Sandeep Kumar Nar

ਮੇਰੀ ਇੱਛਾ ਤੇਰੀ ਇੱਛਾ-ਕਹਾਣੀ - ਸੰਦੀਪ ਕੁਮਾਰ ਨਰ ਬਲਾਚੌਰ

ਅਜਿਹਾ ਗੋਰਾ, ਉੱਚਾ, ਜਵਾਨ ਮੁੰਡਾ; ਇੰਨਾ ਮੰਨ ਲਓ ੨੦-੨੫ ਲੋਕਾਂ ਦੇ ਕੋਲ ਖੜਾ ਹੋਵੇ ਤਾਂ ਵੱਖਰਾ ਹੀ ਨਜ਼ਰ ਆ ਜਾਵੇ। ਜਸਵੰਤ ਦਾ ਮਨ ਪੜ੍ਹਾਈ ਵਿੱਚ ਘੱਟ, ਉਸਦਾ ਤਾਂ ਧਿਆਨ ਸਿਰਫ ਫੁੱਟਬਾਲ ਖੇਡਣ ਵਿੱਚ ਹੀ ਲੱਗਦਾ ਸੀ ।ਉਸ ਦੇ ਪਿੰਡ ਵਿੱਚ ਲੋਕ ਫੁਟਬਾਲ ਨੂੰ ਹੀ ਪਹਿਲ ਦਿੰਦੇ ਸਨ । ਉਹ ਕਦੇ-ਕਦੇ ਕਾਲਜਾਂ ਦੇ ਵੱਲੋਂ ਸਟੇਟ ਲੈਵਲ ਉੱਤੇ ਖੇਡਣ ਜਾਂਦਾ।
ਉਸ ਨੂੰ ਸ਼ਹਿਰ ਵਿੱਚ ਹਰਦੀਪ ਨਾਂ ਦਾ ਇੱਕ ਵਿਅਕਤੀ ਮਿਲਿਆ । ਉਸ ਨੂੰ ਕਹਿਣ ਲਗਾ, "ਜਸਵੰਤ ਤੂੰ ਪੜ੍ਹ੍ਹਾਈ ਉੱਤੇ ਧਿਆਨ ਦਿੱਤੈ ਕਦੇ," ਜਸਵੰਤ ਨੇ ਅੱਗੋਂ ਇੱਜਤ ਨਾਲ ਕਿਹਾ, "ਚਾਚਾ ਜੇਕਰ ਮੈ ਪੜ੍ਹਾਈ ਵਿੱਚ ਜ਼ਿਆਦਾ ਚੰਗਾ ਨਹੀਂ ਹਾਂ ਤਾਂ ਮੇਰੀ ਪੜ੍ਹਾਈ ਇੰਨੀ ਘੱਟ ਵੀ ਨਹੀਂ ਹੈ , ਤੁਸੀਂ ਮੇਰਾ ਕਦੇ ਫੁਟਬਾਲ ਦਾ ਮੈਚ ਵੇਖਿਆ ਨਹੀ ਹੋਵੇਗਾ ।" ਹਰਦੀਪ ਨੇ ਕਿਹਾ, "ਅਜਿਹੀ ਗੱਲ ਨਹੀਂ ਹੈ, ਅਸੀਂ ਕਈ ਵਾਰ ਤੇਰਾ ਮੈਚ ਵੇਖਿਆ ਹੈ, ਤੇਰੇ ਅੱਗੇ ਤਾਂ ਦਸ ਖਿਡਾਰੀ ਨਹੀਂ ਟਿਕਦੇ, ਤੂੰ ਤਾਂ ਮੈਦਾਨ ਵਿੱਚ ਦੂਸਰੀ ਟੀਮ ਦੇ ਛੱਕੇ ਛੁਡਾ ਦਿੰਦਾ ਏਂ, ਮੈਂ ਕਈ ਵਾਰ ਵੇਖਿਆ ਹੈ ।
ਹੁਣ ਜਸਵੰਤ ੧੨ਵੀਂ ਜਮਾਤ ਪਾਸ ਕਰ ਚੁੱਕਿਆ ਸੀ।ਸ਼ਹਿਰ ਦੇ ਕਾਲਜ ਵਿੱਚ ਦਾਖਲ ਹੋ ਚੁੱਕਿਆ ਸੀ।ਸ਼ਹਿਰ ਦੇ ਟੂਰਨਾਮੈਂਟ ਵਿੱਚ ਭਾਗ ਲੈਂਦਾ, ਉਨ੍ਹਾਂ ਦੀ ਟੀਮ ਪਹਿਲਾ ਸਥਾਨ ਹਾਸਲ ਕਰ ਲੈਂਦੀ।ਪਿਤਾ ਸਰਕਾਰੀ ਸਕੂਲ ਵਿੱਚ ਅਧਿਆਪਕ ਸੀ।ਇੱਕ ਦਿਨ ਅਚਾਨਕ ਉਸ ਦੇ ਪਿਤਾ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ।ਹੁਣ ਜਸਬੰਤ ਅਤੇ ਉਸਦੀ ਮਾਂ ਇਕੱਲੇ ਰਹਿ ਗਏ।ਜਸਬੰਤ ਨੇ ਪੜ੍ਹਾਈ ਛੱਡ ਦਿੱਤੀ।ਉਹ ਘਰ ਰਹਿਣ ਲੱਗਾ ਅਤੇ ਆਪਣੇ ਖੇਤਾਂ ਦੀ ਦੇਖਭਾਲ ਕਰਨ ਲਗਾ।
ਮਹਿਕ ਨਾਂ ਦੀ ਕੁੜੀ ਅਕਸਰ ਉਨ੍ਹਾਂ ਦੇ ਘਰ ਆਉਂਦੀ ਜਾਂਦੀ ਸੀ।ਗੁਆਂਢੀ ਹੋਣ ਦੇ ਕਾਰਨ ਕਦੇ - ਕਦੇ ਥੋੜ੍ਹੀਆਂ ਬਹੁਤ ਚੀਜਾਂ ਮੰਗ ਕੇ ਲੈ ਜਾਂਦੀ।ਮਹਿਕ ਜਸਬੰਤ ਦੀ ਮਾਂ ਦੇ ਨਾਲ ਖੇਤੀ ਦਾ ਕੰਮ ਕਰਵਾ ਜਾਂਦੀ । ਉਨ੍ਹਾਂ ਦੇ ਖੇਤਾਂ ਵਿੱਚ ਅੰਬ ਦੇ ਲੱਗਭੱਗ ਦਸ ਦਰਖਤ ਖੜੇ ਸਨ।ਜਦੋਂ ਮੌਸਮ ਆਉਂਦਾ ਉਹ ਅੰਬ ਦੇ ਖੜੇ ਦਰੱਖਤਾਂ ਨੂੰ ਵਪਾਰੀ ਨੂੰ ਵੇਚ ਦਿੰਦੇ ।ਜਿਨ੍ਹਾਂ ਦੀ ਆਮਦਨੀ ਨਾਲ ਘਰ ਦਾ ਗੁਜਾਰਾ ਚੰਗਾ ਚੱਲਦਾ ।
ਇੱਕ ਦਿਨ ਜਸਬੰਤ ਕਿਸੇ ਮਿੱਤਰ ਦੇ ਵਿਆਹ ਵਿੱਚ ਗਿਆ ਸੀ।ਉਸਦੇ ਦੋਸਤਾਂ ਨੇ ਉਸ ਦੇ ਮਨ੍ਹਾ ਕਰਨ ਤੇ ਵੀ ਇੱਕ ਦੋ ਪੈਗ ਸ਼ਰਾਬ ਦੇ ਲਵਾ ਦਿੱਤੇ।ਜਸਬੰਤ ਨੇ ਉਸ ਦਿਨ ਪਹਿਲੀ ਵਾਰ ਸ਼ਰਾਬ ਪੀਤੀ ਸੀ।ਕੁੱਝ ਸਮਾਂ ਉੱਥੇ ਗੁਜਾਰਨ ਤੋ ਬਾਅਦ,ਉਹ ਰਾਤ ਹੁੰਦੇ ਹੀ ਘਰ ਵਾਪਸ ਪਰਤ ਆਇਆ ਅਤੇ ਜਦੋਂ ਉਹ ਸਵੇਰੇ ਉੱਠਿਆ, ਉਸਦਾ ਸਿਰ ਬਹੁਤ ਜ਼ਿਆਦਾ ਦਰਦ ਕਰਨ ਲਗਾ।ਉਸਨੇ ਆਪਣੇ ਆਪ ਨੂੰ ਕਿਹਾ, "ਸ਼ਰਾਬ ਕਿੰਨੀ ਬੁਰੀ ਚੀਜ ਹੈ, ਪੀ ਲਓ ਤਾਂ ਆਰਾਮ, ਜਦੋਂ ਉੱਤਰ ਜਾਵੇ ਤਾਂ ਆਦਮੀ ਬੇਚੈਨ ਕਰਦੀ ਹੈ ।"
ਮਹਿਕ ਨੇ ਬੀ.ਏ. ਪਾਸ ਕਰ ਲਈ। ਪਰ ਉਸ ਨੇ ਕੋਈ ਨੌਕਰੀ ਨਹੀਂ ਕੀਤੀ। ਜਸਬੰਤ ਦੇ ਪਿੰਡ ਮਹਿਕ ਦੀ ਰਿਸ਼ਤੇਦਾਰੀ ਹੋਣ ਕਰਕੇ ਛੁੱਟੀਆਂ ਦਾ ਜਿਆਦਾ ਸਮਾਂ ਜਸਬੰਤ ਦੇ ਪਿੰਡ ਗੁਜਾਰਦੀ।ਹੁਣ ਉਹ ਜਸਬੰਤ ਦੇ ਘਰ ਜ਼ਿਆਦਾ-ਆਉਣ ਜਾਣ ਲੱਗੀ।ਜਸਬੰਤ ਅਤੇ ਮਹਿਕ ਜਦੋਂ ਇੱਕ ਦੂਜੇ ਨੂੰ ਵੇਖਦੇ, ਉਨ੍ਹਾਂ ਵਿੱਚ ਪਿਆਰ ਕਰਨ ਦੀ ਇੱਛਾ ਜਾਗ ਪੈਂਦੀ ਅਤੇ ਮਹਿਕ ਕੁੱਝ ਕਹੇ ਬਿਨਾਂ ਹੀ ਆਪਣੇ ਘਰ ਮੁੜ ਆਉਂਦੀ।
ਇੱਕ ਦਿਨ ਜਸਬੰਤ ਦੀ ਮਾਂ ਗੁਆਂਢ ਘਰ ਵਿੱਚ ਗਈ ਹੋਈ ਸੀ।ਉਨ੍ਹਾਂ ਦੀ ਖੁਲ੍ਹਮ-ਖੁਲ੍ਹਾ ਮੁਲਾਕਾਤ ਹੋ ਗਈ । ਉਸ ਦਿਨ ਦੇ ਬਾਅਦ ਮਹਿਕ ਉਸ ਨੂੰ ਜਦੋ ਵੀ ਮਿਲਦੀ ਕਹਿੰਦੀ, "ਜਸਬੰਤ ਵਿਆਹ ਤਾਂ ਮੈ ਤੇਰੀ ਨਾਲ ਹੀ ਕਰਾਵਾਂਗੀ, ਮੈਂ ਬਹੁਤ ਜ਼ਿਆਦਾ ਪਿਆਰ ਕਰਦੀ ਹਾਂ ਤੈਨੂੰ ।" ਹੌਲੀ-ਹੌਲੀ ਉਨ੍ਹਾਂ ਦਾ ਪਿਆਰ ਸਾਰੀਆਂ ਹੱਦਾਂ ਪਾਰ ਕਰਨ ਲੱਗਾ। ਇੱਕ ਸਮਾਂ ਅਜਿਹਾ ਆਇਆ,ਉਨ੍ਹਾਂ ਦੇ ਪਿਆਰ ਦੀਆਂ ਗੱਲਾਂ ਪਿੰਡ ਦੇ ਲੋਕ ਕਰਨ ਲੱਗੇ।ਜਸਬੰਤ ਦੀ ਮਾਂ ਨੂੰ ਵੀ ਪਤਾ ਚੱਲ ਗਿਆ।ਉਸਦੀ ਮਾਂ ਨੇ ਜਸਬੰਤ ਨੂੰ ਕਿਹਾ, "ਪਿੰਡ ਵਿੱਚ ਤੇਰੇ ਪਿਤਾ ਦੀ ਕਿੰਨੀ ਇੱਜਤ ਹੈ, ਜੇਕਰ ਤੂੰ ਉਹ ਕੁੜੀ ਦੇ ਨਾਲ ਵਿਆਹ ਕਰੇਗਾ, ਉਹ ਇੱਕ ਗਰੀਬ ਘਰ ਦੀ ਕੁੜੀ ਹੈ , ਅਤੇ ਤੂੰ ਆਪਣੇ ਪਿਤਾ ਦੇ ਬਾਰੇ ਵਿੱਚ ਸੋਚ ਉਨ੍ਹਾਂ ਦੀ ਕਿੰਨੀ ਇੱਜਤ ਸੀ, ਮੈਂ ਤੇਰਾ ਵਿਆਹ ਅਮੀਰ ਘਰ ਵਿੱਚ ਹੀ ਕਰਾਂਗੀ, ਮੇਰੀ ਇਹ ਇੱਛਾ ਹੈ ਤੂੰ ਇਸ ਕੁੜੀ ਨਾਲ ਵਿਆਹ ਨਹੀਂ ਕਰੇਂਗਾ, ਤੈਨੂੰ ਤਾਂ ਕੋਈ ਵੀ ਕੁੜੀ ਦੇ ਦੇਵੇਗਾ ।" ਇਹ ਗੱਲ ਸੁਣ ਕੇ ਜਸਬੰਤ ਸੋਚ ਵਿੱਚ ਪੈ ਗਿਆ....
ਉੱਧਰ ਮਾਹਿਕ ਨੇ ਵੀ ਆਪਣੀ ਮਾਂ ਨੂੰ ਕਹਿ ਦਿੱਤਾ, "ਮੈਂ ਵਿਆਹ ਕਰਾਂਗੀ ਤਾਂ ਸਿਰਫ ਜਸਬੰਤ ਨਾਲ ਹੀ, ਨਹੀਂ ਤੇ ਜਾਨ ਦੇ ਦੇਵਾਂਗੀ ।" ਮਹਿਕ ਨੇ ਮਾਂ ਨੂੰ ਤਾਂ ਮਨਾਂ ਲਿਆ ਪਰ ਉਹ ਆਪਣੇ ਪਿਤਾ ਨੂੰ ਤੇ ਭਰਾ ਨੂੰ ਨਹੀਂ ਮਨਾ ਸਕੀ। ਉਨ੍ਹਾਂ ਦੇ ਘਰ ਵਿੱਚ ਲੜਾਈ ਦਾ ਮਾਹੌਲ ਬਣ ਗਿਆ। ਮਹਿਕ ਦੀ ਮਾਂ ਨੇ ਪਿਤਾ ਨੂੰ ਤਾਂ ਮਨਾ ਲਿਆ ਪਰ ਭਰਾ ਨੂੰ ਨਹੀਂ ਮਨਾ ਸਕੀ ।ਇਹ ਸਾਰੀਆਂ ਗੱਲਾਂ ਉਸ ਨੇ ਜਾ ਕੇ ਦੂਜੇ ਦਿਨ ਜਸਬੰਤ ਨੂੰ ਦੱਸੀਆਂ ।ਜਸਬੰਤ ਨੇ ਸਾਰੀ ਗੱਲ ਸੁਣਕੇ ਇੱਕ ਹੀ ਗੱਲ ਕਹੀ, "ਮੇਰੀ ਮਾਂ ਦੀ ਇੱਛਾ ਹੈ ਸਾਡਾ ਵਿਆਹ ਨਹੀਂ ਹੋ ਸਕਦਾ ।"
ਮਹਿਕ ਬਿਨਾਂ ਕੁੱਝ ਬੋਲੇ ਵਾਪਸ ਆ ਗਈ।ਉਹ ਸੋਚਦੀ ਰਹਿ ਗਈ ਕਿ ਜਸਬੰਤ ਉਸਨੂੰ ਕਿਵੇਂ ਧੋਖਾ ਦੇ ਸਕਦਾ ਹੈ।ਉਸਦੀ ਮਾਂ ਨੇ ਤਾਂ ਮੇਰੇ ਨਾਲ ਅਜਿਹੀ ਕਦੇ ਕੋਈ ਗੱਲ ਨਹੀ ਕੀਤੀ। ਮਹਿਕ ਉਦਾਸ ਰਹਿਣ ਲੱਗੀ । ਉਸ ਨੇ ਪਿਤਾ ਨੂੰ ਕਿਹਾ, "ਜਿੱਥੇਂ ਤੁਸੀ ਚਾਹੁੰਦੇ ਹੋ ਉੱਥੇ ਵਿਆਹ ਕਰ ਦੇਵੋ ਮੇਰਾ ।""
ਕੁੱਝ ਸਮੇਂ ਬਾਅਦ ਮਹਿਕ ਉਹਨਾਂ ਦੇ ਘਰ ਆਉਣੋਂ ਬੰਦ ਹੋ ਗਈ, ਜਸਬੰਤ ਅਤੇ ਉਸਦੀ ਮਾਂ ਦੇ ਵਿੱਚ ਛੋਟੀ ਮੋਟੀ ਗੱਲ ਉੱਤੇ ਤਕਰਾਰ ਹੋਣ ਲੱਗੀ।
ਮਹਿਕ ਦੇ ਪਿਤਾ ਦੇ ਕਹਿਣ ਉੱਤੇ ਰਿਸ਼ਤੇਦਾਰਾਂ ਨੇ ਮਹਿਕ ਦਾ ਵਿਆਹ ਕਰ ਦਿੱਤਾ।ਜਸਬੰਤ ਦੀ ਮਾਂ ਨੂੰ ਤਾਂ ਪਤਾ ਸੀ ਕਿ ਮਹਿਕ ਦਾ ਵਿਆਹ ਕਰਨ ਜਾ ਰਹੇ ਹਨ।ਪਰ ਜਸਬੰਤ ਨੂੰ ਇਹ ਗੱਲ ਪਤਾ ਨਹੀਂ ਲੱਗੀ।ਜਸਬੰਤ ਦੀ ਮਾਂ ਨੇ ਵਿਆਹ ਤੋਂ ਪਹਿਲਾਂ ਹੀ ਉਸ ਨੂੰ ਬਾਹਰ ਭੇਜ ਦਿੱਤਾ।ਜਸਬੰਤ ਸੋਚ ਵੀ ਨਹੀਂ ਸਕਦਾ ਸੀ, ਮਹਿਕ ਅਜਿਹਾ ਫੈਸਲਾ ਲੈ ਸਕਦੀ ਹੈ।ਜਸਬੰਤ ਦੇ ਮਨ ਵਿੱਚ ਸੀ, ਮਹਿਕ ਆਪੇ ਮੇਰੀ ਮਾਂ ਨੂੰ ਮਨਾ ਲਵੇਗੀ।
ਜਦੋਂ ਜਸਬੰਤ ਨੂੰ ਮਹਿਕ ਦੇ ਵਿਆਹ ਦੀ ਗੱਲ ਪਤਾ ਚੱਲੀ, ਉਹ ਬੁਰੀ ਤਰ੍ਹਾਂ ਟੁੱਟ ਗਿਆ।ਉਹ ਹੁਣ ਘਰੋਂ ਬਾਹਰ ਰਹਿਣ ਲੱਗਾ।ਆਪਣੇ ਦੋਸਤਾਂ ਨੂੰ ਮਹਿਕ ਦੀਆਂ ਗੱਲਾਂ ਦੱਸਦਾ। ਉਹ ਹੌਲੀ-ਹੌਲੀ  ਖੂਬ ਨਸ਼ਾ ਕਰਣ ਲੱਗਾ, ਮਹਿਕ ਨੂੰ ਭਲਾਉਣ ਲਈ। ਉਸ ਕੋਲ ਸ਼ਰਾਬ ਖਰੀਦਣ ਲਈ ਜਦੋ ਕਦੇ ਪੈਸਿਆਂ ਦੀ ਤੰਗੀ ਹੁੰਦੀ ਇੱਕ-ਇੱਕ ਕਰਕੇ ਖੇਤ ਵੀ ਗਹਿਣੇ ਰੱਖ ਦਿੰਦਾ।ਉਨ੍ਹਾਂ ਪੈਸਿਆਂ ਦਾ ਨਸ਼ਾ ਕਰ ਲੈਂਦਾ।ਉਸ ਦੀ ਨਸ਼ੇ ਦੀ ਆਦਤ ਵੱਧ ਚੁੱਕੀ ਸੀ।ਉਸ ਨੂੰ ਕਦੇ-ਕਦੇ ਪਿੰਡ ਦੇ ਲੋਕ ਉਸਦੀ ਖ਼ਰਾਬ ਹਾਲਤ ਹੋਣ ਦੇ ਕਾਰਨ, ਨਸ਼ੇ ਦੀ ਹਾਲਤ ਵਿੱਚ ਹਸਪਤਾਲ ਵਿੱਚ ਲੈ ਜਾਂਦੇ। ਉਹ ਦਵਾਈਆਂ ਨਾਲ ਠੀਕ ਤਾਂ ਹੋ ਜਾਂਦਾ, ਪਰੰਤੂ ਫਿਰ ਨਸ਼ਾ ਲੈ ਲੈਂਦਾ। ਉਹ ਹੁਣ ਸਮੇਂ ਦੇ ਨਾਲ, ਗਰੀਬ ਹੋ ਗਿਆ।ਉਸਦੀ ਮਾਂ ਵੀ ਬੁੱਢੀ ਹੋ ਗਈ। ਉਹ ਉਸ ਦੀ ਹਾਲਤ ਵੇਖ ਕੇ ਬਿਮਾਰ ਰਹਿਣ ਲੱਗੀ।ਇੱਕ ਦਿਨ ਉਸਦੀ ਮਾਂ ਵੀ ਮਰ ਗਈ। ਜਸਬੰਤ ਆਪਣੀ ਮਾਂ ਦੀ ਜਲਦੀ ਚਿਤਾ ਦੇ ਕੋਲ ਬੈਠਾ ਕਹਿ ਰਿਹਾ ਸੀ, "ਮਾਂ, ਇਹ ਤੇਰੀ ਇੱਛਾ ਸੀ, ਤੂੰ ਉਸ ਕੁੜੀ ਨਾਲ ਵਿਆਹ ਨਹੀਂ ਕਰੇਂਗਾ, ਮਾਂ, ਇਹ ਮੇਰੀ ਇੱਛਾ ਸੀ, ਕਿ ਮੈਂ ਉਸ ਕੁੜੀ ਨਾਲ ਹੀ ਵਿਆਹ ਕਰਾਂਗਾ ।"
ਜਸਬੰਤ ਆਪਣੀ ਮਾਂ ਦਾ ਸਸਕਾਰ ਕਰ ਚੁੱਕਿਆ ਸੀ। ਹੁਣ ਜਸਬੰਤ ਅਤੇ ਬੋਤਲ ਘਰ ਵਿੱਚ ਦੋਵੇਂ ਰਹਿ ਗਏ.....
ਮਹਿਕ ਉਸਦਾ ਇੱਕ ਖੁਆਬ ਹੀ ਬਣ ਕੇ ਰਹਿ ਗਈ....

 ਮੇਰਾ ਰੱਬਾ - ਸੰਦੀਪ ਕੁਮਾਰ ਨਰ ਬਲਾਚੌਰ

ਧੰਨਾ ਜੱਟ 'ਪੱਥਰ' ਵਿੱਚ ਰੱਬ ਵੇਖਦਾ,
ਮਜਨੂੰ 'ਲੈਲਾ' ਵਿੱਚ ਰੱਬ ਵੇਖਦਾ,
ਸੁਦਾਮਾ 'ਕ੍ਰਿਸ਼ਨ' ਵਿੱਚ ਰੱਬ ਵੇਖਦਾ,
ਰਾਂਝਾ 'ਹੀਰ' ਵਿੱਚ ਰੱਬ ਵੇਖਦਾ,
ਸੱਸੀ ਥਲਾਂ ਵਿੱਚ ਸੜੇ, ਪੁੰਨੂ ਸੱਸੀ ਵਿੱਚ ਰੱਬ ਵੇਖਦਾ,
ਮਹੀਵਾਲ ਛੱਜੂ ਦੇ ਚੁਬਾਰੇ ਵਿੱਚੋਂ, ਸੋਹਣੀ ਵਿੱਚੋਂ ਰੱਬ ਵੇਖਦਾ,
ਘੜੇ 'ਸ਼ੀਰੀਂ' ਦੀਆਂ ਮੂਰਤਾਂ 'ਚੋਂ ਫ਼ਰਹਾਦ ਰੱਬ ਵੇਖਦਾ,
ਮਨਸੂਰ 'ਸੂਲੀ' ਚੜ੍ਹਨ ਤੋ ਪਹਿਲਾਂ ਆਪਣੇ ਆਪ 'ਚ' ਰੱਬ ਵੇਖਦਾ,
ਇਬਾਦਤ ਕਰਦਾ ਬੰਦਾ ਆਸਮਾਨ ਵਿੱਚ ਰੱਬ ਵੇਖਦਾ,
ਕੋਈ ਦੇਵ ਵਿੱਚ ਰੱਬ ਵੇਖਦਾ,
ਕੋਈ ਦੇਵੀ ਵਿੱਚ ਰੱਬ ਵੇਖਦਾ,
ਬਾਬਾ ਬੁੱਲੇ ਸ਼ਾਹ, ਗੁਰੂ ਸ਼ਾਹ ਇਨਾਯਤ ਵਿੱਚ ਰੱਬ ਵੇਖਦਾ,
ਪ੍ਰਹਲਾਦ ਤਪਦੇ ਥੰਮ 'ਚੋਂ ਰੱਬ ਵੇਖਦਾ,
ਕੋਈ ਗ੍ਰਹਿਆਂ ਦੀ ਚਾਲ ਨੂੰ ਵਿਗਿਆਨ ਵੇਖਦਾ,
ਕੋਈ ਗ੍ਰਹਿਆਂ ਨੂੰ ਬੰਨ੍ਹਣ ਵਾਲਾ, ਰੱਬ ਵੇਖਦਾ,
ਕੋਈ ਕਿਸੇ ਨੂੰ ਪਾਲਣ ਵਾਲਾ ਮਾਂ-ਬਾਪ ਵੇਖਦਾ,
ਕੋਈ ਸਭ ਨੂੰ ਪਾਲਣ ਵਾਲਾ ਰੱਬ ਵੇਖਦਾ,
ਕੋਈ ਸਹਾਰਾ ਦੇਣ ਵਾਲੇ ਨੂੰ, ਰੱਬ ਵੇਖਦਾ,
ਕੋਈ ਖੂਬਸੂਰਤੀ 'ਚੋਂ ਰੱਬ ਵੇਖਦਾ,
ਕੋਈ ਭੱਦਿਆਂ 'ਚੋਂ ਰੱਬ ਵੇਖਦਾ,
ਕੋਈ ਕਾਇਨਾਤ 'ਚੋਂ ਰੱਬ ਵੇਖਦਾ,
ਇੱਕ ਮੈ ਹਾਂ, ਮੈਂ ਰੱਬ ਕਦੇ ਵੇਖਿਆ ਨਹੀ,
ਜਦੋ ਗੁਰੂ ਨੂੰ ਵੇਖਦਾ, ਸੱਚ ਰੱਬ ਵੇਖਦਾ ।

ਮੈਂ - ਸੰਦੀਪ ਕੁਮਾਰ ਨਰ ਬਲਾਚੌਰ

ਹਾਰਾਂ ਖਾ ਖਾ ਜੀ ਰਿਹਾ, ਮੇਰਾ ਰਹਿਣਾ ਮੇਰਾ ਸਬੂਤ ਏ,
ਤੁਰਦਾ-ਤੁਰਦਾ ਥੱਕ ਜਾਵਾਂ, ਜਿੱਥੇ ਜਾਣਾ ਬੜੀ ਹੀ ਦੂਰ ਏ।


ਹਰ ਘਰ 'ਟਰਾਫ਼ੀ' ਜਿੱਤ ਦੀ, ਮੇਰੇ ਘਰ ਤਾਂ ਮੇਰੀ ਤਸਵੀਰ ਏ,
ਕਿਵੇਂ 'ਹਰ' ਕੇ ਹਿੰਮਤ ਹਾਰ ਜਾਂ, ਜਦ 'ਹਾਰਾਂ' ਮੇਰੀ ਤਕਦੀਰ ਏ।
ਮੇਰਾ ਦੁਨੀਆਂ 'ਨਾਂ' ਨਾ ਜਾਣਦੀ, ਪਰ ਘਰ ਤਾਂ ਮੇਰਾ ਵੀ 'ਨਾਂ' ਏ,
ਹਰ ਦਿਨ ਮੈਂ ਵਿਕਣੋ ਰਹਿ ਜਾਂਵਾ, ਵਿੱਚ ਬਜ਼ਾਰਾਂ ਮੇਰਾ ਥਾਂ ਏ।


ਹਾਰਾਂ ਖਾ ਖਾ ਜੀ ਰਿਹਾ, ਮੇਰਾ ਰਹਿਣਾ ਮੇਰਾ ਸਬੂਤ ਏ,
ਤੁਰਦਾ-ਤੁਰਦਾ ਥੱਕ ਜਾਵਾਂ, ਜਿੱਥੇ ਜਾਣਾ ਬੜੀ ਹੀ ਦੂਰ ਏ।


ਕੁੱਝ 'ਖੁਆਸ਼ਾਂ' ਰੋਜ ਮੈਂ ਦੱਬ ਲਾਂ, ਸੰਤ ਕਹਿੰਦੇ 'ਚਾਹਤ' ਨੀਚ ਹੈ,
ਇੱਕ 'ਚਾਹਤ' ਉਸਦੇ ਜਾਣ ਦੀ, ਕਿੱਦਾਂ ਮੈਂ ਮਨ 'ਚੋਂ ਕੱਢ ਦਿਆਂ।
ਕੋਈ 'ਕੱਚਾ' ਮੱਤੋ ਛੱਡ ਕੇ, ਜਦੋ ਅੱਖੋਂ ਉਹਲੇ ਹੋ ਜਾਏ,
ਜਿੰਦਗੀ ਏ ਲੰਮੀ 'ਰਾਗ' ਜਿਹੀ, ਕਿੱਥੋ 'ਸੁਰਾਂ' ਅਗਲੀਆਂ ਲੱਭ ਲਿਆਂ।


ਹਾਰਾਂ ਖਾ ਖਾ ਜੀ ਰਿਹਾ, ਮੇਰਾ ਰਹਿਣਾ ਮੇਰਾ ਸਬੂਤ ਏ,
ਤੁਰਦਾ-ਤੁਰਦਾ ਥੱਕ ਜਾਵਾਂ, ਜਿੱਥੇ ਜਾਣਾ ਬੜੀ ਹੀ ਦੂਰ ਏ।


ਜੋ ਵੀ ਮੈਂ ਅੱਜ ਹਾਂ, ਕਿਉਂ ਇਸ ਵਿੱਚ ਮੈਨੂੰ 'ਸੰਤੋਸ਼' ਨਾ,
ਕੱਲ੍ਹ ਬਾਰੇ ਮੈਂ ਡਰਦਾ, ਜੋ ਅੱਜ ਕਰਦਾ ਵਿੱਚ 'ਹੋਸ਼' ਨਾ।
ਉਹਨੂੰ ਕੋਣ ਬਚਾਊ 'ਬਾਜ਼ਾਂ' ਤੋਂ, ਜਿਹਦੀ ਮਾਂ ਕਿਸੇ ਨੂੰ ਮਾਰ ਜਾਏ,
ਕਿੱਦਾਂ 'ਪਿਆਰ' ਰਹੇਗਾ ਭਾਈਆਂ ਦਾ, ਜੇ ਮਾਂ 'ਵਿੱਤਕਰੇ' ਕਰਕੇ ਪਾੜ ਦਏ।


ਹਾਰਾਂ ਖਾ ਖਾ ਜੀ ਰਿਹਾ, ਮੇਰਾ ਰਹਿਣਾ ਮੇਰਾ ਸਬੂਤ ਏ,
ਤੁਰਦਾ-ਤੁਰਦਾ ਥੱਕ ਜਾਵਾਂ, ਜਿੱਥੇ ਜਾਣਾ ਬੜੀ ਹੀ ਦੂਰ ਏ।


ਰੁਚੀ ਨਾ ਰੱਖੀ ਸਕੂਲ ਦੀ, ਜੋ ਪੜ੍ਹਿਆ ਕੀਤਾ ਗੌਰ ਨਾ,
ਹੁਣ ਮਾਸਟਰ ਵੀ ਕੁੱਝ ਬਦਲ ਗਏ, ਪਹਿਲਾਂ ਜਿਹਾ ਹੁਣ ਹੋਰ ਨਾ।
ਅਨਪੜ੍ਹ ਜਿਹਾ ਮੈਂ ਜਾਪਦਾ, ਜੋ ਪੜ੍ਹਿਆ ਉਹਦੀ ਪਈ ਲੋੜ ਨਾ,
ਉਹ ਆਏ, ਆ ਕੇ ਚਲੇ ਗਏ, ਕਿਉਂ ਉਹਨਾਂ ਵਰਗਾ ਕੋਈ ਹੋਰ ਨਾ।


ਹਾਰਾਂ ਖਾ ਖਾ ਜੀ ਰਿਹਾ, ਮੇਰਾ ਰਹਿਣਾ ਮੇਰਾ ਸਬੂਤ ਏ,
ਤੁਰਦਾ-ਤੁਰਦਾ ਥੱਕ ਜਾਵਾਂ, ਜਿੱਥੇ ਜਾਣਾ ਬੜੀ ਹੀ ਦੂਰ ਏ।


ਇਹ ਜੱਗ ਜਿਉਂਦਾ ਆਸ ਤੇ, ਫਿਰ ਮੈਂ ਵੀ ਆਸਾਂ ਰੱਖ ਲਾਂ,
ਸ਼ਾਇਦ ਪੜ੍ਹਿਆ ਕੰਮ ਮੇਰੇ ਆ ਜਾਵੇ, ਜੋ ਸਿੱਖਿਆ ਪਿੱਛੇ, ਤੱਕ ਲਾਂ।
ਇਹ 'ਦੁਨੀਆਂ' ਹੱਸਦੀ ਹੋਰਾਂ ਤੇ, ਮੈ 'ਆਪਾ' ਦੇਖ ਕੇ ਹੱਸ ਲਾਂ,
ਸੁਭਾਅ ਬਦਲ ਕੇ ਆਪਣਾ, ਇਹ ਹਾਰਾਂ ਤੇ ਮੈਂ ਨੱਚ ਲਾਂ।


ਹਾਰਾਂ ਖਾ ਖਾ ਜੀ ਰਿਹਾ, ਮੇਰਾ ਰਹਿਣਾ ਮੇਰਾ ਸਬੂਤ ਏ,
ਤੁਰਦਾ-ਤੁਰਦਾ ਥੱਕ ਜਾਵਾਂ, ਜਿੱਥੇ ਜਾਣਾ ਬੜੀ ਹੀ ਦੂਰ ਏ।

ਅਹਿਸਾਸ - ਸੰਦੀਪ ਕੁਮਾਰ ਨਰ ਬਲਾਚੌਰ

ਮੇਰੀਆਂ ਖੂਬਸੂਰਤ ਨਿਗ੍ਹਾਹਾਂ ਤੇਰੇ ਵੱਲ ਹੋ ਗਈਆਂ,
ਦੇਖਦਾ ਸੀ, ਕਿੱਧਰੇ ਹੋਰ, ਨਿਗ੍ਹਾਹਾਂ ਤੇਰੇ ਵੱਲ ਹੋ ਗਈਆਂ,
ਚਾਹੁੰਦਾ ਸੀ, ਆਤਮਾ ਤੇ ਸ਼ਾਇਦ, ਜਨਮਾਂ ਤੋ ਚੱਲੀ ਪਿਆਸ ਧੀਮੀ ਹੋ ਗਈ,
ਹੋਣਾ ਚਾਹੀਦਾ ਸੀ ਜੋ ਪਹਿਲਾਂ, ਉਸਦੇ ਮੁਸਕਰਉਣ ਤੇ ਮੇਰੀ ਤੜਫ਼ ਹੋਰ ਤੇਜ ਹੋ ਗਈ....


ਮੁਸਕਰਾਉਂਦੀ ਕੀ ਹੈ, ਸਾਡੀ ਗਲੀ ਆਉਣਾ,
ਹੱਸਣਾ ਸਿੱਖਾ ਦੇਊਗਾ,
ਹੱਸਣਾ ਸਿੱਖਾ ਦੇਊਗਾ, ਰੋਣਾ ਸਿੱਖਾ ਦੇਊਗਾ,
ਬਿਨਾਂ 'ਖੰਭਾਂ' ਦੇ ਉੱਡਣਾ ਸਿੱਖਾ ਦੇਊਗਾ, ਉੱਡਣਾ ਸਿੱਖਾ ਦੇਊਗਾ,
'ਫੜਫੜਉਣਾ' ਸਿੱਖਾ ਦੇਊਗਾ,
ਬਿਨਾਂ ਸਹਾਰੇ ਦੇ ਖੜ੍ਹਨਾ ਸਿੱਖਾ ਦੇਊਗਾ, ਖੜ੍ਹ ਕੇ ਡਿੱਗਣਾ ਕਿੱਥੇ ਹੈ,
ਉਹ ਜਗ੍ਹਾ ਵਿਖਾ ਦੇਊਗਾ,
ਮੁਸਕਰਾਉਂਦੀ ਕੀ ਹੈ, ਸਾਡੀ ਗਲੀ ਆਉਣਾ,
ਹੱਸਣਾ ਸਿੱਖਾ ਦੇਊਗਾ।


ਚੱਲਣਾ ਸਿੱਖਾ ਦੇਊਗਾ, ਤੇਰੀ ਚਾਲ ਵਧਾ ਦੇਊਗਾ,
ਅਮੀਰੀ ਅਤੇ ਗਰੀਬੀ ਕੀ ਸਿੱਖਾਉਦੀਂ ਹੈ, ਤੈਨੂੰ ਇਹ ਸਮਝਾ ਦੇਊਗਾ,
ਜਿੰਦਗੀ ਕੀ ਹੁੰਦੀ ਹੈ, ਇਹ ਅਹਿਸਾਸ ਕਰਾ ਦੇਊਗਾ,
ਇਨਸਾਨੀਅਤ ਦੇ ਕਦਮਾਂ ਉੱਤੇ 'ਚੱਲਣ ਵਾਲਾ', ਇਲਮ ਪੜ੍ਹਾ ਦੇਊਗਾ,
ਮੁਸਕਰਾਉਂਦੀ ਕੀ ਹੈ, ਸਾਡੀ ਗਲੀ ਆਉਣਾ,
ਹੱਸਣਾ ਸਿੱਖਾ ਦੇਊਗਾ ।


ਉੱਚੀ ਪੜ੍ਹਾਈ ਕਿੱਥੇ ਹੁੰਦੀ ਹੈ, ਉਹ ਯੂਨੀਵਰਸਿਟੀ ਵਿਖਾ ਦੇਊਗਾ,
ਸੰਤਾਂ ਤੋਂ ਜੋ ਮੈ ਸਿੱਖਿਆ, ਤੈਨੂੰ ਉਹ ਮੰਤਰ ਸਿੱਖਾ ਦੇਊਗਾ,
ਜਾਨ ਲੈਣਾ ਸਿੱਖਾ ਦਊਗਾ, ਜਾਨ ਦੇਣਾ ਸਿੱਖਾ ਦੇਊਗਾ,
'ਸ਼ਵ' ਨੂੰ ਜਿਉਂਦਾ ਕਰਨ ਵਾਲੇ, ਰੱਬ ਨਾਲ ਮਿਲਾ ਦੇਊਗਾ,
ਮੁਸਕਰਾਉਂਦੀ ਕੀ ਹੈ, ਸਾਡੀ ਗਲੀ ਆਉਣਾ,
ਹੱਸਣਾ ਸਿੱਖਾ ਦੇਊਗਾ।


ਤੇਰੀ ਯਾਦ ਭੁਲਾ ਦੇਊਗਾ, ਤੇਰੀ ਅਦਲਾ-ਬਦਲੀ ਕਰਾ ਦੇਊਗਾ,
ਤੈਨੂੰ ਆਮ ਤੋ ਖਾਸ, ਖਾਸ ਤੋ ਆਮ ਬਣਾ ਦੇਊਗਾ,
ਤੈਨੂੰ ਕਿਸੇ ਦਰੱਖਤ ਦੀ ਪਿਂਉਦ ਵਾਂਗ, ਆਪਣੇ ਵਿੱਚ ਮਿਲਾ ਲਊਗਾ,
ਸਾਹ ਦੇ ਨਾਲ-ਨਾਲ ਰੂਹ 'ਚ' ਵੀ ਵਸਾ ਲਊਗਾ,
ਮੁਸਕਰਾਉਂਦੀ ਕੀ ਹੈ, ਸਾਡੀ ਗਲੀ ਆਉਣਾ,
ਹੱਸਣਾ ਸਿੱਖਾ ਦੇਊਗਾ।


ਬਿਗਾਨੇ ਨੂੰ ਆਪਣਾ, ਦੁਸਮਣ ਨੂੰ ਦੋਸਤ, ਬਣਾਉਣਾ ਸਿੱਖਾ ਦੇਊਗਾ,
ਅਮੀਰ ਸੱਭਿਆਚਾਰ ਦੀ ਪਹਿਚਾਣ ਕਰਾ ਦੇਊਗਾ,
ਮੁੱਦਤਾਂ ਤੋ ਚੱਲੀ ਰੀਤ ਸਿੱਖਾ ਦੇਊਗਾ,
ਉੱਚੇ ਤੋ ਉੱਚੇ ਦੀ ਪਹਿਚਾਣ ਕਰਾ ਦੇਊਗਾ,
ਮੁਸਕਰਾਉਂਦੀ ਕੀ ਹੈ, ਸਾਡੀ ਗਲੀ ਆਉਣਾ,
ਹੱਸਣਾ ਸਿੱਖਾ ਦੇਊਗਾ।


ਮਹਿਫ਼ਲ ਛੁਡਾ ਤੇਰੀ, ਕੱਲਾ ਬੈਠਣ ਲਾ ਦੇਊਗਾ,
ਇਹ ਸੋਚ ਤੇਰੀ ਦਾ, ਇਜ਼ਾਅਫ਼ਾ ਕਰਾ ਦੇਊਗਾ,
ਜੋ ਭੁੱਲ ਨਾ ਸਕੇਗੀ, ਉਹਨਾਂ 'ਯਾਦਾਂ' ਚ ਗਵਾ ਦੇਊਗਾ,
ਖੜ ਉਰਲੇ ਕੰਢੇ ਤੇ, ਸਮੁੰਦਰ ਪਾਰ ਵਿਖਾ ਦੇਊਗਾ,
ਮੁਸਕਰਾਉਂਦੀ ਕੀ ਹੈ, ਸਾਡੀ ਗਲੀ ਆਉਣਾ,
ਹੱਸਣਾ ਸਿੱਖਾ ਦੇਊਗਾ।

ਮੇਰਾ ਜ਼ਖਮ - ਸੰਦੀਪ ਕੁਮਾਰ ਨਰ ਬਲਾਚੌਰ

ਕਦੇ ਭਰਦਾ ਏ, ਕਦੇ ਛਿਲਦਾ ਏ,
ਕੁੱਝ ਹੋਰ ਨਹੀਂ, ਇਹ ਮੇਰਾ ਜ਼ਖਮ ।


ਕੁੱਝ ਹੁਣ ਦਾ ਏ, ਕੁੱਝ ਪਹਿਲਾਂ ਦਾ ਏ,
ਕੁੱਝ ਹਿਜ਼ਰ ਦਾ ਏ, ਕੁੱਝ ਵਸਲ ਦਾ ਏ,
ਕੁੱਝ ਹੋਰ ਨਹੀਂ, ਇਹ ਮੇਰਾ ਜ਼ਖਮ ।


ਇਹਦਾ ਅੰਗਾਂ ਉੱਤੇ ਨਿਸ਼ਾਨ ਨਹੀ,
ਮੇਰੀਆਂ ਅੱਖਾਂ ਵਿੱਚੋਂ ਦਿਖਦਾ ਏ,
ਕਦੇ ਭਰਦਾ ਏ, ਕਦੇ ਛਿਲਦਾ ਏ,
ਕੁੱਝ ਹੋਰ ਨਹੀਂ, ਇਹ ਮੇਰਾ ਜ਼ਖਮ ।


ਪਲ ਭਰ ਵੀ ਸੌਣ ਨਾ ਦਿੰਦਾ ਏ,
ਬੇਹੋਸ਼ੀ, 'ਚ ਹੋਸ਼ ਨਾ ਦਿੰਦਾ ਏ,
ਕੁੱਝ ਹੋਰ ਨਹੀਂ, ਇਹ ਮੇਰਾ ਜ਼ਖਮ ।


ਰੱਬ ਅੱਗੇ ਤਰਲੇ ਕਰਦਾ ਹਾਂ,
ਬਸ ਉਹੀ ਜਾਣੇ ਇਹ ਮੇਰਾ ਜਖਮ,
ਕਦੇ ਭਰਦਾ ਏ, ਕਦੇ ਛਿਲਦਾ ਏ,
ਕੁੱਝ ਹੋਰ ਨਹੀਂ, ਇਹ ਮੇਰਾ ਜ਼ਖਮ ।


ਸੱਟਾਂ ਤੇ ਸੱਟਾਂ ਖਾਂਦਾ ਹਾਂ,
ਹੈ ਇਕੋ ਹੀ ਸੱਟ ਮੇਰਾ ਜਖਮ,
ਕੁੱਝ ਹੋਰ ਨਹੀਂ, ਇਹ ਮੇਰਾ ਜ਼ਖਮ ।


ਉਹ ਆ ਜਾਵੇ ਤਾ ਸੁਕ ਜਾਵੇ,
ਹੈ ਜਿਸਦਾ ਦਿੱਤਾ ਇਹ ਮੇਰਾ ਜਖਮ,
ਕਦੇ ਭਰਦਾ ਏ, ਕਦੇ ਛਿਲਦਾ ਏ,
ਕੁੱਝ ਹੋਰ ਨਹੀ, ਇਹ ਮੇਰਾ ਜ਼ਖਮ ।


ਇਹਦਾ ਅੰਗਾਂ ਉੱਤੇ ਨਿਸ਼ਾਨ ਨਹੀ,
ਮੇਰੀਆਂ ਅੱਖਾਂ ਵਿੱਚੋਂ ਦਿਖਦਾ ਏ,
ਕੁੱਝ ਹੋਰ ਨਹੀਂ, ਇਹ ਮੇਰਾ ਜ਼ਖਮ ।

ਕਵਿਤਾ - ਮੰਜ਼ਿਲ - ਸੰਦੀਪ ਕੁਮਾਰ ਨਰ ਬਲਾਚੌਰ

ਚੜ੍ਹਨਾ ਉੱਚਾ, ਪੌੜੀ ਹੈ ਨਾ, ਸੋਚ ਨੂੰ ਉੱਚਾ ਕਰ ਲੈਣਾ,
ਖੜ੍ਹਨਾ ਪੈਰੀਂ, ਸਹਾਰਾ ਹੈ ਨੀ, ਕਿਸੇ ਚੰਗੇ ਦਾ ਲੜ ਫੜ ਲੈਣਾ ।


ਉੱਚਾ ਜਿਹਾ ਕੋਈ ਦਰ ਵੇਖ, ਨੀਵਾਂ ਹੋ ਕੇ ਵੜ ਜਾਣਾ,
ਡਾਂਟਾਂ ਪੈਣ, ਝਿੜਕਾਂ ਵੱਜਣ, ਹੱਥ ਜੋੜ ਕੇ ਖੜ੍ਹ ਜਾਣਾ ।
ਲੱਖ ਕਲਾਸਾਂ, ਸਕੂਲੇ ਪੜੀਆਂ, ਇੱਕ 'ਸਲੀਕਾ' ਕਾਇਦਾ ਪੜ੍ਹ ਲੈਣਾ ।
ਬਹੁਤੇ ਲੱਭਣ ਦੀ ਲੋੜ ਨਾ ਪੈਣੀ, ਇੱਕ ਦਾ ਹੋ ਕੇ ਸਰ ਜਾਣਾ।
ਚੜ੍ਹਨਾ ਉੱਚਾ, ਪੌੜੀ ਹੈ ਨਾ, ਸੋਚ ਨੂੰ ਉੱਚਾ ਕਰ ਲੈਣਾ,
ਖੜ੍ਹਨਾ ਪੈਰੀਂ, ਸਹਾਰਾ ਹੈ ਨੀ, ਕਿਸੇ ਚੰਗੇ ਦਾ ਲੜ ਫੜ ਲੈਣਾ ।


ਕਿੱਥੇ ਰਹਿਣਾ, ਕਿੱਦਾਂ ਰਹਿਣਾ, ਕੌਣ ਤੇਰਾ ਗੁਆਂਢੀ ਏ,
'ਕਾਇਨਾਤ' ਇਹ ਰੱਬ ਦੀ ਦੇ ਵਿੱਚ, ਹਰ ਪ੍ਰਾਣੀ ਸਾਂਝੀ ਏ,
ਇਕ ਪ੍ਰਾਣੀ ਘੱਟ ਗਿਆ ਜੇਕਰ, ਗਿਣਤੀ ਸੂਚੀ ਵਾਂਝੀ ਏ,
ਜੋ ਅੱਜ ਤੱਕ ਨਾ ਕਿਸੇ ਨੇ ਕੀਤਾ, ਕੰਮ ਕੋਈ ਐਸਾ ਕਰ ਜਾਣਾ ।
ਚੜ੍ਹਨਾ ਉੱਚਾ, ਪੌੜੀ ਹੈ ਨਾ, ਸੋਚ ਨੂੰ ਉੱਚਾ ਕਰ ਲੈਣਾ,
ਖੜ੍ਹਨਾ ਪੈਰੀਂ, ਸਹਾਰਾ ਹੈ ਨੀ, ਕਿਸੇ ਚੰਗੇ ਦਾ ਲੜ ਫੜ ਲੈਣਾ ।


ਉੱਚਾ ਸੋਚ ਕੇ, ਉੱਚਾ ਤੱਕੀਂ, ਮੁੜ ਪਿੱਛੇ ਵੱਲ ਵੇਖੀਂ ਨਾ,
ਉੱਚਾ ਵਿਰਸਾ, ਉੱਚਿਆਂ ਦਾ ਤੂੰ, ਉਚੇ ਤੇਰੇ ਘਰਾਣੇ ਨੇ ।
ਬੁੱਲਾ, ਵਾਰਸ਼, ਸ਼ਿਵ ਜਿਹੇ ਤੇਰੇ ਲਿੱਖਣੇ ਵਾਲੇ ਸਿਆਣੇ ਨੇ,
ਮੁਸ਼ਕਲ ਆਵੇ, ਸਮਝ ਨਾ ਲੱਗੇ, ਸਾਧੂ ਦਾ ਲੜ ਫੜ ਲੈਣਾ ।
ਚੜ੍ਹਨਾ ਉੱਚਾ, ਪੌੜੀ ਹੈ ਨਾ, ਸੋਚ ਨੂੰ ਉੱਚਾ ਕਰ ਲੈਣਾ,
ਖੜ੍ਹਨਾ ਪੈਰੀਂ, ਸਹਾਰਾ ਹੈ ਨੀ, ਕਿਸੇ ਚੰਗੇ ਦਾ ਲੜ ਫੜ ਲੈਣਾ ।


ਇੱਕ ਅੱਖ ਵਾਲਾ ਰਾਜਾ ਰਣਜੀਤਾ, ਇੱਕ ਅੱਖ ਵੇਖੇ ਸਾਧੂ ਵੀ,
ਦੋ ਅੱਖਾਂ ਨਾਲ ਫਰਕ ਜੇ ਲੱਗੇ, ਇੱਕ ਅੱਖ ਬੰਦ ਤੂੰ ਕਰ ਲੈਣਾ ।
ਰੱਬ ਵੱਲੇ ਮੂੰਹ ਸਿਧਾ ਕਰਕੇ, ਸੱਚ ਨੂੰ ਨੇੜੇ ਕਰ ਲੈਣਾ,
ਮੰਜ਼ਿਲ ਮਿਲਜੂ, ਖੁਸ਼ੀ ਵੀ ਮਿਲਜੂ, ਥੱਕ ਜਾਣ ਤੇ ਖੜ੍ਹ ਲੈਣਾ ।
ਚੜ੍ਹਨਾ ਉੱਚਾ, ਪੌੜੀ ਹੈ ਨਾ, ਸੋਚ ਨੂੰ ਉੱਚਾ ਕਰ ਲੈਣਾ,
ਖੜ੍ਹਨਾ ਪੈਰੀਂ, ਸਹਾਰਾ ਹੈ ਨੀ, ਕਿਸੇ ਚੰਗੇ ਦਾ ਲੜ ਫੜ ਲੈਣਾ ।

ਯਾਦਾਂ - ਸੰਦੀਪ ਕੁਮਾਰ ਨਰ ਬਲਾਚੌਰ

ਜਦੋਂ ਆਉਂਦੀਆਂ ਯਾਦਾਂ ਰਾਤਾਂ ਨੂੰ ਕਿਉਂ ਦਿਲ ਨੂੰ ਸੋਚਣ ਲਾਉਂਦੀਆਂ ਨੇ।


ਜਦੋਂ ਅੰਬਰੀ ਤਾਰਾ ਟੁੱਟਦਾ ਏ, ਕਿਉਂ ਖੂਨ ਜਿਗਰ ਦਾ ਸੁਕਦਾ ਏ,
ਜਦੋਂ ਉੱਲੂ ਬੋਲਣ ਰਾਤਾਂ ਨੂੰ, ਕਿਉਂ ਹੋਰ ਆਵਾਜ਼ਾਂ ਆਉਂਦੀਆਂ ਨੇ,
ਕਿਉਂ ਰੋਣਾਂ ਪੱਲੇ ਕਲਿਆਂ ਦੇ, ਅਤੇ ਪੈਰ-ਪੈਰ ਤੇ ਠੋਕਰ ਏ,
ਕਿਉਂ ਤਰਸ ਨਾ ਕਰਦਾ ਕੋਈ ਵੀ, ਜਦ ਪੀੜਾਂ ਘੇਰਾ ਪਾਉਂਦੀਆਂ ਨੇ,
ਜਦੋਂ ਆਉਂਦੀਆਂ ਯਾਦਾਂ ਰਾਤਾਂ ਨੂੰ ਕਿਉਂ ਦਿਲ ਨੂੰ ਸੋਚਣ ਲਾਉਂਦੀਆਂ ਨੇ।


ਕੋਈ ਆਹਿਸਾਨਾਂ ਦੀ ਪੰਡ ਦੇ ਕੇ, ਕਿਉਂ ਰੋਣਾ ਐਨਾ ਲਾਉਂਦਾ ਏ,
ਕਿਉਂ ਰਸਤਾ ਐਨਾ ਲੰਬਾ ਏ, ਜਦੋਂ ਝਾੜੀਆਂ ਕੰਡੇ ਲਾਉਂਦੀਆਂ ਨੇ,
ਜਦੋਂ ਆਉਂਦੀਆਂ ਯਾਦਾਂ ਰਾਤਾਂ ਨੂੰ ਕਿਉਂ ਦਿਲ ਨੂੰ ਸੋਚਣ ਲਾਉਂਦੀਆ ਨੇ।


ਜਦੋਂ ਸਾਥ ਜੇ ਕੋਈ ਤੇਰਾ ਛੱਡ ਜਾਵੇ, ਫਿਰ ਕੱਲਿਆਂ ਰਹਿ ਕੇ ਜੀਅ ਲੈਣਾ
ਤੂੰ ਵੱਡਾ ਬਣ ਕੀ ਲੈਣਾ, ਤੂੰ ਛੋਟਾ ਬਣ ਕੇ ਜੀਅ ਲੈਣਾ,
'ਸੰਦੀਪ' ਇਹ ਗੱਲਾਂ ਗੀਤਾਂ ਨੂੰ, ਜਿੰਦਗੀ ਵਿਚ ਲਿਖ ਕੇ ਕੀ ਲੈਣਾ,
ਜਦੋਂ ਆਉਂਦੀਆਂ ਯਾਦਾਂ ਰਾਤਾਂ ਨੂੰ ਕਿਉਂ ਦਿਲ ਨੂੰ ਸੋਚਣ ਲਾਉਂਦੀਆ ਨੇ।


ਇਕ ਰੂਹ ਅਵਾਜ਼ਾ ਦਿੰਦੀ ਏ, ਕੁੱਝ ਬਣਜਾ ਤੈਨੂੰ ਕਹਿੰਦੀ ਏ,
ਜਦੋਂ ਦਰ ਉੱਚੇ ਨਾਲ, ਵਾਹ ਤੇਰਾ ਫਿਰ ਦਰ-ਦਰ ਘੁੰਮ ਕੇ ਕੀ ਲੈਣਾ
ਆਪਣੇ ਆਪ ਨੂੰ ਸਮਝ ਲੈ, ਦੁਨੀਆਂ ਸਮਝਾ ਕੇ ਕੀ ਲੈਣਾ,
ਜਦੋਂ ਆਉਂਦੀਆਂ ਯਾਦਾਂ ਰਾਤਾਂ ਨੂੰ ਕਿਉਂ ਦਿਲ ਨੂੰ ਸੋਚਣ ਲਾਉਂਦੀਆ ਨੇ।

ਕਵਿਤਾ - ਦੁਨੀਆਂ - ਸੰਦੀਪ ਕੁਮਾਰ ਨਰ ਬਲਾਚੌਰ

ਉਹ ਵੱਖਰਾ ਗਾਉਂਦਾ ਤੇ ਲਿੱਖਦਾ ਹੈ,
'ਹੈ' ਇੱਕ ਦੋਸਤ ਮੇਰਾ ।
ਉਹ ਕੋਰਾ ਕਾਗਜ਼ ਵੀ ਪੜ੍ਹ ਲੈਂਦਾ ਹੈ,
ਫਿਰ ਵੀ ਉਹ ਸਧਾਰਨ ਦਿੱਖਦਾ ਹੈ ।
ਮੈਨੂੰ ਲੱਗਦਾ ਇਹ ਸਭ ਉਹ,
ਇਨਸਾਨੀਅਤ ਤੋ ਸਿੱਖਦਾ ਹੈ ।
ਉੱਚੀ ਗਾਉਂਦਾ, ਹੇਕਾਂ ਲਾਉਂਦਾ,
ਕੋਲ ਬਠਾਉਂਦਾ, ਪਿਆਰ ਵਧਾਉਂਦਾ ।
ਸੱਜਣਾਂ 'ਓਏੇ' ਝੂਠ ਤਾਂ ਹਰ ਕੋਈ ਬੋਲ ਜਾਂਦਾ ਏ,
ਸੱਚ ਬੋਲਣਾ ਬੜਾ ਔਖਾ ਏੇ ।
ਕਰਦੇ ਨੇ ਦਰਖਤਾਂ ਨਾਲ ਗੱਲਾਂ,
ਅਸਮਾਨਾਂ ਦੇ ਤਾਰੇ ਵੀ ਗਿਣ ਜਾਂਦੇ ਨੇ ।
ਕੱਲ੍ਹ, ਕੀ ਬੀਤਣ ਵਾਲਾ ਹੈ, ਸੁਭਾਵਕ ਹੀ ਕਹਿ ਜਾਂਦੇ ਨੇ,
ਜਿਉਂਦੇ ਤਾਂ ਦਿਲ ਵਿੱਚ ਧੜਕਦੇ ਨੇ,
ਮਰਨੇ ਤੋ ਬਾਅਦ ਵੀ ਦਿਲ ਵਿੱਚ ਘਰ ਕਰ ਜਾਂਦੇ ਨੇ ।
ਬਿੰਦਰੱਖੀਆ, ਮਾਣਕ, ਲਾਉਂਦੇ ਸੀ ਅਖਾੜੇ ਬੜੇ ਭਾਰੀ,
ਮੇਰੇ ਮਿੱਤਰ, ਬੱਬੂ ਮਾਨ ਦੀ ਕਲਮ ਤੇ ਆਵਾਜ਼ ਹੈ ਨਿਆਰੀ ।
ਮਾਨ ਗੁਰਦਾਸ ਜੋ ਲਿੱਖਦਾ,
ਅੱਜ ਦੁਨੀਆਂ ਮੰਨਦੀ ਸਾਰੀ,
ਮੈਂ ਜੋ ਲਿਖਦਾ, ਆਪਣੇ ਗੁਰੂਆਂ ਤੋਂ ਸਿੱਖਦਾ ।
ਪਲ ਵਿੱਚ ਪਲ ਦਿੱਖਦਾ,
ਹਕੀਕਤ ਕੀ ਹੈ,
ਜਨਮ-ਜਨਮ ਦਾ ਕਰਮ ਹੈ,
ਹਕੀਕਤੀ 'ਦੇਖ' ਦੁਨਿਆਂ ਦਾ ਭਲਾ, ਤੂੰ ਵੀ ਕਰਕੇ,
ਰੱਬ ਵੀ ਖ਼ੁਸ਼ ਹੋ 'ਜਾਊ' ਤੇਰੇ ਦਿਦਾਰ ਕਰਕੇ ।
'ਸਿਤਾਰੇ', ਸਿਤਾਰਿਆਂ ਨਾਲ, ਸਿਤਾਰਿਆਂ ਵਿੱਚ ਨਾਂ ਲਿਖਾਉਂਦੇ ਨੇ,
ਅਸਲ ਵਿੱਚ ਜੋ ਸਿਤਾਰੇ ਹੁੰਦੇ ਨੇ ।
ਦਿਲ ਵਿੱਚ ਥਾਂ ਬਣਾਉਂਦੇ ਨੇ,
ਜੋ ਹੋਰਾਂ ਤੋ ਪਿਆਰੇ ਹੁੰਦੇ ਨੇ ।
ਦੁਨੀਆਂ ਆਉਂਦੀ ਹੈ ਚਲੀ ਜਾਂਦੀ ਹੈ,
ਵੇਖ ਕੇ, ਸੁਣ ਕੇ, ਸਾਡੇ ਤਾਂ ਗੁਜਾਰੇ ਹੁੰਦੇ ਨੇ ।

ਵਿਛੋੜਾ - ਸੰਦੀਪ ਕੁਮਾਰ ਨਰ ਬਲਾਚੌਰ

ਜ਼ਖਮੀ ਕਰਕੇ ਤੁਰ ਗਈ ਅੜੀਏ,
ਕੌਣ ਸੁਣੂੰਗਾ ਕੂਕਾਂ ਨੂੰ,
ਖਤ, ਛੱਲੇ ਤੇ ਮੁੰਦੀਆਂ ਤੇਰੇ,
ਕੱਲ੍ਹ ਜੋ ਸੀ ਅੱਜ ਨਹੀ ਦਿਖਦਾ,
ਹੌਕੇ ਹਾਵੇ, ਲੈ ਮਰ ਮੁਰ ਜਾਣਾ,
ਛੱਡ ਤੇਰੀਆ ਉਡੀਕਾਂ ਨੂੰ....
ਚਾਂਦਨੀ ਵਾਂਗ ਉਹ ਨਜਦੀਕ ਉਹ ਮੇਰੇ,
ਤਾਰਿਆਂ ਵਾਂਗ ਦੂਰ-ਦੂਰ ਲੱਗੇ,
ਅਵਾਜ਼ ਆਵੇ ਹਵਾਂ 'ਚੋਂ, ਮੇਰੇ ਕੰਨਾਂ 'ਚ ਵੱਜੇ,
ਦਰਦ ਵਿਛੋੜੇ ਦਾ, ਇਸ਼ਕ ਦੀਆਂ ਲਹਿਰਾਂ,
ਤੂੰ ਕਿਉਂ ਕਿਸੇ ਦੀ ਪਰਵਾਹ ਕਰਦਾ ਏਂ,
ਖੁਆਬਾਂ 'ਚੋਂ ਤੈਨੂੰ ਤੇਰੀ ਦੁਨੀਆਂ, ਵੱਖਰੀ ਹੀ ਲੱਗੇ...

ਦਾਸਤਾਂ - ਸੰਦੀਪ ਕੁਮਾਰ ਨਰ ਬਲਾਚੌਰ

ਮੇਰੇ ਦਿਲ ਤੋਂ ਹੱਥ ਨਾ ਚੁੱਕਣਾ ਹੇਠਾਂ ਜਖ਼ਮ ਹੈ,
ਮੇਰੇ ਦਿਲ ਦਾਸਤਾਂ ਨਾ ਸੁਣਾਉਣਾ ਦਿਲ ਵਿੱਚ ਦਰਦ ਹੈ।


ਹੱਸਦੀ ਹੈ ਦੁਨੀਆ ਮੈਨੂੰ ਚਿੜਾਉਣ ਦੇ ਲਈ,
ਬੁਲਾਉਂਦੇ ਹਨ ਕੋਲ ਮੈਨੂੰ ਉਸਨੂੰ ਭੁਲਾਉਣ ਦੇ ਲਈ,
ਬਿਠਾਉਦੇ ਹਨ ਕੋਲ ਮੈਨੂੰ ਕੁੱਝ ਸਮਝਾਉਣ ਦੇ ਲਈ,
ਕਹਿੰਦੇ ਹਨ ਕੁੱਝ ਮੈਨੂੰ ਮੇਰਾ ਦਿਲ ਲਗਾਉਣ ਦੇ ਲਈ,
ਕਿਵੇਂ ਦਿਲ ਲੱਗੇ, ਜਦੋਂ ਕਿਸੇ ਦੇ ਅਹਿਸਾਨਾਂ ਦਾ ਕਰਜ ਹੈ,
ਮੇਰੇ ਦਿਲ ਤੋਂ ਹੱਥ ਨਾ ਚੁੱਕਣਾ ਹੇਠਾਂ ਜਖ਼ਮ ਹੈ,
ਮੇਰੇ ਦਿਲ ਦਾਸਤਾਂ ਨਾ ਸੁਣਾਉਣਾ ਦਿਲ ਵਿੱਚ ਦਰਦ ਹੈ।


ਸਵੇਰੇ ਆਉਂਦੀ ਹੈ, ਜਦੋਂ ਲਾਲ ਜਹੀ ਹੋ ਕੇ,
ਨਿਖਰ ਜਾਂਦਾ ਹਾਂ, ਮੈਂ ਵੀ ਹੰਝੂ ਧੋ ਕੇ,
ਸ਼ਾਮ ਚਲੀ ਜਾਂਦੀ ਹੈ, ਲਾਲ ਜਹੀ ਹੋ ਕੇ,
ਪੈ ਜਾਂਦਾ ਹਾਂ, ਮੈਂ ਵੀ ਅਧ-ਮਰਿਆ ਜਿਹਾ ਹੋ ਕੇ,
ਓੜੀ ਚਾਦਰ ਨਾ ਹਟਾਉਣਾ, ਮੇਰੀ ਸਰੀਰ ਤੋਂ
ਮੇਰੇ ਦਿਲ ਤੋਂ ਹੱਥ ਨਾ ਚੁੱਕਣਾ ਹੇਠਾਂ ਜਖ਼ਮ ਹੈ,
ਮੇਰੇ ਦਿਲ ਦਾਸਤਾਂ ਨਾ ਸੁਣਾਉਣਾ ਦਿਲ ਵਿੱਚ ਦਰਦ ਹੈ।


ਮੇਰਾ ਕੱਲ੍ਹ ਵੇਖ ਕੇ ਤੂੰ ਕਿਉਂ ਹੈਰਾਨ ਹੈ,
ਮੇਰੇ ਕੱਲ੍ਹ ਵੀ ਕਿਸੇ ਦਾ ਮਹਿਮਾਨ ਹੈ,
ਮੇਰਾ ਅਤੀਤ ਵਿੱਚ ਬਹੁਤ ਬੜਾ ਤੂਫਾਨ ਹੈ,
ਇਹ ਵਕਤ ਵੀ ਕਿੰਨਾ ਬਲਵਾਨ ਹੈ,
ਇਹ ਸ਼ੀਸ਼ਾ ਮੇਰੀ ਕਹਾਣੀ ਹੈ,
ਤੁਸੀ ਠੀਕ ਨਾ ਪੜ੍ਹ ਪਾਓਗੇ,
ਇਸ ਤੇ ਵੀ ਬਹੁਤ ਗਰਦ ਹੈ,
ਮੇਰੇ ਦਿਲ ਤੋਂ ਹੱਥ ਨਾ ਚੁੱਕਣਾ ਹੇਠਾਂ ਜਖ਼ਮ ਹੈ,
ਮੇਰੇ ਦਿਲ ਦਾਸਤਾਂ ਨਾ ਸੁਣਾਉਣਾ ਦਿਲ ਵਿੱਚ ਦਰਦ ਹੈ।