
ਮੁਸਲਿਮ ਭਾਈਚਾਰੇ ਵੱਲੋਂ ਪਹਿਲਗਾਮ 'ਚ ਹੋਏ ਅੱਤਵਾਦੀ ਹਮਲੇ ਦੇ ਰੋਸ ਵਜੋਂ ਅੱਤਵਾਦ ਦਾ ਸਾੜਿਆ ਗਿਆ ਪੁਤਲਾ
ਰੋਜ਼ਾ ਸ਼ਰੀਫ ਦੇ ਖਲੀਫਾ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਇਕੱਤਰ ਹੋਏ ਮੁਸਲਿਮ ਭਾਈਚਾਰੇ ਵੱਲੋਂ ਕੱਢਿਆ ਗਿਆ ਰੋਸ ਮਾਰਚ

ਫ਼ਤਹਿਗੜ੍ਹ ਸਾਹਿਬ, 25 ਅਪ੍ਰੈਲ: (ਹਰਪ੍ਰੀਤ ਕੌਰ ਟਿਵਾਣਾ)ਮੁਸਲਿਮ ਭਾਈਚਾਰੇ ਦੇ ਪਾਕ ਪਵਿੱਤਰ ਸਥਾਨ ਰੋਜ਼ਾ ਸ਼ਰੀਫ ਵਿਖੇ ਸਰਹਿੰਦ ਦੇ ਖਲੀਫਾ ਸਈਅਦ ਮੁਹੰਮਦ ਸਾਦਿਕ ਰਜਾ ਮੁਜੱਜਦੀ ਦੀ ਅਗਵਾਈ ਵਿੱਚ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦੇ ਰੋਸ ਵਜੋ ਵਿਸ਼ਾਲ ਰੋਸ ਮਾਰਚ ਕੱਢਿਆ ਗਿਆ। ਰੋਸ ਮਾਰਚ ਕੱਢਣ ਉਪਰੰਤ ਰੋਜ਼ਾ ਸ਼ਰੀਫ ਦੇ ਬਾਹਰ ਮੁੱਖ ਗੇਟ ਤੇ ਅੱਤਵਾਦ ਦਾ ਪੁਤਲਾ ਵੀ ਸਾੜਿਆ ਗਿਆ ਤੇ ਹਿੰਦੁਸਤਾਨ ਜਿੰਦਾਬਾਦ ਦੇ ਨਾਅਰੇ ਵੀ ਲਗਾਏ ਗਏ। ਇਸ ਮੌਕੇ ਬੋਲਦਿਆਂ ਰੋਜ਼ਾ ਸ਼ਰੀਫ ਸਰਹਿੰਦ ਦੇ ਖਲੀਫਾ ਸਈਅਦ ਮੁਹੰਮਦ ਸਾਦਿਕ ਰਜਾ ਮੁਜੱਜਦੀ ਨੇ ਕਿਹਾ ਕਿ ਉਹ ਅੱਤਵਾਦ ਦੇ ਸਖਤ ਖਿਲਾਫ ਹਨ ਅਤੇ ਪਹਿਲਗਾਮ ਵਿਖੇ ਜੋ ਅੱਤਵਾਦੀਆਂ ਵੱਲੋਂ ਸੈਲਾਨੀਆਂ ਨੂੰ ਗੋਲੀਆਂ ਨਾਲ ਮਾਰਿਆ ਗਿਆ, ਉਹਨਾਂ ਦੀ ਆਤਮਿਕ ਸ਼ਾਂਤੀ ਲਈ ਦੁਆ ਵੀ ਕੀਤੀ ਗਈ ਹੈ। ਉਹਨਾਂ ਕੇਂਦਰ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਜਿਨਾਂ ਸ਼ਕਤੀਆਂ ਵੱਲੋਂ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਹੈ ਉਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਭਵਿੱਖ ਵਿੱਚ ਅੱਗੇ ਤੋਂ ਅਜਿਹੀ ਕੋਈ ਦਰਦਨਾਕ ਘਟਨਾ ਨਾ ਘਟ ਸਕੇ, ਜਿਸ ਨਾਲ ਮੁਲਕ ਦੀ ਸ਼ਾਂਤੀ ਭੰਗ ਹੋ ਸਕੇ ਤੇ ਇਸ ਦੇਸ਼ ਵਿੱਚ ਅਮਨ ਸ਼ਾਂਤੀ ਬਹਾਲ ਰੱਖੀ ਜਾ ਸਕੇ । ਉਹਨਾਂ ਕਿਹਾ ਕਿ ਭਾਰਤ ਸ਼ੁਰੂ ਤੋਂ ਹੀ ਅਮਨ ਪਸੰਦ ਦੇਸ਼ ਰਿਹਾ ਹੈ ਅਤੇ ਸ਼ਾਂਤੀ ਭੰਗ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਸ ਮੌਕੇ ਸੈਫ਼ ਅਹਿਮਦ ਮੀਤ ਪ੍ਰਧਾਨ ਪੰਜਾਬ ਮਜਲਿਸ ਅਹਿਰਾਰ, ਨਜ਼ਾਮ ਅਲੀ ਪ੍ਰਧਾਨ ਫ਼ਤਹਿਗੜ੍ਹ ਸਾਹਿਬ, ਗੁਲਾਮ ਰਬਾਨੀ, ਇਕਬਾਲ ਲਗ, ਅਬਦੁੱਲ ਰਹਿਮਾਨ ਤੇ ਹੋਰ ਮੁਸਲਿਮ ਭਾਈਚਾਰੇ ਦੇ ਲੋਕ ਹਾਜ਼ਰ ਸਨ ।