ਪੈਦਾ ਕਰਕੇ ਉਹਨਾਂ ਨੂੰ ਅੰਦੋਲਨ ਤੋ ਦੂਰ ਕੀਤਾ ਜਾ ਸਕੇ।ਇਸ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਇੱਕ ਵੀਡੀਓ ਵੀ  ਜਨਤਕ ਹੋ ਰਹੀ ਹੈ,ਜਿਸ ਵਿੱਚ ਉਹ ਭਾਜਪਾ ਦੇ ਕਾਰਕੁਨਾਂ ਨੂੰ ਕਿਸਾਨਾਂ ਤੇ ਹਮਲੇ ਕਰਨ ਲਈ ਸਿੱਧੇ ਤੌਰ ਤੇ ਉਕਸਾ ਰਹੇ ਹਨ।ਉਹ ਇੱਥੋਂ ਤੱਕ ਕਹਿ ਰਹੇ ਹਨ ਕਿ ਕੋਈ ਬਾਤ ਨਹੀ ਅਗਰ ਆਪ ਚਾਰ ਛੇ ਮਹੀਨੇ ਅੰਦਰ ਵੀ ਲਾ ਕੇ ਆਓਗੇ ਤਾਂ ਵੱਡੇ ਲੀਡਰ ਬਣ ਜਾਓਗੇ।ਸੋ ਭਾਜਪਾ ਦਾ ਇਸਤਰਾਂ ਦਾ ਹੌਸਲਾ ਸਪੱਸਟ ਕਰਦਾ ਹੈ ਕਿ ਉਹ ਕਿਸਾਨਾਂ ਦੀਆਂ ਮੰਗਾਂ ਮੰਨਣ ਨਾਲੋ ਉਹਨਾਂ ਨੂੰ ਸਬਕ ਸਿਖਾਉਣ ਦਾ ਮਨ ਜਿਆਦਾ ਬਣਾਈ ਬੈਠੇ ਹਨ,ਜਿਸ ਲਈ ਉਹ ਪਾਰਟੀ ਦੇ ਦੰਗਾਕਾਰੀਆਂ ਨੂੰ ਉਤਸਾਹਿਤ ਕਰ ਰਹੇ ਹਨ,ਤਾਂ ਕਿ ਪਹਿਲਾਂ ਅਪਣੇ ਕਾਰਕੁਨਾਂ ਤੋਂ ਹਮਲੇ ਕਰਵਾ ਕੇ,ਬਾਅਦ ਵਿੱਚ ਬਹਾਨਾ ਲੈ ਕੇ ਸਰਕਾਰੀ ਡੰਡਾਤੰਤਰ ਅਤੇ ਗੋਲੀਤੰਤਰ ਨਾਲ ਅੰਦੋਲਨ ਨੂੰ ਕੁਚਲਿਆ ਜਾ ਸਕੇ।ਭਾਂਵੇਂ ਇਸ ਦੇ ਜਵਾਬ ਵਿਛ ਹਰਿਆਣੇ ਦੇ ਕਿਸਾਨ ਆਗੂ ਗੁਰਨਾਮ ਸਿੰਘ ਚੰਡੂਨੀ ਨੇ ਵੀ ਮੁੱਖ ਮੰਤਰੀ ਖੱਟਰ ਨੂੰ ਕਰਾਰਾ ਜਵਾਬ ਦਿੱਤਾ ਹੈ,ਪਰ ਹੈਰਾਨੀ ਇਸ ਗੱਲ ਤੋ ਹੁੰਦੀ ਹੈ ਕਿ ਵੱਡੇ ਕਿਸਾਨ ਨੇਤਾ ਬਲਵੀਰ ਸਿੰਘ ਰਾਜੇਵਾਲ ਨੇ ਸੁਪਰੀਮ ਕੋਰਟ ਦੀ ਟਿੱਪਣੀ ਤੇ ਜਰੂਰ ਕਰੜੀ ਟਿੱਪਣੀ ਕੀਤੀ ਹੈ,ਜੋ ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਨੇਤਾ ਹੋਣ ਦੇ ਨਾਤੇ ਉਹਨਾਂ ਨੂੰ ਕਰਨੀ ਵੀ ਬਣਦੀ ਸੀ,ਪਰ ਮਨੋਹਰ ਲਾਲ ਖੱਟਰ ਵਾਲੀ ਵੀਡੀਓ ਤੇ ਉਹਨਾਂ ਵੱਲੋਂ ਕੁੱਝ ਵੀ ਨਾ ਕਹਿਣਾ ਉਹਨਾਂ ਨੂੰ ਬਹੁਤ ਸਾਰੇ ਸਵਾਲਾਂ ਦੇ ਘੇਰੇ ਚ ਲੈ ਆਉਂਦਾ ਹੈ।ਸੋ ਸਰਕਾਰ ਵੱਲੋਂ ਤਿਆਰ ਕੀਤੇ ਜਾ ਰਹੇ ਅਜਿਹੇ ਮਹੌਲ ਦੇ ਮੱਦੇਨਜਰ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਆਪਣਾ ਮਾਸ ਬਚਾਊ ਨੀਤੀ ਦਾ ਤਿਆਗ ਕਰਕੇ ਅਪਣੇ ਅੰਦਰ ਕੁਰਬਾਨੀ ਦੀ ਭਾਵਨਾ ਪੈਦਾ ਕਰਨੀ ਪਵੇਗੀ,ਤਾਂ ਹੀ ਆਮ ਕਿਸਾਨਾਂ ਦੀਆਂ ਜਾਨਾਂ ਨੂੰ ਅਜਾਈਂ ਜਾਣ ਤੋ ਬਚਾਇਆ ਜਾ ਸਕੇਗਾ,ਨਹੀ ਤਾਂ ਉਹ ਦਿਨ ਦੂਰ ਨਹੀ,ਜਦੋ ਭਾਜਪਾ ਦਾ ਕਰੂਰ ਵਰਤਾਰਾ ਸੰਯੁਕਤ ਕਿਸਾਨ ਮੋਰਚੇ ਦੇ ਸਾਂਤਮਈ ਸਲੋਗਨ ਦਾ ਫਾਇਦਾ ਉਠਾ ਕੇ ਅੰਦੋਲਨਕਾਰੀ ਕਿਸਾਨਾਂ ਤੇ ਜਾਨਲੇਵਾ ਹਮਲੇ ਕਰੇਗਾ,ਅਤੇ ਕਿਸਾਨ ਨੇਤਾ ਲਖੀਮਪੁਰ ਦੀਆਂ ਸ਼ਹਾਦਤਾਂ ਵਾਂਗ ਕਿਸਾਨਾਂ ਦੀਆਂ ਮੌਤਾਂ ਦੇ ਮੁਆਵਜੇ ਲੈਣ ਲਈ ਝੋਲੀਆਂ ਅੱਡਦੇ ਰਹਿ ਜਾਣਗੇ,ਉੱਧਰ ਜਾਲਮ ਹਾਕਮ ਕਿਸਾਨਾਂ ਨੂੰ ਮੌਤਾਂ ਦੇ ਮੁਆਵਜੇ ਦੀ ਖੈਰਾਤ ਵੀ ਪਾਉਂਦੇ ਰਹਿਣਗੇ,ਪਰ ਜੁਲਮੀ ਵਰਤਾਰਾ ਵੀ ਹਸਰ ਤੱਕ ਬੰਦ ਨਹੀ ਹੋਵੇਗਾ।ਇਸ ਲਈ ਚੰਗਾ ਹੋਵੇਗਾ ਜੇ ਹੁਣੇ ਤੋ ਹੀ ਭਾਜਪਾ ਦੀਆਂ ਸਾਜਿਸ਼ਾਂ ਨੂੰ ਠੱਲ੍ਹ ਪਾਉਣ ਲਈ ਕਰੜੇ ਫੈਸਲੇ ਲਏ ਜਾਣ ਅਤੇ ਇਹਨਾਂ ਮਾਰੂ ਮਨਸੂਬਿਆਂ ਦੇ ਖਿਲਾਫ ਇਕ ਮੱਤ ਹੋ ਕੇ ਅੰਦੋਲਨ ਨੂੰ ਨਵੀ ਰੂਪ ਰੇਖਾ ਦਿੱਤੀ ਜਾਵੇ।

ਬਘੇਲ ਸਿੰਘ ਧਾਲੀਵਾਲ
99142-58142