Gurjivan Singh Nathana

ਰੁੱਤ ਕੰਪਿਊਟਰ ਕਰਾਹੇ ਦੀ ਆਈ - ਗੁਰਜੀਵਨ ਸਿੰਘ ਸਿੱਧੂ ਨਥਾਣਾ

ਪੰਜਾਬ ਵਿੱਚ ਖੇਤਾਂ ਨੂੰ ਇੱਕ ਸਾਰ ਪੱਧਰਾ ਕਰਨ ਲਈ ਨਵੀਂ ਤਕਨੀਕ ਦਾ ਬਣਿਆ ਲੈਜਰ ਲੈਂਡ ਲੈਵਲਰ (ਕੰਪਿਊਟਰ ਕਰਾਹਾ) ਦੀ ਮੁਹਿੰਮ ਦੇ ਅੱਜਕੱਲ ਇਨਕਲਾਬੀ ਨਤੀਜੇ ਸਾਹਮਣੇ ਆਉਣ ਲੱਗ ਪਏ ਹਨ। ਕੰਪਿਊਟਰ ਕਰਾਹਾ ਜ਼ਮੀਨ ਤੇ ਲਗਾਉਣ ਨਾਲ ਜਿੱਥੇ ਫਸਲ ਨੂੰ ਪਾਣੀ ਦੇਣ ਵੇਲੇ ਸਮੇਂ ਦੀ ਬੱਚਤ ਹੁੰਦੀ ਹੈ,ਉਥੇ ਹੀ ਇਸ ਦੇ ਨਾਲ-ਨਾਲ ਹੀ 35 ਤੋਂ 40 ਪ੍ਰਤੀਸ਼ਤ ਪਾਣੀ ਦੀ ਵੀ ਬੱਚਤ ਹੋ ਜਾਂਦੀ ਹੈ ਅਤੇ ਫਸਲ ਨੂੰ ਇੱਕ ਸਾਰ ਲੋੜੀਂਦਾ ਪਾਣੀ ਦਿੱਤਾ ਜਾ ਸਕਦਾ ਹੈ। ਹਰੀ ਕ੍ਰਾਂਤੀ ਦੇ ਨਾਲ-ਨਾਲ ਖੇਤੀ ਵਿਭਾਗ ਦੀ ਇਹ ਪਹਿਲੀ ਅਜਿਹੀ ਤਕਨੀਕ ਹੈ ਜਿਸ ਨਾਲ ਪਾਣੀ ਦੀ ਘਾਟ ਵਾਲੇ ਖੇਤਰ ਦੇ ਕਿਸਾਨਾਂ ਨੇ ਵੱਡੀ ਪੱਧਰ ਤੇ ਲਾਹਾ ਲਿਆ ਹੈ। ਕੁਝ ਸਾਲ ਪਹਿਲਾ ਕਿਸਾਨ ਆਮ ਕਰਾਹੇ ਨਾਲ ਜ਼ਮੀਨਾਂ ਨੂੰ ਪੱਧਰ ਕਰਦੇ ਸਨ ਪਰ ਹੁਣ ਇਸ ਨਵੀਂ ਤਕਨੀਕ ਵਾਲੇ ਲੈਜਰ ਲੈਂਡ ਲੈਵਲਰ (ਕੰਪਿਊਟਰ ਕਰਾਹੇ) ਨਾਲ ਜ਼ਮੀਨ ਨੂੰ ਬੜੀ ਅਸਾਨੀ ਦੇ ਨਾਲ ਪੱਧਰ ਕੀਤਾ ਜਾ ਸਕਦਾ ਹੈ। ਇਹ ਕਰਾਹਾ ਦੋ ਭਾਗਾਂ ਵਿੱਚ ਵੰਡਿਆਂ ਹੁੰਦਾ ਹੈ। ਇੱਕ ਭਾਗ ਇਸ ਦਾ ਲੈਂਜਰ ਜੋ ਕਿ ਖੇਤ ਵਿੱਚ ਇੱਕ ਪੱਧਰ ਜਗ੍ਹਾ ਤੇ ਰੱਖਿਆ ਜਾਂਦਾ ਹੈ,ਦੂਜਾ ਭਾਗ ਇਸ ਦਾ ਟਰੈਕਟਰ ਤੇ ਫਿੱਟ ਕੀਤਾ ਹੁੰਦਾ ਹੈ ਜਿਸ ਨੂੰ ਕੰਟਰੋਲਰ ਕਿਹਾ ਜਾਂਦਾ ਹੈ ਇਹ ਉਸ ਲੇਜਰ ਨਾਲ ਤਾਲਮੇਲ ਕਰਕੇ ਸਹੀ ਥਾਂ ਤੇ ਫਿੱਟ ਕਰਕੇ ਇੱਕ ਲੇਵਲ 'ਚ ਰੱਖ ਕੇ ਉੱਚੇ ਥਾਵਾਂ ਤੋਂ ਮਿੱਟੀ ਆਪਣੇ ਆਪ ਹੀ ਚੁੱਕ ਲੈਂਦਾ ਹੈ ਅਤੇ ਨੀਵੀਆਂ ਥਾਵਾਂ ਤੇ ਮਿੱਟੀ ਨੂੰ ਆਪ ਹੀ ਛੱਡ ਦਿੰਦਾ ਹੈ। ਜੇਕਰ ਖੇਤ ਦੇ ਕਿਸੇ ਪਾਸੇ ਜਿਆਦਾ ਮਿੱਟੀ ਹੋਵੇ ਤਾਂ ਇੱਕ ਹੋਰ ਟਰੈਕਟਰ ਦੀ ਮੱਦਦ ਨਾਲ ਆਮ ਕਰਾਹੇ ਨਾਲ ਉੱਚੇ ਥਾਵਾਂ ਤੋਂ ਨੀਵੇਂ ਪਾਸੇ ਕੀਤੀ ਜਾ ਸਕਦੀ ਹੈ। ਲੈਜਰ ਲੈਂਡ ਲੈਵਲਰ (ਕੰਪਿਊਟਰ ਕਰਾਹਾ) ਖੇਤ ਵਿੱਚ ਲਾਉਣ ਤੋਂ ਪਹਿਲਾ ਜਮੀਨ ਨੂੰ ਤਿੰਨ-ਚਾਰ ਵਾਰੀ ਵਾਹ ਕੇ ਚੰਗੀ ਤਰ੍ਹਾਂ ਸੁਹਾਗਾ ਮਾਰ ਦੇਣਾ ਚਾਹੀਦਾ ਤਾਂ ਜੋ ਮਿੱਟੀ ਅਸ਼ਾਨੀ ਨਾਲ ਕੰਪਿਉਟਰ ਕਰਾਹੇ ਚ ਚੜ੍ਹ ਜਾਵੇ ਤੇ ਅਸਾਨੀ ਨਾਲ ਹੀ ਇਹ ਨੀਵੇਂ ਥਾਵਾਂ ਤੇ ਡਿੱਗ ਪਏ। ਕਿਸਾਨ ਝੋਨਾਂ ਲਾਉਣ ਤੋਂ ਪਹਿਲਾਂ ਆਪਣੇ ਖੇਤ ਦਾ ਲੈਵਲ ਸਹੀ ਕਰਨ ਲਈ ਇਸ ਕੰਪਿਊਟਰ ਕਰਾਹੇ ਦੀ ਵਰਤੋਂ ਕਰਕੇ ਪਾਣੀ ਦੀ ਥੋੜੇ ਸਮੇਂ ਵਿੱਚ ਹੀ ਜਿਆਦਾ ਫਸਲ ਨੂੰ ਇੱਕ ਸਾਰ ਪਾਣੀ ਦਿੱਤਾ ਜਾ ਸਕਦਾ ਹੈ। ਇਸ ਨਵੀਂ ਤਕਨੀਕ ਤੋਂ ਪਹਿਲਾ ਕਿਸਾਨ ਆਮ ਲੈਫਟ ਵਾਲੇ ਕਰਾਹਿਆਂ ਨਾਲ ਜਮੀਨ ਨੂੰ ਪੱਧਰ ਕਰਦੇ ਸਨ ਪਰ ਇਨਾਂ ਨਾਲ ਖੇਤ ਪੂਰੀ ਤਰ੍ਹਾਂ ਪੱਧਰ ਨਹੀਂ ਹੁੰਦੇ ਸਨ। ਜ਼ਮੀਨ ਦਾ ਨਾ ਪੱਧਰ ਹੋਣ ਕਰਕੇ ਪਾਣੀ,ਖਾਦ ਅਤੇ ਕੀਟਨਾਸ਼ਕਾਂ ਦਾ ਸਹੀ ਢੰਗ ਨਾਲ ਇੱਕੋ ਜਿਹਾ ਫੈਲਾਅ ਨਹੀਂ ਹੁੰਦਾ ਹੈ ਅਤੇ ਸਹੀ ਢੰਗ ਨਾਲ ਪਾਣੀ ਅਤੇ ਖਾਦ ਦੀ ਮਾਤਰਾ ਦਾ ਇੱਕ ਸਾਰ ਨਾ ਹੋਣ ਕਾਰਨ ਫਸਲ ਕਈ ਥਾਵਾਂ ਤੋਂ ਮਾੜੀ ਰਹਿ ਜਾਂਦੀ ਹੈ। ਇਸ ਕਰਕੇ ਝਾੜ ਤੇ ਵੀ ਮਾੜਾ ਪ੍ਰਭਾਵ ਪੈਂਦਾ ਹੈ। ਨਵੀਂ ਤਕਨੀਕ ਦੇ ਨਾਲ ਹੁਣ ਕੰਪਿਊਟਰ ਕੁਰਾਹੇ ਨਾਲ ਜਿੱਥੇ ਖੇਤ ਨੂੰ ਪੱਧਰ ਕੀਤਾ ਜਾਂਦਾ ਹੈ ਉਥੇ ਖੇਤ ਵਿੱਚ ਖਾਦ ਅਤੇ ਪਾਣੀ ਦਾ ਇੱਕ ਸਾਰ ਵਿੱਚ ਫਸਲਾਂ ਨੂੰ ਮਿਲਣ ਕਰਕੇ ਝਾੜ ਚ ਵੀ ਵਾਧਾ ਹੁੰਦਾ ਹੈ। ਇਹ ਕਰਾਹੇ ਜਿਆਦਾ ਜ਼ਮੀਨਾਂ ਵਾਲੇ ਜਿਮੀਂਦਾਰਾ ਨੇ ਸਬਸਿਡੀ ਰਾਹੀ ਆਪ ਵੀ ਖਰੀਦ ਲਏ ਹਨ। ਇਸ ਕਰਾਹੇ ਦੀ ਕੀਮਤ ਲੱਖਾਂ ਵਿੱਚ ਹੋਣ ਕਰਕੇ ਇਹ ਆਮ ਕਿਸਾਨ ਦੀ ਖਰੀਦਦਾਰੀ ਕਰਨ ਤੋਂ ਦੂਰ ਹੈ। ਇਸ ਨੂੰ ਘੱਟੋ-ਘੱਟ ਪੰਜਾਹ ਹਾਰਸ ਪਾਵਰ ਦੇ ਟਰੈਕਟਰ ਤੇ ਲਾਇਆ ਜਾਂਦਾ ਹੈ। ਛੋਟੇ ਕਿਸਾਨਾਂ ਦੀ ਸਹੂਲਤ ਲਈ ਇਹ ਕਰਾਹੇ ਪਿੰਡਾਂ ਦੀਆਂ ਸਹਿਕਾਰੀ ਖੇਤੀਬਾੜੀ ਸੁਸਾਇਟੀ ਵਿੱਚ ਮਹੁਇਆਂ ਕਰਵਾਏ ਗਏ ਹਨ। ਇੰਨਾਂ ਸਹਿਕਾਰੀ ਸਭਾਵਾਂ ਵਿੱਚੋਂ ਕੋਈ ਵੀ ਕਿਸਾਨ ਕੰਪਿਊਟਰ ਕੁਰਾਹੇ ਨੂੰ ਸਮੇਤ ਟਰੈਕਟਰ 900 ਰੁਪਏ ਪ੍ਰਤੀ ਘੰਟੇ ਦੇ ਹਿਸਾਬ ਨਾਲ ਆਪਣੇ ਖੇਤ ਨੂੰ ਪੱਧਰਾ ਕਰਨ ਲਈ ਲੈ ਜਾ ਸਕਦਾ ਹੈ। ਇਹ ਕੁਰਾਹਾ ਇੱਕ ਦਿਨ ਵਿੱਚ ਤਕਰੀਬਨ 10 ਏਕੜ ਜ਼ਮੀਨ ਦਾ ਲੇਵਲ ਸਹੀ ਕਰ ਦਿੰਦਾ ਹੈ ।ਇਸ ਕਰਾਹੇ ਨਾਲ ਪੱਧਰ ਕੀਤੇ ਹੋਏ ਖੇਤ ਵਿੱਚੋਂ ਜਿਆਦਾ ਬਾਰਸ਼ ਕਾਰਨ ਪਾਣੀ ਇਧਰ-ਓਧਰ ਟੁੱਟਣ ਦਾ ਖਤਰਾ ਵੀ ਘੱਟ ਹੁੰਦਾ ਹੈ ਕਿਉਂਕਿ ਇਸ ਨਾਲ ਸਾਰੇ ਖੇਤ ਵਿੱਚ ਪਾਣੀ ਇੱਕ ਸਾਰ ਖੜ੍ਹ ਜਾਂਦਾ ਹੈ। ਜੇਕਰ ਕੰਪਿਊਟਰ ਕਰਾਹਾ ਨਾ ਲੱਗਿਆ ਹੋਵੇ ਤਾਂ ਪਾਣੀ ਦਾ ਵਹਾਅ ਨੀਵੇਂ ਪਾਸੇ ਨੂੰ ਦੱੱਬ ਕੇ ਲੈ ਜਾਂਦਾ ਹੈ ਤੇ ਪਾਣੀ ਦੂਸਰੇ ਖੇਤਾਂ ਵਿੱਚ ਟੁੱਟ ਜਾਂਦਾ ਹੈ।

ਲੇਖਕ
ਗੁਰਜੀਵਨ ਸਿੰਘ ਸਿੱਧੂ ਨਥਾਣਾ
ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ
ਪੰਜਾਬ: 151102
ਮੋਬਾਇਲ: 9417079435
                                 ਮੇਲ : jivansidhus@gmail.com

ਮਿੰਨੀ ਕਹਾਣੀ - ਰਾਜ਼ੀਨਾਮਾ - ਗੁਰਜੀਵਨ ਸਿੰਘ ਸਿੱਧੂ ਨਥਾਣਾ

ਪਿੰਡ ਦੇ ਦੋ ਪਰਿਵਾਰਾਂ ਦੀ ਇੱਕ ਸਾਂਝੀ ਕੰਧ ਨੂੰ ਲੈ ਕੇ ਕਈ ਦਿਨਾਂ ਤੋਂ ਚੱਲ ਰਹੀ ਤਕਰਾਰ ਨੂੰ ਨਿਬੇੜਨ ਲਈ ਪਿੰਡ ਦੇ ਦੋ ਮੋਹਤਬਰ ਵਿਅਕਤੀਆਂ ਨੂੰ ਬੁਲਾਇਆ ਗਿਆ। ਜਿਨਾਂ ਨੇ ਸਾਂਝੀ ਕੰਧ ਵਿੱਚ ਲੱਗੀਆਂ ਇੱਟਾਂ ਦੀ ਗਿਣਤੀ ਮਿਸਤਰੀ ਤੋਂ ਕਰਵਾਈ। ਇਸ ਤੇ ਇੱੱਕ ਹਜ਼ਾਰ ਰੁਪਏ ਦਾ ਖਰਚਾ ਦੇਣ ਲਈ ਇੱਕ ਧਿਰ ਰਾਜ਼ੀ ਹੋ ਗਈ ਤੇ ਦੂਜੀ ਧਿਰ ਮਿਸਤਰੀ ਦੀ ਮਜ਼ਦੂਰੀ ਸਮੇਤ ਬਾਰਾਂ ਸੌ ਰੁਪਏ ਲੈਣ ਲਈ ਅੜੀ ਹੋਈ ਸੀ। ਰਾਜ਼ੀਨਾਮਾ ਕਰਵਾਉਣ ਵਾਲਿਆਂ ਵਿੱਚੋਂ ਇੱਕ ਨੇਕਦਿਲ ਇਨਸ਼ਾਨ ਨੇ ਇੱਕ ਹਜ਼ਾਰ ਰੁਪਏ ਫੜੇ ਤੇ ਦੂਜੀ ਧਿਰ ਦੇ ਕੋਲ ਜਾ ਕੇ ਗਿਆਰਾਂ ਸੌ ਰੁਪਏ ਫੜਾ ਦਿੱਤੇ। ਉਸਦੇ ਨਾਲ ਦੇ ਇਹ ਰਾਜ਼ੀਨਾਮਾ ਕਰਵਾ ਰਹੇ ਮੋਹਤਬਰ ਨੇ ਪੁੱਛਿਆ ਕਿ ਤੁਸੀ ਇੱਕ ਸੌ ਦਾ ਨੋਟ ਆਪਣੀ ਜੇਬ ਵਿੱਚੋਂ ਪਾਇਆ ਹੈ,ਇਹ ਤੁਹਾਨੂੰ ਕਾਹਦਾ ਹਰਜ਼ਾਨਾ ਭੁਗਤਨਾ ਪਿਆ? ਤਾਂ ਉਸ ਨੇਕਦਿਲ ਇਨਸ਼ਾਨ ਨੇ ਕਿਹਾ ਕਿ ਚਲੋ ਕੋਈ ਗੱਲ ਨਹੀਂ ਮੇਰੇ ਸੌ ਦੇ ਨੋਟ ਨਾਲ ਇੰਨਾਂ ਦੀ ਲੜਾਈ ਖਤਮ ਹੋ ਗਈ। ਨਹੀਂ ਤਾਂ ਇੰਨਾਂ ਨੇ ਆਪਸ 'ਚ ਲੜਾਈ-ਝਗੜਾ ਕਰਕੇ ਇੱਕ-ਦੂਜੇ ਦੇ ਸੱਟਾਂ-ਫੇਟਾਂ ਮਾਰ ਲੈਣੀਆਂ ਸਨ,ਨਾਲੇ ਥਾਣੇ-ਕਚਹਿਰੀਆਂ ਦੇ ਚੱਕਰਾਂ ਵਿੱਚ ਪਤਾ ਨਹੀਂ ਕਿੰਨੇ ਕੁ ਰੁਪਏ ਲਾ ਲੈਣੇ ਸੀ।
ਲੇਖਕ
ਗੁਰਜੀਵਨ ਸਿੰਘ ਸਿੱਧੂ ਨਥਾਣਾ
ਪਿੰਡ ਨਥਾਣਾ, ਜਿਲ੍ਹਾ ਬਠਿੰਡਾ
ਪੰਜਾਬ: 151102
ਮੋਬਾਇਲ: 9417079435
ਮੇਲ : jivansidhus@gmail.com

ਕਵਿਤਾ - ਗੁਰਜੀਵਨ ਸਿੰਘ ਸਿੱਧੂ

ਮੈਨੂੰ ਸੌਂਕ ਨਹੀਂ ਹਥਿਆਰਾਂ ਦਾ
ਬੰਦੇ ਮਾਰਨੀਆਂ ਨਾਰਾਂ ਦਾ,
ਸੌਂਕ ਨਹੀਂ ਮਹਿੰਗੀਆਂ ਗੱਡੀਆਂ ਦਾ
ਵਿੱਚ ਬੈਠੀਆਂ ਨਖਰੇਬਾਜ਼ ਨੱਢੀਆਂ ਦਾ,
ਸੌਂਕ ਨਹੀਂ ਨਸ਼ਿਆਂ-ਪੱਤਿਆਂ ਦਾ
ਗੱਲ ਹੋਵੇ ਸੱਚ ਦੀ ਅੜ ਜਾਈ ਦਾ,
ਸੌਂਕ ਨਹੀਂ ਝੁੰਡ ਬਣਾਕੇ ਤੁਰਨੇ ਦਾ
ਸੰਗ ਦੋਸਤਾਂ ਖੇਡ ਮੈਦਾਨੇ ਜਾਈ ਦਾ,
ਮੈਨੂੰ ਸੌਂਕ ਨਹੀਂ ਲੀਡਰੀ ਦਾ
ਖਬਰਸਾਰ ਲਈ ਖੜ੍ਹ ਜਾਈ ਦਾ,
ਸੌਂਕ ਹੈ ਨੋਕੀਲੀਆਂ ਕਲਮਾਂ ਦਾ
ਤਲਵਾਰਾਂ ਨਾਲੋਂ ਤਿੱਖੇ ਵਾਰਾਂ ਦਾ,
ਸੌਂਕ ਤੇਰੇ ਸੰਗ ਬਾਤਾਂ ਪਾਉਣ ਦਾ
ਇਕੱਠੇ ਰਲ-ਮਿਲ ਗਾਉਣ ਦਾ,
ਮੈਨੂੰ ਸੌਂਕ ਮਹਿਫਲਾਂ ਲਾਉਣ ਦਾ
ਮੈਨੂੰ ਸੌਂਕ ਮਹਿਫਲਾਂ............।

    ਗੁਰਜੀਵਨ ਸਿੰਘ ਸਿੱਧੂ
    ਪਿੰਡ ਨਥਾਣਾ, ਜਿਲ੍ਹਾ ਬਠਿੰਡਾ
    ਪੰਜਾਬ: 151102
    ਮੋਬਾਇਲ: 9417079435
   ਮੇਲ : jivansidhus@gmail.com

ਇੱਕ ਭੈਣ ਦੇਈ ਰੱਬਾ ਬੜ੍ਹਾ ਦਿਲ ਕਰਦਾ ਗੁੱਟ ਤੇ ਰੱਖੜੀ ਬਨਾਉਣ ਨੂੰ - ਗੁਰਜੀਵਨ ਸਿੰਘ ਸਿੱਧੂ ਨਥਾਣਾ

ਭੈਣ ਭਰਾ ਦਾ ਰਿਸ਼ਤਾ ਬਹੁਤ ਵੱਖਰੀ ਤਰ੍ਹਾਂ ਦਾ ਹੁੰਦਾ ਹੈ ਇਸ ਰਿਸ਼ਤੇ ਵਿੱਚ ਪਿਆਰ ਦੇ ਨਾਲ ਹੀ ਤਕਰਾਰ ਦੀ ਨੋਕ-ਝੋਕ ਵੀ ਘੁਲੀ ਮਿਲੀ ਹੁੰਦੀ ਹੈ।ਭੈਣ ਭਰਾ ਵਿੱਚ ਬਚਪਨ ਤੋਂ ਲੈ ਕੇ ਖੱਟੀਆਂ-ਮਿੱਠੀਆਂ ਯਾਦਾਂ ਸਾਨੂੰ ਸਾਰੀ ਉਮਰ ਯਾਦ ਰਹਿੰਦੀਆਂ ਹਨ।ਭੈਣ ਆਪਣੇ ਭਰਾ ਦੀ ਸਫਲਤਾ ਵੇਖਦਿਆਂ ਖੁਸ਼ੀ ਵਿੱਚ ਫੁਲਿਆ ਨਹੀਂ ਸਮਾਉਦੀ।ਇਸੇ ਤਰ੍ਹਾਂ ਹੀ ਭੈਣ ਦੀ ਡੋਲੀ ਵਾਲੇ ਦਿਨ ਭਰਾ ਦੀਆਂ ਅੱਖਾਂ ਚੋਂ ਨਿਕਲ ਰਹੇ ਆਪ ਮੁਹਾਰੇ ਹੰਝੂ ਬਿਨਾ ਬੋਲਿਆਂ ਸਭ ਕੁਝ ਕਹਿ ਜਾਂਦੇ ਹਨ।ਹਰ ਇੱਕ ਭੈਣ ਨੂੰ ਹਰੇਕ ਸਾਲ ਇੱਕ ਵਿਸੇਸ ਦਿਨ ਰੱਖੜੀ ਦੇ ਤਿਉਹਾਰ ਦਾ ਇੰਤਜਾਰ ਹੁੰਦਾ ਹੈ ਅਤੇ ਅੱਜ ਉਹ ਦਿਨ ਆ ਗਿਆ।ਇਸ ਦਿਨ ਭੈਣ ਬੜ੍ਹੇ ਹੀ ਚਾਵਾਂ ਅਤੇ ਦਿਲ ਦੀਆਂ ਸੱਧਰਾਂ ਨਾਲ ਆਪਣੇ ਭਰਾ ਨੂੰ ਸੱਚੇ ਦਿਲ ਤੇ ਪ੍ਰੇਮ ਭਾਵਨਾ ਨਾਲ ਰੱਖੜੀ ਬੰਨਦੀ ਹੈ।ਇਸ ਦਿਨ ਸਹੁਰੇ ਘਰੋਂ ਆਉਣ ਵਾਲੀ ਭੈਣ ਦੀ ਉਡੀਕ ਪੇਕੇ ਘਰ ਵਿੱਚ ਬੇਸਬਰੀ ਨਾਲ ਕੀਤੀ ਜਾਂਦੀ ਹੈ।ਭੈਣਾਂ ਅਪਣੇ ਭਰਾਵਾਂ ਦੇ ਗੁੱਟ ਤੇ ਰੱਖੜੀ ਬੰਨ ਕੇ ਪ੍ਰਮਾਤਮਾ ਪਾਸੋ ਆਪਣੇ ਭਰਾਵਾਂ ਲਈ ਲੰਬੀ ਉਮਰ ਦੀ ਕਾਮਨਾ ਕਰਦੀਆਂ ਥੱਕਦੀਆਂ ਨਹੀਂ ਅਤੇ ਭਰਾ ਵੱਲੋਂ ਭੈਣ ਨੂੰ ਆਦਰ ਸਤਿਕਾਰ ਨਾਲ ਪਿਆਰ ਭਰਿਆ ਭੈਣ ਦੇ ਮਨ-ਪਸੰਦ ਦਾ ਤੋਹਫਾ ਦਿੱਤਾ ਜਾਂਦਾ ਹੈ।ਸਾਰੇ ਪਰਿਵਾਰ ਵੱਲੋਂ ਭੈਣ ਭਰਾ ਦੇ ਪਿਆਰ ਦੀ ਝਲਕ ਨੂੰ ਬੜੇ ਸਤਿਕਾਰ ਨਾਲ ਵੇਖਿਆ ਜਾਂਦਾ ਹੈ । ਇਸ ਤਿਉਹਾਰ ਵਿੱਚੋ ਭੈਣ ਭਰਾ ਦੇ ਪਿਆਰ ਦੀ ਇੱਕ ਵਿਸ਼ੇਸ਼ ਝਲਕ ਨਜ਼ਰ ਆਉਂਦੀ ਹੈ।ਇਸ ਮੌਕੇ ਮਾਤਾ-ਪਿਤਾ ਆਪਣੇ ਬੱਚਿਆਂ ਦੇ ਖੁਸ਼ੀਆਂ ਭਰੇ ਮਹੌਲ ਨੂੰ ਵੇਖਦੇ ਹੋਏ ਫੁਲਿਆਂ ਨਹੀਂ ਸਮਾਉਂਦੇ। ਰੱਖੜੀ ਦਾ ਤਿਉਹਾਰ ਭੈਣ ਭਰਾ ਨੂੰ ਮਿਲਾਉਣ ਵਾਲਾ ਇੱਕੋ ਇੱਕ ਵਿਸ਼ੇਸ਼ ਤਿਉਹਾਰ ਮੰਨਿਆਂ ਜਾਂਦਾ ਹੈ।ਖਾਸ ਕਰਕੇ ઠਰੱਖੜੀ ਤੇ ਭੈਣ ਭਰਾ ਦਾ ਰਿਸ਼ਤਾ ਇੱਕ ਮਿਸਾਲ ਬਣਦਾ ਹੈ।ਕਿਸੇ ਵੇਲੇ ਮਾੜੀ ਮੋਟੀ ਹੋਈ ਨੋਕ ਝੋਕ ਵੀ ਇਸ ਤਿਉਹਾਰ ਤੇ ਭੈਣ ਭਰਾ ਦੇ ਆਪਸੀ ਪਿਆਰ ਵਿੱਚ ਬਦਲ ਜਾਂਦੀ ਹੈ ।ਜਿਨ੍ਹਾਂ ਭੈਣਾਂ ਦੇ ਵੀਰ ਨਹੀ ਹੁੰਦੇ,ਇਸ ਦਿਨ ਉਨ੍ਹਾਂ ਦੀਆਂ ਅੱਖਾਂ ਵਿੱਚੋਂ ਨਿਕਲ ਰਹੇ ਆਪ ਮੁਹਾਰੇ ਅੱਥਰੂ ਨਹੀ ਸੁੱਕਦੇ ਅਤੇ ਉਹ ਰੱਬ ਨੂੰ ਉਲਾਂਭੇ ਦਿੰਦੀਆਂ ਵੀ ਥੱਕਦੀਆਂ ਨਹੀਂ, ਕਿ ਰੱਬਾ ਸਾਨੂੰ ਵੀ ਜੇ ਇੱਕ ਵੀਰ ਦੇ ਦਿੰਦਾ ਤਾਂ ਤੇਰੇ ਘਰ ਕਿਹੜਾ ਘਾਟਾ ਪੈ ਜਾਣਾ ਸੀ।ਜਿਸ ਭਰਾ ਦੇ ਭੈਣ ਨਹੀਂ ਹੁੰਦੀ ਉਹ ਵੀ ਇਸ ਦਿਨ ਆਪਣੇ ਆਪ ਨੂੰ ਇੱਕਲ੍ਹਾ ਮਹਿਸੂਸ ਕਰਦਾ ਹੈ।ਜੇਕਰ ਇਸ ਤਿਉਹਾਰ ਦੀ ਮਹੱਤਤਾ ਨੂੰ ਹਰੇਕ ਭਰਾ ਸਮਝੇ ਤਾਂ ਭਰੂਣ ਹੱਤਿਆ ਦਾ ਖਾਤਮਾ ਕਰਨਾ ਬੜਾ ਆਸਾਨ ਹੈ ਅਤੇ ਨਾ ਹੀ ਕੋਈ ਭਰਾ ਭੈਣ ਦੇ ਪਿਆਰ ਭਰੇ ਸਤਿਕਾਰ ਨਾਲ ਆਪਣੇ ਗੁੱਟ ਤੇ ਰੱਖੜ੍ਹੀ ਤੋਂ ਵਾਝ੍ਹਾਂ ਰਹੇ।ਹਰੇਕ ਘਰ ਪਰਿਵਾਰ ਵਿੱਚ ਇਹ ਤਿਉਹਾਰ ਬੜ੍ਹੀ ਧੂਮ-ਧਾਮ ਨਾਲ ਮਨਾਇਆ ਜਾ ਸਕਦਾ ਹੈ।
                                            

ਗੁਰਜੀਵਨ ਸਿੰਘ ਸਿੱਧੂ ਨਥਾਣਾ
ਪਿੰਡ ਨਥਾਣਾ, ਜਿਲ੍ਹਾ ਬਠਿੰਡਾ
ਪੰਜਾਬ: 151102
ਮੋਬਾਇਲ: 9417079435
ਮੇਲ : jivansidhus@gmail.com

ਮਹਿੰਗਾਈ ਨੇ ਕੀਤਾ ਨੱਕ ਵਿੱਚ ਦਮ : ਰਸੋਈ ਵਸਤਾਂ ਆਮ ਬੰਦੇ ਦੀ ਪਹੁੰਚ ਤੋਂ ਹੋਈਆਂ ਦੂਰ - ਗੁਰਜੀਵਨ ਸਿੰਘ ਸਿੱਧੂ ਨਥਾਣਾ


ਭਾਜਪਾ ਸਰਕਾਰ ਨੇ ਦੂਜੀ ਵਾਰ ਸਤਾ ਵਿੱਚ ਆਉਣ ਤੇ ਦੇਸ਼ ਵਾਸੀਆਂ ਨੂੰ ਕਿਹਾ ਸੀ ਕਿ ਭਾਰਤ ਵਾਸੀਆਂ ਦੇ ਅੱਛੇ ਦਿਨਾਂ ਦੀ ਸ਼ੁਰੂਆਤ ਹੋ ਗਈ ਹੈ, ਪਰ ਹੋਇਆ ਸਭ ਇਸ ਦੇ ਉਲਟ ਹੀ ਹਰ ਰੋਜ ਵਧ ਰਹੀ ਮਹਿੰਗਾਈ ਨੇ ਲੋਕਾਂ ਦੇ ਨੱਕ ਵਿੱਚ ਦਮ ਕਰ ਰੱਖਿਆ ਹੈ। ਕੇਂਦਰ ਵੱਲੋਂ ਸਰਕਾਰੀ ਅਦਾਰਿਆਂ ਨੂੰ ਵੱਡੇ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਦਿੱਤਾ ਜਾ ਰਿਹਾ,ਜਿਸ ਨਾਲ ਮਹਿੰਗਾਈ ਨੇ ਸਿਖਰਾਂ ਨੂੰ ਛੂਹ ਲਿਆ ਹੈ। ਹਰ ਰੋਜ਼ ਕਮਾਈ ਕਰਕੇ ਆਪਣੇ ਪਰਿਵਾਰ ਦਾ ਢਿੱਡ ਭਰਨਾ ਵੀ ਹੁਣ ਮੁਸ਼ਕਿਲ ਹੋ ਗਿਆ ਹੈ। ਇੱਕ ਦਿਹਾੜੀਦਾਰ ਬੰਦਾ ਆਪਣੇ ਪਰਿਵਾਰ ਦਾ ਢਿੱਡ ਭਰਨ ਲਈ ਰਸੋਈ ਦੀ ਜਰੂਰਤ ਲਈ ਜਰੂਰੀ ਵਸਤਾਂ ਵੀ ਨਹੀਂ ਖਰੀਦ ਸਕਦਾ। ਗਰੀਬ ਵਰਗ ਦੀਆਂ ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੇ ਦਾਲਾਂ,ਡਾਲਡਾ ਘਿਓ, ਸਰੋਂ ਦੇ ਤੇਲ ਦੇ ਭਾਅ ਦੋ ਮਹੀਨਿਆਂ ਵਿੱਚ ਦੁੱਗਣੇ ਹੋ ਗਏ। ਹਰ ਰੋਜ਼ ਪਟਰੌਲ ਡੀਜ਼ਲ ਦੀਆਂ ਕੀਮਤਾਂ ਵਧ ਰਹੀਆਂ ਹਨ,ਕਿਸਾਨ ਖੁਦਕੁਸ਼ੀ ਕਰ ਰਹੇ ਹਨ,ਦਵਾਈਆਂ ਦੀਆਂ ਕੀਮਤਾਂ ਵਧ ਰਹੀਆਂ ਹਨ,ਪ੍ਰਾਈਵੇਟ ਸੰਸਥਾ ਕੋਈ ਹੋਵੇ ਲੁੱਟ ਹੀ ਲੁੱਟ। ਜਿਥੇ ਸਰਕਾਰਾਂ ਦਾ ਕੋਈ ਧਿਆਨ ਹੀ ਨਹੀ,ਪ੍ਰਾਈਵੇਟ ਡਾਕਟਰ ਹਸਪਤਾਲਾਂ  ਵਿੱਚ  ਮਰੀਜ਼ਾਂ ਦੀ ਲੁੱਟ ਕਰ ਰਹੇ ਹਨ। ਘਰੇਲੂ ਰਸੋਈ ਵਿੱਚ ਲੋੜੀਂਦੇ ਸਮਾਨ ਦੀਆਂ ਵਧੀਆਂ ਕੀਮਤਾਂ ਨੇ ਭੁੱਖਮਰੀ ਵੱਲ ਧਕੇਲ ਕੇ ਰੱਖ ਦਿੱਤਾ ਹੈ। ਪਟਰੌਲ ਡੀਜ਼ਲ ਦੀਆਂ ਕੀਮਤਾਂ ਕੱਚੇ ਕਰੂਡ ਦੇ ਰੇਟ ਦੇ ਹਿਸਾਬ ਨਾਲ ਤੈਅ ਹੁੰਦੀਆਂ ਹਨ,ਜਦ ਕਰੂਡ ਦਾ ਰੇਟ ਵਧ ਜਾਵੇ ਤਾਂ ਪਟਰੌਲ਼ ਡੀਜ਼ਲ ਦੀਆਂ ਕੀਮਤਾਂ ਬੜੀ ਤੇਜ਼ੀ ਨਾਲ ਵਧ ਜਾਂਦੀਆਂ ਹਨ,ਜਦ ਕਰੂਡ ਦੀ ਕੀਮਤ ਘਟ ਜਾਵੇ ਤਾਂ ਸਰਕਾਰ ਲੋਕਾਂ ਨਾਲ ਮਜ਼ਾਕ ਕਰਦੀ ਨਜ਼ਰ ਆਉਦੀ ਹੈ।
ਕਿਸਾਨ ਖੁਦਕੁਸ਼ੀ ਦਾ ਸਹੀ ਕਾਰਨ ਕਿਸੇ ਵੀ ਸਰਕਾਰ ਨੇ ਨਹੀਂ ਲੱਭਿਆ,ਸੂਬਾ ਸਰਕਾਰਾਂ ਆਪਣੇ ਵੋਟ ਬੈਂਕ ਦੀ ਖਾਤਰ ਸੋਚਦੀਆਂ ਹਨ ਕਿ ਜੇਕਰ ਕਿਸਾਨਾਂ ਦਾ ਥੋੜਾ ਬਹੁਤਾਂ ਕਰਜਾ ਮੁਆਫ ਕਰ ਦਿੱਤਾ ਜਾਵੇ ਇਸ ਨਾਲ ਕਿਸਾਨ ਖੁਦਕੁਸ਼ੀ ਰੁਕ ਸਕਦੀ ਹੈ ਤਾਂ ਇਹ ਸਰਕਾਰਾਂ ਦਾ ਸੋਚਣਾ ਗਲਤ ਸਾਬਤ ਹੋਇਆ ਹੈ। ਨਾ ਤਾਂ ਕਰਜਾ ਮੁਆਫੀ ਨਾਲ ,ਨਾ ਬਿਜਲੀ ਮੁਫਤ ਨਾਲ,ਨਾ ਹੀ ਕੋਈ ਹੋਰ ਬੀਜ਼ ਅਤੇ ਖਾਦ ਸਬਸਿਡੀ ਨਾਲ ਕਿਸਾਨ ਖੁਦਕੁਸ਼ੀ ਰੁਕਣ ਦਾ ਨਾਂਅ ਹੀ ਨਹੀਂ ਲੈਂਦੀ। ਸਰਕਾਰਾਂ ਨੂੰ ਖਾਦਾਂ,ਕੀੜੇਮਾਰ ਦਵਾਈਆਂ,ਤੇਲ ਆਦਿ ਦੇ ਰੇਟ ਵਧਾਉਣ ਦੇ ਨਾਲ-ਨਾਲ ਕਿਸਾਨਾਂ ਦੀਆਂ ਫਸਲਾਂ ਦੇ ਭਾਅ ਵਿੱਚ ਵਾਧਾ ਹੋਣਾ ਚਾਹੀਦਾ ਸੀ ਤਾਂ ਜੋ ਕਿਸਾਨਾਂ ਦੀ ਲਾਗਤ ਨਾਲੋਂ ਫਸਲ ਦਾ ਵੱਧ ਤੋਂ ਵੱਧ ਮੁੱਲ ਦਿੱਤਾ ਜਾਵੇ,ਸੁਵਾਮੀ-ਨਾਥਨ ਦੀ ਰਿਪੋਰਟ ਲਾਗੂ ਕੀਤੀ ਜਾਵੇ ਜਿਸ ਨਾਲ ਕਿਸਾਨ ਖੁਸ਼ਹਾਲ ਹੋਵੇ,ਖੂਦਕੁਸ਼ੀ ਦਾ ਰਾਹ ਤਿਆਗੇ।
ਵਪਾਰ ਬਿਜ਼ਨਿਸ ਸਾਡੇ ਮੁਲਕ ਦੀ ਪੰਦਰਾਂ ਤੋਂ ਵੀਹ ਫੀਸਦੀ ਘਰਾਂ ਦੀ ਆਮਦਨ ਪੱਚੀ ਹਜ਼ਾਰ  ਤੋਂ ਤੀਹ ਹਜ਼ਾਰ ਰੁਪਏ ਮਹੀਨਾ ਹੈ। ਨੱਬ੍ਹੇ ਫੀਸਦੀ ਦੁਕਾਨਦਾਰਾਂ ਦੀ ਇਕ ਦਿਨ ਦੀ ਵਿਕਰੀ ਤਿੰਨ ਹਜ਼ਾਰ ਰੁਪਏ ਤੋਂ ਵੀ ਘੱਟ ਹੈ,ਜਿਸ ਵਿੱਚ ਸੱਠ ਫੀਸਦੀ ਦੁਕਾਨਦਾਰਾਂ ਦੀ ਇੱਕ ਦਿਨ ਵਿੱਚ ਦੋ ਹਜ਼ਾਰ ਰੁਪਏ ਤੋਂ ਘੱਟ ਅਤੇ ਤੀਹ ਫੀਸਦੀ ਅਜਿਹੇ ਦੁਕਾਨਦਾਰ ਹਨ ਜਿੰਨ੍ਹਾਂ ਦੀ ਇੱਕ ਦਿਨ ਦੀ ਵਿਕਰੀ ਹਜ਼ਾਰ ਰੁਪਏ ਤੋਂ ਵੀ ਘੱਟ ਹੈ ਅਤੇ ਦੇਸ਼ ਦੇ ਉਹ ਦਸ ਫੀਸਦੀ ਲੋਕ ਜਿਹੜੇ ਦੇਸ਼ ਅਤੇ ਸਰਕਾਰ ਨੂੰ ਲੁੱਟ ਰਹੇ ਹਨ। ਇੰਨ੍ਹਾ ਦਸ ਫੀਸਦੀ ਲੋਕਾਂ ਨੇ ਭਾਰਤ ਦੀਆਂ ਬੈਂਕਾਂ ਨੂੰ ਕੰਗਾਲ ਕਰ ਰੱਖਿਆ ਹੈ।
ਬੇਰੁਜਗਾਰੀ ! ਬੇਰੁਜਗਾਰੀ ਭਾਰਤ ਵਿਚ ਇੰਨ੍ਹੀ ਜਿਆਦਾ ਹੈ ਕਿ ਇਹ ਹਰ ਘਰ ਦੇ ਬੂਹੇ ਤੇ ਖੜ੍ਹੀ ਨਜ਼ਰ ਆਉਦੀ ਹੈ। ਦੇਸ਼ ਦੇ ਲੀਡਰ ਫੋਕੀ ਲੀਡਰੀ ਚਮਕਉਣ ਲਈ ਬੇਟੀ ਪੜਾਓ ਦੇ ਨਾਅਰੇ ਦਿੰਦੇ ਹਨ। ਅੱਜ ਉਹ ਲੀਡਰ ਉਸ ਮਾਂ-ਬਾਪ ਤੋਂ ਜਾ ਕੇ ਪੁੱਛਣ ਕਿ ਤੁਹਾਡੀ ਬੇਟੀ ਕਿੰਨਾ ਪੜ੍ਹੀ ਹੈ ? ਅੱਜ ਦੇ ਸਮੇਂ ਗਰੀਬ ਮਾਂ-ਬਾਪ ਆਪਣੇ ਬੱਚਿਆਂ ਪੁੱਤਰ ਹੋਵੇ ਜਾਂ ਪੁੱਤਰੀ ਲੱਖਾਂ ਰੁਪਏ ਪੜ੍ਹਾਈ ਤੇ ਖਰਚ ਕੇ ਆਪਣੇ ਬੱਚਿਆਂ ਨੂੰ ਉੱਚ ਸਿੱਖਿਆ ਦਿਵਾ ਰਹੇ ਹਨ ਪਰ ਸਰਕਾਰ ਇੰਨ੍ਹਾਂ ਉੱਚ ਡਿਗਰੀ ਪ੍ਰਾਪਤ ਬੱਚਿਆਂ ਦੇ ਨਾਲ ਖਿਲਵਾੜ ਕਰ ਰਹੀ ਹੈ। ਕਿਸੇ ਬੱਚੇ ਨੂੰ ਸਰਕਾਰੀ ਨੌਕਰੀ ਨਹੀਂ ਮਿਲਦੀ। ਗਰੀਬ ਬੱਚੇ ਉੱਚ ਡਿਗਰੀ ਪ੍ਰਾਪਤ ਕਰਕੇ ਆਪਣਾ ਛੋਟਾ ਮੋਟਾ ਕੰਮ ਕਰਨਾ ਨਹੀਂ ਚਾਹੂੰਦੇ। ਸਰਕਾਰ ਨੂੰ ਇੰਨ੍ਹਾਂ ਬੱਚਿਆਂ ਦੇ ਭਵਿੱਖ ਬਾਰੇ ਵੱਧ ਤੋਂ ਵੱਧ ਸੋਚਣਾ ਚਾਹੀਦਾ ਹੈ। ਸਾਡੇ ਦੇਸ਼ ਦੇ ਪੜ੍ਹੇ ਲਿਖੇ ਬੱਚੇ ਦੇਸ਼ ਦਾ ਭਵਿੱਖ,ਬਾਹਰਲੇ ਦੇਸ਼ਾਂ ਵਿੱਚ ਜਾ ਰਹੇ ਹਨ,ਜੇ ਇਸ ਤਰ੍ਹਾਂ ਆਪਣੇ ਦੇਸ਼ ਦਾ ਭਵਿੱਖ ਦੇਸ਼ ਤੋਂ ਬਾਹਰ ਜਾਵੇ ਤਾਂ ਸੋਚੋ ਕਿ ਆਉਣ ਵਾਲੇ ਸਮੇਂ ਵਿੱਚ ਦੇਸ਼ ਦਾ ਕੀ ਹਾਲ ਹੋਵੇਗਾ ? ਮੋਦੀ ਦੀ ਭਾਜਪਾ ਸਰਕਾਰ ਨੂੰ ਭਾਰਤ ਦੇ ਅੱਛੇ ਦਿਨ ਆਣੇ ਵਾਲੇ ਹੈ, ਬਾਰੇ ਮੁੜ ਸੋਚਣਾ ਹੋਵੇਗਾ ਕਿਉਂ ਕਿ ਦੇਸ਼ ਦੀ ਜਨਤਾ ਦੇ ਅੱਛੇ ਦਿਨ ਤਾਂ ਕੀ ਆਉਣੇ ਸਨ ਸਗੋਂ ਵਧੀ ਮਹਿੰਗਾਈ ਨੇ ਜੋ ਪਹਿਲਾਂ ਅੱਛੇ ਦਿਨ ਸੀ ਉਹ ਵੀ ਖੋਹ ਲਏ ਹਨ। ਭਾਜਪਾ ਸਰਕਾਰ ਨੂੰ ਸਤਾ ਦੇ ਨਸ਼ੇ ਤੋਂ ਬਾਹਰ ਆ ਕੇ ਵਧ ਰਹੀ ਮਹਿੰਗਾਈ ਨਾਲ ਭਾਰਤ ਵਾਸੀਆਂ ਦੇ ਹਲਾਤ ਵੱਲ ਧਿਆਨ ਦੇਣਾ ਲੋੜ ਹੈ।
                                     ਗੁਰਜੀਵਨ ਸਿੰਘ ਸਿੱਧੂ ਨਥਾਣਾ
                                     ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ
                                     ਪੰਜਾਬ: 151102
                                     ਮੋਬਾਇਲ: 9417079435
                                  ਮੇਲ : jivansidhus@gmail.com

ਕਵਿਤਾ - ਗੁਰਜੀਵਨ ਸਿੰਘ ਸਿੱਧੂ ਨਥਾਣਾ

ਵੇਖ ਹਲਾਤ ਪੰਜਾਬ ਦੇ ਬਾਹਰ ਨੂੰ ਭੱਜੇ ਜਾਣ ਜੁਆਕ ਨਿਆਣੇ
ਡੰਡੇ ਦੇ ਜੋਰ ਨਾਲ ਹੁਣ ਜਾਂਦੇ ਨੇ ਹੱਕ ਦੀ ਅਵਾਜ਼ ਦਬਾਈ
ਸਾਡੇ ਨੇਤਾ ਗੁੰਡਾਗਰਦੀ ਦੇ ਜ਼ੋਰ ਤੇ ਬੂਥਾਂ ਤੇ ਕਰਦੇ ਕਬਜੇ
ਹੁਣ ਕਿਥੇ ਰਹਿ ਗਿਆ ਲੋਕਤੰਤਰ ਕਹਿਣ ਲੋਕ ਸਿਆਣੇ
ਵੇਖ ਹਲਾਤ ਪੰਜਾਬ ਦੇ ਬਾਹਰ ਨੂੰ ਭੱਜੇ ਜਾਣ ਜੁਆਕ ਨਿਆਣੇ
ਸੜਕਾਂ ਤੇ ਕਰਨ ਘਿਰਾਓ ਮੰਤਰੀਆਂ ਦਾ ਡਿਗਰੀਆਂ ਵਾਲੇ
ਮੰਗਿਆਂ ਆਪਣਾ ਹੁਣ ਹੱਕ ਨੀ ਮਿਲਦਾ ਇਥੇ  
ਚੌਕਾਂ 'ਚ ਨੰਨ੍ਹੀਆਂ ਛਾਂਵਾ ਨੂੰ ਗੁੱਤੋਂ ਫੜ ਖੜੀਸ਼ਣ ਤਨਖਾਹੀਏ
ਵੇਖ ਹਲਾਤ ਪੰਜਾਬ ਦੇ ਬਾਹਰ ਨੂੰ ਭੱਜੇ ਜਾਣ ਜੁਆਕ ਨਿਆਣੇ
ਥਾਣੇ ਦਰਬਾਰੇ ਸਰਕਾਰੇ ਰੁੱਲਦੇ ਲੋਕ ਭਲੇਮਾਣਸ ਸਿਆਣੇ
ਰੱਖ ਪੁੱਤਾਂ ਦੀਆਂ ਲਾਸ਼ਾਂ ਸੜਕਾਂ ਤੇ ਲੈਣ ਇਨਸ਼ਾਫ ਲੋਕ ਨਿਮਾਣੇ
ਫਿਰ ਇਹ ਭੋਗਾਂ ਤੇ ਦੇ ਕੇ ਭਾਸ਼ਣ ਰਾਜਨੀਤੀਆ ਕਰਦੇ ਨੇ
ਵੇਖ ਹਲਾਤ ਪੰਜਾਬ ਦੇ ਬਾਹਰ ਨੂੰ ਭੱਜੇ ਜਾਣ ਜੁਆਕ ਨਿਆਣੇ
ਵੋਟਾਂ ਵੇਲੇ ਵੋਟਰਾਂ ਨੂੰ ਭਰਮਾਉਂਦੇ ਵੇਖੇ ਨੇ ਕਰ ਵੱਡੇ-ਵੱਡੇ ਵਾਅਦੇ
ਜਦ ਕਾਬਜ ਹੋ ਕੇ ਸਤਾ ਤੇ ਏ ਕਰਦੇ ਮਨ ਆਈਆਂ ਨੇ
ਦਫਤਰਾਂ ਵਿੱਚ ਲਈ ਰਿਸ਼ਵਤ ਦਾ ਹਿੱਸਾ ਜਦ ਉੱਪਰ ਤੱਕ ਜਾਵੇ
ਚੋਰਾਂ ਨਾਲ ਕੁੱਤੀ ਰਲ਼ਗੀ ਲੋਕ ਫਿਟਕਾਰਾਂ ਪਾਵਣ ਹੋ ਨਿੰਮੋਝਾਣੇ
ਵੇਖ ਹਲਾਤ ਪੰਜਾਬ ਦੇ ਬਾਹਰ ਨੂੰ ਭੱਜੇ ਜਾਣ ਜੁਆਕ ਨਿਆਣੇ
ਰਿਵਾਲਵਰ,ਕਿਰਚਾਂ ਲੈ ਕੇ ਨਸ਼ੇੜੀ ਘੁੰਮਦੇ ਭਰੇ ਬਜ਼ਾਰ ਲੋਕੋ
ਨੰਨ੍ਹੀਆਂ ਨਾਲ ਬਲਤਾਕਰ ਤੇ ਕਿਰਤੀਆਂ ਦੀ ਲੁੱਟ ਹੋ ਜੇ
ਫਿਰ ਕਲਮ ਚੁੱਕਣ ਲਈ ਮਜ਼ਬੂਰ ਹੋ ਜਾਣ ਵਿਦਵਾਨ ਨਿਮਾਣੇ
ਵੇਖ ਹਲਾਤ ਪੰਜਾਬ ਦੇ ਬਾਹਰ ਨੂੰ ਭੱਜੇ ਜਾਣ ਜੁਆਕ ਨਿਆਣੇ
ਵੇਖ ਹਲਾਤ ਪੰਜਾਬ ਦੇ ਬਾਹਰ ਨੂੰ ਭੱਜੇ ਜਾਣ ਜੁਆਕ ਨਿਆਣੇ।
                            ਗੁਰਜੀਵਨ ਸਿੰਘ ਸਿੱਧੂ ਨਥਾਣਾ
                            ਪਿੰਡ ਨਥਾਣਾ, ਜਿਲ੍ਹਾ ਬਠਿੰਡਾ
                                (ਪੰਜਾਬ) 151102
                            ਮੋਬਾਇਲ: 9417079435
                            ਮੇਲ : jivansidhus@gmail.com


ਕੀ ਹੋ ਗਿਆ ਸਾਡੀਆਂ ਸੋਚਾਂ ਨੂੰ,

ਕੀ ਹੋ ਗਿਆ ਸਾਡੀਆਂ ਸੋਚਾਂ ਨੂੰ,
                 ਸਾਡੀਆਂ ਕਲਮਾਂ ਵਾਲੀਆਂ ਨੋਕਾਂ ਨੂੰ।
                 ਸ਼ੌਹਰਤ ਦਾ ਚਾਨਣ ਪਾਉਣ ਲਈ,
                 'ਚਾਹਲ' ਹਨੇਰੇ ਵੱਲ ਧੱਕਦੇ ਲੋਕਾਂ ਨੂੰ।
ਇਸ ਵਾਰ ਖਾਲਸੇ ਦੇ ਜਨਮ ਦਿਹਾੜੇ (ਵਿਸਾਖੀ) ਮੌਕੇ ਦਮਦਮਾ ਸਾਹਿਬ ਦੀ ਪਾਕਿ ਪਵਿੱਤਰ ਧਰਤੀ 'ਤੇ ਸਿੱਖਿਆ ਵਿਭਾਗ ਪੰਜਾਬ ਸਰਕਾਰ ਵੱਲੋਂ ਲਾਈ ਪ੍ਰਦਰਸ਼ਨੀ ਵਿੱਚ ਮੇਰੀ ਡਿਊਟੀ ਲੱਗੀ ਹੋਈ ਸੀ। ਮੇਲੇ ਵਿੱਚ ਸਭ ਤੋਂ ਵੱਧ ਮਿਲਣ ਵਾਲੀ ਚੀਜ਼ ਇਹ ਮਖੌਟੇ ਸਨ........ ਪਹਿਲਾਂ ਤਾਂ ਵਿਸਾਖੀ ਦੇ ਮੇਲੇ ਤੇ ਖੰਡੇ, ਕੜੇ, ਬੰਸਰੀਆਂ, ਲੱਕੜ ਦੇ ਟਰੈਕਟਰ ਮਿਲਦੇ ਸੀ ਜੋ ਕਿ ਸਾਡੇ ਇਤਿਹਾਸ, ਸੰਗੀਤ, ਵਿਰਾਸਤੀ ਕਿੱਤੇ ਦੇ ਪ੍ਰਤੀਕ ਹਨ ਪਰ ਇਹ ਮਖੌਟੇ ਕਿਸ ਚੀਜ਼ ਦਾ ਪ੍ਰਤੀਕ ਹਨ ????? ਸ਼ਾਇਦ ਇਹ ਕਿ ਅਸੀਂ ਅੰਦਰੋਂ ਇਹੋ ਜਿਹੇ ਹੋ ਗਏ ਤੇ ਬਾਹਰੋਂ........ ਜਾਂ ਫਿਰ ਇਹ ਮਖੌਟੇ ਲਾ ਕੇ ਅੰਦਰੋਂ ਵੀ...........
ਇੱਕ ਇੰਟਰਵਿਊ ਵਿੱਚ ਇੱਕ ਚਰਚਿਤ ਕਲਾਕਾਰ ਕਹਿ ਰਹੇ ਸਨ ਕਿ ਗੀਤਾਂ ਦਾ ਸਮਾਜ 'ਤੇ ਕੋਈ ਅਸਰ ਨਹੀਂ ਹੁੰਦਾ ਇਹ ਤਾਂ ਸਿਰਫ ਮੰਨੋਰੰਜਨ ਦਾ ਸਾਧਨ ਹੀ ਹੁੰਦੇ ਨੇ....... ਪਰ ਅਸਰ ਤਾਂ ਵਾਹਵਾ ਡੂੰਘਾ ਹੋ ਗਿਆ ਲੱਗਦੈ....... ਨਿੱਕੇ ਹੁੰਦੇ ਬੁਝਾਰਤ ਪਾਉਂਦੇ ਸੀ ਕਿ ਪੱਚੀਓ ਪੱਚੀਓ ਪੰਜਾਹ.......... ਮੈਨੂੰ ਕਲਯੁੱਗ ਵਿਖਾ.......ਬੁੱਝਣਾ ਔਖਾ ਨੀ...... ਆਹ ਹਰੇਕ ਮੋੜ ਤੇ ਹੀ ਦਿਖ ਰਿਹਾ। ਇਹ ਗੱਲ ਠੀਕ ਆ ਕਿ ਬਦਲਾਅ ਕੁਦਰਤ ਦਾ ਅਟੱਲ ਨਿਯਮ ਆ ਪਰ ਕੁਦਰਤ ਨੇ ਵੀ ਬਦਲਾਅ ਦੇ ਨਿਯਮ ਹੇਠ ਆਪਣਾ ਵਜੂਦ ਨਹੀਂ ਬਦਲਿਆ..........ਬਦਲਾਅ ਭਾਵ ਦਿਨ ਤੋਂ ਬਾਦ ਰਾਤ ਹੋਵੇਗੀ..... ਰਾਤ ਨੂੰ ਚੰਨ ਚੜ੍ਹੇਗਾ......... ਪਰ ਅਸੀਂ ਕਿਉਂ ਦਿਨੇ ਹੀ ਚੰਨ ਚੜਾਉਂਣ ਨੂੰ ਫਿਰਦੇ ਆ.......... ਕੱਲ੍ਹ ਅਖ਼ਬਾਰ ਦੇ ਪਹਿਲੇ ਪੰਨੇ ਦੀ ਖ਼ਬਰ ਸੀ ਕਿ ਛੋਟੇ ਜਿਹੇ ਪੋਤੇ ਨੇ ਦਾਦੀ ਦਾ ਕਤਲ ਕਰ ਦਿੱਤਾ ਅਤੇ ਅੱਗ ਲਾ ਕੇ ਸਾੜ ਦਿੱਤਾ..........ਜਦੋਂ ਪੁਲਿਸ ਨੇ ਜਾਂਚ ਕੀਤੀ ਤਾਂ ਪੋਤੇ ਨੇ ਮੰਨਿਆ ਕਿ ਇਹ ਸਭ ਉਸ ਨੇ ਟੀ.ਵੀ. ਸੀਰੀਅਲ ਤੋਂ ਸਿੱਖਿਆ ਹੈ......
ਮੁੱਠੀ ਚੋਂ ਵਕਤ ਕਿਰ ਨੀ ਰਿਹਾ.........ਡਿੱਗ ਹੀ ਰਿਹਾ........... ਤਰੱਕੀ ਤੋਂ ਭਾਵ ਉੱਪਰ ਵੱਲ ਜਾਣਾ ਪਰ ਅਸੀਂ ਤਾਂ ਗਰਕਦੇ ਹੀ ਜਾ ਰਹੇ ਹਾਂ...........
ਕਈ ਮਿੱਤਰ ਪਿਆਰੇ ਹੱਸਦੇ ਕਹਿ ਦਿੰਦੇ ਆ, ਚਹਿਲਾ! "ਐਵੇਂ ਈ ਨਾ ਫ਼ਿਕਰ ਜਾ ਕਰਿਆ ਕਰ ਇਹ ਤਾਂ ਇਵੇਂ ਹੀ ਚੱਲਦਾ ਰਹੂਗਾ" ਪਰ ਮੈਨੂੰ ਲੱਗਦਾ ਚੱਲੂ ਤਾਂ ਜੇ ਰਹੂਗਾ ???????  
ਕਹਿੰਦੇ,"ਮਹੁੱਬਤ ਔਰ ਜੰਗ ਮੇਂ ਸਭ ਕੁਛ ਜਾਇਜ਼ ਹੋਤਾ ਹੈ" ,,,,, ਫਿਰ ਤਾਂ ਧੀਆਂ ਦੇ ਮੂੰਹ 'ਤੇ ਪੈਂਦੇ ਤੇਜਾਬ ਵੀ ਜਾਇਜ਼ ਨੇ ਤੇ ਸਰਹੱਦਾਂ 'ਤੇ ਵੱਢੇ ਸਿਰ ਵੀ......???????
ਜਸਵਿੰਦਰ ਸਿੰਘ ਚਾਹਲ
9876915035

ਪੇਸ਼ਕਸ਼: ਗੁਰਜੰਟ ਸਿੰਘ ਨਥੇਹਾ
8968727272

ਕਿਵੇਂ ਲੋਕ ਲਹਿਰ ਬਣਿਆ ਇਹ ਸ਼ੰਘਰਸ : ਕਿਸਾਨਾਂ ਪ੍ਰਤੀ ਸਰਕਾਰ ਦਾ ਅੜੀਅਲ ਵਤੀਰਾ ਠੀਕ ਨਹੀਂ - ਗੁਰਜੀਵਨ ਸਿੰਘ ਸਿੱਧੂ ਨਥਾਣਾ    

ਕੇਂਦਰ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਵੱਲੋਂ ਤਿੰਨ ਨਵੇਂ ਕਿਸਾਨ ਵਿਰੋਧੀ ਆਰਡੀਨੈੱਸ਼ ਬੜੀ ਸੋਚੀ ਸਮਝੀ ਸ਼ਕੀਮ ਤਹਿਤ ਪਾਸ ਕਰਕੇ,ਕੋਰੋਨਾ ਵਾਇਰਸ ਵਰਗੀ ਭਿਆਨਕ ਬਿਮਾਰੀ ਦੀ ਮਾਰ ਤੋਂ ਬਚਣ ਦੇ ਨਾਂਅ ਤੇ ਕੀਤੇ ਗਏ ਲਾਕਡਾਊਨ ਦੀ ਆੜ ਵਿੱਚ ਇੰਨ੍ਹਾਂ ਨੂੰ ਕਿਸੇ ਮੰਚ ਤੇ ਚਰਚਾ ਕਰਵਾਉਣ ਤੋਂ ਬਿਨਾ ਹੀ ਲਾਗੂ ਕਰਕੇ ਕਾਨੂੰਨ ਬਣਾ ਦਿੱਤਾ ਗਿਆ। ਦੂਜੇ ਪਾਸੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਇੰਨਾਂ ਕਾਨੂੰਨਾਂ ਦੇ ਵਿਰੋਧ 'ਚ ਪਿੰਡਾਂ ਦੇ ਲੋਕਾਂ ਨੂੰ ਆਰਡੀਨੈੱਸਾਂ ਦੇ ਮਾੜੇ ਨਤੀਜਿਆਂ ਬਾਰੇ ਜਾਗਰੂਕ ਕਰਕੇ ਕੇਂਦਰ ਸਰਕਾਰ ਦੇ ਪੁਤਲੇ ਸਾੜੇ ਜਾਣ ਲੱਗੇ ਤਾਂ ਪਿੰਡਾਂ ਦੇ ਕਿਸਾਨ ਇੰਨਾਂ ਬਿੱਲਾਂ ਦੇ ਵਿਰੋਧ ਵਿੱਚ ਕਿਸਾਨ ਯੂਨੀਅਨਾਂ ਨਾਲ ਜੁੜਨੇ ਸ਼ੁਰੂ ਹੋ ਗਏ। ਜੁਲਾਈ ਮਹੀਨੇ ਵਿੱਚ ਭਾਵੇਂ ਸਰਕਾਰ ਵੱਲੋਂ ਇਕੱਠ ਕਰਨ ਦੀ ਮਨਾਹੀ ਹੀ ਸੀ ਪਰ ਪੰਜਾਬ ਦੀਆਂ ਕਿਸਾਨਾਂ ਯੂਨੀਅਨਾਂ ਨੇ ਪਿੰਡਾਂ ਦੇ ਲੋਕਾਂ ਨੂੰ ਨਾਲ ਲੈ ਕੇ 27 ਜੁਲਾਈ 2020 ਨੂੰ ਟਰੈਕਟਰ ਰੈਲੀਆਂ ਕੀਤੀਆਂ,ਜਿਸ ਵਿੱਚ ਲੋਕਾਂ ਨੇ ਟਰੈਕਟਰਾਂ ਤੇ ਕਿਸਾਨ ਯੂਨੀਅਨ ਦੇ ਝੰਡੇ ਲਗਾਕੇ ਪੰਜ ਤੋਂ ਵੀਹ ਕਿਲੋਮੀਟਰ ਦੇ ਲੰਬੇ ਕਾਫਲੇ ਦੌਰਾਨ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਸੀ। ਇਸ ਟਰੈਕਟਰ ਕਾਫਲ਼ੇ ਵਿੱਚ ਲੋਕਾਂ ਦੀ ਰਾਜਨੀਤਿਕ ਪਾਰਟੀਆਂ ਤੋਂ ਉੱਪਰ ਉੱਠ ਕੇ ਇੱਕਜੁਟਤਾ ਨਾਲ ਤੁਰਨ ਦੀ ਸ਼ੁਰੂਆਤ ਹੋਈ ਸੀ,ਜਿਸ ਵਿੱਚ ਵੱਡੀ ਗਿਣਤੀ ਕਿਸਾਨਾਂ ਦੇ ਨੌਜਵਾਨ ਪੁੱਤਰਾਂ ਦੀ ਸੀ ਇੱਥੋਂ ਤੱਕ ਕਿ ਕਈ ਸਟੇਜਾਂ ਤੇ ਤਾਂ ਰਾਜਨੀਤਿਕ ਪਾਰਟੀਆਂ ਦੇ ਨੁਮਾਦਿਆਂ ਨੂੰ ਉਸ ਸਮੇਂ ਸਰਮਸ਼ਾਰ ਹੋਣਾ ਪਿਆ ਸੀ ਜਦੋਂ ਸਟੇਜ ਤੇ ਬੋਲਣ ਲਈ ਗਏ ਵਿਧਾਇਕ ਨੂੰ ਨੌਜਵਾਨਾਂ ਨੇ ਰੌਲਾ ਪਾ ਕੇ ਥੱਲੇ ਉੱਤਰਨ ਲਈ ਮਜ਼ਬੂਰ ਕਰ ਦਿੱਤਾ ਕਿ ਇਹ ਸਿਰਫ ਕਿਸਾਨਾਂ ਦੀ ਹੀ ਰੈਲੀ ਹੈ। 25 ਤੋਂ 29 ਅਗਸਤ ਤੱਕ ਕਿਸਾਨ ਯੂਨੀਅਨਾਂ ਨੇ ਪਿੰਡਾਂ ਵਿੱਚ ਆਪਣੀਆਂ ਇਕਾਂਈਆਂ ਸਥਾਪਤ ਕਰਨ ਪਿੱਛੋਂ ਪਿੰਡ ਪੱਧਰੀ ਧਰਨੇ ਲਗਾਉਣ ਦਾ ਐਲਾਨ ਕਰਦਿਆਂ ਨਾਲ ਹੀ ਇਹ ਮਤੇ ਵੀ ਪਾਸ ਕੀਤੇ ਗਏ ਕਿ ਇਲਾਕੇ ਦੇ ਵਿਧਾਇਕਾਂ ਨੂੰ ਪਿੰਡਾਂ ਵਿੱਚ ਨਾ ਆਉਣ ਦਿੱਤਾ ਜਾਵੇ ਜੇਕਰ ਆਉਂਦਾ ਵੀ ਹੈ ਤਾਂ ਉਸਨੂੰ ਇੰਨਾ ਬਿੱਲਾਂ ਸਬੰਧੀ ਸਵਾਲ ਕੀਤੇ ਜਾਣ ਪਰ ਇਸ ਕਰਕੇ ਪੰਜਾਬ ਦੇ ਬਹੁਤ ਸਾਰੇ ਮੰਤਰੀਆਂ ਤੇ ਵਿਧਾਇਕਾਂ ਨੂੰ ਲੋਕਾਂ ਦੇ ਰੋਹ ਦਾ ਸਾਹਮਣਾ ਕਰਦੇ ਹੋਏ ਨਿਮੋਸੀ ਦਾ ਸਾਹਮਣਾ ਕਰਨਾ ਪਿਆ ਤੇ ਪਿੰਡਾਂ ਦੇ ਬਾਹਰੋਂ ਹੀ ਵਾਪਸ ਜਾਣ ਲਈ ਮਜ਼ਬੂਰ ਹੋਏ। 14 ਸਤੰਬਰ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਵੰਗਾਰ ਰੈਲੀਆਂ ਕੀਤੀਆਂ ਗਈਆਂ ਤੇ 15 ਤੋਂ 25 ਸਤੰਬਰ ਤੱਕ ਉਸ ਸਮੇਂ ਦੇ ਕੇਂਦਰੀ ਵਜ਼ੀਰ ਬੀਬਾ ਹਰਸਿਮਰਤ ਕੌਰ ਬਾਦਲ ਦੇ ਪਿੰਡ ਬਾਦਲ ਅਤੇ ਪਰਨੀਤ ਕੌਰ ਐਮਪੀ ਦੇ ਪਟਿਆਲਾ ਸ਼ਹਿਰ ਵਿਖੇ ਉਨਾ ਦੀ  ਰਿਹਾਇਸ਼ ਅੱਗੇ ਰੋਸ ਧਰਨੇ ਦਿੱਤੇ ਗਏ। ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਵੱਲੋਂ 25 ਸਤੰਬਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ,ਜਿਸਨੂੰ ਪੰਜਾਬ ਦੇ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਤਾਂ ਯੂਨੀਅਨਾਂ ਨੇ ਕੇਂਦਰ ਦੀ ਸੁੱਤੀ ਪਈ ਸਰਕਾਰ ਨੂੰ ਜਗਾਉਣ ਲਈ 1 ਅਕਤੂਬਰ ਤੋਂ ਰੇਲਾਂ ਰੋਕੂ ਅੰਦੋਲਨ ਸ਼ੁਰੂ ਕਰ ਦਿੱਤਾ ਅਤੇ ਇਸ ਦੇ ਨਾਲ ਹੀ ਬਹੁ-ਕੌਮੀ ਕੰਪਨੀਆਂ ਦੀ ਮਾਲਕੀ ਵਾਲੇ ਟੋਲ ਪਲਾਜ਼ੇ,ਰਿਲਾਇੰਸ ਪੰਪ,ਮੌਲ ਬੰਦ ਕਰਵਾਕੇ ਉਨ੍ਹਾਂ ਅੱਗੇ ਧਰਨੇ ਸ਼ੁਰੂ ਕਰ ਦਿੱਤੇ। ਜਿਸ ਵਿੱਚ ਪੰਜਾਬ ਦਾ ਨੌਜਵਾਨ ਵਰਗ,ਔਰਤਾਂ ਕਾਫਲਿਆਂ ਦੇ ਰੂਪ ਵਿੱਚ ਇਸ ਅੰਦੋਲਨ ਦਾ ਹਿੱਸਾ ਬਣਕੇ ਅੱਗੇ ਉਭਰ ਆਏ। ਦੇਸ਼ ਭਰ ਦੀਆਂ 450 ਯੂਨੀਅਨਾਂ ਦੇ ਨੁਮਾਇੰਦਿਆਂ ਦੀ ਦਿੱਲੀ ਵਿੱਚ ਇੱਕ ਮੀਟਿੰਗ ਹੋਈ,ਜਿਸ ਵਿੱਚ 5 ਨਵੰਬਰ ਨੂੰ ਭਾਰਤ ਦੀਆਂ ਸਾਰੀਆਂ ਹਾਈਵੇ ਸੜਕਾਂ ਤੇ ਧਰਨੇ ਲਗਾਕੇ ਆਵਾਜਾਈ ਠੱਪ ਕਰਨ ਦਾ ਪ੍ਰੋਗਰਾਮ ਉਲਕਿਆਂ ਗਿਆ ਅਤੇ 26 ਨਵਬੰਰ ਨੂੰ ਦਿੱਲੀ ਘੇਰਨ ਦਾ ਪ੍ਰੋਗਰਾਮ ਬਣਾਇਆ। ਪੰਜ ਨਵੰਬਰ ਨੂੰ ਭਾਰਤ ਪੂਰੀ ਤਰ੍ਹਾਂ ਸਫਲ ਪੂਰਵਕ ਬੰਦ ਰਿਹਾ। ਭਾਰਤ ਦੀਆਂ ਯੂਨੀਅਨਾਂ ਦੇ ਸਾਂਝੇ ਫੈਸਲੇ ਤੇ ਪੰਜਾਬ ਦੀ ਨੌਜਵਾਨੀ ਵਿੱਚ ਭਰਿਆ ਹੋਇਆ ਜੋਸ਼ 26 ਨਵੰਬਰ ਨੂੰ ਹਜ਼ਾਰਾਂ ਟਰੈਕਟਰਾਂ-ਟਰਾਲੀਆਂ ਤੇ ਤੰਬੂ ਲਗਾਕੇ ਵੱਖ-ਵੱਖ ਰਸਤਿਆਂ ਰਾਹੀਂ ਦਿੱਲੀ ਵੱਲ ਹੋ ਤੁਰਿਆ ਤਾਂ ਰਸਤੇ ਵਿੱਚ ਹਰਿਆਣਾ ਦੀ ਮਨੋਹਰ ਲਾਲ ਖੱਟਰ ਸਰਕਾਰ ਨੇ ਨੈਸ਼ਨਲ ਹਾਈਵੇ ਤੇ ਆਪਣੀ ਸੂਬਾ ਪੁਲਸ ਦੀ ਤਇਨਾਤੀ ਕਰਕੇ ਪੰਜਾਬ ਵੱਲੋਂ ਸ਼ਾਂਤਮਈ ਢੰਗ ਨਾਲ ਦਿੱਲੀ ਜਾ ਰਹੇ ਕਿਸਾਨਾਂ ਨੂੰ ਥਾਂ-ਥਾਂ ਬੈਰੀਕੇਟ ਲਗਾਕੇ ਅਤੇ ਪਾਣੀ ਦੀਆਂ ਬੁਛਾੜਾਂ,ਅੱਥਰੂ ਗੈੱਸ ਦੇ ਗੋਲੇ ਬਰਸਾਉਦਿਆਂ, ਸੜਕਾਂ ਵਿੱਚ ਵੱਡੇ ਖੱਡੇ ਪੁੱਟਕੇ ਰੋਕਣ ਦੀ ਕੋਸ਼ਿਸ ਕੀਤੀ ਤਾਂ ਰੋਹ ਵਿੱਚ ਆਏ ਕਿਸਾਨਾਂ ਨੇ ਬੈਰੀਕੇਟ ਸੜਕਾਂ ਤੋਂ ਹਟਾਕੇ ਪਹਿਲਾ ਤੋਂ ਵੀ ਵੱਧ ਜੋਸ਼ ਨਾਲ ਆਪਣੇ ਕਾਫਲਿਆਂ ਦਾ ਚੱਲਣਾ ਜਾਰੀ ਰੱਖਿਆ। ਟੋਹਾਨਾ ਹੱਦ ਤੇ ਜਦ ਪੰਜਾਬ ਦੇ ਕਿਸਾਨਾਂ ਨੂੰ ਰੋਕਿਆ ਗਿਆ ਤਾਂ ਅੱਗੋ ਹਰਿਆਣਾ ਦੇ ਕਿਸਾਨਾਂ ਨੇ ਖੁਲਦਿਲੀ ਦੀ ਪੇਸ਼ਕਸ ਕੀਤੀ ਕਿ ਜੇਕਰ ਸੜਕਾਂ ਤੇ ਖੱਟਰ ਸਰਕਾਰ ਸਾਡੇ ਪੰਜਾਬ ਦੇ ਕਿਸਾਨਾਂ ਨੂੰ ਰੋਕੇਗੀ ਤਾਂ ਉਹ ਆਪਣੀਆਂ ਬੀਜ਼ੀਆਂ ਹੋਈਆਂ ਫਸਲਾਂ ਦੀ ਬਿਨ੍ਹਾ ਪ੍ਰਵਾਹ ਕੀਤੇ ਆਪਣੇ ਖੇਤਾਂ ਵਿੱਚ ਦੀ ਕਿਸਾਨਾ ਦੇ ਟਰੈਕਟਰ ਟਰਾਲੀ ਲੰਘਾਕੇ ਦਿੱਲੀ ਵੱਲ ਆਪ ਅਗਵਾਈ ਕਰਕੇ ਲੈ ਕੇ ਜਾਣ ਦੀ ਠਾਣ ਲਈ। ਭਾਜਪਾ ਦੀ ਅਗਵਾਈ ਵਾਲੀ ਹਰਿਆਣਾ ਸਰਕਾਰ ਨੇ ਕਿਸਾਨਾਂ ਦੇ ਇਸ ਜੋਸ਼ ਨੂੰ ਰੋਕਣ ਲਈ ਦਿੱਲੀ ਵੱਲ ਦੇ ਰਸਤੇ ਵਿੱਚ ਬਹੁਤ ਸਾਰੀਆਂ ਰੁਕਾਵਟਾਂ ਪੈਦਾ ਕੀਤੀਆਂ ਪਰ ਹੁਣ ਇੱਥੇ ਇਹ ਸੋਨੇ ਤੇ ਸੁਹਾਗੇ ਵਾਲੀ ਗੱਲ ਹੋਈ ਕਿ ਜਦ ਪੰਜਾਬ ਦੇ ਨਾਲ ਹਰਿਆਣਾ ਦੇ ਕਿਸਾਨ ਜੁੜਗੇ ਤਾਂ ਇਹ ਇੱਕ ਤੋਂ ਗਿਆਰ੍ਹਾਂ ਹੋ ਗਏ। ਬੱਸ ਫਿਰ ਪੰਜਾਬ ਤੇ ਹਰਿਆਣਾ ਦੀ ਕਿਸਾਨੀ ਤੇ ਨੌਜਵਾਨੀ ਦੇ ਬੁਲੰਦ ਹੌਸਲੇ ਨੇ ਰਾਹ ਵਿੱਚ ਆਈ ਹਰ ਇੱਕ ਰੁਕਾਵਟ ਨੂੰ ਟਿੱਚ ਜਾਣਦਿਆਂ ਦਿੱਲੀ ਦੇ ਬਾਰਡਰਾਂ ਤੇ ਜਾ ਡੇਰੇ ਲਾਏ ਅਤੇ ਹਰਿਆਣਾ ਦੀ ਪੁਲਸ ਕਿਸਾਨੀ ਜੋਸ਼ ਅੱਗੇ ਬੇਬੱਸ ਹੋ ਕੇ ਰਹਿ ਗਈ। ਇਹ ਕਿਸਾਨੀ ਅੰਦੋਲਨ ਹੁਣ ਯੂਨੀਅਨਾਂ ਤੋਂ ਉਪਰ ਉੱਠ ਕੇ ਇਕ ਲੋਕ ਲਹਿਰ ਦਾ ਰੂਪ ਧਾਰ ਗਿਆ ਹੈ,ਜਿਸ ਦੀ ਅਗਵਾਈ ਭਾਵੇਂ ਕਿਸਾਨ ਆਗੂ ਕਰ ਰਹੇ ਹਨ ਪਰ ਨੌਜਵਾਨਾਂ ਦਾ ਜੋਸ ਤੇ ਉਤਸ਼ਾਹ ਭਾਜਪਾ ਸਰਕਾਰ ਵਿਰੋਧ ਇੰਨਾ ਭਖਿਆ ਹੋਇਆ ਹੈ ਕਿ ਹਰ ਇੱਕ ਨੌਜਵਾਨ ਕਿਸਾਨੀ ਹੱਕ ਲੈਣ ਲਈ ਆਪਣੀ ਜਾਨ ਤੋਂ ਬੇਖੌਫ ਹੈ। ਇਸ ਅੰਦੋਲਨ ਨੇ ਪੰਜਾਬ ਨੂੰ ਇੱਕ ਵਾਰ ਫਿਰ ਭਾਈਚਾਰਕ ਤੌਰ ਮਜ਼ਬੂਤ ਕਰਦਿਆਂ ਸ਼ਹੀਦ ਭਗਤ ਸਿੰਘ,ਰਾਜਗੁਰੂ,ਸੁਖਦੇਵ,ਕਰਤਾਰ ਸਿੰਘ ਸਰਾਭੇ ਅਤੇ ਹੋਰ ਆਨੇਕਾਂ ਸੂਰਬੀਰਾਂ ਦੀਆਂ ਕੁਰਬਨੀਆਂ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ ਅਤੇ ਹਰ ਇੱਕ ਨੌਜਵਾਨ ਆਪਣੇ ਇਤਿਹਾਸ ਨਾਲ ਜੁੜੀਆਂ ਕੁਰਬਾਨੀਆਂ ਨੂੰ ਦਹੁਰਾਉਂਦਾ ਹੋਇਆ ਦਿੱਲੀ ਵੱਲ ਜਾਣ ਲਈ ਤਤਪਰ ਹੈ। ਹਰ ਵਰਗ ਦਾ ਬਜੁਰਗ,ਔਰਤਾਂ ਤੋਂ ਲੈ ਕੇ ਬੱਚਿਆਂ ਤੱਕ ਕਿਸਾਨੀ ਸ਼ੰਘਰਸ ਨਾਲ ਮੋਢੇ ਨਾਲ ਮੋਢਾ ਜੋੜਕੇ ਇਸ ਲੋਕ ਲਹਿਰ ਦਾ ਹਿੱਸਾ ਬਣ ਗਿਆ ਹੈ। ਪੰਜਾਬ ਦੇ ਪਿੰਡਾਂ ਵਿੱਚ ਨਿੱਕੇ-ਨਿੱਕੇ ਬੱਚੇ ਵੀ ਕਿਸਾਨੀ ਝੰਡੇ ਚੁੱਕ ਕੇ ਦਿੱਲੀ ਜਾਣ ਲਈ ਜਿੱਦ ਕਰ ਰਹੇ ਹਨ। ਪੰਜਾਬ ਵਿੱਚੋਂ ਲੰਗਰ ਲਿਜਾਣ ਲਈ ਲੋਕਾਂ ਨੇ ਦਿੱਲੀ ਜਾਣ ਨੂੰ 'ਨਿਆਂਈ' ਹੀ ਬਣਾ ਰੱਖਿਆ ਹੈ। ਭਾਰਤ ਦਾ ਸਭ ਵਰਗ ਕਿਸਾਨੀ ਹਮਾਇਤ ਤੇ ਦਿੱਲੀ ਪੁੱਜ ਰਿਹਾ ਹੈ ਅਤੇ ਇਸ ਦੇ ਨਾਲ ਹੀ ਵਿਦੇਸ਼ਾਂ ਕੈਨੇਡਾ,ਆਸਟਰੇਲੀਆਂ,ਫਰਾਸ ਅਮਰੀਕਾ,ਇੰਗਲੈਂਡ ਆਦਿ ਵਿੱਚ ਵੀ ਲੋਕ ਕਿਸਾਨੀ ਦੇ ਹੱਕ ਵਿੱਚ ਸ਼ੰਘਰਸ ਕਰ ਰਹੇ ਹਨ। ਹੁਣ ਸਵਾਲ ਇਹ ਹੈ ਕਿ ਜਦੋਂ ਦੁਨੀਆਂ ਭਰ ਦੇ ਲੋਕ ਇੰਨਾ ਕਾਲੇ ਕਾਨੂੰਨਾਂ ਦਾ ਵਿਰੋਧ ਅਤੇ ਕਿਸਾਨੀ ਸ਼ੰਘਰਸ ਦੀ ਹਮਾਇਤ ਕਰ ਰਹੇ ਹਨ ਤਾਂ ਕੇਂਦਰ ਦੀ ਭਾਜਪਾ ਸਰਕਾਰ ਨੇ ਇਸ ਮਸ਼ਲੇ ਪ੍ਰਤੀ ਇੰਨਾ ਅੜੀਅਲ ਵਤੀਰਾ ਕਿਉਂ ਅਪਣਾਇਆ ਹੋਇਆ ਹੈ ?  ਜੇਕਰ ਕਿਸਾਨਾਂ ਦੇ ਹੱਕ ਵਿੱਚ ਬਣਾਏ ਕਾਨੂੰਨ ਹੀ ਕਿਸਾਨ ਅਪਣਾਉਣ ਲਈ ਤਿਆਰ ਨਹੀਂ ਹਨ ਤਾਂ ਇਹ ਕਾਨੂੰਨ ਧੱਕੇ ਨਾਲ ਕਿਸਾਨ ਤੇ ਕਿਉਂ ਥੌਪੇ ਜਾ ਰਹੇ ਹਨ ? ਕੇਂਦਰ ਦੀ ਭਾਜਪਾ ਸਰਕਾਰ ਨੂੰ ਆਪਣਾ ਲੋਕਤੰਤਰੀ ਅਕਸ ਵਿਗੜਨ ਤੋਂ ਬਚਾਉਣ ਲਈ ਕਿਸਾਨੀ ਪ੍ਰਤੀ ਗੰਭੀਰ ਹੋਣ ਦੀ ਲੋੜ ਹੈ।
                                      ਲੇਖਕ
                           ਗੁਰਜੀਵਨ ਸਿੰਘ ਸਿੱਧੂ ਨਥਾਣਾ                            
                           ਪਿੰਡ ਨਥਾਣਾ, ਜਿਲ੍ਹਾ ਬਠਿੰਡਾ
                           ਪੰਜਾਬ: 151102
                           ਮੋਬਾਇਲ: 9417079435
                           ਮੇਲ : jivansidhus@gmail.com

ਇੱਕ ਭੈਣ ਦੇਈ ਰੱਬਾ ਬੜ੍ਹਾ ਦਿਲ ਕਰਦਾ ਗੁੱਟ ਤੇ ਰੱਖੜੀ ਬਨਾਉਣ ਨੂੰ - ਗੁਰਜੀਵਨ ਸਿੰਘ ਸਿੱਧੂ ਨਥਾਣਾ

ਭੈਣ ਭਰਾ ਦਾ ਰਿਸ਼ਤਾ ਬਹੁਤ ਵੱਖਰੀ ਤਰ੍ਹਾਂ ਦਾ ਹੁੰਦਾ ਹੈ ਇਸ ਰਿਸ਼ਤੇ ਵਿੱਚ ਪਿਆਰ ਦੇ ਨਾਲ ਹੀ ਤਕਰਾਰ ਦੀ ਨੋਕ-ਝੋਕ ਵੀ ਘੁਲੀ ਮਿਲੀ ਹੁੰਦੀ ਹੈ।ਭੈਣ ਭਰਾ ਵਿੱਚ ਬਚਪਨ ਤੋਂ ਲੈ ਕੇ ਖੱਟੀਆਂ-ਮਿੱਠੀਆਂ ਯਾਦਾਂ ਸਾਨੂੰ ਸਾਰੀ ਉਮਰ ਯਾਦ ਰਹਿੰਦੀਆਂ ਹਨ।ਭੈਣ ਆਪਣੇ ਭਰਾ ਦੀ ਸਫਲਤਾ ਵੇਖਦਿਆਂ ਖੁਸ਼ੀ ਵਿੱਚ ਫੁਲਿਆ ਨਹੀਂ ਸਮਾਉਦੀ।ਇਸੇ ਤਰ੍ਹਾਂ ਹੀ ਭੈਣ ਦੀ ਡੋਲੀ ਵਾਲੇ ਦਿਨ ਭਰਾ ਦੀਆਂ ਅੱਖਾਂ ਚੋਂ ਨਿਕਲ ਰਹੇ ਆਪ ਮੁਹਾਰੇ ਹੰਝੂ ਬਿਨਾ ਬੋਲਿਆਂ ਸਭ ਕੁਝ ਕਹਿ ਜਾਂਦੇ ਹਨ।ਹਰ ਇੱਕ ਭੈਣ ਨੂੰ ਹਰੇਕ ਸਾਲ ਇੱਕ ਵਿਸੇਸ ਦਿਨ ਰੱਖੜੀ ਦੇ ਤਿਉਹਾਰ ਦਾ ਇੰਤਜਾਰ ਹੁੰਦਾ ਹੈ ਅਤੇ ਅੱਜ ਉਹ ਦਿਨ ਆ ਗਿਆ।ਇਸ ਦਿਨ ਭੈਣ ਬੜ੍ਹੇ ਹੀ ਚਾਵਾਂ ਅਤੇ ਦਿਲ ਦੀਆਂ ਸੱਧਰਾਂ ਨਾਲ ਆਪਣੇ ਭਰਾ ਨੂੰ ਸੱਚੇ ਦਿਲ ਤੇ ਪ੍ਰੇਮ ਭਾਵਨਾ ਨਾਲ ਰੱਖੜੀ ਬੰਨਦੀ ਹੈ।ਇਸ ਦਿਨ ਸਹੁਰੇ ਘਰੋਂ ਆਉਣ ਵਾਲੀ ਭੈਣ ਦੀ ਉਡੀਕ ਪੇਕੇ ਘਰ ਵਿੱਚ ਬੇਸਬਰੀ ਨਾਲ ਕੀਤੀ ਜਾਂਦੀ ਹੈ।ਭੈਣਾਂ ਅਪਣੇ ਭਰਾਵਾਂ ਦੇ ਗੁੱਟ ਤੇ ਰੱਖੜੀ ਬੰਨ ਕੇ ਪ੍ਰਮਾਤਮਾ ਪਾਸੋ ਆਪਣੇ ਭਰਾਵਾਂ ਲਈ ਲੰਬੀ ਉਮਰ ਦੀ ਕਾਮਨਾ ਕਰਦੀਆਂ ਥੱਕਦੀਆਂ ਨਹੀਂ ਅਤੇ ਭਰਾ ਵੱਲੋਂ ਭੈਣ ਨੂੰ ਆਦਰ ਸਤਿਕਾਰ ਨਾਲ ਪਿਆਰ ਭਰਿਆ ਭੈਣ ਦੇ ਮਨ-ਪਸੰਦ ਦਾ ਤੋਹਫਾ ਦਿੱਤਾ ਜਾਂਦਾ ਹੈ।ਸਾਰੇ ਪਰਿਵਾਰ ਵੱਲੋਂ ਭੈਣ ਭਰਾ ਦੇ ਪਿਆਰ ਦੀ ਝਲਕ ਨੂੰ ਬੜੇ ਸਤਿਕਾਰ ਨਾਲ ਵੇਖਿਆ ਜਾਂਦਾ ਹੈ । ਇਸ ਤਿਉਹਾਰ ਵਿੱਚੋ ਭੈਣ ਭਰਾ ਦੇ ਪਿਆਰ ਦੀ ਇੱਕ ਵਿਸ਼ੇਸ਼ ਝਲਕ ਨਜ਼ਰ ਆਉਂਦੀ ਹੈ।ਇਸ ਮੌਕੇ ਮਾਤਾ-ਪਿਤਾ ਆਪਣੇ ਬੱਚਿਆਂ ਦੇ ਖੁਸ਼ੀਆਂ ਭਰੇ ਮਹੌਲ ਨੂੰ ਵੇਖਦੇ ਹੋਏ ਫੁਲਿਆਂ ਨਹੀਂ ਸਮਾਉਂਦੇ। ਰੱਖੜੀ ਦਾ ਤਿਉਹਾਰ ਭੈਣ ਭਰਾ ਨੂੰ ਮਿਲਾਉਣ ਵਾਲਾ ਇੱਕੋ ਇੱਕ ਵਿਸ਼ੇਸ਼ ਤਿਉਹਾਰ ਮੰਨਿਆਂ ਜਾਂਦਾ ਹੈ।ਖਾਸ ਕਰਕੇ ઠਰੱਖੜੀ ਤੇ ਭੈਣ ਭਰਾ ਦਾ ਰਿਸ਼ਤਾ ਇੱਕ ਮਿਸਾਲ ਬਣਦਾ ਹੈ।ਕਿਸੇ ਵੇਲੇ ਮਾੜੀ ਮੋਟੀ ਹੋਈ ਨੋਕ ਝੋਕ ਵੀ ਇਸ ਤਿਉਹਾਰ ਤੇ ਭੈਣ ਭਰਾ ਦੇ ਆਪਸੀ ਪਿਆਰ ਵਿੱਚ ਬਦਲ ਜਾਂਦੀ ਹੈ ।ਜਿਨ੍ਹਾਂ ਭੈਣਾਂ ਦੇ ਵੀਰ ਨਹੀ ਹੁੰਦੇ,ਇਸ ਦਿਨ ਉਨ੍ਹਾਂ ਦੀਆਂ ਅੱਖਾਂ ਵਿੱਚੋਂ ਨਿਕਲ ਰਹੇ ਆਪ ਮੁਹਾਰੇ ਅੱਥਰੂ ਨਹੀ ਸੁੱਕਦੇ ਅਤੇ ਉਹ ਰੱਬ ਨੂੰ ਉਲਾਂਭੇ ਦਿੰਦੀਆਂ ਵੀ ਥੱਕਦੀਆਂ ਨਹੀਂ, ਕਿ ਰੱਬਾ ਸਾਨੂੰ ਵੀ ਜੇ ਇੱਕ ਵੀਰ ਦੇ ਦਿੰਦਾ ਤਾਂ ਤੇਰੇ ਘਰ ਕਿਹੜਾ ਘਾਟਾ ਪੈ ਜਾਣਾ ਸੀ।ਜਿਸ ਭਰਾ ਦੇ ਭੈਣ ਨਹੀਂ ਹੁੰਦੀ ਉਹ ਵੀ ਇਸ ਦਿਨ ਆਪਣੇ ਆਪ ਨੂੰ ਇੱਕਲ੍ਹਾ ਮਹਿਸੂਸ ਕਰਦਾ ਹੈ।ਜੇਕਰ ਇਸ ਤਿਉਹਾਰ ਦੀ ਮਹੱਤਤਾ ਨੂੰ ਹਰੇਕ ਭਰਾ ਸਮਝੇ ਤਾਂ ਭਰੂਣ ਹੱਤਿਆ ਦਾ ਖਾਤਮਾ ਕਰਨਾ ਬੜਾ ਆਸਾਨ ਹੈ ਅਤੇ ਨਾ ਹੀ ਕੋਈ ਭਰਾ ਭੈਣ ਦੇ ਪਿਆਰ ਭਰੇ ਸਤਿਕਾਰ ਨਾਲ ਆਪਣੇ ਗੁੱਟ ਤੇ ਰੱਖੜ੍ਹੀ ਤੋਂ ਵਾਝ੍ਹਾਂ ਰਹੇ।ਹਰੇਕ ਘਰ ਪਰਿਵਾਰ ਵਿੱਚ ਇਹ ਤਿਉਹਾਰ ਬੜ੍ਹੀ ਧੂਮ-ਧਾਮ ਨਾਲ ਮਨਾਇਆ ਜਾ ਸਕਦਾ ਹੈ।
                                           
                                  ਗੁਰਜੀਵਨ ਸਿੰਘ ਸਿੱਧੂ ਨਥਾਣਾ
                                 ਪਿੰਡ ਨਥਾਣਾ, ਜਿਲ੍ਹਾ ਬਠਿੰਡਾ
                                  ਪੰਜਾਬ: 151102
                                 ਮੋਬਾਇਲ: 9417079435
                                 ਮੇਲ : jivansidhus@gmail.com

27 ਜੁਲਾਈ ਤੇ ਵਿਸ਼ੇਸ਼ : ਸ਼ਹੀਦ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ - ਗੁਰਜੀਵਨ ਸਿੰਘ ਸਿੱਧੂ ਨਥਾਣਾ


ਸਿੱਖ ਕੌਮ ਦਾ ਇਤਿਹਾਸ ਸੂਰਬੀਰ ਯੋਧਿਆਂ ਦੀਆਂ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ। ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ ਵੀ ਅਜਿਹੇ ਸੂਰਬੀਰ ਬਹਾਦਰ ਸਨ,ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਮੌਕਾ ਮਿਲਣ ਤੇ ਬਹਾਦਰੀ ਦੇ ਅਜਿਹੇ ਕਾਰਨਾਮੇ ਕੀਤੇ ਕਿ ਉਸ ਸਮੇਂ ਦੇ ਮੁਗਲ਼ ਬਾਦਸ਼ਾਹਾਂ ਦੀਆਂ ਭਾਜੜਾਂ ਪਾ ਦਿੱਤੀਆਂ ਸਨ। ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਇੱਕ ਕਿਸਾਨੀ ਪਰਿਵਾਰ ਨਾਲ ਸਬੰਧਤ ਸਨ ਤੇ ਬਚਪਨ ਤੋਂ ਹੀ ਨਿਡਰ ਤੇ ਫੁਰਤੀਲੇ ਸਨ। ਬਾਬਾ ਬੋਤਾ ਸਿੰਘ ਸਵਾ ਛੇ ਫੁੱਟ ਜਵਾਨ ਵੇਖਣੀ-ਪਾਖਣੀ ਰੋਹਬਦਾਰ ਤੇ ਭਰਵੇਂ ਜੁੱਸੇ ਵਾਲਾ ਸੀ। ਉਸ ਸਮੇਂ ਮੁਗਲ ਹਕੂਮਤ ਦਾ ਦਬਦਬਾ ਸੀ। ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਪੰਜਾਬ ਦੀ ਧਰਤੀ ਤੇ ਪੈਦਾ ਹੋਏ ਉਹ ਯੋਧੇ ਸਨ,ਜਿੰਨ੍ਹਾਂ ਨੇ ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਂਵਾਕ ''ਸਵਾ ਲਾਖ ਸੇ ਏਕ ਲੜਾਊਂ,ਤਬੈ ਗੋਬਿੰਦ ਸਿੰਘ ਨਾਮ ਕਹਾਊਂ" ਨੂੰ ਪੂਰਾ ਕਰਦਿਆਂ ਉਸ ਸਮੇਂ ਦੀ ਹਕੂਮਤ ਮੁਗਲਾਂ ਨੂੰ ਲਲਕਾਰਦਿਆਂ ਦੋ ਸੌ ਮੁਗਲ ਸੈਨਿਕ ਨਾਲ ਲੜਾਈ ਕੀਤੀ ਸੀ। ਉਸ ਸਮੇਂ ਮੁਗਲਾਂ ਨੇ ਸਿੱਖ ਕੌਮ ਨੂੰ ਖਤਮ ਕਰਨ ਲਈ ਜ਼ੁਲਮ ਦੀ ਅੱਤ ਚੁੱਕੀ ਹੋਈ ਸੀ। ਜਦੋਂ ਨਾਦਰਸ਼ਾਹ ਅਤੇ ਅਹਿਮਦ ਸ਼ਾਹ ਅਬਦਾਲੀ ਹਿੰਦਸਤਾਨੀਆਂ ਨੂੰ ਲੁੱਟ ਕੇ ਵਾਪਸ ਜਾਂਦੇ ਤਾਂ ਉਨ੍ਹਾਂ ਨੂੰ ਪੰਜਾਬ ਵਿੱਚ ਸਿੱਖਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈਦਾ ਸੀ ਤੇ ਕਈ ਵਾਰ ਤਾਂ ਸਿੰਘਾਂ ਨੇ ਇਨ੍ਹਾਂ ਤੋਂ ਲੁੱਟਿਆ ਹੋਇਆ ਮਾਲ ਵੀ ਖੋਹਿਆ ਸੀ। ਇਸ ਤੋਂ ਤੰਗ ਪ੍ਰੇਸ਼ਾਨ ਹੋ ਜ਼ਕਰੀਆਂ ਖਾਂ ਨੇ ਖਾਲਸੇ ਦਾ ਖੁਰਾ ਖੋਜ ਮਿਟਾਉਣ ਲਈ ਸਿੱਖਾਂ ਦੇ ਸਿਰਾਂ ਦੇ ਇਨਾਮ ਰੱਖ ਦਿੱਤੇ ਤੇ ਐਲਾਨ ਕਰਵਾ ਦਿੱਤਾ ਕਿ ਸਿੱਖ ਖਤਮ ਕਰ ਦਿੱਤੇ ਗਏ ਹਨ।  ਉਨ੍ਹਾਂ  ਸ੍ਰੀ ਅੰਮ੍ਰਿਤਸਰ ਵਿੱਚ ਸਿੱਖਾਂ ਨੂੰ ਜਾਣ ਤੇ ਪਾਬੰਧੀ ਲਗਾ ਦਿੱਤੀ। ਇਸ ਦੇ ਫਲਸਰੂਪ ਸਿੱਖ ਕੌਮ ਨੂੰ ਬਹੁਤ ਹੀ ਕਸ਼ਟਾਂ ਦਾ ਸਾਹਮਣਾ ਕਰਨਾ ਪਿਆ। ਇਹੋ ਜਿਹੇ ਸਮੇਂ ਵਿੱਚ ਬਾਬਾ ਬੋਤਾ ਸਿੰਘ ਜਵਾਨ ਹੋਏ ਅਤੇ ਸਿੱਖ ਕੌਮ ਉਤੇ ਹੋ ਰਹੇ ਅੱਤਿਆਚਾਰ ਨੂੰ ਆਪਣੇ ਅੱਖੀਂ ਵੇਖਿਆ। ਇਸ ਦੌਰਾਨ ਇੱਕ ਹੋਰ ਗਰਜਾ ਸਿੰਘ ਨਾਂਅ ਦਾ ਸਿੱਖ ਬਾਬਾ ਬੋਤਾ ਸਿੰਘ ਨਾਲ ਆਣ ਮਿਲਿਆ। ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਨੂੰ ਅੰਮ੍ਰਿਤਪਾਨ ਕਰਕੇ ਖਲਾਸਾ ਪੰਥ ਦੇ ਮੈਂਬਰ ਬਣਨ ਦਾ ਮਾਣ ਪ੍ਰਾਪਤ ਹੋਇਆ 'ਤੇ ਉਨ੍ਹਾਂ ਦੇ ਜੀਵਨ ਵਿੱਚ ਵੱਡੀਆਂ ਤਬਦੀਲੀਆਂ ਆਈਆਂ। ਮੁਗਲ ਹਕੂਮਤ ਵੱਲੋਂ ਕੀਤੇ ਜਾ ਰਹੇ ਜ਼ੁਲਮ ਨੂੰ ਵੇਖ ਕੇ ਉਨ੍ਹਾਂ ਦੇ ਮਨ ਵਿੱਚ ਲਹੂਰੀਆਂ ਉਠਦੀਆਂ। ਉਸ ਸਮੇਂ ਸਿੱਖ ਸ਼੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਰਾਤਾਂ ਨੂੰ ਜਾਂਦੇ ਤੇ ਦਿਨੇ ਜੰਗਲਾਂ ਵਿੱਚ ਸਮਾਂ ਬਤੀਤ ਕਰਦੇ ਸਨ। ਇਸ ਤਰ੍ਹਾਂ ਹੀ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਵੀ ਰਾਜਪੂਤਾਨੇ ਤੋਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਲਈ ਛੁਪਦੇ-ਛੁਪਾਉਦੇ ਝਾੜੀਆਂ ਬੇਲਾ ਵਿੱਚ ਦੀ ਰਵਾਨਾਂ ਹੋਏ ਤਾਂ ਤਰਨਤਾਰਨ ਕੋਲ ਝਾੜੀਆਂ ਬੇਲੇ ਵਿੱਚ ਜਾ ਰੇਹੇ ਸਨ ਤਾਂ ਉਥੋਂ ਗੁਜ਼ਰ ਰਹੇ ਦੋ ਮੁਸ਼ਲਮਾਨਾਂ ਨੂੰ ਝਾੜੀਆਂ ਵਿੱਚ ਪੈਰਾਂ ਦੀਆਂ ਅਵਾਜ਼ਾਂ ਅਤੇ ਪਰਛਾਵੇ ਵਿਖਾਈ ਦਿਤੇ ਤਾਂ :
ਇੱਕ ਮੁਸ਼ਲਮਾਨ ਨੇ ਕਿਹਾ ਕਿ ''ਇੰਨ੍ਹਾਂ ਝਾੜੀਆਂ ਪਿੱਛੇ ਸਿੱਖ ਲਗਦੇ ਹਨ।"
ਦੂਜਾ ਮੁਸ਼ਲਮਾਨ ਬੋਲਿਆ ''ਨਹੀਂ ਉਹ ਤਾਂ ਲੁਕਣ-ਛੁਪਣ ਵਾਲੇ ਨਹੀਂ ਹੁੰਦੇ,ਸਾਹਮਣੇ ਮੁਕਬਾਲਾ ਕਰਕੇ ਮਾਰਦੇ ਜਾਂ ਮਰਦੇ ਹਨ।"
ਪਹਿਲਾ ''ਪਹਿਰਾਵੇ ਤੇ ਸਰੀਰ ਦੀ ਡੀਲ-ਡੌਲ ਤੋਂ ਸਿੱਖ ਹੀ ਦਿਸਦੇ ਨੇ।"
ਦੂਜਾ ''ਸੂਬਾ ਲਹੌਰ ਜਨਾਬ ਜ਼ਕਰੀਆਂ ਖਾਂ ਨੇ ਢੰਡੋਰਾ ਪਿਟਵਾਇਆ ਹੈ ਕਿ ਸਿੱਖ ਮਾਰ ਦਿੱਤੇ ਗਏ ਹਨ,ਇਹ ਕੋਈ ਚੋਰ-ਉਚੱਕਾ ਜਾਂ ਕਾਇਰ ਹੋਏਗਾ,ਚਲ ਜਰਾ ਦੇਖੀਏ ਕੌਣ ਹੈ।"
ਪਹਿਲਾ ''ਜੇ ਸਿੱਖ ਹੋਏ ਬਚਣਾ ਮੁਸ਼ਕਲ ਹੋਏਗਾ,ਛੱਡ ਆਪਾਂ ਕੀ ਲੈਣਾ।"
ਦੋਨੋਂ ਮੁਸ਼ਲਮਾਨ ਡਰ ਦੇ ਮਾਰੇ ਚਲੇ ਗਏ ਪਰ ਉਨ੍ਹਾਂ ਦੀਆਂ ਆਪਸ ਵਿੱਚ ਹੋਈਆਂ ਗੱਲਾਂ, ਦੋਵਾਂ ਸਿੰਘਾਂ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਦੇ ਕੰਨਾਂ ਵਿੱਚ ਵਾਰ ਵਾਰ ਗੂਜ਼ ਰਹੀਆਂ ਸਨ ਕਿ ਇਹ ਚੋਰ ਉਚੱਕੇ ਜਾਂ ਕਾਇਰ ਹੋਵੇਗਾ ਸਿੱਖ ਨਹੀਂ ਹੋ ਸਕਦਾ। ਉਨ੍ਹਾਂ ਬੈਠ ਕੇ ਵਿਚਾਰ ਕੀਤਾ ਕਿ ਇਹ ਪ੍ਰਚਾਰ ਕਿ ਸਿੰਘ ਖਤਮ ਕੀਤੇ ਜਾ ਚੁੱਕੇ ਹਨ,ਇਸ ਨਾਲ ਪੰਥ ਨੂੰ ਬਹੁਤ ਨੁਕਸਾਨ ਪੁੱਜੇਗਾ। ਉਨ੍ਹਾਂ ਜ਼ਾਲਮ ਮੁਗਲ ਹਕੂਮਤ ਨੂੰ ਇਹ ਸਾਬਤ ਕਰਨ ਲਈ ਕਿ ਸ਼੍ਰੀ ਦਸ਼ਮੇਸ ਪਿਤਾ ਦੇ ਖਾਲਸਾ ਪੰਥ ਨੂੰ ਦੁਨੀਆਂ ਦੀ ਕੋਈ ਤਾਕਤ ਖਤਮ ਨਹੀਂ ਕਰ ਸਕਦੀ। ਤਰਨਤਾਰਨ ਸਾਹਿਬ ਦੇ ਨਜ਼ਦੀਕ ਸ਼ਾਹੀ ਸੜਕ ਉਤੇ ਨੂਰਦੀਨ ਦੀ ਚੁੰਗੀ ਉਤੇ ਕਬਜ਼ਾ ਕਰਕੇ ਇਸ ਸੜਕ ਤੇ ਲੰਘਣ ਵਾਲੇ ਹਰ ਗੱਡੇ ਪਾਸੋਂ ਇੱਕ ਆਨਾ,ਖੋਤੇ ਪਾਸੋਂ ਇੱਕ ਪੈਸ਼ਾ ਟੈਕਸ ਵਸੂਲਣਾ ਸ਼ੁਰੂ ਕਰ ਦਿੱਤਾ। ਇਹ ਟੈਕਸ ਨਾਕਾ ਲਗਾ ਕੇ ਦੋਨਾਂ ਸਿੰਘਾਂ ਨੇ ਇਹ ਆਵਾਜ਼ ਫੈਲਾਅ ਦਿੱਤੀ ਕਿ ਇਥੇ ਖਾਲਸੇ ਦਾ ਰਾਜ ਸਥਾਪਿਤ ਹੋ ਗਿਆ ਹੈ। ਜਦ ਕਈ ਦਿਨ੍ਹਾਂ ਤੱਕ ਉਨ੍ਹਾਂ ਪਾਸ ਕੋਈ ਮੁਗਲਾਂ ਦੀ ਟੋਲੀ ਨਾ ਪਹੁੰਚੀ ਤਾਂ ਉਨ੍ਹਾਂ ਨੇ ਇੱਕ ਮੁਸ਼ਾਫਿਰ ਦੇ ਹੱਥ ਲਾਹੌਰ ਦੇ ਸੂਬੇ ਨੂੰ ਇਕ ਚਿੱਠੀ ਲਿਖ ਭੇਜੀ:
''ਚਿੱਠੀ ਲਿਖੇ ਸਿੰਘ ਬੋਤਾ,ਹੱਥ ਹੈ ਸੋਟਾ ਵਿਚ ਰਾਹ ਖੜੋਤਾ।
ਆਨਾ ਲਾਯਾ ਗੱਡੇ ਨੂੰ,ਪੈਸ਼ਾ ਲਾਯਾ ਖੋਤਾ,ਆਖੋ ਭਾਬੀ ਖਾਨੋ ਨੂੰ,ਯੌਂ ਆਖੇ ਸਿੰਘ ਬੋਤਾ।"
ਜਦ ਜ਼ਕਰੀਆਂ ਖਾਂ ਨੂੰ ਇਹ ਸੂਚਨਾ ਪਹੁੰਚੀ ਤਾਂ ਉਸਨੇ 200 ਸੈਨਿਕਾਂ ਦਾ ਇਕ ਦਸਤਾ ਭੇਜਿਆ ਤੇ ਇਨ੍ਹਾਂ ਸੈਨਿਕਾਂ ਨੇ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਨੂੰ ਘੇਰਾ ਪਾ ਲਿਆ। ਸਿੰਘਾਂ ਸੋਚਿਆ ਕਿ ਸ਼ਹੀਦ ਹੋਣ ਤੋਂ ਪਹਿਲਾ ਇੰਨ੍ਹਾਂ ਨੂੰ ਜ਼ਲੀਲ ਕਰਨਾ ਹੀ ਲਾਹੇਵੰਦ ਰਹੇਗਾ। ਬਾਬਾ ਬੋਤਾ ਸਿੰਘ ਨੇ ਸ਼ੈਨਿਕਾਂ ਨੂੰ ਵੰਗਾਰਿਆ ਕਿ ਜੇ ਉਹ ਆਪਣੇ ਆਪ ਨੂੰ ਬਹਾਦਰ ਕਹਾਉਂਦੇ ਹਨ ਤਾਂ ਇੱਕ ਇੱਕ ਆ ਕੇ ਸਾਡੇ ਨਾਲ ਲੜ੍ਹਾਈ ਕਰੇ ਇਸ ਤਰ੍ਹਾਂ ਸਿੰਘਾਂ ਨੇ ਦਰਜਨ ਸੈਨਿਕਾਂ ਨੂੰ ਮਾਰ ਦਿੱਤਾ ਤਾਂ ਉਨ੍ਹਾਂ ਕਿਹਾ ਕਿ ਉਹ ਦੋ-ਦੋ ਸੈਨਿਕ ਸਾਡੇ ਨਾਲ ਲੜ੍ਹਾਈ ਕਰਨ ਆ ਜਾਣ ਤਾਂ ਇਸ ਤਰ੍ਹਾਂ ਜਦ ਮੁਗਲ ਸੈਨਿਕ ਮਾਰੇ ਜਾ ਰਹੇ ਸਨ ਤਾਂ ਗੁੱਸੇ ਵਿਚ ਸੈਨਿਕਾਂ ਨੇ ਇਕੱਠੇ ਹੋ ਕੇ ਹੱਲਾ ਬੋਲ ਦਿੱਤਾ, ਦੋ ਦਰਜ਼ਨ ਤੋਂ ਵੱਧ ਮੁਗਲਾਂ ਸੈਨਿਕਾਂ ਨੂੰ ਸੋਟਿਆਂ ਨਾਲ ਮੌਤ ਦੇ ਘਾਟ ਉਤਾਰਦਿਆਂ 27 ਜੁਲਾਈ 1739 ਈ: ਨੂੰ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਸ਼ਹੀਦ ਹੋ ਗਏ। ਮਹਾਨ ਸੂਰਬੀਰ ਯੋਧੇ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਨੇ ਇਹ ਸਾਬਤ ਕਰ ਦਿੱਤਾ ਸੀ ਕਿ ਖਾਲਸਾ ਕਦੇ ਵੀ ਨਹੀਂ ਮਰਦਾ ਇਸ ਦੀਆਂ ਜੜ੍ਹਾਂ ਪਤਾਲ 'ਚ ਲੱਗੀਆਂ ਹੋਈਆਂ ਹਨ। ਇਸ ਘਟਨਾ ਤੋਂ ਸਿੱਖ ਕੌਮ ਅਗਵਾਈ ਲੈਂਦੀ ਆ ਰਹੀ ਹੈ ਅਤੇ ਲੈਂਦੀ ਰਹੇਗੀ ਕਿ ਸਾਡੇ ਵੱਡੇ ਵਡੇਰੇ ਹਰ ਪੱਖੋਂ ਦੂਰ-ਅੰਦੇਸ਼ੀ ਤੇ ਬਹੁਤ ਸ਼ੂਝਵਾਨਤਾ ਤੋਂ ਕੰਮ ਲੈਂਦੇ ਸਨ।
                                             ਲੇਖਕ
                                    ਗੁਰਜੀਵਨ ਸਿੰਘ ਸਿੱਧੂ ਨਥਾਣਾ                           
                                   ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ
                                   ਪੰਜਾਬ: 151102
                                   ਮੋਬਾਇਲ: 9417079435
                                  ਮੇਲ : jivansidhus@gmail.com