Manjinder Singh Kala Saroud

ਕੌੜੀਆਂ-ਕੁਸੈਲੀਆਂ 'ਯਾਦਾਂ' ਦੇ ਨਾਮ ਰਿਹਾ ਬੀਤਿਆ ਵਰ੍ਹਾ -2020 - ਮਨਜਿੰਦਰ ਸਿੰਘ ਸਰੌਦ 

ਪੂਰੀ ਦੁਨੀਆਂ ਦੇ ਇਤਿਹਾਸ ਅੰਦਰ ਝਾਤੀ ਮਾਰਦਿਆਂ ਕਿਧਰੇ ਵੀ ਇਹ ਵਿਖਾਈ ਨਹੀਂ ਦਿੰਦਾ ਕਿ ਜਦ 'ਇੱਕ ਵਾਇਰਸ' ਦੇ ਕਾਰਨ ਪਰਿੰਦੇ ਬਾਹਰ ਅਤੇ ਇਨਸਾਨ ਘਰਾਂ ਅੰਦਰ ਡੱਕੇ ਜਾਣ , ਜਹਾਜ਼ ਹਵਾਈ ਅੱਡਿਆਂ ਚੋਂ ਨਿਕਲਣੇ ਬੰਦ ਹੋਏ ਹੋਣ , ਰੇਲ ਗੱਡੀਆਂ ਦੇ ਚੱਕਿਆਂ ਨੂੰ ਜੰਗਾਲ ਲੱਗਿਆ ਹੋਵੇ , ਸਿੱਖਿਆ ਤੰਤਰ ਇੱਕ ਤਰ੍ਹਾਂ ਨਾਲ ਨੇਸਤੋਂ-ਨਾਬੂਦ ਹੋਣ ਹੋਣ ਤੋਂ ਬਾਅਦ ਪੂਰੀ ਚਮਕ-ਦਮਕ ਨਾਲ ਭਰਪੂਰ ਖੇਤਰ ਗੁੰਮਨਾਮੀ ਦੇ ਹਨੇਰੇ ਵਿੱਚ ਗੁਆਚ ਚੁੱਕੇ ਹੋਣ ਤੋਂ ਇਲਾਵਾਂ ਲੱਖਾਂ ਇਨਸਾਨੀ ਜ਼ਿੰਦਗੀਆਂ ਨੇ ਇੰਨੇ ਥੋੜ੍ਹੇ ਸਮੇਂ ਅੰਦਰ ਇਸ ਸੰਸਾਰ ਤੋਂ ਕੂਚ ਕੀਤਾ ਹੋਵੇ ਅਤੇ ਜਦ ਇਨਸਾਨੀ ਆਸਥਾ ਦੇ ਕੇਂਦਰਾਂ ਤੱਕ ਦੇ ਬੂਹੇ ਭੇੜ ਦਿੱਤੇ ਜਾਵਣ ਤਾਂ ਵਾਕਿਆ ਹੀ ਅਜਿਹੇ ਸਮੇਂ ਨੂੰ ਇਤਿਹਾਸ ਦੇ ਪੰਨਿਆਂ ਅੰਦਰ ਮਾੜਾ ਲਿਖਿਆ ਜਾਵੇਗਾ । ਬਿਨਾਂ ਸ਼ੱਕ ਲੰਘੇ ਵਰ੍ਹੇ 2020 ਨੇ ਆਪਣੇ ਨਾਂ ਦਾ ਖ਼ੌਫ਼ ਇਨਸਾਨੀ ਮਨਾਂ ਅੰਦਰ ਬੁਰੀ ਤਰ੍ਹਾਂ ਸਿਰਜ ਦਿੱਤਾ  ।
‎           ਲੰਘੇ ਵਰ੍ਹੇ ਦੇਸ਼ ਅੰਦਰ ਵਾਪਰੀਆਂ ਕਈ ਵੱਡੀਆਂ ਘਟਨਾਵਾਂ , ਕੋਰੋਨਾ ਮਹਾਂਮਾਰੀ ਤੋਂ ਲੈ ਕੇ ਨਾਗਰਿਕਤਾ ਸੋਧ ਬਿੱਲ ਅਤੇ ਖੇਤੀ ਸਬੰਧੀ ਬਣਾਏ ਕਾਨੂੰਨਾਂ ਨੂੰ ਲੈ ਕੇ ਚੱਲ ਰਹੇ ਕਿਸਾਨੀ ਸੰਘਰਸ਼ ਨੇ ਆਮ ਜਨਤਾ ਨੂੰ ਇਹ ਕਹਿਣ ਲਈ ਮਜਬੂਰ ਕਰ ਦਿੱਤਾ ਕਿ ਉਨ੍ਹਾਂ ਨੇ ਅਜਿਹਾ ਸਮਾਂ ਆਪਣੀ ਪੂਰੀ ਉਮਰ ਵਿੱਚ ਕਦੇ ਨਹੀਂ ਵੇਖਿਆ । ਭਾਰਤ ਅੰਦਰ ਕੋਰੋਨਾ ਦੇ ਸ਼ੁਰੂਆਤੀ ਦੌਰ ਸਮੇਂ ਬਿਮਾਰੀ ਦੇ ਕਰੂਪ ਚਿਹਰੇ ਦੇ ਨਾਲ-ਨਾਲ ਪੁਲਿਸ ਦੇ ਵਹਿਸ਼ੀਆਨਾ ਵਤੀਰੇ ਦੀ ਰੱਜ ਕੇ ਚਰਚਾ ਹੋਈ । ਕਿੰਝ ਆਮ ਜਨਤਾ ਨੂੰ ਬਿਮਾਰੀ ਤੋਂ ਬਚਾਉਣ ਦੇ ਨਾਂ ਤੇ ਘਰਾਂ ਵਿੱਚ ਤੁੰਨਣ ਦੇ ਲਈ ਉਨ੍ਹਾਂ ਨੂੰ ਖੂਨ ਨਾਲ ਲੱਥਪੱਥ ਕੀਤਾ ਗਿਆ ਇਹ ਆਪਣੇ ਆਪ ਵਿੱਚ ਇੱਕ ਵਿਲੱਖਣਤਾ ਭਰਪੂਰ ਘਟਨਾਵਾਂ ਸਨ । ਇਤਿਹਾਸ ਵਿੱਚ ਸ਼ਾਇਦ ਇਹ ਪਹਿਲਾ ਸਮਾਂ ਸੀ ਜਦ ਲਗਪਗ ਬਹੁਤ ਸਾਰੇ ਦੇਸ਼ਾਂ ਦੇ ਹਵਾਈ ਅੱਡਿਆਂ ਤੇ ਇਨਸਾਨਾਂ ਦਾ ਦਾਖਲਾ ਬੰਦ ਸੀ ਅਤੇ ਰੇਲਵੇ ਸਟੇਸ਼ਨਾਂ ਤੇ ਖਡ਼੍ਹੀਆਂ ਰੇਲ ਗੱਡੀਆਂ ਦੇ ਚੱਕਿਆਂ ਨੂੰ ਜੰਗਾਲ ਨੇ ਘੇਰਾ ਪਾ ਲਿਆ ਸੀ ।
‎              ਇਹ ਵੀ ਸ਼ਾਇਦ ਪਹਿਲੀ ਵਾਰ ਹੀ ਵਾਪਰਿਆ ਹੈ ਕਿ ਜਦ ਲੋਕਾਂ ਨੂੰ ਆਪਣੇ ਹੀ ਘਰਾਂ ਵਿੱਚ ਜਾਣ ਲਈ ਲੇਲ੍ਹੜੀਆਂ ਕੱਢਣੀਆਂ ਪੈ ਰਹੀਆਂ ਹੋਣ 'ਤੇ ਉਨ੍ਹਾਂ ਨੇ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੁਰ ਕੇ ਤੈਅ ਕੀਤਾ ਹੋਵੇ ਅਤੇ ਕਾਰੋਬਾਰ ਬੁਰੀ ਤਰ੍ਹਾਂ ਖ਼ਤਮ ਹੋਏ ਹੋਣ । ਇਸਦੇ ਨਾਲ ਹੀ ਲੰਘੇ ਸਮੇਂ ਨਾਗਰਿਕਤਾ ਸੋਧ ਬਿੱਲ ਨੂੰ ਲੈ ਕੇ ਇੱਕ ਭਾਈਚਾਰੇ ਦੇ ਬਹੁਤ ਸਾਰੇ ਲੋਕਾਂ ਦਾ ਕੀਮਤੀ ਸਮਾਂ ਧਰਨਿਆਂ ਮੁਜ਼ਾਹਰਿਆਂ ਰਾਹੀਂ ਸੜਕਾਂ ਤੇ ਬੀਤਿਆ , ਉਨ੍ਹਾਂ ਵੱਲੋਂ ਇਹ ਇਹ ਕਾਨੂੰਨ ਰੱਦ ਕਰਵਾਉਣ ਨੂੰ ਲੈ ਕੇ ਲੰਬੀ ਜੱਦੋ-ਜਹਿਦ ਕੀਤੀ । ਕਈ ਸ਼ਹਿਰਾਂ ਅੰਦਰ ਧਰਨੇ ਮੁਜ਼ਾਹਰੇ ਅਤੇ ਹੜਤਾਲਾਂ ਦੌਰਾਨ ਪੁਲਿਸ ਦੇ ਨਾਲ ਝੜਪਾਂ ਵੀ ਹੋਈਆਂ ਪਰ ਕਨੂੰਨ ਫਿਰ ਵੀ ਰੱਦ ਨਾ ਹੋਏ । ਇਸ ਤੋਂ ਇਲਾਵਾ ਬੌਲੀਵੁੱਡ ਦੇ ਕਈ ਨਾਮੀ ਕਲਾਕਾਰ ਵੀ ਇਸ ਵਰ੍ਹੇ ਆਪਣੇ ਚਾਹੁਣ ਵਾਲਿਆਂ ਨੂੰ ਸਦਾ ਲਈ ਛੱਡ ਕੇ ਤੁਰ ਗਏ ਅਤੇ ਫ਼ਿਲਮੀ ਖੇਤਰ ਅੰਦਰ ਪੂਰੀ ਤਰ੍ਹਾਂ ਮੰਦੀ ਛਾਈ ਰਹੀ ।    
‎         ਹੁਣ ਪਿਛਲੇ ਲਗਪਗ ਤਿੰਨ ਮਹੀਨਿਆਂ ਤੋਂ ਕਿਸਾਨ ਭਾਈਚਾਰਾ ਕੇਂਦਰੀ ਹਕੂਮਤ ਵੱਲੋਂ ਨਵੇਂ ਬਣਾਏ ਖੇਤੀ ਕਾਨੂੰਨਾਂ ਨੂੰ ਲੈ ਕੇ ਆਪਣੇ ਘਰ ਪਰਿਵਾਰਾਂ ਨੂੰ ਤਿਆਗ ਛੋਟੇ-ਛੋਟੇ ਬੱਚਿਆਂ ਸਮੇਤ ਸੜਕਾਂ ਤੇ ਰੁੱਲ ਰਿਹਾ ਹੈ । ਪੰਜਾਬ ਤੋਂ ਸ਼ੁਰੂ ਹੋਇਆ ਇਹ ਲੋਕ ਅੰਦੋਲਨ ਹੌਲੀ-ਹੌਲੀ ਹੁਣ ਦੇਸ਼ ਵਿਆਪੀ ਹੋ ਕੇ ਦੇਸ਼ ਦੇ ਬਾਕੀ ਹਿੱਸਿਆਂ ਵਿਚ ਫੈਲ ਚੁੱਕਿਆ ਹੈ ਇਸ ਅੰਦੋਲਨ ਦੀ ਸਭ ਤੋਂ ਵਿਲੱਖਣ ਤਾਂ ਭਰੀ ਗੱਲ ਇਹ ਹੈ ਕਿ ਇਹ ਸ਼ਾਂਤਮਈ ਹੋਣ ਦੇ ਨਾਲ-ਨਾਲ ਪੂਰੀ ਦੁਨੀਆਂ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਅੰਦੋਲਨ ਗਿਣਿਆ ਜਾਣ ਲੱਗਾ ਹੈ । ਕਿਸਾਨੀ ਦਾ ਇਹ ਮਹਾਂ ਅੰਦੋਲਨ ਵੀ ਲੰਘੇ ਵਰ੍ਹੇ ਦੇ ਹਿੱਸੇ ਹੀ ਗਿਆ ਹੈ । ਭਾਵੇਂ ਇਸ ਅੰਦੋਲਨ ਅੰਦਰ ਲਗਪਗ 40 ਦੇ ਕਰੀਬ ਬੇਸ਼ਕੀਮਤੀ ਜਾਨਾਂ ਇਸ ਸੰਸਾਰ ਤੋਂ ਭੰਗ ਦੇ ਭਾਣੇ ਚਲੀਆਂ ਗਈਆਂ ਜਿਨ੍ਹਾਂ ਦਾ ਸਾਨੂੰ ਸਾਰਿਆਂ ਨੂੰ ਸਦਾ ਹੀ ਬੇਹੱਦ ਅਫ਼ਸੋਸ ਰਹੇਗਾ ।
‎             ਪਰ ਉਥੇ ਹੀ ਇਹ ਅੰਦੋਲਨ ਕੁਝ ਅਜਿਹੇ ਦਿਸਹੱਦੇ ਵੀ ਸਿਰਜਦਾ ਵਿਖਾਈ ਦੇ ਰਿਹਾ ਹੈ ਜੋ ਉਨ੍ਹਾਂ ਮਿੱਥਾਂ ਨੂੰ ਤੋੜਨ ਦੀ ਗੱਲ ਕਰਦੇ ਹਨ ਜਿਨ੍ਹਾਂ ਰਾਹੀਂ ਪੰਜਾਬ ਅਤੇ ਪੰਜਾਬ ਦੀ ਨੌਜੁਆਨੀ ਨੂੰ ਬਦਨਾਮ ਕੀਤਾ ਜਾ ਰਿਹਾ ਸੀ ,ਪੰਜਾਬ ਦੀ ਨੌਜਵਾਨੀ ਸਿਰੋਂ ਨਸ਼ੇ ਦੇ ਆਦੀ ਹੋਣ ਦਾ ਲੇਬਲ ਜਿੱਥੇ ਇਸ ਅੰਦੋਲਨ ਨੇ ਲਾਹਿਆ । ਉੱਥੇ ਹੀ ਹਰ ਸਮੇਂ ਨੌਜੁਆਨੀ ਨੂੰ ਲੱਚਰ ਗੀਤਾਂ ਦਾ ਹੀਰੋ ਵਿਖਾਉਣ ਵਾਲਾ ਕਲਾਕਾਰ ਭਾਈਚਾਰਾ ਵੀ ਇਸ ਵਰ੍ਹੇ ਪਹਿਲਾਂ ਲੰਬਾ ਸਮਾਂ ਕੋਰੋਨਾ ਕਾਰਨ ਖਾਮੋਸ਼ ਰਿਹਾ ਅਤੇ ਹੁਣ ਕਿਸਾਨੀ ਸੰਘਰਸ਼ ਦੌਰਾਨ ਨੌਜਵਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਦਿੱਲੀ ਮੋਰਚੇ ਦਾ 'ਪਹਿਰੇਦਾਰ' ਬਣਿਆ ਵਿਖਾਈ ਦਿੰਦਾ ਹੈ । ਸਰਸਰੀ ਨਜ਼ਰ ਮਾਰਿਆਂ ਹੀ ਇਹ ਵਰ੍ਹਾ ਪੂਰੀ ਕਿਸਾਨੀ ਦੀ ਤਬਾਹਕੁੰਨ ਮੌਤ ਅਤੇ ਬਾਕੀ ਖੇਤਰਾਂ ਅੰਦਰ ਹੋਈਆਂ ਅਹਿਮ ਘਟਨਾਵਾਂ ਦਾ ਗਵਾਹ ਹੈ ।
‎            ਕੁੱਝ ਵੀ ਹੋਵੇ 2020 ਲੰਬਾ ਸਮਾਂ ਇਨਸਾਨੀ ਚੇਤਿਆਂ ਤੇ ਕੌੜੀਆਂ ਕੁਸੈਲੀਆਂ ਯਾਦਾਂ ਦਾ ਪ੍ਰਤੀਕ ਬਣ ਕੇ ਜ਼ਿਹਨ ਤੇ ਤੈਰਦਾ ਰਹੇਗਾ ਅਤੇ ਯਾਦ ਆਉਂਦੀਆਂ ਰਹਿਣਗੀਆਂ ਉਹ ਨਾ ਭੁੱਲਣ ਵਾਲੀਆਂ , ਤਵਾਰੀਖ਼ ਦਾ ਹਿੱਸਾ ਬਣ ਚੁੱਕੀਆਂ ਇਤਿਹਾਸਕ ਘਟਨਾਵਾਂ ਤੇ ਬੀਤ ਚੁੱਕੇ ਪਲ । ਮਾਲਕ ਮੇਹਰ ਕਰੇ ਨਵਾਂ 2021 ਖ਼ੁਸ਼ੀਆਂ ਤੇ ਖੇੜੇ ਲੈ ਕੇ ਹਰ ਘਰ ਦੀਆਂ ਬਰੂਹਾਂ ਤੇ ਨਿੱਤ ਨਵੀਂਆਂ ਬੁਲੰਦੀਆਂ ਨੂੰ ਸਰ ਕਰਨ ਦਾ ਜਜ਼ਬਾ ਬਖ਼ਸ਼ੇ ।

ਮਨਜਿੰਦਰ ਸਿੰਘ ਸਰੌਦ  
ਮੋ.- ‎9463463136

ਕਿਸਾਨੀ ਦੇ 'ਲਹੂ ਡੋਲਵੇਂ ਸੰਘਰਸ਼' 'ਚ ਨਿੱਤਰਨ ਵਾਲੇ ਕਲਾਕਾਰ ...

ਕਰੋੜਾਂ 'ਨਕਲੀ ਵਿਊਆਂ' ਦੇ ਫੋਕੇ ਫੈਂਟਰ ਮਾਰਨ ਵਾਲੇ ਅਖੌਤੀ ਕਲਾਕਾਰ ਅਜੇ ਵੀ ਕਿਸਾਨਾਂ ਤੋਂ ਦੂਰ

- ਅੱਜ ਜਿਸ ਵੇਲੇ ਕੇਂਦਰ ਦੀ ਹਕੂਮਤ ਵੱਲੋਂ ਖੇਤੀ ਬਿੱਲਾਂ ਰਾਹੀਂ ਪੰਜਾਬ ਦੀ ਕਿਸਾਨੀ ਦੇ ਕਾਲੇ ਅਧਿਆਏ ਦੀ ਇਬਾਰਤ ਲਿਖੀ ਜਾ ਰਹੀ ਹੈ ਤਾਂ ਉਸ ਵੇਲੇ ਚਿਰਾਂ ਤੋਂ ਚੁੱਪ ਬੈਠੇ ਪੰਜਾਬ ਦੇ ਕਲਾਕਾਰ ਵਰਗ ਦਾ ਵੱਡਾ ਹਿੱਸਾ ਵੀ ਕਿਸਾਨੀ ਦੇ ਦਰਦ ਨੂੰ ਸਮਝਦਿਆਂ ਹੋਇਆਂ ਉਨ੍ਹਾਂ ਦੇ ਨਾਲ ਉੱਠ ਖੜ੍ਹਾ ਹੋਇਆ ਹੈ । ਕਿਸਾਨੀ ਦੇ ਇਸ ਬੇਹੱਦ ਗੰਭੀਰ ਅਤੇ ਅਤਿ ਨਾਜ਼ੁਕ ਮਸਲੇ ਨੂੰ ਸਾਰਿਆਂ ਵਰਗਾਂ ਦਾ ਮਸਲਾ ਦੱਸਦਿਆਂ ਪੰਜਾਬੀ ਦੇ ਉੱਘੇ ਗਾਇਕ ਪਰਮਜੀਤ ਸਿੰਘ ਪੰਮੀ ਬਾਈ , ਪ੍ਰਸਿੱਧ ਲੋਕ ਗਾਇਕ ਸੁਖਵਿੰਦਰ ਸਿੰਘ ਸੁੱਖੀ , ਫ਼ਿਲਮ ਅਦਾਕਾਰ ਤੇ ਗਾਇਕ ਰਾਜ ਕਾਕੜਾ , ਗਾਇਕ ਹਰਿੰਦਰ ਸੰਧੂ ,ਫਿਲਮ ਅਦਾਕਾਰ ਤੇ ਗਾਇਕ ਹਰਜੀਤ ਸਿੰਘ ਹਰਮਨ , ਹਰਵਿੰਦਰ ਹੈਰੀ ਅਤੇ  ਭਗਵਾਨ ਹਾਂਸ ਸਮੇਤ ਅੱਧਾ ਦਰਜਨ ਦੇ ਕਰੀਬ ਕਲਾਕਾਰਾਂ ਵੱਲੋਂ ਇਨ੍ਹਾਂ ਖੇਤੀ ਬਿਲਾਂ ਨੂੰ ਕਿਸਾਨੀ ਦੀ ਮੌਤ ਦੇ ਵਾਰੰਟਾਂ ਤੇ ਦਸਤਖ਼ਤ ਕਰਨ ਦੇ ਤੁਲ ਦੱਸਦਿਆਂ ਇਸ ਔਖੀ ਘੜੀ ਅੰਦਰ ਸਾਰੇ ਵਰਗਾਂ ਨੂੰ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਦਾ ਸਾਥ ਦੇਣ ਦੀ ਅਪੀਲ ਵੀ ਕੀਤੀ ।
               ਕਿਸਾਨਾਂ ਦੀ ਪੀੜ ਨੂੰ ਸਮਝਦਿਆਂ ਕਲਾਕਾਰ ਵਰਗ ਨੇ ਆਖਿਆ ਕਿ ਖੇਤੀ ਬਿਲਾਂ ਦੇ ਪਾਸ ਹੋਣ ਤੋਂ ਬਾਅਦ ਕਿਸਾਨ ਪਰਿਵਾਰਾਂ ਦਾ ਭਵਿੱਖ ਹਾਸ਼ੀਏ ਤੇ ਧੱਕਿਆ ਜਾਵੇਗਾ ਅਤੇ ਉਨ੍ਹਾਂ ਦੇ ਬੱਚੇ ਰੁਲ ਜਾਣਗੇ । ਉਨ੍ਹਾਂ ਕਿਹਾ ਕਿ ਅਸੀਂ ਕਲਾਕਾਰ ਮਗਰੋਂ ਹਾਂ ਪਹਿਲਾਂ ਕਿਸਾਨ ਅਤੇ ਧਰਤੀ ਦੇ ਪੁੱਤਰ ਹਾਂ । ਇਨ੍ਹਾਂ ਕਲਾਕਾਰਾਂ ਦੇ ਦਿਲ ਦਾ ਦਰਦ ਸੁਣਦਿਆਂ ਮਨ ਇਹ ਮੰਨਣ ਨੂੰ ਮਜਬੂਰ ਹੁੰਦਾ ਹੈ ਕਿ ਵਾਕਿਆ ਹੀ ਇਹ ਕਲਾਕਾਰ ਕਿਸਾਨੀ ਦੇ ਭਲੇ ਲਈ ਮਨ ਅੰਦਰ ਕੁਝ ਚੰਗੀ ਸੋਚ ਸੋਚਦੇ ਨੇ । ਉਨ੍ਹਾਂ ਕਲਾਕਾਰਾਂ ਦਾ ਕੀ ਕਰੀਏ ਜਿਹੜੇ ਇਹ ਕਹਿੰਦੇ ਨੇ ਕਿ ਅਸੀਂ ਤਾਂ ਪੰਜਾਬੀ ਗਾਇਕੀ ਦੇ ਬਾਬਾ ਬੋਹੜ ਹਾਂ ਸਾਡੇ ਵਰਗਾ ਤਾਂ ਕੋਈ ਨਹੀਂ ਅਤੇ ਹਰ ਰੋਜ਼ ਹੋ ਰਹੀਆਂ ਇੰਟਰਵਿਊਆਂ ਦੇ ਵਿੱਚ ਉਹ ਆਪਣੇ ਸਰੋਤਿਆਂ ਦੀ ਗਿਣਤੀ ਲੱਖਾਂ ਕਰੋੜਾਂ ਦੱਸਦੇ ਨੇ ਪਰ ਇਸ ਗੰਭੀਰ ਮਸਲੇ ਤੇ ਉਨ੍ਹਾਂ ਦੀ ਜ਼ਬਾਨ ਠਾਕੀ ਕਿਉਂ ਗਈ ਹੈ ।
               ‎        ਉਸ ਤੋਂ ਵੀ ਵੱਧ ਹੈਰਾਨੀ ਹੁੰਦੀ ਹੈ ਸਾਡੇ ਨੌਜਵਾਨਾਂ ਦੀ ਸੋਚ ਤੇ , ਪਤਾ ਨਹੀਂ ਕੀ ਹੋ ਗਿਆ ਇਨ੍ਹਾਂ ਨੂੰ ਇਹ ਹਰ ਸਮੇਂ ਫੁਕਰਾਪੰਥੀ ਕਲਾਕਾਰਾਂ ਨੂੰ ਆਪਣਾ ਆਦਰਸ਼ ਮੰਨ ਕੇ ਉਨ੍ਹਾਂ ਪਿੱਛੇ ਇੱਕ ਦੂਜੇ ਨਾਲ ਲੜਨ ਮਰਨ ਨੂੰ ਤਿਆਰ ਹੋ ਜਾਂਦੇ ਹਨ ਪਿਛਲੇ ਸਮੇਂ ਕਈ ਕਲਾਕਾਰਾਂ ਨੇ ਇਕ ਦੂਜੇ ਨੂੰ ਗਾਲਾਂ ਕੱਢ ਕੇ ਚੰਗਾ ਖਿਲਾਰਾ ਪਾਇਆ , ਹੁਣ ਉਹ ਕਲਾਕਾਰ ਧਰਨੇ ਤੇ ਬੈਠੇ ਰੁਲ ਰਹੇ ਕਿਸਾਨਾਂ ਦੀ ਸਾਰ ਕਿਉਂ ਨਹੀਂ ਲੈਂਦੇ । ਗੀਤਾਂ ਵਿੱਚ ਆਪਣੇ ਆਪ ਨੂੰ ਹਾਈ-ਫਾਈ ਜੱਟ ਕਹਾਉਣ ਵਾਲੇ ਇਹ ਕਲਾਕਾਰ ਅਸਲ ਵਿੱਚ ਸਿਰਫ਼ ਫੋਕੀਆਂ ਫੜ੍ਹਾਂ ਮਾਰਨ ਜੋਗੇ ਹੀ ਹਨ ਇਸ ਤੋਂ ਵੱਧ ਕੇ ਕੁੱਝ ਵੀ ਨਹੀਂ , ਜੱਟਾਂ ਦੇ ਗੀਤਾਂ ਤੋਂ ਲੱਖਾਂ ਰੁਪਏ ਕਮਾ ਕੇ ਆਪਣੇ ਖੀਸਿਆਂ ਵਿੱਚ ਪਾਉਣ ਵਾਲੇ ਇਹ ਮਾਂ ਬੋਲੀ ਦੇ ਅਖੌਤੀ ਪੁੱਤਰ ਅੱਜ ਕਿਸਾਨੀ ਸੰਘਰਸ਼ ਵਿੱਚੋਂ ਗਾਇਬ ਕਿਉਂ ਨੇ । ਇਨ੍ਹਾਂ ਗੱਲਾਂ ਦਾ ਜਵਾਬ ਸ਼ਾਇਦ ਹੀ ਇਹ ਫੁਕਰਾ ਪੰਥੀ ਕਲਾਕਾਰ ਦੇ ਸਕਣ ,ਸਾਡੀ ਨੌਜਵਾਨੀ ਨੂੰ ਵੀ ਕੁਝ ਸੋਚਣਾ ਬਣਦਾ ਹੈ ।
               ‎    ਇਸ ਸਮੇਂ ਪੰਜਾਬ ਦਾ ਨੌਜਵਾਨ ਕਿਸਾਨੀ ਦੇ ਆਉਣ ਵਾਲੇ ਭਵਿੱਖ ਨੂੰ ਲੈ ਕੇ ਚਿੰਤਾ ਵਿੱਚ ਨਹੀਂ ਜਾਪ ਰਿਹਾ ਜਿਸ ਦਾ ਖਮਿਆਜ਼ਾ ਉਸ ਨੂੰ ਆਉਣ ਵਾਲੇ ਦਿਨਾਂ ਵਿੱਚ ਭੁਗਤਣਾ ਪੈ ਸਕਦਾ ਹੈ । ਲੋਕਾਂ ਵਿੱਚ ਇੱਕ ਚਰਚਾ ਆਮ ਹੈ ਕਿ ਜਿਹੜੇ ਕਲਾਕਾਰ ਇਹ ਸਮਝਦੇ ਨੇ ਕਿ ਅਸੀਂ ਪੰਜਾਬੀ ਗਾਇਕੀ ਦੇ ਖੈਰ ਖੁਆਹ ਹਾਂ ਸਾਡੇ ਬਿਨਾਂ ਪੱਤਾ ਵੀ ਨਹੀਂ ਹਿੱਲ ਸਕਦਾ ਅਤੇ ਸਾਡੇ 'ਵਿਊ ਮਿਲੀਅਨਾਂ' ਵਿੱਚ ਆਉਂਦੇ ਨੇ , ਉਹ ਚੁੱਪ ਚਾਪ ਘਰਾਂ ਵਿੱਚ ਕਿਉਂ ਬੈਠੇ ਹਨ ਉਨ੍ਹਾਂ ਨੂੰ ਵੀ ਕਿਸਾਨਾਂ ਦੀ ਹਮਾਇਤ ਵਿੱਚ ਆਉਣਾ ਚਾਹੀਦਾ ਹੈ । ਸਿਫ਼ਤ ਕਰਨੀ ਬਣਦੀ ਹੈ ਪੰਜਾਬੀ ਮਾਂ ਬੋਲੀ ਦੇ ਇਨ੍ਹਾਂ ਕੁਝ ਚੰਗੇ ਗਵੱਈਆਂ ਦੀ ਜਿਨ੍ਹਾਂ ਨੇ ਬਾਂਹ ਕੱਢ ਕੇ ਕਿਸਾਨਾਂ ਦੇ 'ਲਹੂ ਡੋਲਵੇਂ' ਸੰਘਰਸ਼ ਨੂੰ ਹਮਾਇਤ ਦਿੱਤੀ ਹੈ ਅਤੇ ਵਾਰ-ਵਾਰ ਇਹ ਗੱਲ ਕਹਿੰਦਿਆਂ ਕਿਸਾਨਾਂ ਦੇ ਧਰਨਿਆਂ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਕਿ ਜੇਕਰ ਕਿਸਾਨੀ ਹੀ ਨਾ ਰਹੀ ਤਾਂ ਪਿੱਛੇ ਬਾਕੀ ਬਚੇਗਾ ਕੁਝ ਵੀ ਨਹੀਂ ਇਨ੍ਹਾਂ ਕਲਾਕਾਰਾਂ ਦਾ ਆਖਣਾ ਹੈ ਅਸੀਂ ਕਿਸਾਨੀ ਦੇ ਜਾਏ ਅਤੇ ਧਰਤੀ ਮਾਂ ਦੇ ਪੁੱਤਰ ਹਾਂ ।
               ‎ ਅੱਜ ਸਾਡਾ ਫਰਜ਼ ਬਣਦਾ ਹੈ ਕਿ ਅੰਨਦਾਤੇ ਦੀ ਸਾਰ ਲੈ ਕੇ ਉਸ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀਏ , ਅੱਜ ਉਸ ਨੂੰ ਛੱਡ ਕੇ ਭੱਜਣ ਦਾ ਵੇਲਾ ਨਹੀਂ । 'ਮਹਿੰਗੇ ਅਤੇ ਵੱਡੇ' ਕਲਾਕਾਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਵੀ ਸਮਾਂ ਰਹਿੰਦਿਆਂ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਵਿੱਚ ਤੁਰ ਪੈਣ ਨਹੀਂ ਤਾਂ ਸਮਾਂ ਉਨ੍ਹਾਂ ਨੂੰ ਮੁਆਫ਼ ਨਹੀਂ ਕਰੇਗਾ , ਤੁਸੀਂ ਇੱਕ ਦੂਜੇ ਕਲਾਕਾਰ ਦੇ ਨਾਲ ਲੜਨ ਦੇ ਲਈ ਤਾਂ ਸੈਂਕੜੇ ਮੀਲਾਂ ਤੋਂ ਸਮਾਂ ਬੰਨ੍ਹ ਕੇ ਆ ਜਾਂਦੇ ਹੋ ਪਰ ਕਿਸਾਨਾਂ ਪ੍ਰਤੀ ਏਨੀ ਬੇਰੁਖ਼ੀ ਕਿਉਂ । ਜੇਕਰ ਤੁਸੀਂ ਅੱਜ ਕਿਸਾਨਾਂ ਨੂੰ ਪਿੱਠ ਦਿਖਾ ਕੇ ਭੱਜ ਤੁਰੇ ਤਾਂ ਆਉਣ ਵਾਲੇ ਸਮੇਂ ਅੰਦਰ ਮੂੰਹ ਕਿਸੇ ਨੇ ਤੁਹਾਨੂੰ ਵੀ ਨਹੀਂ ਵਿਖਾਉਣਾ । ਇਸ ਲਈ ਚੰਗਾ ਹੋਵੇ ਤਾਂ ਮੌਕਾ ਸੰਭਾਲ ਕੇ ਕਿਸਾਨੀ ਦੇ ਦਰਦ ਨੂੰ ਵੇਖਦਿਆਂ ਉਸ ਦੇ ਨਾਲ  ਦਾ ਯਤਨ ਕਰੋ ।
      ‎ਮਨਜਿੰਦਰ ਸਿੰਘ ਸਰੌਦ
      ‎ ( ਮਾਲੇਰਕੋਟਲਾ )
      ‎9463463136

ਗੁਆਚੇ ਪਲਾਂ ਦੀ ਪਰਵਾਜ਼ - ਮਨਜਿੰਦਰ ਸਿੰਘ ਸਰੌਦ

ਰਾਵੀ ਅੱਜ ਬੇਹੱਦ ਉਦਾਸ ਸੀ ਉਸ ਦੀਆਂ ਅੱਖਾਂ ਦੇ ਵਿੱਚੋਂ ਅੱਥਰੂ ਸੁਪਨੇ ਬਣ-ਬਣ ਕੇ ਕਿਰ ਰਹੇ ਸਨ 'ਤੇ ਅੱਖਾਂ ਦੇ ਕੋੲੇ ਕਿਸੇ ਡੂੰਘੀ ਖਾਈ ਅੰਦਰ ਅਲੋਪ ਹੋ ਚੁੱਕੀ ਰੂਹ ਦੀ ਹਾਲਤ ਬਿਆਨ ਕਰਦੇ ਸਨ । ਘੰਟਿਆਂ ਬੱਧੀ ਉਸ ਨੇ ਆਪਣਾ ਸਿਰ ਦੋਵਾਂ ਹੱਥਾਂ ਵਿੱਚ ਫੜ ਨੀਵੀਂ ਪਾ ਬੀਤੇ ਸਮੇਂ ਨੂੰ ਹੰਝੂਆਂ ਰਾਹੀਂ ਆਪਣੇ ਜਹਿਨ ਤੋਂ ਉਤਾਰਨ ਦਾ ਯਤਨ ਕੀਤਾ ਤਾਂ ਕਿ ਉਹ ਆਪਣੇ ਡਰਾਉਣੇ ਅਤੀਤ ਤੋਂ ਮੁਕਤੀ ਪਾ ਸਕੇ । ਉਸ ਨੂੰ ਆਪਣੇ ਬਾਪ ਦੇ ਆਖੇ ਬੋਲ ਬਾਰ-ਬਾਰ ਯਾਦ ਆਉਂਦੇ ਸਨ ਕਿ ਧੀਏ ਹੋ ਸਕਦੈ ਜੋ ਤੈਨੂੰ ਅੱਜ ਚੰਗਾ ਲੱਗ ਰਿਹੈ ਉਹ ਅਸਲ ਸੱਚ ਤੇ ਸਹੀ ਨਾ ਹੋਵੇ ਪਰ ਯਾਦ ਰੱਖੀ ਇੱਕ ਦਿਨ ਤੈਨੂੰ ਮੇਰੇ ਇਨ੍ਹਾਂ ਬੋਲਾਂ ਦੀ ਅਸਲ ਸਚਾਈ ਸਮਝ ਜ਼ਰੂਰ ਆਵੇਗੀ । ਰਾਵੀ ਕੋਸ ਰਹੀ ਸੀ ਉਸ ਭੈੜੇ ਸਮੇਂ ਨੂੰ ਕਿ ਕਿਝ ਉਸ ਨੇ ਆਪਣੇ ਪਿਓ ਦੀ ਆਵਾਜ਼ ਨੂੰ ਪੈਰ ਦੀ ਜੁੱਤੀ ਨਾਲ ਮਸਲ ਦਿੱਤਾ ਅਤੇ ਮਰਜ਼ੀ ਨਾਲ ਖੁੱਲ੍ਹੀਆਂ ਫ਼ਿਜ਼ਾਵਾਂ ਵਿੱਚ  ਆਜ਼ਾਦੀ ਮਾਨਣ ਦੇ ਨਾਂ ਤੇ ਆਪਣੀ ਪਸੰਦ ਦੇ ਮੁੰਡੇ ਸਤਿੰਦਰ ਨਾਲ ਵਿਆਹ ਕਰਵਾ ਲਿਆ । ਉਸ ਦਿਨ ਤੋਂ ਰਾਵੀ ਦੀ ਕਿਸਮਤ ਨੇ ਵੱਡੀ ਪਲਟੀ ਖਾਧੀ । ਸਤਿੰਦਰ ਚਾਂਦੀ ਦਾ ਚਮਚਾ ਮੂੰਹ ਵਿਚ ਲੈ ਕੇ ਪੈਦਾ ਹੋਏ ਇਨਸਾਨਾਂ ਵਿੱਚੋਂ ਸੀ ਉਸ ਨੂੰ ਇੱਕ  ਗ਼ਰੀਬ ਪਰਿਵਾਰ ਦੀਆਂ ਮਜਬੂਰੀਆਂ ਦਾ ਕੀ ਪਤਾ ।  ਸਵੇਰ ਤੋਂ ਸ਼ਾਮ ਤੱਕ ਗੱਡੀਆਂ ਵਿੱਚ ਸਫਰ , ਏਅਰ ਕੰਡੀਸ਼ਨ ਕਮਰਿਆਂ ਵਿੱਚ ਬੈਠ ਜਿੰਦਗੀ ਦੇ ਹਸੀਨ ਪਲਾਂ ਨੂੰ ਮਾਨਣਾ ਹੀ ਉਸ ਦੀ ਅਸਲ ਜ਼ਿੰਦਗੀ ਸੀ । ਪਿਓ ਨੇ ਮੇਵਿਆਂ ਨਾਲ ਪਾਲੇ ਪੁੱਤ ਨੂੰ ਕਦੇ ਤੱਤੀ ਵਾਅ ਦੇ ਬੁੱਲੇ ਦਾ ਸਾਹਮਣਾ ਨਹੀਂ ਸੀ ਕਰਨ ਦਿੱਤਾ ਮਾੜੇ ਕੰਮਾਂ ਤੋਂ ਵਰਜਣਾਂ ਤਾਂ ਦੂਰ ਦੀ ਗੱਲ ਪੁੱਛਣਾ ਵੀ ਮੁਨਾਸਬ ਨਾ ਸਮਝਣਾ  । ਸਤਿੰਦਰ ਦੀਆਂ ਆਦਤਾਂ ਨਿੱਤ ਦਿਨ ਕਰੂਪ ਚਿਹਰਾ ਅਖਤਿਆਰ  ਕਰਦੀਆਂ ਗਈਆਂ ਸ਼ਰਾਬ ਤੇ ਸ਼ਬਾਬ ਤੋਂ ਲੈ ਕੇ ਕੋਈ ਅਜਿਹਾ ਨਸ਼ਾ ਨਹੀਂ ਸੀ ਜਿਸ ਨੂੰ ਉਸ ਨੇ ਕੀਤਾ ਨਾ ਹੋਵੇ । ਰਾਵੀ ਨੇ ਸ਼ੁਰੂ ਸ਼ੁਰੂ ਵਿੱਚ ਟੋਕਣ ਦੀ ਕੋਸ਼ਿਸ਼ ਕੀਤੀ ਪਰ ਸਭ ਬੇਅਰਥ । ਰਾਵੀ ਦੇ ਵਿਆਹ ਹੋਏ ਨੂੰ ਤਿੰਨ ਕੁ ਸਾਲ ਦਾ ਸਮਾਂ ਬੀਤ ਚੁੱਕਿਆ ਸੀ ਪਰ ਉਸ ਦੀ ਕੁੱਖ ਅਜੇ ਤੱਕ ਹਰੀ ਨਹੀਂ ਸੀ  ਹੋਈ । ਇੱਕ ਦਿਨ ਰਾਤ ਨੂੰ ਸਤਿੰਦਰ ਜਦ ਸ਼ਰਾਬ ਨਾਲ ਧੁੱਤ ਹੋ ਕੇ ਘਰ ਪਰਤਿਆ ਤਾਂ ਰਾਵੀ ਦੇ ਮੂੰਹੋਂ ਸਹਿਜ ਸੁਭਾ ਨਿਕਲ ਗਿਆ ਕਿ ਸਤਿੰਦਰ ਆਖਰ ਇਹ ਕਦੋਂ ਤੱਕ ਚੱਲੇਗਾ ਇੰਨਾ ਕਹਿਣ ਦੀ ਦੇਰ ਸੀ ਕਿ ਤਾੜ ਕਰਦਾ ਥੱਪੜ ਉਸ ਦੇ ਮੁੂੱਹ ਤੇ ਹਥੌੜੇ ਵਾਂਗ ਵੱਜਿਆ ਫਿਰ ਦੂਜਾ ਤੀਜਾ ਤੇ ਚੌਥਾ ਉਹ ਸਾਰੀ ਰਾਤ ਸੌਂ ਨਾ ਸਕੀ , ਹਉੰਕੇ ਤੇ ਸਿਸ਼ਕੀਆਂ ਭਰਦੀ ਨੇ ਰਾਤ ਗੁਜ਼ਾਰ ਦਿੱਤੀ ਉਹ ਪਹਿਲੀ ਵਾਰ ਇਨ੍ਹਾਂ ਰੋਈ ਸੀ । ਉਸ ਨੇ ਤਾਂ ਸਦਾ ਨੱਚਣ ਕੁੱਦਣ ਅਤੇ ਹੱਸਣ ਖੇਡਣ ਵਾਲੀ ਜ਼ਿੰਦਗੀ ਨੂੰ ਰੱਜ ਕੇ ਮਾਣਿਆ ਸੀ ਮਾਪੇ ਗ਼ਰੀਬ ਜ਼ਰੂਰ ਸਨ ਪਰ ਉਨ੍ਹਾਂ ਨੇ ਇਕਲੌਤੀ ਧੀ ਨੂੰ ਕਦੇ ਵੀ ਨਿਰਾਸ਼ ਨਹੀਂ ਸੀ ਹੋਣ ਦਿੱਤਾ ਪੂਰੇ ਤੇਈ ਵਰ੍ਹੇ ਰਾਵੀ ਦੇ ਮਾਂ ਪਿਓ ਨੇ ਉਸ ਨੂੰ ਇੱਕ ਪੁੱਤਰ ਦੀ ਤਰ੍ਹਾਂ ਪਾਲਿਆ ਅਤੇ ਰਾਵੀ ਨੇ ਵੀ ਉਨ੍ਹਾਂ ਦੀ ਪੈੜ ਦੇ ਵਿੱਚ ਪੈੜ ਧਰਦਿਆਂ ਖੁਸ਼ੀ ਨਾਲ ਰੱਜ ਕੇ ਸੱਧਰਾਂ ਨੂੰ ਮਾਣਿਆ । ਪਤਾ ਹੀ ਨਹੀਂ ਲੱਗਿਆ ਉਸ ਨੇ ਕਦ ਬੀ.ਏ. ਐਮ.ਏ. ਕਰ ਇੱਕ ਪ੍ਰਾਈਵੇਟ ਕਾਲਜ ਵਿੱਚ ਟੀਚਰ ਲਈ ਅਪਲਾਈ ਕਰ ਦਿੱਤਾ ਦਿਨਾਂ ਵਿੱਚ ਹੀ ਉਸ ਦੀ ਚੋਣ ਹੋ ਗਈ ਤੇ ਫਿਰ ਇੱਕ ਦਿਨ ਉੱਥੇ ਹੀ ਉਸੇ ਕਾਲਜ ਦੇ ਮਾਲਕ ਦੇ ਮੁੰਡੇ ਨਾਲ ਉਸ ਨੇ ਆਪਣੀ ਗਰਿਸਥੀ ਜ਼ਿੰਦਗੀ ਦਾ  ਸਫਰ ਸ਼ੁਰੂ ਕਰਨ ਦਾ ਵੱਡਾ ਫੈਸਲਾ ਮਾਪਿਆਂ ਦੀ ਆਸ ਦੇ ਉਲਟ ਕਰ ਲਿਆ । ਸ਼ੁਰੂ ਵਿੱਚ ਕਾਫ਼ੀ ਕੁਝ ਠੀਕ ਰਿਹਾ ਪਰ ਹੌਲੀ ਹੌਲੀ ਸਮੇਂ ਨੇ ਆਪਣੇ ਪੰਖ ਖਿਲਾਰਨੇ ਸ਼ੁਰੂ ਕਰ ਦਿੱਤੇ ਤੇ ਅੱਜ ਸਤਿੰਦਰ ਇਕ ਵੱਡੇ ਅੈਬੀ ਦੇ ਰੂਪ ਵਿੱਚ ਰਾਵੀ ਲਈ ਆਉਣ ਵਾਲਾ ਮਾੜਾ ਭਵਿੱਖ ਬਣ ਕੇ ਸਾਹਮਣੇ ਖੜ੍ਹਾ ਸੀ ਸਤਿੰਦਰ ਦੇ ਮਾਂ ਪਿਓ ਤਾਂ ਜਿਵੇਂ ਉਨ੍ਹਾਂ ਤੋਂ ਪਾਸਾ ਵੱਟ ਕੇ ਆਪਣੀ ਜ਼ਿੰਦਗੀ ਦੀ ਗੱਡੀ ਨੂੰ ਰੇੜ੍ਹ ਰਹੇ ਸਨ । ਰੋਜ਼ ਦੀ ਟੋਕਾ ਟਾਕੀ ਤੇ ਨੋਕ ਝੋਕ ਤੋਂ ਸਥਿਤੀ ਪਨਪਦੀ ਪਨਪਦੀ ਤਲਾਕ ਤੱਕ ਜਾ ਪਹੁੰਚੀ ਉਦੋਂ ਤੱਕ ਰਾਵੀ ਦਾ ਪਿਓ ਧੀ ਦੇ ਵਿਰਾਗ ਵਿੱਚ ਇਸ ਸੰਸਾਰ ਤੋਂ ਜਾ ਚੁੱਕਿਆ ਸੀ । ਹੁਣ ਜਿਵੇ ਰਾਵੀ ਨੇ ਗਮਾਂ ਨਾਲ ਡੂੰਘੀ ਸਾਂਝ ਪਾ ਲਈ ਹੋਵੇ ਸਾਰਾ-ਸਾਰਾ ਦਿਨ ਮਾਂ ਦੀ ਬੁੱਕਲ ਵਿਚ ਸਿਰ ਰੱਖ ਕੇ ਪਿਓ ਨੂੰ ਯਾਦ ਕਰੀ ਜਾਣਾ ਰਾਵੀ ਦੀ ਆਦਤ ਬਣ ਚੁੱਕਿਆ ਸੀ । ਸਮਾਂ ਆਪਣੀ ਚਾਲੇ ਚੱਲਦਾ ਰਿਹਾ ਇਹ ਕਿਸੇ ਦੇ ਰੋਕਿਆਂ ਨਹੀਂ ਰੁਕਦਾ ਫਿਰ ਇੱਕ ਦਿਨ ਐਸਾ ਵੀ ਆਇਆ ਜਦੋਂ ਉਸ ਨੂੰ ਸਤਿੰਦਰ ਦੀ ਮੌਤ ਦੀ ਖਬਰ ਮਿਲੀ ਤੇ ਉਸ ਦੀ ਅੱਖ ਵਿੱਚੋਂ ਹਿੰਝ ਤੱਕ ਨਾ ਡਿੱਗੀ ਜਿਵੇਂ ਉਹ ਪੱਥਰ ਹੋ ਗਈ ਹੋਵੇ ਸ਼ਾਇਦ ਉਸ ਨੂੰ ਪਤਾ ਸੀ ਕਿ ਇਹ ਹੋ ਕੇ ਰਹਿਣਾ ਹੈ । ਅਕਸਰ ਆਖਿਆ ਜਾਂਦੈ ਕਿ ਲੰਬੇ ਹਨੇਰੇ ਤੋਂ ਬਾਅਦ ਚਾਨਣ ਆਪਣੇ ਪੈਰ ਜ਼ਰੂਰ ਪਸਾਰਦਾ ਹੈ । ਰਾਵੀ ਦੀ ਦੂਰ ਦੀ ਮਾਸੀ ਦਾ ਪਰਿਵਾਰ ਕਾਫੀ ਚਿਰ ਤੋਂ ਵਿਦੇਸ਼ ਵਿਚ ਰਹਿੰਦਾ ਸੀ ਉਹ ਦੇਰ ਬਾਅਦ ਮਿਲਣ ਆਏ ਤਾਂ ਉਨ੍ਹਾਂ ਤੋਂ ਘਰ ਦੀ ਹਾਲਤ ਵੇਖੀ ਨਾ ਗਈ ਉਨ੍ਹਾਂ ਨੇ ਲੰਬੀ ਜੱਦੋ ਜਹਿਦ ਤੋਂ ਬਾਅਦ  ਰਾਵੀ ਨੂੰ ਆਪਣੇ ਨਾਲ ਵਿਦੇਸ਼ ਜਾਣ ਲਈ ਮਨਾ ਲਿਆ ਤੇ ਉਸ ਦੀ ਮਾਂ ਨੂੰ ਸ਼ਹਿਰ ਰਹਿੰਦੇ ਅਪਣੇ ਬਾਕੀ ਪਰਿਵਾਰ ਕੋਲ ਛੱਡ ਦਿੱਤਾ । ਪੜ੍ਹਨ ਵਿੱਚ ਤੇਜ਼ ਰਾਵੀ ਥੋੜ੍ਹੇ ਸਮੇਂ ਦੇ ਸੰਘਰਸ਼ ਤੋਂ ਬਾਅਦ ਵਿਦੇਸ਼ੀ ਧਰਤੀ ਤੇ ਜਾ ਪਹੁੰਚੀ । ਮਾਂ ਤੋਂ ਦੂਰ ਜਾਣ ਦਾ ਹੇਰਵਾ ਉਸ ਦੇ ਦਿਲ ਦੀ ਸਰਦਲ ਨੂੰ ਜ਼ਰੂਰ ਮੱਲੀ ਬੈਠਾ ਸੀ । ਅੱਜ ਹੋਰ ਤੇ ਕੱਲ ਹੋਰ ਰਾਵੀ ਨੇ ਹਰ ਕੰਮ ਨੂੰ ਰੂਹ ਨਾਲ ਕੀਤਾ ਚੰਗੇ ਪੈਸੇ ਮਿਲ ਜਾਂਦੇ ਸਨ ਤੇ ਮਨ ਉਚਾਟ ਨਾ ਹੁੰਦਾ । ਲੱਗਦਾ ਸੀ ਰਾਵੀ ਦੀ ਜ਼ਿੰਦਗੀ ਵਿੱਚ ਖੁਸ਼ੀ ਨੇ ਦੁਬਾਰਾ ਆ ਦਸਤਕ ਦਿੱਤੀ ਸੀ । ਰਿਸ਼ਤੇਦਾਰਾਂ ਨੇ ਛੇਤੀ ਹੀ ਪੇਪਰ ਤੇ ਪੈਸਾ ਭਰ ਕੇ ਉਸ ਨੂੰ ਇੱਥੇ ਹੀ ਸੈੱਟ ਕਰਨ ਦਾ ਮਨ ਬਣਾ ਲਿਆ । ਵਰ੍ਹੇ ਦਿਨਾਂ ਵਾਂਗ ਲੰਘੇ ਸਨ ਸੂਰਜ ਚੜ੍ਹ ਕੇ ਛਿਪਦਾ ਰਿਹਾ ਰਾਵੀ ਕਿੰਨਾ-ਕਿੰਨਾ ਚਿਰ ਮਾਂ ਨਾਲ ਫੋਨ ਤੇ ਦੁੱਖ ਸੁੱਖ ਸਾਂਝਾ ਕਰਦੀ ਰਹਿੰਦੀ ਮਾਂ ਵੀ ਖੁਸ਼ ਸੀ ਕਿ ਚਲੋ ਉਸ ਦੀ ਧੀ ਦੇ ਚਿਹਰੇ ਤੇ ਚਿਰਾਂ ਬਾਅਦ ਮੁਸਕਾਨ ਦੀ ਕਿਰਨ ਨੇ ਫੇਰਾ ਪਾਇਆ ਹੈ । ਹੁਣ ਇੱਕ ਵਾਰ ਫਿਰ ਰਾਵੀ ਦੇ ਹੱਥ ਪੀਲੇ ਕਰਨ ਦੀ ਗੱਲ ਚੱਲੀ ਉਸ ਦੇ ਜੀਵਨ ਵਿੱਚ ਇਹ ਦੂਜਾ ਮੌਕਾ ਸੀ ਉਹ ਬੜਾ ਸੋਚ ਸਮਝ ਕੇ ਪੈਰ ਪੁੱਟ ਰਹੀ ਸੀ ।ਇਨ੍ਹਾਂ ਗੱਲਾਂ ਬਾਤਾਂ ਦੇ ਚੱਲਦਿਆਂ ਹੀ ਉਸ ਨੇ ਦੋ ਮਹੀਨੇ ਲਈ ਵਤਨੀਂ ਫੇਰਾ ਪਾਉਣ ਦੀ ਸੋਚੀ  ਵਤਨ ਦਾ ਨਾਮ ਸਾਹਮਣੇ ਆਉਂਦਿਆਂ ਹੀ ਉਸਨੂੰ ਝਰਨਾਹਟ ਮਹਿਸੂਸ ਹੋਣ ਲੱਗਦੀ ਜਿਵੇਂ ਹੁਣ ਫਿਰ ਉਹ ਕਿਸੇ ਪਿੰਜਰੇ ਵਿੱਚ ਕੈਦ ਹੋਣ ਜਾ ਰਹੀ ਹੋਵੇ । ਜੱਕਾਂ ਤੱਕਾਂ ਕਰਦਿਆਂ ਪਤਾ ਹੀ ਨਾ ਲੱਗਿਆ ਕਦੋਂ ਉਸ ਨੇ ਪੈਰ ਆਪਣੀ ਧਰਤੀ ਤੇ ਆ ਪਾੲੇ। ਰਿਸ਼ਤੇਦਾਰਾਂ ਨੂੰ ਪਹਿਲਾਂ ਤੋਂ ਆਖ ਦਿੱਤਾ ਸੀ ਉਸ ਦੇ ਰਿਸ਼ਤੇ ਦੀ ਗੱਲ ਚੱਲੀ ਤਾਂ ਇੱਕ ਦੂਰ ਦੇ ਸਨੇਹੀ ਨੇ ਰਾਵੀ ਲੲੀ ਮੁੰਡੇ ਦੀ ਦੱਸ ਪਾਈ ਭਾਵੇਂ ਉਸ ਲਈ ਅਜੇ ਵੀ ਵਿਦੇਸ਼ ਵਿੱਚ ਹੋਣ ਕਾਰਨ ਮੁੰਡੇ ਵਾਲੇ ਲੱਖਾਂ ਰੁਪਏ ਚੁੱਕੀ ਫਿਰਦੇ ਸਨ । ਰਾਵੀ ਜਿਵੇਂ ਹੁਣ ਇਸ ਕਹਾਣੀ ਨੂੰ ਸਮਝੀ ਬੈਠੀ ਸੀ ਕਿ ਇਹ ਸਿਰਫ਼ ਬਾਹਰਲੀ ਦੁਨੀਆਂ ਦੇ ਮੁਰੀਦ ਨੇ । ਦਿਨਾਂ ਵਿੱਚ ਹੀ ਉਸ ਦੀ ਜ਼ਿੰਦਗੀ ਦੇ ਹਮਸਫ਼ਰ ਦੀ ਚੋਣ ਹੋ ਗਈ ਜੋ ਇੱਕ ਸਰਦੇ ਪੁਰਦੇ ਘਰ ਦਾ ਸਾਊ ਮੁੰਡਾ ਸੀ । ਦੋ ਮਹੀਨੇ ਹਵਾ ਦੇ ਝੌਕੇ ਵਾਂਗ ਬੀਤ ਗਏ ਰਾਵੀ ਦੀ ਵਿਆਹੁਤਾ ਜ਼ਿੰਦਗੀ ਨੇ ਅੰਗੜਾਈ ਭਰੀ ਪਿਛਲੇ ਗਮਾਂ ਨੂੰ ਭੁੱਲਣ ਦਾ ਯਤਨ ਕੀਤਾ ਨਵੀਆਂ ਖੁਸ਼ੀਆਂ ਉਸ ਦੇ ਵਿਹੜੇ ਦਾ ਸ਼ਿੰਗਾਰ ਬਣ-ਬਣ ਕੇ ਵਾਵਰੋਲਿਅਾਂ ਸੰਗ ਉੱਡਦੀਆਂ ਰਹੀਆਂ । ਸਾਲ ਕੁ ਭਰ ਮਗਰੋਂ ਉਸ ਨੇ ਆਪਣੇ ਨਾਲ ਉਮਰ ਭਰ ਦਾ ਸਾਥ ਨਿਭਾਉਣ ਦਾ ਵਾਅਦਾ ਕਰਨ ਵਾਲੇ ਰਾਜਬੀਰ ਨੂੰ ਪੇਪਰ ਭਰ ਪੱਕੇ ਤੌਰ ਤੇ ਆਪਣੇ ਕੋਲ ਬੁਲਾ ਲਿਆ । ਰਾਵੀ ਦਾ ਮਾਂ ਨਾਲ ਰਾਬਤਾ ਲਗਾਤਾਰ ਬਣਿਆ ਰਹਿੰਦਾ ਸੀ । ਜਿਵੇਂ ਕੁਦਰਤ ਨੂੰ ਕੁਝ ਹੋਰ ਹੀ ਮਨਜੂਰ ਸੀ ਰਾਜਬੀਰ ਨੇ ਛੇ ਮਹੀਨਿਆਂ ਬਾਅਦ ਹੀ ਸਾਊਪੁਣੇ ਦਾ ਮੁਖੌਟਾ ਲਾਹ ਕੇ ਆਪਣੀ ਅਸਲੀ ਔਕਾਤ ਦੇ ਦਰਸ਼ਨ ਕਰਵਾਉਣੇ ਸ਼ੁਰੂ ਕਰ ਦਿਤੇ ਉਸ ਨੇ ਗੱਲਾਂ ਗੱਲਾਂ ਵਿੱਚ ਆਪਣੇ ਮਗਰਲੇ ਪਰਿਵਾਰ ਦੀ ਕਬੀਲਦਾਰੀ ਦੇ ਕਿੱਸਿਆਂ ਨੂੰ ਰਾਵੀ ਦੇ ਕੰਨਾਂ ਤੱਕ ਪੁੱਜਦਾ ਕਰ ਇੱਕ ਦਿਨ ਉਸ ਦੇ ਅੱਗੇ ਪੱਚੀ ਲੱਖ ਦੀ ਮੰਗ ਰੱਖ ਦਿੱਤੀ ਕਿ ਮੇਰੇ ਮਾਪਿਆਂ ਨੇ ਮੇਰੀ ਭੈਣ ਦਾ ਵਿਆਹ ਕਰਨੇੈ ਰਾਵੀ ਨੇ ਬਥੇਰੇ ਵਾਸਤੇ ਪਾਏ ਕਿ ਉਸ ਨੇ ਪਹਿਲਾਂ ਹੀ ਉਨ੍ਹਾਂ ਦੇ ਵਿਆਹ ਤੇ ਆਏ ਸਾਰੇ ਖਰਚੇ ਨੂੰ ਚੁੱਕਿਆ ਹੈ ਹੁਣ ਏਡੀ ਵੱਡੀ ਰਕਮ ਦਾ ਪ੍ਰਬੰਧ ਕਿੱਥੋਂ ਕਰਾਂ । ਮਹੀਨਾ ਭਰ ਉਨ੍ਹਾਂ ਵਿੱਚ ਤਕਰਾਰ ਹੁੰਦਾ ਰਿਹਾ ਇਨ੍ਹਾਂ ਦਿਨਾਂ ਵਿੱਚ ਕਈ ਵਾਰ ਰਾਜਬੀਰ ਨੇ ਰਾਵੀ ਨੂੰ ਕੁੱਟਮਾਰ ਕਰਦਿਆਂ ਬਹੁਤ ਕੁੱਝ ਅਜਿਹਾ ਵੀ ਬੋਲ ਦਿੱਤਾ ਜੋ ਉਸ ਦੇ ਬਰਦਾਸ਼ਤ ਤੋਂ ਬਾਹਰ ਸੀ । ਇਧਰ ਰਾਵੀ ਦੀ ਮਾਂ ਇਹ ਸਭ ਕੁਝ ਤੋਂ ਬੇਖ਼ਬਰ ਕਿਸੇ ਅਨੋਖੀ ਖੁਸ਼ੀ ਦੀ ਉਡੀਕ ਵਿੱਚ ਫੁੱਲੀ ਨਹੀਂ ਸੀ ਸਮਾਉਂਦੀ । ਇੱਕ ਦਿਨ ਸੂਰਜ ਦੇ ਛਿਪਾਅ ਨਾਲ ਰਾਜਬੀਰ ਇੱਕਦਮ ਘਰ ਪਰਤਿਆ ਰਾਵੀ ਵੀ ਅਜੇ ਕੁਝ ਸਮਾਂ ਪਹਿਲਾਂ ਹੀ ਕੰਮ ਤੋਂ ਆਈ ਸੀ ਉਸ ਨੇ ਆਉਂਦਿਆਂ ਹੀ ਇੱਕ ਕਾਗਜ਼ ਦਾ ਟੁਕੜਾ ਰਾਵੀ ਦੇ ਹੱਥ ਤੇ ਧਰ ਦਿੱਤਾ ਇਹ ਟੁਕੜਾ ਮਹਿਜ਼ ਇਕ ਕਾਗਜ਼ ਨਹੀਂ ਸੀ ਜਿਵੇਂ ਉਹ ਕੋਈ ਮਘਦਾ ਕੋਲਾ ਸੀ ਕੋਈ ਤਿੱਖੀ ਛੁਰੀ ਸੀ ਜੋ ਰਾਵੀ ਦੇ ਸੀਨੇ ਦੇ ਆਰ ਪਾਰ ਹੋ ਗਈ ਸੀ ਪਲ ਦੀ ਪਲ ਰਾਵੀ ਨੂੰ ਇੰਝ ਲੱਗਿਆ ਕਿ ਉਸ ਨੂੰ ਜਿਵੇ ਰਾਜਵੀਰ ਨੇ ਗਮਾਂ ਦੇ ਭਰੇ ਸਮੁੰਦਰ ਵਿੱਚ ਧੱਕ ਦਿੱਤਾ ਹੋਵੇ ਤੇ ਗਮ ਉਸ ਦੀ ਜਾਨ ਨੂੰ ਕੀੜਿਆਂ ਦੀ ਤਰ੍ਹਾਂ ਨੋਚ ਰਹੇ ਹੋਣ ਉਹ ਤਿਲਮਿਲਾ ਉੱਠੀ ਸੀ ਜਦ ਰਾਜਵੀਰ ਨੇ ਉਸ ਨੂੰ ਨਾਲ ਦੀ ਨਾਲ ਇਹ ਫ਼ੁਰਮਾਨ ਸੁਣਾ ਦਿੱਤਾ ਕਿ ਜਾਂ ਤਾਂ ਪੱਚੀ ਲੱਖ ਦਾ ਪ੍ਰਬੰਧ ਕਰ ਲੈ ਜਾਂ ਇਨ੍ਹਾਂ ਤਲਾਕ ਦੇ ਪੇਪਰਾਂ ਤੇ ਦਸਤਖਤ ਕਰਦੇ ਮੈਨੂੰ ਪਿੰਡੋਂ ਮਾਂ ਦਾ ਸੁਨੇਹਾ ਆਇਅੈ ਕਿ ਲਾਗ ਦੇ ਪਿੰਡੋਂ ਕਿਸੇ ਕੁੜੀ ਨੇ ਵਿਆਹ ਕਰਵਾ ਕੇ ਇੱਧਰ ਆਉਣੈ ਤੇ ਉਹ ਤੀਹ ਲੱਖ ਦਿੰਦੇ ਨੇ । ਰਾਵੀ ਲਈ ਸਮਾਂ ਜਿਵੇਂ ਰੁਕ ਗਿਆ ਸੀ ਕੁਝ ਮਹੀਨਿਆਂ ਦੀ ਖੁਸ਼ੀ ਉਸ ਤੇ ਕੜਕਦੀ ਬਿਜਲੀ ਬਣ ਕੇ ਡਿੱਗੀ ਸੀ ਰੱਬ ਨੂੰ ਕੋਸਦਿਆਂ ਉਸ ਨੇ ਅੱਖਾਂ ਵਿਚਲਾ ਨੀਰ ਨਦੀ ਦੇ ਪਾਣੀ ਵਾਂਗ ਵਹਾਇਆ । ਪਲ ਦੀ ਪਲ ਉਸਨੂੰ ਲੱਗਿਆ ਸ਼ਾਇਦ ਉਸ ਨੇ ਆਪਣੀ ਮਾਂ ਦੀ ਕੁੱਖ ਵਿਚੋਂ ਜਨਮ ਲੈ ਕੇ ਗੁਨਾਹ ਕੀਤਾ ਹੈ ਹੁਣ ਉਸ ਨੂੰ ਇਸ ਦੁਨੀਆ ਤੇ ਰਹਿਣ ਦਾ ਕੋਈ ਹੱਕ ਨਹੀਂ ਇਹ ਦੁਨੀਆਂ ਉਸ ਦੀ ਨਾ ਬਣ ਸਕੀ ਉਹ ਹੁਣ ਬੋਝ ਸੀ ਇਸ ਧਰਤੀ ਤੇ । ਕਿੰਝ ਉਸ ਨੇ ਰਾਜਵੀਰ ਲਈ ਪਰਮਾਤਮਾ ਅੱਗੇ ਅਰਜੋਈ ਕਰ ਕੀ ਕੁਝ ਨਹੀਂ ਸੀ ਮੰਗਿਆ ਉਹ ਤਾਂ ਉਸ ਦੇ ਰਹਿਮੋ ਕਰਮ ਤੇ ਹੀ ਇੱਥੇ ਪਹੁੰਚੇਆ ਸੀ ਪਰ ਹੁਣ ਆਖਰ ਹੋ ਚੁੱਕੀ ਸੀ । ਰਾਵੀ ਨੇ ਸੋਚਿਆ ਕੇਸ ਕਰਦਿਆਂ ਜਾਂ ਪੁਲਿਸ ਨੂੰ ਬੁਲਾਵਾਂ , ਪਰ ਇਹ ਸਭ ਕੁਝ ਲਈ ਉਹ ਅੰਦਰੋਂ ਬੇਹੱਦ ਕਮਜ਼ੋਰ ਤੇ ਟੁੱਟ ਚੁੱਕੀ ਸੀ ਉਸ ਦਾ ਹੌਸਲਾ ਨਾ ਪਿਆ । ਰਾਵੀ ਦੇ ਮਨ ਵਿੱਚ ਧੁਰ ਅੰਦਰ ਤੱਕ ਰਾਜਵੀਰ ਲਈ ਅੈਸੀ ਨਫ਼ਰਤ ਪੈਦਾ ਹੋਈ ਕਿ ਅੱਧੀ ਰਾਤ ਬੀਤਣ ਨੂੰ ਚੱਲੀ ਸੀ ਪਰ ਉਸ ਦੇ ਮਨ ਵਿੱਚ ਚੱਲ ਰਿਹਾ ਯੁੱਧ ਖ਼ਤਮ ਨਹੀਂ ਸੀ ਹੋ ਰਿਹਾ । ਅੰਤ ਉਸ ਨੇ ਹੌਸਲਾਂ ਕਰ ਮੇਜ਼ ਤੇ ਪਏ ਤਲਾਕ ਦੇ ਪੇਪਰਾਂ ਵੱਲ ਹੱਥ ਵਧਾਏ ਉਸ ਦੇ ਸੀਨੇ ਅੰਦਰੋਂ ਇੱਕ ਚੀਸ ਉੱਠੀ ਤੇ ਗੁੱਸੇ ਦੇ ਜਵਾਰ ਭਾਟੇ ਨੇ ਦਸਤਕਾਂ ਰਾਹੀਂ ਆਪਣੇ ਮਨ ਦੇ ਵਲਵਲਿਆਂ ਨੂੰ ਉਜਾਗਰ ਕੀਤਾ ਕਿ ਹੁਣ ਮੈਂ ਤੇਰੀ ਬਣ ਕੇ ਲੈਣਾ ਵੀ ਕੀ ਹੈ , ਜਾਹ ਵੇ ਚੰਦਰਿਆ , ਤੈਨੂੰ ਕਿਸੇ ਜਨਮ ਢੋਈ ਨਾ ਮਿਲੇ ਕਹਿੰਦਿਆਂ ਸਾਰ ਉਸ ਦੀਆਂ ਅੱਖਾਂ ਵਿੱਚੋਂ ਗੁੱਸੇ ਅਤੇ ਰੋਸ ਦੇ ਅੱਥਰੂ ਤ੍ਰਿਪ ਤ੍ਰਿਪ ਵਗਣ ਲੱਗੇ , ਇੰਨਾ ਆਖ ਉਸ ਨੇ ਗਲ ਪਾਈ ਚੁੰਨੀ ਨੂੰ ਸਿਰ ਤੇ ਲੈਂਦਿਆਂ ਇਕੱਲੇ ਹੀ ਆਪਣੇ ਵਰਗੀਆਂ ਹੋਰ ਦੁਖੀ ਲੜਕੀਆਂ ਅਤੇ ਦੀਨ ਦੁਖੀਆਂ ਦੀ ਸੇਵਾ ਲਈ ਸਿਦਕ ਅਤੇ ਸਿਰੜ ਨਾਲ ਜ਼ਿੰਦਗੀ ਜਿਊਣ ਦਾ ਰਸਤਾ ਚੁਣ ਲਿਆ ਉਸਨੂੰ ਲੱਗਿਆ ਜਿਵੇਂ ਹੁਣ ਉਸ ਦੀ ਜ਼ਿੰਦਗੀ ਦੇ ਗੁਆਚੇ ਪਲ ਅਤੇ ਬਾਪੂ ਦੀਆਂ ਕਹੀਆਂ ਗੱਲਾਂ ਦੀ ਪਰਵਾਜ਼ ਇੰਨੀ ਲੰਬੀ ਹੋ ਗਈ ਹੋਵੇ ਕਿ ਉਨ੍ਹਾਂ ਦੀ ਉਡੀਕ ਕਰਨੀ ਮੁਸ਼ਕਿਲ ਸੀ ।

ਮਨਜਿੰਦਰ ਸਿੰਘ ਸਰੌਦ
( ਮਾਲੇਰਕੋਟਲਾ )
94634 63136

ਖ਼ਤਰਨਾਕ ਦਿਸ਼ਾ ਵੱਲ ਜਾ ਰਿਹੈ 'ਚਿੱਟੇ ਨਸ਼ੇ' ਦੇ ਆਦੀ ਹੋ ਚੁੱਕੇ ਨੌਜਵਾਨਾਂ ਦਾ ਭਵਿੱਖ  - ਮਨਜਿੰਦਰ ਸਿੰਘ ਸਰੌਦ

ਹੁਣ 'ਚਿੱਟੇ' ਦੇ ਨਾਲ ਸ਼ਰਾਬ ਦਾ ਸੇਵਨ ਵੀ ਕਰਨ ਲੱਗੇ ਨੌਜਵਾਨ

ਇੱਕ ਬਜ਼ੁਰਗ ਮਾਂ ਆਪਣੀ ਜ਼ਿੰਦਗੀ ਦੇ ਆਖ਼ਰੀ ਪੜਾਅ ਤੇ ਪਹੁੰਚਕੇ , ਆਪਣੀ ਹੀ ਕੁੱਖ ਦੇ ਜਾਏ ਜੋ ਚਿੱਟੇ ਨਸ਼ੇ ਦੀ ਭੇਟ ਚੜ੍ਹ ਜਹਾਨ ਤੋਂ ਜਾ ਚੁੱਕਿਆ ਉਸ ਦਾ ਪੁੱਤਰ ਸੀ ਦੀ ਲਾਸ਼ ਤੇ ਵੈਣ ਪਾ ਕੇ ਸਮੇਂ ਦੇ ਹਾਕਮਾਂ ਨੂੰ ਕੋਸਦੀ ਹੈ , ਕੀ ਬੀਤੀ ਹੋਉ ਉਸ ਮਾਂ ਤੇ ਜਿਸ ਦਾ 42 ਕੁ ਸਾਲਾਂ ਦਾ ਕੜੀ ਵਰਗਾ ਗੱਭਰੂ ਪੁੱਤ ਚਿੱਟੇ ਦੀ ਦਲਦਲ ਵਿੱਚ ਇਨਾ ਡੂੰਘਾ ਧੱਸ ਗਿਆ ਕਿ ਵਾਪਸ ਨਾ ਪਰਤਿਆ । ਇਹ ਦਰਦ ਕਹਾਣੀ ਮਾਝੇ ਦੇ ਉੱਪਰੋਂ ਹੱਸਦੇ-ਵੱਸਦੇ ਤੇ ਅੰਦਰੋਂ ਖੋਖਲੇ ਹੋ ਚੁੱਕੇ ਇੱਕ ਪਿੰਡ ਦੀ ਹੈ । ਅਗਲਾ ਦਰਦ ਹੈ ਮਾਲਵੇ ਦੀ ਉਸ ਭੈਣ ਦਾ ਜਿਸ ਦਾ ਇੱਕੋ-ਇੱਕ ਆਖਰੀ ਮਾਂ ਜਾਇਆ ਨਸ਼ੇ ਦੇ ਵਹਿੰਦੇ ਦਰਿਆ ਵਿਚ ਰੁੜ ਗਿਆ ਅਤੇ ਹਾਲਾਤ ਇੱਥੋਂ ਤੱਕ ਜਾ ਪਹੁੰਚੇ ਕਿ ਅੱਜ ਪਰਿਵਾਰ ਵਿੱਚ ਸਿਵਾਏ ਔਰਤਾਂ ਤੋਂ ਕੋਈ ਮਰਦ ਬਾਕੀ ਬਚਿਆ ਹੀ ਨਹੀਂ ਕਿਉਂਕਿ ਬਾਕੀ ਬਚਿਆਂ ਨੂੰ ਕਰਜੇ ਦੇ ਅਜਗਰ ਨਾਗ ਨੇ ਆਪਣੇ ਲਪੇਟੇ ਵਿੱਚ ਲੈ ਕੇ ਸਦਾ ਦੀ ਨੀਂਦ ਸੁਆ ਦਿੱਤਾ । ਪੰਜਾਬ ਦੇ ਤਿੰਨਾਂ ਖੇਤਰਾਂ ਮਾਝਾ , ਮਾਲਵਾ ਅਤੇ ਦੁਆਬਾ ਦੇ ਸਿਵਿਆਂ ਅੰਦਰ ਅੱਜ ਚਿੱਟੇ ਨਸ਼ੇ ਦੀ ਗਫ਼ਲਤ ਵਿੱਚ ਰੁੜ੍ਹ ਕੇ ਇਸ ਸੰਸਾਰ ਨੂੰ ਛੱਡ ਕੇ ਜਾਣ ਵਾਲੇ ਨੌਜਵਾਨਾਂ ਦੇ ਮ੍ਰਿਤਕ ਸਰੀਰਾਂ ਨੂੰ ਲੱਗੇ ਲਾਂਬੂ ਇਸ ਗੱਲ ਦੀ ਸ਼ਰੇਆਮ ਦੁਹਾਈ ਪਾਉਂਦੇ ਜਾਪ ਰਹੇ ਹਨ ਕਿ ਜੇਕਰ ਬਚਾ ਸਕਦੇ ਹੋ ਤਾਂ ਬਚਾ ਲਵੋ ਭੰਗ ਦੇ ਭਾਣੇ ਜਾ ਰਹੀ ਪੰਜਾਬ ਦੀ ਜਵਾਨੀ ਨੂੰ ।
                       ਅੱਖਾਂ ਵਿੱਚੋਂ ਆਪ ਮੁਹਾਰੇ ਅੱਥਰੂ ਵਗਣ ਲੱਗਦੇ ਨੇ ਜਦੋਂ ਉਨ੍ਹਾਂ ਨੌਜਵਾਨਾਂ ਦੇ ਦਰਸ਼ਨੀ ਚਿਹਰਿਆਂ ਵੱਲ ਵੇਖਦੇ ਹਾਂ ਜੋ ਸ਼ੁਰੂ ਵਿੱਚ ਚਿੱਟੇ ਨਸ਼ੇ ਦੇ ਪੰਜੇ ਵਿੱਚ ਜਕੜਨ ਤੋਂ ਬਾਅਦ ਛੇਤੀ ਹੀ ਸ਼ਰਾਬ ਦੀ ਲਤ ਦੇ ਆਦੀ ਹੋ ਗਏ । ਜਦ ਉਨ੍ਹਾਂ ਨੂੰ ਚਿੱਟੇ ਦੀ 'ਤੋੜ' ਲੱਗਦੀ ਹੈ ਤਾਂ ਉਹ ਠੇਕੇ ਤੋਂ ਜਾ ਕੇ ਸ਼ਰਾਬ ਦੀ ਪੂਰੀ ਬੋਤਲ ਡਕਾਰਨ ਨੂੰ ਵੀ ਦੇਰ ਨਹੀਂ ਲਾਉਂਦੇ , ਅੱਜ ਵੱਡੀ ਗਿਣਤੀ ਵਿੱਚ ਅਜਿਹੇ ਨੌਜਵਾਨ ਖਤਰਨਾਕ ਦਿਸ਼ਾ ਅਤੇ ਦਸ਼ਾ ਵੱਲ ਕੂਚ ਕਰ ਰਹੇ ਹਨ ਇਨ੍ਹਾਂ ਦੀ ਹਾਲਤ ਕਿਸੇ ਭਿਆਨਕ ਅਣਹੋਣੀ ਦਾ ਸੰਕੇਤ ਦੇ ਰਹੀ ਹੈ ਕਿਉਂਕਿ ਪਹਿਲਾਂ ਇਹ ਆਖਿਆ ਜਾਂਦਾ ਸੀ ਕਿ ਚਿੱਟੇ ਨਸ਼ੇ ਦਾ ਸ਼ਰਾਬ ਨਾਲ ਕੋਈ ਮੇਲ ਨਹੀਂ । ਅੱਜ ਇਸ ਨਸ਼ੇ ਦੀ ਬਦੌਲਤ ਪੰਜਾਬ ਅੰਦਰ ਹਜ਼ਾਰਾਂ ਪਰਿਵਾਰ ਟੁੱਟ ਚੁੱਕੇ ਹਨ ਜਾਂ ਟੁੱਟਣ ਦੀ ਕਗਾਰ ਤੇ ਪਹੁੰਚ ਕੇ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ ।
                       ‎ਸੋਚ ਕੇ ਵੇਖੋ ਕਿਸ ਹਾਲ ਵਿੱਚ ਹੋਣਗੀਆਂ ਉਹ ਮੁਟਿਆਰਾਂ ਜਿਨ੍ਹਾਂ ਨੇ ਅਪਣੇ ਸੋਹਣੇ ਸੁਨੱਖੇ ਜੀਵਨ ਸਾਥੀਆਂ ਦੇ ਨਾਲ ਜ਼ਿੰਦਗੀ ਦੇ ਉਨ੍ਹਾਂ ਹਸੀਨ ਪਲਾਂ ਨੂੰ ਮਾਨਣ ਦੇ ਖੁਆਬ ਮਨਾਂ ਅੰਦਰ ਪਾਲੇ ਹੋਣਗੇ । ਉਸ ਹਰ ਧੀ ਦੇ ਮਨ ਦੀਆਂ ਸੱਧਰਾਂ ਇੱਕ-ਇੱਕ ਕਰਕੇ ਤਿੜਕ ਰਹੀਆਂ ਨੇ ਜਦੋਂ ਉਨ੍ਹਾਂ ਦਾ ਸਿਰ ਦਾ ਸਾਈਂ ਕਿਸੇ ਖੇਤ ਦੀ ਮੋਟਰ ਤੋਂ ਪਰਿਵਾਰ ਨੂੰ ਰਾਤ ਦੇ ਦਸ ਵਜੇ ਅੱਧਮੋਈ ਹਾਲਤ 'ਚ ਲੱਭਦੈ, ਜਿਸ ਦੇ ਮੂੰਹ ਚੋਂ ਝੱਗ ਨਿਕਲ ਰਹੀ ਹੁੰਦੀ ਹੈ । ਮਾਵਾਂ , ਭੈਣਾਂ ਅਤੇ ਪਤਨੀਆਂ ਦੀ ਕਰੁਣਾਮਈ ਹਾਲਤ ਤੋਂ ਬਾਅਦ ਇਸ ਸਾਰੇ ਵਰਤਾਰੇ ਦਾ ਇੱਕ ਖਤਰਨਾਕ ਪਹਿਲੂ ਇਹ ਵੀ ਹੈ ਜਿਸ ਨੂੰ ਸਾਡਾ ਸਮਾਜ ਅਕਸਰ ਅਣਗੌਲਿਆ ਕਰ ਦਿੰਦਾ ਹੈ ਜਾਂ ਜਾਣ ਬੁੱਝ ਕੇ ਇਨ੍ਹਾਂ ਗੱਲਾਂ ਨੂੰ ਸਾਹਮਣੇ ਲਿਆਉਣ ਦੀ ਕੋਸ਼ਿਸ਼ ਹੀ ਨਹੀਂ ਕਰਦਾ । ਅੱਜ ਹਾਲਾਤ ਇੱਥੋਂ ਤੱਕ ਭਿਆਨਕ ਹੋ ਚੁੱਕੇ ਨੇ ਕਿ ਚਿੱਟੇ ਦਾ ਸੇਵਨ ਕਰਨ ਵਾਲੇ ਨੌਜਵਾਨਾਂ ਵਿੱਚੋਂ ਬਹੁਤ ਸਾਰੇ ਪਿਓ ਬਣਨ ਦੇ ਕਾਬਲ ਵੀ ਨਹੀਂ ਹਨ , ਰੂਹ ਤੱਕ ਕੰਬ ਜਾਂਦੀ ਹੈ ਇਸ ਪਹਿਲੂ ਨੂੰ ਵਾਚਦਿਆਂ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਪੂਰੀ ਦੁਨੀਆਂ ਅੰਦਰ ਨਰੋਏ ਜੁੱਸਿਆਂ ਦੇ ਤੌਰ ਤੇ ਜਾਣੇ ਜਾਂਦੇ ਪੰਜਾਬੀ ਕਦੇ ਆਪਣੀ ਵੰਸ਼ ਨੂੰ ਅੱਗੇ ਵਧਾਉਣ ਜੋਗੇ ਵੀ ਨਹੀਂ ਰਹਿਣਗੇ ।
                      ‎     ਬੀਤੇ ਦਿਨ ਕੋਰੋਨਾ ਦੀ ਦਸਤਕ ਨੇ ਭਾਵੇਂ ਪੰਜਾਬ ਦੇ ਪਿੰਡਾਂ ਅੰਦਰ ਚਿੱਟੇ ਦੀ ਚੇਨ ਨੂੰ ਤੋੜਨ ਦਾ ਕੰਮ ਜ਼ਰੂਰ ਕੀਤਾ ਸੀ ਪਰ ਜਿਉਂ-ਜਿਉਂ ਸਮਾਂ ਬੀਤਦਾ ਗਿਆ ਤਿਉਂ-ਤਿਉਂ ਨਸ਼ੇ ਦੇ ਸੌਦਾਗਰ ਮੁੜ ਸਰਗਰਮ ਹੋਣ ਲੱਗੇ ਹਨ । ਇਸ ਸਾਰੇ ਘਟਨਾਕ੍ਰਮ ਨੂੰ ਲੈ ਕੇ ਸਰਕਾਰ ਅਤੇ ਪੁਲਿਸ ਤੇ ਸਵਾਲ ਉੱਠਣੇ ਲਾਜ਼ਮੀ ਨੇ ਕਿਉਂਕਿ ਜੇਕਰ ਸਰਕਾਰ ਅਤੇ ਪੁਲਿਸ ਚਾਹੇ ਤਾਂ ਉਹ ਚਿੜੀ ਵੀ ਨਹੀਂ ਫਟਕਣ ਦਿੰਦੀ ਫਿਰ ਇਹ ਨਸ਼ਾ ਇੱਕ ਥਾਂ ਤੋਂ ਦੂਜੀ ਥਾਂ ਪਹੁੰਚਦਾ ਕਿਵੇਂ ਹੈ , ਬਹੁਤੇ ਲੋਕਾਂ ਲਈ ਇਹ ਵੀ ਅਜੇ ਤੱਕ ਇਕ ਬੁਝਾਰਤ ਬਣੀ ਹੋਈ ਹੈ । ਇਸ ਮਾੜੀ ਅਲਾਮਤ ਦੇ ਖਿਲਾਫ ਲੰਬੇ ਸਮੇਂ ਤੋਂ ਕੰਮ ਕਰ ਰਹੇ ਪੁਲਿਸ ਅਫ਼ਸਰਾਂ ਦਾ ਆਖਣਾ ਹੈ ਕਿ ਅਦਾਲਤਾਂ ਵਿੱਚ ਇਸ ਨਸ਼ੇ ਨੂੰ ਸਾਬਤ ਕਰਨ ਦਾ ਕੰਮ ਬਹੁਤ ਔਖੈ , ਪੁਲਿਸ ਦੇ ਦਰਜ ਕੀਤੇ ਮਾਮਲੇ ਅਦਾਲਤਾਂ ਵਿੱਚ ਜਾ ਕੇ ਧੜਾਧੜ ਫੇਲ ਹੋ ਜਾਂਦੇ ਹਨ ਅਤੇ ਦੋਸ਼ੀ ਕੁਝ ਦਿਨਾਂ ਬਾਅਦ ਫੇਰ ਬਾਹਰ ਆ ਜਾਂਦਾ ਹੈ । ਜਦਕਿ ਹਕੀਕਤ ਵਿੱਚ ਇਹ ਨਸ਼ਾ ਇੱਕ ਆਮ ਇਨਸਾਨ ਨੂੰ ਕੁਝ ਸਮਾਂ ਸੇਵਨ ਕਰਨ ਤੋਂ ਬਾਅਦ ਕਿਸੇ ਪਾਸੇ ਜੋਗਾ ਨਹੀਂ ਰਹਿਣ ਦਿੰਦਾ , ਇਸ ਸੱਚ ਤੋਂ ਪਰਦਾ ਚੁੱਕਣਾ ਵੀ ਅੱਜ ਸਮੇਂ ਦੀ ਮੰਗ ਹੈ ।
                      ‎     ਨਸ਼ੇ ਨਾਲ ਸਰੀਰ ਤੋਂ ਇਲਾਵਾਂ ਮਰ ਰਹੀ 'ਇਨਸਨੀ ਰੂਹ' ਦੇ ਪੱਖ ਤੋਂ ਪਰੇ ਹੋ ਕੇ ਜੇਕਰ ਥੋੜ੍ਹਾ ਜਿਹਾ ਧਿਆਨ ਆਰਥਿਕ ਪੱਖ ਤੇ ਵੀ ਮਾਰੀਏ ਤਾਂ ਕਹਾਣੀ ਇੱਥੇ ਵੀ ਲੂੰ ਕੰਡੇ ਖਡ਼੍ਹੇ ਕਰਨ ਵਾਲੀ ਹੈ ਕਿ ਕਿੰਝ ਇੱਕ ਬਦਨਸੀਬ ਨੌਜਵਾਨ ਆਪਣੇ ਘਰ ਦਾ ਸਾਮਾਨ ਵੇਚਣ ਤੋਂ ਲੈ ਕੇ ਮੋਬਾਈਲ ਫੋਨਾਂ ਤੱਕ ਨੂੰ ਗਹਿਣੇ ਰੱਖ ਕੇ ਨਸ਼ੇ ਦੀ ਪੂਰਤੀ ਕਰਦਾ ਹੈ ਜਿਸ ਦੀ ਘੱਟ ਤੋਂ ਘੱਟ ਕੀਮਤ 2 ਹਜ਼ਾਰ ਤੋਂ ਲੈ ਕੇ 5 ਹਜ਼ਾਰ ਰੁਪਏ ਤੱਕ ਪ੍ਰਤੀ ਦਿਨ ਹੈ । ਇਹ ਵੀ ਘੱਟ ਦੁਖਦਾਈ ਨਹੀਂ ਹੈ ਕਿ ਕਈ ਤਾਂ ਨਸ਼ੇ ਦੀ ਤੋੜ ਦੇ ਮਾਰੇ ਆਪਣੀਆਂ ਪਤਨੀਆਂ ਅਤੇ ਬੱਚਿਆਂ ਤੱਕ ਨੂੰ ਨਾਲ ਲੈ ਕੇ ਨਸ਼ਾ ਵੇਚਣ ਵਾਲਿਆਂ ਕੋਲ ਪਹੁੰਚਦੇ ਹਨ ਫਿਰ ਜੋ ਉੱਥੇ ਹੁੰਦੈ ਉਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ । ਇਹ ਦਰਦ ਕਹਾਣੀ ਇੱਕ ਪਿੰਡ ਜਾਂ ਇਲਾਕੇ ਦੀ ਨਹੀਂ ਹੁਣ ਇਹ ਪੰਜ ਦਰਿਆਵਾਂ ਦੀ ਧਰਤੀ ਦੇ ਹਰ ਉਸ ਹਿੱਸੇ ਦੀ ਦਾਸਤਾਨ ਬਣਦੀ ਜਾ ਰਹੀ ਹੈ ਜਿਸ ਦੇ ਜ਼ਰੇ-ਜ਼ਰੇ ਵਿੱਚੋਂ ਕਦੇ ਸ਼ਹੀਦਾਂ ਦੇ ਖੂਨ ਦੀ ਮਹਿਕ ਉਠਦੀ ਸੀ । ਚੰਗਾ ਹੋਵੇ ਸਰਕਾਰ , ਸਮਾਜ ਸੇਵੀ ਜਥੇਬੰਦੀਆਂ ਅਤੇ ਅਸੀਂ ਬਰਬਾਦ ਹੋ ਰਹੀ  ਪੰਜਾਬ ਦੀ ਜੁਆਨੀ ਲਈ ਕੋਈ ਉਚਿੱਤ ਕਦਮ ਚੁੱਕੀੲੇ ਤਾਂ ਕਿ ਅਸੀਂ ਮੁੜ ਤੋਂ ਉਸ ਰੰਗਲੇ ਪੰਜਾਬ ਦੇ ਦਰਸ਼ਨ ਕਰ ਸਕੀਏ ਜਿਸ ਨੂੰ ਅਸੀਂ ਅਕਸਰ ਇਤਿਹਾਸ ਵਿੱਚ ਪੜ੍ਹਦੇ ਅਤੇ ਸੁਣਦੇ ਹਾਂ ।

ਮਨਜਿੰਦਰ ਸਿੰਘ ਸਰੌਦ
ਮਾਲੇਰਕੋਟਲਾ
‎94634-63136

ਕੋਰੋਨਾ ਖਿਲਾਫ਼ ਜੰਗ ਲੜ ਰਹੇ ਯੋਧਿਆਂ ਦੇ ਜਜ਼ਬੇ ਨੂੰ ਸਲਾਮ - ਮਨਜਿੰਦਰ ਸਿੰਘ ਸਰੌਦ

ਪੰਜਾਬ ਅੰਦਰ ਜਿਉਂ-ਜਿਉਂ ਕੋਰੋਨਾ ਦਾ ਕਹਿਰ ਵਧ ਰਿਹਾ ਹੈ ਤਿਉਂ-ਤਿਉਂ ਇਸ ਦੇ ਇਸ ਦੇ ਖਿਲਾਫ਼ ਜੰਗ ਲੜ ਰਹੇ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਅਤੇ ਅਫਸਰਾਂ ਦੇ ਹੌਸਲੇ ਜਰੂਰ ਵਧ ਰਹੇ ਹਨ ਪਰ ਇਨ੍ਹਾਂ ਸਬੰਧਤ ਵਿਭਾਗਾਂ ਵਿੱਚ ਲੰਬੇ ਸਮੇਂ ਤੋਂ ਆਪਣੀਆਂ ਸੇਵਾਵਾਂ ਦੇ ਕੇ ਕੋਰੋਨਾ ਪੀੜਤਾਂ ਨੂੰ ਨਵੀਆਂ ਜ਼ਿੰਦਗੀਆਂ ਬਖਸ਼ ਰਹੇ ਯੋਧਿਆਂ ਨੂੰ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ । ਸਿਹਤ ਵਿਭਾਗ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੀ ਪੰਜਾਬ ਪੁਲਿਸ ਦਾ ਹਾਲ ਕਿਸੇ ਤੋਂ ਲੁਕਿਆ ਨਹੀਂ ਹੈ ਜੋ ਇਨ੍ਹਾਂ ਹਲਾਤਾਂ ਵਿੱਚ ਵੀ ਜਜ਼ਬੇ ਨਾਲ ਗੜੁੱਚ ਹੁੰਦਿਆਂ ਅਪਣੀ ਡਿਉਟੀ ਨੂੰ ਪਹਿਲ ਦੇ ਰਹੇ ਹਨ । ਇਸ ਤੋਂ ਬਾਅਦ ਕਿੰਨੇ ਹੀ ਅਜਿਹੇ ਉਹ ਵਰਕਰ ਹਨ ਜੋ ਇਸ ਡਰ 'ਤੇ ਸਹਿਮ ਦੇ ਮਾਹੌਲ ਅੰਦਰ ਵੀ ਤਨਦੇਹੀ ਨਾਲ ਬੇਖੌਫ ਹੋ ਕੇ ਮਨੁੱਖੀ ਜ਼ਿੰਦਗੀਆਂ ਦੀ ਪਹਿਰੇਦਾਰੀ ਕਰ ਰਹੇ ਹਨ ।
                  ਜੇਕਰ ਡਾਕਟਰਾਂ ਕੋਲ ਕੋਰੋਨਾ ਦੇ ਮਰੀਜ਼ਾਂ ਦਾ ਇਲਾਜ ਕਰਨ ਵਾਸਤੇ ਜ਼ਰੂਰੀ ਸਾਜ਼ੋ ਸਾਮਾਨ ਨਾ ਹੋਣ ਦੀ ਗੱਲ ਉੱਠਦੀ ਹੈ ਤਾਂ ਜ਼ਰੂਰੀ ਹੋ ਜਾਂਦਾ ਹੈ ਕਿ ਪੁਲਿਸ ਮੁਲਾਜ਼ਮਾਂ ਦਾ ਦਰਦ ਵੀ ਸਰਕਾਰ ਦੇ ਕੰਨਾਂ ਤੱਕ ਪਹੁੰਚਦਾ ਕੀਤਾ ਜਾਵੇ । ਲਗਭਗ ਡੇਢ ਮਹੀਨਾ ਬੀਤਣ ਦੇ ਬਾਅਦ ਵੀ ਕਈ ਪੁਲਿਸ ਅਫ਼ਸਰਾਂ ਅਤੇ ਮੁਲਾਜ਼ਮਾਂ ਵੱਲੋਂ ਆਪਣੇ ਘਰ ਦਾ ਬੂਹਾ ਤੱਕ ਨਹੀਂ ਵੇਖਿਆ ਗਿਆ ਉਨ੍ਹਾਂ ਦੀ ਵਰਦੀ ਅਤੇ ਢਿੱਡ ਭਰਨ ਲਈ ਦੋ ਵਖਤ ਦੇ ਖਾਣੇ ਦਾ ਪ੍ਰਬੰਧ ਕਿੰਝ ਹੁੰਦਾ ਹੈ ਇਹ ਤਾਂ ਉਹ ਹੀ ਜਾਣਦੇ ਨੇ । ਵੱਖ-ਵੱਖ ਨਾਕਿਆਂ ਉੱਤੇ ਖੜ੍ਹੇ ਮੁਲਾਜ਼ਮਾਂ ਨੂੰ ਕਈ ਦਿਨ ਬੀਤ ਜਾਣ ਦੇ ਬਾਅਦ ਵੀ ਆਪਣੇ ਪਰਿਵਾਰ ਦਾ ਚਿਹਰਾ ਵੇਖਣਾ ਨਸੀਬ ਹੁੰਦਾ ਹੈ , ਉਨ੍ਹਾਂ ਦੇ ਸਰੀਰ ਉੱਤੇ ਪਾਈ ਵਰਦੀ ਦੀ ਹਾਲਤ ਕਿਸੇ ਜੰਗ ਦੇ ਮੈਦਾਨ ਤੋਂ ਘੱਟ ਨਹੀਂ ਹੁੰਦੀ । ਸਵੇਰ ਤੋਂ ਲੈ ਕੇ ਸ਼ਾਮ ਤੱਕ ਪੁਲਿਸ ਦੀਆਂ ਗੱਡੀਆਂ ਪਿੰਡਾਂ ਦੀਆਂ ਸੜਕਾਂ ਅਤੇ ਖੇਤਾਂ ਦੀਆਂ ਪਹੀਆਂ ਦੀ ਖਾਕ ਛਾਣਦੀਆਂ ਰਹਿੰਦੀਆਂ ਹਨ ।
                  ‎ਸਿਹਤ ਵਿਭਾਗ ਨੂੰ ਜਦੋਂ ਵੀ ਕਿਸੇ ਕੋਰੋਨਾ ਪੀੜਤ ਦਾ ਪਤਾ ਚੱਲਦਾ ਹੈ ਤਾਂ ਤੁਰੰਤ ਪੁਲਿਸ ਨੂੰ ਉੱਥੇ ਪਹੁੰਚਣ ਦੀ ਹਦਾਇਤ ਦਿੱਤੀ ਜਾਂਦੀ ਹੈ ਤਾਂ ਕਿ ਅਮਨ ਕਾਨੂੰਨ ਦੀ ਸਥਿਤੀ ਨੂੰ ਠੀਕ ਰੱਖ ਕੇ ਪਿੰਡ ਨੂੰ ਸੀਲ ਕੀਤਾ ਜਾ ਸਕੇ । ਇਸੇ ਤਰ੍ਹਾਂ ਸਿਹਤ ਵਿਭਾਗ ਦੇ ਡਾਕਟਰਾਂ ਦੀਆਂ ਜੋ ਟੀਮਾਂ ਪਿੰਡਾਂ 'ਚ ਫਿਰ ਰਹੀਆਂ ਹਨ ਉਨ੍ਹਾਂ ਦੀ ਕਹਾਣੀ ਵੀ ਕੋਈ ਵੱਖਰੀ ਨਹੀਂ ਹੈ । ਇਹ ਸਾਰੇ ਵਰਤਾਰੇ ਦੇ ਚੱਲਦਿਆਂ ਪੰਜਾਬ ਪੁਲਿਸ ਅਤੇ ਸਿਹਤ ਵਿਭਾਗ ਅੰਦਰ ਮਾਨਸਿਕ ਤਣਾਅ ਤੋਂ ਪੀੜਤ ਮੁਲਾਜ਼ਮਾਂ ਦੀ ਗਿਣਤੀ ਵਿੱਚ ਵੱਡਾ ਵਾਧਾ ਹੋ ਰਿਹਾ ਹੈ ਉਨ੍ਹਾਂ ਦੀ ਹਾਲਤ ਬਹੁਤ ਜ਼ਿਆਦਾ ਮੰਦੀ ਹੈ ਜਿਹੜੇ ਦੂਰੋਂ ਨੇੜਿਓਂ ਡਿਊਟੀ 'ਤੇ ਤਾਇਨਾਤ ਹਨ ਕਿਉਂਕਿ ਸਹੀ ਸਮੇਂ ਤੇ ਖਾਣਾ ਅਤੇ ਨੀਂਦ ਪੂਰੀ ਨਾ ਹੋਣ ਦਾ ਦਰਦ ਉਨ੍ਹਾਂ ਮੁਲਾਜ਼ਮਾਂ ਦੇ ਚਿਹਰੇ 'ਤੇ ਸਪੱਸ਼ਟ ਝਲਕਦਾ ਵਿਖਾਈ ਦਿੰਦਾ ਹੈ । ਹੈਰਾਨੀ ਭਰਿਆ ਸਵਾਲ ਇਹ ਹੈ ਕਿ ਇਸ ਤਰ੍ਹਾਂ ਦੇ ਮਾਹੌਲ ਵਿੱਚ ਇਹ ਅਫ਼ਸਰ ਅਤੇ ਮੁਲਾਜ਼ਮ ਆਪਣੇ ਆਪ ਨੂੰ ਕਰੋਨਾ ਵਾਇਰਸ ਤੋਂ ਕਿੰਝ ਬਚਾ ਸਕਣਗੇ , ਇਸ ਪਾਸੇ ਵੱਲ ਵੀ ਧਿਆਨ ਦੇਣ ਦੀ ਜ਼ਰੂਰਤ ਹੈ ।
                  ‎ਬਹੁਤ ਸਾਰੇ ਪੁਲਿਸ ਮੁਲਾਜ਼ਮਾਂ ਅਤੇ ਸਿਹਤ ਕਰਮੀਆਂ ਦਾ ਹਾਲ ਇਹ ਹੈ ਕਿ ਉਨ੍ਹਾਂ ਨੂੰ ਆਪਣਿਆਂ ਤੋਂ ਦੂਰ ਰਹਿ ਕੇ ਮਾਨਸਿਕ ਤਣਾਅ ਦੇ ਵਿੱਚੋਂ ਦੀ ਗੁਜ਼ਰਨਾ ਪੈ ਰਿਹਾ ਹੈ ਕਈ ਪੁਲਿਸ ਅਫਸਰਾਂ ਅਤੇ ਸਿਹਤ ਵਿਭਾਗ ਦੇ ਕਰਮਚਾਰੀਆਂ ਨੂੰ ਡਿਊਟੀ ਕਰਦਿਆਂ ਕਿੰਨੇ ਦਿਨ ਬੀਤ ਜਾਣ ਦੇ ਬਾਅਦ ਵੀ ਆਪਣੇ ਪਰਿਵਾਰਾਂ ਨੂੰ ਮਿਲਣਾ ਨਸੀਬ ਨਹੀਂ ਹੋ ਸਕਿਆ ਠੀਕ ਹੈ ਅਜੇ ਇਸ ਸਾਰੇ ਵਰਤਾਰੇ ਨੂੰ ਸਹੀ ਹੁੰਦਿਆਂ ਸਮਾਂ ਲੱਗੇਗਾ ਪਰ ਆਖ਼ਰ ਸਾਡੇ ਇਹ ਜਾਂਬਾਜ ਕਰਮਚਾਰੀ ਵੀ ਇਨਸਾਨ ਹੀ ਹਨ ਉਨ੍ਹਾਂ ਦਾ ਵੀ ਸਾਡੇ ਜਿੰਨਾ ਹੀ ਹੱਕ ਬਣਦਾ ਹੈ ਕਿ ਆਪਣੇ ਪਰਿਵਾਰਾਂ ਨੂੰ ਸਮਾਂ ਦੇਣ । ਛੂੱਟੀ ਦਾ ਸਮਾਂ ਵੀ ਇਨ੍ਹਾਂ ਯੋਧਿਆਂ ਨੂੰ ਅਪਣੇ ਪਰਿਵਾਰਾਂ ਨਾਲੋਂ ਵੱਖ ਹੋਕੇ ਗੁਜਾਰਨਾ ਪੈੰਦਾਂ ਹੈ ਸੋਚੋ ਕੇਹੇ ਹਾਲਾਤ ਹੋਣਗੇ । ਠੀਕ ਹੈ ਕੁਦਰਤ ਦੀ ਇਸ ਕਰੋਪੀ ਅਤੇ ਬੇਹੱਦ ਔਖੀ ਘੜੀ ਅੰਦਰ ਵੀ ਸੰਜਮ ਅਤੇ ਅਹਿਤਿਆਤ ਤੋਂ ਕੰਮ ਲੈਂਦਿਆਂ ਇਹ ਆਪੋ-ਆਪਣੇ ਮੋਰਚਿਆਂ 'ਤੇ ਡਟੇ ਹੋਏ ਹਨ ਪਰ ਸਾਡਾ ਸਭਨਾਂ ਦਾ ਫਰਜ਼ ਬਣਦਾ ਹੈ ਕਿ ਇਨ੍ਹਾਂ ਜਜ਼ਬੇ ਭਰਪੂਰ ਇਨਸਾਨਾਂ ਦਾ ਹੌਸਲਾ ਅਫ਼ਜ਼ਾਈ ਕਰੀਏ ਚੰਗਾ ਹੋਵੇ ਸਰਕਾਰ ਇਨ੍ਹਾਂ ਦੀ ਸਾਰ ਲੈਂਦਿਆਂ ਹੱਲਾ ਸ਼ੇਰੀ ਦੇਣ ਦੇ ਨਾਲ-ਨਾਲ ਕੋਈ ਉਚਿਤ ਕਦਮ ਚੁੱਕੇ । ਸਾਡਾ ਸਲਾਮ ਹੈ ਨੰਗੇ ਧੜ ਜੰਗ ਲੜ ਰਹੇ ਇਹਨਾਂ ਯੋਧਿਆਂ ਨੂੰ , ਮਾਲਕ ਇਨ੍ਹਾਂ ਅਤੇ ਇਨ੍ਹਾਂ ਦੇ ਪਰਿਵਾਰਾਂ ਤੇ ਮਿਹਰ ਭਰਿਆ ਹੱਥ ਰੱਖੇ ।

ਮਨਜਿੰਦਰ ਸਿੰਘ ਸਰੌਦ
94634-63136

ਕਦੇ ਸੱਚੇ ਮੁਹੱਬਤੀ ਰਿਸ਼ਤਿਆਂ ਦੀ ਜ਼ਾਮਨ ਹੁੰਦੀ ਸੀ 'ਖੂਹ ਦੀ ਮੌਣ' - ਮਨਜਿੰਦਰ ਸਿੰਘ ਸਰੌਦ

ਕਿਸੇ ਸ਼ਾਇਰ ਨੇ ਦਿਲ ਦੇ ਵਲਵਲਿਆਂ ਨੂੰ ਖੂਹ ਦੀ 'ਮੌਣ' ਦੁਆਲੇ ਖੜ੍ਹ ਕੇ ਉਜੱਗਰ ਕਰਦਿਆਂ 'ਢਲ ਰਹੀ ਸ਼ਾਮ' ਦਾ ਬੜਾ ਸੁੰਦਰ ਨਕਸ਼ਾ ਖਿੱਚਦਿਆਂ ਆਖਿਅੈ ਕਿ 'ਹੱਥ ਘੁੱਟ ਕੇ ਫੜ ਲਈ ਵੇ ਸੋਹਣਿਆਂ ਸਾਡੀ ਉਮਰ ਨਿਆਣੀ , ਸੁਣਿਅੈ ਅੱਜ ਮੇਲੇ ਚੋਂ ਵਿਛੜ ਗੲੇ ਦੋ ਰੂਹਾਂ ਦੇ ਹਾਣੀ' ਇਹ ਦਰਦ ਵਿਛੋੜੇ ਦੇ ਸਾਥੋਂ ਨਾ ਜਾਣੇ ਹੁਣ ਝੇਲੇ , ਵਿਛੜੇ ਸੱਜਣਾਂ ਦੇ ਹੋਣ ਸਬੱਬੀ ਮੇਲੇ ,, ਫਿਰ ਉਸ ਤੋਂ ਹੋਰ ਅਗਾਂਹ ਜਾਂਦਿਆਂ ਦਿਲ ਦੀ ਡੂੰਘਾਈ ਚੋਂ ਆਈ ਆਵਾਜ਼ ਨੂੰ ਆਪਣੇ ਸ਼ਬਦਾਂ ਦੀ ਮਾਲਾ ਵਿੱਚ ਪਰੋਂਦਿਆਂ ਕਿਸੇ ਸਮੇਂ ਇਨਸਾਨੀ ਮੁਹੱਬਤ ਦੀ ਗਵਾਹ ਮੰਨੀ ਜਾਂਦੀ 'ਖੂਹ ਦੀ ਮੌਣ' ਨੂੰ ਗੀਤਾਂ ਜ਼ਰੀਏ ਰੂਪਮਾਨ ਕਰਦਿਆਂ ਆਖਿਆ ਕਿ 'ਕਿੰਝ ਭੁੱਲ ਜਾਵਾਂ ਉਸ ਮੌਣ ਨੂੰ ਜਿਸ 'ਤੇ ਬੈਠ ਤੇਰੀ ਉਡੀਕ ਕਦੇ ਆਮ ਹੁੰਦੀ ਸੀ । ਕਦੇ ਸਾਡਾ ਸਮਾਜ ਖੇਤਾਂ 'ਤੇ ਪਿੰਡਾਂ ਵਿਚਲੇ ਖੂਹਾਂ ਦੀਆਂ ਮੌਣਾਂ ਨੂੰ ਇੱਕ ਪਵਿੱਤਰ ਅਤੇ ਚੰਗੀ ਥਾਂ ਮੰਨ ਕੇ ਆਪਣੀ ਜ਼ਿੰਦਗੀ ਅੰਦਰ ਇੱਕ ਵਿਸ਼ੇਸ਼ ਥਾਂ ਦਿੰਦਾ ਸੀ ਅਤੇ ਘਿਉ ਦੇ ਦੀਵੇ ਵਾਲ ਸਰਬੱਤ ਦੇ ਭਲੇ ਦੀ ਸਲਾਮਤੀ ਲਈ ਦੁਆ ਵੀ ਕੀਤੀ ਜਾਂਦੀ ਸੀ ।
                ਅੱਜ ਦੀ ਨੌਜਵਾਨ ਪੀੜ੍ਹੀ ਖੂਹ ਦੀ ਮੌਣ ਨੂੰ ਬਿਲਕੁਲ ਭੁੱਲ ਚੁੱਕੀ ਨਜ਼ਰ ਆਉਂਦੀ ਹੈ ਇਹ ਉਹ ਮੌਣ ਹੈ ਜਿਸ 'ਤੇ ਬੈਠ ਕਦੇ ਮੁਹੱਬਤੀ ਵੇਗ ਦੀਆਂ ਬਾਤਾਂ ਪੈਂਦੀਆਂ ਸਨ ਅਤੇ ਭਾਈਚਾਰਕ ਸਾਂਝਾਂ ਵਿੱਚ ਲਪੇਟੇ ਸਮਾਜ ਦੀ ਪਿਆਸ ਨੂੰ ਇੱਕੋ ਜ਼ਰੀਏ ਬਿਨਾਂ ਕਿਸੇ ਭੇਦ-ਭਾਵ ਤੋਂ ਬੁਝਾਉਣ ਦਾ ਸਾਧਨ ਮੰਨਿਆ ਜਾਂਦਾ ਸੀ । ਖੂਹਾਂ ਦੇ ਜਾਣ ਤੋਂ ਬਾਅਦ ਮੌਣਾ ਆਪਣੇ ਆਪ ਗਾਇਬ ਹੋ ਗਈਆਂ , ਲੰਘੇ ਵੇਲੇ ਸਾਡੀਆਂ ਮਾਵਾਂ , ਭੈਣਾਂ ਪੰਜਾਬਣਾਂ ਜਦ ਘਰਾਂ ਨੂੰ ਪਾਣੀ ਲਿਆਉਣ ਦੇ ਲਈ ਕਤਾਰਾਂ ਬੰਨ੍ਹ ਕੇ ਖੂਹਾਂ ਦੀ ਮੌਣ ਦੁਆਲੇ ਖਲੋਂਦੀਆਂ ਸਨ ਤਾਂ ਦੀ ਕੁਦਰਤ ਵੀ ਵਿਸਮਾਦ ਅਵਸਥਾ ਵਿੱਚ ਹੋ ਕੇ ਇਨਸਾਨੀ ਰੂਹਾਂ ਵਿੱਚ ਘੁਲ-ਮਿਲ ਜਾਂਦੀ ਸੀ , ਪਰ ਸਮੇਂ ਦੀ ਮਾਰੀ ਪਲਟੀ ਨੇ ਭਾਈਚਾਰਕ ਸਾਂਝਾਂ ਨੂੰ ਤੋੜਨ ਦੇ ਨਾਲ- ਨਾਲ ਕੁਦਰਤੀ ਸੋਮਿਆਂ ਨੂੰ ਵੀ ਐਸੀ ਸੱਟ ਮਾਰੀ ਕਿ ਸਭ ਕੁਝ ਨੇਸਤੋਂ-ਨਾਬੂਦ ਹੁੰਦਾ ਚਲਿਆ ਗਿਆ । ਜੇਕਰ ਅੱਜ ਕਿਸੇ ਨੌਜਵਾਨ ਤੋਂ ਖੂਹ ਦੀ ਮੌਣ ਬਾਰੇ ਸਵਾਲ ਕਰੋ ਤਾਂ ਉਹ ਪੁੱਠਾ ਹੱਥ ਮਾਰਕੇ ਆਖਦੈ  ਕਿ ਮੈਨੂੰ ਤਾਂ ਕੁਝ ਨਹੀਂ ਪਤਾ ਮੌਣ ਕੀ ਹੁੰਦੀ ਹੈ ।
                ‎   ਜਿਹੜੇ ਲੋਕ ਮੌਣ ਦੀਆਂ ਰਮਜ਼ਾਂ ਤੋਂ ਚੰਗੀ ਤਰ੍ਹਾਂ ਜਾਣੂ ਨੇ ਉਨ੍ਹਾਂ ਨੂੰ ਪਤੈ ਕਿ ਮੌਣ ਦਾ ਸਾਡੇ ਸਮਾਜ ਅੰਦਰ ਕੀ ਰੁਤਬਾ ਹੁੰਦਾ ਸੀ , ਲੰਘੇ ਵੇਲਿਆਂ 'ਚ ਜਦ ਖੂਹ ਚੱਲਦੇ ਸਨ ਅਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਘੁੰਗਰੂਆਂ ਬੰਨ੍ਹੇ ਬਲਦਾਂ ਦੀਆਂ ਟੱਲੀਆਂ ਖੜਕਦੀਆਂ ਸੀ ਉਨ੍ਹਾਂ ਵੇਲਿਆਂ ਵਿੱਚ ਖੂਹ ਦੀ ਮੌਣ ਦੀ ਅਸਲ ਕੀਮਤ ਦਾ ਅੰਦਾਜ਼ਾ ਲੱਗਦਾ ਸੀ , ਪੰਜਾਬੀ ਗੀਤਾਂ ਅੰਦਰ ਮੌਣ ਦਾ ਜੇਕਰ ਕਿਸੇ ਤੋਂ ਲੁਕਿਆ ਨਹੀਂ ਹੈ , ਬਹੁਤ ਸਾਰੇ ਪੰਜਾਬੀ ਗਾਇਕਾਂ ਨੇ ਖੂਹ ਦੀ ਮੌਣ ਦਾ ਜ਼ਿਕਰ ਕਰਨ ਨੂੰ ਆਪਣੇ ਗੀਤਾਂ ਵਿੱਚ ਬੜੀ ਵੱਡੀ ਤਰਜੀਹ ਦਿੱਤੀ ਹੈ । ਲੰਘੇ ਸਮੇਂ ਜਿਹੜੇ ਖੇਤੀਕਾਰਾਂ ਦੇ ਖੂਹਾਂ ਉੱਤੇ ਮੌਣ ਨਹੀਂ ਸੀ ਹੁੰਦੀ ਉਨ੍ਹਾਂ ਨੂੰ ਸਮਾਜ ਅੰਦਰ ਚੰਗੇ ਸੁਚੱਜੇ ਕਿਸਾਨ ਨਹੀਂ ਸੀ ਮੰਨਿਆ ਜਾਂਦਾ ਕਿਉਂਕਿ ਬਿਨਾਂ ਮੌਣ ਵਾਲੇ ਖੂਹ ਅੰਦਰ ਕਿਸੇ ਵੀ ਸਮੇਂ ਕੋਈ ਜੁਆਕ ਜਾਂ ਸਿਆਣਾ ਡਿੱਗ ਸਕਦਾ ਸੀ , ਖੂਹ ਦੀ ਮੌਣ ਦੇ ਉੱਤੇ ਇੱਕ ਪਾਈਪ ਨੁੰਮਾਂ ਸਾਫਟ ਰੱਖ ਕੇ ਬਲਦਾਂ ਜ਼ਰੀਏ ਖੂਹ ਦੀਆਂ ਟਿੰਡਾਂ ਨੂੰ ਚਲਾਉਣ ਦਾ ਸਮਾਂ ਭਾਵੇਂ ਅੱਜ ਦੂਰ ਨਿਕਲ ਚੁੱਕਿਅੈ ਅਤੇ ਤਰੱਕੀ ਦੇ ਨਾਂਅ 'ਤੇ ਰੱਜ ਕੇ ਪਾਣੀ ਦੇ ਸੋਮਿਆਂ ਦੀ ਦੁਰਵਰਤੋਂ ਹੋ ਰਹੀ ਹੈ ਪਰ ਉਨ੍ਹਾਂ ਸਮਿਆਂ 'ਚ ਖੂਹ ਦੀਆਂ ਟਿੰਡਾਂ ਜ਼ਰੀਏ ਪਾਣੀ ਕੱਢਣ ਮੌਕੇ ਮੌਣ ਨੂੰ ਨਿਆਮਤ ਮੰਨਿਆ ਜਾਂਦਾ ਸੀ । ਕੁਝ ਵੀ ਹੋਵੇ ਲੰਘੇ ਵੇਲਿਆਂ 'ਚ ਮੌਣ ਦਾ ਅਪਣਾ ਇੱਕ ਰੁਤਬਾ ਸੀ ਇੱਕ ਪਹਿਚਾਣ ਸੀ ਸਾਡੇ ਸੱਭਿਆਚਾਰ ਦਾ ਅਹਿਮ ਹਿੱਸਾ ਸੀ ।
                     ਅੱਜ ਵੀ ਯਾਦ ਕਰਦੇ ਨੇ ਉਹ ਲੋਕ ਮੌਣ ਨੂੰ, ਜਿਨ੍ਹਾਂ ਨੇ ਆਪਣੀ ਸੱਚੀ ਮੁਹੱਬਤ ਦੇ ਰੂਪਮਾਨ ਹੁੰਦਿਆਂ ਉਨ੍ਹਾਂ ਹਸੀਨ ਪਲਾਂ ਨੂੰ ਰੂਹ ਨਾਲ ਰੱਜਕੇ ਮਾਣਿਅੈ , ਉਨ੍ਹਾਂ ਭਲੇ ਵੇਲਿਆਂ ਅੰਦਰ ਕੁਦਰਤ ਦੇ ਨਿਯਮਾਂ ਵਿੱਚ ਬੱਝਾ ਇਨਸਾਨ ਉਸ ਮੌਣ ਨੂੰ ਆਪਣੇ ਪਿਆਰ ਦਾ ਜ਼ਾਮਨ ਮੰਨ ਕੇ ਝੂਠ ਤੋਂ ਕੋਹਾਂ ਦੂਰ ਸੀ ਅਤੇ ਇਨਸਾਨੀ ਰਿਸ਼ਤਿਆਂ ਅੰਦਰ ਇੱਕ ਮਿਠਾਸ ਅਤੇ ਜਜ਼ਬੇ ਭਰਪੂਰ ਜ਼ਿੰਦਗੀ ਜਿਊਣ ਦਾ ਆਲਮ ਸਦਾ ਪਾਣੀ ਦੀ ਤਰਾਂ ਵਗਦਾ ਰਹਿੰਦਾ ਸੀ ਅਤੇ ਕੋਈ ਵੀ ਮੁਹੱਬਤਾਂ ਦਾ ਵਣਜਾਰਾ ਆਪਣੇ ਪਿਆਰ ਨੂੰ ਸਹੀ ਸਲਾਮਤ ਰੱਖਣ ਦੇ ਲਈ ਇਸ ਮੌਣ ਦੀ ਸੱਚੀ , ਝੂਠੀ ਸਹੁੰ ਤੱਕ ਖਾਣ ਨੂੰ ਨਫ਼ਰਤ ਕਰਦਾ ਸੀ ਪਰ ਉਹ ਵੇਲੇ  ਭਲੇ ਸਨ , ‎ਠੀਕ ਹੈ ਸਮਾਂ ਭਾਵੇਂ ਆਪਣੀ ਚਾਲੇ ਚੱਲਦਾ ਹੋਇਆ ਬਹੁਤ ਅੱਗੇ ਲੰਘ ਚੁੱਕਿਅੈ ਪਰ ਸਾਨੂੰ ਸਮੇਂ ਦੀ ਚਕਾਚੌਂਧ ਦੀ ਹਨੇਰੀ ਵਿੱਚ ਸਾਡੀ ਧਰੋਹਰ ਦੇ ਕੁਝ ਛੁਪੇ ਅੰਗਾਂ ਨੂੰ ਵੀ ਨਹੀਂ ਭੁੱਲਣਾ ਚਾਹੀਦਾ । ਬਿਨਾਂ ਸ਼ੱਕ ਮੌਣ ਸਮੇਤ ਅਜਿਹੀਆਂ ਕੁਝ ਹੋਰ ਧਰੋਹਰਾਂ ਦੇ ਰੂਪ ਅਲੋਪ ਹੋ ਰਹੀਆਂ ਸਾਡੀਆਂ 'ਖ਼ਾਸ ਨਿਸ਼ਾਨੀਆਂ' ਪ੍ਰਤੀ ਆਪਣੇ ਬੱਚਿਆਂ ਨੂੰ ਦੱਸਣਾ ਸਾਡੀ ਜ਼ਿੰਮੇਵਾਰੀ ਬਣਦੀ ਹੈ ।

ਮਨਜਿੰਦਰ ਸਿੰਘ ਸਰੌਦ
( ਮਾਲੇਰਕੋਟਲਾ )
‎94634 - 63136

ਕੀ ਕਦੇ ਇਨਸਾਫ਼ ਮਿਲ ਸਕੇਗਾ ਕਰੁਣਾਜੀਤ ਕੌਰ ਵਰਗੀਆਂ ਅਣਖੀ ਲੜਕੀਆਂ ਨੂੰ - ਮਨਜਿੰਦਰ ਸਿੰਘ ਸਰੌਦ

ਪਹਾੜੀ ਸੂਬੇ ਉੱਤਰਾਖੰਡ ਦੇ ਪਿੰਡ ਮਲਾਰੀ ਵਿਖੇ ਇੰਡੋ-ਤਿੱਬਤ ਬਾਰਡਰ ਪੁਲੀਸ ਵਿੱਚ ਡਿਪਟੀ ਕਮਾਂਡੈਂਟ ਦੇ ਅਹੁਦੇ 'ਤੇ ਤਾਇਨਾਤ ਕਰੁਣਾਜੀਤ ਕੌਰ ਨਾਲ ਲਗਭਗ 7 ਮਹੀਨੇ ਪਹਿਲਾਂ 9 ਅਤੇ 10 ਜੂਨ ਦੀ ਰਾਤ ਨੂੰ ਵਾਪਰੀ ਮੰਦਭਾਗੀ ਘਟਨਾ ਸਬੰਧੀ ਇਨਸਾਫ਼ ਦੀ ਲੜਾਈ ਲਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਚਰਚਾ ਹੋਣ ਤੋਂ ਬਾਅਦ ਵੀ ਗੱਲ ਕਿਸੇ ਤਣ- ਪੱਤਣ ਨਾ ਲੱਗੀ । ਉਸ ਨਾਲ ਵਾਪਰੀ ਬੇਹੱਦ ਘਿਨਾਉਣੀ ਘਟਨਾ ਤੋਂ ਬਾਅਦ, ਉਸ ਨੇ ਫੈਸਲਾ ਕੀਤਾ ਕਿ ਸੁਰੱਖਿਆ ਫੋਰਸਾਂ ਵਿੱਚ ਸੰਤਾਪ ਭੋਗ ਰਹੀਆਂ ਹੋਰਨਾਂ ਲੜਕੀਆਂ ਦੀ ਆਵਾਜ਼ ਬਣਕੇ ਉਸ ਨੂੰ ਸੰਘਰਸ਼ ਕਰਨਾ ਚਾਹੀਦਾ ਹੈ, ਇਸ ਲਈ ਉਸ ਨੇ ਡਿਪਟੀ ਕਮਾਂਡੈਂਟ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਪਹਿਲਾਂ ਆਪਣੇ ਉੱਚ ਅਧਿਕਾਰੀਆਂ ਕੋਲ ਅਤੇ ਬਾਅਦ ਵਿੱਚ ਅਦਾਲਤ ਰਾਹੀ ਇਨਸਾਫ ਦੀ ਜੰਗ ਸ਼ੁਰੂ ਕੀਤੀ ਹੈ ।
           ਹੈਰਾਨੀ ਦੀ ਗੱਲ ਹੈ ਕਿ ਇਨ੍ਹਾਂ ਸੰਵੇਦਨਸ਼ੀਲ ਅਤੇ ਅੌਰਤਾਂ ਦੀ ਰੱਖਿਆ ਨਾਲ ਜੁੜਿਆ ਮਾਮਲਾ ਹੋਣ ਦੇ ਬਾਵਜੂਦ ਵੀ ਉਸ ਦੇ ਨਾਲ ਵਧੀਕੀ ਕਰਨ ਵਾਲੇ ਉਸ ਦੇ ਜੂਨੀਅਰ ਪੁਲਿਸ ਜਵਾਨ ਨੂੰ ਅੱਜ ਤੱਕ ਸਬੰਧਤ ਵਿਭਾਗ ਨੇ ਕੋਈ ਸਜ਼ਾ ਨਹੀਂ ਦਿੱਤੀ । ਲੰਘੀ 9 ਅਤੇ 10 ਜੂਨ ਦੀ ਵਿਚਕਾਰਲੀ ਰਾਤ ਨੂੰ ਚੀਨ ਦੇ ਬਾਰਡਰ ਨਾਲ ਖਹਿੰਦੀਆਂ ਪਹਾੜੀਆਂ 'ਤੇ ਡਿਊਟੀ ਦੌਰਾਨ ਇੰਡੋ-ਤਿੱਬਤ ਪੁਲਿਸ ਦੀ ਡਿਪਟੀ ਕਮਾਂਡੈਂਟ ਬੀਬੀ ਕਰੁਣਾਜੀਤ ਕੌਰ ਨਾਲ ਉਥੇ ਹੀ ਡਿਊਟੀ 'ਤੇ ਤਾਇਨਾਤ ਪੁਲਿਸ ਦੇ ਇਕ ਜਵਾਨ ਵੱਲੋਂ ਬੇਹੱਦ ਮਾੜੀ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ  ਸੀ ਜਿਸ ਨੂੰ ਬੀਬੀ ਕਰੁਣਾਜੀਤ ਕੌਰ ਨੇ ਬੜੀ ਦਲੇਰੀ ਨਾਲ ਨਕਾਰ ਦਿੱਤਾ ਸੀ, ਫਿਰ ਉਸ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਸੰਘਰਸ਼ ਸ਼ੁਰੂ ਕੀਤਾ , ਅੰਤ ਇਹ ਮਾਮਲਾ ਮੀਡੀਆ ਵਿੱਚ ਆਉਣ ਤੋਂ ਬਾਅਦ ਬੀਬੀ ਕਰੁਣਾਜੀਤ ਕੌਰ ਨੂੰ ਇਨਸਾਫ਼ ਦਿਵਾਉਣ ਲਈ ਵੱਡੇ ਪੱਧਰ 'ਤੇ ਚਰਚਾ ਹੋਈ ।
           ‎           ਸਮਾਜਿਕ 'ਤੇ ਮਨੁੱਖੀ ਅਧਿਕਾਰ ਜਥੇਬੰਦੀਆਂ 'ਚ ਇਹ ਮਾਮਲਾ ਲੰਬੇ ਸਮੇਂ ਤੋਂ ਲੋਕ ਵਿਸ਼ਾ ਬਣਿਆ ਹੋਇਆ ਹੈ, ਪਰ ਅਜੇ ਤੱਕ ਹੋਇਆ ਕੁਝ ਨਹੀਂ ਸ਼ਾਇਦ ਬਾਕੀ ਕੇਸਾਂ ਵਾਂਗ ਇਸ ਕੇਸ 'ਤੇ ਵੀ ਮਿੱਟੀ ਦੀ ਧੂੜ ਜੰਮ ਜਾਵੇਗੀ । ਇਸ ਤੋਂ ਇਲਾਵਾਂ ਦੇਸ਼ ਅੰਦਰ ਕਿੰਨੀਆਂ ਹੀ ਮਾਸੂਮ ਲੜਕੀਆਂ ਨਾਲ ਜਬਰ ਜ਼ਨਾਹ ਕੀਤੇ ਗਏ ਅਤੇ ਕਿੰਨੇ ਹੀ ਭੋਲੇ ਭਾਲੇ ਚਿਹਰਿਆਂ ਨੂੰ ਤੇਜ਼ਾਬ ਪਾ ਕੇ ਫੂਕ ਦਿੱਤਾ ਗਿਆ , ਬਹੁਤ ਸਾਰੀਆਂ ਮਾਸੂਮ ਜਿੰਦਾਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਤੋਂ ਬਾਅਦ ਅੱਗ ਦੇ ਹਵਾਲੇ ਕਰਕੇ ਸ਼ੈਤਾਨ ਲੋਕਾਂ ਨੇ ਸਬੂਤ ਮਿਟਾਉਣ ਦੀ ਕੋਸ਼ਿਸ਼ ਵੀ ਕੀਤੀ ,ਬੜੇ ਅਫ਼ਸੋਸ ਨਾਲ ਕਹਿਣਾ ਪੈਂਦਾ ਹੈ ਕਿ ਉਨ੍ਹਾਂ ਫਾਈਲਾਂ 'ਤੇ ਵੀ ਅੱਜ ਤੱਕ ਮੁੜ ਕੇ ਗੌਰ ਨਹੀਂ ਕੀਤਾ ਗਿਆ ।
           ‎  ਦਿੱਲੀ , ਨੋਇਡਾ ਕਠੂਆ ਅਤੇ ਹੈਦਰਾਬਾਦ ਦੀਆਂ ਘਟਨਾਵਾਂ 'ਤੇ ਜੇਕਰ ਝਾਤ ਮਾਰੀਏ ਕਲੇਜਾ ਮੂੰਹ ਨੂੰ ਆਉਂਦਾ ਹੈ ਅਤੇ ਰੂਹ ਕੰਬ ਜਾਂਦੀ ਹੈ ਇਨ੍ਹਾਂ ਘਟਨਾਵਾਂ ਨੂੰ ਯਾਦ ਕਰਕੇ । ਸਰਕਾਰਾਂ ਨੇ ਕਦੇ ਇਹ ਸੋਚਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿ ਇਨ੍ਹਾਂ ਸਾਰੀਆਂ ਘਟਨਾਵਾਂ ਦੌਰਾਨ ਅਤੇ ਇਸ ਤੋਂ ਬਿਨਾਂ ਕਿਸੇ ਨਾ ਕਿਸੇ ਢੰਗ ਨਾਲ ਦਰਿੰਦਿਆਂ ਦਾ ਸ਼ਿਕਾਰ ਹੋਈਆਂ ਮਾਸੂਮ ਅਤੇ ਨੌਜਵਾਨ ਲੜਕੀਆਂ ਨੂੰ 'ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸ਼ੁਰੂ ਤੋਂ ਲੈ ਕੇ ਹੁਣ ਤੱਕ ਇਨਸਾਫ ਲੈਣ ਲਈ ਤਿਹਰੀ ਜੰਗ ਲੜਨੀ ਪੈ ਰਹੀ ਹੈ , ਪਹਿਲੀ ਜੰਗ ਤਾਂ ਇਨ੍ਹਾਂ ਅਭਾਗੀਆਂ ਨੇ ਆਪਣੇ ਨਾਲ ਹੋਈ ਅਣਹੋਣੀ ਘਟਨਾ ਸਮੇਂ ਲੜੀ ਜਿਸ ਨਾਲ ਇਨ੍ਹਾਂ ਦੇ ਅਰਮਾਨ ਤਾਰ ਤਾਰ ਹੋਏ । ਦੂਸਰੀ ਜੰਗ ਦਾ ਸਾਹਮਣਾ ਇਨ੍ਹਾਂ ਨੂੰ ਸਰਕਾਰਾਂ ਅਤੇ ਅਦਾਲਤਾਂ ਕੋਲੋਂ ਇਨਸਾਫ ਮੰਗਣ ਦੋਰਾਨ ਹੋ ਰਹੀ ਬੇ ਹਿਸਾਬ ਦੇਰੀ ਸਮੇਂ ਕਰਨਾ ਪੈ ਰਿਹਾ ਹੈ, ਕੋਰਟ ਕਚਹਿਰੀਆਂ ਦੇ ਚੱਕਰ ਮਾਰਦਿਆਂ ਹੌਸਲਾ ਟੁੱਟ ਚੁੱਕਿਆ ਹੈ ਇਨ੍ਹਾਂ ਲੜਕੀਆਂ ਦਾ ।
           ‎ ਤੀਸਰੀ ਜੰਗ ਇਨ੍ਹਾਂ ਨੂੰ ਆਪਣੇ ਪਰਿਵਾਰਾਂ ਅਤੇ ਆਪਣੇ ਆਪ ਦੇ ਲਈ ਰੋਜ਼ੀ-ਰੋਟੀ ਦਾ ਸਾਧਨ ਪੈਦਾ ਕਰਨ ਨੂੰ ਲੈ ਕੇ ਕਰਨੀ ਪੈ ਰਹੀ ਹੈ । ਕਦੇ ਨੇੜਿਓ ਵੇਖੋ ਇਨ੍ਹਾਂ ਅਬਲਾਵਾਂ ਦੇ ਸੀਨਿਓਂ ਨਿਕਲੇ ਦਰਦ ਨੂੰ ਕਿ ਇਨ੍ਹਾਂ ਦੇ ਵੀ ਅਰਮਾਨ ਸਨ ਜੋ ਹੁਣ ਟੁੱਟ ਚੁੱਕੇ ਨੇ, ਇਨ੍ਹਾਂ ਦੇ ਦਿਲ ਦੀ ਇੱਛਾ ਸੀ ਜੋ ਹੁਣ ਮਰ ਚੁੱਕੀ ਹੈ । ਕਦੇ ਬਲਾਤਕਾਰ , ਕਦੇ ਤੇਜ਼ਾਬ , ਕਦੇ ਸਰੀਰਕ ਸੋਸ਼ਣ ਆਖਰ ਕਦੋਂ ਤੱਕ ਇਹ ਸਭ ਕੁਝ ਹੁੰਦਾ ਰਹੇਗਾ ਅਤੇ ਸਾਡੀ ਜੱਗ ਜਨਨੀ ਇਨਸਾਫ ਲਈ ਜੰਗ ਕਰਦੀ ਰਹੇਗੀ । ਲੋੜ ਹੈ ਇਸ ਮਾੜੇ ਵਰਤਾਰੇ ਨੂੰ ਰੋਕਣ ਦੀ ਅਤੇ ਇਸ ਅਲਾਮਤ ਦੀ ਜੜ੍ਹ ਤੱਕ ਜਾਣ ਦੀ ਕਿ ਇਹ ਸਭ ਕੁਝ ਕਿਉਂ ਹੋ ਰਿਹੈ ਮੇਰੇ ਦੇਸ਼ ਅੰਦਰ, ਇਨਸਾਫ਼ ਦੀ ਤਰਾਜੂ ਤੇਜ਼ੀ ਨਾਲ ਚੱਲੇ ਅਤੇ ਸਰਕਾਰਾਂ ਵੱਡੇ ਫੈਸਲੇ ਲੈਣ ਤਾਂ ਕਿ ਇਹ ਪਸ਼ੂ ਪ੍ਰਵਿਰਤੀ ਵਰਤਾਰਾ ਰੁਕ ਸਕੇ ।

ਮਨਜਿੰਦਰ ਸਿੰਘ ਸਰੌਦ
ਮਾਲੇਰਕੋਟਲਾ
‎9463463136

ਹੁਣ ਕਲਾਕਾਰਾਂ ਵੱਲੋਂ ਚੈਨਲਾਂ 'ਤੇ ਛਿੱਤਰੋ ਛਿੱਤਰੀ ਹੋਣ ਦੇ ਡਰਾਮੇ ਸੁਰੂ

ਪਿਛਲੇ ਦਿਨਾਂ ਤੋਂ ਬਹੁਤ ਸਾਰੇ ਕਲਾਕਾਰਾਂ ਗੀਤਕਾਰਾਂ ਅਤੇ ਅਦਾਕਾਰਾਂ ਵੱਲੋਂ ਇੱਕ ਦੂਜੇ ਨਾਲ ਵੀਡੀਓਜ਼ ਰਾਹੀ ਜਾਂ ਚੈਨਲਾਂ ਉੱਤੇ ਸ਼ਰੇਆਮ ਲੜਨ ਦੇ ਚਰਚੇ ਆਮ ਏ ਹਾਲਾਤ ਵੇਖਣ ਸੁਣਨ ਨੂੰ ਮਿਲਦੇ ਹਨ । ਮੇਰੇ ਖਿਆਲ ਮੁਤਾਬਕ ਇਹ ਲੜਾਈ ਸਿਰਫ ਪਬਲੀਸਿਟੀ ਖੱਟਣ ਨੂੰ ਲੈਕੇ ਲਡ਼ੀ ਜਾ ਰਹੀ ਹੈ ਕਿਉਂਕਿ ਚਿੱਟੇ ਦਿਨ ਇੱਕ ਦੂਜੇ ਨੂੰ ਗਾਲਾਂ ਜਾਂ ਤਾਹਨੇ ਮਿਹਣੇਆਂ ਦੇ ਫਾਇਰ ਦਾਗ਼ਦੇ ਇਨ੍ਹਾਂ ਕਲਾਕਾਰਾਂ ਕੋਲ ਕੰਮ ਦੀ ਘਾਟ ਪੈ ਚੁੱਕੀ ਹੈ ਇਸੇ ਲਈ ਇਹ ਫਨਕਾਰ ਹੁਣ ਹੋਸ਼ੀਆਂ ਹਰਕਤਾਂ 'ਤੇ ਉੱਤਰ ਆਏ ਨੇ ।
                ਸਮੇਂ ਦੀ ਸਿਤਮ ਜ਼ਰੀਫ਼ੀ ਵੇਖੋ ਸਮਾਜ ਅਤੇ ਨੌਜਵਾਨੀ ਨੂੰ ਸੇਧ ਦੇਣ ਵਾਲੇ ਮਾਂ ਬੋਲੀ ਦੇ ਇਹ ਅਖੌਤੀ ਪੁੱਤਰ ਆਪਸ ਵਿੱਚ ਹੀ ਛਿੱਤਰੋ ਛਿੱਤਰੀ ਹੋਈ ਜਾ ਰਹੇ ਨੇ ਇਹ ਹੋਰਾਂ ਨੂੰ ਕੀ ਸੇਧ ਦੇਣਗੇ ਕਹਿਣ ਦੀ ਲੋੜ ਨਹੀਂ , ਇਸ ਸਾਰੇ ਮਾਜਰੇ ਵਿੱਚ ਚੈਨਲ ਵੀ ਘੱਟ ਨਹੀਂ ਉਨ੍ਹਾਂ ਵੱਲੋਂ ਆਪਣੀ ਟੀ ਆਰ ਪੀ ਵਧਾਉਣ ਨੂੰ ਲੈ ਕੇ ਸ਼ਨਸ਼ਨੀ ਕਿੱਸਿਆਂ ਵਾਂਗ ਇਨ੍ਹਾਂ ਕਲਾਕਾਰਾਂ ਦੀ ਬਨਾਉਟੀ ਲੜਾਈ ਨੂੰ ਪੇਸ਼ ਕੀਤਾ ਜਾ ਰਿਹੈ । ਹੁਣ ਤਾਂ ਰੱਬ ਹੀ ਰਾਖਾ ਹੈ ਸਾਡੇ ਇਸ ਅਵੱਲੇ ਖੇਤਰ ਦਾ, ਹੋ ਸਕਦੈ ਇਹ ਲੋਕ ਕੱਲ੍ਹ ਨੂੰ ਇਸ ਤੋਂ ਵੀ ਅੱਗੇ ਚਲੇ ਜਾਣ ।
             ਕੋਈ ਸਮਾਂ ਸੀ ਜਦ ਕਿਸੇ ਵੀ ਕਲਾਕਾਰ ਵੱਲੋਂ ਹੋਰ ਕਲਾਕਾਰ ਨੂੰ ਕੋਈ ਵੀ ਗੱਲ ਆਖਣ ਤੋਂ ਪਹਿਲਾਂ ਸੌ ਵਾਰ ਸੋਚਿਆ ਜਾਂਦਾ ਸੀ ਪਰ ਹੁਣ ਤਾਂ ਆਵਾ ਹੀ ਉਤ ਚੁੱਕਿਅੈ ਇਨ੍ਹਾਂ ਲੋਕਾਂ ਦਾ , ਬੇਹਿਆਈ ਅਤੇ ਜਬਲੀਆਂ ਭਰਪੂਰ ਕਿੱਸੇ ਹੁਣ ਇਨ੍ਹਾਂ ਵੱਲੋਂ ਸੋਸ਼ਲ ਮੀਡੀਆ ਰਾਹੀ ਲੋਕਾਂ ਦੀ ਕਚਹਿਰੀ ਵਿੱਚ ਲਿਆਂਦੇ ਜਾਂਦੇ ਨੇ ਜਿਸ ਨੂੰ ਸੁਣ ਕੇ ਸਾਡੀ ਨੌਜਵਾਨ ਪੀੜ੍ਹੀ ਕੁਝ ਘੰਟੇ ਤਾੜੀਆਂ ਮਾਰ ਕੇ ਮਨ ਵਿੱਚ ਪਤਾ ਨਹੀਂ ਕੀ ਸੋਚ ਇਨ੍ਹਾ ਦੀਆਂ ਗੱਲਾਂ ਤੇ ਲੱਟੂ ਹੋ ਜਾਂਦੀ ਹੈ । ਯਥਾਰਥ ਤੋਂ ਕੋਹਾਂ ਦੂਰ ਇਹ ਅਖੌਤੀ ਕਲਾਕਾਰ ਇੱਕ ਦੂਜੇ ਉੱਤੇ ਤੋਹਮਤਾ ਦੀਆਂ ਤੋਪਾਂ ਬੀੜੀ ਸਿੱਧ ਪਤਾ ਨਹੀਂ ਕੀ ਕਰਨਾ ਚਾਹੁੰਦੇ ਨੇ । ਉਹ ਭਰਾਵੋ ਜੇ ਤੁਹਾਡੀ ਆਪਸ ਵਿੱਚ ਕੋਈ ਗੱਲ ਹੈ ਤਾਂ ਬੈਠ ਕੇ ਮਸਲਾ ਸੁਲਝਾ ਲਵੋ ਕਿਉਂ ਐਵੇਂ ਬਾਤ ਦਾ ਬਤੰਗੜ ਬਣਾ ਕੇ ਜੱਗ ਹਸਾਈ ਦਾ ਕਾਰਨ ਬਣਦੇ ਹੋ ਠੀਕ ਹੈ ਨੌਜਵਾਨ ਪੀੜ੍ਹੀ ਤੁਹਾਨੂੰ ਸੁਣਦੀ ਹੈ ਅਤੇ ਤੁਹਾਡੀਆਂ ਗੱਲਾਂ ਤੇ ਅਸਰ ਵੀ ਕਰਦੀ ਹੈ ਪਰ ਕੀ ਫਾਇਦਾ ਇਹੋ ਜਹੀਆਂ ਝੱਲ ਵਲੱਲੀਆਂ ਦਾ । ਪਹਿਲਾਂ ਤੁਸੀਂ ਲੱਚਰ ਗੀਤਾਂ ਰਾਹੀਂ ਪੰਜਾਬ ਦੀ ਜੁਆਨੀ ਨੂੰ ਕੁਰਾਹੇ ਪਾਇਆ ਤੇ ਹੁਣ ਆਹ ਫੁਕਰਾਪੰਥੀ ਗੱਲਾਂ ਕਰਕੇ ਕਿਉਂ ਲੋਕਾਂ ਦਾ ਟਾਈਮ ਖ਼ਰਾਬ ਕਰਦੇ ਹੋ ਨਾਲੇ ਹਰ ਇਨਸਾਨ ਦਾ ਸਮਾਂ ਹੁੰਦੈ ਸਮੇਂ ਤੋਂ ਪਹਿਲਾਂ ਅਤੇ ਬਾਅਦ ਕੁੱਝ ਵੀ ਨਹੀਂ ਹੋ ਸਕਦਾ ।
             ‎ ਚੈਨਲਾਂ ਵਾਲੇ ਵੀਰ ਵੀ ਕਿਸੇ ਇੱਕ ਦੇਸ਼ ਦੀ ਦੂਜੇ ਨਾਲ ਲੱਗੀ ਜੰਗ ਦੀ ਤਰ੍ਹਾਂ ਭੜਕਾਊ ਬਿਆਨਬਾਜ਼ੀ ਕਰਕੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ  ਦਾ ਕੋਈ ਵੀ ਮੌਕਾ ਖਾਲੀ ਨਹੀਂ ਜਾਣ ਦਿੰਦੇ ਇਸ ਤਰ੍ਹਾਂ ਦੀਆਂ ਹੈੱਡ ਲਾਈਨਾਂ ਬਣਾ ਕੇ ਪੇਸ਼ ਕਰਦੇ ਨੇ ਜਿਵੇਂ ਕੋਈ ਬਹੁਤ ਵੱਡਾ  ਘਟਨਾਕ੍ਰਮ ਹੋਇਆ ਹੋਵੇ ਇਸ ਨੂੰ ਪੱਤਰਕਾਰੀ ਨਹੀਂ ਆਖ ਸਕਦੇ , ਹਾਂ ਚੰਦ ਛਿੱਲੜਾਂ ਦੀ ਖਾਤਰ ਨੌਜਵਾਨੀ ਨੂੰ ਉਕਸਾ ਕੇ ਸਮਾਜ ਵਿੱਚ ਊਲ ਜਲੂਲ ਬੋਲਣ ਦਾ ਠੇਕਾ ਜ਼ਰੂਰ ਆਖ ਸਕਦੇ ਹਾਂ , ਜੇਕਰ ਅਸੀਂ ਸਮਾਜ ਨੂੰ ਕੁਝ ਵਧੀਆ ਨਹੀਂ ਦੇ ਸਕਦੇ ਤਾਂ ਸਾਨੂੰ ਮਾੜਾ ਦੇਣ ਦਾ ਵੀ ਕੋਈ ਹੱਕ ਨਹੀਂ । ਹੈਰਾਨੀ ਹੁੰਦੀ ਹੈ ਉਨ੍ਹਾਂ ਕਲਾਕਾਰਾਂ ਦੀ ਬੁੱਧੀ ਤੇ ਜਿਨ੍ਹਾਂ ਨੇ ਭਾਵੇਂ ਵਧੀਆ ਗੀਤ ਵੀ ਗਾਏ ਅਤੇ ਸਾਡਾ ਸਮਾਜ ਉਨ੍ਹਾਂ ਦੀ ਕਦਰ ਵੀ ਕਰਦਾ ਹੈ ਫਿਰ ਉਨ੍ਹਾਂ ਨੂੰ ਕੀ ਲੋੜ ਪੈ ਗਈ ਸ਼ਰੇਆਮ ਚੈਨਲਾਂ ਤੇ ਇਹੋ ਜਿਹੇ ਬੇਤੁੱਕੇ ਗਪੌੜ ਸੰਖ ਮਾਰਨ ਦੀ , ਉਨ੍ਹਾਂ ਦੀ ਬੁੱਧੀ 'ਤੇ ਵੀ ਤਰਸ ਅਉਂਦਾ ਹੈ ਖੈਰ ਸਮੇਂ ਦਾ ਕੋਈ ਪਤਾ ਨਹੀਂ ਕਿ ਉਹ ਇਨਸਾਨ ਨੂੰ ਕਿਹੜੇ ਰਾਹ ਤੋਰ ਦੇਵੇ ਚੰਗੀ ਭਲੀ ਬੁੱਧੀ ਭ੍ਰਿਸ਼ਟ ਹੋ ਜਾਂਦੀ ਹੈ  ਊਠ 'ਤੇ ਬੈਠੇ ਨੂੰ ਕੁੱਤਾ ਕੱਟ ਜਾਂਦੈ , ਮੈਨੂੰ ਲੱਗਦਾ ਇਹੀ ਕੁਝ ਸਾਡੇ ਕਲਾਕਾਰ ਭਾਈਚਾਰੇ ਨਾਲ ਹੋ ਰਿਹੈ ।
             ‎ਸਮੇਂ ਦੇ ਫੇਰ ਨੇ ਉਨ੍ਹਾਂ ਤੋਂ ਕੰਮ ਖੋਹ ਲਿਆ ਅਤੇ ਉਹ ਇਸੇ ਦੇ ਵਿਯੋਗ ਵਿੱਚ ਇੱਕ ਦੂਜੇ ਨੂੰ ਗਾਲਾਂ ਕੱਢ ਕੇ ਚੈਨਲਾਂ ਰਾਹੀਂ ਆਪਣੇ ਸਰੋਤਿਆਂ ਦੀ ਗਿਣਤੀ ਵਿੱਚ ਵਾਧਾ ਕਰਨਾ ਲੋਚਦੇ ਨੇ । ਇੱਕ ਗੱਲ ਜ਼ਰੂਰ ਸੋਚਣੀ ਬਣਦੀ ਹੈ ਕਿ ਸਮੇਂ ਦੀ ਮਾਰੀ ਪਲਟੀ ਨੇ ਪੰਜਾਬੀ ਗਾਇਕੀ ਨੂੰ ਕੱਖਾਂ ਤੋਂ ਹੌਲੀ ਕਰਨ ਦੇ ਨਾਲ - ਨਾਲ ਬਹੁਤ ਕੁਝ ਅਜਿਹਾ ਵੀ ਸਿਰਜ ਦਿੱਤਾ ਜਿਸ ਦੇ ਮਾੜੇ ਸਿੱਟੇ ਸਾਨੂੰ ਸਮਾਂ ਪਾ ਕੇ ਜ਼ਰੂਰ ਔਖਾ ਕਰਨਗੇ ।                  
             ‎ਕਿੰਨਾ ਕੁਝ ਗਿਣੀ ਜਾਈਏ ਜੋ ਸਾਨੂੰ ਅਖੌਤੀ ਕਲਾਕਾਰਾਂ ਦੀ ਬਦੌਲਤ ਝੱਲਣਾ ਪਿਅੈ ਮਾਵਾਂ ਦੇ ਬੁਰਛਿਆਂ ਵਰਗੇ ਪੁੱਤ ਇਸ ਨਰਸੰਹਾਰ ਦੀ ਭੇਟ ਚੜ੍ਹ ਗਏ , ਬੜੀ ਲੰਬੀ ਕਹਾਣੀ ਹੈ ਇਸ ਨਰਕ ਰੂਪੀ ਦਲਦਲ ਦੀ , ਕਦੇ ਇਨ੍ਹਾਂ ਲੋਕਾਂ ਨੇ  ਪੰਜਾਬੀਆਂ ਦੀਆਂ ਧੀਆਂ ਨੂੰ ਨਸ਼ੇ ਦੀਆਂ ਪਿਆਕੜ ਆਖ ਕੇ ਉਨ੍ਹਾਂ ਦੀ ਬੇਇਜ਼ਤੀ ਕੀਤੀ ਫਿਰ ਹੋਰ ਉਸ ਤੋਂ ਅਗਾਂਹ ਜਾਂਦਿਆਂ ਲੱਚਰਤਾ ਦੇ ਵਿੱਚ ਇਨ੍ਹਾਂ ਫ਼ਨਕਾਰਾਂ ਨੇ ਚੰਗਾ ਰੋਲ ਨਿਭਾਇਆ ਅਤੇ ਇੱਕ ਸਮਾਂ ਉਹ ਵੀ ਆਇਆ ਕਿ ਇਥੋਂ ਦੀਆਂ ਜੰਮੀਆਂ ਜਾਈਆਂ ਨੂੰ ਛੋਟੇ- ਛੋਟੇ ਗੀਤਾਂ ਵਿੱਚ ਰੋਲ ਦੇਣ ਦੇ ਨਾਂ ਤੇ ਉਨ੍ਹਾਂ ਦੀਆਂ ਦੇਹਾਂ ਨੂੰ ਮੱਛੀ ਵਾਂਗ ਚੂੰਡਿਆ ਗਿਆ , ਹੋਰ ਕੀ ਆਖੀਏ ਇਹਨਾਂ ਫ਼ਨਕਾਰਾਂ ਨੂੰ । ਖ਼ੈਰ ਰੱਬ ਸੁਮੱਤ ਬਖਸ਼ੇ ਅਤੇ ਸੋਝੀ ਆਵੇ ਮੇਰੇ ਰੰਗਲੇ ਪੰਜਾਬ ਦੀ ਜਵਾਨੀ ਨੂੰ ਜਿਹੜੀ ਚੰਦਰੇ ਵਹਿਣਾਂ ਵਿੱਚ ਵਹਿ ਕਿ ਔਝੜੇ ਰਾਹਾਂ ਦੀ ਪਾਂਧੀ ਬਣ ਚੁੱਕੀ ਹੈ ਰੱਬ ਰਾਖਾ ।

ਮਨਜਿੰਦਰ ਸਿੰਘ ਸਰੌਦ
ਮਾਲੇਰਕੋਟਲਾ
 ‎94634 63136

4 ਸਤੰਬਰ ਬਰਸੀ 'ਤੇ ਵਿਸ਼ੇਸ਼ : ਦਰਵੇਸ਼ ਗਾਇਕ ਹਾਕਮ ਸੂਫ਼ੀ ਨੂੰ ਚੇਤੇ ਕਰਦਿਆਂ .......... - ਮਨਜਿੰਦਰ ਸਿੰਘ ਸਰੌਦ

ਪੰਜਾਬੀ ਸੰਗੀਤ ਇੰਡਸਟਰੀ ਅੰਦਰ ਸਵਰਗੀ ਗਾਇਕ ਹਾਕਮ ਸੂਫ਼ੀ ਦਾ ਨਾਂਅ ਅੱਜ ਵੀ ਬੜੀ ਮਾਣ ਨਾਲ ਲਿਆ ਜਾਂਦੈ। ਪੰਜਾਬ ਦੀਆਂ ਸੰਗੀਤਕ ਫ਼ਿਜ਼ਾਵਾਂ ਅੰਦਰ ਉਹਨਾਂ ਦੀ ਗਾਇਕੀ ਨੇ ਐਸੀ ਮਹਿਕ ਖਿਲਾਰੀ ਜਿਸ ਨੂੰ ਉਹਨਾਂ ਦੇ ਚਾਹੁਣ ਵਾਲੇ ਲੰਮਾਂ ਸਮਾਂ ਮਾਣ ਦਿੰਦੇ ਰਹਿਣਗੇ। ਸਮੁੱਚੀ ਕਾਇਨਾਤ ਅੰਦਰ ਵਗਦੀਆਂ ਹਵਾਵਾਂ ਨੂੰ ਠੱਲ੍ਹਣ ਵਰਗੀ ਖਿੱਚ ਸੀ ਉਸ ਫ਼ਨਕਾਰ ਦੀ ਗਾਇਕੀ ਵਿੱਚ। ਭਾਵੇਂ ਪੰਜਾਬ ਦੀ ਸਰ-ਜ਼ਮੀਨ 'ਤੇ ਵੱਡੇ-ਵੱਡੇ ਗਵੱਈਆਂ ਨੇ ਜਨਮ ਲਿਐ। ਇਸ ਧਰਤੀ ਦੀ ਕੁੱਖ ਨੇ ਵਿਸ਼ਵ-ਪੱਧਰੀ ਕਲਾਕਾਰ ਪੈਦਾ ਕੀਤੇ। ਪੰਜਾਬੀ ਗੀਤ ਸੰਗੀਤ ਦੇ ਸੱਚੇ ਰਹਿਨੁਮਾ ਵਜੋਂ ਜਾਣੀ ਜਾਂਦੀ ਸ਼ਖ਼ਸੀਅਤ ਦਾ ਨਾਂਅ ਸੀ ਹਾਕਮ ਸੂਫ਼ੀ। ਪੰਜਾਬੀ ਮਾਂ ਬੋਲੀ ਦੇ ਇਸ ਫ਼ਨਕਾਰ ਪੁੱਤਰ ਨੇ 67 ਕੁ ਵਰ੍ਹੇ ਪਹਿਲਾਂ ਬਾਪੂ ਕਰਤਾਰ ਸਿੰਘ ਦੇ ਘਰ ਮਾਤਾ ਗੁਰਦਿਆਲ ਕੌਰ ਦੀ ਕੁੱਖ ਤੋਂ ਜਨਮ ਲਿਆ। ਬਚਪਨ ਤੋਂ ਸਾਊ ਪ੍ਰਵਿਰਤੀ ਦਾ ਮਾਲਕ ਇਹ ਬੱਚਾ ਆਪਣੀ ਅਲੱਗ ਪਗਡੰਡੀ 'ਤੇ ਤੁਰਦਿਆਂ ਤੁਰਦਿਆਂ ਵਧੀਆ ਗਾਇਕੀ ਦਾ ਅਸਲ ਹਾਕਮ ਬਣ ਬੈਠਾ। ਅਫ਼ਸੋਸ ਪੰਜਾਬੀ ਗਾਇਕੀ ਦਾ ਇਹ ਅਲਬੇਲਾ ਪੁੱਤਰ ਸਾਥੋਂ 7 ਕੁ ਵਰ੍ਹੇ ਪਹਿਲਾਂ ਵਿਛੜ ਚੁੱਕਿਐ। ਪਰ ਚਾਹੁਣ ਵਾਲਿਆਂ ਦੇ ਦਿਲ ਦੀ ਸਰਦਲ ਕਿਸੇ ਸੱਜਰੀ ਹੂਕ ਦੀ ਤਰ੍ਹਾਂ ਅੱਜ ਵੀ ਮੱਲੀਂ ਬੈਠਾ ਹੈ। ਜਦੋਂ ਹਾਕਮ ਸੂਫ਼ੀ ਇਸ ਦੁਨੀਆਂ ਤੋਂ ਰੁਖ਼ਸਤ ਹੋਏ ਤਾਂ ਉਹਨਾਂ ਦੇ ਚਿਹਰੇ ਤੋਂ ਮਾਂ ਬੋਲੀ ਦੀ ਕੀਤੀ ਸੱਚੀ ਸੇਵਾ ਸਾਫ਼ ਝਲਕਦੀ ਸੀ। ਨਾ ਕੋਈ ਪਛਤਾਵਾ, ਨਾ ਗ਼ਮ ਨਾ ਗ਼ਿਲਾ ਸੀ। ਹਾਂ, ਕਦੇ ਕਦੇ ਮਾੜਾ ਗਾਉਣ ਵਾਲਿਆਂ ਨੂੰ ਤਾਅਨਾ ਜ਼ਰੂਰ ਦੇ ਦਿਆ ਕਰਦੇ ਸੀ
        ਹਾਕਮ ਸੂਫ਼ੀ ਦੀ ਗਾਇਕੀ ਸਮਝਣ ਵਾਲਿਆਂ ਲਈ ਇਬਾਦਤ ਦੀ ਭੱਠੀ ਵਿੱਚ ਤਪ ਕੇ ਉਸ ਮਰਤਬੇ ਨੂੰ ਪਹੁੰਚ ਚੁੱਕੀ ਸੀ ਜੋ ਕਿਸੇ ਕਿਸੇ ਨੂੰ ਹਾਸਲ ਹੁੰਦੈ। ਉਸ ਮਹਾਨ ਸਪੂਤ ਨੇ ਸਾਰੀ ਉਮਰ ਸੱਚੇ ਫ਼ਰਜ਼ਾ ਦਾ ਸਾਥ ਨਿਭਾਇਆ। ਉਹਨਾਂ ਦੀ ਗਾਇਕੀ ਅੰਦਰ ਇੱਕ ਰਵਾਨਗੀ ਸੀ। ਵਗਦੇ ਪਾਣੀਆਂ ਦੀ ਤਰ੍ਹਾਂ ਚੱਲਦੇ ਰਹਿਣਾ ਉਹਨਾਂ ਦੀ ਫ਼ਿਤਰਤ ਸੀ। ਉਹਨਾਂ ਦੇ ਗਾਏ ਗੀਤ ਪੰਜਾਬ ਦੀ ਫ਼ਿਜ਼ਾ ਅੰਦਰ ਅੱਜ ਵੀ ਤਾਜ਼ੇ ਨੇ। ''ਮੇਰੇ ਚਰਖੇ ਦੀ ਟੁੱਟ ਗਈ ਮਾਲ੍ਹ ਵੇ'' ਨੂੰ ਕੌਣ ਭੁੱਲ ਸਕਦੈ। ''ਪਾਣੀ ਵਿੱਚ ਮਾਰਾਂ ਡੀਟਾਂ'' ਅੱਜ ਵੀ ਬਹੁਤਿਆਂ ਕੋਲੇ ਕਿਸੇ ਸੱਜਣ ਦੇ ਗਹਿਣੇ ਵਾਂਗਰਾਂ ਸਾਂਭਿਆ ਪਿਐ। ਅਜੋਕੇ ਸਮੇਂ ਅੰਦਰ ਵੀ ''ਮੇਲਾ ਯਾਰਾਂ ਦਾ ਦਿਲਦਾਰਾਂ ਦਾ'' ਜਿਹਾ ਗੀਤ ਪੰਜਾਬ ਦੇ ਕਿਸੇ ਸਮੇਂ ਦੇ ਅਮੀਰ ਸੱਭਿਆਚਾਰ ਦਾ ਜਾਮਨ ਪ੍ਰਤੀਤ ਹੁੰਦਾ ਏ। ਉਹਨਾਂ ਦੇ ਤੁਰ ਜਾਣ 'ਤੇ ਗਾਇਕੀ ਦੀ ਕਾਇਨਾਤ ਅੰਦਰ ਇੱਕ ਖਲਾਅ ਪੈਦਾ ਹੋਇਐ। ਜਿਨ੍ਹਾਂ ਰਾਹਾਂ 'ਤੇ ਹਾਕਮ ਤੁਰਦਾ-ਤੁਰਦਾ ਗੁਣਗੁਣਾਉਂਦਾ ਹੁੰਦਾ ਸੀ, ਉਨ੍ਹਾਂ ਰਾਹਾਂ 'ਤੇ ਕੁੱਲ ਆਲਮ ਲਈ ਭਾਵੇਂ ਲੱਖ ਰੌਣਕਾਂ ਹੋਣ ਪਰ ਉਸ ਦੇ ਚਾਹੁਣ ਵਾਲਿਆਂ ਲਈ ਇਹ ਰਾਹ ਅੱਜ ਕਿਸੇ ਰੋਹੀ ਬੀਆ-ਬਾਨ ਤੋਂ ਘੱਟ ਨਹੀਂ ਜਾਪਦੇ। ਉਹ ਇਸ ਦੁਨੀਆਂ ਤੋਂ ਦੁਰਕਾਰੇ ਲੋਕਾਂ ਨੂੰ ਸਮਰਪਿਤ ਇਨਸਾਨ ਵੀ ਸਨ। ਕਹਿੰਦੇ ਇੱਕ ਵਾਰ ਸ਼ਮਸ਼ਾਨ ਘਾਟ ਵਿੱਚ ਕਿਸੇ ਲਾਵਾਰਿਸ ਲਾਸ਼ ਕੋਲ ਕੋਈ ਰੋਣ ਵਾਲਾ ਨਹੀਂ ਸੀ ਤਾਂ ਇਹ ਮਸਤ ਸ਼ਾਇਰ ਸਾਰੀ ਰਾਤ ਮੁਰਦਾ ਸਰੀਰ ਕੋਲ ਬੈਠ ਕੇ ਰੋਂਦਾ ਰਿਹਾ ਤੇ ਵਿਛੋੜੇ ਦੇ ਗੀਤ ਗਾਉਂਦਾ ਰਿਹਾ ਤੇ ਆਖਦਾ ਰਿਹਾ ਮੈਂ ਹਾਂ ਤੇਰਾ।
        ਭਰਾ ਨਛੱਤਰ ਸਿੰਘ ਅੱਖਾਂ ਭਰ ਕੇ ਕਹਿੰਦੈ ਕਿ ਹਾਕਮ ਸੂਫ਼ੀ ਨੇ ਜਿਉਂਦੇ ਜੀਅ ਸਾਰੀ ਉਮਰ ਕਿਸ ਤੋਂ ਗਾਉਣ ਬਦਲੇ ਆਪਣੇ ਮੂੰਹੋਂ ਮੰਗ ਕੇ ਕਿਸੇ ਤੋਂ ਪੈਸੇ ਨਹੀਂ ਲਏ। ਸਿਤਮ ਦੀ ਗੱਲ ਇਹ ਹੈ ਕਿ ਉਸ ਦੀ ਯਾਦ ਵਿੱਚ ਜੁੜ ਬੈਠਣ ਲਈ ਅੱਜ ਕਈ ਵੱਡੇ ਕਲਾਕਾਰ ਉਸ ਨੂੰ ਸ਼ਰਧਾਂਜਲੀ ਭੇਟ ਕਰਨ ਮੌਕੇ ਚੰਦ ਗੱਲਾਂ ਬੋਲਣ ਦੇ ਲਈ ਲੱਖਾਂ ਰੁਪਏ ਮੰਗ ਕੇ ਸ਼ਰਮਸਾਰ ਕਰਦੇ ਨੇ।
        ਭਾਵੇਂ ਗਾਇਕੀ ਦੇ ਸਮੁੰਦਰ ਵਿੱਚ ਲੱਖ ਸਿਕੰਦਰ ਆਵਣ, ਪਰ ਹਾਕਮ ਦੀਆਂ ਲਾਈਆਂ ਤਾਰੀਆਂ ਸਦਾ ਯਾਦ ਰਹਿਣਗੀਆਂ। ਮੈਨੂੰ ਕਈ ਵਰ੍ਹਿਆਂ ਦੇ ਗਾਇਕੀ ਅਤੇ ਸੱਭਿਆਚਾਰ ਬਾਰੇ ਲਿਖਣ ਦੇ ਸਫ਼ਰ ਦੌਰਾਨ ਇਸ ਮਹਾਨ ਫਨਕਾਰ ਦੀ ਗਾਇਕੀ ਨੇ ਬਹੁਤ ਪ੍ਰਭਾਵਿਤ ਕੀਤਾ। ਸਿਰੇ ਦੀ ਸ਼ਾਇਰੀ ਦਾ ਮਾਲਕ ਹੋਣ 'ਤੇ ਵੀ ਗ਼ਰੀਬੀ ਨਾਲ ਘੁਲਦਿਆਂ, ਅਧਿਆਪਕ ਜਿਹੇ ਪਵਿੱਤਰ ਕਿੱਤੇ ਨੂੰ ਅਪਣਾਈ ਰੱਖਿਆ ਸੀ। ਵੱਡਾ ਗ਼ਿਲਾ ਉਹਨਾਂ 'ਤੇ ਜ਼ਰੂਰ ਐ ਜਿਹੜੇ ਵੱਡੇ ਗਵੱਈਆਂ ਨੇ ਹਰ ਸਮੇਂ ਪਰਛਾਵੇਂ ਵਾਂਗ ਰਹਿਣ ਦਾ ਵਾਅਦਾ ਤਾਂ ਕੀਤਾ ਪਰ ਆਖ਼ਿਰੀ ਸਮੇਂ ਗ਼ਰੀਬੀ ਦਾਅਵੇ ਵਾਲੀ ਮੌਤ 'ਤੇ ਸਾਥ ਛੱਡ ਗਏ। ਸ਼ਾਇਦ ਗਾਇਕੀ ਦੇ ਇਤਿਹਾਸ ਦਾ ਇਹੀ ਕੌੜਾ ਸੱਚ ਹੈ। ਕਈ ਵਰ੍ਹੇ ਪਹਿਲਾਂ ਸਵਰਗੀ ਸੁਰਜੀਤ ਬਿੰਦਰਖੀਏ ਦੇ ਇਸ ਸੰਸਾਰ ਨੂੰ ਛੱਡ ਕੇ ਜਾਣ ਸਮੇਂ ਕੁਝ ਲੋਕਾਂ ਵੱਲੋਂ ਕੀਤੇ ਵਾਅਦੇ ਵੀ ਵਾ-ਵਰੋਲੇ ਦੀ ਤਰ੍ਹਾਂ ਉੱਡ ਗਏ ਸਨ।
        ਇੱਕ ਰੰਜ ਜੋ ਸੂਫ਼ੀ ਪਰਿਵਾਰ ਦੇ ਸੀਨੇ ਅੰਦਰ ਜਜ਼ਬ ਹੋ ਕੇ ਰਹਿ ਗਿਐ ਕਿ ਇੱਕ ਵੱਡਾ ਕਲਾਕਾਰ ਜਿਸ ਨੇ ਹਾਕਮ ਸੂਫ਼ੀ ਦੇ ਜਿਉਂਦੇ ਜੀਅ ਉਸ ਅਤੇ ਪਰਿਵਾਰ ਨਾਲ ਵਾਅਦੇ ਤਾਂ ਬਹੁਤ ਕੀਤੇ ਪਰ ਸ਼ਾਇਦ ਉਹ ਵਾਅਦੇ ਰੇਤ ਦੇ ਮਹਿਲ ਵਾਂਗ ਢਹਿ ਗਏ। ਸਿਤਮ ਦੀ ਗੱਲ ਇਹ ਹੋਈ ਕਿ ਹਾਕਮ ਸੂਫ਼ੀ ਦੇ ਇਸ ਸੰਸਾਰ ਤੋਂ ਜਾਣ ਸਮੇਂ ਤੋਂ ਲੈ ਕੇ ਅੱਜ ਤੱਕ ਉਸ ਨੇ ਸੂਫ਼ੀ ਪਰਿਵਾਰ ਨਾਲ ਹਮਦਰਦੀ ਦੇ ਬੋਲ ਵੀ ਸਾਂਝੇ ਕਰਨੇ ਮੁਨਾਸਿਬ ਨਾ ਸਮਝੇ। ਕੀ ਕਰਾਂਗੇ ਅਜਿਹੇ ਵੱਡੇ ਕਲਾਕਾਰਾਂ ਨੂੰ ?
        ਹਾਕਮ ਦੇ ਇਸ ਦੁਨੀਆਂ ਤੋਂ ਜਾਣ 'ਤੇ ਗੱਲਾਂ ਤਾਂ ਢੇਰ ਸਾਰੀਆਂ ਕੀਤੀਆਂ ਗਈਆਂ ਪਰ ਅਮਲੀ ਹਕੀਕਤਾਂ ਵਿੱਚ ਕੁਝ ਨਾ ਹੋਇਆ। ਕਿੱਥੋਂ ਭਾਲਾਂਗੇ ਉਸ ਦਰਵੇਸ਼ ਰੂਹ ਨੂੰ। ਉਹ ਕਿੰਨੀਆਂ ਹੀ ਯਾਦਾਂ ਦਿਲ 'ਚ ਸਮੇਟ ਸਾਥੋਂ ਸਦਾ ਲਈ ਓਹਲੇ ਹੋ ਗਿਐ। ਅਸੀਂ ਜਿਉਂਦੇ ਜੀਅ ਉਸ ਨੂੰ ਬਣਦਾ ਮਾਣ ਵੀ ਨਾ ਦੇ ਸਕੇ।
        4 ਸਤੰਬਰ ਨੂੰ ਇਸ ਮਹਾਨ ਫ਼ਨਕਾਰ ਹਾਕਮ ਸੂਫ਼ੀ ਨੂੰ ਉਹਨਾਂ ਦੇ ਸ਼ਹਿਰ ਵਿਖੇ ਪਹੁੰਚ ਕੇ ਉਹਨਾਂ ਦੀ ਯਾਦ ਵਿੱਚ ਕਰਵਾਏ ਜਾਂਦੇ ਸਾਲਾਨਾ ਸੱਭਿਆਚਾਰਕ ਮੇਲੇ ਵਿੱਚ ਹਾਜ਼ਰੀ ਭਰੀਏ ਜਿੱਥੇ ਪੰਜਾਬ ਦੇ ਨਾਮੀ ਗਾਇਕ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ। ਪੰਜਾਬੀ ਮਾਂ ਬੋਲੀ ਦੇ ਇਸ ਸਪੂਤ ਲਈ ਇਹੀ ਸੱਚੀ ਸ਼ਰਧਾਂਜਲੀ ਹੋਵੇਗੀ।

ਲੇਖਕ : ਮਨਜਿੰਦਰ ਸਿੰਘ ਸਰੌਦ
ਮੁੱਖ ਪ੍ਰਚਾਰ ਸਕੱਤਰ
ਵਿਸ਼ਵ ਪੰਜਾਬੀ ਲੇਖਕ ਮੰਚ
94634-63136

ਪੰਜਾਬੀ ਸੱਭਿਆਚਾਰ ਦੀ ਮਾਲਾ ਦਾ ਸੁੱਚਾ ਮੋਤੀ  ਸੁੱਖਵਿੰਦਰ ਸੁੱਖੀ.. - ਮਨਜਿੰਦਰ ਸਿੰਘ ਸਰੌਦ

ਪੰਜਾਬੀ ਗਾਇਕੀ ਦੇ ਵਿਹੜੇ ਕਈ ਆਏ ਤੇ ਕਈ ਗਏ ਕਈਆਂ ਨੇ ਆਪਣੇ ਆਪ ਨੂੰ ਸਿਕੰਦਰ ਅਖਵਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਵੀ ਸਮੇਂ ਦੇ ਵੇਗ ਵਿੱਚ ਵਹਿੰਦਿਆਂ ਵਹਿੰਦਿਆਂ ਇੰਨੀ ਦੂਰ ਨਿਕਲ ਗਏ ਕਿ ਅਵਾਮ ਨੇ ਉਨ੍ਹਾਂ ਨੂੰ ਮੁੜ ઠਪਛਾਨਣ ਤੋਂ ਹੀ ਇਨਕਾਰ ਕਰ ਦਿੱਤਾ । ਸ਼ਾਇਦ ਪੰਜਾਬੀ ਗਾਇਕੀ ਦਾ ਇਹ ਇੱਕ ਦਰਦਨਾਕ ਸੱਚ ਵੀ ਹੈ ਕੇ ਜਿਹੜਿਆਂ ਨੇ ਸਮੇਂ ਅਤੇ ਆਪਣੇ ਚਾਹੁੰਣ ਵਾਲਿਆਂ ਦੀ ਕਦਰ ਨਹੀਂ ਕੀਤੀ ਹੁੰਦੀ ਉਨ੍ਹਾਂ ਨੇ ਆਖਰ ਸਮੇਂ ਦੀ ਗਰਦਸ਼ ਵਿੱਚ ਗੁਆਚਣਾ ਹੀ ਹੁੰਦੈ , ਬਹੁਤ ਘੱਟ ਕਲਾਕਾਰ ਹੁੰਦੇ ਨੇ ਜੋ ਆਪਣਾ ਸਹੀ ਸਮਤੋਲ ਬਣਾ ਕੇ ਚੱਲਦੇ ਨੇ ઠਪੰਜਾਬੀ ਸੱਭਿਆਚਾਰ ਦੇ ਸੁੱਚੇ ਪਿੜ ਅੰਦਰ ਅਜਿਹਾ ਹੀ ਇੱਕ ਨਾਂ ਹੈ ઠਕਲਾਕਾਰ ਸੁਖਵਿੰਦਰ ਸੁੱਖੀ ਦਾ ਜਿਸ ਨੂੰ ਮੈਂ ਆਪਣੇ ਕਲਾਕਾਰਾਂ ਬਾਰੇ ਲਿਖਣ ਦੇ ઠਡੇਢ ਕੁ ਦਹਾਕੇ ਦੇ ਸਫ਼ਰ ਦੌਰਾਨ ਜਿੰਨਾਂ ਕੁ ਜਾਣਿਆ, ਲੱਗਦੈ ਉਸ ਤੋਂ ਹੋਰ ਜਾਨਣ ਦੀ ਲੋੜ ਮਹਿਸੂਸ ਨਾ ਹੀ ਹੋਵੇ । ਮੇਰਾ ਵਾਹ ਵੱਡੇ ਤੋਂ ਵੱਡੇ ਕਲਾਕਾਰ ਦੇ ਨਾਲ ਪਿਆ ਛੋਟੇ ਤੋਂ ਛੋਟੇ ਕਲਾਕਾਰ ਦੇ ਦਿਲ ਦੀਆਂ ਰਮਜਾਂ ਨੂੰ ਜਾਨਣ ਦੀ ਕੋਸ਼ਿਸ਼ ਕੀਤੀ ਪਰ ਜੋ ਕੁਝ ਮੈਂ ਸੁਖਵਿੰਦਰ ਸੁੱਖੀ ਦੇ ਦਿਲ ਅੰਦਰੋਂ ਖੰਗਾਲ ਕੇ ਬਾਹਰ ਕੱਢਿਆ ਉਹ ਕੁੱਝ ਅੱਜ ਤੱਕ ਮੈਨੂੰ ਕਿਸੇ ਕਲਾਕਾਰ ਦੇ ਪੱਲੇ ਨਜ਼ਰ ਨਹੀਂ ਆਇਆ , ਹੋ ਸਕਦੈ ਕੁਝ ਸੱਜਣ ਉਸ ਤੋਂ ਵੀ ਵਧੀਆ ਹੋਣ ਪਰ ਜੋ ਮੈਂ ਜਾਣਿਆ ਉਹ ਮੈਂ ਕੁੱਝ ਸਤਰਾਂ ਰਾਹੀਂ ਬਿਆਨ ਕਰਨ ਦੀ ਇੱਕ ਨਿਮਾਣੀ ਜਿਹੀ ਕੋਸ਼ਿਸ਼ ਕੀਤੀ ਹੈ ।
                                                     ਜ਼ਿਲ੍ਹਾ ਫ਼ਤਿਹਗੜ੍ਹ ઠਸਾਹਿਬ ਦੀ ਤਹਿਸੀਲ ਅਮਲੋਹ ਦੇ ਪਿੰਡ ਕੌਲਗੜ੍ਹ ਦੀ ਧਰਤੀ ਨੂੰ ਮਾਣ ਹੈ ਕਿ ਉਸ ਨੇ ਇੱਕ ਅਜਿਹੇ ਫ਼ਨਕਾਰ ਨੂੰ ਪੈਦਾ ਕੀਤਾ ਜਿਸ ਨੇ ਅੱਜ ਤੱਕ ਆਪਣੀ ਮਾਂ ਬੋਲੀ ਦਾ ਪੱਲਾ ਛੱਡ ਕਿਸੇ ਵਪਾਰਕ ਸਮਝੌਤੇ ਨੂੰ ਤਰਜੀਹ ਨਹੀਂ ਦਿੱਤੀ । ਬਾਪੂ ਮੇਜਰ ਸਿੰਘ ਗਰੇਵਾਲ ਅਤੇ ਮਾਤਾ ਸੁਰਜੀਤ ਕੌਰ ਦੀ ਕੁੱਖੋਂ ਜਨਮ ਲੈ ਕੇ ਇਸ ਅਵੱਲੇ ਜਿਹੇ ਕਲਾਕਾਰ ਨੇ 1995 ਦੀ ਸ਼ਾਮ ਨੂੰ ਜਰਨੈਲ ਸਿੰਘ ਘੁਮਾਣ ਅਤੇ ਜਸਵਿੰਦਰ ਭੱਲੇ ਦੀ ਪਾਰਖੂ ਅੱਖ ਸਦਕਾ ਪੰਜਾਬੀ ਸੰਗੀਤ ਜਗਤ ਵਿੱਚ ਆਪਣੀ ਪਹਿਲੀ ਪੁਲਾਂਘ ਪੱਟੀ ਅਤੇ 1988 ਆਉਂਦਿਆਂ ਆਉਂਦਿਆਂ ਹਾਏ ਨਿਹਾਲੋ ਕੈਸਟ ਰਾਹੀਂ ਸਰੋਤਿਆਂ ਦੇ ਰੂ ਬ ਰੂ ਹੋਣ ਦਾ ਯਤਨ ਕੀਤਾ , ਉਸ ਸਮੇਂ ਪੰਜਾਬੀ ਗਾਇਕੀ ਦੇ ਸ਼ਾਹ ਅਸਵਾਰ ਕੁਲਦੀਪ ਮਾਣਕ ਵੱਲੋਂ ਦਿੱਤੇ ਵੀਹ ਰੁਪਈਏ ਸੁੱਖੀ ਲਈ ਨਿਆਮਤ ਹੋ ਨਿੱਬੜੇ । ਫੇਰ ઠ1999 ਦਾ ਵਰ੍ਹਾ ਇਸ ਮਹਾਨ ਕਲਾਕਾਰ ਦੀ ਜ਼ਿੰਦਗੀ ਵਿੱਚ ਅਹਿਮ ਮੋੜ ਲੈ ਕੇ ਆਇਆ ਜਦ ਉਸ ਨੇ ਵੰਗਾਂ ਮੇਚ ਨਾ ਆਈਆਂ ਕੈਸਟ ਰਾਹੀਂ ਮਾਰਕੀਟ ਦੇ ਅੰਦਰ ਜ਼ਬਰਦਸਤ ਦਸਤਕ ਦਿੱਤੀ ਅਤੇ ਵਿਖਾ ਦਿੱਤਾ ਉਨ੍ਹਾਂ ਲੋਕਾਂ ਨੂੰ ਕਿ ਗਾਇਕੀ ਕੀ ਹੈ ਜਿਹੜੇ ਸਦਾ ਹੀ ਖਿਲਾਰੇ ਵਾਲੀ ਗਾਇਕੀ ਰਾਹੀਂ ਆਪਣਾ ਉੱਲੂ ਸਿੱਧਾ ਕਰਨ ਦਾ ਯਤਨ ਕਰਦੇ ਸਨ । ਪੜ੍ਹਾਈ ਪੱਖੋਂ ਰੱਜੇ ਪੁੱਜੇ ਐੱਮ ਐੱਸ ਈ ਤੱਕ ઠਫੈਲੋਸ਼ਿਪ ਇਸ ਫ਼ਨਕਾਰ ਦੇ ਹਿੱਸੇ ਇਹ ਗੁਣ ਵੀ ਇਹ ਵੀ ਆਇਆ ਕਿ ਉਸ ਨੇ ਆਪਣੀ ਸਾਰੀ ਪਿੰਡ ਵਾਲੀ ਜਾਇਦਾਦ ਆਪਣੇ ਭਰਾਵਾਂ ਦੇ ਹਿੱਸੇ ਕਰ ਦਿੱਤੀ । ਪੂਰੀ ਦੁਨੀਆ ਅੰਦਰ ਆਪਣੀ ਗਾਇਕੀ ਦਾ ਡੰਕਾ ਵਜਵਾਉਣ ਵਾਲੇ ਸੁਖਵਿੰਦਰ ਸੁੱਖੀ ਨੇ ਜ਼ਿੰਦਗੀ ਵਿੱਚ ਕਿਸੇ ਵੀ ਨਸ਼ੇ ਨੂੰ ਮੂੰਹ ਨਹੀਂ ਲਾਇਆ ਤਾਹੀਉਂ ਤਾਂ ਉਸ ਨੂੰ ਪਿਆਰ ਕਰਨ ਵਾਲੇ ਬਹੁਤ ਵਾਰ ਉਸ ਨੂੰ ਇਹ ਪੁੱਛਦੇ ਨੇ ਕਿ ਭਰਾਵਾ ਤੇਰੀ ਸਿਹਤ ਦਾ ਰਾਜ਼ ਕੀ ਹੈ । ਕਿਸੇ ਵੀ ਵਪਾਰਕ ਪੱਖ ਦੇ ਸਮਝੌਤੇ ਤੋਂ ਕੋਹਾਂ ਦੂਰ ਸੁਖਵਿੰਦਰ ਸੁੱਖੀ ઠਹੁਣ ਇਕ ਵੱਡੇ ਪਰਦੇ ਦੀ ਫਿਲਮ ਸਸਪੈਂਸ ਰਾਂਹੀ ਆਪਣੇ ਸਰੋਤਿਆਂ ਦੇ ਰੂਬਰੂ ਹੋਣ ਜਾ ਰਿਹਾ ਹੈ । ਇਸ ਕਲਾਕਾਰ ਨੂੰ ਇਹ ਵੀ ਮਾਣ ਹਾਸਲ ਹੈ ਕਿ ਉਸ ਨੂੰ ઠਕੁੜੀਆਂ ਦੇ ਵਿਆਹ ਮੌਕੇ ਵੀ ਵੱਡੀ ਅਹਿਮੀਅਤ ਦੇ ਕੇ ਪਰਿਵਾਰ ਦੀ ਤਰ੍ਹਾਂ ਬੁਲਾਇਆ ਜਾਂਦਾ ਹੈ । ਨਕਲੀ ਸਰੋਤਿਆਂ ਤੋਂ ਪਰੇ ਸੁੱਖੀ ਅੱਜ ਵੀ ਇੱਕ ਮਹੀਨੇ ਵਿੱਚ ਦਸ ਤੋਂ ਪੰਦਰਾਂ ਪ੍ਰੋਗਰਾਮਾਂ ਰਾਹੀਂ ਆਪਣੀ ਮਾਂ ਬੋਲੀ ਪੰਜਾਬੀ ਦੇ ਛੁਪ ਰਹੇ ਚੰਨ ਨੂੰ ਵਾਪਸ ઠਇੱਕ ਵਾਰ ਫਿਰ ਤੋਂ ਉੱਚਾ ਹੁੰਦਾ ਵੇਖਣਾ ਲੋਚਦਾ ਹੈ ।
                                                   ਜੇਕਰ ਉਸ ਦੇ ਗਾਏ ਗੀਤਾਂ ਦੇ ਸਫ਼ਰ ਨੂੰ ਦੇਖੀਏ ਤਾਂ ਪੱਗ ਦੀਆਂ ਪੂਣੀਆਂ , ਵੰਗਾਂ ਮੇਚ ਨਾ ਆਈਆਂ , ਜੱਟ ਰਫ਼ਲਾਂ ਰੱਖਣ ਦੇ ਸ਼ੌਕੀ , ਘਰ ਤੇਰਾ ਲੱਭਲਾਗੇ ઠ, ਫਾਟਕ ਮਰਿੰਡੇ ਵਾਲਾ ਬੰਦ ਮਿਲਦਾ , ઠਦਿਲ ਨੀ ਤੋੜਦੇ , ਕੱਚ ਤੇ ਸ਼ੀਸ਼ਾ , ਸਮੇਤ ਅਜਿਹੇ ਸੈਂਕੜੇ ਗੀਤਾਂ ਨੂੰ ਆਪਣੀ ਆਵਾਜ਼ ਰਾਹੀਂ ਪੰਜਾਬ ਦੀ ਫ਼ਿਜ਼ਾ ਅੰਦਰ ਬਖੇਰਿਆ । ਮੈਨੂੰ ਯਾਦ ਹੈ 1999 ਦੀ ਉਹ ਸ਼ਾਮ ਜਦੋਂ ਮੈਂ ਸੁੱਖੀ ਨੂੰ ਪਹਿਲੀ ਵਾਰ ਆਪਣੇ ਪਿੰਡ ਦੇ ਦਰਵਾਜ਼ੇ ਲੋਕਾਂ ਦੇ ਵਿੱਚ ਖੜ੍ਹ ਕੇ ਸੁਣਿਆ ਸੀ , ਖੈਰ ਸਮਾਂ ਆਪਣੀ ਚਾਲੇ ਚੱਲਦਾ ਰਹਿੰਦਾ ਹੈ ਇਹ ਕਿਸੇ ਦੇ ਰੋਕਿਆਂ ਨਹੀਂ ਰੁਕਦਾ , ਪਰ ਸੁੱਖੀ ਬਿਨਾਂ ਸੱਕ ਉਹ ਮਹਾਨ ਫਨਕਾਰ ਹੈ ਜਿਸ ਨੇ ਆਪਣੀਆਂ ਪੈੜਾਂ ਦੀ ਪੰਜਾਬੀ ਸੱਭਿਆਚਾਰ ਦੇ ਪਿੜ ਅੰਦਰ ਵਿਲੱਖਣ ਪਹਿਚਾਣ ਆਪ ਬਣਾਈ ਹੈ , ਹੁਣ ਕੁਝ ਦਿਨਾਂ ਨੂੰ ਉਹ ਆਪਣੇ ਨਵੇਂ ਗੀਤਾਂ , ਦੀਵਾਲੀ ਦੇ ਦੀਵੇ ਅਤੇ ਤੇਰਾ ਸਰਦਾਰ , ਰਾਹੀਂ ਸੰਗੀਤ ਦੀ ਇਸ ਮੰਡੀ ਵਿੱਚ ਤਕੜੀ ਹਾਜ਼ਰੀ ਲੁਆਵੇਗਾ । ਸੁਖਵਿੰਦਰ ਸੁੱਖੀ ਅੱਜ ਕੱਲ੍ਹ ਘੁੱਗ ਵੱਸਦੇ ਸ਼ਹਿਰ ਲੁਧਿਆਣਾ ਵਿੱਚ ਆਪਣੇ ਦੋ ਬੱਚਿਆਂ ਏਕਮਪ੍ਰੀਤ ਸਿੰਘ , ਬੇਟੀ ਚਾਹਤਪ੍ਰੀਤ ਕੌਰ ਅਤੇ ਆਪਣੀ ਸ਼ਰੀਕੇ ਹਿਯਾਤ ਸੁੱਖਜੀਤ ਕੌਰ ਦੇ ਨਾਲ ਜ਼ਿੰਦਗੀ ਦੀਆਂ ਸੱਧਰਾਂ ਨੂੰ ਮਾਣਦੇ ਹੋਏ ਆਪਣੀ ਪੂਰੀ ਉਮਰ ਮਾਂ ਬੋਲੀ ਦੇ ਲੇਖੇ ਲਾ ਕੇ ਸੱਚੀ ਸੇਵਾ ਵਿੱਚ ਆਪਣਾ ਭਰਵਾਂ ਯੋਗਦਾਨ ਪਾਉਣਾ ਚਾਹੁੰਦਾ ਹੈ । ਰੱਬ ਕਰੇ ਇਹੋ ਜੇ ਕਲਾਕਾਰ ਜੁਗਨੂੰ ਦੀ ਤਰ੍ਹਾਂ ਸਾਡੇ ਸਮਾਜ ਨੂੰ ਰੁਸ਼ਨਾਉਂਦੇ ਰਹਿਣ ਮਾਲਕ ਇਨ੍ਹਾਂ ਨੂੰ ਲੰਮੀਆਂ ਉਮਰਾਂ ਬਖਸ਼ੇ ਇਹੀ ਸਾਡੀ ਕਾਮਨਾ ਹੈ ।

ਮਨਜਿੰਦਰ ਸਿੰਘ ਸਰੌਦ
ਮਾਲੇਰਕੋਟਲਾ
94634 63136