Manjinder Singh Kala Saroud

ਬਰਗਾੜੀ ਦੀ ਲਾਮਬੰਦੀ ਚੋਂ ਹੋ ਸਕਦੈ ਨਵੀਂ ਪੰਥਕ ਪਾਰਟੀ ਦਾ ਜਨਮ - ਮਨਜਿੰਦਰ ਸਿੰਘ ਸਰੌਦ

ਬਠਿੰਡਾ ਬਣਿਆ ਧਾਰਮਿਕ ਸਰਗਰਮੀਆਂ ਦੀ ਰਾਜਧਾਨੀ
ਬਾਦਲ ਅਕਾਲੀ ਦੱਲ ਪਹੁੰਚਿਆ ਹਾਸ਼ੀਏ ਤੇ

ਸੱਤ ਅਕਤੂਬਰ ਦੇ ਬਰਗਾੜੀ ਰੋਸ ਮਾਰਚ ਨੇ ਸਮੁੱਚੇ ਸਿੱਖ ਜਗਤ ਅਤੇ ਪੰਜਾਬ ਅੰਦਰ ਇੱਕ ਨਵੀਂ ਲਾਮਬੰਦੀ ਦਾ ਮੁੱਢ ਬੰਨ ਦਿੱਤੈ ਭਾਵੇਂ ਇਸ ਸਾਰੇ ਬਾਨਣੂੰ ਨੂੰ ਬੰਨ੍ਹਣ ਵਿੱਚ ਬਿਨਾਂ ਸ਼ੱਕ ਪੰਥਕ ਧਿਰਾਂ ਜੋ ਲੰਮੇ ਸਮੇਂ ਤੋਂ ਇਨਸਾਫ ਲਈ ਬਰਗਾੜੀ ਵਿਖੇ ਬੈਠੀਆਂ ਹਨ ਦਾ ਅਹਿਮ ਰੋਲ ਅਤੇ ਆਪ ਦੇ ਬਾਗੀ ਧੜੇ ਖਹਿਰਾ ਗਰੁੱਪ ਤੇ ਬੈਂਸ ਭਰਾਵਾਂ ਦੇ ਵੱਡੇ ਯੋਗਦਾਨ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਆਉਂਦੇ ਦਿਨ ਪੰਜਾਬ ਦੀ ਰਾਜਨੀਤੀ ਲਈ ਕਾਫ਼ੀ ਅਹਿਮ ਹੋਣਗੇ। ਚਿਰਾਂ ਤੋਂ ਛੋਟੇ ਛੋਟੇ ਗਰੁੱਪਾਂ ਵਿੱਚ ਵੰਡੀ ਪੰਥਕ ਸ਼ਕਤੀ ਨੂੰ ਹੁਣ ਇੱਕ ਅਹਿਸਾਸ ਹੋ ਚੁੱਕਿਐ ਕਿ ਜੇਕਰ ਹੁਣ ਵੀ ਮੌਕਾ ਸੰਭਾਲਿਆ ਨਾ ਗਿਆ ਤਾਂ ਸ਼ਾਇਦ ਫੇਰ ਕਦੇ ਅਜਿਹਾ ਮੌਕਾ ਨਾ ਹੀ ਆਵੇ । ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਹੁਰਮਤੀ ਅਤੇ ਬਾਦਲ ਅਕਾਲੀ ਦਲ ਵੱਲੋਂ ਕੀਤੇ ਗਲਤ ਫੈਸਲਿਆਂ ਨੂੰ ਲੈ ਕੇ ਸਮੁੱਚੇ ਸਿੱਖ ਜਗਤ ਤੇ ਪੰਜਾਬ ਅੰਦਰ ਭਾਰੀ ਰੋਸ ਦੀ ਲਹਿਰ ਅੱਜ ਵੀ ਬਰਕਰਾਰ ਹੈ ।

ਸ਼ੁਰੂ ਵਿੱਚ ਇਹ ਮਹਿਸੂਸ ਕੀਤਾ ਜਾ ਰਿਹਾ ਸੀ ਕਿ ਸ਼ਾਇਦ ਪੰਥਕ ਧਿਰਾਂ ਨੂੰ ਪਹਿਲਾਂ ਵਾਂਗ ਲੋਕ ਵੱਡਾ ਸਹਿਯੋਗ ਨਾ ਦੇਣ ਪਰ ਹੋਇਆ ਬਿਲਕੁਲ ਉਲਟ । ਅਕਾਲੀ ਦਲ ਦੇ ਪ੍ਰਧਾਨ ਦੀ ਜ਼ਿੱਦ ਨੇ ਪਾਰਟੀ ਨੂੰ ਹਾਸ਼ੀਏ ਤੇ ਧੱਕਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਗਲਤੀ ਤੋਂ ਬਾਅਦ ਗਲਤੀ ਕਰ ਹੁਣ ਅਕਾਲੀ ਦਲ ਨੂੰ ਮੁੜ ਤੋਂ ਉੱਠਣਾ ਮੁਸ਼ਕਿਲ ਹੋ ਗਿਐ । ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਲੱਗਦੈ ਇਸ ਸੋਚ ਦੇ ਧਾਰਨੀ ਹੋ ਚੁੱਕੇ ਨੇ ਕਿ ਜਿਸ ਨੇ ਜਾਣਾ ਜਾਓ ਮੈਨੂੰ ਕੋਈ ਪ੍ਰਵਾਹ ਨਹੀਂ ਪਰ ਮੈਨੂੰ ਨਸੀਹਤਾਂ ਨਾ ਦਿਓ । ਟਕਸਾਲੀ ਅਕਾਲੀ ਆਗੂਆਂ ਦਾ ਗਰੁੱਪ ਵੀ ਹੁਣ ਆਰ ਪਾਰ ਦੀ ਲੜਾਈ ਦੇ ਰਉਂ ਵਿੱਚ ਆ ਗਿਆ ਹੈ । ਸਿੱਖਾਂ  ਦੀ ਲਹੂ ਡੋਲਵੇਂ ਸੰਘਰਸ਼ ਦੀ ਪੈਦਾਇਸ਼  ਸ਼੍ਰੋਮਣੀ  ਅਕਾਲੀ ਦਲ ਦਾ ਲਗਾਤਾਰ ਨਿਵਾਣਾ ਵੱਲ ਜਾਣਾ ਬਿਨਾਂ ਸ਼ੱਕ ਕੌਮ ਲਈ ਘਾਤਕ ਸਿੱਧ ਹੋ ਰਿਹਾ ਹੈ । ਚਿਰਾਂ ਤੋਂ ਅੱਕੀਆਂ ਬੈਠੀਆਂ ਪੰਥਕ ਧਿਰਾਂ ਕੋਲ ਇਕੱਠੇ ਹੋ ਕੇ ਵੱਖਰੀ ਜ਼ਮੀਨ ਤਲਾਸ਼ਣ ਤੋਂ ਸਿਵਾਏ ਕੋਈ ਹੋਰ ਚਾਰਾ ਨਹੀਂ ਬਚਿਆ ਸੀ । ਕਿਉਂਕਿ ਉਨ੍ਹਾਂ ਨੇ ਪੰਥਕ ਸਰਕਾਰ ਸਮੇਂ ਲੰਬਾ ਸਮਾਂ ਜੇਲ੍ਹਾ ਵਿੱਚ ਹੀ ਗੁਜ਼ਾਰਿਆ ਹੈ । ਖਹਿਰਾ, ਬੈਂਸ ਭਰਾ, ਵੀਰਦਵਿੰਦਰ ਸਿੰਘ, ਸਿਮਰਜੀਤ ਸਿੰਘ ਮਾਨ, ਬਸਪਾ ਸਮੇਤ ਹੋਰ ਕਈ ਸਿੱਖ ਜਥੇਬੰਦੀਆਂ ਦਾ ਰੋਸ ਮਾਰਚ ਮੌਕੇ ਬਰਗਾੜੀ ਪਹੁੰਚਣਾ ਇਹ ਦਰਸਾਉਂਦਾ ਹੈ ਕਿ ਅਗਲੇ ਸਮੇਂ ਨੂੰ ਇੱਕ ਬਹੁਤ ਵੱਡੀ ਪੰਥਕ ਜਮਾਤ ਦਾ ਗਠਨ ਹੋ ਸਕਦਾ ਹੈ ।

ਇਸ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਬਾਦਲ ਅਕਾਲੀ ਦਲ ਦੇ ਵਿਰੋਧ ਤੋਂ  ਬਾਅਦ ਕਾਂਗਰਸ ਵਿਰੋਧੀ ਆਗੂ ਵੀ ਇਸ ਸਾਂਝੇ ਮੁਹਾਜ ਦਾ ਹਿੱਸਾ ਬਣ ਜਾਣ ਜਿਹੜੇ ਕਾਂਗਰਸ ਦਾ ਵਿਰੋਧ ਤਾਂ ਕਰਦੇ ਨੇ ਪਰ ਖੁੱਲ੍ਹ ਕੇ ਕਿਸੇ ਪਾਸੇ ਨਹੀਂ ਤੁਰਦੇ ਉਨ੍ਹਾਂ ਦੀ ਪੈੜ ਚਾਲ ਦੀ ਵੱਖਰੀ ਸੁਣਾਈ ਦੇਣ  ਲੱਗੀ ਹੈ । ਇੱਕ ਵੱਖਰੀ ਸਿਆਸੀ ਤੇ ਧਾਰਮਿਕ ਜਮਾਤ ਦੀ ਰੂਪ ਰੇਖਾ ਕੀ ਹੋਵੇਗੀ ਇਸ ਦਾ ਖੁਲਾਸਾ ਅਗਲੇ ਕੁਝ ਦਿਨ ਤੈਅ ਕਰਨਗੇ । ਜਥੇਦਾਰ ਬਲਜੀਤ ਸਿੰਘ ਦਾਦੂਵਾਲ ਤੇ ਭਾਈ ਧਿਆਨ ਸਿੰਘ ਮੰਡ ਦੇ ਲੰਬੇ ਸੰਘਰਸ਼ ਤੋਂ ਬਾਅਦ ਪੈਦਾ ਹੋਈ ਸਥਿਤੀ ਨੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਮੂੰਹ ਵਿਚ ਉਂਗਲਾਂ ਪਾ ਕੇ ਸੋਚਣ ਲਈ ਮਜਬੂਰ ਕਰ ਦਿੱਤਾ ਹੈ । ਨਾਮੀ ਵੱਡੇ ਆਗੂਆਂ ਵੱਲੋਂ ਅੱਧੀ ਦਰਜਨ ਦੇ ਕਰੀਬ ਬਾਗੀ ਟਕਸਾਲੀ ਅਕਾਲੀ ਨੇਤਾਵਾਂ ਤੱਕ ਕੀਤੀ ਪਹੁੰਚ ਇਸੇ ਕੜੀ ਦਾ ਹਿੱਸਾ ਹੈ । ਕਾਂਗਰਸ ਦੀ ਭਾਵੇਂ ਸਰਕਾਰ ਹੈ ਪਰ ਸੋਚ ਦੀ ਸੂਈ ਉਨ੍ਹਾਂ ਵੀ ਉੱਥੇ ਹੀ ਟਿਕਾ ਰੱਖੀ ਹੈ ਕਿ ਆਉਣ ਵਾਲੇ ਦਿਨਾਂ ਨੂੰ ਕਿਸ ਸਾਧ ਦੀ ਭੂਰੀ ਤੇ ਇਕੱਠ ਹੋਵੇਗਾ ।

ਜੇਕਰ ਸਰਕਾਰ ਵੱਲੋਂ ਬੇਅਦਬੀ ਵਿੱਚ ਸ਼ਾਮਲ ਸਾਰੇ ਦੋਸ਼ੀਆਂ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਖੜ੍ਹਾ ਨਹੀਂ ਕੀਤਾ ਜਾਂਦਾ ਤਾਂ ਸਿੱਖਾਂ ਵਿੱਚ ਰੋਸ ਵਧਣਾ ਸੁਭਾਵਕ ਹੈ ਜਿਸ ਦਾ ਨੁਕਸਾਨ ਕਾਂਗਰਸ ਤੇ ਅਕਾਲੀ ਦਲ ਨੂੰ ਪਤਾ ਨਹੀਂ ਕਿਸ ਦਿਸ਼ਾ ਵਿਚ ਖੜ੍ਹਾ ਕਰ ਦੇਵੇ । ਇਸ ਸਾਰੇ ਸਿਆਸੀ ਤੇ ਧਾਰਮਿਕ ਘਟਨਾਕਰਮ ਤੇ ਡੂੰਘੀ ਝਾਤ ਮਾਰਦਿਆਂ ਇਹ ਸਮਝ ਜ਼ਰੂਰ ਪੈਂਦਾ ਹੈ ਕਿ ਇਸ ਸਮੇਂ ਬਠਿੰਡਾ ਪੰਥਕ ਸਰਗਰਮੀਆਂ ਦੀ ਰਾਜਧਾਨੀ ਬਣ ਚੁੱਕਿਆ ਨਜ਼ਰ ਆਉਂਦਾ ਹੈ । ਸਿੱਖ ਭਾਈਚਾਰੇ ਦੇ ਵਲੂੰਧਰੇ ਹਿਰਦਿਆਂ ਤੇ ਮੱਲਮ ਲਾਉਣ, ਤਹਿਸ ਨਹਿਸ਼ ਹੋ ਚੁੱਕੇ ਸਿਆਸੀ ਤਾਣੇ ਬਾਣੇ ਨੂੰ ਸੁਲਝਾਉਣ ਅਤੇ ਸਮੂਹ ਨਾਨਕ ਨਾਮ ਲੇਵਾ ਪੰਥਕ ਕੇਡਰ ਨੂੰ ਲੀਹ ਤੇ ਲਿਆਉਣ ਲਈ ਇੱਕ ਵੱਡਾ ਪਲੇਟ ਫਾਰਮ ਬਠਿੰਡਾ ਦੀ ਧਰਤੀ ਤੇ ਕਾਇਮ ਕੀਤਾ ਗਿਆ ਹੈ ਜਿਸ ਦੀ ਰੂਪ ਰੇਖਾ ਇੱਕ ਸਾਬਕਾ ਕਾਨੂੰਨਦਾਨ ਤੇ ਪੰਥਕ ਸਰਕਾਰ ਮੌਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਕਿਸੇ ਸਮੇਂ  ਸੱਜੀ ਬਾਂਹ ਮੰਨੇ ਜਾਂਦੇ ਇਮਾਨਦਾਰ ਤੇ ਲਿਆਕਤੀ ਸੂਝ ਬੂਝ ਦੇ ਨਾਲ ਨਾਲ ਸਿਆਸੀ ਅਲਜਬਰੇ ਤੋਂ ਜਾਣੂ ਹਸਤੀ ਵੱਲੋਂ ਤਿਆਰ ਕੀਤੀ ਜਾ ਰਹੀ ਹੈ । ਜੇਕਰ ਇਹ  ਸਿਆਸੀ ਤੇ ਧਾਰਮਿਕ ਜੋੜ ਤੋੜ ਆਪਣੇ ਮੁਕਾਮ ਤੇ ਪਹੁੰਚਦੇ ਹਨ ਤਾਂ ਪੰਜਾਬੀਆਂ ਨੂੰ ਜਿਸ ਵੱਖਰੀ ਤੇ ਨਿਆਰੀ ਧਿਰ ਦੀ ਜ਼ਰੂਰਤ ਸੀ ਉਸ ਦੇ ਦਰਸ਼ਨ ਜ਼ਰੂਰ ਕਰਨ ਨੂੰ ਮਿਲ ਸਕਦੇ ਨੇ।

ਇਹ ਵੀ ਸੱਚ ਹੈ ਜੇਕਰ ਹੁਣ ਸਾਰੀਆਂ ਸਿਆਸੀ ਤੇ ਧਾਰਮਿਕ ਧਿਰਾਂ ਟੁੱਟੀ ਹੋਈ ਮਾਲਾ ਦੇ ਮੋਤੀਆਂ ਵਾਂਗ ਆਪਣਾ ਰਾਗ ਅਲਾਪ ਦੀਆਂ ਰਹੀਆਂ ਜੋ ਉਹ ਪਿਛਲੇ ਸਮੇਂ ਵਿੱਚ ਕਰਦੀਆਂ ਰਹੀਆਂ ਹਨ ਤਾਂ ਉਹ ਭੁੱਲ ਜਾਵਣ ਕੇ ਜਿਹੜਾ ਬੀੜਾ ਉਨ੍ਹਾਂ ਨੇ ਅਕਾਲੀ ਦਲ ਤੇ ਧਾਰਮਿਕ ਖੇਤਰ ਵਿਚ ਆਏ ਨਿਘਾਰ ਨੂੰ ਦੂਰ ਕਰਨ ਅਤੇ ਇੱਕ ਪਰਿਵਾਰ ਦੇ ਕਬਜ਼ੇ ਨੂੰ ਮੁੱਢੋਂ ਖ਼ਤਮ ਕਰਨ ਲਈ ਚੁੱਕਿਐ ਉਹ ਉਸ ਵਿੱਚ ਕਾਮਯਾਬ ਹੋਣਗੀਆਂ । ਕਿਉਂਕਿ ਇਤਿਹਾਸ ਕਹਿੰਦਾ ਹੈ ਕੁਝ ਕਰਨ ਤੇ ਪਾਉਣ ਦੇ ਲਈ ਕੁਝ ਖੋਣਾ ਵੀ ਪੈਂਦਾ ਹੈ ਇਸ ਲਈ ਸਾਰਿਆਂ ਨੂੰ ਤਿਆਗ ਦੀ ਆਦਤ ਨੂੰ ਪਹਿਲਾ ਤੋਂ ਆਪਣੇ ਤੇ ਲਾਗੂ ਕਰਨਾ ਪਵੇਗਾ ਫਿਰ ਅੱਗੇ ਜਾ ਕੇ ਧਰਮ ਤੇ ਸਿਆਸਤ ਦੇ ਖੇਤਰ ਵਿਚ ਉੱਠੇ ਨਵੇਂ ਸਮੀਕਰਨ ਆਪਣਾ ਰਸਤਾ ਤੈਅ ਕਰ ਸਕਦੇ  ਹਨ ।

ਮਨਜਿੰਦਰ ਸਿੰਘ ਸਰੌਦ
ਮੁੱਖ ਪ੍ਰਚਾਰ ਸਕੱਤਰ
ਵਿਸ਼ਵ ਪੰਜਾਬੀ ਲੇਖਕ ਮੰਚ
9463463136

11 Oct. 2018

ਸੌਖਾ ਨਹੀਂ ਹੋਵੇਗਾ ਅਕਾਲੀ ਦਲ ਦਾ ਹੁਣ ਅਗਲਾ ਸਿਆਸੀ ਸਫ਼ਰ - ਮਨਜਿੰਦਰ ਸਿੰਘ ਸਰੌਦ

ਕਛਹਿਰੇ ਪਰਨੇ ਮੋਢੇ ਰੱਖ ਕੇ ਮੋਰਚਿਆਂ ਵਿੱਚ ਜਾਣ ਵਾਲੇ ਜੁਝਾਰੂ ਵਰਕਰਾਂ ਦੀ ਆਈ ਘਾਟ

ਸਿੱਖ ਮੁੱਦਿਆਂ ਤੇ ਜੋ ਰੋਲ ਅਕਾਲੀ ਦਲ ਨੂੰ ਕਰਨਾ ਚਾਹੀਦਾ ਸੀ ਉਹ ਕਰ ਰਹੀ ਹੈ ਕਾਂਗਰਸ

ਲੱਗਭਗ ਅਠੰਨਵੇਂ ਸਾਲ ਪਹਿਲਾਂ ਸਿੱਖਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦਾ ਗਠਨ ਕੀਤਾ ਗਿਆ ਜਿਸ ਦੇ ਪਹਿਲੇ ਪ੍ਰਧਾਨ ਸਰਦਾਰ ਸਰਮੁੱਖ ਸਿੰਘ ਝਬਾਲ ਬਣੇ ਇਸ ਜਥੇਬੰਦੀ ਨੇ ਸਿੱਖੀ ਦੀ ਹੋਂਦ ਨੂੰ ਬਰਕਰਾਰ ਰੱਖਣ ਦੇ ਲਈ ਵੱਡੀ  ਜੱਦੋ ਜਹਿਦ ਕੀਤੀ ਅਤੇ ਨੰਗੇ ਧੜ ਪੰਜਾਬੀਆਂ ਦੇ ਲਈ ਸੰਘਰਸ਼ ਕਰ ਮੋਰਚਿਆਂ ਤੇ ਭੁੱਖਣ ਭਾਣੇ ਰਹਿ ਕੇ ਸਮੇਂ ਦੀਆਂ ਸਰਕਾਰਾਂ ਨਾਲ ਮੱਥਾ ਲਾਇਆ ਅਤੇ ਆਪਣੇ ਘਰ ਪਰਿਵਾਰਾਂ ਦੀ ਪ੍ਰਵਾਹ ਨਾ ਕਰਦਿਆਂ ਕੌਮੀ ਹਿੱਤਾਂ ਨੂੰ ਪਹਿਲ ਦਿੰਦਿਆਂ ਨਿੱਜੀ ਗਰਜ਼ਾਂ ਨੂੰ ਵਿਸਾਰ ਸਦਾ ਦੂਜਿਆਂ ਦੇ ਲਈ ਜੇਲ੍ਹਾਂ ਜਾਣ  ਤੱਕ ਨੂੰ ਪ੍ਰਵਾਨ ਕੀਤਾ ਸ਼ੁਰੂ ਵਿੱਚ ਜੋ ਵੀ ਅਕਾਲੀ ਦਲ ਦਾ ਪ੍ਰਧਾਨ ਬਣਿਆ ਸਾਦਗੀ ਤੇ ਈਮਾਨਦਾਰੀ  ਦੇ ਮੁਜੱਸਮੇ ਦੇ ਰੂਪ ਵਿੱਚ ਕੇਵਲ ਤੇ ਕੇਵਲ ਉਸ ਨੇ ਕੌਮੀ ਜਾਂ ਸੂਬੇ ਲਈ ਲੜ ਮਰ ਕੇ ਆਪਣੇ ਹੱਕ ਹਾਸਲ ਕਰਨ ਨੂੰ ਪਹਿਲ ਦਿੱਤੀ ।

ਸਮਾਂ ਆਪਣੀ ਚਾਲੇ ਚੱਲਦਾ ਰਿਹਾ ਸਰਕਾਰਾਂ ਬਣ ਬਣ ਕੇ ਟੁੱਟਦੀਆਂ ਰਹੀਆਂ ਅਕਾਲੀ ਦਲ ਤੇ ਮਾੜੇ ਸਮੇਂ ਆਉਂਦੇ ਰਹੇ ਪਰ ਇਸ ਦੇ ਆਗੂ ਸਦਾ ਹੀ ਪਾਰਟੀ ਨੂੰ ਮੰਝਧਾਰ ਵਿੱਚੋਂ ਕੱਢ ਕੇ ਮੁੜ ਸੰਘਰਸ਼ ਦੇ ਰਾਹ ਦੇ ਮੋਢੀ ਬਣ ਕੇ ਵਿਚਰੇ ਫਿਰ ਇੱਕ ਸਮਾਂ ਅਜਿਹਾ ਆਇਆ ਜਦ ਅਕਾਲੀ ਦਲ ਨੇ 1995 ਨੂੰ ਮੋਗੇ ਦੀ ਕਾਨਫਰੰਸ ਸਮੇਂ ਆਪਣੇ ਆਪ ਨੂੰ ਸਿੱਖਾਂ ਦੀ ਮਾਂ ਪਾਰਟੀ ਅਖਵਾਉਣ ਦੀ ਬਜਾਏ ਪੰਜਾਬੀ ਪਾਰਟੀ ਵਿੱਚ ਤਬਦੀਲ ਕੀਤਾ ਤੇ ਇਸ ਮਹਾਨ ਜਥੇਬੰਦੀ ਦੀ ਕਮਾਡ ਇੱਕ ਪਰਿਵਾਰ ਦੇ ਹੱਥ  ਸੌਂਪਣ ਦੀ ਕਵਾਇਦ ਸ਼ੁਰੂ ਹੋਈ ਉਸ ਤੋਂ ਬਾਅਦ  ਭਾਰਤੀ ਜਨਤਾ ਪਾਰਟੀ ਨਾਲ ਸਮਝੌਤੇ ਦੀ ਰਾਜਨੀਤੀ ਤੇ ਪੱਕੀ ਮੋਹਰ ਲੱਗ ਗਈ ਫਿਰ ਅਗਲਾ ਸਫ਼ਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਸ਼ੁਰੂ ਹੋਇਆ ਉਤਰਾਅ ਚੜ੍ਹਾਅ ਆਉਂਦੇ ਰਹੇ ,ਪੰਥ ਨੂੰ ਭੀੜ ਪਈ, ਦੇ ਨਾਂ ਤੇ ਵੋਟਾਂ ਦਾ ਪੱਤਾ ਖੇਡਿਆ ਜਾਂਦਾ ਰਿਹਾ ਵਿਚਾਰੇ ਸਿੱਖ ,ਪੰਥ ਨੂੰ ਆਂਚ ਨਹੀਂ ਆਉਣ ਦਿਆਂਗੇ, ਤੇ ਮੋਹਰਾਂ  ਲਾਕੇ ਸਰਕਾਰਾਂ ਬਣਾਉਂਦੇ ਰਹੇ ਭੋਲੇ ਭਾਲੇ ਪੇਂਡੂਆਂ ਨੂੰ ਕੀ ਪਤਾ ਸੀ ਕਿ ਤੁਸੀਂ ਹੌਲੀ ਹੌਲੀ ਇੱਕ ਵਿਉਂਤਬੰਦੀ ਨਾਲ ਬੁਣੇ ਜਾਲ ਵਿੱਚ ਫਸਦੇ ਜਾ ਰਹੇ ਹੋ !  2੦੦7 ਤੋਂ  ਲੈਕੇ 2੦17  ਤੱਕ ਅਕਾਲੀ ਦਲ ਨੇ  ਇੱਕ ਦਹਾਕਾ ਰਾਜ ਕੀਤਾ ਇਸੇ ਕਾਰਜਕਾਲ ਦੌਰਾਨ  2੦15 ਦਾ  ਵਰ੍ਹਾ ਅਜਿਹਾ ਆਇਆ ਜੋ ਸਿੱਖਾਂ ਦੀ ਇਸ ਮਾਂ ਪਾਰਟੀ ਦੇ ਆਗੂਆਂ ਦੇ ਮੱਥੇ ਤੇ ਇੱਕ ਮਾੜੇ ਧੱਬੇ ਦੇ ਰੂਪ ਵਿੱਚ ਆਪਣੇ ਨਿਸ਼ਾਨ ਬਾਕੀ ਛੱਡ ਗਿਆ ਜਿਸ ਅਪਣੇ ਇਸਟ ਨੂੰ ਹਰ ਸਿੱਖ ਸਵੱਖਤੇ ਸੀਸ ਚੁਕਾਉਂਦਾ ਹੈ ਉਸ ਦੀ ਹੀ ਬੇਅਦਬੀ ਕਰਨ ਵਾਲਿਆਂ ਦੇ ਨਾਲ ਅਕਾਲੀ ਦਲ ਦੇ ਆਗੂਆਂ ਦੀ ਸਾਂਝ ਪਿਆਲੀ ਦੇ ਗਹਿਰੇ ਇਲਜ਼ਾਮ ਲੱਗੇ ਦੋ ਸਿੱਖ ਨੌਜਵਾਨਾਂ ਦੀ ਮੌਤ ਇਸ ਸਾਰੇ ਘਟਨਾਕ੍ਰਮ ਦੌਰਾਨ ਹੋਈ ਆਪਣੇ ਰਹਿਬਰ ਦੀ ਬੇਅਦਬੀ ਦਾ ਇਨਸਾਫ ਲੈਣ ਲਈ ਧਰਨਾ ਦੇ ਰਹੀਆਂ ਸਿੱਖ ਸੰਗਤਾਂ ਅਤੇ ਸਿੱਖ ਪ੍ਰਚਾਰਕਾਂ ਤੇ ਗੋਲੀਆਂ ਚੱਲੀਆਂ ਤੇ ਭਿਆਨਕ ਲਾਠੀਚਾਰਜ ਹੋਇਆ।

ਸਾਰੇ ਪੰਜਾਬ ਦੇ ਵਿੱਚ ਅੱਗ ਮੱਚ ਉਠੀ ਸਿਰਸੇ ਵਾਲੇ ਨੂੰ ਮੁਆਫੀ ਦੇਣ ਤੋਂ ਸ਼ੁਰੂ ਹੋਇਆ ਇਹ ਨਰਸੰਘਾਰ ਲੰਬਾ ਸਮਾਂ ਸਿੱਖਾਂ ਦੀ ਹਿੱਕ ਤੇ ਮੂੰਗ ਦਲਦਾ ਰਿਹਾ ਉਸ ਸਮੇਂ ਅਜੇ ਅਕਾਲੀ ਦਲ ਬੀਜੇਪੀ ਦੀ ਸਾਂਝੀ ਸਰਕਾਰ ਦਾ ਕਰੀਬ ਡੇਢ ਸਾਲ ਬਾਕੀ ਸੀ ਇੰਨਾ ਸਭ ਕੁਝ ਹੋਣ ਤੇ ਕਈ ਕਮਿਸ਼ਨ ਬਣੇ ਐੱਸਆਈਟੀ ਦਾ ਗਠਨ ਕੀਤਾ ਗਿਆ ਸਿੱਖ ਸੰਗਤ ਨੂੰ ਇਨਸਾਫ਼ ਦੇ ਨਾਂ ਤੇ ਸਿਰਫ ਫੋਕੇ ਲਾਰੇ ਦਿੱਤੇ ਗਏ ਪੁਲਿਸ ਵੀ ਅਣਪਛਾਤੀ ਕਰਾਰ ਦੇ ਦਿੱਤੀ ਗਈ ਜੋ ਜੋ ਵੀ ਹੋਇਆ ਸਾਰਾ ਕੁਝ ਪੰਥਕ ਸਰਕਾਰ ਦੌਰਾਨ ਹੋਇਆ 2੦17 ਦੀ ਚੋਣ ਹੋਈ ਕਾਂਗਰਸ ਨੇ ਭਾਰੀ ਜਿਤ ਪ੍ਰਾਪਤ ਕੀਤੀ ਸਿੱਖਾਂ ਦੀ ਮਾਂ ਪਾਰਟੀ ਨੂੰ ਪੰਜਾਬੀਆਂ ਨੇ ਤੀਜੇ ਆਖਰੀ ਨੰਬਰ ਤੇ ਨਕਾਰ ਦਿੱਤਾ ਆਪ ਪਾਰਟੀ ਵਾਲੇ ਵੀ ਚੰਗਾ ਜਲਵਾ ਵਿਖਾ ਗ?ੇ ਫਿਰ ਸ਼ੁਰੂ ਹੋਇਆ ਜਸਟਿਸ ਰਣਜੀਤ ਸਿੰਘ  ਸਿੰਘ ਦੀ ਰਿਪੋਰਟ ਦੀਆਂ ਪਰਤਾਂ ਖੋਲ੍ਹਣ ਦਾ ਸਿਲਸਿਲਾ ! ਵਿਧਾਨ ਸਭਾ ਅੰਦਰ ਕਾਂਗਰਸ ਦੇ ਕਈ ਵਜ਼ੀਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਬੇਅਦਬੀ ਮਾਮਲੇ ਤੇ ਝੋਲੀ ਅੱਡ ਕੇ ਇਨਸਾਫ ਮੰਗਦੇ ਨਜ਼ਰ ਆਏ ਤੇ ਅਕਾਲੀ ਦਲ ਇੱਥੇ ਵੀ ਮਾਰ ਖਾ ਗਿਆ ਵਾਕਆਊਟ ਕਰਕੇ ।

ਪਹਿਲੀ ਮਾਰ ਅਤੇ ਜ਼ਲਾਲਤ ਸਿਰਸੇ ਵਾਲੇ ਨੂੰ ਮੁਆਫੀ ਦੇ ਕੇ ਤੇ ਫਿਰ ਰੱਦ ਕਰਕੇ ਖੱਟੀ ਜਿਹੜੀ ਆਸ ਸਿੱਖ ਕੌਮ ਨੂੰ ਅਕਾਲੀ ਦਲ ਦੇ ਆਗੂਆਂ ਤੋਂ ਸੀ ਉਸ ਆਸ ਨੂੰ ਪੂਰੀ ਕਰਨ ਦੀਆਂ ਗੱਲਾਂ ਕਾਂਗਰਸ ਤੇ ਆਪ ਵਾਲਿਆਂ ਨੇ ਕੀਤੀਆਂ ਅਕਾਲੀ ਦਲ ਦੇ ਕਿਸੇ ਆਗੂ ਨੇ ਸਿਰਸਾ ਸਾਧ ਦੇ ਖਿਲਾਫ ਇਕ ਸ਼ਬਦ ਵੀ ਨਹੀਂ ਬੋਲਿਆ ਜਦਕਿ ਕਾਂਗਰਸ ਤੇ ਆਪ ਵਾਲੇ ਸਾਧ ਨੂੰ ਪਾਣੀ ਪੀ ਪੀ ਕੇ ਕੋਸਦੇ ਨਜ਼ਰ ਆਏ ਇਸ ਤੋਂ ਸਿਤਮ ਭਰੀ ਗੱਲ ਕੀ ਹੋਵੇਗੀ ਕਿ ਅੱਜ ਵੀ ਅਕਾਲੀ ਦਲ ਦੇ ਕਿਸੇ ਨੇਤਾ ਦੀ ਜਬਾਨ ਤੇ ਸਰਸੇ ਵਾਲੇ ਸਾਧ ਦਾ ਨਾਮ ਲੈਣ ਤੋਂ ਝਿਜਕ ਵੱਟੀ ਨਜ਼ਰ ਆਉਂਦੀ ਹੈ ਸੋਸ਼ਲ ਮੀਡੀਏ ਰਾਹੀਂ ਅਕਾਲ ਤਖ਼ਤ ਦੇ ਜਥੇਦਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ  ਅਕਾਲੀ ਸੁਪਰੀਮੋ  ਤੇ  ਭੱਦੀਆਂ ਟਿੱਪਣੀਆਂ ਹੁਣ ਆਮ ਗੱਲ ਹੋ ਚੁੱਕੀ ਹੈ ਅਕਾਲੀ ਦਲ ਜਿਹੀ ਮਹਾਨ ਪਾਰਟੀ ਦੇ ਪ੍ਰਧਾਨ ਪ੍ਰਤੀ ਘਟੀਆ ਤੋਂ ਘਟੀਆ ਸ਼ਬਦਾਵਲੀ ਕਿਤੇ ਨਾ ਕਿਤੇ ਇਸ ਉੱਚ ਸੰਸਥਾ ਦੇ ਡਿੱਗ ਚੁੱਕੇ ਵਕਾਰ ਦੀ ਨਿਸ਼ਾਨੀ ਹੀ ਹੈ।

ਇਸੇ ਦੌਰਾਨ ਬਰਗਾੜੀ ਇਨਸਾਫ ਮੋਰਚਾ ਆਰੰਭ ਹੋਇਆ ਜਿਸ ਨੂੰ ਮਿਲ ਰਿਹਾ ਸਮਰਥਨ ਵੀ ਅਕਾਲੀ ਦਲ  ਨੂੰ ਰਾਸ ਨਹੀਂ ਆ ਰਿਹਾ ਜਿਸ ਤੋਂ ਤੈਸ਼ ਵਿਚ ਆ ਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਉਨ੍ਹਾਂ ਨੂੰ ਅੱਤਵਾਦੀ ਕਹਿਣਾ ਸ਼ੁਰੂ ਕਰ ਦਿੱਤਾ ਜਿਸ ਦਾ ਪਿੰਡਾਂ ਦੀਆਂ ਸੱਥਾਂ ਵਿੱਚ ਬੈਠੇ ਲੋਕਾਂ ਨੇ ਵੀ ਬੁਰਾ ਮਨਾਇਆ ਅਕਾਲੀ ਦਲ ਇੱਕ ਤੋਂ ਬਾਅਦ ਇੱਕ ਗ਼ਲਤੀਆਂ ਕਰ ਕਿ ਧਰਮੀ ਦਲਦਲ ਵਿੱਚ ਧਸਦਾ ਚਲਿਆ ਗਿਆ ਇਸ ਦੇ ਉਲਟ ਵਿਰੋਧੀ ਧਿਰਾਂ ਫਾਇਦਾ ਲੈਂਦੀਆਂ ਰਹੀਆਂ ਨੌਬਤ ਇਥੋਂ  ਤੱਕ ਆ ਪਹੁੰਚੀ ਕਿ ਜਿਸ ਪਾਰਟੀ ਨੂੰ ਸਿੱਖ ਅੱਖਾਂ ਤੇ ਬਿਠਾਉਂਦੇ ਸਨ ਉਸ ਦੇ ਆਗੂਆਂ ਨੂੰ ਪਿੰਡਾਂ ਅੰਦਰ ਲੋਕ ਘੇਰਨ ਲੱਗੇ ਵਿਦੇਸ਼ੀ ਵਸਦੇ ਸਿੱਖਾਂ ਦੀ ਨਫ਼ਰਤ ਵੀ ਵਧਦੀ ਚਲੀ ਗਈ ਸਿੱਟੇ ਵਜੋਂ ਪਾਰਟੀ ਅੰਦਰ ਦੱਬੇ ਘੁੱਟੇ ਬੈਠੇ ਟਕਸਾਲੀ ਆਗੂਆਂ ਨੇ ਅੰਗੜਾਈ ਭੰਨੀ ਤੇ ਵਿਦਰੋਹ ਦਾ ਲਾਵਾ ਫੁੱਟਿਆ ਜਿਸ ਦੀ ਸ਼ੁਰੂਆਤ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੇ ਕੀਤੀ ਫਿਰ ਮਾਝੇ ਦੇ ਤਿੰਨ ਧਨੰਤਰ ਆਗੂ ਮੈਦਾਨ ਚ ਨਿੱਤਰੇ ਤੇ ਪਾਰਟੀ ਵਿੱਚ ਆਪਹੁਦਰੇ ਪਣ ਦੀਆਂ ਟੱਪੀਆਂ ਸਾਰੀਆਂ ਹੱਦਾਂ ਨੂੰ ਮਿਟਾਉਣ ਦੇ ਲਈ ਇਕੱਠ ਕੀਤਾ ਉਨ੍ਹਾਂ ਦਾ ਅਸਿੱਧਾ ਚੈਲੰਜ ਪਾਰਟੀ ਪ੍ਰਧਾਨ ਨੂੰ ਸੀ ਇਨ੍ਹਾਂ ਸਾਰੇ ਆਗੂਆਂ ਦੇ ਚਿਹਰੇ ਤੋਂ ਇੱਕ ਪਰਿਵਾਰ ਦੇ ਸਿੱਖਾਂ ਦੀ ਮਾਂ ਪਾਰਟੀ ਤੇ ਕਾਬਜ਼ ਹੋਣ ਦੀ ਚੀਸ ਸਾਫ਼ ਪੜ੍ਹੀ ਜਾ ਸਕਦੀ ਹੈ ਮਾਝੇ ਦੇ ਇਨ੍ਹਾਂ ਟਕਸਾਲੀ ਆਗੂਆਂ ਨੂੰ ਇੱਕ ਵੱਡੇ ਪਰਿਵਾਰ ਦੇ ਰਿਸ਼ਤੇਦਾਰ ਪ੍ਰਤੀ ਕਾਫੀ ਗਿਲਾ ਡੁੱਲ ਡੁੱਲ ਪੈਂਦਾ ਸੀ ਇਧਰ ਮਾਲਵੇ ਦੇ ਦਰਵੇਸ਼ ਸਿਆਸਤਦਾਨ ਤੇ ਟਕਸਾਲੀ ਆਗੂ ਜਿਨ੍ਹਾਂ  ਨੂੰ ਅਕਾਲੀ ਦਲ ਅੰਦਰ  ਦੋ ਜ਼ਿਲ੍ਹਿਆਂ ਦਾ ਸਿਆਸੀ ਸਰਦਾਰ ਵੀ ਆਖਿਆ ਜਾਂਦਾ ਹੈ ਸਰਦਾਰ ਸੁਖਦੇਵ ਸਿੰਘ ਢੀਂਡਸਾ ਦਾ ਸੰਗਰੂਰ ਤੇ ਬਰਨਾਲਾ ਜ਼ਿਲ੍ਹਿਆਂ ਅੰਦਰ ਵੱਡਾ ਆਧਾਰ ਅੱਜ ਵੀ ਬਰਕਰਾਰ ਹੈ ਉਨ੍ਹਾਂ ਨੂੰ ਵੀ ਨੁੱਕਰੇ ਲਾਉਣ ਦੇ ਲਈ ਪਿਛਲੇ ਸਮੇਂ ਅੰਦਰ ਕਾਫੀ ਗੋਂਦਾਂ ਗੁੰਦੀਆਂ ਗਈਆਂ ਜਿਸ ਨੂੰ ਢੀਂਡਸਾ ਪਰਿਵਾਰ ਨਾਲ ਜੁੜੇ ਲੋਕ ਕਦਾਚਿੱਤ ਵੀ ਪ੍ਰਵਾਨ ਨਹੀਂ ਕਰਨਗੇ ਬੇਸ਼ੱਕ ਆਉਂਦੇ ਦਿਨਾਂ ਨੂੰ ਇਨ੍ਹਾਂ ਕੱਦਾਵਰ ਆਗੂਆਂ ਦੀ ਮਿਨਤ ਮਨੌਤ ਕਰਕੇ  ਮੁੜ ਤੋਂ ਪਾਰਟੀ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨਾਲ ਤੋਰ ਲੈਣ ਪਰ ਕਿਤੇ ਨਾ ਕਿਤੇ ਇਨ੍ਹਾਂ ਦੇ ਮਨਾਂ ਅੰਦਰ ਪੈ ਚੁੱਕੀ ਡੂੰਘੀ ਦਰਾਰ ਨੇੜ ਭਵਿੱਖ ਵਿੱਚ ਭਰਨ ਦੀ ਉਮੀਦ ਨਜ਼ਰ ਨਹੀਂ ਆਉਂਦੀ ਹਾਂ ਜੇਕਰ ਤਿੰਨਾਂ ਸਿੱਖ ਸੰਸਥਾਵਾਂ ਦੇ ਅਹੁਦੇਦਾਰਾਂ ਨੂੰ ਉਨ੍ਹਾਂ ਤੋਂ ਵੱਖ ਕਰ ਦਿੱਤਾ ਗਿਆ ਤਾਂ ਸਮੀਕਰਨ ਬਦਲ ਜਾਣਗੇ ਜਿਸ ਦੀ ਉਮੀਦ ਹਾਲ ਦੀ ਘੜੀ ਬਹੁਤ ਘੱਟ ਹੈ।

ਅੱਜ ਪੰਜਾਬ ਦੇ ਲੋਕ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਦੁੱਖਾਂ ਦੀ ਦਾਰੂ ਅਤੇ ਫਿਰ ਉਸ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ , ਬੈਂਸ ਭਰਾ ਅਤੇ  ਨਵਜੋਤ ਸਿੰਘ ਸਿੱਧੂ ਨੂੰ ਪਰਖਣ ਦਾ ਮਨ ਬਣਾਉਣਗੇ ਅਕਾਲੀ ਦਲ ਦਾ ਵੇਲਾ ਤਾਂ ਹੁਣ ਬੀਤ ਚੁੱਕਿਆ ਨਜ਼ਰ ਆਉਂਦੈ ਸੋਚਣਾ ਬਣਦਾ ਹੈ ਕਿ ਜਦੋਂ ਸਰਕਾਰ ਬਣੀ ਨੂੰ ਸਿਰਫ਼ ਡੇਢ ਸਾਲ ਹੋਇਆ ਹੋਵੇ ਤਾਂ ਵਿਰੋਧੀ ਧਿਰਾਂ ਨੂੰ ਸਰਕਾਰ ਨੂੰ ਕੰਮ ਕਰਨ ਦੇਣਾ ਚਾਹੀਦਾ ਹੈ ਨਾ ਕਿ ਰੈਲੀਆਂ ਕਰ ਹੋ ਹੱਲਾ ਕਰਨ ਨੂੰ ਤਰਜੀਹ ਦੇਣੀ ਬਣਦੀ ਹੈ   ਰੱਬ ਕਰੇ ਪੰਜਾਬ ਸ਼ਾਂਤ ਰਹੇ ਸਿਆਸੀ ਲੋਕ ਠੰਢੇ ਮਨ ਨਾਲ ਸੋਚਣ ਇਸ ਵਿੱਚ ਹੀ ਸਭਦੀ ਭਲਾਈ ਹੈ।

ਮਨਜਿੰਦਰ ਸਿੰਘ ਸਰੌਦ
ਮੁੱਖ ਪ੍ਰਚਾਰ ਸਕੱਤਰ
ਵਿਸ਼ਵ ਪੰਜਾਬੀ ਲੇਖਕ ਮੰਚ
9463463136

2 Oct. 2018