ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ  - ਰਾਮਚੰਦਰ ਗੁਹਾ

ਸੰਨ 1931 ਵਿਚ ਇੰਡੀਅਨ ਨੈਸ਼ਨਲ ਕਾਂਗਰਸ ਦੀ ਸਾਲਾਨਾ ਮੀਟਿੰਗ ਸਮੁੰਦਰ ਕੰਢੇ ਵੱਸੇ ਸ਼ਹਿਰ ਕਰਾਚੀ ਵਿਚ ਹੋਈ ਜਿਸ ਵਿਚ ਵੱਲਭਭਾਈ ਪਟੇਲ ਨੂੰ ਪ੍ਰਧਾਨ ਚੁਣ ਲਿਆ ਗਿਆ। ਆਪਣੇ ਭਾਸ਼ਣ ਦੇ ਸ਼ੁਰੂ ਵਿਚ ਹੀ ਪਟੇਲ ਨੇ ਆਖਿਆ, ‘‘ਤੁਸੀਂ ਇਕ ਸਾਧਾਰਨ ਕਿਸਾਨ ਨੂੰ ਅਜਿਹੇ ਸਿਰਮੌਰ ਅਹੁਦੇ ਲਈ ਚੁਣਿਆ ਹੈ ਜਿਸ ਨੂੰ ਪਾਉਣ ਦੀ ਹਰ ਭਾਰਤੀ ਨਾਗਰਿਕ ਤਮੰਨਾ ਰੱਖਦਾ ਹੈ। ਮੈਂ ਜਾਣਦਾ ਹਾਂ ਕਿ ਗੱਲ ਇੰਨੀ ਕੁ ਨਹੀਂ ਹੈ ਕਿ ਮੈਂ ਹੁਣ ਤੱਕ ਥੋੜ੍ਹਾ ਬਹੁਤ ਕੰਮ ਕੀਤਾ ਹੈ ਤੇ ਤੁਹਾਡੇ ਵੱਲੋਂ ਮੈਨੂੰ ਪ੍ਰਥਮ ਸੇਵਕ ਵਜੋਂ ਚੁਣਿਆ ਗਿਆ ਹੈ ਸਗੋਂ ਇਹ ਗੁਜਰਾਤ ਵੱਲੋਂ ਕੀਤੀ ਬੇਮਿਸਾਲ ਕੁਰਬਾਨੀ ਦੀ ਮਾਨਤਾ ਹੈ। ਤੁਸੀਂ ਆਪਣੀ ਦਿਆਲਤਾ ਸਦਕਾ ਗੁਜਰਾਤ ਨੂੰ ਇਹ ਮਾਣ ਬਖ਼ਸ਼ਿਆ ਹੈ ਪਰ ਸਚਾਈ ਇਹ ਹੈ ਕਿ ਹਰੇਕ ਸੂਬੇ ਨੇ ਇਸ ਦੌਰਾਨ ... ਜਿਸ ਨੂੰ ਆਧੁਨਿਕ ਸਮਿਆਂ ਦੀ ਮਹਾਨਤਮ ਰਾਸ਼ਟਰੀ ਚੇਤਨਾ ਵਜੋਂ ਜਾਣਿਆ ਜਾਂਦਾ ਹੈ, ਆਪਣਾ ਪੂਰਾ ਯੋਗਦਾਨ ਦਿੱਤਾ ਹੈ।’’
        1931 ਵਿਚ ਕਾਂਗਰਸ ਨੂੰ ਹੋਂਦ ਵਿਚ ਆਇਆਂ ਚਾਰ ਦਹਾਕਿਆਂ ਤੋਂ ਵੱਧ ਅਰਸਾ ਹੋ ਚੁੱਕਿਆ ਸੀ ਤਾਂ ਵੀ ਤਦ ਤੀਕ ਇਸ ਨੇ ਜਥੇਬੰਦੀ ਦੀ ਅਗਵਾਈ ਲਈ ਕਿਸੇ ਕਿਸਾਨ ਪਰਿਵਾਰ ’ਚ ਜਨਮੇ ਸ਼ਖ਼ਸ ਨੂੰ ਕਦੇ ਨਹੀਂ ਚੁਣਿਆ ਸੀ ਹਾਲਾਂਕਿ ਮਹਾਤਮਾ ਗਾਂਧੀ ਦਾ ਆਪਣਾ ਦਾਅਵਾ ਸੀ ਕਿ ‘ਭਾਰਤ ਪਿੰਡਾਂ ਵਿਚ ਵਸਦਾ ਹੈ’। ਇਸ ਤੋਂ ਪਹਿਲਾਂ ਕਾਂਗਰਸ ਦੇ ਜਿੰਨੇ ਵੀ ਪ੍ਰਧਾਨ ਹੋਏ ਸਨ, ਉਹ ਸ਼ਹਿਰਾਂ ਵਿਚ ਜੰਮੇ ਪਲ਼ੇ ਤੇ ਉੱਥੇ ਹੀ ਰਹਿਣ ਵਾਲੇ ਲੋਕ ਸਨ। ਵੱਲਭਭਾਈ ਪਟੇਲ ਆਜ਼ਾਦੀ ਸੰਗਰਾਮ ਦਾ ਪਹਿਲਾ ਅਜਿਹਾ ਆਗੂ ਸੀ ਜੋ ਦਿਹਾਤੀ ਪਿਛੋਕੜ ਤੋਂ ਆਇਆ ਸੀ। ਗ਼ੌਰਤਲਬ ਹੈ ਕਿ ਉਸ ਨੇ ਪਹਿਲੀ ਵਾਰ ਕਿਸਾਨਾਂ ਦੇ ਆਗੂ ਦੇ ਤੌਰ ’ਤੇ ਹੀ ਕੌਮੀ ਮੰਜ਼ਰ ’ਤੇ ਆਪਣੀ ਪਛਾਣ ਬਣਾਈ ਸੀ। ਪਟੇਲ ਦੀ ਇਤਿਹਾਸਕ ਵਿਰਾਸਤ ’ਤੇ ਹਾਲੀਆ ਵਿਚਾਰ ਚਰਚਾਵਾਂ ਵਿਚ ਆਜ਼ਾਦੀ ਅਤੇ ਦੇਸ਼ ਦੀ ਵੰਡ ਤੋਂ ਫ਼ੌਰੀ ਬਾਅਦ ਸ਼ਾਹੀ ਰਿਆਸਤਾਂ ਦੇ ਏਕੀਕਰਨ ਅਤੇ ਕੌਮੀ ਏਕਤਾ ਦੇ ਕਾਜ਼ ਨੂੰ ਅੱਗੇ ਵਧਾਉਣ ’ਚ ਉਨ੍ਹਾਂ ਦੀ ਅਹਿਮ ਭੂਮਿਕਾ ’ਤੇ ਖ਼ਾਸ ਜ਼ੋਰ ਦਿੱਤਾ ਜਾਂਦਾ ਹੈ। ਉਹ ਯੋਗਦਾਨ ਅਹਿਮ ਸੀ ਪਰ ਜੇ ਸਿਰਫ਼ ਇੰਨੀ ਗੱਲ ਕਰ ਕੇ ਇਕ ਕਿਸਾਨ ਆਗੂ ਵਜੋਂ ਉਨ੍ਹਾਂ ਦੇ ਮੁਢਲੇ ਕਾਰਜ ਨੂੰ ਵਿਸਾਰ ਦਿੱਤਾ ਜਾਵੇ ਤਾਂ ਇਹ ਸਹੀ ਨਹੀਂ ਹੋਵੇਗਾ। ਦਰਅਸਲ, ਅੱਜ ਜਦੋਂ ਉੱਤਰੀ ਭਾਰਤ ਦੇ ਕਿਸਾਨਾਂ ਨੂੰ ਮੋਦੀ ਸਰਕਾਰ ਖਿਲਾਫ਼ ਵਿੱਢੇ ਸਤਿਆਗ੍ਰਹਿ ਨੂੰ ਸਾਲ ਹੋਣ ਜਾ ਰਿਹਾ ਹੈ ਤਾਂ ਕਿਸਾਨਾਂ ਦੇ ਸਰਦਾਰ ਦੇ ਤੌਰ ’ਤੇ ਇਹ ਪਟੇਲ ਹੀ ਸੀ ਜੋ ਅੱਜ ਸਾਡੇ ਲਈ ਸਭ ਤੋਂ ਪ੍ਰਸੰਗਕ ਹੈ।
        1928 ਵਿਚ ਵੱਲਭਭਾਈ ਪਟੇਲ ਦੀ ਅਗਵਾਈ ਹੇਠ ਹੋਏ ਬਰਦੌਲੀ ਸਤਿਆਗ੍ਰਹਿ ਨੇ ਕਿਸਾਨਾਂ ਦੇ ਆਤਮ ਸਨਮਾਨ ਦੀ ਲੜਾਈ ਵਿਚ ਅਹਿੰਸਾ ਦੀ ਤਾਕਤ ਤੇ ਅਜ਼ਮਤ ਸਿੱਧ ਕੀਤੀ ਸੀ। ਇਸ ਸੰਘਰਸ਼ ਵਿਚ ਦਿਹਾਤੀ ਗੁਜਰਾਤ ਦੇ ਕਿਸਾਨ ਬਸਤੀਵਾਦੀ ਰਾਜ ਦੀਆਂ ਦਮਨਕਾਰੀ ਖੇਤੀ ਨੀਤੀਆਂ ਖਿਲਾਫ਼ ਲਾਮਬੰਦ ਹੋਏ ਸਨ। ਉਸ ਅੰਦੋਲਨ ਦੇ ਬਹੁਤ ਸਾਰੇ ਵੇਰਵੇ ਬੌਂਬੇ ਪ੍ਰੈਜ਼ੀਡੈਂਸੀ ਦੇ ਰਿਕਾਰਡਾਂ ਵਿਚ ਮੌਜੂਦ ਹਨ ਜੋ ਇਸ ਵੇਲੇ ਮੁੰਬਈ ਦੇ ਮਹਾਰਾਸ਼ਟਰ ਰਾਜ ਪੁਰਾਤੱਤਵ ਵਿਭਾਗ ਵਿਚ ਰੱਖੇ ਗਏ ਹਨ। ਸਤਿਆਗ੍ਰਹਿ ਦੇ ਮਹੀਨਿਆਂ ਦੌਰਾਨ ਪਟੇਲ ਦੇ ਅਨੁਵਾਦਿਤ ਭਾਸ਼ਣ ਵੀ ਪੜ੍ਹ ਕੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਇਕ ਮੌਕੇ ਉਹ ਕਿਸਾਨਾਂ ਨੂੰ ਦਲੇਰੀ ਤੇ ਕੁਰਬਾਨੀ ਦੀ ਅਪੀਲ ਕਰਦੇ ਹੋਏ ਆਖਦੇ ਹਨ: ‘‘ਤੁਸੀਂ ਕਿਸ ਚੀਜ਼ ਤੋਂ ਡਰਦੇ ਹੋ? ਜ਼ਬਤੀ ਤੋਂ। ਤੁਸੀਂ ਆਪਣੇ ਬੱਚਿਆਂ ਦੀਆਂ ਸ਼ਾਦੀਆਂ ’ਤੇ ਹਜ਼ਾਰਾਂ ਰੁਪਏ ਖਰਚ ਦਿੰਦੇ ਹੋ, ਫਿਰ ਜੇ ਸਰਕਾਰੀ ਅਫ਼ਸਰ 200 ਜਾਂ 500 ਰੁਪਏ ਦੀ ਕੋਈ ਚੀਜ਼ ਲੈ ਜਾਣਗੇ ਤਾਂ ਕਾਹਦਾ ਫ਼ਿਕਰ?’’ ਉਨ੍ਹਾਂ ਬਰਦੌਲੀ ਦੇ ਕਿਸਾਨਾਂ ਨੂੰ ਮੁਖ਼ਾਤਬ ਹੁੰਦਿਆਂ ਕਿਹਾ, ‘‘ਬਿਹਤਰ ਹੈ ਕਿ ਇਸ ਸੰਘਰਸ਼ ਵਿਚ ਪੰਜ ਹਜ਼ਾਰ ਭੇਡਾਂ ਦੀ ਥਾਂ ਪੰਜ ਅਜਿਹੇ ਬੰਦੇ ਹੋਣ ਜੋ ਮਰਨ ਲਈ ਤਿਆਰ ਹੋਣ।’’ ਇਕ ਹੋਰ ਭਾਸ਼ਣ ਵਿਚ ਪਟੇਲ ਨੇ ਵਿਅੰਗ ਨਾਲ ਆਖਿਆ ਕਿ ‘ਸਰਕਾਰ ਨੇ ਗੁਜਰਾਤ ਦੇ ਕਿਸਾਨਾਂ ਨੂੰ ਦਬਾ ਕੇ ਰੱਖਣ ਲਈ ਆਪਣਾ ਪੂਰਾ ਤਾਣ ਲਾਇਆ ਹੋਇਆ ਹੈ।’ ਉਨ੍ਹਾਂ ਇਹ ਟਿੱਪਣੀ ਵੀ ਕੀਤੀ ਸੀ ਕਿ ‘ਸਰਕਾਰ ਪੱਖੀ ਅਖ਼ਬਾਰ ਲਿਖਦੇ ਹਨ ਕਿ ਗੁਜਰਾਤ ਨੂੰ ਗਾਂਧੀ ਤਾਪ ਚੜ੍ਹਿਆ ਹੋਇਆ ਹੈ। ਅਸੀਂ ਉਮੀਦ ਕਰਦੇ ਹਾਂ ਕਿ ਇਹ ਤਾਪ ਸਭ ਨੂੰ ਚੜ੍ਹ ਜਾਵੇ।’ ਇਕ ਪੁਲੀਸ ਰਿਪੋਰਟ ਵਿਚ ਚਿਤਾਵਨੀ ਭਰੇ ਲਹਿਜੇ ਵਿਚ ਲਿਖਿਆ ਗਿਆ ਸੀ ਕਿ ‘ਵੱਲਭਭਾਈ ਬਰਦੌਲੀ ਤਾਲੁਕਾ ਦੇ ਕਰੀਬ ਹਰੇਕ ਪਿੰਡ ਦੇ ਮੋਹਤਬਰਾਂ ਨਾਲ ਮਸ਼ਵਰਾ ਕਰ ਰਿਹਾ ਹੈ।’
      ਬਸਤੀਵਾਦੀ ਰਾਜ ਦੇ ਪੁਰਾਤੱਤਵ ਰਿਕਾਰਡ ਦੇ ਨਾਲ ਹੀ ਇਕ ਸ਼ਾਨਦਾਰ ਅਖ਼ਬਾਰ ‘ਬੌਂਬੇ ਕਰੌਨੀਕਲ’ (ਜੋ ਹੁਣ ਬੰਦ ਹੋ ਚੁੱਕਿਆ ਹੈ) ਦੀਆਂ ਪੁਰਾਣੀਆਂ ਲਘੂ ਫਿਲਮਾਂ ਵੀ ਉਪਲਬਧ ਹਨ। ਅਪਰੈਲ 1928 ਦੇ ਅਖੀਰਲੇ ਹਫ਼ਤੇ ਕਰੌਨੀਕਲ ਨੇ ਕਿਸਾਨ ਸਭਾ ਦੀ ਸਰਗਰਮੀ ਬਾਰੇ ਇਹ ਰਿਪੋਰਟ ਦਿੱਤੀ ਸੀ : ‘ਕੱਲ੍ਹ ਰਾਤੀਂ ਵਰਾੜ ਵਿਚ ਹੋਈ ਕਾਸ਼ਤਕਾਰਾਂ ਦੀ ਇਕ ਮੀਟਿੰਗ ਵਿਚ ਸ੍ਰੀ ਵੱਲਭਭਾਈ ਪਟੇਲ ਪ੍ਰਤੀ ਉਤਸ਼ਾਹ ਤੇ ਸ਼ਰਧਾ ਦੇ ਨਜ਼ਾਰੇ ਦਿਸੇ। ਔਰਤਾਂ ਨੇ ਖਾਦੀ ਵਸਤਰ ਪਹਿਨ ਕੇ ਤੇ ਹੱਥੀਂ ਬਣਾਏ ਗੁਲਦਸਤੇ, ਫੁੱਲ, ਨਾਰੀਅਲ, ਸੰਧੂਰ ਅਤੇ ਚੌਲ ਲੈ ਕੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਦੇ ਅਭਿਨੰਦਨ ’ਚ ਗੀਤ ਗਾਏ ਤੇ ਅੰਦੋਲਨ ਦੀ ਸਫ਼ਲਤਾ ਦੀ ਕਾਮਨਾ ਕੀਤੀ ਗਈ ਅਤੇ ਲਗਭਗ 2500 ਪ੍ਰਾਣੀਆਂ ਦੀ ਇਹ ਇਕੱਤਰਤਾ ਧਾਰਮਿਕ ਯੱਗ ਦਾ ਰੂਪ ਧਾਰਨ ਕਰ ਗਈ।’
       ਅਗਸਤ ਮਹੀਨੇ ਕਰੌਨੀਕਲ ਦੀ ਇਕ ਰਿਪੋਰਟ ਸੀ ਕਿ ‘ਸਤਿਆਗ੍ਰਹੀਆਂ ਅਤੇ ਸਰਕਾਰ ਵਿਚਕਾਰ ਸਮਝੌਤਾ ਹੋ ਗਿਆ ਹੈ ਜਿਸ ਤਹਿਤ ਸਰਕਾਰ ਸਾਰੇ ਵਿਵਾਦਤ ਮੁੱਦਿਆਂ ਦੇ ਸਬੰਧ ਵਿਚ ਇਕ ਨਿਆਂਇਕ ਅਫ਼ਸਰ ਤੇ ਉਸ ਦੇ ਨਾਲ ਇਕ ਮਾਲ ਅਫ਼ਸਰ ਤੋਂ ਜਾਂਚ ਕਰਵਾਉਣ ਲਈ ਰਾਜ਼ੀ ਹੋ ਗਈ ਹੈ।’ ਸਰਕਾਰ ਨੇ ਸਾਰੇ ਸਤਿਆਗ੍ਰਹੀਆਂ ਨੂੰ ਜੇਲ੍ਹ ’ਚੋਂ ਰਿਹਾਅ ਕਰ ਦਿੱਤਾ ਹੈ ਅਤੇ ਪਿੰਡਾਂ ਦੇ ਮੁਖੀਆਂ ਨੂੰ ਬਹਾਲ ਕਰ ਦਿੱਤਾ ਹੈ।
       ਬਰਦੌਲੀ ਸਤਿਆਗ੍ਰਹਿ ਬਾਰੇ 1929 ਵਿਚ ਛਪੀ ਆਪਣੀ ਕਿਤਾਬ ਵਿਚ ਮਹਾਦੇਵ ਦੇਸਾਈ ਲਿਖਦੇ ਹਨ ਕਿ ਕਿਸਾਨਾਂ ਦੀ ਸਥਿਤੀ ਬਾਰੇ ਸਰਦਾਰ ਪਟੇਲ ਦੀ ਦੋ-ਤਰਫ਼ਾ ਧਾਰਨਾ ਸੀ- ਹਕੀਕੀ ਸਮਾਜਿਕ ਅਰਥਚਾਰੇ ਵਿਚ ਕਿਸਾਨ ਦੇ ਉੱਚ ਦੁਮਾਲੜੇ ਮੁਕਾਮ ਬਾਰੇ ਉਨ੍ਹਾਂ ਦੀ ਸੋਝੀ ਜਦਕਿ ਜਨਤਕ ਮਾਮਲਿਆਂ ਵਿਚ ਉਨ੍ਹਾਂ ਦੀ ਬੇਹੱਦ ਨੀਵੀਂ ਸਥਿਤੀ ਦਾ ਉਨ੍ਹਾਂ ਦਾ ਰੰਜ। ਭਾਰਤ ਦੇ ਕਿਸਾਨ ਬਾਰੇ ਪਟੇਲ ਦਾ ਆਖਣਾ ਸੀ ਕਿ ‘ਉਹ ਉਤਪਾਦਕ ਹੈ ਜਦਕਿ ਬਾਕੀ ਉਸ ’ਤੇ ਪਲ਼ਣ ਵਾਲੇ ਜੀਵ ਹਨ।’ ਦੇਸਾਈ ਲਿਖਦੇ ਹਨ ਕਿ ਬਰਦੌਲੀ ਸਤਿਆਗ੍ਰਹਿ ਇਸ ਕਰਕੇ ਸਫ਼ਲ ਰਿਹਾ ਕਿਉਂਕਿ ਸਰਦਾਰ ਨੇ ਆਪਣੇ ਸਾਥੀ ਕਿਸਾਨਾਂ ਨੂੰ ਦੋ ਮੂਲ ਪਾਠ ਪੜ੍ਹਾਏ ਸਨ -ਨਿਡਰਤਾ ਅਤੇ ਏਕਤਾ ਦਾ ਸਬਕ।
        ਪਟੇਲ ਦੀ ਅਗਵਾਈ ਹੇਠ ਬਰਦੌਲੀ ਵਿਚ ਲੜੇ ਗਏ ਕਿਸਾਨ ਅੰਦੋਲਨ ਅਤੇ ਅੱਜ ਚੱਲ ਰਹੇ ਕਿਸਾਨ ਅੰਦੋਲਨ ਵਿਚਕਾਰ ਕਰੀਬ ਸੌ ਸਾਲਾਂ ਦਾ ਅੰਤਰ ਹੈ ਪਰ ਤਾਂ ਵੀ ਇਸ ਦੀਆਂ ਸਮਾਨਤਾਵਾਂ ਦਰਕਿਨਾਰ ਨਹੀਂ ਕੀਤੀਆਂ ਜਾ ਸਕਦੀਆਂ। ਇਕ ਪਾਸੇ ਔਰਤਾਂ ਇਸ ਅੰਦੋਲਨ ਨੂੰ ਮਘਦਾ ਰੱਖਣ ਲਈ ਆਪਣੀ ਭੂਮਿਕਾ ਨਿਭਾ ਰਹੀਆਂ ਹਨ ਤੇ ਸਤਿਆਗ੍ਰਹੀਆਂ ਦੇ ਹੌਸਲੇ ਅੱਗੇ ਸਿਰ ਨਿਵਦਾ ਹੈ ਜਿਨ੍ਹਾਂ ਨੇ ਸਰਦੀ, ਗਰਮੀ, ਮੀਂਹ ਤੇ ਮਹਾਮਾਰੀ ਨੂੰ ਸਹਿ ਕੇ ਅੰਦੋਲਨ ਮੱਠਾ ਨਹੀਂ ਪੈਣ ਦਿੱਤਾ। ਦੂਜੇ ਬੰਨੇ ਅੰਦੋਲਨ ਨੂੰ ਪਾਟੋਧਾੜ ਕਰਨ ਅਤੇ ਇਸ ਦੇ ਆਗੂਆਂ ਖਿਲਾਫ਼ ਕੂੜ ਪ੍ਰਚਾਰ ਕਰਨ ’ਚ ਰਿਆਸਤ/ਸਰਕਾਰ ਨੇ ਕੋਈ ਕਸਰ ਨਹੀਂ ਛੱਡੀ। ਇਸੇ ਤਰ੍ਹਾਂ, 28 ਜੁਲਾਈ 1928 ਨੂੰ ਜਾਰੀ ਕੀਤੇ ਗਏ ਇਕ ਨੋਟ ਵਿਚ ਬੰਬਈ ਸਰਕਾਰ ਨੇ ਦਾਅਵਾ ਕੀਤਾ ਸੀ ਕਿ ‘ਪਟੇਲ ਨੇ ਜਾਣਬੁੱਝ ਕੇ ਗਾਂਧੀ ਨੂੰ ਅੰਦੋਲਨ ਤੋਂ ਲਾਂਭੇ ਕੀਤਾ ਹੋਇਆ ਹੈ ... ਕਿਉਂਕਿ ਉਹ ਨਹੀਂ ਚਾਹੁੰਦਾ ਕਿ ਇਸ ਦੀ ਵਾਗਡੋਰ ਅਜਿਹੇ ਬੰਦੇ ਦੇ ਹੱਥ ਵਿਚ ਹੋਵੇ ਜੋ ਹਿੰਸਾ ਦੇ ਖਿਲਾਫ਼ ਹੈ ਅਤੇ ਜੋ ਸੂਤ ਕੱਤਣ, ਛੂਆਛਾਤ ਜਿਹੇ ਮੁੱਦਿਆਂ ’ਤੇ ਜ਼ੋਰ ਦੇ ਕੇ ਇਸ ਮੁੱਦੇ ਨੂੰ ਧੁੰਦਲਾ ਪਾ ਸਕਦਾ ਹੈ।’ ਰਿਪੋਰਟ ਵਿਚ ਇੱਥੋਂ ਤੱਕ ਲਿਖ ਦਿੱਤਾ ਗਿਆ ਸੀ ਕਿ ‘ਵੱਲਭਭਾਈ ਖ਼ੁਦ ਬੋਤਲ ਦੇ ਸ਼ੌਕੀਨ ਹਨ ਤੇ ਕਈ ਪੱਖਾਂ ਤੋਂ ਰਸਪੂਤਿਨ (ਰੂਸੀ ਪੁਰਾਤਨਪੰਥੀ ਚਰਚ ਦਾ ਸਲਾਹਕਾਰ ) ਤੋਂ ਬਹੁਤੇ ਜੁਦਾ ਨਹੀਂ ਹਨ।’
        1920ਵਿਆਂ ਵਿਚ ਅੰਗਰੇਜ਼ਾਂ ਦੇ ਵਫ਼ਾਦਾਰਾਂ ਵਿਚ ਬ੍ਰਾਹਮਣ ਮਾਲੀਆ ਅਫ਼ਸਰ ਅਤੇ ਗੁਜਰਾਤ ਤੋਂ ਬਾਹਰਲੇ ਗੁੰਡਿਆਂ ਨੂੰ ਸ਼ਾਮਲ ਕੀਤਾ ਗਿਆ ਸੀ। ਹੁਣ 2020ਵਿਆਂ ਵਿਚ ਪੁਲੀਸ ਤੇ ਗੋਦੀ ਮੀਡੀਆ ਇਸ ਉੱਤਰ- ਬਸਤੀਵਾਦੀ ਰਾਜ ਦੀ ਖ਼ਿਦਮਤ ਵਿਚ ਲੱਗੇ ਹੋਏ ਹਨ ਜਿਨ੍ਹਾਂ ਦਾ ਪਹਿਲਾ ਕੰਮ ਕਿਸਾਨਾਂ ਨੂੰ ਦਬਾਉਣਾ ਅਤੇ ਦੂਜਾ ਅੰਦੋਲਨ ਦੇ ਸੰਦੇਸ਼ ਅਤੇ ਇਸ ਦੇ ਆਗੂਆਂ ਦੇ ਕਿਰਦਾਰ ਨੂੰ ਭੰਡਣਾ ਤੇ ਤੋੜਨਾ ਮਰੋੜਨਾ ਹੈ। ਕਿਸਾਨਾਂ ਖਿਲਾਫ਼ ਜਲ ਤੋਪਾਂ, ਅੱਥਰੂ ਗੈਸ ਦੀ ਵਰਤੋਂ, ਸੜਕਾਂ ’ਤੇ ਕਿੱਲਾਂ ਗੱਡਣੀਆਂ, ਇੰਟਰਨੈੱਟ ਬੰਦ ਕਰਨਾ, ਨਫ਼ਰਤੀ ਪ੍ਰਾਪੇਗੰਡਾ ਕਰਨ ਜਿਹੇ ਦਮਨਕਾਰੀ ਹਥਕੰਡਿਆਂ ਦੀ ਵਰਤੋਂ ਦੇ ਪੱਖ ਤੋਂ ਮੋਦੀ-ਸ਼ਾਹ ਹਕੂਮਤ ਨੇ ਗੋਰਿਆਂ ਦੇ ਰਾਜ ਨੂੰ ਵੀ ਮਾਤ ਪਾ ਦਿੱਤੀ ਹੈ।
      ਵੱਲਭਭਾਈ ਪਟੇਲ ਦੇ ਪਹਿਲੇ ਜੀਵਨੀਕਾਰ ਨਰਹਰੀ ਪਾਰਿਖ ਨੇ ਕਿਸਾਨਾਂ ਦੇ ਨਾਂ ਉਨ੍ਹਾਂ ਦੇ ਇਸ ਕਥਨ ਦਾ ਵਰਣਨ ਕੀਤਾ : ‘ਇਕ ਗੱਲ ਚੇਤੇ ਰੱਖਣਾ ਕਿ ਤੁਹਾਡੇ ’ਚੋਂ ਜਿਹੜੇ ਲੋਕ ਸਚਾਈ ਦੀ ਖ਼ਾਤਰ ਆਪਣਾ ਸਭ ਕੁਝ ਵਾਰਨ ਲਈ ਤਿਆਰ ਹਨ, ਅੰਤਿਮ ਜਿੱਤ ਉਨ੍ਹਾਂ ਦੀ ਹੀ ਹੋਣੀ ਹੈ। ਜਿਹੜੇ ਲੋਕਾਂ ਨੇ ਅਫ਼ਸਰਾਂ ਨਾਲ ਹੱਥ ਮਿਲਾ ਲਏ ਹਨ, ਉਨ੍ਹਾਂ ਨੂੰ ਆਪਣੀ ਕਰਤੂਤ ’ਤੇ ਪਛਤਾਉਣਾ ਪਵੇਗਾ।’ ਗਾਂਧੀ ਦਾ ਸ਼ਾਗਿਰਦ ਹੋਣ ਦੇ ਨਾਤੇ ਪਟੇਲ ਨੂੰ ਆਸ ਸੀ ਕਿ ਸਚਾਈ ਤੇ ਅਹਿੰਸਾ ਦੀ ਤਾਕਤ ਸਾਹਮਣੇ ਆਖ਼ਰਕਾਰ ਸਰਕਾਰ ਨੂੰ ਇਹ ਤਰਕ ਪ੍ਰਵਾਨ ਕਰਨਾ ਪਵੇਗਾ। ਇਕ ਥਾਂ ਉਹ ਕਹਿੰਦੇ ਹਨ ਕਿ ‘ਤਸੱਲੀਬਖ਼ਸ਼ ਸਮਝੌਤਾ ਤਦ ਹੀ ਹੋ ਸਕੇਗਾ ਜਦੋਂ ਮਨ ਸਾਫ਼ ਹੋ ਜਾਣਗੇ ਤੇ ਸਾਨੂੰ ਪਤਾ ਚੱਲ ਜਾਵੇਗਾ ਕਿ ਸਰਕਾਰ ਜਿਸ ਕੁੜੱਤਣ ਤੇ ਵੈਰਭਾਵ ਨਾਲ ਕਾਰਵਾਈ ਕਰ ਰਹੀ ਹੈ, ਉਸ ਦੀ ਥਾਂ ਹਮਦਰਦੀ ਤੇ ਸੂਝਬੂਝ ਨੇ ਲੈ ਲਈ ਹੈ।’ ਅਜੋਕੇ ਕਿਸਾਨ ਅੰਦੋਲਨ ਦੇ ਆਗੂਆਂ ਨੇ ਵੀ ਇਹੋ ਆਸ ਲਗਾ ਰੱਖੀ ਹੈ ਹਾਲਾਂਕਿ ਪਿਛਲੇ ਤਜਰਬੇ ਤੋਂ ਪਤਾ ਲਗਦਾ ਹੈ ਕਿ ਇਹ ਸਰਕਾਰ ਹਮਦਰਦੀ ਤੇ ਸੂਝਬੂਝ ਦੇ ਭਾਵ ਤੋਂ ਜਿੰਨੀ ਕੋਰੀ ਹੈ, ਓਨੇ ਤਾਂ ਅੰਗਰੇਜ਼ ਸ਼ਾਸਕ ਵੀ ਨਹੀਂ ਸਨ।
       ਮੈਂ ਇਸ ਲੇਖ ਦਾ ਅੰਤ ਵੀ 1931 ਵਿਚ ਸਰਦਾਰ ਪਟੇਲ ਦੇ ਕਾਂਗਰਸ ਦੀ ਮੀਟਿੰਗ ਵਿਚ ਦਿੱਤੇ ਪ੍ਰਧਾਨਗੀ ਭਾਸ਼ਣ ਨਾਲ ਹੀ ਕਰਾਂਗਾ। ਇੱਥੇ ਉਨ੍ਹਾਂ ਗਾਂਧੀ ਦੀ ਅਗਵਾਈ ਹੇਠ ਉੱਠੇ ਕੌਮੀ ਅੰਦੋਲਨ ਦਾ ਜ਼ਿਕਰ ਕਰਦਿਆਂ ਕਿਹਾ ਸੀ ਕਿ ‘ਇਸ ਤੱਥ ਨੂੰ ਚੁਣੌਤੀ ਨਹੀਂ ਦਿੱਤੀ ਜਾ ਸਕਦੀ ਕਿ ਭਾਰਤ ਨੇ ਦੁਨੀਆ ਨੂੰ ਯਕਮੁਸ਼ਤ ਸਬੂਤ ਦੇ ਦਿੱਤਾ ਹੈ ਕਿ ਸਮੂਹਿਕ ਅਹਿੰਸਾ ਮਹਿਜ਼ ਕਿਸੇ ਦੂਰਦਰਸ਼ੀ ਆਗੂ ਦਾ ਸੁਪਨਾ ਜਾਂ ਮਨੁੱਖੀ ਚਾਹਤ ਨਹੀਂ ਹੈ। ਇਹ ਹਿੰਸਾ ਦੇ ਪੁੜਾਂ ਹੇਠ ਪਿਸ ਰਹੀ ਲੋਕਾਈ ਲਈ ਅਪਾਰ ਸੰਭਾਵਨਾਵਾਂ ਦੀ ਕਾਬਲੀਅਤ ਦਾ ਠੋਸ ਤੱਥ ਹੈ। ਸਾਡੇ ਅੰਦੋਲਨ ਦੇ ਅਹਿੰਸਕ ਹੋਣ ਦਾ ਸਭ ਤੋਂ ਵੱਡਾ ਸਬੂਤ ਇਸ ਤੱਥ ਵਿਚ ਪਿਆ ਹੈ ਕਿ ਕਿਸਾਨਾਂ ਨੇ ਸਾਡੇ ਘੋਰ ਨਿੰਦਕਾਂ ਦੇ ਤੌਖ਼ਲਿਆਂ ਨੂੰ ਝੂਠਾ ਸਾਬਿਤ ਕਰ ਦਿੱਤਾ ਹੈ ਜਿਨ੍ਹਾਂ ਬਾਰੇ ਕਿਹਾ ਜਾਂਦਾ ਸੀ ਕਿ ਉਨ੍ਹਾਂ ਲਈ ਅਹਿੰਸਕ ਅੰਦੋਲਨ ਚਲਾਉਣਾ ਬਹੁਤ ਮੁਸ਼ਕਲ ਹੈ ਅਤੇ ਉਹ ਸਾਡੀਆਂ ਆਸਾਂ ਤੋਂ ਵੀ ਕਿਤੇ ਵੱਧ ਦਲੇਰੀ ਤੇ ਸਹਿਣਸ਼ੀਲਤਾ ਨਾਲ ਇਸ ਕਸੌਟੀ ’ਤੇ ਖਰੇ ਉੱਤਰੇ ਹਨ। ਔਰਤਾਂ ਤੇ ਬੱਚਿਆਂ ਦੀ ਵੀ ਇਸ ਘੋਲ ਵਿਚ ਸ਼ਾਨਦਾਰ ਦੇਣ ਰਹੀ ਹੈ। ਉਨ੍ਹਾਂ ਅੰਤਰ ਆਤਮਾ ਦੀ ਪੁਕਾਰ ਸੁਣੀ ਹੈ ਤੇ ਅਜਿਹੀ ਭੂਮਿਕਾ ਨਿਭਾਈ ਹੈ ਜਿਸ ਤੱਕ ਅਸੀਂ ਹਾਲੇ ਵੀ ਅੱਪੜਨ ਦੀ ਕੋਸ਼ਿਸ਼ ਕਰ ਰਹੇ ਹਾਂ। ਤੇ ਮੇਰਾ ਖਿਆਲ ਹੈ ਕਿ ਅਹਿੰਸਾ ਕਾਇਮ ਰੱਖਣ ਅਤੇ ਅੰਤ ਨੂੰ ਅੰਦੋਲਨ ਦੀ ਸਫ਼ਲਤਾ ਦਾ ਬਹੁਤਾ ਸਿਹਰਾ ਉਨ੍ਹਾਂ ਨੂੰ ਦੇਣ ’ਚ ਕੋਈ ਅਤਿਕਥਨੀ ਨਹੀਂ ਹੈ।’
       1931 ਦੇ ਇਹ ਬੋਲ ਅੱਜ 2021 ਵਿਚ ਓਨੇ ਹੀ ਪ੍ਰਸੰਗਕ ਹਨ ਜਦੋਂਕਿ ਇਕ ਵਾਰ ਫਿਰ ਭਾਰਤ ਦੇ ਕਿਸਾਨਾਂ ਨੇ ਬਹੁਤ ਹੀ ਨਿਰਦਈ ਤੇ ਜਾਬਰ ਹਕੂਮਤ ਖਿਲਾਫ਼ ਗੌਰਵਸ਼ਾਲੀ ਢੰਗ ਨਾਲ ਘੋਲ ਵਿੱਢ ਰੱਖਿਆ ਹੈ।