Harlaj Singh Bahaderpur

ਪੱਗ - ਹਰਲਾਜ ਸਿੰਘ ਬਹਾਦਰਪੁਰ

ਗੁਰਬਾਣੀ ਦੇ ਵਿੱਚ ਸਾਬਤ ਸੂਰਤ ਦਸਤਾਰ ਸਿਰਾ ਕਹਿਕੇ, ਗੁਰੂਆਂ ਸਮਝਾਇਆ ਸੀ ਕੀ ਹੈ ਅਸਲੀ ਪੱਗ ।
ਫਰੀਦ ਜੀ ਨੇ ਵੀ ਕਿਹਾ ਸੀ ਕਿ ਤੇਰੇ ਸਿਰ ਨੂੰ ਮਿੱਟੀ ਨੇ ਖਾ ਜਾਣਾ, ਤੂੰ ਕਹੇਂ ਕੇ ਮਤ ਮੈਲੀ ਹੋ ਜਾਵੇ ਪੱਗ ।
ਗੁਰਬਾਣੀ ਪੜਦਿਆਂ ਇਹ ਸਮਝ ਆਇਆ ਕਿ ਭੇਖ ਦੀ ਥਾਂ, ਉੱਚੇ ਆਚਰਣ ਨੂੰ ਕਿਹਾ ਗਿਆ ਹੈ ਪੱਗ ।
ਹੁਣ ਸਿੱਖਾਂ ਨੇ ਇਸ ਨੂੰ ਆਪਣੇ ਨਾਲ ਜੋੜ ਲਿਆ, ਗੁਰੂ ਨਾਨਕ ਜੀ ਤੋਂ ਪਹਿਲਾਂ ਵੀ ਬੰਨੀ ਜਾਂਦੀ ਸੀ ਪੱਗ ।
ਪਹਿਲਾਂ ਹਿੰਦੂ ਤੇ ਮੁਸਲਮਾਨ ਵੀ ਬੰਨਦੇ ਸਨ, ਪਰ ਹੁਣ ਛੱਡ ਗਏ ਜਦੋਂ ਦਾ ਸਿੱਖਾਂ ਨੇ ਕਿਹਾ ਹੈ ਸਾਡੀ ਪੱਗ ।
ਹਵਾਈ ਅੱਡਿਆਂ ਤੇ ਵਿਦੇਸ਼ੀ ਜੇ ਤਲਾਸੀ ਲਈ ਲਹਾਉਣ ਇਸ ਨੂੰ, ਤਾਂ ਕੌਮੀ ਮਸਲਾ ਬਣ ਜਾਂਦੀ ਹੈ ਪੱਗ ।
ਉਦੋਂ ਪੱਗਾਂ ਵਾਲੇ ਵੀ ਖੁਸ਼ ਹੁੰਦੇ ਜਦੋਂ ਧੜੇਵੰਦੀਆਂ ਕਾਰਨ, ਗੁਰੂ ਘਰਾਂ ਵਿੱਚ ਉਤਾਰੀ ਜਾਵੇ ਸਿੱਖ ਦੀ ਪੱਗ ।
ਆਪਣਿਆਂ ਦੀ ਆਪ ਲਾਹੀਏ ਜੈਕਾਰਾ ਬੋਲ ਕੇ, ਜਦੋਂ ਦੂਜਾ ਲਾਹੇ ਤਾਂ ਸਿੱਖ ਕੌਮ ਦੀ ਅਣਖ ਹੈ ਪੱਗ ।
ਕਦੇ ਵੀ ਸ਼ਾਨ ਨਹੀਂ ਬਣਦੀ ਮਾੜੇ ਬੰਦਿਆਂ ਲਈ, ਵੇਖਣ ਨੂੰ ਭਾਵੇਂ ਬੰਨੀ ਫਿਰਦੇ ਹੋਣ ਵੱਡੀ ਸੋਹਣੀ ਪੱਗ ।
ਮਜਲੂਮਾਂ ਦੇ ਰਾਖਿਆਂ ਸਿਰ ਤੇ ਲਪੇਟਿਆ ਕੱਪੜਾ ਹੀ, ਕਿਰਦਾਰ ਦੇ ਮਾਣ ਕਾਰਨ ਕਹਾਉਂਦਾ ਹੈ ਪੱਗ ।
ਅੱਜ ਮੈਲ਼ੀ ਹੋ ਕੇ ਪੈਰਾਂ ਵਿੱਚ ਇੱਜਤ ਸਾਡੀ ਰੁਲ ਰਹੀ ਹੈ, ਪਰ ਸਿਰ ਤੇ ਸਜਾਈ ਹੋਈ ਹੈ ਚਿੱਟੀ ਪੱਗ ।
ਬੰਦੇ ਨੂੰ ਉਸ ਦੇ ਗੁਣ ਤੇ ਔਗੁਣ ਬਣਾਉਣ ਊਚਾ ਨੀਵਾਂ, ਇਸ ਵਿੱਚ ਕਦੇ ਵੀ ਦਖਲ ਨਹੀਂ ਦਿੰਦੀ ਪੱਗ ।
ਬੇਗੈਰਤਾਂ ਲਈ ਕੱਪੜੇ ਦੇ ਟੁਕੜੇ ਤੋਂ ਵੱਧ ਕੁੱਝ ਨਹੀਂ ਹੁੰਦੀ, ਗੈਰਤਮੰਦਾ ਵਾਸਤੇ ਸਿਰ ਦਾ ਤਾਜ ਹੈ ਪੱਗ ।
ਹਰ ਬੰਦੇ ਦੀ ਆਪੋ ਆਪਣੀ ਸੋਚ ਤੇ ਮੱਤ ਹੁੰਦੀ, ਹਰੇਕ ਦੇ ਬੰਨੀ ਨੂੰ ਨਹੀਂ ਕਹਿਣਾ ਚਾਹੀਂਦਾ ਕੌਮ ਦੀ ਪੱਗ ।
ਉੱਝ ਤਾਂ ਸਿਰ ਢੱਕਣ ਲਈ ਕੱਪੜਾ ਹੀ ਹੁੰਦਾ ਹੈ,ਪਰ ਅਣਖੀ ਬਹਾਦਰਾਂ ਸਿਰ ਸਜਿਆ ਕਹਾਉਂਦਾ ਹੈ ਪੱਗ ।
ਇੱਜਤ ਉਹਨਾ ਦੀ ਵੀ ਹੁੰਦੀ ਹੈ ਮੇਰੇ ਦੋਸਤੋ, ਜਿੰਨਾ ਸਿਰ ਤੇ ਕਦੇ ਵੀ ਨਹੀਂ ਸਜਾਈ ਹੁੰਦੀ ਪੱਗ ।
ਚੰਗੇ ਗੁਣ ਧਾਰਨ ਕਰ ਲੈ ਬਹਾਦਰਪੁਰ ਦੇ ਹਰਲਾਜ ਸਿੰਘਾ, ਫਿਰ ਹੀ ਸਤਿਕਾਰਤ ਬਣੇਗੀ ਤੇਰੀ ਪੱਗ ।

ਤਾਰੀਖ 26-07-2019,                           ਹਰਲਾਜ ਸਿੰਘ ਬਹਾਦਰਪੁਰ  
                        ਪਿੰਡ ਤੇ ਡਾਕ : ਬਹਾਦਰਪੁਰ                
                        ਤਹਿ: ਬੁਢਲਾਡਾ,ਜਿਲ੍ਹਾ ਮਾਨਸਾ (ਪੰਜਾਬ) 
                        ਪਿੰਨਕੋਡ-151501 
                        ਮੋਬਾਇਲ-94170-23911
                        harlajsingh7@gmail.com

ਅਜੋਕੇ ਲੋਕ ਅਤੇ ਲੀਡਰ, ਹਰਲਾਜ ਸਿੰਘ ਬਹਾਦਰਪੁਰ - ਹਰਲਾਜ ਸਿੰਘ ਬਹਾਦਰਪੁਰ

ਮੇਰੇ ਦੇਸ਼ ਦੇ ਵੋਟਰਾਂ ਅਤੇ ਉਮੀਦਵਾਰਾਂ ਦੀ ਸੋਚ ਦਾ, ਪੱਧਰ ਅਸਲ ਵਿੱਚ ਹੈ ਹੱਦੋਂ ਵੱਧ ਥੱਲੇ ਗਿਆ ਹੋਇਆ ।
ਇੱਕ ਸਮੇ ਇੱਕ ਨੂੰ ਵਿਕਣ ਵਾਲੀ ਵੇਸਵਾ ਨੂੰ ਆਖੇ ਮਾੜਾ, ਇੱਕੋ ਸਮੇ ਤਿੰਨ ਚਾਰ ਥਾਂ ਜੋ ਵਿਕਿਆ ਹੋਇਆ।
ਉਮੀਦਵਾਰਾਂ ਨੂੰ ਵਿਕਾਊ/ਠੱਗ ਕਹਿਣ ਵਾਲਾ, ਵੋਟਰ ਠੱਗਦਾ ਸਾਰਿਆਂ ਨੂੰ ਇੱਕ ਨਾਲ ਨਾ ਜੋ ਖੜਿਆ ਹੋਇਆ।
ਅਜਿਹਾ ਲੀਡਰ ਖਰੀਦ ਕੇ ਲੋਕਾਂ ਨੂੰ ਅੱਗੇ ਬੇਚ ਦਿੰਦਾ, ਜਿਹੜਾ ਪੈਸੇ ਲਈ ਸਿਆਸਤ ਵਿੱਚ ਵੜਿਆ ਹੋਇਆ।
ਕਾਤਲ ਆਗੂ ਨੂੰ ਵੀ ਜਿੰਦਾਬਾਦ ਕਹੀਂ ਜਾਵੇ ਮੂਰਖ, ਸਿਆਸੀ ਨੀਤੀਆਂ ਵਿੱਚ ਮਨੁੱਖ ਜੋ ਘਿਰਿਆ ਹੋਇਆ ।
ਲੋਕਾਂ ਨੂੰ ਕਤਲ ਕਰਵਾਕੇ ਲਾਸ਼ਾਂ ਵਿੱਚੋਂ ਭਾਲੇ ਕੁਰਸੀ, ਨੇਤਾ ਫਿਰਕੂ ਹੱਦ ਤੋਂ ਵੀ ਵੱਧ ਜੋ ਗਿਰਿਆ ਹੋਇਆ ।
ਉਹੀ ਲੋਕ ਨਸ਼ਿਆਂ ਵਿਰੁੱਧ ਪਾਉਣ ਰੌਲਾ, ਨਸ਼ਾ ਜਿੰਨਾ ਨੇ ਦੋਹਾਂ ਉਮੀਦਵਾਰਾਂ ਤੋਂ ਵੱਖ ਵੱਖ ਲਿਆ ਹੋਇਆ।
ਉਹ ਆਗੂ  ਵੀ ਕਹੇ ਨਸ਼ਾ ਬੰਦ ਕਰਵਾ ਦਿਆਂਗੇ, ਜਿਹੜਾ ਵੰਡ ਕੇ ਭਾਂਤ ਭਾਂਤ ਦੇ ਨਸ਼ੇ ਮਸਾਂ ਜਿੱਤ ਹੋਇਆ।
ਵੋਟ ਪਾਉਣ ਨੂੰ ਉਹ ਵੀ ਮੱਤ ਦਾਨ ਕਹਿੰਦਾ, ਆਪਣੀਆਂ ਵੋਟਾਂ ਲਈ ਜਿਸ ਨੇ ਮੁੱਲ ਮੁਕਾਇਆ ਹੋਇਆ ।
ਕੁਰਸੀ ਨੂੰ ਰਾਜ ਨਹੀਂ ਆਖੇ ਸੇਵਾ, ਕਮਾਈ ਕਰਨ ਲਈ ਜਿਸ ਨੇ ਰਾਜਨੀਤੀ ਨੂੰ ਅਪਣਾਇਆ ਹੋਇਆ ।
ਸਾਰੇ ਦੂਜਿਆਂ ਨੂੰ ਠੱਗ ਤੇ ਆਪਣੇ ਆਪ ਨੂੰ ਕਹਿਣ ਸੱਚੇ, ਅਸਲ ਵਿੱਚ ਠੱਗ ਹੈ ਠੱਗ ਨਾਲ ਰਲਿਆ ਹੋਇਆ।
ਸਭ ਕਹਿੰਦੇ ਧਰਮ/ਜਾਤ ਦੇ ਨਾਮ ਤੇ ਸਿਆਸਤ ਮਾੜੀ, ਪਰ ਜਿੱਤਦੈ ਧਰਮ/ਜਾਤ ਦੇ ਨਾਮ ਤੇ ਖੜਾ ਹੋਇਆ।
ਸਰਕਾਰਾਂ ਤੋਂ ਚੰਗੇ ਦੀਆਂ ਕਰਨ ਆਸਾਂ, ਵੋਟ ਪਾਉਣ ਲਈ ਜਿੰਨਾ ਨਸ਼ੇ ਦੇ ਨਾਲ ਪੈਸਾ ਵੀ ਲਿਆ ਹੋਇਆ।
ਮਨੁੱਖਤਾ ਲਈ ਚੰਗਾ ਹੋਣ ਦੀ ਉਮੀਦ ਹਰ ਵਾਰ ਹਾਰ ਜਾਂਦੀ, ਜਿੱਤ ਜਾਂਦਾ ਹੈ ਕੁਰਸੀ ਲਈ ਖੜਾ ਹੋਇਆ।
ਫਿਰਕੂ ਆਗੂ ਵੀ ਆਪਣੇ ਆਪ ਨੂੰ ਕਹਾਵੇ ਦੇਸ਼ ਭਗਤ, ਦੇਸ਼ ਉਜਾੜਨ ਦਾ ਠੇਕਾ ਜਿਸ ਨੇ ਹੈ ਲਿਆ ਹੋਇਆ ।
ਦੇਸ਼ ਪੁੱਛ ਦਾ ਹੈ ਅੱਜ ਅਜਿਹੇ ਫਿਰਕੂ ਫੇਕੂਆਂ ਨੂੰ, ਦੱਸ ਕੀ ਸਹੀ ਹੋਇਆ ਹੈ ਅੱਜ ਤੱਕ ਤੇਰਾ ਕਿਹਾ ਹੋਇਆ ।
ਨਸ਼ੇ/ਪੈਸੇ,ਧਰਮ/ਜਾਤ ਦੇ ਚੱਕਰਾਂ ਵਿੱਚ ਨਾ ਉਹ ਫਸਦੇ, ਜਿੰਨਾ ਸਹੀ ਇੰਨਸਾਨੀਅਤ ਨੂੰ ਸਮਝਿਆ ਹੋਇਆ।
ਨਸ਼ੇ/ਪੈਸੇ,ਧਰਮ/ਜਾਤ ਲਈ ਵੋਟ ਨਾ ਪਾਈਂ ਹਰਲਾਜ ਸਿੰਘਾਂ, ਫਿਰ ਹੀ ਸਹੀ ਹੋਵੇਗਾ ਤੇਰਾ ਕਿਹਾ ਹੋਇਆ।

ਤਾਰੀਖ, 23-03-2019
                          ਹਰਲਾਜ ਸਿੰਘ ਬਹਾਦਰਪੁਰ  
                       ਪਿੰਡ ਤੇ ਡਾਕ : ਬਹਾਦਰਪੁਰ                
                       ਤਹਿ: ਬੁਢਲਾਡਾ,ਜਿਲ੍ਹਾ ਮਾਨਸਾ (ਪੰਜਾਬ) 
                       ਪਿੰਨਕੋਡ-151501 
                       ਮੋਬਾਇਲ-94170-23911
                       harlajsingh7@gmail.com

ਕਿਹੋ ਜਿਹੀ ਹੋਣੀ ਚਾਹੀਂਦੀ ਹੈ ਇਸਤਰੀ ਅਤੇ ਪੁਰਸ਼ ਦੀ ਬਰਾਬਰਤਾ - ਹਰਲਾਜ ਸਿੰਘ ਬਹਾਦਰਪੁਰ

ਕੁਦਰਤ ਨੇ ਹਰ ਜੀਵ ਜਾਤੀ ਦੀ ਪਦੈਸ਼ ਲਈ ਜੋੜਾ ਪੈਦਾ ਕੀਤਾ ਹੈ, ਸਾਰੇ ਜੀਵਾਂ ਦੇ ਜੋੜੇ ਕੁਦਰਤੀ ਢੰਗ ਨਾਲ ਆਪਣੇ ਬੱਚੇ ਪਾਲ ਰਹੇ ਹਨ ਅਤੇ ਆਪਣੇ ਫਰਜ ਵੀ ਸਹੀ ਨਿਭਾਉਂਦੇ ਹੋਏ ਜੀਅ ਰਹੇ ਹਨ। ਕੋਈ ਜੀਵ ਕਿਸੇ ਦੇ ਹੱਕ ਨੂੰ ਮਾਰਦਾ ਵੀ ਨਹੀਂ ਹੈ, ਨਕਾਰਦਾ ਵੀ ਨਹੀਂ ਹੈ ਅਤੇ ਬਰਾਬਰਤਾ ਦੇ ਹੱਕ ਲੈਣ ਦੇਣ ਦਾ ਰੌਲਾ ਵੀ ਨਹੀਂ ਪਾਉਂਦਾ। ਨਾ ਕੋਈ ਊਚ ਨੀਚ ਦੀ ਵੰਡੀ ਹੈ, ਨਾ ਕੋਈ ਮੂਰਖ ਹੈ ਨਾ ਸਿਆਣਾ ਹੈ। ਨਾ ਉਹਨਾ ਨੂੰ ਸਿਆਣੇ ਬਣਾਉਣ ਲਈ ਕੋਈ ਸਕੂਲ, ਕਾਲਜ, ਯੂਨੀਵਰਸਿਟੀ ਹੈ, ਨਾ ਕੋਈ ਧਰਮ ਹੈ, ਪਰ ਉਹ ਫਿਰ ਵੀ ਆਪਣੇ ਫਰਜ ਸਹੀ ਨਿਭਾਅ ਰਹੇ ਹਨ। ਇੱਕ ਮਨੁੱਖ ਹੀ ਹੈ ਜੋ ਆਪਣੇ ਆਪ ਨੂੰ ਸਾਰੇ ਜੀਵਾਂ ਤੋਂ ਸਿਆਣਾ ਸਮਝਦਾਰ ਸਮਝਦਾ ਹੈ, ਜਿਸ ਨੂੰ ਹੋਰ ਸਿਆਣਾ ਸਮਝਦਾਰ ਬਣਾਉਣ ਲਈ ਬੇਅੰਤ ਸਕੂਲ, ਕਾਲਜ, ਯੂਨੀਵਰਸਿਟੀਆਂ ਅਤੇ ਅਨੇਕਾਂ ਹੀ ਧਰਮ ਹਨ। ਪਰ ਇਹ ਹਾਲੇ ਵੀ ਆਪਣੇ ਮੁਢਲੇ ਫਰਜਾਂ ਤੋਂ ਅਣਜਾਣ ਹੀ ਹੈ, ਜਿਸ ਕਾਰਨ ਹੱਕ ਮਾਰਨ, ਹੱਕ ਨਕਾਰਨ, ਬਰਾਬਰਤਾ ਦੇਣ ਅਤੇ ਲੈਣ ਦੇ ਰੌਲੇ ਪੈ ਰਹੇ ਹਨ। ਮੇਰੀ ਸੋਚ ਮੁਤਾਬਿਕ ਇਹਨਾ ਰੌਲਿਆਂ ਦਾ ਮੁੱਖ ਕਾਰਨ ਵੰਡੀ ਹੈ। ਹੋ ਸਕਦਾ ਹੈ ਕਿ ਮੈਂ ਗਲਤ ਹੋਵਾਂ ਪਰ ਮੈਨੂੰ ਮਨੁੱਖਤਾ ਵਿੱਚ ਹਰ ਤਰਾਂ ਦੀਆਂ ਪਈਆਂ ਵੰਡੀਆਂ ਬਹੁਤ ਮਾੜੀਆਂ ਲੱਗਦੀਆਂ ਹਨ। ਇਹ ਵੰਡੀਆਂ ਚਾਹੇ ਧਰਮ, ਜਾਤ, ਦੇਸ਼, ਸੂਬੇ ਅਤੇ ਇਸਤਰੀ ਪੁਰਸ਼ ਆਦਿ ਦੀਆਂ ਹੋਣ। ਵੰਡੀ ਬੇਸੱਕ ਕੋਈ ਵੀ ਚੰਗੀ ਨਹੀਂ ਹੁੰਦੀ ਪਰ ਸੱਭ ਤੋਂ ਖਤਰਨਾਕ ਵੰਡੀ ਮਨੁੱਖ ਨੂੰ ਵੰਡਣ ਵਾਲੀ ਹੈ ਜੋ ਇਸਤਰੀ ਅਤੇ ਪੁਰਸ਼ ਨੂੰ ਵੀ ਵੰਡਦੀ ਹੈ। ਇਸ ਵਿੱਚ ਕੋਈ ਸੱਕ ਨਹੀਂ ਹੈ ਕਿ ਕੁੱਝ ਪੁਰਸ਼ਾਂ ਨੇ ਕੁਦਰਤੀ ਕਾਰਨਾ ਨੂੰ ਨਾ ਸਮਝਦਿਆਂ ਪੁਰਸ਼ ਨੂੰ ਉੱਤਮ ਅਤੇ ਇਸਤਰੀ ਨੂੰ ਨੀਚ ਹੋਣ ਦਾ ਦਰਜਾ ਦੇ ਦਿੱਤਾ ਸੀ (ਹੈ)। ਨਾਲੇ ਇਹ ਵੀ ਸੋਚਣ ਵਾਲੀ ਗੱਲ ਹੈ ਕਿ ਜੇਕਰ ਇਸਤਰੀ ਨੀਚ ਹੈ, ਤਾਂ ਫਿਰ ਨੀਚ ਦੇ ਪੇਟ ਵਿੱਚੋਂ ਪੈਦਾ ਹੋਣ ਵਾਲਾ ਪੁਰਸ਼ ਉੱਤਮ ਕਿਵੇਂ ਹੋ ਸਕਦਾ। ਪਰ ਸਾਨੂੰ ਹੁਣ ਉਹਨਾ ਪੁਰਾਣੀਆਂ ਉੱਤਮ, ਨੀਚ ਵਾਲੀਆਂ ਮਨੌਤਾਂ ਨੂੰ ਛੱਡ ਕੇ ਬਰਾਬਰਤਾ ਦਾ ਜੀਵਨ ਜਿਉਣ ਦਾ ਅਨੰਦ ਲੈਣਾ ਚਾਹੀਂਦਾ। ਕਿਉਂਕਿ ਅਸਲ ਵਿੱਚ ਇਸਤਰੀ ਅਤੇ ਪੁਰਸ਼ ਦੋਹੇਂ ਰਲ ਕੇ ਹੀ ਇੱਕ ਮਨੁੱਖ ਬਣਦੇ ਹਨ, ਇਸ ਲਈ ਇਹਨਾ ਨੂੰ ਵੰਡਿਆ ਹੀ ਨਹੀਂ ਜਾ ਸਕਦਾ। ਇਸਤਰੀ ਅਤੇ ਪੁਰਸ਼ ਇੱਕ ਦੂਜੇ ਤੋਂ ਬਗੈਰ ਦੋਨੋ ਹੀ ਅਧੂਰੇ ਹਨ। ਮਨੁੱਖ ਜਾਤੀ ਨੂੰ ਪੈਦਾ ਕਰਨ ਜਾਂ ਇਸ ਦੀ ਹੋਂਦ ਨੂੰ ਜਿੰਦਾ ਰੱਖਣ ਲਈ ਲਈ ਦੋਹੇਂ ਇੱਕੋ ਜਿੰਨੇ ਜਰੂਰੀ ਹਨ। ਹਾਂ ਜੋ ਕੁਦਰਤੀ ਤੌਰ ਤੇ ਇਹਨਾ ਵਿੱਚ ਸਰੀਰਕ ਤੌਰ ਤੇ ਵਖਰੇਵੇਂ ਹਨ, ਉਹ ਰਹਿਣਗੇ ਵੀ ਅਤੇ ਉਹ ਲੋੜ ਅਨੁਸਾਰ ਜਰੂਰੀ ਵੀ ਹਨ। ਇਹ ਵਖਰੇਵੇਂ ਪੁਰਸ਼ ਦੇ ਉੱਤਮ ਜਾਂ ਇਸਤਰੀ ਦੇ ਨੀਚ ਹੋਣ ਦੇ ਸੂਚਕ ਵੀ ਨਹੀਂ ਹਨ। ਅਫਸੋਸ ਦੀ ਗੱਲ ਇਹ ਹੈ ਕਿ ਪਹਿਲਾਂ ਅਣਪੜਤਾ ਜਾਂ ਰੂੜੀਵਾਦੀ ਵਿਚਾਰਾਂ ਕਾਰਨ ਇਸਤਰੀ ਨੂੰ ਨੀਚ ਸਮਝ ਕੇ ਉਸ ਨਾਲ ਧੱਕਾ ਹੁੰਦਾ ਰਿਹਾ ਹੈ, ਹੁਣ ਬਰਾਬਰਤਾ ਦੇ ਨਾਮ ਤੇ ਵੀ ਇਸਤਰੀ ਦਾ ਹੀ ਸੋਸਣ ਹੋ ਰਿਹਾ ਹੈ, ਪਰ ਇਸ ਦਾ ਨੁਕਸਾਨ ਦੋਹਾਂ ਨੂੰ ਹੀ ਹੁੰਦਾ ਹੈ। ਇਸਤਰੀ ਨੂੰ ਆਰਥਿਕ ਤੌਰ ਤੇ ਹਰ ਖੇਤਰ ਵਿੱਚ ਕੰਮ ਕਰਨ ਅਤੇ ਨੌਕਰੀ ਦੇ ਦੇਣਾ ਹੀ ਬਰਾਬਰਤਾ ਨਹੀਂ ਹੁੰਦੀ, ਕਿਉਂਕਿ ਇਸ ਬਰਾਬਰਤਾ ਨੇ ਤਾਂ ਇਸਤਰੀ ਉੱਤੇ ਹੋਰ ਵੀ ਬੋਝ ਵਧਾ ਦਿੱਤਾ ਹੈ, ਜਿਸ ਕਾਰਨ ਨੌਕਰੀ ਕਰਨ ਵਾਲੀਆਂ ਇਸਤਰੀਆਂ ਨੂੰ ਘਰਦੇ ਕੰਮਾ ਦੇ ਨਾਲ ਨਾਲ ਬਾਹਰਲੇ ਕੰਮ ਵੀ ਕਰਨੇ ਪੈਂਦੇ ਹਨ। ਮੈਨੂੰ ਤਾਂ ਇਸ ਵਿੱਚ ਵੀ ਇਸਤਰੀ ਦੀ ਗੁਲਾਮੀ ਹੀ ਦਿਸ ਰਹੀ ਹੈ।ਜਿਸ ਕਾਰਨ ਹੁਣ ਬਰਾਬਰਤਾ ਦਾ ਇੱਕ ਹੋਰ ਪੈਮਾਨਾ ਵੀ ਸਾਹਮਣੇ ਆ ਰਿਹਾ ਹੈ, ਕਿ ਜਿੰਨਾ ਪੜਿਆ ਲੜਕਾ/ਲੜਕੀ ਹੋਵੇ ਉਸ ਨੂੰ ਓਨਾ ਹੀ ਪੜਿਆ ਲੜਕੀ/ਲੜਕੇ ਦਾ ਰਿਸਤਾ ਚਾਹੀਂਦਾ ਹੈ, ਜਾਂ ਜਿੰਨੀ ਵੱਡੀ/ਛੋਟੀ ਨੌਕਰੀ ਲੜਕਾ/ਲੜਕੀ ਕਰਦਾ ਹੈ ਉਸ ਨੂੰ ਓਨੀ ਹੀ ਵੱਡੀ/ਛੋਟੀ ਨੌਕਰੀ ਕਰਦੇ ਲੜਕੀ/ਲੜਕੇ ਦਾ ਰਿਸਤਾ ਚਾਹੀਂਦਾ ਹੈ। ਅਜਿਹੀ ਅਜੋਕੀ ਬਰਾਬਰਤਾ ਵਿੱਚ ਦੋਹੇਂ ਪਤੀ ਪਤਨੀ ਆਰਥਿਕ ਤੌਰ ਤੇ ਪੈਸੇ ਕਮਾਉਣ ਵਾਲੇ ਸੰਦ ਤੋਂ ਵੱਧ ਕੁੱਝ ਵੀ ਨਹੀਂ ਹੁੰਦੇ, ਕਿਉਂਕਿ ਅਜਿਹੀ ਬਰਾਬਰਤਾ ਵਾਲੇ ਪਤੀ ਪਤਨੀਆਂ ਲਈ ਆਪਸ ਵਿੱਚ ਇੱਕ ਦੂਜੇ ਦੇ ਕੰਮ ਆਉਣਾ, ਬੱਚਿਆਂ ਦਾ ਪਾਲਣ ਪੋਸ਼ਣ, ਵੱਡਿਆਂ ਦੀ ਸਾਂਭ ਸੰਭਾਲ ਕਰਨਾ ਅਤੇ ਹੋਰ ਰਿਸਤੇ ਨਾਤਿਆਂ ਦੀ ਥਾਂ ਸੱਭ ਕੁੱਝ ਸਿਰਫ ਪੈਸਾ ਹੀ ਹੁੰਦਾ ਹੈ, ਜਦ ਕਿ ਅਸਲ ਵਿੱਚ ਪੈਸਾ ਲੋੜ ਤਾਂ ਹੁੰਦੀ ਹੈ ਪਰ ਸੱਭ ਕੁੱਝ ਨਹੀਂ ਹੁੰਦਾ। ਇਸ ਲਈ ਇਸਤਰੀ ਨੂੰ ਆਰਥਿਕ ਤੌਰ ਤੇ ਕਮਾਈ ਕਰਨ ਲਈ ਇੱਕ ਸੰਦ ਵਜੋਂ ਬਰਾਬਰਤਾ ਦੇਣੀ ਕੋਈ ਬਰਾਬਰਤਾ ਨਹੀਂ ਹੁੰਦੀ। ਸਹੀ ਬਰਾਬਰੀ ਤਾਂ ਇਸ ਵਿੱਚ ਹੈ ਕਿ ਅਸੀਂ ਇੱਕ ਦੂਜੇ ਨੂੰ ਵੱਧ, ਘੱਟ ਅਧਿਕਾਰ ਦੇਣ, ਉੱਤਮ ਜਾਂ ਨੀਚ ਸਮਝਣ ਦੀ ਵਜਾਏ ਦੋਹਾਂ ਨੂੰ ਮਨੁੱਖ ਦੇ ਇੱਕ ਅੰਗ ਵਜੋਂ ਹੀ ਜਾਣੀਏਂ ਨਾ ਕਿ ਵੱਖ ਵੱਖ ਦੋ। ਜਿਵੇਂ ਕਿ ਮਨੁੱਖਾ ਸਰੀਰ ਦੇ ਦੋ ਲੱਤਾਂ ਦੋ ਬਾਹਾਂ ਆਦਿ ਅੰਗ ਹਨ, ਉਹਨਾ ਵਿੱਚੋਂ ਕੋਈ ਵੀ ਬੇਲੋੜਾ ਜਾਂ ਉਤਮ ਨੀਚ ਨਹੀਂ ਹੁੰਦਾ। ਇਸੇ ਤਰਾਂ ਇਸਤਰੀ ਅਤੇ ਪੁਰਸ਼ ਵੀ ਦੋਹੇਂ ਇੱਕ ਮਨੁੱਖ ਦੇ ਅੰਗ ਹਨ ਇਹਨਾ ਵਿੱਚੋਂ ਕੋਈ ਵੀ ਬੇਲੋੜਾ ਜਾਂ ਉਤਮ ਨੀਚ ਨਹੀਂ ਹੈ। ਪਰ ਅਸੀਂ ਆਪਣੇ ਆਪ ਨੂੰ ਇੱਕ ਸਮਝਣ ਦੀ ਥਾਂ ਕੋਈ ਇਸਤਰੀ ਨੂੰ ਨੀਚ ਸਿੱਧ ਕਰਨ ਦੀ ਕੋਸ਼ਿਸ ਕਰ ਰਿਹਾ ਹੈ ਕੋਈ ਪੁਰਸ਼ ਨੂੰ ਹੰਕਾਰੀ ਸਿੱਧ ਕਰ ਰਿਹਾ ਹੈ। ਜਦੋਂ ਕਿ ਗੁਣ ਔਗੁਣ ਦੋਹਾਂ ਵਿੱਚ ਬਰਾਬਰ ਹੀ ਹੁੰਦੇ ਹਨ, ਅਸੀਂ ਫਿਰ ਵੀ ਦੋਹੇਂ ਇੱਕ ਦੂਜੇ ਨੂੰ ਬਰਾਬਰ ਮੰਨਣ ਲਈ ਤਿਆਰ ਨਹੀਂ ਹਾਂ। ਕਿਹੋ ਜਿਹੀ ਹੋਣੀ ਚਾਹੀਂਦੀ ਹੈ ਇਸਤਰੀ ਅਤੇ ਪੁਰਸ਼ ਦੀ ਬਰਾਬਰਤਾ। ਮੇਰੀ ਸਮਝ ਅਨੁਸਾਰ ਸਾਨੂੰ ਸਰੀਰਕ ਪਰਸਥਿਤੀਆਂ, ਸਮੇ ਅਤੇ ਸਥਾਨ ਅਨੁਸਾਰ ਰਲ ਮਿਲ ਕੇ ਕਾਰ ਵਿਹਾਰ ਕਰਨੇ ਚਾਹੀਂਦੇ ਹਨ। ਜੇ ਕੰਮ ਕਾਰ ਜਾਂ ਕਿਸੇ ਬਿਮਾਰੀ ਕਾਰਨ ਪਤੀ ਤੰਗ ਹੈ ਤਾਂ ਪਤਨੀ ਉਸ ਦੀ ਹਰ ਤਰਾਂ ਦੀ ਸੇਵਾ ਕਰੇ, ਪਿਆਰ ਸਤਿਕਾਰ ਰਾਹੀਂ ਉਸ ਨੂੰ ਮਾਨਸਿਕ ਤੌਰ ਤੇ ਖੁਸ਼ ਰੱਖਣ ਤੋਂ ਲੈ ਕੇ ਰੋਟੀ ਟੁੱਕ, ਇਸਨਾਨ ਕਰਵਾਉਣ, ਲੱਤਾਂ ਬਾਹਾਂ ਘੁਟਣ ਤੱਕ। ਇਸੇ ਤਰਾਂ, ਜੇ ਕੰਮ ਕਾਰ ਜਾਂ ਕਿਸੇ ਬਿਮਾਰੀ ਕਾਰਨ ਪਤਨੀ ਤੰਗ ਹੈ ਤਾਂ ਪਤੀ ਨੂੰ ਵੀ ਉਸ ਦੀ ਹਰ ਤਰਾਂ ਦੀ ਸੇਵਾ ਕਰਨੀ ਚਾਹੀਂਦੀ ਹੈ, ਪਿਆਰ ਸਤਿਕਾਰ ਰਾਹੀਂ ਉਸ ਨੂੰ ਮਾਨਸਿਕ ਤੌਰ ਤੇ ਖੁਸ਼ ਰੱਖਣ ਤੋਂ ਲੈ ਕੇ ਰੋਟੀ ਟੁੱਕ, ਇਸਨਾਨ ਕਰਵਾਉਣ, ਲੱਤਾਂ ਬਾਹਾਂ ਘੁਟਣ ਤੱਕ। ਅਜਿਹੇ ਹਲਾਤਾਂ ਵਿੱਚ ਅਸੀਂ ਇੱਕ ਦੂਜੇ ਨੂੰ ਬੋਝ ਜਾਂ ਉੱਤਮ ਨੀਚ ਸਮਝਣ ਦੀ ਥਾਂ ਸੱਚੇ ਸਾਥੀ ਜਾਂ ਆਪਣੇ ਹੀ ਸਰੀਰ ਦਾ ਅੰਗ ਜਾਣ ਕੇ ਇੱਕ ਦੂਜੇ ਦੇ ਕੰਮ ਆਈਏ ਫਿਰ ਹੀ ਸਹੀ ਅਰਥਾਂ ਵਿੱਚ ਬਰਾਬਰਤਾ ਹੋਵੇਗੀ। ਇੱਕ ਪੜੀ ਲਿਖੀ ਜਾਂ ਨੌਕਰੀ ਕਰਦੀ ਪਤਨੀ ਦਾ ਪਤੀ ਅਣਪੜ ਵੀ ਹੋ ਸਕਦਾ ਹੈ, ਇਸੇ ਤਰਾਂ ਇੱਕ ਪੜੇ ਲਿਖੇ ਜਾਂ ਨੌਕਰੀ ਕਰਦੇ ਪਤੀ ਦੀ ਪਤਨੀ ਵੀ ਅਣਪੜ ਹੋ ਸਕਦੀ ਹੈ ਇਹ ਰਿਸਤੇ ਰੂਹਾਂ ਦੇ ਹੋਣੇ ਚਾਹੀਂਦੇ ਹਨ ਨਾ ਕਿ ਨੌਕਰੀ ਜਾਂ ਪੈਸੇ ਦ ਸੌਦੇ। ਪਰ ਅਫਸੋਸ ਕਿ ਅੱਜ ਅਸੀਂ ਕਿਸੇ ਵਿਰਲੇ ਨੂੰ ਛੱਡ ਕੇ, ਬਰਾਬਰਤਾ ਦੇ ਨਾਹਰੇ ਲਾਉਣ ਵਾਲੇ ਸਾਰੇ ਹੀ ਇਸਤਰੀ,ਪੁਰਸ਼ ਇੰਨਸਾਨੀਅਤ ਦੀ ਥਾਂ ਬਰਾਬਰਤਾ ਸਿਰਫ ਡਿਗਰੀਆਂ ਜਾਂ ਪੈਸੇ ਨੂੰ ਹੀ ਸਮਝ ਰਹੇ ਹਾਂ। ਇਹੀ ਕਾਰਨ ਹੈ ਕਿ ਅੱਜ ਅਸੀਂ ਸਮਝਦਾਰ ਅਤੇ ਸਾਰੇ ਸਾਧਨਾ ਦੇ ਹੁੰਦੇ ਹੋਏ ਵੀ ਅਨੰਦ ਮਾਨਣ ਦੀ ਥਾਂ ਲੜਾਈ ਝਗੜਿਆਂ ਵਾਲਾ ਜੰਗਲੀ ਜਾਨਵਰਾਂ ਤੋਂ ਵੀ ਮਾੜਾ ਜੀਵਨ ਜਿਉਂ ਰਹੇ ਹਾਂ। ਕਾਸ ਸਾਨੂੰ ਇੱਕ ਦੂਜੇ ਨੂੰ ਵੱਖ ਸਮਝ ਕੇ ਉਸ ਤੋਂ ਹੱਕ ਅਤੇ ਬਰਾਬਰਤਾ ਲੈਣ ਲਈ ਲੜਨ ਦੀ ਥਾਂ ਇੱਕ ਦੂਜੇ ਨੂੰ ਇੱਕ ਹੀ (ਆਪਣਾ ਹੀ ਅੰਗ) ਸਮਝ ਕੇ ਹੱਕ ਅਤੇ ਬਰਾਬਰਤਾ ਦੇਣ ਦੀ ਸੋਝੀ ਆ ਜਾਵੇ ।
 ਤਾਰੀਖ, 14-03-2019 


ਹਰਲਾਜ ਸਿੰਘ ਬਹਾਦਰਪੁਰ  
ਪਿੰਡ ਤੇ ਡਾਕ : ਬਹਾਦਰਪੁਰ                
ਮੋਬਾਇਲ-94170-23911
 harlajsingh7@gmail.com

ਮੇਰੇ ਦੇਸ਼ ਦੇ ਵੋਟਰ ਤੇ ਉਮੀਦਵਾਰ - ਹਰਲਾਜ ਸਿੰਘ ਬਹਾਦਰਪੁਰ

ਮੇਰੇ ਦੇਸ਼ ਦੇ ਵੋਟਰਾਂ ਅਤੇ ਉਮੀਦਵਾਰਾਂ ਦੀ ਸੋਚ ਦਾ,
ਹਾਲ ਹੱਦ ਨਾਲੋਂ ਵੱਧ ਹੈ ਮਾੜਾ ਹੋਇਆ ।
ਇੱਕ ਸਮੇ ਇੱਕ ਨੂੰ ਵਿਕਣ ਵਾਲੀ ਵੇਸਵਾ ਨੂੰ ਆਖੇ ਮਾੜਾ,
ਇੱਕੋ ਸਮੇ ਤਿੰਨ ਥਾਂ ਜੋ ਵਿਕਿਆ ਹੋਇਆ।
ਉਹ ਉਮੀਦਵਾਰ ਖਰੀਦ ਕੇ ਵੋਟਰਾਂ ਨੂੰ ਬੇਚ ਦਿੰਦਾ,
ਜਿਹੜਾ ਆਪ ਵੀ ਹੁੰਦਾ ਹੈ ਵਿਕਿਆ ਹੋਇਆ।
ਉਮੀਦਵਾਰਾਂ ਨੂੰ ਵਿਕਾਊ ਤੇ ਠੱਗ ਕਹਿਣ ਵਾਲਾ,
ਵੋਟਰ ਠੱਗਦਾ ਸਾਰਿਆਂ ਨੂੰ ਕਈ ਥਾਂ ਜੋ ਵਿਕਿਆ ਹੋਇਆ।
ਉਹ ਉਮੀਦਵਾਰ ਵੀ ਕਹੇ ਨਸ਼ਾ ਬੰਦ ਕਰਵਾ ਦਿਆਂਗੇ,
ਜਿਹੜਾ ਵੰਡ ਕੇ ਨਸ਼ੇ ਮਸਾਂ ਜਿੱਤ ਹੋਇਆ।
ਉਹ ਵੋਟਰ ਵੀ ਕਹਾ ਨਸ਼ਾ ਬੰਦ ਕਰਵਾਓ,
ਜਿਸ ਨੇ ਦੋਹਾਂ ਉਮੀਦਵਾਰਾਂ ਤੋਂ ਨਸ਼ਾ ਲਿਆ ਹੋਇਆ।
ਸਾਰੇ ਦੂਜਿਆਂ ਨੂੰ ਠੱਗ ਤੇ ਆਪਣੇ ਆਪ ਨੂੰ ਕਹਿਣ ਸੱਚੇ,
ਅਸਲ ਵਿੱਚ ਠੱਗ ਹੈ ਠੱਗ ਨਾਲ ਰਲਿਆ ਹੋਇਆ।
ਸਾਰੇ ਕਹਿੰਦੇ ਧਰਮ/ਜਾਤ ਦੇ ਨਾਮ ਤੇ ਸਿਆਸਤ ਮਾੜੀ,
ਪਰ ਜਿੱਤਦਾ ਹੈ ਧਰਮ/ਜਾਤ ਦੇ ਨਾਮ ਤੇ ਖੜਾ ਹੋਇਆ।
ਮਨੁੱਖਤਾ ਲਈ ਚੰਗਾ ਹੋਣ ਦੀ ਉਮੀਦ ਹਰ ਵਾਰ ਹਾਰ ਜਾਂਦੀ,
ਜਿੱਤ ਜਾਂਦਾ ਹੈ ਕੁਰਸੀ ਲਈ ਖੜਾ ਹੋਇਆ।
ਉਮੀਦਵਾਰਾਂ ਤੋਂ ਉਹ ਵੀ ਚੰਗੇ ਦੀਆਂ ਕਰਨ ਆਸਾਂ,
ਵੋਟ ਪਾਉਣ ਲਈ ਜਿੰਨਾ ਨੇ ਨਸ਼ੇ ਦੇ ਨਾਲ ਪੈਸਾ ਵੀ ਲਿਆ ਹੋਇਆ।
ਚੰਗਾ ਆਪ ਬਣਜਾ ਬਹਾਦਰਪੁਰ ਦੇ ਹਰਲਾਜ ਸਿੰਘਾ,
ਹੋਰਾਂ ਦੇ ਔਗੁਣ ਵੇਖਣ ਦਾ ਦੱਸ ਤੈਂ ਕੀ ਹੈ ਠੇਕਾ ਲਿਆ ਹੋਇਆ।
24-1-19 ਨੂੰ ਲਿਖਿਆ ਤੇਰਾ ਚੰਗਾ ਲੱਗੂ ਤੇਰੇ ਨਾਲ ਦਿਆਂ ਨੂੰ,
ਬੁਰਾ ਲੱਗੂਗਾ ਜਿੰਨਾ ਦੇ ਉਲਟ ਇਹ ਗਿਆ ਹੋਇਆ॥  


ਹਰਲਾਜ ਸਿੰਘ ਬਹਾਦਰਪੁਰ  
ਪਿੰਡ ਤੇ ਡਾਕ : ਬਹਾਦਰਪੁਰ
 ਤਹਿ: ਬੁਢਲਾਡਾ,ਜਿਲ੍ਹਾ ਮਾਨਸਾ (ਪੰਜਾਬ) 
ਪਿੰਨਕੋਡ-151501 
 ਮੋਬਾਇਲ-94170-23911
harlajsingh7@gmail.com

ਮਨੁੱਖੀ ਅਧਿਕਾਰ ਦਿਵਸ਼ ਤੇ ਵਿਸ਼ੇਸ : ਸਮੁੱਚੀ ਧਰਤੀ ਨੂੰ ਆਪਣਾ ਘਰ ਅਤੇ ਸਮੁੱਚੀ ਮਨੁੱਖਤਾ ਨੂੰ ਆਪਣਾ ਪਰਿਵਾਰ ਸਮਝ ਕੇ ਪਿਆਰ ਕਰੋ - ਹਰਲਾਜ ਸਿੰਘ ਬਹਾਦਰਪੁਰ

ਸਮੁੱਚੇ ਜੀਵ ਪ੍ਰਾਣੀਆਂ ਵਿੱਚੋਂ ਆਪਣੇ ਆਪ ਨੂੰ ਸੂਝਵਾਨ ਕਹਾਉਣ ਵਾਲਾ ਇੱਕੋ ਜੀਵ ਹੈ ਮਨੁੱਖ। ਇਹ ਸੱਚ ਵੀ ਹੈ, ਮਨੁੱਖੀ ਸੋਚ ਨੇ ਤਰੱਕੀ ਵੀ ਬਹੁਤ ਕੀਤੀ ਹੈ, ਆਪਣੇ ਲਈ ਸੁੱਖ ਸਹੂਲਤਾਂ ਦੇ ਸਾਧਨ ਵੀ ਬਹੁਤ ਤਿਆਰ ਕੀਤੇ ਹਨ। ਮਨੁੱਖ ਨੇ ਆਪਣੀ ਜਿੰਦਗੀ ਨੂੰ ਵਧੀਆ ਢੰਗ ਨਾਲ ਜਿਉਣ ਅਤੇ ਆਪਣੇ ਹੱਕਾਂ ਲਈ ਕੁੱਝ ਨਿਯਮ ਵੀ ਬਣਾਏ ਹਨ, ਜਿੰਨਾ ਨੂੰ ਮਨੁੱਖੀ ਅਧਿਕਾਰਾਂ ਦਾ ਨਾਮ ਦਿੱਤਾ ਗਿਆ ਹੈ। ਹਰ ਸਾਲ 10 ਦਸੰਬਰ ਨੂੰ ਮਨੁੱਖੀ ਅਧਿਕਾਰ ਦਿਵਸ ਪੂਰੀ ਦੁਨੀਆਂ ਵਿੱਚ ਮਨਾਇਆ ਵੀ ਜਾਂਦਾ ਹੈ, ਇਹਨਾ ਨਿਯਮਾਂ ਅਨੁਸਾਰ ਸਾਰੇ ਮਨੁੱਖ ਬਰਾਬਰ ਦੇ ਹੱਕਦਾਰ ਹਨ, ਕੋਈ ਊਚ ਜਾਂ ਨੀਚ ਨਹੀਂ ਹੈ, ਨਾ ਕੋਈ ਕਿਸੇ ਦਾ ਹੱਕ ਖੋਹ ਸਕਦਾ ਹੈ, ਨਾ ਕੋਈ ਕਿਸੇ ਨੂੰ ਤੰਗ ਕਰ ਸਕਦਾ ਹੈ, ਨਾ ਕੋਈ ਕਿਸੇ ਨੂੰ ਮਾਰ ਸਕਦਾ ਹੈ, ਨਾ ਕੋਈ ਕਿਸੇ ਨੂੰ ਗੁਲਮ ਬਣਾ ਸਕਦਾ ਹੈ, ਭਾਵ ਕਿ ਕੋਈ ਵੀ ਕਿਸੇ ਨੂੰ ਕਿਸੇ ਤਰਾਂ ਦੀ ਵੀ ਤਕਲੀਫ ਨਹੀਂ ਦੇ ਸਕਦਾ, ਸੱਭ ਨੂੰ ਆਪਣੇ ਦਾਇਰੇ ਵਿੱਚ ਰਹਿ ਕੇ ਖੁਸ਼ੀ-ਖੁਸ਼ੀ ਆਪਣੀ ਵਧੀਆ ਜਿੰਦਗੀ ਜਿਉਣ ਦਾ ਹੱਕ ਹੈ, ਜੋ ਬਹੁਤ ਵਧੀਆ ਸੋਚ ਹੈ। ਪਰ ਅਫਸੋਸ ਕਿ ਮਨੁੱਖਤਾ ਅਤੇ ਮਨੁੱਖੀ ਅਧਿਕਾਰਾਂ ਨੂੰ ਖਤਰਾ ਵੀ ਮਨੁੱਖੀ ਅਧਿਕਾਰਾਂ ਦਾ ਰੌਲ਼ਾ ਪਾਉਣ ਵਾਲੇ ਮਨੁੱਖ ਤੋਂ ਹੀ ਹੈ। ਕਿਉਂਕਿ ਮਨੁੱਖੀ ਹੱਕਾਂ ਦੀ ਰਾਖੀ ਦਾ ਢੰਡੋਰਾ ਪਿੱਟਣ ਵਾਲਾ ਮਨੁੱਖ ਹੀ ਮੰਤਰੀਆਂ ਦੇ ਰੂਪ ਵਿੱਚ ਜਾਤਾਂ ਧਰਮਾਂ ਦੇ ਨਾਵਾਂ ਤੇ ਨਫਰਤਾਂ ਫੈਲਾਅ ਕੇ ਮਨੁੱਖਾਂ ਦਾ ਕਤਿਲੇਆਮ ਕਰਵਾਉਂਦਾ ਹੈ, ਮਨੁੱਖ ਹੀ ਮਨੁੱਖ ਦੇ ਚੋਰੀਆਂ ਕਰਦਾ ਹੈ, ਅਤੇ ਮਨੁੱਖਤਾ ਦੇ ਘਾਣ ਲਈ ਨਸ਼ਿਆਂ ਦਾ ਵਪਾਰ ਕਰਦੈ,  ਫਿਰ ਮਨੁੱਖ ਹੀ ਪੁਲਿਸ ਦੇ ਰੂਪ ਵਿੱਚ ਚੋਰਾਂ ਦਾ ਸਾਥ ਦਿੰਦਾ ਹੈ ਅਤੇ ਬੇਗੁਨਾਹਾਂ ਤੇ ਝੂਠੇ ਕੇਸ ਪਾ ਦਿੰਦਾ ਹੈ, ਮਨੁੱਖ ਹੀ ਅਫਸਰਾਂ ਦੇ ਰੂਪ ਵਿੱਚ ਆਪਣੇ ਘਰ ਭਰਨ ਲਈ ਮੋਟੀਆਂ ਰਿਸਵਤਾਂ ਲੈਂਦਾ ਹੈ, ਮਨੁੱਖ ਹੀ ਮਨੁੱਖਾਂ ਨੂੰ ਬਚਾਉਣ ਲਈ ਡਾਕਟਰੀ ਦਾ ਕੋਰਸ ਕਰਕੇ, ਮਨੁੱਖਾਂ ਨੂੰ ਮਾਰ ਰਿਹਾ ਹੈ, ਮਨੁੱਖ ਹੀ ਆਪਣੇ ਵੱਧ ਮੁਨਾਫੈ ਦੀ ਦੌੜ ਕਾਰਨ ਦੁਕਾਨਦਾਰਾਂ ਦੇ ਰੂਪ ਵਿੱਚ ਖਾਣ ਪੀਣ ਦੇ ਸਮਾਨ ਵਿੱਚ ਮਿਲਾਵਟਾਂ ਕਰਦਾ ਹੈ ਅਤੇ ਸਹਿਰਾਂ ਦੀਆਂ ਸੜਕਾਂ ਤੇ ਨਾਜਾਇਜ ਕਬਜੇ ਕਰਦਾ ਹੈ। ਕਿਸਾਨ ਦੇ ਰੂਪ ਵਿੱਚ ਗੁਆਢੀਆਂ ਦੀਆਂ ਵੱਟਾਂ ਵੱਢਦਾ ਹੈ, ਰਾਹਾਂ ਤੇ ਨਾਜਾਇਜ ਕਬਜੇ ਕਰਦੈ ਅਤੇ ਫਸਲਾਂ ਵਿੱਚ ਜਹਿਰ ਘੋਲਦਾ ਹੈ, ਭਾਵ ਕਿ ਹਰ ਬੁਰਾਈ ਜਿਸ ਨੂੰ ਮਨੁੱਖ ਮਾੜੀ ਕਹਿੰਦਾ ਹੈ, ਉਸ ਬੁਰਾਈ ਨੂੰ ਮਨੁੱਖ ਹੀ ਕਰਦਾ ਹੈ। ਜਦੋਂ ਮਨੁੱਖ ਆਪਣੇ ਬਣਾਏ ਨਿਯਮਾਂ ਨੂੰ ਤੋੜ ਕੇ ਹੋਰਾਂ ਲਈ ਖਤਰਾ ਬਣਦਾ ਹੈ ਤਾਂ ਅਸੀਂ ਕਹਿੰਦੇ ਹਾਂ ਕਿ ਇੱਥੇ ਤਾਂ ਜੰਗਲੀ ਰਾਜ ਹੋ ਗਿਆ ਹੈ ਜਦਕਿ ਜੰਗਲੀ ਰਾਜ ਵੀ ਅਜੋਕੇ ਮਨੁੱਖ ਦੇ ਵਹਿਸੀਪੁਣੇ ਜਿੰਨਾ ਮਾੜਾ ਕਦੇ ਵੀ ਨਹੀਂ ਰਿਹਾ। ਮੈਂ ਤਾਂ ਕਈ ਬਾਰ ਸੋਚਦਾ ਹੁੰਦਾ ਹਾਂ ਕਿ ਜੇ ਮਨੁੱਖ ਦੀ ਸੋਚ ਵਿਕਾਸ ਨਾ ਕਰਦੀ, ਇਹ ਜੰਗਲ ਦੇ ਜਾਨਵਰਾਂ ਵਾਂਗ ਹੀ ਇੱਕ ਜਾਨਵਰ ਹੋ ਕੇ ਕੁਦਰਤੀ ਜਿੰਦਗੀ ਜਿਉਂਦਾ ਹੁੰਦਾ ਤਾਂ ਇੱਥੇ ਸੱਭ ਕੁੱਝ ਕੁਦਰਤੀ ਹੋਣਾ ਸੀ, ਜੇ ਕਿਸੇ ਨੂੰ ਬਚਾਉਣ ਲਈ ਨਿਯਮ/ਕਾਨੂੰਨ ਨਹੀਂ ਸੀ ਹੋਣੇ ਤਾਂ ਕਿਸੇ ਨੂੰ ਮਾਰਨ ਲਈ ਅਜੋਕੇ ਮਾਰੂ ਹਥਿਆਰ, ਨਸ਼ੇ, ਪ੍ਰਦੂਸ਼ਣ ਆਦਿ ਵੀ ਨਹੀਂ ਸੀ ਹੋਣੇ। ਮਨੁੱਖੀ ਸੋਚ ਨੇ ਆਪਣੇ ਸੁੱਖਾਂ ਲਈ ਜਿੱਥੇ ਕੁਦਰਤੀ ਵਾਤਾਵਰਣ ਦੇ ਨਾਨ ਨਾਲ ਧਰਤੀ ਉਤੇ ਵਸਦੇ ਹਰ ਜੀਵ ਦੇ ਹੱਕਾਂ ਦਾ ਘਾਣ ਕੀਤਾ ਹੈ ਉਥੇ ਮਨੁੱਖਤਾ ਲਈ ਖਤਰਾ ਵੀ ਮਨੁੱਖ ਹੀ ਬਣਿਆਂ ਹੈ। ਫਿਰ ਕੀ ਸਿਰਫ ਹੋਰਾਂ ਲਈ ਖਤਰਾ ਬਣਨਾ ਹੀ ਮਨੁੱਖ ਦੀ ਸਿਆਣਪ ਹੈ? ਇਸ ਸਿਆਣਪ ਦਾ ਕਿਸੇ ਨੂੰ ਤਾਂ ਕੀ, ਖੁਦ ਮਨੁੱਖ ਨੂੰ ਵੀ ਕੀ ਲਾਭ ਹੋਇਆ? ਗੱਲ ਤਾਂ ਸਿਰਫ ਜਿਉਣ ਦੀ ਅਤੇ ਆਪਣੇ ਬੱਚੇ ਪਾਲਣ ਦੀ ਹੀ ਹੈ। ਇਹ ਤਾਂ ਜੰਗਲਾਂ ਵਿੱਚ ਜਾਨਵਰ ਵੀ ਜਿਉਂ ਰਹੇ ਹਨ ਅਤੇ ਆਪਣੇ ਬੱਚੇ ਪਾਲ਼ ਰਹੇ ਹਨ, ਉੱਥੇ ਨਾ ਕੋਈ ਉਹਨਾ ਦੇ ਹੱਕਾਂ ਦੀ ਰਾਖੀ ਕਰਦਾ ਹੈ ਨਾ ਹੀ ਉਹਨਾ ਨੇ ਆਪਣੀ ਸੁਰੱਖਿਆ ਜਾਂ ਸੁੱਖਾਂ ਲਈ ਮਨੁੱਖ ਵਾਂਗ ਸਾਧਨ ਪੈਦਾ ਕੀਤੇ ਹੋਏ ਹਨ। ਜੰਗਲਾਂ ਵਿੱਚ ਜਾਨਵਰ ਆਪਣਾ ਪੇਟ ਭਰਨ ਲਈ ਆਪਣੇ ਤੋਂ ਮਾੜਿਆਂ ਨੂੰ ਮਾਰ ਕੇ ਖਾ ਜਾਂਦੇ ਹਨ, ਪਰ ਉਹ ਬੇਸਮਝ ਨਾ ਤਾਂ ਆਉਣ ਵਾਲੀਆਂ ਪੀੜੀਆਂ ਲਈ ਧਨ ਜੋੜਨ ਲਈ ਕਿਸੇ ਦੇ ਹੱਕ ਮਾਰਦੇ ਹਨ, ਨਾ ਹੀ ਦੇਸ਼ਾਂ, ਜਾਤਾਂ ਧਰਮਾਂ, ਦੀ ਵੰਡ ਦੇ ਨਾਂਅ ਤੇ ਨਫਰਤਾਂ ਫੈਲਾਅ ਕੇ ਕਤਲੇਆਮ ਕਰਵਾਉਂਦੇ ਹਨ।ਆਪਣੇ ਆਪ ਨੂੰ ਜੰਗਲੀ ਜਾਨਵਰਾਂ,ਪਸੂਆਂ, ਪੰਛੀਆਂ ਤੋਂ ਸਿਆਣਾ  ਕਹਾਉਣ ਵਾਲਾ ਮਨੁੱਖ ਅਸਲ ਵਿੱਚ ਸਮਝਦਾਰ ਬਣਿਆ ਹੀ ਨਹੀਂ ਹੈ। ਕਿਉਂਕਿ ਬੇਸਮਝ ਜਾਨਵਰਾਂ ਜਾਂ ਪਸੂਆਂ ਨੂੰ ਉਹਨਾ ਦੇ ਅਧਿਕਾਰਾਂ ਵਾਰੇ ਕੁੱਝ ਵੀ ਦੱਸਣ ਦੀ ਲੋੜ ਨਹੀਂ ਹੁੰਦੀ, ਪਰ ਪੜ੍ਹੇ ਲਿਖੇ ਸਮਝਦਾਰ ਮਨੁੱਖ ਨੂੰ ਮਨੁੱਖੀ ਅਧਿਕਾਰਾਂ ਵਾਰੇ ਸਮਝਾਅ ਸਮਝਾਅ ਕੇ ਵੀ ਨਹੀਂ ਸਮਝਾਇਆ ਜਾ ਸਕਦਾ। ਫਿਰ ਅਸੀਂ ਬੇਸਮਝਾਂ ਨਾਲੋਂ ਸਮਝਦਾਰ ਕਿਵੇਂ ਹੋਏ? ਕਿਉਂਕਿ ਸਾਡੇ ਸਿਆਣਿਆਂ ਦੇ ਮਨੁੱਖੀ ਰਾਜ ਨਾਲੋਂ ਤਾਂ ਜੰਗਲੀ ਰਾਜ ਬਹੁਤ ਚੰਗਾ ਹੈ। ਹਾਸੀ ਆਉਂਦੀ ਹੁੰਦੀ ਹੈ ਜਦੋਂ ਮਨੁੱਖ ਜਾਨਵਰਾਂ ਦੇ ਭਲੇ ਦੀਆਂ ਗੱਲਾਂ ਕਰ ਰਿਹਾ ਹੁੰਦਾ ਹੈ, ਜਿਵੇਂ ਕਿ ਜਾਨਵਰਾਂ ਲਈ ਲੱਕੜ ਦੇ ਆਹਲਣੇ ਬਣਾਉਣ ਦਾ ਪਰਉਪਕਾਰ ਕਰ ਕੇ ਮੀਡੀਏ ਤੇ ਫੋਟੋਆਂ ਪਾ ਰਿਹਾ ਹੁੰਦਾ ਹੈ, ਇਸ ਮਨੁੱਖ ਨੂੰ ਕੁਦਰਤ ਪੁੱਛੇ ਕਿ ਪਰਉਪਕਾਰੀਆ ਜਾਨਵਰਾਂ ਦੇ ਆਹਲਣੇ ਉਜਾੜੇ ਕਿਸ ਨੇ ਹਨ ? ਕਦੇ ਦਰਖਤ ਲਾ ਕੇ ਵਾਤਵਰਣ ਨੂੰ ਸੁੱਧ ਕਰਨ ਦਾ ਪਰਉਪਕਾਰ ਕਰਨ ਵਾਲੇ ਮਨੁੱਖ ਨੂੰ ਕੁਦਰਤ ਪੁੱਛੇ ਕਿ ਦਰਖਤਾਂ ਦੀ ਕਟਾਈ ਕਰਕੇ ਵਾਤਾਵਰਣ ਜਹਿਰੀਲਾ ਕਿਹੜੇ ਜਾਨਵਰਾਂ ਨੇ ਕੀਤਾ ਹੈ? ਤਾਂ ਇਸ ਸਿਆਣੇ ਸਮਝਦਾਰ ਕੋਲ ਕੋਈ ਜਵਾਬ ਨਹੀਂ ਹੋਵੇਗਾ। ਜਾਨਵਰਾਂ ਦਾ ਭਲਾ ਤਾਂ ਦੂਰ ਰਿਹਾ ਹਾਲੇ ਤੱਕ ਤਾਂ ਮਨੁੱਖ (ਇਸਤਰੀ/ਪੁਰਸ਼) ਆਪਣੇ ਹੀ ਬੱਚਿਆਂ ਦਾ ਕਤਲ (ਮਾਦਾ ਭਰੂਣ ਹੱਤਿਆ) ਕਰਨੋ ਨਹੀਂ ਹਟਿਆ। ਮਨੁੱਖ ਦੇ ਅਜਿਹਾ ਕਰਨ ਦਾ ਕਾਰਨ ਇਹ ਨਹੀਂ ਹੈ ਕਿ ਮਨੁੱਖ ਨੂੰ ਸੋਝੀ ਨਹੀਂ ਹੈ। ਸੋਝੀ ਤਾਂ ਹੈ ਪਰ ਇਸ ਸੋਝੀ ਨੂੰ ਸਮੁੱਚੀ ਮਨੁੱਖਤਾ ਦੇ ਭਲੇ ਦੀ ਥਾਂ ਸਿਰਫ ਨਿੱਜੀ ਭਲੇ ਲਈ ਇਸ ਤਰਾਂ ਵਰਤ ਰਿਹਾ ਹੈ ਕਿ ਦੂਜਿਆਂ ਦੇ ਜਾਇਜ ਹੱਕ ਮਾਰ ਕੇ ਵੀ ਮੈਨੂੰ ਨਾਜਾਇਜ ਲਾਭ ਮਿਲ ਜਾਣ। ਜਦੋਂ ਅਸੀਂ ਕਿਸੇ ਦੂਜੇ ਦਾ ਹੱਕ ਮਾਰਾਂਗੇ ਤਾਂ ਅਸੀਂ ਵੀ ਕਿਸੇ ਲਈ ਦੂਜੇ ਹੋਵਾਂਗੇ, ਤਾਂ ਕੋਈ ਸਾਡੇ ਹੱਕਾਂ ਨੂੰ ਵੀ ਮਾਰੇਗਾ। ਇਹੀ ਇਸ ਦੀ ਸਿਆਣਪ ਦੀ ਮੂਰਖਤਾ ਹੈ, ਜਿਸ ਕਾਰਨ ਮਨੁੱਖ ਸੁੱਖਾਂ ਦੀ ਥਾਂ ਦੁੱਖਾਂ ਦੇ ਖੂਹ ਵਿੱਚ ਡਿੱਗ ਰਿਹਾ ਹੈ, ਅਜਿਹੇ ਮਨੁੱਖ ਵਾਰੇ ਹੀ ਭਗਤ ਕਬੀਰ ਜੀ ਨੇ ਕਿਹਾ ਹੈ ਕਿ :- ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ ਅਉਗਨੁ ਕਰੈ ॥ ਕਾਹੇ ਕੀ ਕੁਸਲਾਤ ਹਾਥਿ ਦੀਪੁ ਕੂਏ ਪਰੈ ॥216॥(ਗੁਰੂ ਗ੍ਰੰਥ ਸਾਹਿਬ ਜੀ ਪੰਨਾ ਨੰਬਰ 1376) ਜੇ ਮਨੁੱਖ ਨੇ ਸਹੀ ਅਰਥਾਂ ਵਿੱਚ ਮਨੁੱਖੀ ਹੱਕਾਂ ਦਾ ਪਹਿਰੇਦਾਰ ਬਣਨਾ ਹੈ ਤਾਂ ਇਹ ਹੋਰ ਪ੍ਰਜਾਤੀਆਂ ਦੇ ਜਾਨਵਰਾਂ ਦੇ ਭਲੇ ਕਰਨ ਦੀ ਡਰਾਮੇਬਾਜੀਆਂ ਦੀਆਂ ਗੱਲਾਂ ਛੱਡ ਕੇ ਪਹਿਲਾਂ ਸਿਰਫ ਆਪਣੀ ਮਨੁੱਖਾ ਜਾਤੀ ਦੇ ਭਲੇ ਲਈ ਹੀ ਮਨੁੱਖੀ ਅਧਿਕਾਰਾਂ ਦੀ ਪਾਲਣਾ ਕਰ ਲਵੇ, ਇਸ ਨਾਲ ਹੀ ਬਹੁਤ ਭਲਾਈ ਹੋ ਜਾਵੇਗੀ, ਮਨੁੱਖ ਆਪਣੀ ਸੁਰੱਖਿਆ ਲਈ ਬਣਾਏ ਨਿਯਮਾਂ ਉੱਤੇ ਆਪ ਹੀ ਪਹਿਰਾ ਦੇ ਲਵੇ ਇਸ ਨਾਲ ਹੀ ਮਨੁੱਖ ਦੇ ਨਾਲ ਨਾਲ ਹੋਰ ਪ੍ਰਜਾਤੀਆਂ ਦੇ ਜਾਨਵਰਾਂ ਦਾ ਭਲਾ ਵੀ ਆਪਣੇ ਆਪ ਹੋ ਜਾਵੇਗਾ। ਮਨੁੱਖ ਜਾਨਵਰਾਂ ਉੱਤੇ ਤੁਜਰਬੇ ਕਰਕੇ ਬਣਾਈਆਂ ਦਵਾਈਆਂ ਨੂੰ ਮਨੁੱਖਤਾ ਦੇ ਭਲੇ ਲਈ ਹੀ ਵਰਤੇ, ਆਪਣੇ ਮੁਨਾਫੇ ਲਈ ਘਟੀਆ ਦਵਾਈਆਂ ਤਿਆਰ ਕਰਕੇ ਮਨੁੱਖਤਾ ਦਾ ਘਾਣ ਨਾ ਕਰੇ, ਨਿਯਮਾ ਅਨੁਸਾਰ ਬਣਾਈਆਂ ਆਪਣੇ ਦੇਸ਼ਾਂ ਦੀਆਂ ਹੱਦਾਂ ਅੰਦਰ ਰਹੇ, ਮਨੁੱਖ ਜਾਤਾਂ, ਧਰਮਾਂ ਦੇ ਨਾਵਾਂ ਤੇ ਨਫਰਤਾਂ ਫੈਲਾਅ ਕੇ ਮਨੁੱਖਾਂ ਦਾ ਕਤਿਲੇਆਮ ਨਾ ਕਰੇ, ਠੱਗੀਆਂ, ਚੋਰੀਆਂ ਅਤੇ ਨਸ਼ਿਆਂ ਦੇ ਵਪਾਰ ਬੰਦ ਕਰੇ,  ਚੋਰਾਂ ਦਾ ਸਾਥ ਅਤੇ ਬੇਗੁਨਾਹਾਂ ਤੇ ਝੂਠੇ ਕੇਸ ਪਾ ਕੇ ਆਪਣੇ ਘਰ ਭਰਨ ਲਈ ਰਿਸਵਤਾਂ ਲੈਣੀਆਂ ਛੱਡੇ, ਸਹਿਰਾਂ ਦੀਆਂ ਸੜਕਾਂ ਤੇ ਨਾਜਾਇਜ ਕਬਜੇ, ਅਤੇ ਖਾਣ ਪੀਣ ਦੇ ਸਮਾਨ ਵਿੱਚ ਮਿਲਾਵਟਾਂ ਕਰਨੀਆਂ, ਗੁਆਢੀਆਂ ਦੀਆਂ ਵੱਟਾਂ ਵੱਢਣ, ਰਾਹਾਂ ਤੇ ਨਾਜਾਇਜ ਕਬਜੇ ਕਰਨੇ ਅਤੇ ਫਸਲਾਂ ਵਿੱਚ ਜਹਿਰ ਘੋਲਣਾ ਬੰਦ ਕਰੇ, ਕਿਸੇ ਦਾ ਹੱਕ ਮਾਰ ਕੇ ਨਾ ਖਾਵੇ, ਆਪਣੀ ਕਿਰਤ ਕਮਾਅ ਕੇ ਖਾਵੇ, ਸਮੁੱਚੀ ਧਰਤੀ ਨੂੰ ਆਪਣਾ ਘਰ ਅਤੇ ਸਮੁੱਚੀ ਮਨੁੱਖਤਾ ਨੂੰ ਆਪਣਾ ਪਰਿਵਾਰ ਸਮਝ ਕੇ ਪਿਆਰ ਕਰੇ, ਫਿਰ ਹੀ ਮਨੁੱਖੀ ਅਧਿਕਾਰ ਜੀਵਤ ਰਹਿਣਗੇ। ਫਿਰ ਨਾ ਮਾਰੂ ਹਥਿਆਰਾਂ ਦੀ ਲੋੜ ਰਹਿਣੀ, ਨਾ ਪੁਲਿਸ ਅਤੇ ਫੌਜਾਂ ਦੀ ਲੋੜ, ਨਾ ਜੇਲਾਂ ਤੇ ਥਾਣਿਆਂ ਦੀ ਲੋੜ, ਨਾ ਘਰਾਂ ਨੂੰ ਤਾਲਿਆਂ ਦੀ ਲੋੜ, ਫਿਰ ਨਾ ਕੋਈ ਦੂਜਾ ਸਾਡਾ ਦੁਸ਼ਮਣ ਹੋਣਾ, ਨਾ ਅਸੀਂ ਕਿਸੇ ਦੇ ਦੁਸ਼ਮਣ ਹੋਣੇ, ਫਿਰ ਸਮੁੱਚੇ ਮਨੁੱਖ ਹੀ ਸਾਡੇ ਮਿੱਤਰ ਪਿਆਰੇ ਹੋਣਗੇ। ਫਿਰ ਹੀ ਅਸੀਂ ਕਹਿ ਸਕਾਂਗੇ ਕਿ ਅਸੀਂ ਸੂਝਵਾਨ/ਸਮਝਦਾਰ ਮਨੁੱਖ ਹਾਂ ਸਾਨੂੰ ਮਨੁੱਖੀ ਅਧਿਕਾਰਾਂ ਦੀ ਸੋਝੀ ਹੈ।ਅਸਲ ਵਿੱਚ ਫਿਰ ਹੀ ਮਨੁੱਖੀ ਅਧਿਕਾਰ ਦਿਵਸ਼ ਮੰਨਾਏ ਸਫਲ ਹੋਣਗੇ, ਫਿਰ ਸਾਨੂੰ ਸਾਲ ਬਾਅਦ ਮਨੁੱਖੀ ਅਧਿਕਾਰ ਦਿਵਸ਼ ਮਨਾਉਣ ਦੀ ਵੀ ਲੋੜ ਨਹੀਂ ਰਹਿਣੀ, ਕਿਉਂਕਿ ਸਾਡੇ ਲਈ ਫਿਰ ਹਰ ਰੋਜ ਹੀ ਮਨੁੱਖੀ ਅਧਿਕਾਰ ਦਿਵਸ਼ ਹੋਇਆ ਕਰੇਗਾ।  ਫਿਰ ਅਜਿਹੀ ਮਨੁੱਖਤਾ ਵਾਰੇ ਹੀ ਗੁਰੂ ਸਾਹਿਬ ਜੀ ਫੁਰਮਾਉਂਦੇ ਹਨ ਕਿ :- ਧਨਾਸਰੀ ਮ૾ ੫ ॥ ਕਰਿ ਕਿਰਪਾ ਦੀਓ ਮੋਹਿ ਨਾਮਾ ਬੰਧਨ ਤੇ ਛੁਟਕਾਏ ॥ ਮਨ ਤੇ ਬਿਸਰਿਓ ਸਗਲੋ ਧੰਧਾ ਗੁਰ ਕੀ ਚਰਣੀ ਲਾਏ ॥੧॥ ਸਾਧਸੰਗਿ ਚਿੰਤ ਬਿਰਾਨੀ ਛਾਡੀ ॥ ਅਹੰਬੁਧਿ ਮੋਹ ਮਨ ਬਾਸਨ ਦੇ ਕਰਿ ਗਡਹਾ ਗਾਡੀ ॥੧॥ ਰਹਾਉ ॥ ਨਾ ਕੋ ਮੇਰਾ ਦੁਸਮਨੁ ਰਹਿਆ ਨਾ ਹਮ ਕਿਸ ਕੇ ਬੈਰਾਈ ॥ ਬ੍ਰਹਮੁ ਪਸਾਰੁ ਪਸਾਰਿਓ ਭੀਤਰਿ ਸਤਿਗੁਰ ਤੇ ਸੋਝੀ ਪਾਈ ॥੨॥ ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ ॥ ਦੂਰਿ ਪਰਾਇਓ ਮਨ ਕਾ ਬਿਰਹਾ ਤਾ ਮੇਲੁ ਕੀਓ ਮੇਰੈ ਰਾਜਨ ॥੩॥ ਬਿਨਸਿਓ ਢੀਠਾ ਅੰਮ੍ਰਿਤੁ ਵੂਠਾ ਸਬਦੁ ਲਗੋ ਗੁਰ ਮੀਠਾ ॥ ਜਲਿ ਥਲਿ ਮਹੀਅਲਿ ਸਰਬ ਨਿਵਾਸੀ ਨਾਨਕ ਰਮਈਆ ਡੀਠਾ ॥੪॥੩॥ (ਗੁਰੂ ਗ੍ਰੰਥ ਸਾਹਿਬ ਜੀ ਪੰਨਾ ਨੰਬਰ 671)


ਹਰਲਾਜ ਸਿੰਘ ਬਹਾਦਰਪੁਰ,
ਪਿੰਡ ਤੇ ਡਾਕਖਾਨਾ ਬਹਾਦਰਪੁਰ,       
ਤਹਿਸੀਲ ਬੁੱਢਲਾਡਾ, ਜਿਲਾ ਮਾਨਸਾ ਪੰਜਾਬ ।
ਪਿੰਨ ਕੋਡ :-151501, ਫੋਨ ਨੰਬਰ :- 9417023911
 harlajsingh7@gmail.com

09 Dec. 2018

ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਬਾਬਾ ਜੀ, - ਹਰਲਾਜ ਸਿੰਘ ਬਹਾਦਰਪੁਰ

ਬਾਬਾ ਨਾਨਕ ਜੀ, ਆਪ ਜੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਜੀ । ਬਾਬਾ ਜੀ ਇੱਕ ਬੇਨਤੀ ਹੈ ਕਿ ਗੁੱਸਾ ਨਾ ਕਰਿਓ, ਕਿਉਂਕਿ ਅਸੀਂ ਭੁਲਣਹਾਰ ਜੀਵ ਹਾਂ । ਬਾਬਾ ਜੀ ਤੁਸੀਂ ਬਿਨਾ ਸੱਕ ਆਪਣੀ ਵਿਚਾਰਧਾਰਾ (ਗੁਰਬਾਣੀ) ਰਾਹੀਂ ਸੰਸਾਰ ਨੂੰ ਪੁਜਾਰੀਆਂ ਅਤੇ ਰਾਜਿਆਂ ਦੇ ਚੱਕਰਾਂ ਵਿੱਚੋਂ ਕੱਢਣ ਲਈ ਸਾਨੂੰ ਬਹੁਤ ਸਮਝਾਇਆ ਸੀ । ਪਰ ਤੁਸੀਂ ਆਪਣੇ ਜਨਮ ਦਿਨ ਨੂੰ ਸਪੱਸਟ ਨਾ ਕਰਕੇ ਆਪਣੇ ਪਿਆਰੇ ਸਿੱਖਾਂ ਨੂੰ ਚੱਕਰਾਂ ਵਿੱਚ ਹੀ ਪਾ ਕੇ ਗਏ ਹੋਂ।ਬਾਬਾ ਜੀ ਨਾ ਤਾਂ ਤੁਸੀਂ ਕੋਈ ਅਣਪੜ ਸੀ ਨਾ ਹੀ ਅਣਜਾਣ ਸੀ, ਕਿਉਂਕਿ ਤੁਸੀਂ ਤਾਂ ਆਪਣੀ ਅਤੇ ਆਪਣੇ ਤੋਂ ਪਹਿਲਾਂ ਦੇ ਅਤੇ ਆਪਣੇ ਸਮਕਾਲੀ ਭਗਤਾਂ ਦੀ ਬਾਣੀ ਨੂੰ ਵੀ ਲਿਖ ਕੇ ਸਾਂਭਿਆ ਸੀ, ਪਰ ਨਾਂ ਤੁਸੀਂ ਕਿਸੇ ਭਗਤ ਦੀ ਜਨਮ ਮਿਤੀ ਲਿਖ ਕੇ ਸਾਂਭੀ ਨਾ ਆਪਣੀ, ਅਸੀਂ ਹੁਣ ਚੱਕਰਾਂ ਵਿੱਚ ਪਏ ਫਿਰਦੇ ਹਾਂ ਕਿ ਤੁਹਾਡਾ ਜਨਮ ਦਿਨ ਕਿਸ ਤਾਰੀਖ ਨੂੰ ਮੰਨਾਈਏ । ਕੋਈ ਸ਼ੱਕ ਨਹੀਂ ਹੈ ਕਿ ਤੁਸੀਂ ਪੁਜਾਰੀ ਦੇ ਜਾਲ ਨੂੰ ਤੋੜ ਸੁਟਿਆ ਸੀ, ਪਰ ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਅਸੀਂ ਉਸੇ ਪੁਜਾਰੀ ਦੇ ਜਾਲ ਵਿੱਚ ਬੁਰੀ ਤਰਾਂ ਫਸ ਚੁੱਕੇ ਹਾਂ । ਹਰ ਤਰਾਂ ਦੇ ਚੱਕਰਾਂ ਵਿੱਚੋਂ ਕੱਢਣ ਵਾਲੀ ਤੇਰੀ ਬਾਣੀ ਨੂੰ ਵਿਚਾਰਨ ਦਾ ਤਾਂ ਸਾਡੇ ਕੋਲ ਸਮਾਂ ਹੀ ਨਹੀਂ ਹੈ, ਕਿੳੇਂਕਿ ਸਾਨੂੰ ਤਾਂ ਜਨਮ ਦਿਨਾਂ ਤੋਂ ਹੀ ਵਿਹਲ ਨਹੀਂ ਮਿਲਦੀ, ਤੁਹਾਨੂੰ ਤਾਂ ਪਤਾ ਹੀ ਹੈ ਕਿ ਦਸ ਤਾਂ ਤੁਸੀਂ ਗੁਰੂ ਹੀ ਹੋ ਗਏ, ਹੋਰ ਭਗਤ ਵੀ ਕਿੰਨੇ ਹਨ, ਕਿੰਨੇ ਸਿੱਖ ਸ਼ਹੀਦ ਹੋ ਗਏ , ਤੁਹਾਡੇ ਦਸਮੇ ਜਾਮੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਜੰਗਾਂ ਤੋਂ ਲੈ ਕੇ, ਅੱਜ ਤੱਕ ਸਹੀਦੀਆਂ ਜਾਰੀ ਹਨ, ਹੋਰ ਸੰਤ, ਮਹਾਂਪੁਰਸ਼, ਬ੍ਰਹਮ ਗਿਆਨੀ ਬਹੁਤ ਹੋ ਗਏ ਹਨ, ਜੇ ਸੱਭ ਦੇ ਜਨਮ ਅਤੇ ਸ਼ਹੀਦੀ ਦਿਹਾੜੇ ਮੰਨਾਈਏ, ਤਾਂ ਸਾਡੇ ਕੋਲ ਤਾਂ ਸਮਾਂ ਹੀ ਨਹੀਂ ਬਚਦਾ ਹੋਰ ਕੁੱਝ ਕਰਨ ਲਈ, ਫਿਰ ਇੱਕ ਜਨਮ ਦਿਨ ਜਾਂ ਸਹੀਦੀ ਦਿਹਾੜੇ ਤੇ ਅਖੰਡ ਪਾਠ ਕਰਨ ਕਰਕੇ ਤਿੰਨ ਦਿਨ ਲੱਗ ਜਾਂਦੇ ਹਨ , ਲੈ ਹੁਣ ਤੁਸੀਂ ਹੀ ਦੱਸੋ ਕਿ ਅਸੀਂ ਗੁਰਬਾਣੀ ਪੜ੍ਹ ਕੇ ਸਮਝਣ ਦੀ ਕੋਸਿਸ ਕਰੀਏ ਜਾਂ ਦਿਨ ਮੰਨਾਈਏ ? ਬਾਬਾ ਜੀ ਹੁਣ ਤਾਂ ਹੋਰ ਵੀ ਪੰਗਾ ਪੈ ਗਿਆ ਹੈ, ਤੁਹਾਡੇ ਸਾਰਿਆਂ ਦੇ ਜਨਮ ਦਿਨ ਵੀ ਦੂਹਰੇ (ਡਬਲ) ਮਨਣ ਲੱਗ ਗਏ ਹਨ, ਕੁੱਝ ਗੁਰ ਸਿੱਖ ਤੁਹਾਡਾ ਜਨਮ ਦਿਨ ਕੱਤਕ (ਐਤਕੀ) ਮੱਘਰ ਵਿੱਚ ਮਨਾ ਰਹੇ ਹਨ, ਕੁੱਝ ਗੁਰ ਸਿੱਖ ਵੈਸਾਖ ਵਿੱਚ ਮਨਾ ਰਹੇ ਹਨ। ਦੁੱਖ ਦੀ ਗੱਲ ਇਹ ਹੈ ਕਿ ਸਾਰੇ ਸੰਸਾਰ ਨੂੰ ਦੁਬਿਧਾ ਵਿੱਚੋਂ ਕੱਢਣ ਵਾਲੇ ਸਤਿਗੁਰਾ ਅਸੀਂ ਤਾਂ ਹੁਣ ਤੇਰੇ ਨਾਮ ਤੇ ਹੀ ਦੁਬਿਧਾ ਵਿੱਚ ਪੈ ਰਹੇ ਹਾਂ। ਇਸ ਦੁਬਿਧਾ ਕਾਰਨ ਕਈ ਬਾਰ ਤਾਂ ਅਸੀਂ ਤੁਹਾਨੂੰ ਹੀ ਗਲਤ ਸਮਝਣ ਦੀ ਗਲਤੀ ਕਰ ਲੈਂਦੇ ਹਾਂ, ਕਈ ਬਾਰ ਆਪਣੇ ਆਪ ਨੂੰ ਵੀ ਗਲਤ ਸਮਝ ਲੈਂਦੇ ਹਾਂ। ਜਦੋਂ ਤਾਂ ਤੁਹਾਨੂੰ ਗਲਤ ਸਮਝਦੇ ਹਾਂ ਉਦੋਂ ਤਾਂ ਕਹਿੰਦੇ ਹਾਂ ਕਿ ਤੁਸੀਂ ਆਪਣੀ ਸਹੀ ਜਨਮ ਤਾਰੀਖ ਕਿਉਂ ਨਹੀਂ ਲਿਖ ਕੇ ਗਏ । ਜਦੋਂ ਸੋਚਦੇ ਹਾਂ ਕਿ ਤੁਸੀਂ ਤਾਂ ਗਲਤ ਨਹੀਂ ਹੋ ਸਕਦੇ, ਫਿਰ ਸੋਚਦੇ ਹਾਂ ਕਿ ਆਪਾਂ ਹੀ ਗਲਤ ਜੇ ਜਨਮ ਤਾਰੀਖ ਦੀ ਲੋੜ ਹੁੰਦੀ ਤਾਂ ਉਹ ਜਰੂਰ ਲਿਖ ਕੇ ਜਾਂਦੇ, ਕਿਉਂਕਿ ਤੁਸੀਂ ਸਰੀਰਾਂ (ਦੇਹਾਂ) ਨਾਲ ਜੋੜਨ ਜਾਂ ਸਰੀਰਾਂ ਦੇ ਜਨਮ ਮਰਨ ਦੀ ਥਾਂ ਸੋਚ, ਸਿਧਾਂਤ, ਜਮੀਰਾਂ ਅਤੇ ਮਨੁੱਖਤਾ ਦੇ ਭਲੇ ਦੀ ਗੱਲ ਕਰਦੇ ਸੀ, ਫਿਰ ਸੋਚਦੇ ਹਾਂ ਕਿ ਜੇ ਲਿਖ ਵੀ ਜਾਂਦੇ ਫਿਰ ਵੀ ਕੀ ਹੋ ਜਾਂਦਾ, ਗੁਰਬਾਣੀ ਤਾਂ ਉਹ ਲਿਖ ਕੇ ਦੇ ਕੇ ਹੀ ਗਏ ਹਨ, ਆਪਾਂ ਨੇ ਉਹਨਾ ਦੇ ਲਿਖ ਕੇ ਦਿੱਤੇ ਉਤੇ ਕਿੰਨਾ ਕੁ ਅਮਲ ਕਰ ਲਿਆ ਹੈ। ਬਾਬਾ ਜੀ ਗੁਰਬਾਣੀ ਨੂੰ ਪੜ੍ਹ ਬੁੱਝ ਮਨ ਵਿੱਚ ਵਸਾ ਕੇ ਆਪਣਾ ਜਨਮ ਸੰਵਾਰ ਕੇ ਚੱਕਰਾਂ ਵਿੱਚੋਂ ਨਿਕਲਣ ਦੀ ਥਾਂ ਅਸੀਂ ਤਾਂ ਤੇਰਾ ਹੀ ਜਨਮ ਸਰਟੀਫਿਕੇਟ ਬਣਾਉਣ ਲਈ ਚੱਕਰਾਂ ਵਿੱਚ ਪਏ ਭੱਜੇ ਫਿਰਦੇ ਹਾਂ, ਪਤਾ ਨੀ ਤੈਨੂੰ ਕਿੱਥੇ ਭਰਤੀ ਕਰਵਾਉਣਾ ਹੈ ? ਅਸਲ ਗੱਲ ਤਾਂ ਬਾਬਾ ਜੀ ਇਹ ਹੈ, ਕਿ ਜੇ ਅਸੀਂ ਤੁਹਾਡੀ ਬਾਣੀ ਪੜ ਕੇ ਵਿਚਾਰੀਏ ਤਾਂ ਸਾਨੂੰ ਭੈਅ ਆਉਂਦਾ ਹੈ ਕਿਉਂਂਕਿ ਅਸੀਂ ਤਾਂ ਸਾਰਾ ਕੁੱਝ ਹੀ ਤੁਹਾਡੇ ਤੋਂ ਉਲਟ ਕਰ ਰਹੇ ਹਾਂ, ਜੇ ਤੁਹਾਡੀ ਮੰਨਾਗੇ ਤਾਂ ਸਾਨੂੰ ਆਪਣੀ ਮੱਤ ਛੱਡਣੀ ਪਵੇਗੀ, ਅਸੀਂ ਆਪਣੀ ਮੱਤ ਵੀ ਨਹੀਂ ਛੱਡ ਸਕਦੇ। ਅਸੀਂ ਤੁਹਾਨੂੰ ਵੀ ਬਹੁਤ ਪਿਆਰ ਕਰਦੇ ਹਾਂ ਕਿਉਂਕਿ ਸਾਡੇ ਸਿੱਖ ਧਰਮ ਦੇ ਮੋਢੀ ਤੁਸੀਂ ਹੀ ਹੋਂ ਇਸ ਲਈ ਤੁਹਾਨੂੰ ਵੀ ਨਹੀਂ ਛੱਡ ਸਕਦੇ, ਜੇ ਤੁਹਾਨੂੰ ਛੱਡਦੇ ਹਾਂ ਫਿਰ ਸਾਡੀ ਸਿੱਖੀ ਵੀ ਗਈ ਤੇ ਸਿੱਖ ਧਰਮ ਵੀ ਗਿਆ, ਜੇ ਤੁਹਾਡੀ ਬਾਣੀ ਨੂੰ ਮੰਨਦੇ ਹਾਂ ਫਿਰ ਅਸੀਂ ਵੀ ਗਏ ਅਤੇ ਸਾਡੀ ਮੱਤ ਵੀ ਗਈ। ਇਸ ਲਈ ਅਸੀਂ ਨੇ ਤੁਹਾਡੀ ਕਿਰਪਾ ਨਾਲ ਸੋਚ ਸਮਝ ਕੇ ਵਿਚਕਾਰਲਾ ਰਸਤਾ ਚੁਣ ਲਿਆ ਹੈ, ਜਿਸ ਨਾਲ ਅਸੀਂ ਤੁਹਾਡੇ ਸਿੱਖ ਵੀ ਰਹਾਂਗੇ, ਸਾਡਾ ਸਿੱਖ ਧਰਮ ਵੀ ਰਹੇਗਾ, ਤੁਸੀਂ ਸਾਡੇ ਗੁਰੂ ਵੀ ਰਹੋਂਗੇ, ਸਾਡੀ ਮੱਤ ਵੀ ਰਹੇਗੀ, ਤੁਹਾਡੀ ਗੁਰਬਾਣੀ ਨੂੰ ਵਿਚਾਰ ਕੇ ਮੰਨਣ ਦੀ ਵੀ ਲੋੜ ਨਹੀਂ ਰਹਿਣੀ, ਤੁਹਾਡਾ ਸਤਿਕਾਰ ਵੀ ਕਾਇਮ ਰਹੇਗਾ, ਕਿਸੇ ਹੋਰ ਨੂੰ ਸਾਡੇ ਅਤੇ ਤੁਹਾਡੇ ਉੱਤੇ ਕੋਈ ਸ਼ੱਕ ਵੀ ਨਹੀਂ ਰਹੇਗਾ ਕਿ ਅਸੀਂ ਤੇਰੀ ਗੱਲ ਨਹੀਂ ਮੰਨਦੇ । ਇਸ ਲਈ ਅਸੀਂ ਤੁਹਾਡੇ ਦਿਨ (ਜਨਮ ਦਿਨ ਅਤੇ ਸਹੀਦੀ ਦਿਨ) ਧੂਮ ਧਾਮ ਨਾਲ ਮੰਨਾਉਂਦੇ ਰਹਾਂਗੇ ਜੀ । ਬਾਕੀ ਤੁਸੀਂ ਤਾਂ ਅੰਤਰਜਾਮੀ ਹੋਂ ਸਾਡੇ ਦਿਲਾਂ ਦੀਆਂ ਵੀ ਜਾਣਦੇ ਹੋਂ, ਕਿ ਅਸੀਂ ਤੁਹਾਨੂੰ ਅਤੇ ਗੁਰਬਾਣੀ ਨੂੰ ਕਿੰਨਾ ਸਤਿਕਾਰ ਦਿੰਦੇ ਹਾਂ, ਬਾਣੀ ਬਾਰੇ ਵੀ ਤੁਹਾਨੂੰ ਪਤਾ ਹੀ ਹੈ ਕਿ ਉਹ ਸਾਨੂੰ ਕੀ ਕਹਿੰਦੀ ਹੈ ਅਤੇ ਅਸੀਂ ਉਸ ਉਤੇ ਕਿੰਨਾ ਕੁ ਅਮਲ ਕਰਦੇ ਹਾਂ, ਇਸ ਲਈ ਜਿਆਦਾ ਲੰਮੀ ਗੱਲ ਕਰਨ ਦਾ ਵੀ ਕੋਈ ਫਾਇਦਾ ਨਹੀਂ ਹੈ ਨਾ ਹੀ ਇੰਨਾ ਸਮਾਂ ਹੈ, ਕਿਉਂਕਿ ਤੁਹਾਨੂੰ ਵੀ ਪਤਾ ਹੀ ਹੈ ਕਿ ਅਸੀਂ ਇਸ ਸਮੇਂ ਤੁਹਾਡਾ ਜਨਮ ਦਿਨ ਮੰਨਾ ਰਹੇ ਹਾਂ, ਚੰਗਾ ਬਾਬਾ ਜੀ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ, ਅਕਾਲ ਪੁਰਖ ਸਾਨੂੰ ਸੁਮੱਤ ਬਖਸੇ ਜੀ ॥ਹਰਲਾਜ ਸਿੰਘ ਬਹਾਦਰਪੁਰ, ਪਿੰਡ ਤੇ ਡਾਕਖਾਨਾ ਬਹਾਦਰਪੁਰ, 
ਤਹਿਸੀਲ ਬੁੱਢਲਾਡਾ, ਜਿਲਾ ਮਾਨਸਾ ਪੰਜਾਬ ।
ਪਿੰਨ ਕੋਡ :-151501
ਫੋਨ ਨੰਬਰ :- 9417023911,  harlajsingh7@gmail.com

22-11-2018

ਗੁਰਬਾਣੀ ਦਾ ਸਿਧਾਂਤ, ਅਜੋਕੇ ਸਿੱਖ ਅਤੇ ਕੁੱਝ ਆਪਣੇ ਵਾਰੇ, ਹਰਲਾਜ ਸਿੰਘ ਬਹਾਦਰਪੁਰ।

ਗੁਰੂ ਗ੍ਰੰਥ ਸਾਹਿਬ ਜੀ ਦੀ ਸੱਭ ਤੋਂ ਵੱਧ ਬੇਅਦਵੀ ਅਸੀਂ ਸਿੱਖ ਹੀ ਕਰਦੇ ਹਾਂ!

ਜਦੋਂ ਮੈਂ (ਹਰਲਾਜ ਸਿੰਘ ਨੇ) 1990 ਵਿੱਚ ਅੰਮ੍ਰਿਤ ਛੱਕਿਆ (ਖੰਡੇ ਦੀ ਪਾਹੁਲ ਲਈ) ਸੀ, ਉਦੋਂ ਦਿਮਾਗ ਵਿੱਚ ਇਹੀ ਸੋਚ ਹੁੰਦੀ ਸੀ ਕਿ ਹਿੰਦੂ ਅਤੇ ਮੁਸਲਿਮ ਧਰਮਾਂ ਵਿੱਚ ਤਾਂ ਨਿਰਾ ਪਖੰਡ ਹੈ, ਜੇ ਸਹੀ ਹੈ ਤਾਂ ਸਿਰਫ ਸਿੱਖ ਧਰਮ ਹੀ ਸਹੀ ਹੈ। ਸ਼ੁਰੂ ਵਿੱਚ ਦਮਦਮੀ ਟਕਸਾਲ ਦੀਆਂ ਪੁਸਤਕਾਂ ਗੁਰਬਾਣੀ ਪਾਠ ਦਰਸ਼ਨ ਆਦਿ ਪੜ੍ਹੀਆਂ, ਟਕਸਾਲ ਦੀ ਮਰਯਾਦਾ ਨਿਭਾਉਣੀ ਸ਼ੁਰੂ ਕੀਤੀ, ਸਵੇਰੇ ਪੰਜ ਬਾਣੀਆਂ ਦਾ ਨਿਤਨੇਮ, ਸ਼ਾਮ ਨੂੰ ਰਹਿਰਾਸ, ਸੋਹਿਲਾ ਸਾਹਿਬ ਦਾ ਪਾਠ, ਉਸ ਸਮੇ ਸਹੀਦ ਹੁੰਦੇ ਸਿੰਘਾਂ ਦੇ ਨਮਿੱਤ ਚੌਪਈ ਸਾਹਿਬ ਦੇ ਪਾਠ ਕਰਨੇ, ਸੰਤਾਂ ਦੇ ਦਿਵਾਨਾ ਵਿੱਚ ਹਾਜਰੀਆਂ ਭਰਨੀਆਂ। ਫਿਰ 1995 ਵਿੱਚ ਇੱਕ ਦੋਸਤ ਪ੍ਰੇਰ ਕੇ ਅਖੰਡ ਕੀਰਤਨੀ ਜੱਥੇ ਵਿੱਚ ਲੈ ਗਿਆ, ਫਿਰ ਬਿਬੇਕੀ ਸਿੰਘ ਬਣ ਗਏ, ਢਾਈ ਕੁ ਸਾਲ ਰੋਜਾਨਾ ਠੰਡੇ ਪਾਣੀ ਨਾਲ ਕੇਸ਼ੀ ਇਸ਼ਨਾਨ ਕਰਨਾ, ਨਿਤਨੇਮ ਦੀਆਂ ਬਾਣੀਆਂ ਤੋਂ ਇਲਾਵਾ ਵਾਹਿਗੁਰੂ ਸ਼ਬਦ ਦਾ ਸਿਮਰਨ ਕਰਨਾ, ਲੋਹੇ ਦੇ ਭਾਂਡੇ ਵਰਤਣੇ, ਆਮ ਕਿਸੇ ਦੇ ਹੱਥੋਂ ਰੋਟੀ ਪਾਣੀ ਨਾ ਛੱਕਣਾ ਆਦਿ ਕਰਮ ਕਾਂਢ ਕੀਤੇ। ਫਿਰ 2000 ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦਾ ਯੁਨਿਟ ਕਾਇਮ ਕੀਤਾ। ਇਸ ਤੋਂ ਬਾਅਦ ਸਿੱਖ ਮਿਸ਼ਨਰੀ ਕਾਲਜ ਲੁਧਿਆਣੇ ਨਾਲ ਜੁੜਿਆ, ਘਰ ਬੈਠ ਕੇ ਦੋ ਸਾਲਾ ਕੋਰਸ ਕੀਤਾ, ਜਿਸ ਨਾਲ ਮਨ ਵਿੱਚੋਂ ਟਕਸਾਲ ਅਤੇ ਅਖੰਡ ਕੀਰਤਨੀ ਜੱਥਾ ਤਾਂ ਨਿਕਲ ਗਿਆ ਪਰ ਅੰਧ ਵਿਸ਼ਵਾਸ ਨਹੀਂ ਗਿਆ, ਫਿਰ ਅਕਾਲ ਤਖਤ ਦੀ ਮਰਯਾਦਾ ਅਤੇ ਹੁਕਮਨਾਮੇ ਨੂੰ ਪਵਿੱਤਰ ਮੰਨ ਕੇ, ਜੱਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਵੱਲੋਂ ਜਾਰੀ ਹੁਕਮਨਾਮੇ ਅਨੁਸਾਰ ਸਾਧਾਂ ਦੇ ਡੇਰਿਆਂ ਤੋਂ ਗੁਰੂ ਗ੍ਰੰਥ ਸਾਹਬਿ ਜੀ ਦਾ ਪ੍ਰਕਾਸ ਰੋਕਣ ਲਈ 2002 ਵਿੱਚ ਡੇਰੇਦਾਰ ਸਾਧਾਂ ਨਾਲ ਲੜਨਾ ਸ਼ੁਰੂ ਕੀਤਾ, ਡੇਰਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਹੁੰਦੇ ਪ੍ਰਕਾਸ ਬੰਦ ਕਰਵਾਏ। ਸਪੋਕਸਮੈਨ ਮਾਸਿਕ ਨਾਲ ਤਾਂ 2001 ਤੋਂ ਹੀ ਜੁੜੇ ਹੋਏ ਸੀ, ਦਸੰਬਰ 2005 ਵਿੱਚ ਸਪੋਕਸਮੈਨ ਰੋਜਾਨਾ ਅਖਵਾਰ ਦੇ ਰੂਪ ਵਿੱਚ ਸ਼ੁਰੂ ਹੋ ਗਿਆ, ਫਿਰ ਸਿੱਖ ਕੌਮ ਦੀ ਸੇਵਾ ਮੰਨ ਕੇ ਸਪੋਕਸਮੈਨ ਦੀ ਸੇਵਾ ਸ਼ੁਰੂ ਕੀਤੀ, ਜੋ ਚਾਰ ਸਾਲ ਅੰਧ ਭਗਤ ਬਣ ਕੇ ਨਿਭਾਈ। ਸਾਧਾਂ ਵੱਲੋਂ ਦਲਿਤਾਂ ਨਾਲ ਕੀਤੇ ਜਾਂਦੇ ਮਾੜੇ ਵਿਹਾਰ ਦੀਆਂ ਖਬਰਾਂ ਲਾਈਆਂ, ਸਾਧਾਂ ਨੇ ਕੇਸ ਦਰਜ ਕਰਵਾਏ, ਸਪੋਕਸਮੈਨ ਦੀ ਪੱਤਰਕਾਰੀ ਛੱਡਣ ਤੋਂ ਬਾਅਦ ਸੰਮਣ ਆਏ, ਅਦਾਲਤਾਂ ਵਿੱਚ ਇਕੱਲੇ ਨੇ ਪੇਸ਼ੀਆਂ ਭੁਗਤੀਆਂ, ਵਕੀਲਾਂ ਦੀਆਂ ਫੀਸਾਂ ਦਿੱਤੀਆਂ, ਸਮਾਂ ਅਤੇ ਪੈਸਾ ਬਰਬਾਦ ਕੀਤਾ। ਇੱਥੋਂ ਵੀ ਕਾਫੀ ਕੁੱਝ ਸਿੱਖਣ ਨੂੰ ਮਿਲਿਆ, ਅਕਾਲ ਤਖਤ ਦੇ ਹੁਕਮਨਾਮੇ (ਜਿੰਨਾ ਦੀ ਸਮਝ ਤਾਂ ਸਾਧਾਂ ਨਾਲ ਲੜਦੇ ਸਮੇ ਹੀ ਆ ਗਈ ਸੀ) ਅਤੇ ਦਸਮ ਗ੍ਰੰਥ, ਗੁਰ ਬਿਲਾਸ ਪਾਤਸਾਹੀ ਛੇਵੀਂ ਆਦਿ ਦੀ ਅਸਲੀਅਤ ਵਾਰੇ ਵੀ ਪਤਾ ਲੱਗ ਗਿਆ। ਦਸੰਬਰ 2009 ਵਿੱਚ ਸਪੋਕਸਮੈਨ ਦੀ ਅਸਲੀਅਤ ਵੀ ਸਾਹਮਣੇ ਆ ਗਈ, ਫਿਰ ਇਹ ਵੀ ਦਿਮਾਗ ਵਿੱਚੋਂ ਨਿਕਲ ਗਿਆ। ਫਿਰ ਸਮਝ ਆਈ ਕਿ ਮਨਾ ਇਹ ਸੱਭ ਸਮਝਦਾਰ ਦੁਕਾਨਦਾਰਾਂ ਦੀਆਂ ਦੁਕਾਨਾ ਹਨ, ਆਪਾਂ ਤਾਂ ਇਹਨਾ ਦੁਕਾਨਾ ਦਾ ਸੌਦਾ ਹਾਂ, ਇਸ ਤੋਂ ਵੱਧ ਕੁੱਝ ਵੀ ਨਹੀਂ ਹਾਂ। ਜੋ ਦਿਮਾਗ ਵਿੱਚ ਇਹ ਸੋਚ ਸੀ ਕਿ ਹਿੰਦੂ ਅਤੇ ਮੁਸਲਿਮ ਧਰਮਾਂ ਵਿੱਚ ਤਾਂ ਨਿਰਾ ਪਖੰਡ ਹੈ, ਜੇ ਸਹੀ ਹੈ ਤਾਂ ਸਿਰਫ ਸਿੱਖ ਧਰਮ ਹੀ ਸਹੀ ਹੈ, ਇਹ ਗੱਲ ਵੀ ਜਾਂਦੀ ਰਹੀ। ਹੁਣ ਨਾ ਤਾਂ ਸਿੱਖ ਧਰਮ ਦੇ ਵਧੀਆ/ਉਤਮ ਹੋਣ ਦਾ ਮਾਣ ਹੈ, ਨਾ ਹਿੰਦੂ, ਮੁਸਲਿਮ ਆਦਿ ਧਰਮਾਂ ਦੇ ਗਲਤ ਹੋਣ ਦਾ ਗਿਲਾ ਹੈ।ਜਦੋਂ ਦੇ ਕਹੇ ਜਾਂਦੇ ਦਸਮ ਗ੍ਰੰਥ ਦੇ ਦਰਸ਼ਨ ਹੋਏ ਹਨ ਉਦੋਂ ਤੋਂ ਅੱਖਾਂ ਹੋਰ ਵੀ ਖੁਲ ਗਈਆਂ,ਹੁਣ ਜਿੰਨੀ ਕੁ ਸਮਝ ਆਈ ਹੈ, ਉਸ ਅਨੁਸਾਰ ਜਿੰਨਾ ਹਿੰਦੂ ਦੇਵੀ ਦੇਵਤਿਆਂ ਨੂੰ ਨਫਰਤ ਦੀ ਨਜਰ ਨਾਲ ਵੇਖਦਾ ਸੀ ਉਹਨਾ ਦਾ ਤਰਸ ਤੇ ਪਿਆਰ ਆਉਣ ਲੱਗ ਗਿਆ । ਹੁਣ ਸੋਚਦਾ ਹਾਂ ਕਿ ਮਨਾ ਹਿੰਦੂ ਦੇਵੀ ਦੇਵਤਿਆਂ ਦਾ ਇਤਹਾਸ (ਮਿਥਿਹਾਸ) ਹਜਾਰਾਂ ਸਾਲ ਪੁਰਾਣਾ ਤੇ ਪੁਜਾਰੀਆਂ ਦੇ ਕਬਜੇ ਵਿੱਚ ਹੈ ਇਸ ਨਾਲ ਕਿੰਨੀਆਂ ਬੇਇੰਸਾਫੀਆਂ ਹੋਈਆਂ ਹੋਣਗੀਆਂ। ਕਿਉਂਕਿ ਜਦੋਂ ਕੁੱਝ ਕੁ ਸਦੀਆਂ ਪਹਿਲਾਂ ਹੋਏ ਗੁਰੂ ਨਾਨਕ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਨਾਲ ਕਿੰਨੀਆਂ ਗੱਪ ਕਹਾਣੀਆਂ, ''ਕਹਾਣੀਆਂ ਵੀ ਉਹ ਜੋ ਉਹਨਾ ਦੀ ਸੋਚ (ਗੁਰਬਾਣੀ) ਦੇ ਵਿਰੁੱਧ ਹਨ'' ਜੋੜ ਦਿੱਤੀਆਂ ਗਈਆਂ ਹਨ ਤਾਂ ਫਿਰ ਉਹਨਾਂ ਹਜਾਰਾਂ/ਲੱਖਾਂ ਸਾਲ ਪਹਿਲਾਂ ਆਏ ਕਹੇ ਜਾਂਦੇ ਦੇਵੀ ਦੇਵਤਿਆਂ ਨਾਲ ਕੀ ਕੁੱਝ ਵਾਪਰਿਆ/ਜੋੜਿਆ ਗਿਆ ਹੋਵੇਗਾ। ਕਿਸੇ ਵੀ ਰਹਿਬਰ ਦੇ ਇਸ ਦੁਨੀਆਂ ਤੋਂ ਚਲੇ ਜਾਣ ਬਾਅਦ ਕੁੱਝ ਹੀ ਸਮੇ ਮਗਰੋਂ ਜੋ ਉਸ ਦੇ ਪੈਰੋਕਾਰ ਹੁੰਦੇ ਹਨ, ਉਹ ਪੁਜਾਰੀ ਹੀ ਹੁੰਦੇ ਹਨ ਜੋ ਉਸ ਦੇ ਪਦ ਚਿੰਨ੍ਹਾਂ ਤੇ ਚਲਣ ਦੀ ਵਜਾਏ  ਉਸ ਦੇ ਪ੍ਰਚਾਰਕ ਹੀ ਹੁੰਦੇ ਹਨ, ਬੱਸ ਫਿਰ ਇਹ ਪੁਜਾਰੀ ਸੱਭ ਨਾਲ ਉਵੇਂ ਹੀ ਕਰਦੇ ਹਨ ਅਤੇ ਕਰਦੇ ਆਏ ਹਨ ਜਿਵੇਂ ਅੱਜ ਵੀ ਕਰ ਰਹੇ ਹਨ । ਜਿਵੇਂ ਕਿ ਬਾਬੇ ਨਾਨਕ ਜੀ ਬਾਰੇ ਦੱਸਣ ਲਈ, ਕਿ ਉਹ ਕਿਹੋ ਜਿਹੇ ਸਨ, ਉਹਨਾ ਦੀ ਸਹੀ ਪਹਿਚਾਣ ਗੁਰਬਾਣੀ ਨੂੰ ਛੱਡ ਕੇ ਨਵੇਂ ਘੜੇ ਗਏ ਪਾਤਰ ਬਾਲੇ ਵਾਲੀ ਸਾਖੀ ਹੀ ਮੁੱਖ ਇਤਹਾਸ ਬਣ ਗਈ, ਗੁਰੂ ਗੋਬਿੰਦ ਸਿੰਘ ਜੀ ਦੇ ਬਹਾਦਰੀ ਭਰੇ ਇਤਹਾਸ ਦੀ ਥਾਂ ਕਾਲਪਨਿਕ ਬਚਿਤ੍ਰ ਨਾਟਕ (ਅਖੌਤੀ ਦਸਮ ਗ੍ਰੰਥ), ਗੁਰ ਬਿਲਾਸ ਪਾਤਸਾਹੀ ਛੇਵੀਂ ਅਤੇ ਸੂਰਜ ਪ੍ਰਕਾਸ ਵਰਗੀਆਂ ਪੁਸਤਕਾਂ ਨੂੰ ਸੱਚਾ ਇਤਹਾਸ ਬਣਾ ਧਰਿਆ । ਜਿਸ ਰਾਹੀਂ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਮੁੱਖ ਵਿੱਚ ਜਿੱਥੇ ਹਿੰਦੂ ਮਿਥਿਹਾਸ ਅਤੇ ਕਹਾਣੀਆਂ ਦਾ ਗੰਦ ਪਾਇਆ ਗਿਆ, ਉੱਥੇ ਗੁਰੂ ਗੋਬਿੰਦ ਸਿੰਘ ਜੀ ਨੂੰ ਵੇਸਵਾ ਦੇ ਡੇਰੇ ਜਾਂਦਾ ਵੀ ਵਿਖਾ ਦਿੱਤਾ ਗਿਆ ਹੈ । ਇਸ ਸਬੰਧ ਵਿੱਚ ਸਿਰਫ ਇੱਕ ਵੰਨਗੀਆਂ ਹੀ ਪੇਸ ਕਰਾਂਗਾ । ਗੁਰੂ ਜੀ ਨੂੰ ਵੇਸਵਾ ਦੇ ਡੇਰੇ ਭੇਜਣਾਂ -: ਚਲਯੋ ਧਾਰਿ ਆਤੀਤ ਕੋ ਭੇਸ ਰਾਈ ॥ ਮਨਾਪਨ ਬਿਖੈ ਸ੍ਰੀ ਭਗੌਤੀ ਮਨਾਈઠ ॥  ਚਲਯੋ ਸੋ ਤਤਾ ਕੇ ਫਿਰਯੋ ਨਾਹਿ ਫੇਰੇ ॥ ਧਸਯੋ ਜਾਇਕੈ ਵਾਤ੍ਰਿਯਾ ਕੇ ਸੁ ਡੇਰੇ ॥ (ਅਖੌਤੀ ਦਸਮ ਗ੍ਰੰਥਪੰਨਾ ਨੰ: 838")ਫਿਰ ਗੁਰੂ  ਗੋਬਿੰਦ ਸਿੰਘ ਜੀ ਤੋਂ ਉਸੇ ਵੇਸਵਾਂ ਨੂੰ ਵੀਹ ਹਜਾਰ ਟਕੇ ਛਿਮਾਹੀ ਦੇ ਦਿਵਾ ਦਿੱਤੇ :- ਛਿਮਾ ਕਰਹੁ ਤ੍ਰਿਯਹ ਮੈਂ ਬਹੁਰਿ ਨ ਕਰਯਿਹੁ ਰਾਂਧਿ ॥ ਬੀਸ ਸਹੰਸਰ ਟਕਾ ਤਿਸ ਦਈ ਛਿਮਾਹੀ ਬਾਂਧਿ ॥(ਅਖੌਤੀ ਦਸਮ ਗ੍ਰੰਥਪੰਨਾ ਨੰ: 844")ਕਿਸੇ ਨੇ ਪੂਰੀ ਕਹਾਣੀ ਪੜਨੀ ਹੋਵੇ ਪੰਨਾ ਨੰਬਰ ਲਿਖ ਦਿੱਤੇ ਹਨ ਉਹ ਅਖੌਤੀ ਦਸਮ ਗ੍ਰੰਥ ਵਿਚੋਂ ਪੜ ਸਕਦਾ ਹੈ । ਆਹ ਕੁੱਝ ਪੜ੍ਹ ਕੇ ਪਤਾ ਲੱਗਿਆ ਕਿ ਜਿਹੜੇ ਪੁਜਾਰੀ (ਲਿਖਾਰੀ) ਗੁਰੂ ਗੋਬਿੰਦ ਸਿੰਘ ਜੀ ਨੂੰ ਵੇਸਵਾ ਦੇ ਡੇਰੇ ਭੇਜ ਸਕਦੇ ਹਨ, ਉਹੀ ਕ੍ਰਿਸਨ ਭਗਵਾਨ ਤੋਂ ਤਲਾਅ ਵਿੱਚ ਨਹਾਉਂਦੀਆਂ ਕੁੜੀਆਂ ਦੇ ਕੱਪੜੇ ਵੀ ਚੁੱਕਾ ਸਕਦੇ ਹਨ। ਸਮਝ ਆਈ ਕਿ ਦੁਨੀਆਂ ਉਤੇ ਪੁਜਾਰੀਆਂ ਵੱਲੋਂ ਬਣਾਇਆ ਕੋਈ ਵੀ ਧਰਮ ਜਾਂ ਕੌਮ ਉਤਮ ਨਹੀਂ ਹੁੰਦੀ। ਜੋ ਵੀ ਧਰਮ ਜਾਂ ਕੌਮਾਂ ਬਣੀਆਂ ਹਨ ਉਹ ਬਣਦੀਆਂ ਤਾਂ ਸੱਚ ਦਾ ਹੋਕਾ ਦੇਣ ਵਾਲੇ ਸੱਚੇ ਰਹਿਬਰਾਂ ਦੇ ਨਾਮ ਤੇ ਹੀ ਹਨ, ਪਰ ਬਣਾਈਆਂ ਉਹਨਾ ਦੇ ਕਹੇ ਜਾਂਦੇ ਪੈਰੋਕਾਰਾਂ ਪੁਜਾਰੀਆਂ ਨੇ ਹੀ ਹੁੰਦੀਆਂ ਹਨ। ਕਿਉਂਕਿ ਸੱਚ ਦੇ ਆਸ਼ਕਾਂ, ਰਹਿਬਰਾਂ ਦਾ ਕੋਈ ਧਰਮ ਜਾਂ ਕੌਮ ਨਹੀਂ ਹੁੰਦੀ, ਉਹ ਤਾਂ ਸਮੁੱਚੀ ਲੋਕਾਈ ਨੂੰ ਇੱਕ ਪਿਤਾ ਦੀ ਸੰਤਾਨ ਮੰਨਦੇ ਹਨ ਅਤੇ ਉਹਨਾ ਸਾਰਿਆਂ ਦਾ ਧਰਮ (ਸੱਚ) ਵੀ ਇੱਕ ਹੀ ਹੁੰਦਾ ਹੈ। ਜਿਸ ਦਾ ਧਰਮ ਜਾਂ ਕੌਮ ਵੱਖਰੀ ਹੈ ਉਹ ਸਮੇ ਦੇ ਪੁਜਾਰੀਆਂ ਵੱਲੋਂ ਬਣਾਇਆ ਹਿੰਦੂ, ਮੁਸਲਿਮ, ਸਿੱਖ ਜਾਂ ਇਸਾਈ ਆਦਿ ਤਾਂ ਹੋ ਸਕਦਾ ਹੈ ਪਰ ਉਹ ਸਮੁੱਚੀ ਮਨੁੱਖਤਾ ਦਾ ਸੱਚਾ ਧਰਮ ਨਹੀਂ ਹੋ ਸਕਦਾ। ਮੇਰੇ ਲਈ ਸਾਰੇ ਧਰਮ ਇੱਕ ਬਰਾਬਰ ਹਨ ਕੋਈ ਉਤਮ ਜਾਂ ਮੱਧਮ ਨਹੀਂ ਹੈ। ਮੈ ਕਿਸੇ ਹਿੰਦੂ, ਮੁਸਲਿਮ, ਸਿੱਖ ਜਾਂ ਇਸਾਈ ਆਦਿ ਦਾ ਵਿਰੋਧੀ ਵੀ ਨਹੀਂ ਹਾਂ ਅਤੇ ਸੱਚਾ ਤੇ ਮਨੁੱਖਤਾ ਦਾ ਧਰਮ ਵੀ ਕਿਸੇ ਨੂੰ ਨਹੀਂ ਮੰਨਦਾ। ਕਿਉਂਕਿ ਸੱਚਾ ਧਰਮ ਤਾਂ ਸਿਰਫ ਇੱਕ ਹੀ ਹੈ ਇੰਨਸਾਨੀਅਤ, ਚੰਗੇ ਕਰਮ ਕਰਨੇ, ਰੱਬੀ ਅਸੂਲ, ਕੁਦਰਤ ਦਾ ਨਿਯਮ ਜੋ ਕਹੇ ਜਾਂਦੇ ਸਾਰੇ ਦੇਸਾਂ, ਧਰਮਾਂ, ਫਿਰਕਿਆਂ ਲਈ ਇੱਕਸਾਰ ਹੈ, ਉਹੀ ਸੱਚਾ ਤੇ ਉਤਮ ਧਰਮ ਹੈ। ਹੋਰ ਧਰਮਾਂ ਵਾਰੇ ਤਾਂ ਮੈਨੂੰ ਕੋਈ ਜਾਣਕਾਰੀ ਨਹੀਂ ਹੈ, ਪਰ ਗੁਰਬਾਣੀ ਪੜ ਕੇ ਜੋ ਜਾਣਕਾਰੀ ਮਿਲੀ ਹੈ, ਉਸ ਤੋਂ ਲੱਗਦਾ ਹੈ ਕਿ ਗੁਰਬਾਣੀ ਦੀ ਵਿਰੋਧਤਾ ਜਿੰਨੀ ਅਜੋਕੀ ਸਿੱਖ ਕੌਮ ਖੁਦ ਕਰ ਰਹੀ ਹੈ ਉਨੀ ਕੋਈ ਵਿਰੋਧੀ ਮੱਤ ਵਾਲਾ ਵੀ ਨਹੀਂ ਕਰ ਸਕਦਾ। ਵੇਖਣ ਸੁਣਨ ਵਿੱਚ ਤਾਂ ਬਹੁਤ ਕੁੱਝ ਹੈ, ਪਰ ਕੁੱਝ ਕੁ ਉਦਾਰਣਾ ਦੇਵਾਂਗਾ ਜੋ ਸੱਭ ਦੇ ਸਾਹਮਣੇ ਹਨ ਅਤੇ ਜਿੰਨਾ ਵਾਰੇ ਹੋਰ ਵੀ ਵੀਰ ਬਹੁਤ ਕੁੱਝ ਮੇਰੇ ਨਾਲੋਂ ਵੱਧ ਜਾਣਦੇ ਹਨ।
ਬਾਬੇ ਨਾਨਕ ਜੀ ਅਤੇ ਹੋਰ ਭਗਤਾਂ (ਜਿੰਨਾ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ) ਨੇ ਉਸ ਸਮੇ ਦੇ ਪਰਚਲਤ ਹਿੰਦੂ ਅਤੇ ਮੁਸਲਿਮ ਧਰਮਾਂ ਦੇ ਪੁਜਾਰੀਆਂ ਨੂੰ ਰੱਬ ਦੇ ਨਾਮ ਕੀਤੇ ਜਾ ਰਹੇ ਧਾਰਮਿਕ ਕਰਮ ਕਾਂਢਾਂ ਵਾਰੇ ਉਹਨਾ ਦੇ ਧਾਰਮਿਕ ਅਸਥਾਨਾ ਉੱਤੇ ਜਾ ਕੇ ਟੋਕ ਦਿਆਂ ਕਿਹਾ ਸੀ ਕਿ ਤੁਸੀਂ ਗਲਤ ਕਰ ਰਹੇ ਹੋਂ, ਰੱਬ ਦੇ ਨਾਮ ਤੇ ਲੋਕਾਈ ਨੂੰ ਮੂਰਖ ਬਣਾ ਕੇ ਲੁੱਟ ਰਹੇ ਹੋਂ, ਇਹ ਧਰਮ ਨਹੀਂ ਹੈ ਤੁਸੀਂ ਧਰਮ ਦੇ ਨਾਮ ਤੇ ਪਾਖੰਡ ਕਰ ਰਹੇ ਹੋਂ। ਪਰ ਸਦਕੇ ਜਾਈਏ ਪੁਜਾਰੀ ਦੀ ਸੋਚ ਤੋਂ, ਜਿਸ ਨੇ ਆਪਣਾ ਭੇਖ ਬਦਲ ਕੇ -: ਹਿੰਦੂ ਤੁਰਕ ਕਹਾ ਤੇ ਆਏ ਕਿਨਿ ਏਹ ਰਾਹ ਚਲਾਈ।(ਪੰਨਾ ਨੰਬਰ 477)ਦਾ ਹੋਕਾ ਦੇਣ ਵਾਲੇ ਬਾਬੇ ਨਾਨਕ ਜੀ ਦੇ ਨਾਮ ਤੇ ਹੀ ਇੱਕ ਹੋਰ ਨਵਾਂ ਧਰਮ ਖੜਾ ਕਰਕੇ, ਬਾਬੇ ਨਾਨਕ ਜੀ ਦੇ ਵਿਰੁੱਧ ਬਾਬੇ ਨਾਨਕ ਜੀ ਦੇ ਨਾਮ ਤੇ ਬਣੇ ਧਾਰਮਿਕ ਅਸਥਾਨਾਂ ਵਿੱਚ ਉਹੀ ਕੁੱਝ ਕਰਨਾ ਸ਼ੁਰੂ ਕਰ ਦਿੱਤਾ ਜਿਸ ਦਾ ਬਾਬੇ ਨਾਨਕ ਜੀ ਅਤੇ ਹੋਰ ਭਗਤਾਂ ਨੇ ਡੱਟ ਕੇ ਵਿਰੋਧ ਕੀਤਾ ਸੀ।
ਜਿਵੇਂ ਕਿ ਥਾਲ ਵਿੱਚ ਦੀਵੇ ਬਾਲ ਕੇ ਹਿੰਦੂ ਮਤਿ ਅਨੁਸਾਰ ਹੋ ਰਹੀ ਆਰਤੀ ਦਾ ਖੰਡਨ ਕਰਦਿਆਂ ਬਾਬਾ ਨਾਨਕ ਜੀ ਨੇ ਕਿਹਾ ਸੀ -: ਗਗਨ ਮੈ ਥਾਲੁ ਰਵਿ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ।ਧੂਪੁ ਮਲਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ।૴।(ਪੰਨਾ ਨੰਬਰ 13)ਅਤੇ -: ਨਾਮੁ ਤੇਰਾ ਦੀਵਾ ਨਾਮੁ ਤੇਰੋ ਬਾਤੀ ਨਾਮ ਤੇਰੋ ਤੇਲੁ ਲੇ ਮਾਹਿ ਪਸਾਰੇ।(ਪੰਨਾ ਨੰਬਰ 694)ਦਾ ਸੰਦੇਸ ਦੇਣ ਵਾਲੇ ਭਗਤ ਰਵਿਦਾਸ ਜੀ ਦੇ ਨਾਮ ਤੇ ਬਣੇ ਮੰਦਰਾਂ ਵਿੱਚ ਇਹੀ ਸ਼ਬਦ ਪੜਦਿਆਂ ਥਾਲਾਂ ਵਿੱਚ ਦੀਵੇ ਬਾਲ਼ ਕੇ ਆਰਤੀਆਂ ਕੀਤੀਆਂ ਜਾ ਰਹੀਆਂ ਹਨ। ਬਾਬੇ ਨਾਨਕ ਜੀ ਦੇ ਸਿੱਖ ਗੁਰੂ ਘਰਾਂ ਵਿੱਚ ਆਰਤੀ ਦਾ ਖੰਡਨ ਕਰਨ ਵਾਲਾ ਇਹੀ ਸ਼ਬਦ ਪੜਦਿਆਂ ਥਾਲ ਵਿੱਚ ਦੀਵੇ ਵਾਲ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਆਰਤੀਆਂ ਕਰ ਰਹੇ ਹਨ। ਮਨੁੱਖਤਾ ਵਿੱਚ ਗਿਆਨ ਦਾ ਪ੍ਰਕਾਸ਼ ਕਰਨ ਵਾਲੇ ਗੁਰੂ ਦੇ ਦਰਬਾਰ ਵਿੱਚ ਹਨੇਰ ਪਾਉਂਦਿਆਂ ਹੁਣ ਸ੍ਰੋਮਣੀ ਕਮੇਟੀ 26 ਅਕਤੂਬਰ ਨੂੰ ਗੁਰੂ ਰਾਮਦਾਸ ਜੀ ਦੇ ਗੁਰ ਪੁਰਬ ਮੌਕੇ ਚਾਰ ਲੱਖ ਦੀਵਾ ਬਾਲ਼ ਕੇ ਗੁਰੂ ਦੇ ਸਿਧਾਂਤ ਦਾ ਧੂਆਂ ਕੱਢਣ ਜਾ ਰਹੀ ਹੈ।
ਜਿਉਂਦੇ ਮਾਂ ਪਿਓ ਦੀ ਸੰਭਾਲ ਨਾ ਕਰਨੀ ਮਰਨ ਤੋਂ ਬਾਅਦ ਉਹਨਾ ਦੇ ਨਮਿਤ ਬ੍ਰਾਹਮਣਾ ਨੂੰ ਭੋਜਨ ਛਕਾਉਣਾ ਅਤੇ ਭੰਡਾਰੇ ਕਰਨ ਦਾ -: ਜੀਵਤ ਪਿਤਰ ਨ ਮਾਨੈ ਕੋਊ ਮੂਏ ਸਿਰਾਧ ਕਰਾਹੀ। ਪਿਤਰ ਭੀ ਬਪੁਰੇ ਕਹੁ ਕਿਉ ਪਾਵਹਿ ਕਊਆ ਕੂਕਰ ਖਾਹੀ।(ਪੰਨਾ ਨੰਬਰ 332)ਦੇ ਸ਼ਬਦ ਰਾਹੀ ਖੰਡਨ ਕਰਨ ਵਾਲੇ ਗੁਰੂ ਦੇ ਸਿੱਖ (ਅਸੀਂ) ਜਿਉਂਦੇ ਮਾਂ ਪਿਉਆਂ ਨੂੰ ਛੱਡ ਕੇ ਡੇਰਿਆਂ ਵਿੱਚ ਸੇਵਾ ਵੀ ਕਰਦੇ ਹਾਂ, ਇਹੀ ਸ਼ਬਦ ਪੜਦੇ ਹੋਏ ਮ੍ਰਿਤਕ ਪ੍ਰਾਣੀਆਂ ਨਮਿੱਤ ਭੰਡਾਰੇ ਵੀ ਕਰਦੇ ਹਾਂ ਅਤੇ ਬ੍ਰਾਹਮਣਾਂ ਨੂੰ ਜਾਂ ਬ੍ਰਾਹਮਣਾਂ ਦੀ ਦੀ ਥਾਂ ਸਿੱਖਾਂ ਨੂੰ ਸਿਰਾਧਾਂ ਵਿੱਚ ਭੋਜਨ ਵੀ ਛਕਾਉਦੇ ਹਾਂ।
ਸੱਚ ਦੇ ਜਿਸ ਗੁਰੂ ਦਰਬਾਰ ਵਿੱਚ ਅਸੀਂ (ਸਿੱਖ) ਜਿੱਥੇ ਬੈਠ ਕੇ -: ਕੂੜੁ ਸੁਇਨਾ ਕੂੜੁ ਰੁਪਾ ਕੂੜੁ ਪੈਨਣਹਾਰ। (ਪੰਨਾ ਨੰਬਰ 468)ਦੇ ਸ਼ਬਦ ਰਾਹੀਂ ਨਾਸਵੰਤ ਛਲ ਰੂਪ ਵਿਖਾਵੇ ਦਾ ਖੰਡਨ ਕਰਨ ਵਾਲੇ ਸਬਦਾਂ ਦਾ ਕੀਰਤਨ ਕਰਦੇ ਹਾਂ, ਉਸੇ ਗੁਰੂ ਦੇ ਦਰਬਾਰ ਨੂੰ ਹੀ ਅਸੀਂ (ਸਿੱਖਾਂ) ਨੇ ਸੁਇਨੇ ਵਿੱਚ ਮੜ੍ਹ ਦਿੱਤਾ ਹੈ, ਅਤੇ ਦਰਬਾਰ ਦੇ ਵਿੱਚ ਸੁਇਨੇ ਦੀਆਂ ਕਹੀਆਂ, ਚਾਂਦੀ ਦੇ ਬੱਠਲਾਂ ਨੂੰ ਰੱਖ ਕੇ ਸੱਚ ਦੇ ਦਰਬਾਰ ਵਿੱਚ ਸਰੇਆਮ ਕੂੜ ਦਾ ਪ੍ਰਦਰਸਨ ਕਰਦੇ ਹਾਂ।
ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ। ਗਲੀ ਜਿਨਾ ਜਪਮਾਲੀਆ ਲੋਟੇ ਹਥਿ ਨਿਬਗ। ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ।(ਪੰਨਾ ਨੰਬਰ 476)ਦਾ ਹੋਕਾ ਦੇਣ ਵਾਲੇ ਗੁਰੂ ਦੇ ਸਿੱਖ ਕਹਾਉਣ ਵਾਲੇ ਅਸੀਂ (ਸਿੱਖਾਂ) ਨੇ ਗੁਰੂਆਂ ਦੀਆਂ ਤਸਵੀਰਾਂ ਬਣਾ ਕੇ ਉਹਨਾ ਦੇ ਸਿਰ ਤੇ ਮਾਲ਼ਾ, ਗਲ਼ ਵਿੱਚ ਮਾਲ਼ਾ ਅਤੇ ਹੱਥ ਵਿੱਚ ਵੀ ਮਾਲ਼ਾ ਫੜਾ ਦਿੱਤੀ ਹੈ ਅਤੇ ਆਪ ਵੀ ਖੁਦ ਬੜੀ ਸ਼ਾਨ ਨਾਲ ਮਾਲ਼ਾ ਫੇਰਦੇ ਹਾਂ ।
ਕਿਸੇ ਮੂਰਤੀ ਤੇ ਚੜਾਉਣ ਲਈ ਕੁੱਝ ਕੁ ਫੁੱਲ ਪਤੀਆਂ ਤੋੜਨ ਵਾਲੀ ਮਾਲਨ ਨੂੰ ਟੋਕਦਿਆਂ ਭਗਤ ਕਬੀਰ ਜੀ ਨੇ ਕਿਹਾ ਸੀ -: ਪਾਤੀ ਤੋਰੈ ਮਾਲਿਨੀ ਪਾਤੀ ਪਾਤੀ ਜੀਉ। ਜਿਸੁ ਪਾਹਨ ਕਉ ਪਾਤੀ ਤੋਰੈ ਸੋ ਪਾਹਨ ਨਿਰਜੀਉ।1। ਭੂਲੀ ਮਾਲਨੀ ਹੈ ਏਉ। ਸਤਿਗੁਰ ਜਾਗਤਾ ਹੈ ਦੇਉ।(ਪੰਨਾ ਨੰਬਰ 479)ਪਰ ਅੱਜ ਭਗਤ ਕਬੀਰ ਜੀ ਦੇ ਪੈਰੋਕਾਰ ਕਹਾਉਣ ਵਾਲੇ ਅਸੀਂ (ਸਿੱਖ), ਕਰੋੜਾਂ ਰੁਪਏ ਦੇ ਫੁੱਲ ਉਸ ਦਰਬਾਰ ਤੇ ਸਜਾ ਰਹੇ ਹਾਂ ਜਿਸ ਦੇ ਵਿੱਚ ਬੈਠ ਕੇ ਪਾਤੀ ਤੋਰੈ ਮਾਲਿਨੀ ਪਾਤੀ ਪਾਤੀ ਜੀਉ। ਜਿਸੁ ਪਾਹਨ ਕਉ ਪਾਤੀ ਤੋਰੈ ਸੋ ਪਾਹਨ ਨਿਰਜੀਉ।1। ਭੂਲੀ ਮਾਲਨੀ ਹੈ ਏਉ। ਸਤਿਗੁਰ ਜਾਗਤਾ ਹੈ ਦੇਉ।ਦਾ ਸ਼ਬਦ ਪੜਦੇ ਹਾਂ । 
ਮੂਰਤੀਆਂ ਨੂੰ ਭੋਗ ਲਵਾਉਣ ਦਾ ਖੰਡਨ ਕਰਦਿਆਂ ਭਗਤ ਕਬੀਰ ਜੀ ਨੇ ਕਿਹਾ ਸੀ -: ਭਾਤੁ ਪਹਿਤਿ ਅਰੁ ਲਾਪਸੀ ਕਰਕਰਾ ਕਾਸਾਰੁ। ਭੋਗਨਹਾਰੇ ਭੋਗਿਆ ਇਸੁ ਮੂਰਤਿ ਕੇ ਮੁਖ ਛਾਰੁ।(ਪੰਨਾ ਨੰਬਰ 479)ਪਰ ਮੂਰਤੀਆਂ ਨੂੰ ਭੋਗ ਲਵਾਉਣ ਤੇ ਹਿੰਦੂਆਂ ਨੂੰ ਪਖੰਡੀ ਕਹਿਣ ਵਾਲੇ ਅਸੀਂ (ਸਿੱਖ) ਭੋਗਨਹਾਰੇ ਭੋਗਿਆ ਇਸੁ ਮੂਰਤਿ ਕੇ ਮੁਖ ਛਾਰੁ।ਦਾ ਸੰਦੇਸ਼ ਦੇਣ ਵਾਲੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਭੋਗ ਲਵਾ ਰਹੇ ਹਾਂ, ਹੈ ਕੋਈ ਰੋਕਣ ਵਾਲਾ।
ਕੋਠੇ ਤੇ ਚੜ ਕੇ ਊਚੀ ਅਵਾਜ ਵਿੱਚ ਦੁ ਕੁ ਮਿੰਟ ਦੀ ਦਿੱਤੀ ਗਈ ਬਾਂਗ ਲਈ ਕਾਜੀ ਨੂੰ ਟੋਕਦਿਆਂ ਭਗਤ ਕਬੀਰ ਜੀ ਨੇ ਕਿਹਾ ਸੀ -: ਕਬੀਰ ਮੁਲਾਂ ਮੁਨਾਰੇ ਕਿਆ ਚਢਹਿ ਸਾਂਈ ਨ ਬਹਰਾ ਹੋਇ। ਜਾ ਕਾਰਨਿ ਤੂੰ ਬਾਂਗ ਦੇਹਿ ਦਿਲ ਹੀ ਭੀਤਰਿ ਜੋਇ। ( ਪੰਨਾ ਨੰਬਰ 1374)ਪਰ ਅੱਜ ਭਗਤ ਕਬੀਰ ਜੀ ਦੇ ਪੈਰੋਕਾਰ ਕਹਾਉਣ ਵਾਲੇ ਅਸੀਂ (ਸਿੱਖ), ਕਬੀਰ ਮੁਲਾਂ ਮੁਨਾਰੇ ਕਿਆ ਚਢਹਿ ਸਾਂਈ ਨ ਬਹਰਾ ਹੋਇ।ਦਾ ਸੰਦੇਸ ਦੇਣ ਲਈ ਗੁਰੂ ਘਰ ਦੇ ਸਿਖਰ ਚਾਰ-ਚਾਰ ਸਪੀਕਰ ਲਾ ਕੇ ਦੋ ਘੰਟੇ ਕਿਸੇ ਨੂੰ ਕੰਨ ਪਾਈ ਨੀ ਸੁਣਨ ਦਿੰਦੇ।
ਇਹ ਕੁੱਝ ਕੁ ਸ਼ਬਦਾਂ ਦੇ ਹਵਾਲੇ ਹਨ, ਅਜਿਹੇ ਅਨੇਕਾਂ ਸ਼ਬਦ ਹਨ ਜਿੰਨਾ ਦੇ ਉਲਟ ਅਸੀ ਗੁਰੂ ਘਰਾਂ ਵਿੱਚ ਸ਼ਰੇਆਮ ਕਰਮ ਕਾਂਢ ਕਰਦੇ ਹਾਂ, ਫਿਰ ਕੀ ਅਸੀਂ ਸਿੱਖ ਹਾਂ ? ਕੀ ਗੁਰਬਾਣੀ ਦੇ ਵਿਰੁੱਧ ਅਜਿਹਾ ਕੁੱਝ ਕਰਕੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਵੀ ਨਹੀਂ ਕਰ ਰਹੇ ? ਮੈਨੂੰ ਤਾਂ ਲੱਗਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸੱਭ ਤੋਂ ਵੱਧ ਬੇਅਦਵੀ ਅਸੀਂ ਸਿੱਖ ਹੀ ਕਰਦੇ ਹਾਂ, ਪਰ ਸਾਡੀਆਂ ਸੰਪਰਦਾਈ ਜਾਂ ਫਿਰਕੂ ਲੜਾਈਆਂ ਕਾਰਨ ਜਾਂ ਪਾਗਲਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਬੇਅਦਵੀਆਂ ਦੀਆਂ ਘਟਨਾਵਾਂ ਨਾਲ ਸਾਡੇ ਹਿਰਦੇ ਵਿਲੂੰਦਰੇ ਜਾਂਦੇ ਹਨ। ਉੱਝ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਪੁਰਾਤਨ ਸਰੂਪਾਂ ਦੇ ਸੰਸਕਾਰ ਦੀ ਸੇਵਾ ਦੇ ਨਾਮ ਹੇਠ ਅਣਗਿਣਤ ਪੁਰਾਤਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਖੁਦ ਅਗਨ ਭੇਟ ਕਰ ਚੁੱਕੇ ਹਾਂ। ਜੇ ਦੁਸ਼ਮਣ ਕਿਸੇ ਬਹਾਨੇ ਸਾਡੇ ਗੁਰੂ ਘਰ ਨੂੰ ਢਾਹ ਦੇਵੇ ਤਾਂ ਉਸ ਨੂੰ ਜਾਨ ਤੋਂ ਮਾਰ ਦੇਣ ਤੋਂ ਬਾਅਦ ਵੀ ਉਸ ਦਾ ਦੋਸ਼ ਨਾ ਬਖਸਣ ਯੋਗ, ਨਾ ਭੁਲਣ ਯੋਗ ਹੁੰਦਾ ਹੈ, ਜੇ ਕਾਰ ਸੇਵਾ ਦੇ ਨਾਮ ਤੇ ਅਸੀਂ ਬਿਨਾ ਕਿਸੇ ਕਾਰਨ ਦੇ ਹੀ ਅਨੇਕਾਂ ਪੁਰਾਤਨ ਵਿਰਾਸਤਾਂ ਨੂੰ ਢਾਹ ਦੇਈਏ ਤਾਂ ਅਸੀਂ ਫਿਰ ਵੀ ਗੁਰੂ ਕੇ ਸੇਵਾਦਾਰ ਹੀ ਰਹਿੰਦੇ ਹਾਂ ? ਅਫਸੋਸ ਹੈ ਕਿ ਵਿਰਲੇ ਸਿੱਖਾਂ ਨੂੰ ਛੱਡ ਕੇ ਅੱਜ ਪੂਰੀ ਕੌਮ ਗੁਰਬਾਣੀ ਦੀ ਥਾਂ ਗੁਰਬਾਣੀ ਦੇ ਵਿਰੋਧੀ ਪੁਜਾਰੀ ਤੋਂ ਸੇਧ ਲੈ ਕੇ ਚੱਲ ਰਹੀ ਹੈ ਅਤੇ ਗੁਰਬਾਣੀ ਦੇ ਵਿਰੋਧ ਕਰਨ ਨੂੰ ਹੀ ਗੁਰਮਤਿ ਦਾ ਪ੍ਰਚਾਰ ਦੱਸ ਰਹੀ ਹੈ। ਇਹ ਸਨ ਮੇਰੇ, ਗੁਰਬਾਣੀ ਦਾ ਸਿਧਾਂਤ, ਅਜੋਕੇ ਸਿੱਖ ਅਤੇ ਕੁੱਝ ਆਪਣੇ ਵਾਰੇ ਵਿਚਾਰ ਜੋ ਕੁੱਝ ਕੁ ਨੂੰ ਚੰਗੇ ਅਤੇ ਬਹੁਤਿਆਂ ਨੂੰ ਮੰਦੇ ਵੀ ਲੱਗਣਗੇ, ਕੋਈ ਗੱਲ ਨਹੀਂ ਕਿਉਂਕਿ ਮੇਰੇ ਵਾਂਗ ਸੱਭ ਨੂੰ ਆਪੋ ਆਪਣੀ ਮੱਤ ਹੀ ਚੰਗੀ ਲੱਗਦੀ ਹੈ।

ਹਰਲਾਜ ਸਿੰਘ ਬਹਾਦਰਪੁਰ,     
ਪਿੰਡ ਤੇ ਡਾਕਖਾਨਾ ਬਹਾਦਰਪੁਰ,       
ਤਹਿਸੀਲ ਬੁੱਢਲਾਡਾ,
ਜਿਲਾ ਮਾਨਸਾ ਪੰਜਾਬ ।
ਪਿੰਨ ਕੋਡ :-151501
ਫੋਨ ਨੰਬਰ :- 9417023911
harlajsingh7@gmail.com              
  ਮਿਤੀ 19-10-2018

ਸਰਕਾਰਾਂ ਤੋਂ ਪੂਰੇ ਪੰਜਾਬ ਨੂੰ ਨਸ਼ਾ ਮੁਕਤ ਕਰਵਾਉਣ ਵਾਲਿਓ ਸਿਰਫ ਆਪਣੇ ਆਪਣੇ ਘਰ ਨੂੰ ਨਸ਼ਾ ਮੁਕਤ ਕਰ ਲਵੋ ਪੂਰਾ ਪੰਜਾਬ ਨਸ਼ਾ ਮੁਕਤ ਹੋ ਜਾਵੇਗਾ । - ਹਰਲਾਜ ਸਿੰਘ ਬਹਾਦਰਪੁਰ

ਮੈਂ ਨਸ਼ੇ ਵਿਕਣ ਦੇ ਹੱਕ ਵਿੱਚ ਨਹੀਂ ਹਾਂ, ਜਦੋਂ ਕਿਸੇ ਦਾ ਪੁੱਤ ਮਰਦਾ ਹੈ ਉਸ ਦਾ ਦੁਖ ਵੀ ਹੁੰਦਾ ਹੈ, ਪਰ ਮਨ ਵਿੱਚ ਕੁੱਝ ਸਵਾਲ ਵੀ ਜਰੂਰ ਉੱਠਦੇ ਹਨ । ਠੀਕ ਹੈ ਸਰਕਾਰਾਂ ਚੰਗੀਆਂ ਨਹੀਂ ਹਨ, ਜੋ ਆਪਣੀ ਜਿੰਮੇਵਾਰੀ ਨਹੀਂ ਨਿਭਾਅ ਰਹੀਆਂ, ਪਰ ਕੀ ਅਸੀਂ ਆਪਣੀ ਜਿੰਮੇਵਾਰੀ ਸਹੀ ਨਿਭਾ ਰਹੇ ਹਾਂ ? ਲੋਕਾਂ ਦੇ ਪੁੱਤ ਨਸ਼ਾ ਖਾ ਕੇ ਮਰਗੇ, ਅਸੀਂ ਸਰਕਾਰ ਦੇ ਮਗਰ ਪੈ ਗਏ, ਕੇ ਸਰਕਾਰ ਨਸ਼ਾ ਬੰਦ ਕਰਵਾਵੇ, ਕਿਉਂ ਸਰਕਾਰ ਨਸ਼ਾ ਮੁਫਤ ਵੰਡ ਰਹੀ ਹੈ ? ਸਾਨੂੰ ਨਸ਼ਾ ਕੋਈ ਧੱਕੇ ਨਾਲ ਖੁਆ ਰਿਹਾ ਹੈ ? ਸਾਡੇ ਬੱਚੇ ਜਾਂ ਅਸੀਂ ਨਸ਼ਾ ਕਿਉਂ ਕਰਦੇ ਹਾਂ ? ਇੰਨਾ ਮਹਿੰਗਾ ਨਸ਼ਾ ਜਦੋਂ ਬੱਚੇ ਖਰੀਦਦੇ ਹਨ ਉਹਨਾ ਕੋਲ ਪੈਸੇ ਕਿੱਥੋਂ ਆਉਂਦੇ ਹਨ ? ਮਾਂ ਬਾਪ ਆਪਣੇ ਬੱਚਿਆਂ ਨੂੰ ਨਸ਼ਾ ਕਰਨੋ ਕਿਉਂ ਨਹੀਂ ਹਟਾ ਸਕਦੇ ? ਕੀ ਅਸੀਂ ਆਪਣੀਆਂ ਕਮਜੋਰੀਆਂ ਦਾ ਦੋਸ਼ ਸਰਕਾਰਾਂ ਨੂੰ ਨਹੀਂ ਦੇ ਰਹੇ ? ਕੀ ਅਸੀਂ ਸਾਡੇ ਪਿੰਡਾਂ ਅਤੇ ਸਹਿਰਾਂ ਵਿੱਚ ਨਸ਼ੇ ਵੇਚਣ ਵਾਲਿਆਂ ਨੂੰ ਨਹੀਂ ਜਾਣਦੇ ? ਜੇ ਜਾਣਦੇ ਹਾਂ ਤਾਂ ਪੁਲਿਸ ਕੋਲ ਉਹਨਾ ਦੀ ਸਕਾਇਤ ਕਿਉਂ ਨਹੀਂ ਕਰਦੇ ? ਲੋਕੋ ਅਸੀਂ ਫੁਕਰੇ ਹੋ ਗਏ ਹਾਂ, ਅਸੀਂ ਵਿਹਲੜ ਹੋ ਗਏ ਹਾਂ, ਕਿਰਤ ਕਰਨ ਨੂੰ ਘੱਟੀਆ ਸਮਝਣ ਲੱਗ ਗਏ ਹਾਂ, ਚਾਦਰ ਵੇਖ ਕੇ ਪੈਰ ਪਸਾਰਨੋ ਹੱਟ ਗਏ ਹਾਂ, ਸਾਡੇ ਬੱਚੇ ਵਿਗੜ ਗਏ ਹਨ, ਅਸੀਂ ਆਪਣੇ ਪ੍ਰੀਵਾਰਾਂ ਨੂੰ ਸੰਭਾਲ ਨੀ ਸਕੇ, ਦੋਸ਼ ਸਰਕਾਰਾਂ ਨੂੰ ਦੇ ਰਹੇ ਹਾਂ, ਪਹਿਲਾਂ ਬਾਦਲ ਨੂੰ ਗਾਲ਼ਾਂ ਕੱਢਦੇ ਸੀ ਹੁਣ ਕੈਪਟਨ ਨੂੰ ਕੱਢਣ ਲੱਗ ਗਏ ਹਾਂ, ਸਦਾ ਸਰਕਾਰ ਕੈਪਟਨ ਦੀ ਵੀ ਨਹੀਂ ਰਹਿਣੀ ਫਿਰ ਕਿਸੇ ਹੋਰ ਨੂੰ ਗਾਲ਼ਾਂ ਕੱਢਣ ਲੱਗ ਜਾਇਓ, ਪਰ ਆਪਣੇ ਘਰ ਦੀ ਰਾਖੀ ਆਪ ਨਾ ਕਰਿਓ । ਸਰਕਾਰਾਂ ਤੋਂ ਪੂਰੇ ਪੰਜਾਬ ਨੂੰ ਨਸ਼ਾ ਮੁਕਤ ਕਰਵਾਉਣ ਵਾਲਿਓ ਸਿਰਫ ਆਪਣੇ ਆਪਣੇ ਘਰ ਨੂੰ ਨਸ਼ਾ ਮੁਕਤ ਕਰ ਲਵੋ ਪੂਰਾ ਪੰਜਾਬ ਨਸ਼ਾ ਮੁਕਤ ਹੋ ਜਾਵੇਗਾ ।
                             

      ਮਿਤੀ 09-07-2018


ਹਰਲਾਜ ਸਿੰਘ ਬਹਾਦਰਪੁਰ  
ਪਿੰਡ ਤੇ ਡਾਕ : ਬਹਾਦਰਪੁਰ                
ਤਹਿ: ਬੁਢਲਾਡਾ,ਜਿਲ੍ਹਾ ਮਾਨਸਾ (ਪੰਜਾਬ) 
ਪਿੰਨਕੋਡ-151501 
ਮੋਬਾਇਲ-94170-23911
harlajsingh7@gmail.com

ਮਜਦੂਰ ਦਿਵਸ਼ ਤੇ ਵਿਸ਼ੇਸ - ਹਰਲਾਜ ਸਿੰਘ ਬਹਾਦਰਪੁਰ,

  ਇਕੱਲੇ ਸਰਕਾਰੀ ਮੁਲਾਜਮ ਜਾਂ ਮੰਤਰੀ ਹੀ ਦੇਸ਼ ਦੀ ਸੇਵਾ ਨਹੀਂ 
         ਕਰਦੇ, ਮਜਦੂਰ ਵੀ ਦੇਸ਼ ਦੀ ਸੇਵਾ ਕਰਦੇ ਹਨ।

ਸਾਡੇ ਦੇਸ਼ ਦੀਆਂ ਸਰਕਾਰਾਂ ਦੇ ਮੰਤਰੀ, ਐੱਮ ਪੀ, ਐੱਮ ਐੱਲ ਏ ਤੋਂ ਲੈ ਕੇ ਹਰ ਤਰਾਂ ਦੇ ਸਰਕਾਰੀ ਮੁਲਾਜਮ ਇਹੀ ਸਮਝਦੇ ਹਨ ਕਿ ਉਹਨਾ ਕਰਕੇ ਹੀ ਦੇਸ਼ ਚੱਲ ਰਿਹਾ ਹੈ ਅਤੇ ਸਿਰਫ ਦੇਸ਼ ਭਗਤ ਵੀ ਓਹੀ ਹਨ। ਦੇਸ਼ ਲਈ ਹਰ ਤਰਾਂ ਦੇ ਹੋਰ ਕੰਮ ਕਰਨ ਵਾਲਿਆਂ ਨੂੰ ਤਾਂ ਸਾਡੇ ਦੇਸ਼ ਵਿੱਚ ਇੰਨਸਾਨ ਹੀ ਨਹੀਂ ਸਮਝਿਆ ਜਾਂਦਾ। ਇਸੇ ਕਾਰਨ ਸਾਡੇ ਦੇਸ਼ ਵਿੱਚ ਆਮ ਆਦਮੀ ਤੇ ਸਰਕਾਰੀ ਆਦਮੀ ਦੀ ਕਿਰਤ ਵਿੱਚ ਬਹੁਤ ਵੱਡਾ ਪਾੜਾ ਹੈ। ਸਰਕਾਰਾਂ ਵੀ ਇਸ ਕਿਰਤੀ ਪਾੜੇ ਨੂੰ ਖਤਮ ਕਰਨ ਦੀ ਥਾਂ ਹੋਰ ਡੂੰਘਾ ਕਰਨ ਲਈ ਹੀ ਕੰਮ ਕਰਦੀਆਂ ਹਨ। ਉਦਾਹਰਣ ਦੇ ਤੌਰ ਤੇ ਜਿਵੇਂ ਆਮ ਹੀ ਕਿਹਾ ਜਾਂਦਾ ਹੈ ਕਿ ਫੌਜੀ ਦੇਸ਼ ਦੀ ਸੇਵਾ ਕਰਦੇ ਹਨ, ਦੇਸ਼ ਲਈ ਸ਼ਹੀਦ ਹੁੰਦੇ ਹਨ। ਕੀ ਦੇਸ਼ ਲਈ ਹੋਰ ਕਿੱਤੇ ਕਰਨ ਵਾਲੇ ਜਾਂ ਹੋਰ ਕਿੱਤਾ ਕਰਦੇ ਸਮੇ ਮਰਨ ਵਾਲੇ ਸਾਡੇ ਸ਼ਹੀਦ ਨਹੀਂ ਹੁੰਦੇ ? ਅਸਲ ਵਿੱਚ ਫੌਜੀ ਵੀ ਆਪਣੇ ਪ੍ਰੀਵਾਰ ਨੂੰ ਪਾਲਣ ਲਈ ਫੌਜ ਵਿੱਚ ਉਵੇਂ ਹੀ ਮਜਦੂਰੀ ਕਰਦਾ ਹੈ, ਜਿਵੇਂ ਇੱਕ ਮਜਦੂਰ ਆਪਣੇ ਪ੍ਰੀਵਾਰ ਨੂੰ ਪਾਲਣ ਲਈ ਸਹਿਰ ਦੇ ਗੰਦੇ (ਨਾਲੇ) ਸੀਵਰੇਜ ਨੂੰ ਸਾਫ ਕਰਨ ਲਈ ਮਜਦੂਰੀ ਕਰਦਾ ਹੈ। ਸਾਨੂੰ ਫੌਜੀ ਮਜਦੂਰ ਅਤੇ ਸਫਾਈ ਮਜਦੂਰ ਦੀ ਬਰਾਬਰ ਕਦਰ ਕਰਨੀ ਚਾਹੀਂਦੀ ਹੈ, ਕਿਉਂਕਿ ਦੋਹੇਂ ਹੀ ਕਿਰਤ ਕਰਦੇ ਹਨ। ਪਰ ਅਜਿਹਾ ਨਹੀਂ ਹੁੰਦਾ, ਜਦੋਂ ਕੋਈ ਫੌਜੀ ਜਵਾਨ ਮਰਦਾ ਹੈ ਤਾਂ ਸਾਰੇ ਦੇਸ਼ ਵਿੱਚ ਰੌਲਾ ਪੈਂਦਾ ਹੈ, ਵੱਡੇ ਲੋਕ ਉਸ ਦੇ ਦਾਹ ਸੰਸਕਾਰ ਅਤੇ ਭੋਗ ਤੇ ਵੀ ਪਹੁੰਚਦੇ ਹਨ, ਮੀਡੀਆ ਵੀ ਉਸ ਦੀ ਖਬਰ ਨੂੰ ਬਾਰ ਬਾਰ ਵਿਖਾਉਂਦਾ ਹੈ, ਉਸ ਨੂੰ ਦੇਸ਼ ਦਾ ਸ਼ਹੀਦ ਕਿਹਾ ਜਾਂਦਾ ਹੈ, ਉਹਨਾ ਦੇ ਬੁੱਤ ਵੀ ਲਾਏ ਜਾਂਦੇ ਹਨ, ਉਸ ਦੇ ਪ੍ਰੀਵਾਰ ਨੂੰ ਵੀ ਮਾਣ ਸਨਮਾਨ ਮਿਲਦਾ ਹੈ ਕਿ ਉਹ ਸ਼ਹੀਦ ਦਾ ਪ੍ਰੀਵਾਰ ਹੈ ਪਰ ਜਦੋਂ ਕੋਈ ਮਜਦੂਰ ਕੰਮ ਕਰਨ ਸਮੇ ਮਿੱਟੀ ਦੀ ਢਿਗ ਹੇਠ ਜਾਂ ਸੀਵਰੇਜ ਦੀ ਗੰਦੀ ਗੈਂਸ ਚੜਨ ਨਾਲ ਮਰਦਾ ਹੈ ਤਾਂ ਚੁੱਪ ਹੀ ਪਸਰਦੀ ਹੈ। ਅਜਿਹੇ ਮਜਦੂਰ ਦੀ ਮੌਤ ਦੀ ਕੋਈ ਗੱਲ ਨਹੀਂ ਹੁੰਦੀ, ਨਾ ਹੀ ਵੱਡੇ ਲੋਕ ਉਸ ਦੇ ਦਾਹ ਸੰਸਕਾਰ ਜਾਂ ਭੋਗ ਤੇ ਜਾਂਦੇ ਹਨ, ਮੀਡੀਆ ਵੀ ਅਜਿਹੀ ਖਬਰ ਨੂੰ ਨਾ ਮਾਤਰ ਹੀ ਵਿਖਾਉਂਦਾ ਹੈ, ਪ੍ਰੀਵਾਰ ਨੂੰ ਵੀ ਮਾਣ ਦੀ ਥਾਂ ਨਿਰਾਸਾ ਹੀ ਮਿਲਦੀ ਹੈ, ਅਜਿਹੇ ਮਜਦੂਰ ਦਾ ਬੁੱਤ ਲੱਗਣਾ ਤਾਂ ਕੀ, ਮਜਦੂਰ ਦੀ ਮੌਤ ਤੋਂ ਬਾਅਦ ਮਜਦੂਰੀ ਬੰਦ ਹੋਣ ਕਾਰਨ ਬੁੱਤ ਬਣ ਕੇ ਬੈਠੇ ਉਸ ਦੇ ਪ੍ਰੀਵਾਰ ਦੀ ਕੋਈ ਇੰਨੀ ਸਾਰ ਵੀ ਨਹੀਂ ਲੈਂਦਾ ਕਿ ਉਸ ਦੇ ਘਰ ਪ੍ਰੀਵਾਰ ਕੋਲ ਖਾਣ ਲਈ ਆਟਾ ਵੀ ਹੈ ਕਿ ਨਹੀਂ। ਇੱਥੇ ਮੇਰੀ ਗੱਲ ਨੂੰ ਫੌਜੀ ਵੀਰਾਂ ਦੇ ਵਿਰੋਧੀ ਸਮਝਣ ਦੀ ਕੋਸ਼ਿਸ ਨਾ ਕਰਨਾ, ਨਾ ਮੈਂ ਫੌਜੀ ਵੀਰਾਂ ਦਾ ਵਿਰੋਧੀ ਹਾਂ, ਨਾ ਹੀ ਉਹਨਾ ਨੂੰ ਮਿਲਦੇ ਮਾਣ ਸਨਮਾਨ ਦਾ ਵਿਰੋਧੀ ਹਾਂ, ਮੈਂ ਤਾਂ ਸਿਰਫ ਇਹ ਕਹਿ ਰਿਹਾ ਹਾਂ ਕਿ ਸਾਡੇ ਦੇਸ਼ ਦੇ ਸਾਰੇ ਨਾਗਰਿਕ ਬਰਾਬਰ ਹਨ, ਸੱਭ ਨੂੰ ਇੱਕੋ ਜਿਹਾ ਅਤੇ ਪੂਰਾ ਮਾਣ ਸਨਮਾਨ ਮਿਲਣਾ ਚਾਹੀਂਦਾ ਹੈ। ਕਿਉਂਕਿ ਜੇ ਇੱਕ ਫੌਜੀ ਜਵਾਨ ਦੇਸ਼ ਦੀ ਰਾਖੀ ਕਰ ਰਿਹਾ ਹੈ ਤਾਂ ਇੱਕ ਸਫਾਈ ਮਜਦੂਰ ਵੀ ਦੇਸ਼ ਨੂੰ ਸਾਫ ਕਰ ਰਿਹਾ ਹੈ, ਦੇਸ਼ ਲਈ ਉਸ ਦਾ ਯੋਗਦਾਨ ਵੀ ਬਰਾਬਰ ਦਾ ਹੈ। ਪਰ ਅਫਸੋਸ ਕਿ ਸਾਡੇ ਕਹੇ ਜਾਂਦੇ ਮਹਾਨ ਭਾਰਤ ਵਿੱਚ ਬਰਾਬਰਤਾ ਦੀ ਥਾਂ ਨਾਬਰਾਬਰੀ ਦੀ ਹੀ ਮਹਾਨਤਾ ਹੈ, ਇੱਥੇ ਇੰਨਸਾਨ ਦੀ ਥਾਂ ਪੈਸੇ ਦਾ ਹੀ ਸਤਿਕਾਰ ਹੈ, ਦੇਸ਼ ਦੇ ਖਜਾਨੇ ਵਿੱਚੋਂ ਮੋਟੀਆਂ ਤਨਖਾਹਾਂ ਅਤੇ ਵੱਡੇ ਭੱਤੇ ਲੈਣ ਵੱਡੇ ਮੰਤਰੀਆਂ, ਵੱਡੇ ਸਰਕਾਰੀ ਅਫਸਰਾਂ ਨੂੰ ਹੀ ਵੱਡੇ ਮਹਾਨ ਮੰਨਿਆਂ ਜਾਂਦਾ ਹੈ, ਦੇਸ਼ ਦੇ ਖਜਾਨੇ ਵਿੱਚੋਂ ਇੱਕ ਵੀ ਪੈਸਾ ਨਾ ਲੈਣ ਵਾਲੇ, ਹੱਡ ਭੰਨਵੀਂ ਮੇਹਨਤ ਕਰਕੇ ਖੁਦ ਕਮਾ ਕੇ ਖਾਣ ਵਾਲੇ ਮਜਦੂਰ ਨੂੰ ਨੀਚ ਸਮਝਿਆ ਜਾਂਦਾ ਹੈ। ਇਹੀ ਕਾਰਨ ਹੈ ਕਿ ਵੱਡੇ ਮੰਤਰੀਆਂ ਅਤੇ ਸਰਕਾਰੀ ਅਫਸਰਾਂ ਦੀਆਂ ਮੌਤਾਂ ਉੱਤੇ ਹੀ ਵੱਡੇ ਸਰਕਾਰੀ ਸੋਗ ਮਨਾਏ ਜਾਂਦੇ ਹਨ, ਮਜਦੂਰਾਂ ਦੀਆਂ ਮੌਤਾਂ ਤੇ ਨਹੀਂ। ਅਸਲ ਵਿੱਚ ਤਾਂ ਹਰ ਤਰਾਂ ਦੀ ਕਿਰਤ ਕਰਨ ਵਾਲਾ ਹਰ ਮਨੁੱਖ ਮਜਦੂਰ ਹੀ ਹੁੰਦਾ ਹੈ, ਕਿਰਤ ਕੋਈ ਵੀ ਊਚੀ ਜਾਂ ਨੀਵੀਂ ਨਹੀਂ ਹੁੰਦੀ, ਪਰ ਅਸੀਂ ਕਿਰਤ ਨੂੰ ਤਾਂ ਇੱਕ ਕੀ ਸਮਝਣਾ ਸੀ ਅਸੀਂ ਤਾਂ ਮਜਦੂਰ ਸ਼ਬਦ ਨੂੰ ਵੀ ਵੰਡ ਕੇ ਊਚਾ ਨੀਵਾਂ ਬਣਾ ਦਿੱਤਾ ਹੈ। ਜਿਵੇਂ ਕਿ ਮੁਲਾਜਮ ਸ਼ਬਦ ਊੱਚਾ ਅਤੇ ਮਜਦੂਰ ਸ਼ਬਦ ਨੀਵਾਂ। ਉਝ ਤਾਂ ਸਾਰੇ ਸਰਕਾਰੀ ਮੁਲਾਜਮ ਵੀ ਤਾਂ ਮਜਦੂਰ ਹੀ ਹੁੰਦੇ ਹਨ। ਇਸ ਲਈ ਸਾਨੂੰ ਸਾਰੇ ਮਜਦੂਰਾਂ/ਮੁਲਾਜਮਾਂ ਦਾ ਬਰਾਬਰ ਦਾ ਸਤਕਿਾਰ ਕਰਨਾ ਚਾਹੀਂਦਾ ਹੈ, ਜਿਸ ਤਰਾਂ ਮੰਤਰੀਆਂ ਅਤੇ ਸਰਕਾਰੀ ਮੁਲਾਜਮਾਂ ਨੂੰ ਸੇਵਾ ਮੁਕਤੀ ਤੋਂ ਬਾਅਦ ਪੈਨਸ਼ਨ ਮਿਲਦੀ ਹੈ, ਉਸੇ ਤਰਾਂ ਕਿਸਾਨਾ ਅਤੇ ਮਜਦੂਰਾਂ ਨੂੰ ਵੀ ਉਹਨਾ ਦੇ ਬਰਾਬਰ ਦੀ ਪੈਨਸ਼ਨ ਮਿਲਣੀ ਚਾਹੀਂਦੀ ਹੈ। ਦੇਸ਼ ਨੂੰ ਜਿੱਥੇ ਮੰਤਰੀ, ਫੌਜੀ, ਅਧਿਆਪਕ, ਡਾਕਟਰ, ਪੁਲਿਸ, ਡੀ ਸੀ, ਐੱਸ ਡੀ ਐੱਮ, ਤਹਿਸੀਲਦਾਰ, ਪਟਵਾਰੀ ਆਦਿ ਵੱਡੇ ਅਫਸਰਾਂ ਦੀ ਲੋੜ ਹੈ ਉੱਥੇ ਵੱਡੇ ਉਦਯੋਗਪਤੀਆਂ, ਵਪਾਰੀਆਂ, ਦੁਕਾਨਦਾਰਾਂ, ਕਿਸਾਨਾਂ, ਜੁੱਤੇ ਗੰਢਣ ਵਾਲੇ, ਮੁਰਦਾ ਪਸੂ ਚੁੱਕਣ ਵਾਲੇ, ਗੰਦੇ ਨਾਲਿਆਂ ਨੂੰ ਸਾਫ ਕਰਨ ਵਾਲੇ, ਘਰਾਂ ਵਿੱਚ ਪੋਚੇ ਲਾਉਣ ਵਾਲੇ ਆਦਿ ਹਰ ਤਰਾਂ ਦੇ ਕੰਮ ਕਰਨ ਵਾਲੇ ਮਜਦੂਰਾਂ ਦੀ ਵੀ ਓਨੀ ਹੀ ਲੋੜ ਹੈ, ਸਾਨੂੰ ਇਹਨਾ ਸਾਰਿਆਂ ਦਾ ਹੀ ਬਰਾਬਰ ਦਾ ਸਤਿਕਰ ਕਰਨਾ ਚਾਹੀਂਦਾ ਹੈ। ਇਹ ਨਹੀਂ ਹੋਣਾ ਚਾਹੀਂਦਾ ਕਿ ਦੇਸ਼ ਲਈ ਮੰਤਰੀ, ਫੌਜੀ, ਅਧਿਆਪਕ, ਡਾਕਟਰ, ਪੁਲਿਸ, ਡੀ ਸੀ, ਐੱਸ ਡੀ ਐੱਮ, ਤਹਿਸੀਲਦਾਰ, ਪਟਵਾਰੀ ਆਦਿ ਵੱਡੇ ਅਫਸਰ ਹੀ ਸਰਬੋਤਮ ਹਨ ਜਾਂ ਦੇਸ਼ ਨੂੰ ਸਿਰਫ ਇਹਨਾ ਦੀ ਹੀ ਲੋੜ ਹੈ। ਠੀਕ ਹੈ ਇਹਨਾ ਦੀ ਯੋਗਤਾ ਊਚੀ ਹੈ, ਇਹਨਾ ਨੇ ਮੇਹਨਤ ਕਰਕੇ ਬਹੁਤ ਕੁੱਝ ਸਿੱਖਿਆ ਹੈ, ਉਸ ਦੀ ਵੀ ਕਦਰ ਕਰਨੀ ਚਾਹੀਂਦੀ ਹੈ ਅਤੇ ਕਦਰ ਹੁੰਦੀ ਵੀ ਹੈ। ਜਿਹੜੇ ਊੱਚੇ ਆਹੁਦਿਆਂ ਦਾ ਇਹ ਲੋਕ ਆਨੰਦ ਮਾਣਦੇ ਹਨ ਉਹ ਇਹਨਾ ਦੀ ਯੋਗਤਾ ਦੀ ਕਦਰ ਹੀ ਤਾਂ ਹੈ। ਜਿੱਥੇ ਉਚ ਯੋਗਤਾ ਪ੍ਰਾਪਤ ਦਫਤਰਾਂ ਦੀਆਂ ਆਨੰਦ ਮਈ ਕੁਰਸੀਆਂ ਦਾ ਆਨੰਦ ਮਾਣਦੇ ਹਨ ਉੱਥੇ ਜਿਹੜੇ ਮਨੁੱਖ ਇਹ ਯੋਗਤਾ ਪ੍ਰਾਪਤ ਨਹੀਂ ਕਰ ਸਕੇ ਉਹ ਬੇਚਾਰੇ ਆਪਣੀ ਰੋਟੀ ਨਾਲ ਬੰਨੀ ਚੌਂਕ ਵਿੱਚ ਕੱਲ੍ਹ ਦੀ ਰੋਟੀ ਲਈ ਗੰਦੇ ਨਾਲਿਆਂ ਨੂੰ ਸਾਫ ਕਰਨ ਦੀ ਮਜਦੂਰੀ ਨੂੰ ਉਡੀਕ ਰਹੇ ਹੁੰਦੇ ਹਨ। ਇਸ ਲਈ ਜਿੱਥੇ ਇੱਕ ਡੀ ਸੀ ਨੂੰ ਫਖਰ ਨਾਲ ਰਹਿੰਦਿਆਂ ਮਜਦੂਰ ਹੋਣ ਦਾ ਅਹਿਸਾਸ ਹੋਣਾ ਜਰੂਰੀ ਹੋਵੇ ਉੱਥੇ ਇੱਕ ਮਜਦੂਰ ਨੂੰ ਵੀ ਡੀ ਸੀ ਵਾਂਗ ਮੁਲਾਜਮ ਹੋਣ ਦਾ ਮਾਣ ਹੋਵੇ ਅਤੇ ਉਸ ਦਾ ਵੀ ਡੀ ਸੀ ਜਿੰਨਾ ਹੀ ਸਤਿਕਾਰ ਹੋਵੇ, ਕਿਉਂਕਿ ਦੋਹੇਂ ਮੁਲਾਜਮ ਹੋਣ ਦੇ ਨਾਮ ਤੇ ਬਰਾਬਰ ਦੇ ਸਤਿਕਾਰ ਦੇ ਹੱਕਦਾਰ ਹਨ । ਇੱਥੇ ਇਹ ਕਹਿਣਾ ਵੀ ਗਲਤ ਨਹੀਂ ਹੋਵੇਗਾ ਕਿ ਦੇਸ ਦੀ ਤਰੱਕੀ ਵਿੱਚ ਯੋਗਦਾਨ ਮਜਦੂਰਾਂ ਦਾ ਵੱਧ ਹੁੰਦਾ ਹੈ ਪਰ ਦੇਸ਼ ਨੂੰ ਖਾਂਦੇ ਵੱਧ ਮੰਤਰੀ ਤੇ ਅਫਸਰ (ਸਰਕਾਰੀ ਮੁਲਾਜਮ) ਹੀ ਹਨ। ਇਹ ਵੀ ਸੱਚਾਈ ਹੈ ਸਾਰੇ ਮਨੁੱਖ ਆਰਥਿਕ ਤੌਰ ਤੇ ਕਦੇ ਵੀ ਬਰਾਬਰ ਨਹੀਂ ਹੋ ਸਕਦੇ, ਕਿਉਂਕਿ ਕਾਫੀ ਹੱਦ ਤੱਕ ਆਰਥਿਕ ਗਰੀਬੀ ਅਮੀਰੀ ਹਰੇਕ ਮਨੁੱਖ ਦੀ ਆਪਣੀ ਸਹੀ ਗਲਤ ਕਮਾਈ ਅਤੇ ਜਾਇਜ ਨਾਜਾਇਜ ਖਰਚਿਆਂ ਤੇ ਵੀ ਨਿਰਭਰ ਹੁੰਦੀ ਹੈ। ਇਸ ਦੀਆਂ ਪ੍ਰਤੱਖ ਉਦਾਹਰਣਾ ਸਾਡੇ ਸਾਹਮਣੇ ਹਨ, ਜਿਵੇਂ ਕਿ ਬਹੁਤ ਸਾਰੇ ਜਮੀਨਾਂ ਦੇ ਮਾਲਕ ਆਪਣੇ ਗਲਤ ਖਰਚਿਆਂ ਜਾਂ ਨਸ਼ਿਆਂ ਕਾਰਨ ਜਮੀਨਾਂ ਬੇਚ ਕੇ ਅੱਜ ਮਜਦੂਰੀ ਕਰ ਰਹੇ ਹਨ, ਕੁੱਝ  ਮਜਦੂਰ ਆਪਣੀ ਮਜਦੂਰੀ ਦੀ ਸਹੀ ਵਰਤੋਂ ਕਰਕੇ ਜਮੀਨਾਂ ਖਰੀਦਣ ਦੇ ਯੋਗ ਵੀ ਹੋ ਗਏ ਹਨ। ਬੇਸ਼ੱਕ ਆਥਿਕ ਤੌਰ ਤੇ ਸੱਭ ਨੂੰ ਬਰਾਬਰ ਕਰਨਾ ਕਿਸੇ ਦੇ ਬੱਸ ਦੀ ਗੱਲ ਨਹੀਂ ਹੈ, ਪਰ ਸਰਕਾਰਾਂ ਵੱਲੋਂ ਸੱਭ ਨੂੰ ਬਰਾਬਰਤਾ ਦੇ ਮੌਕੇ ਅਤੇ ਬੁਢਾਪਾ ਪੈਨਸ਼ਨ ਤਾਂ ਬਰਾਬਰ ਦਿੱਤੀ ਜਾਣੀ ਹੀ ਚਾਹੀਂਦੀ ਹੈ। ਬੁਢਾਪਾ ਪੈਨਸਨ ਦੇਸ਼ ਦੇ ਹਰ ਨਾਗਰਿਕ ਦੀ ਬਰਾਬਰ ਹੋਣੀ ਚਾਹੀਂਦੀ ਹੈ, ਉਹ ਚਾਹੇ ਮੰਤਰੀ, ਅਫਸਰ, ਕਿਸਾਨ ਜਾਂ ਮਜਦੂਰ ਆਦਿ ਹੋਵੇ। ਕਿਉਂਕਿ ਸਾਰੇ ਹੀ ਦੇਸ਼ ਲਈ ਕੰਮ ਕਰਦੇ ਹਨ ਅਤੇ ਘਰ ਦੀਆਂ ਲੋੜਾਂ ਵੀ ਤਾਂ ਹਰ ਮਨੁੱਖ ਦੀਆਂ ਬਰਾਬਰ ਹੀ ਹੁੰਦੀਆਂ ਹਨ, ਉਹ ਚਾਹੇ ਅਫਸਰ ਹੋਵੇ ਜਾਂ ਮਜਦੂਰ। ਜਿਵੇਂ ਕਿ ਸਿਹਤ ਅਤੇ ਸਿੱਖਿਆ ਮਨੁੱਖ ਦੀਆਂ ਦੋ ਮੁੱਢਲੀਆਂ ਲੋੜਾਂ ਹਨ ਜੇ ਇਹਨਾ ਵਿੱਚ ਬਰਾਬਰਤਾ ਮਿਲ ਜਾਵੇ ਤਾਂ ਕਾਫੀ ਹੱਦ ਤੱਕ ਬਰਾਬਰਤਾ ਹੋ ਸਕਦੀ ਹੈ। ਸਿੱਖਿਆ ਦਾ ਪੱਧਰ ਇੱਕ ਹੋਣਾ ਚਾਹੀਂਦਾ, ਸੱਭ ਦੇ ਬੱਚੇ ਇੱਕੋ ਸਕੂਲ ਵਿੱਚ ਪੜ੍ਹਨੇ ਚਾਹੀਂਦੇ ਹਨ, ਜਿੱਥੇ ਆਰਥਿਕ ਤੌਰ ਤੇ ਸੌਖੇ ਲੋਕ ਖੁਦ ਫੀਸ (ਖਰਚਾ) ਭਰਨ ਉੱਥੇ ਆਰਥਿਕ ਤੌਰ ਤੇ ਕਮਜੋਰਾਂ ਦੀ ਫੀਸ ਸਰਕਾਰ ਭਰੇ। ਇਸੇ ਤਰਾਂ ਇਲਾਜ ਦਾ ਪੱਧਰ ਵੀ ਇੱਕਸਾਰ ਹੋਣਾ ਚਾਹੀਂਦਾ ਹੈ, ਜਿੱਥੇ ਆਰਥਿਕ ਤੌਰ ਤੇ ਸੌਖੇ ਲੋਕ ਖੁਦ ਖਰਚਾ ਕਰਨ ਅਤੇ ਆਰਥਿਕ ਤੌਰ ਤੇ ਕਮਜੋਰਾਂ ਦੇ ਇਲਾਜ ਦਾ ਖਰਚ ਸਰਕਾਰ ਕਰੇ, ਅਜਿਹਾ ਕਰਨ ਨਾਲ ਮਜਦੂਰਾਂ ਨੂੰ ਵੀ ਬਰਾਬਰਤਾ ਦੇ ਮੌਕੇ ਅਤੇ ਸਤਿਕਾਰ ਮਿਲੇਗਾ।ਕੰਮ ਦਾ ਸਮਾ ਘੱਟ (ਅੱਠ ਘੰਟੇ) ਕਰਨ ਲਈ ਇੱਕ ਮਈ 1886 ਨੂੰ ਮਜਦੂਰਾਂ ਦੇ ਸੰਘਰਸ ਤੋਂ ਸ਼ੁਰੂ ਹੋਏ ਮਜਦੂਰ ਦਿਵਸ਼ ਨੂੰ ਉੱਝ ਭਾਵੇਂ ਅਸੀਂ ਹਰ ਸਾਲ ਇੱਕ ਰੀਤ ਵਜੋਂ ਮਜਦੂਰ ਦਿਵਸ਼ ਮਨਾਉਣ ਦਾ ਵਿਖਾਵਾ ਤਾਂ ਜਰੂਰ ਕਰਦੇ ਹਾਂ ਪਰ ਮਜਦੂਰ ਨੂੰ ਬਰਾਬਰਤਾ ਅਤੇ ਸਤਿਕਾਰ ਦੇਣ ਲਈ ਕੁੱਝ ਵੀ ਨਹੀਂ ਕਰਦੇ। ਬੇਸ਼ੱਕ ਅੱਜ ਮਜਦੂਰਾਂ ਨੂੰ 8 ਘੰਟੇ ਕੰਮ ਕਰਨ ਦਾ ਹੱਕ ਪ੍ਰਾਪਤ ਹੋ ਚੁੱਕਿਆ ਹੈ, ਪਰ ਹਾਲੇ ਮਜਦੂਰਾਂ ਨੂੰ ਮਨੁੱਖੀ ਸਤਿਕਾਰ ਅਤੇ ਬਰਾਬਰਤਾ ਮਿਲਣੀ ਬਾਕੀ ਹੈ। ਸਿਰਫ ਸਾਲ ਬਾਅਦ ਇੱਕ ਦਿਨ ਮਜਦੂਰ ਦਿਵਸ ਵਜੋਂ ਮਨਾਉਣ ਨਾਲ ਕੁੱਝ ਨਹੀਂ ਹੋਣਾ, ਸਾਰਾ ਸਾਲ ਹੀ ਮਜਦੂਰਾਂ ਨੂੰ ਸਤਿਕਾਰ ਦਿਓ ਕਿਉਂਕਿ ਇਹ ਵੀ ਵੱਡਿਆਂ ਮੰਤਰੀਆਂ/ਅਫਸਰਾਂ ਵਰਗੇ ਹੀ ਇੰਨਸਾਨ ਹਨ ਅਤੇ ਬਰਾਬਰਤਾ ਦੇ ਹੱਕਦਾਰ ਹਨ। ਕਿਉਂਕਿ ਇਕੱਲੇ ਸਰਕਾਰੀ ਮੁਲਾਜਮ ਜਾਂ ਮੰਤਰੀ ਹੀ ਦੇਸ਼ ਦੀ ਸੇਵਾ ਨਹੀਂ ਕਰਦੇ, ਮਜਦੂਰ ਵੀ ਦੇਸ਼ ਦੀ ਸੇਵਾ ਕਰਦੇ ਹਨ।      
           ਹਰਲਾਜ ਸਿੰਘ ਬਹਾਦਰਪੁਰ,
             ਪਿੰਡ ਤੇ ਡਾਕਖਾਨਾ ਬਹਾਦਰਪੁਰ,       
             ਤਹਿਸੀਲ ਬੁੱਢਲਾਡਾ, ਜਿਲਾ ਮਾਨਸਾ ਪੰਜਾਬ ।
             ਪਿੰਨ ਕੋਡ :-151501, ਫੋਨ ਨੰਬਰ :- 9417023911
             harlajsingh7@gmail.com

ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ॥ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ॥ - ਹਰਲਾਜ ਸਿੰਘ ਬਹਾਦਰਪੁਰ,

ਹਜਾਰਾਂ ਸਾਲ ਪਹਿਲਾਂ ਮੂਲ਼ ਨਿਵਾਸੀ ਭਾਰਤੀਆਂ ਨੂੰ ਗੁਲਾਮ ਬਣਾ ਕੇ ਉਹਨਾ ਉੱਤੇ ਰਾਜ ਕਰਨ ਲਈ ਬ੍ਰਾਹਮਣਵਾਦੀ ਸੋਚ ਨੇ ਭਾਰਤੀਆਂ ਨੂੰ ਜਾਤਾਂ ਵਿੱਚ ਵੰਡ ਕੇ ਊੱਚ ਨੀਚਤਾ ਪੈਦਾ ਕੀਤੀ, ਹੋਰ ਸੱਭ ਜਾਤਾਂ ਨੂੰ ਨੀਚ ਅਤੇ ਆਪਣੇ ਆਪ ਨੂੰ ਉਤਮ ਸਥਾਪਤ ਕਰ ਲਿਆ ਸੀ। ਸਮੇ ਬਦਲ ਗਏ ਪਰ ਊੱਚੇ ਬਣੇ ਬ੍ਰਾਹਮਣਵਾਦ ਨੇ ਮਨੁੱਖਤਾ ਨੂੰ ਜਾਤਾਂ ਵੰਡਣ ਵਾਲੀ ਆਪਣੀ ਨੀਚ ਸੋਚ ਨੂੰ ਬਦਲਣ ਦੀ ਥਾਂ ਵੰਡੀਆਂ ਨੂੰ ਪੱਕਿਆਂ ਰੱਖਣ ਲਈ ਨਵੇਂ ਢੰਗ ਅਪਣਾਉਣੇ ਸ਼ੁਰੂ ਕਰ ਦਿੱਤੇ। ਜਿਵੇਂ ਕਿ ਪਹਿਲਾਂ ਜਾਤੀ ਵੰਡ ਨੂੰ ਸਖਤੀ ਨਾਲ ਲਾਗੂ ਕਰਨ ਅਤੇ ਸੂਦਰਾਂ ਉਤੇ ਜੁਰਮ ਕਰਨ ਲਈ ਮੰਨੂ ਸਿੰਮ੍ਰਿਤੀ ਦਾ ਸਹਾਰਾ ਲਿਆ, ਹੁਣ ਵੋਟ ਵਟੋਰੂ ਨੀਤੀ ਅਨੁਸਾਰ ਭਾਰਤੀ ਸਵਿਧਾਨ ਨੂੰ ਵਰਤਿਆ ਜਾ ਰਿਹਾ ਹੈ। ਉੱਝ ਬੇਸੱਕ ਨੀਵੀਆਂ ਜਾਤਾਂ ਉੱਤੇ ਹੁੰਦੇ ਜੁਰਮ ਰੋਕਣ ਅਤੇ ਉਹਨਾ ਦੇ ਹੱਕਾਂ ਦੀ ਰਾਖੀ ਲਈ ਐੱਸ ਸੀ/ ਐੱਸ ਟੀ ਐਕਟ ਬਣਇਆ ਹੋਇਆ ਹੈ, ਅਸਲ ਵਿੱਚ ਜਾਤੀ ਪ੍ਰਬੰਧ ਅਧੀਨ ਚੱਲ ਰਹੀਆਂ ਸਰਕਾਰਾਂ ਦਾ ਇਹ ਐਕਟ ਵੀ ਕਹੇ ਜਾਂਦੇ ਨੀਵੀ ਜਾਤ ਦੇ ਭਾਰਤੀਆਂ ਨੂੰ ਮੂਰਖ ਬਣਾਉਣ ਤੋਂ ਸਿਵਾਏ ਕੁੱਝ ਵੀ ਨਹੀਂ ਹੈ। ਇੱਕ ਪਾਸੇ ਕਿਸੇ ਮਨੁੱਖ ਨੂੰ ਚੂਹੜਾ ਜਾਂ ਚਮਿਆਰ ਕਹਿਣ ਵਾਲੇ ਨੂੰ ਸਜਾ ਦਿੱਤੀ ਜਾਂਦੀ ਹੈ ਦੂਜੇ ਪਾਸੇ ਉਸੇ ਮਨੁੱਖ ਨੂੰ ਆਪਣੇ ਨਾਮ ਨਾਲ ਜਾਤੀ ਚੂਹੜਾ ਜਾਂ ਚਮਿਆਰ ਅਦਿ ਲਿਖਣੀ ਜਰੂਰੀ ਹੈ। ਜੇ ਇਹ ਜਾਤੀ ਸੂਚਕ ਸ਼ਬਦ (ਚੂਹੜਾ ਜਾਂ ਚਮਿਆਰ ਆਦਿ) ਇੰਨਾ ਹੀ ਮਾੜਾ ਹੈ ਜਿਸ ਦੇ ਕਹਿਣ ਨਾਲ ਕਿਸੇ ਦੇ ਮਨ ਨੂੰ ਠੇਸ ਪਹੁੰਚਦੀ ਹੈ, ਜਿਸ ਕਾਰਨ ਇਹ ਸ਼ਬਦ ਵਰਤਣ ਵਾਲੇ ਨੂੰ ਸਜਾ ਦਾ ਪ੍ਰਬੰਧ ਵੀ ਕੀਤਾ ਗਿਆ ਹੈ ਫਿਰ ਇਸ ਮਨੁੱਖੀ ਮਨ ਨੂੰ ਠੇਸ ਪਹੁੰਚਾਣ ਵਾਲੇ ਜਾਤੀ ਸੂਚਕ ਸ਼ਬਦ ਨੂੰ ਖਤਮ ਹੀ ਕਿਉਂ ਨਹੀਂ ਕਰ ਦਿੱਤਾ ਜਾਂਦਾ ? ਇਸ ਜਾਤੀ ਊਚ ਨੀਚ ਦੇ ਵਿਰੁੱਧ ਭਗਤ ਰਵਿਦਾਸ ਜੀ ਨੇ ਸਦੀਆਂ ਪਹਿਲਾਂ ਇਸ ਦੇ ਵਿਰੋਧ ਵਿੱਚ ਬ੍ਰਾਹਮਣ ਲਲਕਾਰਦਿਆਂ ਕਿਹਾ ਸੀ ਕਿ -: ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ ॥ ਤਉ ਆਨ ਬਾਟ ਕਾਹੇ ਨਹੀ ਆਇਆ ॥2॥ ਤੁਮ ਕਤ ਬ੍ਰਾਹਮਣ ਹਮ ਕਤ ਸੂਦ ॥ ਹਮ ਕਤ ਲੋਹੂ ਤੁਮ ਕਤ ਦੂਧ ॥3॥ (ਗੁਰੂ ਗ੍ਰੰਥ ਸਾਹਿਬ ਪੰਨਾ 324) ਪਰ ਅਫਸੋਸ ਕਿ ਅੱਜ ਸਾਡੇ ਵਿੱਚ ਭਗਤ ਰਵਿਦਾਸ ਜੀ ਵਾਲੀ ਉਹ ਜੁਰਅਤ ਨਹੀਂ ਰਹੀ, ਕਿ ਅਸੀਂ ਬ੍ਰਾਹਮਣ ਨੂੰ ਟੋਕ ਕੇ ਕਹਿ ਸਕੀਏ ਕਿ ਤੂੰ ਬ੍ਰਾਹਮਣ (ਉਤਮ) ਕਿਵੇਂ ਹੈਂ ਅਤੇ ਅਸੀਂ ਸ਼ੂਦਰ (ਨੀਚ) ਕਿਵੇਂ ਹਾਂ। ਅਸੀਂ ਤਾਂ ਬ੍ਰਾਹਮਣ ਦੀ ਚਾਲ ਵਿੱਚ ਫਸ ਕੇ ਖੁਦ ਨੀਚ ਜਾਤ ਹੋਣ ਦੇ ਸਰਟੀਫਿਕੇਟ ਬਣਾਉਣ ਲੱਗ ਗਏ ਹਾਂ। ਇਹੀ ਕਾਰਨ ਹੈ ਕਿ ਬ੍ਰਾਹਮਣ ਵੱਲੋਂ ਨੀਚ ਜਾਤੀ ਬਣਾਏ ਗਏ ਦਲਿਤ ਲੋਕ ਆਪਣੇ ਨਾਲੋਂ ਨੀਚ ਜਾਤ ਲਾਹੁਣ ਦੀ ਥਾਂ ਨੀਚ ਜਾਤ ਵਿੱਚ ਰਹਿ ਕੇ ਹੀ ਨੀਚ ਜਾਤ ਦੇ ਹੱਕਾਂ ਦੀ ਰਾਖੀ ਲਈ ਬਣਾਏ ਗਏ ਐੱਸ ਸੀ/ਐੱਸ ਟੀ ਕਾਨੂੰਨ ਵਿੱਚ ਫੇਰ ਬਦਲ ਕਰਨ ਦੇ ਵਿਰੁੱਧ ਹਿੰਸਕ ਕਾਰਵਾਈਆਂ ਤੇ ਉੱਤਰ ਆਏ ਸਨ, ਹਰਿਆਣੇ ਦੇ ਜਾਟ ਵੀ ਅਜਿਹਾ ਰਾਖਵਾਂਕਰਣ ਪ੍ਰਾਪਤ ਕਰਨ ਲਈ, ਅੱਤ ਨਿੰਦਣ ਯੋਗ ਹਿੰਸਕ ਕਾਰਵਾਈਆਂ ਕਰ ਚੁੱਕੇ ਹਨ, ਜੋ ਮਨੁੱਖੀ ਸਮਾਜ ਦੇ ਮੱਥੇ ਤੇ ਕਾਲੰਕ ਹਨ। ਬ੍ਰਾਹਮਣਵਾਦੀ ਭਾਰਤੀ ਜਾਤੀ ਪ੍ਰਬੰਧ ਵਿੱਚ ਸਿਰਫ ਬ੍ਰਾਹਮਣ ਦੀ ਜਾਤ ਹੀ ਊਚੀ ਹੈ, ਬਾਕੀ ਹੋਰ ਸੱਭ ਜਾਤਾਂ ਨੀਚ ਹਨ। ਇਸ ਲਈ ਹੌਲੀ- ਹੌਲੀ ਸੱਭ ਜਾਤਾਂ ਹੀ ਨੀਵੀਆਂ ਹੋਣ ਕਾਰਨ ਰਾਖਵੇਂ ਕਰਣ ਦੀ ਮੰਗ ਕਰਣ ਲੱਗ ਜਾਣਗੀਆਂ। ਸੱਭ ਤੋਂ ਦੁੱਖ ਦੀ ਗੱਲ ਇਹ ਹੋਵੇਗੀ ਕਿ ਜੇ ਸਾਰੀਆਂ ਜਾਤਾਂ ਨੂੰ ਨੀਚ ਹੋਣ ਕਾਰਨ ਰਾਖਵਾਂ ਕਰਨ ਮਿਲ ਵੀ ਗਿਆ, ਉਹ ਫਿਰ ਵੀ ਸਾਰੀਆਂ ਨੀਚ ਹੋਣ ਦੇ ਬਾਵਜੂਦ ਵੀ ਜਾਤੀ ਵੰਡ ਵਿੱਚ ਵੰਡੀਆਂ ਹੋਣ ਕਾਰਨ ਇੱਕ ਦੁਜੇ ਦੀਆਂ ਵਿਰੋਧੀ ਹੀ ਰਹਿਣਗੀਆਂ। ਭਾਰਤੀਆਂ ਨੂੰ ਜਾਤਾਂ ਵਿੱਚ ਵੰਡ ਕੇ ਨੀਚ ਥਾਪ ਕੇ ਉਹਨਾ ਉੱਤੇ ਜੁਰਮ ਕਰਨ ਵਾਲੀ ਮੰਨੂ ਸਿਮ੍ਰਤੀ ਵਾਰੇ ਭਗਤ ਕਬੀਰ ਜੀ ਨੇ ਸੱਤ ਸਦੀਆਂ ਪਹਿਲਾਂ ਸੁਚੇਤ ਕਰਦਿਆ ਕਿਹਾ ਸੀ :- ਬੇਦ ਕੀ ਪੁਤ੍ਰੀ ਸਿੰਮ੍ਰਿਤਿ ਭਾਈ ॥ ਸਾਂਕਲ ਜੇਵਰੀ ਲੈ ਹੈ ਆਈ ॥1॥ ਆਪਨ ਨਗਰੁ ਆਪ ਤੇ ਬਾਧਿਆ ॥ ਮੋਹ ਕੈ ਫਾਧਿ ਕਾਲ ਸਰੁ ਸਾਂਧਿਆ ॥1॥ ਰਹਾਉ ॥ ਕਟੀ ਨ ਕਟੈ ਤੂਟਿ ਨਹ ਜਾਈ ॥ ਸਾ ਸਾਪਨਿ ਹੋਇ ਜਗ ਕਉ ਖਾਈ ॥2॥ ਹਮ ਦੇਖਤ ਜਿਨਿ ਸਭੁ ਜਗੁ ਲੂਟਿਆ ॥ ਕਹੁ ਕਬੀਰ ਮੈ ਰਾਮ ਕਹਿ ਛੂਟਿਆ ॥3॥(ਗੁਰੂ ਗ੍ਰੰਥ ਸਾਹਿਬ ਪੰਨਾ 329) ਅਰਥ:- ਹੇ ਵੀਰ! ਇਹ ਸਿੰਮ੍ਰਿਤੀ ਜੋ ਵੇਦਾਂ ਦੇ ਆਧਾਰ ਤੇ ਬਣੀ ਹੈ (ਇਹ ਤਾਂ ਆਪਣੇ ਸ਼ਰਧਾਲੂਆਂ ਵਾਸਤੇ ਵਰਨ ਆਸ਼ਰਮ ਦੇ, ਮਾਨੋ) ਸੰਗਲ ਤੇ (ਕਰਮ-ਕਾਂਡ ਦੀਆਂ) ਰੱਸੀਆਂ ਲੈ ਕੇ ਆਈ ਹੋਈ ਹੈ ।1।ਇਸ ਸਿੰਮ੍ਰਿਤੀ ਨੇ ਆਪਣੇ ਸਾਰੇ ਸ਼ਰਧਾਲੂ ਆਪ ਹੀ ਜਕੜੇ ਹੋਏ ਹਨ, (ਇਨ੍ਹਾਂ ਨੂੰ ਸੁਰਗ ਆਦਿਕ ਦੇ) ਮੋਹ ਦੀ ਫਾਹੀ ਵਿਚ ਫਸਾ ਕੇ (ਇਹਨਾਂ ਦੇ ਸਿਰ ਤੇ) ਮੌਤ (ਦੇ ਸਹਿਮ) ਦਾ ਤੀਰ (ਇਸ ਨੇ) ਖਿੱਚਿਆ ਹੋਇਆ ਹੈ।1।ਰਹਾਉ।(ਇਹ ਸਿੰਮ੍ਰਿਤੀ-ਰੂਪ ਫਾਹੀ ਸ਼ਰਧਾਲੂਆਂ ਪਾਸੋਂ) ਵੱਢਿਆਂ ਵੱਢੀ ਨਹੀਂ ਜਾ ਸਕਦੀ ਅਤੇ ਨਾਹ ਹੀ (ਆਪਣੇ ਆਪ) ਇਹ ਟੁੱਟਦੀ ਹੈ । (ਹੁਣ ਤਾਂ) ਇਹ ਸੱਪਣੀ ਬਣ ਕੇ ਜਗਤ ਨੂੰ ਖਾ ਰਹੀ ਹੈ (ਭਾਵ, ਜਿਵੇਂ ਸੱਪਣੀ ਆਪਣੇ ਹੀ ਬੱਚਿਆਂ ਨੂੰ ਖਾ ਜਾਂਦੀ ਹੈ, ਤਿਵੇਂ ਇਹ ਸਿੰਮ੍ਰਿਤੀ ਆਪਣੇ ਹੀ ਸ਼ਰਧਾਲੂਆਂ ਦਾ ਨਾਸ ਕਰ ਰਹੀ ਹੈ)।2।ਹੇ ਕਬੀਰ! ਆਖ૷ਅਸਾਡੇ ਵੇਖਦਿਆਂ ਵੇਖਦਿਆਂ ਜਿਸ (ਸਿੰਮ੍ਰਿਤੀ) ਨੇ ਸਾਰੇ ਸੰਸਾਰ ਨੂੰ ਠੱਗ ਲਿਆ ਹੈ, ਮੈਂ ਪ੍ਰਭੂ ਦਾ ਸਿਮਰਨ ਕਰ ਕੇ ਉਸ ਤੋਂ ਬਚ ਗਿਆ ਹਾਂ ।3।30।( ਗੁਰਬਾਣੀ ਪਾਠ ਦਰਪਣ ਪ੍ਰੋ: ਸਾਹਿਬ ਸਿੰਘ) ਬ੍ਰਾਹਮਣ ਦੇ ਜਾਤੀ ਪ੍ਰਬੰਧ ਤੋਂ ਅਸੀਂ ਉਨਾ ਚਿਰ ਮੁਕਤ ਨਹੀਂ ਹੋ ਸਕਦੇ ਜਿੰਨਾ ਚਿਰ ਇਸ ਦੀ ਅਸਲੀਅਤ ਨੂੰ ਸਮਝ ਕੇ ਜਾਤ ਸ਼ਬਦ ਨੂੰ ਜੜ ਤੋਂ ਖਤਮ ਨਹੀਂ ਕਰਦੇ। ਕਾਨੂੰਨੀ ਤੌਰ ਤੇ ਕਹੀਆਂ ਜਾਂਦੀਆਂ ਨੀਚ ਜਾਤੀਆਂ ਨੂੰ ਵੱਧ ਅਧਿਕਾਰ (ਰਾਖਵਾਂਕਰਨ) ਦੇਣ ਦੀ ਨੀਤੀ ਵੀ ਮੈਨੂੰ ਤਾਂ ਜਾਤੀ ਪ੍ਰਬੰਧ ਦੀ ਹੀ ਇੱਕ ਫੁੱਟ ਪਾਊ ਸਾਜਿਸ ਹੀ ਨਜਰ ਆਉਂਦੀ ਹੈ ਜੋ ਜਾਤੀ ਵੰਡ ਨੂੰ ਕਾਇਮ ਰੱਖਣ ਲਈ ਬਣਾਈ ਗਈ ਲਗਦੀ ਹੈ। ਕਿਉਂਕਿ ਜੇਕਰ ਪਛੜੇ ਮਨੁੱਖਾਂ ਨੂੰ ਊੱਚਾ ਚੁੱਕਣ ਲਈ ਸਹਾਇਤਾ ਦੇਣੀ ਹੈ ਤਾਂ ਉਹਨਾ ਦੀ ਆਰਥਿਕ ਤੌਰ ਤੇ ਪਹਿਚਾਣ ਕਰਕੇ ਵੀ ਦਿੱਤੀ ਜਾ ਸਕਦੀ ਹੈ, ਨਾਲੇ ਆਰਥਿਕ ਹਾਲਤ ਸਮੇ ਨਾਲ ਬਦਲਦੇ ਵੀ ਰਹਿੰਦੇ ਹਨ। ਜਾਤੀ ਫੁੱਟ ਪਾਊ ਬ੍ਰਾਹਮਣਵਾਦੀ ਸੋਚ ਨੇ ਜਿੱਥੇ ਹੁਣ ਤੱਕ ਭਾਰਤੀਆਂ ਨੂੰ ਜਲੀਲ ਕਰਕੇ ਰਾਜ ਕੀਤਾ ਸੀ ਉੱਥੇ ਆਮ ਬ੍ਰਾਹਮਣ ਵੀ ਹੁਣ ਇਸ ਤੋਂ ਪੀੜਤ ਨਜਰ ਆ ਰਹੇ ਹਨ। ਕਿਉਂਕਿ ਬੇਸ਼ੱਕ ਭਾਰਤ ਉੱਤੇ ਅੱਜ ਵੀ ਮੁੱਠੀ ਭਰ ਬ੍ਰਾਹਮਣ ਹੀ ਰਾਜ ਕਰ ਰਹੇ ਹਨ, ਪਰ ਵੱਡੀ ਗਿਣਤੀ ਵਿੱਚ ਬ੍ਰਾਹਮਣ ਜੋ ਆਰਥਿਕ ਤੌਰ ਤੇ ਦਲਿਤਾਂ ਨਾਲੋਂ ਵੀ ਮਾੜੀ ਜਿੰਦਗੀ ਜੀਅ ਰਹੇ ਹਨ, ਉਹਨਾ ਲਈ ਅੱਜ ਊਚੀ ਜਾਤ ਵੀ ਸਰਾਫ ਬਣ ਕੇ ਰਹਿ ਗਈ ਹੈ। ਭਾਰਤੀ ਬ੍ਰਾਹਮਣਵਾਦੀ ਸੰਵਿਧਾਨ ਅਨੁਸਾਰ ਜਾਤੀ ਕੰਮ ਤਾਂ ਬਦਲਿਆ ਜਾ ਸਕਦਾ ਹੈ ਪਰ ਜਾਤ ਨੂੰ ਬਦਲਿਆ ਨਹੀਂ ਜਾ ਸਕਦਾ। ਆਮ ਕਹਾਵਤ ਹੈ ਕਿ ਮਕੜੀ ਆਪਣੇ ਬਣਾਏ ਜਾਲ ਵਿੱਚ ਆਪ ਹੀ ਫਸ ਕੇ ਮਰ ਜਾਂਦੀ ਹੈ। ਇਹ ਕਹਾਵਤ ਬ੍ਰਾਹਮਣਵਾਦ ਦੀ ਸੋਚ ਉੱਤੇ ਪੂਰੀ ਤਰਾਂ ਢੁੱਕਦੀ ਹੈ। ਬ੍ਰਾਹਮਣਵਾਦ ਦੇ ਵੱਡਿਆਂ ਦੀ ਭਾਰਤੀ ਸ਼ੂਦਰਾਂ ਉੱਤੇ ਜੁਰਮ ਕਰਨ ਅਤੇ ਊਚ ਨੀਚ ਦੀਆਂ ਵੰਡੀਆਂ ਪਾਉਣ ਦੀਆਂ ਕੀਤੀਆਂ ਗਲਤੀਆਂ ਦੀ ਸਜਾਵਾਂ ਜਿੱਥੇ ਸ਼ੂਦਰ ਹਜਾਰਾਂ ਸਾਲਾਂ ਤੋਂ ਭੁਗਤ ਦੇ ਆਏ ਹਨ, ਹੁਣ ਉਹ ਉੱਚ ਜਾਤੀ ਬ੍ਰਾਹਮਣਾਂ ਨੂੰ ਵੀ ਭੁਗਤਣੀਆਂ ਪੈਣਗੀਆਂ। ਜਾਤੀ ਵੰਡੀਆਂ ਦੇ ਅਜਿਹੇ ਮਾੜੇ ਨਤੀਜਿਆਂ ਵਾਰੇ ਸੁਚੇਤ ਕਰਦਿਆਂ ਅਤੇ ਜਾਤ ਦਾ ਹੰਕਰ ਕਰਨ ਵਾਲੇ ਬ੍ਰਾਹਮਣ ਨੂੰ ਮੂਰਖ ਕਹਿੰਦਿਆਂ ਗੁਰੂ ਸਾਹਿਬ ਜੀ ਨੇ ਸਦੀਆਂ ਪਹਿਲਾਂ ਕਿਹਾ ਸੀ ਕਿ :- ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ ॥ ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ ॥1॥ (ਗੁਰੂ ਗ੍ਰੰਥ ਸਾਹਿਬ ਪੰਨਾ 1127-28) ਭਗਤ ਕਬੀਰ, ਭਗਤ ਨਾਮਦੇਵ, ਭਗਤ ਰਵਿਦਾਸ, ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਨੇ ਬ੍ਰਾਹਮਣ ਦੇ ਇਸ ਜਾਤੀ ਪ੍ਰਬੰਧ ਦੇ ਵਿਰੁੱਧ ਬਰਾਬਰਤਾ ਵਾਲਾ ਸਮਾਜ ਸਿਰਜਣ ਲਈ ਸੰਘਰਸ ਕੀਤਾ। ਪਰ ਉੱਚ ਜਾਤੀ ਬ੍ਰਾਹਮਣ ਨੇ ਆਪਣੀ ਜਾਤੀ ਵੰਡ ਪਾਊ ਨੀਤੀ ਅਨੁਸਾਰ ਉਪਰੋਕਤ ਬਾਣੀਕਾਰਾਂ ਦੇ ਪੈਰੋਕਾਰਾਂ ਨੂੰ ਵੀ ਇਸ ਜਾਤੀ ਵੰਡ ਵਿੱਚੋਂ ਨਿਕਲਣ ਹੀ ਨਹੀਂ ਦਿੱਤਾ। ਉੱਝ ਤਾਂ ਬੇਸ਼ੱਕ ਸਾਡੇ ਭਾਰਤੀ ਹੁਣ ਤੱਕ ਅੰਗਰੇਜਾਂ ਉੱਤੇ ਹੀ ਇਹ ਦੋਸ਼ ਲਾਉਂਦੇ ਆਏ ਹਨ ਕਿ ਫੁੱਟ ਪਾਓ ਤੇ ਰਾਜ ਕਰੋ ਦੀ ਨੀਤੀ ਅੰਗਰੇਜਾਂ ਦੀ ਸੀ ਪਰ ਅਸਲ ਵਿੱਚ ਇਹ ਨੀਤਾਂ ਬ੍ਰਾਹਮਣਵਾਦ ਦੀ ਸੀ। ਮਾੜੀਆਂ ਨੀਤੀਆਂ ਦੇ ਨਤੀਜੇ ਵੀ ਮਾੜੇ ਹੀ ਹੁੰਦੇ ਹਨ। ਮਨੁੱਖਤਾ ਵਿੱਚ ਜਾਤੀਆਂ ਰਾਹੀਂ ਊਚ ਨੀਚ ਦੀ ਪਾਈ ਵੰਡ ਕਾਰਨ ਭਾਰਤੀ ਸਮਾਜ ਅੱਜ ਜਾਤੀ ਨਫਰਤ ਦੀ ਸਿਖਰ ਨੂੰ ਛੂਹ ਰਿਹਾ ਹੈ, ਹਰ ਇੱਕ ਜਾਤ ਇੱਕ ਦੂਜੀ ਜਾਤ ਨੂੰ ਨਫਰਤ ਕਰ ਰਹੀ ਹੈ। ਮੂੰਹ ਛੋਟਾ ਗੱਲ ਵੱਡੀ ਕਹਾਵਤ ਵਾਲੀ ਗੱਲ ਕਹਿਣ ਦੀ ਕੋਸ਼ਿਸ ਕਰ ਰਿਹਾ ਹਾਂ, ਜਿਸ ਦਾ ਹੱਲ ਕਰਨਾ ਸੌਖਾ ਤਾਂ ਨਹੀਂ ਹੈ, ਪਰ ਅਸੰਭਵ ਵੀ ਨਹੀਂ ਹੈ। ਦੇਸ਼ ਦੇ ਮਾਲਕ ਬਣੇ ਨਰਿੰਦਰ ਮੋਦੀ ਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਹਾਡੇ ਵਡੇਰਿਆਂ ਨੇ ਭਾਰਤੀਆਂ ਉੱਤੇ ਆਪਣਾ ਰਾਜ ਕਾਇਮ ਰੱਖਣ ਲਈ ਇਹਨਾਂ ਨੂੰ ਜਾਤਾਂ ਵਰਣਾ ਵਿੱਚ ਵੰਡ ਕੇ ਬਹੁਤ ਅੱਤਿਆਚਾਰ ਕੀਤੇ ਸਨ ਜੋ ਹੁਣ ਤੱਕ ਜਾਰੀ ਹਨ, ਤੁਸੀਂ ਵੀ ਆਪਣੇ ਵਡੇਰਿਆਂ ਦੀਆਂ ਗਲਤੀਆਂ ਨੂੰ ਸੁਧਾਰਨ ਦੀ ਥਾਂ ਉਹਨਾ ਦੇ ਹੀ ਪਦ ਚਿੰਨ੍ਹਾ ਤੇ ਚਲਦੇ ਹੋਏ ਭਾਰਤ ਨੂੰ ਭਗਵੇਂ ਬ੍ਰਾਹਮਣਵਾਦੀ ਰੰਗ ਵਿੱਚ ਰੰਗਣ ਦੀ ਕੋਸ਼ਿਸ ਕਰ ਰਹੇ ਹੋਂ, ਇਸ ਦੇ ਨਤੀਜੇ ਬਹੁਤ ਮਾੜੇ ਨਿਕਲ ਰਹੇ ਹਨ, ਜੋ ਆਉਣ ਵਾਲੇ ਸਮੇ ਵਿੱਚ ਹੋਰ ਵੀ ਖਤਰਨਾਕ ਰੂਪ ਧਾਰਨ ਕਰਨਗੇ। ਕਿਉਂਕਿ ਤੁਹਾਡੇ ਵਡੇਰਿਆਂ ਨੇ ਅਤੇ ਤੁਸੀਂ ਜਾਤਾਂ ਵਰਣਾ ਦੀ ਨਫਰਤ ਦੀਆਂ ਕੰਧਾਂ ਹੀ ਇੰਨੀਆਂ ਊਚੀਆਂ ਉਸਾਰ ਦਿੱਤੀਆਂ ਹਨ ਜਿੰਨਾ ਨੂੰ ਢਾਹੁਣ ਲਈ ਵੀ ਬਹੁਤ ਵੱਡੇ ਨੁਕਸਾਨ ਹੋਣਗੇ। ਤੁਹਾਡੀ ਇਸ ਭਗਵੇਂ ਬ੍ਰਾਹਮਣਵਾਦੀ ਰੰਗ ਵਿੱਚ ਰੰਗਣ ਦੀ ਕੋਸ਼ਿਸ ਤੁਹਾਡੀਆਂ ਜੜ੍ਹਾਂ ਤਾਂ ਪੁੱਟੇਗੀ ਹੀ, ਪਰ ਤੁਹਾਡੇ ਖਤਮ ਹੋਣ ਤੋਂ ਬਾਅਦ ਵੀ ਤੁਹਾਡੇ ਵੱਲੋਂ ਊਚ ਨੀਚ ਦੀਆਂ ਜਾਤਾਂ ਵਿੱਚ ਵੰਡੇ ਭਾਰਤੀਆਂ ਨੂੰ ਵੀ ਤਬਾਹ ਕਰੇਗੀ। ਕਿਉਂਕਿ ਤੁਹਾਡੇ ਖਾਤਮੇ ਤੋਂ ਬਾਅਦ ਸਦੀਆਂ ਤੋਂ ਥੋਪੀ ਜਾਤੀ ਊਚ ਨੀਚ ਦੀ ਵੰਡ ਨੂੰ ਕਬੂਲ ਕਰ ਕੇ ਜਾਤੀ ਨਫਰਤਾਂ ਨਾਲ ਭਰੇ ਭਾਰਤੀ ਆਪਸ ਵਿੱਚ ਇੱਕ ਦੂਜੀ ਜਾਤੀਆਂ ਦਾ ਵੀ ਨੁਕਸਾਨ ਕਰਨਗੇ। ਇਸ ਲਈ ਮੋਦੀ ਜੀ, ਤੁਹਾਨੂੰ ਬੇਨਤੀ ਹੈ ਕਿ ਜੇ ਤੁਹਾਡੇ ਵਿੱਚ ਭੋਰਾ ਭਰ ਵੀ ਇੰਨਸਾਨੀਅਤ ਬਾਕੀ ਹੈ ਤਾਂ ਆਪਣੇ ਵਡੇਰਿਆਂ ਦੀਆਂ ਊਚ ਨੀਚ ਜਾਤੀ ਵੰਡ ਦੀਆਂ ਕੀਤੀਆਂ ਗਲਤੀਆਂ ਦੀ ਭਾਰਤ ਵਾਸੀਆਂ ਤੋਂ ਮੁਆਫੀ ਮੰਗ ਕੇ ਭਾਰਤ ਦੇ ਸੰਵਿਧਾਨ ਵਿੱਚੋਂ ਜਾਤੀ ਊਚ ਨੀਚ ਦੀ ਵੰਡ ਨੂੰ ਖਤਮ ਕਰਕੇ ਸਮੁੱਚੇ ਭਾਰਤੀਆਂ ਨੂੰ ਬਰਾਬਰ ਦੇ ਇੰਨਸਾਨਾਂ ਦਾ ਦਰਜਾ ਦੇ ਦਿਓ, ਇਸ ਵਿੱਚ ਹੀ ਭਾਰਤ ਦੀ ਭਲਾਈ ਹੈ ।
ਤਾਰੀਖ ૶ 4-4-2018


      
          ਹਰਲਾਜ ਸਿੰਘ ਬਹਾਦਰਪੁਰ,
             ਪਿੰਡ ਤੇ ਡਾਕਖਾਨਾ ਬਹਾਦਰਪੁਰ,       
             ਤਹਿਸੀਲ ਬੁੱਢਲਾਡਾ, ਜਿਲਾ ਮਾਨਸਾ ਪੰਜਾਬ ।
             ਪਿੰਨ ਕੋਡ :-151501, ਫੋਨ ਨੰਬਰ :- 9417023911
             harlajsingh7@gmail.com