Jagtar Singh

ਬਰਗਾੜੀ ਮੋਰਚਾ ਅਤੇ ਤੀਜੀ ਧਿਰ ਦੀ ਸਿਆਸਤ - ਜਗਤਾਰ ਸਿੰਘ

ਪਿਛਲੇ ਐਤਵਾਰ ਬਰਗਾੜੀ ਵਿਚਲਾ ਵਰਤਾਰਾ ਪੰਜਾਬ ਦੇ ਧਾਰਮਿਕ-ਸਿਆਸੀ ਖੇਤਰ ਵਿਚ ਪਹਿਲੀ ਵਾਰ ਨਹੀਂ ਵਾਪਰਿਆ,  ਕਈ ਵਾਰੀ ਤਾਂ ਇਸ ਤੋਂ ਵੀ ਜ਼ੋਰਦਾਰ ਢੰਗ ਨਾਲ। ਇਹ ਵਰਤਾਰਾ ਪੰਜਾਬ ਦੇ ਲੋਕਾਂ ਵੱਲੋਂ ਸੂਬੇ ਵਿਚ ਵਿਚ ਤੀਜੀ ਸਿਆਸੀ ਧਿਰ ਦੇ ਉਭਾਰ ਦੀ ਇੱਛਾ ਦਾ ਕੀਤਾ ਗਿਆ ਪ੍ਰਗਟਾਵਾ ਹੈ। ਪੰਜਾਬ ਦੀ ਦੋ ਧਿਰੀ ਸਿਆਸਤ ਵਿਚ ਤੀਜੀ ਧਿਰ ਉਭਾਰਨ ਦੀ ਇੱਛਾ ਦਾ ਪ੍ਰਗਟਾਵਾ ਪਹਿਲਾਂ 10 ਨਵੰਬਰ 2015 ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਚੱਬਾ ਪਿੰਡ ਵਿਚ ਹੋਏ ਸਰਬੱਤ ਖਾਲਸਾ ਸਮੇਂ ਸਾਹਮਣੇ ਆਇਆ ਸੀ। 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁਕਤਸਰ ਵਿਚ ਮਾਘੀ ਮੇਲੇ ਉਤੇ ਆਮ ਆਦਮੀ ਪਾਰਟੀ ਦੀ ਰੈਲੀ ਵਿਚ ਲੋਕਾਂ ਦਾ ਇਕੱਠ ਵੀ ਤਕਰੀਬਨ ਅਜਿਹਾ ਵਰਤਾਰਾ ਸੀ। ਇਨ੍ਹਾਂ ਦੋਹਾਂ ਵਰਤਾਰਿਆਂ ਤੋਂ ਬਾਅਦ ਲੋਕ ਨਿਰਾਸ਼ ਹੋਏ, ਉਨ੍ਹਾਂ ਨੂੰ ਲੱਗਿਆ ਕਿ ਚੱਬਾ ਸਰਬੱਤ ਖਾਲਸਾ ਦੇ ਆਗੂ ਸੂਬੇ ਦੀ ਸਿਆਸਤ ਨੂੰ ਕੋਈ ਨਵਾਂ ਮੋੜ ਦੇਣ ਵਿਚ ਬੁਰੀ ਤਰਾਂ ਫੇਲ੍ਹ ਸਾਬਤ ਹੋਏ। ਆਮ ਆਦਮੀ ਪਾਰਟੀ ਵੀ ਆਪਣੀਆਂ ਕਮਜ਼ੋਰੀਆਂ ਅਤੇ ਅੰਦਰੂਨੀ ਵਿਰੋਧਾਂ ਕਰਕੇ ਆਪਣੇ ਵਾਅਦਿਆਂ ਉੱਤੇ ਖ਼ਰੀ ਨਹੀਂ ਉੱਤਰ ਸਕੀ। ਇਸ ਪਾਰਟੀ ਦੇ ਆਗੂਆਂ ਨੂੰ ਤਾਂ ਹੁਣ ਆਪਣੀ ਸਿਆਸੀ ਹੋਂਦ ਪ੍ਰਗਟਾਉਣ ਦੇ ਹੀ ਲਾਲੇ ਪਏ ਹੋਏ ਹਨ।
       ਬਰਗਾੜੀ ਵਿਚ ਇਕੱਠ ਦਾ ਸੱਦਾ ਬਰਗਾੜੀ ਇਨਸਾਫ ਮੋਰਚੇ ਵੱਲੋਂ ਦਿੱਤਾ ਗਿਆ ਸੀ। ਬਰਗਾੜੀ ਵਿਚ ਪਹਿਲੀ ਜੂਨ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਹੁਰਮਤੀ ਨਾਲ ਸਬੰਧਿਤ ਮੰਗਾਂ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਦੀ ਅਗਵਾਈ ਵਿਚ ਧਰਨਾ ਦਿੱਤਾ ਜਾ ਰਿਹਾ ਹੈ ਜਿਸ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਦਲ ਖਾਲਸਾ ਅਤੇ ਯੂਨਾਈਟਿਡ ਅਕਾਲੀ ਦਲ ਦਾ ਸਮਰਥਨ ਹਾਸਲ ਹੈ। ਹੁਣ ਇਹ ਮੋਰਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਹੁਰਮਤੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਮੰਗ ਤੱਕ ਹੀ ਮਹਿਦੂਦ ਨਹੀਂ, ਬਲਕਿ ਉਸ ਤੋਂ ਬਾਅਦ ਪੁਲੀਸ ਵੱਲੋਂ ਸ਼ਾਂਤਮਈ ਮੁਜ਼ਾਹਰਾ ਕਰ ਰਹੇ ਲੋਕਾਂ ਉੱਤੇ ਗੋਲੀ ਚਲਾਉਣ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੁਆਰਾ ਉਸ ਸਮੇਂ ਦੌਰਾਨ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨਾਲ ਨਿੱਜੀ ਤੇ ਸਿਆਸੀ ਗਰਜ਼ਾਂ ਲਈ ਸਮਝੌਤਾ ਕਰਨ ਖ਼ਿਲਾਫ਼ ਵੀ ਹੈ। ਇਸ ਦੇ ਨਾਲ ਹੀ ਲੰਮੇ ਸਮੇਂ ਤੋਂ ਜੇਲ੍ਹਾਂ ਅੰਦਰ ਬੰਦ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਦੇ ਮਸਲੇ ਨੂੰ ਜੋੜਿਆ ਗਿਆ ਹੈ। ਉਂਜ, ਬਰਗਾੜੀ ਮੋਰਚੇ ਅਤੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਦਰਮਿਆਨ ਕਈ ਮਹੀਨਿਆਂ ਤੋਂ ਚੱਲ ਰਹੀ ਗੱਲਬਾਤ ਅਜੇ ਕਿਸੇ ਸਿਰੇ ਨਹੀਂ ਲੱਗ ਰਹੀ। ਸਮਝਿਆ ਇਹ ਜਾ ਰਿਹਾ ਹੈ ਕਿ ਮੋਰਚਾ ਚਲਾ ਰਹੀਆਂ ਧਿਰਾਂ ਵਿਚ ਇੱਕਜੁਟਤਾ ਦੀ ਘਾਟ ਕਾਰਨ ਹਰ ਵਾਰ ਸਿਰੇ ਲੱਗੀ ਗੱਲ ਨੂੰ ਕੋਈ ਇੱਕ ਧਿਰ ਤਾਰਪੀਡੋ ਕਰ ਦਿੰਦੀ ਹੈ।
      ਬਰਗਾੜੀ ਮੋਰਚਾ ਵੱਲੋਂ ਕੋਟਕਪੂਰਾ ਤੋਂ ਬਰਗਾੜੀ ਤੱਕ ਰੋਸ ਮਾਰਚ ਕਰਨ ਦੇ ਦਿੱਤੇ ਸੱਦੇ ਨੂੰ ਹੁੰਗਾਰਾ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਖਹਿਰਾ ਧੜੇ ਅਤੇ ਫਿਰ ਭਗਵੰਤ ਮਾਨ ਧੜੇ ਦਾ ਮਿਲਿਆ। ਦੋਵੇਂ ਧੜੇ ਮੂਜਦਾ ਸਿਆਸੀ ਹਾਲਾਤ ਦਾ ਲਾਹਾ ਖੱਟਣ ਦੇ ਯਤਨ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਆਪ ਦੇ ਬਾਗੀ ਧੜੇ ਦੀਆਂ ਤੰਦਾਂ ਬਾਹਰਲੇ ਮੁਲਕਾਂ ਦੇ ਸਿੱਖਾਂ ਨਾਲ ਵੀ ਜੁੜੀਆਂ ਹੋਈਆਂ ਹਨ ਅਤੇ ਇਨ੍ਹਾਂ ਸਿੱਖਾਂ ਦਾ ਇੱਕ ਹਿੱਸਾ ਮੋਰਚੇ ਦੀ ਮਦਦ ਵੀ ਕਰ ਰਿਹਾ ਹੈ। ਕੋਟਕਪੂਰਾ ਅਤੇ ਬਰਗਾੜੀ ਵਿਚ ਹੋਏ ਵਿਸ਼ਾਲ ਇਕੱਠ ਨੇ ਆਪ ਦੇ ਬਾਗੀ ਧੜੇ ਨੂੰ ਵਕਤੀ ਸ਼ਕਤੀ ਦਿੱਤੀ ਹੈ।
      ਪੰਜਾਬ ਦਾ ਸਿਆਸੀ ਵਰਤਾਰਾ ਭਾਰਤ ਦੇ ਹੋਰ ਸੂਬਿਆਂ ਤੋਂ ਬਿਲਕੁਲ ਹੀ ਵੱਖਰਾ ਹੈ, ਕਿਉਂਕਿ ਵੋਟਾਂ ਅਤੇ ਚੋਣਾਂ ਦਾ ਅਮਲ ਧਾਰਮਿਕ-ਸਿਆਸੀ ਵਰਤਾਰੇ ਤੋਂ ਵੱਖਰਾ ਹੈ। ਇਹ ਧਾਰਮਿਕ-ਸਿਆਸੀ ਵਰਤਾਰਾ ਚੋਣ ਅਮਲ ਨੂੰ ਪ੍ਰਭਾਵਿਤ ਜ਼ਰੂਰ ਕਰਦਾ ਹੈ। ਬਰਗਾੜੀ ਵਾਲਾ ਇਕੱਠ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਰੁੱਧ ਸਿੱਖਾਂ ਦੇ ਮਨਾਂ ਵਿਚ 10 ਸਾਲਾਂ ਤੋਂ ਉਬਲ ਰਹੇ ਗੁੱਸੇ ਅਤੇ ਰੋਹ ਦਾ ਪ੍ਰਗਟਾਵਾ ਹੈ। ਇਹ ਰੋਹ 2015 ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਉਸ ਤੋਂ ਬਾਅਦ ਹੋਏ ਗੋਲੀ ਕਾਂਡਾਂ ਨਾਲ ਆਪਣੀ ਚਰਮ ਸੀਮਾ ਉੱਤੇ ਪਹੁੰਚ ਗਿਆ। ਅੱਜ ਦੇ ਹਾਲਾਤ ਦਾ ਕੇਂਦਰ ਬਿੰਦੂ ਬੀੜ ਦੀ ਚੋਰੀ, ਬੇਅਦਬੀ ਅਤੇ ਪੁਲੀਸ ਗੋਲੀ ਨਾਲ ਮਾਰੇ ਗਏ ਨੌਜਵਾਨਾਂ ਦੀਆਂ ਘਟਨਾਵਾਂ ਹਨ ਜਿਨ੍ਹਾਂ ਨੂੰ ਪ੍ਰਕਾਸ਼ ਸਿੰਘ ਬਾਦਲ ਆਪਣੇ ਭਾਸ਼ਨਾਂ ਅਤੇ ਬਿਆਨਾਂ ਵਿਚ ਨਜ਼ਰਅੰਦਾਜ਼ ਕਰਦੇ ਰਹੇ ਹਨ। ਇਹ ਕਹਿ ਕੇ, ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਤਾਂ ਹੁਣ ਵੀ ਹੋ ਰਹੀਆਂ ਹਨ, ਉਹ ਆਪਣੀ ਅਸਫਲਤਾ ਨੂੰ ਸਹੀ ਨਹੀਂ ਠਹਿਰਾ ਸਕਦੇ। ਪੂਰੇ ਸਿੱਖ ਇਤਿਹਾਸ ਅੰਦਰ ਬੀੜ ਚੋਰੀ ਹੋਣ ਦੀ ਕੋਈ ਹੋਰ ਮਿਸਾਲ ਨਹੀਂ ਮਿਲਦੀ। ਮੁਗਲਾਂ ਦੇ ਉਸ ਕਾਲੇ ਦੌਰ ਵਿਚ ਵੀ ਨਹੀਂ ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਸਨ।
         ਹੁਣ ਸਵਾਲ ਇਹ ਹੈ ਕਿ ਬਰਗਾੜੀ ਦੇ ਇਸ ਇਕੱਠ ਤੋਂ ਬਾਅਦ ਪੰਜਾਬ ਦੀ ਚੋਣ ਸਿਆਸਤ ਅਤੇ ਪੰਥਕ ਸਿਆਸਤ ਕੀ ਦਿਸ਼ਾ ਲੈਣਗੀਆਂ। ਬਰਗਾੜੀ ਮੋਰਚੇ ਦੀ ਸਟੇਜ ਤੋਂ ਜਥੇਦਾਰ ਧਿਆਨ ਸਿੰਘ ਮੰਡ ਨੇ ਕੁੱਝ ਇਸ਼ਾਰੇ ਮਾਤਰ ਗੱਲਾਂ ਕੀਤੀਆਂ ਹਨ। ਉਸ ਨੇ ਕਿਹਾ ਹੈ ਕਿ ਆਉਣ ਵਾਲੀਆਂ ਚੋਣਾਂ ਵਿਚ ਬੱਸ ਉਮੀਦਵਾਰ ਖੜ੍ਹੇ ਕਰ ਦਿਓ, ਲੋਕ ਆਪੇ ਜਿਤਾ ਦੇਣਗੇ। ਇਹ ਕਹਿਣ ਤੋਂ ਪਹਿਲਾਂ ਉਸ ਨੇ ਸਟੇਜ ਉੱਤੇ ਆਪਣੇ ਨਾਲ ਜਿਹੜੇ ਲੀਡਰ ਖੜ੍ਹੇ ਕੀਤੇ, ਉਨ੍ਹਾਂ ਵਿਚ ਭਾਈ ਮੋਹਕਮ ਸਿੰਘ, 'ਆਪ' ਦਾ ਬਾਗੀ ਆਗੂ ਸੁਖਪਾਲ ਸਿੰਘ ਖਹਿਰਾ ਅਤੇ ਲੋਕ ਇਨਸਾਫ ਪਾਰਟੀ ਦਾ ਆਗੂ ਸਿਮਰਜੀਤ ਸਿੰਘ ਬੈਂਸ ਸ਼ਾਮਲ ਸਨ। ਪਰ ਨਾ ਤਾਂ 'ਆਪ' ਦੇ ਬਾਗੀ ਧੜੇ ਅਤੇ ਨਾ ਹੀ ਲੋਕ ਇਨਸਾਫ ਪਾਰਟੀ ਦਾ ਖੇਤਰ ਪੰਥਕ ਸਿਆਸਤ ਹੈ। ਮੋਹਕਮ ਸਿੰਘ ਉਨ੍ਹਾਂ ਮੁੱਖ ਖਾੜਕੂ ਆਗੂਆਂ ਵਿਚੋਂ ਹੈ ਜਿਨ੍ਹਾਂ ਨੇ 26 ਜਨਵਰੀ 1986 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਰਬੱਤ ਖਾਲਸਾ ਕਰਕੇ 5 ਮੈਂਬਰੀ ਪੰਥਕ ਕਮੇਟੀ ਬਣਾਈ ਸੀ ਅਤੇ ਸ਼੍ਰੋਮਣੀ ਕਮੇਟੀ ਨੂੰ ਵੀ ਭੰਗ ਕਰ ਦਿੱਤਾ ਸੀ। ਗਰਮ ਖਿਆਲ ਆਗੂ ਸਿਮਰਨਜੀਤ ਸਿੰਘ ਮਾਨ ਸਮੇਤ ਇਹ ਸਾਰੇ ਕਿਸੇ ਵੇਲੇ ਖਾੜਕੂ ਸਿਆਸਤ ਕਰਦੇ ਰਹੇ ਆਗੂ ਹੁਣ ਜਮਹੂਰੀ ਰਾਜਸੀ ਢਾਂਚੇ ਵਿਚ ਆਪਣੀ ਜਗ੍ਹਾ ਬਣਾਉਣ ਲਈ ਯਤਨਸ਼ੀਲ ਹਨ।
        ਅਜੋਕੇ ਸਿਆਸੀ ਹਾਲਾਤ ਵਿਚ ਮੁੱਖ ਮੁੱਦਾ ਭਰੋਸੇਯੋਗ ਅਤੇ ਪਾਏਦਾਰ ਲੀਡਰਸ਼ਿਪ ਉਭਰਨ ਦਾ ਹੈ। ਬਿਨਾਂ ਸ਼ੱਕ ਬਰਗਾੜੀ ਦਾ ਇਕੱਠ ਆਮ ਲੋਕਾਂ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਤਾਂ ਸੀ ਪਰ ਹੁਣ ਵੇਖਣਾ ਇਹ ਹੈ ਕਿ ਇਸ ਪ੍ਰਗਟਾਵੇ ਨੂੰ ਸਿਆਸੀ ਢਾਂਚੇ ਵਿਚ ਕਿਵੇਂ ਤਬਦੀਲ ਕੀਤਾ ਜਾਂਦਾ ਹੈ। ਹੁਣ 7 ਅਕਤੂਬਰ ਤੋਂ ਪੰਜਾਬ ਵਿਚ ਲੋਕ ਸਭਾ ਚੋਣਾਂ ਦਾ ਬਿਗਲ ਵੀ ਵੱਜ ਚੁੱਕਿਆ ਹੈ। ਪੰਥਕ ਮੋਰਚੇ ਵਿਚ ਸ਼ਾਮਲ ਧਿਰਾਂ ਜੇ ਚਾਹੁੰਦੀਆਂ ਹਨ ਕਿ ਲੋਕਾਂ ਦੇ ਉਭਾਰ ਨੂੰ ਤੀਜੇ ਸਿਆਸੀ ਬਦਲ ਵਿਚ ਤਬਦੀਲ ਕਰਨਾ ਹੈ, ਉਨ੍ਹਾਂ ਨੂੰ ਸਿਆਸੀ ਮੰਚ ਕਾਇਮ ਕਰਨਾ ਜ਼ਰੂਰੀ ਹੈ। ਇਹ ਮੰਚ ਬਣਾਉਣ ਲਈ ਪਹਿਲੀ ਸ਼ਰਤ ਭਰੋਸੇਯੋਗ ਲੀਡਰਸ਼ਿਪ ਹੈ ਜਿਸ ਦੀ ਇਨ੍ਹਾਂ ਧਿਰਾਂ ਕੋਲ ਘਾਟ ਹੈ। ਫ਼ਿਲਹਾਲ ਇਨ੍ਹਾਂ ਪੰਥਕ ਧਿਰਾਂ ਦਾ ਮੁੱਖ ਨਿਸ਼ਾਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਾਦਲ ਅਕਾਲੀ ਦਲ ਦਾ ਕਬਜ਼ਾ ਖ਼ਤਮ ਕਰਨਾ ਹੈ। ਕਮੇਟੀ ਦੇ ਜਨਰਲ ਹਾਊਸ ਦੀ ਮਿਆਦ ਖ਼ਤਮ ਹੋ ਚੁੱਕੀ ਹੈ ਅਤੇ ਆਮ ਚੋਣਾਂ ਕਿਸੇ ਵੇਲੇ ਵੀ ਕਰਵਾਈਆਂ ਜਾ ਸਕਦੀਆਂ ਹਨ। ਗੁਰਦੁਆਰਾ ਚੋਣ ਕਮਿਸ਼ਨਰ ਦੀ ਨਿਯੁਕਤੀ ਹੋ ਚੁੱਕੀ ਹੈ, ਹੁਣ ਸਿਰਫ਼ ਵੋਟਰ ਸੂਚੀਆਂ ਦੀ ਸੁਧਾਈ ਹੀ ਹੋਣੀ ਹੈ। ਇਹ ਚੋਣਾਂ ਕੇਂਦਰੀ ਗ੍ਰਹਿ ਵਿਭਾਗ ਕਰਵਾਉਂਦਾ ਹੈ। ਜੇ ਇਨ੍ਹਾਂ ਧਿਰਾਂ ਨੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲੜਨੀਆਂ ਹਨ ਤਾਂ ਤਿਆਰੀ ਹੁਣ ਤੋਂ ਹੀ ਕਰਨੀ ਪਵੇਗੀ ਅਤੇ ਆਪਣੀ ਗਰਮ ਮਿਜ਼ਾਜ ਵਾਲੀ ਸਿਆਸਤ ਵਿਚ ਬਦਲਾਓ ਲਿਆਉਣਾ ਪਵੇਗਾ। ਇਸ ਲਈ ਬਰਗਾੜੀ ਇਨਸਾਫ ਮੋਰਚੇ ਨੂੰ ਸਿਆਸੀ ਪਾਰਟੀ ਦਾ ਰੂਪ ਦੇਣਾ ਪਵੇਗਾ। ਜ਼ਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਧਾਰਮਿਕ-ਸਿਆਸੀ ਪਿੜ ਹੈ ਜਦਕਿ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਸਿਆਸੀ ਪਿੜ ਹਨ। ਇਨਸਾਫ ਮੋਰਚਾ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਜਿੱਤਣ ਤੋਂ ਬਾਅਦ ਹੀ ਪੰਜਾਬ ਵਿਚ ਤੀਜੀ ਧਿਰ ਉਸਾਰਨ ਵਿਚ ਕਾਮਯਾਬ ਹੋ ਸਕਦਾ ਹੈ।
      ਪੰਜਾਬ ਦਾ ਧਾਰਮਿਕ-ਸਿਆਸੀ ਪਿੜ ਇਸ ਵੇਲੇ ਤਕਰੀਬਨ ਖਾਲੀ ਹੈ। ਅਕਾਲੀ ਦਲ ਪਹਿਲਾਂ ਹੀ ਪੰਥਕ ਮੁੱਦਿਆਂ ਤੋਂ ਪਾਸੇ ਜਾ ਚੁੱਕਿਆ ਹੈ। ਪਟਿਆਲਾ ਰੈਲੀ ਦੇ ਮੰਚ ਤੋਂ ਵੀ ਲਗਾਤਾਰ ਇਹੀ ਕਿਹਾ ਗਿਆ ਕਿ ਇਹ ਪੰਜਾਬੀਆਂ ਦਾ ਇਕੱਠ ਹੈ। ਉਂਝ, ਦੂਜਾ ਪਹਿਲੂ ਇਹ ਵੀ ਸੀ ਕਿ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਨੂੰ ਸਿੱਖਾਂ ਦੀ ਨੁਮਾਇੰਦਾ ਜਮਾਤ ਦੱਸ ਰਿਹਾ ਸੀ। ਇਸ ਲਈ ਹੁਣ ਅਕਾਲੀ ਦਲ ਨੂੰ ਵੀ ਫੈਸਲਾ ਕਰਨਾ ਪੈਣਾ ਹੈ ਕਿ ਪੰਥਕ ਪਾਰਟੀ ਹੈ ਜਾਂ ਪੰਜਾਬੀ ਪਾਰਟੀ। ਇਹ ਪੰਜਾਬੀ ਪਿੜ ਵਿਚ ਆਪਣੀ ਸਿਆਸਤ ਕਰਨਾ ਚਾਹੁੰਦਾ ਹੈ ਜਾਂ ਪੰਥਕ ਪਿੜ ਵਿਚ। ਪੰਥਕ ਲੋਕ ਵੀ ਭਾਵੇਂ ਪੰਜਾਬੀ ਹਨ ਪਰ ਸਾਰੇ ਪੰਜਾਬੀ ਪੰਥਕ ਨਹੀਂ। ਅਕਾਲੀ ਦਲ ਦੀ ਜੜ੍ਹ ਪੰਥਕ ਸਿਆਸਤ ਵਿਚ ਹੈ। ਪੰਥਕ ਸਿਆਸਤ ਨੂੰ ਤਿਲਾਂਜਲੀ ਦੇ ਕੇ ਇਹ ਬੂਟਾ ਹਰਾ ਨਹੀਂ ਰਹਿ ਸਕਦਾ।

'ਲੇਖਕ ਸੀਨੀਅਰ ਪੱਤਰਕਾਰ ਹੈ।
ਸੰਪਰਕ : 97797-11201

11 Oct. 2018

ਬਾਦਲ ਪਰਿਵਾਰ ਦਾ ਅਜੋਕਾ ਸੰਕਟ ਅਤੇ ਅਕਾਲੀ ਦਲ - ਜਗਤਾਰ ਸਿੰਘ

ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨਾਲ ਪੰਜਾਬ ਦੇ ਧਾਰਮਿਕ ਤੇ ਸਿਆਸੀ ਖੇਤਰ ਵਿੱਚ ਆਏ ਭੂਚਾਲ ਨੇ ਪੰਜ ਵਾਰੀ ਮੁੱਖ ਮੰਤਰੀ ਰਹੇ ਫ਼ਖ਼ਰ-ਏ-ਕੌਮ ਤੇ ਪੰਥ ਰਤਨ ਪ੍ਰਕਾਸ਼ ਸਿੰਘ ਬਾਦਲ ਦੇ ਸਿਆਸੀ ਵੱਕਾਰ ਅਤੇ ਸਿਆਸੀ ਵਿਰਾਸਤ ਲਈ ਖ਼ਤਰਾ ਖੜ੍ਹਾ ਹੋ ਗਿਆ ਹੈ। ਇਹ ਸੰਕਟ ਬਹੁ-ਪਰਤੀ ਹੈ ਕਿਉਂਕਿ ਇਸ ਨੇ ਉਸ ਦੇ ਪੁੱਤਰ ਅਤੇ ਸਿਆਸੀ ਵਾਰਸ ਸੁਖਬੀਰ ਸਿੰਘ ਬਾਦਲ ਨੂੰ ਵੀ ਲਪੇਟ ਵਿੱਚ ਲੈ ਲਿਆ ਹੈ, ਜਿਹੜਾ ਪਿਛਲੇ ਸਮੇਂ ਵਿੱਚ ਸਭ ਤੋਂ ਸ਼ਕਤੀਸ਼ਾਲੀ ਆਗੂ ਵਜੋਂ ਉਭਰਿਆ ਸੀ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਨੇ ਭਾਵੇਂ ਪਹਿਲੀ ਵਾਰੀ ਉਸ ਦੇ ਕੰਮ ਕਰਨ ਦੇ ਤਾਨਾਸ਼ਾਹੀ ਢੰਗ ਉੱਤੇ ਇਤਰਾਜ਼ ਪ੍ਰਗਟਾਇਆ ਹੈ, ਫਿਰ ਵੀ ਅਜੇ ਉਸ ਦੇ ਸਿਆਸੀ ਭਵਿੱਖ ਬਾਰੇ ਕੋਈ ਟਿੱਪਣੀ ਕਰਨੀ ਸਮੇਂ ਤੋਂ ਪਹਿਲਾਂ ਦੀ ਗੱਲ ਹੋਵੇਗੀ।
ਬਾਦਲ ਪਰਿਵਾਰ ਅਤੇ ਅਕਾਲੀ ਦਲ 'ਤੇ ਅਜੋਕੇ ਸੰਕਟ ਦੀ ਇੱਕ ਪਰਤ ਇਹ ਵੀ ਹੈ ਕਿ ਪ੍ਰਕਾਸ਼ ਸਿੰਘ ਬਾਦਲ ਨੇ ਇਨ੍ਹਾਂ ਦਿਨਾਂ ਵਿਚ ਆਪਣੇ ਆਪ ਨੂੰ ਖਾੜਕੂ ਸਿਆਸਤ ਤੋਂ ਨਿਖੇੜਨ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਹਨ, ਜਦੋਂ ਕਿ ਇਤਿਹਾਸ ਗਵਾਹ ਹੈ ਕਿ ਨਾ ਸਿਰਫ਼ ਉਸ ਦੀ ਪਾਰਟੀ, ਬਲਕਿ ਉਹ ਖ਼ੁਦ ਵੀ ਖਾੜਕੂਵਾਦ ਨੂੰ ਸ਼ਹਿ ਤੇ ਹੱਲਾਸ਼ੇਰੀ ਦਿੰਦੇ ਰਹੇ ਹਨ। ਖਾੜਕੂ ਸੰਘਰਸ਼ ਦੇ ਪ੍ਰਤੀਕ ਰਹੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਯਾਦਗਾਰ ਸ੍ਰੀ ਦਰਬਾਰ ਸਾਹਿਬ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੀ ਤਾਮੀਰ ਕਰਵਾਈ ਹੈ ਅਤੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਮੌਤ ਤੋਂ ਬਾਅਦ ਸ਼੍ਰੋਮਣੀ ਕਮੇਟੀ 'ਤੇ ਕੌਣ ਕਾਬਜ਼ ਹੈ, ਸਭ ਜਾਣਦੇ ਹਨ।
ਅਕਾਲੀ ਦਲ ਦੇ ਸੂਤਰਾਂ ਅਨੁਸਾਰ, ਵਿਧਾਨ ਸਭਾ ਸੈਸ਼ਨ ਦੌਰਾਨ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ 'ਤੇ ਬਹਿਸ ਦੇ ਬਾਈਕਾਟ ਦਾ ਫੈਸਲਾ ਕਿਸੇ ਹੋਰ ਦਾ ਨਹੀਂ, ਖੁਦ ਪ੍ਰਕਾਸ਼ ਸਿੰਘ ਬਾਦਲ ਦਾ ਸੀ। ਉਸ ਨੇ ਅਤੇ ਉਸ ਦੇ ਸਾਬਕਾ ਉਪ ਮੁੱਖ ਮੰਤਰੀ ਪੁੱਤਰ ਸੁਖਬੀਰ ਸਿੰਘ ਬਾਦਲ ਨੇ ਪਹਿਲਾਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਵਲੋਂ ਕੀਤੀ ਜਾ ਰਹੀ ਜਾਂਚ ਦਾ ਇਹ ਕਹਿ ਕੇ ਬਾਈਕਾਟ ਕੀਤਾ ਸੀ ਕਿ ਇਹ ਸਿਆਸਤ ਤੋਂ ਪ੍ਰੇਰਿਤ ਹੈ। ਉਨ੍ਹਾਂ ਦੀ ਸਿਆਸੀ ਗਿਣਤੀ-ਮਿਣਤੀ ਪੂਰੀ ਤਰ੍ਹਾਂ ਗਲਤ ਨਿਕਲੀ ਅਤੇ ਉਨ੍ਹਾਂ ਨੂੰ ਮਹਿੰਗੀ ਵੀ ਪਈ। ਪੰਜਾਬ ਵਿੱਚ ਇਸ ਵੇਲੇ ਮੁੱਦਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨਹੀਂ, ਬਲਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਉਹ ਘਟਨਾਵਾਂ ਹਨ ਜਿਨ੍ਹਾਂ ਦਾ ਸਿੱਟਾ ਕੋਟਕਪੂਰਾ ਤੇ ਬਹਿਬਲ ਕਲਾਂ ਵਿੱਚ ਗੋਲੀਕਾਂਡਾਂ ਦੇ ਰੂਪ ਵਿੱਚ ਨਿਕਲਿਆ। ਇਨ੍ਹਾਂ ਘਟਨਾਵਾਂ ਕਾਰਨ ਹੀ 2017 ਦੀ ਵਿਧਾਨ ਸਭਾ ਚੋਣ ਵਿੱਚ ਅਕਾਲੀ ਦਲ ਮਹਿਜ਼ 15 ਸੀਟਾਂ ਉੱਤੇ ਸਿਮਟ ਕੇ ਰਹਿ ਗਿਆ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਰਿਪੋਰਟ ਸਿਆਸੀ ਦਸਤਾਵੇਜ਼ ਹੈ ਪਰ ਹੁਣ ਇਸ ਨੂੰ ਪੰਜਾਬ ਵਿਧਾਨ ਸਭਾ ਵੱਲੋਂ ਸਰਬਸੰਮਤੀ ਨਾਲ ਦਿੱਤੀ ਗਈ ਪ੍ਰਵਾਨਗੀ ਹਾਸਿਲ ਹੈ। ਇਸ ਵਿੱਚ ਹੋਏ ਇੱਕ ਅਹਿਮ ਇੰਕਸਾਫ਼ ਤੋਂ ਬਿਨਾਂ ਇਹ ਰਿਪੋਰਟ ਉਨ੍ਹਾਂ ਸਾਰੀਆਂ ਘਟਨਾਵਾਂ ਦਾ ਵੇਰਵਾ ਮਾਤਰ ਹੀ ਹੈ, ਜਿਨ੍ਹਾਂ ਬਾਰੇ ਲੋਕ ਪਹਿਲਾਂ ਹੀ ਜਾਣਦੇ ਸਨ।
ਵਿਧਾਨ ਸਭਾ ਵਿੱਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਰਿਪੋਰਟ ਉੱਤੇ ਸੱਤ ਘੰਟੇ ਲੰਮੀ ਚੱਲੀ ਬਹਿਸ ਦੌਰਾਨ ਪ੍ਰਕਾਸ਼ ਸਿੰਘ ਬਾਦਲ ਦੀ ਸਿਆਸੀ ਵਿਰਾਸਤ ਉੱਤੇ ਸਵਾਲੀਆ ਨਿਸ਼ਾਨ ਲੱਗ ਗਿਆ ਸੀ। ਬਹਿਸ ਦੌਰਾਨ ਬਾਦਲ ਦੀ ਮੌਕਾਪ੍ਰਸਤ ਅਤੇ ਸਮਝੌਤਾਵਾਦੀ ਸਿਆਸਤ ਕਾਰਨ ਉਸ ਦੀ ਸਭ ਤੋਂ ਪਹਿਲੀ ਸਰਕਾਰ ਦੌਰਾਨ ਸੂਬੇ ਵਿੱਚ ਸ਼ੁਰੂ ਹੋਏ ਝੂਠੇ ਪੁਲੀਸ ਮੁਕਾਬਲਿਆਂ ਦਾ ਜ਼ਿਕਰ ਵੀ ਹੋਇਆ। ਵਰਨਣਯੋਗ ਹੈ ਕਿ ਗ਼ਦਰ ਪਾਰਟੀ ਦੇ 80 ਸਾਲਾ ਬਜ਼ੁਰਗ ਇਨਕਲਾਬੀ ਬਾਬਾ ਬੂਝਾ ਸਿੰਘ ਨੂੰ 28 ਜੁਲਾਈ 1970 ਨੂੰ ਝੂਠੇ ਪੁਲੀਸ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ ਸੀ। ਪ੍ਰਕਾਸ਼ ਸਿੰਘ ਬਾਦਲ ਨੇ 27 ਮਾਰਚ 1970 ਨੂੰ ਪਹਿਲੀ ਦਫ਼ਾ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ।
ਅਕਾਲੀ ਦਲ ਦੇ ਇਤਿਹਾਸ ਵਿੱਚ ਬਾਬਾ ਖੜਕ ਸਿੰਘ, ਮਾਸਟਰ ਤਾਰਾ ਸਿੰਘ, ਗਿਆਨੀ ਕਰਤਾਰ ਸਿੰਘ ਅਤੇ ਸੰਤ ਹਰਚੰਦ ਸਿੰਘ ਲੌਂਗੋਵਾਲ ਵਰਗੇ ਆਗੂਆਂ ਨੂੰ ਵੀ ਕਿਸੇ ਨਾ ਕਿਸੇ ਸਮੇਂ ਜਨਤਕ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਸੀ, ਪ੍ਰਕਾਸ਼ ਸਿੰਘ ਬਾਦਲ ਨਾਲ ਵੀ ਬਿਲਕੁਲ ਇਸੇ ਤਰ੍ਹਾਂ ਵਾਪਰਿਆ ਹੈ। ਸ਼ਾਇਦ ਇਸੇ ਅਹਿਸਾਸ ਕਰਕੇ ਹੀ ਉਹ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਪਹਿਲੀ ਵਾਰੀ 9 ਸਤੰਬਰ ਨੂੰ ਅਬੋਹਰ ਰੈਲੀ ਨੂੰ ਸੰਬੋਧਿਤ ਹੋਏ ਪਰ ਇਸੇ ਸਿਲਸਿਲੇ ਵਿੱਚ ਉਹ ਹੋਰ ਵੱਡੀਆਂ ਗ਼ਲਤੀਆਂ ਕਰ ਬੈਠੇ ਅਤੇ ਇਨ੍ਹਾਂ ਵਿੱਚ ਸਭ ਤੋਂ ਉਘੜਵੀਂ ਇਹ ਸੀ ਕਿ ਪੰਜਾਬ ਵਿੱਚ ਕਾਂਗਰਸ ਪਾਰਟੀ ਨੇ ਖਾੜਕੂਵਾਦ ਪੈਦਾ ਕੀਤਾ ਅਤੇ ਫਿਰ ਇਸ ਨੂੰ ਸ਼ਹਿ ਦਿੱਤੀ। ਪ੍ਰਕਾਸ਼ ਸਿੰਘ ਬਾਦਲ ਨੂੰ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਸ ਨੇ ਸ਼੍ਰੋਮਣੀ ਕਮੇਟੀ ਨੂੰ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਸੰਤ ਭਿੰਡਰਾਂਵਾਲੇ ਦੀ ਯਾਦਗਾਰ ਬਣਾਉਣ ਦੀ ਇਜਾਜ਼ਤ ਕਿਉਂ ਦਿੱਤੀ?
ਪੰਜਾਬ ਵਿੱਚ ਤਕਰੀਬਨ ਡੇਢ ਦਹਾਕੇ ਤੱਕ ਝੁੱਲੀ ਖਾੜਕੂਵਾਦ ਦੀ ਹਨੇਰੀ ਦੀਆਂ ਜੜ੍ਹਾਂ ਅੰਮ੍ਰਿਤਸਰ ਵਿੱਚ 13 ਅਪਰੈਲ 1978 ਨੂੰ ਸਿੱਖਾਂ ਅਤੇ ਨਿਰੰਕਾਰੀਆਂ ਦਰਮਿਆਨ ਵਾਪਰੀ ਖੂਨੀ ਝੜਪ ਵਿੱਚ ਹਨ। ਇਸ ਘਟਨਾ ਨੇ ਸੰਤ ਜਰਨੈਲ ਸਿੰਘ ਨੂੰ ਪੰਜਾਬ ਦੇ ਧਾਰਮਿਕ ਤੇ ਸਿਆਸੀ ਸੀਨ 'ਤੇ ਲਿਆਂਦਾ। ਉਸ ਸਮੇਂ ਵੀ ਪ੍ਰਕਾਸ਼ ਸਿੰਘ ਬਾਦਲ ਹੀ ਮੁੱਖ ਮੰਤਰੀ ਸਨ। ਸੰਤ ਜਰਨੈਲ ਸਿੰਘ ਨੇ 25 ਅਗਸਤ 1977 ਨੂੰ ਦਮਦਮੀ ਟਕਸਾਲ ਦੇ ਮੁਖੀ ਵਜੋਂ ਜਦੋਂ ਸੇਵਾ ਸੰਭਾਲੀ, ਉਸ ਸਮੇਂ ਕਾਂਗਰਸ ਕੇਂਦਰ ਦੀ ਸੱਤਾ ਤੋਂ ਬਾਹਰ ਹੋ ਚੁੱਕੀ ਸੀ। ਇੰਦਰਾ ਗਾਂਧੀ ਅਤੇ ਉਸ ਦੇ ਪੁੱਤਰ ਸੰਜੇ ਗਾਂਧੀ ਨੂੰ ਆਪਣੀ ਸਿਆਸੀ ਤੇ ਨਿੱਜੀ ਹੋਂਦ ਬਚਾਉਣ ਦੇ ਲਾਲੇ ਪਏ ਹੋਏ ਸਨ। ਕੀ ਉਸ ਸਮੇਂ ਇਹ ਦੋਵੇਂ ਮਾਂ-ਪੁੱਤ ਅਕਾਲੀਆਂ ਦੇ ਟਾਕਰੇ ਲਈ ਸੰਤ ਜਰਨੈਲ ਸਿੰਘ ਨੂੰ ਖੜ੍ਹਾ ਕਰ ਸਕਦੇ ਸਨ? ਕਦੇ ਵੀ ਨਹੀਂ। ਸੰਤ ਕਰਤਾਰ ਸਿੰਘ ਦੇ ਦੇਹਾਂਤ ਤੋਂ ਬਾਅਦ ਦਮਦਮੀ ਟਕਸਾਲ ਦੋ ਧੜਿਆਂ ਵਿੱਚ ਵੰਡੀ ਗਈ। ਇੱਕ ਧੜੇ ਨੇ ਜਦੋਂ ਸੰਤ ਜਰਨੈਲ ਸਿੰਘ ਨੂੰ ਆਪਣਾ ਮੁਖੀ ਥਾਪਣ ਦੀ ਰਸਮ ਅਦਾ ਕੀਤੀ ਤਾਂ ਉਸ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉਨ੍ਹਾਂ ਅਕਾਲੀ ਆਗੂਆਂ ਵਿੱਚ ਸ਼ਾਮਿਲ ਸਨ, ਜਿਨ੍ਹਾਂ ਨੇ ਇਸ ਸਮਾਗਮ ਵਿੱਚ ਭਾਗ ਲਿਆ ਅਤੇ ਸੰਤ ਜਰਨੈਲ ਸਿੰਘ ਨੂੰ ਸਿਰੋਪਾਓ ਦੇ ਕੇ ਦਮਦਮੀ ਟਕਸਾਲ ਦੇ ਮੁਖੀ ਵਜੋਂ ਪ੍ਰਵਾਨਗੀ ਦਿੱਤੀ।
ਸਿੱਖ ਖਾੜਕੂ ਸਿਆਸਤ ਨਾਲ ਜੁੜਿਆ ਪਹਿਲਾ ਕਤਲ 24 ਅਪਰੈਲ 1980 ਨੂੰ ਨਿਰੰਕਾਰੀ ਮੁਖੀ ਗੁਰਬਚਨ ਸਿੰਘ ਦਾ ਸੀ। ਅਕਾਲੀ ਦਲ ਨੇ ਆਪਣੀ ਵਰਕਿੰਗ ਕਮੇਟੀ ਦੀ 20 ਅਗਸਤ 1980 ਨੂੰ ਹੋਈ ਮੀਟਿੰਗ ਵਿੱਚ ਇਸ ਕਤਲ ਦੀ ਸ਼ਲਾਘਾ ਕਰਕੇ ਹਿੰਸਾ ਨੂੰ ਆਪਣੇ ਮਨੋਰਥ ਦੀ ਪ੍ਰਾਪਤੀ ਲਈ ਸੰਦ ਵਜੋਂ ਵਰਤਣ ਨੂੰ ਵਾਜਬੀਅਤ ਦਿੱਤੀ। ਪ੍ਰਕਾਸ਼ ਸਿੰਘ ਬਾਦਲ ਇਸ ਵਰਕਿੰਗ ਕਮੇਟੀ ਦੀ ਮੀਟਿੰਗ ਵਿੱਚ ਸ਼ਾਮਿਲ ਸੀ। ਉਸ ਨੇ ਖਾਲਿਸਤਾਨ ਦੀ ਮੰਗ ਕਰਨ ਵਾਲੇ ਉਸ ਮੈਮੋਰੰਡਮ ਉੱਤੇ ਵੀ ਦਸਤਖ਼ਤ ਕੀਤੇ ਹੋਏ ਹਨ, ਜਿਹੜਾ 22 ਅਪਰੈਲ 1992 ਨੂੰ ਯੂਐੱਨਓ ਦੇ ਸਕੱਤਰ ਜਨਰਲ ਬੁਤਰਸ ਘਾਲੀ ਨੂੰ ਸਿੱਖ ਆਗੂਆਂ ਵਲੋਂ ਦਿੱਤਾ ਗਿਆ ਸੀ।
ਇਸ ਸਿਆਸੀ ਸੰਕਟ ਦੀ ਇੱਕ ਪਰਤ ਇਹ ਵੀ ਹੈ ਕਿ ਬਾਦਲ ਦਲ ਵੱਲੋਂ ਫਿਰਕੂ ਇਕਸੁਰਤਾ ਅਤੇ ਭਾਈਚਾਰਕ ਸਾਂਝ ਨੂੰ ਖ਼ਤਰਾ ਖੜ੍ਹਾ ਹੋਣ ਦਾ ਪਾਇਆ ਜਾ ਰਿਹਾ ਰੌਲਾ ਹੈ। ਅਜੋਕਾ ਵਾਵਰੋਲਾ ਸਿੱਖ ਧਾਰਮਿਕ ਤੇ ਸਿਆਸੀ ਖੇਤਰ ਵਿੱਚ ਖੜ੍ਹਾ ਹੋਇਆ ਹੈ, ਜਿਸ ਦਾ ਹਿੰਦੂ-ਸਿੱਖ ਸਬੰਧਾਂ ਤੇ ਸਾਂਝ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਅਬੋਹਰ ਵਿੱਚ ਹੋਈ ਪਾਰਟੀ ਰੈਲੀ ਦੌਰਾਨ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਭਾਸ਼ਨ ਦੌਰਾਨ ਦੋ ਹੀ ਨੁਕਤੇ ਉਭਾਰੇ- ਇੱਕ ਸੂਬੇ ਵਿੱਚ ਭਾਈਚਾਰਕ ਸਾਂਝ ਨੂੰ ਖ਼ਤਰਾ ਅਤੇ ਦੂਜਾ ਕਾਂਗਰਸ ਪਾਰਟੀ ਹੀ ਪੰਜਾਬ ਵਿੱਚ ਪੈਦਾ ਹੋਏ ਖਾੜਕੂਵਾਦ ਦੀ ਜਨਮਦਾਤੀ ਹੈ। ਅਸਲੀਅਤ ਅਤੇ ਤੱਥ ਇਨ੍ਹਾਂ ਦੋਨਾਂ ਹੀ ਦਲੀਲਾਂ ਨੂੰ ਝੁਠਲਾਉਂਦੇ ਹਨ।
ਸਭ ਨੂੰ ਪਤਾ ਹੈ ਕਿ ਬਾਦਲ ਪਰਿਵਾਰ ਵੱਲੋਂ ਫਰੀਦਕੋਟ ਦੀ ਥਾਂ ਬਠਿੰਡਾ ਲੋਕ ਸਭਾ ਸੀਟ ਅਪਣਾਉਣ ਤੋਂ ਬਾਅਦ ਉਹ ਡੇਰਾ ਮੁਖੀ ਨਾਲ ਲੈਣ-ਦੇਣ ਕਰਦਾ ਰਿਹਾ ਹੈ। ਸੁਖਬੀਰ ਬਾਦਲ ਦੀ ਪਤਨੀ ਹਰਸਿਮਰਤ ਕੌਰ ਬਾਦਲ ਨੇ 2009 ਵਿੱਚ ਪਹਿਲੀ ਵਾਰ ਬਠਿੰਡਾ ਲੋਕ ਸਭਾ ਸੀਟ ਤੋਂ ਚੋਣ ਲੜੀ ਸੀ ਅਤੇ ਹੁਣ ਤੱਕ ਇਸੇ ਹਲਕੇ ਦੀ ਨੁਮਾਇੰਦਗੀ ਕਰ ਰਹੀ ਹੈ। ਸੁਖਬੀਰ ਨੇ 2009 ਦੀ ਇਸ ਚੋਣ ਤੋਂ ਪਹਿਲਾਂ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨਾਲ ਸਮਝੌਤਾ ਕਰ ਲਿਆ ਸੀ। ਬਰਗਾੜੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਦੇ ਦੋਸ਼ੀ ਇਸ ਡੇਰੇ ਦੇ ਪੈਰੋਕਾਰ ਹੀ ਨਿਕਲੇ ਅਤੇ ਫੜ ਵੀ ਲਏ ਗਏ ਹਨ। ਇਸ ਡੇਰੇ ਦੇ ਮੁਖੀ ਨੂੰ 2015 ਵਿੱਚ ਮੁਆਫੀ ਦਿਵਾਉਣ ਲਈ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਵਰਗੀਆਂ ਪੰਥਕ ਸੰਸਥਾਵਾਂ ਦੀ ਦੁਰਵਰਤੋਂ ਕੀਤੀ ਗਈ ਪਰ ਇਸ ਮੁਆਫ਼ੀ ਵਿਰੁੱਧ ਪੈਦਾ ਹੋਏ ਰੋਸ ਕਾਰਨ ਕੁਝ ਦਿਨਾਂ ਬਾਅਦ ਹੀ ਅਕਾਲ ਤਖ਼ਤ ਨੂੰ ਆਪਣਾ ਫ਼ੈਸਲਾ ਵਾਪਸ ਲੈਣਾ ਪਿਆ। ਉਂਝ, ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਨੇ ਇਸ ਫ਼ੈਸਲੇ ਨੂੰ ਸਹੀ ਠਹਿਰਾਉਣ ਲਈ 97 ਲੱਖ ਰੁਪਏ ਇਸ਼ਤਿਹਾਰਬਾਜ਼ੀ ਉੱਤੇ ਖਰਚ ਦਿੱਤੇ ਸਨ।
ਸਿੱਖ ਧਾਰਮਿਕ ਤੇ ਸਿਆਸੀ ਖੇਤਰ ਨੂੰ ਹਮੇਸ਼ਾ ਹੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਵਰਗੇ ਆਗੂ ਦੀ ਲੋੜ ਰਹਿੰਦੀ ਹੈ, ਜਿਹੜਾ ਅਕਾਲੀ ਦਲ ਅਤੇ ਇਨ੍ਹਾਂ ਪੰਥਕ ਸੰਸਥਾਵਾਂ ਦੌਰਾਨ ਕੜੀ ਦਾ ਕੰਮ ਕਰਦਾ ਸੀ। ਮੂਲੋਂ ਹੀ ਹੌਲੇ ਵਿਅਕਤੀਆਂ ਨੂੰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਾ ਕੇ ਇਸ ਅਹਿਮ ਕੜੀ ਨੂੰ ਖਤਮ ਕਰਨ ਦੀ ਬਾਦਲਾਂ ਨੂੰ ਹੁਣ ਭਾਰੀ ਕੀਮਤ ਚੁਕਾਉਣੀ ਪੈ ਰਹੀ ਹੈ। ਅਜੋਕੇ ਸੰਕਟ ਵਿੱਚ ਅਸਲ ਖ਼ਤਰਾ ਸੂਬੇ ਵਿਚਲੀ ਫਿਰਕੂ ਇਕਸੁਰਤਾ ਜਾਂ ਭਾਈਚਾਰਕ ਸਾਂਝ ਨੂੰ ਨਹੀਂ, ਪ੍ਰਕਾਸ਼ ਸਿੰਘ ਬਾਦਲ ਦੀ ਸਿਆਸੀ ਵਿਰਾਸਤ ਨੂੰ ਹੈ।

*ਲੇਖਕ ਸੀਨੀਅਰ ਪੱਤਰਕਾਰ ਹੈ।
ਸੰਪਰਕ: 97797-11201

19 Sep. 2018