Chamandeep Sharma

ਸਾਈਕਲ - ਚਮਨਦੀਪ ਸ਼ਰਮਾ

ਸਾਈਕਲ ਮੇਰੀ ਨਵੀਂ ਨਕੋਰ,
ਚੰਗਾ ਨਾ ਲੱਗੇ ਕੁੱਝ ਵੀ ਹੋਰ।
ਮੈਨੂੰ ਬਹੁਤ ਲੱਗਦੀ ਪਿਆਰੀ,
ਬੜੀ ਸ਼ਾਨਦਾਰ ਹੈ ਸਵਾਰੀ।
ਸਦਾ ਆਪਣੇ ਹੱਥ ਚਲਾਵਾਂ,
ਲੋੜ ਪੈਣ ਤੇ ਘੰਟੀ ਵਜਾਵਾਂ।
ਗਤੀ ਮੈਂ ਰੱਖਾਂ ਇਸਦੀ ਘੱਟ,
ਔਕੜ 'ਚ ਬਰੇਕ ਦੇਵਾਂ ਦੱਬ।
ਟਾਇਰਾਂ ਦੀ ਹਵਾ ਰੱਖਾਂ ਪੂਰੀ,
ਕੋਈ ਚੀਜ਼ ਨਾ ਛੱਡਾ ਅਧੂਰੀ।
ਸਵੇਰ ਸ਼ਾਮ ਨਿੱਤ ਮੈਂ ਚਲਾਵਾਂ,
ਮਿੱਤਰਾਂ ਨੂੰ ਵੀ ਨਾਲ ਲੈ ਜਾਵਾਂ।
ਪ੍ਰਦੂਸ਼ਣ ਤੇ ਲਗਾਏ ਲਗਾਮ,
ਨਾ ਕਿਤੇ ਲੱਗਣ ਵੱਡੇ ਜਾਮ।
ਚੰਗੀ ਸਿਹਤ ਲਈ ਵਰਦਾਨ,
ਸਰੀਰ ਵਿੱਚ ਪਾ ਦੇਵੇ ਜਾਨ।
ਈਸਟਾ, ਏਕਵੀਰਾ ਦਾ ਕਹਿਣਾ,
ਅਸੀਂ ਵੀ ਨਵਾਂ ਸਾਈਕਲ ਲੈਣਾ।
'ਚਮਨ' ਮੋਬਾਈਲ ਦੇਖਣਾ ਕਰੋ ਬੰਦ,
ਬੱਚਿਓ ਸਾਈਕਲ ਦਾ ਲਓ ਆਨੰਦ।

ਪਤਾ-298, ਚਮਨਦੀਪ ਸ਼ਰਮਾ, ਮਹਾਰਾਜਾ ਯਾਦਵਿੰਦਰਾ ਇਨਕਲੇਵ,
ਨਾਭਾ ਰੋਡ, ਪਟਿਆਲਾ।
ਸੰਪਰਕ ਨੰਬਰ- 95010  33005

ਬਦਾਮ - ਚਮਨਦੀਪ ਸ਼ਰਮਾ

ਪਾਪਾ ਮੇਰੇ ਲਈ ਲਿਆਏ ਬਦਾਮ,
ਰੋਗਾਂ ਦਾ ਹੁਣ ਹੋਊ ਕੰਮ ਤਮਾਮ।
ਇਸਦਾ ਫਾਈਬਰ ਭੁੱਖ ਨੂੰ ਮਾਰੇ,
ਖਾਓ ਸਦਾ ਬਿਨ੍ਹਾਂ ਛਿਲਕ ਉਤਾਰੇ।
ਪਾਣੀ ਵਿੱਚ ਨਾ ਭਿਓ ਕੇ ਰੱਖੋ,
ਪੂਰੇ ਤੱਤਾਂ ਲਈ ਕੱਚੇ ਹੀ ਚੱਬੋ।
ਚਮੜੀ ਦੀ ਕਰਨ ਪੂਰੀ ਸੰਭਾਲ,
ਬਦਾਮੀ ਤੇਲ ਨਾਲ ਹੋਵੇ ਕਮਾਲ।
ਵੱਧ ਮਾਤਰਾ ਵਿੱਚ ਵਿਟਾਮਿਨ ਈ,
ਯਾਦ ਸ਼ਕਤੀ ਨੂੰ ਵਧਾਉਂਦਾ ਜੀ।
ਹੱਡੀਆਂ ਦੇ ਲਈ ਬੜਾ ਗੁਣਕਾਰੀ,
ਕੈਲਸ਼ੀਅਮ ਭਰੇ ਕਮਜ਼ੋਰੀ ਸਾਰੀ।
ਕਬਜ਼ ਦਾ ਇਹ ਕਰਨ ਉਪਚਾਰ,
ਬਿਨਾਂ੍ਹ ਕਸਰਤ ਤੋਂ ਘੱਟਦਾ ਭਾਰ।
ਸਰਦੀਆਂ ਵਿੱਚ ਲੋਕੀ ਵੱਧ ਖਾਂਦੇ,
ਗਰਮ ਤਸੀਰ ਦਾ ਲਾਭ ਪਾਉਂਦੇ।
ਮੋਹੀ,ਦਿਕਸ਼ੂ ਗੱਲ ਸਮਝ ਗਏ,
ਪਾਪਾ ਨਾਲ ਬਦਾਮ ਲੈਣ ਚੱਲ ਪਏ।
'ਚਮਨ'ਬਦਾਮ ਨੇ ਬੜੇ ਲਾਭਕਾਰੀ।
ਦੂਰ ਰੱਖਣ ਸਰੀਰ ਤੋਂ ਬੀਮਾਰੀ।

ਪਤਾ-298, ਚਮਨਦੀਪ ਸ਼ਰਮਾ, ਮਹਾਰਾਜਾ ਯਾਦਵਿੰਦਰਾ ਇਨਕਲੇਵ, ਨਾਭਾ ਰੋਡ , ਪਟਿਆਲਾ।
ਸੰਪਰਕ ਨੰਬਰ- 95010  33005

ਸੱਚੇ ਭਗਤ - ਚਮਨਦੀਪ ਸ਼ਰਮਾ

"ਤੂੰ ਪੰਜ ਵਾਰ ਤਾਂ ਪਹਿਲਾਂ ਭੋਗ ਲਿਜਾ ਚੁੱਕੈ, ਫਿਰ ਆ ਕੇ ਖੜ ਗਿਐ", ਖੀਰ ਦਾ ਪ੍ਰਸਾਦ ਵੰਡ ਰਹੇ ਵਿਅਕਤੀ ਨੇ ਬੱਚੇ ਨੂੰ ਗੁੱਸੇ ਵਿੱਚ ਆ ਕੇ ਭੀੜ ਤੋਂ ਬਾਹਰ ਹੋਣ ਲਈ ਮਜ਼ਬੂਰ ਕਰ ਦਿੱਤਾ।ਮੈਂ ਵੀ ਪ੍ਰਸਾਦ ਲੈਣ ਲਈ ਜਿਵੇਂ ਹੀ ਆਪਣਾ ਹੱਥ ਪ੍ਰਸਾਦ ਵੰਡ ਰਹੇ ਵਿਅਕਤੀ ਵੱਲ ਵਧਾਇਆ ਤਾਂ ਕੰਨਾਂ ਵਿੱਚ ਆਵਾਜ਼ ਪਈ ,"ਭਾਈ ਸਾਹਿਬ ਏਨੀ ਕਾਹਲੀ ਨਾ ਕਰੋ ਪਹਿਲਾਂ ਸੱਚੇ ਭਗਤਾਂ ਵਿੱਚ ਤਾਂ ਵੰਡ ਲੈਣ ਦਿਓ ਜੋ ਹਰ ਰੋਜ਼ ਮੰਦਿਰ ਆਉਂਦੇ ਹਨ।ਇਹ ਆਖ ਉਹ ਵਿਅਕਤੀ ਸ਼ਕਲਾਂ ਦੇਖ ਦੇਖ ਕੇ ਪ੍ਰਸਾਦ ਦੇਣ ਵਿੱਚ ਮਸਤ ਹੋ ਗਿਆ।ਉਸਦੀ ਇਹ ਗੱਲ ਸੁਣ ਕੇ ਕਾਫੀ਼ ਪੁਰਸ਼ ਇਸਤਰੀਆਂ ਦੇ ਚਿਹਰਿਆਂ ਉੱਪਰ ਰੌਣਕ ਜਿਹੀ ਆ ਗਈ।ਪਰੰਤੂ ਮੇਰਾ ਧਿਆਨ ਤਾਂ ਪਰਮਾਤਮਾ ਦੇ ਦਰਬਾਰ ਵਿੱਚ ਸੱਚੇ ਭਗਤਾਂ ਦੀ ਉਪਜੀ ਨਵੀਂ ਸ੍ਰੇਣੀ ਦੇ ਵੱਲ ਸੀ ਜਿਹਨਾਂ ਨੇ ਆਪਣੇ ਦਿਖਾਵੇ ਨਾਲ ਅਲੱਗ ਪਹਿਚਾਣ ਬਣਾ ਲਈ ਸੀ।

ਪਤਾ-298, ਚਮਨਦੀਪ ਸ਼ਰਮਾ, ਮਹਾਰਾਜਾ ਯਾਦਵਿੰਦਰਾ ਇਨਕਲੇਵ,
ਨਾਭਾ ਰੋਡ, ਪਟਿਆਲਾ।
ਸੰਪਰਕ ਨੰਬਰ- 95010  33005

ਪਾਠਕ੍ਰਮ ਵਿੱਚ ਪਰਿਵਰਤਨ ਸਿੱਖਿਆ ਵਿਭਾਗ ਦੀ ਅਗਾਂਹਵਧੂ ਸੋਚ ਦਾ ਪ੍ਰਗਟਾਵਾ - ਚਮਨਦੀਪ ਸ਼ਰਮਾ

ਪਾਠਕ੍ਰਮ ਵਿੱਦਿਆ ਦਾ ਅਨਿੱਖੜਵਾਂ ਅੰਗ ਹੁੰਦਾ ਹੈ।ਸਿੱਖਣ ਸਿਖਾਉਣ ਦੀ ਪ੍ਰਕਿਰਿਆ ਵਿੱਚ ਇਸਦਾ ਸ਼੍ਰ਼ੇਸ਼ਟ ਸਥਾਨ ਹੈ ਜਿਸਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਹੈ।ਇਸ ਤੋਂ ਬਿਨ੍ਹਾਂ ਸਿੱਖਿਆ ਪ੍ਰਾਪਤੀ ਦੀ ਕਲਪਨਾ ਕਰਨੀ ਅਸੰਭਵ ਹੈ।ਪਾਠਕ੍ਰਮ ਦੁਆਰਾ ਹੀ ਨਿਰਧਾਰਿਤ ਕੀਤਾ ਜਾਂਦਾ ਹੈ ਕਿ ਵਿਦਿਅਕ ਸ਼ੈਸਨ ਦੌਰਾਨ ਬੱਚਿਆਂ ਨੂੰ ਕਿਸ ਤਰ੍ਹਾਂ ਦਾ ਗਿਆਨ ਦਿੱਤਾ ਜਾਣਾ ਹੈ।ਪਾਠਕ੍ਰਮ ਯਕੀਨੀ ਬਣਾਉਦਾ ਹੈ ਕਿ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਗਿਆਨ ਰਾਹੀਂ ਉਹਨਾਂ ਦਾ ਸਰਵਪੱਖੀ ਵਿਕਾਸ ਹੋ ਰਿਹਾ ਹੈ ਕਿਉਂ ਜੋ ਸਾਡਾ ਸਮੁੱਚਾ ਵਿਦਿਆ ਤੰਤਰ ਬੱਚੇ ਦੇ ਇਰਦ ਗਿਰਦ ਹੀ ਘੁੰਮਦਾ ਹੈ।ਬੱਚਿਆਂ ਦੇ ਪੱਧਰ, ਰੁਚੀ, ਉਮਰ, ਵਾਤਾਵਰਣ ਆਦਿ ਨੂੰ ਮੱਦੇਨਜ਼ਰ ਰੱਖ ਕੇ ਹੀ ਪਾਠਕ੍ਰਮ ਤਿਆਰ ਕੀਤਾ ਜਾਂਦਾ ਹੈ ਕਿਉਂਕਿ ਬੱਚਾ ਹੀ ਸਿੱਖਿਆ ਦਾ ਧੁਰਾ ਹੁੰਦਾ ਹੈ।ਸਾਡੇ ਸਿੱਖਿਆ ਸ਼ਾਸਤਰੀਆਂ, ਵਿਦਵਾਨਾਂ ਨੇ ਵੀ ਪਾਠਕ੍ਰਮ ਦੀ ਚੋਣ ਸਮੇਂ ਬੱਚਿਆਂ ਨੂੰ ਪ੍ਰਮੁੱਖਤਾ ਦੇਣ  ਬਾਰੇ ਆਪਣੀ ਸਹਿਮਤੀ ਜ਼ਾਹਿਰ ਕੀਤੀ ।ਪਰ ਕਿਤੇ ਨਾ ਕਿਤੇ ਪਾਠਕ੍ਰਮ ਨੂੰ ਲਾਗੂ ਕਰਦੇ ਵੇਲੇ ਬੱਚਿਆਂ ਦੀਆਂ ਰੁਚੀਆਂ, ਉਮਰ, ਪੱਧਰ ਆਦਿ ਨੂੰ ਪੂਰੀ ਤਰ੍ਹਾਂ ਧਿਆਨ ਵਿੱਚ ਨਹੀਂ ਰੱਖਿਆ ਗਿਆ ਭਾਵ ਸਿਲੇਬਸ ਦੀ ਚੋਣ ਕਰਦੇ ਸਮੇਂ ਕੁੱਝ ਖਾਮੀਆਂ ਰਹਿ ਗਈਆ ਜਿਹਨਾਂ ਦਾ ਖਾਮਿਆਜਾ ਵਿਦਿਆਰਥੀਆਂ ਨੂੰ ਭੁਗਤਣਾ ਪਿਆ।ਉਹਨਾਂ ਨੂੰ ਬੇਲੋੜੇ ਪਾਠਕ੍ਰਮ ਦੇ ਭਾਰ ਥੱਲੇ ਦੱਬ ਦਿੱਤਾ ਗਿਆ।ਇਸਦਾ ਨਤੀਜਾ ਇਹ ਹੋਇਆ ਕਿ ਬੋਰਡ ਦੀਆਂ ਪ੍ਰੀਖਿਆਵਾਂ ਵਿੱਚ ਸਫ਼ਲਤਾ ਹੱਥ ਨਾ ਲੱਗਣ ਸਦਕਾ ਬੱਚੇ ਆਤਮ ਹੱਤਿਆ ਕਰਨ ਲੱਗ ਪਏੇ ਹਨ।ਸਿਲੇਬਸ ਦੇ ਜਿਆਦਾ , ਨੀਰਸ ਹੋਣ ਨਾਲ ਬੱਚਿਆਂ ਦੇ ਵੱਲੋਂ ਆਪਣੀ ਪੜ੍ਹਾਈ ਅੱਧ ਵਿਚਕਾਰ ਹੀ ਛੱਡਣ ਦੇ ਰੁਝਾਨ ਵਿੱਚ ਵੀ ਇਜ਼ਾਫਾ ਹੋਇਆ।ਇਸ ਤਰ੍ਹਾਂ ਡਰਾਪ ਆਊਟ ਬੱਚਿਆਂ ਦੀ ਗਿਣਤੀ ਵਧਣ ਕਾਰਨ ਸਰਕਾਰ ਦੀ ਸਮੱਸਿਆ ਹੋਰ ਵੱਧ ਗਈ ਕਿਉਂ ਜੋ ਸਰਕਾਰ ਨੇ ਪਹਿਲੀ ਤੋਂ ਅੱਠਵੀਂ ਸ੍ਰੇਣੀ ਦੇ ਲਈ ਮੁਫਤ ਤੇ ਲਾਜ਼ਮੀ ਸਿੱਖਿਆ ਦਾ ਕਾਨੂੰਨ ਲਾਗੂ ਕੀਤਾ ਹੋਇਆ ਹੈ।ਸੋ ਇਹਨਾਂ ਬੱਚਿਆਂ ਨੂੰ ਸਿੱਖਿਆ ਦੀ ਮੁੱਖ ਧਾਰਾ ਦੇ ਨਾਲ ਜੋੜਨ ਦੇ ਲਈ ਵੱਖ ਵੱਖ ਸਕੀਮਾਂ ਰਾਹੀਂ ਕਰੋੜਾਂ ਰੁਪਏ ਖਰਚੇ ਗਏ ਜਦਕਿ ਪਾਠਕ੍ਰਮ ਦੇ ਸਰਲ ਅਤੇ ਘੱਟ ਹੋਣ ਕਾਰਨ ਖਰਚਾ ਬਚਾਉਣ ਦੇ ਨਾਲ ਸਿੱਖਿਆ ਦੇ ਉਦੇਸਾਂ ਦੀ ਪੂਰਤੀ ਵਿੱਚ ਸਹਾਇਤਾ ਮਿਲ ਸਕਦੀ ਸੀ।ਸਿੱਖਿਆ ਵਿਭਾਗ ਨੂੰ ਚੰਗੇ ਨਤੀਜੇ ਹਾਂਸਲ ਦੇ ਲਈ ਪਾਠਕ੍ਰਮ ਵਿੱਚ ਪਰਿਵਰਤਨ ਕਰਨਾ ਚਾਹੀਦਾ ਸੀ ਪਰ ਇੰਝ ਹੀ ਚੱਲਦਾ ਰਿਹਾ ।ਬੱਚਿਆਂ ਨੂੰ ਸਿਖਾਉਣ ਦੇ ਲਈ ਪੜ੍ਹਾਉਣ ਦੀਆਂ ਨਵੀਆਂ ਵਿਧੀਆਂ ਨੂੰ ਹੋਦ ਵਿੱਚ ਲਿਆ ਕੇ ਕ੍ਰਾਂਤੀਕਾਰੀ ਕਦਮ  ਚੁੱੱਕਣ ਦੀ ਲੋੜ ਸੀ।ਇਸ ਤਰ੍ਹਾਂ ਪਰੰਪਰਾਗਤ ਤਰੀਕੇ ਨਾਲ ਬੱਚਿਆਂ ਦੇ ਅੰਦਰ ਪੜ੍ਹਾਈ ਪ੍ਰਤਿ ਰੁਚੀ ਘੱਟਦੀ ਗਈ ਅਤੇ ਪੜ੍ਹਾਈ ਬੱਚਿਆਂ ਦੇ ਲਈ ਹਿਮਾਲਿਆ ਦੀ ਚੋਟੀ ਸਰ ਕਰਨ ਦੇ ਸਮਾਨ ਲੱਗਣ ਲੱੱੱਗੀ।ਪਾਠਕ੍ਰਮ ਵਿੱਚ ਲੋੜੀਦੇ ਬਦਲਾਅ ਨਾ ਕਰਨ ਸਦਕਾ ਬੱਚਿਆਂ ਦੇ ਲਈ ਪੜ੍ਹਾਈ ਇੱਕ ਗੁੰਝਲਦਾਰ ਸ਼ੈਅ ਬਣ ਗਈ।
ਦੇਰ ਆਏ ਦਰੁਸਤ ਆਏ ਆਂਖਿਰਕਾਰ ਸਿੱਖਿਆ ਵਿਭਾਗ ਨੇ ਇਸ ਮੁੱਦੇ ਨੂੰ ਬੜੀ ਸੰਜੀਦਗੀ ਦੇ ਨਾਲ ਲਿਆ ਹੈ।ਹੁਣ ਐਸ ਸੀ ਈ ਆਰ ਟੀ ਪੰਜਾਬ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਾਂਝੇ ਯਤਨਾਂ ਦੇ ਨਾਲ ਛੇਵੀਂ ਤੋਂ ਦਸਵੀਂ ਸ਼੍ਰੇਣੀ ਤੱਕ ਦੀ ਅੰਗਰੇਜ਼ੀ ਅਤੇ ਸਮਾਜਿਕ ਵਿਗਿਆਨ ਦੇ ਪਾਠਕ੍ਰਮ ਵਿੱਚ ਵੱਡੇ ਪੱਧਰ ਤੇ ਬਦਲਾਅ ਕਰਕੇ ਇਸਨੂੰ ਘਟਾਇਆ ਗਿਆ ਹੈ ਜੋ ਕਿ ਇੱਕ ਪ੍ਰਸ਼ੰਸਾਯੋਗ ਕਦਮ ਹੈ।ਇਸ ਕਾਰਜ ਦੇ ਨਾਲ  ਸਿੱਖਿਆ ਦੇ ਖੇਤਰ ਨੂੰ ਉੱਚਾ ਚੁੱਕੇ ਜਾਣ ਦੀ ਆਸ ਬੱਝੀ ਹੈ।ਸਿਲੇਬਸ ਘਟਾਉਂਣ ਸਮੇਂ ਬੱਚਿਆਂ ਦੀ ਰੁਚੀ, ਮਾਨਸਿਕ ਪੱਧਰ ਤੇ ਗੌਰ ਕੀਤੀ ਗਈ ਹੈ। ਵਿਭਾਗ ਦੁਆਰਾ ਬੱਚਿਆਂ ਦੀ ਸਿੱਖਿਆ ਵਿੱਚ ਗੁਣਾਤਮਕ ਅਤੇ ਗਿਣਾਤਮਕ ਸੁਧਾਰ ਕਰਨ ਲਈ ਪਿਛਲੇ ਸਾਲ ਰਾਜ ਦੇ ਅਪਰ ਪ੍ਰਾਇਮਰੀ ਸਕੂਲਾਂ ਦੇ ਵਿੱਚ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰੋਜੈਕਟ ਦਾ ਆਗਾਜ਼ ਹੋਇਆ ਜਿਸਦੇ ਸ਼ਾਨਦਾਰ ਨਤੀਜੇ ਆਏ ਹਨ।ਹੁਣ ਇਸ ਪ੍ਰੋਜੈਕਟ ਦਾ ਦਾਇਰਾ ਵਿਸ਼ਾਲ ਹੋ ਚੁੱਕਾ ਹੈ ਜਿਸ ਤਹਿਤ ਅੰਗਰੇਜੀ, ਹਿਸਾਬ,  ਸਾਇੰਸ ਅਤੇ ਸਮਾਜਿਕ ਵਿਗਿਆਨ ਤੋਂ ਇਲਾਵਾ ਹਿੰਦੀ, ਪੰਜਾਬੀ ਵਿਸ਼ੇ ਵਿੱਚ ਵੀ ਲਾਗੂ ਕਰ ਦਿੱਤਾ ਗਿਆ ਹੈ।ਇਸ ਪ੍ਰੋਜੈਕਟ ਦੇ ਤਹਿਤ ਵਿਦਿਆਰਥੀਆਂ ਨੂੰ ਪੜਾ੍ਹਉਣ ਲਈ ਨਵੀਆਂ ਵਿਧੀਆਂ, ਈ ਕੰਨਟੈਟ, ਭਾਸ਼ਾ ਦੀਆਂ ਚਾਰ ਨਿਪੁੰਨਤਾਵਾਂ, ਐਕਟੀਵਿਟੀਜ਼, ਫਲੈਸ਼ ਕਾਰਡ, ਸਟੋਰੀ ਕਾਰਡ, ਵਰਕ ਬੁੱਕ, ਵਰਡ ਵਾਲ, ਡਿਕਸ਼ਨਰੀ ਮੇਕਿੰਗ, ਸੌਫਟ ਸਕਿੱਲਜ਼, ਐਨਰਜਾਈਜ਼ਰ ਆਦਿ ਉੱਪਰ ਵਧੇਰੇ ਜ਼ੋਰ ਦਿੱਤਾ ਜਾ ਰਿਹਾ ਹੈ।ਪੜ੍ਹੋ ਪੰਜਾਬ ਪ੍ਰੋਗਰਾਮ ਦੀ ਸਫਲਤਾ ਦੇ ਲਈ ਵਿਭਾਗ ਨੇ ਮਹਿਸੂਸ ਕੀਤਾ ਕਿ  ਬੱਚਿਆਂ ਨੂੰ ਵਿਸ਼ਿਆ ਦੇ ਸਬੰਧੀ ਮੁੱਢਲਾ ਗਿਆਨ ਦੇਣਾ ਅਤਿ ਜਰੂਰੀ ਹੈ।ਇਸ ਸਬੰਧ ਵਿੱਚ ਵੱਖ ਵੱਖ ਵਿਸ਼ਿਆਂ ਦੇ ਜਿਲ੍ਹਾਂ ਮੈਂਟਰਜ਼ ਤੋਂ ਸੁਝਾਅ ਪ੍ਰਾਪਤ ਕਰਨ ਉਪਰੰਤ ਬੱਚਿਆਂ ਦੇ ਸਿਲੇਬਸ ਨੂੰ ਘਟਾਉਣ ਬਾਰੇ ਆਪਸੀ ਸਹਿਮਤੀ ਬਣਾਈ।ਬੱਚਿਆਂ ਦੇ ਵੱਲੋਂ ਸਿਲੇਬਸ ਦਾ ਬੇਲੋੜਾ ਵਜ਼ਨ ਘੱਟ ਹੋ ਜਾਣ ਤੇ ਖ਼ੁਸੀ ਦਾ ਇਜ਼ਹਾਰ ਕੀਤਾ ਗਿਆ ਕਿਉਂਕਿ ਅਜੋਕੇ ਪਾਠਕ੍ਰਮ ਨੂੰ ਪੜ੍ਹ ਕੇ ਪਾਸ ਹੋਣਾ ਉਹਨਾਂ ਲਈ ਖਾਲਾ ਜੀ ਦਾ ਵਾੜਾ ਨਹੀਂ ਸੀ।ਅਧਿਆਪਕ ਵਰਗ ਨੇ ਵੀ ਚੈਨ ਦਾ ਸਾਹ ਲਿਆ ਹੈ ਕਿਉਂਕਿ ਉਹ ਵੀ ਦੋ ਬੇੜੀਆਂ ਵਿੱਚ ਸਵਾਰ ਹੋ ਰਹੇ ਸੀ।ਸਿਲੇਬਸ ਅਤੇ ਪ੍ਰੋਜੈਕਟ ਦੋਵਾਂ ਨੂੰ ਨਾਲ ਲੈ ਕੇ ਚੱਲਣ ਕਾਰਨ ਔਖ ਵਿੱਚ ਸਨ।ਅਧਿਆਪਕਾਂ ਦਾ ਸਾਰਾ ਸਮਾਂ ਸਿਲੇਬਸ ਨੂੰ ਹੱਲ ਕਰਨ ਵਿੱਚ ਹੀ ਬੀਤਦਾ ਰਿਹਾ।ਬੱਚਿਆਂ ਦੀ ਤਰਾਸਦੀ ਇਹ ਰਹੀ ਕਿ ਉਹਨਾਂ ਨੂੰ ਦੁਹਰਾਈ ਦੇ ਲਈ  ਬੜਾ ਘੱਟ ਮਿਲਦਾ ਸੀ।ਪਰ ਹੁਣ ਐਸ ਸੀ ਈ ਆਰ ਟੀ ਅਤੇ ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਅੰਗਰੇਜੀ ਦੇ ਚਾਲੀ ਪ੍ਰਤੀਸ਼ਤ ਅਤੇ ਸਮਾਜਿਕ ਵਿਗਿਆਨ ਦੇ ਵੀਹ ਪ੍ਰਤੀਸ਼ਤ ਪਾਠਕ੍ਰਮ ਨੂੰ ਘਟਾਉਦੇ ਹੋਏ ਕਾਫੀ ਸਮੱਸਿਆਵਾਂ ਦਾ ਸਮਾਧਾਨ ਕਰ ਦਿੱਤਾ ਹੈ।ਸਿਲੇਬਸ ਵਿੱਚ ਛੋਟ ਕਰਦੇ ਸਮੇਂ ਕਈ ਪਹਿਲੂਆਂ ਨੂੰ ਧਿਆਨ ਵਿੱਚ ਰੱਖਿਆ ਤਾਂ ਜੋ ਕਿਸੇ ਪ੍ਰਕਾਰ ਦਾ ਵਿਵਾਦ ਨਾ ਉਤਪੰਨ ਹੋ ਸਕੇ।ਅੰਗਰੇਜੀ ਅਤੇ ਸਮਾਜਿਕ ਵਿਗਿਆਨ ਦੇ ਜਿਹੜੇ ਪਾਠ ਬਹੁਤ ਲੰਮੇ ਸਨ ਜਾਂ ਫਿਰ ਜਿਹਨਾਂ ਪਾਠਾਂ ਦਾ ਸਬੰਧ ਅੰਗਰੇਜੀ/ਸਮਾਜਿਕ ਦੀ ਥਾਂ ਕਿਸੇ ਹੋਰ ਵਿਸ਼ੇ ਨਾਲ ਸਬੰਧ ਹੋਵੇ  ਜਾਂ ਫਿਰ ਜਿਹੜੇ ਪਾਠ ਸਬੰਧੀ ਜਾਣਕਾਰੀ ਵਿਦਿਆਰਥੀਆਂ ਨੇ ਪਿਛਲੀ ਜਮਾਤ ਵਿੱਚ ਹਾਂਸਲ ਕਰ ਲਈ ਹੋਵੇ ਆਦਿ ਨੂੰ ਹੀ ਘਟਾਇਆ ਹੈ।ਸ੍ਰੀਮਤੀ ਹਰਪ੍ਰੀਤ ਕੌਰ ਸਟੇਟ ਕੋਆਰਡੀਨੇਟਰ (ਅੰਗਰੇਜੀ/ਸਮਾਜਿਕ ਵਿਗਿਆਨ) ਵੱਲੋਂ ਆਪਣੇ 22 ਜਿਲ੍ਹਾ ਮੈਂਟਰਜ਼ ਦੇ ਨਾਲ ਮਿਲਕੇ ਇਸ ਕਾਰਜ ਨੂੰ ਬਾਖੂਬੀ ਅੰਜਾਮ ਦਿੱਤਾ ਗਿਆ ਹੈ।ਪ੍ਰਤੀਯੋਗੀ ਪ੍ਰੀਖਿਆਵਾਂ ਦੀ ਅਹਿਮੀਅਤ ਨੂੰ ਸਮਝਦੇ ਹੋਏ ਅੰਗਰੇਜ਼ੀ ਵਿਸ਼ੇ ਦੇ ਵਿੱਚ ਟਰਾਂਸਲੇਸ਼ਣ ਨੂੰ ਮੁੜ ਸ਼ਾਮਿਲ ਕੀਤਾ ਹੈ।
ਨਿਰਸੰਦੇਹ, ਪਾਠਕ੍ਰਮ ਵਿੱਚ ਲਿਆਂਦਾ ਗਿਆ ਬਦਲਾਅ ਇੱਕ ਕਾਬਿਲ-ਏ-ਤਾਰੀਫ ਕਦਮ ਹੈ ਜਿਸਦੇ ਸਾਰਥਕ ਨਤੀਜੇ ਆਉਣ ਦੇ ਪੂਰੀ ਉਮੀਦ ਹੈ।ਇਸ ਵਿੱਚ ਕਟੌਤੀ ਹੋਣ ਨਾਲ ਬੱਚਿਆਂ ਨੂੰ ਦੁਹਰਾਈ ਦੇ ਲਈ ਢੁੱਕਵਾਂ ਸਮਾਂ ਮਿਲਣਾ , ਸਾਰੇ ਵਿਸ਼ਿਆਂ ਦੇ ਵਿੱਚ ਲਿਖਤੀ ਕੰਮ ਘੱਟ ਹੋ ਜਾਣਾ, ਅਧਿਆਪਕ ਅਤੇ ਵਿਦਿਆਰਥੀਆਂ ਦੇ ਰਿਸ਼ਤਿਆਂ ਦੇ ਵਿੱਚ ਮਿਠਾਸ ਹੋਣਾ, ਰੱਟਾ ਲਗਾਉਣ ਦੀ ਪ੍ਰਵਿਰਤੀ ਦਾ ਖਾਤਮਾ, ਵਿਸ਼ੇ ਦੇ ਸਬੰਧੀ ਸ਼ੰਕੇ ਦੂਰ ਹੋਣੇ, ਹੀਣ ਭਾਵਨਾ ਦਾ ਖਤਮ ਹੋਣਾ , ਆਤਮ ਵਿਸ਼ਵਾਸ ਪੈਦਾ ਹੋਣਾ , ਪ੍ਰੀਖਿਆਂ ਕੇਂਦਰ ਦੇ ਡਰ ਦਾ ਖਾਤਮਾ, ਨਕਲ ਦੀ ਕੁਰੀਤੀ ਦਾ ਨਾਸ਼ ਹੋਣਾ, ਪਲੇ ਵੇ ਤਰੀਕਿਆਂ ਦੇ ਨਾਲ ਵਿਸ਼ਿਆਂ ਪ੍ਰਤੀ ਨੀਰਸਪਣ ਦਾ ਖਾਤਮਾ ਆਦਿ ਨਾਲ ਬੱਚਿਆਂ ਦਾ ਸਰਵਪੱਖੀ ਵਿਕਾਸ ਯਕੀਨੀ ਹੈ।ਸਰਕਾਰ ਦੇ ਇਸ ਉੱਦਮ ਨਾਲ ਔਸਤ ਵਿਦਿਆਰਥੀਆਂ ਨੂੰ ਹੁਸ਼ਿਆਰ ਬੱਚਿਆਂ ਦੇ ਨਾਲ ਰਲਣ ਦਾ ਇੱਕ ਮੌਕਾ ਵੀ ਮਿਲਿਆ ਹੈ। ਇਸਦਾ ਅਸਰ ਬੱਚਿਆਂ ਦੀ ਸਰੀਰਕ ਸਿਹਤ ਦੇ ਉੱਪਰ ਦੇਖਣ ਨੂੰ ਵੀ ਮਿਲੇਗਾ ਜੋ ਕਿ ਪੜ੍ਹਨ ਦੇ ਲਈ ਬੜ੍ਹੀ ਹੀ ਜਰੂਰੀ ਹੈ।ਇੱਕ ਤੰਦਰੁਸਤ ਸਰੀਰ ਵਿੱਚ  ਹੀ ਇੱਕ ਤਿੰਦਰੁਸਤ ਮਨ ਦਾ ਨਿਵਾਸ ਹੁੰਦਾ ਹੈ। ਹੁਣ ਵਿਭਾਗ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਦੇ ਵੱਧ ਤੋਂ ਵੱਧ ਵਿਦਿਅਕ ਮੁਕਾਬਲੇ ਵੀ ਕਰਵਾਏ ਤਾਂ ਜੋ ਪ੍ਰਤੀਯੋਗੀ ਪ਼੍ਰੀਖਿਆਵਾਂ ਦੀ ਲਈ ਮੁੱਢ ਤੋਂ ਹੀ ਤਿਆਰੀ ਹੋ ਸਕੇ।ਂਇਸ ਵਿੱਚ ਕੋਈ ਦੋ ਰਾਵਾਂ ਨਹੀਂ ਹਨ ਸਿਲੇਬਸ ਵਿੱਚ ਕਟੌਤੀ ਕਰਨਾ ਇੱਕ ਸਲਾਘਾਯੋਗ ਕਦਮ ਹੈ।ਜਿਸਦੀ ਬੱਚਿਆਂ, ਮਾਪਿਆਂ, ਸਮੁੱਚੇ ਅਧਿਆਪਕ ਵਰਗ ਨੇ ਖੂਬ ਪ੍ਰਸ਼ੰਸਾ ਕੀਤੀ ਹੈ।ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਆੳਣ ਵਾਲੇ ਸਮੇਂ ਵਿੱਚ ਸਰਕਾਰੀ ਸਕੂਲਾਂ ਦੇ ਬੱਚੇ ਅਤੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਦੇ ਵਿਚਕਾਰ ਸਭ ਖੇਤਰਾਂ ਵਿੱਚ ਦਿਲਚਸਪ ਮੁਕਾਬਲੇ ਦੇਖਣ ਨੂੰ ਮਿਲਣਗੇ।

ਪਤਾ- 298, ਚਮਨਦੀਪ ਸ਼ਰਮਾ
ਮਹਾਰਾਜਾ ਯਾਦਵਿੰਦਰਾ ਇਨਕਲੇਵ
ਨਾਭਾ ਰੋਡ, ਪਟਿਆਲਾ
ਸੰਪਰਕ ਨੰਬਰ- 95010  33005

ਭੈਣ ਭਰਾ ਦੇ ਆਪਸੀ ਮੋਹ ਦਾ ਪ੍ਰਤੀਕ ਰੱਖੜੀ ਦਾ ਤਿਉਹਾਰ - ਚਮਨਦੀਪ ਸ਼ਰਮਾ

ਸਾਡਾ ਭਾਰਤ ਤਿਉਹਾਰਾਂ ਦਾ ਦੇਸ ਹੈ।ਸਮਾਜ ਵਿੱਚ ਤਿਉਂਹਾਰਾਂ ਦਾ ਵਿਸ਼ੇਸ ਮਹੱਤਵ ਹੁੰਦਾ ਹੈ।ਕਿਸੇ ਇੱਕ ਤਿਉਹਾਰ ਦੀ ਤੁਲਨਾ ਕਿਸੇ ਦੂਜੇ ਨਾਲ ਨਹੀਂ ਕੀਤੀ ਜਾ ਸਕਦੀ ਹੈ।ਕੋਈ ਤਿਉਹਾਰ ਨੀਵਾਂ ਨਹੀਂ ਹੁੰਦਾ ਅਤੇ ਕੋਈ ਸਭਨਾਂ ਤੋਂ ਚੰਗਾ ਨਹੀਂ ਹੁੰਦਾ।ਭਾਰਤ ਵਿੱਚ ਵੱਖ ਵੱਖ ਧਰਮ ਦੇ ਲੋਕ ਹੋਣ ਕਰਕੇ  ਵੱਖ ਵੱਖ ਤਰਾਂ੍ਹ ਦੇ ਤਿਉ਼ਹਾਰ ਵੇਖਣ ਨੂੰ ਮਿਲਦੇ ਹਨ।ਬੜੀ ਹੀ ਖੁਸ਼ੀ ਦੀ ਗੱਲ ਹੈ ਕਿ ਹਰ ਫਿਰਕੇ ਦੇ ਲੋਕਾਂ ਦੁਆਰਾ ਆਪਣੇ ਤਿਉਂਹਾਰਾਂ ਨੂੰ ਪੂਰੇ ਜ਼ੋਸੋ ਖਰੋਸ਼ ਦੇ ਨਾਲ ਮਨਾਇਆ ਜਾਂਦਾ ਹੈ।ਕੁੁੱਝ ਕੁ ਤਿਉਹਾਰ ਇੱਕਠੇ ਹੋ ਕੇ ਮਨਾਉਣ ਦੀ ਪਰੰਪਰਾ ਹੈ।ਤਿਉਂਹਾਰ ਮਨੁੱਖੀ ਜੀਵਨ ਵਿੱਚ ਪ੍ਰੇਮ ਤੇ ਖ਼ੁਸ਼ੀਆਂ ਲਿਆਉਂਣ ਦੇ ਨਾਲ ਦੇਸ ਦੀ ਏਕਤਾ ਅਤੇ ਅਖੰਡਤਾ ਨੂੰ ਮਜਬੂਤੀ ਪ੍ਰਦਾਨ ਕਰਦੇ ਹਨ।ਜੇ ਰਿਸ਼ਤੇ ਨਾਤਿਆਂ ਤੇ ਅਧਾਰਿਤ ਤਿਉਹਾਰਾਂ ਦੀ ਗੱਲ ਕੀਤੀ ਜਾਵੇ ਤਾਂ ਅਨੇਕਾਂ ਕਿਸਮ ਦੇ ਤਿਉਹਾਰ ਸਾਹਮਣੇ ਆਉਂਦੇ ਹਨ।ਪਰ ਭੈਣ ਅਤੇ ਭਰਾ ਦੇ ਆਪਸੀ ਮੋਹ ਦਾ ਪ੍ਰਤੀਕ ਰੱਖੜੀ ਦਾ ਤਿਉਹਾਰ ਆਪਣੀ ਨਿਵੇਕਲੀ ਪਹਿਚਾਣ ਰੱਖਦਾ ਹੈ।ਇਸ ਦਿਨ ਭੈਣ ਆਪਣੇ ਭਰਾ ਦੇ ਮੱਥੇ ਤੇ ਤਿਲਕ ਕਰਦੇ ਹੋਏ, ਮਿੱਠਾ ਮੂੰਹ ਕਰਵਾ ਕੇ ਗੁੱਟ ਤੇ ਰੱਖੜੀ ਬੰਨ ਕੇ ਉਸਦੀ ਲੰਮੀ ਉਮਰ ਅਤੇ ਤੰਦਰੁਸਤੀ ਦੀ ਕਾਮਨਾ ਕਰਦੀ ਹੈ ਅਤੇ ਵੀਰ ਆਪਣੀ ਭੈਣ ਦੀ ਰੱਖਿਆ ਕਰਨ ਦਾ ਵਚਨ ਦਿੰਦਾ ਹੈ।ਇਸ ਮੌਕੇ ਵੀਰ ਆਪਣੀਆਂ ਭੈਣ ਨੂੰ ਗਿਫ਼ਟ ਵੀ ਦਿੰਦੇ ਹਨ ਜਿਸ ਨਾਲ ਖੁ਼ਸ਼ੀ ਵਿੱਚ ਹੋਰ ਇਜ਼ਾਫਾ ਹੁੰਦਾ ਹੈ।
ਰੱਖੜੀ ਦਾ ਤਿਉਂਹਾਰ ਆਮ ਕਰਕੇ ਅਗਸਤ ਅੰਗਰੇਜੀ ਮਹੀਨੇ ਦੇ ਵਿੱਚ ਹੀ ਆਉਂਦਾ ਹੈ।ਤਿਉ਼ਹਾਰ ਤੋਂ ਮਹੀਨਾਂ ਪਹਿਲਾਂ ਹੀ ਬਜ਼ਾਰਾਂ ਵਿੱਚ ਰੌਣਕ ਅਤੇ ਸਜਾਵਟ ਦੇਖਣ ਨੂੰ ਮਿਲਦੀ ਹੈ।ਇਸਦੀ ਤਾਰੀਖ਼ ਨਜ਼ਦੀਕ ਆਉਂਣ ਤੇ ਮਿਠਾਈਆਂ ਬਣਨ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ।ਇਸ ਮੌਕੇ ਤੇ ਕਾਫੀ਼ ਖਰੀਦੋ ਫਰੋਖਤ ਕੀਤੀ ਜਾਂਦੀ ਹੈ।ਡਰਾਈ ਫਰੂਟ ਖਰੀਦਣ ਦਾ ਚਲਣ ਵੀ ਵਧਿਆ ਹੈ ਕਿਉਂ ਜੋ ਮਿਠਾਈਆਂ ਵਿੱਚ ਮਿਲਾਵਟ ਕੀਤੇ ਜਾਣ ਦੀ ਸੰਕਾ ਬਣੀ ਰਹਿੰਦੀ ਹੈ।ਦੁਕਾਨਦਾਰਾਂ ਵੱਲੋਂ ਰੱਖੜੀਆਂ ਦੇ ਲਈ ਵੱਖਰੇ ਵੱਡੇ ਟੇਬਲ ਦੁਕਾਨਾਂ ਦੇ ਬਾਹਰ ਰੱਖੇ ਜਾਂਦੇ ਹਨ।ਭੈਣਾਂ ਆਪਣੇ ਛੋਟੀ ਉਮਰ ਦੇ ਵੀਰਾਂ ਦੇ ਲਈ ਉਹਨਾਂ ਦੀ ਪਸੰਦ ਅਨੁਸਾਰ ਜੋਕਰ, ਕਾਰਟੂਨਾਂ, ਡੋਰੇਮੋਨ, ਸਪਾਈਡਰਮੈਨ ਵਾਲੀਆਂ ਰੱਖੜੀਆਂ ਨੂੰ ਖਰੀਦਣਾ ਪਸੰਦ ਕਰਦੀਆਂ ਹਨ ਜਦਕਿ ਵੱਡੇ ਵੀਰਾਂ ਦੇ ਲਈ ਸਾਦੀ ਰੱਖੜੀ ਨੂੰ ਹੀ ਪਹਿਲ ਦਿੱਤੀ ਜਾਂਦੀ ਹੈ।ਜਿਹੜੇ ਵੀਰ ਇਸ ਦਿਨ ਆਪਣੀ ਭੈਣ ਕੋਲ ਕਿਸੇ ਨਾ ਕਿਸੇ ਕਾਰਨ ਨਹੀਂ ਆ ਸਕਦੇ ਤਾਂ ਉਹਨਾਂ ਦੀਆਂ ਰੱਖੜੀਆਂ ਪਹਿਲਾਂ ਹੀ ਡਾਕ ਰਾਹੀ ਪੋਸਟ ਕਰ ਦਿੱਤੀਆਂ ਜਾਂਦੀਆਂ ਹਨ ਜਿਵੇਂ ਕਿ ਸਾਡੇ ਫੌਜੀ ਵੀਰ ਜੋ ਕਿ ਡਿਊਟੀ ਲਈ ਘਰ ਤੋਂ ਕਾਫੀ਼ ਦੂਰ ਹੁੰਦੇ ਹਨ।ਜੇਲ੍ਹ ਵਿੱਚ ਸਜ਼ਾ ਕੱਟ ਰਹੇ ਕੈਦੀਆਂ ਦੀਆਂ ਭੈਣਾਂ ਦੁਆਰਾ ਜੇਲ੍ਹ ਵਿੱਚ ਜਾ ਕੇ ਰੱਖਣੀ ਬੰਨੀ੍ਹ ਜਾਂਦੀ ਹੈ।ਇਸ ਮੰਤਵ ਦੇ ਲਈ ਖਾਸ ਮੁਲਾਕਾਤਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ। ਜਿਹਨਾਂ ਭੈਣਾਂ ਦੇ ਕੋਈ ਭਰਾ ਨਹੀਂ ਹੁੰਦਾ ਜਾਂ ਜਿਸ ਭਰਾ ਦੀ ਕੋਈ ਭੈਣ ਨਹੀਂ ਹੁੰਦੀ ਤਾਂ ਉਹ ਬੜ੍ਹੇ ਨਿਰਾਸ਼ ਜਿਹੇ ਹੁੰਦੇ ਹਨ।ਉਹਨਾਂ ਦੁਆਰਾ ਆਪਣੀ ਰਿਸ਼ਤੇਦਾਰੀ ਵਿੱਚੋਂ ਕਿਸੇ ਕਜ਼ਨ ਸਿਸਟਰ ਤੋਂ ਰੱਖੜੀ ਬੰਨਵਾਂ ਕੇ  ਤਿਉਹਾਰ ਮਨਾਇਆ ਜਾਂਦਾ ਹੈ।ਪੰਜਾਬ ਪ੍ਰਾਂਤ ਵਿੱਚ ਇਸ ਮੌਕੇ ਮੁਲਾਜ਼ਮਾਂ ਨੂੰ ਦੋ ਘੰਟੇ ਦੀ ਸਰਕਾਰੀ ਛੁੱਟੀ ਘੋਸ਼ਿਤ ਕੀਤੀ ਜਾਂਦੀ ਹੈ।ਕਈ ਰਾਜਾਂ ਵਿੱਚ ਸਰਕਾਰ ਵੱਲੋਂ ਪੂਰੇ ਦਿਨ ਲਈ ਮਹਿਲਾਵਾਂ ਨੂੰ ਮੁਫਤ ਸਫ਼ਰ ਦੀ ਸਹੂਲਤ ਦਿੱਤੀ ਜਾਂਦੀ ਹੈ ਤਾਂ ਜੋ ਆਰਥਿਕ ਤੌਰ ਤੇ ਕਮਜੋਰ ਪਰਿਵਾਰ ਵੀ ਤਿਉਹਾਰ ਮਨਾਉਣ ਤੋਂ ਵਾਂਝਾ ਨਾ ਰਹਿ ਜਾਵੇਂ।
ਰੱਖੜੀ ਦੀ ਸੁਰੂਆਤ ਸਬੰਧੀ ਕਈ ਤਰ੍ਹਾਂ ਦੀਆਂ ਕਹਾਣੀਆਂ ਪ੍ਰਚਲਿਤ ਹਨ।ਮਹਾਂਭਾਰਤ ਦੇ ਵਿੱਚ ਵੀ ਰੱਖੜੀ ਦਾ ਜ਼ਿਕਰ ਆਉਂਦਾ ਹੈ।ਭਗਵਾਨ ਸ਼੍ਰੀ ਕ੍ਰਿਸ਼ਨ ਦੀ ਸਰੁਤਦੇਵੀ ਨਾ ਦੀ ਇੱਕ ਚਾਚੀ ਸੀ ਜਿਸਦੇ ਬੱਚੇ ਦਾ ਨਾਮ ਸ਼ਿਸੂਪਾਲ ਸੀ।ਇਹ ਬਾਲਕ ਜਨਮ ਸਮੇਂ ਵਿਕਰਿਤ ਪੈਦਾ ਹੋਇਆ ਸੀ।ਵੱਡੇ ਵਡੇਰਿਆਂ ਦੇ ਅਨੁਸਾਰ ਇਹ ਬੱਚਾ ਜਿਸ ਕੋਲੋਂ ਠੀਕ ਹੋਵੇਗਾ ਉਹ ਵਿਅਕਤੀ ਹੀ ਉਸਦਾ ਅੰਤ ਕਰੇਗਾ।ਸ਼੍ਰੀ ਕ੍ਰਿਸ਼ਨ ਜੀ ਦੇ ਇਸ ਬੱਚੇ ਨੂੰ ਗੋਦੀ ਵਿੱਚ ਲੈੇਣ ਨਾਲ ਸ਼ਿਸੂਪਾਲ ਠੀਕ ਹੋ ਕੇ ਸੁੰਦਰ ਹੋ ਗਿਆ।ਸਰੁਤਦੇਵੀ ਆਪਣੇ ਬਾਲ ਦੇ ਜੀਵਨ ਦੀ ਭੀਖ ਸ਼੍ਰੀ ਕ੍ਰਿਸ਼ਨ ਜੀ ਤੋਂ ਮੰਗਣ ਲੱਗੀ ਤਾਂ ਉਹਨਾਂ ਨੇ ਕਿਹਾ ਕਿ ਮੈਂ ਸ਼ਿਸੂਪਾਲ ਦੇ 100 ਅਪਰਾਧ ਮਾਫ ਕਰ ਦੇਵੇਗਾ ਪਰ ਇਸ ਤੋਂ ਵੱਧ ਕੀਤੇ ਗਏ ਅਪਰਾਧ ਉਪਰੰਤ ਸਜ਼ਾ ਦਿੱਤੀ ਜਾਵੇਗੀ।ਸ਼ਿਸੂਪਾਲ ਵੱਡਾ ਹੋ ਕੇ ਇੱਕ ਕਰੂਰ ਰਾਜਾ ਬਣਿਆ ਜੋ ਕਿ ਪ੍ਰਜਾ ਦੇ ਉੱਪਰ ਬੜ੍ਹੇ ਹੀ ਜੁਲਮ ਕਰਦਾ ਸੀ।ਇਸ ਤਰ੍ਹਾਂ ਉਹ ਲਗਾਤਾਰ ਪਾਪ ਤੇ ਪਾਪ ਕਰਦਾ ਜਾ ਰਿਹਾ ਸੀ।ਇੱਕ ਵਾਰ ਤਾਂ ਉਸਨੇ ਸ਼੍ਰੀ ਕ੍ਰਿਸ਼ਨ ਜੀ ਨੂੰ ਹੀ ਚੁਣੌਤੀ ਦੇ ਦਿੱਤੀ।ਉਸਦੇ 100 ਪਾਪ ਪੂਰੇ ਹੋਣ ਕਰਕੇ ਸ੍ਰੀ ਕ੍ਰਿਸ਼ਨ ਜੀ ਨੇ ਸ਼ੁਦਰਸਨ ਚੱਕਰ ਦੇ ਨਾਲ ਵਾਰ ਕੀਤਾ।ਸ਼ਿਸੂਪਾਲ ਦੀ ਮੌਤ ਹੋ ਗਈ ਪਰ ਸ਼ੁਦਰਸਨ ਚੱਕਰ ਸ੍ਰੀ ਕ੍ਰਿਸ਼ਨ ਦੇ ਹੱਥ ਉੱਪਰ ਲੱਗਣ ਕਾਰਨ ਤੇਜ਼ ਲਹੂ ਵਹਿਣ ਲੱਗ ਪਿਆ ਜੋ ਕਿ ਦਰੋਪਤੀ ਨੇ ਦੇਖ ਲਿਆ।ਉਸਨੇ ਤਰੁੰਤ ਆਪਣੀ ਸਾੜੀ ਦੀ ਕਾਤਰ ਫਾੜ ਕੇ ਤੇਜ਼ ਵਹਿੰਦੇ ਹੋਏ ਲਹੂ ਨੂੰ ਰੋਕਿਆ।ਕ੍ਰਿਸ਼ਨ ਜੀ ਨੇ ਦਰੋਪਤੀ ਨੂੰ ਆਪਣੀ ਭੈਣ ਕਹਿੰਦੇ ਹੋਏ ਉਸਦੇ ਦੁੱਖ ਵੇਲੇ ਮੱਦਦ ਕਰਨ ਦਾ ਵਚਨ ਦਿੱਤਾ।ਕੌਰਵਾਂ ਵੱਲੋਂ ਦਰੋਪਤੀ ਦੇ ਚੀਰ ਹਰਨ ਸਮੇਂ ਸ਼੍ਰੀ ਕ੍ਰਿਸ਼ਨ ਨੇ ਉਸਦੀ ਰੱਖਿਆ ਕਰਕੇ ਆਪਣੇ ਭਰਾ ਹੋਣ ਦਾ ਧਰਮ ਨਿਭਾਇਆ।ਉਸ ਵੇਲੇ ਤੋਂ ਹੀ ਇਸਨੂੰ ਤਿਉਂਹਾਰ ਦੇ ਰੂਪ ਵਿੱਚ ਮਨਾਇਆ ਜਾਣ ਲੱਗ ਪਿਆ।ਇਸ ਤੋਂ ਇਲਾਵਾ ਚਿਤੌੜਗੜ੍ਹ ਦੀ ਰਾਣੀ ਕਰਮਵਤੀ ਦੁਆਰਾ ਆਪਣੇ ਰਾਜ ਦੀ ਰੱਖਿਆ ਦੇ ਲਈ ਮੁਗਲ ਸ਼ਾਸਕ ਹਿਮਾਂਯੂ ਨੂੰ ਰੱਖੜੀ ਭੇਜਣ ਬਾਰੇ ਵੇਰਵਾ ਮਿਲਦਾ ਹੈ।ਮਹਾਰਾਣੀ ਦੁਆਰਾ ਹਿਮਾਂਯੂ ਨੂੰ ਰੱਖੜੀ ਭੇਜਣ ਦਾ ਮੰਤਵ ਗੁਜਰਾਤ ਦੇ ਬਾਦਸ਼ਾਹ ਬਹਾਦਰ ਸ਼ਾਹ ਦੇ ਵੱਲੋਂ ਕੀਤੇ ਜਾਣ ਵਾਲੇ ਹਮਲੇ ਨੂੰ ਰੋਕਣਾ ਸੀ ਜਿਸ ਵਿੱਚ ਉਹਨਾਂ ਦੀ ਹਾਰ ਯਕੀਨੀ ਸੀ।ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਆਪਣੀ ਭੈਣ ਦੁਆਰਾ ਰੱਖਣੀ ਬੰਨਾਉਣ ਬਾਰੇ ਵੀ ਪਤਾ ਲੱਗਦਾ ਹੈ।ਰੱਖੜੀ ਦੇ ਇਤਿਹਾਸ ਦੇ ਨਾਲ ਸਬੰਧਿਤ ਹੋਰ ਵੀ  ਬਹੁਤ ਸਾਰੀਆਂ ਦੰਦ ਕਥਾਵਾਂ ਹਨ।ਹਾਲਾਕਿ ਕੁੱਝ ਧਰਮ ਉਕਤ ਤੱਥਾਂ ਨੂੰ ਸਵੀਕਾਰ ਨਾ ਕਰਦੇ ਹੋਏ ਆਪਣੇ ਸਰਧਾਲੂਆਂ ਨੂੰ  ਤਿਉਹਾਰ ਮਨਾਉਣ ਦੀ ਆਗਿਆ ਨਹੀਂ ਦਿੰਦੇ ਹਨ।
ਬੇਸੱਕ ਅਜੋਕੇ ਦੌਰ ਵਿੱਚ ਔਰਤਾਂ ਨੇ ਆਪਣੇ ਪੈਰਾਂ ਉੱਪਰ ਖੜ੍ਹੇ ਹੋ ਕੇ ਖੂਬ ਤਰੱਕੀ ਕਰ ਲਈ ਹੈ।ਉਹ ਮਰਦਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੀਆਂ ਹਨ।ਪਰ ਫਿਰ ਵੀ ਸਾਡੀ ਸੁਸਾਇਟੀ ਪੁਰਸ਼ ਪ੍ਰਧਾਨ ਹੋਣ ਸਦਕਾ ਅਕਸਰ ਔਰਤਾਂ ਉੱਪਰ ਕਿਸੇ ਨਾ ਕਿਸੇ ਤਰੀਕੇ ਰਾਹੀਂ ਜੁਲਮ ਢਾਹੁੰਦੀ ਰਹਿੰਦੀ ਹੈ ਜੋ ਕਿ ਅਫ਼ਸੋਸਜਨਕ ਹੈ।ਪਰ ਰੱਖੜੀ ਵਰਗੇ ਪਵਿੱਤਰ ਤਿਉਹਾਰ ਦੀ ਹੋਦ ਨਾਲ ਅਜਿਹੇ ਪੁਰਸ਼ਾਂ ਦੀ ਮਾੜੀ ਸੋਚ ਬਦਲਣ ਵਿੱਚ ਕਾਫੀ ਮਦਦ ਮਿਲਦੀ ਹੈ।ਆਪਣੀ ਭੈਣ ਦੀ ਰੱਖਿਆ ਕਰਨ ਦੀ ਸਹੁੰ ਚੁੱਕਣ ਵਾਲਾ ਭਰਾ ਦੂਜੀਆਂ ਇਸਤਰੀਆਂ ਨੂੰ ਵੀ ਸਤਿਕਾਰ ਦੀ ਭਾਵਨਾ ਨਾਲ ਵੇਖਦਾ ਹੈ।ਸੋ ਤਿਉਹਾਰ ਸਾਡੇ ਰਿਸ਼ਤੇ ਨਾਤਿਆਂ ਦੀਆਂ ਜੜ੍ਹਾਂ ਨੂੰ ਵਧੇਰੇ ਮਜਬੂਤ ਕਰਦੇ ਹੋਏ ਸਮਾਜ ਨੂੰ ਆਪਸੀ ਏਕਤਾ ਦੇ ਬੰਧਨ ਵਿੱਚ ਬੰਨਦੇ ਹਨ ਜੋ ਕਿ ਇੱਕ ਸ਼ਕਤੀਸ਼ਾਲੀ ਰਾਸ਼ਟਰ ਦੇ ਗਠਨ ਲਈ ਅਤਿ ਜਰੂਰੀ ਹੁੰਦੀ ਹੈ।ਸਾਡੇ ਤਿਉਹਾਰਾਂ ਦੀ ਮਿਠਾਸ ਕਾਇਮ ਰਹਿਣੀ ਚਾਹੀਦੀ ਹੈ।ਆਓ ਆਪਾਂ ਸਾਰੇ ਇਸ ਸੁੱਭ ਮੌਕੇ ਤੇ ਇਸਤਰੀਆਂ ਦੇ ਸਤਿਕਾਰ ਕਰਨ ਸਬੰਧੀ ਪ੍ਰਣ ਕਰੀਏ ਤਾਂ ਜੋ ਰੱਖੜੀ ਦੇ ਤਿਉਹਾਰ ਦਾ ਮੰਤਵ ਪੂਰਾ ਹੋ ਸਕੇ।

ਪਤਾ-298, ਚਮਨਦੀਪ ਸ਼ਰਮਾ
ਮਹਾਰਾਜਾ ਯਾਦਵਿੰਦਰਾ ਇਨਕਲੇਵ
ਨਾਭਾ ਰੋਡ, ਪਟਿਆਲਾ
ਸੰਪਰਕ ਨੰਬਰ- 95010  33005

5178 ਦੀ ਸੁਣੋ ਪੁਕਾਰ, ਹੁਣ ਤਾਂ ਰੈਗੂਲਰ ਕਰ ਦਿਓ ਸਰਕਾਰ - ਚਮਨਦੀਪ ਸ਼ਰਮਾ

ਅਧਿਆਪਕ ਵਰਗ ਨੂੰ ਕੌਮ ਦਾ ਨਿਰਮਾਤਾ ਕਿਹਾ ਜਾਂਦਾ ਹੈ ਕਿਉਂ ਜੋ ਅਧਿਆਪਕ ਖੁਦ ਦੀਵੇ ਵਾਂਗ ਜਲਦਾ ਹੋਇਆ ਦੂਜਿਆ ਨੂੰ ਗਿਆਨ ਦੀ ਰੌਸ਼ਨੀ ਦਿਖਾਉਦਾ ਹੈ।ਇੱਕ ਚੰਗੇ ਸਮਾਜ ਦੀ ਸਿਰਜਨਾ ਕਰਨ ਵਿੱਚ ਅਧਿਆਪਕ ਦੇ ਰੋਲ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ।ਭਾਵੇੇਂ ਸਰਕਾਰਾਂ ਵੱਲੋਂ ਅਧਿਆਪਕਾਂ ਦੀਆਂ ਬਹੁਤ ਸਾਰੀਆਂ ਕੈਟਾਗਿਰੀਆਂ ਜਿਵੇਂ ਐਸ ਼ਐਸ ਼ ਏ / ਆਰ ਼ਐਮ ਼ਐਸ ਼ਏ, ਈਜੀਐਸ/ਐਸਟੀਆਰ/ਏਆਈਈ, ਸਰਵਿਸ ਪ੍ਰੋਵਾਈਡਰ, ਸਿੱਖਿਆ ਪ੍ਰੋਵਾਈਡਰਜ਼, 5178 ਪੇਂਡੂ ਸਹਿਯੋਗੀ ਅਧਿਆਪਕ, ਟੀਚਿੰਗ ਫੈਲੋ, ਰੈਗੂਲਰ , 7654 ਅਧਿਆਪਕ , 6060 ਅਧਿਆਪਕ, 3442 ਅਧਿਆਪਕ, 3582 ਰੈਗੂਲਰ ਈਟੀਟੀ, ਜੇਬੀਟੀ ਆਦਿ ਬਣਾ ਦਿੱਤੀਆਂ ਗਈਆ ਹਨ।ਪਰ ਸਕੂਲਾਂ ਦੇ ਨਤੀਜੇ ਗਵਾਹ ਹਨ ਕਿ ਅਧਿਆਪਕ ਵਰਗ ਨੇ ਘੱਟ ਸਰੋਤ ਅਤੇ ਮੁਸ਼ਕਿਲ ਹਾਲਾਤਾਂ ਦੇ ਬਾਵਜੂਦ ਆਪਣੀ ਡਿਊਟੀ ਦੇ ਨਾਲ ਕਦੇ ਬੇਇਨਸਾਫੀ ਨਹੀਂ ਕੀਤੀ।ਸਿੱਖਿਆ ਦੇ ਖੇਤਰ ਵਿੱਚ ਆ ਚੁੱਕੇ ਨਿਘਾਰ ਨੂੰ ਉੱਚਾ ਚੁੱਕਣ ਲਈ ਇਹਨਾਂ ਵੱਲੋਂ ਅਣਥੱਕ ਯਤਨ ਜਾਰੀ ਹਨ। ਸੂਬੇ ਦੀ ਸਰਕਾਰ ਵੱਲੋਂ ਸਮੁੱਚੇ ਅਧਿਆਪਕ ਵਰਗ ਨੂੰ ਆਪਣੇ ਨਾਲ ਲੈ ਕੇ ਚੱਲਣ ਦੀ ਤਵੱਕੋ ਕੀਤੀ ਜਾ ਰਹੀ ਸੀ ਪਰ ਬੜੇ ਹੀ ਮਲਾਲ ਨਾਲ ਕਹਿਣਾ ਪੈ ਰਿਹਾ ਹੈ ਕਿ ਕੁਝ ਕੈਟਾਗਿਰੀਆਂ ਜਿਹਨਾਂ ਦੇ ਵਿੱਚੋਂ ਵਿਸ਼ੇਸ ਕਰਕੇ 5178 ਅਧਿਆਪਕਾਂ  ਨੂੰ ਸਰਕਾਰ ਵੱਲੋਂ ਤਿੰਨ ਸਾਲ ਠੇਕੇ ਉੱਪਰ ਕੰਮ ਕਰਵਾਉਂਣ ਉਪਰੰਤ ਰੈਗੂਲਰ ਨਾ ਕਰਨ ਕਰਕੇ ਅਣਸੁਖਾਵੇ ਹਾਲਾਤ ਪੈਦਾ ਹੋ ਗਏ ਹਨ ਜੋ ਕਿ ਸਿੱਖਿਆ ਵਿਭਾਗ ਦੇ ਲਈ ਵਧੀਆ ਸੰਕੇਤ ਨਹੀਂ ਹਨ।ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰੋਜੈਕਟ ਤੋਂ ਇਲਾਵਾ ਕੁਝ ਹੋਰ ਸਾਹਸੀ ਕਦਮਾਂ ਕਰਕੇ ਜਿੱਥੇ ਲੋਕਾਂ ਦੇ ਅੰਦਰ ਸਰਕਾਰੀ ਸਕੂਲਾਂ ਦੀ ਇਮੇਜ਼ ਪ੍ਰਤਿ ਪਰਿਵਰਤਨ ਦਾ ਦੌਰ ਆ ਰਿਹਾ ਹੈ  ਉੱਥੇ ਇਹੋ ਜਿਹੇ ਨਿਰਣੇ ਵਿਭਾਗ ਦੀ ਸਾਖ ਨੂੰ ਵੱਟਾ ਲਗਾ ਰਹੇ ਹਨ।ਸੋ ਇਹ ਮੁੱਦਾ ਬੜਾ ਹੀ ਸੰਵੇਦਨਸ਼ੀਲ ਅਤੇ ਵਿਚਾਰਣਯੋਗ ਹੈ।ਇਸ ਨੂੰ ਸੰਜੀਦਗੀ ਨਾਲ ਲੈਦੇ ਹੋਏ ਜਲਦ ਸਾਕਾਰਤਮਕ ਕਦਮ ਉਠਾਉਣ ਦੀ ਜਰੂਰਤ ਹੈ।
5178  ਅਧਿਆਪਕਾਂ ਵੱਲੋਂ ਰੈਗੂਲਰ ਕਰਨ ਦੀ ਮੰਗ ਦੇ ਪ੍ਰਤਿ ਕੀਤਾ ਜਾ ਰਿਹਾ ਰੋਸ ਜਾਇਜ ਹੀ ਹੈ ਕਿਉੁਂ ਜੋ ਵਿਭਾਗ ਦੇ ਵੱਲੋਂ ਇਹਨਾਂ ਨੂੰ ਦਿੱਤੇ ਗਏ ਪੇਸ਼ਕਸ ਪੱਤਰ ਦੇ ਤਹਿਤ ਤਿੰਨ ਸਾਲਾਂ ਬਾਅਦ ਰੈਗੂਲਰ ਕਰਨਾ ਸੀ।ਇਹਨਾਂ ਦੀ ਭਰਤੀ ਅਕਾਲੀ ਭਾਜਪਾ ਸਰਕਾਰ ਦੁਆਰਾ ਨਿਰੋਲ ਮੈਰਿਟ ਦੇ ਅਧਾਰ ਦੇ ਉੱਪਰ ਸਰਕਾਰੀ ਵਿਭਾਗ ਦੇ ਰਾਹੀਂ ਕੀਤੀ ਗਈ।ਇਹਨਾਂ ਅਧਿਆਪਕਾਂ ਨੇ ਟੀਚਰ ਯੋਗਤਾ ਟੈਸਟ ਪਾਸ ਕੀਤਾ ਹੈ।ਰੈਗੂਲਰ ਹੋਣ ਦੀਆਂ ਸਾਰੀਆਂ ਸ਼ਰਤਾਂ ਨੂੰ ਪੂਰਾ ਕਰਦੇ ਹਨ।ਕਾਂਗਰਸ ਪਾਰਟੀ ਨੇ ਆਪਣੀ ਸਰਕਾਰ ਬਣਾਉਣ ਤੋਂ ਪਹਿਲਾ ਚੋਣ ਮੈਨੀਫੈਸਟੋ ਵਿੱਚ ਹਰੇਕ ਵਿਭਾਗ ਦੇ ਕੱਚੇ ਕਰਮਚਾਰੀਆਂ ਨੂੰ ਪੱਕੇ ਕਰਨ ਦਾ ਵਾਅਦਾ ਕੀਤਾ ਸੀ।ਪਰ ਹੁਣ ਇਹਨਾਂ ਕਰਮਚਾਰੀਆਂ ਨੂੰ ਮੁੜ ਤੋਂ 10300 ਤੇ ਤਿੰਨ ਸਾਲ ਦੇ ਪਰਵੇਸ਼ਨ ਕਾਲ ਤੇ ਰੱਖਣ ਸਬੰਧੀ ਵਿਚਾਰ ਹੋ ਰਿਹਾ ਹੈ ਜੋ ਕਿ ਸਰਕਾਰ ਦੀ ਕਹਿਣੀ ਤੇ ਕਥਨੀ ਤੇ ਪ੍ਰਸ਼ਨ ਚਿੰਨ ਲਗਾ ਰਿਹਾ ਹੈ।ਮੱਦੇਨਜ਼ਰ ਹੈ ਕਿ ਇਹਨਾਂ ਅਧਿਆਪਕਾਂ ਨੂੰ ਕੇਵਲ 6000 ਰੁਪਏ ਤਨਖਾਹ ਵਜੋਂ ਦਿੱਤੇ ਜਾਂਦੇ ਰਹੇ ਜੋ ਕਿ ਇੱਕ ਮਜਦੂਰ ਦੀ ਮਹੀਨੇ ਦੀ ਦਿਹਾੜੀ 12000 ਰੁਪਏ ਤੋਂ ਕਿਤੇ ਘੱਟ ਹਨ।ਮਹਿਗਾਈ ਦੇ ਇਸ ਯੁੱਗ ਵਿੱਚ ਇੰਨੀ ਥੋੜੀ੍ਹ ਤਨਖਾਹ ਵਿੱਚ ਗੁਜ਼ਾਰਾ ਕਰਨਾ ਨਾਮੁਮਕਿਨ ਹੈ।ਅਕਾਲੀ ਭਾਜਪਾ ਸਰਕਾਰ ਵੱਲੋਂ ਇਸ ਸਬੰਧ ਵਿੱਚ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਲਈ ਵਿਸ਼ੇਸ ਸਦਨ ਬੁਲਾਕੇ ਨੋਟੀਫਿਕੇਸ਼ਨ ਜਾਰੀ ਕਰਨ ਦੀ  ਪ੍ਰਕਿਰਿਆਂ ਸੁਰੂ ਕੀਤੀ ਸੀ ਪਰ ਅੰਤ ਪਰਨਾਲਾ ਉੱਥੇ ਦਾ ਉੱਥੇ ਹੀ ਰਿਹਾ।ਨਿਰਾਸ਼ਾ ਦੇ ਆਲਮ ਵਿੱਚ ਕਰਮਚਾਰੀਆਂ ਨੂੰ ਮਜ਼ਬੂਰੀਵੱਸ ਹੁਣ ਸੰਘਰਸ ਦੀ ਰਾਹ ਤੇ ਚੱਲਣਾ ਪੈ ਰਿਹਾ ਹੈ।ਸਰਕਾਰ ਨੂੰ ਇਸ ਮਸਲੇ ਦਾ ਹੱਲ ਕਰਨ ਲਈ ਫਰਾਖ਼ਦਿਲੀ ਦਿਖਾਉਂਣ ਦੀ ਲੋੜ ਹੈ।
ਇਸ ਸਮੇਂ ਸਮੁੱਚਾ 5178 ਅਧਿਆਪਕ ਵਰਗ ਦੀ ਮਾਨਸਿਕ ਹਾਲਤ ਚਿੰਤਾਜਨਕ ਹੈ ਕਿਉਂਕਿ ਸਾਨੂੰ ਪਤਾ ਹੈ ਕਿ ਪੇਟ ਨਾ ਰੋਟੀਆਂ ਤਾਂ ਸਭ ਗੱਲਾਂ ਖੋਟੀਆਂ।ਇਹਨਾਂ ਦੇ ਘਰਾਂ ਦੇ ਹਾਲਾਤ ਬਦ ਤੋ ਬਦਤਰ ਹੋ ਚੁੱਕੇ ਹਨ।ਸਾਰੇ ਕਰਮਚਾਰੀ ਆਰਥਿਕ ਸ਼ੋਸਣ ਦਾ ਸਿਕਾਰ ਹਨ।ਇਹ ਦੇਖਣ ਨੂੰ ਮਿਲ ਰਿਹਾ ਹੈ ਕਿ ਕਾਫ਼ੀ ਪਰਿਵਾਰਾਂ ਦੇ ਵਿੱਚ ਇਕੱਲਾ ਜੀਅ ਹੀ ਕਮਾਉਣ ਵਾਲਾ ਹੈ।ਨੌਜਵਾਨ ਅਧਿਆਪਕਾਂ ਦੇ ਰਿਸ਼ਤੇ ਨਹੀਂ ਹੋ ਰਹੇ ਹਨ।ਕੁਝ ਕੁ ਕਰਮਚਾਰੀਆਂ ਨੇ ਤਿੰਨ ਸਾਲ ਬਾਅਦ ਰੈਗੂਲਰ ਹੋਣ ਦੀ ਆਸ ਵਿੱਚ  ਬੈਂਕਾਂ ਤੋਂ ਭਾਰੀ ਵਿਆਜ਼ ਦਰਾਂ ਤੇ ਕਰਜ਼ੇ ਵੀ ਲਏ ਹੋਏ ਹਨ।ਇਹਨਾਂ ਕਰਮਚਾਰੀਆਂ ਨੂੰ ਮਾਨਸਿਕ ਪ੍ਰੇਸ਼ਾਨੀ ਤੋਂ ਇਲਾਵਾ ਸਮਾਜਿਕ ਆਲੋਚਨਾਵਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ।ਘਰਦਿਆਂ ਵੱਲੋਂ ਮਾਰੇ ਜਾਂਦੇ ਤਾਅਨੇ ਸਮੱਸਿਆ ਵਿੱਚ ਹੋਰ ਇਜ਼ਾਫਾ ਕਰਦੇ ਹਨ।ਆਪਣੇ ਕੁਲੀਗਜ਼ ਦੇ ਬਰਾਬਰ ਕੰਮ ਕਰਦੇ ਹੋਏ ਮਾਮੂਲੀ ਤਨਖਾਹ ਨੂੰ ਪ੍ਰਾਪਤ ਕਰਕੇ ਇਹ ਅਧਿਆਪਕ ਹੀਣ ਭਾਵਨਾ ਦਾ ਵੀ ਸ਼ਿਕਾਰ ਹਨ।ਹੁਣ ਇਹਨਾਂ ਅਧਿਆਪਕਾਂ ਨੂੰ ਦਿੱਤੀ ਜਾਂਦੀ ਨਿਗੂਣੀ ਤਨਖਾਹ ਵੀ ਬੰਦ ਕੀਤੀ ਜਾ ਚੁੱਕੀ ਹੈ। ਸਰਕਾਰ ਨੇ ਇਹਨਾਂ ਦੇ  ਜਖਮਾਂ ਤੇ ਨਮਕ ਭੁੱਕਣ ਵਾਲਾ ਕੰਮ ਕੀਤਾ ਹੈ।ਜਿਸ ਤਰਾਂ ਦੇ ਹਾਲਾਤ ਦੇਖਣ ਨੂੰ ਮਿਲ ਰਹੇ ਹਨ ਤਾਂ ਲੱਗਦਾ ਹੈ ਕਿ ਜਿਵੇਂ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੀਆਂ ਖਬ਼ਰਾਂ ਨਿੱਤ ਪੜਨ ਨੂੰ ਮਿਲ ਰਹੀਆਂ ਹਨ ਸ਼ਾਇਦ ਆਰਥਿਕ ਮੰਦੀ ਦਾ ਸਿਕਾਰ ਹੋ ਰਹੇ ਅਧਿਆਪਕਾਂ ਵੱਲੋਂ ਆਤਮ ਹੱਤਿਆਵਾਂ ਦੀਆਂ ਖਬਰਾਂ ਵੀ ਪੜ੍ਹਨ ਨੂੰ ਮਿਲਿਆ ਕਰਨਗੀਆ।ਹੁਣ ਇਹਨਾਂ ਕੋਲ ਕੋਈ ਹੋਰ ਚਾਰਾ ਵੀ ਨਹੀਂ

ਹੈ।ਪਿਛਲੇ ਤਿੰਨ ਸਾਲਾਂ ਤੋਂ ਆਪਣੇ ਪੇਟ ਨੂੰ ਗੱਠਾਂ ਦੇ ਕੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੇ ਸੀ।ਪਰ ਹੁਣ ਸਬਰ ਦਾ ਪਿਆਲਾ ਟੁੱਟ ਚੁੱਕਾ ਹੈ। ਸਰਕਾਰ ਦੇ ਲਈ ਇਹ ਚਿੰਤਨ ਕਰਨ ਦਾ ਸਮਾਂ ਹੈ।ਆਖਿਰਕਾਰ ਇੱਕ ਨੇਤਾ ਨੂ਼ੰ ਬਣਾਉਣ ਦੇ ਪਿੱਛੇ ਵੀ ਅਧਿਆਪਕ ਵਰਗ ਦੀ ਹੀ ਮੁਸ਼ੱਕਤ ਹੁੰਦੀ ਹੈ।ਸਰਕਾਰ ਦੇ ਖਜ਼ਾਨੇ ਆਪਣੀ ਜਨਤਾ ਦੇ ਲਈ ਕਦੇ ਵੀ ਖਾਲੀ ਨਹੀਂ ਹੋਇਆ ਕਰਦੇ ਹਨ।ਸਾਰੀ ਗੱਲ ਤਾਂ ਬਸ ਇੱਛਾ ਸ਼ਕਤੀ ਤੇ ਨਿਰਭਰ ਹੈ।
ਅਧਿਆਪਕਾਂ ਦੀਆਂ ਵੱਖ ਵੱਖ ਜੱਥੇਬੰਦੀਆਂ ਨੇ ਇਕੱਠੇ ਹੋ ਕੇ ਸਾਂਝਾ ਅਧਿਆਪਕ ਮੋਰਚਾ ਬਣਾਕੇ ਆਪਸੀ ਏਕਤਾ ਦਾ ਪ੍ਰਦਰਸ਼ਨ ਕਰਕੇ ਸਮੁੱਚੇ ਵਰਗ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਂਣ ਦੇ ਲਈ ਯਤਨਸ਼ੀਲ ਹਨ।ਪਰ ਅਜੇ ਤੱਕ ਕਿਸੇ ਪ੍ਰਕਾਰ ਦੀ ਸਫਲਤਾ ਹੱਥ ਨਹੀਂ ਲੱਗੀ ਹੈ।ਅਧਿਆਪਕ ਵਰਗ ਨੂੰ ਸਰਕਾਰ ਨਾਲ ਵਿਚਾਰ ਵਟਾਂਦਰਾ ਜਾਰੀ ਰੱਖਣਾ ਚਾਹੀਦਾ ਹੈ ਕਿਉਂਕਿ ਗੱਲਬਾਤ ਨਾਲ ਤਾਂ ਦੇਸਾਂ ਦੇ ਆਪਸੀ ਮੁੱਦੇ ਵੀ ਸੰਵਰ ਜਾਂਦੇ ਹਨ।ਸਰਕਾਰ ਵੀ ਆਪਣੇ ਚੋਣ ਮੈਨੀਫੈਸਟੋ ਅਨੁਸਾਰ ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਸਬੰਧੀ ਦਰਿਆਦਿਲੀ ਦਿਖਾਵੇ ।ਇਸ ਤਰ੍ਹਾਂ ਨਾਲ ਸੂਬੇ ਦੀ ਸਰਕਾਰ ਲੋਕਾਂ ਵੱਲੋਂ ਲਗਾਈਆਂ ਗਈਆਂ ਉਮੀਦਾਂ ਤੇ ਵੀ ਖਰਾ ਉੱਤਰ ਸਕੇਗੀ।ਇੱਥੇ ਜਿਕਰਯੋਗ ਹੈ ਕਿ ਜੇਕਰ ਰਾਜ ਦੇ ਲੋਕ ਦੁਖੀ ਹਨ ਤਾਂ ਸਰਕਾਰ ਦੀ ਡਿਊਟੀ ਬਣਦੀ ਹੈ ਕਿ ਪਹਿਲ ਦੇ ਆਧਾਰ ਤੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਖਤਮ ਕਰੇ ਤਾਂ ਹੀ ਲੋਕਤੰਤਰ ਦੀ ਹੋਦ ਨੂੰ ਬਚਾਇਆ ਜਾ ਸਕਦਾ ਹੈ।ਬੀਤੀ ਪੰਦਰਾਂ ਅਗਸਤ ਨੂੰ ਦੇਸ਼ ਭਰ ਵਿੱਚ ਬੜੀ ਹੀ ਧੂਮਧਾਮ ਨਾਲ ਅਜ਼ਾਦੀ ਦਿਵਸ ਦਾ ਜ਼ਸ਼ਨ ਮਨਾਇਆ ਗਿਆ ਹੈ ਪਰ ਅਸਲ ਆਜ਼ਾਦੀ ਤਾਂ ਹੀ ਮੰਨੀ  ਜਾ ਸਕਦੀ ਹੈ ਜੇਕਰ ਲੋਕਾਂ ਨੂੰ ਆਪਣੇ ਹੱਕ / ਮੰਗਾਂ ਮੰਨਵਾਉਣ ਦੇ ਲਈ ਧਰਨੇ, ਰੈਲੀਆਂ , ਆਤਮ ਹੱਤਿਆਵਾਂ, ਭੁੱਖ ਹੜਤਾਲ, ਮਰਨ ਵਰਤ, ਰੋਸ ਮੁਜ਼ਾਹਰੇ ਕਰਨ ਦੀ ਲੋੜ ਨਾ ਪਵੇ।ਉਮੀਦ ਹੈ ਕਿ ਇਸ ਸਮੱਸਿਆ ਪ੍ਰਤੀ ਧਨਾਤਮਕ ਸੋਚ ਅਪਣਾ ਕੇ ਹੱਲ ਕਰ ਲਿਆ ਜਾਵੇਗਾ।

ਪਤਾ-298, ਚਮਨਦੀਪ ਸ਼ਰਮਾ, ਮਹਾਰਾਜਾ ਯਾਦਵਿੰਦਰਾ ਇਨਕਲੇਵ,
ਨਾਭਾ ਰੋਡ, ਪਟਿਆਲਾ।
ਸੰਪਰਕ ਨੰਬਰ- 95010  33005

ਮੋਬਾਈਲ - ਚਮਨਦੀਪ ਸ਼ਰਮਾ

ਬੱਚਿਓ ਮੰਨ ਲਓ ਮੇਰਾ ਕਹਿਣਾ,
ਮੋਬਾਈਲ ਤੋਂ ਦੂਰ ਹੀ ਰਹਿਣਾ।
ਸੁਣਨ ਸ਼ਕਤੀ ਕਰ ਦਿੰਦਾ ਘੱਟ,
ਕੰਨਾਂ ਤੇ ਲੱਗਦੀ ਗਹਿਰੀ ਸੱਟ।
ਅੱਖਾਂ ਤੇ ਪਾਉਂਦਾ ਹੈ ਅਸਰ,
ਛੋਟੀ ਉਮਰ ਘੱਟ ਜਾਂਦੀ ਨਜ਼ਰ।
ਲਗਾ ਦਿੰਦਾ ਹੈ ਮਾਨਸਿਕ ਰੋਗ,
ਦਿਮਾਗ ਤੇ ਰਹੇ ਬੇਲੋੜਾ ਬੋਝ।
ਦਿਲ ਦੇ ਰੋਗ ਦਾ ਖਤਰਾ ਵਧਾਏ,
ਬੱਚਿਓ ਸੋਚਣ ਸ਼ਕਤੀ ਵੀ ਘਟਾਏ।
ਗੇਮ ਖੇਡਦੇ ਰਹਿੰਦੇ ਹੋ ਦਿਨ ਰਾਤ,
ਪੜ੍ਹਨਾ ਨਾ ਤੁਹਾਨੂੰ ਰਹਿੰਦਾ ਯਾਦ।
ਗੱਲ ਮੇਰੀ ਜਰਾ ਕਰ ਲਓ ਨੋਟ,
ਮੋਬਾਈਲ ਪੜ੍ਹਨ ਤੇ ਲਾਏ ਰੋਕ।
ਵੱਡਿਆਂ ਲਈ ਤਾਂ ਹੈ ਇਹ ਜਰੂਰੀ,
ਪਰ ਦੱਸੋ ਤੁਹਾਡੀ ਕਿਹੜੀ ਮਜਬੂਰੀ ?
ਗਰਾਊਡ ਜਾਣਾ ਹੋਇਆ ਦੂਰ,
ਸਿਹਤ ਵਿਗੜੂ ਤੁਹਾਡੀ ਜਰੂਰ।
ਸਿਆਣੇ ਦੀ ਸੁਣਦੇ ਨਾ ਬਾਤ,
ਆਪਣੇ ਅੰਦਰ ਮਾਰੋ ਜਰਾ ਝਾਤ।
ਰੌਣਕ, ਰੋਮਾਂਚਕ ਛੱਡ ਦਿੱਤਾ ਖਹਿੜਾ,
ਕਹਿੰਦੇ ਰੋਗ ਏਨੇ ਸਹੂਗਾ ਕਿਹੜਾ ।
"ਚਮਨ" ਕਿਤਾਬਾਂ ਨਾਲ ਪਾਓ ਪ੍ਰੀਤ,
ਤੁਹਾਡੇ ਬਚਪਨ ਲਈ ਇਹੀ ਠੀਕ।

ਪਤਾ-298, ਚਮਨਦੀਪ ਸ਼ਰਮਾ, ਮਹਾਰਾਜਾ ਯਾਦਵਿੰਦਰਾ ਇਨਕਲੇਵ,
ਨਾਭਾ ਰੋਡ, ਪਟਿਆਲਾ, ਸੰਪਰਕ ਨੰਬਰ- 95010  33005