Gobinder Singh Dhindsa

ਮਿਲਾਵਟਖੋਰੀ - ਗੋਬਿੰਦਰ ਸਿੰਘ ਢੀਂਡਸਾ

ਖਾਣ ਪੀਣ ਦੀਆਂ ਵਸਤਾਂ ਅਤੇ ਹੋਰ ਵਸਤਾਂ ਜਿੱਥੇ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਮਿਲਾਵਟ ਕਰਨੀ ਸੰਭਵ ਹੈ, ਉਨ੍ਹਾਂ ਵਿੱਚ ਮਿਲਾਵਟਖੋਰੀ ਬੜੀ ਗੰਭੀਰ ਸਮੱਸਿਆ ਬਣੀ ਹੋਈ ਹੈ। ਮਿਲਾਵਟ ਤੋਂ ਭਾਵ ਕੁਦਰਤੀ ਜਾਂ ਸ਼ੁੱਧ ਪਦਾਰਥਾਂ ਵਿੱਚ ਬਾਹਰੀ, ਬਨਾਉਟੀ ਜਾਂ ਹੋਰ ਪਦਾਰਥਾਂ ਦਾ ਮਿਸ਼ਰਣ ਕਰ ਦੇਣਾ ਹੈ। ਮਿਲਾਵਟਖੋਰੀ ਦੇ ਕਿੰਨੇ ਗੰਭੀਰ ਅਤੇ ਜਾਨਲੇਵਾ ਨਤੀਜੇ ਨਿਕਲ ਸਕਦੇ ਹਨ, ਇਹਨਾਂ ਦਾ ਅਨੁਮਾਨ ਨਹੀਂ ਲਗਾਇਆ ਜਾ ਸਕਦਾ। ਅਜਿਹਾ ਕੁਝ ਸਵਾਰਥੀ ਵਪਾਰੀ ਵਰਗ ਤਰਫੋਂ ਵੱਧ ਮੁਨਾਫ਼ੇ ਲਈ ਕੀਤਾ ਜਾਂਦਾ ਹੈ। ਜੇਕਰ ਕਹਿ ਲਿਆ ਜਾਵੇ ਕਿ ਅੱਜ ਕੱਲ੍ਹ ਬਾਜ਼ਾਰਾਂ ਵਿੱਚ ਕੋਈ ਹੀ ਚੀਜ਼ ਸ਼ੁੱਧ ਮਿਲਦੀ ਹੈ ਤਾਂ ਕੋਈ ਅੱਤਕੱਥਨੀ ਨਹੀਂ ਹੋਵੇਗੀ।

ਕੁਝ ਮਹੀਨੇ ਪਹਿਲਾਂ ਆਈ ਸੀ.ਏ.ਜੀ. ਦੀ ਰਿਪੋਰਟ ਇੱਕ ਭਿਆਨਕ ਤਸਵੀਰ ਪੇਸ਼ ਕਰਦੀ ਹੈ। ਇਸਦੇ ਮੁਤਾਬਿਕ ਐੱਫ.ਐੱਸ.ਐੱਸ.ਏ.ਆਈ. ਵਿੱਚ ਲਾਪਰਵਾਹੀ ਦਾ ਆਲਮ ਇਹ ਹੈ ਕਿ ਹੋਟਲਾਂ-ਰੇਸਤਰਾਂ ਜਾਂ ਭੋਜਨ ਕਿੱਤੇ ਨਾਲ ਜੁੜੀਆਂ ਹੋਰ ਗਤੀਵਿਧੀਆਂ ਦੇ ਲਈ ਲਾਈਸੈਂਸ ਦਿੰਦੇ ਸਮੇਂ ਜ਼ਰੂਰੀ ਦਸਤਾਵੇਜ਼ ਜਮ੍ਹਾਂ ਕਰਵਾਉਣ ਦੀ ਰਸਮੀ ਕਾਰਵਾਈ ਵੀ ਪੂਰੀ ਨਹੀਂ ਕੀਤੀ ਜਾਂਦੀ। ਫਰਜ਼ੀ ਦਸਤਾਵੇਜ਼ਾਂ ਦੇ ਆਧਾਰ ਤੇ ਸਿਹਤ ਲਈ ਨੁਕਸਾਨਦੇਹ ਖਾਧ ਪਦਾਰਥਾਂ ਨੂੰ ਮਨਜ਼ੂਰੀ ਦੇ ਦਿੱਤੀ ਜਾਂਦੀ ਹੈ। ਰਿਪੋਰਟ ਦੇ ਅਨੁਸਾਰ ਐੱਫ.ਐੱਸ.ਐੱਸ.ਏ.ਆਈ. ਦੇ ਅਧਿਕਾਰੀ ਜਿਨ੍ਹਾਂ 72 ਪ੍ਰਯੋਗਸ਼ਾਲਾਵਾਂ ਵਿੱਚ ਜਾਂਚ ਦੇ ਲਈ ਨਮੂਨੇ ਭੇਜਦੇ ਹਨ ਉਹਨਾਂ ਵਿੱਚੋਂ ਲੱਗਭਗ 65 ਦੇ ਕੋਲ ਆਧਿਕਾਰਿਕ ਮਾਨਤਾ ਵੀ ਨਹੀਂ ਹੈ।

ਦੁੱਧ ਅਤੇ ਦੁੱਧ ਤੋਂ ਤਿਆਰ ਉਤਪਾਦਾਂ ਵਿੱਚ ਮਿਲਾਵਟਖੋਰੀ ਕਿਸੇ ਤੋਂ ਛੁਪੀ ਨਹੀਂ। ਹਾਲੀਆ ਵਿੱਚ ਵਿਸ਼ਵ ਸਿਹਤ ਸੰਗਠਨ ਨੇ ਭਾਰਤ ਸਰਕਾਰ ਨੂੰ ਐੱਡਵਾਇਜਰੀ ਭੇਜੀ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਭਾਰਤ ਵਿੱਚ ਮਿਲਾਵਟੀ ਦੁੱਧ ਅਤੇ ਇਸਦੇ ਉਤਪਾਦਾਂ ਵਿੱਚ ਤਤਕਾਲ ਰੋਕ ਨਾ ਲਗਾਈ ਗਈ ਤਾਂ ਸਾਲ 2025 ਤੱਕ ਭਾਰਤ ਦੀ 87 ਫੀਸਦੀ ਜਨਸੰਖਿਆ ਕੈਂਸਰ ਵਰਗੇ ਜਾਨਲੇਵਾ ਰੋਗਾਂ ਦੀ ਗ੍ਰਿਫਤ ਵਿੱਚ ਹੋਵੇਗੀ। ਸਰਕਾਰ ਨੇ ਲੋਕ ਸਭਾ ਵਿੱਚ 17 ਮਾਰਚ 2015 ਨੂੰ ਮੰਨਿਆ ਸੀ ਕਿ ਦੇਸ਼ ਵਿੱਚ ਵਿਕਣ ਵਾਲਾ 68 ਫੀਸਦੀ ਦੁੱਧ ਦੂਸ਼ਿਤ ਹੀ ਹੁੰਦਾ ਹੈ।

ਤਿਉਹਾਰਾਂ ਦਾ ਸਮਾਂ ਹੈ ਅਤੇ ਤਿਉਹਾਰਾਂ ਦੇ ਸਮੇਂ ਮਿਠਾਈਆਂ ਅਤੇ ਹੋਰ ਖਾਣ ਵਾਲੀਆਂ ਚੀਜ਼ਾਂ ਵਿੱਚ ਮਿਲਾਵਟਖੋਰੀ ਸਿਖ਼ਰਾਂ ਤੇ ਹੁੰਦੀ ਹੈ। ਸਿਹਤਮੰਦ ਜ਼ਿੰਦਗੀ ਲਈ ਜ਼ਰੂਰੀ ਹੈ ਕਿ ਸੰਤੁਲਿਤ ਅਤੇ ਸ਼ੁੱਧ ਖਾਣ ਪੀਣ ਨੂੰ ਪਹਿਲ ਦਿੱਤੀ ਜਾਵੇ। ਮਿਲਾਵਟਖੋਰੀ ਦੇ ਇਸ ਦੌਰ ਵਿੱਚ ਚੰਗੀ ਸਿਹਤਯਾਬੀ ਲਈ ਜ਼ਰੂਰੀ ਹੈ ਕਿ ਬਾਜ਼ਾਰੋਂ ਖਾਣ ਪੀਣ ਦੀਆਂ ਚੀਜਾਂ ਘੱਟ ਤੋਂ ਘੱਟ ਖਰੀਦੋ। ਮਿਲਾਵਟਖੋਰੀ ਖਿਲਾਫ਼ ਕਾਨੂੰਨ ਵੀ ਬਣਿਆ ਹੋਇਆ ਹੈ ਅਤੇ ਲੋੜ ਹੈ ਕਾਨੂੰਨ ਨੂੰ ਸਖਤੀ ਨਾਲ ਅਮਲੀ ਰੂਪ ਦੇਣ ਦੀ ਤਾਂ ਜੋ ਕਿਸੇ ਦਾ ਮਿਲਾਵਟਖੋਰੀ ਕਰਕੇ ਨੁਕਸਾਨ ਨਾ ਹੋਵੇ।

ਗੋਬਿੰਦਰ ਸਿੰਘ ਢੀਂਡਸਾ
ਪਿੰਡ ਤੇ ਡਾਕ. ਬਰੜ੍ਹਵਾਲ  ਲੰਮਾ ਪੱਤੀ
ਈਮੇਲ   bardwal.gobinder@gmail.com

24 Oct. 2018

ਸੀ-ਸੈਕਸ਼ਨ ਭਾਵ ਸਿਜੇਰੀਅਨ ਪ੍ਰਸਵ - ਗੋਬਿੰਦਰ ਸਿੰਘ ਢੀਂਡਸਾ

ਸੰਸਾਰ ਵਿੱਚ ਬੱਚੇ ਦਾ ਜਨਮ ਦੋ ਤਰੀਕਿਆਂ ਨਾਲ ਹੁੰਦਾ ਹੈ ਸਾਧਾਰਣ ਪ੍ਰਸਵ ਅਤੇ ਸੀ-ਸੈਕਸ਼ਨ ਭਾਵ ਸਿਜੇਰੀਅਨ ਪ੍ਰਸਵ। ਵਿਸ਼ਵ ਸਿਹਤ ਸੰਗਠਨ ਅਨੁਸਾਰ ਜੇਕਰ ਦੇਸ਼ ਵਿੱਚ 10 ਤੋਂ 15 ਫੀਸਦੀ ਸੀ-ਸੈਕਸ਼ਨ ਦੁਆਰਾ ਬੱਚਿਆਂ ਦਾ ਜਨਮ ਹੋ ਰਿਹਾ ਹੈ ਤਾਂ ਸਾਧਾਰਣ ਹੈ ਪਰੰਤੂ ਜੇਕਰ ਦਰ ਇਸਤੋਂ ਜਿਆਦਾ ਹੈ ਤਾਂ ਇਹ ਚਿੰਤਾ ਦਾ ਵਿਸ਼ਾ ਹੈ।
ਕੁਝ ਵਿਸ਼ੇਸ਼ ਹਾਲਤਾਂ ਜਿਵੇਂ ਗਰਭ ਵਿੱਚ ਪਲ ਰਹੇ ਬੱਚੇ ਜੁੜਵਾਂ ਹੋਣ, ਮਾਂ ਦੀ ਸਿਹਤ ਠੀਕ ਨਾ ਹੋਵੇ, ਮਾਂ ਨੂੰ ਸ਼ੂਗਰ ਜਾਂ ਹਾਈ ਬਲੱਡ ਪ੍ਰੈਸ਼ਰ ਹੈ, ਐੱਚ.ਆਈ.ਵੀ. ਪੀੜਤ ਆਦਿ ਹੋਣ ਦੀ ਹਾਲਤ ਵਿੱਚ ਸਾਧਾਰਣ ਪ੍ਰਸਵ ਦੀ ਥਾਂ ਸਿਜੇਰੀਅਨ ਨੂੰ ਪਹਿਲ ਦਿੱਤੀ ਜਾਂਦੀ ਹੈ ਜੋ ਕਿ ਸਥਿਤੀ ਅਨੁਸਾਰ ਸੁਵਿਧਾਜਨਕ ਹੈ। ਜਦੋਂ ਮਾਂ ਜਾਂ ਬੱਚੇ ਦੀ ਜਾਨ ਨੂੰ ਖਤਰਾ ਹੁੰਦਾ ਹੈ ਤਾਂ ਉਦੋਂ ਸਿਜੇਰੀਅਨ ਹੀ ਜਿਆਦਾ ਸਹੀ ਅਤੇ ਜਰੂਰੀ ਹੈ।
ਸੀ-ਸੈਕਸ਼ਨ ਅੱਜਕੱਲ੍ਹ ਆਮ ਹੋ ਚੁੱਕਾ ਹੈ ਅਤੇ ਸਾਧਾਰਣ ਪ੍ਰਸਵ ਦੀ ਥਾਂ ਸੀ-ਸੈਕਸ਼ਨ ਰਾਹੀਂ ਜਨਮ ਲੈਣ ਵਾਲੇ ਬੱਚਿਆਂ ਦੀ ਗਿਣਤੀ ਵੱਧ ਰਹੀ ਹੈ। ਇਹ ਦੁਖਾਂਤ ਹੈ ਕਿ ਕੁਝ ਔਰਤਾਂ ਸਾਧਾਰਣ ਪ੍ਰਸਵ ਪੀੜ ਤੋਂ ਬਚਣ ਲਈ ਸੀ-ਸੈਕਸ਼ਨ ਨੂੰ ਪਹਿਲ ਦਿੰਦੀਆਂ ਹਨ ਜੋ ਕਿ ਸਹੀ ਨਹੀਂ ਹੈ ਅਤੇ ਡਾਕਟਰਾਂ ਦਾ ਇੱਕ ਵਰਗ ਪੈਸੇ ਕਮਾਉਣ ਜਾਂ ਆਪਣੇ ਹਿੱਤ ਸਾਧਨ ਲਈ ਸਿੱਧੇ ਅਸਿੱਧੇ ਢੰਗਾਂ ਨਾਲ ਸਾਧਾਰਣ ਪ੍ਰਸਵ ਦੀ ਥਾਂ ਸੀ-ਸੈਕਸ਼ਨ ਨੂੰ ਪਹਿਲ ਦੇ ਰਿਹਾ ਹੈ ਜੋ ਕਿ ਡਾਕਟਰੀ ਪੇਸ਼ੇ ਨਾਲ ਬੇਇਨਸਾਫ਼ੀ ਹੈ।
ਸੀ-ਸੈਕਸ਼ਨ ਵਿੱਚ ਔਰਤ ਦਾ ਅਪ੍ਰੇਸ਼ਨ ਕਰਕੇ ਬੱਚਾ ਪੇਟ ਚੋਂ ਬਾਹਰ ਕੱਢਿਆ ਜਾਂਦਾ ਹੈ।ਸੀ-ਸੈਕਸ਼ਨ ਬਾਦ ਔਰਤ ਦਾ ਰਿਕਵਰੀ ਸਮਾਂ ਵੱਧ ਜਾਂਦਾ ਹੈ ਜੋ ਕਿ ਦੋ ਮਹੀਨੇ ਤੱਕ ਜਾਂ ਇਸਤੋਂ ਵੱਧ ਸਮਾਂ ਹੋ ਸਕਦਾ ਹੈ। ਸਾਧਾਰਣ ਪ੍ਰਸਵ ਦੇ ਮੁਕਾਬਲੇ ਸੀ-ਸੈਕਸ਼ਨ ਵਾਲੀ ਔਰਤ ਜਲਦੀ ਬੱਚੇ ਨੂੰ ਆਪਣਾ ਦੁੱਧ ਸ਼ੁਰੂ ਨਹੀਂ ਕਰ ਸਕਦੀ। ਜੇਕਰ ਪਹਿਲੀ ਡਿਲਵਰੀ ਸੀ-ਸੈਕਸ਼ਨ ਰਾਹੀਂ ਹੋਈ ਹੈ ਤਾਂ ਭਵਿੱਖ ਵਿੱਚ ਵੀ ਸੀ-ਸੈਕਸ਼ਨ ਦੀ ਸੰਭਾਵਨਾ ਵੱਧ ਜਾਂਦੀ ਹੈ ਪਰੰਤੂ ਸੰਬੰਧਤ ਮਾਮਲੇ ਵਿੱਚ ਸਾਧਰਣ ਪ੍ਰਸਵ ਔਰਤ ਦੀ ਸਥਿਤੀ ਦੇ ਨਿਰਭਰ ਕਰਦਾ ਹੈ। ਸਿਜੇਰੀਅਨ ਦੁਆਰਾ ਪੈਦਾ ਹੋਏ ਬੱਚਿਆਂ ਵਿੱਚ ਜਨਮ ਦੇ ਸਮੇਂ ਅਤੇ ਬਚਪਨ ਦੌਰਾਨ ਦਮਾ ਵਰਗੀ ਸਿਹਤ ਸਮੱਸਿਆ ਹੋ ਸਕਦੀ ਹੈ। ਅਜਿਹੇ ਬੱਚਿਆਂ ਵਿੱਚ ਮੋਟਾਪੇ ਹੋਣ ਦੀ ਵੀ ਸੰਭਾਵਨਾ ਹੋ ਸਕਦੀ ਹੈ। ਪਲਸੈਂਟ ਸਮੱਸਿਆ ਦਾ ਖਤਰਾ ਇੱਕ ਔਰਤ ਦੀ ਹਰ ਸੀ-ਸੈਕਸ਼ਨ ਦੇ ਨਾਲ ਵੱਧਦਾ ਜਾਂਦਾ ਹੈ।
    ਆਮ ਔਰਤਾਂ ਦੀ ਇਹ ਧਾਰਣਾ ਹੈ ਕਿ ਸਾਧਾਰਣ ਪ੍ਰਸਵ ਨਾਲ ਔਰਤ ਦਾ ਬੱਚੇ ਨਾਲ ਮਾਨਸਿਕ ਲਗਾਅ ਜਿਆਦਾ ਵੱਧ ਜਾਂਦਾ ਹੈ ਅਤੇ ਪ੍ਰਸਵ ਪੀੜ ਦੇ ਬਾਵਜੂਦ ਵੀ ਉਹਨਾਂ ਨੂੰ ਆਤਮਿਕ ਸੰਤੁਸ਼ਟੀ ਪ੍ਰਾਪਤ ਹੁੰਦੀ ਹੈ ਜਿਸਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਹ ਬੱਚੇ ਨੂੰ ਕੁਦਰਤੀ ਰੂਪ ਵਿੱਚ ਜਨਮਦੀਆਂ ਹਨ ਜਿਸ ਤਰ੍ਹਾਂ ਕੁਦਰਤ ਨੇ ਨਿਯਮ ਬਣਾਏ ਹਨ।
ਲੋੜ ਹੈ ਗਰਭਵਤੀ ਮਹਿਲਾਵਾਂ ਨੂੰ ਮਾਨਸਿਕ ਤੌਰ ਤੇ ਸਾਧਾਰਣ ਪ੍ਰਸਵ ਲਈ ਆਪਣੇ ਆਪ ਨੂੰ ਤਿਆਰ ਕਰਨ ਦੀ ਅਤੇ ਇਸ ਵਿੱਚ ਪਰਿਵਾਰ ਨੂੰ ਵੀ ਪੂਰਾ ਸਹਿਯੋਗ ਕਰਨਾ ਚਾਹੀਦਾ ਹੈ। ਕੇਵਲ ਆਪਣੇ ਹਿੱਤ ਸਾਧਨ ਦੀ ਥਾਂ ਡਾਕਟਰਾਂ ਨੂੰ ਵੀ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦਿਆਂ ਅਤੇ ਆਪਣੇ ਪੇਸ਼ੇ ਨਾਲ ਨਿਆਂ ਕਰਦਿਆਂ ਸਾਧਾਰਣ ਪ੍ਰਸਵ ਨੂੰ ਹੀ ਪਹਿਲ ਦੇਣੀ ਚਾਹੀਦੀ ਹੈ ਅਤੇ ਵਿਸ਼ੇਸ਼ ਹਾਲਤਾਂ ਵਿੱਚ ਹੀ ਸੀ-ਸੈਕਸ਼ਨ ਦੁਆਰਾ ਬੱਚੇ ਨੂੰ ਜਨਮ ਦਿਵਾਉਣਾ ਚਾਹੀਦਾ ਹੈ।

ਗੋਬਿੰਦਰ ਸਿੰਘ ਢੀਂਡਸਾ
ਪਿੰਡ ਤੇ ਡਾਕ – ਬਰੜ੍ਹਵਾਲ ਲੰਮਾ ਪੱਤੀ
ਤਹਿਸੀਲ – ਧੂਰੀ (ਸੰਗਰੂਰ)
ਈਮੇਲ bardwal.gobinder@gmail.com

19 Oct. 2018

ਡੇਂਗੂ ਬੁਖ਼ਾਰ - ਗੋਬਿੰਦਰ ਸਿੰਘ ਢੀਂਡਸਾ

ਹਰ ਸਾਲ ਦੁਨੀਆਂ ਵਿੱਚ ਤਕਰੀਬਨ 10 ਕਰੋੜ ਲੋਕ ਡੇਂਗੂ ਦਾ ਸ਼ਿਕਾਰ ਹੁੰਦੇ ਹਨ। ਡੇਂਗੂ ਇੱਕ ਮੱਛਰ ਦੇ ਕੱਟਣ ਨਾਲ ਫੈਲਣ ਵਾਲਾ ਸੰਕ੍ਰਮਕ ਰੋਗ ਹੈ। ਡੇਂਗੂ ਵਾਇਰਸ ਹਵਾ, ਪਾਣੀ, ਖਾਣਾ ਖਾਣ ਜਾਂ ਛੂਹਣ ਨਾਲ ਨਹੀਂ ਫੈਲਦਾ। ਡੇਂਗੂ ਬੁਖ਼ਾਰ ਸੰਕ੍ਰਮਿਤ ਮਾਦਾ ਮੱਛਰ ਏਡੀਜ਼ ਏਜਿਪਟੀ ਦੇ ਕੱਟਣ ਨਾਲ ਹੁੰਦਾ ਹੈ। ਗਰਮੀ ਅਤੇ ਬਾਰਿਸ਼ ਦੇ ਮੌਸਮ ਵਿੱਚ ਇਹ ਬਿਮਾਰੀ ਤੇਜੀ ਨਾਲ ਹੁੰਦੀ ਹੈ ਅਤੇ ਡੇਂਗੂ ਦੇ ਮੱਛਰ ਹਮੇਸ਼ਾਂ ਸਾਫ਼ ਪਾਣੀ ਵਿੱਚ ਪੈਦਾ ਹੁੰਦੇ ਹਨ। ਇਹ ਮੱਛਰ ਦਿਨ ਸਮੇਂ ਹੀ ਕੱਟਦੇ ਹਨ ਅਤੇ ਇਹ ਜਿਆਦਾ ਉੱਚੀ ਉੱਡ ਨਹੀਂ ਸਕਦੇ। ਇਸ ਮੱਛਰ ਤੇ ਚੀਤੇ ਵਾਂਗ ਧਾਰੀਆਂ ਹੁੰਦੀਆਂ ਹਨ ਅਤੇ ਇਹ ਠੰਡੇ, ਛਾਂ ਵਾਲੇ, ਪਰਦਿਆਂ ਦੇ ਪਿੱਛੇ ਜਾਂ ਹਨੇਰੇ ਵਾਲੀ ਜਗ੍ਹਾਂ ਤੇ ਹੋ ਸਕਦੇ ਹਨ।

ਡੇਂਗੂ ਵਿੱਚ ਚੌਬੀ ਘੰਟਿਆਂ ਵਿੱਚ ਹੀ ਪੰਜਾਹ ਹਜ਼ਾਰ ਤੋਂ ਇੱਕ ਲੱਖ ਤੱਕ ਪਲੇਟਲੈੱਟਸ ਘੱਟ ਸਕਦੇ ਹਨ। ਜੇਕਰ ਪਲੇਟਲੈੱਟਸ ਘੱਟ ਕੇ ਵੀਹ ਹਜਾਰ ਜਾਂ ਉਸਤੋਂ ਹੇਠਾਂ ਚਲੇ ਜਾਣ ਤਾਂ ਪਲੇਟਲੈੱਟਸ ਚੜਾਉਣ ਦੀ ਜ਼ਰੂਰਤ ਪੈਂਦੀ ਹੈ। ਡਾਕਟਰ ਦੀ ਸਲਾਹ ਨਾਲ ਨਿਯਮਿਤ ਪਲੇਟਲੈੱਟ ਸੰਖਿਆਂ ਦੀ ਜਾਂਚ ਕਰਵਾਉਣੀ ਚਾਹੀਦੀ ਹੈ।

ਡੇਂਗੂ ਬੁਖ਼ਾਰ ਦੀ ਕੋਈ ਵਿਸ਼ੇਸ਼ ਦਵਾਈ ਜਾਂ ਵੈਕਸੀਨ ਨਹੀਂ ਹੈ। ਡੇਂਗੂ ਦੀ ਸਾਧਾਰਣ ਬੁਖ਼ਾਰ ਅਵਸਥਾ ਮੁਕਾਬਲੇ ਹੈਮ੍ਰੇਜਿਕ ਬੁਖ਼ਾਰ ਜਾਨਲੇਵਾ ਹੁੰਦਾ ਹੈ।

ਸੰਕ੍ਰਮਿਤ ਮੱਛਰ ਦੇ ਕੱਟਣ ਦੇ ਤਿੰਨ ਤੋਂ ਚੌਂਦਾਂ ਦਿਨਾਂ ਬਾਦ ਡੇਂਗੂ ਬੁਖ਼ਾਰ ਦੇ ਲ਼ੱਛਣ ਨਜ਼ਰ ਆਉਣੇ ਸ਼ੁਰੂ ਹੁੰਦੇ ਹਨ, ਇਹਨਾਂ ਵਿੱਚ ਤੇਜ ਠੰਡ ਲੱਗ ਕੇ ਬੁਖ਼ਾਰ ਆਉਣਾ, ਸਿਰਦਰਦ, ਅੱਖਾਂ ਵਿੱਚ ਦਰਦ, ਸਰੀਰ ਦਰਦ, ਜੋੜਾਂ ਵਿੱਚ ਦਰਦ, ਭੁੱਖ ਘੱਟ ਲੱਗਣਾ, ਜੀਅ ਮਚਲਣਾ, ਉਲਟੀ, ਦਸਤ ਲੱਗਣਾ ਅਤੇ ਚਮੜੀ ਤੇ ਲਾਲ ਰੰਗ ਦੇ ਦਾਣੇ ਆਦਿ ਹਨ।

ਡੇਂਗੂ ਤੋਂ ਘਬਰਾਉਣਾ ਨਹੀਂ ਚਾਹੀਦਾ ਅਤੇ ਜੇਕਰ ਲੱਛਣ ਨਜ਼ਰ ਆ ਰਹੇ ਹਨ ਤਾਂ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਤੁਰੰਤ ਡਾਕਟਰ ਨੂੰ ਦਿਖਾਉਣਾ ਚਾਹੀਦਾ ਹੈ ਅਤੇ ਡਾਕਟਰ ਦੀ ਸਲਾਹ ਅਨੁਸਾਰ ਦਵਾਈ ਲੈਣੀ ਚਾਹੀਦੀ ਹੈ। ਰੋਗੀ ਨੂੰ ਜਿਆਦਾ ਤੋਂ ਜਿਆਦਾ ਤਰਲ ਪਦਾਰਥ ਦੇਣੇ ਚਾਹੀਦੇ ਹਨ ਤਾਂ ਜੋ ਉਸਦੇ ਸਰੀਰ ਵਿੱਚ ਪਾਣੀ ਦੀ ਕਮੀ ਨਾ ਹੋਵੇ। ਕਦੇ ਵੀ ਖੁਦ ਮਰੀਜ਼ ਨੂੰ ਡਿਸਪਰਿਨ ਜਾਂ ਐੱਸਪਰਿਨ ਦੀ ਗੋਲੀ ਨਾ ਦੇਵੋ।

ਡੇਂਗੂ ਤੋਂ ਬਚਣ ਲਈ ਜ਼ਰੂਰੀ ਹੈ ਕਿ ਘਰ ਅਤੇ ਆਲੇ ਦੁਆਲੇ ਪਾਣੀ ਨਾ ਇਕੱਠਾ ਹੋਣ ਦੇਵੋ ਅਤੇ ਸਾਫ਼ ਸਫ਼ਾਈ ਦਾ ਖਾਸ ਧਿਆਨ ਰੱਖੋ।

ਗੋਬਿੰਦਰ ਸਿੰਘ ਢੀਂਡਸਾ
ਪਿੰਡ ਤੇ ਡਾਕ. ਬਰੜ੍ਹਵਾਲ ਲੰਮਾ ਪੱਤੀ (ਧੂਰੀ)
ਈਮੇਲ  bardwal.gobinder@gmail.com

18 Oct. 2018

ਦੋ ਬੂੰਦ ਜ਼ਿੰਦਗੀ ਦੇ – ਵਿਸ਼ਵ ਪੋਲੀਓ ਦਿਵਸ - ਗੋਬਿੰਦਰ ਸਿੰਘ ਢੀਂਡਸਾ

ਸਾਲ 1988 ਵਿੱਚ 125 ਦੇਸ਼ਾਂ ਵਿੱਚ ਪੋਲੀਓ ਦੇ ਮਾਮਲੇ ਸਾਹਮਣੇ ਆਏ। ਅਮਰੀਕਾ ਬਿਮਾਰੀ ਨਿਯੰਤ੍ਰਣ ਕੇਂਦਰ ਦੇ ਅਨੁਸਾਰ ਦੁਨੀਆਂ ਵਿੱਚ ਪੋਲੀਓ ਦੇ ਮਾਮਲਿਆਂ ਵਿੱਚ ਸਾਲ 1988 ਤੋਂ 2013 ਵਿਚਕਾਰ 99 ਫੀਸਦੀ ਕਮੀ ਆਈ ਹੈ ਪਰੰਤੂ ਅਜੇ ਵੀ ਇਹ ਬਿਮਾਰੀ ਦੁਨੀਆਂ ਵਿੱਚੋਂ ਸਮਾਪਤ ਨਹੀਂ ਹੋਈ। 24 ਅਕਤੂਬਰ ਨੂੰ ਵਿਸ਼ਵ ਪੋਲੀਓ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਅਤੇ ਇਸ ਮਹੀਨੇ ਜੋਨਾਸ ਸਾੱਕ ਦਾ ਜਨਮ ਹੋਇਆ ਸੀ ਜੋ ਕਿ 1955 ਵਿੱਚ ਪੋਲੀਓ ਦੀ ਪਹਿਲੀ ਵੈਕਸੀਨ ਦੀ ਖੋਜ ਕਰਨ ਵਾਲੀ ਟੀਮ ਦੇ ਪ੍ਰਮੁੱਖ ਸੀ। ਸਾਲ 1995 ਵਿੱਚ ਭਾਰਤ ਵਿੱਚ ਪਲਸ ਪੋਲੀਓ ਅਭਿਆਨ ਦੀ ਸ਼ੁਰੂਆਤ ਕੀਤੀ ਗਈ। 27 ਮਾਰਚ 2014 ਨੂੰ ਵਿਸ਼ਵ ਸਿਹਤ ਸੰਗਠਨ ਨੇ ਭਾਰਤ ਨੂੰ ਪੋਲੀਓ ਮੁਕਤ ਘੋਸ਼ਿਤ ਕਰ ਦਿੱਤਾ ਸੀ।

ਪੋਲੀਓ ਇੱਕ ਸੰਕ੍ਰਾਮਕ ਰੋਗ ਹੈ ਜੋ ਕਿ ਵਾਇਰਸ ਰਾਹੀਂ ਫੈਲਦਾ ਹੈ। ਪੀੜਤ ਨੂੰ ਗੰਭੀਰ ਹਾਲਤਾਂ ਵਿੱਚ ਜਿਆਦਾਤਰ ਲੱਤਾਂ ਵਿੱਚ ਲਕਵਾ ਹੋ ਜਾਂਦਾ ਹੈ। ਪੋਲੀਓ ਵਾਇਰਸ ਮੂੰਹ ਦੇ ਰਾਹੀਂ ਸਰੀਰ ਵਿੱਚ ਪ੍ਰਵੇਸ਼ ਕਰਦਾ ਹੈ ਅਤੇ ਅੰਤੜੀ ਵਿੱਚ ਪਨਪਦਾ ਹੈ। ਪੋਲੀਓ ਵਾਇਰਸ ਵਿਅਕਤੀ ਤੋਂ ਵਿਅਕਤੀ ਵਿੱਚ ਮੁੱਖ ਰੂਪ ਵਿੱਚ ਮਲ ਦੇ ਮਾਧਿਅਮ ਰਾਹੀਂ ਫੈਲਦਾ ਹੈ ਪਰੰਤੂ ਸਾਧਾਰਨ ਤੌਰ ਤੇ ਦੂਸ਼ਿਤ ਪਾਣੀ ਦਾ ਸੇਵਨ, ਗੰਦੇ ਪਾਣੀ ਵਿੱਚ ਤੈਰਨ ਆਦਿ ਨਾਲ ਵੀ ਪੋਲੀਓ ਵਾਇਰਸ ਦਾ ਸੰਕ੍ਰਮਣ ਹੋ ਸਕਦਾ ਹੈ।

ਪੋਲੀਓ ਦੀ ਬਿਮਾਰੀ ਵਿੱਚ ਮਰੀਜ਼ ਦੀ ਸਥਿਤੀ ਵਾਇਰਸ ਦੀ ਤੀਬਰਤਾ ਤੇ ਨਿਰਭਰ ਕਰਦੀ ਹੈ। ਪੋਲੀਓ ਦੇ ਸਾਧਾਰਣ ਲੱਛਣਾਂ ਵਿੱਚ ਪੇਟ ਵਿੱਚ ਦਰਦ, ਉਲਟੀਆਂ ਆਉਣਾ, ਗਲੇ ਵਿੱਚ ਦਰਦ, ਸਿਰ ਵਿੱਚ ਤੇਜ ਦਰਦ, ਤੇਜ ਬੁਖ਼ਾਰ, ਭੋਜਨ ਨਿਗਲਣ ਵਿੱਚ ਮੁਸ਼ਕਿਲ, ਜਟਿਲ ਸਥਿਤੀਆਂ ਵਿੱਚ ਦਿਲ ਦੀਆਂ ਮਾਸ ਪੇਸ਼ੀਆਂ ਵਿੱਚ ਸੋਜ ਆਉਣਾ ਆਦਿ ਸ਼ਾਮਿਲ ਹਨ।

ਨੌਜਵਾਨਾਂ ਦੇ ਮੁਕਾਬਲੇ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ ਇਸ ਬਿਮਾਰੀ ਦੇ ਹੋਣ ਦੀ ਸੰਭਾਵਨਾ ਜਿਆਦਾ ਹੁੰਦੀ ਹੈ। ਜੇਕਰ ਇੱਕ ਬੱਚਾ ਵੀ ਪੋਲੀਓ ਤੋਂ ਪੀੜਤ ਹੈ ਤਾਂ ਦੇਸ਼ ਦੇ ਸਾਰੇ ਬੱਚਿਆਂ ਨੂੰ ਪੋਲੀਓ ਤੋਂ ਗ੍ਰਸਤ ਹੋਣ ਦਾ ਖਤਰਾ ਹੋ ਜਾਂਦਾ ਹੈ।

ਪੋਲੀਓ ਨੂੰ ਸਿਰਫ ਰੋਕਿਆ ਜਾ ਸਕਦਾ ਹੈ, ਇਸ ਦਾ ਕੋਈ ਸਫ਼ਲ ਇਲਾਜ ਨਹੀਂ ਹੈ। ਪੋਲੀਓ ਵੈਕਸੀਨ ਦੀ ਨਿਰਧਾਰਿਤ ਖੁਰਾਕ ਨਾਲ ਬੱਚੇ ਨੂੰ ਜੀਵਨ ਭਰ ਦੇ ਲਈ ਪੋਲੀਓ ਤੋਂ ਸੁਰੱਖਿਅਤ ਕੀਤਾ ਜਾ ਸਕਦਾ ਹੈ।

ਸਮੇਂ ਸਮੇਂ ਤੇ ਪੋਲੀਓ ਰੋਧਕ ਦਵਾਈ ਦੀਆਂ ਦੋ ਬੂੰਦਾਂ ਬੱਚਿਆਂ ਨੂੰ ਪਿਲਾਈਆਂ ਜਾਂਦੀਆਂ ਹਨ ਅਤੇ ਬੱਚਿਆਂ ਨੂੰ ਇਸ ਬਿਮਾਰੀ ਤੋਂ ਸੁਰੱਖਿਅਤ ਕਰਨ ਵਿੱਚ ਮਾਪਿਆਂ ਨੂੰ ਵੀ ਪੂਰਾ ਸਹਿਯੋਗ ਕਰਨਾ ਚਾਹੀਦਾ ਹੈ ਤਾਂ ਜੋ ਕੋਈ ਵੀ ਬੱਚਾ ਦੋ ਬੂੰਦ ਜ਼ਿੰਦਗੀ ਤੋਂ ਬਾਂਝਾ ਨਾ ਰਹਿ ਜਾਵੇ।

ਗੋਬਿੰਦਰ ਸਿੰਘ ਢੀਂਡਸਾ
ਪਿੰਡ ਤੇ ਡਾਕ – ਬਰੜ੍ਹਵਾਲ ਲੰਮਾ ਪੱਤੀ
ਤਹਿਸੀਲ – ਧੂਰੀ (ਸੰਗਰੂਰ)
ਈਮੇਲ  bardwal.gobinder@gmail.com

20 ਅਕਤੂਬਰ – ਵਿਸ਼ਵ ਔਸਟੀਓਪੋਰੋਸਿਸ ਦਿਵਸ - ਗੋਬਿੰਦਰ ਸਿੰਘ ਢੀਂਡਸਾ

ਦੁਨੀਆਂ ਭਰ ਵਿੱਚ ਹਰ ਸਾਲ 20 ਅਕਤੂਬਰ ਨੂੰ ਵਿਸ਼ਵ ਔਸਟੀਓਪੋਰੋਸਿਸ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।ਸਵਿਟਜ਼ਰਲੈਂਡ ਸਥਿਤ ਅੰਤਰਰਾਸ਼ਟਰੀ ਔਸਟੀਓਪੋਰੋਸਿਸ ਫਾਊਂਡੇਸ਼ਨ ਦੁਆਰਾ ਇਸ ਦਿਵਸ ਦਾ ਆਯੋਜਨ ਕੀਤਾ ਜਾਂਦਾ ਹੈ। ਇਹ ਦਿਵਸ ਔਸਟੀਓਪੋਰੋਸਿਸ ਸੰਬੰਧੀ ਲੋਕਾਂ ਵਿੱਚ ਜਾਗਰੂਕਤਾ ਵਧਾਉਣ ਦੇ ਉਦੇਸ਼ ਨਾਲ ਮਨਾਇਆ ਜਾਂਦਾ ਹੈ।

ਔਸਟੀਓਪੋਰੋਸਿਸ ਇੱਕ ਹੱਡੀ ਰੋਗ ਹੈ ਜਿਸ ਨਾਲ ਫ੍ਰੈੱਕਚਰ ਦਾ ਖਤਰਾ ਵੱਧ ਜਾਂਦਾ ਹੈ। ਇਸ ਰੋਗ ਕਰਕੇ ਹੱਡੀਆਂ ਕਮਜ਼ੋਰ ਅਤੇ ਨਾਜ਼ੁਕ ਹੋ ਜਾਂਦੀਆਂ ਹਨ ਜਿਸ ਕਰਕੇ ਰੀੜ ਦੀ ਹੱਡੀ, ਖਾਸ ਕਰਕੇ ਚੂਲੇ ਅਤੇ ਗੁੱਟ ਦੇ ਫ੍ਰੈੱਕਚਰ ਹੋਣ ਦਾ ਖਤਰਾ ਵੱਧ ਜਾਂਦਾ ਹੈ। ਔਸਟੀਓਪੋਰੋਸਿਸ ਦੌਰਾਨ ਹੱਡੀਆਂ ਖੋਖਲੀਆਂ ਤੇ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਹਲਕਾ ਦਬਾਅ ਪੈਣ ਤੇ ਹੀ ਟੁੱਟ ਜਾਂਦੀਆ ਹਨ। ਇਸ ਸਥਿਤੀ ਵਿੱਚ ਹੱਡੀ ਦਾ ਫਿਰ ਤੋਂ ਜੁੜਨਾ ਮੁਸ਼ਕਿਲ ਹੋ ਜਾਂਦਾ ਹੈ। ਔਸਟਿਓ ਅਰਥਰਾਈਟਿਸ ਵਿੱਚ ਕਾਰਟਲੇਜ ਆਪਣਾ ਲਚਕੀਲਾਪਣ ਖੋਹ ਦਿੰਦਾ ਹੈ। ਔਸਟੀਓਪੋਰੋਸਿਸ ਦੌਰਾਨ ਹੱਡੀ ਦੀ ਮਜਬੂਤੀ ਲਗਾਤਾਰ ਘੱਟਦੀ ਜਾਂਦੀ ਹੈ ਅਤੇ ਫ੍ਰੈੱਕਚਰ ਜਿਆਦਾ ਹੁੰਦੇ ਜਾਂਦੇ ਹਨ ਇੱਥੋਂ ਤੱਕ ਕਿ ਨਿੱਛ ਜਾਂ ਛਿੱਕ ਵੀ ਪਸਲੀ ਵਿੱਚ ਫ੍ਰੈੱਕਚਰ ਕਰ ਸਕਦੀ ਹੈ।

ਹੱਡੀ ਇੱਕ ਜੀਵਤ ਅੰਗ ਹੈ, ਜੀਵਨ ਭਰ ਪੁਰਾਣੀ ਹੱਡੀ ਗਲਦੀ ਜਾਂਦੀ ਹੈ ਅਤੇ ਨਵੀਂ ਬਣਦੀ ਜਾਂਦੀ ਹੈ। ਵੀਹ ਸਾਲ ਦੀ ਉਮਰ ਤੱਕ ਨਵੀਂ ਹੱਡੀ ਬਣਨ ਦੀ ਰਫ਼ਤਾਰ ਜਿਆਦਾ ਹੁੰਦੀ ਹੈ ਅਤੇ ਪੁਰਾਣੀ ਹੱਡੀ ਗਲਣ ਦੀ ਘੱਟ, ਜਿਸ ਕਰਕੇ ਹੱਡੀਆਂ ਦੀ ਘਣਤਾ ਜਿਆਦਾ ਹੁੰਦੀ ਹੈ ਅਤੇ ਉਹ ਮਜ਼ਬੂਤ ਹੁੰਦੀਆਂ ਹਨ। 30 ਸਾਲ ਦੀ ਉਮਰ ਤੱਕ ਆਉਂਦੇ ਆਉਂਦੇ ਹੱਡੀਆਂ ਦਾ ਗਲਣਾ ਵੱਧਣ ਲੱਗਦਾ ਹੈ ਅਤੇ ਨਵੀਂ ਹੱਡੀ ਦੇ ਬਣਨ ਦੀ ਰਫ਼ਤਾਰ ਘੱਟ ਹੋਣ ਲੱਗਦੀ ਹੈ। ਇਹ ਵੱਧਦੀ ਉਮਰ ਦੀ ਨਿਯਮਿਤ ਪ੍ਰਕਿਰਿਆ ਹੈ।

ਔਸਟੀਓਪੋਰੋਸਿਸ ਹੌਲੀ ਹੌਲੀ ਕਈ ਮਹੀਨੇ -ਸਾਲਾਂ ਵਿੱਚ ਵਿਅਕਤੀ ਨੂੰ ਆਪਣੀ ਗ੍ਰਿਫਤ ਵਿੱਚ ਲੈਂਦਾ ਹੈ ਅਤੇ ਇਸ ਸਮੱਸਿਆ ਦਾ ਪਤਾ ਕਾਫ਼ੀ ਦੇਰ ਬਾਦ ਲੱਗਦਾ ਹੈ। ਇਸਦੇ ਮੁੱਖ ਲੱਛਣਾਂ ਵਿੱਚ ਜੋੜਾਂ ਵਿੱਚ ਦਰਦ, ਸਿੱਧੇ ਬੈਠਣ ਵਿੱਚ ਕਠਿਨਾਈ ਅਤੇ ਖੜ੍ਹੇ ਹੋਣ ਵਿੱਚ ਤਕਲੀਫ਼ ਆਦਿ ਸ਼ਾਮਿਲ ਹੈ। ਬਜ਼ੁਰਗਾਂ ਵਿੱਚ ਅਕਸਰ ਦੇਖੀ ਜਾਣ ਵਾਲੀ ਸਰੀਰ ਦੀ ਝੁਕੀ ਹੋਈ ਸਥਿਤੀ ਸੰਭਾਵਿਤ ਔਸਟੀਓਪੋਰੋਸਿਸ ਦਾ ਪ੍ਰਤੱਖ ਸੰਕੇਤ ਹੈ।

ਸੰਸਾਰ ਭਰ ਵਿੱਚ ਪੰਜਾਹ ਸਾਲ ਤੋਂ ਉੱਪਰ ਦੀਆਂ 3 ਔਰਤਾਂ ਵਿੱਚੋਂ ਇੱਕ ਔਰਤ ਅਤੇ 5 ਪੁਰਸ਼ਾਂ ਵਿੱਚੋਂ ਇੱਕ ਪੁਰਸ਼ ਪ੍ਰਭਾਵਿਤ ਹੈ। ਔਰਤਾਂ ਵਿੱਚ ਪੁਰਸ਼ਾਂ ਮੁਕਾਬਲੇ ਔਸਟੀਓਪੋਰੋਸਿਸ ਦਾ ਖਤਰਾ ਜਿਆਦਾ ਹੁੰਦਾ ਹੈ। ਉਮਰ ਦੇ ਨਾਲ ਨਾਲ ਔਰਤਾਂ ਦੇ ਸਰੀਰ ਵਿੱਚ ਐਸਟ੍ਰੋਜੋਨ ਦਾ ਪੱਧਰ ਘੱਟਦਾ ਜਾਂਦਾ ਹੈ ਅਤੇ ਉਹਨਾਂ  ਵਿੱਚ ਔਸਟੀਓਪੋਰੋਸਿਸ ਦੀ ਜਿਆਦਾ ਸੰਭਾਵਨਾ ਹੋ ਜਾਂਦੀ ਹੈ। 50 ਸਾਲ ਦੀ ਉਮਰ ਤੋਂ ਬਾਅਦ ਚੂਲੇ ਅਤੇ ਰੀੜ ਦੀ ਹੱਡੀ ਦੇ ਫ੍ਰੈੱਕਚਰ ਦੀ ਸੰਭਾਵਨਾ 54 ਫੀਸਦੀ ਵੱਧ ਜਾਂਦੀ ਹੈ। ਸਰਵੇ ਦੱਸਦੇ ਹਨ ਕਿ ਮੀਨੋਪੌਜ਼ ਤੋਂ ਬਾਦ 10 ਵਿਚੋਂ ਹਰ ਤੀਜੀ ਔਰਤ ਨੂੰ ਇਹ ਰੋਗ ਹੋ ਸਕਦਾ ਹੈ। ਭਾਰਤ ਵਿੱਚ 2 ਵਿੱਚੋਂ 1 ਔਰਤ ਜੋ 45 ਸਾਲ ਤੋਂ ਉੱਪਰ ਹੈ ਉਹ ਔਸਟੀਓਪੋਰੋਸਿਸ ਤੋਂ ਪੀੜਤ ਹੈ।

ਔਸਟੀਓਪੋਰੋਸਿਸ ਦੇ ਮੁੱਖ ਕਾਰਨਾਂ ਵਿੱਚ ਸਰੀਰ ਵਿੱਚ ਕੈਲਸ਼ੀਅਮ ਦੀ ਘਾਟ ਹੋਣਾ ਹੈ ਅਤੇ ਹੋਰ ਕਾਰਨਾਂ ਵਿੱਚ ਹਾਰਮੋਨ ਸੰਬੰਧੀ ਸਮੱਸਿਆਵਾਂ, ਪੋਸ਼ਣ ਰਹਿਤ ਭੋਜਨ, ਜਿਆਦਾ ਸਿਗਰਟਨੋਸ਼ੀ ਅਤੇ ਸ਼ਰਾਬ ਦਾ ਸੇਵਨ ਆਦਿ ਆ ਜਾਂਦਾ ਹੈ।

ਸਿਹਤਮੰਦ ਸਰੀਰ ਲਈ ਜ਼ਰੂਰੀ ਹੈ ਕਿ ਸੰਤੁਲਿਤ ਭੋਜਨ ਨੂੰ ਪਹਿਲ ਦਿੱਤੀ ਜਾਵੇ। ਇਸ ਬਿਮਾਰੀ ਤੋਂ ਬਚਾਅ ਲਈ ਕੈਲਸ਼ੀਅਮ ਅਤੇ ਵਿਟਾਮਿਨ ਡੀ ਭਰਪੂਰ ਖਾਧ ਪਦਾਰਥਾਂ ਜਿਵੇਂ ਕਿ ਦੁੱਧ, ਦਹੀਂ, ਅੰਡੇ, ਸੋਆਬੀਨ ਅਤੇ ਹਰੀ ਪੱਤੇਦਾਰ ਸਬਜ਼ੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ।

ਗੋਬਿੰਦਰ ਸਿੰਘ ਢੀਂਡਸਾ
ਪਿੰਡ ਤੇ ਡਾਕ – ਬਰੜ੍ਹਵਾਲ ਲੰਮਾ ਪੱਤੀ
ਤਹਿਸੀਲ – ਧੂਰੀ (ਸੰਗਰੂਰ)
ਈਮੇਲ  bardwal.gobinder@gmail.com

15 Oct. 2018

ਸੰਯੁਕਤ ਰਾਸ਼ਟਰ ਸੰਘ – 24 ਅਕਤੂਬਰ - ਗੋਬਿੰਦਰ ਸਿੰਘ ਢੀਂਡਸਾ

ਵਿਸ਼ਵ ਸ਼ਾਂਤੀ ਅਤੇ ਵਿਸ਼ਵ ਕਲਿਆਣ ਦੇ ਮੰਤਵ ਨਾਲ ਅੰਤਰਰਾਸ਼ਟਰੀ ਪੱਧਰ ਤੇ ਸੰਯੁਕਤ ਰਾਸ਼ਟਰ ਸੰਘ ਦੀ ਸਥਾਪਨਾ ਕੀਤੀ ਗਈ ਅਤੇ ਹਰ ਸਾਲ 24 ਅਕਤੂਬਰ ਨੂੰ ਸੰਯੁਕਤ ਰਾਸ਼ਟਰ ਸੰਘ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ।

ਪਹਿਲਾ ਵਿਸ਼ਵ ਯੁੱਧ 1914 ਤੋਂ 1918 ਤੱਕ ਚੱਲਿਆ। ਪਹਿਲੇ ਵਿਸ਼ਵ ਯੁੱਧ ਬਾਅਦ ਅਮਰੀਕੀ ਰਾਸ਼ਟਰਪਤੀ ਵੁਡਰੋ ਵਿਲਸਨ ਦੀ ਪ੍ਰੇਰਨਾ ਨਾਲ 10 ਜਨਵਰੀ 1920 ਨੂੰ ਰਾਸ਼ਟਰ ਸੰਘ ਦੀ ਸਥਾਪਨਾ ਕੀਤੀ ਗਈ ਜਿਸਦਾ ਉਦੇਸ਼ ਭਵਿੱਖ ਵਿੱਚ ਵਿਸ਼ਵ ਯੁੱਧ ਰੋਕਣਾ ਸੀ ਪਰੰਤੂ ਰਾਸ਼ਟਰ ਸੰਘ ਅਸਫ਼ਲ ਰਿਹਾ ਅਤੇ ਦੂਜੇ ਵਿਸ਼ਵ ਯੁੱਧ (1939 ਤੋਂ 1945) ਨਾਲ ਹੀ ਸੰਗਠਨ ਸਮਾਪਤ ਹੋ ਗਿਆ।

ਦੂਜੇ ਵਿਸ਼ਵ ਯੁੱਧ ਤੋਂ ਬਾਦ ਹੋਈ ਯਾਲਟਾ ਬੈਠਕ ਦੇ ਫੈਸਲੇ ਅਨੁਸਾਰ 25 ਅਪ੍ਰੈਲ ਤੋਂ 26 ਜੂਨ 1945 ਤੱਕ ਸੈਨ ਫ੍ਰਾਂਸਿਸਕੋ ਵਿੱਚ ਸੰਯੁਕਤ ਰਾਸ਼ਟਰਾਂ ਦਾ ਸੰਮੇਲਨ ਆਯੋਜਿਤ ਹੋਇਆ। ਸੰਮੇਲਨ ਨੇ ਜਰਮਨੀ ਦੇ ਆਤਮ ਸਮੱਰਪਣ ਤੋਂ ਪਹਿਲਾਂ ਹੀ ਸੰਯੁਕਤ ਰਾਸ਼ਟਰ ਘੋਸ਼ਣਾ ਪੱਤਰ ਤੇ ਵਿਚਾਰ ਕਰਨਾ ਸ਼ੁਰੂ ਕਰ ਦਿੱਤਾ ਸੀ। ਜਾਪਾਨ ਦੇ ਆਤਮ ਸਮੱਰਪਣ ਤੋਂ ਪਹਿਲਾਂ 26 ਜੂਨ ਨੂੰ 50 ਦੇਸ਼ਾਂ ਨੇ ਜਿਹਨਾਂ ਵਿੱਚ ਭਾਰਤ ਵੀ ਸ਼ਾਮਿਲ ਸੀ ਇੱਕ ਘੋਸ਼ਣਾ ਪੱਤਰ ਤੇ ਦਸਤਖ਼ਤ ਕੀਤੇ। ਪੋਲੈਂਡ ਸੰਮੇਲਨ ਵਿੱਚ ਹਿੱਸਾ ਨਹੀਂ ਲੈ ਸਕਿਆ ਸੀ ਪਰੰਤੂ ਥੋੜੇ ਸਮੇਂ ਬਾਦ ਚਾਰਟਰ ਤੇ ਦਸਤਖਤ ਕਰਕੇ ਉਹ ਵੀ ਸੰਸਥਾਪਕ ਮੈਂਬਰਾਂ ਦੀ ਸੂਚੀ ਵਿੱਚ ਸ਼ਾਮਿਲ ਹੋ ਗਿਆ। ਇਹ ਘੋਸ਼ਣਾ ਪੱਤਰ 24 ਅਕਤੂਬਰ 1945 ਤੋਂ ਪ੍ਰਭਾਵੀ ਹੋ ਗਿਆ। ਸੰਯੁਕਤ ਰਾਸ਼ਟਰ ਘੋਸ਼ਣਾ ਪੱਤਰ ਦੀ ਮੂਲ ਲਿਖਤ ਅਮਰੀਕਾ ਦੇ ਰਾਸ਼ਟਰੀ ਪੁਰਾਲੇਖਾਗਾਰ ਵਿੱਚ ਸੁਰੱਖਿਅਤ ਰੱਖੀ ਗਈ ਹੈ। ਸੰਯੁਕਤ ਰਾਸ਼ਟਰ ਸੰਘ ਦੇ ਚਾਰਟਰ ਵਿੱਚ ਦਸ ਹਜ਼ਾਰ ਸ਼ਬਦ 111 ਧਾਰਾਵਾਂ ਅਤੇ 19 ਅਧਿਆਇ ਹਨ।

ਅਮਰੀਕਾ ਦੇ ਤੱਤਕਾਲੀਨ ਰਾਸ਼ਟਰਪਤੀ ਫ੍ਰੈਂਕਲਿਨ ਡੀ ਰੂਜਵੇਲਟ ਨੇ ਸੰਯੁਕਤ ਰਾਸ਼ਟਰ ਦਾ ਨਾਮ ਪ੍ਰਸਤਾਵਿਤ ਕੀਤਾ। ਭਾਰਤ ਦੀ ਤਰਫੋਂ ਯੂ.ਐੱਨ.ਓ. ਦੇ ਚਾਰਟਰ ਤੇ ਰਾਮਾਸਵਾਮੀ ਮੁਦਾਲੀਅਰ ਨੇ ਦਸਤਖਤ ਕੀਤੇ। ਸੰਯੁਕਤ ਰਾਸ਼ਟਰ ਦੀ ਸਥਾਪਨਾ ਵਿੱਚ ਅਹਿਮ ਯੋਗਦਾਨ ਅਮਰੀਕਾ ਦੇ ਰਾਸ਼ਟਰਪਤੀ ਫ੍ਰੈਂਕਲਿਨ ਰੂਜਵੇਲਟ, ਬ੍ਰਿਟੇਨ ਦੇ ਪ੍ਰਧਾਨਮੰਤਰੀ ਮਿਸਟਰ ਚਰਚਿਲ ਅਤੇ ਰੂਸ ਦੇ ਪ੍ਰਧਾਨਮੰਤਰੀ ਸਟਾਲਿਨ ਦਾ ਰਿਹਾ।

ਸੰਯੁਕਤ ਰਾਸ਼ਟਰ ਨੇ 19 ਦਿਸੰਬਰ 1947 ਨੂੰ ਝੰਡਾ ਸਵੀਕਾਰ ਕੀਤਾ। ਸੰਯੁਕਤ ਰਾਸ਼ਟਰ ਦਾ ਮਹਾਂ ਸਚਿਵ ਮੁੱਖ ਪ੍ਰਸ਼ਾਸਨਿਕ ਅਧਿਕਾਰੀ ਹੁੰਦਾ ਹੈ। ਅੱਜਕੱਲ ਮਹਾਂ ਸਚਿਵ ਦੇ ਤੌਰ ਤੇ ਪੁਰਤਗਾਲ ਦੇ ਅੰਟੋਨੀਓ ਗੁਟੇਰੇਸ ਕਾਰਜਸ਼ੀਲ ਹਨ। ਸੰਯੁਕਤ ਰਾਸ਼ਟਰ ਦੀ ਸਥਾਪਨਾ ਸਮੇਂ ਮਾਨਤਾ ਪ੍ਰਾਪਤ ਭਾਸ਼ਾਵਾਂ ਦੀ ਗਿਣਤੀ ਚਾਰ ਸੀ, ਅੰਗਰੇਜ਼ੀ,ਫ੍ਰੈਂਚ, ਰੂਸੀ ਅਤੇ ਚੀਨੀ ਅਤੇ 1973 ਵਿੱਚ 2 ਹੋਰ ਭਾਸ਼ਾਵਾਂ ਅਰਬੀ ਅਤੇ ਸਪੈਨਿਸ਼ ਨੂੰ ਜੋੜਿਆ ਗਿਆ। ਕਾਰਜ ਕਰਨ ਲਈ ਅੰਗਰੇਜ਼ੀ (ਬ੍ਰਿਟਿਸ਼ ਅੰਗਰੇਜ਼ੀ) ਅਤੇ ਫ੍ਰੈਂਚ ਦੀ ਵਰਤੋਂ ਕੀਤੀ ਜਾਂਦੀ ਹੈ।

ਸੰਯੁਕਤ ਰਾਸ਼ਟਰ ਦੀ ਸਥਾਪਨਾ ਸਮੇਂ ਅਸਥਾਈ ਮੁੱਖ ਦਫ਼ਤਰ ਲੇਕ ਸਕਸੈੱਸ, ਨਿਊਯਾਰਕ ਵਿੱਚ ਸੀ। ਮੌਜੂਦਾ ਸਮੇਂ ਵਿੱਚ ਸੰਯੁਕਤ ਰਾਸ਼ਟਰ ਸੰਘ ਦਾ ਮੁੱਖ ਦਫ਼ਤਰ ਮੇਨਹੈੱਟਨ, ਨਿਊਯਾਰਕ ਵਿੱਚ ਹੈ। ਜਾਨ ਡੀ. ਰਾੱਕਫੇਲਰ ਨੇ ਸੰਯੁਕਤ ਰਾਸ਼ਟਰ ਸੰਘ ਦੇ ਮੁੱਖ ਦਫ਼ਤਰ ਲਈ ਜ਼ਮੀਨ ਦਾਨ ਕੀਤੀ ਸੀ। ਨਿਊਯਾਰਕ ਭਵਨ ਦਾ ਡਿਜਾਇਨ ਹੈਰੀਸਨ ਨੇ ਬਣਾਇਆ ਸੀ। ਨਿਊਯਾਰਕ ਭਵਨ ਦਾ ਨਿਰਮਾਣ ਕਾਰਜ 1948 ਵਿੱਚ ਸ਼ੁਰੂ ਹੋਇਆ ਅਤੇ 1952 ਵਿੱਚ ਮੁੱਖ ਦਫ਼ਤਰ ਬਣ ਕੇ ਤਿਆਰ ਹੋਇਆ। ਨਿਊਯਾਰਕ ਭਵਨ 17 ਏਕੜ ਜ਼ਮੀਨ ਵਿੱਚ ਫੈਲਿਆ 39 ਮੰਜਿਲਾਂ ਹੈ।
ਸੰਯੁਕਤ ਰਾਸ਼ਟਰ ਦੇ ਮੁੱਖ ਅੰਗ ਹਨ – ਮਹਾਂਸਭਾ (General Assembly), ਸੁਰੱਖਿਆ ਪਰੀਸ਼ਦ (Security Council), ਆਰਥਿਕ ਅਤੇ ਸਮਾਜਿਕ ਪਰੀਸ਼ਦ (Economic and Social Council), ਟਰੱਟਸੀਸਿੱਪ ਕਾਉਂਸਲ, ਅੰਤਰਰਾਸ਼ਟਰੀ ਅਦਾਲਤ (International Court of Justice) ਅਤੇ ਸਕੱਤਰੇਤ (Secretariat) ਆਦਿ ਹਨ।

ਮਹਾਂਸਭਾ ਵਿੱਚ ਮੈਂਬਰ ਦੇਸ਼ਾਂ ਦਾ ਇੱਕ ਸਾਮਾਨ ਪ੍ਰਤੀਨਿਧਤਿਵ ਹੁੰਦਾ ਹੈ। ਸ਼ੁਰੂ ਵਿੱਚ 51 ਦੇਸ਼ ਮੈਂਬਰ ਸੀ ਜਦਕਿ ਮੌਜੂਦਾ ਸਮੇਂ ਦੌਰਾਨ ਇਸਦੇ ਮੈਂਬਰ ਦੇਸ਼ਾਂ ਦੀ ਗਿਣਤੀ 193 ਹੈ। ਸੰਯੁਕਤ ਰਾਸ਼ਟਰ ਦਾ 193ਵਾਂ ਮੈਂਬਰ ਦੇਸ਼ ਦੱਖਣੀ ਸੂਡਾਨ ਹੈ ਜੋ 14 ਜੁਲਾਈ 2011 ਵਿੱਚ ਮੈਂਬਰ ਬਣਿਆ। ਮਹਾਂਸਭਾ ਦੀ ਪ੍ਰਧਾਨਗੀ ਇੱਕ ਮਹਾਂ ਸਚਿਵ ਦੁਆਰਾ ਕੀਤੀ ਜਾਂਦੀ ਹੈ ਜੋ ਕਿ ਮੈਂਬਰ ਦੇਸ਼ਾਂ ਅਤੇ 21 ਉੱਪ ਪ੍ਰਧਾਨਾਂ ਦੁਆਰਾ ਚੁਣੇ ਜਾਂਦੇ ਹਨ। ਮਹਾਂਸਭਾ ਵਿੱਚ ਸਾਧਾਰਣ ਮੁੱਦਿਆਂ ਤੇ ਫੈਸਲੇ ਲੈਣ ਲਈ ਦੋ ਤਿਹਾਈ ਬਹੁਮਤ ਜ਼ਰੂਰੀ ਹੁੰਦੀ ਹੈ। ਮਹਾਂਸਭਾ ਦੀ ਬੈਠਕ ਹਰ ਸਾਲ ਸਿਤੰਬਰ ਮਹੀਨੇ ਵਿੱਚ ਹੁੰਦੀ ਹੈ। ਮਹਾਂਸਭਾ ਦੀ ਪਹਿਲੀ ਮਹਿਲਾ ਪ੍ਰਧਾਨ ਸ੍ਰੀਮਤੀ ਵਿਜੇ ਲਕਸ਼ਮੀ ਪੰਡਿਤ ਸੀ ਜੋ ਕਿ ਭਾਰਤੀ ਸੀ।

ਸੁਰੱਖਿਆ ਪ੍ਰੀਸ਼ਦ ਨੂੰ ਦੁਨੀਆਂ ਦਾ ਪੁਲਿਸਮੈਨ ਵੀ ਕਿਹਾ ਜਾਂਦਾ ਹੈ। ਸੁਰੱਖਿਆ ਪਰੀਸ਼ਦ ਵਿੱਚ ਅਮਰੀਕਾ, ਰੂਸ, ਬ੍ਰਿਟੇਨ, ਫ੍ਰਾਂਸ ਅਤੇ ਚੀਨ ਪੰਜ ਸਥਾਈ ਮੈਂਬਰ ਹਨ। ਇਸ ਤੋਂ ਇਲਾਵਾ 10 ਹੋਰ ਅਸਥਾਈ ਮੈਂਬਰਾਂ ਦੀ ਚੋਣ ਸਾਧਾਰਨ ਸਭਾ ਕਰਦੀ ਹੈ ਅਤੇ ਇਹਨਾਂ ਦਾ ਕਾਰਜਕਾਲ 2 ਸਾਲ ਦਾ ਹੁੰਦਾ ਹੈ। ਸਥਾਈ ਮੈਂਬਰਾਂ ਨੂੰ ਵੀਟੋ ਦਾ ਅਧਿਕਾਰ ਪ੍ਰਾਪਤ ਹੈ। ਵੀਟੋ ਦੀ ਸਭ ਤੋਂ ਵੱਧ ਵਾਰ ਵਰਤੋਂ ਰੂਸ ਨੇ ਕੀਤੀ ਹੈ।

ਅੰਤਰਰਾਸ਼ਟਰੀ ਅਦਾਲਤ ਹੇਗ (ਹਾਲੈਂਡ) ਵਿੱਚ ਸਥਿਤ ਹੈ। ਸੰਯੁਕਤ ਰਾਸ਼ਟਰ ਸੰਘ ਦੀਆਂ ਵੱਖੋ ਵੱਖਰੇ ਖੇਤਰਾਂ ਨਾਲ ਸੰਬੰਧਤ ਕੁਝ ਵਿਸ਼ੇਸ਼ ਏਜੰਸੀਆਂ ਅਤੇ ਸੰਤੁਤਰ ਸੰਸਥਾਵਾਂ ਵੀ ਹਨ ਜਿਵੇਂ ਕਿ ਯੂਨੀਸੇਫ਼, ਯੂਨੈਸਕੋ, ਅੰਤਰਰਾਸ਼ਟਰੀ ਮੌਨਿਟਰੀ ਫੰਡ, ਐੱਫ.ਏ.ਓ., ਆਈ.ਏ.ਈ.ਸੀ., ਆਈ.ਐੱਮ.ਓ., ਯੂ.ਐੱਨ.ਈ.ਪੀ., ਆਈ.ਟੀ.ਯੂ., ਡਬਲਿਯੂ.ਟੀ.ਓ., ਡਬਲਿਯੂ.ਐੱਫ.ਪੀ., ਡਬਲਿਯੂ.ਆਈ.ਪੀ.ਓ., ਵਿਸ਼ਵ ਮੌਸਮ ਸੰਗਠਨ, ਯੂਨੀਵਰਸਲ ਪੋਸਟਲ ਯੂਨੀਅਨ, ਸੰਯੁਕਤ ਰਾਸ਼ਟਰ ਉਦਯੋਗਿਕ ਵਿਕਾਸ ਸੰਗਠਨ, ਅੰਤਰਰਾਸ਼ਟਰੀ ਮਜ਼ਦੂਰ ਸੰਘ, ਵਿਸ਼ਵ ਬੈਂਕ, ਵਿਸ਼ਵ ਸਿਹਤ ਸੰਗਠਨ ਆਦਿ ਜੋ ਕਿ ਵੱਖੋ ਵੱਖਰੇ ਖੇਤਰਾਂ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਹੀਆਂ ਹਨ।

ਸੰਯੁਕਤ ਰਾਸ਼ਟਰ ਸੰਘ ਵਿਸ਼ਵ ਪੱਧਰ ਤੇ ਸਕਰਾਤਮਕ ਪ੍ਰਭਾਵ ਪਾ ਰਿਹਾ ਹੈ। ਮੌਸਮੀ ਬਦਲਾਅ, ਲੋਕਤੰਤਰ, ਰਫਿਊਜੀ ਅਤੇ ਅਪ੍ਰਵਾਸੀ, ਵਿਸ਼ਵ ਸਿਹਤ ਸੰਕਟ, ਆਤੰਕਵਾਦ ਨਾਲ ਮੁਕਾਬਲਾ ਅਤੇ ਹੋਰ ਵਿਸ਼ਵ ਵਿਆਪੀ ਸਮੱਸਿਆਵਾਂ ਅਤੇ ਮੁੱਦਿਆਂ ਉੱਪਰ ਸਕਰਾਤਮਕਤਾ ਨਾਲ ਆਪਣੀ ਅਹਿਮ ਭੂਮਿਕਾ ਨਿਭਾ ਰਿਹਾ ਹੈ।

ਗੋਬਿੰਦਰ ਸਿੰਘ ਢੀਂਡਸਾ
ਪਿੰਡ ਤੇ ਡਾਕ – ਬਰੜ੍ਹਵਾਲ ਲੰਮਾ ਪੱਤੀ
ਤਹਿਸੀਲ – ਧੂਰੀ (ਸੰਗਰੂਰ)
ਈਮੇਲ  bardwal.gobinder@gmail.com

15 Oct. 2018

ਨਸ਼ੇ ਦੇ ਖਿਲਾਫ਼ ਇੱਕ ਉਮੀਦ - ਗੋਬਿੰਦਰ ਸਿੰਘ ਢੀਂਡਸਾ

ਕੁਦਰਤੀ ਨਸ਼ਿਆਂ ਤੋਂ ਹੁੰਦੇ ਹੋਏ ਪੰਜਾਬੀ ਮੈਡੀਕਲ ਅਤੇ ਸਿੰਥੈਟਿਕ ਨਸ਼ਿਆਂ ਦੀ ਲਪੇਟ ਵਿੱਚ ਅਜਿਹੇ ਆਏ ਕਿ ਘਰ ਘਰ ਸੱਥਰ ਵਿਛਣ ਲੱਗ ਪਏ। ਨਸ਼ੇ ਦੇ ਸੌਦਾਗਰਾਂ ਨੇ ਪੰਜਾਬ ਦੀ ਨੌਜਵਾਨੀ ਨਾਲ ਅਜਿਹਾ ਕੱਫਣ ਦਾ ਸੌਦਾ ਮਾਰਿਆ ਕਿ ਜਿਸ ਦੀ ਭਰਪਾਈ ਕਦੇ ਵੀ ਨਹੀਂ ਹੋ ਸਕਦੀ।

ਸਵੱਸਥ ਸਮਾਜ ਵਿੱਚ ਨਸ਼ੇ ਤੋਂ ਨਫ਼ਤਰ ਕਰਨੀ ਚਾਹੀਦੀ ਹੈ ਨਾ ਕਿ ਨਸ਼ੇੜੀ ਤੋਂ। ਕਿਸੇ ਵੀ ਕਾਰਨ ਕਰਕੇ ਨਸ਼ੇ ਦੀ ਚਪੇਟ ਚ ਆਏ ਪੀੜਤਾਂ ਨੂੰ ਨਸ਼ਾ ਛੱਡਣ ਵਿੱਚ ਸਵੈ ਇੱਛਾ ਦੇ ਨਾਲ ਨਾਲ ਪਰਿਵਾਰ ਅਤੇ ਸਮਾਜ ਦੀ ਪ੍ਰੇਰਨਾ ਅਤੇ ਸਹਿਯੋਗ ਦੀ ਜ਼ਰੂਰਤ ਹੁੰਦੀ ਹੈ, ਸਾਰਥਕ ਨਤੀਜਿਆਂ ਲਈ ਸੁਖਾਲਾ ਵਾਤਾਵਰਣ ਸਿਰਜਣਾ ਚਾਹੀਦਾ ਹੈ ਨਾ ਕਿ ਨਸ਼ੇ ਦੇ ਆਦੀਆਂ ਨਾਲ ਦੁਰਵਿਵਹਾਰ ਜਾਂ ਉਹਨਾਂ ਦਾ ਬਹਿਸ਼ਕਾਰ ਕਰਨਾ ਇਸਦਾ ਹੱਲ ਹੈ।

 

ਨਸ਼ੇ ਦੀ ਸਮੱਸਿਆ ਨੇ ਜਿੱਥੇ ਸੂਬੇ ਦੀਆਂ ਜੜ੍ਹਾਂ ਖੋਖਲੀਆਂ ਕੀਤੀਆਂ ਹਨ ਉੱਥੇ ਹੀ ਪੰਜਾਬ ਨੂੰ ਪੂਰੇ ਦੇਸ਼ ਭਰ ਵਿੱਚ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਸ਼ਰਮਿੰਦਾ ਕੀਤਾ ਹੈ। ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਵਿੱਚੋਂ ਬਾਹਰ ਕੱਢਣ ਲਈ ਪੰਜਾਬ ਸਰਕਾਰ ਨੇ ਸ਼ਲਾਘਾਯੋਗ ਹੰਭਲਾ ਮਾਰਿਆ ਹੈ ਅਤੇ ਨਸ਼ੇ ਦੇ ਖਿਲਾਫ਼ ਮੁਹਿੰਮ ਵਿੱਢੀ ਹੈ। ਇਸ ਮੁਹਿੰਮ ਤਹਿਤ ਆਮ ਲੋਕਾਂ ਦੀ ਪਹੁੰਚ ਵਿੱਚ ਵੱਖੋ ਵੱਖਰੇ ਪੱਧਰ ਤੇ ਨਸ਼ੇ ਦੇ ਪੀੜਤਾਂ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕਰਨ ਅਤੇ ਮੁਫ਼ਤ ਦਵਾਈ ਦੇਣ ਲਈ ਸੂਬੇ ਭਰ ਵਿੱਚ ਤਕਰੀਬਨ 145 ਓਟ ਭਾਵ ਆਊਟਪੇਸੈਂਟ ਓਪੀਆਡ ਅਸਿਸਟਡ ਟ੍ਰੀਟਮੈਂਟ (OOAT) ਸੈਂਟਰ ਖੋਲ੍ਹੇ ਗਏ ਹਨ। ਇਹਨਾਂ ਸੈਂਟਰਾਂ ਵਿੱਚ ਨਸ਼ੇ ਲੈਣ ਦੇ ਆਦੀ ਜਾਂ ਪੀੜਤ ਆਪਣੀ ਮੁਫ਼ਤ ਰਜਿਸਟ੍ਰੇਸ਼ਨ ਕਰਵਾ ਕੇ ਮੁਫ਼ਤ ਦਵਾਈ ਲੈ ਸਕਦੇ ਹਨ। ਓਟ ਸੈਂਟਰਾਂ ਤੋਂ ਦਵਾਈ ਲੈ ਰਹੇ ਪੀੜਤਾਂ ਦੀ ਪਛਾਣ ਗੁਪਤ ਰੱਖੀ ਜਾਂਦੀ ਹੈ ਅਤੇ ਉਹਨਾਂ ਨੂੰ ਪੁਲਿਸ ਆਦਿ ਤਰਫ਼ੋਂ ਕਿਸੇ ਵੀ ਤਰ੍ਹਾਂ ਨਾਲ ਤੰਗ ਪ੍ਰੇਸ਼ਾਨ ਨਹੀਂ ਕੀਤਾ ਜਾਂਦਾ। ਇਹਨਾਂ ਸੈਂਟਰਾਂ ਵਿੱਚ ਦਿੱਤੀ ਜਾਣ ਵਾਲੀ ਦਵਾਈ ਜਾਂ ਗੋਲੀ ਇਸ ਤਰ੍ਹਾਂ ਕੰਮ ਕਰਦੀ ਹੈ ਕਿ ਗੋਲੀ ਲੈਣ ਤੋਂ ਬਾਅਦ ਹੋਰ ਕਿਸੇ ਵੀ ਤਰ੍ਹਾਂ ਦੇ ਨਸ਼ਾ ਲੈਣ ਦੀ ਹਾਲਤ ਵਿੱਚ ਸੰਬੰਧਤ ਨਸ਼ੇ ਦਾ ਪੀੜਤ ਤੇ ਕੋਈ ਅਸਰ ਨਹੀਂ ਹੁੰਦਾ। ਇਸ ਗੋਲੀ ਦਾ ਅਸਰ ਨਿਰਧਾਰਿਤ ਸਮੇਂ ਤੱਕ ਹੀ ਰਹਿੰਦਾ ਹੈ ਸੋ ਗੋਲੀ ਡਾਕਟਰ ਦੀ ਦੇਖ ਰੇਖ ਹੇਠ ਇਲਾਜ ਪੂਰਾ ਹੋਣ ਤੱਕ ਰੌਜ਼ਾਨਾ ਓਟ ਸੈਂਟਰ ਵਿੱਚ ਆ ਕੇ ਖਾਣੀ ਪੈਂਦੀ ਹੈ। ਡਾਕਟਰ ਪੀੜਤ ਦੇ ਨਸ਼ੇ ਦੀ ਕਿਸਮ ਅਤੇ ਨਸ਼ਾ ਲੈਣ ਦੀ ਮਿਕਦਾਰ ਆਦਿ ਨੂੰ ਵੇਖਦੇ ਹੋਏ ਪੀੜਤ ਨੂੰ ਗੋਲੀ ਦੀ ਮਿਕਦਾਰ (ਡੋਜ਼) ਅਤੇ ਇਲਾਜ ਲਈ ਅਗਲੇਰੀ ਕਾਰਵਾਈ ਨਿਰਧਾਰਿਤ ਕਰਦਾ ਹੈ।

ਸੂਬੇ ਭਰ ਵਿੱਚ ਸਰਕਾਰੀ ਪੱਧਰ ਤੇ ਤਕਰੀਬਨ 32 ਨਸ਼ਾ ਛੁਡਾਉ ਕੇਂਦਰ ਅਤੇ 22 ਮੁੜ ਵਸੇਵਾ ਕੇਂਦਰ ਵੀ ਕਾਰਜਸ਼ੀਲ ਹਨ ਜਿੱਥੇ ਨਸ਼ੇ ਦੇ ਪੀੜਤਾਂ ਤੋਂ ਕਿਸੇ ਵੀ ਤਰ੍ਹਾਂ ਦੀ ਕੋਈ ਫੀਸ ਨਹੀਂ ਵਸੂਲੀ ਜਾਂਦੀ, ਉਹਨਾਂ ਨੂੰ ਸੰਬੰਧਤ ਕੇਂਦਰਾਂ ਵਿੱਚੋਂ ਮਿਲਣ ਵਾਲੀਆਂ ਸੇਵਾਵਾਂ ਬਿਲਕੁਲ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ।

ਇਸ ਵਿੱਚ ਕੋਈ ਅੱਤਕੱਥਨੀ ਨਹੀਂ ਕਿ ਇਹ ਸਮਾਜ ਦੀ ਮੁੱਖ ਧਾਰਾ ਤੋਂ ਥਿੜਕੇ ਨਸ਼ੇ ਦੇ ਆਦੀ ਪੀੜਤਾਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਲਿਆਉਣ ਦਾ ਸਾਰਥਕ ਉਪਰਾਲਾ ਹੈ ਅਤੇ ਇਸ ਦਾ ਪੀੜਤਾਂ ਅਤੇ ਸੰਬੰਧਤ ਪਰਿਵਾਰਾਂ ਨੂੰ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ ਤਾਂ ਜੋ ਪੀੜਤਾਂ ਨੂੰ ਨਸ਼ੇ ਦੇ ਗ੍ਰਹਿਣ ਤੋਂ ਛੁਟਕਾਰਾ ਪ੍ਰਾਪਤ ਹੋ ਸਕੇ ਅਤੇ ਉਹ ਆਪਣੀ ਜ਼ਿੰਦਗੀ ਨੂੰ ਸਿਹਤਮੰਦੀ ਅਤੇ ਖੁਸ਼ਹਾਲੀ ਨਾਲ ਮਾਣ ਸਕਣ।

 

ਗੋਬਿੰਦਰ ਸਿੰਘ ਢੀਂਡਸਾ

ਪਿੰਡ ਤੇ ਡਾਕ – ਬਰੜ੍ਹਵਾਲ ਲੰਮਾ ਪੱਤੀ

ਤਹਿਸੀਲ – ਧੂਰੀ (ਸੰਗਰੂਰ)

ਈਮੇਲ  bardwal.gobinder@gmail.com

09 Oct. 2018

ਵਿਸ਼ਵ ਮਾਨਸਿਕ ਸਿਹਤ ਦਿਵਸ - 10 ਅਕਤੂਬਰ - ਗੋਬਿੰਦਰ ਸਿੰਘ ਢੀਂਡਸਾ

ਕਈ ਵਾਰ ਸਰੀਰਕ ਬਿਮਾਰੀਆਂ ਤੋਂ ਇਲਾਵਾ ਲੋਕ ਵੱਖੋ ਵੱਖਰੇ ਮਾਨਸਿਕ ਵਿਕਾਰਾਂ ਤੋਂ ਗ੍ਰਸਤ ਹੋ ਜਾਂਦੇ ਹਨ, ਜਿਹਨਾਂ ਕਰਕੇ ਉਹਨਾਂ ਦੀ ਮਾਨਸਿਕ ਸਥਿਤੀ ਸਥਿਰ ਨਹੀਂ ਰਹਿੰਦੀ। ਮਾਨਸਿਕ ਰੋਗਾਂ ਨੂੰ ਲੈ ਕੇ ਲੋਕਾਂ ਵਿੱਚ ਕਈ ਅੰਧ ਵਿਸ਼ਵਾਸ ਜਾਂ ਭੁਲੇਖੇ ਪਾਏ ਜਾਂਦੇ ਹਨ ਅਤੇ ਆਮ ਲੋਕਾਂ ਵਿੱਚ ਇਸ ਸੰਬੰਧੀ ਜਾਗਰੂਕਤਾ ਦੀ ਘਾਟ ਪਾਈ ਜਾਂਦੀ ਹੈ।

ਵਿਸ਼ਵ ਮਾਨਸਿਕ ਸਿਹਤ ਸੰਘ (ਡਬਲਿਯੂ.ਐੱਫ਼.ਐੱਚ.ਐੱਮ.) ਨੇ 10 ਅਕਤੂਬਰ 1992 ਨੂੰ ਵਿਸ਼ਵ ਮਾਨਸਿਕ ਸਿਹਤ ਦਿਵਸ ਦੀ ਸਥਾਪਨਾ ਕੀਤੀ। ਹਰ ਸਾਲ 10 ਅਕਤੂਬਰ ਨੂੰ ਵਿਸ਼ਵ ਮਾਨਸਿਕ ਸਿਹਤ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਅਤੇ ਇਸ ਦਾ ਮੰਤਵ ਆਮ ਲੋਕਾਂ ਨੂੰ ਮਾਨਸਿਕ ਸਿਹਤ ਸੰਬੰਧੀ ਜਾਗਰੂਕ ਕਰਨਾ ਹੈ। ਵਿਸ਼ਵ ਮਾਨਸਿਕ ਸਿਹਤ ਦਿਵਸ 2018 ਦਾ ਵਿਸ਼ਾ “ਨੌਜਵਾਨ ਲੋਕ ਅਤੇ ਬਦਲਦੀ ਦੁਨੀਆਂ ਵਿੱਚ ਮਾਨਸਿਕ ਸਿਹਤ“ ਹੈ।

ਕਿਸ਼ੋਰ ਅਵਸਥਾ ਮਾਨਸਿਕ ਸਿਹਤ ਲਈ ਇੱਕ ਮਹੱਤਵਪੂਰਨ ਸਮਾਂ ਹੈ ਅਤੇ ਇਹਨਾਂ ਸਾਲਾਂ ਦੌਰਾਨ ਹੀ ਪਹਿਲੀ ਵਾਰ ਕਈ ਮਾਨਸਿਕ ਵਿਕਾਰ ਸਾਹਮਣੇ ਆਉਂਦੇ ਹਨ। ਪੰਜ ਨੌਜਵਾਨਾਂ ਵਿੱਚੋਂ ਇੱਕ ਮਾਨਸਿਕ ਬਿਮਾਰੀ ਤੋਂ ਪੀੜਤ ਹੈ ਅਤੇ ਇਹ ਵਿਸ਼ਵ ਦੀ ਆਬਾਦੀ ਦਾ 20 ਫੀਸਦੀ ਹੈ ਪਰੰਤੂ ਫਿਰ ਵੀ ਕੁੱਲ ਸਿਹਤ ਸੰਬੰਧੀ ਦੇਖਭਾਲ ਦੇ ਬਜਟ ਦਾ ਕੇਵਲ 4 ਫੀਸਦੀ ਹਿੱਸਾ ਹੀ ਮਾਨਸਿਕ ਸਿਹਤ ਸੰਬੰਧੀ ਖਰਚ ਕੀਤਾ ਜਾਂਦਾ ਹੈ।

ਵਿਸ਼ਵ ਵਿੱਚ ਹਰ ਸਾਲ ਆਤਮ ਹੱਤਿਆ ਦੇ ਕਾਰਨ 8 ਲੱਖ ਲੋਕ ਮਰ ਜਾਂਦੇ ਹਨ ਅਤੇ 78 ਫੀਸਦੀ ਆਤਮ ਹੱਤਿਆ ਘੱਟ ਅਤੇ ਦਰਮਿਆਨੀ ਆਮਦਨੀ ਵਾਲੇ ਦੇਸ਼ਾਂ ਵਿੱਚ ਹੁੰਦੀ ਹੈ। 15 ਤੋਂ 29 ਸਾਲ ਦੇ ਲੋਕਾਂ ਵਿੱਚ ਆਤਮ ਹੱਤਿਆ ਮੌਤ ਦਾ ਦੂਜਾ ਸਭ ਤੋਂ ਵੱਡਾ ਕਾਰਨ ਹੈ। ਹਰ 10 ਮਿੰਟ ਵਿੱਚ ਦੁਨੀਆਂ ਵਿੱਚ ਕਿਤੇ ਨਾ ਕਿਤੇ ਹਿੰਸਾ ਕਰਕੇ ਇੱਕ ਕਿਸ਼ੋਰ ਲੜਕੀ ਮਰ ਜਾਂਦੀ ਹੈ। 83 ਫੀਸਦੀ ਨੌਜਵਾਨ ਮੰਨਦੇ ਹਨ ਕਿ ਧਮਕੀ ਜਾਂ ਧਮਕਾਉਣ ਦਾ ਉਹਨਾਂ ਦੇ ਆਤਮ ਸਨਮਾਨ ਤੇ ਨਕਰਾਤਮਕ ਪ੍ਰਭਾਵ ਪੈਂਦਾ ਹੈ।

ਮਾਨਸਿਕ ਅਸੰਤੁਲਨ ਪਿੱਛੇ ਵੱਖੋ ਵੱਖਰੇ ਕਾਰਨ ਹੋ ਸਕਦੇ ਹਨ ਪਰੰਤੂ ਮਾਨਸਿਕ ਅਸੰਤੁਲਨ ਜਾਂ ਰੋਗਾਂ ਦਾ ਇਲਾਜ ਸੰਭਵ ਹੈ। ਸਮੇਂ ਰਹਿੰਦੇ ਯੋਗ ਡਾਕਟਰ ਦੀ ਦੇਖਰੇਖ ਵਿੱਚ ਇਲਾਜ ਕਰਵਾਇਆ ਜਾ ਸਕਦਾ ਹੈ ਜਿਸ ਨਾਲ ਪੀੜਤ ਆਮ ਲੋਕਾਂ ਵਾਂਗ ਸਾਧਾਰਣ ਜ਼ਿੰਦਗੀ ਜੀਅ ਸਕਦੇ ਹਨ।

ਗੋਬਿੰਦਰ ਸਿੰਘ ਢੀਂਡਸਾ
ਪਿੰਡ ਤੇ ਡਾਕ. ਬਰੜ੍ਹਵਾਲ ਲੰਮਾ ਪੱਤੀ
ਤਹਿਸੀਲ – ਧੂਰੀ (ਸੰਗਰੂਰ)
ਈਮੇਲ bardwal.gobinder@gmail.com

08 Oct. 2018

ਕਿਸਾਨਾਂ ਦੀ ਦੁਰਦਸ਼ਾ - ਗੋਬਿੰਦਰ ਸਿੰਘ ਢੀਂਡਸਾ

ਭਾਰਤ ਦੀ ਅੱਧੀ ਆਬਾਦੀ ਤੋਂ ਵੱਧ ਲੋਕਾਂ ਦੇ ਨਿਰਬਾਹ ਦਾ ਸਾਧਨ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਖੇਤੀਬਾੜੀ ਤੇ ਨਿਰਭਰ ਕਰਦਾ ਹੈ। ਦੇਸ਼ ਦਾ ਢਿੱਡ ਭਰਨ ਵਾਲੇ ਅੰਨਦਾਤਾ ਦੁਆਰਾ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਅਤੇ ਕਿਸਾਨਾਂ ਦੀ ਤਰਸਮਈ ਹਾਲਾਤ ਕਿਸੇ ਤੋਂ ਛੁਪੀ ਨਹੀਂ। ਦੇਸ ਵਿੱਚ ਸਾਲ 2014 ਤੋਂ 2016 ਤੱਕ ਤਿੰਨ ਸਾਲਾਂ ਵਿੱਚ ਕਰਜ਼ਾ, ਦਿਵਾਲੀਆਪਨ ਅਤੇ ਹੋਰ ਕਾਰਨਾਂ ਕਰਕੇ ਕਰੀਬ 36 ਹਜ਼ਾਰ ਕਿਸਾਨਾਂ ਅਤੇ ਖੇਤੀ ਮਜ਼ਦੂਰਾਂ ਨੇ ਆਤਮਹੱਤਿਆ ਕੀਤੀ ਹੈ ਅਤੇ ਸਿਲਸਿਲਾ ਨਿਰੰਤਰ ਜਾਰੀ ਹੈ। ਆਰਥਿਕ ਪੱਖੋਂ ਮਜ਼ਬੂਤ ਕਿਸਾਨਾਂ ਦੀ ਗਿਣਤੀ ਥੋੜ੍ਹੀ ਹੀ ਹੈ, ਜਿਆਦਾਤਰ ਕਿਸਾਨ ਮੱਧਵਰਗੀ ਅਤੇ ਆਰਥਿਕ ਪੱਖੋਂ ਕਮਜ਼ੋਰ ਹੀ ਹਨ। ਆਜ਼ਾਦੀ ਦੇ ਸੱਤ ਦਹਾਕੇ ਬੀਤ ਜਾਣ ਬਾਅਦ ਵੀ ਦੇਸ ਦੇ ਸਤਾਰਾਂ ਸੂਬਿਆਂ ਵਿੱਚ ਇੱਕ ਕਿਸਾਨ ਪਰਿਵਾਰ ਦੀ ਔਸਤ ਸਲਾਨਾ ਆਮਦਨ ਸਿਰਫ਼ ਵੀਹ ਹਜ਼ਾਰ ਰੁਪਏ ਹੀ ਹੈ।

ਚੋਣਾਂ ਤੋਂ ਪਹਿਲਾਂ ਰਾਜਨੀਤਿਕ ਪਾਰਟੀਆਂ ਕਿਸਾਨ ਹਿਤੈਸ਼ੀ ਹੋਣ ਦੇ ਦਾਵੇ ਅਤੇ ਵਾਅਦਿਆਂ ਦੀ ਤੰਦ ਨਹੀਂ ਟੁੱਟਣ ਦਿੰਦੀਆਂ ਅਤੇ ਸੱਤਾ ਸੁੱਖ ਮਿਲਦਿਆਂ ਹੀ ਕਿਸਾਨ ਤੇ ਕਿਸਾਨੀ ਨੂੰ ਹਾਸ਼ੀਆ ਤੇ ਸੁੱਟ ਦਿੱਤਾ ਜਾਂਦਾ ਹੈ। ਆਪਣੀ ਹੋਣੀ ਨੂੰ ਸਰਕਾਰਾਂ ਦੇ ਕੰਨੀਂ ਪਾਉਣ ਲਈ ਕਿਸਾਨਾਂ ਵੱਲੋਂ ਕੀਤੇ ਜਾਂਦੇ ਸੰਘਰਸ਼ਾਂ ਅਤੇ ਉਹਨਾਂ ਤੇ ਹੁੰਦੇ ਲਾਠੀਚਾਰਜ, ਅੱਥਰੂ ਗੈਸ ਅਤੇ ਪਾਣੀ ਦੀਆਂ ਬਾਛੜਾਂ ਕਿਸੇ ਤੋਂ ਭੁੱਲੀਆਂ ਨਹੀਂ। ਪਿਛਲੇ ਸਾਢੇ ਤਿੰਨ ਸਾਲਾਂ ਵਿੱਚ ਛੇ ਵਾਰ ਦੇਸ ਦੇ ਕਈ ਰਾਜਾਂ ਦੇ ਕਿਸਾਨ ਦਿੱਲੀ ਹਾਜ਼ਰੀ ਲਵਾ ਚੁੱਕੇ ਹਨ। ਇਸੇ ਵਰ੍ਹੇ ਮਾਰਚ ਵਿੱਚ ਕਿਸਾਨਾਂ ਦੀ ਮੰਗਾਂ ਨੂੰ ਲੈ ਕੇ ਸਮਾਜ ਸੇਵੀ ਅੰਨਾ ਹਜ਼ਾਰੇ ਨੇ ਵੀ ਅਨਸ਼ਨ ਕੀਤਾ ਸੀ। ਇਹ ਕਿਸਾਨਾਂ ਦਾ ਦੁਖਾਂਤ ਹੈ ਕਿ ਉਹਨਾਂ ਦੇ ਕੀਰਨਿਆਂ ਦੀ ਸਰਕਾਰਾਂ ਦੇ ਕੰਨਾਂ ਤੇ ਜੂੰ ਤੱਕ ਨਹੀਂ ਸਰਕਦੀ ਅਤੇ ਬਾਕੀ ਰਾਜਨੀਤਿਕ ਪਾਰਟੀਆਂ ਸਿਰਫ਼ ਰਾਜਨੀਤਿਕ ਰੋਟੀਆਂ ਹੀ ਸੇਕਦੀਆਂ ਹਨ। ਇਹ ਸਾਡੇ ਦੇਸ਼ ਦਾ ਦੁਰਭਾਗ ਹੀ ਕਿਹਾ ਜਾਵੇਗਾ ਕਿ ਲੋਕਤੰਤਰ ਵਿੱਚ ਲੋਕਾਂ ਦੁਆਰਾ ਚੁਣੀ ਸਰਕਾਰ ਦੁਆਰਾ ਲੋਕਾਂ ਲਈ ਲੋਕਤੰਤਰ ਨੂੰ ਹੀ ਮਜਾਕ ਬਣਾ ਕੇ ਰੱਖ ਦਿੱਤਾ ਜਾਂਦਾ ਹੈ।

ਕਿਸਾਨੀ ਦੀ ਬਦਹਾਲੀ ਦਾ ਸਭ ਤੋਂ ਵੱਡਾ ਕਾਰਨ ਕਿਸਾਨਾਂ ਨੂੰ ਉਹਨਾਂ ਦੀਆਂ ਫ਼ਸਲਾਂ ਦਾ ਸਹੀ ਮੁੱਲ ਨਾ ਮਿਲਣਾ। ਕਿਸਾਨਾਂ ਦਾ ਕਰਜ਼ਾ ਦਿਨ ਬ ਦਿਨ ਵੱਧ ਰਿਹਾ ਹੈ ਜੋ ਕਿ ਕਿਸਾਨਾਂ ਦੀ ਖੁਦਕੁਸ਼ੀ ਦਾ ਕਾਰਨ ਹੋ ਨਿਬੜਦਾ ਹੈ।

ਕਿਸਾਨਾਂ ਦੀ ਆਵਾਜ਼ ਬੁਲੰਦ ਕਰਨ ਲਈ ਕਿਸਾਨਾਂ ਦੀ ਕਈ ਜਥੇਬੰਦੀਆਂ ਬਣੀਆਂ ਹੋਈਆਂ ਹਨ, ਵੱਖੋ ਵੱਖਰੇ ਰਾਹਾਂ ਤੇ ਚੱਲਣ ਦੀ ਥਾਂ ਕਿਸਾਨਾਂ ਨੂੰ ਆਪਣੀ ਏਕਤਾ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ। ਇਹ ਵੀ ਕੋਈ ਅੱਤਕੱਥਨੀ ਨਹੀਂ ਕਿ ਕਈ ਵਾਰ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਵੀ ਕੁਰਸੀਆਂ ਦੇ ਕੇ ਸਰਕਾਰਾਂ ਆਪਣੇ ਹੱਕ ਵਿੱਚ ਭੁਗਤਾ ਲੈਂਦੀਆਂ ਹਨ ਅਤੇ ਆਮ ਕਿਸਾਨਾਂ ਦੀ ਸਮੱਸਿਆਵਾਂ ਦਾ ਪਰਨਾਲਾ ਉੱਥੇ ਦਾ ਉੱਥੇ ਹੀ ਰਹਿੰਦਾ ਹੈ। ਕਿਸਾਨਾਂ ਨੂੰ ਮੌਕਾਪ੍ਰਸਤਾਂ, ਆਪਣੇ ਅਤੇ ਬੇਗਾਨਿਆਂ ਵਿੱਚ ਫ਼ਰਕ ਕਰਨ ਲਈ ਸੁਚੇਤ ਹੋਣ ਦੀ ਵੀ ਲੋੜ ਹੈ ਤਾਂ ਜੋ ਅਖੌਤੀ ਕਿਸਾਨ ਆਗੂ ਜਾਂ ਅਖੌਤੀ ਹਿਤੈਸ਼ੀ ਉਹਨਾਂ ਦੇ ਕਦਮਾਂ ਦੇ ਸਹਾਰੇ ਆਪਣੀਆਂ ਮੰਜ਼ਿਲਾਂ ਹੀ ਨਾ ਸਰ ਕਰੀ ਜਾਣ।

ਸਮੇਂ ਦਾ ਯਥਾਰਥ ਹੈ ਕਿ ਸਰਕਾਰਾਂ ਵੱਲੋਂ ਕਿਸਾਨਾਂ ਨੂੰ ਸਿਰਫ਼ ਫੌਰੀ ਰਾਹਤਾਂ ਦੇਣ ਨਾਲ ਡੁੱਬਦੀ ਕਿਸਾਨੀ ਨੂੰ ਆਪਣੇ ਪੈਰਾਂ ਤੇ ਨਹੀਂ ਖੜ੍ਹਾ ਕੀਤਾ ਜਾ ਸਕਦਾ, ਕਿਸਾਨ ਅਤੇ ਕਿਸਾਨੀ ਦੀ ਦਸ਼ਾ ਸੁਧਾਰਨ ਲਈ ਯੋਗ ਨੀਤੀਆਂ ਅਤੇ ਸਥਾਈ ਹੱਲਾਂ ਦੀ ਜ਼ਰੂਰਤ ਹੈ।

ਗੋਬਿੰਦਰ ਸਿੰਘ ਢੀਂਡਸਾ
ਪਿੰਡ ਤੇ ਡਾਕ – ਬਰੜ੍ਹਵਾਲ ਲੰਮਾ ਪੱਤੀ
ਤਹਿਸੀਲ – ਧੂਰੀ (ਸੰਗਰੂਰ)
ਈਮੇਲ bardwal.gobinder@gmail.com

05 Oct. 2018

ਸਥਾਨਕ ਚੋਣਾਂ ਵਿੱਚ ਧੱਕੇਸ਼ਾਹੀ ਤੇ ਚੋਣ ਆਯੋਗ - ਗੋਬਿੰਦਰ ਸਿੰਘ ਢੀਂਡਸਾ

ਸਰਕਾਰ ਕਿਸੇ ਵੀ ਪਾਰਟੀ ਦੀ ਹੋਵੇ, ਜਿਆਦਾਤਰ ਮੌਕਾ ਮਿਲਦੇ ਹੀ ਲੋਕਤੰਤਰ ਦਾ ਗਲਾ ਘੁੱਟਣ ਵਿੱਚ ਕੋਈ ਕਸਰ ਨਹੀਂ ਛੱਡਦੀ। ਭਾਰਤੀ ਲੋਕਤੰਤਰ ਦਾ ਦੁਖਾਂਤ ਰਿਹਾ ਹੈ ਕਿ ਜਿਆਦਾਤਰ ਸੱਤਾਧਾਰੀ ਪਾਰਟੀਆਂ ਸੱਤਾ ਦੀ ਦੁਰਵਰਤੋਂ ਕਰਨ ਦੀ ਆਦਤ ਤੋਂ ਨਹੀਂ ਬਚ ਸਕੀਆਂ। ਇਤਿਹਾਸ ਗਵਾਹ ਹੈ ਕਿ ਸਥਾਨਕ ਚੋਣਾਂ ਵਿੱਚ ਜਿੱਤ ਹਾਸਿਲ ਕਰਨ ਲਈ ਸੱਤਾਧਾਰੀ ਧਿਰਾਂ ਹਰ ਹੱਥਕੰਡਾ ਵਰਤਦੀਆਂ ਹਨ। ਚੋਣਾਂ ਵਿੱਚ ਕੀਤੀ ਜਾਂਦੀ ਸਿੱਧੇ ਅਸਿੱਧੇ ਰੂਪ ਵਿੱਚ ਧਾਂਦਲੀ,ਧੱਕੇਸ਼ਾਹੀ, ਜਿਸ ਵਿੱਚ ਪ੍ਰਸ਼ਾਸਨ ਵੀ ਸੱਤਾਧਾਰੀਆਂ ਦੇ ਹੱਕ ਵਿੱਚ ਭੁਗਤਦਾ ਹੈ, ਕਦੇ ਵੀ ਕਿਸੇ ਵੀ ਪੱਖ ਤੋਂ ਜਾਇਜ ਨਹੀਂ ਠਹਿਰਾਈ ਜਾ ਸਕਦੀ।

ਚੋਣਾਂ ਨਾਲ ਸੰਬੰਧਤ ਧਾਂਦਲੀਆਂ ਦਾ ਵਿਰੋਧੀ ਧਿਰਾਂ ਬੇਸ਼ੱਕ ਵਿਰੋਧ ਕਰਦੀਆਂ ਹਨ, ਪਰੰਤੂ ਸੱਤਾ ਸੁਖ ਮਿਲਦਿਆਂ ਹੀ ਉਹ ਵੀ ਇਹੋ ਕੁਝ ਕਰਦੀਆਂ ਹਨ ਜੋ ਕਿ ਰਾਜਨੀਤਿਕ ਪਾਰਟੀਆਂ ਦੇ ਦੋਗਲੇ ਕਿਰਦਾਰ ਨੂੰ ਉਜਾਗਰ ਕਰਦਾ ਹੈ।

ਧਰਮ ਵਿਅਕਤੀਗਤ ਮਾਮਲਾ ਹੈ ਪਰੰਤੂ ਇਹ ਦੁਖਾਂਤ ਹੈ ਕਿ ਭਾਰਤੀ ਲੋਕਤੰਤਰ ਵਿੱਚ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਧਰਮ ਅਤੇ ਜਾਤੀ ਦਾ ਕਾਰਡ ਬਹੁਤ ਖੇਡਿਆ ਜਾਂਦਾ ਹੈ ਅਤੇ ਲੋਕਾਂ ਦੀ ਭਾਵਨਾਵਾਂ ਨੂੰ ਵੋਟਾਂ ਵਿੱਚ ਬਦਲ ਲਿਆ ਜਾਂਦਾ ਹੈ। ਜਿਆਦਾਤਰ ਰਾਜਨੀਤਿਕ ਪਾਰਟੀਆਂ ਦੇ ਝੰਡਾਵਰਦਾਰ ਕਿਸੇ ਵੀ ਧਰਮ ਵਿੱਚ ਪੂਰਨ ਨਹੀਂ ਹੁੰਦੇ, ਉਹ ਸਿਰਫ ਧਰਮੀ ਹੋਣ ਦਾ ਪਾਖੰਡ ਕਰਦੇ ਹਨ ਅਤੇ ਜਾਤੀ ਦੀ ਰਾਜਨੀਤੀ ਵੀ ਉਹ ਸਿਰਫ ਕੁਰਸੀ ਤੱਕ ਪਹੁੰਚਣ ਦਾ ਸੁਖਾਲਾ ਰਾਹ ਸਮਝਦੇ ਹੋਏ ਕਰਦੇ ਹਨ, ਇਹ ਸਭ ਕੁਝ ਵੋਟਰ ਜਾਂ ਲੋਕ ਜਾਣਦੇ ਹਨ ਪਰ ਇਹ ਸਮਾਜ ਦਾ ਦੁਖਾਂਤ ਹੈ ਕਿ ਉਹ ਸਭ ਕੁਝ ਜਾਣਦੇ ਹੋਏ ਵੀ ਇਸ ਤੱਥ ਨੂੰ ਨਹੀਂ ਸਮਝਦੇ।

ਵੋਟਾਂ ਵਾਲੇ ਦਿਨ ਉਮੀਦਵਾਰਾਂ ਦੇ ਪੋਲਿੰਗ ਸਟੇਸ਼ਨਾਂ ਦੇ ਬਾਹਰ ਕੁਝ ਦੂਰੀ ਤੇ ਆਪਣੇ ਆਪਣੇ ਬੂਥ ਲਾਏ ਹੁੰਦੇ ਹਨ ਅਤੇ ਵੋਟਰਾਂ ਨੂੰ ਕਿਸੇ ਨਾ ਕਿਸੇ ਉਮੀਦਵਾਰ ਵਾਲੇ ਬੂਥ ਵਿੱਚੋਂ ਵੋਟਰ ਪਰਚੀ ਲੈਣੀ ਪੈਂਦੀ ਹੈ, ਅਜਿਹੀ ਸਥਿਤੀ ਵਿੱਚ ਵੋਟਰ ਲਈ ਸਥਿਤੀ ਅਸਹਿਜ ਹੋ ਜਾਂਦੀ ਹੈ ਅਤੇ ਉਸਦੀ ਵੋਟ ਦੀ ਗੁਪਤਤਾ ਨੂੰ ਪਾੜ ਤਾਂ ਲੱਗਦਾ ਹੀ ਹੈ ਨਾਲ ਹੀ ਉਸਦੇ ਸਮਾਜਿਕ ਰਿਸ਼ਤਿਆਂ ਨੂੰ ਵੀ ਢਾਅ ਲੱਗਦੀ ਹੈ। ਵੋਟਰਾਂ ਦਾ ਮਾਨਸਿਕ ਸ਼ੋਸ਼ਣ ਰੋਕਣ ਲਈ ਜ਼ਰੂਰੀ ਹੈ ਕਿ ਚੋਣ ਨਾਲ ਸੰਬੰਧਤ ਅਧਿਕਾਰੀਆਂ ਤਰਫ਼ੋਂ ਵੋਟਰਾਂ ਦੀ ਵੋਟ ਪਾਉਣ ਸੰਬੰਧੀ ਪਰਚੀ ਇੱਕ ਦਿਨ ਪਹਿਲਾਂ ਘਰ ਪੁੱਜਦੀ ਕੀਤੀ ਜਾਵੇ ਜਾਂ ਫਿਰ ਬੀ.ਐੱਲ.ਓ. ਆਦਿ ਦੀ ਵੋਟਾਂ ਵਾਲੇ ਦਿਨ ਸੰਬੰਧਤ ਸਥਾਨ ਤੇ ਡਿਊਟੀ ਲਾਉਣੀ ਚਾਹੀਦੀ ਹੈ ਜਿਸ ਤੋਂ ਵੋਟਰ ਸੰਬੰਧਤ ਪਰਚੀ ਲੈ ਸਕਣ।

ਚੋਣਾਂ ਵਿੱਚ ਹੁੰਦੀ ਧੱਕੇਸ਼ਾਹੀ ਚੋਣ ਕਮੀਸ਼ਨ ਤੇ ਵੀ ਸਵਾਲੀਆ ਨਿਸ਼ਾਨ ਲਗਾਉਂਦੀ ਹੈ। ਭਾਰਤੀ ਲੋਕਤੰਤਰ ਦੀ ਮਜ਼ਬੂਤੀ ਅਤੇ ਨਿਰਪੱਖ ਚੋਣਾਂ ਲਈ ਚੋਣ ਕਮੀਸ਼ਨ ਨੂੰ ਆਪਣੀ ਕਾਰਜਸ਼ੈਲੀ ਵਿੱਚ ਹੋਰ ਜਿਆਦਾ ਸੰਵੇਦਨਾ ਅਤੇ ਚੌਕਸੀ ਵਰਤਣ ਦੀ ਜ਼ਰੂਰਤ ਹੈ। ਭਾਰਤੀ ਲੋਕਤੰਤਰ ਪ੍ਰਤੀ ਨਿਸ਼ਠਾ ਰੱਖਦੇ ਹੋਏ ਚੋਣ ਆਯੋਗ ਅਤੇ ਸੰਬੰਧਤ ਅਧਿਕਾਰੀਆਂ ਨੂੰ ਕਿਸੇ ਵੀ ਤਰ੍ਹਾਂ ਦੇ ਦਬਾਅ ਤੋਂ ਮੁਕਤ ਚੋਣਾਂ ਲਈ ਕਾਗਜ਼ੀ ਪ੍ਰਕਿਰਿਆ ਅਤੇ ਹੋਰ ਕਾਰਜ ਵਿਹਾਰਾਂ ਨੂੰ ਅਮਲੀ ਰੂਪ ਦਿੰਦੇ ਸਮੇਂ ਸੰਬੰਧਤ ਦਿਸ਼ਾ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣੀ ਚਾਹੀਦੀ ਹੈ ਤਾਂ ਜੋ ਭਾਰਤੀ ਲੋਕਤੰਤਰ ਵਿਵਸਥਾ ਨੂੰ ਹੋਰ ਮਜ਼ਬੂਤੀ ਮਿਲ ਸਕੇ।

ਗੋਬਿੰਦਰ ਸਿੰਘ ਢੀਂਡਸਾ
ਪਿੰਡ ਤੇ ਡਾਕ – ਬਰੜ੍ਹਵਾਲ ਲੰਮਾ ਪੱਤੀ
ਤਹਿਸੀਲ – ਧੂਰੀ (ਸੰਗਰੂਰ)
ਈਮੇਲ bardwal.gobinder@gmail.com

01 Oct. 2018