Faisal Khan

ਜਿੰਦਗੀ ਦੀ ਲੁੱਕਣ ਮੀਚੀ - ਫੈਸਲ ਖਾਨ

ਹਮੀਦਾ ਉੱਚੀ ਉੱਚੀ ਬੋਲਦਾ ਘਰੋਂ ਸਾਈਕਲ ਲੈ ਕੇ ਨਿਕਲ ਗਿਆ।ਅੱਜ ਕੱਲ ਉਹ ਆਮ ਨਾਲੋਂ ਬਹੁਤ ਜਿਆਦਾ ਬੋਲਦਾ ਹੈ।ਘਰੇਂ ਵੀ ਬਿਨਾਂ ਮਤਲਬ ਤੋ ਗਾਲਾਂ ਕੱਢਦਾ ਰਹਿੰਦਾ ਹੈ।ਕਹਿੰਦੇ ਹਨ ਕਿ ਉਸ ਦੀ ਸੁਰਤੀ ਚਲੀ ਗਈ ਹੈ।ਕਿੰਨੇ ਹੀ ਚਾਵਾਂ ਨਾਲ ਉਸ ਨੇ ਆਪਣੀ ਵੱਡੀ ਕੁੜੀ ਦਾ ਵਿਆਹ ਕੀਤਾ ਸੀ।ਮੁੰਡੇ ਦਾ ਕੰਮ ਵਧੀਆ ਚਲਦਾ ਸੀ ਜਿਸ ਕਰਕੇ ਘਰ ਦੀ ਹਾਲਤ ਚੰਗੀ ਨਾ ਹੋਣ ਦੇ ਬਾਵਜੂਦ ਉਸ ਨੇ ਸਿਰ ਤੋਂ ਉਚਾ ਕਰਜ਼ਾ ਲੈ ਕੇ ਬੜੀ ਹੀ ਧੂਮ ਧਾਮ ਨਾਲ ਵਿਆਹ ਕੀਤਾ ਸੀ।ਮੁੰਡੇ ਦਾ ਕੰਮ ਚੰਗਾ ਹੋਣ ਕਰਕੇ ਲੋਕਾਂ ਨੇ ਵੀ ਬੜੀ ਅਸਾਨੀ ਨਾਲ ਵਿਆਜ ਤੇ ਕਰਜ਼ਾ ਦੇ ਦਿੱਤਾ।ਸਮਾਂ ਆਪਣੀ ਚਾਲ ਚੱਲਦਾ ਰਿਹਾ।ਮੁੰਡਾ ਇੱਕ ਵੱਡੇ ਸਹਿਰ ਵਿਚ ਸਬਜੀ ਅਤੇ ਫਲਾਂ ਦੀ ਰੇਹੜੀ ਲਗਾਉਂਦਾ ਸੀ।ਦਿਹਾੜੀ ਦੇ ਹਜਾਰ, ਦੋ ਹਜਾਰ ਬਚ ਹੀ ਜਾਂਦੇ ਸਨ।ਪੂਰਾ ਪਰਿਵਾਰ ਬਹੁਤ ਖੁਸ ਸੀ ਪਰ ਕੁੜੀ ਦੇ ਵਿਆਹ ਤੋ ਬਾਅਦ ਤਾਂ ਮੰਨੋਂ ਪਰਿਵਾਰ ਤੇ ਦੁੱਖਾਂ ਦਾ ਪਹਾੜ ਹੀ ਟੁੱਟ ਪਿਆ। ਸਰਕਾਰ ਨੇ ਸਫਾਈ ਅਤੇ ਹੋਰ ਕਾਰਨਾਂ ਕਰਕੇ ਸਹਿਰ ਵਿਚ ਲੱਗਦੀਆਂ ਰੇਹੜੀਆਂ ਬੰਦ ਕਰਵਾ ਦਿੱਤੀਆਂ।ਆਮਦਨ ਦਾ ਇਕੋ ਇਕ ਵਸੀਲਾ ਖਤਮ ਹੋ ਗਿਆ।ਕਰਜ਼ਦਾਰ ਪੂਰੇ ਪਰਿਵਾਰ ਦੀ ਜਾਨ ਖਾਣ ਲੱਗੇ ਤੇ ਉਹ ਘਰ ਆ ਕੇ ਗਾਲਾਂ ਕੱਢਦੇ। ਹਮੀਦਾ ਦੀ ਪਤਨੀ ਇਸ ਰੋਜ਼ ਰੋਜ਼ ਦੇ ਕਲੇਸ ਤੋ ਤੰਗ ਆ ਕੇ ਰੋ-ਰੋ ਕੇ ਮਰ ਗਈ।ਕੁਝ ਕਹਿੰਦੇ ਹਨ ਕਿ ਉਸ ਨੇ ਕੁਝ ਖਾ ਹੀ ਲਿਆ ਹੋਵੇ। ਪਤਨੀ ਦੀ ਮੌਤ ਤੋਂ ਬਾਅਦ ਹਮੀਦਾ ਆਪਣੀ ਸੋਚਣ ਅਤੇ ਸਮਝਣ ਦੀ ਸਕਤੀ ਲਗਭਗ ਖੋ ਚੁੱਕਾ ਹੈ।ਮੁੰਡਾ ਜਿਹਨੇ ਆਪਣੀ ਨਵੀਂ ਵਹੁਟੀ ਨਾਲ ਲੁੱਕਣ ਮੀਚੀ ਖੇਡਣੀ ਸੀ ਹੁਣ ਕਾਰਜਦਾਰਾਂ ਨਾਲ ਲੁੱਕਣ ਮੀਚੀ ਖੇਡਦਾ ਫਿਰਦਾ ਹੈ।
ਫੈਸਲ ਖਾਨ
ਜਿਲਾ ਰੋਪੜ
ਮੋਬ:99149-65937

ਪਾਣੀ ਦੀ ਬਰਬਾਦੀ : ਇੱਕ ਚਿੰਤਾ ਦਾ ਵਿਸ਼ਾ - ਫੈਸਲ ਖਾਨ

''ਪਾਣੀ ਹੀ ਜੀਵਨ ਹੈ'' ਵਾਕ ਬੜਾ ਹੀ ਛੋਟਾ ਹੈ ਪਰ ਇਸ ਦੇ ਅਰਥ ਬਹੁਤ ਹੀ ਵੱਡੇ ਹਨ।ਜੇਕਰ ਪਾਣੀ ਨਾ ਹੁੰਦਾ ਤਾ ਕੀ ਹੁੰਦਾ?ਕੀ ਮਨੁੱਖ ਹੁੰਦਾ?ਕੀ ਬਾਕੀ ਜੀਵ ਹੁੰਦੇ? ਨਹੀ,ਇਸ ਲਈ ਹੀ ਕਿਹਾ ਗਿਆ ਹੈ ਪਾਣੀ ਹੀ ਜੀਵਨ ਹੈ।ਜੇਕਰ ਧਰਤੀ ਤੇ ਜੀਵਨ ਸੰਭਵ ਹੋਇਆ ਤਾ ਉਸ ਦਾ ਇਕ ਵੱਡਾ ਕਾਰਨ ਸੁੱਧ ਪਾਣੀ ਹੈ।ਪਾਣੀ ਨੂੰ ਤਾ ਦੇਵਤਾ ਮੰਨਿਆ ਗਿਆ।ਅੱਜ ਵੀ ਲੋਕ ਪਾਣੀ ਦੀ ਪੂਜਾ ਕਰਦੇ ਹਨ।ਲੋਕ ਨਦੀਆਂ ਤੇ ਜਾ ਕੇ ਦੀਵੇ ਜਲਾਉਦੇ ਹਨ,ਫੁੱਲ ਭੇਟ ਕਰਦੇ ਹਨ ਤੇ ਹੋਰ ਬਹੁਤ ਕੁਝ।ਜੇਕਰ ਪੁਲਾੜ ਵਿਚੋ ਲਾਈਆ ਗਈਆ ਤਸਵੀਰਾਂ ਦੇਖਿਏ ਤਾ ਧਰਤੀ ਨੀਲੀ ਨਜਰ ਆਉਦੀ ਹੈ,ਤਾ ਹੀ ਇਸ ਨੂੰ ਨੀਲਾ ਗ੍ਰਹਿ ਵੀ ਕਿਹਾ ਜਾਂਦਾ ਹੈ।ਇਸ ਦਾ ਕਾਰਨ ਇਹ ਹੈ ਕਿ ਧਰਤੀ ਤੇ ਵੱਡੀ ਮਾਤਰਾ ਵਿਚ ਪਾਣੀ ਮੋਜੂਦ ਹੈ ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਇੰਨੀ ਜਿਆਦਾ ਮਾਤਰਾ ਵਿਚ ਪਾਣੀ ਹੋਣ ਦੇ ਬਾਵਜੂਦ ਵੀ ਸਾਡੇ ਪੀਣ ਲਈ ਤਾਜਾ ਤੇ ਸੁੱਧ ਪਾਣੀ ਬਹੁਤ ਘੱਟ ਮਾਤਰਾ ਵਿਚ ਹੈ।ਇਸ ਸੱਚਾਈ ਨੂੰ ਜਾਣਦੇ ਹੋਏ ਵੀ ਪਾਣੀ ਦੀ ਬਰਬਾਦੀ ਅਤੇ ਪਾਣੀ ਦਾ ਪ੍ਰਦੂਸਣ ਇਕ ਚਿੰਤਾ ਦਾ ਮੁੱਦਾ ਬਣਿਆ ਹੋਇਆ ਹੈ।ਪਾਣੀ ਦੇ ਪ੍ਰਦੂਸਣ ਕਾਰਨ ਜਿੱਥੇ ਪੀਣ ਵਾਲੇ ਪਾਣੀ ਦੀ ਮਾਤਰਾ ਘੱਟ ਵਿਚੋ ਘੱਟਦੀ ਜਾ ਰਹੀ ਹੈ, ਉਥੇ ਹੀ ਪਾਣੀ ਦੀ ਬਰਬਾਦੀ ਕਰਕੇ ਅਸੀਂ ਆਪਣੇ ਲਈ ਹੋਰ ਭਿਆਨਕ ਸੰਕਟ ਪੈਦਾ ਕਰ ਰਹੇ ਹਾਂ।ਵਿਸਵ ਸਿਹਤ ਸੰਸਥਾ (WHO) ਦੀ ਇਕ ਰਿਪੋਰਟ ਪੜ੍ਹਨ ਤੇ ਪਤਾ ਲਗਦਾ ਹੈ ਕਿ ਹਰ ਸਾਲ 3.4 ਮਿਲੀਅਨ ਲੋਕ ਜਿਸ ਵਿਚ ਜਿਆਦਾਤਰ ਬੱਚੇ ਹੁੰਦੇ ਹਨ,ਪਾਣੀ ਨਾਲ ਸੰਬੰਧਿਤ ਬਿਮਾਰੀਆ ਕਾਰਨ ਮਰਦੇ ਹਨ।ਅੱਜ ਕਈ ਦੇਸਾਂ ਵਿਚ ਸੁੱਧ ਪਾਣੀ ਪੀਣ ਨੂੰ ਨਹੀ ਮਿਲ ਰਿਹਾ ਜਿਸ ਕਾਰਨ ਲੋਕਾਂ ਦੀ ਸਿਹਤ ਦਾ ਪਾਰਾ ਲਗਾਤਾਰ ਥੱਲੇ ਡਿਗਦਾ ਜਾ  ਰਿਹਾ ਹੈ।ਜੋ ਕਿ ਇਕ ਬਹੁਤ ਵੱਡਾ ਚਿੰਤਾ ਦਾ ਵਿਸਾ ਹੈ।ਪਾਣੀ ਨੂੰ ਬਚਾਉਣ ਅਤੇ ਪਾਣੀ ਨੂੰ ਦੂਸਿਤ ਹੋਣ ਤੋ ਬਚਾਉਣ ਲਈ ਸਰਕਾਰ ਦੇ ਨਾਲ ਨਾਲ ਜਨ ਭਾਗੀਦਾਰੀ ਬਹੁਤ ਜਰੂਰੀ ਹੈ।ਕਈ ਥਾਵਾ ਤੇ ਚੋਰੀ ਛਿਪੇ ਸੀਵਰੇਜ ਦਾ ਗੰਦਾ ਪਾਣੀ ਸਿੱਧੇ ਹੀ ਜਲ ਸ੍ਰੋਤਾਂ ਵਿਚ ਮਿਲਾ ਦਿੱਤਾ ਜਾਂਦਾ ਹੈ।ਅਜਿਹੇ ਸਰਾਰਤੀ ਅਨਸਰਾਂ ਨੂੰ ਠੱਲ੍ਹ ਪਾਉਣ ਲਈ ਸਭ ਨੂੰ ਅੱਗੇ ਆਉਣਾ ਚਾਹੀਦਾ ਹੈ।ਕੋਈ ਵੀ ਜੋ ਜਲ ਸ੍ਰੋਤਾਂ ਨੂੰ ਕਿਸੇ ਵੀ ਪ੍ਰਕਾਰ ਦੂਸਿਤ ਕਰਦਾ ਹੈ ਉਸ ਦਾ ਸਖਤੀ ਨਾਲ ਵਿਰੋਧ ਕਰਨਾ ਚਾਹੀਦਾ ਹੈ।ਦੂਸਿਤ  ਪਾਣੀ ਨਾਲ ਕਈ ਪ੍ਰਕਾਰ ਦੀਆ ਬਿਮਾਰੀਆ ਫੈਲਣ ਦਾ ਖਤਰਾ ਰਹਿੰਦਾ ਹੈ।ਕਈ ਵਿਕਾਸਸ਼ੀਲ ਦੇਸਾਂ ਵਿਚ ਜਿੱਥੇ ਸੁੱਧ ਪਾਣੀ ਦੀ ਸਪਲਾਈ ਨਹੀ ਹੈ,ਉਥੇ ਬਹੁਤ ਸਾਰੇ ਬੱਚੇ ਡਾਇਰੀਆ ਨਾਲ ਹੀ ਮਰ ਜਾਂਦੇ ਹਨ।ਪਾਣੀ ਦੀ ਬਰਬਾਦੀ ਦਾ ਮੁੱਦਾ ਵੀ ਅਸੀ ਸਭ ਨੇ ਮਿਲ ਕੇ ਹੀ ਹੱਲ ਕਰਨਾ ਹੈ।ਸਭ ਤੋ ਪਹਿਲਾ ਸਾਨੂੰ ਘਰ ਵਿਚ ਹੀ ਹੋ ਰਹੀ ਪਾਣੀ ਦੀ ਬਰਬਾਦੀ ਰੋਕਣੀ ਹੋਵੇਗੀ ਤੇ ਫਿਰ ਬਾਹਰ।
22 ਮਾਰਚ ਨੂੰ ਪਾਣੀ ਦੀ ਮਹੱਤਤਾ ਬਾਰੇ ਸਭ ਲੋਕਾਂ ਵਿਚ ਜਾਗਰੁਕਤਾ ਲਈ ਹੀ ''ਵਿਸਵ ਜਲ ਦਿਵਸ'' ਮਨਾਇਆ ਜਾਦਾ ਹੈ।ਇਸ ਦਿਵਸ ਦਾ ਮੁੱਖ ਉਦੇਸ ਇਹੀ ਹੈ ਕਿ ਲੋਕਾਂ ਵਿਚ ਜਾਗਰੁਕਤਾ ਪੈਦਾ ਕੀਤੀ ਜਾ ਸਕੇ ਤਾ ਜੋ ਲੋਕ ਪਾਣੀ ਦੀ ਮਹੱਤਤਾ ਸਮਝ ਕੇ ਪਾਣੀ ਨੂੰ ਦੂਸਿਤ ਹੋਣ ਅਤੇ ਪਾਣੀ ਦੀ ਬਰਬਾਦੀ ਨੂੰ ਰੋਕ ਸਕਣ ਕਿਉਕਿ ਪਾਣੀ ਦਾ ਸਿੱਧਾ ਸਬੰਧ ਸਿਹਤ ਨਾਲ ਹੁੰਦਾ ਹੈ ਤੇ ਸਿਹਤ ਦਾ ਸਿੱਧਾ ਸਬੰਧ ਵਿਕਾਸ ਨਾਲ॥

ਫੈਸਲ ਖਾਨ
(ਪਰਿਆਵਰਨ ਪ੍ਰੇਮੀ)
ਜਿਲਾ ਰੋਪੜ
ਮੋਬ:99149-65937

24 Nov. 2018

ਸਿਆਸਤ ਅਤੇ ਵਾਤਾਵਰਨ - ਫੈਸਲ ਖਾਨ

''ਜਲਗਾਹਾਂ ਸਾਡੀਆਂ ਅਨਮੋਲ ਧਰੋਹਰ ਹਨ,ਜਿਨਾ੍ਹਂ ਦੀ ਦੇਖਭਾਲ ਕਰਨਾ ਸਾਡਾ ਸਭ ਦਾ ਨੈਤਿਕ ਫਰਜ ਹੈ'' ਇਸ ਵਾਕ ਦੀ ਪੂਰਤੀ ਹਿਤ ਹਰ ਸਾਲ 2 ਫਰਵਰੀ  ਜਲਗਾਹ ਦਿਵਸ ਵਜੋ ਮਨਾਇਆ ਜਾਂਦਾ ਹੈ।ਜਲਗਾਹਾਂ ਜਿੱਥੇ ਛੋਟੇ ਵੱਡੇ ਜੀਵਾਂ,ਅਨੇਕ ਪ੍ਰਕਾਰ ਦੀਆਂ ਮੱਛੀਆਂ ਅਤੇ ਦੇਸੀ ਵਿਦੇਸੀ  ਪੰਛੀਆਂ ਦਾ ਰਹਿਣ ਵਸੇਰਾ ਹਨ,ਉਥੇ ਹੀ ਇਹਨਾਂ ਦੀ ਮਨੁੱਖੀ ਜੀਵਨ ਵਿਚ ਵੀ ਅਹਿਮ ਭੂਮਿਕਾ ਹੈ।ਜਲਗਾਹਾਂ ਕਈ ਪ੍ਰਕਾਰ ਦੇ ਲੁਪਤ ਹੋਣ ਦੀ ਕਗਾਰ ਤੇ ਖੜੀ੍ਹਆ ਪ੍ਰਜਾਤੀਆ ਨੂੰ ਵੀ ਆਸਰਾ ਦੇ ਰਹੀਆ ਹਨ।ਕਿਹਾ ਜਾਂਦਾ ਹੈ ਕਿ ਜੇਕਰ ਪੋਦੇ ਧਰਤੀ ਦੇ ਫੇਫੜੇ ਹਨ, ਤਾ  ਜਲਗਾਹਾਂ ਧਰਤੀ ਦੀਆਂ ਕਿਡਨੀਆ ।ਜਲਗਾਹਾਂ ਆਮਦਨ ਦਾ ਵੀ ਇਕ ਸੋਮਾ ਹਨ।ਹੜਾ ਨੂੰ ਰੋਕਣ ਵਿਚ ਵੀ ਇਹ ਆਪਣੀ ਇਕ ਅਹਿਮ ਭੂਮਿਕਾ ਨਿਭਾਉਦੀਆਂ ਹਨ।ਕੁੱਲ ਮਿਲਾ ਕੇ ਇਹ ਪਰਮਾਤਮਾ ਵਲੋਂ ਮਨੁੱਖ ਅਤੇ ਹੋਰਨਾਂ ਜਾਤੀਆ ਲਈ ਇਕ ਅਹਿਮ ਤੋਹਫਾ ਹੈ।ਅੱਜ ਸਾਰਾ ਪੰਜਾਬ ਚੋਣਾਂ ਦੇ ਰੰਗ ਵਿਚ ਰੰਗਿਆ ਪਿਆ ਹੈ।ਹਰ ਪਾਸੇ ਚੋਣਾਂ ਦੀਆ ਹੀ ਗੱਲਾ ਚਲ ਰਹੀਆਂ ਹਨ।ਸਾਰੀਆ ਰਾਜਨੀਤਿਕ ਪਾਰਟੀਆ ਦੇ ਉਮੀਦਵਾਰ ਇਕ ਦੂਜੇ ਤੋ ਅੱਗੇ ਨਿਕਲ ਕੇ ਵਾਅਦੇ ਕਰ ਰਹੇ ਹਨ।ਵੱਖ-ਵੱਖ ਪਾਰਟੀਆ ਵਲੋ ਵੱਡੇ ਵੱਡੇ ਮੈਨੀਫੈਸਟੋ ਲੋਕਾਂ ਨੂੰ ਲੁਭਾਉਣ ਲਈ ਜਾਰੀ ਕੀਤੇ ਗਏ ਹਨ ਪਰ ਜਿਆਦਾਤਰ ਰਾਜਨੀਤਿਕ ਪਾਰਟੀਆ ਦੇ ਮੈਨੀਫੈਸਟੋ ਵਿਚ ''ਵਾਤਾਵਰਨ ਬਚਾਓ'' ਦਾ ਮੁੱਦਾ ਕਿਤੇ ਨਾ ਕਿਤੇ ਅਣਛੂਹਿਆ ਰਹਿ ਗਿਆ।ਬੜੇ ਹੀ ਦੁਰਭਾਗ ਦੀ ਗੱਲ ਹੈ ਕਿ ਅੱਜ ਚੋਣਾ ਦੇ ਮਾਹੋਲ ਵਿਚ ਹਰ ਮੁੱਦੇ ਤੇ ਗੱਲ ਹੋ ਰਹੀ ਹੈ ਤਾਂ ਵਾਤਾਵਰਨ ਤੇ ਕਿਉਂ ਨਹੀ??? ਜਿੱਥੇ ਅਸੀ ਸਭ ਨੇ ਵਿਚਰਨਾ ਹੈ,ਉਸ ਵਾਤਾਵਰਨ ਦੀ ਹੀ ਗੱਲ ਬਾਕੀ ਮੁੱਦਿਆ ਥੱਲੇ ਦੱਬੀ ਹੋਈ ਜਾਪਦੀ ਹੈ।ਜੇਕਰ ਸਾਡਾ ਵਾਤਾਵਰਨ ਅਤੇ ਅਸੀ ਹੀ ਤੰਦਰੁਸਤ ਨਾ ਹੋਏ ਤਾ ਬਾਕੀ ਵਾਅਦਿਆ ਦਾ ਕੀ ਫਾਇਦਾ।ਜ਼ਰ ਜ਼ਰ ਹੋਏ ਦਿੱਲੀ ਦੇ ਹਲਾਤਾਂ ਤੋ ਆਪਾਂ ਸਭ ਜਾਣੂ ਹਾ ।ਸੋਚੋ ਜੇਕਰ ਦਿੱਲੀ ਵਰਗੀ ਹਾਲਤ ਸਾਡੇ ਪੰਜਾਬ ਵਿਚ ਹੋ ਗਈ ਤਾ ਕੀ ਹੋਵੇਗਾ???ਸੋ ਅੱਜ ਲੋੜ ਹੈ ਕਿ ਅਸੀ ਉਸ ਉਮੀਦਵਾਰ ਨੂੰ ਚੁਣੀਏ ਜੋ ਸਾਡੇ ਵਿਕਾਸ ਦੇ ਨਾਲ ਨਾਲ ਸਾਡੇ ਵਾਤਾਵਰਨ ਦੀ ਵੀ ਰਾਖੀ ਕਰੇ।

ਫੈਸਲ ਖਾਨ
(ਪਰਿਆਵਰਨ ਪ੍ਰੇਮੀ)
ਜਿਲ੍ਹਾ ਰੋਪੜ
ਮੋਬ: 99149-65937              

ਕੀ ''ਕਚਰਾ ਗ੍ਰਹਿ'' ਬਣ ਜਾਵੇਗੀ ਸਾਡੀ ਧਰਤੀ - ਫੈਸਲ ਖਾਨ

ਦੁਨੀਆਂ ਭਰ ਦੇ ਸੋਧ ਕਰਤਾ ਪ੍ਰਿਥਵੀ ਤੇ ਵਧਦੇ ਹੋਏ ਕਚਰੇ ਕਾਰਨ ਚਿੰਤਾ ਵਿਚ ਹਨ।ਜਿਸ ਪ੍ਰਕਾਰ ਧਰਤੀ ਤੇ ਕਚਰਾ ਵਧਦਾ ਜਾ ਰਿਹਾ ਹੈ ਉਸ ਤੋ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਕ ਦਿਨ ਸਮੁਚੀ ਧਰਤੀ ਤੇ ਹਰ ਪਾਸੇ ਕਚਰਾ ਹੀ ਕਚਰਾ ਹੋਵੇਗਾ।ਜੈਵ ਅਵਿਘਨਸੀਲ ਕਚਰਾ ਸਭ ਤੋ ਜਿਆਦਾ ਖਤਰਨਾਕ ਹੈ ਕਿਉਕਿ ਇਹ ਸਾਲਾ ਦੇ ਸਾਲ ਉਵੇ ਦਾ ਉਵੇ ਹੀ ਰਹਿੰਦਾ ਹੈ, ਨਾ ਹੀ ਗਲ੍ਹਦਾ ਹੈ ਤੇ ਨਾ ਹੀ ਸੜਦਾ ਹੈ।ਵੱਡੇ ਵੱਡੇ ਸਹਿਰਾਂ ਵਿਚ ਤਾ ਕੂੜੇ ਦੇ ਪਹਾੜ ਹੀ ਖੜੇ ਹੋ ਗਏ ਹਨ।ਦੁਨੀਆਂ ਭਰ ਵਿਚ ਹਰ ਸਾਲ ਹਜਾਰਾਂ ਹੀ ਟਨ ਪਲਾਸਟਿਕ ਦਾ ਨਿਰਮਾਣ ਹੁੰਦਾ ਹੈ।ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਇਸ ਵਿਚੋ ਕੇਵਲ 9% ਕਚਰਾ ਹੀ ਰਿ-ਸਾਈਕਲ ਕੀਤਾ ਜਾਦਾ ਹੈ।79% ਪਲਾਸਟਿਕ ਵਰਤੋ ਤੋ ਬਾਅਦ ਕਚਰੇ ਦੇ ਰੂਪ ਵਿਚ ਬਾਹਰ ਸੁੱਟ ਦਿੱਤਾ ਜਾਂਦਾ ਹੈ।ਬਾਕੀ ਬਚਦਾ 12% ਪਲਾਸਟਿਕ ਜਲਾ ਦਿੱਤਾ ਜਾਂਦਾ ਹੈ।ਇਸ ਵਿਚੋ ਨਿਕਲਣ ਵਾਲੀਆਂ ਅਤਿ ਖਤਰਨਾਕ ਗੈਸਾਂ ਸਾਡੇ ਨਾਲ ਨਾਲ ਜੀਵ ਜੰਤੂਆਂ ਅਤੇ ਬਨਸਪਤੀ ਲਈ ਵੀ ਬਹੁਤ ਖਤਰਨਾਕ ਹਨ। ਹਲਾਤ ਇਹ ਹਨ ਕਿ ਅੱਜ ਜਲ ਸ੍ਰੋਤਾਂ ਵਿਚ ਵੀ ਕਚਰਾ/ਪਲਾਸਟਿਕ ਆਮ ਦੇਖਣ ਨੂੰ ਮਿਲਦਾ ਹੈ। ਦੱਖਣੀ ਪ੍ਰਸਾਤ ਮਹਾਸਾਗਰ ਵਿਚ ਵਧਦਾ ਕੂੜਾ ਕਰਕਟ ਬਹੁਤ ਹੀ ਚਿੰਤਾ ਦਾ ਵਿਸਾ ਬਣਦਾ ਜਾ ਰਿਹਾ ਹੈ।ਹੁਣ ਜਿਆਦਾਤਰ ਸਾਗਰਾਂ ਅਤੇ ਮਹਾਸਾਗਰਾਂ ਵਿਚ ਕਚਰਾ ਆਮ ਹੀ ਦੇਖਣ ਨੂੰ ਮਿਲਦਾ ਹੈ।ਸੋਧ ਕਰਤਾ ਦਸਦੇ ਹਨ ਕਿ ਇਹ ਕੂੜਾ ਕਰਕਟ ਅਤੇ ਪਲਾਸਟਿਕ ਸਮੁੰਦਰੀ ਜੀਵਾਂ ਲਈ ਬਹੁਤ ਹੀ ਖਤਰਨਾਕ ਹੈ।ਬਹੁਤ ਸਾਰੀਆਂ ਮੱਛੀਆਂ ਦੇ ਪੇਟ ਵਿਚੋ ਭੋਜਨ ਨਲੋ ਵੱਧ ਪਲਾਸਟਿਕ ਦੀ ਮਾਤਰਾ ਪਾਈ ਗਈ।ਪਲਾਸਟਿਕ ਦੇ ਅਤਿ ਸੂਖਮ ਕਣ ਜੇਕਰ ਮਨੁਖੀ ਪੇਟ ਵਿਚ ਚਲੇ ਜਾਣ ਤਾ ਇਹ ਬਹੁਤ ਹੀ ਵਿਨਾਸਕਾਰੀ ਸਮੱਸਿਆਵਾਂ ਪੈਦਾ ਕਰ ਸਕਦੇ ਹਨ।ਹਲਾਤ ਇਥੇ ਹੀ ਨਹੀ ਰੁਕਦੇ ਅੱਜ ਕੇਵਲ ਧਰਤੀ ਤੇ ਹੀ ਨਹੀ ਸਗੋ ਅਕਾਸ ਵਿਚ ਵੀ ਕੂੜਾ ਕਰਕਟ ਵਧਦਾ ਜਾ ਰਿਹਾ ਹੈ।ਜੋ ਸਾਡੇ ਉਪ ਗ੍ਰਹਿਆ ਲਈ ਬਹੁਤ ਵੱਡ ਸਮੱਸਿਆਂ ਬਣਦਾ ਜਾ ਰਿਹਾ ਹੈ।ਬ੍ਰਹਿਮੰਡ ਵਿਚ ਮੋਜੂਦ ਕਚਰਾ ਉਪ ਗ੍ਰਹਿਆ ਦੀ ਉਮਰ ਨੂੰ ਘੱਟ ਕਰ ਰਿਹਾ ਹੈ।ਸੋਧ ਕਰਤਾ ਮੰਨਦੇ ਹਨ ਕਿ ਇਹ ਕਚਰਾ ਭਵਿੱਖ ਵਿਚ ਬਹੁਤ ਸਾਰੀਆਂ ਸਮੱਸਿਆਵਾਂ ਖੜੀਆਂ ਕਰ ਸਕਦਾ ਹੈ ਤੇ ਕਰ ਵੀ ਰਿਹਾ ਹੈ।
ਮੁੜ ਧਰਤੀ ਦੇ ਕਚਰੇ ਦੀ ਗੱਲ ਕਰਾਂ ਤਾ ਸੋਧ ਕਰਤਾ ਮੰਨਦੇ ਹਨ ਕਿ ਵਧਦੇ ਕਚਰੇ ਦੇ ਮੁੱਖ ਕਾਰਨਾਂ ਵਿਚੋ ਵਧਦੀ ਅਬਾਦੀ ਇਕ ਬਹੁਤ ਹੀ ਵੱਡਾ ਕਾਰਨ ਹੈ।ਸਾਡੀ ਪਲਾਸਟਿਕ ਦੇ ਸਮਾਨ ਤੇ ਵੱਧਦੀ ਹੋਈ ਨਿਰਭਰਤਾ ਕਾਰਨ ਹੀ ਕਚਰਾ ਵੱਧਦਾ ਜਾ ਰਿਹ ਹੈ।ਖੁਲੇ ਵਿਚ ਜਲਦੇ ਹੋਏ ਕਚਰੇ ਵਿਚੋ ਨਿਕਲਣ ਵਾਲੇ ਜਹਿਰੀਲੇ ਕਣ ਸਾਹ ਦੇ ਰੋਗਾਂ ਨੂੰ ਬੜੀ ਹੀ ਅਸਾਨੀ ਨਾਲ ਫੈਲਾਉਦੇ ਹਨ।ਕੂੜੇ ਕਰਕਟ ਵਿਚ ਮੱਛਰ ਬੜੀ ਹੀ ਅਸਾਨੀ ਨਾਲ ਵੱਧਦੇ  ਫੁਲਦੇ ਹਨ ਅਤੇ ਗੰਭੀਰ ਬਿਮਾਰੀਆਂ ਫੈਲਾਉਦੇ ਹਨ।
ਪਲਾਸਟਿਕ ਵਰਗੇ ਜੈਵ ਅਵਿਘਟਨਸੀਲ ਕਚਰੇ ਤੋ ਨਿਪਟਣ ਲਈ ਦੁਨੀਆਂ ਭਰ ਦੇ ਸੋਧ ਕਰਤਾ  ਕਾਰਜਸੀਲ ਹਨ।ਅੱਜ ਲੋੜ ਹੈ ਕਚਰੇ ਪ੍ਰਤਿ ਆਪਣੀ ਸੋਚ ਬਦਲਣ ਦੀ।ਸਾਨੂੰ ਪਲਾਸਟਿਕ ਵਰਗੇ ਅਵਿਘਟਨਸੀਲ ਚੀਜਾਂ ਤੋ ਆਪਣੀ ਨਿਰਭਰਤਾ ਘਟਾਉਣੀ ਚਾਹੀਦੀ ਹੈ ਤਾ ਜੋ ਧਰਤੀ ਨੂੰ ''ਕਚਰਾ ਗ੍ਰਹਿ'' ਬਣਨ ਤੋ ਰੋਕਿਆ ਜਾ ਸਕੇ।

ਫੈਸਲ ਖਾਨ
(ਪਰਿਆਵਰਨ ਪ੍ਰੇਮੀ)
ਜਿਲ੍ਹਾ :- ਰੋਪੜ
ਮੋਬ:- 99149-65937

20 Nov. 2018

ਪਲਾਸਟਿਕ ਅਤੇ ਵਾਤਾਵਰਨ - ਫੈਸਲ ਖਾਨ

ਜੇਕਰ ਸਾਧਾਰਨ ਵਿਗਿਆਨ ਦੀ ਭਾਸਾਂ 'ਚ ਗੱਲ ਕਰਾਂ ਤਾਂ ਪਲਾਸਟਿਕ ਕਾਰਬਨ ਦੀ ਇਕ ਲੰਬੀ ਲੜੀ ਹੁੰਦੀ ਹੈ।ਪਲਾਸਟਿਕ ਜੈਵ ਅਵਿਘਟਨਸੀਲ ਹੁੰਦੇ ਹਨ ਮਤਲਬ ਇਹ ਗਲ੍ਹਦੇ ਸੜ੍ਹਦੇ ਨਹੀਂ ਹਨ।ਇਸ ਦਾ ਮਤਲਬ ਹੋਇਆ ਕਿ ਜਿਹੜਾ ਪਲਾਸਟਿਕ ਪਦਾਰਥ ਆਪਾਂ ਵਰਤ ਕੇ ਸੁੱਟ ਦਿੰਦੇ ਹਾਂ ਉਹ ਉੱਥੇ ਹੀ ਪਿਆ ਰਹਿਦਾ ਹੈ।ਸੋਚਣ ਵਾਲ਼ੀ ਗੱਲ ਹੈ ਕਿ ਇਸ ਤਰ੍ਹਾ ਤਾ ਸਾਰੀ ਧਰਤੀ ਤੇ ਹੀ ਪਲਾਸਟਿਕ ਪਲਾਸਟਿਕ ਹੋ ਜਾਣਾ।ਇਹ ਬਿਲਕੁਲ ਸਹੀ ਹੈ, ਸਾਡੀ ਪੂਰੀ ਧਰਤੀ ਕਚਰਾ  ਗ੍ਰਹਿ ਬਣਦੀ ਜਾ ਰਹੀ ਹੈ।ਸਿਰਫ ਧਰਤੀ ਤੇ ਹੀ ਨਹੀ ਸਗੋ ਬ੍ਰਹਿਮੰਡ ਵਿਚ ਵੀ ਕਚਰਾ ਫੈਲ ਰਿਹਾ ਹੈ।
ਚਲੋ ਗੱਲ ਕਰਦੇ ਹਾ ਪੋਲੀਥੀਨ ਦੀ, ਜਿਸ ਨੂੰ ਆਪਾਂ ਦਿਨ ਵਿਚ ਕਈ ਵਾਰ ਵਰਤਦੇ ਹਾਂ। ਆਪਾ ਕੀ ਕਰਦੇ ਹਾਂ, ਪੋਲੀਥੀਨ ਵਰਤਿਆ ਤੇ ਇਕੱਠਾ ਕੀਤਾ ਤੇ ਸੁੱਟ ਤਾ ਬਾਹਰ।ਉਸ ਤੋ ਬਾਅਦ ਕੀ ਹੋਇਆ ਜਾ ਉਸ ਪੋਲੀਥੀਨ ਨੇ ਕੀ ਕੀਤਾ।ਇਹ ਵਿਚਾਰ ਕਰਨ ਵਾਲੀ ਗੱਲ ਹੈ।ਮੰਨ ਲਉ ਜੇਕਰ ਉਹ ਪੋਲੀਥੀਨ ਹਵਾ ਨਾਲ ਉਡ ਕੇ ਨਾਲੀ ਵਿਚ ਗਿਰ ਗਿਆ ਤਾ ਕੀ ਹੋਵੇਗਾ? ਇਹ ਪਲਾਸਟਿਕ ਹੈ ਸੋ ਇਸ ਨੇ ਗਲ੍ਹਣਾ ਸੜ੍ਹਨਾ ਤਾ ਹੈ ਨੀ। ਫਿਰ ਇਸ ਨੇ ਕਰਨਾ ਕੀ ਹੈ? ਇਸਨੇ ਕਰਨੀ ਹੈ ਨਾਲੀ ਬੰਦ ਤੇ ਜੇਕਰ ਬਰਸਾਤ ਦੇ ਦਿਨਾਂ ਵਿਚ ਵਰਖਾ ਪੈ ਜਾਵੇ ਤਾ ਕਈ ਲੋਕਾਂ ਦੇ ਘਰਾਂ ਵਿਚ ਪਾਣੀ ਵੜ੍ਹਨਾ ਸੁਰੂ ਹੋ ਜਾਦਾ ਹੈ।ਗੰਦਾ ਪਾਣੀ ਨਾਲ ਬਿਮਾਰੀਆਂ ਨਾਲ ਕੀੜੇ ਮਕੋੜੇ।ਦੂਜੀ ਗੱਲ, ਕਈ ਲੋਕ ਕੀ ਕਰਦੇ ਹਨ ਕਿ ਚਲੋ ਪਲਾਸਟਿਕ ਨੂੰ ਜਲਾ ਦਿੰਦੇ ਹਨ।ਬੜਾ ਸੋਖਾ ਹੈ ਪਲਾਸਟਿਕ ਨੂੰ ਜਲਾਉਣਾ ਪਰ ਜਦੋ ਪਲਾਸਟਿਕ ਜਲਦਾ ਹੈ ਤਾ ਬਹੁਤ ਵੱਡੀ ਮਾਤਰਾ ਵਿਚ ਕਾਰਬਨ ਡਾਈਆਕਸਾਈਡ ਪੈਦਾ ਹੁੰਦੀ ਹੈ।ਇਹ ਵੀ ਇਕ ਵੱਡਾ ਕਾਰਨ ਹੈ ਜਲਵਾਯੂ ਪਰਿਵਰਤਨ ਦਾ।
ਹੋਰ ਸੁਣੋ ਜਦੋਂ ਆਪਾ ਕਿਸੇ ਧਾਰਮਿਕ ਸਥਾਨ ਤੇ ਜਾਦੇ ਹਾਂ । ਆਪਾਂ ਸਰਧਾ ਨਾਲ ਕੁਝ ਖਾਣ ਦੀਆਂ ਵਸਤਾ ਉੱਥੇ ਕਿਸੇ ਗਾ ਜਾ ਹੋਰ ਕਿਸੇ ਜੀਵ ਅੱਗੇ ਪੋਲੀਥੀਨ ਸਣੇ ਹੀ ਰੱਖ ਦਿੰਦੇ ਹਾਂ।ਉਹ ਮਾਸੂਮ ਜਿਹਾ ਜੀਵ ਖਾਂਦਾ ਖਾਂਦਾ ਪਲਾਸਟਿਕ ਦਾ ਲਿਫਾਫਾ ਵੀ ਨਾਲ ਹੀ ਖਾ ਜਾਦਾ ਹੈ।ਫਿਰ ਆਖੀਰ ਉਸ ਦੀ ਮੋਤ ਹੋ ਜਾਦੀ ਹੈ।ਸੋਚਣ ਵਾਲੀ ਗੱਲ ਹੈ ਕਿ ਆਪਾ ਆਪ ਕੀਤਾ ਜਾ ਪੁੰਨ?
ਪਲਾਸਟਿਕ ਦੇ ਲਿਫਾਫਿਆਂ ਨਾਲ ਕੈਸਰ ਵਗਰੀ ਭਿਆਨਕ ਬਿਮਾਰੀਆਂ ਹੋਣ ਦਾ ਵੀ ਖਤਰਾ ਹੈ।ਗੱਲ ਸਿਰਫ ਇੰਨੀ ਨਹੀ ਕਿ ਪਲਾਸਟਿਕ ਸਿਰਫ ਸਾਨੂੰ ਹੀ ਤੰਗ ਕਰ ਰਿਹਾ ਹੈ।ਪਲਾਸਟਿਕ ਨਾਲ ਜਲੀ ਜੀਵਾਂ ਅਤੇ ਪੰਛੀਆਂ ਦੇ ਜੀਵਨ ਤੇ ਵੀ ਸੰਕਟ ਮੰਡਰਾ ਰਿਹਾ ਹੈ।
ਅਣਗਿਣਤ ਕੱਛੂਕੁਮੇ,ਮੱਛੀਆਂ ਅਤੇ ਹੋਰ ਜਲੀ ਜੀਵ ਮਰਦੇ ਹਨ ਜਿਸ ਦਾ ਪ੍ਰਮੁੱਖ ਕਾਰਨ ਪਲਾਸਟਿਕ ਹੈ।ਸਿਕਾਰੀ ਪੰਛੀ ਜੋ ਮੱਛੀਆਂ ਖਾਂਦੇ ਹਨ ਉਹਨਾ ਲਈ ਵੀ ਪਲਾਸਟਿਕ ਇਕ ਬਹੁਤ ਵੱਡਾ ਖਤਰਾ ਹੈ।ਕਈ ਵਾਰੀ ਜਦੋਂ ਉਹ ਮੱਛੀ ਫੜ੍ਹਨ ਲਈ ਗੋਤਾ ਲਗਾਉਂਦੇ ਹਨ ਤਾ ਕਈ ਵਾਰ ਉਹ ਕਿਸੇ ਪਲਾਸਟਿਕ ਦੇ ਲਿਫਾਫੇ ਵਿਚ ਹੀ ਫਸ ਜਾਦੇ ਹਨ ਤੇ ਉੱਥੇ ਹੀ ਉਹਨਾ ਦੀ ਮੋਤ ਹੋ ਜਾਦੀ ਹੈ।ਮੱਛੀਆ ਰਾਹੀਂ ਛੋਟੇ ਛੋਟੇ ਪਲਾਸਟਿਕ ਦੇ ਕਣ ਪੰਛੀਆ ਦੇ ਪੇਟ ਵਿਚ ਚਲੇ ਜਾਂਦੇ ਹਨ ਤੇ ਆਖੀਰ ਉਹ ਵੀ ਮੋਤ ਦਾ ਸਿਕਾਰ ਹੋ ਜਾਂਦੇ ਹਨ।
ਹੁਣ ਗੱਲ ਕਰੀਏ ਕਿ ਪਲਾਸਟਿਕ ਦੇ ਇੰਨੇ ਨੁਕਸਾਨ ਹਨ ਤਾ ਇਸਨੂੰ ਕਿਵੇ ਰੋਕਿਆ ਜਾ ਸਕਦਾ ਹੈ ਜਾ ਇਸਦਾ ਬਦਲ ਕੀ ਹੈ? ਪਲਾਸਟਿਕ ਨੂੰ ਘਟਾਉਣ ਲਈ ਪ੍ਰਮੁੱਖ ਤੋਰ ਤੇ ਸਾਨੂੰ ਆਪਣੀਆ ਆਦਤਾਂ ਵਿਚ ਸੁਧਾਰ ਲਿਆਉਣ ਦੀ ਲੋੜ ਹੈ।ਉਦਾਹਰਣ ਲਈ, ਜਦੋ ਅਸੀ ਬਾਜਾਰ ਜਾਦੇ ਹਾ ਤਾ ਜੇਕਰ ਅਸੀ ਆਪਣੇ ਨਾਲ ਇਕ ਕੱਪੜੇ ਦਾ ਥੈਲਾ ਲੈ ਜਾਈਏ ਤਾ ਘੱਟੋ ਘੱਟ ਇਕ ਪਲਾਸਟਿਕ ਦਾ ਲਿਫਾਫਾ ਤਾ ਘਟੇਗਾ।ਮਤਲਬ ਮਹੀਨੇ ਦੇ 30 ਤੇ ਸਾਲ ਦੇ 365 ਇਹੀ ਗੱਲ ਆਪਣੇ ਗੁਆਢੀ ਨੂੰ ਸਮਝਾ ਦਿਓ। ਜੇਕਰ ਤੁਸੀ ਦਸ ਘਰਾਂ ਵਿਚ ਇਹ ਲਾਗੂ ਕਰਵਾ ਦਿੰਦੇ ਹੋ ਤਾ ਮੰਨੋ ਤੁਸੀ ਇਕ ਬਹੁਤ ਵੱਡੇ ਪਰਿਆਵਰਨ ਮਿੱਤਰ ਹੋ।ਦੂਜੀ ਗੱਲ ਸਾਨੂੰ ਅਜਿਹੇ ਪਦਾਰਥਾਂ ਦਾ ਉਪਯੋਗ ਕਰਨਾ ਚਾਹੀਦਾ ਹੈ ਜਿਹਨਾ ਦੀ ਆਪਾ ਮੁੜ ਵਰਤੋ ਕਰ ਸਕੀਏ ਜਾ ਰਿਸਾਈਕਲ ਕਰ ਸਕੀਏ।ਅੱਜ ਕਈ ਦੁਕਾਨਦਾਰ ਕਪੜੇ ਦੇ ਲਿਫਾਫੇ ਵਿਚ ਸਮਾਨ ਦਿੰਦੇ ਹਨ ਸਾਨੂੰ ਉਹਨਾ ਤੋ ਸਮਾਨ ਲੈ ਲੈਣਾ ਚਾਹੀਦਾ ਹੈ।
ਸੋ ਅੱਜ ਲੋੜ ਹੈ ਸਾਵਧਾਨ ਹੋਣ ਦੀ, ਪਲਾਸਟਿਕ ਤੇ ਆਪਣੀ ਨਿਰਭਰਤਾ ਘਟਾਉਣ ਦੀ ਅਤੇ ਇਕ ਪਰਿਆਵਰਨ ਮਿੱਤਰ ਬਣਨ ਦੀ।

ਫੈਸਲ ਖਾਨ
ਜਿਲਾ ਰੋਪੜ
ਮੋਬ: 99149-65937

ਜੈਵ ਵਿਭਿੰਨਤਾ :- ਜੀਵਨ ਦਾ ਜਾਲ - ਫੈਸਲ ਖਾਨ

ਲੱਖਾਂ ਹੀ ਸਾਲ ਲੱਗੇ ਇਸ ਧਰਤੀ ਦੇ ਨਿਰਮਾਣ ਹੋਣ ਨੂੰ ਅਤੇ ਲੱਖਾਂ ਹੀ ਸਾਲ ਲੱਗੇ ਇਸ ਧਰਤੀ ਤੇ ਜੀਵਨ ਇਜ਼ਾਦ ਹੋਣ ਨੂੰ।ਪਹਿਲਾਂ ਇਕ ਸੈਲੀ, ਫਿਰ ਬਹੁ ਸੈਲੀ, ਆਦਿ ਮਾਨਵ ਤੇ ਹੋਲ਼ੀ ਹੋਲ਼ੀ ਆਧੁਨਿਕ ਮਾਨਵ ਹੋਂਦ ਵਿਚ ਆਇਆ।ਇੰਨੇ ਲੰਮੇਂ ਪੈਂਡੇ ਦੌਰਾਨ ਧਰਤੀ ਤੇ ਬਹੁਤ ਸਾਰੀਆਂ ਤਬਦੀਲੀਆਂ ਵੀ ਆਈਆਂ।ਇਸ ਦੋਰਾਨ ਕਈ ਪ੍ਰਜਾਤੀਆਂ ਬਿਲਕੁਲ ਹੀ ਲੁਪਤ ਹੋ ਗਈਆਂ ।ਇਸ ਦੇ ਬਾਵਜੂਦ ਵੀ ਲੱਖਾਂ ਪ੍ਰਕਾਰ ਦਾ ਜੀਵਨ ਧਰਤੀ ਦੇ ਨਿਵਾਸ ਕਰਦਾ ਹੈ।ਹਜ਼ਾਰਾਂ ਹੀ ਪ੍ਰਕਾਰ ਦੇ ਜੀਵ-ਜੰਤੂ ਪਾਣੀ ਵਿਚ, ਥਲ ਤੇ ਜਾ ਦਰਖਤਾਂ ਤੇ ਆਪਣਾ ਨਿਵਾਸ ਕਰਦੇ ਹਨ।ਧਰਤੀ ਤੇ ਨਿਵਾਸ ਕਰਦੇ ਹਰ ਪ੍ਰਕਾਰ ਦੇ ਜੀਵਨ ਨੂੰ ਹੀ ਜੈਵ ਵਿਭਿੰਨਤਾ ਕਿਹਾ ਜਾਂਦਾ ਹੈ।ਜੈਵ ਵਿਭਿੰਨਤਾ ਵਿਚ ਹਰੇਕ ਪ੍ਰਜਾਤੀ ਭਾਵੇਂ ਉਹ ਵੱਡੀ ਤੋ ਵੱਡੀ ਹੋਵੇ ਜਾ ਛੋਟੀ ਤੋ ਛੋਟੀ, ਆਪਣਾ ਵਿਸ਼ੇਸ਼ ਸਥਾਨ ਰੱਖਦੀ ਹੈ।ਜੈਵ ਵਿਭਿੰਨਤਾ ਮੁੱਖ ਤੌਰ ਤੇ ਤਿੰਨ ਕਿਸਮਾਂ ਦੀ ਹੁੰਦੀ ਹੈ।
ਜਾਤੀ ਵਿਭਿੰਨਤਾ,ਜਣਨਿਕ ਵਿਭਿੰਨਤਾ,ਪਰਿਸਥਿਤਿਕ ਵਿਭਿੰਨਤਾ।
ਜਾਤੀ ਵਿਭਿੰਨਤਾ ਵਿਚ ਵੱਖ ਵੱਖ ਕਿਸਮਾਂ ਦੀਆਂ ਵੱਖ ਵੱਖ ਪ੍ਰਜਾਤੀਆਂ ਸਾਮਿਲ ਹਨ।ਜਿਵੇ:- ਮਨੁੱਖ,ਰੁੱਖ, ਕੁੱਤਾ, ਸ਼ੇਰ ਆਦਿ।
ਜਣਨਿਕ ਵਿਭਿੰਨਤਾ ਵਿਚ ਇਕੋ ਪ੍ਰਕਾਰ ਦੀਆਂ ਪ੍ਰਜਾਤੀਆਂ ਸ਼ਾਮਿਲ ਹਨ ਪਰ ਉਹਨਾਂ ਵਿਚ ਜੀਨਸ ਪੱਖੋਂ ਵਖਰੇਵਾਂ ਪਾਇਆ ਜਾਂਦਾ ਹੈ।ਜਿਵੇਂ ਅੰਬ ਇਕ ਜਾਤੀ ਹੈ ਪਰ ਇਸ ਵਿਸ ਸਾਮਿਲ ਵੱਖ ਵੱਖ ਪ੍ਰਕਾਰ ਦੇ ਅੰਬਾਂ ਦੀਆਂ ਕਿਸਮਾ ਜਿਵੇਂ ਤੋਤਾ ਅੰਬ, ਸੰਧੁਰੀ ਅੰਬ, ਲੰਗੜਾ ਅੰਬ ਆਦਿ।
ਪਰਿਸਥਿਤਿਕ ਵਿਭਿੰਨਤਾ ਵਿਚ ਵੱਖ ਵੱਖ ਪ੍ਰਕਾਰ ਦੇ ਜੀਵਾਂ ਦਾ ਵੱਖਰਾ ਵੱਖਰਾ ਰਹਿਣ ਸਥਾਨ ਸ਼ਾਮਿਲ ਹੈ।ਜਿਵੇਂ ਕੁਝ ਜੀਵਨ ਜਲ ਵਿਚ ਰਹਿੰਦਾ ਹੈ ,ਕੁਝ ਥਲ ਤੇ ਅਤੇ ਕੁਝ ਜੀਵਨ ਪੋਦਿਆਂ ਜਾ ਹੋਰ ਥਾਂਵਾ ਤੇ ਨਿਵਾਸ ਕਰਦਾ ਹੈ।
ਧਰਤੀ ਤੇ ਰਹਿੰਦੇ ਕਈ ਜੀਵਾਂ ਦਾ ਜੀਵਨ ਬੜਾ ਰੋਚਕ ਹੈ ਜਿਵੇਂ ਦੁਨੀਆਂ ਦਾ ਖੰਭ ਰਹਿਤ ਪੰਛੀ ਕੀਵੀ ਹੈ ਜੋ ਨਿਊਜੀਲੈਂਡ ਵਿਚ ਪਾਇਆ ਜਾਂਦਾ ਹੈ।ਬਿਜਲਈ ਬਾਮ ਮੱਛੀ ਤੁਹਾਨੂੰ ਇਕ ਤਕੜਾ ਬਿਜਲੀ ਦਾ ਝਟਕਾ ਦੇ ਸਕਦੀ ਹੈ।ਧਰਤੀ ਤੇ ਰਹਿੰਦੇ ਹਰੇਕ ਪ੍ਰਜਾਤੀ ਵਿਚੋਂ ਕੀੜੇ-ਮਕੌੜਿਆਂ ਦੀ ਜਨਸੰਖਿਆ ਸਭ ਤੋ ਵੱਧ ਦੱਸੀ ਜਾਂਦੀ ਹੈ।ਸਭ ਤੋ ਵੱਧ ਬੋਲਣ ਵਾਲਾ ਪੰਛੀ ਅਫਰੀਕਨ ਗ੍ਰੇਅ ਤੋਤਾ ਹੈ।
ਜੈਵ ਵਿਭਿੰਨਤਾ ਸਾਡੇ ਜੀਵਨ ਵਿਚ ਬਹੁਤ ਅਹਿਮੀਅਤ ਰੱਖਦੀ ਹੈ।ਅਨੇਕਾਂ ਪ੍ਰਕਾਰ ਦੀਆਂ ਜੜੀ-ਬੂਟੀਆਂ ਤੋ ਅਨੇਕਾਂ ਪ੍ਰਕਾਰ ਦੀਆਂ ਦਵਾਈਆਂ ਬਣਦੀਆਂ ਹਨ।ਕਈ ਪੌਦਿਆਂ ਨੂੰ ਸਿੱਧੇ ਹੀ ਵਰਤ ਲਿਆ ਜਾਂਦਾ ਹੈ ਜਿਵੇਂ ਨਿੰਮ , ਸਿਨਕੋਨਾ ਆਦਿ।ਇਸ ਤੋ ਇਲਾਵਾ ਜੈਵ ਵਿਭਿੰਨਤਾ ਜਲਵਾਯੂ ਨੂੰ ਸਥਿਰ ਰੱਖਣ, ਪ੍ਰਦੂਸ਼ਣ ਨੂੰ ਘਟਾਉਣ ,ਮਿੱਟੀ ਦੀ ਉਪਜਾਊ ਸਕਤੀ ਬਰਕਰਾਰ ਰੱਖਣ, ਈਕੋ ਪ੍ਰਬੰਧ ਦਾ ਸੰਤੁਲਨ ਬਣਾਈ ਰੱਖਣ , ਬਾਲਣ, ਭੋਜਨ , ਸਜਾਵਟੀ ਚੀਜਾਂ ਫਰਨੀਚਰ, ਕੱਚਾ ਮਾਲ, ਦੇਸ ਦੀ ਆਰਥਿਕਤਾ, ਸੈਰ-ਸਪਾਟਾ,ਸਿੱਖਿਆ ਅਤੇ ਖੋਜ ਕਾਰਜਾਂ ਆਦਿ ਵਿਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ।ਜਿੱਥੇ ਜੈਵ ਵਿਭਿੰਨਤਾ ਦੇ ਅਨੇਕਾਂ ਲਾਭ ਹਨ ਮਨੁੱਖੀ ਜੀਵਨ ਵਿਚ ,ਉੱਥੇ ਹੀ ਮਨੁੱਖੀ ਗਤੀਵਿਧੀਆਂ ਜੈਵ ਵਿਭਿੰਨਤਾ ਨੂੰ ਖੌਰਾ ਲਗਾ ਰਹੀਆਂ ਹਨ।ਜਿਸ ਵਿਚ ਜਲਵਾਯੂ ਪਰਿਵਰਤਨ, ਲਗਾਤਾਰ ਘੱਟਦਾ ਜੰਗਲਾ ਹੇਠ ਰਕਬਾ, ਪ੍ਰਦੂਸ਼ਣ, ਹੱਦੋਂ ਵੱਧ ਸ਼ਿਕਾਰ,ਗਲਤ ਸਮੇਂ ਤੇ ਸ਼ਿਕਾਰ, ਜੀਵਾਂ ਦਾ ਕੁਦਰਤੀ ਨਿਵਾਸ ਨਸ਼ਟ ਹੋਣਾਂ ਪ੍ਰਮੁੱਖ ਰੂਪ ਵਿਚ ਸ਼ਾਮਿਲ ਹਨ।ਆਈ. ਯੂ.ਸੀ.ਐਨ. ਦੀ ਇਕ ਰਿਪੋਰਟ ਮੁਤਾਬਿਕ ਵਿਸ਼ਵ ਦੀਆਂ 1/3 ਪ੍ਰਜਾਤੀਆਂ ਵਿਲੁਪਤ ਹੋਣ ਦੀ ਕਗਾਰ ਤੇ ਖੜ੍ਹੀਆਂ ਹਨ।ਇਹ ਇਕ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ।ਇਕ ਅੰਦਾਜ਼ੇ ਮੁਤਾਬਿਕ 25% ਥਣਧਾਰੀ ਜੀਵਾਂ ਦੀ ਪ੍ਰਜਾਤੀਆਂ ਆਉਣ ਵਾਲੇ ਕੁਝ ਸਾਲਾਂ ਤੱਕ ਖਤਮ ਹੋ ਜਾਣਗੀਆਂ।ਜਾਣਕਾਰ ਮੰਨਦੇ ਹਨ ਕਿ ਜੇਕਰ ਜਲਵਾਯੂ ਪਰਿਵਰਤਨ ਦੀ ਦਰ ਇਸੇ ਪ੍ਰਕਾਰ ਚਲਦੀ ਰਹੀ ਤਾਂ ਜੈਵ ਵਿਭਿੰਨਤਾ ਦੇ ਕ੍ਰਿਆਸ਼ੀਲ ਸਥਾਨ ਆਉਣ ਵਾਲੇ 20-40 ਸਾਲਾ ਤੱਕ ਖਤਮ ਹੋ ਜਾਣਗੇ।ਅਨੇਕਾਂ ਪ੍ਰਕਾਰ ਦੀਆਂ ਪੰਛੀਆਂ ਦੀਆਂ ਪ੍ਰਜਾਤੀਆਂ ਖਤਮ ਹੋਣ ਦੀ ਕਗਾਰ ਤੇ ਹਨ ਜਿਸ ਦਾ ਪ੍ਰਮੁੱਖ ਕਾਰਨ ਪ੍ਰਦੂਸ਼ਣ, ਜਲਵਾਯੂ ਪਰਿਵਰਤਨ, ਸ਼ਕਤੀਸ਼ਾਲੀ ਤਰੰਗਾਂ ਆਦਿ ਮੰਨਿਆਂ ਗਿਆ ਹੈ।ਜਲੀ ਵਿਭਿੰਨਤਾ ਵੀ ਮਨੁੱਖੀ ਗਤੀਵਿਧੀਆਂ ਤੋ ਬਚ ਨਾ ਸਕੀ।ਕਈ ਵਾਰੀ ਰਸਾਇਣਾਂ ਦੇ ਰਿਸਾਵ ਅਤੇ ਹੋਰ ਕਈ ਕਾਰਨਾਂ ਕਰਕੇ ਅਨੇਕਾਂ ਹੀ ਜਲੀ ਜੀਵ ਮੌਤ ਦੀ ਗੋਦ ਵਿਚ ਸੋ ਜਾਂਦੇ ਹਨ।ਇਕ ਰਿਪੋਰਟ ਦੱਸਦੀ ਹੈ ਕਿ ਕਰਨਾਟਕਾ ਵਿਚ ਲਗਭਗ 201 ਤਾਜੇ ਪਾਣੀ ਦੀਆਂ ਮੱਛੀਆਂ ਦੀਆਂ ਕਿਸਮਾਂ ਪਾਈਆਂ ਜਾਂਦੀਆਂ ਹਨ, ਜਿੰਨ੍ਹਾ ਵਿਚੋ 40 ਕਿਸਮਾਂ ਤੇ ਖਤਰਾ ਮੰਡਰਾ ਰਿਹਾ ਹੈ।ਜਿੰਨ੍ਹਾ ਦੀ ਦੇਖ ਰੇਖ ਅਤਿ ਜਰੂਰੀ ਹੈ।ਮੱਛੀ ਦੀ ਕਿਸਮ 'ਮਹਾਸ਼ੇਰ' ਦੀਆਂ ਕਈ ਪ੍ਰਜਾਤੀਆਂ ਲੁਪਤ ਹੋਣ ਦੀ ਕਗਾਰ ਤੇ ਹਨ।ਇਸ ਤੋ ਇਲਾਵਾ ਇਕ ਸਿੰਗੀ ਗੈਂਡਾ, ਬੰਗਾਲ ਟਾਈਗਰ,ਕਾਲਾ ਹਿਰਨ ਆਦਿ ਜੀਵ ਖਤਮ ਹੋਣ ਦੀ ਕਗਾਰ ਤੇ ਖੜ੍ਹੇ ਹਨ।ਅੰਧ ਵਿਸ਼ਵਾਸ ਇਕ ਹੋਰ ਕਾਰਨ ਹੈ ਜੈਵ ਵਿਭਿੰਨਤਾ ਨੂੰ ਖੌਰਾ ਲਗਾਉਣ ਵਿਚ।ਕਈ ਅੰਧ ਵਿਸਵਾਸੀ ਲੋਕ ਆਪਣੇ ਅੰਧ ਵਿਸਵਾਸ ਦੇ ਚੱਲਦੇ ਕਈ ਜੀਵਾਂ ਨੂੰ ਜਾਨੋਂ ਮਾਰ ਦਿੰਦੇ ਹਨ।ਫਸਲਾਂ ਦੀ ਕਟਾਈ ਤੋ ਬਾਅਦ ਨਾੜ੍ਹਾਂ ਨੂੰ ਖੇਤਾਂ ਵਿਚ ਜਲਾਉਣਾ ਵੀ ਇਕ ਚਿੰਤਾ ਦਾ ਵਿਸ਼ਾ ਹੈ।ਖੇਤਾਂ ਵਿਚ ਰਸਾਇਣਿਕ ਖਾਦਾਂ ਅਤੇ ਦਵਾਈਆਂ ਦਾ ਪ੍ਰਯੋਗ ਕਰਕੇ ਵੀ ਅਸੀਂ ਜੈਵ ਵਿਭਿੰਨਤਾ ਨੂੰ ਸੰਕਟ ਵਿਚ ਪਾ ਰਹੇ ਹਾਂ।ਰਸਾਇਣਿਕ ਖਾਦਾਂ ਨਾਲ ਸਾਡੇ ਕਈ ਮਿੱਤਰ ਕੀੜੇ ਜੋ ਕਿ ਭੂਮੀ ਦੀ ਉਪਜਾਊ ਸ਼ਕਤੀ ਨੂੰ ਵਧਾਉਣ ਵਿਚ ਸਹਾਇਕ ਹੁੰਦੇ ਹਨ ਜਿਵੇ ਗੰਡੋਏ ਆਦਿ ਵੀ ਮਰ ਜਾਂਦੇ ਹਨ।ਰਸਾਇਣਿਕ ਖਾਦਾਂ ਦੀ ਅੰਨੇਵਾਹ ਵਰਤੋ ਦੇ ਚਲਦੇ ਬਹੁਤ ਹੀ ਸੁੰਦਰ ਜੀਵ 'ਬੀਰ-ਬੋਟੀਆਂ' ਲਗਭਗ ਖਤਮ ਹੋਣ ਦੀ ਕਗਾਰ ਤੇ ਹਨ।ਜੈਵ ਵਿਭਿੰਨਤਾ ਤੋ ਬਿਨਾਂ ਸਾਡਾ ਜੀਵਨ ਚਲ ਹੀ ਨਹੀ ਸਕਦਾ।ਜੈਵ ਵਿਭਿੰਨਤਾ ਸਾਡੀ ਅਨਮੋਲ ਧਰੋਹਰ ਹੈ। ਇਸ ਦੀ ਸਾਂਭ ਸੰਭਾਲ ਸਾਡਾ ਸਭ ਦਾ ਫਰਜ ਹੈ।ਜੈਵ ਵਿਭਿੰਨਤਾ ਦੀ ਸਾਂਭ ਸੰਭਾਲ ਲਈ ਹਰ ਸਾਲ 22 ਮਈ ਨੂੰ ਅੰਤਰਰਾਸਟਰੀ ਜੈਵ ਵਿਭਿੰਨਤਾ ਦਿਵਸ ਵਜੋਂ ਮਨਾਇਆ ਜਾਂਦਾ ਹੈ।ਅੱਜ ਲੋੜ ਹੈ ਜੈਵ ਵਿਭਿੰਨਤਾ ਨੂੰ ਬਚਾਉਣ ਦੀ। ਜੇਕਰ ਜੈਵ ਵਿਭਿੰਨਤਾ ਖਤਮ ਹੋ ਗਈ ਤਾਂ ਸਾਡੇ ਜੀਵਨ ਚੱਕਰ ਨੂੰ ਵੀ ਖਤਮ ਹੋਣ ਵਿਚ ਦੇਰ ਨਹੀ ਲੱਗਣੀ।

ਫੈਸਲ ਖਾਨ
ਜਿਲ੍ਹਾ ਰੋਪੜ
ਮੋਬ: 99149-65937

11 Nov. 2018

ਜੀਵਨ ਦੀ ਹੋਂਦ ਲਈ ਰੁੱਖ ਜਰੂਰੀ - ਫੈਸਲ ਖਾਨ

ਰੁੱਖ ਤੇ ਮਨੁੱਖ ਦਾ ਬਹੁਤ ਹੀ ਡੂੰਘਾ ਰਿਸਤਾ ਹੈ।ਸੁਰੂ ਤੋ ਅੰਤ ਤੱਕ ਰੁੱਖ ਮਨੁੱਖ ਦਾ ਸਾਥ ਨਿਭਾਉਂਦੇ ਹਨ।ਰੁੱਖ ਉਸ ਪਰਮਾਤਮਾ ਦੁਆਰਾ ਦਿੱਤੇ ਗਏ ਅਨਮੋਲ ਤੋਹਫੇ ਹਨ।ਇਹ ਇਕ ਅਨਮੋਲ ਖਜਾਨਾ ਵੀ ਹੈ।ਰੁੱਖ ਕੇਵਲ ਸਾਡੇ ਲਈ ਹੀ ਨਹੀ ਸਗੋਂ ਧਰਤੀ ਤੇ ਰਹਿੰਦੇ ਹਰੇਕ ਸੰਜੀਵ ਪ੍ਰਣੀ ਲਈ ਬਹੁਤ ਜਰੂਰੀ ਹਨ।ਇੱਥੋ ਤੱਕ ਕਿ ਪ੍ਰਿਥਵੀ ਦਾ ਜੀਵਨ ਰੁੱਖਾਂ ਦੀ ਹੋਂਦ ਨਾਲ ਹੀ ਚਲਦਾ ਰਹਿ ਸਕਦਾ ਹੈ।ਰੁੱਖ ਮਨੁੱਖ ਦੇ ਤਾ ਸੱਚੇ ਮਿੱਤਰ ਹਨ।ਜੋ ਅਜੇ ਤੱਕ ਸਾਇਸ ਨਹੀ ਕਰ ਸਕੀ ਉਹ ਫਰੀ ਵਿਚ ਸਾਡੇ ਲਈ ਕਰਦੇ ਹਨ ਰੁੱਖ।ਰੁੱਖ ਆਕਸੀਜਨ ਛੱਡਦੇ ਹਨ।ਇਹ ਕਾਰਬਨਡਾਈਆਕਸਾਈਡ ਨੂੰ ਆਕਸੀਜਨ ਵਿਚ ਪਰਿਵਰਤਿਤ ਕਰਦੇ ਹਨ।ਇਸ ਵਿਧੀ ਨੂੰ ਪ੍ਰਕਾਸ ਸੰਸਲੇਸਣ ਵਿਧੀ ਕਿਹਾ ਜਾਂਦਾ ਹੈ।ਪੋਦੇ ਸਾਡੀ ਧਰਤੀ ਦੇ ਤਾਪਮਾਨ ਨੂੰ ਨਿਯੰਤ੍ਰਿਤ ਰੱਖਦੇ ਹਨ।ਜੇਕਰ ਪ੍ਰਿਥਵੀ ਉੱਤੇ ਪੌਦੇ ਨਾ ਹੋਣ ਤਾ ਪ੍ਰਿਥਵੀ ਦਾ ਤਾਪਮਾਨ ਵਧਦਾ ਹੀ ਚਲਾ ਜਾਵੇਗਾ ਤੇ ਧਰਤੀ ਇੰਨੀ ਗਰਮ ਹੋ ਜਾਵੇਗੀ ਕਿ ਇਸ ਉਤੇ ਰਹਿਣਾ ਵੀ ਮੁਸਕਿਲ ਹੋ ਜਾਵੇਗਾ।ਜਿਆਦਾ ਵੱਡੀ ਗੱਲ ਨਹੀ, ਇਕ ਸਾਧਾਰਣ ਘਰ ਵਿਚ ਵਿਧੀ ਪੂਰਵਕ ਲਗਾਇਆ ਗਿਆ ਇਕ ਪੌਦਾ ਏ. ਸੀ. ਦਾ ਕੰਮ ਕਰ ਸਕਦਾ ਹੈ।ਅੰਦਾਜੇ ਮੁਤਾਬਿਕ ਇਹ 50% ਤੱਕ ਏ. ਸੀ. ਦਾ ਬਿਲ ਘਟਾ ਸਕਦਾ ਹੈ।
ਅੱਜ ਦੇ ਸਮੇ ਵਿਚ ਪ੍ਰਦੂਸਣ ਲਗਾਤਾਰ ਵੱਧਦਾ ਜਾ ਰਿਹਾ ਹੈ।ਜਿਸ ਕਾਰਨ ਅਤਿ ਭਿਆਨਕ ਬਿਮਾਰੀਆਂ ਦਾ ਪਸਾਰ ਹੋ ਰਿਹਾ ਹੈ।ਘਰ ਦੇ ਬਾਹਰ ਹੀ ਨਹੀ ਸਗੋਂ ਘਰ ਦੇ ਅੰਦਰ ਵੀ ਬਹੁਤ ਪ੍ਰਦੂਸਣ ਪੈਦਾ ਹੂੰਦਾ ਹੈ।ਜਿਸ ਦਾ ਇਕ ਕਾਰਣ ਘਰਾਂ ਦੀ ਬਣਤਰ ਵੀ ਹੈ।ਅੱਜ ਕੱਲ ਕਈ ਘਰਾਂ ਦੀ ਬਣਤਰ ਇਹੋ ਜਿਹੀ ਹੈ ਕਿ ਉਹਨਾਂ ਵਿਚੋਂ ਤਾਜੀ ਹਵਾ ਦਾ ਪੂਰਣ ਤੋਰ ਤੇ ਅਦਾਨ ਪ੍ਰਦਾਨ ਨਹੀ ਹੁੰਦਾ।ਜਿਸ ਕਾਰਨ ਦਮਾ, ਅਲਰਜੀ ਆਦਿ ਵਰਗੇ ਭਿਆਨਕ ਰੋਗ ਪੈਰ ਪਸਾਰ ਰਹੇ ਹਨ।ਨਾਸਾ ਦੇ ਕੁਝ ਛੋਟੇ ਪੌਦਿਆਂ ਦੀ ਖੋਜ ਕੀਤੀ ਜੋ ਕਿ ਘਰ ਦੀ ਸਜਾਵਟ ਲਈ ਵੀ ਵਰਤੇ ਜਾ ਸਕਦੇ ਹਨ ਤੇ ਇਹ ਸਾਡੇ ਘਰ ਵਿਚਲੇ ਪ੍ਰਦੂਸਣ ਨੂੰ ਘੱਟ ਕਰਨ ਵਿਚ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ।ਇਹ ਪੌਦੇ ਉਹਨਾਂ ਘਰਾਂ ਲਈ ਬਹੁਤ ਜਿਆਦਾ ਲਾਹੇਵੰਦ ਹਨ ਜਿੱਥੇ ਤਾਜੀ ਹਵਾ ਦਾ ਬਹੁਤ ਘੱਟ ਅਦਾਨ ਪ੍ਰਦਾਨ ਹੁੰਦਾ ਹੈ।ਗਰਬੈਰਾ ਡੇਜੀ (Gerbera Daisy) ਇਕ ਬਹੁਤ ਹੀ ਮਹੱਤਵਪੂਰਨ ਪੌਦਾ ਹੈ ਜੋ ਕਿ ਕਈ ਜਹਿਰੀਲੀਆਂ ਗੈਸਾਂ ਨੂੰ ਬੜੀ ਹੀ ਅਸਾਨੀ ਨਾਲ ਸੋਖ ਕੇ ਖਤਮ ਕਰ ਦਿੰਦਾ ਹੈ।ਕਵਾਰ ਦਾ ਪੌਦਾ ਜਿੱਥੇ ਦੇਖਣ ਨੂੰ ਬਹੁਤ ਸੋਹਣਾ ਲਗਦਾ ਹੈ ਉੱਥੇ ਹੀ ਇਸ ਦੇ ਪੱਤੇ ਬਹੁਤ ਹੀ ਗੁਣਕਾਰੀ ਹੁੰਦੇ ਹਨ।ਇਹ ਕੀਟਾਣੂਨਾਸ਼ਕ ਵਜੋਂ ਕੰਮ ਕਰਦੇ ਹਨ।ਇਸਦੇ ਪੱਤੇ ਚਮੜੀ ਲਈ ਬਹੁਤ ਹੀ ਵਧੀਆ ਹੁੰਦੇ ਹਨ।ਇਸ ਤੋ ਇਲਾਵਾ ਵੀ ਬਹੁਤ ਸਾਰੇ ਛੋਟੇ ਪੌਦੇ ਹਨ ਜਿਵੇ : ਮਨੀ ਪਲਾਂਟ, ਅਰੇਕਾ ਪਾਮ, ਚਾਈਨੀਸ ਸਦਾਬਹਾਰ ਆਦਿ।
ਮਨੁੱਖ ਦੇ ਲਾਲਚ ਸਦਕਾ ਜੰਗਲ ਹੇਠ ਰਕਬਾ ਘੱਟਦਾ ਜਾ ਰਿਹਾ।ਜੇਕਰ ਵਰਖਾ ਵਣ ਦੀ ਗੱਲ ਕਰੀਏ ਤਾਂ 78 ਮਿਲੀਅਨ ਏਕੜ ਵਰਖਾ ਵਣ ਹਰ ਸਾਲ ਖਤਮ ਹੋ ਰਹੇ ਹਨ।ਜਾਣਕਾਰ ਮੰਨਦੇ ਹਨ ਕਿ 2020 ਤੱਕ 80 ਤੋ 90% ਵਰਖਾ ਵਣ ਖਤਮ ਹੋ ਜਾਣਗੇ।ਇਹ ਇਕ ਬਹੁਤ ਵੱਡਾ ਚਿੰਤਾ ਦਾ ਵਿਸਾ ਹੈ।ਮਨੁੱਖ ਲਾਲਚ ਦੀ ਤਲਵਾਰ ਨਾਲ ਆਪਣੀਆਂ ਹੀ ਜੜ੍ਹਾਂ ਵੱਡਦਾ ਜਾ ਰਿਹਾ ਹੈ।ਜੰਗਲ ਘੱਟਣ ਨਾਲ ਜੈਵ ਵਿਭਿੰਨਤਾ ਦੇ ਬਹੁਤ ਬੁਰਾ ਅਸਰ ਪੈ ਰਿਹਾ ਹੈ।ਬਹੁਤ ਸਾਰੇ ਅਨਮੋਲ ਪੌਦੇ ਲੁਪਤ ਹੋ ਚੁੱਕੇ ਹਨ ਤੇ ਕਈ ਲੁਪਤ ਹੋਣ ਦੀ ਕਗਾਰ ਤੇ ਖੜੇ ਹਨ।ਕੇਵਲ ਪੌਦੇ ਹੀ ਨਹੀਂ ਸਗੋਂ ਬੇਅੰਤ ਪੰਛੀ, ਜਾਨਵਰ, ਛੋਟੇ ਜੀਵ ਜੰਗਲਾਂ ਦੇ ਖਾਤਮੇ ਨਾਲ ਖਤਮ ਹੋ ਰਹੇ ਹਨ।ਜੰਗਲ ਹੀ ਤਾਂ ਪੰਛੀਆਂ ਅਤੇ ਹੋਰ ਜੀਵਾਂ ਦਾ ਰਹਿਣ ਵਸੇਰਾ ਹਨ।ਗਰਮੀਆਂ ਦੀ ਛੁੱਟੀਆਂ ਹੁੰਦੇ ਸਾਰ ਹੀ ਕਈ ਲੋਕ  ਯੋਜਨਾ ਕਰਦੇ ਹਨ ਕਿ ਚਲੋ ਪਹਾੜੀ ਖੇਤਰਾਂ ਵਿਚ ਚੱਲੀਏ।ਸੋਹਣੇ ਸੋਹਣੇ ਰੁੱਖ, ਸੋਹਣੇ- ਸੋਹਣੇ ਪੰਛੀਆਂ ਦੀ ਮਧੁਰ ਅਵਾਜ, ਕੁਦਰਤੀ ਸੰਗੀਤ ਦਿਲ ਅਤੇ ਦਿਮਾਗ ਨੂੰ ਤਰੋ- ਤਾਜਾ ਕਰ ਦਿੰਦਾ ਹੈ।ਪਰ ਜਰਾ ਸੋਚੋ ਜੇਕਰ ਇਸੀ ਦਰ ਨਾਲ ਜੰਗਲ ਨਸ਼ਟ ਹੁੰਦੇ ਰਹੇ ਤਾਂ ਕਿ ਆਉਣ ਵਾਲੇ ਸਮੇ ਵਿਚ ਕਿ ਇਹ ਕੁਦਰਤੀ ਨਜਾਰਾ ਦੇਖਣ ਨੂੰ ਮਿਲੇਗਾ?? ਸ਼ਾਇਦ ਨਹੀ।
ਇਕ ਰਿਪੋਰਟ ਮੁਤਾਬਿਕ ਦੁਨੀਆਂ ਵਿਚ ਲਗਭਗ ਸੱਤ ਮਿਲੀਅਨ ਲੋਕਾਂ ਦੀ ਮੌਤ ਹਵਾ ਪ੍ਰਦੂਸਣ ਕਾਰਨ ਹੋ ਜਾਦੀ ਹੈ।ਰੁੱਖ ਫਰੀ ਵਿਚ ਹਵਾ ਨੂੰ ਸਾਫ ਕਰਨ ਦਾ ਕੰਮ ਕਰਦੇ ਹਨ ਪਰ ਫਿਰ ਵੀ ਅਸੀਂ ਰੁੱਖਾਂ ਦੇ ਯੋਗਦਾਨ ਨੂੰ ਅਣਗੋਲਿਆਂ ਕਰ ਦਿੰਦੇ ਹਾਂ।ਲੱਖਾਂ ਰੁਪਏ ਦੀ ਆਕਸੀਜਨ ਤੋ ਇਲਾਵਾ ਰੁੱਖ ਆਰਥਿਕ ਤੌਰ ਤੇ ਵੀ ਬਹੁਤ ਮਦਦ ਕਰਦੇ ਹਨ।
ਸਾਡਾ ਭਾਰਤ ਦੇਸ ਕ੍ਰਿਸੀ ਪ੍ਰਧਾਨ ਦੇਸ ਹੈ।ਵੱਖ ਵੱਖ ਪ੍ਰਕਾਰ ਦੀਆਂ ਫਸਲਾਂ ਇੱਥੇ ਪੈਦਾ ਕੀਤੀਆਂ ਜਾਂਦੀਆਂ ਹਨ।ਪਰ ਪਿਛਲੇ ਕੁਝ ਦਹਾਕਿਆਂ ਤੋ ਭੂਮੀ ਦੀ ਉਪਜਾਊ ਸਕਤੀ ਵਿਚ ਕਮੀ ਦਰਜ ਕੀਤੀ ਗਈ ਹੈ।ਰਸਾਇਣਿਕ ਖਾਦਾ ਤੋ ਇਲਾਵਾ ਇਸ ਦਾ ਇਕ ਹੋਰ ਪ੍ਰਮੱਖ ਕਾਰਨ ਹੈ ਰੁੱਖਾਂ ਦੀ ਕਟਾਈ।ਰੁੱਖਾਂ ਦੀਆਂ ਜੜਾ੍ਹਂ ਉਪਜਾਊ ਮਿੱਟੀ ਦੀ ਪਰਤ ਨੂੰ ਜਕੜ ਕੇ ਰੱਖਦੀਆਂ ਹਨ।ਇਕ ਰਿਪੋਰਟ ਦੱਸਦੀ ਹੈ ਕਿ ਧਰਤੀ ਦੀ ਅੱਧੀ ਉਪਜਾਊ ਪਰਤ ਪਿਛਲੇ 150 ਸਾਲਾ ਦੌਰਾਨ ਨਸ਼ਟ ਹੋ ਚੁੱਕੀ ਹੈ।ਦੱਸਣਯੋਗ ਹੈ ਕਿ ਜਿੱਥੇ ਰੁੱਖ ਮਿੱਟੀ ਨੂੰ ਜਕੜ ਕੇ ਰੱਖਦੇ ਹਨ ਉੱਥੇ ਹੀ ਇਹ ਮਿੱਟੀ ਦੀ ਉਪਜਾਊ ਸਕਤੀ ਨੂੰ ਵੀ ਵਧਾਉਂਦੇ ਹਨ।ਇਨ੍ਹਾਂ ਦੇ ਪੱਤਿਆਂ ਤੋ ਖਾਦ ਤਿਆਰ ਹੁੰਦੀ ਹੈ।
ਰੁੱਖਾਂ ਦੀ ਦੇਣ ਨੂੰ ਦੇਖਦੇ ਹੋਏ ਹੀ ਸ੍ਰੀ ਕੇ. ਐਮ ਮੁਨਸੀ ਜੀ ਦੁਆਰਾ ਵਣ ਮਹਾਉਤਸਵ ਦੀ ਸੁਰੂਆਤ ਕੀਤੀ ਗਈ ਤਾ ਜੋ ਲੋਕ ਰੁੱਖਾਂ ਦੀ ਮਹਾਨਤਾ ਨੂੰ ਸਮਝ ਸਕਣ ਤੇ ਰੁੱਖਾਂ ਨੂੰ ਬਚਾਉਣ ਤੇ ਨਵੇ ਰੁੱਖ ਲਗਾਉਣ ਦੀ ਮੁਹਿੰਮ ਵਿਚ ਭਾਗ ਲੈ ਸਕਣ।ਇਕ ਜੁਲਾਈ ਤੋ ਸੱਤ ਜੁਲਾਈ ਤੱਕ ਵਣ ਮਹਾਉਤਸਵ ਮਨਾਇਆਂ ਜਾਦਾ ਹੈ ਪਰ ਬੜੇ ਹੀ ਅਫਸੋਸ ਦੀ ਗੱਲ ਹੈ ਕਿ ਇਹ ਉਤਸਵ ਕੇਵਲ ਸੋਸਲ ਮੀਡੀਆ, ਅਖਵਾਰਾਂ ਜਾ ਕੇਵਲ ਦਿਖਾਵੇ ਤੱਕ ਹੀ ਰਹਿ ਗਿਆ ਹੈ।ਲੋਕ ਬੜੇ ਉਤਸਾਹ ਨਾਲ ਰੁੱਖ ਤਾਂ ਲਗਾ ਦਿੰਦੇ ਹਨ ਪਰ ਬਾਅਦ ਵਿਚ ਉਹਨਾ ਦੀ ਕੋਈ ਸਾਰ ਨਹੀਂ ਲੈਂਦੇ। ਰੁੱਖ ਲਗਾਉਣ ਦੇ ਨਾਲ ਨਾਲ ਉਹਨਾਂ ਦੀ ਦੇਖ ਰੇਖ ਵੀ ਅਤਿ ਜਰੂਰੀ ਹੈ।ਸਭ ਤੋ ਵੱਧ ਪ੍ਰਦੂਸਿਤ ਸਹਿਰਾਂ ਵਿਚ ਸਾਮਿਲ ਸਾਡੀ ਰਾਜਧਾਨੀ ਦਿੱਲੀ।ਜਿੱਥੇ ਸਾਹ ਲੈਣਾ ਵੀ ਬਹੁਤ ਔਖਾ ਹੈ।ਉਥੇ ਦੇ ਰੁੱਖਾਂ ਤੇ ਵੀ ਅੱਜ ਕੱਲ ਸੰਕਟ ਦੇ ਬੱਦਲ ਮੰਡਰਾ ਰਹੇ ਹਨ।ਜਿੱਥੇ ਨਵੇਂ ਰੁੱਖ ਲਗਾਉਣੇ ਅਤੇ ਉਹਨਾਂ ਦੀ ਦੇਖ ਰੇਖ ਬਹੁਤ ਜਰੂਰੀ ਹੈ ਉੱਥੇ ਹੀ ਬਚੇ ਹੋਏ ਜੰਗਲਾਂ ਦੀ ਸਾਂਭ ਸੰਭਾਲ ਵੀ ਅਤਿ ਜਰੂਰੀ ਹੈ।
ਸੋ ਅੱਜ ਲੋੜ ਹੈ ਇਕ ਇਕ ਰੁੱਖ ਬਚਾਉਣ ਦੀ ਤੇ ਨਵੇ ਰੁੱਖ ਲਗਾ ਕੇ ਉਹਨਾਂ ਦੀ ਸੰਭਾਲ ਕਰਨ ਦੀ ।ਅੱਜ ਜਰੂਰੀ ਹੈ ਕਿ ਹਰ ਵਿਅਕਤੀ ਰੁੱਖਾ ਦੀ ਮਹਤੱਤਾ ਨੂੰ ਸਮਝੇ ਤੇ ਕੁਦਰਤ ਨੂੰ ਪਿਆਰ ਕਰੇ।
ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਨੂੰ ਰੁੱਖਾਂ ਨੂੰ ਬਚਾਉਣ ਅਤੇ ਨਵੇ ਰੁੱਖਾਂ ਨੂੰ ਕਾਮਯਾਬ ਕਰਨ ਲਈ ਉਚ ਪੱਥਰੀ ਕਦਮ ਚੁੱਕਣੇ ਚਾਹੀਦੇ ਹਨ।
ਰੁੱਖਾਂ ਨੇ ਬਚਾਈ ਜਾਤ ਮਨੁੱਖ
ਮਨੁੱਖ ਹੁਣ ਬਚਾਵੇ ਹਰ ਇਕ ਰੁੱਖ॥


ਫੈਸਲ ਖਾਨ
ਜਿਲ੍ਹਾ : ਰੋਪੜ
ਮੋਬ: 99149-65937

10 Nov. 2018

ਵਿਗਿਆਨ ਅਤੇ ਭਾਰਤ ਦਾ ਪੁਰਾਣਾ ਹੈ ਰਿਸਤਾ - ਫੈਸਲ ਖਾਨ

ਭਾਰਤ ਦੇਸ ਮਹਾਨ ਲੋਕਾਂ ਦੀ ਧਰਤੀ ਹੈ।ਇਥੇ ਸਮੇ ਸਮੇ ਤੇ ਸੰਤਾ,ਪੀਰਾਂ,ਫਕੀਰਾਂ ਨੇ ਅਵਤਾਰ ਲੈ ਕੇ ਮਾਨਵਤਾ ਦਾ ਕਲਿਆਣ ਕੀਤਾ ਹੈ।ਜਿੱਥੇ ਭਾਰਤ ਪੀਰਾਂ -ਫਕੀਰਾਂ ਦੀ ਧਰਤੀ ਹੈ, ਉਥੇ ਹੀ ਭਾਰਤ ਮਹਾਨ ਵਿਗਿਆਨੀਆਂ ਅਤੇ ਵਿਦਵਾਨਾਂ ਦੀ ਧਰਤੀ ਵੀ ਹੈ। ਪੁਰਾਤਨ ਅਤੇ ਆਧੁਨਿਕ ਭਾਰਤੀ ਵਿਦਵਾਨਾਂ ਅਤੇ ਵਿਗਿਆਨੀਆਂ ਨੇ ਆਪਣੀਆਂ ਖੋਜਾਂ ਅਤੇ ਸਿਧਾਤਾਂ ਨਾਲ ਸਮੁਚੀ ਦੁਨੀਆਂ ਵਿਚ ਆਪਣਾ ਨਾਮ ਕਮਾਈਆ ਹੈ।ਪੁਰਾਤਨ ਕਾਲ ਵਿਚ ਭਾਰਤੀ ਵਿਗਿਆਨੀਆਂ ਨੇ ਜੋ ਸਿਧਾਤ ਦਿੱਤੇ ਉਹ ਅੱਜ ਵੀ ਆਧੁਨਿਕ ਵਿਗਿਆਨ ਦਾ ਧੁਰਾ ਹਨ।ਸਾਡੇ ਭਾਰਤੀ ਵਿਗਿਆਨੀਆਂ ਨੇ ਜੋ ਹਜਾਰਾ ਸਾਲ ਪਹਿਲਾ ਸਿੱਧ ਕਰ ਦਿੱਤਾ ਸੀ ਉਹ ਆਧੁਨਿਕ ਵਿਗਿਆਨ ਅਤੇ ਵਿਗਿਆਨ ਦੀ ਪ੍ਰਗਤੀ ਦੇ ਮੀਲ ਦੇ ਪੱਥਰ ਸਾਬਿਤ ਹੋਏ ਹਨ।ਅੱਜ ਇਸ ਲੇਖ ਵਿਚ ਆਪਾਂ ਉਹਨਾਂ ਹੀ ਕੁਝ ਪੁਰਾਤਨ ਅਤੇ ਕੁਝ ਆਧੁਨਿਕ ਕਾਲ ਦੇ ਭਾਰਤੀ ਵਿਗਿਆਨੀਆਂ ਵਾਰੇ ਚਰਚਾ ਕਰਾਂਗੇ।ਜਿੰਨਾ ਦੇ ਸਿਧਾਤਾਂ ਨੇ ਜਿੱਥੇ ਭਾਰਤ ਨੂੰ ਵਿਗਿਆਨ ਦੇ ਖੇਤਰ ਵਿਚ ਇਕ ਵਿਸਾਲ ਮੁਕਾਂਮ ਪ੍ਰਦਾਨ ਕੀਤਾ ਹੈ,ਉਥੇ ਹੀ ਸਮੁਚੀ ਦੁਨੀਆਂ ਵਿਚ ਆਪਣਾ ਅਤੇ ਦੇਸ ਦਾ ਨਾਮ ਚਮਕਾਇਆ ਹੈ।ਸਭ ਤੋ ਪਹਿਲਾ ਆਪਾਂ 'ਜੀਰੋ' ਦੀ ਗੱਲ ਕਰਦੇ ਹਾ।ਜੀਰੋ ਭਾਂਵੇ ਬਹੁਤ ਛੋਟਾ ਹੈ ਪਰ ਇਸ ਤੋ ਬਿਨਾ ਵਿਗਿਆਨ ਅਤੇ ਗਣਿਤ ਦੀ ਕਲਪਨਾ ਲਗਭਗ ਅਸੰਭਵ ਜਿਹੀ ਹੀ ਸੀ।ਸਾਡੇ ਲਈ ਬਹੁਤ ਹੀ ਮਾਣ ਦੀ ਗੱਲ ਹੈ ਕਿ ਸਮੁਚੇ ਵਿਸਵ ਨੂੰ ਜੀਰੋ ਦਾ ਗਿਆਨ ਸਾਡੇ ਭਾਰਤੀ ਵਿਗਿਆਨੀ ਨੇ ਦਿੱਤਾ।ਦੂਜੀ ਸਭ ਤੋ ਮਹੱਤਵਪੂਰਨ ਚੀਜ 'ਦਸਮਲਵ'।ਇਹ ਵੀ ਸਾਡੇ ਭਾਰਤ ਦੀ ਹੀ ਦੇਣ ਹੈ।ਮੋਟੇ ਅੱਖਰਾਂ ਵਿਚ ਕਿਹਾ ਜਾਵੇ ਤਾ 'ਜੀਰੋ' ਅਤੇ 'ਦਸਮਲਵ' ਵਿਗਿਆਨ ਅਤੇ ਗਣਿਤ ਦੇ ਮੂਲ਼ ਸਿਧਾਂਤ ਹਨ।ਇਹਨਾ ਦੇ ਆਉਣ ਨਾਲ ਗਣਿਤ ਅਤੇ ਵਿਗਿਆਨ ਜਗਤ ਵਿਚ ਮੰਨੋ ਕ੍ਰਾਂਤੀ ਹੀ ਆ ਗਈ।ਜੇਕਰ ਕੰਪਿਊਟਰ ਦੀ ਭਾਸਾ ਬਾਈਨਰੀ ਦੀ ਗੱਲ ਕਰੀਏ ਤਾ ਇਹ ਵੀ ਸਾਡੇ ਇਕ ਵੈਦਿਕ ਵਿਦਵਾਨ ਦੀ ਦੇਣ ਹੈ।ਅੱਜ ਦੇ ਜੀਵਨ ਦਾ ਕੇਂਦਰ ਬਿੰਦੂ ਮੰਨਿਆਂ ਜਾਦਾ ਕੰਪਿਊਟਰ।ਜੇਕਰ ਬਾਈਨਰੀ ਭਾਸਾ ਨਾ ਹੁੰਦੀ ਤਾ ਕੰਪਿਊਟਰ ਦਾ ਨਿਰਮਾਣ ਲਗਭਗ ਅਸੰਭਵ ਜਿਹਾ ਹੀ ਸੀ।ਅੱਜ ਸਮੁਚੀ ਦੁਨੀਆਂ ਇਕ ਦੂਜੇ ਨਾਲ ਜੁੜੀ ਹੋਈ ਹੈ ਤਾ ਇਸਦਾ ਸ਼੍ਰੈਅ ਜੇਕਰ ਕਿਸੇ ਨੂੰ ਜਾਦਾ ਹੈ ਤਾ ਉਹ ਭਾਰਤੀ ਵਿਦਵਾਨ ਹਨ।ਜੇਕਰ ਮਿਣਤੀ ਦੀ ਗੱਲ ਕਰੀਏ ਤਾ ਇਹ ਵੀ ਸਾਡੇ ਭਾਰਤੀਆਂ ਨੇ ਹੀ ਦੂਜਿਆਂ ਨੂੰ ਸਿਖਾਈ।ਸ੍ਰੋਤਾਂ ਤੋ ਪਤਾ ਲਗਦਾ ਹੈ ਕਿ ਪ੍ਰਚੀਨ ਕਾਲ ਵਿਚ ਹੀ ਸਾਡੇ ਭਾਰਤੀਆ ਕੋਲ ਮਿਣਨ ਦੀਆ ਅਤਿ ਆਧੂਨਿਕ ਤਕਨੀਕਾਂ ਸਨ।ਵਿਗਿਆਨ ਦੇ ਖੇਤਰ ਵਿਚ ਸਭ ਤੋ ਛੋਟਾ ਮੰਨਿਆ ਜਾਣ ਵਾਲਾ ਕਣ 'ਪਰਮਾਣੂ' (Atom) ।ਇਹ ਵੀ ਸਾਡੇ ਇਕ ਭਾਰਤੀ ਵਿਦਵਾਨ 'ਕਨਾਦ' (Kanad) ਦੀ ਦੇਣ ਮੰਨਿਆ ਜਾਦਾ ਹੈ।ਡਾਲਟਨ ਤੋ ਵੀ ਸਤਾਵਦੀਆਂ ਪਹਿਲਾ ਕਨਾਦ ਨੇ ਪਰਮਾਣੂ ਦੀ ਵਿਆਖਿਆ ਕੀਤੀ ਸੀ। ਉਸ ਨੇ ਇਸ ਨੂੰ 'ਅਨੂ' (Anu) ਦਾ ਨਾ ਦਿੱਤਾ। ਜਿਸ ਦਾ ਅਰਥ ਹੂੰਦਾ ਹੈ ਬਹੁਤ ਛੋਟਾ ਪਰਮਾਣੂ ਵਾਂਗ।ਸ੍ਰੋਤਾਂ ਤੋ ਪਤਾ ਲਗਦਾ ਹੈ ਕਿ ਪ੍ਰਾਚੀਨ ਕਾਲ ਵਿਚ ਹੀ ਪਲਾਸਟਿਕ ਸਰਜਰੀ ਅਤੇ ਹੋਰ ਸਰਜਰੀਆਂ ਵਾਰੇ ਵੀ ਭਾਰਤੀ ਵਿਦਵਾਨਾਂ ਨੂੰ ਬਹੁਤ ਗਿਆਨ ਸੀ।ਜੇਕਰ ਭਾਰਤੀ ਵਿਗਿਆਨੀਆਂ ਅਤੇ ਵਿਦਵਾਨਾਂ ਦੀ ਗੱਲ ਕਰ ਰਹੇ ਹਾਂ ਤਾ 'ਆਰੀਆ ਭੱਟ' ਜੀ ਦਾ ਜਿਕਰ ਨਾ ਕਰੀਏ ਤਾ ਗੁਸਤਾਖੀ ਹੋਵੇਗੀ।ਭਾਰਤੀ ਵਿਗਿਆਨੀ ਅਤੇ ਵਿਦਵਾਨ ਆਰੀਆ ਭੱਟ ਨੇ ਪ੍ਰਾਚੀਨ ਕਾਲ ਵਿਚ ਹੀ ਉਹਨਾਂ ਸਿਧਾਂਤਾ ਦੀ ਵਿਆਖਿਆ ਕਰ ਦਿੱਤੀ ਸੀ ਜੋ ਅੱਜ ਦੇ ਆਧੁਨਿਕ ਵਿਗਿਆਨ ਦੀ ਬੁਨਿਆਦ ਹਨ।ਉਹਨਾਂ ਦੀਆਂ ਖਗੋਲ ਨਾਲ ਸੰਬੰਧਿਤ ਖੋਜਾ ਪ੍ਰਸਿੱਧ ਹਨ।ਉਹਨਾਂ ਨੇ ਖਗੋਲੀ ਪਿੰਡਾ ਦਾ ਵੀ ਅਧਿਐਨ ਕੀਤਾ ਅਤੇ ਚੰਨ ਅਤੇ ਧਰਤੀ ਵਿਚਕਾਰਲੀ ਦੂਰੀ ਦਾ ਵੀ ਪਤਾ ਲਗਾਇਆ ਅਤੇ ਹੋਰ ਵੀ ਬਹਤ ਕੁਝ।ਖੋਜਕਾਰ ਮੰਨਦੇ ਹਨ ਕਿ ਰਾਕੇਟ ਦਾ ਨਿਰਮਾਣ ਵੀ ਭਾਰਤ ਵਿਚ ਹੀ ਹੋਇਆਂ ।ਮੰਨਿਆ ਜਾਂਦਾ ਹੈ ਕਿ ਟੀਪੂ ਸੁਲਤਾਨ ਨੇ ਰਾਕੇਟ ਵਰਗਾ ਹਥਿਆਰ ਤਿਆਰ ਕੀਤਾ ਸੀ ਜੋ ਉਸਨੇ ਅੰਗਰੇਜੀ ਈਸਟ ਇੰਡੀਆਂ ਕੰਪਨੀ ਦੇ ਵਿਰੁਧ ਹੋਈ ਲੜਾਈ ਵਿਚ ਵਰਤਿਆ।ਇਹ 2 ਕਿ.ਮੀ. ਤੱਕ ਮਾਰ ਕਰ ਸਕਦਾ ਸੀ।
ਇਹ ਤਾ ਕੁਝ ਕੁ ਗੱਲਾ ਹੋਈਆਂ ਪ੍ਰਾਚੀਨ ਕਾਲ ਦੇ ਭਾਰਤ ਦੀਆ ਅਤੇ ਪ੍ਰਾਚੀਨ ਕਾਲ ਦੇ ਭਾਰਤੀ ਵਿਗਿਆਨੀਆਂ ਅਤੇ ਵਿਦਵਾਨਾਂ ਵਾਰੇ।ਆਓ ਹੁਣ ਕੁਝ ਅਧੁਨਿਕ ਭਾਰਤੀ ਵਿਗਿਆਨੀਆਂ ਅਤੇ ਉਹਨਾਂ ਦੀ ਖੋਜਾਂ ਵਾਰੇ ਚਰਚਾ ਕਰਦੇ ਹਾਂ।ਸਭ ਤੋ ਪਹਿਲਾ ਗੱਲ ਕਰਦੇ ਹਾਂ ਭਾਰਤੀ ਪੁਲਾੜ ਪ੍ਰੋਗਰਾਮ ਦੇ ਪਿਤਾਮਾ ਕਹੇ ਜਾਣ ਵਾਲੇ ਵਿਕਰਮ ਸਾਰਾਭਾਈ ਜੀ ਦੀ।ਪਦਮ ਭੂਸਣ ਪ੍ਰਾਪਤ ਸਾਰਾਭਾਈ ਨੇ ਪੁਲਾੜ ਨਾਲ ਸੰਬੰਧਿਤ ਖੋਜਾਂ ਵਿਚ ਆਪਣਾ ਵਿਸੇਸ ਯੋਗਦਾਨ ਪਾਇਆ।ਸਾਰਾਭਾਈ ਦੇ ਯਤਨਾ ਸਦਕਾ ਹੀ ਇਸਰੋ (ISRO) (ਭਾਰਤੀ ਪੁਲਾੜ ਖੋਜ ਸੰਸਥਾ) ਹੋਂਦ ਵਿਚ ਆਈ। ਅੱਜ ਇਹ ਦੁਨੀਆਂ ਦੀ ਛੇਵੀ ਸਭ ਤੋ ਵੱਡੀ ਪੁਲਾੜ ਖੋਜ ਸੰਸਥਾ ਹੈ।ਪੰਛੀ ਪ੍ਰੇਮੀ ਸਲੀਮ ਅਲੀ ਨੇ ਆਪਣਾ ਸਾਰਾ ਜੀਵਨ ਪੰਛੀਆਂ ਦੇ ਅਧਿਐਨ ਉਤੇ ਕੰਮ ਕੀਤਾ।ਉਹਨਾਂ ਨੇ ਪੰਛੀਆਂ ਉਤੇ ਕਈ ਪੁਸਤਕਾਂ ਲਿਖਿਆਂ।ਉਹਨਾ ਨੇ ਪੰਛੀਆਂ ਦੇ ਸਰਵੇ ਨੂੰ ਇਕ ਤਰਤੀਬਵਾਰ ਤਰੀਕੇ ਨਾਲ ਪੂਰੇ ਭਾਰਤ ਵਿਚ ਕੀਤਾ।ਮਹਾਨ ਖਗੋਲ ਵਿਗਿਆਨੀ ਮੇਗਨਾਦ ਸਾਹਾ ਆਪਣੀ 'ਸਾਹਾ ਸਮੀਕਰਣ' ਕਾਰਨ ਪ੍ਰਸਿੱਧ ਹਨ।1983 ਦੇ ਨੋਬਲ ਪੁਰਸਕਾਰ ਵਿਜੇਤਾ ਸੁਬਰਮਨਯਮ ਚੰਦਰਸੇਖਰ। ਖਗੋਲ ਵਿਗਿਆਨ ਅਤੇ ਗਣਿਤ ਦੇ ਬਹੁਤ ਵੱਡੇ ਵਿਦਵਾਦ ਸਨ।ਉਹਨਾ ਦੀ 'ਚੰਦਰਸੇਖਰ ਲੀਮਿਟ' ਦੁਨੀਆ ਭਰ ਵਿਚ ਪ੍ਰਸਿੱਧ ਹੈ।ਬੋਸ-ਆਇਨਸਟਾਈਨ ਸਿਧਾਂਤ ਨਾਲ ਦੁਨੀਆਂ ਭਰ ਵਿਚ ਪ੍ਰਸਿੱਧੀ ਖੱਟਣ ਵਾਲੇ ਭਾਰਤੀ ਵਿਗਿਆਨੀ ਐਸ. ਐਨ. ਬੋਸ  ਨੇ ਕੁਆਂਟਮ ਫਿਜੀਕਸ ਦੇ ਖੇਤਰ ਵਿਚ ਆਪਣਾ ਵਿਸੇਸ ਯੋਗਦਾਨ ਦਿੱਤਾ।ਬੋਸੋਨ ਕਣ ਵੀ ਐਸ.ਐਨ ਬੋਸ ਦੀ ਹੀ ਦੇਣ ਹੈ।  ਮਹਾਨ ਭਾਰਤੀ ਵਿਗਿਆਨੀ ਭਾ. ਵਾਈ. ਐਸ. ਰਾਓ ਨੇ ਆਪਣਾ ਜੀਵਨ ਦਵਾਈਆਂ ਦੀ ਖੋਜ ਉਤੇ ਗੁਜਾਰ ਦਿੱਤਾ।ਉਹਨਾ ਨੇ ਬਹੁਤ ਸਾਰੀਆਂ ਜੀਵਨ ਨੂੰ ਸੁਰੱਖਿਆ ਪ੍ਰਦਾਨ ਕਰਨ ਵਾਲੀਆਂ ਦਵਾਈਆਂ ਦੀ ਖੋਜ ਕੀਤੀ।ਉਹਨਾ ਦੁਆਰਾ ਦਿੱਤੇ ਗਏ ਸਿਧਾਂਤ ਅੱਜ ਵੀ ਚਿਕਿਤਸਾ ਦੇ ਖੇਤਰ ਵਿਚ ਬਹੁਤ ਅਹਿਮੀਅਤ ਰੱਖਦੇ ਹਨ।ਬਹੁਗੁਣੀ ਸਖਸੀਅਤ ਦੇ ਮਾਲਕ ਡਾ. ਰਾਜਾ ਰਾਮੰਨਾ ਭਾਰਤ ਦੇ ਪ੍ਰਸਿੱਧ ਨਿਊਕਲੀਅਰ ਵਿਗਿਆਨੀ ਸਨ।ਉਹਨਾ ਨੇ ਭਾਂਭਾ ਨਾਲ ਮਿਲ ਕੇ ਨਿਊਕਲੀਅਰ ਖੇਤਰ ਵਿਚ ਆਪਣਾ ਵਿਸੇਸ ਯੋਗਦਾਨ ਦਿੱਤਾ ਹੈ।ਮਿਸਾਈਲ ਮੈਨ ਡਾ. ਕਲਾਮ ਨੇ ਆਪਣਾ ਸਾਰਾ ਜੀਵਨ ਵਿਗਿਆਨ ਅਤੇ ਤਕਨੋਲੋਜੀ ਨੂੰ ਸਮਰਪਿਤ ਕਰ ਦਿੱਤਾ।ਉਹ ਭਾਰਤ ਦੇ ਰਾਸਟਰਪਤੀ ਵੀ ਰਹੇ।ਉਹਨਾ ਦੇ ਵਿਚਾਰ ਅੱਜ ਵੀ ਸਮੁਚੀ ਨੋਜਵਾਨ ਪੀੜੀ ਦਾ ਮਾਰਗ ਦਰਸਨ ਕਰ ਰਹੇ ਹਨ।ਜੇਕਰ ਭਾਰਤੀ ਵਿਗਿਆਨੀ ਸੀ.ਵੀ ਰਮਨ ਦੀ ਗੱਲ ਕਰੀਏ ਤਾ 1930 ਵਿਚ ਨੋਬਲ ਪੁਰਸਕਾਰ ਜਿੱਤ ਕੇ ਉਹਨਾ ਨੇ ਭਾਰਤ ਨੂੰ ਵਿਗਿਆਨ ਦੇ ਖੇਤਰ ਵਿਚ ਇਕ ਵਿਸਾਲ ਮੁਕਾਂਮ ਪ੍ਰਦਾਨ ਕੀਤਾ।'ਰਮਨ ਪ੍ਰਭਾਵ' ਕਾਰਨ ਉਹਨਾਂ ਨੂੰ ਇਹ ਪੁਰਸਕਾਰ ਪ੍ਰਾਪਤ ਹੋਇਆ।ਭਾਭਾ ਅਤੇ ਸਾਰਾਭਾਈ ਉਹਨਾ ਦੇ ਹੀ ਵਿਦਿਆਰਥੀ ਸਨ।
ਇਹ ਤਾ ਕੁਝ ਕੁ ਭਾਰਤੀ ਵਿਗਿਆਨੀਆਂ ਅਤੇ ਵਿਦਵਾਨਾਂ ਦੀ ਗੱਲ ਹੋਈ ਹੈ।ਇਸ ਤੋ ਇਲਾਵਾ ਵੀ ਅਨੇਕਾਂ ਹੀ ਭਾਰਤੀ ਵਿਦਵਾਨਾਂ ਨੇ ਵਿਗਿਆਨ, ਗਣਿਤ, ਤਕਨੀਕੀ ਦੇ ਖੇਤਰ ਵਿਚ ਅਪਣਾ ਵਿਸੇਸ ਯੋਗਦਾਨ ਪਾਇਆ ਹੈ।ਜਿੰਨ੍ਹਾ ਵਿਚ ਸ੍ਰੀਨਿਵਾਸ ਰਾਮਾਨੁਜਨ , ਹੋਮੀ ਜਹਾਗੀਰ ਭਾਭਾ, ਜਗਦੀਸ ਚੰਦਰ ਬੋਸ , ਹਰਗੋਬਿੰਦ ਖੁਰਾਨਾ, ਆਦਿ ਵੀ ਸਾਮਿਲ ਹਨ।
ਇਹਨਾਂ ਵਿਗਿਆਨੀਆਂ ਅਤੇ ਉਹਨਾਂ ਦੇ ਸਿਧਾਂਤਾ ਨਾਲ ਜਾਣ ਪਛਾਣ ਕਰਾਉਣ ਦਾ ਇਕ ਹੀ ਉਦੇਸ ਹੈ ਕਿ ਅਸੀ ਇਹ ਜਾਣ ਸਕੀਏ ਕਿ ਸਾਡੇ ਭਾਰਤੀਆਂ ਵਿਗਿਆਨੀਆਂ ਦਾ ਲੋਹਾ ਸਾਰੀ ਦੁਨੀਆ ਮੰਨਦੀ ਹੈ।ਪਰ ਅੱਜ ਕੱਲ ਇਹ ਦੇਖਣ ਵਿਚ ਆਇਆ ਹੈ ਕਿ ਵਿਦਿਆਰਥੀਆਂ ਵਿਚ ਵਿਗਿਆਨ ਅਤੇ ਗਣਿਤ ਵਿਸੇ ਪ੍ਰਤਿ ਰੂਚੀ ਘੱਟਦੀ ਜਾ ਰਹੀ ਹੈ।ਜੋ ਕਿ ਇਕ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ।ਅੱਜ ਲੋੜ ਹੈ ਕਿ ਅਧਿਆਪਕ ਅਤੇ ਮਾਤਾ-ਪਿਤਾ ਇਸ ਪ੍ਰਤਿ ਸੁਚੇਤ ਹੋਣ।ਉਹ ਖੁਦ ਵਿਗਿਆਨਿਕ ਨਜਰੀਏ ਨੂੰ ਅਪਣਾਉਣ ਅਤੇ ਆਪਣੇ ਬੱਚਿਆ ਵਿਚ ਵੀ ਵਿਗਿਆਨਿਕ ਸੋਚ ਪੈਦਾ ਕਰਨ।ਖੋਖਲੇ ਅੰਧ ਵਿਸਵਾਸ਼ਾਂ ਵਿਚੋ ਵਿਗਿਆਨਿਕ ਸੋਚ ਅਪਣਾ ਕੇ ਹੀ ਬਾਹਰ ਨਿਕਲਿਆ ਜਾ ਸਕਦਾ ਹੈ।ਆਓ ਆਪਣੇ ਆਪ ਵਿਚ ਵਿਗਿਆਨਿਕ ਸੋਚ ਪੈਦਾ ਕਰਕੇ ਇਕ ਬਿਹਤਰ ਸਮਾਜ ਦਾ ਨਿਰਮਾਣ ਕਰੀਏ।

ਫੈਸਲ ਖਾਨ
ਜਿਲ੍ਹਾ ਰੋਪੜ
ਮੋਬ: 99149-65937

10 Nov. 2018

ਜਲਵਾਯੂ ਪਰਿਵਰਤਨ - ਵਾਤਾਵਰਨ ਵਿਚ ਆ ਰਿਹਾ ਬਦਲਾਅ ਇਕ ਚਿੰਤਾ ਦਾ ਵਿਸਾ - ਫੈਸਲ ਖਾਨ

ਇਕ ਸਮਾ ਸੀ ਜਦੋ ਸਮੇ ਸਿਰ ਸਰਦੀ, ਸਮੇ ਸਿਰ ਗਰਮੀ ਅਤੇ ਸਮੇ ਸਿਰ ਬਰਸਾਤ ਹੁੰਦੀ ਸੀ।ਕਿਸਾਨ ਅਤੇ ਹੋਰ ਜਨ ਜੀਵਨ ਪੂਰੀ ਤਰ੍ਹਾ ਕੁਦਰਤ ਤੇ ਨਿਰਭਰ ਸੀ ਅਤੇ ਕੁਦਰਤ ਵੀ ਪੂਰਾ ਸਾਥ ਦਿੰਦੀ ਸੀ। ਮੋਟੇ ਅਖਰਾ ਵਿਚ ਕਿਹਾ ਜਾਵੇ ਤਾ ਮਨੁੱਖ ਅਤੇ ਕੁਦਰਤ ਦਾ ਸਬੰਧ ਬੜਾ ਹੀ ਪੱਕਾ ਅਤੇ ਪਿਆਰ ਭਰਿਆ ਸੀ। ਜਿਵੇਂ ਜਿਵੇਂ ਮਨੁੱਖ ਨੇ ਤਰੱਕੀ ਕੀਤੀ ਹੈ ਤੇ ਉਹ ਪੁਰਾਤਨ ਤੋ ਆਧੁਨਿਕ ਅਤੇ ਆਧੁਨਿਕ ਤੋ ਅਤਿ ਆਧੁਨਿਕ ਯੁਗ ਵਲ ਵਧਿਆ ਹੈ ਉਵੇ ਉਵੇ ਹੀ ਉਸ ਦਾ ਰਿਸਤਾ ਕੁਦਰਤ ਨਾਲ ਕਮਜੋਰ ਹੁੰਦਾ ਗਿਆ ਜਾ ਕਹਿ ਲਵੋ ਕਿ ਮਨੁੱਖ ਕੁਦਰਤ ਤੋ ਦੂਰ ਹੁੰਦਾ ਗਿਆ।ਜਿਵੇਂ ਜਿਵੇਂ ਮਨੁੱਖ ਦੀ ਸੋਚ ਲਾਲਚ ਭਰੀ ਹੁੰਦੀ ਗਈ ਤਿਵੇਂ ਤਿਵੇਂ ਹੀ ਉਸ ਨੇ ਕੁਦਰਤ ਨਾਲ ਦੁਰਵਿਵਹਾਰ ਕਰਨਾ ਸੁਰੂ ਕਰ ਦਿੱਤਾ।ਮਨੁੱਖ ਦਾ ਲਾਲਚ ਵਧਦਾ ਹੀ ਗਿਆ ਤੇ ਉਸ ਦੁਆਰਾ ਕੁਦਰਤ ਨਾਲ ਕੀਤੀਆ ਜਾ ਰਹੀਆ ਛੇੜਖਾਨੀਆ ਵੀ ਵਧਦੀਆ ਗਈਆਂ।ਮਨੁੱਖ ਨੇ ਆਪਣੀਆ ਗਤੀਵਿਧੀਆ ਕਾਰਨ ਵਾਤਾਵਰਨ ਦੇ ਤਾਪਮਾਨ ਵਿਚ ਵੱਡਾ ਬਦਲਾਅ ਲਿਆਂਦਾ ਹੈ , ਜਿਸ ਨੂੰ ਜਲਵਾਯੂ ਪਰਿਵਰਤਨ ਕਿਹਾ ਜਾਦਾ ਹੈ।ਲਗਾਤਾਰ ਵੱਧਦਾ ਜਾ ਰਿਹਾ ਮਨੁੱਖ ਦਾ ਲਾਲਚ ਉਸ ਦੇ ਸਾਹਮਣੇ ਗੰਭੀਰ ਸਮੱਸਿਆਵਾ ਪੈਦਾ ਕਰ ਰਿਹਾ ਹੈ।ਮਨੁੱਖ ਨੇ ਲਗਾਤਾਰ ਜੰਗਲਾ ਦੀ ਕਟਾਈ ਕਰਕੇ ਕੁਦਰਤ ਨਾਲ ਸਭ ਤੋ ਵੱਡਾ ਖਿਲਵਾੜ ਕੀਤਾ ਹੈ।ਉਸ ਤੋ ਬਾਅਦ ਅੰਧਾ-ਧੁੰਦ ਪਥਰਾਟੀ ਬਾਲਣਾ ਦੀ ਵਰਤੋ ਕਰਕੇ ਉਸ ਨੇ ਇਸ ਜਖਮ ਨੂੰ ਹੋਰ ਗਹਿਰਾ ਕੀਤਾ ਹੈ।ਰਹਿੰਦੀ ਖੂੰਹਦੀ


ਕਸਰ ਵਧਦੀਆ ਹੋਇਆ ਫੈਕਟਰੀਆ ਅਤੇ ਕਾਰਖਾਨਿਆ
 ਨੇ ਪੂਰੀ ਕਰ ਦਿੱਤੀ ਹੈ।ਲਗਾਤਾਰ ਵਧਦੀ ਹੋਈ ਜੰਗਲਾ
ਦੀ ਕਟਾਈ, ਲੋੜ ਤੋ ਵੱਧ ਪਥਰਾਟੀ ਬਾਲਣਾ ਦੀ ਵਰਤੋ ਅਤੇ
 ਵੱਧ ਰਹੇ ਫੈਕਟਰੀਆ ਅਤੇ ਕਾਰਖਾਨਿਆ ਆਦਿ ਵਿਚੋ
ਪੈਦਾ ਹੋਈ ਕਾਰਬਨ ਡਾਈਆਕਸਾਈਡ ਅਤੇ ਹੋਰ ਗਰੀਨ
 ਹਾਉਸ ਪ੍ਰਭਾਵ ਪੈਦਾ ਕਰਨ ਵਾਲੀਆ ਗੈਸਾਂ ਜੋ ਕਿ ਸੂਰਜ

ਦੀ ਗਰਮੀ ਨੂੰ ਧਰਤੀ ਤੇ ਰੋਕਣ ਵਿਚ ਸਹਾਈ ਹੁੰਦੀਆ ਹਨ,ਦੀ ਮਾਤਰਾ ਵੱਧ ਜਾਣ ਕਰਕੇ ਸੂਰਜ ਦੀ ਗਰਮੀ ਦੀ ਮਾਤਰਾ ਵੀ ਧਰਤੀ ਤੇ ਵਧਦੀ ਜਾ ਰਹੀ ਹੈ।ਜਿਸ ਨਾਲ ਵਿਸਵ ਦਾ ਤਾਪਮਾਨ ਵੱਧਦਾ ਜਾ ਰਿਹਾ ਹੈ।ਜਿਸ ਨੂੰ ਗਲੋਬਲ ਵਾਰਮਿੰਗ ਦਾ ਨਾ ਦਿੱਤਾ ਗਿਆ ਹੈ।
ਵਿਸਵ ਦਾ ਵੱਧਦਾ ਹੋਇਆ ਤਾਪਮਾਨ ਧਰਤੀ ਤੇ ਰਹਿੰਦੇ ਹਰੇਕ ਤਪਕੇ ਨੂੰ ਪ੍ਰਭਾਵਿਤ ਕਰਦਾ ਹੈ।ਭਾਵੇ ਉਹ ਮਨੁੱਖ ਜਾਤੀ ਹੋਵੇ ਜਾ ਫਿਰ ਪਸੂ,ਪੰਛੀ ,ਜਾਨਵਰ ਹੋਣ ਜਾ ਫਿਰ ਪੋਦੇ।ਇਹ ਹਰੇਕ ਤਰ੍ਹਾ ਦੇ ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦਾ ਹੈ।ਇਹ ਗੰਭੀਰ ਸਮੱਸਿਆ ਮਨੁੱਖ ਦੁਆਰਾ ਹੀ ਪੈਦਾ ਕੀਤੀ ਗਈ ਹੈ ਤੇ ਅੱਜ ਇਸ ਨੇ ਇੰਨਾ ਭਿਆਨਕ ਰੂਪ ਧਾਰਨ ਕਰ ਲਿਆ ਹੈ ਕਿ ਅੱਜ ਇਸ ਕਰਕੇ ਸਾਰੀ ਧਰਤੀ ਤੇ ਹੀ ਖਤਰਾ ਮੰਡਰਾ ਰਿਹਾ ਹੈ।ਦੁਨੀਆ ਭਰ ਦੀਆ ਸੰਸਥਾਵਾ ਅਤੇ ਵਿਗਿਆਨੀ ਇਸ ਉਤੇ ਕੰਮ ਕਰ ਰਹੇ ਹਨ ਤਾ ਜੋ ਇਸ ਤੋ ਨਿਕਲ ਰਹੇ ਅਤੇ ਨਿਕਲਣ ਵਾਲੇ ਭਿਆਨਕ ਨਤੀਜਿਆਂ ਤੋ ਨਿਪਟਿਆਂ ਜਾ ਸਕੇ।
ਵਿਸਵ ਦੇ ਵੱਧਦੇ ਹੋਏ ਤਾਪਮਾਨ ਕਾਰਨ ਗਲੇਸੀਅਰਾਂ ਤੇ ਪਈ ਲੱਖਾ ਟਨ ਬਰਫ ਪਿਘਲ ਕੇ ਪਾਣੀ ਪਾਣੀ ਹੋ ਰਹੀ ਹੈ ਜਿਸ ਨਾਲ ਬਹੁਤ ਹੀ ਭਿਆਨਕ ਨਤੀਜੇ ਨਿਕਲ ਰਹੇ ਹਨ।
IPCC (Intergovernmental Panel on Climate Change)  ਦੀ ਇਕ ਰਿਪੋਰਟ ਜੋ ਕਿ ਅਪ੍ਰੈਲ 2007 ਵਿਚ ਆਈ ਸੀ , ਦੇ ਮੁਤਾਬਿਕ ਵਿਸਵ ਦੇ ਵੱਧਦੇ ਹੋਏ ਤਾਪਮਾਨ ਕਾਰਨ ਵੱਡੇ ਪੱਧਰ ਉੇਤੇ ਹੜ ਆਉਣਗੇ।ਜਿਸ ਨਾਲ ਵੱਡੇ ਪੱਧਰ ਉਤੇ ਜਾਨ ਮਾਲ ਦੀ ਹਾਨੀ ਹੋਵੇਗੀ।
IPCC ਦੀ ਇਕ ਹੋਰ ਰਿਪੋਰਟ ਮੁਤਾਵਿਕ ਵਿਸਵ ਦੇ ਤਾਪਮਾਨ ਵੱਧਣ ਦੇ ਕਾਰਨ ਇਸ ਸਦੀ ਦੇ ਅੰਤ ਤੱਕ ਸਮੁੰਦਰਾ ਦੇ ਪਾਣੀ ਦਾ ਸਤਰ 7 ਤੋ 23 ਇੰਚ ਵੱਧ ਜਾਵੇਗਾ।ਜੋ ਕਿ ਸਮੁਚੀ ਮਾਨਵ ਜਾਤੀ ਲਈ ਖਤਰੇ ਦੀ ਘੰਟੀ ਹੈ।
ਜਾਣਕਾਰਾਂ ਦਾ ਮੰਨਣਾ ਹੈ ਕਿ ਪ੍ਰਿਥਵੀ ਦਾ ਤਾਪਮਾਨ 1.5 ਤੋ 2.5 ਡਿਗਰੀ ਸੈਲਸੀਅਸ ਤੱਕ ਵਧਣ ਨਾਲ ਪ੍ਰਿਥਵੀ ਤੇ ਰਹਿੰਦੀਆ ਲਗਭਗ 30% ਜਾਨਵਰਾ ਅਤੇ ਪੋਦਿਆ ਦੀ ਪ੍ਰਜਾਤਿਆ ਹਮੇਸਾ ਲਈ ਸਾਨੂੰ ਅਲਵਿਦਾ ਕਹਿ ਜਾਣਗੀਆ।ਉਥੇ ਹੀ IPCC ਦਾ ਪੂਰਵ ਅਨੁਮਾਨ ਹੈ ਕਿ ਇਸ ਸਦੀ ਦੇ ਅੰਤ ਤੱਕ ਪ੍ਰਿਥਵੀ ਦਾ ਤਾਪਮਾਨ 1.8 ਤੋ 4 ਡਿਗਰੀ ਸੈਲਸੀਅਸ ਤੱਕ ਵੱਧ ਜਾਵੇਗਾ।
ਉਥੇ ਹੀ ਵਿਸਵ ਸਿਹਤ ਸੰਸਥਾ (WHO) ਦਾ ਕਹਿਣਾ ਹੈ ਕਿ 2030 ਅਤੇ 2050 ਦੇ ਵਿਚਕਾਰ ਹਰ ਸਾਲ  ਆਮ ਹੋਣ ਵਾਲੀਆ ਮੋਤਾਂ ਨਾਲੋ 250000 ਜਿਆਦਾ ਮੋਤਾ ਕੁਪੋਸਣ, ਮਲੇਰੀਆ , ਡਾਇਰੀਆ ਅਤੇ ਹੀਟ ਸਟਰੈਸ ਆਦਿ ਕਾਰਨਾ ਕਰਕੇ ਹੋਣਗੀਆ ਜਿਸ ਦਾ ਮੁੱਖ ਕਾਰਨ ਜਲਵਾਯੂ ਪਰਿਵਰਤਨ ਹੋਵੇਗਾ।
ਉਪਰੋਕਤ ਸਾਰੀਆ ਗੱਲਾ ਵਿਚ ਇਕ ਭਿਆਨਕ ਸੰਦੇਸ ਜਾ ਕਹਿ ਲਵੋ ਇਕ ਭਿਆਨਕ ਸੱਚ ਲੁਕਿਆ ਹੋਇਆ ਹੈ ਕਿ ਜੇਕਰ ਅੱਜ ਵੀ ਸਾਵਧਾਨ ਨਾ ਹੋਏ ਤਾ ਸਾਨੂੰ ਸੰਭਲਣ ਦਾ ਮੋਕਾ ਸਾਇਦ ਨਹੀ ਮਿਲੇਗਾ, ਕਿਉਕਿ ਇਹ ਬਹੁਤ ਹੀ ਧੀਮਾ ਪਰਿਵਰਤਨ ਹੈ, ਇਹ ਹੀ ਕਾਰਨ ਹੈ ਕਿ ਇਸ ਦਾ ਬਹੁਤਾ ਪ੍ਰਭਾਵ ਸਾਡੇ ਰੋਜਾਨਾ ਜੀਵਨ ਵਿਚ ਦੇਖਣ ਨੂੰ ਨਹੀ ਮਿਲਦਾ। ਪਰ ਇਸ ਦੇ ਭਿਆਨਕ ਨਤੀਜੇ ਸਾਡੇ ਸਾਹਮਣੇ ਹਨ ਅਤੇ ਹੋਰ ਭਿਆਨਕ ਨਤੀਜੇ ਭਵਿਖ ਵਿਚ ਦੇਖਣ ਨੂੰ ਮਿਲ ਸਕਦੇ ਹਨ।ਜਲਵਾਯੂ ਪਰਿਵਰਤਨ ਨੂੰ ਲੈ ਕੇ ਵਿਸਵ ਪੱਥਰ ਉਤੇ ਮੁਹਿੰਮਾ ਚਲ ਰਹੀਆ ਹਨ।ਸਭ ਤੋ ਜਰੂਰੀ ਹੈ ਕਿ ਕਾਰਬਨ ਡਾਇਆਕਸਾਈਡ ਅਤੇ ਗਰੀਨ ਹਾਉਸ ਗੈਸਾ ਦੇ ਮੁੱਖ ਸ੍ਰੋਤਾ ਦੀ ਪਛਾਣ ਕਰੀਏ ਤੇ ਉਹਨਾ ਨੂੰ ਠੱਲ ਪਾਉਣ ਦੇ ਤਾਰੀਕੇ ਲੱਭਿਏ।ਜਿਵੇਂ ਕਿ ਫੈਕਟਰੀਆਂ ਅਤੇ ਕਾਰਖਾਨਿਆ ਵਿਚੋ ਨਿਕਲਣ ਵਾਲੇ ਧੂੰਏ ਨੂੰ ਫਿਲਟਰ ਕਰਕੇ ਛੱਡਿਏ।ਸਵੈ ਚਲਿਤ ਵਾਹਨਾ ਦੀ ਘੱਟੋ ਘੱਟ ਵਰਤੋ ਕਰੀਏ।ਪਥਰਾਟੀ ਬਾਲਣਾ ਉਤੇ ਆਪਣੀ ਨਿਰਭਰਤਾ ਨੂੰ ਘਟਾਈਏ।ਊਰਜਾ ਦੇ ਨਵੇ ਸ੍ਰੋਤਾਂ ਦੀ ਖੋਜ ਕਰੀਏ ਅਤੇ ਊਰਜਾ ਦੇ ਨਵਿਆਉਣਯੋਗ ਸ੍ਰੋਤਾਂ ਦੀ ਵਰਤੋ ਨੂੰ ਵਧਾਈਏ।
ਇਸ ਮੁੱਦੇ ਪ੍ਰਤਿ ਲੋਕਾ ਵਿਚ ਜਾਗਰੁਕਤਾ ਦੀ ਘਾਟ ਹੈ।ਜੇਕਰ ਅਸੀ ਚਾਹੁੰਦੇ ਹਾ ਕਿ ਇਸ ਸਮੱਸਿਆ ਪ੍ਰਤਿ ਵੱਡੇ ਪੱਧਰ ਉਤੇ ਕਦਮ ਚੁੱਕੇ ਜਾਣ ਅਤੇ ਵੱਡੇ ਪੱਧਰ ਉਤੇ ਕਾਰਜ ਹੋਵੇ ਤਾ ਲੋਕਾ ਵਿਚ ਜਾਗਰੁਕਤਾ ਲਿਆਉਣੀ ਬਹੁਤ ਹੀ ਜਰੂਰੀ ਹੈ ਕਿਉਕਿ ਜਾਗਰੁਕਤਾ ਦੇ ਨਾਲ ਹੀ ਇਸ ਸਮੱਸਿਆ ਨਾਲ ਮੁਕਾਬਲਾ ਕੀਤਾ ਜਾ ਸਕਦਾ ਹੈ।

ਫੈਸਲ ਖਾਨ
(ਪਰਿਆਵਰਨ ਪ੍ਰੇਮੀ)
ਜਿਲ੍ਹਾ ਰੋਪੜ
ਮੋਬ:. 99149-65937

10 Nov. 2018