Gurjivan Singh Nathana

ਲੋਹੜੀ ਤੇ ਵਿਸ਼ੇਸ : ਪੰਜਾਬੀ ਲੋਕ ਨਾਇਕ ਦੁੱਲਾ ਭੱਟੀ - ਗੁਰਜੀਵਨ ਸਿੰਘ ਸਿੱਧੂ ਨਥਾਣਾ

ਪੰਜਾਬ ਦੇ ਤਿੱਥ-ਤਿਹਾਉਰਾਂ ਦੀ ਗਾਥਾ ਕਿਸੇ ਨਾ ਕਿਸੇ ਮਹਾਨ ਸਖਸ਼ੀਅਤ ਨਾਲ ਸਬੰਧਤ ਹੈ। ਇਸ ਤਰ੍ਹਾਂ ਹੀ ਲੋਹੜੀ ਦੀ ਗਾਥਾ ਇੱਕ ਉੱਘੇ ਲੋਕ ਨਾਇਕ ਦੁੱਲੇ ਭੱਟੀ ਨਾਲ ਜੁੜੀ ਹੋਈ ਹੈ। ਪੰਜਾਬ ਦੇ ਮਸ਼ਹੂਰ ਲੋਕ ਨਾਇਕ ਰਾਜਪੂਤ ਦੁੱਲਾ ਭੱਟੀ ਦਾ ਜਨਮ ਮਾਤਾ ਲੱਧੀ ਦੀ ਕੁੱਖੋਂ ਪਿਤਾ ਰਾਏ ਫਰੀਦ ਖਾਨ ਦੇ ਘਰ 1569 ਈਸਵੀ ਵਿੱਚ ਪੰਜਾਬ ਦੇ ਪਿੰਡ ਸ਼ਾਂਦਲ ਬਾਰ(ਹੁਣ ਪਾਕਿਸਤਾਨ ਵਿੱਚ) ਹੋਇਆ। ਉਸ ਸਮੇਂ ਮੁਗਲ ਬਾਦਸ਼ਾਹ ਅਕਬਰ ਦਾ ਰਾਜ ਸੀ। ਦੁੱਲਾ ਭੱਟੀ ਦਾ ਪੂਰਾ ਨਾਂਅ ਰਾਏ ਅਬਦੁੱਲਾ ਖਾਨ ਭੱਟੀ ਸੀ ਪਰ ਉਹ ਆਪਣੇ ਲੋਕ ਪੱਖੀ ਕਾਰਨਾਮਿਆਂ ਕਰਕੇ ਇੱਕ ਲੋਕ ਨਾਇਕ ਵਜੋਂ ਜਾਣਿਆਂ ਜਾਣ ਲੱਗਾ। ਦੁੱਲਾ ਭੱਟੀ ਦਾ ਪਿਤਾ ਫਰੀਦ ਖਾਨ ਸ਼ਾਦਲ ਬਾਰ ਦੇ ਪਿੰਡੀ ਭੱਟੀਆਂ ਇਲਾਕੇ ਦਾ ਸਰਦਾਰ ਸੀ ਤੇ ਉਸਦਾ ਆਸ-ਪਾਸ ਦੇ ਇਲਾਕਿਆਂ ਵਿੱਚ ਵੀ ਕਾਫੀ ਬੋਲਬਾਲਾ ਸੀ। ਹੁਣ ਇਹ ਖੇਤਰ ਪਾਕਿਸਤਾਨ ਦੇ ਜ਼ਿਲ੍ਹਾ ਫੈਸਲਾਬਾਦ ਵਿੱਚ ਸਥਿਤ ਹੈ। ਉਸ ਸਮੇਂ ਅਕਬਰ ਬਾਦਸ਼ਾਹ ਵੱਲੋਂ ਕਿਸਾਨਾਂ ਪਾਸੋਂ ਜਮੀਨਾਂ ਦਾ ਲਗਾਨ ਇੱਕਠਾ ਕੀਤਾ ਜਾਂਦਾ ਸੀ, ਜੋ ਅਕਬਰ ਬਾਦਸ਼ਾਹ ਨੇ ਰਾਜ ਵਿਚ ਜਮੀਨ ਦੀ ਮਿਣਤੀ ਕਰਵਾਕੇ ਲਗਾਨ ਨਿਸ਼ਚਿਤ ਕੀਤਾ ਹੋਇਆ ਸੀ। ਅਕਬਰ ਬਾਦਸ਼ਾਹ ਵੱਲੋਂ ਮਾਮਲਾ ਉਗਰਾਹੁਣ ਤੇ ਜਿਮੀਂਦਾਰਾਂ ਵਿੱਚ ਰਾਜ ਪ੍ਰਬੰਧ ਦੇ ਖਿਲਾਫ ਇੰਨੀ ਨਫਰਤ ਪੈਦਾ ਹੋ ਗਈ ਕਿ ਉਨ੍ਹਾਂ ਨੇ ਲਗਾਨ ਦੇਣ ਤੋਂ ਨਾਂਹ ਕਰਦਿਆਂ ਬਗਾਵਤ ਕਰ ਦਿੱਤੀ। ਭੱਟੀਆਂ ਦੇ ਇਲਾਕੇ ਵਿੱਚ ਮੁਗਲਾਂ ਨੂੰ ਲੋਕਾਂ ਦੇ ਸਖਤ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇਸ ਦੇ ਚਲਦਿਆਂ ਇਹ ਲੋਕ ਸਰਕਾਰੀ ਹਕੂਮਤ ਨੂੰ ਟਿੱਚ ਸਮਝਣ ਲੱਗੇ ਅਤੇ ਇਲਾਕੇ ਵਿੱਚੋਂ ਲੰਘਣ ਵਾਲੇ ਟੋਲਿਆਂ ਤੇ ਸਰਕਾਰੀ ਖਜ਼ਾਨੇ ਨੂੰ ਲੁੱਟਣ ਦੀਆਂ ਘਟਨਾਵਾਂ ਆਮ ਵਾਪਰਨ ਲੱਗੀਆਂ। ਉਸ ਸਮੇਂ ਦੀ ਹਕੂਮਤ ਨੇ ਅਜਿਹੀਆਂ ਬਾਗੀ ਸੁਰਾਂ ਨੂੰ ਸਖਤੀ ਨਾਲ ਦਬਾਉਦਿਆਂ ਰਾਏ ਫਰੀਦ ਖਾਨ ਤੇ ਉਸਦੇ ਪਿਤਾ ਸ਼ਾਂਦਲ ਖਾਨ ਭੱਟੀ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਗ੍ਰਿਫਤਾਰ ਕਰਕੇ ਉਨਾਂ ਦੀ ਜਇਦਾਦ ਨੂੰ ਵੀ ਮੁਗਲਾਂ ਨੇ ਆਪਣੇ ਕਬਜੇ ਵਿੱਚ ਲੈ ਲਿਆ। ਅਕਬਰ ਬਾਦਸ਼ਾਹ ਨੇ ਉਨ੍ਹਾਂ ਨੂੰ ਈਨ ਮਨਾਉਣ ਦੇ ਬੜੇ ਯਤਨ ਕੀਤੇ ਪਰ ਉਹ ਨਾ ਝੁਕੇ ਤਾਂ ਅਕਬਰ ਬਾਦਸ਼ਾਹ ਨੇ ਲੋਕਾਂ ਵਿੱਚ ਦਹਿਸ਼ਤ ਪਾਉਣ ਲਈ ਰਾਏ ਫਰੀਦਖਾਨ ਤੇ ਉਸਦੇ ਪਿਤਾ ਸ਼ਾਂਦਲ ਖਾਨ ਨੂੰ ਫਾਂਸੀ ਲਗਾ ਦਿੱਤੀ ਅਤੇ ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਲਾਹੌਰ ਦੇ ਮੁੱਖ ਦਰਵਾਜੇ ਤੇ ਲਟਕਾ ਦਿੱਤੀਆਂ ਸਨ। ਇਸ ਘਟਨਾ ਤੋਂ ਕੁਝ ਮਹੀਨੇ ਬੀਤਣ ਬਾਅਦ ਰਾਏ ਫਰੀਦ ਖਾਨ ਦੀ ਪਤਨੀ ਲੱਧੀ ਨੇ ਦੁੱਲੇ ਨੂੰ ਜਨਮ ਦਿੱਤਾ। ਦੁੱਲੇ ਦਾ ਬਚਪਨ ਖੇਡਦਿਆਂ-ਕੁੱਦਦਿਆਂ ਬੀਤਿਆ। ਭਾਵੇਂ ਦੁੱਲੇ ਨੂੰ ਪੜਨ ਲਾਇਆ ਗਿਆ ਪਰ ਉਸਦਾ ਮਨ ਪੜ੍ਹਾਈ ਵਿੱਚ ਨਾ ਲੱਗਾ। ਉਹ ਆਪਣੇ ਦਾਦੇ ਅਤੇ ਪਿਤਾ ਨਾਲ ਵਾਪਰੀ ਅਣਹੋਣੀ ਤੋਂ ਅਨਜਾਣ ਸੀ। ਜਦ ਉਸਨੂੰ ਚੜ੍ਹਦੀ ਜਵਾਨੀ ਉਮਰੇ ਆਪਣੇ ਦਾਦੇ ਅਤੇ ਪਿਤਾ ਨਾਲ ਵਾਪਰੀ ਸਾਰੀ ਘਟਨਾ ਬਾਰੇ ਪਤਾ ਲੱਗਿਆ ਤਾਂ ਉਸਦਾ ਖੂਨ ਖੌਲ ਉੱਠਿਆ। ਦੁੱਲੇ ਭੱਟੀ ਨੇ ਹਕੂਮਤ ਦੇ ਵਿਰੋਧ ਵਿੱਚ ਆਪਣੇ ਹਮ ਉਮਰ ਸਾਥੀਆਂ ਦੀ ਇੱਕ ਨਿੱਜੀ ਫੌਜ ਖੜ੍ਹੀ ਕਰ ਲਈ। ਇਨ੍ਹਾਂ ਲੋਕਾਂ ਨੇ ਬੜੀ ਦਲੇਰੀ ਨਾਲ ਸ਼ਾਹੀ ਖਜ਼ਾਨੇ ਲੁੱਟਣੇ ਸ਼ੁਰੂ ਕਰ ਦਿੱਤੇ ਅਤੇ ਲੁੱਟੇ ਹੋਏ ਮਾਲ ਨਾਲ ਗਰੀਬ ਲੜਕੀਆ ਦੇ ਵਿਆਹ ਕਰ ਦਿੰਦੇ,ਜੋ ਬਾਕੀ ਮਾਲ ਬਚ ਜਾਂਦਾ ਉਸਨੂੰ ਇਹ ਗਰੀਬਾਂ ਵਿੱਚ ਵੰਡ ਦਿੰਦੇ। ਉਸ ਇਲਾਕੇ ਦੇ ਲੋਕ ਦੁੱਲਾ ਭੱਟੀ ਦੀ ਇਸ ਦਰਿਆ ਦਿਲੀ ਦੇ ਕਾਇਲ ਹੋ ਗਏ ਸਨ। ਦੁੱਲਾ ਭੱਟੀ ਦੀ ਅਗਵਾਈ ਹੇਠਲੀ ਇਹ ਫੌਜ ਮੌਕਾ ਮਿਲਦਿਆਂ ਹੀ ਇਲਾਕੇ ਵਿੱਚੋਂ ਲੰਘਣ ਵਾਲੇ ਮੁਗਲਾਂ ਦੇ ਸ਼ਾਹੀ ਕਾਫਲਿਆਂ ਨੂੰ ਲੁੱਟ ਲੈਂਦੀ ਸੀ। ਇੱਕ ਵਾਰ ਜਦ ਕਾਬਲ ਦੇ ਵਪਾਰੀ ਅਕਬਰ ਬਾਦਸ਼ਾਹ ਲਈ ਅਰਬੀ ਘੋੜੇ ਲੈ ਕੇ ਜਾ ਰਹੇ ਸੀ ਤਾਂ ਦੁੱਲੇ ਭੱਟੀ ਨੇ ਉਨਾਂ ਨੂੰ ਲੁੱਟ ਲਿਆ ਸੀ। ਦੁੱਲੇ ਦੀਆਂ ਇਹੋ ਜਿਹੀਆਂ ਲੁੱਟਾਂ ਕਰਨ ਤੇ ਸ਼ਾਂਦਲ ਬਾਰ ਦਾ ਇਲਾਕਾ ਹੂਕਮਤ ਦੇ ਕਬਜੇ ਚੋਂ ਅਜ਼ਾਦ ਮਹਿਸੂਸ ਕਰਨ ਲੱਗਾ। ਦੁੱਲਾ ਭੱਟੀ ਸਭ ਧਰਮਾਂ ਦੇ ਲੋਕਾਂ ਨੂੰ ਇੱਕੋ ਅੱਖ ਨਾਲ ਵੇਖਦਾ ਅਤੇ ਉਨ੍ਹਾਂ ਦੀ ਰਾਖੀ ਕਰਦਾ ਸੀ। ਇਸ ਕਰਕੇ ਹਰ ਵਰਗ ਦੇ ਲੋਕ ਉਸਦਾ ਆਦਰ ਸਤਿਕਾਰ ਅਤੇ ਪਿਆਰ ਕਰਦੇ ਸਨ। ਇੱਕ ਲੋਕ ਕਥਾ ਅਨੁਸਾਰ ਦੁੱਲੇ ਭੱਟੀ ਨੇ ਇੱਕ ਗਰੀਬ ਬ੍ਰਹਾਮਣ ਦੀਆਂ ਦੋ ਬੇਟੀਆਂ (ਸੁੰਦਰੀ ਤੇ ਮੁੰਦਰੀ) ਨੂੰ ਜ਼ਾਲਮਾਂ ਦੇ ਕਬਜ਼ੇ ਵਿੱਚੋਂ ਬਾਇੱਜ਼ਤ ਛੁਡਵਾਕੇ,ਉਨ੍ਹਾਂ ਦੇ ਆਪਣੇ ਹੱਥੀਂ ਵਿਆਹ ਕੀਤੇ ਅਤੇ ਉਨ੍ਹਾਂ ਦੀ ਝੋਲੀ ਵਿੱਚ ਸ਼ਗਨ ਵਜੋਂ ਸ਼ੱਕਰ ਪਾਈ। ਗਰੀਬ ਲੜਕੀਆਂ ਦੇ ਇੱਕ ਪਿਤਾ ਬਣਕੇ ਵਿਆਹ ਦੇ ਫਰਜ਼ ਨਿਭਾਉਣ ਪਿੱਛੋਂ ਇਹ ਇੱਕ ਦੰਦ ਕਥਾ ਬਣਨ ਦੇ ਨਾਲ-ਨਾਲ ਤਿਹਾਉਰ ਵੀ ਬਣ ਗਈ ਅੱਜ ਵੀ ਲੋਹੜੀ ਦੇ ਮੌਕੇ ਦੁੱਲਾ ਭੱਟੀ ਨੂੰ ਉਸ ਨਾਲ ਸਬੰਧਤ ਗੀਤ 'ਸੁੰਦਰ ਮੁੰਦਰੀਏ ਤੇਰਾ ਕੌਣ ਵਿਚਾਰਾ ਹੋ,ਦੁੱਲਾ ਭੱਟੀ ਵਾਲਾ ਹੋ,ਦੁੱਲੇ ਧੀ ਵਿਆਹੀ ਹੋ,ਸੇਰ ਸ਼ੱਕਰ ਪਾਈ ਹੋ।' ਇਹੋ ਅਜਿਹੇ ਲੋਕ ਭਲਾਈ ਕੰਮਾਂ ਸਦਕਾ ਲੋਕ ਦੁੱਲੇ ਭੱਟੀ ਨੂੰ ਆਪਣੇ ਮਸੀਹੇ ਵਜੋਂ ਵੇਖਣ ਲੱਗੱੇ ਤਾਂ ਦੁੱਲੇ ਭੱਟੀ ਦੀ ਇੰਨ੍ਹੀ ਚੜਤ ਵੇਖ ਕੇ ਮੁਗਲਾਂ ਦੀ ਨੀਂਦ ਹਰਾਮ ਹੋਣ ਲੱਗ ਪਈ। ਲਾਹੌਰ ਦਾ ਸੂਬੇਦਾਰ ਆਪਣੀਆਂ ਲੱਖ ਕੋਸ਼ਿਸਾਂ ਦੇ ਬਾਵਯੂਦ ਵੀ ਦੁੱਲੇ ਭੱਟੀ ਦੀ ਚੜਤ ਨੂੰ ਖਤਮ ਨਾ ਕਰ ਸਕਿਆ। ਉਸਨੂੰ ਹਰ ਵਾਰ ਨਾਮੋਸ਼ੀ ਦਾ ਹੀ ਸਾਹਮਣਾ ਕਰਨਾ ਪਿਆ। ਆਖਿਰਕਾਰ ਉਸ ਸਮੇਂ ਦੀ ਹਕੂਮਤ ਨੇ ਦੁੱਲਾ ਭੱਟੀ ਤੋਂ ਦੁਖੀ ਹੋ ਕੇ ਸ਼ਾਂਦਲਬਾਰ ਇਲਾਕੇ ਦੀ ਬਗਾਵਤ ਨੂੰ ਖਤਮ ਕਰਨ ਲਈ ਹੋਣਹਾਰ ਸੈਨਿਕਾਂ ਦੇ ਜਨਰਲ ਮਿਰਜਾ ਅਲਾਊਦੀਨ ਅਤੇ ਮਿਰਜਾ ਜਿਊਦੀਨ ਖਾਨ ਨੂੰ ਪੰਦਰਾਂ ਹਜਾਰ ਸੈਨਿਕ ਦੇ ਕੇ ਲਾਹੌਰ ਦੇ ਸੂਬੇਦਾਰ ਨੂੰ ਕਿਹਾ ਗਿਆ ਕਿ ਜੇ ਦੁੱਲਾ ਭੱਟੀ ਦੀ ਬਗਾਵਤ ਖਤਮ ਨਾ ਕੀਤੀ ਗਈ ਤਾਂ ਤਹਾਨੂੰ ਸਖਤ ਸਜਾ ਦਾ ਸਾਹਮਣਾ ਕਰਨਾ ਪਵੇਗਾ। ਮੁਗਲਾਂ ਵੱਲੋਂ ਭੇਜੇ ਗਏ ਜਨਰਲਾਂ ਦੀ ਕਮਾਂਡ ਹੇਠ ਲਾਹੌਰ ਅਤੇ ਦਿੱਲੀ ਦੀ ਸਾਂਝੀ ਫੌਜ ਨੇ ਦੁੱਲੇ ਦੀ ਹਰ ਇੱਕ ਗਤੀਵਿਧੀ ਤੇ ਨਜ਼ਰਸਾਨੀ ਰੱਖਣੀ ਸ਼ੁਰੂ ਕਰ ਦਿੱਤੀ ਪਰ ਦੁੱਲੇ ਦਾ ਇਸ ਸ਼ਾਹੀ ਫੌਜ ਨੂੰ ਕੋਈ ਥੌਹ ਪਤਾ ਨਾ ਲੱਗਾ ਤਾਂ ਫੌਜ ਨੇ ਹੰਭ-ਹਾਰ ਕੇ ਉਸਦਾ ਘਰ ਘਾਟ ਤਬਾਹ ਕਰ ਦਿੱਤਾ ਅਤੇ ਉਸਦੀ ਮਾਤਾ ਲੱਧੀ ਸਮੇਤ ਬਹੁਤ ਸਾਰੀਆਂ ਔਰਤਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਦੁੱਲਾ ਭੱਟੀ ਤੇ ਉਸ ਦੇ ਸਾਥੀਆਂ ਨੇ ਹਕਮੂਤੀ ਜਬਰ ਦੀ ਪ੍ਰਵਾਹ ਨਾ ਕਰਦਿਆਂ ਫੌਜ ਤੇ ਹਮਲੇ ਕਰ ਕੇ ਮੁਗਲ ਫੌਜਾਂ ਦੇ ਥੰਮ ਹਿਲਾ ਦਿੱਤੇ। ਆਖਿਰ ਜਦ ਦੁੱਲਾ ਭੱਟੀ ਅਕਬਰ ਦੀਆਂ ਫੌਜਾਂ ਦੇ ਹੱਥ ਨਾ ਅਇਆ ਤਾਂ ਮੁਗਲਾਂ ਨੇ ਆਪਣੇ ਏਲਚੀਆਂ ਰਾਹੀਂ ਉਸਨੂੰ ਸੰਧੀ ਲਈ ਬੁਲਾਵਾ ਦਿੱਤਾ ਅਤੇ ਦੁੱਲਾ ਭੱਟੀ ਨੇ ਸੱਦਾ ਪ੍ਰਵਾਨ ਕਰ ਲਿਆ। ਮੁਗਲਾਂ ਨੇ ਦੁੱਲਾ ਭੱਟੀ ਨੂੰ ਬੁਲਾਵੇ ਤੇ ਬੁਲਾ ਕੇ ਉਸਦੇ ਖਾਣੇ ਵਿੱਚ ਜ਼ਹਿਰੀਲਾ ਪਦਾਰਥ ਮਿਲਾਕੇ ਉਸਨੂੰ ਬੇਹੋਸੀ ਦੀ ਹਾਲਤ ਵਿੱਚ ਗ੍ਰਿਫਤਾਰ ਕਰ ਲਿਆ। ਇਸ ਅਣਖੀਲੇ ਬਹਾਦਰ ਪੰਜਾਬੀ ਨਾਇਕ ਦੁੱਲਾ ਭੱਟੀ ਨੂੰ 1599 ਈ. ਵਿੱਚ ਫਾਂਸੀ ਲਗਾ ਦਿੱਤੀ ਗਈ। ਉਸ ਸਮੇਂ ਦੁੱਲਾ ਭੱਟੀ ਦੀ ਉਮਰ ਤਕਰੀਬਨ ਤੀਹ ਸਾਲ ਦੀ ਦੱਸੀ ਜਾਂਦੀ ਹੈ। ਦੁੱਲੇ ਭੱਟੀ ਦੀ ਕਬਰ ਪਾਕਿਸਤਾਨ ਦੇ ਲਾਹੌਰ ਮਿਆਣੀ ਸਾਹਿਬ ਵਿੱਚ ਬਣੀ ਹੋਈ ਹੈ। ਜਿਥੇ ਲੋਹੜੀ ਦੇ ਤਿਹਾਉਰ ਮੌਕੇ ਇੱਕ ਵੱਡਾ ਮੇਲਾ ਲੱਗਦਾ ਹੈ,ਇਥੇ ਦੂਰੋਂ-ਦੂਰੋਂ ਪੁੱਜੇ ਲੋਕ ਹਕੂਮਤ ਨਾਲ ਟੱਕਰ ਲੈਣ ਵਾਲੇ ਇਸ ਨਾਇਕ ਨੂੰ ਆਪਣੀ ਅਕੀਦਤ ਭੇਂਟ ਕਰਦੇ ਹਨ।
                  
                         ਗੁਰਜੀਵਨ ਸਿੰਘ ਸਿੱਧੂ ਨਥਾਣਾ
                         ਪਿੰਡ ਨਥਾਣਾ, ਜਿਲ੍ਹਾ ਬਠਿੰਡਾ
                         (ਪੰਜਾਬ) 151102
                         ਮੋਬਾਇਲ: 9417079435
                         ਮੇਲ : jivansidhus@gmail.com

28 ਨਵੰਬਰ ਜਨਮ ਦਿਨ ਤੇ ਵਿਸ਼ੇਸ : ਨਿੱਕੀਆਂ ਜਿੰਦਾਂ ਵੱਡੇ ਸਾਕੇ

ਸਾਹਿਬਜ਼ਾਦਾ ਜੋਰਾਵਰ ਸਿੰਘ ਜੀ

ਸਹਿਬਜ਼ਾਦਾ ਜੋਰਾਵਰ ਸਿੰਘ ਦਾ ਜਨਮ 28 ਨਵੰਬਰ 1696 ਈ: ਨੂੰ ਦਸਮ ਪਿਤਾ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਘਰ ਮਾਤਾ ਜੀਤੋ ਜੀ ਦੀ ਕੁੱਖੋ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਇਆ। ਆਨੰਦਪੁਰ ਛੱਡਣ ਪਿੱਛੋਂ ਸਰਸਾ ਨਦੀ ਦੇ ਕੰਢੇ ਸ੍ਰੀ ਗੂਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਨੂੰ ਅਨੇਕਾਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ। ਮਾਤਾ ਸੁੰਦਰੀ ਜੀ (ਧਰਮ ਪਤਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ) ਭਾਈ ਦਿਆ ਸਿੰਘ ਦੀ ਹਿਫਾਜਤ ਵਿੱਚ ਦਿੱਲੀ ਜਾ ਪੁੱਜੇ । ਗੁਰੂ ਜੀ ਦੇ ਮਾਤਾ ਗੁਜਰੀ ਜੀ ਦੋਵੇਂ ਸਹਿਬਜ਼ਾਦਿਆਂ ਜੋਰਾਵਰ ਸਿੰਘ ਤੇ ਫਤਿਹ ਸਿੰਘ ਆਪਣੇ ਘਰੇਲੂ ਰਸੋਈਏ ਗੰਗੂ ਬ੍ਰਹਾਮਣ ਸਮੇਤ,ਬਾਕੀ ਸਿੰਘਾਂ ਨਾਲੋਂ ਨਿਖੜ ਗਏ । ਗੰਗੂ ਉਨ੍ਹਾਂ ਨੂੰ ਆਪਣੇ ਘਰ ਪਿੰਡ ਸਹੇੜੀ ਲੈ ਆਇਆ। ਇੱਥੇ ਉਸ ਦੀ ਨੀਅਤ ਬਦਲ ਗਈ। ਮਾਤਾ ਜੀ ਦੇ ਪਾਸ ਬਹੁਤ ਸਾਰੀ ਨਕਦੀ ਤੇ ਹੋਰ ਕੀਮਤੀ ਸਮਾਨ ਵੇਖ ਕੇ ਬੇਈਮਾਨ ਹੋ ਗਿਆ। ਇੰਨ੍ਹਾਂ ਨੂੰ ਫੜ੍ਹਾ ਕੇ ਸਰਹੰਦ ਦੇ ਸੂਬੇ ਪਾਸੋਂ ਇਨਾਮ ਅਤੇ ਸੋਹਰਤ ਲੈਣਾ ਚਾਹੁੰਦਾ ਸੀ। ਅਗਲੇ ਦਿਨ ਸੂਬੇ ਦੇ ਹੁਕਮ ਤੇ ਮੋਰਿੰਡਾ ਥਾਣੇ ਦੀ ਪੁਲਸ ਨੇ ਮਾਤਾ ਜੀ ਤੇ ਉਸ ਦੇ ਦੋਵੇਂ ਸਾਹਿਬਜ਼ਾਦੇ ਫੜ ਲਏ ਗਏ ਤੇ ਤਿੰਨਾਂ ਨੂੰ ਸਰਹੰਦ ਦੇ ਇੱਕ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ ਗਿਆ। ਵਜੀਦ ਖਾਂ ਸੂਬਾ ਸਰਹੰਦ ਨੇ ਆਪਣੇ ਧਰਮ ਦੇ ਮੁਲਾਣਿਆ ਦੀ ਇੱਕਤਰਤਾ ਕੀਤੀ ਅਤੇ ਇਨ੍ਹਾਂ ਤਿੰਨਾਂ ਨੂੰ ਸਜਾ ਦੇਣ ਬਾਰੇ ਰਾਇ ਪੁੱਛੀ। ਉਲਮਾਵਾਂ ਫੈਸਲਾ ਦਿੱਤਾ ਕਿ ਇਹ ਇਸਲਾਮ ਕਬੂਲ ਕਰ ਲੈਣ ਜਾਂ ਮੌਤ ਲਈ ਤਿਆਰ ਹੋ ਜਾਣ ।
ਨਵਾਬ ਮਲੇਰਕੋਟਲਾ ਵੀ ਇਸ ਸਭਾ ਵਿੱਚ ਹਾਜਰ ਸੀ,ਜਿਸ ਨੇ ਹਾਅ ਦਾ ਨਾਅਰਾ ਮਾਰਦਿਆਂ ਇਸ ਫੈਸਲੇ ਨਾਲ ਅਸਹਿਮਤੀ ਪ੍ਰਗਟ ਕੀਤੀ ਕਿ ਇੰਨ੍ਹਾਂ ਮਸ਼ੂਮ ਬੱਚਿਆਂ ਨੇ ਤੁਹਾਡਾ ਕੀ ਵਿਗਾੜਿਆ ਹੈ ਜੇ ਦੁਸ਼ਮਣੀ ਹੈ ਤਾਂ ਇੰਨ੍ਹਾਂ ਦੇ ਪਿਤਾ ਨਾਲ ਹੈ। ਉਸ ਨਾਲ ਜੋ ਮਰਜੀ ਸਲੂਕ ਕਰੋ ਪਰ ਬੱਚਿਆਂ ਤੇ ਇਹ ਜ਼ੁਲਮ ਨਹੀਂ ਢਾਹੁਣਾ ਚਾਹੀਦਾ। ਵਜੀਦ ਖਾਂ ਮਲੇਰਕੋਟਲੇ ਦੇ ਨਵਾਬ ਦੀ ਇਸ ਦਲੀਲ ਨਾਲ ਰਜ਼ਾਮੰਦ ਹੋ ਗਿਆ ਸੀ। ਇਸ ਪਿੱਛੋ ਸੂਬੇ ਦਾ ਵਫਾਦਾਰ  ਵਜੀਰ ਸੁੱਚਾ ਨੰਦ ਬੋਲਿਆ ਕਿ ਨਵਾਬ ਸਾਹਿਬ ਜੀ ਤੁਸੀ ਇਹ ਭੁੱਲ ਰਹੇ ਹੋ ਕਿ ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ ਹੁੰਦੇ ਹਨ। ਦੁਸਮਣ ਦੇ ਪੁੱਤਰਾਂ ਤੇ ਤਰਸ ਕਰਕੇ ਛੱਡ ਦੇਣਾ ਕਿੱਥੋ ਦੀ ਸਿਆਣਪ ਹੈ? ਉਸ ਕਿਹਾ ਕਿ ਜੇਕਰ ਤੁਸੀ ਇਸ ਵੇਲੇ ਇੰਨ੍ਹਾਂ ਨਾਲ ਕੋਈ ਰਿਆਇਤ ਕੀਤੀ ਤਾਂ ਇਹ ਬਾਗੀ ਇਕੱਠੇ ਹੋ ਤੁਹਾਡਾ ਜੀਣਾ ਹਰਾਮ ਕਰ ਦੇਣਗੇ। ਸੁੱਚਾ ਨੰਦ ਦੀ ਇਸ ਸਲਾਹ ਤੇ ਕਾਜ਼ੀਆਂ ਨੇ ਵੀ ਹਾਮੀ ਭਰੀ ਤੇ ਮੌਤ ਜਾਂ ਇਸਲਾਮ ਕਬੂਲ ਕਰਨ ਲਈ ਦੋਵਾਂ ਚੋਂ ਇੱਕ ਦਾ ਫਤਵਾ ਸੁਣਾ ਦਿੱਤਾ। ਨਵਾਬ ਮਲੇਰਕੋਟਲਾ ਅਜਿਹੇ ਅਣਮਨੁੱਖੀ ਅਤੇ ਗੈਰ ਲੋਕਰਾਜ਼ੀ ਫਤਵੇ ਦੇ ਰੋਸ ਵਜੋਂ ਭਰੀ ਕਚਹਿਰੀ ਵਿੱਚੋਂ ਉੱਠ ਕੇ ਬਾਹਰ ਆ ਗਿਆ। ਉਸ ਵੇਲੇ ਸਾਹਿਬਜ਼ਾਦਾ ਜੋਰਾਵਰ ਸਿੰਘ ਜੀ ਸੱਤ ਸਾਲਾਂ ਦੇ ਸਨ । ਕਾਜ਼ੀਆਂ ਨੇ ਉਨ੍ਹਾਂ ਦੁਬਾਰਾ ਫਿਰ ਆਪਣੀ ਜਾਨ ਬਚਾੳੇਣ ਲਈ ਇਸਲਾਮ ਕਬੂਲਣ ਦੀ ਸਲਾਹ ਦਿੱਤੀ ਗਈ ਪਰ ਅੱਗੋ ਬੜੇ ਹੌਸਲੇ ਤੇ ਬੁਲੰਦ ਅਵਾਜ਼ ਆਈ ਕਿ ਮੌਤ ਨਾਲੋਂ ਸਾਨੂੰ ਧਰਮ ਪਿਆਰਾ ਹੈ ਅਤੇ ਉਨ੍ਹਾਂ ਕਿਹਾ ਕਿ ਉਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਹਨ ਜੋ ਮੌਤ ਤੋਂ ਨਹੀਂ ਡਰਦੇ। ਤੁਸੀ ਆਪਣਾ ਸਾਰਾ ਤਾਣ ਲਾ ਵੇਖੋ ਪਰ ਜਬਰ ਅੱਗੇ ਸਬਰ ਨੇ ਝੁਕਣਾ ਨਹੀਂ। ਉਨ੍ਹਾਂ ਸਾਹਮਣੇ ਕਾਜੀਆਂ ਦਾ ਫੈਸਲਾ ਰੱਖਿਆ ਗਿਆ ਪਰ ਸੇਰ ਦਿਲ ਗੁਰੂ ਪੁੱਤਰਾਂ ਨੇ ਇਸਲਾਮ ਦੇ ਮੁਕਾਬਲੇ ਮੌਤ ਲਾੜੀ ਨੂੰ ਪਹਿਲ ਦਿੱਤੀ। ਕਿੰਨੀ ਅਣਹੋਣੀ ਗੱਲ ਹੈ ਕਿ ਮਾਸ਼ੂਮ ਤੇ ਬੇਕਸੂਰ ਬੱਚਿਆਂ ਨੂੰ ਮੌਤ ਦੀ ਸਜਾ ਦੇਣੀ ਸਗੋਂ ਉਹ ਵੀ ਦੀਵਾਰ ਵਿੱਚ ਚਿਣ ਕੇ ਬੇਰਹਿਮੀ ਨਾਲ ਸ਼ਹੀਦ ਕਰ ਦੇਣਾ। ਆਖਰ ਦੋਵਾਂ ਸਹਿਬਜ਼ਾਦਿਆ ਨੂੰ ਸ਼ਹੀਦ ਕਰ ਦਿੱਤਾ ਗਿਆ। ਇੰਨ੍ਹਾਂ ਦੋਨਾਂ ਮਾਸੂਮ ਜਿੰਦੜੀਆਂ ਨੂੰ ਸ਼ਹੀਦ ਕਰਕੇ ਹਕਮੂਤ ਨੇ ਸਮਝਿਆ ਕਿ ਬਹੁਤ ਵੱਡੀ ਮੱਲ ਮਾਰ ਲਈ ਹੈ। ਇਸ ਤੋਂ ਕੁਝ ਅਰਸੇ ਪਿੱਛੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਤੇ ਹਮਲਾ ਕਰਕੇ ਸਹਿਰ ਦੀ ਇੱਟ ਨਾਲ ਇੱਟ ਖੜਕਾ ਦਿੱਤੀ। ਮਾਸੂਮਾਂ ਦੀ ਮੌਤ ਦੇ ਅਸਲ ਮੁਜ਼ਰਮਾਂ ਵਜੀਦ ਖਾਂ ਤੇ ਸੁੱਚਾ ਨੰਦ ਤੋਂ ਗਿਣ-ਗਿਣ ਕੇ ਬਦਲੇ ਲਏ ਗਏ।
                              ਲੇਖਕ
                           ਗੁਰਜੀਵਨ ਸਿੰਘ ਸਿੱਧੂ ਨਥਾਣਾ                           
                           ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ
                           ਪੰਜਾਬ: 151102
                           ਮੋਬਾਇਲ: 9417079435
                           ਮੇਲ : jivansidhus@gmail.com

ਪੰਜਾਬ ਦਾ ਸਨਅਤ ਖੇਤਰ ਨਿਘਾਰ ਵੱਲ - ਗੁਰਜੀਵਨ ਸਿੰਘ ਸਿੱਧੂ ਨਥਾਣਾ

ਪੰਜਾਬ ਦਾ ਸਨਅਤ ਖੇਤਰ ਵੱਡੇ ਨਿਘਾਰ ਵੱਲ ਜਾਣ ਕਰਕੇ ਜਿੱਥੇ ਸੂਬੇ ਦੀ ਆਰਥਿਕਤਾ ਪ੍ਰਭਾਵਿਤ ਹੋ ਰਹੀ ਹੈ ਉੱਥੇ ਵੱਖ-ਵੱਖ ਕਿਸਮ ਦੀਆਂ ਹਜ਼ਾਰਾਂ ਸਨਅਤਾਂ ਬੰਦ ਹੋਣ ਨਾਲ ਲੱਖਾਂ ਮਜ਼ਦੂਰਾਂ ਨੂੰ ਮਿਲਦੇ ਰੁਜਗਾਰ ਤੋਂ ਵੀ ਹੱਥ ਧੋਣੇ ਪੈ ਰਹੇ ਹਨ ਤੇ ਬੇਰੁਜਗਾਰੀ ਵਿੱਚ ਵਾਧਾ ਹੋ ਰਿਹਾ ਹੈ। ਇੱਥੇ ਇਹ ਲਿਖਣਾ ਕੁਥਾਂ ਨਹੀਂ ਹੋਵੇਗਾ ਕਿ ਪੰਜਾਬ ਵਿੱਚ ਸਰਕਾਰਾਂ ਦੀ ਬੇਧਿਆਨੀ ਅਤੇ ਸਹੂਲਤਾਂ ਦੀ ਘਾਟ ਕਾਰਨ ਤੇ ਨਾਲ ਦੇ ਸੂਬਿਆਂ ਵੱਲੋਂ ਸਨਅਤਾਂ ਲਈ ਵਧੇਰੇ ਸਹੂਲਤ ਨੀਤੀ ਲਾਗੂ ਕਰਨ ਨਾਲ ਪੰਜਾਬ ਦੀ ਵੱਡੀਆਂ ਸਨਅਤਾਂ ਗੁਆਂਢੀ ਸੂਬਿਆਂ ਵਿੱਚ ਜਾ ਚੁੱਕੀਆਂ ਹਨ। ਇਹ ਵੀ ਸੱਚ ਹੈ ਕਿ ਪੰਜਾਬ ਹੁਣ ਪੂੰਜ਼ੀ ਨਿਵੇਸ਼ਕਾਂ ਲਈ ਦਿਲ ਖਿੱਚਵੀਂ ਥਾਂ ਨਹੀਂ ਰਹੀ ਕਿਉਂਕੇ ਮਹਿੰਗੀ ਬਿਜਲੀ ਅਤੇ ਸਰਕਾਰੀ ਸਹੂਲਤਾਂ ਦੀ ਘਾਟ ਨੇ ਸਨਅਤਕਾਰਾਂ ਦਾ ਲੱਕ ਤੋੜ ਦਿੱਤਾ ਹੈ। ਪਿਛਲੇ ਸਮੇਂ ਵਿੱਚ ਸਰਕਾਰ ਦੀਆਂ ਗਲਤ ਨੀਤੀਆਂ ਅਤੇ ਅਫਸਰਸ਼ਾਹੀ ਦੇ ਭ੍ਰਿਸ਼ਟ ਤਾਣੇ-ਬਾਣੇ ਵਿੱਚ ਉੱਲਝਣ ਕਰਕੇ ਪੰਜਾਬ ਵਿੱਚੋਂ ਸਹਿਕਾਰੀ ਖੰਡ ਮਿੱਲਾਂ ਦਾ ਭੋਗ ਪੈ ਚੁੱਕਾ ਹੈ ਅਤੇ ਗੰਨਾ ਉਤਪਾਦਕ ਕਿਸਾਨਾਂ ਦੇ ਕਰੋੋੜਾਂ ਰੁਪਏ ਸਰਕਾਰ ਵਿੱਚ ਫਸ ਕੇ ਰਹਿ ਗਏ ਹਨ। ਉਸ ਸਮੇਂ ਕਿਸਾਨਾਂ ਦੇ ਰੁਪਇਆਂ ਦੀ ਅਦਾਇਗੀ ਨਾ ਹੋਈ ਤਾਂ ਕਿਸਾਨਾਂ ਨੇ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਲਈ ਬੈਂਕਾਂ ਅਤੇ ਸਾਹੂਕਾਰਾਂ ਤੋਂ ਕਰਜ਼ੇ ਚੁੱਕ ਲਏ। ਗੰਨੇ ਦੇ ਰੁਪਏ ਨਾ ਮਿਲਣ ਕਰਕੇ ਕਿਸਾਨਾਂ ਵੱਲੋਂ ਲਏ ਗਏ ਕਰਜ਼ੇ ਦੀਆਂ ਪੰਡਾਂ ਦਿਨੋ-ਦਿਨ ਭਾਰੀਆਂ ਹੋ ਗਈ ਤਾਂ ਕਿਸਾਨ ਖੁਦਕੁਸ਼ੀਆਂ ਦੇ ਰਾਹ ਪੈ ਗਏ। ਸੂਬੇ ਵਿੱਚੋਂ ਕਪਾਹ ਮਿੱਲਾਂ ਵੀ ਬੰਦ ਹੋ ਚੁੱਕੀਆਂ ਹਨ,ਢਿਲਾਈ ਸਨਅਤ ਦੀ ਸੰਘੀ ਘੁੱਟਣ ਕਾਰਨ ਦਮ ਤੋੜ ਰਹੀ ਹੈ। ਛੋਟੀ ਦਸਤਕਾਰੀ ਮਹਿੰਗੀ ਬਿਜਲੀ ਅਤੇ ਸਹੂਲਤਾਂ ਨਾ ਹੋਣ ਕਰਕੇ ਮਸਾਂ ਹੀ ਡੰਗ-ਟਪਾਈ ਕਰ ਰਹੀ ਹੈ। ਸੂਬੇ ਵਿੱਚ ਚਲਦੀਆਂ ਛੋਟੀਆਂ-ਵੱਡੀਆਂ ਹਜ਼ਾਰਾਂ ਸਨਅਤ ਬੰਦ ਹੋਣ ਕਰਕੇ ਲੱਖਾਂ ਲੋਕ ਪ੍ਰਭਾਵਿਤ ਹੋਏ ਹਨ ਅਤੇ ਸੂਬੇ ਦੀ ਆਰਥਿਕਤਾ ਦੇ ਪੈਰ ਪੂਰੀ ਤਰ੍ਹਾਂ ਉੱਖੜ ਚੁੱਕੇ ਹਨ। ਪਿਛਲੇ ਪੰਦਰ੍ਹਾਂ ਸਾਲਾਂ ਤੋਂ ਪੰਜਾਬ ਦੇ ਵਿੱਤ ਮੰਤਰੀ ਵੱਲੋਂ ਖਜ਼ਾਨਾ ਖਾਲੀ ਹੋਣ ਦਾ ਢੰਡੋਰਾ ਪਿੱਟਿਆ ਜਾ ਰਿਹਾ,ਇੱਥੋਂ ਤੱਕ ਕਿ ਸਰਕਾਰੀ ਮੁਲਜ਼ਾਮਾਂ ਦੀ ਤਨਖਾਹਾਂ ਵੀ ਲਟਕ ਜਾਂਦੀਆਂ ਹਨ। ਸੂਬੇ ਦੇ ਸਰਕਾਰੀ ਦਫਤਰਾਂ ਵਿੱਚ ਭ੍ਰਿਸਟਾਚਾਰ ਸਭ ਹੱਦਾਂ-ਬੰਨੇ ਟੱਪ ਚੁੱਕਾ ਹੈ। ਸਰਕਾਰ ਭਾਵੇਂ ਦੇਸ਼ੀ-ਵਿਦੇਸ਼ੀ ਨਿਵੇਸ਼ਕਾਂ ਨੂੰ ਪੰਜਾਬ ਵਿੱਚ ਪੂੰਜ਼ੀ ਨਿਵੇਸ਼ ਕਰਨ ਲਈ ਕਈ ਤਰ੍ਹਾਂ ਦੇ ਸਬਜ਼ਬਾਗ ਵਿਖਾਉਦੀ ਆ ਰਹੀ ਹੈ ਪਰ ਕੋਈ ਵੀ ਅਦਾਰਾ ਸਰਕਾਰ ਦੀ ਕਾਰਜਪ੍ਰਣਾਲੀ ਉੱਪਰ ਯਕੀਨ ਕਰਨ ਲਈ ਤਿਆਰ ਨਹੀਂ ਹੋ ਰਿਹਾ। ਸੱਚ ਤਾਂ ਇਹ ਵੀ ਹੈ ਕਿ ਜੇਕਰ ਕਿਸੇ ਨਿਵੇਸ਼ਕ ਨੇ ਅਜਿਹੀ ਪਹਿਲਕਦਮੀ ਕੀਤੀ ਵੀ ਤਾਂ ਉਹ ਥੋੜੇ ਸਮੇਂ ਬਾਅਦ ਹੀ ਆਪਣਾ ਬੋੋਰੀ ਬਿਸਤਰਾ ਬੰਨ੍ਹ ਕੇ ਇੱਥੋਂ ਚਲਦਾ ਬਣਿਆ। ਅਜਿਹੇ ਬੇਯਕੀਨੇ ਹਾਲਾਤਾਂ ਦੀ ਕਦੇ ਵੀ ਸਰਕਾਰ ਨੇ ਸਮੀਖਿਆ ਕਰਨ ਦੀ ਕੋਸ਼ਿਸ ਨਹੀਂ ਕੀਤੀ। ਜਿਸ ਕਰਕੇ ਅੱਜ ਪੰਜਾਬ ਸਨਅਤ ਪੱਖੋਂ ਕੰਗਾਲ ਹੋ ਚੁੱਕਾ ਹੈ। ਬੇਰੁਜਗਾਰ ਨੌਜਵਾਨਾਂ ਨੂੰ ਯੂਪੀ ਵਿੱਚ ਪੋਲਟਰੀ ਫਾਰਮਰ ਲਈ ਬਿਜਲੀ ਪੰਜ ਰੁਪਏ ਪ੍ਰਤੀ ਯੂਨਿਟ ਦਿੱਤੀ ਜਾ ਰਹੀ ਹੈ ਅਤੇ ਕਰਜ਼ੇ ਉੱਪਰ ਤਿੰਨ ਸਾਲ ਤੱਕ ਕੋਈ ਵਿਆਜ ਨਹੀਂ ਲਿਆ ਜਾਂਦਾ, ਜਦੋਂ ਕਿ ਪੰਜਾਬ ਵਿੱਚ ਬਿਜਲੀ ਦਾ ਰੇਟ 9 ਰੁਪਏ ਪ੍ਰਤੀ ਯੂਨਿਟ ਹੈ ਅਤੇ ਕਰਜੇ ਉੱਪਰ ਪਹਿਲੇ ਦਿਨ ਤੋਂ ਵਿਆਜ ਪੈਣਾ ਸ਼ੁਰੂ ਹੋ ਜਾਂਦਾ ਹੈ। ਅਜਿਹਾ ਹੋਣ ਨਾਲ ਸੂਬੇ ਵਿੱਚ ਜਿੱਥੇ ਬੇਰੁਜਗਾਰੀ ਨੂੰ ਠੱਲ੍ਹ ਨਹੀਂ ਪੈ ਰਹੀ ਉੱਥੇ ਯੂਪੀ ਦੇ ਵੱਧ ਸਹੂਲਤਾਂ ਵਾਲੇ ਪੋਲਟਰੀ ਫਾਰਮਰ ਸਸਤਾ ਅੰਡਾ ਪੈਦਾ ਕਰਕੇ ਕੌਮੀ ਮੰਡੀ ਵਿੱਚ ਸਭ ਨੂੰ ਪਛਾੜ ਰਹੇ ਹਨ। ਅਜਿਹਾ ਕਰਕੇ ਪੰਜਾਬ ਦੀ ਪੋਲਟਰੀ ਫਾਰਮਰ ਖਤਮ ਹੋ ਰਹੀ ਹੈ। ਪੰਜਾਬ ਦੀ ਖੇਤੀ ਅਧਾਰਿਤ ਸੈੱਲਰ ਸਨਅਤ ਵੀ ਸਰਕਾਰ ਦੀ ਅਣਦੇਖੀ ਅਤੇ ਸਹੂਲਤਾਂ ਦੀ ਘਾਟ ਕਰਕੇ ਆਪਣੀ ਹੋਂਦ ਬਚਾਉਣ ਲਈ ਕਈ ਕਿਸਮ ਦੀਆਂ ਮੁਸ਼ਕਲਾਂ ਨਾਲ ਜੂਝ ਰਹੀ ਹੈ। ਸੈੱਲਰ ਸਨਅਤਕਾਰਾਂ ਨਾਲ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਸਨਅਤਾਂ ਲਈ ਪੰਜ ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ ਦਾ ਵਾਅਦਾ ਆਪਣੇ ਚੋਣ ਮਨੋਰਥ ਪੱਤਰ ਵਿੱਚ ਕੀਤਾ ਸੀ ਪਰ ਅਜੇ ਤੱਕ ਇਹ ਵਾਅਦਾ ਵਫਾ ਨਹੀਂ ਹੋਇਆ। ਮਹਿੰਗੀ ਬਿਜਲੀ, ਮਜ਼ਦੂਰੀ ਦੇ ਵਧੇ ਭਾਅ ਅਤੇ ਹੋਰ ਲਾਗਤ ਖਰਚਿਆਂ ਵਿੱਚ ਹੋਏ ਵਾਧੇ ਨੇ ਇਸ ਸਨਅਤ ਨੂੰ ਵੀ ਵੱਡਾ ਧੱਕਾ ਲਾਇਆ ਹੈ। ਸੈੱਲਰ ਖੇਤੀ ਅਧਾਰਿਤ ਪੰਜਾਬ ਦੀ ਇਹ ਇੱਕੋ-ਇੱਕ ਸਨਅਤ ਹੈ ਜੋ ਸੂਬੇ ਦੀ ਆਰਥਿਕਤਾ ਨੂੰ ਹੁਣ ਤੱਕ ਠੁੰਮਣਾ ਦਿੰਦੀ ਆ ਰਹੀ ਹੈ। ਸਰਕਾਰ ਵੱਲੋਂ ਸੈੱਲਰ ਸਨਅਤ ਲਈ ਬਿਜਲੀ ਸਸਤੀ ਅਤੇ ਨਿਰਵਿਘਨ ਦਿੱਤੀ ਜਾਵੇ,ਜਮਾਨਤ ਰਾਸ਼ੀ ਲੈਣੀ ਬੰਦ ਕੀਤੀ ਜਾਵੇ। ਸਰਕਾਰ ਦੀ ਵਾਰਦਾਨਾ ਨੀਤੀ ਵਿੱਚ ਲੋੜੀਂਦੇ ਸੁਧਾਰ ਕਰਕੇ ਮਿਲਿੰਗ ਨੂੰ ਵਧਾਏ ਜਾਣ ਦੀ ਵੀ ਲੋੜ ਹੈ। ਚਾਵਲ ਲਗਾਉਣ ਲਈ ਢੁਕਵੀ ਥਾਂ ਦਾ ਪ੍ਰਬੰਧ ਕਰਨ ਦੇ ਨਾਲ-ਨਾਲ 31 ਮਾਰਚ ਪਿੱਛੋਂ ਲੱਗਣ ਵਾਲਾ ਸਰਕਾਰੀ ਵਿਆਜ ਬੰਦ ਕੀਤਾ ਜਾਵੇ ਤਾਂ ਨੂੰ ਇਸ ਸਨਅਤ ਨੂੰ ਪ੍ਰਫੁਲਿਤ ਕੀਤਾ ਜਾ ਸਕਦਾ ਹੈ।

ਲੇਖਕ : ਗੁਰਜੀਵਨ ਸਿੰਘ ਸਿੱਧੂ ਨਥਾਣਾ
ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ
ਜਾਬ- 151102
ਮੋਬਾਇਲ: 9417079435

 jivansidhus@gmail.com

ਕਾਸ਼! ਸਾਡੇ ਵੀ ਇਹੋ-ਜਿਹੇ ਹੋਣ ਲੋਕ ਨੁਮਾਇੰਦੇ

ਭਾਰਤ ਵਿੱਚ ਹਰ ਇੱਕ ਆਮ ਬੰਦੇ ਤੋਂ ਲੈ ਕੇ ਸਭ ਤੋਂ ਵੱਧ ਅਮੀਰ ਬੰਦੇ ਤੱਕ ਪੈਸਾ ਇਕੱਠਾ ਕਰਨ ਦੀ ਦੌੜ ਲੱਗੀ ਹੋਈ ਹੈ। ਭਾਰਤ ਵਿੱਚ ਅਮੀਰ ਵਿਅਕਤੀਆਂ ਨੇ ਆਪਣੇ ਬੱਚਿਆਂ ਦੇ ਪਾਲਣ-ਪੋਸ਼ਣ ਤੇ ਬਹੁਤ ਸਾਰੇ ਨੌਕਰ-ਚਾਕਰ ਰੱਖੇ ਹੋਏ ਹਨ,ਇੱਥੋ ਤੱਕ ਕਿ ਕਿਧਰੇ ਜਾਣ ਸਮੇਂ ਆਪਣੇ ਬੱਚੇ ਨੂੰ ਚੁੱਕਣ ਤੇ ਸਾਂਭ-ਸੰਭਾਲ ਲਈ ਵੀ ਵੱਖਰੇ ਨੌਕਰ ਰੱਖੇ ਹੋਏ ਹਨ। ਅਮੀਰ ਵਿਅਕਤੀ ਕਿਸੇ ਹੋਰ ਦੇ ਬੱਚੇ ਦੀ ਕੀ ਪ੍ਰਵਾਹ ਕਰਨਗੇ ਉਹ ਤਾਂ ਆਪਣੇ ਬੱਚਿਆਂ ਨੂੰ ਵੀ ਸਹੀ ਸਮਾਂ ਨਹੀਂ ਦੇ ਰਹੇ। ਸਾਡੇ ਦੇਸ਼ ਵਿੱਚ ਪੈਸੇ ਦੇ ਨਸ਼ੇ ਵਿੱਚ ਚੂਰ ਹੋਏ ਵਜ਼ੀਰ ਅਤੇ ਹੋਰ ਉੱਚ ਪ੍ਰਸ਼ਾਸਨਿਕ ਅਧਿਕਾਰੀ ਕੀ ਜਾਨਣ ਕਿ ਜਿੰਨ੍ਹਾ ਦੇ ਬੱਚੇ ਅਗਵਾ ਹੋ ਗਏ ਹਨ ਅਤੇ ਉਨ੍ਹਾਂ ਦਾ ਅਜੇ ਤੱਕ ਕੋਈ ਥਹੁ ਪਤਾ ਨਹੀਂ ਲੱਗ ਸਕਿਆ। ਉਨ੍ਹਾਂ ਮਾਪਿਆ ਦੇ ਦਿਲਾਂ ਤੇ ਕੀ ਬੀਤਦੀ ਹੋਵੇਗੀ ? ਜੇਕਰ ਭਾਰਤ ਨੂੰ ਛੱਡ ਕੇ ਅੰਗਰੇਜ਼ ਸ਼ਾਸਨ ਦੇ ਨੁਮਾਇੰਦਿਆਂ ਦੀ ਗੱਲ ਕਰੀਏ ਤਾਂ ਪਿੱਛੇ ਜਿਹੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਸਮੇਂ ਵੇਖਿਆ ਗਿਆ ਕਿ ਉਹ ਜਹਾਜ 'ਚੋਂ ਉਤਰਨ ਸਮੇਂ ਆਪਣੇ ਬੱਚਿਆਂ ਨੂੰ ਆਪ ਕੁੱਛੜ ਚੁੱਕ ਕੇ ਤੁਰਿਆ ਜਾ ਰਿਹਾ ਸੀ। ਇੱਥੋ ਤੱਕ ਉਸਦਾ ਸਮਾਨ ਚੁੱਕਣ ਲਈ ਕੋਈ ਨੌਕਰ ਵੀ ਨਹੀਂ ਸੀ,ਉਹ ਦੋਵੇਂ ਪਤੀ-ਪਤਨੀ ਇੱਕ ਆਮ ਵਿਅਕਤੀ ਦੀ ਤਰ੍ਹਾਂ ਜਾਂਦੇ ਹੋਏ ਨਜ਼ਰ ਆ ਰਹੇ ਸਨ। ਉਸ ਸਮੇਂ ਇਹ ਤਸਵੀਰਾਂ ਕਾਫੀ ਚਰਚਾ ਦਾ ਵਿਸ਼ਾ ਬਣੀਆਂ ਸਨ ਅਤੇ ਜਸਟਿਨ ਟਰੂਡੋ ਦੀ ਅਜਿਹੀ ਅਦਾ ਤੇ ਵਿਵਹਾਰ ਨੇ ਭਾਰਤ ਦੇ ਲੋਕਾਂ ਦਾ ਮਨ ਮੋਹ ਲਿਆ ਸੀ। ਉਸ ਸਮੇਂ ਭਾਰਤ ਦੇ ਨੁਮਇੰਦਿਆਂ ਦੀ ਕਾਫੀ ਥੂ-ਥੂ ਹੋਈ ਸੀ। ਹੁਣ ਫਿਰ ਇੱਕ ਵਾਰ ਨਿਊਜ਼ੀਲੈਂਡ ਦੇ ਸੰਸਦ ਸਪੀਕਰ ਟ੍ਰੇਵਰ ਮਲਰਾਡ ਨੇ ਇੱਕ ਸੰਸਦ ਮੈਂਬਰ ਮਹਿਲਾ ਦੇ ਛੋਟੇ ਬੱਚੇ ਨੂੰ ਉਸ ਸਮੇਂ ਬੋਤਲ ਨਾਲ ਦੁੱਧ ਪਿਲਾਉਣ ਦੀ ਸੇਵਾ ਨਿਭਾਈ ਜਦੋ ਸੰਸਦ ਮੈਂਬਰ ਇੱਕ ਬਹਿਸ ਵਿੱਚ ਹਿੱਸਾ ਲੈ ਰਹੀ ਸੀ ਤਾਂ ਉਸ ਦਾ ਛੋਟਾ ਬੱਚਾ ਰੋਣ ਲੱਗ ਪਿਆ ਸੀ। ਅਜਿਹੇ ਜਿਮੇਵਾਰੀ ਵਾਲੇ ਅਹਿਸਾਸ ਨੂੰ ਮਹਿਸੂਸ ਕਰਦਿਆਂ ਟ੍ਰੇਵਰ ਮਲਰਾਡ ਸਪੀਕਰ ਨੇ ਉਸ ਬੱਚੇ ਨੂੰ ਆਪਣੀ ਗੋਦੀ ਵਿੱਚ ਚੁੱਕ ਕੇ ਬੋਤਲ ਨਾਲ ਦੁੱਧ ਪਿਲਾਉਣਾ ਸ਼ੁਰੂ ਕਰ ਦਿੱਤਾ ਤਾਂ ਕਿ ਸੰਸਦ ਦੀ ਕਾਰਵਾਈ ਵਿੱਚ ਰੁਕਾਵਟ ਨਾ ਪੈਦਾ ਹੋਵੇ। ਨਿਊਜ਼ੀਲੈਂਡ ਦੇ ਸੰਸਦ ਸਪੀਕਰ ਦੀ ਇਨਸਾਨੀਅਤ ਕਦਰਾਂ-ਕੀਮਤਾਂ ਦੀ ਗਵਾਹੀ ਭਰਦੀ ਇਹ ਤਸਵੀਰ ਇੱਕ ਵਾਰ ਫਿਰ ਦੁਨੀਆਂ ਦੀਆਂ ਨਜ਼ਰਾਂ ਵਿੱਚ ਹਰਮਨ ਪਿਆਰੀ ਹੋ ਗਈ ਹੈ। ਜਦੋਂ ਕਿ ਸਾਡੇ ਦੇਸ਼ ਦੀ ਸੰਸਦ ਵਿੱਚ ਤਾਂ ਸਾਡੇ ਨੁਮਾਇੰਦੇ ਕੋਈ ਲੋਕ ਦੇ ਹਿਤ ਦੀ ਬਹਿਸ ਚਲਾਉਣ ਦੀ ਬਜਾਏ ਰੌਲਾ ਪਾਕੇ ਸੰਸਦ ਦਾ ਕੰਮ ਰੋਕਣ ਨੂੰ ਪਹਿਲ ਦਿੰਦੇ ਹਨ। ਭਾਰਤ ਵਿੱਚ ਆਮ ਵਿਅਕਤੀ ਦੇ ਵੋਟ ਨਾਲ ਚੁਣੇ ਹੋਏ ਨੁਮਾਇੰਦੇ ਹੀ ਜੈੱਡ ਸੁਰੱਖਿਆ ਲੈ ਕੇ ਆਪਣੇ ਵੋਟਰ ਤੋਂ ਹੀ ਦੂਰੀਆਂ ਬਣਾਕੇ ਰੱਖਦੇ ਹਨ,ਆਮ ਪਬਲਿਕ ਦੇ ਬੱਚਿਆਂ ਦਾ ਖਿਆਲ ਰੱਖਣਾ ਤਾਂ ਦੂਰ ਦੀ ਗੱਲ ਹੈ। ਕਾਸ਼ ! ਸਾਡੇ ਭਾਰਤ ਵਿੱਚ ਵੀ ਇਹੋ-ਜਿਹੇ ਇਨਸਾਨੀਅਤ ਰੱਖਣ ਵਾਲੇ ਨੁਮਾਇੰਦੇ ਹੋਣ। ਜਿੰਨ੍ਹਾਂ ਤੇ ਲੋਕ ਵਿਸ਼ਵਾਸ ਕਰ ਸਕਣ ਕਿ ਸਾਡੇ ਚੁਣੇ ਹੋਏ ਨੁਮਾਇੰਦੇ ਜਨਤਾ ਦੀ ਟੈਕਸਾਂ ਰਾਹੀਂ ਅਤੇ ਹਰ ਪੱਧਰ ਤੇ ਫੈਲੇ ਭ੍ਰਿਸ਼ਟਾਚਾਰ ਰਾਹੀਂ ਜਨਤਾ ਦੀ ਲੁੱਟ ਕਰਨ ਦੀ ਬਜਾਏ ਦੇਸ਼ ਦੇ ਵਫਾਦਾਰ ਸਿਪਾਹੀ ਬਣ ਕੇ ਇਮਨਾਦਾਰੀ ਨਾਲ ਫਰਜ ਨਿਭਾਅ ਰਹੇ ਹੋਣ।  ਉਨ੍ਹਾਂ ਗੋਰਿਆਂ ਦੀਆਂ ਤਸਵੀਰਾਂ ਦੇ ਨਾਲ-ਨਾਲ ਅਸੀਂ ਵੀ ਕਿਸੇ ਭਾਰਤ ਦੇ ਨੁਮਾਇੰਦੇ ਦੀ ਤਸਵੀਰ ਨੂੰ ਇਸ ਤਰ੍ਹਾਂ ਦੀ ਇਨਸਾਨੀਅਤ ਭਰੀ ਨਜ਼ਰ ਨਾਲ ਵੇਖ ਸਕੀਏ।
                                      ਲੇਖਕ
                           ਗੁਰਜੀਵਨ ਸਿੰਘ ਸਿੱਧੂ ਨਥਾਣਾ                           
                           ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ
                           ਪੰਜਾਬ: 151102
                           ਮੋਬਾਇਲ: 9417079435
                           ਮੇਲ : jivansidhus@gmail.com

ਰੱਖੜੀ ਤੇ ਵਿਸ਼ੇਸ : ਭੈਣ ਭਰਾ ਦੇ ਨਿੱਘੇ ਰਿਸ਼ਤੇ ਦੀ ਵਿਸ਼ੇਸ ਝਲਕ ਰੱਖੜੀ - ਗੁਰਜੀਵਨ ਸਿੰਘ ਸਿੱਧੂ ਨਥਾਣਾ


ਇੱਕ ਮਾਂ ਦੇ ਜਾਏ ਭੈਣ ਭਰਾਵਾਂ ਦਾ ਰਿਸ਼ਤਾ ਬਹੁਤ ਵੱਖਰੀ ਤਰ੍ਹਾਂ ਦਾ ਹੁੰਦਾ ਹੈ,ਇਸ ਰਿਸ਼ਤੇ ਵਿੱਚ ਪਿਆਰ ਦੇ ਨਾਲ ਹੀ ਤਕਰਾਰ ਦੀ ਨੋਕ-ਝੋਕ ਵੀ ਘੁਲੀ-ਮਿਲੀ ਹੁੰਦੀ ਹੈ। ਭੈਣ ਭਰਾ ਵਿੱਚ ਬਚਪਨ ਤੋਂ ਲੈ ਕੇ ਖੱਟੀਆਂ-ਮਿੱਠੀਆਂ ਯਾਦਾਂ ਸਾਨੂੰ ਸਾਰੀ ਉਮਰ ਯਾਦ ਰਹਿੰਦੀਆਂ ਹਨ। ਭੈਣ ਆਪਣੇ ਭਰਾ ਦੀ ਸਫਲਤਾ ਵੇਖਦਿਆਂ ਖੁਸ਼ੀ ਵਿੱਚ ਫੁੱਲਿਆ ਨਹੀਂ ਸਮਾਉਦੀ। ਇਸੇ ਤਰਾਂ ਹੀ ਭੈਣ ਦੀ ਡੋਲੀ ਵਾਲੇ ਦਿਨ ਭਰਾ ਦੀਆਂ ਅੱਖਾਂ 'ਚੋਂ ਨਿਕਲ ਰਹੇ ਆਪ ਮੁਹਾਰੇ ਹੰਝੂ ਬਿਨ੍ਹਾਂ ਬੋਲਿਆਂ ਬਹੁਤ ਕੁਝ ਕਹਿ ਜਾਂਦੇ ਹਨ। ਹਰ ਇੱਕ ਭੈਣ ਨੂੰ ਹਰੇਕ ਸਾਲ ਇੱਕ ਵਿਸ਼ੇਸ ਦਿਨ ਰੱਖੜੀ ਦੇ ਤਿਉਹਾਰ ਦਾ ਇੰਤਜ਼ਾਰ ਹੁੰਦਾ ਹੈ ਅਤੇ ਅੱਜ ਉਹ ਦਿਨ ਆ ਗਿਆ। ਇਸ ਦਿਨ ਭੈਣ ਬੜੇ ਹੀ ਚਾਵਾਂ ਅਤੇ ਦਿਲ ਦੀਆਂ ਸੱਧਰਾਂ ਨਾਲ ਆਪਣੇ ਭਰਾ ਨੂੰ ਸੱਚੇ ਦਿਲ ਤੇ ਪ੍ਰੇਮ ਭਾਵਨਾ ਨਾਲ ਰੱਖੜੀ ਬੰਨਦੀ ਹੈ। ਇਸ ਦਿਨ ਸਹੁਰੇ ਘਰੋਂ ਆਉਣ ਵਾਲੀ ਭੈਣ ਦੀ ਉਡੀਕ ਪੇਕੇ ਘਰ ਵਿੱਚ ਬੇਸਬਰੀ ਨਾਲ ਕੀਤੀ ਜਾਂਦੀ ਹੈ। ਭੈਣਾਂ ਅਪਣੇ ਭਰਾਵਾਂ ਦੇ ਗੁੱਟ ਤੇ ਰੱਖੜੀ ਬੰਨ ਕੇ ਪ੍ਰਮਾਤਮਾ ਪਾਸੋਂ ਆਪਣੇ ਭਰਾਵਾਂ ਲਈ ਲੰਬੀ ਉਮਰ ਦੀ ਕਾਮਨਾ ਕਰਦੀਆਂ ਥੱਕਦੀਆਂ ਨਹੀਂ ਅਤੇ ਭਰਾ ਵੱਲੋਂ ਭੈਣ ਨੂੰ ਆਦਰ ਸਤਿਕਾਰ ਨਾਲ ਪਿਆਰ ਭਰਿਆ ਭੈਣ ਦੇ ਮਨ-ਪਸੰਦ ਦਾ ਤੋਹਫਾ ਦਿੱਤਾ ਜਾਂਦਾ ਹੈ। ਸਾਰੇ ਪਰਿਵਾਰ ਵੱਲੋਂ ਭੈਣ ਭਰਾ ਦੇ ਪਿਆਰ ਦੀ ਝਲਕ ਨੂੰ ਬੜੇ ਸਤਿਕਾਰ ਨਾਲ ਵੇਖਿਆ ਜਾਂਦਾ ਹੈ । ਇਸ ਤਿਉਹਾਰ ਵਿੱਚੋ ਭੈਣ ਭਰਾ ਦੇ ਪਿਆਰ ਦੀ ਇੱਕ ਵਿਸ਼ੇਸ ਝਲਕ ਨਜ਼ਰ ਆਉਂਦੀ ਹੈ। ਇਸ ਮੌਕੇ ਮਾਤਾ-ਪਿਤਾ ਆਪਣੇ ਬੱਚਿਆਂ ਦੇ ਖੁਸ਼ੀਆਂ ਭਰੇ ਮਹੌਲ ਨੂੰ ਵੇਖਦੇ ਹੋਏ ਫੁਲਿਆਂ ਨਹੀਂ ਸਮਾਉਂਦੇ। ਰੱਖੜੀ ਦਾ ਤਿਉਹਾਰ ਭੈਣ ਭਰਾ ਨੂੰ ਮਿਲਾਉਣ ਵਾਲਾ ਇੱਕੋ ਇੱਕ ਵਿਸ਼ੇਸ਼ ਤਿਉਹਾਰ ਮੰਨਿਆਂ ਜਾਂਦਾ ਹੈ। ਖਾਸ ਕਰਕੇ ਰੱਖੜੀ ਤੇ ਭੈਣ ਭਰਾ ਦਾ ਰਿਸ਼ਤਾ ਇੱਕ ਮਿਸਾਲ ਬਣਦਾ ਹੈ। ਕਿਸੇ ਵੇਲੇ ਮਾੜੀ ਮੋਟੀ ਹੋਈ ਨੋਕ ਝੋਕ ਵੀ ਇਸ ਤਿਉਹਾਰ ਤੇ ਭੈਣ ਭਰਾ ਦੇ ਆਪਸੀ ਪਿਆਰ ਵਿੱਚ ਬਦਲ ਜਾਂਦੀ ਹੈ । ਜਿਨ੍ਹਾਂ ਭੈਣਾਂ ਦੇ ਵੀਰ ਨਹੀ ਹੁੰਦੇ,ਇਸ ਦਿਨ ਉਨ੍ਹਾਂ ਦੀਆਂ ਅੱਖਾਂ ਵਿੱਚੋਂ ਨਿਕਲ ਰਹੇ ਆਪ ਮੁਹਾਰੇ ਅੱਥਰੂ ਨਹੀ ਸੁੱਕਦੇ ਅਤੇ ਉਹ ਰੱਬ ਨੂੰ ਉਲਾਂਭੇ ਦਿੰਦੀਆਂ ਵੀ ਥੱਕਦੀਆਂ ਨਹੀਂ, ਕਿ ਰੱਬਾ ਸਾਨੂੰ ਵੀ ਜੇ ਇੱਕ ਵੀਰ ਦੇ ਦਿੰਦਾ ਤਾਂ ਤੇਰੇ ਘਰ ਕਿਹੜਾ ਘਾਟਾ ਪੈ ਜਾਣਾ ਸੀ। ਜਿਸ ਭਰਾ ਦੇ ਭੈਣ ਨਹੀਂ ਹੁੰਦੀ ਉਹ ਵੀ ਇਸ ਦਿਨ ਆਪਣੇ ਆਪ ਨੂੰ ਇੱਕਲਾ ਮਹਿਸੂਸ ਕਰਦਾ ਹੈ। ਜੇਕਰ ਇਸ ਤਿਉਹਾਰ ਦੀ ਮਹੱਤਤਾ ਨੂੰ ਹਰੇਕ ਭਰਾ ਸਮਝੇ ਤਾਂ ਭਰੂਣ ਹੱਤਿਆ ਦਾ ਖਾਤਮਾ ਕਰਨਾ ਬੜਾ ਆਸਾਨ ਹੈ ਅਤੇ ਨਾ ਹੀ ਕੋਈ ਭਰਾ ਭੈਣ ਦੇ ਪਿਆਰ ਭਰੇ ਸਤਿਕਾਰ ਨਾਲ ਆਪਣੇ ਗੁੱਟ ਤੇ ਰੱਖੜੀ ਤੋਂ ਵਾਝਾਂ ਰਹੇ। ਹਰੇਕ ਘਰ ਪਰਿਵਾਰ ਵਿੱਚ ਇਹ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਜਾ ਸਕਦਾ ਹੈ।
                                       ਲੇਖਕ 
                           ਗੁਰਜੀਵਨ ਸਿੰਘ ਸਿੱਧੂ ਨਥਾਣਾ                           
                           ਪਿੰਡ ਨਥਾਣਾ, ਜਿਲ੍ਹਾ ਬਠਿੰਡਾ
                           ਪੰਜਾਬ: 151102
                           ਮੋਬਾਇਲ: 9417079435
                           ਮੇਲ : jivansidhus@gmail.com

ਵੋਟਰਾਂ ਦੀ ਕਚਹਿਰੀ 'ਚ ਜਾਣ ਸਮੇਂ ਉਮੀਦਵਾਰਾਂ ਦੇ ਛੁੱਟ ਰਹੇ ਨੇ ਪਸ਼ੀਨੇ - ਗੁਰਜੀਵਨ ਸਿੰਘ ਸਿੱਧੂ ਨਥਾਣਾ

ਤੀਜੀ ਧਿਰ ਨੇ ਜਾਗਰੂਕ ਕੀਤੇ ਵੋਟਰ

ਪੰਜਾਬ ਵਿਚ ਲੋਕ ਸਭਾ ਚੋਣਾਂ ਦਾ ਸਮਾਂ ਜਿਉਂ-ਜਿਉਂ ਨੇੜੇ ਆ ਰਿਹਾ ਹੈ ਤਿਉਂ-ਤਿਉਂ ਰਾਜਸੀ ਪਾਰਟੀਆਂ ਦੇ ਨੇਤਾਵਾਂ ਦੀ ਰਾਤਾਂ ਦੀ ਨੀਂਦ ਉਡਦੀ ਨਜ਼ਰ ਆ ਰਹੀ ਹੈ। ਕਿਉਂਕਿ ਹੁਣ ਵੋਟਰ ਜਾਗਰੂਕ ਹੋ ਗਿਆ ਹੈ ਕਿ ਪਿਛਲੇ ਸਮੇਂ ਵੋਟਾਂ ਦੌਰਾਨ ਕੀਤੇ ਵਾਅਦੇ ਤਾਂ ਪੂਰੇ ਨਹੀਂ ਕੀਤੇ ਤਾਂ ਹੁਣ ਵੋਟ ਕਿਉਂ ਪਾਈ ਜਾਵੇ ? ਪਿਛਲੇ ਸਮੇਂ ਵਿਚ ਪੰਜਾਬ ਅੰਦਰ ਤੀਜੀ ਸਿਆਸੀ ਧਿਰ 'ਆਪ' ਪਾਰਟੀ ਆਉਣ ਨਾਲ ਸੰਸਦ ਮੈਂਬਰ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਇੰਨਾ ਕੁ ਜਾਗਰੂਕ ਕਰ ਦਿੱਤਾ ਹੈ ਕਿ ਲੋਕ ਆਪਣਾ ਹੱਕ ਸਮਝਦਿਆਂ ਹੁਣ ਉਮੀਦਵਾਰਾਂ ਨੂੰ ਬੇਝਿਜਕ ਸੁਆਲ ਕਰ ਰਹੇ ਹਨ। ਇਸ ਤੀਜੀ ਧਿਰ ਨੇ ਆਉਦਿਆਂ ਹੀ ਪੰਜਾਬ ਵਿਚ ਆਪਣੀ ਧਾਂਕ ਜਮਾ ਲਈ ਸੀ ਤੇ ਲੋਕਾਂ ਨੇ ਵੀ ਪੰਜਾਬ ਦੇ ਭਲੇ ਦਿਨਾਂ ਦੀ ਆਸ ਕਰਦਿਆਂ ਇਸ ਪਾਰਟੀ ਨੂੰ ਜੀ ਆਇਆਂ ਕਿਹਾ ਪਰ ਲੰਘੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਤੇ ਬਾਅਦ ਵਿਚ ਪਾਰਟੀ ਵਿਚ ਪੈਦਾ ਹੋਈ ਧੜੇਬੰਦੀ ਅਤੇ ਆਪਸੀ ਫੁੱਟ ਨੇ ਲੋਕਾਂ ਦੀਆਂ ਇਛਾਵਾਂ ਨੂੰ ਕਾਫੀ ਠੇਸ ਪਹੁੰਚਾਈ ਹੈ। ਭਾਵੇਂ ਇਹ ਪਾਰਟੀ ਪੂਰੀ ਤਰ੍ਹਾਂ ਆਪਣਾ ਵਿਕਾਸ ਤਾਂ ਨਹੀਂ ਕਰ ਸਕੀ ਪਰ ਇਸ ਧਿਰ ਨੇ ਜੋ ਵੋਟਰਾਂ ਵਿਚ ਜਾਗਰੂਕਤਾਂ ਪੈਦਾ ਕੀਤੀ ਹੈ,ਇਸ ਨਾਲ ਥੋੜੇ ਸਮੇਂ ਵਿਚ ਹੀ ਸਟੇਜ਼ਾਂ ਤੇ ਝੂਠ ਦੇ ਪੁਲੰਦੇ ਬੋਲਦਿਆਂ ਵੱਡੇ-ਵੱਡੇ ਵਾਅਦੇ ਕਰਨ ਵਾਲੇ ਸਿਆਸੀ ਲੀਡਰਾਂ ਨੂੰ ਹੁਣ ਸਟੇਜ਼ ਤੇ ਲੋਕਾਂ ਨਾਲ ਵਾਅਦਾ ਕਰਨ ਲੱਗਿਆਂ ਸੋਚਣ ਲਈ ਮਜ਼ਬੂਰ ਜਰੂਰ ਹੋਣਾ ਪਵੇਗਾ ਕਿ ਆਉਂਦੇ ਪੰਜ ਸਾਲਾਂ ਨੂੰ ਫਿਰ ਇੰਨ੍ਹਾਂ ਲੋਕਾਂ ਦੀ ਕਚਹਿਰੀ ਵਿਚ ਹਾਜ਼ਰੀ ਭਰਨੀ ਪਵੇਗੀ। ਲੋਕ ਹੁਣ ਕਸਬਿਆਂ-ਪਿੰਡਾਂ ਵਿਚ ਵੋਟਾਂ ਮੰਗਣ ਆ ਰਹੇ ਉਮੀਦਵਾਰਾਂ ਨੂੰ ਉਨ੍ਹਾਂ ਦੀ ਪਾਰਟੀ ਵੱਲੋਂ ਕੀਤੇ ਗਏ ਵਾਅਦੇ,ਪੂਰੇ ਨਾ ਕੀਤੇ ਜਾਣ ਤੇ ਭਾਰੀ ਮੁਸ਼ਬੀਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤਰ੍ਹਾਂ ਹੀ ਪਿਛਲੇ ਸਮੇਂ ਦੀ ਸ੍ਰੋਮਣੀ ਅਕਾਲੀਦਲ ਬਾਦਲ ਸਰਕਾਰ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਤੇ ਵਾਹਿਗੁਰੂ ਦਾ ਜਾਪ ਕਰ ਰਹੀ ਸੰਗਤ ਤੇ ਗੋਲੀ ਚਲਾਕੇ ਦੋ ਨੌਜਵਾਨਾਂ ਨੂੰ ਮਾਰ ਦੇਣ ਵਾਲੇ ਪੁਲਸ ਮੁਲਾਜ਼ਮਾਂ ਤੇ ਕਤਲ ਕੇਸ ਨਾ ਦਰਜ ਕਰਨ ਤੇ ਸਿੱਖ ਸੰਗਤਾਂ ਵਿਚ ਭਾਰੀ ਰੋਸ ਪਇਆ ਜਾ ਰਿਹਾ ਹੈ। ਹੁਣ ਲੋਕ ਸਭਾ ਚੋਣਾਂ ਸਮੇਂ ਸ੍ਰੋਮਣੀ ਅਕਾਲੀਦਲ ਦੇ ਉਮੀਦਵਾਰਾਂ ਨੂੰ ਪਿੰਡਾਂ,ਕਸਬਿਆਂ ਸ਼ਹਿਰਾਂ ਵਿਚ ਜਿਥੇ ਬੇਅਦਬੀ ਦੇ ਸੁਆਲਾਂ ਦੀ ਝੜੀ ਲੱਗ ਜਾਂਦੀ ਹੈ ਉਥੇ ਹੀ ਸੰਗਤਾਂ ਵੱਲੋਂ ਰੋਸ ਵਜੋਂ ਕਾਲੀਆਂ ਝੰਡੀਆਂ ਵੀ ਦਿਖਾਈਆਂ ਜਾ ਰਹੀਆਂ ਹਨ। ਇਸ ਦਾ ਵੋਟਰਾਂ ਵੱਲੋਂ ਜਿਆਦਾ ਵਿਰੋਧ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਨਾਲ ਕੀਤਾ ਜਾ ਰਿਹਾ ਹੈ ਕਿਉਂਕਿ ਉਸ ਸਮੇਂ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਸਨ ਅਤੇ ਪੁਲਸ ਮਹਿਕਮੇ ਦੇ ਮੰਤਰੀ ਸੁਖਬੀਰ ਸਿੰਘ ਬਾਦਲ ਸਨ। ਇਥੇ ਹੁਣ ਵੋਟਰਾਂ ਨੇ ਲੋਕ ਸਭਾ ਹਲਕਾ ਬਠਿੰਡਾ ਤੋਂ ਅਕਾਲੀਦਲ ਉਮੀਦਵਾਰ ਬੀਬਾ ਹਰਸਿਮਰਤ ਕੌਰ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੂੰ ਸੁਆਲ ਕਰਨੇ ਸ਼ੁਰੂ ਕਰ ਦਿੱਤੇ ਹਨ ਅਤੇ ਕਾਲੀਆਂ ਝੰਡੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਆਪਣੀ ਸਿਆਸੀ ਜ਼ਿੰਦਗੀ ਵਿਚ ਬਾਬਾ ਬੋਹੜ ਮੰਨੇ ਜਾਣ ਵਾਲੇ ਪ੍ਰਕਾਸ਼ ਸਿੰਘ ਬਾਦਲ ਜੋ ਸਿਆਸੀ ਪੱਤੇ ਸੰਜ਼ਮ ਨਾਲ ਆਪਣੀ ਬੁੱਕਲ ਵਿਚ ਹੀ ਰੱਖਦੇ ਸਨ ਤੇ ਹਰ ਗੱਲ ਹੱਸਕੇ ਟਾਲ ਦੇਣ ਵਾਲੇ ਸਖਸ ਹਨ ਪਰ ਹੁਣ ਉਹ ਵੀ ਕਾਲੀਆਂ ਝੰਡੀਆਂ ਤੋਂ ਖਫਾ ਹੋ ਕੇ ਇਹ ਬਿਆਨ ਦੇ ਰਹੇ ਹਨ ਕਿ 'ਵੋਟ ਨਹੀਂ ਪਾਉਣੀ ਤਾਂ ਨਾ ਪਾਓ ਪਰ ਕਾਲੀਆਂ ਝੰਡੀਆਂ ਵਿਖਾਉਣ ਦਾ ਕੀ ਮਤਲਬ' ? ਇਸ ਤੋਂ ਸਿੱਧ ਹੁੰਦਾ ਹੈ ਕਿ ਪਿੰਡਾਂ ਵਿਚ ਲੋਕਾਂ ਵੱਲੋਂ ਵਿਖਾਈਆਂ ਜਾਣ ਵਾਲੀਆਂ ਕਾਲੀਆਂ ਝੰਡੀਆਂ ਤੋਂ ਬਾਦਲ ਪਰਿਵਾਰ ਹੁਣ ਤਰਹਿਣ ਲੱਗ ਪਿਆ ਹੈ।  ਕਾਂਗਰਸ ਪਾਰਟੀ ਦੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਧਾਨ ਸਭਾ ਚੋਣਾਂ 2017 ਸਮੇਂ ਸਟੇਜਾਂ ਉਪਰ ਸਪੀਕਰਾਂ ਵਿਚ ਐਲਾਨੇ ਗਏ ਵੱਡੇ-ਵੱਡੇ ਵਾਅਦੇ ਘਰ ਘਰ ਨੌਕਰੀ,ਮੋਬਾਇਲ ਫੋਨ,ਇਕ ਹਫਤੇ ਵਿਚ ਚਿੱਟੇ ਦੇ ਵਪਾਰੀਆਂ ਨੂੰ ਜੇਲ੍ਹਾਂ ਵਿਚ ਸੁੱਟਣਾ,ਸਰਕਾਰੀ ਤੇ ਗੈਰ ਸਰਕਾਰੀ ਕਿਸਾਨੀ ਕਰਜ਼ਿਆਂ ਤੇ ਲੀਕ ਫੇਰਨੀ ਆਦਿ ਵਾਅਦੇ ਵਫਾ ਨਾ ਹੋਣ ਤੇ ਹੁਣ ਕਾਂਗਰਸੀ ਉਮੀਦਵਾਰਾਂ ਨੂੰ ਲੋਕਾਂ ਦੀ ਕਚਹਿਰੀ ਵਿਚ ਜਾਣ ਤੇ ਪਸੀਨੇ ਆਉਣੇ ਸ਼ੁਰੂ ਹੋ ਰਹੇ ਹਨ। 'ਆਪ' ਪਾਰਟੀ ਨੇ ਵਿਧਾਨ ਸਭਾ ਚੋਣਾਂ 2017 ਵਿਚ ਆਪਣਾ ਕਾਫੀ ਅਧਾਰ ਬਣਾ ਲਿਆ ਸੀ ਤੇ ਸਤਾਧਾਰੀ ਕਾਂਗਰਸ ਪਾਰਟੀ ਦੀ ਵਿਰੋਧੀ ਧਿਰ ਵਜੋਂ ਵਿਧਾਨ ਸਭਾ ਵਿਚ ਆਪਣੀ ਸਿਅਸੀ ਥਾਂ ਬਣਾ ਲਈ ਸੀ। ਇਸ ਪਾਰਟੀ ਦੇ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਸੰਗਰੁਰ ਹਲਕੇ ਵਿਚ ਆਪਣੇ ਐਮਪੀ ਕੋਟੇ ਦੇ ਫੰਡਾਂ ਨਾਲ ਕਰਵਾਏ ਗਏ ਵਿਕਾਸ ਕਾਰਜਾਂ ਦੀ ਸੂਚੀ ਜਨਤਕ ਕਰਦਿਆਂ ਸਮੇਤ ਵਿਆਜ ਸਾਰੇ ਰੁਪਏ ਸੰਗਰੂਰ ਹਲਕੇ ਵਿਚ ਹੀ ਲਗਾਏ ਜਾਣ ਦਾ ਦਾਅਵਾ ਕੀਤਾ ਹੈ ਤੇ ਮੁੜ ਦੁਬਾਰਾ ਸੰਗਰੂਰ ਤੋਂ ਚੋਣ ਮੈਦਾਨ ਵਿਚ ਹਨ। ਇੰਨ੍ਹਾਂ ਚੋਣਾਂ ਵਿਚ ਵੱਖ-ਵੱਖ ਪਾਰਟੀਆਂ ਦੇ ਦਲ-ਬਦਲੂ ਲੀਡਰਾਂ ਨੂੰ ਵੀ ਵੋਟਰਾਂ ਦੇ ਦਰਵਾਜ਼ੇ ਤੇ ਜਾਣ ਵੇਲੇ ਸ਼ਰਮਸਾਰ ਹੋਣਾ ਪੈ ਰਿਹਾ ਹੈ। ਚੋਣਾਂ ਦੇ ਇਸ ਮੌਸ਼ਮ ਵਿਚ ਕਈ ਬਰਸ਼ਾਤੀ ਡੱਡੂ ਛਾਲਾਂ ਮਾਰਕੇ ਇਧਰ ਤੋਂ ਓਧਰ ਜਾ ਰਹੇ ਹਨ। ਉਨ੍ਹਾਂ ਦੇ ਇਸ ਵਰਤਾਰੇ ਨੂੰ ਵੀ ਸੂਝਵਾਨ ਵੋਟਰ ਪਸ਼ੰਦ ਨਹੀਂ ਕਰ ਰਹੇ,ਕਿਉਂਕਿ ਇਹ ਦਲ-ਬਦਲੂ ਪਹਿਲਾਂ ਜਿਸ ਪਾਰਟੀ ਦੇ ਸੋਹਲੇ ਗਾਉਦੇ ਨਹੀਂ ਸੀ ਥਕਦੇ ਹੁਣ ਉਸੇ ਹੀ ਪਾਰਟੀ ਨੂੰ ਸਟੇਜ਼ਾਂ ਤੇ ਚੜ੍ਹ ਕੇ ਪਾਣੀ ਪੀ-ਪੀ ਕੇ ਕੋਸ ਰਹੇ ਹਨ। ਜਦੋਂ ਕਦੇ ਲੋਕਾਂ ਨੂੰ ਅਜਿਹੇ ਲੀਡਰਾਂ ਦਾ ਭਾਸ਼ਣ ਸੁਣਨ ਨੂੰ ਮਿਲਦਾ ਹੈ ਤਾਂ ਲੋਕ ਚਠਕਾਰੇ ਲੈ-ਲੈ ਕੇ ਗੱਲਾਂ ਕਰਦੇ ਹਨ,ਪਰ ਇੰਨ੍ਹਾਂ ਦੀ ਸਿਹਤ ਤੇ ਕੋਈ ਅਸਰ ਵੇਖਣ ਨੂੰ ਨਹੀਂ ਮਿਲਦਾ। ਕਿਉਂਕਿ ਹੁਣ ਇਨ੍ਹਾਂ ਦੀ ਅਜਿਹੀ ਕਾਰਵਾਈ ਸਾਡੇ ਲੋਕਤੰਤਰ ਦਾ ਅਨਿੱਖੜਵਾਂ ਅੰਗ ਬਣ ਚੁੱਕੀ ਹੈ।

ਗੁਰਜੀਵਨ ਸਿੰਘ ਸਿੱਧੂ ਨਥਾਣਾ
ਪਿੰਡ ਨਥਾਣਾ, ਜਿਲ੍ਹਾ ਬਠਿੰਡਾ
ਪੰਜਾਬ: 151102
ਮੋਬਾਇਲ: 9417079435
ਮੇਲ : jivansidhus@gmail.com
                               

30 ਅਪ੍ਰੈਲ ਸ਼ਹੀਦੀ ਦਿਹਾੜੇ ਤੇ ਵਿਸ਼ੇਸ਼ : ਮਹਾਨ ਸਿੱਖ ਜਰਨੈਲ ਸਰਦਾਰ ਹਰੀ ਸਿੰਘ ਨਲੂਆ - ਗੁਰਜੀਵਨ ਸਿੰਘ ਸਿੱਧੂ ਨਥਾਣਾ

ਸੰਸਾਰ ਵਿੱਚ ਮਹਾਨ ਜੋਧੇ ਪੈਦਾ ਕਰਨ ਵਿੱਚ ਸਿੱਖ ਕੌਮ ਦਾ ਨਾਮ ਪਹਿਲੀ ਕਤਾਰ 'ਚ ਪਹਿਲੇ ਨੰਬਰ ਤੇ ਆਉਂਦਾ ਹੈ। ਸੰਸਾਰ ਦੇ ਜਾਂਬਾਜ਼ ਯੋਧਿਆਂ ਵਿੱਚ ਖਾਲਸਾ ਕੌਮ ਦੇ ਮਹਾਨ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਦਾ ਨਾਮ ਬੜੇ ਫਖਰ ਨਾਲ ਲਿਆ ਜਾਂਦਾ ਹੈ। ਇਸ ਅਦੁੱਤੀ ਹਸਤੀ ਦਾ ਜਨਮ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਪਿੰਡ ਗੁਜਰਾਂਵਾਲੇ ਦੇ ਵਸ਼ਨੀਕ ਖੱਤਰੀ ਖਾਨਦਾਨ ਅਤੇ 'ਸੁੱਕਰਚਕੀਆ ਮਿਸਲ' ਦੇ ਕੁਮੇਦਾਨ ਸ੍ਰ ਗੁਰਦਿਆਲ ਸਿੰਘ ਦੇ ਘਰ ਮਾਤਾ ਧਰਮ ਕੌਰ ਦੀ ਕੁੱਖੋਂ 1791 ਈ. ਨੂੰ ਹੋਇਆ। ਉਹ ਸਰਦੇ ਵਰਦੇ ਘਰ ਦਾ ਇੱਕ ਲਾਡਲਾ ਪੁੱਤਰ ਸੀ। ਸ੍ਰ ਗੁਰਦਿਆਲ ਸਿੰਘ ਨੇ ਉਸ ਦੀ ਪੜ੍ਹਾਈ ਲਿਖਾਈ ਲਈ ਘਰ ਵਿੱਚ ਹੀ ਇੱਕ ਚੰਗੇ ਵਿਦਵਾਨ ਦਾ ਪ੍ਰੰਬਧ ਕਰ ਦਿੱਤਾ। ਘਰ ਵਿੱਚ ਹੀ ਉਨ੍ਹਾਂ ਧਾਰਮਿਕ ਵਿਦਿਆ ਦੇ ਨਾਲ ਨਾਲ ਹੋਰਨਾਂ ਭਸ਼ਾਵਾਂ ਦਾ ਗਿਆਨ ਵੀ ਹਾਸ਼ਲ ਕੀਤਾ। ਫਾਰਸੀ ਦੀ ਪੜ੍ਹਾਈ ਲਈ ਇੱਕ ਮੌਲਵੀ ਵੀ ਘਰ ਹੀ ਪੜਾਉਣ ਆਉਂਦਾ ਸੀ। ਉਹ ਬਚਪਨ ਤੋਂ ਹੀ ਤੀਖਣ ਬੁੱਧੀ ਵਾਲੇ ਅਤੇ ਜ਼ੋਸੀਲੇ ਸੁਭਾਅ ਦੇ ਸਨ। ਯਾਦਸਤ ਇੰਨ੍ਹੀ ਤਕੜੀ ਸੀ ਕਿ ਜੋ ਇੱਕ ਵਾਰ ਪੜ੍ਹ ਲੈਣਾ ਤੇ ਵੇਖ ਲੈਣਾ ਉਹ ਭੁੱਲਦੇ ਨਹੀਂ ਸਨ। ਸ੍ਰ ਹਰੀ ਸਿੰਘ ਦੇ ਬਚਪਨ ਉਮਰੇ (ਸੱਤ ਸਾਲ) ਵਿੱਚ ਹੀ ਪਿਤਾ ਸ਼੍ਰ ਗੁਰਦਿਆਲ ਸਿੰਘ ਦਾ ਦੇਹਾਂਤ ਹੋ ਗਿਆ। ਪਿਤਾ ਦੇ ਅਕਾਲ ਚਲਾਣੇ ਪਿੱਛੋਂ ਹਰੀ ਸਿੰਘ ਨੂੰ ਆਪਣੀ ਮਾਤਾ ਧਰਮ ਕੌਰ ਨਾਲ ਆਪਣੇ ਨਾਨਕੇ ਘਰ ਰਹਿਣਾ ਪਿਆ। ਉਸ ਨੇ ਕੁਦਰਤ ਦੀ ਬਖਸ਼ਿਸ ਨਾਲ ਨਾਬਾਲਗ ਉਮਰੇ ਹੀ ਘੋੜਸਵਾਰੀ, ਨੇਜ਼ਾਬਾਜ਼ੀ,ਤੀਰਬਾਜ਼ੀ ਅਤੇ ਨਿਸ਼ਾਨੇਬਾਜ਼ੀ ਵਿੱਚ ਮੁਹਾਰਤ ਹਾਸਲ ਕਰ ਲਈ ਸੀ। ਤੇਜ਼ ਜਾਹੋ ਜਲਾਲ ਵਾਲਾ ਸ੍ਰ ਹਰੀ ਸਿੰਘ ਨਲੂਆ ਚੜਦੀ ਉਮਰੇ ਹੀ ਚੰਗੇ ਕੱਦ-ਕਾਠ ਤੇ ਬੜੇ ਫੁਰਤੀਲੇ ਸਰੀਰ ਵਾਲਾ ਸੋਹਣਾ ਸੁਨੱਖਾ ਨੌਜਵਾਨ ਬਣ ਗਿਆ। ਸਰਦਾਰ ਹਰੀ ਸਿੰਘ ਨਲੂਆ ਦਾ ਚਿਹਰਾ ਇੰਨ੍ਹਾਂ ਰੋਹਬ ਦਾਬ ਵਾਲ ਸੀ ਕਿ ਉਸ ਨਾਲ ਕੋਈ ਵੀ ਵਿਆਕਤੀ ਅੱਖ 'ਚ ਅੱਖ ਪਾ ਕੇ ਗੱਲ ਕਰਨ ਦੀ ਹਿੰਮਤ ਨਹੀਂ ਕਰ ਸਕਦਾ ਸੀ। ਉਸ ਸਮੇਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵੱਲੋਂ ਸਿੱਖ ਨੌਜਵਾਨਾਂ ਨੂੰ ਫੌਜ ਵਿੱਚ ਭਰਤੀ ਕਰਨ ਲਈ ਸਾਲ ਵਿੱਚ ਪੰਦਰਾਂ ਦਿਨਾਂ ਦਾ ਇੱਕ ਵਿਸਾਲ ਕੈਂਪ ਲਾਇਆ ਜਾਂਦਾ ਸੀ,ਜਿਸ ਵਿੱਚ ਨੌਜਵਾਨ ਆਪਣੀ ਸਰੀਰਿਕ ਅਤੇ ਜੰਗੀ ਅਭਿਆਸ ਦੇ ਕਰਤੱਵ ਵਿਖਾਉਦੇ ਸਨ। ਅਜਿਹੇ ਹੀ ਇੱਕ ਕੈਂਪ ਵਿੱਚ ਸਰਦਾਰ ਹਰੀ ਸਿੰਘ ਨੇ ਵੀ ਜੰਗੀ ਕਾਰਨਾਮਿਆਂ ਦੇ ਵਿਲੱਖਣ ਕਰਤੱਵ ਵਿਖਾਏ। ਜਿਸ ਕਰਕੇ ਸ਼ੇਰੇ ਪੰਜਾਬ ਮਹਾਰਜਾ ਰਣਜੀਤ ਸਿੰਘ ਨੇ ਸਰਦਾਰ ਹਰੀ ਸਿੰਘ ਨੂੰ ਆਪਣੀ ਫੌਜ ਵਿੱਚ ਇੱਕ ਖਾਸ ਰੁਤਬੇ ਉੱਪਰ ਭਰਤੀ ਕਰ ਲਿਆ। ਇੱਕ ਦਿਨ ਮਹਾਰਜਾ ਰਣਜੀਤ ਸਿੰਘ ਜੰਗਲ ਵਿੱਚ ਸ਼ਿਕਾਰ ਖੇਡਣ ਲਈ ਗਏ। ਉਸ ਸਮੇਂ ਸਰਦਾਰ ਹਰੀ ਸਿੰਘ ਵੀ ਉਨ੍ਹਾਂ ਦੇ ਨਾਲ ਸੀ। ਜੰਗਲ ਵਿੱਚੋਂ ਇੱਕ ਸ਼ੇਰ ਨੇ ਸਰਦਾਰ ਹਰੀ ਸਿੰਘ ਤੇ ਹਮਲਾ ਕਰ ਦਿੱਤਾ। ਸ਼ੇਰ ਦਾ ਹਮਲਾ ਇੰਨ੍ਹਾਂ ਤੇਜ਼ ਸੀ ਕਿ ਸਰਦਾਰ ਹਰੀ ਸਿੰਘ ਨੂੰ ਮਿਆਨ ਵਿੱਚੋਂ ਤਲਵਾਰ ਕੱਢਣ ਦਾ ਮੌਕਾਂ ਵੀ ਨਾ ਮਿਲਿਆ। ਉਸਨੇ ਨੇ ਆਪਣੀ ਨਿਡਰਤਾ ਅਤੇ ਫੁਰਤੀ ਨਾਲ ਸ਼ੇਰ ਨੂੰ ਜਬੜਾਇਆਂ ਤੋਂ ਫੜ ਕੇ ਇੰਨ੍ਹੇ ਜੋਰ ਦੀ ਥੱਲੇ ਪਟਕਾ ਮਾਰਿਆ ਤੇ ਕ੍ਰਿਪਾਨ ਕੱਢਦਿਆਂ ਇੱਕੋ ਵਾਰ ਨਾਲ ਹੀ ਸ਼ੇਰ ਦਾ ਸਿਰ ਧੜ ਨਾਲੋਂ ਅਲੱਗ ਕਰ ਦਿੱਤਾ। ਮਹਾਰਾਜਾ ਨੇ ਇਹ ਅੱਖੀ ਡਿੱਠੀ ਘਟਨਾ ਵੇਖ ਕੇ ਸਰਦਾਰ ਹਰੀ ਸਿੰਘ ਦੇ ਨਾਮ ਨਾਲ ਨਲੂਆ ਸ਼ਬਦ ਵੀ ਜੋੜ ਦਿੱਤਾ। ਸ਼ੇਰੇ ਪੰਜਾਬ ਮਹਾਰਜਾ ਰਣਜੀਤ ਸਿੰਘ ਨੇ ਆਪਣੇ ਭਰੇ ਦਰਬਾਰ 'ਚ ਖੁਸ਼ੀ ਨਾਲ ਸਰਦਾਰ ਹਰੀ ਸਿੰਘ ਨਲੂਆ ਦੇ ਸ਼ੇਰ ਮਾਰਨ ਵਾਲੀ ਘਟਨਾ ਦਾ ਜ਼ਿਕਰ ਕਰਦਿਆਂ ਉਸਨੂੰ ਅੱਠ ਸੌ ਸੈਨਿਕਾਂ ਦਾ ਜਥਾ ਦੇ ਕੇ ਉਨ੍ਹਾਂ ਨੂੰ ਫੌਜੀ ਦਸਤੇ ਦਾ ਸਰਦਾਰ ਐਲਾਨ ਦਿੱਤਾ। ਸਰਦਾਰ ਹਰੀ ਸਿੰਘ ਨਲੂਆ ਨੇ 1807 ਈ: ਵਿੱਚ ਕਸੂਰ ਦੇ ਬਾਹਰਲੇ ਮੈਦਾਨ ਵਿੱਚ ਆਪਣੇ ਜੀਵਨ ਦੀ ਪਹਿਲੀ ਲੜਾਈ ਲੜੀ,ਜਿਸ ਵਿੱਚ ਨਵਾਬ ਕੁਤਬਦੀਨ ਖਾਨ ਦੀਆਂ ਫੌਜਾਂ ਨੂੰ ਖਾਲਸਾ ਫੌਜ ਨੇ ਇੰਨ੍ਹੀ ਜਬਰਦਸਤ ਟੱਕਰ ਦਿੱਤੀ ਕਿ ਨਵਾਬ ਖਾਨ ਦੀਆਂ ਫੌਜਾਂ ਆਪਣੇ ਮੋਰਚੇ ਛੱਡ ਕਸੂਰ ਦੇ ਕਿਲੇ ਵੱਲ ਭੱਜੀਆਂ। ਭੱਜਦੀ ਹੋਈ ਫੌਜ ਦਾ ਪਿੱਛਾ ਕਰਕੇ ਸਰਦਾਰ ਹਰੀ ਸਿੰਘ ਨਲੂਆ ਦੀ ਰਜਮੈਂਟ ਨੇ ਦੋ ਸੈਂਕੜੇ ਤੋਂ ਵੱਧ ਗਾਜ਼ੀਆਂ ਨੂੰ ਬੰਦੀ ਬਣਾ ਕੇ ਹਥਿਆਰ ਖੋ ਲਏ ਤੇ ਸ਼ੇਰੇ ਪੰਜਾਬ ਮਹਾਰਾਜਾ ਅੱਗੇ ਪੇਸ਼ ਕਰ ਦਿੱਤੇ। ਸ਼ੇਰੇ ਪੰਜਾਬ ਮਹਾਰਜਾ ਰਣਜੀਤ ਸਿੰਘ ਨੇ ਸਰਦਾਰ ਹਰੀ ਸਿੰਘ ਨਲੂਆ ਦੀ ਇਸ ਬਹਾਦਰੀ ਤੋਂ ਖੁਸ਼ ਹੋ ਕੇ ਸਰਦਾਰੀ ਤੇ ਕਈ ਪਿੰਡਾਂ ਦੀ ਜਗੀਰ ਇਨਾਮ ਵਜੋਂ ਬਖਸੀ। ਨਵਾਬ ਕੁਤਬਦੀਨ ਖਾਨ ਜਦ ਕਸੂਰ ਦੇ ਕਿਲ੍ਹੇ ਵਿੱਚ ਜਾ ਵੜਿਆ ਤਾਂ ਸਿੱਖ ਫੌਜ ਨੇ ਕਿਲ੍ਹੇ ਨੂੰ ਤੋੜਨ ਲਈ ਸਰਦਾਰ ਹਰੀ ਸਿੰਘ ਨਲੂਆ ਦੀ ਅਗਵਾਈ ਹੇਠ ਕਿਲ੍ਹੇ ਦੀਆਂ ਕੰਧਾਂ ਦੇ ਥੱਲੇ ਸਰੁੰਗਾਂ ਲਾ ਕੇ ਬਰੂਦ ਭਰ ਕੇ ਕਿਲ੍ਹੇ ਦੀਆਂ ਕੰਧਾਂ ਉਡਾ ਦਿੱਤੀਆਂ ਅਤੇ ਧਾਵਾ ਬੋਲ ਦਿੱਤਾ। ਕਿਲ੍ਹੇ ਅੰਦਰ ਘਮਸਾਨ ਦੇ ਯੁੱਧ ਵਿੱਚ ਖਾਲਸੇ ਦੀ ਚੜ੍ਹਦੀ ਕਲਾ ਨੂੰ ਵੇਖ ਕੇ ਨਵਾਬ ਕੁਤਬਦੀਨ ਖਾਨ ਨੇ ਕਿਲ੍ਹੇ ਵਿੱਚੋਂ ਭੱਜਣ ਦੀ ਕੋਸ਼ਿਸ ਕੀਤੀ ਤਾਂ ਉਸਨੂੰ ਸਰਦਾਰ ਹਰੀ ਸਿੰਘ ਦੀ ਅਗਵਾਈ ਹੇਠਲੀ ਫੌਜ ਨੇ ਫੜ ਲਿਆ। ਉਸਨੂੰ ਗ੍ਰਿਫਤਾਰ ਕਰਕੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਅੱਗੇ ਪੇਸ਼ ਕੀਤਾ ਗਿਆ। ਸ਼ੇਰੇ ਪੰਜਾਬ ਨੇ ਸਰਦਾਰ ਦੇ ਇਸ ਕਾਰਨਾਮੇਂ ਤੋਂ ਖੁਸ਼ ਹੋ ਕੇ 30 ਹਜ਼ਾਰ ਸਲਾਨਾ  ਜਾਗੀਰ ਦੀ ਬਖਸ਼ਿਸ ਕੀਤੀ। ਇਸ ਲੜਾਈ ਵਿੱਚ ਹਰੀ ਸਿੰਘ ਨਲੂਆ ਗੰਭੀਰ  ਰੂਪ ਵਿੱਚ ਜ਼ਖਮੀ ਹੋ ਗਿਆ ਸੀ। 1810 ਈ 'ਚ ਮੁਲਤਾਨ ਦੀ ਜੰਗ ਵਿੱਚ ਸਰਦਾਰ ਹਰੀ ਸਿੰਘ ਨਲੂਏ ਨੇ ਆਪਣੀ ਜਾਨ ਦੀ ਬਾਜ਼ੀ ਲਾੳਦਿਆਂ ਅਦੁੱਤੀ ਨਿਰਭੈਤਾ ਅਤੇ ਸੂਰਮਗਤੀ ਦਾ ਸਬੂਤ ਵੀ ਦਿੱਤਾ। ਇਸ ਜੰਗ ਤੋਂ ਬਾਅਦ ਸ਼ੇਰੇ ਪਜਾਬ 'ਤੇ ਉਸਦੀਆਂ ਫੌਜਾਂ ਵਿੱਚ ਸ੍ਰ ਹਰੀ ਸਿੰਘ ਨਲੂਏ ਨੂੰ ਬੜੀ ਇੱਜਤ ਨਾਲ ਵੇਖਿਆ ਜਾਣ ਲੱਗਿਆ। ਇਸ ਪਿੱਛੋਂ ਮਹਾਰਜਾ ਨੇ 20000 ਰੁਪਿਆ ਸਲਾਨਾ ਦੀ ਜਾਗੀਰ ਤੇ ਫੌਜ ਵਿੱਚ ਉਸ ਦਾ ਰੁਤਬਾ ਵੀ ਵਧਾ ਦਿੱਤਾ। ਸੰਨ 1812 ਵਿਚ ਸ੍ਰ ਹਰੀ ਸਿੰਘ ਨਲੂਏ ਨੇ ਆਪਣੇ ਬਾਹੂਬਲ ਅਤੇ ਦੂਰ-ਅੰਦੇਸ਼ੀ ਨਾਲ ਮਿੱਠੇ ਟਿਵਾਣੇ ਇਲਾਕੇ ਤੇ ਕਬਜਾ ਕਰਕੇ ਖਾਲਸਾ ਰਾਜ ਕਾਇਮ ਕਰ ਦਿੱਤਾ। ਅਟਕ ਦਾ ਇਤਿਹਾਸਿਕ ਕਿਲ੍ਹਾ ਦਰਿਆ ਸਿੰਧ ਦੇ ਪੱਤਣ ਤੇ ਬਣਿਆ ਹੋਇਆ ਹੈ। ਇਸ ਕਿਲ੍ਹੇ ਨੂੰ ਮਹਾਰਾਜਾ ਸ਼ੇਰੇ ਪੰਜਾਬ ਨੇ ਆਪਣੇ ਕਬਜੇ ਵਿੱਚ ਕਰਨ ਲਈ ਸ੍ਰ ਹਰੀ ਸਿੰਘ ਨਲੂਏ ਦੀ ਚੋਣ ਕੀਤੀ। ਸ੍ਰ ਹਰੀ ਸਿੰਘ ਨਲੂਆ ਵੱਲੋਂ ਬੜੀ ਬਹਾਦਰੀ ਨਾਲ ਸੰਨ 1813 ਵਿੱਚ ਅਫਗਾਨਾਂ ਨਾਲ ਗਹਿਗੱਚ ਲੜਾਈ ਲੜੀ ਜਾ ਰਹੀ ਸੀ ਤੇ ਇਹ ਲੜਾਈ ਦੋਹਾਂ ਧਿਰਾਂ  ਵਿੱਚ ਜਿੰਦਗੀ ਅਤੇ ਮੌਤ ਦਾ ਸਵਾਲ ਬਣ ਗਈ ਸੀ। ਸ੍ਰ ਹਰੀ ਸਿੰਘ ਨਲੂਏ ਨੇ ਆਪਣੀ ਫੌਜ ਦੇ ਹੌਂਸ਼ਲੇ ਬੁਲੰਦ ਰੱਖਦਿਆਂ ਉਨ੍ਹਾਂ ਨੂੰ ਲਗਾਤਾਰ ਅੱਗੇ ਵਧਣ ਲਈ ਉਤਸ਼ਾਹਿਤ ਕੀਤਾ। ਇਸ ਲੜਾਈ ਵਿੱਚ ਕਈ ਨਾਮੀ ਸਿੱਖ ਯੋਧੇ ਸ਼ਹਾਦਤ ਦਾ ਜਾਮ ਪੀ ਗਏ।  ਨਲੂਏ ਦੇ ਦ੍ਰਿੜ ਇਰਾਦਿਆਂ ਨੇ ਇਹ ਜੰਗ ਜਿੱਤ ਲਈ ਤੇ ਅਟਕ ਦੇ ਕਿਲ੍ਹੇ ਉਪਰ ਖਾਲਸਾ ਰਾਜ ਦਾ ਝੰਡਾ ਝੁਲਾ ਦਿੱਤਾ। ਮਹਾਰਾਜਾ ਸ਼ੇਰੇ ਪੰਜਾਬ ਦੇ ਹੁਕਮਾਂ ਅਨੁਸਾਰ ਸਰਦਾਰ ਹਰੀ ਸਿੰਘ ਨਲੂਏ ਨੇ ਆਪਣੀ ਫੌਜ ਅਤੇ ਆਪਣੇ ਨਿਡਰ ਇਰਾਦਿਆ ਨਾਲ ਕਸ਼ਮੀਰ ਨੂੰ ਆਪਣੇ ਕਬਜੇ ਵਿੱਚ ਲੈ ਕੇ ਖਾਲਸਾ ਰਾਜ ਕਾਇਮ ਕਰ ਦਿੱਤਾ। ਸ਼ੇਰੇ ਪੰਜਾਬ ਮਹਾਰਾਜੇ ਨੇ 1820 ਈ: ਵਿੱਚ ਸ੍ਰ ਹਰੀ ਸਿੰਘ ਨਲੂਆ ਦੀ ਕਾਬਲੀਅਤ ਨੂੰ ਵੇਖਦੇ ਹੋਏ ਉਸਨੂੰ ਕਸ਼ਮੀਰ ਦਾ ਗਵਰਨਰ ਬਣਾ ਦਿੱਤਾ। ਖਾਲਸਾ ਕੌਮ ਦੇ ਇਸ ਮਹਾਨ ਜਰਨੈਲ ਨੇ ਕਸ਼ਮੀਰ ਦੇ ਰਾਜ ਪ੍ਰਬੰਧ ਇੰਨ੍ਹੇ ਚੰਗੇ ਤੇ ਨਿਰਪੱਖ ਢੰਗ ਨਾਲ ਚਲਾਏ ਕਿ ਸਭ ਵਰਗਾਂ ਦੇ ਮਨ ਜਿੱਤ ਲਏ। ਚੰਗੇ ਰਾਜ ਪ੍ਰਬੰਧ ਦਾ ਜਸ ਸੁਣ ਕੇ ਕਸ਼ਮੀਰ ਦੇ ਉਹ ਲੋਕ ਜੋ ਜੁਲਮਾਂ ਅਤੇ ਅਤਿਆਚਾਰ ਤੋਂ ਪ੍ਰੇਸ਼ਾਨ ਹੋਕੇ ਹੋਰ ਥਾਂਵਾ ਤੇ ਵਸ ਗਏ ਸਨ,ਉਹ ਮੁੜ ਆਪਣੇ ਵਤਨ ਕਸ਼ਮੀਰ ਪਰਤ ਆਏ ਸਨ। ਜਦ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਕਸ਼ਮੀਰ ਦੇ ਚੰਗੇ ਪ੍ਰਬੰਧਾਂ ਦਾ ਪਤਾ ਲੱਗਿਆ ਤਾਂ ਉਨ੍ਹਾਂ ਖੁਸ਼ ਹੋ ਕੇ ਕਸ਼ਮੀਰ ਵਿੱਚ ਸਰਦਾਰ ਹਰੀ ਸਿੰਘ ਨਲੂਆ ਨੂੰ ਆਪਣੇ ਨਾਮ ਦਾ ਸਿੱਕਾ ਜਾਰੀ ਕਰਨ ਦਾ ਮਹਾਨ ਅਧਿਕਾਰ ਬਖਸ਼ ਦਿੱਤਾ। ਜਦ ਖਾਲਸਾ ਕੌਮ ਦੇ ਇਸ ਅਦੁੱਤੀ ਜਰਨੈਲ ਨੇ 1821 ਈ: ਵਿੱਚ ਮਾਂਗਲੀ ਘਾਟੀ ਤੇ ਜਿੱਤ ਦਾ ਝੰਡਾ ਗੱਡਣ ਪਿਛੋਂ ਖੁਸ਼ਾਬ ਦੇ ਮੁਕਾਮ ਤੇ ਮਹਾਰਾਜਾ ਸ਼ੇਰੇ ਪੰਜਾਬ ਨਾਲ ਮੁਲਕਾਤ ਕੀਤੀ। ਇਸ ਮੌਕੇ ਉਨ੍ਹਾਂ ਨੂੰ ਤੋਪਾਂ ਦੀ ਸਲਾਮੀ ਦਿੱਤੀ ਗਈ। ਜਸ਼ਨ ਮਨਾਏ ਗਏ। ਉਸ ਸਮੇਂ ਹੀ ਸ਼ੇਰੇ ਪੰਜਾਬ ਮਾਹਰਾਜਾ ਨੇ ਸ੍ਰ ਹਰੀ ਸਿੰਘ ਨਲੂਆ ਨੂੰ ਆਪਣੀ ਛਾਤੀ ਨਾਲ ਲਾ ਕੇ ਅਖਿਆ 'ਮੇਰਾ ਬਹਾਦਰ ਜਰਨੈਲ ਖਾਲਸੇ ਦੇ ਨਾਮ ਨੂੰ ਸੂਰਜ ਦੀ ਤਰ੍ਹਾਂ ਸੰਸਾਰ 'ਚ ਰੌਸ਼ਨ ਕਰ ਰਿਹਾ ਹੈ। ਉਨ੍ਹਾਂ ਹਜ਼ਾਰੇ ਖੇਤਰ ਸਮੇਤ ਹੋਰ ਕਈ ਖੇਤਰਾਂ ਨੂੰ ਜਿੱਤ ਕੇ ਖਾਲਸਾ ਰਾਜ ਸਥਾਪਤ ਕਰ ਦਿੱਤਾ। ਜਿੱਤ ਉਪਰੰਤ ਇੰਨ੍ਹਾਂ ਖੇਤਰਾਂ ਦਾ ਰਾਜ ਪ੍ਰਬੰਧ ਵੀ ਮਹਾਰਾਜਾ ਵੱਲੋਂ ਸ੍ਰ ਹਰੀ ਸਿੰਘ ਨਲੂਆ ਦੇ ਹਵਾਲੇ ਕਰ ਦਿੱਤਾ ਗਿਆ। ਇਸ ਨਿਡਰ ਸਿੱਖ ਜਰਨੈਲ ਨੇ 1823 ਈ: ਵਿੱਚ ਗਾਜੀਆਂ, ਪਠਾਣਾਂ ਅਤੇ ਅਫਗਾਨਾਂ ਆਦਿ ਨੂੰ ਹਰਾ ਕੇ ਖਾਲਸਾ ਫੌਜ ਦੀ ਧਾਕ ਜਮਾਈ। ਮਹਾਰਾਜੇ ਦੇ ਹੁਕਮਾਂ ਅਨੁਸਾਰ  1828 ਈ: ਵਿੱਚ ਇਸ ਮਹਾਨ ਜਰਨੈਲ ਨੇ ਕਟੌਚੀਆਂ ਦੇ ਇਲਾਕੇ ਬਾਈਧਾਰ ਦੇ ਰਾਜਿਆਂ ਉੱਪਰ ਚੜਾਈ ਕਰ ਦਿੱਤੀ। ਖਾਲਸਾ ਫੌਜ ਨੇ ਸੀਬਾ,ਗੁਲੇਰ,ਨਾਦੌਣ,ਲੰਬਾਗਾਉਂ ਦੀ ਰਾਜਧਾਨੀ ਤੇ ਕਬਜ਼ਾ ਕਰਕੇ ਖਾਲਸਾ ਰਾਜ ਸਥਾਪਤ ਕਰ ਲਿਆ। ਸ਼ੇਰੇ ਪੰਜਾਬ ਮਹਾਰਾਜਾ ਨੇ 1834 ਈ: ਵਿੱਚ ਪਿਸ਼ਾਵਰ ਤੇ ਧਾਵਾ ਕਰ ਦੇਣ ਦਾ ਹੁਕਮ ਦਿੰਦਿਆਂ ਸਰਦਾਰ ਹਰੀ ਸਿੰਘ ਨਲੂਆ ਨੂੰ ਕਿਹਾ ਕਿ ਆਪ ਇਸ ਖਾਲਸਾ ਫੌਜ ਦੇ ਕਮਾਂਡਰ ਇੰਨ ਚੀਫ ਹੋ। ਇਸ ਫਤਵੇ ਤਹਿਤ 1834 ਈ: ਨੂੰ ਖਾਲਸਾ ਫੌਜ ਨੇ ਇਸ ਅਦੁੱਤੀ ਜਰਨੈਲ ਦੀ ਕਮਾਂਡ ਵਿੱਚ ਪਿਸ਼ਾਵਰ ਤੇ ਹਮਲਾ ਕਰ ਦਿੱਤਾ। ਪਠਾਣਾਂ ਨੇ ਖਾਲਸਾ ਫੌਜ ਦਾ ਬੜੀ ਬਹਾਦਰੀ ਨਾਲ ਲੜਦਿਆਂ ਰਾਹ ਰੋਕਣ ਦੀ ਕੋਸ਼ਿਸ ਕੀਤੀ ਪਰ ਇਸ ਜੋਸ਼ੀਲੇ ਜਰਨੈਲ ਦੀ ਖਾਲਸਾ ਫੌਜ ਨੇ ਪਠਾਣਾਂ ਦੇ ਮੋਰਚਿਆਂ ਨੂੰ ਤਹਿਸ ਨਹਿਸ ਕਰ ਦਿੱਤਾ। ਪਿਸ਼ਾਵਰ ਤੇ ਕਬਜਾ ਕਰਦਿਆਂ ਪਿਸ਼ਾਵਰ ਇਲਾਕੇ ਦਾ ਦੌਰਾ ਕਰਕੇ ਪਠਾਣਾਂ ਦੇ ਦਿਲਾਂ ਵਿੱਚ ਖਾਲਸਾ ਫੌਜ ਦੇ ਰੋਅਬ ਦਾ ਸਦਾ ਲਈ ਡਰ ਬੈਠਾ ਦਿੱਤਾ। ਪਿਸ਼ਾਵਰ ਦਾ ਗਵਰਨਰ ਵੀ ਸਰਦਾਰ ਹਰੀ ਸਿੰਘ ਨਲੂਆ ਨੂੰ ਹੀ ਬਣਾਇਆ ਗਿਆ। ਪਠਾਣ, ਸ੍ਰ ਨਲੂਆ ਦਾ ਨਾਮ ਸੁਣ ਕੇ ਕੰਬਦੇ ਸਨ। ਅਮੀਰ ਦੋਸਤ ਮੁਹੰਮਦ ਖਾਨ ਨੇ ਆਪਣੀ ਹਾਰ ਦਾ ਬਦਲਾ ਲੈਣ ਲਈ ਆਪਣੀ ਇੱਕ ਤਕੜੀ ਅਤੇ ਜੋਸ਼ੀਲੀ ਫੌਜ ਤਿਆਰ ਕੀਤੀ। ਪਰ ਉਹ ਆਪ ਜੋਸ਼ੀਲੇ ਜਰਨੈਲ ਅੱਗੇ ਜਾਣ ਤੋਂ ਝਿਜਕਦਾ ਸੀ ਕਿਉਂਕਿ ਉਹ ਪਹਿਲਾਂ ਯੁੱਧ ਵਿੱਚ ਇਸ ਮਹਾਨ ਜਰਨੈਲ ਤੋਂ ਹਾਰ ਗਿਆ ਸੀ। ਇਸ ਕਰਕੇ ਅਮੀਰ ਦੋਸਤ ਮੁਹੰਮਦ ਖਾਨ ਨੇ ਆਪਣੇ ਪੁੱਤਰ ਅਕਬਰ ਖਾਨ ਦੀ ਅਗਵਾਈ 'ਚ 1837 ਈ: ਵਿੱਚ ਸਰਦਾਰ ਹਰੀ ਸਿੰਘ ਨਲੂਆ ਦੀ ਗੈਰ ਹਾਜ਼ਰੀ ਦਾ ਫਾਇਦਾ ਉਠਾਦਿਆਂ ਜਮਰੌਦ ਦੇ ਕਿਲ੍ਹੇ ਤੇ ਹਮਲਾ ਕਰਵਾ ਦਿੱਤਾ। ਕਿਲ੍ਹੇ ਵਿੱਚ ਹਾਜ਼ਰ ਖਾਲਸਾ ਫੌਜ ਨੇ ਹਮਲਵਾਰਾਂ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਸਰਦਾਰ ਹਰੀ ਸਿੰਘ ਨਲੂਆ ਨੂੰ ਇਸ ਹਮਲੇ ਦੀ ਖਬਰ ਭੇਜ ਦਿੱਤੀ। ਜੰਗ ਦੇ ਤੀਜੇ ਦਿਨ ਅਫਗਾਨ ਜਮਰੌਦ ਦੇ ਕਿਲ੍ਹੇ ਦੇ ਨਜਦੀਕ ਹੀ ਹਮਲਾ ਕਰਨ ਦੀਆਂ ਤਿਆਰੀਆਂ ਕਰਨ ਦੀ ਯੋਜਨਾਬੰਦੀ ਵਿੱਚ ਸਨ ਤਾਂ ਮੌਕੇ ਤੇ ਸ੍ਰ ਹਰੀ ਸਿੰਘ ਨਲੂਆ ਆਪਣੀ ਫੌਜ ਸਮੇਤ ਪਹੁੰਚ ਗਿਆ।ਉਸਨੇ ਇਸ ਤਰ੍ਹਾਂ ਹਮਲਾ ਕੀਤਾ ਕਿ ਦੁਸ਼ਮਣਾਂ ਨੂੰ ਮੈਦਾਨੇ ਜੰਗ ਵਿੱਚ ਹੜ੍ਹ ਵਾਂਗ ਰੋੜ ਦਿੱਤਾ। ਜਦ ਦੁਸ਼ਮਣਾਂ ਨੂੰ ਪਤਾ ਲੱਗ ਗਿਆ ਕਿ ਜੰਗ ਵਿੱਚ ਸ੍ਰ ਹਰੀ ਸਿੰਘ ਨਲੂਆ ਪਹੁੰਚ ਗਿਆ ਹੈ ਤਾਂ ਵੈਰੀ ਦੀ ਫੌਜ ਨੇ ਮੈਦਾਨੇ ਜੰਗ ਛੱਡ ਕੇ ਭੱਜਣਾ ਸ਼ੁਰੂ ਕਰ ਦਿੱਤਾ। ਇਸ ਮੌਕੇ ਸ੍ਰ ਹਰੀ ਸਿੰਘ ਨਲੂਆ ਦੀ ਫੌਜ ਨੇ ਕਾਫੀ ਜੰਗੀ ਸਮਾਨ ਵੀ ਦੁਸ਼ਮਣਾਂ ਤੋਂ ਖੋਹ ਲਿਆ। ਜੰਗ ਦੇ ਮੈਦਾਨ ਵਿੱਚੋਂ ਦੁਸਮਣਾਂ ਨੂੰ ਭਜਾ ਕੇ ਜਦ ਉਹ ਵਾਪਸ ਜਮਰੌਦ ਦੇ ਕਿਲ੍ਹੇ ਵੱਲ ਜਾ ਰਿਹਾ ਸੀ ਤਾਂ ਇੱਕ ਗੁਫਾ ਵਿੱਚ ਲੁਕੇ ਹੋਏ ਗਾਜੀਆਂ ਨੇ ਗੋਲੀ ਚਲਾ ਦਿੱਤੀ। ਇਹ ਗੋਲੀ ਉਸਦੇ ਅੰਗ ਰੱਖਿਅਕ ਦੇ ਵੱਜੀ ਤਾਂ ਝੱਟ ਸ੍ਰ ਹਰੀ ਸਿੰਘ ਨਲੂਆ ਨੇ ਆਪਣੇ ਘੋੜੇ ਨੂੰ ਉਸ ਗੁਫਾ ਵੱਲ ਮੋੜਿਆ ਤਾਂ ਗੁਫਾ ਵਿੱਚੋਂ ਗਾਜੀਆਂ ਨੇ ਫਿਰ ਦੋ ਗੋਲੀਆਂ ਚਲਾ ਦਿੱਤੀਆਂ ਜੋ ਸ੍ਰ ਹਰੀ ਸਿੰਘ ਨਲੂਆ ਦੀ ਛਾਤੀ ਅਤੇ ਵੱਖੀ ਵਿੱਚ ਵੱਜੀਆਂ। ਉਸੇ ਵਕਤ ਹੀ ਸਰਦਾਰ ਆਪਣੇ ਘੋੜੇ ਨੂੰ ਮੋੜ ਕੇ ਜਮਰੌਦ ਦੇ ਕਿਲੇ ਵਿੱਚ ਲੈ ਗਿਆ। ਕਿਲ੍ਹੇ ਅੰਦਰ ਮਹਾਂ ਸਿੰਘ ਨੇ ਸਰਦਾਰ ਦਾ ਇਲਾਜ ਸ਼ੁਰੂ ਕਰ ਦਿੱਤਾ। ਸ੍ਰ ਹਰੀ ਸਿੰਘ ਨੇ ਆਪਣਾ ਅੰਤਮ ਸਮੇਂ ਨੂੰ ਨਜ਼ਦੀਕ ਵੇਖਦਿਆਂ ਖਾਲਸਾ ਰਜਮੈਂਟਾਂ ਦੇ ਸਰਦਾਰਾਂ ਨੂੰ ਅੰਦਰ ਬੁਲਾਇਆ ਅਤੇ ਕਿਹਾ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਆਉਣ ਤੱਕ ਉਨ੍ਹਾਂ ਦੀ ਸ਼ਹਾਦਤ ਦੀ ਗੱਲ ਕਿਲ੍ਹੇ 'ਚੋਂ ਬਾਹਰ ਨਹੀਂ ਜਾਣੀ ਚਾਹੀਦੀ। ਇਹ ਗੱਲ ਕਹਿ ਕੇ ਖਾਲਸਾ ਕੌਮ ਦਾ ਅੰਤੋਅੰਤ ਪਿਆਰਾ ਤੇ ਮਹਾਨ ਜਰਨੈਲ ਸਿੱਖ ਰਾਜ ਦਾ ਵਿਸਥਾਰ ਕਰਦਾ ਹੋਇਆ 30 ਅਪ੍ਰੈਲ 1837 ਈ: ਨੂੰ ਸ਼ਹੀਦ ਹੋ ਗਿਆ। ਜਦ ਇਹ ਖਬਰ ਸ਼ੇਰੇ ਪੰਜਾਬ ਮਹਾਰਜਾ ਰਣਜੀਤ ਸਿੰਘ ਕੋਲ ਪਹੁੰਚੀ ਤਾਂ ਦਰਬਾਰ ਵਿੱਚ ਸ਼ਨਾਟਾ ਛਾ ਗਿਆ। ਫਿਰ ਉਨ੍ਹਾਂ ਵੈਰਾਗਮਈ ਅਵਾਜ਼ ਵਿਚ ਕਿਹਾ ਕਿ ਖਾਲਸਾ ਰਾਜ ਦੇ ਕਿਲ੍ਹੇ ਦਾ ਇੱਕ ਬਹੁਤ ਵੱਡਾ ਬੁਰਜ ਢਹਿ ਗਿਆ ਹੈ। ਸ੍ਰ ਹਰੀ ਸਿੰਘ ਨਲੂਆ ਨੂੰ ਯਾਦ ਕਰਦਿਆਂ ਜਮਰੌਦ ਦੇ ਕਿਲ੍ਹੇ ਵਿੱਚ ਸਰਦਾਰ ਹਰੀ ਸਿੰਘ ਨਲੂਆ ਦਾ ਬੁੱਤ ਵੀ ਲੱਗਿਆ ਹੋਇਆ ਹੈ।

ਗੁਰਜੀਵਨ ਸਿੰਘ ਸਿੱਧੂ ਨਥਾਣਾ
ਪਿੰਡ ਨਥਾਣਾ, ਜਿਲ੍ਹਾ ਬਠਿੰਡਾ
(ਪੰਜਾਬ) 151102
ਮੋਬਾਇਲ: 9417079435
ਮੇਲ : jivansidhus@gmail.com

ਵਿਰਸੇ ਦੀਆਂ ਖੁਸ਼ਬੋਆਂ ਵੰਡ ਗਿਆ ਬਠਿੰਡੇ ਦਾ 15 ਵਾਂ ਵਿਰਾਸਤੀ ਮੇਲਾ - ਗੁਰਜੀਵਨ ਸਿੰਘ ਸਿੱਧੂ ਨਥਾਣਾ

ਪੱਛਮੀ ਸੱਭਿਆਚਾਰ ਦਿਨੋ ਦਿਨ ਸਾਡੀ ਨੌਜਵਾਨ ਪੀੜ੍ਹੀ ਤੇ ਭਾਰੂ ਪੈ ਰਿਹਾ ਹੈ, ਜਿਸ ਕਰਕੇ ਪੰਜਾਬ ਦੇ ਅਮੀਰ ਵਿਰਸੇ ਤੋਂ ਨੌਜਵਾਨੀ ਲਗਾਤਾਰ ਦੂਰ ਹੁੰਦੀ ਜਾ ਰਹੀ ਹੈ। ਪੰਜਾਬ ਦੇ ਪੁਰਾਤਨ ਅਮੀਰ ਵਿਰਸੇ ਨੂੰ ਸੰਭਾਲਣ ਲਈ ਬਹੁਤ ਸਾਰੀਆਂ ਸੰਸਥਾਵਾਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਪੰਜਾਬ ਦੇ ਨੌਜਵਾਨ ਵਰਗ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜ ਕੇ ਰੱਖਿਆ ਜਾ ਸਕੇ ਅਤੇ ਉਹ ਆਪਣੀ ਅਮੀਰ ਵਿਰਾਸਤ ਤੇ ਮਾਣ ਕਰ ਸਕਣ। ਇਸ ਤਰ੍ਹਾਂ ਹੀ ਪੰਜਾਬ ਵਿੱਚ ਮਾਲਵੇ ਖਿੱਤੇ ਦੇ ਬਠਿੰਡਾ ਜ਼ਿਲ੍ਹੇ ਵਿੱਚ ਮਾਲਵਾ ਹੈਰੀਟੇਜ ਅਤੇ ਸੱਭਿਆਚਰਕ ਫਾਊਂਡੇਸ਼ਨ ਵੱਲੋਂ ਪੰਦਰਵਾਂ ਮੇਲਾ 22 ਤੋਂ 24 ਫਰਵਰੀ ਤੱਕ ਬਠਿੰਡਾ ਦੇ ਖੇਡ ਸਟੇਡੀਅਮ ਨਜ਼ਦੀਕ ਬਣੇ ਵਿਰਾਸਤੀ ਪਿੰਡ ਜੈਪਾਲਗੜ੍ਹ ਵਿੱਚ ਲਗਾਇਆ ਗਿਆ। ਇਹ ਮੇਲਾ ਜ਼ਲ੍ਹਿਆਂ ਵਾਲੇ ਬਾਗ ਦੇ ਖੂਨੀ ਸਾਕੇ ਦੇ 100 ਵੇਂ ਵਰ੍ਹੇੁ ਦੀ ਯਾਦ ਨੂੰ ਸਮਰਪਿਤ ਕੀਤਾ ਗਿਆ ਸੀ। ਮਾਲਵਾ ਹੈਰੀਟੇਜ ਅਤੇ ਸੱਭਿਆਚਾਰਕ ਫਊਂਡੇਸ਼ਨ ਵੱਲੋਂ ਨੌਜਵਾਨ ਪੀੜ੍ਹੀ ਨੂੰ ਪੰਜਾਬ ਦੇ ਅਮੀਰ ਪੁਰਾਤਨ ਸੱਭਿਆਚਾਰਕ ਵਿਰਸੇ ਨਾਲ ਜੋੜੀ ਰੱਖਣ ਦੇ ਮਨੋਰਥ ਨਾਲ ਲਗਾਤਾਰ ਪਿਛਲੇ 15 ਸਾਲਾਂ ਤੋਂ ਸਾਰਥਿਕ ਉਪਰਾਲੇ ਕੀਤੇ ਜਾ ਰਹੇ ਹਨ। ਇਸ ਵਿਰਾਸਤੀ ਮੇਲੇ ਦੀ ਖੂਬਸੂਰਤੀ ਇਹ ਹੈ ਕਿ ਇਸ ਦੀ ਸ਼ੁਰੂਆਤ, ਆਪਣੇ ਸਮੇਂ ਦੇ ਇਕ ਸੂਫੀ ਮੁਸ਼ਲਮਾਨ ਫਕੀਰ ਰਤਨਹਾਜੀ ਦੀ ਯਾਦ ਵਿੱਚ ਬਣੇ ਗੁਰਦੁਆਰਾ ਸਾਹਿਬ ਤੇ ਮੁਜ਼ਾਰ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਅਤੇ ਮੁਜ਼ਾਰ ਉਪਰ ਚਾਦਰ ਚੜਾਅ ਕੇ ਕੀਤੀ ਜਾਂਦੀ ਹੈ। ਇਸ ਮੌਕੇ ਕੱਢੇ ਜਾਣ ਵਾਲੇ ਵਿਰਾਸਤੀ ਜਲੂਸ 'ਚ ਰੰਗ ਬਰੰਗੇ ਲਿਬਾਸਾਂ ਵਿੱਚ ਸਜੇ ਗੱਭਰੂ, ਮੁਟਿਆਰਾਂ, ਬਾਬੇ ਅਤੇ ਹਰ ਵਰਗ ਦੇ ਦਰਸ਼ਕਾਂ ਸਮੇਤ ਬਠਿੰਡਾ ਦੇ ਬਜ਼ਾਰਾਂ ਵਿੱਚ ਦੀ ਹੁੰਦੇ ਹੋਏ ਖੇਡ ਸਟੇਡੀਅਮ ਕੋਲ ਬਣੇ ਵਿਰਾਸਤੀ ਪਿੰਡ ਜੈਪਾਲਗੜ੍ਹ ਵਿਖੇ ਪਹੁੰਚਦਾ ਹੈ। ਇਸ ਵਿਰਾਸਤੀ ਜਲੂਸ ਵਿੱਚ ਸ਼ਿੰਗਾਰੇ ਊਠ, ਘੋੜੀਆਂ, ਪੁਰਾਤਨ ਰਥ, ਗੱਡੀਆਂ ਵਿੱਚ ਬੈਠ ਕੇ ਲੋਕ ਮੇਲੇ ਦੇ ਰੰਗ ਨੂੰ ਹੋਰ ਗੂੜਾ ਕਰਦੇ ਹਨ। ਇਸ ਮੇਲੇ ਵਿੱਚ ਪੰਜਾਬ ਤੋਂ ਇਲਾਵਾ ਹਰਿਆਣਾ, ਰਾਜਸਥਾਨ, ਹਿਮਾਚਲ ਤੇ ਹੋਰ ਕਈ ਸੂਬਿਆਂ ਤੋਂ ਪਹੁੰਚੇ ਹੋਏ ਕਲਾਕਾਰ ਵੱਖ-ਵੱਖ ਟੋਲਿਆਂ ਦੇ ਰੂਪ ਵਿੱਚ ਆਪੋ-ਆਪਣੇ ਸੱਭਿਆਚਾਰ ਦੇ ਰੰਗ ਵਿਖੇਰਦੇ ਨਜ਼ਰ ਆਉਂਦੇ ਹਨ। ਮੇਲੇ ਦੌਰਾਨ ਸਜਾਏ ਹੋਏ ਹਾਥੀ, ਸਜੇ ਹੋਏ ਘੋੜੇ ਅਤੇ ਬੋਤਿਆਂ ਦੇ ਕਾਫਲਿਆਂ ਨਾਲ ਰੰਗ-ਬਰੰਗੇ ਕੁੜਤੇ, ਚਾਦਰਿਆਂ ਤੇ ਤੁਰਲੇ ਵਾਲੀਆਂ ਪੱਗਾਂ ਵਾਲੇ ਚੋਬਰਾਂ ਦੇ ਗਲਾਂ ਵਿੱਚ ਪਾਏ ਹੋਏ ਕੈਂਠੇ, ਪੰਜਾਬ ਦੇ ਬਾਬੇ ਤੇ ਗੱਭਰੂ ਰੰਗ-ਬਰੰਗੀਆਂ ਪੁਸ਼ਾਕਾਂ ਵਿੱਚ ਪੁਰਤਾਨ ਸੱਭਿਆਚਾਰ ਦੀ ਝਲਕ ਪੇਸ਼ ਕਰਦੇ ਦਿਲਾਂ ਨੂੰ ਟੁੰਬਦੇ ਹੋਏ ਬੜੇ ਮਨਮੋਹਕ ਲਗਦੇ ਹਨ। ਪੁਰਾਣੇ ਸਮੇਂ ਦੌਰਾਨ ਲੋਕਾਂ ਦੇ ਮਨੋਰੰਜ਼ਨ ਦਾ ਮੁੱਖ ਅੰਗ ਮੰਨੇ ਜਾਂਦੇ ਨਕਲੀਏ ਤੇ ਭੰਡ ਵੀ ਇਸ ਮੇਲੇ ਵਿੱਚ ਨੌਜਵਾਨਾਂ ਤੇ ਬਜੁਰਗਾਂ ਦੀ ਖਿੱਚ ਦਾ ਕੇਂਦਰ ਬਣੇ ਹੋਏ ਸਨ। ਸਾਡੇ ਪੁਰਾਤਨ ਵਿਆਹਾਂ ਦੀ ਪੇਸ਼ਕਾਰੀ ਵੀ ਬਾਖੂਬੀ ਨਾਲ ਕੀਤੀ ਜਾਂਦੀ ਹੈ, ਜਿਸ ਵਿੱਚ ਮੁਟਿਆਰਾਂ ਵੱਲੋਂ ਲੋਕ ਗੀਤ, ਸਿਠਣੀਆਂ, ਦੋਹੇ, ਟੱਪੇ ਤੇ ਬੋਲੀਆਂ ਪਾ ਕੇ ਇਸ ਮੇਲੇ ਨੂੰ ਚਾਰ ਚੰਨ ਲਾ ਲਾਏ ਜਾਂਦੇ ਹਨ। ਪੁਰਾਣੇ ਸਮਿਆਂ ਵਿੱਚ ਵਿਆਹ ਵਾਲੇ ਘਰ ਪੁੱਜ ਰਹੀਆਂ ਮੇਲਣਾਂ, ਸੱਜ ਤੋੜਣ ਦੇ ਦ੍ਰਿਸ਼, ਮਹਿੰਦੀ, ਜਾਗੋ ਅਤੇ ਹੋਰ ਰਸ਼ਮਾਂ ਨੂੰ ਹੂ-ਬ-ਹੂ ਸਿਰਜਿਆ ਗਿਆ ਸੀ। ਇਸ ਵਿਰਾਸਤੀ ਮੇਲੇ ਦਾ ਆਨੰਦ ਮਾਣ ਰਹੇ ਬਜੁਰਗ ਬਾਬੇ ਇੰਝ ਮਹਿਸੂਸ ਕਰ ਰਹੇ ਸਨ ਜਿਵੇਂ ਸੱਚਮੁੱਚ ਹੀ ਉਨ੍ਹਾਂ ਦੀ ਜਵਾਨੀ ਵੇਲੇ ਦਾ ਪੁਰਾਤਨ ਸਮਾਂ ਵਾਪਸ ਆ ਗਿਆ ਹੋਵੇ। ਇੱਕ ਪਾਸੇ ਦਰੱਖਤ ਥੱਲੇ ਝੂੰਡ ਬਣਾ ਕੇ ਬੈਠੀਆਂ ਮੁਟਿਆਰਾਂ ਫੁਲਕਾਰੀਆਂ ਤੇ ਬਾਗ ਕੱਢਦੀਆਂ ਵੀ ਨਜ਼ਰ ਅਉਦੀਆਂ ਹਨ ਤੇ ਦੁਸਰੇ ਪਾਸੇ ਸਿਰਾਂ ਤੇ ਸੰਗੀ ਫੁੱਲ ਅਤੇ ਫੁਲਕਾਰੀਆਂ ਨਾਲ ਸਜੀਆਂ ਮੁਟਿਆਰਾਂ ਪੱਖੀਆਂ ਨੂੰ ਕਸ਼ੀਦ ਦੀਆਂ ਤੇ ਝਾਲਰਾਂ ਲਾਉਦੀਆਂ ਕੱਚੀ ਮਿੱਟੀ ਦੇ ਬਣੇ ਘਰਾਂ ਵਿੱਚ ਬੈਠੀਆਂ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਸਨ। ਇਸ ਵਿਰਾਸਤੀ ਪਿੰਡ ਵਿਚ ਉਸਾਰੇ ਗਏ ਕੱਚੇ ਘਰਾਂ ਦੀਆਂ ਕੰਧਾਂ ਤੇ ਕੰਧੋਲੀਆਂ ਨੂੰ ਲਿੱਪ ਕੇ ਉੱਪਰ ਰੰਗ ਬਰੰਗੇ ਰੰਗਾਂ ਵਿੱਚ ਮੋਰ, ਤੋਤੇ ਤੇ ਕਬੂਤਰਾਂ ਦੇ ਚਿੱਤਰਾਂ ਦੀ ਕੀਤੀ ਹੋਈ ਕਲਾਕਾਰੀ ਨੂੰ ਵੇਖਕੇ ਦਰਸ਼ਕਾਂ ਦੇ ਮੂੰਹੋਂ ਵਾਹ ਵੀ ਵਾਹ ਦੇ ਸ਼ਬਦ ਆਪ-ਮੁਹਾਰੇ ਹੀ ਨਿਕਲ ਰਹੇ ਸਨ। ਘੱਗਰੇ ਪਾ ਕੇ ਚਰਖੇ ਤੇ ਲੰਬੇ ਲੰਬੇ ਤੰਦ ਪਾਉਂਦੀਆਂ ਤੇ ਦਰੀਆਂ ਬੁਣਦੀਆਂ ਮੁਟਿਆਰਾਂ ਦੀਆਂ ਟੋਲੀਆਂ ਵੀ ਆਪਣੀ ਕਲਾ ਦਾ ਜੌਹਰ ਵਿਖਾਉਦੀਆਂ ਨਜ਼ਰ ਆ ਰਹੀਆ ਸਨ। ਅਟੇਰਨ ਕੱਤ ਰਹੀਆਂ ਤੇ ਪੁਰਾਣੇ ਜ਼ਮਾਨੇ ਅਨੁਸਾਰ ਚੱਕੀ ਤੇ ਆਟਾ ਪੀਂਹਦੀਆਂ ਬਜੁਰਗ ਔਰਤਾਂ ਵੀ ਨਵੀਂ ਪੀੜ੍ਹੀ ਨੂੰ ਹੱਥੀ ਕੰਮ ਕਰਨ ਦੀ ਪ੍ਰੇਰਨਾ ਦੇ ਰਹੀਆਂ ਸਨ। ਇਸ ਵਿਰਾਸਤੀ ਪਿੰਡ ਵਿੱਚ ਚੱਕ ਉੱਪਰ ਮਿੱਟੀ ਦੇ ਭਾਂਡੇ ਘੜਦਾ ਘੁਮਿਆਰ ਵੀ ਮੇਲੀਆਂ ਦਾ ਧਿਆਨ ਖਿੱਚ ਰਿਹਾ ਸੀ। ਪਿੰਡਾਂ ਦੇ ਜੈਲਦਾਰਾਂ ਦੀਆਂ ਪੁਰਾਤਨ ਹਵੇਲੀਆਂ ਤੇ ਨੰਬਰਦਾਰਾਂ ਦੇ ਵੱਡੇ ਦਰਵਾਜੇ ਵੀ ਬਣੇ ਹੋਏ ਸਨ ਅਤੇ ਪਿੰਡ ਵਿਚ ਪੁਰਾਣੇ ਸਮੇਂ ਅਨੁਸਾਰ ਜੈਲਦਾਰਾਂ ਤੇ ਨੰਬਰਦਾਰਾਂ ਦੀਆਂ ਜੀਪਾਂ, ਬੰਦੂਕਾਂ ਤੇ ਖੂੰਡਿਆਂ ਦੀ ਚੌਧਰਾਂ ਦੀਆਂ ਝਲਕੀਆਂ ਵੀ ਪੇਸ਼ ਕੀਤੀਆਂ ਜਾਦੀਆਂ ਹਨ। ਜੈਲਦਾਰਾਂ ਦੀ ਹਵੇਲੀ ਵਿੱਚ ਪੁਰਾਣੇ ਹਥਿਆਰਾਂ ਦੀਆਂ ਲੱਗੀਆਂ ਨੁਮਾਇਸ਼ਾਂ ਨੌਜਵਾਨਾਂ ਲਈ ਖਿੱਚ ਦਾ ਕਾਰਨ ਬਣੀਆਂ ਹੋਈਆਂ ਸਨ। ਪੁਰਾਣੇ ਕੱਚੀਆਂ ਇੱਟਾਂ ਦੇ ਘਰਾਂ ਵਿੱਚ ਬਣੇ ਕਬੂਤਰਾਂ ਦੇ ਖੁੱਡੇ 'ਜੱਗੇ ਜੱਟ ਦੇ ਕਬੂਤਰ ਚੀਨੇ' ਵਾਲੀ ਝਲਕ ਵੀ ਪੇਸ਼ ਕਰ ਰਹੇ ਸਨ। ਵਿਰਾਸਤ ਮੇਲੇ ਵਿੱਚ ਪੁਰਾਤਨ ਬਰਤਨਾਂ ਦਾ ਭੰਡਾਰ ਜਿਸ ਵਿੱਚ ਕਾਸ਼ੀ ਤੇ ਪਿਤਲ ਦੇ ਭਾਂਡੇ, ਪੁਰਾਣੇ ਜਿੰਦਰੇ, ਬੋਹੀਏ, ਸਿੱਕੇ, ਸੁਰਾਹੀਆਂ, ਸੁਰਮੇਦਾਨੀਆਂ, ਖੂਹਾਂ 'ਚੋਂ ਪਾਣੀ ਖਿੱਚਣ ਵਾਲੇ ਡੋਲ, ਪੁਰਾਣੇ ਵੱਟੇ, ਪਿੱਤਲ ਦੇ ਗਿਲਾਸ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣੇ ਹੋਏ ਸਨ। ਇਸ ਤਰ੍ਹਾਂ ਹੀ ਵੱਡੇ ਲੱਕੜ ਦੇ ਪੁਰਾਣੇ ਰੇਡੀਓ, ਟੇਪਰਿਕਾਰਡ ਤੇ ਤਵੇ ਚਲਾਉਣ ਵਾਲਾ ਗਰਾਮੋਫੋਨ ਅਤੇ ਹੋਰ ਪੁਰਾਤਣ ਸ਼ੰਗੀਤ ਨਾਲ ਜੁੜੀਆਂ ਹੋਈਆਂ ਵਸਤੂਆਂ ਵੀ ਮੇਲੇ ਦਾ ਸ਼ਿੰਗਾਰ ਬਣੀਆਂ ਹੋਈਆਂ ਸਨ। ਮੇਲੇ ਵਿੱਚ ਚਾਟੀ ਦੀ ਲੱਸੀ 'ਤੇ ਤੌੜੀ ਦੇ ਦੁੱਧ ਦਾ ਸੁਆਦ ਚੱਖਣ ਵਾਲਿਆਂ ਦੀ ਵੀ ਭੀੜ ਲੱਗੀ ਹੋਈ ਸੀ। ਅੱਜ ਦੇ ਕੰਪਿਊਟਰ ਯੁੱਗ ਵਿੱਚ ਅਜੋਕੀ ਪੀੜ੍ਹੀ ਵੀ ਵਹਿਮਾਂ ਭਰਮਾਂ ਵਿਚ ਪਈ ਨਜ਼ਰ ਆ ਰਹੀ ਸੀ, ਮੇਲੇ ਵਿੱਚ ਪੰਡਤਾਂ ਕੋਲੋ ਹੱਥ ਵਿਖਾ ਕੇ ਆਪਣੀ ਤਕਦੀਰ ਜਾਣਨ ਵਾਲੀਆਂ ਬੀਬੀਆਂ ਵੀ ਵੇਖੀਆਂ ਗਈਆਂ। ਜਟਾਂ ਵਾਲੇ ਸਾਧਾਂ ਦੇ ਲੱਗੇ ਧੂਣੇ ਅਤੇ ਸਰੀਰ ਤੇ ਸੁਆਹ ਮਲਕੇ ਨੱਚਦੇ ਸਾਧ ਵੀ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣੇ ਹੋਏ ਸਨ। ਮੇਲੇ ਵਿੱਚ ਪੁਰਾਣਾ ਸੱਭਿਆਚਾਰ ਸਾਂਭਣ ਵਾਲਿਆਂ ਸ਼ੌਕੀਨਾਂ, ਪੁਰਾਤਨ ਖੇਤੀ ਸੰਦਾਂ ਨੇ ਵੀ ਵਿਰਾਸਤੀ ਮੇਲੇ 'ਚ ਵੱਖਰੀ ਹੀ ਪਛਾਣ ਬਣਾਈ ਹੋਈ ਸੀ। ਪੰਜਾਬੀਆਂ ਦੀ ਜਿੰਦ-ਜਾਨ ਮਲਵਈ ਗਿੱਧੇ ਦੀ ਗੱਭਰੂਆਂ ਤੇ ਮਟਿਆਰਾਂ ਨੇ ਅਜਿਹੀ ਪੇਸ਼ਕਾਰੀ ਕੀਤੀ ਕੇ ਦਰਸ਼ਕ ਕੁਰਸੀਆਂ ਤੋਂ ਉੱਠਕੇ ਝੂੰਮਣ ਲੱਗ ਪਏ। ਅਜੌਕੇ ਦੌਰ ਵਿੱਚ ਲਗਭਗ ਅਲੋਪ ਹੋਣ ਕੰਢੇ ਪੁੱਜੀ ਬਾਜ਼ੀ ਪਾਉਣ ਦੀ ਕਲਾ ਵੀ ਇਸ ਮੇਲੇ ਦੀ ਸ਼ਾਨ ਬਣੀ ਰਹੀ। ਫਿਰੋਜ਼ਪੁਰ ਜਿਲ੍ਹੇ ਨਾਲ ਸਬੰਧਤ ਬਾਜੀਗਰਾਂ ਵੱਲੋਂ ਇਸ ਖਾਨਦਾਨੀ ਕਲਾ ਰਾਹੀ ਅੱਗ ਦੀਆਂ ਲਾਟਾਂ ਵਾਲੇ ਗੋਲ ਚੱਕਰ ਵਿੱਚ ਦੀ ਛਾਲ ਮਾਰ ਕੇ ਲੰਘਣਾ, ਇੱਕ ਲੋਹੇ ਦੇ ਗੋਲ ਕੜੇ ਵਿੱਚੋਂ ਦੀ ਤਿੰਨ ਵਿਅਕਤੀਆਂ ਨੇ ਲੰਘਣਾਂ, ਇੱਕ ਮੋਟੇ ਸਰੀਏ ਨੂੰ ਗਲੇ ਦੀ ਘੰਡੀ ਦੇ ਜੋਰ ਨਾਲ ਮੋੜਨਾ, ਦੋ ਜੁੜੇ ਹੋਏ ਬਾਂਸਾ ਦੀ ਬਹੁਤ ਥੋੜੀ ਥਾਂ ਵਿੱਚ ਦੀ ਮੁਸ਼ੱਕਤ ਨਾਲ ਲੰਘਣਾਂ ਆਦਿ ਕਰਤਵਾਂ ਨੂੰ ਦਰਸ਼ਕ ਸਾਹ ਰੋਕ ਕੇ ਵੇਖਦੇ ਹੋਏ ਨਜ਼ਰ ਆਏ। ਪੁਰਾਤਨ ਸਮੇਂ ਵਿੱਚ ਜ਼ੋਰ ਅਜ਼ਮਾਈ ਕਰਨ ਲਈ ਖੇਡੀ ਜਾਣ ਵਾਲੀ ਰੱਸਾਕਸੀ ਖੇਡ ਨੇ ਵਿਰਾਸਤੀ ਮੇਲੇ ਵਿੱਚ ਦਰਸ਼ਕ ਦੇ ਮਨਾਂ ਨੂੰ ਟੁੰਬ ਲਿਆ ਸੀ। ਮੇਲੇ ਵਿੱਚ ਲੱਗੀਆਂ ਪੁਸ਼ਤਕਾਂ ਦੀਆਂ ਸਟਾਲਾਂ ਦੱਸ ਰਹੀਆਂ ਸਨ ਕਿ ਪੰਜਾਬੀਆਂ ਵਿਚ ਪੁਸ਼ਤਕਾਂ ਪੜ੍ਹਨ ਦੀ ਰੁਚੀ ਕਦੇ ਵੀ ਘੱਟ ਨਹੀਂ ਹੋਈ। ਇਸ ਵਿਰਾਸਤੀ ਮੇਲੇ ਵਿੱਚ ਬਾਹਰਲੇ ਦੇਸ਼ਾਂ ਵਿੱਚੋਂ ਆਏ ਹੋਏ ਸੈਲਾਨੀ ਪੰਜਾਬ ਦੇ ਅਮੀਰ ਸੱਭਿਆਚਰਕ ਵਿਰਸੇ ਨਾਲ ਸਬੰਧਤ ਸਾਜੋ ਸਮਾਨ ਨਾਲ ਤਸਵੀਰਾਂ ਕਰਵਾਉਂਦੇ ਹੋਏ ਨਜ਼ਰ ਆ ਰਹੇ ਸਨ। ਮੇਲੇ ਵਿੱਚ ਪੁਰਾਣਾ ਸੱਭਿਆਚਾਰ ਸਾਂਭਣ ਵਾਲੇ ਸ਼ੌਕੀਨਾਂ ਨੂੰ ਇਸ ਜਮਾਨੇ ਤੋਂ ਹਟ ਕਿ ਪੁਰਾਣੇ ਸੱਭਿਆਚਾਰ ਦੇ ਸਮਾਨ ਰਾਹੀ ਨਵੀਂ ਪੀੜ੍ਹੀ ਨੂੰ ਆਪਣੇ ਪੁਰਾਤਨ ਸੱਭਿਆਚਾਰ ਨਾਲ ਜੋੜਨ ਵਿੱਚ ਇੱਕ ਅਹਿਮ ਖਿੱਚ ਵੀ ਵੇਖੀ ਗਈ ਪਰ ਪੁਰਾਤਨ ਵਿਰਾਸਤ ਪੇਸ਼ ਕਰਨ ਵਾਲਿਆਂ ਦਾ ਕਹਿਣਾ ਸੀ ਕਿ ਅੱਜ ਦਾ ਨੌਜਵਾਨ ਵਰਗ ਸਿਰਫ ਮੋਬਾਇਲਾਂ ਵਿੱਚ ਫੋਟੋਆਂ ਖਿੱਚਣ ਦਾ ਹੀ ਸ਼ੌਕੀਨ ਹੈ

ਗੁਰਜੀਵਨ ਸਿੰਘ ਸਿੱਧੂ ਨਥਾਣਾ
ਪਿੰਡ ਨਥਾਣਾ, ਜਿਲ੍ਹਾ ਬਠਿੰਡਾ
(ਪੰਜਾਬ) 151102
ਮੋਬਾਇਲ: 9417079435
ਮੇਲ : jivansidhus@gmail.com

ਜਨਮ ਦਿਨ ਤੇ ਵਿਸ਼ੇਸ : ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ - ਗੁਰਜੀਵਨ ਸਿੰਘ ਸਿੱਧੂ ਨਥਾਣਾ

ਸਿੱਖ ਧਰਮ ਦਾ ਇਤਿਹਾਸ ਸੂਰਬੀਰਾਂ ਦੀਆਂ ਸ਼ਹੀਦੀਆਂ ਨਾਲ ਭਰਿਆ ਹੋਇਆ ਹੈ। ਜ਼ੁਲਮ ਦੇ ਖਾਤਮੇ ਲਈ ਤੇ ਧਰਮ ਦੀ ਰਾਖੀ ਕਰਦਿਆਂ ਸਿੱਖ ਯੋਧਿਆਂ ਨੇ ਆਪਣੀਆਂ ਜਾਨਾਂ ਕੁਰਬਾਨ ਕਰਦਿਆਂ ਧਰਮ ਨੂੰ ਆਂਚ ਨਹੀਂ ਆਉਣ ਦਿੱਤੀ। ਇਸ ਤਰ੍ਹਾਂ ਹੀ ਸਿੱਖ ਧਰਮ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਨਾਂਅ ਬੜੇ ਗੌਰਵ ਨਾਲ ਲਿਆ ਜਾਂਦਾ ਹੈ। ਬਾਬਾ ਦੀਪ ਸਿੰਘ ਜੀ ਦਾ ਜਨਮ 26 ਜਨਵਰੀ 1682 ਨੂੰ ਪਿੰਡ ਪਹੂਵਿੰਡ ਵਿਖੇ ਮਾਤਾ ਜਿਉਣੀ ਦੀ ਕੁੱਖੋਂ ਪਿਤਾ ਭਗਤਾ ਦੇ ਘਰ ਹੋਇਆ। ਸ੍ਰੋਮਣੀ ਕਮੇਟੀ ਵੱਲੋਂ ਨਾਨਕਸ਼ਾਹੀ ਡਾਇਰੀ ਅਨੁਸਾਰ 2019 'ਚ 27 ਜਨਵਰੀ ਨੂੰ ਬਾਬਾ ਜੀ ਦਾ ਜਨਮ ਮਨਾਇਆ ਜਾ ਰਿਹਾ ਹੈ। ਆਪ ਜੀ ਦਾ ਬਚਪਨ ਦਾ ਨਾਮ ਦੀਪਾ ਰੱਖਿਆ ਗਿਆ ਸੀ। ਬਾਬਾ ਜੀ ਦਾ ਪਰਿਵਾਰ ਗੁਰੂ ਗੋਬਿੰਦ ਸਿੰਘ ਜੀ ਦਾ ਸ਼ਰਧਾਲੂ ਹੋਣ ਕਰਕੇ ਆਨੰਦਪੁਰ ਵਿਖੇ ਹੋਲਾ ਮਹੱਲਾ ਵੇਖਣ ਗਿਆ ਤੇ ਉੱਥੇ ਹੀ ਬਾਬਾ ਦੀਪ ਸਿੰਘ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਤੇ ਸਿੰਘ ਸਜ ਗਏ। ਉਹ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੀ ਠਹਿਰ ਕਰਕੇ ਗੁਰਸਿੱਖੀ ਅਤੇ ਗੁਰਮਿਤ ਦੇ ਪ੍ਰਚਾਰ ਵਿੱਚ ਲੱਗ ਗਏ। ਇੱਥੇ ਰਹਿੰਦਿਆਂ ਹੀ ਉਨ੍ਹਾਂ ਫਾਰਸ਼ੀ,ਸੰਸਕ੍ਰਿਤ ਅਤੇ ਹੋਰ ਕਾਫੀ ਭਸ਼ਾਵਾਂ ਦਾ ਗਿਆਨ ਅਤੇ ਸ਼ਾਸਤਰ ਵਿਦਿਆ ਹਾਸ਼ਿਲ ਕੀਤੀ। ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਹਾਜਰੀ ਵਿੱਚ ਬਾਬਾ ਦੀਪ ਸਿੰਘ ਨੇ ਤਲਵੰਡੀ ਸਾਬੋ ਵਿਖੇ ਭਾਈ ਮਨੀ ਸਿੰਘ ਨਾਲ ਗੁਰਬਾਣੀ ਦੇ ਕਈ ਹੱਥ ਲਿਖਤ ਸਰੂਪ ਵੀ ਤਿਆਰ ਕਰਨ ਦੀ ਸੇਵਾ ਨਿਭਾਈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਦੇੜ੍ਹ ਸਾਹਿਬ ਦੀ ਯਾਤਰਾ ਤੇ ਜਾਣ ਸਮੇਂ ਇਥੋਂ ਦੀ ਜਿਮੇਵਾਰੀ ਬਾਬਾ ਦੀਪ ਸਿੰਘ ਜੀ ਨੂੰ ਸੌਂਪ ਗਏ। ਆਪ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਕਈ ਜੰਗਾਂ ਵਿੱਚ ਸਾਥ ਵੀ ਨਿਭਾਇਆ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਸਿੱਖ ਕੌਮ ਉੱਪਰ ਜਬਰ ਜ਼ੁਲਮ ਦਾ ਦੌਰ ਸ਼ੁਰੂ ਹੋ ਗਿਆ ਸੀ। ਅਹਿਮਦ ਸ਼ਾਹ ਅਬਦਾਲੀ ਜੋ ਹਰ ਵਰ੍ਹੇ ਲੁੱਟਮਾਰ ਦੇ ਮਨੋਰਥ ਨਾਲ ਆਉਂਦਾ ਸੀ ਨੇ ਸਿੱਖਾਂ ਦਾ ਖੁਰਾਖੋਜ਼ ਮਿਟਾਉਣ ਦੀ ਮਨਸਾ ਨਾਲ ਸਿੱਖਾਂ ਉੱਪਰ ਜੁਲਮ ਦੀ ਹਨੇਰੀ ਚਲਾ ਦਿੱਤੀ। ਉੱਥੇ ਹੀ ਉਸ ਨੇ ਸਿੱਖਾਂ ਦੀ ਰੁਹਾਨੀਅਤ ਸ਼ਕਤੀ ਦੇ ਸੋਮੇ ਸ੍ਰੀ ਦਰਬਾਰ ਸਾਹਿਬ ਉੱਪਰ ਹਮਲਾ ਕਰਕੇ ਇਸ ਦੀ ਪਵਿੱਤਰਤਾ ਅਤੇ ਆਸਥਾ ਨੂੰ ਭੰਗ ਕਰਨ ਦੀ ਅਸਫਲ ਕੋਸ਼ਿਸ ਕੀਤੀ। ਜਦ ਬਾਬਾ ਦੀਪ ਸਿੰਘ ਜੀ ਕੋਲ ਦਰਬਾਰ ਸਾਹਿਬ ਦੀ ਬੇਅਦਬੀ ਦੀ ਖਬਰ ਪਹੁੰਚੀ ਤਾਂ ਉਹ ਅਜਿਹੀ ਮੰਦਭਾਗੀ ਘਟਨਾ ਦੇ ਜਿਮੇਵਾਰਾਂ ਨੂੰ ਲੋਹੇ ਦੇ ਚਨੇ ਚਬਾਉਣ ਲਈ ਮੈਦਾਨ ਵਿੱਚ ਨਿੱਤਰ ਆਏ। ਬਾਬਾ ਜੀ ਪੰਜ ਸੌ ਸਿੰਘਾਂ ਦੇ ਇੱਕ ਜਥੇ ਨੂੰ ਨਾਲ ਲੈ ਕੇ ਸ੍ਰੀ ਅੰਮ੍ਰਿਤਸਰ ਲਈ ਰਵਾਨਾ ਹੋ ਗਏ। ਵੱਖ-ਵੱਖ ਪਿੰਡਾਂ ਵਿੱਚੋਂ ਹੁੰਦੇ ਹੋਏ ਅੰਮਿਤਸਰ ਪਹੁੰਚਣ ਤੱਕ ਬਾਬਾ ਜੀ ਨਾਲ ਪੰਜ ਸੌ ਤੋਂ ਪੰਜ ਹਜ਼ਾਰ ਸਿੰਘਾਂ ਦਾ ਜਥਾ ਬਣ ਗਿਆ ਸੀ। ਤਰਨਤਾਰਨ ਜਾ ਕੇ ਬਾਬਾ ਜੀ ਨੇ ਇਸ ਪਵਿੱਤਰ ਕਾਰਜ ਦੀ ਸਫਲਤਾ ਲਈ ਅਰਦਾਸ ਕੀਤੀ। ਸਿੰਘਾਂ ਦੇ ਅੰਮ੍ਰਿਤਸਰ ਵੱਲ ਕੂਚ ਕਰਨ ਦੀ ਖਬਰ ਜਦੋਂ ਲਾਹੌਰ ਦੇ ਸੂਬੇ ਕੋਲ ਪਹੁੰਚੀ ਤਾਂ ਉਸ ਨੇ ਫੌਜਦਾਰ ਜਹਾਨ ਖਾਂ ਦੀ ਅਗਵਾਈ ਹੇਠ ਆਪਣੀ ਫੌਜ ਅੰਮ੍ਰਿਤਸਰ ਲਈ ਰਵਾਨਾ ਕਰ ਦਿੱਤੀ। ਗੋਹਲਵੜ ਦੇ ਨਜ਼ਦੀਕ ਬਾਬਾ ਦੀਪ ਸਿੰਘ ਜੀ ਦੇ ਜਥੇ ਦਾ ਜਹਾਨ ਖਾਂ ਦੀ ਫੌਜ ਨਾਲ ਟਾਕਰਾ ਹੋ ਗਿਆ। ਇਸ ਮੈਦਾਨ ਵਿੱਚ ਵੀ ਸਿੰਘ ਸੂਰਬੀਰਤਾ ਨਾਲ ਲੜੇ ਸਨ। ਜਹਾਨ ਖਾਂ ਦੀ ਫੌਜ ਦਾ ਜਦ ਭਾਰੀ ਨੁਕਸਾਨ ਹੋਣ ਲੱਗਾ ਤਾਂ ਸ਼ਾਹੀ ਫੌਜ ਵਿੱਚ ਭਾਜੜਾਂ ਪੈ ਗਈਆਂ। ਇਸ ਦੌਰਾਨ ਹਾਜੀ ਅਤਾਈ ਖਾਂ ਵੀ ਆਪਣੀ ਫੌਜ ਤੇ ਭਾਰੀ ਮਾਤਰਾ ਵਿੱਚ ਹਥਿਆਰ ਲੈ ਕੇ ਪਹੁੰਚ ਗਿਆ। ਬੜੀ ਘਮਸਾਨ ਦੀ ਲੜਾਈ ਹੋਈ ਤਾਂ ਸਿੰਘਾਂ ਨੇ ਅੰਮ੍ਰਿਤਸਰ ਪਹੁੰਚਣ ਲਈ ਬਹਾਦਰੀ ਵਿਖਾਉਦਿਆਂ ਦੁਸਮਣਾਂ ਦੀਆਂ ਲਾਸਾਂ ਦੇ ਢੇਰ ਲਾ ਦਿੱਤੇ। ਅੰਮ੍ਰਿਤਸਰ ਦੇ ਬਾਹਰ ਰਾਮਸਰ ਦੇ ਕੋਲ ਬਾਬਾ ਦੀਪ ਸਿੰਘ ਜੀ ਨੂੰ ਗਰਦਨ ਵਿੱਚ ਤਲਵਾਰ ਦਾ ਮਾਰੂ ਫੱਟ ਲੱਗ ਗਿਆ ਤਾਂ ਬਾਬਾ ਜੀ ਨੇ ਆਪਣੇ ਹੱਥ ਨਾਲ ਸੀਸ ਨੂੰ ਸੰਭਾਲਦੇ ਹੋਏ ਇੱਕ ਹੱਥ ਵਿੱਚ 18 ਸੇਰ ਦੇ ਦੋ ਧਾਰੇ ਖੰਡੇ ਨਾਲ ਜਹਾਨ ਖਾਂ ਦਾ ਸਿਰ ਲਾਹ ਦਿੱਤਾ। ਬਾਬਾ ਜੀ ਦੁਸ਼ਮਣਾਂ ਦੇ ਆਹੂ ਲਾਉੇਦੇ ਹੋਏ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਨਤਮਸਤਕ ਹੁੰਦਿਆਂ ਸ਼ਹੀਦੀ ਪਾ ਗਏ।  
                                                         
ਗੁਰਜੀਵਨ ਸਿੰਘ ਸਿੱਧੂ ਨਥਾਣਾ
ਪਿੰਡ ਨਥਾਣਾ, ਜਿਲ੍ਹਾ ਬਠਿੰਡਾ
ਪੰਜਾਬ: 151102
ਮੋਬਾਇਲ: 9417079435
ਮੇਲ : jivansidhus@gmail.com

27 Jan. 2019

ਜਨਮ ਦਿਨ ਤੇ ਵਿਸ਼ੇਸ਼ : ਸਹਿਨਸਾਹੋਂ-ਕੇ-ਸਹਿਨਸਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ - ਗੁਰਜੀਵਨ ਸਿੰਘ ਸਿੱਧੂ ਨਥਾਣਾ

ਮਨੁੱਖੀ ਹੱਕਾਂ ਦੀ ਬਹਾਲੀ ਅਤੇ ਮਨੁੱਖਾਂ ਦੀ ਧਾਰਮਿਕ ਅਜ਼ਾਦੀ ਲਈ ਆਪਣਾ ਸਮੁੱਚਾ ਪਰਿਵਾਰ ਵਾਰਨ ਵਾਲੀ ਉੱਚੀ-ਸੁੱਚੀ ਸ਼ਖਸੀਅਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਨਾਨਕਸ਼ਾਹੀ ਕਲੰਡਰ ਦੇ ਅਨੁਸਾਰ 13 ਜਨਵਰੀ 2019 ਨੂੰ ਮਨਾਇਆ ਜਾ ਰਿਹਾ ਹੈ। ਅਦੁੱਤੀ ਸ਼ਖਸੀਅਤ ਕਲਮ ਦੇ ਧਨੀ,ਚਿਹਰੇ ਤੇ ਰੱਬੀ ਨੂਰ,ਕੁਦਰਤੀ ਕ੍ਰਿਸ਼ਮਿਆਂ ਤੋਂ ਆਪੇ ਜਾਣੀ-ਜਾਣ ਸਿੱਖ ਧਰਮ ਦੇ ਦਸ਼ਵੇਂ ਗੁਰੂ ਵਾਹੁ-ਵਾਹੁ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਨੌਵੇਂ ਗੁਰੂ ਸ੍ਰੀ ਤੇਗ ਬਹਾਦਰ ਜੀ ਦੇ ਘਰ ਮਾਤਾ ਗੁਜਰੀ ਜੀ ਦੀ ਕੁੱਖੋਂ 1666 ਈ: 'ਚ 22 ਦਸੰਬਰ ਨੂੰ ਪਟਨਾ ਸਾਹਿਬ(ਬਿਹਾਰ) ਵਿਖੇ ਹੋਇਆ। ਆਪ ਜੀ ਦਾ ਨਾਮ ਗੋਬਿੰਦ ਰਾਏ ਰੱਖਿਆ ਗਿਆ। ਗੁਰੂ ਜੀ ਦਾ ਵਿਆਹ ਮਾਤਾ ਜੀਤੋ ਜੀ,ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਜੀ ਨਾਲ ਹੋਇਆ। ਆਪ ਜੀ ਦੇ ਘਰ ਚਾਰ ਪੁੱਤਰ ਸਹਿਬਜ਼ਾਦਾ ਅਜੀਤ ਸਿੰਘ,ਸਹਿਬਜ਼ਾਦਾ ਜੁਝਾਰ ਸਿੰਘ,ਸਹਿਬਜ਼ਾਦਾ ਜੋਰਾਵਰ ਸਿੰਘ ਅਤੇ ਸਹਿਬਜ਼ਾਦਾ ਫਤਹਿ ਸਿੰਘ ਨੇ ਜਨਮ ਲਿਆ। ਗੁਰੂ ਜੀ ਦੇ ਬਚਪਨ ਦੇ ਪੰਜ/ਛੇ ਸਾਲ ਪਟਨਾ ਸਾਹਿਬ ਵਿਖੇ ਹੀ ਬੀਤੇ । ਆਪ ਜੀ ਨੇ ਆਪਣੀ ਵਿਦਿਆ ਆਨੰਦਪੁਰ ਸਾਹਿਬ ਵਿਖੇ ਚੰਗੀ ਪਾਠਸ਼ਾਲਾ ਤੋਂ ਕੀਤੀ। ਇੰਨ੍ਹਾਂ ਵਿੱਚ ਹੀ ਗੁਰੂ ਜੀ ਨੇ ਸੰਸ਼ਕ੍ਰਿਤ ਅਤੇ ਫਾਰਸ਼ੀ ਦੀ ਪੜ੍ਹਾਈ ਕੀਤੀ। ਗੁਰਮੁੱਖੀ ਅਤੇ ਧਾਰਮਿਕ ਗਿਆਨ ਮਾਤਾ ਜੀ ਤੋਂ ਹੀ ਪ੍ਰਾਪਤ ਕੀਤਾ। ਗੁਰਬਾਣੀ ਦਾ ਅਧਿਐਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਬਾਰੇ ਸਿੱਖਿਆ ਮੁਨਸ਼ੀ ਸਾਹਿਬ ਚੰਦ ਕੋਲੋ ਪ੍ਰਾਪਤ ਕੀਤੀ। ਇਸ ਤੋਂ ਇਲਾਵਾ ਗੁਰੂ ਜੀ ਨੇ ਸ਼ਾਸਤਰ ਵਿੱਦਿਆ ਅਤੇ ਘੋੜ ਸਵਾਰੀ ਦੇ ਵੀ ਗੁਰ ਸਿੱਖੇ। ਗੁਰੂ ਜੀ ਬਚਪਨ ਤੋਂ ਹੀ ਆਪਣੇ ਹਾਣੀਆਂ ਨਾਲ ਟੋਲੀਆਂ ਦੇ ਰੂਪ ਵਿੱਚ ਫਰਜੀ ਲੜਾਈਆਂ ਕਰਦੇ ਰਹਿੰਦੇ ਸਨ। ਜਦ ਆਪ ਜੀ ਦੀ ਉਮਰ ਨੌ ਸਾਲ ਦੀ ਸੀ ਤਾਂ ਉਨ੍ਹਾਂ ਦੇ ਪਿਤਾ ਨੌਵੇਂ ਗੁਰੂ ਸ੍ਰੀ ਤੇਗ ਬਹਾਦਰ ਜੀ ਸ਼ਹਾਦਤ ਪ੍ਰਾਪਤ ਕਰ ਜਾਣ ਤੇ ਸਾਰੀ ਜਿੰਮੇਵਾਰੀ ਆਪ ਜੀ ਤੇ ਆਣ ਪਈ। ਇਸ ਉਪਰੰਤ ਕੁਝ ਦਿਨਾਂ ਬਾਅਦ (1675 ਈ:) ਵਿੱਚ ਬਾਲਗ ਉਮਰੇ ਹੀ ਸੰਗਤ ਦੀ ਅਗਵਾਈ ਵਿੱਚ ਗੁਰੂਗੱਦੀ ਸੰਭਾਲ ਲਈ। ਉਸ ਸਮੇਂ ਗੁਰੂ ਜੀ ਸਾਹਮਣੇ ਤਿੰਨ ਵਿਰੋਧੀ ਤਾਕਤਾਂ ਔਰਗਜ਼ੇਬ,ਪਹਾੜੀ ਹਿੰਦੂ ਰਾਜੇ ਅਤੇ ਪ੍ਰਿਥੀਏ,ਧੀਰ ਮੱਲੀਏ,ਰਾਮ ਰਾਈਏ ਦਾ ਬੋਲਬਾਲਾ ਸੀ। ਉਸ ਸਮੇਂ ਗੁਰੂ ਜੀ ਨੂੰ ਇੰਨਾਂ ਤਿੰਨਾਂ ਵਿਰੋਧੀ ਤਾਕਤਾਂ ਦਾ ਸਾਹਮਣਾ ਕਰਨ ਲਈ ਸਾਥੀਆਂ,ਫੌਜ ਅਤੇ ਲੜਾਈਆਂ ਲਈ ਹਥਿਆਰਾਂ ਦੀ ਕਾਫੀ ਘਾਟ ਸੀ। ਜਦ ਗੁਰੂ ਜੀ ਨੂੰ ਪਤਾ ਚੱਲਿਆ ਕਿ ਨੌਵੇਂ ਗੁਰੂ ਜੀ ਦੀ ਸ਼ਹਾਦਤ ਤੇ ਸਿੱਖਾਂ ਦੇ ਦਿਲਾਂ ਵਿੱਚ ਇੰਨ੍ਹਾਂ ਡਰ ਪੈਦਾ ਹੋ ਗਿਆ ਤਾਂ ਇਸ ਗੱਲ ਦਾ ਗੁਰੂ ਜੀ ਨੂੰ ਬਹੁਤ ਦੁੱਖ ਹੋਇਆ। ਇੰਨ੍ਹਾਂ ਤਿੰਨਾਂ ਤਾਕਤਾਂ ਨੂੰ ਠੱਲ ਪਾਉਣ ਲਈ ਗੁਰੂ ਜੀ ਨੇ ਪੱਕਾ ਮਨ ਬਣਾ ਲਿਆ ਸੀ ਅਤੇ ਇਸ ਲਈ ਉਨ੍ਹਾਂ ਨੇ ਅਜਿਹੇ ਸੂਰਮਿਆਂ ਦੀ ਫੌਜ ਤਿਆਰ ਕਰਨੀ ਸ਼ੂਰੂ ਕਰ ਦਿੱਤੀ। ਜਿਨ੍ਹਾਂ ਦੇ ਹੱਥਾਂ ਵਿੱਚ ਤਲਵਾਰਾਂ,ਦਿਲਾਂ ਵਿੱਚ ਦਇਆ,ਧਰਮ,ਸੰਤੌਖ ਹੋਵੇ ਅਤੇ ਉਹ ਹੋ ਰਹੇ ਅੱਤਿਆਚਾਰ ਨੂੰ ਠੱਲ ਪਾਉਣ ਲਈ ਆਪਣੀਆਂ ਜਾਨਾਂ ਵਾਰ ਦੇਣ ਲਈ ਤੱਤਪਰ ਹੋਣ। ਗੁਰੂ ਜੀ ਨੇ ਆਪਣੀ ਇਸ ਇਨਕਲਾਬੀ ਯੋਜਨਾ ਨੂੰ ਸਿਰੇ ਚਾੜਣ ਲਈ ਲੋਕਾਂ ਵਿੱਚ ਗੁਲਾਮੀ ਵਾਲੀ ਮਾਨਸਿਕਤਾ ਨੂੰ ਬਦਲਕੇ ਅਜ਼ਾਦ ਕੌਮ ਵਾਲੀ ਸੋਚ ਉਨਾ ਦੇ ਮਨਾਂ ਵਿੱਚ ਭਰਨੀ ਸ਼ੁਰੂ ਕਰ ਦਿੱਤੀ। ਗੁਰੂ ਜੀ ਨੇ ਦੇਸ ਭਰ ਦੇ ਕਵੀਆਂ ਨੂੰ ਖੁੱਲਾ ਬੁਲਾਵਾ ਦਿੱਤਾ ਅਤੇ ਉਸ ਸਮੇਂ ਦੇ ਉੱਘੇ 52 ਕਵੀਆਂ ਤੋਂ ਗੁਰੂ ਜੀ ਨੇ ਆਪਣੇ ਦਰਬਾਰ ਵਿੱਚ ਪੁਰਾਤਨ ਧਰਮ ਗ੍ਰੰਥਾਂ ਦਾ ਅਨੁਵਾਦ ਕਰਵਾਇਆ। ਗੁਰੂ ਜੀ ਨੇ ਆਪਣੇ ਜੀਵਨਕਾਲ ਦੌਰਾਨ ਧਰਮ ਨੂੰ ਬਚਾਉਣ ਲਈ ਅਨੇਕਾਂ ਲੜਾਈਆਂ,ਜਿੰਨ੍ਹਾਂ ਵਿੱਚ ਭੰਗਾਣੀ ਦਾ ਯੁੱਧ,ਨਾਦੌਣ ਦਾ ਯੁੱਧ, ਗੁਲੇਰ ਯੁੱਧ ਆਦਿ ਯੁੱਧ ਲੜੇ। ਗੁਰੂ ਜੀ ਨੇ 1699ਈ: ਨੂੰ ਵਿਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਵਿਖੇ ਭਾਰੀ ਇੱਕਠ ਵਿੱਚੋਂ ਇੱਕ-ਇੱਕ ਕਰਕੇ ਪੰਜ ਸੀਸਾਂ ਦੀ ਮੰਗ ਕੀਤੀ ਤਾਂ ਭਾਈ ਦਇਆ ਰਾਮ ਖੱਤਰੀ,ਭਾਈ ਧਰਮ ਦਾਸ,ਭਾਈ ਹਿੰਮਤ ਰਾਏ,ਮੁਹਕਮ ਚੰਦ ਅਤੇ ਭਾਈ ਸਾਹਿਬ ਚੰਦ ਕ੍ਰਮਵਾਰ ਸੀਸ ਦੇਣ ਲਈ ਗੁਰੂ ਜੀ ਪਾਸ ਗਏ ਜੋ ਵੱਖ ਵੱਖ ਜਾਤੀਆਂ ਨਾਲ ਸਬੰਧ ਰਖਦੇ ਸਨ। ਗੁਰੂ ਜੀ ਨੇ ਆਪਣਾ ਸਿਰ ਤਲੀ ਤੇ ਧਰ ਕੇ ਮੈਦਾਨ ਵਿੱਚ ਨਿੱਤਰੇ ਇੰਨ੍ਹਾਂ ਪੰਜ ਪਿਆਰਿਆਂ ਦੀ ਸਥਾਪਤੀ ਕਰਦਿਆਂ ਸਿੱਖ ਕੌਮ ਦੀ ਸਿਰਜਣਾ ਕੀਤੀ। ਆਪਣੇ ਹੱਥੀ ਪੰਜ ਪਿਆਰਿਆਂ ਨੂੰ ਅੰਮ੍ਰਿਤ ਪਾਨ ਕਰਵਾਉਣ ਉਪਰੰਤ ਪੰਜ ਪਿਆਰਿਆਂ ਪਾਸੋਂ ਖੁਦ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਗੁਰੂ ਜੀ ਨੇ ਫੁਰਮਾਇਆ ਕਿ ਇਹ ਸੂਰਮਿਆਂ ਦੀ ਖਾਲਸਾ ਕੌਮ ਬਣ ਗਈ ਹੈ। ਹੁਣ ਇੰਨ੍ਹਾਂ ਪੰਜਾਂ ਸਿੰਘ ਦੇ ਨਾਮ ਦਇਆ ਸਿੰਘ,ਧਰਮ ਸਿੰਘ,ਹਿੰਮਤ ਸਿੰਘ,ਮੁਹਕਮ ਸਿੰਘ ਅਤੇ ਸਾਹਿਬ ਸਿੰਘ ਹੋ ਗਏ ਹਨ। ਗੁਰੂ ਜੀ ਨੇ ਫਰਮਾਨ ਕੀਤਾ ਕਿ ਅੱਜ ਤੋਂ ਹੀ ਪਿਛਲੇ ਭੇਦ ਭਾਵ,ਊਚ-ਨੀਚ ਛੱਡ ਕੇ ਹੁਣ ਖਾਲਸਾ ਪੰਥ ਹੀ ਤੁਹਾਡੀ ਕੌਮ ਤੇ ਜਾਤ ਹੈ। ਤੁਸੀ ਪਰਉਪਕਾਰੀ ਸੂਰਮੇ,ਦਇਆਦਾਨੀ ਬਣ ਗਏ ਹੋ ਤੁਸੀ ਕਿਸੇ ਵੀ ਮਜ਼ਲੂਮ ਉੱਪਰ ਜੁਲਮ ਨਹੀਂ ਕਰਨਾ ਅਤੇ ਨਾ ਹੀ ਜੁਲਮ ਸਹਿਣ ਕਰਨਾ ਹੈ, ਸਗੋਂ ਉਸ ਦਾ ਡਟ ਕੇ ਮੁਕਬਾਲਾ ਕਰਨਾ ਹੈ। ਇਸ ਖਾਲਸਾ ਧਰਮ ਲਈ ਤੁਹਾਨੂੰ ਆਪਣੀਆਂ ਜਾਨਾਂ ਵਾਰਨ ਦੀ ਲੋੜ ਵੀ ਪੈ ਸਕਦੀ ਹੈ ਪਰ ਧਰਮ ਤੇ ਪ੍ਰਪੱਕ ਰਹਿਣ ਦੇ ਉਪਦੇਸ਼ ਦਿੱਤੇ। ਗੁਰੂ ਜੀ ਦੇ ਮੁਗਲਾਂ ਨਾਲ ਯੁੱਧ ਹੁੰਦੇ ਰਹੇ ਤੇ ਗੁਰੂ ਜੀ ਨੇ ਸਿੱਖ ਧਰਮ ਦੀ ਸਲਾਮਤੀ ਲਈ ਆਪਣੇ ਵੱਡੇ ਸਹਿਬਜ਼ਾਦਾ ਬਾਬਾ ਅਜੀਤ ਸਿੰਘ ਤੇ ਸਹਿਬਜ਼ਾਦਾ ਬਾਬਾ ਜੁਝਾਰ ਸਿੰਘ ਨੂੰ ਆਪਣੇ ਹੱਥੀ ਤਿਆਰ ਕਰਕੇ ਮੈਦਾਨੇ ਜੰਗ ਤੋਰਿਆ ਤੇ ਆਪਣੀਆਂ ਅੱਖਾਂ ਸਾਹਮਣੇ ਸ਼ਹੀਦੀਆਂ ਪ੍ਰਾਪਤ ਕਰਦਿਆਂ ਵੇਖਿਆ। ਆਪ ਜੀ ਦੇ ਛੋਟੇ ਸਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਹਿ ਸਿੰਘ ਨੂੰ ਸਰਹੰਦ ਦੇ ਨਵਾਬ ਨੇ ਫੜ ਕੇ ਧਰਮ ਬਦਲਣ ਬਾਰੇ ਕਿਹਾ ਕਿ ਤੁਸੀ ਮੁਸਲਮਾਨ ਬਣ ਜਾਓ ਜਾਂ ਫਿਰ ਮਰਨ ਲਈ ਤਿਆਰ ਹੋ ਜਾਓ। ਗੁਰੂ ਦੇ ਲਾਡਲੇ ਸਹਿਬਜ਼ਾਦਿਆਂ ਨੇ ਬੁਲੰਦ ਅਵਾਜ਼ ਵਿੱਚ ਕਿਹਾ ਕਿ ਅਸੀ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਹਾਂ, ਮੌਤ ਤੋਂ ਨਹੀਂ ਡਰਦੇ,ਸਾਨੂੰ ਸਾਡਾ ਧਰਮ ਪਿਆਰਾ ਹੈ। ਮੁਗਲਾਂ ਨੇ ਆਖਿਰ ਸਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਕੇ ਸ਼ਹੀਦ ਕਰ ਦਿੱਤਾ ਗਿਆ। ਮਾਤਾ ਗੁਜਰੀ ਜੀ ਨੇ ਠੰਡੇ ਬੁਰਜ ਵਿੱਚ ਪ੍ਰਾਣ ਤਿਆਗ ਕੇ ਸ਼ਹੀਦੀ ਦੇ ਦਿੱਤੀ। ਜਦ ਗੁਰੂ ਸਾਹਿਬ ਜੀ ਨੂੰ ਖਬਰ ਮਿਲੀ ਕੇ ਸਰਹੰਦ ਦੇ ਨਵਾਬ ਦੇ ਹੁਕਮ ਅਨੁਸਾਰ ਛੋਟੇ ਸਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ ਹੈ ਤਾਂ ਗੁਰੂ ਜੀ ਨੇ ਇਹ ਸਾਰੀ ਵਾਰਤਾ ਸੁਣ ਕੇ ਇੱਕ ਬੂਟਾ ਪੁੱਟਿਆ ਤੇ ਫੁਰਮਾਨ ਕੀਤਾ ਕਿ ਹੁਣ ਮੁਗਲ ਰਾਜ ਦੀ ਜੜ ਪੁੱਟੀ ਗਈ ਹੈ। ਇਹ ਵਾਕ ਵੀ ਸੱਚ ਸਿੱਧ ਹੋਏ। ਗੁਰੂ ਜੀ ਮਾਛੀਵਾੜੇ ਦੇ ਜੰਗਲਾਂ ਵਿੱਚ ਦੀ ਹੁੰਦੇ ਹੋਏ ਨੰਦੇੜ ਜਾ ਪੁੱਜੇ,ਇਥੇ ਉਨਾਂ ਦਾ ਮਿਲਾਪ ਮਾਧੋਦਾਸ ਵੈਰਾਗੀ ਨਾਲ ਹੋਇਆ। ਗੁਰੂ ਜੀ ਨੇ ਉਸ ਨੂੰ ਅੰਮ੍ਰਿਤ ਛਕਾ ਕੇ ਉਸਦਾ ਨਾਮ ਮਾਧੋਦਾਸ ਤੋਂ ਬਦਲ ਕੇ ਬੰਦਾ ਸਿੰਘ ਰੱਖ ਦਿੱਤਾ ਤੇ ਮੁਗਲਾਂ ਦਾ ਖਾਤਮਾ ਕਰਨ ਲਈ ਗੁਰੂ ਜੀ ਨੇ ਆਪਣੇ ਭੱਥੇ ਵਿੱਚੋਂ ਕੁਝ ਤੀਰ ਅਤੇ ਪੰਜ ਸਿੰਘ ਦਾ ਜਥਾ ਦੇ ਕੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣਾ ਹੈ। ਹਰ ਕੰਮ ਕਰਨ ਤੋਂ ਪਹਿਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕਰਕੇ ਹੀ ਆਰੰਭ ਕਰਨਾ ਹੈ। ਗੁਰੂ ਜੀ ਨੇ ਇਹ ਬਚਨ ਦੇ ਕੇ ਇਸ ਜਥੇ ਨੂੰ ਮੁਗਲਾਂ ਦੇ ਖਾਤਮੇ ਲਈ ਪੰਜਾਬ ਵੱਲ ਰਵਾਨਾ ਕਰ ਦਿੱਤਾ। ਸ੍ਰੀ ਨਾਂਦੇੜ ਸਾਹਿਬ ਵਿਖੇ ਗੁਰੂ ਜੀ ਨੇ ਸੰਗਤ ਨੂੰ ਇੱਕਠਿਆਂ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਿਆ ਤੇ ਸੰਗਤਾਂ ਨੂੰ ਉਪਦੇਸ਼ ਦਿੱਤਾ ਕਿ ਦੇਹਧਾਰੀ ਗੁਰੂ ਦੀ ਬਜਾਇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਆਪਣਾ ਗੁਰੂ ਮੰਨਿਆ ਜਾਵੇ। ਗੁਰੂ ਜੀ 7 ਅਕਤੂਬਰ 1708 ਈ: ਨੂੰ ਨਾਂਦੇੜ ਸਾਹਿਬ ਵਿਖੇ ਜੋਤੀ-ਜੋਤ ਸਮਾ ਗਏ।
                                       
ਗੁਰਜੀਵਨ ਸਿੰਘ ਸਿੱਧੂ ਨਥਾਣਾ
ਪਿੰਡ ਨਥਾਣਾ, ਜਿਲ੍ਹਾ ਬਠਿੰਡਾ
ਪੰਜਾਬ: 151102
ਮੋਬਾਇਲ: 9417079435
ਮੇਲ : jivansidhus@gmail.com

12 Jan. 2019