K C Mohan

ਸਾਹਿਤ ਤੇ ਬਰਾਡਕਾਸਟਿੰਗ ਦੇ ਚਮਨ ਨੂੰ ਵੀਰਾਨ ਕਰ ਗਿਆ - ਚਮਨ ਲਾਲ ਚਮਨ - ਕੇ ਸੀ ਮੋਹਨ

ਘਟਨਾਵਾਂ ਕੁਝ ਇਸ ਤਰ੍ਹਾਂ ਵਾਪਰੀਆਂ ਹਨ ਕਿ ਪੰਜਾਬੀ, ਹਿੰਦੀ ਅਤੇ ਉਰਦੂ ਦੇ ਬਿਹਤਰੀਨ ਲੇਖਕ/ਸ਼ਾਇਰ ਅਤੇ ਟੀ ਵੀ/ਰੇਡੀਓ ਬਰਾਡਕਾਸਟਰ ਚਮਨ ਲਾਲ ਚਮਨ ਦੀ ਗੱਲ, ਮਰਹੂਮ ਸਾਥੀ ਲੁਧਿਆਣਵੀ ਦੇ ਜ਼ਿਕਰ ਬਿਨਾਂ ਹੋਣੀ ਮੁਸ਼ਕਲ ਹੈ। ਇਸੇ ਜਨਵਰੀ ਵਿੱਚ ਸਾਥੀ ਲੁਧਿਆਣਵੀ ਪੱਛਮੀ ਲੰਦਨ ਦੇ ਹਿਲਿੰਗਡਨ ਹਸਪਤਾਲ ਵਿੱਚ ਕੈਂਸਰ ਨਾਲ ਯੁੱਧ ਕਰ ਰਿਹਾ ਸੀ। ਹਸਪਤਾਲ ਦੇ ਬੈਵਿਨ ਵਾਰਡ ਵਿੱਚ ਸਾਥੀ ਦਾ ਹਾਲ-ਚਾਲ ਪੁੱਛਣ ਵਾਲਿਆਂ ਦੀ ਭੀੜ ਕਦੀ ਖਤਮ ਨਹੀਂ ਸੀ ਹੁੰਦੀ। ਸਾਥੀ ਦਾ ਪਰਮ ਮਿੱਤਰ ਚਮਨ ਲਾਲ ਚਮਨ ਅਤੇ ਉਨ੍ਹਾ ਦੀ ਸੁਪਤਨੀ ਪੁਸ਼ਪਾ, ਸਾਥੀ ਦਾ ਪਤਾ ਲੈਣ ਲਈ ਬਿਨਾਂ ਨਾਗਾ ਹਰ ਰੋਜ਼ ਹਸਪਤਾਲ ਵਿੱਚ ਪੁੱਜਿਆ ਕਰਦੇ ਸਨ। ਹਸਪਤਾਲ ਨਾ ਜਾ ਸਕਣ ਵਾਲੇ ਸਾਥੀ ਦੀ ਸਿਹਤ ਦੀ ਖਬਰਸਾਰ ਚਮਨ ਹੁਰਾਂ ਕੋਲੋਂ ਹੀ ਪੁੱਛਦੇ ਸਨ।
       ਮੈਂ ਇੱਕ ਸ਼ਾਮ ਸਾਥੀ ਨੂੰ ਮਿਲਣ ਬਾਅਦ ਚਮਨ ਨੂੰ ਫੋਨ ਕੀਤਾ। ਮੈਂ ਦੱਸਿਆ ਕਿ ਸਾਥੀ ਤਾਂ ਚੜ੍ਹਦੀਆਂ ਕਲਾ 'ਚ ਹੈ। ਉਹਨੇ ਅੱਜ ਕਿੰਨੀ ਦੇਰ ਖੁੱਲ੍ਹ ਕੇ ਆਮ ਵਾਂਗ ਗੱਲਾਂ ਕੀਤੀਆਂ। ਮਾੜੇ-ਧੀੜੇ ਬੰਦੇ ਤੋਂ ਤਾਂ ਤਾਪ ਨ੍ਹੀਂ ਝੱਲ ਹੁੰਦਾ, ਸਾਥੀ ਨੇ ਤਾਂ ਚੰਗੀ ਤਰ੍ਹਾਂ ਜੁੰਬਸ਼ ਨਾਲ ਹੱਥ ਮਿਲਾਇਆ। ਚਮਨ ਕਹਿਣ ਲੱਗਾ, ''ਉਹ ਅਸਲ 'ਚ ਠੀਕ ਨਹੀਂ। ਉਹ ਹੌਲੀ-ਹੌਲੀ ਆਖਰੀ ਮੰਜ਼ਲ ਵੱਲ ਵਧ ਰਿਹਾ ਹੈ। ਉਹਦੀ ਸ਼ਕਤੀ ਵਧ ਨਹੀ੬ਂ ਰਹੀ, ਘਟ ਰਹੀ ਹੈ।''
       17 ਜਨਵਰੀ 2019 ਨੂੰ ਸਵੇਰੇ 9 ਕੁ ਵਜੇ ਚਮਨ ਦਾ ਫੋਨ ਆਇਆ, ''ਮੋਹਨ ਪਿਆਰੇ, ਕੁਦਰਤ ਨੇ ਮੇਰੇ ਪਰ ਕੁਤਰ ਦਿੱਤੇ ਨੇ। ਹੁਣ ਮੈਂ ਉੱਡ ਨਹੀਂ ਸਕਾਂਗਾ। ਸਾਥੀ ਅੱਜ ਤੜਕੇ 4 ਵਜੇ ਪੂਰਾ ਹੋ ਗਿਐ।''
       ਚਮਨ ਅਤੇ ਪੁਸ਼ਪਾ, ਸਾਥੀ ਹੁਰਾਂ ਦੀ ਪਤਨੀ ਯਸ਼ ਅਤੇ ਉਹਦੇ ਪਰਵਾਰ ਨੂੰ ਸਹਾਰਾ ਦੇਣ ਲਈ ਹਰ ਰੋਜ਼ ਉਨ੍ਹਾ ਦੇ ਰਾਏ ਸਨਿਪ ਵਾਲੇ ਘਰ ਪੁੱਜਦੇ, ਅਫਸੋਸ ਕਰਨ ਆਉਣ ਵਾਲੇ ਸੱਜਣਾਂ ਨੂੰ ਸੰਭਾਲਦੇ। ਹਸਪਤਾਲ ਤੋਂ ਜ਼ਰੂਰੀ ਕਾਗਜ਼ ਪ੍ਰਾਪਤ ਕਰਨ ਅਤੇ ਸਸਕਾਰ ਦੇ ਬੰਦੋਬਸਤ ਕਰਨ ਵਿੱਚ ਸਾਥੀ ਪਰਵਾਰ ਦੀ ਮਦਦ ਕਰਦੇ।
        ਸਾਥੀ ਦਾ ਸਸਕਾਰ 29 ਜਨਵਰੀ 2019 ਨੂੰ ਹੋਣਾ ਨਿਸ਼ਚਿਤ ਕੀਤਾ ਗਿਆ। ਯਸ਼ ਸਾਥੀ ਨੇ ਸਸਕਾਰ ਦੇ ਦਿਨ ਦੇ ਮੁੱਖ ਪ੍ਰਬੰਧਾਂ ਅਤੇ ਕੰਮਾਂ ਦੀ ਜ਼ਿੰਮੇਵਾਰੀ ਚਮਨ ਹੁਰਾਂ ਨੂੰ ਸੌਂਪ ਦਿੱਤੀ। ਕੀ-ਕੀ, ਕਦੋਂ ਤੇ ਕਿੱਥੇ ਕਰਨਾ ਹੈ, ਗੁਰਦੁਆਰੇ ਭੋਗ ਵੇਲੇ ਕੀਹਨੇ-ਕੀਹਨੇ ਬੋਲਣਾ ਹੈ। ਸਾਥੀ ਦੇ ਘਰ ਬੈਠਿਆਂ ਹੀ ਯਸ਼ ਦੀ ਹਾਜ਼ਰੀ ਵਿੱਚ ਚਮਨ ਨੇ 27 ਜਨਵਰੀ ਨੂੰ ਉਨ੍ਹਾ ਸਾਰੇ ਭਾਈਚਾਰਕ ਲੀਡਰਾਂ ਅਤੇ ਲੇਖਕਾਂ ਨੂੰ ਫੋਨ ਕੀਤੇ, ਜਿਨ੍ਹਾਂ ਨੂੰ ਸ਼ਰਧਾਂਜਲੀ ਸਮਾਗਮ 'ਤੇ ਬੋਲਣ ਵਾਲਿਆਂ ਦੀ ਲਿਸਟ ਵਿੱਚ ਸ਼ਾਮਲ ਕੀਤਾ ਗਿਆ ਸੀ।
        ਚਮਨ ਹੁਰਾਂ ਮੈਨੂੰ ਵੀ ਫੋਨ ਕੀਤਾ, ਪਰ ਮੈਂ ਘਰ ਨਹੀਂ ਸਾਂ। ਉਨ੍ਹਾਂ 27 ਜਨਵਰੀ ਨੂੰ ਸ਼ਾਮ ਦੇ 9 ਵਜੇ ਮੇਰੇ ਵਾਸਤੇ ਟੈਲੀਫੋਨ ਮਸ਼ੀਨ 'ਤੇ ਸੁਨੇਹਾ ਛੱਡਿਆ। 'ਮੋਹਨ ਪਿਆਰੇ, ਮੈਂ ਚਮਨ ਅਰਜ਼ ਕਰ ਰਿਹਾਂ। ਮੈਂ ਬੋਲ ਰਿਹਾਂ ਸਾਥੀ ਲੁਧਿਆਣਵੀ ਹੁਰਾਂ ਦੇ ਘਰੋਂ ਤੇ ਮੈਂ ਮੈਸੇਜ ਹੁਣੇ ਹੀ ਦੇਣਾ ਟਾਈਮ ਥੋੜ੍ਹਾ ਹੋਣ ਕਰਕੇ। ਫਿਊਨਰਲ ਤੇ ਜਦੋਂ ਗੁਰਦੁਆਰੇ ਆਉਣਾ ਹੈ ਤਾਂ ਪਰਵਾਰ ਵੱਲੋਂ ਵੀ, ਮੇਰੇ ਵੱਲੋਂ ਵੀ ਬੇਨਤੀ ਹੈ ਕਿ ਤੁਸੀਂ ਸਾਥੀ ਸਾਹਿਬ ਬਾਰੇ ਪੰਜ ਮਿੰਟ ਲਈ ਜੋ ਵੀ ਮੁਨਾਸਬ ਸਮਝੋ, ਬੋਲਿਓ ਪਲੀਜ਼! ਓ ਕੇ। ਮੈਂ ਇਸ ਕਰਕੇ ਇਹ ਸੰਦੇਸ਼ ਛੱਡ ਰਿਹਾ ਹਾਂ ਕਿ ਮੈਂ ਕੱਲ੍ਹ ਇੱਕ ਅਪੂਆਇੰਟ ਲਈ ਹਸਪਤਾਲ ਜਾ ਰਿਹਾ ਹਾਂ ਤੇ ਆਈ ਵੁੱਡਨਾਟ ਵੀ ਅਵੇਲੇਬਲ ਟਿਲ ਲੇਟ। ਥੈਂਕਯੂ ਐਂਡ ਆਲ ਦਾ ਬੈਸਟ।'
       ਮੈਂ ਚਮਨ ਹੁਰਾਂ ਦਾ ਇਹ ਸੰਦੇਸ਼ ਕਈ ਦਿਨਾਂ ਬਾਅਦ ਸੁਣਿਆ, ਸ਼ਾਇਦ 2 ਫਰਵਰੀ ਨੂੰ। ਉਦੋਂ ਤੱਕ ਸਾਥੀ ਹੋਰਾਂ ਦਾ ਸਸਕਾਰ ਹੋ ਚੁੱਕਾ ਸੀ। ਸਾਥੀ ਦੇ ਭੋਗ 'ਤੇ ਬੋਲਣ ਵਾਲਿਆਂ ਵਿੱਚ ਮੇਰਾ ਵੀ ਨਾਂਅ ਸੀ।
      ਚਮਨ 28 ਜਨਵਰੀ ਨੂੰ ਹਸਪਤਾਲ ਵਿੱਚ ਆਪਣੀ ਇੱਕ ਰੂਟੀਨ ਅਪੂਆਇੰਟਮੈਂਟ ਲਈ ਚਲਾ ਗਿਆ ਸੀ, ਪਰ ਉਹਦੀ ਬਿਰਤੀ ਸਾਥੀ ਦੇ ਸਸਕਾਰ ਦੇ ਪ੍ਰਬੰਧਾਂ ਵੱਲ ਲੱਗੀ ਹੋਈ ਸੀ।
      ਚਮਨ ਨੂੰ 2012 ਵਿੱਚ ਦਿਲ ਦੀ ਤਕਲੀਫ ਹੋਈ ਸੀ ਅਤੇ ਡਾਕਟਰਾਂ ਨੇ ਉਹਦੇ ਸਟੰਟ ਪਾ ਕੇ ਉਹਨੂੰ ਘਰ ਭੇਜ ਦਿੱਤਾ ਸੀ। ਚਮਨ ਨੂੰ ਰਾਜ਼ੀ ਹੋਣ ਲਈ ਚੋਖਾ ਵਕਤ ਲੱਗ ਰਿਹਾ ਸੀ। ਉਹ ਬਹੁਤ ਕਮਜ਼ੋਰ ਹੋ ਗਏ ਸਨ। ਚਮਨ ਦੀ ਸਿਹਤ ਕਰਕੇ ਸਭ ਨੂੰ ਬਹੁਤ ਫਿਕਰ ਲੱਗਾ ਹੋਇਆ ਸੀ, ਬਲਕਿ ਇੱਕ ਡਰ ਦਾ ਆਲਮ ਸੀ, ਪਰ ਚਮਨ ਨੇ ਖਾਣ-ਪੀਣ ਦੇ ਸੰਜਮ ਅਤੇ ਕਸਰਤ ਨਾਲ ਆਪਣੇ-ਆਪ ਨੂੰ ਮੁੜ ਲੀਹ 'ਤੇ ਲੈ ਆਂਦਾ। ਚਮਨ ਹੁਰੀਂ ਘੋੜੇ ਵਾਂਗ ਦੌੜਨ ਲੱਗੇ। ਮਹਿਫਲਾਂ ਦੀ ਰੌਣਕ ਫਿਰ ਗਰਮਾਅ ਗਈ। ਕਿਸੇ ਨੂੰ ਚੇਤਾ ਵੀ ਨਾ ਰਿਹਾ ਕਿ ਚਮਨ ਕਦੀ ਬਿਮਾਰ ਵੀ ਸੀ। ਪੂਰੇ ਛੇ ਸਾਲ ਲੰਘ ਗਏ।
       28 ਜਨਵਰੀ ਵਾਲੀ ਹਸਪਤਾਲ ਰੂਟੀਨ ਫੇਰੀ ਦੌਰਾਨ ਡਾਕਟਰਾਂ ਨੇ ਲੱਭਿਆ ਕਿ ਚਮਨ ਹੁਰਾਂ ਦੇ ਹੋਰ ਸਟੰਟ ਪੈਣ ਦੀ ਲੋੜ ਸੀ। ਦਿਲ ਦੀਆਂ ਆਰਟਰੀਅਰ ਸਿਰਫ ਤੀਹ ਫੀਸਦੀ ਹੀ ਕੰਮ ਕਰ ਰਹੀਆਂ ਸਨ। ਸਾਥੀ ਦਾ ਸ਼ਰਧਾਂਜਲੀ ਸਮਾਗਮ ਬਾਅਦ ਦੁਪਹਿਰ ਗੁਰਦੁਆਰਾ ਸਾਹਿਬ ਵਿਖੇ ਹੋਣਾ ਸੀ। ਮੰਚ ਦਾ ਸੰਚਾਲਨ ਚਮਨ ਲਾਲ ਚਮਨ ਨੇ ਹੀ ਕਰਨਾ ਸੀ। ਚਮਨ ਹੁਰੀਂ ਡਾਕਟਰਾਂ ਨੂੰ ਆਖਣ ਲੱਗੇ ਕਿ ਮੈਨੂੰ ਸਿਰਫ ਦੋ ਘੰਟੇ ਦੀ ਛੁੱਟੀ ਦਿਓ, ਮੈਂ ਸ਼ਰਧਾਂਜਲੀ ਸਮਾਗਮ ਭੁਗਤਾ ਕੇ ਫਟਾਫਟ ਆਇਆ ਕਿ ਆਇਆ, ਪਰ ਡਾਕਟਰ ਨਹੀਂ ਮੰਨੇ।
       ਚਮਨ ਦੇ ਦਿਲ ਦੇ ਸਿਸਟਮ ਨੂੰ ਠੀਕ ਕਰਨ ਲਈ ਚਮਨ ਹੁਰਾਂ ਦੇ ਕਈ ਇੱਕ ਸਟੰਟ ਪਾਏ ਗਏ, ਪਰ ਇਨ੍ਹਾਂ ਨੇ ਗਤੀ ਨਾ ਫੜੀ। ਚਮਨ ਹੁਰੀਂ ਫਿਰ ਮੁੜ ਕੇ ਹੋਸ਼ ਵਿੱਚ ਨਾ ਆਏ ਤੇ 4 ਫਰਵਰੀ ਨੂੰ ਸਾਥੀ ਦੇ ਵਿਛੜਣ ਤੋਂ ਸਾਢੇ ਤਿੰਨ ਹਫਤਿਆਂ ਮਗਰੋਂ ਹੀ, ਆਪਣੇ ਪਰਮ ਮਿੱਤਰ ਸਾਥੀ ਲੁਧਿਆਣਵੀ ਦੇ ਸਾਥ ਵਿੱਚ ਜਾ ਬਿਰਾਜੇ।
      ਚਮਨ ਲਾਲ ਚਮਨ ਅਤੇ ਸਾਥੀ ਲੁਧਿਆਣਵੀ ਬਰਤਾਨੀਆ ਦੇ ਪੰਜਾਬੀ ਸਾਹਿਤ ਅਤੇ ਬਰਾਡਕਾਸਟਿੰਗ ਦੇ ਪਿੜ ਵਿੱਚ ਦੋ ਅਤੀ ਧੜੱਲੇਦਾਰ ਅਤੇ ਹਰਮਨ-ਪਿਆਰੇ ਸਮਕਾਲੀ ਹਸਤਾਖਰ ਸਨ। ਬਰਤਾਨੀਆ ਵਿਚਲੇ ਪਹਿਲੇ ਪੂਰ ਦੇ ਬਹੁਤ ਸਾਰੇ ਪੰਜਾਬੀ ਲੇਖਕ ਸਾਥੋਂ ਵਿਛੜੇ ਹਨ, ਪਰ ਚਮਨ ਅਤੇ ਸਾਥੀ ਦੇ ਅੱਗੜ-ਪਿੱਛੜ ਵਿਛੋੜੇ ਨੇ ਏਸ਼ੀਅਨ ਭਾਈਚਾਰੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇੱਕ ਤਰੀਕੇ ਨਾਲ ਭਾਈਚਾਰਾ ਯਕਦਮ ਹਿੱਲ ਗਿਆ ਹੈ। ਭਾਵੇਂ ਸਾਥੀ ਅਤੇ ਚਮਨ ਤੋਂ ਮਗਰਲੀਆਂ ਪੀੜ੍ਹੀਆਂ ਦੇ ਵੀ ਲੇਖਕ ਅਤੇ ਬਰਾਡਕਾਸਟਰ ਹਨ, ਪਰ ਪ੍ਰਵਾਸ ਦੇ ਜੀਵਨ ਅਤੇ ਸਫਰ ਦੀ ਜੋ ਸਮਝ, ਤਜਰਬਾ ਅਤੇ ਪਕੜ ਇਨ੍ਹਾਂ ਦੋਵਾਂ ਕੋਲ ਸੀ, ਉਹ ਹਰ ਕਿਸੇ ਕੋਲ ਨਹੀਂ ਹੈ। ਇਹ ਦੋਵੇਂ ਪੰਜਾਬੀ ਸਾਹਿਤ ਅਤੇ ਟੀ ਵੀ/ਰੇਡੀਓ ਬਰਾਡਕਾਸਟਿੰਗ ਦੇ ਥੰਮ੍ਹ ਅਤੇ ਪਿਤਾਮਾ ਸਨ।
      ਚਮਨ ਲਾਲ ਪ੍ਰਤਿਭਾਸ਼ਾਲੀ ਬਹੁ-ਗੁਣੀ ਸ਼ਖਸੀਅਤ ਸਨ। ਕੱਦ-ਕਾਠ ਵੱਡਾ, ਪਰ ਗੱਲਬਾਤ ਵਿੱਚ ਸਹਿਜ ਤੇ ਮਿਠਾਸ ਅਤੇ ਖੁਸ਼-ਤਬੀਅਤ ਸੁਭਾਅ। ਚਮਨ ਕਦੇ ਵੀ ਕਿਸੇ ਨੂੰ ਉੱਚਾ ਜਾਂ ਕੌੜਾ ਨਹੀਂ ਸੀ ਬੋਲਦੇ। ਉਹ ਮੁਸ਼ਾਇਰੀਆਂ ਦੀ ਜਿੰਦ-ਜਾਨ ਸਨ ਤੇ ਮਹਿਫਲਾਂ ਦੀ ਰੌਣਕ।
       ਲੱਗਦਾ ਹੈ ਚਮਨ ਹੁਰਾਂ ਨੂੰ ਭਾਰਤ ਵਿੱਚ ਲੋਕ ਏਨਾ ਨਹੀਂ ਸਨ ਜਾਣਦੇ। ਪਰ ਈਸਟ ਅਫਰੀਕਨ ਮੁਲਕਾਂ ਅਤੇ ਬਰਤਾਨਵੀ ਏਸ਼ੀਅਨ ਭਾਈਚਾਰੇ ਵਿੱਚ ਤੁਹਾਨੂੰ ਕੋਈ ਟਾਂਵੇਂ-ਟਾਂਵੇਂ ਲੋਕ ਹੀ ਮਿਲਣਗੇ, ਜਿਹੜੇ ਚਮਨ ਦੀ ਸ਼ਖਸੀਅਤ, ਉਹਦੇ ਹੁਨਰ ਅਤੇ ਉਹਦੀ ਪੰਜਾਬੀ, ਹਿੰਦੀ ਅਤੇ ਉਰਦੂ ਬੋਲੀਆਂ ਨੂੰ ਦੇਣ ਤੋਂ ਨਾਵਾਕਫ ਹੋਣ। ਉਹ 19 ਸਾਲ ਦੀ ਉਮਰ ਵਿੱਚ ਫਗਵਾੜੇ ਕਾਲਜ ਦੀ ਪੜ੍ਹਾਈ ਵਿੱਚੇ ਛੱਡ ਕੇ ਆਪਣੇ ਪਿਤਾ ਦੇ ਬੁਲਾਵੇ 'ਤੇ ਕੀਨੀਆ ਪੁੱਜ ਗਏ, ਜਿੱਥੇ ਉਹ ਏਸ਼ੀਆਈ ਰੇਡੀਓ ਬਰਾਡਕਾਸਟਿੰਗ ਦੀ ਦੁਨੀਆ 'ਤੇ 1974 ਤੱਕ ਛਾਏ ਰਹੇ। ਸਰਕਾਰੀ ਰੇਡੀਓ 'ਤੇ ਵੱਡੀਆਂ ਜ਼ਿੰਮੇਵਾਰੀਆਂ ਨਿਭਾਉਣ ਤੋਂ ਬਿਨਾਂ ਉਹਨਾਂ ਨੇ ਭਾਰਤੀ/ਪਾਕਿਸਤਾਨੀ ਕਲਾਕਾਰਾਂ ਤੇ ਲੀਡਰਾਂ ਨੂੰ ਈਸਟ ਅਫਰੀਕਨ ਮੁਲਕਾਂ ਵਿੱਚ ਰਹਿੰਦੇ ਏਸ਼ੀਅਨਾਂ ਸਾਹਮਣੇ ਰੂਬਰੂ ਕਰਵਾਇਆ। ਵੱਡੇ-ਵੱਡੇ ਫਿਲਮੀ ਕਲਾਕਾਰਾਂ ਅਤੇ ਗਾਇਕਾਂ ਦੇ ਅਨੇਕਾਂ ਪ੍ਰੋਗਰਾਮਾਂ ਦਾ ਬੰਦੋਬਸਤ ਕੀਤਾ ਅਤੇ ਉਨ੍ਹਾ ਦੀ ਰਹਿਨੁਮਾਈ ਕੀਤੀ।
       ਚਮਨ ਦੇ 1974 ਵਿੱਚ ਇੰਗਲੈਂਡ ਆਉਣ ਦੇ ਦਿਨਾਂ/ਸਾਲਾਂ ਵਿੱਚ ਹਜ਼ਾਰਾਂ ਈਸਟ ਅਫਰੀਕਨ ਏਸ਼ੀਅਨਾਂ ਨੂੰ ਵੀ ਆਪਣੇ ਮੁਲਕ ਛੱਡ ਕੇ ਹੋਰਨਾਂ ਮੁਲਕਾਂ ਵਿੱਚ ਅੱਡੇ ਜਮਾਉਣੇ ਪਏ। ਇਨ੍ਹਾਂ ਵਿੱਚੋਂ ਬਹੁਤ ਸਾਰੇ ਯੂ ਕੇ ਵਿੱਚ ਆ ਵਸੇ। ਚਮਨ ਆਪਣੇ ਨਾਲ ਆਪਣੇ ਹੁਨਰ ਤਾਂ ਲੈ ਕੇ ਆਏ ਹੀ, ਉਨ੍ਹਾ ਦਾ ਵਿਸ਼ਾਲ ਈਸਟ ਅਫਰੀਕਨ ਭਾਈਚਾਰਾ ਵੀ ਉਨ੍ਹਾਂ ਦੇ ਨਾਲ ਹੀ ਇੱਥੇ ਪੁੱਜ ਗਿਆ ਸੀ। ਚਮਨ ਨੇ ਮਰਦੇ ਦਮ ਤੱਕ ਬਰਤਾਨੀਆ ਦੇ ਵਿਸ਼ਾਲ ਏਸ਼ੀਅਨ ਭਾਈਚਾਰੇ ਦੀ ਸਾਹਿਤ ਅਤੇ ਬਰਾਡਕਾਸਟਿੰਗ ਦੇ ਮਾਧਿਅਮਾਂ ਰਾਹੀਂ 45 ਸਾਲ ਭਰਪੂਰ ਸੇਵਾ ਕੀਤੀ। ਮੇਰੀ ਜਾਚੇ ਏਸ਼ੀਅਨ ਲੇਖਕਾਂ ਅਤੇ ਬਰਾਡਕਾਸਟਰਾਂ ਵਿੱਚੋਂ ਉਹ ਯੂ ਕੇ ਵਿੱਚ ਸਭ ਤੋਂ ਵੱਧ ਹਰਮਨ ਪਿਆਰਾ, ਗਰੇਸਫੁਲ, ਰੌਚਿਕ ਅਤੇ ਚੰਗੇ ਕਿਰਦਾਰ ਦਾ ਵਿਅਕਤੀਤਵ ਸੀ। ਭਾਵੇਂ ਉਹ ਮੁੱਖ ਤੌਰ 'ਤੇ ਪੰਜਾਬੀ ਸ਼ਾਇਰ ਸੀ, ਉਹਦੀ ਹਿੰਦੀ ਅਤੇ ਉਰਦੂ ਉੱਤੇ ਵੀ ਲੋਹੜੇ ਦੀ ਪਕੜ ਸੀ। ਉਹ ਇਨ੍ਹਾਂ ਤਿੰਨਾਂ ਬੋਲੀਆਂ ਨਾਲ ਨਿਆਂ ਕਰਨ ਦੀ ਸਮਰੱਥਾ ਰੱਖਦਾ ਸੀ। ਇਨ੍ਹਾਂ ਤਿੰਨਾਂ ਬੋਲੀਆਂ ਦਾ ਸ਼ੁੱਧ ਉਚਾਰਣ ਉਹਦੀ ਤਕੜਾਈ ਸੀ। ਪੰਜਾਬੀਅਤ ਉਹਦੇ ਰੋਮ-ਰੋਮ ਵਿੱਚ ਸਮਾਈ ਹੋਈ ਸੀ, ਪਰ ਵਿਚਾਰਾਂ ਅਤੇ ਧਾਰਨਾਵਾਂ ਦੇ ਹਵਾਲੇ ਨਾਲ ਉਹ ਸਿੱਕੇਬੰਦ ਮਾਨਵਵਾਦੀ ਅਤੇ ਸੈਕੂਲਰ ਸੋਚਣੀ ਦਾ ਧਾਰਨੀ ਸੀ।
       ਚਮਨ ਦਾ ਜਨਮ ਕਾਗਜ਼ਾਂ ਮੁਤਾਬਕ 15 ਮਈ 1934 ਨੂੰ ਜਲੰਧਰ ਦੇ ਲਾਗਲੇ ਪਿੰਡ ਪ੍ਰਤਾਪਪੁਰਾ ਵਿੱਚ ਹੋਇਆ, ਪਰ ਚਮਨ ਦੇ ਪਰਵਾਰ ਮੁਤਾਬਕ ਇਹ ਤਰੀਕ ਠੀਕ ਨਹੀਂ। ਉਹਦੀ ਜਨਮ ਪੱਤਰੀ ਮੁਤਾਬਕ ਉਹਦੀ ਜਨਮ ਮਿਤੀ 1 ਅਗਸਤ 1934 ਹੈ।
     ਚਮਨ ਦੀ ਉਮਰ ਮਸਾਂ 2 ਸਾਲ ਦੀ ਸੀ ਕਿ ਮਾਤਾ ਇਸ ਸੰਸਾਰ ਤੋਂ ਵਿਦਾ ਹੋ ਗਈ। ਚਮਨ ਦਾ ਪਾਲਣ-ਪੋਸ਼ਣ ਫਿਰ ਨਾਨਕੇ ਪਿੰਡ 'ਪਾਸਲਾ' ਵਿੱਚ ਹੋਇਆ। ਚਮਨ ਦੇ ਪਿਤਾ ਦੀ ਦੂਜੀ ਸ਼ਾਦੀ ਵਿੱਚੋਂ ਉਹਦੇ ਚਾਰ ਭਰਾਵਾਂ ਵਿਜੈ, ਨਰੇਂਦਰ, ਆਦਰਸ਼ (ਅਮਰੀਕਾ 'ਚ) ਅਤੇ ਮਰਹੂਮ ਕੌਸ਼ਲ ਅਤੇ ਤਿੰਨ ਭੈਣਾਂ ਪ੍ਰੇਮ ਜੱਸਲ, ਸਨੇਹ ਕੈਂਥ ਅਤੇ ਸਰੀਤਾ ਰੱਖੜਾ ਨੇ ਜਨਮ ਲਿਆ। ਇਨ੍ਹਾਂ ਸਾਰੇ ਭੈਣਾਂ/ਭਰਾਵਾਂ ਦਾ ਜਨਮ ਕੀਨੀਆ ਵਿੱਚ ਹੀ ਹੋਇਆ।
       ਚਮਨ ਨੇ ਪਹਿਲੀ ਕਵਿਤਾ 13 ਸਾਲ ਦੀ ਉਮਰ ਵਿੱਚ ਗੁਰੂ ਨਾਨਕ ਦੇਵ ਜੀ ਉੱਪਰ ਲਿਖੀ ਅਤੇ ਗੁਰਪੁਰਬ ਵਾਲੇ ਦਿਨ ਪੜ੍ਹੀ। ਕਿਸੇ ਨੇ ਕਵਿਤਾ ਤੋਂ ਖੁਸ਼ ਹੋ ਕੇ ਚਮਨ ਨੂੰ ਇੱਕ ਰੁਪਏ ਦਾ ਇਨਾਮ ਦਿੱਤਾ। ਇਹ ਪਹਿਲਾ ਇਨਾਮ ਚਮਨ ਦਾ ਪ੍ਰੇਰਨਾ-ਸਰੋਤ ਹੋ ਨਿੱਬੜਿਆ।
       ਚਮਨ 19 ਸਾਲ ਦਾ ਸੀ, ਜਦੋਂ ਪਿਤਾ ਨੇ ਉਹਨੂੰ ਕੀਨੀਆ ਦੇ ਸ਼ਹਿਰ ਨੈਰੋਬੀ ਵਿੱਚ ਬੁਲਾਇਆ। ਉੱਥੇ ਪਹਿਲਾਂ ਚਮਨ ਨੇ ਕਈ ਇੱਕ ਕੰਮ ਕੀਤੇ। ਆਖਰ ਉਹ ਆਪਣੀ ਪਸੰਦ ਦੇ ਖੇਤਰ ਵਿੱਚ ਆ ਗਿਆ। 1959 ਵਿੱਚ ਕੁਲਵਕਤੀ ਕੀਨੀਆ ਦੀ ਬਰਾਡਕਾਸਟਿੰਗ ਇੰਡਸਟਰੀ ਨਾਲ ਬਤੌਰ ਰੇਡੀਓ ਅਤੇ ਟੀ ਵੀ ਪਰੀਜੈਂਟਰ/ਨਿਊਜ਼ ਰੀਡਰ/ਨਿਊਜ਼ ਐਡੀਟਰ ਅਤੇ ਅਨੁਵਾਦਕ ਦੇ ਤੌਰ 'ਤੇ ਜੁੜ ਗਿਆ। ਸਾਲ 1971 ਵਿੱਚ 'ਵੁਆਇਸ ਆਫ ਕੀਨੀਆ' ਰੇਡੀਓ ਦਾ ਮੁਖੀ ਬਣ ਗਿਆ। ਇਸ ਜ਼ਿੰਮੇਵਾਰੀ ਦਾ ਭਾਵ ਸੀ 14 ਹਿੰਦੋਸਤਾਨੀ ਅਤੇ ਅਫਰੀਕਨ ਭਾਸ਼ਾਵਾਂ ਵਿੱਚ ਰੇਡੀਓ ਪ੍ਰਸਾਰਣਾਂ ਦੀ ਵਾਗਡੋਰ ਸੰਭਾਲਣਾ। 1962 ਵਿੱਚ ਚੀਨ ਅਤੇ ਭਾਰਤ ਜੰਗ ਦੀ ਰਿਪੋਰਟਿੰਗ ਕਰਨ ਲਈ ਚਮਨ ਵਿਸ਼ੇਸ਼ ਤੌਰ 'ਤੇ ਇੰਡੀਆ ਗਏ।
       1974 ਵਿੱਚ ਯੂ ਕੇ ਆ ਕੇ ਕੁਝ ਸਮਾਂ ਚਮਨ ਨੇ ਇਧਰ-ਉਧਰਲੀਆਂ ਨੌਕਰੀਆਂ ਕਰਕੇ ਗੁਜ਼ਾਰਿਆ, ਪਰ ਬਹੁਤ ਛੇਤੀ ਹੀ ਉਹ ਬੀ ਬੀ ਸੀ ਵਰਲਡ ਸਰਵਿਸ ਅਤੇ ਬੀ ਬੀ ਸੀ ਏਸ਼ੀਅਨ ਮੈਗਜ਼ੀਨ ਲਈ ਨਯੀ ਜ਼ਿੰਦਗੀ ਨਯਾ ਜੀਵਨ ਪ੍ਰੋਗਰਾਮ ਐੱਲ ਬੀ ਸੀ ਰੇਡੀਓ/ਗੀਤ ਮਾਲਾ ਪ੍ਰੋਗਰਾਮਾਂ ਨਾਲ ਜੁੜ ਗਿਆ। ਮੈਂ 1977 ਵਿੱਚ ਯੂ ਕੇ ਆਇਆ ਸਾਂ ਅਤੇ ਮੈਨੂੰ ਯਾਦ ਹੈ ਕਿ ਹਰ ਇੱਕ ਏਸ਼ੀਅਨ ਐਤਵਾਰ ਨੂੰ ਬੀ ਬੀ ਸੀ ਦਾ 'ਨਈ ਜ਼ਿੰਦਗੀ ਨਯਾ ਜੀਵਨ' ਪ੍ਰੋਗਰਾਮ ਤੀਬਰਤਾ ਨਾਲ ਵੇਖਦਾ ਸੀ ਅਤੇ ਇਸੇ ਤਰ੍ਹਾਂ ਗਾਣਿਆਂ ਦਾ ਪ੍ਰੋਗਰਾਮ ਗੀਤ ਮਾਲਾ। ਇਹ ਉਹ ਦਿਨ ਸਨ, ਜਦ ਚਮਨ ਦੀ ਬਰਾਡਕਾਸਟਿੰਗ ਜਗਤ 'ਚ ਬੱਲੇ-ਬੱਲੇ ਸੀ। ਉਹਦੀ ਮਿੱਠੀ ਆਵਾਜ਼, ਆਕਰਸ਼ਕ ਸ਼ਖਸੀਅਤ ਅਤੇ ਦਿਲ-ਟੁੰਬਵੀਂ ਪ੍ਰਜੈਂਟੈਸ਼ਨ ਉਹਦੀ ਤਾਕਤ ਸਨ। 1978 ਤੋਂ 1979 ਤੱਕ ਉਹ ਈ ਐੱਮ ਆਈ ਦੇ ਮੈਨੇਜਰ ਰਹੇ।
      1990 ਵਿੱਚ ਚਮਨ ਹੰਸਲੋ ਲੰਡਨ ਕੌਂਸਲ ਵਿੱਚ ਐਥਨਲ ਆਰਟ ਐਡਵਾਈਜ਼ਰ ਲੱਗੇ ਅਤੇ ਉਨ੍ਹਾਂ ਇਹ ਆਲੀਸ਼ਾਨ ਨੌਕਰੀ 9 ਸਾਲ ਤੱਕ ਕੀਤੀ। ਇਸ ਤੋਂ ਪਹਿਲਾਂ ਉਹ ਹੰਸਲੋ ਮਲਟੀ ਕਲਚਰਲ ਸੈਂਟਰ ਆਰਗੇਨਾਈਜ਼ਰ ਦੇ ਅਹੁਦੇ 'ਤੇ ਵੀ ਰਹੇ।
      ਚਮਨ ਹੁਰਾਂ ਨੇ ਕੀਨੀਆ ਵਿੱਚ ਏਸ਼ੀਅਨ ਕਲਾਕਾਰਾਂ ਦੇ ਅਨੇਕਾਂ ਸ਼ੋਅ ਆਯੋਜਿਤ ਕੀਤੇ। ਯੂ ਕੇ ਆ ਕੇ ਵੀ ਕੁੱਲਵਕਤੀ ਨੌਕਰੀ ਦੇ ਨਾਲ-ਨਾਲ ਉਹਨਾਂ ਸਟੇਜ ਸ਼ੋਅ, ਨਾਟਕ ਅਤੇ ਸੰਗੀਤਕ ਪ੍ਰੋਗਰਾਮ ਜਾਰੀ ਰੱਖੇ, ਜਿਨ੍ਹਾਂ ਨੂੰ ਸਰੋਤੇ/ਦਰਸ਼ਕ ਅਜੇ ਵੀ ਯਾਦ ਕਰਦੇ ਹਨ।
       ਚਮਨ ਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਮਹਾਨ ਸ਼ਖਸੀਅਤਾਂ ਨੂੰ ਇੰਟਰਵਿਊ ਕੀਤਾ, ਜਿਨ੍ਹਾਂ ਦੀ ਤਫਸੀਲ ਦੇਣੀ ਇਸ ਲੇਖ ਦੀ ਸੀਮਾ ਹੈ। ਕੁਝ ਵਰਨਣਯੋਗ ਨਾਂਅ ਹਨ : ਜਵਾਹਰ ਲਾਲ ਨਹਿਰੂ, ਲਤਾ ਮੰਗੇਸ਼ਕਰ, ਨੌਸ਼ਾਦ, ਦਲੀਪ ਕੁਮਾਰ, ਸੁਨੀਲ ਦੱਤ, ਅਨੁਪਮ ਖੇਰ, ਜਗਜੀਤ/ਚਿੱਤਰਾ ਸਿੰਘ, ਕੀਨੀਆ ਦੇ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਅਤੇ ਉਪ ਪ੍ਰਧਾਨ ਮੰਤਰੀ, ਸ਼ਰਮੀਲਾ ਟੈਗੋਰ, ਆਸ਼ਾ ਭੌਂਸਲੇ, ਗੁਲਾਮ ਅਲੀ, ਆਬਿਦਾ ਪਰਵੀਨ, ਰਾਜਨ-ਸਾਜਨ, ਦੇਵਾਨੰਦ, ਅਨੂਪ ਜਲੋਟਾ, ਨੁਸਰਤ ਫਤਿਹ ਅਲੀ ਖਾਨ ਅਤੇ ਹੋਰ ਬਹੁਤ ਸਾਰੇ। ਇਹਨਾਂ ਮੁਲਾਕਾਤਾਂ ਦੀ ਇੱਕ ਕਿਤਾਬ ਅੰਗਰੇਜ਼ੀ ਵਿੱਚ ਛਪ ਰਹੀ ਹੈ।
        ਚਮਨ ਦੀਆਂ ਦੋ ਪੁਸਤਕਾਂ ਪੰਜਾਬੀ 'ਚ ਛਪੀਆਂ ਹਨ : 'ਗੁਥਲੀ' ਅਤੇ 'ਸੁਬਰੰਗ' ਅਤੇ ਇੱਕ ਹਿੰਦੀ ਵਿੱਚ 'ਫੂਲ ਖਿਲੇ ਹੈਂ ਚਮਨ ਚਮਨ'। ਚਮਨ ਦਾ ਲਿਖਿਆ 'ਸੌਣ ਦਾ ਮਹੀਨਾ ਯਾਰੋ ਸੌਣ ਦਾ ਮਹੀਨਾ ਏ' ਅਤੇ ਜਗਜੀਤ ਸਿੰਘ ਦਾ ਗਾਇਆ ਗਾਣਾ ਚਮਨ ਨੂੰ ਸ਼ੋਹਰਤ ਅਤੇ ਹਰਮਨ ਪਿਆਰਤਾ ਦੀਆਂ ਬੁਲੰਦੀਆਂ 'ਤੇ ਲੈ ਗਿਆ। ਹਰ ਏਸ਼ੀਅਨ ਸੰਗੀਤ ਪਰੇਮੀ ਨੇ ਇਸ ਗਾਣੇ ਨੂੰ ਮਾਣਿਆ ਹੈ। ਚਿਤਰਾ ਸਿੰਘ ਨੇ ਚਮਨ ਨੂੰ ਉਲਾਂਭਾ ਦਿੰਦਿਆਂ ਕਿਹਾ ਕਿ ਤੁਸੀਂ ਮੇਰੇ ਲਈ ਕੋਈ ਗਾਣਾ ਨਹੀਂ ਲਿਖਿਆ। ਇਸ ਵਾਰ ਚਮਨ ਨੇ ਚਿਤਰਾ ਵਾਸਤੇ ਗਾਣਾ ਲਿਖਿਆ, 'ਜਾਂਦਾ-ਜਾਂਦਾ ਮਾਹੀ ਮੇਰੀ ਜਾਨ ਲੈ ਗਿਆ'। ਇਹ ਗਾਣਾ ਵੀ ਸਰੋਤਿਆਂ ਦੇ ਧਿਆਨ ਦਾ ਕੇਂਦਰ ਬਣਿਆ। ਦੀਦਾਰ ਸਿੰਘ ਪਰਦੇਸੀ ਦਾ ਗਾਇਆ ਅਤੇ ਚਮਨ ਦਾ ਲਿਖਿਆ ਗੀਤ 'ਹੋਇਆ ਜਦੋਂ ਅੱਖਾਂ ਦੇ ਇਸ਼ਾਰਿਆਂ ਦਾ ਮੇਲ' ਵੀ ਬਹੁਤ ਹਰਮਨ-ਪਿਆਰਾ ਹੋਇਆ। ਅੰਗਰੇਜ਼ੀ ਫਿਲਮ 'ਬਰਾਈਡ ਐਂਡ ਪਰੈਜਟਿਸ' ਦਾ ਗਾਣਾ 'ਬੱਲੇ ਬੱਲੇ' (ਸੰਗੀਤ ਅਨੁਮਲਿਕ) ਵੀ ਬਹੁਤ ਮਸ਼ਹੂਰ ਹੋਇਆ। ਆਸ਼ਾ ਭੌਂਸਲੇ ਨੇ ਵੀ ਚਮਨ ਹੁਰਾਂ ਨੂੰ ਗਾਇਆ ਹੈ। ਉਪਰੋਕਤ ਸੂਚੀ ਤੋਂ ਬਿਨਾਂ ਹੋਰ ਬਹੁਤ ਸਾਰੇ ਪਾਏਦਾਰ ਗਾਇਕਾਂ ਨੇ ਚਮਨ ਦੇ ਗੀਤਾਂ ਨੂੰ ਗਾਇਆ ਹੈ। ਚਮਨ ਨੇ ਕੁਝ ਪੁਸਤਕਾਂ ਸੰਪਾਦਤ ਵੀ ਕੀਤੀਆਂ ਹਨ। ਚਮਨ ਦੀ ਝੋਲੀ ਵਿੱਚ ਕਈ ਇੱਕ ਸਤਿਕਾਰਤ ਇਨਾਮ ਵੀ ਪਏ ਹਨ।
      ਚਮਨ ਦੀ ਸ਼ਾਇਰੀ ਬਾਰੇ ਵਿਸਥਾਰ ਵਿੱਚ ਜ਼ਿਕਰ ਕਰਨਾ ਵੀ ਇਸ ਲੇਖ ਦੀ ਸੀਮਾ ਹੈ। ਮੈਂ ਉਹਦੀਆਂ ਸਿਰਫ ਕੁਝ ਇੱਕ ਤੁਕਾਂ/ਸ਼ੇਅਰ ਵੰਨਗੀ ਵਜੋਂ ਸਾਂਝੇ ਕਰਾਂਗਾ :

ਕਿਵੇਂ ਅੱਜ ਤੇਰਾ  ਮੇਰਾ ਮੇਲ ਹੋ ਗਿਆ,
ਰੱਬ ਕਰੇ ਏਸੇ ਤਰ੍ਹਾਂ ਸਾਰਿਆਂ ਦਾ ਮੇਲ।
-0-
ਨਾਂਅ ਨਾਨਕ ਦਾ ਬੰਦਗੀ ਵਰਗਾ।
ਤਾਰਾ ਮੰਡਲ ਦੀ ਆਰਤੀ ਵਰਗਾ।
ਸੱਚ ਪੁੱਛੋ ਤਾਂ ਰੂਪ ਰੱਬ ਦਾ ਹੈ,
ਭਾਵੇਂ ਜਾਮਾ ਹੈ ਆਦਮੀ ਵਰਗਾ।
-0-
ਰਾਮ ਨਾਮ ਦੇ ਹੋਰ ਨਾ ਅਗਨੀ ਬਾਣ ਚਲਾਓ।
ਨਾ ਮੰਦਰ ਫੂਕੋ ਤੇ ਨਾ ਹੀ ਮੰਦਰ ਢਾਓ।
ਪੱਥਰ ਦੇ ਠਾਕਰ ਨੂੰ ਭੋਗ ਲਗਾ ਚੁੱਕੇ ਹੋ,
ਫੁੱਟਪਾਥ ਦੇ ਬੱਚੇ ਦੇ ਮੂੰਹ ਵਿੱਚ ਬੁਰਕੀ ਪਾਓ।

-0-
ਤੇਰੀ ਦੁਨੀਆ ਕੋ ਲੱਗ ਗਈ ਹੈ ਨਜ਼ਰ,
ਇਸ  ਕਾ  ਸਦਕਾ  ਉਤਾਰ  ਕੇ ਮੌਲਾ।
ਪਤਝੜੋਂ  ਕੇ ਅੰਧੇਰੇ  ਜੰਗਲ ਕੋ,
ਨੂਰ  ਕੀ  ਆਬਸ਼ਾਰ  ਦੇ ਮੌਲਾ।
ਨਾ ਸਜਰ ਹੈ ਨਾ ਆਸ਼ੀਆਨਾ ਜਿਨਕਾ
ਉਨ  ਪਰਿੰਦੋ  ਕੋ ਪਿਆਰ  ਦੇ ਮੌਲਾ।

     ਚਮਨ ਹੁਰੀਂ ਆਪਣੇ ਪਿੱਛੇ ਆਲ੍ਹਾ ਸ਼ਾਇਰੀ ਅਤੇ ਬਰਾਡਕਾਸਟਿੰਗ ਦੀ ਦੁਨੀਆ ਨੂੰ ਵੱਡਮੁੱਲੀ ਅਤੇ ਅਦੁੱਤੀ ਦੇਣ ਤੋਂ ਬਿਨਾਂ ਆਪਣਾ ਇੱਕ ਵਿਸ਼ਾਲ ਪਰਵਾਰ, ਮਿੱਤਰਾਂ ਅਤੇ ਸ਼ੁੱਭ-ਚਿੰਤਕਾਂ ਦਾ ਦਾਇਰਾ ਛੱਡ ਗਏ ਹਨ। ਉਨ੍ਹਾ ਦੇ ਭਰਾ-ਭੈਣਾਂ ਅਤੇ ਉਨ੍ਹਾਂ ਦੇ ਪਰਵਾਰ, ਦੋ ਬੇਟੇ ਅਨਿਲ (ਰਿੱਕੀ), ਰਾਜੀਵ (ਪਿੰਕੂ) ਅਤੇ ਉਨ੍ਹਾ ਦੀਆਂ ਪਤਨੀਆਂ, ਬੇਟੀ ਅਨੁਰੀਤਾ, ਚਾਰ ਪੋਤੀਆਂ ਅਤੇ ਇੱਕ ਦੋਹਤੀ ਅਤੇ ਚਮਨ ਹੁਰਾਂ ਦੀ ਪਤਨੀ 'ਪੁਸ਼ਪਾ' ਉਨ੍ਹਾ ਨੂੰ ਸ਼ਰਧਾ ਨਾਲ ਯਾਦ ਕਰਦੇ ਹਨ।
       ਜਿਹੜਾ ਬੰਦਾ ਵੀ ਚਮਨ ਨੂੰ ਮਿਲਦਾ ਸੀ, ਉਸ ਨੂੰ ਇਉਂ ਲੱਗਣ ਲੱਗ ਜਾਂਦਾ ਸੀ ਕਿ ਉਹਦਾ ਚਮਨ ਨਾਲ ਖਾਸ ਰਿਸ਼ਤਾ ਹੈ। ਚਮਨ ਹਰ ਇੱਕ ਨਾਲ ਸਤਿਕਾਰ ਨਾਲ ਪੇਸ਼ ਆਉਂਦਾ ਸੀ। ਸਮਕਾਲੀ ਲੇਖਕਾਂ ਦੀ ਜੇਕਰ ਉਹਨੇ ਕੋਈ ਨੁਕਤਾਚੀਨੀ ਵੀ ਕਰਨੀ ਹੁੰਦੀ ਤਾਂ ਉਹ ਅਗਲੇ ਨੂੰ ਮਹਿਸੂਸ ਨਹੀਂ ਸੀ ਹੋਣ ਦਿੰਦਾ ਤੇ ਉਹ ਆਪਣੀ ਰਾਏ ਲਕੋਂਦਾ ਵੀ ਨਾ।
       ਚਮਨ ਪਰਵਾਰ ਲਈ ਤਾਂ ਚਮਨ ਦਾ ਵਿਛੋੜਾ ਝੱਲਣਾ ਮੁਸ਼ਕਲ ਹੋਵੇਗਾ ਹੀ, ਚਮਨ ਦੇ ਲੱਖਾਂ ਪ੍ਰਸੰਸਕਾਂ ਅਤੇ ਸ਼ੁੱਭ-ਚਿੰਤਕਾਂ ਵਾਸਤੇ ਵੀ ਉਸ ਨੂੰ ਭੁੱਲ ਸਕਣਾ ਔਖਾ ਹੋਵੇਗਾ। ਚਮਨ ਹੁਰਾਂ ਕਿੰਨੇ ਹਰਮਨ ਪਿਆਰੇ ਸਨ, ਇਸ ਦਾ ਅੰਦਾਜ਼ਾ ਉਸ ਇਕੱਠ ਤੋਂ ਭਲੀ-ਭਾਂਤ ਲੱਗ ਸਕਦਾ ਸੀ, ਜੋ ਉਸ ਦੇ ਸਸਕਾਰ ਸਮੇਂ ਇਕੱਠਾ ਹੋਇਆ ਸੀ। ਮੈਂ ਅਨੇਕਾਂ ਸਸਕਾਰਾਂ ਵਿੱਚ ਸ਼ਾਮਲ ਹੋਇਆ ਹਾਂ, ਪਰ ਮੈਂ ਏਨੀ ਗਿਣਤੀ ਵਿੱਚ ਕਈ ਇੱਕ ਭਾਈਚਾਰਿਆਂ ਦੇ ਲੋਕਾਂ ਦੀ ਹਾਜ਼ਰੀ ਕਦੀ ਨਹੀਂ ਸੀ ਦੇਖੀ। ਜਿਊਂਦੇ ਜੀਅ ਚਮਨ ਇਸ ਕਦਰ ਹਰਮਨ ਪਿਆਰਾ ਸੀ ਕਿ ਇੱਕ ਦਿਨ ਚਮਨ ਦੀ ਸਾਲੀ ਸਾਹਿਬਾ ਚਮਨ ਦੀ ਪਤਨੀ ਪੁਸ਼ਪਾ ਨੂੰ ਕਹਿਣ ਲੱਗੀ, 'ਭੈਣ ਜੀ ਇਨ੍ਹਾਂ ਨੂੰ ਬੁਰਕੇ ਵਿੱਚ ਬਾਹਰ ਘੱਲਿਆ ਕਰੋ। ਇਨ੍ਹਾਂ ਨੂੰ ਲੋਕ ਝੱਟ ਪਛਾਣ ਲੈਂਦੇ ਨੇ ਤੇ ਫਿਰ ਇਨ੍ਹਾਂ ਨੂੰ ਛੇਤੀ ਕੀਤੇ ਛੱਡਦੇ ਨਹੀਂ'। ਅਲਵਿਦਾ ਚਮਨ ਭਾਈ। ਹੁਣ ਤੁਹਾਨੂੰ ਕਿੱਥੇ ਲੱਭਾਂਗੇ!

02 March 2019

ਛੱਡ ਗਿਆ ਸਾਥ, ਸਾਥੀ ਲੁਧਿਆਣਵੀ - ਕੇ. ਸੀ. ਮੋਹਨ

ਪੰਜਾਬੀ ਕਵਿੱਤਰੀ ਅਮਰ ਜਿਓਤੀ ਦਾ ਫੋਨ ਆਉਂਦਾ ਹੈ, ''ਸਾਥੀ ਲੁਧਿਆਣਵੀ ਕੈਂਸਰ ਦੀ ਨਾਮੁਰਾਦ ਬਿਮਾਰੀ ਕਰਕੇ ਹਸਪਤਾਲ ਵਿੱਚ ਭਰਤੀ ਹੈ। ਉਹਦਾ ਪਤਾ ਲੈਣ ਚੱਲੀਏ।'' ਹੋ ਸਕਦਾ ਹੈ ਉਹ ਘਰ ਵੀ ਚਲਾ ਗਿਆ ਹੋਵੇ। ਸੁਣ ਕੇ ਮਨ ਹਿੱਲ ਜਾਦਾ ਹੈ। ਸਾਥੀ ਹੁਣੇ ਜਿਹੇ ਤੱਕ ਤਾ ਸਾਹਿਤਕ ਪ੍ਰੋਗਰਾਮਾ ਵਿੱਚ ਭਾਗ ਲੈਂਦਾ ਸੁਣਿਆ ਹੈ। ਉਹਦਾ ਐੱਮ ਏ ਟੀ ਵੀ ਵਾਲਾ ਟੈਲੀ ਪ੍ਰੋਗਰਾਮ ਸਰੋਤੇ ਮਾਣਦੇ ਰਹੇ ਨੇ। ਉਹ ਲਗਾਤਾਰ ਅਖਬਾਰਾ/ਰਸਾਲਿਆ ਵਿੱਚ ਛਪਦਾ ਨਜ਼ਰ ਆ ਰਿਹਾ ਹੈ।
       ਸਾਥੀ ਨੇ ਸਤੰਬਰ ਵਿੱਚ ਹੀ ਮੈਨੂੰ ਆਪਣੇ ਟੀ ਵੀ ਪ੍ਰੋਗਰਾਮ ਵਿੱਚ ਸਰੋਤਿਆ ਦੇ ਰੂਬਰੂ ਕੀਤਾ ਸੀ। ਉਹ ਇਕਦਮ ਚੜ੍ਹਦੀ ਕਲਾ ਵਿੱਚ ਸੀ। ਕਹਿੰਦਾ ਸੀ ਇਹ ਘੰਟੇ ਦਾ ਪ੍ਰੋਗਰਾਮ ਫਟਾਫਟ ਹੀ ਖਤਮ ਹੋ ਗਿਆ। ਫਿਰ ਮਿਲਣਾ ਪੈਣਾ ਹੈ। ਤੁਹਾਡੇ ਨਾਲ ਬਰਤਾਨੀਆ ਵਿੱਚ ਬੱਚਿਆ ਨੂੰ ਗੋਦ ਲੈਣ/ਮੁਤਬੰਨਾ ਬਣਾਉਣ ਦੇ ਵਿਸ਼ੇ ਬਾਰੇ ਹੋਰ ਗੱਲਾ ਕਰਨੀਆ ਹਨ। ਇਸ ਵਿਸ਼ੇ ਬਾਰੇ ਸਾਡੇ ਏਸ਼ੀਅਨ ਲੋਕਾ ਨੂੰ ਜਾਗਰੂਕ ਕਰਨ ਦੀ ਲੋੜ ਹੈ। ਨਵੰਬਰ ਦੇ ਗੇੜ ਵਿੱਚ ਹੀ ਸਾਥੀ ਹੁਰਾ ਰਣਜੀਤ ਧੀਰ ਹੋਰਾਂ ਨਾਲ ਟੀ ਵੀ 'ਤੇ ਗੱਲਬਾਤ ਕੀਤੀ ਸੀ। ਸਾਥੀ ਦਾ ਇੰਜ ਗੰਭੀਰਤਾ ਨਾਲ ਬਿਮਾਰ ਹੋ ਜਾਣਾ ਹੈਰਾਨੀਜਨਕ ਲੱਗਿਆ, ਪਰ ਅਜਿਹੀਆ ਖਬਰਾ ਕਿੱਥੇ ਛੁਪੀਆ ਹੁੰਦੀਆ ਨੇ।
        ਕੁਝ ਇੱਕ ਹੋਰ ਮਿੱਤਰਾ ਨੂੰ ਫੋਨ ਕਰਕੇ ਸਾਥੀ ਦੀ ਬਿਮਾਰੀ ਬਾਰੇ ਅਤੇ ਉਹਦੇ ਹਸਪਤਾਲ ਭਰਤੀ ਹੋਣ ਬਾਰੇ ਪੁੱਛਿਆ। ਇਹ ਗੱਲ ਸਹੀ ਹੁੰਦੀ ਲੱਗੀ। ਮੈਂ ਸਿੱਧਾ ਹਸਪਤਾਲ ਜਾਣ ਤੋਂ ਗੁਰੇਜ਼ ਕਰਨ ਦਾ ਸੋਚਦਾ ਸਾ। ਗੰਭੀਰ ਤੌਰ 'ਤੇ ਬਿਮਾਰ ਬੰਦੇ ਨੂੰ ਬਾਹਰੀ ਪਤਾ ਲੈਣ ਆਏ ਲੋਕਾ ਤੋਂ ਇਨਫੈਕਸ਼ਨ ਆਦਿ ਹੋ ਜਾਣ ਦੇ ਡਰੋਂ, ਡਾਕਟਰ ਅਹਿਤੀਆਤ ਵਰਤਣ ਲਈ ਅਕਸਰ ਕਿਹਾ ਕਰਦੇ ਨੇ। ਕਈ ਦਫਾ ਪਰਵਾਰ ਵਾਲੇ ਮਰੀਜ਼ ਨੂੰ ਮਾਨਸਿਕ ਪਰੇਸ਼ਾਨੀ ਵੀ ਨਹੀਂ ਦੇਣਾ ਚਾਹੁੰਦੇ।
      ਸਾਥੀ ਜੀ ਦੇ ਪਰਮ ਮਿੱਤਰ ਕਵੀ ਚਮਨ ਲਾਲ ਚਮਨ ਨੇ ਦੱਸਿਆ ਕਿ ਸਾਥੀ ਪੱਛਮੀ ਲੰਡਨ ਦੇ ਹਿਲਿੰਗਡਨ ਹਸਪਤਾਲ ਦੇ ਬੈਵਿਨ ਵਾਰਡ ਵਿੱਚ ਦਾਖਲ ਹੈ। ਉਸ ਨੂੰ ਮਿਲਿਆ ਜਾ ਸਕਦਾ ਹੈ। ਉਸ ਕੋਲ ਆਪਣਾ ਕਮਰਾ ਹੈ, ਮਿਲਣ ਦੇ ਸਮੇਂ 'ਤੇ ਕੋਈ ਪਾਬੰਦੀ ਨਹੀਂ ਹੈ।
       ਅਮਰ ਜਿਓਤੀ ਤੇ ਮੈਂ ਅਗਲੇ ਦਿਨ ਹਸਪਤਾਲ ਪੁੱਜਦੇ ਹਾ। ਸਾਥੀ ਦੇ ਕਈ ਕਰੀਬੀ ਮਿੱਤਰ, ਕਰੀਬੀ ਰਿਸ਼ਤੇਦਾਰ ਰੀਸੈਪਸ਼ਨ ਵਿੱਚ ਬੈਠੇ ਹਨ। ਸਾਥੀ ਹੁਰਾ ਦੀ ਧਰਮ ਪਤਨੀ ਯਸ਼ ਸਾਥੀ ਨੇ ਦੱਸਿਆ ਕਿ ਦਰਦ ਘੱਟ ਕਰਨ ਦੀਆ ਦਵਾਈਆ ਕਰਕੇ ਸਾਥੀ ਹੁਰੀਂ ਸੁੱਤੇ ਹੋਏ ਨੇ। ਉਹਨਾ ਨੂੰ ਜਗਾਉਣਾ ਠੀਕ ਨਹੀਂ। ਤੁਸੀਂ ਥੋੜ੍ਹਾ ਇੰਤਜ਼ਾਰ ਕਰ ਲਓ। ਯਸ਼ ਜੀ ਦੀ ਇਹ ਸਲਾਹ ਉਚਿਤ ਸੀ। ਆਪਣਾ ਅੰਦਰਲਾ ਦਰਦ ਲਾਭੇ ਕਰਦੇ ਹੋਏ ਯਸ਼ ਸਾਥੀ ਸਾਨੂੰ ਸਾਥੀ ਹੁਰਾ ਦੀ ਬਿਮਾਰੀ ਦਾ ਪਿਛੋਕੜ ਦੱਸਣ ਲੱਗੇ। ਕੈਂਸਰ ਹੋ ਜਾਣ ਦਾ ਪਤਾ ਲੰਘੀ ਜੁਲਾਈ ਵਿੱਚ ਲੱਗ ਗਿਆ ਸੀ। ਟੈਸਟ 'ਤੇ ਟੈਸਟ ਹੋਣ ਲੱਗੇ। ਸਾਥੀ ਹੁਰੀਂ ਆਪਣੇ ਨਿੱਤ ਪ੍ਰਤੀ ਦਿਨ ਦੇ ਕੰਮਾ ਵਿੱਚ ਪਹਿਲਾ ਵਾਗ ਹੀ ਜੁਟੇ ਰਹੇ। ਟੀ ਵੀ ਪ੍ਰੋਗਰਾਮ ਕਰਦੇ ਰਹੇ। ਅਸੀਂ ਉਹਨਾ ਦੀ ਮਰਜ਼ ਬਾਰੇ ਕਿਸੇ ਨੂੰ ਦੱਸਿਆ ਵੀ ਨਹੀਂ। ਡਾਕਟਰਾ ਤੋਂ ਬਿਨਾ ਹੋਰ ਕੋਈ ਕੀ ਕਰ ਸਕਦਾ ਸੀ। ਫਿਰ ਹੌਲੀ-ਹੌਲੀ ਸਾਥੀ ਹੁਰਾ ਦਾ ਵਜ਼ਨ ਘਟਣ ਲੱਗਾ। ਰੇਡੀਓ ਥੈਰੇਪੀ ਚੱਲਦੀ ਰਹੀ। ਉਹ ਆਪਣੇ ਕੰਮਾ ਵਿੱਚ ਲਗਾਤਾਰ ਵਿਅਸਥ ਰਹੇ।
       ਪਰ ਕੈਸਰ ਹੁਣ ਭਾਰੂ ਹੋਣ ਲੱਗਾ ਸੀ। ਇਹ ਆਪਣੇ ਪੈਰ ਪਸਾਰ ਰਿਹਾ ਸੀ। ਇਹ ਗੁਰਦਿਆ ਤੋਂ ਸ਼ੁਰੂ ਹੋ ਕੇ ਹੌਲੀ-ਹੌਲੀ ਸਰੀਰ ਦੇ ਦੂਜੇ ਹਿੱਸਿਆ ਵਿੱਚ ਫੈਲਣ ਲੱਗਾ। ਸਾਥੀ ਹਸਪਤਾਲ ਭਰਤੀ ਕੀਤੇ ਗਏ। ਵਿੱਚਦੀ ਘਰ ਵੀ ਆ ਜਾਦੇ, ਨਵਾ ਸਾਲ ਅਸੀਂ ਘਰ ਮਨਾਇਆ।
       ਸਾਥੀ ਹੁਰਾ ਦੇ ਦਰਸ਼ਨ ਕਰਾਉਣ ਲਈ ਯਸ਼ ਹੋਰੀ ਸਾਨੂੰ ਸਾਥੀ ਦੇ ਕਮਰੇ ਬਾਹਰ ਵੱਲ ਲੈ ਗਏ। ਸ਼ਾਇਦ ਸਾਥੀ ਹੁਰੀਂ ਜਾਗ ਗਏ ਹੋਣ। ਸਾਥੀ ਡੂੰਘੀ ਘੂਕੀ ਵਿੱਚ ਲੇਟੇ ਹੋਏ ਸਨ। ਯਸ਼ ਹੁਰਾ ਸਾਨੂੰ ਫਿਰ ਕਿਸੇ ਦਿਨ ਗੇੜਾ ਲਾਉਣ ਲਈ ਕਿਹਾ ਤੇ ਇਹ ਵੀ ਕਿ ਜਦ ਸਾਥੀ ਹੁਰੀਂ ਸੁੱਤੇ ਨਹੀਂ ਹੁੰਦੇ, ਖ਼ੂਬ ਗੱਲਾ ਕਰਕੇ ਖੁਸ਼ ਹੁੰਦੇ ਹਨ। ਪਤਾ ਲੈਣ ਆਏ ਮਿੱਤਰਾ ਨੂੰ ਮਿਲ ਕੇ ਖਿੜ ਜਾਦੇ ਹਨ।
      ਰੇਡੀਓ ਤੇ ਟੀ ਵੀ ਰਾਹੀਂ ਲੱਖਾ ਸਰੋਤਿਆ ਦਾ ਮਨੋਰੰਜਨ ਕਰਨ ਵਾਲਾ ਹਰਮਨ-ਪਿਆਰਾ ਪ੍ਰੀਜੈਂਟਰ ਹੁਣ ਚੁੱਪ ਲੇਟਿਆ ਪਿਆ ਸੀ। ਇਹ ਮੰਜਰ ਵੇਖ ਝੱਲ ਨਹੀਂ ਸੀ ਹੋ ਰਿਹਾ। ਜਦੋਂ ਅਸੀਂ ਸਾਥੀ ਹੋਰਾ ਦੇ ਕਮਰੇ ਵੱਲ ਪਿੱਠ ਕੀਤੀ, ਮੈਨੂੰ ਸਾਥੀ ਦੇ ਖੁੱਲ੍ਹੇ ਹਾਸੇ ਦਾ ਝਉਲਾ ਪਿਆ।
      ਦਿਨ ਵੀਰਵਾਰ 10 ਜਨਵਰੀ ਨੂੰ ਕਹਾਣੀਕਾਰ ਗੁਰਪਾਲ ਸਿੰਘ ਅਤੇ ਮੈਂ ਸਾਥੀ ਹੁਰਾ ਦੀ ਖਬਰ ਲੈਣ ਲਈ ਹਸਪਤਾਲ ਗਏ। ਯਸ਼ ਜੀ ਅਤੇ ਉਹਨਾ ਦੇ ਭਰਾਤਾ ਕੌਂਸਲਰ ਮੋਹਨੇਸ਼ ਚੰਦਰ (ਕੁਕੂ) ਸਾਥੀ ਜੀ ਦੇ ਕਮਰੇ 'ਚ ਬੈਠੇ ਸਨ। ਸਾਥੀ ਹੁਰੀਂ ਪੂਰੇ ਚੇਤੰਨ ਸਨ। ਸਾਨੂੰ ਵੇਖਦਿਆ ਉਹਨਾ ਦਾ ਚਿਹਰਾ ਖਿੜ ਗਿਆ। ਉਨ੍ਹਾ ਚਾਅ ਨਾਲ ਸਾਡੇ ਨਾਲ ਆਪਣਾ ਹੱਥ ਮਿਲਾਇਆ। ਦੋ-ਚਾਰ ਮਿੰਟਾ ਦੀ ਖਾਮੋਸ਼ੀ ਬਾਅਦ ਅਸੀਂ ਆਮ ਵਾਗ ਗੱਲਾ ਕਰਨ ਲੱਗੇ। ਸਾਥੀ ਦੀ ਆਵਾਜ਼ ਵਿੱਚ ਆਮ ਵਰਗਾ ਵਹਾਅ ਸੀ। ਭਾਰ ਜ਼ਰੂਰ ਕੁਝ ਘਟਿਆ ਲੱਗਦਾ ਸੀ, ਪਰ ਉਹਦੇ ਚਿਹਰੇ 'ਤੇ ਕੈਂਸਰ ਜਿਹੀ ਗੰਭੀਰ ਰੋਗ ਦੀ ਰਤਾ ਵੀ ਝਲਕ ਨਹੀਂ ਸੀ। ਮੈਂ ਸਾਥੀ ਨੂੰ ਆਖਿਆ ਕਿ ਜੇਕਰ ਮੈਂ ਹਸਪਤਾਲੋਂ ਬਾਹਰ ਉਹਨੂੰ ਕਿਤੇ ਮਿਲਦਾ ਤਾ ਮੈਂ ਕਦੀ ਨਾ ਸੋਚਦਾ ਕਿ ਉਹ ਢਿੱਲੇ-ਮੱਠੇ ਨੇ। ਸਾਥੀ ਦਾ ਚਿਹਰਾ ਰੁੱਗ ਸਾਰੀ ਮੁਸਕਾਨ ਨਾਲ ਭਰਿਆ ਗਿਆ। ਮੈਂ ਫਿਰ ਸਾਥੀ ਹੁਰਾ ਨੂੰ ਉਹਨਾ ਦਾ ਮੇਰੇ ਨਾਲ ਕੀਤਾ ਵਾਅਦਾ ਵੀ ਯਾਦ ਦਿਲਾਇਆ ਕਿ ਉਹਨਾ ਦੇ ਮੈਨੂੰ ਫਿਰ ਟੀ ਵੀ 'ਤੇ ਬੁਲਾ ਕੇ ਬੱਚਿਆ ਨੂੰ ਮੁਤਬੰਨਾ ਬਣਾਉਣ ਤੇ ਵਿਸ਼ੇ 'ਤੇ ਗੱਲ ਕਰਨੀ ਹੈ। ਉਹਨਾ ਨੂੰ ਆਪਣਾ ਵਾਅਦਾ ਪੂਰੀ ਤਰ੍ਹਾ ਯਾਦ ਸੀ। ਅਸੀਂ ਬਰੈਕਸਿਟ, ਪਹਿਲੇ ਵਿਸ਼ਵ ਪੰਜਾਬੀ ਸਮਾਗਮ, ਸਾਥੀ ਦੇ ਤਾਜ਼ਾ ਨਾਵਲ 'ਸਾਹਿਲ', ਬੀਤੇ ਦੀਆ ਸਾਹਿਤਕ ਸਰਗਰਮੀਆ ਬਾਰੇ ਗੱਲਾ ਕਰਦੇ ਰਹੇ। ਸਾਥੀ ਹੁਰਾ ਆਪਣੇ ਭਰਾਵਾਂ/ਪਰਿਵਾਰਕ ਮੈਂਬਰਾ, ਲੁਧਿਆਣਾ ਵਿਚਲੇ ਉਹਨਾ ਦੇ ਕਾਰੋਬਾਰਾ ਅਤੇ ਆਪਣੀ ਬਰਤਾਨੀਆ ਵਿੱਚ ਕੰਮਾਕਾਰਾ ਬਾਰੇ ਲਗਾਤਾਰ ਗੱਲਾ ਕੀਤੀਆ। ਗੁਰਪਾਲ ਸਿੰਘ ਨੇ ਸਾਥੀ ਹੁਰਾ ਦੇ ਪੋਸਟ ਆਫਿਸ ਉਪਰਲੇ ਵੱਡੇ ਕਮਰੇ ਵਿੱਚ ਹੁੰਦੀਆ ਸਾਹਿਤਕ ਮਹਿਫਲਾ ਨੂੰ ਯਾਦ ਕੀਤਾ।
      ਸਾਥੀ ਹੁਰਾ ਨੂੰ ਮਿਲ ਕੇ ਅਤੇ ਉਹਨਾ ਨਾਲ ਕਈ ਸਾਰੀਆ ਗੱਲਾ ਕਰਕੇ ਮਨ ਬਹੁਤ ਖੁਸ਼ ਹੋਇਆ। ਮੈਨੂੰ ਲੱਗਾ ਕਿ ਸਾਥੀ ਹੁਰੀਂ ਤਕੜੀ ਮੁਦਰਾ 'ਚ ਨੇ। ਉਹ ਛੇਤੀ ਕੀਤੇ ਜਿਹੇ ਨਹੀਂ ਜਾਣ ਲੱਗੇ। ਉਹਨਾ ਨੂੰ ਛੇਤੀ ਹੀ ਫਿਰ ਮਿਲਣ ਆਵਾਗੇ।
        ਪਰ ਕੁਦਰਤ ਨੇ ਜੋ ਤੈਅ ਕੀਤਾ ਹੋਇਆ ਸੀ, ਉਹੀ ਹੋਇਆ। ਚਮਨ ਲਾਲ ਚਮਨ ਹੁਰਾ ਦਾ ਬੁੱਧਵਾਰ 17 ਜਨਵਰੀ ਨੂੰ ਸੁਨੇਹਾ ਆਇਆ। ਸਾਥੀ ਹੁਰੀਂ ਅੱਜ ਸਵੇਰੇ 4 ਵਜੇ ਚਲੇ ਗਏ ਨੇ।
       ਸਾਥੀ ਹੁਰੀਂ ਇੱਕ ਅਦਾਰਾ ਸਨ। ਬਰਤਾਨੀਆ ਵਿੱਚ ਪਹਿਲੇ ਪੂਰ ਦੇ ਪੰਜਾਬੀ ਸਾਹਿਤਕਾਰਾ ਵਿਚਲੇ ਮੋਹਰੀਆ 'ਚੋਂ ਸਨ। ਸੱਠਵਿਆ ਤੋਂ ਆਉਣੇ ਸ਼ੁਰੂ ਹੋਏ ਇਹਨਾ ਪੰਜਾਬੀ ਸਾਹਿਤਕ ਥੰਮ੍ਹਾ ਵਿੱਚ ਸਾਥੀ ਹੁਰਾ ਦਾ ਨਾਅ ਹਮੇਸ਼ਾ ਅਗਲੀ ਕਤਾਰ ਵਿੱਚ ਰਿਹਾ। ਉਹ 1962 ਵਿੱਚ ਬਰਤਾਨੀਆ ਆਏ ਅਤੇ ਉਹਨਾ ਦਾ ਮਸ਼ਹੂਰ ਕਾਲਮ 'ਸਮੁੰਦਰੋ ਪਾਰ' ਸਤਿਕਾਰਤ ਸਾਹਿਤਕ ਰਸਾਲੇ 'ਪ੍ਰੀਤ ਲੜੀ' ਦਾ ਦੋ ਦਹਾਕਿਆ ਤੋਂ ਵੱਧ ਸਮੇਂ ਲਈ ਸ਼ਿੰਗਾਰ ਰਿਹਾ। ਪੰਜਾਬੀ ਸਾਹਿਤ ਦਾ ਹਰ ਪਾਠਕ ਇਸ ਕਾਲਮ ਤੋਂ ਵਾਕਫ ਰਿਹਾ ਹੈ। ਫਿਰ ਇਹ ਕਾਲਮ 'ਪੰਜਾਬੀ ਟ੍ਰਿਬਿਊਨ' ਵਿੱਚ 6 ਸਾਲ ਛਪਦਾ ਰਿਹਾ। ਸਾਥੀ ਲੁਧਿਆਣਵੀ 'ਸਮੁੰਦਰੋ ਪਾਰ ਵਾਲਾ ਸਾਥੀ' ਦੇ ਤੌਰ 'ਤੇ ਸਮੁੱਚੇ ਪੰਜਾਬੀ ਸਾਹਿਤਕ ਜਗਤ ਵਿੱਚ ਜਾਣਿਆ ਜਾਣ ਲੱਗਾ।
      ਸਾਥੀ ਲੁਧਿਆਣਵੀ ਦਾ ਅਸਲੀ ਨਾਅ ਮੋਹਨ ਸਿੰਘ ਸਾਥੀ ਸੀ। ਸਾਥੀ ਹੁਰਾ ਦਾ ਜਨਮ 1 ਫਰਵਰੀ 1941 ਨੂੰ ਪਿੰਡ ਝਿੱਕੀ ਪੱਲੀ, ਜ਼ਿਲ੍ਹਾ ਜਲੰਧਰ ਵਿੱਚ ਹੋਇਆ। ਉਹਨਾ ਦੀ ਮਾਤਾ ਦਾ ਨਾਅ ਰਾਜ ਕੌਰ ਅਤੇ ਪਿਤਾ ਦਾ ਨਾਅ ਪ੍ਰੇਮ ਸਿੰਘ ਸੀ। ਇਸ ਫਰਵਰੀ 'ਚ ਉਹਨਾ ਨੇ 78 ਸਾਲਾ ਦਾ ਹੋ ਜਾਣਾ ਸੀ। ਸਾਥੀ ਤੇ ਯਸ਼ ਹੁਰਾ ਦੀ ਸ਼ਾਦੀ 1965 ਵਿੱਚ ਹੋਈ।
       ਸਾਥੀ ਹੁਰਾ ਆਪਣੇ ਪਿੱਛੇ ਆਪਣੀ ਪਤਨੀ ਯਸ਼ ਸਾਥੀ, ਬੇਟਾ ਨਵੀਨ, ਨੂੰਹ ਸ਼ਰਨਜੀਤ, ਪੋਤਰੇ ਨਿਹਾਲ ਅਤੇ ਆਕਾਸ਼ ਅਤੇ ਪੋਤਰੀ ਜਯਾ ਛੱਡ ਗਏ ਹਨ। ਉਹਨਾ ਦਾ ਦੂਜਾ ਪੁੱਤਰ ਪਰਵੀਨ ਭਰ ਜਵਾਨੀ ਵਿੱਚ ਸੰਨ 2004 ਵਿੱਚ ਕੈਂਸਰ ਦੀ ਨਾਮੁਰਾਦ ਬਿਮਾਰੀ ਨੇ ਖੋਹ ਲਿਆ ਸੀ। ਆਪਣੇ ਪਰਵਾਰ ਤੋਂ ਬਿਨਾ ਸਾਥੀ ਹੋਰੀਂ ਪੰਜਾਬੀ ਪਾਠਕਾ ਲਈ ਆਪਣੀਆ 18 ਦੇ ਕਰੀਬ ਪੁਸਤਕਾ ਛੱਡ ਗਏ ਹਨ, ਜੋ ਪੰਜਾਬੀ ਬੋਲੀ ਦੀ ਅਮੀਰੀ ਦਾ ਪਰਚਮ ਲਹਿਰਾਉਂਦੀਆ ਰਹਿਣਗੀਆ।
       ਸਾਥੀ ਹੁਰੀ ਬਰਤਾਨੀਆ ਵਿੱਚ 1962 ਵਿੱਚ ਪੜ੍ਹਾਈ ਕਰਨ ਲਈ ਆਏ ਸਨ। ਉਹਨਾ ਨੇ ਅਕਾਊਂਟੈਂਸੀ ਵਿੱਚ ਡਿਪਲੋਮਾ ਕੀਤਾ ਅਤੇ ਉਹ ਆਨਰਜ਼ ਇਨ ਪੰਜਾਬੀ ਸਨ। ਕਿੱਤਿਆ ਦੇ ਹਵਾਲੇ ਨਾਲ ਉਹਨਾ ਕੁਝ ਦੇਰ ਬ੍ਰਿਟਿਸ਼ ਏਅਰਵੇਜ਼ ਵਿੱਚ ਨੌਕਰੀ ਕੀਤੀ, ਕੁਝ ਸਾਲ ਕੇਦਰੀ ਲੰਡਨ ਦੇ ਇੱਕ ਪੋਸਟ ਆਫਿਸ ਵਿੱਚ ਸੀਨੀਅਰ ਅਧਿਕਾਰੀ ਦੇ ਤੌਰ 'ਤੇ ਕੰਮ ਕੀਤਾ, ਫਿਰ ਆਪਣੇ ਪੋਸਟ ਆਫਿਸ ਦੀ ਪੋਸਟ ਮਾਸਟਰੀ ਕੀਤੀ ਅਤੇ ਕਾਫੀ ਸਮਾ ਆਪਣਾ ਬਿਜ਼ਨੈੱਸ ਵੀ ਕੀਤਾ।
        ਸਾਥੀ ਹੁਰੀਂ ਇੱਕ ਪ੍ਰਸਿੱਧ ਲੇਖਕ, ਰੇਡੀਓ ਪ੍ਰੀਜੈਟਰ ਅਤੇ ਇੱਕ ਟੀ ਵੀ ਪ੍ਰੀਜੈਟਰ ਸਨ। ਉਹ ਬਰਤਾਨੀਆ ਦੇ ਕਈ ਇੱਕ ਰੇਡੀਓ ਸਟੇਸ਼ਨਾ ਅਤੇ ਟੀ ਵੀ ਚੈਨਲਾ ਨਾਲ ਬਾਵਸਤਾ ਰਹੇ। ਉਹ ਸਨਰਾਈਜ ਰੇਡੀਓ ਦੇ ਪੰਜਾਬੀ ਵਿਭਾਗ ਦੇ ਨਿਊਜ਼ ਐਡੀਟਰ ਕਈ ਸਾਲਾ ਤੱਕ ਰਹੇ। ਉਹ ਇੱਕ ਵਿਚਾਰ-ਵਟਾਦਰੇ ਦਾ ਪ੍ਰੋਗਰਾਮ ਵੀ ਪੇਸ਼ ਕਰਿਆ ਕਰਦੇ ਸਨ, ਜੋ ਕਿ ਭਾਰਤੀ ਅਤੇ ਪਾਕਿਸਤਾਨੀ ਸਰੋਤਿਆ ਵਿੱਚ ਬਹੁਤ ਹਰਮਨ ਪਿਆਰਾ ਸੀ। ਉਹ ਭਖਦੇ ਮਸਲਿਆ ਨੂੰ ਲੈ ਕੇ ਸਰੋਤਿਆ ਨੂੰ ਬਹਿਸਾ ਵਿੱਚ ਖਿੱਚ ਲੈਦੇ ਸਨ ਅਤੇ ਬੜੇ ਹੀ ਸੰਤੁਲਤ ਤਰੀਕੇ ਨਾਲ ਵਿਚਾਰ-ਵਟਾਦਰੇ ਦੀ ਕਮਾਨ ਸੰਭਾਲਦੇ ਸਨ।
        ਰੇਡੀਓ ਦੀ ਤਰ੍ਹਾ ਸਾਥੀ ਹੁਰਾ ਨੇ ਟੀ ਵੀ ਦੇ ਕਈ ਇੱਕ ਚੈਨਲਾ ਰਾਹੀ ਸਰੋਤਿਆ ਦਾ ਮਨੋਰੰਜਨ ਕੀਤਾ ਅਤੇ ਉਹਨਾ ਨੂੰ ਭਖਦੇ ਮਸਲਿਆ ਸੰਬੰਧੀ ਜਾਣਕਾਰੀ ਦਿੱਤੀ। ਰੇਡੀਓ ਅਤੇ ਟੀ ਵੀ ਉੱਪਰ ਭਖਦੇ ਮਸਲਿਆ ਨਾਲ ਸਫਲਤਾ ਨਾਲ ਨਜਿੱਠਣ ਲਈ ਪ੍ਰੀਜੈਟਰ ਕੋਲ ਗਿਆਨ ਅਤੇ ਕਸਬ ਹੋਣ ਦੀ ਜ਼ਰੂਰਤ ਹੁੰਦੀ ਹੈ। ਸਾਥੀ ਹੁਰਾ ਕੋਲ ਇਹ ਹੈ ਸੀ। ਯਸ਼ ਸਾਥੀ ਅਤੇ ਨਵੀਨ ਸਾਥੀ ਦਾ ਦੱਸਣਾ ਹੈ ਕਿ ਸਾਥੀ ਹੁਰੀ ਘੰਟਿਆ ਬੱਧੀ ਅਖਬਾਰ ਅਤੇ ਕਿਤਾਬਾ ਪੜ੍ਹਦੇ ਸਨ ਅਤੇ ਹੋਰ ਟੀ ਵੀ ਚੈਨਲਾ ਉੱਪਰ ਨਜ਼ਰ ਰੱਖਦੇ ਸਨ। ਮਸਲਿਆ ਬਾਰੇ ਲੈਸ ਹੋ ਕੇ ਉਹ ਸਰੋਤਿਆ ਸਾਹਮਣੇ ਪੇਸ਼ ਹੁੰਦੇ ਸਨ।
        ਸਾਥੀ ਲੁਧਿਆਣਵੀ ਦੀ ਝੋਲੀ ਵਿੱਚ ਅਨੇਕਾ ਇਨਾਮ/ਐਵਾਰਡ ਪਏ। ਇਹ ਉਹਨਾ ਦੀਆ ਸਾਹਿਤਕ ਪ੍ਰਾਪਤੀਆ, ਪ੍ਰਿੰਟ ਮੀਡੀਏ ਵਿੱਚ ਯੋਗਦਾਨ, ਰੇਡੀਓ ਅਤੇ ਟੀ ਵੀ ਪ੍ਰੀਜੈਂਟੇਸ਼ਨ ਦੇ ਕੰਮਾ ਦੇ ਸਤਿਕਾਰ ਵਿੱਚ ਮਿਲੇ। ਇਹਨਾ ਇਨਾਮਾ ਦੀ ਲਿਸਟ ਬੜੀ ਲੰਮੀ ਹੈ। ਕੁਝ ਇੱਕ ਇਨਾਮਾ ਦਾ ਵਰਨਣ ਜ਼ਰੂਰੀ ਹੈ। 29 ਅਕਤੂਬਰ 2009 ਨੂੰ ਯੂਨੀਵਰਸਿਟੀ ਆਫ ਈਸਟ ਲੰਡਨ ਨੇ ਆਨਰੇਰੀ ਡਾਕਟਰੇਟ ਦੀ ਉਪਾਧੀ ਪ੍ਰਦਾਨ ਕੀਤੀ। ਸੰਨ 1985 ਵਿੱਚ ਪੰਜਾਬ ਸਰਕਾਰ ਦੇ ਪੰਜਾਬੀ ਭਾਸ਼ਾ ਵਿਭਾਗ ਵੱਲੋਂ ਉਹਨਾ ਨੂੰ ਸਾਹਿਤ ਸ਼੍ਰੋਮਣੀ ਐਵਾਰਡ ਨਾਲ ਨਿਵਾਜਿਆ ਗਿਆ। ਬਹੁਤ ਸਾਰੇ ਇਨਾਮ ਉਹਨਾ ਨੂੰ ਦੁਨੀਆ ਭਰ ਦੇ ਵੱਖ-ਵੱਖ ਅਦਾਰਿਆ ਵੱਲੋਂ ਪ੍ਰਦਾਨ ਕੀਤੇ ਗਏ।
         ਸਾਥੀ ਹੁਰਾ ਦੀ ਪੁਸਤਕ 'ਸਮੁੰਦਰੋ ਪਾਰ' ਬਰਤਾਨੀਆ ਵਿੱਚ ਏ-ਲੈਵਲ ਦੇ ਵਿਦਿਆਰਥੀਆ ਦੇ ਸਿਲੇਬਸ ਵਿੱਚ 1994 ਤੋਂ 1996 ਤੱਕ ਲੱਗੀ ਰਹੀ। ਉਹ ਬਰਤਾਨੀਆ ਅਤੇ ਦੁਨੀਆ ਦੇ ਹੋਰ ਮੁਲਕਾ ਵਿੱਚ ਹੁੰਦੇ ਪੰਜਾਬੀ ਦੇ ਸਾਹਿਤਕ ਸਮਾਗਮਾ ਵਿੱਚ ਹੁੰਮਹੁਮਾ ਕੇ ਭਾਗ ਲੈਂਦੇ ਰਹੇ। ਸਾਹਿਤਕ ਸਭਾਵਾ ਦੇ ਅਹੁਦੇਦਾਰ ਰਹੇ, ਉਹਨਾ ਨੇ ਕਾਨਫਰੰਸਾ ਲਈ ਪਰਚੇ ਵੀ ਲਿਖੇ, ਜੋ ਹਮੇਸ਼ਾ ਚਰਚਾ ਦਾ ਸਬੱਬ ਰਹੇ। ਉਹ ਪ੍ਰਗਤੀਸ਼ੀਲ ਲਿਖਾਰੀ ਸਭਾ ਅਤੇ ਪੰਜਾਬੀ ਸਾਹਿਤ ਸੰਗਮ ਦੇ ਸਕੱਤਰ ਸਨ। ਉਹ ਪੰਜਾਬੀ ਸਾਹਿਤ ਕਲਾ ਕੇਦਰ ਯੂ ਕੇ ਦੇ ਪ੍ਰਧਾਨ ਸਨ। ਉਹ ਪੰਜਾਬੀ ਸਾਹਿਤਕ ਕਾਨਫਰੰਸਾ ਅਤੇ ਮੁਸ਼ਾਇਰਿਆ ਦਾ ਸ਼ਿੰਗਾਰ ਸਨ। ਉਹ ਲਿਖਣ ਅਤੇ ਸਾਹਿਤਕ ਸਮਾਗਮਾ ਵਿੱਚ ਭਾਗ ਲੈਣ ਦੇ ਮਾਮਲੇ ਵਿੱਚ ਰਤਾ ਵੀ ਸੁਸਤ ਨਹੀਂ ਸਨ, ਸਗੋਂ ਬੜੇ ਚਾਅ ਅਤੇ ਉਤਸ਼ਾਹ ਨਾਲ ਸਮਾਗਮਾ ਦੀ ਰੌਣਕ ਵਧਾਉਂਦੇ ਸਨ। ਕਾਬਲੇ-ਗੌਰ ਗੱਲ ਇਹ ਵੀ ਹੈ ਕਿ ਹਮੇਸ਼ਾ ਆਪਣੀ ਧਰਮ ਪਤਨੀ ਯਸ਼ ਸਾਥੀ ਨੂੰ ਹਰ ਮਹਿਫਲ ਵਿੱਚ ਆਪਣੇ ਨਾਲ ਲਿਜਾਦੇ ਸਨ। ਮੈਂ ਕਦੀ ਵੀ ਸਾਥੀ ਹੁਰਾ ਨੂੰ ਇਕੱਲਿਆ ਕਿਸੇ ਪ੍ਰੋਗਰਾਮ ਵਿੱਚ ਭਾਗ ਲੈਂਦੇ ਨਹੀ ਸੀ ਦੇਖਿਆ।
         ਸਾਥੀ ਲੁਧਿਆਣਵੀ ਦੀ ਪੰਜਾਬੀ ਸਾਹਿਤ, ਪੱਤਰਕਾਰੀ, ਰੇਡੀਓ ਤੇ ਟੀ ਵੀ ਬਰੌਡਕਾਸਟਿੰਗ ਦੇ ਖੇਤਰ ਵਿੱਚ ਦੇਣ ਨੂੰ ਨਾਪਣਾ-ਤੋਲਣਾ ਅਤੇ ਮਿਣਨਾ ਬਹੁਤ ਮੁਸ਼ਕਲ ਹੈ। ਸਾਥੀ ਹੁਰੀਂ ਜ਼ਿਆਦਾਤਰ ਗਜ਼ਲਗੋ ਦੇ ਤੌਰ 'ਤੇ ਜਾਣੇ ਜਾਦੇ ਸਨ, ਪਰ ਕਹਾਣੀ, ਨਾਵਲ ਅਤੇ ਵਾਰਤਕ ਦੇ ਖੇਤਰ ਵਿੱਚ ਉਹਨਾ ਦੀ ਦੇਣ ਲਾਸਾਨੀ ਹੈ। ਉਹ ਬਹੁਤ ਖੁੱਭ ਕੇ ਅਤੇ ਮਿਹਨਤ ਨਾਲ ਆਪਣਾ ਕੰਮ ਕਰਦੇ ਸਨ। ਪੰਜਾਬੀ ਲੇਖਕ ਜਗਤ ਵਿੱਚ ਚੱਲਦੀ ਖਹਿਬਾਜ਼ੀ ਉਹਨਾ ਦੀ ਵਰਤੋਂ/ਵਿਹਾਰ ਵਿੱਚ ਵਿਘਨ ਨਹੀਂ ਸੀ ਬਣਦੀ। ਉਹ ਵੱਖਰੇ-ਵੱਖਰੇ ਖੇਤਰਾ ਵਿੱਚ ਕੰਮ ਕਰਨ ਵਾਲੇ ਅਤੇ ਵੱਖਰੇ-ਵੱਖਰੇ ਵਿਚਾਰ ਰੱਖਣ ਵਾਲੇ ਬੰਦਿਆ ਨੂੰ ਆਪਣੇ ਪ੍ਰੋਗਰਾਮਾ ਨਾਲ ਜੋੜਦੇ ਸਨ।
        ਸਾਥੀ ਮਹਿਫਲਾ ਦੀ ਰੌਣਕ ਅਤੇ ਜਿੰਦ-ਜਾਨ ਸਨ। ਸੁਭਾਅ ਨਰਮ ਤੇ ਹੱਸਮੁੱਖ। ਹੱਸਣਾ ਤਾ ਖੂਬ ਖੁੱਲ੍ਹ ਕੇ ਭਾਵੇ ਮਹਿਫਲ ਹੋਏ ਜਾ ਭਾਵੇ ਰੇਡੀਓ/ਟੈਲੀਵੀਜ਼ਨ। ਸਾਹਿਤ ਰਚਣ ਤੇ ਪੜ੍ਹਨ ਦੇ ਖੇਤਰ ਵਿੱਚ ਉਹਨਾ ਨਿੱਠ ਕੇ ਕੰਮ ਕੀਤਾ। ਉਹਨਾ ਦਾ ਨਵਾ/ਆਖਰੀ ਨਾਵਲ 'ਸਾਹਿਲ' ਉਹਨਾ ਦੀ ਬਿਮਾਰੀ ਦੌਰਾਨ ਹੀ ਛਪ ਕੇ ਆ ਗਿਆ ਸੀ। ਇਸ ਨਾਵਲ ਦਾ ਵਿਮੋਚਨ ਕਰਨ ਦੇ ਉਤਸੁਕ ਸਨ। ਆਪਣੇ ਬੇਟੇ ਨਵੀਨ ਕੋਲ ਸਿਆਟਲ ਵਿੱਚ ਅਕਸਰ ਜਾਦੇ ਸਨ। ਲੱਗਦਾ ਸੀ ਉਹਨਾ ਦੀ ਦੂਜੀ ਰਿਹਾਇਸ਼ ਸਿਆਟਲ ਹੈ। ਉਹ ਸਿਆਟਲ ਵਿੱਚ ਇੱਕ ਰੇਡੀਓ ਸਟੇਸ਼ਨ ਕਾਇਮ ਕਰਨ ਦੇ ਪ੍ਰਾਜੈਕਟ 'ਤੇ ਵੀ ਕੰਮ ਕਰ ਰਹੇ ਸਨ।
       ਬਰਤਾਨੀਆ ਵਿੱਚ ਸੁਨਹਿਰੇ ਭਵਿੱਖ ਦੀ ਤਲਾਸ਼ ਵਿੱਚ ਆਏ ਪੰਜਾਬੀਆ ਦੀ ਜ਼ਿੰਦਗੀ ਬਾਰੇ ਇੱਕ ਪੱਖ ਇਹ ਵੀ ਹੈ ਕਿ ਬਹੁਤ ਸਾਰਿਆ ਨੇ ਬਹੁਤ ਸਾਰੇ ਪੈਸੇ ਕਮਾ ਲਏ ਹਨ। ਜ਼ਿੰਦਗੀ ਆਰਥਿਕ ਪੱਖੋਂ ਸੁਖਾਲੀ ਕਰ ਲਈ ਹੈ, ਪਰ ਬਹੁਤ ਸਾਰੇ ਆਪਣੇ ਟੱਬਰਾ/ਬੱਚਿਆ ਤੋਂ ਦੂਰ ਹੋ ਗਏ ਹਨ। ਕਈਆ ਨੇ ਆਪਣੀਆ ਔਲਾਦਾ ਖੋਹ ਲਈਆ ਹਨ। ਸਾਥੀ ਹੁਰੀਂ ਇਸ ਪੱਖੋਂ ਖੁਸ਼ਕਿਸਮਤ ਸਨ ਕਿ ਉਹਨਾ ਨੂੰ ਇੱਕ ਨਿੱਘਾ, ਕੇਅਰਿੰਗ ਅਤੇ ਮੁਹੱਬਤੀ ਪਰਵਾਰ ਮਿਲਿਆ। ਉਹਨਾ ਦੀ ਧਰਮ ਪਤਨੀ ਯਸ਼ ਨੇ ਹਮੇਸ਼ਾ ਇੱਕ ਸਹਾਈ ਹਮਸਫਰ ਦੀ ਭੂਮਿਕਾ ਨਿਭਾਈ। ਉਹਨਾ ਦਾ ਬੇਟਾ ਨਵੀਨ ਪਿਛਲੇ ਸਾਲ 11 ਵਾਰੀ ਅਮਰੀਕਾ ਤੋਂ ਆਪਣੇ ਪਿਤਾ ਨਾਲ ਸਮਾ ਬਿਤਾਉਣ ਅਤੇ ਉਹਦਾ ਪਤਾ ਸਾਰ ਲੈਣ ਲਈ ਆਇਆ। ਯਸ਼ ਸਾਥੀ ਨੇ ਸਾਥੀ ਹੁਰਾ ਦੀ ਸੰਭਾਲ ਕਰਨ ਵਿੱਚ ਕੋਈ ਕਮੀ ਨਹੀਂ ਰਹਿਣ ਦਿੱਤੀ।
       ਕਵੀ ਚਮਨ ਲਾਲ ਚਮਨ ਹੁਰਾ ਸਾਥੀ ਨੂੰ ਸ਼ਰਧਾਜਲੀ ਦਿੰਦਿਆ ਆਖਿਆ ਹੈ ਕਿ ਮੈਂ ਉਹਨਾ ਦੇ ਜਾਣ ਬਾਅਦ ਉਹਨਾ ਦੀਆ ਪ੍ਰਾਪਤੀਆ ਨੂੰ ਹੋਰ ਵੀ ਸ਼ਿੱਦਤ ਨਾਲ ਯਾਦ ਕਰ ਰਿਹਾ ਹਾ। ਸਾਥੀ ਬਹੁਤ ਕਾਹਲੀ ਕਰਨ ਵਾਲਾ ਸ਼ਖਸ ਸੀ। ਉਹ ਚਲਾ ਵੀ ਕਾਹਲੀ-ਕਾਹਲੀ 'ਚ ਹੀ ਗਿਆ ਹੈ। ਉਹ ਗਜ਼ਲ ਦਾ ਧਨੀ ਸੀ, ਪਰ ਉਸ ਦੀ ਵਾਰਤਕ ਵੀ ਮਿਕਨਾਤੀਸੀ ਸੀ। ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਮੁਤਾਬਕ ਸਾਥੀ ਦੀ ਵਾਰਤਕ ਕਥਾਰਸ ਨਾਲ ਲਬਰੇਜ ਸੀ। ਮੈਨੂੰ ਸਾਥੀ ਦਾ ਸਾਥ ਹਮੇਸ਼ਾ ਯਾਦ ਰਹੇਗਾ।
        ਸਾਥੀ ਹੁਰੀਂ ਏਸ਼ੀਆਈ ਭਾਈਚਾਰੇ ਵਿੱਚ ਕਿੰਨੇ ਹਰਮਨ ਪਿਆਰੇ ਸਨ, ਇਸ ਦਾ ਪਤਾ ਉਹਨਾ ਨੂੰ ਹਸਪਤਾਲ ਵਿੱਚ ਮਿਲਣ ਆਏ ਮਿੱਤਰ-ਪਿਆਰਿਆ ਤੇ ਪ੍ਰਸੰਸਕਾ ਦੇ ਸ਼ੁਮਾਰ ਤੋਂ ਸਹਿਜੇ ਹੀ ਲੱਗਦਾ ਸੀ। ਅਣ-ਗਿਣਤ ਸਨੇਹੀ ਸਾਥੀ ਹੁਰਾ ਦੇ ਪਰਵਾਰ ਨਾਲ ਦੁੱਖ ਸਾਝਾ ਕਰਨ ਲਈ ਉਹਨਾ ਦੇ ਰਾਏ ਸਲਿੱਪ ਵਾਲੇ ਘਰ ਵਿੱਚ ਵੀ ਪਧਾਰੇ।
       ਸਾਥੀ ਹੁਰਾ ਦੇ ਜਾਣ ਨਾਲ ਬਰਤਾਨੀਆ ਦੇ ਪੰਜਾਬੀ ਸਾਹਿਤਕ ਪਿੜ ਵਿੱਚ, ਰੇਡੀਓ ਅਤੇ ਟੀ ਵੀ ਬਰੌਡਕਾਸਟਿੰਗ ਦੀ ਦੁਨੀਆ ਵਿੱਚ ਇੱਕ ਡਾਢਾ ਖਲਾਅ ਪੈ ਗਿਆ ਹੈ, ਜੋ ਪੂਰਾ ਹੋਣਾ ਮੁਸ਼ਕਲ ਹੈ।

16 Feb. 2019