Balwant-Singh-Gill

ਕਿਰਸਾਨਾਂ ਦੀ ਸ਼ਾਨਦਾਰ ਜਿੱਤ, ਜਿੱਤ ਦੇ ਜਸ਼ਨ ਕਿਵੇਂ ਮਨਾਏ ਜਾਣ - ਬਲਵੰਤ ਸਿੰਘ ਗਿੱਲ ਬੈਡਫ਼ੋਰਡ

ਖੇਤੀ ਦੇ ਤਿੰਨ ਕਾਲੇ ਕਾਨੂੰਨ ਨੂੰ ਵਾਪਸ ਕਰਾਉਣ ਅਤੇ ਘੱਟੋ-ਘੱਟ ਕੀਮਤ ਦੇ ਕਾਨੂੰਨ ਬਣਾਏ ਜਾਣ ਬਾਰੇ ਪੰਜਾਬ ਵਿੱਚ ਤਕਰੀਬਨ ਇੱਕ ਸਾਲ ਅਤੇ ਢਾਈ ਮਹੀਨਿਆਂ ਤੋਂ ਚੱਲਦੇ ਅਤੇ ਦਿੱਲੀ ਬਾਰਡਰ ਤੇ 378 ਦਿਨਾਂ ਦੇ ਚੱਲਦੇ ਕਿਰਸਾਨ ਅੰਦੋਲਨ ਨੂੰ ਆਖਿਰ ਸ਼ਾਨਦਾਰ ਸਫ਼ਲਤਾ ਮਿਲੀ। ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਸ ਬਾਰੇ ਚਰਚਾ ਚੱਲਦੀ ਰਹੀ ਹੈ ਕਿ ਜੋ ਕੁੱਝ ਮੋਦੀ ਕਹਿੰਦਾ ਹੈ, ਕਰਵਾ ਕੇ ਸਾਹ ਲੈਂਦਾ ਹੈ। ਉਸ ਚੇਲੇ ਬਾਲਕੇ ਅਕਸਰ ਕਿਹਾ ਕਰਦੇ ਹਨ ਕਿ 'ਜੇ ਮੋਦੀ ਹੈ ਤਾਂ ਮੁਮਕਿਨ ਹੈ', ਜਾਂ ਫਿਰ 'ਹਰ ਹਰ ਮੋਦੀ ਘਰ ਘਰ ਮੋਦੀ'। ਉਹ ਮੋਦੀ ਜਿਸ ਦੇ ਫ਼ੈਸਲਿਆਂ ਤੇ ਸ਼ੋਸਲ ਮੀਡੀਆ ਤੇ 15 ਲੱਖ ਤੱਕ ਹਾਮੀ ਭਰਨ ਵਾਲੇ ਉਸ ਦੇ ਭਗਤ ਹਨ, ਉਹ ਮੋਦੀ ਅੱਜ ਕਿਰਸਾਨਾਂ ਦੇ ਸਿਰੜ ਅਤੇ ਸਬਰ ਅੱਗੇ ਗੋਡੇ ਟੇਕਣ ਲਈ ਮਜ਼ਬੂਰ ਹੋ ਗਿਆ। ਉਹ ਮੋਦੀ ਜਿਹੜਾ ਦੇਸ਼ ਦੇ ਕਰੋੜਾਂ ਕਿਰਸਾਨਾਂ ਦੀਆਂ ਮੰਗਾਂ ਬਾਰੇ ਜਨਵਰੀ 2021 ਤੋਂ ਨਵੰਬਰ 2021 ਤੱਕ ਗੱਲਬਾਤ ਕਰਨ ਲਈ ਤਿਆਰ ਨਹੀਂ ਸੀ, ਅਚਾਨਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਤੇ ਖੇਤੀ ਕਾਨੂੰਨ ਵਾਪਸ ਕਰਨ ਲਈ ਮਜ਼ਬੂਰ ਹੋ ਗਿਆ। ਮੋਦੀ ਅਤੇ ਉਸ ਦੀ ਸਰਕਾਰ ਦੇ ਮੰਤਰੀ ਸੰਤਰੀ ਦੇਸ਼ ਦੇ ਅੰਨਦਾਤਾ ਨੂੰ ਖਾਲੀਸਤਾਨੀ, ਮਾਊਵਾਦੀ, ਨਕਸਲਵਾਦੀ, ਵੱਖਵਾਦੀ, ਅੰਦੋਲਨ ਜੀਵੀ, ਪਰਜੀਵੀ ਅਤੇ ਪਤਾ ਨਹੀਂ ਕਿੰਨੇ ਹੋਰ ਭੈੜੇ ਸ਼ਬਦਾਂ ਨਾਲ ਭੰਡਦੇ ਸਨ। ਆਖ਼ੀਰ ਨੂੰ ਉਨ੍ਹਾਂ ਹੀ ਵੱਖਵਾਦੀਆਂ ਦੇ ਕਾਨੂੰਨ ਰੱਦ ਕਰਕੇ ਆਖਦਾ ਹੈ ਕਿ ਉਸ ਦੀ ਸਰਕਾਰ ਕਿਰਸਾਨਾਂ ਨੂੰ ਕਾਨੂੰਨ ਦੇ ਫ਼ਾਇਦਿਆਂ ਬਾਰੇ ਚੰਗੀ ਤਰ੍ਹਾਂ ਸਮਝਾ ਨਹੀਂ ਸਕੀ। ਕਿਰਸਾਨਾਂ ਪਾਸੋਂ ਮੁਆਫ਼ੀ ਤਾਂ ਮੰਗੀ ਪਰ ਕਾਨੂੰਨਾਂ ਨੂੰ ਅਜੇ ਤੱਕ ਵੀ ਮਾੜਾ ਕਹਿਣ ਤੋਂ ਸੰਗਦਾ ਹੈ।
ਮੋਦੀ ਨੂੰ ਇਹ ਕਾਨੂੰਨ ਵਾਪਸ ਕਰਨ ਦਾ ਅਚਾਨਕ ਸੁਪਨਾ ਨਹੀਂ ਸੀ ਆਇਆ। ਪੰਜਾਬ, ਹਰਿਆਣਾ, ਪੱਛਮੀ ਯੂ.ਪੀ., ਉਤਰਾਂਚਲ, ਮਹਾਂਰਾਸ਼ਟਰ, ਰਾਜਸਥਾਨ ਅਤੇ ਦੇਸ਼ ਦੇ ਬਾਕੀ ਸੂਬਿਆਂ ਦੇ ਕਿਰਸਾਨਾਂ, ਮਜ਼ਦੂਰਾਂ, ਛੋਟੇ ਕਾਰੀਗਰਾਂ, ਆੜਤੀਆਂ, ਛੋਟੇ ਦੁਕਾਨਦਾਰਾਂ ਅਤੇ ਛੋਟੇ ਵਿਉਪਾਰੀਆਂ ਦੇ ਕਰੜੇ ਸਿਰੜ ਅਤੇ ਸਬਰ ਅੱਗੇ ਉਸਦਾ ਹੰਕਾਰ ਟਿਕ ਨਹੀਂ ਸਕਿਆ। ਕੜਕਦੀਆਂ ਧੁੱਪਾਂ ਵਿੱਚ ਮੱਛਰਾਂ ਅਤੇ ਕੀੜੇ ਮਕੌੜਿਆਂ ਦੇ ਡੰਗਾਂ ਦੀ ਪਰਵਾਹ ਨਾ ਕਰਦਿਆਂ, ਸਖ਼ਤ ਸਰਦੀਆਂ, ਮੀਂਹਾਂ, ਹਨ੍ਹੇਰੀਆਂ, ਦੰਗਾਕਾਰੀਆਂ ਦਿਆਂ ਇੱਟਾਂ ਵੱਟਿਆਂ ਦੀ ਪਰਵਾਹ ਨਾ ਕਰਦਿਆਂ, ਪੁਲਿਸ ਦੀਆਂ ਡਾਂਗਾਂ ਅਤੇ ਪਾਣੀ ਦੀਆਂ ਬੁਛਾੜਾਂ ਵਿੱਚ ਪਲਿਆ ਇਨ੍ਹਾਂ ਯੋਧਿਆਂ ਦਾ ਸਬਰ ਅਤੇ ਸਿਰੜ ਦੇਸ਼ ਦੀ ਹੰਕਾਰੀ ਹਕੂਮਤ ਜਬਰ ਤੇ ਜਿੱਤ ਪ੍ਰਾਪਤ ਕਰ ਗਿਆ। ਭਾਵੇਂ ਕਿ ਇਸ ਅੰਦੋਲਨ ਨੇ ਦੇਸ਼ ਦੇ 700 ਤੋਂ ਵੀ ਉੱਪਰ ਸਿਦਕੀ ਯੋਧਿਆਂ ਦੀਆਂ ਜਾਨਾਂ ਲੈ ਲਈਆਂ ਪਰ ਫਿਰ ਵੀ ਉਹ ਆਪਣੇ ਨਿਸ਼ਾਨੇ ਤੋਂ ਡੋਲੇ ਨਹੀਂ। ਇਸ ਜਿੱਤ ਦਾ ਸਿਹਰਾ ਜਿਹੜਾ ਸਿਰੜੀ ਕਿਰਸਾਨਾਂ, ਮਜ਼ਦੂਰਾਂ, ਛੋਟੇ ਵਿਉਪਾਰੀਆਂ ਅਤੇ ਹੋਰ ਵਰਗਾ ਨੂੰ ਜਾਂਦਾ ਹੈ, ਇਸ ਤੋਂ ਵੀ ਵੱਧ ਸੰਯੁਕਤ ਮੋਰਚੇ ਦੇ ਕਿਰਸਾਨ ਨੇਤਾਵਾਂ ਅਤੇ ਐਨ. ਆਰ. ਆਈ. ਸੰਗਤ ਨੂੰ ਵੀ ਜਾਂਦਾ ਹੈ। ਸੰਯੁਕਤ ਮੋਰਚੇ ਦੇ ਇੱਕੜ ਦੁੱਕੜ ਨੇਤਾਵਾਂ ਦੇ ਕੁੱਝ ਮੱਤਭੇਦ ਹੋਣ ਦੇ ਬਾਵਜੂਦ ਵੀ ਉਹ ਇੱਕ ਧਾਗੇ ਵਿੱਚ ਪਰੋਏ ਰਹੇ। ਚੜੂਨੀ ਅਤੇ ਜੋਗਿੰਦਰ ਯਾਦਵ ਨੂੰ ਆਪਣੇ ਬਿਆਨਾਂ ਕਰਕੇ ਮੁਅੱਤਲ ਵੀ ਹੋਣਾ ਪਿਆ ਪਰ ਬਲਵੀਰ ਸਿੰਘ ਰਾਜੇਵਾਲ, ਜੋਗਿੰਦਰ ਸਿੰਘ ਉਗਰਾਹਾਂ ਅਤੇ ਬਾਕੀ ਸੂਝਵਾਨਾਂ ਕਿਰਸਾਨ ਨੇਤਾਵਾਂ ਦੀ ਅਗਵਾਈ ਮੋਰਚੇ ਦੀ ਸਫ਼ਲਤਾ ਨੂੰ ਇੱਕ-ਇੱਕ ਦਿਨ ਕਰਕੇ ਅੱਗੇ ਵਧਾਉਂਦੀ ਗਈ। ਰਿਕੇਸ਼ ਟਕੈਤ ਦੇ 26 ਜਨਵਰੀ ਦੀ ਘਟਨਾ ਤੋਂ ਬਾਅਦ ਡੋਲ੍ਹੇ ਗਏ ਹੰਝੂ ਇਸ ਮੋਰਚੇ ਦੇ ਕਾਰਵਾਂ ਨੂੰ ਅੱਗੇ ਲੈ ਤੁਰੇ।
ਜੇ ਕੋਈ ਇਹ ਆਖੇ ਕਿ ਮੋਦੀ ਨੇ ਤਰਸ ਕਰਕੇ ਕਿਰਸਾਨਾਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਹਨ, ਕਹਿਣਾ ਗ਼ਲਤ ਹੋਵੇਗਾ। ਕੋਈ ਵੀ ਸਿਆਸਤਦਾਨ ਉਨਾਂ ਚਿਰ ਆਪਣੀ ਪਕੜ ਜਾਰੀ ਰੱਖਦਾ ਹੈ ਜਿੰਨਾ ਚਿਰ ਉਸ ਦੀ ਕੁਰਸੀ ਦੇ ਪਾਵੇ ਨਹੀਂ ਹਿੱਲਦੇ। ਕਿਰਸਾਨ ਨੇਤਾਵਾਂ ਨੇ ਬੰਗਾਲ ਦੀਆਂ ਚੋਣਾਂ ਵੇਲੇ ਆਪਣੀ ਏਕਤਾ ਅਤੇ ਤਾਕਤ ਦੀ ਇੱਕ ਛੋਟੀ ਜਿਹੀ ਝਾਕੀ ਦਿਖਾ ਦਿੱਤੀ ਸੀ ਜਦੋਂ ਬੰਗਾਲ ਦੀ ਖੇਤਰੀ ਪਾਰਟੀ ਟੀ.ਐਸ.ਸੀ. ਨੂੰ ਹਰਾ ਨਾ ਸਕੀ। ਭਾਵੇਂ ਮੋਦੀ ਨੇ ਅੱਡੀਆਂ ਚੁੱਕ ਕੇ ਜ਼ੋਰ ਲਾ ਲਿਆ ਸੀ। ਅੱਗੇ 2022 ਵਿੱਚ ਪੰਜਾਬ ਸਮੇਤ 5 ਸੂਬਿਆਂ ਵਿੱਚ ਚੋਣ ਹੋਣ ਜਾ ਰਹੀ ਹੈ ਜਿਨ੍ਹਾਂ ਵਿੱਚ ਯੂ.ਪੀ. ਇੱਕ ਐਸਾ ਸੂਬਾ ਹੈ ਜਿਸ ਦੀ ਸਿਆਸਤ ਦੇਸ਼ ਵਿੱਚ ਬਨਣ ਵਾਲੀ ਕੇਂਦਰੀ ਸਰਕਾਰ ਦਾ ਵੋਟ ਬੈਲੇਂਸ ਬਦਲ ਸਕਦੀ ਹੈ। ਸੂਬੇ ਦੀਆਂ 80 ਪਾਰਲੀਮੈਂਟ ਦੀਆਂ ਸੀਟਾਂ ਕਿਸੇ ਵੀ ਪਾਰਟੀ ਨੂੰ ਜਿੱਤ ਹਾਰ ਦਾ ਕਾਰਨ ਬਣ ਸਕਦੀਆਂ ਹਨ। 2022 ਦੀਆਂ ਚੋਣਾਂ ਦੀ ਭਵਿੱਖ-ਬਾਣੀ ਕਰਦੇ ਕਈ ਮਾਹਰ ਸਮਾਜਵਾਦੀ ਪਾਰਟੀ ਦੇ ਸੁਪਰੀਮੋ ਐਕਲੇਸ਼ ਯਾਦਵ ਨੂੰ ਸੂਬੇ ਦਾ ਅਗਲਾ ਮੁੱਖ ਮੰਤਰੀ ਦਰਸਾ ਰਹੇ ਹਨ। ਇਨ੍ਹਾਂ ਗੱਲਾਂ ਨੂੰ ਧਿਆਨ ਗੋਚਰੇ ਰੱਖਦੇ ਭਾਜਪਾ ਦੇ ਮਾਹਿਰਾਂ ਨੂੰ ਜ਼ਰੂਰ ਹੀ ਮੋਦੀ ਨੂੰ ਸਲਾਹ ਦਿੱਤੀ ਹੋਵੇਗੀ ਕਿ ਪੰਜਾਬ ਵਿੱਚ ਤਾਂ ਬੀ.ਜੇ.ਪੀ. ਤਾਂ ਪੈਰ ਨਹੀਂ ਲੱਗਣੇ ਪਰ ਯੂ.ਪੀ. ਦਾ ਗੜ੍ਹ ਵੀ ਇਸ ਦੇ ਹੱਥੋਂ ਜਾ ਰਿਹਾ ਹੈ। ਲੱਗਦਾ ਹੈ ਕਿ ਮੋਦੀ ਨੂੰ ਮਰਦੇ ਨੂੰ ਅੱਕ ਚੱਬਣਾ ਪੈ ਗਿਆ।
ਅੱਜ ਹੀ ਮੈਂ ਭਾਰਤ ਦੀ ਖ਼ਜ਼ਾਨਾ ਮੰਤਰੀ ਸ੍ਰੀਮਤੀ ਸੀਤਾਰਮਨ ਨੂੰ ਸਵਾਲਾਂ ਦੇ ਜਵਾਬ ਦਿੰਦਿਆਂ ਸੁਣਿਆ ਕਿ ਕਾਨੂੰਨ ਤਾਂ ਬਹੁਤ ਚੰਗੇ ਹਨ ਪਰ ਉਸ ਦੀ ਪਾਰਟੀ ਕਿਰਸਾਨਾਂ ਨੂੰ ਇਨ੍ਹਾਂ ਕਾਨੂੰਨਾਂ ਦੇ ਗੁਣਾਂ ਬਾਰੇ ਸਮਝਾ ਨਹੀਂ ਸੀ। ਉਹ ਅਜੇ ਵੀ ਦੇਸ਼ ਵਿੱਚ ਨਿਜੀਕਰਣ ਦੀ ਹਾਮੀ ਭਰ ਰਹੀ ਹੈ। ਇਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਕਿਰਸਾਨ ਆਗੂਆਂ ਨੂੰ ਬੀ.ਜੇ.ਪੀ. ਦੀ ਕਿਰਸਾਨੀ ਬਾਰੇ ਪਾਲਸੀਆਂ ਨੂੰ ਬਰੀਕੀ ਨਾਲ ਘੌਖਣਾ ਹੋਵੇਗਾ। ਘੱਟੋ ਘੱਟ ਫ਼ਸਲ ਮੁੱਲ ਤੇ ਭਾਵੇਂ ਸਰਕਾਰ ਕਮੇਟੀ ਬਣਾਉਣ ਨੂੰ ਹਾਮੀ ਭਰ ਗਈ ਹੈ, ਪਰ ਦੇਖਣਾ ਹੋਵੇਗਾ ਕਿ ਦੇਸ਼ ਦੇ ਬਾਕੀ ਸੂਬਿਆਂ ਦੀਆਂ ਫ਼ਸਲਾਂ ਨੂੰ ਨਾ ਮਿਲਣ ਵਾਲੀ ਵਾਜਬ ਫ਼ਸਲੀ ਕੀਮਤ ਦਾ ਧਿਆਨ ਰੱਖਿਆ ਜਾਵੇ। ਪੰਜਾਬ, ਹਰਿਆਣਾ ਅਤੇ ਪੱਛਮੀ ਯੂ ਪੀ ਨੂੰ ਮਿਲਣ ਕਣਕ ਅਤੇ ਝੋਨੇ ਦੀ ਫ਼ਸਲੀ ਲਾਗਤ ਨੂੰ ਠੀਕ ਤਰੀਕੇ ਨਾਲ ਅੰਕਿਤ ਨਹੀਂ ਕੀਤਾ ਗਿਆ। ਕਿਰਸਾਨਾਂ ਦੇ ਹਰ ਪਰਿਵਾਰ ਦੇ ਜੀਆਂ ਦੀ ਮਿਹਨਤ/ਮਜ਼ਦੂਰੀ ਨੂੰ ਅਧੂਰਾ ਅੰਕਿਤ ਕੀਤਾ ਗਿਆ ਹੈ। ਮੱਕੀ ਦੀ ਅੱਜੇ ਤੱਕ ਵੀ ਘੱਟੋ-ਘੱਟ ਕੀਮਤ ਨਹੀਂ ਮਿਲ ਰਹੀ ਹੈ। ਕਿਰਸਾਨਾਂ ਨੂੰ 900/1000 ਪ੍ਰਤੀ ਕੁਇੰਟਲ ਦੇ ਕੇ ਜਿਹੜਾ ਕਿ ਘੱਟੋ-ਘੱਟ ਕੀਮਤ ਦੇ ਹਿਸਾਬ ਨਾਲ 1800 ਰੁਪਏ ਪ੍ਰਤੀ ਕੁਇੰਟਲ ਚਾਹੀਦਾ ਹੈ ਤਾਂ ਲੁੱਟ ਕਸੁੱਟ ਹੋ ਰਹੀ ਹੈ।
ਅੱਜ ਜਦੋਂ ਮੈਂ ਇਹ ਆਰਟੀਕਲ ਲਿਖ ਰਿਹਾ ਹਾਂ ਤਾਂ ਦੇਸ਼ ਦੇ ਕਿਰਸਾਨ ਦਿੱਲੀ ਬਾਰਡਰਾਂ ਤੋਂ ਆਪਣਾ ਸਾਲ ਭਰ ਦਾ ਇਕੱਠਾ ਕੀਤਾ ਹੋਇਆ ਸਮਾਨ ਟਰਾਲੀਆਂ ਤੇ ਲੱਦ ਕੇ ਖ਼ੁਸ਼ੀ ਵਿੱਚ ਭੰਗੜੇ ਪਾਉਂਦੇ ਘਰਾਂ ਨੂੰ ਪਰਤ ਰਹੇ ਹਨ। ਦੇਖ ਕੇ ਦਿਲ ਭਾਵੁਕ ਹੁੰਦਾ ਹੈ ਕਿ ਇਹ ਮਿਹਨਤਕਸ਼ ਇਨਸਾਨ ਕਿਵੇਂ ਸਿਰਫ਼ ਆਪਣੇ ਹੀ ਲਈ ਨਹੀਂ ਸਗੋਂ ਸੂਬੇ ਦੇ ਸਭ ਵਰਗਾਂ ਦੇ ਹਿੱਤਾਂ ਅਤੇ ਆਪਣੀਆਂ ਅਗਲੀਆਂ ਨਸਲਾਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਇੰਨੀਆਂ ਤਕਲੀਫ਼ਾਂ ਝੱਲਦੇ ਰਹੇ ਹਨ। ਉਹ ਅੱਸੀਆਂ ਵਰ੍ਹਿਆਂ ਦੀ ਉਮਰ ਦੇ ਬਜ਼ੁਰਗ ਜਿਨ੍ਹਾਂ ਨੂੰ ਸਖ਼ਤ ਸਰਦੀਆਂ ਵਿੱਚ ਨਿੱਘੇ ਘਰਾਂ ਵਿੱਚ ਅਰਾਮ ਕਰਨ ਦੀ ਜ਼ਰੂਰਤ ਹੈ ਉਹ ਸਾਡੇ ਤੁਹਾਡੇ ਸਭ ਲਈ ਸੜਕਾਂ ਤੇ ਰੁੱਲ ਰਹੇ ਹਨ।
ਪੰਜਾਬ ਵਾਸੀਆਂ ਨੇ ਆਪਣਾ ਪੁਰਾਣਾ ਜੁਝਾਰੂ ਅਤੇ ਮਾਣਮੱਤਾ ਵਿਰਸਾ ਫੇਰ ਇੱਕ ਵਾਰ ਸਾਕਾਰ ਕਰ ਦਿੱਤਾ ਹੈ। ਦੇਸ਼ ਦੇ ਬਾਕੀ ਸੂਬਿਆਂ ਦੇ ਬਸ਼ਿੰਦਿਆਂ ਨੂੰ ਨਾਲ ਲੈ ਕੇ ਸਾਂਝੇ ਕਾਰਜ ਲਈ ਕਿਵੇਂ ਜੂਝਣਾ ਹੈ, 1947 ਤੋਂ ਪਹਿਲਾਂ ਦੇਸ਼ ਨੂੰ ਆਜ਼ਾਦ ਕਰਾਉਣ ਵਾਲੀ ਫਿਰ ਇੱਕ ਪਿਰਤ ਪਾ ਦਿੱਤੀ ਹੈ। ਦੇਸ਼ ਦੀ 2.5% ਆਬਾਦੀ ਵਾਲਾ ਸੂਬਾ ਇੱਕ ਵਾਰ ਫੇਰ ਆਗੂ ਬਣ ਕੇ ਉਭਰਿਆ ਹੈ। ਸੂਬੇ ਦੇ ਆਗੂਆਂ ਨੇ ਦਿਖਾ ਦਿੱਤਾ ਹੈ ਕਿ ਜਬਰ ਵਿੱਚ ਕਿਵੇਂ ਸਬਰ ਦਾ ਲੜ ਫੜ ਕੇ ਜਿੱਤ ਪ੍ਰਾਪਤ ਕੀਤੀ ਜਾ ਸਕਦੀ ਹੈ। ਲੋਕਾਂ ਦੇ ਉਹ ਮਿਹਣੇ ਕੇ ਪੰਜਾਬੀਆਂ ਵਿੱਚ ਹੁਣ ਗੈਰਤ ਮਰ ਗਈ ਹੈ, ਉਸ ਨੂੰ ਫੇਰ ਮੁੜ ਸੁਰਜੀਤ ਕਰ ਦਿੱਤਾ ਹੈ। ਦੇਸ਼ ਦੀ ਸਰਕਾਰ ਨੂੰ ਦੱਸ ਦਿੱਤਾ ਹੈ ਕਿ ਜਾਤੀ, ਧਰਮਾਂ ਅਤੇ ਊਚ-ਨੀਚ ਦੇ ਵਖਰੇਵੇਂ ਪਾ ਕੇ ਕੌਮ ਨੂੰ ਬਹੁਤੀ ਦੇਰ ਮੂਰਖ ਨਹੀਂ ਬਣਾਇਆ ਜਾ ਸਕਦਾ। ਦੇਸ਼ ਦੇ ਖੱਖੜੀ-ਖੱਖੜੀ ਹੋਏ ਕਿਰਸਾਨਾਂ ਨੂੰ ਮੁੜ ਫੇਰ ਇੱਕ ਧਾਗੇ ਵਿੱਚ ਪਰੋ ਦਿੱਤਾ ਹੈ ਤੇ ਦੇਸ਼ ਦੀ ਭਾਰੀ ਬਹੁਮੱਤ ਵਾਲੀ ਪਾਰਟੀ ਨੂੰ ਫ਼ਿਕਰਾਂ ਵਿੱਚ ਪਾ ਦਿੱਤਾ ਹੈ ਕਿ ਮੋਹਰਲੀਆਂ ਚੋਣਾਂ ਵਿੱਚ ਕੀ ਬਣੂੰ।
ਦੇਸ਼ ਦੇ ਖ਼ਾਸ ਕਰਕੇ ਪੰਜਾਬ ਦੇ ਕਿਰਸਾਨਾਂ ਅਤੇ ਕਿਰਸਾਨ ਆਗੂਆਂ ਨੂੰ ਜਿੱਤ ਹਾਸਲ ਕਰਕੇ ਜਸ਼ਨ ਮਨਾਉਣੇ ਵਾਜਬ ਬਣਦੇ ਹਨ। ਖੁਸ਼ੀ ਹੋਵੇ ਵੀ ਕਿਉਂ ਨਾ ਲੋਕੀਂ ਤਾਂ ਪਿੰਡ ਦਾ ਸਰਪੰਚ ਬਣ ਕੇ ਜਾਂ ਛੋਟੀ ਮੋਟੀ ਹੋਰ ਪ੍ਰਾਪਤੀ ਕਰਕੇ ਫੁੱਲੇ ਨਹੀਂ ਸਮਾਉਂਦੇ, ਕਿਰਸਾਨ ਤਾਂ ਉਸ ਮੋਰਚੇ ਨੂੰ ਫ਼ਤਿਹ ਕਰਕੇ ਆਏ ਹਨ ਜਿਸਦੀ ਪਿਛਲੇ ਮਹੀਨੇ ਦੇ ਸ਼ੁਰੂ ਵਿੱਚ ਰੱਤੀ ਭਰ ਵੀ ਆਸ ਨਹੀਂ ਸੀ। ਕਿਰਸਾਨੋ ਅਤੇ ਮਜ਼ਦੂਰ ਭਾਈਓ! ਖੁਸ਼ੀਆਂ ਜ਼ਰੂਰ ਮਨਾਓ ਪਰ ਇਸ ਅੰਦੋਲਨ ਤੋਂ ਮਿਲੇ ਕਈ ਕੀਮਤੀ ਗੁਣਾਂ ਨੂੰ ਅੱਖੋਂ ਪ੍ਰੋਖੇ ਨਾ ਕਰਿਓ। ਇਹ ਜਿੱਤ ਤੁਹਾਡੇ ਸਭ ਵਰਗਾਂ ਦੇ ਏਕੇ ਅਤੇ ਇਤਫ਼ਾਕ ਨਾਲ ਹੋਈ ਹੈ। ਤੁਸੀਂ ਆਪਣੀਆਂ ਪੁਰਾਣੀਆਂ ਸਾਂਝਾਂ ਨੂੰ ਮੁੜ ਸੁਰਜੀਤ ਕੀਤਾ ਹੈ। ਤੁਸੀਂ ਸੂਬਾਈ ਝਗੜਿਆਂ ਜਿਵੇਂ ਚੰਡੀਗੜ੍ਹ, ਪੰਜਾਬੀ ਬੋਲਦੇ ਇਲਾਕੇ ਅਤੇ ਪਾਣੀਆਂ ਦਿਆਂ ਮਸਲਿਆਂ ਤੋਂ ਉੱਪਰ ਉੱਠ ਕੇ ਇੱਕ ਸਾਂਝੇ ਕੌਮੀ ਨਿਸ਼ਾਨੇ ਵੱਲ ਹੰਭਲਾ ਮਾਰਿਆ ਹੈ। ਤੁਸੀਂ ਧਰਮਾਂ, ਜਾਤਾਂ ਅਤੇ ਵਰਗਾਂ ਦਿਆਂ ਵਖਰੇਵਿਆਂ ਦੀ ਪਰਵਾਹ ਨਹੀਂ ਕੀਤੀ। ਤੁਸੀਂ ਆਪਸੀ ਛੋਟੇ ਮੋਟੇ ਆੜਾ ਬੰਨਿਆਂ ਦੀਆਂ ਖੁੰਦਕਾਂ ਤੋਂ ਉੱਪਰ ਉੱਠੇ ਹੋ। ਤੁਸੀਂ ਬਿਨਾਂ ਕਿਸੇ ਭੁਲੇਖੇ ਤੋਂ ਆਪਸੀ ਏਕੇ ਦਾ ਸਬੂਤ ਦਿੱਤਾ ਹੈ। ਇਹ ਗੁਣ ਤੁਹਾਨੂੰ ਅੱਗੇ ਵੀ ਅਪਨਾਉਣੇ ਹੋਣਗੇ। ਪਿੰਡ ਦੀਆਂ ਪੰਚਾਇਤੀ ਚੋਣਾਂ ਤੋਂ ਲੈ ਕੇ ਦੇਸ਼ ਦੀ ਪਾਰਲੀਮੈਂਟ ਚੋਣਾਂ ਤੱਕ ਕਿਸੇ ਪਾਰਟੀ ਦੇ ਛੋਟੇ ਮੋਟੇ ਲਾਲਚਾਂ ਨੂੰ ਦਰਕਿਨਾਰ ਕਰਕੇ ਸੂਬੇ ਅਤੇ ਦੇਸ਼ ਦੇ ਮੁੱਦਿਆਂ ਦਾ ਹੋਕਾ ਦੇਣਾ ਹੋਏਗਾ।
ਲੱਗਦਾ ਹੈ ਕਿ ਪੰਜਾਬ ਵਿੱਚ ਫ਼ਰਵਰੀ 2022 ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ। ਆਪਣੀਆਂ ਵੋਟਾਂ ਬੋਤਲਾਂ ਵੱਟੇ ਨਾ ਵੇਚਿਉ। ਸਗੋਂ ਪਾਰਟੀ ਦੇ ਕੈਂਡੀਡੇਟਾਂ ਨੂੰ ਪਿੰਡ ਦੀਆਂ ਨਾਲੀਆਂ-ਗਲ਼ੀਆਂ ਪੱਕੀਆਂ ਕਰਾਉਣ ਤੋਂ ਹੱਟ ਕੇ ਜਾਂ ਫਿਰ ਆਟਾ, ਦਾਲਾਂ ਜਾਂ ਛੋਟੀਆਂ ਮੋਟੀਆਂ ਪੈਨਸ਼ਨਾਂ ਦੇ ਲਾਲਚ ਵਿੱਚ ਆਪਣਾ ਅਤੇ ਆਪਣੇ ਬੱਚਿਆਂ ਦਾ ਭਵਿੱਖ ਨਾ ਵੇਚ ਦਿਓ। ਚੋਣ ਪ੍ਰਚਾਰ ਕਰਨ ਆਏ ਨੇਤਾਵਾਂ ਨੂੰ ਹਲੀਮੀ ਨਾਲ ਸਵਾਲ ਕਰੋ ਕਿ ਪਿੰਡ ਦੇ ਸਕੂਲਾਂ ਦੀ ਬਿਲਡਿੰਗ, ਅਧਿਆਪਕਾਂ ਦੀ ਭਰਤੀ ਅਤੇ ਉਨ੍ਹਾਂ ਦੀ ਵਾਜਬ ਤਨਖ਼ਾਹ ਬਾਰੇ ਕੀ ਸੋਚ ਰਹੇ ਹੋ। ਨਾਲ ਹੀ ਸਿਹਤ ਨਾਲ ਸੰਬੰਧਿਤ ਹਸਪਤਾਲਾਂ ਵਿੱਚ ਡਾਕਟਰਾਂ ਅਤੇ ਨਰਸਾਂ ਦੇ ਘਾਟ ਦਾ ਸਵਾਲ ਉਠਾਓ। ਨਿੱਜੀਕਰਣ ਨੂੰ ਠੱਲ ਪਾ ਕੇ ਸਰਕਾਰੀ ਅਦਾਰਿਆਂ ਬਾਰੇ ਉਨ੍ਹਾਂ ਨੇਤਾਵਾਂ ਦੇ ਕੀ ਵੀਚਾਰ ਹਨ? ਰੇਤਾ, ਬੱਜਰੀ, ਟਰਾਂਸਪੋਰਟ ਅਤੇ ਕੇਬਲ ਮਾਫ਼ੀਆ ਬਾਰੇ ਕੀ ਪਾਲਿਸੀ ਹੈ। ਕਿਰਸਾਨ ਅਤੇ ਮਜ਼ਦੂਰਾਂ ਦੇ ਕਰਜ਼ਿਆਂ ਬਾਰੇ ਉਨ੍ਹਾਂ ਦੀ ਸਰਕਾਰ ਦਾ ਕੀ ਸਟੈਂਡ ਹੋਏਗਾ। ਬੇਅਦਬੀ ਦੇ ਮਸਲਿਆਂ ਨੂੰ ਕਿਵੇਂ ਨਜਿੱਠ ਰਹੇ ਹੋ।
ਸਭ ਤੋਂ ਵੱਡਾ ਸਵਾਲ ਹੋਣਾ ਚਾਹੀਦਾ ਹੈ ਕਿ ਪੰਜਾਬ ਦੇ ਵਸਨੀਕਾਂ ਸਿਰ ਚੜ੍ਹੇ ਤਿੰਨ ਲੱਖ ਕਰੋੜ ਤੋਂ ਵੱਧ ਚੜ੍ਹੇ ਕਰਜ਼ੇ ਨੂੰ ਕਿਵੇਂ ਲਾਹਿਆ ਜਾਏਗਾ। ਸੂਬੇ ਵਿੱਚ ਖ਼ਜ਼ਾਨਾ ਭਰਨ ਬਾਰੇ ਉਨ੍ਹਾਂ ਦੀ ਸਰਕਾਰ ਦੇ ਕੀ ਉਪਰਾਲੇ ਹੋਣਗੇ। ਸੂਬੇ ਦੇ ਨੌਜਵਾਨ ਧੜਾ-ਧੜ ਜਹਾਜ਼ ਭਰੀ ਵਿਦੇਸ਼ਾਂ ਨੂੰ ਰੋਜ਼ੀ-ਰੋਟੀ ਖ਼ਾਤਿਰ ਆਪਣੀਆਂ ਜ਼ਮੀਨਾਂ ਵੇਚ ਕੇ ਧੰਨ ਅਤੇ ਨੌਜਵਾਨੀ ਖ਼ਜ਼ਾਨਾ ਵਿਦੇਸ਼ਾਂ ਵਿੱਚ ਲਿਜਾ ਰਹੇ ਹਨ। ਇਸ ਨਿਕਾਸ ਨੂੰ ਨਵੀਂ ਸਰਕਾਰ ਕਿਵੇਂ ਠੱਲ੍ਹ ਪਾਏਗੀ। ਚੋਣ ਮੈਨੀਫੈਸਟੋ ਵਿੱਚ ਕੀਤੇ ਵਾਅਦੇ ਅਗਰ ਪੂਰੇ ਨਹੀਂ ਹੁੰਦੇ ਤਾਂ ਕਾਨੂੰਨ ਬਣਾਇਆ ਜਾਣਾ ਚਾਹੀਦਾ ਹੈ ਕਿ ਉਸ ਪਾਰਟੀ ਨੂੰ ਕੀ ਸਜ਼ਾ ਮਿਲੇਗੀ। ਪੰਜਾਬ ਵਾਸੀਓ! ਤੁਹਾਨੂੰ ਸੂਬਾਈ ਨੇਤਾਵਾਂ ਦੀਆਂ ਲੂੰਬੜ ਚਾਲਾਂ ਨੂੰ ਪਹਿਚਾਨਣਾ ਹੋਏਗਾ। ਜਿਵੇਂ ਤੁਸੀਂ ਦਿੱਲੀ ਬਾਰਡਰਾਂ ਤੇ ਏਕਾ ਦਿਖਾਇਆ, ਇਹੋ ਜਿਹਾ ਏਕਾ ਪਿੰਡਾਂ ਵਿੱਚ ਵੀ ਦਿਖਾਉਣਾ ਹੋਏਗਾ। ਭੁੱਲ ਜਾਓ ਪਿਛਲੀਆਂ ਜਿੱਦ ਬਾਜ਼ੀਆਂ। ਪਿੰਡ ਦੀਆਂ ਲੰਬੜਦਾਰੀਆਂ, ਸਰਪੰਚੀਆਂ ਜਾਂ ਹੋਰ ਚੌਧਰਾਂ ਖਾਰਤ ਸਿਆਸਤੀ ਪਾਰਟੀਆਂ ਦਾ ਇਕਾਈ ਸੈਲ ਨਾ ਬਣੋ। ਆਪਣਾ ਆਜ਼ਾਦ ਨਿਆਰਪਨ ਮੁੜ ਸੁਰਜੀਤ ਕਰੋ। ਵਿਕਸਿਤ ਦੇਸ਼ਾਂ ਦੀ ਤਰਜ਼ ਤੇ ਵੋਟਾਂ ਮੰਗਣ ਆਏ ਕਿਸੇ ਵੀ ਸੰਭਾਵੀ ਨੇਤਾ ਨੂੰ ਆਖੋ ਕਿ ਵੋਟ ਮੇਰਾ ਹੱਕ ਹੈ, ਮੈਂ ਆਪਣੀ ਮਰਜ਼ੀ ਨਾਲ ਯੋਗ ਨੁਮਾਇੰਦੇ ਨੂੰ ਵੋਟ ਪਾਵਾਂਗਾ ਜਾਂ ਪਾਵਾਂਗੀ।
ਵੱਡਾ ਸਵਾਲ ਹਰ ਇੱਕ ਦੇ ਮਨ ਵਿੱਚ ਇਹ ਹੋਏਗਾ ਕਿ ਕਿਰਸਾਨ ਆਗੂ ਕਿਉਂ ਨਹੀਂ ਆਪਣੀ ਸਿਆਸੀ ਪਾਰਟੀ ਬਣਾ ਲੈਂਦੇ। ਮੇਰੀ ਨਿੱਜੀ ਰਾਏ ਹੈ ਕਿ ਕਿਰਸਾਨ ਆਗੂਆਂ ਨੂੰ ਇੱਕ ਮਜ਼ਬੂਤ ਸਮੂਹ ਦਬਾਅ ਗਰੁੱਪ ਹੀ ਬਣੇ ਰਹਿਣਾ ਚਾਹੀਦਾ ਹੈ। ਅਗਰ ਆਪ ਖ਼ੁਦ ਸਿਆਸਤ ਵਿੱਚ ਪੈਰ ਪਾ ਲਿਆ ਤਾਂ ਰਵਾਇਤੀ ਪਾਰਟੀਆਂ ਨੇ ਇਨ੍ਹਾਂ ਆਗੂਆਂ ਨੂੰ ਆਪਸ ਵਿੱਚ ਹੀ ਲੜਾ ਦੇਣਾ ਹੈ। ਇੱਕ ਦੂਸਰੇ ਦੇ ਪੋਤੜੇ ਫੋਲਣ ਤੇ ਜ਼ੋਰ ਲੱਗ ਜਾਏਗਾ। ਅਗਰ ਸਮੂਹ ਦਬਾਅ ਗੁਰੱਪ ਬਣੇ ਰਹਿਣਗੇ ਤਾਂ ਇਹ ਕੌਮ ਦਾ ਕੋਈ ਵੀ ਮਸਲਾ ਹੱਲ ਕਰਵਾ ਸਕਣਗੇ। ਵਿਦੇਸ਼ਾਂ ਵਿੱਚ ਸਰਕਾਰਾਂ ਨੂੰ ਸਮੂਹ ਦਬਾਅ ਗਰੁੱਪਾਂ ਦੇ ਅਸਰ ਅਧੀਨ ਕੋਈ ਮਾੜੀ ਪਾਲਿਸੀ ਬਣਾਉਣ ਤੋਂ ਸੰਕੋਚ ਕਰਦੇ ਹਨ। ਮੌਕੇ ਦੀਆਂ ਸਰਕਾਰਾਂ ਹਮੇਸ਼ਾ ਪ੍ਰਭਾਵ ਰੱਖਣ ਵਾਲੇ ਵਿਅਕਤੀ ਨੂੰ ਲਾਲਚ ਦੇ ਕੇ ਖ਼ਰੀਦ ਲੈਂਦੇ ਹਨ। ਕਿਰਸਾਨ ਆਗੂਆਂ ਨੂੰ ਬੇਨਤੀ ਹੈ ਕਿ ਕੌਮ ਖ਼ਾਤਿਰ ਇਨ੍ਹਾਂ ਸੌੜੇ ਹਿੱਤਾਂ ਨੂੰ ਪਰੇ ਰੱਖਿਓ। ਅਗਰ ਤੁਸੀਂ ਅੰਦੋਲਨ ਵਿੱਚ ਕੀਤੀ ਅਗਵਾਈ ਵਾਂਗ ਪਿੰਡਾਂ ਦੀ ਵੀ ਅਗਵਾਈ ਕੀਤੀ ਤਾਂ ਜ਼ਰੂਰ ਹੀ ਪੰਜਾਬ ਦੀ ਨੁਹਾਰ ਬਦਲ ਜਾਏਗੀ। ਪੰਜਾਬ ਫਿਰ ਦੇਸ਼ ਦਾ ਨੰਬਰ ਇੱਕ ਸੂਬਾ ਹੋ ਕੇ ਉਭਰੇਗਾ। ਮੈਂ ਫਿਰ ਇੱਕ ਵਾਰ ਦੇਸ਼ ਦੇ ਕਿਰਸਾਨਾਂ ਅਤੇ ਕਿਰਸਾਨ ਆਗੂਆਂ ਨੂੰ ਇਸ ਇਤਿਹਾਸਕ ਜਿੱਤ ਲਈ ਲੱਖ-ਲੱਖ ਵਧਾਈ ਦਿੰਦਾ ਹਾਂ। ਪਰਮਾਤਮਾ ਕਰੇ ਕਿ ਫੇਰ ਕਦੇ ਵੀ ਦੇਸ਼ ਵਾਸੀਆਂ ਨੂੰ ਇਹੋ ਜਿਹੀ ਲੰਬੀ ਜੱਦੋ-ਜਹਿਦ ਵਿੱਚ ਨਾ ਪੈਣਾ ਪਵੇ।
ਬਲਵੰਤ ਸਿੰਘ ਗਿੱਲ,
ਬੈਡਫ਼ੋਰਡ।

ਕੀ ਮੈਂ ਲਾਵਾਰਸ ਹਾਂ ?  - ਬਲਵੰਤ ਸਿੰਘ ਗਿੱਲ

ਗਰਮੀਆਂ ਦੀਆਂ ਛੁੱਟੀਆਂ ਹੋਈਆਂ ਤਾਂ ਬੱਲੀ ਦੀ ਧਰਮ ਪਤਨੀ ਸਰਬਜੋਤ ਨੇ ਸਲਾਹ ਦਿੱਤੀ ਕਿ ਇਸ ਸਾਲ ਗਰਮੀਆਂ ਦੀਆ ਛੁੱਟੀਆਂ ਕਨੇਡਾ ਬੀਤਾਈਆਂ ਜਾਣ। ਇੱਕ ਤਾਂ ਉਨਾਂ ਦੇ ਮਸੇਰ ਭਾਈ ਨੂੰ ਮਿਲ ਹੋ ਜਾਵੇਗਾ ਅਤੇ ਦੂਸਰਾ ਬੱਚਿਆਂ ਦਾ ਮਨਪ੍ਰਚਾਵਾ ਹੋ ਜਾਵੇਗਾ।ਬੱਲੀ  ਨੂੰ ਵੀ ਆਪਣੀ ਧਰਮ ਪਤਨੀ  ਦਾ ਸੁਝਾਉ ਪਸੰਦ ਆਇਆ ਅਤੇ ਇਨਾਂ ਨੇ ਆਪਣੇ ਦੋ ਬੱਚਿਆਂ ਸਮੇਤ ਪਿਛਲੇ ਸਾਲ ਗਰਮੀਆਂ ਵਿੱਚ ਟੋਰੰਟੋ ਜਾਣ ਦਾ ਪ੍ਰੋਗਰਾਮ ਬਣਾ ਲਿਆ।
         ਬੱਲੀ ਨੇ ਆਪਣੇ ਮਸੇਰ ਭਾਈ ਗੁਰਭਜਨ ਨੂੰ ਜਦੋਂ ਆਪਣੀ ਕਨੇਡਾ ਜਾਣ ਦੀ ਸੂਚਨਾ ਦਿੱਤੀ, ਉਹ ਬਹੁਤ ਖੁਸ਼ ਹੋਇਆ ਅਤੇ ਹੈਰਾਨ ਹੋਇਆ ਆਖਣ ਲੱਗਾ, '' ਉਏ ਬੱਲੀ ਇੱਥੇ ਆਉਣ ਦੇ ਲਾਰੇ ਤਾਂ ਤੂੰ ਪਿਛਲੇ ਕਈ ਸਾਲਾਂ ਦੇ ਲਾ ਰਿਹਾ ਹੈਂ, ਐਂਵੇਂ ਨਾ ਜੱਬਲੀਆਂ ਮਾਰੀ ਜਾਇਆ ਕਰ। ਤੇਰੇ 'ਤੇ ਮੈਨੂੰ ਹੁਣ ਰੱਤੀ ਇਤਬਾਰ ਨਹੀਂ।'' '' ਨਹੀਂ ਗੁਰਭਜਨ ਇਸ ਵਾਰ ਤਾਂ ਇੱਟ ਵਰਗਾ ਸੱਚ ਹੈ, ਸਾਡੇ ਤਾਂ ਬੱਚੇ ਵੀ ਕਨੇਡਾ ਜਾਣ ਨੂੰ ਰੱਸੇ ਤੁੱੜਵਾ ਰਹੇ ਕਹੀ ਜਾ ਰਹੇ ਹਨ , ਡੈਡ ਇਸ ਸਾਲ ਛੁੱਟੀਆਂ ਵਿੱਚ ਸਾਨੂੰ ਕਨੇਡਾ ਜਰੂਰ ਲੈ ਕੇ ਜਾਓ।'' ਬੱਲੀ ਦੇ ਬੱਚੇ ਅਤੇ ਗੁਰਭਜਨ ਦੇ ਬੱਚੇ ਤਕਰੀਬਨ ਹਮ-ਉਮਰ ਹਨ।ਬੱਲੀ ਨੂੰ ਆਪਣੇ ਮਸੇਰ ਭਾਈ ਨੂੰ ਮਿਲਣ ਦੀ ਅਤੇ ਕਨੇਡਾ ਘੁੰਮਣ ਫਿਰਨ ਦੀ ਖੁਸ਼ੀ ਅਤੇ ਬੱਚਿਆਂ ਨੂੰ ਮਸੇਰ ਭਾਈ ਦੇ ਬੱਚਿਆਂ ਨੂੰ ਮਿਲਣ ਦੀ ਤਾਂਘ ਅਤੇ ਚਾਅ, ਦੇਖਿਆਂ ਹੀ ਬਣਦਾ ਸੀ
    ਬੱਲੀ ਅਤੇ ਸਰਬਜੋਤ ਨੇ ਦਿਨਾਂ ਵਿੱਚ ਹੀ ਤਿਆਰੀ ਕੀਤੀ ਅਤੇ ਪਰਿਵਾਰ ਸਮੇਤ ਗੁਰਭਜਨ ਦੇ ਘਰ ਕਨੇਡਾ ਪਹੁੰਚ ਗਏ। ਮਸੇਰ ਭਾਈ ਅਤੇ ਉਨ੍ਹਾਂ ਦੀ ਧਰਮ ਪਤਨੀ ਸਿਮਰਨ ਨੇ ਬੱਲੀ ਪਰਿਵਾਰ ਦਾ ਰੱਜ ਕੇ ਸੁਆਗਤ ਕੀਤਾ। ਬੱਚੇ ਘਰ ਵੜਦਿਆਂ ਸਾਰ ਹੀ ਗੁਰਭਜਨ ਦੇ ਬੱਚਿਆਂ ਨਾਲ ਇੱਕ-ਮਿੱਕ ਹੋ ਗਏ ਅਤੇ ਬੱਲੀ ਹੋਰੀਂ ਗੁਰਭਜਨ ਅਤੇ ਸਿਮਰਨ ਨਾਲ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਇੱਕ ਦੂਸਰੇ ਦੀ ਸੁੱਖ ਸਾਂਦ ਪੁੱਛਣ ਲੱਗੇ।ਚਾਹ ਪਾਣੀ ਪੀਦਿਆਂ ਦੋਹਾਂ ਪਰਿਵਾਰਾਂ ਨੇ ਸਲਾਹ ਬਣਾਈ ਕਿ ਇਨਾਂ ਪਾਸ ਗਿਣਤੀ ਦੀਆਂ ਹੀ ਛੁੱਟੀਆਂ ਦੇ ਹਨ, ਕਿਉਂ ਨਾ ਕੱਲ੍ਹ ਸਵੇਰ ਤੋਂ ਹੀ ਟਰੰਟੋ ਦੀਆਂ ਵੱਖ-ਵੱਖ ਥਾਂਵਾਂ 'ਤੇ ਘੁੰਮਣਾ ਫਿਰਨਾ ਸ਼ੁਰੂ ਕਰੀਏ। ਮਸੇਰ ਭਾਈ ਅਤੇ ਸਿਮਰਨ ਨੂੰ ਬੱਲੀ ਦੀ ਸਲਾਹ ਚੰਗੀ ਲੱਗੀ ਅਤੇ ਦੋਹਾਂ ਪਰਿਵਾਰਾਂ ਨੇ ਦੂਸਰੇ ਹੀ ਦਿਨ ਟੋਰੰਟੋ ਦਾ ਨਿਆਗਰਾ ਫ਼ਾਲ ਅਤੇ ਸੀ ਐਨ ਟਾਵਰ ਦੇਖਣ ਦਾ ਪ੍ਰੋਗਰਾਮ ਬਣਾ ਲਿਆ।
    ਯਾਤਰਾ ਦੀ ਥਕਾਵਟ ਅਤੇ ਇੰਗਲੈਂਡ ਅਤੇ ਕਨੇਡਾ ਦੇ ਸਮਾਂ-ਅੰਤਰ ਹੋਣ ਦੇ ਬਾਵਜੂਦ ਵੀ ਬੱਚੇ ਸਵੇਰੇ ਸੁਵੱਖਤੇ ਹੀ ਉਠ ਖੜ੍ਹੇ ਹੋਏ। ਸਾਰੇ ਪਰਿਵਾਰ ਨੇ ਨਾਸ਼ਤਾ ਕੀਤਾ ਅਤੇ ਗੁਰਭਜਨ ਨੇ ਰਸਤੇ ਵਿੱਚ ਕੁੱਝ ਖਾਣ ਪੀਣ ਦਾ ਸਮਾਨ ਕਾਰ ਦੀ ਡਿੱਘੀ ਵਿੱਚ ਰੱਖ ਕੇ ਸਾਰਿਆਂ ਨੇ ਨਿਆਗਰਾ ਫ਼ਾਲ ਨੂੰ ਦੇਖਣ ਲਈ ਚਾਲੇ ਪਾ ਲਏ। ਰਸਤੇ ਵਿੱਚ ਬੱਚੇ ਆਪਣੀਆਂ ਗੱਲਾਂ ਮਾਰਦੇ ਗਏ ਅਤੇ ਵੱਡਿਆਂ ਨੇ ਆਪਣੀਆਂ ਪਰਿਵਾਰਿਕ ਗੱਲਾਂ ਅਤੇ ਵਿੱਚ ਵਿੱਚ ਪੰਜਾਬ ਦੀ ਰਾਜਨੀਤੀ ਦੀ ਲੜੀ ਜਾਰੀ ਰੱਖੀ। ਗੁਰਭਜਨ ਆਖਣ ਲੱਗਾ, ''ਬਈ ਬੱਲੀ ਜੇ ਕਿਸੇ ਨੇ ਪੰਜਾਬ ਦਾ ਭਲਾ ਕੀਤਾ ਤਾਂ ਸਿੱਖਾਂ ਵਾਲੀ ਪਾਰਟੀ ਨੇ ਹੀ ਕਰਨਾ ਹੈ, ਬਾਕੀ ਤਾਂ ਸਾਰੇ ਠੱਗ ਹੀ ਹਨ।'' ਬੱਲੀ ਦੇ ਮਨ ਨੂੰ ਇਹ ਗੱਲ ਕੁੱਝ ਚੰਗੀ ਨਾ ਲੱਗੀ ਤਾਂ ਇਹ ਵਿੱਚੇ ਬੋਲ ਪਿਆ, ''ਭਾਈ ਸਾਹਿਬ ਇਹ ਸਭ ਠੱਗ ਹਨ, ਦੁੱਧ ਧੋਤਾ ਕੋਈ ਵੀ ਨਹੀਂ।'' ਸਿਆਸਤ ਦੀ ਬਹਿਸ ਚੱਲਦੀ ਗਈ ਜਦੇ ਨੂੰ ਨਿਆਗਰਾ ਫ਼ਾਲ ਆ ਗਿਆ।
     ਦੋਹਾਂ ਪਰਿਵਾਰਾਂ ਨੇ ਅਮਰੀਕਾ ਅਤੇ ਕਨੇਡਾ ਦੀ ਸਰਹੱਦ ਤੇ ਨਿਆਗਰਾ ਫ਼ਾਲ ਦੇ ਕੁਦਰਤੀ ਨਜ਼ਾਰੇ ਦਾ ਭਰਪੂਰ ਆਨੰਦ ਮਾਣਿਆ। ਲੱਖਾਂ ਟਨ ਬੇਰੋਕ ਡਿੱਗਦੇ ਬੜੀ ਹੀ ਉੱਚਾਈ ਤੋਂ ਪਾਣੀ ਦਾ ਕੁਦਰਤੀ ਨਜ਼ਾਰਾ ਬੜਾ ਹੀ ਮੰਨ ਮੋਹਣ ਵਾਲਾ ਸੀ। ਪਾਣੀ ਡਿੱਗਣ ਤੋਂ ਬਣਦੀ ਭਾਫ਼ ਇੱਕ ਅਲੌਕਿਕ ਦ੍ਰਿਸ਼ ਪੇਸ਼ ਕਰ ਰਹੀ ਸੀ, ਜਿਵੇਂ ਪ੍ਰਮਾਤਮਾ ਨੇ ਧਰਤੀ ਤੇ ਸਵਰਗ ਉਤਾਰ ਦਿੱਤਾ ਹੋਵੇ।ਦੋਹਾਂ ਪਰਿਵਾਰਾਂ ਨੇ ਪਾਣੀ ਵਿੱਚ ਤੈਰਦੀਆਂ ਬੋਟਾਂ ਦੀ ਵੀ ਸੈਰ ਕੀਤੀ ਅਤੇ ਇਸ ਸਾਰੇ ਨਜ਼ਾਰੇ ਦਾ ਖ਼ੂਬ ਆਨੰਦ ਮਾਣਿਆ।ਇਸ ਤੋਂ ਬਾਅਦ ਰੱਬ ਜੇਡਾ ਉੱਚਾ ਸੀ ਐਨ ਟਾਵਰ ਦੇਖਿਆ ਜਿਸ 'ਤੇ ਚੜ੍ਹ ਕੇ ਸੜਕਾਂ 'ਤੇ ਦੌੜਦੀਆਂ ਕਾਰਾਂ ਨਿਰੀਆਂ ਤੀਲਾਂ ਦੀਆਂ ਡੱਬੀਆਂ ਲੱਗਦੀਆਂ ਸਨ।
    ਘੁੰਮਦਿਆਂ ਫਿਰਦਿਆਂ ਹੁਣ ਸ਼ਾਮਾਂ ਢੱਲਣ ਲੱਗੀਆਂ ਤਾਂ ਗੁਰਭਜਨ ਅਤੇ ਸਿਮਰਨ ਆਖਣ ਲੱਗੇ ਕਿ ਹੁਣ ਕਾਫ਼ੀ ਭੁੱਖ ਲੱਗ ਗਈ ਹੈ, ਚੱਲੋ ਘਰ ਜਾਣ ਤੋਂ ਪਹਿਲਾਂ ਕਿਸੇ ਰੈਸਟੋਰੈਂਟ ਵਿੱਚ ਕੁੱਝ ਖਾ ਪੀ ਲਈਏ। ਘੁੰਮਣ ਫਿਰਨ ਉਪਰੰਤ ਸਭ ਨਿਆਗਰਾ ਫ਼ਾਲ ਦੇ ਲਾਗੇ ਹੀ ਇੱਕ ਰੈਸਟੋਰੈਂਟ ਵਿੱਚ ਖਾਣਾ ਖਾਣ ਰੁਕ ਗਏ।
    ਰੈਸਟੋਰੈਂਟ ਅੰਦਰ ਵੜਦਿਆਂ ਹੀ ਇੱਕ ਸੋਹਣੀ ਸੁਨੱਖੀ ਮੁਟਿਆਰ ਜਿਹੜੀ ਮੁਹਾਂਦਰੇ ਤੋਂ ਨਾ ਤਾਂ ਗੋਰੀ ਜਾਪਦੀ ਸੀ ਅਤੇ ਨਾ ਹੀ ਏਸ਼ੀਅਨ, ਨੇ ਗਾਹਕਾਂ ਦਾ ਨਿੱਘਾ ਸੁਆਗਤ ਕੀਤਾ। ਇਸ ਦੇ ਸਲੀਕੇ ਨਾਲ ਸੰਵਾਰੇ ਹੋਏ ਵਾਲ, ਹਲਕੀ ਫੁਲਕੀ ਕੀਤੀ ਮੇਕ ਅੱਪ ਅਤੇ ਰੈਸਟੋਰੈਂਟ ਦੇ ਦਿਲ ਖਿੱਚਵੇਂ ਪਹਿਰਾਵੇ ਵਿੱਚ, ਇਹ ਮੁਟਿਆਰ ਸੱਚਮੁੱਚ ਹੀ ਇੱਕ ਅਕਾਸ਼ 'ਤੋਂ ਉਤਰੀ ਪਰੀ ਜਾਪਦੀ ਸੀ। ਉਸਨੇ ਗੁੱਡ ਆਫ਼ਟਰਨੂਨ ਆਖ ਕੇ ਬੱਲੀ ਹੋਰਾਂ ਦਾ ਸੁਆਗਤ ਕੀਤਾ ਅਤੇ ਪਹਿਲਾਂ ਹੀ ਸਾਫ਼ ਟੇਬਲ ਤੇ ਦੁਬਾਰਾ ਫਿਰ ਸੈਨੇਟਾਈਜ਼ਰ ਸਪਰੇਅ ਕਰਕੇ ਕੱਪੜਾ ਮਾਰਦੀ ਹੋਈ ਪੁੱਛਣ ਲੱਗੀ, ''ਸਰ ਵੱਟ ਯੂ ਲਾਈਕ ਟੂ ਡਰਿੰਕ ਔਰ ਈਟ?'' ਸਭਨਾਂ ਨੂੰ ਉਸ ਦੀ ਆਵਾਜ਼ ਬੜੀ ਪਿਆਰੀ ਲੱਗੀ। ਜਿਵੇਂ ਉਸਦੀ ਆਵਾਜ਼ ਵਿੱਚ ਕੋਈ ਛੁੱਪਿਆ ਦਰਦ ਅਤੇ ਅਪਣੱਤ ਹੋਵੇ। ਬੱਲੀ ਨੇ ਗੁਰਭਜਨ ਨੂੰ ਪੁੱਛਿਆ ਕਿ ਇਹ ਕੁੜੀ ਆਪਣੀ ਪੰਜਾਬਣ ਜਾਂ ਭਾਰਤੀ ਲੱਗਦੀ ਹੈ। ਉਹ ਆਖਣ ਲੱਗਾ ਕਿ ''ਤੂੰ ਐਵੇਂ ਸਭ ਨੂੰ ਆਪਣਾ ਸਮਝਦਾ ਰਹਿੰਦਾ ਹੈਂ। ਤੂੰ ਉਸਦੀ ਨਾਮ ਵਾਲੀ ਪਲੇਟ 'ਤੇ 'ਸੈਂਡੀ' ਲਿਖਿਆ ਨਹੀਂ ਪੜ੍ਹਿਆ, ਉਹ ਕਿਵੇਂ ਆਪਣੀ ਪੰਜਾਬਣ ਕੁੜੀ ਹੋਈ?''
    ਦਿੱਤੇ ਹੋਏ ਖਾਣੇ ਦੇ ਆਰਡਰ ਮੁਤਾਬਿਕ ਸੈਂਡੀ ਨੇ ਟੇਬਲ ਤੇ ਖਾਣਾ ਪਰੋਸ ਦਿੱਤਾ ਤੇ ਸੈਂਡੀ ਦੂਸਰੇ ਗਾਹਕਾਂ ਵਲ ਚਲੀ ਗਈ। ਇਸ ਸਵਾਦਿਸ਼ਟ ਖਾਣੇ ਦਾ ਸਭਨਾਂ ਨੇ ਭਰਪੂਰ ਆਨੰਦ ਮਾਣਿਆ।ਖਾਣਾ ਤਾਂ ਬੇਸ਼ੱਕ ਸੁਆਦ ਹੈ ਹੀ ਸੀ ਪਰ ਇਸ ਤੋਂ ਵੀ ਵੱਧ ਸੈਂਡੀ ਦਾ ਮੇਜ਼ਵਾਨਾ ਸਲੀਕਾ।ਖਾਣਾ ਖਾਂਦਿਆਂ ਪਤਾ ਨਹੀਂ ਕਿਉਂ ਬੱਲੀ ਦਾ ਧਿਆਨ ਇਸ ਕੁੜੀ ਦੀ ਪਿਆਰੀ ਸੂਰਤ ਅਤੇ ਮਸੂਮੀਅਤ ਵੱਲ ਕੇਂਦਰਿਤ ਰਿਹਾ। ਇਸ ਨੇ ਗੁਰਭਜਨ ਨੂੰ ਫੇਰ ਪੁੱਛਿਆ, ''ਮੈਨੂੰ ਤਾਂ ਇਹ ਕੁੜੀ ਆਪਣੀ ਹੀ ਲੱਗਦੀ ਹੈ, ਤੂੰ ਭਾਵੇਂ ਮੰਨ ਜਾ ਨਾ ਮੰਨ!''
    ਰੈਸਟੋਰੈਂਟ ਬਹੁਤਾ ਰੁੱਝਿਆ ਜਾ ਬਿੱਜ਼ੀ ਨਹੀਂ ਸੀ, ਸਿਰਫ਼ ਕੁਝ ਗਿਣਤੀ ਦੇ ਹੀ ਗਾਹਕ ਸਨ। ਗੁਰਭਜਨ ਨੇ ਸਲਾਹ ਦਿੱਤੀ ਕਿ ਜਦੋਂ ਇਹ ਕੁੜੀ ਬਿੱਲ ਦੇ ਪੈਸੇ ਲੈਣ ਆਈ ਤਾਂ ਤੇਰਾ ਮੱਬ੍ਹੜਾ ਦੂਰ ਕਰ ਹੀ ਲਵਾਂਗੇ ਕਿ ਉਹ ਕੌਣ ਹੈ। ਜਦੇ ਨੂੰ ਸੈਂਡੀ ਖਾਣੇ ਦਾ ਬਿੱਲ ਲੈ ਕੇ ਇਨਾਂ ਦੇ ਟੇਬਲ ਪਾਸ ਆ ਗਈ। ਬੱਲੀ ਨੇ ਹੌਂਸਲਾ ਕਰਕੇ ਸੈਂਡੀ ਨੂੰ ਪੁੱਛ ਹੀ ਲਿਆ, ''ਆਰ ਯੂ ਇੰਡੀਅਨ?'' ਉਸਨੇ ਸਿਰਫ਼ ਸੰਖੇਪ ਜਵਾਬ ਦਿੱਤਾ, ''ਯੈਸ ਸਰ।'' ਬੱਲੀ ਦੀ ਜਦੋਂ ਪੂਰੀ ਤਸੱਲੀ ਨਾ ਹੋਈ ਤਾਂ ਇਸ ਨੇ ਦੂਸਰਾ ਸਵਾਲ ਕਰ ਦਿੱਤਾ, ''ਆਰ ਯੂ ਪੰਜਾਬੀ?'' ਹੁਣ ਸੈਂਡੀ ਇਨਾਂ ਦੀ ਉਤਸੁਕਤਾ ਭਾਂਪ ਗਈ ਸੀ। ਉਸਨੇ ਹੁਣ ਸੰਖੇਪ ਦੀ ਬਿਜਾਏ ਖੁੱਲ੍ਹ ਕੇ ਜਾਣਕਾਈ ਦੇਣੀ ਮੁਨਾਸਬ ਸਮਝੀ।''ਹਾਂ ਜੀ, ਅੰਕਲ ਜੀ ਮੈਂ ਪੰਜਾਬ ਤੋਂ ਹੀ ਹਾਂ ਤੇ ਮੇਰਾ ਪੂਰਾ ਨਾਂ 'ਸੰਨਜੀਤ' ਹੈ।
    ਬੱਲੀ ਨੂੰ ਸੰਨਜੀਤ (ਸੈਂਡੀ) ਦੇ ਬੋਲਾਂ ਵਿੱਚੋਂ ਕੋਈ ਅਪਣੱਤ ਅਤੇ ਭੋਲਾਪਣ ਦਿਸਿਆ।ਬੱਲੀ ਨੂੰ ਉਸ ਤੋਂ ਉਸ ਦਾ ਪਿਛੋਕੜ ਜਾਨਣ ਦੀ ਉਤਸੁਕਤਾ ਹੋਰ ਜਾਗੀ। ''ਬੇਟਾ ਤੈਨੂੰ ਕਨੇਡਾ ਆਈ ਨੂੰ ਕਿੰਨਾ ਕੁ ਚਿਰ ਹੋ ਗਿਆ? ਕੀ ਤੇਰਾ ਪਰਿਵਾਰ ਜਾਂ ਰਿਸ਼ਤੇਦਾਰਾਂ 'ਚੋਂ ਕੋਈ ਕਨੇਡਾ ਰਹਿੰਦਾ ਹੈ?'' ਬੱਲੀ ਨੇ ਆਪਣੇ ਦਿਲ ਦੇ ਕਿਸੇ ਕੋਨੇ ਵਿੱਚ ਲੁੱਕੇ ਸਵਾਲਾਂ ਦੀ ਝੜੀ ਲਾ ਦਿੱਤੀ। ''ਸਰ ਮੈਂ ਪਿਛਲੇ ਸਾਲ ਤੋਂ ਇੱਥੇ ਪੜ੍ਹਨ ਲਈ ਆਈ ਹੋਈ ਹਾਂ, ਮੇਰਾ ਪਰਿਵਾਰ ਤਾਂ૴।'' ਸੰਨਜੀਤ ਦੀਆਂ ਅੱਖਾਂ ਭਰ ਆਈਆਂ ਤੇ ਪੂਰਾ ਜਵਾਬ ਨਾ ਦੇ ਸਕੀ।
    ਬੱਲੀ ਨੇ ਉੱਠ ਕੇ ਸੈਂਡੀ ਦਾ ਸਿਰ ਪਲੋਸਿਆ ਅਤੇ ਹੌਂਸਲਾ ਦਿੱਤਾ। '' ਸਰ ਜੀ ਮੈਂ ਅਜੇ ਬੱਚੀ ਹੀ ਸਾਂ, ਜਦੋਂ ਮੇਰੀ ਮਾਤਾ ਸਾਡੇ ਪਿੰਡ ਦੇ ਜ਼ਿੰਮੀਦਾਰ ਸਰਦਾਰ ਭਰਪੂਰ ਸਿੰਘ ਦੀ ਰੋਟੀ ਟੁੱਕ ਅਤੇ ਘਰ ਦੀ ਸਫਾਈ ਬਗੈਰਾ ਦਾ ਕੰਮ ਕਰਕੇ ਗੁਜ਼ਾਰਾ ਕਰਿਆ ਕਰਦੀ ਸੀ। ਮੇਰਾ ਬਾਪ ਅਮਲੀ ਸੀ ਅਤੇ ਜਿਹੜੇ ਚਾਰ ਰੁਪਏ ਮੇਰੀ ਮਾਤਾ ਕਮਾਉਂਦੀ ਉਸਦਾ ਉਹ ਨਸ਼ਾ-ਪੱਤਾ ਕਰ ਛੱਡਦਾ। ਮੈਨੂੰ ਛੋਟੀ ਹੁੰਦੀ ਨੂੰ ਮਾਤਾ ਸਰਦਾਰ ਸਾਹਿਬ ਦੇ ਘਰ ਕੰਮ ਤੇ ਲੈ ਜਾਂਦੀ, 'ਤੇ ਮੈਂ ਵੀ ਆਪਣੀ ਮਾਤਾ ਦਾ ਕੰਮ ਵਿੱਚ ਹੱਥ ਵੰਡਾਂਉੇਂਦੀ।''
         ਸੰਨਜੀਤ ਦੀ ਬਚਪਨ ਵਿੱਚ ਹੀ ਕੰਮ ਕਰਨ ਦੀ ਅਤੇ ਪਰਿਵਾਰਿਕ ਗ਼ਰੀਬੀ ਦੀਆਂ ਗੱਲਾਂ ਸੁਣ ਕੇ ਸਾਰਿਆਂ ਦੇ ਦਿਲ ਭਰ ਆਏ। ਪਰ ਵਿਰਾਗ ਦਾ ਹੜ੍ਹ ਉਦੋਂ ਆਇਆ ਜਦੋਂ ਸੈਂਡੀ ਦੱਸਣ ਲੱਗੀ, '' ਸਰ ਜੀ, ਮੇਰੀ ਮਾਤਾ ਦੀ ਕਮਾਈ ਨਾਲ ਸਾਡਾ ਰੋਟੀ ਟੁੱਕ ਚੱਲਦਾ ਸੀ ਅਤੇ ਨਾਲ ਹੀ ਬਾਪੂ ਦਾ ਨਸ਼ਾ। ਅਸੀਂ ਕੰਮੀਂ ਹੋਣ ਕਰਕੇ ਸਾਡੀ ਜਮੀਨ ਦਾ ਤਾਂ ਕੋਈ ਮਰਲਾ ਵੀ ਨਹੀਂ ਸੀ। ਕਈ ਵਾਰ ਤਾਂ ਹਾਲਾਤ ਇਸ ਤਰਾਂ ਦੇ ਬਣ ਜਾਂਦੇ ਕਿ ਬਾਪੂ ਦਾ ਨਸ਼ਾ ਖਰੀਦਣ ਬਾਅਦ ਸਾਡੇ ਪਾਸ ਦੋ ਡੰਗ ਦੀ ਰੋਟੀ ਵੀ ਨਸੀਬ ਨਾ ਹੁੰਦੀ।ਬਾਪੂ ਦੇ ਦਿਮਾਗ਼ ਤੇ ਨਸ਼ੇ ਦਾ ਅਤੇ ਘਰ ਦੀ ਗ਼ਰੀਬੀ ਦਾ ਭੈੜਾ ਅਸਰ ਹੋਣਾ ਸ਼ੁਰੂ ਹੋ ਗਿਆ।ਇੱਕ ਦਿਨ ਨਸ਼ਾ ਨਾ ਮਿਲਣ ਦੀ ਘਾਟ ਕਰਕੇ ਬਾਪੂ ਨੇ ਫ਼ਾਹਾ ਲੈ ਕੇ ਖੁਦਕੁਸ਼ੀ ਕਰ ਲਈ ਅਤੇ ਮੇਰੇ ਸਿਰ ਤੋਂ ਬਾਪ ਦਾ ਸਾਇਆ ਚੁੱਕਿਆ ਗਿਆ૴૴।'' ਹੁਣ ਸੰਨਜੀਤ ਦੀਆਂ ਅੱਖਾਂ ਦੇ ਹੰਝੂ ਬੇਮੁਹਾਰੇ ਵੱਗ ਰਹੇ ਸਨ ਅਤੇ ਬੱਲੀ ਹੋਰਾਂ ਦਾ ਵਿਰਾਗ ਵੀ ਰੋਕਿਆਂ ਨਹੀ ਸੀ ਰੁੱਕ ਰਿਹਾ।
       ਏਨੀ ਹਮਦਰਦੀ ਨਾਲ ਬੱਲੀ ਹੋਰਾਂ ਨੂੰ ਸੁਣਦਿਆਂ ਦੇਖ ਕੇ ਸ਼ੈਂਡੀ ਬੇਮੁਹਾਰੇ ਆਪਣੀ ਹੱਡ ਬੀਤੀ ਸੁਣਾ ਰਹੀ ਸੀ। ''ਸਰ ਜੀ ਬਾਪੂ ਦੇ ਗੁਜ਼ਰਨ ਤੋਂ ਬਾਅਦ ਮੈਂ ਅਤੇ ਮੇਰੀ ਮਾਤਾ ਜੀ ਦੋਵੇਂ ਸਰਦਾਰ ਭਰਪੂਰ ਸਿੰਘ ਦੇ ਘਰ ਦੇ ਘਰ ਵਿੱਚ ਕੰਮ ਕਰਦੇ ਰਹੇ। ਸਰਦਾਰ ਭਰਪੂਰ ਸਿੰਘ ਜੀ ਸਾਡੇ ਮਾਵਾਂ-ਧੀਆਂ ਲਈ ਇੱਕ ਫ਼ਰਿਸ਼ਤਾ ਵਾਂਗ ਵਿਚਰੇ। ਮੇਰਾ ਭੈਣ ਭਰਾ ਤਾਂ ਕੋਈ ਹੈ ਹੀ ਨਹੀਂ ਅਤੇ ਸਾਡੀਆਂ ਦੋਹਾਂ ਮਾਵਾਂ-ਧੀਆਂ ਦਾ ਗੁਜ਼ਾਰਾ ਤਾਂ ਸਰਦਾਰ ਸਾਹਿਬ ਦੇ ਘਰ ਦੀਆਂ ਬੁੱਤੀਆਂ ਕਰ ਕੇ ਹੀ ਚੱਲਦਾ ਸੀ। ਸਰਦਾਰ ਜੀ ਦੇ ਘਰ ਕੰਮ ਕਰਕੇ ਅਸੀਂ ਦੋਵੇਂ ਰੋਟੀ ਉਥੇ ਹੀ ਖਾ ਲੈਂਦੇ ਅਤੇ ਮਜ਼ਦੂਰੀ ਦੇ ਪੈਸਿਆਂ ਨਾਲ ਆਪਣਾ ਕੱਪੜਾ ਲੀੜਾ ਅਤੇ ਘਰ ਦੇ ਹੋਰ ਖਰਚ ਕਰਦੇ।
         ''ਸਰ ਜੀ ਬਾਪੂ ਦੀ ਮੌਤ ਦੇ ਅੱਲੇ ਜ਼ਖ਼ਮ ਅਜੇ ਭਰੇ ਨਹੀਂ ਸਨ ਕਿ ਇੱਕ ਵਾਰ ਫਿਰ ਮੇਰੇ ਤੇ ਦੁੱਖਾਂ ਦਾ ਪਹਾੜ ਟੁੱਟ ਪਿਆ, ਜਦੋਂ ਮੇਰੀ ਮਾਤਾ ਜੀ ਮੇਰੇ ਪਿਤਾ ਜੀ ਦੀ ਮੌਤ ਤੋਂ ਸਾਲ ਕੁ ਬਾਅਦ ਹੀ ਇੱਕ ਭਿਆਨਕ ਬਿਮਾਰੀ ਦਾ ਸ਼ਿਕਾਰ ਹੋ ਕੇ ਰੱਬ ਨੂੰ ਪਿਆਰੀ ਹੋ ਗਈ । ਉਦੋਂ ਤਾਂ ਮੈਂ ਬਿਲਕੱਲ ਹੀ ਅਨਾਥ ਅਤੇ ਬੇ-ਸਹਾਰਾ ਹੋ ਗਈ ਸਾਂ।ਮੈਂ ਡਾਢੇ ਫ਼ਿਕਰਾਂ ਵਿੱਚ ਮਜ਼ੂਸ ਰਹਿਣ ਲੱਗ ਪਈ ਸੀ ਕਿ ਹੁਣ ਮੇਰਾ ਕੌਣ ਸਹਾਈ ਹੋਏਗਾ? ਸਰ ਜੀ ਮਾਂ ਬਾਪ ਦੀ ਮੌਤ ਦੀ ਸੱਟ ਤਾਂ ਕਿਸੇ ਲਈ ਵੀ ਅਸਹਿ ਹੁੰਦੀ ਹੈ। ਪਰ ਮੈਨੂੰ ਤਾਂ ਕੋਈ ਸਹਾਰਾ ਦੇਣ ਵਾਲਾ ਇਸ ਦੁਨੀਆਂ ਤੇ ਹੈ ਹੀ ਨਹੀਂ ਸੀ ।
     ਮਾਪਿਆਂ ਦੀ ਅਣਹੋਂਦ ਕਰਕੇ ਮੈਨੂੰ ਆਪਣਾ ਭਵਿੱਖ ਧੁੰਦਲਾ ਜਾਪਣ ਲੱਗ ਪਿਆ ਸੀ।ਪਰ ਇਹੋ ਜਿਹੇ ਹਾਲਾਤਾਂ ਵਿੱਚ ਮੇਰੇ ਰੱਬ ਵਰਗੇ ਅੰਕਲ ਸਰਦਾਰ ਭਰਪੂਰ ਸਿੰਘ ਨੇ ਮੈਨੂੰ ਮਾਲੂਮ ਨਹੀਂ ਹੋਣ ਦਿੱਤਾ ਕਿ ਮੈਂ ਲਵਾਰਿਸ ਹਾਂ ਅਤੇ ਉਹ ਮੈਨੂੰ ਮੇਰੇ ਮਾਂ ਬਾਪ ਵਾਂਗ ਹੋ ਕੇ ਵਿਚਰੇ॥ਮੇਰਾ ਪਾਲਣ ਪੋਸ਼ਣ ਅਤੇ ਪੜਾਈ ਆਪਣੇ ਪੁੱਤਰਾਂ ਧੀਆਂ ਵਾਂਗ ਕੀਤੀ।'' ਸੰਨਜੀਤ ਦੇ ਮੂੰਹੋਂ ਦਰਦਨਾਕ ਕਹਾਣੀ ਦੀ ਤਸਵੀਰ ਇੱਕ ਫ਼ਿਲਮੀ ਰੀਲ਼ ਵਾਂਗ ਘੁੰਮ ਰਹੀ ਸੀ ਅਤੇ ਸਾਡੇ ਸਾਰਿਆਂ ਦੀਆਂ ਅਖਾਂ ਵਿੱਚੌਂ ਬੇਰੋਕ ਹੰਝੂ।
      '' ਫੇਰ ਭਰਪੂਰ ਸਿੰਘ ਦੇ ਸ਼ਰੀਕੇਚਾਰੇ 'ਚ ਗੱਲਾਂ ਨਹੀਂ ਹੋਣ ਲੱਗੀਆਂ ਪਈ ਸਰਦਾਰ ਕੰਮੀਆਂ ਦੀ ਇੱਕ ਕੁੜੀ 'ਤੇ ਏਨਾ ਖਰਚਾ ਕਰੀ ਜਾ ਰਿਹਾ ਹੈ ਅਤੇ ਘਰ ਵਿੱਚ ਇਕ ਜੁਆਨ ਕੁੜੀ૴૴?'' ''ਲੋਕੀਂ ਤਰਾਂ ਤਰਾਂ ਦੀਆਂ ਵਥੇਰੀਆਂ ਤੂਤੀਆਂ ਬੋਲਦੇ ਸਨ, ਪਰ ਮੇਰੇ ਅੰਕਲ ਨੇ ਪਰਵਾਹ ਨਹੀਂ ਕੀਤੀ 'ਤੇ ਹਿੱਕ ਤਾਣ ਕੇ ਮੇਰੀ ਮੱਦਦ ਕਰਦਾ ਰਿਹਾ।''
        ''ਬੇਟਾ ਫਿਰ ਤੇਰਾ ਕਨੇਡਾ ਦਾ ਸਬੱਬ ਕਿਵੇਂ ਬਣਿਆ ?'' ਬੱਲੀ ਹੋਰਾਂ ਦੀ ਉਤਸੁਕਤਾ ਹੋਰ ਪ੍ਰਬਲ ਹੋ ਗਈ, ਕਿਉਂਕਿ ਇੰਨੀ ਗ਼ਰੀਬੀ ਅਤੇ ਬਿਨਾਂ ਹੋਰ ਸਾਧਨਾਂ ਤੋਂ ਇੱਕ ਗ਼ਰੀਬ ਪਰਿਵਾਰ ਆਪਣੀ ਬੱਚੀ ਨੂੰ ਕਨੇਡਾ ਕਿਵੇਂ ਭੇਜ ਸਕਦਾ ਹੈ? ''ਅੰਕਲ ਜੀ ਦੇ ਦੋਵੇਂ ਲੜਕਾ ਅਤੇ ਲੜਕੀ ਪਹਿਲੋਂ ਹੀ ਕਨੇਡਾ ਸੈੱਟ ਸਨ।ਕੁਝ ਸਮਾਂ ਪਹਿਲਾਂ ਅੰਕਲ ਜੀ ਵੀ ਆਪਣੇ ਬੱਚਿਆਂ ਪਾਸ ਪੱਕੇ ਤੌਰ ਤੇ ਕਨੇਡਾ ਰਹਿਣ ਗਏ ਸਨ, ਪਰ ਅੰਕਲ ਜੀ ਦਾ ਕੈਨੇਡਾ ਦਿਲ ਨਾ ਲੱਗਣ ਕਰਕੇ ਵਾਪਸ ਪਿੰਡ ਆ ਗਏ। ਪਤਾ ਨਹੀਂ ਰੱਬ ਨੇ ਸਾਡੇ ਗਰੀਬਾਂ ਦੀ ਉਸ ਰਾਹੀਂ ਮੱਦਦ ਕਰਾਉਣੀ ਹੋਵੇਗੀ ਅਤੇ ਇਸੇ ਕਰਕੇ ਅੰਕਲ ਜੀ ਨੂੰ ਮੈਂ ਉਨਾਂ ਦੀ ਧੀ ਨਜ਼ਰ ਆਉਂਦੀ ਹੋਵਾਂ।''
     ਸੰਨਜੀਤ ਆਪਣੇ ਦੁੱਖਾਂ ਦੀ ਦਾਸਤਾਨ ਬੇਰੋਕ ਸੁਣਾਉਂਦੀ ਗਈ ਅਤੇ ਸਾਡੇ ਕੰਨ ਸੈਂਡੀ ਦੇ ਬੋਲਾਂ ਅਤੇ ਨਜ਼ਰਾਂ ਉਸ ਦੇ ਮਸੂਮ ਚਿਹਰੇ ਤੇ ਕੇਂਦਰਿਤ ਰਹੀਆਂ। ''ਅੰਕਲ ਜੀ ਨੇ ਆਪਣੀ ਖਾਹਿਸ਼ ਮੁਤਾਬਿਕ ਮੈਨੂੰ ਆਈਲੈੱਟਸ ਤੱਕ ਦੀ ਪੜ੍ਹਾਈ ਵਿੱਚ ਪਾ ਦਿੱਤਾ ਤਾਂ ਕਿ ਮੈਂ ਕਨੇਡਾ ਜਾਂ ਕਿਸੇ ਹੋਰ ਵਿਕਸਿਤ ਮੁਲਕ ਵਿੱਚ ਆਪਣਾ ਚੰਗਾ ਗੁਜ਼ਾਰਾ ਕਰ ਸਕਾਂ।ਪੜ੍ਹਨ ਵਿੱਚ ਪ੍ਰਮਾਤਮਾ ਦੀ ਮੇਰੇ ਤੇ ਮਿਹਰ ਸੀ 'ਤੇ ਮੈਂ ਸਹਿਜੇ ਹੀ ਆਈਲੈੱਟਸ ਵਿੱਚ 6 ਗਰੇਡ ਲੈ ਲਏ। ਮੈਂ ਤਾਂ ਕਨੇਡਾ ਆਉਣਾ ਨਹੀਂ ਚਾਹੁੰਦੀ ਸੀ ਤਾਂ ਕਿ ਮੈਂ ਭਾਰਤ ਵਿਚ ਰਹਿ ਕੇ ਹੀ ਆਪਣੇ ਅੰਕਲ ਜੀ ਦੀ ਸੇਵਾ ਕਰਕੇ ਉਨਾਂ ਦੀ ਕੁਰਬਾਨੀ ਦਾ ਤੁਸ਼ ਮੁਲ ਮੋੜ ਸਕਾਂ। ਅੰਕਲ ਜੀ ਨੂੰ ਇਕੱਲਿਆਂ ਇੰਡੀਆ ਛੱਡ ਕੇ ਆਉਣ ਨੂੰ ਜਮੋਂ ਹੀ ਮੇਰੀ ਰੂਹ ਮੰਨਦੀ ਨਹੀਂ ਸੀ, ਪਰ ਉਨ੍ਹਾਂ ਨੇ ਮੈਨੂੰ ਬਹੁਤ ਹੀ ਪ੍ਰੇਰ ਕੇ ਕਨੇਡਾ ਭੇਜ ਦਿੱਤਾ।
       ''ਮੈਂ ਹੁਣ ਪੰਜ ਦਿਨ ਕਾਲਜ ਜਾਂਦੀ ਹਾਂ, ਸ਼ਨਿਚਰਵਾਰ ਅਤੇ ਐਤਵਾਰ ਇਸ ਰੈਸਟੋਰੈਂਟ ਵਿੱਚ ਕੰਮ ਕਰਦੀ ਹਾਂ।'' ''ਸੰਨਜੀਤ ਤੁਹਾਡਾ ਕਾਲਜ ਦੀ ਪੜ੍ਹਾਈ ਅਤੇ ਰਹਿਣ ਅਤੇ ਖਾਣ ਪੀਣ ਦਾ ਸਾਰਾ ਖਰਚਾ ਇਸ ਰੈਸਟੋਰੈਂਟ ਦੀ ਕਮਾਈ ਨਾਲ ਹੋ ਜਾਂਦਾ ਹੈ?'' ''ਕਿੱਥੋਂ ਸਰ ਜੀ! ਵੀਕ ਐਂਡ ਦੇ ਦੋ ਦਿਨ ਕੰਮ ਕੀਤਿਆਂ ਮੇਰੇ ਕਾਲਿਜ ਦਾ ਖਰਚਾ ਕਿੱਥੋਂ ਪੂਰਾ ਹੋਣਾਂ ਸੀ। ਮੇਰੇ ਅੰਕਲ ਜੀ ਇੰਡੀਆ 'ਚੋਂ ਅਜੇ ਵੀ ਆਪਣੀ ਪੈਨਸ਼ਨ ਵਿੱਚੋਂ ਬਚਾ ਕੇ ਕੁਝ ਪੈਸੇ ਹਰ ਮਹੀਨੇ ਭੇਜਦੇ ਹਨ।''
     ''ਸੰਨਜੀਤ ਕੀ ਤੁਹਾਡੇ ਅੰਕਲ ਜੀ ਦੇ ਕਨੇਡਾ ਵਸਦੇ ਮੁੰਡੇ, ਬੇਗਾਨੀ ਕੁੜੀ 'ਤੇ ਹੁੰਦੇ ਖਰਚੇ ਦਾ ਇਤਰਾਜ਼ ਨਹੀਂ ਕਰਦੇ?'' ''ਕਦੇ ਵੀ ਨਹੀਂ, ਉਹ ਤਾਂ ਸਗੋਂ ਆਖਦੇ ਹਨ ਕਿ ਬਾਪੂ ਜੋ ਕਰਦਾ ਹੈ, ਚੰਗਾ ਹੀ ਕਰਦਾ ਹੈ। ਸਰ ਜੀ ਮੈਂ ਤਾਂ ਪਰਮਾਤਮਾ ਅੱਗੇ ਇਹ ਹੀ ਅਰਦਾਸ ਕਰਦੀ ਹਾਂ ਕਿ ਵਾਹਿਗੁਰੂ ਉਨਾਂ ਦੀ ਉਮਰ ਲੰਬੀ ਕਰੇ ਅਤੇ ਮੇਰੇ ਅੰਕਲ ਵਰਗੇ ਦੇਵਤੇ ਸਭ ਨੂੰ ਨਸੀਬ ਹੋਣ।ਮੈਂ ਤੁਹਾਨੂੰ ਦਿਲ ਦੀ ਗੱਲ ਦੱਸਦੀ ਹਾਂ ਕਿ ਜਦੋਂ ਮੈਂ ਕਨੇਡਾ ਪੱਕੀ ਹੋ ਗਈ, ਵਹਿਗੁਰੂ ਦੀ ਸੌਂਹ, ਮਿੰਨਤਾਂ ਤਰਲੇ ਕਰਕੇ ਅਤੇ ਪੈਰੀਂ ਹੱਥ ਲਾ ਕੇ ਵੀ ਮੈਂ ਉਨਾਂ ਨੂੰ ਕਨੇਡਾ ਸੱਦਾਂਗੀ ਅਤੇ ਆਪਣੇ ਪਾਸ ਰੱਖਾਂਗੀ।ਕਿਸੇ ਕਾਰਨ ਉਹ ਕਨੇਡਾ ਆਉਣ ਨੂੰ ਨਾ ਮੰਨੇ ਤਾਂ ਮੈਂ ਕਨੇਡਾ ਕਨੂਡਾ ਦੀ ਪਰਵਾਹ ਨਹੀਂ ਕਰਨੀ, ਪੰਜਾਬ ਜਾਕੇ ਜਿੰਦਗੀ ਭਰ ਉਨਾਂ ਦੀ ਸੇਵਾ ਕਰਦੀ ਰਵਾਂਗੀ। ਸਾਡੇ ਪਿੰਡ ਦੇ ਅਤੇ ਇੱਥੇ ਕਨੇਡਾ ਵਿੱਚ ਵੀ ਮੇਰੇ ਸੰਪਰਕ ਵਾਲੇ ਲੋਕ, ਮੈਨੂੰ ਹੁਣ ਤੱਕ ਲਾਵਾਰਸ ਕੁੜੀ ਹੀ ਸਮਝਦੇ ਹਨ।ਸਰ ਜੀ, ਹੁਣ ਤੁਸੀਂ ਹੀ ਦੱਸੋ, ਤੁਹਾਨੂੰ ਕੀ ਮੈਂ ਲਾਵਾਰਸ ਕੁੜੀ ਲੱਗਦੀ ਹਾਂ?'' ਸੈਂਡੀ ਦੀ ਦਰਦ ਅਤੇ ਦਲੇਰੀ ਭਰੀ ਦਾਸਤਾਨ ਸੁਣ ਕੇ ਬੱਲੀ ਅਤੇ ਗੁਰਭਜਨ ਦੇ ਪਰਿਵਾਰਾਂ ਦੀਆਂ ਅੱਖਾਂ ਪਤਾ ਨਹੀਂ ਕਿੰਨੀ ਵਾਰ ਸੇਜਲ ਹੋਈਆਂ ਅਤੇ ਭਰਪੂਰ ਸਿੰਘ ਦੀ ਫ਼ਰਾਖ਼ਦਿਲੀ ਨੂੰ ਸਿੱਜਦਾ ਕਰਨ ਨੂੰ ਜੀਅ ਕੀਤਾ। ਇਸ ਦੇ ਨਾਲ ਹੀ ਪੰਜਾਬ ਤੋਂ ਤੁਰੀਆਂ ਹਜ਼ਾਰਾਂ ਸੈਂਡੀਆਂ ਦੀ ਯਾਦ ਆਈ, ਜਿਹੜੀਆਂ ਇਹੋ ਜਿਹੇ ਪਿਆਰ ਦੇ ਰਿਸ਼ਤਿਆਂ ਨੂੰ ਤਰਸਦੀਆਂ ਹਨ।

ਚਾਬੀਆਂ (ਕਹਾਣੀ) - ਅਵਤਾਰ ਐਸ. ਸੰਘਾ

ਉਦੋਂ ਅਸੀਂ ਛੇਵੀਂ ਜਮਾਤ ਵਿੱਚ ਦਾਖਲ ਹੋਏ ਸਾਂ। ਚਾਰ ਕੁ ਮਹੀਨੇ ਬਾਅਦ ਦੋ ਲੜਕੇ ਪਿਸ਼ੌਰਾ ਤੇ ਦੀਪੀ ਸਕੂਲ ਆਉਣੋ ਹਟ ਗਏ। ਪਤਾ ਲੱਗਾ ਕਿ ਉਹ ਆਪਣੇ ਪਿਓ ਪਾਸ ਵਲਾਇਤ ਜਾ ਰਹੇ ਸਨ। ਉਹਨਾਂ ਦੀ ਮਾਂ ਵੀ ਉਨ੍ਹਾਂ ਦੇ ਨਾਲ਼ ਜਾ ਰਹੀ ਸੀ। ਪਿਓ ਕਈ ਸਾਲ ਪਹਿਲਾਂ ਵੌਊਚਰਾਂ ਦੇ ਅਧਾਰ ਤੇ ਡਰਬੀ ਚਲਾ ਗਿਆ ਸੀ। ਉਦੋਂ ਇੰਗਲੈਂਡ ਵਿੱਚ  ਲੋਹੇ ਦੀਆਂ ਭੱਠੀਆਂ ਤੇ ਕੰਮ ਕਰਨ ਲਈ ਮਜਦੂਰਾਂ ਦੀ ਲੋੜ ਸੀ। ਇੰਗਲੈਂਡ ਦੀ ਸਰਕਾਰ ਨੇ  ਸੰਖੇਪ ਜਿਹਾ ਢੰਗ ਅਪਣਾ ਕੇ ਪੰਜਾਬ ਵਿੱਚੋਂ ਵੌਊਚਰਾਂ ਦੇ ਅਧਾਰ ਤੇ ਬਹੁਤ ਸਾਰੇ ਅਨਪੜ੍ਹ ਜਾਂ ਅਰਧ ਪੜ੍ਹੇ ਲਿਖੇ ਬੰਦੇ ਇੰਗਲੈਂਡ ਸੱਦ ਲਏ ਸਨ। ਪੰਜਾਬ ਵਿੱਚ ਇਹ ਲੋਕ ਖੇਤੀ ਕਰਿਆ ਕਰਦੇ ਸਨ। ਖੇਤੀ ਵੀ ਪੁਰਾਣੀ ਕਿਸਮ ਦੀ ਜਦ ਨਾ ਟਿਊਬਵੈੱਲ ਸਨ ਤੇ ਨਾ ਟਰੈਕਟਰ। ਰਹਿਣ ਸਹਿਣ ਦਾ ਮਿਆਰ ਕਾਫੀ ਨੀਵਾਂ ਹੋਇਆ ਕਰਦਾ ਸੀ। ਪਿੰਡਾਂ ਵਿੱਚ ਅੱਧ ਪਚੱਧੇ ਘਰ ਕੱਚੇ ਹੂੰਦੇ ਸਨ। ਹਲਵਾਹਕਾਂ ਤੇ ਚਮਿਆਰ ਮਜਦੂਰਾਂ ਦਾ ਰਿਸ਼ਤਾ ਨਾਤਾ ਗੂੜ੍ਹਾ ਵੀ ਸੀ ਤੇ ਛੂਤਛਾਤ ਵਾਲ਼ਾ ਵੀ। ਅਚਾਨਕ ਇੰਗਲੈਂਡ ਵਰਗੇ ਵਿਕਸਿਤ ਦੇਸ਼ ਚਲੇ ਜਾਣ ਨਾਲ ਉਹਨਾਂ ਬੰਦਿਆਂ ਦੇ ਪਹਿਰਾਵੇ ਅਤੇ ਰਹਿਣ ਸਹਿਣ ਵਿੱਚ ਇਨਕਲਾਬੀ ਤਬਦੀਲੀ ਆ ਗਈ ਸੀ।
ਸਾਡੇ ਪਿੰਡ ਦਾ ਆਤੂ ਇੱਧਰੋਂ ਪੰਜਾਬ ਚੋਂ ਹਲਟ ਹੱਕਦਾ ਤੇ ਬਲਦਾਂ ਨਾਲ਼ ਹਲ ਵਾਹੁੰਦਾ ਹੋਇਆ ਚੰਦ ਮਹੀਨਿਆਂ ਵਿੱਚ ਵਲਾਇਤ ਦੇ ਸ਼ਹਿਰ ਡਰਬੀ ਪਹੁੰਚ ਗਿਆ ਸੀ। ਜਦ ਉਹ ਕਈ ਸਾਲ ਲਗਾਕੇ ਪਿੰਡ ਵਾਪਿਸ ਆਇਆ ਤਾਂ ਉਹ ਪਹਿਚਾਣ ਹੀ ਨਾ ਹੋਵੇ। ਕ੍ਰਿਸਮਿਸ ਦੇ ਦਿਨ ਸਨ। ਆਤੂ ਵਾਲ਼ ਕਟਾ ਕੇ ਮੋਨਾ ਹੋ ਗਿਆ ਸੀ। ਰੰਗ ਉਹਦਾ ਗੋਰਾ ਹੈ ਹੀ ਸੀ। ਨੀਲਾ ਗਰਮ ਸੂਟ, ਨਾਲ ਮੈਚ ਕਰਦੀ ਪਿੰਨ ਵਾਲੀ ਨੈਕਟਾਈ , ਗੁੱਟ ਤੇ ਸੁਨਹਿਰੀ ਚੇਨ ਵਾਲੀ ਘੜ੍ਹੀ, ਸੱਜੇ ਹੱਥ ਵਿੱਚ ਸੋਨੇ ਦਾ ਭਾਰਾ ਕੜਾ ਤੇ ਸੂਟ ਨਾਲ਼ ਮੈਚ ਕਰਦੇ ਬੂਟ ਸਮੇਤ ਜਦ ਉਹ ਏਅਰਪੋਰਟ ਤੇ ਉੱਤਰਿਆ ਤਾਂ ਉਹ ਆਪਣੇ ਸਾਲੇ ਮੇਲੂ ਨੂੰ ਸਤਿ ਸ਼੍ਰੀ ਅਕਾਲ ਬੁਲਾਉਂਦਾ ਹੋਇਆ ਨਾਲ਼ ਹੀ 'ਮੈਰੀ ਕ੍ਰਿਸਮਸ' ਵੀ ਕਹਿ ਗਿਆ ਕਿਉਂਕਿ ਉੱਧਰੋਂ ਉਹ ਲਬਰੇਜ਼ ਕ੍ਰਿਸ਼ਚੀਅਨ ਮਾਹੌਲ ਵਿੱਚੋਂ ਆਇਆ ਸੀ। ਮੇਲੂ ਨੇ ਸਤਿ ਸ਼੍ਰੀ ਅਕਾਲ ਦਾ ਜਵਾਬ ਤਾਂ ਦੇ ਦਿੱਤਾ ਪਰ ਬਾਕੀ ਉਹਨੂੰ ਬਹੁਤਾ ਸਮਝ ਨਹੀਂ ਆਇਆ ਉਹ ਕੀ ਕਹੇ। ਆਤੂ ਦੇ ਘਰ ਦੀਆਂ ਚਾਬੀਆਂ ਮੇਲੂ ਪਾਸ ਸਨ। ਮੇਲੂ ਤਿੰਨ ਕੁ ਮਹੀਨਿਆਂ ਬਾਅਦ ਆਤੂ ਹੋਰਾਂ ਦੇ ਘਰ ਗੇੜਾ ਮਾਰਦਾ ਤੇ ਘਰ ਖੋਲ ਕੇ ਦੇਖ ਆਉਂਦਾ ਸੀ। ਬਰਸਾਤਾਂ ਦੇ ਦਿਨਾਂ ਤੋਂ ਪਹਿਲਾਂ ਉਹ ਖਾਸ ਕਰਕੇ ਜਾਂਦਾ ਸੀ ਤਾਂ ਕਿ ਮਕਾਨ ਦੀਆਂ ਛੱਤਾਂ ਚੈੱਕ ਕਰ ਸਕੇ। ਛੱਤਾਂ ਕੱਚੀਆਂ ਸਨ। ਦੇਖਣਾ ਪੈਂਦਾ ਸੀ ਕਿ ਕਿੱਥੇ ਮਿੱਟੀ ਪਾਉਣ ਵਾਲੀ ਏ। ਪਿੰਡ ਦੇ ਨੇੜੇ ਕੱਲਰ ਵਾਲ਼ੀ ਮਿੱਟੀ ਸੀ। ਜਗੀਰੂ ਭਾੜੇ ਵਾਲ਼ੇ ਤੋਂ ਇੱਕ ਦੋ ਗੱਡੇ ਚੁੱਕਵਾ ਕੇ ਉਹ ਕੋਠਿਆਂ ਉੱਪਰ ਪੁਆ ਆਉਂਦਾ ਹੂੰਦਾ ਸੀ। ਬਰਸਾਤਾਂ ਖਤਮ ਹੋਣ ਤੋਂ ਬਾਅਦ ਉਹ ਫਿਰ ਜਾਂਦਾ ਸੀ ਤੇ ਦੇਖ ਆਉਂਦਾ ਸੀ ਕਿ ਮਕਾਨ ਕਿਤਿਓਂ ਜ਼ਿਆਦਾ ਤਾਂ ਨਹੀਂ ਚੋਇਆ।
ਚਾਰ ਕੁ ਸਾਲ ਬਾਅਦ ਹੁਣ ਆਤੂ ਤੇ ਉਹਦੀ ਘਰਵਾਲ਼ੀ ਮੀਤੋ ਆਏ। ਇਨ੍ਹਾਂ ਆ ਕੇ ਕੱਚੇ ਕੋਠੇ ਢੁਆ ਦਿੱਤੇ ਸੀ। ਨਵਾਂ ਘਰ ਬਣਾਉਣਾ ਸ਼ੁਰੂ ਕਰ ਦਿੱਤਾ। ਮਿਸਤਰੀ ਤੇ ਮਜਦੂਰ ਕੰਮ ਤੇ ਲੁਆ ਦਿੱਤੇ ਸੀ। ਮੀਤੋ ਆਤੂ ਨੂੰ ਆਪਣੇ ਨਾਲ਼ ਲੈ ਕੇ ਬਹੁਤਾ ਸਮਾਂ ਆਪਣੇ ਪਿੰਡ ਹੀ ਰਹੀ ਸੀ। ਆਤੂ ਨਵੇਂ ਕਢਾਏ ਬਾਈਸਾਈਕਲ ਤੇ ਤਕਰੀਬਨ ਰੋਜ ਪਿੰਡ ਆ ਜਾਂਦਾ ਸੀ। ਤਾਲਾ ਖੋਲ੍ਹਦਾ ਸੀ। ਮਿਸਤਰੀ ਕੰਮ ਕਰਨ ਲੱਗ ਪੈਂਦੇ ਸਨ। ਸ਼ਾਮ ਤੱਕ ਆਤੂ ਉਹਨਾਂ ਦੀ ਨਿਗਰਾਨੀ ਕਰਦਾ ਸੀ। ਜਗੀਰੂ ਰੇਤਾ ਤੇ ਸੀਮਿੰਟ ਲਿਆ ਕੇ ਸੁੱਟ ਦਿੰਦਾ ਸੀ। ਉਦੋਂ ਵਧੀਆ ਰੇਤਾ ਵੀ ਨੇੜਲੇ ਪਿੰਡ ਦੀ ਖੱਡ ਵਿੱਚੋਂ ਮਿਲਦਾ ਹੁੰਦਾ ਸੀ। ਇੰਝ ਆਤੂ ਨੇ ਦੋ ਕਮਰੇ, ਇੱਕ ਰਸੋਈ ਤੇ ਟਾਇਲਟ ਬਣਵਾ ਲਏ ਸੀ। ਚਾਰਦਿਵਾਰੀ ਵੀ ਕਰ ਲਈ ਸੀ। ਇੰਨੇ ਨੂੰ ਉਨ੍ਹਾਂ ਦੀ ਛੁੱਟੀ ਪੂਰੀ ਹੋ ਗਈ ਸੀ। ਉਹ ਵਾਪਿਸ ਡਰਬੀ ਚਲੇ ਗਏ ਸੀ। ਚਾਬੀਆਂ ਉਹ ਫਿਰ ਮੇਲੂ ਨੂੰ ਹੀ ਦੇ ਗਏ ਸੀ। ਮੇਲੂ ਹੁਣ ਫਿਰ ਕਦੀ ਕਦਾਈਂ ਆਪਣੀ ਭੈਣ ਮੀਤੋ ਦੇ ਪਿੰਡ ਗੇੜਾ ਮਾਰਦਾ ਸੀ। ਹੁਣ ਉਸਨੂੰ ਬਰਸਾਤ ਦੇ ਹੀ ਦਿਨਾਂ ਵਿੱਚ ਆਉਣ ਦੀ ਜਰੂਰਤ ਨਹੀਂ ਸੀ ਕਿਉਂਕਿ ਮਕਾਨ ਪੱਕਾ ਸੀ।
......................................
ਆਤੂ ਅਤੇ ਮੀਤੋ ਦੇ ਬੱਚੇ ਹੁਣ ਜਵਾਨ ਹੋ ਗਏ ਸਨ। ਪਿਸ਼ੌਰਾ ਇੱਕ ਸਟੋਰ ਤੇ ਕੰਮ ਕਰਦਾ ਸੀ ਤੇ ਦੀਪੀ ਟੈਕਸੀ ਚਲਾਉਂਦਾ ਸੀ। ਉਹ ਇੰਨੇ ਵੱਡੇ ਹੋ ਕੇ ਵੀ ਇੰਗਲੈਂਡ ਦੇ ਮਾਹੌਲ ਵਿੱਚ ਪੂਰੀ ਤਰ੍ਹਾਂ ਇੱਕ ਮਿੱਕ ਨਹੀਂ ਸਨ ਹੋ ਸਕੇ। ਮਾਪੇ ਵੀ ਇਹੀ ਚਾਹੁੰਦੇ ਸਨ ਕਿ ਉਹ ਪੂਰੇ ਇੱਕ ਮਿੱਕ ਨਾ ਹੋਣ। ਉਹ ਚਾਹੁੰਦੇ ਸਨ ਕਿ ਉਹ ਰਿਸ਼ਤੇ ਪੰਜਾਬ ਵਿੱਚ ਜਾ ਕੇ ਕਰਨ। ਉਨ੍ਹਾਂ ਨੂੰ ਪਤਾ ਸੀ ਕਿ ਜੇਕਰ ਉਹ ਪੰਜਾਬ ਵਿੱਚ ਜਾਕੇ ਰਿਸ਼ਤੇ ਕਰਵਾਉਣਗੇ ਤਾਂ ਉਨ੍ਹਾਂ ਵਾਸਤੇ ਚਲਦੇ ਪੁਰਜੇ ਘਰਾਂ ਦੀਆਂ ਲੜਕੀਆਂ ਦੀਆਂ ਲਾਈਨਾ ਲੱਗ ਜਾਣਗੀਆਂ। ਨਾਲ਼ੇ ਉਹ ਫਿਰ ਵੀ ਪੰਜਾਬ ਜਾਂਦੇ ਆਉਂਦੇ ਰਿਹਾ ਕਰਨਗੇ। ਨਾਤਾ ਬਣਿਆ ਰਹੂ। ਉਦੋਂ ਇੰਗਲੈਂਡ ਜਾਣ ਦਾ ਹੀ ਜਿਆਦਾ ਰਿਵਾਜ ਸੀ। ਕੈਨੇਡਾ ਅਤੇ ਅਮਰੀਕਾ ਦਾ ਰਿਵਾਜ ਇੰਨਾ ਜਿਆਦਾ ਨਹੀਂ ਸੀ।
ਮੁੰਡਿਆਂ ਦਾ ਵਿਆਹ ਕਰਨ ਤੋਂ ਪਹਿਲਾਂ ਆਤੂ ਅਤੇ ਮੀਤੋ ਨੇ ਮਕਾਨ ਨੂੰ ਹੋਰ ਵੱਡਾ ਕਰਨਾ ਚਾਹਿਆ। ਉਨ੍ਹਾਂ ਨੇ ਮੇਲੂ ਨੂੰ ਸੁਨੇਹਾ ਭੇਜਿਆ ਕਿ ਉਹ ਉਹਨਾਂ ਦੇ ਮਕਾਨ ਨੂੰ ਦੋ ਮੰਜਲਾ ਕਰਵਾ ਦੇਵੇ ਤੇ ਮੂਹਰੇ ਵਰਾਂਡਾ ਵੀ ਪੁਆ ਦੇਵੇ। ਰਸੋਈ ਤੇ ਟਾਇਲਟਸ ਨਾਲ਼ ਲਗਦੀਆਂ ਬਣਵਾਈਆਂ ਜਾਣ। ਉਨ੍ਹਾਂ ਨੇ ਮੇਲੂ ਨੂੰ ਇਵੇਂ ਚਿੱਠੀ ਲਿਖਵਾਈ। ਮੀਤੋ ਨੇ ਇਹ ਚਿੱਠੀ ਪਿਸ਼ੌਰੇ ਤੋਂ ਲਿਖਵਾਈ ਕਿਉਂਕਿ ਉਹ ਆਪ ਅਨਪੜ੍ਹ ਹੀ ਸੀ। ਪਿਸ਼ੌਰਾ ਪੰਜਾਬੀ ਲਿਖ ਲੈਂਦਾ ਸੀ।
ਭਰਾ ਮੇਲੂ,
          ਸਤਿ ਸ਼੍ਰੀ ਅਕਾਲ!
   ਅਸੀਂ ਇੱਥੇ ਇੰਗਲੈਂਡ ਵਿੱਚ ਰਾਜੀ ਖੁਸ਼ੀ ਹਾਂ ਤੇ ਆਪ ਸਭ ਦੀ ਰਾਜੀ ਖੁਸ਼ੀ ਵਾਹਿਗੁਰੂ ਪਾਸੋਂ ਭਲੀ ਲੋੜਦੇ ਹਾਂ। ਸਮਾਚਾਰ ਇਹ ਹੈ ਕਿ ਮੈਂ ਤੇ ਤੇਰਾ ਜੀਜਾ ਆਤੂ ਦੋ ਮਹੀਨਿਆਂ ਤੱਕ ਪੰਜਾਬ ਆ ਰਹੇ ਹਾਂ। ਆ ਕੇ ਸਭ ਤੋਂ ਪਹਿਲਾਂ ਅਖੰਡ ਪਾਠ ਕਰਾਵਾਂਗੇ।ਸਾਰੇ ਰਿਸ਼ਤੇਦਾਰਾਂ ਨੂੰ ਸੱਦਾਂਗੇ। ਰੱਜਕੇ ਲੈਣ ਦੇਣ ਕਰਾਂਗੇ। ਸ਼ਰੀਕਾਂ ਦੇ ਨੱਕ ਤੇ ਦੀਵਾ ਬਾਲ਼ਾਂਗੇ। ਫਿਰ ਮੁੰਡਿਆਂ ਲਈ ਕੁੜੀਆਂ ਦੀ ਚੋਣ ਕਰਾਂਗੇ। ਤੁਸੀਂ ਸਾਨੂੰ ਕਿੰਨੇ ਸਾਰੇ ਰਿਸ਼ਤੇ ਦੱਸੇ ਹਨ। ਤੁਹਾਡੇ ਨਾਲ ਹੋਰ ਸਲਾਹ ਕਰਾਂਗੇ ਕਿ ਸਭ ਤੋਂ ਵਧੀਆ ਰਿਸ਼ਤਾ ਕਿਹੜਾ ਏ। ਮਕਾਨ ਤੁਸੀਂ ਵਧੀਆ ਬਣਾ ਹੀ ਦਿੱਤਾ ਹੈ। ਹੁਣ ਕਿਸੇ ਚੀਜ ਦੀ ਵੀ ਘਾਟ ਨਹੀਂ।ਗਹਿਣਾ ਗੱਟਾ ਪਹਿਲਾਂ ਆਪਾਂ ਬਣਾ ਹੀ ਚੁੱਕੇ ਹਾਂ। ਕੱਪੜੇ ਰੈਣਕ ਬਜਾਰ ਚੋਂ ਖਰੀਦਾਂਗੇ। ਚੰਦ ਦਿਨਾਂ ਵਾਸਤੇ ਆਪਣੇ ਪਿੰਡ ਵਾਲ਼ੇ ਦੇਵ ਦੀ ਕਾਰ ਸਾਲਮ ਕਰ ਲਵਾਂਗੇ। ਚੋਣ ਕਰਨ ਤੋਂ ਬਾਅਦ ਹੋਣ ਵਾਲੀਆਂ ਬਹੂਆਂ ਦੇ ਪਿੰਡ ਵੀ ਜਾਵਾਂਗੇ। ਫਿਰ ਉਹ ਮੁੰਡਿਆਂ ਨੂੰ ਸ਼ਗਨ ਪਾਉਣ ਸਾਡੇ ਪਿੰਡ ਆਉਣਗੇ। ਤੁਸੀਂ ਸਾਰਾ ਕੰਮ ਮੂਹਰੇ ਹੋ ਕੇ ਸੰਪੂਰਨ ਕਰਾਓਂਗੇ। ਵਾਜਾ ਤੇ ਸਪੀਕਰ ਵੀ ਵਿਆਹ ਵੇਲ਼ੇ ਤੁਸੀਂ ਹੀ ਕਰੋਗੇ। ਗਾਉਣ ਵਜਾਉਣ ਖੂਬ ਹੋਊ!! ਗਾਉਣ ਵਾਲੀ ਪਾਰਟੀ ਨੂੰ ਸਾਈ ਦੇ ਦਿਓ।
ਤੇਰੀ ਭੈਣ
ਮੀਤੋ (ਡਰਬੀ)
......................................
ਮੇਲੂ ਕੁੱਝ ਦਿਨ ਆਪਣੀ ਭੈਣ ਮੀਤੋ ਦੇ ਪਿੰਡ ਮਿਸਤਰੀਆਂ ਦੀ ਦੇਖ ਭਾਲ ਕਰਦਾ ਰਿਹਾ। ਕੰਮੀਆਂ ਦੀ ਪ੍ਰੀਤੋ ਉਹਦੀ ਰੋਟੀ ਪਕਾ ਦਿੰਦੀ। ਜਦ ਮਕਾਨ ਪੂਰਾ ਹੋ ਗਿਆ ਤਾਂ ਮੇਲੂ ਉਸਨੂੰ ਜਿੰਦਰਾ ਲਗਾ ਕੇ ਆਪਣੇ ਪਿੰਡ ਆ ਗਿਆ। ਉਹ ਆ ਕੇ ਆਤੂ, ਮੀਤੋ, ਪਿਸ਼ੌਰੇ ਅਤੇ ਦੀਪੀ ਦਾ ਇੰਤਜ਼ਾਰ ਕਰਨ ਲਗ ਪਿਆ।
ਕੁਝ ਦਿਨ ਬਾਅਦ ਆਤੂ, ਮੀਤੋ, ਪਿਸ਼ੌਰਾ ਤੇ ਦੀਪੀ ਦਿੱਲੀ ਆ ਉੱਤਰੇ। ਮੇਲੂ ਆਪਣੇ ਪਿੰਡੋਂ ਨੀਟੇ ਦੀ ਕਾਰ ਲੈ ਕੇ ਉਹਨਾਂ ਨੂੰ ਦਿੱਲੀ ਏਅਰਪੋਰਟ ਤੋਂ ਲੈਣ ਗਿਆ। ਜਦ ਉਹ ਏਅਰਪੋਰਟ ਤੋਂ ਬਾਹਰ ਆਏ ਤਾਂ ਮੁੰਡੇ ਪਹਿਚਾਣ ਹੀ ਨਾ ਹੋਣ। ਪਿਸ਼ੌਰਾ 6 ਫੁੱਟ ਤੋਂ ਵੀ ਕੁੱਝ ਉੱਪਰ। ਦੀਪੀ ਵੀ 6 ਫੁੱਟ ਦੇ ਨੇੜੇ ਤੇੜੇ। ਸਾਰੇ ਜਣੇ ਵਿਲਾਇਤੀ ਕੱਪੜਿਆਂ ਵਿੱਚ ਕੱਜੇ ਹੋਏ ਕਿਉਂਕਿ ਸਿਆਲ ਸੀ। ਵੀਹ ਗਜ ਦਾ ਘੱਗਰਾ ਸੱਠ ਗਜ ਦੀ ਗੇੜੀ ਦੇਣ ਲਗ ਪਿਆ। ਪਿਸ਼ੌਰੇ ਨੂੰ ਪੀਟਰ ਤੇ ਦੀਪੀ ਨੂੰ ਡਿੰਪਾ ਕਹਿ ਕੇ ਬੁਲਾਉਣ। ਮੇਲੂ ਨੇ ਬੈਂਕ ਵਿੱਚ ਲਾਕਰ ਦਾ ਪ੍ਰਬੰਧ ਕਰ ਰੱਖਿਆ ਸੀ।  ਮੀਤੋ ਨੇ ਪਿੰਡ ਪਹੁੰਚਦੇ ਸਾਰ ਹੀ ਸਭ ਤੋਂ ਪਹਿਲਾਂ ਆਪਣੇ ਗਹਿਣੇ ਤੇ ਵਾਧੂ ਸੋਨਾ ਲਾਕਰ ਵਿੱਚ ਰੱਖਿਆ। ਲਾਕਰ ਉੱਪਰ ਇੱਕ ਆਪਣਾ ਤਾਲ਼ਾ ਲਗਾ ਕੇ ਚਾਬੀ ਆਪਣੇ ਪਾਸ ਸੰਭਾਲੀ। ਰੋਜ ਪਾਉਣ ਜੋਗੇ ਗਹਿਣੇ ਆਪਣੇ ਪਾਸ ਰੱਖ ਲਏ। ਰੋਜ ਪਾਉਣ ਵਾਲੇ ਹੀ ਇੰਨੇ ਸਨ ਕਿ ਉਹ ਇਨ੍ਹਾਂ ਨਾਲ਼ ਕੱਜੀ ਹੋਈ ਬਣਾਉਟੀ ਵਲਾਇਤੀ ਤੀਵੀਂ ਲਗਦੀ ਸੀ। ਉਦੋਂ ਪੰਜਾਬ ਵਿੱਚ ਏਨੀਆਂ ਚੋਰੀਆਂ ਨਹੀਂ ਹੁੰਦੀਆਂ ਸਨ। ਨਾਲ਼ੇ ਮੀਤੋ ਨੇ ਕਿਹੜੀ ਕਿਤੇ ਇਕੱਲੀ ਜਾਣਾ ਸੀ। ਉਸਦੇ ਨਾਲ਼ ਤਾਂ ਹਰ ਵੇਲ਼ੇ  ਆਤੂ ਤੇ ਮੇਲੂ ਹੋਰੀਂ ਹੋਇਆ ਹੀ ਕਰਦੇ ਸਨ। ਪਿਸ਼ੌਰੇ ਦਾ ਰਿਸ਼ਤਾ ਪਹਿਲਾਂ ਪੱਕਾ ਹੋ ਹੀ ਚੁੱਕਾ ਸੀ। ਆ ਕੇ ਅਖੰਡ ਪਾਠ ਰਖਵਾ ਦਿੱਤਾ। ਰਸਮੀ ਤੌਰ ਤੇ ਕੁੜਮਾਈ ਕੀਤੀ। ਰਸੂਲਪੁਰੀਆ ਸਰਪੰਚ ਗੁਰਮੇਜ ਸਿੰਹੁ ਪਿਸ਼ੌਰੇ ਨੂੰ ਸ਼ਗਨ ਵਿੱਚ ਬਜਾਜ ਸਕੂਟਰ ਤੇ 10000 ਰੁਪਏ ਪਾ ਗਿਆ। ਉਦੋਂ ਬਜਾਜ ਸਕੂਟਰ ਕਿਸੇ ਟਾਂਵੇ ਬੰਦੇ ਪਾਸ ਹੋਇਆ ਕਰਦਾ ਸੀ। ਉਹ ਵੀ ਬਾਹਰਲੀ ਕਰੰਸੀ ਨਾਲ ਮਿਲਦਾ ਹੁੰਦਾ ਸੀ। ਬਹੁਤੇ ਵਿਆਹਾਂ ਵਿੱਚ ਬਾਈਸਾਈਕਲ ਦੇਣ ਦਾ ਰਿਵਾਜ ਹੀ ਸੀ। ਮੀਤੋ ਅਤੇ ਆਤੂ ਦੀਆਂ ਮੰਨ ਮਨੌਤਾਂ ਵੀ ਪੂਰੀਆਂ ਕਰ ਗਏ।
ਚੰਦ ਦਿਨਾਂ ਬਾਅਦ ਵਿਆਹ ਗੱਜ ਵੱਜ ਕੇ ਹੋ ਗਿਆ। ਇਲਾਕੇ ਵਿੱਚ ਬੱਲੇ ਬੱਲੇ ਹੋ ਗਈ। ਗੁਰਮੇਜ ਦੀ ਕੁੜੀ ਜੀਤਾਂ ਦੇ ਕਾਗਜ਼ ਤਿਆਰ ਹੋਣ ਲਗ ਪਏ। ਕਾਗਜੀ ਵਿਆਹ  ਹੋ ਗਿਆ। ਵਿਆਹ ਤੋਂ ਬਾਅਦ ਆਤੂ ਤੇ ਮੀਤੋ ਨੇ ਘਰ ਦੀਆਂ ਚਾਬੀਆਂ ਮੇਲੂ ਨੂੰ ਦੇ ਹੀ ਦਿੱਤੀਆਂ ਸਨ। ਦਸ ਪੁੱਛ ਪੈਣ ਤੇ ਝੱਟ ਮੰਗਣੀ ਪੱਟ ਵਿਆਹ ਦੀਪੀ ਦਾ ਵੀ ਰੱਖ ਲਿਆ। ਰਿਸ਼ਤਾ ਉਦੋਂ ਹੋਇਆ ਜਦ ਮੀਤੋ ਆਪਣੇ ਪਿੰਡ ਚਾਬੀਆਂ ਦੇਣ ਗਈ। ਉੱਥੇ ਇਕ ਪਰਿਵਾਰ ਦੀਪੀ ਨੂੰ ਸ਼ਗਨ ਪਾਉਣ ਲਈ ਕਾਹਲ਼ਾ ਪੈ ਗਿਆ। ਨਾਲ਼ ਦੇ ਪਿੰਡ ਦਬੁਰਜੀ ਦਾ ਚੰਗਾ ਅਲਾਟੀ ਗੁਰਨਾਮ ਸਿੰਹੁ ਆਤੂ ਦੇ ਖਹਿੜੇ ਹੀ ਪੈ ਗਿਆ। ਕਹਿੰਦਾ-'ਦੀਪੀ ਅੱਜ ਤੋਂ ਸਾਡਾ ਹੋ ਗਿਆ, ਤੁਸੀਂ 15 ਦਿਨ ਛੁੱਟੀ ਹੋਰ ਵਧਾ ਲਓ।' ਝੱਟ ਮੰਗਣੀ ਪੱਟ ਵਿਆਹ! ਗੁਰਨਾਮ ਸਿੰਹੁ ਨੇ ਗੁਰਦੁਆਰੇ ਲਿਜਾ ਕੇ 10000 ਰੁਪਏ ਆਤੂ ਨੂੰ ਫੜਾ ਦਿੱਤੇ, ਦੀਪੀ ਤੇ ਆਤੂ ਦੇ ਕੜੇ ਪਾਤੇ ਅਤੇ ਮੀਤੋ ਨੂੰ ਵੀ ਤਿੰਨ ਗਹਿਣੇ ਪਾਤੇ। ਕੁੜਮਾਈ ਹੋ ਗਈ। ਦੋ ਹਫਤੇ ਬਾਅਦ ਵਿਆਹ ਰੱਖ ਲਿਆ। ਆਤੂ ਤੇ ਮੀਤੋ ਆਪਣੇ ਨਵੇਂ ਘਰ 'ਚ ਬੈਠ ਕੇ ਵਿਆਹ ਦੀਆਂ ਤਿਆਰੀਆਂ ਕਰਨ ਲੱਗ ਪਏ।ਨਿਸ਼ਚਿਤ ਸਮੇਂ ਤੇ ਵਿਆਹ ਕਰਕੇ ਆਤੂ ਦਾ ਸਾਰਾ ਟੱਬਰ ਮੇਲੂ ਨੂੰ ਘਰ ਦੀਆਂ ਚਾਬੀਆਂ ਦੇ ਕੇ ਵਾਪਿਸ ਇੰਗਲੈਂਡ ਚਲਾ ਗਿਆ। ਕੁੱਝ ਮਹੀਨਿਆਂ ਬਾਅਦ ਪਿਸ਼ੌਰੇ ਤੇ ਦੀਪੀ ਦੀਆਂ ਘਰ ਵਾਲੀਆਂ ਵੀ ਉਨ੍ਹਾਂ ਪਾਸ ਇੰਗਲੈਂਡ ਪਹੁੰਚ ਗਈਆਂ। ਮੇਲੂ ਆਪਣੀ ਭੈਣ ਮੀਤੋ ਮਗਰ ਪੈ ਕੇ ਹਮੇਸ਼ਾ ਹੀ ਜੋਰ ਪਾਉਂਦਾ ਰਹਿੰਦਾ ਸੀ ਕਿ ਉਸਦਾ ਵੀ ਕੁੱਝ ਕੀਤਾ ਜਾਵੇ। ਉਸਦੀਆਂ ਦੋ ਕੁੜੀਆਂ ਸਨ ਤਾਰੋ ਤੇ ਗੇਜੋ। ਆਖਰ ਮੇਲੂ ਨੇ ਇਨ੍ਹਾਂ ਦੇ ਰਿਸ਼ਤੇ ਵੀ ਇੰਗਲੈਂਡ ਵਿੱਚ ਹੀ ਕਰਵਾ ਲਏ। ਕੁੱਝ ਦੇਰ ਬਾਅਦ ਮੇਲੂ ਤੇ ਉਹਦੀ ਘਰਵਾਲੀ ਵੀ ਇੰਗਲੈਂਡ ਜਾ ਪਹੁੰਚੇ। ਹੁਣ ਦੋ ਘਰ ਬਸ਼ਿੰਦਿਆਂ ਤੋਂ ਖਾਲੀ ਹੋ ਗਏ। ਆਤੂ ਨੇ ਘਰ ਸੰਭਾਲਣ ਲਈ ਝਿਉਰਾਂ ਦੀ ਚਿੰਤੀ ਲੱਭ ਲਈ ਕਿਉਂਕਿ ਉਹ ਅਕਸਰ ਇਨ੍ਹਾਂ ਦੇ ਘਰ ਕੰਮ ਕਰਦੀ ਹੁੰਦੀ ਸੀ। ਉਸਨੇ ਉਸਨੂੰ ਸਿਰਫ ਚਾਬੀਆਂ ਹੀ ਨਹੀਂ ਦਿੱਤੀਆਂ, ਸਗੋਂ ਘਰ ਹੀ ਉਹਨੂੰ ਸੰਭਾਲ ਦਿੱਤਾ। ਮੇਲੂ ਨੇ ਆਪਣਾ ਘਰ ਭੀਲੇ ਦਰਜੀ ਨੂੰ ਸੰਭਾਲ ਦਿੱਤਾ ਜਿਹੜਾ ਉਹਦੇ ਨਾਲ਼ ਅਕਸਰ ਕੰਮ ਕਰਾਇਆ ਕਰਦਾ ਸੀ। ਉਹਨਾਂ ਦੇ ਕੱਪੜੇ ਵੀ ਸੇਪੀ ਤੇ ਉਹੀ ਸਿਉਂਦਾ ਹੁੰਦਾ ਸੀ।
......................................
ਆਤੂ ਤੇ ਮੇਲੂ ਇੰਗਲੈਂਡ ਵਿੱਚ ਬੁੱਢੇ ਹੋ ਕੇ ਅਜੇ 10 ਕੁ ਸਾਲ ਪਹਿਲਾਂ ਹੀ ਪੂਰੇ ਹੋਏ ਹਨ। ਜਦ ਮੈਂ ਇੰਗਲੈਂਡ ਘੁੰਮਣ ਫਿਰਨ ਗਿਆ ਤਾਂ ਮੈਂ ਆਤੂ ਅਤੇ ਮੇਲੂ ਨੂੰ ਵੀ ਮਿਲਿਆ ਸਾਂ। ਆਤੂ ਤਾਂ ਪੂਰਾ ਅੰਨ੍ਹਾਂ ਹੋ ਚੁਕਾ ਸੀ ਤੇ ਮੇਲੂ ਦੇ ਗੋਡੇ ਕੰਮ ਨਹੀਂ ਸਨ ਕਰਦੇ। ਉਮਰਾਂ ਉਨ੍ਹਾਂ ਦੀਆਂ 80 ਕੁ ਸਾਲ ਦੀਆਂ ਸਨ। ਜਦ ਮੈਂ ਆਤੂ ਨੂੰ ਮਿਲਿਆ ਤਾਂ ਉਹ ਖੁਸ਼ ਤਾਂ ਹੋਇਆ ਹੀ, ਲੇਕਿਨ ਉਦਾਸ ਵੀ ਬਹੁਤ ਸੀ। ਕਹਿਣ ਲੱਗਾ, ''ਬਾਈ ਸਿਹਾਂ, ਤੂੰ ਮੈਨੂੰ ਮਿਲਣ ਆਇਆ ਏਂ। ਮੈਥੋਂ ਖੁਸ਼ੀ ਸੰਭਾਲੀ ਨਹੀਂ ਜਾਂਦੀ। ਮੈਨੂੰ ਤੇਰੇ ਕੋਲੋਂ ਪੰਜਾਬ ਦੀ ਮਿੱਟੀ ਦੀ ਖੁਸ਼ਬੂ ਆ ਰਹੀ ਏ। ਖੁਸ਼ੀ ਦੇ ਨਾਲ ਨਾਲ ਇੱਕ ਦੁੱਖ ਵੀ ਏ। ਉੱਥੇ ਵੱਡੇ ਵੱਡੇ ਘਰ ਬਣਾਉਂਦੇ ਰਹੇ। ਸੋਚਦੇ ਸੀ ਕਿ ਔਲਾਦ ਉੱਥੇ ਜਾਇਆ ਕਰੂ। ਸਾਡੇ ਲੜਕੇ ਤਾਂ ਇੱਕ ਦੋ ਵਾਰ ਜਾ ਆਏ। ਸਾਡੇ ਪੋਤੇ ਪੋਤੀਆਂ, ਦੋਹਤੇ ਦੋਹਤੀਆਂ ਤਾਂ ਉੱਧਰ ਨੂੰ ਮੂੰਹ ਵੀ ਨਹੀਂ ਕਰਦੇ।ਉਹ ਇੱਥੋਂ ਕੈਨੇਡਾ ਅਮਰੀਕਾ ਤਾਂ ਗੇੜੇ ਮਾਰ ਆਉਂਦੇ ਹਨ ਪਰ ਪੰਜਾਬ ਵਲ ਜਾ ਕੇ ਰਾਜੀ ਨਹੀਂ। ਜਮੀਨਾਂ ਠੇਕੇ ਤੇ ਦੇ ਦਿੱਤੀਆਂ ਸੀ। ਠੇਕੇ ਤੇ ਲੈਣ ਵਾਲ਼ੇ ਅੱਧਾ ਪਚੱਧਾ ਠੇਕਾ ਮਾਰਨ ਲਗ ਪਏ। ਕਹਿਣ ਲੱਗੇ ਪਏ-'ਫਸਲ ਹੀ ਨਹੀਂ ਹੋਈ। ਸੋਕਾ ਪੈ ਗਿਆ। ਹੜ੍ਹ ਆ ਗਏ। ਖੜ੍ਹੀ ਫਸਲ ਤਬਾਹ ਹੋ ਗਈ।' ਪਹਿਲਾਂ ਇੱਕ ਆਇਆ ਤਾਂ ਚਾਬੀਆਂ ਕਿਸੇ ਨੇੜਲੇ ਰਿਸ਼ਤੇਦਾਰ ਨੂੰ ਦੇ ਆਇਆ। ਫਿਰ ਉਹ ਰਿਸ਼ਤੇਦਾਰ ਵੀ ਇੱਧਰ ਨੂੰ ਆ ਗਿਆ। ਉਹ ਚਾਬੀਆਂ ਕਿਸੇ ਕੰਮੀ ਨੂੰ ਦੇ ਆਇਆ। ਕੰਮੀਆਂ ਨੇ ਬਿਜਲੀ ਦੇ ਬਿੱਲਾਂ ਦੇ ਪੈਸੇ ਮੰਗੇ ਉਹ ਵੀ ਅਸੀਂ ਭੇਜਦੇ ਰਹੇ। ਕੰਮੀਆਂ ਦੇ ਬੱਚਿਆਂ ਦੇ ਵਿਆਹਾਂ ਤੇ ਵੀ ਅਸੀਂ ਉਹਨਾਂ ਨੂੰ ਪੈਸੇ ਭੇਜਦੇ ਰਹੇ ਕਿਉਂਕਿ ਉਨ੍ਹਾਂ ਨੇ ਸਾਡੇ ਘਰ ਸੰਭਾਲੇ ਹੋਏ ਸਨ। ਹੁਣ ਤਾਂ ਇਹ ਹਾਲ ਏ ਕਿ ਕੰਮੀ ਵੀ ਪੰਜਾਬ ਤੋਂ ਬਾਹਰ ਨੂੰ ਦੌੜਨ ਲੱਗ ਪਏ ਹਨ। ਉਹ ਚਾਬੀਆਂ ਕਿਹਨੂੰ ਸੰਭਾਲ ਕੇ ਆਉਣਗੇ? ਯੂ.ਪੀ, ਬਿਹਾਰ ਦੇ ਭਈਆਂ ਨੂੰ? ਬਾਈ ਸਿਹਾਂ, ਮੈਂ ਚਾਬੀਆਂ ਸੰਭਾਲਣ ਲਈ ਕਿਹਨੂੰ ਲੱਭਾਂ? ਮੈਂ ਜਮੀਨ ਜਾਇਦਾਦ ਦੀ ਰਖਵਾਲੀ ਤੇ ਸੌਦੇ ਲਈ ਮੁਖਤਿਆਰਨਾਮਾ ਕਿਹਨੂੰ ਦੇਵਾਂ? ਉੱਥੇ ਕੋਈ ਸਾਡੀ ਬੁੱਕਲ ਦਾ ਬੰਦਾ ਬਚਿਆ ਹੀ ਨਹੀਂ। ਬਾਈ ਸਿਹਾਂ, ਮੈਂ ਮੰਨਦਾ ਹਾਂ ਕਿ ਪਰਦੇਸ ਵਿੱਚ ਸੋਨੇ ਦਾ ਮੀਂਹ ਪੈਂਦਾ ਏ ਤੇ ਆਪਣੇ ਦੇਸ ਵਿੱਚ ਪੱਥਰਾਂ ਦਾ, ਫਿਰ ਵੀ ਆਪਣਾ ਦੇਸ ਚੰਗਾ ਹੁੰਦਾ ਏ।''
''ਆਪਣਾ ਦੇਸ਼ ਚੰਗਾ ਉਦੋਂ ਹੁੰਦਾ ਏ ਜਦੋਂ ਉੱਥੇ ਸਿਸਟਮ ਵਧੀਆ ਹੋਵੇ। ਗੋਰਿਆਂ ਨੇ ਆਪਣੇ ਦੇਸ਼ ਦਾ ਸਿਸਟਮ ਇੰਨਾ ਵਧੀਆ ਬਣਾਇਆ ਹੋਇਆ ਏ ਕਿ ਲੋਕ ਉੱਥੇ ਨੂੰ ਦੌੜੇ ਆਉਂਦੇ ਹਨ। ਉੱਥੇ ਪਹੁੰਚਣ ਲਈ ਅੰਤਾਂ ਦੇ ਪੈਸੇ ਖਰਚਣ ਲਈ ਵੀ ਤਿਆਰ ਹਨ। ਗੋਰਿਆਂ ਨੂੰ ਪਤਾ ਏ ਕਿ ਜਿਹੜੇ ਇੱਕ ਵਾਰ ਉਨ੍ਹਾਂ ਦੇ ਦੇਸ਼ ਵਿੱਚ ਆ ਗਏ ਉਨ੍ਹਾਂ ਦੀਆਂ ਅਗਲੀਆਂ ਪੁਸ਼ਤਾਂ ਵਾਪਿਸ ਨਹੀਂ ਜਾਣਗੀਆਂ। ਇਹ ਪੁਸ਼ਤਾਂ ਤਾਂ ਪਿੱਛੇ ਦਾ ਸਭ ਕੁਝ ਵੇਚ ਵੱਟ ਕੇ, ਇੱਕ ਦਿਨ ਇਧਰ ਨੂੰ ਹੀ ਲੈ ਆਉਣਗੀਆਂ। ਇਹਨੂੰ ਕਹਿੰਦੇ ਆ ਕੂਟਨੀਤੀ ਤੇ ਸਾਡੀਆਂ ਆਉਣ ਵਾਲੀਆਂ ਪੁਸ਼ਤਾਂ ਨੁੰ ਆਪਣੇ ਦੇਸ਼ਾਂ ਵਿੱਚ ਪੱਕੇ ਤਾਲ਼ੇ ਲਗਾਉਣੇ! ਲੋਕ ਦੌੜੇ ਵੀ ਆਉਣ, ਪੈਸਾ ਵੀ ਖਰਚ ਕਰਨ ਤੇ ਆਉਣ ਵਾਲੀਆਂ ਪੁਸ਼ਤਾਂ ਪੱਕੀਆਂ ਗੁਲਾਮ ਵੀ ਬਣ ਜਾਣ ਤੇ ਉੱਧਰਲਾ ਸਭ ਕੁਝ ਵੇਚ ਵੱਟ ਕੇ ਇੱਧਰ ਨੂੰ ਲੈ ਆਉਣ।''
ਆਪ ਸੋਚਾਂ ਦੇ ਸਮੁੰਦਰ ਵਿੱਚ ਡੁੱਬਾ ਹੋਇਆ ਤੇ ਮੈਨੂੰ ਬੋਲਦੇ ਨੂੰ ਸੁਣਦਾ ਹੋਇਆ ਆਤੂ ਅੰਤਾਂ ਦਾ ਭਾਵੁਕ ਹੋ ਗਿਆ। ਉਸਦੀਆਂ ਅੱਖਾਂ ਨਮ ਹੋ ਗਈਆਂ। ਪਿਸ਼ੌਰਾ ਉਸਨੂੰ ਢਾਰਸ ਦਿੰਦਾ ਹੋਇਆ ਮੈਨੂੰ ਉਸ ਪਾਸੋਂ ਉਠਾ ਕੇ ਉੱਪਰ ਆਪਣੇ ਕਮਰੇ ਵਿੱਚ ਲੈ ਗਿਆ। ਉਹ ਤਾਂ ਮੇਰੇ ਹਾਣ ਦਾ ਹੀ ਸੀ। ਉਹ ਮੇਰੀ ਜਮਾਤ ਵਿੱਚੋਂ ਨਾਮਾ ਕਟਵਾ ਕੇ ਉਦੋਂ ਸੰਨ 64 ਵਿੱਚ ਇੰਗਲੈਂਡ ਨੂੰ ਆਇਆ ਸੀ। ਫਿਰ ਮੈਂ ਉਸ ਨਾਲ਼ ਇੰਗਲੈਂਡ ਅਤੇ ਪੰਜਾਬ ਬਾਰੇ ਢੇਰ ਸਾਰੀਆਂ ਗੱਲਾਂ ਕੀਤੀਆਂ।

ਮੋਹਣ ਸਿਆਂ ਇੱਕ ਬੂਟਾ ਲਿਖ ਦੇ - ਬਲਵੰਤ ਸਿੰਘ ਗਿੱਲ

ਦੁੱਧਾਂ ਚੂਰੀਆਂ ਨਾਲ ਪਾਲ੍ਹ ਪੋਸ ਕੇ,
ਜਿਨਾਂ ਵੱਡਿਆਂ ਕੀਤਾ ਮਾਵਾਂ ਦਾ,
ਸਫ਼ਲਤਾ ਦੀਆਂ ਮੰਜ਼ਿਲਾਂ ਪਾਉਣ ਦੀਆਂ,
ਦਿੱਤੀਆਂ ਦਿਲੋਂ ਦੁਆਵਾਂ ਦਾ,
ਪੁੱਤਾਂ ਨੂੰ ਸੁੱਕੇ ਥਾਂ 'ਤੇ ਪਾ ਕੇ,
ਆਪ ਸੌਂਦੀਆਂ ਗਿੱਲੀਆਂ ਥਾਵਾਂ ਦਾ,
ਮੋਹਣ ਸਿਆਂ ਇੱਕ ਬੂਟਾ ਲਿਖ ਦੇ
ਮਾਵਾਂ ਘਣੀਆਂ ਛਾਂਵਾਂ ਦਾ।

ਕਰਜ਼ੇ ਚੁੱਕ ਚੁੱਕ ਤੈਨੂੰ ਵਿੱਦਿਆ ਦਿੱਤੀ,
ਤੈਨੂੰ ਵੱਡਿਆਂ ਕੀਤਾ ਪਾਲ੍ਹ ਪੋਸ ਕੇ,
ਆਪੂੰ ਤੰਗੀਆਂ ਤੁਰਸ਼ੀਆਂ ਝੱਲੀਆਂ,
ਤੇਰਾ ਖਰਚਾ ਕੀਤਾ ਦਿਲ ਖੋਹਲ ਕੇ,
ਤੈਨੂੰ ਘਿਓ ਅਤੇ ਦੁੱਧਾਂ ਨਾਲ ਪਾਲ੍ਹ ਕੇ,
ਅੱਜ ਪਾਣੀ ਨੂੰ ਤਰਸਦੀਆਂ ਮਾਵਾਂ ਦਾ,
ਮੋਹਣ ਸਿਆਂ ਇੱਕ ਬੂਟਾ ਲਿਖ ਦੇ,
ਮਾਂਵਾਂ ਘਣੀਆਂ ਛਾਂਵਾਂ ਦਾ।

ਜਾ ਪਰਦੇਸ ਤੂੰ ਫ਼ੋਨ ਨਹੀਂ ਕਰਦਾ,
ਪੁੱਛਿਆ ਕਦੇ ਮਾਂਏ ਕਿੱਦਾਂ ਝੱਟ ਸਰਦਾ?
ਬੈਂਕਾਂ ਦੀਆਂ ਚੱੜ੍ਹੀਆ ਕਿਸ਼ਤਾਂ ਲਾਹੁੰਦਾ,
ਬਾਪ ਤੇਰਾ ਹਰ ਪੱਲ ਪੱਲ ਮਰਦਾ,
ਕੀ ਬਣਿਆ ਬੱਚਪਨ ਵਿੱਚ ਦਿੱਤੀਆਂ,
ਉਨਾਂ ਚੰਗੀਆਂ ਨੇਕ ਸਲਾਹਾਂ ਦਾ,
ਮੋਹਣ ਸਿਆਂ ਇੱਕ ਬੂਟਾ ਲਿਖ ਦੇ,
ਮਾਂਵਾਂ ਘਣੀਆਂ ਛਾਂਵਾਂ ਦਾ।

ਮਾਂ ਹੁੰਦੀ ਏ ਮਾਂ ਵੇ ਲੋਕੋ,
ਚਾਚੀਆਂ ਮਾਸੀਆਂ ਵੀਹ ਵਾਰੀ ਹੋਵਣ,
ਮਾਂ ਵਰਗੀ ਕੋਈ ਨਾ ਥਾਂ ਵੇ ਲੋਕੋ,
ਢੂੰਡੀ ਸਾਰੀ ਦੇਸ 'ਤੇ ਦੁਨੀਆਂ,
ਸ਼ਹਿਰ ਅਤੇ ਗਰਾਂ ਵੇ ਲੋਕੋ,
'ਗਿੱਲਾ' ਦੱਸ ਤੂੰ ਕਦ ਲੇਖ਼ਾ ਦੇਊਂ?
ਮਾਂ ਦੀਆਂ ਅਨੇਕ ਦੁਆਵਾਂ ਦਾ,
ਮੋਹਣ ਸਿਆਂ ਇੱਕ ਬੂਟਾ ਲਿਖ ਦੇ,
ਮਾਂਵਾਂ ਘਣੀਆਂ ਛਾਂਵਾਂ ਦਾ।
 
ਬਲਵੰਤ ਸਿੰਘ ਗਿੱਲ
ਬੈਡਫ਼ੋਰਡ

ਧੁਆਂਖ਼ੀ ਬੱਤੀ - ਬਲਵੰਤ ਸਿੰਘ ਗਿੱਲ (ਬੈਡਫੋਰਡ)

ਹੀਰਾ ਵਲੈਤ ਆਉਂਦਿਆਂ ਹੀ ਇੰਗਲੈਂਡ ਦੇ ਇੱਕ ਸ਼ਹਿਰ ਵਿੱਚ ਉੱਨ ਦੀ ਫੈਕਟਰੀ ਵਿੱਚ ਕੰਮ ਤੇ ਲੱਗ ਗਿਆ। ਉਸ ਸਮੇਂ ਕੋਈ ਵਿਰਲਾ ਹੀ ਪੰਜਾਬੀ ਜਾਂ ਪਾਕਿਸਤਾਨੀ ਇਨ੍ਹਾਂ ਫੈਕਟਰੀਆਂ ਵਿੱਚ ਕੰਮ ਕਰਦਾ ਸੀ। ਲੋਕੀਂ ਇਕੱਲੇ ਇਕੱਹਰੇ ਹੀ ਇੰਗਲੈਂਡ ਆਏ ਸਨ ਤੇ ਟੱਬਰ ਪਿੱਛੇ ਆਪਣੇ ਮੁਲਕ ਵਿੱਚ ਸਨ। ਫੈਕਟਰੀ ਦੇ ਲਾਗੇ ਹੀ ਇੱਕ ਘਰ ਵਿੱਚ ਹੀਰਾ ਸਿੰਘ ਕਿਰਾਏ 'ਤੇ ਰਹਿਣ ਲੱਗ ਪਿਆ। ਇਸੇ ਤਿੰਨ ਬੈਡਰੂਮ ਵਾਲੇ ਘਰ ਵਿੱਚ ਸੱਤ ਬੰਦੇ ਰਹਿੰਦੇ ਸਨ, ਜਿਨ੍ਹਾਂ ਵਿੱਚੋਂ ਦੋ ਪਾਕਿਸਤਾਨੀ ਵੀ ਸਨ। ਹੀਰਾ ਅਤੇ ਇਸ ਦੇ ਦੋ ਹੋਰ ਸਾਥੀ ਰਾਤਾਂ ਦੀ ਸ਼ਿਫ਼ਟ ਤੇ ਕੰਮ ਕਰਦੇ ਸਨ 'ਤੇ ਬਾਕੀ ਚਾਰ ਦਿਨਾਂ ਦੀ ਸ਼ਿਫ਼ਟ 'ਤੇ। ਆਪਸ ਵਿੱਚ ਬੈਡਾਂ/ਮੰਜੇ ਸਾਂਝੇ ਵਰਤ ਕੇ ਦਿਨ ਕੱਟੀ ਕਰਦੇ ਸਨ। ਰੋਟੀ ਟੁੱਕ ਵੀ ਇਨ੍ਹਾਂ ਸੱਜਣਾਂ ਨੂੰ ਆਪ ਜੀ ਕਰਨਾ ਪੈਂਦਾ ਸੀ।
    ਸਾਲ ਬੀਤਦੇ ਗਏ। ਹੀਰੇ ਨੇ ਸੰਗ ਸਰਫਾ ਕਰਕੇ ਚਾਰ ਪੈਸੇ ਜੋੜ ਲਏ ਅਤੇ ਪੰਜਾਬ ਵਿੱਚ ਕੁੱਝ ਸਿਆੜ ਵੀ ਬਣਾ ਲਏ। ਹੀਰੇ ਨੇ ਕੰਮ ਕਰਕੇ ਆਪਣਾ ਪਿਛਲਾ ਕਰਜ਼ਾ ਵੀ ਮੋੜ ਦਿੱਤਾ। ਦੋ ਪੌਂਡਾਂ ਦੇ ਰਾਸ਼ਣ ਨਾਲ ਸਾਰਾ ਹਫ਼ਤਾ ਲੰਘਾ ਲੈਂਦਾ। ਪੱਬ ਵਿੱਚ ਬੀਅਰ ਪੀਣ ਜਾਂਦਾ ਤਾਂ ਇੱਕ ਪੌਂਡ ਵਿੱਚੋਂ ਵੀ ਭਾਨ ਮੋੜ ਲਿਉਂਦਾ।
    ਹੀਰੇ ਦਾ ਵਿਆਹ ਉਮਰ ਚੜ੍ਹ ਕੇ ਹੀ ਹੋਇਆ ਸੀ। ਵਿਆਹ ਹੁੰਦਿਆਂ ਸਾਰ ਹੀ ਇੰਗਲੈਂਡ ਆਉਣ ਦਾ ਸਬੱਬ ਬਣ ਗਿਆ। ਇੱਥੇ ਆ ਕੇ ਕਈ ਸਾਲ ਆਪਣੀ ਗ਼ਰੀਬੀ ਲਾਹੁੰਦਿਆਂ ਲੰਘ ਗਏ। ਇਸੇ ਕਰਕੇ ਇਸ ਦੀ ਘਰਵਾਲੀ ਸਿਮਰੋ ਦੀ ਕੁੱਖ ਬਾਲ ਬੱਚੇ ਵੱਲੋਂ ਸੱਖਣੀ ਹੀ ਸੀ। ਹੀਰੇ ਨੇ ਇੰਗਲੈਂਡ ਵਿੱਚ ਅੱਠ ਦੱਸ ਸਾਲ ਲਾ ਕੇ ਆਪਣੇ ਪੈਰ ਜਮ੍ਹਾ ਲਏ। ਕੁੱਝ ਬੈਂਕ ਤੋਂ ਕਰਜ਼ਾ ਚੁੱਕ ਕੇ ਅਤੇ ਕੁੱਝ ਐਡਵਾਂਸ ਪੈਸੇ ਰੱਖ ਕੇ ਘਰ ਲੈ ਲਿਆ। ਹੁਣ ਇਸ ਨੇ ਆਪਣੇ ਘਰਵਾਲੀ ਸਿਮਰੋ ਨੂੰ ਵਲਾਇਤ ਆਉਣ ਦੀ ਪਰਮਿਟ ਪਾ ਦਿੱਤੀ। ਸਿਮਰੋ ਜਹਾਜ਼ (ਪਾਣੀ ਵਾਲਾ ਜਹਾਜ਼) ਦਾ ਕਿਰਾਇਆ ਤਾਰ ਕੇ ਵਲਾਇਤ ਆ ਗਈ। ਵਲਾਇਤ ਆਉਂਦਿਆਂ ਇਸ ਨੂੰ ਮਹੀਨਾ ਲੱਗ ਗਿਆ। ਸਿਮਰੋ ਨੇ ਮਹੀਨੇ ਭਰ ਦੀਆਂ ਪਿੰਨੀਆਂ ਬਣਾ ਕੇ ਪਹਿਲੋਂ ਹੀ ਆਪਣੀ ਗੱਠੜੀ ਵਿੱਚ ਰੱਖ ਲਈਆਂ ਸਨ। ਸਿਮਰੋ ਨੂੰ ਜਹਾਜ਼ ਦੇ ਡੱਕੇ ਡੋਲੇ ਖਾਂਦਿਆਂ ਕਈ ਵਾਰ ਉਲਟੀਆਂ ਲੱਗ ਜਾਂਦੀਆਂ, ਪਰ ਫਿਰ ਵੀ ਵਾਹਿਗੂਰੂ ਦਾ ਸ਼ੁਕਰ ਕਰਦੀ ਕਿ ਉਹ ਅਮੀਰ ਮੁਲਕ ਵਿੱਚ ਆਪਣੇ ਘਰ ਵਾਲੇ ਪਾਸ ਜਾ ਰਹੀ ਹੈ। ਕਦੇ-ਕਦੇ ਜਹਾਜ਼ ਜਦੋਂ ਝੱਖੜਾਂ ਝੋਲਿਆਂ ਦੇ ਠੇਡੇ ਖਾਂਦਾ ਅਤੇ ਚੱਟਾਨਾਂ ਨਾਲ ਖਹਿ ਜਾਂਦਾ ਤਾਂ ਮੱਲੋ-ਮੱਲੀ ਸਿਮਰੋ ਦੇ ਮੂੰਹ ਵਿੱਚੋਂ ਵਾਗੁਰੂ-ਵਾਗੁਰੂ ਨਿਕਲ ਜਾਂਦਾ।
    ਸਿਮਰੋ ਦੇ ਇੰਗਲੈਂਡ ਪਹੁੰਚਣ ਤੇ ਹੀਰਾ ਆਪਣਾ ਕਿਰਾਏ ਵਾਲਾ ਮਕਾਨ ਛੱਡ ਕੇ ਆਪਣੇ ਖ਼ੁਦ ਦੇ ਮਕਾਨ ਵਿੱਚ ਆ ਗਿਆ। ਇੱਕ ਕਮਰਾ ਇਨ੍ਹਾਂ ਦੋਨਾਂ ਨੇ ਰੱਖ ਲਿਆ ਅਤੇ ਬਾਕੀ ਦੋ ਕਮਰਿਆਂ ਵਿੱਚ ਕਿਰਾਏਦਾਰ ਰੱਖ ਲਏ, ਤਾਂ ਕੇ ਬੈਂਕ ਦਾ ਕਰਜ਼ਾ ਉੱਤਰ ਸਕੇ । ਕੁੱਝ ਸਮਾਂ ਪਾ ਕੇ ਹੀਰੇ ਦੇ ਘਰ ਇੱਕ ਲੜਕੀ ਨੇ ਜਨਮ ਲਿਆ।ਸਿਮਰੋ ਫ਼ਿਕਰ ਕਰਨ ਲੱਗੀ ਕਿ ਖਰਚੇ ਨੂੰ ਥਾਂ ਹੋ ਗਿਆ। ਆਸ ਲਾ ਲਈ ਕਿ ਅਗਲੀ ਵਾਰ ਪਰਮਾਤਮਾ ਜਰੂਰ ਸੁਣੇਗਾ ਅਤੇ ਉਹ ਮੁੰਡੇ ਦੀ ਲੋਹੜੀ ਪਾਉਣਗੇ। ਪਰ ਹੋਇਆ ਇਸ ਦੇ ਉੱਲਟ, ਇਸ ਵਾਰ ਫਿਰ ਇੱਕ ਹੋਰ ਲੜਕੀ ਨੇ ਜਨਮ ਲੈ ਲਿਆ।ਸਿਮਰੋ ਆਪਣੇ ਕਰਮਾਂ ਅਤੇ ਪਰਮਾਤਮਾ ਨੂੰ ਕੋਸਣ ਲੱਗੀ। ਹਰ ਰੋਜ਼ ਪਰਮਾਤਮਾ ਮੂਹਰੇ ਅਰਦਾਸ ਕਰਦੀ ਅਤੇ ਗੁਰਦੁਆਰੇ ਮੱਥਾ ਟੇਕਣਾ ਨਾ ਭੁੱਲਦੀ ਕਿ ਹੁਣ ਤਾਂ ਵਾਹਿਗੁਰੂ ਇੱਕ ਮੁੰਡੇ ਦੀ ਦਾਤ ਇਸ ਦੀ ਝੋਲੀ ਵਿੱਚ ਪਾਵੇ।
       ਕਈਆਂ ਸਾਲਾਂ ਦੀ ਤਪੱਸਿਆ ਤੋਂ ਬਾਅਦ ਵਾਹਿਗੁਰੂ ਨੇ ਸਿਮਰੋ ਦੀ ਨੇੜੇ ਹੋ ਕੇ ਸੁਣ ਲਈ । ਇਨ੍ਹਾਂ ਦੇ ਘਰ ਲੜਕੇ ਨੇ ਜਨਮ ਲਿਆ। ਮੁੰਡਾ ਹੋਣ ਦੀ ਖ਼ੁਸ਼ੀ ਵਿੱਚ ਦੋਨਾਂ ਨੇ ਬੜੀ ਖੁਸ਼ੀ ਮਨਾਈ। ਅਕਸਰ ਦੋ ਲੜਕੀਆਂ ਬਾਅਦ ਤਰਸਦਿਆਂ ਨੂੰ ਮੁੰਡੇ ਦੀ ਦਾਤ ਮਿਲੀ ਸੀ। ਮੁੰਡੇ ਦੀ ਧੂਮ ਧਾਮ ਨਾਲ ਲੋਹੜੀ ਪਾਈ ਅਤੇ ਮਿੱਤਰਾਂ-ਦੋਸਤਾਂ ਨੂੰ ਘਰ ਮੁਰਗੇ ਰਿੰਨ੍ਹ ਕੇ ਬੋਤਲਾਂ ਦਾ ਦੌਰ ਚਲਾਇਆ ਗਿਆ।ਆਂਢ-ਘੁਆਂਢ ਕੀ, ਇੱਥੌਂ ਤੱਕ ਗੋਰਿਆਂ ਦੇ ਘਰ ਵੀ ਲੱਡੂ ਵੰਡਣ ਗਏ।
    ਹੀਰਾ ਫੈਕਟਰੀ ਵਿੱਚ ਸੱਤੇ ਰਾਤਾਂ ਕੰਮ ਤੇ ਜਾਂਦਾ।ਜਿੰਨਾ ਵੀ  ਓਵਰਟਾਇਮ ਮਿਲੇ ਤਾਂ ਉਹ ਕਦੇ ਨਾ ਛੱਡਦਾ। ਜਦੋਂ ਕਦੇ ਕਿਸੇ ਰਿਸ਼ਤੇਦਾਰ ਨੇ ਇਸ ਨੂੰ ਇਸਦੇ ਕੰਮਕਾਰ ਦਾ ਹਾਲ ਪੁੱਛਣਾ ਤਾਂ ਇਸ ਨੇ ਹੱਸ ਕੇ ਮਖ਼ੌਲ ਕਰਨਾ ''ਭਾਈ ਹਫ਼ਤੇ ਦੀਆਂ ਸੱਤੇ ਰਾਤਾਂ ਲੱਗਦੀਆਂ, ਰੱਬ ਨੂੰ ਬਥੇਰਾ ਆਖੀਦਾ ਕਿ ਅੱਠਵੀਂ ਰਾਤ ਬਣਾਏ, ਪਰ ਸੁਣਦਾ ਹੀ ਨਹੀਂ।'' ਹੀਰੇ ਨੇ ਆਪਣੀ ਘਰ ਵਾਲੀ ਸਿਮਰੋ ਨੂੰ ਕੰਮ ਤੇ ਨਾ ਲਗਵਾਇਆ ਤਾਂ ਕਿ ਲੋਕੀਂ ਮਿਹਣੇ ਨਾ ਦੇਣ ਕਿ ਇਹ ਤੀਂਵੀਂ ਤੋਂ ਕੰਮ ਕਰਵਾਉਂਦਾ ਹੈ।
    ਕੁੱਝ ਸਮਾਂ ਪਾ ਕੇ ਹੀਰਾ ੳਾਪਣਾ ਸ਼ਹਿਰ ਛੱਡ ਕੇ ਇੱਕ ਭੱਠਿਆਂ ਵਾਲੇ ਸ਼ਹਿਰ ਵਿੱਚ ਆ ਗਿਆ, ਤਾਂ ਕਿ ਭੱਠੇ ਦਾ ਕੰਮ ਕਰਕੇ ਜ਼ਿਆਦਾ ਪੈਸੇ ਕਮਾ ਸਕੇ। ਹੀਰੇ ਨੂੰ ਭੱਠੇ ਤੇ ਕੰਮ ਸੌਖਿਆਂ ਹੀ ਮਿਲ ਗਿਆ।ਹੀਰੇ ਨੂੰ ਇਸ ਦੇ ਰਿਸ਼ਤੇਦਾਰ ਨੇ ਭੱਠੇ 'ਤੇ ਕੰਮ ਲੁਆਉਣ ਲੱਗਿਆਂ ਦੱਸ ਦਿੱਤਾ ਸੀ ਕਿ ਗੋਰੇ ਲੋਕ ਬਹੁਤ ਹੀ ਘੱਟ ਇਹੋ ਜਿਹੇ ਭਾਰੇ ਅਤੇ ਗੰਦੇ ਕੰਮ ਨੂੰ ਕਰਦੇ ਸਨ। ਇਸੇ ਕਰਕੇ ਬਾਕੀ ਫੈਕਟਰੀਆਂ ਨਾਲੋਂ ਭੱਠੇ ਦੇ ਕੰਮ ਦੇ ਪੈਸੇ ਜ਼ਿਆਦਾ ਹਨ।
        ਸਿਮਰੋ ਵੀ ਹੁਣ ਇਸ ਸ਼ਹਿਰ ਦੀ ਇੱਕ ਖ਼ੁਰਾਕ ਬਣਾਉਣ ਦੀ ਫੈਕਟਰੀ ਵਿੱਚ ਕੰਮ ਤੇ ਲੱਗ ਗਈ, ਜਿੱਥੇ ਆਮ ਹੀ ਪੰਜਾਬ ਤੋਂ ਆਈਆਂ ਜ਼ਨਾਨੀਆਂ ਕੰਮ ਕਰ ਰਹੀਆਂ ਸਨ।ਦੋਨੋਂ ਜਣੇ ਮਿਹਨਤੀ ਸੁਭਾਅ ਦੇ ਹੋਣ ਕਰਕੇ ਰੱਜ ਕੇ ਕਮਾਈ ਕਰਦੇ ਰਹੇ। ਪੰਜਾਬ ਵਿੱਚ ਜਾਇਦਾਦਾਂ ਖ੍ਰੀਦ ਲਈਆਂ, ਕੋਠੀ ਬਣਾ ਲਈ, ਪਲਾਟ ਲੈ ਲਏ ਅਤੇ ਨਾਲ ਹੀ ਬੈਂਕਾਂ ਵਿੱਚ ਪੈਸੇ ਜਮ੍ਹਾਂ ਕਰ ਲਏ।ਹੀਰੇ ਅਤੇ ਸਿਮਰੋ ਨੇ ਦਿਨ ਰਾਤ ਕਰਕੇ ਆਪਣੀ ਪੈਸੇ ਧੇਲੇ ਵਲੋਂ ਹਾਲਤ ਤਾਂ ਸੁਧਾਰ ਲਈ ਪਰ ਆਪਣੇ ਬੱਚਿਆਂ ਦੀ ਪਰਵਰਿਸ਼ ਵੱਲ ਲੋੜੀਂਦਾ ਧਿਆਨ ਨਾ ਦਿੱਤਾ।ਕਿਉਂਕਿ ਲੰਬੇ ਘੰਟੇ ਓਵਰਟਾਇਮ ਲਾ ਕੇ ਕੰਮ ਤੋਂ ਤਨਖ਼ਾਹ ਦੇ ਵੱਡੇ ਵੱਡੇ ਲਫ਼ਾਫ਼ੇ, ਪੈਸੇ ਦੀ ਦੌੜ ਹੋਰ ਤੇਜ਼ ਕਰੀ ਜਾ ਰਹੇ ਸਨ।
       ਦੋਨੋਂ ਲੜਕੀਆਂ ਦਾ ਵਿਆਹ ਕਰਕੇ ਉਸ ਨੇ ਉਨ੍ਹਾਂ ਨੂੰ ਆਪੋ ਆਪਣੇ ਘਰੀਂ ਤੋਰ ਦਿੱਤਾ ਤੇ ਘਰ ਨੂੰਹ ਲੈ ਆਂਦੀ। ਹੀਰੇ ਅਤੇ ਸਿਮਰੋ ਦਾ ਪੁਰਾਤਨ ਅਤੇ ਕੁੱਝ ਕੰਜੂਸੀ ਦਾ ਸੁਭਾਅ ਹੋਣ ਕਰਕੇ ਨੂੰਹ ਦੇ ਨਾਲ ਦਾਲ ਨਾ ਗਲਣੀ। ਮੁੰਡੇ ਨੂੰ ਆਪਣੀ ਪਤਨੀ ਦੀ ਗੱਲ ਮੰਨਣੀ ਪੈਂਦੀ। ਮਾਂ-ਬਾਪ ਆਪਣੇ ਸਿਆਣੇ ਹੋਣ ਦਾ ਰੋਹਬ ਪਾਉਣ । ਨੂੰਹ ਕੁੱਝ ਆਧੁਨਿੱਕ ਖ਼ਿਆਲਾਂ ਦੀ, ਖੁੱਲ੍ਹੇ ਸੁਭਾਅ ਦੀ ਮਾਲਕਣ ਸੀ।ਉਸਨੂੰ ਹਰ ਰੋਜ਼ ਦਾਲ ਰੋਟੀ ਖਾਣੀ ਪਸੰਦ ਨਹੀਂ ਸੀ। ਕਦੇ ਕਦਾਈਂ ਬਾਹਰੋਂ ਖਾਣਾ ਲਿਆ ਕੇ ਖਾ ਲੈਣਾ ਅਤੇ ਵੀਕ ਐਂਡ ਤੇ ਕਲੱਬ ਵਿੱਚ ਗੇੜ੍ਹਾ ਮਾਰ ਆਉਣਾ। ਰਾਤ ਨੂੰ ਦੇਰ ਤੱਕ ਟੈਲੀਵਿਯਨ ਦੇਖਣਾ ਆਦਿ ਹੀਰੇ ਅਤੇ ਸਿਮਰੋ ਨੂੰ ਘੱਟ ਹੀ ਰਾਸ ਆਉਂਦਾ। ਨੂੰਹ ਦੇ ਪੱਛਮੀ ਪਹਿਰਾਵੇ ਤੇ ਵੀ  ਸਿਮਰੋ ਟੋਕਾ ਟਕਾਈ ਕਰਦੀ ਰਹਿੰਦੀ। ਕਦੇ-ਕਦੇ ਸਿਮਰੋ ਨੇ ਨੂੰਹ ਨੂੰ ਆਖ ਹੀ ਦੇਣਾ ''ਆਹ ਕੀ ਘੱਘਰੀ ਜਿਹੀ (ਸਕੱਰਟ) ਪਾਈ ਫਿਰਦੀ ਆਂ, ਅੱਧੀਆਂ ਲੱਤਾਂ ਨੰਗੀਆਂ ਹਨ।'' ਇਹ ਸਮਾਜੀ ਅਤੇ ਸੱਭਿਆਚਾਰਕ ਧਾਰਨਾਵਾਂ ਇਨ੍ਹਾਂ ਦੋਹਾਂ ਪੀੜ੍ਹੀਆਂ ਵਿੱਚ ਇੱਕ ਦੀਵਾਰ ਬਣੀਆਂ ਖੜ੍ਹੀਆਂ ਸਨ। ਹੀਰਾ ਅਤੇ ਸਿਮਰੋ ਇਸ ਨਵੇਂ ਜ਼ਮਾਨੇ ਦੀ ਤਬਦੀਲੀ ਨੂੰ ਸਵੀਕਾਰਨਾ ਆਪਣੀ ਬੇਇੱਜ਼ਤੀ ਸਮਝਦੇ ਸਨ। ਉਨ੍ਹਾਂ ਦੀ ਹਮੇਸ਼ਾ ਇਹ ਦਲੀਲ ਹੁੰਦੀ ਕਿ ਸਿਆਣੇ ਹਮੇਸ਼ਾ ਸਿਆਣੀ ਹੀ ਗੱਲ ਕਰਦੇ ਹੁੰਦੇ ਹਨ।
    ਨੂੰਹ ਪੁੱਤ ਦੀ ਆਪਣੀ ਮਾਂ-ਬਾਪ ਨਾਲ ਇੱਕ ਸਮਾਜਿਕ ਅਤੇ ਘਰੇਲੂ ਜੰਗ ਰੋਜ਼ ਛਿੜੀ ਰਹਿੰਦੀ। ਆਮ ਕਰਕੇ ਨੂੰਹ-ਪੁੱਤ ਇਸ ਸਥਿੱਤੀ ਤੋਂ ਆਪਣੇ ਆਪ ਨੂੰ ਪਰ੍ਹੇ ਰੱਖਣ ਦੀ ਕੋਸ਼ਿਸ਼ ਕਰਦੇ ਤਾਂ ਕਿ ਘਰ ਵਿੱਚ ਸ਼ਾਤੀ ਰਹੇ।ਪਰ ਫਿਰ ਵੀ ਇੱਕ ਘਰ ਵਿੱਚ ਰਹਿੰਦੇ ਸਨ, ਦੋ ਭਾਂਡੇ ਆਪਸ ਵਿੱਚ ਖੜਕ ਹੀ ਪੈਂਦੇ ਹਨ। ਇਹੋ ਜਿਹੇ ਵਾਤਾਵਰਣ ਵਿੱਚ ਨੂੰਹ-ਪੁੱਤ ਦਾ ਦੱਮ ਘੁੱਟਦਾ। ਅੱਕ ਕੇ ਨੂੰਹ ਨੇ ਫ਼ੈਸਲਾ ਕਰ ਲਿਆ ਕਿ ਉਹ ਆਪਣੇ ਪਤੀ ਨੂੰ ਨਾਲ ਲੈ ਕੇ ਆਪਣੇ ਪੇਕੇ ਚਲੀ ਜਾਵੇਗੀ। ਰੋਜ਼ ਦੀ ਟਿੱਕ ਟਿੱਕ ਤੋਂ ਤੰਗ ਹੋਏ ਪੁੱਤ ਨੇ ਵੀ ਆਪਣੀ ਪਤਨੀ ਦੇ ਫ਼ੈਸਲੇ ਦੀ ਵਿਰੋਧਤਾ ਨਾ ਕੀਤੀ। ਅਗਲੇ ਹੀ ਦਿਨ ਵਹੁਟੀ ਆਪਣੇ ਪਤੀ ਨਾਲ ਆਪਣਾ ਬੋਰੀ ਬਿਸਤਰਾ ਬੰਨ੍ਹ ਕੇ ਆਪਣੇ ਪੇਕੇ ਘਰ ਚਲੀ ਗਈ।
       ਮਹੀਨੇ ਲੰਘ ਗਏ ਅਤੇ ਫੇਰ ਸਾਲ। ਹੀਰਾ ਅਤੇ ਸਿਮਰੋ ਆਪਣੇ ਨੂੰਹ-ਪੁੱਤ ਦੀ ਉਡੀਕ ਵਿੱਚ ਰਾਹ ਤਕੱਦੇ ਰਹਿੰਦੇ। ਅਕਸਰ ਮਾਪੇ ਸਨ, ਕਦੇ ਨਾ ਕਦੇ ਤਾਂ ਇਕੱਲਤਾ ਦਾ ਅਹਿਸਾਸ ਭਾਰੂ ਹੋ ਹੀ ਜਾਂਦਾ ਹੈ ਅਤੇ ਮਾਂ ਦੀ ਮਮਤਾ ਜਾਗ ਹੀ ਉੱਠਦੀ ਹੈ। ਪਰ ਇਨ੍ਹਾਂ ਦੇ ਨੂੰਹ ਪੁੱਤ ਮਾਂਪਿਆਂ ਦੀ ਪੁਰਾਣੀਆਂ ਅਤੇ ਰੂੜੀਵਾਦੀ ਆਦਤਾਂ ਦੇ ਸਿਤਾਏ, ਮੋੜਾ ਪਾਉਣ ਦੀ ਗੱਲ ਹੀ ਨਾ ਕਰਨ।ਮਾਪਿਆਂ ਨੇ ਰਿਸ਼ਤੇਦਾਰ ਅਤੇ ਸਾਕ ਸੰਬੰਧੀਆਂ ਰਾਹੀਂ ਬਥੇਰੀਆਂ ਕੋਸ਼ਿਸ਼ਾਂ ਕੀਤੀਆਂ, ਪਰ ਨੂੰਹ ਪੁੱਤ ਨੇ ਹੁਣ ਇਨ੍ਹਾਂ ਵੱਲੋਂ ਪੱਕੀ ਲੱਛਮਣ ਰੇਖਾ ਵਾਹ ਰੱਖੀ ਸੀ ਕਿ ਮਾਂ-ਬਾਪ ਦਾ ਮੂੰਹ ਹੀ ਨਹੀਂ ਦੇਖਣਾ।ਕੁਝ ਸਿਆਣੇ ਸੱਜਣਾਂ ਨੇ ਹੀਰਾ ਸਿੰਘ ਨੂੰ ਵੀ ਆਪਣਾ ਵਤੀਰਾ ਬਦਲਣ ਲਈ ਵੀ ਆਖਿਆ।ਹੁਣ ਮਾਪੇ ਤਾਂ ਕਿਸੇ ਵੀ ਸ਼ਰਤ ਤੇ ਆਪਣਾ ਪੁੱਤ ਵਾਪਸ ਆਇਆ ਦੇਖਣਾ ਚਾਂਹੁਦੇ ਸਨ।ਉੱਧਰ ਨੂੰਹ ਪੁੱਤ ਪੈਰਾਂ ਤੇ ਪਾਣੀ ਨਾ ਪੈਣ ਦੇਣ।
         ਮੁਸੀਵਤਾਂ ਦੀ ਲੜੀ ਅੱਗੇ ਤੁਰਦੀ ਗਈ।ਬੈਂਕਾਂ ਵਾਲਿਆਂ ਨੇ ਪੁੱਤਰ ਵੱਲੋਂ ਘਰ ਦੀ ਕਿਸ਼ਤ ਨਾ ਭਰੇ ਜਾਣ ਕਰਕ ਨੋਟਿਸ ਭੇਜਣੇ ਸ਼ੁਰੂ ਕਰ ਦਿੱਤੇ। ਹੀਰਾ ਸਿੰਘ ਪਾਸ ਘਰ ਦੀ ਪੂਰੀ ਕਿਸ਼ਤ ਤਾਰਨ ਜੋਗੇ ਪੈਸੇ ਨਹੀਂ ਸਨ, ਕਿੳੇਂਕਿ ਘਰ ਖਰੀਦਣ ਸਮੇਂ ਸਾਰਾ ਐਡਵਾਂਸ ਪੈਸਾ ਇਸ ਨੇ ਹੀ ਤਾਰਿਆ ਸੀ।ਬਹੁਤੀਆਂ ਕਿਸ਼ਤਾਂ ਜਮਾਂ ਹੋ ਜਾਣ ਕਰਕੇ, ਬੈਂਕ ਨੇ ਘਰ ਕਬਜ਼ੇ ਵਿੱਚ (REPOSSESS) ਕਰ ਲਿਆ। ਘਰੋਂ ਬੇਘਰ ਹੋਏ ਮਾਪੇ ਨੂੰਹ-ਪੁੱਤ ਤੋਂ ਤਾਂ ਸੱਖਣੇ ਹੋਏ ਹੀ ਸਨ, ਪਰ ਘਰੋਂ ਵੀ ਬੇਘਰ ਹੋ ਗਏ।
      ਇਨ੍ਹਾਂ ਨੇ ਖੜ੍ਹੇ ਪੈਰ ਕੋਈ ਘਰ ਕਿਰਾਏ ਤੇ ਲਿਆ ਅਤੇ ਆਪਣਾ ਵਸੇਬਾ ਕੀਤਾ। ਹੁਣ ਇਹ ਕੰਮ ਤੋਂ ਵੀ ਰੀਟਾਇਰ ਹੋ ਚੁੱਕੇ ਸਨ। ਅੱਗੇ ਤਾਂ ਇਨ੍ਹਾਂ ਦਾ ਕੁੱਝ ਸਮਾਂ ਕੰਮ ਤੇ ਆਪਣੇ ਸਾਥੀਆਂ ਨਾਲ ਨਿੱਬੜ ਜਾਂਦਾ ਸੀ, ਪਰ ਹੁਣ ਘਰ ਇਕੱਲਿਆਂ ਨੂੰ ਖਾਣ ਨੂੰ ਪੈਂਦਾ। ਜਿਹੜੇ ਮਾਂ-ਬਾਪ ਨੇ ਪਰਮਾਤਮਾ ਪਾਸੋਂ ਆਪਣੇ ਪੁੱਤਰ ਦੀ ਦਾਤ ਇਸ ਕਰਕੇ ਮੰਗੀ ਸੀ ਕਿ ਉਹ ਉਨ੍ਹਾਂ ਦਾ ਬੁਢਾਪੇ ਵਿੱਚ ਸਹਾਰਾ ਬਣੇਗਾ, ਅੱਜ ਉਹ ਮਾਂ-ਬਾਪ ਆਪਣੇ ਪੁੱਤਰ ਦਾ ਮੂੰਹ ਦੇਖਣ ਨੂੰ ਵੀ ਤਰਸਦੇ ਸਨ। ਦਿਨ ਰਾਤ ਉਸਦੇ ਵਾਪਸ ਆਉਣ ਦੇ ਰਸਤੇ ਦੇਖਦੇ ਸਨ। ਪਰ ਦੂਸਰੇ ਪਾਸੇ ਨੂੰਹ ਪੁੱਤ ਆਪਣੀ ਅੜਵਾਈ ਵਿੱਚ ਜ਼ਿੱਦ ਫ਼ੜੀ ਬੈਠੇ ਸਨ, ਇਸ ਦਰਦ ਤੋਂ ਬੇਖ਼ਬਰ ਕਿ ਉਨ੍ਹਾਂ ਦੇ ਮਾਪੇ ਉਨ੍ਹਾਂ ਵਿੱਚ ਕਿੰਨੇ ਤੜਫਦੇ ਹੋਣਗੇ। ਇਨ੍ਹਾਂ ਦੋ ਪੀੜ੍ਹੀਆਂ ਦੇ ਪਾੜੇ ਨੇ ਘਰ ਜੰਮੇ ਪੁੱਤਰ ਦੇ ਖ਼ੂਨ ਵਿੱਚ ਪਾਣੀ ਭਰ ਦਿੱਤਾ।
    ਪੁੱਤਰ ਦੇ ਵਿਛੋੜੇ ਵਿੱਚ ਤੜਫਦੀ ਸਿਮਰੋ ਹਰ ਰੋਜ਼ ਆਪਣੇ ਪੁੱਤਰ ਨੂੰਹ ਨੂੰ ਘਰ ਲਿਆਉਣ ਬਾਰੇ ਆਪਣੀਆਂ ਸਹੇਲੀਆਂ ਅਤੇ ਸਾਥਣਾਂ ਤੋਂ ਸਲਾਹ ਲੈਂਦੀ ਰਹਿੰਦੀ ਕਿ ਕੋਈ ਐਸਾ ਉਪਾਅ ਦੱਸ ਦੇਵੇ ਜਿਸ ਨਾਲ ਉਸ ਦਾ ਪੁੱਤਰ ਘਰ ਆ ਜਾਵੇ।ਰੋਟੀ ਪਕਾਉਂਦੀ ਸਿਮਰੋ ਦੇ ਦਿਮਾਗ ਵਿੱਚ ਆਪਣੇ ਸ਼ਹਿਰ ਵਿੱਚ ਬੀਤੀਆਂ ਕਈ ਘਟਨਾਵਾਂ ਗੇੜੇ ਕੱਢਣ ਲੱਗ ਪਈਆ।ਖ਼ਿਆਲਾਂ ਵਿੱਚ ਡੁੱਬੀ ਨੂੰ ਚੇਤੇ ਆਇਆ ਜਦੋਂ ਸਾਲ ਕੁ ਪਹਿਲਾਂ ਧੰਤੌਂ ਦੀ ਕੁੜੀ ਗੁਆਚ ਗਈ ਸੀ ਤਾਂ ਇੱਕ ਜਮੀਕੇ ਫ਼ਕੀਰ ਦੀ ਕਿਰਪਾ ਨਾਲ ਘਰ ਵਾਪਸ ਆ ਗਈ ਸੀ। ਇਸੇ ਤਰਾਂ ਮੋਗੇ ਵਾਲੇ ਬੰਸੇ ਦੇ ਮੁੰਡੇ ਦੇ ਵਾਲਾਂ ਦੀਆਂ ਜਟਾਂ ਬਣ ਪਈਆਂ ਸਨ ਅਤੇ ਉਹ ਪੁੱਛਾਂ ਦੇਣ ਲੱਗ ਪਿਆ ਸੀ। ਉਸ ਦੀ ਪੁੱਛ ਰਾਹੀਂ ਕਰਮੇ ਦੀ ਪਿੰਕੀ ਘਰ ਵਾਪਸ ਆਈ ਸੀ।
      ਇੱਕ ਦਿਨ ਸਿਮਰੋ ਕਰਤਾਰੀ ਪਾਸ ਆਪਣਾ ਦਿਲ ਫੋਲਣ ਗਈ। ਅੱਗਿਓਂ ਕਰਤਾਰੀ ਬੋਲੀ, ''ਸਿਮਰੋ, ਦੋ ਚਾਰ ਮਹੀਨੇ ਹੋਣ ਤਾਂ ਮੰਨ ਲਈਏ, ਹੁਣ ਤਾਂ ਪੂਰੇ ਚਾਰ ਸਾਲ ਹੋ ਗਏ ਤੇਰੇ ਮੂੰਡੇ ਨੂੰ ਘਰ ਛੱਡਿਆਂ। ਤੈਨੂੰ ਮੈਂ ਸੱਚੀ ਗੱਲ ਦੱਸਾਂ, ਤੇਰੇ ਪੁੱਤ ਨੂੰਹ ਨੂੰ ਕਿਸੇ ਚੰਦਰੇ ਨੇ ਕੁੱਝ ਕੀਤਾ ਹੋਇਆ ਹੈ।'' ਉਸ ਦੀ ਗੱਲ ਵਿੱਚ ਇੱਕਦਮ ਹੁੰਗਾਰਾ ਭਰਦੀ ਹੋਈ ਸਿਮਰੋ ਬੋਲੀ, ''ਹਾਂ, ਭੈਣ ਮੈਨੂੰ ਵੀ ਇਵੇਂ ਹੀ ਜਾਪਦਾ ਹੈ ਕਿ ਮੇਰੇ ਪੁੱਤ ਤੇ ਕਿਸੇ ਜਿੰਨ-ਭੂਤ ਦਾ ਸਾਇਆ ਹੈ। ਹੁਣ ਤੂੰ ਹੀ ਦੱਸ ਅਸੀਂ ਇਸਦਾ ਕੀ ਉਪਾਅ ਕਰੀਏ?'' ਕਰਤਾਰੀ ਇੱਕ ਡਾਕਟਰ ਵਾਂਗ ਉਪਾਅ ਦੱਸਦੀ ਹੋਈ ਬੋਲੀ, ''ਸਿਮਰੋ ਮਿਡਲੈਂਡ ਵਿੱਚ ਇੱਕ ਪੰਡਿਤ ਰਹਿੰਦਾ ਹੈ, ਉਹ ਇੱਕ ਅੰਗੂਠੀ ਅਤੇ ਗੁੱਟ 'ਤੇ ਬੰਨ੍ਹਣ ਨੂੰ ਇੱਕ ਧਾਗਾ ਦਿੰਦਾ ਹੈ। ਇਸ ਦੇ ਨਾਲ ਪੰਜ ਵੀਰਵਾਰ ਮਾਂਹਾਂ ਦੀ ਦਾਲ ਕਿਸੇ ਧਾਰਮਿਕ ਜਗ੍ਹਾ 'ਤੇ ਚੜ੍ਹਾ ਆਵੀਂ। ਇਹ ਅੰਗੂਠੀ ਅਤੇ ਧਾਗਾ ਚਾਲੀ ਦਿਨ ਪਾਈ ਰੱਖਣਾ ਹੈ, ਲੈ ਦੇਖ ਤੇਰੇ ਭਾਗ ਖੁੱਲ੍ਹ ਜਾਣਗੇ।''
       ਨਾਲ ਹੀ ਬੈਠੀ ਬਿੱਸੀ ਨੇ ਸਿਮਰੋ ਨੂੰ ਆਪਣੇ ਵੱਲੋਂ ਸੌਖਾ ਉਪਾਅ ਦੱਸਦੇ ਹੋਏ ਆਖਿਆ, ''ਸਿਮਰੋ ਕਰਤਾਰੀ ਦਾ ਇਹ ਉਪਾਅ ਮਹਿੰਗਾ ਹੈ, ਉਹ ਪੰਡਿਤ ਤਾਂ ਇਸ ਉਪਾਅ ਦੇ ਹਜ਼ਾਰਾਂ ਪੌਂਡ ਲੈ ਲੈਂਦਾ ਹੈ। ਤੂੰ ਇਸ ਤਰ੍ਹਾਂ ਕਰ, ਆਪਣੇ ਨੂੰਹ-ਪੁੱਤ ਦਾ ਨਾਂਅ ਲੈ ਕੇ ਅੱਜ ਤੋਂ ਦੀਵਾ ਜਗਾਉਣਾ ਸ਼ੁਰੂ ਕਰ ਦੇ, ਬੜੀ ਛੇਤੀ ਤੇਰਾ ਪੁੱਤ ਮੋੜਾ ਪਾ ਲਏਗਾ'' ਸਿਮਰੋ ਨੂੰ ਇਹ ਉਪਾਅ ਸਾਦਾ ਅਤੇ ਸਸਤਾ ਲੱਗਾ ਅਤੇ ਉਸ ਦਿਨ ਤੋਂ ਹੀ ਤੋਂ ਆਪਣੇ ਪੁੱਤ ਨੂੰਹ ਦੀ ਵਾਪਸੀ ਲਈ ਦੀਵਾ ਜਗਾਉਣਾ ਸ਼ੁਰੂ ਕਰ ਦਿੱਤਾ। ਦੀਵਾ ਕਦੇ ਵੀ ਬੁੱਝਣ ਨਾ ਦਿੰਦੀ, ਤੇਲ ਨਾਲ ਦੇ ਨਾਲ ਹੀ ਪਾਈ ਜਾਂਦੀ।
    ਹੀਰੇ ਅਤੇ ਸਿਮਰੋ ਦੀ ਬਿੱਰਧ ਅਵਸਥਾ ਹੋ ਗਈ। ਇੰਨੇ ਉਪਾਅ ਕਰਨ ਤੋਂ ਬਾਅਦ ਵੀ ਪੁੱਤ ਵਾਪਸ ਨਾ ਆਇਆ। ਇਨ੍ਹਾਂ ਦੀਆਂ ਦੋਨਾਂ ਲੜਕੀਆਂ ਵਾਰੋ ਵਾਰੀ ਮਾਂ-ਬਾਪ ਦੀ ਦੇਖਭਾਲ ਕਰਦੀਆਂ ਰਹੀਆਂ। ਭਾਵੇਂ ਕਿ ਉਨ੍ਹਾਂ ਨੂੰ ਆਪਣੇ ਘਰ, ਪਤੀ ਅਤੇ ਬੱਚਿਆਂ ਦੀ ਵੀ ਦੇਖ ਭਾਲ ਵੀ ਕਰਨੀ ਪੈਂਦੀ ਸੀ।ਅਕਸਰ ਮਾਂ ਬਾਪ ਸ਼ਨ, ਅੱਖਾਂ ਮੂਹਰੇ ਤੜਫ਼ਦਿਆਂ ਨੂੰ ਦੇਖ ਕੇ ਕਿਵੇਂ ਝੱਲ ਸਕਦੀਆਂ ਸਨ। ਹੀਰਾ ਸਿੰਘ ਨੇ ਆਪਣੇ ਪੁਰਾਤਨ ਰੀਤੀ ਰਿਵਾਜ਼ਾਂ ਮੁਤਾਬਕ ਜ਼ਮੀਨ ਜਾਇਦਾਦ ਪਹਿਲੋਂ ਹੀ ਆਪਣੇ ਪੁੱਤਰ ਦੇ ਨਾਂਅ ਲਾ ਰੱਖੀ ਸੀ।
        ਮਾਂ-ਬਾਪ ਦੀ ਸਰੀਰਕ ਹਾਲਤ ਦਿਨ-ਪ੍ਰਤੀ-ਦਿਨ ਵਿਗੜਦੀ ਗਈ।ਪੁੱਤਰ ਪਿਆਰ ਵਿੱਚ ਭਿੱਜੀ ਸਿਮਰੋ ਹਰ ਰੋਜ਼ ਆਪਣੇ ਪੁੱਤ ਦਾ ਰਾਹ ਤੱਕਦੀ ਰਹਿੰਦੀ। ਜਦੋਂ ਦੀਵੇ ਦੀ ਲੋਅ ਜ਼ਰਾ ਮੱਧਮ ਪੈਂਦੀ ਤਾਂ ਵੱਤੀ ਉਪਰ ਕਰਕੇ ਬਿਨਾਂ ਬੁੱਝਣ ਦਿੱਤਿਆਂ ਹੋਰ ਤੇਲ ਪਾ ਦਿੰਦੀ। ਪਰ ਪੁੱਤ ਦਿਲ ਤੇ ਪੱਥਰ ਧਰੀ ਬੈਠਾ ਸੀ।ਨੂੰਹ ਵੀ ਆਪਣੀ ਬੇਰਹਿਮੀ ਦਾ ਪੂਰਾ ਸਬੂਤ ਦੇ ਰਹੀ ਸੀ।ਧੀਆਂ ਆਪਣੇ ਮਾਂ-ਬਾਪ ਦੇ ਇਲਾਜ ਕਰਾਉਂਦੇ, ਹਰ ਰੋਜ਼ ਡਾਕਟਰਾਂ ਅਤੇ ਹਸਪਤਾਲ ਦੀਆਂ ਗੇੜ੍ਹੀਆਂ ਮਾਰਦੀਆਂ ਰਹਿੰਦੀਆਂ। ਧੀਆਂ ਤੋਂ ਮਾਪਿਆਂ ਦਾ ਦੁੱਖ ਦੇਖਿਆ ਨਾ ਜਾਂਦਾ।ਪੁੱਤਰ ਪਿਆਰ ਅਤੇ ਸਹਾਰੇ ਤੋਂ ਸੱਖਣੇ ਹੀਰਾ ਸਿੰਘ ਨੂੰ ਇੱਕ ਦਿਨ ਐਸਾ ਦਿਲ ਦਾ ਦੌਰਾ ਪਿਆ, ਜਿਹੜਾ ਕਿ ਉਸਦੀ ਜਾਨਲੇਵਾ ਸਾਬਤ ਹੋਇਆ।
    ਬਾਪੂ ਦੀ ਮੌਤ ਤੋਂ ਬਾਅਦ ਧੀਆਂ ਮਾਂ ਨੂੰ ਆਪਣੇ ਘਰ ਲੈ ਗਈਆਂ, ਅਤੇ ਉੱਥੇ ਲਿਜਾ ਕੇ ਸੇਵਾ ਕਰਨ ਲੱਗੀਆਂ। ਪਰ ਸਿਮਰੋ ਅਜੇ ਵੀ ਆਪਣੇ ਪੁੱਤਰ ਦਾ ਰਾਹ ਦਿਨ ਰਾਤ ਤੱਕਦੀ ਰਹਿੰਦੀ ਕਿ ਉਸਦਾ ਪੁੱਤਰ ਦੇ ਨਾਂਅ ਦਾ ਬਾਲਿਆ ਦੀਵਾ ਇੱਕ ਦਿਨ ਪੁੱਤਰ ਨੂੰ ਘਰ ਵਾਪਸ ਜ਼ਰੂਰ ਲਿਆਏਗਾ। ਬਲਦੇ ਦੀਵੇ ਵਿੱਚ ਬਿਨਾਂ ਨਾਗਾ ਤੇਲ ਪਾਉਂਦੀ ਰਹਿੰਦੀ। ਉਸ ਨੂੰ ਸ਼ਾਇਦ ਉਸ ਬਲਦੇ ਦੀਵੇ ਦੀ ਲਾਟ ਵਿੱਚੋਂ ਪੁੱਤਰ ਦੀ ਸ਼ਕਲ ਨਜ਼ਰ ਆਉਂਦੀ ਹੋਵੇ। ਮਾਂ ਦੇ ਆਪਣੇ ਪੁੱਤਰ ਨਾਲ ਮਿਲਾਪ ਦੇ ਹਰ ਹੀਲੇ ਫੇਲ੍ਹ ਹੋ ਗਏ। ਮਾਂ ਪੁੱਤਰ ਦਾ ਰਾਹ ਦੇਖਦੀ ਦਿਨ ਰਾਤ ਤੜਫਦੀ ਸੁੱਕ ਕੇ ਤੀਲਾ ਹੋ ਗਈ।ਅੱਖਾਂ ਦੀ ਲੋਅ ਵੀ ਕਮਜ਼ੋਰ ਹੋ ਗਈ। ਇਹੋ ਜਿਹੇ ਵਿਛੋੜਾ ਸਹਿੰਦੀ ਸਿਮਰੋ ਪਲ ਪਲ ਮਰ ਰਹੀ ਸੀ।ਹਰ ਰੋਜ਼ ਪੁੱਤ ਦੇ ਪਿਆਰ ਦੀ ਸਿੱਕ ਵਿੱਚ ਤੜਫ਼ਦੀ ਸਿਮਰੋ ਨੂੰ ਐਸਾ ਛਾਤੀ ਵਿੱਚ ਦਰਦ ਹੋਇਆ, ਜਿਸ ਨਾਲ ਉਹ ਪਲਾਂ ਵਿੱਚ ਹੀ ਦੱਮ ਤੋੜ ਗਈ।
      ਦੋਨੋਂ ਧੀਆਂ ਆਪਣੀ ਮਾਤਾ ਦੇ ਵਿਛੋੜੇ ਵਿੱਚ ਰੋ-ਰੋ ਕੇ ਹੰਭ ਗਈਆਂ। ਸਿਮਰੋ ਦੀਆਂ ਆਂਢ੍ਹਣਾਂ-ਗੁਆਂਢਣਾਂ ਨੂੰ ਜਦੋਂ ਆਪਣੀ ਪਿਆਰੀ ਸਾਥਣ ਦੇ ਇਸ ਦੁਨੀਆਂ ਤੋਂ ਜਾਣ ਦਾ ਪਤਾ ਲੱਗਾ ਤਾਂ ਉਹ ਸਿਮਰੋ ਦੀਆਂ ਧੀਆਂ ਪਾਸ ਅਫ਼ਸੋਸ ਕਰਨ ਆਈਆਂ। ਸਾਰੀਆਂ ਜ਼ਨਾਨੀਆਂ ਆਪੋ ਆਪਣੇ ਅੰਦਾਜ਼ ਵਿੱਚ ਸਿਮਰੋ ਦੀ ਮੌਤ ਦੀ ਹਮਦਰਦੀ ਪੇਸ਼ ਕਰਦੀਆਂ। ਘਰ ਵਿੱਚ ਅਫ਼ਸੋਸ ਕਰਨ ਵਾਲਿਆਂ ਦਾ ਸਾਰਾ ਦਿਨ ਆਉਣਾ ਜਾਣਾ ਜਾਰੀ ਰਿਹਾ। ਸਿਮਰੋ ਦੇ ਕਮਰੇ ਵਿੱਚ ਪੁੱਤਰ ਦੀ ਘਰ ਵਾਪਸੀ ਦੀ ਆਸ ਵਿੱਚ ਜਗਾਇਆ ਦੀਵਾ ਹੁਣ ਬੁੱਝ ਚੁੱਕਿਆ ਸੀ। ਛੋਟੀ ਭੈਣ ਆਪਣੀ ਵੱਡੀ ਭੈਣ ਨੂੰ ਆਖਣ ਲੱਗੀ ਕਿ ਤੇਲ ਤਾਂ ਅਜੇ ਵੀ ਦੀਵੇ ਵਿੱਚ ਹੈ, ਪਰ ਪਤਾ ਨਹੀਂ ਇਹ ਬੁੱਝ ਕਿਉਂ ਗਿਆ? ਵੱਡੀ ਭੈਣ ਛੋਟੀ ਨੂੰ ਆਖਣ ਲੱਗੀ, ''ਭੈਣੇਂ, ਰਾਤੀਂ ਮਾਤਾ ਦੇ ਵਿਛੋੜੇ ਦੀ ਡਾਢੀ ਨੇਰ੍ਹੀ ਆਈ ਜਿਸਨੇ ਇੱਕੋ ਝਟਕੇ ਵਿੱਚ ਦੀਵਾ ਗੁੱਲ ਕਰ ਦਿੱਤਾ।'' ਦੋਵੇਂ ਭੈਣਾਂ ਬੁੱਝੇ ਹੋਏ ਦੀਵੇ ਦੀ ਧੁਆਂਖ਼ੀ ਬੱਤੀ ਵੱਲ ਦੇਖ ਕੇ ਭੁੱਬਾਂ ਮਾਰ-ਮਾਰ ਰੋ ਰਹੀਆਂ ਸਨ।
ਬਲਵੰਤ ਸਿੰਘ ਗਿੱਲ (ਬੈਡਫੋਰਡ)
ਮੋ: 7400717165

ਇੱਕ ਵਾਰੀ ਕਹਿ ਦੇ ਟੁੱਟ ਗਈ, ਕਾਹਨੂੰ ਜਾਨ ਤੂੰ ਦੁੱਖਾਂ ਵਿੱਚ ਪਾਈ - ਬਲਵੰਤ ਸਿੰਘ ਗਿੱਲ (ਬੈਡਫੋਰਡ)

  26 ਜੂਨ 2021 ਨੂੰ ਸੱਤ ਮਹੀਨੇ ਹੋ ਜਾਣੇ ਹਨ, ਜਦੋਂ ਦਾ ਤਿੰਨੇ ਕਿਸਾਨ ਕਾਨੂੰਨਾਂ ਨੂੰ ਰੱਦ ਕਰਨ ਦਾ ਐਮ. ਐਸ. ਪੀ. ਤੇ ਕਾਨੂੰਨ ਬਣਾਏ ਜਾਣ ਬਾਰੇ ਭਾਰਤ ਵਿੱਚ ਖ਼ਾਸ ਕਰਕੇ ਉੱਤਰੀ ਭਾਰਤ ਵਿੱਚ  ਦਿੱਲੀ ਦੇ ਬਾਰਡਰਾਂ 'ਤੇ ਮੋਰਚਾ ਚੱਲ ਰਿਹਾ ਹੈ। ਪਰ ਅਜੇ ਤੱਕ ਮਸਲਾ ਹੱਲ ਹੋ ਜਾਣ ਦੀ ਕੋਈ ਆਸ ਨਹੀਂ ਬੱਝ ਰਹੀ। ਬਥੇਰੀਆਂ ਮੀਟਿੰਗਾਂ ਤੋਂ ਬਾਅਦ ਵੀ ਕੋਈ ਧਿਰ ਟੱਸ ਤੋਂ ਮੱਸ ਨਹੀਂ ਹੋ ਰਹੀ। ਜਿਹੜੀ ਊਰਜਾ ਦੇਸ਼ ਦੀ ਤਰੱਕੀ ਵਿੱਚ ਲੱਗਣੀ ਚਾਹੀਦੀ ਹੈ, ਉਹ ਮੰਗਾਂ ਨੂੰ ਜਾਇਜ਼ ਅਤੇ ਨਜਾਇਜ਼ ਸਾਬਤ ਕਰਨ ਵਿੱਚ ਲੱਗ ਰਹੀ ਹੈ। ਇਸ ਤੋਂ ਉੱਪਰ ਦਰਨਾ ਕਾਰੀਆਂ ੳਤੇ ਆਮ ਜਨਤਾ ਨੂੰ ਲੋਹੜੇ ਦੀਆਂ ਦੁੱਖਾਂ ਅਤੇ ਤਕਲੀਫ਼ਾਂ। ਕਿਹੜਾ ਸੂਝਵਾਨ ਨਾਗਰਿਕ ਚਾਹੇਗਾ ਕਿ ਉਹ ਕੜਾਕੇ ਦੀਆਂ ਸਰਦੀਆਂ, ਗਰਮੀਆਂ, ਝੱਖੜਾਂ ਅਤੇ ਮੀਂਹ ਹਨ੍ਹੇਰੀਆਂ ਵਿੱਚ ਆਪਣਾ ਘਰ ਘਾਟ ਅਤੇ ਪਰਿਵਾਰ ਛੱਡ ਕੇ ਕਿਸੇ ਮਸਲੇ ਨੂੰ ਹੱਲ ਕਰਾਉਣ ਲਈ ਘਰਾਂ ਤੋਂ ਤਿੰਨ ਚਾਰ ਸੌ ਕਿਲੋਮੀਟਰ ਤੇ ਬੈਠਾ ਰਹੇ। ਕੋਈ ਤੇ ਕਾਰਨ ਹੋਵੇਗਾ। ਜਿਸ ਕਾਰਨ ਨੂੰ ਅਸੀਂ ਸਾਰੇ ਭਲੀ-ਭਾਂਤ ਜਾਣਦੇ ਹਾਂ।
    ਇਹ ਕਿਸਾਨ ਕਾਨੂੰਨ ਖੇਤੀ ਪੱਖੀ ਤਾਂ ਹੈ ਹੀ ਨਹੀਂ ਹਨ, ਪਰ ਇਹ ਖੱਪਤਕਾਰਾਂ, ਉਦਯੋਗਪਤੀਆਂ (ਚੰਦ ਕੁ ਨੂੰ ਛੱਡ ਕੇ), ਮੁਲਾਜ਼ਮਾਂ ਅਤੇ ਵਿਉਪਾਰੀਆਂ ਪੱਖੀ ਵੀ ਨਹੀਂ ਹਨ। ਭਾਰਤ ਇੱਕ ਖੇਤੀ ਪ੍ਰਧਾਨ ਦੇਸ਼ ਹੈ। ਦੇਸ਼ ਦੀ ਤਕਰੀਬਨ 55% ਆਬਾਦੀ ਸਿੱਧੇ ਤੌਰ 'ਤੇ ਅਤੇ ਤਕਰੀਬਨ 80% ਆਬਾਦੀ ਅਸਿੱਧੇ ਤੌਰ 'ਤੇ ਖੇਤੀ ਤੇ ਨਿਰਭਰ ਹੈ। ਮੁਲਾਜ਼ਮ ਵਰਗ ਦੀ ਉਦਾਹਰਣ ਲੈ ਲਓ, ਜੇਕਰ ਉਹ ਖੇਤੀ ਤੋਂ ਆਪਣੀ ਤਨਖ਼ਾਹ ਨਹੀਂ ਵੀ ਲੈਂਦੇ, ਪਰ ਖੇਤੀ ਉਤਪਾਦ ਤਾਂ ਖਾਦੇ ਹੀ ਹਨ। ਇਹ ਉਦਾਹਰਣ ਵਿਉਪਾਰੀ ਜਾਂ ਦੁਕਾਨਦਾਰੀ ਵਰਗ ਤੇ ਵੀ ਲਾਗੂ ਹੁੰਦੀ ਹੈ। ਸ਼ਹਿਰੀ ਦੁਕਾਨਾਂ ਤਾਂ ਬਹੁਤਾਤ ਵਿੱਚ ਖੇਤੀ ਆਮਦਨ ਤੇ ਹੀ ਚੱਲਦੀਆਂ ਹਨ।
    ਸਰਕਾਰ ਦਾਅਵਾ ਕਰਦੀ ਹੈ ਕਿ ਇਹ ਕਾਨੂੰਨ ਕਦਾਚਿੱਤ ਵੀ ਖੇਤੀ ਵਿਰੋਧੀ ਨਹੀਂ ਹਨ। ਜਦੋਂ ਕਿਸਾਨ ਦਾ ਇਹ ਦਾਅਵਾ ਕਿ ਕਾਰਪੋਰੇਟ ਘਰਾਣਿਆਂ ਨੇ ਸਾਡੀਆਂ ਜ਼ਮੀਨਾਂ ਹੱਥਿਆ ਲੈਣੀਆਂ ਹਨ, ਸਰਕਾਰ ਇਸ ਨੂੰ ਨਿਰਾਧਾਰ ਸਾਬਤ ਕਰਨ ਦੀ ਕੋਸ਼ਿਸ਼ ਕਰਦੀ ਹੈ। ਭਾਵੇਂ ਕਿ ਮੰਨਿਆ ਜਾਂਦਾ ਹੈ ਕਿ ਕਾਰਪੋਰੇਟਾਂ ਨੇ ਜ਼ਮੀਨਾਂ ਤੇ ਸਿੱਧੇ ਤੌਰ 'ਤੇ ਕਬਜ਼ਾ ਨਹੀਂ ਕਰਨਾ, ਪਰ ਹਾਲਾਤ ਇਹੋ ਜਿਹੇ ਪੈਦਾ ਕਰ ਦਿੱਤੇ ਜਾਣਗੇ ਕਿ ਕਿਸਾਨ ਮੱਲੋਮੱਲੀ ਇਨ੍ਹਾਂ ਕਾਰਪੋਰੇਟਾਂ ਅੱਗੇ ਜ਼ਮੀਨਾਂ ਵੇਚਣ ਲਈ ਗੋਡੇ ਟੇਕ ਦੇਣਗੇ। ਕਾਨੂੰਨ ਲਾਗੂ ਹੁੰਦਿਆਂ ਸ਼ੁਰੂਆਤੀ ਸਾਲਾਂ ਵਿੱਚ ਆਮ ਨਾਲੋਂ ਜ਼ਿਆਦਾ ਹਾਲਾ (ਠੇਕਾ) ਦੇ ਕੇ ਕਿਸਾਨਾਂ ਨੂੰ ਲਾਲਚ ਵਿੱਚ ਲਿਆ ਜਾਵੇਗਾ। ਫੇਰ ਫ਼ਸਲਾਂ ਨੂੰ ਆਪਣੇ ਢੰਗ ਨਾਲ ਉਗਾਏ ਜਾਣ ਵਾਲੀਆਂ ਸ਼ਰਤਾਂ ਲਗਾਈਆਂ ਜਾਣਗੀਆਂ। ਉਸ ਤੋਂ ਬਾਅਦ ਜਦੋਂ ਕਿਸਾਨ ਬੇਵੱਸ ਹੋ ਕੇ ਆਪਣੀ ਕਿਸਾਨੀ ਛੱਡ ਗਏ ਤਾਂ ਉਨ੍ਹਾਂ ਵਹਿਲੇ ਕਿਸਾਨਾਂ ਲਈ ਨਾ ਤਾਂ ਸਰਕਾਰਾਂ ਪਾਸ ਕੋਈ ਨੌਕਰੀਆਂ ਜਾਂ ਰੁਜ਼ਗਾਰ ਹੋਣਗੇ ਅਤੇ ਨਾ ਹੀ ਵਿਦੇਸ਼ਾਂ ਵਾਂਗ ਬੇਕਾਰ ਹੋਏ ਬੇਰੁਜ਼ਗਾਰਾਂ ਨੂੰ ਕੋਈ ਬੇਰੁਜ਼ਗਾਰੀ ਭੱਤਾ ਜਾਂ ਕੋਈ ਇੰਨਸ਼ੋਰੈਂਸ ਸਕੀਮ। ਕਿਸਾਨ ਕਾਰਪੋਰੇਟਾਂ ਨੂੰ ਜ਼ਮੀਨਾਂ ਨਾ ਵੇਚਣਗੇ ਤਾਂ ਹੋਰ ਫਿਰ ਕੀ ਕਰਨਗੇ? ਇਸ ਤੋਂ ਇਲਾਵਾ ਜਮਾਂ ਖ਼ੋਰੀ, ਫ਼ਸਲੀ ਕੀਮਤਾਂ ਦਾ ਵੱਧਣਾ, ਕਿਸਾਨਾਂ ਅਤੇ ਮਜਦੂਰਾਂ ਦੀਆਂ ਖ਼ੁਦਕੁਸ਼ੀਆਂ, ਪੇਂਡੂ ਭਾਈਚਾਰੇ ਦਾ ਟੁੱਟਣਾ ਅਤੇ ਗਰੀਬੀ ਲਾਜ਼ਮੀ।
    ਸਰਕਾਰ ਪੱਖੀ ਮੀਡੀਆ ਅਤੇ ਸਰਕਾਰੀ ਬੁੱਧੀਜੀਵੀ ਵਰਗ ਇਹ ਤਰਕ ਦਿੰਦਾ ਹੈ ਕਿ ਇਹ ਕਾਨੂੰਨ ਅਮਰੀਕਾ, ਕੈਨੇਡਾ ਅਤੇ ਕਈ ਹੋਰ ਵਿਕਸਿਤ ਦੇਸ਼ਾਂ ਵਿੱਚ ਲਾਗੂ ਹਨ। ਇੱਥੇ ਇਹ ਵਰਨਣਯੋਗ ਹੈ ਕਿ ਵਿਕਸਤ ਦੇਸ਼ਾਂ ਵਿੱਚ ਤਕਰੀਬਨ 2-5% ਆਬਾਦੀ ਖੇਤੀ ਤੇ ਨਿਰਭਰ ਹੈ। ਇਨ੍ਹਾਂ ਦੇਸ਼ਾਂ ਵਿੱਚ ਵੀ ਸੀਮਾਂਤ ਕਿਸਾਨ ਥੋੜ੍ਹੀ ਆਮਦਨ ਤੋਂ ਦੁੱਖੀ ਹਨ। ਹਾਲਾਂਕਿ ਇਨ੍ਹਾਂ ਮੁਲਕਾਂ ਵਿੱਚ ਖੇਤੀ ਬੀਮਾ, ਬੇਰੁਜ਼ਗਾਰੀ ਭੱਤੇ ਅਤੇ ਕਈ ਹੋਰ ਲੋਕ ਭਲਾਈ ਸਕੀਮਾਂ ਹਨ, ਜਿਨ੍ਹਾਂ ਦੀ ਭਾਰਤ ਵਿੱਚ ਘਾਟ ਹੈ। ਇਨ੍ਹਾਂ ਗੱਲਾਂ ਨੂੰ ਮੁੱਖ ਰੱਖਦੇ ਹੋਏ 1980 ਵਿਆਂ ਤੋਂ ਬਾਅਦ ਹੁਣ ਤੱਕ ਕਿਸਾਨ, ਖੇਤੀ ਮਜ਼ਦੂਰ ਅਤੇ ਖੇਤੀ ਨਾਲ ਸੰਬੰਧਤ ਕਾਰੀਗਰ ਗੁਜ਼ਾਰੇ ਜੋਗੀ ਆਮਦਨ ਦੀ ਮੰਗ ਕਰ ਰਹੇ ਹਨ, ਜਿਨ੍ਹਾਂ ਨਾਲ ਰੋਟੀ, ਕੱਪੜਾ, ਮਕਾਨ, ਸਿਹਤ ਸਹੂਲਤਾਂ, ਸ਼ੁੱਧ ਵਾਤਾਵਰਨ, ਪੜ੍ਹਾਈ ਅਤੇ ਸਮਾਜਿਕ ਸੁਰੱਖਿਆ ਵਰਗੀਆਂ ਮੁੱਢਲੀਆਂ ਲੋੜਾਂ ਪੂਰੀਆਂ ਹੋ ਸਕਣ। 1966 ਦੀ ਹਰੀ ਕ੍ਰਾਂਤੀ ਤੋਂ ਲੈ ਕੇ 1980 ਤੱਕ ਕਿਸਾਨਾਂ ਦੀ ਆਮਦਨ ਵਧੀ ਸੀ, ਪਰ ਇੰਨੀ ਨਹੀਂ ਕਿ ਉਪਰੋਕਤ ਬੁਨਿਆਦੀ ਲੋੜਾਂ ਪੂਰੀਆਂ ਹੋ ਸਕਣ। ਦੇਸ਼ ਵਿੱਚ ਧੰਨ ਦੀ ਅਸਮਾਨਤਾ ਘੱਟ ਸੀ। ਜਦੋਂ ਦਾ ਦੇਸ਼ ਨਿੱਜੀਕਰਣ ਅਤੇ ਵਿਸ਼ਵੀਕਰਣ ਵੱਲ ਵਧਿਆ, ਦੇਸ਼ ਦੀ ਕੁੱਲ ਆਮਦਨ ਦਾ ਤਕਰੀਬਨ 75% ਹਿੱਸਾ ਤਕਰੀਬਨ 3% ਕਾਰਪੋਰੇਟਾਂ ਪਾਸ ਜਮ੍ਹਾਂ ਹੋ ਗਿਆ।
    ਖੇਤੀ 'ਤੇ ਨਿਰਭਰ 55% ਆਬਾਦੀ ਨੂੰ ਦੇਸ਼ ਦੀ ਕੁੱਲ ਆਮਦਨ ਦਾ 16% ਹਿੱਸਾ ਮਿਲਦਾ ਹੈ। ਅਗਰ ਡਾਕਟਰ ਸਵਾਮੀ ਨਾਥਨ ਦੀ ਰਿਪੋਰਟ ਨੂੰ ਲਾਗੂ ਕਰਦਿਆਂ, ਖੇਤੀ ਦੀ ਲਾਗਤ ਤੋਂ ਡੇਢੀ ਆਮਦਨ ਦੇ ਦਿੱਤੀ ਜਾਵੇ ਤਾਂ ਕਿਸਾਨਾਂ ਨੂੰ ਕੁੱਝ ਰਾਹਤ ਤਾਂ ਮਿਲੇਗੀ, ਉਹ ਵੀ ਦਰਮਿਆਨੇ ਅਤੇ ਵੱਡੇ ਕਿਸਾਨਾਂ ਨੂੰ। ਪਰ ਛੋਟੇ ਅਤੇ ਸੀਮਾਂਤ ਕਿਸਾਨ ਆਪਣੀਆਂ ਮੁੱਢਲੀਆਂ ਲੋੜਾਂ ਫਿਰ ਵੀ ਪੂਰੀਆਂ ਨਹੀਂ ਕਰ ਸਕਣਗੇ। ਇਸ ਲਈ ਜ਼ਰੂਰਤ ਹੈ ਕਿ ਦੇਸ਼ ਦੀ ਸਰਕਾਰ ਖੇਤੀ ਹਿੱਤ ਨੀਤੀਆਂ ਬਣਾਵੇ ਅਤੇ ਕੁੱਲ ਆਮਦਨ ਵਿੱਚੋਂ 16% ਦੀ ਬਿਜਾਏ ਇੰਨਾਂ ਕੁ ਹਿੱਸਾ ਹੋਰ ਵਧਾਇਆ ਜਾਵੇ ਤਾਂ ਕਿ ਆਮ ਕਿਸਾਨ, ਖੇਤ ਮਜ਼ਦੂਰ ਅਤੇ ਖੇਤੀ ਕਾਰੀਗਰ ਮਾਣ ਨਾਲ ਜੀਅ ਸਕਣ। ਇਨ੍ਹਾਂ ਨੀਤੀਆਂ ਬਾਰੇ ਕੁੱਝ ਸਲਾਹ ਦੇ ਦੇਵਾਂ ਕਿ ਕੋਆਪਰੇਟਿਵ ਖੇਤੀ ਨੂੰ ਪ੍ਰੋਸਾਹਿਤ ਕੀਤਾ ਜਾਵੇ। ਕਿਸਾਨ ਕੋਆਪਰੇਟਿਵ ਸੰਸਥਾਵਾਂ ਰਾਹੀਂ ਖੇਤੀ ਨਾਲ ਸੰਬੰਧਤ ਸਮਾਨ ਖ੍ਰੀਦਣ ਅਤੇ ਇਨ੍ਹਾਂ ਰਾਹੀਂ ਹੀ ਵੇਚਣ। ਇਸ ਏਕੇ ਨਾਲ ਉਨ੍ਹਾਂ ਦੀ ਸੌਦੇਬਾਜ਼ੀ ਦੀ ਤਾਕਤ ਵਧੇਗੀ ਅਤੇ ਲਾਗਤ ਦਾ ਸਸਤਾ ਸਮਾਨ ਅਤੇ ਉਨ੍ਹਾਂ ਦੀ ਉੱਪਜ ਵਾਜ਼ਬ ਕੀਮਤ ਤੇ ਵਿਕੇਗੀ।ਖੇਤੀ ਵਿੱਚ ਵਰਤੇ ਜਾਣ ਵਾਲੀ ਮਸ਼ਿਨਰੀ ਅਤੇ ਅੋਜ਼ਾਰਾਂ ਦੀ ਖਰੀਦ ਅਤੇ ਘਸਾਈ ਵਚੇਗੀ। ਸਮਾਜਿਕ ਸਾਝਾਂ ਵੱਧਣਗੀਆਂ।ਖੇਤੀ ਤੋਂ ਵਧੀ ਵਸੋਂ ਨੂੰ ਪਿੰਡਾਂ ਵਿੱਚ ਹੀ ਖੇਤੀ ਨਾਲ ਸਬੰਧਤ ਕਾਰਖ਼ਾਨੇ  ਅਤੇ ਵਰਕਸ਼ਾਪਾਂ ਖੋਲ ਕੇ ਰੁਜ਼ਗਾਰ ਦੇਵੇ। ਨਿੱਜੀਕਰਣ ਨੂੰ ਸਰਕਾਰ ਕੰਟਰੋਲ ਅਧੀਨ ਚਲਾਵੇ ਅਤੇ ਪੱਬਲਕ ਸੈਕਟਰ ਨੂੰ ਵੜੋਤਰੀ ਦਿੱਤੀ ਜਾਵੇ। ਡੀਜ਼ਲ ਜਿਹੜਾ ਕਿ ਕਿਸਾਨੀ ਦੀ ਲਾਗਤ ਦਾ ਵੱਡਾ ਹਿੱਸਾ ਹੈ, ਸਰਕਾਰ ਇਸ ਨੂੰ ਕੰਟਰੋਲ ਕਰਕੇ ਕਿਸਾਨਾਂ ਨੂੰ ਵਾਜਬ ਭਾਅ ਤੇ ਵੇਚੇ, ਨਾ ਕਿ ਹੁਣ ਵਾਂਗ ਜਿਹੜਾ ਪਿਛਲੇ ਛੇਆਂ ਸਾਲਾਂ ਤੋਂ 35 ਰੁਪਏ ਤੋਂ ਵੱਧ ਕੇ 100 ਰੁਪਏ ਨੂੰ ਪਹੁੰਚ ਗਿਆ ਹੈ।
    ਕਿਸਾਨ ਕੁਦਰਤ ਪੱਖੀ ਖੇਤੀ ਵੱਲ ਧਿਆਨ ਦੇਣ, ਜਿਵੇਂ ਕਿ ਉਹ ਅੱਜ ਤੋਂ ਚਾਲੀ ਪੰਜਾਹ ਸਾਲ ਪਹਿਲਾਂ ਕਰਦੇ ਸਨ। ਮੰਨਦੇ ਹਾਂ ਕਿ ਆਮਦਨ ਘੱਟ ਹੋਏਗੀ, ਪਰ ਇਸ ਵਿੱਚ ਸਰਕਾਰ ਨੂੰ ਆਪਣੀਆਂ ਲੋਕ ਭਲਾਈ ਨੀਤੀਆਂ ਲਾਗੂ ਕਰਕੇ ਕਿਸਾਨ ਅਤੇ ਮਜ਼ਦੂਰ ਵਰਗ ਦੀ ਵਾਂਹ ਫਵਨੀ ਹੋਏਗੀ। ਝੋਨੇ ਨੂੰ ਘਟਾ ਕੇ ਦਾਲਾਂ, ਫਲਾਂ ਵਾਲੀ ਖੇਤੀ ਵੱਲ ਧਿਆਨ ਦੇਣਾ ਪਵੇਗਾ। ਆਪਣੇ ਗੁਆਂਢੀ ਦੇਸ਼ ਪਾਕਿਸਤਾਨ ਅਤੇ ਨਾਲ ਲੱਗਦੇ ਅਰਬ ਦੇਸ਼ਾਂ ਨਾਲ ਚੰਗੇ ਸਬੰਧ ਬਣਾ ਕੇ ਖੇਤੀ ਉਤਪਾਦ ਦੀ ਖੱਪਤ ਇਨ੍ਹਾਂ ਦੇਸ਼ਾਂ ਵਿੱਚ ਹੋ ਸਕਦੀ ਹੈ। ਪਰ ਇਸ ਵਿੱਚ ਦੇਸ਼ ਦੀ ਸਰਕਾਰ ਨੂੰ ਆਪਣੀ ਸੌੜੀ ਸਿਆਸਤ ਛੱਡ ਕੇ ਲੋਕ ਪੱਖੀ ਸੋਚ ਅਪਨਾਉਣੀ ਪਵੇਗੀ। ਖੇਤੀ ਨਾਲ ਸਬੰਧਤ, ਸੂਰ ਪਾਲਣ, ਮੱਛੀ ਪਾਲਣ, ਸ਼ਹਿਦ ਦੀਆਂ ਮੱਖੀਆਂ, ਡੇਅਰੀ ਫਾਰਮਿੰਗ ਆਦਿ ਨੂੰ ਸੁਹਿਰਦਤਾ ਨਾਲ ਅਪਣਾਇਆ ਜਾ ਸਕਦਾ ਹੈ।ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਆਪਣਾ ਬੱਣਦਾ ਵਿੱਤੀ ਅਤੇ ਤਕਨੀਕੀ ਯੋਗਦਾਨ ਪਾਉਣ।
    ਮੌਕੇ ਦੀ ਲੋੜ ਹੈ ਕਿ ਦੇਸ਼ ਦੀ ਸਰਕਾਰ ਜਿਹੜੀ ਭਾਰਤ ਨੂੰ ਦੁਨੀਆਂ ਦਾ ਵੱਡਾ ਲੋਕਤੰਤਰੀ ਦੇਸ਼ ਦਾ ਢੰਡੋਰਾ ਪਿੱਟਦੀ ਹੈ, ਭਾਰਤ ਨੂੰ ਅਸਲੀ ਅਰਥਾਂ ਵਿੱਚ ਲੋਕਤੰਤਰ ਬਣਾਵੇ। ਲੋਕਤੰਤਰ ਨੂੰ ਸਿਰਫ਼ ਕਾਰਪੋਰੇਟ ਤੰਤਰ ਨਾ ਬਣਾਵੇ, ਬਲਕਿ ਲੋਕਾਂ ਵੱਲੋਂ, ਲੋਕਾਂ ਰਾਹੀਂ ਅਤੇ ਲੋਕਾਂ ਲਈ ਤੰਤਰ ਬਣਾਵੇ। ਕੀ ਅਰਥ ਨਿਕਲਦੇ ਹਨ ਦੇਸ਼ ਨੂੰ ਦੁਨੀਆਂ ਦੀ ਉੱਭਰਦੀ ਆਰਥਿਕਤਾ ਦੱਸਣ ਦੇ, ਜਦੋਂ ਦੇਸ਼ ਦਾ 98% ਧੰਨ 3% ਕਾਰਪੋਰੇਟਾਂ ਪਾਸ ਇਕੱਠਾ ਹੋ ਰਿਹਾ ਹੈ 'ਤੇ ਦੇਸ਼ ਦਾ ਆਮ ਨਾਗਰਿਕ ਭੁੱਖ-ਮਰੀ ਦਾ ਸ਼ਿਕਾਰ ਹੋ ਕੇ ਖ਼ੁਦਕੁਸ਼ੀਆਂ ਜਾਂ ਵਿਦੇਸ਼ਾਂ ਵੱਲ ਵਹੀਰਾਂ ਘੱਤ ਬੈਠਾ ਹੈ।
    ਕਿਸਾਨ ਵੀ ਦੇਸ਼ ਦੇ ਵੋਟਰ ਹਨ, ਕਿਉਂ ਇਨ੍ਹਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਹੋਵੇ। ਅਗਰ ਤੰਗੀ ਤੁਰਸ਼ੀਆਂ ਦੇ ਸ਼ਿਕਾਰ ਕਿਸਾਨ 6/7 ਮਹੀਨਿਆਂ ਦੇ ਬਾਰਡਰਾਂ ਤੇ ਬੈਠੇ ਹਨ, ਤਾਂ ਜ਼ਰੂਰ ਹੀ ਉਨ੍ਹਾਂ ਦਾ ਦਰਦ ਹਿਰਦਿਆਂ ਵਿੱਚੋਂ ਨਿਕਲਿਆ ਦਰਦ ਹੋਵੇਗਾ। ਪੰਜਾਬ ਦੇ ਪ੍ਰਮੁੱਖ ਬੀ. ਜੇ. ਪੀ. ਨੇਤਾਵਾਂ ਦਾ ਇਹ ਆਖਣਾ ਕਿ ਆਮ ਕਿਸਾਨ ਤਾਂ ਇਨ੍ਹਾਂ ਕਾਨੂੰਨਾਂ ਦੇ ਹੱਕ ਵਿੱਚ ਹਨ, ਪਰ ਕੁੱਝ ਕੁ ਕਿਸਾਨ ਲੀਡਰ ਆਪਣੇ ਨਿੱਜੀ ਹਿੱਤਾਂ ਲਈ, ਇਨ੍ਹਾਂ ਨੂੰ ਗੁੰਮਰਾਹ ਕਰ ਰਹੇ, ਸਰਾਸਰ ਗ਼ਲਤ ਹੈ। ਕਦੇ ਮੁਲਾਜ਼ਮਾਂ, ਵਿਉਪਾਰੀਆਂ, ਵਿਦਿਆਰਥੀਆਂ, ਦੁਕਾਨਦਾਰਾਂ ਅਤੇ ਆਮ ਮਜ਼ਦੂਰਾਂ  ਦੇਸ਼ ਦੇ ਬੱਧੀਜੀਵੀਆਂ ਦੀ ਵੀ, ਸਲਾਹ ਲਵੋ ਕਿ ਉਹ ਇਸ ਬਾਰੇ ਕੀ ਸੋਚਦੇ ਹਨ। ਐਵੇਂ ਆਪਣੀ ਨਿੱਜੀ ਕੁਰਸੀ ਕਾਇਮ ਕਰਨ ਲਈ ਕੌਮ ਵਿਰੋਧੀ ਬਿਆਨ ਦਾਗ ਦੇਣੇ, ਸ਼ੋਭਾ ਨਹੀਂ ਦਿੰਦੇ। ਕਿਉਂ ਨਹੀਂ ਇੱਕ ਵਾਰੀ ਇਹ ਕਹਿ ਕੇ ਕਾਨੂੰਨ ਵਾਪਸ ਲੈ ਲੈਂਦੇ, '' ਅਸੀਂ ਤਾਂ ਕਿਸਾਨੋ ਤੁਹਾਡਾ ਭਲਾ ਕਰਨਾ ਚਾਹੁੰਦੇ ਸੀ, ਪਰ ਜੇ ਤੁਸੀਂ  ਭਲਾ ਨਹੀਂ ਕਰਾਉਣਾ ਚਾਹੁੰਦੇ ਤਾਂ ਅਸੀਂ ਕਾਨੂੰਨ ਵਾਪਸ ਲੈ ਲੈਂਦੇ ਹਾਂ!'' ਇਸ ਨਾਲ ਤੁਹਾਡੀ ਵੀ ਰਹਿ ਜਾਊ ਅਤੇ ਕਿਸਾਨਾਂ ਦੀ ਵੀ। ਮੋਹਰਲੇ ਸਾਲ ਅਤੇ 2024 ਦੀਆਂ ਚੋਣਾਂ ਦਾ ਹੀ ਖ਼ਿਆਲ ਕਰ ਲਵੋ, ਕਿਉਂਕਿ ਇਨ੍ਹਾਂ ਪਾਸ ਵੀ ਵੋਟ ਦਾ ਅਧਿਕਾਰ ਹੈ।ਮੇਰੀ ਤਾਂ ਤੁਹਨੂੰ ਇਹੀ ਸਲਾਹ ਹੈ, ' ਇੱਕ ਵਾਰੀ ਕਹਿ ਦੇ ਟੁੱਟ ਗਈ, ਕਾਹਨੂੰ ਜਾਨ ਤੂੰ ਦੁੱਖਾਂ ਵਿੱਚ ਪਾਈ '।
ਬਲਵੰਤ ਸਿੰਘ ਗਿੱਲ (ਬੈਡਫੋਰਡ)
ਐਮ.ਏ., ਬੀ.ਐਡ., ਡੀ.ਐਮ.ਐਸ
ਮੋ: 7400717165

ਭੁੱਲੀਆਂ ਜਾਂਦੀਆਂ ਯਾਦਾਂ ਲੋਕੋ - ਬਲਵੰਤ ਸਿੰਘ ਗਿੱਲ

ਛਿਟੀ ਨਾਲ ਸਾਇਕਲ ਦਾ ਪੜੂਆ ਦੁੜਾਉਣ ਦੀਆਂ,
ਲੰਗੋਜੇ, ਪੀਪਨੀਆਂ ਅਤੇ ਵਾਜੇ ਵਜਾਉਣ ਦੀਆਂ,
ਬਾਰਾਂ ਟਾਹਣੀ, ਅੱਡਾ ਖੱਡਾ ਅਤੇ ਵਾਂਟੇ ਖਿਡਾਉਣ ਦੀਆਂ,
ਕੋਟਲ੍ਹਾ ਛਪਾਕੀ ਜੁੱਮੇਂ, ਪਿੱਛੇ ਮੁੱੜ ਕੇ ਅੱਖ ਘੁੰਮਾਉਣ ਦੀਆਂ,
ਗੋਟਲੇ ਨਾਲ ਡੂਹੀ 'ਤੇ ਪੈਂਦੀਆਂ ਲਾਸ਼ਾਂ ਦੀਆਂ,
ਅੱਡੀ ਨਾ ਖੜਕਾ ਕੇ, ਦੌੜ ਕੇ ਵੰਟਾ ਚੁੱਡਣ ਦੀਆਂ,
ਗੱਲਾਂ ਚੇਤੇ ਆਉਦੀਆਂ, ਮੇਰੇ ਰੋਲ੍ਹੀ ਯਾਰ ਦੀਆਂ,
ਕਿਉਂ ਭੁੱਲੀਆਂ ਜਾਂਦੀਆਂ ਯਾਦਾਂ ਲੋਕੋ,
ਮਾਂ ਬੋਲੀ ਦੇ ਮਿੱਠੜੇ ਪਿਆਰ ਦੀਆਂ।

ਪੀੜ੍ਹੀ, ਛਿੱਕੂ, ਦਵਾਖੜੀ, ਮੂੜਾ ਅਤੇ ਸਲਾਈ ਦੀਆਂ,
ਚਰਖ਼ੇ, ਪੂਣੀਆਂ ਅਤੇ ਕਾਹੜਨੀ ਦੇ ਦੁੱਧ ਦੀ ਮਲ੍ਹਾਈ ਦੀਆਂ,
ਖ਼ੁਰਚਣਾ, ਭੁਕਨਾਂ, ਚਿੱਮਟਾ, ਤੱਸਲਾ ਅਤੇ ਧੰਦਿਆਈ ਦੀਆਂ,
ਕੈਂਹੇ ਦਾ ਛੰਨਾ, ਦੁੱਧੂਨਾ, ਕਮੰਡਣ, ਗੱੜਵੀ ਅਤੇ ਕੜਾਹੀ ਦੀਆਂ,
ਊਟਣਾਂ, ਜੁੰਗਲਾ, ਤੰਗਲ੍ਹੀ, ਮੁੰਨਾ ਅਤੇ ਸਰਸਾਹੀ ਦੀਆਂ,
ਦੌਣ, ਪੌਂਦੀ, ਸੱਣ, ਸਨੁੱਕੜਾ, ਬਾਥੂ ਅਤੇ ਚਲਾਈ ਦੀਆਂ,
ਡੀਲਾ, ਖੱਬਲ, ਇਟਸਿਟ, ਕਾਹੀ, ਬਰੂ ਦੇ ਸੁਭਾਅ ਖ਼ੂੰ ਖ਼ਾਰ ਦੀਆਂ,
ਕਿਉਂ ਭੁੱਲੀਆਂ ਜਾਂਦੀਆਂ ਯਾਦਾਂ ਲੋਕੋ,
ਮਾਂ ਬੋਲੀ ਦੇ ਮਿੱਠੜੇ ਪਿਆਰ ਦੀਆਂ।

ਕਾਂਡੀ, ਤੇਸੀ, ਸਾਲ੍ਹ, ਸੂਤ ਅਤੇ ਸੀਂਮਟ ਰੇਤੇ ਦਾ ਮਸਾਲਾ,
ਨਾ ਕੋਈ ਸਕੀਰੀ ਅਤੇ ਨਾ ਹੀ ਆਵਤਾਂ, ਰਿਹਾ ਨਾ ਕੋਈ ਕਬੀਲਾ,
ਕੁੱੜਮਾਂਚਾਰੀ, ਭਣੋਈਆ, ਪਤਿਓਰਾ, ਫ਼ਫ਼ੇਸ ਅਤੇ ਦਦਿਓਰਾ,
ਦਰਾਣੀਆਂ, ਜੇਠਣੀਆਂ, ਨਣਾਨਾਂ ਜੇਠ ਅਤੇ ਨੰਨਿਓਰਾ,
ਔੜਾਂ, ਵੱਤਾਂ, ਟਿੱਬੇ, ਟੋਭੇ, ਟਿੰਡਾਂ, ਪੈੜੀ ਦਾ ਘੁੰਮਣ ਘੇਰਾ,
ਅੰਮ੍ਰਿਤ ਵੇਲੇ ਕੁੱਕੜ ਦੀ ਵਾਂਗ 'ਤੇ ਕਦੇ ਪਿੰਡ ਉਠੱਦਾ ਸੀ ਸਾਰਾ,
ਕੁਵੇਲੇ ਉੱਠਦਿਆਂ ਡਾਕਟਰਾਂ ਪਾਸ ਲਾਇਨਾਂ ਲੱਗਣ ਬੀਮਾਰ ਦੀਆਂ,
ਕਿਉਂ ਭੁੱਲੀਆਂ  ਜਾਂਦੀਆਂ ਯਾਦਾਂ ਲੋਕੋ,
ਮਾਂ ਬੋਲੀ ਦੇ ਮਿੱਠੜੇ ਪਿਆਰ ਦੀਆਂ।


ਸਰੋਂ, ਕਾਸਣੀ, ਤਾਰਾਮੀਰਾ ਅਤੇ ਚੰਮੇਲੀ ਦੇ ਅਤਰ ਫ਼ਲੇਲ ਦੀਆਂ,
ਛਿੱਛਾ, ਪੂੜੇ, ਮੁਰਮੁਰੇ, ਖਿੱਲਾਂ, ਹੋਲ੍ਹਾਂ ਅਤੇ ਮੱਲ੍ਹਿਆਂ ਦੇ ਬੇਰ ਦੀਆਂ,
ਤੱਪੜ, ਫੱਟੀਆ, ਸਲੇਟਾਂ, ਦਵਾਤਾਂ, ਨਿੱਬਾਂ, ਮਣਾਂ ਅਤੇ ਸੇਰ ਦੀਆਂ,
ਤੋਕੜ ਮੱਝਾਂ, ਖੋਲ੍ਹੇ, ਨਿਆਈਆਂ, ਮੁੜਾਸੇ ਅਤੇ ਮਧੇੜ ਦੀਆਂ,
ਸੱਰਘੀ ਵੇਲਾ, ਸ਼ਾਹ ਵੇਲਾ, ਲੌਢਾ ਵੇਲਾ, ਸਾਢੂੰਆਂ ਅਤੇ ਮਸੇਰ ਦੀਆਂ,
ਡੂੰਮਣੇ, ਮਧੋੜੀਆਂ, ਭਰਿੰਡਾਂ, ਭੂੰਡਾਂ ਤੋਂ ਡਰਦੇ ਨਾਢੂ ਖ਼ਾਂ ਦਲੇਰ ਦੀਆਂ,
ਸਾਝਾਂ, ਸਕੀਰੀਆਂ, ਭਾਈਚਾਰੇ ਗਏ, ਮਾੜੀਆਂ ਨੀਤਾਂ ਤੇਰ ਮੇਰ ਦੀਆਂ,
ਖੁਸ਼ਹਾਲ ਪੁਰੀਏ 'ਗਿੱਲ' ਨੂੰ ਵੀ ਭੁੱਲਦੀਆਂ ਜਾਂਦੀਆਂ ਲੋਕੋ,
ਯਾਦਾਂ ਮਾਂ ਬੋਲੀ ਦੇ ਅਨਮੋਲ ਭੰਡਾਰ ਦੀਆਂ।

ਬਲਵੰਤ ਸਿੰਘ ਗਿੱਲ
ਬੈਡਫ਼ੋਰਡ

ਬਿੱਖੜੇ ਪੈਂਡਿਆਂ ਦਾ ਰਾਹੀ - ਬਲਵੰਤ ਸਿੰਘ ਗਿੱਲ (ਬੈਡਫੋਰਡ)

ਰਾਮ ਆਸਰਾ ਜਿਸ ਨੂੰ ਪਿੰਡ ਵਿੱਚ ਛੋਟੇ ਨਾਂ ਨਾਲ ਰਾਮੂ ਆਖਿਆ ਜਾਂਦਾ ਸੀ, ਦਾ ਜਨਮ ਇੱਕ ਗ਼ਰੀਬ ਦਲਿਤ ਪਰਿਵਾਰ ਦੇ ਘਰ ਹੋਇਆ।ਇਹ ਆਪਣੇ ਬਾਪੂ ਗ਼ਰੀਬ ਦਾਸ ਅਤੇ ਮਾਤਾ ਰਾਮ ਰੱਖੀ ਦਾ ਇੱਕਲੌਤਾ ਪੁੱਤਰ ਹੈ, ਅਤੇ ਇਸ ਤੋਂ ਛੋਟੀਆਂ ਇਸ ਦੀਆਂ ਪੰਜ ਭੈਣਾਂ ਹਨ।ਮਾਂ ਬਾਪ ਹਰ ਰੋਜ਼ ਦਿਹਾੜੀ ਕਰਕੇ ਆਪਣੇ ਟੱਬਰ ਦਾ ਪੇਟ ਪਾਲਦੇ। ਗ਼ਰੀਬ ਦਾਸ ਜਿਸ ਨੂੰ ਛੋਟੇ ਨਾਂ ਨਾਲ ਗ਼ਰੀਬੂ ਹੀ ਆਖਿਆ ਜਾਂਦਾ ਸੀ, ਉਹ ਪਿੰਡ ਦੇ ਜ਼ਿੰਮੀਂਦਾਰ ਪਿਆਰਾ ਸਿੰਘ ਦੇ ਖੇਤਾਂ ਵਿੱਚ ਦਿਹਾੜੀ ਕਰ ਲੈਂਦਾ ਤੇ ਥੋੜ੍ਹਾ ਬਹੁਤ ਘਰ ਵਿੱਚ ਖੱਡੀ 'ਤੇ ਕੱਪੜਾ ਬੁਣ ਲੈਂਦਾ।ਰਾਮੂੰ ਦੀ ਮਾਤਾ ਰਾਮ ਰੱਖੀ ਨੇ ਦੋ ਮੱਝਾਂ ਰੱਖੀਆਂ ਸਨ ਤਾਂ ਕਿ ਦੁੱਧ ਮੁੱਲ ਨਾ ਲੈਣਾ ਪਵੇ।ਪਸ਼ੂਆਂ ਨੂੰ ਪੱਠਾ ਦੱਠਾ ਪਿਆਰਾ ਸਿੰਘ ਦੇ ਖੇਤਾਂ ਵਿੱਚੋਂ ਲੈ ਆਉਂਦੀ।ਕਿਸੇ ਯੋਗ ਸਾਧਨਾਂ ਦੀ ਘਾਟ ਹੋਣ ਦੇ ਬਾਵਜੂਦ ਵੀ ਇਹ ਮਿਹਨਤੀ ਪਰਿਵਾਰ ਆਪਣਾ ਥੋੜਾ ਬਹੁਤ ਗੁਜ਼ਾਰਾ ਕਰੀ ਜਾਂਦਾ।
    ਪਿਆਰਾ ਸਿੰਘ ਦਾ ਮੁੰਡਾ ਸੋਢੀ, ਰਾਮੂੰ ਦਾ ਹੀ ਹਾਣੀ ਸੀ।ਜਦੋਂ ਕਦੇ ਗ਼ਰੀਬੂ ਇਨ੍ਹਾਂ ਦੇ ਖੇਤਾਂ ਵਿੱਚ ਦਿਹਾੜੀ ਕਰਨ ਜਾਂਦਾ ਤਾਂ ਅਕਸਰ ਰਾਮੂ ਨੂੰ ਵੀ ਨਾਲ ਲੈ ਜਾਂਦਾ।ਇੱਕੋ ਉਮਰ ਦੇ ਇਹ ਦੋਵੇਂ ਨਿਆਣੇ ਆਪਸ ਵਿੱਚ ਗੁੱਲੀ ਡੰਡਾ ਅਤੇ ਬੰਟੇ ਖੇਡ ਲੈਂਦੇ, ਤੇ ਗ਼ਰੀਬੂ ਆਪਣੀ ਦਿਹਾੜੀ ਲਾ ਆਉਂਦਾ।ਰਾਮੂੰ ਅਤੇ ਸੋਢੀ ਦੀ ਦੋਸਤੀ ਵੱਧਦੀ ਗਈ।ਦੋਸਤੀਆਂ ਅਤੇ ਪਿਆਰ ਵੀ ਕਦੇ ਜਾਤਾਂ ਬਰਾਦਰੀਆਂ ਦੇਖਦੇ ਹਨ? ਇਹ ਤਾਂ ਵੱਖ-ਵੱਖ ਵਰਗਾਂ ਵਿੱਚ ਮਨੂੰਵਾਦੀ ਸੋਚ ਦਾ ਹੀ ਨਤੀਜਾ ਹੈ, ਉਨ੍ਹਾਂ ਦੀਆਂ ਅਖੌਤੀ ਉੱਚ ਜਾਤੀਆਂ ਨੂੰ ਵੰਡੀਆਂ ਵਿੱਚ ਪਾ ਕੇ ਆਪਣਾ ਹਲਵਾ ਪੂੜੀ ਤੋਰੀ ਰੱਖਣਾ ਹੁੰਦਾ ਹੈ।ਅਸੀਂ ਕਿਉਂ ਭੁੱਲ ਜਾਂਦੇ ਹਾਂ ਕਿ ਖੂਨ ਹਰੇਕ ਇਨਸਾਨ ਦਾ ਲਾਲ ਹੀ ਹੁੰਦਾ ਹੈ, ਤੇ ਸਾਰਿਆਂ ਵਿੱਚ ਇੱਕੋ ਜਿਹੇ ਹੀ ਦਿਲ ਧੜਕਦੇ ਹਨ। ਬੱਚਿਆਂ ਦੇ ਦਿਲ ਪਵਿੱਤਰ ਹੁੰਦੇ ਹਨ, ਇਹ ਜਾਤ ਪਾਤ ਦੇ ਲੇਬਲ ਤਾਂ ਸਮਾਜ ਉਨ੍ਹਾਂ ਦੇ ਵੱਡਿਆਂ ਹੁੰਦਿਆਂ ਦੀ ਲਾਉਣਾ ਸ਼ੁਰੂ ਕਰ ਦਿੰਦਾ ਹੈ।
      ਜ਼ਿੰਮੀਂਦਾਰ ਪਿਆਰਾ ਸਿੰਘ ਦਾ ਮੁੰਡਾ ਘਰ ਵਿੱਚ ਗੁੰਜਾਇਸ਼ ਹੋਣ ਕਰਕੇ ਬੀ. ਏ. ਕਰ ਗਿਆ।ਪਰ ਗ਼ਰੀਬੀ ਦੀ ਹਾਲਤ ਵਿੱਚ ਰਾਮੂੰ ਦਸਵੀਂ ਤੋਂ ਅੱਗੇ ਪੜ੍ਹ ਨਾ ਸਕਿਆ। ਘਰ ਵਿੱਚ ਆਪ ਦੇ ਨਾਲ-ਨਾਲ ਪੰਜ ਭੈਣਾਂ ਦੇ ਪਾਲਣ-ਪੋਸ਼ਣ ਦਾ ਖ਼ਰਚਾ ਅਤੇ ਉੱਪਰ ਕਾਲਜ ਦਾ ਖ਼ਰਚਾ ਗਰੀਬੂ ਦੇ ਪਰਿਵਾਰ ਦੇ ਵੱਸ ਦੀ ਗੱਲ ਨਹੀਂ ਸੀ।ਇੱਕ ਗ਼ਰੀਬ ਪਰਿਵਾਰ ਨੂੰ ਰੋਜ਼ਾਨਾ ਦਿਹਾੜੀ ਕਰਕੇ ਰੋਜ਼ ਰੋਟੀ ਮਿਲੀ ਜਾਵੇ ਤਾਂ ਉਹ ਫਿਰ ਵੀ ਰੱਬ ਦਾ ਸ਼ੁਕਰ ਕਰਦਾ ਹੈ।ਗ਼ਰੀਬੂ ਨੂੰ ਤਾਂ ਇਸ ਦੀਆਂ ਜੁਆਨ ਹੁੰਦੀਆਂ ਜਾਂਦੀਆਂ ਧੀਆਂ ਦੇ ਵਿਆਹ ਦਾ ਵੀ ਫ਼ਿਕਰ ਸੀ।ਕੋਈ ਥੋੜ੍ਹੀ ਬਹੁਤ ਪੂੰਜੀ ਦਾ ਮਾਲਕ ਕਿਸੇ ਸ਼ਾਹੂਕਾਰ ਪਾਸ ਆਪਣੀ ਪੂੰਜੀ ਗਹਿਣੇ ਰੱਖ ਕੇ ਆਪਣੀ ਕਬੀਲਦਾਰੀ ਔਖਿਆਂ ਸੌਖਿਆਂ ਨਜਿੱਠ ਹੀ ਲਵੇਗਾ, ਪਰ ਬਿਨਾਂ ਕਿਸੇ ਪੂੰਜੀ ਜਾਂ ਜ਼ਮੀਨ ਤੋਂ ਗ਼ਰੀਬ ਵਿਚਾਰਾ ਕੀ ਕਰੇ?
     ਗ਼ਰੀਬੂ ਨੂੰ ਆਪਣੀਆਂ ਜੁਆਨ ਹੁੰਦੀਆਂ ਜਾਂਦੀਆਂ ਧੀਆਂ ਦੇ ਹੱਥ ਪੀਲੇ ਕਰਨ ਦੀ ਦਿਨੇ ਰਾਤ ਚਿੰਤਾ ਵੱਢ-ਵੱਢ ਖਾਈ ਜਾਂਦੀ। ਹਾਲਾਂਕਿ ਹੁਣ ਰਾਮੂ ਆਪਣੇ ਬਾਪੂ ਨਾਲ ਦਿਹਾੜੀ ਕਰਕੇ ਆਪਣੇ ਟੱਬਰ ਦੇ ਰੋਜ਼ਾਨਾ ਖ਼ਰਚੇ ਵਿੱਚ ਆਪਣਾ ਹਿੱਸਾ ਪਾਉਣ ਲੱਗ ਪਿਆ ਸੀ। ਪਰ ਦਿਹਾੜੀਆਂ ਕਿਹੜੀਆਂ ਰੋਜ਼ ਲੱਗਦੀਆਂ ਸਨ।ਖ਼ਰਚਾ ਤਾਂ ਹਰ ਰੋਜ਼ ਦਾ ਸੀ, ਉਹ ਲੜਕੀਆਂ ਦੇ ਵਿਆਹ ਦੇ ਪੈਸੇ ਕਿੱਥੋਂ ਜੋੜਨ? ਪੜ੍ਹਾਈ ਥੋੜ੍ਹੀ ਹੋਣ ਕਰਕੇ ਕਿਸੇ ਨੌਕਰੀ ਦੀ ਵੀ ਆਸ ਨਹੀਂ ਰੱਖੀ ਜਾ ਸਕਦੀ ਸੀ।ਗ਼ਰੀਬੂ ਅਤੇ ਰਾਮ ਰੱਖੀ ਨੂੰ ਇਸ ਉਧੇੜ ਬੁਣ ਵਿੱਚ ਸਾਰੀ ਰਾਤ ਨੀਂਦ ਨਾ ਆਉਂਦੀ।ਹੁਣ ਰਾਮੂ ਤੋਂ ਵੀ ਆਪਣੇ ਫ਼ਿਕਰਮੰਦ ਮਾਂ ਬਾਪ ਦੀ ਹਾਲਤ ਦੇਖੀ ਨਾ ਜਾਵੇ।ਕੋਈ ਰੋਸ਼ਨੀ ਦੀ ਕਿਰਨ ਵੀ ਤਾਂ ਨਜ਼ਰ ਨਹੀਂ ਆ ਰਹੀ ਸੀ।
      ਪਿਆਰਾ ਸਿੰਘ ਦਾ ਮੁੰਡਾ ਸੋਢੀ ਆਪਣੀ ਕਾਲਜ ਦੀ ਪੜ੍ਹਾਈ ਕਰਨ ਉਪਰੰਤ ਵਿਆਹ ਲਈ ਕੈਨੇਡਾ ਚਲਾ ਗਿਆ।ਦੋਸਤਾਂ ਮਿੱਤਰਾਂ ਦੀ ਮਦਦ ਨਾਲ ਟੈਕਸੀ ਚਲਾਉਣ ਦਾ ਕੰਮ ਸ਼ੁਰੂ ਕਰ ਲਿਆ।ਸੋਢੀ ਦੇ ਸਹੁਰਿਆਂ ਦਾ ਕੈਨੇਡਾ ਵਿੱਚ ਆਪਣਾ ਟਰੱਕਾਂ ਦਾ ਕਾਰੋਬਾਰ ਸੀ। ਇਸ ਕਰਕੇ ਸੋਢੀ ਨੂੰ ਕੈਨੇਡਾ ਸੈਟਲ ਹੋਣ ਵਿੱਚ ਬਹੁਤੀ ਤਕਲੀਫ਼ ਨਾ ਹੋਈ।ਸਹੁਰਿਆਂ ਨੇ ਘਰ ਮੁੱਲ ਲੈ ਕੇ ਦੇਣ ਵਿੱਚ ਡਿਪਾਜ਼ਿਟ ਰੱਖਣ ਦੀ ਮਦਦ ਕਰ ਦਿੱਤੀ ਤੇ ਬਾਕੀ ਬੈਂਕ ਤੋਂ ਲੋਨ ਲੈ ਕੇ ਉਹ ਆਪਣੀ ਧਰਮ ਪਤਨੀ ਨਾਲ ਆਪਣੇ ਘਰ ਚਲਿਆ ਗਿਆ।ਸੋਢੀ ਕਦੇ-ਕਦੇ ਸੋਚਦਾ ਕਿ ਇਸ ਦੇ ਸਹੁਰਿਆਂ ਨੇ ਅਤੇ ਦੋਸਤਾਂ ਮਿੱਤਰਾਂ ਨੇ ਜਿਵੇਂ ਇਸ ਦੀ ਮਦਦ ਕੀਤੀ ਹੈ ਤੇ ਇਹ ਵੀ ਕਦੇ ਮੌਕਾ ਮਿਲੇ ਤਾਂ ਕਿਸੇ ਗ਼ਰੀਬ ਦੀ ਇਵੇਂ ਹੀ ਬਾਂਹ ਫੜੇਗਾ।
        ਸਮਾਂ ਬੀਤਦਾ ਗਿਆ।ਗ਼ਰੀਬੂ ਦੀਆਂ ਧੀਆਂ ਹੁਣ ਵਿਆਹੁਣ ਯੋਗ ਹੋ ਗਈਆਂ ਸਨ।ਆਪਸ ਵਿੱਚ ਉਮਰ ਦਾ ਇੱਕ ਦੋ ਸਾਲ ਦਾ ਫ਼ਰਕ ਹੋਣ ਕਰਕੇ ਇਨ੍ਹਾਂ ਸਾਰੀਆਂ ਦਾ ਦੋ ਚਹੁੰ ਸਾਲਾਂ ਵਿੱਚ ਵਿਆਹ ਕਰਨਾ ਬਣਦਾ ਸੀ। ਪਰ ਮਾਲੀ ਹਾਲਤ ਇੰਨੀ ਮਾੜੀ ਸੀ ਕਿ ਪੈਸੇ ਤਾਂ ਇੱਕ ਵਿਆਹ ਜੋਗੇ ਵੀ ਨਹੀਂ ਸਨ।ਸੋਢੀ ਆਪਣੇ ਦੋਸਤ ਰਾਮੂ ਦੇ ਹਮੇਸ਼ਾ ਸੰਪਰਕ ਵਿੱਚ ਰਹਿੰਦਾ।ਹਰ ਦੂਸਰੇ ਤੀਸਰੇ ਹਫ਼ਤੇ ਫੋਨ ਕਰਕੇ ਇੱਕ ਦੂਸਰੇ ਦਾ ਹਾਲ ਪੁੱਛ ਲੈਂਦੇ।ਰਾਮੂੰ ਦੀ ਇੱਕ ਦਿਨ ਮਾਯੂਸ ਜਿਹੀ ਆਵਾਜ਼ ਸੁਣ ਕੇ ਸੋਢੀ ਦਾ ਵੀ ਦਿਲ ਹਿੱਲ ਗਿਆ, ਕਿ ਰਾਮੂ ਆਪਣੀਆਂ ਭੈਣਾਂ ਦੇ ਵਿਆਹਾਂ ਕਰਕੇ ਫ਼ਿਕਰਮੰਦ ਹੈ।ਸੋਢੀ ਨੇ ਸਲਾਹ ਦਿੱਤੀ ਕਿ ਉਸ ਦਾ ਇੱਕ ਏਜੰਟ ਦੋਸਤ ਹੈ।ਉਹ ਦੋ ਕੁ ਲੱਖ ਰੁਪਏ ਵਿੱਚ ਬੰਦੇ ਡੁਬੱਈ ਭੇਜਦਾ ਹੈ।ਅਗਰ ਜੇ ਉਹ ਚਾਹੇ ਤਾਂ ਉਹ ਉਸ ਏਜੰਟ ਨਾਲ ਗੱਲ ਕਰ ਲਵੇਗਾ ਉਸ ਨੇ ਲੱਖ ਕੁ ਰੁਪਿਆ ਦੇਣ ਦੀ ਮਦਦ ਦੀ ਵੀ ਗੱਲ ਕੀਤੀ।ਰਾਮੂੰ ਨੂੰ ਸੋਢੀ ਦੀ ਇਹ ਗੱਲ ਪਸੰਦ ਆਈ ਕਿ ਵਿਆਹ ਵਿੱਚ ਮਦਦ ਕਰਨ ਨਾਲੋਂ ਸੋਢੀ ਉਸ ਲਈ ਰੋਟੀ ਕਮਾਉਣ ਅਤੇ ਭੈਣਾਂ ਦੇ ਵਿਆਹ ਦੇ ਖਰਚੇ ਦੇ ਸਾਧਨ ਪੈਦਾ ਕਰਨ ਨੂੰ ਤਰਜ਼ੀਹ ਦਿੰਦਾ ਹੈ। ਰਾਮੂ ਨੇ ਆਪਣੇ ਦੋਸਤ ਸੋਢੀ ਦੀ ਇਹ ਸਲਾਹ ਆਪਣੇ ਬਾਪੂ ਗ਼ਰੀਬ ਦਾਸ ਨੂੰ ਦੱਸੀ। ਉਹ ਵੀ ਸੁਣ ਕੇ ਖੁਸ਼ ਹੋਇਆ ਕਿ ਦੋਸਤ ਹੋਵੇ ਤਾਂ ਸੋਢੀ ਵਰਗਾ, ਜਿਹੜਾ ਜਾਤ ਪਾਤ ਭੁੱਲ ਕੇ ਸਾਡੀ ਗ਼ਰੀਬਾਂ ਦੀ ਬਾਂਹ ਫੜ ਰਿਹਾ ਹੈ।
    ਬਾਪੂ ਗ਼ਰੀਬ ਦਾਸ ਨੂੰ ਇਹ ਡੁਬੱਈ ਵਾਲੀ ਸਕੀਮ ਤਾਂ ਚੰਗੀ ਲੱਗੀ, ਪਰ ਦੋ ਲੱਖ ਰੁਪਿਆ ਪੂਰਾ ਕਰਨ ਲਈ ਇੱਕ ਲੱਖ ਰੁਪਿਆ ਹੋਰ ਕਿੱਥੋਂ ਆਏਗਾ? ਗ਼ਰੀਬੂ ਨੂੰ ਤਜਵੀਜ਼ ਸੁੱਝੀ ਕਿ ਕਿਉਂ ਨਾ ਪਿੰਡ ਦੇ ਸ਼ਾਹੂਕਾਰ ਧੰਨੀ ਰਾਮ ਪਾਸੋਂ ਇੱਕ ਲੱਖ ਰੁਪਏ ਕਰਜ਼ੇ ਦੀ ਬੇਨਤੀ ਕੀਤੀ ਜਾਵੇ। ਪਰ ਇਸ ਗ਼ਰੀਬ ਪਾਸ ਗਿਰਵੀ ਰੱਖਣ ਲਈ ਨਾ ਕੋਈ ਗਹਿਣਾ ਗੱਟਾ ਅਤੇ ਨਾਂ ਹੀ ਕੋੲੈ ਹੋਰ ਪੂੰਜੀ। ਇਹ ਰਕਮ ਵੀ ਵੱਡੀ ਸੀ। ਲੋਕੀ ਤਾਂ ਦਸ ਵੀਹ ਹਜ਼ਾਰ ਰੁਪਿਆ ਕਰਜ਼ਾ ਲੈਣ ਲਈ ਸੌ-ਸੌ ਵੇਲਣ ਵੇਲਦੇ ਹਨ, ਪਰ ਉਸ ਨੂੰ ਲੱਖ ਰੁਪਿਆ ਬਿਨਾਂ ਕਿਸੇ ਪੂੰਜੀ ਜਾਂ ਜਮਾਨਤ ਤੋਂ ਕੌਣ ਦੇਵੇਗਾ?
     ਗ਼ਰੀਬੂ ਹੌਂਸਲਾ ਕਰਕੇ ਧਨੀ ਪਾਸ ਗਿਆ ਤੇ ਇੱਕ ਲੱਖ ਰੁਪਏ ਕਰਜ਼ੇ ਦੀ ਬੇਨਤੀ ਕੀਤੀ। ਉਹ ਮੂੰਹ ਵਿੱਚ ਪੈਨ ਫਸਾਈ ਗ਼ਰੀਬੂ ਦੇ ਮੂੰਹ ਵੱਲ ਦੇਖਣ ਲੱਗ ਪਿਆ ਤੇ ਪੁੱਛਣ ਲੱਗਾ, ''ਤੇਰੇ ਪਾਸ ਗਹਿਣੇ ਰੱਖਣ ਲਈ ਕੋਈ ਪੂੰਜੀ ਹੈ?'' ਗ਼ਰੀਬੂ ਫ਼ਿਕਰਾਂ ਵਿੱਚ ਪੈ ਗਿਆ ਅਤੇ ਕੁੱਝ ਚਿਰ ਸੋਚ ਕੇ ਬੋਲਿਆ, ''ਧੰਨੀ ਰਾਮ ਜੀ, ਇਸੇ ਕਰਕੇ ਤੇਰੇ ਅੱਗੇ ਪੱਲਾ ਅੱਡਿਆ, ਕਿ ਤੂੰ ਸਾਡੀ ਝੋਲੀ ਖਾਲੀ ਨਹੀਂ ਮੋੜੇਂਗਾ!'' ਧੰਨੀ ਰਾਮ ਗ਼ਰੀਬੂ ਦੀ ਇਸ ਮਜ਼ਬੂਰੀ ਨੂੰ ਭਲੀ-ਭਾਂਤ ਜਾਣ ਗਿਆ। ਇੱਕ ਚਲਾਕ ਬਾਣੀਏ ਵਾਂਗ ਬੋਲਿਆ, ''ਗ਼ਰੀਬੂ ਦੇਖ ਏਡੀ ਵੱਡੀ ਰਕਮ ਦੇ ਕੇ ਕੋਈ ਵੀ ਸ਼ਾਹੂਕਾਰ ਜੂਹਾ ਨਹੀਂ ਖੇਡਣ ਲੱਗਾ, ਮੈਨੂੰ ਕੋਈ ਤਾਂ ਜਮਾਨਤ ਚਾਹੀਦੀ ਹੀ ਹੈ। ਇਸ ਤਰ੍ਹਾਂ ਕਰ ਕਿ ਆਪਣੀ ਵੱਡੀ ਲੜਕੀ ਮੇਰੇ ਘਰ ਰੋਟੀ ਟੁੱਕ ਅਤੇ ਸਫ਼ਾਈ ਨੂੰ ਭੇਜ ਦਿਆ ਕਰ। ਇਸ ਨਾਲ ਮੈਨੂੰ ਇਕੱਲੇ ਨੂੰ ਰੋਟੀਆਂ ਲਈ ਹੱਥ ਨਹੀਂ ਸਾੜਣੇ ਪੈਣਗੇ ਅਤੇ ਤੈਨੂੰ ਵਿਆਜ਼ ਨਾ ਦੇਣਾ ਪਏਗਾ।ਜਦੋਂ ਤੇਰੇ ਪਾਸ ਪੈਸੇ ਹੋਏ ਤਾਂ ਮੂਲ ਮੋੜ ਦੇਵੀ।''
    ਗ਼ਰੀਬੂ ਨੂੰ ਧੰਨੀ ਦੀ ਇਹ ਸਲਾਹ ਚੰਗੀ ਲੱਗੀ।ਉਹ ਘਰ ਆ ਕੇ ਆਪਣੀ ਘਰਵਾਲੀ ਰਾਮ ਰੱਖੀ ਨੂੰ ਆਖਣ ਲੱਗਾ ਕਿ ਧੰਨੀ ਕਰਜ਼ੇ ਨੂੰ ਤਾਂ ਮੰਨ ਗਿਆ ਹੈ, ਪਰ ਆਪਣੀ ਸੁਮਿੱਤਰੀ ਨੂੰ ਉਸਦੇ ਘਰ ਕੰਮ ਕਰਨਾ ਪਵੇਗਾ। ਇਕੱਲਾ ਇੱਕਹਿਰਾ ਹੈ, ਘਰ ਰੋਟੀ ਟੁੱਕ ਦਾ ਕੋਈ ਸਾਧਨ ਵੀ ਨਹੀਂ। ਰਾਮ ਰੱਖੀ ਦਾ ਇਹ ਗੱਲ ਸੁਣ ਕੇ ਕਲੇਜਾ ਹਿੱਲ ਗਿਆ।ਉਹ ਆਪਣੀ ਧੀ ਨੂੰ ਕਿਸੇ ਦੇ ਘਰ ਇਸ ਤਰ੍ਹਾਂ ਇਕੱਲਿਆਂ ਭੇਜਣਾ ਨਹੀਂ ਚਾਹੁੰਦੀ ਸੀ।ਹੁਣ ਹਾਲਾਤ ਇਸ ਤਰ੍ਹਾਂ ਦੇ ਸਨ ਕਿ ਇੱਕ ਪਾਸੇ ਆਪਣੇ ਮੁੰਡੇ ਦਾ ਡੁਬੱਈ ਜਾਣ ਦੀ ਵੱਡੀ ਰਕਮ ਦਾ ਫ਼ਿਕਰ, ਦੂਸਰੇ ਪਾਸੇ ਧੀ ਨੂੰ ਇਕੱਲਿਆਂ ਕਿਸੇ ਬੰਦੇ ਦੇ ਘਰ ਵਿੱਚ ਕੰਮ 'ਤੇ ਭੇਜਣ ਦਾ ਤੌਖ਼ਲਾ।ਜਦੋਂ ਮਾਪਿਆਂ ਨੇ ਸੁਮਿੱਤਰੀ ਨੂੰ ਧੰਨੀ ਦੇ ਘਰ ਕੰਮ ਕਰਨ ਵਾਰੇ ਪੁੱਛਿਆ ਤਾਂ ਉਸ ਗ਼ਰੀਬ ਧੀ ਪਾਸ ਹੋਰ ਰਸਤਾ ਵੀ ਕੀ ਸੀ? ਨਾਂਹ ਕਰਦੀ ਤਾਂ ਭਰਾ ਦਾ ਭਵਿੱਖ ਨ੍ਹੇਰੇ ਵਿੱਚ ਦਿੱਸਦਾ। ਉਸ ਨੇ ਨਾਂ ਚਾਹੁੰਦੀ ਨੇ ਵੀ ਕੌੜਾ ਘੁੱਟ ਪੀ ਲਿਆ।ਇੱਕ ਮਜ਼ਬੂਰੀ ਵਿੱਚ ਕਿਸੇ ਗ਼ਰੀਬ ਨੂੰ ਕਿਨ੍ਹਾਂ ਹਾਲਾਤਾਂ ਵਿੱਚੋਂ ਲੰਘਣਾ ਪੈਂਦਾ ਹੈ, ਉਹੀ ਜਾਣਦੇ ਹਨ।
    ਦੂਸਰੇ ਦਿਨ ਗ਼ਰੀਬੂ ਧੰਨੀ ਰਾਮ ਤੋਂ ਇੱਕ ਲੱਖ ਦਾ ਕਰਜ਼ਾ ਲੈ ਆਇਆ 'ਤੇ ਸੁਮਿੱਤਰੀ ਉਸਦੇ ਘਰ ਸਾਫ਼ ਸਫ਼ਾਈ ਅਤੇ ਰੋਟੀ ਟੁੱਕ ਕਰਨ ਜਾਣ ਲੱਗ ਪਈ।ਰਾਮੂੰ ਪੈਸਿਆਂ ਦਾ ਇੰਤਜ਼ਾਮ ਹੁੰਦਿਆਂ ਸਾਰ ਡੁੱਬਈ ਚਲਾ ਗਿਆ। ਸੁਮਿੱਤਰੀ ਕੀ ਜਾਣਦੀ ਸੀ ਕਿ ਧੰਨੀ ਰਾਮ ਨੇ ਇਸ ਦੇ ਬਾਪੂ ਨੂੰ ਪੈਸੇ ਦੇ ਕੇ ਕਿਸ ਤਰ੍ਹਾਂ ਇਸ ਤੇ ਆਪਣੀ ਹੱਵਸ ਦੀ ਨਿਗਾਹ ਰੱਖਣੀ ਹੈ? ਧੰਨੀ ਦੀ ਤਾਂ ਇਹ ਸੋਚੀ ਸਮਝੀ ਸਕੀਮ ਸੀ ਕਿ ਕਿਵੇਂ ਗਰੀਬੀ ਨੂੰ ਕੈਸ਼ ਕਰਨਾ ਹੈ। ਦਿਨਾਂ-ਦਿਨਾਂ ਵਿੱਚ ਹੀ ਧੰਨੀ ਨੇ ਸੁਮਿੱਤਰੀ ਤੇ ਡੋਰੇ ਪਾਉਣੇ ਸ਼ੁਰੂ ਕਰ ਦਿੱਤੇ।ਸੁਮਿੱਤਰੀ ਨੂੰ ਇਸ ਧੰਨੀ ਦੀਆਂ ਹਰਕਤਾਂ ਕੋਝੀਆਂ ਲੱਗਦੀਆਂ, ਪਰ ਉਹ ਤਾਂ ਬਾਪੂ ਦੇ ਕਰਜ਼ੇ ਦੀ ਮਜ਼ਬੂਰੀ ਵਿੱਚ ਕੰਮ ਕਰਨ ਲਈ ਮੰਨੀ ਸੀ।ਧੰਨੀ ਦੀ ਹੱਵਸ ਦੀ ਅੱਗ ਸੁੱਲਗਦੀ-ਸੁੱਲਗਦੀ ਭਾਂਬੜ ਬਣ ਗਈ, ਅਤੇ ਇੱਕ ਦਿਨ ਸੁਮਿੱਤਰੀ ਦੀ ਇੱਜ਼ਤ ਇਸ ਹੱਬਸ ਦੀ ਅੱਗ ਵਿੱਚ ਸੁੱਲਘ ਗਈ।ਸੁਮਿੱਤਰੀ ਬੜੇ ਹੀ ਗੁੱਸੇ ਵਿੱਚ ਸੋਚਣ ਲੱਗੀ ਕਿ ਉਸ ਪਾਸ ਦੋ ਹੀ ਰਾਹ ਹਨ, ਜਾਂ ਤਾਂ ਕਿਸੇ ਨਹਿਰ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਵੇ, ਜਾਂ ਫਿਰ ਇਹ ਹਾਦਸਾ ਆਪਣੇ ਬਾਪੂ ਨੂੰ ਦੱਸ ਦੇਵੇ।ਦੂਸਰੇ ਪਾਸੇ ਖ਼ਿਆਲ ਆਉਣ ਲੱਗੇ ਕਿ ਉਸ ਦਾ ਵੀਰ ਅਜੇ ਤਾਜ਼ਾ-ਤਾਜ਼ਾ ਡੁਬੱਈ ਗਿਆ ਹੈ, ਕਿਤੇ ਧੰਨੀ ਮੇਰੇ ਬਾਪੂ ਪਾਸੋਂ ਕਰਜ਼ਾ ਨਾ ਮੰਗ ਲਵੇ। ਇਸ ਨੂੰ ਇਹ ਵੀ ਡਰ ਸੀ ਕਿ ਇਨ੍ਹਾਂ ਅਮੀਰਾਂ ਦੇ ਉੱਪਰ ਤੱਕ ਪੈਰ ਹੁੰਦੇ ਹਨ, ਸਾਡੀ ਗਰੀਬ ਦੀ ਕਿਸ ਨੇ ਸੁਣਨੀ ਹੈ? ਇਹ ਤਾਂ ਚਾਰ ਪੈਸੇ ਦੇ ਕੇ ਛੁੱਟ ਜਾਵੇਗਾ ਪਰ ਸਾਡੀ ਗਰੀਬਾਂ ਦੀ ਤਾਂ ਦੁਨੀਆਂ ਵਿੱਚ ਹੋਏ-ਹੋਏ ਹੋਵੇਗੀ ਅਤੇ ਉੱੱਤੋਂ ਧੰਨੀ ਨਾਲ ਜ਼ਾਤੀ ਦੁਸ਼ਮਣੀ।ਸਾਰੀਆਂ ਗੱਲਾਂ ਦਾ ਮਨ ਵਿੱਚ ਉਬਾਲ ਆਉਣ ਦੇ ਬਾਵਜੂਦ, ਸੁਮਿੱਤਰੀ ਆਪਣੇ 'ਤੇ ਬੀਤੀ ਆਪਣੇ ਤੱਕ ਸੀਮਤ ਰੱਖਣ ਤੇ ਮਜ਼ਬੂਰ ਹੋ ਗਈ।
    ਰਾਮੂੰ ਡੁਬੱਈ ਵਿੱਚ ਆਪਣੇ ਦੋ ਸਾਲਾਂ ਦੇ ਮਿਲੇ ਕੰਮ ਦੇ ਠੇਕੇ ਦੇ ਮੁਤਾਬਕ ਕਿਸੇ ਕੰਪਨੀ ਵਿੱਚ ਕੰਮ ਕਰਦਾ ਰਿਹਾ। ਮਹੀਨੇ ਦੇ ਤੀਹ ਕੁ ਹਜ਼ਾਰ ਰੁਪਏ ਮਿਲਦੇ ਸਨ, ਉਨਾਂ ਵਿੱਚੋਂ ਅੱਧੇ ਕੁ ਉੱਥੇ ਰਹਿਣ ਦੇ ਖ਼ਰਚ ਹੋ ਜਾਂਦੇ ਸਨ।ਫਿਰ ਵੀ ਪੰਦਰਾਂ ਵੀਹ ਹਜ਼ਾਰ ਰੁਪਿਆ ਮਹੀਨਾ ਬਚਾ ਕੇ ਆਪਣੇ ਬਾਪੂ ਨੂੰ ਭੇਜ ਦਿੰਦਾ।ਰਾਮੂੰ ਆਪਣੀ ਤੀਹ ਹਜ਼ਾਰ ਦੀ ਰਕਮ ਨੂੰ ਵੀ ਚੰਗਾ ਸਮਝਦਾ, ਕਿਉਂਕਿ ਪਿੰਡ ਉਸਨੂੰ ਦਿਹਾੜੀਆਂ ਲਾ ਕੇ ਮਸਾਂ ਪੰਜ ਛੇ ਹਜ਼ਾਰ ਰੁਪਏ ਮਿਲਦੇ ਸਨ।
     ਰਾਮੂੰ ਦਾ ਦੋ ਸਾਲ ਦਾ ਠੇਕਾ ਮੁੱਕ ਗਿਆ।ਪਰ ਇਸ ਦੇ ਠੇਕੇਦਾਰ ਨੇ ਇਸ ਦੇ ਮਿਹਨਤੀ ਸੁਭਾਅ ਕਰਕੇ ਇਸ ਦੇ ਵੀਜ਼ੇ ਦੀ ਮਿਆਦ ਦੋ ਸਾਲ ਹੋਰ ਵਧਾ ਦਿੱਤੀ।ਰਾਮੂ ਨੂੰ ਖੁਸ਼ੀ ਹੋਈ ਕਿ ਹੁਣ ਅਗਲੇ ਦੋ ਸਾਲਾਂ ਵਿੱਚ ਉਹ ਧੰਨੀ ਰਾਮ ਦਾ ਕਰਜ਼ਾ ਮੋੜ ਦੇਵੇਗਾ ਅਤੇ ਕੁੱਝ ਪੈਸੇ ਵਿਆਹ ਲਈ ਵੀ ਜੁੜ ਜਾਣਗੇ।ਪਰ ਇਸ ਵਿਚਾਰੇ ਨੂੰ ਕੀ ਪਤਾ ਸੀ ਕਿ ਇਸ ਦੀ ਭੈਣ ਨਾਲ ਕੀ ਬੀਤੀ ਹੈ? ਪਤਾ ਨਹੀਂ ਕਿੰਨੇ ਹੀ ਗ਼ਰੀਬਾਂ ਦੀਆਂ ਧੀਆਂ ਇਸ ਅਜ਼ਾਦ ਭਾਰਤ ਵਿੱਚ ਮਾਪਿਆਂ ਦੀ ਇਸ ਮਜ਼ਬੂਰੀ ਤੇ ਪਰਦਾ ਪਾਉਂਦੀਆਂ ਆਪਣੀਆਂ ਇੱਜ਼ਤਾਂ ਤੇ ਖੇਡ ਗਈਆਂ ਪਰ ਡਾਢੇ ਸਮਾਜ ਅੱਗੇ ਮੂੰਹ ਨਾ ਖੋਲ ਸਕੀਆਂ।ਭਾਰਤੀ ਪ੍ਰਸ਼ਾਸਨ ਫਿਰ ਵੀ ਅਮੀਰਾਂ ਦਾ ਹੀ ਪੱਖ ਪੂਰਦਾ ਹੈ।ਗਰੀਬ ਪਾਸ ਆਪਣੀ ਬੁੱਕਲ ਵਿੱਚ ਸਿਰ ਲਕੋ ਕੇ ਰੋਣ ਬਿਨਾਂ ਕੋਈ ਚਾਰਾ ਨਹੀਂ।
    ਰਾਮੂੰ ਦੀ ਕਿਸਮਤ ਨੇ ਮੋੜਾ ਖਾਧਾ।ਡੁਬੱਈ ਰਹਿੰਦਿਆਂ ਇਸ ਦੇ ਕੰਮ ਦੇ ਕਿਸੇ ਸਾਥੀ ਨੇ ਇੱਕ ਏਜੰਟ ਨਾਲ ਇੰਗਲੈਂਡ ਜਾਣ ਦੀ ਵਿਉਂਤ ਘੜੀ।ਇਹ ਏਜੰਟ ਪਹਿਲਾਂ ਫਰਾਂਸ ਲਿਜਾਂਦਾ ਅਤੇ ਮੌਕਾ ਪੈਣ ਦੇ ਸਮੁੰਦਰ ਰਸਤੇ ਬਾਰਡਰ ਪਾਰ ਕਰਾ ਦਿੰਦਾ। ਪਰ ਆਪਣੇ ਗਾਹਕਾਂ ਨੂੰ ਇਹ ਜ਼ਰੂਰ ਦੱਸ ਦਿੰਦਾ ਕਿ ਰਸਤਾ ਖ਼ਤਰਨਾਕ ਹੈ, 'ਤੇ ਉਹ ਆਪਣੀ ਜਾਨ ਦੇ ਆਪ ਜ਼ਿੰਮੇਵਾਰ ਹੋਣਗੇ। ਇਸ ਖ਼ਤਰਨਾਕ ਕੰਮ ਦੇ ਪੈਸੇ ਵੀ ਡਾਢੇ ਲੈ ਲੈਂਦਾ ਸੀ।ਇੰਨੇ ਰਿਸਕੀ ਕੰਮ ਹੋਣ ਦੇ ਬਾਵਜੂਦ ਵੀ ਹਜ਼ਾਰਾਂ ਮੁੰਡੇ ਵੱਡੀਆਂ ਰਕਮਾਂ ਦੇ ਕੇ ਆਪਣੀਆਂ ਜਾਨਾਂ ਦੀ ਬਾਜ਼ੀ ਲਗਾ ਕੇ, ਰੋਜ਼ੀ ਰੋਟੀ ਖ਼ਾਤਰ ਵਿਕਸਿਤ ਮੁਲਕਾਂ ਵੱਲ ਵਹੀਰਾਂ ਘੱਤੀ ਬੈਠੇ ਹਨ।ਰਾਮੂੰ ਇਹ ਖ਼ਤਰਾ ਮੁੱਲ ਲੈ ਕੇ ਇੰਗਲੈਂਡ ਆ ਗਿਆ।ਜਿਹੜੇ ਚਾਰ ਪੈਸੇ ਆਪਣੀ ਭੈਣ ਦੀ ਵਿਆਹ ਅਤੇ ਸ਼ਾਹੂਕਾਰ ਦਾ ਕਰਜ਼ਾ ਲਾਹੁਣ ਲਈ ਜੋੜੇ ਸਨ, ਇਸ ਕਾਰਜ ਵਿੱਚ ਲਾ ਦਿੱਤੇ।
    ਰਾਮੂੰ ਦਾ ਇੰਗਲੈਂਡ ਵਿੱਚ ਕੋਈ ਨਜ਼ਦੀਕੀ ਰਿਸ਼ਤੇਦਾਰ ਨਾ ਹੋਣ ਕਰਕੇ ਇਸ ਨੂੰ ਰਿਹਾਇਸ਼ ਦੀ ਬੜੀ ਕਠਿਨਾਈ ਆਈ। ਬਲੈਕ ਬੰਦਿਆਂ ਨੂੰ ਇੰਮੀਗਰੇਸ਼ਨ ਵਾਲਿਆਂ ਦੀ ਫੜ ਫੜਾਈ ਤੋਂ ਡਰਦਿਆਂ, ਇਸ ਨੂੰ ਕੋਈ ਬੰਦਾ ਕਮਰਾ ਕਿਰਾਏ ਤੇ ਨਾ ਦੇਵੇ। ਹਰ ਰੋਜ਼ ਨਾਲ ਲੱਗਦੇ ਗੁਰਦੁਆਰੇ ਜਾ ਕੇ, ਨਾਲੇ ਲੰਗਰ ਖਾ ਆਉਂਦਾ ਅਤੇ ਨਾਲ ਹੀ ਉੱਥੇ ਰਾਤ ਕੱਟ ਲੈਂਦਾ।ਰਾਮੂ ਵਾਹਿਗੁਰੂ ਅੱਗੇ ਰੋਜ਼ ਅਰਦਾਸ ਕਰਦਾ ਕਿ ਕਦੇ ਉਸ ਵਿਚਾਰੇ ਦੀ ਵੀ ਸੁਣੇ ਅਤੇ ਕੋਈ ਰਹਿਣ ਦਾ ਉਪਾਅ ਕਰੇ।ਇੱਕ ਐਤਵਾਰ ਇੱਕ ਸੱਜਣ ਜਿਸ ਨੂੰ ਲੋਕ ਸ਼ੀਰਾ ਕਰਕੇ ਸੱਦਦੇ ਸਨ, (ਇਸ ਵਾਂਗ ਬਲੈਕ ਰਹਿਣ ਵਾਲਾ) ਗੁਰਦੁਆਰੇ ਮੱਥਾ ਟੇਕਣ ਆਇਆ।ਇਸ ਦੀ ਨਿਗਾਹ ਰਾਮੂੰ ਤੇ ਪੈ ਗਈ।ਇਸ ਨੂੰ ਲੱਗਾ ਕਿ ਇਹ ਵੀ ਉਸ ਵਾਂਗ ਫੌਜੀ (ਰਫਿਊਜੀ) ਹੈ।ਜਿਵੇਂ ਇੱਕ ਚੋਰ ਨੂੰ ਦੂਸਰੇ ਚੋਰ ਦੀ ਪਹਿਚਾਣ ਹੁੰਦੀ ਹੈ,ਇਸੇ ਤਰ੍ਹਾਂ ਇੰਮੀਗਰੇਸ਼ਨ ਤੋਂ ਬਿਨਾਂ ਰਫ਼ਿਊਜੀਆਂ, (ਫ਼ੌਜੀਆਂ) ਨੂੰ ਵੀ ਦੂਸਰੇ ਰਫ਼ਿਊਜੀਆਂ ਦੀ ਪਹਿਚਾਣ ਹੁੰਦੀ ਹੈ।
      ਸ਼ੀਰਾ ਲੰਗਰ ਹਾਲ ਵਿੱਚ ਆਪਣੀ ਥਾਲੀ ਲਿਆ ਕੇ ਰਾਮੂੰ ਪਾਸ ਲੰਗਰ ਛੱਕਣ ਲੱਗ ਪਿਆ।ਖਾਂਦਿਆਂ-ਖਾਂਦਿਆਂ ਜਾਣ ਪਹਿਚਾਣ ਕੱਢ ਲਈ। ਜਦੋਂ ਰਾਮੂੰ ਨੇ ਆਪਣੇ ਰਿਹਾਇਸ਼ ਅਤੇ ਕੰਮ ਨਾ ਮਿਲਣ ਦੀ ਗਾਥਾ ਸੁਣਾਈ ਤਾਂ ਸ਼ੀਰੇ ਨੇ ਇਸ ਨੂੰ ਸਲਾਹ ਦਿੱਤੀ ਕਿ ਇਹ ਉਸਨੂੰ ਲੰਡਨ ਕਿਸੇ ਬਾਹਰਲੇ ਕੰਮ ਤੇ ਲੁਆ ਦੇਵੇਗਾ, 'ਤੇ ਇਹ ਦੋਵੇਂ ਵੈਨ ਵਿੱਚ ਜਿਸ ਵਿੱਚ ਇੱਥੋਂ ਹੋਰ ਵੀ ਕਾਮੇ ਕੰਮ ਤੇ ਜਾਂਦੇ ਹਨ, ਨਾਲ ਚਲੇ ਜਾਇਆ ਕਰਨਗੇ।ਰਿਹਾਇਸ਼ ਵੀ ਦੋਵੇਂ ਇਕੱਠੇ ਇੱਕ ਕਮਰੇ ਵਿੱਚ ਕਰ ਲੈਣਗੇ।ਇਹ ਕੰਮ ਹੈ ਤਾਂ ਭਾਰਾ ਅਤੇ ਸਦਾ ਮੀਂਹ ਹਨ੍ਹੇਰੀਆਂ ਅਤੇ ਬਰਫ਼ ਪੈਂਦੀ ਵਿੱਚ ਹੀ ਕਰਨਾ ਪੈਂਦਾ ਹੈ।ਸ਼ੀਰੇ ਦੀ ਗੱਲ ਸੁਣ ਕੇ ਰਾਮੂੰ ਨੇ ਇਕਦੱਮ ਹਾਂ ਕਰ ਦਿੱਤੀ ਕਿ ਕੱਲ੍ਹ ਤੋਂ ਹੀ ਇਹ ਉਸ ਨਾਲ ਕੰਮ 'ਤੇ ਚਲਾ ਜਾਵੇਗਾ।
    ਮਜ਼ਬੂਰੀ ਵੱਸ ਰਾਮੂੰ ਨੇ ਸ਼ੀਰੇ ਨਾਲ ਕੰਮ 'ਤੇ ਤਾਂ ਜਾਣਾ ਸ਼ੁਰੂ ਕਰ ਦਿੱਤਾ। ਪਰ ਇੰਗਲੈਂਡ ਦਾ ਠੰਡਾ ਮੌਸਮ, ਉਪਰੋਂ ਬਰਫ਼ਬਾਰੀ ਅਤੇ ਤੇਜ਼ ਹਵਾਵਾਂ। ਰਾਮੂ ਦੇ ਠੰਡ ਨਾਲ ਕੰਨ ਮੂੰਹ ਲਾਲ ਹੋ ਜਾਣੇ। ਅੱਖਾਂ ਵਿੱਚੋਂ ਸੀਤ ਲਹਿਰ ਨਾਲ ਪਾਣੀ ਵੱਗਣ ਤੋਂ ਨਾ ਹਟੇ।ਇੱਧਰ ਸੁਪਰਵਾਈਜ਼ਰ ਕੰਮ ਨੂੰ ਸੀਮਤ ਸਮੇਂ ਵਿੱਚ ਨਿਬੇੜਨ ਦੀ ਤਾੜਨਾ ਕਰੇ। ਮਜ਼ਬੂਰੀ ਇਨਸਾਨ ਤੋਂ ਕੀ ਨਹੀਂ ਕਰਾਉਂਦੀ। ਭਾਰਤ ਵਿੱਚ ਬੈਠਾ ਕੋਈ ਵੀ ਇਨਸਾਨ ਇਹ ਸੋਚਦਾ ਹੋਏਗਾ ਕਿ ਇਹ ਪ੍ਰਵਾਸੀ (NRI) ਧੜਾ ਧੜ ਕੋਠੀਆਂ ਬਣਾਈ ਜਾ ਰਹੇ ਹਨ।ਜਦੋਂ ਕਦੇ ਛੁੱਟੀਆਂ ਵਿੱਚ ਭਾਰਤ ਜਾਂਦੇ ਹਨ ਤਾਂ ਪੈਸਾ ਖ਼ਰਚਨ ਲੱਗੇ ਅੱਗਾ ਪਿੱਛਾ ਨਹੀਂ ਦੇਖਦੇ।ਜ਼ਨਾਨੀਆਂ ਮਹਿੰਗਾ ਸੂਟ ਲੈਣ ਲੱਗੀਆਂ ਦੁਕਾਨਦਾਰ ਨੂੰ ਭਾਅ ਘੱਟ ਕਰਨ ਨੂੰ ਨਹੀਂ ਪੁੱਛਦੀਆਂ, ਚਾਹੇ ਜਿੰਨੀ ਮਰਜ਼ੀ ਛਿੱਲ ਲਾਹ ਲਵੇ। ਇਨ੍ਹਾਂ ਨੂੰ ਕੌਣ ਦੱਸੇ ਕਿ ਇਹੋ ਜਿਹੀਆਂ ਭਿਆਨਕ ਰੁੱਤਾਂ ਅਤੇ ਖ਼ਤਰਨਾਕ ਹਾਲਤਾਂ ਵਿੱਚ ਕਿਵੇਂ ਪੌਂਡ ਅਤੇ ਡਾਲਰ ਕਮਾਏ ਜਾਂਦੇ ਹਨ?
    ਰਾਮੂੰ ਮਨ ਮਾਰ ਕੇ ਮਿਹਨਤ ਨਾਲ ਇੰਗਲੈਂਡ ਕੰਮ ਕਰਦਾ ਗਿਆ।ਪੰਜ ਛੇ ਸਾਲ ਲੰਘ ਗਏ। ਕੋਈ ਪੱਕੇ ਹੋਣ ਦਾ ਤਾਂ ਚਾਂਸ ਹੀ ਨਹੀਂ ਸੀ।ਇੱਥੋਂ ਦੀ ਜੰਮਪਲ ਕੁੜੀ ਭਾਰਤ ਦੇ ਮੁੰਡਿਆਂ ਨਾਲ ਵਿਆਹ ਨਹੀਂ ਕਰਦੀਆਂ ਬੱਸ ਪੈਸਾ ਕਮਾਉਣਾ ਹੀ ਰਾਮੂੰ ਦੀ ਜ਼ਿੰਦਗੀ ਬਣ ਗਿਆ ਸੀ।ਇਸ ਦੀ ਆਪਣੀ ਉਮਰ ਤੀਹਾਂ ਨੂੰ ਟੱਪ ਗਈ ਸੀ। ਪਿੱਛੇ ਪੰਜਾਬ ਵਿੱਚ ਭੈਣਾਂ ਦੀ ਉਮਰ ਵੀ ਵਿਆਹ ਤੋਂ ਟੱਪਦੀ ਜਾ ਰਹੀ ਸੀ।ਕਦੇ-ਕਦੇ ਸੋਚਦਾ ਕਿ ਹੁਣ ਭੈਣਾਂ ਦੇ ਵਿਆਹਾਂ ਜੋਗਾ ਪੈਸਾ ਤਾਂ ਜੋੜ ਲਿਆ ਹੈ, ਕਿਉਂ ਨਾ ਵਾਪਸ ਪੰਜਾਬ ਮੁੜਿਆ ਜਾਵੇ।ਪਰ ਫਿਰ ਵਿਆਹਾਂ ਤੋਂ ਬਾਅਦ ਬੇਕਾਰੀ ਦਾ ਦੈਂਤ ਸਾਹਮਣੇ ਖੜ੍ਹਾ ਨਜ਼ਰ ਆਉਣ ਲੱਗਦਾ।
    ਮੁਸ਼ਕਲਾਂ ਅਤੇ ਮੁਸੀਬਤਾਂ ਦੀ ਲੜਾਈ ਲੜਦਾ ਇਹ ਸਾਹਸੀ ਯੋਧਾ, ਫਿਰ ਵੀ ਕਿਸੇ ਉੱਜਲੇ ਭਵਿੱਖ ਦੀ ਆਸ ਲਾਈ ਬੈਠਾ ਸੀ।ਆਪਣਾ ਇਰਾਦਾ ਪੱਕਾ ਕਰਕੇ ਹਨ੍ਹੇਰੇ ਦੀ ਸੁਰੰਗ ਵਿੱਚੋਂ ਸੂਰਜ ਦੀ ਕਿਰਨ ਭਾਲਦਾ।ਇੰਗਲੈਂਡ ਵਿੱਚ ਪਹੁੰਚਣ ਵਾਂਗ ਸਦਾ ਹੀ ਯਤਨਸ਼ੀਲ ਰਹਿੰਦਾ ਕਿ ਕੋਈ ਨਾ ਕੋਈ ਰਾਹ ਲੱਭ ਕੇ ਜਾਂ ਤਾਂ ਇੰਗਲੈਂਡ ਵਿੱਚ ਪੱਕਿਆਂ ਹੋਇਆ ਜਾਵੇ, ਜਾਂ ਫਿਰ ਕਿਸੇ ਹੋਰ ਮੁਲਕ ਦੀ ਉਡਾਰੀ ਮਾਰੀ ਜਾਵੇ।ਚਾਹ ਨੂੰ ਰਾਹ ਦੇ ਵਾਂਗ ਇਸ ਨੇ ਦੁਬਾਰਾ ਆਪਣੇ ਦੋਸਤ ਸੋਢੀ ਨਾਲ ਆਪਣੀ ਕਹਾਣੀ ਸਾਂਝੀ ਕੀਤੀ ਤੇ ਆਪਣੀ ਕੈਨੇਡਾ ਜਾਣ ਦੀ ਇੱਛਾ ਜਾਹਿਰ ਕੀਤੀ।ਸੋਢੀ ਨੇ ਉੱਡਦੀ ਜਿਹੀ ਜਾਣਕਾਰੀ ਦਿੱਤੀ ਕਿ ਵਲ਼ੈਤ ਅਤੇ ਹੋਰ ਯੂਰਪੀਅਨ ਮੁਲਕਾਂ ਤੋਂ ਮੁੰਡੇ ਬਲੈਕ ਵਿੱਚ ਤਾਂ ਆ ਰਹੇ ਹਨ, ਪਰ ਪੈਸਿਆਂ ਦੀਆਂ ਪੰਡਾਂ ਲੱਗ ਜਾਂਦੀਆਂ ਹਨ।ਏਜੰਟ ਕੈਨੇਡਾ ਪਹੁੰਚਾਉਣ ਤੱਕ ਪੰਦਰਾਂ ਵੀਹ ਲੱਖ ਰੁਪਿਆ ਲੈ ਲੈਂਦੇ ਹਨ।ਉਸਨੇ ਪੁੱਛਿਆ ਕਿ ਉਹ ਕਿੰਨੇ ਕੁ ਪੈਸੇ ਲਾ ਸਕਦਾ ਹੈ।ਰਾਮੂੰ ਨੇ ਆਖਿਆ ਕਿ ਉਹ ਦਸ ਕੁ ਲੱਖ ਤਾਂ ਲਾ ਦੇਵੇਗਾ ਪਰ ਇਸ ਤੋਂ ਵੱਧ ਨਹੀਂ। ਸੋਢੀ ਨੇ ਆਪਣੀ ਦੋਸਤੀ ਅਤੇ ਰਾਮੂ ਦੇ ਘਰ ਦੀ ਗ਼ਰੀਬੀ ਨੂੰ ਧਿਆਨ ਗੋਚਰੇ ਰੱਖਦੇ ਹੋਏ, ਬਾਕੀ ਰਕਮ ਆਪ ਲਾਉਣ ਦਾ ਵਾਇਦਾ ਕੀਤਾ।ਰਾਮੂੰ ਆਪਣੇ ਦੋਸਤ ਸੋਢੀ ਦੀ ਮੱਦਦ ਨਾਲ ਕੁੱਝ ਚਿਰ ਬਾਅਦ ਕੈਨੇਡਾ ਪਹੁੰਚ ਗਿਆ।
    ਕੈਨੇਡਾ ਪਹੁੰਚ ਕੇ ਰਾਮੂੰ ਆਪਣੇ ਘਰ ਵਾਂਗ ਮਹਿਸੂਸ ਕਰ ਰਿਹਾ ਸੀ।ਕਿਉਂਕਿ ਇੱਥੇ ਇਸ ਦੇ ਦੋਸਤ ਨੇ ਘਰ ਵਿੱਚ ਹੀ ਰਿਹਾਇਸ਼ ਦੇ ਦਿੱਤੀ ਸੀ ਅਤੇ ਨਾਲ ਹੀ ਹੋਰ ਜਰੂਰੀ ਮੱਦਦ। ਇੱਥੇ ਸੋਢੀ ਨੇ ਤਰੱਕੀ ਕਰਦਿਆਂ ਆਪਣੀ ਟਰੱਕਾਂ ਦੀ ਕੰਪਨੀ ਚਲਾ ਰੱਖੀ ਸੀ।ਇਸ ਪਾਸ ਚਾਰ ਪੰਜ ਟਰੱਕ ਸਨ 'ਤੇ ਡਰਾਈਵਰ ਰੱਖ ਕੇ ਇਹ ਕੈਨੇਡਾ ਦੇ ਛੋਟੇ ਸ਼ਹਿਰਾਂ ਵਿੱਚ ਭਾੜਾ ਢੌਂਹਦਾ ਸੀ। ਸੋਢੀ ਨੇ ਰਾਮੂੰ ਨੂੰ ਇੱਕ ਟਰੱਕ ਡਰਾਈਵਰ ਨਾਲ ਸਹਾਇਤਾ ਕਰਨ ਦੀ ਨੌਕਰੀ ਦੇ ਦਿੱਤੀ।ਰਾਮੂੰ ਕਈ ਵਾਰ ਆਪਣੇ ਦੋਸਤ ਸੋਢੀ ਦੀ ਇਸ ਦੀ ਜ਼ਿੰਦਗੀ ਵਿੱਚ ਕੀਤੀ ਮਦਦ ਦੀ ਦਾਦ ਦਿੰਦਾ ਭਾਵੁਕ ਹੋ ਜਾਂਦਾ ਅਤੇ ਸੋਚਦਾ ਕਿ ਮੁਲਕ ਦੇ ਫ਼ਿਰਕੂ ਆਗੂਆਂ ਨੂੰ ਕੌਮ ਦੇ ਭਰਾਵਾਂ ਵਾਂਗ ਰਹਿੰਦੇ ਇਨਸਾਨਾਂ ਨੂੰ ਐਵੇਂ ਵੱਖ-ਵੱਖ ਵਰਗਾਂ ਵਿੱਚ ਵੰਡ ਕੇ ਸਮਾਜ ਨੂੰ ਅੱਡੋ-ਅੱਡ ਕੀਤਾ ਹੋਇਆ ਹੈ, ਤਾਂ ਕਿ ਆਪਣੀਆਂ ਰਾਜਨੀਤਿਕ ਰੋਟੀਆਂ ਸੇਕੀ ਜਾਣ ਅਤੇ ਸੱਤਾ ਤੇ ਕਾਬਜ਼ ਰਹਿਣ।
    ਪਿੰਡਾਂ ਵਿੱਚ ਵੱਖ-ਵੱਖ ਧੜੇ ਬਣਾ ਕੇ, ਵੱਖ-ਵੱਖ ਗੁਰਦੁਆਰੇ ਬਣਾ ਕੇ ਧਰਮਾਂ ਦੀਆਂ ਵੰਡੀਆਂ ਪਾ ਦਿੱਤੀਆਂ ਹਨ। ਮਨੂੰ ਨੇ ਤਾਂ ਇਹ ਭੈੜੀ ਪ੍ਰਣਾਲੀ ਚਲਾਈ ਹੀ ਸੀ,ਪਰ ਮੌਜੂਦਾ ਆਗੂਆਂ ਨੇ ਇਸ ਬੀਮਾਰੀ ਨੂੰ ਦੂਰ ਕਰਨ ਦੀ ਬਿਜਾਏ ਸਗੋਂ ਸਮਾਜ ਵਿੱਚ ਅਸਿੱਧੇ ਤੌਰ 'ਤੇ ਜਾਤਾਂ ਪਾਤਾਂ ਨੂੰ ਤੂਲ ਦੇ ਕੇ ਆਪਣੇ ਹੀ ਰਾਜਸੀ ਜਾਂ ਸਿਆਸੀ ਮਸਲੇ ਹੱਲ ਕੀਤੇ। ਸਮਾਜ ਦੇ ਵੱਖ-ਵੱਖ ਵਰਗ ਇਸ ਦੀ ਬੀਮਾਰੀ ਦੀ ਜੜ੍ਹ ਤੱਕ ਜਾਣ ਦੀ ਬਿਜਾਏ ਆਪਸ ਵਿੱਚ ਹੀ ਉੱਲਝੇ ਪਏ ਨੇ।ਆਪਸ ਵਿੱਚ ਵੰਡੇ ਹੋਏ ਲੋਕੀਂ ਕਿਉਂ ਨਹੀਂ ਸਮਝ ਰਹੇ ਕਿ ਉਹ ਆਪ ਖ਼ੁਦ ਘੱਟ ਗਿਣਤੀਆਂ 'ਚੋਂ ਹਨ, ਇਸ ਤੋਂ ਉੱਪਰ ਹੋਰ ਵੰਡੀਆਂ ਪਾ ਕੇ ਹੋਰ ਕੀ ਖੱਟਣਗੇ?
    ਰਾਮੂੰ ਸੋਢੀ ਦੀ ਕੰਪਨੀ ਵਿੱਚ ਹੁਣ ਇੱਕ ਸਿੱਖਿਅੱਕ ਡਰਾਈਵਰ ਬਣ ਗਿਆ।ਇਸ ਦਾ ਪੀ. ਆਰ. ਦਾ ਕੇਸ ਕਿਸੇ ਚੰਗੇ ਵਕੀਲ ਰਾਹੀਂ ਲਾ ਦਿੱਤਾ ਗਿਆ।ਸੋਢੀ ਕਦੇ ਵੀ ਇਸ ਗੱਲ ਦਾ ਨਜ਼ਾਇਜ ਫ਼ਾਇਦਾ ਨਾ ਲੈਂਦਾ ਕਿ ਰਾਮੂੰ ਅਜੇ ਕੈਨੇਡਾ ਵਿੱਚ ਕੱਚਾ ਹੈ। ਉਹ ਬਾਕੀ ਡਰਾਈਵਰਾਂ ਵਾਂਗ ਪੂਰੀ ਤਨਖ਼ਾਹ ਦਿੰਦਾ।ਰਾਮੂੰ ਆਰਥਿਕ ਤੌਰ 'ਤੇ ਪੂਰੀ ਤਰ੍ਹਾਂ ਆਪਣੇ ਪੈਰਾਂ 'ਤੇ ਖੜ੍ਹ ਗਿਆ ਸੀ। ਸਿਰਫ਼ ਹੁਣ ਲੋੜ ਸੀ ਕਿ ਇਸ ਨੂੰ ਪੀ. ਆਰ. (Permanenet Residence) ਮਿਲ ਜਾਵੇ। ਇੱਕ ਸਾਊ ਸੁਭਾਅ ਦਾ ਇਨਸਾਨ ਆਮ ਮੁੰਡਿਆਂ ਵਾਂਗ ਸ਼ਰਾਬ ਪੀਣ ਜਾਂ ਬਾਹਰ ਘੁੰਮਣ ਫਿਰਨ ਦਾ ਆਦੀ ਨਹੀਂ ਸੀ। ਕੰਮ ਤੋਂ ਘਰ ਅਤੇ ਘਰ ਤੋਂ ਕੰਮ।ਅਗਰ ਮਨ ਉਦਾਸ ਹੋਣਾ ਤਾਂ ਸੋਢੀ ਦੇ ਪਰਿਵਾਰ ਨਾਲ ਬੈਠ ਕੇ ਸਮਾਂ ਬਿਤਾ ਲੈਣਾ।ਸੋਢੀ ਨੇ ਇਸ ਨੂੰ ਆਪਣੇ ਘਰ ਦੀ ਬੇਸਮੈਂਟ ਦੇ ਰੱਖੀ ਸੀ ਅਤੇ ਇਹ ਰੋਟੀ ਪਾਣੀ ਸੋਢੀ ਦੇ ਪਰਿਵਾਰ ਨਾਲ ਹੀ ਖਾ ਲੈਂਦਾ। ਸੋਢੀ ਨੂੰ ਰਾਮੂੰ ਆਪਣਾ ਦੂਸਰਾ ਭਰਾ ਸਮਝਦਾ। ਇਸ ਕਰਕੇ ਇਸ ਦਾ ਦਿਲ ਕਦੇ ਉਦਾਸ ਨਾ ਹੁੰਦਾ।
    ਰਾਮੂੰ ਦੇ ਇੰਮੀਗਰੇਸ਼ਨ (ਪੀ. ਆਰ.) ਦੇ ਕੇਸ ਨੂੰ ਹੁਣ ਸਾਲ ਤੋਂ ਉੱਪਰ ਹੋ ਗਿਆ ਸੀ। ਇਸ ਨੂੰ ਹੁਣ ਕਦੇ ਵੀ ਖੁਸ਼ੀ ਦੀ ਖ਼ਬਰ ਆ ਸਕਦੀ ਸੀ।ਪਿੱਛੇ ਪੰਜਾਬ ਵਿੱਚ ਮਾਪੇ ਆਪਣੇ ਪੁੱਤ ਅਤੇ ਭੈਣਾਂ ਹਰ ਰੋਜ਼ ਆਪਣੇ ਭਰਾ ਦਾ ਰਾਹ ਤੱਕਦੀਆ ਰਹਿੰਦੀਆਂ। ਰੋਜ਼ਾਨਾਂ ਵਾਂਗ ਅੱਜ ਵੀ ਰਾਮੂੰ ਨੇ ਵੈਨਕੂਵਰ ਤੋਂ ਟਰੱਕ ਦਾ ਲੋਡ ਲੱਦਿਆ 'ਤੇ ਕੈਮਲੂਪਸ ਲਈ ਟਰੱਕ ਤੌਰ ਲਿਆ। ਸਰਦੀਆਂ ਦੇ ਦਿਨ ਅਤੇ ਰਾਤ ਦੀ ਬਰਫ਼ਬਾਰੀ ਹੋਣ ਕਰਕੇ ਸੜਕਾਂ ਤੇ ਬਰਫ਼ ਜੰਮੀ ਪਈ ਸੀ।ਪਹਾੜੀ ਰਸਤਾ ਹੋਣ ਕਰਕੇ ਪਹਾੜਾਂ ਤੇ ਪਈ ਹੋਈ ਬਰਫ਼ ਇਉਂ ਲੱਗ ਰਹੀ ਸੀ, ਜਿਵੇਂ ਰੱਬ ਨੇ ਇੱਕ ਦੁੱਧ ਚਿੱਟੀ ਚਾਦਰ ਵਿਛਾ ਰੱਖੀ ਹੋਵੇ।ਸੜਕ ਤੇ ਵਿਰਲੀਆਂ ਹੀ ਗੱਡੀਆਂ ਚੱਲ ਰਹੀਆਂ ਸਨ।ਰਾਮੂੰ ਆਪਣੀ ਧੀਮੀ ਚਾਲੇ ਆਪਣੀ ਮੰਜ਼ਿਲ ਵੱਲ ਵੱਧ ਰਿਹਾ ਸੀ। ਭਾਵੇਂ ਹੁਣ ਬਰਫ਼ ਪੈਣੀ ਬੰਦ ਹੋ ਚੁੱਕੀ ਸੀ, ਪਰ ਫਿਰ ਵੀ ਹਵਾ ਵਿੱਚੋਂ ਬਰਫ਼ ਨਾਲ ਭਰੇ ਵਰੋਲੇ ਜਿਹੇ ਟਰੱਕ ਦੇ ਮੋਹਰਲੇ ਸ਼ੀਸ਼ੇ 'ਤੇ ਡਿੱਗ ਕੇ ਆਪਣੀ ਹੋਂਦ ਦਾ ਅਹਿਸਾਸ ਕਰਾ ਰਹੇ ਸਨ।ਰਾਮੂੰ ਗੱਡੀ ਦੇ ਵਾਈਪਰਾਂ ਦਾ ਬਟਨ ਨੱਪ ਕੇ ਬਰਫ਼ ਨੂੰ ਸ਼ੀਸ਼ੇ ਤੋਂ ਪਰ੍ਹੇ ਕਰਨ ਦੀ ਕੋਸ਼ਿਸ਼ ਕਰਦਾ।ਕਦੇ-ਕਦੇ ਬਰਫ਼ ਦੇ ਗੋਲੇ ਵੱਧ ਜਾਣ ਤਾਂ ਰਾਮੂੰ ਆਪਣਾ ਟਰੱਕ ਸੜਕ ਦੇ ਇੱਕ ਪਾਸੇ ਖੜ੍ਹਾ ਕਰਕੇ, ਬਰਫ਼ ਮੱਧਮ ਹੋਣ ਦੀ ਇੰਤਜ਼ਾਰ ਕਰਦਾ।    
    ਰਾਮੂੰ ਦਾ ਟਰੱਕ ਪਹਾੜਾਂ ਦੀਆਂ ਵਿੰਗੀਆਂ ਟੇਢੀਆਂ ਘਾਟੀਆਂ ਰਾਹੀਂ ਲੰਘਦਾ ਹੋਇਆ ਹੌਲੀ-ਹੌਲੀ ਆਪਣੀ ਮੰਜ਼ਿਲ ਵੱਲ ਵੱਧ ਰਿਹਾ ਸੀ। ਇਸ ਨੇ ਆਪਣੇ ਨਿਸ਼ਚਿਤ ਸਮੇਂ 'ਤੇ ਟਰੱਕ ਦਾ ਲੋਡ ਟਿਕਾਣੇ 'ਤੇ ਪਹੁੰਚਾਉਣਾ ਸੀ।ਇਸ ਕਰਕੇ ਇਹ ਰਸਤੇ ਵਿੱਚ ਬਹੁਤਾ ਵੀ ਰੁੱਕ ਨਹੀਂ ਸੀ ਸਕਦਾ। ਜਾਂਦਿਆਂ-ਜਾਂਦਿਆਂ ਇਸ ਨੂੰ ਆਪਣੇ ਪਿਛੋਕੜ ਦੀ ਯਾਦ ਆ ਜਾਂਦੀ।ਆਪਣੇ ਮਾਂ ਬਾਪ ਦੀ ਗ਼ਰੀਬੀ ਅਤੇ ਭੈਣਾਂ ਦਾ ਪਿਆਰ।ਦੂਸਰੇ ਪਾਸੇ ਇਸ ਨੂੰ ਆਪਣੀ ਪੀ. ਆਰ. ਮਿਲਣ ਦੇ ਸੁਪਨਿਆਂ ਵਿੱਚ ਗੁਆਚਾ ਇਹ ਮਨੋ ਮਨੀ ਪੰਜਾਬ ਆਪਣੇ ਘਰ ਪਹੁੰਚ ਜਾਂਦਾ।ਮੁੱਦਤਾਂ ਤੋਂ ਛੱਡੇ ਆਪਣੇ ਮਾਂ ਬਾਪ ਅਤੇ ਭੈਣਾਂ ਦੀ ਨਿੱਘੀ ਯਾਦ, ਇਸ ਦੀ ਛਾਤੀ ਚੀਰ ਜਾਂਦੀ। ਫੇਰ ਰੱਬ ਦਾ ਸ਼ੁਕਰ ਕਰਦਾ ਕਿ ਰੱਬ ਨੇ ਉਸ ਨੂੰ ਇੱਕ ਅਮੀਰ ਦੇਸ਼ ਵਿੱਚ ਭੇਜ ਦਿੱਤਾ ਹੈ, ਜਿੱਥੇ ਇਸ ਦੀ ਕਿਸਮਤ ਦੇ ਸਿਤਾਰੇ ਹੁਣ ਚਮਕਣ ਹੀ ਵਾਲੇ ਹਨ।
    ਇਨ੍ਹਾਂ ਸੋਚਾਂ ਦੀ ਘੁੰਮਣ ਘੇਰੀ ਵਿੱਚ ਘਿਰਿਆ ਰਾਮੂੰ ਮੋੜ ਤੋਂ ਟਰੱਕ ਦਾ ਸਟੀਅਰਿੰਗ ਇਕਦੱਮ ਮੋੜਨ ਲੱਗਾ, ਕਿਉਂਕਿ ਇਸ ਨੂੰ ਲੱਗਾ ਕਿ ਖੱਡਾ ਬਹੁਤ ਲਾਗੇ ਹੈ। ਬਰਫ਼ ਪਈ ਹੋਣ ਕਰਕੇ ਅਤੇ ਇਕਦੱਮ ਬਰੇਕ ਲੱਗਣ ਕਰਕੇ ਟਰੱਕ ਇੱਕ ਪਾਸੇ ਨੂੰ ਫਿੱਸਲ ਗਿਆ 'ਤੇ ਦੇਖਦਿਆਂ-ਦੇਖਦਿਆਂ ਇੱਕ ਡੂੰਘੀ ਖਾਈ ਵਿੱਚ ਜਾ ਡਿੱਗਆ।ਪਿੱਛੇ ਆਉਂਦੇ ਟਰੱਕ ਡਰਾਈਵਰ ਨੇ ਇਹ ਹਾਦਸਾ ਅੱਖੀਂ ਦੇਖਿਆ ਤਾਂ ਬਿਨਾਂ ਦੇਰੀ ਕੀਤਿਆਂ ਪੁਲੀਸ ਨੂੰ ਫੋਨ ਕਰ ਦਿੱਤਾ।ਮਿੰਟਾਂ ਵਿੱਚ ਹੀ ਪੁਲੀਸ ਐਬੂਲੈਂਸ ਵਾਲਾ ਹੈਲੀਕੋਪਟਰ ਮੌਕੇ 'ਤੇ ਪਹੁੰਚਿਆ। ਰਾਮੂੰ ਦੀ ਡਰਾਈਵਰ ਵਾਲੀ ਬਾਰੀ ਵੱਢ ਕੇ ਇਸ ਨੂੰ ਬਾਹਰ ਕੱਢਿਆ।ਪਰ ਐਕਸੀਡੈਂਟ ਇੰਨਾ ਖ਼ਤਰਨਾਕ ਸੀ, ਕਿ ਉਸ ਦਾ ਸਾਰਾ ਸਰੀਰ ਲਹੂ ਨਾਲ ਲੱਥ-ਪੱਥ ਹੋਇਆ ਪਿਆ ਸੀ।ਪਰ ਉਸਦੀ ਨਬਜ਼ ਕਿਤੇ-ਕਿਤੇ ਚੱਲ ਰਹੀ ਸੀ।
      ਪੁਲੀਸ ਰਾਮੂੰ ਨੂੰ ਹੈਲੀਕੋਪਟਰ ਵਿੱਚ ਰੱਖ ਕੇ ਹਸਪਤਾਲ ਵੱਲ ਉੱਡ ਪਿਆ।ਟਰੱਕ ਨੂੰ ਅੱਗ ਲੱਗਣ ਕਰਕੇ ਅੱਧੇ ਨਾਲੋਂ ਵੱਧ ਸਰੀਰ ਅੱਗ ਵਿੱਚ ਝੁੱਲਸ ਚੁੱਕਾ ਸੀ ਅਤੇ ਖੱਡ ਵਿੱਚ ਡਿੱਗਦਿਆਂ ਸਾਰ ਸਿਰ ਵਿੱਚ ਡੂੰਘੀ ਸੱਟ ਲੱਗ ਗਈ ਸੀ।ਖ਼ੂਨ ਹੱਦੋਂ ਵੱਧ ਵੱਗ ਗਿਆ ਸੀ ਅਤੇ ਨਾਲ ਹੀ ਅੱਗ ਨਾਲ ਝੁਲਸਣ ਦੀ ਅਥਾਹ ਪੀੜ।ਹੈਲੀਕੋਟਰ ਵਿੱਚ ਮੈਡੀਕਲ ਸਟਾਫ਼ ਦੀ ਅਣਥੱਕ ਕੋਸ਼ਿਸ ਦੇ ਬਾਵਜੂਦ ਰਾਮੂੰ ਦੀ ਹਾਲਤ ਵਿਗੜਦੀ ਗਈ।ਰਾਮੂੰ ਨੇ ਅਚਾਨਕ ਇੱਕ ਡੂੰਘਾ ਸਾਹ ਲਿਆ ਤੇ ਰੱਬ ਨੂੰ ਪਿਆਰਾ ਹੋ ਗਿਆ।ਆਪਣੇ ਉੱਜਲੇ ਭਵਿੱਖ ਦੀ ਆਸ ਵਿੱਚ ਤੁਰਿਆ ਇਹ ਵਿਖੜੇ ਪੈਂਡਿਆਂ ਦਾ ਰਾਹੀ ਆਪਣੀ ਮੰਜ਼ਿਲ ਅਧੂਰੀ ਛੱਡ ਕੇ ਕਿਸੇ ਅਣਜਾਣ ਮੰਜ਼ਿਲ ਵਲ ਤੁਰ ਗਿਆ।ਪਿੱਛੇ ਮਾਪੇ ਅਤੇ ਭੈਣਾਂ ਅਜੇ ਵੀ ਉਸ ਰਾਹੀ ਦਾ ਰਾਹ ਤੱਕਦੀਆਂ ਰੋ ਰੋ ਕੇ ਅੱਖਾਂ ਸੁਜਾਈ ਬੈਠੀਆਂ ਹਨ।

ਬਲਵੰਤ ਸਿੰਘ ਗਿੱਲ (ਬੈਡਫੋਰਡ)
ਮੋ: 7400717165

ਅੱਜ ਮੈਨੂੰ ਫੇਰ ਯਾਦ ਆਈ ਏ - ਬਲਵੰਤ ਸਿੰਘ ਗਿੱਲ

ਸਮਿਆਂ ਦੀ ਗ਼ਰਦਸ਼ ਥੱਲੇ,
ਫਿਰਕੂਆਂ ਦੇ ਹੋਏ ਹੱਲੇ 'ਤੇ ਹੱਲੇ,
ਰਾਸ਼ਟਰਵਾਦ ਦੇ ਬੱਦਲਾਂ ਥੱਲੇ,
ਮੱਜ਼੍ਹਬਾਂ ਦੇ ਵਿੱਚ ਘਿਰੀ ਹੋਈ,
ਪੰਜਾਬੀ ਮਾਂ ਬੋਲੀ ਦੀ,
ਅੱਜ ਮੈਨੂੰ ਯਾਦ ਆਈ ਏ,
ਇਸ ਲਾਚਾਰ ਅਤੇ ਬੇਵੱਸ ਮਾਂ ਦੀ,
ਦਿਲੋਂ ਫ਼ਰਿਆਦ ਆਈ ਏ।

ਤੱੜਕੇ ਉੱੱਠਦੇ ਹਾਲੀਆਂ ਦੀ,
ਬੱਲਦਾਂ ਗੱਲ ਪੰਜਾਲੀਆਂ ਦੀ,
ਮੁੰਨੇ ਅਤੇ ਅੱਰਲੀਆਂ ਦੀ,
ਕੁਨੂੰ ਅਤੇ ਖੁੱਰਲੀਆਂ ਦੀ,
ਅੱਲ੍ਹੜ ਵਹਿੜਿਆਂ ਦੀਆਂ ਧੁੱਰਲੀਆਂ ਦੀ,
ਅੱਜ ਮੈਨੂੰ ਫੇਰ ਯਾਦ ਆਈ ਏ,
ਪੰਜਾਬੀ ਮਾਂ ਬੋਲੀ ਦੀ,
ਦਿਲੋਂ ਨਿੱਕਲੀ ਫ਼ਰਿਆਦ ਆਈ ਏ।

ਬੇਬੇ ਦੇ ਤੱੜਕੇ ਦੁੱਧ ਰਿੱੜਕਣ ਦੀ,
ਦਰਿੱੜਕਾ ਪੀਣ 'ਤੇ ਫਿਰ ਵੀ ਨਾ ਝਿੱੜਕਣ ਦੀ,
ਕੁੱਕੜ ਬਾਂਗੇ ਖੇਤਾਂ ਨੂੰ ਜਾਂਦੇ,
ਬਾਪੂ ਦੇ ਨ੍ਹੇਰੇ ਵਿੱੜਕਣ ਦੀ,
ਖੇਤਾਂ ਦੇ ਵਿੱਚ ਹੱਲਟ ਜੋੜ ਕੇ,
ਕੁੱਤੇ ਦੀ ਟਿੱਕ ਟਿੱਕ ਦੀ,
ਮਿੱਠੀ ਜਿਹੀ ਇੱਕ ਅਵਾਜ਼ ਆਈ ਏ,
ਅੱਜ ਫੇਰ ਮੈਨੂੰ ਯਾਦ ਆਈ ਏ,
ਪੰਜਾਬੀ ਮਾਂ ਬੋਲੀ ਦੀ,
ਦਿਲੋਂ ਨਿੱਕਲੀ ਫ਼ਰਿਆਦ ਆਈ ਏ।

ਫੱਟੀ ਨੂੰ ਗੂੜੀ ਗਾਜਣੀ ਮਲ੍ਹ ਕੇ,
ਰੱਬਾ ਰੱਬਾ ਧੁੱਪ ਚੜ੍ਹਾ ਦੇ,
ਮੇਰੀ ਫੱਟੀ ਛੇਤੀਂ ਸੁਕਾ ਦੇ,
ਖੜੇ ਹੋ ਕੇ ਪਹਾੜੇ ਕਹਾ ਕੇ,
ਜਦੋਂ ਕੋਈ ਗ਼ਲਤੀ ਹੋ ਜਾਏ,
ਧੁੱਪੇ ਕੁੱਕੜ ਬਣਨ ਦੀ,
ਅੱਜ ਮੈਨੂੰ ਫੇਰ ਯਾਦ ਆਈ ਏ,
ਪੰਜਾਬੀ ਮਾਂ ਬੋਲੀ ਦੀ
ਦਿਲੋਂ ਨਿੱਕਲੀ ਫ਼ਰਿਆਦ ਆਈ ਏ।

ਭਾਪਾ ਤੋਂ ਪਾਪਾ ਬਣੀ ਪੰਜਾਬੀ,
ਮਾਸਟਰ ਤੋਂ ਸਰ ਹੋਈ ਪੰਜਾਬੀ,
ਭੈਣ ਜੀ ਨੂੰ ਮੈਮ ਕਹਿ ਬੁਲਾਵੇ,
ਖੁਬਸੂਰਤ ਤੋਂ ਘੈਂਟ ਹੋਈ ਪੰਜਾਬੀ,
ਸੁੰਢਾਂ ਜੁਐਣਾਂ ਸੌਫਾਂ ਛੱਡ ਕੇ,
ਡਾਕਟਰਾਂ ਦੇ ਘਰ ਭਰੇ ਪੰਜਾਬੀ,
ਕੰਮ ਅਤੇ ਕਸਰਤ ਛੱਡਣ ਕਰਕੇ
ਬੀਮਾਰੀਆਂ ਦੀ ਭੈੜੀ ਸੁਗਾਤ ਆਈ ਏ,

ਪੰਜਾਬੀ ਮਾਂ ਬੋਲੀ ਦੀ ,
ਅੱਜ ਮੈਨੂੰ ਯਾਦ ਆਈ ਏ,
ਦਿਲੋਂ ਨਿੱਕਲੀ ਫ਼ਰਿਆਦ ਆਈ ਏ।

 ਹਿੰਦੀ ਪੰਜਾਬੀ ਦੀ ਰਲਾਵਟ ਤੋਂ,
ਅੰਗਰੇਜ਼ੀ ਸਕੂਲਾਂ ਦੀ ਸਿਜਾਵਟ ਤੋਂ
ਜੇ ਬੱਚਦਾ ਹੈ ਤਾਂ ਬਚਾ ਲਓ ਪੰਜਾਬੀਓ,
ਪੰਜਾਬੀਅਤ ਨੂੰ ਕਿਨਾਰੇ ਕਰਦੇ,
ਕਲਾਕਾਰਾਂ ਨੂੰ ਨੱਥ ਪਾ ਲਓ ਪੰਜਾਬੀਓ,
ਪੰਜਾਬ ਪੰਜਾਬੀਅਤ ਦੇ ਓੁਜਲੇ ਭਵਿੱਖ ਦੀ
'ਗਿੱਲ' ਦੀ ਦਿਲੋਂ ਪੁਕਾਰ ਆਈ ਏ,
ਪੰਜਾਬੀ ਮਾਂ ਬੋਲੀ ਦੀ,
ਅੱਜ ਮੈਨੂੰ ਫੇਰ ਯਾਦ ਆਈ ਏ,
ਦਿਲੋਂ ਨਿੱਕਲੀ ਫਰਿਆਦ ਆਈ ਏ।

 ਬਲਵੰਤ ਸਿੰਘ ਗਿੱਲ
ਬੈਡਫ਼ੋਰਡ