Gurjivan Singh Nathana

ਲੋਹੜੀ ਤੇ ਵਿਸ਼ੇਸ : ਪੰਜਾਬੀ ਲੋਕ ਨਾਇਕ ਦੁੱਲਾ ਭੱਟੀ - ਗੁਰਜੀਵਨ ਸਿੰਘ ਸਿੱਧੂ ਨਥਾਣਾ

ਪੰਜਾਬ ਦੇ ਤਿੱਥ-ਤਿਹਾਉਰਾਂ ਦੀ ਗਾਥਾ ਕਿਸੇ ਨਾ ਕਿਸੇ ਮਹਾਨ ਸਖਸ਼ੀਅਤ ਨਾਲ ਸਬੰਧਤ ਹੈ। ਇਸ ਤਰ੍ਹਾਂ ਹੀ ਲੋਹੜੀ ਦੀ ਗਾਥਾ ਇੱਕ ਉੱਘੇ ਲੋਕ ਨਾਇਕ ਦੁੱਲੇ ਭੱਟੀ ਨਾਲ ਜੁੜੀ ਹੋਈ ਹੈ। ਪੰਜਾਬ ਦੇ ਮਸ਼ਹੂਰ ਲੋਕ ਨਾਇਕ ਰਾਜਪੂਤ ਦੁੱਲਾ ਭੱਟੀ ਦਾ ਜਨਮ ਮਾਤਾ ਲੱਧੀ ਦੀ ਕੁੱਖੋਂ ਪਿਤਾ ਰਾਏ ਫਰੀਦ ਖਾਨ ਦੇ ਘਰ 1569 ਈਸਵੀ ਵਿੱਚ ਪੰਜਾਬ ਦੇ ਪਿੰਡ ਸ਼ਾਂਦਲ ਬਾਰ(ਹੁਣ ਪਾਕਿਸਤਾਨ ਵਿੱਚ) ਹੋਇਆ। ਉਸ ਸਮੇਂ ਮੁਗਲ ਬਾਦਸ਼ਾਹ ਅਕਬਰ ਦਾ ਰਾਜ ਸੀ। ਦੁੱਲਾ ਭੱਟੀ ਦਾ ਪੂਰਾ ਨਾਂਅ ਰਾਏ ਅਬਦੁੱਲਾ ਖਾਨ ਭੱਟੀ ਸੀ ਪਰ ਉਹ ਆਪਣੇ ਲੋਕ ਪੱਖੀ ਕਾਰਨਾਮਿਆਂ ਕਰਕੇ ਇੱਕ ਲੋਕ ਨਾਇਕ ਵਜੋਂ ਜਾਣਿਆਂ ਜਾਣ ਲੱਗਾ। ਦੁੱਲਾ ਭੱਟੀ ਦਾ ਪਿਤਾ ਫਰੀਦ ਖਾਨ ਸ਼ਾਦਲ ਬਾਰ ਦੇ ਪਿੰਡੀ ਭੱਟੀਆਂ ਇਲਾਕੇ ਦਾ ਸਰਦਾਰ ਸੀ ਤੇ ਉਸਦਾ ਆਸ-ਪਾਸ ਦੇ ਇਲਾਕਿਆਂ ਵਿੱਚ ਵੀ ਕਾਫੀ ਬੋਲਬਾਲਾ ਸੀ। ਹੁਣ ਇਹ ਖੇਤਰ ਪਾਕਿਸਤਾਨ ਦੇ ਜ਼ਿਲ੍ਹਾ ਫੈਸਲਾਬਾਦ ਵਿੱਚ ਸਥਿਤ ਹੈ। ਉਸ ਸਮੇਂ ਅਕਬਰ ਬਾਦਸ਼ਾਹ ਵੱਲੋਂ ਕਿਸਾਨਾਂ ਪਾਸੋਂ ਜਮੀਨਾਂ ਦਾ ਲਗਾਨ ਇੱਕਠਾ ਕੀਤਾ ਜਾਂਦਾ ਸੀ, ਜੋ ਅਕਬਰ ਬਾਦਸ਼ਾਹ ਨੇ ਰਾਜ ਵਿਚ ਜਮੀਨ ਦੀ ਮਿਣਤੀ ਕਰਵਾਕੇ ਲਗਾਨ ਨਿਸ਼ਚਿਤ ਕੀਤਾ ਹੋਇਆ ਸੀ। ਅਕਬਰ ਬਾਦਸ਼ਾਹ ਵੱਲੋਂ ਮਾਮਲਾ ਉਗਰਾਹੁਣ ਤੇ ਜਿਮੀਂਦਾਰਾਂ ਵਿੱਚ ਰਾਜ ਪ੍ਰਬੰਧ ਦੇ ਖਿਲਾਫ ਇੰਨੀ ਨਫਰਤ ਪੈਦਾ ਹੋ ਗਈ ਕਿ ਉਨ੍ਹਾਂ ਨੇ ਲਗਾਨ ਦੇਣ ਤੋਂ ਨਾਂਹ ਕਰਦਿਆਂ ਬਗਾਵਤ ਕਰ ਦਿੱਤੀ। ਭੱਟੀਆਂ ਦੇ ਇਲਾਕੇ ਵਿੱਚ ਮੁਗਲਾਂ ਨੂੰ ਲੋਕਾਂ ਦੇ ਸਖਤ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇਸ ਦੇ ਚਲਦਿਆਂ ਇਹ ਲੋਕ ਸਰਕਾਰੀ ਹਕੂਮਤ ਨੂੰ ਟਿੱਚ ਸਮਝਣ ਲੱਗੇ ਅਤੇ ਇਲਾਕੇ ਵਿੱਚੋਂ ਲੰਘਣ ਵਾਲੇ ਟੋਲਿਆਂ ਤੇ ਸਰਕਾਰੀ ਖਜ਼ਾਨੇ ਨੂੰ ਲੁੱਟਣ ਦੀਆਂ ਘਟਨਾਵਾਂ ਆਮ ਵਾਪਰਨ ਲੱਗੀਆਂ। ਉਸ ਸਮੇਂ ਦੀ ਹਕੂਮਤ ਨੇ ਅਜਿਹੀਆਂ ਬਾਗੀ ਸੁਰਾਂ ਨੂੰ ਸਖਤੀ ਨਾਲ ਦਬਾਉਦਿਆਂ ਰਾਏ ਫਰੀਦ ਖਾਨ ਤੇ ਉਸਦੇ ਪਿਤਾ ਸ਼ਾਂਦਲ ਖਾਨ ਭੱਟੀ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਗ੍ਰਿਫਤਾਰ ਕਰਕੇ ਉਨਾਂ ਦੀ ਜਇਦਾਦ ਨੂੰ ਵੀ ਮੁਗਲਾਂ ਨੇ ਆਪਣੇ ਕਬਜੇ ਵਿੱਚ ਲੈ ਲਿਆ। ਅਕਬਰ ਬਾਦਸ਼ਾਹ ਨੇ ਉਨ੍ਹਾਂ ਨੂੰ ਈਨ ਮਨਾਉਣ ਦੇ ਬੜੇ ਯਤਨ ਕੀਤੇ ਪਰ ਉਹ ਨਾ ਝੁਕੇ ਤਾਂ ਅਕਬਰ ਬਾਦਸ਼ਾਹ ਨੇ ਲੋਕਾਂ ਵਿੱਚ ਦਹਿਸ਼ਤ ਪਾਉਣ ਲਈ ਰਾਏ ਫਰੀਦਖਾਨ ਤੇ ਉਸਦੇ ਪਿਤਾ ਸ਼ਾਂਦਲ ਖਾਨ ਨੂੰ ਫਾਂਸੀ ਲਗਾ ਦਿੱਤੀ ਅਤੇ ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਲਾਹੌਰ ਦੇ ਮੁੱਖ ਦਰਵਾਜੇ ਤੇ ਲਟਕਾ ਦਿੱਤੀਆਂ ਸਨ। ਇਸ ਘਟਨਾ ਤੋਂ ਕੁਝ ਮਹੀਨੇ ਬੀਤਣ ਬਾਅਦ ਰਾਏ ਫਰੀਦ ਖਾਨ ਦੀ ਪਤਨੀ ਲੱਧੀ ਨੇ ਦੁੱਲੇ ਨੂੰ ਜਨਮ ਦਿੱਤਾ। ਦੁੱਲੇ ਦਾ ਬਚਪਨ ਖੇਡਦਿਆਂ-ਕੁੱਦਦਿਆਂ ਬੀਤਿਆ। ਭਾਵੇਂ ਦੁੱਲੇ ਨੂੰ ਪੜਨ ਲਾਇਆ ਗਿਆ ਪਰ ਉਸਦਾ ਮਨ ਪੜ੍ਹਾਈ ਵਿੱਚ ਨਾ ਲੱਗਾ। ਉਹ ਆਪਣੇ ਦਾਦੇ ਅਤੇ ਪਿਤਾ ਨਾਲ ਵਾਪਰੀ ਅਣਹੋਣੀ ਤੋਂ ਅਨਜਾਣ ਸੀ। ਜਦ ਉਸਨੂੰ ਚੜ੍ਹਦੀ ਜਵਾਨੀ ਉਮਰੇ ਆਪਣੇ ਦਾਦੇ ਅਤੇ ਪਿਤਾ ਨਾਲ ਵਾਪਰੀ ਸਾਰੀ ਘਟਨਾ ਬਾਰੇ ਪਤਾ ਲੱਗਿਆ ਤਾਂ ਉਸਦਾ ਖੂਨ ਖੌਲ ਉੱਠਿਆ। ਦੁੱਲੇ ਭੱਟੀ ਨੇ ਹਕੂਮਤ ਦੇ ਵਿਰੋਧ ਵਿੱਚ ਆਪਣੇ ਹਮ ਉਮਰ ਸਾਥੀਆਂ ਦੀ ਇੱਕ ਨਿੱਜੀ ਫੌਜ ਖੜ੍ਹੀ ਕਰ ਲਈ। ਇਨ੍ਹਾਂ ਲੋਕਾਂ ਨੇ ਬੜੀ ਦਲੇਰੀ ਨਾਲ ਸ਼ਾਹੀ ਖਜ਼ਾਨੇ ਲੁੱਟਣੇ ਸ਼ੁਰੂ ਕਰ ਦਿੱਤੇ ਅਤੇ ਲੁੱਟੇ ਹੋਏ ਮਾਲ ਨਾਲ ਗਰੀਬ ਲੜਕੀਆ ਦੇ ਵਿਆਹ ਕਰ ਦਿੰਦੇ,ਜੋ ਬਾਕੀ ਮਾਲ ਬਚ ਜਾਂਦਾ ਉਸਨੂੰ ਇਹ ਗਰੀਬਾਂ ਵਿੱਚ ਵੰਡ ਦਿੰਦੇ। ਉਸ ਇਲਾਕੇ ਦੇ ਲੋਕ ਦੁੱਲਾ ਭੱਟੀ ਦੀ ਇਸ ਦਰਿਆ ਦਿਲੀ ਦੇ ਕਾਇਲ ਹੋ ਗਏ ਸਨ। ਦੁੱਲਾ ਭੱਟੀ ਦੀ ਅਗਵਾਈ ਹੇਠਲੀ ਇਹ ਫੌਜ ਮੌਕਾ ਮਿਲਦਿਆਂ ਹੀ ਇਲਾਕੇ ਵਿੱਚੋਂ ਲੰਘਣ ਵਾਲੇ ਮੁਗਲਾਂ ਦੇ ਸ਼ਾਹੀ ਕਾਫਲਿਆਂ ਨੂੰ ਲੁੱਟ ਲੈਂਦੀ ਸੀ। ਇੱਕ ਵਾਰ ਜਦ ਕਾਬਲ ਦੇ ਵਪਾਰੀ ਅਕਬਰ ਬਾਦਸ਼ਾਹ ਲਈ ਅਰਬੀ ਘੋੜੇ ਲੈ ਕੇ ਜਾ ਰਹੇ ਸੀ ਤਾਂ ਦੁੱਲੇ ਭੱਟੀ ਨੇ ਉਨਾਂ ਨੂੰ ਲੁੱਟ ਲਿਆ ਸੀ। ਦੁੱਲੇ ਦੀਆਂ ਇਹੋ ਜਿਹੀਆਂ ਲੁੱਟਾਂ ਕਰਨ ਤੇ ਸ਼ਾਂਦਲ ਬਾਰ ਦਾ ਇਲਾਕਾ ਹੂਕਮਤ ਦੇ ਕਬਜੇ ਚੋਂ ਅਜ਼ਾਦ ਮਹਿਸੂਸ ਕਰਨ ਲੱਗਾ। ਦੁੱਲਾ ਭੱਟੀ ਸਭ ਧਰਮਾਂ ਦੇ ਲੋਕਾਂ ਨੂੰ ਇੱਕੋ ਅੱਖ ਨਾਲ ਵੇਖਦਾ ਅਤੇ ਉਨ੍ਹਾਂ ਦੀ ਰਾਖੀ ਕਰਦਾ ਸੀ। ਇਸ ਕਰਕੇ ਹਰ ਵਰਗ ਦੇ ਲੋਕ ਉਸਦਾ ਆਦਰ ਸਤਿਕਾਰ ਅਤੇ ਪਿਆਰ ਕਰਦੇ ਸਨ। ਇੱਕ ਲੋਕ ਕਥਾ ਅਨੁਸਾਰ ਦੁੱਲੇ ਭੱਟੀ ਨੇ ਇੱਕ ਗਰੀਬ ਬ੍ਰਹਾਮਣ ਦੀਆਂ ਦੋ ਬੇਟੀਆਂ (ਸੁੰਦਰੀ ਤੇ ਮੁੰਦਰੀ) ਨੂੰ ਜ਼ਾਲਮਾਂ ਦੇ ਕਬਜ਼ੇ ਵਿੱਚੋਂ ਬਾਇੱਜ਼ਤ ਛੁਡਵਾਕੇ,ਉਨ੍ਹਾਂ ਦੇ ਆਪਣੇ ਹੱਥੀਂ ਵਿਆਹ ਕੀਤੇ ਅਤੇ ਉਨ੍ਹਾਂ ਦੀ ਝੋਲੀ ਵਿੱਚ ਸ਼ਗਨ ਵਜੋਂ ਸ਼ੱਕਰ ਪਾਈ। ਗਰੀਬ ਲੜਕੀਆਂ ਦੇ ਇੱਕ ਪਿਤਾ ਬਣਕੇ ਵਿਆਹ ਦੇ ਫਰਜ਼ ਨਿਭਾਉਣ ਪਿੱਛੋਂ ਇਹ ਇੱਕ ਦੰਦ ਕਥਾ ਬਣਨ ਦੇ ਨਾਲ-ਨਾਲ ਤਿਹਾਉਰ ਵੀ ਬਣ ਗਈ ਅੱਜ ਵੀ ਲੋਹੜੀ ਦੇ ਮੌਕੇ ਦੁੱਲਾ ਭੱਟੀ ਨੂੰ ਉਸ ਨਾਲ ਸਬੰਧਤ ਗੀਤ 'ਸੁੰਦਰ ਮੁੰਦਰੀਏ ਤੇਰਾ ਕੌਣ ਵਿਚਾਰਾ ਹੋ,ਦੁੱਲਾ ਭੱਟੀ ਵਾਲਾ ਹੋ,ਦੁੱਲੇ ਧੀ ਵਿਆਹੀ ਹੋ,ਸੇਰ ਸ਼ੱਕਰ ਪਾਈ ਹੋ।' ਇਹੋ ਅਜਿਹੇ ਲੋਕ ਭਲਾਈ ਕੰਮਾਂ ਸਦਕਾ ਲੋਕ ਦੁੱਲੇ ਭੱਟੀ ਨੂੰ ਆਪਣੇ ਮਸੀਹੇ ਵਜੋਂ ਵੇਖਣ ਲੱਗੱੇ ਤਾਂ ਦੁੱਲੇ ਭੱਟੀ ਦੀ ਇੰਨ੍ਹੀ ਚੜਤ ਵੇਖ ਕੇ ਮੁਗਲਾਂ ਦੀ ਨੀਂਦ ਹਰਾਮ ਹੋਣ ਲੱਗ ਪਈ। ਲਾਹੌਰ ਦਾ ਸੂਬੇਦਾਰ ਆਪਣੀਆਂ ਲੱਖ ਕੋਸ਼ਿਸਾਂ ਦੇ ਬਾਵਯੂਦ ਵੀ ਦੁੱਲੇ ਭੱਟੀ ਦੀ ਚੜਤ ਨੂੰ ਖਤਮ ਨਾ ਕਰ ਸਕਿਆ। ਉਸਨੂੰ ਹਰ ਵਾਰ ਨਾਮੋਸ਼ੀ ਦਾ ਹੀ ਸਾਹਮਣਾ ਕਰਨਾ ਪਿਆ। ਆਖਿਰਕਾਰ ਉਸ ਸਮੇਂ ਦੀ ਹਕੂਮਤ ਨੇ ਦੁੱਲਾ ਭੱਟੀ ਤੋਂ ਦੁਖੀ ਹੋ ਕੇ ਸ਼ਾਂਦਲਬਾਰ ਇਲਾਕੇ ਦੀ ਬਗਾਵਤ ਨੂੰ ਖਤਮ ਕਰਨ ਲਈ ਹੋਣਹਾਰ ਸੈਨਿਕਾਂ ਦੇ ਜਨਰਲ ਮਿਰਜਾ ਅਲਾਊਦੀਨ ਅਤੇ ਮਿਰਜਾ ਜਿਊਦੀਨ ਖਾਨ ਨੂੰ ਪੰਦਰਾਂ ਹਜਾਰ ਸੈਨਿਕ ਦੇ ਕੇ ਲਾਹੌਰ ਦੇ ਸੂਬੇਦਾਰ ਨੂੰ ਕਿਹਾ ਗਿਆ ਕਿ ਜੇ ਦੁੱਲਾ ਭੱਟੀ ਦੀ ਬਗਾਵਤ ਖਤਮ ਨਾ ਕੀਤੀ ਗਈ ਤਾਂ ਤਹਾਨੂੰ ਸਖਤ ਸਜਾ ਦਾ ਸਾਹਮਣਾ ਕਰਨਾ ਪਵੇਗਾ। ਮੁਗਲਾਂ ਵੱਲੋਂ ਭੇਜੇ ਗਏ ਜਨਰਲਾਂ ਦੀ ਕਮਾਂਡ ਹੇਠ ਲਾਹੌਰ ਅਤੇ ਦਿੱਲੀ ਦੀ ਸਾਂਝੀ ਫੌਜ ਨੇ ਦੁੱਲੇ ਦੀ ਹਰ ਇੱਕ ਗਤੀਵਿਧੀ ਤੇ ਨਜ਼ਰਸਾਨੀ ਰੱਖਣੀ ਸ਼ੁਰੂ ਕਰ ਦਿੱਤੀ ਪਰ ਦੁੱਲੇ ਦਾ ਇਸ ਸ਼ਾਹੀ ਫੌਜ ਨੂੰ ਕੋਈ ਥੌਹ ਪਤਾ ਨਾ ਲੱਗਾ ਤਾਂ ਫੌਜ ਨੇ ਹੰਭ-ਹਾਰ ਕੇ ਉਸਦਾ ਘਰ ਘਾਟ ਤਬਾਹ ਕਰ ਦਿੱਤਾ ਅਤੇ ਉਸਦੀ ਮਾਤਾ ਲੱਧੀ ਸਮੇਤ ਬਹੁਤ ਸਾਰੀਆਂ ਔਰਤਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਦੁੱਲਾ ਭੱਟੀ ਤੇ ਉਸ ਦੇ ਸਾਥੀਆਂ ਨੇ ਹਕਮੂਤੀ ਜਬਰ ਦੀ ਪ੍ਰਵਾਹ ਨਾ ਕਰਦਿਆਂ ਫੌਜ ਤੇ ਹਮਲੇ ਕਰ ਕੇ ਮੁਗਲ ਫੌਜਾਂ ਦੇ ਥੰਮ ਹਿਲਾ ਦਿੱਤੇ। ਆਖਿਰ ਜਦ ਦੁੱਲਾ ਭੱਟੀ ਅਕਬਰ ਦੀਆਂ ਫੌਜਾਂ ਦੇ ਹੱਥ ਨਾ ਅਇਆ ਤਾਂ ਮੁਗਲਾਂ ਨੇ ਆਪਣੇ ਏਲਚੀਆਂ ਰਾਹੀਂ ਉਸਨੂੰ ਸੰਧੀ ਲਈ ਬੁਲਾਵਾ ਦਿੱਤਾ ਅਤੇ ਦੁੱਲਾ ਭੱਟੀ ਨੇ ਸੱਦਾ ਪ੍ਰਵਾਨ ਕਰ ਲਿਆ। ਮੁਗਲਾਂ ਨੇ ਦੁੱਲਾ ਭੱਟੀ ਨੂੰ ਬੁਲਾਵੇ ਤੇ ਬੁਲਾ ਕੇ ਉਸਦੇ ਖਾਣੇ ਵਿੱਚ ਜ਼ਹਿਰੀਲਾ ਪਦਾਰਥ ਮਿਲਾਕੇ ਉਸਨੂੰ ਬੇਹੋਸੀ ਦੀ ਹਾਲਤ ਵਿੱਚ ਗ੍ਰਿਫਤਾਰ ਕਰ ਲਿਆ। ਇਸ ਅਣਖੀਲੇ ਬਹਾਦਰ ਪੰਜਾਬੀ ਨਾਇਕ ਦੁੱਲਾ ਭੱਟੀ ਨੂੰ 1599 ਈ. ਵਿੱਚ ਫਾਂਸੀ ਲਗਾ ਦਿੱਤੀ ਗਈ। ਉਸ ਸਮੇਂ ਦੁੱਲਾ ਭੱਟੀ ਦੀ ਉਮਰ ਤਕਰੀਬਨ ਤੀਹ ਸਾਲ ਦੀ ਦੱਸੀ ਜਾਂਦੀ ਹੈ। ਦੁੱਲੇ ਭੱਟੀ ਦੀ ਕਬਰ ਪਾਕਿਸਤਾਨ ਦੇ ਲਾਹੌਰ ਮਿਆਣੀ ਸਾਹਿਬ ਵਿੱਚ ਬਣੀ ਹੋਈ ਹੈ। ਜਿਥੇ ਲੋਹੜੀ ਦੇ ਤਿਹਾਉਰ ਮੌਕੇ ਇੱਕ ਵੱਡਾ ਮੇਲਾ ਲੱਗਦਾ ਹੈ,ਇਥੇ ਦੂਰੋਂ-ਦੂਰੋਂ ਪੁੱਜੇ ਲੋਕ ਹਕੂਮਤ ਨਾਲ ਟੱਕਰ ਲੈਣ ਵਾਲੇ ਇਸ ਨਾਇਕ ਨੂੰ ਆਪਣੀ ਅਕੀਦਤ ਭੇਂਟ ਕਰਦੇ ਹਨ।
                  
ਗੁਰਜੀਵਨ ਸਿੰਘ ਸਿੱਧੂ ਨਥਾਣਾ
ਪਿੰਡ ਨਥਾਣਾ, ਜਿਲ੍ਹਾ ਬਠਿੰਡਾ
(ਪੰਜਾਬ) 151102
ਮੋਬਾਇਲ: 9417079435
ਮੇਲ : jivansidhus@gmail.com

12 Jan 2019

ਧੜੇਬੰਦੀਆਂ 'ਚ ਉਲਝ ਕੇ ਰਹਿ ਜਾਂਦੀਆਂ ਨੇ ਪੰਚਾਇਤਾਂ - ਗੁਰਜੀਵਨ ਸਿੰਘ ਸਿੱਧੂ ਨਥਾਣਾ

ਦੇਸ਼ ਵਿੱਚ ਜਮਹੂਰੀਅਤ ਦੇ ਲੋਕ ਪੱਖੀ ਤਾਣੇ-ਬਾਣੇ ਨੂੰ ਪਿੰਡ ਪੱਧਰ ਤੱਕ ਮਜ਼ਬੂਤ ਕਰਨ ਦੇ ਮਨੋਰਥ ਨਾਲ ਸਰਕਾਰ ਵੱਲੋਂ ਦੇਸ਼ ਦੀ ਅਜ਼ਾਦੀ ਤੋਂ ਬਾਅਦ 1952 ਵਿਚ ਪਿੰਡਾਂ ਦੇ ਵਿਕਾਸ ਲਈ ਪੰਚਾਇਤਾਂ ਬਣਾਉਣ ਦਾ ਉਦਮ ਕੀਤਾ ਗਿਆ। ਪਿੰਡਾਂ ਦੀਆਂ ਵੋਟਾਂ ਦੇ ਹਿਸਾਬ ਨਾਲ ਪੰਚਾਇਤਾਂ ਦੇ ਮੈਂਬਰਾਂ ਦੀ ਗਿਣਤੀ ਪੰਜ ਮੈਂਬਰੀ ਪੰਚਾਇਤ,ਸੱਤ ਮੈਂਬਰੀ ਜਾਂ ਗਿਆਰਾਂ ਮੈਂਬਰੀ ਪੰਚਾਇਤਾਂ ਗਠਨ ਕੀਤਾ ਗਿਆ,ਜੋ ਪਿੰਡ ਦੇ ਵੋਟਰਾਂ ਵੱਲੋਂ ਵੋਟਾਂ ਪਾ ਕੇ ਪੰਚਾਇਤ ਚੁਣੀ ਜਾਂਦੀ ਅਤੇ ਇੰਨ੍ਹਾਂ ਵਿੱਚੋਂ ਇੱਕ ਦੀ ਸਰਪੰਚ ਵਜੋਂ ਚੋਣ ਕੀਤੀ ਜਾਂਦੀ ਸੀ ਪਰ ਸਮੇਂ ਦੇ ਬਦਲਾਅ ਨਾਲ ਹੁਣ ਸਰਪੰਚ ਦੀ ਚੋਣ ਲਈ ਸਿੱਧੀ ਵੋਟ ਚੋਣ ਪ੍ਰਣਾਲੀ ਰਾਹੀ ਹੀ ਲਾਗੂ ਕੀਤੀ ਗਈ ਹੈ। ਉਸ ਸਮੇਂ ਪੰਚਾਇਤਾਂ ਦੀ ਗਿਣਤੀ ਘੱਟ ਸੀ ਪਰ ਜਨਸੰਖਿਆ ਵਧਣ ਨਾਲ ਕਈ ਵੱਡੇ ਪਿੰਡਾਂ ਵਿੱਚ ਤਾਂ ਚਾਰ-ਚਾਰ ਪੰਚਇਤਾਂ ਬਣਨ ਲੱਗੀਆਂ ਹਨ। ਪਿੰਡਾਂ ਵਿੱਚੋਂ ਉੱਠ ਕੇ ਖੇਤਾਂ ਵਿੱਚ ਜਾ ਵਸੇ ਲੋਕਾਂ ਨੇ ਆਪਣੀਆਂ ਵੱਖ-ਵੱਖ ਢਾਣੀਆਂ ਬਣਾਕੇ ਲਈਆਂ ਹਨ ਤੇ ਆਪਣੀਆਂ ਵੱਖਰੀਆਂ ਪੰਚਾਇਤਾਂ ਬਣਾਉਣੀਆਂ ਸ਼ੁਰੂ ਕਰ ਲਈਆਂ ਹਨ। ਪੰਜਾਬ ਵਿਚ 2018 ਦੇ 30 ਦਸੰਬਰ ਨੂੰ ਹੋਣ ਵਾਲੀਆਂ ਪੰਚਇਤੀ ਚੋਣਾਂ ਵਿੱਚ ਲਗਭਗ ਤੇਰ੍ਹਾਂ ਹਜ਼ਾਰ ਦੋ ਸੌ ਤੋਂ ਵੱਧ ਪੰਚਾਇਤਾਂ ਦੇ ਸਰਪੰਚ ਬਣਨ ਜਾ ਰਹੇ ਹਨ ਅਤੇ 83 ਹਜ਼ਾਰ ਤੋਂ ਵੱਧ ਪੰਚਾਂ ਦੀ ਜਿੱਤ-ਹਾਰ ਦਾ ਫੈਸਲਾ 1 ਕਰੋੜ 27 ਲੱਖ 87 ਹਜ਼ਾਰ 395 ਵੋਟਰਾਂ ਦੇ ਹੱਥ ਹੈ। ਕੂਝ ਪਿੰਡਾਂ ਵਿਚ ਸਰਬਸੰਮਤੀ ਨਾਲ ਵੀ ਪੰਚਾਇਤਾਂ ਦੀ ਚੋਣ ਕੀਤੀ ਜਾਂਦੀ ਹੈ। ਪਿੰਡ ਪੰਚਾਇਤ ਪਿੰਡ ਦੇ ਵਿਕਾਸ,ਸਿੱਖਿਆ ਅਤੇ ਸਿਹਤ ਸੇਵਾਵਾਂ ਨੂੰ ਬਿਹਤਰ ਬਣਾਉਣ,ਪਿੰਡ ਦੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ,ਪਿੰਡ ਦੀ ਸਫਾਈ ਦਾ ਖਾਸ ਧਿਆਨ ਰੱਖਣਾ ਆਦਿ ਪੰਚਾਇਤ ਦੇ ਮੁੱਖ ਕੰਮ ਹਨ,ਇਸ ਤੋਂ ਇਲਾਵਾ ਪਿੰਡ ਵਿਚ ਹੋਏ ਮਾਮੂਲੀ ਝਗੜਿਆਂ ਦਾ ਨਿਪਟਾਰਾ ਕਰਨਾ। ਜਦ ਪਿੰਡਾਂ ਵਿਚ ਪੰਚਇਤਾਂ ਬਣਾਉਣੀਆਂ ਸ਼ੁਰੂ ਕੀਤੀਆਂ ਸਨ ਤਾਂ ਉਸ ਸਮੇਂ ਪਿੰਡਾਂ ਵਿਚ ਵਿਕਾਸ ਦੇ ਆਰਥਿਕ ਵਸੀਲੇ ਬਹੁਤੇ ਨਹੀਂ ਹੁੰਦੇ ਸੀ। ਪਿਛਲੇ ਦੋ ਦਹਾਕੇ ਪਹਿਲਾ ਸਰਪੰਚਾਂ-ਪੰਚਾਂ ਵੱਲੋਂ ਕੀਤੇ ਜਾਂਦੇ ਫੈਸਲਿਆਂ ਨੂੰ ਲੋਕ ਪ੍ਰਵਾਨ ਕਰਦੇ ਸਨ,ਜਿਸ ਕਾਰਨ ਲੋਕਾਂ ਦੇ ਬਹੁਤ ਸਾਰੇ ਮਸਲੇ ਪਿੰਡਾਂ ਵਿਚ ਹੀ ਹੱਲ ਹੋ ਜਾਂਦੇ ਸਨ। ਜੇਕਰ ਕੋਈ ਵਿਅਕਤੀ ਪੰਚਾਇਤ ਦਾ ਕਹਿਣਾ ਨਾ ਮੰਨਦਾ ਤਾਂ ਉਸਨੂੰ ਬਹੁਤ ਹੀ ਮਾੜਾ ਸਮਝਿਆ ਜਾਂਦਾ ਸੀ। ਪਿੰਡਾਂ ਵਿਚ ਆਪਣੇ ਘਰਾਂ 'ਚ ਕਰਵਾਏ ਜਾਂਦੇ ਸਮਾਗਮਾਂ ਅਤੇ ਬਰਾਤਾਂ ਦੀ ਆਓ ਭਗਤ ਲਈ ਸਰਪੰਚਾਂ-ਪੰਚਾਂ ਨੂੰ ਹੀ ਮੋਹਰੀ ਰੱਖਿਆ ਜਾਂਦਾ ਸੀ। ਪਿੰਡਾਂ ਵਿੱਚ ਸਾਂਝੇ ਕੰਮਾਂ ਵੱਲ ਪੰਚਾਇਤਾਂ ਦਾ ਖਾਸ ਧਿਆਨ ਹੁੰਦਾ ਸੀ ਅਤੇ ਪੰਚਾਇਤ ਵੱਲੋਂ ਸਾਂਝੇ ਕੰਮ ਬਿਨ੍ਹਾਂ ਵਿਤਕਰੇ ਤੋਂ ਕੀਤੇ ਜਾਂਦੇ ਸਨ,ਉਸ ਸਮੇਂ ਪਿੰਡਾਂ ਵਿਚ ਰਾਜਨੀਤਿਕ ਜਾਂ ਕੋਈ ਹੋਰ ਧੜੇਬੰਦੀਆਂ ਨਹੀਂ ਹੁੰਦੀਆਂ ਸਨ। ਜਿਆਦਾਤਰ ਵੱਡੀ ਉਮਰ ਦੇ ਤਜਰਬੇਕਾਰ ਸਿਆਣੇ ਬੰਦੇ ਨੂੰ ਸਰਬਸੰਮਤੀ ਨਾਲ ਹੀ ਸਰਪੰਚ ਬਣਾ ਦਿੱਤਾ ਜਾਂਦਾ ਸੀ ਤੇ ਉਹ ਪਿੰਡ ਦੇ ਵਿਕਾਸ ਲਈ ਤਨੋ-ਮਨੋ ਸੇਵਾ ਕਰਦਾ ਸੀ ਪਰ ਉਸ ਸਮੇਂ ਹਰ ਵਾਰ ਸਰਪੰਚੀ ਤੇ ਆਪਣਾ ਨਿੱਜੀ ਹੱਕ ਨਹੀਂ ਸੀ ਸਮਝਿਆ ਜਾਂਦਾ। ਜਿਵੇਂ ਕਿ ਅੱਜ-ਕੱਲ੍ਹ ਜੇ ਕਿਸੇ ਨੂੰ ਇੱਕ ਵਾਰ ਕੋਈ ਆਹੁੱਦਾ ਦੇ ਦਿੱਤਾ ਜਾਵੇ ਤਾਂ ਉਹ ਉਸ ਤੇ ਹਰ ਵਾਰ ਆਪਣਾ ਨਿੱਜੀ ਹੱਕ ਸਮਝਣ ਲੱਗ ਪੈਂਦਾ ਹੈ। ਬਦਲਦੇ ਸਮੇਂ ਦੇ ਨਾਲ ਜਿਵੇਂ ਜਿਵੇਂ ਲੋਕ ਆਪਣੇ ਨਿੱਜੀ ਕੰਮਾਂ ਤੱਕ ਸੀਮਤ ਹੁੰਦੇ ਗਏ ਅਤੇ ਲੀਡਰੀ ਲਈ ਇੱਕ ਦੂਜੇ ਤੋਂ ਅੱਗੇ ਵਧਣ ਦੀ ਹੋੜ ਲੱਗਣੀ ਸ਼ੁਰੂ ਹੋ ਗਈ ਤਿਉਂ ਤਿਉਂ ਇਹ ਪਿੰਡਾਂ ਦੀ ਭਾਈਚਾਰਕਤਾ ਤੇ ਆਪਸੀ ਤਾਲਮੇਲ ਅਲੋਪ ਹੁੰਦਾ ਗਿਆ। ਰਾਜਨੀਤਿਕ ਪਾਰਟੀਆਂ ਕਾਰਨ ਪੈਦਾ ਹੋਏ ਵਾਦ-ਵਿਵਾਦਾਂ ਨੇ ਪਿੰਡਾਂ ਦੇ ਲੋਕਾਂ ਦੀ ਆਪਸੀ ਸ਼ਾਂਝ ਤੇ ਭਾਈਚਾਰੇ ਨੂੰ ਖਤਮ ਕਰਕੇ ਧੜੇਬੰਦੀਆਂ ਵਿੱਚ ਵੰਡ ਕੇ ਰੱਖ ਦਿੱਤਾ ਹੈ। ਇੱਥੋਂ ਤੱਕ ਕਿ ਹੁਣ ਪਿੰਡਾਂ ਵਿੱਚ ਇੱਕ ਹੀ ਰਜਾਨੀਤਿਕ ਪਾਰਟੀ ਦੇ ਕਈ ਕਈ ਧੜੇ ਬਣ ਗਏ ਹਨ ਅਤੇ ਹਰ ਧੜਾ ਚਾਹੁੰਦਾ ਹੈ ਕਿ ਉਸਦਾ ਹੀ ਸਰਪੰਚ ਬਣਾਇਆ ਜਾਵੇ। ਇੰਨ੍ਹਾਂ ਕਾਰਨਾਂ ਕਰਕੇ ਪਿੰਡਾਂ ਵਿੱਚ ਵਾਦ-ਵਿਵਾਦ ਨੇ ਬਹੁਤ ਹੀ ਪੈਰ ਪਸਾਰ ਲਏ ਹਨ ਅਤੇ ਪਿੰਡਾਂ ਦੇ ਵਿਕਾਸ ਕੰਮਾਂ ਵਿੱਚ ਰੁਕਾਵਟਾਂ ਪੈਣੀਆਂ ਸ਼ੁਰੂ ਹੋ ਗਈਆਂ। ਭਾਰਤ ਵਿੱਚ ਲੋਕਤੰਤਰ ਪ੍ਰਬੰਧ ਹੋਣ ਕਰਕੇ ਵੋਟਾਂ ਦੁਆਰਾ ਲੋਕ ਨੁਮਾਇਦਿਆਂ ਦੀ ਚੋਣ ਕੀਤੀ ਜਾਂਦੀ ਹੈ। ਅੱਜਕੱਲ ਦੇ ਦੌਰ ਵਿੱਚ ਵੋਟਰਾਂ ਨੂੰ ਭਰਮਾਉਣ ਲਈ ਚੋਣਾਂ ਸਮੇ ਭੁੱਕੀ,ਅਫੀਮ,ਸ਼ਰਾਬ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਵੋਟਾਂ ਤੋਂ ਇੱਕ ਦਿਨ ਪਹਿਲਾ ਵੋਟਰਾਂ ਨੂੰ ਰੁਪਇਆਂ ਦੇ ਲਾਲਚ ਦੇ ਕੇ ਖਰੀਦਣ ਦਾ ਸਿਲਸਿਲਾ ਵੀ ਚਲਦਾ ਹੈ। ਇਹੋ ਜਿਹੇ ਪੈਦਾ ਹੋਏ ਹਾਲਾਤਾਂ ਕਾਰਨ ਪਿੰਡਾਂ ਵਿੱਚ ਸਰਪੰਚੀ ਲਈ ਉਮਦੀਵਾਰਾਂ ਦੇ ਸਮੱਰਥਕਾਂ ਵਿੱਚ ਲੜਾਈ ਝਗੜੇ ਹੋਣਾ ਇੱਕ ਆਮ ਗਲ ਬਣ ਗਈ ਹੈ,ਕਈ ਵਾਰ ਤਾਂ ਨੋਬਤ ਕਤਲਾਂ ਤੱਕ ਵੀ ਪਹੁੰਚ ਜਾਂਦੀ ਹੈ। ਅਜਿਹੀਆਂ ਹਾਲਤਾਂ ਵਿੱਚ ਹੁਣ ਪਿੰਡਾਂ ਦੀਆਂ ਪੰਚਾਇਤਾਂ ਦਾ ਦਬਦਬਾ ਪਹਿਲਾ ਵਾਲਾ ਨਹੀਂ ਰਿਹਾ। ਇਸ ਤਰਾਂ ਹੋਣ ਦਾ ਕਾਰਨ ਧੜੇਬੰਦੀਆਂ ਹਨ ਕਿਉਂਕਿ ਜਿਹੜੇ ਧੜੇ ਦਾ ਸਰਪੰਚ ਜਿੱਤ ਜਾਂਦਾ ਹੈ,ਉਸ ਤੋਂ ਵਿਰੋਧੀ ਧੜੇ ਦੇ ਪੰਚ ਅਤੇ ਸਰਪੰਚੀ ਦੀ ਚੋਣ ਵਿੱਚ ਹਾਰ ਚੁੱਕਾ ਵਿਅਕਤੀ ਆਪਣੇ ਹਮਾਇਤੀਆਂ ਸਮੇਤ ਬਣ ਚੁਕੇ ਸਰਪੰਚ ਦੀ ਸਰਵਉੱਚਤਾ ਪ੍ਰਵਾਨ ਕਰਨੀ ਆਪਣੀ ਹੇਠੀ ਸਮਝਦਾ ਹੈ ਅਤੇ ਅਜਿਹੇ ਵਿਵਾਦ ਸਿਰਫ ਚੋਣਾਂ ਤੱਕ ਹੀ ਸੀਮਿਤ ਨਹੀਂ ਰਹਿੰਦੇ ਸਗੋਂ ਸਰਪੰਚੀ ਦੀਆਂ ਅਗਲੀਆਂ ਚੋਣਾਂ ਤੱਕ ਇਹ ਸਿਲਸਿਲਾ ਚਲਦਾ ਰਹਿੰਦਾ ਹੈ। ਭਾਵੇਂ ਪਿੰਡ ਦਾ ਕੋਈ ਸ਼ਾਂਝਾ ਕੰਮ ਸ਼ੁਰੂ ਕਰਨਾ ਹੋਵੇ ਜਾਂ ਕਿਸੇ ਲੜਾਈ ਝਗੜੇ ਦੇ ਨਿਆਂ ਦੀ ਗੱਲ ਚੱਲੇ ਤਾਂ ਚੋਣਾਂ ਵਿੱਚ ਹਾਰੀ ਹੋਈ ਪਾਰਟੀ ਵੱਲੋਂ ਅੜਿੱਕਾ ਜਰੂਰ ਪਾਇਆ ਜਾਂਦਾ ਹੈ। ਇਹੋ ਅਜਿਹੀ ਸੋਚ ਰੱਖਣ ਵਾਲੇ ਵਿਅਕਤੀਆਂ ਕਾਰਨ ਹੀ ਪਿੰਡਾਂ ਦਾ ਵਿਕਾਸ ਠੱਪ ਹੋ ਕੇ ਰਹਿ ਜਾਂਦਾ ਹੈ,ਇੱਥੋ ਤੱਕ ਕਈ ਵਾਰ ਤਾਂ ਇਹੋਂ ਜਿਹੇ ਗੰਭੀਰ ਮਸ਼ਲੇ ਵੀ ਬਣੇ ਹਨ ਸਹਿਣਸ਼ੀਲਤਾ ਨਾ ਹੋਣ ਕਾਰਨ ਖਾਹਮਖਾਹ ਹੀ ਇੱਕ ਦੂਜੇ ਦੀ ਜਾਨ ਲੈਣ ਤੱਕ ਦਾ ਵੈਰ ਪੈ ਜਾਂਦਾ ਹੈ। ਜਦ ਕਦੀ ਪਿੰਡ ਦੇ ਵਿਕਾਸ ਕੰਮਾਂ ਲਈ ਸਰਪੰਚ ਗ੍ਰਾਂਟ ਜਾਰੀ ਕਰਵਾਉਂਦਾ ਹੈ ਤਾਂ ਚੋਣਾਂ ਵਿੱਚ ਹਾਰੀ ਹੋਈ ਧਿਰ ਵੱਲੋਂ ਪਿੰਡ ਦੇ ਵਿਕਾਸ ਲਈ ਮਨਜੂਰ ਹੋ ਰਹੀ ਗਰਾਂਟ ਨੂੰ ਆਪਣੇ ਰਾਜ਼ਸੀ ਰਸੂਖ ਨਾਲ ਰੋਕਣ ਲਈ ਅੱਡੀ ਚੋਟੀ ਦਾ ਜੋਰ ਲਗਾਇਆ ਜਾਂਦਾ ਹੈ ਤਾਂ ਕਿ ਸਰਪੰਚ ਪਿੰਡ ਦਾ ਵਿਕਾਸ ਕਰਵਾਕੇ ਪਿੰਡ ਵਿੱਚ ਆਪਣਾ ਚੰਗਾ ਰੁਤਬਾ ਨਾ ਬਣਾ ਲਵੇ। ਸਰਪੰਚ ਦੇ ਵਿਰੋਧੀ ਧਿਰ ਵਾਲੇ ਜਿੱਤੇ ਮੈਂਬਰ ਰਾਜ਼ਸੀ ਤੌਰ ਤੇ ਵਿਰੋਧ ਕਰਦਿਆਂ ਸਰਪੰਚ ਵੱਲੋਂ ਪਾਏ ਗਏ ਮਤਿਆਂ ਤੇ ਦਸਤਖਤ ਤਾਂ ਕੀ ਕਰਨੇ ਸੀ ਸਗੋਂ ਉਸਦਾ ਵਿਰੋਧ ਕਰਨਾ ਸ਼ੁਰੂ ਕਰ ਦਿੰਦੇ ਹਨ। ਜੇਕਰ ਸੂਬੇ ਵਿਚ ਜਿਸ ਰਾਜਨੀਤਕ ਪਾਰਟੀ ਦੀ ਸਰਕਾਰ ਹੋਵੇ ਤਾਂ ਉਸੇ ਪਾਰਟੀ ਨਾਲ ਸਬੰਧਤ ਸਰਪੰਚ ਬਣ ਜਾਵੇ ਤਾਂ ਉਸਨੂੰ ਪਿੰਡ ਦੇ ਵਿਕਾਸ ਲਈ ਫੰਡ ਦਿੱਤੇ ਜਾਂਦੇ ਹਨ,ਜੇਕਰ ਸਰਕਾਰ ਦੇ ਵਿਰੋਧੀ ਪਾਰਟੀ ਦਾ ਸਰਪੰਚ ਬਣ ਜਾਵੇ ਤਾਂ ਉਸਨੂੰ ਸਰਕਾਰ ਪਾਸੋਂ ਫੰਡ ਦੇਣ ਤੋਂ ਵੀ ਟਾਲ-ਮਟੌਲ ਕੀਤੀ ਜਾਂਦੀ ਹੈ। ਪਿੰਡਾਂ ਦੀਆਂ ਪੰਚਾਇਤੀ ਚੋਣਾਂ ਵਿਚ ਰਾਜਸ਼ੀ ਪਾਰਟੀਆਂ ਦੀ ਦਖਲ ਅੰਦਾਜ਼ੀ ਨੇ ਜਿਥੇ ਭਾਈਚਾਰਕ ਸਾਂਝ ਨੂੰ ਵੱਡਾ ਧੱਕਾ ਲਾਇਆ ਹੈ ਉਥੇ ਇੰਨ੍ਹਾਂ ਚੋਣਾਂ ਵਿਚ ਕਾਗਜ਼ ਰੱਦ ਕਰਵਾਉਣੇ,ਨਸ਼ੇ,ਧੱਕੇ ਨਾਲ ਸਰਪੰਚ ਉਮੀਦਵਾਰ ਬਣਾਉਣੇ ਆਦਿ ਵਰਗੀਆਂ ਅਲਾਮਤਾਂ ਵੀ ਪੈਦਾ ਕੀਤੀਆਂ ਹਨ।  ਪੰਚਾਇਤੀ ਚੋਣਾਂ ਵਿੱਚ ਹਾਰੀ ਹੋਈ ਧਿਰ,ਸਰਪੰਚੀ ਦੇ ਪੰਜ ਸਾਲਾਂ ਕਾਰਜਕਾਲ ਤੱਕ ਜਿੱਤੇ ਹੋਏ ਸਰਪੰਚ ਨੂੰ ਉਸਦੇ ਆਹੁਦੇ ਤੋਂ ਬਰਖਾਸਤ ਕਰਵਾਉਣ ਤੱਕ ਜਦੋ ਜ਼ਹਿਦ ਕਰਦੀ ਰਹਿੰਦੀ ਹੈ। ਇਸ ਤਰਾਂ ਪੰਚਾਇਤ ਪਿੰਡ ਦੇ ਵਿਕਾਸ ਵੱਲ ਧਿਆਨ ਦੇਣ ਦੀ ਥਾਂ ਅਦਾਲਤੀ ਮਾਮਲਿਆਂ ਵਿੱਚ ਉਲਝ ਕੇ ਹੀ ਆਪਣਾ ਕਾਰਜਕਾਲ ਪੂਰਾ ਕਰ ਜਾਂਦੀ ਹੈ। ਪਿੰਡਾਂ ਦੇ ਸੂਝਵਾਨ ਅਤੇ ਅਗਾਂਹਵਧੂ ਖਿਆਲਾਂ ਦੇ ਨਾਗਰਿਕਾਂ ਨੂੰ ਅਜਿਹੇ ਨਾਂਹਪੱਖੀ ਵਰਤਾਰੇ ਨੂੰ ਠੱਲ ਪਾਉਣ ਲਈ ਅੱਗੇ ਆਉਣਾ ਪਵੇਗਾ।
                             
ਗੁਰਜੀਵਨ ਸਿੰਘ ਸਿੱਧੂ ਨਥਾਣਾ
ਪਿੰਡ ਨਥਾਣਾ, ਜਿਲ੍ਹਾ ਬਠਿੰਡਾ
ਪੰਜਾਬ: 151102
ਮੋਬਾਇਲ: 9417079435
ਮੇਲ : jivansidhus@gmail.com

ਜਨਮ ਦਿਨ ਤੇ ਵਿਸ਼ੇਸ : ਨਿੱਕੀਆਂ ਜਿੰਦਾਂ ਵੱਡੇ ਸਾਕੇ  - ਸਾਹਿਬਜ਼ਾਦਾ ਜੋਰਾਵਰ ਸਿੰਘ ਜੀ - ਗੁਰਜੀਵਨ ਸਿੰਘ ਸਿੱਧੂ ਨਥਾਣਾ

ਸਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਦਾ ਜਨਮ 28 ਨਵੰਬਰ 1696 ਈ: ਨੂੰ ਦਸਮ ਪਿਤਾ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਘਰ ਮਾਤਾ ਜੀਤੋ ਜੀ ਦੀ ਕੁੱਖੋ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਇਆ। ਆਨੰਦਪੁਰ ਛੱਡਣ ਪਿੱਛੋਂ ਸਰਸਾ ਨਦੀ ਦੇ ਕੰਢੇ ਸ੍ਰੀ ਗੂਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਨੂੰ ਅਨੇਕਾਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ। ਮਾਤਾ ਸੁੰਦਰੀ ਜੀ (ਧਰਮ ਪਤਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ) ਭਾਈ ਦਿਆ ਸਿੰਘ ਦੀ ਹਿਫਾਜਤ ਵਿੱਚ ਦਿੱਲੀ ਜਾ ਪੁੱਜੇ । ਗੁਰੂ ਜੀ ਦੇ ਮਾਤਾ ਗੁਜਰੀ ਜੀ ਦੋਵੇਂ ਸਹਿਬਜ਼ਾਦਿਆਂ ਜੋਰਾਵਰ ਸਿੰਘ ਤੇ ਫਤਿਹ ਸਿੰਘ ਆਪਣੇ ਘਰੇਲੂ ਰਸੋਈਏ ਗੰਗੂ ਬ੍ਰਹਾਮਣ ਸਮੇਤ,ਬਾਕੀ ਸਿੰਘਾਂ ਨਾਲੋਂ ਨਿਖੜ ਗਏ । ਗੰਗੂ ਉਨ੍ਹਾਂ ਨੂੰ ਆਪਣੇ ਘਰ ਪਿੰਡ ਸਹੇੜੀ ਲੈ ਆਇਆ। ਇੱਥੇ ਉਸ ਦੀ ਨੀਅਤ ਬਦਲ ਗਈ। ਮਾਤਾ ਜੀ ਦੇ ਪਾਸ ਬਹੁਤ ਸਾਰੀ ਨਕਦੀ ਤੇ ਹੋਰ ਕੀਮਤੀ ਸਮਾਨ ਵੇਖ ਕੇ ਬੇਈਮਾਨ ਹੋ ਗਿਆ। ਇੰਨ੍ਹਾਂ ਨੂੰ ਫੜ੍ਹਾ ਕੇ ਸਰਹੰਦ ਦੇ ਸੂਬੇ ਪਾਸੋਂ ਇਨਾਮ ਅਤੇ ਸੋਹਰਤ ਲੈਣਾ ਚਾਹੁੰਦਾ ਸੀ। ਅਗਲੇ ਦਿਨ ਸੂਬੇ ਦੇ ਹੁਕਮ ਤੇ ਮੋਰਿੰਡਾ ਥਾਣੇ ਦੀ ਪੁਲਸ ਨੇ ਮਾਤਾ ਜੀ ਤੇ ਉਸ ਦੇ ਦੋਵੇਂ ਸਾਹਿਬਜ਼ਾਦੇ ਫੜ ਲਏ ਗਏ ਤੇ ਤਿੰਨਾਂ ਨੂੰ ਸਰਹੰਦ ਦੇ ਇੱਕ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ ਗਿਆ। ਵਜੀਦ ਖਾਂ ਸੂਬਾ ਸਰਹੰਦ ਨੇ ਆਪਣੇ ਧਰਮ ਦੇ ਮੁਲਾਣਿਆ ਦੀ ਇੱਕਤਰਤਾ ਕੀਤੀ ਅਤੇ ਇਨ੍ਹਾਂ ਤਿੰਨਾਂ ਨੂੰ ਸਜਾ ਦੇਣ ਬਾਰੇ ਰਾਇ ਪੁੱਛੀ। ਉਲਮਾਵਾਂ ਫੈਸਲਾ ਦਿੱਤਾ ਕਿ ਇਹ ਇਸਲਾਮ ਕਬੂਲ ਕਰ ਲੈਣ ਜਾਂ ਮੌਤ ਲਈ ਤਿਆਰ ਹੋ ਜਾਣ ।
ਨਵਾਬ ਮਲੇਰਕੋਟਲਾ ਵੀ ਇਸ ਸਭਾ ਵਿੱਚ ਹਾਜਰ ਸੀ,ਜਿਸ ਨੇ ਹਾਅ ਦਾ ਨਾਅਰਾ ਮਾਰਦਿਆਂ ਇਸ ਫੈਸਲੇ ਨਾਲ ਅਸਹਿਮਤੀ ਪ੍ਰਗਟ ਕੀਤੀ ਕਿ ਇੰਨ੍ਹਾਂ ਮਸ਼ੂਮ ਬੱਚਿਆਂ ਨੇ ਤੁਹਾਡਾ ਕੀ ਵਿਗਾੜਿਆ ਹੈ ਜੇ ਦੁਸ਼ਮਣੀ ਹੈ ਤਾਂ ਇਨ੍ਹਾਂ ਦੇ ਪਿਤਾ ਨਾਲ ਹੈ। ਉਸ ਨਾਲ ਜੋ ਮਰਜੀ ਸਲੂਕ ਕਰੋ ਪਰ ਬੱਚਿਆਂ ਤੇ ਇਹ ਜ਼ੁਲਮ ਨਹੀਂ ਢਾਹੁਣਾ ਚਾਹੀਦਾ। ਵਜੀਦ ਖਾਂ ਮਲੇਰਕੋਟਲੇ ਦੇ ਨਵਾਬ ਦੀ ਇਸ ਦਲੀਲ ਨਾਲ ਰਜ਼ਾਮੰਦ ਹੋ ਗਿਆ ਸੀ। ਇਸ ਪਿੱਛੋ ਸੂਬੇ ਦਾ ਵਫਾਦਾਰ ਹਿੰਦੂ ਵਜੀਰ ਸੁੱਚਾ ਨੰਦ ਬੋਲਿਆ ਕਿ ਨਵਾਬ ਸਾਹਿਬ ਜੀ ਤੁਸੀ ਇਹ ਭੁੱਲ ਰਹੇ ਹੋ ਕਿ ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ ਹੁੰਦੇ ਹਨ। ਦੁਸਮਣ ਦੇ ਪੁੱਤਰਾਂ ਤੇ ਤਰਸ ਕਰਕੇ ਛੱਡ ਦੇਣਾ ਕਿੱਥੋ ਦੀ ਸਿਆਣਪ ਹੈ? ਉਸ ਕਿਹਾ ਕਿ ਜੇਕਰ ਤੁਸੀ ਇਸ ਵੇਲੇ ਇੰਨ੍ਹਾਂ ਨਾਲ ਕੋਈ ਰਿਆਇਤ ਕੀਤੀ ਤਾਂ ਇਹ ਬਾਗੀ ਇੱਕਠੇ ਹੋ ਤੁਹਾਡਾ ਜੀਣਾ ਹਰਾਮ ਕਰ ਦੇਣਗੇ। ਸੁੱਚਾ ਨੰਦ ਦੀ ਇਸ ਸਲਾਹ ਦੀ ਕਾਜ਼ੀਆਂ ਨੇ ਵੀ ਹਾਮੀ ਭਰੀ ਤੇ ਮੌਤ ਜਾਂ ਇਸਲਾਮ ਕਬੂਲ ਕਰਨ ਲਈ ਦੋਵਾਂ ਚੋਂ ਇੱਕ ਦਾ ਫਤਵਾ ਸੁਣਾ ਦਿੱਤਾ। ਨਵਾਬ ਮਲੇਰਕੋਟਲਾ ਅਜਿਹੇ ਅਣਮਨੁੱਖੀ ਅਤੇ ਗੈਰ ਲੋਕਰਾਜ਼ੀ ਫਤਵੇ ਦੇ ਰੋਸ ਵਜੋਂ ਭਰੀ ਕਚਹਿਰੀ ਵਿੱਚੋਂ ਉੱਠ ਕੇ ਬਾਹਰ ਆ ਗਿਆ। ਉਸ ਵੇਲੇ ਸਾਹਿਬਜ਼ਾਦਾ ਜੋਰਾਵਰ ਸਿੰਘ ਜੀ ਸੱਤ ਸਾਲਾਂ ਦੇ ਸਨ । ਕਾਜ਼ੀਆਂ ਨੇ ਉਨ੍ਹਾਂ ਦੁਬਾਰਾ ਫਿਰ ਆਪਣੀ ਜਾਨ ਬਚਾੳੇਣ ਲਈ ਇਸਲਾਮ ਕਬੂਲਣ ਦੀ ਸਲਾਹ ਦਿੱਤੀ ਗਈ ਪਰ ਅੱਗੋ ਬੜੇ ਹੌਸਲੇ ਤੇ ਬੁਲੰਦ ਅਵਾਜ਼ ਆਈ ਕਿ ਮੌਤ ਨਾਲੋਂ ਸਾਨੂੰ ਧਰਮ ਪਿਆਰਾ ਹੈ ਅਤੇ ਉਨ੍ਹਾਂ ਕਿਹਾ ਕਿ ਉਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਹਨ ਜੋ ਮੌਤ ਤੋਂ ਨਹੀਂ ਡਰਦੇ। ਤੁਸੀ ਆਪਣਾ ਸਾਰਾ ਤਾਣ ਲਾ ਵੇਖੋ ਪਰ ਜਬਰ ਅੱਗੇ ਸਬਰ ਨੇ ਝੁਕਣਾ ਨਹੀਂ। ਉਨ੍ਹਾਂ ਸਾਹਮਣੇ ਕਾਜੀਆਂ ਦਾ ਫੈਸਲਾ ਰੱਖਿਆ ਗਿਆ ਪਰ ਸੇਰ ਦਿਲ ਗੁਰੂ ਪੁੱਤਰਾਂ ਨੇ ਇਸਲਾਮ ਦੇ ਮੁਕਾਬਲੇ ਮੌਤ ਲਾੜੀ ਨੂੰ ਪਹਿਲ ਦਿੱਤੀ। ਕਿੰਨੀ ਅਣਹੋਣੀ ਗੱਲ ਹੈ ਕਿ ਮਾਸ਼ੂਮ ਤੇ ਬੇਕਸੂਰ ਬੱਚਿਆਂ ਨੂੰ ਮੌਤ ਦੀ ਸਜਾ ਦੇਣੀ ਸਗੋਂ ਉਹ ਵੀ ਦੀਵਾਰ ਵਿੱਚ ਚਿਣ ਕੇ ਬੇਰਹਿਮੀ ਨਾਲ ਸ਼ਹੀਦ ਕਰ ਦੇਣਾ। ਆਖਰ ਦੋਵਾਂ ਸਹਿਬਜ਼ਾਦਿਆ ਨੂੰ ਸ਼ਹੀਦ ਕਰ ਦਿੱਤਾ ਗਿਆ। ਇਨ੍ਹਾਂ ਦੋਨਾਂ ਮਾਸੂਮ ਜਿੰਦੜੀਆਂ ਨੂੰ ਸ਼ਹੀਦ ਕਰਕੇ ਹਕਮੂਤ ਨੇ ਸਮਝਿਆ ਕਿ ਬਹੁਤ ਵੱਡੀ ਮੱਲ ਮਾਰ ਲਈ ਹੈ। ਇਸ ਤੋਂ ਕੁਝ ਅਰਸੇ  ਪਿਛੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਤੇ ਹਮਲਾ ਕਰਕੇ ਸਹਿਰ ਦੀ ਇੱਟ ਨਾਲ ਇੱਟ ਖੜਕਾ ਦਿੱਤੀ। ਮਾਸੂਮਾਂ ਦੀ ਮੌਤ ਦੇ ਅਸਲ ਮੁਜ਼ਰਮਾਂ ਵਜੀਦ ਖਾਂ ਤੇ ਸੁੱਚਾ ਨੰਦ ਤੋਂ ਗਿਣ ਗਿਣ ਕੇ ਬਦਲੇ ਲਏ ਗਏ।
                              ਲੇਖਕ
                           ਗੁਰਜੀਵਨ ਸਿੰਘ ਸਿੱਧੂ ਨਥਾਣਾ                           
                           ਪਿੰਡ ਨਥਾਣਾ, ਜਿਲ੍ਹਾ ਬਠਿੰਡਾ
                           ਪੰਜਾਬ: 151102
                           ਮੋਬਾਇਲ: 9417079435
                           ਮੇਲ : jivansidhus@gmail.com

16 ਨਵੰਬਰ ਤੇ ਵਿਸ਼ੇਸ਼ - 'ਗਦਰ' ਲਹਿਰ ਦਾ ਛੋਟੀ ਉਮਰੇ ਵੱਡਾ ਜਰਨੈਲ ਕਰਤਾਰ ਸਿੰਘ ਸਰਾਭਾ - ਗੁਰਜੀਵਨ ਸਿੰਘ ਸਿੱਧੂ ਨਥਾਣਾ    

ਕਰਤਾਰ ਸਿੰਘ ਸਰਾਭਾ ਦੇਸ਼ ਦੇ ਇੱਕ ਉੱਘੇ ਅਜ਼ਾਦੀ ਘੁਲਾਟੀਏ ਅਤੇ ਇਨਕਲਾਬੀ 'ਗਦਰ' ਪਾਰਟੀ ਦੇ ਸਰਗਰਮ ਆਗੂ ਸਨ। ਕਰਤਾਰ ਸਿੰਘ ਸਰਾਭੇ ਦਾ ਜਨਮ 24 ਮਈ 1896 'ਚ ਪੰਜਾਬ ਦੇ ਲੁਧਿਆਣਾ ਜ਼ਿਲ੍ਹਾ, ਪਿੰਡ ਸਰਾਭਾ ਵਿੱਚ ਸ੍ਰ: ਮੰਗਲ ਸਿੰਘ ਦੇ ਘਰ ਮਾਤਾ ਸਾਹਿਬ ਕੌਰ ਦੀ ਕੁੱਖੋਂ ਹੋਇਆ। ਕਰਤਾਰ ਸਿੰਘ ਨੂੰ ਛੋਟੀ ਉਮਰੇ ਹੀ ਮਾਂ-ਪਿਓ ਦੀ ਮੌਤ ਦੇ ਵਿਛੋੜੇ ਦਾ ਸੱਲ੍ਹ ਚੱਲਣਾ ਪਿਆ ਸੀ ਤੇ ਉਸਦਾ ਪਾਲਣ-ਪੋਸ਼ਣ ਉਸਦੇ ਦਾਦਾ ਬਚਨ ਸਿੰਘ ਨੇ ਕੀਤਾ,ਜੋ ਕਰਤਾਰ ਸਿੰਘ ਨੂੰ ਬੇਹੱਦ ਪਿਆਰ ਕਰਦਾ ਸੀ। ਕਰਤਾਰ ਸਿੰਘ ਦੀ ਇੱਕ ਭੈਣ ਵੀ ਸੀ ਜਿਸ ਦਾ ਨਾਂਅ ਧੰਨ ਕੌਰ ਸੀ। ਸਰਾਭੇ ਦਾ ਦਾਦਾ ਬਚਨ ਸਿੰਘ ਉਸਨੂੰ ਖੇਤੀਬਾੜੀ ਦੇ ਕੰਮ ਵਿਚ ਨਹੀਂ ਸੀ ਪਾਉਣਾ ਚਾਹੁੰਦਾ,ਉਸਦੀ ਇੱਛਾ ਸੀ ਕਿ ਕਰਤਾਰ ਸਿੰਘ ਉੱਚ ਵਿੱਦਿਆ ਪ੍ਰਾਪਤ ਕਰਕੇ ਵੱਡਾ ਅਫਸਰ ਬਣੇ ਅਤੇ ਖਾਨਦਾਨ ਦਾ ਨਾਮ ਰੌਸ਼ਨ ਕਰੇ। ਕਰਤਾਰ ਸਿੰਘ ਨੂੰ ਮੁਢਲੀ ਪੜ੍ਹਾਈ ਲਈ ਪਿੰਡ ਦੇ ਹੀ ਪ੍ਰਾਇਮਰੀ ਸਕੂਲ ਵਿੱਚ ਪੜ੍ਹਨੇ ਪਾਇਆ ਤੇ ਅੱਗੇ ਉਹ ਨੇੜਲੇ ਪਿੰਡ ਗੁਜ਼ਰਵਾਲ ਦੇ ਸਕੂਲ 'ਚ ਪੜਿਆ। ਅਗਲੀ ਪੜ੍ਹਾਈ ਲਈ ਉਸਨੇ ਮਾਲਵਾ ਖਾਲਸਾ ਹਾਈ ਸਕੂਲ ਲੁਧਿਆਣਾ ਵਿਚ ਦਾਖਲਾ ਲਿਆ। ਕਰਾਤਰ ਸਿੰਘ ਪੜ੍ਹਾਈ ਵਿਚ ਹੁਸ਼ਿਆਰ,ਤੇਜ਼ ਤਰਾਰ ਤੇ ਹੱਸਮੁੱਖ ਸੁਭਾਅ ਦਾ ਹੋਣ ਕਰਕੇ ਆਪਣੇ ਸਕੂਲ ਦੇ ਸਾਥੀਆਂ ਵਿਚ ਆਗੂ ਵਜੋਂ ਜਾਣਿਆ ਜਾਣ ਲੱਗ ਪਿਆ ਸੀ। ਉਸ ਵਿਚ ਸ਼ੁਰੂ ਤੋਂ ਹੀ ਲੀਡਰਸ਼ਿਪ ਦੇ ਗੁਣ ਸਨ ਤੇ ਕਈ ਵਾਰ ਤਾਂ ਉਸਦੇ ਸਾਥੀ ਉਸਨੂੰ ਪਿਆਰ ਨਾਲ 'ਉੱਡਣਾ ਸੱਪ' ਕਹਿਕੇ ਵੀ ਬਲਾਉਂਦੇ ਸਨ। ਇਸ ਪਿਛੋਂ ਉਹ ਉਚੇਰੀ ਪੜ੍ਹਾਈ ਲਈ ਆਪਣੇ ਚਾਚੇ ਕੋਲ ਉੜੀਸਾ ਦੇ ਕਟਕ ਸ਼ਹਿਰ ਚਲਿਆ ਗਿਆ,ਜਿਥੇ ਉਸਦਾ ਚਾਚਾ ਡਾਕਟਰ ਵਜੋਂ ਕੰਮ ਕਰਦਾ ਸੀ। ਇਥੇ ਉਸਨੇ ਅੰਗਰੇਜ਼ੀ ਭਾਸ਼ਾ ਲਿਖਣੀ ਤੇ ਬੋਲਣੀ ਵੀ ਸਿੱਖ ਲਈ ਸੀ। ਸਰਾਭਾ ਸਕੂਲੀ ਕਿਤਾਬਾਂ ਤੋਂ ਇਲਾਵਾ ਹੋਰ ਸਾਹਿਤ ਪੜਨ ਵਿਚ ਦਿਲਚਸਪੀ ਰੱਖਦਾ ਸੀ,ਇਸ ਲਈ ਉਸ ਤੇ ਰਾਜਨੀਤਿਕ ਜਾਗ੍ਰਤੀ ਦਾ ਪ੍ਰਭਾਵ ਪੈਣਾ ਸ਼ੁਰੂ ਹੋ ਗਿਆ ਸੀ ਤੇ ਉਸਦੇ ਅੰਦਰ ਦੇਸ਼ ਪ੍ਰੇਮ ਦੀ ਸੇਵਾ ਭਾਵਨਾ ਵੀ ਜਾਗਣੀ ਸ਼ੁਰੂ ਹੋ ਗਈ ਸੀ। ਕਰਤਾਰ ਸਿੰਘ ਨੇ ਆਪਣੇ ਦਾਦਾ ਜੀ ਦੀ ਸਲਾਹ ਨਾਲ ਅਮਰੀਕਾ ਦੀ ਬਰਕਲੇ ਯੂਨੀਵਰਸਿਟੀ ਵਿਚ ਰਸਾਇਣ ਵਿਗਿਆਨ ਦੀ ਪੜ੍ਹਾਈ ਲਈ ਫੈਸਲਾ ਕਰ ਲਿਆ ਅਤੇ 1912 ਵਿਚ ਅਮਰੀਕਾ ਪਹੁੰਚ ਗਿਆ,ਜਿਥੇ ਉਸਨੂੰ ਇਕ ਸਪੈਸ਼ਲ ਪੜਤਾਲੀਆਂ ਬੋਰਡ ਦੇ ਸਖਤ ਸੁਵਾਲਾਂ ਦੇ ਜਵਾਬ ਦੇਣੇ ਪਏ ਤਾਂ ਕਿਤੇ ਜਾ ਕੇ ਅੱਗੇ ਅਮਰੀਕਾ ਵਿਚ ਜਾਣ ਦੀ ਅਗਿਆ ਮਿਲੀ। ਇੰਨ੍ਹੀ ਸਖਤੀ ਵਰਤੇ ਜਾਣ ਦਾ ਕਾਰਨ ਜਦੋਂ ਸਰਾਭੇ ਨੇ ਆਪਣੇ ਇਕ ਨੇੜਲੇ ਮੁਸਾਫਰ ਨੂੰ ਪੁੱਛਿਆ ਤਾਂ ਉਸਨੇ ਦੱਸਿਆ ਕਿ ਤੁਸੀਂ ਇਕ ਗੁਲਾਮ ਦੇਸ਼ ਦੇ ਵਾਸੀ ਹੋ,ਇਸ ਕਰਕੇ ਤੁਹਾਡੇ ਨਾਲ ਜਿਆਦਾ ਸਖਤੀ ਵਰਤੀ ਗਈ ਹੈ। ਕਰਤਾਰ ਸਿੰਘ ਸਰਾਭਾ ਨੂੰ ਇਸ 'ਗੁਲਾਮ ਦੇਸ਼' ਵਾਲੀ ਗੱਲ ਨੇ ਅੰਦਰੋਂ ਹਲੂੰਣ ਦਿੱਤਾ। ਅਮਰੀਕਾ ਵਿਚ ਕਰਤਾਰ ਸਿੰਘ ਜਿਸ ਘਰ ਵਿਚ ਕਿਰਾਏ ਤੇ ਰਹਿ ਰਿਹਾ ਸੀ,ਉਸ ਘਰ ਦੀ ਮਾਲਕਨ ਵੱਲੋਂ ਅਮਰੀਕਾ ਦੀ ਆਜ਼ਾਦੀ ਦਿਹਾੜੇ ਨੂੰ ਮਨਾਉਣ ਲਈ ਕੁਝ ਤਸਵੀਰਾਂ ਤੇ ਬੜੀ ਸ਼ਰਧਾ ਨਾਲ ਫੁੱਲਾਂ ਦੇ ਹਾਰ ਪਾਏ ਜਾ ਰਹੇ ਸਨ ਤਾਂ ਸਰਾਭੇ ਨੇ ਇਹ ਸਭ ਕੁਝ ਜਾਣਨਾ ਚਾਹਿਆ ਤਾਂ ਉਸ ਔਰਤ ਨੇ ਦੱਸਿਆ ਕਿ ਇੰਨ੍ਹਾਂ ਮਹਾਨ ਵਿਅਕਤੀਆਂ ਨੇ ਅਮਰੀਕਾ ਨੂੰ ਗੁਲਾਮੀ ਦੀਆਂ ਜ਼ਜੀਰਾਂ ਤੋਂ ਮੁਕਤ ਕਰਵਾਇਆ ਹੈ। ਸਰਾਭਾ ਇਹ ਸੁਣ ਕੇ ਬੜਾ ਹੀ ਉਦਾਸ ਹੋਇਆ ਕਿ ਇਹੋ ਜਿਹਾ ਕਰਮਾ ਵਾਲਾ ਦਿਨ ਸਾਡੇ ਹਿਦੋਸਤਾਨੀਆਂ ਦੇ ਹਿੱਸੇ ਕਦੋਂ ਆਵੇਗਾ। ਅਮਰੀਕਾ ਦੀ ਯੂਨੀਵਰਸਿਟੀ ਵਿੱਚ ਸਰਾਭੇ ਨੇ ਪੜ੍ਹਾਈ ਸ਼ੁਰੂ ਕਰ ਦਿੱਤੀ। ਯੂਨੀਵਰਸਿਟੀ ਵਿੱਚ ਕਾਫੀ ਗਿਣਤੀ 'ਚ ਭਾਰਤੀ ਵਿਦਿਆਰਥੀ ਪੜ੍ਹ ਰਹੇ ਸਨ,ਜਿੰਨ੍ਹਾਂ ਵਿੱਚ ਜਿਆਦਾ ਪੰਜਾਬੀ ਤੇ ਬੰਗਾਲੀ ਸਨ। ਪੰਜਾਬੀ ਇੱਕ ਵੱਖਰੇ ਹੋਸਟਲ ਵਿਚ ਅਤੇ ਬੰਂਗਾਲੀ ਤੇ ਮਦਰਾਸੀ ਆਦਿ ਸੂਬਿਆਂ ਦੇ ਵਿਦਿਆਰਥੀ ਇਕ ਹੋਸਟਲ ਵਿਚ ਰਹਿੰਦੇ ਸਨ ਪਰ ਭਾਰਤੀ ਹੋਣ ਕਰਕੇ ਉਹ ਸਾਰੇ ਆਪਸ ਵਿਚ ਇੱਕ ਦੂਜੇ ਨਾਲ ਭਰਾਵਾਂ ਵਾਂਗ ਹੀ ਵਿਚਰਦੇ ਸਨ। ਇੰਨ੍ਹਾਂ ਵਿਦਿਆਰਥੀਆਂ ਵਿਚ ਗਦਰ ਦੀ ਲਹਿਰ ਪੈਦਾ ਕਰਨ ਲਈ ਲਾਲਾ ਹਰਦਿਆਲ ਤੇ ਇੱਕ ਬੰਗਾਲੀ ਇਨਕਲਾਬੀ ਨੇ ਜ਼ੋਸ ਭਰਨਾ ਸ਼ੁਰੂ ਕਰ ਦਿੱਤਾ। ਚੇਤੰਨ ਬੁੱਧੀ ਹੋਣ ਕਰਕੇ ਸਰਾਭੇ ਦੀ ਵਿਦਿਆਰਥੀਆਂ ਵਿਚ ਹਰ ਗੱਲ ਮੰਨੀ ਜਾਂਦੀ ਸੀ ਤੇ ਉਹ ਇਨਕਲਾਬੀ ਵਿਦਿਆਰਥੀਆਂ ਦਾ ਆਗੂ ਬਣ ਗਿਆ। ਵੱਖ-ਵੱਖ ਸ਼ਹਿਰਾਂ ਵਿੱਚ ਭਾਰਤੀਆਂ ਦੀਆਂ ਜਥੇਬੰਦੀਆਂ ਬਣਨ ਲੱਗੀਆ। 21 ਅਪ੍ਰੈਲ 1913 ਨੂੰ ਵੱਖਵੱਖ ਥਾਵਾਂ ਦੀਆਂ ਜਥੇਬੰਦੀਆਂ ਦੇ ਸਰਗਰਮ ਆਗੂਆਂ ਦੀ ਇਕ ਮੀਟਿੰਗ ਹੋਈ। ਇਸ ਮੀਟਿੰਗ ਦੌਰਾਨ ਕਰਤਾਰ ਸਿੰਘ ਸਰਾਭੇ ਨੇ ਆਪਣਾ ਨਾਤਾ ਪੱਕੇ ਤੌਰ ਤੇ 'ਗਦਰ' ਲਹਿਰ ਨਾਲ ਜੋੜ ਲਿਆ ਅਤੇ ਦੇਸ਼ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਤੋਂ ਮੁਕਤ ਕਰਵਾਉਣ ਲਈ ਆਪਣੀ ਜਾਨ ਕੁਰਬਾਨ ਕਰਨ ਦਾ ਵੀ ਨਿਰਣਾ ਕਰ ਲਿਆ। ਕੁਝ ਲਿਖਤਾਂ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਸਰਾਭੇ ਨੇ ਹਵਾਈ ਜਹਾਜ ਉਡਾਉਣ ਅਤੇ ਮੁਰੰਮਤ ਕਰਨ ਦੀ ਸਿਖਲਾਈ ਜਰਮਨ ਦੀ ਇਕ ਕੰਪਨੀ ਤੋਂ ਲਈ ਸੀ। ਪਾਰਟੀ ਦਾ ਮੁੱਖ ਦਫਤਰ ਸਾਫਰਾਂਸਿਸਕੋ ਵਿਚ ਸਥਾਪਿਤ ਕੀਤਾ ਹੋਇਆ ਸੀ। ਆਜ਼ਾਦੀ ਦੀ ਲੜਾਈ ਦੇ ਪ੍ਰਚਾਰ ਲਈ ਇੱਕ 'ਗਦਰ' ਨਾਂਅ ਦਾ ਹਫਤਾਵਰੀ ਅਖਬਾਰ ਛਾਪਣ ਦਾ ਫੈਸਲਾ ਕੀਤਾ ਗਿਆ। ਸਰਾਭੇ ਨੇ 'ਗਦਰ' ਅਖਬਾਰ ਦੀ ਪ੍ਰਕਾਸ਼ਨਾਂ ਸ਼ੁਰੂ ਕਰਵਾਉਣ ਵਿਚ ਵੀ ਅਹਿਮ ਰੋਲ ਨਿਭਾਇਆ ਸੀ। ਇਸ ਅਖਬਾਰ ਨੇ ਦੇਸ਼ਾਂ-ਵਿਦੇਸ਼ਾਂ ਵਿਚ ਵਸਦੇ ਭਾਰਤੀਆਂ ਦੇ ਦਿਲਾਂ ਵਿਚ ਆਜ਼ਾਦੀ ਦਾ ਮਹੱਤਵ ਅਤੇ ਕੁਰਬਾਨੀਆਂ ਦੇਣ ਲਈ ਉਭਾਰਿਆ। ਸਰਾਭੇ ਨੇ 'ਗਦਰ' ਅਖਬਾਰ ਦੀ ਸੰਪਾਦਕੀ ਤੇ ਪੱਤਰਕਾਰੀ ਤੋਂ ਇਲਾਵਾ ਕਵਿਤਾਵਾਂ ਵੀ ਲਿਖੀਆਂ ਜੋ ਹਿਦੋਸਤਾਨੀਆਂ ਵਿਚ ਆਜ਼ਾਦੀ ਲਈ ਜ਼ੋਸ ਪੈਦਾ ਕਰਦੀਆਂ ਸਨ:
ਜੇ ਕੋਈ ਪੂਛੇ ਕਿ ਕੌਨ ਹੋ ਤੁਮ,ਤੇ ਕਹਿ ਦੋ ਬਾਗੀ ਹੈ ਨਾਮ ਮੇਰਾ,
ਜ਼ੁਲਮ ਮਿਟਾਨਾ ਹਮਾਰਾ ਪੇਸ਼ਾ,ਗਦਰ ਕਰਨਾ ਹੈ ਕਾਮ ਅਪਨਾ।
ਨਮਜ ਸੰਧਿਆ ਯਹੀ ਹਮਾਰੀ,ਔਰ ਪਾਠ ਪੂਜਾ ਸਭੀ ਯਹੀ ਹੈ,
ਧਰਮ ਕਰਮ ਸਭ ਯਹੀ ਹੈ ਹਮਾਰਾ,ਯਹੀ ਖੁਦਾ ਔਰ ਰਾਮ ਅਪਨਾ।
ਸਰਾਭੇ ਨੂੰ ਉਸਦੀ ਕਾਬਲੀਅਤ ਤੇ ਨਿਡਰਤਾ ਨੇ ਆਪ ਤੋਂ ਵੱਡੀ ਉਮਰ ਦੇ ਗਦਰੀ ਆਗੂਆਂ ਨਾਲੋਂ ਛੋਟੀ ਉਮਰੇ ਹੀ ਗਦਰ ਪਾਰਟੀ ਦਾ ਨਿਧੱੜਕ ਜਰਨੈਲ ਬਣਾ ਦਿੱਤਾ ਸੀ। ਉਸਦੀ ਦਲੇਰੀ ਦੀਆਂ ਕਈ ਅਜਿਹੀਆਂ ਘਟਨਾਵਾਂ ਵੀ ਮਿਲਦੀਆਂ ਹਨ ,ਜਦ ਉਹ ਪੁਲਸ ਦੇ ਸਾਹਮਣੇ ਆਉਣ ਤੇ ਵੀ ਉਹ ਆਪਣੀ ਹੁਸ਼ਿਆਰੀ ਨਾਲ ਪੁਲਸ ਨੂੰ ਸਹਿਜ਼ੇ ਹੀ ਪਤਾ ਨਹੀਂ ਲਗਣ ਦਿੰਦਾ ਸੀ ਕਿ ਉਹ ਕਰਤਾਰ ਸਿੰਘ ਸਰਾਭਾ ਹੈ। ਸਰਾਭੇ ਦਾ ਭਾਸ਼ਣ ਇੰਨ੍ਹਾਂ ਜ਼ੋਸੀਲਾ ਅਤੇ ਉਤਸ਼ਾਹ ਭਰਪੂਰ ਹੁੰਦਾ ਸੀ ਕਿ ਉਸਨੂੰ ਸੁਣਨ ਵਾਲੇ ਮੌਤੋਂ ਤੋਂ ਬੇਪ੍ਰਵਾਹ ਹੋ ਜਾਂਦੇ ਸਨ। ਸਰਾਭੇ ਵਿਚ ਇਹ ਖਾਸੀਅਤ ਸੀ ਕਿ  ਉਹ ਆਪਣੇ ਸੰਗੀ ਸਾਥੀਆਂ ਦੀਆਂ ਲੋੜਾਂ,ਮਸ਼ਕਲਾਂ ਅਤੇ ਖੁਸ਼ੀਆਂ ਦਾ ਵੀ ਬਹੁਤ ਖਿਆਲ ਰੱਖਦਾ ਸੀ। ਬਾਬਾ ਸੋਹਣ ਸਿੰਘ ਭਕਨਾ,ਸਰਾਭੇ ਦੀ ਛੋਟੀ ਉਮਰੇ ਹੋਣ ਤੇ ਉਸਦੀ ਕਾਬਲੀਅਤ ਨੂੰ ਵੇਖਦਿਆਂ ਮਾਣ ਵਜੋਂ ਗਦਰ ਪਾਰਟੀ ਦਾ ਜਰਨੈਲ ਕਹਿ ਕੇ ਬੁਲਾਉਂਦੇ ਸਨ। 'ਗਦਰ' ਲਹਿਰ ਵਿਚ ਸਰਾਭੇ ਦੀ ਜਿਸ ਕੰਮ ਲਈ ਡਿਊਟੀ ਲਾਈ ਜਾਂਦੀ ਸੀ ਉਥੇ ਉਹ ਤਨਦੇਹੀ ਨਾਲ ਆਪਣਾ ਕੰਮ ਨੇਪਰੇ ਚੜਾਉਣ ਵਿਚ ਸਫਲ ਹੁੰਦਾ ਸੀ। ਜਿਸ ਕਾਰਨ ਅੰਗਰੇਜ਼ ਹਕੂਮਤ ਸਰਾਭੇ ਨੂੰ ਹੀ ਸਭ ਤੋਂ ਖਤਰਨਾਕ ਕ੍ਰਾਂਤੀਕਾਰੀ ਸਮਝਣ ਲੱਗ ਪਈ ਸੀ। ਸਰਾਭਾ 'ਗਦਰ' ਲਹਿਰ ਲਈ ਮਨੁੱਖੀ ਜਾਮੇ ਵਿਚ ਇਕ ਮਸ਼ੀਨ ਦੀ ਤਰ੍ਹਾਂ ਕੰਮ ਕਰਦਾ ਸੀ।  19 ਫਰਵਰੀ 1915 ਨੂੰ ਬਹੁਤ ਸਾਰੇ ਕ੍ਰਾਂਤੀਕਾਰੀ ਉਸ ਸਮੇਂ ਦੀ ਸਰਕਾਰ ਨੇ ਗ੍ਰਿਫਤਾਰ ਕਰ ਲਏ ਸਨ,ਜਿੰਨ੍ਹਾਂ ਵਿਚ ਕਰਤਾਰ ਸਿੰਘ ਸਰਾਭਾ ਵੀ ਸ਼ਾਮਿਲ ਸੀ। ਮੁਕੱਦਮਾ ਚਲਦਿਆਂ ਕੁਝ ਕ੍ਰਾਂਤੀਕਾਰੀਆਂ ਨੂੰ ਕਾਲੇ ਪਾਣੀ ਦੀਆਂ ਸਜਾਵਾਂ ਦਿੱਤੀਆਂ ਗਈਆਂ।  13 ਸਤੰਬਰ 1915 ਨੂੰ ਮੁਕੱਦਮੇ ਦਾ ਫੈਸਲਾ ਸੁਣਾਕੇ ਕਰਤਾਰ ਸਿੰਘ ਸਰਾਭਾ ਤੇ ਉਸਦੇ ਛੇ ਹੋਰ ਸਾਥੀਆਂ ਨੂੰ ਫਾਂਸ਼ੀ ਦੀ ਸਜਾ ਸੁਣਾ ਦਿੱਤੀ ਗਈ ਅਤੇ 16 ਨਵੰਬਰ 1915 ਵਿਚ ਲਾਹੌਰ ਦੀ ਜ਼ੇਲ੍ਹ 'ਚ ਫਾਸ਼ੀ ਲਗਾਕੇ ਸ਼ਹੀਦ ਕਰ ਦਿੱਤਾ ਗਿਆ। ਉਸ ਸਮੇਂ ਕਰਤਾਰ ਸਿੰਘ ਸਰਾਭੇ ਦੀ ਉਮਰ 19 ਸਾਲ ਦੀ ਸੀ।  ਕਰਤਾਰ ਸਿੰਘ ਸਰਾਭਾ ਆਪਣੀ ਛੋਟੀ ਉਮਰੇ ਦੇਸ਼ ਦੀ ਆਜ਼ਾਦੀ ਲਈ ਦਲੇਰਾਨਾ ਵੱਡੇ ਕਦਮ ਪੁੱਟਦਿਆਂ 'ਗਦਰ' ਲਹਿਰ ਦੇ ਇੱਕ ਸੱਚੇ-ਸੁੱਚੇ ਮਹਾਨ ਜਰਨੈਲ ਬਣੇ। ਸ਼ਹੀਦੇ ਆਜ਼ਮ ਸ੍ਰ: ਭਗਤ ਸਿੰਘ ਵੀ ਸਰਾਭਾ ਨੂੰ ਆਪਣਾ ਆਦਰਸ਼ ਮੰਨਦਾ ਸੀ ਤੇ ਉਨ੍ਹਾਂ ਦੀ ਤਸਵੀਰ ਹਰ ਸਮੇਂ ਆਪਣੀ ਜੇਬ ਵਿਚ ਰੱਖਦਾ ਸੀ ਅਤੇ ਸਰਾਭੇ ਵੱਲੋਂ ਲਿਖੀਆਂ ਸਤਰਾਂ:
ਸੇਵਾ ਦੇਸ਼ ਦੀ ਜ਼ਿੰਦੜੀਏ ਬਹੁਤ ਔਖੀ,
ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ।
ਜਿੰਨ੍ਹਾਂ ਦੇਸ਼ ਸੇਵਾ ਵਿਚ ਪੈਰ ਪਾਇਆ,
ਉਨ੍ਹਾਂ ਲੱਖ ਮੁਸ਼ੀਬਤਾਂ ਝੱਲੀਆਂ ਨੇ।
ਸ਼ਹੀਦੇ-ਆਜ਼ਮ ਸ੍ਰ: ਭਗਤ ਸਿੰਘ ਹਮੇਸ਼ਾ ਗੁਣਗਾਉਂਣਾਦਾ ਰਹਿੰਦਾ ਸੀ।    
                                         
                                          ਲੇਖਕ
                            ਗੁਰਜੀਵਨ ਸਿੰਘ ਸਿੱਧੂ ਨਥਾਣਾ                           
                            ਪਿੰਡ ਨਥਾਣਾ, ਜਿਲ੍ਹਾ ਬਠਿੰਡਾ
                            ਪੰਜਾਬ: 151102
                            ਮੋਬਾਇਲ: 9417079435
                            ਮੇਲ : jivansidhus@gmail.com

ਸੀਸ਼ੇ ਦੇ ਚਮਕਦੇ ਸੋਅ ਕੇਸਾਂ ਵਿਚ ਤਿਉਹਾਰਾਂ ਤੇ ਵੇਚਿਆ ਜਾਂਦਾ ਮਿੱਠਾ ਜ਼ਹਿਰ - ਗੁਰਜੀਵਨ ਸਿੰਘ ਸਿੱਧੂ ਨਥਾਣਾ

ਕੁਝ ਦਹਾਕੇ ਪਹਿਲਾ ਦੀ ਗੱਲ ਹੈ ਕਿ ਤਿਉਹਾਰਾਂ ਦਾ ਇੰਤਜ਼ਾਰ ਬੜੀ ਬੇਸ਼ਬਰੀ ਨਾਲ ਕੀਤਾ ਜਾਂਦਾ ਸੀ। ਜਦ ਤਿਉਹਾਰ ਵਿੱਚ ਚਾਰ-ਪੰਜ ਦਿਨ ਰਹਿ ਜਾਂਦੇ ਤਾਂ ਪਿਤਾ ਨਾਲ ਸ਼ਹਿਰ ਜਾਣ ਦਾ ਚਾਅ ਵੀ ਵੱਖਰਾ ਹੁੰਦਾ ਸੀ,ਕਿਉਂਕਿ ਉਸ ਸਮੇਂ ਜੁਵਾਕਾਂ ਨੂੰ ਸ਼ਹਿਰ ਜਾਣ ਦਾ ਮੌਕਾ ਤਿੱਥ-ਤਿਉਹਾਰਾਂ ਤੇ ਹੀ ਮਿਲਦਾ ਸੀ। ਫਿਰ ਸ਼ਹਿਰ ਜਾ ਕੇ ਹੋਟਲ ਤੇ ਚਾਹ ਨਾਲ ਮਠਿਆਈ ਖਾ ਕੇ ਦਿਲ ਬੜਾ ਖੁਸ਼ ਹੁੰਦਾ ਸੀ ਪਰ ਹੁਣ ਨਾ ਤਾਂ ਕਿਸੇ ਬੱਚੇ ਨੂੰ ਤਿਉਹਾਰ ਦਾ ਸ਼ੌਂਕ ਹੈ ਅਤੇ ਨਾ ਹੀ ਆਪਣੇ ਪਿਤਾ ਨਾਲ ਸ਼ਹਿਰ ਜਾ ਕੇ ਨਵੇਂ ਨਵੇਂ ਪਕਵਾਨ ਖਾਣ ਦਾ। ਬੱਸ ਹੁਣ ਤਾਂ ਤਿਉਹਾਰਾਂ ਮੌਕੇ ਬੱਚਿਆਂ ਨੂੰ ਨਵੇਂ ਮੋਬਾਇਲ ਜਾਂ ਫਿਰ ਹੋਰ ਵੱਡੇ ਵੱਡੇ ਤੋਹਫੇ ਦੇਣ ਦਾ ਰਿਵਾਜ਼ ਹੀ ਚੱਲ ਪਿਆ ਹੈ। ਕੋਈ ਵਕਤ ਸੀ ਜਦੋਂ ਤਿਹਾਉਰਾਂ ਦੇ ਨੇੜੇ ਆਉਦਿਆਂ ਹੀ ਤਰਾਂ-ਤਰਾਂ ਦੀਆਂ ਮਠਿਆਈਆਂ ਤੇ ਹੋਰ ਪਕਵਾਨ ਖਾਣ ਨੂੰ ਮਨ ਲਲਚਾ ਜਾਂਦਾ ਸੀ। ਘਰਾਂ ਵਿੱਚ ਸੁਆਣੀਆਂ ਬੱਚਿਆਂ ਤੇ ਹੋਰ ਪਰਿਵਾਰਿਕ ਮੈਂਬਰਾਂ ਦੀਆਂ ਲੋੜਾਂ ਅਨੁਸਾਰ ਕਈ ਕਿਸ਼ਮ ਦੇ ਦੁੱਧ,ਬਾਜ਼ਰੇ,ਮੱਕੀ ਆਦਿ ਦੇ ਖਾਣ ਪਦਾਰਥ ਤਿਆਰ ਕਰ ਲੈਂਦੀਆਂ ਸਨ ਜੋ ਸਵਾਦ ਅਤੇ ਪੌਸ਼ਟਿਕਤਾ ਦੇ ਪੱਖ ਤੋਂ ਉਤਮ ਦਰਜੇ ਦੇ ਹੁੰਦੇ ਸਨ। ਘਰਾਂ ਚ ਬਣਦੀ ਖੀਰ,ਮਾਲ ਪੂੜੇ, ਕੜਾਹ,ਲੋਹੜੀ ਵੇਲੇ ਮੱਕੀ ਬਾਜਰੇ,ਕਣਕ ਦੇ ਭੂਤ ਪਿੰਨੇ ਯਾਦ ਕਰਕੇ ਅੱਜ ਵੀ ਮੂੰਹ ਸੁਆਦ ਨਾਲ ਭਰ ਜਾਂਦਾ ਹੈ ਅਤੇ ਰੂਹ ਤ੍ਰਿਪਤ ਹੋ ਜਾਂਦੀ ਹੈ ਪਰ ਅੱਜਕੱਲ ਦੀ ਨੌਜਵਾਨਾਂ ਪੀੜੀ ਨੇ ਹੋ ਸਕਦਾ ਇੰਨ੍ਹਾਂ ਸੁਆਦਲੇ ਤੇ ਗੁਣ ਭਰਪੂਰ ਪਦਾਰਥਾਂ ਦੇ ਨਾਅ ਹੀ ਨਹੀਂ ਸੁਣੇ ਹੋਣਗੇ, ਇਨ੍ਹਾਂ ਦਾ ਸੁਆਦ ਚੱਖਣਾ ਤਾਂ ਦੂਰ ਦੀ ਗੱਲ ਹੈ। ਹੋਰ ਤਾਂ ਹੋਰ ਉਸ ਸਮੇਂ ਬਜ਼ਾਰਾਂ ਵਿੱਚ ਵਿਕਣ ਵਾਲੀਆਂ ਮਠਿਆਈਆਂ ਵੀ ਅੱਜ ਜਿੰਨੀਆਂ ਮਿਲਾਵਟੀ ਨਹੀਂ ਸੀ ਹੁੰਦੀਆਂ। ਉਸ ਸਮੇਂ ਮਨੁੱਖੀ ਸਰੀਰ ਨਾਲ ਧੋਖਾ ਕਰਨ ਤੋਂ ਲੋਕ ਰੱਬ ਦਾ ਖੌਫ ਖਾਂਦੇ ਸਨ, ਪ੍ਰੰਤੂ ਬਦਲੇ ਸਮੇਂ ਤੇ ਪੈਸ਼ਾ ਪ੍ਰਾਪਤੀ ਦੀ ਦੌੜ ਵਿੱਚ ਲੱਗਿਆ ਮਨੁੱਖ ਸਾਰੀਆਂ ਨੈਤਿਕ ਤੇ ਸਦਾਚਾਰਕ ਕਦਰਾਂ-ਕੀਮਤਾਂ ਨੂੰ ਭੁੱਲ ਕੇ ਰਾਤੋ-ਰਾਤ ਅਮੀਰ ਹੋਣ ਦੇ ਚੱਕਰਾਂ ਵਿੱਚ ਪੈ ਗਿਆ ਹੈ ਅਤੇ ਪੈਸ਼ਾ ਕਮਾਉਣ ਦੀ ਅੰਨੀ ਦੌੜ ਨੇ ਸਮਾਜਿਕ ਰਿਸਤਿਆਂ ਨੂੰ ਤਹਿਸ਼-ਨਹਿਸ਼ ਕਰਕੇ ਰੱਖ ਦਿੱਤਾ ਹੈ । ਮਿਲਾਵਟਖੋਰੀ ਰਾਹੀ ਧਨ ਇੱਕਠਾ ਕਰਨ ਦੀ ਦੌੜ ਨੇ ਖਾਣ-ਪੀਣ ਦੀਆਂ ਵਸਤਾਂ ਅੰਦਰ ਮਿਲਾਵਟ ਦੇ ਰੁਝਾਨ ਨੂੰ ਹੋਰ ਵਧਾਇਆ ਹੈ। ਅਜਿਹੇ ਗੈਰ-ਮਨੁੱਖੀ ਵਰਤਾਰੇ ਨੇ ਤਿਉਹਾਰਾਂ ਦੀਆਂ ਖੁਸ਼ੀਆਂ ਦੇ ਰੰਗ ਬਦਰੰਗ ਕਰਕੇ ਰੱਖ ਦਿੱਤੇ ਹਨ,ਕਿਉਂਕਿ ਅੱਜਕੱਲ ਬਜ਼ਾਰਾਂ 'ਚ ਸ਼ੀਸਿਆਂ ਵਿੱਚ ਸਜੀਆਂ ਪਈਆਂ ਮਠਿਆਈਆਂ ਦੀ  ਤਿਆਰ ਹੋਣ ਵਾਲੀਆਂ ਅਸਲੀਅਤ ਜਾਣ ਲਈਏ ਤਾਂ ਪੜ-ਸੁਣ ਕੇ ਰੌਂਗਟੇ ਖੜੇ ਹੁੰਦੇ ਹਨ। ਕਿ ਕਿਵੇਂ ਕੁਝ ਲੋਕ ਆਪਣੇ ਸੌੜੇ ਨਿੱਜੀ ਮੁਫਾਦ ਲਈ ਮਨੁੱਖੀ ਜ਼ਿੰਦਗੀ ਨਾਲ ਖਿਲਵਾੜ ਕਰਨ ਲੱਗੇ ਭੋਰਾ ਵੀ ਸ਼ਰਮ ਮਹਿਸੂਸ ਹੀ ਨਹੀਂ ਕਰਦੇ। ਦਿਵਾਲੀ ਮੌਕੇ ਮਠਿਆਈਆਂ ਦੀ ਵਧੀ ਮੰਗ ਨਕਲੀ ਦੁੱਧ, ਖੋਆ,ਪਨੀਰ,ਘਿਓ ਆਦਿ ਨਾਲ ਪੂਰੀ ਕੀਤੀ ਜਾਂਦੀ ਹੈ। ਜ਼ਹਿਰੀਲੇ ਅਤੇ ਨਾ-ਖਾਣਯੋਗ ਤੱਤਾਂ ਨਾਲ ਤਿਆਰ ਕੀਤੇ ਜਾਂਦੇ ਨਕਲੀ ਦੁੱਧ ਨੂੰ ਤੇਜ਼ਾਬ ਪਾ ਕੇ ਪਾੜਿਆ ਜਾਂਦਾ ਹੈ। ਜਿਸ ਨਾਲ ਗੁਲਾਬ ਜਾਮਣ,ਰਸਗੁਲੇ,ਕਲਾਕੰਦ,ਬਰਫੀ ਆਦਿ  ਤਿਆਰ ਕੀਤੀ ਜਾਂਦੀ ਹੈ। ਇਹੋ ਜਿਹੀਆਂ ਮਠਿਆਈਆਂ ਖਾਣ ਨਾਲ ਗਲੇ ਦੇ ਕੈਂਸਰ ਅਤੇ ਪੇਟ ਦੇ ਰੋਗ ਮਨੁੱਖ ਨੂੰ ਆਪਣੀ ਗ੍ਰਿਫਤ ਵਿੱਚ ਲੈ ਲੈਂਦੇ ਹਨ। ਧਨ ਕਮਾਉਣ ਦੇ ਲਾਲਚੀ ਲੋਕਾਂ ਵੱਲੋਂ ਗਾਹਕਾਂ ਦੇ ਅੱਖੀ ਘੱਟਾ ਪਾਉਣ ਲਈ ਅਜਿਹੀ ਮਠਿਆਈ ਨੂੰ ਸ਼ੀਸੇ ਦੇ ਚਮਕਦੇ ਸ਼ੋਅ-ਕੇਸਾਂ ਵਿੱਚ ਸਜਾ ਕੇ ਰੱਖਿਆ ਜਾਂਦਾ ਹੈ। ਮਠਿਆਈਆਂ ਵਿੱਚ ਵਰਤੇ ਜਾਂਦੇ ਰੰਗ ਅਤੇ ਚਾਂਦੀ ਰੰਗੇ ਵਰਕ ਵੀ ਖਾਣ ਯੋਗ ਨਹੀਂ ਹੁੰਦੇ। ਦਿਵਾਲੀ ਮੌਕੇ ਹੀ ਉਬਲੇ ਹੋਏ ਘਟੀਆ ਦਰਜੇ ਦੇ ਆਲੂਆਂ ਦੀ ਵਰਤੋ ਨਾਲ ਰਸਗੁਲੇ,ਗੁਲਾਬ ਜਾਮਣ,ਬਰਫੀ ਆਦਿ ਤਿਆਰ ਕੀਤੀ ਜਾਂਦੀ ਹੈ। ਜੋ ਦਿਵਾਲੀ ਦੇ ਦਿਨਾਂ ਦੌਰਾਨ ਬਜਾਰਾਂ ਵਿੱਚ ਉੱਚੀ-ਉੱਚੀ ਅਵਾਜ਼ਾਂ ਦੇ ਕੇ ਵੇਚ ਦਿੱਤੀ ਜਾਂਦੀ ਹੈ। ਜੇਕਰ ਅਜਿਹੀ ਮਠਿਆਈ 48 ਘੰਟੇ ਪਈ ਰਹੇ ਤਾਂ ਇਸ ਨੂੰ ਕੁਦਰਤੀ ਰੂਪ ਵਿੱਚ ਉੱਲੀ ਲੱਗ ਜਾਂਦੀ ਹੈ,ਪਰ ਸ਼ਾਤਰ ਦਿਮਾਗ ਲੋਕ ਇਸ ਨੂੰ ਉੱਲੀ ਲੱਗਣ ਤੋਂ ਪਹਿਲਾ ਹੀ ਲੋਕਾਂ ਦੇ ਪੇਟ ਵਿੱਚ ਪਾ ਕੇ ਆਪਣੀਆਂ ਜੇਬਾਂ ਭਰ ਲੈਂਦੇ ਹਨ। ਇਸ ਕਰਕੇ ਹੀ ਮਾਹਿਰ ਡਾਕਟਰ ਲੋਕਾਂ ਨੂੰ ਤਿਉਹਾਰਾਂ ਮੌਕੇ ਮਠਿਆਈਆਂ ਖਾਣ ਤੋਂ ਪ੍ਰਹੇਜ਼ ਕਰਨ ਦੀ ਨਸ਼ੀਅਤ ਦਿੰਦੇ ਰਹਿੰਦੇ ਹਨ,ਪਰ ਅਸੀਂ ਉਨ੍ਹਾਂ ਚਿਰ ਕਿਸੇ ਨਸ਼ੀਅਤ ਨੂੰ ਮੰਨਣ ਦੇ ਆਦੀ ਨਹੀਂ ਹਾਂ ਜਿਨ੍ਹਾਂ ਚਿਰ ਆਪ ਬਿਮਾਰ ਹੋ ਕੇ ਨਾ ਵੇਖੀਏ। ਚੰਗਾ ਹੋਵੇ ਦਿਵਾਲੀ ਮੌਕੇ ਡਰਾਈ ਫਰੂਟ,ਫਲ ਜਾਂ ਘਰ ਵਿੱਚ ਤਿਆਰ ਕੀਤੇ ਪਕਵਾਨ ਹੀ ਬੱਚਿਆਂ ਨੂੰ ਖਵਾਏ ਜਾਣ। ਸਾਨੂੰ ਪਤਾ ਹੈ ਕਿ ਉੱਚੀਆਂ ਦੁਕਾਨਾਂ ਵਾਲਿਆਂ ਦੇ ਪਕਵਾਨ ਹਮੇਸ਼ਾ ਫਿਕੇ ਹੁੰਦੇ ਹਨ। ਇਹ ਇਲਮ ਸਾਨੂੰ ਸਾਡੇ ਵਡੇਰਿਆਂ ਨੇ ਦਿੱਤਾ ਹੈ,ਜਿਸ ਉੱਪਰ ਸਾਨੂੰ ਅਮਲ ਕਰਨਾ ਚਾਹੀਦਾ ਹੈ। ਸਰਕਾਰ ਵੱਲੋਂ ਭਾਂਵੇ ਖਾਣ-ਪੀਣ ਦੀਆਂ ਵਸਤਾਂ ਵਿਚ ਕੀਤੀ ਜਾ ਰਹੀ ਮਿਲਾਵਟ ਨੂੰ ਰੋਕਣ ਅਤੇ ਲੋਕਾਂ ਦੀ ਤੰਦਰੁਸ਼ਤ ਸਿਹਤ ਨੂੰ ਯਕੀਨੀ ਬਣਾਉਣ ਲਈ 'ਮਿਸ਼ਨ ਤੰਦਰੁਸ਼ਤ ਪੰਜਾਬ' ਸ਼ੁਰੂ ਕੀਤਾ ਹੈ। ਇਸ ਮੁਹਿੰਮ ਦੇ ਬੜੇ ਸਾਰਥਿਕ ਨਤੀਜੇ ਵੀ ਸਾਹਮਣੇ ਆਏ ਹਨ ਪਰ ਅਜੇ ਵੀ ਇਸ ਮਾਮਲੇ ਵਿਚ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ। ਖਾਣ-ਪੀਣ ਦੀਆਂ ਵਸਤਾਂ ਦੁੱਧ,ਖੋਆ,ਪਨੀਰ,ਮਠਿਆਈ,ਤੇਲ ਆਦਿ ਵਿਚ ਮਿਲਾਵਟ ਕਰਨ ਦਾ ਸਿਲਸਿਲਾ ਜਿਉਂ ਦਾ ਤਿਉਂ ਜਾਰੀ ਹੈ। ਸਰਕਾਰ ਦੀ ਸਖਤੀ ਦੇ ਬਾਵਜੂਦ ਮਿਲਾਵਟਖੋਰ ਅਜੇ ਵੀ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਤੋਂ ਬਾਜ਼ ਨਹੀਂ ਆ ਰਹੇ।  ਦਿਵਾਲੀ ਸਮੇਂ ਸਿਹਤ ਮਹਿਕਮੇ ਦੀਆਂ ਟੀਮਾਂ ਵੀ ਪਤਾ ਨਹੀਂ ਕਿੱਥੇ ਹੁੰਦੀਆਂ ਹਨ ਜੋ ਇਹੋ ਜਿਹੀ ਮਠਿਆਈ ਸ਼ਰੇਆਮ ਵੇਚ ਕੇ ਮਨੁੱਖੀ ਸਰੀਰ ਨਾਲ ਖਿਲਾਵੜ ਕਰਨ ਵਾਲੇ ਧਨਾਢਾਂ ਨਾਲ ਸਖਤੀ ਨਾਲ ਪੇਸ਼ ਆਉਣ ਤਾਂ ਹੋ ਸਕਦਾ ਹੈ ਕੁਝ ਬਚਾਅ ਹੋ ਜਾਵੇ ਪਰ ਇਥੇ ਇਹ ਕਹਾਵਤ 'ਤਕੜੇ ਦਾ ਸੱਤੀ ਵੀਹੀ ਸੌ' ਸੱਚ ਹੁੰਦੀ ਹੈ। ਇਸ ਦਾ ਕਾਰਨ ਵੱਡੀ ਪੱਧਰ ਤੇ ਫੈਲੀ ਭ੍ਰਿਸ਼ਟਾਚਾਰ ਅਤੇ ਕਿਸੇ ਮਿਲਾਵਟਖੋਰ ਨੂੰ ਅਜੇ ਤੱਕ ਕੋਈ ਮਿਸ਼ਾਲੀ ਸਜਾ ਨਾ ਮਿਲਣਾ ਹੈ।

ਲੇਖਕ
ਗੁਰਜੀਵਨ ਸਿੰਘ ਸਿੱਧੂ ਨਥਾਣਾ
ਪਿੰਡ ਨਥਾਣਾ, ਜਿਲ੍ਹਾ ਬਠਿੰਡਾ
ਪੰਜਾਬ: 151102
ਮੋਬਾਇਲ: 9417079435
ਮੇਲ : jivansidhus@gmail.com