Arshpreet-Sidhu

ਬਰਦਾਸ਼ਤ - ਅਰਸ਼ਪ੍ਰੀਤ ਸਿੱਧੂ

ਵਿਆਹ ਨੂੰ ਅਜੇ ਤਿੰਨ ਕੁ ਵਰ੍ਹੇ ਹੀ ਹੋਏ ਸਨ ਕਿ ਗੋਰੀ ਦਾ ਘਰਵਾਲਾ ਇਸ ਸੰਸਾਰ ਨੂੰ ਅਲਵਿਦਾ ਕਹਿ ਗਿਆ। ਉਸ ਵਕਤ ਗੋਰੀ ਮਾਂ ਬਣਨ ਵਾਲੀ ਸੀ। ਗੋਰੀ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ। ਸਹੁਰਿਆ ਦੇ ਕਹਿਣ ਤੇ ਗੋਰੀ ਆਪਣੇ ਸਹੁਰੇ ਘਰ ਹੀ ਰਹੀ। ਜਦੋਂ ਗੋਰੀ ਦੇ ਦਿਉਰ ਦਾ ਵਿਆਹ ਸੀ ਤਾ ਗੋਰੀ ਨੂੰ ਉਸਦੇ ਪੇਕੇ ਘਰ ਭੇਜ ਦਿੱਤਾ ਗਿਆ ਕਿ ਇਹ ਵਿਧਵਾ ਨਵੀ ਬਹੁ ਦੇ ਮੱਥੇ ਨਹੀਂ ਲਾਉਣੀ। ਦੋ ਮਹੀਨਿਆ ਬਾਅਦ ਗੋਰੀ ਮੁੜ ਆਪਣੇ ਸਹੁਰੇ ਆ ਗਈ। ਸੱਸ ਗੋਰੀ ਤੇ ਉਸਦੀ ਦਰਾਣੀ ਨੂੰ ਆਪਸ ਵਿੱਚ ਬੋਲਣ ਨਾ ਦਿੰਦੀ ਉਹ ਕਹਿੰਦੀ ਕਿ ਇਸ ਵਿਧਵਾ ਦਾ ਪਰਛਾਵਾ ਕਿਤੇ ਨਵੀਂ ਬਹੂ ਤੇ ਨਾ ਪੈ ਜਾਵੇ। ਗੋਰੀ ਸਭ ਕੁਝ ਚੁਪ ਚਾਪ ਸਹਿਣ ਕਰਦੀ ਆਪਣੇ ਪੁੱਤ ਨੂੰ ਵੱਡਾ ਹੁੰਦਾ ਦੇਖਦੀ। ਕੋਈ ਵੀ ਖੁਸ਼ੀ ਦਾ ਮੌਕਾ ਹੁੰਦਾ ਗੋਰੀ ਘਰੋ ਭੇਜ ਦਿੱਤੀ ਜਾਦੀ। ਗੋਰੀ ਹੁਣ ਇਹ ਸਭ ਕੁਝ ਸਹਿਣਾ ਸਿੱਖ ਗਈ ਸੀ ਉਹ ਪਹਿਲਾ ਹੀ ਆਪਣੇ ਪੁੱਤ ਨੂੰ ਲੈ ਆਪਣੇ ਪੇਕੇ ਚਲੀ ਜਾਂਦੀ। ਪੁੱਤ ਵੱਡਾ ਹੋਇਆ ਉਸ ਦੇ ਵਿਆਹ ਦੇ ਕਾਰਜ ਵੀ ਗੋਰੀ ਤੋਂ ਨਾ ਕਰਵਾਏ ਗਏ। ਗੋਰੀ ਇਹ ਸਭ ਕੁਝ ਵੀ ਪੁੱਤ ਦੀ ਖੁਸ਼ੀ ਲਈ ਬਰਦਾਸਤ ਕਰ ਗਈ। ਵਿਆਹ ਦੇ ਬਾਅਦ ਨਵੀਂ ਬਹੁ ਦਾ ਚਾਅ ਭਲਾ ਕਿਸ ਨੂੰ ਨਹੀਂ ਹੁੰਦਾ ਪਰ ਗੋਰੀ ਦੀ ਸੱਸ ਨੇ ਉਸਨੂੰ ਇਸ ਖੁਸੀ ਤੋਂ ਵੀ ਵਾਝਾ ਕਰ ਦਿੱਤਾ। ਗੋਰੀ ਨੂੰ ਪੁੱਤ ਨੂੰਹ ਤੋਂ ਅਲੱਗ ਰਹਿਣ ਲਈ ਘਰ ਵਿੱਚ ਇੱਕ ਕਮਰਾ ਬਣਾ ਦਿੱਤਾ ਉਹ ਉਸ ਕਮਰੇ ‘ਚ ਬੈਠੀ ਆਪਣੀ ਨੂੰਹ ਨੂੰ ਦੇਖਦੀ ਰਹਿੰਦੀ। ਘਰ ਪੋਤਾ ਹੋਇਆ ਤਾਂ ਗੋਰੀ ਨੂੰ ਸਵਾ ਮਹੀਨਾ ਪੋਤੇ ਦਾ ਮੂੰਹ ਨਾ ਦੇਖਣ ਦਿੱਤਾ ਗਿਆ। ਗੋਰੀ ਸਭ ਕੁਝ ਬਰਦਾਸਤ ਕਰਦੀ ਆਪਣੇ ਪਰਿਵਾਰ ਦੀ ਸੁੱਖ ਮੰਗਦੀ। ਬੁਢਾਪੇ ਸਮੇਂ ਗੋਰੀ ਆਪਣੇ ਪੇਕਿਆ ਦੀ ਗੱਲ ਨਾ ਮੰਨ ਸਹੁਰਿਆ ਦੀ ਮੰਨੀ ਗੱਲ ਤੇ ਪਛਤਾਉਂਦੀ-ਪਛਤਾਉਦੀ ਇਸ ਦੁਨੀਆਂ ਨੂੰ ਅਲਵਿਦਾ ਆਖ ਗਈ। ਗੌਰੀ ਨੇ ਸਾਰੀ ਉਮਰ ਬਹੁਤ ਕੁਝ ਬਰਦਾਸਤ ਕੀਤਾ ਪਰ ਉਸ ਦੀ ਬਰਦਾਸਤ ਦਾ ਸਾਇਦ ਕਿਤੇ ਮੁੱਲ ਨਹੀ ਪਿਆ।

ਅਰਸ਼ਪ੍ਰੀਤ ਸਿੱਧੂ-9478622509

ਕਸੂਰਵਾਰ ਕੌਣ - ਅਰਸ਼ਪ੍ਰੀਤ ਸਿੱਧੂ

ਜੀਤਾ ਉੱਚੇ ਲੰਮੇ ਕੱਦ ਵਾਲਾ ਸੋਹਣਾ ਸੁਨੱਖਾ ਨੌਜਵਾਨ ਸੀ। ਜਮੀਨ ਜਾਇਦਾਦ ਚੰਗੀ ਹੋਣ ਕਰਕੇ ਉਹ ਕਾਲਜ ਬੁਲਟ ਤੇ ਆਇਆ ਜਾਇਆ ਕਰਦਾ ਸੀ। ਕਾਲਜ ਦੇ ਵਿੱਚ ਜੀਤੇ ਦੀ ਦੋਸਤੀ ਕੁਝ ਗਲਤ ਮੁੰਡਿਆ ਨਾਲ ਹੋ ਗਈ। ਉਹ ਗਲਤ ਸੰਗਤ ਵਿੱਚ ਰਲ ਕੇ ਨਸ਼ੇ ਕਰਨ ਲੱਗ ਪਿਆ। ਘਰੋ ਜਿੰਨੇ ਪੈਸੇ ਮੰਗਣੇ ਬਾਪ ਨੇ ਦੇ ਦੇਣੇ। ਪਹਿਲੋ ਪਹਿਲ ਤਾ ਉਹ ਘਰੋ ਪੈਸੇ ਮੰਗ ਕੇ ਆਪਣਾ ਨਸ਼ਾ ਪੂਰਾ ਕਰਦਾ ਰਿਹਾ ਜਦੋ ਬਾਪ ਨੇ ਪੈਸਿਆ ਤੋ ਜਵਾਬ ਦਿੱਤਾ ਤਾਂ ਉਸ ਨੇ ਆਪਣਾ ਬੁਲਟ ਵੇਚ ਕੇ ਕੁਝ ਦਿਨ ਹੋਰ ਨਸੇ ਦਾ ਪ੍ਰਬੰਧ ਕਰ ਲਿਆ। ਬਾਪ ਨੂੰ ਜਦੋ ਜੀਤੇ ਬਾਰੇ ਪਤਾ ਲੱਗਿਆ ਉਦੋ ਤੱਕ ਜੀਤਾ ਪੱਕਾ ਨਸੇੜੀ ਬਣ ਚੁੱਕਾ ਸੀ। ਚਿੰਤਾ ਵਿੱਚ ਡੁੱਬੇ ਮਾਪਿਆਂ ਨੇ ਜੀਤੇ ਨੂੰ ਸਮਝਾਉਣ ਲਈ ਉਸ ਦੇ ਮਾਮੇ ਨਾਨੇ ਵੀ ਸੱਦੇ ਪਰ ਜੀਤੇ ਦਾ ਪਿੱਛੇ ਮੁੜਨਾ ਹੁਣ ਮੁਸਕਿਲ ਸੀ। ਜੀਤੇ ਦੇ ਮਾਪਿਆ ਨੇ ਰਿਸ਼ਤੇਦਾਰਾਂ ਦੇ ਕਹਿਣ ਤੇ ਜੀਤੇ ਦਾ ਵਿਆਹ ਕਰਨ ਦਾ ਫੈਸਲਾ ਕਰ ਲਿਆ। ਗਰੀਬ ਘਰ ਦੀ ਕੁੜੀ ਦੇਖ ਕੇ ਜੀਤੇ ਦਾ ਵਿਆਹ ਕਰ ਦਿੱਤਾ ਗਿਆ। ਕੁੜੀ ਦੇ ਘਰਦਿਆਂ ਨੂੰ ਨਸ਼ੇ ਦਾ ਪਤਾ ਹੋਣ ਦੇ ਬਾਵਜੂਦ ਵੀ ਉਹਨਾ ਇਹ ਸੋਚ ਕੇ ਵਿਆਹ ਕਰ ਦਿੱਤਾ ਕਿ ਆਪੇ ਵਿਆਹ ਤੋਂ ਬਾਅਦ ਹੌਲੀ-ਹੌਲੀ ਨਸ਼ਾ ਛੱਡ ਜਾਉ ਅਤੇ ਮੁੰਡੇ ਦੇ ਘਰਦਿਆਂ ਨੇ ਇਹ ਸੋਚ ਕੇ ਵਿਆਹ ਦਿੱਤਾ ਕਿ ਜਦੋ ਬੇਗਾਨੀ ਧੀ ਆਈ ਆਪੇ ਸੁਧਾਰ ਲਵੇਗੀ। ਸਮਝ ਨਵੀਂ ਆਈ ਕਿ ਉਸ ਬੇਗਾਨੀ ਧੀ ਕੋਲ ਅਜਿਹੀ ਕਿਹੜੀ ਜਾਦੂ ਦੀ ਛੜੀ ਸੀ, ਜਿਸ ਨਾਲ ਜੀਤਾ ਨਸਾ ਛੱਡ ਵਧੀਆ ਇਨਸ਼ਾਨ ਬਣ ਜਾਵੇਗਾ। ਦੋਨੋ ਪਰਿਵਾਰਾਂ ਦੇ ਲਏ ਫੈਸਲਿਆਂ ਵਿੱਚ ਉਹ ਵਿਚਾਰੀ ਬੇਗਾਨੀ ਧੀ ਬਿਨਾ ਗਲਤੀ ਕੀਤੇ ਉਮਰ ਕੈਦ ਦੀ ਸਜਾ ਭੁਗਤਣ ਲਈ ਤਿਆਰ ਬੈਠੀ ਸੀ।

ਅਰਸ਼ਪ੍ਰੀਤ ਸਿੱਧੂ-9478622509

ਸਜਾ - ਅਰਸ਼ਪ੍ਰੀਤ ਸਿੱਧੂ

ਕਦੀ ਕਦੀ ਇਨਸ਼ਾਨ ਨੂੰ ਉਨ੍ਹਾਂ ਗੁਨਾਹਾਂ ਦੀ ਸਜਾ ਭੁਗਤਣੀ ਪੈਦੀ ਹੈ ਜਿਹੜੇ ਉਸਨੇ ਕਰੇ ਵੀ ਨਹੀਂ ਹੁੰਦੇ। ਜੀਤੇ ਕੋਲ ਰੱਬ ਦਾ ਦਿੱਤਾ ਬਹੁਤ ਕੁਝ ਸੀ ਪਰ ਔਲਾਦ ਦਾ ਸੁੱਖ ਸਾਇਦ ਉਸਦੀ ਕਿਸਮਤ ਵਿੱਚ ਰੱਬ ਲਿਖਣਾ ਭੁੱਲ ਗਿਆ ਸੀ। 100 ਕਿਲਿਆ ਦਾ ਮਾਲਕ ਜੀਤਾ ਬਹੁਤ ਸੋਹਣੀ ਜਿੰਦਗੀ ਬਤੀਤ ਕਰਦਾ ਸੀ। ਵਿਆਹ ਤੋਂ ਪੰਜ ਵਰ੍ਹਿਆ ਮਗਰੋਂ ਵੀ ਜਦੋਂ ਜੀਤੇ ਦੇ ਕੋਈ ਔਲਾਦ ਨਾ ਹੋਈ ਤਾਂ ਘਰ ਦਿਆ ਨੇ ਜੀਤੇ ਦੇ ਸਾਲੀ ਨਾਲ ਉਸਦਾ ਦੂਸਰਾ ਵਿਆਹ ਕਰ ਦਿੱਤਾ, ਔਲਾਦ ਉਸਦੇ ਵੀ ਨਾ ਹੋਈ। ਜੀਤੇ ਦੀ ਘਰਵਾਲੀ ਆਪਣੀ ਭਤੀਜੀ ਦਾ ਸਾਕ ਲੈ ਆਈ। ਇੱਕ 17 ਵਰ੍ਹਿਆ ਦੀ ਕੁੜੀ ਜਮੀਨ ਦੇ ਲਾਲਚ ਨੂੰ ਆਪਣੇ ਹੀ ਫੁੱਫੜ ਦੇ ਨਾਲ ਵਿਆਹ ਦਿੱਤੀ ਗਈ। ਵਿਆਹ ਤੋਂ ਸਾਲ ਬਾਂਅਦ ਜੀਤਾ ਆਪਣੀ ਸੰਸਾਰਿਕ ਯਾਤਰਾ ਪੂਰੀ ਕਰ ਗਿਆ। 18 ਵਰ੍ਹਿਆਂ ਵਿੱਚ ਉਸ ਛੋਟੀ ਜਿਹੀ ਕੁੜੀ ਨੇ ਵਿਆਹ ਤੇ ਵਿਧਵਾ ਦੋਨੋ ਰਿਸ਼ਤੇ ਨਿੱਭਾ ਲਏ। ਫਿਰ ਉਹ ਕੁੜੀ ਆਪਣੇ ਭਰਾ ਦੇ ਪੁੱਤਰ ਨੂੰ ਗੋਦ ਪਾ ਲਿਆਈ। ਜਦੋਂ ਉਹ ਪੁੱਤਰ ਵੱਡਾ ਹੋਇਆ ਤਾ ਨਸ਼ਿਆ ਵਿੱਚ ਪੈ ਗਿਆ। ਜਦੋਂ ਉਹ 30 ਵਰ੍ਹਿਆਂ ਦੀ ਹੋਈ ਤਾ ਉਸਦਾ ਪੁੱਤਰ ਨਸ਼ਿਆ ਕਾਰਨ ਮਰ ਗਿਆ। ਹੁਣ ਉਹ ਵਿਚਾਰੀ ਇੱਕਲੀ 2 ਕਿਲਿਆ ਦੇ ਘਰ ਵਿੱਚ 100 ਕਿਲਿਆ ਨੂੰ ਸੰਭਾਲਦੀ ਹੋਈ ਨਾ ਕੀਤੀ ਗਲਤੀ ਦੀ ਸਜਾ ਭੁਗਤ ਰਹੀ ਹੈ। ਜਮੀਨ ਦੇ ਲਾਲਚ ‘ਚ ਅੰਨੇ ਹੋਏ ਲੋਕਾਂ ਨੇ ਕਿੰਨੀਆ ਜਿੰਦਗੀਆਂ ਨੂੰ ਬਿਨਾਂ ਕੀਤੇ ਗੁਨਾਹਾਂ ਦੀ ਸਜਾ ਸੁਣਾ ਦਿੱਤੀ।

ਅਰਸ਼ਪ੍ਰੀਤ ਸਿੱਧੂ ਸੰਪਰਕ:-94786-22509

ਗੁਰਤੇਜ ਵੀਰ ਨੂੰ ਯਾਦ ਕਰਦਿਆਂ - ਅਰਸ਼ਪ੍ਰੀਤ ਸਿੱਧੂ

ਭੈਣ ਦਾ ਸੋਹਣਾ ਵੀਰਾ ਤੇ ਮਾਂ ਦੀ ਅੱਖ ਦਾ ਤਾਰਾ ਸੀ
ਭੋਲੀ ਭਾਲੀ ਸੂਰਤ ਤੇਰੀ ਜਚਦਾ ਪੱਗ ਨਾਲ ਸਰਦਾਰਾ ਸੀ
ਹੰਝੂ ਕੇਰਦੀ ਅੱਜ ਮਾਂ ਫਿਰਦੀ ਏ ਜਿਸਦਾ ਤੂੰ ਹੀ ਸਹਾਰਾ ਸੀ
ਬਾਪ ਤੇਰਾ ਅੱਜ ਹਾਰ ਗਿਆ ਬਣ ਗਿਆ ਸਭ ਦਾ ਵਿਚਾਰਾ ਸੀ
ਸੁੰਨਾ ਕਰ ਗਿਆ ਜਹਾਨ ਤੂੰ ਉਨ੍ਹਾਂ ਦਾ, ਰੋਇਆ ਕੱਲਾ-ਕੱਲਾ ਤਾਰਾ ਸੀ
ਸਭ ਮਿਲਦੇ ਰਿਸਤੇ ਦੁਨੀਆ ਤੇ ਨਾ ਮਿਲਣ ਪੁੱਤਰ ਦੁਬਾਰਾ ਜੀ
ਦਿਖਦਾ ਹੁਣ ਵੀ ਖੜ੍ਹਾ ਵਾਡਰ ਤੇ ਲਗਦਾ ਵਰਦੀ ‘ਚ ਬਹੁਤ ਪਿਆਰਾ ਸੀ
ਕੱਚੀ ਕਲੀ ਦਾ ਫੁਲ ਸੀ ਵੀਰਿਆ ਨਾ ਖਿਲਨਾ ਇਹ ਦੁਬਾਰਾ ਜੀ    
ਮੁੜਿਆ ‘ਗੁਰਤੇਜ ਸਿਆਂ’ ਇਕ ਵਾਰ ਫਿਰ ਤੂੰ ਮਾਂ ਦਾ ਇਹੀ ਬੁਲਾਰਾ ਸੀ
‘ਵੀਰੇ ਵਾਲਾ’ ਰੋਂਦਾ ਸਾਰਾ ਕਿਉਂ ਕਰ ਗਿਆ ਪੁੱਤਰਾਂ ਕਿਨਾਰਾ ਸੀ
ਰੋਂਦਾ ਦੇਖਿਆ ਮੈਂ ਰੱਬ ਵੀ ਤੇਰੀ ਮੌਤੇ ਤੇ ਲਿਆ ਬਾਰਸ਼ ਦਾ ਜਿਸਨੇ ਸਹਾਰਾ ਸੀ।

ਅਰਸ਼ਪ੍ਰੀਤ ਸਿੱਧੂ ਸੰਪਰਕ:-94786-22509