Gursewak-Randhawa

ਕਾਹਲੀ ਅੱਗੇ ਟੋਏ........... - ਗੁਰਸੇਵਕ ਰੰਧਾਵਾ ਪਟਿਆਲਾ

ਅੱਜ ਮਨੁੱਖ ਨੇ ਤਕਨੀਕੀ ਤਰੱਕੀ ਬਹੁਤ ਕਰ ਲਈ ਹੈ, ਅਤੇ ਇਹ ਸਾਰੇ ਯਤਨ ਸਮੇਂ ਨੂੰ ਜੱਫਾ ਪਾਉਣ ਲਈ ਕੀਤੇ ਜਾ ਰਹੇ ਹਨ। ਬੇਸ਼ੱਕ ਤਕਨੀਕੀ ਤਰੱਕੀ ਨੇ ਸਾਡੀ ਜ਼ਿੰਦਗੀ ਅਸਾਨ ਬਣਾ ਦਿੱਤੀ ਹੈ ਪਰ ਇਸਦੇ ਚੰਗੇ ਅਤੇ ਮਾੜੇ ਪੱਖ ਨਾਲ-ਨਾਲ ਚੱਲਦੇ ਹਨ। ਹਰ ਇਕ ਵਿਅਕਤੀ ਅੱਜ ਕਾਹਲੀ ਵਿੱਚ ਹੈ ਭਾਵੇਂ ਉਹ ਵਕਤ ਨੂੰ ਪਿੱਛੇ ਛੱਡਣ ਦੀ ਹੋਵੇ, ਕਿਸੇ ਦੂਜੇ ਵਿਅਕਤੀ ਤੋਂ ਅੱਗੇ ਲੰਘਣ ਦੀ ਹੋਵੇ ਚਾਹੇ ਕਿਤੇ ਘਰ ਤੋਂ ਬਾਹਰ ਜਾਣ ਦੀ ਹੋਵੇ। ਰੋਜ਼ਾਨਾ ਕਿੰਨੇ ਹੀ ਲੋਕ ਸੜਕ ਦੁਰਘਟਨਾਵਾਂ ਦੇ ਸ਼ਿਕਾਰ ਹੋ ਰਹੇ ਹਨ, ਜੋ ਸਿਰਫ ਤੇਜ਼ ਰਫਤਾਰੀ ਤੇ ਕਾਹਲੀ ਦਾ ਨਤੀਜ਼ਾ ਹੈ। ਅਪਾਂ ਸਾਰਿਆਂ ਨੇ ਇਹ ਕਹਾਵਤ ਤਾਂ ਸੁਣੀ ਹੋਈ ਏ ਕਿ ਕਾਹਲੀ ਅੱਗੇ ਟੋਏ ਤੇ ਇਸਦਾ ਮਤਲਬ ਵੀ ਸਾਨੂੰ ਸਭ ਨੂੰ ਪਤਾ ਹੈ, ਮਤਲਬ ਕਿ ਮਨੁੱਖ ਹਰ ਕੰਮ ਲਈ ਕਾਹਲੀ ਤਾਂ ਕਰੀ ਜਾਂਦਾ ਹੈ ਪਰ ਉਹ ਇਹ ਨਹੀ ਸੋਚਦਾ ਕਿ ਉਹ ਇਸ ਚੱਕਰ ’ਚ ਕਈ ਮੁਸੀਬਤਾਂ ਵਿੱਚ ਫਸ ਸਕਦਾ ਹੈ ਤੇ ਹੋਰਾਂ ਨੂੰ ਮੁਸੀਬਤ ਵਿੱਚ ਪਾ ਵੀ ਸਕਦਾ ਹੈ। ਕਈ ਵਾਰ ਤਾਂ ਇੰਝ ਲੱਗਦਾ ਹੈ ਕਿ ਮਨੁੱਖ ਨੇ ਖੁਦ ਮਸ਼ੀਨ ਦਾ ਰੂਪ ਧਾਰਨ ਕਰ ਲਿਆ ਹੈ ਜਿਹੜਾ ਆਪਣੀ ਜ਼ਿੰਦਗੀ ’ਚ ਏਨੀ ਰਫ਼ਤਾਰ ਨਾਲ ਅੱਗੇ ਵੱਧ ਰਿਹਾ ਹੈ ਅਤੇ ਉਹ ਆਪਣੇ ਰਾਹ ਵਿੱਚ ਆਈ ਕੋਈ ਚੀਜ਼ ਦਾ ਇੰਤਜਾਰ ਵੀ ਨਹੀ ਕਰ ਸਕਦਾ, ਜਿਵੇਂ ਤੁਸੀਂ ਆਮ ਰੇਲਵੇ ਫਾਟਕਾਂ ਤੇ ਵੇਖ ਸਕਦੇ ਹੋ ਕਿ ਫਾਟਕ ਗੱਡੀ ਆਉਣ ਕਾਰਨ ਬੰਦ ਪਿਆ ਹੁੰਦਾ ਹੈ ਪਰ ਫਾਟਕ ਬੰਦ ਹੋਣ ਦੇ ਬਾਵਜੂਦ ਵੀ ਕਈ ਲੋਕ ਫਾਟਕ ਦੇ ਥੱਲੋ ਦੀ ਆਪਣੇ ਮੋਟਰ ਵਾਹਨ ਕੱਢਣੇ ਸ਼ੁਰੂ ਕਰ ਦਿੰਦੇ ਹਨ ਜਿਨ੍ਹਾਂ ’ਚੋਂ ਕਈ ਦੁਰਘਟਨਾਵਾਂ ਦਾ ਸ਼ਿਕਾਰ ਹੋ ਜਾਂਦੇ ਹਨ ਤੇ ਆਪਣੀ ਜ਼ਿੰਦਗੀ ਤੋਂ ਵੀ ਹੱਥ ਧੋ ਬੈਠਦੇ ਹਨ। ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਜਿਨ੍ਹਾਂ ਵਿੱਚੋਂ ਮੈਂ ਵੀ ਇਕ ਹਾਂ ਬਹੁਤ ਕਾਹਲੀ ਦਾ ਸ਼ਿਕਾਰ ਹਨ, ਜ਼ਿੰਦਗੀ ਤੋਂ ਬੇਪਰਵਾਹ ਹਨ, ਬੁਲਟ, ਮੋਟਰ ਕਾਰਾਂ ਉਨ੍ਹਾਂ ਭਾਵੇਂ ਤਾਂ ਖਿਡੌਣੇ ਹਨ ਚਾਬੀ ਵਾਲੇ ਦੱਬੀ ਜਾਓ ਰਫਤਾਰ ਪਰ ਆਪ ਨੀ ਦਬਣਾ ਕਿਸੇ ਤੋਂ ਜੇ ਕੋਈ ਸਿਆਣਾ ਸਮਝਾਉਂਦਾ ਹੈ, ਗਲ ਪੈਂਦੇ ਨੇ ਉਨ੍ਹਾਂ ਦੇ ਕਿ ਭਾਈ ਤੂੰ ਕੌਣ ਹੁਨੈਂ ਸਾਨੂੰ ਸਮਝਾਉਣ ਵਾਲਾ ਚੱਲ ਡੰਡੀ ਪੈ। ਪਰ ਉਹ ਇਹ ਨਹੀਂ ਜਾਣਦੇ ਕਿ ਇਹ ਤੇਜ਼ ਰਫ਼ਤਾਰੀ ਉਹਨਾ ਦੇ ਮਾਪਿਆਂ ਤੇ ਕਿੰਨੀ ਭਾਰੀ ਪੈ ਸਕਦੀ ਹੈ। ਜਦੋਂ ਅਣਸੁਖਾਵੀਂ ਘਟਨਾ ਵਾਪਰ ਜਾਵੇ ਤਾਂ ਉਸਦਾ ਸਾਰਾ ਫ਼ਲ ਪਿੱਛੇ ਉਹਨਾਂ ਦੇ ਮਾਪਿਆਂ ਨੂੰ ਭੋਗਣਾ ਪੈਂਦਾ ਹੈ। ਉਹਨਾਂ ਦੇ ਮਾਂ-ਬਾਪ ਜਿਊਂਦੀ ਲਾਸ਼ ਬਣ ਕੇ ਰਹਿ ਜਾਂਦੇ ਹਨ ’ਤੇ ਜਿਹੜੀ ਉਮਰੇ ਉਹਨਾਂ ਬੱਚਿਆਂ ਤੋਂ ਸੇਵਾ ਕਰਾਉਣੀ ਹੁੰਦੀ ਹੈ ਉਹ ਉਮਰੇ ਉਹਨਾਂ ਨੂੰ ਆਪਣੇ ਬੱਚਿਆਂ ਦੀ ਅਰਥੀ ਚੁੱਕਣੀ ਭਾਰੀ ਪੈਂਦੀ ਹੈ।
ਅਜਿਹੀਆਂ ਦੁਰਘਟਨਾਵਾਂ ਦਾ ਸਿਲਸਿਲਾ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ। ਕਈ ਵਾਰ ਅਸੀਂ ਆਪਣੀ ਇਸ ਨਦਾਨ ਗਲਤੀ ਕਾਰਨ ਬਚ ਜਾਂਦੇ ਹਾਂ ਪਰ ਕਿਸੇ ਹੋਰ ਘਰ ਦੇ ਚਿਰਾਗ ਅਸੀਂ ਬੁਝਾ ਦਿੰਦੇ ਹਾਂ।  ਦੋਸਤੋ ਇਹੋ ਜਿਹੀਆ ਦੁਰਘਟਨਾਵਾਂ ਨੂੰ ਵਧਾਵਾ ਵੀ ਅਸੀਂ ਆਪ ਹੀ ਦਿੱਤਾ ਹੈ ’ਤੇ ਇਹਨਾਂ ਦੇ ਨਿਕਲਣ ਵਾਲੇ ਘਾਤਕ ਨਤੀਜਿਆਂ ਤੋਂ ਸਮਝਣਾ ਵੀ ਸਾਨੂੰ ਆਪ ਹੀ ਪੈਣਾ ਹੈ। ਇਸ ਵਧਦੀ ਭੇਡ ਚਾਲ ਤੋਂ ਪ੍ਰਹੇਜ਼ ਕਰੋ ਜੇ ਬਾਹਰ ਕਿਤੇ ਕੰਮ ਤੇ ਜਾ ਰਹੇ ਹਾਂ ਤਾਂ ਸਮੇਂ ਸਿਰ ਘਰ ਤੋ ਪਹਿਲਾਂ ਹੀ ਨਿਕਲ ਜਾਵੋ ਤਾਂ ਜੋ ਤੁਹਾਨੂੰ ਆਪਣੀ ਮੋਟਰਸਾਈਕਲ ਜਾਂ ਕਾਰ ਨੂੰ ਲੇਟ ਹੋ ਜਾਣ ਦੇ ਚੱਕਰ ਚ ਤੇਜ ਨਾ ਚਲਾਉਣਾ ਪਵੇ ਅਤੇ ਨਾ ਹੀ ਕਾਹਲੀ ਕਾਹਲੀ ’ਚ ਕਿਸੇ ਵਾਹਨ ਨੂੰ ਓਵਰਟੇਕ ਕਰਨਾ ਪਵੇ। ਆਵਾਜਾਈ ਦੇ ਨਿਯਮਾਂ ਅਤੇ ਚਿੰਨ੍ਹਾਂ ਨੂੰ ਹਮੇਸ਼ਾਂ ਧਿਆਨ ਨਾਲ ਪੜੋ ਤੇ ਉਹਨਾਂ ਦੀ ਪਾਲਣਾ ਕਰੋ। ਮੋਟਰ ਕਾਰ, ਵਹੀਕਲ ਚਲਾਉਦੇਂ ਸਮੇਂ ਸੀਟ ਬੈਲਟ ਦਾ ਪ੍ਰਯੋਗ ਲਾਜ਼ਮੀ ਕਰੋ ਅਤੇ ਇੰਡੀਕੇਟਰਾਂ ਦੀ ਮੁੜਣ ਸਮੇਂ ਵਰਤੋਂ ਜ਼ਰੂਰ ਕਰੋ। ਕਦੇ ਵੀ ਓਵਰ ਸਪੀਡ ਤੇ ਗੱਡੀ ਨਾ ਚਲਾਓ। ਅੱਜ ਕੱਲ੍ਹ ਡ੍ਰਾਈਵਿੰਗ ਦੌਰਾਨ ਮੋਬਾਈਲ ਫੋਨ ਦੀ ਵਰਤੋਂ ਬਹੁਤ ਵਧਦੀ ਜਾ ਰਹੀ ਕ੍ਰਿਪਾ ਕਰਕੇ ਗੱਡੀ ਚਲਾਉਣ ਸਮੇਂ ਮੋਬਾਈਲ ਦੀ ਵਰਤੋਂ ਨਾ ਕਰੋ।  ਦੋ ਪਹੀਆ ਵਾਹਨ ਸਕੂਟਰ, ਮੋਟਰ-ਸਾਈਕਲ ਚਲਾਉਣ ਸਮੇਂ ਹੈਲਮਟ ਦਾ ਪ੍ਰਯੋਗ ਜ਼ਰੂਰ ਕਰੋ। ਜੇਕਰ ਤੁਹਾਡੇ ਵਾਹਨ ਵਿੱਚ ਕੋਈ ਨੁਕਸ ਆਉਂਦਾ ਹੈ ਤਾਂ ਉਸਨੂੰ ਸਮੇਂ ਰਹਿੰਦੇ ਮਕੈਨਿਕ ਤੋਂ ਚੰਗੀ ਤਰ੍ਹਾਂ ਨਾਲ ਚੈੱਕ ਕਰਵਾਓ ਅਤੇ ਸਮੇਂ ਸਿਰ ਸਰਵਿਸ ਵੀ ਕਰਵਾਓ।  ਅਸੀਂ ਸਾਰੇ ਜਾਣਦੇ ਹਾਂ ਕਿ ਸ਼ਰਾਬ ਤੇ ਗੱਡੀ ਦਾ ਕੋਈ ਮੇਲ ਨਹੀਂ ਪਰ ਅਸੀਂ ਫਿਰ ਵੀ ਸ਼ਰਾਬ ਪੀ ਕੇ ਗੱਡੀ ਚਲਾਉਂਦੇ ਹਾਂ ਜੋ ਸਿੱਧੀ ਮੌਤ ਨਾਲ ਮਿਲਣੀ ਹੈ। ਸੜਕ ਸੁਰੱਖਿਆ ਦੇ ਮਹੱਤਵਪੂਰਨ ਨਿਯਮਾਂ ਨੂੰ ਅਪਣਾਉਣਾ ਤੇ ਉਹਨਾਂ ਦੀ ਪਾਲਣਾ ਕਰਨੀ ਸਾਡੀ ਸਾਰਿਆਂ ਦੀ ਨੈਤਿਕ ਜ਼ਿੰਮੇਵਾਰੀ ਹੈ। ਸਮੇਂ ਦੀਆਂ ਸਰਕਾਰਾਂ ਵੀ ਇਸ ਪਾਸੇ ਆਪਣਾ ਖ਼ਾਸ ਧਿਆਨ ਦੇਣ, ਸੜਕਾਂ ਤੇ ਫਿਰਦੇ ਅਵਾਰਾ ਪਸ਼ੂਆ ਦਾ ਠੋਸ ਹੱਲ ਕੀਤਾ ਜਾਵੇ। ਸਮੇਂ ਸਮੇਂ ਤੇ ਸੜਕਾਂ ਦੀ ਮੁਰੰਮਤ ਵੱਲ ਧਿਆਨ ਦਿੱਤਾ ਜਾਵੇ ਕਿਉਂਕਿ ਕਿਸੇ ਵੀ ਦੇਸ਼ ਦੀ ਆਰਥਿਕਤਾ ਤੇ ਤਰੱਕੀ ਦਾ ਪਤਾ ਉਸ ਦੇਸ਼ ਦੇ ਲੋਕਾਂ ਦੇ ਰਹਿਣ ਸਹਿਣ ਅਤੇ ਸੜਕਾਂ ਦੇ ਵਧੀਆ ਨਿਰਮਾਣ ਕਾਰਜਾਂ ਤੋਂ ਹੀ ਲੱਗਦਾ ਹੈ ਸੋ ਦੋਸਤੋ ਹਮੇਸ਼ਾ ਠਹਿਰਾਓ ਨਾਲ ਚੱਲੋ ਕਾਹਲੀ ਕਦੇ ਨਾ ਕਰੋ ਅਤੇ ਟ੍ਰੈਫਿਕ ਨਿਯਮਾਂ ਦੀ ਹਮੇਸ਼ਾ ਪਾਲਣਾ ਕਰੋ ਕਿਉਂਕਿ ਹਰ ਇਕ ਦੀ ਜਾਨ ਬਹੁਤ ਕੀਮਤੀ ਹੈ।
ਗੁਰਸੇਵਕ ਰੰਧਾਵਾ ਪਟਿਆਲਾ ।
ਮੋ: 94636-80877

ਸ਼ਹੀਦੀ ’ਤੇ ਵਿਸ਼ੇਸ਼ : ਮਹਾਨ ਇਨਕਲਾਬੀ ਸ਼ਹੀਦ-ਏ-ਆਜ਼ਮ ਸ੍ਰ. ਭਗਤ ਸਿੰਘ - ਗੁਰਸੇਵਕ ਰੰਧਾਵਾ


"ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖਾਲੀਆਂ ਨੇ
ਜਿਹਨਾਂ ਦੇਸ਼ ਸੇਵਾ 'ਚ ਪੈਰ ਪਾਇਆ, ਓਹਨਾਂ ਲੱਖਾਂ ਮੁਸੀਬਤਾਂ ਝੱਲੀਆਂ ਨੇ ”
ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ।"ਭਾਰਤ ਨੇ ਇਕ ਲੰਮਾ ਸਮਾਂ ਗੁਲਾਮੀ ਦੀਆਂ ਬੇੜੀਆਂ ਪਾ ਕੇ ਹੰਢਾਇਆ ਹੈ। ਇਹਨਾ ਬੇੜੀਆਂ ਨੂੰ ਤੋੜਣ ਲਈ ਲੱਖਾਂ ਯੋਧਿਆਂ, ਸੂਰਵੀਰਾਂ ਨੇ ਆਪਣੀਆਂ ਜਾਨਾ ਵਾਰ ਦਿੱਤੀਆਂ। ਉਨ੍ਹਾਂ ਵਿੱਚੋਂ ਇੱਕ ਨਾਮ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜੁੜਦਾ ਹੈ ਜੋ ਰਹਿੰਦੀ ਦੁਨੀਆਂ ਤੱਕ ਇਤਿਹਾਸ ਵਿੱਚ ਅਮਰ ਰਹੇਗਾ। ਅੰਗਰੇਜ਼ ਹਕੂਮਤ ਦੇ ਨੱਕ ਵਿੱਚ ਦਮ ਕਰਨ ਵਾਲੇ ਸ੍ਰ. ਭਗਤ ਸਿੰਘ ਨੂੰ 23 ਮਾਰਚ 1931 ਨੂੰ ਉਨ੍ਹਾਂ ਦੇ ਸਾਥੀਆਂ, ਰਾਜਗੁਰੂ ਅਤੇ ਸੁਖਦੇਵ ਸਮੇਤ ਫ਼ਾਂਸੀ ਤੇ ਲਟਕਾ ਦਿੱਤਾ ਗਿਆ ਸੀ। ਇਸ ਯੋਧੇ ਦਾ ਜਨਮ 28 ਸਤੰਬਰ 1907 ਵਿੱਚ ਪਿਤਾ ਕਿਸ਼ਨ ਸਿੰਘ ਦੇ ਘਰ ਮਾਤਾ ਵਿਦਿਆਵਤੀ ਦੀ ਕੁੱਖੋਂ ਚੱਕ ਨੰਬਰ 105 ਬੰਗਾ ਜਿਲ੍ਹਾ ਲਾਇਲਪੁਰ (ਅਜ਼ਾਦੀ ਤੋਂ ਪਹਿਲਾ ਪੰਜਾਬ) ਪਾਕਿਸਤਾਨ ਵਿਚ ਹੋਇਆ ਸੀ। ਭਗਤ ਸਿੰਘ ਦਾ ਪਰਿਵਾਰ ਇਨਕਲਾਬੀ ਸੋਚ ਵਾਲਾ ਸੀ। ਇਨਕਲਾਬ ਦੀ ਗੁੜ੍ਹਤੀ ਉਸ ਨੂੰ ਪਰਿਵਾਰ ਵਿੱਚੋਂ ਹੀ ਮਿਲੀ ਸੀ। ਉਸ ਦੇ ਦਾਦੇ ਸ੍ਰ. ਅਰਜਨ ਸਿੰਘ ਨੇ 19ਵੀਂ ਸਦੀ ਵਿੱਚ ਚੱਲੀਆਂ ਧਾਰਮਿਕ ਤੇ ਸਮਾਜਕ ਪੁਨਰ ਜਾਗ੍ਰਤੀ ਦੀਆਂ ਲਹਿਰਾਂ ਵਿੱਚ ਸਰਗਰਮੀ ਨਾਲ ਹਿੱਸਾ ਲਿਆ ਸੀ। ਉਸ ਦਾ ਪਿਤਾ ਸ੍ਰ. ਕਿਸ਼ਨ ਸਿੰਘ ਜੋ ਕਿ ਕਾਂਗਰਸ ਦਾ ਸਰਗਰਮ ਮੈਂਬਰ ਸੀ।  ਭਗਤ ਸਿੰਘ ਦਾ ਚਾਚਾ ਅਜੀਤ ਸਿੰਘ ਪ੍ਰਸਿੱਧ ਸੁਤੰਤਰਤਾ ਸੰਗਰਾਮੀ ਸੀ। ਉਨ੍ਹਾਂ ਦੀ ਅਗਵਾਈ ਹੇਠ “ਪੱਗੜੀ ਸੰਭਾਲ ਜੱਟਾ” ਨਾਂ ਦੀ ਲਹਿਰ ਚੱਲ ਰਹੀ ਸੀ। ਇਸ ਲਹਿਰ ਦੀ ਚੜ੍ਹਾਈ ਹੁੰਦਿਆਂ ਵੇਖ ਅੰਗਰੇਜ਼ੀ ਸਰਕਾਰ ਬੋਖ਼ਲਾ ਗਈ ਅਤੇ ਨਤੀਜੇ ਵਜੋਂ ਉਨ੍ਹਾਂ ਨੂੰ 2 ਜੂਨ 1907 ਨੂੰ ਕਾਲੇ ਪਾਣੀ ਦੀ ਸਜਾ ਲਈ ਰੰਗੂਨ ਭੇਜ ਦਿੱਤਾ ਗਿਆ। ਅੰਤ ਉਹ ਡਲਹੌਜੀ ਵਿਖੇ ਆਜ਼ਾਦੀ ਵਾਲੇ ਦਿਨ ਚੱਲ ਵਸੇ। ਅਜਿਹੇ ਅਣਖੀਲੇ ਸੰਗਰਾਮੀਆਂ ਦੇ ਪਰਿਵਾਰ ਵਿੱਚੋਂ ਇਨਕਲਾਬ ਦੀ ਪਾਹੁਲ ਭਗਤ ਸਿੰਘ ਨੂੰ ਬਚਪਨ ਵਿੱਚ ਹੀ ਮਿਲ ਗਈ ਸੀ। ਭਗਤ ਸਿੰਘ ਸ਼ਹੀਦ ਕਰਤਾਰ ਸਿੰਘ ਸਰਾਭੇ ਤੋਂ ਬਹੁਤ ਪ੍ਰਭਾਵਿਤ ਸਨ ਤੇ ਉਹਨਾ ਨੂੰ ਆਪਣਾ ਗੁਰੂ ਮੰਨਦੇ ਸਨ। ਇਕ ਦੋ ਵਾਰ ਕਰਤਾਰ ਸਿੰਘ ਉਹਨਾ ਦੇ ਘਰ ਵੀ ਆਏ ਸਨ। ਕਰਤਾਰ ਸਿੰਘ ਦੀ ਸ਼ਹੀਦੀ ਨੇ ਭਗਤ ਸਿੰਘ ਦੇ ਮਨ ਤੇ ਇਕ ਡੂੰਘੀ ਛਾਪ ਛੱਡ ਦਿੱਤੀ।
13 ਅਪਰੈਲ, 1919 ਨੂੰ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਦੇ ਜਲ੍ਹਿਆਂਵਾਲੇ ਬਾਗ ਦੀ ਘਟਨਾ ਦਾ ਭਗਤ ਸਿੰਘ ’ਤੇ ਗਹਿਰਾ ਪ੍ਰਭਾਵ ਪਿਆ। ਇਸ ਘਟਨਾ ਨਾਲ ਪੂਰਾ ਹਿੰਦੁਸਤਾਨ ਕੰਬ ਉਠਿਆ।  ਦੇਸ਼ ਭਰ ਵਿੱਚ ਕ੍ਰਾਂਤੀ ਦੀ ਅੱਗ ਭੜਕ ਗਈ। ਰੌਲਟ ਐਕਟ ਦੇ ਵਿਰੋਧ ਵਿੱਚ ਇਕੱਤਰ ਹੋਏ ਦੇਸ਼ ਵਾਸੀ ਜਲ੍ਹਿਆਂਵਾਲੇ ਬਾਗ ਵਿੱਚ ਸਭਾ ਕਰ ਰਹੇ ਸੀ ਅਤੇ ਜਨਰਲ ਡਾਇਰ ਦੇ ਹੁਕਮਾਂ ਤਹਿਤ ਨਿਹੱਥੇ ਲੋਕਾਂ ਨੂੰ ਗੋਲ਼ੀਆਂ ਨਾਲ ਭੁੰਨ ਦਿੱਤਾ ਗਿਆ। ਉਸ ਸਮੇਂ ਭਗਤ ਸਿੰਘ ਦੀ ਉਮਰ 12 ਸਾਲ ਸੀ। ਇਸ ਘਟਨਾ ਤੋਂ ਬਾਅਦ ਉਨ੍ਹਾਂ ਜਲ੍ਹਿਆਂਵਾਲੇ ਬਾਗ ਦੀ ਖ਼ੂਨ ਨਾਲ ਲਥਪਥ ਧਰਤੀ ਦੀ ਸਹੁੰ ਖਾਧੀ ਸੀ ਕਿ ਅੰਗਰੇਜ਼ ਹਕੂਮਤ ਦੀ ਉਹ ਇੱਟ ਨਾਲ ਇੱਟ ਖੜਕਾ ਦੇਵੇਗਾ ਅਤੇ ਭਾਰਤ ਦੇਸ਼ ਨੂੰ ਬਰਤਾਨਵੀ ਰਾਜ ਤੋਂ ਆਜ਼ਾਦ ਕਰਵਾਵੇਗਾ। ਇਸ ਮਕਸਦ ਲਈ ਉਨ੍ਹਾਂ ਨੈਸ਼ਨਲ ਕਾਲਜ ਦੀ ਪੜ੍ਹਾਈ ਛੱਡ ਕੇ ‘ਨੌਜਵਾਨ ਭਾਰਤ ਸਭਾ’ ਦੀ ਸਥਾਪਨਾ ਕੀਤੀ ਅਤੇ ਇਸ ਲਹਿਰ ਵਿੱਚ ਸਰਗਰਮ ਹੋਣ ਦਾ ਫੈਸਲਾ ਕਰ ਲਿਆ। ਭਗਤ ਸਿੰਘ ਨੂੰ ਇਨਕਲਾਬੀ ਸਾਹਿਤ ਨਾਲ ਸਬੰਧਤ ਕਿਤਾਬਾਂ ਪੜ੍ਹਨ ਦੀ ਰੁਚੀ ਸੀ। ਉਨ੍ਹਾਂ ਦੀ ਨਿੱਜੀ ਲਾਇਬਰੇਰੀ ਇਨਕਲਾਬੀ ਸਾਹਿਤ ਨਾਲ ਭਰੀ ਹੋਈ ਸੀ। ਭਗਤ ਸਿੰਘ ਦਾ ਮੇਲ ਉਸ ਸਮੇਂ ਬੀ.ਕੇ. ਦੱਤ, ਚੰਦਰ ਸ਼ੇਖਰ ਆਜ਼ਾਦ, ਜੈ ਦੇਵ ਕਪੂਰ, ਸ਼ਿਵ ਵਰਮਾ, ਵਿਜੇ ਕੁਮਾਰ ਸਿਨਹਾ ਆਦਿ ਇਨਕਲਾਬੀਆਂ ਨਾਲ ਹੋਇਆ। ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਭਗਤ ਸਿੰਘ ਦੇ ਮਾਤਾ-ਪਿਤਾ ਅਤੇ ਪਰਿਵਾਰ ਵਾਲੇ ਉਨ੍ਹਾਂ ’ਤੇ ਵਿਆਹ ਲਈ ਦਬਾਅ ਪਾਉਣ ਲੱਗੇ। ਪਰ ਭਗਤ ਸਿੰਘ ਤੇ ਇਨ੍ਹਾਂ ਦਬਾਵਾਂ ਦਾ ਕੋਈ ਅਸਰ ਨਹੀਂ ਹੋਇਆ ਸਿੱਟੇ ਵੱਜੋਂ ਉਨ੍ਹਾਂ ਨੇ ਘਰ ਹੀ ਛੱਡ ਦਿੱਤਾ। ਕਿਉਂਕਿ ਉਨ੍ਹਾਂ ਦਾ ਅਸਲ ਮਕਸਦ ਦੇਸ਼ ਨੂੰ ਬਰਤਾਨਵੀ ਹਕੂਮਤ ਤੋਂ ਆਜ਼ਾਦ ਕਰਾਉਣਾ ਸੀ।
1928 ਵਿਚ ਸ੍ਰ. ਭਗਤ ਸਿੰਘ ਨੇ ਹਿੰਦੋਸਤਾਨ ਰੀਪਬਲੀਕਨ ਐਸੋਸੀਏਸ਼ਨ ਨਾਲ ਮਿਲ ਕੇ ਅੰਗ੍ਰੇਜ਼ ਸਰਕਾਰ ਖਿਲਾਫ ਕ੍ਰਾਂਤੀਕਾਰੀ ਗਤੀਵਿਧੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਜਿਸ ਤੋਂ ਬਾਅਦ ਉਹਨਾ ਦਾ ਨਾਮ ਦੁਨੀਆਂ ਭਰ ਦੇ ਕ੍ਰਾਂਤੀਕਾਰੀਆਂ ਦੀ ਜੁਬਾਨ ਤੇ ਚੜ੍ਹ ਗਿਆ ਸੀ। ਫਿਰ 1928 ਵਿਚ ਸੱਤ ਮੈਂਬਰੀ ਸਾਇਮਨ ਕਮੀਸ਼ਨ ਭਾਰਤ ਆਇਆ। 30 ਅਕਤੂਬਰ ਨੂੰ ਜਦੋਂ ਇਹ ਲਾਹੋਰ ਪੁੱਜਾ ਤਾਂ ਅੰਗ੍ਰੇਜ਼ ਸਰਕਾਰ ਖਿਲਾਫ਼ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਜੀ ਨੇ ਭਗਤ ਸਿੰਘ ਤੇ ਹੋਰ ਸਾਥੀਆਂ ਸਮੇਤ ਸ਼ਾਂਤੀਪੂਰਨ ਪ੍ਰਦਰਸ਼ਨ ਕੀਤਾ ਅਤੇ ਸਾਈਮਨ ਕਮੀਸ਼ਨ ਵਾਪਸ ਜਾਓ ਦੇ ਨਾਅਰੇ ਵੀ ਲਗਾਏ ਗਏ ਤਾਂ ਐੱਸ.ਐੱਸ.ਪੀ ਸਕਾਟ ਨੇ ਇਸ ਭੀੜ ਤੇ ਡਾਂਗਾਂ ਵਰਸਾਈਆਂ ਜਿਸ ਵਿਚ ਲਾਲਾ ਲਾਜਪਤ ਰਾਏ ਜੀ ਗੰਭੀਰ ਰੂਪ ਵਿਚ ਜਖਮੀ ਹੋਏ ਅਤੇ ਅੰਤ 17 ਨੰਵਬਰ 1928 ਨੂੰ ਸਵਰਗਵਾਸ ਹੋ ਗਏ। ਇਸ ਪਿੱਛੋਂ ਭਗਤ ਸਿੰਘ ਨੇ ਪਹਿਲਾਂ ਲਾਹੌਰ ਵਿੱਚ ਸਕਾਟ ਦੀ ਥਾਂ ਸਾਂਡਰਸ ਦਾ ਕਤਲ ਕੀਤਾ ਤੇ ਫਿਰ ਦਿੱਲੀ ਦੀ ਸੈਂਟਰਲ ਅਸੈਂਬਲੀ ਵਿੱਚ ਬਟੁਕੇਸ਼ਵਰ ਦੱਤ ਨਾਲ ਬੰਬ ਧਮਾਕਾ ਕੀਤਾ, ਇਸ ਧਮਾਕੇ ਦਾ ਮਕਸਦ ਕੋਈ ਨੁਕਸਾਨ ਕਰਨਾ ਨਹੀਂ ਸੀ ਸਗੋਂ ਅੰਗਰੇਜ਼ ਸਰਕਾਰ ਵਿੱਚ ਡਰ ਦਾ ਮਹੌਲ ਪੈਦਾ ਕਰਨਾ ਸੀ। ਭਗਤ ਸਿੰਘ ਤੇ ਬਟੁਕੇਸ਼ਵਰ ਦੱਤ ਨੇ ਇਨਕਲਾਬ ਜਿੰਦਾਬਾਦ ਦਾ ਨਾਅਰੇ ਲਗਾਉਂਦਿਆਂ ਗ੍ਰਿਫ਼ਤਾਰੀ ਦੇ ਦਿੱਤੀ। ਦੋਵਾਂ ਖਿਲਾਫ ਸੈਂਟਰਲ ਅਸੈਂਬਲੀ ਵਿੱਚ ਬੰਬ ਸੁੱਟਣ ਸਬੰਧੀ ਕੇਸ ਚੱਲਿਆ। ਸੁਖਦੇਵ ਤੇ ਰਾਜਗੁਰੂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ। 7 ਅਕਤੂਬਰ 1930 ਨੂੰ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਨੂੰ ਫਾਂਸੀ ਦੀ ਸਜ਼ਾ ਦਾ ਫੈਸਲਾ ਸੁਣਾਇਆ ਗਿਆ ਜਦਕਿ ਬਟੁਕੇਸ਼ਵਰ ਦੱਤ ਨੂੰ ਉਮਰ ਕੈਦ ਦੀ ਸਜਾ ਹੋਈ। ਭਗਤ ਸਿੰਘ ਨੂੰ ਕਿਤਾਬਾਂ ਪੜ੍ਹਨ ਦਾ ਬੇਹੱਦ ਸ਼ੌਕ ਸੀ। ਉਨ੍ਹਾਂ ਨੇ ਜੇਲ੍ਹ ਦਾ ਆਖਰੀ ਵੇਲਾ ਵੀ ਲੈਨਿਨ ਦੀ ਕਿਤਾਬ ‘ਰੈਵਾਲਿਊਸ਼ਨਰੀ ਲੈਨਿਨ’ ਪੜ੍ਹਦੇ ਹੀ ਬਿਤਾਇਆ। ਕਿਉਂਕਿ ਉਨ੍ਹਾਂ ਤੇ ਲੈਨਿਨ ਦੇ ਸ਼ਬਦਾਂ ਜਿਆਦਾ ਪ੍ਰਭਾਵ ਸੀ।
ਅੰਤ ਅੰਗਰੇਜ਼ ਸਰਕਾਰ ਨੇ ਇੱਕ ਦਿੱਨ ਪਹਿਲਾਂ ਹੀ 23 ਮਾਰਚ 1931 ਨੂੰ ਇਸ ਕ੍ਰਾਂਤੀਕਾਰੀ ਯੋਧੇ ਭਗਤ ਸਿੰਘ ਅਤੇ ਦੋ ਸਾਥੀਆਂ ਰਾਜਗੁਰੂ, ਸੁਖਦੇਵ ਨੂੰ ਫ਼ਾਂਸੀ ਤੇ ਲਟਕਾ ਦਿੱਤਾ ਗਿਆ। ਅੰਗਰੇਜ਼ ਸਰਕਾਰ ਨੇ ਲਾਸ਼ਾ ਵਾਰਸਾਂ ਦੇ ਹਵਾਲੇ ਕਰਨ ਦੀ ਥਾਂ ਜੇਲ੍ਹ ਦੇ ਪਿਛਲੇ ਰਸਤਿਉਂ ਬੋਰੀਆਂ ਵਿਚ ਪਾ ਕੇ ਫਿਰੋਜ਼ਪੁਰ ਵੱਲ ਲੈ ਗਏ ਅਤੇ ਸਤਲੁਜ ਦੇ ਕੰਢੇ ਮਿੱਟੀ ਦਾ ਤੇਲ ਪਾ ਕੇ ਵੱਢੀਆਂ ਟੁੱਕੀਆਂ ਲਾਸ਼ਾਂ ਦਾ ਦਾਹ ਸੰਸਕਾਰ ਕੀਤਾ ਗਿਆ। ਪਿੰਡ ਦੇ ਲੋਕ ਜਦੋਂ ਘਟਨਾ ਸਥਾਨ ਤੇ ਪਹੁੰਚੇ ਤਾਂ ਡਰਦੇ ਮਾਰੇ ਅੰਗਰੇਜ਼ ਸੈਨਿਕਾਂ ਨੇ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀਆਂ ਅੱਧ ਸੜੀਆਂ ਲਾਸ਼ਾਂ ਨੂੰ ਸਤਲੁਜ ਨਦੀ ਵਿੱਚ ਸੁੱਟ ਦਿੱਤਾ ਅਤੇ ਆਪ ਉਥੋਂ ਭੱਜ ਗਏ। ਪਿੰਡ ਵਾਲਿਆਂ ਨੇ ਉਨ੍ਹਾਂ ਦੀਆਂ ਲਾਸ਼ਾਂ ਦੇ ਟੁਕੜਿਆਂ ਨੂੰ ਇਕੱਠਾ ਕਰਕੇ ਵਿਧੀਵਤ ਢੰਗ ਨਾਲ ਦਾਹ ਸੰਸਕਾਰ ਕੀਤਾ। ਭਗਤ ਸਿੰਘ ਹਮੇਸ਼ਾ ਲਈ ਅਮਰ ਹੋ ਗਏ। ਸਾਡੇ ਅਸਲ ਨਾਇਕ ਤਾਂ ਇਹ ਸ਼ਹੀਦ ਹਨ ਜਿਨ੍ਹਾਂ ਨੇ ਆਪਣੀ ਜਾਨਾਂ ਦੀ ਪਰਵਾਹ ਨਾ ਕਰਦਿਆਂ ਆਪਣਾ ਸਾਰਾ ਜੀਵਨ ਦੇਸ਼ ਦੀ ਅਜ਼ਾਦੀ ਲਈ ਵਾਰ ਦਿੱਤਾ ਇਨ੍ਹਾਂ ਸ਼ਹੀਦਾਂ ਦੀਆਂ ਜੀਵਨੀਆਂ ਪੜ੍ਹ ਕੇ ਸਾਨੂੰ ਜਿੱਥੇ ਮਹਾਨ ਸੂਰਮਿਆਂ ਦੇ ਪਾਏ ਪੂਰਨਿਆਂ ਤੇ ਚੱਲਣ ਦੀ ਪ੍ਰੇਰਨਾ ਮਿਲਦੀ ਹੈ। ਉਥੇ ਹੀ ਆਪਣੇ ਮਹਾਨ ਇਤਿਹਾਸ ਅਤੇ ਕੀਮਤੀ ਵਿਰਸੇ ਨੂੰ ਸਾਂਭਣ, ਜਾਨਣ ਦਾ ਸੁਨੇਹਾ ਵੀ ਮਿਲਦਾ ਹੈ। ਅਜੋਕੇ ਸਮੇਂ ਲੋੜ ਹੈ ਪੰਜਾਬ ਦੇ ਨੋਜਵਾਨਾਂ ਨੂੰ ਭਗਤ ਸਿੰਘ ਦੇ ਜੀਵਨ ਤੋਂ ਪ੍ਰੇਰਣਾ ਲੈਣ ਦੀ ਅਤੇ ਨਸ਼ਿਆਂ ਵਰਗੇ ਕੋਹੜ ਅਤੇ ਹੋਰ ਆ ਰਹੀਆਂ ਦੇਸ਼ ਵਿੱਚ ਦਰਪੇਸ਼ ਸਮੱਸਿਆਵਾਂ ਦਾ ਮਿਲਜੁਲ ਕੇ ਮੁਕਾਬਲਾ ਕਰਨ ਦੀ। ਇਸ ਭਾਰਤ ਮਾਂ ਦੇ ਸੱਚੇ ਸੇਵਕ ਦੀ ਸ਼ਹਾਦਤ ਨੂੰ ਹਮੇਸ਼ਾ ਯਾਦ ਰੱਖਿਓ। ਆਪਣੇ ਬੱਚਿਆਂ ਨੂੰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਵਰਗੇ ਦਲੇਰ ਸ਼ਹੀਦਾਂ ਦੇ ਇਤਿਹਾਸ ਤੋਂ ਜਾਣੂ ਕਰਵਾਉਣਾ ਹੀ ਅਸਲ ਮਾਇਨੇ ਵਿੱਚ ਸਾਡੀ ਸੱਚੀ ਸਰਧਾਂਜਲੀ ਹੋਵੇਗੀ।
ਗੁਰਸੇਵਕ ਰੰਧਾਵਾ
ਮੋ: 94636-80877
ਪਟਿਆਲਾ।

ਹੋਲੀ ਖੁਸ਼ੀਆਂ ਦਾ ਤਿਉਹਾਰ, ਪਰ ਮਨਾਓ ਸਾਵਧਾਨੀ ਨਾਲ..... - ਗੁਰਸੇਵਕ ਰੰਧਾਵਾ


ਹਰ ਸਾਲ ਹੋਲੀ ਦਾ ਤਿਉਹਾਰ ਫ਼ੱਗਣ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ।  ਭਾਰਤ ਦੇਸ਼ ਵਿਚ ਹੋਲੀ ਦਾ ਤਿਉਹਾਰ ਆਪਣੀ ਖ਼ਾਸ ਮਹੱਤਤਾ ਰੱਖਦਾ ਹੈ। ਕਈ ਥਾਂਵਾਂ ਤੇ ਇਹ ਤਿਉਹਾਰ 'ਹੋਲਿਕਾ ਦਹਿਨ' ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਕਿਉਂਕਿ ਹੋਲੀ ਦਾ ਸੰਬੰਧ ਪ੍ਰਹਿਲਾਦ ਦੀ ਕਥਾ ਦੇ ਨਾਲ ਜੁੜਿਆ ਹੋਇਆ ਹੈ ਅਤੇ ਹੋਲੀ ਦੇ ਤਿਉਹਾਰ ਸਬੰਧੀ ਇਸ ਕਥਾ ਨੂੰ ਆਧਾਰ ਬਣਾ ਕੇ ਹੀ ਰਾਤ ਨੂੰ ਹੋਲੀ ਜਲਾਈ ਜਾਂਦੀ ਸੀ ਤੇ ਅੱਗ ਨਾਲ ਬਣੀ ਸੁਆਹ ਨੂੰ ਹੋਲਿਕਾ ਦੀ ਰਾਖ਼ ਮੰਨ ਕੇ ਸਵੇਰੇ ਉਡਾਇਆ ਜਾਂਦਾ ਸੀ। ਹੋਲੀ ਦਾ ਤਿਉਹਾਰ ਖ਼ੁਸ਼ੀ ਤੇ ਭਾਈਚਾਰੇ ਦਾ ਪ੍ਰਤੀਕ ਤਿਉਹਾਰ ਹੈ। ਬਸੰਤ ਰੁੱਤ ਵਿੱਚ ਮਨਾਏ ਜਾਣ ਵਾਲੇ ਇਸ ਤਿਉਹਾਰ ਨੂੰ ਜ਼ਿਆਦਾਤਰ ਲੋਕ ਇਕ-ਦੂਜੇ 'ਤੇ ਰੰਗ ਪਾ ਕੇ ਚਿਹਰੇ 'ਤੇ ਗੁਲਾਲ ਲਗਾ ਕੇ ਆਪਣੀ ਖ਼ੁਸ਼ੀ ਦਾ ਪ੍ਰਗਟਾਵਾ ਕਰਦੇ ਹਨ। ਅਜਿਹਾ ਮੰਨਿਆ ਜਾਂਦਾ ਹੈ ਕਿ ਹੋਲੀ ਦੇ ਦਿਨ ਲੋਕ ਆਪਣੀ ਨਫ਼ਰਤ ਭੁੱਲਾ ਕੇ ਇੱਕ ਦੂਜੇ ਦੇ ਗਲੇ ਮਿਲਦੇ ਹਨ ਅਤੇ ਗਿਲੇ-ਸ਼ਿਕਵੇ ਦੂਰ ਕਰਦੇ ਹਨ। ਬੱਚੇ ਇਸ ਤਿਉਹਾਰ ਨੂੰ ਬੜੇ ਹੀ ਖੁਸ਼ੀ ਅਤੇ ਚਾਵਾਂ ਨਾਲ ਮਨਾਉਂਦੇ ਹਨ। ਹੋਲੀ ਦੇ ਤਿਉਹਾਰ ਦਾ ਆਰੰਭ ਉਸ ਸਮੇਂ ਹੁੰਦਾ ਹੈ ਜਦੋਂ ਸਰਦੀ ਆਪਣੇ ਅੰਤਲੇ ਪੜਾਅ ਤੇ ਹੁੰਦੀ ਹੈ ਅਤੇ ਗਰਮੀ ਦਾ ਆਰੰਭ ਹੋਣ ਵਾਲਾ ਹੁੰਦਾ ਹੈ।
ਹੋਲੀ ਤੋਂ ਇਕ ਦਿਨ ਬਾਅਦ ‘ਹੋਲੇ ਮੁਹੱਲੇ’ ਦੇ ਦਿਨ ਅਨੰਦਪੁਰ ਸਾਹਿਬ ਵਿਖੇ ਭਾਰੀ ਜੋੜ ਮੇਲਾ ਲੱਗਦਾ ਹੈ ਅਤੇ ਗੁਰੂ ਦੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘ ਆਪਣੀ ਕਲਾ ਦੇ ਜੌਹਰ ਦਿਖਾਉਂਦੇ ਹੋਏ ਹੋਲਾ ਮੁਹੱਲਾ ਮਨਾਉਂਦੇ ਹਨ, ਇਹ ਦ੍ਰਿਸ਼ ਬੜਾ ਹੀ ਮਨਮੋਹਕ ਹੁੰਦਾ ਹੈ। ਹੋਲਾ ਮਹੱਲਾ ਮਨਾਉਣ ਦੀ ਸ਼ੁਰੂਆਤ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਤੋਂ ਹੋਈ ਸੀ। ਇਹ ਤਿਉਹਾਰ ਹੁਣ ਵੀ ਰਵਾਇਤੀ ਢੰਗ ਅਤੇ ਪੂਰੇ ਜਾਹੋ-ਜਲਾਲ ਨਾਲ ਮਨਾਇਆ ਜਾਂਦਾ ਹੈ। ‘ਹੋਲੇ ਮਹੱਲੇ’ ਮੌਕੇ ਆਨੰਦਪੁਰ ਸਾਹਿਬ ਵਿਖੇ ਸੰਗਤਾਂ ਦਾ ਭਾਰੀ ਇਕੱਠ ਜੁੜਦਾ ਹੈ। ਹੋਲੀ ਦੇ ਤਿਉਹਾਰ ਮੌਕੇ ਕਈ ਲੋਕ ਕੈਮੀਕਲ ਵਾਲੇ ਰੰਗ ਅਤੇ ਪੱਕੇ ਰੰਗ ਦੀ ਵਰਤੋਂ ਵੀ ਕਰਨ ਲੱਗ ਪਏ ਹਨ ਜੋ ਸਿਹਤ ਲਈ ਹਾਨੀਕਾਰਕ ਹਨ। ਇਨ੍ਹਾਂ ਦੀ ਵਰਤੋਂ ਨਾਲ ਅੱਖਾਂ, ਚਿਹਰੇ ’ਤੇ ਤੇ ਚਮੜੀ ’ਤੇ ਬੁਰਾ ਪ੍ਰਭਾਵ ਪੈਂਦਾ ਹੈ। ਇਹ ਰੰਗ ਕਈ ਦਿਨਾਂ ਤੱਕ ਨਹੀਂ ਉੱਤਰਦਾ ਅਤੇ ਇਹ ਰੰਗ ਅੱਖਾਂ ਵਿੱਚ ਪੈ ਜਾਣ ਨਾਲ ਅੱਖਾਂ ਦੀ ਨਜ਼ਰ ਤਕ ਜਾ ਸਕਦੀ ਹੈ। ਇਸਤੋਂ ਇਲਾਵਾ ਕੈਮੀਕਲ ਰੰਗਾਂ ਕਾਰਨ ਸਿਰ ਦੇ ਵਾਲ ਝੜ੍ਹਨੇ ਅਤੇ ਚਮੜੀ ਦੀਆਂ ਕਈ ਬਿਮਾਰੀਆਂ ਦੀ ਸ਼ਿਕਾਇਤ ਵੀ ਹੋ ਜਾਂਦੀ ਹੈ । ਜਿੰਨਾ ਹੋ ਸਕੇ ਅਜਿਹੇ ਰੰਗਾਂ ਦੀ ਵਰਤੋਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
 ਇਸ ਤੋਂ ਇਲਾਵਾ ਬਹੁਤ ਸਾਰੇ ਸ਼ਰਾਰਤੀ ਲੋਕ ਰੰਗਾਂ ਦੀ ਥਾਂ ਆਂਡਿਆਂ, ਟਮਾਟਰਾਂ, ਗਰੀਸ ਅਤੇ ਮਕੈਨੀਕਲ ਤੇਲ ਦੀ ਵਰਤੋਂ ਵੀ ਇੱਕ ਦੂਜੇ ਤੇ ਸੁੱਟਣ ਲਈ ਕਰਦੇ ਹਨ ਜੋ ਕਿ ਸਰੀਰ ਲਈ ਬਹੁਤ ਹੀ ਹਾਨੀਕਾਰਕ ਹੈ ਅਤੇ ਇਸ ਨਾਲ ਵਾਤਾਵਰਣ ਨੂੰ ਵੀ ਨੁਕਸਾਨ ਪਹੁੰਚਦਾ ਹੈ। ਹੋ ਸਕੇ ਤਾਂ ਪਾਣੀ ਦੀ ਵਰਤੋਂ ਵੀ ਸੁਯੋਗ ਢੰਗ ਨਾਲ ਕਰਨੀ ਚਾਹੀਦੀ ਹੈ। ਜਿੰਨਾ ਸੰਭਵ ਹੋਵੇ ਪ੍ਰਾਕ੍ਰਿਤਿਕ ਰੰਗਾਂ ਦਾ ਉਪਯੋਗ ਹੀ ਕਰਨਾ ਚਾਹੀਦਾ ਹੈ। ਹੋਲੀ ਦਾ ਤਿਉਹਾਰ ਬੇਸ਼ੱਕ ਧੂਮਧਾਮ ਨਾਲ ਮਨਾਓ, ਪਰ ਸਾਵਧਾਨੀ ਵਰਤਣੀ ਬਹੁਤ ਲਾਜ਼ਮੀ ਹੈ। ਹੋਲੀ ਖੇਡਣ ਤੋਂ ਪਹਿਲਾਂ ਸਿਰ ਅਤੇ ਸਰੀਰ 'ਤੇ ਨਾਰੀਅਲ ਦੇ ਤੇਲ ਦੀ ਵਰਤੋ ਕਰੋ ਕਿਉਂਕਿ ਤੇਲ ਵਾਲਾਂ ਅਤੇ ਚਮੜੀ ਨੂੰ ਸੁਰੱਖਿਅਤ ਕਰਦਾ ਹੈ, ਜਿਸ ਨਾਲ ਰੰਗ ਜਲਦੀ ਨਿਕਲ ਜਾਂਦਾ ਹੈ। ਅੱਖਾਂ ਵਿੱਚ ਰੰਗ ਪੈਣ ਤੋਂ ਬਚਣ ਲਈ ਐਨਕ ਦਾ ਇਸਤਮਾਲ ਕਰੋ ਅਤੇ ਆਪਣੇ ਨਾਲ ਰੁਮਾਲ ਜਾਂ ਸਾਫ਼ ਕੱਪੜਾ ਜ਼ਰੂਰ ਰੱਖੋ, ਤਾਂ ਕਿ ਅੱਖਾਂ ’ਚ ਰੰਗ ਜਾਂ ਗੁਲਾਲ ਪੈਣ ’ਤੇ ਉਸ ਨੂੰ ਤੁਰੰਤ ਸਾਫ਼ ਕਰ ਸਕੋ। ਹੋਲੀ ਖੇਡਦੇ ਸਮੇਂ ਪੂਰੇ ਸਰੀਰ ਨੂੰ ਜ਼ਿਆਦਾ ਤੋਂ ਜ਼ਿਆਦਾ ਢਕ ਕੇ ਰੱਖੋ। ਹੋਲੀ ਖੇਡਣ ਤੋਂ ਬਾਅਦ ਆਪਣੇ ਚਿਹਰੇ 'ਤੇ ਲੱਗੇ ਰੰਗ ਨੂੰ ਜ਼ਿਆਦਾ ਦੇਰ ਤੱਕ ਨਾ ਰੱਖੋ। ਕਿਉਂਕਿ ਰੰਗ ਸਾਫ਼ ਨਾ ਕਰਨ ’ਤੇ ਤੁਹਾਡੇ ਚਿਹਰੇ ’ਤੇ ਧੱਫੜ ਅਤੇ ਚਮੜੀ ਖੁਸ਼ਕੀ ਹੋ ਸਕਦੀ ਹੈ। ਰੰਗ ਉਤਾਰਨ ਲਈ ਸਰੀਰ ’ਤੇ ਠੰਡੇ ਅਤੇ ਤਾਜੇ ਪਾਣੀ ਦਾ ਇਸਤੇਮਾਲ ਕਰੋ ਇਸ ਨਾਲ ਰੰਗ ਆਸਾਨੀ ਨਾਲ ਨਿਕਲ ਜਾਵੇਗਾ। ਰੰਗ ਛੁਡਾਉਂਦੇ ਸਮੇਂ ਚਮੜੀ ਨੂੰ ਜ਼ਿਆਦਾ ਨਾ ਰਗੜੋ, ਨਹੀਂ ਤਾਂ ਚਮੜੀ ਛਿੱਲਣ ਦਾ ਡਰ ਰਹਿੰਦਾ ਹੈ। ਚਿਹਰੇ ਦਾ ਰੰਗ ਉਤਾਰਨ ਲਈ ਕਾੱਟਨ ’ਚ ਜੈਤੂਨ ਦੇ ਤੇਲ ਨੂੰ ਮਿਲਾ ਕੇ ਉਸਦੀ ਵਰਤੋਂ ਕਰੋ। ਹੋਲੀ ਦਾ ਤਿਉਹਾਰ ਆਪਸੀ ਸਾਂਝ, ਏਕਤਾ ਤੇ ਪਿਆਰ ਦਾ ਸੁਨੇਹਾ ਦਿੰਦਾ ਹੈ। ਹੋਲੀ ਖੁਸ਼ੀਆਂ ਦਾ ਪ੍ਰਤੀਕ ਤਿਉਹਾਰ ਹੈ। ਹੋਲੀ ਦੇ ਤਿਉਹਾਰ ਨੂੰ ਮਨਾਉਣ ਦਾ ਅਸਲ ਉਦੇਸ਼ ਮਨੁੱਖਤਾ ਦੇ ਦਿਲਾਂ ਵਿੱਚ ਪਿਆਰ ਤੇ ਭਾਈਚਾਰੇ ਦੀ ਭਾਵਨਾ ਨੂੰ ਉਜ਼ਾਗਰ ਕਰਨਾ ਹੈ। ਸੋ ਇਸ ਤਿਉਹਾਰ ਨੂੰ ਸਾਵਧਾਨੀ ਅਤੇ ਚਾਵਾਂ ਨਾਲ ਮਨਾਉਣਾ ਚਾਹੀਦਾ ਹੈ।

ਗੁਰਸੇਵਕ ਰੰਧਾਵਾ
ਪਟਿਆਲਾ।
ਮੋ: 94636-80877

ਪੁੱਤ ਅਤੇ ਪਿੰਡ ਵਾਲੇ ਘਰ ਦਾ ਮੋਹ - ਗੁਰਸੇਵਕ ਰੰਧਾਵਾ


 (ਕਹਾਣੀ)
ਗੁਰਦਿਆਲ ਸਿੰਘ ਨੇ ਆਪਣੇ ਪੁੱਤਰ ਸੁਰਜੀਤ ਨੂੰ ਉਸਦੀ ਮਾਂ ਤੋਂ ਬਾਅਦ ਬੜੇ ਹੀ ਲਾਡਾਂ ਨਾਲ ਪਾਲਿਆ ਸੀ। ਗੁਰਦਿਆਲ ਸਿੰਘ ਨੂੰ ਆਪਣੇ ਘਰ ਨਾਲ ਬਹੁਤ ਮੋਹ ਸੀ ਕਿਉਂਕਿ ਉਸਦਾ ਬਚਪਨ ਵੀ ਇਸੇ ਘਰ ਦੇ ਵਿਹੜੇ ’ਚ ਚਾਵਾਂ ਨਾਲ ਬਤੀਤ ਹੋਇਆ ਸੀ। ਸੁਰਜੀਤ ਨੇ ਬਾਰਵੀਂ ਤੱਕ ਦੀ ਪੜ੍ਹਾਈ ਪਿੰਡ ਦੇ ਸਰਕਾਰੀ ਸਕੂਲ ਵਿੱਚ ਹੀ ਕੀਤੀ ਸੀ। ਅਗਲੇਰੀ ਪੜ੍ਹਾਈ ਲਈ ਉਹ ਸ਼ਹਿਰ ਦੇ ਸਰਕਾਰੀ ਕਾਲਜ ਵਿੱਚ ਦਾਖ਼ਲਾ ਲੈਣਾ ਚਾਹੁੰਦਾ ਸੀ। ਪਰ ਉਸ ਦਾ ਪਿਤਾ ਗੁਰਦਿਆਲ ਸਿੰਘ ਨਹੀਂ ਸੀ ਚਾਹੁੰਦਾ ਕਿ ਉਸ ਦਾ ਪੁੱਤਰ ਸ਼ਹਿਰ ਜਾਵੇ ਕਿਉਂਕਿ ਗੁਰਦਿਆਲ ਸਿੰਘ ਆਪਣੇ ਅਸੂਲਾਂ ਦਾ ਪੱਕਾ ਸੀ, ਉਸ ਦੀ ਸੋਚ ਸੀ ਕਿ ਸ਼ਹਿਰ ਪਿੰਡਾਂ ਨੂੰ ਘੁਣ ਵਾਂਗ ਖਾਈ ਜਾ ਰਹੇ ਹਨ। ਗੁਰਦਿਆਲ ਨੂੰ ਉਨ੍ਹਾਂ ਲੋਕਾਂ ਤੋਂ ਨਫ਼ਰਤ ਸੀ, ਜੋ ਪਿੰਡ ਵਿੱਚ ਬਣੇ-ਬਣਾਏ ਵੱਡੇ-ਵੱਡੇ ਘਰਾਂ ਨੂੰ ਛੱਡ ਕੇ ਸ਼ਹਿਰ ਵਿਚ ਖੁੱਡਾਂ ਵਰਗੇ ਘਰਾਂ ਵਿੱਚ ਰਹਿਣ ਲੱਗ ਜਾਂਦੇ ਸਨ। ਉਸਨੂੰ ਡਰ ਸੀ ਕਿ ਜੇਕਰ ਉਸ ਦਾ ਪੁੱਤਰ ਸੁਰਜੀਤ ਵੀ ਇਕ ਵਾਰ ਸ਼ਹਿਰ ਚਲਾ ਗਿਆ ਤਾਂ ਉਹ ਸ਼ਹਿਰ ਦੇ ਮਾਇਆ ਜਾਲ ਵਿੱਚ ਫਸ ਜਾਵੇਗਾ ਅਤੇ ਪਿੰਡ ਨੂੰ ਛੱਡ ਦੇਵੇਗਾ। ਇਸ ਲਈ ਉਹ ਸੁਰਜੀਤ ਨੂੰ ਕਹਿੰਦਾ ਹੈ ਕਿ ਉਹ ਪਿੰਡ ਵਿੱਚ ਹੀ ਰਹਿ ਕੇ ਪੜ੍ਹਾਈ ਪ੍ਰਾਈਵੇਟ ਕਰ ਲਵੇ ਅਤੇ ਨਾਲ-ਨਾਲ ਕੋਈ ਕੰਮ-ਕਾਰ ਜਾਂ ਖੇਤੀਬਾੜੀ ਸ਼ੁਰੂ ਕਰ ਦੇਵੇ। ਪਰ ਸੁਰਜੀਤ ’ਤੇ ਸ਼ਹਿਰ ’ਚ ਪੜ੍ਹ ਕੇ ਉੱਥੇ ਹੀ ਰਹਿਣ ਦਾ ਭੂਤ ਸਵਾਰ ਸੀ ਉਸਨੇ ਆਪਣੇ ਬਾਪੂ ਦੀ ਇੱਕ ਨਾ ਮੰਨੀ ਅਤੇ ਸ਼ਹਿਰ ਦੇ ਸਰਕਾਰੀ ਕਾਲਜ ’ਚ ਦਾਖਲਾ ਲੈ ਲਿਆ। ਔਲਾਦ ਦੇ ਮੋਹ ਦੀ ਖਾਤਿਰ ਗੁਰਦਿਆਲ ਸਿੰਘ ਨੂੰ ਆਪਣੇ ਅਸੂਲਾਂ ਦਾ ਗਲਾ ਘੁੱਟਣਾ ਪਿਆ, ਔਖੇ-ਸੋਖੇ ਆਪਣੇ ਪੁੱਤ ਦੀ ਇਹ ਗੱਲ ਮੰਨਣੀ ਪਈ। ਪਹਿਲਾਂ ਪਹਿਲ ਤਾਂ ਸੁਰਜੀਤ ਹਫ਼ਤੇ ਪਿੱਛੋਂ ਪਿੰਡ ਗੇੜਾ ਮਾਰ ਲੈਂਦਾ ਸੀ, ਪਰ ਫਿਰ ਉਹ ਪਿੰਡ ਮਹੀਨੇ ਬੱਧੀ ਹੀ ਗੇੜਾ ਮਾਰਨ ਲੱਗ ਪਿਆ। ਗੁਰਦਿਆਲ ਸਿੰਘ ਨੂੰ ਸੁਰਜੀਤ ਦੀ ਬਹੁਤ ਚਿੰਤਾ ਸੀ, ਇਸ ਲਈ ਜੇ ਕਦੇ ਉਸਦਾ ਜੀਅ ਉੱਠਦਾ ਤਾਂ ਉਹ ਆਪ ਵੀ ਉਸਨੂੰ ਮਿਲਣ ਸ਼ਹਿਰ ਚਲਾ ਜਾਂਦਾ ਸੀ ਪਰ ਉਸ ਕੋਲ ਰਾਤ ਕਦੇ ਨਹੀਂ ਸੀ ਠਹਰਿਆ, ਸਿੱਧਾ ਪਿੰਡ ਨੂੰ ਆ ਜਾਂਦਾ। ਫ਼ਿਰ ਇੱਕ ਦਿਨ ਸੁਰਜੀਤ ਕਾਫ਼ੀ ਸਮੇਂ ਬਾਅਦ ਘਰ ਆਇਆ ਤਾਂ ਗੁਰਦਿਆਲ ਸਿੰਘ ਕੀ ਦੇਖਦਾ ਹੈ, ਉਸਦੇ ਚਿਹਰੇ ’ਤੇ ਬਹੁਤ ਖੁਸ਼ੀ ਛਾਈ ਹੋਈ ਸੀ ਤੇ ਹੱਥ ’ਚ ਮਠਿਆਈ ਵਾਲਾ ਡੱਬਾ ਸੀ, ਗੁਰਦਿਆਲ ਸਿੰਘ ਪੁੱਛਦਾ ਹੈ ਕੀ ਗੱਲ ਸੁਰਜੀਤਿਆ ਅੱਜ ਬੜਾ ਖੁਸ਼ ਜਿਹਾ ਲੱਗਦਾ ਹੈ? ਤਾਂ ਸੁਰਜੀਤ ਅੱਗੋਂ ਬੋਲਦਾ ਹੈ ਬਾਪੂ ਤੇਰਾ ਪੁੱਤ ਸਰਕਾਰੀ ਨੌਕਰ ਲੱਗ ਗਿਆ। ਇਹ ਸੁਣ ਕੇ ਗੁਰਦਿਆਲ ਸਿੰਘ ਨੂੰ ਬਹੁਤ ਖੁਸ਼ੀ ਹੁੰਦੀ ਹੈ ਕੇ ਉਸਦਾ ਪੁੱਤ ਸੁਰਜੀਤ ਸਿੰਘ ਆਪਣੇ ਪੈਰਾਂ ਤੇ ਖਲੋ ਗਿਆ ਹੈ, ਹੁਣ ਉਸਦੀ ਜੂਨ ਸੁਧਰ ਜਾਵੇਗੀ ਅਤੇ ਨਾਲ ਹੀ ਘਰ ਦੀ ਛੱਤ ਵੀ ਪੱਕੀ ਹੋ ਜਾਵੇਗੀ। ਉਸ ਦਿਨ ਸੁਰਜੀਤ ਪਿੰਡ ਹੀ ਰਿਹਾ ਕਿਉਂਕਿ ਉਸਨੇ ਆਪਣੇ ਬਾਪੂ ਨਾਲ ਇੱਕ ਜ਼ਰੂਰੀ ਗੱਲ ਕਰਨੀ ਸੀ। ਰਾਤ ਜਦੋਂ ਬਾਪੂ ਰੋਟੀ-ਟੁੱਕ ਦੀ ਤਿਆਰੀ ਕਰ ਰਿਹਾ ਸੀ ਤਾਂ ਸੁਰਜੀਤ ਉਸ ਕੋਲ ਆ ਕਿ ਬੈਠ ਗਿਆ ਤੇ ਕਹਿਣ ਲੱਗਾ, ਬਾਪੂ ਤੇਰੇ ਨਾਲ ਜ਼ਰੂਰੀ ਗੱਲ ਕਰਨੀ ਸੀ? ਤਾਂ ਅੱਗੋਂ ਗੁਰਦਿਆਲ ਸਿੰਘ ਜੁਆਬ ਦਿੰਦਾ ਹੈ ਦੱਸ ਪੁੱਤਰਾ ਖੁੱਲ ਕੇ ਦੱਸ ਕੀ ਗੱਲ ਐ ਤਾਂ ਅੱਗੋਂ ਸੁਰਜੀਤ ਕਹਿੰਦਾ ਹੈ ਬਾਪੂ ਤੇਰੇ ਪੁੱਤ ਨੂੰ ਸਰਕਾਰੀ ਨੌਕਰੀ ਮਿਲ ਗਈ ਹੁਣ ਪਿੰਡ ਰੋਜ਼-ਰੋਜ਼ ਆਉਣਾ ਔਖਾ ਹੋ ਜੂ ਕਿਉਂ ਨਾ ਅਪਾਂ ਹੁਣ ਇਹ ਪਿੰਡ ਵਾਲਾ ਘਰ ਤੇ ਜ਼ਮੀਨ ਵੇਚ ਕੇ ਸ਼ਹਿਰ ਵਿਚ ਕੋਈ ਮਕਾਨ ਲੈ ਲਈਏ। ਇਹ ਸੁਣ ਕੇ ਗੁਰਦਿਆਲ ਸਿੰਘ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਤੇ ਕਹਿਣ ਲੱਗਾ ਸੁਰਜੀਤਿਆ ਤੇਰੀ ਹਿੰਮਤ ਕਿਵੇਂ ਹੋਈ ਏਦਾਂ ਸੋਚਣ ਦੀ, ਮੈਂ ਏਸੇ ਗੱਲ ਦੇ ਡਰੋਂ ਤੈਨੂੰ ਸ਼ਹਿਰ ਨਹੀਂ ਸੀ ਘੱਲਣਾ ਚਾਹੁੰਦਾ। ਤੂੰ ਮੇਰੇ ਬਾਰੇ ਕੁੱਝ ਸੋਚਿਆ ਹੀ ਨਹੀਂ। ਉਸ ਦਿਨ ਸੁਰਜੀਤ ਗੁੱਸੇ ਵਿਚ ਬਿਨਾਂ ਰੋਟੀ ਖਾਦੇ ਸੌਂ ਜਾਂਦਾ ਹੈ ਅਤੇ ਅਗਲੀ ਸਵੇਰ ਬਿਨਾਂ ਆਪਣੇ ਬਾਪੂ ਨਾਲ ਕੋਈ ਗੱਲਬਾਤ ਕੀਤੇ ਸ਼ਹਿਰ ਨੂੰ ਚਲਾ ਜਾਂਦਾ ਹੈ। ਕਈ ਦਿਨ ਬੀਤ ਜਾਂਦੇ ਹਨ ਸੁਰਜੀਤ ਪਿੰਡ ਗੇੜਾ ਨਹੀਂ ਮਾਰਦਾ। ਗੁਰਦਿਆਲ ਸਿੰਘ ਨੂੰ ਉਸ ਦੀ ਚਿੰਤਾ ਹੋਣ ਲੱਗ ਜਾਂਦੀ ਹੈ ਕਿਉਂਕਿ ਗੁਰਦਿਆਲ ਦਾ ਆਪਣੇ ਪੁੱਤਰ ਸੁਰਜੀਤ ਤੋਂ ਬਿਨਾਂ ਹੋਰ ਕੋਈ ਨਹੀਂ ਸੀ। ਇਕ ਦਿਨ ਉਹ ਸੁਰਜੀਤ ਨੂੰ ਮਿਲਣ ਲਈ ਸ਼ਹਿਰ ਚਲਾ ਜਾਂਦਾ ਹੈ, ਪਰ ਸੁਰਜੀਤ ਆਪਣੇ ਬਾਪੂ ਨਾਲ ਚੰਗੀ ਤਰ੍ਹਾਂ ਗੱਲ ਨਹੀਂ ਕਰਦਾ। ਗੁਰਦਿਆਲ ਬੇਵੱਸ ਹੋ ਕੇ ਪਿੰਡ ਮੁੜ ਆਉਂਦਾ ਹੈ ਅਤੇ ਅਗਲੇ ਹੀ ਦਿਨ ਆਪਣੇ ਪੁੱਤ ਦੀ ਖੁਸ਼ੀ ਲਈ ਆਪਣੇ ਅਸੂਲਾਂ ਤੋਂ ਮੁਨਕਰ ਹੋ ਕੇ ਘਰ ਤੇ ਜ਼ਮੀਨ ਵੇਚ ਕੇ ਇਕੱਠੇ ਕੀਤੇ ਪੈਸ਼ਿਆ ਨਾਲ ਸ਼ਹਿਰ ਨੂੰ ਚੱਲ ਪੈਂਦਾ ਹੈ। ਪਰ ਜਦੋਂ ਉਹ ਸ਼ਹਿਰ ਵਾਲੀ ਬੱਸ ਵਿੱਚੋਂ ਉਤਰਦਾ ਹੈ ਤਾਂ ਕੀ ਦੇਖਦਾ ਹੈ ਕਿ ਉਸਦਾ ਪੈਸ਼ਿਆ ਵਾਲਾ ਬੈਗ ਚੋਰੀ ਹੋ ਜਾਂਦਾ ਹੈ। ਇਹ ਦੇਖ ਕੇ ਗੁਰਦਿਆਲ ਸਿੰਘ ਦੇ ਹੱਥ-ਪੈਰ ਫੁੱਲਣ ਲੱਗ ਜਾਂਦੇ ਹਨ, ਕਿ ਆ ਕੀ ਭਾਣਾ ਵਰਤ ਗਿਆ ਹਫੜਾ-ਦਫੜੀ ਵਿੱਚ ਗੁਰਦਿਆਲ ਸਿੰਘ ਏਧਰ-ਓਧਰ ਭੱਜਦਾ ਹੈ ਪਰ ਉਸ ਨੂੰ ਆਪਣਾ ਬੈਗ ਨਹੀ ਲੱਭਦਾ, ਅੰਤ ਇਕ ਸਵਾਰੀ ਦੇ ਕਹਿਣ ਤੇ ਉਹ ਆਪਣੇ ਬੈਗ ਦੀ ਚੋਰੀ ਦੀ ਰਿਪੋਰਟ ਕਰਾਉਣ ਲਈ ਥਾਣੇ ਵਾਲੇ ਰਾਹ ਨੂੰ ਤੁਰ ਪੈਂਦਾ ਹੈ। ਤੁਰਦੇ-ਤੁਰਦੇ ਉਸਨੂੰ ਅੱਗੇ ਇੱਕ ਭੀੜ ਦਿਖਾਈ ਦਿੰਦੀ ਹੈ ਜਿੱਥੇ ਕਿਸੇ ਨੌਜ਼ਵਾਨ ਦੀ ਐਕਸੀਡੈਂਟ ਵਿੱਚ ਮੌਤ ਹੋ ਜਾਂਦੀ ਹੈ। ਗੁਰਦਿਆਲ ਸਿੰਘ ਜਦੋਂ ਉਸ ਭੀੜ ਵਿੱਚ ਵੜ੍ਹਦਾ ਹੈ ਤਾਂ ਉਸ ਨੌਜ਼ਵਾਨ ਦੀ ਲਾਸ਼ ਨੂੰ ਵੇਖ ਕੇ ਉਸਦੇ ਹੋਸ਼ ਉੱਡ ਜਾਂਦੇ ਹਨ, ਕਿਉਂਕਿ ਜਿਸ ਨੌਜ਼ਵਾਨ ਦੀ ਐਕਸੀਡੈਂਟ ਵਿੱਚ ਮੌਤ ਹੋਈ ਹੁੰਦੀ ਹੈ ਉਹ ਉਸਦਾ ਆਪਣਾ ਪੁੱਤਰ ਸੁਰਜੀਤ ਹੁੰਦਾ ਹੈ। ਅੱਜ ਗੁਰਦਿਆਲ ਸਿੰਘ ਅਜਿਹੀ ਹੋਣੀ ਦਾ ਸ਼ਿਕਾਰ ਹੋ ਜਾਂਦਾ ਹੈ ਕਿ, ਨਾ ਤਾਂ ਉਸ ਕੋਲ ਪਿੰਡ ਵਾਲਾ ਘਰ ਰਹਿੰਦਾ ਹੈ ਜਿੱਥੇ ਉਸਦਾ ਅਤੇ ਉਸਦੇ ਪੁੱਤ ਦਾ ਬਚਪਨ ਬੀਤਿਆ ਸੀ ਅਤੇ ਨਾ ਹੀ ਉਸਦਾ ਪੁੱਤ ਸੁਰਜੀਤ ਰਿਹਾ ਜਿਸ ਨਾਲ ਉਸ ਦਾ ਅੰਤਾਂ ਦਾ ਮੋਹ ਸੀ। ਗੁਰਦਿਆਲ ਸਿੰਘ ਨੂੰ ਉਸਦੇ ਪੁੱਤਰ ਸੁਰਜੀਤ ਦੀ ਮੌਤ ਅਤੇ ਪਿੰਡ ਵਾਲੇ ਘਰ ਦੇ ਵਿਯੋਗ ਨੇ ਏਨਾ ਪਾਗਲ ਤੇ ਲਾਚਾਰ ਬਣਾ ਦਿੱਤਾ, ਕਿ  ਅੱਜ ਉਹ ਸ਼ਹਿਰ ਦੇ ਬੱਸ ਅੱਡੇ ’ਤੇ ਮੈਲੇ ਕੱਪੜਿਆਂ ’ਚ ਇਕੱਲੇ ਹੀ ਗੱਲਾਂ ਤੇ ਇਸ਼ਾਰੇ ਕਰਦਾ ਏਧਰ-ਓਧਰ ਭਟਕਦਾ ਨਜ਼ਰ ਆਉਂਦਾ ਹੈ।   

ਗੁਰਸੇਵਕ ਰੰਧਾਵਾ
ਪਟਿਆਲਾ।
ਮੋ:-94636-80877  

ਘਰ - ਘਰ ਰੁੱਖ ਦੇਵੇ ਹਰ ਸੁੱਖ - ਗੁਰਸੇਵਕ ਰੰਧਾਵਾ

ਮਨੁੱਖ ਅਤੇ ਰੁੱਖ ਦਾ ਰਿਸ਼ਤਾ ਬੜਾ ਗਹਿਰਾ ਅਤੇ ਸਦੀਵੀ ਹੈ। ਰੁੱਖ ਤੇ ਮਨੁੱਖ ਸਾਹਾਂ ਦੇ ਸਾਂਝੀ ਹਨ। ਇੱਕ ਤੋਂ ਬਿਨਾਂ ਦੂਸਰੇ ਦੀ ਹੋਂਦ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਜਨਮ ਤੋਂ ਲੈ ਕੇ ਮਰਨ ਤੱਕ ਰੁੱਖ ਮਨੁੱਖ ਦੇ ਅੰਗ-ਸੰਗ ਰਹਿਣ ਦਾ ਫਰਜ਼ ਨਿਭਾਉਂਦਾ ਆ ਰਿਹਾ ਹੈ। ਰੁੱਖ ਕੁਦਰਤ ਵਲੋਂ ਬਖਸ਼ੀ ਅਣਮੁੱਲੀ ਦਾਤ ਹੈ। ਰੁੱਖ ਤੇ ਮਨੁੱਖ ਇਕ ਦੂਜੇ ਤੇ ਨਿਰਭਰ ਹਨ ਭਾਵ ਕੇ ਰੁੱਖਾਂ ਤੋਂ ਸਾਨੂੰ ਆਕਸੀਜਨ ਮਿਲਦੀ ਹੈ ਅਤੇ ਬਦਲੇ ਵਿਚ ਅਸੀਂ ਉਹਨਾਂ ਨੂੰ ਕਾਰਬਨ ਡਾਈਆਕਸਾਈਡ ਦਿੰਦੇ ਹਾਂ ਅਸੀਂ ਇੱਥੋਂ ਤੱਕ ਕਹਿ ਸਕਦੇ ਹਾਂ ਕੇ ਪ੍ਰਿਥਵੀ ਦਾ ਜੀਵਨ ਰੁੱਖਾਂ ਦੀ ਹੋਂਦ ਨਾਲ ਹੀ ਚੱਲਦਾ ਰਹਿ ਸਕਦਾ ਹੈ। ਕਿਉਂਕਿ ਰੁੱਖ ਪ੍ਰਿਥਵੀ ਦੇ ਤਾਪਮਾਨ ਨੂੰ ਨਿਰੰਤਰਣ ਵਿਚ ਰੱਖਦੇ ਹਨ। ਇਸ ਲਈ ਜੇ ਧਰਤੀ ਉੱਤੇ ਰੁੱਖ ਨਹੀਂ ਹੋਣਗੇ ਤਾਂ ਧਰਤੀ ਦਾ ਤਾਪਮਾਨ ਲਗਾਤਾਰ ਵੱਧਦਾ ਹੀ ਚਲਾ ਜਾਵੇਗਾ ਤੇ ਉਹ ਇੰਨੀ ਗਰਮ ਹੋ ਜਾਵੇਗੀ ਕਿ ਉਸ ‘ਤੇ ਜੀਵਨ ਮੁਸ਼ਕਲ ਹੋ ਜਾਵੇਗਾ। ਪਰੰਤੂ ਅਜੋਕੇ ਸਮੇਂ ’ਚ ਇਹ ਸਮੱਸਿਆ ਬਹੁਤ ਹੀ ਵੱਧ ਚੁੱਕੀ ਹੈ। ਮਨੁੱਖ ਨੇ ਰੁੱਖਾਂ ਪ੍ਰਤੀ ਆਪਣੇ ਫਰਜ਼ਾਂ ਤੋਂ ਬੁਰੀ ਤਰ੍ਹਾਂ ਕਿਨਾਰਾ ਕਰ ਲਿਆ ਹੈ। ਜਿਸ ਕਰਕੇ ਮਨੁੱਖੀ ਹੋਂਦ ਅਤੇ ਜੰਗਲੀ ਜੀਵਨ ਸਮੱਸਿਆਂ ਦੇ ਘੇਰੇ ਵਿਚ ਆ ਗਏ ਹਨ। ਪ੍ਰਦੂਸ਼ਣ ਲਗਾਤਾਰ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ ਅਤੇ ਹਵਾ ਦੀ ਗੁਣਵੱਤਾ ’ਚ ਗਿਰਵਾਟ ਆ ਰਹੀ ਹੈ ਜਿਸ ਕਾਰਨ ਬਹੁਤ ਸਾਰੀਆਂ ਭਿਆਨਕ ਬਿਮਾਰੀਆਂ ਦਾ ਪਸਾਰ ਹੋ ਰਿਹਾ ਹੈ ਅਤੇ ਮਨੁੱਖ ਦੀ ਉਮਰ ਵੀ ਲਗਾਤਾਰ ਘੱਟਦੀ ਜਾ ਰਹੀ ਹੈ। ਮਨੁੱਖ ਦੇ ਲਾਲਚ ਸਦਕਾ ਜੰਗਲੀ ਜੀਵਨ ਹੇਠ ਆਉਂਦਾ ਰਕਬਾ ਲਗਾਤਾਰ ਖ਼ਤਮ ਹੁੰਦਾ ਜਾ ਰਿਹਾ ਹੈ ਜੋ ਕਿ ਇੱਕ ਵੱਡੀ ਚਿੰਤਾ ਦਾ ਵਿਸ਼ਾ ਬਣ ਚੁੱਕਾ ਹੈ। ਇਕ ਰਿਪੋਰਟ ਮੁਤਾਬਕ ਦੁਨੀਆਂ ਵਿਚ ਲਗਪਗ ਸੱਤ ਮਿਲੀਅਨ ਲੋਕਾਂ ਦੀ ਮੌਤ ਹਵਾ ਪ੍ਰਦੂਸ਼ਣ ਦੇ ਕਾਰਨ ਹੋ ਜਾਂਦੀ ਹੈ। ਰੁੱਖ ਮੁਫ਼ਤ ‘ਚ ਹਵਾ ਨੂੰ ਸਵੱਛ ਕਰਨ ਦਾ ਕੰਮ ਕਰਦੇ ਹਨ ਪਰ ਫਿਰ ਵੀ ਅਸੀਂ ਰੁੱਖਾਂ ਦੇ ਯੋਗਦਾਨ ਨੂੰ ਅਣਗੌਲਿਆ ਕਰ ਦਿੰਦੇ ਹਾਂ। ਰੁੱਖਾਂ ਦੀ ਘਾਟ ਕਾਰਨ ਰੁੱਤਾਂ ਉੱਤੇ ਵੀ ਇਸ ਦਾ ਪ੍ਰਭਾਵ ਦਿਨੋਂ-ਦਿਨ ਵੱਧ ਰਿਹਾ ਹੈ। ਰੁੱਖਾਂ ਦੀ ਕਮੀ ਕਾਰਨ ਵਰਖਾ ਦੀ ਮਾਤਰਾ ਵੀ ਸਥਿਰ ਨਹੀਂ ਰਹੀ। ਹੁਣ ਕਿਤੇ ਬਹੁਤ ਜ਼ਿਆਦਾ ਵਰਖਾ ਹੋ ਜਾਂਦੀ ਹੈ ਜਦੋਂਕਿ ਕਿਤੇ ਸੋਕੇ ਵਰਗੇ ਹਾਲਾਤ ਬਣ ਜਾਂਦੇ ਹਨ। ਸਾਡਾ ਦੇਸ਼ ਖੇਤੀ ਪ੍ਰਧਾਨ ਮੁਲਕ ਹੈ। ਇੱਥੇ ਵੱਖ-ਵੱਖ ਤਰ੍ਹਾਂ ਦੀਆਂ ਫ਼ਸਲਾਂ ਪੈਦਾ ਕੀਤੀਆਂ ਜਾਂਦੀਆਂ ਹਨ ਪਰ ਪਿਛਲੇ ਕੁਝ ਦਹਾਕਿਆਂ ਤੋਂ ਭੂਮੀ ਦੀ ਉਪਜਾਊ ਸ਼ਕਤੀ ਵਿਚ ਕਮੀ ਦਰਜ਼ ਕੀਤੀ ਗਈ ਹੈ। ਰਸਾਇਣਕ ਖਾਦਾਂ ਤੋਂ ਇਲਾਵਾ ਇਸ ਦਾ ਇਕ ਹੋਰ ਮੁੱਖ ਕਾਰਨ ਰੁੱਖਾਂ ਦੀ ਕਟਾਈ ਵੀ ਸ਼ਾਮਿਲ ਹੈ।
ਸੋ ਅੱਜ ਲੋੜ ਹੈ ਇਕ-ਇਕ ਰੁੱਖ ਬਚਾਉਣ ਦੀ ਅਤੇ ਹਰ ਇੱਕ ਮਨੁੱਖ ਨੂੰ ਹੰਭਲਾ ਮਾਰਨ ਦੀ ਕਿ ਉਹ ਆਪਣੇ ਘਰਾਂ ਵਿੱਚ ਇੱਕ ਰੁੱਖ ਜ਼ਰੂਰ ਲਾਉਣ ਅਤੇ ਉਸਦੀ ਪਰਿਵਾਰਿਕ ਮੈਂਬਰ ਵਾਂਗ ਸਾਂਭ-ਸੰਭਾਲ ਕਰਨ। ਇਹ ਜ਼ਰੂਰੀ ਹੈ ਕਿ ਹਰ ਵਿਅਕਤੀ ਰੁੱਖਾਂ ਦੀ ਮਹੱਤਤਾ ਨੂੰ ਸਮਝੇ ’ਤੇ ਕੁਦਰਤ ਨਾਲ ਪਿਆਰ ਕਰੇ। ਰੁੱਖ ਜੇ ਘਰਾਂ ਦੀ ਰੌਣਕ ਹਨ ਤਾਂ ਇਨ੍ਹਾਂ ਉਪਰ ਵੱਸਦੇ ਪੰਛੀ ਵਿਹੜੇ ਦਾ ਸ਼ਿੰਗਾਰ ਹਨ, ਜਿਵੇਂ ਕਹਿੰਦੇ ਹਨ, ਕਾਂ ਵੀ ਵੱਸਦੇ ਘਰ ਦੇ ਬਨੇਰੇ ‘ਤੇ ਹੀ ਬੈਠਦਾ ਹੈ, ਉਸੇ ਤਰ੍ਹਾਂ ਰੁੱਖ ਵੀ ਵੱਸਦੇ ਵਿਹੜੇ ਦੀ ਰੌਣਕ ਹੁੰਦੇ ਹਨ। ਉੱਜੜੇ ਵਿਹੜੇ ਵਿਚ ਰੁੱਖ ਨਹੀਂ, ਜੰਗਲ ਹੁੰਦਾ ਹੈ। ਰੁੱਖਾਂ ਹੇਠ ਹੀ ਕਦੇ ਸੱਥਾਂ ਜੁੜਦੀਆਂ ਸਨ, ਤੀਆਂ ਦੇ ਮੇਲੇ ਲੱਗਦੇ ਸਨ, ਮੁਟਿਆਰਾਂ ਪੀਂਘਾਂ ਝੂਟਦੀਆਂ ਸਨ, ਗਿੱਧੇ ਦਾ ਪਿੜ ਬੱਝਦਾ ਸੀ, ਗੀਤਾਂ ਦੀ ਛਹਿਬਰ ਲੱਗਦੀ ਸੀ ਅਤੇ ਅਤਿ ਦੀਆਂ ਗਰਮੀਆਂ ਵਿੱਚ ਲੋਕ ਇਨ੍ਹਾਂ ਰੁੱਖਾਂ ਦੀ ਠੰਢੀ ਮਿੱਠੀ ਛਾਂ ਦਾ ਆਨੰਦ ਮਾਣਿਆ ਕਰਦੇ ਸਨ। ਪਰੰਤੂ ਧਰਤੀ ਉਤੇ ਹੋ ਰਹੇ ਵਿਨਾਸ਼ ਨੂੰ ਸੱਦਾ ਵੀ ਮਨੁੱਖ ਨੇ ਹੀ ਦਿੱਤਾ ਹੈ, ਹੁਣ ਇਸ ਨੂੰ ਰੋਕਣ ਦਾ ਉਪਰਾਲਾ ਵੀ ਮਨੁੱਖ ਨੂੰ ਹੀ ਕਰਨਾ ਪਵੇਗਾ ਅਤੇ ਬਣਾਉਟੀ ਪੌਦਿਆਂ ਦੀ ਸਜ਼ਾਵਟ ਘਰਾਂ ’ਚ ਕਰਨ ਦੀ ਥਾਂ ਅਸਲ ਰੁੱਖ ਲਾਉਣ ਦਾ ਉੱਦਮ ਜ਼ਰੂਰ ਕਰਨਾ ਪਵੇਗਾ ਅਤੇ ਇਸਨੂੰ ਇੱਕ ਲਹਿਰ ਦਾ ਰੂਪ ਦੇਣਾ ਪਵੇਗਾ। ਜਿਸ ਨਾਲ ਆਮ ਲੋਕ ਜਾਗਰੂਕ ਹੋਣ ਅਤੇ ਘਰ-ਘਰ ਰੁੱਖ ਲਾਉਣ ਦਾ ਉਪਰਾਲਾ ਕੀਤਾ ਜਾਵੇ ਕਿਉਂਕਿ ਰੁੱਖਾਂ ਨਾਲ ਹੀ ਮਨੁੱਖ ਦੀ ਜ਼ਿੰਦਗੀ ਵਿੱਚ ਖੁਸ਼ਹਾਲੀ ਆਵੇਗੀ ਅਤੇ ਵਾਤਾਵਰਣ ਸਾਫ਼ ਹੋਣ ਨਾਲ ਬਹੁਤ ਸਾਰੀਆਂ ਘਾਤਕ ਬਿਮਾਰੀਆਂ ਤੋਂ ਨਿਜਾਤ ਮਿਲੇਗੀ। ਜੇਕਰ ਇਸ ਨੂੰ ਅੱਜ ਵੀ ਅਣਗੌਲਿਆਂ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ’ਚ ਮਨੁੱਖਤਾ ਨੂੰ ਬਹੁਤ ਪ੍ਰਭਾਵੀ ਸੰਕਟਾਂ ‘ਚੋਂ ਗੁਜ਼ਰਨਾ ਪਵੇਗਾ।

ਗੁਰਸੇਵਕ ਰੰਧਾਵਾ
ਮੋ: 94636-80877
ਪਟਿਆਲਾ।