Iqbal-Singh-Bhatti

ਅਜ ਦੇ ਹਾਲਾਤਾਂ ਮੁਤਾਬਕ ਮਿੰਨੀ ਕਹਾਣੀ (ਛਿੱਕੂ)-- ਭੱਟੀ ਦੀ ਕਲਮ ਤੋਂ

ਪਿੰਡ ਦਿਆਲਪੁਰੇ ਦਾ ਅਮਲੀ ਸ਼ੇਰੂ ਸਵੇਰੇ ਸਵੇਰੇ ਹੱਥ ਵਿਚ ਅਖਬਾਰ ਫੜੀ ਪਿੰਡੋਂ ਬਾਹਰਵਾਰ ਉਸ ਜਗਾਹ ਤੇ ਜਾ ਪਹੁੰਚਿਆ ਜਿਸ ਜਗਾਹ ਪਿੰਡ ਦੇ ਬਜ਼ੁਰਗ ਧੁੱਪ ਸੇਕਣ ਅਤੇ ਨੌਜਵਾਨ ਤਾਸ਼ ਖੇਡਣ ਵਾਸਤੇ ਰੋਜ਼ਾਨਾ ਪਿੱਪਲ ਦੇ ਬੋਹੜ ਹੇਠ ਢਾਣੀਆਂ ਬਣਾਇਆ ਕਰਦੇ ਸਨ |
             ਸ਼ੇਰੂ ਅਮਲੀ ਨੂੰ ਆਉਂਦਾ ਦੇਖ ਕੇ , ਬੀਰੇ ਮੋਚੀ ਦੀਆਂ ਵਾਸ਼ਾਂ ਖਿੜ ਉਠੀਆਂ |
            ਅਮਲੀ ਵੀ ਆਪਂਣੇ ਯਾਰ ਨੂੰ ਸੰਬੋਧਨ ਹੁੰਦੇ ਹੋਏ ਬੋਲਿਆ ' ਮਖਾਂ ਮੋਚੀਆ, ਜਰਾ ਆਹ , ਅਖਬਾਰ ਤਾਂ, ਰੱਤਾ ਕੁ ਪੜ ਕੇ ਦੱਸੀ, ਨਾਲੇ ਲੋਕਾਂ ਨੇ ਮੂੰਹਾਂ ਤੇ , ਆਹ , ਛਿਕੂ ਜਿਹੇ ਕਿਉਂ ਬੰਨੇ ਹੋਏ ਨੇ ???
             ਇਤਨਾ ਕੁ ਕਹਿ ਕੇ ਅਮਲੀ ਮੋਚੀ ਦੇ ਮੂੰਹ ਵਲ ਬਿਟਰ ਬਿਟਰ ਦੇਖਣ ਲਗ ਪਿਆ , ਅਮਲੀ ਭਾਵੇਂ ਆਪ ਕੋਰਾ ਅਨਪੜ ਸੀ, ਪਰ ਫੋਟੋਆਂ ਦੇਖ ਕੇ ਅੰਦਾਜਾ ਜਿਹਾ ਲਾ ਲੈਂਦਾ ਸੀ ਕਿ ਫੋਟੋਆਂ ਦੇ ਹਿਸਾਬ ਨਾਲ ਕੀ ਲਿਖਿਆ ਹੋਵੇਗਾ
             ਅਮਲੀ ਖੁਦ ਅਖਬਾਰ ਨਹੀ ਪੜਦਾ ਸੀ , ਪਰ ਰੋਜ਼ਾਨਾ ਜੇਬ " ਚੋ" ਅਖਬਾਰ ਖਰੀਦ ਕੇ ਮੋਚੀ ਕੋਲੋਂ ਖਬਰਾਂ ਸੁਆਦ ਲੈ ਲੈ ਕੇ ਸੁਣਨੀਆਂ ਅਤੇ ਫਿਰ ਬਹਿਸ ਕਰਨੀ , ਅਮਲੀ ਅਤੇ ਮੋਚੀ ਦਾ ਨੇਮ ਸੀ
             ਅਜ ਵੀ ਮੂੰਹਾਂ ਤੇ ਛਿਕੂਆਂ ਵਾਲੀਆਂ ਫੋਟੋ ਦੇਖ ਕੇ ਅਮਲੀ ਕੁਝ ਨਾ ਕੁਝ ਸਮਝ ਜਿਹਾ ਗਿਆ ਸੀ , ਇਸੇ ਲਈ ਹੀ ਉਹ ਉਤਾਵਲਾ ਜਿਹਾ ਹੋਇਆ ਪਿਆ ਸੀ ਕਿ ਆਖਿਰ ਹਰੇਕ ਜਣੇ ਨੇ ਆਪਣੇ ਮੂੰਹ ਢਕੇ ਕਿਉਂ ਹੋਏ ਨੇ ???
             ਉਧਰੋਂ ਮੋਚੀ ਵੀ ਬੜੀ ਚੀਜ ਸੀ , ਖਬਰ ਪੜਨ ਉਪਰੰਤ ਚਸਕੇ ਲੈ ਲੈ ਕੇ ਖਬਰ ਸੁਣਾਉਨੀ , ਮੋਚੀ ਦੇ ਹਿਸੇ ਹੀ ਆਇਆ ਹੋਇਆ ਸੀ |
              ਮੋਚੀ ਕਹਿੰਦਾ ਮਖਾਂ, ਅਮਲੀਆ, ਮੇਰੀ ਗੱਲ ਜਰਾ ਧਿਆਨ ਨਾਲ ਸੁਣੀ, ਹੋਇਆ ਇੰਝ ਕਿ ਦੁਨੀਆਂ ਦੇ 172 ਦੇਸ਼ਾਂ ਦੇ ਨੁਮਾਇੰਦੇ ( ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ )  ਰੱਬ ਕੋਲ ਗਏ ਤੇ ਫਰਿਆਦ ਕੀਤੀ ਰੱਬਾ ਸਾਡਾ ਕੁਝ ਸੋਚ,,  ਅਸੀ,, ਆਪਣੇ ਵਲੋਂ ਹਰ ਸਹੂਲਤ ਪਬਲਿਕ ਨੂੰ ਦਿੰਦੇ ਹਾਂ,,  ਪਰ ਪਬਲਿਕ ਫਿਰ ਵੀ ਖੁਸ਼ ਨਹੀਂ ਹੁੰਦੀ " ਬਲਕਿ ਜਿਹੜਾ  ਪੈਸਾ ਅਸੀ  ਖਾਣਾ  ਹੁੰਦਾ ਹੈ , ਉਹ ਵੀ ਸਾਡੇ ਪੱਲੇ ਨਹੀ  ਪੈਂਦਾ | ਨਾ ਇਹ ਲੋਕ ਟੈਕਸ ਪੂਰੇ ਦਿੰਦੇ ਹਨ, ਜੇਕਰ ਦਬਾਅ ਪਾਈਏ ਤਾਂ ਅਦਾਲਤਾਂ ਦੇ ਦਰਵਾਜੇ ਜਾ ਖੜਕਾਉਂਦੇ ਹਨ | ਉਪਰੋਂ , ਨਿੱਤ ਹੜਤਾਲ਼ਾਂ , ਧਰਨੇ , ਮੁਜਾਹਰੇ ਅਤੇ ਵਿਖਾਵੇ ਕਰ ਕਰ ਕੇ ਸਾਡਾ ਜਿਉਣਾ ਮੁਹਾਲ ਕੀਤਾ ਹੋਇਆ ਹੈ , ਇਨ੍ਹਾਂ ਲੋਕਾਂ ਨੇ ! 
              ਵਾਕਿਆ ਹੀ ਅਸੀ ਬਹੁਤ ਤੰਗ ਹਾਂ !  ਰਾਜਨੀਤੀ ਤੋਂ ਬਿਨਾ ਸਾਨੂੰ ਕੋਈ ਹੋਰ ਕੰਮ ਵੀ ਨਹੀ ਆਉਂਦਾ, ਇਸ ਕਰਕੇ ਰੱਬ ਜੀ ਇਨ੍ਹਾਂ ਲੋਕਾਂ ਨੂੰ ਮੱਤ ਦੇਣ ਦਾ ਕੋਈ ਤਰੀਕਾ ਦਸੋ |
               ਅੱਗੋਂ ਰੱਬ ਕਹਿਦਾ , ਦੇਖੋ ਜੇਕਰ ਦੁਨੀਆਂ ਤੇ ਰਾਜ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਸਾਰਿਆ ਨੂੰ ਮਿਲ ਕੇ ਚਲਣਾ ਹੋਵੇਗਾ,, ਬਦਮਾਸ਼ੀ ਕਰਨੀ ਹੈ ਤਾਂ ਠੋਕ ਕੇ ਕਰੋ ,, ਇਨ੍ਹਾਂ ਦੀਆਂ ਜੁੱਤੀਆਂ ਏਨ੍ਹਾਂ ਦੇ ਸਿਰ ਤੇ ਹੀ ਮਾਰੋ , ਦੂਸਰਾ ਪੈਸੇ ਤੁਸੀ ਕਿਹੜੇ ਘਰੋਂ ਲਿਆ ਕੇ ਜਨਤਾ ਨੂੰ ਦੇਂਣੇ ਆ , ਕਿਉਂਕਿ ਅਸਲੀਅਤ ਵਿਚ  ਪੈਸੇ ਹੁੰਦੇ ਤਾਂ ਜਨਤਾ ਦੇ ਈ ਨੇ 
               ਠੀਕ ਆ ,  ਰੱਬ ਜੀ ,  ਅਸੀ ਸਾਰੇ ਰਲ ਮਿਲ ਕੇ ਬਦਮਾਸ਼ੀ ਕਹਾਂਗੇ , ਬਸ ਤੁਸੀ ਹੁਕਮ ਕਰੋ ਸਾਡੇ ,  ਆਕਾ ਜੀ |
              ਅੱਗੋਂ ਰੱਬ ਨੇ ਕਿਹਾ , ਠੀਕ ਆ ਜੇਕਰ ਆਹ ਗੱਲ ਆ ਤਾਂ ਸਮਝੋ ਤੁਹਾਡਾ ਕੰਮ ਹੋ ਗਿਆ|
               ਹੁਣ ਤੁਸੀਂ ਮੇਰੀ ਗੱਲ ਧਿਆਨ ਨਾਲ ਸੁਣਨਾ , ਮੈਂ ਇਕ ਚਮਤਕਾਰ ਦਿਖਾਵਾਂਗਾ ,  ਮੇਰੇ ਇਸ ਚਮਤਕਾਰ ਦਾ ਫਾਇਦਾ ਤੁਸੀਂ ਉਠਾਉਣਾ ਹੈ , ਭਾਵੇਂ ਜਨਤਾ ਨੂੰ ਸ਼ਿੱਤਰ ਫੇਰੋ , ਡਾਂਗਾਂ ਨਾਲ ਕੁਟੋ , ਭੁੱਖੇ ਮਾਰੋ , ਜੋ ਮਰਜੀ ਕਰਿਉ , ਫਿਰ ਦੇਖਣਾ ਸਾਰਾ ਕੁਝ ਸਹਿਣ ਦੇ ਬਾਵਜੂਦ ਲੋਕ ਗੁਣ ਵੀ ਤੁਹਾਡੇ ਹੀ ਗਾਉਣਗੇ |
               ਅੱਗੋਂ ਅਮਲੀ ਬੋਲਿਆ , ਬੇਸ਼ਰਮਾਂ ਵਾਂਗੂੰ ਬੋਲੀ ਹੀ ਜਾਵੇਂਗਾ ਕਿ ਕੋਈ ਕੰਮ ਦੀ ਗੱਲ ਵੀ ਦੱਸੇਂਗਾ , ਸਾਲਾ ਮੋਚੀ ਜਿਹਾ ਡਰਾਮੇਬਾਜੀ ਕਰ ਕਰ ਕੇ ਕਹਾਣੀ ਸੁਣਾਈ ਜਾ ਰਿਹੈ , ਮੈਂ ਤਾਂ , ਮਖਾਂ ਇਤਨਾ , ਕੁ ,   ਪੁੱਛਿਆ ਸੀ ਕਿ ਆਹ ਅਖਬਾਰ ਵਾਲੀ ਫੋਟੋ ਵਿਚ ਇਨਸਾਨਾਂ ਨੇ ਪਸ਼ੂਆਂ ਵਾਂਗ ਆਪਣੇ ਮੂਹਾਂ ਤੇ ਛਿਕੂ ਕਿਉਂ ਪਾਏ ਹੋਏ ਨੇ ??
              ਉਏ ਅਮਲੀਆ ਕਾਹਲਾ ਨਾ ਪੈ , ਹੁਣ ਮੈਂ ਅਸਲੀ ਗੱਲ ਵਲ ਆ ਰਿਹਾਂ , ਤੇਰੇ ਵਰਗੇ ਮੋਟੇ ਦਿਮਾਗ ਵਾਲਿਆਂ ਨਾਲ ਦੁਨੀਆਂ ਭਰੀ ਪਈ ਆ , ਇਸ ਕਰਕੇ ਭੂਮਿਕਾ ਬੰਨਣੀ ਜਰੂਰੀ ਸੀ ,  
              ਚਲ ਠੀਕ ਆ , ਅਗੇ ਬੋਲ , ਲਿਖਿਆ ਕੀ ਆ ?? ਅਮਲੀ ਦੀ ਉੱਤਸੁਕਤਾ ਵਧਦੀ ਜਾ ਰਹੀ ਸੀ |
              ਗੱਲ ਇਹ ਆ ਅਮਲੀਆ ਕਿ , ਰਾਜਨੀਤੀ ਕਰਨ ਵਾਲਿਆਂ ਦੀ ਰੱਬ ਨਾਲ ਸੌਦੇਬਾਜੀ ਹੋ ਗਈ ਆ , ਕਿਉਂਕਿ ਰੱਬ ਵੀ ਲੋਕਾਂ ਕੋਲੋਂ ਬਹੁਤ ਦੁਖੀ ਆ ! ਬਹੁਤੇ ਲੋਕ ਤਾਂ ਰੱਬ ਦੇ ਨਾਮ ਤੇ ਝੂਠ ਬੋਲ ਬੋਲ ਕੇ ਠੱਗੀਆਂ ਮਾਰੀ ਜਾ ਰਹੇ ਨੇ , ਉਸਦੇ ਨਾਮ ਦੀਆਂ ਝੂਠੀਆਂ ਸੌਹਾਂ ਖਾਣ ਤੋਂ  ਵੀ ਗੁਰੇਜ ਨਹੀਂ ਕਰਦੇ , ਇਸ ਕਰਕੇ ਸਿਆਸਤਦਾਨ ਅਤੇ ਰੱਬ ਦੋਵੇਂ ਹੀ ਮਿਲ ਗਏ ਨੇ |
              ਅੱਛਾ !  ਉਹ  ਕਿਵੇਂ , ਅਮਲੀ : ਮੋਚੀ ਦੀਆਂ ਗਲਾਂ ਸੁਣ ਸੁਣ ਕੇ ਹੈਰਾਨ ਹੋਈ ਜਾ ਰਿਹਾ ਸੀ |
              ਰੱਬ ਨੇ ਸਮੂਹ ਦੇਸ਼ਾਂ ਦੇ ਰਾਜਨੀਤੀਵਾਨਾਂ ਨਾਲ ਸੌਦਾ ਕੀਤਾ ਹੈ ਲੋਕਾਂ ਨੂੰ ਡਰਾਉਣ ਵਾਸਤੇ
             ਉਹ ਕਿਵੇਂ ਮੋਚੀਆ, ਅਮਲੀ ਸਮਝਣ ਦੀ ਕੋਸ਼ਿਸ਼ ਕਰਦਾ ਹੋਇਆ ਬੋਲਿਆ
             ਉਹ ਇਸ ਤਰਾਂ ਕਿ ਰੱਬ , ਕੋਰੋਨਾਂ ਨਾਮ ਦੀ ਬਿਮਾਰੀ ਦਾ ਹਊਆ ਦਿਖਾ ਕੇ  , ਕਈਆਂ ਨੂੰ ਮਾਰੇਗਾ ਤੇ ਕਈਆਂ ਨੂੰ ਬਚਾਵੇਗਾ , ਗੱਲ ਕੀ ?? ਸਾਰੇ ਸੰਸਾਰ ਵਿਚ ਹਾ ਹਾ ਕਾਰ ਮਚ ਜਾਵੇਗੀ , ਲੋਕ ਆਪਣਿਆਂ ਤੋਂ  ਵੀ ਡਰਣਗੇ !
             ਦੂਸਰਾ ਰੱਬ ਨੇ ਹਰੇਕ ਦੇਸ਼ ਦੇ ਮੁਖੀ ਨੂੰ ਇਹ ਵੀ ਕਿਹਾ ਹੈ ਕਿ ਘਬਰਾਓ ਨਾ , ਤੁਹਾਡੇ ਵਿਚੋਂ ਜੇਕਰ ਕੋਈ ਥੋੜਾ ਬਹੁਤ ਬਿਮਾਰ ਹੋਵੇਗਾ ਵੀ , ਤਾਂ ਮੈਂ ਬਚਾਅ ਲਵਾਂਗਾ , ਮਰਨ ਨਹੀਂ ਦਿੰਦਾ , ਯਕੀਨ ਰੱਖਿਉ , ਸਿਆਸੀ ਆਦਮੀ ਨਹੀਂ ਮਰਨਗੇ  ! 
              ਉਲਟਾ ਰੱਬ ਨੇ ਸਿਆਸੀ ਬੰਦਿਆਂ ਨੂੰ ਇਹ ਕਿਹਾ ਆ ,  ਕਿ ਤੁਸੀ ,  ਦਫਤਰਾਂ 'ਚ ਰਹਿ ਕੇ ਮੌਜਾਂ ਲਵੋ , ਜੇਕਰ ਮਰਨਗੇ  ਤਾਂ , ਸਧਾਰਣ ਲੋਕ ਮਰਨਗੇ , ਜਿਹੜੇ ਧਰਨੇ ਲਾ ਲਾ ਕੇ ਤੁਹਾਨੂੰ  ਤੰਗ ਕਰਦੇ ਸੀ , ਤੇ , ਮੇਰੇ ਨਾਮ ਦੀ ਦੁਹਾਈ ਦੇ ਕੇ ਤੁਹਾਨੂੰ ਡਰਾਉਂਦੇ ਵੀ ਸਨ
              ਅੱਛਾ ਆਹ ਗੱਲ ਆ ! ਮੈਂ ਵੀ ਸੋਚਾਂ ਕਿ ਜਿਹੜੇ ਲੋਕ ,ਕਲ ਤਕ ਮੌਤ ਤੋਂ ਵੀ ਨਹੀਂ ਸਨ ਡਰਦੇ , ਹੁਣ ਘਰਾਂ , ਚੋ ਕਿਉਂ ਨਹੀਂ ਨਿਕਲਦੇ , ਚਲ ਅਗੇ ਹੋਰ ਦਸ , ਮੇਰਾ ਵੀਰ  ! ਰੱਬ ਦੀ ਸਹੁੰ ਬੜਾ ਮਜਾ ਆ ਰਿਹੈ ,  ਤੇਰੀਆਂ ਗਲਾਂ ਸੁਣ ਸੁਣ ਕੇ |
              ਮੋਚੀ ਬੋਲਿਆ , ਦੇਖਿਆ ਈ ਅਮਲੀਆਂ ,  ਹੁਣ ਸ਼ਾਤਰ ਸਿਆਸਤਦਾਨਾਂ ਨੇ , ਲੋਕਾਂ ਨੂੰ ਮੌਤ ਦਾ ਡਰ ਦਿਖਾ ਕੇ , ਛਿਕੂ ਪੁਆ ਕੇ ਕਿਵੇਂ ਘਰਾਂ ਵਿਚ ਡੱਕ ਦਿਤਾ ਆ ,
             ਅੱਛਾ ! ਜਿਵੇਂ ਪਹਿਲਾਂ ਅਸੀਂ ਪਸ਼ੂਆਂ ਨੂੰ ਅੰਦਰ ਡੱਕ ਕੇ ਆਪਣੀ ਮਰਜੀ ਦਾ ਚਾਰਾ ਦਿੰਦੇ ਸੀ !
              ਹਾਂ !  ਇਸੇ ਤਰਾਂ ਹੁਣ ਸਿਆਸਤਦਾਨ ਸਾਨੂੰ ਘਰਾਂ ,ਚ ਡੱਕ ਕੇ ਆਪਣੇ ਹਿਸਾਬ ਨਾਲ (ਚੁਆਇਸ ਕਰਕੇ ) ਖਾਣਾ ਦਿੰਦੇ ਹਨ ਤੇ ਆਪ ਸਾਲੇ , ਰਾਜਿਆਂ ਵਾਂਗ ਮਲਾਈ ਖਾਂਦੇ ਹਨ |                      ਉਏ ਮੋਚੀਆ ਗਲਾਂ ਤੇਰੀਆਂ ਸੱਚੀਆਂ ਨੇ ,  ਅਤੇ ਮੈਂ ਤੇਰੇ ਨਾਲ ਸਹਿਮਤ ਵੀ ਹਾਂ ! ਪਰ ਆਹ ਜਿਹੜਾ ਮੀਡੀਆ ਕਹਿੰਦਾ ਸੀ ਕਿ ਸਾਡਾ ਮਹਿਕਮਾ ਅਜਾਦ ਹੈ ,  ਹੁਣ ਕਿਉਂ ਨਹੀਂ ਲੋਕਾਂ ਦੇ ਹੱਕ ਦੀ ਗੱਲ ਕਰਦਾ !  ਸਿਆਸਤਦਾਨਾਂ ਨੂੰ ਨੰਗਾ ਕਰੇ ਤੇ ਲੋਕਾਂ ਦੇ ਹੱਕ ਦੀ ਗੱਲ ਕਰੇ |
              ਗੱਲ ਸੁਣ ਉਹ ਉਏ ਅਮਲੀਆ , ਐਵੇਂ ਨਾ ਬਕੀ ਜਾ , ਮੀਡੀਏ ਦੇ , ਹੁਣ ਹੀ ਤਾਂ ਵਾਰੇ ਨਿਆਰੇ ਹੋਏ ਨੇ , ਲੋਕਾਂ ਨੇ ਮੀਡੀਏ ਨੂੰ ਦੇਣਾ ਕੀ ਆ , ਲੋਕ ਤਾਂ ਇਸ ਵਕਤ ਆਪ ਮੰਗਤਿਆਂ ਵਾਂਗ ਖਾਣਾ ਖਾਣ ਨੂੰ ਤਰਸ ਰਹੇ ਨੇ
              ਨਾਲੇ ਬਹੁਤ ਗਿਣਤੀ ਮੀਡੀਆ ਹੁਣ ਪੁਲਿਸ ਅਤੇ ਸਿਆਸਤਦਾਨਾਂ ਦੇ ਹੱਕ ਦੀਆਂ ਮਸਾਲੇਦਾਰ ਖਬਰਾਂ ਲਾ ਲਾ ਕੇ ਲੋਕਾਂ ਨੂੰ ਕੁੱਟਵਾਉਂਣ ਦੇ ਨਾਲ ਨਾਲ ਉਨ੍ਹਾਂ ਨੂੰ ਘਰਾਂ ਵਿਚ ਡੱਕਣ ਦੀ ਦੁਹਾਈ ਦੇ ਰਿਹਾ ਹੈ
              ਇਸ ਮੀਡੀਏ ਦੀ ਇਸ ਇਕ ਪਾਸੜ ਸੋਚ ਨਾਲ , ਸਰਕਾਰਾਂ ਅਤੇ ਪੁਲਿਸ ਕਰਮੀਆਂ ਦੀ , ਤਾਂ , ਚੜਤ ਹੋ ਰਹੀ ਹੈ , ਤੇ ਲੋਕ ਵਿਚਾਰੇ ਸਾਰੇ ਪਾਸਿਆਂ ਤੋਂ ਮਾਰ ਖਾਹ ਰਹੇ ਹਨ
               ਨਾਲੇ ਸਰਕਾਰਾਂ ਦੇ ਤਾਂ ਸ਼ਾਇਦ ਇਕ ਹੱਥ ਵਿਚ ਲੱਡੂ ਹੋਵੇਗਾ , ਪਰ ਇਸ ਵੇਲੇ ਬਹੁਤ ਗਿਣਤੀ ਮੀਡੀਏ ਦੇ ਦੋਹਾਂ ਹਥਾਂ ਵਿਚ ਹੀ ਲੱਡੂ ਹਨ , ਉਹ ਭਾਵੇਂ ਸਰਕਾਰ ਦੀਆਂ ਕਮਜ਼ੋਰੀਆਂ ਗਿਣਾ ਕੇ , ਸਰਕਾਰ ਗਿਰਾਉਣ ਦੀ ਗੱਲ ਲਿਖੇ , ਜਾਂ ਲੋਕਾਂ ਨੂੰ ਸਰਕਾਰੀ ਹੁਕਮ ਨਾ ਮੰਨਣ ਦੀਆਂ ਖਬਰਾਂ ਦਿਖਾ ਦਿਖਾ ਕੇ ਸ਼ਿੱਤਰ ਪੁਆਈ ਜਾਵੇ |
              ਦੂਸਰਾ ਰੱਬ ਹੁਣ ਉਦੋਂ ਤਕ ਇਸ ਬਿਮਾਰੀ ਨੂੰ ਖਤਮ ਨਹੀਂ ਕਰੇਗਾ , ਜਦੋਂ ਤਕ ਸਿਆਸੀ ਹੁਕਮਰਾਨ , ਆਪਣੀ ਜੜ ਮਜਬੂਤ ਕਰਨ ਉਪਰੰਤ ਰੱਬ ਨੂੰ ਸਹਮਤੀ ਨਹੀਂ ਦੇ ਦਿੰਦੇ |
              ਮੋਚੀ ਦੀ ਇਹ ਗੱਲ ਸੁਣਦਿਆਂ ਹੀ ਅਮਲੀ ਨੇ ਮੋਚੀ ਕੋਲੋਂ ਅਖਬਾਰ ਖੋਹੀ ਤੇ ਟੁਕੜੇ ਟੁਕੜੇ ਕਰ ਕੇ ਫਾੜਦਿਆਂ ਹੋਇਆਂ ਬੜਬੜਾਇਆ , ਦੇਖ ਲੈਣਾ ਮੋਚੀਆ ਅਜ ਤੋਂ ਬਾਅਦ ਨਾ ਅਖਬਾਰ , ਨਾ ਟੈਲੀਵੀਜਨ ਅਤੇ ਨਾ ਹੀ ਕੋਈ ਧਰਨਾ , ਸਭ ਕੁਝ ਕੈਂਸਲ |

ਰਜਿਸਟਰੀ----ਦੁਨਿਆਵੀ  ਕਹਾਣੀ------ਭੱਟੀ ਦੀ ਕਲਮ ਤੋਂ।

ਨੋਟ-ਲੇਖਕ ਅਤੇ ਉਸਦੇ ਸਾਥੀਆਂ ਵੱਲੋਂ ਇਸ ਕਹਾਣੀ ਵਿੱਚ ਸਾਰਾ ਕੁਝ ਪਿੰਡੇ ਤੇ ਹੰਢਾਇਆ ਹੋਇਆ ਸੱਚ ਲਿਖਣ ਦੀ ਕੋਸ਼ਿਸ਼ ਕੀਤੀ ਗਈ ਹੈ ਦੇ ਬਾਵਜੂਦ ਵੀ ਜੇਕਰ ਕਿਸੇ ਨੂੰ ਬੁਰਾ ਲੱਗੇ ਤਾਂ ਖਿਮਾਂ ਦੇ ਜਾਚਕ ਹਾਂ---ਲੇਖਕ।

ਆਪਣੇਪਨ ਦੀ ਆਸ ਨਾਲ ਇੱਕ ਦਿਨ ਮੈਂ ਆਪਣੇ ਕਿਸੇ ਨਜਦੀਕੀ ਯਾਰ ਨੂੰ,ਗੱਲਾਂ ਹੀ ਗੱਲਾਂ ਵਿੱਚ ਪੁੱਛ ਬੈਠਾ
ਯਾਰਾ ਆਹ ਬੰਦਾ ਮਰ ਗਿਆ ਆ
ਇਸ ਦਾ ਪ੍ਰਾਥਿਕ ਸਰੀਰ ਭਾਰਤ ਭੇਜਣ ਵਾਸਤੇ
ਥੋੜੀ ਮਾਇਆ ਦੀ ਲੋੜ ਆ, ਮਦਦ ਕਰ ਦਿਉ।
ਜਿਤਨੀ ਹੋ ਸਕਦੀ ਆ,ਉਹ ਵੀ ਆਪਣੀ ਖੁਸ਼ੀ ਨਾਲ ਬੰਦਿਸ਼ ਕੋਈ ਨਹੀਂ,
            ਮੇਰਾ ਉਹ ਜਿਗਰੀ ਯਾਰ ਬੋਲਿਆ, ਵਈ ਮਦਦ ਤਾਂ ਮੈਂ ਕਰ ਦਿਆਂ, ਕੋਈ ਮੁਸ਼ਕਿਲ ਨਹੀਂ, ਪਰ ਫਿਲਹਾਲ ਮੈਂ ਪ੍ਰਮਾਤਮਾਂ ਦੇ ਨਾਲ ਇੱਕ ਸੌਦਾ ਕੀਤਾ ਹੋਇਐ ਕਿ ਜਦ ਮੈਂ ਮਰ ਗਿਆ ਤਾਂ ਮੈਂ ਜਾਣ ਲੱਗਾ ਘੱਟੋ ਘੱਟ ਪੰਜ ਕਰੋੜ ਰੁਪਿਆ ਨਾਲ ਲੈ ਕੇ ਜਾਣਾਂ ਬੱਸ ਉਹ ਪੂਰਾ ਹੋ ਲੈਣ ਦੇ, ਉਸਤੋਂ ਬਾਅਦ ਜਿਵੇਂ ਕਹੇਂਗਾ ਮਦਦ ਕਰ ਦਿਆਂਗਾ, ਕਿਉਂਕਿ ਗਰੀਬ ਤਾਂ ਨਿੱਤ ਦਿਨ ਮਰਦੇ ਹੀ ਰਹਿੰਦੇ ਹਨ,ਇਸ ਲਈ ਜਦੋਂ ਕੋਈ ਹੋਰ ਮਰੇਗਾ ਉਸ ਵਕਤ ਬਣਦਾ ਸਰਦਾ ਹਿੱਸਾ ਪਾ ਦੇਵਾਂਗਾ, ਬੱਸ ਮੇਰਾ ਸੌਦਾ ਸਿਰੇ ਚੜ ਜਾਵੇ, ਇਹ ਨਾ ਹੋਵੇ ਕਿ ਕਿਧਰੇ ਤੇਰੇ ਇਸ ਮਰੇ ਹੋਏ ਆਦਮੀ ਕਰਕੇ ਰੱਬ ਮੁੱਕਰ ਜਾਵੇ ਕਿ ਵਈ ਤੇਰੀ ਰਜਿਸਟਰੀ ਦਾ ਵਕਤ ਪੂਰਾ ਹੋ ਗਿਆ ਹੁਣ ਤੂੰ ਵੀ ਖਾਲੀ ਜਾਵੇਂਗਾ, ਇਸ ਕਰਕੇ ਮਿਹਰਬਾਨੀ ਕਰਕੇ ਮੇਰੀ ਸੱਧਰ ਪੂਰੀ ਹੋ ਲੈਣ ਦੇ
         ਮੈਂ ਜਵਾਬ ਦਿੱਤਾ ਗੱਲ ਸੁਣ ਵਈ ਮੇਰੇ ਜਿਗਰੀਆ ਯਾਰਾ ਦਿਲ ਦੇ ਕੋਹੜੀਆ, ਦੇਖ,  ਮੈਂ ਅਤੇ ਮੇਰੇ ਦੋਸਤਾਂ ਨੇ ਰਲ ਮਿਲ ਕੇ ਇੱਕ ਸੌਅ ਇੱਕਵੰਜਾਂ ਮ੍ਰਿਤਕ ਦੇਹਾਂ ਦੋ ਹਜਾਰ ਤਿੰਨ ਤੋਂ ਲੈ ਕੇ ਹੁਣ ਤੱਕ ਭਾਰਤ ਉਨਾਂ ਦੇ ਮਾਪਿਆਂ ਕੋਲ ਭੇਜੀਆ ਹਨ, ਉਹ ਤਾਂ ਸਾਰੇ ਖਾਲੀ ਹੱਥ ਗਏ ਹਨ, ਅਸੀਂ ਹਰ ਇੱਕ ਨੂੰ ਆਪਣੇ ਹੱਥੀਂ ਪੇਟੀ ਵਿੱਚ ਬੰਦ ਕਰਕੇ ਭੇਜਦੇ ਹਾਂ, ਉਨਾਂ ਕੋਲ ਤਾਂ ਦੁਨੀਆਂ ਛੱਡਦੇ ਵਕਤ ਕੁਝ ਨਹੀਂ ਹੁੰਦਾ ਅਤੇ ਨਾਂ ਹੀ ਅਸੀਂ ਦੇਖਿਆ ਹੈ।
       ਮੇਰਾ ਯਾਰ ਬੋਲਿਆ, ਛੱਡ ਯਾਰ ਇਨਾਂ ਬੇਫਜੂਲ ਗੱਲਾਂ ਨੂੰ, ਗਰੀਬ ਨੂੰ ਨਾਂ ਕੋਈ ਇੱਥੇ ਪੁੱਛਦਾ ਨਾਂ ਅੱਗੇ।ਸਾਡਾ ਇੱਥੇ ਵੀ ਬੋਲ ਬਾਲਾ ਤੇ ਦਰਗਾਹੇ ਵੀ।ਬੱਸ ਰੱਬ ਨਾਲ ਲੈਣ ਦੇਣ ਦਾ ਤਰੀਕਾ ਆਉਣਾ ਚਾਹੀਦਾ ਆ। ਆ ਦੇਖ ਖਾਂ ਹੁਣ ਮੇਰਾ ਸੌਦਾ (ਰੱਬ ਨਾਲ) ਪੰਜ ਕਰੋੜ ਨਾਲ ਲਿਜਾਣ ਦਾ ਹੋਇਆ, ਉਹ ਹੁਣ ਮੈਂ ਲੈ ਵੀ ਜਾਣੇ ਆ।
          ਮੇਰੀ ਆਤਮਾਂ ਫਿਰ ਨਾ ਮੰਨੀ, ਮੈਂ ਫਿਰ ਕਿਹਾ ਕਿ ਸਾਡੇ ਗੁਰੂ ਸਾਹਿਬੁ ਤਾਂ ਕਹਿੰਦੇ ਆਏ ਹਨ ਕਿ ਹਰ ਗੁਰਸਿੱਖ ਮਾਈ ਭਾਈ ਨੂੰ ਆਪਣੇ ਦਸਾਂ ਨਹੂੰਆਂ ਦੀ ਕਿਰਤ ਕਮਾਈ ਵਿੱਚੋਂ ਦਸਵੰਧ ਕੱਢ ਕੇ, ਲਾਚਾਰ ਅਤੇ ਦੁਨੀਆਂ ਛੱਡ ਕੇ ਜਾ ਰਹੇ ਇਨਸਾਨਾਂ ਦੀ ਕਿਰਿਆ ਕਰਮ ਵਾਸਤੇ ਮਾਇਆ ਲਾਉਂਦੇ ਰਹਿਣਾ ਚਾਹੀਦਾ ਹੈ।
        ਅੱਗੋਂ ਉਹ ਕਹਿਣ ਲੱਗਾ, ਛੱਡ ਯਾਰਾ ਇਨਾਂ ਬੇਤੁੱਕੀਆਂ ਗੱਲਾਂ ਨੂੰ ਮੈਂ ਨਹੀਂ ਮੰਨਦਾ, ਨਾਲੇ ਐਵੇਂ ਈ ਨਾਂ ਮੈਨੂੰ ਇਹੋ ਜਿਹੀਆਂ ਮਨਘੜਤ ਕਹਾਵਤਾਂ ਸੁਣਾ ਸੁਣਾ ਕੇ ਮੇਰੀ ਰਜਿਸਟਰੀ ਅੱਧ ਵਿਚਾਲੇ ਰੁਕਵਾ।ਇੱਕ ਹੋਰ ਗੱਲ ਸੁਣ ਧਿਆਨ ਨਾਲ ਅਜੇ ਪਿਛਲੇ ਮਹੀਨੇ ਹੀ ,ਮੇਰੇ ਵਰਗੇ ਅਮੀਰਾਂ ਦੀ ਰੱਬ ਨਾਲ ਹੋਈ ਮੀਟਿੰਗ ਦੌਰਾਨ,ਸਾਡੀ ਸਾਰਿਆਂ ਦੀ ਲਿਖਤੀ ਗੱਲਬਾਤ ਹੋ ਚੁੱਕੀ ਹੈ ਕਿ ਅਸੀਂ ਜਿਤਨਾਂ ਚਾਹੀਏ, ਆਪਣੇ ਨਾਲ ਲਿਜਾ ਸਕਦੇ ਹਾਂ, ਪਰ ਨਾਲ ਲਿਜਾਣ ਵਾਲੀ ਜਾਇਦਾਦ ਵਿੱਚੋਂ ਅੱਧਾ ਹਿੱਸਾ ਰੱਬ ਦਾ ਹੋਵੇਗਾ, ਇਸ ਗੱਲ ਦੀ ਸਾਡੀ ਆਪਸੀ ਸਹਿਮਤੀ ਬਣ ਚੁੱਕੀ ਹੈ।
          ਦੂਸਰਾ ਮੇਰਾ ਤਾਂ ਪੰਜ ਕਰੋੜ ਦਾ ਹੀ ਸੌਦਾ ਹੋਇਆ ਹੈ, ਕਿਉਂਕਿ ਤੇਰੇ ਵਰਗੇ ਦੀਆਂ ਹਦਾਇਤਾਂ ਕਾਰਨ ਕਿ ਜੇ ਤੂੰ ਆਹ ਕਰੇਂਗਾ ਜਾਂ ਔਹ ਤਾਂ ਨਰਕਾਂ ਨੂੰ ਜਾਵੇਂਗਾ, ਆਦਿ ਆਦਿ ਸੁਣਦਾ ਹੋਇਆ ਬਹੁਤ ਨਹੀਂ ਕਮਾ ਸਕਿਆ, ਵਰਨਾਂ ਕਈਆਂ ਦਾ ਤਾਂ ਅਰਬਾਂ ਖਰਬਾਂ ਦਾ ਵੀ ਸੌਦਾ ਹੋਇਆ ਪਿਆ ਹੈ।ਇਸ ਕਰਕੇ ਸਾਡੇ ਕੋਲੋਂ ਤਾਂ ਰੱਬ ਵੀ ਨਹੀਂ ਮੁੱਕਰ ਸਕਦਾ, ਨਾਂ ਹੀ ਉਹ ਸਹਿਜੇ ਕੀਤੇ ਸਾਨੂੰ ਮਾਰ ਸਕਦਾ ਹੈ, ਕੀ ਡਾਕਟਰ ਤੇ ਕੀ ਸਰਕਾਰਾਂ ਸਾਰਾ ਕੁਝ ਸਾਡਾ ਖਰੀਦਿਆ ਹੋਇਆ ਹੁੰਦਾ ਹੈ, ਅਸੀਂ ਮਰਦੇ ਮਰਦੇ ਵੀ ਪੈਸੇ ਦੇ ਜੋਰ ਨਾਲ ਬਚ ਜਾਂਦੇ ਹਾਂ।ਦੂਜੇ ਪਾਸੇ ਤੁਸੀਂ ਜਿਹੜੇ ਆਪਣੇ ਆਪ ਨੂੰ ਧਰਮੀਂ ਸਮਝਦੇ ਹੋ, ਕੀੜੇ ਮਕੌੜੇ ਦੀ ਤਰਾਂ ਹਾਕਮਾਂ ਅਤੇ ਰੱਬ ਕੋਲੋਂ ਜਲੀਲ ਹੋ ਕੇ ਮਾਰੇ ਜਾਂਦੇ ਹੋ।
       ਅੱਛਾ ਨਾ ਮੰਨ ਤੇਰੀ ਮਰਜੀ ਆ, ਅਸੀਂ ਤਾਂ ਜਿਤਨਾਂ ਕੁਝ ਸਾਡੇ ਹੱਥ ਵੱਸ ਆ ਕਰੀ ਜਾ ਰਹੇ ਹਾਂ, ਬੱਸ ਤੇਰੇ ਕੋਲੋਂ ਤਾਂ ਦੋਸਤ ਸਮਝ ਕੇ ਪੁੱਛ ਲਿਆ, ਜੇਕਰ ਤੂੰ ਨਹੀਂ ਕੁਝ ਕਰ ਸਕਦਾ ਤਾਂ ਨਾਂ ਕਰ, ਘੱਟੋ ਘੱਟ ਮੇਰੇ ਵਰਗੇ ਗਰੀਬ ਦਾ ਇਤਨਾਂ ਕੁ ਭਲਾ ਤਾਂ ਜਰੂਰ ਕਰਦੇ ਕਿ ਜੇਕਰ ਤੇਰੇ ਵਰਗੇ ਕਰੋੜਾਂ ਰੁਪਏ ਜਮਾ ਕਰ ਰਹੇ ਹਨ, ਨਾਲ ਲਿਜਾਣ ਵਾਸਤੇ ਤਾਂ, ਯਾਰ ਬਣਕੇ ਮੈਨੂੰ ਵੀ ਇਜਾਜਤ ਦਿਵਾ ਦੇ ਕੇ ਮੈਂ ਵੀ ਜਾਂਦੇ ਵਕਤ ਸਿਰਫ ਸੌਅ ਰੁਪਏ ਦਾ ਨੋਟ ਹੀ ਲੁਕਾ ਕੇ ਨਾਲ ਲੈ ਜਾਵਾਂ।
       ਉਹ ਤੱਤਾ ਹੁੰਦਾ ਹੋਇਆ ਬੋਲਿਆ, ਕਹਿਣ ਲੱਗਾ ਕੀ ਤੇਰੇ ਵਰਗੇ ਦਾ ਕੰਮ ਕਰਵਾ ਕੇ ਮੈਂ ਵੀ ਆਪਣੇ ਸੌਦੇ ਤੋਂ ਹੱਥ ਧੋ ਬੈਠਾਂ, ਨਾਲੇ ਤੇਰੇ ਕੋਲ ਤਾਂ ਕਿਸੇ ਨੂੰ ਰੋਟੀ ਖੁਆਉਣ ਜੋਗੇ ਪੈਸੇ ਨਹੀਂ ਹੁੰਦੇ ਰੱਬ ਨੂੰ ਸੌਅ ਦਾ ਨੋਟ ਨਾਲ ਲਿਜਾਣ ਬਦਲੇ ਪੈਸੇ ਕਿੱਥੋਂ ਦੇਵੇਂਗਾ।ਦੂਸਰੀ ਗੱਲ ਤੁਸੀਂ ਗਰੀਿਬੋ ਗੁਰਬਿਉ ਉਤਨੀ ਕੁ ਹੀ ਆਸ ਰੱਖਿਆ ਕਰੋ ਜਿਤਨੀ ਤੁਹਾਡੀ ਔਕਾਤ ਹੁੰਦੀ ਹੈ।ਪੈਸੇ ਜਾਇਦਾਦਾਂ ਨਾਲ ਲਿਜਾਣ ਦੀ ਪਹੁੰਚ ਸਿਰਫ ਤੇ ਸਿਰਫ ਅਮੀਰਾਂ ਕੋਲ ਹੁੰਦੀ ਹੈ, ਤੁਹਾਡੇ ਜੋ ਮਿੰਮੇ ਲੱਗਾ ਹੋਇਆ ਹੈ, ਉਹ ਕਰੀ ਜਾਵੋ ਮਰਿਆਂ ਨੂੰ ਸੰਭਾਲੋ ਜਾਂ ਮਰ ਰਹਿਆਂ ਨੂੰ? ਤੁਹਾਡੀ ਮਰਜੀ, ਪਰ ਮੇਰੇ ਕੋਲੋਂ ਭਵਿੱਖ ਵਿੱਚ ਵੀ ਕਿਸੇ ਮਰੇ ਹੋਏ ਗਰੀਬ ਦੀ ਅਰਥੀ ਦੀ ਸਾਂਭ ਸੰਭਾਲ ਵਾਸਤੇ ਫਰਿਆਦ ਲੈ ਕੇ ਨਹੀਂ ਆਉਣਾ।
         ਠੀਕ ਆ ਵੀਰ ਜੀ, ਤੁਸੀਂ ਮੈਨੂੰ ਮੇਰੀ ਔਕਾਤ ਦਿਖਾ ਦਿੱਤੀ, ਹੁਣ ਅਸੀਂ ਕਿਸੇ ਧਰਮੀਂ ਬੰਦੇ ਨੂੰ ਤਾਂ ਭਾਵੇਂ ਫੋਨ ਕਰਕੇ ਜਾਂ ਮਿਲ ਕੇ ਮਦਦ ਮੰਗ ਲਵਾਂਗੇ, ਪਰ ਤੇਰੇ ਵਰਗੇ ਮਾਇਆਧਾਰੀ ਕੋਲੋਂ ਕੋਈ ਆਸ ਨਹੀਂ ਰੱਖਾਂਗੇ।
     ਮੈਨੂੰ ਟੋਕਦਾ ਹੋਇਆ ਉਹ ਬੋਲਿਆ, ਬਹੁਤ ਚੰਗੀ ਗੱਲ ਆ ਕਿ ਤੂੰ ਜਲਦੀ ਹੀ ਸਮਝ ਗਿਆ ਆਂ।ਵੈਸੇ ਵੀ ਗਰੀਬ ਨੂੰ ਗਰੀਬ, ਧਰਮੀ ਨੂੰ ਧਰਮੀਂ, ਹੰਕਾਰੀ ਨੂੰ ਹੰਕਾਰੀ ਤੇ ਅਮੀਰ ਨੂੰ ਅਮੀਰ ਹੀ ਸਮਝਦਾ ਹੈ, ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਤੈਨੂੰ ਸਮਝਾਉਣ ਵਾਸਤੇ ਮੈਨੂੰ ਮਿਹਨਤ ਨਹੀਂ ਕਰਨੀ ਪਈ, ਇਸ ਕਰਕੇ ਜਾ ਹੁਣ ਆਪਣਾ ਕੰਮ ਕਰ ਤੇ ਮੈਨੂੰ ਆਪਣੀ ਰਜਿਸਟਰੀ ਦੀ ਰਕਮ ਪੂਰੀ ਕਰਨ ਵਾਸਤੇ ਸੋਚਣ ਦੇ।
           ਮੈਂ ਨਿੰਮੋਝੂਣਾ ਜਿਹਾ ਹੋ ਕੇ ਇਹ ਸੋਚਣ ਤੇ ਮਜਬੂਰ ਹੋ ਗਿਆ ਕਿ, ਕੀ ? ਸਾਡੇ ਗੁਰੂ ਸਾਹਿਬਾਨ, ਕਥਾਵਾਚਕ, ਰਾਗੀ ਢਾਡੀ ਜਾਂ ਵੱਡੇ ਵਢੇਰੇ ਅੱਜ ਤੱਕ ਜੋ ਕਹਿੰਦੇ ਜਾਂ ਸਿੱਖਿਆ ਦੇਣੋਂ ਨਹੀਂ ਸਨ ਥੱਕਦੇ ਕਿ ਵੰਡ ਕੇ ਛਕੋ, ਦਸਵੰਧ ਕੱਢੋ, ਕਿਸੇ ਗਰੀਬ ਦਾ ਭਲਾ ਜਰੂਰ ਕਰਿਆ ਕਰੋ, ਆਦਿ ਸਾਰਾ ਕੁਝ, ਕੀ ਇਹ ਸਾਰਾ ਕੁਝ ਅਸੀਂ ਝੂਠ ਹੀ ਸੁਣਦੇ ਆਏ ਹਾਂ, ਜਾਂ ਆਹ ਰੱਬ ਨਾਲ ਸੌਦੇਬਾਜੀ ਵਾਲੀ ਗੱਲ ਸੱਚੀ ਹੈ ਮੈਂ ਸੋਚੀਂ ਪੈ ਗਿਆ ਕਿ ਇਨਾਂ ਦੋਹਾਂ 'ਚੋਂ' ਕਿਹੜੀ ਸੱਚੀ ਹੈ ਤੇ ਕਿਹੜੀ ਝੂਠੀ, ਇਹ ਸੋਚਦਾ ਸੋਚਦਾ ਹੀ ਆਪ ਮੁਹਾਰੇ ਦਿਲ ਹੀ ਦਿਲ, ਔਰਰ-ਡਾਨ ਦੇ ਸੇਵਾਦਾਰਾਂ ਚੀਮਾਂ ਬੇਗੋਵਾਲ, ਹਰਿੰਦਰਪਾਲ ਸਿੰਘ ਸੇਠੀ, ਬਲਵਿੰਦਰ ਸਿੰਘ ਥਿੰਦ, ਕੁਲਵਿੰਦਰ ਸਿੰਘ ਫਰਾਂਸ, ਸੁਰਜੀਤ ਸਿੰਘ ਮਾਣਾ, ਸੁਰਜੀਤ ਸਰਪੰਚ, ਅਜੀਤ ਲੰਬੜ, ਜੈਲਦਾਰ ਬੂਟਾ ਸਿੰਘ, ਸੁਖਵੀਰ ਸਿੰਘ ਕੰਗ, ਰਾਜਬੀਰ ਸਿੰਘ ਤੁੰਗ, ਬਿੱਟੂ ਬੰਗੜ, ਕੁਲਦੀਪ ਸਿੰਘ ਖਾਲਸਾ, ਕੁਲਵੰਤ ਸਿੰਘ ਹਰਿਆਣਾ, ਬਲਕਾਰ ਸਿੰਘ ਹਰਿਆਣਾ, ਕੁਲਵਿੰਦਰ ਸਿੰਘ ਰੰਗਾ ਸਮੇਤ ਕਈ ਹੋਰਨਾਂ ਬਾਰੇ ਵੀ ਸੋਚਣ ਲੱਗ ਪਿਆ ਕਿ ਮੇਰੇ ਇਸ ਨਜਦੀਕੀ ਅਤੇ ਘੁਮੰਡੀ ਦੋਸਤ ਨਾਲੋਂ ਤਾਂ ਇਹ ਸਾਰੇ ਹੀ ਕਿਧਰੇ ਚੰਗੇ ਹਨ ਜਿਹੜੇ ਹਰ ਮਰੇ ਹੋਏ ਪ੍ਰਾਣੀ ਦੀ ਕਿਰਿਆ ਕਰਮ ਵਾਸਤੇ ਭਾਰਤੀ ਅੰਬੈਸੀ (ਫਰਾਂਸ ਦੇ ਅਧਿਕਾਰੀਆਂ) ਵਾਂਗ ਮੇਰੇ ਮੋਢੇ ਨਾਲ ਮੋਢਾ ਮਿਲਾ ਕੇ ਹਰ ਗੁਰਦਵਾਰੇ ਵਿੱਚੋਂ ਜਾਂ ਜਾਣ ਪਛਾਣ ਦੇ ਦੋਸਤਾਂ ਕੋਲੋਂ ਅਪੀਲਾਂ ਕਰ ਕਰ ਕੇ ਮਾਇਆ ਇਕੱਠੀ ਕਰਦੇ ਹਨ ਸਿਰਫ ਤੇ ਸਿਰਫ ਇਸ ਕਰਕੇ ਕਿ ਕਿਧਰੇ ਕੋਈ ਮਾਈ ਦਾ ਲਾਲ, ਮਰਨ ਉਪਰੰਤ, ਆਪਣੇ ਮਾਪਿਆਂ ਦੇ ਆਖਰੀ ਦਰਸ਼ਨ ਕਰਨ ਤੋਂ ਵਾਂਝਾ ਰਹਿ ਨਾ ਜਾਵੇ, ਜਾਂ ਆਪਣੇ ਕਿਸੇ ਨਿੱਜੀ ਮੁਫਾਦ ਵਾਸਤੇ।

        ਇਨਾਂ ਸਾਰੇ ਹਾਲਾਤਾਂ ਨੂੰ ਸਮਝਣ ਉਪਰੰਤ ਜਦ ਮੈਨੂੰ.ਆਪਣੇ ਦੋਸਤ ਦੀਆਂ ਆਨਾ ਕਾਨੀ ਕਰਨ ਵਾਲੀਆਂ ਵਕਤ ਟਪਾਊ ਗੱਲਾਂ ਨਿਰਅਧਾਰ ਜਾਪੀਆਂ ਅਤੇ ਗੁਰੂਆਂ ਦੀ ਦਿੱਤੀ ਹੋਈ ਸਿੱਖਿਆ ਅਤੇ ਸੇਧ ਹੀ ਭਾਰੂ ਦਿਖਾਈ ਦਿੱਤੀ ਤਾਂ ਮੈਂ ਆਪਣੇ ਵਿਚਾਰਾਂ ਦੀ ਲੜੀ ਨੂੰ ਫਿਰ ਉਸੇ ਤਰਾਂ ਹੀ ਮਨ ਹੀ ਮਨ ਜੋੜ ਲਿਆ, ਜਿਸ ਜਗਾਹ ਤੋਂ ਟੁੱਟ ਕੇ ਮੇਰੇ ਮਨ ਵਿੱਚ ਇਹ ਖਿਆਲ ਆਇਆ ਸੀ ਕਿ ਦੁਖ ਦਰਦ ਵੰਡਾਉਣ ਵਾਲੇ ਯਾਰਾਂ ਦੋਸਤਾਂ ਦੇ ਨਾਲ ਨਾਲ ਜੇਕਰ ਦੁਨਿਆਵੀ ਮਾਇਆਧਾਰੀਆਂ ਦੀ ਵੀ ਮਦਦ ਲਈ ਜਾਵੇ,ਤਾਂ ਸ਼ਾਇਦ ਠੀਕ ਰਹੇਗਾ ਪਰ ਮੇਰੇ ਯਾਰ ਨੇ ਰੱਬ ਨਾਲ ਰਜਿਸਟਰੀ ਵਾਲੀ ਗੱਲ ਦੱਸ ਕੇ ਮੇਰੀਆਂ ਅੱਖਾਂ ਖੋਲ ਕੇ ਗਰੀਬੀ ਅਤੇ ਦੁਨਿਆਵੀ ਸਚਾਈ ਦੀ ਲਾਜ ਰੱਖ ਲਈ।