Advocate Surinder Singh Kanwar

ਗੁਰੂ ਨਾਨਕ ਦਾ ਧਰਮ - ਐਡਵੋਕੇਟ ਸੁਰਿੰਦਰ ਸਿੰਘ ਕੰਵਰ

ਗੁਰੂ ਨਾਨਕ ਸਾਹਿਬ ਜਦੋਂ ਮੱਕੇ ਗਏ ਅਤੇ ਉਥੇ ਉਨ੍ਹਾਂ ਦੀ ਮੁਲਾਕਾਤ ਕਾਜ਼ੀ ਰੁਕਣ ਦੀਨ ਨਾਲ ਹੋਈ। ਕਾਜ਼ੀ ਰੁਕਣ ਦੀਨ ਨੇ ਗੁਰੂ ਸਾਹਿਬ ਨੂੰ ਪੁਛਿਆ ''ਫ਼ਲਾ ਅਲਾਹ ਮਜ਼ਹਬੂ'' ਭਾਵ- ਤੇਰਾ ਧਰਮ ਕੀ ਹੈ? ਇਸ ਦੇ ਉਤਰ ਵਿਚ ਗੁਰੂ ਸਾਹਿਬ ਆਖਦੇ ਹਨ ''ਅਬਦੁਲਾ ਅਲਾਹ ਲਾ ਮਜ਼ਹਬੂ'' ਭਾਵ- ਮੈਂ ਖੁਦਾ ਦਾ ਬੰਦਾ ਹਾਂ ਅਤੇ ਮੈਂ ਕਿਸੇ ਧਰਮ ਨਾਲ ਸੰਬੰਧ ਨਹੀਂ ਰਖਦਾ। ਇਹ ਜ਼ਿਕਰ ਕੀਤਾ ਹੈ ਜੈਨੂਅਲ ਅਬਦੀਨ ਨੇ ਆਪਣੀ ਪੁਸਤਕ ''ਤਾਰੀਖੇ ਅਰਬ'' ਵਿਚ। ਜੈਨੂਅਲ ਅਬਦੀਨ ਲਿਖਦਾ ਹੈ ਕਿ ਜਿਸ ਵਕਤ ਗੁਰੂ ਸਾਹਿਬ ਦੀ ਮੁਲਾਕਾਤ ਰੁਕਣ ਦੀਨ ਨਾਲ ਹੋਈ ਤਾਂ ਉਹ (ਜੈਨੂਅਲ ਅਬਦੀਨ) ਖੁਦ ਉਥੇ ਹੀ ਸੀ। ਇਹ ਸਾਰਾ ਹਵਾਲਾ ਦਿੱਤਾ ਹੈ ਹਰਦੇਵ ਸਿੰਘ ਸ਼ੇਰਗਿਲ ਨੇ ਆਪਣੇ ਲੇਖ (Finding Guru Nanak) ਜੋ ਕਿ ''ਦੀ ਸਿੱਖ ਬੁਲੇਟਣ'' ਮਾਰਚ-ਅਪਰੈਲ 2016 ਦੇ ਅੰਕ ਵਿਚ ਛਪਇਆ ਹੈ।
ਇਸੇ ਸੰਕਲਪ ਨੂੰ ਪੰਚਮ ਪਾਤਸ਼ਾ ਨੇ ਗੁਰਬਾਣੀ ਵਿਚ ਵੀ ਸਪਸ਼ਟ ਕੀਤਾ ਹੈ। ਗੁਰੂ ਸਾਹਿਬ ਫ਼ਰਮਾਉਂਦੇ ਹਨ ਕਿ ਮੈਂ ਨਾ ਤਾਂ ਕਾਬੇ ਹੱਜ ਵਾਸਤੇ ਜਾਂਦਾ ਹਾਂ ਅਤੇ ਨਾ ਹੀ ਤੀਰਥਾਂ ਤੇ ਕਿਸੇ ਇਸ਼ਨਾਨ ਕਰਨ ਜਾਂਦਾ ਹਾਂ, ਨਾ ਮੈਂ ਪੂਜਾ ਕਰਦਾ ਹਾਂ ਅਤੇ ਨਾ ਹੀ ਨਿਮਾਜ਼ ਪੜ੍ਹਦਾ ਹਾਂ।ਭਾਵ ਇਹ ਕਿ ਗੁਰੂ ਸਾਹਿਬ ਸਪਸ਼ਟ ਕਰਦੇ ਹਨ ਕਿ ਮੈਂ ਕਿਸੇ ਤਰ੍ਹਾਂ ਦੇ ਵੀ ਕਰਮਕਾਂਡ ਨਹੀਂ ਅਪਣਾਉਂਦਾ। ਫਿਰ ਇਸੇ ਸ਼ਬਦ ਵਿਚ ਗੁਰੂ ਸਾਹਿਬ ਆਖਦੇ ਹਨ ਕਿ ''ਨਾ ਹਮ ਹਿੰਦੂ ਨ ਮੁਸਲਮਾਨ'' (ਗ:ਗ:ਸ: ਪੰਨਾ-1136) ਭਾਵ ਇਹ ਕਿ ਗੁਰੂ ਸਾਹਿਬ ਇਹ ਐਲਾਨ ਕਰਦੇ ਹਨ ਕਿ ਉਹ ਕਿਸੇ ਵੀ ਕਰਮਕਾਂਡੀ ਧਰਮ ਦੇ ਅਨੁਯਾਈ ਨਹੀਂ ਹਨ। ਗੁਰਬਾਣੀ ਦੇ ਇਸ ਫ਼ਲਸਫ਼ੇ ਅਨੁਸਾਰ ਕਿਸੇ ਵੀ ਕਰਮਾਂਡੀ ਧਰਮ ਨੂੰ ਅਪਨਾਉਂਣਾ ਮੁਰਖਤਾਈ ਹੈ। ਇਨ੍ਹਾਂ ਹਾਲਤਾਂ ਵਿਚ ਪ੍ਰਸ਼ਨ ਉਠਦਾ ਹੈ ਕਿ ਫਿਰ ਸਿੱਖ ਧਰਮ ਕਿਵੇਂ ਬਨਿਆ? ਕੀ ਕਾਰਨ ਹੈ ਕਿ ਗੁਰੂ ਸਾਹਿਬ ਨੂੰ ਸਿੱਖ ਧਰਮ ਦੇ ਬਾਨੀ ਕਿਹਾ ਜਾਂਦਾ ਹੈ? ਇਸ ਸੰਬੰਧੀ ਵਿਚਾਰ ਇਸ ਤਰ੍ਹਾਂ ਆਂਉਂਦੀ ਹੈ ਕਿ:
ਗੁਰੂ ਨਾਨਕ ਸਾਹਿਬ ਦੇ ਸਮੇਂ ਭਾਰਤ ਵਿਚ ਮੁੱਖ ਤੌਰ ਤੇ ਦੋ ਧਰਮ ਪ੍ਰਚੱਲਤ ਸਨ: ਹਿੰਦੂ ਧਰਮ ਅਤੇ ਇਸਲਾਮ ਧਰਮ। ਜੈਨ, ਬੁੱਧ ਆਦਿ ਧਰਮਾਂ ਨੂੰ ਹਿੰਦੂ ਮੱਤ ਨਿਗਲ ਚੁੱਕਾ ਸੀ। ਨਾਲ ਹੀ ਇਸਲਾਮ ਅਤੇ ਹਿੰਦੂ ਧਰਮ ਦੇ ਪਰਚਾਰਕਾਂ ਨੇ ਲੋਕਾਂ ਨੂੰ ਵਹਿਮਾਂ ਭਰਮਾਂ ਦੇ ਭੰਬਲਭੂਸੇ ਵਿਚ ਫਸਾ ਰੱਖਿਆ ਸੀ। ਇਸ ਦੇ ਇਲਾਵਾ ਹਿੰਦੂ ਧਰਮ ਦੇ ਪਰਚਾਰਕਾਂ ਨੇ, ਤਾਂ ਆਮ ਜਨਤਾ ਨੂੰ ਵੱਖ ਵੱਖ ਦੇਵੀ ਦੇਵਤਿਆਂ ਦੀ ਪੂਜਾ ਪਾਠ ਵਾਲੇ ਕਰਮਕਾਂਡਾਂ ਵਿਚ ਜਕੜਿਆ ਹੋਇਆ  ਸੀ। ਕਈ ਤੀਰਥ ਅਸਥਾਨ ਸਥਾਪਤ ਕਰ ਰੱਖੇ ਸਨ ਅਤੇ ਲੋਕਾਂ ਵਿਚ ਇਹ ਪ੍ਰਭਾਵ ਪੈਦਾ ਕੀਤਾ ਹੋਇਆ ਸੀ ਕਿ ਉਨ੍ਹਾਂ ਦਾ ਕਲਿਆਨ ਤਾਂ ਹੀ ਹੋ ਸਕਦਾ ਹੈ ਜੇਕਰ ਉਹ ਇਨ੍ਹਾਂ ਤੀਰਥਾਂ ਅਤੇ ਮੰਦਰਾਂ ਵਿਚ ਜਾ ਕੇ ਪੂਜਾ ਆਦਿ ਕਰਦੇ ਰਹਿਣ। ਇਸੇ ਤਰ੍ਹਾਂ ਹੋਰ ਵੀ ਕਈ ਕਰਮਕਾਂਡਾਂ ਵਾਲੇ ਪੂਜਾ ਦੇ ਸਾਧਨ ਸਥਾਪਤ ਕਰ ਰੱਖੇ ਸਨ ਜਿਨ੍ਹਾਂ ਦੁਆਰਾ ਇਹ ਪੁਜਾਰੀ ਵਰਗ ਹਰ ਤਰ੍ਹਾਂ ਦੇ ਲੋਕਾਂ ਦਾ ਸ਼ੋਸ਼ਣ ਕਰਦੇ ਅਤੇ ਆਮ ਲੋਕਾਂ ਦੀ ਮੂਰਖਤਾ ਦਾ ਲਾਭ ਉਠਾਉਂਦੇ।
 ਆਮ ਲੋਕਾਂ ਨੂੰ ਕਈ ਜਾਤਾਂ ਵਰਣਾਂ ਆਦਿ ਵਿਚ ਵੰਡ ਰੱਖਿਆ ਸੀ। ਇਕ ਅਛੂਤ ਵਰਗ ਬਣਾ ਕੇ, ਉਨ੍ਹਾਂ ਉਤੇ ਤਾਂ ਬੇਹੱਦ ਜ਼ੁਲਮ ਕੀਤੇ ਜਾ ਰਹੇ ਸਨ। ਕਈ ਕਰਮਕਾਂਡ ਗੁੰਝਲਦਾਰ, ਕਠਨ ਅਤੇ  ਬਹੁਤ ਹੀ ਬੇਮਾਇਣਾ ਹੁੰਦੇ ਸਨ। ਹੈਰਾਨਗੀ ਤਾਂ ਇਸ ਗੱਲ ਦੀ ਹੁੰਦੀ ਹੈ ਕਿ ਇਹ ਬੇਮਾਇਣਾ ਕਰਮਕਾਂਡ ਅੱਜ ਦੇ ਵਿਗਿਆਨਕ ਯੁੱਗ ਵਿਚ ਵੀ ਪ੍ਰਚੱਲਤ ਹਨ। ਸਮਝਾਇਆ ਇਹ ਜਾਂਦਾ ਹੈ ਕਿ ਕਰਮਕਾਂਡ ਜਿਤਨੇ ਜ਼ਿਆਦਾ ਗੁੰਝਲਦਾਰ ਕੀਤੇ ਜਾਣ ਉਤਨ੍ਹਾਂ ਹੀ ਉਨ੍ਹਾਂ ਦਾ ਮਹਾਤਮ ਤੇ ਲਾਭ ਹੁੰਦਾ ਹੈ। ਕਰਮਕਾਂਡਾਂ ਨੂੰ ਨਿਭਾਉਣਾ, ਇਨ੍ਹਾਂ ਕਰਮਕਾਂਡਾਂ ਦੀ ਪੂਰਤੀ ਕਰਨਾ ਹੀ ਧਰਮ ਮੰਨਿਆ ਜਾਂਦਾ ਸੀ ਅਤੇ ਅੱਜ ਵੀ ਇਹੀ ਧਾਰਣਾ ਪ੍ਰਚੱਲਤ ਹੈ। ਕਰਮਕਾਂਡਾਂ ਦੀ ਪੂਰਤੀ ਨੂੰ ਹੀ ਧਰਮ ਕਿਹਾ ਜਾਂਦਾ ਹੈ। ਕਰਮਕਾਂਡੀ ਧਰਮ ਦੀ ਸਥਾਪਨਾ ਪੁਜਾਰੀ ਵਰਗ, ਜਾਂ ਚਤੁਰ ਵਰਗ, ਨੇ ਆਪਣੀ ਖੁਦਗ਼ਰਜ਼ੀ ਦੀ ਪੂਰਤੀ ਵਾਸਤੇ ਹੀ ਕੀਤੀ ਸੀ। ਅਸਲ ਧਰਮ ਨੂੰ ਨਾ ਤੇ ਸਮਝਿਆ ਗਿਆ ਅਤੇ ਨਾ ਹੀ ਸਮਝਾਇਆ ਗਿਆ ਸੀ। ਅਫਸੋਸ ਤਾਂ ਇਹ ਹੈ ਕਿ ਹਾਲੀ ਵੀ ਧਰਮ ਨੂੰ ਠੀਕ ਦ੍ਰਿਸ਼ਟੀਕੋਨ ਤੋਂ ਸਮਝਿਆ ਨਹੀਂ ਗਿਆ।
 ਸੂਝਵਾਨ ਵਿਦਵਾਨਾਂ ਨੇ, ਧਰਮ ਪ੍ਰਤੀ, ਬਹੁਤ ਸੁੰਦਰ ਕਿਹਾ ਹੈ ਕਿ "God created humanity, we created religions! God created earth, we created boundaries!! In the name of our creations, we continue to destroy His creations!"  ਭਾਵ ਇਹ ਕਿ ਰੱਬ ਨੇ ਇਨਸਾਨੀਅਤ ਪੈਦਾ ਕੀਤੀ, ਅਸੀਂ ਧਰਮ ਬਣਾਇਆ: ਰੱਬ ਨੇ ਧਰਤੀ ਬਣਾਈ, ਅਸੀਂ ਹੱਦਾਂ ਬਣਾ ਦਿੱਤੀਆਂ: ਸਿਰਜਣਾ ਦੇ ਨਾਮ ਤੇ ਅਸੀਂ ਕਾਦਰ ਦੀ ਕਿਰਤ ਨੂੰ ਖ਼ਤਮ ਕਰੀ ਜਾ ਰਹੇ ਹਾਂ।
ਗੁਰਬਾਣੀ ਅਨੁਸਾਰ ਕਰਮਕਾਂਡਾਂ ਵਾਲਾ ਧਰਮ ਪਾਖੰਡ ਹੁੰਦਾ ਹੈ, ਧਰਮ ਨਹੀਂ। ਗੁਰਬਾਣੀ ਦਾ ਫ਼ਰਮਾਨ ਹੈ: ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮੁ ਜਾਗਾਤੀ ਲੂਟੈ॥ (ਗ:ਗ:ਸ: ਪੰਨਾ-747) ਭਾਵ ਇਹ ਕਿ ਤੀਰਥਾਂ ਦੇ ਇਸ਼ਨਾਨ, ਕਰਮਕਾਂਡੀ ਪਾਠ ਪੂਜਾ ਤੇ ਹੋਰ ਕਿਸੇ ਵੀ ਤਰ੍ਹਾਂ ਦੇ ਮਿਥੇ ਹੋਏ ਵਿਖਾਵੇ ਦੇ ਕੰਮ, ਜੋ ਵੀ ਲੋਕ ਕਰਦੇ ਹਨ, ਉਹਨ੍ਹਾਂ ਨੂੰ ਜਮੁ ਜਾਗਾਤੀ ਭਾਵ ਮਸੂਲੀਆ ਜਮ (ਧਰਮ ਦੇ ਠੇਕੇਦਾਰ ਜਮ ਹੀ ਹੁੰਦੇ ਹਨ) ਲੁੱਟ ਲੈਂਦੇ ਹਨ।
    ਗੁਰੂ ਨਾਨਕ ਸਾਹਿਬ ਨੇ ਇਸ ਦੁਨੀਆ ਦੀ ਲੋਕਾਈ ਨੂੰ ਅੰਧ ਵਿਸ਼ਵਾਸ ਅਤੇ ਅਗਿਆਨਤਾ ਵਾਲੇ ਮਾਹੌਲ ਤੋਂ ਬਾਹਰ ਕੱਢ ਕੇ ਇਕ ਚੰਗਾ ਸੁਚੱਜਾ ਬਰਾਬਰਤਾ ਵਾਲਾ ਸਮਾਜ ਉਸਾਰਣ ਦਾ ਆਪਣਾ ਉਦੇਸ਼ ਬਣਾਇਆ। ਗੁਰੂ ਨਾਨਕ ਸਾਹਿਬ ਦਾ ਮਕਸਦ ਤਾਂ ਸਮਾਜਿਕ ਬੁਰਾਈਆਂ ਨੂੰ ਦੂਰ ਕਰਕੇ ਇਕ ਸੁਖਾਵੇਂ, ਸੁਚੱਜੇ ਤੇ ਸਚਿਆਰੇ ਸਮਾਜ ਦੀ ਸਿਰਜਨਾ ਕਰਨਾ ਸੀ। ਐਸਾ ਸਮਾਜ ਜਿਥੇ ਨਫ਼ਰਤ ਨਹੀਂ ਸਗੋਂ ਹਰ ਕਿਸੇ ਨਾਲ ਪ੍ਰੇਮ ਹੋਵੇ ਹਰ ਕੋਈ ਇਕ ਦੂਸਰੇ ਦਾ ਸਹਾਈ ਹੋਵੇ। ਐਸਾ ਸਮਾਜ ਜਿਥੇ ਊਚ ਨੀਚ ਦੇ ਚੱਕਰ ਵਿਚ ਨਿਮਾਣੇ ਲੋਕਾਂ ਦੀ ਲੁੱਟ ਨਾ ਹੋ ਸਕੇ, ਹਰ ਇਕ ਨੂੰ ਸੁਖਾਵਾਂ ਜੀਵਨ ਜੀਉਣ ਦਾ ਹੱਕ ਹੋਵੇ। ਜਿਨ੍ਹਾਂ ਲੋਕਾਂ ਨੂੰ ਕਰਮਕਾਂਡ ਦੇ ਚੱਕਰ ਵਿਚ ਫਸਾ ਕੇ ਲੁੱਟਿਆ ਜਾ ਰਿਹਾ ਸੀ ਅਤੇ ਜਿਨ੍ਹਾਂ ਦਾ, ਧਰਮ ਦੇ ਨਾਮ ਤੇ, ਸ਼ੋਸ਼ਣ ਕੀਤਾ ਜਾ ਰਿਹਾ ਸੀ, ਉਨ੍ਹਾਂ ਲੋਕਾਂ ਦੀ ਵਿਵੇਕ ਬੁਧੀ ਨੂੰ ਸੁਚੇਤ ਕਰਨਾ ਅਤੇ ਜਗਾਉਣਾ ਹੀ ਗੁਰੂ ਸਾਹਿਬ ਦਾ ਮਕਸਦ ਸੀ। ਗੁਰੂ ਸਾਹਿਬ ਦਾ ਉਪਦੇਸ਼ ਤਾਂ ਹਰ ਵਿਅਕਤੀ ਨੂੰ ਸਚਿਆਰ ਬਨਣ ਲਈ ਪ੍ਰੇਰਨਾ ਸੀ। ਗੁਰੂ ਸਾਹਿਬ ਨੇ ਕਿਸੇ ਇਕ ਫਿਰਕੇ, ਜਾਂ ਕਿਸੇ ਇਕ ਮਜ਼ਹਬ, ਜਾਂ ਕਿਸੇ ਇਕ ਧਰਮ ਦੇ ਲੋਕਾਂ ਦੀ ਗੱਲ ਨਹੀਂ ਕੀਤੀ। ਗੁਰੂ ਸਾਹਿਬਾਨ ਨੇ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ, ਨਾ ਕਿ ਕੇਵਲ ਸਿੱਖਾਂ ਦੇ ਭਲੇ ਲਈ। 
    ਭਾਵ ਇਹ ਕਿ ਗੁਰੂ ਸਾਹਿਬ ਦਾ ਮਿਸ਼ਨ ਤਾਂ ਕਰਮਕਾਂਡਾਂ ਨਾਲ ਉਸਾਰੀ ਗਈ ਕੂੜ ਦੀ ਪਾਲ ਭਾਵ ਕੂੜ ਦੀ ਕੰਧ ਨੂੰ ਤੋੜ ਕੇ ਮਨੁੱਖ ਨੂੰ ਸਚਿਆਰ ਬਣਾਉਣ ਦਾ ਸੀ ਜੋ ਕਿ ਮਨੁੱਖ ਦਾ ਧਰਮ ਹੈ। ਮਨੁੱਖੀ ਧਰਮ ਭਾਵ ਇਨਸਾਨੀਅਤ ਦੇ ਧਰਮ ਨੂੰ ਸਮਝਾਉਣਾ ਅਤੇ ਉਸ ਇਨਸਾਨੀਅਤ ਦੇ ਧਰਮ ਨੂੰ ਅਪਨਾਉਣ ਲਈ ਪ੍ਰੇਰਨਾ ਹੀ ਗੁਰੂ ਸਾਹਿਬ ਦਾ ਮਿਸ਼ਨ ਜਾਂ ਉਦੇਸ਼ ਸੀ, ਨਾ ਕਿ ਕੋਈ ਨਵਾਂ ਧਰਮ ਸਥਾਪਤ ਕਰਨਾ। ਗੁਰਬਾਣੀ ਦਾ ਫ਼ਰਮਾਨ ਹੈ: ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥ (ਗ:ਗ:ਸ: ਪੰਨਾ-1) ਭਾਵ: ਕਿ, ਵਿਚਾਰ ਤਾਂ ਇਹ ਕਰਨੀਂ ਹੈ ਕਿ ਧਰਮ ਦੇ ਨਾਮ ਤੇ ਜੋ ਕਰਮਕਾਂਡੀ ਕੂੜ ਦੀ ਦੀਵਾਰ ਉਸਾਰ ਰੱਖੀ ਹੈ ਉਸ ਤੋਂ ਬਾਹਰ ਆ ਕੇ ਸਚਿਆਰ ਕਿਵੇਂ ਹੋਣਾ ਹੈ। ਗੁਰਬਾਣੀ ਦਾ ਮਕਸਦ ਹੀ ਸਾਰੀ ਲੋਕਾਈ ਨੂੰ ਸਚਿਆਰ ਬਨਾਉਣਾ ਹੈ ਜਿਸ ਨਾਲ ਇਕ ਸੁਚੱਜੇ ਸਮਾਜ ਦੀ ਸਿਰਜਨਾ ਹੋ ਸਕੇ। ਸਚਿਆਰ ਹੋਣਾ ਹੀ ਇਨਸਾਨ ਹੋਣਾ ਹੈ ਅਤੇ ਇਨਸਾਨ ਹੋਣਾ ਹੀ ਇਨਸਾਨੀਅਤ ਦਾ ਧਰਮ ਹੈ। ਇਸੇ ਇਨਸਾਨੀਅਤ ਦੇ ਧਰਮ ਦੀ ਕਲਪਣਾ ਹੀ ਕੀਤੀ ਸੀ ਗੁਰੂ ਸਾਹਿਬ ਨੇ। ਇਸੇ ਨੂੰ ਕਿਹਾ ਹੈ: ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ॥(ਗ:ਗ:ਸ: ਪੰਨਾ-441)
 ਭਾਵ ਇਹ ਕਿ ਗੁਰੂ ਸਹਿਬ ਨੇ, ਹਰ ਕਿਸੇ ਨੂੰ, ਚੰਗੇ ਗੁਣ ਗ੍ਰਹਿਣ ਕਰਨ ਲਈ ਪ੍ਰੇਰਿਆ ਸੀ ਭਾਵੇਂ ਕੋਈ ਹਿੰਦੂ ਹੋਵੇ ਤੇ ਭਾਵੇਂ ਮੁਸਲਮਾਨ, ਜਾਂ ਕੋਈ ਕਿਸੇ ਵੀ ਕਹੇ ਜਾਂਦੇ ਧਰਮ ਨਾਲ ਸੰਬੰਧਤ ਹੋਵੇ। ਗੁਰੂ ਸਾਹਿਬ ਨੇ ਸਮਝਾਇਆ ਕਿ ਅਮਲ, ਭਾਵ ਕਰਮ ਚੰਗੇ ਹੋਣੇ ਚਾਹੀਦੇ ਹਨ ਕਿਸੇ ਧਰਮ ਨੂੰ ਅਪਨਾਉਣ ਨਾਲ  ਕੋਈ ਚੰਗਾ ਜਾਂ ਮੰਦਾ ਨਹੀਂ ਹੁੰਦਾ।ਮਨੁੱਖ ਦੀ ਪਹਿਚਾਣ ਤਾਂ ਕੇਵਲ ਕਰਮਾਂ ਦੇ ਆਧਾਰ ਤੇ ਹੁੰਦੀ ਹੈ।
ਧਰਮ ਸਬੰਧੀ ਗੁਰੂ ਸਾਹਿਬ ਦੀ ਵਿਚਾਰਧਾਰਾ ਸਿੱਧ ਗੋਸ਼ਟ ਤੋਂ ਬਹੁਤ ਸਪਸ਼ਟ ਹੁੰਦੀ ਹੈ। ਜਦੋਂ ਗੁਰੂ ਸਾਹਿਬ ਨੂੰ ਪੁਛਿਆ ਗਿਆ ਕਿ ਕਿਹੜਾ ਧਰਮ ਚੰਗਾ ਹੈ, ਤੇ ਧਰਮ ਸੰਬੰਧੀ ਗੁਰੂ ਸਾਹਿਬ ਦੀ ਵਿਚਾਰਧਾਰਾ ਨੂੰ ਭਾਈ ਗੁਰਦਾਸ ਜੀ ਨੇ ਇਸ ਤਰ੍ਹਾਂ ਬਿਆਨ ਕੀਤਾ ਹੈ: ਪੁਛਨਿ ਫੋਲਿ ਕਿਤਾਬ ਨੋ ਹਿੰਦੂ ਵਡਾ ਕਿ ਮੁਸਲਮਾਨੋਈ॥ ਬਾਬਾ ਆਖੇ ਹਾਜੀਆ ਸੁਭਿ ਅਮਲਾ ਬਾਝਹੁ ਦੋਨੋ ਰੋਈ॥ ਹਿੰਦੂ ਮੁਸਲਮਾਨ ਦੁਇ ਦਰਗਹ ਅੰਦਰਿ ਲਹਣਿ ਨ ਢੋਈ॥ (ਵਾਰ 33 ਪਉੜੀ 1) ਇਹ ਵਾਰਤਾ ਸਪਸ਼ਟ ਕਰਦੀ ਹੈ ਕਿ ਗੁਰੂ ਸਾਹਿਬ ਸ਼ੁਭਿ ਅਮਲਾ ਦੀ ਹੀ ਗੱਲ ਕਰਦੇ ਹਨ ਕਿਸੇ ਧਰਮ ਨੂੰ ਅਪਨਾਉਣ ਲਈ ਨਹੀਂ ਪ੍ਰੇਰਦੇ।ਗੁਰੂ ਸਾਹਿਬ ਦਾ ਮਨੋਰਥ ਤਾਂ ਕੇਵਲ ਮਨੁੱਖ ਨੂੰ ਸ਼ੁਭ ਅਮਲਾਂ ਦਾ ਧਾਰਨੀ ਬਨਾਉਣਾ ਸੀ।
  ਗੁਰੂ ਸਾਹਿਬ ਨੇ ਕਿਸੇ ਨੂੰ ਕੋਈ ਧਰਮ ਛੱਡਣ ਵਾਸਤੇ ਨਹੀਂ ਕਿਹਾ ਅਤੇ ਨਾ ਹੀ ਕੋਈ ਧਰਮ ਅਪਨਾਉਣ ਵਾਸਤੇ ਆਖਿਆ। ਗੁਰੂ ਸਾਹਿਬ ਦਾ ਮਨੋਰਥ ਤੇ ਧਰਮ ਦੇ ਆਧਾਰ ਤੇ ਜੋ ਦਿਲਾਂ ਵਿਚ ਨਫ਼ਰਤ ਸੀ ਉਸ ਨਫ਼ਰਤ ਨੂੰ ਖ਼ਤਮ ਕਰਨਾ ਸੀ। ਗੁਰੂ ਸਾਹਿਬ ਨੇ ਥਾਂ ਥਾਂ ਜਾ ਕੇ ਪ੍ਰਚਾਰ ਕੀਤਾ, ਕਈ ਭੁਲੇ ਭਟਕਿਆਂ ਨੂੰ ਰਸਤੇ ਪਾਇਆ ਵੀ, ਪਰ ਉਨ੍ਹਾਂ ਦੀ ਘਾਲਣਾ ਨਾਲ ਵੀ ਇਹ ਬੁਰਾਈ ਖ਼ਤਮ ਨਹੀਂ ਹੋਈ। ਅਫਸੋਸ ਹੈ ਕਿ ਅੱਜ ਵੀ ਧਰਮ ਦੇ ਨਾਮ ਤੇ ਨਫਰਤ ਫੈਲਾਈ ਜਾ ਰਹੀ ਹੈ।
 ਗੁਰੂ ਸਾਹਿਬ ਦਾ ਉਪਦੇਸ਼ ਹੈ ਕਿ ਸਭ ਲੋਕ ਬਰਾਬਰ ਹੁੰਦੇ ਹਨ ਇਸੇ ਲਈ ਗੁਰਬਾਣੀ ਦੇ ਫ਼ਲਦਫ਼ੇ ਅਨੁਸਾਰ: ਅਵਲਿ ਅਲਹ ਨੂਰ ਉਪਾਇਆ ਕੁਦਰਤਿ ਕੇ ਸਭ ਬੰਦੇ॥ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ॥- (ਗ:ਗ:ਸ: ਪੰਨਾ-1349)। ਭਾਵ ਸਾਰੀ ਸ੍ਰਿਸ਼ਟੀ ਦੇ ਲੋਕ ਇਕੋ ਰੱਬੀ ਜੋਤ ਵਿਚੋਂ ਉਪਜੇ ਹਨ ਇਸ ਲਈ ਸਭ ਬਰਾਬਰ ਹਨ ਕੋਈ ਚੰਗਾ ਜਾਂ ਮੰਦਾ ਨਹੀਂ ਹੁੰਦਾ। ਨਬੇੜਾ ਤੇ ਕਰਮਾਂ ਤੇ ਹੁੰਦਾ ਹੈ। ਜੋ ਨੀਚ ਭਾਵ ਬੁਰੇ ਕੰਮ ਕਰਦਾ ਹੈ ਉਹ ਮੰਦਾ ਤੇ ਨੀਚ ਜਾਤੀ ਦਾ ਹੋ ਜਾਂਦਾ ਹੈ ਅਤੇ ਜੋ ਨੇਕ ਤੇ ਚੰਗੇ ਭਾਵ ਉੱਚੇ ਸੁੱਚੇ ਵਿਚਾਰਾਂ ਵਾਲੇ ਕੰਮ ਕਰਦਾ ਹੈ ਉਹ ਭਲਾ ਤੇ ਉੱਚੀ ਜਾਤੀ ਦਾ ਹੋ ਜਾਂਦਾ ਹੈ।
ਗੁਰੂ ਸਾਹਿਬ ਨੇ ਹਿੰਦੂਆਂ ਜਾਂ ਮੁਸਲਮਾਨਾਂ ਨੂੰ ਵੱਖ ਵੱਖ ਨਹੀਂ ਸੀ ਕੀਤਾ ਸਭ ਵਾਸਤੇ ਉਪਦੇਸ਼ ਇਕ ਹੀ ਸੀ। ਜੋ ਲੋਕ ਵੀ ਭਾਵੇਂ ਹਿੰਦੂ ਤੇ ਭਾਵੇਂ ਮੁਸਲਮਾਨ ਗੁਰੂ ਸਾਹਿਬਾਨ ਦੇ ਅਨੁਯਾਈ ਬਣੇ ਉਨ੍ਹਾਂ ਨੂੰ ਸਿੱਖ ਆਖਿਆ ਜਾਣ ਲੱਗਾ। ਗੁਰੂ ਸਾਹਿਬ ਨੇ ਕਿਸੇ ਨੂੰ ਨਾ ਕੋਈ ਧਰਮ ਛੱਡਣ ਵਾਸਤੇ ਕਿਹਾ ਅਤੇ ਨਾ ਹੀ ਕੋਈ ਨਵਾਂ ਧਰਮ ਅਪਨਾਉਣ ਲਈ ਕਿਹਾ; ਕੇਵਲ ਕਰਮ ਚੰਗੇ ਕਰਨ ਲਈ ਪ੍ਰੇਰਿਆ। ਗੁਰੂ ਸਾਹਿਬ ਨੇ ਕਿਸੇ ਨੂੰ ਵੀ ਕੋਈ ਖਾਸ ਵੇਸ-ਭੂਸ਼ਾ ਜਾਂ ਪਹਿਰਾਵੇ ਨੂੰ ਅਪਨਾਉਣ ਵਾਸਤੇ ਵੀ ਨਹੀਂ ਕਿਹਾ ਅਤੇ ਨਾ ਹੀ ਕੋਈ ਖਾਸ ਪੂਜਾ ਦੇ ਢੰਗ ਹੀ ਸਥਾਪਤ ਕੀਤੇ। ਆਮ ਲੋਕਾਂ ਲਈ ਇਹ ਵਰਦਾਨ ਸੀ ਜਿਸ ਕਾਰਨ ਬਹੁਤ ਲੋਕ ਗੁਰੂ ਸਾਹਿਬ ਨਾਲ ਜੁੜਦੇ ਗਏ ਅਤੇ ਇਨ੍ਹਾਂ ਨੂੰ ਸਿੱਖ ਆਖ ਦਿੱਤਾ ਗਿਆ। ਇਹ ਗੱਲ ਵੱਖਰੀ ਹੈ ਕਿ ਬਾਅਦ ਵਿਚ ਜਾ ਕੇ ਇਕ ਵਰਗ ਨੇ ਇਸ ਨੂੰ ਇਕ ਵੱਖਰਾ ਸਿੱਖ ਧਰਮ ਹੀ ਘੋਸ਼ਤ ਕਰ ਦਿੱਤਾ। ਵਕਤ ਦੇ ਨਾਲ ਇਸ ਘੋਸ਼ਤ ਕੀਤੇ ਗਏ ਸਿੱਖ ਧਰਮ ਦੇ ਪੁਜਾਰੀ ਠੇਕੇਦਾਰ ਪੈਦਾ ਹੋ ਗਏ ਅਤੇ ਆਪਣੇ ਵੱਖਰੇ ਹੀ ਕਰਮਕਾਂਡ ਸਥਾਪਤ ਕਰ ਲਿੱਤੇ ਗਏ। ਇਸੇ ਲਈ ਦੁਖ ਹੁੰਦਾ ਹੈ ਜਦੋਂ ਵੇਖਦੇ ਹਾਂ ਕਿ ਆਮ ਤੌਰ ਤੇ ਜੋ ਲੋਕ ਗੁਰਬਾਣੀ ਪੜ੍ਹਦੇ ਹਨ ਅਤੇ ਆਪਣੇ ਆਪ ਨੂੰ ਸਿੱਖ ਵੀ ਅਖਵਾਉਂਦੇ ਹਨ ਭਾਵ ਗੁਰੂ ਨਾਨਕ ਦੇ ਅਨੁਯਾਈ ਸਮਝੇ ਜਾਂਦੇ ਹਨ ਪਰ ਉਹ ਵੀ ਕਰਮਕਾਂਡਾਂ ਦੇ ਚੱਕਰ ਵਿਚ ਫਸੇ ਹੋਏ ਹਨ। ਕਹੇ ਜਾਂਦੇ ਸਿੱਖ ਜਗਤ ਵਿਚ ਕਈ ਬਾਬੇ, ਸੰਤ, ਮਹੰਤ, ਡੇਰੇਦਾਰ, ਟਕਸਾਲੀਏ, ਪ੍ਰਚਾਰਕ ਤੇ ਹੋਰ ਇਸ ਤਰ੍ਹਾਂ ਦੇ ਆਪਣੇ ਆਪ ਨੂੰ ਧਰਮੀ ਅਖਵਾਉਂਦੇ ਲੋਕਾਂ ਨੇ ਨਵੇਂ ਨਵੇਂ ਕਰਮਕਾਂਡ ਸਥਾਪਤ ਕਰ ਦਿੱਤੇ ਹਨ। ਇਨ੍ਹਾਂ ਸਭ ਨੇ ਮਿਲ ਕੇ ਧਰਮ ਦੇ ਨਾਮ ਤੇ ਕੂੜ ਦੀ ਦੀਵਾਰ ਹੋਰ ਵੀ ਉੱਚੀ ਤੇ ਪੱਕੀ ਕਰ ਦਿੱਤੀ ਹੈ। ਇਤਨੀ ਉੱਚੀ ਤੇ ਪੱਕੀ ਕਰ ਦਿੱਤੀ ਹੈ ਕਿ ਹੁਣ ਸ਼ਾਇਦ ਇਹ ਦੀਵਾਰ ਪਾਰ ਨਹੀਂ ਹੋ ਸਕਦੀ।
    ਗੁਰੂ ਨਾਨਕ ਦੇ ਧਰਮ ਪ੍ਰਤੀ ਫ਼ਲਸਫ਼ੇ ਨੂੰ, ਗੁਰਬਾਣੀ ਵਿਚ ਇਸ ਤਰ੍ਹਾਂ ਵੀ ਸਪਸ਼ਟ ਕੀਤਾ ਹੈ:- ਬਲਿਓ ਚਰਾਗੁ ਅੰਧ૳ਾਰ ਮਹਿ ਸਭ ਕਲਿ ਉਧਰੀ ਇਕ ਨਾਮ ਧਰਮ॥ ਪ੍ਰਗਟੁ ਸਗਲ ਹਰਿ ਭਵਨ ਮਹਿ ਜਨੁ ਨਾਨਕੁ ਗੁਰੁ ਪਾਰਬ੍ਰਹਮ॥ ਸਵਯੇ ਸ੍ਰੀ ਮੁਖਬਾਕ૳ ਮਹਲਾ 5 (ਗ:ਗ:ਸ: ਪੰਨਾ-1387) ਵਿਦਵਾਨ ਇਸ ਦੇ ਅਰਥ ਇਸ ਤਰ੍ਹਾਂ ਸਮਝਾਉਂਦੇ ਹਨ: Nanak person, the Guru, and an image of Infinite God, has appeared in the whole  world  as a light to dispel  darkness (ignorance) for the whole world under one religion of righteousness of God. ?? ???  ??? = ??? is usually interpreted as ‘Religion’ but it also means ‘duty’ /‘righteousness’. (Adhering to moral principles) According to Guru Nanak ??? is used for an ‘Eternal Entity’ (commonly understood as God in English) for which there is no ??? (name). Therefore, here ?? ??? ??? has been interpreted as ‘the religion of Righteousness of God’. =Adhering to moral principles ("an internal sense of righteousness") ਗੁਰੂ ਪਾਰਬ੍ਰਹਮ has been used metaphorically for ਜਨੁ ਨਾਨਕ (Nanak as a person).  ਸਮੁੱਚਾ ਭਾਵ ਇਹ ਕਿ ਗੁਰੂ ਨਾਨਕ ਦੀ ਜੋਤ ਨੇ ਸਾਰੀ ਦੁਨੀਆ ਦੇ ਕਲਿਆਨ ਵਾਸਤੇ (ਕੇਵਲ ਭਾਰਤਵਾਸੀਆਂ ਵਾਸਤੇ ਜਾਂ ਕੇਵਲ ਸਿੱਖਾਂ ਦੇ ਕਲਿਆਨ ਵਾਸਤੇ ਨਹੀਂ) ਜਿਸ ਧਰਮ ਨੂੰ ਅਪਨਾਉਣ ਵਾਸਤੇ ਪ੍ਰੇਰਿਆ ਹੈ, ਉਹ ਹੈ: ''ਨਾਮ ਧਰਮ'' ''ਨਾਮ'' ਭਾਵ ਸੱਚਾ ਸੁੱਚਾ ਪਵਿੱਤਰ ਵਿਚਾਰ ਅਪਨਾਉਂਣੇ ਹੀ ਮਨੁੱਖੀ ਧਰਮ ਹੈ। ਇਹ ਨਾਮ ਧਰਮ ਸਾਰੀ ਲੋਕਾਈ ਵਾਸਤੇ ਹੈ, ਸੰਸਾਰ ਦੇ ਸਭ ਲੋਕਾਂ ਵਾਸਤੇ ਹੈ; ਕੇਵਲ ਕੁਝ ਮੁੱਠੀ ਭਰ ਆਪਣੇ ਆਪ ਨੂੰ ਅਖਵਾਉਂਦੇ ਸਿੱਖਾਂ ਵਾਸਤੇ ਨਹੀਂ, ਅਤੇ ਇਹ ਫ਼ਲਸਫ਼ਾ ਮਨੁੱਖ ਦੀ ਅਗਿਆਨਤਾ ਨੂੰ ਦੂਰ ਕਰਨ ਵਾਲੀ ਇਕ ਰੋਸ਼ਨੀ ਦੀ ਤਰ੍ਹਾਂ ਹੈ ਜਿਸ ਨਾਲ ਇਨਸਾਨ ਨੂੰ ਇਨਸਾਨ ਬਣਨ ਦੀ ਸੋਝੀ ਆ ਸਕਦੀ ਹੈ। ਇਹ ਗਿਆਨ ਦਾ ਫ਼ਲਸਫ਼ਾ ਹੈ ਨਾ ਕਿ ਕੋਈ ਰੱਟਣ ਵਾਲਾ ਮੰਤਰ। ਗੁਰਬਾਣੀ ਅਨੁਸਾਰ, ਸੁਹਿਰਦ, ਸੂਝਵਾਨ, ਦਿਆਲੂ, ਕਿਰਪਾਲੂ, ਤੇ ਹਰ ਤਰ੍ਹਾਂ ਦਾ ਗੁਣਕਾਰੀ ਹੋਣਾ ਹੀ ਮਨੁੱਖ ਦਾ ਧਰਮ ਹੈ।
     ਜੇਕਰ ਗੁਰੂ ਸਾਹਿਬਾਨ ਦੀ ਘਾਲਣਾ, ਉੇਨ੍ਹਾਂ ਦਾ ਬਖਸ਼ਿਆ ਹੋਇਆ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿਚ ਗਿਆਨਮਈ ਉਪਦੇਸ਼, ਉਨ੍ਹਾਂ ਦੀਆਂ ਬੇਮਿਸਾਲ ਕੁਰਬਾਨੀਆਂ ਦੇ ਬਾਵਜੂਦ ਵੀ, ਇਹ ਲੋਕਾਈ ਇਨ੍ਹਾਂ ਕਰਮਕਾਂਡਾਂ ਵਿਚੋਂ ਨਹੀਂ ਨਿਕਲੀ, ਤਾਂ ਉਸ ਦਾ ਇਕ ਕਾਰਨ ਇਹ ਹੈ ਕਿ ਗੁਰੂ ਨਾਨਕ ਦੇ ਫ਼ਲਸਫ਼ੇ ਨੂੰ ਜਾਂ ਗਿਆਨਮਈ ਉਪਦੇਸ਼ ਨੂੰ ਸਮਝਣ ਹੀ ਨਹੀਂ ਦਿੱਤਾ ਗਿਆ।
    ਅਸਲੀਅਤ ਇਹ ਵੀ ਹੈ, ਕਿ ਇਕ ਸਾਜਿਸ਼ ਤਹਿਤ, ਗੁਰੂ ਨਾਨਕ ਸਾਹਿਬ ਦੇ ਫ਼ਲਸਫ਼ੇ ਨੂੰ, ਉਨ੍ਹਾਂ ਦੇ ਸੰਦੇਸ਼ ਨੂੰ, ਉਨ੍ਹਾਂ ਦੀ ਘਾਲਣਾ ਨੂੰ, ਉਨ੍ਹਾਂ ਦੇ ਆਦਰਸ਼ ਨੂੰ ਸਿੱਖ ਧਰਮ ਨਾਲ ਜੋੜ ਕੇ ਇਸ ਫ਼ਲਸਫ਼ੇ ਦਾ ਘੇਰਾ ਸੀਮਤ ਕਰ ਦਿੱਤਾ ਗਿਆ। ਇਸ ਸਾਜਿਸ਼ ਦੀ ਵਿਓਂਤ ਇਸ ਲਈ ਘੜੀ ਗਈ ਕਿਉਂਕਿ ਬਿੱਪਰ ਨੇ, ਪੁਜਾਰੀ ਵਰਗ ਨੇ, ਇਹ ਭਾਂਪ ਲਿੱਤਾ ਸੀ ਕਿ ਆਮ ਲੋਕ ਇਸ ਵਿਚਾਰਧਾਰਾ ਨਾਲ ਜੁੜਦੇ ਜਾ ਰਹੇ ਹਨ ਅਤੇ ਇਸ ਨੂੰ ਠੱਲ ਪਾਉਣ ਲਈ ਇਹ ਢੰਗ (ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਬਾਣੀ ਨੂੰ ਸਿੱਖਾਂ ਦੀ ਬਾਣੀ ਕਹਿ ਕੇ ਇਸ ਦਾ ਘੇਰਾ ਸੀਮਤ ਕਰਨਾ) ਜ਼ਰੂਰੀ ਸਮਝਿਆ ਗਿਆ, ਜੋ ਕਿ, ਉਨ੍ਹਾਂ ਦੀ ਨੀਤੀ ਅਨੁਸਾਰ, ਉਨ੍ਹਾਂ ਵਾਸਤੇ ਕਿਸੇ ਹੱਦ ਤੱਕ ਕਾਰਗਰ ਸਾਬਤ ਹੋਇਆ ਹੈ।
    ਕਿਤਨੇ ਦੁੱਖ ਦੀ ਗੱਲ ਹੈ ਕਿ ਜਿਨ੍ਹਾਂ ਗੁਰੂ ਸਾਹਿਬਾਨ ਨੇ ਸਾਰੀ ਮਨੁੱਖਤਾ ਵਾਸਤੇ, ਇਕ ਸੁਚੱਜਾ ਸੁਚੇਤ ਤੇ ਸੁਹਿਰਦ ਸਮਾਜ ਦੀ ਸਿਰਜਨਾ ਲਈ ਕੁਰਬਾਨੀਆਂ ਦਿੱਤੀਆਂ ਉਨ੍ਹਾਂ ਗੁਰੂ ਸਾਹਿਬਾਨ ਨੂੰ ਕੇਵਲ ਸਿੱਖਾਂ ਦੇ ਗੁਰੂ ਕਹਿ ਕੇ ਉਨ੍ਹਾਂ ਲੋਕਾਂ ਨੇ ਪਿੱਠ ਕਰ ਲਈ ਜਿਨ੍ਹਾਂ ਵਾਸਤੇ ਗੁਰੂ ਸਾਹਿਬਾਨ ਨੇ ਤੱਤੀਆਂ ਤਵੀਆਂ ਤੇ ਬੈਠ ਕੇ ਤਸੀਹੇ ਸਹੇ, ਆਪਾ ਵਾਰਿਆ ਅਤੇ ਸਰਬੰਸ ਕੁਰਬਾਨ ਕਰ ਦਿੱਤੇ। ਪਤਾ ਨਹੀਂ ਉਹ ਕਿਹੜੇ ਸਿੱਖ ਸਨ ਜਿਨ੍ਹਾਂ ਖਾਤਰ ਗੁਰੂ ਸਾਹਿਬਾਨ ਨੇ ਕੁਰਬਾਨੀਆਂ ਦਿੱਤੀਆਂ। ਕੀ ਇਹ ਸਮਝ ਲਿੱਤਾ ਜਾਵੇ ਕਿ ਗੁਰੂ ਸਾਹਿਬਾਨ ਨੇ ਜੋ ਘਾਲਣਾ ਘਾਲੀ ਹੈ ਉਹ ਸਿਰਫ ਥੋੜ੍ਹੀ-ਕੁ-ਜਿੰਨੀ ਲੋਕਾਈ, ਜਿਨ੍ਹਾਂ ਨੂੰ ਸਿੱਖ ਕਿਹਾ ਜਾਂਦਾ ਹੈ, ਜਾਂ ਜੋ ਆਪਣੇ ਆਪ ਨੂੰ ਸਿੱਖ ਧਰਮ ਨਾਲ ਜੋੜਦੇ ਹਨ, ਇਹ ਸਭ ਘਾਲਣਾ ਸਿਰਫ ਉਨ੍ਹਾਂ ਵਾਸਤੇ ਹੀ ਸੀ?
    ਅਸਲ ਵਿਚ ਗੁਰਬਾਣੀ ਦੇ ਫ਼ਲਸਫ਼ੇ ਨੂੰ ਸਿੱਖ ਧਰਮ ਨਾਲ ਜੋੜ ਕੇ ਗੁਰੂ ਸਾਹਿਬਾਨ ਨਾਲ ਬੇਇਨਸਾਫੀ ਕਰਨੀ ਅਤੇ ਉਨ੍ਹਾਂ ਦਾ ਨਿਰਾਦਰ ਕਰਨਾ ਹੈ ਕਿਉਂਕਿ ਗੁਰੂ ਸਾਹਿਬਾਨ ਨੇ ਤਾਂ ਸਾਰੀ ਲੋਕਾਈ ਵਾਸਤੇ ਘਾਲਣਾ ਘਾਲੀ ਅਤੇ ਕੁਰਬਾਨੀਆਂ ਦਿੱਤੀਆਂ ਸਨ। ਗੁਰੂ ਗ੍ਰੰਥ ਸਾਹਿਬ ਵਿਚ ਅੰਕਤ ਗੁਰਬਾਣੀ ਦਾ ਫ਼ਲਸਫ਼ਾ ਇਨਸਾਨ ਨੂੰ ਇਨਸਾਨ ਬਣਾਉਣ ਵਾਸਤੇ ਹੈ ਪਰ ਸ਼ੈਤਾਨ ਤੇ ਹੈਵਾਨ ਬਿਰਤੀ ਵਾਲੇ ਪੁਜਾਰੀ, ਬਿਪ੍ਰਵਾਦੀ ਵਿਚਾਰਧਾਰਾ ਵਾਲੇ ਧਰਮ ਦੇ ਠੇਕੇਦਾਰਾਂ ਨੂੰ ਇਹ ਕਦੀ ਵੀ ਨਹੀਂ ਸੀ ਭਾਉਂਦਾ ਕਿ ਲੋਕਾਂ ਨੂੰ ਕੋਈ ਸੋਝੀ ਆਵੇ ਕਿਉਂਕਿ ਇਸ ਤਰ੍ਹਾਂ ਉਨ੍ਹਾਂ ਦੀ ਆਪਣੀ ਦੁਕਾਨਦਾਰੀ ਬੰਦ ਹੁੰਦੀ ਸੀ।
     ਇਸੇ ਲਈ ਗੁਰਬਾਣੀ ਦੇ ਫ਼ਲਸਫ਼ੇ ਨੂੰ ਸੀਮਤ ਅਤੇ ਧੁੰਦਲਾ ਕਰਨ ਵਾਸਤੇ ਪਹਿਲਾਂ ਤਾਂ ਇਸ ਫ਼ਲਸਫ਼ੇ ਨੂੰ ਸਿੱਖਾਂ ਦਾ ਧਰਮ ਗ੍ਰੰਥ ਕਹਿ ਕੇ ਕੇਵਲ ਇਕ ਛੋਟੇ ਜਿਹੇ ਵਰਗ ਵਿਚ ਸੀਮਤ ਕਰ ਦਿੱਤਾ। ਫਿਰ ਇਨ੍ਹਾਂ ਸਿੱਖਾਂ ਵਿਚ ਪੁਜਾਰੀ ਬਿਰਤੀ ਵਾਲੇ ਪਖੰਡੀ ਬਾਬੇ, ਸੰਤ, ਮਹੰਤ, ਡੇਰੇਦਾਰ, ਟਕਸਾਲੀਏ ਆਦਿ ਪੈਦਾ ਹੋ ਗਏ ਅਤੇ ਸਿੱਖਾਂ ਨੂੰ ਉਸੇ ਕਰਮਕਾਂਡ ਵਾਲੇ ਭੰਬਲਭੂਸੇ ਵਿਚ ਫਸਾ ਦਿੱਤਾ। ਹਰ ਡੇਰੇ ਵਾਲੇ, ਅਖੋਤੀ ਸੰਤ ਮਹੰਤ ਅਤੇ ਵੱਖ ਵੱਖ ਸੰਪਰਦਾਵਾਂ ਨੇ ਕਈ ਤਰ੍ਹਾਂ ਦੇ ਕਰਮਕਾਂਡ ਸਥਾਪਤ ਕਰ ਰੱਖੇ ਹਨ। ਇਥੇ ਹੀ ਬਸ ਨਹੀਂ, ਇਨ੍ਹਾਂ ਕਰਮਕਾਂਡਾਂ ਵਿਚ ਰੋਜ਼-ਬਰੋਜ਼ ਵਾਧੇ ਵੀ ਹੋ ਰਿਹੇ ਹਨ। ਇਸ ਤਰ੍ਹਾਂ ਸਿੱਖ ਕਹੇ ਜਾਂਦੇ ਲੋਕ ਵੀ ਗੁਰਬਾਣੀ ਦੇ ਫ਼ਲਸਫ਼ੇ ਤੋਂ ਟੁੱਟ ਕੇ ਕਰਮਕਾਂਡਾਂ ਦੇ ਚੱਕਰ ਵਿਚ ਫਸੀ ਜਾ ਰਹੇ ਹਨ।
    ਗੁਰਬਾਣੀ ਦੇ ਫ਼ਲਸਫ਼ੇ ਨੂੰ ਹੋਰ ਧੁੰਦਲਾ ਕਰਨ ਵਾਸਤੇ ਗੁਰਬਾਣੀ ਦੀ ਵਿਆਖਿਆ ਇਨ੍ਹਾਂ ਵੱਖ ਵੱਖ ਸੰਪਰਦਾਵਾਂ ਤੇ ਹੋਰ ਸਿੱਖਾਂ ਦੇ ਠੇਕੇਦਾਰਾਂ ਪਾਸੋਂ ਐਸੇ ਢੰਗ ਦੀ ਕਰਵਾਈ ਜਾ ਰਹੀ ਹੈ ਕਿ ਜੋ ਹਿੰਦੂ ਮਿਥਿਹਾਸਕ ਘਟਨਾਵਾਂ ਨਾਲ ਮੇਲ ਖਾਂਦੀ ਹੋਵੇ ਤਾਂ ਕਿ ਇਸ ਤਰ੍ਹਾਂ ਪਤਾ ਚੱਲੇ ਕਿ ਇਹ ਹਿੰਦੂ ਧਰਮ ਦਾ ਹੀ ਇਕ ਅੰਗ ਹੈ। ਕੁਝ ਸੂਝਵਾਨ ਪਰਚਾਰਕਾਂ ਨੂੰ ਛੱਡ ਕੇ ਬਹੁਤੇ ਪਰਚਾਰਕ ਪੈਸੇ ਦੇ ਲਾਲਚ ਕਰਕੇ ਕਰਮਕਾਂਡਾਂ ਦੀ ਪੂਰਤੀ ਵਾਸਤੇ ਹੀ ਜ਼ੋਰ ਦੇਈ ਜਾਂਦੇ ਹਨ। ਕਈ ਚਮਤਕਾਰ ਦੱਸ ਕੇ ਇਤਿਹਾਸ ਨੂੰ ਮਿਥਿਹਾਸ ਬਣਾਈ ਜਾ ਰਹੇ ਹਨ ਅਤੇ ਭੋਲੇ ਭਾਲੇ ਲੋਕ ਇਸੇ ਝਾਂਸੇ ਵਿਚ ਆ ਕੇ ਪੁਜਾਰੀ ਬਿਰਤੀ ਵਾਲੇ ਪਰਚਾਰਕਾਂ ਨੂੰ ਮਾਲਾ ਮਾਲ ਕਰੀ ਜਾ ਰਹੇ ਹਨ। ਇਸ ਤਰ੍ਹਾਂ ਜਿਨ੍ਹਾਂ ਨੂੰ ਸਿੱਖ ਕਿਹਾ ਜਾਂਦਾ ਹੈ ਉਹ ਵੀ ਕਰਮਕਾਂਡਾਂ ਦੀ ਪੂਰਤੀ ਕਰਨ ਨੂੰ ਹੀ ਧਰਮ ਕਹੀ ਜਾ ਰਹੇ ਹਨ ਅਤੇ ਮਨੁੱਖ ਨੂੰ ਮਨੁੱਖੀ ਧਰਮ ਤੋਂ ਦੂਰ ਕਰੀ ਜਾ ਰਹੇ ਹਨ।
    ਗੱਲ ਇਥੇ ਤਕ ਹੀ ਖ਼ਤਮ ਨਹੀਂ ਹੁੰਦੀ; ਗੁਰਬਾਣੀ ਦੇ ਫ਼ਲਸਫ਼ੇ ਤੋਂ ਹੋਰ ਦੂਰ ਕਰਨ ਵਾਸਤੇ ਇਕ ਨਵੇਂ ਗ੍ਰੰਥ, ਦਸਮ ਗ੍ਰੰਥ ਦੀ ਸਥਾਪਨਾ ਕਰਕੇ ਸਿੱਖਾਂ ਨੂੰ ਬਿਲਕੁਲ ਹਨੇਰੇ ਖੂਹ ਵਿਚ ਸੁਟ ਦਿੱਤਾ ਹੈ। ਸਭ ਹਨੇਰੇ ਵਿਚ ਡਾਂਗਾਂ ਮਾਰੀ ਜਾ ਰਹੇ ਹਨ। ਨਾ ਕਿਸੇ ਨੂੰ ਸਿੱਖੀ ਦਾ ਪਤਾ ਚਲਦਾ ਹੈ ਤੇ ਨਾ ਹੀ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਬਾਣੀ ਨੂੰ ਸਮਝਣ ਦਾ ਪਤਾ ਚਲਦਾ ਹੈ। ਸਾਰੇ ਸਿੱਖ ਆਪਸ ਵਿਚ ਗੁੱਥਮ-ਗੁੱਥਾ ਹੋਈ ਜਾ ਰਹੇ ਹਨ ਤੇ ਹਿੰਦੂ ਧਰਮ ਦਾ ਪੁਜਾਰੀ ਵਰਗ ਲੋਕਾਂ ਨੂੰ ਗੁਰਬਾਣੀ ਫ਼ਲਸਫ਼ੇ ਤੋਂ ਦੂਰ ਕਰਕੇ ਲੋਕਾਂ ਦਾ ਸ਼ੋਸ਼ਣ ਕਰੀ ਜਾ ਰਿਹਾ ਹੈ ਅਤੇ ਆਪਣੀ ਚਤੁਰਾਈ ਤੇ ਖੁਸ਼ ਹੋ ਰਿਹਾ ਹੈ।   
    ਚਤੁਰਾਈ ਦੀ ਹੱਦ ਦਾ ਜ਼ਰਾ ਅਨੁਮਾਨ ਲਗਾਓ। ਪਹਿਲਾਂ ਤਾਂ ਦੁਨੀਆਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਫ਼ਲਸਫ਼ੇ ਤੋਂ ਦੂਰ ਰਖਣ ਵਾਸਤੇ, ਗੁਰੂ ਗ੍ਰੰਥ ਸਾਹਿਬ ਦੇ ਫ਼ਲਸਫ਼ੇ ਨੂੰ ਕੇਵਲ ਸਿੱਖਾਂ ਤੱਕ ਹੀ ਸੀਮਤ ਕੀਤਾ ਅਤੇ ਹੁਣ ਗੁਰੂ ਗ੍ਰੰਥ ਸਾਹਿਬ ਕੁਝ ਖਾਸ ਸਿੱਖਾਂ ਲਈ ਸੀਮਤ ਕਰ ਦਿੱਤਾ ਹੈ ਅਤੇ ਇਹ ਵੇਖਿਆ ਜਾਂਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਕੇਵਲ ਉਨ੍ਹਾਂ ਖਾਸ ਸਿੱਖਾਂ ਨੂੰ ਮਿਲ ਸਕਦਾ ਹੈ ਜੋ ਇਸ ਗ੍ਰੰਥ ਨੂੰ ਬਹੁਤ ਖਾਸ ਤਰੀਕੇ ਨਾਲ ਰੱਖ ਕੇ ਪੂਜਾ ਕਰ ਸਕਦੇ ਹੋਣ। ਇਥੋਂ ਤੱਕ ਕਿ ਇਸ ਦਾ ਗਾਇਨ ਵੀ ਸਾਰੇ ਲੋਕ ਨਹੀਂ ਕਰ ਸਕਦੇ।
     ਅਸਲੀਅਤ ਇਹ ਵੀ ਹੈ ਕਿ ਪੁਜਾਰੀ ਵਰਗ ਇਹ ਕਦੀ ਨਹੀਂ ਚਾਹੁੰਦਾ ਕਿ ਲੋਕ ਗੁਰੂ ਗ੍ਰੰਥ ਸਾਹਿਬ ਵਿਚ ਦਰਸਾਏ ਗਿਆਨਮਈ ਫ਼ਲਸਫ਼ੇ ਨੂੰ ਅਪਨਾਉਣ ਕਿਉਂਕਿ ਜੇਕਰ ਗੁਰਬਾਣੀ ਨੂੰ ਸਮਝ ਲਿੱਤਾ ਜਾਵੇ ਅਤੇ ਇਸ ਵਿਚ ਦਿਤੇ ਉਪਦੇਸ਼ ਨੂੰ ਅਪਨਾ ਲਿੱਤਾ ਜਾਵੇ ਤਾਂ ਇਸ ਨਾਲ ਇਸ ਪੁਜਾਰੀ ਵਰਗ ਦੀ ਹੋਂਦ ਖਤਮ ਹੁੰਦੀ ਹੈ। ਉਨ੍ਹਾਂ ਨੇ ਜੋ ਕਰਮਕਾਂਡਾਂ ਦਾ ਜਾਲ ਵਿਛਾਇਆ ਹੋਇਆ ਹੈ ਉਹ ਖੇਰੂੰ ਖੇਰੂੰ ਹੋ ਜਾਂਦਾ ਹੈ।
     ਗੁਰੂ ਨਾਨਕ ਦੀ ਫਿਲਾਸਫੀ, ਭਾਵ ਗੁਰੂ ਨਾਨਕ ਦੀ ਵਿਚਾਰਧਾਰਾ ਇਸ ਲਈ ਵੀ ਸੁੰਗੜ ਕੇ ਰਹਿ ਗਈ ਹੈ ਕਿਉਂਕਿ ਇਹ ਬਾਣੀ ਪੜ੍ਹੀ ਤਾਂ ਜ਼ਰੂਰ ਜਾਂਦੀ ਹੈ ਪਰ ਪੜ੍ਹਨ ਤਕ ਹੀ ਸੀਮਤ ਕਰ ਦਿੱਤੀ ਗਈ ਹੈ। ਇਸੇ ਲਈ ਅਖੰਡ ਪਾਠ ਅਤੇ ਇਸ ਤੋਂ ਵੀ ਉਪਰ ਸੰਪਟ ਪਾਠਾਂ ਦਾ ਸਿਲਸਲਾ ਸ਼ੁਰੂ ਕਰ ਦਿੱਤਾ ਗਿਆ ਹੈ। ਇਹ ਸਮਝਾਇਆ ਜਾਂਦਾ ਹੈ ਕਿ ਰੱਬ ਜੀ ਇਸ ਦੇ ਨਾਲ ਹੀ ਖੁਸ਼ ਹੋ ਜਾਂਦੇ ਹਨ ਤੇ ਤੁਹਾਡੇ ਸਾਰੇ ਕੰਮ ਸੰਵਾਰ ਦਿੰਦੇ ਹਨ। ਇਸੇ ਤਰ੍ਹਾਂ ਨਾਮ ਸਿਮਰਨ ਦਾ ਸਿਲਸਲਾ ਸ਼ੁਰੂ ਕਰ ਦਿੱਤਾ ਹੈ ਕੇਵਲ ਵਾਹਿਗੁਰੂ, ਵਾਹਿਗੁਰੂ ਕਰੀ ਜਾਵੋ ਕੁਝ ਸਮਝਣ ਸਮਝਾਉਣ ਦੀ ਲੋੜ ਹੀ ਨਹੀਂ। ਗੁਰਬਾਣੀ ਨੂੰ ਸਮਝਣ ਦੀ ਕੋਸ਼ਿਸ਼ ਬਹੁਤ ਘੱਟ ਹੀ ਕੀਤੀ ਜਾਂਦੀ ਹੈ ਜਦੋਂ ਕਿ ਲੋੜ ਹੈ ਗੁਰਬਾਣੀ ਸਮਝਣ ਦੀ ਅਤੇ ਉਸ ਅਨੁਸਾਰ ਜੀਵਨ ਜੀਉਣ ਦੀ। ਗੁਰਬਾਣੀ ਵਿਚ ਬਾਰ ਬਾਰ ਕਿਹਾ ਹੈ ਕਿ ਇਸ ਬਾਣੀ ਨੂੰ ਵਿਚਾਰਿਆ ਤੇ ਸਮਝਿਆ ਜਾਵੇ ਅਤੇ ਨਾਲ ਹੀ ਇਸ ਉਤੇ ਅਮਲ ਕੀਤਾ ਜਾਵੇ। ਗੁਰਬਾਣੀ ਦਾ ਫ਼ਰਮਾਨ ਹੈ: ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ (ਗ:ਗ:ਸ: ਪੰਨਾ-982) ਭਾਵ ਜੋ ਗੁਰਬਾਣੀ ਰਾਹੀਂ ਗਿਆਨ ਦਿੱਤਾ ਗਿਆ ਹੈ ਜੇਕਰ ''ਸੇਵਕ ਜਨ'', ਕੋਈ ਵੀ ਸ਼ਰਧਾਲੂ, ਕੋਈ ਵੀ ਜਿਗਿਆਸੂ (ਕੇਵਲ ਸਿੱਖ ਹੀ ਨਹੀਂ) ਉਸ ਦਰਸਾਏ ਹੋਏ ਗਿਆਨ ਨੂੰ ਮੰਣ ਲੈਂਦਾ ਹੈ ਭਾਵ ਸਮਝ ਲੈਂਦਾ ਹੈ ਅਤੇ ਉਸ ਉਤੇ ਅਮਲ ਕਰਦਾ ਹੈ ਤਾਂ ਉਸ ਗਿਆਨ ਦੇ ਜ਼ਰੀਏ ਉਹ ਵਿਅਕਤੀ ਆਪਣਾ ਜੀਵਨ ਸਫਲਾ ਕਰ ਲੈਂਦਾ ਹੈ। ਐਸਾ ਗਿਆਨ ਉਸ ਵਿਅਕਤੀ ਨੂੰ ਇਸ ਭਵਸਾਗਰ ਤੋਂ ਪਾਰ ਲੰਘਾਅ ਦਿੰਦਾ ਹੈ। ਐਸਾ ਮਨੁੱਖ ਆਪਣਾ ਧਰਮ ਨਿਭਾ ਜਾਂਦਾ ਹੈ।
ਕਿਉਂਕਿ ਗੁਰਬਾਣੀ ਸਾਰੀ ਮਨੁੱਖਤਾ ਵਾਸਤੇ ਹੈ, ਇਸ ਲਈ ਇਸ ਵਿਚ ਗੱਲ ਮਨੁੱਖੀ ਧਰਮ ਦੀ ਕੀਤੀ ਹੈ ਭਾਵ ਮਨੁੱਖ ਦੇ ਕਿਰਦਾਰ ਦੀ ਕੀਤੀ ਹੈ, ਆਤਮਕ ਅਵਸਥਾ ਨੂੰ ਸੁਚੇਤ ਕਰਨ ਦੀ ਕੀਤੀ ਹੈ। ਮਕਸਦ ਤਾਂ ਸਚਿਆਰ ਬਨਾਉਣ ਦਾ ਹੈ। ਗੁਰਬਾਣੀ ਤਾਂ ਉਹ ਵਿਚਾਰਧਾਰਾ ਹੈ ਜਿਸ ਰਾਹੀਂ ਮਨੁੱਖ ਨੂੰ ਵਹਿਮਾਂ ਭਰਮਾਂ, ਅਤੇ ਕਰਮਕਾਂਡੀ ਜਾਲ ਵਿਚੋਂ ਬਾਹਰ ਕੱਢਿਆ ਜਾ ਸਕਦਾ ਹੈ। ਇਸ ਆਸ਼ੇ ਨੂੰ ਮੁੱਖ ਰੱਖ ਕੇ ਗੁਰਬਾਣੀ ਦਾ ਫ਼ਰਮਾਨ ਹੈ:''ਫਰੀਦਾ ਜਿਨੀ ਕੰਮੀ ਨਾਹਿ ਗੁਣ ਤੇ ਕੰਮੜੇ ਵਿਸਾਰਿ॥ਮਤੁ ਸਰਮਿੰਦਾ ਥੀਵਹੀ ਸਾਂਈ ਦੇ ਦਰਬਾਰਿ॥'' (ਗ:ਗ:ਸ: ਪੰਨਾ-1381)  ਕਿਤਨਾ ਸਪਸ਼ਟ ਹੈ ਕਿ ਜਿਹੜੇ ਕੰਮਾਂ ਨਾਲ ਕੋਈ ਪਰਾਪਤੀ ਨਹੀਂ ਹੁੰਦੀ ਉਨ੍ਹਾਂ ਨੂੰ ਕਰਨ ਦਾ ਕੋਈ ਲਾਭ ਨਹੀਂ। ਐਸੇ ਕੰਮ  ਕਰਮਕਾਂਡ ਹੀ ਹਨ ਜਿਨ੍ਹਾਂ ਨੂੰ ਧਰਮ ਦੇ ਠੇਕੇਦਾਰਾਂ ਨੇ ਪ੍ਰਚਲਤ ਕਰ ਰੱਖਿਆ ਹੈ ਅਤੇ ਭੋਲੀ ਭਾਲੀ ਜਨਤਾ ਨੂੰ ਲੁੱਟਣ ਦਾ ਵਸੀਲਾ ਬਣਾਇਆ ਹੋਇਆ ਹੈ, ਐਸੇ ਬੇਮਾਇਨਾ ਕਰਮ ਕਰਨ ਨਾਲ ਸ਼ਰਮਿੰਦਗੀ ਹੀ ਮਿਲਦੀ ਹੈ। ਇਸ ਤਰ੍ਹਾਂ ਸਾਰੀ ਗੁਰਬਾਣੀ ਚੰਗੇ ਗੁਣ ਗ੍ਰਹਿਣ ਕਰਨ ਦਾ ਉਪਦੇਸ਼ ਕਰਦੀ ਹੈ ਜੋ ਕਿ ਸਾਰੇ ਵਿਸ਼ਵ ਕਲਿਆਨ ਲਈ ਜ਼ਰੂਰੀ ਹੈ।
ਜੋ ਲੋਕ ਆਪਣੇ ਆਪ ਨੂੰ ਧਰਮ ਦੇ ਰਖਵਾਲੇ ਅਖਵਾਉਂਦੇ ਹਨ ਅਤੇ ਦੂਸਰੇ ਧਰਮ ਦੇ ਲੋਕਾਂ ਪ੍ਰਤੀ ਨਫਰਤ ਪੈਦਾ ਕਰਦੇ ਹਨ; ਐਸੇ ਧਰਮ ਦੇ ਰਖਵਾਲੇ, ਦੇਸ਼, ਕੌਮ ਤੇ ਮਨੁੱਖਤਾ ਦੇ ਸਭ ਤੋ ਵੱਡੇ ਦੁਸ਼ਮਨ ਹੁੰਦੇ ਹਨ। ਇਸੇ ਤਰ੍ਹਾਂ ਜੋ ਲੋਕ, ਐਸੇ ਲੋਭੀ, ਮੱਕਾਰ, ਭੇਖੀ ਧਰਮ ਦੇ ਰੱਖਿਅਕਾਂ ਦੇ ਮਗਰ ਲਗ ਕੇ ਦੂਸਰੇ ਧਰਮ ਦੇ ਲੋਕਾਂ ਨਾਲ ਲੜਦੇ ਹਨ ਜਾਂ ਗਰੀਬ ਅਤੇ ਮਜ਼ਲੂਮ ਲੋਕਾਂ ਉਤੇ ਜ਼ੁਲਮ ਕਰਦੇ ਹਨ; ਤਾਂ ਐਸੇ ਲਾਈਲਗ ਲੋਕ ਮਹਾਂ ਮੂਰਖ, ਅਨਪੜ੍ਹ ਗਵਾਰ ਤੇ ਉਜੱਡ ਹੁੰਦੇ ਹਨ।
ਗੁਰਬਾਣੀ ਦੀ ਵਿਚਾਰਧਾਰਾ ਅਨੁਸਾਰ ਤਾਂ ਗੁਣਕਾਰੀ ਹੋਣਾਂ ਹੀ ਚੰਗਾ ਧਰਮ ਹੈ। ਗੁਰਬਾਣੀ ਦਾ ਫ਼ਰਮਾਨ ਹੈ: ਜਿਨੀ ਨਾਮੁ ਧਿਆਇਆ, ਗਏ ਮਸਕਤਿ ਘਾਲਿ॥ਨਾਨਕ, ਤੇ ਮੁਖ ਉਜਲੇ, ਕੇਤੀ ਛੁਟੀ ਨਾਲਿ॥ (ਗ:ਗ:ਸ: ਪੰਨਾ-8) ਜਿਨੀ ਨਾਮੁ ਧਿਆਇਆ ਭਾਵ ਜਿਸ ਕਿਸੇ ਨੇ ਵੀ ਭਾਵੇਂ ਉਹ ਭਾਰਤ ਵਿਚ ਹੋਵੇ ਤੇ ਭਾਵੇਂ ਦੁਨੀਆ ਦੇ ਕਿਸੇ ਵੀ ਕੋਨੇ ਵਿਚ ਹੋਵੇ, ਕਿਸੇ ਵੀ ਧਰਮ ਦਾ ਹੋਵੇ, ਕਿਸੇ ਫਿਰਕੇ ਦਾ ਹੋਵੇ, ਕਿਸੇ ਮਜ਼ਹਬ ਦਾ ਹੋਵੇ, ਕੇਵਲ ਸਿੱਖਾਂ ਦੀ ਹੀ ਗੱਲ ਨਹੀਂ ਕੀਤੀ, ਜਿਸ ਕਿਸੇ ਨੇ ਵੀ ਨਾਮੁ ਧਿਆਇਆ, ਭਾਵ ਜਿਸ ਕਿਸੇ ਨੇ ਗੁਰੂ ਦੀ ਮੱਤ ਲਿੱਤੀ, ਚੰਗੇ ਗੁਣ ਧਾਰਣ ਕੀਤੇ, ਉਹ ਹੀ ਇਸ ਦੁਨੀਆ ਵਿਚ ਆ ਕੇ ਆਪਣੀ ਮਿਹਨਤ ਸਫਲੀ ਕਰ ਗਿਆ ਜਾਂ ਇੰਝ ਕਹਿ ਲਵੋ ਕਿ ਉਹ ਹੀ ਮਨੁੱਖੀ ਧਰਮ ਨਿਭਾ ਗਿਆ।ਫਿਰ ਗੁਰੂ ਸਾਹਿਬ ਆਖਦੇ ਹਨ ਕਿ ਐਸੇ ਵਿਅਕਤੀ ਜਿਥੇ ਆਪਣਾ ਜੀਵਨ ਸਫਲਾ ਕਰ ਜਾਂਦੇ ਹਨ ਉੱਥੇ ਸਮਾਜ ਵਿਚ ਆਪਣੀ ਸਾਫ ਸੁਥਰੀ ਸ਼ਾਖ ਛੱਡਦੇ ਹਨ ਭਾਵ ਉਨ੍ਹਾਂ ਦਾ ਮੁਖ ਉਜਲਾ ਹੁੰਦਾ ਹੈ। ਇਸ ਦੇ ਨਾਲ ਹੀ ''ਕੇਤੀ ਛੁਟੀ ਨਾਲਿ'' ਭਾਵ ਉਹ ਹੋਰ ਕਈਆਂ ਦਾ ਉੱਦਾਰ ਵੀ ਕਰ ਜਾਂਦੇ ਹਨ; ਜਾਂ ਉਹ ਹੋਰਨਾਂ ਲਈ ਮਿਸਾਲ ਬਣ ਕੇ ਪ੍ਰੇਰਨਾ ਦਾ ਸਰੋਤ ਬਣ ਜਾਂਦੇ ਹਨ ਅਤੇ ਇਸ ਤਰ੍ਹਾਂ ਹੋਰ ਕਈਆਂ ਦਾ ਜੀਵਨ ਵੀ ਸਫਲਾ ਕਰਦੇ ਹਨ।
    ਗੁਰਬਾਣੀ ਅਨੁਸਾਰ ਧਰਮ ਇਸ ਤਰ੍ਹਾਂ ਹੈ: ਸਰਬ ਧਰਮ ਮਹਿ ਸ੍ਰੇਸਟ ਧਰਮੁ॥ਹਰਿ ਕੋ ਨਾਮੁ ਜਪਿ ਨਿਰਮਲ ਕਰਮੁ॥ (ਗ:ਗ:ਸ: ਪੰਨਾ-266) ਇਥੋਂ ਸਪਸ਼ਟ ਕਿ  ਨਿਰਮਲ, ਭਾਵ ਸੁਚੱਜੇ ਕੰਮ (ਕਰਮ) ਕਰਨਾ ਹੀ ਸਭ ਤੋਂ ਸ੍ਰੇਸ਼ਟ ਧਰਮ ਹੈ। ਗੱਲ ਨਿਰਮਲ ਕਰਮਾਂ ਦੀ ਕੀਤੀ ਹੈ ਅਤੇ ਉਸੇ ਨੂੰ ਸ੍ਰੇਸ਼ਟ ਧਰਮ ਕਿਹਾ ਹੈ। ਵੇਖਦੇ ਹਾਂ ਕਿ ਇਹ ਪੰਗਤੀ ਪੜ੍ਹੀ ਤਾਂ ਇਸੇ ਤਰ੍ਹਾਂ ਜਾਂਦੀ ਹੈ ਪਰ ਇਸ ਦੇ ਅਰਥ ਬ੍ਰਾਹਮਣਵਾਦੀ ਢੰਗ ਨਾਲ ਕੀਤੇ ਜਾਂਦੇ ਹਨ। ਜਦੋਂ ''ਹਰਿ ਕੋ ਨਾਮੁ ਜਪਿ'' ਦੀ ਵਿਆਖਿਆ ਕੀਤੀ ਜਾਂਦੀ ਹੈ ਤਾਂ ਡੇਰੇਦਾਰ ਜਾਂ ਬਾਬੇ ਇਹ ਸਮਝਾਉਂਦੇ ਹਨ ਕਿ ਹਰ ਵਕਤ ਪਾਠ ਪੂਜਾ ਕਰਦੇ ਰਹੋ ਇਹ ਹੀ ਸਭ ਤੋਂ ਚੰਗਾ ਕੰਮ ਹੈ ਤੇ ਤੁਹਾਡੀਆਂ ਸਾਰੀਆਂ ਮੁਰਾਦਾਂ ਪੂਰੀਆਂ ਹੋ ਜਾਂਦੀਆਂ ਹਨ। ਪਰ ਕੁਝ ਸਿਆਣੇ ਵਿਆਖਿਆਕਾਰ ਹਨ ਜੋ ਸਮਝਾਉਂਦੇ ਹਨ ਕਿ ''ਹਰਿ ਕੋ ਨਾਮੁ ਜਪਿ'' ਦਾ ਅਰਥ ਹੈ: ਰੱਬੀ ਗੁਣਾਂ ਨੂੰ ਅਪਨਾਉਣਾ।ਸਮੁੱਚਾ ਭਾਵ ਇਹ ਕਿ ਸ਼ੁਭ ਕਰਮ ਕਰਨੇ ਹੀ ਸਭ ਧਰਮਾਂ ਤੋਂ ਉੱਤਮ ਧਰਮ ਹੈ।
    ਇਸੇ ਵਿਚਾਰ ਨੂੰ ਹੋਰ ਪੱਕਿਆਂ ਕੀਤਾ ਹੈ ਤੇ ਕਿਹਾ ਹੈ: ਹਰਿ ਕੋ ਨਾਮੁ ਲੈ ਊਤਮ ਧਰਮਾ (ਗ:ਗ:ਸ: ਪੰਨਾ-874) ਹਰਿ ਕੋ, ਭਾਵ ਪ੍ਰਮਾਤਮਾ ਦਾ, ''ਨਾਮੁ ਲੈ''  ਭਾਵ ਪ੍ਰਮਾਤਮਾ ਨੂੰ ਯਾਦ ਰੱਖ ਅਤੇ ਪ੍ਰਮਾਤਮਾ ਦੇ ਗੁਣਾਂ ਨੂੰ ਅਪਨਾ; ਉਤਮ ਧਰਮ: ਭਾਵ ਐਸਾ ਧਰਮ ਹੀ ਉੱਤਮ ਧਰਮ ਹੈ। ਸਮੁੱਚਾ ਭਾਵ ਇਹ ਕਿ ਰੱਬੀ ਗੁਣ (ਚੰਗੇ ਗੁਣ) ਅਪਨਾਉਣਾ ਹੀ ਉੱਤਮ ਧਰਮ ਹੈ। ਹਿੰਦੂ, ਮੁਸਲਿਮ, ਸਿੱਖ, ਇਸਾਈ ਆਦਿ ਹੋਣ ਦੀ ਗੱਲ ਨਹੀਂ ਹੈ।
    ਸਪਸ਼ਟ ਹੈ ਕਿ ਗੁਰੂ ਨਾਨਕ ਦਾ ਧਰਮ ਚੰਗੇ ਗੁਣਾਂ ਦਾ ਧਾਰਨੀ ਹੋਣਾ ਹੀ ਸਚਿਆਰ ਹੋਣਾ ਹੈ ਅਤੇ ਇਹ ਹੀ ਸਭ ਧਰਮਾਂ ਤੋਂ ਉੱਤਮ ਧਰਮ ਹੈ; ਫਿਰ ਇਸ ਨੂੰ ਜੋ ਮਰਜ਼ੀ ਨਾਮ ਦੇ ਦਿੱਤਾ ਜਾਵੇ। ਇਹ ਹੀ ਮਨੁੱਖੀ ਧਰਮ ਹੈ। ਇਹ ਮਨੁੱਖੀ ਧਰਮ ਹੀ ਇਨਸਾਨੀਅਤ ਦਾ ਧਰਮ ਹੈ ਅਤੇ ਇਹ ਹੀ ਗੁਰੂ ਨਾਨਕ ਦਾ ਸਾਂਝਾ ਧਰਮ ਹੈ। ਕਿਉਂਕਿ ਗੁਰੂ ਸਾਹਿਬ ਦੇ ਅਨੁਯਾਈਆਂ ਨੂੰ ਸਿੱਖ ਕਿਹਾ ਜਾਂਦਾ ਹੈ ਇਸ ਲਈ ਸਹੂਲਤ ਵਜੋਂ ਇਸ ਨੂੰ ਸਿੱਖ ਧਰਮ ਦਾ ਨਾਮ ਦਿਤਾ ਗਿਆ ਹੈ। ਗੁਰੂ ਸਾਹਿਬ ਨੇ ਇਹ ਸਿੱਖ ਧਰਮ ਨਹੀਂ ਬਣਾਇਆ।
    ਹੁਣ  ਜੇਕਰ ਗੁਰਬਾਣੀ ਅਨੁਸਾਰ ਜੀਵਨ ਜੀਊਣ ਨੂੰ ਸਿੱਖ ਧਰਮ ਦਾ ਨਾਮ ਦਿਤਾ ਗਿਆ ਹੈ ਤਾਂ ਇਹ ਦਸਣਾ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਜੋ ਕੋਈ ਵੀ  ਗੁਰਬਾਣੀ ਦੇ ਫ਼ਲਸਫ਼ੇ ਅਨੁਸਾਰ ਆਪਣਾ ਜੀਵਨ ਢਾਲਣ ਦਾ ਉਪਰਾਲਾ ਕਰਦਾ ਹੈ; ਜਾਂ ਇੰਝ ਕਹਿ ਲਵੋ ਕਿ ਹਰ ਉਹ ਵਿਅਕਤੀ ਜੋ ਕੋਈ ਵੀ ਸਚਿਆਰ ਹੋਣ ਦਾ ਉਪਰਾਲਾ ਕਰਦਾ ਹੈ ਉਹ ਹੀ ਸਿੱਖ ਹੁੰਦਾ ਹੈ (ਕਿਸੇ ਖਾਸ ਤਰ੍ਹਾਂ ਦਾ ਭੇਸ ਬਨਾਉਣ ਵਾਲਾ ਵਿਅਕਤੀ ਸਿੱਖ ਨਹੀਂ ਹੁੰਦਾ)। ਭਾਵ ਇਹ ਕਿ ਸੱਚਾ ਸੁੱਚਾ ਜੀਵਨ ਜੀਊਣਾ ਹੀ ਗੁਰੂ ਨਾਨਕ ਦਾ ਧਰਮ ਹੈ ਜਿਸ ਨੂੰ ਸਹੂਲਤ ਵਾਸਤੇ ਸਿੱਖ ਧਰਮ ਕਿਹਾ ਗਿਆ ਹੈ। ਹੁਣ ਕੋਈ ਕਿਤਨਾ ਕੁ ਸਿੱਖ ਹੈ ਜਾਂ ਧਰਮੀ ਹੈ ਇਹ ਤਾਂ ਹਰ ਕਿਸੇ ਦੀ ਆਪਣੀ ਜ਼ਮੀਰ ਹੀ ਦਸ ਸਕਦੀ ਹੈ।
ਨੋਟ: ਜੇਕਰ, ਕਿਸੇ ਕਾਰਨ, ਕੋਈ ਪਾਠਕ ਜਾਂ ਪ੍ਰੇਮੀ ਇਨ੍ਹਾਂ ਵਿਚਾਰਾਂ ਨਾਲ ਸਹਿਮਤ ਨਹੀਂ ਹਨ ਤਾਂ ਕਿਰਪਾ ਕਰਕੇ ਮੇਰੀ ਸੁਧਾਈ ਖਾਤਰ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ ਜੀ। ਆਪ ਜੀ ਦਾ ਧੰਨਵਾਦੀ ਹੋਵਾਂਗਾ।

ਐਡਵੋਕੇਟ ਸੁਰਿੰਦਰ ਸਿੰਘ ਕੰਵਰ

WhatsApp No. +61-468432632
 E-mail- kanwar238@yahoo.com 

ਮੁਕਤੀ- ਇਕ ਜੀਵਨ ਮਨੋਰਥ - ਐਡਵੋਕੇਟ ਸੁਰਿੰਦਰ ਸਿੰਘ ਕੰਵਰ

ਹਰ ਧਰਮ ਦੇ ਪਰਚਾਰਕ ਹਰ ਵਿਅਕਤੀ ਨੂੰ ਮੁਕਤੀ ਦੀ ਪ੍ਰਾਪਤੀ ਵਾਸਤੇ ਪ੍ਰੇਰਦੇ ਆ ਰਹੇ ਹਨ ਅਤੇ ਹਰ ਇਨਸਾਨ ਲਈ ਮੁਕਤੀ ਦੀ ਪ੍ਰਾਪਤੀ ਇਕ ਜੀਵਨ ਮਨੋਰਥ ਮੰਨਿਆ ਗਿਆ ਹੈ। ਪਰ ਮੁਕਤੀ ਹੈ ਕੀ? ਇਸ ਸੰਬੰਧ ਵਿਚ ਬਹੁਤ ਭੁਲੇਖੇ ਪਾ ਦਿੱਤੇ ਗਏ ਹਨ ਅਤੇ ਮੁਕਤੀ ਦੇ ਸੰਕਲਪ ਨੂੰ ਨਾ ਤਾਂ ਸਮਝਿਆ ਗਿਆ ਹੈ ਅਤੇ ਨਾ ਹੀ ਪੂਰੀ ਤਰ੍ਹਾਂ ਸਮਝਾਇਆ ਗਿਆ ਹੈ।
     ਮੁਕਤੀ ਦੇ ਸੰਬੰਧ ਵਿਚ ਆਮ ਧਾਰਨਾ ਇਹ ਹੈ ਕਿ ਹਰ ਜੀਵ-ਜੰਤੂ, ਹਰ ਪ੍ਰਾਣੀ, ਮਰ ਕੇ ਫਿਰ ਕਿਸੇ ਨਵੀਂ ਜੂਨ ਵਿਚ ਜਨਮ ਲੈਂਦਾ ਹੈ। ਇਸੇ ਤਰ੍ਹਾਂ ਉਹ ਕਈ ਵਾਰ ਜੰਮਦਾ ਅਤੇ ਮਰਦਾ ਰਹਿੰਦਾ ਹੈ। ਵੱਖ ਵੱਖ ਧਰਮਾਂ ਦੇ ਪਰਚਾਰਕਾਂ ਅਨੁਸਾਰ ਦੁਨੀਆ ਵਿਚ ਚੁਰਾਸੀ ਲੱਖ ਜੂਨਾਂ ਹਨ ਅਤੇ ਹਰ ਕਿਸੇ ਨੂੰ ਇਹ ਚੁਰਾਸੀ ਲੱਖ ਜੂਨਾਂ ਭੁਗਤਨੀਆ ਪੈਂਦੀਆਂ ਹਨ। ਇਸੇ ਨੂੰ ਚੁਰਾਸੀ ਦਾ ਗੇੜ ਕਿਹਾ ਗਿਆ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਜੇ ਕਰ ਕਿਸੇ ਪ੍ਰਾਣੀ ਨੂੰ ਮਰਨ ਤੋਂ ਬਾਅਦ ਕੋਈ ਜੂਨ ਨਹੀਂ ਮਿਲਦੀ ਤਾਂ ਉਸ ਪ੍ਰਾਣੀ ਦੀ ਆਤਮਾ ਜਿੰਨ, ਭੂਤ,ਪ੍ਰੇਤ, ਚੂੜੇਲ ਆਦਿ ਬਣ ਕੇ ਭਟਕਦੀ ਰਹਿੰਦੀ ਹੈ। ਜਾਂ ਫਿਰ ਕੋਈ ਨਰਕਾਂ ਵਿਚ ਹੀ ਪਇਆ ਰਹਿੰਦਾ ਹੈ ਅਤੇ ਉਥੇ ਕੜੀਆਂ ਸਜਾਵਾਂ ਭੁਗਤਦਾ ਰਹਿੰਦਾ ਹੈ। ਇਸ ਤਰ੍ਹਾਂ ਇਸ ਆਵਾ ਗਵਣ ਦੇ ਚੱਕਰ ਅਤੇ ਨਰਕਾਂ ਦੀ ਮਾਰ ਤੋਂ ਬਚਣ ਨੂੰ ਹੀ ਮੁਕਤੀ ਕਿਹਾ ਗਿਆ ਹੈ।
    ਇਸ ਵਿਸ਼ਵਾਸ ਦੀ ਆੜ ਵਿਚ, ਧਰਮ ਦੇ ਪੁਜਾਰੀਆਂ ਨੇ ਭੋਲੀ ਭਾਲੀ ਜਨਤਾ ਨੂੰ ਪੂਰੀ ਤਰ੍ਹਾਂ ਉਲਝਾ ਰੱਖਿਆ ਹੈ ਅਤੇ ਇਕ ਬਹੁਤ ਡਰਾਉਣਾ ਮਾਹੋਲ ਪੈਦਾ ਕਰਕੇ ਇਹ ਯਕੀਣ ਦਿਵਾਇਆ ਜਾਂਦਾ ਹੈ ਕਿ ਉਨ੍ਹਾਂ ਦਾ ਧਰਮ ਹੀ ਤੁਹਾਨੂੰ ਇਸ ਚੁਰਾਸੀ ਦੇ ਗੇੜ ਤੋਂ ਬਚਾ ਸਕਦਾ ਹੈ।
    ਇਸ ਤਰ੍ਹਾਂ ਦੇ ਮਾਹੋਲ ਵਿਚ ਮੁਕਤੀ ਦੀ ਪ੍ਰਾਪਤੀ ਵਾਸਤੇ ਕਈ ਤਰ੍ਹਾਂ ਦੇ ਕਰਮਕਾਂਡ ਸਥਾਪਤ ਕਰ ਦਿਤੇ ਜਾਂਦੇ ਹਨ ਅਤੇ ਇਹ ਸਮਝਾਇਆ ਜਾਂਦਾ ਹੈ ਕਿ ਉਨ੍ਹਾਂ ਦੇ ਬਣਾਏ ਗਏ ਕਰਮਕਾਂਡਾਂ ਦੀ ਪੂਰਤੀ ਨਾਲ ਹੀ ਮੁਕਤੀ ਦੀ ਪ੍ਰਾਪਤੀ ਹੋ ਸਕਦੀ ਹੈ। ਇਨ੍ਹਾਂ ਕਰਮਕਾਂਡਾਂ ਦੀ ਪੂਰਤੀ ਨੂੰ ਹੀ ਅਸਲੀ ਧਰਮ ਕਿਹਾ ਜਾਂਦਾ ਹੈ ਅਤੇ ਇਨ੍ਹਾਂ ਕਰਮਕਾਂਡਾਂ ਦੀ ਪੂਰਤੀ ਨੂੰ ਹੀ ਮੁਕਤੀ ਦਾ ਇਕ ਰਾਹ ਦਸਿਆ ਜਾਂਦਾ ਹੈ।
    ਇਨ੍ਹਾਂ ਧਰਮ ਦੇ  ਉਪਦੇਸ਼ਕਾਂ ਦੀ ਸਿੱਖਿਆ ਅਨੁਸਾਰ ਨਿਜੀ ਮੁਕਤੀ ਦੀ ਪ੍ਰਾਪਤੀ ਹੀ ਧਾਰਮਿਕ ਜੀਵਨ ਦਾ ਇਕ ਵਡਮੁੱਲਾ ਮਨੋਰਥ ਹੈ। ਇਸ ਮੁਕਤੀ ਨੂੰ ਰੱਬ ਜੀ ਨਾਲ ਇਕਮਿਕਤਾ ਪ੍ਰਾਪਤ ਕਰਨੀ ਵੀ ਕਿਹਾ ਗਿਆ ਹੈ। ਇਸੇ ਲਈ ਮਰੇ ਹੋਏ ਪ੍ਰਾਣੀ ਲਈ ਪ੍ਰਮਾਤਮਾਂ ਦੇ ਚਰਨਾਂ ਵਿਚ ਸਦੀਵੀਂ ਨਿਵਾਸ ਵਾਸਤੇ ਅਰਦਾਸ ਕੀਤੀ ਜਾਂਦੀ ਹੈ।
     ਕ੍ਰਿਸਚਣ ਧਰਮ ਦੇ ਉਪਦੇਸ਼ਕ ਆਖਦੇ ਹਨ ਕਿ ਜੇ ਤੁਸੀਂ ਇਸਾਈ ਬਣ ਜਾਂਦੇ ਹੋ ਅਤੇ ਕਿਰਾਇਸਟ ਉਤੇ ਭਰੋਸਾ ਰਖਦੇ ਹੋ ਤਾਂ ਯਸੂਮਸੀਹ ਰੱਬ ਜੀ ਪਾਸ ਤੁਹਾਡੀ ਵਕਾਲਤ ਕਰਕੇ ਤੁਹਾਨੂੰ ਨਰਕ ਦੀ ਮਾਰ ਅਤੇ ਆਵਾਗਵਣ ਦੇ ਚੱਕਰ ਤੋਂ ਬਚਾ ਸਕਦਾ ਹੈ। ਇਸੇ ਤਰ੍ਹਾਂ ਇਸਲਾਮ ਧਰਮ ਵਾਲੇ ਵੀ ਇਹ ਆਖਦੇ ਹਨ ਕਿ ਤੁਸੀਂ ਮੁਹੰਮਦ ਸਾਹਿਬ ਉਤੇ ਭਰੋਸਾ ਰੱਖੋ ਤਾਂ ਤੁਹਾਨੂੰ ਮੁਕਤੀ ਮਿਲ ਸਕਦੀ ਹੈ। ਹਿੰਦੂ ਧਰਮ ਦੇ ਰੱਖਿਅਕਾਂ ਨੇ ਤਾਂ ਤੇਤੀ ਕ੍ਰੋੜ ਦੇਵੀ ਦੇਵਤੇ ਘੜ ਲਿੱਤੇ ਹਨ। ਇਨ੍ਹਾਂ ਦੇਵੀ ਦੇਵਤਿਆਂ ਦੇ ਪਰਚਾਰਕ ਇਹ ਯਕੀਣ ਦਿਵਾਉਂਦੇ ਹਨ ਕਿ ਉਨ੍ਹਾਂ ਦੇ ਕਹੇ ਅਨੁਸਾਰ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਰਹੋ ਤਾਂ ਤੁਹਾਨੂੰ ਮੁਕਤੀ ਮਿਲ ਸਕਦੀ ਹੈ। ਹਿੰਦੂ ਧਰਮ ਨੂੰ ਮੰਨਣ ਵਾਲੇ ਤਾਂ ਵਿਅਕਤੀ ਦੇ ਮਰ ਜਾਣ ਤੋਂ ਬਾਅਦ ਵੀ ਹਰ ਸਾਲ ਮਰੇ ਹੋਏ ਪ੍ਰਾਣੀ ਦੀ ਮੁਕਤੀ ਵਾਸਤੇ ਪੰਡਿਤਾਂ ਪਾਸੋਂ ਸਰਾਧ ਕਰਵਾਉਂਦੇ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਦਛਣਾ ਦਿੰਦੇ ਰਹਿੰਦੇ ਹਨ।
    ਇਥੇ ਇਹ ਜ਼ਿਕਰ ਕਰਨਾ ਵੀ ਜ਼ਰੂਰੀ ਬਣ ਜਾਂਦਾ ਹੈ ਕਿ ਕਈਆਂ ਨੇ, ਗੁਰੂ ਨਾਨਕ ਸਾਹਿਬ ਦੇ ਨਾਮ ਤੇ, ਜੋ ਸਿੱਖ ਧਰਮ ਬਣਾ ਰੱਖਿਆ ਹੈ, ਉਸ ਧਰਮ ਦੇ ਪੁਜਾਰੀਆਂ ਨੇ ਵੀ ਹੋਰ ਧਰਮਾਂ ਦੀ ਤਰ੍ਹਾਂ ਸਿੱਖਾਂ ਨੂੰ ਵੀ ਚੁਰਾਸੀ ਦੇ ਗੇੜ ਵਿਚ ਉਲਝਾ ਰੱਖਿਆ ਹੈ। ਇਸ ਧਰਮ ਦੇ ਪੁਜਾਰੀ ਵੀ ਉਸੇ ਤਰ੍ਹਾਂ ਹੀ ਮਰਨ ਤੋਂ ਬਾਅਦ ਵਾਲੀ ਮੁਕਤੀ ਦਿਵਾਉਣ ਦਾ ਭਰੋਸਾ ਦੇਈ ਜਾਂਦੇ ਹਨ। ਕਹੇ ਜਾਂਦੇ ਸਿੱਖ ਧਰਮ ਦੇ ਪੁਜਾਰੀਆਂ ਨੇ ਵੀ ਬਹੁਤ ਸਾਰੇ ਕਰਮਕਾਂਡ ਘੜ ਲਿੱਤੇ ਹਨ ਅਤੇ ਇਨ੍ਹਾਂ ਵਿਚ, ਹਰ ਰੋਜ਼, ਹੋਰ ਵਾਧਾ ਵੀ ਕਰੀ ਜਾ ਰਹੇ ਹਨ।
    ਜਦੋਂ ਕਿ ਗੁਰਬਾਣੀ, ਮਰਨ ਤੋਂ ਬਾਅਦ ਵਾਲੀ ਨਿਜੀ ਮੁਕਤੀ ਵਾਲੇ ਧਾਰਮਿਕ ਸੰਕਲਪ ਨੂੰ ਪੂਰੀ ਤਰ੍ਹਾਂ ਨਿਕਾਰਦੀ ਹੈ। ਗੁਰਬਾਣੀ ਦਾ ਫ਼ਰਮਾਨ ਹੈ: ਮੂਏ ਹੂਏ ਜਉ ਮੁਕਤਿ ਦੇਹੁਗੇ ਮੁਕਤਿ ਨ ਜਾਨੈ ਕੋਇਲਾ॥(ਗ:ਗ:ਸ: ਪੰਨਾ-1292) ਭਾਵ ਗੁਰਬਾਣੀ ਵਿਚ ਭਗਤ ਜੀ ਦੀ ਰਸਨਾ ਤੋਂ ਇਹ ਸਮਝਾਅਿਾ ਗਿਆ ਹੈ ਕਿ ਜੋ ਮੁਕਤੀ ਮਰਨ ਦੇ ਮਗਰੋਂ ਮਿਲਦੀ ਹੈ, ਉਸ ਮੁਕਤੀ ਦਾ ਕਿਸੇ ਨੂੰ ਪਤਾ ਨਹੀਂ ਚੱਲ ਸਕਦਾ ਹੈ। ਜੋ ਪੁਜਾਰੀ ਇਹ ਦਾਵਾ ਕਰਦੇ ਹਨ ਕਿ ਉਨ੍ਹਾਂ ਦੇ ਕਰਮਕਾਂਡ ਅਪਨਾਉਣ ਨਾਲ ਮਰਨ ਤੋਂ ਬਾਅਦ ਮੁਕਤੀ ਮਿਲ ਸਕਦੀ ਹੈ ਤਾਂ ਉਸ ਮੁਕਤੀ ਦਾ ਪਤਾ ਕਿਸ ਤਰ੍ਹਾਂ ਅਤੇ ਕਿਸ ਨੂੰ ਲੱਗ ਸਕਦਾ ਹੈ? ਕੌਣ ਦੱਸੇਗਾ ਕਿ ਉਸ ਨੂੰ ਮੁਕਤੀ ਮਿਲ ਗਈ ਹੈ। ਸਪਸ਼ਟ ਹੈ ਕਿ ਇਹ ਸਭ ਧੋਖਾ ਹੈ। ਭਾਵ, ਇਹ ਕਹਿਣਾ ਕਿ ਮਰਨ ਮਗਰੋਂ ਕੋਈ ਵਿਅਕਤੀ ਮੁਕਤ ਹੋ ਗਿਆ ਹੈ।ਇਹ ਸਭ ਫ਼ਰੇਬ ਹੈ, ਕਪਟ ਹੈ।
    ਇਸੇ ਵਿਚਾਰ ਨੂੰ ਇਸ ਤਰ੍ਹਾਂ ਵੀ ਫ਼ਰਮਾਇਆ ਹੈ: ਬੇਣੀ ਕਹੈ ਸੁਨਹੁ ਰੇ ਭਗਤਹੁ ਮਰਨ ਮੁਕਤਿ ਕਿਨਿ ਪਾਈ॥ (ਗ:ਗ:ਸ: ਪੰਨਾ-93) ਗੁਰੂ ਗ੍ਰੰਥ ਸਾਹਿਬ ਵਿਚ ਅੰਕਤ ਇਸ ਸਾਰੇ ਸ਼ਬਦ ਨੂੰ ਵਿਚਾਰਦਿਆਂ ਭਗਤ ਜੀ ਸਮਝਾਉਂਦੇ ਹਨ: ਹੇ ਭੱਦਰ ਪੁਰਸ਼ੋ ਜੋ ਵਿਅਕਤੀ ਸਾਰੀ ਜ਼ਿੰਦਗੀ ਮੋਹ ਮਾਇਆ ਵਿਚ ਗਰੱਸਿਆ ਰਹਿੰਦਾ ਹੈ, ਰੱਬੀ ਗੁਣਾਂ ਨੂੰ ਧਾਰਨ ਨਹੀਂ ਕਰਦਾ। ਭਾਵ ਜੀਊਂਦੇ ਜੀ ਕਿਸੇ ਵੇਲੇ ਵੀ ਵਿਕਾਰਾਂ ਅਤੇ ਮੋਹ ਮਾਇਆ ਦੇ ਜਾਲ ਤੋਂ ਮੁਕਤ ਨਹੀਂ ਹੋਇਆ, ਤਾਂ ਇਹ ਸੱਚ ਜਾਣੋਂ ਕਿ ਮਰਨ ਤੋਂ ਪਿਛੋਂ ਮੁਕਤੀ ਕਿਸੇ ਨੂੰ ਨਹੀਂ ਮਿਲਦੀ। ਭਾਵ ਲੋੜ ਤਾਂ ਇਹ ਹੈ ਕਿ ਜਿਊਂਦੇ ਜੀ ਵਿਕਾਰਾਂ ਅਤੇ ਇਛਾਵਾਂ ਤੋਂ ਮੁਕਤ ਹੋਇਆ ਜਾਵੇ। ਮਰਨ ਮਗਰੋਂ ਮੁਕਤੀ ਦਾ ਕੋਈ ਅਰਥ ਨਹੀਂ।
    ਹਿੰਦੋਸਤਾਨ ਵਿਚ ਕਈ  ਪੁਜਾਰੀਆਂ, (ਮੱਤਾਂ) ਦਾ ਇਹ ਮੱਤ ਵੀ ਰਿਹਾ ਹੈ ਕਿ ਨੰਗੇ ਰਹਿ ਕੇ ਜਾਂ ਫਿਰ ਸਭ ਕੁਝ ਛੱਡ-ਛਡਾ ਕੇ, ਭਾਵ ਸਭ ਕੁਝ ਤਿਆਗ ਕੇ ਮੁਕਤੀ ਮਿਲ ਸਕਦੀ ਹੈ: ਕਈ ਮੁਕਤੀ ਵਾਸਤੇ ਸਿਰ, ਮੂੰਹ ਮੁੰਨਾ ਕੇ ਇਹ ਸੋਚਦੇ ਸਨ ਕਿ ਇਸ ਤਰ੍ਹਾਂ ਮੁਕਤੀ ਮਿਲ ਜਾਵੇਗੀ। ਕਈ ਜਤੀ ਹੋਣ ਨਾਲ ਮੁਕਤੀ ਪ੍ਰਾਪਤ ਕਰਨ ਦਾ ਰਾਹ ਸਮਝਾਉਂਦੇ ਰਹੇ ਹਨ।
     ਇਸ ਤਰ੍ਹਾਂ ਦੀਆਂ ਸਭ ਧਾਰਨਾਵਾਂ ਨੂੰ ਨਿਕਾਰਦੇ ਹੋਏ ਗੁਰਬਾਣੀ ਰਾਹੀਂ ਸਮਝਾਇਆ ਹੈ: ਨਗਨ ਫਿਰਤ ਜੌ ਪਾਈਐ ਜੋਗੁ॥ ਬਨ ਕਾ ਮਿਰਗੁ ਮੁਕਤਿ ਸਭੁ ਹੋਗੁ॥ ਕਿਆ ਨਾਗੇ ਕਿਆ ਬਾਧੇ ਚਾਮ॥ ਜਬ ਨਹੀ ਚੀਨਸਿ ਆਤਮ ਰਾਮ॥ ਰਹਾਉ॥ ਮੂਡ ਮੁੰਡਾਏ ਜੌ ਸਿਧਿ ਪਾਈ॥ ਮੁਕਤੀ ਭੇਡ ਨ ਗਈਆ ਕਾਈ॥ ਬਿੰਦੁ ਰਾਖਿ ਜੌ ਤਰੀਐ ਭਾਈ॥ ਖੁਸਰੈ ਕਿਉ ਨ ਪਰਮ ਗਤਿ ਪਾਈ॥ ਕਹੁ ਕਬੀਰ ਸੁਨਹੁ ਨਰ ਭਾਈ॥ ਰਾਮ ਨਾਮ ਬਿਨੁ ਕਿਨਿ ਗਤਿ ਪਾਈ॥ (ਗ:ਗ:ਸ: ਪੰਨਾ-324) ਭਾਵ ਸਪਸ਼ਟ ਹਨ ਕਿ  ਜੇਕਰ ਨੰਗੇ ਰਹਿਣ ਨਾਲ ਹੀ ਮੁਕਤੀ ਮਿਲ ਸਕਦੀ ਹੁੰਦੀ ਤਾਂ ਜੋ ਜਾਨਵਰ ਨੰਗੇ ਫਿਰਦੇ ਹਨ ਉਨ੍ਹਾਂ ਨੂੰ ਮੁਕਤੀ ਮਿਲ ਜਾਂਦੀ। ਭਗਤ ਜੀ ਸਮਝਾਉਂਦੇ ਹਨ ਕਿ ਨੰਗੇ ਰਹਿਣ ਨਾਲ,  ਤੇ ਜਾ ਫਿਰ ਸਰੀਰ ਨੂੰ ਕਿਸੇ ਚਮੜੀ ਨਾਲ ਢੱਕ ਲੈਣ ਨਾਲ ਕੋਈ ਲਾਭ ਨਹੀਂ ਹੁੰਦਾ, ਕੋਈ ਫਰਕ ਨਹੀਂ ਪੈਂਦਾ, ਜਦੋਂ ਤਕ ''ਨਹੀ ਚੀਨਸਿ ਆਤਮ ਰਾਮ'' ਭਾਵ ਜਦੋਂ ਤਕ ਆਤਮਾਂ ਵਿਚ ਰੱਬੀ ਗੁਣ ਵਸਾ ਕੇ ਉਨ੍ਹਾਂ ਅਨੁਸਾਰ ਕਰਮ ਨਾ ਕੀਤੇ ਜਾਨ। ਇਸੇ ਤਰ੍ਹਾਂ ਜੇ ਕਰ ਸਿਰ, ਮੂੰਹ ਮੁੰਨਾ ਕੇ ਮੁਕਤੀ ਮਿਲਦੀ ਹੈ, ਕਲਿਆਣ ਹੋ ਜਾਣਾ ਹੁੰਦਾ ਤਾਂ ਤੇ ਭੇਡਾਂ ਵਾਸਤੇ ਇਹ ਮੁਕਤੀ ਤਾਂ ਵੱਟ ਤੇ ਪਈ ਹੈ, ਭਾਵ ਉਨ੍ਹਾਂ ਦੀ ਮੁਕਤੀ, ਜਾਂ ਉਨ੍ਹਾਂ ਦਾ ਕਲਿਆਣ ਤਾਂ ਲਾਜ਼ਮੀਂ ਹੋ ਜਾਂਦਾ ਹੈ। ਗੁਰਬਾਣੀ ਦਾ ਉਪਦੇਸ਼ ਹੈ ਕਿ ਇਸੇ ਤਰ੍ਹਾਂ  ਜੇਕਰ ਜਤੀ ਹੋਣ ਨਾਲ ਮੁਕਤੀ ਮਿਲ ਸਕਦੀ ਹੋਵੇ, ਜਾਂ ਇਸ ਦੁਨੀਆ ਦੇ ਭਵਸਾਗਰ ਤੋਂ ਕੋਈ ਪਾਰ ਹੁੰਦਾ ਹੋਵੇ, ਤਾਂ ਖੁਸਰਿਆ ਨੂੰ ਹੀ ਮੁਕਤੀ ਮਿਲਦੀ, ਉਹ ਹੀ ਪਰਮਗਤ ਪਾਉਂਦੇ। ਇਸ ਸ਼ਬਦ ਦਾ ਭਾਵ ਇਹ ਹੈ ਕਿ ਕਿਸੇ ਤਰ੍ਹਾਂ ਦੇ ਪਖੰਡ ਕਰਨ ਨਾਲ ਮੁਕਤੀ ਨਹੀਂ ਮਿਲ ਸਕਦੀ। ਭਗਤ ਜੀ ਕਹਿੰਦੇ  ਹਨ ਕਿ ਹੇ ਮੇਰੇ ਮਿਤਰੋ ਸੁਣੋਂ: ਰਾਮ ਨਾਮ ਬਿਨੁ ਕਿਨਿ ਗਤਿ ਪਾਈ ॥ ਭਾਵ ਇਹ ਕਿ ਰੱਬੀ ਗੁਣ ਅਪਨਾਉਣ ਤੋਂ ਬਿਨਾਂ ਜਾਂ ਵਿਵੇਕ ਬੁਧੀ (Devine wisdome) ਹਾਸਲ ਕਰਨ ਦੇ ਬਿਨਾਂ, ਸੋਝੀ ਨਹੀਂ ਆਉਂਦੀ, ਗਤੀ ਨਹੀਂ ਹੁੰਦੀ ਅਤੇ ਇਸ ਸੋਝੀ ਤੋਂ ਬਗੈਰ ਮੁਕਤੀ ਨਹੀਂ ਮਿਲ ਸਕਦੀ।
    ਗੁਰਬਾਣੀ ਸਮਝਾਉਂਦੀ ਹੈ ਕਿ ਮੁਕਤੀ ਦਾ ਭਾਵ ਵਿਕਾਰਾਂ ਅਤੇ ਇਛਾਵਾਂ ਤੋਂ ਮੁਕਤ ਹੋਣਾ ਹੈ। ਸਰੀਰ ਤੋਂ ਮੁਕਤ ਹੋਣਾ ਕੋਈ ਮੁਕਤੀ ਨਹੀਂ। ਵਿਕਾਰਾਂ ਤੋਂ ਜਾਂ ਇਛਾਵਾਂ ਤੋਂ ਮੁਕਤੀ ਮਿਲਦੀ ਹੈ, ਸੋਝੀ ਹਾਸਲ ਕਰਨ ਨਾਲ, ਚੰਗੇ ਗੁਣ, ਰੱਬੀ ਗੁਣ ਅਪਨਾਉਣ ਨਾਲ ਨਾ ਕਿ ਕਰਮਕਾਂਡਾਂ ਦੀ ਪੂਰਤੀ ਨਾਲ।
    ਗੁਰੂ ਸਾਹਿਬਾਨ ਨੇ ਮੁਕਤੀ ਨੂੰ ਕੇਵਲ ਨਿਜੀ ਮੁਕਤੀ ਤਕ ਹੀ ਸੀਮਤ ਨਹੀਂ ਰੱਖਿਆ ਸਗੋਂ ਇਸ ਤੋਂ ਉਪਰ ਉਠ ਕੇ ਉਨ੍ਹਾਂ ਨੇ ਸਾਰੇ ਸਮਾਜ ਦੀ ਮੁਕਤੀ ਦੀ ਕਾਮਨਾ ਕੀਤੀ ਹੈ। ਗੁਰਬਾਣੀ ਦਾ ਫ਼ਰਮਾਨ ਹੈ: ਆਪਿ ਮੁਕਤੁ ਮੁਕਤੁ ਕਰੈ ਸੰਸਾਰੁ॥ ਨਾਨਕ ਤਿਸੁ ਜਨ ਕਉ ਸਦਾ ਨਮਸਕਾਰੁ॥ (ਗ:ਗ:ਸ: ਪੰਨਾ-295) ਇਸ ਤਰ੍ਹਾਂ ਮੁਕਤੀ ਦੇ ਸੰਬੰਧ ਵਿਚ ਗੁਰੂ ਸਾਹਿਬ ਦਾ ਜੋ ਸੰਕਲਪ ਹੈ ਉਹ ਕੇਵਲ ਨਿਜੀ ਮੁਕਤੀ ਹਾਸਲ ਕਰਨਾ ਨਹੀਂ ਸਗੋਂ ਸਾਰੇ ਸਮਾਜ, ਸਾਰੇ ਸੰਸਾਰ, ਨੂੰ ਮੁਕਤੀ ਦਿਵਾਉਣਾ ਹੈ। ਉਹ ਵਿਅਕਤੀ ਜੋ ਆਪ ਤਾਂ ਮੁਕਤ ਹੁੰਦਾ ਹੈ ਅਤੇ ਨਾਲ ਸਾਰੇ ਸੰਸਾਰ ਦੀ ਮੁਕਤੀ ਵਾਸਤੇ ਕਾਮਨਾ ਕਰਦਾ ਹੈ, ਸਭ ਦੇ ਕਲਿਆਨ ਲਈ ਘਾਲਣਾ ਘਾਲਦਾ ਹੈ, ਐਸੇ ਵਿਕਤੀ ਨੂੰ ਗੁਰੂ ਸਾਹਿਬ ਨਮਸਕਾਰ ਕਰਦੇ ਹਨ, ਭਾਵ ਐਸਾ ਵਿਅਕਤੀ ਆਦਰ ਯੋਗ ਹੁੰਦਾ ਹੈ। ਇਸ ਤਰ੍ਹਾਂ ਗੁਰਬਾਣੀ ਸਰਬੱਤ ਦੇ ਭਲੇ ਵਾਸਤੇ, ਸਾਰੀ ਲੋਕਾਈ ਦੇ ਕਲਿਆਨ ਵਾਸਤੇ, ਸਾਰੇ ਸਮਾਜ ਦੀ ਮੁਕਤੀ ਵਾਸਤੇ, ਨਿਸ਼ਾਨਾ ਮਿੱਥਦੀ ਹੈ। ਇਹ ਹੀ ਹੈ ਸਰਬੱਤ ਦੇ ਭਲੇ ਦਾ ਸੰਕਲਪ। ਜੋ ਮੁਕਤੀ ਦੀ ਪ੍ਰਾਪਤੀ ਕਰਨੀ ਹੈ ਉਹ ਨਿਜੀ ਮੁਕਤੀ ਤਕ ਹੀ ਸੀਮਤ ਨਹੀਂ ਹੈ ਅਤੇ ਨਾ ਹੀ ਕਿਸੇ ਆਪਣੇ ਖਾਸ ਧਰਮ ਦੇ ਖਾਸ ਅਨੁਯਾਈਆਂ ਨੂੰ ਮੁਕਤੀ ਦਿਵਾਉਣ ਤਕ ਸੀਮਤ ਹੈ। ਗੁਰਬਾਣੀ ਦਾ ਉਦੇਸ਼ ਤਾਂ ਸਮੁੱਚੇ ਸਮਾਜ ਦੀ ਮੁਕਤੀ, ਭਾਵ ਕਲਿਆਣ ਵਾਸਤੇ ਹੈ।
      ਗੁਰਬਾਣੀ ਵਿਚ ਜਦੋਂ ਵਿਕਾਰਾਂ ਤੋਂ ਛੁਟਕਾਰਾ ਪਾ ਕੇ ਮੁਕਤ ਹੋਣ ਲਈ ਪ੍ਰੇਰਿਆ ਹੈ ਤਾਂ ਉਥੇ ਇਹ ਵੀ ਸਮਝਾਇਆ ਹੈ ਕਿ ਜਿਉਂਦੇ ਜੀ ਵਿਕਰਾਂ ਤੋਂ ਮੁਕਤ ਕਿਵੇਂ ਹੋਣਾ ਹੈ। ਭਾਵ ਜੋ ਮੁਕਤੀ ਦਾ ਸੰਕਲਪ ਦਰਸਾਇਆ ਹੈ ਉਸ ਮੁਕਤੀ ਨੂੰ ਪ੍ਰਾਪਤ ਕਿਵੇਂ ਕੀਤਾ ਜਾ ਸਕਦਾ ਹੈ। ਇਸ ਸੰਬੰਧ ਵਿਚ ਗੁਰਬਾਣੀ ਇਸ ਤਰ੍ਹਾਂ ਸੇਧ ਦਿੰਦੀ ਹੈ: ਜੀਵਨ ਮੁਕਤੁ ਜਾ ਸਬਦੁ ਸੁਣਾਏ॥ ਸਚੀ ਰਹਤ ਸਚਾ ਸੁਖੁ ਪਾਏ॥(ਗ:ਗ:ਸ: ਪੰਨਾ-1343) ਭਾਵ ਜਦੋਂ ਵਿਅਕਤੀ ''ਸਬਦੁ ਸੁਣਾਏ'' ਭਾਵ ਜਦੋਂ ਕੋਈ ਸੱਚ ਦੇ ਗਿਆਨ ਨੂੰ, ਰੱਬੀ ਗਿਆਨ ਨੂੰ, ਸੁੰਣਦਾ, ਵਿਚਾਰਦਾ ਅਤੇ ਸਮਝਦਾ ਹੈ ਤਾਂ ਉਸ ਦੀ ''ਸਚੀ ਰਹਤ'' ਭਾਵ ਉਸ ਦੀ ਰਹਿਣੀ ਵੀ ਸੱਚੀ ਹੋ ਜਾਂਦੀ ਹੈ; ਉਸ ਦੀ ਸੋਚ ਵੀ ਸੁਚੱਜੀ ਹੋ ਜਾਂਦੀ ਹੈ। ਸੁਚੱਜੀ ਸੋਚ ਅਤੇ ਸੁਚੱਜੀ ਰਹਿਤ ਕਾਰਨ ਵਿਕਾਰਾਂ ਤੋਂ ਛੁਟਕਾਰਾ ਮਿਲ ਜਾਂਦਾ ਹੈ। ਵਿਕਾਰਾਂ ਤੋਂ ਛੁਟਕਾਰਾ ਮਿਲਣ ਨਾਲ ''ਸਚਾ ਸੁਖੁ ਪਾਏ'' ਉਸ ਨੂੰ ਸਦੀਵੀਂ ਅੰਨਦ ਦੀ ਪ੍ਰਾਪਤੀ ਹੋ ਜਾਂਦੀ ਹੈ।ਇਸ ਤਰ੍ਹਾਂ ਉਹ ਜੀਵਨ ਮੁਕਤ ਹੋ ਜਾਂਦਾ ਹੈ। ਉਸ ਨੂੰ ਜੀਉਂਦੇ ਜੀਅ ਹੀ ਮੁਕਤੀ ਦੀ ਪ੍ਰਾਪਤੀ ਹੋ ਜਾਂਦੀ ਹੈ।
    ਜਦੋਂ ਇਹ ਸਮਝਾ ਦਿੱਤਾ ਗਿਆ ਕਿ ਵਿਕਾਰਾਂ ਤੋਂ ਛੁਟਕਾਰਾ ਪਾਉਣਾ ਹੀ ਮੁਕਤੀ ਹੈ ਤਾਂ ਗੁਰਬਾਣੀ ਇਹ ਵੀ ਸਮਝਾਉਂਦੀ ਹੈ ਕਿ ਵਿਕਾਰ ਉਪਜਦੇ ਕਿਥੋਂ ਹਨ। ਤਾਂ ਕਿ ਵਿਕਾਰ ਪੈਦਾ ਹੀ ਨਾ ਹੋਣ ਦਿੱਤੇ ਜਾਣ। ਇਸ ਸੰਬੰਧ ਵਿਚ ਗੁਰਬਾਣੀ ਦਾ ਫ਼ਰਮਾਨ ਹੈ: ਜੀਵਨ ਮੁਕਤੁ ਸੋ ਆਖੀਐ ਜਿਸੁ ਵਿਚਹੁ ਹਉਮੈ ਜਾਇ॥(ਗ:ਗ:ਸ: ਪੰਨਾ-1009) ਭਾਵ ਵਿਕਾਰ ਪੈਦਾ ਹੁੰਦੇ ਹਨ ਹਉਮੈ ਤੋਂ ਇਸ ਲਈ ਜਿਸ ਮਨੁੱਖ ਦੇ ਅੰਦਰੋਂ ਹਉਮੈ ਦੂਰ ਹੋ ਜਾਏ ਉਸ ਦੀ ਬਾਬਤ ਕਿਹਾ ਜਾ ਸਕਦਾ ਹੈ ਕਿ ਉਹ ਜੀਊਂਦਿਆਂ ਹੀ ਮੁਕਤ ਹੋ ਗਿਆ। ਇਥੇ ਹੀ ਬਸ ਨਹੀਂ; ਗੁਰਬਾਣੀ ਰਾਹੀਂ ਇਹ ਵੀ ਸਮਝਾਇਆ ਹੈ ਕਿ ਹਉਮੈ ਤੋਂ ਬਚਣਾ ਕਿਵੇਂ ਹੈ। ਗੁਰਬਾਣੀ ਅਨੁਸਾਰ ਜੇਕਰ ਹਉਮੈ ਤੇ ਕਾਬੂ ਪਾਉਣਾ ਹੈ ਤਾਂ ਮਨ ਵਿਚ ਨਿਮਰਤਾ ਪੈਦਾ ਕੀਤੀ ਜਾਵੇ। ਇਹ ਨਿਮਰਤਾ ਵੀ ਮੁਕਤੀ ਦਾ ਇਕ ਰਾਹ ਹੈ। ਇਸ ਸੰਬੰਧ ਵਿਚ ਗੁਰਬਾਣੀ ਦਾ ਫਰਮਾਨ ਹੈ: ਕਰਿ ਕਿਰਪਾ ਜਿਸ ਕੈ ਹਿਰਦੈ ਗਰੀਬੀ ਬਸਾਵੈ ॥ ਨਾਨਕ ਈਹਾ ਮੁਕਤੁ ਆਗੈ ਸੁਖੁ ਪਾਵੈ॥ (ਗ:ਗ:ਸ: ਪੰਨਾ-278) ਭਾਵ ''ਕਰਿ ਕਿਰਪਾ'' ਜਿਸ ਉਤੇ ਕਿਰਪਾ ਹੋ ਜਾਂਦੀ ਹੈ ਭਾਵ ਜਿਸ ਨੂੰ ਸੋਝੀ ਆ ਜਾਂਦੀ ਹੈ, ਸੋਝੀ ਦਾ ਆਉਣਾ ਹੀ ਕਿਰਪਾ ਦਾ ਹੋਣਾ ਹੁੰਦਾ ਹੈ। ਇਸ ਸੋਝੀ ਨਾਲ ਰੱਬੀ ਗੁਣ ਹਿਰਦੇ ਵਿਚ ਵਸ ਜਾਂਦੇ ਹਨ: ਉਸ ਦੇ ਹਿਰਦੇ ਵਿਚ ਨਿਮਰਤਾ ਆ ਜਾਂਦੀ ਹੈ। ਜਿਤਨੀ ਦੇਰ ਮਨ ਵਿਚ ਹਉਮੈ ਹੁੰਦੀ ਹੈ, ਨਿਮਰਤਾ ਨਹੀਂ ਆ ਸਕਦੀ, ਗਰੀਬੀ ਦਾ ਵਾਸਾ ਨਹੀਂ ਹੋ ਸਕਦਾ।ਜਿਸ ਦੇ ਮਨ ਵਿਚ ਨਿਮਰਤਾ ਆ ਜਾਂਦੀ ਹੈ, ਜਿਸ ਦੇ ਮਨ ਵਿਚ  ਗਰੀਬੀ ਦਾ ਵਾਸਾ ਹੋ ਜਾਂਦਾ ਹੈ ਤਾਂ ਐਸਾ ਵਿਅਕਤੀ ''ਈਹਾ ਮੁਕਤੁ'' ਸੰਸਾਰ ਵਿਚ ਰਹਿੰਦਿਆ, ਜੀਊਂਦੇ ਜੀਅ, ਮੁਕਤ ਹੋ ਜਾਂਦਾ ਹੈ, ਇਸ ਮੁਕਤੀ ਕਾਰਨ ਉਸ ਨੂੰ ਜਿਥੇ ਜੀਉਂਦਿਆਂ ਸੁਖ ਮਿਲਦਾ ਹੈ ਉਸ ਦੇ ਮਰਨ ਮਗਰੋਂ ਵੀ ਉਸ ਦੀ ਉਸਤਤੀ ਹੁੰਦੀ ਹੈ। ਇਹ ਹੈ ਆਗੈ ਸੁਖੁ ਪਾਵੈ।
    ਜੀਉਂਦੇ ਜੀ ਮੁਕਤ ਹੋਣ ਵਾਸਤੇ ਗੁਰਬਾਣੀ ਇਸ ਤਰ੍ਹਾਂ ਵੀ ਸਮਝਾਉਂਦੀ ਹੈ: ਜਿਸੁ ਨਾਮੁ ਰਿਦੈ ਸੋ ਜੀਵਨ ਮੁਕਤਾ (ਪੰਨਾ-1155) ਭਾਵ ਜਿਸ ਵਿਅਕਤੀ ਮਨ ਵਿਚ ''ਨਾਮੁ ਰਿਦੈ'' ਭਾਵ ਰੱਬੀ ਗੁਣ (ਚੰਗੇ ਗੁਣ) ਵਸ ਜਾਂਦੇ ਹਨ ਉਹ ਜੀਵਨ ਮੁਕਤ ਹੋ ਜਾਂਦਾ ਹੈ।
    ਗੁਰਬਾਣੀ ਵਿਚ ਜੀਊਂਦੇ ਜੀਅ ਮੁਕਤੀ ਪ੍ਰਾਪਤ ਕਰਨ ਦੇ ਕਈ ਹੋਰ ਨੁਕਤੇ, ਫਾਰਮੂਲੇ (Formulae) ਦੱਸੇ ਹਨ, ਜਿਨ੍ਹਾਂ ਵਿਚੋਂ ਕੁਝ ਇਸ ਤਰ੍ਹਾਂ ਹਨ:-ਜਿਵੇਂ ਕਿ:
1)    ਉਸਤਤਿ ਨਿੰਦਿਆ ਨਾਹਿ ਜਿਹਿ ਕੰਚਨ ਲੋਹ ਸਮਾਨਿ॥ਕਹੁ ਨਾਨਕ ਸੁਨਿ ਰੇ ਮਨਾ ਮੁਕਤਿ ਤਾਹਿ ਤੈ ਜਾਨਿ॥ (ਗ:ਗ:ਸ: ਪੰਨਾ-1427) ਭਾਵ ਐਸਾ ਵਿਅਕਤੀ ਜੋ ਆਪਣੀ ਉਸਤਤ ਸੁਣ ਕੇ ਕਿਸੇ ਗੁਮਾਨ ਵਿਚ ਨਹੀਂ ਆਉਂਦਾ, ਕੋਈ ਹੰਕਾਰ ਨਹੀਂ ਕਰਦਾ ਅਤੇ ਨਾਂ ਹੀ ਆਪਣੀ ਨਿੰਦਾ ਸੁਣ ਕੇ ਦੁਖੀ ਹੁੰਦਾ ਹੈ ਅਤੇ ਗੁਸਾ ਨਹੀਂ ਕਰਦਾ। ਐਸਾ ਵਿਅਕਤੀ ਜਿਸ ਨੂੰ ਸੋਨਾ ਅਤੇ ਲੋਹਾ ਇਕੋ ਜਿਹੇ ਜਾਪਦੇ ਹਨ ਭਾਵ ਸੋਨੇ ਨੂੰ ਵੇਖ ਕੇ ਲਲਚਾਉਂਦਾ ਨਹੀਂ ਅਤੇ ਲੋਹੇ ਨੂੰ ਦੁਰਕਾਰਦਾ ਨਹੀਂ। ਗੁਰੂ ਸਾਹਿਬ ਆਖਦੇ ਹਨ ਐਸਾ ਵਿਕਤੀ ਹੀ ਮੋਹ ਮਾਇਆ ਤੋਂ ਨਿਰਲੇਪ ਹੁੰਦਾ ਹੈ ਅਤੇ ਉਸੇ ਨੂੰ ਮੁਕਤ ਸਝਿਆ ਜਾਨਾਂ ਚਾਹੀਦਾ ਹੈ।
2)    ਗੁਰਮੁਖਿ ਨਾਮੁ ਸਾਲਾਹਿ ਜਨਮੁ ਸਵਾਰਿਆ॥ ਆਪਿ ਹੋਆ ਸਦਾ ਮੁਕਤੁ ਸਭੁ ਕੁਲੁ ਨਿਸਤਾਰਿਆ॥ (ਗ:ਗ:ਸ: ਪੰਨਾ-86) ਜੋ ਵਿਅਕਤੀ ਗਿਆਨਵਾਨ ਪਾਸੋਂ ਰੱਬੀ ਗੁਣਾਂ ਨੂੰ ਸਮਝ ਕੇ ਅਪਣਾ ਲੈਂਦਾ ਹੈ, ਉਹ ਆਪਣਾ ਜੀਵਨ ਸੁਧਾਰ ਲੈਂਦਾ ਹੈ; ਆਪਣੀ ਸੋਚ ਨੂੰ ਚੰਗੀ ਸੇਧ ਦੇ ਲੈਂਦਾ ਹੈ। ਐਸਾ ਵਿਅਕਤੀ ਆਪ ਹਮੇਸ਼ਾਂ ਲਈ ਮੁਕਤ ਹੋ ਜਾਂਦਾ ਹੈ, ਵਿਕਾਰਾਂ ਤੋਂ ਛੁੱਟ ਜਾਂਦਾ ਹੈ, ਅਤੇ ਆਪਣੀ ਸਾਰੀ ਕੁਲ ਨੂੰ ਵੀ ਸਿਧੇ ਰਸਤੇ ਪਾ ਜਾਂਦਾ ਹੈ। ਇਸ ਤਰ੍ਹਾਂ ਵਿਕਾਰਾਂ ਤੋਂ ਮੁਕਤ ਹੋਣਾ ਹੀ ਅਸਲ ਮੁਕਤੀ ਹੈ।
    ਇਸ ਤਰ੍ਹਾਂ ਦੇ ਹੋਰ ਬਹੁਤ ਸ਼ਬਦ ਹਨ ਜੋ ਇਹ ਸਮਝਾਉਂਦੇ ਹਨ ਕਿ ਰੱਬੀ ਗੁਣਾਂ ਦੀ ਸੋਝੀ ਪਾ ਕੇ ਅਤੇ ਉਨ੍ਹਾਂ ਗੁਣਾਂ ਨੂੰ ਅਪਣਾ ਕੇ ਜੀਉਂਦੇ ਜੀ ਹੀ ਮੁਕਤੀ ਪ੍ਰਾਪਤ ਕੀਤੀ ਜਾ ਸਕਦੀ ਹੈ। ਜਿਉਂਦੇ ਜੀ ਮੁਕਤੀ ਦੀ ਪ੍ਰਾਪਤੀ ਹੀ  ਜੀਵਨ ਦਾ ਅਸਲ ਮਨੋਰਥ ਹੈ। ਮਰਨ ਤੋਂ ਬਾਅਦ ਵਾਲੀ ਮੁਕਤੀ ਕੋਈ ਮੁਕਤੀ ਨਹੀਂ। ਇਹ ਹੈ ਗੁਰਬਾਣੀ ਅਨੁਸਾਰ ਮੁਕਤੀ ਦਾ ਸੰਕਲਪ।
     ਨੋਟ: ਜੇਕਰ, ਕਿਸੇ ਕਾਰਨ, ਕੋਈ ਪਾਠਕ ਜਾਂ ਪ੍ਰੇਮੀ ਇਨ੍ਹਾਂ ਵਿਚਾਰਾਂ ਨਾਲ ਸਹਿਮਤ ਨਹੀਂ ਹਨ ਤਾਂ ਕਿਰਪਾ ਕਰਕੇ ਮੇਰੀ ਸੁਧਾਈ ਖਾਤਰ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ ਜੀ। ਆਪ ਜੀ ਦਾ ਧੰਨਵਾਦੀ ਹੋਵਾਂਗਾ।

ਐਡਵੋਕੇਟ ਸੁਰਿੰਦਰ ਸਿੰਘ ਕੰਵਰ
WhatsApp No. +61-468432632
E-mail-   kanwar238@yahoo.com

ਸੁਚੱਜਾ ਜੀਵਨ - ਐਡਵੋਕੇਟ ਸੁਰਿੰਦਰ ਸਿੰਘ ਕੰਵਰ

 ਸੁਚੱਜਾ ਜੀਵਨ ਜੀਊਣਾ ਹੀ ਇਨਸਾਨੀਅਤ ਹੈ ਅਤੇ ਇਹ ਹੀ ਹੈ ਇਨਸਾਨ ਦਾ ਧਰਮ । ਜੇਕਰ ਹਰ ਕੋਈ ਸੁਚੱਜਾ ਜੀਵਨ ਬਤੀਤ ਕਰਨਾ ਸਿੱਖ ਲਵੇ ਤਾਂ ਇਹ ਸਮਾਜ ਕਿਤਨਾ ਖੁਸ਼ਹਾਲ ਅਤੇ ਖੇੜੇ ਵਾਲਾ ਹੋ ਜਾਵੇਗਾ ਇਸ ਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਨਹੀਂ। ਜਿਸ ਪਰਿਵਾਰ, ਸਮਾਜ, ਦੇਸ਼ ਜਾਂ ਕੌਮ ਦੇ ਲੋਕ ਸੁਚੱਜਾ ਜੀਵਨ ਜੀਉਂਦੇ ਹਨ ਉਹ ਪਰਿਵਾਰ, ਸਮਾਜ, ਦੇਸ਼ ਜਾਂ ਕੌਮ ਹੀ ਤਰੱਕੀ ਕਰਦਾ ਹੈ ਅਤੇ ਉਥੋਂ ਦੇ ਲੋਕ ਹੀ ਸੁਖੀ ਹੁੰਦੇ ਹਨ।
    ਇਹ ਵੀ ਸਪਸ਼ਟ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਸੁਚੱਜਾ ਜੀਵਨ ਜੀਊਣਾ ਵੀ ਇਕ ਕਲਾ ਹੈ ਅਤੇ ਇਸ ਕਲਾ ਨੂੰ ਉਦਮ ਨਾਲ ਸਿੱਖਿਆ ਵੀ ਜਾ ਸਕਦਾ ਹੈ। ਠੀਕ ਉਸੇ ਤਰ੍ਹਾਂ ਜਿਵੇਂ ਕਿਸੇ ਨੇ ਡਾਕਟਰ ਬਨਣਾ ਹੋਵੇ ਤਾਂ ਉਸ ਨੂੰ ਡਾਕਰੀ ਦੇ ਸੰਬੰਧ ਵਿਚ ਇਕ ਵਿਸ਼ੇਸ਼ ਪੜ੍ਹਾਈ ਕਰਨੀ ਪੈਂਦੀ ਹੈ ਤਾਂ ਹੀ ਉਹ ਚੰਗਾ ਡਾਕਟਰ ਬਣ ਸਕਦਾ ਹੈ। ਜਿਤਨੀ ਲਗਣ ਨਾਲ ਉਹ ਇਸ ਹੁਨਰ ਨੂੰ ਸਿਖਦਾ ਹੈ ਉਤਨੀ ਹੀ ਸਫਲਤਾ ਉਸ ਨੂੰ ਮਿਲਦੀ ਹੈ। ਇਸੇ ਤਰ੍ਹਾਂ ਜੇਕਰ ਕਿਸੇ ਨੇ ਵਕੀਲ ਬਨਣਾ ਹੈ ਤੇ ਵਕਾਲਤ ਵਾਸਤੇ ਉਸੇ ਮੁਤਾਬਕ ਪੜ੍ਹਾਈ ਕਰਕੇ ਯੋਗਤਾ ਪ੍ਰਾਪਤ ਕਰਨ ਉਪਰੰਤ ਹੀ ਕੋਈ ਕਾਮਯਾਬ ਵਕੀਲ ਬਣ ਸਕਦਾ ਹੈ। ਇਨਜੀਨਅਰ ਬਨਣ ਵਾਸਤੇ ਉਸੇ ਮੁਤਾਬਕ ਪੜ੍ਹਾਈ ਦੀ ਲੋੜ ਹੁੰਦੀ ਹੈ। ਸੁਭਾਵਿਕ ਹੈ ਕਿ ਜਿਸ ਤਰ੍ਹਾਂ ਦਾ ਕੰਮ ਕਰਨਾ ਹੈ ਉਸੇ ਅਨੁਸਾਰ ਉਸ ਸੰਬੰਧੀ ਯੋਗਤਾ ਪ੍ਰਾਪਤ ਕਰਨ ਦੀ ਲੋੜ ਹੁੰਦੀ ਹੈ। ਇਸੇ ਤਰ੍ਹਾਂ ਜੇਕਰ ਚੰਗਾ ਸੁਚੱਜਾ,ਸੁਖੀ ਤੇ ਸ਼ਾਂਤਮਈ ਜੀਵਨ ਜੀਊਣਾ ਹੈ ਤਾਂ ਉਸ ਵਾਸਤੇ ਵੀ ਕੋਈ ਵੱਖਰੀ ਹੀ ਪੜ੍ਹਾਈ ਜ਼ਰੂਰੀ ਹੁੰਦੀ ਹੈ ਭਾਂਵੇ ਬਹੁਤ ਕਰਕੇ ਇਸ ਵਲ ਧਿਆਨ ਘੱਟ ਹੀ ਦਿੱਤਾ ਜਾਂਦਾ ਹੈ।
    ਜੀਵਨ ਸੁਚੱਜਾ ਅਤੇ ਚੰਗਾ ਜੀਊਣ ਵਾਸਤੇ ਆਮ ਤੌਰ ਤੇ  ਇਹ ਸਮਝ ਲਿੱਤਾ ਜਾਂਦਾ ਹੈ ਕਿ ਜੇਕਰ ਦੌਲਤ ਕਮਾ ਲਿੱਤੀ ਜਾਵੇ ਤਾਂ ਜੀਵਨ ਆਪਣੇ ਆਪ ਚੰਗਾ ਹੋ ਜਾਵੇਗਾ ਤੇ ਜ਼ਿੰਦਗੀ ਮਜ਼ੇਦਾਰ ਹੋ ਜਾਵੇਗੀ। ਕਈ ਵਾਰ ਇਹ ਵੀ ਸੋਚ ਲਿੱਤਾ ਜਾਂਦਾ ਹੈ ਕਿ ਕੋਈ ਉੱਚਾ ਰੁਤਬਾ ਹਾਸਲ ਕਰ ਲਿੱਤਾ ਜਾਵੇ ਤਾਂ ਜੀਵਨ ਚੰਗਾ ਬਤੀਤ ਹੋਵੇਗਾ। ਹੋ ਸਕਦਾ ਹੈ,  ਕੁਝ ਲੋਕ ਇਹ ਸਭ ਕੁਝ ਹਾਸਲ ਕਰਕੇ ਚੰਗਾ ਜੀਵਨ ਬਤੀਤ ਕਰ ਸਕਦੇ ਹੋਣ। ਕੁਝ ਐਸੇ ਵਿਅਕਤੀ ਹਨ ਜੋ ਇਹ ਸਭ ਕੁਝ ਹਾਸਲ ਕਰਕੇ ਚੰਗਾ ਜੀਵਨ ਜੀਊਂਦੇ ਹਨ, ਪਰ ਬਹੁਤ ਵਾਰ ਦੌਲਤ ਅਤੇ ਰੁਤਬਾ ਵਿਅਕਤੀ ਨੂੰ ਭ੍ਰਿਸ਼ਟ ਕਰ ਦਿੰਦਾ ਹੈ ਅਤੇ ਐਸਾ ਵਿਅਕਤੀ ਨਾਂ ਸਿਰਫ ਆਪਣਾ ਜੀਵਨ ਖਰਾਬ ਕਰਦਾ ਹੈ ਸਗੋਂ ਸਾਰੇ ਸਮਾਜ ਨੂੰ ਗੰਦਾ ਕਰ ਦਿੰਦਾ ਹੈ। ਬਹੁਤ ਸਾਰੇ ਰਾਜਨੀਤਕ ਲੀਡਰ ਐਸੇ ਵੇਖੇ ਸੁਣੇ ਗਏ ਹਨ ਜੋ ਦੌਲਤ ਅਤੇ ਰੁਤਬੇ ਦੇ ਅਹੰਕਾਰ ਅਤੇ ਲਾਲਚ ਕਾਰਨ ਦੇਸ਼ ਅਤੇ ਕੌਮ ਨੂੰ ਬਰਬਾਦ ਕਰ ਦਿੰਦੇ ਹਨ।
    ਹੁਣ ਜੇਕਰ ਚੰਗਾ ਸੁਚੱਜਾ ਜੀਵਨ ਜੀਊਣਾ ਹੈ ਤਾਂ ਇਹ ਸਮਝਣਾ ਜ਼ਰੂਰੀ ਹੋ ਜਾਂਦਾ ਹੈ ਕਿ ਇਹ ਚੰਗਾ ਸੁਚੱਜਾ ਜੀਵਨ ਹੁੰਦਾ ਕੀ ਹੈ? ਅਤੇ ਇਸ ਦੀ ਸਿੱਖਿਆ ਕਿਥੋਂ ਮਿਲਦੀ ਹੈ? ਅਤੇ ਇਸ ਵਾਸਤੇ ਕਿਹੜੀ ਪੜ੍ਹਾਈ ਕੀਤੀ ਜਾਵੇ?
    ਇਨ੍ਹਾਂ ਸਭ ਸਵਾਲਾਂ ਦੇ ਜੁਆਬ ਵਿਚ ਬਹੁਤ ਲੋਕ ਆਖ ਦੇਣਗੇ ਕਿ ਹਰ ਵਿਅਕਤੀ ਨੂੰ ਧਰਮੀ ਹੋਣਾ ਚਾਹੀਦਾ ਹੈ ਅਤੇ ਧਰਮ ਦੀ ਪੜ੍ਹਾਈ ਕਰਨੀ ਚਾਹੀਦੀ ਹੈ। ਇਸ ਵਾਸਤੇ ਬਹੁਤ ਸਾਰੇ ਧਰਮ ਗ੍ਰੰਥਾਂ ਦੀ ਰਚਣਾ ਵੀ ਕੀਤੀ ਗਈ ਹੈ। ਇਹ ਠੀਕ ਵੀ ਹੈ: ਪਰ ਜੇ ਇਹ ਸਮਝ ਹੀ ਨਾ ਆਵੇ ਕਿ ਧਰਮ ਹੁੰਦਾ ਕੀ ਹੈ ਤਾਂ ਸਭ ਕੁਝ ਉਲਟਾ ਪੁਲਟਾ ਹੋ ਜਾਂਦਾ ਹੈ। ਕਿਉਂਕਿ ਆਮ ਤੌਰ ਤੇ ਇਹ ਹੀ ਸਮਝ ਲਿੱਤਾ ਜਾਂਦਾ ਹੈ; ਜਾਂ ਇਹ ਹੀ ਸਮਝਾਇਆ ਜਾਂਦਾ ਹੈ, ਕਿ ਇਨ੍ਹਾਂ ਗ੍ਰੰਥਾਂ ਦੀ ਪੂਜਾ ਕਰਦੇ ਰਹੋ, ਬੱਸ ਇਹ ਹੀ ਧਰਮ ਹੈ। ਇਸ ਤਰ੍ਹਾਂ ਪਾਠ ਪੂਜਾ ਕਰਨ ਵਾਸਤੇ ਇਕ ਰੱਬ ਵੀ ਬਣਾ ਲਿੱਤਾ ਜਾਂਦਾ ਅਤੇ ਉਸ ਦੀ ਪੂਜਾ ਸ਼ੁਰੂ ਕਰ ਦਿੱਤੀ ਜਾਂਦੀ ਹੈ। ਫਿਰ ਪੂਜਾ ਦੇ ਨਾਮ ਤੇ ਉਸ ਧਰਮ ਦੇ ਕਰਮਕਾਂਡ ਘੜ ਦਿੱਤੇ ਜਾਂਦੇ ਹਨ।ਅਤੇ ਫਿਰ ਇਹ ਹੀ ਸਮਝ ਲਿੱਤਾ ਜਾਂਦਾ ਹੈ ਕਿ, ਧਰਮ ਗ੍ਰੰਥ ਨੂੰ ਪੜ੍ਹ ਲੈਣਾ, ਜਾਂ ਸੁਣ ਲੈਣਾ, ਜਾਂ ਫਿਰ ਪਾਠ ਪੂਜਾ ਕਰ ਲੈਣਾ ਅਤੇ ਕਰਮਕਾਂਡਾ ਦੀ ਪੂਰਤੀ ਕਰਨਾ ਹੀ ਧਰਮੀ ਹੋਣਾ ਹੈ। ਪਰ ਵੇਖਣਾ ਇਹ ਹੈ ਕਿ; ਕੀ ਸੱਚ ਮੁੱਚ ਇਹ ਹੀ ਇਕ ਚੰਗਾ ਜੀਵਨ ਜੀਉਣਾ ਹੁੰਦਾ ਹੈ? ਇਸ ਤਰ੍ਹਾਂ ਦੇ ਕਰਮਕਾਂਡੀ ਧਰਮ ਨੂੰ ਪੈਦਾ ਕਰਨ ਵਾਲੇ ਅਜੋਕੇ ਸਮਾਜ ਵਿਚ ਬਹੁਤ ਸਾਰੇ ਸਾਧੂ, ਸੰਤ, ਬਾਬੇ, ਅਤੇ ਹੋਰ ਕਈ ਡੇਰੇਦਾਰ ਪੈਦਾ ਹੋ ਗਏ ਹਨ ਜੋ ਸਮਾਜ ਨੂੰ ਸੁਧਾਰਨ ਦੀ ਬਜਾਏ ਸਮਾਜ ਨੂੰ ਲੁੱਟ ਰਹੇ ਹਨ ਅਤੇ ਕਈ ਭੋਲੇ ਭਾਲੇ ਲੋਕਾਂ ਦੀ ਜ਼ਿੰਦਗੀ ਖਰਾਬ ਕਰ ਰਹੇ ਹਨ। ਕਈ ਧਰਮ ਦੇ ਨਾਮ ਤੇ ਠੇਕੇਦਾਰ ਵੀ ਬਣੇ ਬੈਠੇ ਹਨ ਜੋ ਧਰਮ ਦੇ ਨਾਮ ਤੇ ਨਫਰਤ ਪੈਦਾ ਕਰ ਰਹੇ ਹਨ ਅਤੇ ਸ਼ਰੀਫ ਵਿਅਕਤੀ ਲਈ ਮੁਸੀਬਤਾਂ ਖੜੀਆਂ ਕਰ ਰਹੇ ਹਨ। ਧਰਮ ਦੇ ਨਾਮ ਤੇ ਲੜਾਈਆਂ ਝਗੜੇ ਕਰਵਾ ਰਹੇ ਹਨ। ਜੇਕਰ ਧਰਮ ਦੀ ਪੜ੍ਹਾਈ ਇਸ ਤਰ੍ਹਾਂ ਦੀ ਕਰਵਾਈ ਜਾਵੇ ਜਿਸ ਨਾਲ ਨਫਰਤ ਪੈਦਾ ਹੁੰਦੀ ਹੋਵੇ ਤਾਂ ਐਸੇ ਧਰਮ ਦੀ ਪੜ੍ਹਾਈ ਸੁਚੱਜਾ ਜੀਵਨ ਜੀਊਣਾ ਨਹੀਂ ਸਿਖਾ ਸਕਦੀ।
    ਸੁਚੱਜਾ ਜੀਵਨ ਜੀਊਣ ਵਾਸਤੇ ਅਸਲ ਲੋੜ ਹੁੰਦੀ ਹੈ ਮਨ ਨੂੰ ਸੱਚਾ ਸੁਚਾ ਕਰਨਾ ਕਿਉਂਕਿ ਮਨ ਹੀ ਮਤ ਘੜਦਾ ਹੈ ਅਤੇ ਸੁਚੱਜੀ ਮੱਤ ਹੀ ਸੁਚੱਜਾ ਜੀਵਨ ਜੀਊਣ ਦੀ ਪ੍ਰੇਰਨਾ ਦਿੰਦੀ ਹੈ। ਇਸ ਲਈ ਚੰਗਾ ਜੀਵਣ ਜੀਊਣ ਵਾਸਤੇ, ਮਨ ਨੂੰ ਸੋਧਣ ਦੀ ਲੋੜ ਹੁੰਦੀ ਹੈ ਅਤੇ ਇਸ ਲਈ ਸਕੂਲਾਂ ਕਾਲਜਾਂ ਵਿਚ ਮਨੋ-ਵਿਗਿਆਨਕ ਸਾਂਇੰਸ ਦੀ ਪੜ੍ਹਾਈ ਵੀ ਕਰਵਾਈ ਜਾਂਦੀ ਹੈ। ਇਸ ਪੜ੍ਹਾਈ ਵਾਸਤੇ ਬਹੁਤ ਸਾਰੇ ਸਕੂਲ ਕਾਲਜ ਹਨ ਅਤੇ ਬਹੁਤ ਕਿਤਾਬਾਂ ਵੀ ਮਿਲ ਜਾਂਦੀਆਂ ਹਨ ਜੇ ਇਨ੍ਹਾਂ ਦਾ ਚੰਗੀ ਤਰ੍ਹਾਂ ਅਧਿਅਨ ਕੀਤਾ ਜਾਵੇ ਤਾਂ ਬਹੁਤ ਲਾਭ ਹੋ ਸਕਦਾ ਹੈ। ਇਹ ਇਕ ਵਿਸ਼ੇਸ਼ ਪੜ੍ਹਾਈ ਦਾ ਕੋਰਸ ਹੁੰਦਾ ਹੈ। ਪਰ ਇਸ ਸਬੰਧ ਵਿਚ ਇਹ ਅਨੁਭਵ ਕੀਤਾ ਗਿਆ ਹੈ ਕਿ ਐਸੀ ਪੜ੍ਹਾਈ, (theoretical )  ਭਾਵ ਸਿਧਾਂਤਕ ਜਾਂ ਇਲਮੀ ਗਿਆਨ ਤਾਂ ਜ਼ਰੂਰ ਪ੍ਰਦਾਨ ਕਰਦੀ ਹੈ ਪਰ ਸਾਰਥਕ, ਅਰਥ-ਭਰਪੂਰ, ਵਿਹਾਰਕ ਜਾਂ ਅਮਲੀ (practical) ਜੀਵਨ ਜੀਊਣਾ ਕਿਵੇਂ ਹੈ; ਇਸ ਸੰਬੰਧ ਵਿਚ ਕੋਈ ਸੇਧ ਨਹੀਂ ਮਿਲਦੀ।
    ਹੁਣ ਜਦੋਂ ਸਾਰਥਕ, ਅਰਥ-ਭਰਪੂਰ, ਵਿਹਾਰਕ ਅਤੇ ਅਮਲੀ (practical) ਜੀਵਨ ਜੀਊਣ ਦੀ ਗੱਲ ਆਉਂਦੀ ਹੈ ਤਾਂ ਇਸ ਲਈ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਫ਼ਲਸਫ਼ਾ, ਇਕ ਐਸਾ ਦਾਰਸ਼ਨਕ ਸਿਧਾਂਤ ਹੈ, ਐਸਾ ਤੱਤ ਗਿਆਨ ਹੈ ਜੋ ਸੁਚੱਜਾ ਜੀਵਨ ਬਤੀਤ ਕਰਨ ਸੰਬੰਧੀ ਪੂਰਾ ਗਿਆਨ ਪ੍ਰਦਾਨ ਕਰਦਾ ਹੈ। ਇਸ ਗ੍ਰੰਥ ਵਿਚ ਦਰਸਾਏ ਗਏ ਸਿਧਾਂਤ ਹਰ ਪੱਖੋਂ ਅਟੱਲ ਹਨ। ਇਸੇ ਲਈ ਇਸ ਵਿਚ ਅੰਕਿਤ ਫ਼ਲਸਫ਼ੇ ਨੂੰ ਸੱਚੀ ਬਾਣੀ ਕਿਹਾ ਗਿਆ ਹੈ। ਅਸਲ ਵਿਚ ਗੁਰੂ ਗ੍ਰੰਥ ਸਾਹਿਬ ਦੀ ਰਚਣਾ ਦਾ ਮਨੋਰਥ ਹੀ ਇਹ ਸੀ ਕਿ ਮਨੁੱਖ ਨੂੰ ਮਨੁੱਖੀ ਸਿਧਾਂਤਾਂ ਤੋ ਜਾਣੂ ਕਰਵਾਇਆ ਜਾਵੇ ਅਤੇ ਸੁਚੱਜਾ ਜੀਵਨ ਜੀਊਣ ਦਾ ਰਾਹ ਦਰਸਾਇਆ ਜਾਵੇ।ਇਸੇ ਲਈ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪੰਨੇ ਉਤੇ ਹੀ ਲਿਖਿਆ ਹੈ: ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥ ਸਚਿਆਰ ਹੋਣਾ ਹੀ ਸੁਚੱਜਾ ਜੀਵਨ ਜੀਊਣਾ ਹੁੰਦਾ ਹੈ। ਇਹ ਗੱਲ ਵੱਖਰੀ ਹੈ ਕਿ ਅੱਜ ਗੁਰੂ ਗ੍ਰੰਥ ਸਾਹਿਬ ਨੂੰ ਪੂਜਾ ਕਰਨ ਵਾਸਤੇ ਹੀ ਵਰਤਿਆ ਜਾ ਰਿਹਾ ਹੈ। ਜਦੋਂ ਕਿ ਲੋੜ ਹੈ: ਕਿ ਜੋ ਧਰਮ ਦੇ ਨਾਮ ਤੇ ਭੁਲੇਖੇ ਪਾ ਕੇ, ਪੂਜਾ ਅਤੇ ਕਰਮ ਕਾਂਡਾਂ ਵਾਲੀ, ਕੂੜ ਦੀ ਦਿਵਾਰ ਖਿੱਚ ਦਿੱਤੀ ਗਈ ਹੈ ਉਸ ਨੂੰ ਤੋੜ ਕੇ ਬਾਹਰ ਆਉਣ ਦਾ ਰਸਤਾ ਵਿਖਾਇਆ ਜਾਵੇ, ਜੋ ਕਿ ਉਦੇਸ਼ ਹੈ ਇਸ ਗੁਰੂ ਗ੍ਰੰਥ ਸਾਹਿਬ ਵਿਚ ਦਰਸਾਏ ਗਏ ਫ਼ਲਸਫ਼ੇ ਦਾ।  ਕਰਮ ਕਾਂਡਾਂ ਵਾਲੀ ਕੂੜ ਦੀ ਦਿਵਾਰ ਤੋਂ ਬਾਹਰ ਆ ਕੇ ਹੀ ਅਮਲੀ, ਸਾਰਥਕ, ਅਰਥ ਭਰਪੂਰ ਅਤੇ ਸੁਚੱਜਾ ਜੀਵਨ ਜੀਵਿਆ ਜਾ ਸਕਦਾ ਹੈ। 
     ਸਾਰਥਕ ਅਤੇ ਅਰਥ ਭਰਪੂਰ ਜੀਵਨ ਜੀਊਣ ਵਾਸਤੇ ਗੁਰੂ ਗ੍ਰੰਥ ਸਾਹਿਬ ਵਿਚ ਥਾਂ ਥਾਂ ਉਤੇ ਰੱਬੀ ਗੁਣ, ਭਾਵ ਚੰਗੇ ਗੁਣ ਅਪਨਾਉਣ ਲਈ ਪ੍ਰੇਰਿਆ ਗਿਆ ਹੈ। ਇਹ ਗੁਣ ਹੀ ਉਹ ਮਹੱਤਵਪੂਰਣ ਨੁਕਤੇ ਹਨ ਜੋ ਇਨਸਾਨ ਨੂੰ ਇਨਸਾਨ ਬਨਣ ਦੀ ਸੇਧ ਦਿੰਦੇ ਹਨ ਅਤੇ ਮਨੁੱਖ ਨੂੰ ਸੁਚੱਜਾ ਜੀਵਨ ਜੀਊਣ ਦਾ ਰਾਹ ਵਿਖਾਂਉਂਦੇ ਹਨ। ਇਨ੍ਹਾਂ ਨੁਕਤਿਆਂ ਨੂੰ ਸਮਝ ਕੇ ਅਮਲ ਵਿਚ ਲਿਆਉਣ ਦੀ ਲੋੜ ਹੁੰਦੀ ਹੈ ਜਿਸ ਰਾਹੀਂ ਸੁਚੱਜਾ ਜੀਵਨ ਜੀਵਿਆ ਜਾ ਸਕਦਾ ਹੈ। ਉਦਾਰਨ ਵਜੋਂ ਇਥੇ ਕੇਵਲ ਕੁਝ-ਕੁ ਗੁਣਾਂ ਵਾਲੇ ਨੁਕਤਿਆਂ ਦਾ ਉਲੇਖ ਕਰਨ ਦਾ ਉਪਰਾਲਾ ਕੀਤਾ ਗਿਆ ਹੈ। ਇਨ੍ਹਾਂ ਗੁਣਾਂ ਨੂੰ ਅਪਣਾ ਕੇ ਨਾ ਕੇਵਲ ਸੁਚੱਜਾ ਜੀਵਨ ਜੀਊਣ ਦੀ ਜਾਚ ਆਉਂਦੀ ਹੈ ਸਗੋਂ ਮਨ ਵੀ ਸ਼ਾਂਤ ਹੁੰਦਾ ਹੈ ਅਤੇ ਸਮਾਜ ਵੀ ਉਨਤ ਹੁੰਦਾ ਹੈ। ਸਭ ਤੋਂ ਪਹਿਲਾਂ ਮਨ ਨੂੰ ਸਾਫ ਕਰਨ ਦੀ ਗੱਲ ਕਰਦੇ ਹਾਂ ਅਤੇ ਫਿਰ ਕੁਝ ਨੁਕਤਿਆਂ ਦੀ ਵਿਚਾਰ ਕਰਕੇ ਇਹ ਸਮਝਣ ਦਾ ਉਪਰਲਾ ਕੀਤਾ ਜਾਂਦਾ ਹੈ ਕਿ ਇਹ ਸੁਚੱਜਾ ਜੀਵਨ ਕਿਵੇਂ ਜੀਵਿਆ ਜਾ ਸਕਦਾ ਹੈ।



1. ਮਨਿ ਮੈਲੈ ਸਭੁ ਕਿਛੁ ਮੈਲਾ ਤਨਿ ਧੋਤੈ ਮਨੁ ਹਛਾ ਨ ਹੋਇ ॥ (ਪੰਨਾ-558)
ਭਾਵ ਜੇ ਮਨੁਖ ਦੇ ਮਨ ਵਿਚ ਵਿਕਾਰਾਂ ਦੀ ਮੈਲ ਹੈ;  ਜੇਕਰ ਮਨ ਵਿਚ ਗੁੱਸੇ,ਗਿਲ੍ਹੇ ਜਾਂ ਸ਼ਿਕਵੇ ਹਨ  ਜਾਂ ਫਿਰ ਮਨ ਵਿਚ ਈਰਖਾ, ਵੈਰ, ਵਿਰੋਧ, ਕਰੋਧ ਆਦਿ ਹੈ ਤਾਂ ਮਨ ਮੈਲਾ ਹੈ। ਜੇ ਮਨ ਹੀ ਮੈਲਾ ਹੈ ਤਾਂ ਜੀਵਨ ਸੁਚੱਜਾ ਨਹੀਂ ਹੋ ਸਕਦਾ। ਇਹ ਇਸ ਤਰ੍ਹਾਂ ਹੈ, ਜਿਵੇਂ ਗੰਦਗੀ ਦਾ ਢੇਰ ਚੁਕਿਆ ਹੋਵੇ। ਇਸ਼ਨਾਨ ਕਰਨ ਨਾਲ ਮਨ ਦੀ ਇਹ ਮੈਲ ਨਹੀਂ ਉਤਰਦੀ ਤੇ ਮਨ ਸਾਫ ਨਹੀਂ ਹੁੰਦਾ। ਇਸ ਲਈ ਮਨ, ਤਨ ਦੋਵੇਂ ਰੋਗੀ ਹੋ ਜਾਂਦੇ ਹਨ। ਰੋਗੀ ਜੀਵਨ ਕਦੇ ਸੁਚੱਜਾ ਜੀਵਨ ਨਹੀਂ ਹੋ ਸਕਦਾ। ਲੋੜ ਤਾਂ ਹੈ  ਕਿ ਮਨ ਨੂੰ ਸਾਫ ਰੱਖਿਆ ਜਾਵੇ। ਭਾਵ ਮਨ ਵਿਚੋਂ ਵੈਰ, ਵਿਰੋਧ, ਇਰਖਾ, ਦਵੈਸ਼ ਵਰਗੇ ਬੁਰੇ ਵਿਚਾਰਾਂ ਨੂੰ ਮਨ ਵਿਚ ਕੋੲ ਜਗ੍ਹਾ ਨਾ ਦਿੱਤੀ ਜਾਵੇ। ਇਹ ਵੀ ਸਪਸ਼ਟ ਹੈ ਕਿ ਮਨ ਸਾਫ ਹੁੰਦਾ ਹੈ ਚੰਗੇ ਗੁਣ ਅਪਨਾਉਣ ਨਾਲ। ਇਸ ਲਈ ਹਰ ਹੀਲੇ ਵਸੀਲੇ ਚੰਗੇ ਗੁਣ ਅਪਨਾਉਣ ਲਈ ਕੋਸ਼ਿਸ਼ ਕੀਤੀ ਜਾਵੇ।

ਗੁਰਬਾਣੀ ਵਿਚ ਮਨ ਨੂੰ ਸਾਫ ਕਰਨ ਲਈ ਬਹੁਤ ਸਾਰੇ ਨੁਕਤੇ ਦੱਸੇ ਗਏ ਹਨ, ਜਿਨ੍ਹਾਂ ਵਿਚੋਂ ਇਕ ਬਹੁਤ ਸੁੰਦਰ ਅਤੇ ਵੱਡਮੁਲਾ ਨੁਕਤਾ ਇਸ ਤਰ੍ਹਾਂ ਵੀ ਦੱਸਿਆ ਹੈ:



2. ਕਾਮੁ ਕ੍ਰੋਧੁ ਦੁਇ ਕਰਹੁ ਬਸੋਲੇ ਗੋਡਹੁ ਧਰਤੀ ਭਾਈ॥ ਜਿਉ ਗੋਡਹੁ ਤਿਉ ਤੁਮ੿ ਸੁਖ ਪਾਵਹੁ ਕਿਰਤੁ ਨ ਮੇਟਿਆ ਜਾਈ॥ (ਗ:ਗ:ਸ: ਪੰਨਾ-1171):
ਹਰ ਮਨੁੱਖ ਵਿਚ ਕਾਮ ਅਤੇ ਕ੍ਰੋਧ ਵਰਗੇ ਵਿਕਾਰ ਤਾਂ ਹੁੰਦੇ ਹੀ ਹਨ।ਗੁਰਬਾਣੀ ਦੀ ਇਹ ਖੂਬੀ ਹੈ ਕਿ ਇਹ ਇਨ੍ਹਾਂ ਵਿਕਾਰਾਂ ਨੂੰ ਆਪਣੇ ਭਲੇ ਵਾਸਤੇ ਕਿਵੇਂ ਵਰਤਨਾ ਹੈ? ਗੁਰਬਾਣੀ ਇਹ ਗੁਰ ਵੀ ਦਸਦੀ ਹੈ। ਗੁਰਬਾਣੀ ਰਾਹੀਂ ਗੁਰੂ ਸਾਹਿਬ ਸਮਝਾਉਂਦੇ ਹਨ ਕਿ ਇਨ੍ਹਾਂ ਕਾਂਮ ਅਤੇ ਕ੍ਰੋਧ ਨੂੰ ਦਾਤਰੀ ਅਤੇ ਰੰਬੇ ਦੀ ਤਰ੍ਹਾਂ ਵਰਤਿਆ ਜਾਵੇ।ਇਨ੍ਹਾਂ ਨਾਲ ਆਪਣੇ ਸਰੀਰ ਵਿਚਲੀ ਮਨ ਦੀ ਧਰਤੀ ਗੋਡੀ ਜਾਵੇ।ਭਾਵ ਕਾਮ ਕ੍ਰੋਧ ਰੰਬਾ, ਦਾਤਰੀ ਬਣਾ ਕੇ ਆਪਣਾ ਮਨ ਸਾਫ ਕਰਨ ਵਾਸਤੇ ਵਰਤਿਆ ਜਾਵੇ। ਇਹ ਗੋਡੀ ਕਰਦਿਆਂ ਮਨ ਵਿਚੋਂ ਬੁਰੇ ਖਿਆਲ, ਗਿਲੇ ਸ਼ਿਕਵੇ, ਵੈਰ ਵਿਰੋਧ, ਈਰਖਾ ਵਰਗੇ ਹੋਰ ਬਹੁਤ ਸਾਰੇ ਬੁਰੇ ਔਗੁਣ, ਬੁਰੇ ਵਿਕਾਰ ਆਦਿ ਜੋ ਮਨ ਵਿਚ ਪਲ ਰਹੇ ਹੁੰਦੇ ਹਨ ਉਨ੍ਹਾਂ ਨੂੰ ਕ੍ਰੋਧ ਰੂਪੀ ਦਾਤਰੀ ਅਤੇ ਰੰਬੇ ਨਾਲ ਵੱਢ ਕੇ ਅਤੇ ਖਿੱਚ ਕੇ ਬਾਰਹ ਸੁਟ ਦਿੱਤਾ ਜਾਵੇ, ਅਤੇ ਕਾਮ, ਭਾਵ ਪ੍ਰੇਮ ਵਾਲੀ ਬਿਰਤੀ ਨਾਲ ਜੋ ਚੰਗੇ ਵਿਚਾਰ ਹਨ, ਚੰਗੇ ਗੁਣ ਹਨ ਉਨ੍ਹਾਂ ਨੂੰ ਪ੍ਰੇਮ ਨਾਲ ਸੰਭਾਲ ਕੇ ਰੱਖਿਆ ਜਾਵੇ। ਚੰਗੇ ਗੁਣਾਂ ਨੂੰ ਕਾਮ ਵਾਲੀ ਪ੍ਰੇਮ ਦੀ ਬਿਰਤੀ ਨਾਲ ਪਾਲਿਆ ਜਾਵੇ ਅਤੇ ਪ੍ਰਫੁੱਲਿਤ ਕੀਤਾ ਜਾਵੇ। ਇਸ ਤਰ੍ਹਾਂ ਦੀ ਗੋਡੀ ਕਰਨ ਨਾਲ ਸੁਖ ਮਿਲੇਗਾ। ਇਸ ਤਰ੍ਹਾਂ ਦੀ ਕੀਤੀ ਮਹਿਨਤ ਜ਼ਾਇਆ ਨਹੀਂ ਜਾਂਦੀ। ਜਦੋਂ ਮਨ ਵਿਚੋਂ ਬੁਰੇ ਖਿਆਲ ਨਿਕਲ ਜਾਣ ਤਾਂ ਜੀਵਨ ਸੁਖੀ ਹੋ ਜਾਂਦਾ ਹੈ; ਤਾਂ ਹੀ ਤਾਂ ਸੁਚੱਜਾ ਜੀਵਨ ਜੀਵਿਆ ਜਾ ਸਕਦਾ ਹੈ।


3. ਪਰ ਕਾ ਬੁਰਾ ਨ ਰਾਖਹੁ ਚੀਤ॥ ਤੁਮ ਕਉ ਦੁਖੁ ਨਹੀ ਭਾਈ ਮੀਤ॥ (ਗ:ਗ:ਸ: ਪੰਨਾ-386):
ਕਿਤਨਾਂ ਸਰਲ ਅਤੇ ਸੌਖਾ ਨੁਕਤਾ ਹੈ। ਕਿਸੇ ਦੇ ਪ੍ਰਤੀ ਮਨ ਵਿਚ ਰੋਸ ਰੱਖਣਾ, ਈਰਖਾ ਕਰਨਾ, ਕਿਸੇ ਪ੍ਰਤੀ ਮਨ ਵਿਚ ਬੁਰਾ ਚਿਤਵਨਾਂ ਇਕ ਰੋਗ ਹੀ ਹੁੰਦਾ ਹੈ। ਇਹ ਕੁਦਰਤ ਦਾ ਨਿਯਮ ਹੈ ਕਿ ਜੇ ਮਨ ਵਿਚ ਕੁਝ ਬੁਰਾ ਚਿਤਵਿਆ ਜਾਵੇ ਤਾਂ ਸਰੀਰ ਅੰਦਰ ਕੁਝ ਐਸੇ ਰਸਾਇਣ ਪੈਦਾ ਹੁੰਦੇ ਹਨ ਜੋ ਜ਼ਹਿਰ ਦੀ ਤਰ੍ਹਾਂ ਸਰੀਰ ਨੂੰ ਗਾਲਦੇ ਰਿਹੰਦੇ ਹਨ। ਇਸ ਤਰ੍ਹਾਂ ਇਸ ਨਾਲ ਕਈ ਤਰ੍ਹਾਂ ਦੇ ਰੋਗ ਲੱਗ ਜਾਂਦੇ ਹਨ। ਜਿਸ ਨਾਲ ਮਨੁੱਖ ਆਪ ਹੀ ਦੁਖੀ ਹੁੰਦਾ ਹੈ। ਇਸੇ ਲਈ ਸਮਝਾਇਆ ਗਿਆ ਹੈ ਕਿ  ਕਿਸੇ ਪ੍ਰਤੀ ਮਨ ਵਿਚ ਰੋਸ ਜਾਂ ਕੋਈ ਗਿਲਾ ਸ਼ਿਕਵਾ ਨਾ ਰੱਖਿਆ ਜਾਵੇ, ਕਿਸੇ ਪ੍ਰਤੀ ਬੁਰਾ ਨਾ ਚਿਤਵਿਆ ਜਾਵੇ ਤਾਂ ਮਨ ਦੁਖੀ ਨਹੀਂ ਹੋਵੇਗਾ।ਮਨ ਰੋਗੀ ਨਹੀਂ ਹੋਵਾਗਾ। ਜੇ ਮਨ ਰੋਗੀ ਨਹੀਂ ਤਾਂ ਤਨ ਵੀ ਰੋਗੀ ਨਹੀਂ ਹੋਵੇਗਾ। ਐਸਾ ਮਨੁੱਖ ਹੀ ਚੰਗਾ ਅਤੇ ਸੁਚੱਜਾ ਜੀਵਨ ਜੀਅ ਸਕੇਗਾ।



4. ਮਨ ਅਪੁਨੇ ਤੇ ਬੁਰਾ ਮਿਟਾਨਾ॥ ਪੇਖੈ ਸਗਲ ਸ੍ਰਿਸਟਿ ਸਾਜਨਾ॥ (ਗ:ਗ:ਸ: ਪੰਨਾ-266):
ਭਾਵ ਸਪਸ਼ਟ ਹੈ ਕਿ ਆਪਣੇ ਮਨ ਵਿਚ ਕਿਸੇ ਪ੍ਰਤੀ ਬੁਰਾ ਭਾਵ ਨਾ ਰੱਖਿਆ ਜਾਵੇ। ਜਦੋਂ ਕਿਸੇ ਪ੍ਰਤੀ ਕੋਈ ਬੁਰਾ ਭਾਵ ਨਹੀਂ ਹੋਵੇਗਾ ਤਾਂ ਇਹ ਮਹਿਸੂਸ ਹੋਵੇਗਾ ਕਿ ਸਰਿਸ਼ਟੀ ਦੇ ਸਾਰੇ ਲੋਕ ਹੀ ਮਿਤਰ ਹਨ। ਸਾਰੀ ਲੋਕਾਈ ਹੀ ਮਿਤਰ ਬਣ ਜਾਵੇਗੀ। ਜਦੋਂ ਸਾਰੀ ਲੋਕਾਈ ਹੀ ਮਿਤਰ ਹੋਵੇ ਤਾਂ ਜੀਵਨ ਵਿਚੋਂ ਬਹੁਤ ਸਾਰੇ ਡਰ, ਗਿਲੇ, ਸ਼ਿਕਵੇ ਖਤਮ ਹੋ ਜਾਣਗੇ। ਸਾਰੀ ਲੋਕਾਈ ਚੰਗੀ ਲਗਣ ਲੱਗੇਗੀ, ਹਰ ਕੋਈ ਆਪਣਾ ਲਗਣ ਲਗੇਗਾ। ਹਰ ਕਿਸੇ ਨਾਲ ਪ੍ਰੇਮ ਉਪਜੇਗਾ।



5. ਫਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਨ ਹਢਾਇ॥ਦੇਹੀ ਰੋਗੁ ਨ ਲਗਈ ਪਲੈ ਸਭੁ ਕਿਛੁ ਪਾਇ॥ (ਪੰਨਾ-1381) ਫਰੀਦ ਜੀ ਸਮਝਾਉਂਦੇ ਹਨ ਕਿ ਬੁਰੇ ਦਾ ਭਲਾ ਕਰ ਭਾਵ ਆਪਣੇ ਬੁਰੇ ਖਿਆਲਾਂ ਨੂੰ ਚੰਗੇ ਖਿਆਲਾਂ ਵਿਚ ਬਦਲ ਮਨ ਵਿਚ ਗੁੱਸਾ ਨਾ ਆਉਣ ਦੇ ਗੁਸੇ ਨਾਲ ਮਨ ਰੋਗੀ ਹੁੰਦਾ ਹੈ। ਜੇਕਰ ਮਨ ਵਿਚ ਗੁਸਾ ਨਹੀਂ ਤੇ ਰੋਗ ਵੀ ਨਹੀਂ ਲੱਗੇਗਾ। ਇਸ ਨਾਲ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਕੋਈ ਵਿਅਕਤੀ ਬੁਰਾ ਹੈ, ਤਾਂ ਉਸ ਦਾ ਭਲਾ ਕਰ। ਭਾਵ ਉਸ ਪ੍ਰਤੀ ਬਦਲੇ ਦੀ ਭਾਵਣਾ ਨਾ ਰੱਖੀ ਜਾਵੇ ਸਗੋਂ ਉਦਮ ਕਰਕੇ ਉਸ ਬੁਰੇ ਵਿਅਕਤੀ ਨੂੰ ਚੰਗੇ ਰਸਤੇ ਪਾਉਣ ਦਾ ਉਪਰਾਲਾ ਕੀਤਾ ਜਾਵੇ ਉਸ ਨੂੰ ਭਲਾ ਮਨੁੱਖ ਬਣਾਇਆ ਜਾਵੇ। ਇਹ ਹੈ ਸੁਚੱਜੇ ਜੀਵਨ ਦਾ ਗੁਣ।



6. ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ॥ (ਗ:ਗ:ਸ: ਪੰਨਾ-470):
ਸੁਚੱਜਾ ਜੀਵਨ ਜੀਊਣ ਦਾ ਇਹ ਇਕ ਵਡਮੁਲਾ ਨੁਕਤਾ ਹੈ। ਗੁਰੂ ਸਾਹਿਬ ਸਮਝਾਉਂਦੇ ਹਨ ਕਿ ਹਰ ਮਨੁਖ ਦਾ ਸੁਭਾਅ ਮਿਠਾ, ਭਾਵ ਠਰੰਮੇ ਵਾਲਾ, ਸਹਿਨਸ਼ੀਲਤਾ ਵਾਲਾ ਹੋਣਾਂ ਚਾਹੀਦਾ ਹੈ। ਇਸ ਤਰ੍ਹਾਂ ਦੇ ਸੁਭਾਅ ਵਾਲੇ ਵਿਅਕਤੀ ਹਮੇਸ਼ਾ ਮਿੱਠੇ ਤੇ ਚੰਗੇ ਬੋਲ ਹੀ ਬੋਲੇਗਾ। ਇਸ ਤਰ੍ਹਾਂ ਦੇ ਸੁਭਾਅ ਦਾ ਹੋਣਾਂ ਸਭ ਚੰਗਿਆਈਆਂ ਦਾ ਤੱਤ ਕਿਹਾ ਗਿਆ ਹੈ। ਇਸ ਦੇ ਉਲਟ ਜੇਕਰ ਸੁਭਾਅ ਫਿਕਾ ਹੈ, ਭਾਵ ਸਹਿਨਸ਼ੀਲਤਾ ਨਹੀਂ ਹੈ, ਠਰੰਮਾ ਨਹੀਂ ਹੈ ਤਾਂ ਬੋਲ ਵੀ ਫਿਕੇ ਅਤੇ ਭੈੜੇ ਹੁੰਦੇ ਹਨ। ਗੁਰੂ ਸਾਹਿਬ ਫਰਮਾਉਂਦੇ ਹਨ: ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ॥ (ਗ:ਗ:ਸ: ਪੰਨਾ-473): ਭਾਵ ਇਹ ਕਿ ਜੇਕਰ ਸੁਭਾਅ ਵਿਚ ਮਿਠਾਸ ਨਹੀਂ, ਬੋਲੀ ਵਿਚ ਮਿਠਾਸ ਨਹੀਂ, ਅਤੇ ਜੇਕਰ ਬੋਲਾਂ ਵਿਚ ਕੁੜੱਤਣ ਹੈ, ਬੋਲ ਫਿਕੇ ਹਨ, ਤਾਂ ਸੁਭਾਅ ਵਿਚ ਫਿਕਾਪਣ ਹੋਵੇਗਾ, ਜੀਵਨ ਵਿਚ ਵੀ ਕੋਈ ਮਿਠਾਸ ਨਹੀਂ ਹੋਵੇਗੀ, ਕੋਈ ਮਿਠਾ ਰਸ ਨਹੀਂ ਹੋਵੇਗਾ। ਇਸ ਤਰ੍ਹਾਂ ਤਨ ਅਤੇ ਮਨ ਵਿਚ ਵੀ ਕੋਈ ਮਿਠਾਸ ਨਹੀਂ ਰਹੇਗਾ। ਜੀਵਨ ਵੀ ਬੇਰਸ ਹੋਵੇਗਾ। ਐਸਾ ਜੀਵਨ ਸੁਚੱਜਾ ਜੀਵਨ ਨਹੀਂ ਹੋ ਸਕਦਾ। ਇਸ ਨੁਕਤੇ ਨੂੰ ਸਮਝਾਉਣ ਵਾਸਤੇ ਇਕ ਬਹੁਤ ਸੁਲਝੇ ਹੋਏ ਵਿਅਕਤੀ ਨੇ ਇਕ ਵਾਕਿਆ ਦਾ ਜ਼ਿਕਰ ਕਰਕੇ ਇਸ ਤਰ੍ਹਾਂ ਸਮਝਾਇਆ ਹੈ:
    ਦਾਦਾ ਪੋਤਾ ਪਾਰਕ ਵਿਚ ਸੈਰ ਕਰਦੇ ਹੋਏ ਗੱਲਾਂ ਕਰਨ ਲੱਗੇ। ਦਾਦਾ ਧਾਰਮਿਕ ਬਿਰਤੀ ਦਾ ਹੋਣ ਕਰਕੇ ਪੋਤੇ ਨੂੰ ਧਾਰਮਿਕ ਰਹਿਣ ਸਹਿਣ ਬਾਰੇ ਸਮਝਾ ਰਿਹਾ ਸੀ। ਪੋਤੇ ਨੇ ਸਹਿਜ ਸੁਭਾਅ ਪੁਛਿਆ, ''ਬਾਬਾ ਜੀ! ਤੁਸੀਂ ਹਰ ਰੋਜ਼ ਪਾਠ ਕਰਦੇ ਹੋ?'' ''ਹਾਂ ਬੇਟਾ!'' ਦਾਦੇ ਨੇ ਉੱਤਰ ਦਿੱਤਾ ''ਪਰ ਬਾਬਾ ਜੀ, ਤੁਸੀਂ ਹਰ ਰੋਜ਼ ਪਾਠ ਕਿਵੇਂ ਕਰ ਲੈਂਦੇ ਹੋ? ਤੁਹਾਡਾ ਪਾਠ ਪੂਰਾ ਹੋ ਜਾਂਦਾ ਹੈ?'' ਬੱਚੇ ਨੇ ਹੈਰਾਨੀ ਨਾਲ ਪਲੁਛਿੱਆ। ''ਕਿਉਂ ਨਹੀਂ ਪੁੱਤਰ? ਹਰ ਰੋਜ਼ ਪੂਰਾ ਹੋ ਜਾਂਦੈ। ਥੋੜ੍ਹਾ ਜਿਹਾ ਸਮਾਂ ਤਾਂ ਲਗਦੈ ਪਾਠ ਕਰਨ 'ਚ''। ਹੁਣ ਦਾਦਾ ਵੀ ਕੁਝ ਹੈਰਾਨ ਜਿਹਾ ਹੋ ਗਿਆ। ਫੇਰ ਪੋਤਾ ਬੋਲਿਆ, ''ਪਰ ਬਾਬਾ ਜੀ, ਮੈ ਗੁਰਬਾਣੀ ਦਾ ਇਕ ਸ਼ਲੋਕ ਪੜ੍ਹਿਆ ਸੀ ਆਪਣੀ ਕਿਤਾਬ 'ਚ''। ''ਕਿਹੜਾ ਸ਼ਲੋਕ ਪੁੱਤਰ?'' ਦਾਦੇ ਨੇ ਪੁਛਿਆ। ''ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ॥ ਫਿਕੋ ਫਿਕਾ ਸਦੀਐ ਫਿਕੇ ਫਿਕੀ ਸੋਇ॥'' ਪੋਤੇ ਨੇ ਗਲ ਜਾਰੀ ਰਖਦੇ ਹੋਏ ਕਿਹਾ, ''ਬਾਬਾ ਜੀ! ਦੋ ਮਹੀਨੇ ਹੋ ਗਏ ਪਰ ਮੇਥੋਂ ਇਸ ਸ਼ਲੋਕ ਦਾ ਪਾਠ ਪੂਰਾ ਹੀ ਨਹੀਂ ਹੋਇਆ। ਹਰ ਰੋਜ਼ ਕਿਸੇ ਨੂੰ ਗਲ਼ਤ ਬੋਲਿਆ ਜਾਂਦਾ''। ਹੁਣ ਦਾਦਾ ਨਿਉੱਤਰ ਸੀ ਕਿਉਂਕਿ ਛੋਟੇ ਬੱਚੇ ਨੇ ਉਸ ਨੂੰ ਉਹ ਭੇਤ ਸਮਝਾ ਦਿੱਤਾ ਸੀ ਜਿਹੜਾ ਉਹ ਸਾਰੀ ਉਮਰ ਨਹੀਂ ਸਮਝ ਸਕਿਆ।

    ਗੁਰੂ ਗ੍ਰੰਥ ਸਾਹਿਬ ਵਿਚ ਇਸ ਤਰ੍ਹਾਂ ਦੇ ਬਹੁਤ ਹੀ ਨੁਕਤੇ ਹਨ ਜਿਨ੍ਹਾਂ ਨੂੰ ਸਮਝ ਕੇ ਇਕ ਸੁਚੱਜਾ ਜੀਵਨ ਜੀਊਣ ਦੀ ਜਾਚ ਆ ਸਕਦੀ ਹੈ ਪਰ ਅਫਸੋਸ ਤਾਂ ਇਸ ਗੱਲ ਦਾ ਹੁੰਦਾ ਹੈ ਕਿ ਗੁਰਬਾਣੀ ਨੂੰ ਕੇਵਲ ਉਪਚਾਰਕ ਤੌਰ ਤੇ ਪੜ੍ਹਨ ਤੱਕ ਹੀ ਸੀਮਤ ਕਰ ਦਿੱਤਾ ਗਿਆ ਹੈ। ਨਾ ਤਾਂ ਬਾਣੀ ਨੂੰ ਸਮਝਣ ਦੀ ਕੋਸ਼ਿਸ ਕੀਤੀ ਜਾਂਦੀ ਹੈ ਅਤੇ ਨਾਂ ਹੀ ਇਸ ਉਪਰ ਅਮਲ ਕਰਨ ਦਾ ਉਪਰਾਲਾ ਕੀਤਾ ਜਾਂਦਾ ਹੈ। ਤੋਤਾ ਰਟਣ ਪਾਠ ਕਰਕੇ ਇਹ ਸਮਝ ਲਿੱਤਾ ਜਾਂਦਾ ਹੈ ਕਿ ਧਰਮ ਦਾ ਕੰਮ ਪੂਰਾ ਹੋ ਗਿਆ।ਜੀਵਨ ਵਿਚ ਕੀ ਸੁਧਾਰ ਹੋਇਆ ਇਸ ਦੀ ਪੜਚੋਲ ਨਹੀਂ ਕੀਤੀ ਜਾਂਦੀ।ਪਾਠ ਪੜ੍ਹ ਤਾਂ ਲਿੱਤਾ ਜਾਂਦਾ ਹੈ ਪਰ ਇਹ ਪੂਰਾ ਹੁੰਦਾ ਹੈ ਜਾਂ ਨਹੀਂ ਇਸ ਬਾਰੇ ਕਦੀ ਨਹੀਂ ਸੋਚਿਆ ਜਾਂਦਾ।
    ਇਸੇ ਲਈ ਗੁਰਬਾਣੀ ਵਿਚ ਕਿਹਾ ਗਿਆ ਹੈ: ਬੇਦ ਪੁਰਾਨ ਪੜੇ ਕਾ ਕਿਆ ਗੁਨੁ ਖਰ ਚੰਦਨ ਜਸ ਭਾਰਾ॥ ਰਾਮ ਨਾਮ ਕੀ ਗਤਿ ਨਹੀ ਜਾਨੀ ਕੈਸੇ ਉਤਰਸਿ ਪਾਰਾ॥ (ਗ:ਗ:ਸ: ਪੰਨਾ-1102) ਭਾਵ ਇਹ ਕਿ ਧਾਰਮਕ ਗ੍ਰੰਥ, ਜਿਵੇਂ ਬੇਦ ਪੁਰਾਨ ਆਦਿ, ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹ ਤਾਂ ਲਿੱਤਾ ਜਾਂਦਾ ਹੈ। ਇਸ ਦੇ ਅਖੰਡ ਪਾਠ ਵੀ ਕਰਵਾ ਲਿੱਤੇ ਜਾਂਦੇ ਹਨ ਪਰ ਉਸ ਦਾ ਕੀ ਗੁਨੁ? ਉਸ ਦਾ ਕੀ ਲਾਭ? ਜੇਕਰ ਜੀਵਨ ਵਿਚ ਸੁਧਾਰ ਹੀ ਨਹੀਂ ਹੋਇਆ ਜੇਕਰ ਸੁਚੱਜਾ ਜੀਵਨ ਜੀਊਣਾ ਹੀ ਨਹੀਂ ਆਇਆ। ਸੁਧਾਰ ਤੇ ਤਾਂ ਹੀ ਹੋ ਸਕਦਾ ਹੈ ਜੇਕਰ, ਗੁਰਬਾਣੀ ਨੂੰ, ਗੁਰਬਾਣੀ ਦੇ ਮੰਨਸ਼ੇ ਅਨੁਸਾਰ ਸਮਝ ਲਿੱਤਾ ਜਾਵੇ। ਭਾਵ ਇਹ ਕਿ ਜੇਕਰ ਗੁਰਬਾਣੀ ਨੂੰ ਪੜ੍ਹ ਕੇ ਅਤੇ ਸਮਝ ਕੇ ਅਮਲ ਵਿਚ ਹੀ ਨਾ ਲਿਆਂਦਾ ਜਾਵੇ ਤਾਂ ਇਹ ਇਸ ਤਰ੍ਹਾਂ ਹੁੰਦਾ ਹੈ ਜਿਵੇਂ ਖੋਤੇ ਉਤੇ ਚੰਦਨ ਦੀ ਲਕੜੀ ਲੱਧ ਦਿੱਤੀ ਜਾਵੇ। ਖੋਤੇ ਵਾਸਤੇ ਤਾਂ  ਚੰਦਨ ਦੀ ਲਕੜੀ ਦਾ ਵਾਧੂ ਦਾ ਭਾਰ ਹੀ ਹੁੰਦਾ ਹੈ। ਉਸ ਨੂੰ ਚੰਦਨ ਦੀ ਲਕੜ ਦੇ ਗੁਣਾਂ ਦਾ ਕੋਈ ਲਾਭ ਨਹੀੰ ਹੁੰਦਾ।ਇਸ ਲਈ ਲੋੜ ਹੈ ਗੁਰਬਾਣੀ ਨੂੰ ਸਮਝਣ ਦੀ ਅਤੇ ਸੁਚੱਜਾ ਜੀਵਨ ਜੀਊਣ ਵਾਸਤੇ ਉਸ ਗੁਰਬਾਣੀ ਅਨੁਸਾਰ ਜੀਵਨ ਜੀਊਣ ਦੀ।
    ਗੁਰਬਾਣੀ ਫਿਰ ਸਮਝਾਉਂਦੀ ਹੈ: ਕਿਆ ਪੜੀਐ ਕਿਆ ਗੁਨੀਐ॥ ਕਿਆ ਬੇਦ ਪੁਰਾਨਾਂ ਸੁਨੀਐ॥ ਪੜੇ ਸੁਨੇ ਕਿਆ ਹੋਈ॥ ਜਉ ਸਹਜ ਨ ਮਿਲਿਓ ਸੋਈ॥ (ਪੰਨਾ-655) ਭਾਵ-ਉਸ ਪੜ੍ਹਨ, ਸੁਨਣ ਜਾਂ ਵਿਚਾਰਨ ਦਾ ਕੋਈ ਲਾਭ ਨਹੀਂ, ਜਾਂ ਉਨ੍ਹਾਂ ਧਾਰਮਿਕ ਪੁਸਤਕਾਂ ਨੂੰ ਪੜ੍ਹਨ ਅਤੇ ਸੁਣਨ ਦਾ ਕੋਈ ਫਾਇਦਾ ਨਹੀਂ ਜੇਕਰ ਸਹਜ ਨ ਮਿਲਿਓ ਸੋਈ  - ਭਾਵ ਜੇਕਰ ਉਸ ਗਿਆਨ ਦੇ ਉਪਦੇਸ਼ ਨੂੰ ਸਮਝ ਕੇ ਅਪਨਾਇਆ ਹੀ ਨਾ ਜਾਵੇ। ਭਾਵ ਜੇਕਰ ਗਿਆਨ ਦੇ ਉਪਦੇਸ਼ ਨਾਲ ਜੀਵਣ ਸੁਧਾਰਿਆ ਹੀ ਨਹੀਂ, ਸੁਚੱਜਾ ਜੀਵਨ ਜੀਊਣ ਦੀ ਜਾਚ ਆਈ ਹੀ ਨਹੀਂ, ਤਾਂ ਉਸ ਗਿਆਨ ਨੂੰ ਪੜ੍ਹਨ, ਸੁਣਨ ਜਾਂ ਵਿਚਾਰਣ ਦਾ ਕੋਈ ਲਾਭ  ਨਹੀਂ। ਇਸੇ ਤਰ੍ਹਾਂ ਫਿਰ ਫਰਮਾਇਆ ਹੈ: ਗੁਰਮਤਿ ਸੁਨਿ ਕਛੁ ਗਿਆਨੁ ਨ ਉਪਜਿਓ ਪਸੁ ਜਿਉ ਉਦਰੁ ਭਰਉ॥ (ਗ:ਗ:ਸ: ਪੰਨਾ-685) ਭਾਵ ਜੇ ਗੁਰਮਤਿ ਦੀ ਗੱਲ ਸੁਣ ਕੇ ਉਸ ਗਿਆਨ ਦੀ ਪ੍ਰਾਪਤੀ ਹੀ ਨਾਂ ਹੋਵੇ, ਆਪਣੇ ਜੀਵਨ ਵਿਚ ਕੋਈ ਸੁਧਾਰ ਹੀ ਨਾਂ ਆਇਆ ਹੋਵੇ ਤਾਂ ਇਹ ਇਸ ਤਰ੍ਹਾਂ ਹੈ ਜਿਵੇਂ ਕੋਈ ਪਸ਼ੂ ਕੇਵਲ ਆਪਣਾ ਢਿੱਡ ਭਰਣ ਵਾਸਤੇ ਹੀ ਖਾਂਦਾ ਹੈ।
    ਸਮੁੱਚਾ ਭਾਵ ਇਹ ਹੈ ਕਿ ਸੁਚੱਜਾ ਜੀਵਨ ਜੀਊਣ ਵਾਸਤੇ ਜ਼ਰੂਰੀ ਹੈ ਕਿ ਇਸ ਸੰਬੰਧ ਵਿਚ ਗਿਆਨ ਦੀ ਪ੍ਰਾਪਤੀ ਕੀਤੀ ਜਾਵੇ।ਇਹ ਯਕੀਣ ਨਾਲ ਕਿਹਾ ਜਾ ਸਕਦਾ ਹੈ ਕਿ ਇਹ ਗਿਆਨ ਮਿਲ ਸਕਦਾ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ।ਅਸਲ ਵਿਚ ਗੁਰੂ ਗ੍ਰੰਥ ਸਾਹਿਬ ਦੀ ਰਚਣਾ ਦਾ ਮਨੋਰਥ ਹੀ ਇਹੀ ਹੈ ਕਿ ਮਨੁੱਖ ਨੂੰ ਸਚਿਆਰ ਬਣਾਇਆ ਜਾਵੇ, ਭਾਵ ਮਨੁੱਖ ਨੂੰ ਸੁਚੱਜਾ ਜੀਵਨ ਜੀਊਣ ਦਾ ਰਾਹ ਦਰਸਾਇਆ ਜਾਵੇ। ਇਸ ਤਰ੍ਹਾਂ ਸੁਚੱਜਾ ਜੀਵਨ ਜੀਊਣ ਲਈ ਗੁਰੂ ਗ੍ਰੰਥ ਸਾਹਿਬ ਦੀ ਪੜ੍ਹਾਈ ਉੱਤਮ ਹੈ ਅਤੇ ਇਹ ਜ਼ਰੂਰੀ ਵੀ  ਹੈ।ਲੋੜ ਹੈ ਇਸ ਨੂੰ ਸਮਝਣ ਦੀ ਅਤੇ ਉਸ ਅਨੁਸਾਰ ਜੀਵਨ ਜੀਊਣ ਦੀ।

ਨੋਟ: ਜੇਕਰ, ਕਿਸੇ ਕਾਰਨ, ਕੋਈ ਪਾਠਕ ਜਾਂ ਪ੍ਰੇਮੀ ਇਨ੍ਹਾਂ ਵਿਚਾਰਾਂ ਨਾਲ ਸਹਿਮਤ ਨਹੀਂ ਹਨ ਤਾਂ ਕਿਰਪਾ ਕਰਕੇ ਮੇਰੀ ਸੁਧਾਈ ਖਾਤਰ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ ਜੀ। ਆਪ ਜੀ ਦਾ ਧੰਨਵਾਦੀ ਹੋਵਾਂਗਾ।

ਐਡਵੋਕੇਟ ਸੁਰਿੰਦਰ ਸਿੰਘ ਕੰਵਰ
 WhatsApp No. +61-468432632
E-mail-   kanwar238@yahoo.com