Dr-Gurvinder-Singh-Dhaliwal-Canada

1-2 ਅਕਤੂਬਰ ਨੂੰ ਗ਼ਦਰੀ ਬਾਬਿਆਂ ਨੂੰ ਸਮਰਪਿਤ ਸਮਾਗਮ 'ਤੇ ਵਿਸ਼ੇਸ਼ : ਗ਼ਦਰੀ ਯੋਧਿਆਂ ਦੀਆਂ ਕੁਰਬਾਨੀਆਂ ਅਤੇ ਅੱਜ ਦਾ ਭਾਰਤ - ਡਾ ਗੁਰਵਿੰਦਰ ਸਿੰਘ

ਉੱਤਰੀ ਅਮਰੀਕਾ ਦੀ ਧਰਤੀ 'ਤੇ ਪੰਜਾਬੀ ਵੀਹਵੀਂ ਸਦੀ ਦੇ ਆਰੰਭ ਵਿੱਚ ਵਸਣੇ ਸ਼ੁਰੂ ਹੋਏ। ਬੇਸ਼ੱਕ ਉਨ੍ਹਾਂ ਦਾ ਆਉਣਾ ਰੋਜ਼ੀ-ਰੋਟੀ ਦੀ ਭਾਲ  ਦਾ ਮਸਲਾ ਬਣਿਆ, ਪਰ ਕੈਨੇਡਾ ਅਤੇ ਅਮਰੀਕਾ ਆ ਕੇ ਉਨ੍ਹਾਂ ਮਿਹਨਤ-ਮੁਸ਼ੱਕਤ ਨਾਲ ਨਵੇਂ ਇਤਿਹਾਸ ਸਿਰਜ ਦਿੱਤੇ। ਪੈਸੇਫਿਕ ਰੇਲਵੇ ਲਈ ਲਾਈਨਾਂ ਵਿਛਾਉਣ, ਖਾਣਾਂ ਵਿਚੋਂ ਧਾਤਾਂ ਲਈ ਖੁਦਾਈ ਕਰਨ ਅਤੇ ਜੰਗਲ ਕੱਟਣ ਆਦਿ ਦੇ ਸਖ਼ਤ ਕੰਮਾਂ ਨੂੰ ਪੰਜਾਬੀਆਂ ਨੇ ਚੁਣੌਤੀ ਸਹਿਤ ਅਪਣਾਇਆ। ਉਨ੍ਹਾਂ ਆਪਣੀ ਰਿਹਾਇਸ਼ ਘੋੜਿਆਂ ਦੀਆਂ ਬਾਰਨਾਂ ਅਤੇ ਬੰਕ ਹਾਊਸਾਂ ਵਿਚ ਕੀਤੀ ਅਤੇ ਅਨੇਕਾਂ ਮੁਸ਼ਕਿਲਾਂ ਦੇ ਬਾਵਜੂਦ ਹੌੌਂਸਲਾ ਨਾ ਹਾਰਿਆ। ਨਸਲਵਾਦ ਅਤੇ ਬਸਤੀਵਾਦੀ ਦੈਂਤ ਨਾਲ ਲੜਦਿਆਂ ਹੋਇਆਂ ਵੀ ਉਨ੍ਹਾਂ ਕਦੇ ਦਿਲ ਨਾ ਛੱਡਿਆ ਅਤੇ ਸਦਾ ਚੜ੍ਹਦੀ ਕਲਾ ਵਿੱਚ ਰਹੇ। ਨਿੱਕੀਆਂ ਨਿੱਕੀਆਂ ਕੁੱਲੀਆਂ ਵਿਚ ਵਸਦੇ ਪੰਜਾਬੀਆਂ ਨੇ ਮਿਹਨਤ ਮੁਸ਼ੱਕਤ ਦੇ ਨਾਲ-ਨਾਲ, ਧਾਰਮਿਕ ਭਾਵਨਾ ਦੀ ਪੂਰਤੀ ਲਈ ਗੁਰਬਾਣੀ ਦਾ ਓਟ ਆਸਰਾ ਲੈ ਕੇ ਕਿਰਤ ਕਰਨ, ਵੰਡ ਛਕਣ ਅਤੇ ਨਾਮ ਜਪਣ ਦਾ ਉਪਦੇਸ਼ ਵਿਦੇਸ਼ਾਂ ਵਿਚ ਰਹਿੰਦਿਆਂ ਵੀ ਹਿਰਦੇ ਵਿਚ ਵਸਾਇਆ ਹੋਇਆ ਸੀ। ਤਨ ਦੀ ਖ਼ੁਰਾਕ ਲਈ ਜਿੱਥੇ ਰੁੱਖੀ-ਸੁੱਖੀ ਖਾ ਕੇ ਵੀ ਸਦਾ ਚੜ੍ਹਦੀ ਕਲਾ ਵਿਚ ਰਹਿੰਦੇ, ਉੱਥੇ ਆਤਮਾ ਦੀ ਖ਼ੁਰਾਕ ਵਜੋੋਂ ਗੁਰਬਾਣੀ ਦਾ ਆਸਰਾ ਲੈਣ ਲਈ ਭਾਈ ਅਰਜੁਨ ਸਿੰਘ ਮਲਿਕ ਵੱਲੋੋਂ 1904 ਵਿਚ ਕੈਨੇਡਾ ਦੀ ਧਰਤੀ ਤੇ ਪਹਿਲੀ ਵਾਰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਆ ਕੇ ਕੌਮੀ ਉਪਕਾਰ ਕੀਤਾ ਗਿਆ।ਹੁਣ ਉਨ੍ਹਾਂ ਇਕ ਅਜਿਹੀ ਸਾਂਝੀ ਜੱਥੇਬੰਦੀ ਦੀ ਲੋੜ ਮਹਿਸੂਸ ਕੀਤੀ, ਜਿਸ ਰਾਹੀਂ ਧਾਰਮਿਕ ਭਾਵਨਾਵਾਂ ਦੇ ਨਾਲ-ਨਾਲ ਸਭਿਆਚਾਰਕ ਰਿਸ਼ਤਿਆਂ, ਸਮਾਜਿਕ ਸੰਬੰਧਾਂ ਅਤੇ ਭਾਸ਼ਾਈ ਸਾਂਝ ਦੀਆਂ ਲੋੜਾਂ ਪੂਰੀਆਂ ਕੀਤੀਆਂ ਜਾ ਸਕਣ।
       22 ਜੁਲਾਈ 1906 ਨੂੰ ਕੈਨੇਡਾ ਦੀ ਧਰਤੀ ਤੇ "ਖਾਲਸਾ ਦੀਵਾਨ ਸੁਸਾਇਟੀ" ਵੈਨਕੂਵਰ  ਜੱਥੇਬੰਦੀ ਦੀ ਨੀਂਹ ਰੱਖੀ ਗਈ, ਜਿਸ ਨੇ ਅੱਗੇ ਜਾ ਕੇ ਨਾ ਸਿਰਫ਼ ਸਿੱਖਾਂ ਲਈ ਧਾਰਮਿਕ ਮੰਚ ਹੀ ਪ੍ਰਦਾਨ ਕੀਤਾ, ਸਗੋਂ ਵਿਦੇਸ਼ਾਂ ਦੀ ਧਰਤੀ ਤੋੋਂ ਅਨਿਆਂ, ਜ਼ੁਲਮ, ਧੱਕੇਸ਼ਾਹੀ, ਬੇਇਨਸਾਫ਼ੀ ਅਤੇ ਅਣਮਨੁੱਖੀ ਵਰਤਾਰੇ ਖਿਲਾਫ਼ ਇਤਿਹਾਸਕ ਸੰਘਰਸ਼ ਨੂੰ ਵੀ ਜਨਮ ਦਿੱਤਾ। ਇੱਥੇ ਇਹ ਦੱਸਣਾ ਵਾਜਬ ਹੋਏਗਾ ਕਿ ਖ਼ਾਲਸਾ ਦੀਵਾਨ ਸੰਸਥਾਂਵਾਂ ਦਾ ਜਨਮ ਸਿੰਘ ਸਭਾ ਲਹਿਰ ਦੇ ਵਿੱਚੋਂ ਹੋਇਆ ਹੈ। ਅੱਜ ਤੋਂ ਡੇਢ ਸੌ ਸਾਲ ਪਹਿਲਾਂ ਸੰਨ 1873 ਨੂੰ ਸਿੰਘ ਸਭਾ ਲਹਿਰ, ਸਿੱਖਾਂ ਦੀ ਪੁਨਰ-ਸੁਰਜੀਤੀ ਦੇ ਰੂਪ ਵਿੱਚ ਆਰੰਭ ਹੋਈ, ਜਿਸ ਨੇ ਸਮੇਂ ਦੇ  ਈਸਾਈ ਮਿਸ਼ਨਰੀਆਂ ਅਤੇ ਆਰੀਆ ਸਮਾਜੀਆਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਦਿਆਂ, ਸਿੱਖਾਂ ਨੂੰ ਆਪਣੇ ਇਤਿਹਾਸ, ਵਿਰਸੇ ਅਤੇ ਗੁਰਬਾਣੀ ਨਾਲ ਜੁੜਨ ਲਈ ਉਤਸ਼ਾਹਤ ਕੀਤਾ। ਸਿੰਘ ਸਭਾ ਲਹਿਰ ਵਿੱਚੋਂ ਜਨਮੀਆਂ ਸੰਸਥਾਵਾਂ ਵਿੱਚੋਂ ਇੱਕ ਪ੍ਰਮੁੱਖ ਸੰਸਥਾ 'ਖ਼ਾਲਸਾ ਦੀਵਾਨ' ਸੀ, ਜਿਸ ਨੇ ਵਿੱਦਿਆ ਦਾ ਪ੍ਰਚਾਰ ਕੀਤਾ ਅਤੇ ਵਿਦੇਸ਼ਾਂ ਵਿੱਚ ਗੁਰਦੁਆਰੇ ਕਾਇਮ ਕਰਨ ਵਿਚ ਵੱਡੀ ਭੂਮਿਕਾ ਨਿਭਾਈ। ਵੀਹਵੀਂ ਸਦੀ ਦੇ ਆਰੰਭ ਵਿੱਚ ਕੈਨੇਡਾ, ਅਮਰੀਕਾ, ਹਾਂਗਕਾਂਗ ਸਮੇਤ ਵੱਖ-ਵੱਖ ਦੇਸ਼ਾਂ 'ਚ ਸਥਾਪਤ ਹੋਏ ਮੁੱਢਲੇ ਗੁਰਦੁਆਰਿਆਂ ਦੇ ਨਾਂ 'ਖ਼ਾਲਸਾ ਦੀਵਾਨ' ਹੀ ਮਿਲਦੇ ਹਨ। ਇਹ ਗੁਰਦੁਆਰੇ ਅੱਗੇ ਜਾ ਕੇ ਦੇਸ਼ ਦੀ ਗੁਲਾਮੀ ਦੀਆਂ ਜ਼ੰਜੀਰਾਂ ਕੱਟਣ ਦਾ ਆਧਾਰ ਬਣੇ। ਇਹ ਵੀ ਸੱਚ ਹੈ ਕਿ ਸਿੰਘ ਸਭਾ ਲਹਿਰ 'ਚੋਂ ਪੈਦਾ ਹੋਏ ਇਕ ਧੜੇ ਦੀ ਸਰਕਾਰ ਪੱਖੀ ਸੋਚ ਅਤੇ ਚੀਫ਼ ਖ਼ਾਲਸਾ ਦੀਵਾਨ ਦੀ ਅੰਗਰੇਜ਼ਾਂ ਪੱਖੀ ਪਹੁੰਚ ਦਾ, ਕੈਨੇਡਾ ਅਮਰੀਕਾ ਆਦਿ ਦੀਆਂ ਖ਼ਾਲਸਾ ਦੀਵਾਨ ਜਥੇਬੰਦੀਆਂ ਨੇ ਸਖ਼ਤ ਵਿਰੋਧ ਕੀਤਾ ਸੀ।   
     ਖ਼ਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਸੇਵਾਦਾਰਾਂ ਵੱਲੋਂ, ਸਮੇਂ-ਸਮੇਂ ਦੀਆਂ ਸਰਕਾਰਾਂ ਖ਼ਿਲਾਫ਼ ਸਿੱਖ ਸੰਘਰਸ਼ ਦੇ ਯੋਧਿਆਂ ਦੀ, ਕੁਰਬਾਨੀ ਦੀ ਵਿਰਾਸਤ ਤੋਂ ਸੇਧ ਲੈ ਕੇ, ਵਤਨ ਨੂੰ ਅੰਗਰੇਜ਼ਾਂ ਦੀ ਗ਼ੁਲਾਮੀ ਤੋੋਂ ਮੁਕਤ ਕਰਵਾਉਣ ਲਈ ਜਨ-ਸ਼ਕਤੀ ਅਤੇ ਮਾਲੀ ਸਹਾਇਤਾ ਰਾਹੀਂ, ਆਜ਼ਾਦੀ ਦੀਆਂ ਲਹਿਰਾਂ ਦੀ ਅਗਵਾਈ ਕੀਤੀ ਜਾਂਦੀ ਰਹੀ। ਇਸ ਵਿਚ ਕੋਈ ਅਤਿਕਥਨੀ ਨਹੀਂ ਕਿ ਸੰਨ 1906 ਵਿਚ ਵੈਨਕੂਵਰ ਸ਼ਹਿਰ ਅੰਦਰ ਪਹਿਲੀ ਕੇਂਦਰੀ ਸੰਸਥਾ 'ਖ਼ਾਲਸਾ ਦੀਵਾਨ ਸੁਸਾਇਟੀ' ਦੀ ਸਥਾਪਨਾ ਨੇ ਅਜਿਹੇ ਬੀਜ ਬੀਜੇ, ਜਿਨ੍ਹਾਂ ਸਦਕਾ ਮਗਰੋਂ ਗ਼ਦਰ ਪਾਰਟੀ, ਗ਼ਦਰ ਅਖ਼ਬਾਰ ਅਤੇ ਗ਼ਦਰ ਲਹਿਰ ਸਥਾਪਤ ਹੋਏ। ਦੂਸਰੇ ਸ਼ਬਦਾਂ ਵਿਚ ਕੈਨੇਡਾ ਦੇ ਮੋਢੀ ਸਿੱਖਾਂ ਦੀ ਪ੍ਰੇਰਨਾ ਸਦਕਾ ਹੀ ਅਮਰੀਕਾ ਵਿਚ ਅੱਧਾ ਦਹਾਕਾ ਮਗਰੋਂ ਗ਼ਦਰ ਲਹਿਰ ਦਾ ਮੁੱਢ ਬੱਝਿਆ। ਇੱਥੇ ਵਿਚਾਰਨ ਵਾਲੀ ਵੱਡੀ ਗੱਲ ਇਹ ਹੈ ਕਿ ਕਈ ਇਤਿਹਾਸਕਾਰ ਕੈਨੇਡਾ ਤੋਂ ਗੁਰਬਾਣੀ ਅਤੇ ਸਿੱਖ ਵਿਰਾਸਤ ਤੋਂ ਸੇਧ ਲੈ ਕੇ ਸ਼ੁਰੂ ਹੋਏ, ਨਸਲਵਾਦ ਅਤੇ ਬਸਤੀਵਾਦ ਵਿਰੋਧੀ ਅਤੇ ਆਜ਼ਾਦੀ ਦੇ ਹੱਕ ਦੇ ਸੰਘਰਸ਼ ਨੂੰ, ਗ਼ਦਰ ਪਾਰਟੀ ਦਾ ਸੰਘਰਸ਼ ਕਹਿ ਕੇ ਬਿਆਨਦੇ ਹਨ, ਜਦ ਕਿ ਗ਼ਦਰ ਪਾਰਟੀ ਤਾਂ ਉਸਤੋਂ ਕਈ ਵਰ੍ਹੇ ਮਗਰੋਂ ਕਾਇਮ ਹੁੰਦੀ ਹੈ।
      ਅਸੀਂ ਇਹ ਤਾਂ ਕਹਿ ਸਕਦੇ ਹਾਂ ਕਿ ਗ਼ਦਰ ਲਹਿਰ ਤੇ ਗ਼ਦਰ ਪਾਰਟੀ ਦੇ ਪ੍ਰੇਰਨਾ-ਸਰੋਤ ਕੈਨੇਡਾ ਦੇ ਸਿੱਖ ਯੋਧੇ ਸਨ, ਪਰ ਇਹ ਕਹਿਣਾ ਉਚਿਤ ਨਹੀਂ ਹੋਏਗਾ ਕਿ ਗ਼ਦਰ ਲਹਿਰ ਤੋਂ ਮੋਢੀ  ਸਿੱਖ ਅਤੇ ਆਜ਼ਾਦੀ ਘੁਲਾਟੀਏ ਪ੍ਰੇਰਿਤ ਅਤੇ ਪ੍ਰਭਾਵਿਤ ਹੋਏ।ਇਹ ਆਪਣੇ ਆਪ ਵਿੱਚ ਅਗਿਆਨਤਾ ਭਰੀ ਗੱਲ ਕਹੀ ਜਾ ਸਕਦੀ ਹੈ। ਕੈਨੇਡਾ ਵਿੱਚ ਨਸਲਵਾਦ ਅਤੇ ਬਸਤੀਵਾਦ ਖ਼ਿਲਾਫ਼ ਲੜਨ ਵਾਲੇ ਮੋਢੀ ਯੋਧੇ ਭਾਈ ਭਾਗ ਸਿੰਘ ਭਿੱਖੀਵਿੰਡ, ਭਾਈ ਬਲਵੰਤ ਸਿੰਘ ਖੁਰਦਪੁਰ, ਭਾਈ ਮੇਵਾ ਸਿੰਘ ਲੋਪੋਕੇ, ਭਾਈ ਬਦਨ ਸਿੰਘ ਦਲੇਲ ਸਿੰਘ ਵਾਲਾ, ਬਾਬੂ ਹਰਨਾਮ ਸਿੰਘ ਸਾਹਰੀ, ਬੱਬਰ ਕਰਮ ਸਿੰਘ ਦੌਲਤਪੁਰ, ਭਾਈ ਈਸ਼ਰ ਸਿੰਘ ਢੁੱਡੀਕੇ, ਭਾਈ ਜਗਤ ਸਿੰਘ ਸੁਰ ਸਿੰਘ, ਬੱਬਰ ਹਰੀ ਸਿੰਘ ਸੂੰਢ, ਭਾਈ ਬੀਰ ਸਿੰਘ ਬਾਹੋਵਾਲ, ਬੱਬਰ ਕਰਮ ਸਿੰਘ ਝਿੰਗੜਾਂ, ਭਾਈ ਜਵੰਦ ਸਿੰਘ ਨੰਗਲ, ਭਾਈ ਉਤਮ ਸਿੰਘ ਹਾਂਸ ਅਤੇ ਭਾਈ ਮਿੱਤ ਸਿੰਘ ਪੰਡੋਰੀ ਸਮੇਤ ਅਨੇਕਾਂ ਸੂਰਮੇ, ਵੀਹਵੀਂ ਸਦੀ ਦੇ ਪਹਿਲੇ ਦਹਾਕੇ ਤੋਂ ਹੀ ਬਿ੍ਟਿਸ਼ ਸਾਮਰਾਜ ਦੀ ਗੁਲਾਮੀ ਅਤੇ ਵਿਦੇਸ਼ਾਂ 'ਚ ਹੋ ਰਹੇ ਨਸਲੀ ਵਿਤਕਰੇ ਖ਼ਿਲਾਫ਼ ਜੂਝਦੇ ਰਹੇ। ਉਨ੍ਹਾਂ ਬਰਾਬਰੀ ਤੇ ਆਜ਼ਾਦੀ ਲਈ ਸਰਕਾਰੀ ਜਬਰ ਨਾਲ ਟੱਕਰ ਲੈਂਦਿਆਂ ਆਜ਼ਾਦੀ ਦਾ ਮੁੱਢ ਬੰਨਿਆ |
    ਨਸਲਵਾਦ ਦੀਆਂ ਅਮਰੀਕਾ ਅੰਦਰ ਵਾਪਰਨ ਵਾਲੀਆਂ ਪ੍ਰਮੁੱਖ ਘਟਨਾਵਾਂ 'ਚੋਂ ਬੈਿਲੰਗਹੈਮ 'ਚ ਭਾਰਤੀਆਂ 'ਤੇ ਯੋਜਨਾਬੱਧ ਹਮਲਾ ਕਰਕੇ, ਸੈਂਕੜਿਆਂ ਦੀ ਗਿਣਤੀ 'ਚ ਉਨ੍ਹਾਂ ਨੂੰ ਸ਼ਹਿਰੋਂ ਬਾਹਰ ਕੱਢਣਾ ਅਤੇ ਪੋਰਟਲੈਂਡ ਨੇੜਲੀ ਸੈਂਟਜ਼ੋਨ ਮਿੱਲ 'ਚ ਅਮਰੀਕੀ ਮਜ਼ਦੂਰਾਂ ਵੱਲੋਂ ਹਮਲਾ ਕੀਤਾ ਜਾਣਾ ਅਤੇ ਪੁਲਿਸ ਵੱਲੋਂ ਰੱਖਿਆ ਦੇ ਪ੍ਰਬੰਧ ਨਾ ਕਰਨਾ ਆਜ਼ਾਦੀ ਲਈ ਹਲੂਣਾ ਪੈਦਾ ਕਰਨ ਵਾਲੇ ਤੱਤ ਕਹੇ ਜਾ ਸਕਦੇ ਹਨ | ਇਕ ਹੋਰ ਘਟਨਾ, ਜਿਸ ਦਾ ਜ਼ਿਕਰ ਗ਼ਦਰ ਪਾਰਟੀ ਦੇ ਪ੍ਰਧਾਨ ਬਾਬਾ ਸੋਹਨ ਸਿੰਘ ਭਕਨਾ ਆਪਣੀ ਆਤਮਕਥਾ 'ਜੀਵਨ ਸੰਗਰਾਮ' ਵਿਚ ਵੀ ਕਰਦੇ ਹਨ, ਅਨੁਸਾਰ ਇਕ ਵਾਰ ਸੰਤ ਤੇਜਾ ਸਿੰਘ ਮਸਤੂਆਣਾ ਕੈਨੇਡਾ ਤੋਂ ਅਮਰੀਕਾ ਉਨ੍ਹਾਂ ਕੋਲ ਪੁੱਜੇ | ਪੋਰਟਲੈਂਡ ਸ਼ਹਿਰ ਵਿਚ ਉਹ ਦੋਵੇਂ 'ਅਮਰੀਕਨ' ਹੋਟਲ 'ਚ ਖਾਣਾ ਖਾਣ ਪੁੱਜੇ, ਪਰ ਹੋਟਲ ਵਾਲਿਆਂ ਉਨ੍ਹਾਂ ਨੂੰ ਦਾਖ਼ਲ ਨਾ ਹੋਣ ਦਿੱਤਾ | ਇਸ ਤਰ੍ਹਾਂ ਹੀ ਉਹ ਕਿਸੇ ਮਿੱਲ 'ਚ ਕੰਮ ਲੈਣ ਵਾਸਤੇ ਗਏ ਤਾਂ ਸੁਪਰਡੈਂਟ ਨੇ ਕਿਹਾ, 'ਕੰਮ ਤਾਂ ਬਹੁਤ ਹੈ ਪਰ ਤੁਹਾਡੇ ਲਈ ਨਹੀਂ' | ਇਸ ਦਾ ਕਾਰਨ ਪੁੱਛਣ 'ਤੇ ਉਸ ਨੇ ਭਾਰਤ ਦੇਸ਼ ਦੀ ਆਬਾਦੀ ਬਾਰੇ ਪੁੱਛ ਲਿਆ | ਬਾਬਾ ਭਕਨਾ ਵਲੋਂ ਇਸ ਦਾ ਉੱਤਰ '30 ਕਰੋੜ' ਦਿੱਤੇ ਜਾਣ 'ਤੇ ਅੱਗਿਉਂ ਉਸ ਨੇ ਦੁਬਾਰਾ ਪੁੱਛਿਆ, '30 ਕਰੋੜ ਆਦਮੀ ਹਨ ਜਾਂ ਭੇਡਾਂ? ਜੇ ਤੁਸੀਂ 30 ਕਰੋੜ ਹੁੰਦੇ ਤਾਂ ਗੁਲਾਮ ਕਿਸ ਤਰ੍ਹਾਂ ਰਹਿੰਦੇ?' ਦਰਅਸਲ ਇਨ੍ਹਾਂ ਘਟਨਾਵਾਂ ਨੇ ਹੀ ਅਜਿਹੇ ਹਾਲਾਤ ਪੈਦਾ ਕੀਤੇ ਕਿ ਉੱਤਰੀ ਅਮਰੀਕਾ 'ਚ ਖੁਸ਼ਹਾਲ ਜੀਵਨ ਜਿਊਣ ਲਈ ਆਏ ਗ਼ਦਰੀ ਬਾਬਿਆਂ ਨੇ ਆਪਣੇ ਸੁੱਖ-ਆਰਾਮ ਤਿਆਗ ਕੇ ਆਜ਼ਾਦੀ ਦੇ ਸੰਘਰਸ਼ ਦਾ ਰਾਹ ਅਪਣਾ ਲਿਆ |
           ਕੈਨੇਡਾ ਦੀਆਂ ਇਨਕਲਾਬੀ ਜੱਥੇਬੰਦੀਆਂ ਵੱਲੋਂ ਸਮੇਂ-ਸਮੇਂ ਕੱਢੇ ਗਏ ਪਰਚਿਆਂ ਤੋਂ ਪ੍ਰੇਰਨਾ ਲੈ ਕੇ ਅਤੇ ਵਿਸ਼ੇਸ਼ ਕਰ ਕੇ ਖ਼ਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੀ ਇਤਿਹਾਸਕ ਦੇਣ ਅਤੇ ਜਾਗਰੂਕ ਲਹਿਰ ਤੋਂ ਸੇਧ ਲੈ ਕੇ, ਅਮਰੀਕਾ ਵਿਚ ਅਜਿਹੇ ਅਮਲ ਅਧੀਨ ਬਾਬਾ ਬਿਸਾਖਾ ਸਿੰਘ ਦਦੇਹਰ ਅਤੇ ਬਾਬਾ ਜਵਾਲਾ ਸਿੰਘ ਠੱਠੀਆਂ ਨੇ ਉਥੇ ਵਸਦੇ ਇਨਕਲਾਬੀਆਂ ਨੂੰ ਜੱਥੇਬੰਦ ਕਰਨਾ ਆਰੰਭ ਕਰ ਦਿੱਤਾ। ਖ਼ਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੀ ਤਰਜ਼ ਤੇ ਹੀ ਅਮਰੀਕਾ ਵਿੱਚ ਸਿੱਖਾਂ ਦੀ ਪਹਿਲੀ ਸੰਸਥਾ 24 ਅਕਤੂਬਰ 1912 ਵਿਚ, ਪੈਸੇਫਿਕ ਕੋਸਟ "ਖ਼ਾਲਸਾ ਦੀਵਾਨ ਸੁਸਾਇਟੀ" ਸਟੌਕਟਨ ਗੁਰਦੁਆਰਾ ਸਾਹਿਬ ਦੀ ਸਥਾਪਨਾ ਕੀਤੀ ਗਈ। ਸਿੱਖੀ ਵਿਰਸੇ, ਗੁਰਬਾਣੀ ਦੀ ਪ੍ਰੇਰਨਾ ਅਤੇ ਜ਼ੁਲਮ ਖ਼ਿਲਾਫ਼ ਲੜਨ ਦੀ ਭਾਵਨਾ ਗਦਰੀ ਬਾਬਿਆਂ ਨੂੰ ਆਰੰਭ ਵਿਚ ਇੱਥੋਂ ਹੀ ਮਿਲੀ, ਜਿਸ ਨੇ ਅੱਗੇ ਜਾ ਕੇ ਗ਼ਦਰ ਲਹਿਰ ਨੂੰ ਜਨਮ ਦਿੱਤਾ। ਇਉਂ ਗ਼ਦਰ ਪਾਰਟੀ, ਗ਼ਦਰ ਲਹਿਰ ਅਤੇ ਗ਼ਦਰ ਅਖ਼ਬਾਰ ਦੀ ਪ੍ਰੇਰਨਾ-ਸਰੋਤ ਖ਼ਾਲਸਾ ਦੀਵਾਨ ਸੁਸਾਇਟੀ ਸਟੌਕਟਨ ਹੋ ਨਿਬੜਦੀ ਹੈ।
  ਵੈਨਕੂਵਰ ਵਰਗੀ ਕੌਮੀ ਜੱਥੇਬੰਦੀ ਖਾਲਸਾ ਦੀਵਾਨ ਸੁਸਾਇਟੀ ਕਾਇਮ ਹੋਣ ਮਗਰੋਂ, ਬਾਬਾ ਸੋਹਣ ਸਿੰਘ ਭਕਨਾ ਨੇ ਹੋਰਨਾਂ ਦੇਸ਼- ਭਗਤਾਂ ਨਾਲ ਮਿਲ ਕੇ ਅਤੇ ਆਜ਼ਾਦੀ- ਪਸੰਦ ਸਮੂਹ ਭਾਈਚਾਰਿਆਂ ਨੂੰ ਇਕ ਸੂਤਰ ਵਿਚ ਪਰੋਦਿਆਂ, 21 ਅਪ੍ਰੈਲ 1913 ਨੂੰ ਆਸਟਰੀਆ ਵਿਖੇ ‘ਹਿੰਦੀ ਐਸੋਸੀਏਸ਼ਨ ਆਫ਼ ਪੈਸੇਫਿਕ ਕੋਸਟ' ਨਾਂ ਦੀ ਜੱਥੇਬੰਦੀ ਕਾਇਮ ਕੀਤੀ, ਜਿਸ ਦਾ ਅੱਗੇ ਜਾ ਕੇ ਨਾਂ ‘ਗ਼ਦਰ ਪਾਰਟੀ ਮਸ਼ਹੂਰ ਹੋਇਆ। ਗ਼ਦਰ ਪਾਰਟੀ ਦੇ ਮੁੱਖ ਮੰਤਵ ਬਾਰੇ ਭਾਈ ਹਰਨਾਮ ਸਿੰਘ ਟੁੰਡੀਲਾਟ ਲਿਖਦੇ ਹਨ ਕਿ ਅੰਗਰੇਜ਼ਾਂ ਨੂੰ ਭਾਰਤ 'ਚੋਂ ਕੱਢ ਕੇ, ਧਰਮ ਨਿਰਪੱਖ ਤੇ ਜਮਹੂਰੀ ਰਾਜ ਸਥਾਪਤ ਕਰਨਾ ਗ਼ਦਰ ਪਾਰਟੀ ਦਾ ਉਦੇਸ਼ ਸੀ ਜਿਸ ਵਿਚ ਕਿਸਾਨ, ਜਗੀਰਦਾਰੀ ਤੇ ਸਰਮਾਏਦਾਰੀ ਦੇ ਆਪਸੀ ਆਰਥਿਕ ਵਿਤਕਰਿਆਂ ਨੂੰ ਖ਼ਤਮ ਕਰਨਾ, ਉਪਰੰਤ ਲੋਕ ਭਲਾਈ ਕਾਰਜਾਂ ਨੂੰ ਪਹਿਲ ਦੇਣਾ ਸੀ | ਪਾਰਟੀ ਦੇ ਨਿਯਮਾਂ ਅਨੁਸਾਰ ਇਸ ਦਾ ਦਾਇਰਾ ਏਨਾ ਵਿਸ਼ਾਲ ਸੀ ਕਿ ਆਜ਼ਾਦੀ ਦਾ ਹਰ ਪ੍ਰੇਮੀ, ਬਿਨਾਂ ਜਾਤਪਾਤ ਜਾਂ 'ਦੇਸ਼ ਕੌਮ' ਦੇ ਲਿਹਾਜ਼ ਨਾਲ ਇਸ ਵਿਚ ਸ਼ਾਮਿਲ ਹੋ ਸਕਦਾ ਹੈ |
       ਗ਼ਦਰ ਪਾਰਟੀ ਦੇ ਕੌਮਾਂਤਰੀ ਰਾਜਨੀਤੀ 'ਚ ਸਥਾਨ ਦਾ ਮੁਲਾਂਕਣ ਇਸ ਦੇ ਫ਼ਰਜ਼ਾਂ ਅਤੇ ਬੁਨਿਆਦੀ ਢਾਂਚੇ ਦੇ ਇਸ ਆਧਾਰ 'ਤੇ ਹੋ ਸਕਦਾ ਹੈ ਕਿ 'ਦੁਨੀਆ ਦੇ ਕਿਸੇ ਵੀ ਹਿੱਸੇ 'ਚ ਜਿੱਥੇ ਕਿਤੇ ਗ਼ੁਲਾਮੀ ਵਿਰੁੱਧ ਜੰਗ ਛਿੜੇ, ਤਾਂ ਗ਼ਦਰ ਪਾਰਟੀ ਦੇ ਸਿਪਾਹੀ ਦਾ ਫ਼ਰਜ਼ ਬਣਦਾ ਹੋਵੇਗਾ ਕਿ ਉਹ ਆਜ਼ਾਦੀ ਤੇ ਬਰਾਬਰੀ ਦੇ ਹਾਮੀਆਂ ਦੀ ਹਰ ਤਰ੍ਹਾਂ ਸਹਾਇਤਾ ਕਰੇ | ਪ੍ਰੋ: ਜਗਜੀਤ ਸਿੰਘ 'ਗ਼ਦਰ ਪਾਰਟੀ ਲਹਿਰ' ਵਿਚ ਲਿਖਦੇ ਹਨ ਕਿ ਗ਼ਦਰ ਪਾਰਟੀ ਨੇ ਹੀ 'ਪੰਚਾਇਤੀ ਰਾਜ' ਦੇ ਨਿਸ਼ਾਨੇ ਨੂੰ ਸਾਰੀ ਦੁਨੀਆ ਵਿਚ ਅਸਲੀ ਵਰਤੋਂ ਵਿਚ ਆਉਣ ਵਾਲਾ ਅਗਾਂਹ-ਵਧੂ ਰਾਜਸੀ ਆਦਰਸ਼ ਪ੍ਰਵਾਨ ਕੀਤਾ | ਜੇਕਰ ਭਾਰਤ ਦੇ ਸਮਕਾਲੀ ਰਾਸ਼ਟਰੀ ਨੇਤਾ,  ਗ਼ਦਰ ਪਾਰਟੀ ਵਾਂਗ ਇਨਕਲਾਬੀ ਰਾਹ ਫੜਦੇ, ਤਾਂ ਆਜ਼ਾਦੀ ਦੀ ਲਹਿਰ ਜ਼ਿਆਦਾ ਅਸਰਪਾਊ ਹੋ ਸਕਦੀ ਸੀ |
       ਗ਼ਦਰ ਪਾਰਟੀ ਨੇ ਸ਼ਬਦ ‘ਗ਼ਦਰ' ਨੂੰ ਇਨਕਲਾਬੀ ਸਰੂਪ ਅਤੇ ਵਿਆਪਕ ਅਰਥਾਂ ਵਾਲਾ ਮੰਨਿਆ ਹੈ। ‘ਗ਼ਦਰ' ਦੇ ਛਪਣ ਤੋਂ ਪਹਿਲਾਂ ਕੈਨੇਡਾ ਦੇ ਸਮਾਚਾਰ ਪੱਤਰਾਂ ਵਿਚ ਬਾਗ਼ੀ ਸੋਚ ਮੌਜੂਦ ਸੀ। ਗ਼ਦਰ ਪਾਰਟੀ ਨੇ ਸਿਧਾਂਤਕ ਰੂਪ ਵਿਚ, ਸੰਸਾਰ ਭਰ ਦੀਆਂ ਇਨਕਲਾਬੀ ਲਹਿਰਾਂ ਅਤੇ ਕ੍ਰਾਂਤੀਕਾਰੀ ਸੰਘਰਸ਼ ਨੂੰ 'ਗ਼ਦਰ' ਕਹਿ ਕੇ  ਪ੍ਰਵਾਨ ਕੀਤਾ ਹੈ।1 ਨਵੰਬਰ 1913 ਨੂੰ ਸਾਨਫਰਾਂਸਿਸਕੋ ਤੋਂ ਹਫ਼ਤਾਵਾਰੀ ਉਰਦੂ ਸਮਾਚਾਰ ਪੱਤਰ ‘ਗ਼ਦਰ' ਨਿਕਲਿਆ। ਗੁਰਮੁਖੀ ਵਿਚ ਪੰਜਾਬੀ ਦਾ ਹਫ਼ਤਾਵਾਰੀ ‘ਗ਼ਦਰ' ਦਸੰਬਰ 1913 ਵਿਚ ਸ਼ੁਰੂ ਹੋਇਆ। 'ਗ਼ਦਰ ਪ੍ਰੈੱਸ' ਛਾਪੇ ਖਾਨੇ ਤੋਂ ਪ੍ਰਕਾਸ਼ਿਤ ਅਤੇ 'ਯੁਗਾਂਤਰ ਆਸ਼ਰਮ' ਤੋਂ ਨਿਕਲੇ 'ਗ਼ਦਰ ਅਖ਼ਬਾਰ' ਨੇ ਨਾ ਸਿਰਫ਼ ਭਾਰਤੀਆਂ ਨੂੰ ਹੀ, ਬਲਕਿ ਦੁਨੀਆ ਭਰ ਦੇ ਇਨਕਲਾਬੀਆਂ ਨੂੰ ਮਨੁੱਖੀ ਹੱਕਾਂ ਲਈ ਲੜਨ ਅਤੇ ਆਜ਼ਾਦੀ ਹਾਸਲ ਕਰਨ ਲਈ ਪ੍ਰੇਰਿਤ ਕੀਤਾ | ਪੰਜਾਬੀ ਭਾਸ਼ਾ ਤੇ ਗੁਰਮੁਖੀ ਲਿੱਪੀ 'ਚ ਨਿਕਲਣ ਵਾਲੇ ਹਫ਼ਤਾਵਾਰੀ 'ਗ਼ਦਰ' ਦਾ ਸੰਪਾਦਨ ਕਾਰਜ ਕਰਦਿਆਂ ਨੌਜਵਾਨ ਗ਼ਦਰੀ ਯੋਧੇ ਸ: ਕਰਤਾਰ ਸਿੰਘ ਸਰਾਭਾ ਨੇ ਪਾਠਕਾਂ ਨੂੰ ਏਨਾ ਪ੍ਰਭਾਵਿਤ ਕੀਤਾ ਕਿ 'ਗ਼ਦਰ' ਵਿਚਲੀਆਂ ਲਿਖਤਾਂ ਪੜ੍ਹਨ ਲਈ ਕੈਨੇਡਾ ਤੇ ਅਮਰੀਕਾ ਰਹਿੰਦੇ ਸਿਰਫ਼ ਪੰਜਾਬੀਆਂ ਨੇ ਹੀ ਗੁਰਮੁਖੀ ਲਿੱਪੀ ਨਹੀਂ ਸਿੱਖੀ, ਸਗੋਂ ਭਾਰਤ ਅੰਦਰ ਹੋਰਨਾਂ ਬੋਲੀਆਂ ਵਾਲੇ ਪਾਠਕ ਵੀ ਪੰਜਾਬੀ ਭਾਸ਼ਾ ਨਾਲ ਜੁੜ ਗਏ | ਸਹੀ ਅਰਥਾਂ 'ਚ 'ਗ਼ਦਰ' ਪੰਜਾਬੀ ਅਖ਼ਬਾਰ ਹੱਕ, ਸੱਚ ਤੇ ਆਜ਼ਾਦੀ ਦੇ ਸੰਕਲਪ ਨੂੰ ਪੇਸ਼ ਕਰਨ ਵਾਲਾ, ਪੰਜਾਬੀ ਪੱਤਰਕਾਰੀ ਦਾ ਥੰਮ ਕਿਹਾ ਜਾ ਸਕਦਾ ਹੈ।
     ਪੰਜਾਬੀ ਹਫ਼ਤਵਾਰੀ ‘ਗ਼ਦਰ' ਦੇ ਸ਼ੁਰੂ ਦੇ ਅੰਕਾਂ ਵਿਚ ਗੁਰਬਾਣੀ ਦੀ ਪੰਕਤੀ ਨੂੰ, ਕੁਝ ਕੁ ਬਦਲਵੇਂ ਰੂਪ 'ਚ "ਜੇ ਚਿਤ ਪ੍ਰੇਮ ਖੇਲਣ ਦਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ॥" ਵਿਚਕਾਰ ਲਿਖ ਕੇ ਦੋਹਾਂ ਨੁੱਕਰਾਂ ਉੱਤੇ ‘ਬੰਦੇ' ਅਤੇ ‘ਮਾਤਰਮ' ਲਿਿਖਆ ਮਿਲਦਾ ਹੈ। ਇਹ ਉਸ ਸਮੇਂ ਦੇ ਅੰਕ ਹਨ, ਜਦੋਂ ਪੰਜਾਬੀ ਸਮਾਚਾਰ ਪੱਤਰ ਦੇ ਸੰਪਾਦਕ ਸ਼ਹੀਦ ਕਰਤਾਰ ਸਿੰਘ ਸਰਾਭਾ ਸਨ। ਕੁਝ ਸਮੇਂ ਮਗਰੋਂ ਗ਼ਦਰੀ ਯੋਧਿਆਂ ਦੇ ਦੇਸ਼ ਜਾ ਕੇ ਕੁਰਬਾਨੀ ਕਰਨ ਲਈ ਤੱਤਪਰ ਹੁੰਦਿਆਂ ਸ਼ਹੀਦੀਆਂ ਪਾਈਆਂ ਜਾਂ ਲੰਮੀਆਂ ਸਜ਼ਾਵਾਂ ਕੱਟੀਆਂ।  ਇਨ੍ਹਾਂ ਯੋਧਿਆਂ ਤੋਂ ਮਗਰੋਂ ‘ਗ਼ਦਰ' ਦੀ ਦਿਖ 'ਚ ਵੱਡੀਆਂ ਤਬਦੀਲੀਆਂ ਕੀਤੀਆਂ ਗਈਆਂ ਅਤੇ ਇਸ ਦਾ ਮੁੱਖ ਪੰਨੇ ਬਦਲ ਦਿੱਤਾ ਗਿਆ। ਗੁਰਬਾਣੀ ਦੀ ਤੁਕ ਹਟਾ ਕੇ, ਉਸ ਦੀ ਜਗ੍ਹਾ ‘ਐ ਮਰਦਾਨੋ ਹਿੰਦੀ ਜਵਾਨੋੋ ਜਲਦੀ ਲੋ ਹਥਿਆਰ' ਲਿਖ ਦਿੱਤੀ ਗਈ। ‘ਗ਼ਦਰ' ਸਮਾਚਾਰ ਪੱਤਰ ਦੇ ਮੁੱਖ ਪੰਨੇ ਅਤੇ ਰੂਪ ਵਿਚ ਅਜਿਹੀਆਂ ਤਬਦੀਲੀਆਂ ਸੁਭਾਵਿਕ ਨਹੀਂ ਹੋਈਆਂ, ਸਗੋਂ ਯੋਜਨਾਬੱਧ ਢੰਗ ਨਾਲ ਲਿਆਦੀਆਂ ਗਈਆਂ। ਰਾਮ ਚੰਦਰ ਨੇ ਪਹਿਲੇ ਸਫ਼ੇ 'ਤੇ ਸੰਪਾਦਕ ਵਜੋਂ ਆਪਣਾ ਨਾਂ ਵੀ ਲਿਖਣਾ ਸ਼ੁਰੂ ਕਰ ਦਿੱਤਾ ਤੇ ਮਗਰੋਂ ਪਾਰਟੀ ਤੋਂ ਅਲਹਿਦਾ ਹੋ ਕੇ, ਪਾਰਟੀ ਦੇ ਪਰਚੇ ਦੇ ਸਮਾਨਾਂਤਰ, ਉਸੇ ਹੀ ਨਾਂ 'ਤੇ ਵੱਖਰਾ ਹਿੰਦੁਸਤਾਨ ਗ਼ਦਰ ਵੀ ਕੱਢਿਆ। ਆਰੰਭ 'ਚ ਇਸ ਅਖ਼ਬਾਰ ਨਾਲ ਸੰਬੰਧਿਤ ਹੋਣ ਵਾਲੇ ‘ਗ਼ਦਰ' ਸਮਾਚਾਰ ਪੱਤਰ ਦੇ ਪੰਜਾਬੀ ਅੰਕ ਦੇ ਸੰਪਾਦਕ ਕਰਤਾਰ ਸਿੰਘ ਸਰਾਭਾ ਰਹੇ ਤੇ ਹੋਰਨਾਂ ਇਨਕਲਾਬੀ ਲਿਖਾਰੀਆਂ 'ਚ ਹਰਨਾਮ ਸਿੰਘ ਟੁੰਡੀਲਾਟ, ਭਾਈ ਸੰਤੋਖ ਸਿੰਘ ਧਰਦਿਓ, ਭਗਵਾਨ ਸਿੰਘ ਪ੍ਰੀਤਮ, ਮੁਨਸ਼ਾ ਸਿੰਘ ਦੁਖੀ, ਕਰਤਾਰ ਸਿੰਘ ਲਤਾੜਾ, ਬਸੰਤ ਸਿੰਘ ਚੌਂਦਾ, ਮਹਿਬੂਬ ਅਲੀ, ਇਨਾਇਤ ਖਾਂ, ਰਾਮ ਚੰਦਰ, ਖੇਮ ਚੰਦ ਦਾਸ, ਮੋਹਨ ਲਾਲ, ਪਿਰਥੀ ਸਿੰਘ ਆਜ਼ਾਦ, ਬਿਸ਼ਨ ਸਿੰਘ ਸਦਾ ਸਿੰਘ ਵਾਲਾ ਅਤੇ ਨਿਧਾਨ ਸਿੰਘ ਮਹੇਸ਼ਰੀ ਵੀ ਸਮੇਂ-ਸਮੇਂ ‘ਗ਼ਦਰ ਨਾਲ ਜੁੜੇ ਰਹੇ। ਜ਼ਿਆਦਾਤਰ ਲਿਖਾਰੀ ਆਪਣੇ ਉਪਨਾਮ ਜਾਂ ਤਖ਼ੱਲਸ ਆਦਿ ਦੀ ਵਰਤੋਂ ਹੀ ਕਰਦੇ ਸਨ। ਉਨ੍ਹਾਂ ਦੀ ਦੁਖੀਆ, ਗ਼ਦਰ ਦਾ ਸਿਪਾਹੀ, ਪ੍ਰੀਤਮ, ਫ਼ਕੀਰ, ਪੰਜਾਬੀ ਸਿੰਘ, ਸੇਵਕ, ਬਾਗ਼ੀ, ਜਾਚਕ, ਇਕਬਾਲ, ਹਮਦਮ, ਅਜ਼ਾਦ, ਯਕਦਮ, ਨਾਸਤਕ, ਸੱਚ, ਹਿੰਦ ਸੇਵਕ ਅਤੇ ਨਿਧੜਕ ਆਦਿ ਫ਼ਰਜ਼ੀ ਨਾਮਾਂ ਅਧੀਨ ‘ਗ਼ਦਰ' ਵਿਚਲੀ ਰਚਨਾ ਦਾ ਉਦੇਸ਼ ਜਿੱਥੇ ਇਕ ਪਾਸੇ ਵਿਅਕਤੀਗਤ ਪ੍ਰਸਿੱਧੀ ਦੀ ਥਾਂ, ਲਹਿਰ ਦੇ ਮਨੋਰਥ ਨੂੰ ਉਜਾਗਰ ਕਰਨਾ ਸੀ, ਉੱਥੇ ਦੂਜੇ ਪਾਸੇ ਰਾਜਸੀ ਹਾਲਤਾਂ ਨੂੰ ਸਮਝਦਿਆਂ ਗ਼ਦਰੀਆਂ ਦੀ ਪਛਾਣ ਗੁਪਤ ਰੱਖਣਾ ਸੀ। ਇਨ੍ਹਾਂ ਲਿਖਾਰੀਆਂ ਦਾ ਉਦੇਸ਼ ਪਰਵਾਸੀ ਭਾਰਤੀਆਂ ਵਿਚ ਰਾਜਨੀਤਕ ਚੇਤਨਾ ਪੈਦਾ ਕਰਕੇ ਆਜ਼ਾਦੀ ਦੀ ਲੜਾਈ ਲਈ ਮਾਹੌਲ ਪੈਦਾ ਕਰਨਾ ਸੀ।
       ‘ਗ਼ਦਰ' ਦੇ ਪਰਚੇ ਪੱਤਰਕਾਰੀ ਵਿਚ ਅਜਿਹੇ ਮਹੱਤਵ ਦੇ ਲਖਾਇਕ ਹਨ, ਜੋ ਅਗਲੀਆਂ ਪੀੜ੍ਹੀਆਂ ਅੰਦਰ ਚੇਤਨਾ ਪੈਦਾ ਕਰਨ ਲਈ ਮੀਲ ਪੱਥਰ ਸਾਬਤ ਹੋਏ। ‘ਗ਼ਦਰ' ਸਮਾਚਾਰ ਪੱਤਰ ਦਾ ਇਕੋ-ਇਕ ਨਿਸ਼ਾਨਾ ਆਜ਼ਾਦੀ ਸੀ ਅਤੇ ਇਸ ਦੀ ਪ੍ਰਾਪਤੀ ਲਈ ਗ਼ਦਰ ਨੇ ਦੁਨੀਆਂ ਭਰ ਦੇ ਆਜ਼ਾਦੀ ਪਸੰਦ ਭਾਰਤੀਆਂ ਨੂੰ ਜਥੇਬੰਦ ਕੀਤਾ।‘ਗ਼ਦਰ' ਸਮਾਚਾਰ ਪੱਤਰ ਰਾਹੀਂ ਲਹਿਰ ਕੇਵਲ ਅਮਰੀਕਾ ਜਾਂ ਕੈਨੇਡਾ ਤੱਕ ਸੀਮਤ ਨਾ ਰਹਿ ਕੇ ਦੁਨੀਆਂ ਦੇ ਕੋਨੇ-ਕੋਨੇ ਤੱਕ ਫੈਲ ਗਈ। ਜਿਉਂ ਹੀ ਗ਼ਦਰ ਲਹਿਰ ਵਧੀ ਤੇ ਜਨਤਾ ਵਿਚ ਇਨਕਲਾਬ ਆਇਆ, ਸਮਾਚਾਰ ਪੱਤਰ ਦੀ ਖਪਤ ਵਧਦੀ ਗਈ, ਸਮਾਚਾਰ ਪੱਤਰ ਦੇ ਉਰਦੂ ਤੇ ਪੰਜਾਬੀ ਤੋਂ ਇਲਾਵਾ ਹਿੰਦੀ, ਗੁਜਰਾਤੀ, ਬੰਗਾਲੀ, ਪਸਤੋ, ਨੇਪਾਲੀ ਵਿਚ ਵੀ ਸਪੈਸ਼ਲ ਨੰਬਰ ਨਿਕਲਣ ਲੱਗੇ ਪਏ, ਸਮਾਚਾਰ ਪੱਤਰ ਕਈ ਹਜ਼ਾਰਾਂ ਦੀ ਗਿਣਤੀ ਵਿਚ ਛਾਪਿਆ ਤੇ ਵੰਡਿਆ ਜਾਣ ਲੱਗਾ, ਕਿਹਾ ਜਾਂਦਾ ਹੈ ਕਿ 1916 ਵਿਚ ਇਹ ਹਫ਼ਤੇ ਦਾ ਦਸ ਲੱਖ ਛਪਣ ਲੱਗ ਪਿਆ ਸੀ।
      ਅੰਤਰਰਾਸ਼ਟਰੀ ਪੱਧਰ 'ਤੇ ਬਰਾਬਰੀ ਤੇ ਮਾਨਵੀ ਹੱਕਾਂ ਦੀ ਪਹਿਰੇਦਾਰ ਗ਼ਦਰੀ ਬਾਬਿਆਂ ਦੀ ਯਾਦ ਵਿੱਚ ਸੈਮੀਨਾਰ ਅਤੇ ਸਮਾਗਮ ਕਰਨੇ ਸ਼ਲਾਘਾਯੋਗ ਉਪਰਾਲੇ ਹਨ। 2013 ਵਿਚ ਗ਼ਦਰ ਅਖ਼ਬਾਰ ਅਤੇ ਗ਼ਦਰ ਲਹਿਰ ਦੀ ਸ਼ਤਾਬਦੀ ਦੇ ਮੌਕੇ 'ਤੇ ਇਨ੍ਹਾਂ ਸਮਾਗਮਾਂ ਵਿੱਚ ਸ਼ਾਮਲ ਹੋਣ ਦੇ ਸੁਭਾਗ ਤੋਂ ਬਾਅਦ, ਹੁਣ ਇੱਕ ਵਾਰ ਫੇਰ ਪਹਿਲੀ ਅਤੇ ਦੂਜੀ ਅਕਤੂਬਰ ਨੂੰ ਗ਼ਦਰੀ ਬਾਬਿਆਂ ਦੀ ਯਾਦ ਵਿਚ ਦੋ ਦਿਨਾ ਸਮਾਗਮ 'ਚ ਸ਼ਮੂਲੀਅਤ ਦਾ ਮੌਕਾ ਮਿਲਿਆ ਹੈ। 'ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ' ਦੇ ਮਹਾਂਵਾਕ ਅਨੁਸਾਰ ਵੱਡਿਆਂ ਦੇ ਦਿਨ ਮਨਾਉਣੇ ਅਤੇ ਉਨ੍ਹਾਂ ਦੀ ਮਹਾਨ ਦੇਣ ਦੀ ਗੱਲ ਕਰਨੀ ਜਿਥੇ ਵੱਡਾ ਮਹੱਤਵ ਰੱਖਦੀ ਹੈ, ਉਥੇ ਇਹ ਵੀ ਵਿਚਾਰਨ ਦੀ ਲੋੜ ਹੈ ਕਿ ਗ਼ਦਰੀ ਬਾਬਿਆਂ ਨੇ ਜਿਸ ਮੰਤਵ ਲਈ ਕੁਰਬਾਨੀਆਂ ਦਿੱਤੀਆਂ ਸਨ, ਉਹ ਅਜੇ ਵੀ ਸੰਪੂਰਨ ਨਹੀਂ ਹੋਇਆ | ਇਸ ਦੀ ਪ੍ਰਤੱਖ ਮਿਸਾਲ ਗ਼ਦਰ ਪਾਰਟੀ ਦੇ ਬਾਨੀ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਦੇ 'ਆਜ਼ਾਦ ਭਾਰਤ' 'ਚ ਕਹੇ ਇਨ੍ਹਾਂ ਸ਼ਬਦਾਂ ਤੋਂ ਹੋ ਜਾਂਦੀ ਹੈ ਕਿ ਮੇਰੀ ਪਿੱਠ 'ਚ ਅੰਗਰੇਜ਼ ਕੁੱਬ ਨਹੀਂ ਪਾ ਸਕੇ, ਪਰ ਆਪਣਿਆਂ ਨੇ ਜ਼ਰੂਰ ਪਾ ਦਿੱਤਾ।       ਸਾਮਰਾਜੀ ਤਾਕਤਾਂ, ਫ਼ਿਰਕਾਪ੍ਰਸਤੀ, ਪਰਿਵਾਰਵਾਦ, ਭਿ੍ਸ਼ਟਾਚਾਰ, ਡੰਡਾ-ਤੰਤਰ ਅਤੇ ਬੁਰਜ਼ੂਆ ਢਾਂਚਾ ਕਿਸੇ ਨਾ ਕਿਸੇ ਰੂਪ ਵਿਚ ਕਾਇਮ ਹੈ | ਪੰਚਾਇਤੀ ਰਾਜ ਦੀ ਥਾਂ ਭਾਈ-ਭਤੀਜਾਵਾਦ ਨੇ ਮੱਲੀ ਹੋਈ ਹੈ | ਅਜੇ ਵੀ ਗ਼ਦਰੀ ਬਾਬਿਆਂ ਦੇ ਪਰਿਵਾਰਾਂ ਨੂੰ ਉਹ ਜੱਦੀ ਸੰਪਤੀਆਂ ਮੋੜੀਆਂ ਨਹੀਂ ਗਈਆਂ, ਜੋ ਅੰਗਰੇਜ਼ਾਂ ਵੇਲੇ ਸਰਕਾਰਾਂ ਵੱਲੋਂ ਕੁਰਕ ਕੀਤੀਆਂ ਗਈਆਂ ਸਨ | ਗ਼ਦਰੀ ਯੋਧਿਆਂ ਦੇ ਪਿੰਡ ਪੱਧਰ 'ਤੇ ਅਜਿਹੇ ਯਾਦਗਾਰੀ ਸਥਾਨ ਨਜ਼ਰ ਨਹੀਂ ਆਉਂਦੇ, ਜੋ ਉਨ੍ਹਾਂ ਦੀ ਘਾਲਣਾ ਬਾਰੇ ਅਗਲੀਆਂ ਪੀੜ੍ਹੀਆਂ ਨੂੰ ਉਤਸ਼ਾਹਿਤ ਕਰ ਸਕਣ | ਵਿਦੇਸ਼ਾਂ ਜਾਂ ਦੇਸ਼ ਅੰਦਰ ਸਰਕਾਰੀ ਇਮਾਰਤਾਂ ਅੰਦਰ ਢੁਕਵੇਂ ਰੂਪ 'ਚ ਗ਼ਦਰੀ ਯੋਧਿਆਂ ਦੀਆਂ ਤਸਵੀਰਾਂ ਨਜ਼ਰ ਨਹੀਂ ਆਉਂਦੀਆਂ | ਗ਼ਦਰੀ ਬਾਬਿਆਂ 'ਚੋਂ 90 ਫ਼ੀਸਦੀ ਪੰਜਾਬੀ ਤੇ ਵਿਸ਼ੇਸ਼ ਕਰਕੇ ਸਿੱਖ ਹੋਣ ਦੇ ਬਾਵਜੂਦ, ਉਨ੍ਹਾਂ ਨੂੰ ਸਿੱਖ ਵਿਰਸੇ, ਇਤਿਹਾਸ, ਸਿੱਖ ਸੱਭਿਆਚਾਰ ਅਤੇ ਗੁਰਬਾਣੀ ਤੋਂ ਵੱਖ ਕਰਕੇ ਨਿਰੇ ਖੱਬੀ ਪੱਖੀ ਅਤੇ  ਮਾਰਕਸੀ ਧਾਰਨਾ ਦੇ ਪਾਂਧੀ ਬਣਾ ਕੇ ਪੇਸ਼ ਕਰਨਾ ਇਤਿਹਾਸ ਨਾਲ ਖਿਲਵਾੜ ਵੀ ਹੈ ਅਤੇ ਆਪਣੀ ਵਿਰਾਸਤ ਨਾਲ ਧ੍ਰੋਹ ਕਮਾਉਣਾ ਵੀ। ਇਸ ਤੋਂ ਵੀ ਖ਼ਤਰਨਾਕ ਗੱਲ ਇਹ ਹੈ ਕਿ ਅੱਜ ਭਾਰਤ ਫਾਸ਼ੀਵਾਦ ਦੀ ਜਿਸ ਮੋੜ 'ਤੇ ਪਹੁੰਚ ਚੁੱਕਿਆ ਹੈ, ਉਹ ਅੰਗਰੇਜ਼ ਸਾਮਰਾਜ ਤੋਂ ਵੀ ਖ਼ਤਰਨਾਕ ਹੈ। ਅੰਗਰੇਜ਼ਾਂ ਅੱਗੇ ਮੁਆਫ਼ੀਆਂ ਮੰਗਣ ਵਾਲੇ ਸਾਵਰਕਰ ਨੂੰ ਅੱਜ ਦੇਸ਼ ਭਗਤ ਕਰਾਰ ਦਿੱਤਾ ਜਾ ਰਿਹਾ ਹੈ, ਜਦਕਿ ਮਨੁੱਖੀ ਹੱਕਾਂ ਲਈ ਲੜਨ ਵਾਲੇ ਯੋਧਿਆਂ ਦੇ ਵਾਰਿਸ ਜੇਲ੍ਹਾਂ 'ਚ ਬੰਦ ਹਨ।
     ਗ਼ਦਰੀ ਬਾਬਿਆਂ ਨੇ ਭਾਰਤ ਨੂੰ ਧਰਮ-ਨਿਰਪੱਖ ਦੇਸ਼ ਬਣਾਉਣ ਦਾ ਸੁਪਨਾ ਲਿਆ ਸੀ, ਪਰ ਅੱਜ ਸਾਵਰਕਰੀ ਸੋਚ ਦੇ ਪਾਂਧੀ ਭਾਰਤ ਨੂੰ 'ਹਿੰਦੂ ਰਾਸ਼ਟਰ' ਬਣਾਉਣ ਲਈ ਬਜ਼ਿੱਦ ਹਨ। ਅਜਿਹੀ ਫ਼ਿਰਕੂ ਸੋਚ ਦਾ ਹੀ ਨਤੀਜਾ ਸੀ ਕਿ ਪੰਜਾਬ ਸੰਤਾਲੀ ਵੇਲੇ ਉਜਾੜਿਆ ਗਿਆ ਅਤੇ ਦੋ ਟੋਟਿਆਂ ਵਿੱਚ ਵੰਡ ਦਿੱਤਾ ਗਿਆ। ਦੱਸ ਲੱਖ ਤੋਂ ਵੱਧ ਲੋਕਾਂ ਦੀਆਂ ਜਾਨਾਂ ਗਈਆਂ, ਜਿਨ੍ਹਾਂ ਵਿਚ ਸਮੂਹ ਪੰਜਾਬੀ ਸਨ ਜ਼ਿਆਦਾਤਰ ਸਿੱਖ, ਮੁਸਲਮਾਨ ਅਤੇ ਹਿੰਦੂ ਭਾਈਚਾਰੇ ਨਾਲ ਵੀ ਸਬੰਧਿਤ ਸਨ। ਇਕ ਪਾਸੇ ਮੁਸਲਮਾਨਾਂ ਨੂੰ ਉਨ੍ਹਾਂ ਦਾ ਰਾਸ਼ਟਰ ਅਤੇ ਦੂਜੇ ਪਾਸੇ ਵੱਡੀ ਗਿਣਤੀ 'ਚ ਹਿੰਦੂਆਂ ਨੂੰ ਅਸਿੱਧੇ ਤੌਰ 'ਤੇ 'ਹਿੰਦੂ ਰਾਸ਼ਟਰ' ਸੌਂਪਿਆ ਗਿਆ, ਜੋ ਕਿ ਅੱਜ ਪ੍ਰਤੱਖ ਰੂਪ ਚ ਨਜ਼ਰ ਆ ਰਿਹਾ ਹੈ। ਸਭ ਤੋਂ ਵੱਡੇ ਧੱਕੇ ਦਾ ਸ਼ਿਕਾਰ ਹੋਏ ਸਭ ਤੋਂ ਵੱਧ ਸ਼ਹੀਦੀਆਂ ਦੇਣ ਵਾਲੇ ਕਾਲੇ ਪਾਣੀਆਂ ਦੀਆਂ ਸਜ਼ਾਵਾਂ ਕੱਟਣ ਵਾਲੀ ਜੇਲ੍ਹਾਂ ਚ ਬੰਦ ਰਹਿਣ ਵਾਲੇ ਸਿੱਖ। ਗ਼ਦਰੀ ਬਾਬਿਆਂ ਦੀ ਗੱਲ ਕਰਦਿਆਂ ਇਹ ਦਰਦ ਮਹਿਸੂਸ ਹੋ ਰਿਹਾ ਹੈ ਕਿ ਅੱਜ ਕਹਿਣ ਨੂੰ ਤਾਂ ਭਾਰਤ ਆਜ਼ਾਦ ਹੈ, ਪਰ ਹਿੰਦ ਰਾਸ਼ਟਰ ਵਿੱਚ ਘੱਟਗਿਣਤੀਆਂ ਗੁਲਾਮ ਹਨ। ਉਨ੍ਹਾਂ ਵਿੱਚੋਂ ਸਿੱਖਾਂ ਦੀ ਤ੍ਰਾਸਦੀ ਇਹ ਹੈ ਕਿ ਵੱਡੀਆਂ ਕੌਮਾਂ ਨੇ ਤਾਂ ਆਪਣੇ ਦੇਸ਼ ਬਣਾ ਲਏ, ਪਰ ਸਿੱਖ ਬੇਘਰੇ ਰੁਲ ਰਹੇ ਹਨ। ਗਾਇਕ ਅਤੇ ਗੀਤਕਾਰ ਰਾਜ ਕਾਕੜਾ ਦੇ ਸੀਨੇ ਨੂੰ ਧੂਹ ਪਾਉਣ ਵਾਲੇ ਇਨ੍ਹਾਂ ਬੋਲਾਂ ਨਾਲ ਹੀ ਵਿਚਾਰ ਸਮੇਟਦੇ ਹਾਂ :
"ਜਦੋਂ ਭਰਾਵਾਂ ਵੰਡੀਆਂ ਪਾਈਆਂ,
 ਸਾਡੇ ਹਿੱਸੇ ਫਾਂਸੀਆਂ ਆਈਆਂ।
 ਹਰ ਕੋਈ ਆਪਣਾ ਹਿੱਸਾ ਲੈ ਗਿਆ,
 ਸਾਡਾ ਹਿੱਸਾ ਕਿੱਥੇ ਰਹਿ ਗਿਆ?
 ਉਨ੍ਹਾਂ ਲੈ ਲਏ ਤਖ਼ਤ ਹਜ਼ਾਰੇ,
ਬਲਖ ਬੁਖਾਰੇ, ਮਹਿਲ ਮੁਨਾਰੇ।
ਸਾਡੇ ਹਿੱਸੇ ਘੱਲੂਘਾਰੇ  
ਕਾਲੇ ਤਾਰੇ, ਨੀਲੇ ਤਾਰੇ।
ਲੜ ਲੜ ਮਰ ਗਏ ਪਰ ਨੀ ਬਣਿਆ,
ਮੇਰੀ ਕੌਮ ਦਾ ਘਰ ਨਹੀਂ  ਬਣਿਆ
ਮੇਰੀ ਕੌਮ ਦਾ ਘਰ ਨਹੀਂ ਬਣਿਆ!"

ਬਰਤਾਨੀਆ ਦੀ ਰਜਵਾੜਾਸ਼ਾਹੀ ਦੀ ਗੁਲਾਮੀ ਤੋਂ ਛੁਟਕਾਰਾ ਪਾਉਣ ਦਾ ਵੇਲਾ - ਡਾ ਗੁਰਵਿੰਦਰ ਸਿੰਘ

ਮਹਾਰਾਣੀ ਅਲਿਜ਼ਾਬੈਥ ਲੰਮੀ ਉਮਰ ਭੋਗ ਕੇ ਸੰਸਾਰ ਤੋਂ ਕੂਚ ਕਰ ਗਈ ਹੈ। ਦੁਨੀਆਂ ਭਰ ਵਿਚ ਸੋਗ ਮਨਾਇਆ ਜਾ ਰਿਹਾ ਹੈ। ਬਰਤਾਨੀਆ ਦੇ ਅਧੀਨ ਅੱਜ ਵੀ 14 ਦੇਸ਼, ਮਹਾਰਾਣੀ ਦੀ ਸਹੁੰ ਖਾਂਦੇ ਹਨ। ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਆਦਿ ਇਸ ਲੜੀ ਵਿੱਚ ਸ਼ਾਮਲ ਹਨ। ਇਨ੍ਹਾਂ ਨੂੰ ਰਾਸ਼ਟਰਮੰਡਲ (ਕਾਮਨਵੈਲਥ) ਦੇਸ਼ ਕਿਹਾ ਜਾਂਦਾ ਹੈ, ਜੋ ਕਿਸੇ ਸਮੇਂ ਬਰਤਾਨੀਆ ਅਧੀਨ ਗੁਲਾਮ ਰਹੇ। ਅੱਜ ਬੇਸ਼ੱਕ ਇਹ ਮੁਲਕ ਆਜ਼ਾਦ ਹਨ, ਪਰ ਇਨ੍ਹਾਂ ਵਿੱਚੋਂ ਕਈਆਂ ਵਿੱਚ ਮਹਾਰਾਣੀ ਦੀ ਅਧੀਨਗੀ ਕਾਇਮ ਹੈ। ਦੂਜੇ ਪਾਸੇ ਇਹ ਮੁਹਿੰਮ ਕਈ ਵਾਰ ਚੱਲੀ ਹੈ ਕਿ ਮਹਾਰਾਣੀ ਦੀ ਸਹੁੰ ਖਾ ਕੇ ਰਜਵਾੜਾਸ਼ਾਹੀ ਦੀ ਗ਼ੁਲਾਮੀ ਅਪਨਾਉਣਾ ਠੀਕ ਨਹੀਂ।
      ਬਰਤਾਨੀਆ ਦੀ ਰਜਵਾੜਾਸ਼ਾਹੀ ਦੇ ਜ਼ੁਲਮਾਂ ਦੀ ਲੰਮੀ ਦਾਸਤਾਨ ਹੈ। ਪੰਜਾਬ ਵਿੱਚ ਖ਼ਾਲਸਾ ਰਾਜ ਦੇ ਖ਼ਾਤਮੇ ਅਤੇ ਬਾਅਦ ਮਹਾਰਾਜਾ ਦਲੀਪ ਸਿੰਘ ਨੂੰ ਇਸਾਈ ਬਣਾਉਣ ਤੇ ਪੰਜਾਬ ਦੇ ਵਾਰਸਾਂ ਤੋਂ ਕੋਹਿਨੂਰ ਹੀਰਾ ਖੋਹ ਕੇ ਇੰਗਲੈਂਡ ਦੀ ਰਾਣੀ ਦੀ ਤਾਜਾ 'ਚ ਸਜਾਉਣਤੱਕ ਦੀ ਸੋਚ ਇਸ ਦੀ ਪ੍ਰਤੀਕ ਹੈ। ਸਭ ਤੋਂ ਵੱਡਾ ਜਬਰ ਬਰਤਾਨੀਆ ਦਾ ਪੰਜਾਬ ਦੇ ਉਜਾੜੇ ਦਾ ਹੈ, ਜਿਸ ਵਿੱਚ ਦਸ ਲੱਖ ਤੋਂ ਵੱਧ ਪੰਜਾਬੀਆਂ ਖ਼ਾਸਕਰ ਸਿੱਖਾਂ ਅਤੇ ਮੁਸਲਮਾਨਾਂ ਸਮੇਤ ਹਿੰਦੂਆਂ ਦੀਆਂ ਜਾਨਾਂ ਗਈਆਂ। ਇਸ ਲਈ ਦੋਸ਼ੀ ਬਰਤਾਨੀਆ ਸਾਮਰਾਜ ਹੈ।
ਆਉ, ਮਹਾਰਾਣੀ ਦੇ ਚਲਾਣੇ ਦਾ ਅਫ਼ਸੋਸ ਸਾਂਝਾ ਕਰਨ ਤੋਂ ਇਲਾਵਾ ਇਨ੍ਹਾਂ ਸਾਰੀਆਂ ਘਟਨਾਵਾਂ ਨੂੰ ਵੀ ਯਾਦ ਕਰੀਏ, ਜਿਨ੍ਹਾਂ ਲਈ ਜਿਊਂਦੇ ਜੀਅ ਕਦੇ ਵੀ ਮਹਾਰਾਣੀ ਮੁਆਫ਼ੀ ਨਹੀਂ ਮੰਗ ਸਕੀ ਤੇ ਅਜੇ ਤਕ ਬ੍ਰਿਟੇਨ ਨੇ ਇਨ੍ਹਾਂ ਦੇ ਲਈ ਜ਼ਿੰਮੇਵਾਰੀ ਨਹੀਂ ਲਈ।
ਨਾਲੋ- ਨਾਲ ਕਰਾਊਨ ਤੋਂ ਖਹਿੜਾ ਛੁਡਾਉਣ ਲਈ ਵੀ ਜ਼ੋਰਦਾਰ ਮੰਗ ਕੀਤੇ ਜਾਣ ਦੀ ਲੋਡ਼ ਹੈ । ਇਹ ਜ਼ਿਕਰਯੋਗ ਹੈ ਕਿ ਇਕ ਦਹਾਕੇ ਤੋਂ ਕੈਨੇਡਾ ਵਿਚ ਅਤੇ ਨਿਊਜ਼ੀਲੈਂਡ ਸਮੇਤ ਕਈ ਦੇਸ਼ਾਂ ਵਿੱਚ ਸੁਤੰਤਰਤਾ ਦੀ ਆਵਾਜ਼ ਉਠਾਈ ਹੈ। ਜ਼ੁਲਮ ਕਰਨ ਵਾਲਿਆਂ ਦੀ ਲੰਮੀ ਕਤਾਰ ਵਾਲੇ ਰਜਵਾੜਿਆਂ ਨੂੰ ਹੁਣ ਪਾਸੇ ਕੀਤਾ ਜਾਵੇ। ਮਹਾਰਾਣੀ ਐਲਿਜ਼ਬੈੱਥ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਚਾਰਲਸ ਸੁਭਾਵਕ ਹੀ ਇਹਨਾਂ ਸਮੂਹ ਮੁਲਕਾਂ ਦਾ ਸੰਵਿਧਾਨਕ ਮੁਖੀ ਬਣ ਗਿਆ ਹੈ, ਜੋ ਗ਼ੁਲਾਮੀ ਦਾ ਇਕ ਹੋਰ ਦੌਰ ਹੋਵੇਗਾ। ਹੁਣੇ ਤੋਂ ਹੀ ਇਸ ਦਾ ਵਿਰੋਧ ਸ਼ੁਰੂ ਕਰ ਦੇਣਾ ਚਾਹੀਦਾ ਹੈ। ਇਹ ਮੁਹਿੰਮ ਨੂੰ ਵਧੇਰੇ ਮਜ਼ਬੂਤ ਕੀਤਾ ਜਾਵੇ ਅਤੇ ਕਰਾਉਣ ਦੀ ਸੰਵਿਧਾਨਿਕ ਪ੍ਰਮੁੱਖਤਾ ਤਿਆਗ ਕੇ, ਸਿਆਸੀ ਗੁਲਾਮੀ ਤੋਂ ਛੁਟਕਾਰਾ ਪਾਇਆ ਜਾਵੇ।
ਕੋਆਰਡੀਨੇਟਰ
ਪੰਜਾਬੀ ਸਹਿਤ ਸਭਾ ਮੁੱਢਲੀ (ਰਜਿ)
ਐਬਟਸਫੋਰਡ ਬੀ ਸੀ ਕੈਨੇਡਾ

ਸ਼ਹੀਦੀ ਦਿਹਾੜੇ 'ਤੇ ਵਿਸ਼ੇਸ਼:  ਨਸਲਵਾਦ ਤੇ ਬਸਤੀਵਾਦ ਦੇ ਖ਼ਿਲਾਫ਼ ਸ਼ਹਾਦਤਾਂ ਦੇਣ ਵਾਲੇ ਗ਼ਦਰੀ ਯੋਧੇ ਸ਼ਹੀਦ ਭਾਈ ਭਾਗ ਸਿੰਘ ਤੇ ਸ਼ਹੀਦ ਭਾਈ ਬਤਨ ਸਿੰਘ - ਡਾ. ਗੁਰਵਿੰਦਰ ਸਿੰਘ

ਦੁਨੀਆਂ ਦੀਆਂ ਮਹਾਨ ਕੌਮਾਂ ਆਪਣੇ ਵਿਰਸੇ ਨੂੰ ਸੰਭਾਲਦੀਆਂ ਅਤੇ ਉਸ ਤੋਂ ਸੇਧ ਲੈ ਕੇ ਵਰਤਮਾਨ ਵਿਚ ਜੂਝਦੀਆਂ ਅਤੇ ਭਵਿੱਖ ਲਈ ਨਵੇਂ ਦਿਸਹੱਦੇ ਕਾਇਮ ਕਰਦੀਆਂ ਹਨ। ਸੰਸਾਰ ਪ੍ਰਸਿੱਧ ਲਿਖਾਰੀ ਰਸੂਲ ਹਮਜ਼ਾਤੋਵ 'ਮੇਰਾ ਦਾਗਿਸਤਾਨ' 'ਚ ਲਿਖਦਾ ਹੈ ਕਿ ਜੇਕਰ ਬੀਤੇ 'ਤੇ ਪਿਸਤੌਲ ਨਾਲ ਗੋਲ਼ੀ ਚਲਾਓਗੇ, ਤਾਂ ਭਵਿੱਖ ਤੁਹਾਨੂੰ ਤੋਪ ਨਾਲ ਫੁੰਡੇਗਾ। ਇਬਰਾਹਿਮ ਲਿੰਕਨ ਦਾ ਕਥਨ ਹੈ ਕਿ ਜਿਹੜੀਆਂ ਕੌਮਾਂ ਆਪਣੇ ਇਤਿਹਾਸ ਤੇ ਵਿਰਸੇ ਨੂੰ ਭੁੱਲ ਜਾਂਦੀਆਂ ਹਨ, ਉਹ ਭਵਿੱਖ ਵਿਚ ਕੁਝ ਵੀ ਨਹੀਂ ਸਿਰਜ ਸਕਦੀਆਂ। ਸਾਡੇ ਲਈ ਵੀ ਇਹ ਚਿੰਤਾ ਵਾਲੀ ਗੱਲ ਹੈ ਕਿ ਅਸੀਂ ਆਪਣਾ ਇਤਿਹਾਸ ਅਤੇ ਵਿਰਸਾ ਵਿਸਾਰਦੇ ਜਾ ਰਹੇ ਹਾਂ। ਅਜਿਹੀ ਹੀ ਇਕ ਇਤਿਹਾਸਕ ਗਾਥਾ, ਜੋ ਅਸੀਂ ਵਿਸਾਰ ਦਿੱਤੀ ਹੈ, ਆਓ ਉਸ ਦੀ ਸਾਂਝ ਪਾਉਂਦੇ ਹਾਂ।
           ਇਹ ਗੌਰਵਮਈ ਗਾਥਾ 5 ਸਤੰਬਰ 1914 ਈਸਵੀ ਦੀ ਹੈ। ਸਥਾਨ ਖ਼ਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦਾ ਸੈਕਿੰਡ ਐਵੀਨਿਊ 'ਤੇ ਬਣਿਆ ਪਹਿਲਾ ਗੁਰਦੁਆਰਾ ਸੀ। ਸਮਾਂ ਸ਼ਾਮ ਦੇ ਕਰੀਬ ਸੱਤ ਵੱਜਣ 'ਚ ਕੁਝ ਕੁ ਮਿੰਟ ਬਾਕੀ ਸਨ। ਅਰਜਨ ਸਿੰਘ ਨਾਂ ਦੇ ਇੱਕ ਵਿਅਕਤੀ ਦੇ ਸਸਕਾਰ ਮਗਰੋਂ ਪਾਠ ਦਾ ਭੋਗ ਪੈ ਚੁੱਕਾ ਸੀ । ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਅਰਦਾਸ ਹੋਣ ਹੀ ਲੱਗੀ ਸੀ ਕਿ ਖ਼ਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਪ੍ਰਧਾਨ ਭਾਈ ਭਾਗ ਸਿੰਘ ਭਿੱਖੀਵਿੰਡ ਦੇ ਪਿੱਛੇ ਬੈਠੇ ਗ਼ੱਦਾਰ ਬੇਲਾ ਜਿਆਣ ਨੇ ਦੋਵਾਂ ਹੱਥਾਂ ਚ ਪਿਸਤੌਲ ਫੜ ਲਈ ਅਤੇ ਭਾਈ ਭਾਗ ਸਿੰਘ ਦੀ ਪਿੱਠ 'ਤੇ ਗੋਲੀਆਂ ਦੀ ਵਾਛੜ ਕਰ ਦਿੱਤੀ। ਇਹ ਵੇਖਦਿਆਂ ਸਾਰ ਹੀ ਅਰਦਾਸ 'ਚ ਖੜ੍ਹੇ ਇਕ ਹੋਰ ਯੋਧੇ ਭਾਈ ਬਤਨ ਸਿੰਘ ਦਲੇਲ ਸਿੰਘ ਵਾਲਾ ਨੇ ਜਾਨ ਦੀ ਪ੍ਰਵਾਹ ਨਾ ਕਰਦਿਆਂ, ਹਤਿਆਰੇ ਨੂੰ ਧੌਣੋਂ ਜਾ ਦਬੋਚਿਆ।  ਬੇਲਾ ਜਿਆਣ ਨੇ ਆਪਣਾ ਪਿਸਤੌਲ ਭਾਈ ਬਤਨ ਸਿੰਘ ਵੱਲ ਕਰ ਕੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ, ਜਿਨ੍ਹਾਂ 'ਚੋਂ ਚਾਰ ਗੋਲ਼ੀਆਂ ਬਤਨ ਸਿੰਘ ਦੇ ਲੱਗੀਆਂ। ਇਸ ਗੋਲ਼ੀਬਾਰੀ 'ਚ ਅੱਠ ਹੋਰ ਬੰਦੇ ਵੀ ਜ਼ਖਮੀ ਹੋ ਗਏ । ਹਮਲਾਵਰ ਨੂੰ ਬਤਨ ਸਿੰਘ ਵਲੋਂ ਫੜਨ ਕਰਕੇ, ਉਲਝੇ ਬੇਲੇ ਜਿਆਣ ਦਾ ਨਿਸ਼ਾਨੇ ਚੂਕ ਜਾਣ ਕਾਰਨ, ਮਹਾਨ ਯੋਧੇ ਭਾਈ ਬਲਵੰਤ ਸਿੰਘ ਖੁਰਦਪੁਰ ਦਾ ਬਚਾਅ ਹੋ ਗਿਆ, ਜੋ ਉਸ ਵੇਲੇ ਗੁਰਦੁਆਰੇ ਦੇ ਮੁੱਖ ਗ੍ਰੰਥੀ ਸਨ ਤੇ ਤਾਬਿਆਂ 'ਚ ਚੌਰ ਕਰ ਰਹੇ ਸਨ। ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿਨ੍ਹਾਂ 'ਚੋਂ ਭਾਈ ਭਾਗ ਸਿੰਘ ਪਿੰਡ ਭਿੱਖੀਵਿੰਡ ਤੇ ਭਾਈ ਬਤਨ ਸਿੰਘ ਪਿੰਡ ਦਲੇਲ ਸਿੰਘ ਵਾਲਾ ਸ਼ਹੀਦੀ ਪਾ ਗਏ ਤੇ ਬਾਕੀਆਂ ਦਾ ਇਲਾਜ ਚੱਲਦਾ ਰਿਹਾ। ਹਤਿਆਰੇ ਬੇਲੇ ਜਿਆਣ ਨੂੰ ਚਾਹੇ ਗ੍ਰਿਫ਼ਤਾਰ ਵੀ ਕਰ ਲਿਆ, ਪਰ ਮਗਰੋਂ ਸਰਕਾਰੀ ਮੁਖ਼ਬਰ ਹੋਣ ਕਰ ਕੇ ਉਸ ਨੂੰ ਰਿਹਾਅ ਕਰਕੇ ਭਾਰਤ ਭੇਜ ਦਿੱਤਾ, ਜਿੱਥੇ 19 ਸਾਲ ਮਗਰੋਂ ਬੱਬਰ ਅਕਾਲੀ ਭਾਈ ਹਰੀ ਸਿੰਘ ਸੂੰਢ ਨੇ ਸਾਥੀਆਂ ਸਮੇਤ,  ਬੇਲਾ ਜਿਆਣ ਉਸ ਦੇ ਜੱਦੀ ਪਿੰਡ ਨੇੜੇ ਹੀ 9 ਦਸੰਬਰ 1933 ਨੂੰ ਸੋਧਿਆ। 108 ਵਰ੍ਹੇ ਪਹਿਲਾਂ ਕੈਨੇਡਾ ਦੀ ਧਰਤੀ 'ਤੇ ਗੁਰਦੁਆਰਾ ਸਾਹਿਬ ਵਿਖੇ ਵਾਪਰੀ ਇਹ ਕੋਈ ਸਾਧਾਰਨ ਘਟਨਾ ਨਹੀਂ , ਸਗੋਂ ਉੱਤਰੀ ਅਮਰੀਕਾ ਦੇ ਇਤਿਹਾਸ 'ਚ ਗੁਰਦੁਆਰੇ ਅੰਦਰ ਪਾਈਆਂ ਗਈਆਂ ਸ਼ਹੀਦੀਆਂ ਦੀ ਤਰਜਮਾਨੀ ਕਰਦਾ ਗੌਰਵਮਈ  ਇਤਿਹਾਸਕ ਅਧਿਆਇ ਹੈ, ਜਿਸ ਵਿੱਚ ਕੈਨੇਡਾ ਦੇ ਮੋਢੀ ਸਿੱਖ ਸ਼ਹੀਦਾਂ ਦੀ ਕੁਰਬਾਨੀ ਅੰਕਤ ਹੈ।
        ਸ਼ਹੀਦ ਭਾਈ ਭਾਗ ਸਿੰਘ ਭਿੱਖੀਵਿੰਡ ਜ਼ਿਲ੍ਹਾ ਅੰਮ੍ਰਿਤਸਰ ਨਾਲ ਸਬੰਧ ਸਨ, ਜਿਹਨਾਂ ਕੈਨੇਡਾ ਆ ਕੇ ਜਿੱਥੇ ਖਾਲਸਾ ਦੀਵਾਨ ਸੁਸਾਇਟੀ ਦੀ ਸਥਾਪਨਾ 'ਚ ਮੁੱਖ ਭੂਮਿਕਾ ਨਿਭਾਈ, ਉਥੇ ਗ਼ਦਰ ਲਹਿਰ ਦੇ ਸੰਘਰਸ਼ ਵਿਚ ਵੀ ਮਹਾਨ ਆਗੂ ਵਜੋਂ ਉੱਭਰੇ। ਉਨ੍ਹਾਂ ਬਸਤੀਵਾਦ ਅਤੇ ਨਸਲਵਾਦ ਖ਼ਿਲਾਫ਼ ਜ਼ੋਰਦਾਰ ਆਵਾਜ਼ ਉਠਾਈ ਅਤੇ ਕੈਨੇਡਾ ਦੀ ਧਰਤੀ ਤੋਂ ਮੋੜੇ ਗਏ 'ਗੁਰੂ ਨਾਨਕ ਜਹਾਜ਼' ਕੌਮਾਗਾਟਾਮਾਰੂ ਦੇ ਮੁਸਾਫ਼ਰਾਂ ਦੇ ਹੱਕ ਵਿੱਚ ਅਗਵਾਈ ਕੀਤੀ। ਇਸ ਤੋਂ ਇਲਾਵਾ ਕੈਨੇਡਾ 'ਚੋਂ ਭਾਰਤੀਆਂ ਨੂੰ ਕੱਢ ਕੇ ਹੋਂਡੂਰਸ ਭੇਜਣ ਦੀ ਕਾਰਵਾਈ ਦਾ ਵਿਰੋਧ ਕਰਨਾ, ਸਾਬਕਾ ਬਰਤਾਨਵੀ ਫ਼ੌਜੀਆਂ ਦੇ  ਤਮਗੇ,ਇਨਸਿਗਨੀਆ ਆਦਿ ਅੱਗ ਵਿੱਚ ਸੜਨਾ ਅਤੇ ਬਰਤਾਨੀਆ ਦੇ ਬਾਦਸ਼ਾਹ ਜਾਰਜ ਪੰਜਵੇਂ ਦੀ ਤਾਜਪੋਸ਼ੀ ਦੇ ਸਮਾਗਮਾਂ ਦਾ ਵਿਰੋਧ ਆਦਿ ਦਲੇਰਾਨਾ ਕਾਰਜ ਭਾਈ ਭਾਗ ਸਿੰਘ ਜੀ ਦੀ ਅਗਵਾਈ ਵਿੱਚ ਹੀ ਹੋਏ।
        ਸ਼ਹੀਦ ਭਾਈ ਬਤਨ ਸਿੰਘ ਦਲੇਲ ਸਿੰਘ ਵਾਲਾ ਪਿੰਡ ਨਾਲ ਸਬੰਧਤ ਸਨ, ਜਿਹਨਾਂ ਕੈਨੇਡਾ ਵਿਚਲੇ ਨਸਲਵਾਦ ਅਤੇ ਭਾਰਤ ਵਿਚਲੇ ਬਸਤੀਵਾਦ ਖ਼ਿਲਾਫ਼ ਇਨਕਲਾਬੀ ਸਰਗਰਮੀਆਂ ਜਾਰੀ ਰੱਖੀਆਂ ਅਤੇ ਮਗਰੋਂ ਸ਼ਹੀਦੀ ਪਾਈ।ਕਈ ਇਤਿਹਾਸਕਾਰਾਂ ਨੇ ਆਪ ਦਾ ਨਾਂ ਬਦਨ ਸਿੰਘ ਲਿਖਿਆ ਹੈ, ਜਦਕਿ ਆਪ ਦਾ ਸਹੀ ਨਾਂ ਬਤਨ ਸਿੰਘ, ਭਾਵ ਵਤਨ, ਦੇਸ਼ ਸ਼ਬਦ ਤੋਂ ਹੈ। ਖ਼ੈਰ ਨਾਂ  ਤੋਂ ਵੀ ਵੱਡੀ ਗੱਲ ਇਹ ਹੈ ਕਿ ਉਨ੍ਹਾਂ ਜਿੱਥੇ ਸ਼ਹਾਦਤ ਵਤਨ ਲਈ ਦਿੱਤੀ, ਉੱਥੇ ਆਪਣਾ ਬਦਨ ਭਾਵ ਤਨ ਕੌਮ ਲਈ ਸਮਰਪਿਤ ਕਰ ਦਿੱਤਾ। ਦੁਖਦਾਈ ਗੱਲ ਇਹ ਹੈ ਕਿ ਇਨ੍ਹਾਂ ਯੋਧਿਆਂ ਦੀਆਂ ਸ਼ਹਾਦਤਾਂ ਬਾਰੇ ਅਸੀਂ ਪੂਰੀ ਤਰ੍ਹਾਂ ਅਣਜਾਣ ਹਾਂ।  ਸ਼ਹੀਦ ਭਾਈ ਭਾਗ ਸਿੰਘ ਤੇ ਸ਼ਹੀਦ ਭਾਈ ਬਤਨ ਸਿੰਘ ਦੀਆਂ ਸ਼ਹੀਦੀਆਂ ਦੀ ਇਹ ਇਤਿਹਾਸਕ ਵਾਰਤਾ ਸਾਡੇ ਮਨਾਂ ਵਿੱਚੋਂ ਵਿਸਰ ਚੁੱਕੀ ਹੈ, ਹਾਲਾਂਕਿ ਇਨ੍ਹਾਂ ਸ਼ਹਾਦਤਾਂ ਮਗਰੋਂ  ਮਹਾਨ ਗ਼ਦਰੀ ਯੋਧੇ ਅਤੇ ਵਿਸ਼ਵਾਸੀ ਸਿੱਖ ਭਾਈ ਮੇਵਾ ਸਿੰਘ ਲੋਪੋਕੇ ਨੇ 21 ਅਕਤੂਬਰ 1914 ਈਸਵੀ ਨੂੰ ਵੈਨਕੂਵਰ ਦੀ ਕਚਹਿਰੀ 'ਚ ਅੰਗਰੇਜ਼- ਭਾਰਤੀ ਵਿਲੀਅਮ ਹੌਪਕਿਨਸਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ ਤੇ 11 ਜਨਵਰੀ 1915 ਨੂੰ ਹਸਦਿਆਂ ਫਾਂਸੀ ਦਾ ਰੱਸਾ ਚੁੰਮ ਕੇ ਸ਼ਹੀਦੀ ਪਾਈ ਸੀ।      ਇਹ ਯੋਧੇ ਜਿੱਥੇ ਸਿੱਖ ਕੌਮ ਦੇ ਸ਼ਹੀਦ ਹਨ, ਉੱਥੇ ਹੀ ਗ਼ਦਰ ਲਹਿਰ ਨਾਲ ਸਬੰਧਿਤ ਮਹਾਨ ਸੂਰਬੀਰ ਵੀ ਹਨ, ਜਿਨ੍ਹਾਂ ਨੇ ਕੈਨੇਡਾ ਦੀ ਧਰਤੀ ਤੇ ਆ ਕੇ ਦੌਲਤ -ਸ਼ੋਹਰਤ ਕਮਾਉਣ ਦੀ ਥਾਂ ਦੇਸ- ਕੌਮ ਦੀ ਸੇਵਾ ਨੂੰ ਪਹਿਲ ਦਿੱਤੀ। ਇਨ੍ਹਾਂ ਸ਼ਹੀਦਾਂ ਨੇ ਘਰ-ਬਾਰ ਉਜਾੜ ਕੇ ਕੌਮੀ ਘਰ ਬਣਾਉਣ ਲਈ ਹਰ ਕੁਰਬਾਨੀ ਦਿੱਤੀ।
        ਸ਼ਹੀਦ ਭਾਈ ਭਾਗ ਸਿੰਘ ਆਪਣੇ ਕੇਵਲ 32 ਮਹੀਨਿਆਂ ਦੇ ਪੁੱਤਰ ਜੋਗਿੰਦਰ ਸਿੰਘ ਸਣੇ ਅਮਰੀਕਾ ਦੀ ਸੂਮਸ ਜੇਲ 'ਚ ਬੰਦ ਹੋੇਏ ਅਤੇ ਮਗਰੋਂ ਆਜ਼ਾਦੀ ਅਤੇ ਇਨਸਾਫ਼ ਲਈ ਜਾਨ ਵੀ ਕੁਰਬਾਨ ਕਰ ਦਿੱਤੀ। ਭਾਈ ਬਤਨ ਸਿੰਘ ਨੇ ਗੋਲ਼ੀਆਂ ਵਰ੍ਹਾ ਰਹੇ ਸਰਕਾਰੀ ਮੁਖਬਰ ਬੇਲੇ ਨੂੰ ਧੌਣ ਤੋਂ ਧੂਹ ਕੇ, ਖੁਦ ਮੌਤ ਨੂੰ ਸੱਦਾ ਦਿੱਤਾ। ਸ਼ਹੀਦ ਭਾਈ ਮੇਵਾ ਸਿੰਘ ਨੇ ਇਨ੍ਹਾਂ ਦੇ ਦੋਸ਼ੀ ਵਿਲੀਅਮ ਹੌਪਕਿਨਸਨ ਨੂੰ ਸੋਧਣ ਲਈ ਹਥਿਆਰ ਚੁੱਕਿਆ ਤੇ ਲਾੜੀ ਮੌਤ ਨਾਲ ਵਿਆਹ ਸਜਾਇਆ। ਅੱਜ ਕੈਨੇਡਾ-ਅਮਰੀਕਾ ਅੰਦਰ ਅਸੀਂ ਜਿਸ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ, ਉਸ ਦੇ ਸੰਕਲਪ ਪਿੱਛੇ ਇਨ੍ਹਾਂ ਯੋਧਿਆਂ ਦਾ ਡੁੱਲ੍ਹਿਆ ਲਹੂ ਹੀ ਹੈ।  ਦੂਜੇ ਪਾਸੇ ਭਾਰਤ ਵਿੱਚੋਂ ਫਿਰੰਗੀਆਂ ਨੂੰ ਕੱਢਣ ਲਈ ਜਿਹਨਾਂ ਨੇ ਖ਼ੂਨ ਦਾ ਕਤਰਾ- ਕਤਰਾ ਵਹਾ ਦਿੱਤਾ, ਉਹ ਇਹੀ ਗ਼ਦਰੀ ਯੋਧੇ ਅਤੇ ਸ਼ਹੀਦ ਸਨ।
     ਅੱਜ ਲਾਲ ਕਿਲੇ 'ਤੇ ਜਿਹੜਾ ਝੰਡਾ ਝੁੱਲਦਾ ਹੈ, ਉਸ ਦੀਆਂ ਨੀਂਹਾਂ 'ਚ ਵੀ ਗਦਰੀ ਬਾਬਿਆਂ ਦੀਆਂ ਮਾਸ ਤੇ ਹੱਡੀਆਂ ਮੌਜੂਦ ਹਨ, ਹਾਲਾਂਕਿ ਇਨ੍ਹਾਂ ਮਹਾਨ ਯੋਧਿਆਂ ਦੀਆਂ ਕੁਰਬਾਨੀਆਂ ਨੂੰ ਅੱਜ ਦੇ ਫਾਸ਼ੀਵਾਦੀ ਹਾਕਮਾਂ ਨੇ ਮੂਲੋਂ ਹੀ ਵਿਸਾਰ ਦਿੱਤਾ ਹੈ। ਕੈਨੇਡਾ ਅਤੇ ਅਮਰੀਕਾ ਦੀ ਧਰਤੀ ਤੇ ਸੰਘਰਸ਼ ਕਰਨ ਵਾਲੇ ਗਦਰ ਲਹਿਰ ਦੇ ਯੋਧਿਆਂ ਦੀਆਂ, ਆਜ਼ਾਦੀ ਦੇ ਸੰਘਰਸ਼ ਵਿਚ ਵਡਮੁੱਲੀਆਂ   ਮਹਾਨ ਕੁਰਬਾਨੀਆਂ ਹਨ। ਵਿਚਾਰਨ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਗ਼ਦਰੀ ਯੋਧਿਆਂ ਦੇ ਸ਼ਹੀਦੀ ਦਿਹਾੜੇ ਭਾਰਤ ਵਿੱਚ ਕਿਉਂ ਨਹੀਂ ਮਨਾਏ ਜਾਂਦੇ ? ਕੀ ਇਹ ਸ਼ਹੀਦ ਕੇਵਲ ਕੈਨੇਡਾ ਦੇ ਹੀ ਸ਼ਹੀਦ ਹਨ, ਭਾਰਤ ਨੂੰ ਇਨ੍ਹਾਂ ਯੋਧਿਆਂ ਦੇ ਸ਼ਹੀਦੀ ਦਿਵਸ ਰਾਸ਼ਟਰੀ ਪੱਧਰ ਤੇ ਨਹੀਂ ਮਨਾਉਣੇ ਚਾਹੀਦੇ? ਅੱਜ ਪੰਜਾਬ 'ਚ ਖਾਸ ਕਰਕੇ ਅਤੇ ਭਾਰਤ 'ਚ ਆਮ ਕਰਕੇ ਇਨ੍ਹਾਂ ਸ਼ਹੀਦਾਂ ਬਾਰੇ ਲੋਕਾਂ ਨੂੰ ਇਤਿਹਾਸਕ ਜਾਣਕਾਰੀ ਕਿਉਂ ਨਹੀਂ ਦਿੱਤੀ ਜਾ ਰਹੀ? ਕਿਹੜੀ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ 'ਚ ਇਨ੍ਹਾਂ ਦੀਆਂ ਜੀਵਨੀਆਂ ਬਾਰੇ ਪੜ੍ਹਾਇਆ ਕੀਤਾ ਜਾਂਦਾ ਹੈ ?
        ਪੰਜਾਬ ਸਕੂਲ ਸਿੱਖਿਆ ਬੋਰਡ ਦੀ ਕਿਹੜੀ ਜਮਾਤ ਦੇ ਸਿਲੇਬਸ 'ਚ ਇਨ੍ਹਾਂ ਨਾਲ ਸੰਬੰਧਤ ਪਾਠਕ੍ਰਮ ਸ਼ਾਮਿਲ ਹੈ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਕਿਤਾਬਾਂ 'ਚ ਉਚੇਰੇ ਰੂਪ 'ਚ ਮੋਢੀ ਸਿੱਖ ਸ਼ਹੀਦਾਂ ਦੀਆਂ ਬਾਹਰਲੇ ਦੇਸ਼ਾਂ 'ਚ ਕੀਤੀਆਂ ਕੁਰਬਾਨੀਆਂ ਬਾਰੇ ਕਿੰਨਾ ਕੁ ਜ਼ਿਕਰ ਮਿਲਦਾ ਹੈ ? ਪੰਜਾਬ ਸਰਕਾਰ ਨੇ ਮਹਾਨ ਗ਼ਦਰੀ ਯੋਧਿਆਂ ਦੀਆਂ ਸ਼ਹੀਦੀਆਂ ਦੇ ਦਿਹਾੜੇ ਮਨਾਉਣ ਦਾ ਕਦੇ ਕੋਈ ਸੰਕਲਪ ਲਿਆ ਹੈ ?  ਜੇਕਰ ਉਕਤ ਸਾਰੇ ਸੁਆਲਾਂ ਦਾ ਜਵਾਬ 'ਨਾਂਹ' ਵਿੱਚ ਹੈ, ਤਾਂ ਭਾਰਤ ਜਾਂ ਪੰਜਾਬ ਦੀਆਂ ਸਰਕਾਰਾਂ, ਕੇਂਦਰੀ ਸਿੱਖ ਸੰਸਥਾਵਾਂ ਅਤੇ ਦੇਸ਼ ਭਗਤਾਂ ਦੇ ਨਾਂ ਵੇਚਣ ਵਾਲੀਆਂ ਅਖੌਤੀ ਸੱਭਿਆਚਾਰਕ ਸੰਸਥਾਵਾਂ ਆਦਿ ਸਾਰੇ   ਦੋਸ਼ੀ ਹਨ। ਚਾਹੀਦਾ ਇਹ ਹੈ ਕਿ ਆਜ਼ਾਦੀ ਦੇ ਸੰਘਰਸ਼ ਲਈ ਸ਼ਹੀਦੀਆਂ ਪਾਉਣ ਵਾਲੇ ਗਦਰੀ ਯੋਧਿਆਂ ਦੇ ਇਤਿਹਾਸ ਨਵੇਂ ਸਿਰਿਓਂ ਸਹੀ ਅਤੇ ਤੱਥਾਂ ਅਧਾਰਤ ਲਿਖਵਾਏ ਜਾਣ। ਕੈਨੇਡਾ ਅਮਰੀਕਾ ਭਾਰਤ ਵਿਚ ਸਥਾਪਤ ਕੀਤੀਆਂ ਗਈਆਂ ਭਾਰਤੀ ਅੰਬੈਸੀਆਂ 'ਚ ਸ਼ਹੀਦ ਮੇਵਾ ਸਿੰਘ ਸ਼ਹੀਦ ਭਾਗ ਸਿੰਘ ਤੇ ਸ਼ਹੀਦ ਬਤਨ ਸਿੰਘ ਸਣੇ ਸ਼ਹੀਦੀਆਂ ਪਾਉਣ ਵਾਲੇ ਯੋਧਿਆਂ ਦੀਆਂ ਤਸਵੀਰਾਂ ਲੱਗਣ, ਨਾ ਕਿ 'ਚੀਚੀ 'ਤੇ ਲਹੂ' ਲਗਾ ਕੇ ਸ਼ਹੀਦ ਅਖਵਾਉਣ ਵਾਲਿਆਂ ਦੀਆਂ ਫੋਟੋਆਂ ਸਜਾਈਆਂ ਜਾਣ। ਤਸਵੀਰਾਂ ਲਾਉਣ ਤੋਂ ਵੀ ਵੱਡੀ ਗੱਲ ਕਿ ਉਨ੍ਹਾਂ ਦੀ ਸੋਚ 'ਤੇ ਪਹਿਰਾ ਦਿੱਤਾ ਜਾਵੇ, ਜੋ ਕਿ ਨਹੀਂ ਦਿੱਤਾ ਜਾ ਰਿਹਾ ਅਤੇ ਜਿਸ ਨਾਲ ਲਗਾਤਾਰ ਖਿਲਵਾੜ ਹੋ ਰਿਹਾ ਹੈ।  
      ਹਰ ਜਾਗਰੂਕ ਲੇਖਕ, ਪੱਤਰਕਾਰ, ਬੁੱਧੀਜੀਵੀ ਤੇ ਇਤਿਹਾਸਕਾਰ ਨੂੰ ਵੀ ਇਨ੍ਹਾਂ ਗ਼ਦਰੀ ਸ਼ਹੀਦ ਯੋਧਿਆਂ ਬਾਰੇ ਨਾਟਕ, ਲੇਖ, ਕਵਿਤਾਵਾਂ ਤੇ ਖੋਜ ਪੁਸਤਕਾਂ ਤਿਆਰ ਕਰਕੇ ਆਪੋ-ਆਪਣਾ ਯੋਗਦਾਨ ਪਾਉਣ ਦੀ ਲੋੜ ਹੈ। ਇਹ ਯਾਦ ਰੱਖਣ ਵਾਲੀ ਗੱਲ ਹੈ ਕਿ ਸ਼ਹੀਦ ਭਾਈ ਭਾਗ ਸਿੰਘ ਅਤੇ ਸ਼ਹੀਦ ਭਾਈ ਬਤਨ ਸਿੰਘ ਨੇ ਕੌਮ ਦੇ ਸੁਨਿਹਰੀ ਭਵਿੱਖ ਲਈ ਆਪਣਾ ਵਰਤਮਾਨ ਕੁਰਬਾਨ ਕੀਤਾ। ਅਫਸੋਸ ਇਸ ਗੱਲ ਦਾ ਵੀ ਹੈ ਕਿ ਜਿਸ ਅਸਥਾਨ  ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ 'ਸੈਕਿੰਡ ਐਵਨਿਊ' ਵੈਨਕੂਵਰ ਵਿਖੇ, ਇਨ੍ਹਾਂ ਸਿੱਖ ਸੂਰਬੀਰਾਂ ਦੀ ਸ਼ਹੀਦੀ ਹੋਈ, ਉਸ ਇਤਿਹਾਸਕ ਜਗ੍ਹਾ ਨੂੰ ਵੀ ਗ਼ੈਰ-ਜ਼ਿੰਮੇਵਾਰ ਅਤੇ ਬੁੱਧੀਹੀਣ ਪ੍ਰਬੰਧਕਾਂ ਨੇ ਸੱਤਰਵਿਆਂ ਵਿੱਚ ਵੇਚ ਛੱਡਿਆ। ਇਹ ਨਾ ਪੂਰਾ ਹੋਣ ਵਾਲਾ ਘਾਟਾ ਹੈ ਅਤੇ ਇਤਿਹਾਸ ਉਸ ਮੌਕੇ ਦੇ ਗੁਮਰਾਹ ਆਗੂਆਂ ਦੀ ਇਸ ਗੁਸਤਾਖੀ ਲਈ ਉਨ੍ਹਾਂ ਨੂੰ ਸਦਾ ਲਾਹਨਤਾਂ ਪਾਉਂਦਾ ਰਹੇਗਾ। ਮਹਾਨ ਸ਼ਹੀਦ ਭਾਈ ਭਾਗ ਸਿੰਘ ਭਿੱਖੀਵਿੰਡ ਅਤੇ ਭਾਈ ਬਤਨ ਸਿੰਘ ਦਲੇਲ ਸਿੰਘ ਵਾਲਾ ਨੇ ਸਥਾਪਤੀ ਖ਼ਿਲਾਫ਼ ਸ਼ਹੀਦੀਆਂ ਪਾਈਆਂ ਸਨ ਅਤੇ ਅਜੋਕੇ ਸਮੇਂ ਵੀ ਫਾਸ਼ੀਵਾਦੀ ਤਾਕਤਾਂ ਖ਼ਿਲਾਫ਼ ਇਕਮੁੱਠ ਹੋ ਕੇ ਲੜਨ ਦੀ ਲੋੜ ਹੈ। ਅੱਜ ਦਾ ਸਮਾਂ ਉਸ ਤੋਂ ਵੀ ਭਿਆਨਕ ਹੈ ਕਿਉਂਕਿ ਅੱਜ ਦੀ ਸਰਕਾਰ ਫਾਸ਼ੀਵਾਦ ਅਤੇ ਮਨੂੰਵਾਦ ਦੇ ਢਹੇ ਚੜ੍ਹ ਕੇ ਘੱਟ ਗਿਣਤੀਆਂ ਤੇ ਜ਼ੁਲਮ ਢਾਹ ਰਹੀ ਹੈ, ਉਸ ਖ਼ਿਲਾਫ਼ ਇਨ੍ਹਾਂ ਮਹਾਨ ਯੋਧਿਆਂ ਦੀ ਸੋਚ ਅਪਣਾਉਂਦਿਆਂ ਹੋਇਆ ਸੰਘਰਸ਼ ਕਰਨਾ ਹਰ ਸੁਚੇਤ ਵਿਅਕਤੀ ਦਾ ਫਰਜ਼ ਬਣਦਾ ਹੈ।    

Email : singhnewscanada@gmail.com
ਫੋਨ: 604 825 1550
ਕੋਆਰਡੀਨੇਟਰ, ਪੰਜਾਬੀ ਸਹਿਤ ਸਭਾ ਮੁਢਲੀ
ਐਬਟਸਫੋਰਡ, ਬੀ ਸੀ ਕੈਨੇਡਾ 

"ਕਿੰਨਾ ਹੈ ਮਹਾਨ ਦੇਸ਼ ਉਦੋਂ ਪਤਾ ਲੱਗਿਆ; ਡੂੰਘਾ ਮੇਰੀ ਹਿੱਕ 'ਚ ਤਿਰੰਗਾ ਗਿਆ ਗੱਡਿਆ" - ਡਾ ਗੁਰਵਿੰਦਰ ਸਿੰਘ

ਭਾਰਤ ਦੀ ਬੀਜੇਪੀ ਸਰਕਾਰ ਵੱਲੋਂ 'ਆਜ਼ਾਦੀ ਦੇ 75ਵੇਂ ਅੰਮ੍ਰਿਤ ਮਹਾਂਉਤਸਵ' ਮਨਾਏ ਜਾ ਰਹੇ ਹਨ। ਇਸੇ ਅਧੀਨ ਸਰਕਾਰ ਦੇ ਹੁਕਮਾਂ ਅਨੁਸਾਰ 'ਹਰ ਘਰ ਤਿਰੰਗਾ' ਲਹਿਰਾਉਣ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਪ੍ਰਸੰਗ ਵਿੱਚ ਆਰ.ਐਸ.ਐਸ. ਦੇ ਮੈਗਜ਼ੀਨ 'ਆਰਗੇਨਾਈਜ਼ਰ' ਰਾਹੀਂ ਹਿੰਦੂਤਵੀ ਤਾਕਤਾਂ ਦੇ ਅਸਲੀ ਚਿਹਰੇ ਦੀ ਸੱਚਾਈ ਸਾਂਝੀ ਕਰ ਰਹੇ ਹਾਂ। ਗੱਲ 14 ਅਗਸਤ 1947 ਦੀ ਹੈ। ਭਾਰਤ ਵਿੱਚ ਆਜ਼ਾਦੀ ਦੀ ਲਹਿਰ ਨਾਲ ਧ੍ਰੋਹ ਕਮਾਉਂਦੇ ਹੋਏ ਸਾਵਰਕਰ ਰਾਹੀਂ ਅੰਗਰੇਜ਼ ਹਕੂਮਤ ਤੋਂ ਵਾਰ-ਵਾਰ ਮਾਫੀਆਂ ਮੰਗਣ ਵਾਲੀ ਜਥੇਬੰਦੀ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਪੱਤਰ 'ਆਰਗੇਨਾਈਜ਼ਰ' ਵਿਚ ਇਕ ਵਿਸ਼ੇਸ਼ ਲੇਖ ਪ੍ਰਕਾਸ਼ਤ ਕੀਤਾ ਗਿਆ। ਆਰ.ਐਸ.ਐਸ. ਦੇ ਆਗੂ ਗੋਲਵਰਕਰ ਨੇ ਲੇਖ ਰਾਹੀਂ ਭਾਰਤ ਦੇ ਰਾਸ਼ਟਰੀ ਝੰਡੇ ਤਿਰੰਗੇ ਦੀ ਸਖਤ ਸ਼ਬਦਾਂ ਵਿਚ ਆਲੋਚਨਾ ਕੀਤੀ। ਸੰਘ ਵੱਲੋਂ ਇਹ ਵੀ ਕਿਹਾ ਗਿਆ ਕਿ ਭਾਰਤ ਨੂੰ 'ਤਿਰੰਗੇ' ਦੀ ਲੋੜ ਨਹੀਂ, ਕਿਉਂਕਿ ਇਸ ਹਿੰਦੂ ਰਾਸ਼ਟਰ ਕੋਲ ਪਹਿਲਾਂ ਹੀ ਆਪਣਾ ਝੰਡਾ ਹੈ ਅਤੇ ਉਸੇ ਨੂੰ ਵਰਤਣਾ ਚਾਹੀਦਾ ਸੀ, ਪਰ ਸਿਆਸੀ ਲੋਕਾਂ ਨੇ ਤਿਰੰਗੇ ਨੂੰ ਰਾਸ਼ਟਰੀ ਝੰਡਾ ਬਣਾ ਕੇ ਵੱਡੀ ਗਲਤੀ ਕੀਤੀ ਹੈ। ਦਿਲਚਸਪ ਗੱਲ ਇਹ ਹੈ ਕਿ ਅੱਜਕੱਲ੍ਹ ਸੰਘ ਬਰਗੇਡ ਦੀ ਰਾਸ਼ਟਰੀ ਝੰਡੇ ਤਿਰੰਗੇ ਪ੍ਰਤੀ ਸੋਚ ਗਿਰਗਿਟ ਵਾਂਗੂ ਰੰਗ ਬਦਲ ਰਹੀ ਹੈ ਅਤੇ ਅੰਨ੍ਹੇ-ਰਾਸ਼ਟਰਵਾਦ ਰਾਹੀਂ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ।
ਖ਼ੁਦ ਨੂੰ ਵੱਡੇ ਦੇਸ਼ ਭਗਤ ਸਾਬਤ ਕਰਨ ਲਈ ਆਰ.ਐੱਸ.ਐੱਸ-ਭਾਜਪਾ ਦੀ ਹਕੂਮਤ ਨੇ 'ਆਜ਼ਾਦੀ ਦੇ ਅੰਮ੍ਰਿਤ ਮਹਾਂਉਤਸਵ' ਦੇ ਮੌਕੇ 13 ਤੋਂ 15 ਅਗਸਤ ਤੱਕ ਦੇਸ਼ ਦੇ ਹਰ ਘਰ ਉੱਪਰ ਤਿਰੰਗੇ ਝੰਡੇ ਲਹਿਰਾਉਣ ਦਾ ਫ਼ੁਰਮਾਨ ਜਾਰੀ ਕੀਤਾ ਹੈ। ਇਸ ਨੂੰ 'ਹਰ ਘਰ ਤਿਰੰਗਾ' ਮੁਹਿੰਮ ਦਾ ਨਾਮ ਦਿੱਤਾ ਗਿਆ ਹੈ। ਸਕੂਲਾਂ, ਕਾਲਜਾਂ, ਦਫ਼ਤਰਾਂ, ਪਿੰਡਾਂ, ਸ਼ਹਿਰਾਂ, ਘਰਾਂ ਆਦਿ ਵਿਚ ਥਾਂ- ਥਾਂ ਤੇ ਧੱਕੇ ਨਾਲ ਤਿਰੰਗਾ' ਲਹਿਰਾਉਣ ਦੇ ਹੁਕਮ ਦਿੱਤੇ ਗਏ ਹਨ। ਇਤਰਾਜ਼ਯੋਗ ਗੱਲ ਇਹ ਹੈ ਕਿ ਤਿਰੰਗੇ ਪ੍ਰਤੀ ਅਜਿਹਾ ਪਿਆਰ ਕੁਦਰਤੀ ਭਾਵਨਾ ਅਧੀਨ ਨਾ ਹੋ ਕੇ, ਜਬਰੀ ਥੋਪਿਆ ਜਾ ਰਿਹਾ ਹੈ। ਪੀਪਲਜ਼ ਡੈਮੋਕਰੇਟਿਕ ਪਾਰਟੀ ਦੀ ਪ੍ਰਧਾਨ ਮਹਿਬੂਬਾ ਮੁਫਤੀ ਨੇ ਤਾਂ ਇਥੋਂ ਤਕ ਕਿਹਾ ਹੈ ਕਿ ਜੰਮੂ ਕਸ਼ਮੀਰ ਦੇ ਪ੍ਰਸ਼ਾਸਨ ਵੱਲੋਂ ਵਿਦਿਆਰਥੀਆਂ, ਦੁਕਾਨਦਾਰਾਂ ਅਤੇ ਕਰਮਚਾਰੀਆਂ ਨੂੰ ਕੌਮੀ ਝੰਡਾ ਲਹਿਰਾਉਣ ਲਈ ਜਬਰੀ ਵੀਹ ਰੁਪਏ ਦੀ ਭੁਗਤਾਨ ਕਰਨ ਵਾਸਤੇ ਮਜਬੂਰ ਕੀਤਾ ਜਾ ਰਿਹਾ ਹੈ, ਜਿਸ ਤੋਂ ਇਉਂ ਲੱਗਦਾ ਹੈ ਜਿਵੇਂ ਕਸ਼ਮੀਰ ਦੁਸ਼ਮਣ ਦਾ ਇਲਾਕਾ ਹੋਵੇ, ਜਿਸ ਤੇ ਕਬਜ਼ਾ ਕਰਨ ਦੀ ਲੋੜ ਹੈ। ਭਾਜਪਾ ਦੇ ਆਪਣੇ ਸੰਸਦ ਮੈਂਬਰ ਵਰੁਣ ਗਾਂਧੀ ਨੇ ਇਕ ਵੀਡੀਓ ਸਾਂਝੀ ਕਰਦਿਆਂ ਕਿਹਾ ਹੈ ਕਿ ਗਰੀਬ ਰਾਸ਼ਨ ਕਾਰਡ ਧਾਰਕਾਂ ਨੂੰ ਜਾਂ ਤਾਂ ਤਿਰੰਗਾ ਖ਼ਰੀਦਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਜਾਂ ਉਸ ਦੇ ਬਦਲੇ ਉਨ੍ਹਾਂ ਦੇ ਹਿੱਸੇ ਦਾ ਰਾਸ਼ਨ ਕੱਟਿਆ ਜਾ ਰਿਹਾ ਹੈ। 'ਹਰ ਘਰ ਤਿਰੰਗਾ' ਮੁਹਿੰਮ ਅਧੀਨ ਜ਼ਬਰਦਸਤੀ ਝੰਡਾ ਖਰੀਦਣ ਲਈ ਗ਼ਰੀਬਾਂ ਤੋਂ ਉਨ੍ਹਾਂ ਦਾ ਟੁੱਕ ਖੋਹਣਾ ਅਤਿ ਸ਼ਰਮਨਾਕ ਹੈ। ਹੋਰ ਤਾਂ ਹੋਰ ਤਿਰੰਗਾ ਲਹਿਰਾਉਣ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਗੁਰਦੁਆਰਿਆਂ ਅਤੇ ਹੋਰਨਾਂ ਧਾਰਮਿਕ ਅਸਥਾਨਾਂ ਲਈ ਵੀ ਹੁਕਮ ਚਾੜ੍ਹੇ ਗਏ ਹਨ, ਜਿਵੇਂ ਕਿ ਅੰਬਾਲਾ ਦੇ ਗੁਰਦੁਆਰਾ ਪੰਜੋਖਰਾ ਸਾਹਿਬ ਅਤੇ ਕਈ ਹੋਰਨਾਂ ਸਥਾਨਾਂ ਦੇ ਵੇਰਵੇ ਮਿਲ ਰਹੇ ਹਨ। ਹੈਰਾਨੀਜਨਕ ਗੱਲ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਆਉਂਦੇ ਕਾਲਜ ਦੇ ਪ੍ਰਿੰਸੀਪਲ ਵੱਲੋਂ ਵੀ ਬੀਤੇ ਦਿਨੀਂ ਡੀਪੀਆਈ ਦੇ ਹੁਕਮਾਂ ਅਧੀਨ ਕਰਮਚਾਰੀਆਂ ਨੂੰ ਆਪਣੇ ਘਰਾਂ 'ਤੇ ਤਿਰੰਗਾ ਲਹਿਰਾ ਕੇ, ਸੈਲਫੀਆਂ ਤੇਰਾਂ ਅਗਸਤ ਤੋਂ ਪਹਿਲਾਂ -ਪਹਿਲਾਂ ਦਫਤਰ 'ਚ ਪਹੁੰਚਾਉਣ ਦੇ ਹੁਕਮ ਦਿੱਤੇ ਗਏ ਹਨ, ਜੋ ਕਿ ਨਿੰਦਾਜਨਕ ਹੈ ਅਤੇ ਜਬਰੀ ਦੇਸ਼ ਭਗਤੀ ਦੀ ਆਲੋਚਨਾਤਮਕ ਕਾਰਵਾਈ ਹੈ।
ਸੱਚ ਤਾਂ ਇਹ ਹੈ ਕਿ ਰਾਸ਼ਟਰੀ ਚਿੰਨ੍ਹਾਂ ਦੀ ਆਡੰਬਰੀ ਨੁਮਾਇਸ਼ ਫਾਸ਼ੀਵਾਦੀ ਮੁਲਕਾਂ ਦਾ, ਅੰਨ੍ਹਾ ਰਾਸ਼ਟਰਵਾਦ ਫੈਲਾਉਣ ਦਾ ਮਨਭਾਉਂਦਾ ਹਥਿਆਰ ਹੈ। ਇੰਡੀਅਨ ਸਟੇਟ ਦੀ ਸਾਜ਼ਿਸ਼ ਇਹ ਹੈ ਕਿ ਤਿਰੰਗੇ ਲਹਿਰਾਉਣ ਦੇ ਫ਼ਰਮਾਨ ਦੀ ਅਵੱਗਿਆ ਕਰਨ ਵਾਲਿਆਂ ਨੂੰ 'ਦੇਸ਼ਧ੍ਰੋਹੀ' ਕਰਾਰ ਦਿੱਤਾ ਜਾਵੇਗਾ ਅਤੇ ਸਰਕਾਰ ਦੀ ਆਲੋਚਨਾ ਦੀ ਕੀਮਤ 'ਜੇਲ੍ਹ ਦੀਆਂ ਸਲਾਖਾਂ' ਹੋਵੇਗੀ। ਇਹ ਇਤਿਹਾਸਕ ਸੱਚ ਛੁਪਾਇਆ ਜਾ ਰਿਹਾ ਹੈ ਕਿ ਜਦੋਂ ਤਿਰੰਗੇ ਨੂੰ ਰਾਸ਼ਟਰੀ ਝੰਡਾ ਪ੍ਰਵਾਨ ਕੀਤਾ ਜਾ ਰਿਹਾ ਸੀ, ਤਾਂ ਉਸ ਵੇਲੇ ਆਰ.ਐੱਸ.ਐੱਸ. ਨੇ ਹੀ ਤਿਰੰਗੇ ਨੂੰ ਰਾਸ਼ਟਰੀ ਝੰਡਾ ਸਵੀਕਾਰ ਕੀਤੇ ਜਾਣ ਦਾ ਤਿੱਖਾ ਵਿਰੋਧ ਕੀਤਾ ਸੀ। ਆਪਣੇ ਅਖ਼ਬਾਰ 'ਆਰਗੇਨਾਈਜ਼ਰ' ਵਿੱਚ ਤਿਰੰਗੇ ਪ੍ਰਤੀ ਆਰ.ਐੱਸ.ਐੱਸ. ਦੀ ਨਫ਼ਰਤ, ਇਸ ਟਿੱਪਣੀ ਵਿਚ ਸਾਫ਼ ਨਜ਼ਰ ਆਉਂਦੀ ਹੈ ਕਿ ਉਹ ਲੋਕ, ਜਿਨ੍ਹਾਂ ਦਾ ਸੱਤਾ ਉੱਪਰ ਕਾਬਜ਼ ਹੋਣ ਦਾ ਦਾਅ ਲੱਗ ਗਿਆ ਹੈ, ਉਹ 'ਚਾਹੇ ਸਾਡੇ ਹੱਥ ’ਚ ਤਿਰੰਗਾ ਫੜਾ ਦੇਣ, ਪਰ ਇਸ ਨੂੰ ਹਿੰਦੂਆਂ ਵੱਲੋਂ ਕਦੇ ਵੀ ਸਨਮਾਨ ਨਹੀਂ ਦਿੱਤਾ ਜਾ ਸਕੇਗਾ ਅਤੇ ਨਾ ਹੀ ਅਪਣਾਇਆ ਜਾ ਸਕੇਗਾ'। ਆਰ.ਐੱਸ.ਐੱਸ. ਦਾ ਇਹ ਵੀ ਮੰਨਣਾ ਹੈ ਕਿ 'ਤਿੰਨ ਦਾ ਅੰਕੜਾ ਆਪਣੇ ਆਪ ’ਚ ਹੀ ਅਸ਼ੁਭ ਹੈ ਅਤੇ ਇਕ ਐਸਾ ਝੰਡਾ ਜਿਸ ਵਿਚ ਤਿੰਨ ਰੰਗ ਹੋਣ, ਉਸ ਦਾ ਬੇਹੱਦ ਮਾੜਾ ਮਨੋਵਿਗਿਆਨਕ ਪ੍ਰਭਾਵ ਪਵੇਗਾ ਅਤੇ ਦੇਸ਼ ਦੇ ਲਈ ਇਹ ਨੁਕਸਾਨਦੇਹ' ਹੋਵੇਗਾ।
ਅਜੋਕੇ ਭਾਰਤ ਦੀ ਭਗਵੀਂ ਸਰਕਾਰ ਦੀਆਂ ਨੀਤੀਆਂ ਬਾਰੇ ਉਪਰੋਕਤ ਤੱਥ ਮਗਰੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ 'ਤਿਰੰਗਾ ਪਿਆਰ ਮਹਿਜ਼ ਛਲਾਵਾ' ਹੈ, ਅਸਲ ਵਿੱਚ ਸਾਜ਼ਿਸ਼ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੀ ਹੀ ਹੈ। ਦੂਜੇ ਸ਼ਬਦਾਂ ਵਿੱਚ ਹਕੀਕਤ ਇਹ ਹੈ ਕਿ ਭਾਰਤ ਹਿੰਦੂ ਰਾਸ਼ਟਰ ਬਣ ਚੁੱਕਿਆ ਹੈ, ਸਿਰਫ਼ ਰਸਮੀ ਐਲਾਨ ਹੀ ਬਾਕੀ ਹੈ। ਅਜਿਹੀ ਹਾਲਤ ਵਿੱਚ ਹਰ ਘਰ ਤਿਰੰਗਾ ਲਹਿਰਾਉਣਾ, ਘੱਟ-ਗਿਣਤੀਆਂ ਨਾਲ ਹੋ ਰਹੀ ਬੇਇਨਸਾਫੀ, ਧੱਕੇਸ਼ਾਹੀ ਅਤੇ ਜਬਰ ਦਾ ਪ੍ਰਤੱਖ ਸਬੂਤ ਹੋ ਨਿੱਬੜਦਾ ਹੈ। ਅੱਜ ਹਾਲਾਤ ਇਹ ਬਣੇ ਹੋਏ ਹਨ ਕਿ ਦੇਸ਼ ਵਿੱਚ ਸਿਆਸਤਦਾਨਾਂ ਵੱਲੋਂ ਮਾਨਵਵਾਦ ਉਤੇ ਫਾਸ਼ੀਵਾਦ ਦੀ ਜਿੱਤ ਦਾ ਨੰਗਾ-ਚਿੱਟਾ ਪ੍ਰਚਾਰ ਕੀਤਾ ਜਾ ਰਿਹਾ ਹੈ। 'ਢਾਂਚਾਗਤ ਨਸਲਵਾਦ' ਦਾ ਬੋਲਬਾਲਾ ਸਿਖ਼ਰਾਂ ਨੂੰ ਛੂਹ ਰਿਹਾ ਹੈ। ਬਹੁ-ਸੰਖਿਆਵਾਦ ਦੀ ਦਹਿਸ਼ਤਗਰਦੀ ਹੋਰਨਾਂ ਕੌਮਾਂ ਦੀ ਜ਼ੁਬਾਨ ਅਤੇ ਪਛਾਣ ਨੂੰ ਆਪਣੇ ਵਿੱਚ ਜਜ਼ਬ ਕਰਨ ਜਾਂ ਮੂਲੋਂ ਹੀ ਮਿਟਾਉਣ 'ਤੇ ਤੁਲੀ ਹੋਈ ਹੈ। ਦੇਸ਼ ਦੇ ਸੈਂਕੜੇ ਬੁੱਧੀਜੀਵੀ ਯੁ.ਏ.ਪੀ.ਏ. ਵਰਗੇ ਕਾਲੇ ਕਾਨੂੰਨਾਂ ਅਧੀਨ ਜੇਲ੍ਹਾਂ 'ਚ ਡੱਕੇ ਹੋਏ ਹਨ, ਅਜਿਹੀ ਹਾਲਤ 'ਚ ਆਪਣੀ ਹਿੱਕ 'ਚ ਗੱਡੇ ਤਿਰੰਗੇ ਦੇ ਖ਼ਿਲਾਫ਼ ਲੋਕ ਰੋਸ ਪ੍ਰਗਟਾਉਣਗੇ, ਲਹਿਰਾਉਣਗੇ ਨਹੀਂ;
ਚਿੰਤਕ ਜੇਲ੍ਹੀਂ ਬੰਦ ਨੇ, ਬੋਲਣ ਦਾ ਵੀ ਦੋਸ਼।
ਜਨਤਾ ਕੀਤੀ ਹਾਕਮਾਂ, ਸਿਵਿਆਂ ਵਾਂਗ ਖ਼ਾਮੋਸ਼।
'ਆਜ਼ਾਦੀ' ਅਜਿਹਾ ਸ਼ਬਦ ਹੈ, ਜੋ ਆਪਣੇ ਵਿਸ਼ਾਲ ਕਲਾਵੇ ਵਿੱਚ ਅਨੇਕਾਂ ਮਹੱਤਵਪੂਰਨ ਸੰਕਲਪਾਂ ਨੂੰ ਸਮੋਈ ਬੈਠਾ ਹੈ। ਬਹੁ ਪੱਖੀ ਤੇ ਬਹੁ -ਪਸਾਰੀ ਸ਼ਬਦ ਆਜ਼ਾਦੀ ਦਾ ਲਫ਼ਜ਼ੀ ਅਰਥ ਹੈ- ਸਰੀਰਕ ਮਾਨਸਿਕ, ਸਮਾਜਿਕ, ਆਰਥਿਕ, ਰਾਜਨੀਤਕ ਅਤੇ ਸਭਿਆਚਾਰਕ ਪੱਖੋਂ ਕਿਸੇ ਵਿਅਕਤੀ, ਸਮਾਜ ਅਤੇ ਦੇਸ਼ ਦੀ ਪੂਰਨ ਸੁਤੰਤਰਤਾ ਸੰਸਾਰ ਦੇ ਹਰ ਪ੍ਰਾਣੀ ਦਾ ਜਮਾਂਦਰੂ ਹੱਕ ਹੈ। ਜ਼ਿੰਦਗੀ ਵਾਸਤੇ ਆਜ਼ਾਦੀ ਉਨੀ ਹੀ ਲਾਜ਼ਮੀ ਹੈ, ਜਿੰਨੇ ਸਰੀਰ ਲਈ ਅੰਨ, ਪਾਣੀ ਅਤੇ ਹਵਾ ਆਦਿ। ਜਿਥੇ ਅਧਿਆਤਮਕ ਸ਼ੈਲੀ ਵਿੱਚ ਬਾਬਾ ਫ਼ਰੀਦ 'ਬਾਰਿ ਪਰਾਇਐ ਬੈਸਣਾ'' ਵਿੱਚ ਆਤਮਿਕ ਗੁਲਾਮੀ ਦੀ ਸਥਿਤੀ ਨਾਲੋਂ ਮੌਤ ਨੂੰ ਪਹਿਲ ਦਿੰਦੇ ਹਨ, ਉਥੇ ਵਿਸ਼ਵ ਦੇ ਪ੍ਰਸਿੱਧ ਫਿਲਾਸਫ਼ਰ ਪੈਟਕਿਰ ਹੈਨਰੀ ਦੇ ਸ਼ਬਦ ਹਨ ''ਜੇ ਤੁਸੀ ਮੈਨੂੰ ਆਜ਼ਾਦੀ ਨਹੀਂ ਦੇ ਸਕਦੇ, ਤਾਂ ਇਸ ਨਾਲੋਂ ਬਿਹਤਰ ਹੈ ਕਿ ਤੁਸੀ ਮੈਨੂੰ ਮੌਤ ਦੇ ਦਿਓ।'' ਦੁਨੀਆ ਦੇ ਹਰ ਮੁਲਕ ਵਿੱਚ ਹਰ ਕੌਮ ਵੱਲੋਂ ਆਜ਼ਾਦੀ ਪ੍ਰਾਪਤੀ ਲਈ ਨਿਰੰਤਰ ਜਦੋ-ਜਹਿਦ ਹੁੰਦੀ ਰਹੀ ਹੈ ਅਤੇ ਤਦ ਤੱਕ ਜਾਰੀ ਰਹੀ ਹੈ, ਜਦ ਪੂਰਨ ਆਜ਼ਾਦੀ ਪ੍ਰਾਪਤ ਨਹੀਂ ਹੋਈ।
ਭਾਰਤ ਨੂੰ ਗੁਲਾਮੀ ਦੇ ਸ਼ਿਕੰਜੇ ਤੋਂ ਖਲਾਸੀ ਦਿਵਾਉਣ ਦੀ ਗੌਰਵਮਈ ਇਤਿਹਾਸਕ ਗਾਥਾ ਵਿੱਚ ਵੀ ਪੰਜਾਬੀਆਂ ਵੱਲੋਂ ਸਭ ਤੋਂ ਵੱਧ ਦਿੱਤੀਆਂ ਗਈਆਂ ਕੁਰਬਾਨੀਆਂ ਦੀ ਦਾਸਤਾਨ ਮੌਜੂਦ ਹੈ, ਜਿਨ੍ਹਾਂ ਸਦਕਾ ਸਾਰਾ ਮੁਲਕ ਆਜ਼ਾਦ ਫਿਜ਼ਾ ਵਿੱਚ ਸਾਹ ਲੈਣ ਦੇ ਕਾਬਿਲ ਹੋ ਸਕਿਆ ਹੈ। ਮਹਾਨ ਸਿੱਖ ਸੂਰਵੀਰਾਂ ਦੀਆਂ ਸ਼ਹੀਦੀਆਂ ਦੇ ਸਿੱਟੇ ਵਜੋਂ ਹੀ ਕਦੇ ਨਾ ਅਸਤ ਹੋਣ ਵਾਲਾ 'ਬ੍ਰਿਟਿਸ਼ ਸਾਮਰਾਜ ਦਾ ਸੂਰਜ', ਸਦਾ ਲਈ ਛਿਪ ਗਿਆ ਸੀ। ਵਰਤਮਾਨ ਸਮੇਂ ਆਖਣ ਨੂੰ ਤਾਂ ਭਾਰਤ ਨੂੰ ਆਜ਼ਾਦੀ ਹੋਇਆ 75 ਵਰ੍ਹੇ ਬੀਤ ਚੁੱਕੇ ਹਨ, ਪਰ ਵਿਚਾਰਯੋਗ ਗੱਲ ਇਹ ਹੈ ਕਿ ਇਸ ਸਮੇਂ ਦੌਰਾਨ ਦੇਸਵਾਸੀਆਂ ਨੇ ਆਜ਼ਾਦੀ ਦਾ ਨਿੱਘ ਮਾਣਿਆਂ ਵੀ ਹੈ ਕਿ ਨਹੀਂ? ਕੀ ਇਹ ਆਜ਼ਾਦੀ 'ਵਿਸ਼ੇਸ਼ ਫਿਰਕੇ ਤੇ ਵਿਸ਼ੇਸ਼ ਵਰਗ' ਤੱਕ ਹੀ ਸੀਮਿਤ ਤਾਂ ਨਹੀਂ ਰਹਿ ਗਈ? ਜੇਕਰ ਆਲੋਚਨਾਤਮਿਕ ਦ੍ਰਿਸ਼ਟੀਕੋਣ ਤੋਂ ਵਾਚਿਆ ਜਾਵੇ, ਤਾਂ ਭਾਰਤ ਵਿੱਚ ਕਹਿਣ ਨੂੰ ਆਜ਼ਾਦੀ ਹੈ, ਪਰ ਭਾਰਤੀਆਂ ਦੀ ਹਾਲਤ 'ਆਜ਼ਾਦ ਦੇਸ਼ ਦੇ ਗੁਲਾਮ ਲੋਕਾਂ ਵਾਲੀ ਹੈ। ਕੁਰਬਾਨੀਆਂ ਦੇ ਇਤਿਹਾਸ ਪੱਖੋਂ ਦੇਸ਼ ਲਈ 95 ਫੀਸਦੀ ਸ਼ਹਾਦਤਾਂ ਦੇਣ ਵਾਲੀ ਸਿੱਖ ਕੌਮ ਨੂੰ 5 ਫੀਸਦੀ ਆਜ਼ਾਦ ਵਾਯੂ-ਮੰਡਲ ਵੀ ਨਸੀਬ ਨਹੀਂ ਹੋਇਆ। ਬੀਤੀ ਪੌਣੀ ਸਦੀ ਦੌਰਾਨ ਪੰਜਾਬੀਆਂ, ਖ਼ਾਸਕਰ ਸਿੱਖਾਂ ਨੇ ਆਪਣੇ ਪਿੰਡੇ 'ਤੇ ਜੋ ਦਰਦ ਹੰਢਾਇਆ, ਉਸ ਬਾਰੇ ਸੋਚਦਿਆਂ ਉਹ ਕਿਵੇਂ ਤਿਰੰਗੇ ਨੂੰ ਸਲਾਮੀ ਦੇ ਸਕਦੇ ਹਨ? ਸੱਚ ਤਾਂ ਇਹ ਹੈ:
ਨਸਲਕੁਸ਼ੀ ਜੋ ਕਰ ਰਹੇ, ਸੱਤਾ ਵਿਚ ਮਗ਼ਰੂਰ।
ਕਹਿਣ 'ਤਿਰੰਗਾ ਚਾੜ੍ਹਿਓ', ਸਾਨੂੰ ਨਾ ਮਨਜ਼ੂਰ ।
ਅੱਜ ਭਾਰਤ ਦੀ ਦਸ਼ਾ ਇਹ ਹੈ ਕਿ ਆਰਥਿਕ ਪੱਖੋਂ ਦੇਸ਼ ਦਾ 5 ਫੀਸਦੀ ਵਸ਼ਿਸ਼ਟ ਤੇ ਅਮੀਰ (ਅਡਾਨੀ, ਅੰਬਾਨੀ) ਵਰਗ 95 ਫੀਸਦੀ ਧਨ 'ਤੇ ਕਾਬਿਜ਼ ਹੋਇਆ ਬੈਠਾ ਹੈ, ਜਦ ਕਿ ਮੁਲਕ ਦੀ ਪਚਾਨਵੇਂ ਫੀਸਦੀ ਆਬਾਦੀ ਪੰਜ ਫੀਸਦੀ ਸਰੋਤਾਂ 'ਤੇ ਜ਼ਿੰਦਗੀ ਬਸਰ ਕਰ ਰਹੀ ਹੈ। ਕੁੱਲੀ, ਗੁੱਲੀ ਤੇ ਜੁੱਲੀ ਲਈ ਤਰਸਦੇ ਗਰੀਬੀ ਦਾ ਸ਼ਿਕਾਰ ਲੋਕਾਂ ਨੂੰ ਦੋ ਵਕਤ ਦੀ ਰੋਟੀ ਨਸੀਬ ਨਹੀਂ ਹੁੰਦੀ ਤੇ ਮਾਸੂਮ ਬੱਚੇ ਭੁੱਖੇ ਪੇਟ ਰੋਂਦਿਆਂ ਸੌਂ ਜਾਂਦੇ ਹਨ, ਅਜਿਹੇ ਦੁਖਿਆਰਿਆਂ ਲਈ ਆਜ਼ਾਦੀ ਕੋਈ ਅਰਥ ਨਹੀਂ ਰੱਖਦੀ। ਭੁੱਖਮਰੀ ਤੇ ਗੁਰਬਤ ਦੀ ਜ਼ਿੰਦਗੀ ਬਸਰ ਕਰ ਰਹੇ ਲੋਕਾਂ ਤੋਂ ਤਿਰੰਗੇ ਨੂੰ ਲਹਿਰਾਉਣ ਦੀ ਆਸ ਕਿਵੇਂ ਰੱਖੀ ਜਾ ਸਕਦੀ ਹੈ? ਸੱਚ ਤਾਂ ਇਹ ਹੈ ਕਿ ਬਹੁਤੇ ਦੇਸ਼-ਵਾਸੀਆਂ ਨੂੰ ਤਾਂ ਇਲਮ ਹੀ ਨਹੀਂ ਕਿ ਆਜ਼ਾਦੀ ਕਿਸ ਸ਼ੈਅ ਦਾ ਨਾਂ ਹੈ, ਬਲਕਿ ਹੈਰਾਨੀ ਭਰੇ ਲਹਿਜੇ 'ਚ ਉਹ ਕਵੀ ਗੁਰਦਾਸ ਰਾਮ ਆਲਮ ਵਾਂਗ ਇਉਂ ਸੁਆਲ-ਜੁਆਬ ਕਰਦੇ ਹਨ
''ਕਿਉਂ ਬਈ ਨਿਹਾਲਿਆ! ਆਜ਼ਾਦੀ ਨਹੀਂ ਵੇਖੀ?
ਨਾ ਬਈ ਭਰਾਵਾ, ਨਾ ਖਾਧੀ ਨਾ ਵੇਖੀ।
ਆਈ ਨੂੰ ਭਾਵੇਂ ਕਈ ਸਾਲ ਬੀਤੇ,
ਪਰ ਅਸੀਂ ਤਾਂ ਅਜੇ ਤੱਕ ਦਰਸ਼ਨ ਨਹੀਂ ਕੀਤੇ।
ਅਖ਼ਬਾਰਾਂ 'ਚੋਂ ਪੜ੍ਹਿਆ ਜਰਵਾਣੀ ਜਿਹੀ ਏ,
ਕੋਈ ਸੋਹਣੀ ਨਹੀਂ, ਐਵੇਂ 'ਕਾਣੀ ' ਜਿਹੀ ਏ।''
ਵੀਹਵੀਂ ਸਦੀ ਦੇ ਆਰੰਭ ਵਿੱਚ ਗ਼ਦਰ ਪਾਰਟੀ ਨੇ ਕੈਨੇਡਾ-ਅਮਰੀਕਾ ਦੀ ਧਰਤੀ ਤੋਂ ਭਾਰਤ ਨੂੰ ਬ੍ਰਿਟਿਸ਼ ਸਾਮਰਾਜ ਤੋਂ ਆਜ਼ਾਦ ਕਰਵਾਉਣ ਦਾ ਬਿਗਲ ਬਜਾਇਆ ਸੀ। ਗ਼ਦਰੀ ਬਾਬਿਆਂ ਨੇ ਆਜ਼ਾਦ ਦੇਸ਼ ਲਈ ਨਾਂ 'ਯੂਨਾਈਟਿਡ ਸਟੇਟਸ ਆਫ਼ ਇੰਡੀਆ' ਦਿੱਤਾ ਸੀ, ਜਿਸ ਦਾ ਭਾਵ ਸੀ 'ਮਜ਼ਬੂਤ ਸੰਘੀ ਢਾਂਚਾ' ਭਾਵ ਦੇਸ਼ ਦੇ ਸਮੂਹ ਰਾਜ, ਉਥੋਂ ਦੇ ਭਾਈਚਾਰੇ, ਮੂਲਵਾਸੀ ਤੇ ਘੱਟ ਗਿਣਤੀਆਂ ਆਪਣਾ ਸਭਿਆਚਾਰ, ਪਹਿਰਾਵੇ, ਖਾਣ- ਪੀਣ, ਬੋਲ - ਚਾਲ ਅਤੇ ਰਹਿਣ- ਸਹਿਣ ਦਾ ਪੂਰਨ ਆਨੰਦ ਮਾਣ ਸਕਣ। ਇਸ ਦਾ ਭਾਵ ਇਹ ਵੀ ਸੀ ਕਿ ਨਾ ਤਾਂ ਸੱਤਾ ਦਾ ਭਾਰੀ 'ਕੇਂਦਰੀਕਰਨ' ਹੋਵੇ ਅਤੇ ਨਾ ਹੀ ਰਾਜਨੀਤੀ ਦਾ 'ਧਰੁਵੀਕਰਨ'। ਸੰਘੀ ਢਾਂਚੇ 'ਚ ਕੇਂਦਰ ਆਪਣੇ ਸੂਬਿਆਂ ਦੀਆਂ ਸਰਕਾਰਾਂ ਨਾਲ ਧੱਕੇਸ਼ਾਹੀ ਨਾ ਕਰੇ ਅਤੇ ਕੇਂਦਰੀ ਸਰਕਾਰ ਸੁਆਰਥ ਲਈ, ਸਿਆਸੀ ਵਿਰੋਧੀਆਂ ਦਾ ਅੰਤ ਨਾ ਕਰੇ। ਗ਼ਦਰੀ ਬਾਬਿਆਂ ਦੀ ਇਸ ਸੋਚ ਨਾਲ ਅੱਜ ਜਿਵੇਂ ਖਿਲਵਾੜ ਹੋ ਰਿਹਾ ਹੈ, ਜਿਸ ਦੀਆਂ ਅਨੇਕਾਂ ਮਿਸਾਲਾਂ ਮੌਜੂਦਾ ਆਜ਼ਾਦ ਭਾਰਤ ਦੇ ਸੰਘੀ ਢਾਂਚੇ 'ਤੇ ਸੁਆਲ ਖੜੇ ਕਰਦੀਆਂ ਹਨ। ਸਿਆਸੀ ਵਿਰੋਧ ਕਾਰਨ ਵੱਖ- ਵੱਖ ਸੂਬੇ ਅਤੇ ਸਿਆਸੀ ਪਾਰਟੀਆਂ ਕੇਂਦਰੀ ਹਕੂਮਤ ਵੱਲੋਂ ਕੁਚਲੇ ਜਾ ਰਹੇ ਰਹੇ ਹਨ। ਅਜਿਹੀ ਹਾਲਤ ਵਿੱਚ ਵਿਰੋਧ ਪ੍ਰਗਟਾ ਰਹੇ ਲੋਕਾਂ ਤੋਂ,ਤਿਰੰਗੇ ਨੂੰ ਲਹਿਰਾਉਣ ਦੀ ਆਸ ਕਿਵੇਂ ਕੀਤੀ ਜਾ ਸਕਦੀ ਹੈ? ਸੱਚ ਤਾਂ ਇਹ ਹੈ ਕਿ ਗ਼ਦਰੀ ਬਾਬਿਆਂ ਦੇ ਸੁਪਨਿਆਂ ਨਾਲ ਉਦੋਂ ਹੀ ਖਿਲਵਾੜ ਹੋ ਗਿਆ ਸੀ, ਜਦੋਂ 14-15 ਅਗਸਤ 1947 ਨੂੰ ਦੇਸ਼ ਪੰਜਾਬ ਦੇ ਦੋ ਟੁਕੜੇ ਹੋਏ ਸਨ। ਲੱਖਾਂ ਲੋਕ ਮਾਰੇ ਗਏ ਸਨ। ਪੰਜਾਬ ਦੋ ਹਿੱਸਿਆਂ 'ਚ ਵੰਡਣ ਦਰਦ ਪਾਕਿਸਤਾਨੀ ਪੰਜਾਬ ਦੇ ਕਵੀ ਉਸਤਾਦ ਦਾਮਨ ਇਉਂ ਮਹਿਸੂਸ ਕਰਦੇ ਹਨ;
"ਇਸ ਮੁਲਕ ਦੀ ਵੰਡ ਕੋਲੋਂ ਯਾਰੋ,
ਖੋਏ ਤੁਸੀਂ ਵੀ ਹੋ, ਖੋਏ ਅਸੀਂ ਵੀ ਹਾਂ।
ਇਨ੍ਹਾਂ ਆਜ਼ਾਦੀਆਂ ਹੱਥੋਂ ਬਰਬਾਦ ਹੋਣਾ,
ਹੋਏ ਤੁਸੀਂ ਵੀ ਓ, ਹੋਏ ਅਸੀਂ ਵੀ ਆਂ।
ਜਿਉਂਦੀ ਜਾਨ ਈ ਮੌਤ ਦੇ ਮੂੰਹ ਅੰਦਰ,
ਢੋਏ ਤੁਸੀਂ ਵੀ ਓ, ਢੋਏ ਅਸੀਂ ਵੀ ਆਂ।
ਲਾਲੀ ਅੱਖੀਆਂ ਦੀ ਪਈ ਦਸਦੀ ਏ,
ਰੋਏ ਤੁਸੀਂ ਵੀ ਓ, ਰੋਏ ਅਸੀਂ ਵੀ ਆਂ।"
ਅੰਗਰੇਜ਼ਾਂ ਖ਼ਿਲਾਫ਼ ਆਜ਼ਾਦੀ ਦੇ ਸੰਘਰਸ਼ ਵਿਚ ਸਭ ਤੋਂ ਵੱਧ ਕੁਰਬਾਨੀਆਂ ਦੇ ਕੇ ਸ਼ਹੀਦੀਆਂ ਪਾਉਣ, ਉਮਰ ਕੈਦ ਕੱਟਣ ਅਤੇ ਕਾਲੇ ਪਾਣੀਆਂ ਦਾ ਦਰਦ ਝੱਲਣ ਵਾਲੇ ਪੰਜਾਬੀਆਂ ਨੂੰ ਹੀ ਦੇਸ਼ ਦੀ ਵੰਡ ਦਾ ਦਰਦ ਸਭ ਤੋਂ ਵੱਧ ਹੰਢਾਉਣਾ ਪਿਆ। ਇਕ ਅੰਦਾਜ਼ੇ ਅਨੁਸਾਰ ਫ਼ਿਰਕੂ ਨਫ਼ਰਤ ਦੇ ਭਾਂਬੜ ਬਾਲ ਕੇ, ਪੰਜਾਬ ਨੂੰ ਦੋ ਟੋਟਿਆਂ 'ਚ ਵੰਡੇ ਜਾਣ ਦੌਰਾਨ ਕਰੀਬ ਦਸ ਲੱਖ ਪੰਜਾਬੀਆਂ ਦੇ ਕਤਲ ਹੋਏ। ਹੁਣ ਇਹ ਇਤਿਹਾਸਕ ਸਚਾਈ ਵੀ ਸਾਹਮਣੇ ਆ ਗਈ ਹੈ ਕਿ ਦੇਸ਼ ਨੂੰ ਸਾਰਿਆਂ ਤੋਂ ਪਹਿਲਾਂ ਫ਼ਿਰਕੂ ਅੱਗ ਲਾ ਕੇ ਲੱਖਾਂ ਲੋਕਾਂ ਦੇ ਕਤਲ ਕਰਵਾਉਣ ਪਿੱਛੇ, ਅਖੌਤੀ 'ਪੰਜਾਬ ਕੇਸਰੀ' ਲਾਲਾ ਲਾਜਪਤ ਰਾਏ, ਹਿੰਦੂ ਮਹਾਂ ਸਭਾ ਵਾਲੇ ਦੀ ਮੋਢੀ ਭੂਮਿਕਾ ਸੀ। ਇਉਂ ਲਾਜਪਤ ਰਾਏ ਨੂੰ ਲੱਖਾਂ ਪੰਜਾਬੀਆਂ ਦਾ ਕਾਤਲ ਕਹਿਣੋਂ ਗੁਰੇਜ਼ ਨਹੀਂ ਕੀਤਾ ਜਾ ਸਕਦਾ। ਅਜਿਹੀ ਹਾਲਤ ਵਿੱਚ ਲਾਜਪਤ ਰਾਏ ਦੇ ਵਾਰਿਸ ਤਾਂ ਤਿਰੰਗੇ ਨੂੰ ਸਲਾਮੀ ਦੇ ਸਕਦੇ ਹਨ, ਪਰ ਜਿਨ੍ਹਾਂ ਪੰਜਾਬੀਆਂ ਦੇ ਵਿਹੜੇ ਵਿਚ ਲੱਖਾਂ ਬੇਗੁਨਾਹ ਲੋਕ ਮਾਰੇ ਗਏ, ਉਹ ਕਿਵੇਂ ਤਿਰੰਗਾ ਲਹਿਰਾਉਣ ਦੇ ਜਸ਼ਨ ਮਨਾਉਣ?
ਸੱਚ ਤਾਂ ਇਹ ਹੈ ਕਿ ਸਦੀ ਦੇ ਮਹਾਂ-ਦੁਖਾਂਤ ਨੂੰ ਜਸ਼ਨ ਵਜੋਂ ਮਨਾਉਣਾ ਬੌਧਿਕ ਦੀਵਾਲੀਆ ਨਹੀਂ, ਤਾਂ ਹੋਰ ਕੀ ਹੈ? ਅਜਿਹੇ ਦੁਖਾਂਤ 'ਤੇ ਮਾਤਮ ਮਨਾਉਣ ਦੀ ਲੋੜ ਹੈ, ਨਾ ਕਿ ਜਸ਼ਨ ਮਨਾਉਣ ਦੀ, ਜਿਵੇਂ ਕਿ ਮਹਾਨ ਸ਼ਾਇਰ ਡਾ ਹਰਭਜਨ ਸਿੰਘ ਇਹ ਦਰਦ ਬਿਆਨ ਕਰਦੇ ਸਨ;
"ਸੌਂ ਜਾ ਮੇਰੇ ਮਾਲਕਾ ਵੇ ਵਰਤਿਆ ਹਨੇਰ
ਵੇ ਕਾਲਖਾਂ 'ਚ ਤਾਰਿਆਂ ਦੀ ਡੁੱਬ ਗਈ ਸਵੇਰ।
ਹੈ ਖੂਹਾਂ ਵਿੱਚ ਆਦਮੀ ਦੀ ਜਾਗਦੀ ਸੜ੍ਹਾਂਦ
ਤੇ ਸੌਂ ਗਏ ਨੇ ਆਦਮੀ ਤੋਂ ਸੱਖਣੇ ਗਵਾਂਢ।
ਵੇ ਸੀਤ ਨੇ ਮੁਆਤੇ ਤੇ ਗਸ਼ ਹੈ ਜ਼ਮੀਨ,
ਵੇ ਸੀਨਿਆਂ ਵਿੱਚ ਸੁੰਨ ਦੋਵੇਂ ਖ਼ੂਨ ਤੇ ਸੰਗੀਨ।
ਵੇ ਜ਼ਿੰਦਗੀ ਬੇਹੋਸ਼ ਤੇ ਖ਼ਾਮੋਸ਼ ਕਾਇਨਾਤ
ਵਿਹਲਾ ਹੋ ਕੇ ਸੌਂ ਗਿਆ ਐ ਲੋਹਾ ਇਸਪਾਤ।
ਸੌਂ ਜਾ ਮੇਰੇ ਮਾਲਕਾ ਵੀਰਾਨ ਹੋਈ ਰਾਤ।"
1947 ਵਿੱਚ ਪਾਕਿਸਤਾਨ ਤੇ ਹਿੰਦੁਸਤਾਨ ਦੀ ਫਿਰਕੂ ਵੰਡ ਦੌਰਾਨ ਲੱਖਾਂ ਬੇਗੁਨਾਹ ਮਾਰੇ ਗਏ, ਪਰ ਆਜ਼ਾਦੀ ਮਗਰੋਂ ਦੇਸ਼ ਦੀ ਫਿਰਕੂ ਰਾਜਨੀਤੀ ਦੇ ਸਿੱਟੇ ਵਜੋਂ ਇਹ ਫਸਾਦ ਘਟੇ ਨਹੀਂ, ਲਗਾਤਾਰ ਵੱਧਦੇ ਰਹੇ ਹਨ। ਦੇਸ਼ ਵਿੱਚ ਜੂਨ 1984 ਵਿੱਚ ਦੁਖਾਂਤ ਤੇ ਮਗਰੋਂ ਬਾਬਰੀ ਮਸਜਿਦ ਦੁਖਾਂਤ ਅਜਿਹੀਆ ਫਿਰਕੂ ਅਤੇ ਦਰਦਨਾਕ ਘਟਨਾਵਾਂ ਹਨ, ਜੋ ਭਾਰਤ ਦੇ ਇਤਿਹਾਸ ਵਿੱਚ ਵੀਹਵੀਂ ਸਦੀ ਦੇ ਸਭ ਤੋਂ ਵੱਡੇ ਦੁਖਾਂਤ ਵਜੋਂ ਜਾਣੀਆਂ ਜਾਂਦੀਆਂ ਰਹਿਣਗੀਆਂ। ਸੱਤਾ ਦੇ ਧਰੁਵੀਕਰਨ ਦੀ ਕੋਹਝੀ ਤਸਵੀਰ ਦੇਖਣੀ ਹੋਵੇ, ਤਾਂ ਨਵੰਬਰ 1984 ਵਿੱਚ 'ਸਿੱਖ ਨਸਲਕੁਸ਼ੀ' ਦੇ ਦੁਖਾਂਤ ਹੋ ਸਪੱਸ਼ਟ ਹੋ ਜਾਂਦੀ ਹੈ। ਆਜ਼ਾਦ ਭਾਰਤ 'ਚ ਸਰਕਾਰੀ-ਤੰਤਰ ਦੀ ਆੜ 'ਚ ਹਜ਼ਾਰਾਂ ਸਿੱਖਾਂ ਦਾ ਕਤਲ ਹੋਇਆ, ਪਰ ਜਵਾਬ 'ਚ ਬਹੁਗਿਣਤੀ ਵੱਲੋਂ ਉਸ ਸਮੇਂ ਦੀ 'ਕਾਂਗਰਸ' ਨੂੰ ਸਭ ਤੋਂ ਵੱਡਾ ਬਹੁਮਤ ਹਾਸਿਲ ਹੋਇਆ। ਇਸ ਵਰਤਾਰੇ ਨੂੰ ਦੁਹਰਾਉਂਦੇ ਹੋਏ, ਸੰਨ 2002 ਵਿੱਚ ਗੁਜਰਾਤ ਅੰਦਰ ਮੁਸਲਿਮ ਕਤਲੇਆਮ ਹੋਇਆ, ਉਸ ਮਗਰੋਂ 'ਭਾਰਤੀ ਜਨਤਾ ਪਾਰਟੀ' ਨੂੰ ਬਹੁ-ਗਿਣਤੀ ਵੱਲੋਂ ਭਾਰੀ ਬਹੁਮਤ ਨਾਲ ਨਿਵਾਜਿਆ ਗਿਆ। ਹਿੰਦੂਤਵ ਦੇ ਏਜੰਡੇ ਅਧੀਨ 'ਹਿੰਦੀ, ਹਿੰਦੂ ਅਤੇ ਹਿੰਦੁਸਤਾਨ' ਦਾ ਢੰਡੋਰਾ ਪਿਟਦੇ ਦੇਸ਼ ਦੇ ਹਾਕਮ ਘੱਟ ਗਿਣਤੀਆਂ ਤੇ ਅੱਤਿਆਚਾਰ, ਧਾਰਾ 370 ਦਾ ਖਾਤਮਾ, ਸੀ.ਏ.ਏ. ਵਰਗੇ ਐਕਟਾਂ ਰਾਹੀਂ ਵੋਟਾਂ ਦੇ ਧਰੁਵੀਕਰਨ ਲਈ ਜ਼ਮੀਨ ਤਿਆਰ ਕਰ ਰਹੇ ਹਨ, ਜੋ ਕਿ ਦੇਸ਼ ਨੂੰ 'ਟੁਕੜੇ- ਟੁਕੜੇ' ਕਰਨ ਲਈ ਜ਼ਿੰਮੇਵਾਰ ਸਾਬਿਤ ਹੋਣਗੇ। ਫਿਰਕੂ ਸਿਆਸਤ ਤੇ ਨੀਤੀਆਂ ਦੇ ਸਿੱਟੇ ਵਜੋਂ ਪੰਜਾਬ, ਜੰਮੂ ਕਸ਼ਮੀਰ, ਬਿਹਾਰ , ਝਾਰਖੰਡ, ਨਾਗਾਲੈਂਡ- ਗੱਲ ਕੀ ਭਾਰਤ ਦੇ ਬਹੁਤ ਸਾਰੇ ਸੂਬੇ ਆਜ਼ਾਦੀ ਦੀ ਮੰਗ ਕਰ ਰਹੇ ਹਨ। ਅਜਿਹੀ ਸਥਿਤੀ ਵਿੱਚ ਭਾਰਤ ਦਾ 'ਹਰ ਘਰ ਤਿਰੰਗਾ' ਦਾ ਅਡੰਬਰੀ ਪ੍ਰਚਾਰ ਬੌਧਿਕ ਦੀਵਾਲੀਆਪਣ ਹੀ ਕਿਹਾ ਜਾ ਸਕਦਾ ਹੈ।
ਦਰਅਸਲ ਇਹ ਆਜ਼ਾਦੀ ਦਾ ਪਝੱਤਰਵਾਂ ਮਹਾਂਉਤਸਵ ਨਹੀਂ, ਸਗੋਂ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦਾ ਆਖ਼ਰੀ ਪੜਾਅ ਹੈ, ਜਿਸ ਵਿੱਚ ਵੰਨ-ਸੁਵੰਨਤਾ ਨੂੰ ਮਲੀਆਮੇਟ ਕਰਨ ਲਈ 'ਇਕ ਦੇਸ਼ ਇਕ ਭਾਸ਼ਾ' ਵਰਗੇ ਨਾਅਰੇ ਦਿੱਤੇ ਜਾ ਰਹੇ ਹਨ। ਫਿਰਕੂ ਪੱਧਰ 'ਤੇ ਭਾਈਚਾਰਿਆਂ ਨੂੰ ਵੰਡਣ ਵਾਲੇ ਕਾਨੂੰਨ ਅਤੇ ਕਈ ਹੋਰ ਘੁਣਤਰਾਂ ਹੋ ਰਹੀਆਂ ਹਨ। ਸਵਾਲ ਇਹ ਹੈ ਕਿ ਜਿਨ੍ਹਾਂ 'ਤੇ ਇਹ ਅੱਤਿਆਚਾਰ ਹੋ ਰਿਹਾ ਹੈ, ਉਹ ਆਪਣੇ ਘਰਾਂ ਤੇ ਤਿਰੰਗਾ ਕਿਸ ਸੋਚ ਅਧੀਨ ਲਹਿਰਾਉਣਗੇ? ਦੇਸ਼ ਦੇ ਤਖ਼ਤ 'ਤੇ ਕੱਟੜ ਫ਼ਿਰਕੂ ਸ਼ਾਸਕ ਜੋ ਤਬਾਹੀ ਕਰ ਰਹੇ ਹਨ, ਉਸ ਵੇਖਦਿਆਂ ਪ੍ਰੋ. ਮੋਹਨ ਸਿੰਘ ਦੇ ਬੋਲ ਯਾਦ ਆ ਰਹੇ ਹਨ ਕਿ ਕਿਸ ਤਰ੍ਹਾਂ ਵਤਨ ਵੀਰਾਨ ਹੋ ਗਿਆ ਤੇ ਰਾਖਾ ਸ਼ੈਤਾਨ ਬਣ ਗਿਆ ਹੈ ;
"ਆ ਬਾਬਾ ਤੇਰਾ ਵਤਨ ਹੈ ਵੀਰਾਨ ਹੋ ਗਿਆ,
ਰੱਬ ਦੇ ਘਰਾਂ ਦਾ ਰਾਖਾ ਮੁੜ ਸ਼ੈਤਾਨ ਹੋ ਗਿਆ
'ਕਲਯੁੱਗ ਹੈ ਰੱਥ ਅਗਨ ਦਾ', ਤੂੰ ਆਪ ਆਖਿਆ,
ਮੁੜ ਕੂੜ ਓਸ ਰੱਥ ਦਾ, ਰਥਵਾਨ ਹੋ ਗਿਆ ।
ਉਹ ਝੁਲੀਆਂ ਤੇਰੇ ਦੇਸ਼ ਤੇ ਮਾਰੂ ਹਨੇਰੀਆਂ,
ਉਡ ਕੇ ਅਸਾਡਾ ਆਹਲਣਾ ਕੱਖ ਕਾਨ ਹੋ ਗਿਆ
ਇਕ ਪਾਸੇ ਪਾਕ, ਪਾਕੀ, ਪਾਕਿਸਤਾਨ ਹੋ ਗਿਆ,
ਇਕ ਪਾਸੇ ਹਿੰਦੂ, ਹਿੰਦੀ, ਹਿੰਦੁਸਤਾਨ ਹੋ ਗਿਆ।"
ਕਹਿਣ ਨੂੰ ਤਾਂ ਚਾਹੇ ਭਾਰਤ ਨੂੰ ਵਿਸ਼ਵ ਦਾ ਸਭ ਤੋਂ ਵੱਡਾ ਲੋਕਤੰਤਰ ਕਿਹਾ ਜਾਂਦਾ ਹੈ, ਪਰ ਚਿੰਤਕ ਇਬਰਾਹਿਮ ਲਿੰਕਨ ਦੀ ਲੋਕਤੰਤਰ ਬਾਰੇ ਦਿੱਤੀ ਪਰਿਭਾਸ਼ਾ 'ਲੋਕਾਂ ਦੀ, ਲੋਕਾਂ ਦੁਆਰਾ, ਲੋਕਾਂ ਲਈ ਚੁਣੀ ਗਈ ਸਰਕਾਰ' ਭਾਰਤ ਦੇ ਸੰਦਰਭ ਵਿੱਚ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਸਾਮ, ਦਾਮ, ਦੰਡ ਅਤੇ ਭੇਦ ਨੀਤੀ ਵਰਤ ਕੇ ਸਰਕਾਰ ਬਣਾਉਣ ਲਈ, ਅਖੌਤੀ 'ਸੁਤੰਤਰ ਤੇ ਨਿਰਪੱਖ ਚੋਣਾਂ ਦੌਰਾਨ ਰੱਜ ਕੇ ਬੇਈਮਾਨੀ ਕੀਤੀ ਜਾਂਦੀ ਹੈ। 'ਸਾਮ' ਨੀਤੀ ਰਾਹੀਂ ਪੈਰੀਂ ਪੈ ਕੇ, ਪਾਖੰਡ ਕਰਦਿਆਂ ਲੋਕਾਂ ਨੂੰ ਵਰਗਲਾਇਆ ਜਾਂਦਾ ਹੈ। ਫੇਰ 'ਦਾਮ' ਨੀਤੀ ਦੁਆਰਾ ਨੋਟ ਲਓ ਤੇ ਵੋਟ ਦਿਓ ਦੇ ਨਾਅਰੇ ਗਲੀ-ਮੁਹੱਲਿਆਂ 'ਚ ਗੂੰਜਦੇ ਹਨ। 'ਦੰਡ' ਨੀਤੀ ਵਰਤ ਕੇ ਵੋਟਾਂ ਵੇਲੇ ਕੁੱਟਮਾਰ ਹੁੰਦੀ ਹੈ, ਬੈਲਟ ਪੇਪਰ ਗਾਇਬ ਹੋ ਜਾਂਦੇ ਹਨ। ਜੇ ਲੋੜ ਪਵੇ ਤਾਂ ਫ਼ਿਰਕੂ ਨਫ਼ਰਤ ਫੈਲਾ ਕੇ, 'ਭੇਦ' ਨੀਤੀ ਰਾਹੀਂ ਲੋਕਾਂ ਨੂੰ ਆਪਸ ਵਿੱਚ ਲੜਾ ਦਿੱਤਾ ਜਾਂਦਾ ਹੈ। ਗੱਲ ਇਥੇ ਹੀ ਨਹੀਂ ਮੁੱਕਦੀ, ਖਰੀਦੇ ਵੋਟਰਾਂ ਦੁਆਰਾ ਚੁਣ ਕੇ ਭੇਜੇ ਉਮੀਦਵਾਰਾਂ ਨੂੰ ਅੱਗੇ ਸਾਂਸਦ ਵਿੱਚ ਆਪਣਾ ਬਹੁਮਤ ਸਾਬਤ ਕਰਨ ਲਈ ਨੋਟਾਂ ਦੇ ਥੱਬੇ ਸੁੱਟ ਕੇ ਖਰੀਦਿਆਂ ਜਾਂਦਾ ਹੈ। ਇਨ੍ਹਾਂ ਸ਼ਰਮਨਾਕ ਕਾਰਵਾਈਆਂ ਬਾਅਦ ਬਣਦੀ ਹੈ ਸਭ ਤੋਂ ਵੱਡੇ ਲੋਕਤੰਤਰ ਦੀ ਨਿਰਪੇਖ ਸਰਕਾਰ।ਭਾਰਤ ਵਿੱਚ ਲੋਕਤੰਤਰ ਦੀ ਪਰਿਭਾਸ਼ਾ ਇਸ ਰੂਪ ਵਿੱਚ ਨਜ਼ਰ ਆਉਂਦੀ ਹੈ-'ਨੋਟਾਂ ਦੀ ਨੋਟਾਂ ਦੁਆਰਾ ਨੋਟਾਂ ਲਈ ਚੁਣੀ ਗਈ ਸਰਕਾਰ ਭਾਰਤ ਦੀ ਨੋਟਤੰਤਰੀ ਸਰਕਾਰ'। ਭਾਰਤੀ ਸਿਆਸਤ ਦੇ ਮੰਤਵ ਵੀ ਅਪਰਾਧੀਕਰਨ, ਭ੍ਰਿਸ਼ਟਾਚਾਰ, ਸੱਤਾ ਦੀ ਅੰਨੀ ਲਾਲਸਾ ਤੇ ਭਾਈ-ਭਤੀਜਾਵਾਦ ਬਣ ਚੁੱਕੇ ਹਨ। ਪਿਤਾ ਪੁੱਤਰ ਨੂੰ, ਪਤੀ ਪਤਨੀ ਨੂੰ, ਸੱਸ ਨੂੰਹ ਨੂੰ, ਸਹੁਰਾ ਜੁਆਈ ਨੂੰ ਗੱਦੀ ਸੰਭਾਲਣ ਤੇ ਲੱਗੇ ਹੋਏ ਹਨ ਤੇ ਰਾਜਨੀਤੀ ਖਾਨਦਾਨੀ ਪੇਸ਼ਾ ਬਣ ਚੁੱਕਿਆ ਹੈ। ਭ੍ਰਿਸ਼ਟ ਲੀਡਰ ਦੇਸ਼ ਨੂੰ 'ਸਾਰੇ ਜਹਾ ਸੇ ਭ੍ਰਿਸ਼ਟ ਹਿੰਦੁਸਤਾਨ ਹਮਾਰਾ ' ਬਣਾਉਣ ਲਈ ਉਤਾਵਲੇ ਹਨ।ਇਹ ਤਾਂ ਦਾਲ ਦੇ ਸਿਰਫ਼ ਕੁਝ ਕੁ ਕੋਕੜੂ ਹਨ, ਬਾਕੀ ਭਾਰਤੀ ਸਿਆਸਤ ਵਿੱਚ ਤਾਂ ਦਾਲ ਹੀ ਕੋਕੜੂਆਂ ਦੀ ਬਣਦੀ ਹੈ। ਭ੍ਰਿਸ਼ਟ ਆਗੂਆਂ ਦੀਆਂ ਧੱਕੇਸ਼ਾਹੀਆਂ ਦਾ ਦੁੱਖ ਭੋਗ ਰਹੇ ਦੇਸ਼ਵਾਸੀ ਤਿਰੰਗੇ ਨੂੰ ਸਲਾਮੀ ਕਿਵੇਂ ਦੇ ਸਕਦੇ ਹਨ? ਇਹ ਸਭ ਕੁਝ ਵੇਖਦਿਆਂ ਸ਼ਾਇਰ 'ਸ਼ੌਕ ਬਹਿਰਾਇਚੀ' ਦਾ ਇਹ ਮਸ਼ਹੂਰ ਸ਼ੇਅਰ ਭਾਰਤ ਦੇ ਆਜ਼ਾਦੀ ਦੇ 75 ਸਾਲ ਗੁਜ਼ਰ ਜਾਣ ਮਗਰੋਂ ਨਜ਼ਰ ਆ ਰਹੇ ਹਾਲਾਤ 'ਤੇ ਪੂਰਾ ਢੁਕਦਾ ਹੈ;
"ਬਸ ਏਕ ਹੀ ਉੱਲੂ ਕਾਫ਼ੀ ਥਾ, ਬਰਬਾਦ ਗੁਲਸਿਤਾਂ ਕਰਨੇ ਕੋ
ਹਰ ਸ਼ਾਖ਼ ਪੇ ਉਲੂ ਬੈਠਾ ਹੈ, ਅੰਜਾਮ -ਏ-ਗੁਲਸਿਤਾਂ ਕਿਆ ਹੋਗਾ?''
ਅਖੌਤੀ ਆਜ਼ਾਦੀ ਦੇ ਨਾਂ 'ਤੇ ਭਾਰਤ 'ਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ 1975 ਵਿਚ ਐਮਰਜੈਂਸੀ ਲਾ ਕੇ ਲੋਕਰਾਜੀ ਤਾਕਤਾਂ ਨਸ਼ਟ ਕਰਨਾ, ਅਜਿਹੀ ਮੰਦਭਾਗੀ ਕਾਰਵਾਈ ਸੀ, ਜਿਸਨੇ ਆਜ਼ਾਦੀ ਦਾ ਸਿਧਾਂਤ ਹੀ ਬਰਬਾਦ ਕਰ ਦਿੱਤਾ ਸੀ। ਅੱਜ ਵੀ ਦੇਸ਼ 'ਚ ਵੱਖ-ਵੱਖ ਸੂਬਿਆਂ ਅੰਦਰ ਕੇਂਦਰ ਦੇ ਨੁਮਾਇੰਦੇ ਰਾਜਪਾਲਾਂ ਰਾਹੀ, ਸਰਕਾਰਾਂ ਤੋੜਨ ਅਤੇ ਸਿਆਸੀ ਖਰੀਦੋ- ਫ਼ਰੋਖ਼ਤ ਦਾ ਧੰਦਾ ਜ਼ੋਰਾ ਤੇ ਚਲ ਰਿਹਾ ਹੈ। ਅੱਜ ਦੀ ਅਣ-ਐਲਾਨੀ ਐਮਰਜੈਂਸੀ ਹੋਰ ਵੀ ਵਧੇਰੇ ਖ਼ਤਰਨਾਕ ਹੈ, ਜਿਸ ਨੂੰ ਵੇਖਦਿਆਂ ਤਿਰੰਗਾ ਲਹਿਰਾਉਣ ਦੀ ਕੋਈ ਕਲਪਨਾ ਵੀ ਨਹੀਂ ਕਰ ਸਕਦਾ। ਐਮਰਜੈਂਸੀ ਵੇਲੇ ਇੰਦਰਾ ਗਾਂਧੀ ਬਾਰੇ ਪ੍ਰਸਿੱਧ ਸ਼ਾਇਰ ਡਾ ਦੁਸ਼ਯੰਤ ਕੁਮਾਰ ਤਿਆਗੀ ਨੇ ਜੋ ਲਿਖਿਆ ਸੀ, ਅੱਜ ਉਹ ਮੋਦੀ ਸਰਕਾਰ 'ਤੇ ਵੀ ਪੂਰਾ ਢੁੱਕਦਾ ਹੈ;
"ਏਕ 'ਗੁੜੀਆ' ਕੀ ਕਈ ਕਠਪੁਤਲੀਓਂ ਮੇਂ ਜਾਨ ਹੈ।
ਆਜ ਸ਼ਾਇਰ ਯੇਹ ਤਮਾਸ਼ਾ ਦੇਖ ਕੇ ਹੈਰਾਨ ਹੈ।
ਮਸਲ ਹਤ ਆਮੇਜ਼ ਹੋਤੇ ਹੈ ਸਿਆਸਤ ਕੇ ਕਦਮ
ਤੂ ਨਾ ਸਮਝੇਗਾ ਅਭੀ ਤੂ ਅਭੀ ਇਨਸਾਨ ਹੈ।
ਕੱਲ੍ਹ ਨੁਮਾਇਸ਼ ਮੇਂ ਮਿਲਾ ਵੋਹ ਚੀਥੜੇ ਪਹਿਨੇ ਹੋਏ
ਮੈਨੇ ਪੂਛਾ ਨਾਮ ਬੋਲਾ ਹਿੰਦੋਸਤਾਨ ਹੈ।"
ਗ਼ਦਰ ਪਾਰਟੀ ਦੇ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਨੂੰ, ਸੰਤਾਲੀ ਦੀ ਵੰਡ ਮਗਰੋਂ ਇਕ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਵੱਲੋਂ ਪੁੱਛਿਆ ਇਹ ਸਵਾਲ ਕਿ ਬਾਬਾ ਜੀ, ਤੁਹਾਡੀ ਕਮਰ ਕਿਵੇਂ ਝੁਕ ਗਈ ਹੈ, ਦੇ ਜਵਾਬ 'ਚ ਬਾਬਾ ਭਕਨਾ ਨੇ ਕਿਹਾ ਸੀ ਕਿ ਅੰਗਰੇਜ਼ ਤਾਂ ਉਨ੍ਹਾਂ ਦੀ ਪਿੱਠ 'ਚ ਕੁੱਬ ਨਾ ਪਾ ਸਕੇ, ਪਰ ਆਜ਼ਾਦ ਦੇਸ਼ ਦੀ ਆਪਣੀ ਸਰਕਾਰ ਨੇ ਜ਼ਰੂਰ ਪਾ ਦਿੱਤਾ । ਅੱਜ 75 ਵਰ੍ਹੇ ਬੀਤਣ ਮਗਰੋਂ ਫਾਸ਼ੀਵਾਦੀ ਸਰਕਾਰ ਦੇ ਸਿਆਸੀ ਆਲੋਚਕ ਵੀ ਬਾਬਾ ਭਕਨਾ ਵਾਂਗ ਹੀ ਮਹਿਸੂਸ ਕਰ ਰਹੇ ਹਨ। 'ਸ਼ੇਰਾਂ ਦੀ ਮਾਰਾਂ ਤੇ ਗਿੱਦੜਾਂ ਦੀਆਂ ਕਲੋਲਾਂ' ਵਾਂਗ ਜਿਹੜੇ ਕੋੜਮੇ ਨੇ ਆਜ਼ਾਦੀ 'ਚ ਹਿੱਸਾ ਪਾਉਣ ਦੀ ਥਾਂ, ਅੰਗਰੇਜ਼-ਪ੍ਰਸਤੀ ਕੀਤੀ, ਅੱਜ ਉਹ ਆਜ਼ਾਦੀ ਦੇ ਪ੍ਰਵਾਨਿਆਂ ਤੋਂ 'ਦੇਸ਼ ਪਿਆਰ' ਦੇ ਪ੍ਰਮਾਣ ਮੰਗ ਰਹੇ ਹਨ। ਹਾਲਾਂਕਿ ਇਨ੍ਹਾਂ ਨੇ ਖੁਦ ਤਿਰੰਗੇ ਦਾ ਵਿਰੋਧ ਕੀਤਾ, ਇਹੀ ਤਿਰੰਗੇ ਲਹਿਰਾਉਣ 'ਤੇ ਦੇਸ਼ ਭਗਤੀ ਦੇ ਸਰਟੀਫਿਕੇਟ ਦੇ ਰਹੇ ਹਨ। ਦੇਸ਼ ਅੰਦਰ ਗਰੀਬੀ, ਅਨਪੜ੍ਹਤਾ, ਬੇਰੁਜ਼ਗਾਰੀ, ਸਿਆਸਤ ਦਾ ਅਪਰਾਧੀਕਰਨ, ਭ੍ਰਿਸ਼ਟਾਚਾਰ, ਜਬਰ- ਜਿਨਾਹ ਅਤੇ ਥਾਂ- ਥਾਂ ਮਨੁੱਖੀ ਕਤਲੇਆਮ ਹੋ ਰਹੇ ਹਨ। ਜਦੋਂ ਦੁਨੀਆਂ ਦੇ ਕੋਨੇ- ਕੋਨੇ 'ਚ ਵੱਸਦੇ ਇਨਸਾਫ਼ ਪਸੰਦ ਲੋਕ ਧੱਕੇਸ਼ਾਹੀਆਂ ਕਾਰਨ ਭਾਰਤ ਸਰਕਾਰ ਦੇ ਖ਼ਿਲਾਫ਼ ਸੜਕਾਂ 'ਤੇ ਰੋਸ ਪ੍ਰਗਟਾ ਰਹੇ ਹੋਣ, ਤਾਂ ਅਜਿਹੀ ਹਾਲਤ 'ਚ ਜ਼ਿਹਨ 'ਚ ਅਲਾਮਾ ਇਕਬਾਲ ਦਾ ਇਹ ਸ਼ੇਅਰ ਗੂੰਜ ਰਿਹਾ ਹੈ,
''ਮੁੱਦਤੇਂ ਗੁਜ਼ਰੀ ਹੈਂ ਇਤਨੀਂ ਰੰਜੋ ਗ਼ਮ ਸਹਿਤੇ ਹੂਏ।
ਸ਼ਰਮ ਸੀ ਆਤੀ ਹੈ ਇਸ ਵਤਨ ਕੋ ਵਤਨ ਕਹਿਤੇ ਹੂਏ।"
ਭਾਰਤ ਦੀ 'ਆਜ਼ਾਦੀ ਦੇ 75ਵੇਂ ਮਹਾਉਤਸਵ' ਦੀ ਸਮੀਖਿਆ ਕਰਦਿਆਂ ਕਿਹਾ ਜਾ ਸਕਦਾ ਹੈ ਕਿ ਸਿਹਤ ਸੇਵਾਵਾਂ ਦੀ ਬਰਬਾਦੀ, ਅਮੀਰ-ਗ਼ਰੀਬ ਦਾ ਬੇਹੱਦ ਵੱਡਾ ਪਾੜਾ, ਵਿਦਿਅਕ ਢਾਂਚੇ ਦੀ ਤ੍ਰਾਸਦਿਕ ਸਥਿਤੀ, ਕਿਸਾਨਾਂ ਦੀਆਂ ਆਤਮ ਹੱਤਿਆਵਾਂ, ਮਾਨਵੀ ਅਧਿਕਾਰਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਹਜ਼ਾਰਾ ਲਾਸ਼ਾਂ ਨੂੰ ਲਾਵਾਰਿਸ ਆਖ ਕੇ ਜਲਾਉਣਾ ਆਦਿਕ ਕਰਤੂਤਾਂ 'ਭਾਰਤ ਮਹਾਨ' ਸ਼ਬਦ ਨੂੰ ਸਵਾਲੀਆ ਰੂਪ ਵਿੱਚ ਅੰਕਿਤ ਕਰਦੀਆਂ ਹਨ। ਸਾਡਾ ਇਤਿਹਾਸ ਉਸ ਸ਼ੀਸ਼ੇ ਦੀ ਨਿਆਈ ਹੈ, ਜਿਸ ਰਾਹੀ ਅੱਜ ਅਸੀਂ ਭਾਰਤ ਦੇ ਬੀਤੇ 75 ਸਾਲਾਂ ਦੀ ਕਰੂਪ ਤਸਵੀਰ ਪ੍ਰਤੱਖ ਵੇਖ ਰਹੇ ਹਾਂ। ਪੰਦਰਾਂ ਅਗਸਤ ਨੂੰ ਲਾਲ ਕਿਲੇ 'ਤੇ ਲਹਿਰਾਇਆ ਜਾ ਰਿਹਾ ਤਿਰੰਗਾ ਅਸਲ ਵਿੱਚ ਹਰ ਭਾਰਤੀ ਦੀ ਛਾਤੀ ਵਿਚ ਗੱਡਿਆ ਨਜ਼ਰ ਆਉਂਦਾ ਹੈ। ਬੁਨਿਆਦੀ ਹੱਕਾਂ ਅਤੇ ਹੋਂਦ ਦੀ ਲੜਾਈ ਲੜ ਰਹੇ ਦੇਸ਼ਵਾਸੀਆਂ ਦੇ ਗੰਭੀਰ ਮਸਲਿਆਂ ਨੂੰ ਡਾ ਸੁਰਜੀਤ ਪਾਤਰ ਨੇ ਜਿਵੇਂ ਕਾਵਿ -ਸਤਰਾਂ ਰਾਹੀਂ ਬਿਆਨ ਕੀਤਾ ਹੈ, ਉਹ ਲਿਖਤ ਦਾ ਨਿਚੋੜ ਹਨ ;
"ਕਿੰਨਾ ਹੈ ਮਹਾਨ ਦੇਸ਼ ਉਦੋਂ ਪਤਾ ਲੱਗਿਆ।
ਡੂੰਘਾ ਮੇਰੀ ਹਿੱਕ 'ਚ ਤਿਰੰਗਾ ਗਿਆ ਗੱਡਿਆ।
ਝੁੱਲ ਓ ਤਿਰੰਗਿਆ ਤੂੰ ਝੁੱਲ ਸਾਡੀ ਖ਼ੈਰ ਏ।
ਦਿਲ ਹੀ ਉਦਾਸ ਹੈ ਜੀ ਬਾਕੀ ਸਭ ਖ਼ੈਰ ਏ।"

 

ਕੈਨੇਡਾ  ਦੇ  ਸਿੱਖ ਆਗੂ ਰਿਪੁਦਮਨ ਸਿੰਘ ਮਲਿਕ  ਦੀ ਹੱਤਿਆ ਦੇ ਮਾਮਲੇ 'ਚ ਦਰਬਾਰੀ ਮੀਡੀਆ ਦੀ ਨਕਾਰਾਤਮਕ ਭੂਮਿਕਾ - ਡਾ ਗੁਰਵਿੰਦਰ ਸਿੰਘ

ਏਜੰਡੇ ਤਹਿਤ ਚਲਦੇ 'ਮੀਡੀਆ ਟਰਾਇਲਾਂ' ਬਾਰੇ ਭਾਰਤ ਦੇ ਸੁਪਰੀਮ ਕੋਰਟ ਦੇ ਮੁੱਖ ਜੱਜ ਨੇ ਹਾਲ ਹੀ ਵਿਚ ਵਿਸ਼ੇਸ਼ ਜ਼ਿਕਰ ਕਰਦਿਆਂ ਕਿਹਾ ਹੈ ਕਿ ਅਜੇ ਕਿਸੇ ਮਾਮਲੇ ਵਿੱਚ ਕਾਨੂੰਨ ਨੇ ਤਾਂ ਕੋਈ ਫ਼ੈਸਲਾ ਲੈਣਾ ਹੁੰਦਾ ਹੈ, ਪਰ ਮੀਡੀਆ ਬਹਿਸਾਂ 'ਚ ਪਹਿਲਾਂ ਹੀ ਫ਼ੈਸਲਾ ਸੁਣਾ ਕੇ, ਖ਼ਾਸ ਏਜੰਡੇ ਤਹਿਤ ਬਿਰਤਾਂਤ ਸਿਰਜ ਦਿੱਤਾ ਜਾਂਦਾ ਹੈ। ਦਰਅਸਲ ਸੱਤਾ ਦੀ ਬੋਲੀ ਬੋਲਣ ਵਾਲੇ ਗੋਦੀ ਮੀਡੀਆ ਵੱਲੋਂ ਸਰਕਾਰ ਵਿਰੋਧੀਆਂ ਖਿਲਾਫ਼ ਝੂਠੇ ਇਲਜ਼ਾਮ ਲਾ ਕੇ, ਸਰਕਾਰੀ ਪ੍ਰਾਪੋਗੰਡਾ ਕੀਤਾ ਜਾਂਦਾ ਹੈ। ਖਾਸ ਗੱਲ ਇਹ ਵੀ ਹੈ ਕਿ ਪੱਤਰਕਾਰਾਂ ਨੂੰ ਦਿੱਤੀਆਂ ਹਦਾਇਤਾਂ ਅਧੀਨ ਕਿਸੇ ਨੂੰ ਦੋਸ਼ੀ ਗਰਦਾਨ ਕੇ, ਮਗਰੋਂ ਸਰਕਾਰੀ ਏਜੰਸੀਆਂ ਕਾਰਵਾਈ ਕਰਦੀਆਂ ਹਨ। ਇਹ ਮੇਲ ਜੋਲ ''ਚੋਰ ਤੇ ਕੁੱਤੀ' ਦੇ ਰਲੇ ਹੋਣ ਵਜੋਂ ਅੱਜ ਜੱਗ ਜ਼ਾਹਰ ਹੋ ਰਿਹਾ ਹੈ। ਇਸ ਦੀ ਪ੍ਰਤੱਖ ਮਿਸਾਲ ਕੈਨੇਡਾ ਵਿਚ ਬੀਤੇ ਦਿਨੀਂ ਕਤਲ ਕੀਤੇ ਗਏ ਰਿਪੁਦਮਨ ਸਿੰਘ ਮਲਿਕ ਦੇ ਮਾਮਲੇ ਵਿੱਚ ਚੱਲ ਰਹੇ 'ਮੀਡੀਆ ਟਰਾਇਲ' ਤੋਂ ਮਿਲਦੀ ਹੈ। ਕੈਨੇਡਾ ਦੀ ਬਹੁ-ਚਰਚਿਤ ਸਿੱਖ ਆਗੂ ਮਲਿਕ ਦੀ ਸਰੀ 'ਚ ਦਿਨ ਦਿਹਾੜੇ 14 ਜੁਲਾਈ ਨੂੰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪੰਜਾਬ ਵਿੱਚ ਫਿਰੋਜ਼ਪੁਰ ਵਿਖੇ ਸੰਨ 1947 ਵਿਚ ਜਨਮੇ ਮਲਿਕ ਸੰਨ 1972 ਵਿੱਚ ਕੈਨੇਡਾ ਆਏ। ਉਨ੍ਹਾਂ ਕੈਨੇਡਾ ਦੇ ਹੋਰਨਾਂ ਦਾਨੀ ਸਿੱਖਾਂ ਦੇ ਸਹਿਯੋਗ ਸਦਕਾ, ਸੰਨ 1986 ਵਿੱਚ ਖਾਲਸਾ ਕਰੈਡਿਟ ਯੂਨੀਅਨ ਅਤੇ ਉਸ ਤੋਂ ਮਗਰੋਂ ਖਾਲਸਾ ਸਕੂਲ ਖੋਲ੍ਹੇ ਅਤੇ ਵਿੱਦਿਅਕ ਸੰਸਥਾ 'ਸਤਿਨਾਮ ਐਜੂਕੇਸ਼ਨ ਟਰੱਸਟ' ਦੀ ਸਥਾਪਨਾ ਕੀਤੀ।
ਕੈਨੇਡਾ 'ਚ ਸੰਨ 1985 ਵਿੱਚ ਹੋਏ ਏਅਰ ਇੰਡੀਆ ਬੰਬ ਧਮਾਕੇ ਦੇ ਮਾਮਲੇ ਵਿਚ ਰਿਪੁਦਮਨ ਸਿੰਘ ਮਲਿਕ ਅਤੇ ਅਜੈਬ ਸਿੰਘ ਬਾਗੜੀ ਨੂੰ ਸੰਨ 2000 ਵਿਚ ਗ੍ਰਿਫ਼ਤਾਰ ਕੀਤਾ ਗਿਆ, ਪਰ ਸਾਢੇ ਚਾਰ ਸਾਲ ਜੇਲ੍ਹ 'ਚ ਰੱਖਣ ਮਗਰੋਂ ਸੁਪਰੀਮ ਕੋਰਟ ਆਫ ਬ੍ਰਿਟਿਸ਼ ਕੋਲੰਬੀਆ ਨੇ ਉਨ੍ਹਾਂ ਨੂੰ ਸੰਨ 2005 ਵਿਚ ਬਰੀ ਕਰ ਦਿੱਤਾ। ਏਅਰ ਇੰਡੀਆ ਬੰਬ ਧਮਾਕੇ ਕਾਰਨ ਭਾਰਤ ਸਰਕਾਰ ਦੀ 'ਬਲੈਕ ਲਿਸਟ' ਵਿਚ ਰਿਪੁਦਮਨ ਸਿੰਘ ਮਲਿਕ ਦਾ ਨਾਂ ਵੀ ਜੁੜਿਆ ਰਿਹਾ। ਸੰਨ 2019 ਵਿਚ ਮਲਿਕ ਨੂੰ ਮੋਦੀ ਸਰਕਾਰ ਵੱਲੋਂ ਵੀਜ਼ਾ ਮਿਲਣ 'ਤੇ, ਉਹ ਦਰਬਾਰ ਸਾਹਿਬ ਗਏ। ਇਸ ਦੌਰਾਨ ਵੀਜ਼ਾ ਮਿਲਣ ਲਈ ਭਾਰਤੀ ਖ਼ੁਫ਼ੀਆ ਏਜੰਸੀ ਰਾਅ ਦੇ ਆਗੂਆਂ ਦਾ ਮੀਡੀਆ ਵਿੱਚ ਖੁੱਲ੍ਹੇ ਰੂਪ ਵਿੱਚ ਮਲਿਕ ਦੇ ਭਰਾ ਵੱਲੋਂ ਧੰਨਵਾਦ ਕੀਤਾ ਗਿਆ। ਮੋਦੀ ਸਰਕਾਰ ਦੀ ਮਿਹਰਬਾਨੀ ਲਈ ਸ਼ੁਕਰਾਨਾ ਕਰਦਿਆਂ ਸੰਨ 2022 ਵਿਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਮਾਇਤ ਵਿਚ ਮਲਿਕ ਵੱਲੋਂ ਲਿਖਿਆ ਖ਼ਤ ਵਿਵਾਦਪੂਰਨ ਰਿਹਾ। ਮੋਦੀ ਸਰਕਾਰ ਦੇ ਸੋਹਲੇ ਗਾਉਣ ਵਾਲੇ ਇਸ ਖਤ ਰਾਹੀਂ ਉਨ੍ਹਾਂ ਕੈਨੇਡੀਅਨ ਸਿੱਖਾਂ ਨੂੰ, ਭਾਰਤ ਦੇ ਪ੍ਰਧਾਨ ਮੰਤਰੀ ਲਈ ਹਮਾਇਤ ਜੁਟਾਉਣ ਦਾ ਖੁੱਲ੍ਹਾ ਸੱਦਾ ਦਿੱਤਾ। ਭਾਰਤ ਦੀ ਭਾਜਪਾ ਸਰਕਾਰ ਦੀ ਖੁੱਲ੍ਹਮ- ਖੁੱਲ੍ਹੀ ਹਮਾਇਤ ਕਰਨ 'ਤੇ ਮਲਿਕ ਨੂੰ ਕੈਨੇਡਾ ਦੇ ਪੰਥਕ ਹਲਕਿਆਂ ਵਿਚ ਤਿੱਖੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਅਸਲ ਵਿਚ ਇਹ ਵਿਰੋਧ ਮਲਿਕ ਦਾ ਨਿੱਜੀ ਵਿਰੋਧ ਨਾ ਹੋ ਕੇ, ਉਹਨਾਂ ਦੀ ਮੋਦੀ ਸਰਕਾਰ ਪ੍ਰਤੀ ਹਮਾਇਤ ਦਾ ਵਿਰੋਧ ਸੀ, ਜਿਸ ਵਿੱਚ ਸੁਹਿਰਦ ਸਿੱਖਾਂ ਤੋਂ ਇਲਾਵਾ ਅਗਾਂਹਵਧੂ ਸੋਚ ਵਾਲੇ ਲੋਕ ਵੀ ਸ਼ਾਮਲ ਸਨ। ਦੂਜੇ ਪਾਸੇ ਏਅਰ ਇੰਡੀਆ ਬੰਬ ਧਮਾਕੇ ਵਿੱਚ ਬਰੀ ਹੋਣ ਦੇ ਬਾਵਜੂਦ ਕਈ ਦਹਾਕਿਆਂ ਤਕ ਮਲਿਕ ਦਾ ਵਿਰੋਧ ਕਰਨ ਵਾਲੇ ਭਾਰਤ ਸਰਕਾਰ ਪੱਖੀ ਕੈਨੇਡੀਅਨ ਗਰੁੱਪ ਮਲਿਕ ਦੀ ਮੋਦੀ ਨੂੰ ਲਿਖੀ ਚਿੱਠੀ ਦੀ ਹਮਾਇਤ ਵਿਚ ਡਟ ਗਏ ਸਨ। ਅਜਿਹੀ ਧੜੇਬੰਦੀ ਬਕਾਇਦਾ ਏਜੰਸੀਆਂ ਦੀ ਘਾੜਤ ਸੀ, ਜਿਸ ਵਿੱਚ ਮੋਦੀ ਸਰਕਾਰ ਪੱਖੀ ਭਾਰਤੀ ਮੀਡੀਆ ਅਤੇ ਉਸ ਦੇ ਹਮਾਇਤੀ ਕੈਨੇਡਾ ਦੇ ਖਾਸ ਵਰਗ ਨੇ ਪੁਰਜ਼ੋਰ ਸਰਗਰਮੀ ਭੂਮਿਕਾ ਨਿਭਾਈ ਸੀ।
ਇਸ ਦੀ ਪ੍ਰਤੱਖ ਮਿਸਾਲ ਉਸ ਵੇਲੇ ਸਾਹਮਣੇ ਆਉਂਦੀ ਹੈ ਜਦੋਂ ਰਿਪੁਦਮਨ ਸਿੰਘ ਮਲਿਕ ਦੀ ਹੱਤਿਆ ਤੋਂ ਕੁਝ ਘੰਟੇ ਬਾਅਦ ਹੀ, ਕੁਝ ਇੰਡੋ ਕਨੇਡੀਅਨ ਨਿਊਜ਼ ਅਦਾਰੇ ਸਰਕਾਰ ਪੱਖੀ ਖਾਸ ਬਿਰਤਾਂਤ ਘੜਨਾ ਸ਼ੁਰੂ ਕਰ ਦਿੰਦੇ ਹਨ ਕਿ ਮਲਿਕ ਦਾ ਕਤਲ ਉਸ ਵੱਲੋਂ ਮੋਦੀ ਦੀ ਹਮਾਇਤ ਵਿਚ ਲਿਖੇ ਪੱਤਰ ਕਾਰਨ ਹੋਇਆ ਹੈ। ਇੱਥੇ ਹੀ ਬਸ ਨਹੀਂ ਭਾਰਤ ਦੀਆਂ ਗੋਦੀ ਨਿਊਜ਼ ਏਜੰਸੀਆਂ ਸਰਕਾਰੀ ਏਜੰਸੀਆਂ ਦੇ ਦਿਸ਼ਾ ਨਿਰਦੇਸ਼ 'ਤੇ ਕੁਝ ਸਿੱਖਾਂ, ਵਿਸ਼ੇਸ਼ ਸਿੱਖ ਸੰਸਥਾਵਾਂ ਅਤੇ ਕੁਝ ਮੀਡੀਆ ਅਦਾਰਿਆਂ ਦਾ ਨਾਮ ਲਿਖ ਕੇ ਇਹ ਪ੍ਰਚਾਰਨਾ ਸ਼ੁਰੂ ਕਰ ਦਿੰਦੀਆਂ ਹਨ ਕਿ ਉਨ੍ਹਾਂ ਵੱਲੋਂ ਮਲਿਕ ਦੀ ਮੋਦੀ ਨੂੰ ਲਿਖੀ ਚਿੱਠੀ ਦੇ ਤਿੱਖੇ ਵਿਰੋਧ ਕਾਰਨ ਹੀ ਕਤਲ ਦਾ ਮਾਹੌਲ ਸਿਰਜਿਆ ਗਿਆ।
ਚਾਹੇ ਬ੍ਰਿਟਿਸ਼ ਕੋਲੰਬੀਆ ਦੀ ਕਤਲਾਂ ਦੀ ਜਾਂਚ ਕਰਨ ਵਾਲੀ ਪੁਲਿਸ ਏਜੰਸੀ ਵੱਲੋਂ ਮਲਿਕ ਦੀ ਹੱਤਿਆ ਦੇ ਮਾਮਲੇ 'ਚ ਸਾਰਿਆਂ ਨੂੰ, ਕਿਸੇ ਵੀ ਤਰ੍ਹਾਂ ਦੇ ਅੰਦਾਜ਼ੇ ਲਾਉਣ ਅਤੇ ਅਫਵਾਹ ਫੈਲਾਉਣ ਤੋਂ ਵਰਜਿਆ ਗਿਆ ਹੈ, ਪਰ ਇਸ ਦੇ ਬਾਵਜੂਦ ਭਾਰਤੀ ਮੀਡੀਆ ਦੇ ਵੱਡੇ ਹਿੱਸੇ ਅਤੇ ਏਜੰਸੀਆਂ ਵੱਲੋਂ ਮਲਿਕ ਦੀ ਮੋਦੀ ਦੀ ਹਮਾਇਤ ਵਿੱਚ ਚਿੱਠੀ ਲਿਖਣ ਨੂੰ ਲੈ ਕੇ, ਹੋਏ ਵਿਰੋਧ ਨੂੰ ਮਲਿਕ ਦੀ ਹੱਤਿਆ ਦੀ ਵਜ੍ਹਾ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੁਝ ਮੀਡੀਆ ਅਦਾਰਿਆਂ ਅਤੇ ਏਜੰਸੀਆਂ ਵਲੋਂ, 'ਮੀਡੀਆ ਟਰਾਇਲ' ਚਲਾ ਕੇ, ਮਲਿਕ ਵਿਰੋਧੀਆਂ 'ਤੇ ਕਤਲ ਲਈ ਉਂਗਲੀ ਉਠਾਉਂਦਿਆਂ, ਕੈਨੇਡਾ ਦੇ ਸਿੱਖਾਂ ਵਿੱਚ ਖਾਨਾਜੰਗੀ ਦਾ ਮਾਹੌਲ ਸਿਰਜਣ ਦੀਆਂ ਸਾਜ਼ਿਸ਼ਾਂ ਜ਼ੋਰਾਂ 'ਤੇ ਹਨ। ਗੁੰਮਰਾਹਕੁਨ ਪ੍ਰਚਾਰ ਅਤੇ ਫੈਲਾਈਆਂ ਜਾ ਰਹੀਆਂ ਅਫਵਾਹਾਂ ਦੇ ਮੱਦੇਨਜ਼ਰ, ਬ੍ਰਿਟਿਸ਼ ਕੋਲੰਬੀਆ ਦੀ ਗੁਰਦੁਆਰਾ ਸੰਸਥਾ 'ਬੀ ਸੀ ਸਿੱਖ ਕੌਂਸਲ' ਵੱਲੋਂ ਕੈਨੇਡਾ ਦੀ ਜਨਤਕ ਸੁਰੱਖਿਆ ਮਹਿਕਮੇ ਦੇ ਮੰਤਰੀ ਨੂੰ ਪੱਤਰ ਵਿੱਚ ਲਿਖਿਆ ਗਿਆ ਕਿ ਰਿਪੁਦਮਨ ਸਿੰਘ ਮਲਿਕ ਦੀ ਹਾਲ ਹੀ ਵਿੱਚ ਹੋਈ ਹੱਤਿਆ ਦੀ ਜਾਂਚ ਕੀਤੀ ਜਾਵੇ। ਬੀਸੀ ਸਿੱਖ ਕੌਂਸਲ ਵਲੋਂ ਲਿਖੇ ਪੱਤਰ ਅਨੁਸਾਰ 40 ਸਾਲਾਂ ਤੋਂ ਵੱਧ ਸਮੇਂ ਤੋਂ ਸਿੱਖ ਭਾਈਚਾਰੇ ਦੇ ਇੱਕ ਉੱਚ-ਪੱਧਰ ਦੇ ਮੈਂਬਰ ਵਜੋਂ, ਮਲਿਕ ਨੂੰ ਖਾਲਸਾ ਸਕੂਲ (3000 ਤੋਂ ਵੱਧ ਵਿਦਿਆਰਥੀਆਂ ਵਾਲੇ ਬ੍ਰਿਟਿਸ਼ ਕੋਲੰਬੀਆ ਵਿੱਚ ਸਭ ਤੋਂ ਵੱਡਾ ਪ੍ਰਾਈਵੇਟ ਸਕੂਲ) ਅਤੇ ਖਾਲਸਾ ਕ੍ਰੈਡਿਟ ਯੂਨੀਅਨ ਅਤੇ ਇਸ ਦੀਆਂ ਬਹੁਤ ਸਾਰੀਆਂ ਸ਼ਾਖਾਵਾਂ ਨੂੰ, ਇੱਕ ਭਾਈਚਾਰਕ ਕੇਂਦਰਿਤ ਬੈਂਕ ਵਜੋਂ ਸਥਾਪਤ ਕਰਨ ਵਿੱਚ, ਮਦਦ ਕਰਨ ਦਾ ਸਿਹਰਾ ਜਾਂਦਾ ਹੈ। ਸਿੱਖ ਭਾਈਚਾਰੇ ਦੇ ਅੰਦਰ ਅਤੇ ਇਸ ਤੋਂ ਬਾਹਰ ਦੇ ਇਹਨਾਂ ਯਤਨਾਂ ਨੇ, ਮਲਿਕ ਨੂੰ ਕਈ ਸਰਕਲਾਂ ਵਿੱਚ, ਇੱਕ ਜਾਣੇ-ਪਛਾਣੇ ਅਤੇ ਸਤਿਕਾਰਤ ਮੈਂਬਰ ਵਜੋਂ ਸਥਾਪਤ ਕੀਤਾ ਸੀ।
ਮੰਗ ਪੱਤਰ ਵਿਚ ਜ਼ਿਕਰ ਕੀਤਾ ਗਿਆ ਕਿ ਮਲਿਕ ਬਾਰੇ ਅਜਿਹੀ ਜਾਣਕਾਰੀ ਦਾ ਮਕਸਦ ਇਹ ਯਕੀਨੀ ਬਣਾਉਣ ਲਈ ਬੇਨਤੀ ਕਰਨਾ ਹੈ ਕਿ ਰਿਪੁਦਮਨ ਸਿੰਘ ਮਲਿਕ ਦੀ ਹੱਤਿਆ ਦੀ ਜਾਂਚ ਪੂਰੀ ਤਰ੍ਹਾਂ ਅਤੇ ਪਾਰਦਰਸ਼ੀ ਢੰਗ ਨਾਲ ਕੀਤੀ ਜਾਵੇ। ਇਸ ਵਿੱਚ ਭਾਰਤੀ ਖੁਫੀਆ ਏਜੰਸੀਆਂ ਦੀ ਸੰਭਾਵੀ ਸ਼ਮੂਲੀਅਤ ਦੀ ਜਾਂਚ ਵੀ ਸ਼ਾਮਲ ਹੋਵੇ।
ਫੌਰੀ ਅਪਰਾਧਿਕ ਜਾਂਚ ਤੋਂ ਇਲਾਵਾ, ਕੈਨੇਡੀਅਨ ਖੁਫੀਆ ਅਤੇ ਸੁਰੱਖਿਆ ਏਜੰਸੀਆਂ ਨੂੰ ਇਹ ਵੀ ਮੁਲਾਂਕਣ ਕਰਨਾ ਚਾਹੀਦਾ ਹੈ ਕਿ ਕੀ ਭਾਰਤੀ ਖੁਫੀਆ ਅਧਿਕਾਰੀਆਂ ਨੂੰ, ਅਪਰਾਧ ਬਾਰੇ ਕੋਈ ਪਹਿਲਾਂ ਤੋਂ ਜਾਣਕਾਰੀ ਸੀ ਅਤੇ ਕੀ ਅਜਿਹੀਆਂ ਏਜੰਸੀਆਂ ਜਾਂ ਵਿਦੇਸ਼ੀ ਕਰਿੰਦੇ, ਗੋਲੀਬਾਰੀ ਦੇ ਮੀਡੀਆ ਚਿੱਤਰਣ ਜਾਂ ਬਾਅਦ ਦੇ ਰਾਜਨੀਤਿਕ ਪ੍ਰਚਾਰ ਨੂੰ ਪ੍ਰਭਾਵਿਤ ਕਰਨ ਵਿੱਚ ਸ਼ਾਮਲ ਹਨ, ਜੋ ਕਿ ਦੇਸ਼ ਭਰ ਵਿੱਚ ਉਭਰ ਰਿਹਾ ਹੈ। ਜਨਤਕ ਖੇਤਰ ਦੇ ਸਰੋਤਾਂ ਦਾ ਵਿਸ਼ਲੇਸ਼ਣ ਕਰਦੇ ਹੋਏ, ਰਿਕਾਰਡ ਤੇ ਮਹੱਤਵਪੂਰਨ ਸਬੂਤ ਮੌਜੂਦ ਹਨ, ਜੋ ਇਹ ਸਥਾਪਿਤ ਕਰਦੇ ਹਨ ਕਿ ਭਾਰਤੀ ਅਧਿਕਾਰੀਆਂ ਅਤੇ ਖੁਫੀਆ ਕਾਰਜਕਰਤਾਵਾਂ ਨੇ, ਕਈ ਦਹਾਕਿਆਂ ਤੋਂ ਖਬਰਾਂ ਦੀ ਕਵਰੇਜ ਤਿਆਰ ਕਰਾਉਦਿਆਂ, ਮੀਡੀਆ ਆਊਟਲੇਟਾਂ ਨੂੰ ਆਪਣੀ ਰਿਪੋਰਟਿੰਗ ਨੂੰ ਪ੍ਰਭਾਵਿਤ ਕਰਨ ਲਈ ਰਿਸ਼ਵਤ ਦੀ ਪੇਸ਼ਕਸ਼ ਕੀਤੀ ਹੈ ਅਤੇ ਕਈ ਦਹਾਕਿਆਂ ਤੋਂ ਨਿਸ਼ਾਨਾ ਸਾਧਦਿਆਂ, ਇਸ ਨੂੰ ਹੋਰ ਵਧਾਇਆ ਹੈ। ਇਹ ਭਾਰਤੀ ਹਿੱਤਾਂ ਨੂੰ ਅੱਗੇ ਵਧਾਉਣ ਲਈ ਕੀਤਾ ਗਿਆ ਹੈ ਅਤੇ ਕੈਨੇਡਾ ਵਿੱਚ ਸਿੱਖ ਭਾਈਚਾਰੇ ਨੂੰ ਬਦਨਾਮ ਕਰਨ ਦੀ ਕੀਮਤ 'ਤੇ ਹੋਇਆ ਹੈ। 1988 ਦੀ ਗਲੋਬ ਐਂਡ ਮੇਲ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਭਾਰਤੀ ਖੁਫੀਆ ਏਜੰਟਾਂ ਨੇ 1980 ਦੇ ਦਹਾਕੇ ਤੋਂ ਹੀ ਇਸ ਮਕਸਦ ਨੂੰ ਅੱਗੇ ਵਧਾਉਣ ਲਈ, ਕੈਨੇਡਾ ਦੇ ਸਿੱਖ ਭਾਈਚਾਰੇ ਵਿੱਚ ਘੁਸਪੈਠ ਕਰਨ ਲਈ ਭੁਗਤਾਨ ਕੀਤੇ ਸਨ ਅਤੇ ਮੁਖਬਰਾਂ ਅਤੇ ਭੜਕਾਊ ਲੋਕਾਂ ਦਾ ਇੱਕ ਨੈਟਵਰਕ ਸਥਾਪਤ ਕੀਤਾ ਸੀ।
ਹਾਲ ਹੀ ਵਿੱਚ, ਕੈਨੇਡੀਅਨ ਸੰਸਦ ਦੀ ਰਾਸ਼ਟਰੀ ਸੁਰੱਖਿਆ ਅਤੇ ਖੁਫੀਆ ਕਮੇਟੀ (NSICOP) ਨੇ, ਵਿਦੇਸ਼ੀ ਦਖਲ ਨਾਲ ਸਬੰਧਤ ਕਈ ਰਿਪੋਰਟਾਂ ਪ੍ਰਕਾਸ਼ਿਤ ਕੀਤੀਆਂ ਹਨ। ਭਾਰਤ ਦੁਆਰਾ ਵਿਦੇਸ਼ੀ ਦਖਲਅੰਦਾਜ਼ੀ ਦੀਆਂ ਖੋਜਾਂ ਦੇ ਸਬੰਧ ਵਿੱਚ ਭਾਰੀ ਸੋਧ ਕੀਤੇ ਜਾਣ ਦੇ ਬਾਵਜੂਦ, ਇੱਕ 2018 ਦੀ ਰਿਪੋਰਟ ਵਿੱਚ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਭਾਰਤੀ ਸੰਚਾਲਕਾਂ ਨੇ ਇੱਕ ਖਾਸ ਬਿਰਤਾਂਤ ਨੂੰ ਵਧਾਉਣ ਲਈ ਚੱਲ ਰਹੀ ਮੁਹਿੰਮ ਦਾ ਆਯੋਜਨ ਕੀਤਾ, ਜਿਸ ਵਿੱਚ ਕੈਨੇਡਾ ਦੇ ਸਿੱਖ ਭਾਈਚਾਰੇ ਨੂੰ ਕੱਟੜਪੰਥੀ ਗਰਦਾਨਦੇ ਹੋਏ ਭਾਰਤੀ ਰਾਸ਼ਟਰੀ ਸੁਰੱਖਿਆ 'ਤੇ ਜ਼ੋਰ ਦਿੱਤਾ ਗਿਆ ਸੀ। ਰਾਸ਼ਟਰੀ ਸੁਰੱਖਿਆ ਅਤੇ ਖੁਫੀਆ ਸਲਾਹਕਾਰ, ਡੇਵਿਡ ਜੀਨ, ਨੇ ਵੀ ਰਿਕਾਰਡ ਵਿਚ ਸਪੱਸ਼ਟ ਤੌਰ 'ਤੇ ਦੱਸਿਆ ਕਿ ਭਾਰਤੀ ਖੁਫੀਆ ਆਪਰੇਟਿਵ, ਕੈਨੇਡੀਅਨ ਮੀਡੀਆ ਆਊਟਲੇਟਾਂ ਰਾਹੀਂ ਸਰਗਰਮੀ ਨਾਲ, ਝੂਠੇ ਬਿਰਤਾਂਤ ਘੜ ਰਹੇ ਸਨ ਅਤੇ ਪ੍ਰਚਾਰ ਰਹੇ ਸਨ।
ਏ ਬੀ ਬਨਾਮ ਕੈਨੇਡਾ (ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ), 2020 ਐਫ ਸੀ 461 ਵਿੱਚ ਫੈਡਰਲ ਕੋਰਟ ਆਫ਼ ਕਨੇਡਾ ਦੀਆਂ ਖੋਜਾਂ ਦੁਆਰਾ, ਇਸ ਦੀ ਹੋਰ ਪੁਸ਼ਟੀ ਕੀਤੀ ਗਈ ਹੈ, ਜਿਸ ਵਿੱਚ ਇਹ ਸਥਾਪਿਤ ਕੀਤਾ ਗਿਆ ਹੈ ਕਿ ਭਾਰਤੀ ਖੁਫੀਆ ਤੰਤਰ ਸਿੱਧੇ ਤੌਰ 'ਤੇ ਕਿਸੇ ਵਿਅਕਤੀ ਨੂੰ ਕੰਮ ਸੌਂਪ ਕੇ, ਕੈਨੇਡੀਅਨ ਚੋਣ ਪ੍ਰਕਿਰਿਆਵਾਂ, ਸਰਕਾਰੀ ਨੀਤੀ ਅਤੇ ਮੀਡੀਆ ਦੀ ਆਜ਼ਾਦੀ ਵਿੱਚ ਦਖਲਅੰਦਾਜ਼ੀ ਕਰਦਾ ਹੈ। ਭਾਰਤ ਸਰਕਾਰ ਦੀ ਤਰਫੋਂ ਕੈਨੇਡੀਅਨ ਸਰਕਾਰ ਦੇ ਨੁਮਾਇੰਦਿਆਂ ਅਤੇ ਏਜੰਸੀਆਂ ਨੂੰ ਗੁਪਤ ਰੂਪ ਵਿੱਚ ਪ੍ਰਭਾਵਿਤ ਕਰਨਾ ਇਸ ਬਿਰਤਾਂਤ ਦਾ ਉਦੇਸ਼ ਹੈ। ਇਹ ਨਾਪਾਕ ਗਤੀਵਿਧੀਆਂ, ਨਾ ਸਿਰਫ਼ ਕੈਨੇਡੀਅਨ ਸੰਸਥਾਵਾਂ ਨੂੰ ਕਮਜ਼ੋਰ ਕਰਦੀਆਂ ਹਨ ਅਤੇ ਸਰਕਾਰਾਂ ਨੂੰ ਦਬਾਏ ਜਾ ਰਹੇ ਭਾਈਚਾਰਿਆਂ ਨੂੰ ਹੋਰ ਦਬਾਉਣ ਲਈ ਰਾਜ਼ੀ ਕਰਕੇ, ਸਿੱਖਾਂ ਨੂੰ ਨਸਲੀ ਸਮੂਹ ਵਜੋਂ ਪਰਿਭਾਸ਼ਤ ਕਰਦੀਆਂ ਹਨ। ਇਸ ਤੋਂ ਵੀ ਅੱਗੇ ਜਨਤਕ ਮਾਨਤਾ ਦੀ ਘਾਟ, ਭਾਰਤੀ ਅਧਿਕਾਰੀਆਂ ਨੂੰ ਪੰਜਾਬ ਅਤੇ ਵਿਦੇਸ਼ਾਂ ਵਿੱਚ, ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਜਾਰੀ ਰੱਖਣ ਲਈ ਵੀ ਉਤਸ਼ਾਹਿਤ ਕਰਦੀਆਂ ਹਨ। ਗਲੋਬਲ ਭਾਈਚਾਰਕ ਸਰਗਰਮੀ ਵਜੋਂ ਵਿਦੇਸ਼ਾਂ ਵਿੱਚ ਸਿੱਖ ਕਾਰਕੁਨਾਂ ਵਿਰੁੱਧ ਚੱਲ ਰਿਹਾ ਅਪਰਾਧੀਕਰਨ, ਭਾਰਤ ਦੇ ਘਰੇਲੂ ਤੌਰ 'ਤੇ ਅਸਹਿਮਤੀ ਵਾਲੇ ਅਪਰਾਧੀਕਰਨ ਦਾ ਅਤੇ ਇਸਦੀ ਵਿਦੇਸ਼ੀ ਦਖਲਅੰਦਾਜ਼ੀ ਅਤੇ ਜਾਸੂਸੀ ਦਾ, ਵਿਸਤਾਰ ਹੈ। ਮੰਗ ਪੱਤਰ ਵਿਚ ਕਿਹਾ ਗਿਆ ਕਿ ਪਬਲਿਕ ਸੇਫਟੀ ਮੰਤਰੀ ਹੋਣ ਦੇ ਨਾਤੇ, ਇਹ ਜ਼ਰੂਰੀ ਹੈ ਕਿ ਰਿਪੁਦਮਨ ਸਿੰਘ ਮਲਿਕ ਦੇ ਕਤਲ ਅਤੇ ਇਸ ਤੋਂ ਅੱਗੇ ਦੇ ਸਬੰਧ ਵਿੱਚ, ਇਹਨਾਂ ਗਤੀਵਿਧੀਆਂ ਦੀ ਪੂਰੀ ਪਾਰਦਰਸ਼ੀ ਢੰਗ ਨਾਲ ਜਾਂਚ ਕਰੋ। ਅਜਿਹੀ ਜਾਂਚ ਦੇ ਨਤੀਜਿਆਂ ਨੂੰ ਅੱਗੇ ਜਨਤਕ ਕੀਤਾ ਜਾਣਾ ਚਾਹੀਦਾ ਹੈ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੈਨੇਡਾ ਦੇ ਸਾਰੇ ਭਾਈਚਾਰਿਆਂ ਨੂੰ, ਕੈਨੇਡਾ ਦੀਆਂ ਸਿਆਸੀ ਸੰਸਥਾਵਾਂ ਅਤੇ ਪੱਤਰਕਾਰੀ ਦੀ ਆਜ਼ਾਦੀ ਨੂੰ, ਕਮਜ਼ੋਰ ਕਰਨ ਦੀਆਂ ਇਨ੍ਹਾਂ ਗੈਰ-ਕਾਨੂੰਨੀ ਕੋਸ਼ਿਸ਼ਾਂ ਤੋਂ ਸੁਰੱਖਿਅਤ ਰੱਖਿਆ ਗਿਆ ਹੈ।
ਹੈਰਾਨੀ ਇਸ ਗੱਲ ਦੀ ਹੈ ਕਿ ਕਤਲ ਕੈਨੇਡਾ ਵਿਚ ਹੋਇਆ ਤੇ ਮੀਡੀਆ ਟਰਾਇਲ ਭਾਰਤ ਵਿੱਚ ਚੱਲਿਆ, ਉਹ ਵੀ ਮੀਡੀਆ ਦੇ ਇਕ ਖਾਸ ਹਿੱਸੇ ਵੱਲੋਂ, ਜਿਹੜੇ ਸਰਕਾਰ ਦੀ ਹਰ ਨੀਤੀ ਦੇ ਗੁੱਡੇ ਬਣਦੇ ਹੋਣ। ਦੂਜੇ ਪਾਸੇ ਗੋਦੀ ਮੀਡੀਆ ਤੇ ਉਸ ਦੇ ਹਮਾਇਤੀ ਕੈਨੇਡੀਅਨ ਅਦਾਰਿਆਂ ਵੱਲੋਂ ਜਿਨ੍ਹਾਂ ਲੋਕਾਂ 'ਤੇ ਉਂਗਲ ਉਠਾਈ ਜਾ ਰਹੀ ਹੈ, ਉਹ ਉਹੀ ਵਿਅਕਤੀ ਹਨ, ਜਿਹੜੇ ਪਿਛਲੇ ਲੰਮੇ ਸਮੇਂ ਤੋਂ ਭਾਰਤੀ ਜੇਲ੍ਹਾਂ 'ਚ ਬੰਦ ਚਿੰਤਕਾਂ ਪ੍ਰੋਫੈਸਰ ਜੀ ਐਨ ਸਾਈ ਬਾਬਾ, ਪ੍ਰੋਫ਼ੈਸਰ ਵਾਰਵਰਾ ਰਾਓ, ਗੌਤਮ ਨਵਲੱਖਾ, ਆਨੰਦ ਤੇਲਤੁੰਬੜੇ ਅਤੇ ਮਨੁੱਖੀ ਅਧਿਕਾਰਾਂ ਦੀ ਕਾਰਕੁਨ ਤੀਸਤਾ ਸੀਤਲਵਾੜ ਆਦਿ ਦੀ ਰਿਹਾਈ ਦੀ ਲਗਾਤਾਰ ਮੰਗ ਕਰਨ ਲਈ ਰੋਸ ਪ੍ਰਗਟਾਵੇ ਕਰਦੇ ਹਨ। ਇਹ ਉਹੀ ਅਦਾਰੇ ਹਨ, ਜਿਨ੍ਹਾਂ ਗੌਰੀ ਲੰਕੇਸ਼ ਵਰਗੇ ਪੱਤਰਕਾਰ ਦੇ ਕਤਲ ਤੋਂ ਬਾਅਦ, ਕੈਨੇਡਾ ਦੀ ਧਰਤੀ ਤੋਂ ਉਸ ਦੇ ਹੱਕ ਵਿਚ ਐਲਾਨਨਾਮਾ ਜਾਰੀ ਕਰਵਾ ਕੇ, ਭਾਰਤ ਵਿਚ ਚੱਲ ਰਹੇ ਹਿੰਦੂਤਵੀ ਏਜੰਡੇ ਅਤੇ ਨਫ਼ਰਤੀ ਮਾਹੌਲ ਦਾ ਵਿਰੋਧ ਕਰ ਰਹੇ ਹਨ। ਇਹ ਉਹੀ ਸੰਸਥਾਵਾਂ ਹਨ, ਜਿਹੜੀਆਂ ਜੇਲ੍ਹਾਂ 'ਚ ਉਮਰ ਕੈਦ ਦੀਆਂ ਸਜ਼ਾਵਾਂ ਭੋਗ ਚੁੱਕੇ ਸਿੰਘਾਂ ਦੀ ਰਿਹਾਈ ਲਈ ਲਗਾਤਾਰ ਜੱਦੋਜਹਿਦ ਕਰ ਰਹੀਆਂ ਹਨ। ਇਹ ਉਹੀ ਲੋਕ ਹਨ, ਜਿਨ੍ਹਾਂ ਵਿੱਚ ਭਾਰਤ ਦੇ ਪ੍ਰਧਾਨਮੰਤਰੀ ਮੋਦੀ ਦੀ 2015 ਵਿਚ ਕੈਨੇਡਾ ਫੇਰੀ ਸਮੇਂ ਸ਼ਾਂਤਮਈ ਵਿਰੋਧ ਕਰਦਿਆਂ,ਮਨੁੱਖੀ ਅਧਿਕਾਰਾਂ ਦੇ ਹੋ ਰਹੇ ਘਾਣ ਨੂੰ ਰੋਕਣ ਦੀ ਮੰਗ ਕੀਤੀ ਸੀ।
ਦੂਜੇ ਪਾਸੇ ਜਿਹੜੇ ਉਸ ਵੇਲੇ ਨਰਿੰਦਰ ਮੋਦੀ ਦਾ ਸਵਾਗਤ ਕਰ ਰਹੇ ਸਨ ਅਤੇ ਉਸ ਨੂੰ ਸ਼ਾਂਤੀ ਦਾ ਮਸੀਹਾ ਕਰਾਰ ਦੇ ਰਹੇ ਸਨ, ਅੱਜ ਉਹੀ ਮਲਿਕ ਹੱਤਿਆ ਮਾਮਲੇ ਵਿੱਚ ਮਗਰਮੱਛ ਦੇ ਹੰਝੂ ਸੁੱਟ ਰਹੇ ਹਨ।
ਰਿਪੁਦਮਨ ਸਿੰਘ ਮਲਿਕ ਦੀ ਸੰਨ 2019 ਵਿਚ ਦਰਬਾਰ ਸਾਹਿਬ ਫੇਰੀ ਮੌਕੇ ਦੀ ਤਸਵੀਰ।
ਰਿਪੁਦਮਨ ਸਿੰਘ ਮਲਿਕ ਦੀ ਪਰਿਵਾਰ ਸਮੇਤ ਯਾਦਗਾਰੀ ਤਸਵੀਰ

"ਕੁਝ ਤੋਂ ਮਜਬੂਰੀਆਂ ਰਹੀ ਹੋਂਗੀ ਯੂੰ ਕੋਈ ਬੇਵਫ਼ਾ ਨਹੀਂ ਹੋਤਾ.." - ਡਾ ਗੁਰਵਿੰਦਰ ਸਿੰਘ

ਚੰਡੀਗੜ੍ਹ ਬਾਰੇ ਬੇਵਸੀ ਅਤੇ ਬੇਵਫਾਈ ਭਰਿਆ ਬੇਤੁਕਾ ਬਿਆਨ ਵਾਪਸ ਲੈਣ ਤੋਂ ਬਗੈਰ, ਬੇਚਾਰੇ ਭਗਵੰਤ ਮਾਨ ਜੀ, ਤੁਹਾਡੇ ਕੋਲ ਕੋਈ ਰਾਹ ਨਹੀਂ ਬਚਿਆ। ਮੁੱਖ ਮੰਤਰੀ ਹੁੰਦਿਆਂ ਵੀ ਕਿਹੜੀਆਂ ਮਜਬੂਰੀਆਂ ਕਾਰਨ ਬੇਵੱਸ ਹੋ ਕੇ ਪੰਜਾਬ ਨਾਲ ਬੇਵਫਾਈ ਕਰ ਰਹੇ ਹੋ, ਇਹ ਸਭ ਜਾਣਦੇ ਹਨ। ਤੁਹਾਡੀ ਬੇਵਫ਼ਾਈ ਤੋਂ ਇਉਂ ਲੱਗਣ ਲੱਗਿਆ ਹੈ ਕਿ ਅਮਿਤ ਸ਼ਾਹ ਤੋਂ ਹਰਿਆਣੇ ਲਈ ਚੰਡੀਗਡ਼੍ਹ 'ਚ ਹਾਈ ਕੋਰਟ ਬਣਾਉਣ ਦਾ ਬਿਆਨ ਦੁਆਇਆ ਹੀ ਤੁਹਾਡੇ ਆਗੂ ਕੇਜਰੀਵਾਲ ਨੇ ਹੈ। ਹੁਣ ਰਾਘਵ ਚੱਡੇ ਦੀ ਅਗਵਾਈ 'ਚ ਮੁੱਖ ਮੰਤਰੀ ਉਪਰ 'ਸੁਪਰ ਮੁੱਖ ਮੰਤਰੀ' ਵਾਲੀ ਟੀਮ ਬਣਾਉਣ ਵਾਲਾ ਗੈਰ- ਵਿਧਾਨਕ ਕਦਮ ਵੀ ਤੁਹਾਨੂੰ ਬਰਬਾਦ ਕਰੇਗਾ। ਪਹਿਲਿਆਂ ਸਿਆਸਤਦਾਨਾਂ ਕਾਂਗਰਸੀਆਂ, ਅਕਾਲੀਆਂ, ਭਾਜਪਾਈਆਂ ਅਤੇ ਹੋਰਨਾਂ ਦੀਆਂ ਬਦਨੀਤੀਆਂ ਕਰਕੇ ਪੰਜਾਬੀਆਂ ਨੇ ਤੁਹਾਨੂੰ ਬਲ ਬਖ਼ਸ਼ਿਆ ਸੀ, ਪਰ ਤੁਹਾਡਾ ਵੀ ਬਿਲਕੁਲ ਬੇੜਾ ਬਹਿ ਗਿਆ ਲੱਗਦਾ ਹੈ। ਤੁਸੀਂ ਪੰਜਾਬ ਯੂਨੀਵਰਸਿਟੀ ਕੇਂਦਰ ਤੋਂ ਤਾਂ ਕੀ ਬਚਾਉਣੀ ਹੈ, ਤੁਸੀਂ ਤਾਂ ਬਚਿਆ-ਖੁਚਿਆ ਵੀ ਭਿਖਾਰੀਆਂ ਵਾਂਗ ਕੇਂਦਰ ਤੋਂ ਮੰਗ ਰਹੇ ਹੋ। ਬਲਕਿ ਆਪਣੇ ਹੱਥੀਂ ਲੁਟਾ ਰਹੇ ਹੋ, ਇਹ ਕਹਿ ਕੇ ਕਿ 'ਸਾਡੇ ਸਾਰੇ ਘਰ 'ਚੋਂ ਸਾਨੂੰ ਹਿੱਸਾ ਦੇ ਦਿਓ'। ਵਾਹ ਭਗਵੰਤ ਸਿਹਾਂ! ਕੀਹਨੂੰ ਪੁੱਛ ਕੇ ਇਹ ਬਿਆਨ ਦਿੱਤਾ ਤੁਸੀਂ? ਕੀ ਹੱਕ ਹੈ ਤੁਹਾਨੂੰ ਚੰਡੀਗਡ਼੍ਹ ਦੇ ਨਾਂ 'ਤੇ ਕੇਂਦਰ ਨਾਲ ਸਮਝੌਤਾ ਕਰਨ ਦਾ ? ਤੁਸੀਂ ਹਰਿਆਣੇ 'ਚ ਜਾਂ ਹੋਰ ਸੂਬੇ ਵਿਚ ਚੋਣਾਂ ਤਾਂ ਕੀ ਜਿੱਤਣੀਆਂ ਹਨ, ਪੰਜਾਬ ਵਿੱਚ ਵੀ ਆਪਣੀ ਹਸਤੀ ਖ਼ਤਮ ਕਰ ਲਵੋਗੇ ਅਤੇ ਇਸ ਦੇ ਜ਼ਿੰਮੇਵਾਰ ਤੁਸੀਂ ਖ਼ੁਦ ਹੋਵੋਗੇ! ਤੁਹਾਡੀ ਬੇਵਫ਼ਾਈ 'ਤੇ ਬਸ਼ੀਰ ਬਦਰ ਸਾਹਿਬ ਦਾ ਇਹ ਸ਼ੇਅਰ ਬਿਲਕੁਲ ਢੁਕਦਾ ਹੈ ਅਤੇ ਇਸ ਦਾ ਜਵਾਬ ਵੀ ਤੁਸੀਂ ਹੀ ਦੇ ਸਕਦੇ ਹੋ :
"ਕੁਛ ਤੋਂ ਮਜਬੂਰੀਆਂ ਰਹੀ ਹੋਂਗੀ
ਯੂੰ ਕੋਈ ਬੇਵਫ਼ਾ ਨਹੀਂ ਹੋਤਾ।"
ਹੁਣ ਵੇਖਣਾ ਇਹ ਹੈ ਕਿ ਤੁਹਾਡੇ ਸੋਹਲੇ ਗਾਉਣ ਵਾਲੇ ਲੇਖਕ, ਕਵੀ, ਕਲਾਕਾਰ ਆਦਿ ਤੁਹਾਡੇ ਬਦ-ਦਿਮਾਗੀ ਅਤੇ ਬੇਵਫਾਈ ਭਰੇ ਬਿਆਨ 'ਤੇ ਤੁਹਾਨੂੰ ਲਾਹਨਤਾਂ ਪਾਉਂਦੇ ਹਨ ਜਾਂ ਮੂੰਹ ਰੱਖ ਕੇ 'ਮੂਰਖ' ਹੀ ਸਾਬਤ ਹੁੰਦੇ ਹਨ। ਸੁਹਿਰਦ ਸੱਜਣ ਉਹ ਹੁੰਦਾ ਹੈ, ਜੋ ਤਬਾਹ ਹੋਣ ਤੋਂ ਪਹਿਲਾਂ ਸਾਵਧਾਨ ਕਰਦਿਆਂ ਆਖੇ ਕਿ ਬਚ ਜਾਓ ਜੇਕਰ ਬਚ ਸਕਦੇ ਹੋ। ਆਪਣੇ ਆਲੇ -ਦੁਆਲੇ ਤੋਂ ਬਚਣ ਦੀ ਵਧੇਰੇ ਲੋੜ ਹੈ। ਕਿਸੇ ਸ਼ਾਇਰ ਦੇ ਕਥਨ ਸੱਚ ਹਨ.. "ਰਾਸਤਾ ਕਾਟਤੀ ਬਿੱਲੀ ਕਾ ਸਬੱਬ ਮੱਤ ਪੂਛੋ, ਸਾਥ ਚਲਤੇ ਹੂਏ ਲੋਗੋਂ ਸੇ ਖਬਰਦਾਰ ਰਹੋ.."
ਆਖ਼ਰੀ ਮੌਕਾ ਹੈ! ਕੇਂਦਰ ਅੱਗੇ ਲੇਲ੍ਹੜੀਆਂ ਕੱਢਣ ਦੀ ਥਾਂ, ਸਿੱਧੇ ਹੋ ਕੇ ਟੱਕਰੋ ਤੇ ਇਹ ਕਹੋ ਕਿ ਚੰਡੀਗਡ਼੍ਹ ਵਿਚ ਹਰਿਆਣੇ ਲਈ ਵਿਧਾਨ ਸਭਾ ਦੀ ਥਾਂ ਦੇਣਾ ਬਿਲਕੁਲ ਗਲਤ ਹੈ। ਇਸ ਦੇ ਖ਼ਿਲਾਫ਼ ਆਵਾਜ਼ ਉਠਾਓ। ਆਪਣੇ ਹੀ ਘਰ ਦੇ ਦਰ ਮੂਹਰੇ, ਠੂਠਾ ਫੜ ਕੇ ਭੀਖ ਮੰਗਦੇ ਚੰਗੇ ਨਹੀਂ ਲੱਗਦੇ। ਚੰਡੀਗਡ਼੍ਹ ਪੰਜਾਬ ਦਾ ਸੀ, ਹੈ ਤੇ ਰਹੇਗਾ। ਚੰਡੀਗੜ੍ਹ ਬਾਰੇ ਤਾਂ ਸਾਡੇ ਲੋਕ ਅਖਾਣ ਵੀ ਬਣ ਚੁੱਕੇ ਹਨ, ਜੋ ਸ਼ਾਇਦ ਤੁਹਾਡੇ ਕੰਨਾਂ 'ਚ ਗੂੰਜਣ ਅਤੇ ਗ਼ਾਫਿਲ ਦੀ ਨੀਂਦ ਸੁੱਤਿਆਂ ਨੂੰ ਜਗਾ ਦੇਣ ...
"ਖਿੜਿਆ ਫੁੱਲ ਗੁਲਾਬ ਦਾ
ਚੰਡੀਗੜ੍ਹ ਪੰਜਾਬ ਦਾ.. "
ਡਾ ਗੁਰਵਿੰਦਰ ਸਿੰਘ

ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਅਤੇ ਖ਼ਾਲਸਾ ਰਾਜ  - ਡਾ. ਗੁਰਵਿੰਦਰ ਸਿੰਘ   

ਖਾਲਸਾ ਰਾਜ ਦੇ ਸੰਘਰਸ਼ ਦਾ ਮੁੱਢ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਦੇ ਸਿੱਖ ਇਨਕਲਾਬ ਨਾਲ ਬੱਝਦਾ ਹੈ, ਜਿਹਨਾਂ ਜਗੀਰਦਾਰੀ, ਰਜਵਾੜਾਸ਼ਾਹੀ ਦਾ ਬਰਜੂਆ ਢਾਂਚਾ ਤਬਾਹ ਕਰਕੇ, ਹਲਵਾਹਕਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ। ਇਹ ਇਤਿਹਾਸਕ ਤੱਥ ਹੈ ਕਿ ਫਰਾਂਸ ਦੇ ਇਨਕਲਾਬ ਤੋਂ ਸੱਤ ਦਹਾਕੇ ਪਹਿਲਾਂ ਅਤੇ ਰੂਸ ਦੀ ਕ੍ਰਾਂਤੀ ਤੋਂ ਕਰੀਬ ਦੋ ਸਦੀਆਂ ਪਹਿਲਾਂ, ਖਾਲਸਾ ਰਾਜ ਦੀ ਕਾਇਮੀ ਨਿਤਾਣਿਆਂ ਅਤੇ ਨਿਆਸਰਿਆਂ ਲਈ ਮਾਣ-ਤਾਣ ਅਤੇ ਓਟ-ਆਸਰਾ ਬਣੀ। ਵਿਸ਼ਵ ਦੇ ਇਤਿਹਾਸ ਵਿੱਚ ਖਾਲਸਾ ਰਾਜ ਪਹਿਲਾ ਚਾਨਣ-ਮੁਨਾਰਾ ਹੈ, ਜਿਸ ਨੇ ਕਿਰਤੀਆਂ- ਕਿਸਾਨਾਂ ਨੂੰ ਜ਼ਮੀਨਾਂ ਦੀ ਮਲਕੀਅਤ ਬਖਸ਼ ਕੇ, ਗੁਲਾਮੀ ਦੀ ਜੜ੍ਹ ਪੁੱਟੀ ਅਤੇ ਵਰਣ- ਆਸ਼ਰਮ ਅਤੇ ਜਾਤੀ ਵਿਵਸਥਾ ਖਤਮ ਕਰਕੇ ਸਾਂਝੀਵਾਲਤਾ ਦਾ ਸਮਾਜ ਗੁਰੂ ਸਿਧਾਂਤ ਅਨੁਸਾਰ ਸਿਰਜਿਆ। ਬਾਬਾ ਬੰਦਾ ਸਿੰਘ ਬਹਾਦਰ ਵਲੋਂ ਸਿਰਜੇ ਰਾਜ ਦਾ ਮੁਖ ਆਧਾਰ ਸੱਚੀ ਪਾਤਸ਼ਾਹੀ ਹੈ, ਜਿਸ ਨੂੰ 'ਬੇਗਮਪੁਰਾ ਤੇ ਹਲੇਮੀ ਰਾਜ' ਦਾ ਸਰੂਪ ਕਿਹਾ ਜਾ ਸਕਦਾ ਹੈ। ਪ੍ਰੋ. ਬਲਵਿੰਦਰ ਪਾਲ ਸਿੰਘ ਨੇ 'ਬਾਬਾ ਬੰਦਾ ਸਿੰਘ ਬਹਾਦਰ ਦਾ ਖਾਲਸਾ ਰਾਜ' ਵਿੱਚ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਇਤਿਹਾਸਕਾਰਾਂ ਵਲੋਂ ਪਾਏ ਭੁਲੇਖਿਆਂ ਨੂੰ ਖਤਮ ਕਰਨ ਦਾ, ਇਤਿਹਾਸਕ ਤੱਥਾਂ ਰਾਹੀਂ ਸ਼ਲਾਘਾਯੋਗ ਕਾਰਜ ਕੀਤਾ ਹੈ।
      ਦਰਅਸਲ ਬਾਬਾ ਬੰਦਾ ਸਿੰਘ ਬਹਾਦਰ ਦੀ ਕਿਰਦਾਰਕੁਸ਼ੀ ਕਰਨ  ਵਿਚ ਨਾ ਤਾਂ ਮੁਗਲੀਆ ਕਾਲ ਦੇ ਲੇਖਕਾਂ, ਨਾ ਅੰਗਰੇਜ਼ ਇਤਿਹਾਸਕਾਰਾਂ, ਨਾ ਹਿੰਦੂਤਵੀ ਸੋਚ ਦੇ ਧਾਰਨੀ ਲੇਖਕਾਂ ਅਤੇ ਨਾ ਹੀ ਕੁਝ ਸਿੱਖ ਲਿਖਾਰੀਆਂ ਨੇ ਕੋਈ ਕਸਰ ਬਾਕੀ ਛੱਡੀ ਹੈ। ਮਨੂੰਵਾਦੀ ਸੋਚ ਦੇ ਧਾਰਨੀ ਲੇਖਕ ਪਰਮਾਨੰਦ ਨੇ ਹਿੰਦੀ ਲਿਖਤ ‘ਬੀਰ ਵੈਰਾਗੀ’ ਰਾਹੀਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਹਿੰਦੂ ਵੈਰਾਗੀ ਕਰਾਰ ਦੇ ਕੇ, ਖਾਲਸਈ ਸਿਧਾਂਤਾਂ ਦੇ ਮੂਲ ਨਾਲੋਂ ਹੀ ਤੋੜਨ ਦੀ ਗਹਿਰੀ ਸਾਜ਼ਿਸ਼ ਰਚੀ। ਅੱਜ ਵੀ ਮਨੂੰਵਾਦੀਆਂ ਦਾ ਜ਼ੋਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਬੰਦਾ ਵੈਰਾਗੀ ਬਣਾਉਣ ਉੱਤੇ ਲੱਗਿਆ ਹੋਇਆ ਹੈ, ਜਦ ਕਿ ਅਸਲੀਅਤ ਵਿੱਚ ਉਹ ਮੀਰੀ ਤੇ ਪੀਰੀ ਦੇ ਸੁਮੇਲ ਵਿਚੋਂ, ਗੁਰੂ ਗੋਬਿੰਦ ਸਿੰਘ ਜੀ ਵਲੋਂ ਸਾਜਿਆ ਗਿਆ ਮੁਕੰਮਲ ਬੰਦਾ ਸੀ, ਜਿਸ ਨੂੰ ਖਾਲਸਾ ਰਾਜ ਦੇ ਉਸਰੱਈਏ ਦਾ ਰੁਤਬਾ ਦਿੱਤਾ ਜਾਂਦਾ ਹੈ। ਦੂਸਰੇ ਪਾਸੇ ਖਾਲਸਾ ਰਾਜ ਦੇ ਦੋਖੀਆਂ ਵਿੱਚ ਮੁਗਲ ਸਾਮਰਾਜ ਦਾ ਸਾਥ ਦੇ ਕੇ ਖੈਰਾਤਾਂ ਲੈਣ ਵਾਲੇ ਗੁਲਾਮਾਂ ਵਿੱਚ ਮਨੂੰਵਾਦੀ ਰਾਜਿਆਂ ਦੀ ਕਤਾਰ ਵੀ ਬਹੁਤ ਲੰਮੀ ਹੈ।
       ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਨੇ ਰਾਜਪੂਤ ਰਾਜਿਆਂ ਨੂੰ ਮੁਗਲ ਹਕੂਮਤ ਖਿਲਾਫ਼ ਗੱਠਜੋੜ ਲਈ ਸੱਦਾ ਦਿੱਤਾ ਸੀ, ਪਰ ਉਹਨਾਂ ਬਾਬਾ ਬੰਦਾ ਸਿੰਘ ਬਹਾਦਰ ਨਾਲ ਗੱਦਾਰੀ ਕਰਕੇ ਅਤੇ ਮੁਗਲ ਸਾਮਰਾਜ ਦਾ ਸਾਥ ਦੇ ਕੇ ਉਹੀ ਇਤਿਹਾਸ ਦੁਹਰਾਇਆ, ਜੋ ਗੁਰੂ ਗੋਬਿੰਦ ਸਿੰਘ ਜੀ ਸਮੇਂ ਪਹਾੜੀ ਰਾਜਿਆਂ ਨੇ ਮੱਕਾਰੀ ਤੇ ਗੱਦਾਰੀ ਕਰਦਿਆਂ, ਮੁਗਲਾਂ ਨਾਲ ਮਿਲ ਕੇ, ਗੁਰੂ ਸਾਹਿਬ ਖਿਲਾਫ਼ ਜੰਗਾਂ ਲੜੀਆਂ ਸਨ। ਅੱਜ ਜੋ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਗੁਰੂ ਸਾਹਿਬ ਨੇ ਮੁਗਲਾਂ ਖਿਲਾਫ਼ 14 ਜੰਗਾਂ ਲੜੀਆਂ, ਇਹ ਤੱਥਹੀਣ ਅਤੇ ਬੇਬੁਨਿਆਦ ਹੈ। ਅਸਲੀਅਤ ਵਿੱਚ ਦਸਵੇਂ ਪਾਤਸ਼ਾਹ ਦੀਆਂ ਵਧੇਰੇ ਜੰਗਾਂ ਪਹਾੜੀ ਰਾਜਿਆਂ ਖਿਲਾਫ਼ ਸਨ, ਜਦ ਕਿ ਆਖਰੀ ਵੱਡੀ ਜੰਗ ਵਿੱਚ ਵੀ ਮੁਗਲਾਂ ਨਾਲ ਪਹਾੜੀ ਰਾਜੇ ਸ਼ਾਮਿਲ ਸਨ। ਬਾਬਾ ਬੰਦਾ ਸਿੰਘ ਬਹਾਦਰ ਖਿਲਾਫ਼ ਦਿੱਲੀ ਤਖ਼ਤ ਨਾਲ ਮਿਲ ਕੇ ਸਾਜ਼ਿਸਾਂ ਗੁੰਦਣ ਵਾਲਿਆਂ ਵਿੱਚ ਜੈਪੁਰ ਦਾ ਰਾਜਾ ਅਜੀਤ ਸਿਹੁੰ, ਜੋਧਪੁਰ ਦਾ ਰਾਜਾ ਜੈ ਸਿਹੁੰ, ਗੜ੍ਹਵਾਲ ਦਾ ਰਾਜਾ ਫਤਹਿ ਸਿਹੁੰ, ਉਦੈਪੁਰ ਦਾ ਰਾਜਾ ਅਮਰ ਸਿਹੁੰ, ਜੰਮੂ ਦਾ ਜਗੀਰਦਾਰ ਧਰੁਵ ਦੇਵ, ਕਮਾਉਂ ਦਾ ਰਾਜਾ ਬਾਜ ਬਹਾਦਰ ਚੰਦ, ਛਤਰਵਾਲ ਦਾ ਰਾਜਾ ਉਦਿਤ ਸਿਹੁੰ ਬੁਦੇਲਾ ਆਦਿ ਵੱਡੀ ਗਿਣਤੀ ਵਿੱਚ ਸ਼ਾਮਿਲ ਸਨ। ਇਸ ਤੋਂ ਵੱਧ ਸਿਤਮਜ਼ਰੀਫੀ ਕੀ ਹੋਵੇਗੀ ਕਿ ਮੁਗਲ ਬਾਦਸ਼ਾਹ ਫਰੁਖਸ਼ੀਅਰ ਤੋਂ ਖਿੱਲਤਾਂ ਤੇ ਜਗੀਰਾਂ ਲੈਣ ਲਈ ਕਮਾਉਂ ਦੇ ਹਿੰਦੂ ਰਾਜੇ ਬਾਜ ਬਹਾਦਰ ਚੰਦ ਨੇ ਸੈਂਕੜੇ ਸਿੰਘਾਂ ਦੇ ਸਿਰ ਕਤਲ ਕਰਕੇ, ਦਿੱਲੀ ਦਰਬਾਰ ਵਿੱਚ ਭੇਂਟ ਕੀਤੇ। ਰਾਜੇ ਉਦਿਤ ਸਿਹੁੰ ਬੁੰਦੇਲਾ ਨੇ ਸਿੰਘਾਂ ਦੇ ਸਿਰ ਕੱਟ ਕੇ ਤੋਹਫ਼ੇ ਵਜੋਂ ਮੁਗਲ ਬਾਦਸ਼ਾਹ ਨੂੰ ਦਿੱਤੇ। ਰਾਜੇ ਧਰੁਵ ਦੇਵ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਤਲ ਕਰਨ ਦੀ ਸਾਜ਼ਿਸ਼ ਰਚੀ।
    ਬਾਬਾ ਬੰਦਾ ਸਿੰਘ ਬਹਾਦਰ ਦਾ ਯੁੱਧ ਇਸਲਾਮ ਖਿਲਾਫ਼ ਨਹੀਂ ਸੀ, ਸਗੋਂ ਦਿੱਲੀ ਤਖ਼ਤ ਅਤੇ ਰਜਵਾੜਿਆਂ-ਜਗੀਰਦਾਰਾਂ ਖਿਲਾਫ਼ ਸੀ। ਇਹ ਸੱਚ ਹੈ  ਕਿ ਮੁਗਲ ਵਜ਼ੀਰ ਖਾਨ, ਜੋ ਕਿ ਸਰਹਿੰਦ ਦਾ ਸੂਬੇਦਾਰ ਸੀ, ਨੂੰ ਸਜ਼ਾ ਦੇ ਕੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾਈ ਸੀ, ਪਰ ਬਾਬਾ ਬੰਦਾ ਸਿੰਘ ਬਹਾਦਰ ਦੇ ਸਿੱਖ ਇਨਕਲਾਬ ਦਾ ਮਕਸਦ ਕੇਵਲ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਦਾ ਬਦਲਾ ਲੈਣਾ ਨਹੀਂ ਸੀ, ਸਗੋਂ ਜ਼ਾਲਮ ਮੁਗਲ ਸਾਮਰਾਜ ਦੀਆਂ ਜੜ੍ਹਾਂ ਪੁੱਟ ਕੇ ਲੋਕ-ਪੱਖੀ ਬਾਦਸ਼ਾਹਤ ਕਾਇਮ ਕਰਨਾ ਸੀ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਪੰਜ ਹਜ਼ਾਰ ਤੋਂ ਵੱਧ ਮੁਸਲਮਾਨ ਖ਼ਾਲਸਾ ਰਾਜ ਵਿੱਚ ਭਰਤੀ ਹੋਏ ਸਨ।
      ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਜ਼ੁਲਮ ਦੇ ਟਾਕਰੇ ਦੀ ਅਦੁੱਤੀ ਮਿਸਾਲ ਹੈ, ਜਿੱਥੇ ਉਹਨਾਂ ਹਜ਼ਾਰਾਂ ਜੁਝਾਰੂ ਸਿੱਖਾਂ, ਸਪੁਤਨੀ ਤੇ ਬਾਲ -ਸਪੁੱਤਰ ਸਮੇਤ, ਖਿੜੇ-ਮੱਥੇ ਸ਼ਹੀਦੀ ਪਾਈ। ਸਿੱਖ ਇਤਿਹਾਸ ਦੇ ਪੰਨਿਆਂ 'ਤੇ ਹਜ਼ਾਰਾਂ ਸਿੰਘ-ਸਿੰਘਣੀਆਂ ਦੇ ਸ਼ਹੀਦੀ ਜਲੂਸ ਦੀ ਇਹ ਸ਼ਾਨਾਮਤੀ ਮਿਸਾਲ ਸ਼ਹੀਦੀ ਘੱਲੂਘਾਰਾ ਹੀ ਤਾਂ ਹੈ, ਜਿੱਥੇ ਹਜ਼ਾਰਾਂ ਸਿੱਖਾਂ ਦੇ ਸਿਰਾਂ ਨਾਲ ਲੱਦੇ ਸੈਂਕੜੇ ਗੱਡੇ, ਦਿੱਲੀ ਦੇ ਬਜ਼ਾਰਾਂ ਵਿੱਚੋਂ ਗੁਜ਼ਰ ਰਹੇ ਸਨ ਅਤੇ ਪਿੱਛੇ ਬੇੜੀਆਂ ਜਕੜੇ ਸੈਂਕੜੇ ਸਿੰਘਾਂ ਸਮੇਤ ਬਾਬਾ ਬੰਦਾ ਸਿੰਘ ਬਹਾਦਰ ਤੇ ਉਹਨਾਂ ਦਾ ਪਰਿਵਾਰ ਲਿਜਾਇਆ ਜਾ ਰਿਹਾ ਸੀ। ਇਹ ਮਹਾਨ ਸਮੂਹਿਕ ਸ਼ਹਾਦਤ, ਸਿੱਖ ਤਵਾਰੀਖ਼ ਦਾ ਗੌਰਵਮਈ ਵਿਰਸਾ ਹੈ। ਦੁਖਦਾਈ ਗੱਲ ਇਹ ਹੈ ਕਿ ਕੁਝ ਪੁਰਾਤਨ ਸਿੱਖ ਲਿਖਾਰੀਆਂ ਦੀ ਗਲਤ-ਬਿਆਨੀ ਤੋਂ ਗ਼ਲਤ ਸੇਧ ਲੈਂਦਿਆਂ, ਵਰਤਮਾਨ ਸਮੇਂ ਦੇ ਕਈ ਇਤਿਹਾਸਕਾਰਾਂ ਨੇ ਵੀ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਨੂੰ ਛੁਟਿਆਉਣ ਦੀ ਇਤਿਹਾਸਕ ਗਲਤੀ ਕੀਤੀ ਹੈ। ਅਜਿਹੇ ਲੇਖਕਾਂ ਦੇ ਬੇਬੁਨਿਆਦ ਦਾਅਵਿਆਂ ਨੂੰ ਪ੍ਰਮਾਣਾਂ ਤੇ ਹਵਾਲਿਆਂ ਨਾਲ ਰੱਦ ਕਰਕੇ ਪ੍ਰੋ. ਬਲਵਿੰਦਰ ਪਾਲ ਸਿੰਘ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਮਹਾਨ ਸ਼ਹਾਦਤ ਨਾਲ ਇਨਸਾਫ਼ ਕਰਕੇ, ਆਪਣਾ ਨਾਂ ਪੰਥ-ਦਰਦੀ ਖੋਜਕਾਰਾਂ ਵਿੱਚ ਸ਼ਾਮਿਲ ਕਰ ਲਿਆ ਹੈ।
    ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਦਾ ਖ਼ਾਲਸਾ ਰਾਜ ਅਜਿਹਾ ਹਲੇਮੀ ਰਾਜ ਹੈ, ਜਿਸਦੀ ਲੋੜ ਅੱਜ ਦੁਨੀਆਂ ਦੇ ਹਰ ਖਿੱਤੇ ਵਿੱਚ ਭਾਸਦੀ ਹੈ। ਖਾਲਸਾ ਰਾਜ ਦੀਆਂ ਬਰਕਤਾਂ ਦਾ ਸੱਚਾ-ਸੁੱਚਾ ਇਤਿਹਾਸ ਜਿਉਂ-ਜਿਉਂ ਸਹੀ ਸਰੂਪ ਵਿੱਚ ਸੰਸਾਰ ਸਾਹਮਣੇ ਉਜਾਗਰ ਹੋਵੇਗਾ, ਤਿਉਂ ਤਿਉਂ ਦੁਨੀਆਂ ਨੂੰ ਗਿਆਨ ਤੇ ਸੇਧ ਮਿਲੇਗੀ ਕਿ ਰੰਗ, ਨਸਲ, ਲਿੰਗ, ਫ਼ਿਰਕੇ, ਵਰਣ-ਵੰਡ ਅਤੇ ਅਮੀਰ-ਗਰੀਬ ਦੇ ਪਾੜੇ ਤੋਂ ਮੁਕਤ, ਬੇਗਮਪੁਰੇ ਦੇ ਵਾਸੀ ਬਣਨ ਲਈ ਹਰ ਥਾਂ ਖ਼ਾਲਸਾ ਰਾਜ ਦੀ ਜ਼ਰੂਰਤ ਹੈ।

ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ 'ਤੇ ਪੁਸਤਕ ਰਿਲੀਜ਼ ਸਮਾਰੋਹ
12 ਜੂਨ ਦਿਨ ਐਤਵਾਰ ਨੂੰ ਸਰੀ 'ਚ
-------------------------------
ਸਰੀ: ਖ਼ਾਲਸਾ ਰਾਜ ਦੇ ਉਸਰੱਈਏ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ 'ਤੇ ਗਿਆਨੀ ਦਿਤ ਸਿੰਘ ਸਭਾ ਕੈਨੇਡਾ ਵਲੋਂ, ਸਰੀ ਸਥਿਤ ਗੁਰਦੁਆਰਾ ਸਾਹਿਬ  ਦਸ਼ਮੇਸ਼ ਦਰਬਾਰ ਸਾਹਿਬ ਵਿਖੇ ਪ੍ਰੋ ਬਲਵਿੰਦਰਪਾਲ ਸਿੰਘ ਦੁਆਰਾ ਰਚਿਤ ਪੁਸਤਕ 'ਬਾਬਾ ਬੰਦਾ ਸਿੰਘ ਬਹਾਦਰ ਦਾ ਖਾਲਸਾ ਰਾਜ', 12 ਜੂਨ ਨੂੰ ਦਿਨ ਸਮਾਂ ਸਵੇਰੇ 11ਵਜੇ ਐਤਵਾਰ ਨੂੰ ਲੋਕ ਅਰਪਿਤ ਕੀਤੀ ਜਾਏਗੀ। ਇਸ ਮੌਕੇ 'ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਅਤੇ ਪੁਸਤਕ ਬਾਰੇ ਵਿਦਵਾਨ ਚਰਚਾ ਵੀ ਕਰਨਗੇ। ਪੁਸਤਕ ਇਥੋਂ ਹੀ ਪ੍ਰਾਪਤ ਹੋ ਸਕਦੀ ਹੈ। ਵਧੇਰੇ ਜਾਣਕਾਰੀ ਲਈ ਫੋਨ ਨੰਬਰ 778 -998-5733, 604 825 1550 ਜਾਂ 604 594 2574 'ਤੇ ਸੰਪਰਕ ਕੀਤਾ ਜਾ ਸਕਦਾ ਹੈ

4 ਜੂਨ: ਭਗਤ ਜੀ ਦੇ ਜਨਮ ਦਿਨ ਅਤੇ ਦਰਬਾਰ ਸਾਹਿਬ ਦੇ ਸ਼ਹੀਦੀ ਘੱਲੂਘਾਰੇ ''ਤੇ ਵਿਸ਼ੇਸ਼: ਡਾ. ਗੁਰਵਿੰਦਰ ਸਿੰਘ

ਦਰਬਾਰ ਸਾਹਿਬ 'ਤੇ ਹਮਲੇ ਦੇ ਰੋਸ ਵਜੋਂ ਭਗਤ ਪੂਰਨ ਸਿੰਘ ਵੱਲੋਂ 'ਪਦਮਸ਼੍ਰੀ' ਦੀ ਵਾਪਸੀ ਅਤੇ ਭਾਰਤ ਦੇ ਰਾਸ਼ਟਰਪਤੀ ਦੇ ਨਾਂ ਖ਼ਤ  
ਸਰਬੱਤ ਦੇ ਭਲੇ ਅਤੇ ਸੇਵਾ ਨੂੰ ਸਮਰਪਿਤ ਮਹਾਨ ਸ਼ਖ਼ਸੀਅਤ ਭਗਤ ਪੂਰਨ ਸਿੰਘ ਜੀ ਦਾ ਜਨਮ ਦਿੱਤਾ 4 ਜੂਨ 1904 ਨੂੰ ਜ਼ਿਲ੍ਹਾ ਲੁਧਿਆਣਾ 'ਚ ਪੈਂਦੇ ਪਿੰਡ ਰਾਜੇਵਾਲ ਤਹਿਸੀਲ ਸਮਰਾਲਾ ਵਿਖੇ, ਮਾਤਾ ਮਹਿਤਾਬ ਕੌਰ ਜੀ ਦੀ ਕੁੱਖੋਂ ਭਾਈ ਛਿੱਬੂ ਮੱਲ ਦੇ ਘਰ ਹੋਇਆ। ਸਿੱਖੀ ਸੇਵਾ ਨੂੰ ਪ੍ਰੇਰਿਤ ਮਾਤਾ ਜੀ ਦੀ ਸੇਵਾ ਭਾਵਨਾ ਅਤੇ ਗੁਰਬਾਣੀ ਪ੍ਰੇਮ ਨੇ ਜੀਵਨ ਵਿੱਚ ਵੱਡੀ ਤਬਦੀਲੀ ਲਿਆਂਦੀ ਅਤੇ ਰਾਮ ਜੀ ਦਾਸ ਅੰਮ੍ਰਿਤ ਛਕ ਕੇ 'ਪੂਰਨ ਸਿੰਘ' ਬਣੇ। ਆਪ ਜੀ ਨੇ ਗੁਰਦੁਆਰਾ ਡੇਹਰਾ ਲਾਹੌਰ ਅਣਥੱਕ ਸੇਵਾ ਕੀਤੀ। ਦੇਸ਼ ਦੀ ਵੰਡ ਸਮੇਂ ਰੰਗ ਨਸਲ ਧਰਮ ਜਾਤ ਤੋਂ ਉੱਪਰ ਉੱਠ ਕੇ, ਪੀੜਤਾਂ ਦਾ ਆਸਰਾ ਬਣੇ। ਆਪ ਪੰਜਾਬੀ ਤੇ ਅੰਗਰੇਜ਼ੀ ਸਮੇਤ ਵੱਖ- ਵੱਖ ਭਾਸ਼ਾਵਾਂ ਦੇ ਮਾਹਰ ਸਨ ਅਤੇ ਕੁਦਰਤ ਦੀ ਸੇਵਾ ਸੰਭਾਲ, ਪ੍ਰਦੂਸ਼ਣ ਦੇ ਖਾਤਮੇ, ਗਰੀਬੀ, ਭੁੱਖਮਰੀ ਅਤੇ ਅਨਪੜ੍ਹਤਾ ਵਰਗੇ ਗੰਭੀਰ ਮਸਲਿਆਂ 'ਤੇ ਲਗਾਤਾਰ ਲਿਖਦੇ ਰਹਿੰਦੇ ਸਨ। ਆਪਣੇ ਜੀਵਨ ਦੇ ਆਖਰੀ ਪਲ ਤੱਕ ਸਰਬੱਤ ਦੀ ਸੇਵਾ ਨੂੰ ਹੀ ਪ੍ਰਚਾਰਿਆ।
ਭਗਤ ਜੀ ਨੇ ਪਿੰਗਲਵਾੜਾ ਸੰਸਥਾ ਸੰਨ 1958 ਵਿੱਚ ਆਰੰਭ ਕੀਤੀ ਸੀ ਤੇ ਅੱਜਕਲ ਡਾਕਟਰ ਇੰਦਰਜੀਤ ਕੌਰ ਇਸ ਦੀ ਅਗਵਾਈ ਕਰ ਰਹੇ ਹਨ। ਦਰਬਾਰ ਸਾਹਿਬ ਦੇ ਬਿਲਕੁਲ ਨੇੜੇ ਸਥਿਤ ਪਿੰਗਲਵਾੜਾ ਅੰਮ੍ਰਿਤਸਰ ਤੋਂ ਇਲਾਵਾ ਮਾਨਾਂਵਾਲਾ, ਗੋਇੰਦਵਾਲ, ਪਲਸੌਰਾ, ਸੰਗਰੂਰ ਜਲੰਧਰ ਅਤੇ ਵੱਖ- ਵੱਖ ਹਿੱਸਿਆਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲਾਵਾਰਸ ਬੱਚਿਆਂ, ਔਰਤਾਂ- ਮਰਦਾਂ ਦੀ ਸੇਵਾ ਕੀਤੀ ਜਾਂਦੀ ਹੈ। ਭਗਤ ਪੂਰਨ ਸਿੰਘ ਦੀ ਦੇਣ ਨੋਬਲ ਪੁਰਸਕਾਰ ਨਾਲ ਸਨਮਾਨਿਤ ਮਦਰ ਟਰੇਸਾ ਤੋਂ ਵੀ ਵਧੇਰੇ ਰਹੀ ਹੈ। ਉਨ੍ਹਾਂ ਯਤੀਮ ਬੱਚਿਆਂ ਨੂੰ ਉਨ੍ਹਾਂ ਦੇ ਹੀ ਧਰਮ ਅਤੇ ਅਕੀਦੇ ਅਨੁਸਾਰ ਪਾਲਿਆ- ਪਲੋਸਿਆ। ਭਗਤ ਜੀ ਅਕਸਰ ਕਿਹਾ ਜਾ ਕਰਦੇ ਸਨ ਕਿ ਦਰਬਾਰ ਸਾਹਿਬ ਵਿੱਚ ਸੰਗਤਾਂ ਦੀ ਚਰਨ-ਧੂੜ ਉਨ੍ਹਾਂ ਨੂੰ ਅਨੇਕਾਂ ਨੋਬਲ ਪੁਰਸਕਾਰਾਂ ਤੋਂ ਉੱਤਮ ਜਾਪਦੀ ਹੈ। ਮਨੁੱਖੀ ਸੇਵਾ ਸਰਬੱਤ ਦੇ ਭਲੇ ਅਤੇ ਪ੍ਰਕਿਰਤੀ ਦੀ ਸੰਭਾਲ ਨੂੰ ਸਮਰਪਿਤ ਹੁੰਦੇ ਹੋਏ 5 ਅਗਸਤ 1992 ਨੂੰ ਆਪ ਸਦੀਵੀ ਵਿਛੋੜਾ ਦੇ ਗਏ।
ਸੰਨ 1981 ਵਿੱਚ ਭਾਰਤ ਸਰਕਾਰ ਵੱਲੋਂ ਆਪ ਨੂੰ ਪਦਮ ਸ੍ਰੀ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ ਸੀ, ਪਰ ਇਹ ਪੁਰਸਕਾਰ ਉਨ੍ਹਾਂ ਜੋ ਦਰਬਾਰ ਸਾਹਿਬ 'ਤੇ ਭਾਰਤੀ ਫੌਜ ਦੇ ਹਮਲੇ ਦੇ ਰੋਸ ਵਜੋਂ ਵਾਪਸ ਮੋੜ ਦਿੱਤਾ ਸੀ ਅਤੇ ਭਾਰਤ ਦੇ ਰਾਸ਼ਟਰਪਤੀ ਨੂੰ ਬੇਹੱਦ ਰੋਸ ਭਰਪੂਰ ਖਤ ਲਿਖ ਕੇ, ਆਪਣੇ ਮਨ ਦੇ ਵਲਵਲੇ ਸਾਂਝੇ ਕੀਤੇ ਸਨ। ਅਜਿਹਾ ਕਰਨ 'ਚ ਉਨ੍ਹਾਂ ਕੋਈ ਜਲਦਬਾਜ਼ੀ ਨਹੀਂ ਸੀ ਕੀਤੀ ਅਤੇ ਜੂਨ 1984 ਤੋਂ ਲੈ ਕੇ ਸਤੰਬਰ 1984 ਤੱਕ ਸਾਰੀਆਂ ਧਿਰਾਂ, ਸਾਰੀਆਂ ਅਫ਼ਵਾਹਾਂ ਅਤੇ ਸਾਰੇ ਤੱਥਾਂ 'ਤੇ ਖ਼ੁਦ ਖੋਜ ਕਰਕੇ ਮਨ ਬਣਾਇਆ ਸੀ। ਭਗਤ ਪੂਰਨ ਸਿੰਘ ਉਹ ਵਿਅਕਤੀ ਸਨ, ਜੋ ਲਗਾਤਾਰ ਦਰਬਾਰ ਸਾਹਿਬ ਜਾਂਦੇ ਸਨ ਅਤੇ ਉੱਥੇ ਹੋਏ ਫ਼ੌਜੀ ਹਮਲੇ ਦੇ ਬਾਰੇ ਦਰਦ ਕਹਾਣੀਆਂ ਸੁਣ ਕੇ ਪਸੀਜੇ ਜਾਇਆ ਕਰਦੇ ਸਨ। ਜੂਨ 1984 ਦੇ ਸ਼ਹੀਦੀ ਘੱਲੂਘਾਰੇ ਵੇਲੇ ਭਾਰਤ ਸਰਕਾਰ ਦੇ ਜ਼ੁਲਮ- ਸਿਤਮ ਬਾਰੇ ਜੋ ਖਤ ਆਪ ਨੇ ਰਾਸ਼ਟਰਪਤੀ ਨੂੰ ਲਿਖਿਆ ਉਹ ਇਤਿਹਾਸਕ ਦਸਤਾਵੇਜ਼ ਹੈ। ਹੇਠਾਂ ਅੰਗਰੇਜ਼ੀ ਤੇ ਪੰਜਾਬੀ 'ਚ ਚਿੱਠੀ ਪੜ੍ਹੀ ਜਾ ਸਕਦੀ ਹੈ।
‘ਪਦਮ ਸ਼੍ਰੀ’ ਦੀ ਵਾਪਸੀ
ਸੇਵਾ ਵਿਖੇ
ਰਾਸ਼ਟਰਪਤੀ ਭਾਰਤ,
ਰਾਸ਼ਟਰਪਤੀ ਭਵਨ,
ਦਿੱਲੀ।
ਵਿਸ਼ਾ: ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ’ਤੇ ਹੋਈ ਇਨਸਾਨੀਅਤ ਤੋਂ ਗਿਰੀ ਫੌਜੀ ਕਾਰਵਾਈ ਵਿਰੁਧ ਰੋਸ ਵਜੋਂ “ਪਦਮ ਸ਼੍ਰੀ” ਐਵਾਰਡ ਦਾ ਮੋੜਿਆ ਜਾਣਾ।
ਸ੍ਰੀ ਮਾਨ ਜੀ,
ਬੇਨਤੀ ਹੈ ਕਿ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਫੌਜ ਨੂੰ ਕਾਰਵਾਈ ਲਈ ਭੇਜਿਆ ਜਾਣਾ ਕਿੰਨੇ ਹੀ ਦੁਖਦਾਈ ਨਤੀਜੇ ਪੈਦਾ ਕਰ ਚੁੱਕਾ ਹੈ। ਉਸ ਫੌਜੀ ਕਾਰਵਾਈ ਦੇ ਨਤੀਜਿਆਂ ਤੋਂ ਸਿੱਖ ਜਗਤ ਤੜਫ ਉਠਿਆ ਹੈ। ਇਸ ਘਟਨਾ ਦਾ ਜੋ ਦੁਖਦਾਈ ਅਸਰ ਸ੍ਰੀ ਦਰਬਾਰ ਸਾਹਿਬ ਦੀ ਦਰਸ਼ਨੀ ਡਿਉਢੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ’ਤੇ ਪਿਆ ਹੈ ਉਹ ਆਪ ਨੇ ਦੇਖ ਹੀ ਲਿਆ ਹੈ। ਫੌਜੀਆਂ ਹੱਥੋਂ ਬਹੁਤ ਘਟਨਾਵਾਂ ਅਜਿਹੀਆਂ ਵਾਪਰੀਆਂ ਹਨ ਜਿਨ੍ਹਾਂ ਦਾ ਆਪ ਜੀ ਨੂੰ ਪਤਾ ਨਹੀਂ ਹੋ ਸਕਦਾ ਜੋ ਮੈਨੂੰ ਲੋਕਾਂ ਨੇ ਸੁਣਾਈਆਂ ਹਨ ਤੇ ਮੈਂ ਉਹਨਾਂ ਦੀ ਪੜਤਾਲ ਮਿਤੀ 9-9-84 ਤਕ ਕਰਦਾ ਰਿਹਾ ਹਾਂ। ਮੈਂ ਜਲਦੀ ਨਹੀਂ ਕੀਤੀ ਅਤੇ ਬੜੇ ਧੀਰਜ ਤੋਂ ਕੰਮ ਲਿਆ ਹੈ। ਉਹਨਾਂ ਵਿਚੋਂ ਮੈਂ ਕੁਝ ਘਟਨਾਵਾਂ ਬਿਆਨ ਕਰਦਾ ਹਾਂ:
1. ਸ੍ਰੀ ਦਰਬਾਰ ਸਾਹਿਬ ਦੇ ਇਕ ਗ੍ਰੰਥੀ ਨੂੰ ਫੌਜੀ ਸਿਪਾਹੀ ਪਰਿਵਾਰ ਸਮੇਤ ਗ੍ਰਿਫਤਾਰ ਕਰਕੇ ਲੈ ਗਏ ਅਤੇ ਉਸ ਪਰਿਵਾਰ ਨੂੰ ਉਹਨਾਂ ਨੇ ਸਾਰਾ ਦਿਨ ਭੁੱਖਾ ਪਿਆਸਾ ਰੱਖਿਆ। ਗ੍ਰੰਥੀ ਸਿੰਘ ਦੇ ਹੱਥਾਂ ’ਤੇ ਬੰਦੂਕ ਦੇ ਬੱਟ ਮਾਰ ਕੇ ਫੌਜੀਆਂ ਨੇ ਉਸ ਦੀ ਮਾਰ-ਕੁਟਾਈ ਕੀਤੀ। ਸ੍ਰੀ ਦਰਬਾਰ ਸਾਹਿਬ ਦੇ ਇਕ ਹੋਰ ਗ੍ਰੰਥੀ ਦੇ ਬੱਟ ਮਾਰੇ ਅਤੇ ਉਸ ਦੇ ਹੱਥਾਂ ਨੂੰ ਸੋਜਾਂ ਚਾੜ੍ਹੀਆਂ।
2. ਦਰਬਾਰ ਸਾਹਿਬ ਸਮੂਹ ਵਿਚ ਆਈਆਂ ਸੰਗਤਾਂ, ਇਸਤਰੀਆਂ ਮਰਦਾਂ ਤੇ ਬੱਚਿਆਂ ’ਤੇ ਇਸ ਤਰ੍ਹਾਂ ਗੋਲੀ ਚਲਾਈ ਜਾਂਦੀ ਰਹੀ ਹੈ ਜਿਸ ਤਰ੍ਹਾਂ ਜ਼ਹਰਿਲੀ ਦਵਾਈ ਦੀ ਪਿਚਕਾਰੀ ਨਾਲ ਮੱਛਰ ਮਾਰੀਦਾ ਹੈ।
3. ਜਿਹੜੇ ਯਾਤਰੂ ਸ੍ਰੀ ਦਰਬਾਰ ਸਾਹਿਬ ਤੇ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਮੰਗਲਵਾਰ ਨੂੰ 12 ਵਜੇ ਕੈਦ ਕੀਤੇ ਗਏ ਸਨ, ਉਹਨਾਂ ਨੂੰ ਪਾਣੀ ਨਾ ਦਿੱਤਾ ਗਿਆ, ਉਹਨਾਂ ਨੂੰ ਬੁੱਧਵਾਰ 30 ਘੰਟਿਆਂ ਪਿਛੋਂ ਸਿੱਖ ਫੌਜੀਆਂ ਨੇ ਪਾਣੀ ਦਿੱਤਾ। ਬੱਚਿਆਂ ਦੀਆਂ ਪਿਆਸ ਨਾਲ ਅੱਖਾਂ ਬਾਹਰ ਨਿਕਲ ਰਹੀਆਂ ਸਨ। ਬੀਬੀਆਂ ਨੇ ਪਸੀਨੇ ਪੂੰਝ ਕੇ ਬੱਚੀਆਂ ਦੇ ਮੂੰਹ ਗਿੱਲੇ ਕੀਤੇ। ਜੇ ਬੀਬੀਆਂ ਬੱਚਿਆਂ ਲਈ ਪਾਣੀ ਮੰਗਦੀਆਂ ਸਨ ਤਾਂ ਫੌਜੀ ਕਹਿੰਦੇ ਸਨ ਕਿ ਇਹ ਵੱਡੇ ਹੋ ਕੇ ਸਾਨੂੰ ਜਾਨੋਂ ਮਾਰਨਗੇ, ਇਸ ਲਈ ਅਸੀਂ ਇਹਨਾਂ ਨੂੰ ਪਾਣੀ ਕਿਉਂ ਦੇਈਏ। ਮੰਗਲਵਾਰ ਵਾਲੇ ਦਿਨ ਬੱਚਿਆਂ ਨੂੰ ਵੀ ਜਿਹੜਾ ਥੋੜ੍ਹਾ ਜਿਹਾ ਪਾਣੀ ਫੌਜੀਆਂ ਨੇ ਦਿੱਤਾ ਸੀ ਉਸ ਵਿਚ ਉਹਨਾਂ ਨੇ ਸਿਗਰਟਾਂ ਦਾ ਪਾਣੀ ਘੋਲ ਕੇ ਕਿਹਾ ਕਿ ਇਹ ਤੁਹਾਡੇ ਗੁਰੂ ਦਾ ਪ੍ਰਸ਼ਾਦ ਹੈ। ਤੇਜਾ ਸਿੰਘ ਸਮੁੰਦਰੀ ਹਾਲ ਵਿਚ ਫੌਜੀਆਂ ਨੇ ਸਿਗਰਟਾਂ ਪੀਤੀਆਂ ਅਤੇ ਸਿਗਰਟਾਂ ਦਾ ਧੂੰਆਂ ਸਿੱਖਾਂ ਵੱਲ ਛੱਡਦੇ ਰਹੇ। ਜਿਹੜਾ ਸਲੂਕ ਫੌਜੀ ਕਾਰਵਾਈ ਦੇ ਨਾਮ ’ਤੇ ਸਿੱਖਾਂ ਨਾਲ ਹੋਇਆ ਉਸ ਨੇ ਸਿੱਖ ਜਗਤ ਦੇ ਹਿਰਦਿਆਂ ’ਤੇ ਭਾਰੀ ਸੱਟ ਮਾਰੀ ਹੈ। ਦਰਬਾਰ ਸਾਹਿਬ ਵਿਚੋਂ ਫੜੇ ਯਾਤਰੂ ਜਵਾਨ ਮੁੰਡਿਆਂ ਦੇ ਹੱਥ ਉਹਨਾਂ ਦੀਆਂ ਪੱਗਾਂ ਨਾਲ ਬੰਨ੍ਹੇ ਗਏ ਅਤੇ ਉਹਨਾਂ ਦੇ ਕੇਸ ਖੋਲ੍ਹ ਕੇ ਉਹਨਾਂ ਦੀਆਂ ਅੱਖਾਂ ਦਵਾਲੇ ਲਪੇਟ ਕੇ ਉਹਨਾਂ ਨੂੰ ਗਰਮ ਫਰਸ਼ ਤੇ ਗੋਡਿਆਂ ਭਾਰ ਚੱਲਣ ਲਈ ਮਜਬੂਰ ਕਤਿਾ ਗਿਆ। ਮੁੰਡਿਆਂ ਨੂੰ ਪਿਛੋਂ ਬੰਨ੍ਹ ਕੇ ਮੱਥੇ ਵਿਚ ਗੋਲੀਆਂ ਮਾਰ ਕੇ ਮਾਰਿਆ ਗਿਆ।
4. ਪਹਿਲੀ ਜੂਨ 1984 ਨੂੰ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਉਤੇ ਸੀ. ਆਰ. ਪੀ. ਨੇ ਗੋਲੀ ਚਲਾਣੀ ਆਰੰਭ ਕਰ ਦਿੱਤੀ ਸੀ। ਪਹਿਲੀ ਜੂਨ ਫੌਜਾਂ ਦੇ ਆਉਣ ਤੋਂ ਪਹਿਲਾਂ ਸੀ. ਆਰ. ਪੀ. ਵਲੋਂ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆਂ ਬੈਠੇ ਗ੍ਰੰਥੀ ਸਿੰਘ ਨੂੰ ਗੋਲੀ ਮਾਰ ਦਿੱਤੀ ਸੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਸੀ। ਸਾਰੀਆਂ ਵਾਰਦਾਤਾਂ ਹੋਣ ਦੇ ਪਿਛੋਂ ਸਿੱਖ ਰੈਫਰੈਂਸ ਲਾਇਬ੍ਰੇਰੀ ਤੇ ਸਿੱਖ ਅਜਾਇਬ ਘਰ ਮਿੱਥ ਕੇ ਵੈਰ ਭਾਵਨਾ ਨਾਲ ਸਾੜ ਦਿੱਤੇ। 3 ਜੂਨ 1984 ਵਾਲੇ ਦਿਨ ਪੀਲੀਆਂ ਪੱਗਾਂ ਅਤੇ ਕ੍ਰਿਪਾਨਾਂ ਵਾਲੇ ਦੋ ਸਿੰਘ ਬਟਾਲੇ ਦੇ ਬੱਸ ਅੱਡੇ ਤੋਂ ਉਤਰੇ ਤਾਂ ਉਹਨਾਂ ਨੂੰ ਫੌਜੀਆਂ ਨੇ ਕ੍ਰਿਪਾਨਾਂ ਲਾਹੁਣ ਲਈ ਕਿਹਾ ਪਰ ਉਹਨਾਂ ਕ੍ਰਿਪਾਨਾਂ ਲਾਹੁਣ ਤੋਂ ਇਨਕਾਰ ਕਰ ਦਿੱਤਾ। ਉਸੇ ਵੇਲੇ ਫੌਜੀਆਂ ਨੇ ਉਹਨਾਂ ਨੂੰ ਗੋਲੀ ਨਾਲ ਉਡਾ ਦਿੱਤਾ। ਇਕ ਨਿਹੰਗ ਸਿੰਘ ਨੂੰ ਗੁਮਟਾਲਾ ਜੇਲ੍ਹ ਦੇ ਲਾਗੇ ਇਸ ਲਈ ਗੋਲੀ ਨਾਲ ਮਾਰ ਦਿੱਤਾ ਗਿਆ ਕਿਉਂਕਿ ਉਸ ਨੇ ਕ੍ਰਿਪਾਨ ਦੇਣ ਤੋਂ ਇਨਕਾਰ ਕੀਤਾ ਸੀ। ਇਕ ਤਿਆਰ ਬਰ ਤਿਆਰ ਸਿੰਘ ਕਿੱਤਿਆਂ (ਸ੍ਰੀ ਅੰਮ੍ਰਿਤਸਰ ਦਾ ਇਕ ਇਲਾਕਾ) ਵਿਚ ਆਪਣੇ ਮਕਾਨ ਦੀ ਛੱਤ ਦੇ ਖੜ੍ਹਾ ਸੀ। ਉਸ ਨੂੰ ਫੌਜੀਆਂ ਨੇ ਇਸ ਲਈ ਗੋਲੀ ਨਾਲ ਮਾਰ ਦਿੱਤਾ ਕਿਉਂਕਿ ਉਸ ਨੇ ਪੀਲੀ ਪੱਗ ਬੰਨ੍ਹੀ ਹੋਈ ਸੀ।
5. ਤਿੰਨ ਜੁਲਾਈ ਵਾਲੇ ਦਿਨ ਜ਼ਿਲ੍ਹਾ ਕਚਿਹਰੀ ਸ੍ਰੀ ਅੰਮ੍ਰਿਤਸਰ ਦੇ ਡਾਕਟਰ ਕਿਚਲੂ ਵਾਲੇ ਗੋਲ ਚੱਕਰ ਦੇ ਲਾਗੇ ਇਕ ਕਾਲੀ ਪੱਗ ਤੇ ਕ੍ਰਿਪਾਨ ਵਾਲਾ 25 ਕੁ ਸਾਲਾਂ ਦੀ ਉਮਰ ਦਾ ਸਿੰਘ ਜਾ ਰਿਹਾ ਸੀ ਇਸ ਪਾਸੇ ਤੋਂ ਫੌਜੀਆਂ ਦੀ ਜੀਪ ਆ ਗਈ ਉਸ ਸਿੰਘ ਨੂੰ ਹੱਥਕੜੀ ਲਾ ਕੇ ਲੈ ਗਏ, ਉਸ ਪਾਸ ਕੁਝ ਨਹੀਂ ਨਿਕਲਿਆ ਸੀ। ਜਿਸ ਵੇਲੇ ਫੌਜੀ ਸ਼੍ਰੋਮਣੀ ਗੁਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਗੁਰਚਰਨ ਸਿੰਘ ਟੋਹੜਾ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਵਿਚੋਂ ਗ੍ਰਿਫਤਾਰ ਕਰਨ ਗਏ ਤਾਂ ਇਕ ਫੌਜੀ ਸਿਗਰਟ ਪੀ ਰਿਹਾ ਸੀ। ਸਰਦਾਰ ਟੌਹੜਾ ਨੇ ਉਸ ਨੂੰ ਕਿਹਾ ਕਿ ਤੂੰ ਸਿਗਰਟ ਨਾ ਪੀ ਤਾਂ ਉਸ ਫੌਜੀ ਨੇ ਕਿਹਾ ਕਿ ਚਲ ਉਏ ਬੁੱਢੇ, ਚੁੱਪ ਕਰ ਨਹੀਂ ਤਾਂ ਗੋਲੀ ਮਾਰ ਦਿਆਂਗਾ। ਸਰਦਾਰ ਟੌਹੜਾ ਨੇ ਕਿਹਾ ਕਿ ਮੈਂ ਇਥੋਂ ਦਾ ਪ੍ਰਧਾਨ ਹਾਂ ਤਾਂ ਫੌਜੀ ਚੁੱਪ ਕਰ ਗਏ।
6. ਸ੍ਰੀ ਦਰਬਾਰ ਸਾਹਿਬ ਮੁਕਤਸਰ ਵਿਚ ਸਾਰੇ ਸੇਵਾਦਾਰ ਕੱਢ ਕੇ ਸਰੋਵਰ ਦੀ ਪਰਕਰਮਾ ਵਿਚ ਧੁੱਪ ਵਿਚ ਮੂਧੇ ਲੰਮੇ ਪਾਏ ਗਏ ਜਿਨ੍ਹਾਂ ਨੂੰ ਬੁਰੀ ਤਰ੍ਹਾਂ ਕੁਟਿਆ ਗਿਆ। ਉਹਨਾਂ ਵਿਚੋਂ ਇਕ ਮਰ ਗਿਆ। ਪਿੰਡਾਂ ਵਿਚੋਂ ਉਹ ਮੁੰਡੇ ਕੱਢ ਕੇ ਬਾਹਰ ਲਿਆਂਦੇ ਗਏ ਜਿਨ੍ਹਾਂ ਨੇ ਅੰਮ੍ਰਿਤ ਛੱਕਿਆ ਹੋਇਆ ਸੀ ਤੇ ਉਨ੍ਹਾਂ ਨੂੰ ਬਹੁਤ ਕੁੱਟਿਆ ਗਿਆ।
7. ਮੈਂ ਇਹ ਕਹਿਣ ਲਈ ਮਜਬੂਰ ਹਾਂ ਕਿ ਫੌਜ ਨੇ ਇਖਲਾਕੀ ਗਿਰਾਵਟ ਦਾ ਸਬੂਤ ਦਿੱਤਾ ਹੈ ਤੇ ਵੈਰ ਭਾਵਨਾ ਨਾਲ ਇਸ ਤਰ੍ਹਾਂ ਕਾਰਵਾਈ ਕੀਤੀ ਹੈ ਕਿ ਜਿਸ ਤਰ੍ਹਾਂ ਸਿੱਖਾਂ ਦਾ ਖੁਰਾ ਖੋਜ ਮਿਟਾ ਦੇਣਾ ਹੋਵੇ। ਫੌਜੀ ਐਕਸ਼ਨ ਤੋਂ ਪਿਛੋਂ ਪਿੰਡਾਂ ਵਿਚ ਨੌਜਵਾਨਾਂ ਨੂੰ ਤੰਗ ਕੀਤਾ ਜਾਂਦਾ ਰਿਹਾ ਹੈ। ਉਪਰੋਕਤ ਅਸਲੀਅਤ ਤੋਂ ਇਲਾਵਾ ਕੁਝ ਐਸੀਆਂ ਸ਼ਰਮਨਾਕ ਘਟਨਾਵਾਂ ਬਾਰੇ ਜਾਣਕਾਰੀ ਮਿਲੀ ਹੈ ਜਿਨ੍ਹਾਂ ਨੂੰ ਲਿਖਣ ਲਈ ਤਹਿਜ਼ੀਬ ਆਗਿਆ ਨਹੀਂ ਦਿੰਦੀ।
ਮੈਂ ਅਜਿਹੇ ਹਾਲਾਤ ਦੇਖ ਸੁਣ ਕੇ ਸਰਕਾਰ ਨੂੰ ਆਪਣਾ ਰੋਸ ਪ੍ਰਗਟ ਕਰਨ ਲਈ ਆਪਣਾ “ਪਦਮ-ਸ੍ਰੀ” ਦਾ ਐਵਾਰਡ ਵਾਪਸ ਕਰਦਾ ਹਾਂ।
ਪੂਰਨ ਸਿੰਘ, ਭਗਤ।

ਜਨਮ ਸ਼ਤਾਬਦੀ 'ਤੇ ਵਿਸ਼ੇਸ਼ : ਵੀਹਵੀਂ ਸਦੀ ਦੇ ਮਨੁੱਖੀ ਹੱਕਾਂ ਦੇ ਨਾਇਕ : ਜਸਟਿਸ ਅਜੀਤ ਸਿੰਘ ਬੈਂਸ (1922-2022) -  ਡਾ ਗੁਰਵਿੰਦਰ ਸਿੰਘ

ਪੰਜਾਬ ਦੀ ਧਰਤੀ 'ਤੇ ਮਨੁੱਖੀ ਅਧਿਕਾਰਾਂ ਦੇ ਘਾਣ ਖ਼ਿਲਾਫ਼ ਜ਼ੋਰਦਾਰ ਆਵਾਜ਼ ਬੁਲੰਦ ਕਰਨ ਵਾਲੇ ਮਹਾਨ ਯੋਧੇ, ਸੇਵਾ-ਮੁਕਤ ਜੱਜ ਸਰਦਾਰ ਅਜੀਤ ਸਿੰਘ ਬੈਂਸ 'ਲੋਕ ਨਾਇਕ' ਕਹੇ ਜਾ ਸਕਦੇ ਹਨ। ਉਨ੍ਹਾਂ ਆਪਣਾ ਸਾਰਾ ਜੀਵਨ ਮਨੁੱਖੀ ਹੱਕਾਂ ਦੇ ਸੰਘਰਸ਼ ਨੂੰ ਸਮਰਪਿਤ ਕੀਤਾ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਜਸਟਿਸ ਅਜੀਤ ਸਿੰਘ ਜੀ ਦੀ ਦੇਣ ਸ਼ਬਦਾਂ ਵਿੱਚ ਬਿਆਨ ਨਹੀਂ ਕੀਤੀ ਜਾ ਸਕਦੀ। ਬੈਂਸ ਸਾਹਿਬ ਨੇ ਮਨੁੱਖੀ ਹੱਕਾਂ ਲਈ ਸੌ ਸਾਲਾ ਜ਼ਿੰਦਗੀ ਸਮਰਪਿਤ ਕਰ ਦਿੱਤੀ, ਜੱਜ ਹੋਣ ਦੇ ਬਾਵਜੂਦ ਸਜ਼ਾਵਾਂ ਕੱਟੀਆਂ, ਉੱਜੜੇ ਪੰਜਾਬ ਨੂੰ ਵਸਾਉਣ ਲਈ 'ਸਰਕਾਰ ਨੂੰ ਦਹਿਸ਼ਤਗਰਦ' ਆਖਿਆ ਅਤੇ ਹਕੂਮਤ ਨਾਲ ਲੋਹਾ ਲਿਆ। ਸੌ ਸਾਲ ਦੀ ਲੰਮੀ ਉਮਰ, ਚੜ੍ਹਦੀ ਕਲਾ ਵਿੱਚ ਗੁਜ਼ਾਰਨ ਵਾਲੇ ਜਸਟਿਸ ਬੈਂਸ ਸਾਹਿਬ ਮਨੁੱਖੀ ਅਧਿਕਾਰਾਂ ਲਈ ਦੇਣ ਸਬੰਧੀ ਡੂੰਘਾ ਵਿਚਾਰ ਚਿੰਤਨ ਕਰਨਾ ਸਾਡਾ ਸਭਨਾਂ ਦਾ ਫ਼ਰਜ਼ ਬਣਦਾ ਹੈ। ਜਸਟਿਸ ਸਾਹਿਬ ਦੇ ਸੰਘਰਸ਼ ਨੂੰ 'ਮਨੁੱਖੀ ਅਧਿਕਾਰਾਂ ਲਈ ਲੜਨ ਵਾਲੀ ਇਕ ਪੀੜ੍ਹੀ ਦਾ ਸਫ਼ਰ' ਕਿਹਾ ਜਾ ਸਕਦਾ ਹੈ। ਉਨ੍ਹਾਂ ਦੀ ਮਨੁੱਖੀ ਅਧਿਕਾਰਾਂ ਲਈ ਦੇਣ ਸਬੰਧੀ ਅਨੇਕਾਂ ਕਿਤਾਬਾਂ ਲਿਖੀਆਂ ਜਾ ਸਕਦੀਆਂ ਹਨ। ਜਸਟਿਸ ਬੈਂਸ ਸਾਹਿਬ ਦੇ ਜੀਵਨ ਸਫ਼ਰ 'ਤੇ ਪੰਛੀ ਝਾਤ ਮਾਰਦਿਆਂ, ਕੁਝ ਜਾਣਕਾਰੀ ਸਾਂਝੀ ਕਰ ਰਹੇ ਹਾਂ।
    ਜਸਟਿਸ ਅਜੀਤ ਸਿੰਘ ਦਾ ਜਨਮ 14 ਮਈ 1922 ਨੂੰ ਜਲੰਧਰ ਜ਼ਿਲ੍ਹੇ ਦੀ ਤਹਿਸੀਲ ਗੁਰਾਇਆ ਦੇ ਪਿੰਡ 'ਬੜਾ ਪਿੰਡ' ਵਿਖੇ, ਨਾਨਕਾ ਪਰਿਵਾਰ ਵਿੱਚ ਹੋਇਆ। ਉਂਜ ਆਪ ਦਾ ਜੱਦੀ ਪਿੰਡ ਮਾਹਿਲਪੁਰ, ਜ਼ਿਲ੍ਹਾ ਹੁਸ਼ਿਆਰਪੁਰ ਸੀ। ਆਪ ਜੀ ਦੀ ਮਾਤਾ ਜੀ ਬੀਬੀ ਅੰਮ੍ਰਿਤ ਕੌਰ ਅਤੇ ਪਿਤਾ ਜੀ ਬਾਬੂ ਗੁਰਬਖਸ਼ ਸਿੰਘ ਬੈਂਸ ਸਨ। ਭਾਰਤ ਦੀ ਆਜ਼ਾਦੀ ਲਈ ਸੰਘਰਸ਼ ਕਰਦਿਆਂ, ਪਿਤਾ ਜੀ ਨੇ ਕਈ ਵਾਰ ਜੇਲ੍ਹ ਯਾਤਰਾ ਕੀਤੀ ਅਤੇ ਅਤਿਅੰਤ ਕਸ਼ਟ ਸਹਾਰੇ। ਆਪ ਜੀ ਸੱਤ ਭੈਣ ਭਰਾਵਾਂ ਵਿੱਚੋਂ ਸਭ ਤੋਂ ਵੱਡੇ ਸਨ। ਚਾਰ ਭਰਾਵਾਂ ਅਤੇ ਤਿੰਨ ਭੈਣਾਂ ਦੇ ਵੱਡੇ ਪਰਿਵਾਰ ਵਿੱਚ ਅਜੀਤ ਸਿੰਘ ਬੈਂਸ ਹੁਰਾਂ ਨੇ ਅਣਥੱਕ ਸੇਵਾ ਕੀਤੀ, ਜਿਸ ਲਈ ਸਾਰੇ ਭੈਣ- ਭਰਾ ਸਦਾ ਆਪ ਦੇ ਸ਼ੁਕਰਗੁਜ਼ਾਰ ਰਹੇ। ਆਪ ਨੇ ਮੁੱਢਲੀ ਵਿੱਦਿਆ ਜੱਦੀ ਪਿੰਡ ਮਾਹਿਲਪੁਰ, ਜ਼ਿਲ੍ਹਾ ਹੁਸ਼ਿਆਰਪੁਰ ਤੋਂ ਹਾਸਲ ਕੀਤੀ। ਆਪਣੇ ਜੱਦੀ ਪਿੰਡ ਵਿੱਦਿਆ ਦੇ ਪਸਾਰ ਲਈ ਆਪ ਜੀ ਦੀ ਸੇਵਾ ਭਾਵਨਾ ਇਸ ਗੱਲ ਤੋਂ ਜ਼ਾਹਿਰ ਹੁੰਦੀ ਹੈ ਕਿ ਲੰਮਾ ਸਮਾਂ ਮਗਰੋਂ ਆਪ ਨੇ ਮਾਹਿਲਪੁਰ ਕਾਲਜ ਲਈ ਆਪਣੀ ਜ਼ਮੀਨ ਦਾਨ ਕਰ ਦਿੱਤੀ ਸੀ। ਉੱਚ- ਵਿੱਦਿਆ ਲਈ ਅਜੀਤ ਸਿੰਘ ਬੈਂਸ ਨੂੰ ਕਾਫ਼ੀ  ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪਿਤਾ ਜੀ ਆਜ਼ਾਦੀ ਘੁਲਾਟੀਏ ਹੋਣ ਕਾਰਨ ਵਾਰ -ਵਾਰ ਪੁਲਿਸ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਆਉਂਦੀ। ਇੱਕ ਵਾਰ ਤਾਂ ਬਾਲਕ ਅਜੀਤ ਸਿੰਘ ਨੂੰ ਵੀ ਗ੍ਰਿਫ਼ਤਾਰ ਕਰਨ ਦੇ ਹਾਲਾਤ ਬਣ ਗਏ, ਜਿਸ ਨੂੰ ਧਿਆਨ ਵਿੱਚ ਰੱਖਦਿਆਂ, ਫੌਜ ਵਿੱਚ ਨੌਕਰੀ ਕਰਦੇ ਚਾਚਾ ਜੀ ਆਪ ਨੂੰ ਲਖਨਊ ਲੈ ਗਏ, ਜਿੱਥੇ ਜਾ ਕੇ ਆਪ ਨੇ ਉੱਚ ਵਿੱਦਿਆ ਹਾਸਲ ਕੀਤੀ। ਆਪ ਨੇ ਲਖਨਊ ਤੋਂ ਬੀ.ਏ. ਐਲ.ਐਲ.ਬੀ. ਅਤੇ ਅਰਥ ਸ਼ਾਸਤਰ ਦੀ ਐਮ.ਏ. ਦੀ ਪੜ੍ਹਾਈ ਕੀਤੀ। ਜਸਟਿਸ ਅਜੀਤ ਸਿੰਘ ਬੈਂਸ ਦਾ ਆਨੰਦ ਕਾਰਜ ਬੀਬੀ ਮਨਜੀਤ ਕੌਰ ਨਾਲ ਹੋਇਆ ਅਤੇ ਆਪ ਦੇ ਗ੍ਰਹਿ ਵਿਖੇ ਸਪੁੱਤਰੀਆਂ ਬੀਬੀ ਸੁਜੀਤ ਕੌਰ ਅਤੇ ਬੀਬੀ ਹਰਿੰਦਰ ਕੌਰ ਅਤੇ ਸਪੁੱਤਰ ਰਾਜਵਿੰਦਰ ਸਿੰਘ ਬੈਂਸ ਨੇ ਜਨਮ ਲਿਆ। ਸੰਨ 1959 ਵਿੱਚ ਬੀਬੀ ਮਨਜੀਤ ਕੌਰ ਜੀ ਦਾ ਦੇਹਾਂਤ ਹੋ ਗਿਆ। ਮਗਰੋਂ ਬੀਬੀ ਮਨਜੀਤ ਕੌਰ ਦੀ ਭੈਣ ਰਛਪਾਲ ਕੌਰ ਨਾਲ ਆਨੰਦ ਕਾਰਜ ਹੋਇਆ, ਜਿਸ ਤੋਂ ਸਪੁੱਤਰ ਮਨਜਿੰਦਰ ਸਿੰਘ ਦਾ ਜਨਮ ਹੋਇਆ। ਆਪ ਦੇ ਪਰਿਵਾਰ ਵਿੱਚ ਚਾਰ ਪੋਤਰੀਆਂ, ਦੋ ਪੋਤਰੇ ਅਤੇ ਦੋਹਤੇ -ਦੋਹਤੀਆਂ ਸ਼ਾਮਿਲ ਹਨ। ਆਪ ਜੀ ਦਾ ਪੋਤਰਾ ਉਤਸਵ ਸਿੰਘ ਬੈਂਸ ਸੁਪਰੀਮ ਕੋਰਟ ਦਾ ਵਕੀਲ ਹੈ, ਜੋ ਕਿ ਪੰਜਾਬ ਅਤੇ ਹਰਿਆਣਾ ਕੋਰਟ ਸੀਨੀਅਰ ਵਕੀਲ ਰਾਜਵਿੰਦਰ ਸਿੰਘ ਬੈਂਸ ਦਾ ਸਪੁੱਤਰ ਹੈ।   
        ਸੰਨ 1950 ਵਿੱਚ ਆਪ  ਅਧਿਆਪਨ ਖੇਤਰ ਵਿਚ ਦਾਖ਼ਲ ਹੋਏ ਅਤੇ ਲਾਇਲਪੁਰ ਖਾਲਸਾ ਜਲੰਧਰ ਤੋਂ ਅਧਿਆਪਨ ਸੇਵਾਵਾਂ ਦਾ ਸਫ਼ਰ ਸ਼ੁਰੂ ਕੀਤਾ। ਆਪ ਨੇ ਤਿੰਨ ਸਾਲ ਅਰਥ ਸ਼ਾਸਤਰ ਦੇ ਲੈਕਚਰਾਰ ਦੀ ਸੇਵਾ ਨਿਭਾਈ। ਇਸ ਦੌਰਾਨ ਲਾਇਲਪੁਰ ਖਾਲਸਾ ਕਾਲਜ ਜਲੰਧਰ ਦੇ ਵਿਦਿਆਰਥੀਆਂ ਨੇ  ਪ੍ਰਬੰਧਕਾਂ ਖ਼ਿਲਾਫ਼ ਹੜਤਾਲ ਕਰ ਦਿੱਤੀ, ਜਿਸ ਦਾ ਅਜੀਤ ਸਿੰਘ ਬੈਂਸ ਸਮੇਤ ਤਿੰਨ ਪ੍ਰੋਫੈਸਰਾਂ ਨੇ ਸਾਥ ਦਿੱਤਾ। ਇਸ ਤੋਂ ਦੁਖੀ ਹੋ ਕੇ ਖ਼ਾਲਸਾ ਕਾਲਜ ਦੇ ਪ੍ਰਬੰਧਕਾਂ ਨੇ ਆਪ ਤਿੰਨਾਂ ਪ੍ਰੋਫੈਸਰਾਂ ਨੂੰ ਕਾਲਜ ਵਿਚੋਂ ਬਰਤਰਫ ਕਰ ਦਿੱਤਾ। ਦਿਲਚਸਪ ਗੱਲ ਇਹ ਹੈ ਕਿ ਲੰਮਾ ਸਮਾਂ ਮਗਰੋਂ ਜਸਟਿਸ ਅਜੀਤ ਸਿੰਘ ਬੈਂਸ ਨੂੰ ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿਖੇ ਕਾਨਵੋਕੇਸ਼ਨ ਮੌਕੇ 'ਮੁੱਖ ਮਹਿਮਾਨ' ਵਜੋਂ ਸੱਦਾ ਦਿੱਤਾ  ਗਿਆ। ਉਸ ਮੌਕੇ ਆਪ ਨੇ ਕਿਹਾ ਕਿ ਉਚੇਚੇ ਤੌਰ 'ਤੇ ਉਹ ਖ਼ਾਲਸਾ ਕਾਲਜ ਦੇ ਪ੍ਰਬੰਧਕਾਂ ਦੇ ਧੰਨਵਾਦੀ ਹਨ, ਕਿਉਂਕਿ ਇਸ ਕਾਲਜ ਤੋਂ ਹੀ ਕਿਸੇ ਵੇਲੇ ਉਨ੍ਹਾਂ ਨੂੰ ਹਟਾਇਆ ਗਿਆ ਸੀ, ਜਿਸ ਕਾਰਨ ਉਹ ਵਕਾਲਤ ਦੇ ਖੇਤਰ ਵਿੱਚ ਆਏ। ਜੇਕਰ ਉਨ੍ਹਾਂ ਨੂੰ ਬਰਤਰਫ਼ ਨਾ ਕੀਤਾ ਜਾਂਦਾ, ਤਾਂ ਅੱਜ ਇਸ ਅਹੁਦੇ ਤੇ ਨਾ ਪਹੁੰਚਦੇ। ਇਹ ਦਾਸਤਾਨ ਸੁਣਦਿਆਂ ਵਿਦਿਆਰਥੀਆਂ ਅਤੇ ਪ੍ਰਬੰਧਕਾਂ ਦੀਆਂ ਅੱਖਾਂ ਨਮ ਹੋ ਗਈਆਂ।    
    ਲਾਇਲਪੁਰ ਖਾਲਸਾ ਕਾਲਜ ਜਲੰਧਰ ਤੋਂ ਲੈਕਚਰਾਰ ਦੇ ਅਹੁਦੇ ਤੋਂ ਹਟਾਏ ਜਾਣ ਮਗਰੋਂ ਆਪ ਨੇ ਫ਼ੈਸਲਾ ਕੀਤਾ ਕਿ ਨੌਕਰੀ ਕਰਨ ਦੀ ਥਾਂ, ਵਕਾਲਤ ਹੀ ਹੀ ਕਰਨੀ ਹੈ। ਅਜੀਤ ਸਿੰਘ ਬੈਂਸ ਨੇ ਸੰਨ 1954 ਵਿਚ ਵਕਾਲਤ ਦਾ ਸਫ਼ਰ ਹੁਸ਼ਿਆਰਪੁਰ ਤੋਂ ਸ਼ੁਰੂ ਕੀਤਾ।1960 ਵਿੱਚ ਜਦੋਂ ਪੰਜਾਬ ਹਾਈ ਕੋਰਟ ਚੰਡੀਗੜ੍ਹ ਸਥਾਪਤ ਹੋਈ, ਤਾਂ ਆਪ ਨੇ ਚੰਡੀਗੜ੍ਹ ਵਿਖੇ ਲਾਅ ਪ੍ਰੈਕਟਿਸ ਆਰੰਭ ਕਰ ਦਿੱਤੀ। ਸੰਨ 1964 ਵਿੱਚ ਆਪ ਪੰਜਾਬ ਹਾਈ ਕੋਰਟ ਵਿੱਚ ਐਡਵੋਕੇਟ ਵਜੋਂ ਸੇਵਾਵਾਂ ਦੇਣ ਲੱਗ ਪਏ ਅਤੇ ਉਸ ਸਾਲ ਹੀ ਪੰਜਾਬ ਬਾਰ ਕੌਂਸਲ ਲਈ ਚੁਣੇ ਗਏ। ਪੰਜਾਬ ਸਰਕਾਰ ਨੇ ਆਪ ਨੂੰ ਡਿਪਟੀ  ਐਡਵੋਕੇਟ ਜਨਰਲ ਨਿਯੁਕਤ ਕਰ ਦਿੱਤਾ। ਸੰਨ 1972 ਵਿਚ ਸ. ਅਜੀਤ ਸਿੰਘ ਬੈਂਸ ਪੰਜਾਬ ਤੇ ਹਰਿਆਣਾ ਬਾਰ ਕੌਂਸਲ ਦੇ ਪ੍ਰਧਾਨ ਚੁਣੇ ਗਏ।
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ ਵਜੋਂ ਸੇਵਾਵਾਂ : ਸੰਨ 1974 ਵਿੱਚ ਸ. ਅਜੀਤ ਸਿੰਘ ਬੈਂਸ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ ਨਿਯੁਕਤ ਹੋਏ ਅਤੇ ਇਹ ਸੇਵਾਵਾਂ ਆਪ ਨੇ 14 ਮਈ 1984 ਤੱਕ ਨਿਭਾਈਆਂ। ਆਪ ਨੇ ਨਿਆਂਕਾਰ ਵਜੋਂ ਕਈ ਇਤਿਹਾਸਕ ਫ਼ੈਸਲੇ ਕੀਤੇ, ਜਿਨ੍ਹਾਂ ਦੀ ਮਿਸਾਲ ਅੱਜ ਵੀ ਦਿੱਤੀ ਜਾਂਦੀ ਹੈ। ਉਨ੍ਹਾਂ ਵਿਚੋਂ ਇਕ ਹਿੰਦੂ ਸ਼ਬਦ ਦੇ ਕੋਸ਼ੀ ਅਰਥਾਂ ਬਾਰੇ ਮਹੱਤਵਪੂਰਨ ਫ਼ੈਸਲਾ ਸੀ। ਇਸ ਤੋਂ ਇਲਾਵਾ ਆਪ ਨੇ ਪੰਜਾਬੀ ਸਮਾਜ ਵਿਚ  ਸ਼ਰੀਕੇਬਾਜ਼ੀ ਸਬੰਧੀ ਆਏ ਮਾਮਲਿਆਂ ਬਾਰੇ ਵੀ ਇਤਿਹਾਸਕ ਫ਼ੈਸਲੇ ਸੁਣਾਏ। ਜਸਟਿਸ ਅਜੀਤ ਸਿੰਘ ਬੈਂਸ ਨੇ ਸੈਸ਼ਨ ਕੋਰਟ ਦੇ ਗ਼ਲਤ ਫ਼ੈਸਲੇ ਨੂੰ ਦਰੁਸਤ ਕੀਤਾ, ਜਿਸ ਵਿਚ ਜਿਊਂਦੇ ਆਦਮੀ ਦੇ ਕਤਲ ਦੇ ਮਾਮਲੇ ਵਿਚ ਕਿਸੇ ਵਿਅਕਤੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਆਪ ਰਿਟਾਇਰਮੈਂਟ ਤਕ ਤੇਜ਼- ਤਰਾਰ ਨਿਆਂਕਾਰ ਵਜੋਂ ਆਪਣੀ ਗਹਿਰੀ ਛਾਪ ਛੱਡਣ ਵਿੱਚ ਕਾਮਯਾਬ ਹੋ ਗਏ।
       ਜਸਟਿਸ ਅਜੀਤ ਸਿੰਘ ਬੈਂਸ ਦੀ ਰਿਟਾਇਰਮੈਂਟ ਤੋਂ ਕੁਝ ਸਮੇਂ ਮਗਰੋਂ ਹੀ ਭਾਰਤੀ ਫ਼ੌਜ ਵੱਲੋਂ ਦਰਬਾਰ ਸਾਹਿਬ ਅੰਮ੍ਰਿਤਸਰ 'ਤੇ ਕੀਤੇ ਫੌਜੀ ਹਮਲੇ ਨੇ ਆਪ ਨੂੰ ਝੰਜੋੜ ਦਿੱਤਾ। ਭਾਰਤ ਸਰਕਾਰ ਦੀ ਘੱਟ ਗਿਣਤੀਆਂ ਅਤੇ ਖਾਸਕਰ ਸਿੱਖਾਂ ਖ਼ਿਲਾਫ਼ ਵਰਤੀ ਫੌਜੀ ਸ਼ਕਤੀ ਦੇ ਦੁਖਾਂਤ ਨੂੰ ਜਸਟਿਸ ਸਾਹਿਬ ਨੇ ਦੁਨੀਆਂ ਭਰ ਵਿੱਚ ਬਿਆਨਿਆ ਅਤੇ ਸੰਸਾਰ ਨੂੰ ਅਖੌਤੀ ਲੋਕਰਾਜ ਦੀ ਸਚਾਈ ਤੋਂ ਜਾਣੂ ਕਰਾਇਆ। ਲਿਖਤ 'ਸਿੱਖਾਂ ਦੀ ਘੇਰਾਬੰਦੀ' ਅਨੁਸਾਰ ਜਸਟਿਸ ਬੈਂਸ ਨੇ ਕੌਮਾਂਤਰੀ ਪੱਧਰ 'ਤੇ ਜਿੱਥੇ ਲੈਕਚਰ ਦਿੱਤੇ ਜਾਂ ਸੰਬੋਧਨ ਕੀਤਾ, ਉਨ੍ਹਾਂ ਵਿੱਚ ਸੰਯੁਕਤ ਰਾਸ਼ਟਰ ਵਿਖੇ ਜਨੇਵਾ 'ਚ ਇੰਟਰਨੈਸ਼ਨਲ ਕਮਿਸ਼ਨ ਫਾਰ ਜੁਰਿਸਟਸ (ਜੱਜਾਂ ਦਾ ਅੰਤਰਰਾਸ਼ਟਰੀ ਕਮਿਸ਼ਨ), ਯੂਨੀਵਰਸਿਟੀ ਆਫ਼ ਹਾਰਵਰਡ ਲਾਅ ਸਕੂਲ (ਮਨੁੱਖੀ ਅਧਿਕਾਰ ਸਮਾਗਮ), ਲੰਡਨ ਸਕੂਲ ਆਫ ਇਕਨੌਮਿਕਸ, ਬਰਲਿਨ ਯੂਨੀਵਰਸਿਟੀ, ਯੂਨੀਵਰਸਿਟੀ ਆਫ਼ ਲਾਸ ਏਂਜਲਸ, ਕੈਲੇਫੋਰਨੀਆ ਯੂਨੀਵਰਸਿਟੀ, ਨਿਊਯਾਰਕ ਵਿੱਚ ਕੋਲੰਬੀਆ ਯੂਨੀਵਰਸਿਟੀ, ਐਨ ਆਰਬਰ ਵਿੱਚ ਮਿਸ਼ੀਗਨ ਯੂਨੀਵਰਸਿਟੀ, ਮਾਂਟਰੀਅਲ ਵਿਚ ਮੈਕਗਿਲ ਯੂਨੀਵਰਸਿਟੀ, ਯੂਨੀਵਰਸਿਟੀ ਆਫ ਟੋਰਾਂਟੋ, ਕਾਰਡਿਫ ਯੂਨੀਵਰਸਿਟੀ, ਯੂਨੀਵਰਸਿਟੀ ਆਫ ਨਿਊ ਕੈਸਲ, ਵੀਅਨ ਸਟੇਟ ਯੂਨੀਵਰਸਿਟੀ, ਯੂਨੀਵਰਸਿਟੀ ਆਫ ਗੁਏਲਫ ਅਤੇ ਮੈਸਾਚੂਸੈੱਟਸ ਇੰਸਟੀਚਿਊਟ ਆਫ ਟੈਕਨਾਲੋਜੀ ਆਦਿ ਸ਼ਾਮਲ ਹਨ।
       ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਰਿਟਾਇਰ ਜੱਜ ਦੇ ਤੌਰ 'ਤੇ ਆਪ ਜੀ ਨੂੰ ਸੰਨ 1985 ਵਿਚ ਪੰਜਾਬ ਦੀ ਸੁਰਜੀਤ ਸਿੰਘ ਬਰਨਾਲਾ ਸਰਕਾਰ ਵੱਲੋਂ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਕਿ ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦ ਹਜ਼ਾਰਾਂ ਸਿੱਖ ਨੌਜਵਾਨਾਂ ਦੇ ਮਾਮਲਿਆਂ ਦੀ ਜਾਂਚ ਕੀਤੀ ਜਾਵੇ। ਜਸਟਿਸ ਅਜੀਤ ਸਿੰਘ ਬੈਂਸ ਕਮਿਸ਼ਨ ਅਧੀਨ ਤਿੰਨ ਮੈਂਬਰੀ ਕਮੇਟੀ ਦੇ ਚੇਅਰਮੈਨ ਵਜੋਂ ਆਪ ਨੇ ਇਹ ਜ਼ਿੰਮੇਵਾਰੀ ਕੁਝ ਮਹੀਨਿਆਂ ਵਿੱਚ ਹੀ ਮੁਕੰਮਲ ਕਰਦਿਆਂ, ਸੱਚਾਈ ਬਾਹਰ ਲਿਆਂਦੀ ਅਤੇ ਅੱਠ ਹਜ਼ਾਰ ਸਿੱਖ ਨੌਜਵਾਨਾਂ ਨੂੰ ਬੇਕਸੂਰ ਕਰਾਰ ਦਿੰਦਿਆਂ ਰਿਹਾਈ ਦੇ ਫ਼ੈਸਲੇ ਸੁਣਾਏ। ਸਰਕਾਰ ਨੂੰ ਮਜਬੂਰਨ ਤਿੰਨ ਹਜ਼ਾਰ ਸਿੱਖ ਨੌਜਵਾਨ ਤੁਰੰਤ ਛੱਡਣੇ ਪਏ। ਜਦੋਂ ਆਪ ਤੋਂ ਇਹ ਪੁੱਛਿਆ ਗਿਆ ਕਿ ਇੰਨੀ ਜਲਦੀ ਇੰਨੇ ਨੌਜਵਾਨਾਂ ਦਾ ਨਿਰੀਖਣ ਕਰਕੇ ਉਨ੍ਹਾਂ ਨੂੰ ਬੇਕਸੂਰ ਕਿਵੇਂ ਕਰਾਰ ਦੇ ਦਿੱਤਾ, ਤਾਂ ਜਸਟਿਸ ਬੈਂਸ ਦਾ ਕਹਿਣਾ ਸੀ ਜਿਵੇਂ ਇਨ੍ਹਾਂ ਨੂੰ ਧੱਕੇ ਨਾਲ ਝੂਠੇ ਮਾਮਲਿਆਂ ਵਿਚ ਜੇਲ੍ਹੀਂ ਡੱਕਿਆ ਗਿਆ ਸੀ,  ਉਸੇ ਤਰ੍ਹਾਂ ਹੀ ਮੈਂ ਜਾਂਚ ਕਰਦਿਆਂ ਇੱਕੋ ਪਲ ਵਿੱਚ ਇਨ੍ਹਾਂ ਨੂੰ ਰਿਹਾਈ ਦੇ ਹੁਕਮ ਸੁਣਾਏ ਹਨ। ਜਸਟਿਸ ਬੈਂਸ ਨੂੰ ਪੰਜਾਬ ਸਰਕਾਰ ਵੱਲੋਂ ਪੰਜਾਬ ਜੇਲ੍ਹ ਸੁਧਾਰ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਸੀ, ਪਰ 30 ਅਪ੍ਰੈਲ 1986 ਨੂੰ ਦਰਬਾਰ ਸਾਹਿਬ ਉੱਪਰ ਨੀਮ-ਫੌਜੀ ਦਲਾਂ ਦੇ ਦਾਖ਼ਲੇ ਵਿਰੁੱਧ ਰੋਸ ਵਜੋਂ, ਆਪ ਨੇ ਇਸ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ।  
      ਪੰਜਾਬ ਵਿਚ ਮਨੁੱਖੀ ਹੱਕਾਂ ਦੇ ਹੋ ਰਹੇ ਘਾਣ ਦੀ ਖੋਜ ਪੜਤਾਲ ਅਤੇ ਸੱਚਾਈ ਸਾਹਮਣੇ ਲਿਆਉਣ ਲਈ, ਮਨੁੱਖੀ ਅਧਿਕਾਰ ਸੰਗਠਨ 'ਪੰਜਾਬ ਹਿਊਮਨ ਰਾਈਟਸ ਆਰਗੇਨਾਈਜ਼ੇਸ਼ਨ' ਦੀ ਸਥਾਪਨਾ ਕੀਤੀ ਗਈ, ਜਿਸਦੇ ਜਸਟਿਸ ਬੈਂਸ ਚੇਅਰਮੈਨ ਸਨ। ਇਸ ਦੇ ਹੋਰਨਾਂ ਮੈਂਬਰਾਂ ਵਿੱਚ ਵਾਈਸ ਚੇਅਰਮੈਨ ਜਨਰਲ ਨਰਿੰਦਰ ਸਿੰਘ, ਸ. ਇੰਦਰਜੀਤ ਸਿੰਘ ਜੇਜੀ, ਸ ਗੁਰਤੇਜ ਸਿੰਘ, ਬੀਬੀ ਬਲਜੀਤ ਕੌਰ, ਬਹੁਤ ਸਾਰੇ ਵਕੀਲ ਬੁੱਧੀਜੀਵੀ ਅਤੇ ਐਕਟੀਵਿਸਟ ਸ਼ਾਮਿਲ ਸਨ। ਇਸ ਮਨੁੱਖੀ ਅਧਿਕਾਰ ਸੰਗਠਨ ਨੇ ਹੈਬੀਅਸ ਕਾਰਪਸ ਲਾ ਕੇ ਬਹੁਤ ਸਾਰੇ ਬੇਕਸੂਰ ਨੌਜਵਾਨਾਂ ਨੂੰ ਝੂਠੇ ਪੁਲਸ ਮਾਮਲਿਆਂ ਅਤੇ ਕਾਰਨ ਗੈਰ-ਕਾਨੂੰਨੀ ਹਿਰਾਸਤ 'ਚੋਂ ਛੁਡਾਇਆ। ਹਿਊਮਨ ਰਾਈਟਸ ਆਰਗੇਨਾਈਜੇਸ਼ਨ ਵੱਲੋਂ ਪ੍ਰਕਾਸ਼ਤ ਇਤਿਹਾਸਕ ਦਸਤਾਵੇਜ਼ ਪੰਜਾਬ ਵਿਚ ਮਨੁੱਖੀ ਅਧਿਕਾਰਾਂ ਦੇ ਹੋਏ ਘਾਣ ਦੀ ਦਾਸਤਾਨ ਬਿਆਨ ਕਰਦੇ ਹਨ। ਇਸ ਸੰਗਠਨ ਦੇ ਚੇਅਰਮੈਨ ਵਜੋਂ ਆਪ ਸੰਨ 1987 -1988 ਦੌਰਾਨ ਯੂਰਪ ਅਤੇ ਉੱਤਰੀ ਅਮਰੀਕਾ ਦੇ ਵੱਖ- ਵੱਖ ਦੇਸ਼ਾਂ ਵਿੱਚ ਗਏ, ਜਿੱਥੇ ਆਪ ਵਿਧਾਇਕਾਂ, ਕਾਨੂੰਨਦਾਨਾਂ, ਕੌਮਾਂਤਰੀ ਕਮਿਸ਼ਨ ਮੈਬਰਾਂ ਅਤੇ ਪੱਤਰਕਾਰਾਂ ਨੂੰ ਮਿਲੇ ਅਤੇ ਭਾਰਤ ਵਿੱਚ ਘੱਟ ਗਿਣਤੀਆਂ 'ਤੇ ਹੁੰਦੇ ਤਸ਼ੱਦਦ ਤੋਂ ਜਾਣੂ ਕਰਵਾਇਆ। ਆਪ ਬੇਬਾਕੀ ਨਾਲ ਕਿਹਾ ਕਰਦੇ ਸਨ ਕਿ ਭਾਰਤ ਵਿੱਚ ਦਹਿਸ਼ਤਗਰਦ ਸਿੱਖ ਨਹੀਂ, ਬਲਕਿ ਸਰਕਾਰ ਹੈ, ਜਿਸ ਨੇ ਸਿੱਖ ਨਸਲਕੁਸ਼ੀ 1984 ਤੋਂ  ਲੈ ਕੇ ਲੰਮਾ ਸਮਾਂ ਪੰਜਾਬ ਅੰਦਰ ਅੰਨ੍ਹੇਵਾਹ ਤਸ਼ੱਦਦ ਕਰਦਿਆਂ, ਸਿੱਖਾਂ ਅੰਦਰ ਬੇਗਾਨਗੀ ਦਾ ਭਾਵ ਪੈਦਾ ਕੀਤਾ ਹੈ ਅਤੇ ਸਿੱਖਾਂ ਦੀ ਘੇਰਾਬੰਦੀ ਕੀਤੀ ਹੈ।
     ਜਸਟਿਸ ਬੈਂਸ ਨੂੰ ਸਰਕਾਰ ਵੱਲੋਂ 'ਅਗਵਾ' ਕਰ ਕੇ ਤਸ਼ੱਦਦ ਕਰਨ ਅਤੇ ਝੂਠੇ ਮਾਮਲੇ ਵਿੱਚ ਫਸਾਉਣ ਦੀ ਸਾਜ਼ਿਸ਼ : ਦੇਸ਼ ਦੀ ਵੰਡ ਮਗਰੋਂ ਭਾਰਤ ਦੇ ਇਤਿਹਾਸ ਵਿੱਚ ਇਹ ਪਹਿਲਾ ਮਾਮਲਾ ਹੋਵੇਗਾ, ਜਦੋਂ ਇੱਕ ਸਾਬਕਾ ਜਸਟਿਸ ਨੂੰ ਸਰਕਾਰ ਵੱਲੋਂ ਗ੍ਰਿਫ਼ਤਾਰ ਕਰਕੇ, ਤਸ਼ੱਦਦ ਢਾਹਿਆ ਗਿਆ ਹੋਵੇ। 3 ਅਪਰੈਲ 1992 ਨੂੰ ਜਸਟਿਸ ਅਜੀਤ ਸਿੰਘ ਬੈਂਸ ਨੂੰ ਆਨੰਦਪੁਰ ਸਾਹਿਬ ਤੋਂ ਹੋਲਾ ਮਹੱਲਾ ਪੰਥਕ ਇਕੱਤਰਤਾ ਵਿੱਚ, 'ਦੇਸ਼- ਵਿਰੋਧੀ ਭਾਸ਼ਣ ਦੇਣ ਦਾ ਝੂਠਾ ਮਾਮਲਾ' ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ। ਇਹ ਗ੍ਰਿਫ਼ਤਾਰੀ ਪੰਜਾਬ ਦੇ ਜ਼ਕਰੀਏ ਮੁੱਖ ਮੰਤਰੀ ਬੇਅੰਤ ਸਿੰਘ ਦੇ ਹੁਕਮ 'ਤੇ ਪੰਜਾਬ ਪੁਲਿਸ ਦੇ ਬੁੱਚੜ ਮੁਖੀ ਕੇਪੀਐੱਸ ਗਿੱਲ ਦੁਆਰਾ, ਅਤਿ-ਜ਼ੁਲਮੀ ਪੁਲਿਸ ਅਧਿਕਾਰੀ ਸੁਮੇਧ ਸੈਣੀ ਵੱਲੋਂ ਕੀਤੀ ਗਈ ਅਤੇ ਸਾਬਕਾ ਨਿਆਂਕਾਰ ਨੂੰ ਹੱਥਕੜੀਆਂ ਲਾ ਕੇ ਜੇਲ੍ਹ ਲਿਜਾਇਆ ਗਿਆ। ਜਸਟਿਸ ਬੈਂਸ ਆਪਣੀ ਟਿੱਪਣੀ ਵਿੱਚ ਲਿਖਦੇ ਹਨ ਕਿ ਉਨ੍ਹਾਂ ਨੂੰ 'ਗ੍ਰਿਫ਼ਤਾਰ ਨਹੀਂ, ਅਗਵਾ' ਕੀਤਾ ਗਿਆ ਸੀ। ਉਨ੍ਹਾਂ ਨੂੰ ਮੂੰਹ ਬੰਦ ਕਰ ਕੇ, ਚੁੱਕ ਕੇ ਥਾਣੇ ਵਿੱਚ ਲਿਜਾਇਆ ਗਿਆ ਅਤੇ ਤਸ਼ੱਦਦ ਕੀਤਾ ਗਿਆ। ਇਹ 'ਅਗਵਾ ਕਰਨ ਦਾ' ਇੱਕ ਸਪਸ਼ਟ ਕੇਸ ਸੀ ਅਤੇ ਅਗਵਾਕਾਰ ਭਾਰਤੀ ਪੁਲਿਸ ਸੀ। ਜਸਟਿਸ ਸਾਹਿਬ ਦੀ ਕਿਤਾਬ 'ਦਹਿਸ਼ਤਗਰਦ ਕੌਣ ? ਸਿੱਖ ਕਿ ਸਰਕਾਰ' ਵਿੱਚ ਟਿੱਪਣੀ ਅਨੁਸਾਰ ਉਨ੍ਹਾਂ ਦੇ ਘਰ ਤਲਾਸ਼ੀ ਲੈ ਕੇ ਕੀਮਤੀ ਸਾਮਾਨ ਚੋਰੀ ਕਰ ਲਿਆ ਗਿਆ, ਜੋ ਡਾਕੇ ਤੋਂ ਘੱਟ ਨਹੀਂ ਸੀ, ਪਰ 'ਇਹ ਡਾਕੂ ਪੁਲਿਸ' ਗਏ ਸਨ। ਉਨ੍ਹਾਂ ਨੂੰ ਜਿਸਮਾਨੀ ਨੁਕਸਾਨ ਪਹੁੰਚਾਉਣ ਦੀਆਂ ਧਮਕੀਆਂ ਦਿੱਤੀਆਂ ਗਈਆਂ ਅਤੇ ਇਹ ਮੁਜਰਮਾਨਾ ਡਰਾਵਾ ਦੇਣ ਵਾਲੇ ਬੰਦਿਆਂ ਨੇ 'ਰਾਜ ਦੀਆਂ ਵਰਦੀਆਂ' ਪਹਿਨੀਆਂ ਹੋਈਆਂ ਸਨ। ਜਸਟਿਸ ਅਜੀਤ ਸਿੰਘ ਦੇ ਕਥਨ ਵਿਚ ਉਹ ਇਸ ਨੂੰ 'ਰਾਜ ਦੀ ਦਹਿਸ਼ਤਗਰਦੀ' ਕਹਿੰਦੇ ਹਨ ਅਤੇ ਰਾਜ ਨੂੰ 'ਦਹਿਸ਼ਤਗਰਦੀ ਦੀ ਜੜ੍ਹ' ਕਹਿੰਦੇ ਹਨ। ਮਈ 1992 ਵਿੱਚ ਬੁੜੈਲ ਜੇਲ੍ਹ ਚੰਡੀਗੜ੍ਹ ਤੋਂ, ਜਸਟਿਸ ਅਜੀਤ ਸਿੰਘ ਬੈਂਸ ਦੇ ਲਿਖੇ ਇਹ ਸ਼ਬਦ ਦਿਲ ਝੰਜੋੜਨ ਵਾਲੇ ਹਨ। ਚਾਰ ਮਹੀਨੇ ਗ਼ੈਰ-ਕਾਨੂੰਨੀ ਢੰਗ ਨਾਲ ਜੇਲ੍ਹ ਵਿੱਚ ਰੱਖਣ ਮਗਰੋਂ ਆਪ ਨੂੰ ਜ਼ਮਾਨਤ ਮਿਲੀ। ਜਸਟਿਸ ਬੈਂਸ 'ਤੇ ਪਾਏ ਝੂਠੇ ਮਾਮਲੇ ਦੇ ਸਬੰਧ ਵਿੱਚ ਉੱਘੀਆਂ ਸ਼ਖ਼ਸੀਅਤਾਂ ਨਿਰਮਲ ਕੁਮਾਰ ਮੁਖਰਜੀ ਸਾਬਕਾ ਗਵਰਨਰ ਪੰਜਾਬ, ਆਰ ਐਸ ਨਰੂਲਾ ਸਾਬਕਾ ਚੀਫ਼ ਜਸਟਿਸ ਪੰਜਾਬ ਹਾਈਕੋਰਟ, ਰਜਨੀ ਕੋਠਾਰੀ, ਇੰਦਰਮੋਹਨ ਅਤੇ ਪਤਵੰਤ ਸਿੰਘ ਸਮੇਤ ਅਹਿਮ ਸ਼ਹਿਰੀਆਂ ਵੱਲੋਂ ਪਟੀਸ਼ਨ ਦਾਇਰ ਕੀਤੀ ਗਈ, ਪਰ ਡੇਢ ਵਰ੍ਹਾ ਲੰਘ ਜਾਣ ਦੇ ਬਾਵਜੂਦ ਵੀ ਸੁਣਵਾਈ ਦੀ ਤਾਰੀਖ ਨਿਸ਼ਚਤ ਨਾ ਹੋਈ। ਆਖਰਕਾਰ ਸੰਨ 1996 ਵਿੱਚ ਜਸਟਿਸ ਅਜੀਤ ਸਿੰਘ ਬੈਂਸ ਨੂੰ ਝੂਠੇ ਮਾਮਲਿਆਂ 'ਚ ਬਰੀ ਕੀਤਾ ਗਿਆ, ਪਰ ਭਾਰਤ ਸਰਕਾਰ ਦੇ ਮੱਥੇ ਤੋਂ ਇੱਕ ਸਾਬਕਾ ਜਸਟਿਸ ਨੂੰ ਝੂਠੇ ਮਾਮਲੇ 'ਚ ਜੇਲ੍ਹ ਚ ਸੁੱਟਣ ਦਾ ਕਲੰਕ ਕਦੇ ਨਹੀਂ ਮਿਟੇਗਾ।  
ਜਸਟਿਸ ਅਜੀਤ ਸਿੰਘ ਬੈਂਸ ਦੀ ਕੈਨੇਡਾ ਨਾਲ ਸਾਂਝ : ਜਸਟਿਸ ਬੈਂਸ ਸਾਹਿਬ ਦੀ ਕੈਨੇਡਾ ਨਾਲ ਡੂੰਘੀ ਸਾਂਝ ਦੀ ਕੜੀ, ਉਨ੍ਹਾਂ ਦੇ ਸਭ ਤੋਂ ਛੋਟੇ ਭਰਾ ਹਰਦਿਆਲ ਬੈਂਸ, ਛੋਟੀ ਭੈਣ ਬੀਬੀ ਰਣਜੀਤ ਕੌਰ ਹੁੰਦਲ ਸਮੇਤ ਸਮੂਹ ਨਜ਼ਦੀਕੀ ਪਰਿਵਾਰ, ਸਿੱਖ ਪੰਥ ਅਤੇ ਮਨੁੱਖੀ ਹੱਕਾਂ ਦੇ ਪਹਿਰੇਦਾਰ ਕਹੇ ਜਾ ਸਕਦੇ ਹਨ ਜਿਨ੍ਹਾਂ ਨੂੰ ਬੈਂਸ ਸਾਹਿਬ  ਵਾਰ-ਵਾਰ ਮਿਲਦੇ ਰਹੇ। ਸੰਨ 1975 ਵਿੱਚ ਜਦੋਂ ਭਾਰਤ ਅੰਦਰ ਤੱਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਐਮਰਜੈਂਸੀ ਲਾਈ ਗਈ ਸੀ, ਉਸ ਸਮੇਂ ਜਸਟਿਸ ਬੈਂਸ ਕੈਨੇਡਾ ਵਿਚ ਸਨ ਅਤੇ ਇੱਕ ਵਾਰ ਉਨ੍ਹਾਂ ਮਨ ਵੀ ਬਣਾਇਆ ਕਿ ਉਹ ਵਾਪਸ ਪਰਤਣ ਦੀ ਥਾਂ, ਇੱਥੋਂ ਹੀ ਮਨੁੱਖੀ ਅਧਿਕਾਰਾਂ ਦਾ ਸੰਘਰਸ਼ ਕਰਨਗੇ, ਜਿੱਥੇ ਉਨ੍ਹਾਂ ਦੇ ਭਰਾ ਅਤੇ ਕਮਿਊਨਿਸਟ ਪਾਰਟੀ ਮਾਰਕਸਵਾਦੀ ਲੈਨਿਨਵਾਦੀ ਦੇ ਆਗੂ ਹਰਦਿਆਲ ਬੈਂਸ ਸਰਕਾਰ ਵਿਰੁੱਧ, ਮਨੁੱਖੀ ਹੱਕਾਂ ਲਈ ਸੰਘਰਸ਼ ਕਰ ਰਹੇ ਸਨ। ਮਗਰੋਂ ਪਰਿਵਾਰਕ ਸੂਤਰਾਂ ਦੇ ਜ਼ੋਰ ਪਾਉਣ 'ਤੇ ਆਪ ਵਾਪਸ ਪਰਤੇ। ਦੂਸਰੇ ਪਾਸੇ ਮਨੁੱਖੀ ਅਧਿਕਾਰਾਂ ਦੇ ਕਾਰਕੁਨ ਹਰਦਿਆਲ ਬੈਂਸ ਨੂੰ ਭਾਰਤ ਸਰਕਾਰ ਵੱਲੋਂ 1975 'ਚ 'ਬਲੈਕ ਲਿਸਟ' ਕਰ ਦਿੱਤਾ ਗਿਆ ਸੀ। ਸੰਨ 1988 ਵਿੱਚ ਜਦੋਂ ਭਾਰਤ ਦਾ ਤਤਕਾਲੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਕੈਨੇਡਾ ਵਿੱਚ ਵੈਨਕੂਵਰ ਦੇ ਦੌਰੇ 'ਤੇ ਸੀ, ਉਸ ਵੇਲੇ ਵੀ ਵੈਨਕੂਵਰ ਵਿੱਚ ਹੀ ਹੋ ਰਹੀ ਮਨੁੱਖੀ ਅਧਿਕਾਰਾਂ ਸਬੰਧੀ ਕਾਨਫ਼ਰੰਸ ਵਿੱਚ ਜਸਟਿਸ ਸਾਹਿਬ ਸੰਬੋਧਨ ਕਰਦੇ ਰਹੇ ਅਤੇ ਭਾਰਤ ਵਿੱਚ ਹੋ ਰਹੀਆਂ ਧੱਕੇਸ਼ਾਹੀਆਂ ਨੂੰ ਸੰਸਾਰ ਸਾਹਮਣੇ ਰੱਖਦੇ ਰਹੇ। ਸੰਨ 1995 ਵਿੱਚ ਮਨੁੱਖੀ ਅਧਿਕਾਰਾਂ ਦੇ ਜਾਂਬਾਜ਼ ਯੋਧੇ ਸ਼ਹੀਦ ਜਸਵੰਤ ਸਿੰਘ ਖਾਲੜਾ ਅਤੇ ਜਸਟਿਸ ਅਜੀਤ ਸਿੰਘ ਬੈਂਸ ਇਕੱਠੇ, ਕੈਨੇਡਾ ਦੀ ਰਾਜਧਾਨੀ ਔਟਵਾ ਸਥਿਤ ਪਾਰਲੀਮੈਂਟ ਵਿਖੇ, ਮਨੁੱਖੀ ਅਧਿਕਾਰਾਂ ਦੀ ਕਾਨਫ਼ਰੰਸ ਵਿੱਚ ਸ਼ਾਮਲ ਹੋਏ। ਦੋਹਾਂ ਨੇ ਭਾਰਤ ਦੀਆਂ ਫਾਸ਼ੀਵਾਦੀ ਨੀਤੀਆਂ ਦੀ ਸੱਚਾਈ ਸੰਸਾਰ ਸਾਹਮਣੇ ਰੱਖੀ। ਜਿੱਥੇ ਸ਼ਹੀਦ ਜਸਵੰਤ ਸਿੰਘ ਖਾਲੜਾ ਨੇ ਪੱਚੀ ਹਜ਼ਾਰ ਲਾਵਾਰਸ ਲਾਸ਼ਾਂ ਦੀ ਦਾਸਤਾਨ ਬਿਆਨ ਕੀਤੀ, ਉਥੇ ਜਸਟਿਸ ਅਜੀਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਵਿੱਚ ਇੱਕ ਲੱਖ ਤੋਂ ਵੱਧ ਸਿੱਖ ਨੌਜਵਾਨ ਸਰਕਾਰ ਵੱਲੋਂ ਸ਼ਹੀਦ ਕੀਤੇ ਜਾ ਚੁੱਕੇ ਹਨ। ਉਨ੍ਹਾਂ ਪੰਜਾਬ ਵਿੱਚ ਅਸਲ ਵਿੱਚ 'ਕਬਰਾਂ ਦੀ ਸ਼ਾਂਤੀ' ਦੇ ਮਾਹੌਲ  ਦੱਸਦਿਆਂ, ਅੰਤਰਰਾਸ਼ਟਰੀ ਭਾਈਚਾਰੇ ਤੋਂ ਮੰਗ ਕੀਤੀ ਕਿ ਟਾਡਾ ਅਤੇ ਹੋਰ ਕਾਲੇ ਕਾਨੂੰਨ ਵਾਪਸ ਲੈਣ ਲਈ, ਭਾਰਤ ਸਰਕਾਰ 'ਤੇ ਦਬਾਅ ਪਾਇਆ ਜਾਏ। ਇੱਥੇ ਜ਼ਿਕਰਯੋਗ ਹੈ ਕਿ ਕੈਨੇਡਾ ਦੀ ਵਾਪਸੀ ਮਗਰੋਂ ਸ਼ਹੀਦ ਜਸਵੰਤ ਸਿੰਘ ਖਾਲੜਾ ਨੂੰ ਅਗਵਾ ਕਰਕੇ, ਪੰਜਾਬ ਪੁਲਿਸ ਵੱਲੋਂ ਸ਼ਹੀਦ ਕਰ ਦਿੱਤਾ ਗਿਆ ਸੀ।
        ਜਸਟਿਸ ਅਜੀਤ ਸਿੰਘ ਬੈਂਸ ਨੇ ਜੀਵਨ ਭਰ ਮਨੁੱਖੀ ਅਧਿਕਾਰਾਂ ਦਾ ਘੋਲ ਕਰਦਿਆਂ, ਸਿੱਖ ਸੰਘਰਸ਼ ਦੇ ਨੌਜਵਾਨਾਂ ਲਈ ਹਾਅ ਦਾ ਨਾਅਰਾ ਮਾਰਿਆ। ਉਨ੍ਹਾਂ ਦੀਆਂ ਵੈਦਿਆ ਕਤਲ ਕੇਸ ਵਿੱਚ ਸ਼ਹੀਦ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਨਾਲ ਪੂਨਾ ਜੇਲ੍ਹ 'ਚ ਮੁਲਾਕਾਤਾਂ, ਮੁੱਖ ਮੰਤਰੀ ਬੇਅੰਤ ਕਤਲ ਕੇਸ ਵਿੱਚ ਸ਼ਾਮਲ ਭਾਈ ਜਗਤਾਰ ਸਿੰਘ ਹਵਾਰਾ, ਭਾਈ ਪਰਮਜੀਤ ਸਿੰਘ ਭਿਓਰਾ ਤੇ ਭਾਈ ਜਗਤਾਰ ਸਿੰਘ ਤਾਰਾ ਨਾਲ ਬੁੜੈਲ ਜੇਲ੍ਹ ਚ ਮੁਲਾਕਾਤਾਂ ਸਮੇਤ ਅਨੇਕਾਂ ਹੋਰ ਖਾੜਕੂਆਂ ਨਾਲ ਮੁਲਾਕਾਤਾਂ ਅਤੇ ਸ਼ਹੀਦ ਸਿੰਘਾਂ ਦੇ ਭੋਗਾਂ ਤੇ ਸ਼ਮੂਲੀਅਤ ਇਤਿਹਾਸਿਕ  ਵੇਰਵੇ ਹਨ। ਆਪ ਨੇ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਦੀ ਮੌਤ ਦੀ ਸਜ਼ਾ ਦੇ ਵਿਰੁੱਧ ਲੰਮਾ ਸੰਘਰਸ਼ ਕਰਦਿਆਂ, ਜਰਮਨ ਸਰਕਾਰ ਦੇ ਚਾਂਸਲਰ ਤੱਕ ਪਹੁੰਚ ਕੀਤੀ। ਦੂਸਰੇ ਪਾਸੇ 'ਗੋਲ਼ੀ ਬਦਲੇ ਗੋਲ਼ੀ' ਦੀ ਘਿਨਾਉਣੀ ਸੋਚ ਧਾਰਨੀ ਪੰਜਾਬ ਦੇ ਸਾਬਕਾ ਪੁਲੀਸ ਮੁਖੀ ਜੂਲੀਓ ਐਫ ਰਿਬੀਰੋ ਦੀਆਂ ਧੱਕੇਸ਼ਾਹੀਆਂ ਅਤੇ ਜਬਰ ਖ਼ਿਲਾਫ਼ ਲਗਾਤਾਰ ਆਵਾਜ਼ ਬੁਲੰਦ ਕਰਦੇ ਰਹੇ।
     ਪੰਜਾਬ ਪੀਪਲਜ਼ ਕਮਿਸ਼ਨ ਅਤੇ 'ਕੋ- ਆਰਡੀਨੇਸ਼ਨ ਕਮੇਟੀ ਫਾਰ ਡਿਸਅਪੀਰੈਂਸ ਇਨ ਪੰਜਾਬ' ਰਾਹੀਂ ਸੇਵਾਵਾਂ : ਸੰਨ 1997 ਵਿਚ ਜਸਟਿਸ ਕੁਲਦੀਪ ਸਿੰਘ ਨਾਲ ਮਿਲ ਕੇ ਪੰਜਾਬ ਪੀਪਲਜ਼ ਕਮਿਸ਼ਨ ਕਾਇਮ ਕਰਦਿਆਂ ਜਸਟਿਸ ਅਜੀਤ ਸਿੰਘ ਬੈਂਸ ਵੱਲੋਂ ਜ਼ੋਰਦਾਰ ਸੰਘਰਸ਼ ਕੀਤਾ ਗਿਆ, ਪਰ ਸਰਕਾਰੀ ਤਸ਼ੱਦਦ, ਵਿਕਾਊ ਪ੍ਰੈੱਸ- ਮੀਡੀਆ, ਅਖੌਤੀ ਖੱਬੇ ਪੱਖੀਆਂ ਅਤੇ ਜਾਅਲੀ ਕਾਮਰੇਡਾਂ ਦੀਆਂ ਜ਼ਾਲਮ ਸਰਕਾਰ -ਪੱਖੀ ਸਾਜਿਸ਼ਾਂ ਕਾਰਨ, ਇਹ ਕਮਿਸ਼ਨ ਰੱਦ ਕਰ ਦਿੱਤਾ ਗਿਆ ਅਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੀਪਲਜ਼ ਕਮਿਸ਼ਨ ਤੇ ਪਾਬੰਦੀ ਲਗਾ ਦਿੱਤੀ। ਆਪ ਨੇ ਉੱਘੇ ਕਾਨੂੰਨ ਮਾਹਰ ਰਾਮ ਨਰਾਇਣ ਨਾਲ ਮਿਲ ਕੇ, 'ਕੋ- ਆਰਡੀਨੇਸ਼ਨ ਕਮੇਟੀ ਫਾਰ ਡਿਸਅਪੀਰੈਂਸ ਇਨ ਪੰਜਾਬ' ਰਾਹੀਂ ਵੀ ਵਡਮੁੱਲੀਆਂ ਸੇਵਾਵਾਂ ਨਿਭਾਈਆਂ।
    ਵਡਮੁੱਲੀਆਂ ਲਿਖਤਾਂ ਅਤੇ ਰਿਪੋਰਟਾਂ : ਜਸਟਿਸ ਅਜੀਤ ਸਿੰਘ ਬੈਂਸ ਦੀਆਂ ਬਤੌਰ ਜੱਜ ਅਤੇ ਮਨੁੱਖੀ ਅਧਿਕਾਰਾਂ ਦੀ ਕਾਰਕੁਨ ਵਜੋਂ ਲਿਖੀਆਂ ਕਿਤਾਬਾਂ ਇਤਿਹਾਸਕ ਦਸਤਾਵੇਜ਼ ਹਨ। ਆਪ ਦੀ ਲਿਖਤ 'ਸਿੱਖਾਂ ਦੀ ਘੇਰਾਬੰਦੀ' ਅੰਗਰੇਜ਼ੀ ਅਤੇ ਪੰਜਾਬੀ ਵਿੱਚ ਪ੍ਰਕਾਸ਼ਤ ਹੈ, ਜਿਸ ਵਿੱਚ ਆਪ ਨੇ ਪੰਜਾਬ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਤੱਥ ਵਿਸਥਾਰ ਸਹਿਤ ਪੇਸ਼ ਕਰਕੇ, ਸੰਸਾਰ ਦੇ ਅੱਗੇ ਸਾਹਮਣੇ ਰੱਖੇ ਹਨ। ਜਸਟਿਸ ਸਾਹਿਬ ਦੇ ਕਿਤਾਬ 'ਦਹਿਸ਼ਤਗਰਦ ਕੌਣ ? ਸਿੱਖ ਕਿ ਸਰਕਾਰ' ਵਿੱਚ ਹਕੂਮਤੀ ਦਹਿਸ਼ਤਗਰਦੀ ਅਤੇ ਮਨੁੱਖੀ ਅਧਿਕਾਰਾਂ ਦੇ ਪ੍ਰਸੰਗ ਵਿੱਚ ਭਾਰਤ ਦੀ ਹਾਲਤ ਬਿਆਨ ਕੀਤੀ ਗਈ ਹੈ। ਇਸ ਕਿਤਾਬ ਰਾਹੀਂ ਉਨ੍ਹਾਂ ਭਰ ਦੀਆਂ ਸਮੂਹ ਘੱਟ ਗਿਣਤੀਆਂ, ਅਗਾਂਹਵਧੂ ਤਾਕਤਾਂ ਐਕਟੀਵਿਸਟ ਅਤੇ ਬੁੱਧੀਜੀਵੀਆਂ ਨੂੰ ਇਕੱਠੇ ਹੋ ਕੇ, ਸਰਕਾਰੀ ਦਹਿਸ਼ਤਵਾਦ ਖ਼ਿਲਾਫ਼ ਡਟਣ ਦਾ ਸੁਨੇਹਾ ਦਿੱਤਾ ਹੈ।  ਇਸ ਤੋਂ ਇਲਾਵਾ ਜਸਟਿਸ ਸਾਹਿਬ ਦੇ ਮਨੁੱਖੀ ਅਧਿਕਾਰਾਂ ਸਬੰਧੀ ਬਹੁਤ ਸਾਰੇ ਅਹਿਮ ਦਸਤਾਵੇਜ਼ ਅਤੇ ਰਿਪੋਰਟਾਂ ਵੀ ਜ਼ਿਕਰਯੋਗ ਹਨ। ਆਪ ਜੀ ਬਾਰੇ ਕਈ ਕਿਤਾਬਾਂ  ਪ੍ਰਕਾਸ਼ਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ 'ਮਨੁੱਖੀ ਹੱਕਾਂ ਦਾ ਮਸੀਹਾ ਜਸਟਿਸ ਅਜੀਤ ਸਿੰਘ ਬੈਂਸ' (ਲੇਖਕ ਖੋਜੀ ਕਾਫ਼ਰ) ਅਤੇ ਮਲਿਕਾ ਸਿੰਘ ਦੀ ਅੰਗਰੇਜ਼ੀ ਵਿਚ ਕਿਤਾਬ ਆਦਿ ਸ਼ਾਮਿਲ ਹਨ।  
       ਜਸਟਿਸ ਅਜੀਤ ਸਿੰਘ ਬੈਂਸ ਆਖ਼ਰੀ ਸਮੇਂ ਤੱਕ ਸੰਘਰਸ਼ ਕਰਦੇ  ਰਹੇ। ਇਕ ਜਾਣਕਾਰੀ ਅਨੁਸਾਰ ਜਨਵਰੀ 1922 ਵਿਚ ਵੀ ਇੱਕ ਕੇਸ ਲਈ ਜਸਟਿਸ ਸਾਹਿਬ ਆਪਣੀ ਸਟੇਟਮੈਂਟ ਦਰਜ ਕਰਵਾ ਕੇ ਗਏ। ਦਿਲਚਸਪ ਪਹਿਲੂ ਇਹ ਵੀ ਹੈ ਕਿ ਬੈਂਸ ਸਾਹਿਬ ਦੇ 100 ਵਰ੍ਹੇ ਦੀ ਆਰੰਭਤਾ ਮੌਕੇ, ਚੰਡੀਗੜ੍ਹ ਪੁਲੀਸ ਵੱਲੋਂ ਉਨ੍ਹਾਂ ਨੂੰ ਜਨਮ ਦਿਨ 'ਤੇ ਫੁੱਲਾਂ ਦਾ ਗੁਲਦਸਤਾ ਭੇਟ ਕੀਤਾ ਗਿਆ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਪੁਲੀਸ ਨੇ ਹੀ ਕਿਸੇ ਸਮੇਂ ਬੈਂਸ ਸਾਹਿਬ ਨੂੰ ਗ੍ਰਿਫਤਾਰ ਕੀਤਾ ਸੀ। 11 ਫਰਵਰੀ 2022 ਨੂੰ ਜਸਟਿਸ ਅਜੀਤ ਸਿੰਘ ਬੈਂਸ, ਕਰੀਬ 100 ਸਾਲ ਦੀ ਲੰਮੀ ਉਮਰ ਭੋਗਦਿਆਂ, ਚੜ੍ਹਦੀ ਕਲਾ ਵਿੱਚ, ਗੁਰੂ ਚਰਨਾਂ ਵਿਚ ਜਾ ਬਿਰਾਜੇ। ਮਨੁੱਖੀ ਹੱਕਾਂ ਦੇ ਮਹਾਨ ਯੋਧੇ ਜਸਟਿਸ ਅਜੀਤ ਸਿੰਘ ਬੈਂਸ  ਦਾ ਸੌ ਸਾਲਾ ਸੰਘਰਸ਼ਮਈ ਸਫਰ ਕੇਵਲ ਸਿੱਖਾਂ ਲਈ ਹੀ ਨਹੀਂ, ਬਲਕਿ ਕੁੱਲ ਮਨੁੱਖੀ ਸੰਘਰਸ਼ ਲਈ ਪ੍ਰੇਰਨਾ ਸਰੋਤ ਬਣਿਆ ਰਹੇਗਾ।
ਜਨਮ ਸ਼ਤਾਬਦੀ ਨੂੰ ਸਮਰਪਿਤ ਸੈਮੀਨਾਰ : ਮਨੁੱਖੀ ਹੱਕਾਂ ਦੇ ਮਹਾਨ ਯੋਧੇ ਜਸਟਿਸ ਅਜੀਤ ਸਿੰਘ ਬੈਂਸ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਸੈਮੀਨਾਰ, ਸਰੀ ਦੀ ਸਟਰਾਅਬੈਰੀ ਹਿੱਲ ਲਾਇਬ੍ਰੇਰੀ (7399 122 ਸਟਰੀਟ) ਵਿਖੇ 22 ਮਈ ਦਿਨ ਐਤਵਾਰ ਨੂੰ, ਬਾਅਦ ਦੁਪਹਿਰ 1.30-4.30 ਦੌਰਾਨ ਕਰਵਾਇਆ ਜਾ ਰਿਹਾ ਹੈ।  ਇਸ ਮੌਕੇ 'ਤੇ ਜਸਟਿਸ ਸਾਹਿਬ ਦੇ ਮਨੁੱਖੀ ਅਧਿਕਾਰਾਂ ਦੇ ਖੇਤਰ ਵਿਚ ਪਾਏ ਵੱਡੇ ਯੋਗਦਾਨ ਤੋਂ ਇਲਾਵਾ, ਉਨ੍ਹਾਂ ਦੀ ਜੀਵਨ ਸੰਘਰਸ਼ ਅਤੇ ਜੇਲ੍ਹ ਯਾਤਰਾ ਬਾਰੇ ਵੀ ਵਿਚਾਰਾਂ ਹੋਣਗੀਆਂ। ਇਸ ਮੌਕੇ ਤੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਸੁਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਜੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਣਗੇ। 'ਮਨੁੱਖੀ ਅਧਿਕਾਰਾਂ ਦੇ ਯੋਧੇ' ਨੂੰ ਭਾਵ-ਭਿੰਨੀ  ਸ਼ਰਧਾਂਜਲੀ ਭੇਟ ਕਰਨ ਲਈ 22 ਮਈ ਨੂੰ ਹੋ ਰਹੇ ਸੈਮੀਨਾਰ ਵਿਚ, ਸਾਰੀਆਂ ਜਥੇਬੰਦੀਆਂ ਨੂੰ ਸ਼ਾਮਲ ਹੋਣ ਲਈ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ। ਵਧੇਰੇ ਜਾਣਕਾਰੀ ਲਈ ਸੰਪਰਕ ਨੰਬਰ ਹਨ : ਭੁਪਿੰਦਰ ਸਿੰਘ ਮੱਲ੍ਹੀ  -604 765 3063 ਅਤੇ ਡਾ ਗੁਰਵਿੰਦਰ ਸਿੰਘ -604 825

ਜਨਮ ਦਿਨ 'ਤੇ ਵਿਸ਼ੇਸ਼ : ਲੋਕਾਂ ਲਈ ਜੂਝਣ ਵਾਲਾ ਇਨਕਲਾਬੀ ਕਵੀ ਸੰਤ ਰਾਮ ਉਦਾਸੀ - (ਡਾ ਗੁਰਵਿੰਦਰ ਸਿੰਘ)

ਜੁਝਾਰੂ ਅਤੇ ਕ੍ਰਾਂਤੀਕਾਰੀ ਲੋਕ ਕਵੀ ਸੰਤ ਰਾਮ ਉਦਾਸੀ ਬਰਨਾਲਾ ਜ਼ਿਲ੍ਹੇ ਦੇ ਪਿੰਡ ਰਾਏਸਰ ਦੇ ਸ. ਮੇਹਰ ਸਿੰਘ ਦੇ ਘਰ, ਮਾਤਾ ਧੰਨ ਕੌਰ ਦੀ ਕੁੱਖੋਂ 29 ਅਪ੍ਰੈਲ 1939 ਨੂੰ ਗਰੀਬ ਦਲਿਤ ਪਰਿਵਾਰ ਵਿੱਚ ਜਨਮੇ। ਆਪ ਨੇ ਨਕਸਲਵਾਦੀ ਲਹਿਰ ਤੋਂ ਲੈ ਕੇ ਪੰਜਾਬ ਵਿਚਲੇ ਸਿੱਖ ਸੰਘਰਸ਼ ਦੇ ਦੌਰ ਤਕ ਦੇ ਸਮੇਂ ਨੂੰ, ਆਪਣੀਆਂ ਕਵਿਤਾਵਾਂ 'ਚ ਬਿਆਨ ਕੀਤਾ। ਦੇਸ਼ ਦੀ ਵੰਡ ਮਗਰੋਂ ਸਰਕਾਰ ਨੇ ਇਨਕਲਾਬੀ ਲੋਕਾਂ ਨਾਲ ਜੋ ਧੱਕੇਸ਼ਾਹੀ ਕੀਤੀ, ਉਦਾਸੀ ਦੀ ਕਵਿਤਾ ਉਸ ਨੂੰ ਬਾਖ਼ੂਬੀ ਬਿਆਨ ਕਰਦੀ ਹੈ। ਚੁਰਾਸੀ ਦੇ ਦੌਰ ਵਿੱਚ ਦਰਬਾਰ ਸਾਹਿਬ 'ਤੇ ਹਮਲੇ ਅਤੇ ਸਿੱਖ ਨਸਲਕੁਸ਼ੀ ਦੇ ਸੰਤਾਪ ਨੂੰ, ਉਨ੍ਹਾਂ ਲੋਕ ਪੱਖੀ ਮੁਹਾਵਰੇ ਵਿੱਚ ਉਭਾਰਿਆ। ਜੁਝਾਰੂ ਅਤੇ ਕ੍ਰਾਂਤੀਕਾਰੀ ਕਵੀ ਸੰਤ ਰਾਮ ਉਦਾਸੀ ਵੱਲੋਂ ਹੇਕ ਲਾ ਕੇ ਗਾਏ ਇਨਕਲਾਬੀ ਗੀਤ, ਅੱਜ ਵੀ ਲੋਕ ਮਨਾਂ ਦੀ ਤਰਜਮਾਨੀ ਕਰਦੇ ਹਨ। ਉਦਾਸੀ ਦੀਆਂ ਰਚਨਾਵਾਂ 'ਕੰਮੀਆਂ ਦਾ ਵਿਹੜਾ', 'ਲਹੂ ਭਿੱਜੇ ਬੋਲ',  'ਸੈਨਤਾਂ', 'ਚੋੌ-ਨੁਕਰੀਆਂ ਸੀਖਾਂ' ਅਤੇ ਬਹੁਤ ਸਾਰੀਆਂ ਅਣਛਪੀਆਂ ਰਚਨਾਵਾਂ ਨੂੰ ਰਾਜਵਿੰਦਰ ਸਿੰਘ ਰਾਹੀ ਨੇ ਸੰਪਾਦਿਤ ਕਰਕੇ, ਸਿਮਰਤੀ ਗ੍ਰੰਥ 'ਸੰਤ ਰਾਮ ਉਦਾਸੀ ਜੀਵਨ ਅਤੇ ਸਮੁੱਚੀ ਰਚਨਾ' ਤੋਂ ਇਲਾਵਾ 'ਕੰਮੀਆਂ ਦੇ ਵਿਹੜੇ ਦਾ ਸੂਰਜ ਲੋਕ ਕਵੀ ਸੰਤ ਰਾਮ ਉਦਾਸੀ' ਪੁਸਤਕਾਂ ਵਿੱਚ ਪ੍ਰਕਾਸ਼ਤ ਕੀਤਾ ਹੈ। ਅੱਜ ਅਜਿਹੇ ਮਹਾਨ ਸ਼ਾਇਰ ਨੂੰ ਯਾਦ ਕਰਦਿਆਂ, ਸਥਾਪਤੀ ਖ਼ਿਲਾਫ਼ ਮੂੰਹ ਨਾ ਖੁੱਲ੍ਹਣ ਵਾਲੀ ਸਰਕਾਰ -ਪੱਖੀ ਅਸਾਹਿਤਕ ਜਮਾਤ ਨੂੰ, ਸਾਹਿਤਕ ਫ਼ਰਜ਼ਾਂ ਦੀ ਕੋਤਾਹੀ ਦਾ ਅਹਿਸਾਸ ਦਬਾਉਣ ਦੀ ਲੋੜ ਹੈ। ਅੱਜ ਦਾ ਦੌਰ ਉਦਾਸੀ ਦੇ ਦੌਰ ਤੋਂ ਵੀ ਭਿਅੰਕਰ ਹੋ ਰਿਹਾ ਹੈ, ਇਸ ਕਾਰਨ ਉਨ੍ਹਾਂ ਦੀ ਕਵਿਤਾ ਦੀ ਅਹਿਮੀਅਤ ਅੱਜ ਹੋਰ ਵੀ ਵਧ ਗਈ ਹੈ। ਲੋਕ ਕਵੀ ਸੰਤ ਰਾਮ ਉਦਾਸੀ ਦੀ ਸੋਚ ਵਾਲੇ ਸਾਹਿਤਕਾਰਾਂ, ਚਿੰਤਕਾਂ ਅਤੇ ਬੁੱਧੀਜੀਵੀਆਂ ਨੂੰ 'ਸ਼ਹਿਰੀ ਨਕਸਲੀ' ਕਰਾਰ ਦੇ ਕੇ, ਜੇਲ੍ਹਾਂ ਵਿੱਚ ਸੁੱਟਿਆ ਜਾ ਰਿਹਾ ਹੈ। ਜੁਝਾਰੂ ਕਵੀ ਸੰਤ ਰਾਮ ਉਦਾਸੀ ਦੀ ਸੋਚ ਅਨੁਸਾਰ ਅਜਿਹੇ ਫਾਸ਼ੀਵਾਦੀ ਸਟੇਟ ਨੂੰ ਵਤਨ ਕਹਿਣਾ ਨਾਮੁਮਕਿਨ ਹੈ।ਲੋਕ ਕਵੀ ਸੰਤ ਰਾਮ ਉਦਾਸੀ ਦੀਆਂ ਕੁਝ ਰਚਨਾਵਾਂ ਯਾਦਗਾਰੀ ਦਿਨ 'ਤੇ ਸਾਂਝੀਆਂ ਕਰ ਰਹੇ ਹਾਂ।

*ਕਿਸ ਨੂੰ ਵਤਨ ਕਹਾਂ

ਹਰ ਥਾਂ ਖ਼ੂਨੋ ਖ਼ੂਨ ਹੈ ਧਰਤੀ
ਹਰ ਥਾਂ ਕਬਰਾਂ ਦੀ ਚੁੱਪ ਵਰਤੀ
ਅਮਨ ਕਿੱਥੇ ਮੈਂ ਦਫ਼ਨ ਕਰੂੰਗਾ
ਮੈਂ ਹੁਣ ਕਿਸਨੂੰ ਵਤਨ ਕਹੂੰਗਾ

ਭੰਨ ਸੁੱਟੀਆਂ ਨਾਨਕ ਦੀਆਂ ਬਾਹਵਾਂ
ਪੁੱਟ ਸੁੱਟੀਆਂ ਸ਼ਿਵ ਦੀਆਂ ਜਟਾਵਾਂ
ਕਿਸ ਨੂੰ ਕਿਸ ਦਾ ਦਮਨ ਕਹੂੰਗਾ
ਮੈਂ ਹੁਣ ਕਿਸਨੂੰ ਵਤਨ ਕਹੂੰਗਾ

ਆਹ ਜਿਸਮ ਤਾਂ ਮੇਰੀ ਧੀ ਵਰਗਾ ਹੈ
ਆਹ ਕੋਈ ਮੇਰੀ ਭੈਣ ਜਿਹਾ ਹੈ
ਕਿਸ ਕਿਸ ਦਾ ਮੈਂ ਨਗਨ ਕੱਜੂੰਗਾ
ਮੈਂ ਹੁਣ ਕਿਸਨੂੰ ਵਤਨ ਕਹੂੰਗਾ

ਕੌਣ ਸਿਆਣ ਕਰੇ ਮਾਂ ਪਿਓ ਦੀ
ਹਰ ਇੱਕ ਦੀ ਹੈ ਲਾਸ਼ ਇਕੋ ਜੀ
ਕਿਸ ਕਿਸ ਲਈ ਮੈਂ ਕਫ਼ਨ ਲਊਂਗਾ
ਮੈਂ ਹੁਣ ਕਿਸਨੂੰ ਵਤਨ ਕਹੂੰਗਾ

ਰੋ ਪਈਆਂ ਚਾਨਣੀਆਂ ਰਾਤਾਂ
ਮੁੱਕੀਆਂ ਦਾਦੀ ਮਾਂ ਦੀਆਂ ਬਾਤਾਂ
ਕਿੰਝ ਬੀਤੇ ਦਾ ਹਵਨ ਕਰੂੰਗਾ
ਮੈਂ ਹੁਣ ਕਿਸਨੂੰ ਵਤਨ ਕਹੂੰਗਾ

ਜਜ਼ਬੇ ਸਾਂਭ ਮੇਰੇ ਸਰਕਾਰੇ
ਮੋੜ ਦੇ ਮੇਰੇ ਗੀਤ ਪਿਆਰੇ
ਕਿੰਝ ਚਾਵਾਂ ਦਾ ਦਮਨ ਕਰੂੰਗਾ
ਮੈਂ ਹੁਣ ਕਿਸਨੂੰ ਵਤਨ ਕਹੂੰਗਾ

*ਵਸੀਅਤ

ਮੇਰੀ ਮੌਤ ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ ।
ਮੇਰੇ ਲਹੂ ਦਾ ਕੇਸਰ ਰੇਤੇ 'ਚ ਨਾ ਰਲਾਇਓ ।

ਮੇਰੀ ਵੀ ਜਿੰਦਗੀ ਕੀ ? ਬਸ ਬੂਰ ਸਰਕੜੇ ਦਾ,
ਆਹਾਂ ਦਾ ਸੇਕ ਕਾਫ਼ੀ, ਤੀਲੀ ਬੇਸ਼ੱਕ ਨਾ ਲਾਇਓ ।

ਹੋਣਾ ਨਹੀਂ ਮੈ ਚਾਹੁੰਦਾ, ਸੜ ਕੇ ਸੁਆਹ ਇਕੇਰਾਂ,
ਜਦ ਜਦ ਢਲੇਗਾ ਸੂਰਜ, ਕਣ ਕਣ ਮੇਰਾ ਜਲਾਇਓ ।

ਵਲਗਣ 'ਚ ਕੈਦ ਹੋਣਾ, ਮੇਰੇ ਨਹੀਂ ਮੁਆਫ਼ਕ,
ਯਾਰਾਂ ਦੇ ਵਾਂਗ ਅਰਥੀ ਸੜਕਾਂ 'ਤੇ ਹੀ ਜਲਾਇਓ ।

ਜੀਵਨ ਤੋਂ ਮੌਤ ਤਾਈਂ, ਆਉਂਦੇ ਬੜੇ ਚੁਰਾਹੇ,
ਜਿਸ ਦਾ ਹੈ ਪੰਧ ਬਿਖੜਾ, ਓਸੇ ਹੀ ਰਾਹ ਲਿਜਾਇਓ ।

ਮੇਰੀ ਮੌਤ ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ ।
ਮੇਰੇ ਲਹੂ ਦਾ ਕੇਸਰ ਰੇਤੇ 'ਚ ਨਾ ਰਲਾਇਓ ।

* ਸੂਰਜ ਕਦੇ ਮਰਿਆ ਨਹੀਂ

ਕਾਲਖ਼ ਦੇ ਵਣਜਾਰਿਓ, ਚਾਨਣ ਕਦੇ ਹਰਿਆ ਨਹੀਂ ।
ਓ ਕਿਰਨਾਂ ਦੇ ਕਾਤਲੋ, ਸੂਰਜ ਕਦੇ ਮਰਿਆ ਨਹੀਂ ।

ਵਿੱਛੜੀਆਂ ਕੁਝ ਮਜਲਸਾਂ 'ਤੇ ਉੱਠ ਗਏ ਕੁਝ ਗਾਉਣ ਹੋ,
ਪਰ ਸਮਾਂ ਹੈ ਸਮਝਦਾ, ਸੱਦ ਸਮੇਂ ਦੀ ਲਾਉਣ ਹੋ,
ਵਿਚ ਝਨਾਂ ਦੇ ਰੂਪ ਖਰਿਆ, ਇਸ਼ਕ ਤਾਂ ਖਰਿਆ ਨਹੀਂ,
ਸੂਰਜ ਕਦੇ ਮਰਿਆ ਨਹੀਂ..................

ਰਾਤ ਨੇ ਭਾਵੇਂ ਕਸਾਈਆਂ ਦੀ ਕਰੀ ਹੈ ਰੀਸ ਹੋ,
ਉਹ ਕੀ ਜਾਣੇ ਤਲੀਆਂ 'ਤੇ ਵੀ ਉੱਗ ਖਲੋਂਦੇ ਸੀਸ ਹੋ,
ਵਰਮੀਆਂ 'ਤੇ ਵਾਸ ਜਿਸ ਦਾ ਨਾਗ ਤੋਂ ਡਰਿਆ ਨਹੀਂ,
ਸੂਰਜ ਕਦੇ ਮਰਿਆ ਨਹੀਂ..................

ਝਾਂਬਿਆਂ ਦੇ ਨਾਲ ਬੇਸ਼ੱਕ ਝੜ ਗਏ ਕੁਝ ਗੀਤ ਹੋ,
ਸੰਗ ਸਿਰਾਂ ਦੇ ਸਿਦਕ ਦੀ ਪਰ ਓੜਕ ਨਿਬਹੀ ਪ੍ਰੀਤ ਹੋ,
ਰਾਤ ਚੰਨ ਦੀ ਮੌਤ ਜਰ ਜੇ, ਸੂਰਜ ਤਾਂ ਜਰਿਆ ਨਹੀਂ,
ਸੂਰਜ ਕਦੇ ਮਰਿਆ ਨਹੀਂ..................

*ਵਾਰਸਾਂ ਦੇ ਨਾਂ

ਸਾਡਾ ਅੰਮੀਓਂ ਜ਼ਰਾ ਨਾ ਕਰੋ ਝੋਰਾ,
ਸਾਨੂੰ ਜ਼ਿੰਦਗੀ ਸੁਰਖੁਰੂ ਕਰਨ ਦੇਵੋ ।
ਅਸੀਂ ਜੰਮੇ ਹਾਂ ਹਾਉਕੇ ਦੀ ਲਾਟ ਵਿਚੋਂ,
ਸਾਨੂੰ ਸੇਕ ਜੁਦਾਈ ਦਾ ਜਰਨ ਦੇਵੋ ।

ਸਾਡੇ ਵੀਰਾਂ ਨੂੰ ਵਰਜ ਕੇ ਘਰਾਂ ਅੰਦਰ,
ਜਿਉਂਦੀ ਮਾਰਿਓ ਨਾ ਸਾਡੀ ਆਬ ਮਾਤਾ ।
ਭਗਤ ਸਿੰਘ ਦੀ ਮਾਂ ਬੇਸ਼ੱਕ ਬਣਿਉਂਂ,
ਹਾੜੇ ਬਣਿਉਂ ਨਾ ਕਿਤੇ ਪੰਜਾਬ ਮਾਤਾ ।

ਸਾਡੇ ਸਿਰਾਂ ਉੱਤੇ ਨਿਹਚਾ ਰੱਖ ਬਾਪੂ,
ਨੰਗੀ ਹੋਣ ਨਾ ਦਿਆਂਗੇ ਕੰਡ ਤੇਰੀ ।
ਤਿੱਪ ਤਿੱਪ ਜਵਾਨੀ ਦੀ ਡੋਲ੍ਹ ਕੇ ਵੀ,
ਹੌਲੀ ਕਰਾਂਗੇ ਗ਼ਮਾਂ ਦੀ ਪੰਡ ਤੇਰੀ ।

ਅਸੀਂ ਸੜਕਾਂ ਤੇ ਡਾਂਗਾਂ ਦੀ ਅੱਗ ਸੇਕੀ,
ਐਪਰ ਹੱਕਾਂ ਨੂੰ ਠੰਡ ਲੁਆਈ ਤਾਂ ਨਹੀਂ ।
ਸਾਡਾ ਕਾਤਿਲ ਹੀ ਕੱਚਾ ਨਿਸ਼ਾਨਚੀ ਸੀ,
ਅਸੀਂ ਗੋਲੀ ਤੋਂ ਕੰਡ ਭੰਵਾਈ ਤਾਂ ਨਹੀਂ ।

ਐਵੇਂ ਭਰਮ ਹੈ ਸਾਡਿਆਂ ਕਾਤਲਾਂ ਨੂੰ,
ਕਿ ਅਸੀਂ ਹੋਵਾਂਗੇ ਦੋ ਜਾਂ ਚਾਰ ਬਾਪੂ ।
ਬਦਲੇ ਲਏ ਤੋਂ ਵੀ ਜਿਹੜੀ ਟੁੱਟਣੀ ਨਾ,
ਏਡੀ ਲੰਮੀ ਹੈ ਸਾਡੀ ਕਤਾਰ ਬਾਪੂ ।

ਸਾਡੇ ਹੱਕਾਂ ਦੀ ਮੱਕੀ ਹੈ ਹੋਈ ਚਾਬੂ,
ਵਿਹਲੜ ਵੱਗ ਨਾ ਖੇਤਾਂ ਵਿਚ ਵੜਨ ਦੇਣਾ ।
ਨਰਮ ਦੋਧਿਆਂ ਦੇ ਸੂਹੇ ਪਿੰਡਿਆਂ ਨੂੰ,
ਅਸੀਂ ਲੁੱਟ ਦਾ ਤਾਪ ਨੀ ਚੜ੍ਹਨ ਦੇਣਾ ।

*ਇੱਕ ਤਾਅਨਾ
(ਆਜ਼ਾਦੀ ਦੇ ਨਾਂ)

ਝੁਰੜੇ ਚਿਹਰਿਆਂ 'ਤੇ ਨਿੱਤ ਕਲੀ ਕਰਕੇ
ਭੁੱਖ ਢਿੱਡਾਂ ਦੀ ਨਹੀ ਲੁਕਾ ਸਕਦੇ ।
ਜੇਕਰ ਹੱਕਾਂ ਦੀਆਂ ਲੱਤਾਂ ਕੰਬਦੀਆਂ ਨੇ
ਭਾਰ ਫ਼ਰਜ਼ਾਂ ਦਾ ਕਿਵੇਂ ਢੁਆ ਸਕਦੇ ।

ਬਿਨਾਂ ਬਾਲਣੋ ਢਿੱਡਾਂ ਦੀ ਭੱਠ ਅੰਦਰ
ਨਹੀਂ ਗਾਡਰ ਅਨੁਸ਼ਾਸਨ ਦੀ ਢਲ ਸਕਦੀ ।
ਗੱਡੀ ਦਿੱਲੀ ਦੀ ਪਿੰਡਾਂ ਦੇ ਪਹੇ ਅੰਦਰ,
ਬਿਨਾਂ ਰੋਟੀ ਦੇ ਪਹੀਏ ਨਾ ਚੱਲ ਸਕਦੀ ।

ਛੋਟੇ ਕਿਰਤੀ, ਮੁਲਾਜ਼ਮ, ਕਿਸਾਨ ਤਾਈਂ,
ਹੱਥ ਪਾੜਦੇ ਨੇ ਬੰਦੇ ਕੱਬਿਆਂ ਦੇ ।
ਜਿਵੇਂ ਬਿਨਾਂ ਸਿਫ਼ਾਰਸ਼ੋਂ ਕੋਈ ਅਰਜ਼ੀ
ਰੱਦੀ ਕਾਗਜ਼ ਜਿਉਂ ਵੋਟਾਂ ਦੇ ਡੱਬਿਆਂ ਦੇ ।

ਹਾਏ ਨੀ ! ਹੀਰ ਅਜ਼ਾਦੀਏ ਬਹਿਲ, ਰੰਨੇ,
ਸਾਨੂੰ ਖੰਧੇ ਚਰਾਇਆਂ ਦਾ ਕੀ ਫਾਇਦਾ ।
ਜੇ ਤੂੰ ਖੇੜੇ ਸਰਦਾਰ ਦੀ ਸੇਜ ਸੌਣਾ
ਸਾਨੂੰ ਕੰਨ ਪੜਵਾਇਆਂ ਦਾ ਕੀ ਫਾਇਦਾ ।