Manjinder Singh Kala Saroud

ਅਦਬੀ ਗੀਤਕਾਰੀ ਦੇ ਅੰਬਰੋਂ ਟੁੱਟਿਆ ਤਾਰਾ - ਪ੍ਰਗਟ ਸਿੰਘ ਲਿੱਦੜਾਂ  - ਮਨਜਿੰਦਰ ਸਿੰਘ ਸਰੌਦ

ਕਈ ਵਰ੍ਹੇ ਪਹਿਲਾਂ ਦੀ ਗੱਲ ਹੈ ਸ਼ਾਮ ਦੇ 6 ਕੁ ਵੱਜੇ ਹੋਣਗੇ ਮੇਰੇ ਫ਼ੋਨ ਦੀ ਘੰਟੀ ਵੱਜੀ ਫੋਨ ਚੁੱਕ ਮੈਂ ਹਾਂ ਜੀ ਆਖਿਆ ਤਾਂ ਅੱਗੋਂ ਇੱਕ ਕਲਾਕੰਦ ਨਾਲੋਂ ਮਿੱਠੀ ਤੇ ਕੋਮਲ ਜਿਹੀ ਆਵਾਜ਼ ਨੇ ਸਹਿਜਤਾ ਨਾਲ ਕਿਹਾ ਮਨਜਿੰਦਰ ਮੈਂ ਗੀਤਕਾਰ ਪ੍ਰਗਟ ਸਿੰਘ ਲਿੱਦੜਾਂ ਬੋਲ ਰਿਹਾਂ । ਜਦ ਵੀ ਕਦੇ ਗੀਤ ਸੰਗੀਤ ਦੇ ਵਿਹੜੇ ਅੰਦਰ ਉੱਠ ਰਹੀ ਨਵੀਂ  ਲੋਅ ਦੀ ਗੱਲ ਚੱਲਦੀ ਤਾਂ ਪ੍ਰਗਟ ਸਿੰਘ ਦੇ ਇਹ ਬੋਲ ਮੇਰੇ ਜ਼ਹਿਨ ਤੇ ਆ ਕੇ ਤੈਰਨ ਲੱਗ ਜਾਂਦੇ । ਅਫ਼ਸੋਸ ਇਹ ਰੰਗਲਾ ਸੱਜਣ 4 ਮਾਰਚ ਦੀ ਰਾਤ ਨੂੰ ਪੰਜਾਬੀ ਗਾਇਕੀ ਤੇ ਗੀਤਕਾਰੀ ਦੇ ਪਿੜ ਨੂੰ ਸੁੰਨਾ ਕਰਦਿਆਂ ਇਸ ਸੰਸਾਰ ਨੂੰ ਛੱਡ ਗਿਐ ।
                                           ਬਾਪੂ ਰਣ ਸਿੰਘ ਅਤੇ ਮਾਤਾ ਪ੍ਰੀਤਮ ਕੌਰ ਦੀ ਕੁੱਖ ਦੇ ਇਸ ਜੌਹਰੀ ਲਾਲ ਨੇ ਜ਼ਿਲ੍ਹਾ ਸੰਗਰੂਰ ਦੀ ਬੁੱਕਲ ਵਿੱਚ ਵਸਦੇ ਪਿੰਡ ਲਿੱਦੜਾਂ ਵਿਖੇ ਆਪਣੀ ਜ਼ਿੰਦਗੀ ਦੀਆਂ 56 ਕੁ ਪੱਤਝੜਾਂ ਨੂੰ ਮਾਣਦਿਆਂ ਉਸ ਮਰਤਬੇ ਨੂੰ ਪਾਇਆ। ਜੋ ਕਿਸੇ  ਵਿਰਲੇ ਇਨਸਾਨ ਨੂੰ ਹਾਸਲ ਹੁੰਦਾ ਹੈ । ਉਸ ਦੇ ਅਚਨਚੇਤ ਤੁਰ ਜਾਣ ਤੇ ਉਦਾਸ ਨੇ ਪਿੰਡ ਲਿਦੜਾਂ ਤੇ ਇਲਾਕੇ ਦੀਆਂ ਉਹ ਜੂਹਾਂ ਜਿਨ੍ਹਾਂ ਤੇ ਕਦੇ ਪ੍ਰਗਟ ਗੀਤਕਾਰੀ ਨੂੰ ਸ਼ਬਦਾਂ ਦੇ ਪਰਾਗੇ ਵਿੱਚ ਪਰੋ ਕੇ ਪੰਜਾਬੀ ਮਾਂ ਬੋਲੀ ਤੇ ਸੱਭਿਆਚਾਰ ਦਾ ਸਿਰ ਕਜਦਾ ਹੁੰਦਾ ਸੀ । ਜਿਵੇਂ ਉਸ ਦੇ ਵਿਛੋੜੇ ਦੀ ਖਬਰ ਨੇ ਮੈਨੂੰ ਉਦਾਸੀਨਤਾ ਦੀ ਡੂੰਘੀ ਖਾਈ ਵਿੱਚ ਧੱਕ ਦਿੱਤਾ ਹੋਵੇ ਯਕੀਨ ਨਹੀਂ ਸੀ ਆਇਆ ਅਦਬੀ ਗੀਤ ਸੰਗੀਤ ਦੇ ਇਸ ਸਟਾਰ ਦੇ ਤੁਰ ਜਾਣ ਤੇ ।
                                              ਬਿਨਾਂ ਸ਼ੱਕ ਪੰਜਾਬੀ ਗਾਇਕੀ ਦਾ ਵੱਡਾ ਹਿੱਸਾ ਅੱਜ ਜਬਲੀਆਂ ਅਤੇ ਲੁੱਚਪੁਣੇ ਦੇ ਆਸਰੇ ਸੱਭਿਅਕ ਖੇਤਰ ਦੇ ਵਿਸ਼ਾਲ ਸਮੁੰਦਰ ਵਿਚ ਗੋਤੇ ਖਾਂਦਾ ਹੋਇਆ ਕਿਨਾਰੇ ਵੱਲ ਨੂੰ ਹੱਥ ਪੈਰ ਮਾਰਦਾ ਨਜ਼ਰ ਆਉਂਦਾ ਹੈ ਪਰ ਪ੍ਰਗਟ ਸਿੰਘ ਨੇ ਸਦਾ ਹੀ ਇਸ ਖੇਤਰ ਵਿੱਚ ਸਮਝੌਤੇ ਨੂੰ ਦਰਕਿਨਾਰ ਕਰਦਿਆਂ ਉਸ ਸੋਹਰਤ ਤੇ ਦੌਲਤ ਨੂੰ ਠੋਕਰ ਮਾਰੀ ਜੋ ਸਾਡੀ ਜਵਾਨੀ ਤੇ ਨਵੇਂ ਪੂਰ ਦੇ ਭਵਿੱਖ ਦੀ ਨਸਲਕੁਸ਼ੀ ਕਰਕੇ ਕਈ ਕਲਾਕਾਰਾਂ ਦੇ ਖੀਸਿਆਂ ਨੂੰ ਮਾਲਾ ਮਾਲ ਕਰ ਰਹੀ ਹੈ ।
                                           ਉਸ ਨੇ ਉਮਰ ਦੇ ਇੱਕ ਪੜਾਅ ਤੇ ਪੱਤਰਕਾਰੀ ਵਿੱਚ ਵੀ ਹੱਥ ਅਜ਼ਮਾਇਆ ਪਰ ਸ਼ਾਇਦ ਕੁਦਰਤ ਉਸ ਨੂੰ ਇੱਕ ਸੰਪੂਰਨ ਗੀਤਕਾਰ ਦੇ ਰੂਪ ਵਿੱਚ ਵੇਖਣਾ ਚਾਹੁੰਦੀ  ਸੀ । ਕਾਲਜ ਦੇ ਸਮੇਂ ਤੋਂ ਸੱਚੀ  ਕਾਮਰੇਡੀ ਅਤੇ ਸਾਹਿਤਕ ਇਨਕਲਾਬ ਨਾਲ ਭਰੇ  ਪ੍ਰਗਟ ਦੀ ਗੀਤਕਾਰੀ ਦੇ ਵਗਦੇ ਦਰਿਆ ਨੇ ਹਰਜੀਤ ਹਰਮਨ ਵਰਗੇ ਮੋਤੀ ਨੂੰ ਚਕਾਚੌੰਧ ਭਰੀ ਦੁਨੀਆਂ ਦੀ ਉਸ ਮੰਜ਼ਿਲ ਤੇ ਪੁੱਜਦਾ ਕਰ ਦਿੱਤੈ ਜੋ ਹਰ ਕਲਾਕਾਰ ਲੋਚਦਾ ਹੈ । ਜਿਸ ਦਿਨ ਤੋਂ ਪ੍ਰਗਟ ਸਿੰਘ ਨੇ ਹਰਮਨ ਨੂੰ ਤਰਾਸ਼ ਕੇ ਇੱਕ ਕਲਾਕਾਰ ਦੇ  ਰੂਪ ਵਿੱਚ ਪੇਸ਼ ਕੀਤਾ ਤਾਂ ਨਾਲ ਦੀ ਨਾਲ  ਉਹ  ਸੰਗੀਤ ਦੀ ਦੁਨੀਆਂ ਵਿੱਚ ਪ੍ਰਵਾਨ ਚੜ੍ਹ ਗਿਆ ਇਹ ਸਭ ਪਰਗਟ ਦੀ ਗੀਤਕਾਰੀ ਤੇ ਹਰਮਨ ਦੇ ਸੁਮੇਲ ਦਾ ਨਤੀਜਾ ਸੀ ਨਹੀਂ ਤਾਂ ਕਲਾਕਾਰਾਂ ਦੇ ਇਸ ਤੱਤੇ ਰਣ ਖੇਤਰ ਵਿੱਚ ਦੁਨੀਆ ਨੇ ਬਹੁਤਿਆਂ ਨੂੰ ਪਛਾਣਿਆ ਤੱਕ ਨਹੀਂ । ਉਸ ਦੇ ਗੀਤਾਂ ਵਿੱਚ ਖਿੱਚ ਤੇ  ਇੱਕ ਵੱਖਰੀ ਕਾਸ਼ਿਸ਼ ਹੈ  । 
                                           ਹਰ ਫਿਰਕੇ ਅਤੇ ਖੇਤਰ ਦੀ ਗੱਲ ਕਰਦੇ ਨੇ  ਇਸ ਮਹਾਨ ਗੀਤਕਾਰ ਦੇ ਗੀਤ । ਕਦੇ ਖੇਤੀ ਦੀ ਗੱਲ ਕਰਦਿਆਂ , ਤੋਰੀਏ ਦੇ ਫੁੱਲਾਂ ਵਾਂਗੂੰ ਫੁੱਲ ਖਿੜੇ ਜ਼ਿੰਦਗੀ ਦੇ , ਗੀਤ ਨੂੰ ਉਸ ਨੇ ਆਪਣੀ ਕਲਮ ਦਾ ਸ਼ਿੰਗਾਰ ਬਣਾਇਆ ਫਿਰ ਦੋ ਕਦਮ ਹੋਰ ਅਗਾਹ ਜਾਂਦਿਆਂ ਦੁਨੀਆਂ ਦੇ ਲੋਭ ਲਾਲਚ ਤੇ ਸਵਾਰਥ ਨੂੰ ਛੂਹਦਿਆਂ , ਇਸ ਨਿਰਮੋਹੀ ਨਗਰੀ ਦਾ ਨੀ ਮਾਏ ਮੈਨੂੰ ਮੋਹ ਨਾ ਆਵੇ , ਵਰਗੇ  ਗੀਤ ਲਿਖੇ । ਮਿੱਤਰਾਂ ਦਾ ਨਾਂ  ਚੱਲਦਾ , ਚੰਨ ਦੇ ਵਾਪਸ ਆਉਣ ਦਾ ਇੰਤਜ਼ਾਰ ਕਰਾਂਗਾ ਮੈਂ । ਸਮੇਂ ਦੀ ਸਰਕਾਰ  ਅਤੇ ਹਾਲਾਤ ਤੇ ਡੂੰਘੀ ਚੋਟ ਕਰਦਿਆਂ ਪ੍ਰਦੇਸੀ ਧਰਤੀ ਤੇ ਆਪਣਿਆਂ ਤੋਂ ਦੂਰ ਦਾ ਦਰਦ ਹੰਢਾਉਣ ਦੀ ਗੱਲ ਕਰਦਾ ਗੀਤ , ਅਸੀਂ ਕਿੰਝ ਪ੍ਰਦੇਸੀ ਹੋਏ ਸਾਡੇ ਦਿਲ ਤੋਂ ਪੁੱਛ ਸੱਜਣਾ , ਵੀ ਪਰਗਟ ਸਿੰਘ ਦਾ ਲਿਖਿਆ ਹੋਇਆ ਹੈ ।   
                                            ਉਸ  ਦੀ ਕਲਮ ਵਿੱਚੋਂ ਨਿਕਲੇ ਗੀਤ ਲੱਚਰਤਾ ਦੇ ਘੋੜੇ ਚੜ੍ਹ ਲਿਖੇ ਗੀਤਾਂ ਦੀ ਹਿੱਕ ਵਿੱਚ ਸੇਹ ਦੇ ਤੱਕਲੇ ਵਾਂਗ ਵੱਜਦੇ ਹਨ । ਗੀਤਕਾਰ ਬਹੁਤ ਆਏ ਤੇ ਹੁਣ ਵੀ ਨੇ  ਪਰ ਉਨ੍ਹਾਂ ਵਿੱਚੋਂ ਕਈਆਂ ਨੇ ਆਸ਼ਕੀ ਮਾਸ਼ੂਕੀ ਦੇ ਚਿੱਠਿਆਂ ਨੂੰ ਸਕੂਲਾਂ ਕਾਲਜਾਂ ਦੀ ਦਹਿਲੀਜ਼  ਅੱਗੇ ਲੈ ਕੇ ਜਾਣ ਵਿੱਚ ਡਾਢਾ ਯੋਗਦਾਨ ਪਾਇਐ , ਇਨ੍ਹਾਂ ਗੱਲਾਂ ਤੋਂ ਦੂਰ ਪ੍ਰਗਟ ਵੱਖਰੀ ਹੀ ਦੁਨੀਆਂ ਦੇ  ਰੂਹਾਨੀਅਤ  ਗੁਣਾਂ ਨਾਲ ਭਰਪੂਰ ਗੀਤਕਾਰ ਸੀ  ।  ਮੇਰੇ ਕਲਾਕਾਰਾਂ ਬਾਰੇ ਵਰ੍ਹਿਆਂ ਦੇ ਲਿਖਣ ਦੇ ਸਫਰ ਦੌਰਾਨ ਇਸ ਫ਼ਨਕਾਰ ਦੀ ਕਲਾ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ । ਧਾਰਮਿਕ ਖੇਤਰ ਵਿੱਚ ਉਸ ਦੇ ਲਿਖੇ ਗੀਤ ਸ਼ਾਨ ਏ ਕੌਮ, ਨੇ  ਪੰਥਕ ਸੋਚ ਤੇ  ਕੌਮੀ  ਜਜ਼ਬੇ ਦੀ ਗਾਥਾ ਨੂੰ ਹੂ ਬੂ ਹੂ ਰੂਪਮਾਨ ਕਰਨ ਦੀ ਗੱਲ  ਕੀਤੀ ।  ਜਿਹੜੇ ਕਹਿੰਦੇ ਨੇ ਚੰਗੇ ਗੀਤਾਂ ਨੂੰ ਸੁਣਦਾ ਕੌਣ ਹੈ ਉਨ੍ਹਾਂ ਲੋਕਾਂ ਲਈ ਨਸੀਹਤ ਦਾ ਬਦਲਿਆ ਹੋਇਆ ਰੂਪ ਹਨ ਇਹ ਗੀਤ ।
                                         ਪਰਗਟ ਦੇ ਲਿਖੇ ਪੰਜੇਬਾਂ , ਝਾਂਜਰ, ਚੌਵੀ ਕੈਰਟ ਵਰਗੇ 100  ਦੇ ਲਗਪਗ ਗੀਤਾਂ ਨੇ ਵਪਾਰਕ ਮੰਡੀ ਨੂੰ ਪਾਰ ਕਰਦਿਆਂ ਆਪਣੇ ਸਰੋਤਿਆਂ ਦੇ ਦਿਲਾਂ ਵਿੱਚ ਜਗ੍ਹਾ ਬਣਾਈ । ਉਸ ਦੀ ਗੀਤਕਾਰੀ ਅਦਬੀ , ਪਿਆਰ, ਮੁਹੱਬਤ ਦੇ ਮੁਜੱਸਮੇ ਵਿੱਚ ਗੜੁੱਚ ਤੇ ਤ੍ਰੇਲ ਧੋਤੇ ਫੁੱਲਾਂ ਦੀ ਖੁਸ਼ਬੂ ਦੀ ਤਰ੍ਹਾਂ ਪਾਕਿ ਤੇ ਸੰਜੀਦਗੀ ਦੀ ਮੂਰਤ ਦਾ ਪ੍ਰਤੀਕ ਹੈ । ਭੁੱਬੀ ਰੋਂਦੇ ਨੇ ਉਸ ਨੂੰ ਚਾਹੁਣ ਵਾਲੇ ਜਿਨ੍ਹਾਂ ਦੇ ਦਿਲਾਂ ਨੂੰ ਜਾਂਦੇ ਰਾਹ ਅੱਜ ਵੀ ਪ੍ਰਗਟ ਦੇ ਗੀਤ ਮੱਲੀ ਬੈਠੇ ਹਨ । ਇੰਝ ਲੱਗਦੈ ਜਿਵੇਂ ਅਪਣੇ  ਹਿੱਸੇ ਆਈਆਂ ਜ਼ਿੰਦਗੀ ਭਰ ਦੀਆਂ ਪੂਣੀਆਂ ਨੂੰ ਉਸ ਨੇ ਕੁਝ ਵਰ੍ਹਿਆਂ ਵਿੱਚ ਹੀ ਕੱਤ ਕੇ ਲਪੇਟ ਸੁੱਟਿਆ ਹੋਵੇ ।
                                ਆਪਣੀ ਜੀਵਨ ਸਾਥਣ ਬੀਬੀ ਪਰਮਿੰਦਰ ਕੌਰ ਤੇ ਪੁੱਤਰ  ਸਟਾਲਿਨਵੀਰ ਨੂੰ ਰੋਂਦਿਆਂ ਕੁਰਲਾਉਂਦਿਆਂ ਛੱਡ ਇਹ ਅਲਬੇਲਾ ਸ਼ਾਇਰ ਭਾਂਵੇ  ਇਸ ਦੁਨੀਆਂ ਤੋਂ ਕੂਚ ਕਰ ਗਿਐ ਪਰ  ਅਪਣੀ ਜ਼ਿੰਦਗੀ ਦੇ ਲਿਖੇ ਇੱਕ ਆਖਰੀ ਗੀਤ ਜੇ ਰੱਬ ਨੇ ਚਾਹਿਆ ਤਾਂ ਮਿਲਾਂਗੇ ਜ਼ਰੂਰ , ਰਾਹੀਂ ਇੱਕ ਸੁਨੇਹਾ ਜ਼ਰੂਰ ਛੱਡ ਗਿਆ ਕਿ  ਉਸ ਡਾਢੇ ਮਾਲਕ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ । ਹਰਜੀਤ ਹਰਮਨ ਤੇ ਉਸ ਦੀ ਜ਼ਿੰਦਗੀ ਦੇ ਪਰਮ ਮਿੱਤਰ ਨਰਿੰਦਰ ਖੇੜੀਮਾਨੀਆਂ ਦੇ ਚਿਹਰੇ ਤੋਂ ਇਸ ਰੰਗਲੇ ਸੱਜਣ ਦੇ ਜਾਣ ਦਾ  ਮਣਾਂ ਮੂੰਹੀਂ ਦੁੱਖ ਸਪੱਸ਼ਟ ਝਲਕਦਾ ਹੈ ।
                                           ਪ੍ਰਗਟ ਦੇ ਵਿਛੋੜੇ ਤੇ  ਸਮੁੱਚੀ ਸੰਗੀਤ    ਇੰਡਸਟਰੀ ਦੇ ਵਿਹੜੇ ਦੁੱਖ ਅਤੇ ਨਿਰਾਸ਼ਾ ਦਾ ਆਲਮ ਹੈ । ਉਸ ਦੇ ਲਿਖੇ ਗੀਤ ਲੰਬਾ ਸਮਾਂ ਲੋਕ ਚੇਤਿਆਂ ਵਿੱਚ ਲੋਕ ਗੀਤ ਬਣ ਕੇ ਗੂੰਜਦੇ ਰਹਿਣਗੇ । ਅਲਵਿਦਾ ਪ੍ਰਗਟ ਸਿੰਘ

ਮਨਜਿੰਦਰ ਸਿੰਘ ਸਰੌਦ
ਪ੍ਰਚਾਰ ਸਕੱਤਰ
ਵਿਸ਼ਵ ਪੰਜਾਬੀ ਲੇਖਕ ਮੰਚ
94634 63136

ਗਾਇਕੀ ਦੇ ਨਾਂ ਤੇ ਲੱਚਰਤਾ ਦਾ ਕੀਤਾ ਜਾ ਰਿਹੈ ਵਪਾਰ - ਮਨਜਿੰਦਰ ਸਿੰਘ ਸਰੌਦ

ਸਰਾਰਤੀ ਲੋਕਾਂ ਨੇ ਹੁਣ ਤੱਕ  ਦਰਜਨ ਦੇ ਕਰੀਬ ਅਣਭੋਲ ਨੌਜਵਾਨਾਂ ਨੂੰ ਬਣਾਇਆ ਮੋਹਰਾ
 ਲੱਚਰ ਗਾਇਕੀ ਤੇ ਹਾਈ ਕੋਰਟ ਵਲੋਂ ਰੋਕ ਲਉਣ ਤੋਂ ਕੀਤੀ ਕੋਰੀ ਨਾਂਹ

ਲੰਘੇ ਹਫ਼ਤੇ ਇੱਕ ਚੈਨਲ ਤੇ ਪ੍ਰੋਗਰਾਮ ਕਰਦੇ ਸਮੇਂ ਮੈਨੂੰ ਕਿਸੇ ਸਰੋਤੇ ਵੱਲੋਂ ਗਾਇਕ ਗੁਰਵਿੰਦਰ ਬਰਾੜ ਦੇ ਗਾਏ ਇੱਕ ਪੁਰਾਣੇ  ਗੀਤ ਪਿਸਤੌਲ ਬੰਦੂਕਾਂ ਦੇ ਕਲਚਰ ਤੋਂ ਤੰਗ ਆ ਗਏ ਹਾਂ ਡਾਢੇ ਤੇ ਸਵਾਲ ਕੀਤਾ ਗਿਆ ਜੋ ਅੱਜ ਦੀ ਰਸਤਿਓਂ ਭਟਕ ਚੁੱਕੀ ਗਾਇਕੀ  ਦੇ ਨਾਲ ਸੰਬੰਧਿਤ ਸੀ । ਸ਼ਾਇਦ ਉਸ ਸਮੇਂ  ਗੀਤ ਸੰਗੀਤ ਦੀ ਹੋ ਰਹੀ ਧੂ ਘੜੀਸ ਨੂੰ ਵੇਖਦਿਆਂ ਗੁਰਵਿੰਦਰ ਨੇ ਇਸ ਗੀਤ ਨੂੰ ਆਪਣੇ ਬੋਲਾਂ ਜ਼ਰੀਏ ਸੰਗੀਤਕ ਫ਼ਿਜ਼ਾਵਾਂ ਅੰਦਰ ਬਿਖੇਰਨ ਦਾ ਯਤਨ ਕੀਤਾ ਹੋਵੇ ਪਰ ਹੁਣ ਇਹ ਗੱਲਾਂ ਬਾਤਾਂ  ਬੀਤੇ ਜ਼ਮਾਨੇ ਦੀਆਂ ਪ੍ਰਤੀਤ ਹੋ ਰਹੀਆਂ ਨੇ ।
                                               ਕਿਉਂਕਿ ਅੱਜ ਪੰਜਾਬੀ ਗਾਇਕੀ  ਦੇ ਖੈਰ ਖਵਾਹਾ ਨੇ ਵੱਡਾ ਸਫ਼ਰ ਤੈਅ ਕਰਦਿਆਂ ਉਨ੍ਹਾਂ ਅੱਧੀ ਦਰਜਨ ਲੋਕਾਂ ਨੂੰ ਵੀ ਸਟਾਰਾਂ ਦੀ ਦੁਨੀਆਂ ਵਿੱਚ ਪੁੱਜਦਾ ਕਰ ਦਿੱਤੈ ਜਿਨ੍ਹਾਂ ਨੂੰ ਨਾ ਸੁਰ ਦੀ ਸਮਝ ਹੈ ਨਾ ਤਾਲ ਦੀ । ਨਾ ਇਹ ਲੋਕ ਗਾਇਕੀ ਦੇ ਇਤਿਹਾਸ ਤੋਂ ਵਾਕਫ਼ ਨੇ । ਸਾਡੀ ਸੰਸਕ੍ਰਿਤੀ ਤੇ ਸੱਭਿਅਤਾ ਤੋਂ ਕੋਰੇ ਲੋਕਾਂ ਨੇ ਹੁਣ ਪੰਜਾਬੀ ਗਾਇਕੀ  ਦੀ ਲਗਾਮ ਆਪਣੇ ਹੱਥ ਵਿੱਚ ਲੈ ਕੇ ਪੈਸੇ ਅਤੇ ਸੋਹਰਤ ਦੇ ਘੋੜੇ ਨੂੰ ਸਿਰਪੱਟ ਦੌੜਾਉਣਾ ਸ਼ੁਰੂ ਕਰ ਦਿੱਤਾ ਹੈ  ਇਹ ਘੋੜਾ ਜਿੱਧਰ ਧਿਆਨ ਗਿਆ ਉਧਰ ਨੂੰ ਭੱਜ ਨਿਕਲਿਆ ਕੋਈ ਸੀਮਾ ਨਹੀਂ ਕੋਈ ਮੰਜ਼ਿਲ ਨਹੀਂ ।
                                  ਸੋਸ਼ਲ ਮੀਡੀਆ ਤੇ ਕਈ ਨਿੱਜੀ ਚੈਨਲ ਇਨ੍ਹਾਂ ਆਪ ਹੁਦਰੇ ਹੁੜਦੰਗ ਮਚਾਉਂਦੇ ਸਿਖਾਂਦਰੂ ਕਲਾਕਾਰਾਂ  ਨੂੰ ਪ੍ਰਮੋਟ ਕਰਨ ਤੋਂ ਲੈ ਕੇ ਹੱਲਾ ਸ਼ੇਰੀ ਦੇਣ ਤੱਕ ਦੀ ਜ਼ਿੰਮੇਵਾਰੀ ਨਿਭਾ ਰਹੇ ਨਜ਼ਰ ਆਉਂਦੇ ਹਨ । ਭਾਵੇਂ ਕਾਫੀ ਲੋਕ ਇਨ੍ਹਾਂ ਨੌਜਵਾਨਾਂ ਨੂੰ ਮੰਦਬੁੱਧੀ ਵੀ ਆਖਦੇ ਨੇ ਪਰ ਸੱਚ ਅਜੇ ਵੀ ਜ਼ਹਿਰੀ ਨਾਗ ਦੀ ਤਰ੍ਹਾਂ ਪਟਾਰੀ ਵਿੱਚ ਹੀ ਫੁਕਾਰੇ ਮਾਰ ਸਮੇਂ ਦੀ ਗਰਦਸ਼ ਵਿੱਚ ਲਿਪਟਿਆ ਨਜ਼ਰੀਂ ਪੈਂਦਾ ਹੈ ।
                                     ਪਿਛਲੇ ਪੰਜ ਕੁ ਸਾਲਾਂ ਤੋਂ ਆਪਣੇ ਆਪ ਨੂੰ ਤੇਜ਼ ਤਰਾਰ, ਸੂਝ ਬੂਝ ਤੇ  ਲਿਆਕਤ ਦੇ ਧਨੀ ਮੰਨਦੇ ਕਈ ਭੱਦਰ ਪੁਰਸ਼ਾਂ ਨੇ ਇਸ ਵਰਤਾਰੇ ਰਾਹੀਂ ਜਨਤਾ ਦਾ ਧਿਆਨ ਆਪਣੇ ਵੱਲ ਖਿੱਚਣ ਦਾ ਯਤਨ ਕੀਤਾ ਹੈ । ਉਨ੍ਹਾਂ ਵੱਲੋਂ ਪ੍ਰਮੋਟ ਕੀਤੇ ਫ਼ਨਕਾਰ ਇੱਕ ਸਮੇਂ ਜ਼ਰੂਰ ਸੁਰਖੀਆਂ ਬਟੋਰਨ ਵਿਚ ਕਾਮਯਾਬ ਹੁੰਦੇ ਨੇ  ਪਰ ਫਿਰ ਸਾਉਣ ਦੀ ਬੱਦਲੀ ਵਾਂਗ ਅਲੋਪ ਹੋ ਮੁੜ ਮੂੰਹ ਨਹੀਂ ਵਿਖਾਉਂਦੇ । ਇਨ੍ਹਾਂ ਅਲਬੇਲੇ ਕਲਾਕਾਰਾਂ  ਵੱਲੋਂ ਪਾਏ ਖਿਲਾਰੇ ਦੀ ਗਿਣਤੀ  ਮਿਣਤੀ ਕਰੀਏ ਤਾਂ ਹੋ ਸਕਦੈ ਕਿ ਇਨ੍ਹਾਂ ਦੇ ਪਾਏ ਪੂਰਨੇ ਕਈ ਸਾਲਾਂ ਤੱਕ ਮਾਂ ਬੋਲੀ ਨੂੰ ਖੂਨ ਦੇ ਅੱਥਰੂ ਕੇਰਨ ਲਈ ਮਜਬੂਰ ਕਰਦੇ ਰਹਿਣ । ਜੇਕਰ ਇਨ੍ਹਾਂ ਖੌਰੂ ਪਾਉਂਦੇ ਫ਼ਨਕਾਰਾਂ ਨੂੰ ਕਿਸੇ ਨੇ ਰੋਕਣ ਦੀ ਕੋਸ਼ਿਸ਼ ਵੀ ਕੀਤੀ ਤਾਂ ਇਨ੍ਹਾਂ ਦੇ ਪਿਛਲਖੁਰੀ ਖੜ੍ਹੇ , ਆਕੇ , ਰੋਹਬ ਨਾਲ ਸੱਚ ਆਖਣ ਵਾਲੇ ਦੀ ਜ਼ੁਬਾਨ ਬੰਦ ਕਰਵਾਉਣ ਦੇ ਲਈ ਆਖਰ ਤੱਕ ਜਾਂਦੇ ਹਨ ।
                                            ਅਸੀਂ ਇਹ ਨਹੀਂ ਕਹਿਣਾ ਚਾਹੁੰਦੇ ਕਿ ਗਾਉਣਾ ਗਲਤ ਗੱਲ ਹੈ ਜਾਂ ਗਾਉਣ ਦਾ ਕਿਸੇ ਨੂੰ ਹੱਕ ਨਹੀਂ ਪਰ ਜੋ ਸੱਚ ਹੈ ਉਸ ਨੂੰ ਵੀ ਕਬੂਲ ਕਰਨਾ ਚਾਹੀਦਾ ਹੈ  ਸਾਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਜੇਕਰ ਅਸੀਂ ਖੁਦ ਹੀ ਆਪਣੇ ਵਿਰਸੇ ਅਤੇ ਸੱਭਿਆਚਾਰ ਦੇ ਵਾਰਸ ਉਨ੍ਹਾਂ ਲੋਕਾਂ ਨੂੰ ਬਣਾਵਾਂਗੇ ਜਿਹੜੇ ਸਾਡੇ ਮਾਣਮੱਤੇ ਪਿਛੋਕੜ ਦੇ ਬਾਰੇ ਦੋ ਸਬਦ ਵੀ ਨਹੀਂ ਜਾਣਦੇ ਜਿਨ੍ਹਾਂ ਨੂੰ ਸਿਵਾਏ , ਕਮਲੀ ਸ਼ੋਹਰਤ , ਤੇ ਦੌਲਤ ਤੋਂ ਬਾਅਦ ਕੌਮੀ ਜਜ਼ਬੇ ਦਾ ਭੋਰਾ ਭਰ ਵੀ ਗਿਆਨ ਨਾ ਹੋਵੇ , ਹੋਰ ਤਾਂ ਹੋਰ ਉਹ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਦੌਰਾਨ ਵੀ ਪੂਰੇ ਨਾ ਉਤਰਦੇ ਹੋਣ ਤੇ ਅਸੀਂ ਉਨ੍ਹਾਂ ਨੂੰ ਸਮਾਜਿਕ ਸ਼ੀਸ਼ੇ ਦੇ ਰੂਪ ਵਿੱਚ ਪੇਸ਼ ਕਰੀਏ ਤਾਂ ਵਿਵਾਦ ਦਾ ਹੋਣਾ ਜ਼ਰੂਰੀ ਹੋ ਜਾਂਦਾ ਹੈ । ਕਲਾਕਾਰ ਬਣੋ ਜੀ ਸਦਕੇ ਕਿਸੇ ਨੂੰ ਕੋਈ ਰੋਕ ਨਹੀਂ ਬਸ਼ਰਤੇ ਅਸੀਂ ਇੱਕ ਕਲਾਕਾਰ ਦੀ ਪਰਿਭਾਸ਼ਾ ਤੋਂ ਜਾਣੂ ਜ਼ਰੂਰ ਹੋਈ?ੇ ਕਿ ਆਖਰ ਇਨ੍ਹਾਂ ਲੋਕਾਂ ਦੀ ਜ਼ਿੰਮੇਵਾਰੀ ਅਤੇ ਫਰਜ਼ ਸਾਡੇ ਸਮਾਜ ਪ੍ਰਤੀ ਕੀ ਹਨ ਇਹ ਨਹੀਂ ਕਿ ਜੋ ਮੂੰਹ ਆਇਆ ਬੋਲੀ ਜਾਉ ਇਹ ਕਲਾਕਾਰੀ ਨਹੀਂ ਹਾਂ ਕਲਾਕਾਰੀ ਦੇ ਨਾਂ ਤੇ ਡਰਾਮਾ ਜ਼ਰੂਰ ਮੰਨ ਸਕਦੇ ਹਾਂ ।
                                         ਮੈਨੂੰ ਇਹ ਵੀ ਸ਼ੱਕ ਜ਼ਾਹਿਰ ਹੁੰਦਾ ਹੈ ਕਿ ਲੰਘੇ ਸਮੇਂ ਤੋਂ ਇਨਾਂ ਅੱਧੀ ਦਰਜਨ ਅਟਪਟੇ ਕਲਾਕਾਰਾਂ ਨੂੰ ਗਾਇਕ ਦੇ ਤੌਰ ਤੇ ਬੇਸ਼ੱਕ ਪੇਸ਼ ਕੀਤਾ ਗਿਆ ਪਰ ਇਹਨਾਂ ਨੌਜਵਾਨਾਂ ਨੂੰ ਆਪ ਇਹ ਗੱਲ ਸਮਝ ਅੱਜ ਤੱਕ ਨਹੀਂ ਲੱਗੀ ਕਿ ਇਨ੍ਹਾਂ ਨੂੰ ਕਿਤੇ ਨਾ ਕਿਤੇ ਵਰਤਿਆ ਜਾ ਰਿਹਾ ਹੈ । ਠੀਕ ਹੈ ਕਿ ਸਾਇੰਸ ਦਾ ਯੁੱਗ ਹੈ ਮਸ਼ਹੂਰੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਖਰੀਦੀ ਜਾ ਸਕਦੀ ਹੈ ਪਰ ਕਦੇ ਇਹ ਵੀ ਸੋਚਿਐ ਕਿ ਇਨ੍ਹਾਂ ਦੀਆਂ ਮਾਰੀਆਂ ਯਭਲੀਆਂ ਦੇ ਅਰਥ ਕੀ ਹਨ ਅਤੇ ਤਰਕ ਕੀ ਹੈ ਫੇਰ ਇਹ ਕਿਸੇ ਦਾ ਕੀ ਸੰਵਾਰਨਗੀਆਂ ।
                                      ਗੀਤ ਸੰਗੀਤ ਸਮੇਂ ਦੇ ਹਾਣ ਦਾ ਜ਼ਰੂਰ ਹੋਣਾ ਚਾਹੀਦਾ ਹੈ ਪਰ ਸਮੇਂ ਨਾਲੋਂ ਅੱਗੇ ਲੰਘ ਕਿ ਮਾਰੀਆਂ ਡੀਂਗਾਂ ਅਕਸਰ ਵਿਨਾਸ਼ ਦਾ ਕਾਰਨ ਬਣ ਜਾਂਦੀਆਂ ਨੇ । ਕਿੱਥੇ ਉਹ ਲੋਕ ਜਿਹੜੇ ਆਪਣੇ ਬੋਲਾਂ ਰਾਹੀਂ ਅਸਮਾਨੀ ਉੱਡਦੇ ਪੰਛੀਆਂ ਨੂੰ ਹੇਠਾਂ ਪਰਤਣ ਲਈ ਮਜਬੂਰ ਕਰਿਆ ਕਰਦੇ ਸਨ ਤੇ ਕਿੱਥੇ ਅੱਜ ਦੇ ਇਹ ਅਖੌਤੀ ਕਲਾਕਾਰ ਗੀਤਾਂ ਵਿੱਚ ਗਾਲਾਂ ਕੱਢ ਕੇ ਸ਼ਰਮ ਹਿਆ ਨੂੰ ਕੀਲੇ ਟੰਗ ਆਪਣਾ ਸੰਘ ਪਾੜਨ ਵਿੱਚ ਹੀ ਕਲਾਕਾਰੀ ਨੂੰ ਲੱਭਣ ਤੁਰੇ ਨੇ  ।
                                           ਮਾਵਾਂ ਭੈਣਾਂ ਦੀਆਂ ਗਾਲਾਂ ਨੂੰ ਕਿਸ ਨੇ ਗਾਇਕੀ ਆਖਿਆ ਹੈ  ਰੈਪ ਦੇ ਨਾਂ ਤੇ ਹੋ ਰਹੀ ਗੁੰਡਾਗਰਦੀ ਦਾ ਕਲਾਕਾਰੀ ਦੇ ਖੇਤਰ ਨਾਲ ਦੂਰ ਦਾ ਵੀ ਵਾਸਤਾ ਨਹੀਂ । ਕੀ ਨੰਗੀਆਂ ਤਸਵੀਰਾਂ , ਖੁੱਲ੍ਹੀਆਂ ਗਾਲਾਂ , ਆਸ਼ਕੀ ਦੇ ਚਿੱਠੇ ਪੜ੍ਹਨ  ਨੂੰ ਹੀ ਗਾਇਕੀ ਆਖਿਆ ਜਾਂਦਾ ਹੈ? ਕਿਉਂ ਭੁੱਲ ਚੁੱਕੇ ਹਾਂ ਕਿ ਕਲਾਕਾਰ ਸਮਾਜ ਦੇ ਦੁੱਖ ਤਕਲੀਫਾਂ ਤੇ ਹੋਰ ਮੁੱਦਿਆਂ ਨੂੰ ਰੂਪਮਾਨ ਕਰਕੇ ਸਾਡੇ ਸਾਹਮਣੇ ਰੱਖਣ ਦਾ ਜ਼ਰੀਆ ਵੀ ਹੁੰਦੇ ਹਨ ਤੇ ਨਾਲੋਂ ਨਾਲ ਥੱਕ ਚੁੱਕੇ ਇਨਸਾਨ ਲਈ ਊਰਜਾ ਦਾ ਵੱਡਾ ਸ੍ਰੋਤ ਬਣ ਅਗਲੀ ਜ਼ਿੰਦਗੀ ਲਈ ਪਹੀਏ ਦਾ ਕੰਮ ਵੀ ਕਰਦੇ ਹਨ । ਆਹ ਕੱਚ ਘਰੜ ਗਾਇਕਾਂ  ਨੂੰ ਸਵਾਲ ਪੁੱਛਣਾ ਬਣਦਾ ਹੈ ਕਿ ਇਹ ਕਿਹੜੀ ਕੈਟਾਗਰੀ ਦੇ ਕਲਾਕਾਰ ਨੇ ।
                                         ਰੱਬ ਦਾ ਵਾਸਤਾ ਬੱਸ ਕਰੋ ਕਲਾਕਾਰੀ ਦੇ ਨਾਂ ਤੇ ਠੇਕੇਦਾਰੀ ਕਰਨ ਵਾਲਿਓ ਨਹੀਂ ਤਾਂ ਇਸ ਸੱਭਿਅਕ ਖੇਤਰ ਵਿੱਚ ਬਲ ਰਹੀ  ਭਿਆਨਕ ਅੱਗ ਦਾ ਸੇਕ ਤੁਹਾਨੂੰ ਵੀ ਲੈ ਮੱਚੇਗਾ । ਹੁਣ ਤਾਂ ਲੰਘੇ ਦਿਨੀਂ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਕੁੱਝ ਮਾਂ ਬੋਲੀ ਦੇ ਪੁੱਤਰਾਂ ਵੱਲੋਂ ਦਾਇਰ ਕੀਤੀ ਇਕ ਜਨਤਕ ਪਟੀਸ਼ਨ ਤੇ ਸੁਣਵਾਈ ਕਰਦਿਆਂ ਜੱਜ ਸਾਹਿਬਾਨ ਵੱਲੋਂ ਵੀ  ਇਹ ਆਖਿਆ ਗਿਆ ਹੈ ਕਿ ਲੱਚਰ ਗਾਇਕੀ ਦੇ ਮੁੱਦੇ ਤੇ ਕੋਰਟਾਂ ਕੁਝ ਨਹੀਂ ਕਰ ਸਕਦੀਆਂ । ਇਸ ਦੇ ਲਈ ਤਾਂ ਜਨਤਾ ਆਪ ਹੀ ਕੋਈ ਫ਼ੈਸਲਾ ਲੈ ਸਕਦੀ ਹੈ ।
                                           ਜੇ ਅਜੇ ਵੀ ਪੰਜਾਬੀ ਨਹੀਂ ਸਮਝ ਸਕਦੇ ਤਾਂ ਰੱਬ ਹੀ ਰਾਖਾ ਹੈ ਇਨ੍ਹਾਂ ਦਾ । ਅੱਜ ਸਮੇਂ ਦੀ ਵੱਡੀ ਮੰਗ ਹੈ ਕਿ ਸਾਡੀ ਨਵੀਂ ਪਨੀਰੀ ਅਤੇ  ਸੱਭਿਅਤਾ ਨੂੰ ਤਬਾਹ ਕਰ ਰਹੀ ਇਸ ਗਾਇਕੀ ਦਾ ਜਿੰਨੀ ਛੇਤੀ ਹੋ ਸਕੇ ਫਾਸਤਾ ਵੱਡਣਾ ਚਾਹੀਦਾ ਹੈ ਤਾਂ ਕਿ ਇਸ ਦੀ ਬਦੌਲਤ ਕੁਰਾਹੇ ਪੈ ਕੇ ਅਪਰਾਧ ਜਗਤ ਦੀ ਡੂੰਘੀ ਦਲਦਲ ਵਿੱਚ ਧੱਸ ਰਹੀ ਜਵਾਨੀ ਨੂੰ ਕੁਝ ਸੁੱਖ ਦਾ ਸਾਹ ਮਿਲ ਸਕੇ । ਆਓ ਇੱਕ ਲੰਬੀ ਪਰਵਾਜ਼ ਤੋਂ ਬਾਅਦ ਆਪੋ ਆਪਣੇ ਆਲ੍ਹਣਿਆਂ ਨੂੰ  ਵਾਪਸ ਪਰਤ ਆਪਣੇ ਮੂਲ ਨੂੰ ਪਛਾਣੀਏ ਕਿ ਅਸੀਂ ਕਿੱਥੇ ਕੁ ਖੜ੍ਹੇ ਹਾਂ ।

ਮਨਜਿੰਦਰ ਸਿੰਘ ਸਰੌਦ
ਪ੍ਰਚਾਰ ਸਕੱਤਰ
ਵਿਸ਼ਵ ਪੰਜਾਬੀ ਲੇਖਕ ਮੰਚ
9463463136
18 Feb. 2019

ਅਖੌਤੀ ਕਲਾਕਾਰ ਹੁਣ ਗੀਤਾਂ ਵਿੱਚ  ਮਾਵਾਂ ਭੈਣਾਂ ਦੀਆਂ ਗਾਲ੍ਹਾਂ ਵੀ ਕੱਢਣ ਲੱਗੇ - ਮਨਜਿੰਦਰ ਸਿੰਘ ਸਰੌਦ

ਲੰਘੇ ਦਿਨ੍ਹੀਂ ਇਕ ਵਧੀਆ ਗੀਤ ਗਾਉਣ ਵਾਲੇ ਕਲਾਕਾਰ ਨਾਲ ਲੰਮਾ ਸਮਾਂ ਗੱਲਬਾਤ ਕੀਤੀ  ਉਸ ਕਲਾਕਾਰ ਨੇ ਸਦਾ ਹੀ ਲੋਕਾਈ ਦੀ ਸਮਾਜਕ  ਜ਼ਿੰਦਗੀ ਨੂੰ ਪਰਦੇ ਤੇ ਰੂਪਮਾਨ ਕਰਕੇ ਲੋਕਾਂ ਦੀ ਕਚਹਿਰੀ ਤੱਕ ਪੁੱਜਦਾ ਕਰਨ ਦਾ ਯਤਨ ਕੀਤੈ । ਗੱਲਾਂ ਗੱਲਾਂ ਵਿੱਚ ਉਸ ਨੇ ਆਪਣੇ ਆਪਣੇ ਸੰਘਰਸ਼ ਭਰੇ ਦਿਨਾਂ ਦੀ ਕਹਾਣੀ ਨੂੰ ਬਿਆਨਦਿਆਂ ਕਾਫੀ ਮਨ ਹੌਲਾ ਕੀਤਾ ਤੇ ਭਾਵੁਕ ਹੁੰਦਿਆਂ ਕਈ ਡਾਇਰੈਕਟਰਾਂ ਤੇ ਪ੍ਰੋਡਿਊਸਰਾਂ  ਦੇ ਛੁਪੇ ਰਾਜ਼ ਵੀ ਉਧੇੜ ਦਿੱਤੇ ਕਿ ਕਿੰਝ ਇਹ  ਲੋਕ ਰਾਤ ਦੇ ਹਨੇਰਿਆਂ ਚ ਸਾਡੀ ਜੁਆਨੀ ਦਾ ਰੱਜ ਕੇ ਸ਼ੋਸ਼ਣ ਕਰਨ ਤੋਂ ਲੈ ਕੇ ਲੁੱਟਣ ਤੱਕ ਜਾ ਪਹੁੰਚਦੇ ਨੇ । ਖੈਰ ਇਹ  ਛੁਪੇ ਰਾਜ਼ ਅੱਜ ਦੀ ਪੰਜਾਬੀ ਗਾਇਕੀ ਦਾ  ਚਿਹਰਾ ਮੋਹਰਾ ਕਾਫੀ ਹੱਦ ਤੱਕ ਬਿਆਨ ਕਰਦੇ ਨੇ । ਪੰਜਾਬੀਆਂ ਦੇ ਲਈ ਲੱਚਰ ਗਾਇਕੀ  ਅੱਜ ਇੱਕ  ਬੇਹੱਦ ਜਟਿਲ ਸਮੱਸਿਆ ਦੇ ਰੂਪ ਵਿੱਚ ਸਾਹਮਣੇ ਆ ਖੜ੍ਹੀ ਹੋਈ ਹੈ । ਇਸ ਦੇ ਪਨਪਣ ਤੋਂ ਲੈ ਕੇ ਹੁਣ ਤੱਕ ਕੀ ਕੁਝ ਇਸ ਸਾਰੇ ਵਰਤਾਰੇ ਦੌਰਾਨ ਹੋਇਐ ਨੂੰ ਕਾਫੀ ਰੂਹ ਨਾਲ ਉਸ ਵੀਰ ਨੇ ਸਾਂਝਾ ਕੀਤਾ ।
                                               ਬਿਨਾਂ ਸ਼ੱਕ ਲੱਚਰ ਗਾਇਕੀ ਦਾ ਭੂਤ ਸਾਡੇ ਘਰਾਂ, ਵਿਆਹਾਂ ਸ਼ਾਦੀਆਂ, ਮੈਰਜ ਪੈਲੇਸਾਂ, ਪ੍ਰਾਈਵੇਟ ਦਫ਼ਤਰਾਂ ਤੋਂ ਹੁੰਦਾ ਹੋਇਆ ਸਮਾਜ ਦੀ ਸੋਚਣ ਸ਼ਕਤੀ ਤੇ ਇਸ ਕਦਰ ਭਾਰੀ ਪੈ ਗਿਆ  ਕਿ ਅਸੀਂ ਇਸ ਨੂੰ ਬਰਦਾਸ਼ਤ ਕਰਨ ਦਾ ਮਨ ਪੂਰੀ ਤਰ੍ਹਾਂ ਬਣਾ ਚੁੱਕੇ ਨਜ਼ਰੀਂ ਪੈਂਦੇ ਹਾਂ । ਕਿਉਂਕਿ ਜਦ ਸਾਡੇ ਢਿੱਡੋਂ ਜੰਮੇ ਸਾਡੇ ਸਾਹਮਣੇ ਹੀ ਵੇ ਹਿਆਈ ਨੂੰ ਦਰਸਾਉਂਦੇ ਗੀਤਾਂ ਦੀਆਂ ਤੁੱਕਾਂ ਨਾਲ ਸਾਨੂੰ ਨਿਹਾਲ ਕਰਦੇ ਨੇ ਤਾਂ ਅਸੀਂ ਉਸ ਸਮੇਂ ਚੁੱਪ ਰਹਿ ਕੇ ਆਪਣੇ ਬੇਗੈਰਤ ਹੋਣ ਦਾ ਸਬੂਤ ਦਿੰਦੇ ਹਾਂ ਘੱਟ ਤੋਂ ਘੱਟ ਅਸੀ ਉਨ੍ਹਾਂ ਨੂੰ ਇਨ੍ਹਾਂ ਮਾੜੇ ਬੋਲਾਂ ਬਾਰੇ ਕੁਝ ਸਵਾਲ ਤਾਂ ਕਰ ਸਕਦੇ ਹਾਂ ਜੋ ਅਸੀਂ ਨਹੀਂ ਕਰ ਰਹੇ । ਹੁਣ ਇਹ ਘਟਨਾਵਾਂ ਬਹੁਤੇ ਘਰਾਂ ਵਿੱਚ ਆਮ ਗੱਲ ਹੋ ਚੁੱਕੀ ਹੈ। ਉਸ ਕਲਾਕਾਰ ਦੀਆਂ ਕਹੀਆਂ ਗੱਲਾਂ ਕਾਫੀ ਵਜ਼ਨਦਾਰ ਤੇ ਸੱਚੀਆਂ ਨੇ , ਕਾਰਨ ਸਪਸ਼ਟ ਹੈ ਕਿ ਸਾਡੀ ਮਾਨਸਿਕਤਾ ਮਾੜੇ ਗੀਤ ਸੰਗੀਤ ਨੂੰ ਪ੍ਰਵਾਨ ਕਰ ਚੁੱਕੀ ਹੈ ਅਸੀਂ ਲੱਚਰ ਕਲਾਕਾਰਾਂ ਨੂੰ ਲੱਖਾਂ ਰੁਪਏ ਲੁਟਾ ਦਿੰਦੇ ਹਾਂ ਪਰ ਚੰਗਿਆਂ ਨੂੰ ਆਪਣੇ ਘਰ ਦੀ ਦਹਿਲੀਜ਼ ਨਹੀਂ ਟੱਪਣ ਦਿੰਦੇ । ਸਾਡੇ ਡਰਾਇੰਗ ਰੂਮ ਅੰਦਰ ਫੁਕਰੇ ਕਲਾਕਾਰਾਂ ਦੀਆਂ ਤਸਵੀਰਾਂ ਤਾਂ ਮਿਲ ਜਾਂਦੀਆਂ ਨੇ ਪਰ ਮਾਂ ਬੋਲੀ ਦੀ ਕਦਰ ਕਰਨ ਵਾਲੇ ਗਵੱਈਆਂ ਤੋਂ ਸਾਨੂੰ ਮੁਸਕ  ਆਉਂਦਾ ਹੈ ।
                                         ਭਾਵੇਂ ਮਾੜਾ ਗਾਉਣ ਵਾਲੇ ਜਿੰਨਾ ਮਰਜ਼ੀ ਗੰਦ ਸਾਡੇ ਪਰਿਵਾਰਾਂ ਵਿੱਚ ਬੈਠ ਕੇ ਗਾ ਜਾਣ ਸਾਨੂੰ ਕੋਈ ਫਰਕ ਨਹੀਂ ਪੈਂਦਾ । ਉਂਜ ਅਸੀ ਨਿੱਕੀਆਂ ਨਿੱਕੀਆਂ ਗੱਲਾਂ ਪਿੱਛੇ ਇੱਜ਼ਤ ਦਾ ਢੰਡੋਰਾ ਪਿੱਟ ਕੇ ਆਪਣੇ ਅਣਖੀ ਹੋਣ ਦਾ ਭਰਮ ਗਾਹੇ ਬਗਾਹੇ ਪਾਲਦੇ ਰਹਿੰਦੇ ਹਾਂ । ਉਸ ਸਮੇਂ ਸਾਡੀ ਅਣਖ ਕਿੱਥੇ ਚਲੀ ਜਾਂਦੀ ਹੈ ਜਦ ਇਕ ਫੁਕਰਾਪੰਥੀ ਕਲਾਕਾਰ ਸ਼ਰੇਆਮ ਕੁੜੀ ਨੂੰ ਘਰੋਂ ਚੁੱਕ ਕੇ ਲੈ ਜਾਣ ਅਤੇ ਧੱਕੇ ਨਾਲ ਵਿਆਹ ਕਰਵਾਉਣ ਦੀਆਂ ਧਮਕੀਆਂ ਸਟੇਜਾਂ ਤੋਂ ਦਿੰਦਾ ਹੈ। ਅਗਲਾ ਕਲਾਕਾਰ ਅਸ਼ਲੇ ਦੇ ਜ਼ੋਰ ਤੇ ਜੰਗ ਲੜ ਚਿੱਟੇ ਦਿਨ ਪਿੰਡ ਵਾਲਿਆਂ ਨੂੰ ਸਭ ਦੇ ਸਾਹਮਣੇ , ਨਮਰਦ , ਤੱਕ ਆਖਦੈ ਕੀ ਹੋ ਗਿਆ ਸਾਡੀਆਂ ਸੋਚਾਂ ਨੂੰ ਪੰਜਾਬੀ ਕਿੱਧਰ ਨੂੰ ਤੁਰ ਚੱਲੇ । ਇਹ ਲੋਕ ਸੰਘ ਪਾੜ ਪਾੜ੍ਹ ਸਾਡੀਆਂ ਧੀਆਂ ਨੂੰ ਸ਼ਰਾਬ ਦੀਆਂ ਪਿਆਕੜ ਤੱਕ ਕਹਿ ਗਏ ਪਰ ਸਾਡੀ ਚੁੱਪ ਫੇਰ ਵੀ ਨਾ ਟੁੱਟੀ ਮੈਂ ਕਈ ਵਰੇ ਪਹਿਲਾਂ  ਆਖਿਆ ਸੀ  ਕਿ ਇਨ੍ਹਾਂ ਫੁਕਰੇ ਕਲਾਕਾਰਾਂ ਨੇ ਸਾਡੀ ਜੁਆਨੀ ਨੂੰ ਬੇਪਰਦ ਕਰਕੇ ਸਕਰੀਨ ਤੇ ਲੈ ਕੇ ਆਉਣਾ ਹੈ ਉਹ ਵੀ ਹੋ ਗਿਐ ਫਿਰ ਮੈਂ ਆਖਿਆ ਕਿ ਇਹ ਲੋਕ  ਅਗਲੇ ਸਮੇਂ ਨੂੰ ਗੀਤਾਂ ਵਿੱਚ ਮਾਵਾਂ ਭੈਣਾਂ ਦੀਆਂ ਗਾਲਾਂ ਸਭ ਦੇ ਸਾਹਮਣੇ ਕੱਢਣਗੇ ।
                                           ਉਸ ਸਮੇਂ ਕੁਝ ਲੋਕਾਂ ਕਿਹਾ ਸੀ ਕਿ ਇਹ ਕਿੰਝ ਹੋ ਸਕਦਾ ਹੈ ਜਿਸ ਨੂੰ ਸੱਚ ਕਰ ਵਿਖਾਇਐ ਮਾਂ ਬੋਲੀ ਦੇ ਇਹਨਾਂ ਰਕੀਬ ਪੁੱਤਰਾਂ ਨੇ । ਪਹਿਲਾਂ ਤਾਂ ਗੀਤਾਂ ਵਿੱਚ  ਯਭਲੀਆ ਮਾਰੀਆਂ ਤੇ ਜੁਆਨੀ ਨੂੰ ਬੇਪਰਦ ਕੀਤਾ ਫਿਰ ਸਮਾਜਿਕ ਭਾਈਚਾਰੇ ਤੇ ਅਪਰਾਧਾਂ ਨੂੰ ਜਨਮ ਦੇਣ ਵਾਲੇ ਗੀਤਾਂ ਨੂੰ ਗਾਇਆ, ਧੀਆਂ ਧਿਆਣੀਆ ਦੀ ਇਜਤ ਤਾਰ ਤਾਰ  ਕਰਨ ਤੋਂ ਲੈ ਕੇ ਹੁਣ ਕਹਾਣੀ ਮਾਵਾਂ ਭੈਣਾਂ ਦੀਆਂ ਗਾਲਾਂ ਤੱਕ ਜਾ ਪਹੁੰਚੀ ਹੈ । ਰੱਬ ਨੂੰ ਪਤੈ ਇਹ ਹੋਰ ਕਿੰਨਾ ਅੱਗੇ ਜਾਣਗੇ। ਇਨ੍ਹਾਂ ਸਾਡੀ ਜਵਾਨੀ ਨਾਲ ਉਹ ਸਭ ਕੁਝ ਕਰ ਵਿਖਾਇਆ ਜੋ ਸਾਡੇ ਸਮਾਜ ਨੂੰ ਕਦਾਚਿੱਤ ਵੀ ਪ੍ਰਵਾਹ ਨਹੀਂ । ਅਫਸੋਸ ਅਸੀਂ ਉਹ ਵੀ ਸਹਿ ਲਿਆ । ਕਿੰਨਾ  ਚਿਰ ਇਹ ਲੋਕ ਪੰਜਾਬੀਆਂ ਦੇ ਬੱਚਿਆਂ ਨੂੰ ਪੁਣ ਛਾਣ ਕਰਨਗੇ ਤੇ ਮੂੰਹ ਆਇਆ ਗੰਦ ਬਕਣਗੇ । ਲੋੜ ਹੈ ਇਨ੍ਹਾਂ ਨੂੰ ਸਵਾਲ ਕਰਨ ਦੀ । ਸਟੇਜਾਂ ਤੋਂ ਮੂੰਹ ਪਾੜ ਪਾੜ੍ਹ ਕੇ ਬੇ ਹਿਆਈ ਦੀਆਂ ਬਾਤਾਂ ਪਾਉਂਦੇ ਇਹ ਫਨਕਾਰ ਉਨ੍ਹਾਂ ਚਿਰ ਨਹੀਂ ਰੁਕਣੇ ਜਿੰਨ੍ਹਾਂ ਚਿਰ ਇਨ੍ਹਾਂ  ਨੂੰ, ਵਰਜਿਆ ,ਨਹੀਂ ਜਾਂਦਾ । ਸਟੇਜ ਤੋਂ ਥੱਲੇ ਉਤਾਰ ਸਵਾਲ ਜਵਾਬ ਨਹੀਂ ਕੀਤੇ ਜਾਂਦੇ ।
                                                  ਕੀ ਸਿੱਖਣਗੇ ਸਾਡੇ ਬੱਚੇ ਇਨ੍ਹਾਂ ਦੇ ਗੀਤਾਂ ਦੀ ਸ਼ਬਦਾਵਲੀ ਤੋਂ । ਸਰਮ ਆਲੀ ਕੋਈ ਹੱਦ ਹੁੰਦੀ ਹੈ । ਜੰਮਦਿਆਂ ਜੁਆਕਾਂ ਦੇ ਮੂੰਹਾਂ ਵਿੱਚ ਐਸੇ ਚੰਦਰੇ ਚੰਦਰੇ ਸ਼ਬਦ ਪਾ ਦਿਤੇ  ਕਿ  ਚੰਗੀ ਸੋਚ ਰੱਖਣ ਵਾਲੇ ਇਨਸਾਨਾਂ  ਦੇ ਕੰਨ ਭਾਫਾਂ ਛੱਡਣ ਲੱਗ ਜਾਵਣ । ਸਰਕਾਰ , ਆਮ ਲੋਕ, ਸਹਿਤਕ ਜਥੇਬੰਦੀਆਂ,  ਸ਼ਾਇਦ ਲੱਗਦੈ ਅਜੇ ਹੋਰ ਕਿਸੇ ਵੱਡੇ ਪੁਆੜੇ ਦੀ ਉਡੀਕ ਵਿੱਚ ਟਾਇਮ ਟਪਾਈ ਕਰ ਕੇ ਵਕਤ ਨੂੰ ਧੱਕਾ ਦੇਣ ਦੀ ਕਵਾਇਦ ਤੇ ਚੱਲਦਿਆਂ ਬੀਤੇ ਸਮੇਂ ਤੋਂ ਕੋਈ ਸਬਕ ਸਿੱਖਣ ਨੂੰ ਤਿਆਰ ਨਹੀਂ ।
                                          ਹੁਣ ਦੋ ਫਨਕਾਰਾਂ ਤੇ ਫੇਰ ਸਮਾਂ ਭਾਰੀ ਪਿਆ, ਫਿਲਮ ਅਦਾਕਾਰ ਸਤੀਸ਼ ਕੌਲ ਤੇ ਗੀਤਕਾਰ ਮਿਰਜ਼ਾ ਸੰਗੋਵਾਲੀਆ ਆਪਣੀ ਜ਼ਿੰਦਗੀ ਦੇ ਉਨ੍ਹਾਂ ਪਲਾਂ ਨੂੰ ਯਾਦ ਕਰ  ਹੁਬਕੀ ਰੋਂਦੇ ਨੇ ਕਿ  ਜਦ ਲੋਕ ਉਨ੍ਹਾਂ ਦੇ ਮੁਰੀਦ ਸਨ । ਪਰ ਸਮੇਂ ਦੀ ਵੱਜੀ ਪਲਟੀ ਸਦਕਾ ਅੱਜ ਕੀ ਤੋਂ ਕੀ ਹੋ ਗਿਐ ਦੋਵੇਂ ਗੁੰਮਨਾਮੀ ਦੇ ਸਮੁੰਦਰਾਂ ਵਿੱਚ ਐਸੇ ਗੋਤੇ ਖਾਣ ਲੱਗੇ ਕਿ ਹੁਣ ਬਾਹਰ ਨਿਕਲਣਾ ਨਾਮੁਮਕਿਨ ਹੈ । ਲੋੜ  ਹੈ ਇਥੇ ਵੀ ਸਮਾਜਕ ਸਰੋਕਾਰਾਂ  ਨੂੰ ਪਰਨਾ?ੇ ਲੋਕ ਅੱਗੇ ਆਕੇ ਇਨ੍ਹਾਂ ਅਪਣੇ ਅਪਣੇ ਖੇਤਰ ਦੇ ਮਹਾਨ ਖਿਡਾਰੀਆਂ ਦੀ ਸਾਰ ਲੈਣ ਤਾਂ ਕਿ ਸਾਡੀ ਨਵੀਂ ਪਨੀਰੀ ਇਨ੍ਹਾਂ ਸਖਸ਼ੀਅਤਾ ਦੇ ਜੀਵਨ ਦੇ ਕੁੱਝ ਵਧੀਆ ਅੰਸ਼ ਗਰਹਿਣ ਕਰ ਆਪਣੀ ਜ਼ਿੰਦਗੀ ਵਿੱਚ ਵੱਡੀਆਂ ਮੱਲਾਂ ਮਾਰਨ ਦੇ ਸਮਰੱਥ ਹੋ ਸਕੇ।
                                           ਆਖਰ ਵਿੱਚ ਤੱਤ ਸਾਰ ਕੱਢ ਸਕਦੇ ਹਾਂ ਕਿ ਪੰਜਾਬੀ ਗਾਇਕੀ ਦਾ ਵੱਡਾ ਹਿੱਸਾ ਜੋ ਕਿਸੇ ਵੇਲੇ ਪੰਜਾਬੀਆਂ ਦੀ ਧੀ ਦੇ ਸੂਹੇ ਸਾਲੂ ਵਿੱਚ ਲਪੇਟੇ ਹੋਣ ਦੀਆਂ ਡੀਂਗਾਂ ਮਾਰਦਾ ਸੀ ਅੱਜ ਪੈਸੇ ਅਤੇ ਸ਼ੋਹਰਤ ਨੂੰ ਲੈ ਕੇ ਗੀਤਾਂ ਵਿੱਚ ਮਾਵਾਂ ਪੈਣ ਦੀਆਂ ਗਾਲਾਂ ਕੱਢਣ ਤੱਕ ਉਤਰ ਆਇਆ ਹੈ ਅਤੇ ਆਪਣੇ ਹੀ ਭਾਈਚਾਰੇ ਦੇ ਸਮਾਂ ਵਿਹਾ ਚੁੱਕੇ ਕਲਾਕਾਰਾਂ ਨੂੰ ਸਾਂਭਣ ਦੇ ਲਈ ਉਨ੍ਹਾਂ ਕੋਲ ਦੋ ਹਮਦਰਦੀ ਭਰੇ ਬੋਲ ਵੀ ਨਹੀਂ ਹਨ  ਸ਼ਾਇਦ ਇਸ ਸਮੇਂ ਨੂੰ ਪੰਜਾਬੀ ਗਾਇਕੀ ਦੇ ਹੁਣ ਤੱਕ ਦੇ ਇਤਿਹਾਸ ਵਿੱਚ ਸਭ ਤੋ ਮੰਦਭਾਗਾ ਗਿਣਿਆ ਜਾਵੇਗਾ ।

ਮਨਜਿੰਦਰ ਸਿੰਘ ਸਰੌਦ
ਪ੍ਰਚਾਰ ਸਕੱਤਰ
ਵਿਸ਼ਵ ਪੰਜਾਬੀ ਲੇਖਕ ਮੰਚ
9463463136

24 Jan. 2019

2018 , ਦੀ ਪੰਜਾਬੀ ਗਾਇਕੀ ਦਾ ਲੇਖਾ ਜੋਖਾ - ਮਨਜਿੰਦਰ ਸਿੰਘ ਸਰੌਦ

2018 ਦੌਰਾਨ ਵੀ ਫੁਕਰਾਪੰਥੀ ਗੀਤਾਂ ਦਾ ਰਿਹਾ ਬੋਲਬਾਲਾ ।
ਚੰਗਾ ਗਾਉਣ ਵਾਲਿਆਂ ਨੇ ਇਸ ਵਰੇ  ਵੀ  ਮਾਂ ਬੋਲੀ ਦੀ ਰੱਖੀ ਲਾਜ

ਪੰਜਾਬੀ ਗਾਇਕੀ ਦੀ ਗੰਧਲੀ ਹੋ ਚੁੱਕੀ ਆਬੋ ਹਵਾ ਨੇ ਵਿਰਸੇ ਦੇ ਚੰਗੇ ਬੋਲਾਂ ਨੂੰ ਐਸਾ ਨਾਗ ਵਲੇਵਾਂ ਮਾਰਿਆ ਕਿ ਸਾਰਾ ਕੁੱਝ ਗਰਦਸ ਦੀ ਕਾਲੀ ਹਨੇਰੀ ਵਿੱਚ ਰੁੜ੍ਹਦਾ ਚਲਿਆ ਗਿਆ। ਚੰਗੀ ਗਾਇਕੀ  ਦੇ ਰੰਗ ਅਲੋਪ ਹੋ ਗਏ ਤੇ ਮਾੜਿਆਂ ਨੇ ਆਪਣੇ ਬੇਸੁਰੇ ਬੋਲਾਂ ਰਾਹੀਂ ਆਪਣੇ ਹੀ ਵਿਰਸੇ ਦੀ ਧਰੋਹਰ ਨੂੰ ਗਰਦੋਗੋਰ ਕਰ ਦਿੱਤਾ ਅਤੇ ਗਾਇਕੀ ਅੰਦਰ ਇੱਕ ਅੱਚਵੀ ਜਿਹੀ ਭਰ ਉਸ ਨੂੰ ਸਾਹ ਹੀਣ ਕਰ ਰੱਜ ਕੇ ਬੋਲ ਕੁਬੋਲ ਬੋਲੇ । ਚੰਗੇ ਕਲਾਕਾਰਾਂ ਨੇ ਜਿੰਨਾ ਕੁ ਹੋ ਸਕਦਾ ਸੀ ਵਧੀਆ ਕਰਨ ਦਾ ਯਤਨ ਕੀਤਾ ਪਰ ਉਨ੍ਹਾਂ ਦੀ ਆਵਾਜ਼ ਵੀ ਕੱਚ ਘਰੜ ਕਲਾਕਾਰਾਂ ਦੇ ਪਾਏ ਰਾਮ ਰੌਲੇ ਵਿੱਚ ਗੁਆਚ ਗਈ ।
                                           2018  ਆਪਣੇ ਆਖਰੀ ਪਲਾਂ ਨੂੰ ਸਮੇਟਦਾ ਹੋਇਆ ਬੀਤ ਚੱਲਿਐ ਹੁਣ ਨਵੇਂ ਵਰ੍ਹੇ ਨੇ ਆਪਣੇ ਕਦਮਾਂ ਦੀ ਆਹਟ ਨਾਲ ਅਛੋਪਲੇ ਜਿਹੇ ਆ ਦਸਤਕ ਦੇਣੀ ਹੈ । ਕਈ ਵਰ੍ਹਿਆਂ ਤੋਂ ਪੰਜਾਬੀ ਗਾਇਕੀ ਦੇ ਵਿਹੜੇ ਵਿੱਚ ਅਸ਼ਲੀਲਤਾ ਦੀ ਮੱਚ ਰਹੀ  ਫੁੱਲਝੜੀ  ਅੱਜ ਵੀ ਬਾ ਦਸਤੂਰ ਜਾਰੀ ਹੈ । ਇਸ ਵਰ੍ਹੇ ਦੌਰਾਨ ਅਜਿਹਾ ਦੌਰ ਵੀ ਆਇਆ ਜਦ ਸਾਡੇ ਸਮਾਜ ਦੇ ਇੱਕ ਵੱਡੇ ਹਿੱਸੇ ਨੇ ਮਾੜਾ ਗਾਉਣ ਵਾਲਿਆਂ ਨੂੰ ਲਾਹਨਤਾਂ ਪਾਈਆਂ ਪਰ ਉਦੋਂ ਤੱਕ ਇਹ ਲੋਕ ਇਨੇ ਢੀਠ ਹੋ ਚੁੱਕੇ ਸਨ ਕਿ ਕਿਸੇ ਵੀ ਚੰਗੀ  'ਕਿਹਾ ਸੁਣੀ' ਦਾ ਇਨ੍ਹਾਂ ਤੇ ਕੋਈ ਅਸਰ ਨਾ ਮੁਮਕਿਨ ਸੀ ।
                                          ਪੈਸੇ ਦੇ ਪੁੱਤ ਬਣ ਕੇ ਇਨ੍ਹਾਂ  ਬੇ ਅਕਲੇ ਗਵੱਈਆਂ ਨੇ ਮਾਂ ਬੋਲੀ ਦੀ ਰੱਜ ਕੇ ਮਿੱਟੀ ਪਲੀਤ ਕੀਤੀ । ਕਈ ਗੀਤ ਲੰਘੇ ਵਰ੍ਹੇ ਦੇ ਸਭ ਤੋਂ ਮਾੜੇ ਗੀਤ  ਹੋ ਨਿੱਬੜੇ ਪਰ ਉਸ ਨੂੰ ਆਵਾਜ਼ ਦੇਣ ਵਾਲੇ ਫਨਕਾਰਾਂ ਨੇ ਸ਼ਰਮ ਵਾਲ਼ੀ ਲੋਈ ਲਾਹ ਕੇ ਹੀ ਪਾਸੇ ਰੱਖ ਦਿੱਤੀ । ਬਾਕੀ ਵਰ੍ਹਿਆਂ ਦੀ ਤਰ੍ਹਾਂ ਇਹ ਵਰ੍ਹਾ ਵੀ ਪੰਜਾਬੀ ਗਾਇਕੀ ਲਈ ਕੋਈ ਸ਼ੁਭ ਸ਼ਗਨ ਲੈ ਕੇ ਨਾ ਆਇਆ ਜਿਸ ਦੀ ਆਸ ਪਹਿਲਾਂ ਕੀਤੀ ਗਈ ਸੀ । ਗੋਲੀਆਂ, ਨਸ਼ੇ ਤੇ  ਬਦਮਾਸ਼ੀ ਦੇ ਕਿੱਸਿਆਂ ਨੂੰ ਬਿਆਨਦੇ  ਗੀਤ ਪਹਿਲਾਂ ਦੀ ਤਰ੍ਹਾਂ ਰਿਉੜੀਆਂ ਵਾਂਗ ਮਾਰਕੀਟ ਵਿੱਚ ਆਏ ਅਤੇ ਸੋਸ਼ਲ ਮੀਡੀਆ ਤੇ ਵੀ ਉਨ੍ਹਾਂ ਦਾ ਦੱਬ ਕੇ ਪ੍ਰਚਾਰ ਕੀਤਾ ਜਾਂਦਾ ਰਿਹਾ । ਬੇਹਿਆਤ ਬੋਲ ਤੇ ਮਾੜੀ ਸ਼ਬਦਾਵਲੀ ਪੰਜਾਬੀ ਗਾਇਕੀ ਨੂੰ ਸ਼ਰਮਸਾਰ ਕਰ ਸ਼ਰੇਆਮ ਗੂੰਜਦੀ ਰਹੀ। ਕਿਸੇ ਦੀ ਹਿੰਮਤ ਨਾ ਪਈ ਕਿ ਇਸ ਨੂੰ ਰੋਕਿਆ ਜਾਵੇ ਹਾਂ ਇੱਕ ਵਾਰ ਗੋਗਲੂਆਂ ਤੋਂ ਮਿੱਟੀ ਜ਼ਰੂਰ ਝਾੜੀ ਗਈ ।
 ਮਾਂ ਬੋਲੀ ਨੂੰ ਆਪਣੇ ਰਹਿਮੋ ਕਰਮ ਤੇ ਛੱਡ ਸਾਡੇ ਵੱਡੇ ਸਾਹਿਤਕਾਰ ਤੇ ਕਲਮਕਾਰ ਲੋਕ ਫਿਰ ਆਪਣੇ ਕੰਮਾਂ ਧੰਦਿਆਂ ਵਿੱਚ ਮਸਰੂਫ਼ ਹੋ ਗਏ। ਚੰਗਾ ਗਾਉਣ ਵਾਲਿਆਂ ਨੇ ਆਪਣਾ ਟਿੱਲ ਇਸ ਵਰੇ  ਵੀ  ਜਾਰੀ ਰੱਖਿਆ ਤੇ ਲੱਚਰਤਾ ਦੇ ਝੂਲਦੇ ਝੱਖੜਾਂ ਵਿੱਚ ਵੀ ਸੱਚ ਦਾ ਦੀਵਾ ਬਾਲਣ ਦੀ ਸਿਰ ਤੋੜ ਕੋਸ਼ਿਸ਼ ਕੀਤੀ । ਉਨ੍ਹਾਂ ਦੀ ਗਿਣਤੀ ਭਾਵੇਂ ਘੱਟ ਜ਼ਰੂਰ ਹੈ ਪਰ ਉੱਦਮ ਬਹੁਤ ਵੱਡੈ। ਪੱਲਾਂ ਫੂਕ ਜਿਹੜੇ ਮਾਂ ਬੋਲੀ ਦੇ ਅਸਲ ਸਰਵਣ ਪੁੱਤ ਬਣ ਕੇ ਕੰਧ ਵਾਂਗ ਖੜਦੇ  ਨੇ ਉਨਾਂ ਦੀ ਸਿਫਤ ਜ਼ਰੂਰ ਕਰਨੀ ਬਣਦੀ ਹੈ । ਮਾੜਾ ਗਾਉਣ ਵਾਲਿਆਂ ਨੇ  ਬੇਸ਼ਰਮਾ ਦੀ ਤਰ੍ਹਾਂ ਸੱਭਿਆਚਾਰ ਦੀ ਚਿੱਟੀ ਚਾਦਰ ਨੂੰ ਬਾਰ ਬਾਰ ਦਾਗ਼ਦਾਰ ਕਰਦਿਆਂ ਕਈ ਅਜਿਹੇ ਗੀਤਾਂ ਨੂੰ ਲਿਖਿਆ ਅਤੇ ਗਾਇਆ ਜਿਨ੍ਹਾਂ ਨੂੰ ਸਾਡੇ ਸਮਾਜ ਨੇ ਕਦੇ ਵੀ ਮਾਨਤਾ ਨਹੀਂ ਦੇਣੀ ਤੇ ਉਹ ਗੀਤ ਸਾਡੀ ਸੱਭਿਅਕ ਕਸੌਟੀ ਤੇ ਬਿਲਕੁਲ ਖਰੇ ਨਹੀਂ ਉੱਤਰਦੇ ਹਾਂ ਅਜਿਹੇ ਗੀਤਾਂ ਨੂੰ ਕਿਸੇ ਵੀ ਕਲਾਕਾਰ ਨੇ ਆਵਾਜ਼ ਦੇ ਕੇ ਆਪਣੀ ਕਮਅਕਲੀ ਦਾ ਸਬੂਤ ਜ਼ਰੂਰ ਦਿੱਤੈ।
                                        ਇੱਕ ਗੀਤ ਜਿਸ ਦੇ ਬੋਲਾਂ ਨੂੰ ਸੁਣ ਭੈਣ ਭਾਈ ਅਤੇ ਮਾਂ ਪਿਓ ਦੇ ਸੀਨੇ ਅੰਦਰੋਂ ਗੁੱਸੇ ਦੇ ਗੱਚ ਉੱਠਣ ਲੱਗ ਜਾਣ। ਸਾਹਿਤ ਪ੍ਰੇਮੀਆਂ ਦਾ ਸਭ ਤੋਂ ਜ਼ਿਆਦਾ ਨਜ਼ਲਾ, ਸੋਸ਼ਲ ਮੀਡੀਆ ਰਾਹੀਂ ਆਪਣੇ ਗਰੁੱਪ ਨੂੰ ਪ੍ਰਮੋਟ ਕਰਦੇ,  ਦਾ ਲੰਡਰਜ, ਨਾਂ ਦੇ ਅਖੌਤੀ ਕਲਾਕਾਰਾਂ ਤੇ ਡਿੱਗਿਆ ਇਨ੍ਹਾਂ ਦੀਆਂ ਮਾਰੀਆਂ ਖੱਬਲ ਵਾਦੀਆਂ ਨੂੰ ਜੇਕਰ ਇਸ ਵਰ੍ਹੇ ਦਾ ਸਭ ਤੋਂ ਮਾੜਾ ,ਖਿਲ਼ਰਿਆ ਝੱਲ, ਵੀ ਕਹਿ ਦੇਈਏ ਤਾਂ ਕੋਈ ਗਲਤ ਨਹੀਂ ਹੋਵੇਗਾ । ਹੁਣ ਸਾਡਾ ਭੋਲੂ ਸਾਨੂੰ ਮੋੜ ਦੇ, ਨਾਂਅ ਦੇ ਗੀਤ ਤੇ ਵੀ ਚਿੰਤਕ ਲੋਕਾਂ ਨੇ ਆਪਣਾ ਗੁੱਸਾ ਕੱਢਿਆ । ਉਸ ਤੋਂ ਬਾਅਦ,  ਕਰੰਟ ਮਾਰਦੈ, ਗੀਤ ਨੂੰ ਲੈ ਕੇ ਕਾਫੀ ਬਹਿਸਬਾਜ਼ੀ ਹੋਈ । ਹੋਰ ਖਾਸੇ ਗੀਤ ਜੋ ਕਈ ਚੰਗੇ ਭਲੇ ਕਲਾਕਾਰਾਂ ਤੇ ਆਹ ਬੂਝੜ ਫ਼ਨਕਾਰਾਂ ਵੱਲੋਂ ਗਾਏ ਗਏ ਇਸ ਵਰ੍ਹੇ ਚਰਚਾ ਵਿੱਚ ਰਹੇ। ਕਈਆਂ ਤੇ ਕਾਫੀ ਹੋ ਹੱਲਾ ਹੋਇਆ ਤੇ ਇਨ੍ਹਾਂ ਗੀਤਾਂ ਨੂੰ ਆਵਾਜ਼ ਦੇਣ ਵਾਲੇ ਅਣਸਿੱਖ ਫ਼ਨਕਾਰਾਂ  ਦੀ ਸੋਸ਼ਲ ਮੀਡੀਆ ਤੇ ਕਾਫੀ ਕਿਰਕਰੀ ਹੋਈ । ਬਹੁਤਿਆਂ ਦੇ ਗੀਤਾਂ ਨੂੰ ਸੁਣ ਜੋ ਕਮੈਂਟ ਆ ਰਹੇ ਸਨ ਉਹ ਨਾ ਪੜ੍ਹਨਯੋਗ ਸਨ।
                                        ਪਰ ਇਹ ਕਲਾਕਾਰ ਸ਼ਾਇਦ  ਇਸੇ ਨੂੰ ਆਪਣੀ ਸ਼ਾਨ ਸਮਝਦੇ ਨੇ ਇਸ ਦੇ ਮੁਕਾਬਲੇ ਤੇ ਚੰਗਾ ਗਾਉਣ ਵਾਲੇ ਅਤੇ ਵਿਰਸੇ ਦੇ ਵਾਰਸ ਕਲਾਕਾਰਾਂ ਵੱਲੋਂ ਪਿਛਲੇ ਸਮੇਂ ਦੀ ਤਰ੍ਹਾਂ ਇਸ ਵਰ੍ਹੇ ਵੀ ਆਪਣੀ ਚੰਗਾ ਗਾਉਣ ਦੀ ਪਿਰਤ ਬਰਕਰਾਰ ਰੱਖੀ । ਹਰਭਜਨ ਮਾਨ ਜਿਸ ਨੇ ਸਦਾ ਵਧੀਆ ਗਾਇਐ  ਉਸਨੇ ਸੱਤਰੰਗੀ ਪੀਂਘ , ਜਿੰਦੜੀਏ, ਵਰਗੇ ਵਿਰਸੇ ਨੂੰ ਪ੍ਰਣਾਏ ਗੀਤਾਂ ਨਾਲ ਹਾਜ਼ਰੀ ਲਵਾਈ । ਗਾਇਕ ਤੇ ਅਦਾਕਾਰ ਰਾਜ ਕਾਕੜਾ ਜਿਸ ਨੇ ਸੱਭਿਆਚਾਰ ਅਤੇ ਧਾਰਮਿਕ ਪੱਖ ਤੋਂ ਵੀ ਆਪਣੀ ਇੱਕ ਵੱਖਰੀ ਪਹਿਚਾਣ ਬਣਾ ਕੇ ਗਾਇਕੀ ਦੇ ਖੇਤਰ ਵਿੱਚ ਨਿਵੇਕਲਾ ਰੁਤਬਾ ਹਾਸਲ ਕੀਤਾ । ਉਸ ਦੇ ਚਾਰੇ ਗੀਤ ਰਾਜਨੀਤੀ, ਮਾਂ, ਹੱਥ ਫੜੀਆਂ ਤਲਵਾਰਾਂ ਅਤੇ ਪੁੱਤ ਪੰਜ ਦਰਿਆਵਾਂ ਦੇ ਜੋ ਸਾਡੀ ਸੱਭਿਅਤਾ ਨੂੰ ਪਰਣਾਏ ਹੋਏ ਗੀਤ ਸਨ ਨੂੰ ਉਸ ਦੇ ਚਾਹੁਣ ਵਾਲਿਆਂ ਨੇ ਬੀਤੇ ਵਰ੍ਹੇ ਦੀ ਸਭ ਤੋਂ ਉੱਤਮ ਰਚਨਾ  ਦਾ ਖਿਤਾਬ ਦਿੱਤਾ
                                               ਸੋਹਣੇ ਸੁਨੱਖੇ ਤੇ ਪਾਏਦਾਰ ਆਵਾਜ਼ ਦੇ ਮਾਲਕ ਹਰਿੰਦਰ ਸੰਧੂ ਜਿਸ ਨੇ ਆਪਣੀ ਗਾਇਕੀ ਦੇ ਪੂਰੇ ਸਫ਼ਰ ਦੌਰਾਨ ਸ਼ਾਇਦ ਹੀ ਕਿਸੇ ਵਿਵਾਦਤ ਗੀਤ ਨੂੰ ਆਵਾਜ਼ ਦਿੱਤੀ ਹੋਵੇ, ਪੁੱਤ ਸਰਦਾਰਾਂ ਦੇ, ਗਿੱਧਾ ਭਾਬੀਆਂ ਦਾ, ਬੇਬੇ ਦੀਆਂ ਮੱਕੀ ਦੀਆਂ ਰੋਟੀਆਂ ਜਿਹੇ ਗੀਤ ਪਿਛਲੇ ਵਰ੍ਹੇ ਦੀ ਇੱਕ ਯਾਦਗਾਰ ਤਸਵੀਰ ਵਜੋਂ ਲੋਕ ਮਨਾਂ ਤੇ ਉੱਕਰੇ ਗਏ। 
                                        ਵਧੀਆ ਦਸਤਾਰ ਸਜਾਉਣ ਦੇ ਵਿੱਚ ਨੰਬਰ ਇੱਕ ਤੇ ਜਾਣੇ ਜਾਂਦੇ ਸਾਊ ਕਲਾਕਾਰ ਸੁਖਵਿੰਦਰ ਸਿੱਘ ਸੁੱਖੀ ਨੇ ਬਾਕੀ ਵਰ੍ਹਿਆਂ ਵਾਂਗ ਇਸ ਵਰ੍ਹੇ ਵੀ ਆਪਣਾ ਮੁਕਾਮ ਕਾਮਯਾਬ ਰੱਖਿਆ। ਉਸ ਨੇ ਦਿੱਲ ਨੀ ਤੋੜਦੇ, ਜੱਟਾਂ ਦੇ ਗੋਤ, ਅੱਖ ਬਾਜ ਵਰਗੀ ਨਿਮਰਤਾ ਸਾਧ ਵਰਗੀ , ਕੱਚ ਦੀ ਵੰਗ , ਨੀਂਦ ਨਾ ਆਈ ਰਾਤ ਨੂੰ, ਵਰਗੇ ਗੀਤਾਂ ਦੇ ਨਾਲ ਨਾਲ ਧਾਰਮਿਕ ਪੱਖ ਤੋਂ ਵੀ ਸੱਭਿਅਤਾ ਦਾ ਪੱਲਾ ਘੁੱਟ ਕੇ ਫੜੀ ਰੱਖਿਆ ਤੇ ਨਕਾਰ ਦਿੱਤਾ ਉਨ੍ਹਾਂ ਚਰਚਾਵਾਂ ਨੂੰ ਕਿ ਕਲਾਕਾਰ ਪੈਸੇ ਪਿੱਛੇ ਕੁਝ ਵੀ ਸਮਝੌਤੇ ਕਰ ਸਕਦੇ ਨੇ । ਪੰਜਾਬੀ ਗਾਇਕੀ ਦੇ  ਖੁੰਢ ਕਲਾਕਾਰ ਅਤੇ ਵਿਦੇਸ਼ਾਂ ਵਿੱਚ ਆਪਣੀ ਗਾਇਕੀ ਦਾ ਡੰਕਾ ਵਜਾਉਣ ਵਾਲੇ ਪੰਮੀ ਬਾਈ ਨੇ ਵੀ ਇਸ ਵਰ੍ਹੇ ਆਪਣਾ , ਵਹੀ ਖਾਤਾ , ਵਧੀਆ ਗਾਇਕੀ ਦੇ ਨਾਲ ਲਬਰੇਜ਼ ਰੱਖਿਆ । 
                                              ਚੰਗੀ  ਸੂਰਤ ਤੇ ਸੀਰਤ ਦਾ  ਮਾਲਕ ਹਰਜੀਤ ਹਰਮਨ ਜੋ ਸ਼ੁਰੂ ਤੋਂ ਇਹ ਕਹਿੰਦਾ ਰਿਹਾ ਕਿ ਮੈਂ ਸਦਾ ਹੀ ਉਹ ਗੀਤ ਗਾਵਾਂਗਾ ਜਿਸ ਨੂੰ ਮੇਰੇ ਪਰਿਵਾਰ ਵਾਲੇ ਵੀ ਬੈਠ ਕੇ ਸੁਣ ਸਕਣ ਬਿਨਾਂ ਸ਼ੱਕ ਉਹ ਇਨ੍ਹਾਂ ਲਫ਼ਜ਼ਾਂ ਤੇ ਖਰਾ ਉਤਰਿਆ ਹੈ । ਇੱਕ ਪੰਜਾਬੀ ਫਿਲਮ ਦੇ ਨਾਲ ਨਾਲ , ਵੰਡਿਆ ਗਿਆ ਪੰਜਾਬ , ਮਾਏ ਨੀ ਮਾਏ, ਬੜਾ ਕੁਝ ਯਾਦ ਆਉਂਦਾ ਏ ਵਰਗੇ ਚੰਗੇ ਗੀਤਾਂ ਨੂੰ ਆਵਾਜ਼ ਦੇ ਕੇ ਉਸ ਨੇ ਮਾਂ ਬੋਲੀ ਦਾ ਝੰਡਾ ਬੁਲੰਦ ਰੱਖਣ ਦਾ ਨਾਮਣਾ ਖੱਟਿਐ।
                                           ਇਨ੍ਹਾਂ ਮਹਾਨ ਕਲਾਕਾਰਾਂ ਤੋਂ ਇਲਾਵਾ  ਪੰਮਾ ਹਠੂਰ, ਰੰਧਾਵਾ ਭਰਾ , ਪੰਮਾ ਡੂਮੇਵਾਲ , ਗੈਰੀ ਬਾਵਾ , ਮੰਗਤ ਖ਼ਾਨ , ਦਿਲਸ਼ਾਨ , ਗਗਨਪ੍ਰੀਤ ਬਠਿੰਡਾ , ਸਰਬ ਘੁਮਾਣ, ਮਾਲਵਿੰਦਰ ਉਕਸੀ, ਮਨਿੰਦਰ ਰੰਗੀ, ਹਰਮਿੰਦਰ  ਸਿੰਘ ਭੱਟ , ਗੁਰਜੰਟ ਪਟਿਆਲਾ, ਲਖਣ ਮੇਘੀਆ  ਸਮੇਤ ਕਈ ਅਜਿਹੇ ਨਾਂ ਨੇ ਜਿੰਨਾ ਇਸ ਵਰ੍ਹੇ ਵੀ ਆਪਣੇ ਮੂਲ ਨੂੰ ਪਛਾਣਿਆ ਅਤੇ ਚੰਗੇ ਗੀਤ ਗਾ ਕੇ ਜਬਲੀਆਂ ਮਾਰਨ ਵਾਲਿਆਂ ਨੂੰ ਨਸੀਹਤ ਦਿੱਤੀ ਹੈ ਕਿ ਸਾਰਾ ਕੁਝ ਸਮਝੌਤੇ ਨਹੀਂ ਹੁੰਦੇ । ਚੁੱਲ੍ਹਾ ਤਾਂ ਚੰਗਾ ਗਾਉਣ ਨਾਲ ਵੀ ਬਲ਼ ਸਕਦਾ ਹੈ। ਪੰਜਾਬੀਆਂ ਦਾ ਵੀ ਫਰਜ਼ ਬਣਦਾ ਹੈ ਕਿ ਇਨਾਂ ਮਾਂ ਬੋਲੀ ਦੇ ਪੁੱਤਰਾਂ ਨੂੰ ਮਾਣ ਦੇਈਏ ਤਾਂ ਕਿ ਇਹ ਅਗਲੇ ਸਮੇਂ ਨੂੰ ਕੁਝ ਹੋਰ ਚੰਗਾ ਕਰ ਸਕਣ ।
                                       ਲੰਘੇ ਵਰ੍ਹੇ ਪੰਜਾਬੀ ਗਾਇਕੀ ਵਿੱਚ ਖਿੱਚੀ ਲਕੀਰ ਬਰਕਰਾਰ  ਰਹੀ । ਸਰਕਾਰ ਅਤੇ ਕਈ ਵੱਡੇ ਚੌਧਰੀਆਂ ਵੱਲੋਂ ਗੀਤਾਂ ਵਿੱਚ ਆਈ ਲੱਚਰਤਾ ਨੂੰ ਦੂਰ ਕਰਨ ਦੇ ਲਈ ਕਈ ਵਿਉਂਤਾਂ ਘੜੀਆਂ , ਕਈ ਕਮਿਸ਼ਨ ਬਣੇ, ਅਤੇ ਕਮੇਟੀਆਂ ਕਾਇਮ ਕੀਤੀ ਗਈਆਂ । ਪਰ ਅਫਸੋਸ ਨਾਲ ਕਹਿਣਾ ਪੈ ਰਿਹੈ ਕਿ ਮਹਿਜ਼ ਇਹ  ਸਰਕਾਰੀ ਜਾਂ ਗੈਰ ਸਰਕਾਰੀ ਉਪਰਾਲੇ ਸਿਰਫ਼ ਦਿਖਾਵੇ ਜਾਂ ਤਸਵੀਰਾਂ ਖਿਚਵਾਉਣ ਦੇ ਲਈ ਹੀ ਕੀਤੇ ਗਏ ਸਨ । ਅਸਲ ਰਮਜ਼ ਨੂੰ ਕਿਸੇ ਨੇ ਸਮਝਣ ਦਾ ਯਤਨ ਹੀ ਨਹੀਂ ਕੀਤਾ । 2018 ਵੀ ਬਾਕੀ ਵਰ੍ਹਿਆਂ ਦੀ ਤਰ੍ਹਾਂ ਕੋਈ ਬਹੁਤ ਵਧੀਆ ਨਹੀਂ ਰਿਹਾ । ਸਾਰਾ ਸਾਲ ਗੀਤਾਂ ਵਿੱਚ ਗੋਲੀਆਂ ਚੱਲਦੀਆਂ ਰਹੀਆਂ ਬੰਦੇ ਮਰਦੇ ਰਹੇ  ਜ਼ਖਮੀਆਂ ਨੂੰ , ਐਂਬੂਲੈਂਸਾਂ , ਢੋਂਹਦੀਆਂ ਰਹੀਆਂ । ਮਾੜੇ ਬੋਲ ਪੰਜਾਬ ਦੀਆਂ ਫ਼ਿਜ਼ਾਵਾਂ ਵਿੱਚ ਜ਼ਹਿਰ ਵਾਂਗਰਾਂ ਗੂੰਜੇ ਅਤੇ ਚੀਰਦੇ ਰਹੇ ਉਹਨਾਂ ਸੀਨਿਆਂ ਨੂੰ ਜਿਹੜੇ ਸੱਚੇ ਮਨੋਂ ਰੱਬ ਰੂਹੀ ਗਾਇਕੀ ਦੇ ਮੁਰੀਦ ਨੇ ।
                                          ਫੁਕਰਾਪੰਥੀ ਕਲਾਕਾਰਾਂ ਦੇ ਨਾਲ ਸਰੋਤੇ ਵੀ ਇਸ ਸਾਰੇ ਮਾੜੇ ਵਰਤਾਰੇ ਦੇ ਲਈ ਜ਼ਿੰਮੇਵਾਰ ਹੋ ਨਿੱਬੜੇ । ਸਰਕਾਰ , ਸਾਹਿਤਕ ਜਥੇਬੰਦੀਆਂ ਤੇ, ਚੌਧਰੀ , ਲੋਕ  ਮਨੋਰੰਜਨ ਦੇ ਨਾਂਅ ਤੇ ਸੰਗੀਤਕ ਗੁੰਡਾਗਰਦੀ ਨੂੰ ਰੋਕਣ ਦੀ ਬਜਾਏ ਚੁੱਪ ਵਾਲੇ ਫਾਰਮੂਲੇ ਤੇ ਕਾਇਮ ਰਹੇ ਅਤੇ ਆਪਣੀ ਜ਼ੁਬਾਨ ਵਿੱਚੋਂ ਦੋ ਸ਼ਬਦ ਵੀ ਮਾਂ ਬੋਲੀ ਦਾ ਘਾਣ ਕਰਨ ਵਾਲੇ ਕਲਾਕਾਰਾਂ ਦੇ ਲਈ ਨਾ ਬੋਲ ਸਕੇ । ਉਨ੍ਹਾਂ ਨੂੰ ਵੀ ਦਾਦ ਦੇਣੀ ਬਣਦੀ ਹੈ ਜਿਹੜੇ ਇਸ ਵਪਾਰਕ ਮੰਡੀ ਦੇ ਅੰਦਰ ਅੱਜ ਵੀ ਸੱਚਾ ਤੇ ਸੁੱਚਾ ਸੌਦਾ ਕਰਨ ਦੀ ਹਾਮੀ ਭਰਦੇ ਨੇ ਤੇ ਜਿਨ੍ਹਾਂ ਦੇ ਕੋਮਲ ਮਨ ਇੱਕ ਚੀਸ ਜ਼ਰੂਰ ਵੱਟਦੇ ਹਨ ਜਦ ਕਿਤੇ ਸਾਡੀ ਸੱਭਿਅਤਾ ਦੀ ਚਿੱਟੀ ਚਾਦਰ ਦਾਗਦਾਰ ਹੁੰਦੀ ਹੈ ।
                                ਉਮੀਦ ਕਰਦੇ ਹਾਂ ਕਿ ਚੰਗਾ ਗਾਉਣ ਵਾਲੇ ਨਵੇਂ ਵਰ੍ਹੇ ਵੀ ਆਪਣੀ ਸੋਚ ਤੇ ਪਹਿਰਾ ਦਿੰਦਿਆਂ ਚੰਗਾ ਕਰਨ ਦਾ ਯਤਨ ਕਰਦੇ ਰਹਿਣਗੇ । ਤੇ ਮਾੜਾ ਗਾਉਣ ਵਾਲੇ ਵੀ ਫੁਕਰਾਪੰਥੀ  ਗੀਤਾਂ ਨੂੰ ਤਿਲਾਜਲੀ ਦੇ ਕੇ , ਸਰਬ ਸੱਚ , ਗਾਇਕੀ  ਦੇ ਪਾਲੇ ਵੱਲ ਪਰਤਣਗੇ। ਇਸੇ ਵਿੱਚ ਸਮਾਜ ਤੇ ਸਾਡੇ ਨੌਜਵਾਨਾਂ ਦੀ ਭਲਾਈ ਹੈ।

ਮਨਜਿੰਦਰ ਸਿੰਘ ਸਰੌਦ
ਮੁੱਖ ਪ੍ਰਚਾਰ ਸਕੱਤਰ
ਵਿਸ਼ਵ ਪੰਜਾਬੀ ਲੇਖਕ ਮੰਚ
94634-63136

21 Dec. 2018

ਕੌੜਾ ਪਰ ਸੱਚ : ਮਾੜੇ ਸਮਿਆਂ ਦੀ ਇਕ ਨਾ ਭੁੱਲਣ ਵਾਲੀ ਪੀੜ - ਮਨਜਿੰਦਰ ਸਿੰਘ ਸਰੌਦ

ਘਟਨਾ ਸ਼ਾਇਦ ਛੱਬੀ ਸਤਾਈ ਵਰ੍ਹੇ ਪੁਰਾਣੀ ਹੋਵੇਗੀ ਜਦ ਪੰਜਾਬ ਅੰਦਰ ਖਾੜਕੂ ਲਹਿਰ ਆਪਣੇ ਸਿਖਰ ਤੋਂ ਸਮਾਪਤੀ ਵੱਲ ਵਧ ਰਹੀ ਸੀ ਪੁਲਿਸ ਅਤੇ ਫੌਜ ਦੀਆਂ ਗੱਡੀਆਂ ਪਿੰਡਾਂ ਵਿੱਚ ਤਲਾਸ਼ੀ ਅਭਿਆਨ ਦੇ ਨਾਂਅ ਤੇ ਹਰਲ ਹਰਲ ਕਰਦੀਆਂ ਫਿਰਦੀਆਂ ਸਨ ਕਿੰਨੀਆਂ ਹੀ ਮਾਵਾਂ ਤੇ ਭੈਣਾਂ ਦੇ ਹਉਕੇ ਸਿਵਿਆਂ ਦੀ ਰਾਖ ਬਣ ਕੇ ਹਵਾ ਦੇ ਵਾ ਵਰੋਲਿਆਂ ਰਾਹੀਂ ਪੰਜਾਬ ਦੀ ਫ਼ਿਜ਼ਾ ਚ ਗੁਆਚ ਗਏ । ਬਾਪੂ ਦੀ ਪੱਗ ਥਾਣੇ ਤੇ ਕਚਹਿਰੀਆਂ ਦੀ ਸਰਦਲ ਦੇ ਪਾਰ ਪਤਾ ਨਹੀਂ ਕਿੰਨੀ ਵਾਰ ਉਛਾਲੀ ਗਈ ਉਸ ਦੀਆਂ ਬੇਵੱਸ ਅੱਖਾਂ ਚੋਂ ਨਿਕਲੇ ਖੂਨ ਦੇ ਹੰਝੂ ਉਸ ਦੀ ਸਫੈਦ ਹੋ ਚੁੱਕੀ ਦਾੜ੍ਹੀ ਵਿੱਚ ਅਲੋਪ ਹੋ ਜਾਂਦੇ ਰਹੇ ।
                ਖੈਰ ਮੈ ਉਸ ਸਮੇਂ ਆਪਣੀ ਉਮਰ ਦੇ ਤੇਰਵੇ  ਚੌਦਵੇਂ ਕੁ ਵਰ੍ਹੇ ਵਿੱਚ ਪੈਰ ਪਾਇਆ ਸੀ ਤਾਇਆ ਚਰਨ ਸਿੰਘ  ਦੁਆਰਾ ਦਿੱਤੀ ਸੁਚੱਜੀ ਅਤੇ ਬਾਪੂ ਨਾਜਰ ਸਿੰਘ ਦੀ ਕਵੀਸ਼ਰੀ ਕਲਾ ਦੀ ਗੁੜ੍ਹਤੀ ਦੇ ਅਸਰ ਸਦਕਾ ਸਾਹਿਤ ਨਾਲ ਲਗਾਅ ਦੇ ਚੱਲਦਿਆਂ ਅਖ਼ਬਾਰ ਨਾਲ ਪਿਆਰ ਸ਼ੁਰੂ  ਤੋਂ ਡਾਢਾ ਬਣਿਆ ਰਿਹਾ  । ਜਦੋਂ ਤੋਂ ਅਖ਼ਬਾਰ ਨੇ ਆਪਣੇ ਜੀਵਨ ਦੀ ਪਹਿਲੀ ਪੁਲਾਂਘ ਪੁੱਟੀ ਉਸੇ ਦਿਨ ਤੋਂ ਇਹ ਸਾਡੇ ਘਰ ਦਾ ਸ਼ਿੰਗਾਰ ਹੈ ਜਾਂ ਕਹਿ ਲਈਏ ਕਿ ਆਲੇ ਦੁਆਲੇ ਜਾਂ ਮੇਰੇ ਪਿੰਡ ਸਰੌਦ ਵਿੱਚ ਸਿਰਫ਼ ਸਾਡਾ ਪਰਿਵਾਰ ਹੀ ਉਸ ਸਮੇਂ ਅਖ਼ਬਾਰ ਦਾ ਪਾਠਕ ਸੀ ਉਨ੍ਹੀਂ ਦਿਨੀਂ ਹਾਕਰਾਂ ਨਾਲ ਗੰਨਮੈਨ ਵੀ ਆਉਂਦੇ ਸਨ ਅਤੇ ਅਖਬਾਰ ਦੀਆਂ ਕਾਪੀਆਂ ਜ਼ਬਤ ਹੋਣਾ ਆਮ ਗੱਲ ਸੀ ਪਹਿਲਾਂ  ਹਾਕਰ ਗੁਰਨਾਮ ਸਿੰਘ ਫਿਰ ਉਸ ਤੋਂ ਬਾਅਦ ਬੂਟਾ ਸਿੰਘ ਜੋ ਜੀਰਖ  ਪਿੰਡ ਤੋਂ ਆਉਂਦਾ ਸੀ ਉਹ ਮੇਰੇ ਕੋਲ ਆ ਕੇ ਚਾਹ ਪਾਣੀ ਛਕਦਾ ਤੇ ਪਿੰਡ ਅੰਦਰ ਹੋਰ ਅਖਬਾਰ ਲਗਵਾਉਣ ਦੇ ਲਈ ਕਹਿੰਦਾ ਰਹਿੰਦਾ ਅਖ਼ਬਾਰਾਂ ਦੀ ਗਿਣਤੀ ਉਸ ਸਮੇਂ ਪਿੰਡਾਂ ਅੰਦਰ ਨਾ ਮਾਤਰ ਸੀ ਮੇਰੇ ਪਿੰਡ ਅੰਦਰ ਮਹਿਜ਼ ਨੌ ਅਤੇ ਆਲੇ ਦੁਆਲੇ ਦੇ ਚੌਦਾਂ ਪਿੰਡਾਂ ਅੰਦਰ ਕੁੱਲ ਅਠਾਹਟ ਅਖ਼ਬਾਰ ਆਉਂਦੇ ਸਨ ਫਿਰ ਹਾਕਰ ਸ਼ਰੀਫ਼ ਮੁਹੰਮਦ ਨੇ ਆ ਕੇ ਇਸ ਅੰਕੜੇ ਨੂੰ ਤੋੜਿਆ ਅਤੇ ਗਿਣਤੀ ਵਧਦੀ ਚਲੀ ਗਈ । 
                        ਹਾਕਰ  ਬੂਟਾ ਸਿੰਘ ਨੂੰ ਘਰ ਦੀ ਕਬੀਲਦਾਰੀ ਦੇ ਚੱਲਦਿਆਂ ਅਖਬਾਰ ਲੇਟ ਜਾਂ ਛੁੱਟੀ ਕਰਨ ਦੀ ਮਜਬੂਰੀ ਸੀ ਮੈਂ ਆਪਣੀ ਚੇਟਕ ਨੂੰ ਪੂਰਾ ਕਰਨ ਦੇ ਲਈ ਜਿਸ ਸੜਕ ਤੋਂ ਹਾਕਰ ਨੇ ਆਉਣਾ ਹੁੰਦਾ ਸੀ ਉਸ ਰਸਤੇ ਤੇ ਪੈਂਦੀ ਮੋਟਰ ਤੇ ਬੈਠ ਉਸ ਨੂੰ ਉਡੀਕਣਾ ਸ਼ੁਰੂ ਕਰ ਦੇਣਾ ਕਈ ਵਾਰ ਘਰ ਦਾ ਕੰਮ ਮੁਕਾ ਉਸ ਦੇ ਨਾਲ ਹੀ ਤੁਰ ਪੈਣਾ ਤੇ ਲੋਕਾਂ ਨੂੰ ਅਖਬਾਰ ਪੜ੍ਹਨ ਤੇ ਘਰ ਲਗਵਾਉਣ ਲਈ ਮਿੰਨਤਾਂ ਕਰਨੀਆਂ ਪਰ ਜ਼ੁਲਮੋ ਤਸ਼ੱਦਦ ਦੇ ਝੰਬੇ ਲੋਕ ਆਪਣੇ ਖੋਅ ਚੁੱਕੇ ਜੀਆਂ ਦੇ ਵੈਰਾਗ ਵਿੱਚ ਉੱਖੜੇ ਉੱਖੜੇ ਜਾਪਦੇ ਸਨ ਪੰਜਾਬ ਵਿੱਚ ਇੱਕ ਵੱਖਰੀ ਹੀ ਤਰ੍ਹਾਂ ਦਾ ਸਨਾਟਾ ਸੀ ਚੁੱਪ ਸੀ।
                  ਇੱਕ ਦਿਨ ਬੂਟਾ ਸਿੰਘ ਅਖ਼ਬਾਰ ਦੇਣ ਨਾ ਆਇਆ ਮੈਂ ਉਡੀਕ ਉਡੀਕ ਕੇ ਘਰੋਂ ਚੋਰੀ ਸਾਈਕਲ ਚੁੱਕ ਮਲੇਰ ਕੋਟਲੇ ਵੱਲ ਨੂੰ ਸ਼ੂਟ ਵੱਟ ਦਿੱਤੀ ਦੋ ਤਿੰਨ ਦੋਧੀ ਤੇ ਕਈ ਸਬਜ਼ੀ ਵਾਲਿਆਂ ਦੇ ਨਾਲ ਸ਼ਹਿਰ ਦੀ ਹਦੂਦ ਅੰਦਰ ਨਾਕਾ ਲਾਈ ਖੜ੍ਹੀ ਪੰਜਾਬ ਪੁਲੀਸ ਸੀ ਆਰ ਪੀ ਐਫ ਤੇ ਫ਼ੌਜ ਵਾਲਿਆਂ ਦੇ ਮੱਥੇ ਜਾ ਲੱਗਿਆ ਉੱਥੇ ਆਵਾਜਾਈ ਵੀ ਘੱਟ ਸੀ ਸਿਆਲ ਦਾ ਮਹੀਨਾ ਤੇ ਲੋਹੜੇ ਦੀ ਧੁੰਦ ਹੱਥ ਮਾਰਿਆ ਨਹੀਂ ਸੀ ਵਿਖਾਈ ਦਿੰਦਾ ਕਾਫੀ ਬਹਿਸਬਾਜ਼ੀ ਤੋਂ ਬਾਅਦ ਕੇਵਲ ਦੋਧੀਆਂ ਦੇ ਢੋਲਾਂ ਦੀ ਤਲਾਸ਼ੀ ਲੈਣ ਤੇ  ਪੁਲਿਸ ਨੇ ਉਨ੍ਹਾਂ ਨੂੰ ਜਾਣ ਦਿੱਤਾ ਬਾਕੀਆਂ ਨੂੰ ਉਨ੍ਹੀਂ ਪੈਰੀਂ ਵਾਪਸ ਜਾਣ ਦਾ ਹੁਕਮ ਚਾੜ੍ਹਿਆ ਮੈਂ ਚਾਰ ਪੰਜ ਸਬਜ਼ੀ ਵਾਲਿਆਂ ਦੇ ਨਾਲ ਹੀ ਦੋਧੀਆਂ ਦੇ ਮਗਰ ਸਾਈਕਲ ਠਿੱਲ ਦਿੱਤਾ ਉੱਚੀ ਉੱਚੀ  ਆਵਾਜ਼ਾਂ ਆਈਆਂ ਤੇ  ਪੁਲਸੀ?ੇ ਨੇ ਵਿਸ਼ਲ ਮਾਰੀ ਤੇ ਮੈਨੂੰ ਕੜਕਵੀਂ ਆਵਾਜ਼ ਵਿੱਚ ਪੁੱਛਿਆ ਤੁਮਨੇ ਕਿਆ ਕਰਨਾ  ਹੈ ਮੇਰੇ ਮੂੰਹੋ ਸਹਿਜ ਸੁਭਾਅ ਨਿਕਲਿਆ ਕਿ ਮੈ ਅਖਵਾਰ ਲੈਣਾ  ਹੈ ,ਅਰੇ ਸਾਲੇ ਤੁਮਕੋ ਅਖਬਾਰ ਕੀ ਪੜੀ ਹੈ ਜਹਾਂ  ਲੋਕ  ਮਰ ਰਹੇ  ਹੈ ਇਨ੍ਹਾਂ ਕਹਿ ਉਸ ਨੇ ਹੱਥ ਵਿਚਲਾ ਮੋਟਾ ਰੂਲਾ ਮੇਰੇ ਵੱਲ ਚਲਾਵਾਂ ਮਾਰਿਆ ਜਿਹੜਾ ਸਾਈਕਲ ਦੇ ਮਗਰਾੜ ਤੇ ਲੱਗਿਆਂ ਤੇ ਮਗਰਾੜ ਟੁੱਟ ਕੇ ਦੂਰ ਜਾ ਡਿੱਗਿਆ ਮੈਂ ਪਿਛਲਖੋੜੀ ਭੱਜਿਆ ਇੱਕ ਰੂਲਾ ਫੇਰ ਗੋਲੀ ਵਾਂਗ ਆਇਆ ਜਿਹੜਾ ਧੈਂਅ ਕਰਕੇ ਮੇਰੇ ਮੌਰਾਂ ਵਿੱਚ ਆ ਵੱਜਿਆ ਉਦੋਂ ਤੱਕ ਮੈਂ ਸਾਈਕਲ ਤੇ ਸਵਾਰ ਹੋ ਚੁੱਕਿਆ ਸੀ ਸਾਈਕਲ ਤੇ ਚੜ੍ਹਦੇ ਸਮੇਂ ਇੱਕ ਭੁਲੇਖਾ ਪਿਆ ਜਿਵੇਂ ਉਸ ਪੁਲਸ ਵਾਲੇ ਨੇ ਡਾਂਗ ਵਰਾਉਣ ਤੋਂ ਬਾਅਦ ਮੋਢੇ ਪਾਈ ਰਾਈਫ਼ਲ ਨੂੰ ਥਾਂ ਸਿਰ ਕਰਕੇ ਉੱਪਰ ਚੁੱਕਿਆ ਹੋਵੇ ਐਨੇ ਚਿਰ ਨੂੰ ਮੈਂ ਦੂਰ ਨਿਕਲ ਚੁੱਕਿਆ ਸੀ ਬਾਕੀ ਲੋਕਾਂ ਦਾ ਕੀ ਬਣਿਆ ਕੁਝ ਪਤਾ ਨਹੀਂ ਲੱਗਿਆ ਚੱਪਲਾਂ ਵੀ ਉਥੇ ਹੀ ਰਹਿ ਗਈਆਂ ਪਿੰਡ ਆਉਂਦੇ ਨੂੰ ਡਾਂਗ ਦੀ ਚਸਕ ਹੱਦੋਂ ਵੱਧ ਗਈ ਕੁਝ ਮਿੰਟਾਂ ਦੀ ਘਟਨਾ ਨੇ ਅੰਦਰੋਂ ਕੋਮਲ ਮਨ ਨੂੰ ਤੋੜ ਕੇ ਰੱਖ ਦਿੱਤਾ ਘਰ ਜਾਣ ਦੀ ਬਜਾਏ ਸਿੱਧਾ ਖੇਤ ਨੂੰ ਗਿਆ ਪਾਣੀ ਦੀ ਘੁੱਟ ਪੀ ਕੇ ਸਾਰਾ ਕੁਝ ਭੁੱਲਣ ਦਾ ਯਤਨ ਕੀਤਾ ਕਿਸੇ ਫ਼ਿਲਮ ਦੀ ਤਰ੍ਹਾਂ ਉਹ  ਦ੍ਰਿਸ਼  ਬਾਰ ਬਾਰ ਮੇਰੇ ਜ਼ਹਿਨ ਤੇ ਤੈਰਦੇ ਰਹੇ ਘਰੇ ਪਹੁੰਚ ਸਾਈਕਲ ਡਰਦਿਆਂ ਡਰਦਿਆਂ ਇੱਕ ਨੁੱਕਰੇ ਲਾ ਦਿੱਤਾ ਮਾਂ ਨੇ ਰੋਟੀ ਦਿੰਦਿਆਂ ਝਿੜਕਾਂ ਦੀ ਝੜੀ ਲਾ ਦਿੱਤੀ ਰਾਤ ਨੂੰ ਮੌਰ ਦੀ ਚੀਸ ਨੇ  ਪਾਸਾ ਵੀ  ਨਾ ਪਰਤਣ ਦਿੱਤਾ ਗਰਮ ਇੱਟ ਦਾ ਸੇਕ ਵੀ ਕੁਝ ਨਾ ਕਰ ਸਕਿਆ।
ਅਗਲੇ ਦਿਨ ਬੂਟਾ ਸਿੰਘ ਪੁਰਾਣਾ ਅਤੇ ਨਵਾਂ ਅਖ਼ਬਾਰ ਲੈ ਕੇ ਹਾਜ਼ਰ ਸੀ ਅੱਜ ਵੀ ਸੋਚਦਾ ਹਾਂ ਕਿਹੋ ਜਿਹਾ ਸਮਾਂ ਸੀ ਉਹ। ਖੌਰੇ ਇਹੋ ਜਿਹੀ ਸਾਹਿਤਕ ਚੇਟਕ ਦੀ ਵਜ੍ਹਾ ਨਾਲ ਹੀ ਕਲਮ ਦੇ ਖੇਤਰ ਵਿੱਚ ਪੈਰ ਲੱਗੇ ਹੋਣ ਤੇ ਸਮਾਜ ਲਈ ਕੁਝ ਲਿਖ ਕੇ ਕਰ ਵਿਖਾਉਣ ਲਈ ਇਨ੍ਹਾਂ ਘਟਨਾਵਾਂ ਦਾ ਭਰਵਾਂ ਯੋਗਦਾਨ ਹੋਵੇ ਅੱਜ ਵੀ ਜਦ ਦੁਨੀਆਂ ਦੇ ਵੱਖ ਵੱਖ ਅਖ਼ਬਾਰਾਂ ਲਈ ਲੇਖ ਲਿਖਦਾ ਹਾਂ ਰੇਡੀਓ ਟੀਵੀ ਤੇ ਪ੍ਰੋਗਰਾਮ ਕਰਦਾ ਹਾਂ ਅਤੇ ਬਾਲੀਵੁੱਡ ਦੀਆਂ ਸਟੋਰੀਆਂ ਕਰਨ ਸਮੇਂ ਜਦ ਮੋਢੇ ਦੀ ਪੀੜ ਉੱਠਦੀ ਹੈ ਤਾਂ ਉਹ ਮਾੜੇ ਸਮਿਆਂ  ਨੂੰ ਯਾਦ ਕਰ ਸੀਨੇ ਅੰਦਰੋਂ ਇੱਕ ਧਾਅ ਜ਼ਰੂਰ ਨਿਕਲਦੀ ਹੈ ਕਿ ਕਿੰਝ ਸਮੇਂ ਦੇ ਹਾਕਮਾਂ ਨੇ ਭਾਈਆਂ ਤੋਂ ਭਾਈ ਕਤਲ ਕਰਵਾ ਦਿੱਤੇ ਤੇ ਪੰਜਾਬ ਦੀ ਧਰਤੀ ਲਾਲ ਸਮੁੰਦਰ ਦੇ ਰੂਪ ਵਿੱਚ ਤਬਦੀਲ ਹੋਣ ਲੱਗੀ ਬੁਰਸਿਆਂ ਵਰਗੇ ਜਵਾਨਾਂ ਦੀਆਂ ਲਾਸ਼ਾਂ ਨਾਲ ਸਿਵੇ ਭਰ ਗਏ ਸਨ ਖ਼ੈਰ ਮਾਲਕ  ਭਲੀ ਕਰੇ ਇਹੋ ਜਿਹੇ ਦਿਨ ਮੇਰੇ ਪੰਜਾਬ ਨੂੰ ਫੇਰ ਨਾ ਵੇਖਣੇ ਪੈਣ  ਇਹ ਸੀ ਲੰਘੇ ਵੇਲਿਆਂ ਦੀ ਇੱਕ ਅਭੁਲ ਪੀੜ ਦੀ  ਦਾਸਤਾਨ ਜੋ ਅੱਜ ਫੇਰ ਵਰ੍ਹਿਆਂ ਬਾਅਦ ਚੇਤੇ ਆ ਗਈ।

ਮਨਜਿੰਦਰ ਸਿੰਘ ਸਰੌਦ
ਮੁੱਖ ਪ੍ਰਚਾਰ ਸਕੱਤਰ
ਵਿਸ਼ਵ ਪੰਜਾਬੀ ਲੇਖਕ ਮੰਚ
9463463136

ਬਿਖਰ ਗਈ ਸਾਡੀ ਸਦੀਆਂ ਦੀ ਸਾਂਝ ਪੁਰਾਣੀ...........

ਲੋਕਤੰਤਰ ਦੇ ਨਾਂ ਤੇ ਸਾਡੇ ਦੇਸ਼ ਵਿੱਚ ਪੈ ਰਹੀਆਂ ਵੋਟਾਂ ਨੇ ਭਾਈਚਾਰਕ ਸਾਂਝ ਨੂੰ ਤਹਿਸ ਨਹਿਸ ਕਰਕੇ ਰੱਖ ਦਿੱਤੈ ਸਦੀਆਂ ਪੁਰਾਣੀ ਸਾਂਝ ਅਤੇ ਰਿਸ਼ਤੇ ਇੱਕ ਇੱਕ ਕਰਕੇ ਟੁੱਟਣ ਦੀ ਕਗਾਰ ਤੇ ਪਹੁੰਚ ਚੁੱਕੇ ਨੇ, ਸਕੇ ਭਾਈਆਂ ਤੋਂ ਲੈ ਕੇ ਸ਼ਰੀਕੇ ਵਾਲੇ ਪਰਿਵਾਰਾਂ ਨੂੰ ਵੀ ਵੋਟਾਂ  ਦੇ ਸੇਕ ਨੇ ਬੁਰੀ ਤਰ੍ਹਾਂ ਝੰਜੋੜਿਆ ਹੈ। ਪੈਸੇ ਅਤੇ ਨਸ਼ੇ ਦੀ ਸਿਆਸਤ ਨੇ ਹੱਸਦੇ ਵੱਸਦੇ ਘਰਾਂ ਵਿੱਚ ਲਾਂਬੂ ਲਾਉਣ ਦਾ ਕੰਮ ਕੀਤਾ।
ਸਮਾਂ ਆਪਣੀ ਚਾਲੇ ਚੱਲਦਾ ਰਿਹਾ ਭਾਈ ਭਾਈਆਂ ਦੇ ਵੈਰੀ ਬਣਦੇ ਰਹੇ ਅਤੇ ਸਿਆਸੀ ਲੋਕ ਆਪਣੀਆਂ ਰੋਟੀਆਂ ਸੇਕਦੇ ਰਹੇ, ਪਿੰਡਾਂ  ਅੰਦਰ ਸੱਥਾਂ ਦੀ ਰੌਣਕ ਨੂੰ ਸਿਆਸੀ ਕੁੜੱਤਣ ਨੇ  ਐਸਾ ਨਾਗ ਬਲੇਵਾ ਮਾਰਿਆ ਕਿ ਪਿਆਰ ਅਤੇ ਮੁਹੱਬਤ ਦੀਆਂ ਪੀਡੀਆਂ ਗੰਢਾਂ 'ਨਫਰਤ ਅਤੇ ਝਗੜਿਆਂ  ਵਿੱਚ ਬਦਲ ਗਈਆਂ ਇੱਕ ਦੂਜੇ ਦੇ ਸੁੱਖ ਦੁੱਖ ਸਮੇਂ ਸ਼ਰੀਕ ਹੋਣ ਵਾਲੇ ਪੇਂਡੂ ਲੋਕਾਂ ਵਿੱਚ ਪਾਰਟੀਬਾਜ਼ੀ ਨੇ ਇੱਥੋਂ ਤੱਕ ਜ਼ਹਿਰ ਭਰ ਦਿੱਤਾ ਕਿ ਅੱਜ ਹਾਲਾਤ ਇਹ  ਬਣ ਚੁੱਕੇ ਨੇ ਕਿ ਜੇਕਰ ਪਿੰਡ ਅੰਦਰ ਕਿਸੇ ਦੇ ਮਰਗ ਹੋ ਜਾਵੇ ਤਾਂ ਵਿਰੋਧੀ ਪਾਰਟੀ ਵਾਲੇ ਅਫਸੋਸ ਕਰਨ ਤੋਂ ਵੀ ਕੰਨੀ ਕਤਰਾਉਂਦੇ ਨੇ, ਇਹ ਕਿਹੋ ਜਿਹੀ ਹਵਾ ਵਗ ਰਹੀ ਹੈ ਮੇਰੇ  ਮੁਲਕ  ਅੰਦਰ, ਸਾਡੇ ਸਿਆਸੀ ਆਗੂਆਂ ਵੱਲੋਂ ਲਾਈਆਂ ਅੱਗਾਂ ਦੀ ਬਦੌਲਤ ਅੱਜ ਸਾਡਾ ਸਮਾਜ ਲੱਟ ਲੱਟ  ਮਚਦਾ ਨਜ਼ਰ ਆਉਂਦਾ ਹੈ।
ਅੱਧੀ ਅੱਧੀ ਰਾਤੀਂ ਉੱਠ ਕੇ ਆਪਣੇ ਭਾਈਚਾਰੇ ਦੇ ਦੁੱਖ ਵਿੱਚ ਸ਼ਰੀਕ ਹੋਣ ਵਾਲੇ ਲੋਕ ਅੱਜ ਆਪਣੇ ਹੀ  ਘਰਾਂ ਦੇ ਵਿਹੜਿਆਂ ਵੱਲੋਂ  ਵੱਲੋਂ ਮੂੰਹ ਮੋੜੀ ਬੈਠੇ ਨਜ਼ਰ ਆਉਂਦੇ ਨੇ, ਪਤਾ ਨਹੀਂ ਕਦ ਸਮਝ ਆਉ ਸਾਡੇ ਲੋਕਾਂ ਨੂੰ ਇਨ੍ਹਾਂ ਸਿਆਸੀ ਆਗੂਆਂ  ਦੇ ਚਤਰ ਦਿਮਾਗਾਂ ਦੀ ਜਿਨ੍ਹਾਂ ਨੇ  ਸਾਂਝੇ ਘਰਾਂ ਦੇ ਵਿੱਚ ਕੰਧਾਂ ਕਢਵਾ ਕੇ ਆਪਣੀਆਂ ਚੌਧਰਾਂ ਨੂੰ ਕਾਇਮ ਕੀਤਾ, ਰੱਬ ਕਰੇ ਸਾਡੇ ਮਨਾਂ ਵਿੱਚ ਖਿੱਚੀਆਂ ਇਹ ਲੀਕਾਂ ਮਿੱਟ ਜਾਣ ਅਤੇ ਅਸੀਂ ਪੈਸੇ ਤੇ ਨਸ਼ੇ ਨਾਲ ਸਾਡੀਆਂ ਜ਼ਮੀਰਾਂ ਨੂੰ ਖਰੀਦਣ ਵਾਲੇ ਲੋਕਾਂ ਨੂੰ ਨਕਾਰ ਕੇ ਆਪੋ ਆਪਣੇ ਸਕੇ ਸਬੰਧੀਆਂ ਅਤੇ ਹੋਰ ਦੋਸਤਾਂ ਮਿੱਤਰਾਂ ਨਾਲ ਮੋਹ ਮੁਹੱਬਤ ਦੀਆਂ ਸਾਂਝਾਂ ਮੁੜ ਤੋਂ ਕਾਇਮ ਕਰ ਸਕੀਏ  ਤਾਂ ਕਿ ਸਾਡੀ ਆਉਣ ਵਾਲੀ ਪੀੜ੍ਹੀ ਇਸ ਨਫਰਤ ਭਰੀ ਸਿਆਸਤ ਤੋਂ ਉੱਪਰ ਉੱਠ ਕੇ ਆਪਣੇ ਸਮਾਜ ਅਤੇ ਲੋਕਾਂ ਲਈ ਕੋਈ ਭਲੇ ਦਾ ਕੰਮ  ਕਰ ਸਕੇ ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਹੱਥੀਂ  ਦਿੱਤੀਆਂ ਗੰਢਾਂ ਆਖਰ ਵਿੱਚ ਮੂੰਹ ਨਾਲ ਖੋਲ੍ਹਣੀਆਂ ਪੈਂਦੀਆਂ ਨੇ ਸੋ ਸਮਾਂ ਰਹਿੰਦਿਆਂ ਸੋਚ ਵਿਚਾਰ ਕੇ ਇੱਕ ਨਵੀਂ ਪਿਆਰ ਭਰੀ ਪਿਰਤ ਪਾਈਏ ਜਿਸ ਨਾਲ ਸਮਾਜਿਕ ਤਾਣਾ ਬਾਣਾ ਅਤੇ ਨੈਤਿਕ ਕਦਰਾਂ ਕੀਮਤਾਂ ਸਥਿਰ ਰਹਿਣ  ਇਸ ਵਿੱਚ ਸਾਡੀ ਅਤੇ ਸਾਡੇ ਸਮਾਜ ਦੀ ਭਲਾਈ ਹੈ।

ਮਨਜਿੰਦਰ ਸਿੰਘ ਸਰੌਦ
ਮੁੱਖ ਪ੍ਰਚਾਰ ਸਕੱਤਰ ਵਿਸ਼ਵ ਪੰਜਾਬੀ ਲੇਖਕ ਮੰਚ
9463463136

27 NOV. 2018

ਕੌੜਾ ਪਰ ਸੱਚ  : ਪੰਜਾਬੀ ਸੰਗੀਤ ਜਗਤ ਅੰਦਰ ਛਾਈ ਮੰਦਹਾਲੀ ਦੇ ਚਲਦਿਆਂ ਕਲਾਕਾਰ ਵਤਨੋਂ ਪਾਰ ਉਡਾਰੀਆਂ ਮਾਰਨ ਲੱਗੇ - ਮਨਜਿੰਦਰ ਸਿੰਘ ਸਰੌਦ

ਪੰਜਾਬੀ ਸੰਗੀਤ ਇੰਡਸਟਰੀ ਅੰਦਰ ਮੰਦਹਾਲੀ ਦੇ ਦੌਰ ਨੇ ਸੰਗੀਤ ਜਗਤ ਦੀਆਂ ਕਈ ਅਹਿਮ ਹਸਤੀਆਂ ਨੂੰ ਤ੍ਰੇਲੀਓਂ ਤ੍ਰੇਲੀ ਕਰ ਆਉਣ ਵਾਲੇ ਭਵਿੱਖ ਨੂੰ ਤਰਾਸ਼ਨ ਲਈ ਸੋਚਣ ਦੀ ਕਗਾਰ 'ਤੇ ਲਿਆ ਖੜ੍ਹਾ ਕਰ ਦਿੱਤੈ। ਆਪਣੇ ਆਪ ਨੂੰ ਗਾਇਕੀ ਦੇ ਸ਼ਾਹ ਅਸਵਾਰ ਕਹਾਉਂਦੇ ਕਈ ਫ਼ਨਕਾਰ ਮੰਦੀ ਦੇ ਮਾਰੇ ਵਿਦੇਸ਼ੀ ਸਰਦਲਾਂ ਨੂੰ ਸਲਾਮ ਦੇ ਰਾਹ ਪੈ ਆਪੋ ਆਪਣੇ ਜਗਾੜ ਫਿੱਟ ਕਰਨ ਦੀਆਂ ਵਿਉਂਤਾਂ ਵਿੱਚ ਮਸਰੂਫ ਹਨ।
        ਪਿਛਲੇ ਸਮੇਂ ਤੋਂ ਇਸ ਖੇਤਰ ਅੰਦਰ ਹੋਈ ਭਾਰੀ ਉੱਥਲ ਪੁੱਥਲ ਨੇ ਕਈਆਂ ਨੂੰ ਰੋਟੀਓਂ ਅਵਾਜਾਰ ਕਰ ਹਾਸ਼ੀਏ 'ਤੇ ਧੱਕ ਦਿੱਤੈ ਅਤੇ ਮਹਿਜ ਕੁਝ ਪੋਟਿਆਂ 'ਤੇ ਗਿਣੇ ਜਾਣ ਵਾਲੇ ਕਲਾਕਾਰ ਹੀ ਇੱਕ ਲਛਮਣ ਰੇਖਾ ਨੂੰ ਪਾਰ ਕਰ ਕਿਨਾਰੇ 'ਤੇ ਪਹੁੰਚਦੇ ਨੇ। ਕੁਝ ਨੇ ਪੌਲੀਵੁੱਡ ਵੱਲ ਮੁਹਾਰਾਂ ਮੋੜ ਦਿੱਤੀਆਂ। ਕੁਝ ਅਜੇ ਹੋਰ ਮੈਦਾਨ ਅੰਦਰ ਡਟੇ ਰਹਿਣ ਦੀ ਇੱਛਾ ਸਦਕਾ ਕਾਫ਼ੀ ਨੁਕਸਾਨ ਕਰਵਾ ਬੈਠੇ। ਆਧੁਨਿਕ ਸੰਗੀਤ ਦੇ ਅਜਗਰ ਨੇ ਸਮੁੱਚੀ ਸੰਗੀਤਕ ਇੰਡਸਟਰੀ ਨੂੰ ਐਸਾ ਵਲੇਵਾਂ ਮਾਰਿਆ ਕਿ ਕਹਿੰਦੇ ਕਹਾਉਂਦੇ ਕਲਾਵਾਨਾਂ ਦੇ ਪੈਰ ਉੱਖੜ ਗਏ ਅਤੇ ਉਨ੍ਹਾ ਵਿਦੇਸ਼ ਜਾ ਕੇ ਸਾਹ ਲਿਆ।
        ਅੱਜ ਪੰਜਾਬੀ ਗਾਇਕੀ ਸਾਹ ਹੀਣ ਹੋ ਕਿਸੇ ਵੱਡੇ ਹੰਬਲੇ ਦੀ ਉਡੀਕ ਵਿੱਚ ਵਕਤ ਕਟੀ ਕਰ ਰਹੀ ਜਾਪਦੀ ਹੈ। ਕੁਝ ਲੋਕ ਉਹ ਵੀ ਨੇ ਜੋ ਆਪੋ ਆਪਣੇ ਜ਼ਰੀਆਂ ਸਦਕਾ ਪੂਰਾ ਰੋਲ ਮਾਂ ਬੋਲੀ ਦੀਆਂ ਜੜਾਂ ਵਿੱਚ ਤੇਲ ਪਾਉਣ ਦਾ ਰੋਲ ਨਿਭਾਉਂਦੇ ਹਨ ਅਤੇ ਗਿਣਤੀ ਦੇ ਕੁਝ ਗਵਈਏ ਹੀ ਨੇ ਜੋ ਆਪਣੇ ਖ਼ਰਚ ਗਾਇਕੀ ਦੇ ਸਿਰ ਤੋਂ ਚਲਾਉਂਦੇ ਨੇ। ਬਾਕੀ ਤਾਂ ਸਿਰਫ਼ ''ਗਲ ਪਿਆ ਢੋਲ ਵਜਾਉਣਾ ਹੀ ਪੈਣੈ'' ਦੇ ਤਰਕ 'ਤੇ ਚਲਦਿਆਂ ਧੂਹ ਘੜੀਸ ਹੀ ਕਰਦੇ ਜਾਪਦੇ ਨੇ। ਕਿੰਨਿਆਂ ਦੇ ਸਾਜਾਂ ਨੂੰ ਜੰਗਾਲ ਨੇ ਘੇਰ ਲਿਐ, ਕਈ ਵਿਚਾਰੇ ਇਸ ਰੰਗਲੇ ਵਪਾਰ ਵਿੱਚ ਪਏ ਘਾਟੇ ਸਦਕਾ ਟੈਂਸ਼ਨ ਦੇ ਮਰੀਜ਼ ਹੋ ਚੁੱਕੇ ਹਨ ਤੇ ਉਨ੍ਹਾਂ ਦੇ ਪਰਿਵਾਰਾਂ ਵਿੱਚ ਵੱਡੇ ਕਲੇਸ਼ ਤੱਕ ਕਹਾਣੀ ਪਹੁੰਚ ਚੁੱਕੀ ਹੈ। ਜਿਹੜੇ ਤਾ ਕੁਝ ਜ਼ਮੀਨਾਂ ਦੇ ਮਾਲਕ ਸੀ, ਉਨ੍ਹਾਂ ਦੀ ਤਾਂ ਕੁਝ ਵਿਕੇ ਬਿੱਘਿਆਂ ਨੇ ਜਾਨ ਸੁਖਾਲੀ ਕਰ ਦਿੱਤੀ ਪਰ ਜਿਹੜੇ ਜੰਮੇ ਹੀ ਸਰਦੇ ਪੁੱਜਦੇ ਘਰਾਂ ਵਿੱਚ ਸਨ, ਉਹ ਤਾਂ ਅਸਲੋਂ ਵਿਹਲੇ ਹੋਣ ਦੀ ਕਗਾਰ 'ਤੇ ਪਹੁੰਚ ਗਏ।
        ਕਲਾਕਾਰ ਵਰਗ ਦੀ ਅਸਲ ਰੋਜੀ ਰੋਟੀ ਅਖਾੜਿਆਂ ਵਿੱਚੋਂ ਉਪਜਦੀ ਹੈ ਜੋ ਅੱਜਕੱਲ੍ਹ ਨਾ ਮਾਤਰ ਦੇ ਬਰਾਬਰ ਲੱਗਦੇ ਹਨ। ਦੂਸਰਾ ਜ਼ਰੀਆ ਇਨ੍ਹਾਂ ਕੋਲੇ ਕੈਸਟ ਕਲਚਰ ਦਾ ਸੀ, ਜਿਸ ਨੂੰ ਇੰਟਰਨੈੱਟ ਰੂਪੀ ਦੈਂਤ ਨੇ ਨਿਗਲ ਲਿਐ। ਪਿੱਛੇ ਅਜਿਹਾ ਕੁਝ ਨਹੀਂ ਬਚਿਆ ਜੋ ਕਲਾਕਾਰ ਦੇ ਖ਼ਰਚੇ ਦੀ ਭਰਪਾਈ ਕਰ ਸਕੇ। ਇੱਕ ਇੱਕ ਗੀਤ 'ਤੇ ਲੱਖਾਂ ਰੁਪਇਆ ਖ਼ਰਚ ਘਰ ਫੂਕ ਤਮਾਸ਼ਾ ਦੇਖਣ ਤੋਂ ਸਿਵਾਏ ਬਹੁਤੇ ਕਲਾਕਾਰਾਂ ਕੋਲ ਅੱਜ ਕੋਈ ਕੰਮ ਨਹੀਂ ਹੈ। ਫਿਰ ਉਸ ਗੀਤ ਨੂੰ ਜੇਕਰ ਚੈਨਲਾਂ 'ਤੇ ਚਲਾਉਣਾ ਹੋਵੇ ਤਾਂ ਪੈਸਾ ਰੂਹ ਨਾਲ ਖ਼ਰਚਣਾ ਪੈਂਦੈ। ਐਡ ਅੱਜਕੱਲ੍ਹ ਐਨੀ ਮਹਿੰਗੀ ਹੋ ਚੁੱਕੀ ਹੈ ਕਿ ਕਈ ਤਾਂ ਚੈਨਲ ਦੇ ਦਰਵਾਜ਼ੇ ਤੋਂ ਹੀ ਵਾਪਸ ਪਰਤ ਆਉਂਦੇ ਨੇ। ਜੇਕਰ ਕੋਈ ਫਿਰ ਵੀ ਇਹ ਕੰਡਿਆਂ ਭਰਿਆ ਸਫ਼ਰ ਤੈਅ ਕਰਨ ਦੀ ਜ਼ੁਰਅਤ ਦਿਖਾਵੇ ਤਾਂ ਘਾਟਾ ਪੂਰਾ ਹੋਣ ਦੀ ਕਈ ਪੀੜ੍ਹੀਆਂ ਤੱਕ ਆਸ ਨਹੀਂ ਬਚਦੀ।
        ਸਿਤਮ ਦੀ ਗੱਲ ਇਹ ਹੈ ਕਿ ਇੰਨਾ ਕੁਝ ਸਹਿਣ ਕਰਨ ਤੋਂ ਬਾਅਦ ਸਾਡੇ ਇਹ ਕਲਾਕਾਰ ਗਾਇਕੀ ਦੀ ਜੰਗ ਦਾ ਖਹਿੜਾ ਕਿਉਂ ਨਹੀਂ ਛੱਡਦੇ। ਆਖਿਰ ਕਿਉਂ ਉਹ ਪੰਜਾਬ ਦੀ ਜੁਆਨੀ ਨੂੰ ਔਜੜੇ ਭਰੇ ਰਾਹਾਂ ਦਾ ਪਾਂਧੀ ਬਣਾਉਣ ਦੇ ਰਾਹੇ ਪਏ ਨੇ। ਉਨ੍ਹਾਂ ਦੀਆਂ ਇਹ ਝੱਲ-ਬਲੱਲੀਆਂ ਪੰਜਾਬ ਦੀਆਂ ਜਾਈਆਂ ਦਾ ਗਣਿਤ ਵਿਗਾੜ ਉਨ੍ਹਾਂ ਨੂੰ ਮੌਤ ਦੇ ਮੂੰਹ ਤੱਕ ਪਹੁੰਚਾ ਰਹੀਆਂ ਨੇ। ਕਿੰਨੇ ਹੀ ਅਜਿਹੇ ਵੱਡੇ ਨਾਂ ਨੇ ਜੋ ਮੰਦੀ ਦੇ ਚਲਦਿਆਂ ਆਪਣੀ ਸਰ-ਜ਼ਮੀਨ ਨੂੰ ਤਿਲਾਂਜਲੀ ਦੇ ਕੇ ਵਿਦੇਸ਼ਾਂ ਦੀ ਚਮਕ ਦਮਕ ਭਰੀ ਧਰਤੀ ਦੇ ਵਾਸੀ ਜਾ ਹੋਏ ਹਨ। ਕਾਰਨ ਭਾਵੇਂ ਕੁਝ ਵੀ ਹੋਣ ਪਰ ਵੱਡੀ ਗਿਣਤੀ ਕਲਾਕਾਰ ਭਾਈਚਾਰਾ ਇੱਕ ਇੱਕ ਕਰਕੇ ਓਪਰੀ ਜ਼ਮੀਨ 'ਤੇ ਪੈਰ ਟਿਕਾਉਣ ਦੀ ਤਾਕ ਵਿੱਚ ਮਾਂ ਬੋਲੀ ਦੀ ਸੇਵਾ ਦਾ ਫ਼ਰਜ਼ ਵੀ ਵਿਸਾਰ ਚੁੱਕਿਆ ਨਜ਼ਰ ਆਉਂਦੈ। ਕੁਝ ਉਹ ਵੀ ਨੇ ਜੋ ਪੱਕੇ ਤੌਰ 'ਤੇ ਬਾਹਰ ਦੇ ਹੋ ਕੇ ਸਿਰਫ਼ ਕੁਝ ਦਿਨਾਂ ਲਈ ਆਪਣੇ ਵਤਨੀਂ ਫੇਰਾ ਪਾਉਂਦੇ ਨੇ, ਉਹ ਵੀ ਚੰਦ ਛਿੱਲੜਾਂ ਖਾਤਰ। ਜਿਹੜੇ ਇਧਰ ਆਪਣਾ ਤੋਰੀ ਫੁਲਕਾ ਚਲਾਉਣ ਦੀ ਆੜ ਹੇਠ ਆਪਣੇ ਰੇਟ ਦੁੱਗਣੇ ਚੌਗੁਣੇ ਕਰੀਂ ਬੈਠੇ ਨੇ ਉਨ੍ਹਾਂ ਦੀ ਕਹਾਣੀ ਬੜੀ ਅਜੀਬ ਹੈ। ਉਨ੍ਹਾਂ ਦੇ ਦਿਲਾਂ ਦੀ ਤਾਰ ਤਾਂ ਸਦਾ ਹੀ ਚਰਖ਼ਾ ਗਰੁੱਪ ਦੀਆਂ ਬਾਤਾਂ ਪਾਉਂਦੀ ਰਹਿੰਦੀ ਹੈ।
        'ਲਾਂਸਰ' ਗੀਤ ਤੋਂ ਆਪਣੀ ਗਾਇਕੀ ਦਾ ਗਣਿਤ ਸ਼ੁਰੂ ਕਰਨ ਵਾਲੇ ਕਲਾਕਾਰ ਦਾ ਅੱਜ 'ਕੁੜੀ ਦੇ ਹੁਸਨ ਨੇ ਵੀ ਯਾਰੋ ਅੱਤ ਕਰਤੀ - ਮੁੰਡਾ ਵੈਲ ਪੁਣੇ ਦੀਆਂ ਚੜ੍ਹੇ ਪੌੜੀਆਂ' ਜਿਹੇ ਮਾੜੇ ਗੀਤ ਸੁਣ ਸਾਹਿਤ ਨੂੰ ਪਿਆਰ ਕਰਨ ਵਾਲੀਆਂ ਰੂਹਾਂ ਦਾ ਇਹ ਆਖਣਾ ਵਾਜਬ ਹੈ ਕਿ ਇਹ ਯਬਲੀਆਂ ਵਾਲੇ ਗਵੱਈਏ ਮਾਂ ਬੋਲੀ ਦੀ ਸਰ-ਜ਼ਮੀਨ ਤੋਂ ਦੂਰ ਹੀ ਰਹਿਣ ਇਸੇ ਵਿੱਚ ਹੀ ਸਾਡੀ ਜੁਆਨੀ ਦੀ ਭਲਾਈ ਹੈ।
        ਕੁਝ ਵੀ ਹੋਵੇ, ਕਈ ਵਧੀਆ ਕਲਾਕਾਰਾਂ ਦੇ ਆਪਣੀ ਧਰਤੀ ਮਾਂ ਨੂੰ ਛੱਡ ਵਿਦੇਸ਼ੀਂ ਉਡਾਰੀਆਂ ਮਾਰਨੀਆਂ ਮਾਂ ਬੋਲੀ ਦੇ ਹੱਕ ਵਿੱਚ ਨਹੀਂ। ਕਿਉਂ ਨਹੀਂ ਇਸੇ ਦੇ ਹੋ ਕੇ ਆਪਣੀ ਜ਼ਿੰਦਗੀ ਦੀ ਗੱਡੀ ਸਹੀ ਪਟੜੀ 'ਤੇ ਪਾ ਕੇ ਚਲਾਉਣ ਦੀ ਕੋਸ਼ਿਸ਼ ਕਰਦੇ। ਇਸ ਸਾਰੇ ਘਟਨਾ ਕ੍ਰਮ 'ਤੇ ਝਾਤੀ ਮਾਰਦਿਆਂ ਇਨ੍ਹਾਂ ਕਲਾਕਾਰਾਂ ਵੱਲੋਂ ਇਸ ਨੂੰ ਆਪਣੀ ਮਾਂ ਬੋਲੀ ਨਾਲ ਵਿਸ਼ਵਾਸਘਾਤ ਹੀ ਮੰਨਿਆ ਜਾਵੇਗਾ।

ਮਨਜਿੰਦਰ ਸਿੰਘ ਸਰੌਦ
ਫ਼ੋਨ : 94634-63136

20 Nov. 2018

ਦੁਰ ਫਿੱਟੇ ਮੂੰਹ ਅਜਿਹੇ ਕਲਾਕਾਰਾਂ ਦੀ ਸੋਚ ਦੇ - ਮਨਜਿੰਦਰ ਸਿੰਘ ਸਰੌਦ

ਜੇਕਰ ਇੱਕ ਦਹਾਕੇ ਤੋਂ ਪਹਿਲਾਂ ਦੀ ਪੰਜਾਬੀ ਗਾਇਕੀ ਤੇ ਪੜਚੋਲਵੀਂ ਨਜ਼ਰ ਮਾਰੀਏ ਤਾਂ ਹੁਣ ਦੇ ਮੁਕਾਬਲੇ ਸ਼ਾਇਦ ਉਹ ਪਲ ਕਾਫੀ ਹੱਦ ਤੱਕ ਰਾਹਤ ਭਰੇ ਸਨ। ਕੁਝ ਇੱਕ ਨੂੰ ਛੱਡ ਕੇ ਬਹੁਤੇ ਗੀਤਾਂ ਨੂੰ ਆਪਣਿਆਂ ਵਿੱਚ ਬੈਠ ਕੇ ਸੁਣਿਆ ਜਾ ਸਕਦਾ ਸੀ। ਸਮੇਂ ਦੀ ਬਦਲੀ ਦਿਸ਼ਾ ਅਤੇ ਦਸ਼ਾ ਨੇ ਅਜਿਹਾ ਆਲਮ ਸਿਰਜ ਦਿੱਤਾ ਕਿ ਅੱਜ ਦੀ ਬਹੁਤੀ ਗਾਇਕੀ  ਆਪਣਿਆਂ ਵਿੱਚ ਤਾਂ ਦੂਰ ਦੀ ਗੱਲ, ਕੱਲੇ ਬੈਠ ਕੇ ਵੀ ਸੁਣਨਯੋਗ ਨਹੀਂ ਰਹੀ।
ਇੱਕ ਸਵਾਲ ਜੋ ਵਾਰ ਵਾਰ ਉੱਠਦੈ ਹੈ ਕਿ ਆਖਰ ਜਬਲੀਆਂ ਵਾਲੇ ਕਲਾਕਾਰਾਂ ਨੂੰ ਮਾਨਤਾ ਦੇ ਕੇ ਪ੍ਰਮੋਟ ਕੌਣ ਕਰ ਰਿਹੈ ਤੇ ਕਿਸ ਨੇ ਕੀਤਾ ਹੈ ਇਹ ਕਸੂਰ ਕਿਸ ਦਾ ਹੈ ਤਾਂ ਜ਼ਿਹਨ ਤੇ ਜੋ ਜਵਾਬ ਤੈਰਨ ਲੱਗਦਾ ਹੈ ਕਿ ਕਿਤੇ ਨਾ ਕਿਤੇ ਸੁਣਨ ਵਾਲੇ ਵੀ ਵੱਡੀ ਹੱਦ ਤੱਕ ਜ਼ਿੰਮੇਵਾਰ ਨੇ ਜੇਕਰ ਅਸੀ ਇਨ੍ਹਾਂ ਲੋਕਾਂ ਨੂੰ ਮੌਕਾ ਹੀ ਨਹੀਂ ਦੇਵਾਂਗੇ ਤਾਂ ਮਾੜਾ ਤੇ ਬੇਹਿਆਤ ਗੀਤ ਗਾਉਣ ਤੋਂ ਪਹਿਲਾਂ ਇਹ ਲੋਕ ਸੌ ਵਾਰ ਸੋਚਣਗੇ। ਅਸੀਂ ਇਨ੍ਹਾਂ ਨਾਲ ਮਿੱਤਰਤਾ ਗੰਢ ਕੇ ਯਾਰੀਆਂ ਪਾ ਆਪਣੇ ਹੀ ਵਿਰਸੇ ਦੀ ਦੁਰਗਤੀ ਕਰਵਾਉਣ ਵਿੱਚ ਬਰਾਬਰ ਦੇ ਭਾਈਵਾਲ ਬਣਦੇ ਹਾਂ। ਕਦੇ ਕਦੇ ਕਿਸੇ ਪਾਸਿਓਂ ਸੰਗੀਤਕ ਸਫ਼ਰ ਦੀ ਗੰਧਲੀ ਹੋ ਚੁੱਕੀ ਆਬੋ ਹਵਾ ਦੇ ਵਿੱਚੋਂ ਠੰਢੀ ਹਵਾ ਦਾ ਬੁੱਲਾ ਜ਼ਰੂਰ ਆਉਂਦਾ ਹੈ ਜਦ ਕੋਈ ਸੂਝਵਾਨ ਸਰੋਤਾ ਀ਿ?ਨ੍ਹਾਂ ਨੂੰ  ਸਵਾਲ ਕਰਦੈ ਕਿ ਤੁਸੀਂ ਕੱਚ ਘਰੜ ਗੀਤਾਂ ਰਾਹੀਂ ਕਿਹੜੇ ਸੱਭਿਆਚਾਰ ਦੀ ਸੇਵਾ ਕਰ ਰਹੇ ਹੋ ਤਾਂ ਇਨ੍ਹਾਂ ਅਖੌਤੀ ਗਵੱਈਆਂ ਦੇ ਚਿਹਰੇ ਤੇ ਬਾਰਾਂ ਵੱਜ ਜਾਂਦੇ ਨੇ ਤੇ ਇਹ ਪਸੀਨੇ ਨਾਲ ਭਿੱਜ ਕੇ ਇੱਕੋ ਰੱਟਿਆ ਰਟਾਇਆ ਜਵਾਬ ਦਿੰਦੇ ਹਨ ਕਿ ਅਸੀਂ ਤਾਂ ਜੀ ਉਹ ਗਾਉਂਦੇ ਹਾਂ ਜੋ ਨੌਜਵਾਨ ਸੁਣਦੇ ਨੇ।
ਇਨ੍ਹਾਂ ਕਲਾਕਾਰਾਂ ਦੇ ਦਿਮਾਗ ਦੀ ਸੂਈ ਪਤਾ ਨਹੀਂ ਕਿਉਂ ਇੱਥੇ ਹੀ ਅਟਕੀ ਪਈ ਹੈ। ਕੋਈ ਇਨ੍ਹਾਂ ਨੂੰ ਪੁੱਛੇ ਬਈ ਭਲੇਮਾਣਸੋ ਗੀਤ ਸੰਗੀਤ ਦੀ ਲੋੜ ਕੇਵਲ ਨੌਜਵਾਨਾਂ ਨੂੰ ਹੀ ਹੈ ਬਜ਼ੁਰਗ ਬੱਚੇ ਔਰਤਾਂ ਕਿੱਧਰ ਜਾਣਗੇ ਉਹ ਕਿੱਥੇ ਜਾ ਕੇ ਆਪਣੇ ਹਾਣ ਦਾ ਗੀਤ ਸੰਗੀਤ ਭਾਲਣ। ਸਾਡੀ ਨੌਜਵਾਨੀ ਕਿਸ ਕਦਰ ਇਨ੍ਹਾਂ ਫੁਕਰਾਪੰਥੀ ਕਲਾਕਾਰਾਂ ਦੀ ਦੀਵਾਨੀ ਹੈ ਉਸ ਦੀ ਉਦਾਹਰਨ ਇਸ ਵਰਤਾਰੇ ਤੋਂ ਸਾਫ਼ ਝਲਕਦੀ ਹੈ ਕਿ ਕਿੱਡੇ ਚੰਦਰੇ ਚੰਦਰੇ ਨਾਵਾਂ ਵਾਲੇ ਕਲਾਕਾਰਾਂ ਨੂੰ ਵੀ ਨੌਜਵਾਨੀ ਅੱਖ ਪਲਕਾਂ ਤੇ ਬਿਠਾਉਣੋ ਬਾਜ ਨਹੀਂ ਆਉਂਦੀ। ਝੱਲ ਵਲੱਲੀਆਂ ਮਾਰਨ ਵਾਲੇ ਇਨ੍ਹਾਂ ਫ਼ਨਕਾਰਾਂ ਵੱਲੋਂ ਬੜੇ ਭੱਦੇ ਭੱਦੇ ਨਾਵਾਂ ਥੱਲੇ ਆਪਣੇ ਗਰੁੱਪ ਕਾਇਮ ਕਰਕੇ ਗੰਦ ਖਿਲਾਰਿਆ ਜਾ ਰਿਹੈ। ਲੰਘੇ ਦਿਨੀਂ ਮੈਨੂੰ ਇੱਕ ਨਿੱਜੀ ਚੈਨਲ ਤੇ ਪ੍ਰੋਗਰਾਮ ਕਰਦੇ ਸਮੇਂ ਕਈ ਸਵਾਲ ਇੱਕ ਅਜੀਬ ਜਿਹੇ ਨਾਮ ਦੇ ਬੈਨਰ ਹੇਠ ਗਾਇਕੀ ਦਾ ਕੀੜਾ ਸ਼ਾਂਤ ਕਰਦੇ ਕੁੱਝ ਇੱਕ ਨੌਜਵਾਨਾਂ ਦੇ ਸੰਬੰਧ ਵਿੱਚ ਸਰੋਤਿਆਂ ਨੇ ਕੀਤੇ।
ਸੋਸ਼ਲ ਮੀਡੀਆ ਤੇ ਇਸ ਗਰੁੱਪ ਦਾ ਨਾਮ ,ਦਾ ਲੰਡਰਜ, ਦੱਸਿਆ ਜਾ ਰਿਹਾ ਹੈ ਪਿਛਲੇ ਸਮੇਂ ਇਨ੍ਹਾਂ ਅਣਸਿੱਖ ਕਲਾਕਾਰਾਂ ਨੇ ਰੱਜ ਕੇ ਗੰਦ ਬਕਿਆ ਹੈ ਜਿਸ ਨੂੰ ਮੈਂ ਬਿਆਨ ਨਹੀਂ ਕਰ ਸਕਦਾ। ਪੰਜਾਬੀਆਂ ਦੀਆਂ ਧੀਆਂ ਬਾਰੇ ਅਜਿਹੀਆਂ ਗੱਲਾਂ ਇਨ੍ਹਾਂ ਨੇ ਕੀਤੀਆਂ ਨੇ ਜਿਨ੍ਹਾਂ ਨੂੰ ਸੁਣ ਸ਼ਰਮ ਨਾਲ ਸਿਰ ਝੁਕ ਜਾਵੇ। ਕਲਾਕਾਰੋ ਜਵਾਬ ਨਹੀਂ ਤੁਹਾਡੀ ਸੋਚ ਤੇ ਅਕਲ ਦਾ ਤੁਸੀਂ ਤਾਂ ਆਪਣੇ ਹੀ ਵਿਰਸੇ ਅਤੇ ਸੱਭਿਆਚਾਰ ਦੇ ਮੱਥੇ ਤੇ ਕਲੰਕ ਬਣ ਕੇ ਬੈਠ ਗਏ।
ਅਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਚੰਗਾ ਗਾਉਣ ਵਾਲਿਆਂ ਨੂੰ ਪੁੱਛਦਾ ਕੌਣ ਹੈ। ਹਫਤਾ ਕੁ ਲੰਘੇ ਇੱਕ ਵਿਆਹ ਦੌਰਾਨ ਵਧੀਆ ਗਾਇਕੀ ਦੇ ਵਾਰਿਸ ਸੱਭਿਅਕ ਗੀਤਾਂ ਨੂੰ ਪ੍ਰਣਾਈ ਸੋਚ ਦੇ ਮਾਲਕ ਗਾਇਕ ਸੁਖਵਿੰਦਰ ਸਿੰਘ ਸੁੱਖੀ ਦਾ ਕੁੱਝ ਸਮੇਂ ਲਈ ਅਖਾੜਾ ਸੁਣਿਆ ਜਿਸ ਨੂੰ ਸ਼ਰਾਬੀ ਸਰੋਤਿਆਂ ਅਤੇ ਬਾਕੀ ਬਰਾਤੀਆਂ ਨੇ ਰੂਹ ਨਾਲ ਪੁਰਾਣੇ ਕਲਾਕਾਰਾਂ ਦੀ ਤਰ੍ਹਾਂ ਮਾਣ ਦਿੱਤਾ ਇੱਕ ਵੀ ਗੀਤ ਇਸ ਸਾਊ ਕਲਾਕਾਰ ਨੇ ਅਜਿਹਾ ਨਹੀਂ ਗਾਇਆ ਜਿਸ ਨੂੰ ਸਾਡਾ ਸਮਾਜ ਪ੍ਰਵਾਨ ਨਾ ਕਰਦਾ ਹੋਵੇ। ਜੇ ਸੋਚੀਏ ਤਾਂ ਉਸ ਕਲਾਕਾਰ ਦਾ ਚੁਲ੍ਹਾ ਵੀ ਵਧੀਆ ਗੀਤਾਂ ਦੇ ਸਿਰ ਤੇ ਚੰਗਾ ਬਲਦੈ। ਆਹ ਲੰਡਰ ਭਾਈਚਾਰੇ ਨੂੰ ਅਜਿਹੀ ਕਿਹੜੀ ਭੀੜ ਪਈ ਹੈ ਬਈ ਇਹ ਊਲ ਜਲੂਲ ਬਕੀ ਜਾਂਦੇ ਨੇ।
ਇਨ੍ਹਾਂ ਨੂੰ ਇੱਕ ਰਾਏ ਦੇਣੀ ਚਾਹਾਂਗਾ ਕਿ ਵਧੀਆ ਗੀਤ ਗਾਉਣ ਵਾਲੇ ਵੀ ਚੰਗੀ ਜ਼ਿੰਦਗੀ ਬਸਰ ਕਰਦੇ ਨੇ ਤੁਸੀਂ ਕਿਉਂ ਖਰੂਦ ਪਾ ਕੇ ਸਮਾਜ ਅੰਦਰ ਨੈਤਿਕ ਕਦਰਾਂ ਕੀਮਤਾਂ ਨੂੰ ਤਹਿਸ ਨਹਿਸ ਕਰਦੇ ਹੋ। ਧਿਆਨ ਦਿਉ ਜ਼ਰਾ ਸੀਡੀ ਲਾ ਕੇ ਗਾਉਣ ਵਾਲਿਓ ਕਿਉਂ ਨਹੀਂ ਤੁਸੀਂ ਵੀ ,ਦੁਨੀਆਂ ਤੇ ਸਭ ਤੋਂ ਪਿਆਰਾ ਹੁੰਦਾ ਪਤੀ ਨਾਰ, ਨੂੰ ਵਰਗੇ ਵਧੀਆ ਗੀਤਾਂ ਦੀ ਮਾਲਕ ਗਾਇਕਾ ਬੀਬੀ ਦੇ ਗੀਤਾਂ ਤੋਂ ਸੇਧ ਲੈ ਕੇ ਗੀਤ ਲਿਖਦੇ ਜਾਂ ਗਾਉਂਦੇ। ਤੁਹਾਡੇ ਨਾਲੋਂ ਤਾਂ ਕਰਨਾਟਕ ਦਾ ਪ੍ਰੋਫੈਸਰ ਪੰਡਤ ਰਾਓ ਧਰੇਨਵਰ ਹੀ ਚੰਗਾ ਹੈ ਜਿਹੜਾ ਦੂਜੇ ਸੂਬੇ ਵਿੱਚ ਆ ਕੇ ਵੀ ਉੱਥੋਂ ਦੀ ਮਾਂ ਬੋਲੀ  ਨੂੰ ਪਿਆਰ ਕਰਦਾ ਹੈ!
ਮੇਰੇ ਖਿਆਲ ਮੁਤਾਬਕ ਅਗਲਾ ਸਮਾਂ ਅਜਿਹਾ ਆਏਗਾ ਕਿ ਜੇਕਰ ਅਖੌਤੀ ਗਵੱਈਆਂ ਨੇ ਆਪਣੇ ਖ਼ਰਚੇ ਅਤੇ ਖਾਹਿਸ਼ਾਂ ਨੂੰ ਇਸੇ ਤਰ੍ਹਾਂ ਵਧਾ ਕੇ ਨੌਜਵਾਨੀ ਨੂੰ ਗਲਤ ਰਸਤੇ ਤੇ ਤੋਰੀ ਰੱਖਿਆ ਤਾਂ ਇਹ ਵੀ ਖੁਦਕੁਸ਼ੀਆਂ ਦੇ ਰਾਹ ਪੈਣਗੇ। ਕਿਉਂਕਿ ਜੋ ਇਨਸਾਨ ਆਪਣੀ ਹਵਸ ਤੇ ਸੋਹਰਤ ਖਾਤਰ ਸਮਾਜ ਨੂੰ ਵਿਗਾੜਦਾ ਹੈ ਆਖਰ ਉਹ ਆਪਣੇ ਹੀ ਬੁਣੇ ਜਾਲ ਵਿੱਚ ਫਸ ਕੇ ਦਮ ਤੋੜ ਦਿੰਦਾ ਹੈ। ਸੋ ਸੰਭਲ ਸਕਦੇ ਹੋ ਤਾਂ ਸੰਭਲ ਜਾਵੋ ਸਮਾਂ ਹੱਥਾਂ ਵਿੱਚੋਂ ਰੇਤ ਦੀ ਤਰ੍ਹਾਂ ਕਿਰਦਾ ਜਾ ਰਿਹਾ ਹੈ

ਮਨਜਿੰਦਰ ਸਿੰਘ ਸਰੌਦ
ਪ੍ਰਚਾਰ ਸਕੱਤਰ
ਵਿਸ਼ਵ ਪੰਜਾਬੀ ਲੇਖਕ ਮੰਚ
9463463136

30 Oct. 2018

ਦੁਰ ਫਿੱਟੇ ਮੂੰਹ ਅਜਿਹੇ ਕਲਾਕਾਰਾਂ ਦੀ ਸੋਚ ਦੇ - ਮਨਜਿੰਦਰ ਸਿੰਘ ਸਰੌਦ

ਜੇਕਰ ਇੱਕ ਦਹਾਕੇ ਤੋਂ ਪਹਿਲਾਂ ਦੀ ਪੰਜਾਬੀ ਗਾਇਕੀ ਤੇ ਪੜਚੋਲਵੀਂ ਨਜ਼ਰ ਮਾਰੀਏ ਤਾਂ ਹੁਣ ਦੇ ਮੁਕਾਬਲੇ ਸ਼ਾਇਦ ਉਹ ਪਲ ਕਾਫੀ ਹੱਦ ਤੱਕ ਰਾਹਤ ਭਰੇ ਸਨ। ਕੁਝ ਇੱਕ ਨੂੰ ਛੱਡ ਕੇ ਬਹੁਤੇ ਗੀਤਾਂ ਨੂੰ ਆਪਣਿਆਂ ਵਿੱਚ ਬੈਠ ਕੇ ਸੁਣਿਆ ਜਾ ਸਕਦਾ ਸੀ। ਸਮੇਂ ਦੀ ਬਦਲੀ ਦਿਸ਼ਾ ਅਤੇ ਦਸ਼ਾ ਨੇ ਅਜਿਹਾ ਆਲਮ ਸਿਰਜ ਦਿੱਤਾ ਕਿ ਅੱਜ ਦੀ ਬਹੁਤੀ ਗਾਇਕੀ   ਆਪਣਿਆਂ ਵਿੱਚ ਤਾਂ ਦੂਰ ਦੀ ਗੱਲ, ਕੱਲੇ ਬੈਠ ਕੇ ਵੀ ਸੁਣਨਯੋਗ ਨਹੀਂ ਰਹੀ।
ਇੱਕ ਸਵਾਲ ਜੋ ਵਾਰ ਵਾਰ ਉੱਠਦੈ ਹੈ ਕਿ ਆਖਰ ਜਬਲੀਆਂ ਵਾਲੇ ਕਲਾਕਾਰਾਂ ਨੂੰ ਮਾਨਤਾ ਦੇ ਕੇ ਪ੍ਰਮੋਟ ਕੌਣ ਕਰ ਰਿਹੈ ਤੇ ਕਿਸ ਨੇ ਕੀਤਾ ਹੈ ਇਹ ਕਸੂਰ ਕਿਸ ਦਾ ਹੈ ਤਾਂ ਜ਼ਿਹਨ ਤੇ ਜੋ ਜਵਾਬ ਤੈਰਨ ਲੱਗਦਾ ਹੈ ਕਿ ਕਿਤੇ ਨਾ ਕਿਤੇ ਸੁਣਨ ਵਾਲੇ ਵੀ ਵੱਡੀ ਹੱਦ ਤੱਕ ਜ਼ਿੰਮੇਵਾਰ ਨੇ ਜੇਕਰ ਅਸੀ ਇਨ੍ਹਾਂ ਲੋਕਾਂ ਨੂੰ ਮੌਕਾ ਹੀ ਨਹੀਂ ਦੇਵਾਂਗੇ ਤਾਂ ਮਾੜਾ ਤੇ ਬੇਹਿਆਤ ਗੀਤ ਗਾਉਣ ਤੋਂ ਪਹਿਲਾਂ ਇਹ ਲੋਕ ਸੌ ਵਾਰ ਸੋਚਣਗੇ। ਅਸੀਂ ਇਨ੍ਹਾਂ ਨਾਲ ਮਿੱਤਰਤਾ ਗੰਢ ਕੇ ਯਾਰੀਆਂ ਪਾ ਆਪਣੇ ਹੀ ਵਿਰਸੇ ਦੀ ਦੁਰਗਤੀ ਕਰਵਾਉਣ ਵਿੱਚ ਬਰਾਬਰ ਦੇ ਭਾਈਵਾਲ ਬਣਦੇ ਹਾਂ। ਕਦੇ ਕਦੇ ਕਿਸੇ ਪਾਸਿਓਂ ਸੰਗੀਤਕ ਸਫ਼ਰ ਦੀ ਗੰਧਲੀ ਹੋ ਚੁੱਕੀ ਆਬੋ ਹਵਾ ਦੇ ਵਿੱਚੋਂ ਠੰਢੀ ਹਵਾ ਦਾ ਬੁੱਲਾ ਜ਼ਰੂਰ ਆਉਂਦਾ ਹੈ ਜਦ ਕੋਈ ਸੂਝਵਾਨ ਸਰੋਤਾ ਿਿਨ੍ਹਾਂ ਨੂੰ  ਸਵਾਲ ਕਰਦੈ ਕਿ ਤੁਸੀਂ ਕੱਚ ਘਰੜ ਗੀਤਾਂ ਰਾਹੀਂ ਕਿਹੜੇ ਸੱਭਿਆਚਾਰ ਦੀ ਸੇਵਾ ਕਰ ਰਹੇ ਹੋ ਤਾਂ ਇਨ੍ਹਾਂ ਅਖੌਤੀ ਗਵੱਈਆਂ ਦੇ ਚਿਹਰੇ ਤੇ ਬਾਰਾਂ ਵੱਜ ਜਾਂਦੇ ਨੇ ਤੇ ਇਹ ਪਸੀਨੇ ਨਾਲ ਭਿੱਜ ਕੇ ਇੱਕੋ ਰੱਟਿਆ ਰਟਾਇਆ ਜਵਾਬ ਦਿੰਦੇ ਹਨ ਕਿ ਅਸੀਂ ਤਾਂ ਜੀ ਉਹ ਗਾਉਂਦੇ ਹਾਂ ਜੋ ਨੌਜਵਾਨ ਸੁਣਦੇ ਨੇ।
ਇਨ੍ਹਾਂ ਕਲਾਕਾਰਾਂ ਦੇ ਦਿਮਾਗ ਦੀ ਸੂਈ ਪਤਾ ਨਹੀਂ ਕਿਉਂ ਇੱਥੇ ਹੀ ਅਟਕੀ ਪਈ ਹੈ। ਕੋਈ ਇਨ੍ਹਾਂ ਨੂੰ ਪੁੱਛੇ ਬਈ ਭਲੇਮਾਣਸੋ ਗੀਤ ਸੰਗੀਤ ਦੀ ਲੋੜ ਕੇਵਲ ਨੌਜਵਾਨਾਂ ਨੂੰ ਹੀ ਹੈ ਬਜ਼ੁਰਗ ਬੱਚੇ ਔਰਤਾਂ ਕਿੱਧਰ ਜਾਣਗੇ ਉਹ ਕਿੱਥੇ ਜਾ ਕੇ ਆਪਣੇ ਹਾਣ ਦਾ ਗੀਤ ਸੰਗੀਤ ਭਾਲਣ। ਸਾਡੀ ਨੌਜਵਾਨੀ ਕਿਸ ਕਦਰ ਇਨ੍ਹਾਂ ਫੁਕਰਾਪੰਥੀ ਕਲਾਕਾਰਾਂ ਦੀ ਦੀਵਾਨੀ ਹੈ ਉਸ ਦੀ ਉਦਾਹਰਨ ਇਸ ਵਰਤਾਰੇ ਤੋਂ ਸਾਫ਼ ਝਲਕਦੀ ਹੈ ਕਿ ਕਿੱਡੇ ਚੰਦਰੇ ਚੰਦਰੇ ਨਾਵਾਂ ਵਾਲੇ ਕਲਾਕਾਰਾਂ ਨੂੰ ਵੀ ਨੌਜਵਾਨੀ ਅੱਖ ਪਲਕਾਂ ਤੇ ਬਿਠਾਉਣੋ ਬਾਜ ਨਹੀਂ ਆਉਂਦੀ। ਝੱਲ ਵਲੱਲੀਆਂ ਮਾਰਨ ਵਾਲੇ ਇਨ੍ਹਾਂ ਫ਼ਨਕਾਰਾਂ ਵੱਲੋਂ ਬੜੇ ਭੱਦੇ ਭੱਦੇ ਨਾਵਾਂ ਥੱਲੇ ਆਪਣੇ ਗਰੁੱਪ ਕਾਇਮ ਕਰਕੇ ਗੰਦ ਖਿਲਾਰਿਆ ਜਾ ਰਿਹੈ। ਲੰਘੇ ਦਿਨੀਂ ਮੈਨੂੰ ਇੱਕ ਨਿੱਜੀ ਚੈਨਲ ਤੇ ਪ੍ਰੋਗਰਾਮ ਕਰਦੇ ਸਮੇਂ ਕਈ ਸਵਾਲ ਇੱਕ ਅਜੀਬ ਜਿਹੇ ਨਾਮ ਦੇ ਬੈਨਰ ਹੇਠ ਗਾਇਕੀ ਦਾ ਕੀੜਾ ਸ਼ਾਂਤ ਕਰਦੇ ਕੁੱਝ ਇੱਕ ਨੌਜਵਾਨਾਂ ਦੇ ਸੰਬੰਧ ਵਿੱਚ ਸਰੋਤਿਆਂ ਨੇ ਕੀਤੇ।
ਸੋਸ਼ਲ ਮੀਡੀਆ ਤੇ ਇਸ ਗਰੁੱਪ ਦਾ ਨਾਮ ,ਦਾ ਲੰਡਰਜ, ਦੱਸਿਆ ਜਾ ਰਿਹਾ ਹੈ ਪਿਛਲੇ ਸਮੇਂ ਇਨ੍ਹਾਂ ਅਣਸਿੱਖ ਕਲਾਕਾਰਾਂ ਨੇ ਰੱਜ ਕੇ ਗੰਦ ਬਕਿਆ ਹੈ ਜਿਸ ਨੂੰ ਮੈਂ ਬਿਆਨ ਨਹੀਂ ਕਰ ਸਕਦਾ। ਪੰਜਾਬੀਆਂ ਦੀਆਂ ਧੀਆਂ ਬਾਰੇ ਅਜਿਹੀਆਂ ਗੱਲਾਂ ਇਨ੍ਹਾਂ ਨੇ ਕੀਤੀਆਂ ਨੇ ਜਿਨ੍ਹਾਂ ਨੂੰ ਸੁਣ ਸ਼ਰਮ ਨਾਲ ਸਿਰ ਝੁਕ ਜਾਵੇ। ਕਲਾਕਾਰੋ ਜਵਾਬ ਨਹੀਂ ਤੁਹਾਡੀ ਸੋਚ ਤੇ ਅਕਲ ਦਾ ਤੁਸੀਂ ਤਾਂ ਆਪਣੇ ਹੀ ਵਿਰਸੇ ਅਤੇ ਸੱਭਿਆਚਾਰ ਦੇ ਮੱਥੇ ਤੇ ਕਲੰਕ ਬਣ ਕੇ ਬੈਠ ਗਏ।
ਅਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਚੰਗਾ ਗਾਉਣ ਵਾਲਿਆਂ ਨੂੰ ਪੁੱਛਦਾ ਕੌਣ ਹੈ। ਹਫਤਾ ਕੁ ਲੰਘੇ ਇੱਕ ਵਿਆਹ ਦੌਰਾਨ ਵਧੀਆ ਗਾਇਕੀ ਦੇ ਵਾਰਿਸ ਸੱਭਿਅਕ ਗੀਤਾਂ ਨੂੰ ਪ੍ਰਣਾਈ ਸੋਚ ਦੇ ਮਾਲਕ ਗਾਇਕ ਸੁਖਵਿੰਦਰ ਸਿੰਘ ਸੁੱਖੀ ਦਾ ਕੁੱਝ ਸਮੇਂ ਲਈ ਅਖਾੜਾ ਸੁਣਿਆ ਜਿਸ ਨੂੰ ਸ਼ਰਾਬੀ ਸਰੋਤਿਆਂ ਅਤੇ ਬਾਕੀ ਬਰਾਤੀਆਂ ਨੇ ਰੂਹ ਨਾਲ ਪੁਰਾਣੇ ਕਲਾਕਾਰਾਂ ਦੀ ਤਰ੍ਹਾਂ ਮਾਣ ਦਿੱਤਾ ਇੱਕ ਵੀ ਗੀਤ ਇਸ ਸਾਊ ਕਲਾਕਾਰ ਨੇ ਅਜਿਹਾ ਨਹੀਂ ਗਾਇਆ ਜਿਸ ਨੂੰ ਸਾਡਾ ਸਮਾਜ ਪ੍ਰਵਾਨ ਨਾ ਕਰਦਾ ਹੋਵੇ। ਜੇ ਸੋਚੀਏ ਤਾਂ ਉਸ ਕਲਾਕਾਰ ਦਾ ਚੁਲ੍ਹਾ ਵੀ ਵਧੀਆ ਗੀਤਾਂ ਦੇ ਸਿਰ ਤੇ ਚੰਗਾ ਬਲਦੈ। ਆਹ ਲੰਡਰ ਭਾਈਚਾਰੇ ਨੂੰ ਅਜਿਹੀ ਕਿਹੜੀ ਭੀੜ ਪਈ ਹੈ ਬਈ ਇਹ ਊਲ ਜਲੂਲ ਬਕੀ ਜਾਂਦੇ ਨੇ।
ਇਨ੍ਹਾਂ ਨੂੰ ਇੱਕ ਰਾਏ ਦੇਣੀ ਚਾਹਾਂਗਾ ਕਿ ਵਧੀਆ ਗੀਤ ਗਾਉਣ ਵਾਲੇ ਵੀ ਚੰਗੀ ਜ਼ਿੰਦਗੀ ਬਸਰ ਕਰਦੇ ਨੇ ਤੁਸੀਂ ਕਿਉਂ ਖਰੂਦ ਪਾ ਕੇ ਸਮਾਜ ਅੰਦਰ ਨੈਤਿਕ ਕਦਰਾਂ ਕੀਮਤਾਂ ਨੂੰ ਤਹਿਸ ਨਹਿਸ ਕਰਦੇ ਹੋ। ਧਿਆਨ ਦਿਉ ਜ਼ਰਾ ਸੀਡੀ ਲਾ ਕੇ ਗਾਉਣ ਵਾਲਿਓ ਕਿਉਂ ਨਹੀਂ ਤੁਸੀਂ ਵੀ ,ਦੁਨੀਆਂ ਤੇ ਸਭ ਤੋਂ ਪਿਆਰਾ ਹੁੰਦਾ ਪਤੀ ਨਾਰ, ਨੂੰ ਵਰਗੇ ਵਧੀਆ ਗੀਤਾਂ ਦੀ ਮਾਲਕ ਗਾਇਕਾ ਬੀਬੀ ਦੇ ਗੀਤਾਂ ਤੋਂ ਸੇਧ ਲੈ ਕੇ ਗੀਤ ਲਿਖਦੇ ਜਾਂ ਗਾਉਂਦੇ। ਤੁਹਾਡੇ ਨਾਲੋਂ ਤਾਂ ਕਰਨਾਟਕ ਦਾ ਪ੍ਰੋਫੈਸਰ ਪੰਡਤ ਰਾਓ ਧਰੇਨਵਰ ਹੀ ਚੰਗਾ ਹੈ ਜਿਹੜਾ ਦੂਜੇ ਸੂਬੇ ਵਿੱਚ ਆ ਕੇ ਵੀ ਉੱਥੋਂ ਦੀ ਮਾਂ ਬੋਲੀ   ਨੂੰ ਪਿਆਰ ਕਰਦਾ ਹੈ!
ਮੇਰੇ ਖਿਆਲ ਮੁਤਾਬਕ ਅਗਲਾ ਸਮਾਂ ਅਜਿਹਾ ਆਏਗਾ ਕਿ ਜੇਕਰ ਅਖੌਤੀ ਗਵੱਈਆਂ ਨੇ ਆਪਣੇ ਖ਼ਰਚੇ ਅਤੇ ਖਾਹਿਸ਼ਾਂ ਨੂੰ ਇਸੇ ਤਰ੍ਹਾਂ ਵਧਾ ਕੇ ਨੌਜਵਾਨੀ ਨੂੰ ਗਲਤ ਰਸਤੇ ਤੇ ਤੋਰੀ ਰੱਖਿਆ ਤਾਂ ਇਹ ਵੀ ਖੁਦਕੁਸ਼ੀਆਂ ਦੇ ਰਾਹ ਪੈਣਗੇ। ਕਿਉਂਕਿ ਜੋ ਇਨਸਾਨ ਆਪਣੀ ਹਵਸ ਤੇ ਸੋਹਰਤ ਖਾਤਰ ਸਮਾਜ ਨੂੰ ਵਿਗਾੜਦਾ ਹੈ ਆਖਰ ਉਹ ਆਪਣੇ ਹੀ ਬੁਣੇ ਜਾਲ ਵਿੱਚ ਫਸ ਕੇ ਦਮ ਤੋੜ ਦਿੰਦਾ ਹੈ। ਸੋ ਸੰਭਲ ਸਕਦੇ ਹੋ ਤਾਂ ਸੰਭਲ ਜਾਵੋ ਸਮਾਂ ਹੱਥਾਂ ਵਿੱਚੋਂ ਰੇਤ ਦੀ ਤਰ੍ਹਾਂ ਕਿਰਦਾ ਜਾ ਰਿਹਾ ਹੈ 

ਮਨਜਿੰਦਰ ਸਿੰਘ ਸਰੌਦ
ਪ੍ਰਚਾਰ ਸਕੱਤਰ
ਵਿਸ਼ਵ ਪੰਜਾਬੀ ਲੇਖਕ ਮੰਚ
9463463136

26 Oct. 2018

ਹੁਣ ਤਾਂ ਬੁੱਢੇ ਬੋਹੜ ਦੀਆਂ ਛਾਵਾਂ ਉਦਾਸ ਨੇ... - ਮਨਜਿੰਦਰ ਸਿੰਘ ਸਰੌਦ

ਕਿੰਨੇ ਭਲੇ ਵੇਲੇ ਸਨ ਜਦੋਂ ਸ਼ਾਮ ਨੂੰ ਸੱਥਾ ਜੁੜਦੀਆਂ ਸਨ। ਬਜ਼ੁਰਗ,ਨਿੱਕੇ ਨਿਆਣੇ ਤੇ ਜਵਾਨ ਇਕੱਠੇ ਹੋ ਕੇ ਇੱਕ ਦੂਜੇ ਨੂੰ ਠਹਾਕੇ ਲਾ ਕੇ ਟਿੱਚਰਾਂ ਕਰ ਮਹੌਲ ਨੂੰ ਰੰਗੀਨ ਬਣਾ ਦਿੰਦੇ ਸਨ। ਪਿੱਪਲਾਂ ਤੇ ਬੋਹੜਾਂ ਥੱਲੇ ਅੱਜ ਸੁੰਨੀ ਧਰਤ ਭਾਂ ਭਾਂ ਕਰਦੀ ਕਾਲਜੇ ਨੂੰ ਚੀਰ ਜਾਂਦੀ ਹੈ। ਉਨ੍ਹਾਂ ਵੇਲਿਆਂ ਨੂੰ ਯਾਦ ਕਰ ਹੌਲ ਜਿਹਾ ਪੈਂਦੈ। ਜਦ ਤੀਆਂ ਦੇ ਦਿਨ ਹੁੰਦੇ ਸੀ ਕਿੰਨੀਆਂ ਹੀ ਕੁੜੀਆਂ ਸ਼ਾਮ ਨੂੰ ਕਿਸੇ ਸਾਂਝੀ ਥਾਂ ਇਕੱਠੀਆਂ ਹੋ ਅਪਣੇ ਮਨ ਦਾ ਬੋਝ ਹਲਕਾ ਕਰਦੀਆਂ ਸਨ। ਉਹ ਜੋਟੀਆਂ ਬਣਾ  ਆਪਣੇ ਦਿਲ ਦੀਆਂ ਸੱਧਰਾਂ ਨੂੰ ਹਲੂਣਦੀਆਂ ਸਨ ਪਰ ਹੁਣ ਤੀਆਂ ਦੀਆਂ ਤਾੜੀਆਂ ਦੀ ਥਾਂ ਡੀ.ਜੇ. ਦੀ ਗੜੜਹਾਟ ਨੇ ਮੱਲ ਲਈ ਹੈ।
                             ਮੇਰੇ ਪਿੰਡ ਦੀ ਬਾਬੇ ਦੀ ਮਾੜੀ ਜਿੱਥੇ ਕਦੇ ਕੁੜੀਆਂ ਇਕੱਠੀਆ ਹੋ ਚਾਂਬੜਾਂ ਪਾਉਂਦੀਆਂ ਸਨ,ਅੱਜ ਧਾਹਾਂ ਮਾਰਦੀ ਪ੍ਰਤੀਤ ਹੁੰਦੀ ਹੈ। ਮੀਂਹ ਪਾਉਣ ਦੇ ਲਈ ਗੁੱਡੀ ਫੂਕਣ ਵਾਲੀਆਂ ਮਾਈਆਂ ਦੇ ਪਿੱਛੇ ਪਿੱਛੇ ਜਾਣਾ ਤਾਂ ਕਿ ਮਿੱਠੀਆਂ ਰੋਟੀਆਂ ਖਾਵਾਂਗੇ। ਸਭ ਕੁਝ ਅਲੋਪ ਹੋ ਚੁੱਕਿਐ। ਕਿੰਨਾਂ ਮੋਹ ਸੀ ਜਵਾਨੀ ਵਿੱਚ ਉਹ ਵੀ ਸੱਚਾ ਤੇ ਸੁੱਚਾ,ਕੁਝ ਦਿਨ ਪਹਿਲਾਂ ਪਿੰਡ ਦੀ ਇੱਕ ਲੜਕੀ ਜੋ ਪ੍ਰੋਗਰਾਮ ਵਿੱਚ ਮਿਲੀ ਆਖਣ ਲੱਗੀ ਵੀਰਾ ਹੁਣ ਤਾਂ ਤੈਨੂੰ ਰੇਡੀਓ, ਟੀਵੀ, ਅਖ਼ਵਾਰਾਂ ਵਿੱਚ ਦੇਖਦੇ ਸੁਣਦੇ ਹਾਂ। ਪੰਦਰਾਂ ਵਰ੍ਹੇ ਹੋ ਚੱਲੇ ਨੇ ਤੈਨੂੰ ਮਿਲਿਆਂ,ਸੁਣ ਮਨ ਨੂੰ ਧੱਕਾ ਲੱਗਿਐ ਕਿ ਅਸੀਂ ਕਿੱਥੇ ਗੁਆਚ ਗਏ ਬੇ-ਮਤਲਬ ਜਿਹੇ? ਕਿੱਥੇ ਪਹੁੰਚਾ ਦਿੱਤਾ ਅੱਜ ਦੇ ਮਨੁੱਖ ਨੂੰ,ਤਰੱਕੀ ਦੇ ਰਾਹ ਤੇ ਹੋ ਰਹੇ ਵਿਨਾਸ ਨੇ,ਇਹ ਕਿਹੋ ਜਿਹਾ ਮਾਡਰਨ ਜ਼ਮਾਨਾ ਆਇਆ ਹੈ ਸਾਰਾ ਕੁਝ ਖੋਹ ਲਿਐ। ਇਸ ਨੇ ਚਾਰ ਦਿਨ ਦਾ ਵਿਆਹ ਦੋ ਘੰਟੇ ਵਿੱਚ ਬਦਲ ਦਿੱਤੈ।
                              ਚੰਦਰੀ ਤਰੱਕੀ ਨੇ ਬਦਲੇ ਹਾਲਾਤਾਂ ਨੇ ਆਪਸੀ ਭਾਈਚਾਰਕ ਸਾਂਝ ਫੀਤਾ ਫੀਤਾ ਕਰ ਦਿੱਤੀ। ਹੁਣ ਦੀ ਜਵਾਨੀ ਤੇ ਇੰਟਰਨੈਟ ਦਾ ਭੂਤ ਸਵਾਰ ਹੈ। ਗੇਮਾਂ ਦਾ ਜਾਦੂ ਦਿਮਾਗ ਤੇ ਭਾਰੀ ਪੈ ਚੁੱਕਿਐ। ਮੋਬਾਇਲ ਤੇ ਨੀਲੀਆਂ ਫਿਲਮਾਂ ਤੇ ਮਾੜੇ ਗੀਤ ਅੱਜ ਦੀ ਜਵਾਨੀ ਹਰ ਸਮੇਂ ਅਪਣੇ ਨਾਲ ਚੁੱਕੀ ਫਿਰਦੀ ਐ। ਫੀਸ਼ ਭਾਵੇਂ ਸਕੂਲ ਦੀ ਨਾ ਦਿੱਤੀ ਜਾਵੇ ਪਰ ਮੋਟਰ ਸਾਈਕਲ ਜਰੂਰ ਚਾਹੀਦੈ। ਬਾਂਦਰ ਕੀਲਾ,ਗੁੱਲੀ ਡੰਡਾ,ਤੇ ਮਿੱਟੀ ਦੇ ਬਾਬੇ ਦੀ ਘੋੜੀ ਨੂੰ ਸਾਰੇ ਭੁੱਲ ਚੁੱਕੇ ਨੇ ਸੱਥਾਂ ਉਜਾੜਾ ਬਣ ਚੁੱਕੀਆਂ ਨੇ, ਮੇਰੇ ਪਿੰਡ ਵਾਲੇ ਨਾਥ ਚਾਚੇ ਤੇ ਬੀਰੇ ਭਲਵਾਨ ਦੀ ਸੱਥ ਵਾਲਾ ਥੜਾ ਦੇਖ ਕਾਲਜੇ ਵਿੱਚ ਚੀਸ ਉਠਦੀ ਹੈ। ਸਵੇਰ ਵੇਲੇ ਦੁਧ ਧੱੜਕ ਪੀਣ ਦੀ ਜਗ੍ਹਾ ਠੇਕੇ ਦੀ ਸੰਤਰਾ ਮਾਰਕਾ ਨੂੰ ਦੇਖ ਮਨ ਭਰ ਆਉਂਦਾ ਹੈ। ਇਨ੍ਹਾਂ ਕੁਝ ਗਵਾ ਲਿਆ ਪਰ ਪਾਇਆ ਕੀ ਕੁਝ ਵੀ ਨਹੀਂ। ਸਾਡੇ ਕੋਲ ਸੰਤੁਸ਼ਟੀ ਵੀ ਨਹੀਂ ਰਹੀ। ਇਸ ਬਦਲੇ ਤਣਾਅ ਨੇ ਆ ਵਿਹੜਾ ਮੱਲਿਆ। ਸਬਰ ਸੰਤੋਖ ਨੇ ਭੁੱਖ ਤੇ ਹਵਸ ਅੱਗੇ ਗੋਡੇ ਟੇਕ ਦਿੱਤੇ।
                              ਮਨ ਨੇ ਸੋਚਿਆ ਕਦੀ ਫਿਰ ਮਿਲੇਗੀ,ਉਹ ਮੌਜ਼ ਤੇ ਸਾਦਗੀ ਯਾਦ ਆਉਦੀ ਹੈ ਹਰੀਪਾਲ ਦੀ ਥੇਹ ਵਾਲੀ ਭੂਤਾਂ ਦੀ ਮੋਟਰ, ਪ੍ਰਮਾਤਮਾ ਸਮੱਤ ਬਖ਼ਸੇ,ਦਿਲਾਂ ਦੀ ਟੁੱਟੀਆਂ ਸਾਂਝਾਂ ਮੁੜ ਜੁੜ ਜਾਣ ਤੇ ਏਕੇ ਦੀ ਮਹਿਕ ਖਿਲਰੇ। ਇਹੋ ਹਰ ਪੰਜਾਬੀ ਨੂੰ ਕਾਮਨਾ ਕਰਨੀ ਚਾਹੀਦੀ ਹੈ। ਭਾਵੇਂ ਤਰੱਕੀ ਸਮੇਂ ਦੀ ਵੱਡੀ ਮੰਗ ਹੈ ਪਰ ਸਮੇਂ ਨਾਲੋਂ ਕਈ ਕਦਮ ਅੱਗੇ ਲੰਘ ਕੀਤੀ ਤਰੱਕੀ ਦਾ ਰਸਤਾ ਵਿਨਾਸ ਵੱਲ ਜਾਂਦਾ ਹੈ।

ਮਨਜਿੰਦਰ ਸਿੰਘ ਸਰੌਦ
ਮਲੇਰਕੋਟਲਾ
ਫੌਨ - 94634-63136

16 Oct. 2018