Dr-Gurvinder-Singh-Dhaliwal-Canada

ਧੀਆਂ - ਡਾ. ਗੁਰਵਿੰਦਰ ਸਿੰਘ

ਧੀਆਂ ਖੁਸ਼ੀਆਂ ਖੇੜੇ,
 ਰੱਬ ਕਿਉਂ ਨਾ ਦੇਵੇ?
 ਧੀਆਂ ਮਿੱਠੜੇ ਮੇਵੇ ,
ਰੱਬ ਸਭ ਨੂੰ ਦੇਵੇ ।

ਜਿਸ ਘਰ ਦੇ ਵਿੱਚ ਧੀ ਜੰਮਦੀ ਹੈ।
ਆਮਦ ਦਇਆ, ਖਿਮਾ, ਸੰਗ ਦੀ ਹੈ।
ਬਿਨਾਂ ਲੋਰੀਆਂ ਅਤੇ ਪਿਆਰੋਂ,
ਦੌਲਤ ਹੋਰ ਨਾ ਧੀ ਮੰਗ ਦੀ ਹੈ।
ਕਾਹਤੋਂ ਬੂਹੇ ਭੇੜੇ?

ਮਾਂ ਦਾ ਦਰਦ ਵਡਾਂਉਂਦੀ ਧੀ ਹੈ।
ਪੱਗ ਦੀ ਸ਼ਾਨ ਵਧਾਉਂਦੀ ਧੀ ਹੈ।
ਸਬਰ-ਸਿਦਕ ਦੀਆਂ ਰਿਸ਼ਮਾਂ ਵੰਡਦੀ,
ਵਿਹੜੇ ਨੂੰ ਰੁਸ਼ਨਾਉਂਦੀ ਧੀ ਹੈ।
ਫਿਰ ਕਿਉਂ ਰਹਿਣ ਹਨ੍ਹੇਰੇ?

ਵਿੱਦਿਆ ਦੇ ਖੇਤਰ ਵਿੱਚ ਅੱਗੇ।
ਮਾਪਿਆਂ ਤਾਈਂ ਬੋਝ ਨਾ ਲੱਗੇ।
ਹਿੰਮਤ ਅਤੇ ਮੁਸ਼ੱਕਤ ਸਦਕਾ,
ਫ਼ਰਜ਼ ਨਿਭਾਉਂਦੀ ਕਸਰ ਨਾ ਛੱਡੇ।
ਐਸੇ ਹੁਨਰ ਬਥੇਰੇ।

ਧੀ ਕਿਉਂ ਧਨ ਪਰਾਇਆ ਲੋਕੋ।
ਉਸਦੇ ਪਰ-ਉਪਕਾਰ ਨਾ ਟੋਕੋ।
ਦੂਜੇ ਦੇ ਘਰ ਸੂਰਜ ਬਣ ਕੇ,
ਨ੍ਹੇਰ ਮੁਕਾਵੇ ਇਹ ਤਾਂ ਸੋਚੋ।
ਬਦਲੋ ਰਸਮਾਂ ਝੇੜੇ।

ਹੱਕਾਂ ਦੇ ਲਈ ਧੀ ਹੈ ਲੜਦੀ।
ਨਾ ਭੈਅ ਦਿੰਦੀ ਨਾ ਭੈਅ ਜਰਦੀ।
ਜ਼ਾਲਮ ਸਾਹਵੇਂ ਸ਼ੀਹਣੀ ਬਣ ਕੇ,
ਮਜ਼ਲੂਮਾਂ ਦੀ ਰੱਖਿਆ ਕਰਦੀ।
ਵੈਰੀ ਆਉਣ ਨਾ ਨੇੜੇ।

ਮਿੱਠੜੇ ਮੇਵੇ ਧੀਆਂ ਹੀ ਨੇ।
ਪੱਕੀਆਂ ਨੀਂਹਾਂ ਧੀਆਂ ਹੀ ਨੇ।
ਧੀਆਂ ਨੂੰ ਨਿੰਦਣ ਜੋ ਕਲਮਾਂ,
ਗ਼ਲਤ ਪਾਉਂਦੀਆਂ ਲੀਹਾਂ ਹੀ ਨੇ।
ਲਾਅਣਤ, ਲਿਖਦੇ ਜਿਹੜੇ।

ਸਾਡੇ ਘਰ ਜਦ ਧੀ ਸੀ ਆਈ।
ਰੌਣਕ-ਮੇਲੇ ਨਾਲ ਲਿਆਈ।
ਪਹਿਲੀ ਹੀ ਮੁਸਕਾਨ ਬਖ਼ਸ਼ ਕੇ,
ਸਭਨਾਂ ਦੇ ਦਿਲ ਅੰਦਰ ਛਾਈ।
ਖ਼ੁਸ਼ੀਆਂ ਲਾਏ ਡੇਰੇ।

ਜੀਵਨ ਦੀ ਜੋ ਘੜੀ ਹੈ ਲੰਘਦੀ।
ਧੀਏ ਰਹੇਂ ਦੁਆਵਾਂ ਮੰਗਦੀ।
ਗੁਰਵਿੰਦਰ ਕਿੰਝ ਬਣਦਾ ਸ਼ਾਇਰ,
ਜੇਕਰ ਧੀਏ ਤੂੰ ਨਾ ਜੰਮਦੀ।
ਸਦਕੇ ਜਾਈਏ ਤੇਰੇ।
ਰੱਬ ਸਭ ਨੂੰ ਦੇਵੇ।

ਧੀਆਂ ਮਿੱਠੜੇ ਮੇਵੇ,
ਰੱਬ ਕਿਉਂ ਨਾ ਦੇਵੇ?

ਡਾ. ਗੁਰਵਿੰਦਰ ਸਿੰਘ
ਕੋਆਰਡੀਨੇਟਰ, ਪੰਜਾਬੀ ਸਾਹਿਤ ਸਭਾ ਮੁੱਢਲੀ (ਰਜਿ.)
ਐਬਟਸਫੋਰਡ, ਕੈਨੇਡਾ।
ਫੋਨ : 001 -604-825-1550

'ਲਾਲਾ ਲਾਜਪਤ ਰਾਏ ਦੀ ਚਿਤਾ ਦੀ ਰਾਖੀ' : ਭਗਤ ਪੂਰਨ ਸਿੰਘ ਜੀ ਦਾ ਅੱਖਾਂ ਖੋਲ੍ਹਣ ਵਾਲਾ ਇਤਿਹਾਸਕ ਦਸਤਾਵੇਜ਼

ਪਿੰਗਲਵਾੜਾ ਸੰਸਥਾ ਦੇ ਬਾਨੀ ਅਤੇ ਮਾਨਵਤਾ ਦੀ ਸੇਵਾ ਦੀ ਮੂਰਤ ਭਗਤ ਪੂਰਨ ਸਿੰਘ ਜੀ ਨੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਹਨ, ਜਿਨ੍ਹਾਂ ਵਿੱਚੋਂ ਇੱਕ ਹੈ : "ਮੇਰੇ ਜੀਵਨ ਦੀਆਂ ਬੇ-ਆਸਰੇ, ਅਪਾਹਜਾਂ, ਰੋਗੀਆਂ ਦੀ ਸੇਵਾ ਸੰਭਾਲ ਦੀਆਂ ਤੇ ਕੁਝ ਹੋਰ ਕਹਾਣੀਆਂ"। ਇਸ ਕਿਤਾਬ ਦੇ ਅਨੇਕਾਂ ਅਡੀਸ਼ਨ ਛਪ ਚੁੱਕੇ ਹਨ, ਪਰ ਇਸ ਵਿੱਚ ਇੱਕ ਅਜਿਹਾ ਇਤਿਹਾਸਕ ਬਿਰਤਾਂਤ ਅੰਕਿਤ ਹੈ, ਜੋ ਪੰਜਾਬੀ ਸਾਹਿਤ ਦੇ ਵਾਰਤਕ ਨੂੰ ਨਵਾਂ ਰੂਪ ਦੇਣ ਦੇ ਸਮਰੱਥ ਹੋਣ ਤੋਂ ਇਲਾਵਾ, ਇਤਿਹਾਸਿਕ ਭੁਲੇਖਿਆਂ ਅਤੇ ਗ਼ਲਤ ਪ੍ਰਸੰਗਾਂ ਨੂੰ ਰੱਦ ਕਰਦਾ ਹੋਇਆ, ਅੱਖਾਂ ਖੋਲ੍ਹਦਾ ਹੈ। ਆਓ ਆਰੰਭ ਵਿੱਚ, ਕਿਤਾਬ ਦੇ ਪੰਨਾ 59 'ਤੇ ਅੰਕਿਤ ਇਹ ਲੇਖ ਸਾਂਝਾ ਕਰਦੇ ਹਾਂ:
"ਲਾਲਾ ਲਾਜਪਤ ਰਾਏ ਦੀ ਚਿਤਾ ਦੀ ਰਾਖੀ
ਲਾਲਾ ਲਾਜਪਤ ਰਾਏ ਭਾਰਤ ਦੇ ਸੁਤੰਤਰਤਾ ਅੰਦੋਲਨ ਦੇ ਇਕ ਸਿਰ ਕੱਢ ਆਗੂ ਹੋਏ ਸਨ। ਉਨ੍ਹਾਂ ਦੀ ਮੌਤ 17 ਨਵੰਬਰ ਵਾਲੇ ਦਿਨ ਹੋਈ ਸੀ । ਸਾਲ ਪਤਾ ਨਹੀਂ 1928 ਸੀ ਜਾਂ 1929 ਸੀ। ਮੈਨੂੰ ਲਾਲਾ ਜੀ ਦੀ ਮੌਤ ਦਾ ਪਤਾ ਸਵੇਰ ਦੇ ਅੱਠ ਕੁ ਵਜੇ ਲੱਗਿਆ ਸੀ। ਬੁੱਚੜ ਖ਼ਾਨਿਆਂ ਵਿੱਚ ਪਸ਼ੂਆਂ 'ਤੇ ਹੋਣ ਵਾਲੇ ਕਹਿਰਾਂ ਦੇ ਕਾਰਣ ਉਨ੍ਹਾਂ ਦਿਨਾਂ ਵਿੱਚ ਮੈਂ ਚਮੜੇ ਦੀ ਜੁੱਤੀ ਪਹਿਨਣੀ ਛੱਡੀ ਹੋਈ ਸੀ , ਜਿਹੜੀ ਮੈਂ ਪੰਜਾਹ ਸਾਲ ਛੱਡੀ ਰੱਖੀ ਤੇ ਲੱਕੜ ਦੀਆਂ ਖੜ੍ਹਾਵਾਂ ਹੀ ਪਹਿਨਦਾ ਰਿਹਾ। ਮੈਂ ਕੁੜਤਾ ਪਜਾਮਾ ਪਹਿਨਣਾ ਛੱਡਿਆ ਹੋਇਆ ਸੀ। ਲੱਕ ਤੇ ਕਛਹਿਰਾ ਅਤੇ ਸਿਰ ਤੇ ਮੈਂ ਪਰਨਾ ਬੰਨ੍ਹਦਾ ਹੁੰਦਾ ਸੀ। ਇਕ ਖੇਸੀ ਸਰਦੀਆਂ ਦੀ ਰੁੱਤ ਵਿੱਚ ਮੇਰੇ ਉਤੇ ਹੁੰਦੀ ਸੀ। ਲਾਲਾ ਜੀ ਦੀ ਮੌਤ ਦਾ ਪਤਾ ਲੱਗਦੇ ਸਾਰ ਹੀ ਮੈਂ ਉਨ੍ਹਾਂ ਦੀ ਕੋਠੀ ਵੱਲ ਨੂੰ ਤੁਰ ਪਿਆ ਸਾਂ। ਮੈਂ ਇਹ ਨਾ ਸੋਚਿਆ ਕਿ ਲਾਸ਼ ਤਾਂ ਤਿੰਨ ਚਾਰ ਵਜੇ ਤੋਂ ਪਹਿਲਾਂ ਸਾੜਨ ਵਾਸਤੇ ਨਹੀਂ ਲਿਜਾਈ ਜਾਵੇਗੀ। ਕਿਉਂਕਿ ਬਹੁਤ ਲੋਕਾਂ ਨੇ ਨੜੋਏ ਦੇ ਨਾਲ ਤੁਰਨਾ ਹੋਵੇਗਾ। ਜਿਹੜੇ ਹੋਰਨਾਂ ਸ਼ਹਿਰਾਂ ਤੋਂ ਵੀ ਆਉਣੇ ਸਨ। ਅਰਥੀ ਦਾ ਜਲੂਸ ਦਿਨ ਦੇ ਚਾਰ ਕੁ ਵਜੇ ਲਾਲਾ ਜੀ ਦੀ ਕੋਠੀ ਲੋਕ ਸੇਵਕ ਮੰਡਲ Servent of the People Society ਤੋਂ ਚੱਲਿਆ ਅਤੇ ਯੂਨੀਵਰਸਿਟੀ ਦੇ ਸਾਹਮਣੇ ਦੀ ਸੜਕ ਤੋਂ ਲੰਘਦਾ ਹੋਇਆ ਅਨਾਰਕਲੀ ਬਾਜ਼ਾਰ ਵਿੱਚ ਵੜਿਆ। ਉਥੋਂ ਰਾਵੀ ਰੋਡ ਤੇ ਰਾਤ ਦਾ ਹਨੇਰਾ ਪੈਣ ਦੇ ਵੇਲੇ ਰਾਵੀ ਦਰਿਆ ਤੇ ਪੁੱਜਿਆ। ਮੇਰੇ ਪਾਸ ਪੈਸੇ ਤਾਂ ਉਨ੍ਹਾਂ ਦਿਨਾਂ ਵਿੱਚ ਨਹੀਂ ਹੁੰਦੇ ਹਨ, ਕਿਉਂਕਿ ਮੈਂ ਬਿਨਾਂ ਤਨਖ਼ਾਹ ਤੋਂ ਸੇਵਾ ਕਰਦਾ ਹੁੰਦਾ ਸਾਂ। ਇਸ ਲਈ ਉਸ ਦਿਨ ਮੈਂ ਰਾਤ ਤੱਕ ਸਾਰਾ ਦਿਨ ਭੁੱਖਾ ਰਿਹਾ।
ਰਸਤੇ ਵਿੱਚ ਇਕ ਗੋਰੇ ਜਿਹੇ ਮੁਸਲਮਾਨ ਨੂੰ ਲੋਕਾਂ ਨੇ ਕੁੱਟਿਆ। ਉਸ ਨੂੰ ਲੋਕੀ ਅੰਗਰੇਜ਼ ਕਰਨਲ ਲਾਰੈਂਸ ਸਮਝਦੇ ਸਨ ਕਿ ਉਸ ਨੇ ਅੰਗਰੇਜ਼ ਹੁੰਦਿਆਂ ਹੋਇਆ ਮੁਸਲਮਾਨਾਂ ਵਾਲੇ ਕੱਪੜੇ ਪਾ ਕੇ ਭਾਰਤ ਵਿੱਚ ਸਥਾਨਕ ਮੁਸਲਮਾਨ ਬਣ ਕੇ ਰਹਿਣ ਦਾ ਪਾਖੰਡ ਰਚਿਆ ਹੋਇਆ ਹੈ। ਬਹੁਤ ਵੱਡੀ ਗਿਣਤੀ ਵਿੱਚ ਲੋਕੀ ਨੜੋਏ ਦੇ ਨਾਲ ਗਏ ਸਨ। ਜਦ ਲਾਲਾ ਜੀ ਦੀ ਚਿਤਾ ਨੂੰ ਅੱਗ ਲਾ ਦਿੱਤੀ ਗਈ ਤਾਂ ਡਾਕਟਰ ਗੋਪੀ ਚੰਦ ਭਾਰਗਵ, ਖੱਦਰ ਭੰਡਾਰ ਪਰੀ ਮਹਿਲ ਦਾ ਮੈਨੇਜਰ ਪੰਡਿਤ ਰਾਮ ਲਾਲ , ਛੋਟਾ ਮੈਨੇਜਰ ਸਰਦਾਰ ਜਸਵੰਤ ਸਿੰਘ ਤੇ ਡਾਕਟਰ ਸਾਹਿਬ ਦੇ ਚਾਚੇ ਦਾ ਪੁੱਤਰ ਮਨੋਹਰ ਲਾਲ ਚਾਰ ਜਣੇ ਖੜ੍ਹੇ ਗੱਲਾਂ ਕਰ ਰਹੇ ਸਨ। ਮੈਂ ਉਨ੍ਹਾਂ ਪਾਸ ਚਲਿਆ ਗਿਆ। ਉਹ ਸਾਰੇ ਜਣੇ ਮੈਨੂੰ ਜਾਣਦੇ ਸਨ ਕਿਉਂਕਿ ਮੈਂ ਖੱਦਰ ਭੰਡਾਰ ਤੋਂ ਖੱਦਰ ਖ਼ਰੀਦਦਾ ਹੁੰਦਾ ਸਾਂ ਤੇ ਖੱਦਰ ਦਾ ਪ੍ਰਚਾਰ ਕਰਨ ਵਾਲਾ ਵੀ ਸਾਂ। ਡਾਕਟਰ ਸਾਹਿਬ ਨਾਲ ਵੀ ਮੇਰੀ ਚੰਗੀ ਸਤਿਕਾਰ ਭਰੀ ਜਾਣ ਪਛਾਣ ਸੀ।
ਉਹ ਆਪਸ ਵਿੱਚ ਇਹ ਗੱਲ ਕਰ ਰਹੇ ਸਨ ਕਿ ਰਾਤ ਨੂੰ ਚਿਤਾ ਦੀ ਰਾਖੀ ਲਈ ਕਿਸ ਨੂੰ ਛੱਡਿਆ ਜਾਵੇ। ਇਹ ਫ਼ਿਕਰ ਉਨ੍ਹਾਂ ਨੂੰ ਇਸ ਲਈ ਪੈਦਾ ਹੋਇਆ ਕਿਉਂਕਿ ਸੰਨ 1927 ਵਿੱਚ ਸਖ਼ਤ ਹਿੰਦੂ ਮੁਸਲਿਮ ਫਸਾਦ ਹੋ ਚੁੱਕੇ ਸਨ। ਉਹਨਾਂ ਦੀ ਇਹ ਗੱਲ ਸੁਣ ਕੇ ਮੈਂ ਕਿਹਾ, ਡਾਕਟਰ ਸਾਹਿਬ ਰਾਤ ਨੂੰ ਮੈਂ ਚਿਤਾ ਦੇ ਲਾਗੇ ਸੌਂ ਜਾਵਾਂਗਾ। ਡਾਕਟਰ ਸਾਹਿਬ ਨੇ ਦਰਿਆ ਦੇ ਲਾਗੇ ਦੇ ਕਿਸੇ ਮਕਾਨ ਵਿਚੋਂ ਮੇਰੇ ਲਈ ਇਕ ਛੋਟੀ ਜਿਹੀ ਮੰਜੀ ਮੰਗਵਾ ਲਈ ਜਿਸ ਉਤੇ ਮਸਾਂ ਦਸਾਂ ਸਾਲਾਂ ਦਾ ਮੁੰਡਾਂ ਸੌਂ ਸਕਦਾ ਸੀ। ਮੰਜੀ ਦੇ ਵਾਣ ਦੀ ਬੁਣਤਰ ਵਿਚੋਂ ਡੂੰਘ ਸੀ। ਮੈਂ ਮੰਜੀ ਤੇ ਲੇਟ ਗਿਆ। ਮੈਂ ਸਾਰੇ ਦਿਨ ਦਾ ਭੁੱਖਾ ਸਾਂ। ਜੇ ਮੇਰੇ ਪਾਸ ਪੈਸੇ ਹੁੰਦੇ ਤਾਂ ਮੈਂ ਰਾਵੀ ਦਰਿਆ 'ਤੇ ਹਨ੍ਹੇਰਾ ਹੋਏ 'ਤੇ ਪੁੱਜਣ ਦੇ ਸਮੇਂ ਤੋਂ ਬਹੁਤ ਸਮਾਂ ਪਹਿਲਾਂ ਰੋਟੀ ਕਿਸੇ ਤੰਦੂਰ ਤੋਂ ਮੁੱਲ ਲੈ ਕੇ ਖਾ ਸਕਦਾ ਸਾਂ ਜਾਂ ਕੋਈ ਹੋਰ ਵਸਤੂ ਮੂੰਗਫਲੀ ਜਾਂ ਛੋਲੇ ਚਬਾ ਕੇ ਆਪਣੀ ਭੁੱਖ ਮਿਟਾ ਲੈਂਦਾ ।
ਰਾਤ ਦੇ ਦਸ ਕੁ ਵਜੇ ਡਾਕਟਰ ਸਾਹਿਬ ਦਾ ਭਰਾ ਮਨੋਹਰ ਲਾਲ ਤੇ ਉਹਨਾਂ ਦਾ ਸੈਕਰੇਟਰੀ ਯਸ਼ਪਾਲ ਦੋਵੇਂ ਜਣੇ ਆਏ। ਮੈਂ ਆਪਣੇ ਲਈ ਪ੍ਰਸ਼ਾਦਾ ਤੇ ਪਾਲੇ ਤੋਂ ਬਚਣ ਲਈ ਕੰਬਲ ਜਾਂ ਰਜਾਈ ਦੀ ਉਡੀਕ ਕਰਨੀ ਸੀ ਪਰ ਰਾਤ ਨੂੰ ਜਿਹੜੇ ਦੋ ਬੰਦੇ ਮੇਰੇ ਪਾਸ ਆਏ ਉਹ ਰਜਾਈ ਤਲਾਈ ਕੰਬਲ ਜਾਂ ਖੇਸੀ ਕੋਈ ਕੱਪੜਾ ਵੀ ਨਾ ਲੈ ਕੇ ਆਏ। ਰੋਟੀ ਵੱਲੋਂ ਵੀ ਡਾਕਟਰ ਸਾਹਿਬ ਨੂੰ ਕੀ ਪਤਾ ਸੀ ਕਿ ਮੇਰੇ ਵਰਗੇ ਸੇਵਾ ਲਈ ਜੀਵਨ ਅਰਪਣ ਕਰਕੇ ਪੈਸਾ ਨਾ ਕਮਾਉਣ ਵਾਲੇ ਬੰਦੇ ਨੂੰ ਸਾਰਾ ਦਿਨ ਵੀ ਭੁੱਖਾ ਰਹਿਣਾ ਪਿਆ ਕਰਦਾ ਹੈ। ਉਹ ਦੋਵੇਂ ਜਣੇ ਮੈਨੂੰ ਗਲ਼ੋਂ ਲਾਹੁਣ ਲਈ ਕਿਸੇ ਹਲਵਾਈ ਦੀ ਹੱਟੀ ਤੋਂ ਦੋ ਕੁ ਪੂੜੀਆਂ ਲੈ ਕੇ ਆਏ ਜਿਹੜੀਆਂ ਤੋਲਾ ਤੋਲਾ ਭਰ ਦੀਆਂ ਹੋਣਗੀਆਂ। ਸਾਰਾ ਦਿਨ ਦੇ ਭੁੱਖੇ ਨੇ ਮੈਂ ਉਹ ਦੋ ਪੂੜੀਆਂ ਖਾਧੀਆਂ ਪਰ ਮੈਂ ਡਰਦਿਆਂ ਦਰਿਆਂ ਦਾ ਪਾਣੀ ਇਸ ਖ਼ਿਆਲ ਨਾਲ ਪੀਤਾ ਕਿ ਦਰਿਆਂ ਦਾ ਪਾਣੀ ਸ਼ਾਇਦ ਖ਼ਰਾਬ ਹੁੰਦਾ ਹੋਵੇ।
ਰਾਤ ਦੇ ਤਿੰਨ ਕੁ ਵਜੇ ਮੈਨੂੰ ਦਰਿਆ ਦੀ ਬਰੇਤੀ ਵਿੱਚ ਪਏ ਨੂੰ ਇਤਨੀ ਸਰਦੀ ਚੜ੍ਹ ਗਈ ਕਿ ਮੈਂ ਹੱਥ ਹਿਲਾਉਣ ਜੋਗਾ ਨਾ ਰਿਹਾ। ਮੈਂ ਮਨੋਹਰ ਲਾਲ ਤੇ ਯਸ਼ਪਾਲ ਦੋਹਾਂ ਨੂੰ ਆਵਾਜ਼ ਮਾਰ ਕੇ ਜਗਾਇਆ ਤੇ ਕਿਹਾ ਕਿ ਮੈਨੂੰ ਤਾਂ ਸਰਦੀ ਚੜ੍ਹ ਗਈ ਹੈ। ਯਸ਼ਪਾਲ ਨੇ ਕਿਹਾ ਕਿ ਲਾਲਾ ਜੀ ਨੂੰ ਕਹਿ ਦੇ ਕਿ ਲਾਲਾ ਜੀ ਮੈਂ ਵੀ ਤੁਹਾਡੇ ਨਾਲ ਹੀ ਆ ਰਿਹਾ ਹਾਂ। ਲਾਲਾ ਜੀ ਦੀ ਚਿਤਾ ਵਿਚੋਂ ਪੇਸ਼ਾਬ ਦੀ ਪੂਰੀ ਧਾਰ ਨਿਕਲੀ ਸੀ। ਯਸ਼ਪਾਲ ਨੇ ਮੈਨੂੰ ਆਪਣੇ ਉਤੋਂ ਗਰਮ ਕੱਪੜੇ ਦਾ ਓਵਰ ਕੋਟ ਲਾਹ ਕੇ ਦਿੱਤਾ ਪਰ ਉਸ ਕੋਟ ਨਾਲ ਮੇਰਾ ਕੀ ਸੰਵਰਨਾ ਸੀ? ਤਿੰਨ ਕੁ ਵਜੇ ਚਿਤਾ ਦਾ ਸਵਾ ਗਜ ਦੇ ਕਰੀਬ ਹਿੱਸਾ ਸੁਆਹ ਬਣ ਚੁੱਕਿਆ ਸੀ। ਗਰਮ ਸੁਆਹ ਦੇ ਉਸ ਹਿੱਸੇ 'ਤੇ ਮੈਂ ਆਪਣੀ ਮੰਜੀ ਡਾਹ ਲਈ ਤੇ ਇਸ ਤਰ੍ਹਾਂ ਮੇਰੀ ਜਾਨ ਬਚੀ ਤੇ ਮੈਂ ਸੌਂ ਵੀ ਗਿਆ।
ਅਗਲੀ ਸਵੇਰ ਦਿਨ ਦੇ ਸਾਢੇ ਨੌਂ ਵਜੇ ਲਾਲਾ ਲਾਜਪਤ ਰਾਏ ਦਾ ਭਰਾ ਲਾਲਾ ਗਣਪਤ ਰਾਏ ਤੇ ਉਸ ਦਾ ਪੁੱਤਰ ਦੋਵੇ ਜਣੇ ਆਏ ਤਾਂ ਮੈਂ ਉਸ ਥਾਂ ਤੋਂ ਤੁਰਿਆ। ਉਸ ਵੇਲੇ ਤੱਕ ਮੈਨੂੰ ਰੋਟੀ ਖਾਧੀ ਨੂੰ 36 ਘੰਟੇ ਤੋਂ ਵੱਧ ਸਮਾਂ ਹੋ ਚੁੱਕਿਆ ਸੀ। ਅਗਲੀ ਸਵੇਰ ਮੈਨੂੰ ਲਾਲਾ ਜੀ ਦੇ ਭਰਾਵਾਂ ਨੂੰ ਉਡੀਕਣ ਦੀ ਕੋਈ ਲੋੜ ਨਹੀਂ ਸੀ। ਮੈਂ ਉਜਾਲਾ ਹੋਣ ਦੇ ਵੇਲੇ ਲਾਲਾ ਜੀ ਦੀ ਚਿਤਾ ਨੂੰ ਛੱਡ ਕੇ ਜਾ ਸਕਦਾ ਸਾਂ ਪਰ ਭੁੱਖਾ ਪਿਆਸਾ ਹੁੰਦਾ ਹੋਇਆ ਵੀ ਮੈਂ ਲਾਲਾ ਜੀ ਦੇ ਪਰਿਵਾਰ ਦੇ ਬੰਦਿਆਂ ਦੇ ਆਉਣ ਤੋਂ ਪਹਿਲਾਂ ਦਰਿਆ ਤੋਂ ਨਾ ਤੁਰਿਆ।"
ਸਾਧਾਰਨ ਪੱਧਰ 'ਤੇ ਵੇਖਣ ਨੂੰ ਇਹ ਵਾਰਤਕ ਦਾ ਇਕ ਛੋਟਾ ਜਿਹਾ ਨਮੂਨਾ ਲੱਗਦਾ ਹੈ, ਪਰ ਜਿੰਨ੍ਹੇ ਵਿਸ਼ੇ ਅਤੇ ਸਵਾਲ ਇਸ ਵਿੱਚ ਸਮੋਏ ਹੋਏ ਹਨ, ਉਹ ਵੱਡੀਆਂ ਕਿਤਾਬਾਂ ਨੂੰ ਵੀ ਮਾਤ ਪਾਉਂਦੇ ਹਨ। ਚਾਹੀਦਾ ਤਾਂ ਇਹ ਹੈ ਕਿ ਪੰਜਾਬੀ ਵਾਰਤਕ ਦੇ ਨਮੂਨੇ ਵਜੋਂ, ਇਸ ਨੂੰ ਕਾਲਜਾਂ- ਯੂਨੀਵਰਸਿਟੀਆਂ ਵਿੱਚ ਪੜ੍ਹਾਇਆ ਜਾਵੇ, ਪਰ ਕਿਉਂਕਿ ਇਹ ਬਹੁਤ ਸਾਰੇ ਝੂਠੇ ਪ੍ਰਸੰਗਾਂ ਨੂੰ ਰੱਦ ਕਰਦਾ ਹੈ, ਸ਼ਾਇਦ ਇਸੇ ਕਾਰਨ ਇਸਦਾ ਜ਼ਿਕਰ ਹੁਣ ਤੱਕ ਨਹੀਂ ਹੋਇਆ।
17 ਨਵੰਬਰ 1928 ਦੇ ਇਤਿਹਾਸਕ ਦਿਨ ਮੌਕੇ ਲਾਲਾ ਲਾਜਪਤ ਰਾਏ ਦੇ ਸਸਕਾਰ ਅਤੇ ਹੋਰ ਘਟਨਾਵਾਂ ਨੂੰ ਅੱਖੀਂ ਡਿੱਠੇ ਹਾਲ ਵਜੋਂ ਬਿਆਨ ਕਰਨ ਵਾਲਾ ਇਹ ਲੇਖ ਡੂੰਘੇ ਵਿਸ਼ਲੇਸ਼ਣ ਦੀ ਮੰਗ ਕਰਦਾ ਹੈ, ਜਿਸ ਨੂੰ ਆਧਾਰ ਬਣਾ ਕੇ ਕੁਝ ਨੁਕਤੇ ਅਤੇ ਵੱਖ-ਵੱਖ ਪਹਿਲੂ ਸਾਂਝੇ ਕਰ ਰਹੇ ਹਾਂ।
1) ਲਾਲਾ ਲਾਜਪਤ ਰਾਏ ਦੀ ਮੌਤ ਉਸ ਦੇ ਲਾਹੌਰ ਸਥਿਤ ਘਰ ਵਿਚ ਹੋਈ, ਨਾ ਕਿ ਕਿਸੇ ਹਸਪਤਾਲ ਵਿੱਚ। ਭਗਤ ਪੂਰਨ ਸਿੰਘ ਜੀ ਮੌਤ ਦੀ ਖ਼ਬਰ ਮਿਲਦਿਆਂ ਲਾਲਾ ਜੀ ਦੇ ਘਰ ਵੱਲ ਨੂੰ ਸਵੇਰੇ ਚੱਲ ਪਏ।ਇਹ ਵੀ ਇਤਿਹਾਸਕ ਤੱਥ ਹੈ ਕਿ ਸਾਈਮਨ ਕਮਿਸ਼ਨ ਦਾ 30 ਅਕਤੂਬਰ 1928 ਨੂੰ ਵਿਰੋਧ ਹੋਇਆ ਤੇ ਲਾਜਪਤ ਰਾਏ ਦੀ ਮੌਤ 17 ਨਵੰਬਰ1928 ਨੂੰ ਹੋਈ।
2) ਲਾਲਾ ਲਾਜਪਤ ਰਾਏ ਦੀ ਅਰਥੀ ਸਸਕਾਰ ਲਈ ਲਿਜਾਂਦੇ ਹੋਏ "ਰਸਤੇ ਵਿਚ ਇਕ ਗੋਰੇ ਜਿਹੇ ਮੁਸਲਮਾਨ ਨੂੰ ਲੋਕਾਂ ਨੇ ਕੁੱਟਿਆ।"ਇਹ ਇਤਿਹਾਸਕ ਤੱਥ ਬਿਆਨ ਕਰਦਾ ਵਾਕ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਲਾਲਾ ਜੀ ਹਿੰਦੂ ਮਹਾਂ ਸਭਾ ਦੇ ਆਗੂ ਸਨ ਅਤੇ ਉਨ੍ਹਾਂ ਦੀ ਅਰਥੀ ਨਾਲ ਹਿੰਦੂ ਲੋਕ ਹੀ ਜਾ ਰਹੇ ਸਨ। 'ਅਰਥੀ ਲਿਜਾਂਦੇ ਸਮੇਂ' ਹਜੂਮ ਵੱਲੋਂ ਮੁਸਲਿਮ ਨੌਜਵਾਨ ਨੂੰ ਅੰਗਰੇਜ਼ ਸਮਝ ਕੇ ਕੁੱਟਣਾ ਮਜ਼੍ਹਬੀ ਨਫਰਤ ਦਾ ਇਕ ਘਿਨਾਉਣਾ ਵਰਤਾਰਾ ਹੈ।
3) ਲਾਲਾ ਜੀ ਦੀ ਚਿਤਾ ਨੂੰ ਅੱਗ ਲਾਉਣ ਤੋਂ ਮਗਰੋਂ ਉੱਥੇ ਮੌਜੂਦ ਆਗੂ "ਆਪਸ ਵਿੱਚ ਵਿਚਾਰ ਇਹ ਗੱਲ ਕਰ ਰਹੇ ਸਨ ਕਿ ਰਾਤ ਨੂੰ ਚਿਤਾ ਦੀ ਰਾਖੀ ਲਈ ਕਿਸ ਨੂੰ ਛੱਡਿਆ ਜਾਵੇ। ਇਹ ਫ਼ਿਕਰ ਉਨ੍ਹਾਂ ਨੂੰ ਇਸ ਲਈ ਪੈਦਾ ਹੋਇਆ ਕਿਉਂਕਿ ਸੰਨ 1927 ਵਿੱਚ ਸਖ਼ਤ ਹਿੰਦੂ ਮੁਸਲਿਮ ਫਸਾਦ ਹੋ ਚੁੱਕੇ ਸਨ।" ਇਸ ਬਿਰਤਾਂਤ ਤੋਂ ਸਪੱਸ਼ਟ ਹੈ ਕਿ ਲਾਲਾ ਜੀ ਕੱਟੜ ਹਿੰਦੂ ਆਗੂ ਹੋਣ ਨਾਤੇ ਮੁਸਲਿਮ ਵਿਰੋਧੀ ਸੋਚ ਲਈ, ਫਿਰਕੂ ਹਾਲਾਤ ਪੈਦਾ ਕਰਨ ਲਈ ਜ਼ਿੰਮੇਵਾਰ ਸਨ। ਇਸੇ ਕਾਰਨ ਹੀ ਮੌਜੂਦ ਆਗੂਆਂ ਨੂੰ ਖਤਰਾ ਸੀ ਕਿ ਲਾਲਾ ਲਾਜਪਤ ਰਾਏ ਦੀ ਚਿਤਾ ਨੂੰ ਕਿਧਰੇ ਮੁਸਲਿਮ ਨੁਕਸਾਨ ਨਾ ਪਹੁੰਚਾਉਣ।
4)"ਰਾਤ ਨੂੰ ਚਿਤਾ ਦੀ ਰਾਖੀ ਲਈ ਕਿਸ ਨੂੰ ਛੱਡਿਆ ਜਾਵੇ"। ਛੋਟਾ ਜਿਹਾ ਵਾਕ ਵੱਡੇ ਸਵਾਲ ਖੜ੍ਹੇ ਕਰਦਾ ਹੈ ਕਿ ਜੇ ਲਾਲਾ ਜੀ ਪੰਜਾਬ ਦੇ ਜਾਂ ਦੇਸ਼ ਦੇ ਵੱਡੇ ਆਗੂ ਸਨ, ਜਿਵੇਂ ਕਿ ਉਨ੍ਹਾਂ ਨੂੰ 'ਪੰਜਾਬ ਕੇਸਰੀ' ਕਿਹਾ ਜਾਂਦਾ ਹੈ, ਤਾਂ ਫਿਰ ਚਿਤਾ ਦੀ ਰਾਖੀ ਲਈ ਕੋਈ ਬੰਦਾ ਲੱਭਣ ਲਈ ਸਮੱਸਿਆ ਕਿਉਂ ਆ ਰਹੀ ਸੀ? ਜ਼ਾਹਰ ਹੈ ਕਿ ਲਾਲਾ ਜੀ ਦੇ ਨੜੋਏ ਨਾਲ ਜਾਣ ਵਾਲੇ ਬਹੁਤੇ ਡਰਾਕਲ ਕਿਸਮ ਦੇ ਜਾਂ ਭਾਂਜਵਾਦੀ ਸਨ, ਨਾ ਕਿ ਡਟ ਕੇ ਖਡ਼੍ਹਨ ਵਾਲੇ। ਲਾਲਾ ਜੀ ਦੇ ਨਾਂ 'ਤੇ ਵੱਡੀਆਂ- ਵੱਡੀਆਂ ਡੀਂਗਾਂ ਮਾਰਨ ਵਾਲੇ ਇਸ ਸੱਚਾਈ ਨੂੰ ਜਾਣਨ ਤੋਂ ਬਾਅਦ ਕੀ ਕਹਿਣਗੇ ਕਿ ਉਨ੍ਹਾਂ ਦੇ ਆਗੂ ਦੇ ਸਿਵੇ ਦੀ ਰਾਖੀ ਕਰਨ ਲਈ ਕੋਈ ਇੱਕ ਵੀ ਬੰਦਾ ਨਹੀਂ ਸੀ ਥਿਆਉਂਦਾ। ਜੇਕਰ ਇਹ ਹੱਡਬੀਤੀ ਭਗਤ ਪੂਰਨ ਸਿੰਘ ਬਿਆਨ ਨਾ ਕਰਦੇ, ਤਾਂ ਇਸ ਸੱਚਾਈ ਕਦੇ ਜੱਗ ਜ਼ਾਹਰ ਨਹੀਂ ਸੀ ਹੋਣੀ।
5) "ਚਿਤਾ ਦੀ ਰਾਖੀ ਦਾ ਫਿਕਰ" ਜਤਾਉਣ ਵਾਲਿਆਂ ਵਿੱਚ ਮੋਹਰੀ ਆਗੂ ਸੀ ਡਾ ਗੋਪੀਚੰਦ ਭਾਰਗਵ। ਇਹ ਉਹੀ ਸ਼ਖ਼ਸ ਸੀ, ਜੋ ਬਾਅਦ ਵਿੱਚ ਪੰਜਾਬ ਦਾ ਮੁੱਖ ਮੰਤਰੀ ਬਣਿਆ ਅਤੇ ਜਿਸਨੇ ਮਰਦਮ-ਸ਼ੁਮਾਰੀ ਮੌਕੇ ਪੰਜਾਬੀ ਵਿਰੋਧੀ ਭੂਮਿਕਾ ਅਦਾ ਕੀਤੀ। ਇਸ ਦੀ ਸੋਚ ਕਿਸ ਤਰੀਕੇ ਨਾਲ ਸਿੱਖ ਵਿਰੋਧੀ ਰਹੀ, ਇਸ ਦੀਆਂ ਅਨੇਕਾਂ ਮਿਸਾਲਾਂ ਹਨ ਪਰ ਲਾਲਾ ਲਾਜਪਤ ਰਾਏ ਦੀ ਦੀ ਰਾਖੀ ਲਈ ਕੋਈ ਮਹਾਸ਼ਾ- ਸੰਘੀ ਨਾ ਬਹੁੜਿਆ, ਬਲਕਿ ਅਜਿਹੀ ਮੌਕੇ ਵੀ ਹੌਂਸਲਾ ਇਕ ਸਿੱਖ ਨੇ ਦਿਖਾਇਆ ਤੇ ਉਹ ਸੀ ਭਗਤ ਪੂਰਨ ਸਿੰਘ।
6) ਲਾਲਾ ਜੀ ਦੇ "ਸਿਵੇ ਦੀ ਰਾਖੀ" ਲਈ ਖ਼ੁਦ ਨੂੰ ਪੇਸ਼ ਕਰਦੇ ਹੋਏ ਭਗਤ ਜੀ ਲਿਖਦੇ ਹਨ, "ਮੈਂ ਕਿਹਾ, ਡਾਕਟਰ ਸਾਹਿਬ ਰਾਤ ਨੂੰ ਮੈਂ ਚਿਤਾ ਦੇ ਲਾਗੇ ਸੌਂ ਜਾਵਾਂਗਾ।" ਦਿਲਚਸਪ ਗੱਲ ਇਹ ਹੈ ਕਿ ਜਿਸ ਲਾਲਾ ਜੀ ਨੇ ਕੈਨੇਡਾ ਦੇ ਗ਼ਦਰੀ ਯੋਧੇ ਸ਼ਹੀਦ ਬਲਵੰਤ ਸਿੰਘ ਖੁਰਦਪੁਰ ਦਾ ਇਸ ਕਰਕੇ ਵਿਰੋਧ ਕੀਤਾ ਕਿ ਉਹ ਸਿੱਖ ਆਗੂ ਹਨ ਨਾ ਕਿ ਸਾਰਿਆਂ ਦੇ ਸਾਂਝੇ ਅਤੇ ਗ਼ਦਰੀਆਂ ਦੇ ਫੰਡਾਂ ਦੀ ਦੁਰਵਰਤੋਂ ਵੀ ਕੀਤੀ, ਜਿਸ ਬਾਰੇ ਗ਼ਦਰੀ ਬਾਬੇ ਸੋਹਣ ਸਿੰਘ ਭਕਨਾ ਜੀ ਅਤੇ ਕਈ ਹੋਰ ਅਨੇਕਾਂ ਮਿਸਾਲਾਂ ਦੇ ਕੇ ਲਿਖਦੇ ਹਨ, ਉਸੇ ਲਾਲਾ ਜੀ ਦੀ ਚਿਤਾ ਦੀ ਰਾਖੀ ਇਕ ਸਿੱਖ ਨੇ ਕੀਤੀ। ਹੈਰਾਨੀ ਇਸ ਗੱਲ ਦੀ ਵੀ ਹੈ ਕਿ ਖ਼ੁਦ ਡਾਕਟਰ ਗੋਪੀ ਚੰਦ ਭਾਰਗਵ ਜਾਂ ਲਾਲਾ ਜੀ ਦੇ ਪਰਿਵਾਰ ਦੇ ਮੈਂਬਰਾਂ ਨੂੰ ਤਾਂ ਚਿਤਾ ਕੋਲ ਸੌਣ ਦਾ ਭੈਅ ਖਾਂਦਾ ਸੀ, ਪਰ ਸਿੱਖ ਨਿਡਰ ਹੋ ਕੇ ਸੌਂਣ ਲਈ ਤਿਆਰ ਹੋ ਗਿਆ। ਇੱਥੋਂ ਹੀ ਗੁਰੂ ਸਿਧਾਂਤ 'ਨਾ ਭੈ ਦੇਣਾ ਅਤੇ ਨਾ ਭੈ ਸਹਿਣਾ' ਰੂਪਮਾਨ ਹੁੰਦਾ ਹੈ।
7) ਸਿਵੇ ਦੀ ਰਾਖੀ ਲਈ ਨਿਸ਼ਕਾਮ ਸੇਵਾ ਦੇਣ ਵਾਲੇ ਨੌਜਵਾਨ ਭਗਤ ਪੂਰਨ ਸਿੰਘ ਦੇ ਇਹ ਸ਼ਬਦ ਹਿਰਦਾ ਵਲੂੰਧਰਨ ਵਾਲੇ ਹਨ, "ਡਾਕਟਰ ਸਾਹਿਬ (ਮਹਾਸ਼ਾ ਆਗੂ ਡਾ ਗੋਪੀਚੰਦ ਭਾਰਗਵ ਸਾਬਕਾ ਮੁੱਖ ਮੰਤਰੀ ਪੰਜਾਬ) ਨੇ ਦਰਿਆ ਦੇ ਲਾਗੇ ਦੇ ਕਿਸੇ ਮਕਾਨ ਵਿੱਚੋਂ ਮੇਰੇ ਲਈ ਇਕ "ਛੋਟੀ ਜਿਹੀ ਮੰਜੀ" ਮੰਗਵਾ ਲਈ, ਜਿਸ ਉੱਤੇ ਮਸਾਂ ਦਸਾਂ ਸਾਲਾਂ ਦਾ ਮੁੰਡਾ ਸੌਂ ਸਕਦਾ ਸੀ। ਮੰਜੀ ਦੇ ਵਾਣ ਦੀ ਬੁਣਤਰ ਵਿੱਚੋਂ ਡੂੰਘ ਸੀ।" ਇਸ ਗੱਲ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਦੇਸ਼ ਦੇ ਵੱਡੇ ਨੇਤਾ ਅਖਵਾਉਣ ਵਾਲੇ ਲੋਕ ਕਿੰਨੀ ਨੀਵੀਂ ਸੋਚ ਦੇ ਮਾਲਕ ਹੋ ਸਕਦੇ ਹਨ। ਸਿਵੇ ਦੀ ਰਾਖੀ ਕਰਨ ਵਾਲੇ ਵਿਅਕਤੀ ਪ੍ਰਤੀ ਅਜਿਹੀ ਨਕਾਰਾਤਮਕ ਭਾਵਨਾ ਸ਼ਰਮਨਾਕ ਹੈ।
8) ਕਹਾਣੀ ਇੱਥੇ ਹੀ ਖ਼ਤਮ ਨਹੀਂ ਹੁੰਦੀ, ਗਿਰੀ ਹੋਈ ਸੋਚ ਦਾ ਇੱਕ ਹੋਰ ਪੱਖ ਇਹ ਵੀ ਹੈ ਜਿਸ ਨੂੰ ਭਗਤ ਪੂਰਨ ਸਿੰਘ ਬਿਆਨ ਕਰਦੇ ਹਨ, "ਮੈਂ ਆਪਣੇ ਲਈ ਪ੍ਰਸ਼ਾਦਾ ਤੇ ਪਾਲੇ ਤੋਂ ਬਚਣ ਲਈ ਕੰਬਲ ਜਾਂ ਰਜਾਈ ਦੀ ਉਡੀਕ ਕਰਨੀ ਸੀ, ਪਰ ਰਾਤ ਨੂੰ ਜਿਹੜੇ ਦੋ ਬੰਦੇ ਮੇਰੇ ਪਾਸ ਆਏ, ਉਹ ਰਜਾਈ ਤਲਾਈ ਕੰਬਲ ਜਾਂ ਖੇਸੀ, ਕੋਈ ਕੱਪੜਾ ਵੀ ਨਾ ਲੈ ਕੇ ਆਏ।" ਇਸ ਤੋਂ ਵੱਡੀ ਕੋਹਝੀ ਸੋਚ ਕੀ ਹੋ ਸਕਦੀ ਹੈ ਕਿ ਜਿਨ੍ਹਾਂ ਦੇ ਪਿਓ ਦੇ ਸਿਵੇ ਦੀ ਰਾਖੀ, ਕੋਈ ਨਿਸ਼ਕਾਮ ਸੇਵਾਦਾਰ ਕਰ ਰਿਹਾ ਹੋਵੇ, ਉਸਦੇ ਲਈ ਸਿਆਲ ਦੀ ਰਾਤ ਨੂੰ ਦੋ ਲੀੜੇ ਤਕ ਵੀ ਨਾ ਲਿਆਉਣੇ। ਇਹ ਅਸਲੀਅਤ ਜੱਗ ਜ਼ਾਹਰ ਭਗਤ ਪੂਰਨ ਸਿੰਘ ਜੀ ਦੇ ਕਾਰਨ ਹੀ ਹੋ ਸਕੀ ਹੈ, ਨਹੀਂ ਤਾਂ ਕਦੇ ਵੀ ਨਾ ਹੁੰਦੀ।
9) ਪੰਜਾਬੀ ਵਿਰੋਧੀ ਮੁੱਖ ਮੰਤਰੀ ਡਾ ਗੋਪੀਚੰਦ ਭਾਰਗਵ ਦੀ ਇਕ ਹੋਰ ਅਸਲੀਅਤ ਨੂੰ ਬਿਆਨ ਕਰਦੇ ਭਗਤ ਜੀ ਲਿਖਦੇ ਹਨ, "ਰੋਟੀ ਵੱਲੋਂ 'ਡਾਕਟਰ ਸਾਹਿਬ ਨੂੰ ਕੀ ਪਤਾ ਸੀ' ਕਿ ਮੇਰੇ ਜੈਸੇ ਸੇਵਾ ਲਈ ਜੀਵਨ ਅਰਪਣ ਕਰਕੇ ਪੈਸਾ ਨਾ ਕਮਾਉਣ ਵਾਲੇ ਬੰਦੇ ਨੂੰ, ਸਾਰਾ ਦਿਨ ਵੀ ਭੁੱਖਾ ਰਹਿਣਾ ਪਿਆ ਕਰਦਾ ਹੈ।" ਦੁਖਾਂਤ ਇਸ ਗੱਲ ਦਾ ਹੈ ਕਿ ਗੋਪੀਚੰਦ ਭਾਰਗਵ ਨੇ ਪੰਜਾਬ ਨੂੰ ਹਰ ਪੱਧਰ ਤਕ ਲੁੱਟਿਆ ਅਤੇ ਪੰਜਾਬੀ ਬੋਲੀ ਨਾਲ ਧ੍ਰੋਹ ਕਮਾਇਆ, ਪਰ ਜਿਸ ਸੇਵਾਦਾਰ, ਭਗਤ ਪੂਰਨ ਸਿੰਘ ਨੇ ਸੇਵਾ ਲਈ ਜੀਵਨ ਅਰਪਣ ਕੀਤਾ ਤੇ ਕੋਈ ਧਨ ਨਾ ਕਮਾਇਆ, ਇਹ ਖੁਦਗਰਜ਼ ਅਤੇ ਮੌਕਾਪ੍ਰਸਤ ਲੋਕ ਉਸ ਨੂੰ ਭੋਜਨ ਵੀ ਨਾ ਦੇ ਸਕੇ।
10) ਨਵੰਬਰ ਮਹੀਨੇ ਲਾਲਾ ਲਾਜਪਤ ਰਾਏ ਦੇ ਸਿਵੇ ਦੀ ਰਾਖੀ ਕਰਦਿਆਂ ਜੋ ਦੁੱਖ ਤੇ ਕਸ਼ਟ ਭਗਤ ਪੂਰਨ ਸਿੰਘ ਨੇ ਸਹਾਰਿਆ, ਉਸ ਨੂੰ ਬਿਆਨ ਕਰਦਿਆਂ ਉਹ ਲਿਖਦੇ ਹਨ, "ਰਾਤ ਦੀ ਤਿੰਨ ਕੁ ਵਜੇ ਮੈਨੂੰ ਦਰਿਆ ਦੀ ਬਰੇਤੀ ਵਿੱਚ ਪਏ ਨੂੰ, ਇਤਨੀ ਸਰਦੀ ਚੜ੍ਹ ਗਈ ਕਿ ਮੈਂ ਹੱਥ ਹਿਲਾਉਣ ਜੋਗਾ ਨਾ ਰਿਹਾ। ਮੈਂ ਮਨੋਹਰ ਲਾਲ ਤੇ ਯਸ਼ਪਾਲ ਦੋਹਾਂ ਨੂੰ ਆਵਾਜ਼ ਮਾਰ ਕੇ ਜਗਾਇਆ ਤੇ ਕਿਹਾ ਕਿ ਮੈਨੂੰ ਤਾਂ ਸਰਦੀ ਚੜ੍ਹਦੀ ਹੈ। ਯਸ਼ਪਾਲ ਨੇ ਕਿਹਾ ਕਿ 'ਲਾਲਾ ਜੀ ਨੂੰ ਕਹਿ ਦੇ ਕਿ ਲਾਲਾ ਜੀ ਮੈਂ ਵੀ ਤੁਹਾਡੇ ਨਾਲ ਹੀ ਆ ਰਿਹਾ ਹਾਂ।" ਇਨਸਾਨੀਅਤ ਦੇ ਪੱਧਰ ਤੋਂ ਡਿੱਗੇ ਹੋਏ ਇਹ ਸ਼ਬਦ ਲਾਲਾ ਲਾਜਪਤ ਰਾਏ ਦੇ ਨਜ਼ਦੀਕੀ, ਉਸ ਸੇਵਾਦਾਰ ਨੂੰ ਕਹਿ ਰਹੇ ਹਨ, ਜੋ ਚਿਤਾ ਦੀ ਰਾਖੀ ਕਰ ਰਿਹਾ ਹੈ ਕਿ ਲਾਲੇ ਦੇ ਬਲਦੇ ਸਿਵੇ ਵਿੱਚ ਹੀ ਸੜ-ਮਰ ਜਾ। ਇਹ ਸ਼ਬਦ ਕਿਸੇ ਹੋਰ ਨੂੰ ਨਹੀਂ, ਭਗਤ ਪੂਰਨ ਸਿੰਘ ਨੂੰ ਆਖੇ ਗਏ ਅਤੇ ਕਿਸੇ ਹੋਰ ਨੇ ਨਹੀਂ, ਲਾਲੇ ਦੇ ਨਜ਼ਦੀਕੀਆਂ ਨੇ ਕਹੇ। ਨਿਸ਼ਕਾਮ ਸੇਵਾ ਦਾ ਇਹ ਸਿਲਾ ਦੇਣ ਦੀ, ਅਕ੍ਰਿਤਘਣਤਾ ਦੀ ਮਿਸਾਲ ਕਿੱਥੋਂ ਲੱਭਣੀ ਸੀ, ਜੇਕਰ ਭਗਤ ਪੂਰਨ ਸਿੰਘ ਦੀ ਇਹ ਇਤਿਹਾਸਕ ਬਿਰਤਾਂਤ ਅਤੇ ਹੱਡਬੀਤੀ ਨਾ ਬਿਆਨਦੇ।
11) ਆਮ ਲੋਕਾਂ ਦੀ ਧਾਰਨਾ ਹੁੰਦੀ ਹੈ ਕਿ ਸਿਵਿਆਂ ਤੋਂ ਡਰ ਲੱਗਦਾ ਹੈ, ਪਰ ਭਗਤ ਪੂਰਨ ਸਿੰਘ ਜੀ ਦੀ ਬਹਾਦਰੀ ਅਤੇ ਦਲੇਰੀ ਭਰੀ ਸੋਚ 'ਚੋਂ ਇਹ ਸ਼ਬਦ ਝਲਕਦੇ ਹਨ, "ਤਿੰਨ ਕੁ ਵਜੇ ਚਿਤਾ ਦਾ ਸਵਾ ਗਜ਼ ਦੇ ਕਰੀਬ ਹਿੱਸਾ ਸੁਆਹ ਬਣ ਚੁੱਕਿਆ ਸੀ। ਗਰਮ ਸੁਆਹ ਦੇ ਉਸ ਹਿੱਸੇ 'ਤੇ ਮੈਂ ਆਪਣੀ ਮੰਜੀ ਡਾਹ ਲਈ ਤੇ ਇਸ ਤਰ੍ਹਾਂ ਮੇਰੀ ਜਾਨ ਬਚ ਗਈ ਅਤੇ ਮੈਂ ਸੌਂ ਵੀ ਗਿਆ।"ਇਹ ਨਿਡਰਤਾ ਭਗਤ ਪੂਰਨ ਸਿੰਘ ਜੀ ਦੇ ਆਤਮਕ ਬਲ ਅਤੇ ਮਾਨਵੀ ਉੱਚਤਾ ਨੂੰ ਬਿਆਨ ਕਰਦੀ ਹੈ। ਲਾਲੇ ਦੇ ਸਿਵੇ ਦੇ ਇਕ ਹਿੱਸੇ 'ਤੇ ਮੰਜੀ ਡਾਹ ਕੇ ਬੇਖ਼ੌਫ਼ ਸੌਂ ਜਾਣ ਵਾਲੇ, ਭਗਤ ਪੂਰਨ ਸਿੰਘ ਹੀ ਹੋ ਸਕਦੇ ਹਨ, ਨਾ ਕਿ ਲਾਲੇ ਦੇ ਡਰੂ ਸੇਵਕ।
12) ਇਸ ਵਾਰਤਕ ਦੀ ਇਕ ਹੋਰ ਸਤਰ ਕਈ ਭੇਤ ਖੋਲ੍ਹਦੀ ਹੈ, "ਲਾਲਾ ਜੀ ਦੀ ਚਿਤਾ ਵਿੱਚੋਂ ਪਿਸ਼ਾਬ ਦੀ ਪੂਰੀ ਧਾਰ ਨਿਕਲੀ ਸੀ"। ਇਸ ਗੱਲ ਨੂੰ ਸਮਝਣ ਲਈ ਇਹ ਜਾਣਨਾ ਹੋਵੇਗਾ ਕਿ ਲਾਲਾ ਲਾਜਪਤ ਰਾਏ ਗੁਰਦੇ ਦਾ ਮਰੀਜ਼ ਸੀ ਅਤੇ ਉਸ ਦਾ ਸਰੀਰ ਪਾਣੀ ਨਾਲ ਫੁੱਲਿਆ ਹੋਇਆ ਸੀ। ਲਾਲਾ ਲਾਜਪਤ ਰਾਏ ਦੀ ਮੌਤ ਦੇ ਕਾਰਨਾਂ ਵਿੱਚੋਂ ਇੱਕ ਇਹ ਬਿਮਾਰੀ ਵੀ ਪ੍ਰਮੁੱਖ ਰਹੀ ਅਤੇ ਕਿਡਨੀ ਦੇ ਫ਼ੇਲ੍ਹ ਹੋਣ ਕਾਰਨ ਲਾਲੇ ਦੀ ਮੌਤ ਹੋਈ। ਇਹ ਨਿਰਆਧਾਰ ਹੈ ਕਿ ਇਹ ਮੌਤ ਡਾਂਗਾਂ ਦੀਆਂ ਸੱਟਾਂ ਵੱਜਣ ਕਾਰਨ ਹੋਈ ਹੈ। ਸਿਵਿਆਂ ਵਿੱਚ ਸਰੀਰ ਨੂੰ ਸੇਕ ਲੱਗਣ ਮਗਰੋਂ, ਲਾਸ਼ ਦੀ ਪੇਟ ਅੰਦਰੋਂ ਜਮ੍ਹਾਂ ਹੋਇਆ ਪਾਣੀ ਇੱਕੋ ਦਮ ਬਾਹਰ ਨਿਕਲਿਆ, ਜਿਸ ਬਾਰੇ ਭਗਤ ਪੂਰਨ ਸਿੰਘ ਜੀ ਲਿਖਦੇ ਹਨ ਕਿ ਪਿਸ਼ਾਬ ਦੀ ਧਾਰ ਨਿਕਲੀ ਸੀ। ਇਹ ਸੁਣੀ ਸੁਣਾਈ ਗੱਲ ਨਹੀਂ, ਸਗੋਂ ਅੱਖੀਂ ਦੇਖੀ ਹੈ ਅਤੇ ਸਿਵੇ ਦੀ ਰਾਖੀ ਕਰਨ ਵਾਲੇ ਦੇ ਬਿਆਨ ਹਨ।
10) 'ਪੰਜਾਬ ਕੇਸਰੀ' ਕਹੇ ਜਾਂਦੇ ਲਾਲਾ ਲਾਜਪਤ ਰਾਏ ਦੇ ਵਾਰਸਾਂ ਦੀ ਅਸਲੀਅਤ ਬਿਆਨ ਕਰਦਿਆਂ ਭਗਤ ਜੀ ਲਿਖਦੇ ਹਨ, "ਅਗਲੀ ਸਵੇਰ ਦਿਨ ਦੇ ਸਾਢੇ ਨੌਂ ਵਜੇ ਲਾਲਾ ਲਾਜਪਤ ਰਾਏ ਦਾ ਭਰਾ ਲਾਲਾ ਗਣਪਤ ਰਾਏ ਤੇ ਉਸ ਦਾ ਪੁੱਤਰ ਦੋਵੇਂ ਜਣੇ ਆਏ, ਤਾਂ ਮੈਂ ਉਸ ਥਾਂ ਤੋਂ ਤੁਰਿਆ। ਉਸ ਵੇਲੇ ਤਕ ਮੈਨੂੰ ਰੋਟੀ ਖਾਧੀ ਨੂੰ 36 ਘੰਟੇ ਤੋਂ ਵੱਧ ਸਮਾਂ ਹੋ ਚੁੱਕਿਆ ਸੀ।" ਜਿਨ੍ਹਾਂ ਦਾ ਬਾਪ ਜਾਂ ਭਾਈ ਮਰਿਆ, ਉਸ ਦੇ ਵਾਰਸ ਤਾਂ ਟਹਿਲਦੇ ਹੋਏ ਅਗਲੇ ਦਿਨ ਪਹੁੰਚਦੇ ਹਨ, ਪਰ ਜੋ ਨਿਸ਼ਕਾਮ ਸੇਵਾ ਕਰਦਿਆਂ ਸਮਰਪਣ ਦੀ ਭਾਵਨਾ ਨਾਲ ਪਹਿਰਾ ਦੇ ਰਿਹਾ ਸੀ, ਉਹ ਛੱਤੀ ਘੰਟੇ ਤੋਂ ਭੁੱਖਾ ਪਿਆਸਾ ਹੋਵੇ, ਉਸ ਦੀ ਕਿਸ ਨੂੰ ਪ੍ਰਵਾਹ ਨਹੀਂ। ਇਸ ਤੋਂ ਵੱਡੀ ਸ਼ਰਮਨਾਕ ਗੱਲ ਕੀ ਹੋ ਸਕਦੀ ਹੈ।
11) ਜਿਸ ਨੂੰ ਅੱਜ ਦੇਸ਼ ਦੀ ਆਜ਼ਾਦੀ ਦਾ ਅਲੰਬਰਦਾਰ ਕਿਹਾ ਜਾਂਦਾ ਹੈ, ਉਸ ਦੀ ਚਿਤਾ ਰਾਖੀ ਕਰਨ ਵਾਲੇ ਮਹਾਨ ਸੇਵਾਦਾਰ ਦੇ ਇੱਕ ਕਥਨ ਵਿਚਾਰਨ ਯੋਗ ਹਨ, "ਮੈਂ ਉਜਾਲਾ ਹੋਣ ਦੇ ਵੇਲੇ ਲਾਲਾ ਜੀ ਦੀ ਚਿਤਾ ਨੂੰ ਛੱਡ ਕੇ ਜਾ ਸਕਦਾ ਸਾਂ, ਪਰ ਭੁੱਖਾ ਪਿਆਸਾ ਹੁੰਦਾ ਹੋਇਆ ਵੀ ਮੈਂ ਲਾਲਾ ਜੀ ਦੇ ਪਰਿਵਾਰ ਦੇ ਬੰਦਿਆਂ ਦੇ ਆਉਣ ਤੋਂ ਪਹਿਲਾਂ ਦਰਿਆ ਤੋਂ ਨਾ ਤੁਰਿਆ।" ਦਰਿਆ ਰਾਵੀ ਦੇ ਕਿਨਾਰੇ 'ਤੇ ਲਾਲਾ ਲਾਜਪਤ ਰਾਏ ਦੇ ਸਿਵੇ ਦੀ ਰਾਖੀ ਕਰਨ ਦੀ ਜੋ ਜ਼ਿੰਮੇਵਾਰੀ ਅਤੇ ਪ੍ਰਣ ਭਗਤ ਪੂਰਨ ਸਿੰਘ ਜੀ ਨੇ ਕੀਤਾ ਸੀ, ਉਹ ਨਿਭਾਇਆ।
ਦੂਸਰੇ ਪਾਸੇ ਜਿਸ ਸੱਚਾਈ ਨੂੰ ਅੱਜ ਤਕ ਜ਼ਾਹਰ ਨਹੀਂ ਕੀਤਾ ਗਿਆ ਕਿ ਲਾਲਾ ਲਾਜਪਤ ਰਾਏ ਦੀ ਮੌਤ ਤੋਂ ਸਸਕਾਰ ਤਕ ਦੀ ਹਕੀਕਤ ਕੀ ਸੀ, ਭਗਤ ਪੂਰਨ ਸਿੰਘ ਜੀ ਦੇ ਬਿਰਤਾਂਤ ਦੇ ਇਸ ਨਮੂਨੇ ਨੇ ਭਾਵਪੂਰਤ ਸ਼ਬਦਾਂ ਰਾਹੀਂ ਜ਼ਾਹਿਰ ਕਰ ਦਿੱਤੀ ਹੈ। ਇਸ ਤੋਂ ਉੱਠੇ ਸਵਾਲਾਂ ਬਾਰੇ ਵਿਚਾਰ ਕਰਨਾ, ਅੱਜ ਸਮੇਂ ਦੀ ਲੋੜ ਹੈ। ਲਾਲਾ ਲਾਜਪਤ ਰਾਏ ਦੀ ਮੌਤ ਕੁਦਰਤੀ ਸੀ, ਨਾ ਕਿ ਇਹ ਸਿਆਸੀ ਕਤਲ ਸੀ, ਇਸ ਤੋਂ ਸਪੱਸ਼ਟ ਹੁੰਦਾ ਹੈ। ਲਾਲਾ ਜੀ ਦੇ ਸਿਵੇ ਦੀ ਰਾਖੀ ਕਰਨ ਦੀ ਤਾਂ ਲੋੜ ਪਈ ਕਿਉਂਕਿ ਉਸ ਨੂੰ ਨੁਕਸਾਨ ਪਹੁੰਚਾਏ ਜਾਣ ਦਾ ਖਤਰਾ ਸੀ, ਕਿਉਂਕਿ ਲਾਲਾ ਲਾਜਪਤ ਰਾਏ ਕੱਟੜਵਾਦੀ ਰਾਸ਼ਟਰੀ ਹਿੰਦੂ ਨੇਤਾ ਸੀ ਅਤੇ 'ਭਾਰਤ ਨੂੰ ਹਿੰਦੂ ਰਾਸ਼ਟਰ' ਬਣਾਉਣਾ ਚਾਹੁੰਦਾ ਸੀ। ਇਸੇ ਕਾਰਨ ਮੁਸਲਮਾਨਾਂ ਅੰਦਰ ਉਸ ਪ੍ਰਤੀ ਵਿਰੋਧ ਸੀ। ਅੱਜ ਵੀ ਅਜਿਹੀਆਂ ਫਾਸ਼ੀਵਾਦੀ ਤਾਕਤਾਂ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦੀ ਹਰ ਕੋਸ਼ਿਸ਼ ਕਰ ਰਹੀਆਂ ਹਨ।
ਭਗਤ ਪੂਰਨ ਸਿੰਘ ਜੀ ਨੇ ਸੱਚੇ- ਸੁੱਚੇ ਸਿੱਖ ਵਜੋਂ ਉਹ ਫ਼ਰਜ਼ ਨਿਭਾਇਆ, ਜੋ ਲਾਲਾ ਜੀ ਦੇ ਡਰਾਕਲ ਪਰਿਵਾਰਕ ਮੈਂਬਰ ਜਾਂ ਉਸ ਦੇ ਅਨੁਆਈ ਨਾ ਨਿਭਾ ਸਕੇ। ਇਸ ਸਿੱਖ ਦੇ ਮਹਾਨ ਚਰਿੱਤਰ ਦਾ ਖੂਬਸੂਰਤ ਪ੍ਰਮਾਣ ਹੈ ਅਤੇ ਇਹ ਇਤਿਹਾਸਕ ਦਸਤਾਵੇਜ਼, ਸੰਭਾਲਣਯੋਗ ਹੈ।

(ਡਾ ਗੁਰਵਿੰਦਰ ਸਿੰਘ)
604 825 1550

ਸਿੱਖ ਨਸਲਕੁਸ਼ੀ ਦਾ ਦੁਖਾਂਤ ਅਤੇ ਕੈਨੇਡਾ ਵਿੱਚ ਸਿੱਖ ਕੌਮ ਵੱਲੋਂ ਖੂਨਦਾਨ ਦੀ ਲਹਿਰ - ਡਾ. ਗੁਰਵਿੰਦਰ ਸਿੰਘ

ਕੈਨੇਡਾ ਦੇ ਕੋਨੇ-ਕੋਨੇ 'ਚ ਇਨੀਂ-ਦਿਨੀਂ ਮਾਨਵਵਾਦ ਨੂੰ ਸਮਰਪਿਤ ਮਹਾਨ ਮੁਹਿੰਮ 'ਸਿੱਖ ਕੌਮ ਵੱਲੋਂ ਖੂਨਦਾਨ' ਜ਼ੋਰਾਂ 'ਤੇ ਹੈ। ਦੇਸ਼ ਦੇ ਹਰੇਕ ਵੱਡੇ ਸ਼ਹਿਰ 'ਚ ਸੈਂਕੜੇ ਸਿੱਖ ਇਸਤਰੀਆਂ ਅਤੇ ਆਦਮੀ ਖੂਨਦਾਨ ਕਰਕੇ ਲੋਕਾਂ ਦੀਆਂ ਜਾਨਾਂ ਬਚਾ ਰਹੇ ਹਨ। 'ਕੈਨੇਡੀਅਨ ਬਲੱਡ ਸਰਵਿਸਜ਼' ਵਲੋਂ ਇਸ ਕਾਰਜ ਨੂੰ 'ਦੇਸ਼ 'ਚ ਸਭ ਤੋਂ ਵੱਡੀ ਖੂਨਦਾਨ ਲਹਿਰ' ਕਰਾਰ ਦਿੰਦਿਆਂ ਸਨਮਾਨਿਤ ਕੀਤਾ ਗਿਆ ਹੈ। ਦਰਅਸਲ ਕੈਨੇਡਾ ਭਰ 'ਚ ਇਹ ਉਪਰਾਲਾ 1999 'ਚ ਅਰੰਭ ਹੋਇਆ ਸੀ ਅਤੇ 2019 ਤੱਕ 1 ਲੱਖ 50 ਹਜ਼ਾਰ ਤੋਂ ਵੱਧ ਜਾਨਾਂ ਸਿੱਖ ਕੌਮ ਵਲੋਂ ਕੀਤੇ ਖੂਨਦਾਨ ਰਾਹੀਂ ਬਚਾਈਆਂ ਜਾ ਚੁੱਕੀਆਂ ਹਨ। ਵੈਨਕੂਵਰ, ਟਰਾਂਟੋ, ਮਾਂਟਰੀਅਲ, ਐਡਮਿੰਟਨ, ਕੈਲਗਰੀ, ਵਿਨੀਪੈੱਗ, ਸਰੀ, ਐਬਟਸਫੋਰਡ, ਕਲੋਨਾ, ਕੈਮਲੂਪਸ, ਵਿਲੀਅਮਸ ਲੇਕ, ਸਸਕੈਚਵਿਨ, ਵਿਕਟੋਰੀਆ ਅਤੇ ਕੈਨੇਡਾ ਦੀ ਰਾਜਧਾਨੀ ਔਟਵਾ ਤੱਕ ਇਸ ਲਹਿਰ 'ਚ ਲੋਕਾਂ ਨੇ ਬੇਮਿਸਾਲ ਉਤਸ਼ਾਹ ਵਿਖਾਇਆ ਹੈ। ਸੰਸਾਰ ਪੱਧਰ 'ਤੇ ਕੌਮੀ ਅਕਸ ਮਹਾਨ ਰੂਪ 'ਚ ਉਜਾਗਰ ਕਰਨ ਲਈ ਜਿਥੇ ਇਹ ਉਪਰਾਲਾ ਸ਼ਾਨਦਾਰ ਹੈ, ਉਥੇ 36 ਸਾਲ ਪਹਿਲਾਂ ਹੋਈ ਸਿੱਖ ਨਸਲਕੁਸ਼ੀ ਦੀ ਪੀੜਾ ਨੂੰ ਵੀ ਸੰਸਾਰ ਸਾਹਮਣੇ ਰੱਖਣ ਦਾ ਬਿਹਤਰੀਨ ਤਰੀਕਾ ਹੈ। ਖੂਨ ਡੋਲ੍ਹ ਕੇ ਅਤੇ ਜਾਨਾਂ ਲੈ ਕੇ ਜ਼ੁਲਮ ਕਰਨ ਵਾਲਿਆਂ ਦੀ ਕੌਝੀ ਅਸਲੀਅਤ ਦੁਨੀਆ ਅੱਗੇ ਰੱਖਣ ਦਾ ਇਸ ਤੋਂ ਬਿਹਤਰੀਨ ਢੰਗ ਕੀ ਹੋ ਸਕਦਾ ਹੈ ਕਿ ਨਸਲਕੁਸ਼ੀ ਦੀ ਪੀੜ੍ਹਤ ਸਿੱਖ ਕੌਮ ਨਾਲ ਸਬੰਧਤ ਲੋਕ ਅੱਜ ਵੀ ਇਨਸਾਫ਼ ਲਈ ਜਦੋ-ਜਹਿਦ ਕਰਦੇ ਖ਼ੂਨਦਾਨ ਦੇ ਕੇ ਲੱਖਾਂ ਜਾਨਾਂ ਬਚਾ ਰਹੇ ਹਨ।
ਕੈਨੇਡੀਅਨ ਲੋਕ ਜਦੋਂ ਦੇਸ਼ 'ਚ ਥਾਂ-ਥਾਂ 'ਤੇ ਲੱਗੇ ਖੂਨਦਾਨ ਕੈਂਪਾਂ 'ਚ ਸਿੱਖਾਂ ਦੇ ਵਲੰਟੀਅਰ ਪਰਿਵਾਰਾਂ, ਯੂਨੀਵਰਸਿਟੀ 'ਚ ਪੜ੍ਹਦੇ ਨੌਜਵਾਨ ਲੜਕੇ-ਲੜਕੀਆਂ ਅਤੇ ਬੁੱਧੀਜੀਵੀਆਂ ਤੋਂ ਏਨੇ ਵੱਡੇ ਹੁੰਗਾਰੇ ਦਾ ਕਾਰਨ ਪੁਛਦੇ ਹਨ, ਤਾਂ ਸਭ ਨੂੰ ਇੱਕੋ ਹੀ ਜਵਾਬ ਮਿਲਦਾ ਹੈ ਕਿ 'ਸਰਬੱਤ ਦਾ ਭਲਾ' ਮੰਗਣ ਵਾਲੀ ਕੌਮ ਖੂਨ ਲੈਣ 'ਚ ਨਹੀਂ, ਖੂਨ ਦੇਣ 'ਚ ਵਿਸ਼ਵਾਸ ਰੱਖਦੀ ਹੈ। ਇਸ ਲਹਿਰ ਨੇ ਸੰਸਾਰ ਭਰ ਦੇ ਮੀਡੀਆ ਦਾ ਧਿਆਨ ਉਸ ਵੇਲੇ ਹੋਰ ਵੀ ਖਿੱਚਿਆ, ਜਦੋਂ ਪੈਰਿਸ ਅੰਦਰ ਹੋਏ ਜਾਨਲੇਵਾ ਹਮਲਿਆਂ ਕਾਰਨ ਮਨੁੱਖਤਾ ਕੰਬ ਉੱਠੀ ਸੀ। ਉਸ ਸਮੇਂ ਫਰਾਂਸ ਦੇ ਸਿੱਖਾਂ ਨੇ ਸੈਂਕੜਿਆਂ ਦੀ ਗਿਣਤੀ 'ਚ ਖੂਨਦਾਨ ਕਰਦਿਆਂ ਜ਼ਖਮੀਆਂ ਦੀਆਂ ਨਾ ਸਿਰਫ਼ ਜਾਨਾਂ ਹੀ ਬਚਾਈਆਂ, ਸਗੋਂ ਭਾਈ ਘਨ੍ਹਾਈਆ ਅਤੇ ਭਗਤ ਪੂਰਨ ਸਿੰਘ ਦੇ ਮਾਨਵੀ ਸੇਵਾ ਦੇ ਸੁਨੇਹੇ ਨੂੰ ਹੋਰਨਾਂ ਕੌਮਾਂ ਤੱਕ ਵੀ ਪਹੁੰਚਾਇਆ। ਜਦੋਂ ਖੂਨੀ ਅੱਗ ਦੀਆਂ ਲਾਟਾਂ ਅਸਮਾਨ ਨੂੰ ਛੂਹ ਰਹੀਆਂ ਸਨ,ਉਦੋਂ ਚਿੜੀ ਦੀ ਚੁੰਝ 'ਚ ਪਾਣੀ ਭਰਨ ਦੀ ਲੋਕ ਕਥਾ ਵਾਂਗ ਸਿੱਖ ਵਹੀਰਾਂ ਘੱਤ ਕੇ ਖੂਨਦਾਨ ਦਿੰਦਆਂ, ਨਫ਼ਰਤ ਅਤੇ ਜ਼ੁਲਮ ਦੇ ਹਥਿਆਰਾਂ ਨੂੰ ਖੁੰਢੇ ਕਰ ਰਹੇ ਸਨ। ਅਜਿਹੀਆਂ ਅਨੇਕਾਂ ਹੋਰ ਘਟਨਾਵਾਂ ਹਨ, ਜਿਨ੍ਹਾਂ ਦੌਰਾਨ ਜਿੱਥੇ ਵੀ ਮਨੁੱਖਤਾ ਨੂੰ ਖੂਨ ਦੀ ਲੋੜ ਪਈ, ਤਾਂ ਸਿੱਖ ਕੌਮ ਨੇ ਸਭ ਤੋਂ ਅੱਗੇ ਹੋ ਕੇ ਹੱਦਾਂ-ਸਰਹੱਦਾਂ, ਰੰਗ-ਨਸਲ, ਜਾਤ- ਫ਼ਿਰਕੇ ਨੂੰ ਇਕ ਪਾਸੇ ਰੱਖਦਿਆਂ ਖੂਨਦਾਨ ਦੀ ਲਹਿਰ ਚਲਾਉਂਦਿਆਂ ਹੋਇਆਂ ਅਣਗਿਣਤ ਜਾਨਾਂ ਬਚਾਈਆਂ।
ਕੈਨੇਡਾ ਦੇ ਕਈ ਹਾਈਵੇਅ ਅਤੇ ਰਾਸ਼ਟਰੀ ਮਾਰਗਾਂ 'ਤੇ ਨਵੰਬਰ ਮਹੀਨੇ ਖੂਨਦਾਨ ਕਰਕੇ ਜਾਨਾਂ ਬਚਾਉਣ ਦਾ ਸੁਨੇਹਾ ਦੇਣ ਦੀ ਪਿਰਤ ਕਾਫ਼ੀ ਸਮੇਂ ਤੋਂ ਜਾਰੀ ਹੈ। ਇਸ ਉਪਰਾਲੇ ਦਾ ਜ਼ਿਕਰ ਕੈਨੇਡਾ ਦੀ ਪਾਰਲੀਮੈਂਟ ਤੋਂ ਲੈ ਕੇ ਸੂਬਿਆਂ ਦੀਆਂ ਵਿਧਾਨ ਸਭਾਵਾਂ ਤੱਕ, ਮਨੁੱਖੀ ਹੱਕਾਂ ਨਾਲ ਜੁੜੇ ਲੋਕਾਂ ਦੇ ਪ੍ਰਤੀਨਿਧ ਅਕਸਰ ਕਰਦੇ ਹਨ। ਅੱਜ ਇਹ ਅਤਿਕਥਨੀ ਨਹੀਂ ਕਿ ਕੈਨੇਡਾ ਤੋਂ ਅਰੰਭ ਹੋਏ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੇ ਸੰਤਾਪ ਨੂੰ ਕੌਮਾਂਤਰੀ ਮੰਚ ਤੇ ਮਹਾਂ-ਦੁਖਾਂਤ ਦੇ ਰੂਪ ਵਿੱਚ ਪੇਸ਼ ਕਰਨ ਵਾਲੀ ਖੂਨਦਾਨ ਲਹਿਰ ਅਸਟ੍ਰੇਲੀਆ, ਅਮਰੀਕਾ, ਫਰਾਂਸ, ਇੰਗਲੈਂਡ ਅਤੇ ਦੁਨੀਆ ਦੇ ਕਰੀਬ 122 ਦੇਸ਼ਾਂ 'ਚ ਫੈਲ ਚੁੱਕੀ ਹੈ। ਉਹ ਦਿਨ ਦੂਰ ਨਹੀਂ ਜਦੋਂ ਯੂਨਾਇਟਡ ਨੇਸ਼ਨ 'ਚ ਮਨੁੱਖੀ ਅਧਿਕਾਰਾਂ ਲਈ ਸਮਰਪਿਤ ਕਾਰਜਾਂ ਦੀ ਸੂਚੀ 'ਚ ਸਿੱਖ ਕੌਮ ਦੀ ਖੂਨਦਾਨ ਲਹਿਰ ਦਾ ਜ਼ਿਕਰਯੋਗ ਥਾਂ ਹੋਵੇਗਾ। ਇਸ ਸਬੰਧੀ ਜਦੋਂ ਵੀ ਸਯੰਕਤ ਰਾਸ਼ਟਰ 'ਚ ਮਾਨਵਵਾਦੀ ਸੇਵਾ ਦੇ ਮਹਾਨ ਕਾਰਜ ਦੀ ਗੱਲ ਤੁਰੇਗੀ, ਉਦੋਂ ਹੀ ਹਜ਼ਾਰਾਂ ਬੇਕਸੂਰ ਸਿੱਖਾਂ ਦੇ ਲਹੂ ਡੋਲਣ ਵਾਲਿਆਂ ਨੂੰ ਲਾਹਣਤਾਂ ਵੀ ਪਾਈਆਂ ਜਾਣਗੀਆਂ ਅਤੇ 36 ਸਾਲਾਂ ਮਗਰੋਂ ਵੀ ਕਾਤਲਾਂ ਨੂੰ ਸਜ਼ਾਵਾਂ ਨਾ ਦੇਣ ਲਈ ਆਪਣੇ ਹੀ ਦੇਸ਼ ਦੀਆਂ ਹੁਣ ਤੱਕ ਦੀਆਂ ਸਰਕਾਰਾਂ ਨੂੰ ਸ਼ਰਮਸਾਰ ਹੋਣਾ ਪਵੇਗਾ।
ਸਿਤਮਜ਼ਰੀਫੀ ਦੀ ਇਸ ਤੋਂ ਵੱਡੀ ਮਿਸਾਲ ਕੀ ਹੋਵੇਗੀ ਕਿ ਹਜ਼ਾਰਾਂ ਬੇਕਸੂਰ ਸਿੱਖਾਂ ਦੇ ਕਤਲੇਆਮ ਦੀ ਕਾਂਗਰਸ ਆਗੂ ਤੇ ਦੇਸ਼ ਦਾ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਵੱਡੇ ਦਰਖਤ ਦੇ ਡਿਗਣ 'ਤੇ ਧਰਤੀ ਕੰਬਣ ਨਾਲ ਤੁਲਣਾ ਕਰ ਰਿਹਾ ਹੋਵੇ। ਦੂਸਰੇ ਪਾਸੇ ਦੇਸ਼ ਦੀ ਫਿਰਕੂ ਜਥੇਬੰਦੀ ਆਰਐਸਐਸ ਦਾ ਵੱਡਾ ਆਗੂ ਨਾਨਾ ਜੀ ਦੇਸ਼ਮੁੱਖ ਸਿੱਖ ਕਤਲੇਆਮ ਦੇ ਦੋਸ਼ ਸਿੱਖਾਂ ਦੇ ਹੀ ਸਿਰ ਮੜ੍ਦਾ ਹੋਇਆ ਸਿੱਖ ਕੌਮ ਨੂੰ 'ਸਬਕ ਲੈਣ' ਦੀ ਨਸੀਹਤ ਦੇ ਰਿਹਾ ਹੋਵੇ ਅਤੇ ਅਜਿਹੀ ਨਸਲਕੁਸ਼ੀ ਨੂੰ ਆਪਣੀ ਸੌੜੀ ਸੋਚ ਅਧੀਨ ਜਾਇਜ਼ ਠਹਿਰਾ ਰਿਹਾ ਹੋਵੇ। ਜੇਕਰ ਅਜਿਹੇ ਲੋਕ 'ਭਾਰਤ ਰਤਨ' ਵਰਗੇ ਦੇਸ਼ ਦੇ 'ਸਭ ਤੋਂ ਵੱਡੇ' ਪੁਰਸਕਾਰਾਂ ਨਾਲ ਸਨਮਾਨੇ ਜਾਂਦੇ ਹਨ, ਤਾਂ ਫਿਰ ਸਭ ਤੋਂ ਵੱਧ ਫਾਂਸੀ ਚੜ੍ਹਨ ਵਾਲੇ,ਕਾਲੇਪਾਣੀ ਦੀਆਂ ਸਜ਼ਾ ਕੱਟਣ ਵਾਲੇ, ਉਮਰ ਕੈਦਾਂ ਭੋਗਣ ਵਾਲੇ ਅਤੇ ਜਾਨਾਂ ਕੁਰਬਾਨ ਕਰਨ ਵਾਲੇ ਸ਼ਹੀਦ ਸਿੱਖ ਅਤੇ ਸੱਚੇ ਸੁੱਚੇ ਸੂਰਬੀਰ ਤਾਂ 'ਦੇਸ਼ ਧਰੋਹੀ' ਹੀ ਕਹੇ ਜਾ ਸਕਦੇ ਹਨ। ਅਫ਼ਸੋਸ ਇਸ ਗੱਲ ਦਾ ਹੈ ਕਿ ਇਸ ਹਮਾਮ 'ਚ ਸਾਰੇ ਹੀ ਨੰਗੇ ਹਨ। ਜੇਕਰ ਕਾਂਗਰਸ ਨੇ ਦਰਬਾਰ ਸਾਹਿਬ 'ਤੇ ਹਮਲਾ ਕੀਤਾ, ਤਾਂ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਹਲਾਸ਼ੇਰੀ ਦਿੱਤੀ। ਜੇ ਕਾਂਗਰਸ ਦੇ ਰਾਜ 'ਚ ਸਿੱਖ ਕਤਲੇਆਮ ਹੋਇਆ, ਤਾਂ ਭਾਜਪਾ ਦੇ ਰਾਜ 'ਚ ਮੁਸਲਿਮ ਵਿਰੋਧੀ ਕਤਲੇਆਮ ਹੋਇਆ।
ਕੈਨੇਡਾ ਦੀ ਧਰਤੀ 'ਤੇ ਖੂਨਦਾਨ ਦੀ ਮੁਹਿੰਮ ਚਲਾਉਣ ਵਾਲੀ ਮਹਾਨ ਵਿਚਾਰਧਾਰਾ ਉਕਤ ਸਾਰੇ ਦੋਸ਼ੀਆਂ ਨੂੰ ਸਜ਼ਾਵਾਂ ਲਈ ਦ੍ਰਿੜ ਹੈ। ਇੱਕ ਦਿਨ ਜ਼ਰੂਰ ਆਵੇਗਾ, ਜਦੋਂ ਕੌਮਾਂਤਰੀ ਭਾਈਚਾਰਾ ਇਨਸਾਫ਼ ਲਈ 'ਹਾਅ ਦਾ ਨਾਅਰਾ' ਮਾਰੇਗਾ। ਅੱਜ ਲੋੜ ਇਸ ਗੱਲ ਦੀ ਹੈ ਕਿ ਕੌਮ ਦੇ ਚਿੰਤਕ ਅਤੇ ਵਿਦਵਾਨ ਆਪਣਾ ਫਰਜ਼ ਪਛਾਣਦੇ ਹੋਏ ਮਹਾਨ ਉਪਰਾਲਿਆਂ ਨੂੰ ਉਤਸ਼ਾਹਿਤ ਕਰਨ ਅਤੇ ਸਥਾਪਤੀ ਦੀ ਧੱਕੇਸ਼ਾਹੀ ਖਿਲਾਫ਼ ਲਿਖਣ। ਸਿੱਖ ਕੌਮ ਦੇ ਅਕਸ ਨੂੰ ਜੇਕਰ ਸਾਡਾ ਮੀਡੀਆ ਦੁਨੀਆ ਸਾਹਮਣੇ ਸਹੀ ਰੂਪ ਵਿੱਚ ਪੇਸ਼ ਕਰੇਗਾ, ਤਾਂ ਕੌਮ ਦੀ ਪਨੀਰੀ ਇਸ ਪਾਸੇ ਵੱਲ ਹੋਰ ਵੀ ਰੁਚਿਤ ਹੋਵੇਗੀ। ਅਜਿਹੇ ਮੌਕੇ 'ਤੇ ਸਹਿਣ ਸ਼ਕਤੀ, ਪਰਉਪਕਾਰ ਅਤੇ ਮਾਨਵੀ ਹੱਕਾਂ ਪ੍ਰਤੀ ਚੇਤਨਾ ਮੂਲ ਸਰੋਕਾਰ ਬਣ ਕੇ ਕੌਮ ਦੀ ਸਰਬੱਤ ਦੇ ਭਲੇ ਦੀ ਅਰਦਾਸ ਮਨਜ਼ੂਰ ਕਰਵਾਉਣਗੇ।
ਅੱਜ ਜਦੋਂ ਸੰਸਾਰ ਭਰ ਵਿੱਚ ਸਿੱਖ ਕੌਮ ਗੁਰੂ ਤੇਗ ਬਹਾਦਰ ਸਾਹਿਬ ਦਾ 400ਸਾਲਾ ਪ੍ਰਕਾਸ਼ ਦਿਹਾੜਾ ਮਨਾਉਂਦਿਆਂ , ਜ਼ੁਲਮ ਖਿਲਾਫ ਗੁਰੂ ਸਾਹਿਬ ਵੱਲੋਂ ਉਠਾਈ ਆਵਾਜ਼ ਨੂੰ ਮਨੁੱਖੀ ਬਰਾਬਰੀ ਅਤੇ ਧਾਰਮਿਕ ਆਜ਼ਾਦੀ ਦਾ ਮੈਨੀਫੈਸਟੋ ਬਣਾ ਰਹੀ ਹੈ, ਉਦੋਂ ਭਾਰਤੀ ਹੁਕਮਰਾਨਾਂ ਦੇ ਹਿਟਲਰਸ਼ਾਹੀ ਅਤੇ ਨਾਜ਼ੀਵਾਦੀ ਹਿੰਦੂਤਵੀ ਏਜੰਡੇ ਖ਼ਿਲਾਫ਼ ਲੜਨ ਦੀ ਲੋੜ ਹੈ। ਸਿੱਖ ਨਸਲਕੁਸ਼ੀ ਖ਼ਿਲਾਫ਼ ਖੂਨਦਾਨ ਮੁਹਿੰਮ ਕੇਵਲ ਸਿੱਖਾਂ ਲਈ ਇਨਸਾਫ਼ ਦੀ ਮੁਦਈ ਨਹੀਂ, ਬਲਕਿ ਦੇਸ਼ ਅੰਦਰ ਹੋਰਨਾਂ ਘੱਟ ਗਿਣਤੀਆਂ, ਮੂਲ ਵਾਸੀਆਂ, ਦੱਬੇ ਕੁਚਲੇ ਲੋਕਾਂ ਅਤੇ ਸਰਕਾਰੀ ਜਬਰ ਦਾ ਸ਼ਿਕਾਰ ਬਣ ਰਹੇ ਭਾਈਚਾਰਿਆਂ ਨਾਲ ਖੜ੍ਹਨ ਲਈ ਵੀ ਦ੍ਰਿੜ੍ਹ ਇਰਾਦੇ ਦੀ ਅਲੰਬਰਦਾਰ ਹੈ। ਇੱਥੋਂ ਤੱਕ ਕਿ ਸੰਸਾਰ ਦੇ ਕਿਸੇ ਵੀ ਕੋਨੇ 'ਚ ਹੋ ਰਹੇ ਜਬਰ-ਜ਼ੁਲਮ ਖਿਲਾਫ਼ ਸਿੱਖ ਕੌਮ ਵਲੋਂ ਆਵਾਜ਼ ਬੁਲੰਦ ਕਰਨਾ ਇਸ ਮੁਹਿੰਮ ਦਾ ਕੇਂਦਰ-ਬਿੰਦੂ ਹੈ। ਆਓ! ਇਨਸਾਨੀਅਤ ਦਾ ਘਾਣ ਕਰਨ ਵਾਲੀਆਂ ਸਰਕਾਰਾਂ ਅਤੇ ਨਸਲਕੁਸ਼ੀ ਦੇ ਦੋਸ਼ੀਆਂ ਖਿਲਾਫ਼, ਸਿੱਖ ਕੌਮ ਵੱਲੋਂ ਆਰੰਭੀ ਖੂਨਦਾਨ ਮੁਹਿੰਮ ਦਾ ਹਿੱਸਾ ਬਣੀਏ ਅਤੇ ਸੰਸਾਰ ਵਿੱਚ 'ਨਾ ਡਰੋ ਨਾ ਡਰਾਓ' ਅਤੇ 'ਜੀਓ ਅਤੇ ਜਿਓਣ ਦਿਓ' ਦੇ ਮਹਾਨ ਸੰਕਲਪ ਦੇ ਧਾਰਨੀ ਹੋ ਕੇ, ਮਨੁੱਖੀ ਹੱਕਾਂ ਸਮੇਤ 'ਸਰਬੱਤ' ਦੇ ਹੱਕਾਂ ਦੇ ਪਹਿਰੇਦਾਰ ਬਣੀਏ।

ਫੋਨ 001 604 825 1550
email singhnewscanada@gmail.com

4 ਜੂਨ: ਜਨਮ ਦਿਨ 'ਤੇ ਵਿਸ਼ੇਸ਼ : ਸਰਬੱਤ ਦੇ ਸੇਵਾਦਾਰ, ਮਹਾਨ ਵਾਤਾਵਰਣ ਪ੍ਰੇਮੀ, ਸਿੱਖ ਚਿੰਤਕ ਅਤੇ ਜ਼ੁਲਮ ਦੀ ਵਿਰੋਧੀ : ਭਗਤ ਪੂਰਨ ਸਿੰਘ ਜੀ - ਡਾ. ਗੁਰਵਿੰਦਰ ਸਿੰਘ

ਸਰਬੱਤ ਦੇ ਭਲੇ ਅਤੇ ਸੇਵਾ ਨੂੰ ਸਮਰਪਿਤ ਮਹਾਨ ਸ਼ਖ਼ਸੀਅਤ ਭਗਤ ਪੂਰਨ ਸਿੰਘ ਜੀ ਦਾ ਜਨਮ ਦਿੱਤਾ 4 ਜੂਨ 1904 ਨੂੰ ਜ਼ਿਲ੍ਹਾ ਲੁਧਿਆਣਾ 'ਚ ਪੈਂਦੇ ਪਿੰਡ ਰਾਜੇਵਾਲ ਤਹਿਸੀਲ ਸਮਰਾਲਾ ਵਿਖੇ, ਮਾਤਾ ਮਹਿਤਾਬ ਕੌਰ ਜੀ ਦੀ ਕੁੱਖੋਂ ਭਾਈ ਛਿੱਬੂ ਮੱਲ ਦੇ ਘਰ ਹੋਇਆ। ਸਿੱਖੀ ਸੇਵਾ ਨੂੰ ਪ੍ਰੇਰਿਤ ਮਾਤਾ ਜੀ ਦੀ ਸੇਵਾ ਭਾਵਨਾ ਅਤੇ ਗੁਰਬਾਣੀ ਪ੍ਰੇਮ ਨੇ ਜੀਵਨ ਵਿੱਚ ਵੱਡੀ ਤਬਦੀਲੀ ਲਿਆਂਦੀ ਅਤੇ ਰਾਮ ਜੀ ਦਾਸ ਅੰਮ੍ਰਿਤ ਛਕ ਕੇ 'ਪੂਰਨ ਸਿੰਘ' ਬਣੇ। ਆਪ ਜੀ ਨੇ ਗੁਰਦੁਆਰਾ ਡੇਹਰਾ ਲਾਹੌਰ ਅਣਥੱਕ ਸੇਵਾ ਕੀਤੀ। ਦੇਸ਼ ਦੀ ਵੰਡ ਸਮੇਂ ਰੰਗ ਨਸਲ ਧਰਮ ਜਾਤ ਤੋਂ ਉੱਪਰ ਉੱਠ ਕੇ, ਪੀੜਤਾਂ ਦਾ ਆਸਰਾ ਬਣੇ। ਆਪ ਪੰਜਾਬੀ ਤੇ ਅੰਗਰੇਜ਼ੀ ਸਮੇਤ ਵੱਖ- ਵੱਖ ਭਾਸ਼ਾਵਾਂ ਦੇ ਮਾਹਰ ਸਨ ਅਤੇ ਕੁਦਰਤ ਦੀ ਸੇਵਾ ਸੰਭਾਲ, ਪ੍ਰਦੂਸ਼ਣ ਦੇ ਖਾਤਮੇ, ਗਰੀਬੀ, ਭੁੱਖਮਰੀ ਅਤੇ ਅਨਪੜ੍ਹਤਾ ਵਰਗੇ ਗੰਭੀਰ ਮਸਲਿਆਂ 'ਤੇ ਲਗਾਤਾਰ ਲਿਖਦੇ ਰਹਿੰਦੇ ਸਨ। ਆਪਣੇ ਜੀਵਨ ਦੇ ਆਖਰੀ ਪਲ ਤੱਕ ਸਰਬੱਤ ਦੀ ਸੇਵਾ ਨੂੰ ਹੀ ਪ੍ਰਚਾਰਿਆ।
ਭਗਤ ਜੀ ਨੇ ਪਿੰਗਲਵਾੜਾ ਸੰਸਥਾ ਸੰਨ 1958 ਵਿੱਚ ਆਰੰਭ ਕੀਤੀ ਸੀ ਤੇ ਅੱਜਕਲ ਡਾਕਟਰ ਇੰਦਰਜੀਤ ਕੌਰ ਇਸ ਦੀ ਅਗਵਾਈ ਕਰ ਰਹੇ ਹਨ। ਦਰਬਾਰ ਸਾਹਿਬ ਦੇ ਬਿਲਕੁਲ ਨੇੜੇ ਸਥਿਤ ਪਿੰਗਲਵਾੜਾ ਅੰਮ੍ਰਿਤਸਰ ਤੋਂ ਇਲਾਵਾ ਮਾਨਾਂਵਾਲਾ, ਗੋਇੰਦਵਾਲ, ਪਲਸੌਰਾ, ਸੰਗਰੂਰ ਜਲੰਧਰ ਅਤੇ ਵੱਖ- ਵੱਖ ਹਿੱਸਿਆਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲਾਵਾਰਸ ਬੱਚਿਆਂ, ਔਰਤਾਂ- ਮਰਦਾਂ ਦੀ ਸੇਵਾ ਕੀਤੀ ਜਾਂਦੀ ਹੈ। ਭਗਤ ਪੂਰਨ ਸਿੰਘ ਦੀ ਦੇਣ ਨੋਬਲ ਪੁਰਸਕਾਰ ਨਾਲ ਸਨਮਾਨਿਤ ਮਦਰ ਟਰੇਸਾ ਤੋਂ ਵੀ ਵਧੇਰੇ ਰਹੀ ਹੈ। ਉਨ੍ਹਾਂ ਯਤੀਮ ਬੱਚਿਆਂ ਨੂੰ ਉਨ੍ਹਾਂ ਦੇ ਹੀ ਧਰਮ ਅਤੇ ਅਕੀਦੇ ਅਨੁਸਾਰ ਪਾਲਿਆ- ਪਲੋਸਿਆ। ਭਗਤ ਜੀ ਅਕਸਰ ਕਿਹਾ ਜਾ ਕਰਦੇ ਸਨ ਕਿ ਦਰਬਾਰ ਸਾਹਿਬ ਵਿੱਚ ਸੰਗਤਾਂ ਦੀ ਚਰਨ-ਧੂੜ ਉਨ੍ਹਾਂ ਨੂੰ ਅਨੇਕਾਂ ਨੋਬਲ ਪੁਰਸਕਾਰਾਂ ਤੋਂ ਉੱਤਮ ਜਾਪਦੀ ਹੈ। ਮਨੁੱਖੀ ਸੇਵਾ ਸਰਬੱਤ ਦੇ ਭਲੇ ਅਤੇ ਪ੍ਰਕਿਰਤੀ ਦੀ ਸੰਭਾਲ ਨੂੰ ਸਮਰਪਿਤ ਹੁੰਦੇ ਹੋਏ 5 ਅਗਸਤ 1992 ਨੂੰ ਆਪ ਸਦੀਵੀ ਵਿਛੋੜਾ ਦੇ ਗਏ।
ਸੰਨ 1981 ਵਿੱਚ ਭਾਰਤ ਸਰਕਾਰ ਵੱਲੋਂ ਆਪ ਨੂੰ ਪਦਮ ਸ੍ਰੀ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ ਸੀ, ਪਰ ਇਹ ਪੁਰਸਕਾਰ ਉਨ੍ਹਾਂ ਜੋ ਦਰਬਾਰ ਸਾਹਿਬ 'ਤੇ ਭਾਰਤੀ ਫੌਜ ਦੇ ਹਮਲੇ ਦੇ ਰੋਸ ਵਜੋਂ ਵਾਪਸ ਮੋੜ ਦਿੱਤਾ ਸੀ ਅਤੇ ਭਾਰਤ ਦੇ ਰਾਸ਼ਟਰਪਤੀ ਨੂੰ ਬੇਹੱਦ ਰੋਸ ਭਰਪੂਰ ਖਤ ਲਿਖ ਕੇ, ਆਪਣੇ ਮਨ ਦੇ ਵਲਵਲੇ ਸਾਂਝੇ ਕੀਤੇ ਸਨ। ਅਜਿਹਾ ਕਰਨ 'ਚ ਉਨ੍ਹਾਂ ਕੋਈ ਜਲਦਬਾਜ਼ੀ ਨਹੀਂ ਸੀ ਕੀਤੀ ਅਤੇ ਜੂਨ 1984 ਤੋਂ ਲੈ ਕੇ ਸਤੰਬਰ 1984 ਤੱਕ ਸਾਰੀਆਂ ਧਿਰਾਂ, ਸਾਰੀਆਂ ਅਫ਼ਵਾਹਾਂ ਅਤੇ ਸਾਰੇ ਤੱਥਾਂ 'ਤੇ ਖ਼ੁਦ ਖੋਜ ਕਰਕੇ ਮਨ ਬਣਾਇਆ ਸੀ। ਭਗਤ ਪੂਰਨ ਸਿੰਘ ਉਹ ਵਿਅਕਤੀ ਸਨ, ਜੋ ਲਗਾਤਾਰ ਦਰਬਾਰ ਸਾਹਿਬ ਜਾਂਦੇ ਸਨ ਅਤੇ ਉੱਥੇ ਹੋਏ ਫ਼ੌਜੀ ਹਮਲੇ ਦੇ ਬਾਰੇ ਦਰਦ ਕਹਾਣੀਆਂ ਸੁਣ ਕੇ ਪਸੀਜੇ ਜਾਇਆ ਕਰਦੇ ਸਨ। ਜੂਨ 1984 ਦੇ ਸ਼ਹੀਦੀ ਘੱਲੂਘਾਰੇ ਵੇਲੇ ਭਾਰਤ ਸਰਕਾਰ ਦੇ ਜ਼ੁਲਮ- ਸਿਤਮ ਬਾਰੇ ਜੋ ਖਤ ਆਪ ਨੇ ਰਾਸ਼ਟਰਪਤੀ ਨੂੰ ਲਿਖਿਆ ਉਹ ਇਤਿਹਾਸਕ ਦਸਤਾਵੇਜ਼ ਹੈ। ਹੇਠਾਂ ਅੰਗਰੇਜ਼ੀ ਤੇ ਪੰਜਾਬੀ 'ਚ ਚਿੱਠੀ ਪੜ੍ਹੀ ਜਾ ਸਕਦੀ ਹੈ।

‘ਪਦਮ ਸ਼੍ਰੀ’ ਦੀ ਵਾਪਸੀ

ਸੇਵਾ ਵਿਖੇ
ਰਾਸ਼ਟਰਪਤੀ ਭਾਰਤ,
ਰਾਸ਼ਟਰਪਤੀ ਭਵਨ,
ਦਿੱਲੀ।

ਵਿਸ਼ਾ: ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ’ਤੇ ਹੋਈ ਇਨਸਾਨੀਅਤ ਤੋਂ ਗਿਰੀ ਫੌਜੀ ਕਾਰਵਾਈ ਵਿਰੁਧ ਰੋਸ ਵਜੋਂ “ਪਦਮ ਸ਼੍ਰੀ” ਐਵਾਰਡ ਦਾ ਮੋੜਿਆ ਜਾਣਾ।
ਸ੍ਰੀ ਮਾਨ ਜੀ,

ਬੇਨਤੀ ਹੈ ਕਿ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਫੌਜ ਨੂੰ ਕਾਰਵਾਈ ਲਈ ਭੇਜਿਆ ਜਾਣਾ ਕਿੰਨੇ ਹੀ ਦੁਖਦਾਈ ਨਤੀਜੇ ਪੈਦਾ ਕਰ ਚੁੱਕਾ ਹੈ। ਉਸ ਫੌਜੀ ਕਾਰਵਾਈ ਦੇ ਨਤੀਜਿਆਂ ਤੋਂ ਸਿੱਖ ਜਗਤ ਤੜਫ ਉਠਿਆ ਹੈ। ਇਸ ਘਟਨਾ ਦਾ ਜੋ ਦੁਖਦਾਈ ਅਸਰ ਸ੍ਰੀ ਦਰਬਾਰ ਸਾਹਿਬ ਦੀ ਦਰਸ਼ਨੀ ਡਿਉਢੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ’ਤੇ ਪਿਆ ਹੈ ਉਹ ਆਪ ਨੇ ਦੇਖ ਹੀ ਲਿਆ ਹੈ। ਫੌਜੀਆਂ ਹੱਥੋਂ ਬਹੁਤ ਘਟਨਾਵਾਂ ਅਜਿਹੀਆਂ ਵਾਪਰੀਆਂ ਹਨ ਜਿਨ੍ਹਾਂ ਦਾ ਆਪ ਜੀ ਨੂੰ ਪਤਾ ਨਹੀਂ ਹੋ ਸਕਦਾ ਜੋ ਮੈਨੂੰ ਲੋਕਾਂ ਨੇ ਸੁਣਾਈਆਂ ਹਨ ਤੇ ਮੈਂ ਉਹਨਾਂ ਦੀ ਪੜਤਾਲ ਮਿਤੀ 9-9-84 ਤਕ ਕਰਦਾ ਰਿਹਾ ਹਾਂ। ਮੈਂ ਜਲਦੀ ਨਹੀਂ ਕੀਤੀ ਅਤੇ ਬੜੇ ਧੀਰਜ ਤੋਂ ਕੰਮ ਲਿਆ ਹੈ। ਉਹਨਾਂ ਵਿਚੋਂ ਮੈਂ ਕੁਝ ਘਟਨਾਵਾਂ ਬਿਆਨ ਕਰਦਾ ਹਾਂ:

1. ਸ੍ਰੀ ਦਰਬਾਰ ਸਾਹਿਬ ਦੇ ਇਕ ਗ੍ਰੰਥੀ ਨੂੰ ਫੌਜੀ ਸਿਪਾਹੀ ਪਰਿਵਾਰ ਸਮੇਤ ਗ੍ਰਿਫਤਾਰ ਕਰਕੇ ਲੈ ਗਏ ਅਤੇ ਉਸ ਪਰਿਵਾਰ ਨੂੰ ਉਹਨਾਂ ਨੇ ਸਾਰਾ ਦਿਨ ਭੁੱਖਾ ਪਿਆਸਾ ਰੱਖਿਆ। ਗ੍ਰੰਥੀ ਸਿੰਘ ਦੇ ਹੱਥਾਂ ’ਤੇ ਬੰਦੂਕ ਦੇ ਬੱਟ ਮਾਰ ਕੇ ਫੌਜੀਆਂ ਨੇ ਉਸ ਦੀ ਮਾਰ-ਕੁਟਾਈ ਕੀਤੀ। ਸ੍ਰੀ ਦਰਬਾਰ ਸਾਹਿਬ ਦੇ ਇਕ ਹੋਰ ਗ੍ਰੰਥੀ ਦੇ ਬੱਟ ਮਾਰੇ ਅਤੇ ਉਸ ਦੇ ਹੱਥਾਂ ਨੂੰ ਸੋਜਾਂ ਚਾੜ੍ਹੀਆਂ।

2. ਦਰਬਾਰ ਸਾਹਿਬ ਸਮੂਹ ਵਿਚ ਆਈਆਂ ਸੰਗਤਾਂ, ਇਸਤਰੀਆਂ ਮਰਦਾਂ ਤੇ ਬੱਚਿਆਂ ’ਤੇ ਇਸ ਤਰ੍ਹਾਂ ਗੋਲੀ ਚਲਾਈ ਜਾਂਦੀ ਰਹੀ ਹੈ ਜਿਸ ਤਰ੍ਹਾਂ ਜ਼ਹਰਿਲੀ ਦਵਾਈ ਦੀ ਪਿਚਕਾਰੀ ਨਾਲ ਮੱਛਰ ਮਾਰੀਦਾ ਹੈ।

3. ਜਿਹੜੇ ਯਾਤਰੂ ਸ੍ਰੀ ਦਰਬਾਰ ਸਾਹਿਬ ਤੇ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਮੰਗਲਵਾਰ ਨੂੰ 12 ਵਜੇ ਕੈਦ ਕੀਤੇ ਗਏ ਸਨ, ਉਹਨਾਂ ਨੂੰ ਪਾਣੀ ਨਾ ਦਿੱਤਾ ਗਿਆ, ਉਹਨਾਂ ਨੂੰ ਬੁੱਧਵਾਰ 30 ਘੰਟਿਆਂ ਪਿਛੋਂ ਸਿੱਖ ਫੌਜੀਆਂ ਨੇ ਪਾਣੀ ਦਿੱਤਾ। ਬੱਚਿਆਂ ਦੀਆਂ ਪਿਆਸ ਨਾਲ ਅੱਖਾਂ ਬਾਹਰ ਨਿਕਲ ਰਹੀਆਂ ਸਨ। ਬੀਬੀਆਂ ਨੇ ਪਸੀਨੇ ਪੂੰਝ ਕੇ ਬੱਚੀਆਂ ਦੇ ਮੂੰਹ ਗਿੱਲੇ ਕੀਤੇ। ਜੇ ਬੀਬੀਆਂ ਬੱਚਿਆਂ ਲਈ ਪਾਣੀ ਮੰਗਦੀਆਂ ਸਨ ਤਾਂ ਫੌਜੀ ਕਹਿੰਦੇ ਸਨ ਕਿ ਇਹ ਵੱਡੇ ਹੋ ਕੇ ਸਾਨੂੰ ਜਾਨੋਂ ਮਾਰਨਗੇ, ਇਸ ਲਈ ਅਸੀਂ ਇਹਨਾਂ ਨੂੰ ਪਾਣੀ ਕਿਉਂ ਦੇਈਏ। ਮੰਗਲਵਾਰ ਵਾਲੇ ਦਿਨ ਬੱਚਿਆਂ ਨੂੰ ਵੀ ਜਿਹੜਾ ਥੋੜ੍ਹਾ ਜਿਹਾ ਪਾਣੀ ਫੌਜੀਆਂ ਨੇ ਦਿੱਤਾ ਸੀ ਉਸ ਵਿਚ ਉਹਨਾਂ ਨੇ ਸਿਗਰਟਾਂ ਦਾ ਪਾਣੀ ਘੋਲ ਕੇ ਕਿਹਾ ਕਿ ਇਹ ਤੁਹਾਡੇ ਗੁਰੂ ਦਾ ਪ੍ਰਸ਼ਾਦ ਹੈ। ਤੇਜਾ ਸਿੰਘ ਸਮੁੰਦਰੀ ਹਾਲ ਵਿਚ ਫੌਜੀਆਂ ਨੇ ਸਿਗਰਟਾਂ ਪੀਤੀਆਂ ਅਤੇ ਸਿਗਰਟਾਂ ਦਾ ਧੂੰਆਂ ਸਿੱਖਾਂ ਵੱਲ ਛੱਡਦੇ ਰਹੇ। ਜਿਹੜਾ ਸਲੂਕ ਫੌਜੀ ਕਾਰਵਾਈ ਦੇ ਨਾਮ ’ਤੇ ਸਿੱਖਾਂ ਨਾਲ ਹੋਇਆ ਉਸ ਨੇ ਸਿੱਖ ਜਗਤ ਦੇ ਹਿਰਦਿਆਂ ’ਤੇ ਭਾਰੀ ਸੱਟ ਮਾਰੀ ਹੈ। ਦਰਬਾਰ ਸਾਹਿਬ ਵਿਚੋਂ ਫੜੇ ਯਾਤਰੂ ਜਵਾਨ ਮੁੰਡਿਆਂ ਦੇ ਹੱਥ ਉਹਨਾਂ ਦੀਆਂ ਪੱਗਾਂ ਨਾਲ ਬੰਨ੍ਹੇ ਗਏ ਅਤੇ ਉਹਨਾਂ ਦੇ ਕੇਸ ਖੋਲ੍ਹ ਕੇ ਉਹਨਾਂ ਦੀਆਂ ਅੱਖਾਂ ਦਵਾਲੇ ਲਪੇਟ ਕੇ ਉਹਨਾਂ ਨੂੰ ਗਰਮ ਫਰਸ਼ ਤੇ ਗੋਡਿਆਂ ਭਾਰ ਚੱਲਣ ਲਈ ਮਜਬੂਰ ਕਤਿਾ ਗਿਆ। ਮੁੰਡਿਆਂ ਨੂੰ ਪਿਛੋਂ ਬੰਨ੍ਹ ਕੇ ਮੱਥੇ ਵਿਚ ਗੋਲੀਆਂ ਮਾਰ ਕੇ ਮਾਰਿਆ ਗਿਆ।

4. ਪਹਿਲੀ ਜੂਨ 1984 ਨੂੰ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਉਤੇ ਸੀ. ਆਰ. ਪੀ. ਨੇ ਗੋਲੀ ਚਲਾਣੀ ਆਰੰਭ ਕਰ ਦਿੱਤੀ ਸੀ। ਪਹਿਲੀ ਜੂਨ ਫੌਜਾਂ ਦੇ ਆਉਣ ਤੋਂ ਪਹਿਲਾਂ ਸੀ. ਆਰ. ਪੀ. ਵਲੋਂ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆਂ ਬੈਠੇ ਗ੍ਰੰਥੀ ਸਿੰਘ ਨੂੰ ਗੋਲੀ ਮਾਰ ਦਿੱਤੀ ਸੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਸੀ। ਸਾਰੀਆਂ ਵਾਰਦਾਤਾਂ ਹੋਣ ਦੇ ਪਿਛੋਂ ਸਿੱਖ ਰੈਫਰੈਂਸ ਲਾਇਬ੍ਰੇਰੀ ਤੇ ਸਿੱਖ ਅਜਾਇਬ ਘਰ ਮਿੱਥ ਕੇ ਵੈਰ ਭਾਵਨਾ ਨਾਲ ਸਾੜ ਦਿੱਤੇ। 3 ਜੂਨ 1984 ਵਾਲੇ ਦਿਨ ਪੀਲੀਆਂ ਪੱਗਾਂ ਅਤੇ ਕ੍ਰਿਪਾਨਾਂ ਵਾਲੇ ਦੋ ਸਿੰਘ ਬਟਾਲੇ ਦੇ ਬੱਸ ਅੱਡੇ ਤੋਂ ਉਤਰੇ ਤਾਂ ਉਹਨਾਂ ਨੂੰ ਫੌਜੀਆਂ ਨੇ ਕ੍ਰਿਪਾਨਾਂ ਲਾਹੁਣ ਲਈ ਕਿਹਾ ਪਰ ਉਹਨਾਂ ਕ੍ਰਿਪਾਨਾਂ ਲਾਹੁਣ ਤੋਂ ਇਨਕਾਰ ਕਰ ਦਿੱਤਾ। ਉਸੇ ਵੇਲੇ ਫੌਜੀਆਂ ਨੇ ਉਹਨਾਂ ਨੂੰ ਗੋਲੀ ਨਾਲ ਉਡਾ ਦਿੱਤਾ। ਇਕ ਨਿਹੰਗ ਸਿੰਘ ਨੂੰ ਗੁਮਟਾਲਾ ਜੇਲ੍ਹ ਦੇ ਲਾਗੇ ਇਸ ਲਈ ਗੋਲੀ ਨਾਲ ਮਾਰ ਦਿੱਤਾ ਗਿਆ ਕਿਉਂਕਿ ਉਸ ਨੇ ਕ੍ਰਿਪਾਨ ਦੇਣ ਤੋਂ ਇਨਕਾਰ ਕੀਤਾ ਸੀ। ਇਕ ਤਿਆਰ ਬਰ ਤਿਆਰ ਸਿੰਘ ਕਿੱਤਿਆਂ (ਸ੍ਰੀ ਅੰਮ੍ਰਿਤਸਰ ਦਾ ਇਕ ਇਲਾਕਾ) ਵਿਚ ਆਪਣੇ ਮਕਾਨ ਦੀ ਛੱਤ ਦੇ ਖੜ੍ਹਾ ਸੀ। ਉਸ ਨੂੰ ਫੌਜੀਆਂ ਨੇ ਇਸ ਲਈ ਗੋਲੀ ਨਾਲ ਮਾਰ ਦਿੱਤਾ ਕਿਉਂਕਿ ਉਸ ਨੇ ਪੀਲੀ ਪੱਗ ਬੰਨ੍ਹੀ ਹੋਈ ਸੀ।

5. ਤਿੰਨ ਜੁਲਾਈ ਵਾਲੇ ਦਿਨ ਜ਼ਿਲ੍ਹਾ ਕਚਿਹਰੀ ਸ੍ਰੀ ਅੰਮ੍ਰਿਤਸਰ ਦੇ ਡਾਕਟਰ ਕਿਚਲੂ ਵਾਲੇ ਗੋਲ ਚੱਕਰ ਦੇ ਲਾਗੇ ਇਕ ਕਾਲੀ ਪੱਗ ਤੇ ਕ੍ਰਿਪਾਨ ਵਾਲਾ 25 ਕੁ ਸਾਲਾਂ ਦੀ ਉਮਰ ਦਾ ਸਿੰਘ ਜਾ ਰਿਹਾ ਸੀ ਇਸ ਪਾਸੇ ਤੋਂ ਫੌਜੀਆਂ ਦੀ ਜੀਪ ਆ ਗਈ ਉਸ ਸਿੰਘ ਨੂੰ ਹੱਥਕੜੀ ਲਾ ਕੇ ਲੈ ਗਏ, ਉਸ ਪਾਸ ਕੁਝ ਨਹੀਂ ਨਿਕਲਿਆ ਸੀ। ਜਿਸ ਵੇਲੇ ਫੌਜੀ ਸ਼੍ਰੋਮਣੀ ਗੁਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਗੁਰਚਰਨ ਸਿੰਘ ਟੋਹੜਾ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਵਿਚੋਂ ਗ੍ਰਿਫਤਾਰ ਕਰਨ ਗਏ ਤਾਂ ਇਕ ਫੌਜੀ ਸਿਗਰਟ ਪੀ ਰਿਹਾ ਸੀ। ਸਰਦਾਰ ਟੌਹੜਾ ਨੇ ਉਸ ਨੂੰ ਕਿਹਾ ਕਿ ਤੂੰ ਸਿਗਰਟ ਨਾ ਪੀ ਤਾਂ ਉਸ ਫੌਜੀ ਨੇ ਕਿਹਾ ਕਿ ਚਲ ਉਏ ਬੁੱਢੇ, ਚੁੱਪ ਕਰ ਨਹੀਂ ਤਾਂ ਗੋਲੀ ਮਾਰ ਦਿਆਂਗਾ। ਸਰਦਾਰ ਟੌਹੜਾ ਨੇ ਕਿਹਾ ਕਿ ਮੈਂ ਇਥੋਂ ਦਾ ਪ੍ਰਧਾਨ ਹਾਂ ਤਾਂ ਫੌਜੀ ਚੁੱਪ ਕਰ ਗਏ।

6. ਸ੍ਰੀ ਦਰਬਾਰ ਸਾਹਿਬ ਮੁਕਤਸਰ ਵਿਚ ਸਾਰੇ ਸੇਵਾਦਾਰ ਕੱਢ ਕੇ ਸਰੋਵਰ ਦੀ ਪਰਕਰਮਾ ਵਿਚ ਧੁੱਪ ਵਿਚ ਮੂਧੇ ਲੰਮੇ ਪਾਏ ਗਏ ਜਿਨ੍ਹਾਂ ਨੂੰ ਬੁਰੀ ਤਰ੍ਹਾਂ ਕੁਟਿਆ ਗਿਆ। ਉਹਨਾਂ ਵਿਚੋਂ ਇਕ ਮਰ ਗਿਆ। ਪਿੰਡਾਂ ਵਿਚੋਂ ਉਹ ਮੁੰਡੇ ਕੱਢ ਕੇ ਬਾਹਰ ਲਿਆਂਦੇ ਗਏ ਜਿਨ੍ਹਾਂ ਨੇ ਅੰਮ੍ਰਿਤ ਛੱਕਿਆ ਹੋਇਆ ਸੀ ਤੇ ਉਨ੍ਹਾਂ ਨੂੰ ਬਹੁਤ ਕੁੱਟਿਆ ਗਿਆ।

7. ਮੈਂ ਇਹ ਕਹਿਣ ਲਈ ਮਜਬੂਰ ਹਾਂ ਕਿ ਫੌਜ ਨੇ ਇਖਲਾਕੀ ਗਿਰਾਵਟ ਦਾ ਸਬੂਤ ਦਿੱਤਾ ਹੈ ਤੇ ਵੈਰ ਭਾਵਨਾ ਨਾਲ ਇਸ ਤਰ੍ਹਾਂ ਕਾਰਵਾਈ ਕੀਤੀ ਹੈ ਕਿ ਜਿਸ ਤਰ੍ਹਾਂ ਸਿੱਖਾਂ ਦਾ ਖੁਰਾ ਖੋਜ ਮਿਟਾ ਦੇਣਾ ਹੋਵੇ। ਫੌਜੀ ਐਕਸ਼ਨ ਤੋਂ ਪਿਛੋਂ ਪਿੰਡਾਂ ਵਿਚ ਨੌਜਵਾਨਾਂ ਨੂੰ ਤੰਗ ਕੀਤਾ ਜਾਂਦਾ ਰਿਹਾ ਹੈ। ਉਪਰੋਕਤ ਅਸਲੀਅਤ ਤੋਂ ਇਲਾਵਾ ਕੁਝ ਐਸੀਆਂ ਸ਼ਰਮਨਾਕ ਘਟਨਾਵਾਂ ਬਾਰੇ ਜਾਣਕਾਰੀ ਮਿਲੀ ਹੈ ਜਿਨ੍ਹਾਂ ਨੂੰ ਲਿਖਣ ਲਈ ਤਹਿਜ਼ੀਬ ਆਗਿਆ ਨਹੀਂ ਦਿੰਦੀ।

ਮੈਂ ਅਜਿਹੇ ਹਾਲਾਤ ਦੇਖ ਸੁਣ ਕੇ ਸਰਕਾਰ ਨੂੰ ਆਪਣਾ ਰੋਸ ਪ੍ਰਗਟ ਕਰਨ ਲਈ ਆਪਣਾ “ਪਦਮ-ਸ੍ਰੀ” ਦਾ ਐਵਾਰਡ ਵਾਪਸ ਕਰਦਾ ਹਾਂ।

ਪੂਰਨ ਸਿੰਘ, ਭਗਤ।

To,
The President of India,
Rashtrpati Bhavan,
Delhi.

Subject: Return of the award of Padam Shree against the in-human army action at Sri Darbar Sahib Sri Amritsar.

Shriman ji,

Sending the armed forces into Sri Darbar Sahib for military action has already produced countless painful results. As a result of this army action the Sikh world has been deeply hurt. You have seen how painful has been the effect of this army action on the Darshani Deodhi and the building of Sri Akal Takhat. Army has perpetrated acts, which you could not have known. Up to September 9, 1984, I have been investigating what I have heard from the people. I have exercised much restraint and have not rushed to conclusions. I will relate some of the happenings (that I have investigated).

1. Army-men arrested a scripture reader of Sri Darbar Sahib along with his family. The entire family was not given either food or water for the whole day. Rifle butts were administered on the scripture reader’s hands the whole day. Another scripture reader of the shrine was given the same treatment until his hands were swollen.

2. The sangat in Darbar Sahib complex consisting of women, men and children has been fired upon (and killed) as the mosquitoes are wiped out with poisonous spray.

3. The pilgrims who had been arrested in Sri Darbar Sahib and Teja Singh Samundari Hall around 12 noon on Tuesday were given water by the Sikh army-men after thirty hours on Wednesday. The children’s eyes were popping out with thirst and their mothers tried to moist their lips with sweat. When some women asked for water for the children the army-men told them that the children would grow up and kill the army-men so why should they be given water? On Tuesday the small quantity of water that was given to the children had cigarettes thrown into it. They were told that this is the prasad of their Guru. Army-men smoked cigarettes in Teja Singh Samundari Hall and kept on blowing the smoke at the Sikhs. The treatment meted out to the Sikhs in the name of army action has deeply hurt the feelings of the Sikh world. Hands of the young pilgrims, arrested from Darbar Sahib, were tied with their turbans, their hair were untied and used to cover their eyes with. They were forced to kneel down on the hot marble floor and to walk around on their knees. Hands of the boys were tied behind them and they were shot through their foreheads.

On the first of June 1984 the CRPF had commenced firing on Sri Darbar Sahib Amritsar. On the first of June before the arrival of the army, the CRPF had killed a scripture reader in attendance upon Guru Granth Sahib and the volume itself was shot at. After it was all over, the Sikh Reference Library and the Sikh Museum were set on fire out of enmity and in pursuance of predetermined action. On June 3, 1984, two Sikhs wearing yellow turbans and kirpans got off at Batala bus stand. They were asked by the army-men to take off their turbans. On their refusal to do so they were both shot dead. Another Nihang was shot at and killed near Gumtala jail because he had refused to surrender his kirpan. One Sikh in proper Sikh dress was standing on the roof of his house in an area of Amritsar called Kittas. Army-men killed him because he was wearing a yellow turban.

On the third of July a black turbaned and kirpan-wearing young Sikh of about 25 years of age was walking past the Kitchlew traffic island. The army arrived, handcuffed and arrested him although nothing incriminating was found on his person. When army-men went to arrest the President of the Shiromani Gurdwara Prabandhak Committee Sardar Gurcharan Singh Tohra from Teja Singh Samundari Hall, one of them was smoking a cigarette. When Sardar Tohra asked him not to smoke (in the holy precincts), his reply was, “shut up old-man or I will shoot you dead. Tohra said ‘I am the President of this place’ upon which the army-men became quiet.

Temple servants of Sri Darbar Sahib Muktsar, were made to lie face downwards in the circumambulatory path around the sacred tank and beaten mercilessly. As a result of this one of them died. All those boys who had taken amrit were pulled out of their homes in the villages and were beaten severely.

I am compelled to observe that the army has displayed bankruptcy of character and has acted with hearts full of enmity and in a manner indicating that it wanted to wipe out the Sikhs. Young-men from villages have been troubled much after the army action. Apart from the truth depicted above, I have received information about such shameful incidents, to mention which is to violate the cultural norms.

After hearing of and seeing such happenings, I reject and return to you the award of Padam Shree conferred upon me.

Puran Singh


10 ਦਸੰਬਰ : ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਹਾੜੇ 'ਤੇ ਵਿਸ਼ੇਸ਼  :  ਮਨੁੱਖੀ ਹੱਕਾਂ ਦਾ ਖੋਹਿਆ ਜਾਣਾ ਹੀ ਹੈ ਬਗ਼ਾਵਤ ਦਾ ਪੈਦਾ ਹੋਣਾ - ਡਾ.ਗੁਰਵਿੰਦਰ ਸਿੰਘ

ਤਹਿਜ਼ੀਬ ਦੇ ਹਜ਼ਾਰਾਂ ਸਾਲਾਂ ਦਾ ਸਫ਼ਰ ਤੈਅ ਕਰਨ ਮਗਰੋਂ ਵੀ ਮਨੁੱਖ 'ਜੀਓ ਤੇ ਜਿਓਣ ਦਿਓ' ਦੇ ਸਿਧਾਂਤ ਦਾ ਧਾਰਨੀ ਬਣਨ ਵਿੱਚ ਸਫਲ ਨਹੀਂ ਹੋ ਸਕਿਆ। ਆਪਣੇ ਤੋਂ ਕਮਜ਼ੋਰ ਨੂੰ ਲੁੱਟਣ ਦੀ ਦਾਨਵੀ ਬਿਰਤੀ ਨੇ ਉਸਨੂੰ ਪਸ਼ੂਆਂ ਦੀ ਕਤਾਰ ਵਿੱਚ ਲਿਆ ਖੜ੍ਹਾ ਕੀਤਾ ਹੈ। ਗੁਰੂ ਨਾਨਕ ਸਾਹਿਬ   ਦੀ ਵਿਚਾਰਧਾਰਾ ਦੀ ਤਰਜ਼ 'ਤੇ ਜੇਕਰ 'ਪਰਾਇਆ ਹੱਕ', ਖੋਹਣ ਵਾਲਿਆਂ ਲਈ ਗਾਂ ਤੇ ਸੂਰ ਦਾ ਮਾਸ ਖਾਣ ਸਮਾਨ ਘ੍ਰਿਣਾਯੋਗ ਚਿਤਰ ਉਲੀਕਿਆ ਜਾਵੇ, ਤਾਂ ਅੱਜ ਮਨੁੱਖਾਂ ਦੀ ਵੱਡੀ ਗਿਣਤੀ ਵਿੱਚ ਅਜਿਹੀ ਸੋਚ ਹੀ ਨਜ਼ਰ ਆਉਂਦੀ ਹੈ। ਦੋ ਵਿਸ਼ਵ ਯੁੱਧਾਂ ਦਾ ਕਾਰਨ ਬਣੀ ਨੀਟਸ਼ੇ ਦੀ ਵਿਚਾਰਧਾਰਾ 'ਤਾਕਤਵਰ ਨੂੰ ਹੀ ਜਿਓਣ ਦਾ ਹੱਕ ਹੈ' ਕਾਰਨ ਹੋ ਚੁੱਕੀ ਤਬਾਹੀ ਤੋਂ ਸਬਕ ਸਿੱਖਦਿਆਂ, ਅਜਿਹੀ ਸੋਚ ਨੂੰ ਤਿਆਗਣ ਦੀ ਬਜਾਇ ਮਨੁੱਖ ਨੇ ਵਧੇਰੇ ਅਪਣਾਉਣਾ ਸ਼ੁਰੂ ਕਰ ਦਿੱਤਾ ਹੈ। ਯੂ.ਐਨ.ਓ. ਦੇ ਘੋਸ਼ਣਾ ਪੱਤਰ 'ਚ ਸ਼ਾਮਿਲ ਜੀਵਨ, ਸੁਤੰਤਰਤਾ, ਸੁਰੱਖਿਆ, ਕਾਨੂੰਨੀ ਸਮਾਨਤਾ, ਵਿਦਿਆ ਪ੍ਰਾਪਤੀ ਤੇ ਧਾਰਮਿਕ ਆਜ਼ਾਦੀ ਵਰਗੇ ਕੌਮਾਂਤਰੀ ਮਾਨਵੀ ਅਧਿਕਾਰ 'ਮਹਿਜ਼ ਘੋਸ਼ਣਾ' ਹੀ ਬਣ ਕੇ ਰਹਿ ਗਏ ਹਨ। ਦਸ਼ਾ ਇਹ ਹੈ ਕਿ ਤਕੜਾ ਮੁਲਕ ਮਾੜੇ ਮੁਲਕ ਦੇ ਤੇ ਤਾਕਤਵਰ ਮਨੁੱਖ ਕਮਜ਼ੋਰ ਮਨੁੱਖ ਦੇ ਹੱਕ ਖੋਹ ਕੇ, 'ਵਿਸ਼ਵ ਸ਼ਕਤੀ ' ਬਣਨ ਦੀ ਕੋਝੀ ਸਾਜਿਸ਼ ਵਿੱਚ ਗ੍ਰਸਿਆ ਹੋਇਆ ਹੈ।
ਦੂਸਰੇ ਵਿਸ਼ਵ ਯੁੱਧ ਵਿੱਚ ਹੋਏ ਭਿਆਨਕ ਮਨੁੱਖੀ ਕਤਲੇਆਮ ਅਤੇ ਤਬਾਹੀ ਨੂੰ ਵੇਖਦੇ ਹੋਏ, ਤੀਜੇ ਸੰਸਾਰ ਜੰਗ ਦੀ ਕਿਸੇ ਕਿਸਮ ਦੀ ਸੰਭਵਨਾ ਨੂੰ ਰੱਦ ਕਰਨ ਲਈ ਸੰਯੁਕਤ ਰਾਸ਼ਟਰ ਸੰਘ ਦੀ ਸਥਾਪਨਾ ਕੀਤੀ ਗਈ, ਜਿਸ ਦਾ ਉਦੇਸ਼ ਕੌਮਾਂਤਰੀ ਪੱਧਰ ਤੇ ਸ਼ਾਂਤੀ, ਸੁਰੱਖਿਆ ਤੇ ਸਥਿਰਤਾ ਦਾ ਮਾਹੌਲ ਕਾਇਮ ਕਰਨਾ, ਸਭਿਆਚਾਰਕ ਤੇ ਆਰਥਿਕ ਸਾਂਝ ਕਾਇਮ ਕਰਨਾ ਅਤੇ ਵੱਖ-ਵੱਖ ਰਾਸ਼ਟਰਾਂ ਦਰਮਿਆਨ ਮੇਲ-ਜੋਲ ਦੀ ਸਥਾਪਨਾ ਕਰਨਾ ਨਿਰਧਾਰਤ ਕੀਤਾ ਗਿਆ। ਵਿਸ਼ਵ ਸ਼ਾਂਤੀ ਦੇ ਨਾਲ -ਨਾਲ ਮਨੁੱਖੀ ਸੁਤੰਤਰਤਾ ਦੀ ਅਹਿਮੀਅਤ ਦੇ ਮੱਦੇ ਨਜ਼ਰ 10 ਦਸੰਬਰ 1948 ਈ. ਨੂੰ ਮਾਨਵੀ ਹੱਕਾਂ ਦੀ ਘੋਸ਼ਣਾ ਕੀਤੀ ਗਈ, ਜਿਸਦੇ ਅੰਤਰਗਤ ਜੀਵਨ, ਸੁਤੰਤਰਤਾ, ਸੁਰੱਖਿਆ, ਕਾਨੂੰਨੀ ਸਮਾਨਤਾ, ਸੰਪਤੀ , ਵਿਦਿਆ ਪ੍ਰਾਪਤੀ, ਧਾਰਮਿਕ ਆਜ਼ਾਦੀ ਅਤੇ ਨਿਆਂ ਪ੍ਰਾਪਤੀ ਆਦਿ ਦੇ ਅਧਿਕਾਰ ਸ਼ਾਮਿਲ ਹਨ। ਉਸ ਵੇਲੇ ਤੋਂ ਇਹ ਦਿਨ 'ਮਨੁੱਖੀ ਅਧਿਕਾਰ ਦਿਵਸ' ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।
ਮਨੁੱਖੀ ਅਧਿਕਾਰ ਤੋਂ ਕੀ ਭਾਵ ਹੈ ? 'ਸਾਫ-ਸੁਥਰੀ ਤੇ ਸੁਰੱਖਿਅਤ ਜੀਵਨ- ਸ਼ੈਲੀ ਵਾਸਤੇ ਸਾਰੇ ਮਨੁੱਖਾਂ ਨੂੰ ਸਮਾਨ ਰੂਪ ਵਿੱਚ ਪ੍ਰਾਪਤ ਸਹੂਲਤਾਂ।'' ਇਸ ਤੋਂ ਘੱਟ ਪ੍ਰਾਪਤੀ ਵਿਦਰੋਹ ਦੀ ਜਨਮਦਾਤੀ ਹੈ ਤੇ ਇਸ ਤੋਂ ਵੱਧ ਹੱਕ ਮਾਨਣਾ, ਅਧਿਕਾਰਾਂ ਦੇ ਨਾਂ ਤੇ ਦੂਜਿਆਂ ਦਾ 'ਸ਼ੋਸ਼ਣ' ਸਿੱਧ ਹੁੰਦਾ ਹੈ। 'ਦੁਨੀਆਂ ਦੇ ਸਭ ਤੋਂ ਵੱਡੇ ਲੋਕਰਾਜ' ਭਾਰਤ ਦੇ ਵਿਸ਼ਾਲ ਸੰਵਿਧਾਨ ਦੇ ਰਚਨਹਾਰਿਆਂ ਨੇ ਚਾਹੇ ਮੂਲ ਮਨੁੱਖੀ ਹੱਕਾਂ ਦਾ ਵਿਸ਼ੇਸ਼ ਰੂਪ ਵਿੱਚ ਜ਼ਿਕਰ ਕਰਦਿਆਂ, ਇਹਨਾਂ ਦੀ ਸੁਰਖਿਆਂ ਵਾਸਤੇ ਵਿਸ਼ੇਸ਼ ਕਾਨੂੰਨ ਬਣਾਏ ਹਨ, ਜਿਨ੍ਹਾਂ ਦੀ ਉਲੰਘਣਾ ਦੇ ਰੂਪ ਵਿੱਚ ਨਾਗਰਿਕ ਸਰਬ-ਉਚ ਨਿਆਂ ਪਾਲਿਕਾਂ ਦਾ ਦਰਵਾਜਾ ਖੜਕਾਉਣ ਦਾ ਹੱਕ ਵੀ ਪ੍ਰਾਪਤ ਹੈ, ਪਰ ਸਮੱਸਿਆ ਇਹ ਹੈ ਕਿ ਪ੍ਰਸ਼ਾਸਨਿਕ ਕਾਰਜ ਪ੍ਰਣਾਲੀ ਇਸ ਵਿਵਸਥਾ ਨੂੰ ਵਿਹਾਰਕ ਸਰੂਪ ਦੇਣ ਵਿੱਚ ਬਿਲਕੁਲ ਹੀ ਸਫਲ ਨਹੀਂ ਹੋ ਸਕੀ। ਭਾਰਤੀ ਸ਼ਾਸਨ ਦੇ ਕਾਰਜ - ਪ੍ਰਬੰਧ ਨੂੰ ਵਾਚਣ ਉਪਰੰਤ ਇਸ ਨਤੀਜੇ 'ਤੇ ਸਹਿਜੇ ਹੀ ਪਹੁੰਚਿਆ ਜਾ ਸਕਦਾ ਹੈ ਕਿ ਦੇਸ਼ ਵਿੱਚ ਆਮ ਨਾਗਰਿਕ ਦੇ ਬੁਨਿਆਦੀ ਅਧਿਕਾਰ ਮਹਿਫ਼ੂਜ਼ ਨਹੀਂ ਹਨ। ਭਾਰਤ ਵਿੱਚ ਮਨੁੱਖੀ ਹੱਕਾਂ ਦੀ ਪਰਿਭਾਸ਼ਾ 'ਵਿਅਕਤੀ ਤੋਂ ਵਿਅਕਤੀ ਤੱਕ' ਬਦਲਦੀ ਹੈ। ਕਿਸੇ ਦਫ਼ਤਰ ਵਿੱਚ ਬੈਠਾ ਅਫ਼ਸਰ ਆਪਣੇ ਅਧੀਨ ਅਧਿਕਾਰੀ ਨੂੰ, ਨਿੱਜੀ ਹਿੱਤ ਲਈ ਵਰਤਣਾ ਆਪਣਾ ਅਧਿਕਾਰ ਸਮਝਦਾ ਹੈ। ਲਾਲ ਬੱਤੀ ਵਾਲੀ ਗੱਡੀ 'ਤੇ ਸਵਾਰ ਨੇਤਾ ਪੰਜ ਸਾਲਾਂ ਬਾਅਦ, ਲੋਕਾਂ ਨੂੰ ਗੁਮਰਾਹ ਕਰਕੇ ਵੋਟਾਂ ਹਥਿਆਉਣਾ ਆਪਣਾ ਹੱਕ ਸਮਝਦਾ ਹੈ। ਸਥਾਪਤੀ ਦੀ ਕੁਰਸੀ 'ਤੇ ਬੈਠਾ ਸ਼ਾਸਕ ਜਨ- ਸੰਪਤੀ ਨੂੰ ਨਿੱਜੀ ਸੰਪਤੀ ਸਮਝਦਿਆਂ, ਉਸਨੂੰ ਲੁੱਟਣਾ ਜਨਮ ਸਿੱਧ ਅਧਿਕਾਰ ਸਮਝਦਾ ਹੈ। ਅਜਿਹੀ ਬੇਇਨਸਾਫ਼ੀ ਤੇ ਅਨਿਆਂ ਦੀ ਕੋਝੀ ਤਸਵੀਰ ਕਈ ਸਵਾਲਾਂ ਨੂੰ ਜਨਮ ਦਿੰਦੀ ਹੈ।
ਸਵਾਲ ਇਹ ਉਠਦਾ ਹੈ ਕਿ ਮਨੁੱਖੀ ਹੱਕਾਂ ਦਾ ਘਾਣ ਕਦੋਂ ਤੱਕ ਹੁੰਦਾ ਰਹੇਗਾ? ਇਨਸਾਫ਼ ਦੀ ਮੰਗ ਵਾਸਤੇ ਸਤਾਏ ਮਨੁੱਖ, ਫੈਸਲਿਆਂ ਦੀ ਉਡੀਕ 'ਚ ਕਦੋਂ ਬਿਰਖ ਬਣੇ ਰਹਿਣਗੇ? ਨਿਰਦੋਸ਼ ਇਨਸਾਨਾਂ ਨਾਲ ਹੁੰਦੀਆਂ ਵਧੀਕੀਆਂ ਦੀ ਦਾਸਤਾਨ ਕਦੋਂ ਜਾ ਕੇ ਖਤਮ ਹੋਵੇਗੀ? ਇਹਨਾਂ ਸਵਾਲਾਂ ਦਾ ਬਿਲਕੁਲ ਸਿੱਧਾ ਸਪੱਸ਼ਟ ਤੇ ਵਿਹਾਰਕ ਉਤਰ ਇਹ ਹੈ ਕਿ ਅਨਿਆਂ ਦੀ ਦੁਖਾਂਤਕ ਕਹਾਣੀ ਦਾ ਅੰਤ ਉਦੋਂ ਤੱਕ ਨਹੀਂ ਹੋਵੇਗਾ, ਜਦ ਤੱਕ ਕੁਰਸੀਦਾਰਾਂ ਨੂੰ ਆਪਣੇ ਹੱਡਾਂ 'ਤੇ ਬੇਦੋਸ਼ਿਆਂ ਹੀ ਸਿਤਮ ਝੱਲਣ ਦਾ ਸਮਾਂ ਨਹੀਂ ਆਉਂਦਾ। ਜਿੰਨਾਂ ਚਿਰ ਸ਼ਾਸਕ ਖੁਦ ਅਨਿਆਂ ਦਾ ਸ਼ਿਕਾਰ ਨਹੀਂ ਹੁੰਦਾ, ਉਨ੍ਹਾਂ ਚਿਰ ਉਹ ਕੀ ਜਾਣੇ ਕਿ ਵਧੀਕੀ ਤੇ ਬੇਇਨਸਾਫ਼ੀ ਕੀ ਹੁੰਦੀ ਹੈ। ਇਸ ਸੰਦਰਭ ਵਿੱਚ 6ਵੀਂ ਸਦੀ 'ਚ ਬਣੇ ਮਿਸਰ ਬਾਦਸ਼ਾਹ ਨੋਸ਼ਰਵਾ ਦੀ ਘਟਨਾ ਜ਼ਿਕਰਯੋਗ ਹੈ। ਛੋਟੀ ਉਮਰ 'ਚ ਜਦ ਉਹ ਗੁਰੂ -ਕੁਲ ਪੜ੍ਹਨ ਵਾਸਤੇ ਜਾਂਦਾ ਸੀ, ਤਾਂ ਇਕ ਦਿਨ ਵਾਪਰੀ ਘਟਨਾ ਨੇ ਉਸਦੇ ਮਨ ਅੰਦਰ ਬੜਾ ਰੋਸ ਪੈਦਾ ਕਰ ਦਿੱਤਾ। ਹੋਇਆ ਇਉਂ ਕਿ ਉਸਤਾਦ ਨੇ ਉਸਨੂੰ ਕੋਲ ਬੁਲਾਇਆ ਤੇ ਅਕਾਰਨ ਹੀ ਮੂੰਹ 'ਤੇ ਚਪੇੜ ਮਾਰ ਦਿੱਤੀ । ਬਾਦਸ਼ਾਹ ਦਾ ਮਨ ਬੜਾ ਦੁਖੀ ਹੋਇਆ ਤੇ ਉਸਨੇ ਤੈਅ ਕਰ ਲਿਆ ਕਿ ਜਿਸ ਦਿਨ ਉਹ ਗੱਦੀ ਤੇ ਬੈਠਿਆ,ਤਾਂ ਉਸਤਾਦ ਤੋਂ ਇਸ ਗੁਸਤਾਖ਼ੀ ਦਾ ਜੁਆਬ ਜ਼ਰੂਰ ਮੰਗੇਗਾ।
ਜਵਾਨ ਹੋਣ 'ਤੇ ਰਾਜ- ਤਿਲਕ ਹੋਣ ਮਗਰੋਂ ਬਾਦਸ਼ਾਹ ਨੋਸ਼ਰਵਾ ਨੇ ਦਰਬਾਰ ਵਿੱਚ ਉਸਤਾਦ ਨੂੰ ਪੇਸ਼ ਕਰਨ ਦਾ ਹੁਕਮ ਦਿੱਤਾ। ਰਾਜ ਸਭਾ ਵਿੱਚ ਹਾਜ਼ਰ ਹੋਣ 'ਤੇ ਗੁਰੂ ਨੂੰ ਰਾਜੇ ਨੇ ਕਰੜਾਈ ਨਾਲ ਪੁੱਛਿਆ , ''ਉਸਤਾਦ ਜੀ! ਮੈਨੂੰ ਤੁਹਾਡਾ ਥੱਪੜ ਅਜੇ ਤੱਕ ਨਹੀਂ ਭੁੱਲਿਆ। ਜੁਆਬ ਦੇਵੋ ਕਿ ਤੁਸੀ ਮੈਨੂੰ ਬਿਨਾਂ ਗਲਤੀ ਦੇ ਸਜ਼ਾ ਕਿਉਂ ਦਿੱਤੀ?'' ਬਾਦਸ਼ਾਹ ਦੀ ਇਹ ਗੱਲ ਸੁਣਦਿਆਂ ਸਾਰ ਉਸਤਾਦ ਦੇ ਚਿਹਰੇ ਤੇ ਜੇਤੂ ਮੁਸਕਾਨ ਖਿੱਲਰ ਗਈ ਤੇ ਫ਼ਖਰ ਨਾਲ ਆਖਣ ਲੱਗਿਆ ,'' ਰਾਜਾ! ਹੁਣ ਮੇਰਾ ਸਬਕ ਪੂਰਾ ਹੋ ਗਿਆ ਹੈ। ਦਰਅਸਲ , ਪੜ੍ਹਦਿਆਂ ਮੈਂ ਤੈਨੂੰ ਕਈ ਵਾਰ ਸਜ਼ਾ ਦਿੱਤੀ , ਪਰ ਉਹ ਸਭ ਤੈਨੂੰ ਚੇਤੇ ਨਹੀਂ, ਪਰ ਉਹ ਚਪੇੜ ਨਹੀਂ ਭੁੱਲੀ, ਜਿਹੜੀ ਬੇਕਸੂਰਿਆਂ ਤੈਨੂੰ ਮਾਰੀ ਗਈ। ਮੇਰਾ ਮਕਸਦ ਹੀ ਇਹੋ ਸੀ ਕਿ ਤੂੰ ਆਪਣੇ ਨਾਲ ਹੋਈ ਇਸ ਜ਼ਿਆਦਤੀ ਨੂੰ ਨਾ ਭੁੱਲੇਂ, ਤਾਂ ਕਿ ਰਾਜਾ ਬਣਨ ਮਗਰੋਂ ਕਿਸੇ ਨਿਰਦੋਸ਼ ਨੂੰ ਸਜ਼ਾ ਨਾ ਦੇਵੇ।'' ਕਾਸ਼ ! ਸਾਡੇ ਹਰੇਕ ਸ਼ਾਸਕ ਨੇ ਬੇਦੋਸਿਆਂ ਇਕ ਥੱਪੜ ਖਾਧਾ ਹੁੰਦਾ,ਤਾਂ ਅੱਜ ਕਿਸੇ ਬੇਕਸੂਰ ਨੂੰ ਬੇਵਜਹਾ ਸਜ਼ਾ ਨਾ ਮਿਲਦੀ, ਕਿਸੇ ਨਾਲ ਅਨਿਆਂ ਨਾ ਹੁੰਦਾ। ਜਿਵੇਂ ਨਿਰਦੋਸ਼ ਬਾਦਸ਼ਾਹ ਦੇ ਵੱਜੀ ਚਪੇੜ ਦਾ ਅਸਰ ਇਹ ਹੋਇਆ ਕਿ ਸਾਰੀ ਉਮਰ ਉਸਨੇ ਕਿਸੇ ਨਿਰਦੋਸ਼ ਨਾਲ ਵਧੀਕੀ ਨਹੀਂ ਕੀਤੀ। ਇਥੋਂ ਤੱਕ ਕਿ ਸ਼ਿਕਾਰ ਦੌਰਾਨ ਮਹਲ ਤੋਂ ਦੂਰ ਵਿਚਰਦਿਆਂ ਇਕ ਵਾਰ ਉਸਨੂੰ ਲੂਣ ਦੀ ਲੋੜ ਪਈ, ਤਾਂ ਰਾਜੇ ਨੇ ਸਿਪਾਹੀ ਨੂੰ ਆਦੇਸ਼ ਦਿੱਤਾ ਕਿ ਨਗਰ ਤੋਂ ਨਮਕ ਲਿਆਉਣਾ ਹੈ, ਪਰ ਮੁਫ਼ਤ ਨਹੀਂ, ਉਸਦੀ ਪੂਰੀ ਕੀਮਤ ਦੇਣੀ ਹੈ। ਜਿਸ ਦੇਸ਼ ਦਾ ਬਾਦਸ਼ਾਹ ਬਾਗ ਦਾ ਇਕ ਫੁੱਲ ਤੋੜੇਗਾ, ਉਸਦੇ ਮੰਤਰੀ ਸਾਰਾ ਬਗੀਚਾ ਉਜਾੜ ਦੇਣਗੇ।
ਮਾਨਵੀ ਹੱਕਾਂ ਦੀ ਰਾਖੀ ਤੇ ਬੇਗੁਨਾਹਾਂ ਲਈ ਨਿਆਂ ਦੀ ਅਜੋਕੀ ਸਿਆਸੀ ਸਥਿਤੀ ਦੇ ਸੰਦਰਭ ਵਿੱਚ ਕਮੀ ਪਾਈ ਜਾ ਰਹੀ ਹੈ। ਕਿਸੇ ਵੀ ਲੋਕਤੰਤਰ ਦੀ ਬੁਨਿਆਦੀ ਮਨੁੱਖੀ ਅਧਿਕਾਰਾਂ 'ਤੇ ਟਿੱਕੀ ਹੁੰਦੀ ਹੈ, ਪਰ ਮੁੱਢਲੇ ਮਾਨਵੀਂ ਹੱਕਾਂ ਦੀ ਉਲੰਘਣਾ ਕਾਰਨ ਭਾਰਤੀ ਲੋਕਰਾਜ ਦੀ ਨੀਂਹ ਨਸ਼ਟ ਹੋ ਰਹੀ ਹੈ। ਗੈਰ - ਕਾਨੂੰਨੀ ਤਰੀਕੇ ਨਾਲ ਅਗਵਾ ਕੀਤੇ ਹਜ਼ਾਰਾਂ ਨੌਜਵਾਨਾਂ ਨੂੰ ਪੁਲਿਸ ਹਿਰਾਸਤ ਵਿੱਚ ਝੂਠੇ - ਮੁਕਾਬਲਾ ਬਣਾ ਕੇ ਸ਼ਰੇਆਮ ਕਤਲ ਕਰ ਦੇਣ ਤੋਂ ਵੱਡਾ ਭਿਆਨਕ ਕਤਲੇਆਮ ਹੋਰ ਕੀ ਹੋਵੇਗਾ? ਸਿਤਮਜ਼ਰੀਫੀ ਦੇਖੋ ਕਿ ਆਪਣੇ ਗੁਨਾਹਾਂ 'ਤੇ ਪਰਦਾ ਪਾਉਣ ਲਈ ਉਹਨਾਂ ਲਾਸ਼ਾਂ ਨੂੰ ਵਾਰਸਾਂ ਹਵਾਲੇ ਕਰਨ ਦੀ ਬਜਾਇ, ਲਾਵਾਰਸ ਕਹਿ ਕੇ ਇਕੱਠਿਆਂ ਹੀ ਅੱਗ 'ਚ ਸਾੜ ਦਿੱਤਾ ਜਾਂਦਾ ਹੈ।ਬੱਸ ਇਥੇ ਹੀ ਨਹੀਂ, ਜਦ ਮਨੁੱਖੀ ਅਧਿਕਾਰਾਂ ਦੀ ਆਵਾਜ਼ ਬੁਲੰਦ ਕਰਨ ਵਾਲਾ ਯੋਧਾ ਸਰਦਾਰ ਜਸਵੰਤ ਸਿੰਘ ਖਾਲਸਾ ਮਾਨਵਤਾ ਦੇ ਕਾਤਲਾਂ ਦੀ ਇਸ ਘਿਣਾਉਣੀ ਚਾਲ ਨੂੰ ਬੇਨਕਾਬ ਕਰਦਾ ਹੈ, ਤਾਂ ਉਸਨੂੰ ਅਗਵਾ ਕਰਨ ਮਗਰੋਂ ਅਨੇਕਾਂ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਜਾਂਦਾ ਹੈ। ਉਸ ਮਹਾਨ ਵਿਅਕਤੀ ਦਾ ਦੋਸ਼ ਕੀ ਸੀ? ਸਿਰਫ਼ ਏਨਾ ਕਿ ਉਸਨੇ ਮਨੁੱਖੀ ਹੱਕਾਂ ਲਈ ਸੱਚ ਦੀ ਦੁਹਾਈ ਦਿੱਤੀ ਤੇ ਉਸਨੂੰ ਸਰਕਾਰੀ ਝੂਠ ਦਾ ਹਨੇਰਾ ਬਰਦਾਸ਼ਤ ਨਹੀਂ ਕਰ ਸਕਿਆ।
ਸੁਪ੍ਰਸਿੱਧ ਚਿੰਤਕ ਗੋਲਡ ਸਮਿਥ ਦਾ ਕਥਨ ਹੈ , ''ਮਾੜੇ ਤੇ ਗਰੀਬਾਂ ਉਤੇ ਕਨੂੰਨ ਰਾਜ ਕਰਦਾ ਹੈ ਤੇ ਤਕੜੇ ਤੇ ਅਮੀਰ ਕਾਨੂੰਨ 'ਤੇ ਰਾਜ ਕਰਦੇ ਹਨ।'' ਕਾਨੂੰਨ ਦੇ ਸਨਮੁੱਖ ਸਮਾਨਤਾ ਦੀ ਥਾਂ ਵਾਸਤਵ ਵਿੱਚ ਕਾਣੀ-ਵੰਡ ਨਜ਼ਰ ਆਉਂਦੀ ਹੈ। ਜਦ ਆਮ ਮਨੁੱਖ ਕਾਨੂੰਨ ਦੇ ਕਟਹਿਰੇ ਵਿੱਚ ਹੁੰਦਾ ਹੈ ਤਾਂ ਉਸ ਉਪਰ ਦੰਡਾਤਮਕ ਨਜ਼ਰਬੰਦੀ, ਰਾਸ਼ਟਰੀ ਸੁਰੱਖਿਆ ਐਕਟ ਅਤੇ ਟਾਡਾ ਆਦਿ ਰਾਹੀ ਨਾਜਾਇਜ਼ ਅਤੇ ਅਣਉਚਿੱਤ ਪਾਬੰਦੀਆਂ ਲਾ ਕੇ ਮਨੁੱਖੀ ਹੱਕਾਂ ਦਾ ਘਾਣ ਹੁੰਦਾ ਹੈ। ਦੂਸਰੇ ਪਾਸੇ ਜਦ ਅਜਿਹੀ ਜਕੜ ਵਿੱਚ ਵਿਸ਼ੇਸ਼ ਪ੍ਰਸ਼ਾਸਨਿਕ ਅਧਿਕਾਰੀ ਆਉਂਦੇ ਹਨ, ਤਾਂ ਉਹਨਾਂ ਤੋਂ ਆਪਣੀਆਂ ਮਨਮਰਜ਼ੀਆਂ ਲਈ ਜੁਆਬ ਮੰਗਣ ਦੀ ਥਾਂ, ਉਹਨਾਂ ਵਾਸਤੇ ਵਿਸ਼ੇਸ਼ ਰਿਆਇਤਾਂ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਇਹ ਕਿਥੋਂ ਦਾ ਇਨਸਾਫ ਹੈ ਕਿ ਆਮ ਮਨੁੱਖ ਤਾਂ ਨਿੱਕੇ ਮੋਟੇ ਗੁਨਾਹ ਲਈ ਜੇਲ੍ਹ ਦੀਆਂ ਸਲਾਖਾਂ ਪਿੱਛੇ ਸਜ਼ਾ ਕੱਟ ਰਿਹਾ ਹੋਵੇ, ਪਰ ਇਕ ਪੁਲਿਸ ਅਫ਼ਸਰ ਹਜ਼ਾਰਾਂ ਬੇਕਸੂਰਾਂ ਨੂੰ ਮਨਘੜਤ ਮੁਕਾਬਲਿਆਂ ਵਿੱਚ ਮਾਰ ਮੁਕਾਉਣ ਦੇ ਬਾਵਜੂਦ ਬੇਖ਼ੌਫ਼ ਹੋ ਕੇ ਮੌਜਾਂ ਮਾਣ ਰਿਹਾ ਹੋਵੇ। ਹੱਕਾਂ ਦੀ ਰਾਖੀ ਲਈ ਆਵਾਜ਼ ਉਠਾਉਣ ਵਾਲੀਆਂ ਸੰਸਥਾਵਾਂ ਨੂੰ ਦੇਸ਼- ਗੱਦਾਰ ਗਰਦਾਨਿਆਂ ਜਾਵੇ, ਜਦਕਿ ਮਾਨਵੀ ਹੱਕਾਂ ਦੀਆਂ ਧੱਜੀਆਂ ਉਡਾਉਣ ਵਾਲੇ ਦਾਨਵਾਂ ਨੂੰ ਦੇਸ਼-ਪ੍ਰੇਮੀ ਦੀ ਉਪਾਧੀ ਦਿੱਤੀ ਜਾਵੇ।
ਨਿਆਂ ਦੀ ਮੂਰਤੀ ਦੀਆਂ ਅੱਖਾਂ ਉੱਤੇ ਪੱਟੀ ਤਾਂ ਸ਼ਾਇਦ ਇਸ ਕਰਕੇ ਬੰਨ੍ਹੀ ਹੁੰਦੀ ਹੈ ਕਿ ਕਾਨੂੰਨ ਦੀ ਨਜ਼ਰ ਵਿੱਚ ਅਮੀਰ ਤੇ ਗਰੀਬ, ਤਕੜੇ ਤੇ ਮਾੜੇ ਅਤੇ ਰਾਜ ਤੇ ਪਰਜਾ ਵਿੱਚ ਕੋਈ ਭਿੰਨਤਾ ਨਾ ਹੋਵੇ, ਪਰ ਭਾਰਤੀ ਨਿਆਂ ਪ੍ਰਣਾਲੀ ਤਾਂ 'ਕਾਬਿਲੇ - ਤਾਰੀਫ਼' ਹੈ, ਜਿਥੇ ਦੋਸ਼ੀ ਤੇ ਨਿਰਦੋਸ਼ , ਕਾਤਲ ਤੇ ਮਕਤੂਲ, ਸ਼ੋਸ਼ਣ ਤੇ ਸ਼ੋਸ਼ਿਤ ਅਤੇ ਭ੍ਰਿਸ਼ਟ ਤੇ ਇਮਾਨਦਾਰ ਵਿਚਕਾਰ ਵੀ ਭੋਰਾ-ਭਰ ਫ਼ਰਕ ਨਹੀਂ। ਸਭ ਨਾਲ ਇਕੋ-ਤਰ੍ਹਾਂ ਨਜਿੱਠਿਆਂ ਜਾਂਦਾ ਹੈ। ਇਸ ਪ੍ਰਕਾਰ ਇਹ ਸਮਾਨਤਾ ਭਾਰਤੀ ਕਾਨੂੰਨ ਵਿਵਸਥਾ 'ਇਤਿਹਾਸਕ ਪ੍ਰਾਪਤੀ' ਹੋ ਨਿਬੜਦੀ ਹੈ। ਸੰਯੁਕਤ ਰਾਸ਼ਟਰ ਦੀ ਮਨੁੱਖੀ ਵਿਕਾਸ ਨਾਲ ਸਬੰਧਿਤ ਰਿਪੋਰਟ ਵਿੱਚ 174 ਦੇਸ਼ਾਂ ਦੇ ਕੀਤੇ ਸਰਵੇਖਣ ਵਿੱਚ ਚਾਹੇ ਭਾਰਤ ਨੂੰ 'ਫਾਡੀ' ਸਥਾਨ ਮਿਲਣਾ 'ਤੇ ਬੜੀ ਨਮੋਸ਼ੀ ਉਠਾਉਣੀ ਪਈ ਹੈ, ਪਰ ਇਹ ਬੜੇ 'ਫ਼ਖ਼ਰ ਵਾਲੀ ਗੱਲ' ਹੈ ਕਿ ਮਨੁੱਖੀ ਅਧਿਕਾਰਾਂ ਦੀ ਅਸਮਾਨ ਵੰਡ ਤੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਭਾਰਤ ਜਲਦੀ ਹੀ ਦੁਨੀਆ ਦਾ 'ਮੇਦੀ' ਮੁਲਕ ਬਣ ਜਾਏਗਾ। ਸੈਂਕੜੇ ਬਿਲੀਅਨ ਡਾਲਰ ਦਾ ਕਰਜ਼ਾਈ ਹਿੰਦੁਸਤਾਨ ਚਾਹੇ ਆਰਥਿਕ ਦ੍ਰਿਸ਼ਟੀਕੋਣ ਤੋਂ 'ਕੰਗਾਲਿਸਤਾਨ' ਬਣਦਾ ਜਾ ਰਿਹਾ ਹੈ, ਪਰ 'ਮਾਣ' ਇਸ ਗੱਲ ਦਾ ਹੈ ਕਿ 21 ਵੀਂ ਸਦੀ ਦੀ ਦਹਿਲੀਜ਼ ਪਾਰ ਕਰਦਿਆਂ ਹੀ ਭਾਰਤ ਆਬਾਦੀ ਦੇ 1 ਅਰਬ ਦੇ ਟੀਚੇ ਨੂੰ ਪ੍ਰਾਪਤ ਕਰਕੇ 'ਦੁਨੀਆ ਦਾ ਸਿਰਮੌਰ' ਹੋ ਨਿਬੜਿਆ ਹੈ।
'ਆਜ਼ਾਦੀ' ਦਾ ਸਹੀ ਅਰਥ ਮਨੁੱਖੀ ਹੱਕਾਂ ਦੀ ਹੋਂਦ ਤੋਂ ਹੈ, ਜੋ ਸਮਾਨਤਾ ਸਹਿਤ ਹਰ ਮਨੁੱਖ ਨੂੰ ਹਾਸਿਲ ਹੋਣੀ ਲਾਜ਼ਮੀ ਹੈ। ਆਜ਼ਾਦੀ ਤੋਂ ਪਹਿਲਾਂ ਤਾਂ ਮੁਢਲੇ ਮਾਨਵੀ ਅਧਿਕਾਰ ਇਸ ਵਾਸਤੇ ਸੁਰੱਖਿਅਤ ਨਹੀਂ ਸਨ, ਕਿਉਂਕਿ ਭਾਰਤੀ ਲੋਕ ਅੰਗਰੇਜ਼ਾਂ ਦੀ ਗੁਲਾਮੀ ਦਾ ਸੰਤਾਪ ਹੰਢਾ ਰਹੇ ਸਨ। ਮਨੁੱਖੀ ਹੱਕਾਂ ਦੀ ਆਜ਼ਾਦੀ ਲਈ ਤਾਂ ਦੇਸ਼ ਵਾਸੀਆਂ ਨੇ ਫਰੰਗੀ ਹਕੂਮਤ ਵਿਰੁੱਧ ਜਹਾਦ ਛੇੜਿਆ ਸੀ, ਪਰ ਕੀ ਆਜ਼ਾਦੀ ਦੀ ਇਸ ਅੱਧੀ ਸਦੀ ਦੇ ਦੌਰਾਨ ਭਾਰਤੀ ਨਾਗਰਿਕ ਦੇ ਅਧਿਕਾਰ ਸੁਰੱਖਿਅਤ ਰਹੇ ਹਨ? ਇਸ ਦਾ ਉਤਰ ਆਜ਼ਾਦ ਭਾਰਤ ਵਿੱਚ 31 ਅਕਤੂਬਰ 1984 ਨੂੰ ਇੰਦਰਾ ਗਾਂਧੀ ਦੀ ਹਤਿਆ ਮਗਰੋਂ ਵਾਪਰੇ ਸਭ ਤੋਂ ਵੱਡੇ ਸਿੱਖ ਨਰ- ਸੰਹਾਰ ਦੇ ਰੂਪ ਵਿੱਚ ਮਿਲਦਾ ਹੈ, ਜਦ ਖਾਸ ਫਿਰਕੇ ਦੇ ਲੋਕਾਂ 'ਤੇ ਅਣ-ਮਨੁੱਖੀ ਤਸ਼ੱਦਦ ਕੀਤਾ ਗਿਆ। ਧੀਆਂ -ਭੈਣਾਂ ਦੀ ਅਸਮਤ ਲੁੱਟੀ ਗਈ, ਹਜ਼ਾਰਾਂ ਦੀ ਗਿਣਤੀ ਵਿੱਚ ਗਲਾਂ ਵਿੱਚ ਟਾਇਰ ਪਾ ਕੇ, ਅੱਗ ਲਾ ਕੇ ਜਿਉਂਦੇ -ਜੀ ਸਾੜਿਆ ਗਿਆ। ਇਸ ਖੂਨੀ ਸਾਕੇ ਦੇ ਚਸ਼ਮਦੀਦ ਗਵਾਹ ਪ੍ਰਸ਼ਾਸਨਿਕ ਅਧਿਕਾਰੀ ਨਾ ਸਿਰਫ਼ ਮੂਕ -ਦਰਸ਼ਕ ਬਣੇ ਹੈਵਾਨੀਅਤ ਦਾ ਨੰਗਾ ਨਾਚ ਵੇਖਦੇ ਰਹੇ, ਸਗੋਂ ਸਿੱਖਾਂ ਦੀ ਨਸਲਕੁਸ਼ੀ ਕਰਨ ਵਾਲੇ ਦੋਸ਼ੀਆਂ ਨਾਲ ਮਿਲ ਕੇ, ਹੱਲਾ-ਸ਼ੇਰੀ ਦਿੰਦਿਆਂ, ਜਬਰ -ਜ਼ੁਲਮ ਵਿੱਚ ਪੂਰੀ ਤਰ੍ਹਾਂ ਸ਼ਰੀਕ ਵੀ ਹੋਏ। ਇਹਨਾਂ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਲਈ ਨਿਯੁਕਤ ਰੰਗਾਨਾਥ ਕਮਿਸ਼ਨ, ਕੁਸਮ ਲਤਾ ਜਾਂਚ ਸਮਿਤੀ, ਵੇਦ ਮਰਵਾਹ ਰਿਪੋਰਟ ਆਦਿ ਨੇ ਪੁਲਿਸ ਦੁਆਰਾ ਹੁੱਲੜਬਾਜ਼ਾਂ ਦਾ ਸਾਥ ਦੇਣ 'ਤੇ ਸਖ਼ਤ ਕਾਰਵਾਈ ਕਰਨ ਦੀ ਸਿਫਾਰਸ਼ ਕੀਤੀ, ਪਰ ਦੁੱਖ ਦੀ ਗੱਲ ਇਹ ਹੈ ਕਿ ਦੋਸ਼ੀ ਅਜੇ ਵੀ ਨਿਆਇਕ ਹਿਰਾਸਤ ਤੋਂ ਮੁਕਤ ਹਨ। ਸਿੱਖ ਨਸਲਕੁਸ਼ੀ ਸਰਕਾਰੀ ਅੱਤਵਾਦ ਦੀ ਮੂੰਹ ਬੋਲਦੀ ਤਸਵੀਰ ਸੀ, ਜਿਸ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਮਿਲਣ ਕਰਕੇ ਦੇਸ਼ ਵਿੱਚ ਬਾਬਰੀ ਮਸਜਿਦ ਕਾਂਡ, ਗੁਜਰਾਤ ਕਤਲੇਆਮ, ਉੜੀਸਾ ਕਾਂਡ ਅਤੇ ਅਨੇਕਾਂ ਹੋਰ ਦੁਖਾਂਤ ਵਾਪਰੇ। ਥਾਂ-ਥਾਂ ਤੇ ਸਮੂਹਿਕ ਜਬਰ- ਜਨਾਹ ਹੋਏ ਅਤੇ ਅੱਜ ਵੀ ਹੋ ਰਹੇ ਹਨ, ਇਨ੍ਹਾਂ ਦਾ ਮੁੱਢ ਸਿੱਖ ਨਸਲਕੁਸ਼ੀ ਦੇ ਦੁੱਖਾਂ ਤੋਂ ਹੀ ਬੱਝਿਆ। ਇੰਨੇ ਭਿਆਨਕ ਅੱਤਿਆਚਾਰ ਕਾਰਨ ਸਿੱਖ ਮਾਨਸਿਕਤਾ ਵਿੱਚ ਲੋਕ ਮੁਹਾਵਰਾ ਵੀ ਅਜਿਹਾ ਬਣ ਚੁੱਕਿਆ ਹੈ ਕਿ
'ਭੰਡਾ ਭੰਡਾਰੀਆ ਕਿੰਨਾ ਕੁ ਭਾਰ?
ਇਕ ਲਾਸ਼ ਚੁੱਕ ਲਾ ਦੂਜੀ ਨੂੰ ਤਿਆਰ।'
ਸਮੁੱਚੇ ਭਾਰਤ ਦੇ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਵਾਲਾ ਪੰਜਾਬ ਪਿਛਲੇ ਕਈ ਦਹਾਕਿਆਂ ਤੋਂ ਮਾਨਵੀ ਹੱਕਾਂ ਤੋਂ ਵਾਂਝਾ ਰਿਹਾ ਹੈ। ਸਿੱਖਾਂ ਨੂੰ 'ਅੱਤਵਾਦੀ' ਤੇ 'ਵੱਖਵਾਦੀ' ਕਹਿ ਕੇ ਥਾਣਿਆਂ ਵਿੱਚ ਅਕਹਿ ਕਹਿਰ ਤੇ ਤਸ਼ੱਦਦ ਦਾ ਸ਼ਿਕਾਰ ਬਣਾਇਆ ਗਿਆ। ਅਜਿਹੇ ਪੁਲਿਸ ਅਤਿਆਚਾਰ ਨੂੰ ਸਾਰੇ ਮੁਲਕ ਸਾਹਮਣੇ ਪੇਸ਼ ਕਰਨ ਲਈ ਮਾਨਵ ਅਧਿਕਾਰ ਸੰਗਠਨਾਂ ਨੇ ਕਈ ਰਿਪੋਰਟਾਂ ਪੇਸ਼ ਕੀਤੀਆਂ, ਜਿਨ੍ਹਾਂ 'ਚੋ 'ਰਿਪੋਰਟ ਟੂ ਨੇਸ਼ਨ- ਅਪਰੇਸ਼ਨ ਪੰਜਾਬ' ਤੇ 'ਸਟੇਟ ਟੈਰਰਿਜ਼ਮ ਇਨ ਪੰਜਾਬ' ਪ੍ਰਮੁੱਖ ਹਨ। ਇਹਨਾਂ ਰਿਪੋਰਟਾਂ ਵਿੱਚ ਪੁਲਸ ਅਤੇ ਅਰਧ- ਸੈਨਿਕ ਦਲਾਂ ਦੁਆਰਾ ਬੇਕਸੂਰ ਲੋਕਾਂ ਤੇ ਕੀਤੇ ਤਸ਼ੱਦਦ ਦੀ ਕਹਾਣੀ ਬਿਆਨ ਕੀਤੀ ਗਈ ਹੈ। ਇਸ ਦੌਰਾਨ ਅੰਮ੍ਰਿਤਸਰ ਦੇ ਪਾਲ ਇੰਟਰਨੈਸ਼ਨਲ ਹਾਲ 'ਚ ਲਾਪਤਾ ਲੋਕਾਂ ਬਾਰੇ ਤਾਲਮੇਲ ਕਮੇਟੀ ਦੀ ਹੋਈ ਨਿਆਂ ਕਨਵੈਨਸ਼ਨ ਵਿੱਚ ਪਾਸ ਕੀਤੇ ਮਤਿਆਂ 'ਚੋਂ ਇਕ ਮਹੱਤਵਪੂਰਨ ਇਹ ਵੀ ਹੈ ਕਿ ਸੀ.ਬੀ.ਆਈ ਦੁਆਰਾ ਸੁਪਰੀਮ ਕੋਰਟ ਅੱਗੇ ਪੇਸ਼ ਕੀਤੀ ਰਿਪੋਰਟ ਦੇ ਆਧਾਰ 'ਤੇ ਲਾਸ਼ਾਂ ਨੂੰ ਸਮੂਹਿਕ ਤੌਰ 'ਤੇ ਸਾੜਨ ਦੇ ਦੋਸ਼ ਵਿੱਚ, ਪੰਜਾਬ ਪੁਲਸ ਦੇ ਸਾਬਕਾ ਮੁੱਖੀ ਕੇ.ਪੀ.ਐਸ ਗਿੱਲ ਤੇ ਉਸ ਵੇਲੇ ਦੇ ਸਿਆਸੀ ਪ੍ਰਭੂਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਵੱਡੇ ਪੱਧਰ 'ਤੇ ਹੋਏ ਇਸ ਕਤਲੇਆਮ ਬਦਲੇ ਉਹਨਾਂ ਉਪਰ ਨਿਊਰਮਬਰਗ ਟਰਾਇਲ ਵਾਂਗ ਮੁਕੱਦਮੇ ਚਲਾਏ ਜਾਣ, ਜਿਵੇਂ ਇੰਗਲੈਂਡ ਨੇ ਸਾਬਕਾ ਤਾਨਾਸ਼ਾਹ ਜਨਰਲ ਅਗਸਤੋ-ਪਿਨੋਸ਼ੋ ਨੂੰ ਗ੍ਰਿਫ਼ਤਾਰ ਕੀਤਾ, ਉਵੇਂ ਹੀ ਇਹਨਾਂ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ, ਪਰ ਅਫਸੋਸ ਕਿ ਗਿੱਲ ਵਰਗਿਆਂ ਮਾਨਵੀ ਹੱਕਾਂ ਦੇ ਅਪਰਾਧੀਆਂ ਨੂੰ ਭਾਰਤੀ ਕਾਨੂੰਨ ਨੇ ਸਜ਼ਾਵਾਂ ਨਾ ਦਿੱਤੀਆਂ, ਬਲਕਿ ਉਹ ਕੁਦਰਤੀ ਮੌਤ ਮਰਿਆ। ਸ਼ਰਮਨਾਕ ਗੱਲ ਇਹ ਹੈ ਕਿ ਪੰਜਾਬ ਤੇ ਭਾਰਤ ਦੇ ਹਾਕਮਾਂ ਸਮੇਤ ਖੱਬੇ ਪੱਖੀ ਪਾਰਟੀਆਂ ਨੇ ਵੀ 'ਬੁਚੜ ਗਿੱਲ' ਦੀ ਮੌਤ 'ਤੇ ਕਸੀਦੇ ਪੜ੍ਹੇ ਤੇ ਮਨੁੱਖੀ ਹੱਕਾਂ ਦੇ ਸਿਧਾਂਤਾਂ ਨੂੰ ਕਲੰਕਤ ਕੀਤਾ।
ਅਜੋਕੇ ਸਮੇਂ ਪੂਰੇ ਵਿਸ਼ਵ ਵਿੱਚ ਮਨੁੱਖੀ ਹੱਕਾਂ ਦੀ ਜਾਗਰੂਕਤਾ, ਕ੍ਰਾਂਤੀਕਾਰੀ ਸ਼ਕਲ ਅਖਤਿਆਰ ਕਰ ਰਹੀ ਹੈ। ਪ੍ਰਸਿੱਧ ਚਿੰਤਕ ਰੂਸੋ ਦੇ ਵਿਚਾਰ ਅਨੁਸਾਰ ਮਨੁੱਖ ਨੂੰ, ਮੁੱਢਲੇ ਅਧਿਕਾਰਾਂ ਸਹਿਤ ਸੁਤੰਤਰ ਜਿਉਣ ਦਾ ਹੱਕ ਹਾਸਿਲ ਹੋਣਾ ਲਾਜ਼ਮੀ ਹੈ। ਮਨੁੱਖ ਨੂੰ ਮੂਲ ਅਧਿਕਾਰਾਂ ਤੋਂ ਸਖਣਾ ਰੱਖਣਾ ਬਗ਼ਾਵਤ ਨੂੰ ਜਨਮ ਦੇਣਾ ਹੈ ਤੇ ਅਜਿਹੀ ਸਥਿਤੀ ਵਿੱਚ ਅਧਿਕਾਰ ਮੰਗਣ ਦੀ ਥਾਂ, ਖੋਹਣ ਦੀ ਭਾਵਨਾ ਜਾਗ ਉਠਦੀ ਹੈ। 

ਪ੍ਰਧਾਨ, ਪੰਜਾਬੀ ਪ੍ਰੈੱਸ ਕਲੱਬ ਆਫ਼ ਬ੍ਰਿਟਿਸ਼ ਕੋਲੰਬੀਆ, ਕੈਨੇਡਾ

ਸਿੱਖ ਇਨਕਲਾਬੀ ਦੇ ਮੋਢੀ: ਗੁਰੂ ਨਾਨਕ ਸਾਹਿਬ - ਡਾ. ਗੁਰਵਿੰਦਰ ਸਿੰਘ 

ਮੁਰਸ਼ਦ -ਏ- ਆਲਮ ਗੁਰੂ ਨਾਨਕ ਸਾਹਿਬ ਅਜਿਹੇ ਪਹਿਲੇ ਕੌਮਾਂਤਰੀ ਆਗੂ ਹਨ, ਜਿਨ੍ਹਾਂ ਦਾ ਮਿਸ਼ਨ ਸਮੁੱਚੀ ਮਾਨਵਤਾ ਦੀ 'ਚੜ੍ਹਦੀ ਕਲਾ' ਤੇ 'ਸਰਬੱਤ ਦੇ ਭਲੇ' ਤੋਂ ਆਰੰਭ ਹੁੰਦਾ ਹੈ। ਉਨ੍ਹਾਂ ਮਾਨਵ ਹਿਤਕਾਰੀ ਤੇ ਵਿਸ਼ਵ -ਵਿਆਪੀ ਜੀਵਨ ਦਰਸ਼ਨ ਦਾ ਸੰਕਪਲ ਦਿੱਤਾ, ਜੋ ਕਿਰਤ ਕਰਨ, ਨਾਮ ਜਪਣ ਤੇ ਵੰਡ ਛਕਣ ਦੀ ਮਜ਼ਬੂਤ ਨੀਂਹ 'ਤੇ ਸਥਾਪਿਤ ਹੈ। ਉਹਨਾਂ ਦੁਆਰਾ ਪ੍ਰਸਤੁਤ ੴ ਦਾ ਸਿਧਾਂਤ ਰੰਗ-ਨਸਲ, ਵਰਗ-ਵੰਡ, ਜਾਤ-ਪਾਤ, ਬੇਦ -ਕਤੇਬ, ਦੇਹੁਰਾ-ਮਸੀਤ, ਪੂਜਾ-ਨਿਵਾਜ ਤੇ ਦੇਸ਼ -ਕੌਮ ਦੀਆਂ ਹੱਦਾਂ ਅਤੇ ਵਲਗਣਾਂ ਤੋਂ ਪਾਰ, ਸਰਬ- ਵਿਆਪਕਤਾ ਤੇ ਸਰਬ-ਸਾਂਝੀਵਾਲਤਾ ਦਾ ਸੰਕਲਪ ਹੈ। ਯੁੱਗ -ਪੁਰਸ਼ ਗੁਰੂ ਨਾਨਕ ਸਾਹਿਬ ਦੇ ਪ੍ਰੇਮ,ਇਤਫ਼ਾਕ ਤੇ ਸਦਭਾਵਨਾ ਦੇ ਸੰਦੇਸ਼ ਸਦਕਾ ਹਿੰਦੂ ਤੇ ਮੁਸਲਮਾਨ, ਸੂਫ਼ੀ ਤੇ ਬ੍ਰਾਹਮਣ, ਅਫ਼ਗਾਨ ਤੇ ਬਲੋਚ, ਰਾਜੇ ਤੇ ਰੰਕ, ਗ੍ਰਹਿਸਤੀ ਤੇ ਤਿਆਗੀ, ਇਸਤਰੀ ਤੇ ਮਰਦ, ਨਾਥ ਤੇ ਯੋਗੀ, ਵਲੀ ਕੰਧਾਰੀ ਤੇ ਹਮਜ਼ਾ ਗੌਂਸ, ਕੌਡੇ ਰਾਖਸ਼ ਤੇ ਸੱਜਣ ਠੱਗ ਆਦਿ ਸਭਨਾ ਦੀ ਤਰਜ਼ੇ - ਜਿੰਦਗੀ ਵਿੱਚ ਕ੍ਰਾਂਤੀਕਾਰੀ ਪਰਿਵਰਤਨ ਆਉਣਾ ਤੇ ਗੁਰੂ ਸਾਹਿਬ ਦੇ ਮੁਰੀਦ ਤੇ ਸ਼ਰਧਾਲੂ ਬਣ ਜਾਣਾ, ਵਿਸ਼ਵ ਇਤਿਹਾਸ ਵਿੱਚ ਅਲੌਕਿਕ ਵਰਤਾਰਾ ਹੈ। ਦਰਅਸਲ ਉਨ੍ਹਾਂ ਦਾ ਪ੍ਰੇਮ ਪੈਗ਼ਾਮ ਸੰਪੂਰਨ ਇਨਸਾਨੀਅਤ ਲਈ ਹੈ ਅਤੇ ਖੱਤਰੀ ਬ੍ਰਾਹਮਣ ਸੂਦਰ ਵੇੈਸ਼ ਉਪਦੇਸ਼ ਚਹੁੰ ਵਰਨਾ ਲਈ ਸਾਂਝਾ ਹੈ। ਜ਼ਾਹਰ -ਪੀਰ ਤੇ ਜਗਤ- ਤਾਰਕ ਬਾਬਾ ਨਾਨਕ ਨੇ ਆਪਣੀ ਨਿਵੇਕਲੀ ਵਿਚਾਰਧਾਰਾ ਤੇ ਮਹਾਨ ਫ਼ਲਸਫ਼ੇ ਨਾਲ ਨੌਂ ਖੰਡ ਪ੍ਰਿਥਵੀ ਦਾ ਹਨੇਰਾ ਖਤਮ ਕਰ ਦਿੱਤਾ। ਪੂਰਬੀ ਦੁਨੀਆ ਵਿੱਚ ਉਦੈ ਹੋਇਆ ਇਹ ਸੂਰਜ ਸਾਰੇ ਸੰਸਾਰ ਲਈ ਚਾਨਣ ਮੁਨਾਰਾ ਬਣਿਆ।
ਗੁਰੂ ਸਾਹਿਬ ਦਾ ਸਮਕਾਲੀ ਮਾਨਵ- ਜੀਵਨ ਅਧਿਆਤਮਿਕ, ਸਮਾਜਿਕ, ਰਾਜਨੀਤਿਕ ਤੇ ਸਭਿਆਚਾਰਕ, ਚਾਰੇ ਪਹਿਲੂਆਂ ਤੋਂ ਘੋਰ ਗਿਰਾਵਟ ਦਾ ਸ਼ਿਕਾਰ ਹੋ ਚੁੱਕਿਆ ਸੀ। ਚਾਰ-ਚੁਫੇਰੇ ਰਬੀ ਨਾਮ ਦੀ ਥਾਂ ਕਰਮਾਂ-ਕਾਂਡਾਂ, ਵਹਿਮਾਂ-ਭਰਮਾਂ ਦਾ ਰਾਮ -ਰੌਲਾ ਵਾਯੂ-ਮੰਡਲ ਦੂਸ਼ਿਤ ਕਰ ਰਿਹਾ ਸੀ। ਧਰਮ ਦਾ ਠੇਕੇਦਾਰ ਧਾਰਮਿਕ -ਪੁਸ਼ਾਕ ਪਹਿਨ ਕੇ ਧਰਮ ਦਾ ਲਹੂ ਪੀ ਰਿਹਾ ਸੀ, ਜਿਸ ਕਾਰਨ ਉਸ ਦਾ ਬੇਇਲਮਾ ਅਮਲ ਤੇ ਬੇਅਮਲਾ ਇਲਮ ਬੇ-ਅਰਥ ਹੋ ਚੁੱਕਿਆ ਸੀ। ਮੰਨੂ- ਸਮ੍ਰਿਤੀ ਦੀ ਵਰਗ -ਵੰਡ ਕਾਰਨ ਜਾਤਾਂ-ਪਾਤਾਂ ਵਿੱਚ ਵੰਡੇ ਭਾਰਤਵਾਸੀ ਲੀਰੋ-ਲੀਰ ਹੋ ਚੁੱਕੇ ਸਨ। ਅੰਦਰੂਨੀ ਤੌਰ ਤੇ ਨਿਕੰਮੇ, ਲਾਚਾਰ ਤੇ ਕਮਜ਼ੋਰ ਭਾਰਤ ਦਾ ਜਿਸਮ ਡਾਕੂ ਲੁਟੇਰੇ, ਲੰਗੜੇ ਜਰਨੈਲ ਤੇ ਆਜੜੀ ਮੁਰੈਲ੍ਹ ਖੂਨੀ ਨਹੁੰਦਰਾਂ ਨਾਲ ਨੋਚਦੇ ਰਹੇ ਸਨ। ਇਹ ਬਘਿਆੜਾਂ ਤੇ ਕੁੱਤਿਆਂ ਦਾ ਰੂਪ ਅਖਤਿਆਰ ਕਰਕੇ ਮਨੁੱਖਤਾ ਦਾ ਲਹੂ ਪੀ ਰਹੇ ਸਨ:-
ਰਾਜੇ ਸੀਹ ਮੁਕਦਮ ਕੁਤੇ॥ਜਾਇ ਜਗਾਇਨਿ ਬੈਠੇ ਸੁਤੇ॥
ਚਾਕਰ ਨਹ ਦਾ ਪਾਇਨਿ ਘਾਉ॥ਰਤੁ ਪਿਤੁ ਕੁਤਿਹੋ ਚਟਿ ਜਾਹੁ॥
(ਗੁਰੂ ਗਰੰਥ ਸਾਹਿਬ, 1288)
ਮਧਕਾਲੀਨ ਇਤਿਹਾਸ ਵਿੱਚ ਜ਼ਾਲਮ ਹਕੂਮਤ ਦੇ ਬਰਖ਼ਿਲਾਫ਼ ਤੇ ਮਾਨਵ ਅਧਿਕਾਰਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ ਵਾਲੇ ਪਹਿਲੇ ਇਨਕਲਾਬੀ ਆਗੂ ਮਰਦਿ -ਕਾਮਿਲ ਗੁਰੂ ਨਾਨਕ ਸਾਹਿਬ ਹਨ। ਇਹ ਦਲੇਰਾਨਾ ਪਹਿਲ -ਕਦਮੀ ਸਿੱਖ ਕੌਮ ਨੂੰ ਦੁਨੀਆ ਦੀ ਬਹਾਦਰ ਤੇ ਸੁਰਬੀਰ ਕੌਮ' ਵਜੋਂ ਉਜਾਗਰ ਕਰਨ ਲਈ ਮਾਰਗ ਦਰਸ਼ਕ ਬਣੀ। ਜੋ ਖਾਲਸਾ ਰੂਪੀ ਬ੍ਰਿਛ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਪ੍ਰਫੁੁੱਲਿਤ ਹੋਇਆ ਸੀ, ਉਸ ਦੇ ਬੀਜ ਗੁਰੂ ਨਾਨਕ ਸਾਹਿਬ ਜੀ ਬੀਜ ਗਏ ਸਨ ਅਤੇ ਉਤਰਾ- ਅਧਿਕਾਰੀ ਗੁਰੂ ਸਾਹਿਬਾਨ ਉਸ ਦੀ ਸਿੰਚਾਈ ਕਰਕੇ ਪਾਲਣ ਕਰਦੇ ਰਹੇ ਸਨ। ਜ਼ੁਲਮ ਦੇ ਖਾਤਮੇ ਲਈ ਅਤੇ ਮਜ਼ਲੂਮਾਂ ਦੀ ਰਾਖੀ ਲਈ ਜੋ ਕਿਰਪਾਨ ਖਾਲਸੇ ਫੜਾਈ ਗਈ ਸੀ, ਬੇਸ਼ਕ ਗੁਰੂ ਗੋਬਿੰਦ ਸਿੰਘ ਜੀ ਨੇ ਬਣਾਈ ਸੀ, ਪਰ ਉਸ ਦਾ ਫੌਲਾਦ ਗੁਰੂ ਨਾਨਕ ਦੇਵ ਜੀ ਨੇ ਤਿਆਰ ਕੀਤਾ ਸੀ। ਇਉਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਦਸ ਗੁਰੂ ਸਾਹਿਬਾਨ ਵੱਖੋ-ਵੱਖਰੇ ਨਹੀਂ, ਬਲਕਿ ਇੱਕ ਹੀ ਜੋਤ ਹਨ ਤੇ ਇਹ ਜੋਤ ਗੁਰੂ ਗ੍ਰੰਥ ਸਾਹਿਬ ਦੇ ਜੁੱਗੋ ਜੁੱਗ ਅਟੱਲ ਸਿਧਾਂਤ ਰੂਪ ਵਿੱਚ ਸਦਾ ਹੀ ਕਾਇਮ ਹੈ ਅਤੇ ਰਹੇਗੀ।
ਧਰਮ ਦੇ ਸੰਕਲਪ ਨੂੰ ਗੁਰੂ ਨਾਨਕ ਸਾਹਿਬ ਨੇ ਨਿਜੀ ਸੁਆਰਥ, ਰਾਜਨੀਤਿਕ ਚੌਧਰ ਤੇ ਜਾਤੀਵਾਦ ਦੇ ਸੰਕੀਰਨ ਤੇ ਸੰਕੁਚਿਤ ਦਾਇਰਿਆਂ 'ਚੋ ਬਾਹਰ ਕੱਢ ਕੇ ਅਸਲੋਂ ਨਵੇਂ ਰੂਪ ਵਿੱਚ ਪਰਿਭਾਸ਼ਿਤ ਕਰਦੇ ਹੋਏ, ਇਸ ਨੂੰ ਸੁਭ- ਕਰਮ ,ਸਵੈ-ਵਿਸ਼ਵਾਸ ਤੇ ਸਦਭਾਵਨਾ ਦਾ ਕੇਂਦਰ -ਬਿੰਦੂ ਬਣਾ ਦਿੱਤਾ। ਆਪਣਾ ਮੂਲ ਪਛਾਣਦੇ ਹੋਏ ਸਭ ਨੂੰ ਆਪਣੇ ਧਰਮ ਵਿੱਚ ਦ੍ਰਿੜ ਅਤੇ ਪਰਪੱਕ ਹੋਣ 'ਤੇ ਜ਼ੋਰ ਦਿੱਤਾ। ਸੱਚਾ ਮੁਸਲਮਾਨ ਉਹ ਹੈ, ਜੋ ਮਿਹਰ ਦੀ ਮਸਜਿਦ ਵਿੱਚ ਸਿਦਕ ਦਾ ਮੁਸੱਲਾ ਵਿਛਾ ਕੇ ਸਚਾਈ, ਇਮਾਨਦਾਰੀ, ਬੰਦਗੀ, ਸਾਫ- ਦਿਲੀ ਤੇ ਸਿਫ਼ਤ ਦੀਆਂ ਪੰਜ ਨਿਮਾਜ਼ਾਂ ਪੜ੍ਹਦਾ ਹੈ ਤੇ ਬ੍ਰਾਹਮਣ ਉਹ ਹੈ ਜੋ ਸਤਿ. ਸੰਤੋਖ, ਦਇਆ ਤੇ ਜਤ- ਪਤ ਦਾ ਧਾਰਨੀ ਹੈ। ਜੋਗੀ ਉਹ ਹੈ, ਜਿਸ ਦੇ ਕੰਨਾਂ 'ਚ ਸੰਤੋਖ ਦੀਆਂ ਮੁੰਦਰਾਂ, ਉਦਮ ਦੀ ਝੋਲੀ , ਧਿਆਨ ਦੀ ਬਿਭੂਤੀ ਅਤੇ ਹੱਥ ਵਿੱਚ ਜੁਗਤੀ ਦਾ ਡੰਡਾ ਫੜਿਆ ਹੋਇਆ ਹੈ। ਕਾਜੀ ਉਹ ਹੈ. ਜੋ ਸਚਾਈ 'ਤੇ ਪਹਿਰਾ ਦਿੰਦਾ ਹੋਇਆ ਪੂਰਨ ਨਿਆਂ ਕਰੇ। ਗੁਰੂ ਸਾਹਿਬ ਦੁਆਰਾ ਪ੍ਰਭਾਵਸ਼ਾਲੀ ਢੰਗ ਨਾਲ ਅਤੇ ਬੇਹੱਦ ਢੁਕਵੀਂਆਂ ਦਲੀਲਾਂ ਦੁਆਰਾ, ਦਮ ਤੋੜ ਚੁੱਕੇ ਮਨੁੱਖੀ ਸਮਾਜ ਨੂੰ ਪੁਨਰ - ਜੀਵਨ ਦਾਨ ਬਖ਼ਸ਼ਣ ਲਈ ਕੀਤੇ ਗਏ ਮਹਾਨ ਉਪਕਾਰਾਂ ਵਾਸਤੇ ਸਮੁੱਚੇ ਮਾਨਵਤਾ ਉਹਨਾਂ ਦੀ ਕਰਜ਼ਦਾਰ ਹੈ। ਸਮਾਜ ਦੀ ਪੁਨਰ - ਸਥਾਪਨਾ ਦੇ ਪ੍ਰਸੰਗ ਵਿੱਚ ਉਹਨਾਂ ਦੁਆਰਾ ਪੇਸ਼ ਵਿਵੇਕ- ਭਰਪੂਰ ਪਰਿਭਾਸ਼ਾਵਾਂ ਦ੍ਰਿਸ਼ਟੀ-ਗੋਚਰ ਹਨ:-
ਸੋ ਜੋਗੀ ਜੋ ਜੁਗਤਿ ਪਛਾਣੈ॥ ਗੁਰ ਪਰਸਾਦੀ ਏਕੋ ਜਾਣੈ॥
ਕਾਜੀ ਸੋ ਜੋ ਉਲਟੀ ਕਰੈ॥ ਗੁਰ ਪਰਸਾਦੀ ਜੀਵਤੁ ਮਰੈ॥
ਸੋ ਬ੍ਰਾਹਮਣੁ ਜੋ ਬ੍ਰਹਮੁ ਬੀਚਾਰੈ॥ ਆਪਿ ਤਰੈ ਸਗਲੇ ਕੁਲ ਤਾਰੇ॥
ਦਾਨਸ ਬੰਦੂ ਸੋਈ ਦਿਲੁ ਧੋਵੈ॥ ਮੁਸਲਮਾਣੁ ਸੋਈ ਮਲੁ ਖੋਵੈ॥
(ਗੁਰੂ ਗਰੰਥ ਸਾਹਿਬ, 622)
ਗੁਰੂ ਨਾਨਕ ਦਰਸ਼ਨ ਆਤਮਾ-ਪਰਮਾਤਮਾ, ਧਰਮ, ਅਚਾਰਨੀਤੀ, ਨੈਤਿਕਤਾ ਵਰਗੇ ਸੂਖਮ ਤੇ ਸਥੂਲ, ਆਦਰਸ਼ਕ ਤੇ ਵਾਸਤਵਿਕ, ਅਧਿਆਤਮਕ ਤੇ ਸਮਾਜਿਕ ਵਿਸ਼ਿਆਂ ਨੂੰ ਅਸਲੋਂ ਨਿਵੇਕਲੇ ਦ੍ਰਿਸ਼ਟੀਕੋਣ ਤੋਂ ਪ੍ਰਸਤੁਤ ਕਰਦਾ ਹੈ। ਗੁਰੂ ਨਾਨਕ ਬਾਣੀ ਵਿੱਚ ਪਾਖੰਡ ਦੀ ਥਾਂ ਸੱਚੀ- ਸੁੱਚੀ ਭਗਤੀ, ਹਰਾਮ ਦੀ ਥਾਂ ਹਲਾਲ ਦੀ ਕਮਾਈ , ਅਨਿਆਂ ਦੀ ਥਾਂ ਨਿਆਂ ਅਤੇ ਨਫ਼ਰਤ ਦੀ ਥਾਂ ਪ੍ਰੇਮ ਦਾ ਸੁਨੇਹਾ ਦੇ ਕੇ ਆਦਰਸ਼ਕ ਸਮਾਜ ਦੀ ਸਿਰਜਣਾ ਕੀਤੀ ਗਈ ਹੈ। ਗੁਰੂ ਸਾਹਿਬ ਨੇ ਲੋਕ- ਧਰਮ ਅਤੇ ਲੋਕ ਗਾਥਾਵਾਂ ਦਾ ਵਰਣਨ ਖੰਡਨਾਤਮਿਕ ਤੇ ਮੰਡਨਾਤਮਿਕ ਦੋਹਾਂ ਵਿਧੀਆਂ ਰਾਹੀਂ ਕੀਤੀ ਹੈ । ਜਿੱਥੇ ਉਨ੍ਹਾਂ ਲੋਕ ਧਰਮ ਦੇ ਕਈ ਸਿਰਜਨਾਤਮਕ ਅਤੇ ਲੋਕ- ਹਿਤਕਾਰੀ ਸੰਕਲਪਾਂ ਨੂੰ ਸਵੀਕਾਰ ਕੀਤਾ ਹੈ, ਉੱਥੇ ਚਾਰ - ਵਰਨ, ਚਾਰ -ਆਸ਼ਰਮ, ਹੌਮ -ਯਗ , ਤੀਰਥ - ਗਮਾਨ, ਸੂਤਕ- ਪਾਤਕ ਆਦਿ ਕਰਮ ਕਾਂਡਾਂ ਪ੍ਰਤੀ ਖੰਡਨਾਤਮਿਕ ਆਲੋਚਨਾ ਦੀ ਦ੍ਰਿਸ਼ਟੀ ਅਪਣਾਈ ਹੈ ।
ਭਾਰਤ ਦੇ ਇਤਿਹਾਸ ਵਿੱਚ ਅਪਮਾਨਿਤ ਅਤੇ ਨਫ਼ਰਤ ਦੀ ਪਾਤਰ ਵਜੋਂ ਪੇਸ਼ ਕੀਤੀ ਗਈ ਇਸਤਰੀ ਜਾਤੀ ਨੂੰ ਗੁਰੂ ਨਾਨਕ ਸਾਹਿਬ ਨੇ ਅਤਿ ਸਤਿਕਾਰਯੋਗ ਸਥਾਨ ਦੁਆ ਕੇ ਜਿੱਥੇ ਸਦੀਆਂ ਤੋਂ ਸਮਾਜ ਦੇ ਮੱਥੇ ਤੇ ਲੱਗੇ ਕਲੰਕ ਨੂੰ ਸਾਫ਼ ਕੀਤਾ ਹੈ ,ਉੱਥੇ ਸੰਗਤ ਅਤੇ ਪੰਗਤ ਦੀ ਨਿਵੇਕਲੀ ਮਰਿਆਦਾ ਸ਼ੁਰੂ ਕਰਕੇ ਸਮਾਜਿਕ- ਰੋਅਬ ਤੇ ਜਾਤ- ਅਭਿਮਾਨ ਨੂੰ ਖਤਮ ਕਰਦਿਆਂ, ਸ਼ਖਸੀ -ਸਮਾਨਤਾ ਦੀ ਸੋਚ ਨੂੰ ਅਮਲੀ ਜਾਮਾਂ ਪਹਿਨਾਉਣ ਵਿੱਚ ਵੀ ਪਹਿਲਕਦਮੀ ਕੀਤੀ ਹੈ । ਪਰ-ਅਧਿਕਾਰ ਉੱਪਰ ਕਬਜ਼ੇ ਦੀ ਭਾਵਨਾ ਨੂੰ ਧਿਕਾਰਦੇ ਹੋਏ ਜਿੱਥੇ ਗੁਰੂ ਸਾਹਿਬ ਨੇ ਪਰਾਏ -ਹੱਕ ਨੂੰ ਗਊ ਤੇ ਸੂਰ ਦਾ ਮਾਸ ਖਾਣ ਤੇ ਤੁਲ ਦਰਸਾਇਆ ਹੈ, ਉੱਥੇ ਹੱਕ- ਹਲਾਲ ਦੀ ਕਮਾਈ ਤੇ ਦਸਾਂ ਨੂੰਹਾਂ ਦੀ ਕਿਰਤ ਦੀ ਸ੍ਰੇਸ਼ਟਤਾ ਉਜਾਗਰ ਕਰਨ ਲਈ ਜੀਵਨ ਕਾਲ ਦੇ ਅੰਤਿਮ 18 ਵਰ੍ਹੇ ਰਾਵੀ ਕਿਨਾਰੇ ਵਸਾਏ ਪ੍ਰਭੂ-ਨਗਰ ਕਰਤਾਰਪੁਰ ਸਾਹਿਬ ਵਿਖੇ ਕਿਰਸਾਣੀ ਕਰਦੇ ਹੋਏ, ਹਲ ਚਲਾਉਂਦਿਆਂ ਕਿਰਤੀ ਤੇ ਮਿਹਨਤਕਸ਼ਾਂ ਦੀ ਢਾਣੀ ਦੇ ਮੋਢੀ ਬਣੇ । ਗੁਰੂ ਨਾਨਕ ਸਾਹਿਬ ਦੀ ਚਰਨ-ਛੋਹ ਪ੍ਰਾਪਤ ਇਹ ਪਵਿੱਤਰ ਅਸਥਾਨ ਹੀ, ਸਿਆਸੀ ਹਉਮੈ ਦੇ ਸ਼ਿਕਾਰ ਅਤੇ ਹੱਦਾਂ ਸਰਹੱਦਾਂ ਵਿੱਚ ਤਕਸੀਮ ਹੋਏ ਮੁਲਕਾਂ ਅੰਦਰ ਪ੍ਰੇਮ ਅਤੇ ਸਦਭਾਵਨਾ ਦੀ ਸਾਂਝ ਕਾਇਮ ਕਰਨ ਦਾ ਆਧਾਰ ਬਣਿਆ ਹੈ।
ਗੁਰਮਿਤ ਦਾ ਮਾਰਗ ਪ੍ਰਵਿਰਤੀ ਮੂਲਕ ਨਿਵਿਰਤੀ ਅਤੇ ਪ੍ਰੇਮ ਭਗਤੀ ਦਾ ਸਹਿਜ ਅਤੇ ਸੁਖੈਨ ਮਾਰਗ ਹੈ । ਨਾਥਾਂ- ਸਿੱਧਾਂ ਦੇ ਯੋਗੀਆਂ ਦੇ ਹੱਠ ਅਤੇ ਤਿਆਗ ਮਾਰਗ ਦੀ ਵਿਆਖਿਆ ਕਰਦੇ ਹੋਏ 'ਪੰਤਜਲੀ ਦਰਸ਼ਨ' ਵਿੱਚ ਕਿਹਾ ਗਿਆ ਹੈ : '' ਅਥ ਜੋਗਾਨੁਸ਼ਾਸਨਮ ॥ ਯੋਗਸ਼ਚਿਤ ਵ੍ਰਤਿਨਿਰੋਧਹ ॥ ਤਥਾ ਦ੍ਰਿਸ਼ਟ ਸਵਰੂਪੇ ਅਵਸਥਾਨਮ॥ '' ਅਜਿਹੀ ਕਠਿਨ ਤਪੱਸਿਆ ਅਤੇ ਘਰ-ਬਾਰ ਦੇ ਤਿਆਗ ਦੀ ਥਾਂ ਗੁਰੂ ਨਾਨਕ ਸਾਹਿਬ ਦੇ ਪੰਥ ਵਿੱਚ ਹੱਸਦਿਆਂ, ਖੇਲਦਿਆਂ, ਪਹਿਨਦਿਆਂ, ਖਾਂਵਦਿਆਂ ਵਿੱਚੈ ਹੋਵੈੇ ਮੁਕਤਿ ਦਾ ਮਹਾਨ ਸਿਧਾਂਤ ਪੇਸ਼ ਕੀਤਾ ਗਿਆ ਹੈ । ਗ੍ਰਹਿਸਤ ਮਾਰਗ ਨੂੰ ਪਹਿਲ ਦਿੰਦਿਆਂ ਗੁਰੂ ਨਾਨਕ ਦੇਵ ਜੀ ਨੇ ਬਟਾਲਾ ਨਿਵਾਸੀ ਸ੍ਰੀ ਮੂਲ ਚੰਦ ਦੀ ਪੁੱਤਰੀ ਬੀਬੀ ਸੁਲੱਖਣੀ ਨਾਲ ਵਿਆਹ ਕਰਵਾਇਆ । ਆਪ ਨੇ ਗ੍ਰਹਿ ਵਿਖੇ ਦੋ ਪੁੱਤਰਾਂ ਸ੍ਰੀ ਚੰਦ ਤੇ ਲਖਮੀ ਦਾਸ ਨੇ ਜਨਮ ਲਿਆ ।
ਮੱਧ ਕਾਲ ਵਿੱਚ ਸੰਸਾਰ ਤੇ ਪਰਿਵਾਰ ਦਾ ਤਿਆਗ ਕਰਨ ਵਾਲੇ ਅਖੌਤੀ ਧਾਰਮਿਕ- ਮਤ ਦੇ ਖੰਡਰਾਂ 'ਤੇ ਖੜ੍ਹੀ ਨਾਥਾਂ -ਜੋਗੀਆਂ ਦੀ ਜਮਾਤ, ਸੰਸਾਰ ਤੋਂ ਭਗੌੜੀ ਹੋ ਕੇ ਪਹਾੜਾਂ ਦੀਆਂ ਕੰਦਰਾਂ ਵਿੱਚ ਛੁਪੀ ਬੈਠੀ ਸੀ ਅਤੇ ਲੁਕਾਈ ਯਤੀਮ ਹੋ ਚੁੱਕੀ ਸੀ । ਅਜਿਹੀਆਂ ਸੰਕਟਮਈ ਪਰਸਥਿਤੀਆਂ ਵਿੱਚ ਗੁਰੂ ਸਾਹਿਬ ਨੇ ਆਪਣੇ ਮਾਨਵਵਾਦੀ ਸੰਦੇਸ਼ ਨੂੰ ਦੇਸ-ਕਾਲ ਦੀਆਂ ਸੀਮਾਵਾਂ ਤੋਂ ਪਾਰ, ਪੂਰੇ ਵਿਸ਼ਵ ਤੱਕ ਪਹੁੰਚਾਉਣ ਲਈ ਪੈਦਲ ਯਾਤਰਾ ਅਾਰੰਭ ਕੀਤੀ । ਬੇਸ਼ੱਕ ਮਾਨਵ ਕਲਿਆਣ ਵਾਸਤੇ ਇਸਾਈ ਧਰਮ ਪ੍ਰਮੁੱਖ ਯਿਸੂ ਮਸੀਹ ਨੇ ਬੈਥਲਮ ਤੋਂ ਯੋਰੋਸ਼ਲਮ ਤੱਕ, ਇਸਲਾਮ ਧਰਮ ਦੇ ਬਾਨੀ ਹਜ਼ਰਤ ਮੁਹੰਮਦ ਸਾਹਿਬ ਨੇ ਮੱਕੇ ਤੋਂ ਮਦੀਨੇ ਤੱਕ ਤੇ ਬੁੱਧ ਮੱਤ ਦੇ ਮੋਢੀ ਮਹਾਤਮਾ ਗੌਤਮ ਬੁੱਧ ਨੇ ਨੇਪਾਲ ਤੋਂ ਗਯਾ ਤੱਕ ਦੀ ਯਾਤਰਾ ਕੀਤੀ, ਪਰ ਗੁਰੂ ਨਾਨਕ ਦੇਵ ਜੀ ਨੇ 1499 ਈਸਵੀ ਤੋਂ ਲੈ ਕੇ 1521 ਤਕ ਤਕਰੀਬਨ 22 ਵਰ੍ਹੇ ਨੌਂ ਖੰਡ ਪ੍ਰਿਥਵੀ ਦਾ 24 ਹਜ਼ਾਰ ਮੀਲ ਤੋਂ ਵਧੇਰੇ ਪੈਂਡਾ ਪੈਦਲ ਤੈਅ ਕੀਤਾ, ਜਿਸ ਦੇ ਬਰਾਬਰ ਸੰਸਾਰ ਵਿੱਚ ਕੋਈ ਮਿਸਾਲ ਨਹੀਂ ਮਿਲਦੀ। ਸੈਦਪੁਰ ਤੋਂ ਸ਼ੁਰੂ ਹੋਇਆ ਇਹ ਸਫ਼ਰ ਮੁਲਤਾਨ ਕੁਰਕਸ਼ੇਤਰ, ਦਿੱਲੀ, ਹਰਿਦੁਆਰ , ਗੋਰਖਮਤਾ, ਬਨਾਰਸ, ਗਯਾ, ਧੁਬਰੀ , ਕਾਮਰੂਪ, ਜਗਨਨਾਥ ਪੁਰੀ, ਲੰਕਾ, ਪਾਕ ਪਟਨ, ਕੈਲਾਸ਼ ਪਰਬਤ, ਲੱਦਾਖ,ਕਸ਼ਮੀਰ ਕਾਂਗੜਾ, ਕੁੱਲੂ,ਬੈਜਨਾ,ਜਵਾਲਾਮੁਖੀ ,ਸਿਆਲਕੋਟ ,ਮੱਕਾ ,ਮਦੀਨਾ, ਬਗਦਾਦ, ਕਾਬਲ, ਕੰਧਾਰ, ਪਿਸ਼ਾਵਰ ਹੁੰਦਾ ਹੋਇਆ 1521 ਈ. ਨੂੰ ਸੈਦਪੁਰ ਹੀ ਖਤਮ ਹੋਇਆ।
ਗੁਰੂ ਜੀ ਨੇ ਵਰਤਮਾਨ ਦੇਸ਼ਾਂ ਚੀਨ, ਮੰਗੋਲੀਆ, ਤਿੱਬਤ, ਨੇਪਾਲ, ਭੂਟਾਨ, ਰੂਸ ,ਇਟਲੀ, ਤੁਰਕੀ, ਲੰਕਾ, ਬ੍ਰਹਮਾ, ਥਾਈਲੈਂਡ, ਈਰਾਨ, ਇਰਾਕ, ਕੁਵੈਤ ਤੇ ਅਫਗਾਨਿਸਤਾਨ ਆਦਿ ਜਾ ਕੇ ਪ੍ਰੇਮ ਅਤੇ ਮਾਨਵਤਾ ਦਾ ਉਪਦੇਸ਼ ਦਿੱਤਾ। ਆਪ ਮਾਤਾ ਤ੍ਰਿਪਤਾ ਲਈ ਨਾਨਕ ਸੁਤ, ਮੁਸਲਮਾਨਾਂ ਲਈ ਨਾਨਕ ਸ਼ਾਹ ਪੀਰ, ਹਿੰਦੂਆਂ ਲਈ ਨਾਨਕ ਦੇਵ, ਜੋਗੀਆਂ ਲਈ ਨਾਨਕ ਨਾਥ ਅਤੇ ਸਮੂਹ ਸਿੱਖ ਜਗਤ ਲਈ ਗੁਰੂ ਨਾਨਕ ਸਾਹਿਬ ਬਣੇ। ਭਾਈ ਗੁਰਦਾਸ ਜੀ (1551-1629 ਈ.) ਦਾ ਕਥਨ ਆਪ ਦੀ ਮੁਰਸ਼ਦ-ਏ-ਆਲਮ ਦੇ ਰੂਪ ਵਿੱਚ ਸਿਫ਼ਤ ਲਈ ਸਾਰਥਕ ਜਾਪਦਾ ਹੈ
ਗੁਰੂ ਨਾਨਕ ਸਭ ਕੇ ਸਿਰਤਾਜ਼ਾ॥
ਜਿਸ ਕੋ ਸਿਮਰ ਸਰੇ ਸਭ ਕਾਜਾ॥
(ਭਾਈ ਗੁਰਦਾਸ ਵਾਰਾਂ)

ਅਦਵੈਤਵਾਦ ਅਤੇ ਇੱਕ-ਈਸ਼ਵਰਵਾਦ ਦੀ ਭਾਵਨਾ ਨੂੰ ਦ੍ਰਿਸ਼ਟੀ-ਗੋਚਰ ਕਰਦਾ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਮੂਲ ਉਪਦੇਸ਼ ਮਾਨਵ ਕਲਿਆਣ ਹੈ। ਡਾ. ਸਾਹਿਬ ਸਿੰਘ ਅਨੁਸਾਰ ਗੁਰੂ ਨਾਨਕ ਨੇ 206 ਸ਼ਬਦ 121 ਅਸ਼ਟਪਦੀਆਂ, 25 ਛੰਦ, 3 ਵਾਰਾਂ ਅਤੇ 256 ਸਲੋਕਾਂ ਦੀ ਸਿਰਜਨਾ ਕੀਤੀ । ਆਪ ਜੀ ਦੇ ਵਿਸ਼ਾਲ ਰਚਨਾ ਖੇਤਰ ਵਿੱਚ ਜਪਜੀ, ਸਿੱਧ ਗੋਸ਼ਟਿ, ਆਸਾ ਦੀ ਵਾਰ, ਬਾਰਾਂਮਾਹ, ਅਲਾਹੁਣੀਆਂ ਅਤੇ ਪੱਟੀ ਸਮੇਤ, ਸਾਰੀਆਂ ਹੀ ਮਹਾਨ ਬਾਣੀਆਂ ਹਨ । ਆਪ ਦੀ ਬਾਣੀ ਰਾਗਾਂ ਵਿੱਚ ਰੱਖੀ ਹੋਈ ਹੈ, ਜਿਨ੍ਹਾਂ ਦੀ ਸੰਗੀਤਕਤਾ ਲੋਕ ਮਨ ਵਿੱਚ ਇਕਸੁਰਤਾ ਅਤੇ ਇਕਾਗਰਤਾ ਪੈਦਾ ਕਰਦੀ ਹੈ, ਪਰ ਇੱਥੇ ਰਾਗਾਂ ਦਾ ਉਪਦੇਸ਼ ਸੰਗੀਤ ਸ਼ਾਸਤਰੀਅਤਾ ਜਾਂ ਵਸ਼ਿਸ਼ਟਤਾ ਦਾ ਪ੍ਰਚਾਰ ਕਰਨਾ ਨਹੀਂ, ਸਗੋਂ ਸਹਿਜ ਅਤੇ ਸੁਭਾਵਿਕ ਕੀਰਤਨ ਰਾਹੀਂ, ਰੱਬੀ ਅਨੁਭਵ ਦਾ ਪ੍ਰਗਟਾਵਾ ਕਰਦੇ ਹੋਏ, ਰਬੀ ਨਾਮ- ਭਰਪੂਰ ਸ਼ਖ਼ਸੀਅਤ ਦੀ ਸਥਾਪਨਾ ਕਰਨਾ ਹੈ । ਅਕਾਲ ਰੂਪ ਬਾਬੇ ਨਾਨਕ ਨਾਲ ਰਬਾਬੀ ਮਰਦਾਨੇ ਦੀ ਸੰਗਤ, ਸਾਧਨਾ ਅਤੇ ਸੰਗੀਤ ਦਾ ਖ਼ੂਬਸੂਰਤ ਸੰਗਮ ਹੈ ।
ਪ੍ਰਸਿੱਧ ਵਿਦਵਾਨ ਸਾਦਿਕ ਅਲੀ ਖਾਨ ਆਪਣੀ ਪੁਸਤਕ 'ਸਰਮਾਇਆ ਇਸ਼ਰਤ' ਵਿੱਚ ਲਿਖਦਾ ਹੈ, ਜਿੱਥੇ ਹੋਰ ਬੇਅੰਤ ਗੁਣ ਗੁਰੂ ਨਾਨਕ ਸਾਹਿਬ ਵਿੱਚ ਸਨ, ਉੱਥੇ ਉਹ ਇੱਕ ਮਹਾਨ ਸੰਗੀਤਕਾਰ ਵੀ ਸਨ। ਛੇ ਤਾਰਾਂ ਵਾਲਾ ਰਬਾਬ ਉਨ੍ਹਾਂ ਦੀ ਹੀ ਕਾਢ ਹੈ । ਗੁਰੂ ਨਾਨਕ ਸਾਹਿਬ ਦੇ ਸ਼ਬਦ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਸ੍ਰੀ ਰਾਗ, ਮਾਝ ,ਗਾਉੜੀ, ਆਸਾ, ਗੁਜਰੀ, ਵਡਹੰਸ, ਸੋਰਠ,ਧਨਾਸਰੀ, ਤਿਲੰਗ, ਸੂਹੀ, ਬਿਲਾਵਲ, ਰਾਮਕਲੀ, ਮਾਰੂ, ਤੁਖਾਰੀ, ਭੈਰਉ, ਬਸੰਤ, ਸਾਰੰਗ, ਮਲਾਰ ਤੇ ਪ੍ਰਭਾਤੀ ਸਮੇਤ 19 ਰਾਗਾਂ ਵਿੱਚ ਮਿਲਦੇ ਹਨ । ਰਾਗ ਬਿਹਾਗੜਾ ਵਿੱਚ ਆਪ ਨੇ ਸਿਰਫ ਸਲੋਕ ਹੀ ਰਚੇ ਹਨ। ਗੁਰੂ ਨਾਨਕ ਰਚਨਾ ਦੀ ਵਿਲੱਖਣ ਨੁਹਾਰ ਦਾ ਕਾਰਨ ਸਮੇਂ ਅਤੇ ਸਥਾਨ ਦੀ ਸੀਮਾ ਤੋਂ ਮੁਕਤ ਭਾਸ਼ਾ ਦਾ ਸੁਮੇਲ ਹੈ । ਇਸ ਵਿੱਚਲੀ ਭਾਸ਼ਾ, ਸਦੀਵੀ ਸਮਝੀ ਜਾਣ ਵਾਲੀ ਤੇ ਲੋਕ ਮੁਹਾਵਰੇ ਵਾਲੀ ਸਾਧਾਰਨ ਲੋਕਾਂ ਦੀ ਬੋਲੀ ਹੈ ।
ਗੁਰੂ ਨਾਨਕ ਬਾਣੀ ਪੰਜਾਬੀ, ਸੰਸਕ੍ਰਿਤ, ਪ੍ਰਾਕ੍ਰਿਤਕ ਅਤੇ ਫਰਸੀ ਭਾਸ਼ਾ ਵਿੱਚ ਮਿਲਦੀ ਹੈ।ਜਿੱਥੇ ਆਪ ਨੇ ਬੇਹੱਦ ਮਿੱਠੀ ਬੋਲੀ ਰਾਹੀਂ ਰੂਹਾਨੀ ਫ਼ਲਸਫ਼ੇ ਨੂੰ ਬਿਆਨਿਆ ਹੈ, ਉੱਥੇ ਸਿੰਘ ਗਰਜ ਵਾਲੀ ਕਰੜੀ ਭਾਸ਼ਾ ਰਾਹੀਂ ਅੱਤਿਆਚਾਰੀ ਸ਼ਾਸਕ ਨੂੰ ਤਾੜਨਾ ਵੀ ਕੀਤੀ ਹੈ । ਆਪ ਦੀ ਰਚਨਾ ਰੰਗ- ਬਿਰੰਗੀ ਭਾਸ਼ਾ ਦੇ ਗੁਲਦਸਤੇ ਦੇ ਰੂਪ ਵਿੱਚ ਸੁਸ਼ੋਭਿਤ ਹੈ, ਜੋ ਆਪ ਨੂੰ ਵਿਸ਼ਵ ਦੇ ਮਹਾਨ ਭਾਸ਼ਾ ਵਿਗਿਆਨੀ ਵਜੋਂ ਦਰਸਾਉਂਦੀ ਹੈ । ਆਪ ਦੀ ਬੋਲੀ ਦਾ ਜੁੱਸਾ ਤੇ ਮੁਹਾਵਰਾ ਠੇਠ ਪੰਜਾਬੀ ਹੈ, ਜਿਸ ਨੇ ਨਿੱਗਰ- ਨਰੋਈ ਅਤੇ ਉਸਾਰੂ ਸ਼ਬਦਾਵਲੀ ਰਾਹੀਂ ਪੰਜਾਬੀ ਕਵਿਤਾ ਨੂੰ ਦੁਨੀਆਂ ਦੇ ਸਰਵੋਤਮ ਸਾਹਿਤ ਦੇ ਰੂਪ ਵਿੱਚ ਵਿਖਿਆਤ ਕੀਤਾ ਹੈ। ਗੁਰੂ ਨਾਨਕ ਦੇਵ ਜੀ ਦੀ ਰਚਨਾ ਦੇ ਸ਼ਬਦ ਭੰਡਾਰਾਂ ਵਿੱਚ ਚਿੰਨ੍ਹ, ਪ੍ਰਤੀਕ, ਅਲੰਕਾਰ, ਰਸ, ਸ਼ਬਦ- ਚਿੱਤਰ, ਬੋਲ -ਚਿੱਤਰ ਆਦਿ ਰਹੱਸਮਈ ਭਾਸ਼ਾ ਨੂੰ ਉਜਾਗਰ ਕਰਨ ਲਈ ਵਰਤੇ ਗਏ ਹਨ । ਜਿਵੇਂ ਧਰਤੀ- ਆਕਾਸ਼, ਬਾਰਕ- ਮਾਤਾ, ਸਹੁਰਾ- ਪੇਕਾ, ਸੁਹਾਗਣ -ਦੁਹਾਗਣ, ਬੇੜੀ-ਤੁਲਹਾ, ਮੋਹਿਤ-ਸਾਗਰ, ਦੀਵ- ਬੱਤੀ ਮਿਰਗ-ਕਸਤੂਰੀ ਆਦਿ ਸਮੇਤ ਸਮੁੱਚੀ ਸ੍ਰਿਸ਼ਟੀ ਦੁਆਲੇ ਬਿੰਬ ਤੇ ਪ੍ਰਤੀਕ ਉਸਰਦੇ ਹਨ। ਗੁਰੂ ਸਾਹਿਬ ਧੁਰ ਕੀ ਅਤੇ ਖਸਮ ਕੀ ਬਾਣੀ ਦੀ, ਆਵੇਸ਼ ਵਿੱਚ ਸਰੋਦੀ ਹੂਕ ਦੇ ਹਿਰਦੇ ਵਿੱਚ ਉੱਠਣ 'ਤੇ ਰਚਨਾ ਕਰਦੇ ਹਨ ।
ਆਪ ਦੇ ਪਾਕਿ-ਪਵਿੱਤਰ ਕਲਾਮ ਨੂੰ ਸਲਾਮ ਕਰਦਾ ਡਾ. ਮੁਹੰਮਦ ਇਕਬਾਲ ਜਿੱਥੇ ਆਪ ਨੂੰ 'ਮਰਦੇ-ਕਾਮਿਲ' ਆਖਦਾ ਹੈ, ਉੱਥੇ 'ਐਨ ਇਨਸਾਈਕਲੋਪੀਡੀਆ ਆਫ ਇਸਲਾਮ' ਦੀ ਚੌਥੀ ਜਿਲਦ ਵਿੱਚ ਆਪ ਦਾ ਸਾਰੀ ਸਿੱਖਿਆ ਦਾ ਉਪਦੇਸ਼ ਸਮਾਜਿਕ ਸਾਵਾਂਪਣ, ਵਿਸ਼ਵ ਭਾਈਚਾਰੇ ਦੀ ਸਿਰਜਣਾ ਅਤੇ ਫਿਰਕਾਪ੍ਰਸਤੀ ਤੇ ਵਹਿਮ-ਭਰਮ ਦਾ ਖਾਤਮਾ ਦੱਸਿਆ ਗਿਆ ਹੈ। ਇੱਥੇ ਬੀਬੀ ਨਾਨਕੀ ਦਾ ਪ੍ਰੇਮ, ਰਾਏ ਬੁਲਾਰ ਦੀ ਸ਼ਰਧਾ, ਭਾਈ ਲਾਲੋ ਦੀ ਕਿਰਤ, ਮਰਦਾਨੇ ਦੀ ਰਬਾਬ, ਬਾਬਾ ਬੁੱਢਾ ਜੀ ਦੀ ਦੂਰ-ਦ੍ਰਿਸ਼ਟੀ ਅਤੇ ਭਾਈ ਲਹਿਣਾ ਜੀ ਦੀ ਆਨੰਦ ਪ੍ਰੇਮ-ਭਗਤੀ ਸਤਰੰਗੀ ਪੀਂਘ ਬਣ ਕੇ ਸਦਾਚਾਰਿਕਤਾ ਅਤੇ ਅਧਿਆਤਮਿਕਤਾ ਦਾ ਅਲੌਕਿਕ ਸੰਗਮ ਪੇਸ਼ ਕਰਦੇ ਹਨ। ਇੱਥੇ ਦੁਨੀਆਂ ਦੀ ਤਾਰੀਖ਼ ਵਿੱਚ ਚੇਲੇ ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਦੇ ਰੂਪ ਵਿੱਚ ਸਥਾਪਿਤ ਕਰਦੇ ਹੋਏ, ਗੁਰੂ-ਚੇਲੇ ਦੀ ਵਚਿੱਤਰ ਪਰੰਪਰਾ ਦਾ ਆਗਾਜ਼ ਹੁੰਦਾ ਹੈ ।
ਸਮੁੱਚੇ ਰੂਪ ਵਿੱਚ ਗੁਰੂ ਨਾਨਕ ਸੰਦੇਸ਼ ਕਿਰਤ ਤੇ ਕਰਮ ਦਾ, ਨੇਮ ਤੇ ਪ੍ਰੇਮ ਦਾ, ਗ੍ਰਹਿਸਤ ਤੇ ਉਦਾਸੀ ਦਾ, ਹੁਕਮ ਤੇ ਭਾਣੇ ਦਾ, ਨਾਮ ਤੇ ਭਗਤੀ ਦਾ , ਆਦਰਸ਼ ਤੇ ਯਥਾਰਥ ਦਾ, ਇਨਸਾਨ ਤੇ ਪ੍ਰਾਕਿਰਤੀ ਦਾ, ਧਰਮ ਤੇ ਕਰਮ ਦਾ ਅਤੇ ਭਗਤੀ ਤੇ ਸ਼ਕਤੀ ਦਾ ਅਤਿਅੰਤ ਸੁੰਦਰ ਤੇ ਸੰਤੁਲਿਤ ਸੁਮੇਲ ਹੈ, ਜਿਸ ਦੀ ਰੌਸ਼ਨੀ ਤੇ ਨਿੱਘ ਰਹਿੰਦੀ ਦੁਨੀਆਂ ਤੱਕ ਮਨੁੱਖੀ ਸਭਿਅਤਾ ਲਈ 'ਚਾਨਣ ਦੇ ਵਣਜਾਰੇ' ਬਣੇ ਰਹਿਣਗੇ ਅਤੇ 'ਨਾਨਕ' ਸ਼ਬਦ ਹਰ ਰਸਨਾ ਉਪਰ ਲੋਕ-ਮੁਹਾਵਰਾ ਬਣ ਕੇ ਗੂੰਜਦਾ ਰਹੇਗਾ :
ਸਿੱਧ ਬੋਲਨਿ ਸ਼ੁਭ ਬਚਨ, ਧੰਨ ਨਾਨਕ ਤੇਰੀ ਵਡੀ ਕਮਾਈ॥
(ਵਾਰਾਂ ਭਾਈ ਗੁਰਦਾਸ)

ਪਹਿਲੀ ਨਵੰਬਰ : ਪੰਜਾਬ ਦਿਵਸ 'ਤੇ ਵਿਸ਼ੇਸ਼ : ਪੰਜਾਬੀ ਸੂਬੇ ਦੀ ਦਾਸਤਾਨ - ਡਾ. ਗੁਰਵਿੰਦਰ ਸਿੰਘ

ਪੰਜਾਬੀ ਸੂਬੇ ਦੀ ਕਹਾਣੀ ਅਕ੍ਰਿਤਘਣਤਾ,ਧੋਖੇਬਾਜ਼ੀ, ਬੇਵਫ਼ਾਈ, ਬੇਇਨਸਾਫ਼ੀ,ਬੇਈਮਾਨੀ ਤੇ ਬੇਹਯਾਈ ਦੀ ਮੂੰਹ ਬੋਲਦੀ ਤਸਵੀਰ ਹੈ। ਅੱਜ ਤੋਂ 53 ਵਰ੍ਹੇ ਪਹਿਲਾਂ 1 ਨਵੰਬਰ 1966 ਈਸਵੀ ਨੂੰ ਪੰਜਾਬੀਆਂ ਨੂੰ ਕੱਟਿਆ- ਵੱਢਿਆ ਲੰਗੜਾ ਪੰਜਾਬ ਸੂਬਾ ਦੇ ਕੇ ਅਭੁੱਲ ਵਿਸ਼ਵਾਸਘਾਤ ਕੀਤਾ ਗਿਆ। ਜਿਸ ਦੇਸ਼ ਨੂੰ ਗੁਲਾਮੀ ਦੇ ਸ਼ਿਕੰਜੇ ਤੋਂ ਨਿਜਾਤ ਦਿਵਾਉਣ ਲਈ ਪੰਜਾਬੀਆਂ ਨੇ ਪਚਾਨਵੇਂ ਫੀਸਦੀ ਕੁਰਬਾਨੀਆਂ ਕੀਤੀਆਂ, ਉਸੇ ਮੁਲਕ ਦੀ ਅਖੌਤੀ ਧਰਮ-ਨਿਰਪੱਖ ਪ੍ਰਸ਼ਾਸਨ ਪ੍ਰਣਾਲੀ ਤੇ ਨਿਆਂ ਪਾਲਿਕਾ ਨੇ  ਪੰਜਾਬੀਆਂ ਨਾਲ ਹਮੇਸ਼ਾ ਵਿਤਕਰਾ ਅਤੇ ਅਨਿਆਂ ਕੀਤਾ।  ਪੰਜਾਬੀਆਂ ਦੇ ਪੱਲ੍ਹੇ ਹਮੇਸ਼ਾ ਤਬਾਹੀ ਤੇ ਖ਼ੁਆਰੀ ਹੀ ਆਈ। ਜਦ ਸੰਤਾਲੀ ਦੀ ਵੰਡ ਹੋਈ, ਪੰਜਾਬ ਦੇ ਦੋ ਟੁੱਕੜੇ ਹੋ ਗਏ। ਪੰਜਾਂ ਪਾਣੀਆਂ ਦੇ ਸੁਮੇਲ ਤੋਂ ਬਣਿਆ 'ਪੰਜ-ਆਬ' ਸਿਰਫ਼ 'ਢਾਈ-ਆਬ' ਹੀ ਰਹਿ ਗਿਆ। ਫਿਰ '66 ਦੀ ਵੰਡ ਹੋਈ, ਤਾਂ ਪੰਜਾਬ ਦਾ ਪੁਨਰਗਠਨ ਕਰਕੇ ਨਵਾਂ ਸੂਬਾ ਹਰਿਆਣਾ ਬਣਾ ਦਿੱਤਾ ਗਿਆ ਤੇ ਪੰਜਾਬ ਛੋਟੀ ਜਿਹੀ 'ਸੂਬੀ' ਬਣਕੇ ਰਹਿ ਗਿਆ। ਹਕੀਕਤ ਤਾਂ ਇਹ ਹੈ ਕਿ ਪੰਜਾਬੀਆਂ ਨੇ ਜਿੰਨ੍ਹਾਂ ਨਾਲ ਵੀ ਵਫ਼ਾ ਕੀਤੀ, ਉਨ੍ਹਾਂ ਨੇ ਹੀ ਪੰਜਾਬੀਆਂ ਨਾਲ ਬੇਵਫ਼ਾਈ ਕੀਤੀ। ਪੰਜਾਬੀਆਂ ਨੇ ਜਿੰਨ੍ਹਾਂ ਲਈ ਸ਼ਹਾਦਤਾਂ ਦਿੱਤੀਆਂ, ਉਨ੍ਹਾਂ ਨੇ ਹੀ ਇਨ੍ਹਾਂ 'ਤੇ ਸਿਤਮ ਢਾਹੇ। ਨਤੀਜੇ ਵਜੋਂ ਪੰਜਾਬੀਆਂ ਦੇ ਪੱਲੇ ਦਰਦ ਭਰੀ ਦਾਸਤਾਨ ਹੀ ਰਹਿ ਗਈ।
ਆਜ਼ਾਦੀ ਦੇ ਸੰਘਰਸ਼ ਤੋਂ ਦੌਰਾਨ ਜਦ ਫਾਂਸੀਆਂ ਦੇ ਰੱਸੇ ਚੁੰਮਣੇ ਸਨ, ਕਾਲੇ ਪਾਣੀਆਂ ਦੀ ਸਜ਼ਾ ਭੋਗਣੀ ਸੀ, ਉਮਰ ਕੈਦਾਂ ਦੀ ਸਜ਼ਾ ਕੱਟਣੀ ਸੀ, ਤਦ ਚਲਾਕ ਲੂੰਬੜਾਂ ਵਰਗੇ ਚਾਲਬਾਜ਼ ਮੋਮੋਠੱਗਣੇ ਰਾਸ਼ਟਰਵਾਦੀ ਲੀਡਰਾਂ ਨੇ ਸਿੱਖਾਂ ਨੂੰ ਆਪਣੀਆਂ ਝੂਠੀਆਂ ਕਸਮਾਂ ਤੇ ਵਾਅਦਿਆਂ ਦੇ ਸ਼ਬਦ-ਜਾਲ ਵਿੱਚ ਬੁਰੀ ਤਰ੍ਹਾਂ ਫਸਾਇਆ। ਇਸ ਸਬੰਧੀ 6 ਜੁਲਾਈ 1947 ਨੂੰ ਕਾਂਗਰਸ ਦੇ ਪ੍ਰਧਾਨ ਪੰਡਿਤ ਨਹਿਰੂ ਦੇ ਸ਼ਬਦ ਜ਼ਿਕਰਯੋਗ ਹਨ, ''ਪੰਜਾਬ ਦੇ ਬਹਾਦਰ ਸਿੱਖ ਵਿਸ਼ੇਸ਼ ਸਲੂਕ ਦੇ ਅਧਿਕਾਰੀ ਹਨ। ਮੈਨੂੰ ਇਸ ਵਿੱਚ ਕੋਈ ਔਖਿਆਈ ਨਹੀਂ ਦਿਸਦੀ ਕਿ ਹਿੰਦੁਸਤਾਨ ਦੇ ਉਤਰ ਵਿੱਚ ਇਕ ਅਜਿਹਾ ਇਲਾਕਾ ਵੱਖਰਾ ਕਰ ਦਿੱਤਾ ਜਾਏ, ਜਿਥੇ ਕਿ ਸੁਤੰਤਰਤਾ ਦਾ ਨਿੱਘ ਸਿੱਖਾਂ ਦੇ ਲਹੂ ਨੂੰ ਵੀ ਗਰਮਾਏ।'' ਪਰ ਸਿਤਮਜ਼ਰੀਫੀ ਵੇਖੋ ਕਿ ਨਹਿਰੂ ਦੀ ਹਰ ਠੀਕ -ਗਲਤ ਗੱਲ ਦੀ 'ਹਾਂ ਵਿੱਚ ਹਾਂ' ਮਿਲਾਉਣ ਵਾਲੇ ਸਿੱਖ ਲੀਡਰ ਮਾਸਟਰ ਤਾਰਾ ਸਿੰਘ ਨੇ ਜਦੋਂ ਪ੍ਰਧਾਨ ਮੰਤਰੀ ਬਣਨ 'ਤੇ ਪੰਡਿਤ ਜਵਾਹਰ ਲਾਲ ਨੂੰ ਆਪਣਾ ਵਾਅਦਾ ਯਾਦ ਕਰਵਾਇਆ, ਤਾਂ ਉਸਨੇ ਟਕੇ ਵਰਗਾ ਕੋਰਾ ਜੁਆਬ ਦਿੰਦਿਆ ਕਿਹਾ, ''ਹੁਣ ਸਮਾਂ ਬਦਲ ਗਿਆ ਹੈ।" ਇਥੇ ਹੀ ਬੱਸ ਨਹੀਂ , ਕੱਟੜ ਹਿੰਦੂਤਵੀ ਗ੍ਰਹਿ ਮੰਤਰੀ ਵਲਭ ਭਾਈ ਪਟੇਲ ਨੇ ਤਾਂ ਇਥੋਂ ਤੱਕ ਆਖ ਦਿੱਤਾ, ''ਹੁਣ ਸਿੱਖਾਂ ਦੀ ਭਲਾਈ ਇਸ ਵਿੱਚ ਹੈ ਕਿ ਉਹ ਆਪਣੀ ਵੱਖਰੀ ਹੋਂਦ ਨੂੰ ਭੁਲ ਕੇ, ਦੇਸ਼ ਦੀ ਗਣਤੰਤਰ ਪ੍ਰਣਾਲੀ ਵਿੱਚ ਆਪਣੇ ਆਪ ਨੂੰ ਸਮੋ ਲੈਣ"।
ਮੁਲਕ ਦੀ ਆਜ਼ਾਦੀ ਦੀ ਲੜਾਈ ਵੇਲੇ ਕਾਂਗਰਸ ਵੱਲੋਂ ਕਈ ਵਾਰ ਅਜਿਹੇ ਮਤੇ ਪੇਸ਼ ਕੀਤੇ ਗਏ ਕਿ ਆਜ਼ਾਦੀ ਮਗਰੋਂ ਭਾਰਤ ਵਿੱਚ ਭਾਸ਼ਾ ਦੇ ਆਧਾਰ ਤੇ ਸੂਬਿਆਂ ਦਾ ਗਠਨ ਕੀਤਾ ਜਾਵੇਗਾ। 22 ਦਸੰਬਰ 1953 ਈ. ਨੂੰ ਪ੍ਰਾਂਤਾਂ ਦੀ ਨਵੀਂ ਹੱਦਬੰਦੀ ਤੇ ਪੁਨਰਗਠਨ ਲਈ ਕਮਿਸ਼ਨ ਬਣਾਇਆ ਗਿਆ ਤੇ ਲੋਕਾਂ ਤੋਂ ਇਸ ਸਬੰਧੀ ਸੁਝਾਅ ਮੰਗੇ ਗਏ। ਉਸ ਵੇਲੇ ਦੀ ਪੰਜਾਬ ਸਰਕਾਰ, ਜਨਸੰਘ (ਭਾਰਤੀ ਜਨਤਾ ਪਾਰਟੀ) ਤੇ ਆਰੀਆ ਸਮਾਜ ਨੇ 'ਪੰਜਾਬੀ ਭਾਸ਼ਾ' ਦੇ ਅਧਾਰ ਤੇ ਬਣ ਰਹੇ ਸੂਬੇ ਦਾ ਹੀ ਵਿਰੋਧ ਨਹੀਂ ਕੀਤਾ, ਬਲਕਿ ਹਿਮਾਚਲ ਪ੍ਰਦੇਸ਼ ਨੂੰ ਵੀ ਪੰਜਾਬ ਵਿੱਚ ਮਿਲਾਕੇ 'ਮਹਾਂ-ਪੰਜਾਬ' ਬਣਾਉਣ ਦਾ ਮੈਮੋਰੰਡਮ ਦਿੱਤਾ। ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬੀ ਸੂਬੇ ਦੇ ਹੱਕ ਵਿਚ ਮੈਮੋਰੰਡਮ ਦਿੱਤਾ, ਜਿਸ ਅਨੁਸਾਰ ਭਾਸ਼ਾ ਦੇ ਆਧਾਰ ਤੇ ਪੰਜਾਬ ਸੂਬਾ 35458 ਵਰਗ ਮੀਲ ਖੇਤਰ ਵਾਲਾ ਤੇ ਇੱਕ ਕਰੋੜ ਉੱਨੀ ਲੱਖ ਦੀ ਆਬਾਦੀ ਵਾਲਾ ਬਣਦਾ ਸੀ, ਜਿਸ ਵਿੱਚ ਸਿੱਖਾਂ ਦੀ ਵਸੋਂ 40 ਫੀਸਦੀ ਸੀ। ਪਰ ਹੋਇਆ ਇਸ ਦੇ ਉਲਟ, ਕਮਿਸ਼ਨ ਦੀ ਰਿਪੋਰਟ ਅਨੁਸਾਰ ਫ਼ੈਸਲਾ ਕਰਦੇ ਹੋਏ ਪੈਪਸੂ ਨੂੰ ਵੀ 1 ਨਵੰਬਰ 1956 ਨੂੰ ਪੰਜਾਬ ਵਿੱਚ ਮਿਲਾ ਦਿੱਤਾ ਗਿਆ ਤੇ ਕੋਸ਼ਿਸ਼ ਹਿਮਾਚਲ ਨੂੰ ਵੀ ਇਸ ਨਾਲ ਰਲਾ ਕੇ 'ਮਹਾਂ- ਪੰਜਾਬ' ਬਣਾਉਣ ਦੀ ਵੀ ਹੋਈ,ਪਰ ਇਸ ਪਹਾੜੀ ਰਾਜ ਦੇ ਉਸ ਵੇਲੇ ਮੁੱਖ ਮੰਤਰੀ ਡਾਕਟਰ ਯਸ਼ਵੰਤ ਸਿੰਘ ਪਰਮਾਰ ਦੀ ਸਖ਼ਤ ਵਿਰੋਧਤਾ ਕਾਰਨ ਸਫ਼ਲ ਨਾ ਹੋ ਸਕੀ। ਪੰਜਾਬੀਆਂ ਵਾਸਤੇ ਇਨਸਾਫ ਮੰਗਣ ਲਈ ਮਾਸਟਰ ਤਾਰਾ ਸਿੰਘ ਫਿਰ ਨਹਿਰੂ ਦੁਆਰੇ ਪਹੁੰਚੇ, ਪਰ ਪੱਲੇ ਨਮੋਸ਼ੀ ਹੀ ਪਈ ।
ਪੰਜਾਬੀ ਭਾਈਚਾਰੇ ਵਿੱਚ ਰੋਸ ਵੀ ਦਿਨੋਂ ਦਿਨ ਵਧਦਾ ਗਿਆ ਤੇ 11 ਫਰਵਰੀ ਨੂੰ ਅੰਮ੍ਰਿਤਸਰ ਸ਼ਹਿਰ ਵਿੱਚ ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ਲੋਕ ਸ਼ਕਤੀ ਦਾ ਪ੍ਰਦਰਸ਼ਨ ਇੱਕ ਵਿਸ਼ਾਲ ਜਲੂਸ ਦੇ ਰੂਪ ਵਿੱਚ ਕੀਤਾ ਗਿਆ। ਇਸ ਇਤਿਹਾਸਕ 9 ਕਿਲੋਮੀਟਰ ਲੰਮੇ ਜਲੂਸ ਵਿੱਚ ਪੰਜ ਲੱਖ ਪੰਜਾਬੀਆਂ ਨੇ ਸ਼ਾਮਿਲ ਹੋ ਕੇ ਪੰਜਾਬੀ ਪ੍ਰਾਂਤ ਦੀ ਮੰਗ ਜ਼ੋਰਦਾਰ ਢੰਗ ਨਾਲ ਉਠਾਈ, ਪਰ ਕੋਈ ਨਤੀਜਾ ਨਾ ਨਿਕਲਿਆ। ਨਿਰਾਸ਼ਾ ਦੇ ਆਲਮ ਦੀ ਸ਼ਿਕਾਰ ਸਿੱਖ ਕੌਮ ਨੂੰ ਪੂਰੇ ਦੇਸ਼ ਦੀ ਅਜ਼ਾਦੀ ਵਾਸਤੇ ਸ਼ਹੀਦੀਆਂ ਦੇਣ ਮਗਰੋਂ , ਇਕ ਵਾਰ ਫਿਰ 'ਆਪਣੇ ਹੀ ਸਾਜਿਆਂ' ਹੱਥੋਂ ਮਿਲੇ ਗੁਲਾਮੀ ਦੇ ਤੋਹਫ਼ੇ ਤੋਂ ਖਲਾਸੀ ਪਾਉਣ ਲਈ ਸ਼ਹਾਦਤ ਦਾ ਰਾਹ ਅਪਨਾਉਣਾ ਪਿਆ। ਪੰਜਾਬੀ ਸੂਬੇ ਦਾ ਮੋਰਚਾ ਲਗਾਉਣ ਵਾਲੇ ਮਹਾਨ ਸ਼ਹੀਦਾਂ ਦੀ ਸੂਚੀ ਵਿੱਚ ਇੱਕ ਨਾਂ 10 ਸਾਲਾਂ ਦੇ ਬੱਚੇ ਦਾ ਵੀ ਆਉਂਦਾ ਹੈ, ਜੋ ਇਸ ਸੰਘਰਸ਼ ਦਾ ਸਭ ਤੋਂ ਛੋਟੀ ਉਮਰ ਦਾ ਸ਼ਹੀਦ ਹੈ। ਇਹ ਬਹਾਦਰ, ਮਾਂ ਬੋਲੀ ਪੰਜਾਬੀ ਦਾ ਸਪੂਤ ਸ਼ਹੀਦ ਕਾਕਾ ਇੰਦਰਜੀਤ ਸਿੰਘ ਕਰਨਾਲ ਸੀ, ਜਿਸ ਨੇ 'ਪੰਜਾਬੀ ਬੋਲੀ ਜ਼ਿੰਦਾਬਾਦ' ਦੇ ਨਾਅਰੇ ਬੁਲੰਦ ਕਰਦਿਆਂ ਸ਼ਹੀਦੀ ਪਾਈ। ਇਹ ਇਤਿਹਾਸਕ ਘਟਨਾ 21 ਸਤੰਬਰ 1960 ਦੀ ਹੈ। ਉਨੀਂ ਦਿਨੀਂ ਪੰਜਾਬੀ ਸੂਬੇ ਦਾ ਮੋਰਚਾ ਜ਼ੋਰਾਂ 'ਤੇ ਸੀ ਅਤੇ ਉਸ ਸਮੇਂ ਪੰਜਾਬੀ ਬੋਲੀ ਦੀ ਜੈ-ਜੈ ਕਾਰ ਦੇ ਬਣੇ ਨਾਅਰਿਆਂ ਅਤੇ ਖਾਲਸਾਈ ਚੜ੍ਹਦੀ ਕਲਾ ਦੇ ਜੈਕਾਰਿਆਂ 'ਤੇ ਪਾਬੰਦੀ ਲਾ ਦਿੱਤੀ ਗਈ ਸੀ।
ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੂੰ ਇਹ ਹੁਕਮ ਦਿੱਤੇ ਸਨ ਕਿ 'ਪੰਜਾਬੀ ਸੂਬਾ ਜ਼ਿੰਦਾਬਾਦ' ਦੇ ਨਾਅਰੇ ਲਾਉਣ ਵਾਲਿਆਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਏ ਜਾਂ ਮੌਕੇ 'ਤੇ ਤਸ਼ੱਦਦ ਦਾ ਸ਼ਿਕਾਰ ਬਣਾਇਆ ਜਾਏ। ਉਸ ਸਮੇਂ ਜਦੋਂ ਕਰਨਾਲ (ਮੌਜੂਦਾ ਹਰਿਆਣਾ) ਵੀ ਪੰਜਾਬ ਦਾ ਹਿੱਸਾ ਸੀ, ਉਦੋਂ ਮੋਗਾ ਸਥਿਤ ਸਿੱਖ ਪਰਿਵਾਰ ਦਾ ਬੱਚਾ ਆਪਣੀ ਰਿਸ਼ਤੇਦਾਰੀ ਵਿੱਚ ਕਰਨਾਲ ਗਿਆ ਹੋਇਆ ਸੀ। ਆਪਣੀ ਉਮਰ ਦੇ ਬੱਚਿਆਂ ਨਾਲ ਇੰਦਰਜੀਤ ਸਿੰਘ ਖੇਡਦੇ ਹੋਏ, 'ਪੰਜਾਬੀ ਬੋਲੀ ਜ਼ਿੰਦਾਬਾਦ' ਤੇ 'ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ' ਦੇ ਜੈਕਾਰੇ ਛੱਡਣ ਲੱਗ ਪਿਆ। ਉਸ ਇਲਾਕੇ ਵਿੱਚ ਤਾਇਨਾਤ ਪੁਲਿਸ ਨੇ ਇਨ੍ਹਾਂ ਬੱਚਿਆਂ ਨੂੰ ਜ਼ਿੰਦਾਬਾਦ ਦੇ ਨਾਅਰੇ ਤੇ ਜੈਕਾਰੇ ਲਗਾਉਣ ਤੋਂ ਜਬਰੀ ਰੋਕਣਾ ਚਾਹਿਆ, ਪਰ ਬੱਚੇ ਨਿਡਰਤਾ ਨਾਲ ਹੋਰ ਜ਼ੋਰ-ਜ਼ੋਰ ਦੀ ਨਾਅਰੇ ਲਗਾਉਣ ਲੱਗੇ। ਇਨ੍ਹਾਂ ਬੱਚਿਆਂ ਵਿੱਚੋਂ ਕਾਕਾ ਇੰਦਰਜੀਤ ਸਿੰਘ ਹੱਦੋਂ ਵੱਧ ਜੋਸ਼ੀਲੇ ਰੂਪ ਵਿੱਚ ਪੁਲਿਸ ਵਾਲਿਆਂ ਨੂੰ ਕਹਿਣ ਲੱਗਿਆ, ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ ਹਾਂ, ਡਰਨ ਵਾਲੇ ਨਹੀਂ। ਦਸ ਕੁ ਸਾਲ ਦੇ ਬੱਚੇ ਤੋਂ ਲਲਕਾਰ ਸੁਣਦਿਆਂ ਹੀ ਜ਼ਾਲਮ ਪੰਜਾਬ ਪੁਲਿਸ ਵਾਲੇ ਸ਼ੈਤਾਨ ਤੇ ਹੈਵਾਨ ਬਣ ਗਏ ਅਤੇ ਬੱਚੇ ਨੂੰ ਭਿਆਨਕ ਦਰਿੰਦਗੀ ਨਾਲ ਬੇਹਤਾਸ਼ਾ ਕੁੱਟਣ ਲੱਗੇ। ਇਹ ਕੋਈ ਅੰਦਰੋਂ ਸਿੱਖੀ ਦੇ ਬੁਲੰਦ ਜ਼ਜਬੇ ਦਾ ਅਸਰ ਹੀ ਸੀ ਕਿ ਕਾਕਾ ਇੰਦਰਜੀਤ ਸਿੰਘ ਕੁੱਟਮਾਰ ਮਗਰੋਂ, ਹੋਰ ਵੀ ਬੇਖੌਫ ਹੋ ਗਿਆ ਅਤੇ ਦਰਿੰਦੇ ਪੁਲਸੀਆਂ ਅੱਗੇ ਪੰਜਾਬੀ ਬੋਲੀ ਜ਼ਿੰਦਾਬਾਦ,ਪੰਜਾਬੀ ਸੂਬਾ ਜ਼ਿੰਦਾਬਾਦ, ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਦੇ ਜੈਕਾਰੇ ਹੋਰ ਗਜ -ਵਜ ਕੇ ਲਾਉਣ ਲੱਗਾ। ਇੱਕ ਪਾਸੇ ਦਸ ਸਾਲ ਦਾ ਬੱਚਾ ਤੇ ਦੂਜੇ ਪਾਸੇ ਜ਼ਾਲਮ ਪੰਜਾਬ ਪੁਲਸੀਆਂ ਦੀ ਧਾੜ। ਪਹਿਲਾਂ ਡਾਂਗਾਂ-ਸੋਟੀਆਂ ਦੀ ਕੁੱਟਮਾਰ, ਫਿਰ ਲੱਤਾਂ 'ਤੇ ਗੋਲੀਆਂ ਵਰ੍ਹਾਈਆਂ ਗਈਆਂ, ਪਰ ਜ਼ਖਮੀ ਜਿਸਮ ਵਿੱਚੋਂ ਵੀ ਪੰਜਾਬੀ ਬੋਲੀ ਜ਼ਿੰਦਾਬਾਦ ਦੇ ਨਾਅਰੇ ਅਤੇ ਗੁਰੂ ਦੇ ਜੈਕਾਰੇ ਗੂੰਜ ਰਹੇ ਸਨ। ਬੁੱਚੜ ਪੁਲਸ ਅਧਿਕਾਰੀਆਂ ਨੇ ਕਾਕਾ ਇੰਦਰਜੀਤ ਸਿੰਘ ਦੀਆਂ ਅੱਖਾਂ ਕਢ ਦਿਤੀਆਂ, ਬਾਂਹ ਵੱਢ ਦਿੱਤੀ ਗਈ, ਡਾਂਗਾਂ ਨਾਲ ਭੰਨਿਆ ਤੇ ਗੋਲੀਆਂ ਨਾਲ ਭੁੰਨਿਆ। ਪੰਜਾਬੀ ਬੋਲੀ ਤੇ ਪੰਜਾਬੀ ਸੂਬੇ ਦੇ ਦੁਸ਼ਮਣਾਂ ਨੇ ਉਸ ਨੂੰ ਅਧਮੋਇਆ ਕਰ ਖੂਹ ਵਿੱਚ ਸੁੱਟ ਦਿੱਤਾ, ਜਿੱਥੇ ਇਹ ਬੱਚਾ ਕੁਝ ਸਮੇਂ ਤੱਕ ਜ਼ਿੰਦਗੀ ਤੇ ਮੌਤ ਦੀ ਲੜਾਈ ਲੜਦਾ ਸ਼ਹੀਦੀ ਪਾ ਗਿਆ। ਸਮੁੱਚੀ ਕੌਮ ਨੂੰ ਇਸ ਦੀ ਮਹਾਨ ਸ਼ਹਾਦਤ 'ਤੇ ਫ਼ਖਰ ਹੈ।
ਪੰਜਾਬੀ ਸੂਬੇ ਦਾ ਮੋਰਚਾ ਲੰਬਾ ਸਮਾਂ ਚੱਲਿਆ ਅਤੇ ਇਸ ਵਿੱਚ ਹਜ਼ਾਰਾਂ ਹੀ ਯੋਧਿਆਂ ਨੇ ਕੁਰਬਾਨੀਆਂ ਦਿੱਤੀਆਂ, ਜੇਲ- ਯਾਤਰਾਵਾਂ ਕੀਤੀਆਂ ਤੇ ਤਸ਼ੱਦਦ ਝੱਲੇ । 9 ਅਕਤੂਬਰ 1960 ਨੂੰ ਬਠਿੰਡਾ ਦੀ ਜੇਲ੍ਹ ਵਿੱਚ, ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ਸੰਘਰਸ਼ ਕਰ ਰਹੇ ਸਿੱਖਾਂ 'ਤੇ ਲਾਠੀਚਾਰਜ ਕੀਤਾ ਗਿਆ ਤੇ ਗੋਲੀਆਂ ਦੀ ਬੁਛਾੜ ਕਰ ਦਿੱਤੀ ਗਈ। ਪੰਜਾਬੀ ਸੂਬੇ ਖਿਲਾਫ ਸਰਕਾਰੀ ਹਿੰਸਾ ਦੀਆਂ ਇਨ੍ਹਾਂ ਵੱਖ ਵੱਖ ਘਟਨਾਵਾਂ ਵਿੱਚ ਬਹਾਦੁਰ ਪੰਜਾਬੀ ਸ਼ਹੀਦ ਵੀ ਹੋਏ ਤੇ ਵੱਡੀ ਗਿਣਤੀ ਵਿੱਚ ਜ਼ਖਮੀ ਵੀ ਹੋਏ। ਮੋਰਚੇ ਦੌਰਾਨ ਥਾਂ-ਥਾਂ ਜਲ੍ਹਿਆਂਵਾਲੇ ਬਾਗ ਵਰਗਾ ਖੂਨੀ ਸਾਕਾ ਦੁਹਰਾਇਆ ਗਿਆ, ਪਰ ਫਰਕ ਇਨ੍ਹਾਂ ਕੁ ਸੀ ਕਿ ਅੱਗੇ ਕਾਤਲ ਬਾਹਰੋਂ ਆਏ ਅੰਗਰੇਜ਼ ਸਨ, ਪਰੰਤੂ ਹੁਣ ਖੇਤ ਨੂੰ ਉਸਦੀ ਵਾੜ ਨੇ ਹੀ ਉਜਾੜਿਆ ਸੀ:
''ਦਿਲ ਕੇ ਫਫੋਲੇ ਜਲ ਉਠੇ , ਸੀਨੇ ਕੇ ਦਾਗ਼ ਸੇ।
ਇਸ ਘਰ ਕੋ ਆਗ ਲਗ ਗਈ , ਘਰ ਕੇ ਚਿਰਾਗ ਸੇ।''
ਸੰਘਰਸ਼ ਨਿਰੰਤਰ ਜਾਰੀ ਰਿਹਾ,ਖਿਡਾਰੀ ਬਦਲਦੇ ਰਹੇ। ਨਹਿਰੂ ਦੀ ਮੌਤ ਮਗਰੋਂ ਲਾਲ ਬਹਾਦਰ ਸ਼ਾਸਤਰੀ ਪ੍ਰਧਾਨ ਮੰਤਰੀ ਬਣ ਗਿਆ ਤੇ ਮਾਸਟਰ ਤਾਰਾ ਸਿੰਘ ਦੀ ਥਾਂ ਅਕਾਲੀ ਦਲ ਦੀ ਪਰਧਾਨਗੀ ਸੰਤ ਫਤਹਿ ਸਿੰਘ ਨੇ ਸਾਂਭ ਲਈ। 16 ਅਗਸਤ 1965 ਨੂੰ ਸੰਤ ਫਤਹਿ ਸਿੰਘ ਨੇ ਪੰਜਾਬੀ ਸੂਬੇ ਲਈ ਪੰਜਾਬ ਸਰਕਾਰ ਨੂੰ 25 ਦਿਨਾਂ ਦਾ ਅਲਟੀਮੇਟਮ ਦੇ ਦਿੱਤਾ ਤੇ ਨਾਂਹ- ਪੱਖੀ ਹੁੰਗਾਰੇ ਦੀ ਹਾਲਤ ਵਿੱਚ 10 ਸਤੰਬਰ ਨੂੰ ਮਰਨ ਵਰਤ ਸ਼ੁਰੂ ਕਰਨ ਤੇ 25 ਸਤੰਬਰ ਨੂੰ ਅਗਨ -ਭੇਂਟ ਹੋਣ ਦਾ ਐਲਾਨ ਵੀ ਕਰ ਦਿੱਤਾ, ਪਰ ਇਸ ਦੌਰਾਨ 6 ਸਤੰਬਰ 1965 ਨੂੰ ਭਾਰਤ - ਪਾਕਿ ਜੰਗ ਸ਼ੁਰੂ ਹੋ ਗਈ , ਜਿਸ ਦੇ ਬਹਾਨੇ ਸਦਕਾ ਮਰਨ- ਵਰਤ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੁੱਕ ਗਿਆ। ਜੰਗ ਖਤਮ ਹੋਣ ਮਗਰੋਂ ਕੇਂਦਰ ਨੇ ਪੰਜਾਬੀ ਸੂਬੇ ਦੀ ਮੰਗ 'ਤੇ ਪੁਰਨ ਵਿਚਾਰ ਲਈ ਦੋ ਕਮੇਟੀਆਂ ਬਣਾਈਆਂ। ਇਕ ਕਮੇਟੀ ਵਿੱਚ ਲੋਕ ਸਭਾ ਦੇ 22 ਐਮ.ਪੀਜ਼. ਸ਼ਾਮਿਲ ਸਨ। ਜਿਸ ਦੇ ਪ੍ਰਧਾਨ ਸੰਸਦ ਦੇ ਸਪੀਕਰ ਹੁਕਮ ਸਿੰਘ ਸਨ। ਦੂਸਰੀ ਸਬ- ਕਮੇਟੀ ਵਿੱਚ ਇੰਦਰਾ ਗਾਂਧੀ ਸਮੇਤ ਕੈਬਨਿਟ ਮੰਤਰੀ ਸ਼ਾਮਿਲ ਸਨ। 11 ਜਨਵਰੀ 1966 ਨੂੰ ਤਾਸ਼ਕੰਦ ਵਿਖੇ ਸ਼ਾਸਤਰੀ ਦੀ ਅਚਾਨਕ 'ਰਹੱਸਮਈ' ਮੌਤ ਮਗਰੋਂ ਇੰਦਰਾ ਗਾਂਧੀ ਭਾਰਤ ਦੀ ਪ੍ਰਧਾਨ ਮੰਤਰੀ ਬਣੀ। ਅਕਾਲੀ ਦਲ ਅਤੇ ਸਮੁੱਚੇ ਪੰਜਾਬੀ ਭਾਈਚਾਰੇ ਦੇ ਦਬਾਅ ਪਾਉਣ 'ਤੇ ਕੇਂਦਰ ਵੱਲੋਂ ਪੰਜਾਬ ਦੇ ਹਿੰਦੀ ਬੋਲਦਿਆਂ ਇਲਾਕਿਆਂ ਨੂੰ ਦਿੱਲੀ ਨਾਲ ਤੇ ਪਹਾੜੀ ਖੇਤਰ ਨੂੰ ਹਿਮਾਚਲ ਨਾਲ ਜੋੜਨ ਦਾ ਸੁਝਾਅ ਵਿਚਾਰ ਅਧੀਨ ਲਿਆਂਦਾ ਗਿਆ। ਅਜੋਕੇ ਸਮੇਂ ਅਕਾਲੀ ਦਾਲ ਬਾਦਲ ਦੀ ਭਾਈਵਾਲ ਭਾਰਤੀ ਜਨਤਾ ਪਾਰਟੀ ਤੇ ਉਸ ਵੇਲੇ ਦੀ ਜਨਸੰਘ ਦੇ ਸਕੱਤਰ ਯਗਦੱਤ ਸ਼ਰਮਾ ਨੇ ਪੰਜਾਬੀ ਸੂਬੇ ਬਣਾਉਣ ਦੇ ਵਿਰੁੱਧ ਮਰਨ ਵਰਤ ਸ਼ੁਰੂ ਕਰ ਦਿੱਤਾ।
ਸਥਿਤੀ ਨਿਰੰਤਰ ਵਿਗੜਦੀ ਵੇਖ ਕੇ 21 ਮਾਰਚ 1966 ਨੂੰ ਸੁਪਰੀਮ ਕੋਰਟ ਦੇ ਜੱਜ ਜਸਟਿਸ ਸ਼ਾਹ ਦੀ ਅਗਵਾਈ ਹੇਠ ਪੰਜਾਬ ਦੀ ਨਵੀਂ ਹੱਦ ਬੰਦੀ ਲਈ ਤਿੰਨ - ਮੈਂਬਰੀ ਕਮਿਸ਼ਨ ਬਣਾਇਆ ਗਿਆ ਤੇ ਇਸ ਪੁਰਨ ਗਠਨ ਦਾ ਆਧਾਰ 1961 ਦੀ ਦੋਸ਼ ਪੂਰਨ ਮਰਦਮ- ਸ਼ੁਮਾਰੀ ਨੂੰ ਬਣਾਇਆ ਗਿਆ। ਸ਼ਾਹ ਕਮਿਸ਼ਨ ਵੱਲੋਂ ਤਿਆਰ ਕੀਤੀ ਰਿਪੋਰਟ ਪੰਜਾਬੀਆਂ ਨਾਲ ਸ਼ਰੇਆਮ ਬੇਇਨਸਾਫ਼ੀ ਸੀ। ਭਾਰਤੀ ਸਾਂਸਦ ਵਿੱਚ 6 ਸਤੰਬਰ 1966 ਨੂੰ 'ਪੰਜਾਬ ਪੁਨਰਗਠਨ ਬਿੱਲ" ਉਤੇ ਬਹਿਸ ਹੋਈ, ਜਿਸ ਵਿੱਚ ਸਿੱਖ ਪੰਥ ਦੇ ਮਹਾਨ ਚਿੰਤਕ ਤੇ ਅਕਾਲੀ ਐਮ. ਪੀ. ਸਿਰਦਾਰ ਕਪੂਰ ਸਿੰਘ ਨੇ ਆਪਣੀ ਪ੍ਰਭਾਵਸ਼ਾਲੀ ਤਕਰੀਰ ਵਿੱਚ ਕਿਹਾ,''ਇਹ ਬਿੱਲ ਗੰਦਾ ਆਂਡਾ ਹੈ, ਜਿਸ ਦੇ ਕੁਝ ਭਾਗ ਭਾਵੇਂ ਵੇਖਣ ਨੂੰ ਠੀਕ ਹੀ ਲੱਗਣ, ਉਹ ਭੋਜਨ ਕਰਨ ਦੇ ਯੋਗ ਨਹੀਂ। ਤਿੰਨ ਕਾਰਨ ਇਸ ਨੂੰ ਨਾ ਕਬੂਲਣ ਦੇ ਹਨ। ਇਕ ਤਾਂ ਇਹ ਪਾਪ ਭਰੀ ਮਨਸ਼ਾ ਦੀ ਉਪਜ ਹੈ। ਦੂਜਾ ਇਸ ਨੂੰ ਜਮਾਉਣ ਵਾਲੀ ਕੁਚੱਜੀ ਹੈ। ਤੀਜਾ , ਇਹ ਦੇਸ਼ ਦੇ ਸਮੁੱਚੇ ਲਾਭਾਂ ਲਈ ਹਾਨੀਕਾਰਕ ਹੈ ਤੇ ਇਸ ਨਾਲ ਦੇਸ਼ 'ਤੇ ਰਾਜ ਕਰਨ ਵਾਲੀ ਜਾਤੀ ਤੋਂ ਲੋਕਾਂ ਦਾ ਵਿਸ਼ਵਾਸ ਉਠ ਜਾਏਗਾ। ਮੈਂ ਇਸ ਨੂੰ ਪਾਪ ਦੀ ਉਪਜ ਇਸ ਲਈ ਕਹਿੰਦਾ ਹਾਂ , ਕਿਉਂਕਿ ਸਿੱਖਾਂ ਨਾਲ ਜੋ ਵਿਸ਼ਵਾਸਘਾਤ , ਸੁਤੰਤਰ ਭਾਰਤ ਵਿੱਚ ਕੀਤਾ ਗਿਆ ਹੈ, ਇਹ ਉਸਦੀ ਆਖਰੀ ਕੜੀ ਹੈ। ਇਹ ਵਿਸ਼ਵਾਸਘਾਤ ਕਾਂਗਰਸੀ ਹਿੰਦੂ ਲੀਡਰਾਂ ਨੇ ਜਾਣ-ਬੁੱਝ ਕੇ ਉਸ ਸਿੱਖ ਕੌਮ ਨਾਲ ਕੀਤਾ ਹੈ, ਜਿਸ ਸਿੱਖ ਕੌਮ ਨੇ ਹਿੰਦੂ ਧਰਮ ਤੇ ਹਿੰਦੂ ਜਾਤੀ ਦੀ ਰੱਖਿਆ ਲਈ ਬੇਪਨਾਹ ਤੇ ਬੇਮਿਸਾਲ ਕੁਰਬਾਨੀਆਂ ਦਿੱਤੀਆਂ ਹਨ। ਇਹ ਧੋਖਾ ਉਹਨਾਂ ਸਿੱਖਾਂ ਨਾਲ ਹੋਇਆ ਹੈ, ਜਿਨ੍ਹਾਂ ਦਾ ਹੌਂਸਲਾ ਅਤੇ ਦੇਸ਼ ਭਗਤੀ ਸੰਸਾਰ ਪ੍ਰਸਿੱਧ ਹੈ" । ਪੰਜਾਬੀਆਂ ਨਾਲ ਅਕ੍ਰਿਤਘਣਤਾ ਦੀ ਮੂੰਹ ਬੋਲਦੀ ਤਸਵੀਰ ਪੂਰੇ ਵਿਸ਼ਵ ਸਾਹਮਣੇ ਪੇਸ਼ ਕਰਕੇ ਸਿਰਦਾਰ ਕਪੂਰ ਸਿੰਘ ਨੇ ਇਕ ਵਾਰ ਭਾਰਤੀ ਸਾਂਸਦ ਵਿੱਚ ਤਰਥੱਲੀ ਤਾਂ ਮਚਾ ਦਿੱਤੀ, ਪਰ ਕਾਂਗਰਸੀ ਐਮ.ਪੀਜ਼ ਦੀ ਬਹੁ - ਗਿਣਤੀ ਨਾਲ ਪੰਜਾਬ ਪੁਨਰਗਠਨ ਬਿੱਲ ਪਾਸ ਕਰ ਦਿੱਤਾ ਗਿਆ।
ਪਹਿਲੀ ਨਵੰਬਰ 1966 ਨੂੰ ਅਜੋਕਾ ਪੰਜਾਬ ਹੋਂਦ ਵਿੱਚ ਆਇਆ, ਜਿਸ ਵਿਚੋਂ ਚੰਡੀਗੜ੍ਹ, ਡਲਹੌਜ਼ੀ, ਊਨਾ, ਅੰਬਾਲਾ, ਕਰਨਾਲ, ਗੰਗਾਨਗਰ, ਸਰਸਾ ਵਰਗੇ ਪੰਜਾਬੀ ਬੋਲਦੇ ਇਲਾਕੇ ਦਵੈਤ- ਭਾਵਨਾ ਤੇ ਸਿਆਸੀ ਸਾਜਿਸ਼ਾਂ ਦੇ ਸਿੱਟੇ ਵਜੋਂ ਵੱਖਰੇ ਰੱਖੇ ਗਏ। ਨਵੇਂ ਬਣੇ ਪੰਜਾਬੀ ਸੂਬੇ ਦਾ ਮੁੱਖ ਮੰਤਰੀ ਗਿਆਨੀ ਗੁਰਮੁਖ ਸਿੰਘ 'ਮੁਸਾਫਰ' ਨੂੰ ਬਣਾਇਆ ਗਿਆ। ਉਨ੍ਹਾਂ ਤੋਂ ਮਗਰੋਂ ਪਹਿਲੇ ਗੈਰ- ਕਾਂਗਰਸੀ ਮੁੱਖ ਮੰਤਰੀ ਜਸਟਿਸ ਗੁਰਨਾਮ ਸਿੰਘ ਬਣੇ, ਜਿਨ੍ਹਾਂ ਨੂੰ ਅਕਾਲੀ ਦਲ ਵਿਧਾਇਕਾਂ ਦਾ ਲੀਡਰ ਚੁਣਿਆ ਗਿਆ। ਪੰਜਾਬੀ ਸੂਬੇ ਦੇ ਇਤਿਹਾਸ ਵਿੱਚ ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿੱਪੀ ਲਾਗੂ ਕਰਵਾਉਣ ਲਈ ਸਭ ਤੋਂ ਵੱਧ ਮਜ਼ਬੂਤ ਕਦਮ ਚੁੱਕਣ ਅਤੇ ਠੋਸ ਫੈਸਲੇ ਕਰਨ ਲਈ ਮੁੱਖ ਮੰਤਰੀ ਸਰਦਾਰ ਲੱਛਮਣ ਸਿੰਘ ਗਿੱਲ ਦਾ ਨਾਂ ਅੱਜ ਵੀ ਸਤਿਕਾਰ ਨਾਲ ਲਿਆ ਜਾਂਦਾ ਹੈ, ਜਿਨ੍ਹਾਂ ਨੂੰ ਪੰਜਾਬੀ ਬੋਲੀ ਦੇ ਸੱਚੇ-ਸੁੱਚੇ ਸਪੁੱਤਰ ਵਜੋਂ ਸਦਾ ਹੀ ਯਾਦ ਕੀਤਾ ਜਾਂਦਾ ਰਹੇਗਾ। ਸਰਦਾਰ ਗਿੱਲ ਤੋਂ ਇਲਾਵਾ ਪੰਜਾਬੀ ਬੋਲਦੇ ਇਲਾਕਿਆਂ ਅਤੇ ਚੰਡੀਗੜ੍ਹ ਨੂੰ ਪੰਜਾਬ ਵਿੱਚ ਸ਼ਾਮਲ ਕਰਨ ਲਈ ਸੰਘਰਸ਼ ਕਰਨ ਵਾਲੇ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਦੀ ਕੁਰਬਾਨੀ ਦਾ ਸਿੱਖ ਇਤਿਹਾਸ ਵਿੱਚ ਬੜਾ ਸਤਿਕਾਰ ਹੈ, ਜਿਨ੍ਹਾਂ ਸ੍ਰੀ ਅਕਾਲ ਤਖ਼ਤ ਤੋਂ ਅਰਦਾਸ ਕਰਕੇ 15 ਅਗਸਤ 1969 ਨੂੰ ਭਾਰਤ ਦੀ ਅਖੌਤੀ ਆਜ਼ਾਦੀ ਵਾਲੇ ਦਿਨ 'ਤੇ ਮਰਨ ਵਰਤ ਅਰੰਭਿਆ, ਪਰ ਪੰਜਾਬ ਵਿਰੋਧੀ ਸਰਕਾਰ ਦੇ ਕੰਨੀ ਜੂੰ ਨਾ ਸਰਕੀ। ਆਖਿਰਕਾਰ 74 ਦਿਨ ਭੁੱਖਾ ਰਹਿ ਕੇ 27 ਅਕਤੂਬਰ 1969 ਨੂੰ ਭਾਈ ਦਰਸ਼ਨ ਸਿੰਘ ਫੇਰੂਮਾਨ ਪੰਜਾਬੀ ਬੋਲਦੇ ਇਲਾਕਿਆਂ ਦੀ ਪ੍ਰਾਪਤੀ ਲਈ ਸ਼ਹੀਦੀ ਪਾ ਗਏ।
ਸ਼ਹੀਦ ਫੇਰੂਮਾਨ ਦੀ ਕੁਰਬਾਨੀ ਨੂੰ ਪੰਜਾਹ ਸਾਲ ਗੁਜ਼ਰ ਗਏ ਹਨ, ਪਰ ਪੰਜਾਬੀ ਵਿਰੋਧੀ ਕੇਂਦਰੀ ਸਰਕਾਰਾਂ ਨੇ ਪੰਜਾਬ ਦੇ ਪੰਜਾਬੀ ਬੋਲਦੇ ਇਲਾਕਿਆਂ ਅਤੇ ਚੰਡੀਗੜ੍ਹ ਨੂੰ ਪੰਜਾਬ ਵਿੱਚ ਸ਼ਾਮਲ ਕਰਨ ਲਈ ਕੋਈ ਵੀ ਮੰਗ ਨਹੀਂ ਮੰਨੀ। ਆਪਣੇ ਆਪ ਨੂੰ ਸਿੱਖਾਂ ਦੀ ਪ੍ਰਤੀਨਿਧ ਜਥੇਬੰਦੀ ਅਖਵਾਉਣ ਵਾਲੇ ਅਕਾਲੀ ਦਲ ਦੀ ਸਰਕਾਰ ਨੇ ਵੀ ਆਪਣੇ ਸਮੇਂ ਦੌਰਾਨ ਭਾਈਵਾਲ ਭਾਜਪਾ ਦੀਆਂ ਕੇਂਦਰੀ ਸਰਕਾਰਾਂ ਤੋਂ ਇਹ ਇਲਾਕੇ ਵਾਪਸ ਲੈਣ ਲਈ ਕੋਈ ਸਾਰਥਕ ਯਤਨ ਨਹੀਂ ਕੀਤਾ। ਵਰਤਮਾਨ ਸਮੇਂ ਪੰਜਾਬ ਇਕ ਚੋਪੜਿਆ- ਲੇਪਿਆ ਜ਼ਿਲ੍ਹਾ- ਪਰੀਸ਼ਦ ਬਣ ਕੇ ਰਹਿ ਗਿਆ ਹੈ । ਪੰਜਾਬ ਤੋਂ ਪੰਜਾਬੀ ਬੋਲਦੇ ਇਲਾਕੇ ਖੋਹ ਕੇ ਕੀਤੀ ਗਈ ਕਾਣੀ- ਵੰਡ ਮਗਰੋਂ ਪੰਜਾਬ ਦੇ ਪਾਣੀਆਂ ਦੀ ਵੰਡ ਨੇ ਬਾਕੀ ਰਹਿੰਦੀ ਕਸਰ ਵੀ ਪੂਰੀ ਕਰ ਦਿੱਤੀ ਹੈ। ਪੰਜਾਬ ਦੇ ਦਰਿਆਵਾਂ ਦਾ 75 ਫੀਸਦੀ ਪਾਣੀ ਹਰਿਆਣਾ ਤੇ ਰਾਜਸਥਾਨ ਮੁਫ਼ਤ ਲੁੱਟ ਰਹੇ ਹਨ, ਜਦਕਿ ਪੰਜਾਬ ਦੀ 65 ਫੀਸਦੀ ਜ਼ਮੀਨ ਨੂੰ ਇਨ੍ਹਾਂ ਦਰਿਆਵਾਂ ਦਾ ਪਾਣੀ ਨਸੀਬ ਨਹੀਂ। ਪੰਜਾਬ ਦੀ ਧਰਤੀ 'ਤੇ ਪੰਜਾਬ ਦੇ ਪੈਸੇ ਨਾਲ ਬਣੇ ਡੈਮ ਦੀ ਬਿਜਲੀ ਲਈ ਪੰਜਾਬੀ ਤਰਸ ਰਹੇ ਹਨ, ਜਦਕਿ ਉਸਦਾ ਸੁਆਦ ਪੰਜਾਬੋਂ ਬਾਹਰਲੇ ਮਾਣ ਰਹੇ ਹਨ। ਦਰਅਸਲ ਇਹ ਸਾਰੀ ਕਹਾਣੀ 'ਆਜ਼ਾਦੀ ਦੇ ਨਾਂ ਹੇਠ ਮਿਲੀ ਗੁਲਾਮੀ ਦੀ ਦਾਸਤਾਨ' ਹੈ, ਜਿਸਦਾ ਦੋਜ਼ਖ਼ ਅੱਜ ਸਮੁੱਚਾ ਪੰਜਾਬੀ ਭਾਈਚਾਰਾ ਭੋਗ ਰਿਹਾ ਹੈ। 

ਹੋਰ ਕਿਸਨੂੰ ਆਖੋਗੇ ਨਸਲਕੁਸ਼ੀ? - ਡਾ. ਗੁਰਵਿੰਦਰ ਸਿੰਘ

ਜਦ ਸੱਤਾ ਦੇ ਸਿੰਘਾਸਣ ਉੱਪਰ
ਬੈਠ ਜਾਣ ਆਦਮਖੋਰ
ਤੇ ਦਹਾੜ੍ਨ ਉਨ੍ਹਾਂ ਦੇ ਮੁਕੱਦਮ
ਨਾਲ ਆ ਰਲੇ ਕੁਤੀੜ੍ ਅਾਦਮ ਬੋ ਕਰਦੀ
ਸਾਰੇ ਟੁੱਟ ਪੈਣ ਬੇਗੁਨਾਹਾਂ 'ਤੇ
ਖੇਡਣ ਖੂਨ ਦੀ ਹੋਲੀ
ਮਾਸੂਮ ਬਾਲਾਂ, ਧੀਆਂ ਤੇ ਬਿਰਧਾਂ ਦੀ
ਧਰਤੀ ਹਰ ਥਾਂ ਹੋ ਜਾਏ ਲਹੂ-ਲੁਹਾਣ,
ਹੋਰ ਕਿਸਨੂੰ ਆਖੋਗੇ ਨਸਲਕੁਸ਼ੀ?

ਜਦ ਰੱਖਿਅਕ ਹੀ ਬਣ ਜਾਣ ਭੱਖਿਅਕ
ਤੇ ਮਿਥ ਕੇ ਕਰਨ ਨਿਸ਼ਾਨਦੇਹੀ ਮਜ਼ਲੂਮਾਂ ਦੀ
ਘੜਨ ਯੋਜਨਾ ਖੁਰਾ-ਖੋਜ ਮਿਟਾਉਣ ਦੀ
ਕਰਨ ਜਨੂੰਨੀਆਂ ਦੀ ਪੁਸ਼ਤ- ਪਨਾਹੀ
ਦੇਣ ਖੱਲ੍ਹ ਮੌਤ ਦੇ ਤਾਂਡਵ ਦੀ
ਦਿਸੇ ਜਿਥੇ ਵੀ 'ਖਾਸ' ਨਸਲ ਦਾ ਕੋਈ ਸ਼ਖਸ
ਜਿਉਂਦੇ ਜੀ ਜਲਾ ਦਿਤਾ ਜਾਵੇ ਸ਼ਰੇ- ਬਾਜ਼ਾਰ
ਤੇ ਪਿੱਛੇ ਬਚੇ ਨਾ ਉਸਦਾ ਘਰ ਪਰਿਵਾਰ
ਹੋਰ ਕਿਸਨੂੰ ਆਖੋਗੇ ਨਸਲਕੁਸ਼ੀ?

ਜਦ ਸਰਕਾਰੀ ਦਹਿਸ਼ਤਗਰਦੀ ਦਾ ਹੋਵੇ ਨੰਗਾ-ਨਾਚ
ਆਕਾਸ਼ ਨੂੰ ਛੂਹ ਜਾਣ ਜਨੂੰਨੀ ਨਾਹਰਿਆਂ ਦੇ ਭਾਂਬੜ
ਮਖੌਟਾਧਾਰੀ ਨਾਇਕ ਪਾਉਣ ਬਲਦੀ 'ਤੇ ਤੇਲ
ਤੇ ਚੀਖਣ ਪਏ 'ਖੂਨ ਦਾ ਬਦਲਾ ਖੂਨ'
ਇੱਕ ਨਹੀਂ ਸੈਂਕੜੇ -ਹਜ਼ਾਰਾਂ ਦਾ ਖੂਨ
ਹਰ ਇੱਕ ਦਾ ਖੂਨ ਹਰ 'ਸਿੱਖ' ਦਾ ਖੂਨ
ਬੁੱਢੀ ਮਾਂ ਦਾ ਖੂਨ ਬਿਰਧ ਬਾਪ ਦਾ ਖੂਨ
ਜਵਾਨ ਪੁੱਤ ਦਾ ਖੂਨ ਮੁਟਿਆਰ ਧੀ ਦਾ ਖੂਨ
ਅਣਜੰਮੇ ਜੀਅ ਦਾ ਖੂਨ....
ਇੱਕੋ ਸ਼ਕਲ ਦਾ ਖੂਨ, ਇਕੋ ਨਸਲ ਦਾ ਖੂਨ
ਮੈਨੂੰ ਦੱਸੋ ਤਾਂ ਸਹੀ
ਹੋਰ ਕਿਸਨੂੰ ਆਖੋਗੇ ਨਸਲਕੁਸ਼ੀ?

ਜਦ ਨਿਸ਼ਾਨਾ ਹੋਵੇ ਇੱਕ ਹੀ ਕੌਮ
ਰਤਾ ਵੀ ਰਹੇ ਨਾ ਫਰਕ ਕੋਈ
ਨਿਸ਼ਾਨਾ ਬਣੇ ਪੀੜ੍ਤ ਬਾਰੇ ਕਿ
ਕਿਹੜੀ ਹੈ ਉਸਦੀ ਸਿਆਸੀ ਜਮਾਤ?
ਕਿਹੜੀ ਹੈ ਉਸਦੀ ਵਿਚਾਰਧਾਰਾ?
ਕਿਹੜਾ ਹੈ ਉਸਦਾ ਵਪਾਰ-ਕਾਰੋਬਾਰ?
ਕੀ ਉਹ ਹੈ ਆਸਤਿਕ ਜਾਂ ਨਾਸਤਿਕ?
ਕੀ ਉਹ ਹੈ ਅਕਾਲੀ ਜਾਂ ਕਾਂਗਰਸੀ?
ਕੀ ਉਹ ਹੈ ਸੱਜੇਪੱਖੀ ਜਾਂ ਖੱਬੇਪੱਖੀ?
ਕੀ ਉਹ ਹੈ ਕਲੀਨਸ਼ੇਵ ਜਾਂ ਅੰਮ੍ਰਿਤਧਾਰੀ?
ਕੀ ਉਹ ਹੈ ਮਿਸ਼ਨਰੀ ਜਾਂ ਟਕਸਾਲੀ?
ਕੀ ਉਹ ਹੈ ਫੰਡਮੈਂਟਲਿਸਟ ਜਾਂ ਮਾਡਰੇਟ?
ਉਹ ਹੋਏ ਚਾਹੇ ਕਿਸੇ ਵੀ ਸੂਰਤ-ਮੂਰਤ 'ਚ
ਉਸ ਦੀ ਨਸਲ ਮਿਟਾਉਣ ਲਈ ਬੱਸ ਏਨਾ ਹੀ ਕਾਫੀ
ਕਿ ਉਹ ਹੈ ਸਰਬੱਤ ਦਾ ਭਲਾ ਮੰਗਣ ਵਾਲਾ 'ਸਿੱਖ'
ਉਸ ਦੀ ਅਲਖ ਮੁਕਾਉਣ ਲਈ ਬੱਸ ਏਨਾ ਹੀ ਬਹੁਤ ਕਿ
ਉਹ ਹੈ ਪੰਜਾਬਣ ਦਾ ਜਾਇਆ, ਗੁਰਮੁੱਖੀ ਦਾ ਪੁੱਤਰ
ਉਸ ਦੇ ਕਤਲ ਲਈ ਬੱਸ ਇਹੀ ਕਸੌਟੀ ਕਾਫੀ
ਕਿ ਉਸਦੇ ਹੱਥ 'ਚ ਨਜ਼ਰ ਆਉਂਦਾ ਹੈ 'ਕੜਾ',
ਜਿਸਨੂੰ ਲਹੂ ਨਾਲ ਕਰਕੇ ਲੱਥ-ਪੱਥ ਆਖਣ
'ਮਾਰੋ ਇਨ ਸਰਦਾਰੋਂ ਕੋ, ਦੇਸ਼ ਕੇ ਗੱਦਾਰੋਂ ਕੋ'
ਕੋਈ ਮੈਨੂੰ ਦੱਸੇ ਤਾਂ ਸਹੀ,
ਹੋਰ ਕਿਸਨੂੰ ਆਖੋਗੇ ਨਸਲਕੁਸ਼ੀ?

ਜਦ ਇੱਕ ਨਸਲ 'ਤੇ ਆ ਝਪਟਣ 'ਸਾਰੇ ਸ਼ੈਤਾਨ'
ਕਾਤਲ ਬਣ ਕੇ ਹੋਣ ਇਕੱਠੇ 'ਸਭ ਸਿਆਸੀ ਹੈਵਾਨ'
ਹੋਏ ਸਭ ਦਾ ਇਕ ਨਿਸ਼ਾਨਾ ਇੱਕੋ ਚੋਣ- ਐਲਾਨ
ਹੈ ਮਿਟਾਉਣਾ ਭਾਰਤ ਵਿੱਚੋਂ ਸਿੱਖ ਦਾ ਨਾਮੋ-ਨਿਸ਼ਾਨ
ਇਕ ਕਹੇ 'ਜਦ ਡਿਗਦਾ ਵੱਡਾ ਰੁੱਖ,
ਤਾਂ ਕੰਬਦੀ ਹੈ ਧਰਤੀ'
ਦੂਜਾ ਕਹੇ 'ਖੁਦ ਪੀੜ੍ਹਤ ਹੀ ਹੈ ਦੋਸ਼ੀ
ਤੇ ਉਸਨੂੰ ਮਿਲਿਆ ਹੈ 'ਸਬਕ' ਵੱਡਾ ਰੁੱਖ ਡਿੱਗਣ 'ਤੇ'
ਸ਼ਿਤਮਜਰੀਫੀ ਇਸ ਤੋਂ ਵੱਡੀ ਹੋ ਨਹੀਂ ਸਕਦੀ,
ਜਦ ਬਘਿਆੜਾਂ ਦੀ ਇੱਕ ਢਾਣੀ ਵਲੋਂ
ਧਰਤੀ ਕੰਬਣ ਦੀ ਤਸ਼ਬੀਹ ਵਾਲਾ
ਐਲਾਨ ਦਿੱਤਾ ਜਾਏ 'ਭਾਰਤ ਰਤਨ'
ਤੇ ਬਘਿਆੜਾਂ ਦੀ ਦੂਜੀ ਢਾਣੀ ਵਲੋਂ
ਕਤਲੇਆਮ ਦਾ ਹਮਾਇਤੀ ਵੀ
ਐਲਾਨ ਦਿੱਤਾ ਜਾਏ 'ਭਾਰਤ ਰਤਨ'
ਤੇ ਜਿਹੜੇ ਚੜ੍ਹ ਗਏ ਫਾਂਸੀਆਂ,
ਭੇਜੇ ਗਏ ਕਾਲੇਪਾਣੀਆਂ ਨੂੰ,
ਉਡਾਏ ਗਏ ਤੋਪਾਂ ਸਾਹਵੇਂ,
ਡੱਕੇ ਗਏ ਜੇਲ੍ਹਾਂ ਦੀਆਂ ਸਲਾਖਾਂ ਪਿਛੇ,
ਸ਼ਹੀਦ ਹੋਏ ਹੱਦਾ-ਸਰਹੱਦਾਂ ਦੀ ਰਾਖੀ ਕਰਦਿਆਂ,
ਉਨ੍ਹਾਂ ਦੀ ਦਿੱਤਾ ਜਾਏ ਇਹ ਇਨਾਮ:

ਨਸਲਕੁਸ਼ੀ! ਨਸਲਕੁਸ਼ੀ!! ਨਸਲਕੁਸ਼ੀ!!!

ਡਾ. ਗੁਰਵਿੰਦਰ ਸਿੰਘ

'ਕੈਨੇਡੀਅਨ ਚਾਰਟਰ ਆਫ਼ ਰਾਈਟਸ' ਦੇ ਜਨਮਦਾਤਾ : ਪੀਅਰੇ ਇਲੀਅਟ ਟਰੂਡੋ - ਡਾ. ਗੁਰਵਿੰਦਰ ਸਿੰਘ

ਜਨਮ ਸ਼ਤਾਬਦੀ 'ਤੇ ਵਿਸ਼ੇਸ਼ ( 18 ਅਕਤੂਬਰ 1919--18 ਅਕਤੂਬਰ 2019)
'ਕੈਨੇਡੀਅਨ ਚਾਰਟਰ ਆਫ਼ ਰਾਈਟਸ' ਦੇ ਜਨਮਦਾਤਾ : ਪੀਅਰੇ ਇਲੀਅਟ ਟਰੂਡੋ
ਡਾ. ਗੁਰਵਿੰਦਰ ਸਿੰਘ

ਵਿਸ਼ਵ ਇਤਿਹਾਸ ਵਿੱਚ ਕਈ ਅਜਿਹੇ ਸਿਆਸਤਦਾਨ ਹੋਏ ਹਨ, ਜਿੰਨਾਂ ਆਪਣੀ ਵਿਲੱਖਣ ਸ਼ਖ਼ਸੀਅਤ ,ਪ੍ਰੌੜ੍ਹ ਦ੍ਰਿਸ਼ਟੀ,ਮਹਾਨ ਨੀਤੀ ਤੇ ਸਵੱਛ ਰਾਜਨੀਤਕ ਪਹੁੰਚ ਨਾਲ ਦੁਨੀਆ 'ਚ ਨਵੇਂ ਦਿਸ-ਹੱਦੇ ਸਥਾਪਿਤ ਕੀਤੇ ਹਨ। 20ਵੀਂ ਸਦੀ ਦੇ ਕੈਨੇਡੀਅਨ ਇਤਿਹਾਸ ਵਿੱਚ ਪੀਅਰੇ ਇਲੀਅਟ ਟਰੂਡੋ ਅਜਿਹੇ ਹੀ ਪ੍ਰਤਿਭਾਵਾਨ ਰਾਜਨੇਤਾ ਹੋਏ ਹਨ, ਜਿਨ੍ਹਾਂ ਆਪਣੇ ਬਹੁਪੱਖੀ ਅਤੇ ਬਹੁਪਾਸਾਰੀ ਵਿਅਕਤੀਤਵ ਦੀ ਬਦੌਲਤ, ਇਸ ਭੂ-ਖੰਡ ਦਾ ਨਾਂ ਸੰਸਾਰ ਦੇ ਨਕਸ਼ੇ 'ਤੇ ਸ਼ਾਨਦਾਰ ਰੂਪ ਵਿੱਚ ਉਜਾਗਰ ਕੀਤਾ। ਘੱਟ ਗਿਣਤੀਆਂ ਦੇ ਰੱਖਿਅਕ ਅਤੇ ਸਮਾਜਿਕ ਸਮਾਨਤਾ ਦੇ ਪਹਿਰੇਦਾਰ ਟਰੂਡੋ ਨੇ ਜਿੱਥੇ ਕੈਨੇਡਾ ਦੇ ਮੂਲ ਵਸਨੀਕਾਂ ਦੇ ਸਭਿਆਚਾਰਕ ਵਿਕਾਸ ਦੇ ਪਰਿਪੇਖ ਵਿੱਚ ਅਹਿਮ ਭੂਮਿਕਾ ਨਿਭਾਈ, ਉੱਥੇ ਪ੍ਰਵਾਸੀਆਂ ਦੀ ਸਥਾਪਤੀ ਅਤੇ ਪਛਾਣ ਦੇ ਪ੍ਰਸੰਗ ਵਿੱਚ ਵੀ ਬੇਮਿਸਾਲ ਯੋਗਦਾਨ ਪਾਇਆ। ਪੀਅਰੇ ਇਲੀਅਟ ਟਰੂਡੋ ਵਲੋਂ ਕੈਨੇਡਾ ਵਸਦੇ ਪ੍ਰਵਾਸੀ ਸਿੱਖਾਂ ਦੀ ਬੇਮਿਸਾਲ ਸਹਾਇਤਾ ਦਾ ਹੀ ਇਹ ਨਤੀਜਾ ਹੈ ਕਿ ਅੱਜ ਸਿੱਖ ਭਾਈਚਾਰਾ ਟਰੂਡੋ ਦੇ ਵਡਮੁੱਲੇ ਮਾਪਦੰਡਾਂ ਨੂੰ ਆਪਣੇ ਵਿਕਾਸ ਲਈ ਚਾਨਣ ਮੁਨਾਰਾ ਮੰਨਦਾ ਹੈ।
'ਕੈਨੇਡੀਅਨ ਚਾਰਟਰ ਆਫ਼ ਰਾਈਟਸ' ਦੇ ਜਨਮਦਾਤਾ ਪੀਅਰੇ ਇਲੀਅਟ ਟਰੂਡੋ ਦਾ ਜਨਮ 18 ਅਕਤੂਬਰ 2919 ਈਸਵੀ ਨੂੰ ਪਿਤਾ ਚਾਰਸਲ ਟਰੂਡੋ ਦੇ ਘਰ, ਮਾਤਾ ਸਰੇਗ ਟਰੂਡੋ ਦੀ ਕੁੱਖੋਂ ਮੋਂਟਰੀਅਲ, ਕੈਨੇਡਾ ਵਿੱਚ ਹੋਇਆ। ਬਚਪਨ ਤੋਂ ਹੀ ਉਹਨਾਂ ਅੰਦਰ ਦੁਨੀਆਂ ਦਾ ਮਹਾਨ ਵਿਅਕਤੀ ਬਣਨ ਦਾ ਬੇਹੱਦ ਚਾਅ ਤੇ ਦ੍ਰਿੜ੍ਹ ਵਿਸ਼ਵਾਸ ਮੌਜੂਦ ਸੀ। ਇਸ ਸੁਪਨੇ ਨੂੰ ਸਾਕਾਰ ਕਰਨ ਵਾਸਤੇ ਪੀਅਰੇ ਟਰੂਡੋ ਨੇ ਅਣਥੱਕ ਮਿਹਨਤ ਕੀਤੀ ਤੇ ਤਾਲੀਮ ਦੇ ਚਿਰਾਗ ਤੋਂ ਪ੍ਰਕਾਸ਼ ਦੀਆਂ ਰਿਸ਼ਮਾਂ ਲੈ ਕੇ ਨਵੀਆਂ ਸੰਭਾਵਨਾਵਾਂ ਨੂੰ ਜਨਮ ਦਿੱਤਾ। ਪਹਿਲਾਂ ਤੋਂ ਬਣੀਆਂ ਪਗਡੰਡੀਆਂ ਦੇ ਪਾਂਧੀ ਬਣਨ ਦੀ ਥਾਂ ਬਿਖੜੇ ਪੈਂਡੇ ਤਹਿ ਕਰਕੇ, ਨਵੇਂ ਰਾਹ ਉਲੀਕਣ ਵਾਲੇ ਅਤੇ ਵਗਦੇ ਵਹਿਣਾਂ ਨਾਲ ਵਹਿ ਤੁਰਨ ਦੀ ਥਾਂ ਵਹਾਵਾਂ ਦੀ ਦਿਸ਼ਾ ਬਦਲਣ ਦੀ ਸਮਰੱਥਾ ਦੇ ਧਾਰਨੀ ਵਜੋਂ, ਉਹ ਹਮੇਸ਼ਾ ਇਨਕਲਾਬੀ ਨੌਜਵਾਨ ਦੇ ਰੂਪ ਵਿੱਚ ਉੱਭਰੇ । ਉਹਨਾਂ ਦੇ ਕਹੇ ਸ਼ਬਦ "ਮੈਂ ਇਰਾਦਾ ਬਣਾ ਲਿਆ ਹੈ ਕਿ ਸਦਾ ਧਾਰਾ ਦੇ ਉਲਟ ਹੀ ਤਰਾਂਗਾ " ਉਹਨਾਂ ਦੇ ਲੋਹ-ਪੁਰਖੀ ਕਿਰਦਾਰ ਦੀ ਗਵਾਹੀ ਭਰਦੇ ਹਨ।
ਨਿਰੰਤਰ ਘਾਲਣਾ, ਆਤਮ ਵਿਸ਼ਵਾਸ ਅਤੇ ਸਿਆਸੀ ਸੂਝਬੂਝ ਦੇ ਸਿੱਟੇ ਵਜੋਂ ਪੀਅਰੇ ਇਲੀਅਟ ਟਰੂਡੋ ਕੈਨੇਡਾ ਦੀ ਲਿਬਰਲ ਪਾਰਟੀ ਰਾਂਹੀ ਚੋਣਾਂ ਜਿੱਤਣ ਮਗਰੋਂ ਸੰਨ 1968 ਈਸਵੀ 'ਚ ਪਹਿਲੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਚੁਣੇ ਗਏ। 7 ਅਪ੍ਰੈਲ 1968 ਨੂੰ ਰਾਜਧਾਨੀ 'ਚੋਂ ਉਹਨਾਂ ਦੇਸ਼ਵਾਸੀਆਂ ਨੂੰ ਸੰਬੋਧਨ ਕਰਦਿਆਂ ਇਹ ਯਕੀਨ ਦੁਆਇਆ ਕਿ ਉਹ ਆਪਣੀ ਸੰਪੂਰਨ ਸ਼ਕਤੀ ਕੈਨੇਡਾ ਨੂੰ ਸੰਸਾਰ ਦਾ ਸਿਰਮੌਰ ਦੇਸ਼ ਬਣਾਉਣ 'ਚ ਲਾ ਦੇਣਗੇ। ਸੱਚਮੁੱਚ ਉਹ ਆਪਣੇ ਸ਼ਬਦਾਂ 'ਤੇ ਪੂਰੇ ਉਤਰੇ ਤੇ ਕੈਨੇਡਾ ਦੇ ਵਿਕਾਸ ਲਈ ਯੁੱਗ-ਪੁਰਸ਼ ਸਾਬਤ ਹੋਏ। ਉਹ ਸੰਨ 1979 ਤੱਕ ਲਗਾਤਾਰ ਗਿਆਰਾਂ ਸਾਲ ਅਤੇ ਮਗਰੋਂ 1980 ਤੋਂ 1984 ਤੱਕ ਚਾਰ ਵਰ੍ਹੇ ਹੋਰ ਕੈਨੇਡਾ ਦੇ ਪ੍ਰਧਾਨ ਮੰਤਰੀ ਰਹੇ। ਇਸ ਡੇਢ ਦਹਾਕੇ ਵਿੱਚ ਪੀਅਰੇ ਇਲੀਅਟ ਟਰੂਡੋ ਨੇ ਅਜੋਕੇ ਕੈਨੇਡੀਅਨ ਸੰਵਿਧਾਨ ਦੀ ਸਥਾਪਨਾ ਤੋਂ ਲੈ ਕੇ ਮਾਨਵੀ ਹੱਕਾਂ ਦੀ ਪੈਰਵੀ ਤੱਕ, ਮਹਾਨ ਪ੍ਰਸ਼ਾਸ਼ਕ ਵਜੋਂ ਲੰਮਾ ਪੈਂਡਾ ਬੇਹੱਦ ਕਾਮਯਾਬੀ ਨਾਲ ਤਹਿ ਕੀਤਾ।
ਮਹਾਨ ਸਿਆਸੀ ਆਗੂ ਤੋਂ ਇਲਾਵਾ ਟਰੂਡੋ ਇਕ ਸੱਚੇ-ਸੁੱਚੇ ਤੇ ਨੇਕ-ਦਿਲ ਇਨਸਾਨ ਵਜੋਂ ਵੀ ਬਹੁ-ਚਰਚਿਤ ਰਹੇ। ਉਹਨਾਂ ਕੈਨੇਡਾ ਦੇ ਮੁਖੀ ਦੇ ਅਹੁੱਦੇ 'ਤੇ ਬਿਰਾਜੇ ਹੋਇਆਂ ਵੀ ਇਸ ਰੁਤਬੇ ਨੂੰ ਆਪਣੀ ਸਾਦੀ ਪਰਿਵਾਰਕ ਜ਼ਿੰਦਗੀ ਤੋਂ ਅਲਹਿਦਾ ਰੱਖਿਆ। ਇਸ ਮਹਾਨਤਾ ਸਦਕਾ ਵੀ ਉਹ ਲੋਕਾਂ ਦੇ ਮਹਿਬੂਬ ਆਗੂ ਬਣੇ। ਅਜਿਹੀ ਹੀ ਇਕ ਮਿਸਾਲ ਹੈ ਕਿ ਪੀਅਰੇ ਇਲੀਅਟ ਟਰੂਡੋ ਇਕ ਵਾਰ ਆਪਣੇ ਪਰਿਵਾਰ ਸਮੇਤ ਕਿਸੇ ਸੈਰ-ਗਾਹ 'ਤੇ ਘੁੰਮਣ- ਫਿਰਨ ਗਏ। ਜਦੋਂ ਉਹ ਆਪਣੇ ਬੱਚਿਆ ਨਾਲ ਆਨੰਦ ਲੈ ਰਹੇ ਸਨ, ਤਾਂ ਅਚਾਨਕ ਸਥਾਨਕ ਕਰਮਚਾਰੀਆਂ ਨੂੰ ਪ੍ਰਧਾਨ ਮੰਤਰੀ ਦੀ ਆਮਦ ਦਾ ਪਤਾ ਲੱਗ ਗਿਆ। ਇਕਦਮ ਹਫੜਾ-ਦਫੜੀ ਮੱਚ ਗਈ ਤੇ ਟਰੂਡੋ ਦੇ ਨੇੜੇ- ਤੇੜੇ ਸੁਰੱਖਿਆ ਘੇਰਾ ਬਣਾ ਦਿੱਤਾ ਗਿਆ। ਅਜਿਹੇ ਪ੍ਰਬੰਧ ਬਾਰੇ ਜਦੋਂ ਟਰੂਡੋ ਨੂੰ ਪਤਾ ਲੱਗਿਆ, ਤਾਂ ਉਹਨਾਂ ਕਾਰਨ ਬੇ -ਵਜ੍ਹਾ ਹੀ ਹੋਰਨਾਂ ਸੈਲਾਨੀਆਂ ਨੂੰ ਆਈ ਸਮੱਸਿਆ ਲਈ ਟਰੂਡੋ ਨੇ ਬੁਰਾ ਮਨਾਇਆ। ਉਹਨਾਂ ਸੁਰੱਖਿਆ ਅਮਲੇ ਨੂੰ ਸਾਫ ਸ਼ਬਦਾਂ 'ਚ ਕਿਹਾ ਕਿ ਇਥੇ ਕੇਵਲ ਇਕ ਪਿਤਾ ਆਪਣੇ ਬੱਚਿਆਂ ਨਾਲ ਸੈਰ ਕਰਨ ਆਇਆ ਹੈ, ਜਿਸਨੂੰ ਆਪਣੇ ਵਰਗੇ ਹੋਰਨਾਂ ਨਾਗਰਿਕਾਂ ਤੋਂ ਕੋਈ ਖਤਰਾ ਨਹੀਂ। ਇੱਥੇ ਪ੍ਰਧਾਨ ਮੰਤਰੀ ਨਹੀਂ ਆਇਆ ਤੇ ਜੇਕਰ ਉਸਨੂੰ ਵੇਖਣਾ ਹੈ, ਤਾਂ ਜਾ ਕੇ ਪਾਰਲੀਮੈਂਟ ਹਿੱਲ 'ਤੇ ਵੇਖਣ।' ਆਪਣੀ ਪਦਵੀ ਨੂੰ ਨਿੱਜੀ ਜੀਵਨ ਤੋਂ ਵੱਖ ਕਰਕੇ, ਸਾਧਾਰਨ ਜ਼ਿੰਦਗੀ ਬਸਰ ਕਰਨ ਵਾਲੇ ਅਜਿਹੇ ਵਿਅਕਤੀ ਵਰਤਮਾਨ ਸਿਆਸਤ ਵਿੱਚ ਵਿਰਲੇ ਹੀ ਮਿਲਦੇ ਹਨ।
ਪੀਅਰੇ ਇਲੀਅਟ ਟਰੂਡੋ ਜਿੱਥੇ ਬੇਹੱਦ ਮਿਲਣਸਾਰ, ਹੱਸਮੁੱਖ ਅਤੇ ਮਜ਼ਾਹੀਆ ਸੁਭਾਅ ਵਾਲੇ ਇਨਸਾਨ ਸਨ, ਉੱਥੇ ਬੜੇ ਪ੍ਰੇਮ ਤੇ ਜਜ਼ਬੇ- ਭਰਪੂਰ ਦ੍ਰਿਸ਼ਟੀ ਦੇ ਮਾਲਕ ਵੀ ਸਨ। ਉਹ ਤਰਕ ਦੇ ਤਲਵਾਰੀਏ ਸਨ। ਵਿਰੋਧੀ ਵੀ ਉਹਨਾਂ ਦੀ ਦਲੀਲ ਤੋਂ ਪ੍ਰਭਾਵਿਤ ਹੁੰਦੇ। ਇਕ ਕੋਮਲ ਹਿਰਦੇ ਵਾਲੇ ਇਨਸਾਨ ਵਜੋਂ ਉਹਨਾਂ ਦੀ ਉਦਾਹਰਣ, ਨੌਜਵਾਨ ਪੁੱਤਰ ਮਿਸ਼ੈਲ ਟਰੂਡੋ ਦੇ ਸੰਨ 1998 ਈਸਵੀ 'ਚ ਬੀ.ਸੀ. ਦੀ ਕੋਕਨੀ ਲੇਕ 'ਚ ਸਕੇਟਿੰਗ ਕਰਦਿਆਂ ਡੁੱਬ ਜਾਣ ਮਗਰੋਂ , ਪੈਦਾ ਹੋਈ ਅਤਿ ਜਜ਼ਬਾਤੀ ਤੇ ਦੁੱਖਾਂਤਮਈ ਹਾਲਤ ਤੋਂ ਮਿਲਦੀ ਹੈ। ਉਹ ਆਪਣੀ ਪਤਨੀ ਸਮੇਤ ਬਹੁਤ ਸਮਾਂ ਝੀਲ ਦੇ ਡੂੰਘੇ ਵਾਹਣਾਂ ਵਿੱਚ ਪੁੱਤਰ ਨੂੰ ਖੋਜਦੇ ਰਹੇ ਤੇ ਵਿਚਾਰਵਾਨਾਂ ਅਨੁਸਾਰ ਇਹ ਦੁਖ ਟਰੂਡੋ ਲਈ ਗਹਿਰੇ ਸਦਮੇ ਦਾ ਕਾਰਨ ਬਣਿਆ। ਦੋ ਸਾਲ ਇਸ ਹਿਦਰੇਵੇਦਕ ਪੀੜਾਂ ਨੂੰ ਭੋਗਣ ਮਗਰੋਂ ਇਹ ਨੇਕ ਦਿਲ ਇਨਸਾਨ 28 ਸਤੰਬਰ 2000 ਨੂੰ ਸਦੀਵੀ ਵਿਛੋੜਾ ਦੇ ਗਿਆ। ਮਹਿਰੂਮ ਨੇਤਾ ਪੀਅਰੇ ਇਲੀਅਟ ਟਰੂਡੋ ਦੀ ਅੰਤਿਮ ਵਿਦਾਇਗੀ ਸਮੇਂ ਪਾਰਲੀਮੈਂਟ 'ਤੇ ਹਜ਼ਾਰਾਂ ਲੋਕਾਂ ਨੇ ਸੇਜਲ ਨੇਤਰਾਂ ਨਾਲ ਸ਼ਰਧਾਂਜਲੀ ਅਰਪਿਤ ਕੀਤੀ। ਪੀਅਰੇ ਟਰੂਡੋ ਦੀ ਪੁੱਤਰ ਜਸਟਿਨ ਟਰੂਡੋ 4 ਨਵੰਬਰ 2015 ਨੂੰ ਲਿਬਰਲ ਪਾਰਟੀ ਵੱਲੋਂ ਕੈਨੇਡਾ ਦੀ ਪ੍ਰਧਾਨ ਮੰਤਰੀ ਬਣੇ ਤੇ ਹੁਣ ਵੀ ਇਸ ਅਹੁਦੇ ਲਈ ਮੁੜ ਮੈਦਾਨ ਵਿੱਚ ਹਨ। ਉਨ੍ਹਾਂ ਦੇ ਹੋਰਨਾਂ ਬੱਚਿਆਂ ਚ ਅਲੈਗਜੈਂਡਰ ਟਰੂਡੋ ਅਤੇ ਸਾਰਾਹ ਅਲਿਜ਼ਬੈਥ ਤੋਂ ਇਲਾਵਾ ਤੀਜੀ ਕੈਨੇਡਾ 'ਚ ਖੁਸ਼ਗਵਾਰ ਜ਼ਿੰਦਗੀ ਬਤੀਤ ਕਰ ਰਹੀ ਹੈ।
ਪੀਅਰੇ ਇਲੀਅਟ ਟਰੂਡੋ ਦੀ ਜਨਮ ਸ਼ਤਾਬਦੀ ਮੌਕੇ, ਉਨ੍ਹਾਂ ਵਲੋਂ ਕੈਨੇਡਾ ਵਸਦੇ ਪ੍ਰਵਾਸੀ ਭਾਈਚਾਰਿਆਂ ਲਈ ਕੀਤੀਆਂ ਅਣਥੱਕ ਸੇਵਾਵਾਂ ਤੇ 'ਚਾਰਟਰ ਆਫ ਰਾਇਟਸ' ਰਾਹੀਂ ਮਨੁੱਖੀ ਹੱਕਾਂ ਲਈ ਕੈਨੇਡਾ ਨੂੰ ਸੰਸਾਰ ਦੇ ਨਕਸ਼ੇ 'ਤੇ ਸਥਾਪਤ ਕਰਨ ਵਿੱਚ ਨਿਭਾਈ ਭੂਮਿਕਾ ਲਈ ਯਾਦ ਕੀਤਾ ਜਾਂਦਾ ਹੈ। ਸਾਬਕਾ ਪ੍ਰਧਾਨ ਮੰਤਰੀ ਦੀ ਜਨਮ ਸ਼ਤਾਬਦੀ ਮੌਕੇ ਕੈਨੇਡਾ ਦੀਆਂ ਵੱਖ- ਵੱਖ ਥਾਵਾਂ ਵਿੱਚ ਕੀਤੇ ਜਾ ਰਹੇ ਸਮਾਗਮ 'ਚ ਸਾਰੀਆਂ ਕਮਿਊਨਟੀਜ਼ ਨੂੰ ਸ਼ਾਮਿਲ ਹੋਣਾ ਚਾਹੀਦਾ ਹੈ।ਮਾਨਵੀ ਅਧਿਕਾਰਾਂ ਦੇ ਅਲੰਬਰਦਾਰ ਇਲੀਅਟ ਟਰੂਡੋ ਦੀ ਮਨੁੱਖੀ ਸੇਵਾ ਨੂੰ ਬਿਆਨ ਕਰਨ ਲਈ ਭਾਈ ਵੀਰ ਸਿੰਘ ਦੇ ਸ਼ਬਦ ਬੜੇ ਢੁੱਕਵੇਂ ਹਨ:
"ਦੁਨੀਆਂ ਦਾ ਦੁੱਖ ਦੇਖ ਦੇਖ, ਦਿਲ ਦਬਦਾ ਦਬਦਾ ਜਾਂਦਾ।
ਅੰਦਰਲਾ ਪੰਗਰ ਵਗ ਤੁਰਦਾ ਨੈਣੋਂ ਨੀਰ ਵਹਾਂਦਾ।
ਫਿਰ ਵੀ ਦਰਦ ਨਾ ਘਟੇ ਜਗਤ ਦਾ ਚਾਹੇ ਆਪਾ ਵਾਰੋ,
ਪਰ ਪੱਥਰ ਨਹੀਂ ਬਣਿਆਂ ਜਾਂਦਾ, ਦਰਦ ਦੇਖ ਦੁੱਖ ਆਂਦਾ"

ਡਾ.ਗੁਰਵਿੰਦਰ ਸਿੰਘ
ਪ੍ਰਧਾਨ, ਪ੍ਰੈਸ ਕਲੱਬ ਆਫ ਬੀ ਸੀ, ਕੈਨੇਡਾ
singhnews@gmail.com
+1-604-825-1550

ਕੈਨੇਡਾ ਦੇ ਸਿਆਸੀ ਮੰਚ 'ਤੇ ਜਗਮੀਤ ਸਿੰਘ ਦੀ ਚੜ੍ਹਤ - ਡਾ. ਗੁਰਵਿੰਦਰ ਸਿੰਘ


ਇਹ ਗੱਲ ਉਸ ਵੇਲੇ ਦੀ ਹੈ, ਜਦੋਂ ਜਗਮੀਤ ਸਿੰਘ ਕੈਨੇਡਾ ਦੀ ਤੀਜੀ ਸਭ ਤੋਂ  ਵੱਡੀ ਪਾਰਟੀ ਨਿਊ ਡੈਮੋਕਰੈਟਿਕ ਦਾ ਕੌਮੀ ਆਗੂ ਬਣਨ ਲਈ ਤਿਆਰੀ ਕਰ ਰਿਹਾ ਸੀ। ਉਸ ਨੇ ਸਿਆਸੀ ਪੱਧਰ ਤੇ ਕਾਮਯਾਬੀ ਲਈ 'ਗੁਰ ਲੈਣ ਵਾਸਤੇ' ਕਿਸੇ ਨਾਮਵਰ ਰਾਜਸੀ ਨੇਤਾ ਤੋਂ ਸਲਾਹ ਮੰਗੀ, ਜਗਮੀਤ ਸਿੰਘ ਦੇ ਦੱਸਣ ਅਨੁਸਾਰ ਉਸ ਸਲਾਹਕਾਰ ਨੇ ਕਿਹਾ ਕਿ ਜੇਕਰ ਕੈਨੇਡਾ ਦਾ ਰਾਸ਼ਟਰੀ ਪੱਧਰ ਦਾ ਆਗੂ ਬਣਨਾ ਹੈ ਤਾਂ, ਉਸਨੂੰ ਕੁਝ ਤਬਦੀਲੀਆਂ ਦੀ ਲੋੜ ਹੈ। ਪਹਿਲੀ ਗੱਲ ਇਹ ਹੈ ਆਪਣਾ ਪੂਰਾ ਨਾਂ ਜਗਮੀਤ ਸਿੰਘ ਲੈਣ ਦੀ ਬਜਾਏ 'ਜੈਗ' ਅਖਵਾਉਣਾ ਸ਼ੁਰੂ ਕਰ ਦੇਵੇ। ਦੂਜੀ ਉਪਨਾਮ 'ਸਿੰਘ' ਦੀ ਥਾਂ ਗੋਤ ਵਰਤੋਂ ਕਰੇ। ਤੀਜੀ ਦਾੜ੍ਹੀ ਖੁੱਲ੍ਹੀ ਰੱਖਣ ਦੀ ਬਜਾਏ ਬੰਨ੍ਹਣੀ ਸ਼ੁਰੂ ਕਰੇ ਅਤੇ ਚੌਥੀ ਗੱਲ ਆਪਣੀ ਪੱਗ ਦਾ ਸਟਾਈਲ ਗੋਲ ਤੇ ਦੁਮਾਲੇ ਵਾਲਾ ਛੱਡ ਕੇ, ਨੋਕਦਾਰ ਬਣਾਏ ਅਤੇ ਪੰਜਵੀਂ ਗੱਲ, ਕਿਰਪਾਨ ਉਪਰੋਂ ਪਹਿਨਣ ਦੀ ਥਾਂ ਕੱਪੜਿਆਂ ਦੇ ਹੇਠਾਂ ਦੀ ਪਹਿਨੇ। ਅਜਿਹਾ ਕਰਕੇ ਉਹ ਕੈਨੇਡੀਅਨ ਲੋਕਾਂ 'ਚ ਜੱਚ ਜਾਵੇਗਾ, ਨਹੀਂ ਤਾਂ ਉਸ ਲਈ ਕਾਮਯਾਬ ਹੋਣਾ ਔਖਾ ਹੈ। ਜਗਮੀਤ ਸਿੰਘ ਨੇ 'ਸਲਾਹਕਾਰ' ਨੂੰ ਬੜੇ ਅਦਬ ਨਾਲ ਕਿਹਾ ਕਿ ਉਹ ਨਹੀਂ ਸਮਝਦਾ ਕਿ ਕੈਨੇਡਾ ਦੇ ਬਹੁ-ਸਭਿਆਚਾਰਕ ਭਾਈਚਾਰੇ ਨੂੰ ਉਸਦੇ ਨਾਂ ਨਾਲ ਕੋਈ ਔਖ ਮਹਿਸੂਸ ਹੋਵੇਗੀ, ਜੋ ਨਾਂ ਬਦਲ ਕੇ ਠੀਕ ਹੋ ਜਾਏਗੀ। ਉਪਨਾਮ ਉਹ ਗੋਤ ਜਾਂ ਇਲਾਕੇ ਦਾ ਵਰਤਣ ਦੀ ਥਾਂ, ਸਿੰਘ ਹੀ ਲਿਖਣਾ ਚਾਹੇਗਾ, ਕਿਉਂਕਿ ਇਹ ਉਸਦੀ ਪਛਾਣ ਹੈ। ਰਹੀ ਗੱਲ ਦਾਹੜੀ ਬੰਨਣ ਦੀ, ਉਹ ਸ਼ੁਰੂ ਤੋਂ ਹੀ 'ਦਾਹੜਾ ਪ੍ਰਕਾਸ਼' ਕਰਦਾ ਹੈ, ਇਸ ਨੂੰ ਬੰਨ੍ਹਣਾ ਨਹੀਂ ਚਾਹੁੰਦਾ। ਬਾਕੀ ਦਸਤਾਰ ਬੰਨਣ ਦੇ ਤਰੀਕੇ ਸਾਰੇ ਹੀ ਚੰਗੇ ਹਨ, ਪਰ ਉਸਦੇ ਲੰਮੇ ਚਿਹਰੇ 'ਤੇ ਗੋਲ ਦਸਤਾਰ ਵਧੇਰੇ ਜਚਦੀ ਹੈ ਤੇ ਉਸਨੇ ਇਤਿਹਾਸ ਪੜ੍ਹਦਿਆਂ ਵੀ ਜਾਣਿਆ ਹੈ ਕਿ ਸਦੀਆਂ ਤੋਂ ਸਿੱਖ ਗੋਲ ਦਸਤਾਰ ਜਾਂ ਦੁਮਾਲਾ ਹੀ ਸਜਾਉਂਦੇ ਆ ਰਹੇ ਹਨ। ਹੋਰ ਅੰਮ੍ਰਿਤਧਾਰੀ ਸਿੱਖ ਹੋਣ ਕਰਕੇ ਕਿਰਪਾਨ ਉਹ ਕਮੀਜ਼ ਦੇ ਉਪਰੋਂ ਪਾਉਂਦਾ ਹੈ ਤੇ ਉਸ ਨੂੰ ਅਜਿਹਾ ਚੰਗਾ ਲੱਗਦਾ ਹੈ। ਇਸ ਤਰ੍ਹਾਂ ਆਪਣੀ ਪਛਾਣ ਨੂੰ ਬਦਲ ਕੇ ਉਹ ਕੈਨੇਡਾ ਦਾ ਰਾਸ਼ਟਰੀ ਨੇਤਾ ਨਹੀਂ ਬਣਨਾ ਚਾਹੇਗਾ। ਜੇਕਰ ਕੈਨੇਡਾ ਦੇ ਲੋਕ ਚਹੁੰਣਗੇ, ਤਾਂ ਉਸ ਨੂੰ ਇਉ ਹੀ ਸਵਿਕਾਰ   ਕਰਨਗੇ। ਜਗਮੀਤ ਸਿੰਘ ਦੀ ਸੋਚ ਸਹੀ ਸਾਬਤ ਹੋਈ ਤੇ ਕੈਨੇਡਾ ਵਾਸੀਆਂ ਨੇ ਉਸਨੂੰ ਉਵੇਂ - ਜਿਵੇਂ ਨਾ ਸਿਰਫ਼ ਪ੍ਰਵਾਨ ਹੀ ਕੀਤਾ, ਸਗੋਂ ਕੈਨੇਡਾ ਦੇ ਇਤਿਹਾਸ ਵਿੱਚ ਕਿਸੇ ਨੈਸ਼ਨਲ ਪਾਰਟੀ ਦਾ ਕੌਮੀ ਨੇਤਾ ਵੀ ਬਣਾ ਦਿੱਤਾ। ਇਹ ਕੈਨੇਡਾ ਦੇ ਬਹੁ - ਸਭਿਆਚਾਰਕ ਢਾਂਚੇ 'ਚ ਵਸਦੇ ਲੋਕਾਂ ਦੀ ਮਹਾਨ ਸੋਚ ਦਾ ਨਤੀਜਾ ਹੀ ਸੀ ਕਿ ਜਿਥੇ ਵਿਅਕਤੀ ਦੇ ਪ੍ਰਵਾਸੀ ਪਿਛੋਕੜ, ਧਰਮ, ਪਹਿਰਾਵੇ ਅਤੇ ਬੋਲੀ ਦੇ ਵਖਰੇਵੇਂ ਕਾਰਨ ਉਸਨੂੰ ਨਕਾਰਨ ਦੀ ਥਾਂ, ਉਸ ਦੀ ਸੂਝ-ਬੂਝ , ਦੂਰ ਅੰਦੇਸ਼ੀ ਅਤੇ ਲੀਡਰਸ਼ਿਪ ਨਿਪੁੰਨਤਾ ਕਰਕੇ ਸਵਿਕਾਰ ਕੀਤਾ ਗਿਆ ਹੋਵੇ।
ਪੰਜਾਬ ਦੇ ਠੀਕਰੀਵਾਲੇ ਪਿੰਡ ਤੋਂ ਸ਼ਹੀਦ ਸੇਵਾ ਸਿੰਘ ਠੀਕਰੀਵਾਲ ਦੇ ਸਕਿਆਂ ਦੇ ਪਰਿਵਾਰ ਦੀ ਚੌਥੀ ਪੀੜ੍ਹੀ ਨਾਲ ਸਬੰਧਿਤ, 40 ਸਾਲਾ ਜਗਮੀਤ ਸਿੰਘ ਅੰਦਰ ਵੀ ਸਰਮਾਏਦਾਰੀ ਢਾਂਚੇ ਅਤੇ ਰਜਵਾੜਾ ਸ਼ਾਹੀ ਖ਼ਿਲਾਫ਼ ਬੇਬਕੀ ਨਾਲ ਲੜਨ ਦੀ ਭਾਵਨਾ ਝਲਕਦੀ ਹੈ। 2 ਜਨਵਰੀ 1979 ਨੂੰ ਜਗਤਰਨ ਸਿੰਘ ਅਤੇ ਹਰਮੀਤ ਕੌਰ ਧਾਲੀਵਾਲ ਦੇ ਘਰ ਸਕਾਰਬਰੋ ਸ਼ਹਿਰ 'ਚ ਜਨਮਿਆ ਜਗਮੀਤ ਸਿੰਘ ਬਚਪਨ ਤੋਂ ਲੈ ਕੇ ਸਕੂਲ ਕਾਲਜ ਤੱਕ ਨਸਲਵਾਦੀ ਵਤਕਰੇ ਦਾ ਸਾਹਮਣਾ ਕਰਦਾ ਰਿਹਾ ਹੈ। ਜਿਸ ਬਾਰੇ ਉਸ ਨੇ ਆਪਣੀ ਸਵੈ-ਜੀਵਨੀ 'ਲਵ ਐਂਡ ਕਰੇਜ' ਵਿੱਚ ਵਿਸਥਾਰ ਸਹਿਤ ਘਟਨਾਵਾਂ ਦਾ ਜ਼ਿਕਰ ਵੀ ਕੀਤਾ ਹੈ। ਉਸ ਨੇ ਆਪਣੇ ਨਾਲ ਹੋਏ ਜਿਸਮਾਨੀ ਸੋਸ਼ਣ ਤੋਂ ਲੈ ਕੇ ਘਰੇਲੂ ਹਾਲਤਾਂ ਬਾਰੇ ਬੇਬਾਕੀ ਅਤੇ ਨਿਰਪੱਖਤਾ ਨਾਲ ਲਿਖਣ ਦੀ ਹਿੰਮਤ ਦਿਖਾਈ ਜਿਸ ਦੀ ਪ੍ਰਸੰਸਾ ਕੈਨੇਡਾ ਦੇ ਪ੍ਰਧਾਨ ਮੰਤਰੀ ਅਤੇ ਲਿਬਰਲ ਪਾਰਟੀ ਦੇ ਆਗੂ ਜਸਟਿਨ ਟਰੂਡੋ ਨੇ ਵੀ ਸਿਆਸੀ ਹੱਦਾਂ ਤੋਂ ਉੱਪਰ ਉੱਠ ਕੇ ਕੀਤੀ।
ਪੇਸ਼ੇ ਵਜੋਂ ਵਕਾਲਤ 'ਚ ਸਫਲ ਰਹਿਣ ਵਾਲਾ ਇਹ ਨੌਜਵਾਨ ਸੰਨ 2011 ਵਿੱਚ ਪਹਿਲੀ ਵਾਰ ਉਂਟਾਰੀਓ ਵਿਧਾਨ ਸਭਾ 'ਚ ਵਿਧਾਇਕ ਬਣਿਆ ਅਤੇ ਮਗਰੋਂ ਸੂਬਾਈ ਨਿਊ ਡੈਮੋਕਰੈਟਿਕ ਪਾਰਟੀ ਦਾ ਉਪ- ਨੇਤਾ ਚੁਣਿਆ ਗਿਆ। ਉਸਦਾ ਅਗਾਂਹ-ਵਧੂ ਜਜ਼ਬਾ, ਸਖ਼ਤ ਚੁਣੌਤੀਆਂ ਨਾਲ ਟੱਕਰ ਲੈਣ ਦਾ ਦ੍ਰਿੜ ਇਰਾਦਾ ਅਤੇ ਸਿਆਸੀ ਨਿਪੁੰਨਤਾ ਨੇ 1 ਅਕਤੂਬਰ 2017 ਨੂੰ ਜਗਮੀਤ ਸਿੰਘ ਨੂੰ ਐਨ.ਡੀ.ਪੀ. ਦਾ ਕੌਮੀ ਆਗੂ ਬਣਾ ਦਿੱਤਾ। ਗੌਰ ਕਰਨ ਵਾਲੀ ਗੱਲ ਇਹ ਹੈ ਕਿ ਕਿਸੇ ਕੌਮੀ ਪਾਰਟੀ ਦਾ ਆਗੂ ਕੈਨੇਡਾ ਦੀਆਂ ਫੈਡਰਲ ਚੋਣਾਂ 'ਚ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਹੁੰਦਾ ਹੈ ਤੇ ਚੋਣਾਂ ਵੇਲੇ ਕੌਮੀ ਪੱਧਰ ਦੀ ਬਹਿਸਾਂ 'ਚ ਸ਼ਾਮਿਲ ਹੁੰਦਾ ਹੈ। ਜਗਮੀਤ ਸਿੰਘ ਪਾਰਟੀ ਆਗੂ ਬਣਨ ਸਮੇਂ ਕੈਨੇਡਾ ਦੀ ਪਾਰਲੀਮੈਂਟ 'ਹਾਊਸ ਆਫ਼ ਕਾਮਨਜ਼' ਦਾ ਮੈਂਬਰ ਨਹੀਂ ਸੀ, ਜਿਸ ਕਾਰਨ ਉਸਨੇ ਬ੍ਰਿਟਿਸ਼ ਕੋਲੰਬੀਆਂ ਦੇ ਬਰਨਬੀ ਸਾਊਥ ਹਲਕੇ ਤੋਂ ਚੋਣ ਲੜੀ। ਚਾਹੇ ਕੈਨੇਡਾ 'ਚ ਸਮੇਂ- ਸਮੇਂ ਜ਼ਿਮਨੀ ਚੋਣਾਂ ਹੁੰਦੀਆਂ ਰਹਿੰਦੀਆਂ ਹਨ, ਪਰ 25 ਫਰਵਰੀ 2018 ਨੂੰ ਹੋਈ ਇਸ ਚੋਣ ਦਾ ਮਹੱਤਵ ਕੁਝ ਵੱਖਰਾ ਹੀ ਸੀ। ਇਕ ਪਾਸੇ ਕਿਸੇ ਘੱਟ ਗਿਣਤੀ ਭਾਈਚਾਰੇ ਨਾਲ ਸਬੰਧਿਤ ਉਮੀਦਵਾਰ, ਕੈਨੇਡਾ ਦੀਆਂ ਬਹੁ ਸਭਿਆਚਾਰਕ ਕਦਰਾਂ-ਕੀਮਤਾਂ ਦਾ ਸਤਿਕਾਰ ਕਰਦਾ ਹੋਇਆ, ਹਰ ਸ਼ਬਦ ਤੋਲ-ਤੋਲ ਕੇ ਬੋਲ ਰਿਹਾ ਸੀ, ਦੂਜੇ ਪਾਸੇ ਸੱਜੇ ਪੱਖੀ ਤਾਕਤਾਂ ਨੇ ਨਸਲੀ ਪੱਤਾ ਖੇਡਦਿਆਂ ਅਤੇ ਅਤਿ ਨੀਵੇਂ ਦਰਜੇ ਦੀ ਸਿਆਸਤ ਕਰਦਿਆਂ ਕੈਨੇਡਾ ਦੇ ਮਲਟੀ ਕਲਚਰਲਿਜ਼ਮ ਢਾਂਚੇ ਨੂੰ ਢਾਹ ਲਾ ਰਹੀਆਂ ਸਨ। ਚੋਣ ਪ੍ਰਚਾਰ ਸ਼ੁਰੂ ਹੁੰਦਿਆਂ ਸਾਰ ਲਿਬਰਲ ਉਮੀਦਵਾਰ ਕੈਰੇਨ ਵਾਂਗ ਨੇ ਬਿਆਨ ਦਾਗਿਆ ਕਿ ਬਰਨਬੀ ਹਲਕੇ 'ਚ ਵਸਦੇ ਚੀਨੀ ਮੂਲ ਦੇ ਲੋਕ ਉਸਨੂੰ ਹੀ ਜਿਤਾਉਣ, ਕਿਉਂਕਿ ਉਹ ਉਹਨਾਂ ਵਿੱਚੋਂ ਹੀ ਹੈ। ਇਸ ਕਾਰਨ ਹੀ ਉਸ ਉਮੀਦਵਾਰ ਨੂੰ ਮਗਰੋਂ ਅਸਤੀਫ਼ਾ ਦੇਣਾ ਪਿਆ। ਕੰਜ਼ਰਵਟਿਵ ਉਮੀਦਵਾਰ ਜੇ ਸ਼ਿਨ ਨੇ ਤਾਂ ਉਸ ਸਮੇਂ ਸਾਰੀਆਂ ਹੀ ਹੱਦਾਂ ਪਾਰ ਕਰ ਦਿੱਤੀਆਂ ਜਦੋਂ ਉਸਨੇ ਜਗਮੀਤ ਸਿੰਘ ਖ਼ਿਲਾਫ਼ ਭੱਦੇ ਪੋਸਟਰ ਛਾਪੇ ਤੇ ਲਿਖਿਆ ਕਿ ਜਗਮੀਤ ਸਿੰਘ ਨੂੰ ਹਰਾ ਕੇ ਐਨ.ਡੀ.ਪੀ. ਨੂੰ 'ਨਵਾਂ ਲੀਡਰ' ਦਿੱਤਾ ਜਾਵੇ । ਸੱਜੇ ਪੱਖੀ ਟੌਰੀ ਪਾਰਟੀ ਦੇ ਆਗੂ ਐਂਡਰੀਊ ਸ਼ੀਅਰ , ਉਸਦੇ ਕਿਸੇ ਵੀ ਭਾਰਤੀ ਮੂਲ ਦੇ ਮੈਂਬਰ ਜਾਂ ਅਗਲੀਆਂ ਫੈਡਰਲ ਚੋਣਾਂ ਦੇ ਬਣੇ ਉਮੀਦਵਾਰਾਂ ਨੇ ਅਜਿਹੇ ਪੋਸਟਰਾਂ ਦਾ ਵਿਰੋਧ ਨਾ ਕੀਤਾ। ਚਾਹੇ ਜਗਮੀਤ ਸਿੰਘ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਆਪਣਾ ਧਿਆਨ ਕੈਨੇਡਾ ਦੀਆਂ ਸਿਹਤ ਸੇਵਾਵਾਂ , ਆਰਥਿਕ ਢਾਂਚੇ, ਕਰ ਨੀਤੀ, ਵਿਦਿਅਕ ਪਾਸਾਰ ਅਤੇ ਪਿਛੜੇ ਲੋਕਾਂ ਦੀ ਬਰਾਬਰਤਾ ਆਦਿ ਮੁੱਦਿਆਂ 'ਤੇ ਰੱਖਿਆ, ਪਰ ਫਾਸੀਵਾਦੀ ਤੇ ਨਸਲਵਾਦੀ ਤਾਕਤਾਂ ਨੇ ਉਸਨੂੰ ਉਸਦੀ ਪਛਾਣ, ਪ੍ਰਵਾਸੀ ਪਿਛੋਕੜ ਅਤੇ ਧਰਮ- ਰੰਗ 'ਤੇ ਹਮਲਾ ਕਰਦਿਆਂ ਭੰਡਣ ਦੀ ਹਰ ਚਾਲ ਖੇਡੀ । ਟੋਰੀਆਂ ਨੇ ਤਾਂ ਸੀਰੀਆ ਦੇ ਰਫ਼ਿਊਜੀ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਲਿਬਰਲ ਪਾਰਟੀ ਦੇ ਆਗੂ ਜਸਟਿਨ ਟਰੂਡੋ ਨੂੰ ਵੀ ਨਾ ਸਿਰਫ ਨਿੰਦਿਆ, ਬਲਕਿ ਗੋਰਿਆਂ, ਚੀਨਿਆ, ਮੁਸਲਮਾਨਾਂ ਤੇ ਹੋਰਨਾਂ 'ਚ ਪਾੜਾ ਪਾਉਣ ਦਾ ਪੱਤਾ ਵੀ ਖੇਡਿਆ। ਜਗਮੀਤ ਸਿੰਘ ਦੀ ਚੋਣ ਮੁਹਿੰਮ ਨੂੰ ਤਾਰਪੀਡੋ ਕਰਨ ਲਈ ਉਸਦੀ ਆਲੋਚਨਾ ਕੈਨੇਡਾ ਦੀਆਂ ਸੱਜੇ ਪੱਖੀ ਤਾਕਤਾਂ ਤੋਂ ਇਲਾਵਾ, ਭਾਰਤ ਨਾਲ ਸਬੰਧਿਤ ਫਾਸੀਵਾਦੀ ਤਾਕਤਾਂ ਨੇ ਵੀ ਖੁੱਲ ਕੇ ਕੀਤੀ। ਇਸਦਾ ਮੁੱਖ ਕਾਰਨ ਇਹ ਸੀ ਕਿ ਜਗਮੀਤ ਸਿੰਘ ਨੇ 2011 ਤੋਂ ਹੀ 'ਸਿੱਖ ਨਸਲਕੁਸ਼ੀ' ਸਬੰਧੀ ਮਤੇ ਦੀ ਖੁੱਲ ਕੇ ਹਮਾਇਤ ਹੀ ਨਹੀਂ ਕੀਤੀ, ਸਗੋਂ  ਦੋਸ਼ੀਆਂ ਨੂੰ ਸਜ਼ਾਵਾਂ ਨਾ ਦੇਣ ਲਈ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਉਸਨੇ ਮਨੁੱਖੀ ਅਧਿਕਾਰਾਂ ਦੇ ਮੱਦੇ 'ਤੇ ਘੱਟ ਗਿਣਤੀਆਂ, ਦਲਿਤਾਂ ਤੇ ਔਰਤਾਂ 'ਤੇ ਹੁੰਦਾ ਜ਼ੁਲਮ ਦੀ ਵੀ ਨਿਖੇਧੀ ਕੀਤੀ। ਇਸ ਕਾਰਨ ਹੀ ਭਾਰਤ ਅਤੇ ਪੰਜਾਬ ਦੇ ਸੱਤਾਧਾਰੀ ਆਗੂਆਂ ਵੱਲੋਂ ਜਗਮੀਤ ਸਿੰਘ ਦਾ ਲਗਾਤਾਰ ਵਿਰੋਧ ਵੀ ਹੁੰਦਾ ਰਿਹਾ ਹੈ। ਸਿਤਮਜ਼ਰੀਫੀ ਦੀ ਗੱਲ ਇਹ ਹੈ ਕਿ ਇਕ ਪਾਸੇ ਕੈਨੇਡਾ ਨੇ ਪ੍ਰਵਾਸੀ ਮੂਲ ਦੇ ਪਿਛੋਕੜ ਵਾਲੇ ਨੌਜਵਾਨ ਨੂੰ ਰਾਸ਼ਟਰੀ ਪਾਰਟੀ ਦਾ ਨੇਤਾ ਚੁਣਿਆ, ਦੂਜੇ ਪਾਸੇ ਕੈਨੇਡਾ ਦੇ ਜੰਮਪਲ ਜਗਮੀਤ ਸਿੰਘ ਨੂੰ ਭਾਰਤ ਵਲੋਂ ਵੀਜ਼ਾ ਦੇਣ 'ਤੇ ਪਾਬੰਦੀ ਲਾ ਦਿੱਤੀ ਗਈ। ਅਜਿਹੀਆਂ ਹੋਰ ਵੀ ਕਈ ਅਜਿਹੀਆਂ ਘਟਨਾਵਾਂ ਹੋਈਆਂ, ਜਿਹੜੀਆਂ ਜਗਮੀਤ ਸਿੰਘ ਨੂੰ ਹਰ ਹਾਲ 'ਚ ਹਰਾਉਣ ਲਈ ਮਿਥ ਕੇ ਕੀਤੀਆਂ ਗਈਆਂ, ਪਰ ਅਖੀਰ ਨੂੰ ਜਿੱਤ ਕੈਨੇਡੀਅਨ ਕਦਰਾਂ, ਕੀਮਤਾਂ ਦੀ ਹੋਈ ਤੇ ਹਾਰ ਸੱਜੇ ਪੱਖੀ , ਫਿਰਕੂ ਤੇ ਫਾਸੀਵਾਦੀ ਤਾਕਤਾਂ ਦੀ, ਇਥੋਂ ਤੱਕ ਕਿ ਇਥੋਂ ਦੇ ਪ੍ਰਮੁੱਖ ਅੰਗਰੇਜ਼ੀ ਮੀਡੀਆ  'ਵੈਨਕੂਵਰ ਸੰਨ' ਸਮੇਤ ਸੱਜੇ ਪੱਖੀ ਪ੍ਰੈਸ ਨੇ ਵੀ ਜਗਜੀਤ ਸਿੰਘ ਨੂੰ ਹਰਾਉਣ ਦੀ ਹਰ ਵਾਹ ਲਾਈ, ਪਰ ਲੋਕਾਂ ਨੇ ਉਸਦੇ ਸਿਰ 'ਜਿੱਤ ਦਾ ਤਾਜ' ਸਜਾਇਆ।
ਜਗਮੀਤ ਸਿੰਘ ਦੀ ਕਾਮਯਾਬੀ ਅਸਲ ਵਿੱਚ ਕੈਨੇਡਾ ਦੀਆਂ ਬਹੁ- ਸਭਿਆਚਾਰਕ ਕਦਰਾਂ-ਕੀਮਤਾਂ ਦੀ ਹੀ ਜਿੱਤ ਹੈ। ਇਕ ਸਿੱਖ ਹੋਣ ਦੇ ਨਾਤੇ ਚਾਹੇ ਉਸਨੇ ਸਿੱਖੀ ਦੀ ਸ਼ਾਨ ਨੂੰ ਤਾਂ ਵਧਾਇਆ ਹੀ ਹੈ, ਪਰ ਕੈਨੇਡਾ ਦੇ ਸੰਦਰਭ 'ਚ ਉਸਦੀ ਜਿੱਤ ਇੰਮੀਗੈਰੰਟ ਲੋਕਾਂ ਤੇ ਘੱਟ ਗਿਣਤੀਆਂ ਲਈ ਨਵੀਆਂ ਸੰਭਾਵਨਾਵਾਂ ਦੀ ਪ੍ਰਤੀਕ ਹੈ।
ਨਿਊ ਡੈਮੋਕ੍ਰੇਟਿਵ ਪਾਰਟੀ ਦੇ ਆਗੂ ਵਜੋਂ ਜਗਮੀਤ ਸਿੰਘ ਲਈ ਵੱਡੀ ਚੁਣੌਤੀ ਹੈ ਕਿ 21 ਅਕਤੂਬਰ 2019 ਨੂੰ ਹੋ ਰਹੀਆਂ ਚੋਣਾਂ ਹਨ । ਕੈਨੇਡਾ ਦੀਆਂ ਫੈਡਰਲ ਚੋਣਾਂ 'ਚ ਉਹ ਨਿਊ ਡੈਮੋਕਰੈਟਿਕ ਪਾਰਟੀ ਦੀ ਅਗਵਾਈ ਕਿੰਨੀ ਨਿਪੁੰਨਤਾ ਨਾਲ ਕਰ ਰਿਹਾ ਹੈ, ਇਸ ਦੀ ਮਿਸਾਲ ਉਸ ਨੇ 6 ਪਾਰਟੀਆਂ ਦੇ ਆਗੂਆਂ ਵਿਚਕਾਰ ਹੋਈ ਬਹਿਸ ਦੌਰਾਨ ਪੈਦਾ ਕਰ ਦਿੱਤੀ ਹੈ।  ਕੈਨੇਡਾ ਭਰ ਦੇ ਨੈਸ਼ਨਲ ਮੀਡੀਏ ਨੇ ਡਿਬੇਟ ਵਿੱਚ ਜਗਮੀਤ ਸਿੰਘ ਦੀ ਹਾਜ਼ਰ-ਜੁਆਬੀ, ਨਾਪ-ਤੋਲ ਕੇ ਗੱਲ ਕਰਨ ਦੀ ਸਮਝ ਅਤੇ ਲੋੜ ਪੈਣ 'ਤੇ ਮਜ਼ਾਈਆ ਢੰਗ ਨਾਲ ਟਿਪਣੀ ਕਰਨ ਦਾ ਅੰਦਾਜ਼ ਨਾ ਸਿਰਫ਼ ਪੰਸਦ ਹੀ ਕੀਤਾ ਬਲਕਿ ਲੋਕਾਂ ਅੰਦਰ ਸਿਆਸੀ ਲੀਡਰਾਂ ਪ੍ਰਤੀ ਪੈਦਾ ਹੋ ਰਹੀ ਉਦਾਸੀਨਤਾ ਨੂੰ ਵੀ ਖਤਮ ਕਰਨ ਦਾ ਜ਼ਰੀਆ ਕਰਾਰ ਦਿੱਤਾ। ਜਗਮੀਤ ਸਿੰਘ ਵਲੋਂ ਇੰਮੀਗ੍ਰੇਸ਼ਨ ਵਿਰੋਧੀ ਪਾਰਟੀ ਦੇ ਆਗੂ ਮੈਕਸਿਮ ਬਰਨੀਏ ਨੂੰ ਉਸ ਦੀ ਨਸਲਵਾਦੀ ਪਹੁੰਚ ਲਈ ਖੁੱਲ੍ਹ ਕੇ ਨਿੰਦਣਾ ਅਤੇ ਡਿਬੇਟ 'ਚੋਂ ਬਾਹਰ ਹੋਣ ਤੱਕ ਦੀ ਗੱਲ ਕਹਿ ਦੇਣੀ ਉਸ ਦੀ ਨਿਡਰਤਾ ਅਤੇ ਪ੍ਰਭਾਵਸ਼ਾਲੀ ਪਹੁੰਚ ਦਾ ਪ੍ਰਤੀਕ ਮੰਨਿਆ ਜਾ ਰਿਹਾ ਹੈ।  ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਬਣਨ ਵਾਲਾ ਪਹਿਲਾ ਗੈਰ-ਸਫੈਦ ਵਿਅਕਤੀ ਕੈਨੇਡਾ ਵਾਸੀਆਂ ਦੀਆਂ ਉਮੀਦਾਂ ਤੇ ਕਿੰਨਾ ਕੁ ਖਰਾ ਉੱਤਰੇਗਾ, ਇਸ ਦਾ ਪਤਾ ਤਾਂ 21 ਅਕਤੂਬਰ ਨੂੰ ਹੀ ਲੱਗੇਗਾ ਪਰ ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਜਗਮੀਤ ਸਿੰਘ ਨੇ ਉਨ੍ਹਾਂ ਸਿਆਸੀ ਪੰਡਤਾਂ ਨੂੰ ਝੂਠੇ ਕਰ ਦਿੱਤਾ ਹੈ ਜੋ ਇਹ ਕਹਿੰਦੇ ਸਨ ਕਿ ਉਸ ਅੰਦਰ ਚੰਗੀ ਲੀਡਰਸ਼ਿਪ ਅਤੇ ਅਨੁਭਵੀ ਪੱਖ ਦੇ ਗੁਣਾਂ ਦੀ ਘਾਟ ਹੈ। ਜਗਮੀਤ ਸਿੰਘ ਖਿਲਾਫ਼ ਗੋਰੇ ਵਿਅਕਤੀ ਵਲੋਂ ਕਿਊਬੈਕ 'ਚ ਕੀਤੀ ਗਈ ਇਹ ਟਿਪਣੀ ਕਿ ਉਹ ਆਪਣੀ ਪੱਗ ਉਤਾਰ ਦੇਵੇ ਅਤੇ 'ਜੇਹਾ ਦੇਸ ਤੇਹਾ ਭੇਸ' ਵਾਲਾ ਤਰੀਕਾ ਅਪਣਾਏ, ਦੀ ਜਵਾਬੀ ਟਿਪਣੀ ਜਗਮੀਤ ਸਿੰਘ ਵਲੋਂ ਬਹੁਤ ਸੁਲਝੇ ਢੰਗ ਨਾਲ ਦਿੱਤੀ ਗਈ। ਇਸ ਦੀ ਪ੍ਰਸੰਸਾ ਅਤੇ ਨਸਲੀ ਸੋਚ ਦੀ ਅਲੋਚਨਾ ਵਿਰੋਧੀ ਧਿਰ ਦੇ ਉਮੀਦਵਾਰਾਂ ਵਲੋਂ ਵੀ ਕੀਤੀ ਗਈ। ਇਸ ਦੌਰਾਨ ਫਾਸੀਵਾਦੀ ਸੋਚ ਵਾਲੇ ਮੋਦੀ ਭਗਤ ਅਤੇ ਆਰ. ਐਸ.ਐਸ. ਦੇ ਕੈਨੇਡਾ ਦੇ ਇੱਕ ਆਗੂ ਵਲੋਂ ਸਰੀ ਮੰਦਰ 'ਚ ਜਗਮੀਤ ਸਿੰਘ ਬਾਰੇ ਅਤਿ ਨੀਵੇਂ ਪੱਧਰ ਦੀਆਂ ਟਿਪਣੀਆਂ ਕੀਤੀਆਂ ਜਾਣਾ ਵੀ ਘਟੀਆਂ ਦੂਸ਼ਣਬਾਜ਼ੀ ਦਾ ਕੋਝਾ ਵਰਤਾਰਾ ਹੈ। ਪਰ ਦੁੱਖ ਇਸ ਗੱਲ ਦਾ ਹੈ ਕਿ ਨਾ ਕਿਸੇ ਐਨ.ਡੀ.ਪੀ. ਦੇ ਆਗੂ ਅਤੇ ਨਾ ਹੀ ਵਿਰੋਧੀ ਪਾਰਟੀ ਦੇ ਬੁਲਾਰੇ ਵਲੋਂ  ਇਸ ਦੀ ਨਿਖੇਧੀ ਕੀਤੀ ਗਈ। ਜਗਮੀਤ ਸਿੰਘ ਨੇ ਕਸ਼ਮੀਰ 'ਚ ਹੋ ਰਹੇ ਮਨੁੱਖੀ ਹੱਕਾਂ ਦੇ ਘਾਣ ਸਮੇਤ ਦੁਨੀਆ ਦੇ ਹਰ ਮੁਲਕ ਦੀ ਫਾਸੀਵਾਦੀ ਨੀਤੀ ਦੀ ਅਲੋਚਨਾ ਕੀਤੀ ਹੈ, ਜੋ ਕਿ ਉਸ ਦੀ ਚੰਗੀ ਸੋਚ ਦਾ ਪ੍ਰਗਟਾਵਾ ਕਹੀ ਜਾ ਸਕਦੀ ਹੈ।
ਕੈਨੇਡਾ ਵਾਸੀਆਂ ਦੀ ਜਗਮੀਤ ਸਿੰਘ ਬਾਰੇ ਹੁਣ ਇਹ ਧਾਰਨਾ ਹੈ ਕਿ ਚਾਲੀ ਵਰ੍ਹਿਆਂ ਤੋਂ ਘੱਟ ਉਮਰ 'ਚ ਏਨਾ ਵੱਡਾ ਸਫ਼ਰ ਤੈਅ ਕਰਨਾ ਕੋਈ ਛੋਟੀ ਗੱਲ ਨਹੀਂ, ਪਰ ਅਜੇ ਉਸਨੇ ਲੰਮਾ ਪੈਂਡਾ ਤੈਅ ਕਰਨਾ ਹੈ। ਆਉਂਦੀਆਂ ਚੋਣਾਂ 'ਚ ਘੱਟ ਗਿਣਤੀ ਸਰਕਾਰ ਦੀ ਸੂਰਤ 'ਚ ਜਗਮੀਤ ਸਿੰਘ ਵਲੋਂ ਲਿਬਰਲ ਪਾਰਟੀ ਦੇ ਨੀਤੀ ਆਧਾਰ ਤੋਂ ਨਿਊ ਡੈਮੋਕ੍ਰੇਟਿਵ ਪਾਰਟੀ ਗਠਜੋੜ ਦੀ ਸੰਭਾਵਨਾ ਵੀ ਰੱਦ ਨਹੀਂ ਕੀਤੀ ਜਾ ਸਕਦੀ ਅਤੇ ਅਜਿਹੀ ਹਾਲਤ ਵਿੱਚ ਜਗਮੀਤ ਸਿੰਘ ਦੇ ਰੂਪ 'ਚ ਕੈਨੇਡਾ ਨੂੰ ਸਾਬਤ ਸੂਰਤ ਚੜ੍ਹਦੀ ਕਲਾ ਵਾਲਾ ਘੱਟ ਗਿਣਤੀਆਂ ਵਿੱਚੋਂ ਸੂਝਬੂਝ ਨਾਲ ਕਾਮਯਾਬ ਹੋਇਆ ਉੱਪ ਪ੍ਰਧਾਨ ਮੰਤਰੀ ਜਾਂ ਹੋਰ ਵੱਡੇ ਅਹੁੱਦੇ ਵਾਲਾ ਸਖਸ਼ ਮਿਲ ਸਕਦਾ ਹੈ। ਜਗਮੀਤ ਸਿੰਘ ਦਾ ਇਹ ਕਥਨ ਸਹੀ ਹੈ ਕਿ ਜਿਥੇ ਉਸਦੀ ਪਹਿਲ ਕੈਨੇਡਾ ਦੇ ਲੋਕਾਂ ਅਤੇ ਉਨ੍ਹਾਂ ਦੇ ਅੰਦਰੂਨੀ ਤੇ ਬਾਹਰੀ ਮਾਮਲਿਆਂ ਦੀ ਪ੍ਰਤਿਨਿਧਤਾ ਕਰਨੀ ਹੈ, ਉਥੇ ਦੁਨੀਆ ਦੇ ਹੋਰਨਾਂ ਸਾਰੇ ਦੇਸ਼ਾਂ ਪ੍ਰਤੀ ਉਸ ਦੀ ਪਾਰਟੀ ਦੀ ਨੀਤੀ ਇਕ ਬਰਾਬਰ ਹੈ, ਸਰਬੱਤ ਦੇ ਭਲੇ ਅਤੇ ਮਨੁੱਖੀ ਅਧਿਕਾਰਾਂ ਦੀ ਸੁਰਖਿਆ ਵਾਲੀ। ਸੱਚ ਤਾਂ ਇਹ ਹੈ ਕਿ ਜਗਜੀਤ ਸਿੰਘ ਨੂੰ ਜਿਵੇਂ - ਜਿਵੇਂ ਨਿੱਤ ਨਵੀਆਂ ਮੁਹਿੰਮਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਵੇਂ-ਉਵੇਂ ਉਹ ਮਜ਼ਬੂਤ ਆਗੂ ਬਣਕੇ ਸਾਹਮਣੇ ਆ ਰਿਹਾ ਹੈ। ਜਗਜੀਤ ਸਿੰਘ ਲਈ ਵੱਡੇ ਇਮਤਿਹਾਨ ਅਜੇ ਬਾਕੀ ਹਨ, ਜਿਨ੍ਹਾਂ 'ਚ ਉਸਦੀ ਕਾਬਲੀਅਤ ਪਰਖੀ ਜਾਣੀ ਹੈ ਤੇ ਦੁਨੀਆਂ ਨੇ ਉਸਦੀ ਸਮਰੱਥਾ ਨੂੰ ਅਜੇ ਜਾਨਣਾ ਹੈ। 


Dr-Gurvinder-Singh-Dhaliwal-Canada
Vancouver Canada
President Punjabi press Club of BC
0016048251550