Gurbachan Singh Bhullar

ਅਕਾਦਮੀ ਇਨਾਮ ਦਾ ਲੇਖਕ ਤੱਕ ਪੁੱਜਦਾ ਵਲ਼ਦਾਰ ਰਾਹ ! - ਗੁਰਬਚਨ ਸਿੰਘ ਭੁੱਲਰ

ਅੱਸੂ-ਕੱਤੇ ਦੀ ਰੁੱਤ ਆ ਗਈ ਹੈ। ਮਾਹੌਲ ਵਿਚ ਮਿੱਠੀ ਮਿੱਠੀ, ਕੂਲ਼ੀ ਕੂਲ਼ੀ ਠੰਢ ਘੁਲ਼ ਗਈ ਹੈ। ਮਨ ਨੂੰ ਚੰਗਾ ਚੰਗਾ ਲੱਗਦਾ ਹੈ। ਅੱਸੂ ਦੇ ਚੜ੍ਹਨ ਤੋਂ ਇਕ ਪਖਵਾੜਾ ਮਗਰੋਂ ਅਕਤੂਬਰ ਤੇ ਕੱਤੇ ਦੇ ਚੜ੍ਹਨ ਤੋਂ ਇਕ ਪਖਵਾੜਾ ਮਗਰੋਂ ਨਵੰਬਰ ਚੜ੍ਹਦਾ ਹੈ। ਅੱਸੂ-ਕੱਤੇ ਦੇ ਮਾਹੌਲ ਵਿਚ ਠੰਢ ਘੁਲਣ ਵਾਂਗ ਅਕਤੂਬਰ-ਨਵੰਬਰ ਦੇ ਮਾਹੌਲ ਵਿਚ ਸਾਹਿਤ ਅਕਾਦਮੀ ਇਨਾਮ ਦੀ ਕਨਸੋਅ ਘੁਲ਼ ਜਾਂਦੀ ਹੈ। ਅੱਸੂ-ਕੱਤੇ ਦੀ ਠੰਢ ਦੇ ਕੂਲ਼ੇ ਕੂਲ਼ੇ ਅਹਿਸਾਸ ਦੇ ਉਲਟ ਅਕਤੂਬਰ-ਨਵੰਬਰ ਦੀ ਇਨਾਮੀ ਕਨਸੋਅ ਅਨੇਕ ਲੇਖਕਾਂ ਵਿਚ ਇਕੋ ਸਮੇਂ ਆਸ, ਅੱਚਵੀ ਤੇ ਬੇਯਕੀਨੀ ਦਾ ਅਹਿਸਾਸ ਪੈਦਾ ਕਰਦੀ ਹੈ, ''ਕੀ ਪਤਾ ਇਸ ਵਾਰ ਮੇਰੀ ਬੇੜੀ ਬੰਨੇ ਲੱਗ ਹੀ ਜਾਵੇ! ਪਰ ਕੀ ਪਤਾ, ਮੇਰੇ ਵੱਲ ਤੁਰੇ ਇਨਾਮ ਨੂੰ ਰਾਹ ਵਿਚੋਂ ਹੀ ਦਬੋਚਣ ਦੀ ਝਾਕ ਵਿਚ ਕੌਣ ਕੌਣ ਝਪਟਮਾਰ ਬੈਠਾ ਹੈ! ਮੈਨੂੰ ਮੇਰਾ 'ਹੱਕ' ਕਿੱਥੋਂ ਲੈਣ ਦੇਣਾ ਹੈ ਇਨ੍ਹਾਂ ਜੁਗਾੜੀ ਨਿਹੱਕਿਆਂ ਨੇ!''
        ਸਾਹਿਤ ਅਕਾਦਮੀ ਇਨਾਮ ਦੀ ਰਕਮ 1955 ਵਿਚ 5 ਹਜ਼ਾਰ ਮਿਥੀ ਗਈ ਸੀ। ਇਹ 1983 ਵਿਚ 10 ਹਜ਼ਾਰ, 1988 ਵਿਚ 25 ਹਜ਼ਾਰ, 2001 ਵਿਚ 40 ਹਜ਼ਾਰ ਅਤੇ 2003 ਵਿਚ 50 ਹਜ਼ਾਰ ਕਰ ਦਿੱਤੀ ਗਈ ਸੀ। ਹੁਣ, 2009 ਤੋਂ ਇਹ ਰਕਮ ਇਕ ਲੱਖ ਰੁਪਏ ਹੈ। ਦਿਲਚਸਪ ਗੱਲ ਇਹ ਹੈ ਕਿ ਕਈ ਨਿੱਜੀ ਸੰਸਥਾਵਾਂ ਦੇ ਸਾਹਿਤਕ ਇਨਾਮ ਇਸ ਤੋਂ ਬਹੁਤ ਵੱਧ ਰਕਮ ਦੇ ਹਨ, ਪਰ ਤਾਂ ਵੀ ਦੇਸ਼ ਭਰ ਦੇ ਲੇਖਕਾਂ ਵਾਸਤੇ ਸਾਹਿਤ ਅਕਾਦਮੀ ਇਨਾਮ ਹੀ ਸਭ ਤੋਂ ਖਿੱਚ ਭਰਪੂਰ ਇਨਾਮ ਹੈ। ਇਸ ਇਨਾਮ ਦੀ ਉੱਚੀ ਹੈਸੀਅਤ ਦਾ ਕਾਰਨ ਜਾਣਨ ਲਈ ਸਾਹਿਤ ਅਕਾਦਮੀ ਦੇ ਇਤਿਹਾਸ ਬਾਰੇ ਥੋੜ੍ਹਾ ਜਿਹਾ ਜਾਣ ਲੈਣਾ ਠੀਕ ਰਹੇਗਾ।
       ਨਵੇਂ ਨਵੇਂ ਆਜ਼ਾਦ ਹੋਏ ਦੇਸ਼ ਵਿਚ ਸਾਹਿਤ ਦੇ ਵਿਕਾਸ ਲਈ ਸਾਹਿਤ ਅਕਾਦਮੀ ਕਾਇਮ ਕਰਨ ਦਾ ਸੁਫ਼ਨਾ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ, ਉਪ-ਰਾਸ਼ਟਰਪਤੀ ਡਾ. ਐੱਸ. ਰਾਧਾਕ੍ਰਿਸ਼ਨਣ ਅਤੇ ਵਿੱਦਿਆ ਮੰਤਰੀ ਮੌਲਾਨਾ ਅਬੁਲ ਕਲਾਮ ਆਜ਼ਾਦ ਦਾ ਸਾਂਝਾ ਸੁਫ਼ਨਾ ਸੀ। ਇਹ ਤਿੰਨੇ ਹੀ ਆਪਣੀ ਆਪਣੀ ਥਾਂ ਮੰਨੇ ਹੋਏ ਵਿਦਵਾਨ ਤੇ ਸ਼ਬਦ-ਗਿਆਤਾ ਸਨ। ਇਸ ਸੁਫ਼ਨੇ ਦੀ ਸਾਕਾਰਤਾ ਲਈ 15 ਦਸੰਬਰ 1952 ਨੂੰ ਪਾਰਲੀਮੈਂਟ ਵਿਚ ਇਸ ਭਾਵ ਦਾ ਮਤਾ ਪਾਸ ਕੀਤਾ ਗਿਆ ਕਿ ਸਾਹਿਤ ਦੀ ਇਕ ਕੌਮੀ ਅਕਾਦਮੀ ਕਾਇਮ ਕੀਤੀ ਜਾਵੇ ਜਿਸ ਦਾ ਨਾਂ 'ਸਾਹਿਤਯ ਅਕਾਦਮੀ' ਰੱਖਿਆ ਜਾਵੇ। ਨਹਿਰੂ ਨੂੰ ਸਾਹਿਤ ਅਕਾਦਮੀ ਦਾ ਪਹਿਲਾ ਪ੍ਰਧਾਨ ਬਣਾਇਆ ਗਿਆ ਤੇ ਉਨ੍ਹਾਂ ਨੂੰ ਪ੍ਰਧਾਨਗੀ ਸੌਂਪਦਿਆਂ ਸਰਕਾਰ ਨੇ ਇਹ ਸਪੱਸ਼ਟ ਕਰਨਾ ਵੀ ਜ਼ਰੂਰੀ ਸਮਝਿਆ ਕਿ ਉਨ੍ਹਾਂ ਦੀ ਇਹ ਚੋਣ 'ਪ੍ਰਧਾਨ ਮੰਤਰੀ ਹੋਣ ਕਰਕੇ ਨਹੀਂ ਸਗੋਂ ਇਸ ਕਰਕੇ ਹੈ ਕਿ ਉਨ੍ਹਾਂ ਨੇ ਇਕ ਲੇਖਕ ਵਜੋਂ ਆਪਣਾ ਵਿਲੱਖਣ ਸਥਾਨ ਬਣਾਇਆ ਹੋਇਆ ਹੈ।'
         ਅੱਜ ਦੇ ਮਾਹੌਲ ਵਿਚ ਇਹ ਸੋਚ ਅਜੀਬ ਲੱਗ ਸਕਦੀ ਹੈ ਕਿ ਨਹਿਰੂ ਦੀ ਆਪਣੀ ਮੁੱਖ ਚਿੰਤਾ ਵੀ ਸਰਕਾਰ ਤੋਂ ਸਾਹਿਤ ਅਕਾਦਮੀ ਦੀ ਸੁਆਧੀਨਤਾ ਨੂੰ ਬਣਾਈ ਰੱਖਣਾ ਹੀ ਨਹੀਂ ਸਗੋਂ ਇਸ ਸੁਆਧੀਨਤਾ ਨੂੰ ਮਜ਼ਬੂਤ ਕਰਨਾ ਸੀ। ਅਸਲ ਵਿਚ ਤਾਂ ਉਨ੍ਹਾਂ ਨੇ ਪ੍ਰਧਾਨ ਮੰਤਰੀ ਹੁੰਦਿਆਂ ਇਹ ਪਦਵੀ ਸੰਭਾਲੀ ਹੀ ਇਸ ਕਰਕੇ ਸੀ ਕਿ ਅਕਾਦਮੀ ਪੱਕੇ-ਪੈਰੀਂ ਹੋ ਜਾਵੇ ਤੇ ਲੋਕ ਇਹਨੂੰ ਮਾਣ-ਸਤਿਕਾਰ ਦੀ ਨਜ਼ਰ ਨਾਲ਼ ਦੇਖਣ। ਆਪਣੇ ਇਸ ਉਦੇਸ ਨੂੰ ਉਨ੍ਹਾਂ ਨੇ ਬੜੇ ਦਿਲਚਸਪ ਸ਼ਬਦਾਂ ਵਿਚ ਪੇਸ਼ ਕੀਤਾ, ''ਅਜਿਹੀ ਸੰਸਥਾ ਦਾ ਪ੍ਰਧਾਨ ਹੋਣਾ ਵੱਡੇ ਮਾਣ ਵਾਲ਼ੀ ਗੱਲ ਹੈ ਜਿਸ ਵਿਚ ਭਾਰਤ ਦੀਆਂ ਵੱਖ ਵੱਖ ਭਾਸ਼ਾਵਾਂ ਦੇ ਨਾਮੀ ਲੇਖਕ ਸ਼ਾਮਲ ਹੋਣ। ਅਕਾਦਮੀ ਦੇ ਪ੍ਰਧਾਨ ਵਜੋਂ ਮੈਂ ਤੁਹਾਨੂੰ ਬਿਲਕੁਲ ਸਪੱਸ਼ਟ ਦੱਸ ਦੇਣਾ ਚਾਹੁੰਦਾ ਹਾਂ ਕਿ ਮੈਂ ਨਹੀਂ ਚਾਹਾਂਗਾ ਕਿ ਪ੍ਰਧਾਨ ਮੰਤਰੀ ਮੇਰੇ ਕੰਮ ਵਿਚ ਦਖ਼ਲ ਦੇਵੇ।''
       ਸਾਹਿਤ ਅਕਾਦਮੀ ਦਾ ਰਸਮੀ ਉਦਘਾਟਨ ਬੜੀ ਸ਼ਾਨ ਨਾਲ਼ 12 ਮਾਰਚ 1954 ਨੂੰ ਪਾਰਲੀਮੈਂਟ ਦੇ ਕੇਂਦਰੀ ਹਾਲ ਵਿਚ ਕੀਤਾ ਗਿਆ। ਵਿੱਦਿਆ ਮੰਤਰੀ ਮੌਲਾਨਾ ਅਬੁਲ ਕਲਾਮ ਆਜ਼ਾਦ ਨੇ ਆਪਣੇ ਭਾਸ਼ਨ ਵਿਚ ਅਕਾਦਮੀ ਦੇ ਉਦੇਸ਼ ਉਜਾਗਰ ਕੀਤੇ। ਉਨ੍ਹਾਂ ਮਗਰੋਂ ਉਪ-ਰਾਸ਼ਟਰਪਤੀ ਡਾ. ਐੱਸ. ਰਾਧਾਕ੍ਰਿਸ਼ਨਣ ਨੇ ਆਪਣੇ ਵਿਦਵਤਾ-ਭਰਪੂਰ ਭਾਸ਼ਨ ਵਿਚ ਹੋਰ ਗੱਲਾਂ ਤੋਂ ਇਲਾਵਾ ਸਾਹਿਤ ਅਕਾਦਮੀ ਦੇ ਨਾਂ ਦੀ ਵਿਆਖਿਆ ਕਰਦਿਆਂ ਕਿਹਾ, ''ਨਾਂ 'ਸਾਹਿਤਯ ਅਕਾਦਮੀ' ਦੋ ਸ਼ਬਦਾਂ ਦਾ ਸੁਮੇਲ ਹੈ। ਸਾਹਿਤਯ ਸੰਸਕ੍ਰਿਤ ਦਾ ਸ਼ਬਦ ਹੈ ਤੇ ਅਕਾਦਮੀ ਯੂਨਾਨੀ ਦਾ। ਇਹ ਨਾਂ ਸਾਡੀ ਵਿਸ਼ਵਵਿਆਪੀ ਦ੍ਰਿਸ਼ਟੀ ਤੇ ਤਾਂਘ ਨੂੰ ਦਰਸਾਉਂਦਾ ਹੈ। ਸਾਹਿਤਯ ਸ਼ਬਦੀ ਰਚਨਾ ਨੂੰ ਆਖਦੇ ਹਨ, ਅਕਾਦਮੀ ਇਸ ਵਿਸ਼ੇ ਵਿਚ ਦਿਲਚਸਪੀ ਰੱਖਣ ਵਾਲ਼ੇ ਵਿਅਕਤੀਆਂ ਦਾ ਜੋੜਮੇਲਾ ਹੁੰਦਾ ਹੈ। ਇਸ ਤਰ੍ਹਾਂ ਸਾਹਿਤਯ ਅਕਾਦਮੀ ਉਨ੍ਹਾਂ ਸਭਨਾਂ ਦਾ ਜੋੜਮੇਲਾ ਹੋਵੇਗੀ ਜੋ ਰਚਨਾਤਮਿਕ ਤੇ ਆਲੋਚਨਾਤਮਿਕ ਸਾਹਿਤ ਵਿਚ ਦਿਲਚਸਪੀ ਰੱਖਦੇ ਹਨ। ਇਸ ਅਕਾਦਮੀ ਦਾ ਮਨੋਰਥ ਹੋਵੇਗਾ, ਸਾਹਿਤਕ ਪ੍ਰਾਪਤੀਆਂ ਵਾਲ਼ੇ ਵਿਅਕਤੀਆਂ ਨੂੰ ਮਾਨਤਾ ਦੇਣਾ, ਸਾਹਿਤਕ ਹੋਣਹਾਰੀ ਦਰਸਾਉਣ ਵਾਲ਼ੇ ਵਿਅਕਤੀਆਂ ਦੀ ਹੌਸਲਾ-ਅਫ਼ਜ਼ਾਈ ਕਰਨਾ, ਆਮ ਲੋਕਾਂ ਦੀ ਰੁਚੀ ਨੂੰ ਸਾਹਿਤਕ ਸੇਧ ਦੇਣਾ ਅਤੇ ਸਾਹਿਤ ਦੇ ਤੇ ਸਾਹਿਤਕ ਆਲੋਚਨਾ ਦੇ ਮਿਆਰਾਂ ਨੂੰ ਬਿਹਤਰ ਬਣਾਉਣਾ।''
       ਇਸ ਆਸ਼ੇ ਦੀ ਪੂਰਤੀ ਵੱਲ ਇਕ ਹੋਰ ਮਜ਼ਬੂਤ ਮੁੱਢਲੇ ਕਦਮ ਵਜੋਂ ਪਹਿਲੀ ਜਨਰਲ ਕੌਂਸਲ ਦੇ ਮੈਂਬਰ ਵੀ ਡਾ. ਐੱਸ. ਰਾਧਾਕ੍ਰਿਸ਼ਨਣ, ਅਬੁਲ ਕਲਾਮ ਆਜ਼ਾਦ, ਸੀ. ਰਾਜਗੋਪਾਲਾਚਾਰੀ, ਕੇ.ਐੱਮ. ਪਨੀਕਰ, ਕੇ.ਐੱਮ. ਮੁਣਸ਼ੀ, ਜ਼ਾਕਿਰ ਹੁਸੈਨ, ਉਮਾਸ਼ੰਕਰ ਜੋਸ਼ੀ, ਮਹਾਂਦੇਵੀ ਵਰਮਾ, ਡੀ.ਵੀ. ਗੁੰਡੱਪਾ ਤੇ ਰਾਮਧਾਰੀ ਸਿੰਘ ਦਿਨਕਰ ਜਿਹੇ ਮਹਾਨ ਲੇਖਕ ਤੇ ਵਿਦਵਾਨ ਲਏ ਗਏ। ਨਹਿਰੂ ਮਗਰੋਂ ਪ੍ਰਧਾਨਗੀ ਵੀ ਪਹਿਲਾਂ ਡਾ.ਐੱਸ. ਰਾਧਾਕ੍ਰਿਸ਼ਨਣ ਅਤੇ ਫੇਰ ਜ਼ਾਕਿਰ ਹੁਸੈਨ ਨੇ ਸੰਭਾਲੀ।
       ਸਾਹਿਤ ਅਕਾਦਮੀ ਦੀ ਸਥਾਪਨਾ ਦੇ ਇਸ ਉਦੇਸ਼ ਦੀ ਪੂਰਤੀ ਲਈ ਚੁੱਕੇ ਜਾਣ ਵਾਲ਼ੇ ਕਦਮਾਂ ਵਿਚ ਅਗਲੇ ਸਾਲ, 1955 ਤੋਂ ਹੀ ਲੇਖਕਾਂ ਨੂੰ ਸਨਮਾਨਿਆ ਜਾਣਾ ਵੀ ਸ਼ਾਮਲ ਸੀ। ਪ੍ਰਧਾਨ ਵਜੋਂ ਜਵਾਹਰਲਾਲ ਨਹਿਰੂ ਸਾਹਿਤ ਅਕਾਦਮੀ ਦੇ ਸਭ ਕੰਮਾਂ ਨਾਲ਼ ਦਿਲੋਂ ਜੁੜੇ ਰਹਿੰਦੇ ਸਨ ਜਿਨ੍ਹਾਂ ਵਿਚ ਇਨਾਮਾਂ ਦਾ ਨਿਰਣਾ ਵੀ ਸ਼ਾਮਲ ਸੀ। ਪੰਜਾਬੀ ਵਿਚ ਪਲੇਠਾ ਇਨਾਮ ਹਾਸਲ ਕਰਨ ਦਾ ਮਾਣ ਭਾਈ ਵੀਰ ਸਿੰਘ ਦੇ ਹਿੱਸੇ ਆਇਆ।
      ਇਹ ਆਮ ਦੇਖਿਆ ਗਿਆ ਹੈ ਕਿ ਅਨੇਕ ਭੋਲ਼ੇ ਲੇਖਕ ਹੈਰਾਨ-ਪਰੇਸ਼ਾਨ ਹੁੰਦੇ ਰਹਿੰਦੇ ਹਨ, ''ਯਾਰ ਦਿੱਲੀ ਵਾਲ਼ੀ ਸਾਹਿਤ ਅਕਾਦਮੀ ਦੇ ਇਨਾਮ ਲਈ ਲੇਖਕਾਂ ਤੇ ਪੁਸਤਕਾਂ ਦੇ ਨਾਂ ਕਿੱਥੋਂ ਆਉਂਦੇ ਹਨ? ਕੌਣ ਚੁਣਦਾ ਹੈ ਲੇਖਕਾਂ ਦੇ ਨਾਂ? ਤੇ ਕੌਣ ਚੁਣਦਾ ਹੈ ਉਨ੍ਹਾਂ ਲੇਖਕਾਂ ਦੀਆਂ ਪੁਸਤਕਾਂ ਦੇ ਨਾਂ?'' ਫੇਰ ਉਹ ਮਾਯੂਸ ਜਿਹੇ ਹੋ ਕੇ ਆਖਦੇ ਹਨ, ''ਸਾਨੂੰ ਕੋਈ ਪੁੱਛਦਾ ਹੀ ਨਹੀਂ!'' ਉਨ੍ਹਾਂ ਦੀ ਤਸੱਲੀ ਲਈ ਇਹ ਜਾਣਕਾਰੀ ਕਾਫ਼ੀ ਹੋਵੇਗੀ ਕਿ ਲੇਖਕਾਂ ਦੇ ਤੇ ਉਨ੍ਹਾਂ ਦੀਆਂ ਪੁਸਤਕਾਂ ਦੇ ਨਾਂ ਉਨ੍ਹਾਂ ਦੇ ਆਪਣੇ ਭਰਾ-ਭਾਈ ਲੇਖਕ ਹੀ ਚੁਣਦੇ ਹਨ, ਅਕਾਦਮੀ ਦੇ ਦਫ਼ਤਰੀ ਲੋਕਾਂ ਦਾ ਇਸ ਨਾਲ਼ ਕੋਈ ਵੀ ਲੈਣਾ-ਦੇਣਾ ਨਹੀਂ ਹੁੰਦਾ।
       ਸਾਹਿਤ ਅਕਾਦਮੀ ਦੇ ਪੰਜਾਬੀ ਸਲਾਹਕਾਰ ਬੋਰਡ ਦੇ ਮੈਂਬਰ ਆਪਣੀ ਇੱਛਾ ਅਨੁਸਾਰ ਅਕਾਦਮੀ ਦੇ ਪ੍ਰਧਾਨ ਨੂੰ ਕੋਈ ਪੰਜ ਨਾਂ ਦਿੰਦੇ ਹਨ। ਉਹ ਉਨ੍ਹਾਂ ਪੰਜਾਂ ਵਿਚੋਂ ਕੋਈ ਦੋ ਨਾਂ ਚੁਣਦਾ ਹੈ ਜਿਨ੍ਹਾਂ ਨੂੰ ਮਾਹਿਰ ਕਿਹਾ ਜਾਂਦਾ ਹੈ। ਦੋਵੇਂ ਮਾਹਿਰ ਸਭ ਸ਼ਰਤਾਂ ਪੂਰੀਆਂ ਕਰ ਕੇ ਇਨਾਮ ਦੀਆਂ ਹੱਕਦਾਰ ਬਣਦੀਆਂ ਪੁਸਤਕਾਂ ਦੀ ਸੂਚੀ ਤਿਆਰ ਕਰਦੇ ਹਨ। ਮੁੱਖ ਸ਼ਰਤ ਤਾਂ ਇਹ ਹੁੰਦੀ ਹੈ ਕਿ ਪੁਸਤਕ ਪਿਛਲੇ ਇਕ ਸਾਲ ਤੋਂ ਪਹਿਲਾਂ ਦੇ ਪੰਜ ਸਾਲਾਂ ਦੇ ਅੰਦਰ ਅੰਦਰ ਛਪੀ ਹੋਈ ਹੋਵੇ। ਮਿਸਾਲ ਵਜੋਂ 2018 ਦੇ ਇਨਾਮ ਲਈ ਪੁਸਤਕ 2012 ਤੋਂ 2016 ਦੇ ਪੰਜ ਸਾਲਾਂ ਵਿਚ ਛਪੀ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਲੇਖਕ ਭਾਰਤੀ ਨਾਗਰਿਕ ਹੋਵੇ ਤੇ ਅਕਾਦਮੀ ਦੇ ਐਗਜ਼ੈਕਟਿਵ ਬੋਰਡ ਦਾ ਮੈਂਬਰ ਨਾ ਹੋਵੇ। ਪੁਸਤਕ ਮੌਲਿਕ ਹੋਵੇ, ਅਨੁਵਾਦਿਤ ਜਾਂ ਆਧਾਰਿਤ ਜਾਂ ਕਈ ਲੇਖਕਾਂ ਦੀਆਂ ਰਚਨਾਵਾਂ ਦਾ ਸੰਗ੍ਰਹਿ ਨਾ ਹੋਵੇ। ਪੁਸਤਕ ਕਿਸੇ ਇਮਤਿਹਾਨ ਲਈ ਜਾਂ ਯੂਨੀਵਰਸਿਟੀ ਦੀ ਡਿਗਰੀ ਲਈ ਕੀਤੇ ਗਏ ਖੋਜ-ਕਾਰਜ ਦਾ ਪੁਸਤਕੀ ਰੂਪ ਵੀ ਨਾ ਹੋਵੇ। ਇਨ੍ਹਾਂ ਦੋ ਮਾਹਿਰਾਂ ਦੀ ਤਿਆਰ ਕੀਤੀ ਸੂਚੀ ਨੂੰ ਆਧਾਰ-ਸੂਚੀ ਕਿਹਾ ਜਾਂਦਾ ਹੈ।
    ਇਹ ਆਧਾਰ-ਸੂਚੀ ਕਨਵੀਨਰ ਸਮੇਤ ਸਲਾਹਕਾਰ ਬੋਰਡ ਦੇ ਸਾਰੇ ਮੈਂਬਰਾਂ ਨੂੰ ਭੇਜੀ ਜਾਂਦੀ ਹੈ। ਹਰੇਕ ਮੈਂਬਰ ਦੋ ਨਾਂ ਦਿੰਦਾ ਹੈ ਜੋ ਦੋਵੇਂ ਸੂਚੀ ਵਿਚੋਂ ਵੀ ਹੋ ਸਕਦੇ ਹਨ ਜਾਂ ਇਕ ਨਾਂ ਸੂਚੀ ਵਿਚੋਂ ਤੇ ਇਕ ਨਾਂ ਉਹਦੀ ਮਰਜ਼ੀ ਦਾ ਵੀ ਹੋ ਸਕਦਾ ਹੈ ਜਾਂ ਦੋਵੇਂ ਨਾਂ ਹੀ ਉਹਦੀ ਮਰਜ਼ੀ ਦੇ ਹੋ ਸਕਦੇ ਹਨ। ਦੇਖਣ ਵਾਲ਼ੀ ਗੱਲ ਇਹ ਹੈ ਕਿ ਜੇ ਹਰ ਮੈਂਬਰ ਦੋਵੇਂ ਪੁਸਤਕਾਂ ਦਾ ਸੁਝਾਅ ਆਧਾਰ-ਸੂਚੀ ਤੋਂ ਬਾਹਰੋਂ ਆਪਣੇ ਕੋਲ਼ੋਂ ਵੀ ਦੇ ਸਕਦਾ ਹੈ ਤਾਂ ਦੋ ਮਾਹਿਰਾਂ ਦੀ ਤਿਆਰ ਕੀਤੀ ਆਧਾਰ-ਸੂਚੀ ਤਾਂ ਗਈ ਟੋਕਰੀ ਵਿਚ! ਸਲਾਹਕਾਰ ਬੋਰਡ ਦੇ ਸਾਰੇ ਮੈਂਬਰਾਂ ਦੀਆਂ ਦੱਸੀਆਂ ਇਨ੍ਹਾਂ ਦੋ ਦੋ ਪੁਸਤਕਾਂ ਦੀ ਨਵੀਂ ਸੂਚੀ ਤਿਆਰ ਕਰ ਲਈ ਜਾਂਦੀ ਹੈ।
       ਅਕਾਦਮੀ ਦਾ ਪ੍ਰਧਾਨ ਸਲਾਹਕਾਰ ਬੋਰਡ ਦੇ ਸਾਰੇ ਮੈਂਬਰਾਂ ਤੋਂ ਦਸ ਰੈਫ਼ਰੀਆਂ ਦਾ ਪੈਨਲ ਤਿਆਰ ਕਰਨ ਲਈ ਨਾਂਵਾਂ ਦੀ ਮੰਗ ਕਰਦਾ ਹੈ ਅਤੇ ਪੁਸਤਕਾਂ ਦੀ ਤਿਆਰ ਹੋ ਚੁੱਕੀ ਸੂਚੀ ਉਨ੍ਹਾਂ ਦਸਾਂ ਨੂੰ ਭੇਜ ਦਿੱਤੀ ਜਾਂਦੀ ਹੈ। ਹਰ ਰੈਫ਼ਰੀ ਦੋ ਪੁਸਤਕਾਂ ਦੀ ਸਿਫ਼ਾਰਸ਼ ਕਰਦਾ ਹੈ। ਉਹ ਸੂਚੀ ਵਿਚੋਂ ਵੀ ਹੋ ਸਕਦੀਆਂ ਹਨ ਜਾਂ ਸੂਚੀ ਤੋਂ ਬਾਹਰੋਂ ਉਹਦੀ ਆਪਣੀ ਚੋਣ ਦੀਆਂ ਵੀ ਹੋ ਸਕਦੀਆਂ ਹਨ। ਇੱਥੇ ਵੀ ਦੇਖਣ ਵਾਲ਼ੀ ਗੱਲ ਇਹ ਹੈ ਕਿ ਜੇ ਹਰ ਰੈਫ਼ਰੀ ਦੋਵੇਂ ਪੁਸਤਕਾਂ ਦਾ ਸੁਝਾਅ ਉਹਨੂੰ ਭੇਜੀ ਗਈ ਸੂਚੀ ਲਾਂਭੇ ਰੱਖ ਕੇ ਆਪਣੇ ਕੋਲ਼ੋਂ ਵੀ ਦੇ ਸਕਦਾ ਹੈ ਤਾਂ ਸਲਾਹਕਾਰ ਬੋਰਡ ਦੇ ਮੈਂਬਰਾਂ ਦੀਆਂ ਦੱਸੀਆਂ ਪੁਸਤਕਾਂ ਦੀ ਸੂਚੀ ਤਾਂ ਗਈ ਟੋਕਰੀ ਵਿਚ!
       ਅੰਤ ਵਿਚ ਰੈਫ਼ਰੀਆਂ ਦੀਆਂ ਸਿਫ਼ਾਰਸ਼ਾਂ ਦੇ ਆਧਾਰ ਉੱਤੇ ਤਿਆਰ ਕੀਤੀ ਗਈ ਪੁਸਤਕ-ਸੂਚੀ ਤਿੰਨ ਮੈਂਬਰਾਂ ਦੀ ਜਿਉਰੀ ਅੱਗੇ ਰੱਖੀ ਜਾਂਦੀ ਹੈ। 1991 ਤੱਕ ਇਹ ਜਿਉਰੀ ਜੱਗ-ਜ਼ਾਹਿਰ ਹੁੰਦੀ ਸੀ ਕਿਉਂਕਿ ਇਸ ਦੇ ਮੈਂਬਰ ਪੰਜਾਬੀ ਦੇ ਕਨਵੀਨਰ ਨਾਲ਼ ਸਲਾਹਕਾਰ ਕਮੇਟੀ ਵਿਚੋਂ ਹੀ ਦੋ ਜਣੇ ਹੋਰ ਹੁੰਦੇ ਸਨ। ਉਸ ਸਾਲ ਹਰਿੰਦਰ ਸਿੰਘ ਮਹਿਬੂਬ ਦਾ ਇਨਾਮ ਕਸੂਤੇ ਵਿਵਾਦ ਵਿਚ ਫਸ ਗਿਆ ਅਤੇ ਸਾਹਿਤ ਅਕਾਦਮੀ ਨੇ ਫ਼ੈਸਲਾ ਕੀਤਾ ਕਿ ਜਿਉਰੀ ਅਕਾਦਮੀ ਦੇ ਅੰਦਰੋਂ ਹੋਣ ਦੀ ਥਾਂ ਬਾਹਰੋਂ ਹੋਵੇਗੀ ਤੇ ਪਹਿਲਾਂ ਵਾਂਗ ਸਰਬਗਿਆਤ ਹੋਣ ਦੀ ਥਾਂ ਗੁਪਤ ਹੋਵੇਗੀ ਜਿਸ ਦੇ ਨਾਂਵਾਂ ਦਾ ਐਲਾਨ ਇਨਾਮੀ ਲੇਖਕ ਦੇ ਨਾਂ ਦੇ ਐਲਾਨ ਦੇ ਨਾਲ ਹੀ ਕੀਤਾ ਜਾਇਆ ਕਰੇਗਾ।
       ਜਿਉਰੀ ਦੇ ਇਹ ਤਿੰਨ ਮੈਂਬਰ ਚੁਣਨ ਵਾਸਤੇ ਪਹਿਲਾਂ ਹੀ ਸਲਾਹਕਾਰ ਬੋਰਡ ਦੇ ਮੈਂਬਰਾਂ ਤੋਂ ਵੱਖਰੇ ਵੱਖਰੇ ਨਾਂ ਮੰਗੇ ਲਏ ਜਾਂਦੇ ਹਨ। ਅਕਾਦਮੀ ਦਾ ਪ੍ਰਧਾਨ ਇਹਨਾਂ ਨਾਂਵਾਂ ਵਿਚੋਂ ਤਿੰਨ ਦੀ ਚੋਣ ਕਰਦਾ ਹੈ। ਇਨਾਮ ਲੇਖਕਾਂ ਦੀ ਅੰਤਿਮ ਸੂਚੀ ਵਿਚੋਂ ਕਿਸ ਦਾ ਨਸੀਬ ਬਣੇਗਾ, ਇਹ ਨਿਰੋਲ ਇਨ੍ਹਾਂ ਤਿੰਨ ਲੇਖਕਾਂ-ਅਲੇਖਕਾਂ ਦੇ ਹੱਥ ਹੁੰਦਾ ਹੈ। ਜੇ ਤਿੰਨੇ ਮੈਂਬਰ ਕਿਸੇ ਇਕ ਨਾਂ ਬਾਰੇ ਸਹਿਮਤ ਹੋ ਜਾਂਦੇ ਹਨ, ਉਸ ਨਾਂ ਨੂੰ ਸੱਤੇ ਖ਼ੈਰਾਂ! ਜੇ ਦੋ ਮੈਂਬਰ ਕਿਸੇ ਇਕ ਨਾਂ ਦੇ ਪੱਖ ਵਿਚ ਹਨ, ਪਰ ਤੀਜਾ ਕਿਸੇ ਹੋਰ ਦਾ ਹਮਾਇਤੀ ਹੋਵੇ ਤਾਂ ਵੀ ਦੋ ਵੋਟਾਂ ਵਾਲ਼ਾ ਬਾਜ਼ੀ ਮਾਰ ਜਾਂਦਾ ਹੈ। ਜੇ ਤਿੰਨੇ ਮੈਂਬਰ ਆਪਣੇ ਆਪਣੇ ਵੱਖਰੇ ਨਾਂਵਾਂ ਉੱਤੇ ਅੜੇ ਰਹਿਣ, ਉਸ ਸਾਲ ਦਾ ਉਸ ਭਾਸ਼ਾ ਦਾ ਇਨਾਮ ਮਾਰਿਆ ਜਾਂਦਾ ਹੈ।

ਸੰਪਰਕ : 011-42502364

10 Nov. 2018

ਗੁਰਚਰਨ ਰਾਮਪੁਰੀ : ਪੁਰਖ਼ਲੂਸ ਦੋਸਤ, ਵਧੀਆ ਕਵੀ  - ਗੁਰਬਚਨ ਸਿੰਘ ਭੁੱਲਰ

ਦੇਸੋਂ ਤੂੰ ਪਰਦੇਸੀ ਹੋਇਆ, ਉਥੋਂ ਹੋ ਤੁਰਿਆ ਬਿਨਦੇਸੀ!
ਚਿੱਠੀ-ਪੱਤਰ  ਲਿਖਣਾ ਹੋਊ, ਦੱਸ  ਕੇ  ਜਾ ਸਿਰਨਾਵਾਂ!

ਵਧੀਆ ਕਵੀ, ਵਧੀਆ ਮਨੁੱਖ ਤੇ ਯਾਰਾਂ ਦੇ ਯਾਰ ਗੁਰਚਰਨ ਰਾਮਪੁਰੀ ਦੇ ਵਿਛੋੜੇ ਦੀ ਖ਼ਬਰ ਵਿਚ, ਉਹਦੀ ਪੱਕੀ ਆਯੂ ਅਤੇ ਲੰਮੀ ਬਿਮਾਰੀ ਬਾਰੇ ਸਚੇਤ ਹੋਣ ਸਦਕਾ, ਭਾਵੇਂ ਓਨੀ ਅਚਾਨਕਤਾ ਨਹੀਂ ਸੀ, ਫੇਰ ਵੀ ਇਹ ਤਕੜੇ ਧੱਕੇ ਵਾਂਗ ਲੱਗੀ। ਬਹੁਤ ਸਾਲ ਪਹਿਲਾਂ ਉਹ ਦੇਸੋਂ ਪਰਦੇਸ ਚਲਿਆ ਗਿਆ ਤਾਂ ਕੁਦਰਤੀ ਸੀ ਕਿ ਅਗਲੀ, ਕਲਪਿਤ ਪਰਲੋਕ ਦੀ ਯਾਤਰਾ ਉੱਤੇ ਉੱਥੋਂ ਹੀ ਤੁਰਦਾ। ਪਰਦੇਸੀ ਹੋ ਗਏ ਮਿੱਤਰਾਂ ਬਾਰੇ ਦੂਹਰਾ ਦੁਖਾਂਤ ਝੱਲਣਾ ਪੈਂਦਾ ਹੈ। ਨਾ ਅਸੀਂ ਉਨ੍ਹਾਂ ਦੇ ਸੱਥਰਾਂ ਉੱਤੇ, ਉੱਥੇ ਜਿਹੋ ਜਿਹੇ ਵੀ ਅਣਵਿਛਿਆਂ ਵਰਗੇ ਵਿਛਦੇ ਹੋਣਗੇ, ਬੈਠਣ ਜਾ ਸਕਦੇ ਹਾਂ ਤੇ ਨਾ ਉਹ ਹੀ ਇਧਰਲੇ ਮਿੱਤਰਾਂ ਦੇ ਸੱਥਰ ਉੱਤੇ ਬੈਠਣ ਆ ਸਕਦੇ ਹਨ। ਨੇੜਤਾ ਦੀ ਸੰਭਾਵਨਾ ਨੂੰ ਦਿਨੋ-ਦਿਨ ਸੁਕੇੜ ਕੇ ਦੂਰੋਂ ਅਨੇਕ-ਭਾਂਤੀ ਸੰਪਰਕ ਜੋੜਨ ਵਾਲ਼ੇ ਇਸ ਤਕਨੀਕੀ ਜੁੱਗ ਵਿਚ ਪਰਦੇਸੀ ਸੱਥਰ ਤੱਕ ਹੰਝੂ ਵੀ ਦੂਰੋਂ ਹੀ ਭੇਜਣੇ ਪੈਂਦੇ ਹਨ!
ਗੁਰਚਰਨ ਸੀ ਤਾਂ ਮੈਥੋਂ ਕੁੱਲ ਅੱਠ ਸਾਲ ਵੱਡਾ, ਪਰ ਜਦੋਂ ਮੈਂ ਅਜੇ ਆਪਣੇ ਅੰਦਰ ਕਲਮ ਫੜਨ ਦਾ ਭਰੋਸਾ ਵੀ ਪੈਦਾ ਨਹੀਂ ਸੀ ਕਰ ਸਕਿਆ, ਉਹ ਲਿਖਣ ਹੀ ਨਹੀਂ ਸੀ ਲੱਗ ਪਿਆ, ਉਹਦੇ ਲਿਖੇ ਦੀ ਚੰਗੀ ਚਰਚਾ ਵੀ ਹੋਣ ਲੱਗ ਪਈ ਸੀ। ਦੂਜੀ ਸੰਸਾਰ ਜੰਗ ਦੇ ਬਣਾਏ ਖੰਡਰ ਅਜੇ ਧੁਖ ਹੀ ਰਹੇ ਸਨ ਕਿ ਸਾਮਰਾਜੀ ਤਾਕਤਾਂ ਨੇ ਤੀਜੀ ਸੰਸਾਰ ਜੰਗ ਦੀ ਤਿਆਰੀ ਵਿੱਢ ਦਿੱਤੀ। ਇਹਦੇ ਮੁਕਾਬਲੇ ਲਈ ਦੁਨੀਆ ਭਰ ਵਿਚ ਰੋਹ-ਭਰੀ ਅਮਨ ਲਹਿਰ ਉੱਠ ਖਲੋਤੀ। ਲੇਖਕ, ਰੰਗਕਰਮੀ ਤੇ ਗਾਇਕ ਇਹਦੀ ਵੱਡੀ ਧਿਰ ਬਣੇ ਜਿਨ੍ਹਾਂ ਨੂੰ ਭਾਰਤ ਵਿਚ ਮੰਚ ਇਪਟਾ ਦੇ ਰੂਪ ਵਿਚ ਹਾਸਲ ਹੋਇਆ। ਗੁਰਚਰਨ ਦੀ ਕਲਮ ਦਾ ਵਿਕਾਸ ਤਾਂ ਜਿਵੇਂ ਪੰਜਾਬ ਦੀ ਇਸ ਸਾਹਿਤਕ-ਸਭਿਆਚਾਰਕ ਲਹਿਰ ਦੇ ਅੰਗ ਵਜੋਂ ਹੀ ਹੋਇਆ। ਸੰਤੋਖ ਸਿੰਘ ਧੀਰ, ਤੇਰਾ ਸਿੰਘ ਚੰਨ, ਗੁਰਚਰਨ ਰਾਮਪੁਰੀ, ਜੁਗਿੰਦਰ ਬਾਹਰਲਾ, ਸੁਰਜੀਤ ਰਾਮਪੁਰੀ, ਸੁਰਿੰਦਰ ਕੌਰ, ਪ੍ਰੋ. ਨਿਰੰਜਨ ਸਿੰਘ, ਅਮਰਜੀਤ ਗੁਰਦਾਸਪੁਰੀ, ਗੁਰਚਰਨ ਬੋਪਾਰਾਇ, ਸਵਰਨ ਸਿੰਘ ਤੇ ਹੋਰ ਅਨੇਕ ਲੇਖਕ, ਰੰਗਕਰਮੀ ਤੇ ਗਾਇਕ ਕਵਿਤਾਵਾਂ, ਨਾਟਕ, ਉਪੇਰੇ ਤੇ ਗੀਤ ਲੈ ਨਗਰ-ਨਗਰ ਡਗਰ-ਡਗਰ ਫਿਰ ਕੇ ਪੰਜਾਬੀਆਂ ਤੱਕ ਅਮਨ ਦਾ ਸੁਨੇਹਾ ਪਹੁੰਚਦਾ ਕਰ ਰਹੇ ਸਨ। ਕਿਸੇ ਸੇਵਾਫਲ ਦੀ ਆਸ ਜਾਂ ਇੱਛਾ ਨਹੀਂ, ਉਸ ਜ਼ਮਾਨੇ ਦੀਆਂ ਸਫ਼ਰ-ਸਹੂਲਤਾਂ, ਕਈ ਵਾਰ ਕਿਰਾਇਆ ਵੀ ਪੱਲਿਉਂ ਖਰਚਣਾ ਤੇ ਕਿਰਤੀ-ਕਾਮਿਆਂ ਦੇ ਘਰਾਂ ਦੀ ਰੁੱਖੀ-ਮਿੱਸੀ ਰੋਟੀ! ਇਸੇ ਕਰਕੇ ਤਾਂ ਇਹ ਤੇ ਹੋਰ ਅਜਿਹੇ ਨਾਂ ਪੰਜਾਬ ਦੇ ਲੋਕ-ਹਿਤੈਸ਼ੀ ਸਾਹਿਤਕ-ਸਭਿਆਚਾਰਕ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਵਿਚ ਲਿਖੇ ਹੋਏ ਮਿਲਦੇ ਹਨ।
ਗੁਰਚਰਨ ਨੂੰ ਮੈਂ ਪਹਿਲਾਂ-ਪਹਿਲ ਇਨ੍ਹਾਂ ਅਮਨ-ਕਾਨਫ਼ਰੰਸਾਂ ਵਿਚ ਹੀ ਦੇਖਿਆ-ਸੁਣਿਆ। ਉਸੇ ਦੌਰ ਵਿਚ ਉਹਦੀਆਂ ਤੇ ਕੁਝ ਹੋਰ ਪੰਜਾਬੀ ਕਵੀਆਂ ਦੀਆਂ ਕਵਿਤਾਵਾਂ ਰੂਸ ਵਿਚ ਛਪ ਗਈਆਂ। ਉਸ ਜ਼ਮਾਨੇ ਵਿਚ ਪੰਜਾਬੀ ਅਖ਼ਬਾਰਾਂ-ਰਸਾਲਿਆਂ ਵਿਚ ਇਹ ਬੜੀ ਵੱਡੀ ਖ਼ਬਰ ਬਣੀ। ਉਨ੍ਹੀਂ ਦਿਨੀਂ, 1953 ਵਿਚ, ਜਦੋਂ ਉਹਦਾ ਨਾਂ ਪਹਿਲਾਂ ਹੀ ਲੋਕਾਂ ਤੱਕ ਪਹੁੰਚਿਆ ਹੋਇਆ ਸੀ, ਉਹਦਾ ਪਹਿਲਾ ਕਵਿਤਾ-ਸੰਗ੍ਰਹਿ 'ਕਣਕਾਂ ਦੀ ਖ਼ੁਸ਼ਬੋ' ਛਪਿਆ। ਉਹ ਉਨ੍ਹਾਂ ਸੁਭਾਗੀਆਂ ਪੁਸਤਕਾਂ ਵਿਚ ਸ਼ਾਮਲ ਹੋ ਗਿਆ ਜਿਨ੍ਹਾਂ ਦੀ ਚਰਚਾ ਆਪਣੇ ਲੇਖਕ ਦੀ ਰਚਨਾਕਾਰੀ ਦੀ ਪੁਖ਼ਤਾ ਬੁਨਿਆਦ ਬਣ ਜਾਂਦੀ ਹੈ। ਇਸ ਪੁਸਤਕ ਦੀ ਪ੍ਰਸੰਗਕਤਾ ਤੇ ਮਹੱਤਤਾ ਦੀ ਸੂਹ ਇਹਦੀਆਂ ਕਵਿਤਾਵਾਂ ਦੇ ਨਾਂਵਾਂ ਤੋਂ ਹੀ ਮਿਲ ਜਾਂਦੀ ਹੈ ਜਿਵੇਂ ਰਾਜ ਮਹਿਲ ਦਾ ਹਾਲ, ਦਿੱਲੀ, ਅਮਨ ਦਾ ਗੀਤ, ਪਿਆਰਾਂ ਦੀ ਗਲਵੱਕੜੀ, ਚਾਨਣ ਦੀ ਜੰਞ ਢੁੱਕੇ, ਸੰਘਰਸ਼, ਕਣਕਾਂ ਦੀ ਖ਼ੁਸ਼ਬੋ, ਲੋਕ-ਚੀਨ ਨੂੰ ਸਲਾਮ, ਹਾਕਮ ਕੁਰਸੀ ਬੈਠਿਆ, ਕੋਰੀਆ, ਅਸੀਂ ਜਵਾਨ ਜਗਤ ਦੇ, ਘੁੱਗੀ ਸੋਂਹਦੀ ਫ਼ਰੇਰੇ 'ਤੇ, ਪੰਜਾਬ ਸਾਡਾ, ਬਸੰਤੀ ਰੰਗ ਖਿੜਨਾ ਹੈ, ਹੋਏਗੀ ਨਾ ਲਾਮ, ਬਾਗ਼ੀਆਂ ਦਾ ਗੀਤ ਆਦਿ।
ਗੁਰਚਰਨ ਨਾਲ ਮੇਰਾ ਵਾਹ ਓਦੋਂ ਪਿਆ ਜਦੋਂ ਉਹ ਕੈਨੇਡਾ ਜਾ ਚੁੱਕਿਆ ਸੀ ਤੇ ਇਧਰ ਲੇਖਕ ਵਜੋਂ ਮੇਰੀ ਕੁਝ ਕੁਝ ਪਛਾਣ ਬਣਨ ਲੱਗ ਪਈ ਸੀ। ਛੇਤੀ ਹੀ ਇਹ ਦੁਰੇਡੀ ਪਛਾਣ ਦੋਸਤੀ ਬਣ ਨਿੱਸਰ ਪਈ। ਇਕ ਵਾਰ ਦੇਸ ਆਉਂਦਾ ਹੋਇਆ ਉਹ ਹਵਾਈ ਅੱਡੇ ਤੋਂ ਮੇਰੇ ਘਰ ਆ ਗਿਆ। ਪਹਿਲੀ ਵਾਰ ਆਇਆ ਪਰ ਚਿਰ-ਆਉਂਦਿਆਂ ਵਾਂਗ ਆਇਆ। ਮੇਰੀ ਸਾਥਣ ਦਾ ਨਾਂ ਗੁਰਚਰਨ ਸੁਣ ਕੇ ਬੋਲਿਆ, "ਲਉ, ਇਹ ਤਾਂ ਸਾਡੀ ਕੁੜੀ ਦਾ ਹੀ ਘਰ ਨਿਕਲਿਆ!''
'ਕਣਕਾਂ ਦੀ ਖ਼ੁਸ਼ਬੋ' ਤੋਂ ਮਗਰੋਂ ਉਹਦੇ ਛੇ ਕਵਿਤਾ-ਸੰਗ੍ਰਹਿ, ਕੌਲ-ਕਰਾਰ, ਕਿਰਨਾਂ ਦਾ ਆਲ੍ਹਣਾ, ਅੰਨ੍ਹੀ ਗਲ਼ੀ, ਕੰਚਨੀ, ਕਤਲਗਾਹ ਤੇ ਅਗਨਾਰ, ਪ੍ਰਕਾਸ਼ਿਤ ਹੋਏ। 2001 ਵਿਚ ਉਹਨੇ ਇਹ ਸਾਰੀਆਂ ਪੁਸਤਕਾਂ ਉਸੇ ਰੂਪ ਵਿਚ 'ਅੱਜ ਤੋਂ ਆਰੰਭ ਤਕ' ਨਾਂ ਹੇਠ ਇਕੋ ਜਿਲਦ ਵਿਚ ਸਾਂਭ ਦਿੱਤੀਆਂ। ਆਮ ਰਿਵਾਜ ਦੇ ਉਲਟ ਉਹਨੇ ਅੰਤਲੀ ਪੁਸਤਕ ਸ਼ੁਰੂ ਵਿਚ ਤੇ ਪਹਿਲੀ ਪੁਸਤਕ ਅੰਤ ਵਿਚ ਦਿੱਤੀ। ਉਹਦਾ ਕਹਿਣਾ ਸੀ ਕਿ ਪਾਠਕ ਮੇਰੀ ਕਵਿਤਾ ਦਾ ਵਰਤਮਾਨ ਜਾਣ ਕੇ ਇਹ ਦੇਖੇ ਕਿ ਮੈਂ ਕਿਹੜੇ ਕਿਹੜੇ ਪੰਧ ਮਾਰਨ ਵਾਸਤੇ ਕਿੱਥੋਂ ਤੁਰਿਆ ਸੀ। ਇਸ ਮਗਰੋਂ ਵੀ ਉਹਦੀ ਇਕ ਪੁਸਤਕ 'ਦੋਹਾਵਲੀ' ਆਈ ਜਿਸ ਵਿਚ, ਜਿਵੇਂ ਨਾਂ ਤੋਂ ਹੀ ਜ਼ਾਹਿਰ ਹੈ, ਉਹਦੇ ਲਿਖੇ ਹੋਏ ਦੋਹੇ ਸ਼ਾਮਲ ਹਨ।
ਸਮਾਂ ਬਦਲਦਾ ਰਿਹਾ, ਵਾਦ ਆਉਂਦੇ-ਜਾਂਦੇ ਰਹੇ, ਪਰ ਸਾਹਿਤ ਦੀ ਲੋਕ-ਹਿਤੈਸ਼ੀ ਭੂਮਿਕਾ ਦੇ ਉਹਦੇ ਨਿਸਚੇ ਵਿਚ ਕੋਈ ਫ਼ਰਕ ਨਾ ਆਇਆ। ਉਹ ਲਿਖਦਾ ਹੈ, "ਮੈਨੂੰ ਜਾਪਦਾ ਹੈ ਕਿ ਮੈਂ ਆਪਣੇ ਸਮੇਂ ਦੀ ਹੀ ਗੱਲ ਕਰਨ ਜੋਗਾ ਹਾਂ। ਰਹੱਸਵਾਦੀ ਅਧਿਆਤਮਿਕ ਗਗਨ ਮੰਡਲਾਂ ਲਈ ਮੈਂ ਕਦੇ ਆਪਣੇ ਮਨ ਵਿਚ ਧੂਹ ਪੈਂਦੀ ਮਹਿਸੂਸ ਨਹੀਂ ਕੀਤੀ। ਇਹ ਮੰਡਲ ਅਤੇ ਮੈਂ ਇਕ ਦੂਜੇ ਲਈ ਅਜਨਬੀ ਹਾਂ। ਮੈਨੂੰ ਤਾਂ ਸਾਡੀ ਦੁਨੀਆ ਅਤੇ ਇਸਦੇ ਲੋਕਾਂ ਦੀਆਂ ਸਮੱਸਿਆਵਾਂ ਵਿਚ ਹੀ ਦਿਲਚਸਪੀ ਹੈ।... ਕਲਮ ਦੀ ਸਮਰੱਥਾ ਅਤੇ ਸੀਮਾ ਭਾਵੇਂ ਪਰਤੱਖ ਹੈ ਪਰ ਅਸੀਂ ਕਲਮਕਾਰ ਸੱਚ ਦੇ ਵੇਲ਼ੇ ਸੱਚ ਸੁਣਾਏ ਬਿਨਾਂ ਆਪਣਾ ਫ਼ਰਜ਼ ਅਦਾ ਨਹੀਂ ਕਰ ਸਕਦੇ।''
ਉਹ ਸਾਹਿਤ ਲਈ ਸਭਾਵਾਂ ਦੀ ਅਤੇ ਸਮਾਜ ਲਈ ਸਾਹਿਤ ਦੀ ਲੋੜ ਬਾਰੇ ਮੁੱਢੋਂ ਹੀ ਚੇਤੰਨ ਸੀ। ਉਹਨੇ ਲੇਖਕ ਸਾਥੀਆਂ ਨਾਲ਼ ਮਿਲ ਕੇ 1953 ਵਿਚ ਪੰਜਾਬ ਦੀ ਪਹਿਲੀ ਸਾਹਿਤ ਸਭਾ, ਪੰਜਾਬੀ ਲਿਖਾਰੀ ਸਭਾ ਰਾਮਪੁਰ, ਕਾਇਮ ਕੀਤੀ ਜੋ ਉਸ ਸਮੇਂ ਤੋਂ ਅੱਜ ਤੱਕ ਸਭ ਤੋਂ ਸਰਗਰਮ ਸਾਹਿਤ ਸਭਾ ਮੰਨੀ ਜਾਂਦੀ ਹੈ। ਸਾਹਿਤ ਨੂੰ ਲੋਕਾਂ ਦੇ ਹੱਥਾਂ ਤੱਕ ਪੁਜਦਾ ਕਰਨ ਲਈ ਉਹਨੇ ਕੁਝ ਸਾਲ ਪਹਿਲਾਂ ਚਾਰ ਲੱਖ ਰੁਪਏ ਲਾ ਕੇ ਆਪਣੇ ਜੱਦੀ ਪਿੰਡ ਰਾਮਪੁਰ ਵਿਚ ਪਿਤਾ ਸ੍ਰ. ਮੋਹਨ ਸਿੰਘ ਦੇ ਨਾਂ ਨਾਲ਼ ਲਾਇਬਰੇਰੀ ਬਣਾਈ ਜਿਸ ਨੂੰ ਲਿਖਾਰੀ ਸਭਾ ਦੇ ਸਾਥੀ ਚਲਾ ਰਹੇ ਹਨ। ਕੈਨੇਡਾ ਪਹੁੰਚਿਆ ਤਾਂ ਉਹਨੇ ਪਹਿਲਾ ਕੰਮ ਉੱਥੋਂ ਦੇ ਪੰਜਾਬੀ ਲੇਖਕਾਂ ਨੂੰ ਸੰਗਠਿਤ ਕਰਨ ਦਾ ਕੀਤਾ। 1976 ਵਿਚ ਉਹਨੇ ਕੈਨੇਡਾ ਵਿਚ ਵਸੇ ਏਸ਼ੀਆਈ ਕਵੀਆਂ ਦੀਆਂ ਕਵਿਤਾਵਾਂ ਦੇ ਅੰਗਰੇਜ਼ੀ ਅਨੁਵਾਦ ਦਾ ਸੰਗ੍ਰਹਿ 'ਗਰੀਨ ਸਨੋਅ' ਦੇ ਨਾਂ ਹੇਠ ਛਪਵਾਇਆ।
ਉਹ ਇਧਰਲੇ ਹਾਲਾਤ ਨਾਲ਼ ਪੂਰੀ ਤਰ੍ਹਾਂ ਜੁੜਿਆ ਰਹਿਣਾ ਚਾਹੁੰਦਾ ਸੀ। ਉਹਦਾ ਫੋਨ ਮੈਨੂੰ ਕਦੀ ਵੀ ਪੰਜਾਹ-ਸੱਠ ਮਿੰਟ ਤੋਂ ਛੋਟਾ ਨਹੀਂ ਸੀ ਆਇਆ। ਸਾਹਿਤਕ ਚਰਚਾ ਮੁਕਾ ਕੇ ਅਸੀਂ ਪੰਜਾਬ ਦੀ ਸਮਾਜਕ, ਆਰਥਕ ਤੇ ਰਾਜਨੀਤਕ ਹਾਲਤ ਦੀ ਪੁਣਛਾਣ ਕਰਦੇ। ਉਹ ਇਧਰਲਾ ਚੱਕਰ ਮਾਰਦਾ ਤਾਂ ਇਕ ਥਾਂ ਟਿਕ ਕੇ ਨਹੀਂ ਸੀ ਬੈਠਦਾ। ਉਹਦੀ ਕੋਸ਼ਿਸ਼ ਲੇਖਕਾਂ, ਰਿਸ਼ਤੇਦਾਰਾਂ ਤੇ ਹੋਰ ਆਪਣਿਆਂ ਨਾਲ਼ ਵੱਧ ਤੋਂ ਵੱਧ ਮੇਲ-ਮੁਲਾਕਾਤਾਂ ਨਿਭਾਉਣ ਦੀ ਹੁੰਦੀ। ਉਹਨੇ ਆਪਣੇ ਸਭ ਤੋਂ ਪਿਆਰੇ ਦੋਸਤ ਸੰਤੋਖ ਸਿੰਘ ਧੀਰ ਕੋਲ ਪਹੁੰਚਣਾ ਹੁੰਦਾ ਤਾਂ ਧੀਰ ਜੀ ਦਾ ਫੋਨ ਆਉਂਦਾ, "ਭੁੱਲਰ, ਬੁੱਧਵਾਰ ਨੂੰ ਗੁਰਚਰਨ ਆ ਰਿਹਾ ਹੈ, ਤੂੰ ਮੰਗਲ ਨੂੰ ਹੀ ਆ ਜਾਈਂ।'' ਮੈਂ ਆਖਦਾ, ''ਧੀਰ ਜੀ, ਉਹ ਮੇਰੇ ਕੋਲ਼ੋਂ ਤਾਂ ਗਿਆ ਹੈ, ਮੈਂ ਕਾਹਦੇ ਲਈ ਆਵਾਂ!'' ਉਹ ਹੱਸਦੇ, "ਵੱਡਿਆਂ ਨਾਲ ਬਹੁਤੀ ਬਹਿਸ ਨਹੀਂ ਕਰਦੇ!'' ਤੇ ਫੋਨ ਬੰਦ ਕਰ ਦਿੰਦੇ।
ਇਕ ਦਿਨ ਮਹਿਫ਼ਲ ਸਜੀ ਤੋਂ ਧੀਰ ਜੀ ਕਹਿੰਦੇ, "ਗੁਰਚਰਨ, ਤੇਰੀ ਟਾਈ ਬਹੁਤ ਖ਼ੂਬਸੂਰਤ ਹੈ, ਕੱਲ੍ਹ ਲਾਹ ਦੇਈਂ।'' ਗੁਰਚਰਨ ਹੱਸਿਆ, "ਕੱਲ੍ਹ ਕੀਹਨੂੰ ਆਇਆ, ਹੁਣੇ ਲਾਹ ਦਿੰਦਾ ਹਾਂ। ਪਰ ਧੀਰ ਮੇਰੇ ਤਾਂ ਸਾਰੇ ਕੱਪੜੇ ਹੀ ਵਧੀਆ ਨੇ। ਮੈਨੂੰ ਜਾਂਦੇ ਨੂੰ ਬੁੱਕਲ ਮਾਰਨ ਨੂੰ ਕੋਈ ਖੇਸ ਦੇ ਦੇਈਂ।'' ਧੀਰ ਜੀ ਨੇ ਸਿਰ ਮਾਰਿਆ, "ਓ ਬਾਕੀ ਕੱਪੜੇ ਨਹੀਂ ਮੇਰੇ ਮੇਚ ਆਉਂਦੇ, ਬੱਸ ਤੂੰ ਟਾਈ ਲਾਹ ਜਾਈਂ।'' ਗੁਰਚਰਨ ਨੇ ਮੈਨੂੰ ਸ਼ਰਾਰਤੀ ਅੱਖ ਮਾਰੀ, "ਵੈਸੇ ਧੀਰ, ਮੇਰੀਆਂ ਕਵਿਤਾਵਾਂ ਵੀ ਤੇਰੀਆਂ ਕਵਿਤਾਵਾਂ ਨਾਲੋਂ ਬਹੁਤ ਖ਼ੂਬਸੂਰਤ ਨੇ!'' ਧੀਰ ਜੀ ਨੇ ਗਲਾਸ ਰੱਖਿਆ ਤੇ ਉਂਗਲ ਉੱਚੀ ਕੀਤੀ, "ਗ਼ਲਤ ਬਾਤ! ਗੁਰਚਰਨ ਰਾਮਪੁਰੀ, ਤੂੰ ਉਮਰੋਂ ਤਾਂ ਮੈਥੋਂ ਛੋਟਾ ਹੈਂ ਹੀ, ਕਵੀ ਹੋਰ ਵੀ ਬਹੁਤਾ ਛੋਟਾ ਹੈਂ!'' ਤੇ ਫੇਰ ਮੁਸਕਰਾਏ, "ਚੱਲ, ਗਲਾਸ ਚੱਕ!'' ਅਜਿਹੇ ਨਿਰਮਲ-ਚਿੱਤ ਮਨੁੱਖ! ਅਜਿਹੀਆਂ ਪੁਰਖ਼ਲੂਸ ਦੋਸਤੀਆਂ! ਖ਼ੁਸ਼ਕਿਸਮਤ ਹੁੰਦੇ ਹਨ ਮੇਰੇ ਵਰਗੇ ਉਹ ਲੋਕ ਜਿਨ੍ਹਾਂ ਨੂੰ ਅਜਿਹਾ ਸਾਥ ਮਾਣਨ ਦਾ ਅਵਸਰ ਮਿਲਦਾ ਹੈ।
ਸਰੀਰਕ ਅਹੁਰਾਂ ਨੇ ਗੁਰਚਰਨ ਨੂੰ ਕਾਫ਼ੀ ਅਗੇਤਾ ਹੀ ਘੇਰਨਾ ਸ਼ੁਰੂ ਕਰ ਦਿੱਤਾ ਸੀ। ਇਕ ਵਾਰ ਆਇਆ ਤਾਂ ਉਹਦੇ ਮੂੰਹੋਂ ਬਿੰਦੇ-ਝੱਟੇ "ਓਹੋ... ਹੋਹੋ... ਓਹੋ... ਹੋਹੋ...'' ਦਾ ਆਵਾਜ਼ਾ ਆ ਰਿਹਾ ਸੀ। ਉਹਦੀ ਇਕ ਲੱਤ ਨੂੰ ਸਿਆਟਿਕਾ ਦਰਦ ਨੇ ਮੁਸੀਬਤ ਪਾਈ ਹੋਈ ਸੀ। ਮੈਂ ਮਾਹੌਲ ਨੂੰ ਨਰਮ ਕਰਨ ਲਈ ਕਿਹਾ, "ਤੁਹਾਡੀ ਓਹੋ... ਹੋਹੋ... ਓਹੋ... ਹੋਹੋ... ਵੀ ਐਨ ਸੁਰ ਵਿਚ ਹੈ।'' ਉਹ ਹੱਸਿਆ, "ਓ ਭਾਈ, ਮੇਰਾ ਤਰੱਨਮ ਤੇ ਸੁਰਤਾਲ ਤਾਂ ਇਪਟਾ ਦੀਆਂ ਸਟੇਜਾਂ ਵੇਲ਼ੇ ਦਾ ਮੰਨਿਆ ਹੋਇਆ ਹੈ। ਮੇਰੀ ਹੂੰਗਰ ਬੇਤਾਲੀ ਕਿਵੇਂ ਹੋ ਸਕਦੀ ਹੈ।'' ਇਕ ਦਿਨ ਬੋਲਿਆ, "ਡਿੱਗ ਕੇ ਹੱਡੀ ਟੁੱਟ ਗਈ। ਹਸਪਤਾਲੋਂ ਪਾਜ ਲੁਆ ਕੇ ਲਿਆਇਆ ਹਾਂ।'' ਇਸ ਦੌਰਾਨ ਬੇਟੀ ਸੇਵਾਮੁਕਤ ਹੋ ਕੇ ਉਸ ਕੋਲ਼ ਆ ਗਈ। ਉਸ ਪਿੱਛੋਂ "ਬਥੇਰਾ ਧਿਆਨ ਰੱਖਣ ਦੇ ਬਾਵਜੂਦ'' ਉਹ ਡਿੱਗਦਾ ਰਿਹਾ ਤੇ ਹੱਡੀਆਂ ਇਕ ਇਕ ਕਰ ਕੇ ਟੁਟਦੀਆਂ ਰਹੀਆਂ। ਉਹ ਹੱਸਿਆ, "ਹੁਣ ਤਾਂ ਕੋਈ ਹੀ ਹੱਡੀ ਭਾਵੇਂ ਸਾਬਤ ਬਚੀ ਹੋਵੇ। ਹਸਪਤਾਲ ਵਾਲਿਆਂ ਨੇ ਵਾਕਰ ਦੇ ਦਿੱਤਾ ਹੈ।'' ਫੇਰ ਵਾਕਰ ਪਹੀਆ-ਕੁਰਸੀ ਵਿਚ ਬਦਲ ਗਿਆ। ਉਹ ਪਰ ਚੜ੍ਹਦੀ ਕਲਾ ਵਿਚ ਹੀ ਰਿਹਾ। ਲੰਮੇ ਫੋਨ ਕਰਦਾ, ਮੇਲ ਕਰਦਾ ਤੇ ਪੜ੍ਹਦਾ। ਮੈਨੂੰ ਆਪਣੀਆਂ ਲਿਖਤਾਂ ਯੂਨੀਕੋਡ ਵਿਚ ਭੇਜਣ ਲਈ ਆਖਦਾ, "ਓ ਭਾਈ, ਇਹ ਸਾਲ਼ੀਆਂ ਮਾਡਰਨ ਚੀਜ਼ਾਂ ਛੇਤੀ ਛੇਤੀ ਆਪਣੇ ਕਾਬੂ ਕਾਹਨੂੰ ਆਉਂਦੀਆਂ ਨੇ! ਮੈਨੂੰ ਕੰਪਿਊਟਰ ਸੂਤ-ਬਾਤ ਹੀ ਆਉਂਦੈ।''
ਅਜਿਹੇ ਲੋਕ ਵੀ ਹੁੰਦੇ ਹਨ ਜੋ ਬੁੱਲ੍ਹਾਂ ਉੱਤੇ ਇਹ ਸ਼ਬਦ ਲੈ ਕੇ ਦੇਸੋਂ ਵਿਦਾਅ ਹੁੰਦੇ ਹਨ, "ਰਹੀਏ ਅਬ ਐਸੀ ਜਗਹ ਚਲ ਕਰ ਜਹਾਂ ਕੋਈ ਨਾ ਹੋ। ਹਮ-ਸੁਖ਼ਨ ਕੋਈ ਨਾ ਹੋ ਔਰ ਹਮ-ਜ਼ੁਬਾਂ ਕੋਈ ਨਾ ਹੋ!'' ਇਹਦੇ ਉਲਟ ਗੁਰਚਰਨ ਸੱਤ ਸਮੁੰਦਰੋਂ ਪਾਰ ਬੈਠਾ ਪੰਜਾਬ ਵੱਲ, ਰਾਮਪੁਰ ਵੱਲ ਨਜ਼ਰਾਂ ਟਿਕਾ ਕੇ ਅੰਤਲੇ ਦਮ ਤੱਕ ਹਉਕਾ ਲੈਂਦਾ ਰਿਹਾ, "ਹਮ ਤੋ ਹੈਂ ਪਰਦੇਸ ਮੇਂ, ਦੇਸ ਮੇਂ ਨਿਕਲਾ ਹੋਗਾ ਚਾਂਦ!'' ਪਰਦੇਸ ਵਿਚ ਦਹਾਕੇ ਬੀਤ ਜਾਣ ਦੇ ਬਾਵਜੂਦ ਪੰਜਾਬ ਉਹਦੇ ਨਾਲ਼ ਨਾਲ਼ ਰਿਹਾ ਤੇ ਰਾਮਪੁਰ ਉਹਦੇ ਦਿਲ ਵਿਚ ਰਿਹਾ। ਇਕ ਦਿਨ ਫੋਨ ਆਇਆ ਤਾਂ ਡਾਢਾ ਦੁਖੀ! ਮੌਕੇ ਦੀ ਪੰਜਾਬ ਸਰਕਾਰ ਨੇ ਕੰਮ ਚਲਾਉਣ ਵਾਸਤੇ ਸਰਕਾਰੀ ਜਾਇਦਾਦਾਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ ਸਨ। ਉਹਨੂੰ ਰਾਮਪੁਰ ਦੀ ਨਹਿਰੀ ਕੋਠੀ ਵਿਕਾਊ ਕੀਤੀ ਹੋਣ ਦੀ ਸੋਅ ਲੱਗ ਗਈ ਸੀ। ਉਹ ਰੋਣਹਾਕਾ ਹੋਇਆ ਪਿਆ ਸੀ, "ਯਾਰ, ਉਸ ਕੋਠੀ ਦੀ ਤਾਂ ਪੰਜਾਬੀ ਸਾਹਿਤ ਤੇ ਸਭਿਆਚਾਰ ਨੂੰ ਦੇਣ ਹੀ ਬਹੁਤ ਵੱਡੀ ਹੈ!''
      ਅਜਿਹੇ ਹਾਸਲਾਂ, ਚੇਤਿਆਂ, ਝੋਰਿਆ ਤੇ ਹੇਰਵਿਆਂ ਦੀ ਪੋਟਲੀ ਕੱਛੇ ਮਾਰ ਕੇ ਉਹ ਅਗਲੇ ਬੇਰਾਹ, ਬੇਪੜਾਅ, ਬੇਮੰਜ਼ਿਲ ਰਾਹ ਉੱਤੇ ਤੁਰ ਪਿਆ ਹੈ ਤਾਂ ਪਿੱਛੋਂ ਦਿਲ ਆਵਾਜ਼ ਦਿੰਦਾ ਹੈ, "ਦੇਸੋਂ ਤੂੰ ਪਰਦੇਸੀ ਹੋਇਆ, ਉਥੋਂ ਹੋ ਤੁਰਿਆ ਬਿਨਦੇਸੀ! ਚਿੱਠੀ-ਪੱਤਰ ਲਿਖਣਾ ਹੋਊ, ਦੱਸ ਕੇ ਜਾ ਸਿਰਨਾਵਾਂ!''

13 Oct. 2018