ਨਲੂਏ,ਰਣਜੀਤ ਦੇ ਵਾਰਸਾਂ ਦੀ ਕੌਂਮ ਨੂੰ ਅੱਜ ਲੋੜ ਹੈ ਜਰਨੈਲ ਦੀ - ਬਘੇਲ ਸਿੰਘ ਧਾਲੀਵਾਲ

ਆਪਣੀਆਂ ਕੌੜੀਆਂ ਮਿੱਠੀਆਂ ਯਾਦਾਂ ਛੱਡਦਾ ਹੋਇਆ ਇੱਕ ਹੋਰ ਸਾਲ ਬੀਤ ਗਿਆ।ਜੇ ਕਰ ਗੱਲ ਸਮੁੱਚੇ ਦੇਸ਼ ਦੀ ਕੀਤੀ ਜਾਵੇ ਤਾਂ ਵੀ ਇਹ ਸਾਲ ਆਮ ਜਨਤਾ ਲਈ ਕੋਈ ਬਹੁਤਾ ਚੰਗਾ ਨਹੀ ਰਿਹਾ।ਦੇਸ ਦੀ ਬਹੁ ਗਿਣਤੀ ਜਨਤਾ ਮਹਿੰਗਾਈ,ਗਰੀਬੀ,ਭੁਖਮਰੀ ਅਤੇ ਵਿਤਕਰੇ ਦੀ ਮਾਰ ਝੱਲ ਰਹੀ ਹੈ ਤੇ 15 ਫੀਸਦੀ ਸਰਮਾਏਦਾਰ ਜਮਾਤ ਦੀ ਕਮਾਈ ਵਿੱਚ ਹਜਾਰ ਗੁਣਾਂ ਵਾਧਾ ਹੋਇਆ ਹੈ। ਘੱਟ ਗਿਣਤੀਆਂ ਦੇ ਹਿਤਾਂ ਨੂੰ ਜਾਣਬੁੱਝ ਕੇ ਅਣਗੌਲਿਆ ਹੀ ਨਹੀ ਕੀਤਾ  ,ਸਗੋ ਘੱਟ ਗਿਣਤੀਆਂ ਨੂੰ ਖਤਮ ਕਰਨ ਦੀਆਂ ਸਾਜਿਸ਼ਾਂ ਇਸ ਸਾਲ ਵਿੱਚ ਵਿਰਾਟ ਰੂਪ ਧਾਰਨ ਕਰਦੀਆਂ ਦੇਖੀਆਂ ਗਈਆਂ ਹਨ।ਭਾਰਤੀ ਜਨਤਾ ਪਾਰਟੀ ਦੀ ਬਹੁ ਸੰਮਤੀ ਵਾਲੀ ਕੇਂਦਰ ਸਰਕਾਰ ਦਾ ਅਖੀਰਲਾ ਸਾਲ ਹੋਣ ਕਰਕੇ ਬਹੁਤ ਅਜਿਹੇ ਭਿਆਨਕ ਵਰਤਾਰੇ ਵਾਪਰਨ ਦਾ ਖਦਸ਼ਾ ਬਣਿਆ ਰਿਹਾ ਹੈ,ਜਿਹੜੇ ਸਮੁੱਚੀ ਮਾਨਵਤਾ ਲਈ ਬੇਹੱਦ ਖਤਰਨਾਕ ਅਤੇ ਭਾਰਤ ਦੀ ਏਕਤਾ ਅਖੰਡਤਾ ਦੇ ਨਾਮ ਤੇ ਕਾਲਾ ਧੱਬਾ ਹੋ ਸਕਦੇ ਹਨ।ਦੇਸ਼ ਦਾ ਕੋਈ ਵੀ ਖਿੱਤਾ ਕੇਂਦਰ ਦੀਆਂ ਨੀਤੀਆਂ ਤੋਂ ਖੁਸ਼ ਨਹੀ ਦੇਖਿਆ ਗਿਆ।ਭਾਰਤੀ ਸੰਵਿਧਾਂਨ ਨੂੰ ਰੱਦ ਕਰਕੇ ਮੰਨੂਵਾਦੀ ਨਵਾਂ ਸੰਵਿਧਾਂਨ ਘੜਨ ਦੀਆਂ ਚਰਚਾਵਾਂ ਘੱਟ ਗਿਣਤੀਆਂ ਅਤੇ ਦਲਿਤਾਂ ਲਈ ਚਿੰਤਾ ਦਾ ਵਿਸ਼ਾ ਬਣੀਆਂ ਰਹੀਆਂ।ਹੁਣ ਜੇਕਰ ਗੱਲ ਪੰਜਾਬ ਦੀ ਕੀਤੀ ਜਾਵੇ ਤਾਂ ਸਿੱਖ ਭਾਈਚਾਰੇ ਦੀ ਦਿਸ਼ਾ ਤੇ ਦਸ਼ਾ ਲੰਘੇ ਇਸ ਸਾਲ 2018 ਵਿੱਚ ਵੀ ਆਪਣੇ ਪੁਰਾਣੇ ਤੁਜਰਬਿਆਂ ਦੀ ਤਰਾਂ ਧੁੰਦੂਕਾਰੇ ਵਾਲੀ ਹੀ ਰਹੀ ਹੈ।ਆਗੂ ਵਿਹੂਣੀ ਸਿੱਖ ਕੌਂਮ ਨੇ ਇਨਸਾਫ ਦੀ ਲੜਾਈ ਲੜਦਿਆਂ ਲੜਦਿਆਂ ਸਾਲਾਂ ਦੀ ਗਿਣਤੀ ਵਿੱਚ ਇੱਕ ਹੋਰ ਸਾਲ ਦਾ ਵਾਧਾ ਦਰਜ ਕਰ ਕੇ 2018 ਦਾ ਸਾਲ ਵੀ ਸਮਾਪਤ  ਕਰ ਲਿਆ ਹੈ। ਸਿੱਖਾਂ ਦੀ ਇਹ ਤਰਾਸਦੀ ਹੈ ਕਿ ਇਸ ਕੌਂਮ ਵਿੱਚ ਕੁਰਬਾਨੀਆਂ ਦਾ ਜਜ਼ਬਾ ਰੱਖਣ ਵਾਲਿਆਂ ਦੀ ਕੋਈ ਕਮੀ ਨਹੀ,ਪਰੰਤੂ ਅਗਵਾਈ ਕਰਨ ਵਾਲੇ ਜਰਨੈਲ ਦੀ ਘਾਟ ਸਦਾ ਰੜਕਦੀ ਹੀ ਰਹੀ ਹੈ। ਜਦੋਂ ਕੋਈ ਵੀ ਸੰਘਰਸ਼ ਕੌਮੀ ਆਗੂਆਂ ਨੇ ਅਰੰਭਿਆ ਤਾਂ ਕੌਂਮ ਨੇ ਸਹਿਯੋਗ ਦੀ ਕੋਈ ਕਸਰ ਨਹੀ ਛੱਡੀ।ਹਰ ਸੰਘਰਸ਼ ਚੋ ਸ਼ਹਾਦਤਾਂ ਦੇਣ ਵਾਲੇ ਵੀ ਨਿਕਲਦੇ ਰਹੇ,ਪਰ ਅਗਵਾਈ ਕਰਨ ਵਾਲੇ ਹਰ ਵਾ੍ਰ ਕੌਂਮ ਨੂੰ ਨਮੋਸੀ ਦੇ ਆਲਮ ਵਿੱਚ ਧੱਕ ਜਾਂਦੇ ਰਹੇ।ਹਰ ਸੰਘਰਸ਼ ਤੋਂ ਬਾਅਦ ਕੌਂਮ ਸਿਰ ਸੁੱਟ ਬੈਠਦੀ ਰਹੀ ਤੇ ਫਿਰ ਕਿਸੇ ਸ਼ਾਤਰ ਦਿਮਾਗ ਦੀਆਂ ਗੱਲਾਂ ਚ ਆਕੇ ਸਾਥ ਦਿੰਦੀ ਰਹੀ,ਹਰ ਬਾਰ ਇਹ ਸਮਝਕੇ ਕਿ ਸਾਇਦ ਹੁਣ ਗੁਰੂ ਕਿਰਪਾ ਕਰੇ,ਅਗਵਾਈ ਦੇਣ ਵਾਲਾ ਨਿਰ ਸੁਆਰਥ ਨਿਕਲੇ,ਪਰ ਅਫਸੋਸ ਕਿ ਅਜਿਹਾ ਕਦੇ ਨਾ ਹੋਇਆ।ਜੂਨ 1984 ਵਿੱਚ ਜਿਹੜਾ ਜਰਨੈਲ ਕੌਂਮ ਲਈ ਆਪਾ ਕੁਰਬਾਨ ਕਰ ਗਿਆ,ਮੁੜ ਉਹਦੇ ਵਰਗਾ ਕੋਈ ਆਗੂ ਪੈਦਾ ਹੀ ਨਾ ਹੋ ਸਕਿਆ,ਇਹ ਵੱਖਰੀ ਗੱਲ ਹੈ ਕਿ ਅੱਜ ਤੱਕ ਲਗਾਤਾਰ ਪੰਥਕ ਆਗੂ,ਪਰਚਾਰਕ ਤੇ ਬਹੁਤ ਸਾਰੇ ਸੰਤ ਬਾਬੇ ਉਹਦਾ ਗੁਣ ਗਾਣ ਵੀ ਕਰਦੇ ਹਨ,ਕੁੱਝ ਇੱਕ ਉਹਦੇ ਰਸਤੇ ਤੇ ਚੱਲਣ ਦਾ ਦਾਅਵਾ ਵੀ ਕਰਦੇ ੍ਹਨ,ਪਰ ਕਸਬੱਟੀ ਤੇ ਪੂਰਾ ਉਤਰਨ ਵਾਲੇ ਤੇ ਸਾਇਦ ਅਜੇ ਗੁਰੂ ਦੀ ਬਖਸ਼ਿਸ਼ ਨਹੀ ਹੋਈ।ਆਪਾ ਵਾਰਨ ਵਾਲੇ ਜੋਧਿਆਂ ਦੀ ਅੱਜ ਵੀ ਘਾਟ ਨਹੀ,ਸੁਆਲ ਫਿਰ ਓਥੇ ਹੀ ਖੜਾ ਹੈ ਕਿ ਅਕਸਰ ਕੌਂਮ ਦੀ ਅਗਵਾਈ ਕੌਣ ਕਰੇ।ਜੇ ਅੱਜ ਦੇ ਸੰਦਰਭ ਵਿੱਚ ਗੱਲ ਕੀਤੀ ਜਾਵੇ ਤਾਂ ਹੁਣ ਕੌਂਮ ਨੂੰ ਇੱਕ ਅਜਿਹੀ ਸਖਸ਼ੀਅਤ ਦੀ ਜਰੂਰਤ ਹੈ ਜਿਹੜੀ ਕੁ੍ਰਬਾਨੀ ਦਾ ਜਜ਼ਬਾ ਰੱਖਣ ਦੇ ਨਾਲ ਨਾਲ ਇਮਾਨਦਾਰ ਵੀ ਹੋਵੇ।ਕੌਂਮ ਨੇ ਸ਼ੀਸ ਤਲੀ ਤੇ ਧਰਕੇ ਲੜਨ ਵਾਲੇ ਬੁੱਢੇ ਜਰਨੈਲ ਬਾਬਾ ਦੀਪ ਸਿੰਘ ਵਰਗੇ ਸਿੱਖ ਵੀ ਪੈਦਾ ਕੀਤੇ,ਸੁਖਾਂ ਸਿੰਘ ਮਹਿਤਾਬ ਸਿੰਘ ਵੀ ਪੈਦਾ ਕੀਤੇ ਤੇ ਉਹਨਾਂ ਦੇ ਵਾਰਸ ਸੁੱਖਾ ਤੇ ਜਿੰਦਾ ਵੀ ਹੋਏ,ਸ੍ਰ ਹਰੀ ਸਿੰਘ ਨਲੂਏ ਵਰਗੇ ਦੁਨੀਆਂ ਦੇ ਅਜੇਤੂ ਜਰਨੈਲ ਵੀ ਪੈਦਾ ਕੀਤੇ,ਦੁਨੀਆਂ ਨੂੰ ਮਿਸ਼ਾਲੀ ਰਾਜ ਪ੍ਰਬੰਧ ਦੇਣ ਵਾਲਾ ਸੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਵੀ,ਉਸ ਤੋਂ ਬਾਅਦ ਬਾਬਾ ਖੜਕ ਸਿੰਘ ਵਰਗੇ ਆਗੂ ਵੀ ਏਸੇ ਕੌਂਮ ਦਾ ਜਾਏ ਸਨ,ਪਰ ਇਸ ਦੇ ਬਾਵਜੂਦ ਵੀ ਇਹ ਸੁਆਲ ਉੱਠਦਾ ਹੈ ਕਿ ਅਜਿਹੀ ਸੇਰਾਂ ਦੀ ਕੌਂਮ ਦੇ ਮੌਜੂਦਾ ਆਗੂ ਬੇਈਮਾਨ ਕਿਵੇਂ ਹੋ ਗਏ? ਜੇ ਇਤਿਹਾਸ ਤੇ ਨਜਰ ਮਾਰੀ ਜਾਵੇ ਤਾਂ ਪਤਾ ਲਗਦਾ ਹੈ ਕਿ ਕੌਮ ਧਰੋਹ ਕਰਨ ਵਾਲਿਆਂ ਦੀ ਪੁਰਾਤਨ ਇਤਿਹਾਸ ਵਿੱਚ ਵੀ ਬਹੁਤਾਤ ਮਿਲਦੀ ਹੈ,ਖਾਲਸਾ ਰਾਜ ਦਾ ਪਤਨ ਸਿੱਖ ਆਗੂਆਂ ਦੀ ਆਪਸੀ ਫੁੱਟ ਅਤੇ ਗਦਾਰੀਆਂ ਦਾ ਹੀ ਨਤੀਜਾ ਸੀ।ਇਹ ਗੱਲ ਪਹਿਲਾਂ ਬਹੁਤ ਬਾਰ ਲਿਖੀ ਜਾ ਚੁੱਕੀ ਹੈ ਕਿ ਅੰਗਰੇਜਾਂ ਨੇ ਸਿੱਖ ਮਾਨਸਿਕਤਾ ਨੂੰ ਬੜੇ ਗਹੁ ਨਾਲ ਪੜ੍ਹਿਆ,ਉਹਨਾਂ ਦੀ ਬਹਾਦਰੀ ਦਾ ਰਾਜ ਲੱਭਿਆ,ਤੇ ਨਾਲ ਹੀ ਉਹਨਾਂ ਦੀਆਂ ਕਮਜੋਰੀਆਂ ਨੂੰ ਵੀ ਬੜੀ ਬਰੀਕੀ ਨਾਲ ਪਰਖਿਆ।ਉਹਨਾਂ ਨੇ ਇਹ ਬੜੀ ਸਿੱਦਤ ਨਾਲ ਮਹਿਸੂਸ ਕਰ ਲਿਆ ਸੀ ਕਿ ਸਿੱਖਾਂ ਦੀ ਸ਼ਕਤੀ ਦੇ ਸੋਮੇ ਸੱਚਖੰਡ ਸ੍ਰੀ ਹਰਮੰਦਿਰ ਸਾਹਿਬ,ਧਰਮ ਅਤੇ ਰਾਜਨੀਤੀ ਦਾ ਸੁਮੇਲ ਕਰਨ ਵਾਲੇ ਮੀਰੀ ਪੀਰੀ ਦੇ ਸਿਧਾਂਤ ਦਾ ਕੇਂਦਰੀ ਧੁਰਾ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਯਾਦਾ ਨੂੰ ਖੰਡਿਤ ਕਰੇ ਬਗੈਰ ਸਿੱਖਾਂ ਨੂੰ ਕਾਬੂ ਵਿੱਚ ਰੱਖਣਾ ਸੰਭਵ ਨਹੀ ਹੈ।ਉਹਨਾਂ ਨੇ ਖਾਲਸਾ ਰਾਜ ਨੂੰ ਆਪਣੇ ਅਧੀਨ ਕਰਨ ਸਮੇ ਸਭ ਤੋ ਪਹਿਲਾਂ ਸਿੱਖਾਂ ਦੇ ਗੁਰਦੁਆਰਾ ਪਰਬੰਧ ਤੇ ਆਪਣਾ ਕਬਜਾ ਕੀਤਾ।ਉਥੋ ਦੀ ਮਰਯਾਦਾ ਤਹਿਸ ਨਹਿਸ ਕੀਤੀ।ਸਿੱਖੀ ਜਜ਼ਬਾ ਰੱਖਣ ਵਾਲੇ ਆਪਾ ਵਾਰੂ ਜਥੇਦਾਰਾਂ ਦੀ ਥਾਂ ਅਜ਼ਾਸ਼ ਕਿਸਮ ਦੇ ਮਹੰਤ ਕਾਬਜ ਕਰਵਾਏ,ਜਿੰਨਾਂ ਨੇ ਸਿੱਖ ਰਹੁ ਰੀਤਾਂ ਦਾ ਜੰਮ ਕੇ ਘਾਣ ਕੀਤਾ।ਉਹ ਵੱਖਰੀ ਗੱਲ ਹੈ ਕਿ ਅੰਗਰੇਜਾਂ ਦੀਆਂ ਨਾ ਬਰਦਾਸਤਕਰਨਯੋਗ ਹਰਕਤਾਂ ਖਿਲਾਫ ਸਿੱਖਾਂ ਨੇ ਸੰਘਰਸ਼ ਵਿੱਢੇ ਤੇ ਜਿੱਤਾਂ ਪਰਾਪਤ ਕੀਤੀਆਂ,ਪਰ ਸਚਾਈ ਇਹ ਹੈ ਕਿ ਉਸ ਮੌਕੇ ਜੋ ਮਹੰਤਾਂ ਨੇ ਸਿੱਖੀ ਰਹੁ ਰੀਤਾਂ ਨੂੰ ਤੋੜ ਕੇ ਕਰਮਕਾਂਡਾਂ ਵਿੱਚ ਰਲਗੱਡ ਕੀਤਾ,ਉਹਨਾਂ ਨੂੰ ਸਿੱਖ ਮੁੜ ਕੇ ਸਿੱਖ ਮਰਯਾਦਾ ਤੋ ਅਲੱਗ ਕਰਨ ਵਿੱਚ ਅੱਜ ਤੱਕ ਵੀ ਸਫਲ ਨਹੀ ਹੋ ਸਕੇ,ਇਸ ਦਾ ਕਾਰਨ ਇਹ ਹੈ ਕਿ ਸਿੱਖਾਂ ਚੋ ਗੁਰਬਾਣੀ ਦਾ ਗਿਆਨ ਮਨਫੀ ਹੋ ਗਿਆ,ਜਿਸ ਕਰਕੇ ਸਿੱਖ ਦੇ ਜੀਵਨ ਵਿੱਚੋਂ ਸਦਾਚਾਰਕ ਕਦਰਾਂ ਕੀਮਤਾਂ ਦੀ ਘਾਟ ਪੈਦਾ ਹੋ ਗਈ।ਇਹ ਹੀ ਸਦਾਚਾਰਕ ਕਦਰਾਂ ਕੀਮਤਾਂ ਸਿੱਖ ਦੇ ਜੀਵਨ ਦਾ ਮੂਲ ਅਧਾਰ ਸਨ,ਜਿੰਨਾਂ ਦੀ ਬਦੌਲਤ ਇਤਿਹਾਸ ਵਿੱਚ ਸਿੱਖ ਦਾ ਕਿਰਦਾਰ ਉੱਚਾ ਤੇ ਸੁੱਚਾ ਰਿਹਾ।ਅੱਜ ਹਾਲਾਤ ਇਸ ਕਦਰ ਬਿਗੜ ਚੁੱਕੇ ਹਨ ਕਿ ਸਿੱਖ ਹੀ ਸਿੱਖੀ ਤੇ ਸਭ ਤੋ ਵੱਡੇ ਹਮਲੇ ਕਰਨ ਦੇ ਦੋਸ਼ੀ ਸਿੱਧ ਹੋ ਰਹੇ ਹਨ।ਅਜ਼ਾਸ ਮਹੰਤਾਂ ਦੀ ਬਦੌਲਤ ਜਿੱਥੇ ਸਿੱਖ ਕਿਰਦਾਰ ਨੂੰ ਬਹੁਤ ਵੱਡੀ ਢਾਹ ਲੱਗੀ ਹੈ,ਓਥੇ ਸਿੱਖਾਂ ਵਿੱਚ ਨਿੱਜ ਪ੍ਰਸਤੀ ਅਤੇ ਨਿੱਜੀ ਲੋਭ ਲਾਲਸਾ ਨੇ ਵੀ ਆਪਣੀ ਪਕੜ ਮਜਬੂਤ ਕੀਤੀ ਹੈ।ਮਹੰਤਾਂ ਤੋ ਬਾਅਦ ਕਦੇ ਵੀ ਸ੍ਰੀ ਅਕਾਲ ਤਖਤ ਸਾਹਿਬ ਤੋ ਜਥੇਦਾਰ ਫੂਲਾ ਸਿੰਘ ਵਰਗੀ ਲੋਹ ਪੁਰਸ ਤੇ ਉੱਚੇ ਸੁੱਚੇ ਜੀਵਨ ਵਾਲੀ ਕੋਈ ਸ਼ਖਸ਼ੀਅਤ ਦੀ ਗਰਜ ਸੁਣਾਈ ਨਹੀ ਦਿੱਤੀ,ਬਲਕਿ ਜਥੇਦਾਰਾਂ ਦੇ ਰੂਪ ਵਿੱਚ ਜੀ ਹਜੂਰੀਏ,ਲਾਲਚੀ,ਲੋਭੀ,ਕਠਪੁਤਲੀਆਂ ਬੈਠੀਆਂ ਦਿਖਾਈ ਦਿੱਤੀਆਂ,ਜਿਹੜੀਆਂ ਨਾਗਪੁਰੀ ਹੁਕਮਾਂ ਅਨੁਸਾਰ ਹੌਲੀ ਹੌਲੀ ਸਿੱਖੀ ਸਿਧਾਤਾਂ ਨੂੰ ਕਰਮਕਾਂਡਾਂ ਵਿੱਚ ਪਰਪੱਕਤਾ ਨਾਲ ਮਿਲਾਉਣ ਵਿੱਚ ਕਾਮਯਾਬ ਹੋ ਗਈਆਂ,ਲਿਹਾਜਾ ਕੌਂਮ ਆਪਣੇ ਸਾਰੇ ਅਧਿਕਾਰਾਂ ਤੋ ਵਾਂਝੀ ਹੋ ਕੇ ਇਨਸਾਫ ਲਈ ਲੇਲੜੀਆਂ ਕੱਢਣ ਯੋਗੀ,ਭਾਵ ਲਚਾਰ ਹੋ ਕੇ ਰਹਿ ਗਈ।ਜਦੋਂ ਕੌਂਮ ਦੀ ਅਗਵਾਈ ਕਰਨ ਵਾਲੇ ਲੋਕ ਹੀ ਗੁਲਾਮ ਹੋ ਚੁੱਕੇ ਹੋਣ ਫਿਰ ਕੌਂਮ ਦੀ ਅਜਾਦੀ ਦੀ ਗੱਲ ਕੌਣ ਕਰੇਗਾ। ਚਲਾਕ ਦੁਸ਼ਮਣ ਨੇ ਸਿੱਖਾਂ ਨੂੰ ਕਾਬੂ ਵਿੱਚ ਰੱਖਣ ਲਈ ਅੰਗਰੇਜਾਂ ਤੋਂ ਐਸਾ ਗੁਰ ਸਿੱਖ ਲਿਆ,ਜਿਹੜਾ ਕੁੱਝ ਕੁ ਵਿਅਕਤੀਆਂ ਨੂੰ ਥੋੜਾ ਬਹੁਤਾ ਲਾਲਚ ਦੇ ਕੇ ਸਾਰੀ ਕੌਂਮ ਨੂੰ ਲੁੱਟਣ  ਤੇ ਕੁੱਟਣ ਦਾ ਰਾਹ ਪੱਧਰਾ ਕਰ ਦਿੰਦਾ ਹੈ।ਅੱਜ ਤਾਂ ਹਾਲਾਤ ਇਹ ਬਣੇ ਹੋਏ ਹਨ ਕਿ ਸਿੱਖਾਂ ਦੇ ਆਗੂ ਖੁਦ ਬੁ ਖੁਦ ਬਿਕਣ ਲਈ ਜਾਂਦੇ ਹਨ,ਤਾਂ ਕਿ ਕੁਰਸੀ ਦੀ ਪਰਾਪਤੀ ਹੋ ਸਕੇ।ਕੌਂਮ ਦੀ ਕਿਸੇ ਨੂੰ ਕੋਈ ਪ੍ਰਬਾਹ ਨਹੀ,ਕੌਮ ਪਵੇ ਢੱਠੇ ਖੂਹ ਵਿੱਚ।ਪਿਛਲੇ ਦਿਨੀ ਸਮਾਪਤ ਹੋਏ ਬ੍ਰਗਾੜੀ ਦੇ ਇਨਸਾਫ ਮੋਰਚੇ ਦੇ ਆਗੂਆਂ ਨੇ ਜਿਸਤਰਾਂ ਕੌਂਮ ਦਾ ਈਮਾਨ ਵੇਚਿਆ ਹੈ,ਉਹਦੇ ਤੋ ਜਾਪਦਾ ਹੈ ਕਿ ਨੇੜ ਭਵਿੱਖ ਵਿੱਚ ਕੌਂਮ ਦਾ ਕੁੱਝ ਬਨਣ ਵਾਲਾ ਨਹੀ ਹੈ।ਹਰ ਪਾਸੇ ਬੇਈਮਾਨ ਆਗੂਆਂ ਦੀ ਭਰਮਾਰ ਹੈ।ਕੋਈ ਵੀ ਆਗੂ,ਧੜਾ ਜਾਂ ਸੰਸਥਾ ਅਜਿਹੀ ਦਿਖਾਈ ਨਹੀ ਦਿੰਦੀ ਜਿਹੜਿ ਨਿੱਜ ਚੋ ਬਾਹਰ ਨਿੱਕਲ ਕੇ ਨਿਰੋਲ ਕੌਮ ਦੇ ਭਲੇ ਦੀ ਗੱਲ ਕਰਦੀ ਹੋਵੇ,ਕੌਮੀ ਦਰਦ ਰੱਖਦੀ ਹੋਵੇ ਜਾਂ ਕੌਮੀ ਹਿਤਾਂ ਦੀ ਪਰਾਪਤੀ ਲਈ ਬਚਨਵਧਤਾ ਨਾਲ ਲੜਾਈ ਲੜਨ ਲਈ ਸੁਹਿਰਦ ਸੋਚ ਰੱਖਦੀ ਹੋਵੇ,ਫਿਰ ਅਜਿਹੇ ਵਿੱਚ ਕੌਂਮ ਦੇ ਸਾਹਮਣੇ ਇਹ ਸੁਆਲ ਦਾ ਉੱਠਣਾ ਸੁਭਾਵਿਕ ਹੈ ਕਿ ਅਜਿਹੇ ਮਾਰੂ ਦੌਰ ਵਿੱਚ ਕੌਂਮ ਦੀ ਅਗਵਾਈ ਕੌਣ ਕਰੇ ? ਇਸ ਬੀਤ ਚੁੱਕੇ ਵਰ੍ਹੇ ਤੋਂ ਸਬਕ ਲੈਂਦੇ ਹੋਏ ਇਸ ਸੁਆਲ ਨੂੰ ਹੱਲ ਕਰਨ ਲਈ ਹਰ ਸੂਝਬਾਨ ਸਿੱਖ ਨੂੰ ਚਿੰਤਾ ਅਤੇ ਚਿੰਤਨ ਕਰਨ ਦੀ ਜਰੂਰਤ ਹੈ,ਤਾਂ ਕਿ ਨਲੂਏ,ਰਣਜੀਤ ਦੇ ਵਾਰਸਾਂ ਦੀ ਬਹਾਦਰ ਕੌਂਮ ਦਾ ਭਵਿੱਖ ਮੁੜ ਤੋਂ ਸੰਵਾਰਿਆ ਜਾ ਸਕੇ।

ਬਘੇਲ ਸਿੰਘ ਧਾਲੀਵਾਲ
99142-58142