Ujagar Singh

ਦਵਿੰਦਰ ਬਾਂਸਲ ਦਾ ਕਾਵਿ ਸੰਗ੍ਰਹਿ ‘ਜੀਵਨ ਰੁੱਤ ਦੀ ਮਾਲਾ’ ਮੁਹੱਬਤਾਂ ਦਾ ਸਿਰਨਾਮਾ - ਉਜਾਗਰ ਸਿੰਘ

ਦਵਿੰਦਰ ਬਾਂਸਲ ਇਸਤਰੀ ਦੀ ਪੀੜਤ ਗੁੰਝਲਦਾਰ ਮਾਨਸਿਕਤਾ ਨੂੰ ਇਕ ਸੁਨਹਿਰੀ ਮਾਲਾ ਵਿੱਚ ਪ੍ਰੋਣ ਵਾਲੀ ਕਵੀ ਹੈ। ਦਵਿੰਦਰ ਬਾਂਸਲ ਨੂੰ ਕਵਿਤਰੀ ਲਿਖਣਾ ਵੀ ਉਸ ਦੀ ਸੋਚ ਦਾ ਲਖਾਇਕ ਨਹੀਂ। ਉਹ ਬੁਲੰਦ ਆਵਾਜ਼ ਵਾਲੀ ਮੁਹੱਬਤ ਨੂੰ ਪ੍ਰਣਾਈ ਦਲੇਰ ਪ੍ਰੰਤੂ ਸੂਖ਼ਮ ਭਾਵੀ ਇਸਤਰੀ ਹੈ। ਪਿਆਰ, ਮੁਹੱਬਤ ਤੇ ਇਸ਼ਕ ਉਸ ਦੀ ਜ਼ਿੰਦਗੀ ਦਾ ਮਕਸਦ ਹਨ। ਉਸ ਦਾ ਜਨਮ ਕੀਨੀਆਂ ਦੇ ਨੈਰੋਬੀ ਵਿੱਚ ਹੋਇਆ, ਪਲੀ ਤੇ ਪੜ੍ਹੀ ਇੰਗਲੈਂਡ ਵਿੱਚ ਅਤੇ ਰਹਿ ਕੈਨੇਡਾ ਵਿੱਚ ਰਹੀ ਹੈ, ਇਸ ਦੇ ਬਾਵਜੂਦ ਪੰਜਾਬੀ ਵਿੱਚ ਕਵਿਤਾਵਾਂ ਲਿਖਦੀ ਹੈ। ਉਸ ਦੀ ਪੰਜਾਬੀ ਵਿੱਚ ਦਿਲਚਸਪੀ ਵੇਖ ਕੇ ਪੰਜਾਬੀ ਦੇ ਖ਼ਤਮ ਹੋਣ ਬਾਰੇ ਸਾਰੇ ਭੁਲੇਖੇ ਦੂਰ ਹੋ ਜਾਂਦੇ ਹਨ। ਦਵਿੰਦਰ ਬਾਂਸਲ ਦਾ ਪਹਿਲਾ ਕਾਵਿ ਸੰਗ੍ਰਹਿ ‘ਮੇਰੀਆਂ ਝਾਂਜਰਾਂ ਦੀ ਛਣਛਣ’ 1998 ਵਿੱਚ ਪ੍ਰਕਾਸ਼ਤ ਹੋਇਆ ਸੀ। 25 ਸਾਲ ਬਾਅਦ ਦੂਜਾ ਕਾਵਿ ਸੰਗ੍ਰਹਿ ‘ਜੀਵਨ ਰੁੱਤ ਦੀ ਮਾਲਾ’ ਪ੍ਰਕਾਸ਼ਤ ਹੋਇਆ ਹੈ। ਉਹ ਗਿਣਤੀ ਮਿਣਤੀ ਦੀ ਥਾਂ ਕਵਿਤਾ ਦੇ ਮਿਆਰ ਵਿੱਚ ਵਿਸ਼ਵਾਸ਼ ਰੱਖਦੀ ਹੈ। ਇਸ ਕਾਵਿ ਸੰਗ੍ਰਹਿ ਵਿੱਚ ਦਵਿੰਦਰ ਬਾਂਸਲ ਦੀਆਂ 69 ਕਵਿਤਾਵਾਂ ਹਨ, ਜਿਹੜੀਆਂ ਰੰਗ ਵਿਰੰਗੀਆਂ ਵੰਗਾਂ ਦਾ ਤਰ੍ਹਾਂ ਅਤੇ ਇਸਤਰੀ ਦੇ ਅਹਿਸਾਸਾਂ ਦਾ ਪ੍ਰਗਟਾਵਾ ਕਰਦੀਆਂ ਹਨ। ਕਵਿਤਾਵਾਂ ਦੇ ਇਹ ਰੰਗ ਇਸਤਰੀ ਦੇ ਮਨੋਭਾਵਾਂ ਦੇ ਉਤਰਾਅ ਚੜ੍ਹਾਅ ਦਾ ਦਿ੍ਰਸ਼ਟਾਂਤਿਕ ਰੂਪ ਹਨ। ਇਨ੍ਹਾਂ ਵਿੱਚੋਂ ਬਹੁਤੀਆਂ ਕਵਿਤਾਵਾਂ ਸੱਚੇ-ਸੁੱਚੇ ਪਿਆਰ, ਮੁਹੱਬਤ ਅਤੇ ਇਸ਼ਕ ਦੀ ਬਾਤ ਹੀ ਪਾਉਂਦੀਆਂ ਹਨ। ਆਪਣੀਆਂ ਕਵਿਤਾਵਾਂ ਦਾ ਸਿਹਰਾ ਉਹ ਆਪਣੇ ਪਤੀ ਕਸ਼ਮੀਰ ਬਾਂਸਲ ਨੂੰ ਦਿੰਦੀ ਹੈ, ਜਿਸ ਨੇ ਦਵਿੰਦਰ ਬਾਂਸਲ ਨੂੰ ਹਮੇਸ਼ਾ ਕਵਿਤਾਵਾਂ ਲਿਖਣ, ਮਨਮਰਜ਼ੀ ਅਤੇ ਖੁਲ੍ਹਦਿਲੀ ਨਾਲ ਜੀਵਨ ਜਿਓਣ ਲਈ ਉਤਸ਼ਾਹਤ ਕੀਤਾ ਹੈ। ਇਸ ਕਰਕੇ ਕਵੀ ਨੇ ਇਸ ਕਾਵਿ ਸੰਗ੍ਰਹਿ ਦਾ ਸਮਰਪਣ ਆਪਣੇ ਪਤੀ ਦੇ ਨਾਮ ਕਵਿਤਾ ਲਿਖਕੇ ਕੀਤਾ ਹੈ। ਭਾਵੇਂ ਕਵੀ ਨੇ ਇਸ ਕਾਵਿ ਸੰਗ੍ਰਹਿ ਦੀਆਂ ਕਵਿਤਾਵਾਂ ਨੂੰ ਆਪਣੀ ਨਿੱਜੀ ਜ਼ਿੰਦਗੀ ਵਿੱਚ ਆਈਆਂ ਅੜਚਣਾਂ ਅਤੇ ਕਠਨਾਈਆਂ ਨੂੰ ਪੇਸ਼ ਕੀਤਾ ਹੈ ਪ੍ਰੰਤੂ ਦਵਿੰਦਰ ਬਾਂਸਲ ਦੀ ਕਮਾਲ ਇਹ ਹੈ ਕਿ ਉਹ ਇਨ੍ਹਾਂ ਕਵਿਤਾਵਾਂ ਰਾਹੀਂ ਸਮੁੱਚੀ ਇਸਤਰੀ ਜ਼ਾਤੀ ਦੀਆਂ ਭਾਵਨਾਵਾਂ ਅਤੇ ਅੰਤਰੀਵ ਪੀੜ/ਦਰਦ ਦਰਸਾਉਣ ਵਿੱਚ ਸਫਲ ਹੋਈ ਹੈ। ਇਨ੍ਹਾਂ ਕਵਿਤਾਵਾਂ ਵਿੱਚ ਸਮਾਜਿਕ ਤਾਣੇ ਬਾਣੇ ਵਿੱਚ ਵਿਚਰ ਰਹੀ ਇਸਤਰੀ ਜਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਦੀ ਹੈ, ਉਨ੍ਹਾਂ ਦਾ ਪ੍ਰਗਟਾਵਾ ਕੀਤਾ ਗਿਆ ਹੈ। ਔਰਤ ਹਰ ਸਮਾਜਿਕ ਬੁਰਾਈ ਦਾ ਸਾਹਮਣਾ ਕਰਦੀ ਹੋਈ ਸਫਲ ਹੁੰਦੀ ਹੈ। ਇਸਤਰੀ ਦੇ ਰਾਹ ਵਿੱਚ ਸਮਾਜ ਅਨੇਕਾਂ ਰੁਕਾਵਟਾਂ ਪਾਉਂਦਾ ਹੈ ਪ੍ਰੰਤੂ ਉਹ ਸਹਿਜਤਾ ਅਤੇ ਸੰਜਮ ਨਾਲ ਵਿਵਹਾਰ ਕਰਦੀ ਸਫਲ ਹੁੰਦੀ ਹੈ। ਕਵੀ ਸਮਝਦੀ ਹੈ ਕਿ ਔਰਤ ਸੁੰਦਰ ਵੀ ਹੋਣੀ ਚਾਹੀਦੀ ਹੈ ਪ੍ਰੰਤੂ ਸੁੰਦਰਤਾ ਦੇ ਨਾਲ ਸੀਰਤ ਦਾ ਹੋਣਾ ਅਤਿਅੰਤ ਜ਼ਰੂਰੀ ਹੈ। ਦਵਿੰਦਰ ਬਾਂਸਲ ਸੁੰਦਰ ਤੇ ਸੀਰਤ ਦਾ ਮੁਜੱਸਮਾ ਅਤੇ ਕਵਿਤਾ ਤੇ ਕਲਾ ਦਾ ਸੁਮੇਲ ਹੈ। ਉਸ ਦੀ ਕਵਿਤਾ ਵਿਸਮਾਦੀ, ਸੂਖ਼ਮ, ਸੁਹਜ ਤੇ ਸਹਿਜਾਤਮਿਕ, ਜਦੋਜਹਿਦ, ਜੀਵਨ ਜਾਚ ਅਤੇ ਬਗ਼ਾਬਤੀ ਰੰਗ ਵਿਖੇਰਦੀ ਹੈ। ‘ਸਾਡਾ ਚਾਨਣ’ ਕਵਿਤਾ ਵਿੱਚ ਬਗ਼ਾਬਤ ਦੀ ਸੁਰ ਵੇਖੋ-
 ਐ ਜ਼ਮਾਨੇ!
ਬੜਾ ਹੀ ਸਹਿ ਲਿਆ ਅਸੀਂ ਚੁੱਪ-ਚੁੱਪੀਤੇ, ਹਰ ਸਿਤਮ ਤੇਰਾ
ਹੁਣ ਤੋੜ ਦੇਣਾ ਹੈ ਮੈਂ ਹਰ ਇਕ ਪਿੰਜਰਾ।
 ‘ਸਵੈ-ਭਰੋਸੇ ਦੀ ਤਾਕਤ’ ਕਵਿਤਾ ਵਿੱਚ ਉਹ ਕਹਿੰਦੀ ਹੈ-
ਬੁਰਿਆਈ ਦਾ ਪਰਬਤ, ਜਿੰਨਾ ਮਰਜ਼ੀ ਹੋਵੇ ਵੱਡਾ
ਰਸਤੇ ਜਿੰਨੇ ਹੋਣ ਕੰਡਿਆਲੇ, ਪਰ ਮੇਰੀ ਹਿੰਮਤ ਦੇ ਸਾਹਵੇਂ ਹਨ
ਸਭ ਗੌਣ
ਮੈਂ ਸਦਾ ਤੁਰਦੀ ਰਹਿੰਦੀ ਹਾਂ, ਮੇਰੇ ਕਦਮਾਂ ਤਲੇ ਦੀ ਜ਼ਮੀਨ ਨੂੰ ਕਰ ਪੱਧਰ
ਲੈਂਦੀ ਹਾਂ ਰਸਤੇ ਤਲਾਸ਼, ਜਿਨ੍ਹਾਂ ਉਤੇ ਸਫ਼ਰ ਕਰਦੀ ਹਾਂ
ਸਵੈ-ਭਰੋਸੇ ਸੰਗ।
  ਦਵਿੰਦਰ ਬਾਂਸਲ ਦੀਆਂ ਇਹ ਕਵਿਤਾਵਾਂ ਸਮੁੱਚੀ ਇਸਤਰੀ ਜਾਤੀ ਦੀਆਂ ਭਾਵਨਾਵਾਂ ਦਾ ਪ੍ਰਤੀਕ ਬਣਦੀਆਂ ਹਨ। ਉਸ ਦੀਆਂ ਕਵਿਤਾਵਾਂ ਕਹਿੰਦੀਆਂ ਹਨ ਕਿ ਇਸਤਰੀ ਨੂੰ ਕਮਜ਼ੋਰ ਨਾ ਸਮਝਿਆ ਜਾਵੇ। ਵਰਤਮਾਨ ਸਮੇਂ ਵਿੱਚ ਉਹ ਹਰ ਸਮੱਸਿਆ ਦਾ ਹਲ ਜਾਣਦੀ ਹੈ। ‘ਜਜ਼ਬੇ ਦੀ ਸੰਪੂਰਨਤਾ’ ਕਵਿਤਾ ਵਿੱਚ ਇਸ਼ਕ ਮੁਹੱਬਤ ਦੀ ਗੱਲ ਕਰਦੀ ਹੈ-
ਭਰ ਲਓ ਜੀ ਇੱਕ ਘੜਾ ਇਸ਼ਕ ਦਾ, ਭਰ ਵਗਦਾ ਦਰਿਆ ਇਸ਼ਕ ਦਾ
ਭਰ ਲਓ ਜੀ ਇੱਕ ਪ੍ਰੀਤ ਪਿਆਲਾ, ਕਰ ਲਓ ਜੀਵਨ ਹੋਰ ਸੁਖਾਲਾ
ਭਰ ਲਓ ਬੁੱਕ ਮੁਹੱਬਤ ਵਾਲਾ।
  ਰੂਹ ਨਾਲ ਕੀਤੇ ਇਸ਼ਕ ਨੂੰ ਦਵਿੰਦਰ ਬਾਂਸਲ ਖ਼ੂਬਸੂਰਤ ਜ਼ਿੰਦਗੀ ਜਿਓਣ ਦਾ ਸਾਧਨ ਮੰਨਦੀ ਹੈ। ਇਸ ਨਾਲ ਹੀ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਉਹ ਇਸਤਰੀਆਂ ਨੂੰ ਪਰਮਾਤਮਾ ਵੱਲੋਂ ਤੋਹਫ਼ੇ ਦੇ ਵਿੱਚ ਮਿਲੀ ਜ਼ਿੰਦਗੀ ਨੂੰ ਮਾਨਣ ਦੀ ਪ੍ਰੇਰਨਾ ਦਿੰਦੀ ਹੈ। ਭਾਵੇਂ ਉਸ ਦੀਆਂ ਕੁਝ ਕਵਿਤਾਵਾਂ ਵਿੱਚੋਂ ਦਵਿੰਦਰ ਬਾਂਸਲ ਦੀ ਬੀਮਾਰੀ ਕਰਕੇ ਉਦਾਸੀ ਝਲਕ ਰਹੀ ਹੈ ਪ੍ਰੰਤੂ ਉਸ ਦੇ ਉਤਸ਼ਾਹ ਵਿੱਚ ਹਿੰਮਤ ਬਰਕਰਾਰ ਹੈ। ‘ਨਵੇਂ ਯੁੱਗ ਦੀ ਸ਼ੁਰੂਆਤ’ ਕਵਿਤਾ ਵਿੱਚ ਇਹ ਵੀ ਕਹਿੰਦੀ ਹੈ ਕਿ ਹਰ ਰਾਹ ‘ਤੇ ਲੋੜਾਂ ਲਈ ਸ਼ਰਤਾਂ’, ਜ਼ਿੰਮੇਵਾਰੀਆਂ ਦੇ ਅਹਿਸਾਸ ਹਨ ਪ੍ਰੰਤੂ ਹਰ ਸਾਹ ਵਿੱਚ ਇਕ ਪਿਆਸ ਛੁਪੀ ਹੋਈ ਹੈ। ਉਸ ਦੀ ਪ੍ਰਾਪਤੀ ਲਈ ਜਦੋ-ਜਹਿਦ ਜ਼ਰੂਰੀ ਹੈ। ‘ਉਜਲ ਭਵਿਖ ਦੀ ਤਲਾਸ਼’ ਵਿੱਚ ਖ਼ੁਦਗਰਜ਼ੀ, ਆਪੋ ਧਾਪੀ, ਮਿਹਨਤ ਮੁਸ਼ੱਕਤ ਅਤੇ ਹਓਮੈ ਦਾ ਜ਼ਿਕਰ ਕਰਦੀ ਕਹਿੰਦੀ ਹੈ ਕਿ ਦਿਨ-ਬ-ਦਿਨ ਮੁਹੱਬਤ ਖ਼ੁਰ ਰਹੀ ਹੈ। ਇਕ ਹੋਰ ਕਵਿਤਾ ਵਿੱਚ ਉਹ ਲਿਖਦੀ ਹੈ ਕਿ ਮੁਹੱਬਤ ਉਸ ਦੀਆਂ ਰਗਾਂ ‘ਚ ਵਹਿੰਦੀ ਹੈ। ਦੁਨੀਆਂ ਨੂੰ ਬਹੁਰੰਗੀ ਦਸਦੀ ਹੋਈ ਦਵਿੰਦਰ ਕਹਿੰਦੀ ਹੈ ਕਿ ਮਰਦ ਦਰਦਮੰਦ ਹੋਣ ਦਾ ਢੌਂਗ ਰਚਦੇ ਹਨ ਪ੍ਰੰਤੂ ਬੇਵਫ਼ਾ ਹੁੰਦੇ ਹੋਏ ਔਰਤਾਂ ‘ਤੇ ਜ਼ੁਲਮ ਢਾਹੁੰਦੇ ਹਨ। ਔਰਤ ਨੂੰ ਹਮੇਸ਼ਾ ਪਰਖ ਅਤੇ ਕਸੌਟੀਆਂ ਨਾਲ ਨਾਪਿਆ ਜਾਂਦਾ ਹੈ, ਜਦੋਂ ਕਿ ਉਹ ਕੋਮਲ ਕਲਾ ਦਾ ਪ੍ਰਤੀਕ ਹੁੰਦੀ ਹੈ। ਕਿਸੇ ਵਿੱਚ ਵਧੇਰੇ ਦਿਲਚਸਪੀ ਲੈਣਾ ਸ਼ੋਸ਼ਣ ਨੂੰ ਸੱਦਾ ਦੇਣਾ ਹੈ। ਕਈ ਵਾਰ ਔਰਤ ਆਪਣੀ ਬਰਬਾਦੀ ਦਾ ਆਪ ਹੀ ਕਾਰਨ ਬਣਦੀ ਹੈ। ਉਸ ਨੂੰ ਚੁਣੌਤੀਆਂ ਦਾ ਮੁਕਾਬਲਾ ਕਰਨਾ ਚਾਹੀਦਾ ਹੈ। ਗ਼ਲਤ ਧਾਰਨਾਵਾਂ ਦਾ ਵਿਰੋਧ ਵੀ ਜ਼ਰੂਰੀ ਹੈ। ਦੁਨੀਆਂ ਵਿੱਚ ਦੋਵੇਂ ਤਰ੍ਹਾਂ ਚੰਗੇ ਤੇ ਮਾੜੇ ਲੋਕ ਹੁੰਦੇ ਹਨ। ਨਿਰਾਸ਼ਾ ਵਿੱਚੋਂ ਹੀ ਆਸ਼ਾ ਜਨਮ ਲੈਂਦੀ ਹੈ। ਦਵਿੰਦਰ ਬਾਂਸਲ ਆਸ਼ਾਵਾਦੀ ਹੋਣ ਕਰਕੇ ਇਸਤਰੀਆਂ ਨੂੰ ਜ਼ਿੰਦਗੀ ਨੂੰ ਗਤੀਸ਼ੀਲ ਬਣਾਉਣ ਲਈ ਪ੍ਰੇਰਦੀ ਹੈ। ਝੂਠੇ ਰਿਸ਼ਤਿਆਂ ਤੋਂ ਪ੍ਰਹੇਜ਼ ਕਰੋ। ਔਰਤ ਨੇ ਲੁੱਟ ਦਾ ਸਾਮਾਨ ਅਤੇ ਸ਼ਾਜ਼ਸ਼ ਦਾ ਸ਼ਿਕਾਰ ਬਣਨ ਤੋਂ ਬਚਣਾ ਹੈ। ਮਰਦਾਂ ਦੀ ਬੇਵਫ਼ਾਈ ਤੋਂ ਤੰਗ ਆ ਕੇ ਖ਼ੁਦਕਸ਼ੀਆਂ ਕਰਨ ਵਾਲੀਆਂ ਇਸਤਰੀਆਂ ਨੂੰ ਬੁਰਾਈਆਂ ਵਿਰੁੱਧ ਲੜਨ ਲਈ ਹੌਸਲਾ ਦਿੰਦੀ ਹੋਈ ਜੀਵਨ ਬਸਰ ਕਰਨ ਦਾ ਸਨੇਹਾ ਦਿੰਦੀ ਹੈ। ਮੁਹੱਬਤ ਨੂੰ ਉਹ ਬੰਦਗੀ ਕਹਿੰਦੀ ਹੈ। ਹਰ ਰਾਤ ਨੂੰ ਉਹ ਵਸਲ, ਸ਼ਗਨਾਂ ਅਤੇ ਸੌਗਾਤਾਂ ਦੀ ਰਾਤ ਕਹਿੰਦੀ ਹੈ। ਉਹ ਇਸਤਰੀਆਂ ਨੂੰ ਸਲਾਹ ਦਿੰਦੀ ਹੈ ਕਿ ਉਹ ਆਪਣੀ ਮਹੱਤਤਾ ਨੂੰ ਸਮਝਦੇ ਹੋਏ ਨੂੰਹਾਂ ਨੂੰ ਧੀਆਂ ਸਮਝਣ ਦੀ ਹਿੰਮਤ ਕਰਨ। ਉਸ ਦੀਆਂ ਕਵਿਤਾਵਾਂ ਕਹਿੰਦੀਆਂ ਹਨ ਕਿ ਔਰਤਾਂ ਵਿੱਚ ਹੀਣ ਭਾਵਨਾ ਨਹੀਂ ਹੋਣੀ ਚਾਹੀਦੀ। ਪੁੱਤਰਾਂ ਨੂੰ ਵੀ ਉਹ ਹੀ ਜਨਮ ਦਿੰਦੀਆਂ ਹਨ। ਔਰਤਾਂ ਨੂੰ ਆਤਮ ਮੰਥਨ ਕਰਨਾ ਬਣਦਾ ਹੈ। ਸੰਵੇਦਨਸ਼ੀਲ ਬਣਕੇ ਮਰਦ ਤੇ ਔਰਤ ਨੂੰ ਰੂਹਾਂ ਦਾ ਮੇਲ ਕਰਨਾ ਚਾਹੀਦਾ। ਮਰਦ ਤੇ ਔਰਤ ਇਕ ਦੂਜੇ ਦੇ ਪੂਰਕ ਹਨ। ਵਾਸ਼ਨਾ ਦੀ ਥਾਂ ਪਿਆਰ ਦਾ ਸੰਕਲਪ ਜ਼ਰੂਰੀ ਹੈ। ਮੁਕਾਬਲੇਬਾਜ਼ੀ ਵਿੱਚ ਨਹੀਂ ਪੈਣਾ ਚਾਹੀਦਾ। ਸਮਾਜਿਕ ਵਿਕਾਸ ਲਈ ਨਫ਼ਰਤਾਂ ਤੇ ਝਗੜੇ ਝੇੜੇ ਖ਼ਤਮ ਕਰਕੇ ਸਦਭਾਵਨਾ ਦਾ ਵਾਤਾਵਰਨ ਬਣਾਓ। ਪਰਿਵਾਰ ਦੀ ਬਿਹਤਰੀ ਲਈ ਦੋਹਾਂ ਦਾ ਯੋਗਦਾਨ ਬਰਾਬਰ ਹੁੰਦਾ ਹੈ। ਕਵੀ ਔਰਤ ਨੂੰ ਆਪਣੀਆਂ ਭਾਵਨਾਵਾਂ ਅਨੁਸਾਰ ਸੁਪਨੇ ਲੈਣ ਲਈ ਕਹਿੰਦੀ ਹੈ। ਕਵੀ ਔਰਤ ਨੂੰ  ਫ਼ਰਜ਼ਾਂ ਦੇ ਨਾਲ ਹੱਕਾਂ ਲਈ ਲੜਨ ਤੇ ਖੜ੍ਹਨ ਲਈ ਸੁਝਾਆ ਦਿੰਦੀ ਹੈ। ਉਹ ਕਹਿੰਦੀ ਹੈ ਔਰਤ ਜਿਥੇ ਕੋਮਲ ਹੈ, ਉਥੇ ਨਾਲ ਹੀ ਉਹ ਜੰਗਲ ਦੀ ਕੰਡਿਆਲੀ ਵੇਲ ਵੀ ਹੈ। ਉਹ ਗੁੰਗੀ ਬਹਿਰੀ ਨਹੀਂ, ਆਪਣੀ ਹੋਂਦ ਲਈ ਬੋਲ ਵੀ ਸਕਦੀ ਹੈ। ਦਵਿੰਦਰ ਬਾਂਸਲ ਗਿਆਨ ਪ੍ਰਾਪਤ ਕਰਨ ਲਈ ਪ੍ਰੇਰਦੀ ਹੋਈ ਕਹਿੰਦੀ ਹੈ ਕਿ ਗਿਆਨ ਅਜਿਹਾ ਮਿੱਠਾ ਫਲ ਹੈ ਜਿਹੜਾ, ਅਧਿਕਾਰਾਂ, ਵਿਚਾਰਾਂ, ਗ਼ਲਤੀਆਂ, ਸਿਆਣਪ ਅਤੇ ਸਹਿਜਤਾ ਪ੍ਰਦਾਨ ਕਰਦਾ ਹੈ। ਗੁੱਸੇ ਦੇ ਨੁਕਸਾਨ ਬੜੇ ਖ਼ਤਰਨਾਕ ਸਿੱਟੇ ਨਿਕਲਦੇ ਹਨ। ਦਵਿੰਦਰ ਔਰਤਾਂ ਦੀਆਂ ਭਾਵਨਾਵਾਂ ਬਾਰੇ ਕਹਿੰਦੀ ਹੈ ਕਿ ਇਕੱਲੀ ਔਰਤ ਦਾ ਸਮਾਜ ਵੈਰੀ ਹੈ, ਉਹ ਉਸ ਨੂੰ ਜੰਗਲੀ ਜਾਨਵਰ ਬਣਕੇ ਨੋਚਣਾ ਚਾਹੁੰਦਾ ਹੈ। ਪਰ ਉਸ ਦੀ ਪਿਆਸ ਨਹੀਂ ਬੁਝਦੀ। ਭਰੂਣ ਹੱਤਿਆ ਬਾਰੇ ਦਾਦੀ, ਨਾਨੀ, ਭੂਆ ਦਾ ਜ਼ਿਕਰ ਕਰਦੀ ਔਰਤ ਨੂੰ ਔਰਤ ਦੀ ਦੁਸ਼ਮਣ ਗਰਦਾਨਦੀ ਹੈ। ਔਰਤ ਨੂੰ ਸਾਰੀ ਉਮਰ ਜ਼ਿੰਮੇਵਾਰੀਆਂ ਘੇਰੀ ਰਖਦੀਆਂ ਹਨ। ਦਵਿੰਦਰ ਬਾਂਸਲ ਨੇ 10 ਕਵਿਤਾਵਾਂ ਔਰਤ ਤੇ ਮਰਦ ਦੇ ਸੰਬੰਧਾਂ ਦੀ ਤਰਜਮਾਨੀ ਕਰਨ ਵਾਲੀਆਂ ਕਵਿਤਾਵਾਂ ਲਿਖੀਆਂ ਹਨ। ਬੇਟੀ ਬਚਾਓ ਦਾ ਨਾਅਰਾ ਸਿਰਫ ਰਾਜਨੀਤਕ ਸਟੰਟ ਹੈ ਪ੍ਰੰਤੂ ਸਮਾਜ ਦੀ ਸਿਰਜਕ, ਸ਼ਿ੍ਰਸ਼ਟੀ ਦੀ ਚਾਲਕ ਤੇ ਪ੍ਰੇਮ ਦੀ ਪਾਲਕ ਨੂੰ ਉਹ ਮਾਣ ਨਹੀਂ ਮਿਲਦਾ। ਉਹ ਔਰਤਾਂ ਨੂੰ ਜੁਝਾਰੂ ਲੜਕੀ ਨੌਦੀਪ ਕੌਰ ਤੋਂ ਪ੍ਰੇਰਨਾ ਲੈਣ ਦੀ ਤਾਕੀਦ ਕਰਦੀ ਹੈ।
160 ਪੰਨਿਆਂ, 170 ਰੁਪਏ/5 ਡਾਲਰ/5 ਪੌਂਡ ਕੀਮਤ ਵਾਲੇ ਕਾਵਿ ਸੰਗ੍ਰਹਿ ਨੂੰ ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ ਨੇ ਪ੍ਰਕਾਸ਼ਤ ਕੀਤਾ ਹੈ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
 ਮੋਬਾਈਲ-94178 13072
   ujagarsingh48@yahoo.com

3 ਸਤੰਬਰ ਨੂੰ ਜਨਮ ਦਿਨ ਤੇ ਵਿਸ਼ੇਸ਼ : ਪਾਕਿਸਤਾਨ ਵਿੱਚ ਪੰਜਾਬੀ ਬੋਲੀ ਦੇ ਅਲੰਬਰਦਾਰ : ਉਸਤਾਦ ਦਾਮਨ - ਉਜਾਗਰ ਸਿੰਘ

ਅਸੀਂ ਦੇਸ਼ ਦੀ ਆਜ਼ਾਦੀ ਦੇ ਜਸ਼ਨ 15 ਅਗਸਤ ਨੂੰ ਮਨਾ ਕੇ ਹਟੇ ਹਾਂ। ਇਸ ਅਜ਼ਾਦੀ ਨੂੰ ਇਨਸਾਨੀਅਤ ਦੀ ਬਰਬਾਦੀ ਵੀ ਕਿਹਾ ਜਾ ਸਕਦਾ ਹੈ ਕਿਉਂਕਿ ਅਣਗਿਣਤ ਬੇਕਸੂਰ ਇਨਸਾਨਾਂ ਦੇ ਕਤਲਾਂ ਨੇ ਆਜ਼ਾਦੀ ਨੂੰ ਦਾਗ਼ਦਾਰ ਕਰ ਦਿੱਤਾ ਸੀ। ਨਹੁੰ ਮਾਸ ਦੇ ਰਿਸ਼ਤੇ ਖੇਰੂੰ ਖੇਰੂੰ ਹੋ ਗਏ ਸਨ। ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਪੰਜਾਬੀ ਦੇ ਸਾਹਿਤਕਾਰਾਂ ਨੇ ਖ਼ੂਨੀ ਬਿ੍ਰਤਾਂਤ ਲਿਖਿਆ ਸੀ। ਪ੍ਰੰਤੂ ਸਾਂਝੇ ਪੰਜਾਬ ਤੇ ਦੇਸ਼ ਦੀ ਵੰਡ ਹੋਣ ਤੋਂ ਬਾਅਦ ਪਾਕਿਸਤਾਨ ਜਾ ਕੇ ਵਸੇ ਲੋਕ ਕਵੀ ਉਸਤਾਦ ਦਾਮਨ ਨੇ ਮਨੁੱਖਤਾ ਦੇ ਕਤਲਾਂ ਨੂੰ ਇਨਸਾਨੀਅਤ ਦਾ ਘਾਣ ਦੱਸਦਿਆਂ ਲਿਖਿਆ ਸੀ। ਉਤਾਦ ਦਾਮਨ ਜਿਨ੍ਹਾਂ ਦਾ ਨਾਮ ਚਿਰਾਗ ਦੀਨ ਸੀ, ਉਨ੍ਹਾਂ ਆਪਣੇ ਨਾਮ ਨੂੰ ਪੰਜਾਬੀ ਦਾ ਅਲੰਬਰਦਾਰ ਬਣਨ ਦਾ ਮਾਣ ਦਿੱਤਾ। ਚਿਰਾਗ ਰੌਸ਼ਨੀ ਦੇਣ ਵਾਲੇ ਦੀਵੇ ਦਾ ਪਵਿਤਰ ਨਾਮ ਗਿਣਿਆਂ ਜਾਂਦਾ ਹੈ। ਉਸਤਾਦ ਦਾਮਨ ਨੇ ਆਪਣੇ ਨਾਮ ਦੀ ਪਵਿਤਰਤਾ ਨੂੰ ਬਰਕਰਾਰ ਰੱਖਦਿਆਂ ਦੇਸ਼ ਦੀ ਵੰਡ ਸਮੇਂ ਹੋਏ ਇਨਸਾਨੀਅਤ ਦੇ ਕਤਲਾਂ ਬਾਰੇ ਬਾਖ਼ੂਬੀ ਲਿਖਿਆ ਹੈ। ਉਹ ਵਿਲੱਖਣ ਸ਼ਖਸੀਅਤ ਦੇ ਮਾਲਕ ਸਨ। ਪੰਜਾਬੀ ਬੋਲੀ ਦੇ ਨਾਲ ਉਸ ਨੂੰ ਅਥਾਹ ਪਿਆਰ ਅਤੇ ਸਤਿਕਾਰ ਸੀ। ਭਾਰਤ ਦੀ ਵੰਡ ਹੋਣ ਸਮੇਂ ਪੰਜਾਬ ਵੀ ਦੋ ਭਾਗਾਂ ਚੜ੍ਹਦੇ ਅਤੇ ਲਹਿੰਦੇ ਪੰਜਾਬ ਵਿਚ ਵੰਡਿਆ ਗਿਆ। ਭੂਗੋਲਿਕ ਵੰਡ ਪੰਜਾਬੀਆਂ ਦੀ ਵਿਰਾਸਤ ਬੋਲੀ, ਪਹਿਰਾਵਾ, ਰਸਮੋ-ਰਿਵਾਜ, ਹਵਾ-ਪਾਣੀ, ਸਭਿਅਤਾ ਅਤੇ ਸਭਿਆਚਾਰ ਦੀਆਂ ਵੰਡੀਆਂ ਨਾ ਪਾ ਸਕੀ। ਪੰਜਾਬੀ ਭਾਵੇਂ ਦੋ ਖਿਤਿਆਂ ਵਿਚ ਵੰਡੇ ਜਾ ਚੁੱਕੇ ਸਨ ਪ੍ਰੰਤੂ ਉਨ੍ਹਾਂ ਦੀਆਂ ਭਾਵਨਾਵਾਂ ਆਪਣੀ ਮਾਤਭੂਮੀ ਲਈ ਭੱਟਕ ਰਹੀਆਂ ਸਨ। ਉਹ ਮਾਨਸਿਕ ਅਤੇ ਆਤਮਿਕ ਤੌਰ ਤੇ ਮਾਖਿਓਂ ਮਿੱਠੀ ਪੰਜਾਬੀ ਭਾਸ਼ਾ ਨਾਲ ਓਤਪੋਤ ਸਨ। ਪੰਜਾਬੀ ਦੇ ਸ਼ਾਇਰਾਂ ਖਾਸ ਤੌਰ ਤੇ ਲੋਕ ਕਵੀਆਂ ਨੂੰ ਆਪਣੀ ਮਿੱਟੀ ਦਾ ਮੋਹ ਤੜਪਾ ਰਿਹਾ ਸੀ। ਮਜ਼ਬੂਰੀ ਵੱਸ ਉਨ੍ਹਾਂ ਨੂੰ ਆਪਣੀ ਧਰਤੀ ਮਾਤਾ ਨੂੰ ਅਲਵਿਦਾ ਕਹਿਣਾ ਪਿਆ ਸੀ। ਲਹਿੰਦੇ ਪੰਜਾਬ ਦੇ ਲੋਕ ਕਵੀਆਂ ਵਿਚੋਂ ਚਿਰਾਗ ਦੀਨ ਦਾਮਨ ਜੋ ਉਸਤਾਦ ਦਾਮਨ ਦੇ ਨਾਂ ਨਾਲ ਜਾਣਿਆਂ ਜਾਂਦਾ ਸੀ, ਉਹ ਪੰਜਾਬ ਦੀ ਵੰਡ ਨੂੰ ਮਾਨਸਿਕ ਤੌਰ ਤੇ ਭੁਲਾ ਨਾ ਸਕਿਆ। ਦੇਸ ਦੀ ਵੰਡ ਦੀ ਚੀਸ ਹਮੇਸਾ ਉਸਨੂੰ ਰੜਕਦੀ ਰਹੀ। ਇਸ ਕਰਕੇ ਉਹ ਦੇਸ ਦੀ ਵੰਡ ਤੋਂ ਬਾਅਦ ਵੀ ਭਾਰਤ ਵਿਚ ਹੋਣ ਵਾਲੇ ਕਵੀ ਦਰਬਾਰਾਂ ਦੀ ਰੌਣਕ ਵਧਾਉਂਦਾ ਰਿਹਾ। ਭਾਰਤ ਵਿਚ ਹੋਣ ਵਾਲੇ ਕਵੀ ਦਰਬਾਰਾਂ ਦਾ ਉਹ ਸ਼ਿੰਗਾਰ ਬਣਦਾ ਰਿਹਾ। ਜਿਸਮਾਨੀ ਤੌਰ ਤੇ ਭਾਵੇਂ ਉਹ ਪਾਕਿਸਤਾਨ ਵਿਚ ਰਹਿ ਰਿਹਾ ਸੀ ਪ੍ਰੰਤੂ ਭਾਵਨਾਤਮਿਕ ਤੌਰ ਤੇ ਉਹ ਚੜ੍ਹਦੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਇਕ-ਮਿਕ ਸੀ। ਦੇਸ ਦੀ ਵੰਡ ਸੰਬੰਧੀ ਉਸ ਨੇ ਬੜੀਆਂ ਹੀ ਦਿਲ ਨੂੰ ਟੁੰਬਣ ਵਾਲੀਆਂ ਕਵਿਤਾਵਾਂ ਲਿਖੀਆਂ ਹਨ, ਜਿਹੜੀਆਂ ਰਹਿੰਦੀ ਦੁਨੀਆਂ ਤੱਕ ਤਰੋ ਤਾਜਾ ਰਹਿਣਗੀਆਂ। ਉਸਤਾਦ ਦਾਮਨ ਨੇ ਇਸ ਵੰਡ ਦੇ ਦਰਦ ਦੀ ਤ੍ਰਾਸਦੀ ਨੂੰ ਆਪਣੇ ਅੰਦਾਜ਼ ਵਿਚ ਲਾਲ ਕਿਲ੍ਹੇ ਦਿੱਲੀ ਵਿਚ ਹੋਏ ਇੱਕ ਕਵੀ ਦਰਬਾਰ ਵਿਚ ਆਪਣੀ ਕਵਿਤਾ ਪੜ੍ਹਕੇ ਉਥੇ ਹਾਜ਼ਰ ਭਾਰਤ ਦੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਨੂੰ ਰੁਆ ਦਿੱਤਾ ਸੀ। ਉਸ ਦੀ ਕਵਿਤਾ ਦੇ ਬੋਲ ਹਨ-
    ਭਾਵੇਂ ਮੂੰਹੋਂ ਨਾ ਕਹੀਏ ਪਰ ਵਿਚੋਂ ਵਿਚੀਂ, ਖੋਏ ਤੁਸੀਂ ਵੀ ਓ ਤੇ ਖੋਏ ਅਸੀਂ ਵੀ ਆਂ।
    ਇਹਨਾਂ ਆਜ਼ਾਦੀਆਂ ਹੱਥੋਂ ਬਰਬਾਦ ਹੋਏ, ਤੁਸੀਂ ਵੀ ਓ ਹੋਏ ਅਸੀਂ ਵੀ ਆਂ।
    ਕੁਝ ਉਮੀਦ ਏ ਜ਼ਿੰਦਗੀ ਮਿਲ ਜਾਵੇਗੀ, ਮੋਏ ਤੁਸੀਂ ਵੀ ਓ ਮੋਏ ਅਸੀਂ ਵੀ ਆਂ।
    ਜਿਓਂਦੀ ਜਾਨ ਵੀ ਮੌਤ ਦੇ ਮੂੰਹ ਅੰਦਰ, ਢੋਏ ਤੁਸੀਂ ਵੀ ਓ ਢੋਏ ਅਸੀਂ ਵੀ ਆਂ।
    ਜਾਗਣੇ ਵਾਲਿਆਂ ਰੱਜ ਕੇ ਲੁੱਟਿਆ ਏ, ਸੋਏ ਤੁਸੀਂ ਵੀ ਓ ਸੋਏ ਅਸੀਂ ਵੀ ਆਂ।
    ਲਾਲੀ ਅੱਖੀਆਂ ਦੀ ਪਈ ਦੱਸਦੀ ਏ, ਰੋਏ ਤੁਸੀਂ ਵੀ ਓ ਰੋਏ ਅਸੀਂ ਵੀ ਆਂ।
 ਇਹ ਕਵਿਤਾ ਸੁਣ ਕੇ ਪੰਡਤ ਜਵਾਹਰ ਲਾਲ ਨਹਿਰੂ ਨੇ ਉਸਤਾਦ ਦਾਮਨ ਨੂੰ ਉਠ ਕੇ ਜੱਫੀ ਵਿਚ ਲੈ ਲਿਆ ਅਤੇ ਉਸ ਨੂੰ ਭਾਰਤ ਦੀ ਨਾਗਰਿਕਤਾ ਦੇਣ ਦੀ ਪੇਸ਼ਕਸ਼ ਵੀ ਕੀਤੀ ਸੀ ਪ੍ਰੰਤੂ ਉਸਤਾਦ ਦਾਮਨ ਨੇ ਕਿਹਾ ਕਿ ਉਹ ਰਹੇਗਾ ਤਾਂ ਪਾਕਿਸਤਾਨ ਵਿਚ ਹੀ ਭਾਵੇਂ ਜੇਲ੍ਹ ਵਿਚ ਹੀ ਰਹਿਣਾ ਪਵੇ। ਪਾਕਿਸਤਾਨ ਵਿਚ ਉਸ ਨੂੰ ਪੰਜਾਬੀ ਭਾਸ਼ਾ ਵਿਚ ਕਵਿਤਾ ਲਿਖਣ ਤੋਂ ਵਰਜਿਆ ਜਾਂਦਾ ਰਿਹਾ ਪ੍ਰੰਤੂ ਉਹ ਆਪਣੀ ਵਿਰਾਸਤ ਨਾਲੋਂ ਟੁੱਟਣ ਨੂੰ ਆਪਣੀ ਆਤਮਕ ਮੌਤ ਮਹਿਸੂਸ ਕਰਦਾ ਸੀ। ਇਸ ਕਰਕੇ ਹੀ ਉਹ ਪਾਕਿਸਤਾਨ ਵਿਚ ਬੈਠਾ ਵੀ ਪੰਜਾਬੀ ਭਾਸ਼ਾ ਦੇ ਸੋਹਲੇ ਗਾਉਂਦਾ ਰਿਹਾ, ਭਾਵੇਂ ਉਸ ਨੂੰ ਇਸ ਦੇ ਇਵਜ਼ਾਨੇ ਵਜੋਂ ਮਜ੍ਹਬੀ ਜਨੂੰਨ ਦਾ ਸ਼ਿਕਾਰ ਹੋਣਾ ਪਿਆ। ਉਸ ਦਾ ਘਰ ਅਗਨੀ ਭੇਂਟ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਉਹ ਸਾਰੀ ਉਮਰ ਮਸੀਤ ਦੇ ਇੱਕ ਅੱਠ ਬਾਈ ਅੱਠ ਦੇ ਛੋਟੇ ਜਿਹੇ ਕਮਰੇ ਵਿਚ ਆਪਣਾ ਜੀਵਨ ਬਸਰ ਕਰਦਾ ਰਿਹਾ, ਜਿਸ ਵਿਚ ਨਾ ਕੋਈ ਰੋਸ਼ਨਦਾਨ ਅਤੇ ਨਾ ਹੀ ਤਾਕੀ ਸੀ ਪ੍ਰੰਤੂ ਪੰਜਾਬੀ ਵਿਚ ਕਵਿਤਾ ਲਿਖਣੋਂ ਕਦੀਂ ਵੀ ਨਾ ਹਟਿਆ। ਜਦੋਂ ਫਿਰਕਾਪ੍ਰਸਤਾਂ ਨੇ ਉਸਨੂੰ ਵਾਰ-ਵਾਰ ਪੰਜਾਬੀ ਵਿਚ ਕਵਿਤਾ ਲਿਖਣ ਤੋਂ ਵਰਜਿਆ ਗਿਆ ਤਾਂ ਉਹ ਡਰਿਆ ਨਹੀਂ ਸਗੋਂ ਉਸਨੇ ਲਿਖਿਆ ਕਿ----
  ਇਥੇ ਬੋਲੀ ਪੰਜਾਬੀ ਹੀ ਬੋਲੀ ਜਾਵੇਗੀ, ਉਰਦੂ ਵਿਚ ਕਿਤਾਬਾਂ ਦੇ ਠੱਣਦੀ ਰਹੇਗੀ।
  ਇਹਦਾ ਪੁੱਤਰ ਹਾਂ ਇਹਦੇ ਤੋਂ ਦੁੱਧ ਮੰਗਨਾ, ਮੇਰੀ ਭੁੱਖ ਇਹਦੀ ਛਾਤੀ ਤਣਦੀ ਰਹੇਗੀ।
  ਇਹਦੇ ਲੱਖ ਹਰੀਫ ਪਏ ਹੋਣ ਪੈਦਾ, ਦਿਨ-ਬ-ਦਿਨ ਇਹਦੀ ਸ਼ਕਲ ਬਣਦੀ ਰਹੇਗੀ।
  ਉਦੋਂ ਤੀਕ ਤੇ ਪੰਜਾਬੀ ਨਹੀਂ ਮਰਦੀ, ਜਦੋਂ ਤੀਕ ਪੰਜਾਬਣ ਕੋਈ ਜਣਦੀ ਰਹੇਗੀ।
ਪਾਕਿਸਤਾਨ ਵਿਚ ਬੈਠਾ ਉਸਤਾਦ ਦਾਮਨ ਪੰਜਾਬੀ ਭਾਸ਼ਾ ਦੀ ਸੇਵਾ ਕਰਦਾ ਰਿਹਾ। ਪੰਜਾਬੀ ਦਾ ਉਹ ਨਿਧੜਕ ਜਰਨੈਲ ਲੋਕ ਕਵੀ ਸੀ, ਜਿਸਨੇ ਤਾਹਨੇ ਮਿਹਣੇ ਸਹਿੰਦਿਆਂ ਪੰਜਾਬੀ ਵਿਚ ਕਵਿਤਾ ਲਿਖਣੋਂ ਗੁਰੇਜ ਨਹੀਂ ਕੀਤਾ। ਹਾਲਾਂਕਿ ਉਸ ਨੂੰ ਪਤਾ ਸੀ ਕਿ ਕਿਸੇ ਵੀ ਸਮੇਂ ਉਸ ਨੂੰ ਸਰੀਰਕ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ। ਪੰਜਾਬੀ ਭਾਸ਼ਾ ਤੋਂ ਕੰਨ੍ਹੀ ਕਤਰਾਉਣ ਵਾਲੇ ਲੇਖਕਾਂ ਅਤੇ ਬੁਧੀਜੀਵੀਆਂ ਨੂੰ ਉਸਤਾਦ ਦਾਮਨ ਤੋਂ ਸੇਧ ਲੈ ਕੇ ਪੰਜਾਬੀ ਭਾਸ਼ਾ ਤੋਂ ਮੁਨਕਰ ਹੋਣ ਤੋਂ ਗੁਰੇਜ ਕਰਨਾ ਚਾਹੀਦਾ ਹੈ। ਵਿਦਵਾਨੀ ਦੇ ਨਾਂ ਹੇਠ ਗੂੜ੍ਹੀ ਸ਼ਬਦਾਵਲੀ ਨਹੀਂ ਵਰਤਣੀ ਚਾਹੀਦੀ, ਜਿਹੜੀ ਲੋਕਾਂ ਦੇ ਸਮਝ ਵਿਚ ਹੀ ਨਾ ਆ ਸਕੇ। ਅਜਿਹੀ ਭਾਸ਼ਾ ਦੀ ਵਰਤੋਂ ਕਰਨੀ ਚਾਹੀਦੀ ਹੈ, ਜਿਹੜੀ ਸੌਖਿਆਂ ਹੀ ਲੋਕਾਂ ਦੇ ਪੱਲੇ ਪੈ ਜਾਵੇ ਅਤੇ ਉਸਦੀ ਸਾਰਥਿਕਤਾ ਦਾ ਪਤਾ ਲੱਗੇ। ਜਦੋਂ ਵਾਰ ਵਾਰ ਉਸ ਉਪਰ ਦਬਾਅ ਪਾਇਆ ਗਿਆ ਕਿ ਮੁਸਲਮਾਨ ਹੋਣ ਅਤੇ ਪਾਕਿਸਤਾਨ ਵਿਚ ਰਹਿਣ ਕਰਕੇ ਉਸ ਨੂੰ ਪੰਜਾਬੀ ਦੀ ਥਾਂ ਉਰਦੂ ਵਿਚ ਆਪਣੀਆਂ ਨਜਮਾਂ ਲਿਖਣੀਆਂ ਚਾਹੀਦੀਆਂ ਹਨ ਤਾਂ ਉਸ ਨੇ ਕਵਿਤਾ ਵਿਚ ਹੀ ਉਨ੍ਹਾਂ ਨੂੰ ਜਵਾਬ ਦਿੰਦਿਆਂ ਲਿਖਿਆ-
     ਮੈਨੂੰ ਕਈਆਂ ਨੇ ਆਖਿਆ ਕਈ ਵਾਰ, ਤੂੰ ਲੈਣਾ ਪੰਜਾਬੀ ਦਾ ਨਾਂ ਛੱਡਦੇ
     ਗੋਦੀ ਜਿਹਦੀ ਵਿਚ ਪਲਕੇ ਜਵਾਨ ਹੋਇਆਂ, ਉਹ ਮਾਂ ਛੱਡਦੇ ਤੇ ਗਰਾਂ ਛੱਡਦੇ
     ਜੇ ਪੰਜਾਬੀ ਪੰਜਾਬੀ ਈ ਕੂਕਣਾ ਏ, ਜਿਥੇ ਖਲੋਤਾ ਏਂ ਥਾਂ ਛੱਡਦੇ
     ਮੈਨੂੰ ਇੰਜ ਲੱਗਦੈ ਲੋਕੀ ਆਖਦੇ ਨੇ, ਤੂੰ ਪੁੱਤਰਾ ਆਪਣੀ ਮਾਂ ਛੱਡਦੇ
       ਉਰਦੂ ਦਾ ਮੈਂ ਦੋਖੀ ਨਾਹੀਂ ਤੇ ਦੁਸ਼ਮਣ ਨਾਹੀਂ ਅੰਗਰੇਜ਼ੀ ਦਾ।
       ਪੁਛਦੇ ਹੋ ਮੇਰੇ ਦਿਲ ਦੀ ਬੋਲੀ, ਹਾਂ ਜੀ ਹਾਂ ਪੰਜਾਬੀ ਏ।
ਚਿਰਾਗ ਦੀਨ ਦਾਮਨ ਦਾ ਜਨਮ 3 ਸਤੰਬਰ 1911 ਨੂੰ ਲਾਹੌਰ ਵਿਚ ਕਰੀਮ ਬੀਬੀ ਦੀ ਕੁੱਖੋਂ ਮੀਆਂ ਮੀਰ ਬਖਸ ਦੇ ਘਰ ਹੋਇਆ ਸੀ। ਉਸ ਦਾ ਪਿਤਾ ਫੌਜ ਦੇ ਦਰਜੀਖਾਨੇ ਵਿਚ ਕਪੜੇ ਸਿਉਣ ਦਾ ਕੰਮ ਕਰਦਾ ਸੀ ਪ੍ਰੰਤੂ ਚਿਰਾਗ ਦੀਨ ਦਾਮਨ ਵੱਲੋਂ ਇਨਕਲਾਬੀ ਅਤੇ ਫੌਜੀ ਰਾਜ ਵਿਰੁਧ ਕਵਿਤਾਵਾਂ ਲਿਖਣ ਕਰਕੇ ਉਸ ਦੇ ਪਿਤਾ ਨੂੰ ਫੌਜ ਦੀ ਨੌਕਰੀ ਤੋਂ ਹੱਥ ਧੋਣੇ ਪਏ। ਫਿਰ ਉਸ ਨੇ ਆਪਣੇ ਪਿਤਾ ਨਾਲ ਰਲਕੇ ਦਰਜੀ ਦੀ ਦੁਕਾਨ ਕਰ ਲਈ, ਜਿਸਨੂੰ ਵੀ ਮਜ੍ਹਬੀ ਜਨੂੰਨੀਆਂ ਨੇ ਅੱਗ ਲਗਾਕੇ ਸਾੜ ਦਿੱਤਾ। ਫਿਰ ਵੀ ਦਾਮਨ ਨੇ ਕਿਸੇ ਨੂੰ ਚੰਗਾ ਮਾੜਾ ਚੰਗਾ ਨਹੀਂ ਕਿਹਾ ਸਗੋਂ ਲਿਖਿਆ-
       ਕਿਸੇ ਤੀਲ੍ਹੀ ਐਸੀ ਲਗਾਈ ਏ, ਥਾਂ ਥਾਂ ਤੇ ਅੱਗ ਮਚਾਈ ਏ।
       ਪਈ ਸੜਦੀ ਲੋਕਾਈ ਏ, ਤੇ ਪੈਂਦੀ ਹਾਲ ਦੁਹਾਈ ਏ।
 ਉਸਤਾਦ ਦਾਮਨ ਨੇ ਸਾਰੀ ਉਮਰ ਅਣਖ ਨਾਲ ਸ਼ਾਇਰੀ ਕੀਤੀ। ਸਰਕਾਰਾਂ ਦੇ ਦਮਨ ਦਾ ਸ਼ਿਕਾਰ ਵੀ ਹੋਇਆ। ਇਨਕਲਾਬੀ ਕਵਿਤਾ ਸਮਾਜਿਕ ਬੁਰਾਈਆਂ ਅਤੇ ਆਮ ਜਨਤਾ ਉਪਰ ਸਰਕਾਰ ਵਲੋਂ ਕੀਤੇ ਜਾਂਦੇ ਜ਼ੋਰ ਜ਼ਬਰਦਸਤੀ ਦੀਆਂ ਕਾਰਵਾਈਆਂ ਵਿਰੁਧ ਲਿਖਣ ਕਰਕੇ ਉਸ ਉਪਰ ਕਈ ਕੇਸ ਦਰਜ ਕਰਕੇ ਜੇਲ੍ਹ ਵਿਚ ਬੰਦ ਰੱਖਿਆ ਗਿਆ ਪ੍ਰੰਤੂ ਉਸ ਨੇ ਸਰਕਾਰਾਂ ਨਾਲ ਆਡ੍ਹਾ ਲਾਈ ਰੱਖਿਆ। ਫੌਜੀ ਰਾਜ ਤੋਂ ਵੀ ਉਹ ਡਰਿਆ ਨਹੀਂ ਸਗੋਂ ਉਸਨੇ ਫੌਜੀ ਰਾਜ ਤੇ ਟਕੋਰ ਕਰਦਿਆਂ ਅਰਥ ਭਰਪੂਰ ਕਵਿਤਾ ਲਿਖੀ-
       ਸਾਡੇ ਮੁਲਕ ਦੀਆਂ ਮੌਜਾਂ ਹੀ ਮੌਜਾਂ, ਜਿਧਰ ਦੇਖੋ ਫੌਜਾਂ ਹੀ ਫੌਜਾਂ।
       ਇਹ ਕੀ ਕਰੀ ਜਾਨਾ, ਕਦੀ ਚੀਨ ਜਾਨਾ ਕਦੀ ਰੂਸ ਜਾਨਾ।
       ਕਦੀ ਸਿਮਲੇ ਜਾਨਾ ਕਦੀ ਮਰੀ ਜਾਨਾ, ਜਿਧਰ ਜਾਨਾ ਬਣਕੇ ਜਲੂਸ ਜਾਨਾ।
       ਲਈ ਖੇਸ ਜਾਨਾ ਖਿੱਚੀ ਦਰੀ ਜਾਨਾ, ਇਹ ਕੀ ਕਰੀ ਜਾਨਾ।
ਪਾਕਿਸਤਾਨ ਵਿਚ ਵੀ ਪੰਜਾਬੀ ਦੇ ਹੋਰ ਵੀ ਬਹੁਤ ਸਾਰੇ ਸ਼ਾਇਰ ਹੋਏ ਹਨ ਪ੍ਰੰਤੂ ਉਸਤਾਦ ਦਾਮਨ ਜਿੰਨਾ ਦਲੇਰ, ਮੂੰਹ ਫਟ, ਸਰਲ, ਸਪਸ਼ਟ ਅਤੇ ਰੋਜ ਮਰਰ੍ਹਾ ਦੀ ਜ਼ਿੰਦਗੀ ਨਾਲ ਸੰਬੰਧਤ ਲਿਖਣ ਵਾਲਾ ਕੋਈ ਵੀ ਨਹੀਂ ਸੀ। ਅਗਲੇ 50 ਸਾਲਾਂ ਵਿੱਚ ਪੰਜਾਬੀ ਦੇ ਖ਼ਤਮ ਹੋ ਜਾਣ ਦੀਆਂ ਗੱਲਾਂ ਕਰਨ ਵਾਲਿਆਂ ਨੂੰ ਲਹਿੰਦੇ ਪੰਜਾਬ ਦ ਸ਼ਾਇਰ ਦੀ ਪੰਜਾਬੀ ਪ੍ਰਤੀ ਬਚਨਵੱਧਤਾ ਤੋਂ ਕੁਝ ਸਬਕ ਸਿੱਖਣਾ ਚਾਹੀਦਾ ਹੈ। ਪੰਜਾਬੀ ਕਦੀਂ ਵੀ ਖ਼ਤਮ ਨਹੀਂ ਹੋ ਸਕਦੀ। ਅੱਜ ਦੇ ਦਿਨ ਉਤਾਦ ਦਾਮਨ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਾਂ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
  ਮੋਬਾਈਲ-94178 13072
   ujagarsingh48@yahoo.com

31 ਅਗਸਤ ਬਰਸੀ ਤੇ ਵਿਸ਼ੇਸ਼ : ਸਿਆਸੀ ਤਿਗੜਮਬਾਜ਼ੀਆਂ ਬੇਅੰਤ ਸਿੰਘ ਦੀ ਕਾਬਲੀਅਤ ਨੂੰ ਰੋਕਨਾ ਸਕੀਆਂ - ਉਜਾਗਰ ਸਿੰਘ

ਸਿਆਸਤ ਵਿੱਚ ਸਿਆਸਤਦਾਨ ਇਕ ਦੂਜੇ ਨੂੰ ਅੱਗੇ ਵੱਧਣ ਤੋਂ ਰੋਕਣ ਵਿੱਚ ਕੋਈ ਕਸਰਬਾਕੀਨਹੀਂ ਛੱਡਦੇ। ਹਰ ਸਿਆਸੀ ਪਾਰਟੀ ਦੇ  ਮੁੱਖਧਾਰਾ ਵਿੱਚ ਸਥਾਪਤ ਨੇਤਾ ਦੂਜੀ ਕਤਾਰ ਦੇ ਨੇਤਾਵਾਂ ਨੂੰ ਵਾਹ ਲਗਦੀ ਉਭਰਨ  ਹੀ ਨਹੀਂ ਦਿੰਦੇ। ਪ੍ਰੰਤੂ ਕੁਝ ਨੇਤਾਵਾਂ ਦੀ ਕਾਬਲੀਅਤ ਸੀਨੀਅਰ ਨੇਤਾਵਾਂ ਦੀਆਂ  ਤਿਗੜਮਬਾਜ਼ੀਆਂ ਨੂੰ ਦਰਕਿਨਾਰ ਕਰਕੇ ਆਪਣਾ ਪ੍ਰਭਾਵ ਬਣਾਉਣ ਵਿੱਚ ਸਫਲ ਹੋ ਜਾਂਦੀ ਹੈ। ਅਜਿਹੇ ਨੇਤਾਵਾਂ ਵਿੱਚ ਬੇਅੰਤ ਸਿੰਘ ਦਾ ਨਾਮ ਉਭਰਕੇ ਸਾਹਮਣੇ ਆਉਂਦਾ ਹੈ। ਉਨ੍ਹਾਂ ਦੇ ਸਿਆਸੀ ਰਾਹ ਵਿੱਚ ਸਿਆਸਤਦਾਨ ਰੁਕਾਵਟਾਂ ਖੜ੍ਹੀਆਂ ਕਰਦੇ ਰਹੇ। ਇਸੇ ਕਰਕੇ ਉਹ ਪਹਿਲੀ ਵਾਰ ਬਤੌਰ ਆਜ਼ਾਦ ਉਮੀਦਵਾਰ ਵਿਧਾਨ ਸਭਾ ਦੇ ਮੈਂਬਰ ਬਣੇ ਸਨ। ਉਹ ਅਕਾਲੀ ਦਲ ਵਿੱਚ ਹੁੰਦੇ ਸਨ ਅਤੇ ਉਹ ਪਾਇਲ ਵਿਧਾਨ ਸਭਾ ਹਲਕੇ ਤੋਂ ਟਿਕਟ ਦੇ ਦਾਅਵੇਦਾਰ ਸਨ ਪ੍ਰੰਤ ੂਸ਼ਰੋਮਣੀ ਅਕਾਲੀ ਦਲ ਨੇ ਰਾਤੋ ਰਾਤ ਕਾਂਗਰਸ ਪਾਰਟੀ ਵਿੱਚੋਂ ਅਕਾਲੀ ਦਲ ਵਿੱਚ ਸ਼ਾਮਲ ਹੋਏ ਦਿਗਜ ਸਿਆਸਤਦਾਨ ਪੈਪਸੂ ਦੇ ਸਾਬਕਾ ਮੁੱਖ ਮੰਤਰੀ ਗਿਆਨ ਸਿੰਘ ਰਾੜੇਵਾਲਾ ਨੂੰ ਅਕਾਲੀ ਦਲ ਦਾ ਟਿਕਟ ਦੇ ਦਿੱਤਾ ਸੀ, ਜਿਸ ਕਰਕੇ ਉਹ 1969 ਵਿੱਚ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜਕੇ ਗਿਆਨ ਸਿੰਘ ਰਾੜੇਵਾਲਾ ਨੂੰ ਹਰਾਕੇ  ਪੰਜਾਬ ਵਿਧਾਨ ਸਭਾ ਦੀ ਪੌੜੀ ਚੜ੍ਹੇ ਸਨ। ਦੁਬਾਰਾ ਪਾਇਲ ਵਿਧਾਨ ਸਭਾ ਹਲਕੇ ਤੋਂ ਉਹ 1972 ਵਿੱਚ ਵਿਧਾਇਕ ਚੁਣੇ ਗਏ। ਗਿਆਨੀ ਜ਼ੈਲ ਸਿੰਘ ਪੰਜਾਬ ਦੇ ਮੁੱਖ ਮੰਤਰੀ ਬਣੇ ਉਨ੍ਹਾਂ ਨੇ ਵੀਬੇਅੰਤ ਸਿੰਘ ਦੇ ਰਸਤੇ ਵਿੱਚ ਕੰਡੇ ਬੀਜੇ ਕਿਉਂਕਿ ਬੇਅੰਤ ਸਿੰਘ ਦਾ ਗਿਆਨ Çਸੰਘ ਰਾੜੇਵਾਲਾ ਨੂੰ ਹਰਾਉਣ ਕਰਕੇ ਸਿਆਸੀ ਕੱਦ ਬੁੱਤ ਵੱਡਾ ਹੋ ਗਿਆ ਸੀ। ਗਿਆਨੀ ਜ਼ੈਲ ਸਿੰਘ ਨੇ ਇੱਕ ਮਾਮੂਲੀ ਵਾਦ-ਵਿਵਾਦ ਕਰਕੇ ਬੇਅੰਤ ਸਿੰਘ ਉਤੇ ਪਾਇਲ ਥਾਣੇ ਵਿੱਚ ਕੇਸ ਦਰਜ ਕਰਵਾ ਦਿੱਤਾ ਸੀ ਜੋ ਬਾਅਦ ਵਿੱਚ ਉਸ ਨੂੰ ਰੱਦ ਕਰਨਾ ਪਿਆ ਸੀ। ਗਿਆਨੀ ਜ਼ੈਲ ਸਿੰਘ ਨੇ ਬੇਅੰਤ ਸਿੰਘ ਨੂੰ ਸਿਆਸੀ ਤੌਰ ਤੇ ਉਭਰਨ ਨਹੀਂ ਦਿੱਤਾ।1980 ਵਿੱਚ ਬੇਅੰਤ ਸਿੰਘ ਤੀਜੀ ਵਾਰ  ਵਿਧਾਨ ਸਭਾ ਲਈ ਚੁਣੇ ਗਏ। ਦਰਬਾਰਾ ਸਿੰਘ ਮੁੱਖ ਮੰਤਰੀ ਬਣ ਗਏ। ਉਹ ਵੀ ਬੇਅੰਤ ਸਿੰਘ ਨੂੰ ਆਪਣੇ ਮੰਤਰੀ ਮੰਡਲ ਵਿੱਚ ਸ਼ਾਮਲ ਨਹੀਂ ਕਰਨਾ ਚਾਹੁੰਦੇ ਸਨ ਪ੍ਰੰਤ ੂਸੰਜੇ ਗਾਂਧੀ ਦੀ ਦਖ਼ਲਅੰਦਾਜ਼ੀ ਨਾਲ ਬੇਅੰਤ ਸਿੰਘ ਨੂੰ ਮੰਤਰੀ ਬਣਾਇਆ ਗਿਆ। ਉਨ੍ਹਾਂ ਨੇ ਮਾਲ ਤੇ ਮੁੜ ਵਸੇਬਾ ਵਿਭਾਗ ਦੇ ਮੰਤਰੀ ਹੁੰਦਿਆਂ ਵਿਭਾਗਾਂ ਦੀ ਕਾਰਜਜ਼ਸੈਲੀ ਵਿੱਚ ਮਹੱਤਵਪੂਰਨ ਸੁਧਾਰ ਕੀਤੇ, ਜਿਸ ਕਰਕੇ ਉਨ੍ਹਾਂ ਦਾ ਸਿਆਸੀ ਸਟੇਟਸ ਹੋਰ ਵੱਧ ਗਿਆ। ਦਰਬਾਰਾ ਸਿੰਘ ਨੇ ਉਨ੍ਹਾਂ ਨੂੰ ਨੀਵਾਂ ਵਿਖਾਉਣ ਲਈ ਬੇਅੰਤ ਸਿੰਘ ਦੇ ਵਿਭਾਗ ਬਦਲਕੇ ਲੋਕ ਨਿਰਮਾਣ ਵਿਭਾਗ ਦੇ ਦਿੱਤਾ।ਗਿਆਨੀ ਜ਼ੈਲ ਸਿੰਘ ਭਾਰਤ ਦੇ ਗ੍ਰਹਿ ਮੰਤਰੀ ਅਤੇ ਬੂਟਾ ਸਿੰਘ ਹਾਊਸਿੰਗ ਮੰਤਰੀ ਬਣ ਗਏ। ਉਨ੍ਹਾਂ ਦੋਹਾਂ ਦਿਗਜ ਨੇਤਾਵਾਂ ਨੇ ਬੇਅੰਤ ਸਿੰਘ ਨੂੰ ਮੋਹਰਾ ਬਣਾਕੇ ਦਰਬਾਰਾ ਸਿੰਘ ਦੇ ਵਿਰੁੱਧ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ। ਬੇਅੰਤ ਸਿੰਘ ਨੂੰ ਮਜ਼ਬੂਰੀ ਵਸ ਗਿਆਨੀ ਜ਼ੈਲ ਸਿੰਘ ਦੇ ਧੜੇ ਵਿੱਚ ਸ਼ਾਮਲ ਹੋਣਾ ਪਿਆ ਕਿਉਂਕਿ ਗਿਆਨੀ ਜੀ ਸੰਜੇ ਗਾਂਧੀ ਦੇ ਨਜ਼ਦੀਕ ਸਨ। ਅਸਲ ਵਿੱਚ ਬੂਟਾ ਸਿੰਘ ਪੰਜਾਬ ਦੇ ਮੁੱਖ ਮੰਤਰੀ ਬਣਨਾ ਚਾਹੁੰਦੇ ਸਨ ਪ੍ਰੰਤੂ ਬੇਅੰਤ ਸਿੰਘ ਨੂੰ ਦਰਬਾਰਾ ਸਿੰਘ ਦੇ ਵਿਰੁੱਧ ਇਹ ਕਹਿ ਕੇ ਵਰਤਦੇ ਰਹੇ ਕਿ ਤੁਹਾਨੂੰ ਮੁੱਖ ਮੰਤਰੀ ਬਣਾਵਾਂਗੇ।  ਇਸ ਸੰਬੰਧੀ ਇੱਕ ਉਦਾਹਰਣ ਦੇਵਾਂਗਾ ਗਿਆਨੀ ਜ਼ੈਲ ਸਿੰਘ ਅਤੇ ਬੂਟਾ ਸਿੰਘ ਨੇ ਦਿੱਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਕੋਠੀ ਪੰਜਾਬ ਦੇ ਕਾਂਗਰਸੀਆਂ ਦਾ ਇੱਕ ਡੈਪੂਟੇਸ਼ਨ ਮਿਲਾਉਣਾ  ਸੀ। ਉਸ ਡੈਪੂਟੇਸ਼ਨ ਵਿੱਚ ਕਾਂਗਰਸੀਆਂ ਨੂੰ ਇਕੱਠੇ ਕਰਕੇ ਲਿਆਉਣ ਦੀ ਜ਼ਿੰਮੇਵਾਰੀ ਬੇਅੰਤ ਸਿੰਘ ਦੀ ਲਗਾਈ ਗਈ। ਬੇਅੰਤ ਸਿੰਘ ਆਪਣੇ ਸਪੋਰਟਰਾਂ ਨੂੰ ਦਿੱਲੀ ਲੈ ਗਏ। ਇੱਕ ਕਿਸਮ ਨਾਲ ਇਹ ਬੇਅੰਤ ਸਿੰਘ ਦਾ ਹੀ ਸਮਾਗਮ ਬਣ ਗਿਆ। ਦਰਬਾਰਾ ਸਿੰਘ ਮੁੱਖ ਮੰਤਰੀ ਸਨ, ਪ੍ਰਧਾਨ ਮੰਤਰੀ ਦਫਤਰ ਦੇ ਦਰਬਾਰਾ ਸਿੰਘ ਦੇ ਹਮਦਰਦਾਂ ਨੇ ਦਰਬਾਰਾ ਸਿੰਘ ਨੂੰ ਵੀ ਉਸ ਮੌਕੇ ਤੇ ਬੁਲਾ ਲਿਆ। ਡੈਪੂਟੇਸਨ ਤਾਂ ਦਰਬਾਰਾ ਸਿੰਘ ਦੇ ਵਿਰੁੱਧ ਪ੍ਰਧਾਨ ਮੰਤਰੀ ਨੂੰ ਮਿਲਾਉਣਾ ਸੀ। ਮੁੱਖ ਮੰਤਰੀ ਹੋਣ ਕਰਕੇ ਦਰਬਾਰਾ ਸਿੰਘ ਨੇ ਅਸਿੱਧੇ ਤੌਰ ਤੇ ਸਮਾਗਮ ਹਥਿਆ ਲਿਆ। ਬੂਟਾ ਸਿੰਘ ਅਤੇ ਗਿਆਨੀ ਜ਼ੈਲ ਸਿੰਘ ਦੇ ਬੋਲਣ ਤੋਂ ਬਾਅਦ ਦਰਬਾਰਾ ਸਿੰਘ ਮੁੱਖ ਮੰਤਰੀ ਬੋਲੇ ਸਨ। ਦਰਬਾਰਾ ਸਿੰਘ ਨੇ ਬੋਲਦਿਆਂ ਇੱਕ ਚਲਾਕੀ ਕੀਤੀ। ਉਨ੍ਹਾਂ ਆਪ ਹੀ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਨੂੰ ਬੋਲਣ ਲਈ ਸੱਦਾ ਦੇ ਦਿੱਤਾ ਤਾਂ ਜੋ ਬੇਅੰਤ ਸਿੰਘ ਨੂੰ ਬੋਲਣ ਦਾ ਮੌਕਾ ਹੀ ਨਾ ਦਿੱਤਾ ਜਾ ਸਕੇ। ਪ੍ਰੰਤੂ ਇੰਦਰਾ ਗਾਂਧੀ ਨੇ ਮੁੱਖ ਮੰਤਰੀ ਨੂੰ ਟੋਕਦਿਆਂ ਬੇਅੰਤ ਸਿੰਘ ਨੂੰ ਬੋਲਣ ਲਈ ਕਹਿ ਦਿੱਤਾ ਕਿਉਂਕਿ ਉਸ ਨੂੰ ਪਤਾ ਸੀ ਕਿ ਬੇਅੰਤ  ਸਿੰਘ ਸੰਜੇ ਗਾਂਧੀ ਦਾ ਨੁਮਾਇੰਦਾ ਹੈ। ਦਰਬਾਰਾ ਸਿੰਘ ਫਿਰ ਦੁਬਾਰਾ ਬੋਲਣ ਲੱਗ ਪਏ ਤਾਂ ਬੇਅੰਤ ਸਿੰਘ ਉਸ ਦੇ ਕੋਲ ਸਟੇਜ ਤੇ ਜਾ ਕੇ ਖੜ੍ਹ ਗਏ। ਦਰਬਾਰਾ ਸਿੰਘ ਨੇ ਐਸੀ ਖੁੰਦਕ ਖਾਧੀ ਕਿ ਉਸ ਨੇ ਬੇਅੰਤ ਸਿੰਘ ਦੀ ਵੱਖੀ ਵਿੱਚ ਜ਼ੋਰ ਨਾਲ ਕੂਹਣੀ ਮਾਰ ਦਿੱਤੀ। ਕੂਹਣੀ ਇਤਨੀ ਜ਼ੋਰ ਨਾਲ ਮਾਰੀ ਕਿ ਬੇਅੰਤ ਸਿੰਘ ਮਸੀਂ ਹੀ ਡਿਗਣੋ ਬਚਿਆ। ਇਹ ਸਾਰਾ ਕੁਝ ਪ੍ਰਧਾਨ ਮੰਤਰੀ ਦੇ ਸਟੇਜ ਤੇ ਬੈਠਿਆਂ ਹੋਇਆ। ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਸਿਆਸਤਦਾਨ ਆਪਣੇ ਸਿਆਸੀ ਵਿਰੋਧੀਆਂ ਦਾ ਨੁਕਸਾਨ ਕਰਨ ਲਈ ਕਿਤਨੀਆਂ ਕੋਝੀਆਂ ਹਰਕਤਾਂ ਕਰਦੇ ਹਨ। ਇਸ ਸਾਰੀ ਘਟਨਾ ਬਾਰੇ ਸੰਜੇ ਗਾਂਧੀ ਨੂੰ ਪਤਾ ਲੱਗਿਆ ਤਾਂ ਉਸ ਨੇ ਆਪਣਾ ਗੁੱਸਾ ਮੁੱਖ ਮੰਤਰੀ ਤੇ ਕੱਢਿਆ। ਇਸ ਦਾ ਇਵਜਾਨਾ ਦਰਬਾਰਾ ਸਿੰਘ ਨੂੰ ਭੁਗਤਣਾ ਪਿਆ। ਮੁੜਕੇ ਉਹ ਸਿਆਸਤ ਵਿੱਚ ਹਾਸ਼ੀਏ ਤੇ ਚਲਿਆ ਗਿਆ। ਬਿਲਕੁਲ ਇਸੇ ਤਰ੍ਹਾਂ ਜਦੋਂ ਫਰਵਰੀ1992ਲੰਬਾ ਸਮਾਂ ਰਾਸ਼ਟਰਪਤੀ ਰਾਜ ਰਹਿਣ ਤੋਂ ਬਾਅਦ ਪੰਜਾਬ ਵਿੱਚ ਪੰਜਾਬ ਪ੍ਰਦੇਸ ਕਾਂਗਰਸ ਨੇ ਬੇਅੰਤ ਸਿੰਘ ਦੀ ਪ੍ਰਧਾਨਗੀ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਲੜੀਆਂ ਤਾਂ ਕਾਂਗਰਸ ਪਾਰਟੀ ਨੇ 92ਵਿਧਾਨ ਸਭਾ ਦੀਆਂ ਸੀਟਾਂ ਜਿੱਤ ਲਈਆਂ। ਸਾਰੇ ਕਾਂਗਰਸੀ ਵਿਧਾਨਕਾਰ ਆਪੋ ਆਪਣਾ ਹੱਕ ਮੰਗਣ ਲਈ ਦਿੱਲੀ ਪਹੁੰਚ ਗਏ। ਕਾਂਗਰਸੀ ਵਿਧਾਨਕਾਰਾਂ ਨੇ ਪੰਜਾਬ ਭਵਨ ਦਿੱਲੀ ਵਿਖੇ ਚੋਣਾ ਜਿੱਤਣ ਦੀ ਖੁਸ਼ੀ ਵਿੱਚ ਚਾਹ ਪਾਰਟੀ ਰੱਖ ਲਈ ਉਸ ਮੀਟਿੰਗ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਬੇਅੰਤ ਸਿੰਘ ਨੂੰ ਆਪਣਾ ਨੇਤਾ ਚੁਣ ਲਿਆ ਅਤੇ ਮੁੱਖ ਮੰਤਰੀ ਬਣਾਉਣ ਲਈ ਕਾਂਗਰਸ ਹਾਈ ਕਮਾਂਡ ਨੂੰ ਸਿਫਾਰਸ਼ਕਰ ਦਿੱਤੀ। ਅਗਲੇ ਦਿਨ ਅਖ਼ਬਾਰਾਂ ਵਿੱਚ ਇਹ ਖ਼ਬਰ ਛਪ ਗਈ। ਹਰਚਰਨ ਸਿੰਘ ਬਰਾੜ ਦੇ ਸਮਰਥਕਾਂ ਨੇ ਕਾਂਗਰਸ ਹਾਈ ਕਮਾਂਡ ਨੂੰ ਸ਼ਿਕਾਇਤ ਕਰ ਦਿੱਤੀ ਕਿ ਬੇਅੰਤ ਸਿੰਘ ਨੇ ਹਾਈ ਕਮਾਂਡ ਨੂੰ ਅਣਡਿਠ ਕਰਕੇ ਆਪ ਹੀ ਮੁੱਖ ਮੰਤਰੀ ਦਾ ਉਮੀਦਵਾਰ ਬਣ ਗਿਆ  ਹੈ। ਹਾਲਾਂ ਕਿ ਹਰਚਰਨ ਸਿੰਘ  ਬਰਾੜ ਨੂੰ ਕਾਂਗਰਸ ਪਾਰਟੀ ਨੇ ਟਿਕਟ ਹੀ ਨਹੀਂ ਦਿੱਤਾ ਸੀ। ਟਿਕਟ ਉਸ ਦੀ ਪਤਨੀ ਗੁਰਬਿੰਦਰ ਕੌਰ ਬਰਾੜ ਨੂੰ ਦਿੱਤਾ ਸੀ। ਹਰਚਰਨਸਿੰਘ  ਬਰਾੜ ਆਪਣੀ ਪਤਨੀ ਦਾ ਕਵਰਿੰਗ ਉਮੀਦਵਾਰ ਸੀ ਉਸ ਨੇ ਆਪਣੀ ਪਤਨੀ ਦੇ ਨਾਮਜ਼ਦਗੀ ਕਾਗਜਾਂ ਵਿੱਚ ਤਰੁਟੀ ਰਖਵਾ ਲਈ ਸੀ ਇਸ ਕਰਕੇ ਗੁਰਬਿੰਦਰ ਕੌਰ ਬਰਾੜ ਦੇ ਪੇਪਰ ਰੱਦ ਹੋ ਗਏ ਸਨ। ਕਵਰਿੰਗ ਉਮੀਦਵਾਰ ਚੋਣ ਲੜ ਸਕਦਾ ਹੁੰਦਾ ਹੈ। ਜਿਸ ਕਰਕੇ ਹਰਚਰਨ ਸਿੰਘ ਬਰਾੜ ਚੋਣ ਲੜਿਆ ਸੀ। ਆਮ ਤੌਰ ਤੇ ਜਿਸ ਪ੍ਰਦੇਸ ਕਾਂਗਰਸ ਦੇ ਪ੍ਰਧਾਨ ਦੀ ਅਗਵਾਈ ਹੇਠ ਚੋਣਾਂ ਲੜੀਆਂ ਜਾਂਦੀਆਂ  ਹਨ, ਉਹ ਹੀ ਅਗਲਾ ਮੁੱਖ ਮੰਤਰੀ ਹੁੰਦਾ ਹੈ। ਪ੍ਰੰਤ ੂਗਿਆਨੀ ਜ਼ੈਲ ਸਿੰਘ ਨੇ ਹਰਚਰਨ ਸਿੰਘ ਬਰਾੜ ਨੂੰ ਮੁੱਖ ਮੰਤਰੀ ਬਣਾਉਣ ਲਈ ਪੀ.ਵੀ.ਨਰਸਿਮਹਾ ਰਾਓ ਕੋਲ ਸਿਫਾਰਸ਼ ਕਰ ਦਿੱਤੀ। ਬੇਅੰਤ ਸਿੰਘ ਨੂੰ ਬਹੁਤੇ ਵਿਧਾਨਕਾਰਾਂ ਦੀ ਸਪੋਰਟ ਸੀ। ਪੀ.ਵੀ.ਨਰਸਿਮਹਾ ਰਾਓ ਵੀ ਬੇਅੰਤ ਸਿੰਘ ਦਾ ਦੋਸਤ ਬਣ ਗਿਆ ਸੀ ਕਿਉਂਕਿ ਰਾਸ਼ਟਰਪਤੀ ਦੇ ਰਾਜ ਸਮੇਂ ਬੇਅੰਤ ਸਿੰਘ 6 ਸਾਲ ਪ੍ਰਦੇਸ ਕਾਂਗਰਸ ਦੇ ਪ੍ਰਧਾਨ ਸਨ। ਉਸ ਸਮੇਂ ਪੀ.ਵੀ.ਨਰਸਿਮਹਾ ਰਾਓ ਰਾਜੀਵ ਗਾਂਧੀ ਦੀ ਵਜਾਰਤ ਵਿੱਚ ਭਾਰਤ ਦੇ ਗ੍ਰਹਿ ਮੰਤਰੀ ਸਨ। ਪੰਜਾਬ ਵਿੱਚ ਲੋਕਤੰਤਰ ਪ੍ਰਣਾਲੀ ਅਨੁਸਾਰ ਚੋਣਾ ਕਰਵਾਉਣ ਅਤੇ ਅਮਨ ਕਾਨੂੰਨ ਨਾਲ ਸੰਬੰਧਤ ਸਾਰੀਆਂ ਮੀਟਿੰਗਾਂ ਵਿੱਚ ਵੱਡੀ ਉਮਰ ਦੇ ਨਰਸਿਮਹਾ ਰਾਓ ਅਤੇ ਬੇਅੰਤ ਸਿੰਘ ਹੀ ਹੁੰਦੇ ਸਨ। ਉਸ ਸਮੇਂ ਇਨ੍ਹਾਂ ਦੀ ਦੋਸਤੀ ਹੋ ਗਈ ਸੀ।Ç ੲਸ ਕਰਕੇ ਬੇਅੰਤ ਸਿੰਘ ਮੁੱਖ ਮੰਤਰੀ ਬਣ ਗਏ ਸਨ। ਉਨ੍ਹਾਂ ਦਾ ਮੁੱਖ ਮੰਤਰੀ ਦੇ ਅਹੁਦੇ ਤੱਕ ਪਹੁੰਚਣ ਦਾ ਰਸਤਾ  ਮੁਸ਼ਕਲਾਂ, ਅੜਿਚਣਾ ਅਤੇ ਦੁਸ਼ਾਵਰੀਆਂ ਵਾਲਾ ਰਿਹਾ ਹੈ। ਪੰਜਾਬ ਵਿੱਚ ਸ਼ਾਂਤੀ ਸਥਾਪਤ ਹੋਣ ਤੋਂ ਬਾਅਦ ਉਹ 31 ਅਗਸਤ 1995 ਨੂੰ ਇਕ ਬੰਬ ਧਮਾਕੇ ਵਿੱਚ ਚੰਡੀਗੜ੍ਹ ਵਿਖੇ ਸ਼ਹੀਦ ਹੋ ਗਏ।
ਅੱਜ 31 ਅਗਸਤ ਨੂੰ ਉਨ੍ਹਾਂ ਦੀ ਸਮਾਧੀ ਤੇ ਸਵੇਰੇ 8ਵਜੇ ਤੋਂ 10 ਵਜੇ ਤੱਕ ਸਰਬ ਧਰਮ ਪ੍ਰਾਰਥਨਾ ਸਭਾ ਆਯੋਜਤ ਕੀਤੀ ਜਾ ਰਹੀ ਹੈ।

ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
ਮੋਬਾਈਲ 94178 13072   

ਇਨਸਾਫ ਪਸੰਦ ਅਤੇ ਇਮਾਨਦਾਰੀ ਦੇ ਪ੍ਰਤੀਕ : ਬਿਕਰਮ ਸਿੰਘ ਗਰੇਵਾਲ - ਉਜਾਗਰ ਸਿੰਘ

ਸਰਕਾਰੀ ਨੌਕਰੀ ਦੌਰਾਨ ਇਮਾਨਦਾਰੀੈ ਬਚਨ ਵੱਧਤਾ ਅਤੇ ਲੋਕਾਂ ਨੂੰ ਇਨਸਾਫ ਦੇਣਾ ਸੱਚੇ ਸੁੱਚੇ ਅਧਿਕਾਰੀਆਂ ਦੀ ਪ੍ਰਵਿਰਤੀ ਹੋਣੀ ਚਾਹੀਦੀ ਹੈ ਤਾਂ ਹੀ  ਲੋਕ ਰਾਜ ਦੇ ਅਰਥਾਂ ਦਾ ਲਾਭ ਉਠਾਇਆ ਜਾ ਸਕਦਾ ਹੈ। ਸਰਕਾਰੀ ਨੌਕਰੀ ਤੋਂਸੇਵਾ  ਮੁਕਤੀ ਤੋਂ ਬਾਅਦ ਪਛਤਾਉਣ ਦਾ  ਕੋਈ ਲਾਭ ਨਹੀਂ ਹੁੰਦਾ। ਜਿਹੜੇ ਸਰਕਾਰੀ ਅਧਿਕਾਰੀ ਲੋਕਾਂ ਨੂੰ ਇਨਸਾਫ ਦਿੰਦੇ ਹਨ ਉਨ੍ਹਾਂ ਦਾ ਬੁਢਾਪਾ ਸਾਂਤਮਈ ਗੁਜਰਦਾ ਹੈ। ਫਿਰ ਬੁਢਾਪਾ ਸਰਾਪ ਨਹੀਂ ਸਗੋਂ ਵਰਦਾਨ ਹੁੰਦਾ ਹੈ। ਬੁਢਾਪਾ ਅਹਿਸਾਸ ਦਾ ਦੂਜਾ ਨਾਮ ਹੈ। ਜਿਹੋ ਜਿਹਾ ਇਨਸਾਨ ਸੋਚਦਾ ਹੈ, ਉਹੋ ਜਿਹਾ ਮਹਿਸੂਸ ਕਰਦਾ ਹੈ। ਮਨੁੱਖੀ ਜੀਵਨ ਪਰਮਾਤਮਾ ਵੱਲੋਂ ਇੱਕ ਵਾਰ ਦਿੱਤਾ ਤੋਹਫ਼ਾ ਹੁੰਦਾ ਹੈ। ਇਸ ਤੋਹਫ਼ੇ ਦੀ ਵਰਤੋਂ ਹਰ ਇਨਸਾਨ ਨੇ ਆਪੋ ਆਪਣੀ ਸਮਝ ਅਨੁਸਾਰ ਕਰਨੀ ਹੁੰਦੀ ਹੈ। ਜਿਹੜਾ ਇਨਸਾਨ ਮਨੁੱਖੀ ਜੀਵਨ ਨੂੰ ਉਸਾਰੂ ਸੋਚ ਨਾਲ ਵੰਗਾਰ ਸਮਝਕੇ ਲੈਂਦਾ ਹੈ, ਉਹ ਹਮੇਸ਼ਾ ਸਫਲਤਾ ਪ੍ਰਾਪਤ ਕਰਦਾ ਸਥਾਪਤ ਨਿਸ਼ਾਨੇ 'ਤੇ ਪਹੁੰਚਦਾ ਹੈ, ਜਿਹੜਾ ਇਸ ਜੀਵਨ ਨੂੰ ਭਾਰ ਸਮਝਣ ਲੱਗਦਾ ਹੈ, ਉਹ ਸੁੱਖਮਈ ਨਹੀਂ ਰਹਿ ਸਕਦਾ ਅਤੇ ਹਮੇਸ਼ਾ ਨਿਰਾਰਥਕ ਜੀਵਨ ਬਤੀਤ ਕਰਦਾ ਹੈ। ਸਾਕਾਰਤਮਕ ਸੋਚ, ਸੰਤੁਸ਼ਟਤਾ ਤੇ ਇਮਾਨਦਾਰੀ ਇਨਸਾਨ ਨੂੰ ਆਨੰਦ ਤੇ ਲੰਬੀ ਉਮਰ ਬਖ਼ਸ਼ਦੀ ਹੈ। ਬੁਢਾਪੇ ਨੂੰ ਜੇਕਰ ਇਨਸਾਨ ਸਹਿਜਤਾ ਨਾਲ ਲੈਂਦਾ ਹੋਇਆ ਆਪਣੇ ਆਪ ਨੂੰ ਰੁਝੇਵਿਆਂ ਵਿੱਚ ਰੱਖੇਗਾ ਤਾਂ ਜ਼ਿੰਦਗੀ ਦਾ ਆਨੰਦ ਮਾਣੇਗਾ। ਮੈਂ ਇਕ ਅਜਿਹੇ 100 ਤੋਂ ਵੱਧ ਉਮਰ ਦੇ ਵਿਅਕਤੀ ਬਿਕਰਮ ਸਿੰਘ ਗਰੇਵਾਲ ਨਾਲ ਮਿਲਾਉਣ ਜਾ ਰਿਹਾ ਹਾਂ, ਜਿਹੜੇ ਇਸ ਉਮਰ ਵਿੱਚ ਵੀ ਜ਼ਿੰਦਗੀ ਦਾ ਆਨੰਦ ਬਾਖ਼ੂਬੀ ਨਾਲ ਮਾਣ ਰਹੇ ਹਨ। ਉਹ 1981 ਵਿੱਚ ਸਰਕਾਰੀ ਨੌਕਰੀ ਤੋਂ ਸੇਵਾ ਮੁਕਤ ਹੋਏ ਸਨ ਪ੍ਰੰਤੂ ਸੇਵਾ ਮੁਕਤੀ ਤੋਂ ਬਾਅਦ ਆਪਣੀ ਕਾਰ ਆਪ ਚਲਾ ਕੇ 98 ਸਾਲ ਦੀ ਉਮਰ ਤੱਕ ਗੋਲਫ ਕਲੱਬ ਚੰਡੀਗੜ੍ਹ ਵਿੱਚ ਗੋਲਫ ਖੇਡਦੇ ਰਹੇ। ਸਿਰਫ ਪਿਛਲੇ ਦੋ ਸਾਲਾਂ ਤੋਂ ਗੋਲਫ਼ ਖੇਡਣਾ ਛੱਡਿਆ ਹੈ। ਅਜੇ ਵੀ ਉਹ ਚੁਸਤ ਫਰੁਸਤ, ਤੰਦਰੁਸਤ ਅਤੇ ਤੁਰਦੇ ਫਿਰਦੇ ਹਨ। ਉਨ੍ਹਾਂ ਦੀ ਯਾਦਾਸ਼ਤ ਬਰਕਰਾਰ ਹੈ। ਇਮਾਨਦਾਰੀ ਦੀ ਆਵਾਜ਼ ਉਸੇ ਤਰ੍ਹਾਂ ਗੜ੍ਹਕਦੀ ਹੈ। 11 ਫ਼ਰਵਰੀ 2023 ਨੂੰ ਪੰਜਾਬ ਇੰਜਿਨੀਅਰਿੰਗ ਕਾਲਜ ਚੰਡੀਗੜ੍ਹ ਵਿਖੇ ਇੰਜਿਨੀਅਰਜ਼ ਅਲੂਮਨੀ ਨੇ ਬਿਕਰਮ ਸਿੰਘ ਗਰੇਵਾਲ ਨੂੰ ਬਿਹਤਰੀਨ ਜ਼ਿੰਦਗੀ ਦੇ 100 ਸਾਲ ਪੂਰੇ ਕਰਨ ਲਈ 'ਲਾਈਫ਼ ਟਾਈਮ ਅਚੀਵਮੈਂਟ ਅਵਾਰਡ' ਦੇ ਕੇ ਸਨਮਾਨਤ ਕੀਤਾ ਸੀ। ਉਨ੍ਹਾਂ ਨੇ ਆਪਣਾ 100ਵਾਂ ਜਨਮ ਦਿਨ 15 ਫਰਵਰੀ 2023 ਨੂੰ ਮਨਾਇਆ ਸੀ, ਉਸ ਸਮੇਂ ਲੈਫ਼.ਕਰਨਲ ਇੰਜ.ਸੰਜੀਵ ਕੌਲ ਨੇ ਆਪਣੇ ਵਧਾਈ ਸੰਦੇਸ਼ ਵਿੱਚ ਕਿਹਾ ਸੀ ਕਿ ''ਬਿਕਰਮ ਸਿੰਘ ਗਰੇਵਾਲ ਇੰਜਿਨੀਅਰਿੰਗ ਜਗਤ ਲਈ ਰੋਲ ਮਾਡਲ ਦਾ ਕੰਮ ਕਰ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਮੈਕਲਾਗਨ ਇੰਜੀਨੀਅਰਿੰਗ ਕਾਲਜ ਲਾਹੌਰ ਦੇ ਜੀਵਤ ਉਹ ਸਭ ਤੋਂ ਸੀਨੀਅਰ ਇੰਜਿਨੀਅਰ ਹਨ, ਜਿਨ੍ਹਾਂ ਦਿਆਨਤਦਾਰੀ ਨਾਲ ਨੌਕਰੀ ਕਰਦਿਆਂ ਜ਼ਿੰਦਗੀ ਦੇ 10 ਦਹਾਕਿਆਂ ਦਾ ਲੁਤਫ਼ ਲਿਆ ਹੈ''। ਇਸ ਲਈ ਬੁਢਾਪੇ ਨੂੰ ਜ਼ਿੰਦਗੀ ਦਾ ਆਨੰਦ ਮਾਨਣ ਦਾ ਸਭ ਤੋਂ ਵਧੀਆ ਸਮਾਂ ਸਮਝਣਾ ਚਾਹੀਦਾ ਹੈ ਕਿਉਂਕਿ ਕੋਈ ਝਮੇਲਾ ਨਹੀਂ ਹੁੰਦਾ।
ਸਮੇਂ ਦੀ ਤਬਦੀਲੀ ਨਾਲ ਬੇਸ਼ਕ ਸਮਾਜ ਦੀਆਂ ਕਦਰਾਂ ਕੀਮਤਾਂ ਵੀ ਬਦਲ ਜਾਂਦੀਆਂ ਹਨ। ਵਰਤਮਾਨ ਸਮੇਂ ਵਿਚ ਇਮਾਨਦਾਰੀ ਅਤੇ ਭਰਿਸ਼ਟਾਚਾਰ ਦੇ ਅਰਥ ਹੀ ਬਦਲਦੇ ਜਾ ਰਹੇ ਹਨ। ਖਾਸ ਤੌਰ ਤੇ ਸਰਕਾਰੀ ਨੌਕਰੀ ਵਿਚ ਤਾਂ ਕਦਰਾਂ ਕੀਮਤਾਂ ਵਿਚ ਅਣਕਿਆਸੀ ਗਿਰਾਵਟ ਆ ਗਈ ਹੈ। ਇਸ ਸਮੇਂ ਜੇਕਰ ਕੋਈ ਛੋਟਾ ਅਧਿਕਾਰੀ ਵੀ ਨੌਕਰੀ 'ਤੇ ਨਿਯੁਕਤ ਹੋ ਜਾਵੇ ਤਾਂ ਉਹ ਵਿਭਾਗ ਵਿਚ ਮਨਮਾਨੀਆਂ ਕਰਨ ਨੂੰ ਪਹਿਲ ਦਿੰਦਾ ਹੈ ਕਿਉਂਕਿ ਉਹ ਸਾਰੇ ਆਪਸ ਵਿੱਚ ਰਲ ਮਿਲ ਜਾਂਦੇ ਹਨ। ਉਨ੍ਹਾਂ ਵੱਲੋਂ ਨਿਯਮਾਂ ਨੂੰ ਛਿੱਕੇ ਤੇ ਟੰਗ ਦਿੱਤਾ ਜਾਂਦਾ ਹੈ। ਪ੍ਰੰਤੂ ਮੈਂ ਤੁਹਾਨੂੰ ਬਿਕਰਮ ਸਿੰਘ ਗਰੇਵਾਲ ਬਹੁਤ ਹੀ ਸੀਨੀਅਰ ਸੇਵਾ ਮੁਕਤ ਅਧਿਕਾਰੀ ਬਾਰੇ ਜਾਣਕਾਰੀ ਦੇਣ ਲੱਗਿਆ ਹਾਂ, ਜਿਹੜੇ ਸਾਰੀ ਉਮਰ ਸਚਾਈ ਅਤੇ ਇਮਾਨਦਾਰੀ ਤੇ ਪਹਿਰਾ ਦਿੰਦੇ ਰਹੇ ਹਨ। ਸਰਦਾਰ ਬਿਕਰਮ ਸਿੰਘ ਗਰੇਵਾਲ, ਸੇਵਾ ਮੁਕਤ ਮੁੱਖ ਇੰਜਿਨੀਅਰ ਲੋਕ ਨਿਰਮਾਣ ਵਿਭਾਗ ਪੰਜਾਬ ਹਨ। ਉਨ੍ਹਾਂ ਆਪਣੀ ਸਾਰੀ ਨੌਕਰੀ  ਧੜੱਲੇ ਅਤੇ ਖ਼ੁਦਦਾਰੀ ਨਾਲ ਆਪਣੀਆਂ ਸ਼ਰਤਾਂ 'ਤੇ ਕੀਤੀ ਅਤੇ ਨਾ ਹੀ ਕਿਸੇ ਦੀ ਈਨ ਮੰਨੀ ਅਤੇ ਨਾ ਮਨਵਾਈ ਹੈ। ਇਨਸਾਫ ਦੀ ਤਰਾਜੂ ਨੂੰ ਕਦੇ ਵੀ ਡੋਲਣ ਨਹੀਂ ਦਿੱਤਾ। ਹਮੇਸ਼ਾ ਸੱਚਾਈ 'ਤੇ ਪਹਿਰਾ ਦਿੱਤਾ ਹੈ। ਕਦੀਂ ਵੀ ਕਿਸੇ ਸੀਨੀਅਰ ਅਧਿਕਾਰੀ ਜਾਂ ਸਿਆਸਤਦਾਨ ਦੇ ਕਹਿਣ 'ਤੇ ਗ਼ਲਤ ਕੰਮ ਨਹੀਂ ਕੀਤਾ ਭਾਵੇਂ ਉਨ੍ਹਾਂ ਨੂੰ ਇਸ ਕਰਕੇ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ। ਸੀਨੀਅਰ ਅਧਿਕਾਰੀਆਂ ਦੀ ਤਾਂ ਛੱਡੋ ਉਹ ਤਾਂ ਪੰਜਾਬ ਦੇ ਮੁੱਖ ਮੰਤਰੀ ਦੇ ਵੀ ਗ਼ਲਤ ਹੁਕਮਾ ਨੂੰ ਅਣਡਿਠ ਕਰ ਦਿੰਦੇ ਸਨ। ਉਨ੍ਹਾਂ ਆਪਣੀ ਸਾਰੀ ਨੌਕਰੀ ਆਪਣੀਆਂ ਸ਼ਰਤਾਂ 'ਤੇ ਕੀਤੀ ਹੈ। ਕੋਈ ਵੀ ਵਿਅਕਤੀ ਛੇਤੀ ਕੀਤਿਆਂ ਉਨ੍ਹਾਂ ਕੋਲ ਕਿਸੇ ਕਿਸਮ ਦੀ ਸ਼ਿਫਾਰਸ਼ ਕਰਨ ਦੀ ਤਾਂ ਦੂਰ ਦੀ ਗੱਲ ਹੈ, ਉਨ੍ਹਾਂ ਕੋਲ ਜਾਣ ਤੋਂ ਹੀ ਤਿਬਕਦਾ ਸੀ ਕਿਉਂਕਿ ਉਨ੍ਹਾਂ ਨੂੰ ਪਤਾ ਹੁੰਦਾ ਸੀ ਕਿ ਉਹ ਸਹੀ ਕੰਮ ਹੀ ਕਰਨਗੇ। ਜੇਕਰ ਕਿਸੇ ਕਰਮਚਾਰੀ ਜਾਂ ਅਧਿਕਾਰੀ ਦੀ ਕੋਈ ਸਮੱਸਿਆ ਹੁੰਦੀ ਤਾਂ ਉਹ ਉਨ੍ਹਾਂ ਨੂੰ ਸਿੱਧਾ ਆ ਕੇ ਮਿਲ ਸਕਦਾ ਸੀ ਪ੍ਰੰਤੂ ਕੰਮ ਉਹ ਤਾਂ ਹੀ ਕਰਦੇ ਸਨ ਜੇਕਰ ਜ਼ਾਇਜ ਅਤੇ ਸਰਕਾਰੀ ਨਿਯਮਾਂ ਦੇ ਅਨੁਸਾਰ ਹੋ ਸਕਦਾ ਹੁੰਦਾ ਸੀ। ਵਿਭਾਗ ਵਿੱਚ ਉਹ ਕਿਸੇ ਨਾਲ ਨਾ ਬੇਇਨਸਾਫੀ ਕਰਦੇ ਸਨ ਅਤੇ ਨਾ ਹੀ ਕਰਨ ਦਿੰਦੇ ਸਨ। ਉਨ੍ਹਾਂ ਨੇ ਵਿਭਾਗ ਦੇ ਮੁੱਖੀ ਹੁੰਦਿਆਂ ਭਰਿਸ਼ਟਾਚਾਰ ਨਹੀਂ ਹੋਣ ਦਿੱਤਾ। ਉਨ੍ਹਾਂ ਦੀ ਸਰਕਾਰੀ ਅਧਿਕਾਰੀ ਦੇ ਤੌਰ 'ਤੇ  ਵੱਖ-ਵੱਖ ਅਹੁਦਿਆਂ ਸਬ ਡਵੀਜਨਲ ਇੰਜੀਨੀਅਰ ਤੋਂ ਮੁੱਖ ਇੰਜੀਨੀਅਰ ਤੱਕ ਦੀ 37 ਸਾਲ ਦਾ ਕੈਰੀਅਰ ਬੇਦਾਗ਼ ਰਿਹਾ। ਲੋਕ ਨਿਰਮਾਣ ਵਿੱਚ ਸੜਕਾਂ, ਪੁਲਾਂ ਅਤੇ ਉਸਾਰੀ ਦੇ ਕੰਮ ਚਲਦੇ ਰਹਿੰਦੇ ਸਨ, ਜਦੋਂ ਉਹ ਦੌਰੇ ਤੇ ਜਾਂਦੇ ਸਨ ਤਾਂ ਆਪਣਾ ਖਾਣਾ ਨਾਲ ਹੀ ਲੈ ਜਾਂਦੇ ਸਨ। ਦੇਸ਼ ਦੀ ਵੰਡ ਤੋਂ ਪਹਿਲਾਂ ਅਤੇ ਵੰਡ ਤੋਂ ਬਾਅਦ ਸਾਂਝਾ ਪੰਜਾਬ ਬਹੁਤ ਵੱਡਾ ਸੀ, ਕਈ ਵਾਰ ਕਈ ਰਾਤਾਂ ਬਾਹਰ ਕੱਟਣੀਆਂ ਪੈਂਦੀਆਂ ਸਨ ਤਾਂ ਉਹ ਆਪਣਾ ਬਿਸਤਰਾ, ਖਾਣੇ ਦਾ ਸਾਰਾ ਸਾਮਾਨ, ਸਟੋਵ, ਦਾਲਾਂ, ਸਬਜ਼ੀਆਂ ਅਤੇ ਆਟਾ ਨਾਲ ਹੀ ਲੈ ਜਾਂਦੇ ਸਨ। ਕਿਸੇ ਦਫ਼ਤਰ ਦੇ ਅਧਿਕਾਰੀ ਕੋਲੋਂ ਚਾਹ ਤੱਕ ਨਹੀਂ ਪੀਂਦੇ ਸਨ, ਇਥੋਂ ਤੱਕ ਕਿ ਕੋਈ ਅਧਿਕਾਰੀ ਚਾਹ ਜਾਂ ਖਾਣੇ ਬਾਰੇ ਕਹਿਣ ਦੀ ਹਿੰਮਤ ਵੀ ਨਹੀਂ ਰੱਖਦੇ ਸਨ। ਉਨ੍ਹਾਂ ਦਾ ਪਰਿਵਾਰ ਸਰਦਾਰ ਬਿਕਰਮ ਸਿੰਘ ਗਰੇਵਾਲ ਦੀ ਵਿਰਾਸਤ 'ਤੇ ਪਹਿਰਾ ਦੇ ਰਿਹਾ ਹੈ।
ਬਿਕਰਮ ਸਿੰਘ ਗਰੇਵਾਲ ਦਾ ਸਿਖਿਆ ਪ੍ਰਾਪਤ ਕਰਨ ਦਾ ਵੀ ਰਿਕਾਰਡ ਵੀ ਬਿਹਤਰੀਨ ਰਿਹਾ ਹੈ। ਉਹ ਹਮੇਸ਼ਾ ਹਰ ਕਲਾਸ ਵਿੱਚੋਂ ਪਹਿਲੇ ਦਰਜੇ ਵਿੱਚ ਪਾਸ ਹੁੰਦੇ ਰਹੇ। ਉਨ੍ਹਾਂ ਨੇ ਅੱਠਵੀਂ 1936 ਤੇ ਦਸਵੀਂ 1938 ਵਿੱਚ ਮਾਲਵਾ ਹਾਈ ਸਕੂਲ ਲੁਧਿਆਣਾ ਤੋਂ ਫਸਟ ਡਵੀਜਨ ਵਿੱਚ ਪਾਸ ਕਰਕੇ 1940 ਵਿੱਚ ਫੈਕਿਲਿਟੀ ਆਫ ਸਾਇੰਸ (ਐਫ.ਐਸ.ਸੀ) ਖਾਲਸਾ ਕਾਲਜ ਅੰਮ੍ਰਿਤਸਰ ਤੋਂ ਪਾਸ ਕੀਤੀ। ਫਿਰ ਉਨ੍ਹਾਂ ਸਿਵਲ ਇੰਜੀਨੀਅਰਿੰਗ ਦੀ ਡਿਗਰੀ ਕਰਨ ਲਈ ਮੈਕਲਾਗਨ ਇੰਜੀਨੀਅਰਿੰਗ ਕਾਲਜ ਲਾਹੌਰ ਵਿੱਚ ਦਾਖ਼ਲਾ ਲੈ ਲਿਆ। ਉਨ੍ਹਾਂ 1943 ਵਿੱਚ ਸਿਵਲ ਇਜੀਨੀਅਰਿੰਗ ਦੀ ਡਿਗਰੀ ਪ੍ਰਾਪਤ ਕੀਤੀ। ਡਿਗਰੀ ਕਰਨ ਤੋਂ ਤੁਰੰਤ ਬਾਅਦ 1944 ਵਿੱਚ ਉਨ੍ਹਾਂ ਦੀ ਸਾਂਝੇ ਪੰਜਾਬ ਦੇ ਲੋਕ ਨਿਰਮਾਣ ਵਿਭਾਗ (ਬੀ.ਐਂਡ.ਆਰ) ਵਿੱਚ ਬਤੌਰ ਸਬ ਡਵੀਜਨਲ ਇੰਜੀਨੀਅਰ ਦੀ ਚੋਣ ਹੋ ਗਈ। ਉਨ੍ਹਾਂ ਦੀ ਸਭ ਤੋਂ ਪਹਿਲੀ ਪੋਸਟਿੰਗ ਅੰਡਰ ਟਰੇਨਿੰਗ ਰਾਵਲਪਿੰਡੀ ਵਿੱਚ ਹੋਈ ਸੀ। ਉਸ ਤੋਂ ਬਾਅਦ ਜਲੰਧਰ ਵਿਖੇ ਨਿਯੁਕਤ ਹੋ ਗਏ। 1951 ਵਿੱਚ ਉਨ੍ਹਾਂ ਦੀ ਤਰੱਕੀ ਕਾਰਜਕਾਰੀ ਇਜੀਨੀਅਰ ਦੀ ਹੋ ਗਈ ਅਤੇ ਫੀਰੋਜਪੁਰ ਵਿਖੇ ਤਾਇਨਾਤ ਕਰ ਦਿੱਤੇ ਗਏ। ਇਸ ਤੋਂ ਬਾਅਦ 1963 ਵਿੱਚ ਤਰੱਕੀ ਤੋਂ ਬਾਅਦ ਸੁਪਰਇਟੈਂਡੈਂਟ ਇੰਜੀਨੀਅਰ ਬਣ ਗਏ। 1966 ਵਿੱਚ ਪੰਜਾਬ ਦੀ ਵੰਡ ਹੋਣ ਤੋਂ ਬਾਅਦ 1971 ਵਿੱਚ ਮੁੱਖ ਇਜੀਨੀਅਰ ਦੀ ਤਰੱਕੀ ਹੋ ਗਈ ਅਤੇ ਉਨ੍ਹਾਂ ਨੂੰ ਵਿਭਾਗ ਦੇ ਮੁੱਖੀ ਨਿਯੁਕਤ ਕਰ ਦਿੱਤਾ ਗਿਆ।  10 ਸਾਲ ਵਿਭਾਗ ਦੇ ਮੁੱਖੀ ਰਹਿਣ ਸਮੇਂ ਉਨ੍ਹਾਂ ਨੇ ਵਿਭਾਗ ਦੀ ਕਾਰਜ਼ਪ੍ਰਣਾਲੀ ਵਿੱਚ ਵਿਲੱਖਣ ਤਬਦੀਲੀਆਂ ਲਿਆਂਦੀਆਂ। ਉਨ੍ਹਾਂ ਦੇ ਸਮੇਂ ਬਹੁਤ ਸਾਰੇ ਵਿਭਾਗੀ ਪੁਲਾਂ ਅਤੇ ਸਰਕਾਰੀ ਇਮਾਰਤਾਂ ਦੀ ਉਸਾਰੀ ਹੋਈ। ਇਸ ਤੋਂ ਇਲਾਵਾ ਉਨ੍ਹਾਂ ਨੇ ਪਟਿਆਲਾ ਅਤੇ ਅੰਮ੍ਰਿਤਸਰ ਦੇ ਨਵੇਂ ਬਲਾਕਾਂ ਅਤੇ ਰੋਹਤਕ ਵਿਖੇ ਨਿਊ ਮੈਡੀਕਲ ਕਾਲਜ ਰੋਹਤਕ ਦੀਆਂ ਇਮਾਰਤਾਂ ਦੀ ਉਸਾਰੀ ਕਰਵਾਈ, ਜਿਹੜੀ ਅੱਜ ਤੱਕ ਬਿਹਤਰੀਨ ਉਸਾਰੀ ਦੀ ਤਕਨੀਕ ਦਾ ਨਮੂਨਾ ਹਨ। ਇੰਜਿਨੀਅਰਿੰਗ ਕਾਲਜ ਚੰਡੀਗੜ੍ਹ ਦੀ ਉਸਾਰੀ ਵੀ ਕਰਵਾਈ ਸੀ। ਪਿੰਡਾਂ ਨੂੰ ਦਿਹਾਤੀ ਸੜਕਾਂ ਨਾਲ ਜੋੜਨ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਉਹ 37 ਸਾਲ ਦੀ ਬੇਦਾਗ਼ ਨੌਕਰੀ ਕਰਨ ਤੋਂ ਬਾਅਦ ਫਰਵਰੀ 1981 ਵਿੱਚ ਸੇਵਾ ਮੁਕਤ ਹੋਏ ਸਨ।
ਬਿਕਰਮ ਸਿੰਘ ਗਰੇਵਾਲ ਦਾ ਜਨਮ ਪਿਤਾ ਸ੍ਰ.ਬੂਟਾ ਸਿੰਘ ਦੇ ਘਰ ਮਾਤਾ ਹਰਨਾਮ ਕੌਰ ਦੀ ਕੁੱਖੋਂ ਲੁਧਿਆਣਾ ਜਿਲ੍ਹੇ ਦੇ ਲਲਤੋਂ ਪਿੰਡ ਵਿਖੇ 15 ਫਰਵਰੀ 1923 ਨੂੰ ਹੋਇਆ। ਉਨ੍ਹਾਂ ਦਾ ਵਿਆਹ ਬੀਬੀ ਨਿਰਮਲਜੀਤ ਕੌਰ ਨਾਲ ਹੋਇਆ। ਉਨ੍ਹਾਂ ਦੇ ਦੋ ਲੜਕੇ ਹਰਜੀਤ ਇੰਦਰ ਸਿੰਘ ਗਰੇਵਾਲ ਅਤੇ ਜਸਟਿਸ ਅਨੂਪ ਇੰਦਰ ਸਿੰਘ ਗਰੇਵਾਲ ਹਨ। ਹਰਜੀਤ ਇਦੰਰ ਸਿੰਘ ਗਰੇਵਾਲ ਆਈ.ਏ.ਐਸ.ਅਧਿਕਾਰੀ ਸਨ, ਜਿਹੜੇ ਕਈ ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰ, ਡਵੀਜਨਲ ਕਮਿਸ਼ਨਰ ਅਤੇ ਪੰਜਾਬ ਦੇ ਮਰਹੂਮ ਮੁੱਖ ਮੰਤਰੀ ਸ੍ਰ.ਬੇਅੰਤ ਸਿੰਘ ਦੇ ਡਿਪਟੀ ਪ੍ਰਿੰਸੀਪਲ ਸਕੱਤਰ ਰਹੇ ਸਨ। ਅਨੂਪ ਇੰਦਰ ਸਿੰਘ ਗਰੇਵਾਲ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ ਹਨ। ਇੱਕ ਲੜਕੀ ਨੀਨਾ ਸਿੰਘ ਹੈ, ਜਿਹੜੀ ਬਰਜੇਸ਼ਵਰ ਸਿੰਘ ਆਈ.ਏ.ਐਸ.(ਸੇਵਾ ਮੁਕਤ) ਨੂੰ ਵਿਆਹੀ ਹੋਈ ਹੈ। ਬਰਜੇਸ਼ਵਰ ਸਿੰਘ ਭਾਰਤ ਸਰਕਾਰ ਦੇ ਕਈ ਵਿਭਾਗਾਂ ਵਿੱਚ ਸਕੱਤਰ ਰਹੇ ਹਨ।
ਤਸਵੀਰ-ਬਿਕਰਮ ਸਿੰਘ ਗਰੇਵਾਲ
ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
ਮੋਬਾਈਲ 94178 13072

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ - ਉਜਾਗਰ ਸਿੰਘ

ਗੁਰਬਾਣੀ ਗਿਆਨ ਦਾ ਅਥਾਹ ਸਮੁੰਦਰ ਹੈ। ਇਸ ਸਮੁੰਦਰ ਵਿੱਚ ਗੋਤੇ ਲਾ ਕੇ ਇਸ ਵਿੱਚੋਂ ਮਾਨਵਤਾ ਦੀ ਬਿਹਤਰੀ ਲਈ ਵਹਿਮਾ ਭਰਮਾ ਤੋਂ ਨਿਜਾਤ ਦਿਵਾਉਣ ਵਾਲੀ ਵਿਚਾਰਧਾਰਾ ਚੁਣ ਕੇ ਪੁਸਤਕ ਰੂਪ ਵਿੱਚ ਪ੍ਰੋਸਣਾ ਵਾਹਿਗੁਰੂ ਦੀ ਮਿਹਰ ਸਦਕਾ ਜਸਮੇਰ ਸਿੰਘ ਹੋਠੀ ਦੇ ਹਿੱਸੇ ਆਇਆ ਹੈ। ਜਸਮੇਰ ਸਿੰਘ ਹੋਠੀ ਗੁਰਬਾਣੀ ਦੀ ਵਿਆਖਿਆ ਗੁਰਮਤਿ ਸ਼ਬਦਾਵਲੀ ਵਿੱਚ ਵਿਗਿਆਨਕ ਦਿ੍ਰਸ਼ਟੀਕੋਣ ਨਾਲ ਕਰਦਾ ਹੈ। ਉਸ ਨੇ ਹੁਣ ਤੱਕ ਪੰਜਾਬੀ ਵਿੱਚ 6 ਪੁਸਤਕਾਂ ‘ਪੰਚਾ ਕੇ ਬਸਿ ਰੇ’, ‘ਦਸਮ ਦੁਆਰਾ ਅਗਮ ਅਪਾਰਾ’, ‘ਸੰਤਾਨ ਕੀ ਮਹਿਮਾ’, ‘ਸਤ ਵਾਰ’, ‘ਮੂਲ ਮੰਤਰ ਵੀਚਾਰ’ ਅਤੇ ‘5 ਕਕਾਰ’ ਪ੍ਰਕਾਸ਼ਤ ਕਰਵਾਈਆਂ ਹਨ, ਜਿਹੜੀਆਂ ਗੁਰਬਾਣੀ ਦੀ ਸੋਚ ‘ਤੇ ਅਧਾਰਤ ਹਨ। ਹਿੰਦੀ ਵਿੱਚ ਤਿੰਨ ਅਤੇ ਇਕ ਅੰਗਰੇਜ਼ੀ ਵਿੱਚ ਹੈ। ‘ਸਭੇ ਰੁਤੀ ਚੰਗੀਆ’ ਉਸ ਦੀ 7ਵੀਂ ਪੁਸਤਕ ਹੈ। ਇਸ ਪੁਸਤਕ ਵਿੱਚ ਵੀ 7 ਲੇਖ ਹਨ, ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀਆਂ 6 ਰੁੱਤਾਂ ਦੀ ਮਹਾਨਤਾ, ਵਿਆਖਿਆ, ਆਤਮਿਕ ਰਹਿਨੁਮਾਈ ਨੂੰ ਵਿਗਿਆਨਕ ਦਿ੍ਰਸ਼ਟੀਕੋਣ ਨਾਲ ਲਿਖਿਆ ਗਿਆ ਹੈ। ਇਨ੍ਹਾਂ ਰੁੱਤਾਂ ਦਾ ਵਿਸ਼ਲੇਸ਼ਣ ਗੁਰਮਤਿ ਸਿਧਾਂਤਾਂ ਤੇ ਪੂਰਾ ਖ਼ਰਾ ਉਤਰਦਾ ਹੈ। ਇਹ ਪੁਸਤਕ ਸਿੱਖ ਜਗਤ ਨੂੰ ਰੁੱਤਾਂ ਬਾਰੇ ਵਹਿਮ ਭਰਮ ਵਿੱਚੋਂ ਕੱਢਣ ਵਿੱਚ ਸਹਾਈ ਹੋਵੇਗੀ। ਲੇਖਕ ਨੇ ਗਿਆਨ ਅਤੇ ਵਿਗਿਆਨ ਦਾ ਸੁਮੇਲ ਸੁਚੱਜੇ ਢੰਗ ਨਾਲ ਕੀਤਾ ਹੈ। ਰੁੱਤਾਂ ਦਾ ਮਾਨਵਤਾ, ਪਸ਼ੂਆਂ, ਅਤੇ ਪੰਛੀਆਂ ‘ਤੇ ਗਹਿਰਾ ਅਸਰ ਪੈਂਦਾ ਹੈ, ਉਸ ਪ੍ਰਭਾਵ ਦੇ ਨਤੀਜਿਆਂ ਨੂੰ ਵੀ ਵਰਣਨ ਕੀਤਾ ਗਿਆ ਹੈ।  ਰੁੱਤਾਂ ਬਾਰੇ ਭਾਰਤ ਦੇ ਮੇਲੇ, ਅੰਤਰ-ਰਾਸ਼ਟਰੀ ਪ੍ਰਮੁੱਖ ਮੇਲੇ ਤੇ ਸਿੱਖ ਧਰਮ ਨਾਲ ਸੰਬੰਧਤ ਗੁਰਪੁਰਬ ਤੇ ਘਟਨਾਵਾਂ ਬਾਰੇ ਵੀ ਦੱਸਿਆ ਗਿਆ ਹੈ। ਇਕ ਹੋਰ ਵਿਲੱਖਣਤਾ ਵਾਲਾ ਇਸ ਪੁਸਤਕ ਦਾ ਗੁਣ ਹੈ ਕਿ ਇਹ ਪੁਸਤਕ ਸੰਸਾਰ ਦੀਆਂ ਰੁੱਤਾਂ ਦਾ ਤੁਲਨਾਤਮਿਕ ਅਧਿਐਨ ਕਰਕੇ ਲਿਖੀ ਗਈ ਹੈ। ਅਜਿਹੀਆਂ ਪੁਸਤਕਾਂ ਨੂੰ ਪ੍ਰਕਾਸ਼ਤ ਕਰਵਾਉਣ ਵਾਲੀ ਮੋਤਾ ਸਿੰਘ ਸਰਾਏ ਸੰਚਾਲਕ ਯੂਰਪੀ ਪੰਜਾਬੀ ਸੱਥ ਵਾਲਸਾਲ-(ਯੂ.ਕੇ.)ਅਤੇ ਡਾ.ਨਿਰਮਲ ਸਿੰਘ ਸੇਵਾਦਾਰ ਪੰਜਾਬੀ ਸੱਥ ਲਾਂਬੜਾਂ-ਜਲੰਧਰ ਨੂੰ ਸਲਾਮ ਕੀਤੇ ਬਿਨਾ ਰਿਹਾ ਨਹੀਂ ਜਾ ਸਕਦਾ, ਜਿਹੜੇ ਮਾਂ ਬੋਲੀ ਪੰਜਾਬੀ ਦੀ ਪ੍ਰਫੁੱਲਤਾ ਲਈ ਹਮੇਸ਼ਾ ਯਤਨਸ਼ੀਲ ਰਹਿੰਦੇ ਹਨ।  ਪੁਸਤਕ ਦੇ ਨਾਮ ਵਾਲਾ ਪਹਿਲਾ ਹੀ ਲੇਖ ‘ਸਭੇ ਰੁਤੀ ਚੰਗੀਆ’ ਵਿੱਚ ਰੁੱਤਾਂ ਬਾਰੇ ਸ੍ਰੀ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ
ਰਾਤੀ ਰੁਤੀ ਥਿਤੀ ਵਾਰ॥ ਪਵਣ ਪਾਣੀ ਅਗਨੀ ਪਾਤਾਲ॥
ਤਿਸੁ ਵਿੱਚ ਧਰਤੀ ਥਾਪਿ ਰਖੀ ਧਰਮਸਾਲ॥
 ਭਾਵ ਰਾਤਾਂ, ਰੁੱਤਾਂ, ਥਿਤਾਂ ਤੇ ਵਾਰ। ਹਵਾ ਪਾਣੀ, ਅੱਗ ਤੇ ਪਤਾਲ ਇਨ੍ਹਾਂ ਸਾਰਿਆਂ ਦੇ ਦਰਮਿਆਨ ਧਰਤੀ ਟਿਕੀ ਹੋਈ ਹੈ। ਲੇਖਕ ਨੇ ਲਿਖਿਆ ਹੈ ਕਿ ਸੰਸਾਰ ਵਿੱਚ ਚਾਰ ਰੁੱਤਾਂ ਬਸੰਤ ਰੁੱਤ, ਗਰਮੀ ਰੁੱਤ, ਪੱਤਝੜ ਰੁੱਤ ਅਤੇ ਸਰਦ ਰੁੱਤ ਹਨ ਪ੍ਰੰਤੂ ਭਾਰਤੀ ਉਪ ਮਹਾਂਦੀਪ ਵਿੱਚ 6 ਰੁੱਤਾਂ ਮੰਨਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ 6 ਰੁੱਤਾਂ  ਸਰਸ ਬਸੰਤ-ਚੇਤ ਵੈਸਾਖ, ਗਰਮੀ-ਜੇਠ ਹਾੜ, ਵਰਖਾ- ਸਾਵਣ ਭਾਦੋਂ, ਪੱਤਝੜ-ਅਸੂ ਕੱਤਕ, ਸਿਸੀਅਰ-ਮਘਰ ਪੋਹ ਅਤੇ ਹਿਮਕਰ-ਮਾਘ ਫੱਗਣ ਨੂੰ ਮਾਣਤਾ ਦਿੱਤੀ ਗਈ ਹੈ। ਰੁੱਤਾਂ ਵਿਗਿਅਨਕ ਢੰਗਾਂ ਨਾਲ ਵਾਪਰਦੀਆਂ ਹਨ। ਇਨ੍ਹਾਂ ਵਿੱਚ ਤਬਦੀਲੀ ਧਰਤੀ ਦੀ ਰੀੜ-ਰੇਖਾ ਦੁਆਲੇ ਧਰਤੀ  ਉਲਾਰਵੀਂ ਹੋ ਕੇ ਝੁਕ ਕੇ ਘੁੰਮਦੀ ਹੈ, ਜਿਸ ਕਰਕੇ ਰੁੱਤਾਂ ਵਾਪਰਦੀਆਂ ਹਨ। ਧਰਤੀ ਦੇ ਉਲਾਰ ਝੁਕਾਅ ਕਰਕੇ ਗਰਮੀ ਸਰਦੀ ਹੁੰਦੀ ਹੈ। ਇਹ ਝੁਕਾਅ 6 ਮਹੀਨੇ ਸੂਰਜ ਵੱਲ ਹੁੰਦਾ ਹੈ ਤੇ ਗਰਮੀ ਰੁੱਤ ਹੁੰਦੀ ਹੈ। 6 ਮਹੀਨੇ ਸੂਰਜ ਤੋਂ ਪਰੇ ਉਲਾਰ ਹੁੰਦਾ, ਜਿਸ ਕਰਕੇ ਸਰਦ ਰੁੱਤ ਹੁੰਦੀ ਹੈ। ਉਲਾਰ ਝੁਕਾਅ ਨੂੰ ਸਾਇੰਸਦਾਨ ਤਿ੍ਰਛਾਪਣ ਕਹਿੰਦੇ ਹਨ। ਦੱਖਣੀ ਅਰਧਗੋਲੇ ਵਿਖੇ ਰੁੱਤਾਂ ਦਾ 6 ਮਹੀਨੇ ਦਾ ਫਰਕ ਹੁੰਦਾ ਹੈ। ਇਹ ਅਰਧਗੋਲਾ ਭੂਮੱਧ-ਰੇਖਾ ਦੇ ਉਤਰ ਤੇ ਦੱਖਣ ਦੋ ਹਿਸਿਆਂ ਵਿੱਚ ਵੰਡ ਦਿੰਦੇ ਹਨ। ਇਸੇ ਕਰਕੇ ਗਰਮੀ ਤੇ ਸਰਦੀ ਦੇ ਮੌਸਮ ਹੁੰਦੇ ਹਨ। ਇਟਲੀ ਦੇ ਸਾਇੰਸਦਾਨ ਗਲੈਲੀਓ ਨੇ ਕਿਹਾ ਸੀ ਧਰਤੀ ਗੋਲ ਤੇ ਘੁੰਮਦੀ ਹੈ। ਈਸਾਈ ਮੁੱਖੀਆਂ ਨੇ ਉਸਦਾ ਵਿਰੋਧ ਕਰਕੇ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 927 ਤੋਂ 929 ਤੱਥ 6 ਰੁੱਤਾਂ ਦਾ ਉਪਦੇਸ਼ ਲਿਖਿਆ ਹੋਇਆ ਹੈ। ਇਹ ਦੋ-ਦੋ ਦੇਸੀ ਮਹੀਨਿਆਂ ਦੀਆਂ 6 ਰੁੱਤਾਂ ਹਨ। ਦੂਜਾ ਲੇਖ ‘ਸਰਸ ਬਸੰਤ ਰੁੱਤ’ ਮਹੀਨੇ-ਚੇਤ-ਵੈਸਾਖ ਹੈ। ਬਸੰਤ ਰੁੱਤ 6 ਰੁੱਤਾਂ ਵਿੱਚੋਂ ਇਕ ਹੈ, ਇਹ ਰੁੱਤ ਹਿਮਕਰ ਬਰਫਾਨੀ ਰੁੱਤ ਤੋਂ ਬਾਅਦ ਗਰਮੀ ਤੋਂ ਪਹਿਲਾਂ ਆਉਂਦੀ ਹੈ। ਗੁਰੂ ਸਾਹਿਬ ਛੰਤ ਵਿੱਚ ਫਰਮਾਉਂਦੇ ਹਨ, ਬਸੰਤ ਰੁੱਤ ਰਸ ਵਾਲੀ ਹੰਦੀ ਹੈ।  ਬਸੰਤ ਰੁੱਤ ਵਿੱਚ ਦਿਨ ਵਧਦੇ ਹਨ। ਗੁਰੂ ਸਾਹਿਬਾਨਾਂ ਤੇ ਭਗਤਾਂ ਨੇ ਜ਼ਿਆਦਾਤਰ ਬਸੰਤ ਬਾਰੇ ਉਪਦੇਸ਼ ਬਸੰਤ ਰਾਗ ਵਿੱਚ ਗਾਇਨ ਕਰਕੇ ਵਰਣਨ ਕੀਤੇ ਹਨ। ਫੁੱਲ ਖਿੜਨ ਲੱਗਦੇ ਹਨ। ਸਰੋਂ ਦੇ ਫੁੱਲ ਖੇਤਾਂ ਵਿੱਚ ਜੋਬਨ ‘ਤੇ ਹੁੰਦੇ ਹਨ। ਗੁਰੂ ਘਰਾਂ ਵਿੱਚ ਬਸੰਤ ਪੰਚਵੀਂ ਮਨਾਈ ਜਾਂਦੀ ਹੈ, ਪੀਲੇ ਬਸਤਰ ਪਹਿਨੇ ਜਾਂਦੇ ਹਨ।  ਖਾਲਸੇ ਦੀ ਸਾਜਨਾ ਵੈਸਾਖੀ ਵਾਲੇ ਦਿਨ ਕੀਤੀ ਗਈ। ਹੋਲੀ ਤੇ ਹੋਲਾ ਮਹੱਲਾ ਦਾ ਤਿਓਹਾਰ ਸ੍ਰੀ ਆਨੰਦਪੁਰ ਸਾਹਿਬ ਵਿਖੇ ਤਿੰਨ ਦਿਨ ਚਲਦਾ ਹੈ। ਵਿਗਿਆਨਕ ਤੌਰ ‘ਤੇ ਬਸੰਤ ਰੁੱਤ ਸਭ ਤੋਂ ਵਧੀਆ ਮੰਨਿਆਂ ਜਾਂਦਾ ਹੈ। ਤਾਪਮਾਨ ਦਰਮਿਆਨਾ ਹੁੰਦਾ ਹੈ। ਬਸੰਤ ਰੁੱਤ ਸੁੱਖਦਾਈ, ਆਰਾਮਦਾਇਕ ਅਤੇ ਸ਼ਾਂਤੀਪੂਰਨ ਮੰਨੀ ਜਾਂਦੀ ਹੈ। ਸੂਰਜ ਦੀ ਰੌਸ਼ਨੀ ਜ਼ਿਆਦਾ ਮਿਲਦੀ ਹੈ। ਪੌਦਿਆਂ ਤੇ ਦਰਖਤ ਨੂੰ ਨਵੀਂਆਂ ਕਰੂੰਬਲਾਂ ਨਿਕਲਦੀਆਂ ਹਨ। ਤੀਜਾ ਲੇਖ ਗ੍ਰੀਖਮ ਰੁੁੱਤ (ਗਰਮੀ) ਮਹੀਨੇ ਜੇਠ ਹਾੜ ਹੈ। ਗਰਮੀ ਦੀ ਰੁੱਤ ਬਸੰਤ ਰੁੱਤ ਤੋਂ ਬਾਅਦ ਤੇ ਵਰਖਾ ਰੁੱਤ ਤੋਂ ਪਹਿਲਾਂ ਆਉਂਦੀ ਹੈ। ਗਰਮੀ ਦੀ ਰੁੱਤ ਬਾਰੇ ਉਪਦੇਸ਼ ਹੈ ਸੋ ਬਾਰਹ ਮਾਹਾ ਦੇ ਦੋ ਮਹੀਨਿਆਂ ਜੇਠ ਤੇ ਹਾੜ ਦੇ ਉਪਦੇਸ਼ ਨਾਲ ਮੇਲ ਖਾਂਦਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਫਰਮਾਉਂਦੇ ਹਨ ਕਿ ਗਰਮੀ ਦੀ ਰੁੱਤ ਬਹੁਤ ਔਖੀ ਤੇ ਕਰੜੀ ਹੁੰਦੀ ਹੈ। ਜੀਵ ਜੰਤੂ ਸਾਰੇ ਦੁੱਖੀ ਹੁੰਦੇ ਹਨ। ਦਸਮ ਗ੍ਰੰਥ ਵਿੱਚ ਗਰੂ ਜੀ ਫਰਮਾਉਂਦੇ ਹਨ:
ਜੇਠ ਮਹਾ ਬਲਵੰਤ ਭਯੋ ਅਤਿ ਬਿਆਕੁਲ ਜੀਯ ਮਹਾ ਰਿਤ ਪਾਈ॥
ਇਹ ਰੁੱਤ ਪ੍ਰਫੁੱਲਤਾ ਪ੍ਰਦਾਨ ਵੀ ਕਰਦੀ ਹੈ। ਵੰਨ-ਸੁਵੰਨੇ ਫੁਲ ਖਿੜਦੇ ਤੇ ਦਰਖਤ ਫਲਾਂ ਨਾਲ ਲੱਦੇ ਜਾਂਦੇ ਹਨ। ਪਸ਼ੂ ਪੰਛੀ ਸੰਤਾਨ ਉਪਜਾਉਂਦੇ ਹਨ। ਸੂਰਜ ਦੀ ਰੌਸ਼ਨੀ ਤੋਂ ਵਿਟਾਮਿਨ ਡੀ ਮਿਲਦਾ ਹੈ। ਜਦੋਂ ਧਰਤੀ ਸੂਰਜ ਵਲ ਉਲਾਰ ਹੁੰਦੀ ਹੈ, ਜਿਵੇਂ ਉਤਰੀ ਅਰਧਗੋਲੇ ਵਿਖੇ ਗਰਮੀ ਦੀ ਰੁੱਤ ਦੱਖਣੀ ਅਰਧਗੋਲੇ ਵਿਖੇ ਸਰਦੀ ਹੁੰਦੀ ਹੈ। ਚੌਥਾ ਲੇਖ ‘ਬਰਸ (ਵਰਖਾ) ਰੁੱਤ ਮਹੀਨੇ ਸਾਵਣ- ਭਾਦੋਂ’ ਵਿੱਚ ਵਰਖਾ ਰੁੱਤ ਹੁੰਦੀ ਹੈ। ਇਸ ਰੁੱਤ ਵਿੱਚ ਸੁਖਦਾਈ ਮਾਹੌਲ ਅਤੇ ਮੌਜਾਂ ਬਣੀਆਂ ਰਹਿੰਦੀਆਂ ਹਨ। ਤੁਖਾਰੀ ਰਾਗ ਤੇ ਮਾਝ ਰਾਗ ਦੇ ਬਾਰਹ ਮਾਹਾ ਦੇ ਸਾਵਣ ਭਾਦੋਂ ਦੇ ਉਪਦੇਸ਼ ਵਰਖਾ ਰੁੱਤ ਨਾਲ ਮੇਲ ਖਾਂਦੇ ਹਨ ਜਿਵੇਂ: ਰੁਤਿ ਬਰਸੁ ਸੁਹੇਲੀਆ ਸਾਵਣ ਭਾਦਵੇ ਆਨੰਦ ਜੀਉ॥ ਗੁਰਬਾਣੀ ਵਿੱਚ ਬਬੀਹੇ ਨੂੰ ਵਿਲਕਦਿਆਂ ਹੋਇਆਂ ਦਰਸਾਇਆ ਗਿਆ ਜਿਵੇਂ:
ਬਾਬੀਹਾ ਬੇਨਤੀ ਕਰੇ ਕਰਿ ਕਿਰਪਾ ਦੇਹੁ ਜੀਆ ਦਾਨ॥
ਜਲ ਬਿਨੁ ਪਿਆਸ ਨ ਊਤਰੈ ਛੁਟਕਿ ਜਾਂਹਿ ਮੇਰੇ ਪ੍ਰਾਨ॥
ਰਖੜੀ ਦਾ ਤਿਓਹਾਰ ਵੀ ਇਸ ਰੁੱਤ ਵਿੱਚ ਮਨਾਇਆ ਜਾਂਦਾ ਹੈ। ਸੰਸਾਰ ਵਿੱਚ ਵੀ ਇਸ ਰੁੱਤ ਵਿੱਚ ਕਈ ਤਿਓਹਾਰ ਮਨਾਏ ਜਾਂਦੇ ਹਨ। ਪੰਜਵਾਂ ਲੇਖ ‘ਸਰਦ ਰੁੱਤ ਮਹੀਨੇ -ਅੱਸੂ ਕਤਕ’ ਹੈ। ਸਰਦ ਰੁੱਤ ਵਰਖਾ ਰੁੱਤ ਤੋਂ ਬਾਅਦ ਤੇ ਸਿਸੀਅਰ ਰੁੱਤ ਤੋਂ ਪਹਿਲਾਂ ਆਉਂਦੀ ਹੈ। ਇਸ ਰੁੱਤ ਨੂੰ ਕਈ ਦੇਸਾਂ ਵਿੱਚ ਪੱਤਝੜ ਵੀ ਆਖਦੇ ਹਨ। ਸਰਦ ਰੁੱਤ ਵਿੱਚ ਤਾਪਮਾਨ ਘਟਣ ਲੱਗਦਾ ਹੈ। ਤਕਰੀਬਨ ਦਿਨ ਰਾਤ ਬਰਾਬਰ ਹੁੰਦੇ ਹਨ। ਕਈ ਕਿਸਾਨ ਸੇਬ, ਕੱਦੂ ਤੇ ਨਾਸ਼ਪਾਤੀਆਂ ਤੇ ਮੱਕੀ ਦੀ ਫਸਲ ਦੀ ਪੈਦਾਵਾਰ ਸੰਭਾਲਦੇ ਹਨ। ਪੱਤਝੜ ਰੁੱਤ ਨੂੰ ਜ਼ਿਆਦਾਤਰ ਉਦਾਸੀ ਦੀ ਰੁੱਤ ਦੀ ਤਰ੍ਹਾਂ ਮੰਨਿਆਂ ਜਾਂਦਾ ਹੈ। ਇਸ ਰੁੱਤ ਵਿੱਚ ਸੰਸਾਰ ਵਿੱਚ ਬਹੁਤ ਮੇਲੇ ਲਗਦੇ ਹਨ। ਭਾਰਤ ਵਿੱਚ ਦੀਵਾਲੀ ਅਤੇ ਬੰਦੀਛੋੜ ਦਿਵਸ ਮਨਾਏ ਜਾਂਦੇ ਹਨ।  ਛੇਵੇਂ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਗਵਾਲੀਅਰ ਦੇ ਕਿਲ੍ਹੇ ਵਿੱਚ ਨਜ਼ਰਬੰਦ ਸਨ, ਉਹ ਆਪਣੇ ਨਾਲ ਨਜ਼ਰਬੰਦ 52 ਰਾਜਿਆਂ ਨੂੰ ਛੁਡਵਾ ਕੇ ਲਿਆਏ ਸਨ। ਇਸ ਕਰਕੇ ਬੰਦੀਛੋੜ ਦਿਵਸ ਮਨਾਇਆ ਜਾਂਦਾ ਹੈ। ਇਸਤਰੀਆਂ ਦੀਵਾਲੀ ਨੂੰ ਖਰੀਦੋ ਫਰੋਖ਼ਤ ਕਰਦੀਆਂ ਹਨ ਖਾਸ ਤੌਰ ਤੇ ਭਾਂਡੇ ਖਰੀਦੇ ਜਾਂਦੇ ਹਨ। ਛੇਵਾਂ ਲੇਖ ‘ਸਿਸੀਅਰ ਰੁੱਤ ਮਹੀਨੇ-ਮੱਘਰ ਪੋਹ’ ਹੈ। ਮੱਘਰ ਪੋਹ ਦੇ ਮਹੀਨੇ ਸਿਸੀਅਰ ਸਿਆਲ ਦੀ ਠੰਡੀ ਰੁੱਤ ਠੰਡਕ ਵਰਤਾਉਂਦੀ ਹੈ ਤੇ ਪ੍ਰਭੂ ਦਾ ਦਰਸ਼ਨ ਹਿਰਦੇ ਨੂੰ ਠੰਡਾ-ਠਾਰ ਕਰ ਦਿੰਦਾ ਹੈ। ਸਿਸੀਅਰ ਰੁੱਤ ਤੇ ਪੋਹ ਦਾ ਮਹੀਨਾ ਬਿਰਧ ਅਵਸਥਾ ਵਾਂਗੂੰ ਹੈ। ਦਿਨ ਛੋਟੇ ਤੇ ਰਾਤਾਂ ਲੰਬੀਆਂ ਹੋ ਜਾਂਦੀਆਂ ਹਨ। 21 ਦਸੰਬਰ ਸਭ ਤੋਂ ਛੋਟਾ ਦਿਨ ਹੁੰਦਾ ਹੈ। ਸਿਸੀਅਰ ਰੁੱਤ ਪਸ਼ੂ ਪੰਛੀਆਂ, ਜਾਨਵਰਾਂ ਨੂੰ ਵੀ ਪ੍ਰਭਾਵਤ ਕਰਦੀ ਹੈ। ਮਨੁੱਖ ਵੀ ਸਿਸੀਅਰ ਰੁੱਤ ਵਿੱਚ ਥਕਾਵਟ ਮਹਿਸੂਸ ਕਰਦੇ ਹਨ। ਕਿ੍ਰਸਮਸ 25 ਦਸੰਬਰ ਇਸ ਰੁੱਤ ਵਿੱਚ ਆਉਂਦੀ ਹੈ। ਨਵਾਂ ਸਾਲ ਵੀ ਪਹਿਲੀ ਜਨਵਰੀ ਨੂੰ ਹੁੰਦਾ ਹੈ। ਸ੍ਰੀ ਗੁਰੂ ਤੇਗ ਬਹਾਦਰ, ਮਾਤਾ ਗੁਜਰੀ, ਛੋਟੇ ਤੇ ਵੱਡੇ ਸਾਹਿਬਜ਼ਾਦੇ ਅਤੇ ਅਨੇਕਾਂ ਸਿੱਖਾਂ ਨੇ ਵੀ ਸਿਸੀਅਰ ਰੁੱਤ ਵਿੱਚ ਸ਼ਹੀਦੀ ਪ੍ਰਾਪਤ ਕੀਤੀ ਸੀ। ਲੋਹੜੀ ਵੀ ਮਨਾਈ ਜਾਂਦੀ ਹੈ। ਸੱਤਵਾਂ ਲੇਖ ‘ਹਿਮਕਰ (ਬਰਫਾਨੀ) ਰੁੱਤ ਮਹੀਨੇ-ਮਾਘ ਫੱਗਣ’ ਹੈ। ਹਿਮਕਰ ਰੁੱਤ ਸਿਸੀਅਰ ਰੁੱਤ ਤੋਂ ਬਾਅਦ ਆਉਂਦੀ ਹੈ, ਇਹ ਛੇਵੀਂ ਰੁੱਤ ਹੈ। ਹਿਮ ਬਰਫ ਨੂੰ ਆਖਦੇ ਹਨ। ਦੁਨੀਆਂ ਵਿੱਚ ਬਹੁਤ ਠੰਡ ਦੇ ਰਿਕਾਰਡ ਬਣੇ ਹੋਏ ਹਨ, ਉਹ ਇਸੇ ਹਿਮਕਰ ਰੁੱਤ ਵਿੱਚ ਵਾਪਰੇ ਹਨ।  ਇਹ ਰੁੱਤ ਮਨੁੱਖੀ ਸਰੀਰ ਨੂੰ ਬਹੁਤ ਪ੍ਰਭਵਤ ਕਰਦੀ ਹੈ। ਗੁਰੂ ਸਾਹਿਬ ਆਖਦੇ ਹਨ, ਗੁਰੁ ਹਿਵੈ ਘਰ, ਹਿਮਾਲਿਆ ਦਾ ਘਰ, ਬਰਫ ਘਰ ਭਾਵ ਗੁਰੂ ਸੀਤਲ ਹੈ। ਚਾਲੀ ਮੁਕਤਿਆਂ ਦਾ ਬੇਦਾਵਾ ਵਾਪਸ ਦੀ ਬੇਨਤੀ ਇਸੇ ਰੁੱਤ ਵਿੱਚ ਕੀਤੀ ਗਈ। ਮਕਰ ਸਕਰਾਂਤੀ ਅਤੇ ਦੁਨੀਆਂ ਦੇ ਹੋਰ ਤਿਓਹਾਰ ਵੀ ਇਸੇ ਰੁੱਤ ਵਿੱਚ ਮਨਾਏ ਜਾਂਦੇ ਹਨ। ‘ਸੰਪੂਰਨਤਾ’ ਰੁੱਤਾਂ ਪ੍ਰਤੀ ਬਾਣੀ ਦੀ ਸੰਪੂਰਨਤਾ, ਨਿਮਰਤਾ ਸਹਿਤ ਵਡਿਆਈ ਤੇ ਧੰਨਵਾਦ ਕੀਤਾ ਗਿਆ ਹੈ। ਬਾਰਾਂ ਮਹੀਨਿਆਂ ਛੇ ਰੁੱਤਾਂ ਇਕ ਘੜੀ ਤੇ ਮਹੂਰਤ ਇਤਿਆਦਕ ਸਮਿਆਂ ਵਿੱਚ ਗੁਰੂ ਦਾ ਹੀ ਸਿਮਰਨ ਕਰਨਾ ਹੈ। ਸਿਮਰਨ ਗਿਣਤੀਆਂ ਮਿਣਤੀਆਂ ਨਾਲ ਨਹੀਂ ਸਗੋਂ ਸਿਮਰਨ ਲਈ ਹਰ ਰੁੱਤ ਤੇ ਸਮਾਂ ਸੁਹਾਵਣਾ ਹੈ।
180 ਪੰਨਿਆਂ, 250 ਰੁਪਏ (ਬਿਨਾ ਜਿਲਦ) ਅਤੇ 300 ਰੁਪਏ (ਜਿਲਦ ਵਾਲੀ) ਕੀਮਤ ਵਾਲੀ ਇਹ ਪੁਸਤਕ ਯੂਰਪੀ ਪੰਜਾਬੀ ਸੱਥ ਵਾਲਸਲ (ਯੂ.ਕੇ.) ਵੱਲੋਂ ਪ੍ਰਕਾਸ਼ਤ ਕਰਵਾਈ ਗਈ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ     
  ਮੋਬਾਈਲ-94178 13072   
     ujagarsingh48@yahoo.com

ਸੀਨੀਅਰ ਸਿਟੀਜ਼ਨਜ਼ ਦੀ ਸ਼ਹਿਰੀ ਸੱਥ ਦੀ ਮਹਿਫਲ ਦੀਆਂ ਖ਼ੁਸ਼ਬੋਆਂ - ਉਜਾਗਰ ਸਿੰਘ

ਪਿੰਡਾਂ ਦੀਆਂ ਸੱਥਾਂ ਦੀਆਂ ਰੌਣਕਾਂ ਅਲੋਪ ਹੋ ਗਈਆਂ ਹਨ। ਆਧੁਨਿਕਤਾ ਦੀ ਪਾਣ ਚੜ੍ਹਨ ਕਰਕੇ ਪੰਜਾਬ ਦੇ ਪਿੰਡਾਂ ਵਿੱਚ ਸੱਥਾਂ ਦੀ ਪ੍ਰਵਿਰਤੀ ਖ਼ਤਮ ਹੋ ਗਈ ਹੈ। ਕਿਸੇ ਸਮੇਂ ਪਿੰਡਾਂ ਦੇ ਲੋਕਾਂ ਨੂੰ ਸੰਸਾਰ ਵਿੱਚ ਵਾਪਰ ਰਹੀਆਂ ਘਟਨਾਵਾਂ ਬਾਰੇ ਦਰਵਾਜ਼ਿਆਂ ਵਿੱਚ ਬੈਠੀਆਂ ਸੱਥਾਂ ਤੋਂ ਹੀ ਜਾਣਕਾਰੀ ਮਿਲਦੀ ਸੀ। ਇਥੋਂ ਤੱਕ ਕਿ ਪਿੰਡ ਦੀਆਂ ਸਮਾਜਕ, ਸਿਆਸੀ ਸਰਗਰਮੀਆਂ ਅਤੇ ਨਿੱਕੀਆਂ ਨਿੱਕੀਆਂ ਗੱਲਾਂ ਬਾਰੇ ਜਾਣਕਾਰੀ ਵੀ ਇਨ੍ਹਾਂ ਸੱਥਾਂ ਵਿੱਚੋਂ ਹੀ ਲੈਣੀ ਪੈਂਦੀ ਸੀ। ਇਹ ਸੱਥਾਂ ਪਿੰਡਾਂ ਦੇ ਲੋਕਾਂ ਵਿੱਚ ਸਦਭਾਵਨਾ ਪੈਦਾ ਕਰਨ ਵਿੱਚ ਵੀ ਮਹੱਤਵਪੂਰਨ ਯੋਗਦਾਨ ਪਾਉਂਦੀਆਂ ਸਨ। ਇਥੋਂ ਤੱਕ ਕਿ ਛੋਟੇ ਮੋਟੇ ਝਗੜੇ ਇਨ੍ਹਾਂ ਸੱਥਾਂ ਵਿੱਚ ਹੀ ਨਿਪਟਾ ਲਏ ਜਾਂਦੇ ਸਨ। ਇਕ ਕਿਸਮ ਨਾਲ ਉਹ ਪਿੰਡਾਂ ਦੀਆਂ ਸੱਥਾਂ ਅੱਜ ਦੇ ਵਟਸ ਅਪ ਗਰੁਪਾਂ ਵਰਗੀਆਂ ਹੀ ਹੁੰਦੀਆਂ ਸਨ ਕਿਉਂਕਿ ਇਕ ਥਾਂ ਤੋਂ ਹਰ ਤਰ੍ਹਾਂ ਦੀ ਖ਼ੁਸ਼ੀ ਤੇ ਗ਼ਮੀ ਦੀ ਖ਼ਬਰ ਮਿਲਦੀ ਸੀ। ਉਨ੍ਹਾਂ ਦਿਨਾ ਵਿੱਚ ਅਖ਼ਬਾਰ ਵੀ ਬਹੁਤ ਘੱਟ ਪ੍ਰਕਾਸ਼ਤ ਹੁੰਦੇ ਸਨ, ਜਿਹੜੇ ਪੰਜਾਬੀ/ਹਿੰਦੀ/ਉਰਦੂ ਦੇ ਮੁੱਖ ਅਖ਼ਬਾਰ ਪੰਜਾਬ ਵਿੱਚ ਜਲੰਧਰ ਤੋਂ ਪ੍ਰਕਾਸ਼ਤ ਹੁੰਦੇ ਸਨ, ਉਦੋਂ ਅਖ਼ਬਾਰ ਪਿੰਡਾਂ ਵਿੱਚ ਆਉਂਦੇ ਨਹੀਂ ਸਨ। ਸ਼ਹਿਰੀਕਰਨ ਦੇ ਲਾਭ ਤੇ ਨੁਕਸਾਨ ਦੋਵੇਂ  ਹੁੰਦੇ ਹਨ। ਹੁਣ ਸ਼ਹਿਰਾਂ ਦੇ ਲੋਕ ਪੜ੍ਹੇ ਲਿਖੇ ਹੋਣ ਕਰਕੇ ਸ਼ਹਿਰਾਂ ਵਿੱਚ ਵੀ ਆਂਢ ਗੁਆਂਢ ਵਿੱਚ ਸਦਭਾਵਨਾ ਦਾ ਵਾਤਾਵਰਨ ਪੈਦਾ ਹੋ ਗਿਆ ਹੈ। ਸ਼ਹਿਰੀ ਲੋਕਾਂ ਨੂੰ ਜਿਸਮਾਨੀ ਕੰਮ ਘੱਟ ਕਰਨਾ ਪੈਂਦਾ ਹੈ। ਬਹੁਤੇ ਸ਼ਹਿਰੀ ਦਫ਼ਤਰਾਂ ਦੇ ਮੁਲਾਜ਼ਮ ਜਾਂ ਸੇਵਾ ਮੁਕਤ ਹੁੰਦੇ ਹਨ। ਸਿਹਤਮੰਦ ਰਹਿਣ ਲਈ ਸ਼ਹਿਰੀ ਲੋਕ ਜ਼ਿਆਦਾ ਜਾਗ੍ਰਤ ਹੁੰਦੇ ਹਨ, ਇਸ ਲਈ ਉਹ ਸਵੇਰੇ ਸ਼ਾਮ ਸੈਰ ਕਰਦੇ ਹਨ। ਸੈਰ ਕਰਨ ਵਾਲਿਆਂ ਵਿੱਚ ਵੀ ਆਪਸੀ ਪਿਆਰ ਅਤੇ ਸਹਿਯੋਗ ਕਰਨ ਦੀ ਭਾਵਨਾ ਪੈਦਾ ਹੋ ਜਾਂਦੀ ਹੈ ਕਿਉਂਕਿ ਉਹ ਹਰ ਰੋਜ਼ ਮਿਲਦੇ ਤੇ ਗੱਪ-ਛੱਪ ਮਾਰਦੇ ਹਨ। ਅਰਬਨ ਅਸਟੇਟ ਫੇਜ਼-2 ਪਟਿਆਲਾ ਦੇ 55 ਨੰਬਰ ਪਾਰਕ ਵਿੱਚ ਸ਼ਾਮ ਨੂੰ ਸੈਰ ਕਰਨ ਵਾਲੇ ਸੀਨੀਅਰ ਸਿਟੀਜ਼ਨਜ਼ ਨੇ ਆਪਸੀ ਸਦਭਾਵਨਾ ਅਤੇ ਪਿਆਰ ਦੀ ਮਿਸਾਲ ਪੈਦਾ ਕਰ ਦਿੱਤੀ ਹੈ। ਸ਼ਾਮ ਦੀ ਸੈਰ ਕਰਨ ਵਾਲਿਆਂ ਦੇ ਇਸ ਗਰੁਪ ਵਿੱਚ 15-20 ਮੈਂਬਰ ਹਨ। ਉਹ ਹਰ ਰੋਜ ਪਾਰਕ ਨੰਬਰ 55 ਵਿੱਚ ਪੁਡਾ ਵੱਲੋਂ ਬਣਾਈ ਗਈ ਹੱਟ (ਝੌਂਪੜੀ) ਵਿੱਚ ਸੈਰ ਕਰਨ ਤੋਂ ਬਾਅਦ ਇਕੱਠੇ ਮਿਲ ਬੈਠਦੇ ਹਨ। ਇਨ੍ਹਾਂ ਨੇ ਆਪਣਾ ਇਕ ਵਟਸ ਅਪ ਗਰੁੱਪ ਬਣਾਇਆ ਹੋਇਆ ਹੈ। ਇਕ ਦੂਜੇ ਨੂੰ ਕੋਈ ਜਾਣਕਾਰੀ ਦੇਣੀ ਹੋਵੇ ਤਾਂ ਗਰੁਪ ਵਿੱਚ ਪਾ ਦਿੰਦੇ ਹਨ ਤੇ ਉਹ ਫਟਾਫਟ ਉਥੇ ਪਹੁੰਚ ਜਾਂਦੇ ਹਨ। ਇਨ੍ਹਾਂ ਮੈਂਬਰਾਂ ਦੀ ਉਮਰ 60 ਸਾਲ ਤੋਂ 93 ਸਾਲ ਤੱਕ ਹੈ। ਸ੍ਰੀ ਸੀਤਾ ਰਾਮ ਲਹਿਰੀ ਸਭ ਤੋਂ ਸੀਨੀਅਰ 93 ਸਾਲ ਦੇ ਮੈਂਬਰ ਅਤੇ ਅਜਾਇਬ ਸਿੰਘ ਮਲਹੋਤਰਾ 83 ਇਸ ਸੱਥ ਦੇ ਚੇਅਰਮੈਨ ਆਪਣੀ ਜ਼ਿੰਦਗੀ ਦੇ ਤਜ਼ਰਬੇ ਸਾਂਝੇ ਕਰਦੇ ਹਨ। ਸੀਤਾ ਰਾਮ ਲਹਿਰੀ ਤਾਂ ਯੋਗਾ ਦੀ ਸਿਖਿਆ ਵੀ ਦਿੰਦੇ ਹਨ। ਸ਼ਹਿਰੀ ਸੱਥ ਦੇ ਮੈਂਬਰਾਂ ਵਿੱਚ ਸੇਵਾ ਮੁਕਤ ਇੰਜਿਨੀਅਰ ਇਨ-ਚੀਫ, ਪ੍ਰੋਫੈਸਰ, ਐਸ.ਐਸ.ਪੀ.ਪੁਲਿਸ, ਜਿਲ੍ਹੇਦਾਰ ਨਹਿਰੀ ਵਿਭਾਗ, ਇੰਜਿਨੀਅਰ ਵੱਡੇ ਕਿਸਾਨ, ਬੈਂਕ ਮੈਨੇਜਰ, ਸਹਿਕਾਰੀ ਤੇ ਵਿਓਪਾਰੀ ਅਤੇ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਸ਼ਾਮਲ ਹਨ। ਇਨ੍ਹਾਂ ਸਥਾਈ ਮੈਂਬਰਾਂ ਤੋਂ ਇਲਾਵਾ ਸੈਰ ਕਰਨ ਵਾਲੇ ਹੋਰ ਵੀ ਲੋਕ ਕਈ ਵਾਰ ਇਸ ਗਰੁਪ ਵਿੱਚ ਸ਼ਾਮਲ ਹੋ ਕੇ ਅਨੰਦਿਤ ਹੁੰਦੇ ਹਨ। ਕਈ ਵਾਰ ਤਾਂ ਸਾਰੀਆਂ ਸੀਟਾਂ ਫੁੱਲ ਹੋ ਜਾਂਦੀਆਂ ਹਨ, ਫਿਰ ਅਡਜਸਟ ਕਰਨਾ ਪੈਂਦਾ ਹੈ ਪ੍ਰੰਤੂ ਹਰ ਬਾਹਰਲੇ ਮੈਂਬਰ ਨੂੰ ਸੱਥ ਦੇ ਨਿਯਮਾ ਅਨੁਸਾਰ ਚਲਣ ਲਈ ਬਚਨਵੱਧ ਹੋਣਾ ਪੈਂਦਾ ਹੈ। ਗਰਮੀ ਕਰਕੇ ਇਸ ਝੋਂਪੜੀ ਦੇ ਨਾਲ ਵਾਲੇ ਘਰ ਦੇ ਮਾਲਕ  ਪ੍ਰਮਿੰਦਰ ਸਿੰਘ ਐਡਵੋਕੇਟ ਨੇ ਆਪਣੇ ਘਰ ਤੋਂ ਬਿਜਲੀ ਦਾ ਕੁਨੈਕਸ਼ਨ ਦਿੱਤਾ ਹੈ, ਗੁਰਬਚਨ ਸਿੰਘ ਨੇ ਪੱਖਾ ਲਗਾਇਆ ਹੈ। ਲਗਪਗ ਡੇਢ ਘੰਟਾ ਇਸ ਸ਼ਹਿਰੀ ਸੱਥ ਵਿੱਚ ਦਿਨ ਭਰ ਦੀਆਂ ਘਟਨਾਵਾਂ 'ਤੇ ਚਰਚਾ ਹੁੰਦੀ ਹੈ। ਮੈਂਬਰਾਂ ਨੇ ਆਪਸੀ ਸਹਿਮਤੀ ਨਾਲ ਕੁਝ ਨਿਯਮ ਬਣਾਏ ਹੋਏ ਹਨ। ਸਾਰੇ ਸਹੀ ਸਮੇਂ 'ਤੇ ਪਹੁੰਚਦੇ ਹਨ, ਜਿਵੇਂ ਕਿਸੇ ਵਿਆਹ 'ਤੇ ਜਾਣਾ ਹੁੰਦਾ ਹੈ। ਸਾਰਾ ਕੰਮ ਯੋਜਨਾਬੱਧ ਢੰਗ ਨਾਲ ਹੁੰਦਾ ਹੈ, ਜਿਵੇਂ ਵਿਧਾਨ ਸਭਾ ਵਿੱਚ ਸਪੀਕਰ ਦੀ ਇਜ਼ਾਜ਼ਤ ਤੋਂ ਬਿਨਾ ਕੋਈ ਬੋਲ ਨਹੀਂ ਸਕਦਾ, ਇਸੇ ਤਰ੍ਹਾਂ ਚਰਚਾ ਕਰਦਿਆਂ ਇੱਕ ਮੈਂਬਰ ਹੀ ਬੋਲਦਾ ਹੈ, ਉਸ ਦੀ ਗੱਲ ਖ਼ਤਮ ਹੋਣ ਤੋਂ ਬਾਅਦ ਦੂਜਾ ਮੈਂਬਰ ਬੋਲੇਗਾ। ਕਈ ਵਾਰ ਵਿਧਾਨ ਸਭਾ ਵਿੱਚ ਪੈਂਦੇ ਰੌਲੇ ਦੀ ਤਰ੍ਹਾਂ ਇਥੇ ਵੀ ਹੋ ਜਾਂਦਾ ਹੈ। ਸਦਭਾਵਨਾ ਬਣਾਈ ਰੱਖਣਾ ਮੁੱਖ ਮੰਤਵ ਹੁੰਦਾ ਹੈ। ਚਰਚਾ ਧਰਮ ਤੋਂ ਬਿਨਾ ਹਰ ਵਿਸ਼ੇ 'ਤੇ ਹੋ ਸਕਦੀ ਹੈ। ਰੂਸ-ਯੂਕਰੇਨ ਦੀ ਲੜਾਈ, ਹੜ੍ਹਾਂ, ਸਿਆਸੀ, ਸਭਿਅਚਾਰਕ ਤੋਂ ਲੈ ਕੇ ਪਿੰਡ ਪੱਧਰ ਦੀਆਂ ਖ਼ਬਰਾਂ 'ਤੇ ਤਪਸਰਾ ਹੁੰਦਾ ਹੈ। ਸਾਰੇ ਮੈਂਬਰ ਆਪੋ ਆਪਣੇ ਵਿਚਾਰ ਪ੍ਰਗਟ ਕਰਦੇ ਹਨ। ਗੰਭੀਰ ਸਮਾਜਿਕ, ਆਰਥਿਕ, ਸਭਿਆਚਾਰਕ, ਪ੍ਰਦੂਸ਼ਣ ਅਤੇ ਸਭਿਅਚਾਰਕ ਮਸਲਿਆਂ 'ਤੇ ਭਰਵੀਂ ਚਰਚਾ ਹੁੰਦੀ ਹੈ। ਇਨ੍ਹਾਂ ਗੰਭੀਰ ਮੁਦਿਆਂ 'ਤੇ ਇਸ ਮਹਿਫਲ ਵਿੱਚ ਡਾ.ਪ੍ਰੋ.ਵਿਸ਼ਵਾ ਮਿੱਤਰ, ਡਾ.ਪ੍ਰੋ.ਓ.ਪੀ.ਜਸੂਜਾ, ਡਾ.ਪ੍ਰੋ.ਰਣਜੀਤ ਸਿੰਘ ਘੁੰਮਣ, ਡਾ.ਪ੍ਰੋ. ਐਚ ਐਸ.ਮਾਂਗਟ, ਪ੍ਰੋ.ਮਨਜੀਤ ਸਿੰਘ, ਭਗਵੰਤ ਸਿੰਘ ਧਨੋਆ ਇੰਜਿਨੀਅਰ ਇਨ ਚੀਫ਼, ਪਰਮਜੀਤ ਸਿੰਘ ਵਿਰਕ ਐਸ.ਐਸ.ਪੀ., ਮਹਿੰਦਰ ਸਿੰਘ ਨਿਰਮਾਣ ਜਿਲ੍ਹੇਦਾਰ, ਅਮਰਜੀਤ ਸਿੰਘ ਘੁਮਾਣ ਬੁਧੀਜੀਵੀ ਕਿਸਾਨ, ਪ੍ਰਿੰ.ਚੰਦਰਪਾਲ ਸਿੰਘ ਮੱਲੀ, ਪ੍ਰਿੰ.ਬਲਜੀਤ ਸਿੰਘ ਜੰਮੂ, ਗੁਰਬਚਨ ਸਿੰਘ, ਵਰਿੰਦਰ ਸਿੰਘ ਭਾਟੀਆ, ਐਮ.ਐਸ. ਚੀਮਾ, ਦਵਿੰਦਰਪਾਲ ਸਿੰਘ ਸੋਢੀ, ਹਰਪਾਲ ਸਿੰਘ ਢਿਲੋਂ, ਅਸ਼ੋਕ ਧੂੜੀਆ ਅਤੇ ਭੁਪਿੰਦਰ ਸਿੰਘ ਚਰਚਾ ਵਿੱਚ ਹਿੱਸਾ ਲੈਂਦੇ ਹਨ। ਸਮਾਜਿਕ ਬੁਰਾਈਆਂ ਨਸ਼ਾ, ਨੌਜਵਾਨੀ ਦਾ ਕੁਰਾਹੇ ਪੈਣਾ ਅਤੇ ਉਨ੍ਹਾਂ ਨੂੰ ਦੂਰ ਕਰਨ ਵਿੱਚ ਸੀਨੀਅਰ ਸਿਟੀਜ਼ਨ ਕੀ ਯੋਗਦਾਨ ਪਾ ਸਕਦੇ ਹਨ, ਬਾਰੇ ਵਿਚਾਰ ਵਟਾਂਦਰਾ ਕਰਕੇ ਸਮਾਜਿਕ ਬੁਰਾਈ ਵਿਰੁੱਧ ਲਹਿਰ ਪੈਦਾ ਕਰਨ ਦੀਆਂ ਯੋਜਨਾਵਾਂ ਬਣਾਈਆਂ ਜਾਂਦੀਆਂ ਹਨ। ਇਹ ਸਾਰੇ ਮੈਂਬਰ ਇਕ ਦੂਜੇ ਦੇ ਦੁਖ ਸੁੱਖ ਵਿੱਚ ਸ਼ਾਮਲ ਹੁੰਦੇ ਹਨ। ਦਿਨ ਭਰ ਦੀਆਂ ਘਟਨਾਵਾਂ ਦੀ ਚਰਚਾ ਤੋਂ ਬਾਅਦ ਮਨੋਰੰਜਨ ਦਾ ਕੰਮ ਚਲਦਾ ਹੈ। ਆਮ ਤੌਰ 'ਤੇ ਆਦਰਸ਼ ਕੌਲ, ਪਰਮਜੀਤ ਸਿੰਘ ਵਿਰਕ ਅਤੇ ਅਮਰਜੀਤ ਸਿੰਘ ਘੁਮਾਣ ਬੜੇ ਦਿਲਚਸਪ ਦਿਲਾਂ ਨੂੰ ਟੁੰਬਣ ਵਾਲੇ ਲਤੀਫੇ ਸੁਣਾਕੇ ਸੀਨੀਅਰ ਸਿਟੀਜ਼ਨਜ਼ ਦਾ ਮਨੋਰੰਜਨ ਕਰਦੇ ਹੋਏ ਰੂਹ ਦੀ ਖੁਰਾਕ ਦਿੰਦੇ ਹਨ। ਪਰਮਜੀਤ ਸਿੰਘ ਵਿਰਕ ਦੀਆਂ ਕਵਿਤਾਵਾਂ ਸਾਹਿਤਕ ਮਾਹੌਲ ਬਣਾਉਣ ਵਿੱਚ ਵਿਲੱਖਣ ਯੋਗਦਾਨ ਪਾਉਂਦੀਆਂ ਹਨ। ਗੀਤ ਸੰਗੀਤ, ਕਵਿਤਾ ਅਤੇ ਹਲਕੇ ਫੁਲਕੇ ਲਤੀਫ਼ਿਆਂ ਦਾ ਪ੍ਰੋਗਰਾਮ ਚਲਦਾ ਹੈ। ਖ਼ੂਬ ਠਹਾਕੇ ਵਜਦੇ ਹਨ। ਕਈ ਵਾਰ ਪਾਰਕ ਵਿੱਚ ਸੈਰ ਕਰਨ ਵਾਲੇ ਹੋਰ ਲੋਕ ਸੀਨੀਅਰ ਸਿਟੀਜ਼ਨਜ਼ ਦੇ ਹਾਸਿਆਂ ਦੇ ਫੁਟਾਰਿਆਂ ਦਾ ਆਨੰਦ ਮਾਣਦੇ ਹੋਏ ਆਵਾਜ਼ ਸੁਣਕੇ ਖੜ੍ਹ ਜਾਂਦੇ ਹਨ। ਸੀਨੀਅਰ ਸਿਟੀਜ਼ਨਜ਼ ਦੀ ਮਹਿਫਲ ਦੇ ਹਾਸਿਆਂ ਦੀ ਖ਼ੁਸ਼ਬੋ ਜਦੋਂ ਪਾਰਕ ਦੇ ਫੁੱਲਾਂ ਦੀ ਮਹਿਕ ਨਾਲ ਮਿਲਦੀ ਹੈ ਤਾਂ ਝੋਂਪੜੀ ਦੇ ਕੋਲੋਂ ਲੰਘਣ ਵਾਲੇ ਸੈਲਾਨੀ ਆਨੰਦਤ ਹੋ ਜਾਂਦੇ ਹਨ। ਸ਼ਹਿਰੀ ਸੱਥ ਦੀਆਂ ਰੌਣਕਾਂ ਵੇਖਕੇ ਚੰਡੀਗੜ੍ਹ 22 ਸੈਕਟਰ ਵਾਲੇ 'ਰਾਈਟਰਜ਼ ਕਾਰਨਰ' ਦੀ ਯਾਦ  ਤਾਜ਼ਾ ਹੋ ਜਾਂਦੀ ਹੈ, ਜਿਥੇ 1974 ਵਿੱਚ ਵੱਡੇ ਸਾਹਿਤਕਾਰ ਇਕੱਠੇ ਹੁੰਦੇ ਸਨ। ਮੈਂਬਰਾਂ ਦੇ ਜਨਮ ਦਿਨਾਂ 'ਤੇ ਪਾਰਟੀ ਕੀਤੀ ਜਾਂਦੀ ਹੈ। ਪਾਰਟੀਆਂ ਦੇ ਇਨਚਾਰਜ ਆਦਰਸ਼ ਕੌਲ ਏ.ਜੀ.ਐਮ.ਨੂੰ ਬਣਾਇਆ ਹੋਇਆ ਹੈ, ਜਿਹੜੇ ਸਾਰੇ ਮੈਂਬਰਾਂ ਦੇ ਜਨਮ ਦਿਨ ਦਾ ਹਿਸਾਬ ਰੱਖਦੇ ਹਨ। ਮਹੀਨੇ ਵਿੱਚ ਇਕ ਪਾਰਟੀ ਤਾਂ ਹੁੰਦੀ ਹੈ ਪ੍ਰੰਤੂ ਕਈ ਵਾਰ ਹਰ ਹਫਤੇ ਵੀ ਪਾਰਟੀ ਹੋ ਜਾਂਦੀ ਹੈ। ਸਾਰੇ ਪ੍ਰੋਗਰਾਮ ਦੇ ਸੂਤਰਧਾਰ ਦਾ ਫਰਜ਼ ਅਜਾਇਬ ਸਿੰਘ ਮਲਹੋਤਰਾ ਨਿਭਾਉਂਦੇ ਹਨ। ਸੀਨੀਅਰ ਸਿਟੀਜ਼ਨਜ਼ ਦੀ ਸ਼ਹਿਰੀ ਸੱਥ ਦੇ ਗੁਲਦਸਤੇ ਵਿੱਚ ਦੇਸ਼ ਦੇ ਚਾਰ ਰਾਜਾਂ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਜੰਮੂ ਕਸ਼ਮੀਰ ਦੇ ਫੁੱਲਾਂ ਦੀ ਖ਼ੁਸ਼ਬੋ ਆਉਂਦੀ ਹੈ। ਅਨੇਕਤਾ ਵਿੱਚ ਏਕਤਾ ਬਣੀ ਹੋਈ ਹੈ। ਇਸ ਤੋਂ ਇਲਾਵਾ ਅਰਬਨ ਅਸਟੇਟ ਫੇਜ-1 ਅਤੇ 2 ਵਿੱਚ ਲਗਪਗ ਇਕ ਦਰਜਨ ਸੱਥਾਂ ਹਨ, ਜਿਥੇ ਸੀਨੀਅਰ ਸਿਟੀਜ਼ਨ ਮਿਲ ਬੈਠਕ ਚਰਚਾਵਾਂ ਕਰਦੇ ਹਨ।


ਸਾਬਕਾ ਲੋਕ ਸੰਪਰਕ ਅਧਿਕਾਰੀ
  ਮੋਬਾਈਲ-94178 13072  
     ujagarsingh48@yahoo.com

ਪਟਿਆਲਾ ਦਾ ਨਾਮ ਚਮਕੌਣ ਵਾਲੀਆਂ ਇਸਤਰੀ ਡਿਪਟੀ ਕਮਿਸ਼ਨਰ -  ਉਜਾਗਰ ਸਿੰਘ

 ਵਰਤਮਾਨ ਪੰਜਾਬ ਸਰਕਾਰ ਨੂੰ ਇਸ ਗੱਲ ਦਾ ਮਾਣ ਜਾਂਦਾ ਹੈ ਕਿ ਉਨ੍ਹਾਂ ਇਸਤਰੀ ਆਈ.ਏ.ਐਸ.ਅਧਿਕਾਰੀਆਂ ਦੀ ਕਾਬਲੀਅਤ ਨੂੰ ਮੁੱਖ ਰਖਦਿਆਂ ਪੰਜਾਬ ਦੇ 23 ਜਿਲਿ੍ਹਆਂ ਵਿੱਚੋਂ 10 ਵਿੱਚ ਇਸਤਰੀਆਂ ਨੂੰ ਡਿਪਟੀ ਕਮਿਸ਼ਨਰ ਨਿਯੁਕਤ ਕੀਤਾ ਹੈ। ਪੰਜਾਬ ਦੇ ਹੁਣ ਤੱਕ ਦੇ ਇਤਿਹਾਸ ਵਿੱਚ ਇਸ ਸਮੇਂ ਸਭ ਤੋਂ ਵੱਧ ਇਸਤਰੀਆਂ ਡਿਪਟੀ ਕਮਿਸ਼ਨਰ ਹਨ। ਉਨ੍ਹਾਂ ਵਿੱਚ ਸਾਕਸ਼ੀ ਸਾਹਨੀ ਪਟਿਆਲਾ, ਪਰਨੀਤ ਕੌਰ ਸ਼ੇਰਗਿੱਲ ਫ਼ਤਿਹਗੜ੍ਹ ਸਾਹਿਬ, ਪ੍ਰੀਤੀ ਯਾਦਵ ਰੂਪ ਨਗਰ, ਪੂਨਮਦੀਪ ਕੌਰ ਬਰਨਾਲਾ, ਸੇਨੂੰ ਦੁੱਗਲ ਫਾਜਿਲਕਾ, ਆਸ਼ਿਕਾ ਜੈਨ ਐਸ.ਏ.ਐਸ ਨਗਰ ਮੋਹਾਲੀ, ਬਲਦੀਪ ਕੌਰ ਤਰਨਤਾਰਨ, ਕੋਮਲ ਮਿਤਲ ਹੁਸ਼ਿਆਰਪੁਰ, ਰੂਹੀ ਧੁੱਗ ਫਰੀਦਕੋਟ ਅਤੇ ਸੁਰਭੀ ਮਲਿਕ  ਲੁਧਿਆਣਾ ਵਿਖੇ ਤਾਇਨਾਤ ਹਨ। ਇਸ ਪ੍ਰਕਾਰ 48 ਫ਼ੀ ਸਦੀ ਇਸਤਰੀਆਂ ਡਿਪਟੀ ਕਮਿਸ਼ਨਰ ਹਨ। ਭਾਵੇਂ ਕੁਦਰਤ ਦੇ ਕਹਿਰ ਦਾ ਮੁਕਾਬਲਾ ਕਰਨਾ ਮਾਨਵਤਾ ਦੇ ਵਸ ਦੀ ਗੱਲ ਨਹੀਂ ਪ੍ਰੰਤੂ ਫਿਰ ਵੀ ਇਨ੍ਹਾਂ ਵਿੱਚੋਂ ਲੱਗਪਗ 9 ਜਿਲਿ੍ਹਆਂ ਵਿੱਚ ਆਏ ਹੜ੍ਹਾਂ ਦੀ ਸਥਿਤੀ ਨੂੰ ਉਨ੍ਹਾਂ ਬੜੇ ਸੁਚੱਜੇ ਢੰਗ ਨਾਲ ਸੰਭਾਲਿਆ ਹੈ। ਇਨ੍ਹਾਂ ਵਿੱਚੋਂ ਪਟਿਆਲਾ ਜਿਲ੍ਹੇ ਨਾਲ ਸੰਬੰਧਤ 4 ਜਿਲਿ੍ਹਆਂ ਦੀਆਂ ਡਿਪਟੀ ਕਮਿਸ਼ਨਰ ਹਨ। ਪਟਿਆਲਾ ਜਿਲ੍ਹੇ ਨੂੰ ਮਾਣ ਜਾਂਦਾ ਹੈ ਕਿ ਇਸ ਜਿਲ੍ਹੇ ਨਾਲ ਸੰਬੰਧਤ ਇਸਤਰੀ ਆਈ.ਏ.ਐਸ ਅਧਿਕਾਰੀ ਹਮੇਸ਼ਾ ਪੰਜਾਬ ਦੇ ਬਾਕੀ ਜਿਲਿ੍ਹਆਂ ਦੀਆਂ ਅਧਿਕਾਰੀਆਂ ਨਾਲੋਂ ਵਧੇਰੇ ਮਾਤਰਾ ਵਿੱਚ ਡਿਪਟੀ ਕਮਿਸ਼ਨਰ ਰਹੀਆਂ ਹਨ। ਇਸ ਸਮੇਂ ਪਟਿਆਲਾ ਸ਼ਹਿਰ ਨਾਲ ਸੰਬੰਧ ਰਖਦੀਆਂ ਚਾਰ ਆਈ.ਏ.ਐਸ.ਅਧਿਕਾਰੀ ਇਸਤਰੀਆਂ ਪੂਨਮਦੀਪ ਕੌਰ ਬਰਨਾਲਾ, ਪਰਨੀਤ ਕੌਰ ਸ਼ੇਰਗਿੱਲ ਫਤਿਹਗੜ੍ਹ ਸਾਹਿਬ, ਸੇਨੂੰ ਕਪਿਲਾ ਦੁੱਗਲ ਫਾਜ਼ਿਲਕਾ ਅਤੇ  ਬਲਦੀਪ ਕੌਰ ਤਰਨਤਾਰਨ ਜਿਲਿ੍ਹਆਂ ਦੀਆਂ ਡਿਪਟੀ ਕਮਿਸ਼ਨਰ ਹਨ। ਪੂਨਮਦੀਪ ਕੌਰ ਫਤਿਹਗੜ੍ਹ ਸਾਹਿਬ ਦੀ ਡਿਪਟੀ ਕਮਿਸ਼ਨਰ ਵੀ ਰਹੀ ਹੈ। ਪੂਨਮਦੀਪ ਕੌਰ ਅਤੇ ਪਰਨੀਤ ਕੌਰ ਸ਼ੇਰਗਿੱਲ ਦੋਵੇਂ ਫ਼ੌਜੀ ਅਧਿਕਾਰੀਆਂ ਦੇ ਪਰਿਵਾਰਾਂ ਦੀਆਂ ਵਾਰਸ ਹਨ। ਪੂਨਮਦੀਪ ਕੌਰ ਦੇ ਪਤੀ ਮੇਜਰ ਮਨਵਿੰਦਰਾ ਸਿੰਘ ਬਾਰਾਮੁਲਾ ਵਿਖੇ ਦੇਸ਼ ਦੀ ਸਰਹੱਦ ਦੀ ਰਾਖੀ ਕਰਦਿਆਂ 12 ਦਸੰਬਰ 2000 ਨੂੰ ਸ਼ਹੀਦੀ ਦਾ ਜਾਮ ਪੀ ਗਏ ਸਨ। ਉਨ੍ਹਾਂ ਦਾ ਲੜਕਾ ਅਰਮਾਨਦੀਪ ਸਿੰਘ ਸਿੰਘ ਕਮਰਸ਼ੀਅਲ ਪਾਇਲਟ ਹੈ। ਪੂਨਮਦੀਪ ਕੌਰ ਦਾ ਪਿਤਾ ਕੁਲਬੀਰ ਸਿੰਘ ਦੇਸ਼ ਭਗਤ ਸੁਤੰਤਰਤਾ ਸੰਗਰਾਮੀ ਸੀ। ਪੂਨਮਦੀਪ ਕੌਰ ਪੀ.ਸੀ.ਐਸ ਵਿੱਚ ਆਉਣ ਤੋਂ ਪਹਿਲਾਂ ਅੰਗਰੇਜ਼ੀ ਦੇ ਲੈਕਚਰਾਰ ਸਨ। ਪੂਨਮਦੀਪ ਕੌਰ ਪੀ.ਸੀ.ਐਸ. ਬਣਨ ਤੋਂ ਬਾਅਦ ਬਹੁਤ ਸਾਰੇ ਮਹੱਤਵਪੂਰਨ ਅਹੁਦਿਆਂ ‘ਤੇ ਤਾਇਨਾਤ ਰਹੇ ਹਨ, ਜਿਸ ਕਰਕੇ ਉਨ੍ਹਾਂ ਦਾ ਪ੍ਰਬੰਧਕੀ ਤਜ਼ਰਬਾ ਕਾਫੀ ਹੈ। ਉਹ ਮਿਹਨਤੀ ਅਤੇ ਸਿਰੜ੍ਹੀ ਹੈ। ਪਰਨੀਤ ਕੌਰ ਸ਼ੇਰਗਿੱਲ ਦੀ ਵਿਰਾਸਤ ਅਮੀਰ ਹੈ, ਉਸ ਦੇ ਪਿਤਾ ਬਰਗੇਡੀਅਰ ਬਲਵਿੰਦਰ ਸਿੰਘ ਸ਼ੇਰਗਿੱਲ ਸਨ, ਜਿਨ੍ਹਾਂ ਨੇ 21 ਅਗਸਤ 2001 ਨੂੰ ਕੁੱਪਵਾੜਾ ਵਿਖੇ ਦੇਸ਼ ਦੀ ਰਾਖੀ ਕਰਦਿਆਂ ਸ਼ਹਾਦਤ ਦਾ ਜਾਮ ਪੀਤਾ ਸੀ। ਪਰਨੀਤ ਕੌਰ ਸ਼ੇਰਗਿੱਲ ਦਾ ਤਾਇਆ ਡਾ.ਸ਼ਵਿੰਦਰ ਸਿੰਘ ਸ਼ੇਰਗਿੱਲ ਪੀ.ਜੀ.ਆਈ.ਚੰਡੀਗੜ੍ਹ ਵਿਖੇ ਹੱਡੀਆਂ ਦੇ ਮਾਹਰ ਡਾਕਟਰ ਰਹੇ ਹਨ, ਉਹ ਪੰਜਾਬ ਹੈਲਥ ਸਾਇੰਸਜ ਯੂਨੀਵਰਸਿਟੀ ਫਰੀਦਕੋਟ ਦੇ ਉਪ ਕੁਲਪਤੀ ਸਨ। ਉਨ੍ਹਾਂ ਦਾ ਪਿਛੋਕੜ ਬਰਨਾਲਾ ਜਿਲ੍ਹੇ ਦੇ ਦਾਨਗੜ੍ਹ ਪਿੰਡ ਨਾਲ ਹੈ। ਉਸ ਦੇ ਸਹੁਰਾ ਪਰਿਵਾਰ ਦੀ ਵਿਰਾਸਤ ਵਿਲੱਖਣ ਹੈ। ਉਸ ਦੇ ਪਤੀ ਦੇ ਦਾਦਾ ਅਮਰ ਸਿੰਘ ਕੰਬੋਜ ਪਟਿਆਲਾ ਰਿਆਸਤ ਦਾ ਜਾਣਿਆ ਪਹਿਚਾਣਿਆਂ ਹਸਤਾਖ਼ਰ ਸੀ। ਉਨ੍ਹਾਂ ਦੇ ਸਹੁਰਾ ਕਰਨਲ ਕਰਮਿੰਦਰ ਸਿੰਘ ਪ੍ਰਤਿਸ਼ਟ ਸ਼ੋਸ਼ਲ ਵਰਕਰ ਹਨ, ਜਿਹੜੇ ਬਲਾਈਂਡ, ਡੈਫ ਐਂਡ ਡੈਫਬਲਾਈਂਡ ਸਕੂਲ ਪਟਿਆਲਾ ਵਿਖੇ ਚਲਾ ਰਹੇ ਹਨ, ਜਿਥੇ ਲਗਪਗ 450 ਵਿਸ਼ੇਸ਼ ਬੱਚੇ ਅੱਧੇ ਲੜਕੇ ਅਤੇ ਅੱਧੀਆਂ ਲੜਕੀਆਂ ਬੋਰਡਿੰਗ ਵਿੱਚ ਰਹਿੰਦਿਆਂ ਪੜ੍ਹ ਰਹੇ ਹਨ। ਇਹ ਸਕੂਲ ਪਲੱਸ ਟੂ ਤੱਕ ਹੈ। ਪਰਨੀਤ ਕੌਰ ਦਾ ਵਿਆਹ ਸਿਮਰ ਪ੍ਰੀਤ ਸਿੰਘ ਨਾਲ ਹੋਇਆ। ਉਨ੍ਹਾਂ ਦੇ ਇਕ ਲੜਕਾ ਉਦੇ ਪ੍ਰਤਾਪ ਸਿੰਘ ਹੈ। ਸਿਮਰਪ੍ਰੀਤ ਸਿੰਘ ਵੀ ਆਪਣੀ ਪਿਤਾ ਪੁਰਖੀ ਵਿਰਾਸਤ ਅਨੁਸਾਰ ਸਮਾਜ ਸੇਵਾ ਦਾ ਕੰਮ ਕਰਦਾ ਹੈ। ਪਰਨੀਤ ਕੌਰ ਸ਼ੇਰਗਿੱਲ 2001 ਵਿੱਚ ਪੀ.ਸੀ.ਐਸ.ਵਿੱਚ ਆਈ ਸੀ। ਉਹ ਬਹੁਤ ਸਾਰੇ ਮਹੱਤਵਪੂਰਨ ਅਹੁਦਿਆਂ ਤੇ ਰਹੀ ਹੈ, ਜਿਸ ਕਰਕੇ ਉਸ ਦਾ ਪ੍ਰਬੰਧਕੀ ਤਜ਼ਰਬਾ ਵਿਸ਼ਾਲ ਹੈ। ਉਨ੍ਹਾਂ ਵਿੱਚ ਤਨਦੇਹੀ ਨਾਲ ਕੰਮ ਕਰਨ ਅਤੇ ਅਨੁਸ਼ਾਸ਼ਨ ਵਿੱਚ ਰਹਿਣ ਅਤੇ ਆਪਣੇ ਸਟਾਫ ਤੋਂ ਸਹਿਯੋਗ ਲੈਣ ਦੀ ਸਮਰੱਥਾ ਹੈ। ਪਰਨੀਤ ਕੌਰ ਸ਼ੇਰਗਿੱਲ ਨੇ ਪੱਤਰਕਾਰੀ ਵਿੱਚ ਆਨਰਜ਼ ਕੀਤੀ ਹੋਈ ਹੈ। ਉਹ ਅੰਗਰੇਜ਼ੀ ਦੇ ਮੈਗਜ਼ੀਨ ਅਤੇ ਅਖ਼ਬਾਰ ਵਿੱਚ ਪੱਤਰਕਾਰ ਵੀ ਰਹੀ ਹੈ। ਉਸ ਦੇ ਅੰਗਰੇਜ਼ੀ ਦੇ ਅਖ਼ਬਾਰਾਂ ਵਿੱਚ ਲੇਖ ਵੀ ਪ੍ਰਕਾਸ਼ਤ ਹੁੰਦੇ ਰਹੇ ਹਨ। ਜੁਲਾਈ 2023 ਦੇ ਹੜ੍ਹਾਂ ਦੌਰਾਨ ਫ਼ਤਿਹਗੜ੍ਹ ਜਿਲ੍ਹੇ ਵਿੱਚ ਆਏ ਹੜ੍ਹ ਦੇ ਪ੍ਰਕੋਪ ਸਮੇਂ ਪਰਨੀਤ ਕੌਰ ਸ਼ੇਰਗਿੱਲ ਦਲੇਰੀ ਨਾਲ ਡੂੰਘੇ ਪਾਣੀ ਵਿੱਚ ਖੁਦ ਪਹੁੰਚਕੇ ਲੋਕਾਂ ਦੀਆਂ ਜਾਨਾ ਬਚਾਉਣ ਦੇ ਪ੍ਰਬੰਧ ਕਰਦੇ ਰਹੇ। ਬਲਦੀਪ ਕੌਰ ਇਸ ਸਮੇਂ ਤਰਨਤਾਰਨ ਦੀ ਡਿਪਟੀ ਕਮਿਸ਼ਨਰ ਹੈ। ਉਹ ਵੀ ਪਟਿਆਲਾ ਨਾਲ ਸੰਬੰਧਤ ਹੈ। ਉਸ ਦਾ ਸਹੁਰਾ ਪਰਿਵਾਰ ਪਟਿਆਲਾ ਨਾਲ ਸੰਬੰਧਤ ਹੈ। ਉਸ ਦਾ ਪਿਤਾ ਬੇਅੰਤ ਸਿੰਘ ਬੇਦੀ ਪਟਿਆਲਾ ਵਿਖੇ ਸ਼ੈਸ਼ਨਜ ਜੱਜ ਰਹੇ ਹਨ। ਬਲਦੀਪ ਕੌਰ ਏਥੇ ਹੀ ਪੜ੍ਹੇ ਹਨ। ਇਸ ਤੋਂ ਇਲਾਵਾ ਅੰਮਿ੍ਰਤ ਕੌਰ ਸ਼ੇਰਗਿੱਲ ਫ਼ਹਿਤਗੜ੍ਹ ਸਾਹਿਬ ਅਤੇ ਮਾਲੇਰਕੋਟਲਾ ਦੀ ਡਿਪਟੀ ਕਮਿਸ਼ਨਰ ਰਹੀ ਹੈ। ਉਹ ਪੰਜਾਬ ਦੇ ਮੁੱਖ ਮੰਤਰੀ ਦੀ ਵਧੀਕ ਪਿ੍ਰੰਸੀਪਲ ਸਕੱਤਰ ਵੀ ਰਹੀ ਹੈ। ਆਪਣੇ ਕੰਮ ਦੀ ਮਾਹਿਰ ਹੈ। ਅੱਜ ਕਲ੍ਹ ਉਹ ਸਕੱਤਰ ਮਾਰਕੀਟਿੰਗ ਬੋਰਡ ਦੇ ਅਹੁਦੇ ‘ਤੇ ਕੰਮ ਕਰ ਰਹੇ ਹਨ। ਉਹ ਅੰਤਰਰਾਸ਼ਟਰੀ ਪੱਧਰ ਦੀ ਸਾਈਕਲਿਸਟ ਹੈ। ਉਨ੍ਹਾਂ ਦੇ ਪਿਤਾ ਵੀ ਸਾਈਕਲ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਸਨ। ਇਸੇ ਤਰ੍ਹਾਂ ਕਿਰਨਪ੍ਰੀਤ ਕੌਰ ਬਰਾੜ ਵੀ ਡਿਪਟੀ ਕਮਿਸ਼ਨਰ ਰਹੀ ਹੈ। ਅੱਜ ਕਲ੍ਹ ਉਹ ਮੈਨੇਜਿੰਗ ਡਾਇਰੈਕਟਰ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੇ ਅਹੁਦੇ ‘ਤੇ ਕੰਮ ਕਰ ਰਹੇ ਹਨ। ਸਾਰੀਆਂ ਵੱਖ-ਵੱਖ ਜਿਲਿ੍ਹਆਂ ਵਿੱਚ ਡਿਪਟੀ ਕਮਿਸ਼ਨਰ ਰਹੀਆਂ ਹਨ। ਅੰਮਿ੍ਰਤ ਕੌਰ ਗਿੱਲ, ਪੂਨਮਦੀਪ ਕੌਰ, ਪਰਨੀਤ ਕੌਰ ਸ਼ੇਰਗਿੱਲ ਅਤੇ ਸੇਨੂੰ ਦੁੱਗਲ, ਮੈਨੂੰ ਇਨ੍ਹਾਂ ਚਾਰੇ ਅਧਿਕਾਰੀਆਂ ਨੂੰ ਕੰਮ ਕਰਦਿਆਂ ਨੇੜੇ ਤੋਂ ਵੇਖਣ ਦਾ ਮਾਣ ਪ੍ਰਾਪਤ ਹੈ। ਇਹ ਸਾਰੇ ਅਧਿਕਾਰੀ ਮਿਹਨਤੀ, ਦਲੇਰ ਅਤੇ ਲੋਕਾਂ ਦੇ ਹੱਕ ਤੇ ਸੱਚ ‘ਤੇ ਪਹਿਰਾ ਦੇਣ ਵਾਲੇ ਹਨ। ਇਨ੍ਹਾਂ ਵਿੱਚੋਂ ਤਿੰਨ ਅਧਿਕਾਰੀ ਅੰਮਿ੍ਰਤ ਕੌਰ ਗਿੱਲ, ਪੂਨਮਦੀਪ ਕੌਰ ਅਤੇ ਪਰਨੀਤ ਕੌਰ ਸ਼ੇਰਗਿੱਲ ਪਟਿਆਲਾ ਵਿਖੇ ਜਦੋਂ ਉਹ ਪੀ.ਸੀ.ਐਸ.ਅਧਿਕਾਰੀ ਹੁੰਦੀਆਂ ਸਨ ਤਾਂ ਉਹ ਜੀ.ਏ., ਐਸ.ਡੀ.ਐਮ., ਸ਼ਿਕਾਇਤ ਨਿਵਾਰਨ ਅਧਿਕਾਰੀ ਅਤੇ ਏ.ਸੀ.ਏ.ਪੁਡਾ ਆਦਿ ਵੱਖ-ਵੱਖ ਅਹੁਦਿਆਂ ‘ਤੇ ਕੰਮ ਕਰਦੀਆਂ ਰਹੀਆਂ ਹਨ। 2003 ਵਿੱਚ ਜਦੋਂ ਪਟਿਆਲਾ ਵਿਖੇ ਹੈਰੀਟੇਜ ਮੇਲੇ ਲੱਗਦੇ ਰਹੇ ਸਨ, ਇਨ੍ਹਾਂ ਅਧਿਕਾਰੀਆਂ ਦੀ ਕਾਰਜਕੁਸ਼ਲਤਾ ਵੇਖਣ ਵਾਲੀ ਹੁੰਦੀ ਸੀ। ਸਵੇਰੇ ਸੂਰਜ ਦੀ ਟਿੱਕੀ ਨਿਕਲਣ ਤੋਂ ਲੈ ਕੇ ਅੱਧੀ ਰਾਤ ਤੱਕ ਸਾਰੇ ਪ੍ਰਬੰਧਾਂ ਦੀ ਨਿਗਰਾਨੀ ਕਰਦੇ ਰਹਿੰਦੇ ਸਨ। ਇਨ੍ਹਾਂ ਦਾ ਸਿਰੜ੍ਹ, ਦਿ੍ਰੜ੍ਹਤਾ ਅਤੇ ਲਗਨ ਨਾਲ ਆਪਣੇ ਫ਼ਰਜ ਨਿਭਾਉਣ ਦੀ ਪ੍ਰਵਿਰਤੀ ਕਾਬਲੇ ਤਾਰੀਫ਼ ਹੁੰਦੀ ਸੀ। ਪੂਰੇ ਦੇਸ਼ ਵਿੱਚੋਂ ਵੱਖ-ਵੱਖ ਖੇਤਰਾਂ ਦੇ ਨਾਮਵਰ ਕਲਾਕਾਰ ਆਉਂਦੇ ਸਨ, ਉਨ੍ਹਾਂ ਦੇ ਪ੍ਰੋਗਰਾਮਾ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਵਿੱਚ ਵਿਸ਼ੇਸ਼ ਭੂਮਿਕਾ ਇਨ੍ਹਾਂ ਅਧਿਕਾਰੀਆਂ ਦੀ ਹੁੰਦੀ ਸੀ। ਇਸ ਤੋਂ ਇਲਾਵਾ ਰਾਤ ਬਰਾਤੇ ਹੜ੍ਹਾਂ ਵਰਗੀ ਔਖੀ ਕੁਦਰਤੀ ਆਫ਼ਤ ਸਮੇਂ ਵੀ ਇਹ ਅਧਿਕਾਰੀ ਆਪਣੇ ਫ਼ਰਜ਼ ਬਾਖੂਬੀ ਨਿਭਾਉਂਦੇ ਰਹੇ ਹਨ। ਉਹ ਪ੍ਰਬੰਧਕੀ ਕਾਰਜ਼ਕੁਸ਼ਲਤਾ ਵਾਲੀਆਂ ਅਧਿਕਾਰੀ ਹਨ। ਇਸੇ ਤਰ੍ਹਾਂ ਡਾ.ਸੇਨੂੰ ਦੁੱਗਲ ਨੂੰ ਮੈਂ ਲੋਕ ਸੰਪਰਕ ਵਿਭਾਗ ਵਿੱਚ ਲੰਬਾ ਸਮਾਂ ਕੰਮ ਕਰਦਿਆਂ ਵੇਖਿਆ ਹੈ। ਉਹ ਵਿਭਾਗ ਦੀਆਂ ਮਹੱਤਵਪੂਰਨ ਸ਼ਾਖ਼ਾਵਾਂ ਦੇ ਮੁੱਖੀ ਰਹੇ ਹਨ।, ਜਿਨ੍ਹਾਂ ਵਿੱਚ ਪ੍ਰੈਸ ਸ਼ਾਖ਼ਾ, ਇਸ਼ਤਿਹਾਰ ਸ਼ਾਖ਼ਾ, ਸ਼ੋਸ਼ਲ ਮੀਡੀਆ ਅਤੇ ਪਨਮੀਡੀਆ ਸ਼ਾਮਲ ਹਨ। ਲੋਕ ਸੰਪਰਕ ਵਿਭਾਗ ਦਾ ਕੰਮ ਬਹੁਤ ਹੀ ਟੇਡੀ ਖੀਰ ਹੁੰਦਾ ਹੈ। ਉਹ ਅਤਿ ਨਾਜ਼ਕ ਹਾਲਾਤ ਵਿੱਚ ਰਾਤ ਬਰਾਤੇ ਸ਼ਿਦਤ ਨਾਲ ਕੰਮ ਕਰਦੇ ਰਹੇ ਹਨ। ਆਪਣੀ ਪੜ੍ਹਾਈ ਵਿੱਚ ਉਹ ਗੋਲਡ ਮੈਡਲਿਸਟ ਹਨ। ਉਨ੍ਹਾਂ ਨੇ ਪੀ.ਐਚ.ਡੀ ਆਰਟਸ ਐਂਡ ਸ਼ੋਸ਼ਲ ਸਾਇੰਸਜ ਵਿਸ਼ੇ ਵਿੱਚ ਕੀਤੀ ਹੋਈ ਹੈ। ਉਨ੍ਹਾਂ ਦੀ ਵਿਰਾਸਤ ਸਾਹਿਤ, ਸੰਗੀਤ ਅਤੇ ਨਿ੍ਰਤ ਨਾਲ ਸੰਬੰਧਤ ਹੈ। ਉਨ੍ਹਾਂ ਦੀ ਮਾਤਾ ਸੁਰਿੰਦਰ ਕਪਿਲਾ ਪਟਿਆਲਾ ਵਿਖੇ ਲੜਕੀਆਂ ਦੇ ਕਾਲਜ ਦੇ ਪਿ੍ਰੰਸੀਪਲ ਰਹੇ ਹਨ। ਉਨ੍ਹਾਂ ਦੇ ਪਿਤਾ ਪ੍ਰੇਮ ਚੰਦ ਲੋਕ ਨਿਰਮਾਣ ਵਿਭਾਗ ਵਿੱਚ ਸਬ ਡਵੀਜਨਲ ਅਧਿਕਾਰੀ ਸਨ। ਉਨ੍ਹਾਂ ਦਾ ਪਿਛੋਕੜ ਲੁਧਿਆਣਾ ਜਿਲ੍ਹੇ ਦੇ ਸਾਹਨੇਵਾਲ ਕਸਬੇ ਨਾਲ ਹੈ। ਇਨ੍ਹਾਂ ਲੜਕੀਆਂ ਨੂੰ ਕੰਮ ਕਰਦਿਆਂ ਵੇਖ ਕੇ ਮਰਦ ਔਰਤ ਦੇ ਬਰਾਬਰੀ ਦੇ ਸੰਕਲਪ ਦਾ ਪ੍ਰਗਟਾਵਾ ਹੁੰਦਾ ਹੈ।


ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
    ਮੋਬਾਈਲ-94178 13072
     ujagarsingh48@yahoo.com

ਕਾਂਗਰਸ ਹਾਈ ਕਮਾਂਡ ਦੀ ਆਪ ਨਾਲ ਸਾਂਝ ਪੰਜਾਬ ਕਾਂਗਰਸ ਭੰਬਲਭੂਸੇ ਵਿੱਚ - ਉਜਾਗਰ ਸਿੰਘ

ਪੰਜਾਬ ਦੇ ਸੁੱਤੇ ਪਏ ਕਾਂਗਰਸੀਆਂ ‘ਤੇ ਗੜੇ ਪੈ ਗਏ, ਜਿਸ ਕਰਕੇ ਉਨ੍ਹਾਂ ਦੇ ਸਾਹ ਸੂਤੇ ਗਏ। ਉਨ੍ਹਾਂ ਵਿਚਾਰਿਆਂ ਨਾਲ ਕਾਂਗਰਸ ਹਾਈ ਕਮਾਂਡ ਨੇ ਜੱਗੋਂ ਤੇਰ੍ਹਵੀਂ ਕਰ ਦਿੱਤੀ। 2024 ਦੀਆਂ ਲੋਕ ਸਭਾ ਦੀਆਂ ਚੋਣਾਂ ਜਿੱਤਣ ਦੇ ਖਾਬ ਲੈਣ ਵਾਲੇ ਨੇਤਾਵਾਂ ਦੇ ਪਿਸੂ ਪੈ ਗਏ। ਕੇਂਦਰ ਸਰਕਾਰ ਵੱਲੋਂ ਦਿੱਲੀ ਸਰਕਾਰ ਦੇ ਫ਼ੈਸਲੇ ਵਿਰੁਧ ਲਿਆਂਦੇ ਗਏ ਆਰਡੀਨੈਂਸ ਦੇ ਖਿਲਾਫ਼ ਵਿਰੋਧੀ ਪਾਰਟੀਆਂ ਇਕਮੁੱਠ ਹੋ ਗਈਆਂ ਹਨ। ਕਾਂਗਰਸ ਹਾਈ ਕਮਾਂਡ ਨੇ ਵੀ ਇਸ ਆਰਡੀਨੈਂਸ ਦਾ ਵਿਰੋਧ ਕਰਨ ਦਾ ਫ਼ੈਸਲਾ ਬੈਂਗਲੂਰ ਵਿੱਚ ਹੋਣ ਵਾਲੀ ਵਿਰੋਧੀ ਪਾਰਟੀਆਂ ਦੀ ਮੀਟਿੰਗ ਤੋਂ ਇਕ ਦਿਨ ਪਹਿਲਾਂ ਕਰ ਦਿੱਤਾ ਸੀ। ਇਹ ਫ਼ੈਸਲਾ ਪੰਜਾਬ ਕਾਂਗਰਸ ਲਈ ਘਾਤਕ ਸਿੱਧ ਹੋਵੇਗਾ। ਉਨ੍ਹਾਂ ਦੇ ਸਪਨੇ ਚਕਨਾਚੂਰ ਹੋ ਗਏ ਹਨ। ਸਰਬ ਭਾਰਤੀ ਕਾਂਗਰਸ ਦੇ ਇਸ ਫ਼ੈਸਲੇ ਨਾਲ ਪੰਜਾਬ ਕਾਂਗਰਸ ਵਿੱਚ ਤੜਥੱਲੀ ਮੱਚ ਗਈ ਹੈ ਕਿਉਂਕਿ ਪੰਜਾਬ ਦੇ ਕਾਂਗਰਸੀ ਨੇਤਾਵਾਂ ਨੇ ਕਾਫੀ ਦੇਰ ਪਹਿਲਾਂ ਜਦੋਂ ਕੇਜਰੀਵਾਲ ਨੇ ਕਾਂਗਰਸ ਨੂੰ ਆਰਡੀਨੈਂਸ ਦੇ ਵਿਰੁੱਧ ਭੁਗਤਣ ਲਈ ਕਿਹਾ ਸੀ, ਉਦੋਂ ਉਨ੍ਹਾਂ ਕਾਂਗਰਸ ਹਾਈ ਕਮਾਂਡ ਨੂੰ ਆਮ ਆਦਮੀ ਪਾਰਟੀ ਨਾਲ ਹੱਥ ਮਿਲਾਉਣ ਵਿਰੁੱਧ ਆਪਣਾ ਪੱਖ ਦੱਸ ਦਿੱਤਾ ਸੀ। ਜਦੋਂ ਅਰਵਿੰਦ ਕੇਜਰੀਵਾਲ ਨੇ ਕਾਂਗਰਸ ਤੋਂ ਆਰਡੀਨੈਂਸ ਦੇ ਵਿਰੁੱਧ ਉਸ ਦਾ ਸਾਥ ਦੇਣ ਦੀ ਮੰਗ ਕੀਤੀ ਸੀ ਤਾਂ ਪੰਜਾਬ ਕਾਂਗਰਸ ਦੇ ਸਾਰੇ ਸੀਨੀਅਰ ਨੇਤਾ ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਵਿੱਚ ਸਰਬ ਭਾਰਤੀ ਕਾਂਗਰਸ ਕਮੇਟੀ ਦੇ ਪ੍ਰਧਾਨ ਮਲਿਕ ਅਰਜਨ ਖੜਗੇ ਅਤੇ ਹੋਰ ਕੇਂਦਰੀ ਲੀਡਰਸ਼ਿਪ ਨੂੰ ਮਿਲਕੇ ਇਸ ਆਰਡੀਨੈਂਸ ਦਾ ਵਿਰੋਧ ਕਰਨ ਤੋਂ ਰੋਕਿਆ ਸੀ। ਇਸ ਫ਼ੈਸਲੇ ਤੋਂ ਬਾਅਦ ਵੀ ਕਾਂਗਰਸ ਹਾਈ ਕਮਾਂਡ ਕੋਲ ਪਹੁੰਚ ਕੀਤੀ ਹੈ। ਪੰਜਾਬ ਦੇ ਕਾਂਗਰਸੀਆਂ ਦਾ ਸਪਸ਼ਟ ਵਿਚਾਰ ਹੈ ਕਿ ਆਮ ਆਦਮੀ ਪਾਰਟੀ ਜਿਸ ਨੇ ਪੰਜਾਬ ਕਾਂਗਰਸ ਨੂੰ ਖ਼ੋਰਾ ਲਾਇਆ ਹੈ ਅਤੇ ਇਸ ਸਮੇਂ ਪੰਜਾਬ ਦੇ ਇੱਕ ਦਰਜਨ ਤੋਂ ਵੱਧ ਸੀਨੀਅਰ ਨੇਤਾਵਾਂ ਜਿਨ੍ਹਾਂ ਵਿੱਚ ਸਾਬਕਾ ਮੰਤਰੀ, ਵਿਧਾਨਕਾਰ ਅਤੇ ਹੋਰ ਨੇਤਾ ਸ਼ਾਮਲ ਹਨ, ਉਨ੍ਹਾਂ ਵਿਰੁੱਧ ਬਦਲਾਖ਼ੋਰੀ ਕਰਕੇ ਭਰਿਸ਼ਟਾਚਾਰ ਦੇ ਨਾਮ ‘ਤੇ ਕੇਸ ਰਜਿਸਟਰ ਕਰਕੇ ਜੇਲ੍ਹਾਂ ਵਿੱਚ ਸੁੱਟੇ ਸਨ। ਕੁਝ ਨੇਤਾ ਅਜੇ ਵੀ ਜੇਲ੍ਹਾਂ ਦੀ ਹਵਾ ਖਾ ਰਹੇ ਹਨ ਤੇ ਕੁਝ ਹੋਰ ‘ਤੇ ਗਿ੍ਰਫ਼ਤਾਰੀ ਦੀ ਤਲਵਾਰ ਲਟਕ ਰਹੀ ਹੈ। ਪੰਜਾਬ ਦੀ ਲੀਡਰਸ਼ਿਪ ਨੂੰ ਡਰ ਹੈ ਕਿ ਆਮ ਆਦਮੀ ਪਾਰਟੀ ਦਾ ਸਾਥ ਦੇਣ ਕਰਕੇ ਪੰਜਾਬ ਦੇ ਕਾਂਗਰਸੀ ਦੇ ਕੁਝ ਨੇਤਾ ਪਾਰਟੀ ਤੋਂ ਅਸਤੀਫ਼ੇ ਦੇ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ। ਕਿਉਂਕਿ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਦਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਲੰਬਾ ਸਮਾਂ ਕਾਂਗਰਸ ਪਾਰਟੀ ਵਿੱਚ ਰਿਹਾ ਹੈ ਅਤੇ ਉਹ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਵੀ ਰਿਹਾ ਹੈ। ਉਹ ਆਪਣਾ ਅਸਰ ਰਸੂਖ ਵਰਤਕੇ ਕਾਂਗਰਸੀ ਨੇਤਾਵਾਂ ਨੂੰ ਭਾਰਤੀ ਜਨਤਾ ਪਾਰਟੀ ਨਾਲ ਜੋੜ ਸਕਦਾ ਹੈ। ਕੁਝ ਨੇਤਾ ਇਹ ਵੀ ਸੋਚਦੇ ਹਨ ਕਿ ਜੇ ਆਮ ਆਦਮੀ ਪਾਰਟੀ ਦੀ ਸਪੋਰਟ ਹੀ ਕਰਨੀ ਹੈ ਤਾਂ ਉਹ ਉਸ ਪਾਰਟੀ ਵਿੱਚ ਹੀ ਸ਼ਾਮਲ ਹੋ ਜਾਂਦੇ ਹਨ। ਦਸੰਬਰ 2013 ਵਿੱਚ ਕਾਂਗਰਸ ਪਾਰਟੀ ਨੇ ਦਿੱਲੀ ਵਿੱਚ ਆਮ ਆਦਮੀ ਪਾਰਟੀ ਨੂੰ ਸਰਕਾਰ ਬਣਾਉਣ ਲਈ ਆਪਣੀ ਸਪੋਰਟ ਦਿੱਤੀ ਸੀ। ਇਸ ਸਪੋਰਟ ਤੋਂ ਬਾਅਦ ਦਿੱਲੀ ਵਿੱਚ ਕਾਂਗਰਸ ਪਾਰਟੀ ਦਾ ਸਫਾਇਆ ਹੋਣਾ ਸ਼ੁਰੂ ਹੋ ਗਿਆ ਸੀ। ਉਸ ਸਮੇਂ ਕਾਂਗਰਸ ਦੇ ਬਹੁਤੇ ਨੇਤਾ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ। ਦੂਜੀ ਵਾਰ ਕਾਂਗਰਸ ਵਿੱਚੋਂ ਆਏ ਨੇਤਾਵਾਂ ਨੂੰ ਕੇਜਰੀਵਾਲ ਨੇ ਵਿਧਾਨ ਸਭਾ ਚੋਣਾਂ ਵਿੱਚ ਟਿਕਟਾਂ ਹੀ ਨਹੀਂ ਦਿੱਤੀਆਂ ਸਨ। ਆਮ ਆਦਮੀ ਪਾਰਟੀ ਨੂੰ ਦਿੱਤੀ ਸਪੋਰਟ ਦਾ ਨਤੀਜਾ ਕਾਂਗਰਸ ਹਾਈ ਕਮਾਂਡ ਦੇ ਸਾਹਮਣੇ ਹੈ, ਇਸ ਵਾਰ ਦਿੱਲੀ ਵਿਧਾਨ ਸਭਾ ਵਿੱਚ ਕਾਂਗਰਸ ਦਾ ਇਕ ਵੀ ਵਿਧਾਨਕਾਰ ਨਹੀਂ ਹੈ। ਕਾਂਗਰਸ ਪਾਰਟੀ ਫਿਰ ਵੀ ਨਹੀਂ ਸਮਝਦੀ, ਫਿਰ ਆਮ ਆਦਮੀ ਪਾਰਟੀ ਨਾਲ ਹੱਥ ਮਿਲਾ ਲਿਆ ਹੈ। ਪੰਜਾਬ ਵਿੱਚ ਵੀ ਕਾਂਗਰਸ ਦਾ ਦਿੱਲੀ ਵਾਲਾ ਹਾਲ ਹੋਵੇਗਾ।  ਹਾਈ ਕਮਾਂਡ ਨੇ ਪੰਜਾਬ ਕਾਂਗਰਸ ਦੀਆਂ ਜੜ੍ਹਾਂ ਵਿੱਚ ਤੇਲ ਦੇ ਦਿੱਤਾ ਹੈ।
ਏਥੇ ਹੀ ਬਸ ਨਹੀਂ 2024 ਵਿੱਚ ਲੋਕ ਸਭਾ ਦੀਆਂ ਚੋਣਾਂ ਆਉਣ ਵਾਲੀਆਂ ਹਨ। ਉਨ੍ਹਾਂ ਚੋਣਾ ਮੌਕੇ ਸੀਟਾਂ ਦੀ ਵੰਡ ਸਮੇਂ ਕੀ ਆਮ ਆਦਮੀ ਪਾਰਟੀ ਨਾਲ ਸੀਟਾਂ ਦੀ ਵੰਡ ਦਾ ਸਮਝੌਤਾ ਵੀ ਹੋਵੇਗਾ? ਜੇਕਰ ਅਜਿਹਾ ਸਮਝੌਤਾ ਹੁੰਦਾ ਹੈ, ਜਿਸ ਦੀ ਪੂਰੀ ਉਮੀਦ ਹੈ ਕਿਉਂਕਿ ਕਾਂਗਰਸ ਹਾਈ ਕਮਾਂਡ ਨੇ ਭਾਰਤੀ ਜਨਤਾ ਪਾਰਟੀ ਨੂੰ ਕੇਂਦਰ ਵਿੱਚ ਹਰਾਉਣ ਲਈ ਇਹ ਅੱਕ ਚੱਬਿਆ ਹੈ। ਲੰਬੇ ਲਾਭ ਲਈ ਕਈ ਵਾਰ ਛੋਟੇ ਲਾਭਾਂ ਨੂੰ ਅਣਡਿਠ ਕੀਤਾ ਜਾਂਦਾ ਹੈ। ਵਿਰੋਧੀ ਪਾਰਟੀਆਂ ਦੇ ‘ਇੰਡੀਆ’ ਫਰੰਟ ਨੇ ਐਨ.ਡੀ.ਏ. ਦੇ ਉਮੀਦਵਾਰਾਂ ਵਿਰੁੱਧ ਸਾਂਝੇ ਉਮੀਦਵਾਰ ਖੜ੍ਹੇ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਕਰਕੇ ਪੰਜਾਬ ਪ੍ਰਦੇਸ਼ ਕਾਂਗਰਸ ਭੰਬਲਭੂਸੇ ਵਿੱਚ ਹੈ। ਪੰਜਾਬ ਦੇ ਕਾਂਗਰਸੀਆਂ ਵਿੱਚ ਘਬਰਾਹਟ ਪੈਦਾ ਹੋ ਗਈ ਹੈ। ਉਨ੍ਹਾਂ ਲਈ ਸੱਪ ਦੇ ਮੂੰਹ ਵਿੱਚ ਕੋਹੜ ਕਿਰਲੀ ਵਾਲੀ ਗੱਲ ਬਣੀ ਪਈ ਹੈ। ਲੋਕ ਸਭਾ ਦੀਆਂ ਚੋਣਾਂ ਵਿੱਚ ਜੇਕਰ ਵਿਧਾਨ ਸਭਾ ਦੀ ਚੋਣ ਵਿੱਚ ਪਈਆਂ ਵੋਟਾਂ ਦੇ ਹਿਸਾਬ ਨਾਲ ਟਿਕਟਾਂ ਦਿੱਤੀਆਂ ਗਈਆਂ ਤਾਂ ਮਾਲਵੇ ਅਤੇ ਦੁਆਬੇ ਵਿੱਚ ਤਾਂ ਇਕ ਵੀ ਸੀਟ ਕਾਂਗਰਸ ਪਾਰਟੀ ਨੂੰ ਨਹੀਂ ਮਿਲੇਗੀ। ਜਲੰਧਰ ਦੀ ਉਪ ਚੋਣ ਤਾਂ ਥੋੜ੍ਹਾਂ ਸਮਾਂ ਪਹਿਲਾਂ ਹੀ ਆਮ ਆਦਮੀ ਪਾਰਟੀ ਨੇ ਜਿੱਤੀ ਹੈ, ਉਹ ਕਿਵੇਂ ਇਹ ਸੀਟ ਛੱਡਣਗੇ। ਇਸੇ ਤਰ੍ਹਾਂ ਮਾਝੇ ਵਿੱਚ ਵੱਧ ਤੋਂ ਵੱਧ ਦੋ ਸੀਟਾਂ ਮਿਲ ਸਕਦੀਆਂ ਹਨ, ਜਦੋਂ ਕਿ ਮਾੜੇ ਹਾਲਾਤ ਵਿੱਚ ਵੀ ਕਾਂਗਰਸ ਪਾਰਟੀ 7-8 ਸੀਟਾਂ ਜਿੱਤਦੀ ਰਹੀ ਹੈ। ਜੇਕਰ ਇਹ ਸਮਝੌਤਾ ਵਿਧਾਨ ਸਭਾ ਚੋਣਾਂ ਤੱਕ ਚਲਦਾ ਰਿਹਾ ਤਾਂ ਕਾਂਗਰਸ ਨੂੰ ਜਿਹੜੀਆਂ ਜਿੱਤੀਆਂ ਹੋਈਆਂ ਸੀਟਾਂ ਹਨ, ਉਹ ਹੀ ਲਗਪਗ 19-20 ਸੀਟਾਂ ਮਿਲਣਗੀਆਂ। ਫਿਰ ਕਾਂਗਰਸ ਪਾਰਟੀ ਪੰਜਾਬ ਵਿੱਚ ਸਰਕਾਰ ਬਣਾਉਣ ਬਾਰੇ ਤਾਂ ਸੋਚ ਵੀ ਨਹੀਂ ਸਕਦੀ। ਇਸ ਕਰਕੇ ਕਾਂਗਰਸੀ ਵਰਕਰਾਂ ਅਤੇ ਨੇਤਾਵਾਂ ਦੀ ਹਾਲਤ ਬਹੁਤ ਤਰਸਯੋਗ ਹੋਈ ਪਈ ਹੈ। ਵਿਧਾਨ ਸਭਾ ਵਿੱਚ ਵਿਰੋਧੀ ਧਿਰ ਕਾਂਗਰਸ ਪਾਰਟੀ ਦੇ ਨੇਤਾ ਪਰਤਾਪ ਸਿੰਘ ਬਾਜਵਾ ਕਹਿ ਰਹੇ ਹਨ ਕਿ ਭਾਵੇਂ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਮੀਟਿੰਗ ਹੋ ਚੁੱਕੀ ਹੈ ਪ੍ਰੰਤੂ ਇਸ ਦੇ ਬਾਵਜੂਦ ਪੰਜਾਬ ਵਿੱਚ ਕਾਂਗਰਸ ਪਾਰਟੀ ਇਕੱਲਿਆਂ ਆਪਣੇ ਬਲਬੂਤੇ ‘ਤੇ ਲੋਕ ਸਭਾ ਦੀਆਂ ਚੋਣਾਂ ਲੜੇਗੀ। ਆਮ ਆਦਮੀ ਪਾਰਟੀ ਨਾਲ ਚੋਣ ਸਮਝੌਤਾ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਏਥੇ ਸੋਚਣ ਵਾਲੀ ਗੱਲ ਹੈ ਕਿ ਜਦੋਂ ਪੰਜਾਬ ਦੇ ਕਾਂਗਰਸੀਆਂ ਦੀ ਲਗਾਮ ਦਿੱਲੀ ਦੇ ਹੱਥ ਹੈ ਤਾਂ ਉਹ ਵਿਰੋਧ ਕਿਵੇਂ ਕਰਨਗੇ? ਕਾਂਗਰਸ ਹਾਈ ਕਮਾਂਡ ਨੇ ਆਰਡੀਨੈਂਸ ਦਾ ਵਿਰੋਧ ਕਰਨ ਦਾ ਫ਼ੈਸਲਾ ਕਰਨ ਲੱਗਿਆਂ ਤਾਂ ਪੰਜਾਬ ਕਾਂਗਰਸ ਦੇ ਨੇਤਾਵਾਂ ਨੂੰ ਬੇਰਾਂ ਵੱਟੇ ਵੀ ਨਹੀਂ ਪੁਛਿਆ। ਇਸ ਕਰਕੇ ਪੰਜਾਬ ਕਾਂਗਰਸ ਆਪਣੇ ਆਪ ਨੂੰ ਠੱਗੀ ਹੋਈ ਮਹਿਸੂਸ ਕਰ ਰਹੀ ਹੈ। ਪੰਜਾਬ ਦੇ ਕਾਂਗਰਸੀ ਨੇਤਾਵਾਂ ਨੂੰ ਸਮਝਣਾ ਚਾਹੀਦਾ ਹੈ ਕਿ ਜਦੋਂ ਕਾਂਗਰਸ ਦੀ ਪੈਟਰਨ ਸੋਨੀਆਂ ਗਾਂਧੀ ਤਿ੍ਰਮਣੂਲ ਕਾਂਗਰਸ ਦੀ ਤੇਜ ਤਰਾਰ  ਨੇਤਾ ਮਮਤਾ ਬੈਨਰਜੀ ਨਾਲ ਸਮਝੌਤਾ ਕਰ ਸਕਦੀ ਹੈ, ਜਿਹੜੀ ਕਾਂਗਰਸ ਪਾਰਟੀ ਨੂੰ ਛੱਡ ਕੇ ਆਪਣੀ ਪਾਰਟੀ ਬਣਾਕੇ ਸਰਕਾਰ ਬਣਾਈ ਬੈਠੀ ਹੈ ਤਾਂ ਆਪ ਨਾਲ ਸਮਝੌਤਾ ਸਰਬ ਭਾਰਤੀ ਕਾਂਗਰਸ ਪਾਰਟੀ ਲਈ ਕੋਈ ਵੱਡੀ ਗੱਲ ਨਹੀਂ। ਨਿਤਿਸ਼ ਕੁਮਾਰ ਵਰਗੇ ਚੁਫੇਰ ਗੜ੍ਹੀਏ ਨਾਲ ਵੀ ਸਮਝੌਤਾ ਕਰ ਰਹੀ ਹੈ, ਜਿਹੜਾ ਭਾਰਤੀ ਜਨਤਾ ਪਾਰਟੀ ਨਾਲ ਰਲ ਕੇ ਕਾਂਗਰਸ ਦੀ ਬੇੜੀ ਵਿੱਚ ਵੱਟੇ ਪਾਉਂਦਾ ਰਿਹਾ ਹੈ।  ਊਧਵ ਠਾਕਰੇ ਵੀ ਭਾਰਤੀ ਜਨਤਾ ਪਾਰਟੀ ਦੀ ਕੁਛੜ ਵਿੱਚ ਬੈਠਕੇ ਕਾਂਗਰਸ ਨੂੰ ਭਰਿਸ਼ਟਾਂ ਦੀ ਜਮਾਤ ਕਹਿੰਦਾ ਰਿਹਾ ਹੈ। ਪੰਜਾਬ ਦੇ ਕਾਂਗਰਸੀਆਂ ਨੂੰ ਸਮਝਣਾ ਚਾਹੀਦਾ ਹੈ ਜਦੋਂ ਸੋਨੀਆਂ ਗਾਂਧੀ ਅਜਿਹੇ ਨੇਤਾਵਾਂ ਨਾਲ ਸਮਝੌਤੇ ਕਰ ਰਹੀ ਹੈ, ਜਿਹੜੇ ਉਸ ਦੀ ਜਾਨ ਦੇ ਦੁਸ਼ਮਣ ਸਨ ਤਾਂ ਅਰਵਿੰਦ ਕੇਜਰੀਵਾਲ ਨਾਲ ਸਮਝੌਤਾ ਤਾਂ ਉਸ ਲਈ ਕੋਈ ਵੱਡੀ ਗੱਲ ਨਹੀਂ। ਕਾਂਗਰਸ ਹਾਈ ਕਮਾਂਡ ਨੇ ਜੇਕਰ ਹੁਣ ਪੰਜਾਬ ਦੇ ਨੇਤਾਵਾਂ ਨੂੰ ਨਹੀਂ ਪੁੱਛਿਆ ਤਾਂ ਟਿਕਟਾਂ ਲਈ ਮੀਟਿੰਗਾਂ ਸਮੇਂ ਕਿਉਂ ਪੁਛਣਗੇ? ਇੰਡੀਆ ਫਰੰਟ ਨੇ ਤਾਂ ਟਿਕਟਾਂ ਦੀ ਵੰਡ ਸੰਬੰਧੀ 10 ਮੈਂਬਰੀ ਕਮੇਟੀ ਬਣਾਉਣ ਦਾ ਐਲਾਨ ਵੀ ਕਰ ਦਿੱਤਾ ਹੈ। ਪੰਜਾਬ ਦੇ ਕਾਂਗਰਸੀਆਂ ਨੇ ਤਾਂ ਹਾਈ ਕਮਾਂਡ ਮੂਹਰੇ ਕੁਸਕਣਾ ਵੀ ਨਹੀਂ। ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਕਾਂਗਰਸੀ ਨੇਤਾਵਾਂ ਨੂੰ ਬੇਇਜ਼ਤ, ਜ਼ਲੀਲ ਅਤੇ ਬਦਨਾਮ ਕਰਨ ‘ਤੇ ਤੁਲੀ ਹੋਈ ਹੈ ਪ੍ਰੰਤੂ ਹਾਈ ਕਮਾਂਡ ਅਰਵਿੰਦ ਕੇਜਰੀਵਾਲ ਦੇ ਥੱਲੇ ਲੱਗ ਕੇ ਪੰਜਾਬ ਦੇ ਕਾਂਗਰਸੀਆਂ ਦੀ ਅਣਖ ਨੂੰ ਠੇਸ ਪਹੁੰਚਾ ਰਹੀ ਹੈ। ਪੰਜਾਬ ਦੇ ਕਾਂਗਰਸੀ ਨੇਤਾ ਬੇਬਸ ਹੋਏ ਪਏ ਹਨ, ਉਹ ਕਾਂਗਰਸ ਹਾਈ ਕਮਾਂਡ ਅੱਗੇ ਬੋਲਣ ਦੀ ਹਿੰਮਤ ਵੀ ਨਹੀਂ ਕਰਨਗੇ ਕਿਉਂਕਿ ਆਮ ਆਦਮੀ ਪਾਰਟੀ ਦੇ ਦਬਦਬੇ ਤੋਂ ਘਬਰਾਏ ਹੋਏ ਹਨ। ਜੇਕਰ ਇਹ ਸਮਝੌਤਾ ਪੰਜਾਬ ਵਿੱਚ ਲਾਗੂ ਹੁੰਦਾ ਹੈ ਤਾਂ ਪੰਜਾਬ ਕਾਂਗਰਸ ਦੋਫਾੜ ਹੋ ਜਾਵੇਗੀ। ਕਾਂਗਰਸ ਹਾਈ ਕਮਾਂਡ ਮਹਿਸੂਸ ਕਰਦੀ ਹੈ ਕਿ ਉਨ੍ਹਾਂ ਦੀ ਪਾਰਟੀ ਦੀ ਜ਼ਮੀਨ ਖਿਸਕ ਚੁੱਕੀ ਹੈ, ਉਹ ਲੋਕ ਸਭਾ ਦੀਆਂ ਚੋਣਾਂ ਵਿੱਚ ਹਰ ਹਾਲਤ ਵਿੱਚ ਬੀ.ਜੇ.ਪੀ. ਨੂੰ ਹਰਾ ਕੇ ਬਦਲਾ ਲੈਣਾ ਚਾਹੁੰਦੀ ਹੈ। ਤੇਲ ਵੇਖੋ ਤੇਲ ਦੀ ਧਾਰ ਵੇਖੋ ਊਂਟ ਕਿਸ ਕਰਵਟ ਬੈਠਦਾ ਹੈ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
    ਮੋਬਾਈਲ-94178 13072
     ujagarsingh48@yahoo.com

ਅਲਵਿਦਾ! ਦਮਦਾਰ ਲੋਕ ਗਾਇਕੀ ਦੀਆਂ ਸੁਰਾਂ ਦੇ ਸਿਕੰਦਰ: ਸੁਰਿੰਦਰ ਛਿੰਦਾ -  ਉਜਾਗਰ ਸਿੰਘ

ਪੰਜਾਬੀ ਲੋਕ ਗਾਇਕੀ ਨੂੰ ਲੋਕਾਂ ਵਿੱਚ ਹਰਮਨ ਪਿਆਰਾ ਬਣਾਉਣ ਵਾਲੇ ਮਿਠਬੋਲੜੇ ਗਾਇਕ ਦੇ ਤੁਰ ਜਾਣ ਨਾਲ ਸੰਗੀਤ ਦੀ ਦੁਨੀਆਂ ਵਿੱਚ ਖਲਾਅ ਪੈਦਾ ਹੋ ਗਿਆ ਹੈ। ਦੋਸਤਾਂ ਮਿੱਤਰਾਂ ਦਾ ਦਿਲਜਾਨੀ ਪਿਆਰ ਮੁਹੱਬਤ ਦੀਆਂ ਬਾਤਾਂ ਪਾਉਣ ਵਾਲਾ ਸੁਰਿੰਦਰ ਛਿੰਦਾ ਰੂਹ ਦੀ ਖਰਾਕ ਦਿੰਦਾ ਹੋਇਆ ਆਪ ਇਕ ਰੂਹ ਬਣ ਗਿਆਹੈ। ਪੰਜਾਬੀ ਲੋਕ ਗਾਇਕੀ ਦੀ ਵਿਰਾਸਤ ਦਾ ਪਹਿਰੇਦਾਰ ਸੁਰਿੰਦਰ ਛਿੰਦਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਤਾਂ ਕਹਿ ਗਿਆ ਹੈ ਪ੍ਰੰਤੂ ਉਸ ਦੇ ਤੁਰ ਜਾਣ ਨਾਲ ਹੀ ਲੋਕ ਗਾਥਾਵਾਂ ਦੀ ਸ਼ਾਨਦਾਰ ਗਾਇਕੀ ਦਾ ਅੰਤ ਵੀ ਹੋ ਗਿਆ ਹੈ। ਕੁਲਦੀਪ ਮਾਣਕ ਅਤੇ ਸੁਰਿੰਦਰ ਛਿੰਦਾ ਲੋਕ ਗਾਥਾਵਾਂ ਦੀ ਗਾਇਕੀ ਦੇ ਸਭਿਅਚਾਰਕ ਥੰਮ ਸਨ, ਇਨ੍ਹਾਂ ਦੋਵਾਂ ਥੰਮਾਂ ਦੇ ਗਿਰਨ ਨਾਲ ਸਭਿਅਚਾਰਕ ਵਿਰਾਸਤ ਦੀ ਇਮਾਰਤ ਢਹਿ ਢੇਰੀ ਹੋ ਗਈ ਹੈ। ਇਕ ਕਿਸਮ ਨਾਲ ਪੰਜਾਬੀ ਲੋਕ ਗਾਇਕੀ ਦੇ ਸ਼ਾਨਦਾਰ ਦੌਰ ਦਾ ਅੰਤ ਹੋ ਗਿਆ ਹੈ। ਆਮ ਤੌਰ ਤੇ ਲੋਕ ਗਾਇਕੀ ਦੇ ਇਤਿਹਾਸ ‘ਤੇ ਨਜ਼ਰ ਮਾਰਿਆਂ ਪਤਾ ਲੱਗਦਾ ਹੈ ਕਿ ਬਹੁਤੇ ਗਾਇਕਾਂ ਦੇ ਗੀਤ ਪਰਿਵਾਰਾਂ ਵਿੱਚ ਬੈਠ ਕੇ ਸੁਣੇ ਨਹੀਂ ਜਾ ਸਕਦੇ ਸਨ। ਉਨ੍ਹਾਂ ਗੀਤਾਂ ਦੇ ਸਿਰ ‘ਤੇ ਉਹ ਗਾਇਕ ਪ੍ਰਸਿੱਧੀ ਪ੍ਰਾਪਤ ਕਰਦੇ ਸਨ ਕਿਉਂਕਿ ਨੌਜਵਾਨ ਚੱਕਮੇਂ ਗੀਤਾਂ ਨੂੰ ਪਸੰਦ ਕਰਦੇ ਸਨ ਪ੍ਰੰਤੂ ਸੁਰਿੰਦਰ ਛਿੰਦੇ ਨੂੰ ਮਾਣ ਜਾਂਦਾ ਹੈ ਕਿ ਉਸ ਨੇ ਲੋਕ ਗਾਇਕੀ ਵਿੱਚ ਪ੍ਰਸਿੱਧੀ ਜਿਓਣਾ ਮੌੜ ਦੀ ਲੋਕ ਗਾਥਾ ਨਾਲ ਪ੍ਰਾਪਤ ਕੀਤੀ ਸੀ। ਜੀਓਣਾ ਮੌੜ ਸੁਰਿੰਦਰ ਛਿੰਦਾ ਦੀ ਗਾਇਕੀ ਦਾ ਸਿਖਰ ਸੀ। ਉਸ ਨੂੰ ਇਹ ਵੀ ਮਾਣ ਜਾਂਦਾ ਹੈ ਕਿ ਉਸ ਦੇ ਗੀਤ ਸਮਾਜ ਦੇ ਹਰ ਵਰਗ ਨੇ ਪਸੰਦ ਕੀਤੇ ਹਨ। ਉਹ ਬਹੁ-ਰੰਗਾ ਅਤੇ ਬਹੁ-ਪੱਖੀ ਗਾਇਕ  ਅਤੇ ਸਰਬਾਂਗੀ ਅਦਾਕਾਰ ਸੀ। ਉਸ ਦੀ ਕਮਾਲ ਇਹ ਸੀ ਕਿ ਉਹ ਲੋਕ ਗਾਥਾਵਾਂ ਹਿੱਕ ਦੇ ਜ਼ੋਰ ਨਾਲ ਗਾਉਂਦਾ ਸੀ। ਆਪਣੀ ਗਾਇਕੀ ਦੇ ਪੰਜਾਹ ਸਾਲ ਦੌਰਾਨ ਉਸ ਨੇ ਜ਼ਿੰਦਗੀ ਦੇ ਹਰ ਰੰਗ ਦਾ ਆਨੰਦ ਮਾਣਿਆਂ। ਜੇਕਰ ਉਸ ਨੇ ਜਿਓਣੇ ਮੌੜ ਦੀ ਲੋਕ ਗਾਥਾ ਨਾਲ ਨਾਮਣਾ ਖੱਟਿਆ ਤਾਂ ਇਸ ਦੇ ਨਾਲ ਹੀ ਉਸ ਨੇ ਉਚਾ ਦਰ ਬਾਬੇ ਨਾਨਕ ਦੀ ਗਾਇਕੀ ਨਾਲ ਵੀ ਸਮਾਜ ਵਿੱਚ ਵਿਸ਼ੇਸ਼ ਦਰਜਾ ਪ੍ਰਾਪਤ ਕੀਤਾ।  ਉਹ ਸੰਗੀਤ ਪ੍ਰੇਮੀਆਂ ਦੇ ਦਿਲਾਂ ‘ਤੇ ਰਾਜ ਕਰਦਾ ਹੋਇਆ ਉਨ੍ਹਾਂ ਦੇ ਦਿਲ ਕੱਢ ਕੇ ਲੈ ਗਿਆ ਹੈ। ਸੁਰਿੰਦਰ ਛਿੰਦਾ ਨੂੰ ਲੋਕ ਗਾਇਕੀ ਦਾ ਬਾਦਸ਼ਾਹ ਕਿਹਾ ਜਾ ਸਕਦਾ ਹੈ। ਉਸ ਨੇ ਭਾਵੇਂ ਆਪਣੀ ਗਾਇਕੀ ਦਾ ਸਫਰ 1970 ਵਿੱਚ ਸ਼ੁਰੂ ਕਰ ਲਿਆ ਸੀ ਪ੍ਰੰਤੂ 1972 ਵਿੱਚ ਉਨ੍ਹਾਂ ਜਸਵੰਤ ਸਿੰਘ ਭੰਵਰਾ ਦੀ ਸ਼ਾਗਿਰਦੀ ਕੀਤੀ ਸੀ। ਉਸ ਨੇ ਗਾਇਕੀ ਨੂੰ ਰਿਆਜ਼ ਕਰਨ ਨਾਲ ਅਜਿਹਾ ਚਮਕਾਇਆ ਕਿ ਉਸ ਦਾ ਨਾਮ ਸੰਸਾਰ ਵਿੱਚ ਚਮਕਣ ਲੱਗ ਪਿਆ। ਸੁਰਿੰਦਰ ਛਿੰਦਾ ਦੇ ਵਿਵਹਾਰ, ਪਿਆਰ ਅਤੇ ਸਤਿਕਾਰ ਨੇ ਜਸਵੰਤ ਸਿੰਘ ਭੰਵਰਾ ਦੇ ਸੰਗੀਤਕ ਮਨ ਨੂੰ ਅਜਿਹਾ ਮੋਹ ਲਿਆ ਕਿ ਉਹ ਭੰਵਰਾ ਦਾ ਲਾਡਲਾ ਤੇ ਬਿਹਤਰੀਨ ਸ਼ਾਗਿਰਦ ਬਣ ਗਿਆ। ਜਸਵੰਤ ਸਿੰਘ ਭੰਵਰਾ ਨੇ ਹੀ ਸੁਰਿੰਦਰ ਛਿੰਦਾ ਨੂੰ 1975 ਵਿੱਚ  ਗਾਇਕਾ ਸੁਦੇਸ਼ ਕਪੂਰ ਨਾਲ ਦੋਗਾਣੇ ਵਿੱਚ ਮੌਕਾ ਦਿੱਤਾ। ਫਿਰ ਤਾਂ ਜਿਵੇਂ ਉਸ ਦੀ ਲਾਟਰੀ ਹੀ ਖੁਲ੍ਹ ਗਈ, ਉਹ ਲਗਾਤਾਰ ਅੱਗੇ ਹੀ ਵੱਧਦਾ ਗਿਆ। ਉਸ ਤੋਂ ਬਾਅਦ 1977 ਵਿੱਚ ਨਾਮਵਰ ਗੀਤਕਾਰ ਦੇਵ ਥਰੀਕਿਆਂ ਵਾਲਾ ਦੀਆਂ ਲਿਖੀਆਂ ਚਾਰ ਲੋਕ ਗਾਥਾਵਾਂ ਉਚਾ ਬੁਰਜ ਲਾਹੌਰ ਦਾ ਅਜਿਹਾ ਗਾਇਆ ਕਿ ਉਹ ਲੋਕਾਂ ਦੇ ਦਿਲਾਂ ‘ਤੇ ਛਾ ਗਿਆ। ਇਨ੍ਹਾਂ ਲੋਕ ਗਾਥਾਵਾਂ ਨੂੰ ਸੰਗੀਤ ਸੰਗੀਤਕਾਰ ਰਾਮ ਸਰਨ ਦਾਸ ਨੇ ਸੰਗੀਤਬੱਧ ਕੀਤਾ ਸੀ। ਇਨ੍ਹਾਂ ਲੋਕ ਗਾਥਾਵਾਂ ਕਰਕੇ ਸੁਰਿੰਦਰ ਛਿੰਦਾ ਦੀ ਗਾਇਕੀ ਦੀਆਂ ਧੁੰਮਾਂ ਪੈਣ ਲੱਗ ਗਈਆਂ। ਫਿਰ ਤਾਂ ਹਰ ਸਟੇਜ ‘ਤੇ ਸੁਰਿੰਦਰ ਛਿੰਦਾ ਦੀ ਧਾਂਕ ਪੈਣ ਲੱਗੀ। ਇਸ ਤੋਂ ਬਾਅਦ 1978 ਵਿੱਚ ਆਧੁਨਿਕ ਸੰਗੀਤਕਾਰ ਚਰਨਜੀਤ ਆਹੂਜਾ ਨੇ 12 ਲੋਕ ਗਾਥਾਵਾਂ ਨੈਣਾਂ ਦੇ ਵਣਜਾਰੇ ਨੂੰ ਸੰਗੀਤਬੱਧ ਕੀਤਾ, ਜਿਸ ਨੂੰ ਜਦੋਂ ਸੁਰਿੰਦਰ ਛਿੰਦਾ ਦੀ ਆਵਾਜ਼ ਦਾ ਜਾਦੂ ਚੜ੍ਹਿਆ ਤਾਂ ਨੌਜਵਾਨ ਕਾਲਜਾਂ ਦੇ ਲੜਕੇ ਅਤੇ ਲੜਕੀਆਂ ਉਸ ਦੇ ਦੀਵਾਨੇ ਹੋ ਗਏ। ਸੁਰਿੰਦਰ ਛਿੰਦਾ ਦੀਆਂ ਕਲੀਆਂ ਅਤੇ ਲੋਕ ਗਾਥਾਵਾਂ ਨੂੰ ਲੋਕਾਂ ਨੇ ਅਜਿਹੀ ਪ੍ਰਵਾਨਗੀ ਦਿੱਤੀ ਕਿ ਹਮੇਸ਼ਾ ਜਦੋਂ ਛਿੰਦਾ ਸਟੇਜ ਤੇ ਚੜ੍ਹਦਾ ਤਾਂ ਲੋਕ ਇਕ ਆਵਾਜ਼ ਵਿੱਚ ਕਲੀਆਂ ਅਤੇ ਲੋਕ ਗਾਥਾਵਾਂ ਦੀ ਮੰਗ ਕਰਦੇ ਸਨ। ਸੁਰਿੰਦਰ ਛਿੰਦਾ ਦੀ ਗਾਇਕੀ ਦੀ ਵਿਲੱਖਣ ਕਮਾਲ ਇਹੋ ਸੀ ਕਿ ਲੋਕ ਰੁਮਾਂਟਿਕ ਗੀਤਾਂ ਦੀ ਥਾਂ ਲੋਕ ਗਾਥਾਵਾਂ ਦੀ ਮੰਗ ਕਰਦੇ ਸਨ। ਸੁਰਿੰਦਰ ਛਿੰਦਾ ਨੇ ਪਹਿਲੀ ਕੈਸਟ 1975 ਵਿੱਚ ਸੁਦੇਸ਼ ਕਪੂਰ ਨਾਲ ਕੱਢਣ ਤੋਂ ਬਾਅਦ ਸਿਰਫ 6 ਸਾਲ ਦੇ ਗਾਇਕੀ ਦੇ ਖੇਤਰ ਤੋਂ ਬਾਅਦ 1981 ਵਿੱਚ ਦੇਵ ਥਰੀਕਿਆਂ ਵਾਲੇ ਦੀ ਲੋਕ ਗਾਥਾ ਜਿਓਣਾ ਮੌੜ ਗਾਉਣ ਕਰਕੇ ਗਾਇਕੀ ਦੇ ਖੇਤਰ ਵਿੱਚ ਧਰੂ ਤਾਰੇ ਦੀ ਤਰ੍ਹਾਂ ਚਮਕਣ ਲੱਗ ਗਿਆ ਸੀ। ਉਸ ਦੀ ਗਾਇਕੀ ਨੂੰ ਹਰ ਉਮਰ ਦੇ ਸਰੋਤੇ ਪਸੰਦ ਕਰਦੇ ਸਨ। ਸੁਰਿੰਦਰ ਛਿੰਦਾ ਨੇ ਜਿਓਣੇ ਮੌੜ ਦੀ ਗਾਥਾ ਦੇ ਨਾਲ ਹੀ 1981 ਵਿੱਚ ਪੁੱਤ ਜੱਟਾਂ ਦੇ ਬੁਲਾਉਣ ਬੱਕਰੇ ਗੀਤ ਗਾਇਆ ਜਿਸ ਨੇ ਉਸ ਦੀ ਗਾਇਕੀ ਨੂੰ ਚਾਰ ਚੰਦ ਲਾ ਦਿੱਤੇ। ਇਸ ਸਮੇਂ ਸੁਰਿੰਦਰ ਛਿੰਦੇ ਦੀ ਗਾਇਕੀ ਵਿੱਚ ਇਤਨਾ ਨਿਖ਼ਾਰ ਆ ਗਿਆ ਕਿ ਉਸ ਦਾ ਸਿੱਕਾ ਚਲਣ ਲੱਗ ਪਿਆ। ਉਸ ਨੇ ਦੋਗਾਣੇ ਮਹਿੰਦਰ ਕਪੂਰ, ਸੁਰੇਸ਼ ਵਾਡੇਕਰ, ਅਨੁਰਾਧਾ ਪੌਡਵਾਲ, ਸੁਖਵੰਤ ਸੁੱਖੀ, ਹੰਸ ਰਾਜ ਹੰਸ, ਸੁਦੇਸ਼ ਕਪੂਰ, ਸੁਰਿੰਦਰ ਸੋਨੀਆ, ਨਰਿੰਦਰ ਬੀਬਾ, ਪਰਮਿੰਦਰ ਸੰਧੂ ਅਤੇ ਰੰਜਨਾ ਨਾਲ ਗਾਏ ਸਨ। ਸੋਲੋ ਗਾਣਿਆਂ ਵਿੱਚ ਵੀ ਉਸ ਦਾ ਕੋਈ ਮੁਕਾਬਲਾ ਨਹੀਂ ਸੀ। ਸੁਰਿੰਦਰ ਛਿੰਦਾ ਲੋਕ ਗਾਇਕੀ ਦੇ ਨਾਲ ਹੀ ਬਿਹਤਰੀਨ ਅਦਾਕਾਰ ਸੀ। ਉਸ ਨੂੰ ਟੂ ਇਨ ਵਨ ਕਿਹਾ ਜਾ ਸਕਦਾ ਹੈ। ਉਸ ਨੇ ਡੇਢ ਦਰਜਨ ਫਿਲਮਾਂ ਵਿੱਚ ਅਦਾਕਾਰੀ ਕੀਤੀ ਅਤੇ ਗੀਤ ਗਾਏ।  ਉਸ ਨੇ ਪੁੱਤ ਜੱਟਾਂ ਦੇ, ਯਾਰਾਂ ਦਾ ਟਰੱਕ ਬੱਲੀਏ, ਬਲਬੀਰੋ ਭਾਬੀ, ਕੇਹਰ ਸਿੰਘ ਦੀ ਮੌਤ, ਉਚਾ ਦਰ ਬਾਬੇ ਨਾਨਕ ਦਾ, ਟਰੱਕ ਡਰਾਇਵਰ, ਬਦਲਾ ਜੱਟੀ ਦਾ, ਜੱਟ ਯੋਧੇ, ਬਗਾਬਤ, ਜੱਟ ਪੰਜਾਬ ਦਾ ਆਦਿ ਫ਼ਿਲਮਾਂ ਵਿੱਚ ਅਦਾਕਾਰੀ ਕੀਤੀ ਅਤੇ ਗੀਤ ਗਾਏ। ਉਸ  ਦੇ ਡਾਇਲਾਗ ਦਮਦਾਰ ਹੁੰਦੇ ਸਨ।
  ਸੁਰਿੰਦਰ ਛਿੰਦਾ ਦਾ ਜਨਮ 20 ਮਈ 1953 ਨੂੰ ਲੁਧਿਆਣਾ ਜਿਲ੍ਹੇ ਦੇ ਪਿੰਡ ਛੋਟੀ ਇਯਾਲੀ ਵਿਖੇ ਮਾਤਾ ਵਿਦਿਆਵਤੀ ਅਤੇ ਪਿਤਾ ਬਚਨ ਰਾਮ ਦੇ ਘਰ ਹੋਇਆ ਸੀ। ਉਸ ਨੇ ਹਾਇਰ ਸੈਕੰਡਰੀ ਤੱਕ ਦੀ ਪੜ੍ਹਾਈ ਮਲਟੀਪਰਪਜ਼ ਸਕੂਲ ਲੁਧਿਆਣਾ ਤੋਂ ਪ੍ਰਾਪਤ ਕੀਤੀ ਸੀ।  ਥੋੜ੍ਹੀ ਦੇਰ ਉਹ ਕਿਸੇ ਵਰਕਸ਼ਾਪ ਵਿੱਚ ਮਕੈਨਿਕੀ ਵੀ ਸਿਖਦਾ ਰਿਹਾ। ਗਾਇਕੀ ਦਾ ਸ਼ੌਕ ਉਸ ਨੂੰ ਸਕੂਲ ਵਿੱਚ ਪੜ੍ਹਦਿਆਂ ਹੀ ਲੱਗ ਗਿਆ ਸੀ। ਉਹ ਸਕੂਲ ਦੀਆਂ ਸਟੇਜਾਂ ‘ਤੇ ਸਭਿਅਚਾਰਕ ਪ੍ਰੋਗਰਾਮਾਂ ਵਿੱਚ ਹਿੱਸਾ ਲੈਂਦਾ ਰਹਿੰਦਾ। ਕਲਾਕਾਰ ਬਣਨ ਦੀ ਪ੍ਰਵਿਰਤੀ ਉਸ ਨੂੰ ਗਾਉਣ ਲਈ ਪ੍ਰੇਰਦੀ ਰਹਿੰਦੀ ਸੀ। ਫਿਰ ਉਸ ਨੇ ਗਾਇਕੀ ਵਲ ਮੁਹਾਰਾਂ ਮੋੜ ਦਿੱਤੀਆਂ। ਉਸ ਦਾ ਵਿਆਹ ਬੀਬੀ ਜੋਗਿੰਦਰ ਕੌਰ ਨਾਲ ਹੋਇਆ। ਉਨ੍ਹਾਂ ਦੀਆਂ ਦੋ ਲੜਕੀਆਂ ਅਤੇ ਦੋ ਲੜਕੇ ਹਨ। ਉਨ੍ਹਾਂ ਦਾ ਇਕ ਲੜਕਾ ਮਨਿੰਦਰ ਛਿੰਦਾ ਗਾਇਕ ਹੈ। ਉਮੀਦ ਕੀਤੀ ਜਾ ਸਕਦੀ ਹੈ ਕਿ ਉਸ ਦਾ ਲੜਕਾ ਪਰਿਵਾਰਿਕ ਵਿਰਾਸਤ ਨੂੰ ਬਰਕਰਾਰ ਰੱਖੇਗਾ। ਸੁਰਿੰਦਰ ਛਿੰਦਾ ਦਾ ਨਾਮ ਸੁਰਿੰਦਰ ਪਾਲ ਧੰਮਾ ਸੀ ਪ੍ਰੰਤੂ ਜਦੋਂ ਉਹ ਗਾਇਕੀ ਵਿੱਚ ਆਇਆ ਤਾਂ ਸੁਰਿੰਦਰ ਛਿੰਦਾ ਹੀ ਲਿਖਣ ਲੱਗ ਪਿਆ।  ਉਸ ਦਾ ਪਿਤਾ ਬਚਨ ਰਾਮ ਇਕ ਕਾਰਪੈਂਟਰ ਸੀ ਪ੍ਰੰਤੂ ਇਸ ਦੇ ਨਾਲ ਹੀ ਉਹ ਗਾਇਕ ਵੀ ਸੀ। ਸੁਰਿੰਦਰ ਛਿੰਦਾ ਨੂੰ ਗਾਇਕੀ ਦੀ ਗੁੜ੍ਹਤੀ ਆਪਣੀ ਪਰਿਵਾਰਕ ਵਿਰਾਸਤ ਵਿੱਚੋਂ ਹੀ ਮਿਲੀ ਸੀ। ਇਹ ਵੀ ਹੈਰਾਨੀ ਦੀ ਗੱਲ ਹੈ ਕਿ ਜਿਸ ਗਵਰਧਨ ਦਾਸ ਤੋਂ ਉਸ ਦੇ ਪਿਤਾ ਬਚਨ ਰਾਮ ਨੇ ਸੰਗੀਤ ਸਿਖਿਆ ਸੀ ਉਸ ਤੋਂ ਹੀ ਸੁਰਿੰਦਰ ਛਿੰਦੇ ਨੇ ਸੰਗੀਤ ਦੀ ਸਿਖਿਆ ਲਈ ਸੀ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
    ਮੋਬਾਈਲ-94178 13072
     ujagarsingh48@yahoo.com

ਹੜ੍ਹ ਪ੍ਰਭਾਤ ਲੋਕਾਂ ਦੀ ਮਦਦ ਲਈ ਪਿੰਡਾਂ ਦੇ ਲੋਕ ਰੱਬ ਦਾ ਰੂਪ ਬਣਕੇ ਬਹੁੜੇ - ਉਜਾਗਰ ਸਿੰਘ

ਦੇਸ਼ ਵਿੱਚ ਹਰ ਕੁਦਰਤੀ ਆਫ਼ਤ ਦੇ ਸਮੇਂ ਪਈ ਭੀੜ ਨੂੰ ਦੂਰ ਕਰਨ ਲਈ ਪੰਜਾਬੀ/ਸਿੱਖ/ਸਿੱਖ ਸੰਸਥਾਵਾਂ ਹਮੇਸ਼ਾ ਸੰਕਟ ਮੋਚਨ ਬਣਕੇ ਅੱਗੇ ਆਉਂਦੀਆਂ ਹਨ। ਇਥੋਂ ਤੱਕ ਕਿ ਸੰਸਾਰ ਵਿੱਚ ਵੀ ਜੇਕਰ ਕੋਈ ਕੁਦਰਤੀ ਆਫ਼ਤ ਆਉਂਦੀ ਹੈ ਤਾਂ ਪੰਜਾਬੀ/ਸਿੱਖ/ਸਿੱਖ ਸੰਸਥਾਵਾਂ ਹਮੇਸ਼ਾ ਸੇਵਾ ਭਾਵਨਾ ਨਾਲ ਤੱਤਪਰ ਰਹਿੰਦੇ ਹਨ। ਪੰਜਾਬੀ/ਸਿੱਖ ਬਹਾਦਰ, ਮਿਹਨਤੀ ਅਤੇ ਮਾਨਵਤਾ ਦੀ ਸੇਵਾ ਦੇ ਪ੍ਰਤੀਕ ਹਨ। ਇਸ ਦੀ ਤਾਜ਼ਾ ਮਿਸਾਲ ਪੰਜਾਬ ਵਿੱਚ ਆਏ ਹੜ੍ਹਾਂ ਦੇ ਦੌਰਾਨ ਉਨ੍ਹਾਂ ਵੱਲੋਂ ਹੜ੍ਹ ਪੀੜਤਾਂ ਦੇ ਬਚਾਓ ਅਤੇ ਉਨ੍ਹਾਂ ਲਈ ਡੂੰਘੇ ਪਾਣੀਆਂ ਵਿੱਚ ਜਾ ਕੇ ਰਾਹਤ ਸਮਗਰੀ ਵੰਡਣ ਤੋਂ ਸ਼ਪਸ਼ਟ ਹੁੰਦੀ ਹੈ। ਉਹ ਹਰ ਮੁਸੀਬਤ ਅਤੇ ਕੁਦਰਤੀ ਕਰੋਪੀ ਦੇ ਸਮੇਂ ਲੋਕਾਈ ਦੀ ਬਾਂਹ ਫੜਦੇ ਨਜ਼ਰ ਆਉਂਦੇ ਹਨ। ਇਸ ਸਮੇਂ ਭਾਰਤ ਵਿੱਚ ਹੜ੍ਹਾਂ ਦੀ ਕੁਦਰਤੀ ਆਫ਼ਤ ਨੇ ਕਹਿਰ ਮਚਾ ਰੱਖਿਆ ਹੈ। ਦੇਸ਼ ਦੇ ਬਹੁਤੇ ਸੂਬੇ ਹੜ੍ਹਾਂ ਦੀ ਮਾਰ ਤੋਂ ਪ੍ਰਭਾਵਤ ਹੋ ਰਹੇ ਹਨ। ਪੰਜਾਬ ਵਿੱਚ ਹੜ੍ਹਾਂ ਤੋਂ ਪ੍ਰਭਾਵਤ ਲੋਕ ਤਰਾਹ ਤਰਾਹ ਕਰ ਰਹੇ ਹਨ। ਕਿਸਾਨਾ ਦੀਆਂ ਹਜ਼ਾਰਾਂ ਏਕੜ ਫਸਲਾਂ ਤਬਾਹ ਹੋ ਗਈਆਂ ਹਨ। ਜਾਨ ਅਤੇ ਮਾਲ ਦਾ ਬੇਇੰਤਹਾ ਨੁਕਸਾਨ ਹੋ ਗਿਆ ਹੈ। ਪੰਜਾਬ ਨੂੰ ਇਸ ਕੁਦਰਤੀ ਆਫ਼ਤ ਨੇ ਬੁਰੀ ਤਰ੍ਹਾਂ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ। ਪੰਜਾਬ ਦੇ ਦਰਿਆਵਾਂ ਵਿੱਚ ਪਾਣੀ ਹਿਮਾਚਲ ਪ੍ਰਦੇਸ਼ ਵਿੱਚੋਂ ਆਉਂਦਾ ਹੈ। ਜਦੋਂ ਹਿਮਾਚਲ ਪ੍ਰਦੇਸ਼ ਵਿੱਚ ਵਾਰਸ਼ਾਂ ਪੈਂਦੀਆਂ ਹਨ ਤਾਂ ਪੰਜਾਬ ਵਿੱਚ ਜਿਹੜੇ ਤਿੰਨ ਦਰਿਆ ਸਤਲੁਜ, ਬਿਆਸ ਅਤੇ ਰਾਵੀ ਦਾ ਕੁਝ ਹਿੱਸਾ ਵਗਦੇ ਹਨ, ਉਨ੍ਹਾਂ ਵਿੱਚ ਬੇਸ਼ੁਮਾਰ ਪਾਣੀ ਆ ਜਾਂਦਾ ਹੈ। ਕਈ ਵਾਰ ਭਾਖੜਾ ਅਤੇ ਹੋਰ ਡੈਮਾ ਵਿੱਚੋਂ ਪਾਣੀ ਵੀ ਛੱਡਣਾ ਪੈ ਜਾਂਦਾ ਹੈ। ਬਰਸਾਤੀ ਮੌਸਮ ਵਿੱਚ ਇਨ੍ਹਾਂ ਦਰਿਆਵਾਂ ਅਤੇ ਅਨੇਕਾਂ ਨਦੀਆਂ, ਨਾਲਿਆਂ, ਚੋਆਂ ਅਤੇ ਹੋਰ ਛੋਟੇ ਮੋਟੇ ਰਸਤਿਆਂ ਰਾਹੀਂ ਪਾਣੀ ਕਹਿਰ ਦਾ ਰੂਪ ਧਾਰ ਕੇ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਦੀ ਤਬਾਹੀ ਕਰਦਾ ਹੈ। ਇਸ ਪ੍ਰਕਾਰ ਪੰਜਾਬ ਦੀ ਆਰਥਿਕਤਾ ਨੂੰ ਗਹਿਰੀ ਸੱਟ ਵੱਜਦੀ ਹੈ। ਪੰਜਾਬੀ ਹਰ ਸਾਲ ਇਨ੍ਹਾਂ ਹੜ੍ਹਾਂ ਦਾ ਸੰਤਾਪ ਭੋਗਦੇ ਹਨ। ਬਹੁਤਾ ਪਿੰਡਾਂ ਦਾ ਨੁਕਸਾਨ ਹੁੰਦਾ ਹੈ ਕਿਉਂਕਿ ਇਹ ਦਰਿਆ ਅਤੇ ਨਦੀਆਂ ਨਾਲੇ ਪਿੰਡਾਂ ਵਿੱਚੋਂ ਲੰਘਦੇ ਹਨ ਪ੍ਰੰਤੂ ਕਈ ਸ਼ਹਿਰਾਂ ਜਿਵੇਂ ਪਟਿਆਲਾ, ਮੋਹਾਲੀ, ਰੋਪੜ ਅਤੇ ਲੁਧਿਆਣਾ ਨੂੰ ਵੀ ਭਾਰੀ ਨੁਕਸਾਨ ਪਹੁੰਚਾਉਂਦੇ ਹਨ। ਪੰਜਾਬ ਵਿੱਚ ਹੁਣ ਤੱਕ 2 ਲੱਖ 40 ਹਜ਼ਾਰ ਹੈਕਟੇਅਰ ਝੋਨੇ ਦੀ ਫਸਲ ਬਰਬਾਦ ਹੋ ਗਈ ਹੈ। ਇਸ ਤੋਂ ਇਲਾਵਾ 83000 ਹੈਕਟੇਅਰ ਖ਼ਰਾਬ ਹੋਏ ਰਕਬੇ ਵਿੱਚ ਖੇਤੀਬਾੜੀ ਵਿਭਾਗ ਵਾਲੇ ਕਹਿ ਰਹੇ ਹਨ ਕਿ ਦੁਬਾਰਾ ਝੋਨਾ ਲਗਾਇਆ ਜਾ ਸਕਦਾ ਹੈ ਪ੍ਰੰਤੂ ਦੁਬਾਰਾ ਝੋਨਾ ਲਾਉਣਾ ਸੰਭਵ ਨਹੀਂ ਕਿਉਂਕਿ ਪਨੀਰੀ ਤਿਆਰ ਕਰਨ ਲਈ ਸਮਾਂ ਲੱਗਦਾ ਹੈ। ਹੋਰ ਫ਼ਸਲਾਂ ਅਤੇ ਸਬਜ਼ੀਆਂ ਵੀ ਨੁਕਸਾਨੀਆਂ ਗਈਆਂ ਹਨ।
   ਲਗਪਗ 2500 ਹਜ਼ਾਰ ਲੋਕਾਂ ਨੂੰ ਹੜ੍ਹ ਵਾਲੇ ਇਲਾਕਿਆਂ ਵਿੱਚੋਂ ਕੱਢ ਕੇ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ ਹੈ। 35 ਲੋਕ ਆਪਣੀਆਂ ਜਾਨਾ ਗੁਆ ਚੁੱਕੇ ਹਨ। ਹੜ੍ਹਾਂ ਨਾਲ 1390 ਪਿੰਡਾਂ ਅਤੇ ਸ਼ਹਿਰਾਂ ਵਿੱਚ ਨੁਕਸਾਨ ਹੋਇਆ ਹੈ। ਇਸ ਨੁਕਸਾਨ ਦੀ ਭਰਪਾਈ ਤਾਂ ਅਸੰਭਵ ਹੈ। ਅਜਿਹੇ ਹਾਲਾਤ ਵਿੱਚ ਸਰਕਾਰਾਂ ਨੇ ਤਾਂ ਆਪਣੇ ਫਰਜ਼ ਨਿਭਾਉਣੇ ਹੀ ਹੁੰਦੇ ਹਨ ਪ੍ਰੰਤੂ ਸਰਕਾਰਾਂ ਲੋਕਾਂ ਦੇ ਸਹਿਯੋਗ ਤੋਂ ਬਿਨਾ ਸਫ਼ਲ ਨਹੀਂ ਹੋ ਸਕਦੀਆਂ। ਪੰਜਾਬ ਦੀ ਬਹੁਤੀ ਆਬਾਦੀ ਅਜੇ ਵੀ ਪਿੰਡਾਂ ਵਿੱਚ ਵਸਦੀ ਹੈ। ਪਿੰਡਾਂ ਦੇ ਲੋਕਾਂ ਦੀਆਂ ਫ਼ਸਲਾਂ ਖਾਸ ਤੌਰ ਤੇ ਜੀਰੀਆਂ ਪਾਣੀ ਵਿੱਚ ਡੁੱਬ ਕੇ ਤਬਾਹ ਹੋ ਗਈਆਂ ਹਨ। ਪਿੰਡਾਂ ਦੇ ਲੋਕ ਆਪਣੇ ਹੋਏ ਨੁਕਸਾਨ ਦੀ ਪ੍ਰਵਾਹ ਨਾ ਕਰਦੇ ਹੋਏ ਆਪਣੀਆਂ ਜਾਨਾ ਤਲੀ ‘ਤੇ ਧਰ ਕੇ ਸ਼ਹਿਰਾਂ ਵਾਲਿਆਂ ਦੀ ਮਦਦ ਲਈ ਆ ਗਏ ਹਨ। ਬਿਜਲੀ ਤੇ ਪਾਣੀ ਦੇ ਬੰਦ ਹੋਣ ਕਰਕੇ ਸ਼ਹਿਰਾਂ ਦੀਆਂ ਹੜ੍ਹਾਂ ਤੋਂ ਪ੍ਰਭਾਵਤ ਕਾਲੋਨੀਆਂ ਅਤੇ ਪਿੰਡਾਂ ਵਿੱਚ ਫਸੇ ਹੋਏ ਬੱਚੇ, ਬੁਜ਼ਰਗ, ਇਸਤਰੀਆਂ ਪਾਣੀ ਅਤੇ ਖਾਣ ਪੀਣ ਦੇ ਸਮਾਨ ਲਈ ਤਰਸ ਰਹੇ ਸਨ। ਹਾਹਾਕਰ ਮੱਚੀ ਹੋਈ ਸੀ, ਬੱਚੇ ਦੁੱਧ ਅਤੇ ਪਾਣੀ ਕਰਕੇ ਕੁਰਲਾ ਰਹੇ ਸਨ। ਸ਼ਹਿਰਾਂ ਵਾਲੇ ਲੋਕ ਬਹੁਤੀ ਮੁਸੀਬਤ ਝੱਲ ਵੀ ਨਹੀਂ ਸਕਦੇ ਪ੍ਰੰਤੂ ਪਾਣੀ ਦਾ ਕਹਿਰ ਤਾਂ ਮੌਤ ਦੇ ਰੂਪ ਵਿੱਚ ਦਸਤਕ ਦੇ ਰਿਹਾ ਸੀ। ਪਟਿਆਲਾ ਦੀ ਪੋਸ਼ ਕਾਲੋਨੀ ਅਰਬਨ ਅਸਟੇਟ-1 ਅਤੇ 2 ਵਿੱਚ 10 ਜੁਲਾਈ ਦੀ ਸ਼ਾਮ ਨੂੰ ਪਾਣੀ ਆਇਆ ਸੀ ਪ੍ਰੰਤੂ ਪਿੰਡਾਂ ਦੇ ਲੋਕ ਸੂਰਜ ਦੀ ਟਿੱਕੀ ਨਿਕਲਦਿਆਂ ਹੀ ਦੁੱਧ, ਪਾਣੀ, ਡਬਲ ਰੋਟੀ, ਬਿਸਕੁਟ ਅਤੇ ਲੰਗਰ ਲੈ ਕੇ ਪਹੁੰਚ ਗਏ। ਇਸ ਤੋਂ ਪੰਜਾਬੀਆਂ ਦੀ ਦਿ੍ਰੜ੍ਹਤਾ, ਸੇਵਾ ਭਾਵਨਾ, ਸਰਬੱਤ ਦੇ ਭਲੇ ਅਤੇ ਇਨਸਾਨੀਅਤ ਦੀ ਕਦਰ ਦੀ ਬਿਹਤਰੀਨ ਪ੍ਰਵਿਰਤੀ ਸ਼ਪਸ਼ਟ ਹੁੰਦੀ ਹੈ। ਪੰਜਾਬੀਆਂ ਖਾਸ ਤੌਰ ‘ਤੇ ਪਿੰਡਾਂ ਵਾਲੇ ਲੋਕਾਂ ਅਤੇ ਸਵੈ ਇੱਛਤ ਅਤੇ ਸਿੱਖ ਅਤੇ ਹੋਰ ਸੰਸਥਾਵਾਂ ਦੇ ਨੁਮਾਇੰਦਿਆਂ ਦੇ ਵਾਰੇ ਵਾਰੇ ਜਾਈਏ ਜਿਹੜੇ ਆਪ ਇਨ੍ਹਾਂ ਹੜ੍ਹਾਂ ਦਾ ਪ੍ਰਕੋਪ ਹੰਢਾਉਂਦੇ ਹੋਏ, ਆਪਣਾ ਸਾਰਾ ਕੁਝ ਗੁਆਉਣ ਦੇ ਬਾਵਜੂਦ ਸ਼ਹਿਰਾਂ ਦੇ ਲੋਕਾਂ ਦੀ ਮਦਦ ਲਈ ਆ ਬਹੁੜਦੇ ਹਨ। ਸੇਵਾ ਦੇ ਪੁੰਜ ਇਹ ਪਿੰਡਾਂ ਵਾਲੇ ਲੋਕ ਆਪਣੇ ਟ੍ਰੈਕਟਰਾਂ ਟਰਾਲੀਆਂ ਤੇ ਲੰਗਰ, ਦੁੱਧ ਅਤੇ ਪਾਣੀ ਲੈ ਕੇ ਡੂੰਘੇ ਹੜ੍ਹ ਦੇ ਪਾਣੀਆਂ ਵਿੱਚ ਆਪਣੀਆਂ ਜਾਨਾ ਦੀ ਪ੍ਰਵਾਹ ਨਾ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿਤਰ ਵਿਚਾਰਧਾਰਾ ਸਰਬੱਤ ਦੇ ਭਲੇ ਦੀ ਪਾਲਣਾ ਕਰਦਿਆਂ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਵਿਚ ਵਰਤਾਉਂਦੇ ਵੇਖੇ ਗਏ। ਮੋਮ ਬੱਤੀਆਂ ਅਤੇ ਮੱਛਰ ਤੋਂ ਬਚਾਅ ਲਈ ਮੱਛਰਦਾਨੀਆਂ ਵੀ ਤਕਸੀਮ ਕੀਤੀਆਂ ਗਈਆਂ। ਗਲੀਆਂ ਵਿੱਚ ਆਵਾਜ਼ਾਂ ਮਾਰ ਕੇ ਲੋਕਾਂ ਨੂੰ ਘਰਾਂ ਵਿੱਚੋਂ ਬੁਲਾ ਕੇ ਖਾਣ ਪੀਣ ਦਾ ਸਾਮਾਨ ਤਕਸੀਮ ਕਰਦੇ ਰਹੇ ਹਨ। ਸਿੱਖ ਧਰਮ ਅਤੇ ਸਿੱਖੀ ਇਕ ਸੋਚ ਦਾ ਨਾਮ ਹੈ। ਸਦਭਾਵਨਾ, ਸਰਬੱਤ ਦੇ ਭਲੇ ਅਤੇ ਸਭੇ ਸਾਂਝਵਾਲ ਸਦਾਇਨ ਦੀ ਵਿਚਾਰਧਾਰਾ ‘ਤੇ ਪਹਿਰਾ ਦਿੰਦੀ ਹੈ। ਜਿਵੇਂ ਭਾਈ ਘਨਈਆ ਚਮਕੌਰ ਦੀ ਲੜਾਈ ਦੇ ਮੈਦਾਨ ਵਿੱਚ ਦੁਸ਼ਮਣਾ ਨੂੰ ਪਾਣੀ ਪਿਲਾ ਰਿਹਾ ਸੀ, ਉਸੇ ਤਰ੍ਹਾਂ ਪਿੰਡਾਂ ਦੇ ਲੋਕ ਉਨ੍ਹਾਂ ਲੋਕਾਂ ਨੂੰ ਲੰਗਰ ਪਹੁੰਚਾ ਰਹੇ ਸਨ। ਇਹ ਲੋਕ ਘਨਈਆ ਦੇ ਵਾਰਸ ਹਨ। ਇਨ੍ਹਾਂ ਲੋਕਾਂ ਦੀ ਸਮਰਪਣ ਭਾਵਨਾ ਅੱਗੇ ਸਿਰ ਝੁਕ ਰਹੇ ਸਨ। ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਾਰਸ ਬਣਕੇ ਵਿਚਰਦੇ ਰਹੇ। ਇਨ੍ਹਾਂ ਦੇ ਜ਼ਜ਼ਬੇ ਨੂੰ ਸਲਾਮ ਕਰਨੀ ਬਣਦੀ ਹੈ। ਇਨ੍ਹਾਂ ਨੇ ਸਮਾਜ ਦੇ ਸਾਰੇ ਵਰਗਾਂ ਦੇ ਹਿੱਤਾਂ ਦੀ ਪੂਰਤੀ ਕੀਤੀ ਹੈ, ਇਸ ਕਰਕੇ ਲੋਕ ਇਨ੍ਹਾਂ ਲੋਕਾਂ ਅਤੇ ਸੰਸਥਾਵਾਂ ਦੀ ਸਲਾਘਾ ਕਰਦੇ ਥੱਕਦੇ ਨਹੀਂ। ਹਰ ਪਾਸੇ ਇਨ੍ਹਾਂ ਦੀ ਪ੍ਰਸੰਸਾ ਹੋ ਰਹੀ ਹੈ। ਇਸ ਤੋਂ ਸ਼ਪਸ਼ਟ ਹੋ ਰਿਹਾ ਸੀ ਕਿ ਇਨਸਾਨ ਹੀ ਇਨਸਾਨ ਦੀ ਮੁਸੀਬਤ ਵਿੱਚ ਦਾਰੂ ਬਣਦਾ ਹੈ। ਜਿਥੇ ਪ੍ਰਸ਼ਾਸ਼ਨ ਦੀਆਂ ਕਿਸ਼ਤੀਆਂ ਵੀ ਪਹੁੰਚ ਨਹੀਂ ਸਕੀਆਂ, ਉਨ੍ਹਾਂ ਥਾਵਾਂ ਤੇ ਇਹ ਲੋਕ ਟ੍ਰੈਕਟਰਾਂ ‘ਤੇ ਪਹੁੰਚੇ ਹਨ। ਲੋਕਾਂ ਦੀ ਸੰਕਟਮਈ ਸਥਿਤੀ ਵਿੱਚ ਇਹ ਲੋਕ ਸੰਕਟ ਮੋਚਨ ਸਾਬਤ ਹੋਏ ਹਨ। ਇਸੇ ਤਰ੍ਹਾਂ ਸਮਾਜ ਸੇਵੀ ਸੰਸਥਾਵਾਂ ਹੜ੍ਹਾਂ ਤੋਂ ਪ੍ਰਭਾਵਤ ਇਲਾਕਿਆਂ ਵਿੱਚ ਸਥਾਨਕ ਪ੍ਰਸ਼ਾਸ਼ਨ ਨਾਲ ਤਾਲਮੇਲ ਕਰਕੇ ਮੈਡੀਕਲ ਕੈਂਪ ਲਗਾ ਕੇ ਮੁਫ਼ਤ ਦਵਾਈਆਂ ਦੇ ਰਹੀਆਂ ਹਨ। ਏਥੇ ਹੀ ਬਸ ਨਹੀਂ ਸਾਫ ਸਫ਼ਾਈ ਦਾ ਪ੍ਰਬੰਧ ਕਰਨ ਵਿੱਚ ਵੀ ਜੁੱਟ ਗਏ ਹਨ। ਨਦੀਆਂ, ਨਾਲਿਆਂ ਅਤੇ ਰਜਵਾਹਿਆਂ ਵਿੱਚ ਪਏ ਪਾੜਾਂ ਨੂੰ ਵਰ੍ਹਦੇ ਮੀਂਹ ਅਤੇ ਤੇਜ ਪਾਣੀ ਦੇ ਵਹਾਓ ਦਰਮਿਆਨ ਬੰਧ ਲਗਾ ਰਹੇ ਹਨ। ਕਦੀ ਸਮਾਂ ਸੀ ਇਨ੍ਹਾਂ ਲੋਕਾਂ ਨੂੰ ਅਤਵਾਦੀ ਅਤੇ ਵਖਵਾਦੀ ਕਹਿ ਕੇ ਗਰਦਾਨਿਆਂ ਜਾ ਰਿਹਾ ਸੀ। ਉਹ ਲੋਕ ਸੇਵਾ ਦਾ ਨਮੂਨਾ ਬਣਕੇ ਵਿਚਰ ਰਹੇ ਹਨ। ਜਿਹੜੇ ਪਿੰਡਾਂ ਵਾਲਿਆਂ ਨੂੰ ਗਵਾਰ ਕਹਿੰਦੇ ਸਨ, ਦਫ਼ਤਰਾਂ ਵਿੱਚ ਜਾਇਜ਼ ਕੰਮਾ ਅਤੇ ਦੁਕਾਨਾਂ ‘ਤੇ ਸਾਜੋ ਸਾਮਾਨ ਲੈਣ ਲਈ ਆਇਆਂ ਦੀ ਛਿੱਲ ਲਾਹੁੰਦੇ ਸਨ, ਉਹ ਪਿੰਡਾਂ ਵਾਲੇ ਉਨ੍ਹਾਂ ਦੀ ਦੁੱਖ ਦੀ ਘੜੀ ਵਿੱਚ ਸਹਾਇਤਾ ਕਰਕੇ ਖ਼ੁਸ਼ੀ ਤੇ ਸੰਤੁਸ਼ਟੀ ਮਹਿਸੂਸ ਕਰ ਰਹੇ ਸਨ। ਇਹੋ ਹੀ ਇਨਸਾਨੀਅਤ ਹੁੰਦੀ ਹੈ। ਇਥੇ ਹੀ ਬਸ ਨਹੀਂ ਉਹ ਪ੍ਰਭਾਵਤ ਇਲਾਕਿਆਂ ਦੇ ਪਸ਼ੂਆਂ ਲਈ ਹਰਾ ਚਾਰਾ ਅਤੇ ਮੱਕੀ ਦਾ ਅਚਾਰ ਟਰੱਕਾਂ ਟਰਾਲੀਆਂ ਵਿੱਚ ਲੈ ਕੇ ਪਹੁੰਚ ਗਏ। ਸਤਲੁਜ, ਬਿਆਸ, ਰਾਵੀ, ਘੱਗਰ, ਮਾਰਕੰਡਾ, ਟਾਂਗਰੀ ਵਿੱਚ ਜਿਹੜੇ ਪਾੜ ਪਏ ਸਨ, ਉਨ੍ਹਾਂ ਪਾੜਾਂ ਨੂੰ ਭਰਨ ਲਈ ਸਰਕਾਰੀ ਮਸ਼ੀਨਰੀ ਦੀ ਮਦਦ ਨਾਲ ਪਾੜ ਬੰਦ ਕੀਤੇ। ਬਿਜਲੀ ਦੇ ਜਿਨ੍ਹਾਂ ਗਰਿਡਾਂ ਵਿੱਚ ਪਾਣੀ ਵੜ ਗਿਆ ਉਨ੍ਹਾਂ ਵਿੱਚੋਂ ਪਾਣੀ ਬਾਹਰ ਨਿਕਾਲਿਆ ਅਤੇ ਕਈ ਗਰਿਡਾਂ ਵਿੱਚ ਪਾਣੀ ਵੜਨ ਤੋਂ ਰੋਕਣ ਲਈ ਬੰਧ ਬਣਾਏ। ਪਟਿਆਲਾ ਵਿਖੇ ਕੁਝ ਮਕੈਨਕਾਂ ਨੇ ਹੜ੍ਹਾਂ ਤੋਂ ਪ੍ਰਭਾਵਤ ਇਲਾਕਿਆਂ ਵਿੱਚ ਨੁਕਸਾਨੀਆਂ ਗਈਆਂ ਕਾਰਾਂ, ਦੋਪਹੀਆ ਸਕੂਟਰਾਂ, ਮੋਟਰ ਸਾਈਕਲਾਂ ਅਤੇ ਕਪੜੇ ਧੋਣ ਵਾਲੀਆਂ ਮਸ਼ੀਨਾ ਦੀ ਉਨ੍ਹਾਂ ਦੇ ਘਰਾਂ ਵਿੱਚ ਜਾ ਕੇ ਮੁੱਫ਼ਤ ਮੁਰੰਮਤ ਕੀਤੀ। ਸਾਰੀਆਂ ਹੀ ਸਿਆਸੀ ਪਾਰਟੀਆਂ ਕੁਦਰਤ ਦੀ ਕਰੋਪੀ ਤੇ ਸਿਆਸਤ ਕਰਕੇ ਸਿਆਸੀ ਲਾਹਾ ਲੈਣ ਵਿੱਚ ਜੁਟੀਆਂ ਰਹੀਆਂ। ਕੁਝ ਕੁ ਵਿਅਕਤੀ ਸਵੈ ਇੱਛਤ ਸੰਸਥਾਵਾਂ ਦੇ ਨਾਮ ਤੇ ਫੋਟੋਆਂ ਖਿਚਵਾ ਕੇ ਸ਼ੋਸ਼ਲ ਮੀਡੀਆ ਰਾਹੀਂ ਆਪੋ ਆਪਣਾ ਪ੍ਰਚਾਰ ਕਰਦੀਆਂ ਵੀ ਵੇਖੀਆਂ ਗਈਆਂ।
ਪੰਜਾਬੀਆਂ ਦੀ ਸੇਵਾ ਭਾਵਨਾ ਵੇਖਣ ਵਾਲੀ ਹੈ। ਸ਼ਾਲਾ ! ਇਨ੍ਹਾਂ ਵਿੱਚ ਇਹ ਭਾਵਨਾ ਪ੍ਰਜਵਲਤ ਰਹੇ ਤੇ ਲੋਕਾਈ ਦੀ ਸੇਵਾ ਕਰਦੇ ਰਹਿਣ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com