Sampuran-Singh

ਕੀ ਪੰਜਾਬ ਅੰਦਰ ਇਸਾਈਅਤ ਤੇ ਇਸਲਾਮ ਦਾ ਪ੍ਰਚਾਰ ਤੇ ਪਸਾਰ ਸਿੱਖ ਧਰਮ ਲਈ ਖਤਰਾ ਹੈ ? - ਸੰਪੂਰਨ ਸਿੰਘ Houston ( U S A )

ਪਿਛਲੇ ਸਾਲ ਤੋਂ ਕਈ ਲੀਡਰ ਬਿਰਤੀ ਵਾਲੇ ਲੋਕਾਂ ਤੇ ਬਹੁਤ ਸਾਰੇ ਪ੍ਰਚਾਰਕਾਂ ਵੱਲੋਂ ਬਾਰ-ਬਾਰ ਇਹ ਕਿਹਾ ਜਾ ਰਿਹਾ ਹੈ ਕਿ ਜਿਸਤਰਾ ਪੰਜਾਬ ਵਿੱਚ ਵੱਡੇ ਵੱਡੇ ਗਿਰਜਾ ਘਰ ਤੇ ਮਸੀਤਾਂ ਮਦਰੱਸੇ ਬਣ ਰਹੇ ਹਨ,ਉਸ ਨਾਲ ਸਿੱਖ ਧਰਮ ਵਿਚ ਧਰਮ ਪਰਿਵਰਤਨ ਦੇ ਖਤਰੇ ਦੀ ਸੰਭਾਵਨਾ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ ।ਵੱਡੀ ਹੈਰਾਨੀ ਉਦੋਂ ਹੋਈ ਜਦੋਂ ਸੑੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਇਕ ਇਤਹਾਸਕ ਦਿਨ ਉੱਪਰ ਇਕ ਵੱਡੇ ਪੰਥਕ ਇਕੱਠ ਵਿੱਚ ਹਾਜ਼ਰੀ ਭਰਦਿਆ ਬੜੇ ਜ਼ੋਰ ਨਾਲ ਇਸ ਖਤਰੇ ਦਾ ਪ੍ਰਗਟਾਵਾ ਕੀਤਾ ਤੇ ਸੰਤ ਸਮਾਜ ਨੂੰ ਬੜੀ ਭਾਵਪੂਰਨ ਅਪੀਲ ਕੀਤੀ ਕਿ ਉਹ ਅੱਗੇ ਹੋ ਕਿ ਇਸ ਵਹਿਣ ਨੂੰ ਰੋਕਣ ।
ਮੈਂ ਜਥੇਦਾਰ ਸਾਹਿਬ ਦਾ ਕਈ ਕਾਰਨਾਂ ਕਰਕੇ ਦਿਲੌ ਸਤਿਕਾਰ ਕਰਦਾ ਹਾਂ । ਪਰ ਜਿਸਤਰਾ ਇਸਾਈਅਤ ਤੇ ਇਸਲਾਮ ਦੇ ਵੱਧ ਰਹੇ ਪ੍ਰਚਾਰ ਤੇ ਪਸਾਰ ਨੂੰ ਉੱਨਾਂ ਨੇ ਸਿੱਖ ਧਰਮ ਲਈ ਚਿੰਤਾ ਦਾ ਵਿਸ਼ਾ ਸਮਝਿਆ ,ਮੈ ਉੱਨਾਂ ਦੇ ਇਸ ਬਿਆਨ ਨੂੰ ਕਾਹਲ਼ੀ ਵਿੱਚ ਬਿਨਾ ਸੰਜੀਦਗੀ ਨਾਲ ਵਿਚਾਰਨ ਦੇ ਪ੍ਰਗਟਾਈ ਗਈ ਚਿੰਤਾ ਸਮਝਦਾ ਹਾਂ ।
ਭਾਰਤ ਬਹੁਤ ਸਾਰੇ ਧਰਮਾ ਨੂੰ ਮੰਨਣ ਵਾਲੇ ਲੋਕਾਂ ਦਾ ਦੇਸ਼ ਹੈ । ਭਾਰਤ ਦਾ ਸੰਵਿਧਾਨ ਕਹਿੰਦਾ ਹੈ ਃ every citizen of India has a right to practice and promote their religion peacefully ,article 25-28 of constitution of India’ “every person has a right and freedom to choose and practice his or her religion’”
ਸਾਡਾ ਫ਼ਿਕਰ ਇਹ ਕਤਈ ਨਹੀਂ ਹੋਣਾ ਚਾਹੀਦਾ ਕਿ ਦੂਜਿਆਂ ਦੇ ਪਸਾਰੇ ਵਿੱਚ ਵਾਧਾ ਕਿਉਂ ਹੋ ਰਿਹਾ ਹੈ । ਸਗੋਂ ਸਾਡੇ ਫ਼ਿਕਰ ਦਾ ਸਬੱਬ ਇਹ ਹੋਣਾ ਚਾਹੀਦੇ ਕਿ ਕੀ ਕਮੀਆਂ ਹਨ ਕਿ ਅਸੀ ਨਿਘਾਰ ਤੇ ਨਿਵਾਣ ਵੱਲ ਨੂੰ ਜਾ ਰਹੇ ਹਾਂ ।ਸਾਡੇ ਧਾਰਮਕ ਰਹਿਬਰਾਂ ਨੂੰ ਫ਼ਿਕਰ ਚਾਹੀਦਾ ਕਿ ਕਿ ਸਿੱਖ ਧਰਮ ਦੇ ਨਕਸ਼ਾ ਨੂੰ ਕਿਵੇਂ ਸੰਵਾਰ ਕੇ ਵਿਸ਼ਵ ਦੇ ਨਕਸ਼ੇ ਉੱਪਰ ਪੇਸ਼ ਕਰਨਾ ਹੈ । ਕਿਵੇਂ ਸਾਡੇ ਧਰਮ ਵਿੱਚ ਆਈਆਂ ਤਰੁੱਟੀਆਂ ਨੂੰ ਦੂਰ ਕਰਨਾ ਹੈ ,ਦੂਜੇ ਧਰਮਾ ਦੇ ਵੱਧ ਰਹੇ ਪਸਾਰੇ ਦੇ ਫ਼ਿਕਰ ਦੀ ਥਾਂ ,ਆਪਣੀ ਧੁੰਦਲੀ ਤੇ ਛੋਟੀ ਪੈ ਰਹੀ ਲਕੀਰ ਨੂੰ ਕਿਵੇਂ ਉੱਜਲ ਤੇ ਵਡਿਆ ਕਰਨਾ ਹੈ । ਵਿਸ਼ਵ ਦੇ ਬਹੁਤ ਹੀ ਨਾਮਵਰ ਵਿਦਵਾਨਾਂ ਤੇ ਚਿੰਤਕਾਂ ਜਿਵੇਂ ਲਿਓ ਟਾਲਸਟਾਏ , ਰੂਸ ,Houston Smith USA,Herbert wales England,Albert Einstein Germany ,Bertrand Russel British Philosopher ਆਦਿ ਨੇ ਆਪੋ ਆਪਣੇ ਤਰੀਕੇ ਨਾਲ ਸਿੱਖ ਧਰਮ ਨੂੰ ਆਉਣ ਵਾਲੇ ਸਮੇਂ ਲਈ ਵਿਸ਼ਵ ਭਰ ਦੀ ਸਮੁੱਚੀ ਮਨੁੱਖਤਾ ਲਈ ਚਾਨਣ ਮੁਨਾਰਾ ਬਣ ਕਿ ਅਗਵਾਈ ਕਰਨ ਦੀਆਂ ਸੰਭਾਵਨਾਵਾਂ ਭਰਪੂਰ ਧਰਮ ਮੰਨਿਆ ਹੈ ।ਸਾਡੇ ਧਰਮ ਦਾ ਭਵਿੱਖ ਉਜਲਾ ਹੀ ਹੈ ।ਇਤਹਾਸ ਗਵਾਹ ਹੈ ਕਿ ਸਾਡੇ ਵਿੱਚ ਨਿਖਾਰ ਉਦੋਂ ਹੀ ਆਉਂਦਾ ਹੈ ਜਦੋਂ ਅਸੀ ਡੇਗੇ ਜਾਂਦੇ ਹਾਂ ਜਾ ਸਾਨੂੰ ਡੇਗਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ।ਧਾਰਮਕ ਆਗੂਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਸਮਾਂ ਫਿਕਰਮੰਦ ਹੋਣ ਦਾ ਨਹੀਂ ਸਗੋਂ ਫ਼ਿਕਰ ਕਰਨ ਦਾ ਹੈ ।ਸਮਾਂ ਹਵਾਵਾਂ ਨੂੰ ਦੋਸ਼ੀ ਕਹਿਣ ਦਾ ਨਹੀਂ ਕਿ ਉਹ ਸਾਡੇ ਚਿਰਾਗ਼ ਬੁਝਾ ਰਹੀਆਂ ਹਨ ਸਗੋਂ ਸਮਾਂ ਆਪਣੇ ਦੀਵਿਆਂ ਵਲ ਝਾਤੀ ਮਾਰਨ ਦਾ ਹੈ ਕਿ ਕਿਤੇ ਸਾਡੇ ਦੀਵੇ ਹੀ ਤੇਲ ਤੋਂ ਸੱਖਣੇ ਤਾਂ ਨਹੀਂ ਹੋ ਰਹੇ ?
ਸਿੱਖ ਧਰਮ ਨਿਵੇਕਲਾ ਹੈ ਕਿਉਂਕਿ ਇਸਦੀਆਂ ਵਿਸ਼ੇਸ਼ਤਾਵਾਂ ਵੱਖਰੀਆਂ ਤੇ ਨਿਵੇਕਲੀਆ ਹਨ । ਸਿੰਘ ,ਕੌਰ , ਦਸਤਾਰ ਤੇ ਮੁਕੰਮਲ ਸਿੱਖੀ ਸਰੂਪ।ਇਹ ਗੱਲ ਸਾਡੇ ਚੇਤੇ ਵਿੱਚ ਰਹਿਣੀ ਚਾਹੀਦੀ ਹੈ ਕਿ ਜਦੋਂ ਦਸਮ ਪਾਤਸ਼ਾਹ ਨੇ ਖੰਡੇ ਦੀ ਪਹੁਲ ਦੇਣੀ ਸੀ ਤਾਂ ਉੱਨਾਂ ਨੇ ਪਹਿਲਾ ਸੀਸ ਦੀ ਮੰਗ ਕੀਤੀ ਸੀ ।ਪਰ ਖੰਡੇ ਦੀ ਪਹੁਲ ਦੇ ਵਰਤਾਰੇ ਤੋਂ ਬਾਅਦ ਜਿਹੜੇ ਹੋਰ ਲੋਕ ਉੱਥੇ ਆਏ ਉਹਨਾਂ ਨੂੰ ਵੀ ਹੁਕਮ ਰੂਪ ਵਿੱਚ ਇਕ ਦਾਤ ਬਖ਼ਸ਼ੀ ਸੀ ਕਿ ਹਰ ਉਹ ਵਿਅਕਤੀ ਜਿਹੜਾ ਗੁਰੂ ਜੋਤ ਦਾ ਅਨੁਯਾਈ ਹੈ ,ਉਹ ਆਪਣੇ ਨਾਵਾ ਦੇ ਅਖੀਰ ਵਿੱਚ ਮਰਦ ਹੋਵੇ ਤਾਂ ਸਿੰਘ ਤੇ ਜੇ ਔਰਤ ਹੋਵੇ ਤਾਂ ਕੌਰ ਦਾ ਧਾਰਨੀ ਬਣੇ । ਇਹ ਚਿੰਨ ਜਿਹੜੇ ਸਾਡੀ ਵਿਲੱਖਣਤਾ ਦੀ ਗਵਾਹੀ ਭਰਦੇ ਹਨ ਬੜੀ ਤੇਜ਼ੀ ਨਾਲ ਅਲੋਪ ਹੋ ਰਹੇ ਹਨ ।ਇਸ ਵਰਤਾਰੇ ਪਿੱਛੇ ਬੇਸਕ (so called modernity) ਦਾ ਪ੍ਰਭਾਵ ਮੰਨਿਆ ਜਾ ਸਕਦਾ ਹੈ ਪਰ ਕੀ ਸਮੇਂ ਦੀ ਇਸ ਵੰਗਾਰ ਤੋਂ ਸੁਚੇਤ ਕਰਨ ਤੇ ਇਸਨੂੰ ਸਮਝਦਾਰੀ ਨਾਲ ਨਜਿੱਠਣ ਦੇ ਅਸਮਰਥ ਜਾ ਉਸ ਤੋਂ ਅਵੇਸਲੇ ਰਹਿਣ ਲਈ ਸਾਡੇ ਧਾਰਮਕ ਰਹਿਬਰ ਤੇ ਪ੍ਰਚਾਰਕ ਜ਼ਿੰਮੇਵਾਰ ਨਹੀ ,ਜਿੰਨਾ ਨੂੰ ਇਸ ਆਧੁਨਿਕਤਾ ਦੇ ਪ੍ਰਭਾਵ ਦੀ ਹਨੇਰੀ ਵਿੱਚ ਇਕ ਕੰਧ ਬਣਕੇ ਖਲੋਣਾ ਚਾਹੀਦਾ ਸੀ ? ਪਰ ਕੀ ਉਹ ਆਪਣਾ ਬਣਦਾ ਰੋਲ ਨਿਭਾਂ ਸਕੇ ? ਜਵਾਬ ਹਾਂ ਵਿੱਚ ਤੇ ਨਹੀਂ ਹੋ ਸਕਣਾ ।ਧਰਾਤਲ ਨਾਲ਼ੇ ਟੁੱਟ ਕੇ ਅਸੀ ਉਹ ਤਾਂ ਨਹੀਂ ਬਣ ਸਕਣਾ ਜਿਸ ਬਣਨ ਦੀ ਦੌੜ ਵਿੱਚ ਅਸੀ ਅੰਨੇਵਾਹ ਦੌੜੇ ਜਾ ਰਹੇ ਹਾਂ , ਪਰ ਉਹ ਕੁਝ ਵੀ ਸਾਥੋਂ ਗਵਾਚ ਜਾਣਾ ਹੈ ਜੋ ਅਸੀ ਹਾਂ ।ਸਾਡੇ ਧਾਰਮਕ ਰਹਿਬਰਾ ਲਈ ਇਹ ਜ਼ਿਆਦਾ ਜ਼ਰੂਰੀ ਹੈ ਕਿ ਪਹਿਰੇਦਾਰ ਬਣਕੇ ਆਪਣੇ ਘਰਾਂ ਨੂੰ ਸੰਭਾਲ਼ੀਏ ।ਜੇ ਤੁਸੀ ਸਾਡੇ ਧਾਰਮਕ ਰਹਿਬਰ ਕੌਮ ਨੂੰ ਸੁਚੇਤ ਰੱਖਣ ਦੀ ਪਹਿਰੇਦਾਰੀ ਕਰਦੇ ਰਹੋਗੇ ਤਾਂ ਬੇਖੌਫ ਰਹੋ ਕਿ ਕੋਈ ਦੂਸਰਾ ਸਾਡਾ ਕੁਝ ਵਿਗਾੜ ਸਕੇ ।
ਇਸਦੇ ਨਾਲ ਹੀ ਮੈ ਧਾਰਮਕ ਜਗਤ ਦੇ ਪਹਿਰੇਦਾਰਾ ਨਾਲ ਬੇਨਤੀ ਰੂਪ ਵਿੱਚ ਇਕ ਹੋਰ ਵਾਕਿਆ ਨੂ ਵੀ ਸਾਂਝਾ ਕਰਨਾ ਚਾਹੁੰਦਾ ਹੈ ।USA ਦੀ ਕਾਂਗਰਸ (ਪਾਰਲੀਮੈਂਟ ) ਵਿੱਚ ਸਾਡੇ ਸ਼ਹਿਰ Houston ਤੋਂ ਇਕ ਕਾਗਰਸਮੈਨ ਜੋ ਰਿਪਬਲਿਕਨ ਪਾਰਟੀ ਵੱਲੋਂ ਸੀ ਨੂੰ ਅਸੀ ਉਸਨੂੰ Washington D C ਵਿੱਚ ਇਕ ਸਿੱਖ ਸਮਾਗਮ ਵਿੱਚ ਆਉਣ ਦਾ ਸੱਦਾ ਦਿੱਤਾ । ਕਿਉਂਕਿ ਉਹ ਸਾਡੇ ਸ਼ਹਿਰ ਤੇ ਸਾਡੇ ਹਲਕੇ ਤੋਂ ਸੀ , ਸਾਨੂੰ ਪੁੱਛਣ ਲੱਗਾ ਕਿ ਅਸੀ ਕਾਂਗਰਸ ਵਿੱਚ ਹੁੰਦੇ ਹੋਏ ਤੁਹਾਡੀ ਕੀ ਤੇ ਕਿਵੇਂ ਮਦਦ ਕਰ ਸਕਦੇ ਹਾਂ । ਅਸੀ ਕਿਹਾ ਕਿ ਅਸੀ ਅਮਰੀਕਨ ਸਿਸਟਮ ਵਿੱਚ ਆਪਣੀ recognition ਚਾਹੁੰਦੇ ਹਾਂ ਤਾਂ ਉਸਦਾ ਬੜਾ ਹੀ ਸਪਸ਼ਟ ਉੱਤਰ ਸੀ ਕਿ ਸਵਾਲ ਵੀ ਤੁਹਾਡਾ ਹੈ ਤੇ ਜਵਾਬ ਵੀ ਤੁਹਾਡੇ ਕੋਲ ਹੈ । ਤੁਹਾਡੇ ਜਿੰਨੇ ਵੀ ਸਿੱਖ ਧਰਮ ਨੂੰ ਮੰਨਣ ਵਾਲੇ ਲੋਕ ਹਨ ਉੱਨਾਂ ਦੇ ਸਿਰਾ ਉੱਪਰ ਪੱਗਾਂ ਬਨਵਾਅ ਦਿਓ , ਆਪਣੇ ਆਪ ਤੁਹਾਡੀ ਵੱਖਰੀ ਤੇ ਪਰਭਾਵਸਾਲੀ ਪਹਿਚਾਣ ਸਥਾਪਤ ਹੋ ਜਾਵੇਗੀ ।ਉਸਨੇ ਹੋਰ ਵੀ ਕਿਹਾ ਕਿ ਫਿਰ ਤੁਹਾਨੂੰ ਸਾਡੀ ਨਹੀਂ ਸਗੋਂ ਸਾਨੂੰ ਤੁਹਾਡੀ ਲੋੜ ਮਹਿਸੂਸ ਹੋਇਆ ਕਰੇਗੀ । ਕੀ ਪੰਜਾਬ ਤੇ ਵਿਦੇਸ਼ਾਂ ਵਿੱਚ ਸਿੱਖਾਂ ਦੇ ਸਿਰਾ ਉੱਪਰੋਂ ਘੱਟ ਰਹੀਆਂ ਦਸਤਾਰਾਂ ਚਿੰਤਾ ਦਾ ਵਿਸ਼ਾ ਨਹੀਂ ? ਇਹ ਗੱਲ ਸਾਡੇ ਤੇ ਖਾਸ ਕਰਕੇ ਧਾਰਮਕ ਰਹਿਬਰਾਂ ਦੀ ਚਿੰਤਾ ਤੇ ਚੇਤੇ ਦਾ ਹਿੱਸਾ ਬਣਨੀ ਚਾਹੀਦੀ ਹੈ ਤੇ ਉਪਰਾਲਿਆਂ ਦੀ ਦਿਸ਼ਾ ਵਿੱਚ ਸਰਗਰਮੀ ਨਜ਼ਰ ਆਉਣੀ ਚਾਹੀਦੀ ਹੈ ।
ਜੇ ਸੰਜੀਦਗੀ ਨਾਲ ਫ਼ਿਕਰ ਕਰਨ ਦਾ ਕੋਈ ਮਸਲਾ ਹੈ ਤਾਂ ਉਹ ਹੈ ਆਰ ਐਸ ਅੇਸ ਦੇ ਹਿੰਦੁਤਵ ਦੇ ਏਜੰਡੇ ਦੀ ਹਨੇਰੀ ਨੂੰ ਬੰਨ ਲਾਉਣਾ ।ਇਸ ਗੱਲ ਤੋਂ ਵੀ ਸੁਚੇਤ ਰਹਿਣਾ ਕਿ ਕਿਵੇ ਉੱਨਾਂ ਨੇ ਪਿਛਲੀਆ ਪੰਜ ਸਦੀਆਂ ਦੇ ਸਮੇਂ ਤੋ ਹੀ ਸਾਨੂੰ ਵੱਖਰੇ ਧਰਮ ਵਜੋਂ ਪ੍ਰਵਾਨ ਨਹੀਂ ਕੀਤਾ ।ਹੁਣ ਉਹਨਾਂ ਕੋਲ ਉਹ ਸਾਰੇ ਵਸੀਲੇ ਹਨ ਜਿੰਨਾ ਦੀ ਤਾਕਤ ਨਾਲ ਉਹ ਅਸੰਭਵ ਨੂੰ ਵੀ ਸੰਭਵ ਕਰਨ ਦੀ ਸਮਰੱਥਾ ਰੱਖਦੇ ਹਨ ।ਹੁਣ ਫੇਰ ਸਾਡੇ ਉੱਪਰ ਉਹੀ ਜ਼ਿੰਮੇਵਾਰੀ ਆਉਣ ਦੀ ਸੰਭਾਵਨਾ ਹੈ ਜਿਹੜੀ ਜਿਮੇਵਾਰੀ ਗੁਰੂ ਤੇਗ਼ ਬਹਾਦਰ ਸਾਹਿਬ ਨੇ ਸਿਰ ਦੇ ਕੇ ਨਿਭਾਈ ਸੀ ।ਕਿਉਂਕਿ ਹੁਣ ਖਤਰਾ ਓਨਾ ਸਿੱਖਾਂ ਉੱਪਰ ਨਹੀਂ ਆਉਣਾ( ਕਿਉਂਕਿ ਜੇ ਹਾਲਾਤ ਇਸਤਰਾ ਦੇ ਸਿਰਜਣ ਦੀ ਕੋਸ਼ਿਸ਼ ਵੀ ਕੀਤੀ ਗਈ ਤਾਂ ਸਿੱਖਾਂ ਨੂੰ ਚੰਗੀ ਤਰਾਂ ਅਹਿਸਾਸ ਹੈ ਕਿ ਉਸ ਨਾਲ ਕਿਵੇਂ ਨਜਿੱਠਣਾ ਹੈ )ਜਿੰਨਾ ਮੁਸਲਮਾਨਾਂ ਤੇ ਕੁਝ ਹੱਦ ਤੱਕ ਇਸਾਈਆ ਉੱਪਰ ਆਉਣ ਦੀ ਸੰਭਾਵਨਾ ਹੈ ।ਸੰਭਵ ਹੈ ਕਿ ਇਹ ਉਹੀ ਸਮਾਂ ਹੋਵੇ ਜਿਸਦੀ ਭਵਿਖਬਾਣੀ ਪੱਛਮੀ ਵਿਦਵਾਨਾਂ ਨੇ ਕੀਤੀ ਸੀ ਕਿ ਇਕ ਦਿਨ ਸਿੱਖ ਧਰਮ ਵਿਸ਼ਵ ਧਰਮਾ ਲਈ ਚਾਨਣ ਮੁਨਾਰਾ ਬਣੇਗਾ ।
ਆਪਾ ਨੂੰ ਇਹ ਵੀ ਆਪਣੇ ਚੇਤੇ ਵਿੱਚ ਰੱਖਣਾ ਚਾਹੀਦਾ ਹੈ ਕਿ ਤਕਰੀਬਨ 20 ਲੱਖ ਦੇ ਕਰੀਬ ਸਿੱਖ ਧਰਮ ਨੂੰ ਮੰਨਣ ਵਾਲੇ ਲੋਕ ਸਾਰੀ ਦੁਨੀਆ ਦੇ ਕੋਨੇ ਕੋਨੇ ਵਿੱਚ ਵੱਸ ਰਹੇ ਹਨ ਤੇ ਵਧੀਆ ਜੀਵਨ ਜਿਉਂ ਰਹੇ ਹਨ ।50 ਹਜ਼ਾਰ ਤੋਂ ਵੱਧ ਸਿੱਖ Middle East ਦੇ ਵੱਖ ਵੱਖ ਦੇਸ਼ਾਂ ਵਿੱਚ ਹਨ ਤੇ ਉੱਹਨਾ ਦੇਸ਼ਾਂ ਵਿੱਚ ਸਿੱਖਾਂ ਦੇ ੧੮ ਗੁਰੂ ਘਰ ਹਨ ।ਪਾਕਿਸਤਾਨ ਅੰਦਰ 195 ਗੁਰਦੁਆਰੇ ਹਨ । ਇੰਡੋਨੇਸੀਆ ਸਭ ਤੋਂ ਵੱਧ ਮੁਸਲਮ ਅਬਾਦੀ ਵਾਲਾ ਦੇਸ਼ ਹੈ ਤੇ ਉੱਥੇ ਵੀ ੧੧ ਗੁਰਦਵਾਰੇ ਹਨ ।ਡੁਬਈ ਵਿਚਲਾ ਗੁਰਦੁਆਰਾ ਵਿਸ਼ਵ ਭਰ ਦੇ ਵੱਡੇ ਤੇ ਆਲੀਸਾਨ ਗੁਰੂ ਘਰਾਂ ਵਿਚ ਮੰਨਿਆ ਜਾਂਦਾ ਹੈ ਤੇ ਉਸ ਗੁਰੂ ਘਰ ਵਾਸਤੇ ਜ਼ਮੀਨ ਜੋ25400 S/ft ਬਣਦੀ ਹੈ , ਦਾਨ ਰੂਪ ਵਿੱਚ ਉੱਥੋਂ ਦੇ (Vice President / prime minister ) sheikh Mohammed-Bin-Rashid , ਨੇ ਦਿੱਤੀ । ਬਹੁਤ ਸਾਰੇ ਮੋਕਿਆ ਉੱਪਰ ਸ਼ਾਹੀ ਪਰਵਾਰ ਦੇ ਲੋਕ ਵੀ ਉੱਥੇ ਨਤਮਸਤਕ ਹੁੰਦੇ ਹਨ । ਜ਼ਰਾ ਵਿਚਾਰ ਕੇ ਦੇਖੋ ਕਿ ਮੁਸਲਮਾਨਾਂ ਬਾਰੇ ਸਾਡੀ ਇਸਤਰਾ ਦੀ ਗੈਰ ਜ਼ਿੰਮੇਵਾਰੀ ਵਾਲੀ ਪਹੁੰਚ ਕਿਤੇ ਸਾਡੇ ਉੱਥੇ ਵੱਸਦੇ ਗੁਰ-ਭਾਈਆ ਲਈ ਕਿਸੇ ਮੁਸ਼ਕਲ ਦਾ ਸਬੱਬ ਤੇ ਨਹੀਂ ਬਣਦੀ ?
ਤਕਰੀਬਨ ਸਾਰੇ ਹੀ ਪੱਛਮੀ ਦੇਸ਼ਾਂ ਅੰਦਰ ਸਿੱਖ ਵੱਸੋ ਹੈ ਤੇ ਉਹ ਸਾਰੇ ਹੀ ਦੇਸ਼ ਇਸਾਈਅਤ ਨੂੰ ਮੰਨਣ ਵਾਲੇ ਹਨ । ਫਿਰ ਵੀ ਉੱਨਾਂ ਦੇਸ਼ਾਂ ਅੰਦਰ ਸਿੱਖਾਂ ਦੇ ਹਜ਼ਾਰਾਂ ਦੀ ਗਿਣਤੀ ਵਿੱਚ ਗੁਰਦਵਾਰੇ ਹਨ । ਬਹੁਤ ਸਾਰੇ ਗੁਰੂ ਘਰਾਂ ਦੀਆਂ ਬਹੁਤ ਹੀ ਖ਼ੂਬਸੂਰਤ ਇਮਾਰਤਾਂ ਹਨ ।ਉੱਨਾਂ ਦੇਸ਼ਾਂ ਦੇ ਸਬੰਧਤ ਉੱਚੀਆਂ ਪਦਵੀਆਂ ਵਾਲੇ ਲੋਕ ਵੀ ਅਕਸਰ ਹੀ ਗੁਰੂ ਘਰਾਂ ਵਿਚ ਆਉਂਦੇ ਹਨ ।ਸਾਨੂੰ ਸਾਡੇ ਧਰਮ ਦੇ ਪ੍ਰਚਾਰ ਤੇ ਪਸਾਰ ਲਈ ਉਹ ਸਾਰੀਆਂ ਸਹੂਲਤਾਂ ਉਸੇ ਤਰਜ਼ ਉੱਪਰ ਉਪਲਭਧ ਹਨ ਜਿਵੇਂ ਕਿਸੇ ਵੀ ਹੋਰ ਧਰਮ ਖਾਸ ਕਰਕੇ ਇਸਾਈ ਧਰਮ ਨੂੰ ।ਸਾਡੀ ਸੁਰੱਖਿਆ ਲਈ ਹਮੇਸਾ ਹੀ ਪ੍ਰਸ਼ਾਸਨ ਫਿਕਰਮੰਦ ਵੀ ਹੁੰਦਾ ਤੇ ਯਕੀਨੀ ਵੀ ਬਣਾਉਂਦਾ ਹੈ ।ਸਤੰਬਰ ੧੧ ਦੀ ਮੰਦਭਾਗੀ ਘਟਨਾ ਸਮੇਂ ਜਦੋਂ ਸਿੱਖਾਂ ਦੇ ਮਨਾਂ ਅੰਦਰ ਆਪਣੀ ਸੁਰੱਖਿਆ ਨੂੰ ਲੈ ਕੇ ਫ਼ਿਕਰ ਸੀ ਉਸ ਸਮੇਂ ਅਮਰੀਕਨ ਰਾਸ਼ਟਰਪਤੀ ਨੇ ਸਿੱਖ ਵਫ਼ਦ ਨਾਲ White House ਵਿੱਚ ਮੀਟਿੰਗ ਕੀਤੀ ਸੀ ਤੇ ਹਰ ਤਰਾਂ ਦੀ ਜਾਨ ਮਾਲ ਦੀ ਰਾਖੀ ਦੀ ਵਚਨਬੱਧਤਾ ਵੀ ਪ੍ਰਗਟਾਈ ਸੀ ।
ਤੁਹਾਨੂੰ ਯਾਦ ਹੋਵੇਗਾ ੫ ਅਗਸਤ 2012 ਨੂੰ Sikh temple of Wisconsin (oak creek) ਵਿੱਚ ਇਕ ਕੱਟੜਵਾਦੀ 40 ਸਾਲਾ ਗੋਰੇ ਵਿਅਕਤੀ ਨੇ ਗੁਰਦੁਆਰੇ ਅੰਦਰ ਗੋਲੀਆਂ ਚਲਾ ਕਿ 6 ਲੋਕਾਂ ਦੀ ਜਾਨ ਲਈ ਸੀ ਤੇ ੪ ਲੋਕ ਜ਼ਖਮੀ ਹੋਏ ਸੀ ਤੇ ਆਪ ਵੀ ਉਹ ਪੁਲੀਸ ਵੱਲੋਂ ਗੋਲੀਆਂ ਵੱਜਣ ਕਾਰਨ ਗੁਰੂ ਘਰ ਦੇ ਇਹਾਤੇ ਵਿੱਚ ਮਾਰਿਆ ਗਿਆ ਸੀ । ਪੂਰੇ ਦੇਸ਼ ਅੰਦਰ ਇਸ ਘਟਨਾ ਦੀ ਪੀੜ ਨੂੰ ਮਹਿਸੂਸ ਕੀਤਾ ਗਿਆ ਸੀ । ਉਸ ਸਮੇਂ ਦੇ ਰਾਸ਼ਟਰਪਤੀ ( ਦੁਨੀਆ ਦੇ ਉਸ ਸਮੇਂ ਦੇ ਸਭ ਤੋਂ ਵੱਧ ਸਕਤੀਸਾਲੀ ਵਿਅਕਤੀ )ਬਰਾਕ ਓਬਾਮਾ ਨੇ ਟੈਲੀਫ਼ੋਨ ਕਰਕੇ ਗੁਰੂ ਘਰ ਦੇ ਪ੍ਰਬੰਧਕਾਂ ਤੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਸੀ ਤੇ ਹਰ ਤਰਾਂ ਦੀ ਸਹਾਇਤਾ ਤੇ ਇਨਸਾਫ਼ ਦਾ ਭਰੋਸਾ ਦਿਵਾਇਆ ਸੀ ਤੇ ਉਸ ਨੂੰ ਯਕੀਨੀ ਵੀ ਬਣਾਇਆ ਸੀ ।ਜਿਸ ਦਿਨ ਮਿ੍ਰਤਕਾਂ ਦਾ ਅੰਤਮ ਸੰਸਕਾਰ ਸੀ ਉਸ ਦਿਨ ਰਾਸ਼ਟਰਪਤੀ ਦੀ ਪਤਨੀ (Michelle Obama ) Federal Government ਅਤੇState Government ਦੇ ਵੱਡੇ ਲੀਡਰਾਂ ਨਾਲ ਉੱਥੇ ਸਾਮਲ ਹੋਈ ਤੇ ਆਪਣਾ ਦੁੱਖ ਤੇ ਹਮਦਰਦੀ ਪ੍ਰਗਟਾਈ ।10ਦਿਨ ਦੇਸ਼ ਦੇ ਕੌਮੀ ਝੰਡੇ ਨੂੰ ਵੀ ਨੀਵਾਂ ਰੱਖਿਆ ਗਿਆ । ਅਮਰੀਕਾ ਵੀ ਇਸਾਈ ਬਹੁਗਿਣਤੀ ਵਾਲਾ ਦੇਸ਼ ਹੈ ।
ਜੇ ਆਪਾ ਇੰਨਾਂ ਇਸਾਈ ਦੇਸ਼ਾਂ ਅੰਦਰ ਧਰਮ ਦੇ ਪ੍ਰਚਾਰ ਤੇ ਪਸਾਰ ਦੀ ਗੱਲ ਕਰੀਏ ਤਾ ਮੈ ਫਿਰ ਉਦਾਹਰਣ ਅਮਰੀਕਾ ਤੋਂ ਹੀ ਲੈਣੀ ਚਾਹਵਾਗਾ ।ਯੋਗੀ ਹਰਭਜਨ ਸਿੰਘ 1970 ਵਿੱਚ ਅਮਰੀਕਾ ਆਇਆ ਸੀ । ਉਸਨੇ ਆਪਣਾ ਇਕ ਆਸ਼ਰਮ ਚਲਾਇਆ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਗੋਰਿਆਂ ਨੂੰ ਸਿੱਖੀ ਞਿਚ ਸਾਮਲ ਕਰਵਾਇਆ ।ਉਹ ਸਾਰੇ ਹੀ ਸਿੰਘ ਸਿੰਘਣੀਆਂ ਪੂਰਨ ਅੰਮਰਿਤਧਾਰੀ ਮਰਯਾਦਾ ਦੇ ਧਾਰਨੀ ਬਣੇ ।ਉਹਨਾਂ ਨੇ ਪੰਜਾਬੀ ਸਿੱਖੀ , ਗੁਰਬਾਣੀ ਸਿੱਖੀ , ਗੁਰਬਾਣੀ ਕੀਰਤਨ ਦੀ ਮੁਹਾਰਤ ਹਾਸਲ ਕੀਤੀ । ਉਸਦੀ ਮੌਤ ਤੋਂ ਬਾਅਦ ਵੀ ਉਸਦੇ ਆਸ਼ਰਮ ਚੱਲ ਰਹੇ ਹਨ ।ਤਕਰੀਬਨ 35 ਦੇਸ਼ਾਂ ਅੰਦਰ 300 ਤੋਂ ਵਧੀਕ ਉਸਦੇ ਆਸ਼ਰਮ ਹਨ ਜਿੰਨਾ ਨੂੰ ਗੋਰੇ ਅੰਮ੍ਰਿਤ ਧਾਰੀ ਸਿੱਖ ਚਲਾਉਂਦੇ ਹਨ ਤੇ ਉਹ ਸਾਰੇ ਹੀ ਇਸਾਈ ਧਰਮ ਨੂੰ ਮੰਨਣ ਵਾਲੇ ਹਨ । ਇੰਨਾਂ ਸਾਰੀਆਂ ਗੱਲਾਂ ਉੱਪਰ ਸਾਨੂੰ ਖੁਸ਼ੀ ਹੁੰਦੀ ਹੈ । ਸਾਨੂੰ ਚਾਅ ਚੜਦਾ ਹੈ ਜਦ ਕਿਸੇ ਮੁਸਲਮਾਨ , ਹਿੰਦੂ ਜਾ ਇਸਾਈ ਨੂੰ ਸਿੱਖੀ ਸਰੂਪ ਨੂੰ ਅਪਣਾਉਂਦੇ ਦੇਖਦੇ ਹਾਂ । ਉੱਨਾਂ ਨੂੰ ਅਸੀ ਗੁਰੂ ਘਰਾਂ ਦੀਆਂ ਸਟੇਜਾਂ ਤੋਂ ਸਨਮਾਨਿਤ ਕਰਦੇ ਹਾਂ ਤੇ ਹਰ ਤਰਾਂ ਦੇ ਸਹਿਯੋਗ ਦਾ ਯਕੀਨ ਦਿਵਾਉਂਦੇ ਹਾਂ । ਬੇਨਤੀ ਰੂਪ ਵਿੱਚ ਇਹ ਸਾਂਝ ਪਾਉਣੀ ਚਾਹੁੰਦਾ ਹਾਂ ਕਿ ਦੋਗਲੇਪਣ ਤੋਂ ਗੁਰੇਜ਼ ਕਰੀਏ , ਧਰਮ ਦੀ ਚੋਣ ਹਰੇਕ ਵਿਅਕਤੀ ਦਾ ਜਨਮਸਿਧ ਅਧਿਕਾਰ ਹੈ ।ਬੇਸਕ ਅਮਰੀਕਾ ਇਸਾਈ ਬਹੁਗਿਣਤੀ ਵਾਲਾ ਦੇਸ਼ ਹੈ ਪਰ ਫਿਰ ਵੀ ਬਾਕੀ ਧਰਮਾ ਨੂੰ ਵੀ ਪ੍ਰਚਾਰ ਤੇ ਪਸਾਰ ਦੀ ਪੂਰੀ ਅਜ਼ਾਦੀ ਹੈ ।
ਪੱਛਮ ਦੇ ਬਹੁਤ ਸਾਰੇ ਦੇਸ਼ਾਂ ਅੰਦਰ ਵੱਡੇ ਵੱਡੇ ਨਗਰ ਕੀਰਤਨ ਹੁੰਦੇ ਹਨ ।ਮੈਨੂੰ ਇਹ ਵੀ ਪਤੀ ਹੈ ਕਿ ਸਾਡੇ ਵੱਡੇ ਧਾਰਮਕ ਰਹਿਬਰ ਬੜੇ ਫ਼ਖ਼ਰ ਨਾਲ ਉੱਨਾਂ ਸਮਾਗਮਾਂ ਵਿੱਚ ਸਾਮਲ ਹੁੰਦੇ ਹਨ । ਕਈਆ ਨਗਰ ਕੀਰਤਨਾ ਵਿੱਚ ਗਿਣਤੀ ਲੱਖਾਂ ਤੱਕ ਪਹੁੰਚ ਜਾਂਦੀ ਹੈ ।ਪ੍ਰਸ਼ਾਸਨ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਂਦਾ ਹੈ ,ਸਰਧਾਲੂਆ ਦੀ ਸਹੂਲਤ ਲਈ ਸ਼ਹਿਰ ਦੀਆਂ ਕਈ ਵੱਡੀਆਂ ਸੜਕਾਂ ਵੀ ਬੰਦ ਕਰ ਦਿੱਤੀਆਂ ਜਾਂਦੀਆਂ ਹਨ ।ਇਸਾਈ ਧਰਮ ਨੂੰ ਮੰਨਣ ਵਾਲੇ ਵੱਡੇ ਸਰਕਾਰੀ ਲੀਡਰ ਵੀ ਖੁਸ਼ੀ ਨਾਲ ਸਾਮਲ ਹੁੰਦੇ ਹਨ ।ਇਿਹਨਾ ਇਸਾਈ ਦੇਸ਼ਾਂ ਵਿੱਚ ਆਪਣੇ ਇਸ ਤਰਾਂ ਦੇ ਸਿੱਖੀ ਜਲੌ ਨੂੰ ਵੇਖਕੇ ਅਸੀ ਖੁਸ਼ ਵੀ ਹੁੰਦੇ ਹਾਂ ਤੇ ਮਾਣ ਵੀ ਮਹਿਸੂਸ ਕਰਦੇ ਹਾਂ ।ਪਰ ਜਦੋਂ ਅਸੀ ਆਪਣੇ ਜੱਦੀ ਖ਼ਿੱਤੇ ਵਿੱਚ ਅਜਿਹਾ ਵਰਤਾਰਾ ਕਿਸੇ ਦੂਸਰੇ ਫ਼ਿਰਕੇ ਵੱਲੋਂ ਹੁੰਦਾ ਦੇਖਦੇ ਹਾਂ ਤਾਂ ਅਸੀ ਤਕਲੀਫ਼ ਮਹਿਸੂਸ ਕਰਦੇ ਹਾਂ , ਕਿਉਂ ?
ਮੈ ਆਪਣੀ ਗੱਲ ਖਤਮ ਕਰਨ ਤੋਂ ਪਹਿਲਾ ਆਪਣੇ ਪਿੰਡ ਦੀ ਇਕ ਉਦਾਹਰਣ ਦੇਣੀ ਵਾਜਬ ਸਮਝਦਾ ਹਾਂ । ਸਾਡੇ ਪਿੰਡ ਵਿੱਚ ਵੀ ਦੋ ਗਿਰਜਾ ਘਰ ਹਨ , ਇਕ catholic ਤੇ ਦੂਸਰਾ Protestant ।ਇਕ ਗਿਰਜਾ ਘਰ ਤਾਂ ਸ਼ਾਇਦ ੫੦ ਸਾਲ ਤੋਂ ਵੀ ਵੱਧ ਪੁਰਾਣਾ ਹੈ ।ਅਸੀ ਕਈ ਵਾਰੀ ਕਈ ਖਾਸ ਧਾਰਮਕ ਸਮਾਗਮਾਂ ਉੱਪਰ ਉਹਨਾਂ ਗਿਰਜਾ ਘਰਾਂ ਵਿੱਚ ਜਾਇਆ ਕਰਦੇ ਸੀ । ਉਹ ਲੋਕ ਸਤਿਕਾਰ ਨਾਲ ਸਾਨੂੰ ਸੱਦੇ ਵੀ ਦਿੰਦੇ ਸੀ ।ਪਿੰਡ ਦੇ ਲੋਕ ਮਾਇਕ ਤੋਰ ਤੇ ਵੀ ਆਪਣਾ ਯੋਗਦਾਨ ਪਾਇਆ ਕਰਦੇ ਸੀ । ਮੈ ਕਦੀ ਵੀ ਅੱਜ ਤੱਕ ਕੋਈ ਅਜਿਹੀ ਗੱਲ ਨਹੀਂ ਸੁਣੀ ਕਿ ਉਹ ਸਾਡੇ ਪਿੰਡ ਜਾ ਆਸੇ ਪਾਸੇ ਧਰਮ ਪਰਿਵਰਤਨ ਦੇ ਸੰਬੰਧ ਵਿੱਚ ਕੋਈ ਉਪਰਾਲਾ ਕਰਦੇ ਹੋਣ । ਮੈ ਇਹ ਵੀ ਕਹਿਣਾ ਚਾਹੁੰਦਾ ਹਾਂ ਕਿ ਇਹ ਫਿਕਰਮੰਦ ਹੋਣ ਵਾਲਾ ਮਸਲਾ ਬਿਲਕੁਲ ਵੀ ਨਹੀਂ । ਪਰ ਫਿਰ ਵੀ ਜੇ ਕੋਈ ਕਿਸੇ ਕਾਰਨ ਕਰਕੇ ਪ੍ਰਭਾਵ ਕਬੂਲਦਾ ਹੀ ਹੈ ਤਾਂ ਮੈ ਤਾਂ ਇਹੀ ਕਹਿਣਾ ਚਾਹਾਂਗਾ ਕਿ ਅਜਿਹੇ ਬੰਦਿਆਂ ਤੋਂ ਆਪਾ ਕਰਵਾਉਣਾ ਵੀ ਕੀ ਹੈ । ਅਜਿਹੇ ਲੋਕ ਤਾ ਸੁੱਕ ਰਹੇ ਪੱਤਿਆਂ ਵਾਂਗੂ ਹੁੰਦੇ ਹਨ ਜੋ ਮਾੜੀ ਮੋਟੀ ਹਵਾ ਦੇ ਬੁੱਲਿਆਂ ਨਾਲ ਵੀ ਝੜ ਜਾਂਦੇ ਹਨ ।ਮੈ ਅਖੀਰ ਵਿੱਚ ਫਿਰ ਆਪਣੀ ਪ੍ਰਚਾਰਕ ਧਿਰ ਦੇ ਲੋਕਾਂ ਤੇ ਧਾਰਮਕ ਰਹਿਬਰਾਂ ਨੂੰ ਇਹੀ ਗੁਜ਼ਾਰਸ਼ ਕਰਦਾ ਹਾਂ ਕਿ ਆਪਾ ਦੂਜਿਆਂ ਦੇ ਘਰਾਂ ਅੰਦਰ ਦਰਾਂ ਦੀਆਂ ਝੀਤਾਂ ਰਾਹੀ ਝਾਕਣਾ ਛੱਡੀਏ ਤੇ ਆਪਣੇ ਦਰਾਂ ਉੱਪਰ ਆਪਣੀ ਪਹਿਰੇਦਾਰੀ ਮਜ਼ਬੂਤ ਕਰੀਏ ।ਸਾਡਾ ਇਤਹਾਸ ਗਵਾਹ ਹੈ ਅਸੀ ਮਾਰਿਆ ਨਹੀਂ ਮਰਨਾ , ਸਗੋਂ ਔਖੇ ਵਕਤਾ ਵਿੱਚ ਖ਼ਾਲਸੇ ਦੀ ਛਵੀ ਵਿੱਚ ਵੱਧ ਨਿਖਾਰ ਆਉਂਦਾ ਹੈ ।ਪੰਥ ਬੇਖ਼ਬਰ ਨਹੀਂ ,ਜਾਗਿਆ ਹੋਇਆ ਹੈ ,ਖ਼ਾਲਸੇ ਦੀ ਰੂਹ ਵਿੱਚ ਮੋਹ ਵੀ ਹੈ ਤੇ ਰੋਹ ਵੀ ।ਦਿਸਾ - ਨਿਰਦੇਸ਼ ਦੇਣ ਲਈ ਸਾਡੇ ਪਹਿਰੇਦਾਰ ( ਧਾਰਮਕ ਆਗੂ ) ਚੌਕਸ ਤੇ ਮਜ਼ਬੂਤ ਰਹਿਣੇ ਚਾਹੀਦੇ ਹਨ ।
ਸੰਪੂਰਨ ਸਿੰਘ Houston ( U S A )
281-635-7466


ਟੈਂ ਨਾ ਮੰਨਣ ਕਿਸੇ ਦੀ - ਸੰਪੂਰਨ ਸਿੰਘ

ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਸਬੰਧ ਵਿੱਚ ਵਿਦੇਸ਼ੀ ਸਿੱਖਾਂ ਨਾਲ ਵੱਖ-ਵੱਖ ਮੁੱਦਿਆਂ ਉਪਰ ਗੱਲ ਕਰਨ ਲਈ ਪਾਕਿਸਤਾਨੀ ਪੰਜਾਬ ਦੇ ਗਵਰਨਰ 2019 ਵਿੱਚ Houston ਆਏ ਸੀ | ਉਹ ਸਾਡੇ ਗੁਰੂਘਰ ”ਸਿੱਖ ਨੈਸ਼ਨਲ ਸੈਂਟਰ” ਵਿੱਚ ਨਤਮਸਤਕ ਹੋਏ । ਮੈਂ ਗੁਰੂ ਘਰ ਦਾ ਮੁੱਖ ਸੇਵਾਦਾਰ ਹੋਣ ਦੇ ਨਾਤੇ ਉਨ੍ਹਾਂ ਦਾ ਸਵਾਗਤ ਕਰਦਿਆਂ ਗੁਰੂ ਘਰ ਦੀ ਸੰਗਤ ਵੱਲੋਂ ਜੀ ਆਇਆ ਆਖਿਆ ਤੇ ਨਾਲ ਹੀ ਮੈਂ ਜਰੂਰੀ ਸਮਝਿਆ ਕਿ ਆਪਣੇ ਮਹਿਮਾਨ ਨੂੰ ਸਿੱਖਾਂ ਦੀ ਕੌਮੀਅਤ ਤਾਸੀਰ ਬਾਰੇ ਵੀ ਜਾਣਕਾਰੀ ਦੇਵਾਂ । ਮੈਂ ਪ੍ਰੋ. ਪੂਰਨ ਸਿੰਘ ਦੀ ਕਵਿਤਾ ਦੀਆ ਦੋ ਸਤਰਾ ਕਹੀਆਂ "ਪਿਆਰ ਨਾਲ ਇਹ ਕਰਨ ਗੁਲਾਮੀ , ਪਰ ਟੈ ਨਾਂ ਮੰਨਣ ਕਿਸੇ ਦੀ “| ਕਿਉਂਕਿ ਗਵਰਨਰ ਚੌਧਰੀ ਸਰਵਰ ਪੰਜਾਬੀ ਹੈ ਤੇ ਬੜੀ ਦੇਰ ਇੰਗਲੈਂਡ ਵਿੱਚ ਰਿਹਾ ਅਤੇ ਸਿੱਖਾਂ ਨਾਲ ਉਸਦੀ ਕਾਫ਼ੀ ਡੂੰਗੀ ਸਾਂਝ ਵੀ ਸੀ । ਸੰਗਤ ਵਿੱਚੋਂ ਬੈਠਿਆ ਹੀ ਮੈਨੂੰ ਤੁਰੰਤ ਜਵਾਬ ਦਿੱਤਾ ਕਿ "ਟੈ ਕਿਸੇ ਦੀ ਮੰਨਣੀ ਤਾਂ ਵੱਖਰੀ ਗਲ” ਟੈਂ ਤਾਂ ਇਹ ਆਪਣਿਆਂ ਦੀ ਵੀ ਨਹੀਂ ਮੰਨਦੇ । ਸੱਚਮੁਚ ਪ੍ਰੋ. ਪੂਰਨ ਸਿੰਘ ਵੱਲੋਂ ਚਿਤਰੀ ਇਸ ਤਸਵੀਰ ਦਾ ਇਹ ਦੂਸਰਾ ਪਾਸਾ ਹੈ ਜੋ ਚੋਧਰੀ ਸਰਵਰ ਦੀ ਵਿਆਖਿਆ ਵਿਚੋਂ ਉਘੜਦੈ । ਸਾਡੀ ਕੌਮ ਦੇ ਸੁਭਾਅ ਦੀ ਇਹ ਬਿਰਤੀ ਸਾਡਾ ਗੌਰਵ ਵੀ ਹੈ ਤੇ ਸਾਡੀ ਬਹੁਤ ਵੱਡੀ ਕਮਜ਼ੋਰੀ ਵੀ ਤੇ ਕੌਮੀ ਤੌਰ ਤੇ ਸਾਡੀਆ ਬਹੁਤ ਸਾਰੀਆਂ ਅਸਫਲਤਾਵਾਂ ਦਾ ਮੁੱਖ ਕਾਰਨ ਵੀ । ਤੇ ਇਸੇ ਗੁਣ ਜਾ ਔਗੁਣ ਦੀ ਰੋਸ਼ਨੀ ਵਿਚ ਆਪਾ ਅੱਜ ਦੇ ਕਿਸਾਨੀ ਅੰਦੋਲਨ ਵਿਚਲੇ ਆਪਸੀ ਵਰਤਾਰੇ ਨੂੰ ਜਾਨਣ ਦੀ ਕੋਸ਼ਿਸ਼ ਕਰਾਂਗੇ ।

ਅਜ਼ਾਦ ਭਾਰਤ ਦੇ ਇਤਿਹਾਸ ਵਿਚ ਇਹ ਕਿਸਾਨੀ ਅੰਦੋਲਨ ਇਕ ਅਜਿਹਾ ਇਮਤਿਹਾਨ ਹੈ , ਜਿਸ ਵਿੱਚੋਂ ਸਫਲ ਹੋਣ ਤੋਂ ਇਲਾਵਾ ਸਾਡੇ ਪਾਸ ਕੋਈ ਬਦਲ ਬਚਦਾ ਹੀ ਨਹੀਂ ।ਦੇਸ਼ਭਰ ਵਿੱਚ ਇਹ ਸੰਘਰਸ਼ ਬੇਸ਼ਕ ਕਿਸਾਨੀ ਮੰਗਾ ਤੱਕ ਹੀ ਸੀਮਤ ਹੈ ਪਰ ਪੰਜਾਬ ਲਈ ਇਹ ਪੰਜਾਬੀਅਤ ਦੇ ਵਜੂਦ ਦੀ ਸਲਾਮਤੀ ਨਾਲ ਵੀ ਸਬੰਧਤ ਹੈ । ਪੰਜਾਬ ਲਈ ਇਹ ਅੰਦੋਲਨ ਜਿਤ ਜਾਂ ਤੇ ਮੌਤ ਹੈ ਜ਼ਰੂਰੀ ਨਹੀਂ ਉਹ ਮੌਤ ਜਿਸਮਾਨੀ ਹੀ ਹੋਵੇ ਸਗੋਂ ਉਹ ਮੌਤ ਗੈਰਤ ਤੇ ਗੌਰਵ ਦੀ ਅਤੇ ਆਤਮਕ ਵੀ ਹੋ ਸਕਦੀ ਹੈ ।
ਇਸ ਵਿੱਚ ਕੋਈ ਸੰਦੇਹ ਨਹੀਂ ਕਿ ਇਹ ਅੰਦੋਲਨ ਹੁਣ ਦੇਸ਼ ਵਿਆਪੀ ਬਣ ਚੁੱਕਾ ਹੈ ਤੇ ਖਾਸ ਕਰਕੇ ਪੰਜਾਬੀਆਂ ਲਈ ਵਿਸ਼ਵਵਿਆਪੀ , ਦੋਹਾਂ ਪਾਸਿਆਂ ਵੱਲੋਂ ਬਹੁਤ ਕੁਝ ਦਾਅ ਤੇ ਲਾ ਦਿੱਤਾ ਗਿਆ ਹੈ । ਪੰਜ ਰਾਜਾਂ ਦੀਆ ਚੋਣਾ ਖ਼ਾਸ ਕਰਕੇ ਪੰਛਮੀ ਬੰਗਾਲ ਦੀ ਚੋਣ । ਸਰਕਾਰ ਇਹ ਚੋਣਾ ਜਿੱਤੇ ਜਾਂ ਹਾਰੇ ਪਰ ਚੋਣ ਨਤੀਜਿਆ ਤੌ ਬਾਅਦ ਦਾ ਸਮਾ ਕਿਸਾਨੀ ਲੀਡਰਸ਼ਿਪ ਲਈ ਬਹੁਤ ਹੀ ਚਣੌਤੀਆ ਤੇ ਜੋਖਮ ਭਰਿਆ ਹੋਣ ਦੀ ਸੰਭਾਵਨਾ ਹੈ । ਬਹੁਤ ਕੁਝ ਅਣਕਿਆਸਿਆ ਵਾਪਰਨ ਤੋਂ ਵੀ ਇਨਕਾਰੀ ਨਹੀਂ ਹੋਇਆ ਜਾ ਸਕਦਾ ।
ਕਿਸਾਨੀ ਲੀਡਰਸ਼ਿਪ ਤੇ ਖਾਸ ਕਰਕੇ ਪੰਜਾਬ ਦੀ ਕਿਸਾਨੀ ਲੀਡਰਸ਼ਿਪ ਕਈ ਪੱਖਾ ਤੋਂ ਤਰੀਫ ਦੀ ਹੱਕਦਾਰ ਹੈ ਕਿ ਉਨਾਂ ਨੇ ਲੰਬੇ ਸਮੇਂ ਤੋਂ ਇਸ ਸੰਘਰਸ਼ ਦੇ ਵਹਿਣ ਨੂੰ ਕਿਸੇ ਨਾ ਕਿਸੇ ਰੂਪ ਵਿਚ ਵਹਿੰਦੇ ਰਖ ਸਕਣ ਵਿਚ ਅਗਵਾਈ ਕੀਤੀ ਹੈ ਜਿਥੇ ਇਸ ਸੰਘਰਸ਼ ਦੀ ਬੁਨਿਆਦ ਰੱਖ ਉੱਥੇ ਉਸਦੇ ਬਣਦੇ ਮਾਨ ਨੂੰ ਪੰਜਾਬੋ ਬਾਹਰਲੀ ਕਿਸਾਨੀ ਲੀਡਰਸ਼ਿਪ ਵਿੱਚ ਵੀ ਬਰਕਰਾਰ ਰੱਖਿਆ । ਇਸ ਦੇ ਨਾਲ ਨਾਲ ਇਹ ਮੰਨਣਾ ਪਵੇਗਾ ਕਿ ਜਿਥੇ ਪੰਜਾਬ ਦੀ ਗੱਲ ਹੋਵੇਗੀ ਉਥੇ ਸਿੱਖੀ ਦੀ ਗਲ ਤੋਂ ਵੀ ਇਨਕਾਰੀ ਨਹੀਂ ਹੋਇਆਂ ਜਾ ਸਕਦਾ । ਕਿਉਂਕਿ ਪੰਜਾਬ ਜਿਉਂਦਾ ਗੁਰਾਂ ਦੇ ਨਾਮ ਤੇ ਸਿੱਖੀ ਉਨਾਂ ਹੀ ਗੁਰਾਂ ਦੀ ਦੇਣ ਹੈ । ਮੇਰਾ ਮੰਨਣਾ ਹੈ ਕਿ ਪੂਰੇ ਭਾਰਤ ਦਾ ਕਿਸਾਨ ਬਿਲਕੁਲ ਵੀ ਇਸ ਤੱਥ ਤੋਂ ਇਨਕਾਰੀ ਨਹੀਂ ਕਿ ਇਸ ਅੰਦੋਲਨ ਦੀ ਜਨਮਭੂਮੀ ਹੀ ਪੰਜਾਬ , ਪੰਜਾਬ ਦਾ ਕਿਸਾਨ ਤੇ ਸਿੱਖ ਕਿਸਾਨ ਨਹੀਂ ਸਗੋਂ ਇਸ ਅੰਦੋਲਨ ਦੀ ਰੀੜ ਦੀ ਹੱਡੀ ਵੀ ਹਨ ।
ਪੰਜਾਬ ਦੀ ਕਿਸਾਨੀ ਲੀਡਰਸ਼ਿਪ ਦੇ ਸਬੰਧ ਵਿੱਚ ਇਕ ਹੋਰ ਗਲ ਦਾ ਜ਼ਿਕਰ ਵੀ ਜਰੂਰੀ ਸਮਝਦਾ ਹਾਂ, ਕਿ ਸਾਡੇ ਲੀਡਰ ਅੱਜ ਦੇਸ਼ ਦੇ ਕੋਨੇ-ਕੋਨੇ ਵਿੱਚ ਇਸ ਸੰਘਰਸ਼ ਦੇ ਨਾਇਕਾਂ ਵਜੋਂ ਵਿਚਰ ਰਹੇ ਹਨ । ਇਹ ਇਕ ਅਜਿਹਾ ਮਾਣ ਹੈ ਜਿਸਦਾ ਬਹੁਤੇ ਲੀਡਰਾਂ ਨੇ ਕਦੀ ਸੁਪਨਾ ਵੀ ਨਹੀਂ ਚਿਤਵਿਆ ਹੋਣੇ ।ਪਰ ਉਨਾਂ ਨੂੰ ਇਸ ਮਾਣ ਦੇ ਯੋਗ ਕਿਸਨੇ ਬਣਾਇਆ ਵੀ ਸਾਨੂੰ ਚੇਤੇ ਵਿੱਚ ਰੱਖਣਾ ਚਾਹੀਦਾ ਹੈ । 26 ਨਵੰਬਰ ਤੋਂ ਪਹਿਲਾ ਕਈ ਮਹੀਨੇ ਸੜਕਾਂ ਤੇ ਰੇਲਾਂ ਦੀਆਂ ਪਟੜੀਆਂ ਤੇ ਬੈਠੇ ਰਹੇ , ਜਲਸੇ - ਜਲੂਸ ਕੱਢਦੇ ਰਹੇ ਪਰ ਭਾਰਤ ਸਰਕਾਰ ਜਾਂ ਭਾਰਤ ਦੇ ਕਿਸੇ ਵੀ ਕੋਨੇ ਵਿੱਚ ਪੰਜਾਬ ਅੰਦਰ ਬਲਦੀ ਇਸ ਵਿਦਰੋਹ ਦੀ ਅੱਗ ਦਾ ਸੇਕ ਮਹਿਸੂਸ ਨਹੀਂ ਸੀ ਕੀਤਾ ਗਿਆ । ਗਵਾਂਢੀ ਸੂਬੇ ਹਰਿਆਣਾ ਤੇ ਰਾਜਸਥਾਨ ਵੀ ਸ਼ਾਤ ਹਨ । 26 ਨਵੰਬਰ ਅੰਦੋਲਨਕਾਰੀਆ ਵੱਲੋਂ ਦਿੱਲੀ ਜਾਣ ਦਾ ਪ੍ਰੋਗਰਾਮ ਸੀ ਪਰ ਨਾਲ ਹੀ ਇਹ ਹਦਾਇਤ ਸੀ ਲੀਡਰਸ਼ਿਪ ਵੱਲੋਂ ਕਿ ਜੇਕਰ ਸਰਕਾਰ ਸ਼ਕਤੀ ਨਾਲ ਰੋਕੇਗੀ ਤਾਂ ਰੋਸ ਵਜੋ ਉੱਥੇ ਹੀ ਧਰਨੇ ਲਾ ਕੇ ਬੈਠ ਜਾਵਾਂਗੇ ਤੇ ਲੰਮਾ ਸਮਾ ਟਿਕੇ ਰਹਾਂਗੇ ਟਕਰਾਅ ਨਹੀਂ ਕਰਾਂਗੇ । ਆਪਾ ਸੱਭ ਜਾਣਦੇ ਕਿ ਸਰਕਾਰ ਦੀ ਸਖ਼ਤ ਵਿਉਤਬੰਦੀ ਤੇ ਲੀਡਰਸ਼ਿਪ ਦੇ ਪ੍ਰੋਗਰਾਮ ਤੇ ਹੀ ਚਲਦਿਆ ਹਰਿਆਣੇ ਦੀ ਸਰਦਲ ਦਾ ਪਾਰ ਕਰਨਾ ਸੰਭਵ ਨਹੀਂ ਸੀ । ਆਪਾ ਨੂੰ ਪਤੈ ਕਿ ਪੰਜਾਬ ਭਾਵੇਂ ਕਿਸੇ ਵੀ ਭੱਠੀ ਵਿੱਚ ਸੜਦਾ ਰਹੇ ਦਿਲੀ ਉਸਦਾ ਸੇਕ ਮਹਿਸੂਸ ਨਹੀਂ ਕਰਦੀ ਤੇ ਆਪਾ ਹਰਿਆਣੇ ਦੀਆ ਬਰੂਹਾ ਉੱਪਰ ਆਪਣੀ ਹੀ ਧਰਤੀ ਤੇ ਆਪਣੀ ਹੀ ਅੱਗ ਵਿਚ ਸੜਦੇ ਰਹਿਣਾ ਸੀ ਤੇ ਦਿੱਲੀ ਦੀ ਬੇਪਰਵਾਹੀ ਜਾਰੀ ਰਹਿਣੀ ਸੀ । ਪਰ ਸਰਕਾਰ ਤੇ ਕਿਸਾਨੀ ਲੀਡਰਸ਼ਿਪ ਦੀ ਵਿਉਤਬੰਦੀ ਦੇ ਉਲਟ ਨੌਜਵਾਨਾ ਦੀ ਸ਼ਕਤੀ ਤੇ ਕੁਦਰਤ ਦੇ ਅਗੰਮੀ ਵਰਤਾਰੇ ਦੇ ਕਾਰਨ ਇਸ ਅੰਦੋਲਨ ਨੇ ਸਿਰਫ ਹਰਿਆਣੇ ਦੀ ਧਰਤੀ ਉੱਪਰ ਪੈਰ ਹੀ ਨਹੀਂ ਰੱਖਿਆਂ ਸਗੋਂ ਦਿੱਲੀ ਦੀਆ ਬਰੂਹਾਂ ਉੱਪਰ ਜਾ ਦਸਤਕ ਦਿਤੀ ਸੀ ਫਿਰ ਇਹ ਕੁਦਰਤੀ ਸੀ ਕਿ ਦਿੱਲੀ ਦੀਆ ਬਰੂਹਾਂ ਉੱਪਰ ਬਲਦੇ ਇਸ ਸ਼ਾਤਮਈ ਵਿਦਰੋਹ ਦਾ ਸੇਕ ਸਰਕਾਰ ਦੇ ਵਿਹੜੇ ਵਿੱਚ ਵੀ ਮਹਿਸੂਸ ਹੋਣਾ ਸੀ ।ਉਸੇ ਹੀ ਸੇਕ ਦਾ ਨਤੀਜਾ ਇਕ ਦਰਜਨ ਦੇ ਕਰੀਬ ਹੋਈਆਂ ਮੀਟਿੰਗਾਂ ਸੀ ।
ਇਕ ਗੱਲ ਹੋਰ ਵੀ ਸਪਸ਼ਟ ਕਰਨੀ ਚਾਹੁੰਦਾ ਕਿ ਲੀਡਰਸ਼ਿਪ ਨੋਜਵਾਨਾ ਅੰਦਰਲੇ ਜੋਸ਼ ਤੋਂ ਬੜੀ ਭੈਭੀਤ ਹੈ ਜਦ ਕਿ ਜੋਸ਼ ਤੋਂ ਬਿਨਾ ਹੋਸ਼ ਵੀ ਨਿਪੁੰਸਕ ਮੰਨੀ ਜਾਂਦੀ ਹੈ । ਇਨੇ ਵੱਡੇ ਅੰਦੋਲਨ ਵਿੱਚ ਕਦੀ ਕਦੀ ਅੰਦੋਲਨ ਕਾਰੀਆਂ ਅੰਦਰ ਬਲਦੀ ਉਸ ਅੱਗ ਦੀ ਸੰਕੇਤਕ ਮਾਤਰ ਝਲਕ ਜਰੂਰੀ ਹੁੰਦੀ ਹੈ।
ਮੈਂ ਆਪਣੇ ਪਿਛਲੇ ਲੇਖ ਵਿੱਚ ਇਸ ਮੋਰਚੇ ਦੀ ਖੜੋਤ ਨੂੰ ਤੋੜਨ ਲਈ ਤੇ ਸਰਕਾਰ ਉੱਪਰ ਦਬਾਉ ਬਣਾਉਣ ਤੇ ਆਪਣੀ ਆਵਾਜ਼ ਨੂੰ ਅੰਤਰਰਾਸ਼ਟਰੀ ਪੱਧਰ ਤੇ ਸੁਰਖੀਆਂ ਵਿੱਚ ਲੈ ਕੇ ਆਉਣ ਲਈ ਕਿਸੇ ਵੱਡੇ ਪਰ ਸ਼ਾਤਮਈ ਕਦਮ ਉਠਾਉਣ ਦੀ ਗੱਲ ਕਰਦਿਆ ਲੀਡਰਸ਼ਿਪ ਨੂੰ ਵਾਰੀ ਵਾਰੀ ਬਲੀਆਂ ਦੇਣ ਦੀ ਗਲ ਕਹੀ ਸੀ । ਬਲੀ ਦੇਣ ਦਾ ਮੇਰਾ ਮਤਲਬ ਕੁਰਬਾਨੀ , ਜੋ ਸਿਖੀ ਸਿਧਾਂਤਾਂ ਦੇ ਅਨੁਕੂਲ ਹੋਵੇ ਤੇ ਉਸ ਦੀਆਂ ਉਦਾਹਰਣਾ ਮੋਜੂਦ ਹਨ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ , ਪੰਜਾ ਸਾਹਿਬ ਰੇਲ ਰੋਕਣ ਸਮੇ ਹੋਈਆ ਸ਼ਹਾਦਤਾਂ , ਨਨਕਾਣਾ ਸਾਹਿਬ ਹੋਈਆਂ ਸ਼ਹਾਦਤਾਂ, ਪੰਜਾਬੀ ਸੂਬੇ ਮੋਰਚੇ ਸਮੇਂ ਸ੍ਰ. ਦਰਸ਼ਨ ਸਿੰਘ ਫੇਰੂਮਾਨ ਦੀ ਭੁੱਖ ਹੜਤਾਲ਼ ਤੇ ਹੋਈ ਸ਼ਹਾਦਤ,ਕੈਦ ਪੂਰੀ ਕਰ ਚੁਕੇ ਪਰ ਅਜੇ ਵੀ ਜੇਲਾਂ ਅੰਦਰ ਬੰਦ ਨੋਜਵਾਨਾ ਦੀ ਰਿਹਾਈ ਲਈ ਭਾਈ ਗੁਰਬਖਸ਼ ਸਿੰਘ ਦੀ ਸ਼ਹਾਦਤ । ਇਹ ਸਾਰੇ ਸ਼ਹੀਦ ਘਰੋਂ ਸ਼ਹੀਦ ਹੋਣ ਲਈ ਆਪਣੀ ਬਲੀ ਜਾਂ ਕੁਰਬਾਨੀ ਦੇਣ ਲਈ ਨਹੀਂ ਸੀ ਗਏ ਸਗੋਂ ਆਪਣੇ ਮਿਥੇ ਮਕਸਦ ਦੀ ਕਾਮਯਾਬੀ ਲਈ ਗਏ ਸੀ ਪਰ ਮਨਾਂ ਅੰਦਰ ਇਹ ਦ੍ਰਿੜ ਸੰਕਲਪ ਸੀ ਕਿ ਜੇ ਸਾਡੀ ਮੰਗ ਨਹੀਂ ਮੰਨੀ ਜਾਂਦੀ ਤਾਂ ਮੰਗ ਦੀ ਪੂਰਤੀ ਤੇ ਪ੍ਰਾਪਤੀ ਲਈ ਆਪਣੀ ਜਾਨ ਵੀ ਕੁਰਬਾਨ ਕੀਤੀ ਜਾ ਸਕਦੀ ਹੈ । ਸ. ਸ਼ਾਮ ਸਿੰਘ ਅਟਾਰੀ ਆਪਣੇ ਘਰੋ ਸਿੱਖ ਫੌਜ ਦੇ ਜਰਨੈਲ ਵਜੋ ਅੰਗਰੇਜ਼ਾਂ ਖਿਲਾਫ ਲੜਾਈ ਵਿੱਚ ਜਿੱਤ ਹਾਸਲ ਕਰਨ ਗਿਆ ਸੀ , ਪਰ ਨਾਲ ਹੀ ਇਕ ਪ੍ਰਣ ਸੀ ਕਿ ਹਾਰ ਦੇ ਕਲੰਕ ਨੂੰ ਮੱਥੇ ਤੇ ਲਾ ਕੇ ਘਰ ਨਹੀਂ ਪਰਤੇਗਾ । ਪੰਜਾਬ ਦੇ 32 ਲੀਡਰ ਹਨ ਉਨਾਂ ਵੱਲੋਂ ਆਪਣੇ ਅੰਦਰਲੇ ਸਰਕਾਰ ਪ੍ਰਤੀ ਰੋਹ ਦਾ ਕੋਈ ਇਕ ਝਲਕਾਰਾ ਦਾ ਦਿਖਾਉਣਾ ਚਾਹੀਦਾ ਹੈ ਲਹੂ ਦਾ ਰੰਗ ਤੇ ਸ਼ਹੀਦ ਦੇ ਲਹੂ ਦਾ ਰੰਗ ਬਹੁਤ ਗਹਿਰਾ ਹੁੰਦੈ ਤੇ ਸਦੀਆਂ ਤੱਕ ਉਸਦੀ ਸ਼ਾਪ ਬਣੀ ਰਹਿੰਦੀ ਹੈ । ਸਾਡੀ ਇਹ ਲੀਡਰਸ਼ਿਪ ਸਾਡੇ ਸ਼ਹੀਦਾਂ ਦੀ ਵਾਰਸ ਹੈ । ਅਸੀਂ ਆਪਣੇ ਹੱਕ ਮੰਗਦੇ ਹਾਂ ਭੀਖ ਨਹੀਂ ਤੇ ਹੱਕ ਕਦੀ ਵੀ ਤਰਲੇ ਕਰਕੇ ਨਹੀਂ ਮਿਲਦੇ । ਆਪਣੇ ਇਤਿਹਾਸ ਦੀ ਰੌਸ਼ਨੀ ਵਿੱਚ ਆਪਣੇ ਭਵਿੱਖ ਨੂੰ ਤੱਕਣ ਤੇ ਸਿਰਜਨ ਦੀ ਬਾਤ ਪਾਵੋ ।
ਦੇਖਣ ਵਿੱਚ ਆਇਆ ਹੈ ਕਈ ਲੋਕ ਇਕ ਅਜੀਬ ਤਰਾਂ ਦਾ ਬ੍ਰਿਤਾਂਤ
ਸਿਰਜਨ ਵਿੱਚ ਤੁਲੇ ਹੋਏ ਹਨ ਕਿ ਜਿਵੇਂ ਦੀਪ ਸਿੰਧੂ ਤੇ ਲੱਖੇ ਸਿਧਾਣੇ ਦੀ ਹਿਮਾਇਤ ਦਾ ਮਤਲਬ ਕਿਸਾਨੀ ਮੋਰਚੇ ਨੂੰ ਕਮਜ਼ੋਰ ਕਰਨਾ ਹੈ । ਜਦ ਕਿ ਸਚਾਈ ਇਹ ਹੈ ਕਿ ਜਿਹੜੇ ਵੀ ਲੋਕ ਦੀਪ ਤੇ ਲੱਖੇ ਦੀ ਮੋਰਚੇ ਵਿਚ ਸ਼ਮੂਲੀਅਤ ਦੀ ਗੱਲ ਕਰਦੇ ਹਨ ਉਨਾਂ ਦਾ ਸਿਰਫ ਇਹੀ ਮਕਸਦ ਹੈ ਕਿ ਨੋਜਵਾਨ ਧਿਰ ਅੰਦੋਲਨ ਨੂੰ ਹੋਰ ਬਲਸ਼ਾਲੀ ਬਣਾਉਣ ਵਿੱਚ ਸਹਾਈ ਹੋਵੇ ।ਕਿਉਕਿ ਅਜਿਹੇ ਲੋਕ ਬੜੀ ਸੁਹਿਰਦਤਾ ਨਾਲ ਮਹਿਸੂਸ ਕਰਦੇ ਹਨ ਕਿ ਅੰਦੋਲਨ ਦੀ ਹਾਰ ਮਤਲਬ ਪੰਜਾਬ ਦੀ ਹਾਰ ਤੇ ਪੰਜਾਬ ਦੀ ਹਾਰ ਦਾ ਮਤਲਬ ਗੁਰਾਂ ਦੇ ਨਾਮ ਉਪਰ ਜਿਉਣ ਵਾਲੇ ਪੰਜਾਬ ਦੇ ਸਿੱਖਾਂ ਦੀ ਹਾਰ ।ਅੰਦੋਲਨ ਦੀ ਪੰਜਾਬ ਵੱਲੋਂ ਅਗਵਾਈ ਬੇਸ਼ਕ ਕਿਸੇ ਵੀ ਰੰਗ ਦਾ ਝੰਡਾ ਕਰੇ ਪਰ ਉਨਾਂ ਝੰਡਿਆਂ ਨੂੰ ਬੁਲੰਦ ਰੱਖਣ ਵਾਲੇ ਤਕਰੀਬਨ -2 ਸਿੱਖੀ ਸਰੂਪ ਵਾਲੇ ਦਸਤਾਰਧਾਰੀ ਹੀ ਹਨ ।ਪੂਰੇ ਭਾਰਤ ਅੰਦਰ ਸਿੱਖਾਂ ਦੀ ਪਹਿਚਾਣ ਕਿਸੇ ਇਕ ਸੋਚ ਦੀ ਜਾਂ ਇਕ ਵਿਚਾਰਧਾਰਾ ਕਰਕੇ ਨਹੀਂ ਸਗੋਂ ਕੇਸ - ਦਾਹੜੀ ਤੇ ਦਸਤਾਰ ਕਰਕੇ । ਇਹ ਗੱਲ ਸ਼ਾਇਦ ਕਈਆਂ ਦੇ ਚੇਤੇ ਵਿੱਚ ਹੋਵੇ ਕਿ 1982 ਦੀਆਂ ਏਸ਼ਆਈ ਖੇਡਾਂ ਦਿੱਲੀ ਵਿੱਚ ਹੋਈਆਂ ਸੀ । ਉਸ ਸਮੇਂ ਪੰਜਾਬ ਹਰਿਆਣਾ ਤੇ ਕੇਂਦਰ ਵਿੱਚ ਕਾਂਗਰਸ ਦੀਆਂ ਸਰਕਾਰਾ ਸਨ । ਉਸ ਸਮੇਂ ਇਕ ਭੈਅ ਸਿਰਜਿਆ ਗਿਆ ਸੀ ਕਿ ਪੰਜਾਬ ਦੇ ਜੁਝਾਰੂਆਂ ਵੱਲੋਂ ਏਸ਼ਆਈ ਖੇਡਾਂ ਵਿੱਚ ਕਿਸੇ ਦੁਰਘਟਨਾ ਨੂੰ ਅੰਜਾਮ ਦਿੱਤਾ ਜਾ ਸਕਦੈ। ਉਸ ਸਮੇਂ ਹਰਿਆਣੇ ਅੰਦਰ ਭਜਨ ਲਾਲ ਮੁੱਖ ਮੰਤਰੀ ਦੀ ਅਗਵਾਈ ਵਾਲੀ ਸਰਕਾਰ ਸੀ । ਪੰਜਾਬ ਤੋਂ ਜਾਣ ਵਾਲੇ ਜਿਆਦਾਤਰ ਸਿੱਖਾਂ ਨੂੰ ਤਲਾਸ਼ੀਆਂ ਕਰਨ ਦੇ ਮਾਮਲੇ ਵਿੱਚ ਬਹੁਤ ਅਪਮਾਨਤ ਕੀਤਾ ਗਿਆ ਸੀ । ਅਪਮਾਨਤ ਲੋਕਾਂ ਦੇ ਵਿੱਚ ਵੱਡੇ ਕਾਂਗਰਸੀ ਨੇਤਾ ਵੀ ਸੀ ਤੇ ਕਈ ਅਫਸਰ ਵੀ ਫੌਜੀ ਅਫਸਰ ਵਾਲੇ ਵੀ ਅਪਮਾਨਤ ਹੋਏ ਸੀ ਤੇ ਦੋਸ਼ ਸਿਰਫ ਇਹੀ ਕਿ ਉਹ ਕੇਸਾਧਾਰੀ ਤੇ ਦਸਤਾਰਧਾਰੀ ਸਨ ।ਨਵੰਬਰ 1984 ਵਿਚ ਜਿਵੇਂ ਪੂਰੇ ਭਾਰਤ ਵਿੱਚ ਸਿੱਖਾਂ ਦਾ ਸ਼ਿਕਾਰ ਖੇਡਿਆ ਗਿਆ ਉਸ ਸਮੇ ਇਹ ਨਹੀਂ ਦੇਖਿਆ ਗਿਆ ਕਿ ਉਹ ਅਕਾਲੀ ਹੈ ਜਾਂ ਕਾਂਗਰਸੀ ਜਾਂ ਕਾਮਰੇਡ , ਸਿਖੀ ਸਰੂਪ ਵਾਲਾ ਰਾਧਾ ਸੁਆਮੀ ਹੈ ਜਾਂ ਨਿਰੰਕਾਰੀ ਕਤਲ ਕੀਤੇ ਗਏ ਤੇ ਉਜਾੜੇ ਗਏ ਕਿਉਂਕਿ ਉਹ ਕਾਸਾਧਾਰੀ ਤੇ ਦਸਤਾਰਧਾਰੀ ਸਨ ।ਹਰਿਆਣੇ ਦੇ ਜ਼ੀਦ ਜਿਲੇ ਅੰਦਰ ਪੈਂਦੇ ਪਿੰਡ "ਹੋਂਦ ਚਿਲੜ “ ਦੇ ਸਾਰੇ ਹੀ ਸਿੱਖ ਪਰਿਵਾਰਾ ਨੂੰ ਮਾਰ ਕੇ ਲਾਸ਼ਾਂ ਖੂਹ ਵਿੱਚ ਸੁੱਟ ਦਿੱਤੀਆਂ ਗਈਆਂ ਤੇ 25 ਸਾਲ ਤੱਕ ਉਨਾਂ ਦਾ ਕੋਈ ਸੁਰਾਖ ਨਹੀਂ ਸੀ ਨਿਕਲਿਆ । ਦੋਸ਼ ਕੀ ਸੀ ਉਹ ਸਿੱਖ ਹਨ । ਤੇ ਕੇਂਦਰ ਤੇ ਉਸ ਦੀਆ ਸਰਕਾਰਾਂ ਸਿੱਖਾਂ ਦੀ ਟੈ ਭੰਨਣੀਆਂ ਚਾਹੁੰਦੀਆਂ ਸਨ ਤੇ ਅੱਜ ਵਾਲੀ ਸਰਕਾਰ ਵੀ ਇਸੇ ਹੀ ਮਨਸੂਬੇ ਉਪਰ ਚੱਲਦੀ ਨਜ਼ਰ ਆ ਰਹੀ ਹੈ ਜਿਸਦੇ ਮੁਕਾਬਲੇ ਲਈ ਏਕਤਾ ਜਰੂਰੀ ਹੀ ਨਹੀਂ ਸਗੋਂ ਅੱਤ ਜਰੂਰੀ ਹੈ ।
ਅਖੀਰ ਵਿੱਚ ਕਹਿਣਾ ਚਾਹਾਂਗਾ ਕਿ ਬਹੁਤ ਸਾਰੇ ਨੋਜਵਾਨਾ ਅੰਦਰ ਆਪਣੀ ਕਿਸਾਨੀ ਲੀਡਰਸ਼ਿਪ ਪ੍ਰਤੀ ਸ਼ਿਕਵਾ ਹੈ , ਤੇ ਉਹ ਰੋਸ ਵੀ ਜਿਹੜਾ ਆਪਣਿਆ ਉੱਪਰ ਹੁੰਦੈ, ਕਿਉਂਕਿ ਆਪਣਿਆਂ ਉੱਪਰ ਮਾਣ ਵੀ ਹੰਦੈ । ਜਿਹੜੀ ਬੇਰੁਖੀ ਤੇ ਬੇਗਾਨਾਪਨ ਕੁਝ ਵੱਡੇ ਲੀਡਰਾਂ ਵੱਲੋਂ ਨੋਜਵਾਨਾ ਪ੍ਰਤੀ ਅਪਣਾਇਆ ਗਿਆ, ਜਿਹੜੀ ਭਾਸ਼ਾ ਜਾ ਜਿਹੜੇ ਬਿਆਨਾ ਦਾ ਇਸਤੇਮਾਲ ਕੀਤਾ ਗਿਆ ਉਸਨੇ ਜਵਾਨੀ ਨੂੰ ਪੀੜਤ ਕੀਤਾ ਤੇ ਅੰਦੋਲਨ ਨੂੰ ਕੰਮਜੋਰ ਵੀ । ਤੇ ਇਹ ਉਹ ਪੀੜ ਸੀ ਜਿਹੜੀ ਆਪਣਿਆ ਵੱਲੋਂ ਦਿੱਤੇ ਘਾਉ ਕਾਰਨ ਹੁੰਦੀ ਹੈ । ਤੇ ਗੱਲ ਏਸ ਵੇਲੇ ਟੈਂ ਮੰਨਣ ਤੇ ਟੈਂ ਭੰਨਣ ਉੱਪਰ ਖੜੀ ਹੈ । ਪਰ ਸਾਨੂੰ ਇਹ ਵੀ ਚੰਗੀ ਤਰਾਂ ਪਤਾ ਹੈ ਕਿ ਆਪਣਿਆਂ ਅੱਗੇ ਝੁਕਣਾ ਜਾਂ ਨਿਊਣਾ ਇਨਾਂ ਮਾਅਨੇ ਨਹੀਂ ਰੱਖਦਾ ਜਿਨਾਂ ਮਹੱਤਵ ਉਸ ਨਿਸ਼ਾਨੇ ਦਾ ਹੈ ਜਿਸਨੂੰ ਅਸੀਂ ਹਾਸਲ ਕਰਨੈ । ਤੇ ਮੰਜ਼ਲ ਦੀ ਪ੍ਰਾਪਤੀ ਲਈ ਸ਼ਕਤੀ ਦੇ ਨਿਰੰਤਰ ਬਣੇ ਰਹਿਣ ਦੀ ਜ਼ਰੂਰਤ ਹੁੰਦੀ ਹੈ , ਤੇ ਉਹ ਸ਼ਕਤੀ ਤੁਹਾਡੇ ਆਪਸੀ ਏਕੇ ਉਪਰ ਹੀ ਅਧਾਰਤ ਹੈ ।ਆਪਸੀ ਵਿੱਥ ਬਹੁਤ ਸੀਮਤ ਹੈ । ਦੋਹਾਂ ਹੀ ਧਿਰਾਂ ਲਈ ਅੰਦੋਲਨ ਦੀ ਹਾਰ ਮੋਤ ਦੇ ਬਰਾਬਰ ਹੋਣ ਦਾ ਅਹਿਸਾਸ ਵੀ ਹੈ । ਨੌਜਵਾਨ ਬੇਸ਼ਕ ਆਪਣੇ ਬਾਪੂਆਂ ਤੋਂ ਨਾਰਾਜ਼ ਹਨ ਤੇ ਵੱਖ ਵੀ ਹੋਏ, ਤੇ ਅੱਜ ਵਿੱਛੜੇ ਹੋਏ ਮਹਿਸੂਸ ਵੀ ਕਰਦੇ ਹਨ ਤੇ ਇਹ ਵੀ ਭੈ ਮਨਾਂ ਦੇ ਅੰਦਰ ਹੈ ਕਿ ਬਾਪੂ ਇੱਕਲਾ ਕਿਤੇ ਮਾਰ ਹੀ ਨਾ ਖਾ ਬੈਠੇ । ਉਹ ਚਾਹੁੰਦੇ ਹਨ ਕਿ ਉਨਾਂ ਦੇ ਬਾਪੂ ਉਨਾਂ ਨੂੰ ਆਪ ਆਵਾਜ਼ ਮਾਰਨ ਤੇ ਆਪ ਆਣ ਕੇ ਜੱਫੀ ਵਿੱਚ ਲੈਣ । ਨੋਜਵਾਨ ਆਪਣੇ ਬਾਪੂਆਂ ਵੱਲੋਂ ਉਸੇ ਹੀ ਜੱਫੀ ਦੀ ਉਡੀਕ ਵਿੱਚ ਹਨ । ਸਿਆਣੇ ਕਹਿੰਦੇ ਹਨ ਜਦੋਂ ਪਿਓ ਦੀ ਜੁੱਤੀ ਪੁੱਤਰ ਦੇ ਮੇਚ ਆਉਣ ਲੱਗ ਪਵੇ ਤਾਂ ਬਾਪੂ ਨੂੰ ਪੁੱਤਰ ਦੀ ਗੱਲ ਨੂੰ ਅਣਗੌਲਿਆ ਨਹੀਂ ਕਰਨਾ ਚਾਹੀਦਾ । ਪੁੱਤਰ ਆਪਣੇ ਪਿਉ ਲਈ ਦੁਸ਼ਮਣ ਦੇ ਸਾਹਮਣੇ ਕੰਧ ਬਣਨਾ ਚਾਹੁੰਦੈ, ਪਿਉ ਨੂੰ ਮਾਣ ਮਹਿਸੂਸ ਕਰਨਾ ਚਾਹੀਦੈ । ਪੁੱਤਰ ਆਪਣੇ ਪਿਉ ਦੀ ਪੱਗ ਦੇ ਸ਼ਮਲੇ ਨੂੰ ਉੱਚਾ ਦੇਖਣਾ ਚਾਹੁੰਦੇ ਕਿਉਂਕਿ ਜੇ ਅੱਜ ਬਾਪੂ ਦੀ ਪੱਗ ਸਲਾਮਤ ਹੈ ਤਾਂ ਕੱਲ ਨੂੰ ਉਸਦੀ ਸਲਾਮਤੀ ਪੁੱਤਰ ਲਈ ਵੀ ਮਾਣ ਬਣੇਗੀ । ਅੰਦੋਲਨ ਦੇ ਇਸ ਪੜਾਓ ਵਿੱਚ ਇੰਜ ਲਗਦੈ ਜਿਵੇਂ ਪੁੱਤਰ ਪਿਉ ਨਾਲੋ ਵੱਲ ਸਮਝਦਾਰੀ ਕਰਦੈ ।ਨੋਜਵਾਨਾ ਨੇ ਤਿੰਨ ਵੱਡੀਆਂ ਰੈਲੀਆਂ ਕੀਤੀਆਂ, ਲੀਡਰਸ਼ਿਪ ਪ੍ਰਤੀ ਆਪਣਾ ਰੋਸ ਵੀ ਜ਼ਾਹਰ ਕੀਤਾ ਪਰ ਕਿਤੇ ਵੀ ਅਜਿਹਾ ਸੰਕੇਤ ਨਹੀਂ ਦਿੱਤਾ ਜਿਸ ਨਾਲ ਅੰਦੋਲਨ ਕਮਜ਼ੋਰ ਹੋਵੇ । ਆਮ ਮੰਨਣਾ ਹੈ ਕਿ ਬੁਢਾਪੇ ਵਿਚ ਹੱਡੀਆਂ ਅੰਦਰ ਲਚਕ ਘੱਟ ਜਾਂਦੀ ਹੈ ਪਰ ਲੱਗਦੈ ਸਾਡੇ ਸੂਝਵਾਨ ਲੀਡਰਾਂ ਦੀ ਸੋਚ ਵਿਚ ਵੀ ਲਚਕੀਲਾਪਨ ਖਤਮ ਹੋ ਰਿਹਾ ਹੈ ।ਇਸ ਸਮੇਂ ਮੋਰਚੇ ਦੀ ਸਫਲਤਾ ਸਾਡੇ ਕਿਸੇ ਵੀ ਆਪਸੀ ਵਖਰੇਵੇਂ ਜਾਂ ਗਿਲੇ ਸ਼ਿਕਵੇ ਤੋਂ ਵੱਧ ਮਹੱਤਵ ਰੱਖਦੀ ਹੈ । ਟੈ ਭੰਨਣ ਦੀ ਬਿਰਤੀ ਨੂੰ ਥੋੜਾ ਜਿਹਾ ਠੰਡਾ ਪੈਣ ਦਿਉ ਤੇ ਟੈ ਮੰਨਣ ਵਾਲੀ ਸੋਚ ਦੇ ਧਾਰਨੀ ਬਣੋ । ਸਾਰੇ ਹੀ ਸੁਹਿਰਦ ਲੋਕਾਂ ਨੂੰ ਆਸ ਹੈ ਬਾਪੂ ਜੱਫੀ ਪਾਉਣ ਲਈ ਬਾਹਵਾਂ ਵੀ ਉਲਾਰੇ ਤੇ ਹਾਕ ਵੀ ਮਾਰੇ ਤਾਂ ਜੋ ਪਿਓ ਪੁੱਤ ਬਜੁਰਗ ਤੇ ਨੋਜਵਾਨ ਭਰਪੂਰ ਸ਼ਕਤੀ ਦਾ ਸਬੂਤ ਦੇਣ ਤਾਂ ਜੋ ਪੰਜਾਬ ਜਿੱਤੇ - ਕਿਸਾਨ ਜਿੱਤੇ।


ਸੰਪੂਰਨ ਸਿੰਘ
ਮੁੱਖ ਸੇਵਾਦਾਰ
ਗੁਰੂਦੁਵਾਰਾ ਸਿੱਖ ਨੈਸ਼ਨਲ ਸੈਂਟਰ
ਹਿਊਸਟਨ ਟੈਕਸਸ
281-635-7466

ਅਜਿਹੀਆਂ ਆਤਮਾਵਾਂ ਲੋਕ ਪਰਲੋਕ ਵਿਚ ਉਚੇਚਾ ਸਤਿਕਾਰ ਪ੍ਰਾਪਤ ਕਰਦੀਆਂ ਹਨ ਤੇ ਬਹੁਤ ਹੀ ਸਤਿਕਾਰਯੋਗ ਸ਼ਬਦਾਂ ਜਿਵੇਂ ਅਵਤਾਰ, ਪੈਗੰਬਰ, ਗੁਰੁ, ਰੱਬ ਦਾ ਪੁਤਰ, ਤੀਰਥੰਕਰ ਆਦਿ ਨਾਲ ਚੇਤੇ ਰੱਖੀਆਂ ਜਾਂਦੀਆਂ ਹਨ।

ਧਰਮ ਦਾ ਆਧਾਰ ਤਰਕ ਜਾਂ ਸ਼ਰਧਾ

ਸਿੱਖ ਧਰਮ ਅੰਦਰ ਅੱਜ ਇਹ ਮੁੱਦਾ ਬਹੁਤ ਹੀ ਸੰਵੇਦਨਸ਼ੀਲ ਸਥਿਤੀ ਵਿੱਚ ਹੈ ਕਿ ਧਰਮ ਦੀ ਪ੍ਰੀਭਾਸ਼ਾ ਦਾ ਸਹੀ ਮਾਪਦੰਡ ਤਰਕ ਹੈ ਜਾਂ ਸ਼ਰਧਾ ਵਿਚਾਰਾਂ ਦੀ ਭਿੰਨਤਾ ਦਾ ਇਹ ਵਿਵਾਦ ਸਿਰਫ ਸਿੱਖ ਧਰਮ ਨਾਲ ਹੀ ਸੰਬਧਤ ਨਹੀ ਤੇ ਨਵਾ ਵੀ ਨਹੀ। ਕਿਉਂਕਿ ਅਸੀ ਸਿੱਖ ਦੇ ਅਨੁਯਾਈ ਹਾਂ ਇਸ ਲਈ ਇਸ ਵਿਚਾਰਧਾਰਾ ਦਾ ਕੇਂਦਰ ਬਿੰਦੂ ਤਾਂ ਸਿੱਖ ਧਰਮ ਹੀ ਰਹੇਗਾ, ਪਰ ਵਿਚਾਰਾਂ ਵਿੱਚ ਜਿਆਦਾ ਸਪੱਸ਼ਟਤਾ ਆ ਸਕੇ ਇਸ ਲਈ ਇਸ ਮੁੱਦੇ ਨੂੰ ਦੂਸਰੇ ਧਰਮਾਂ ਦੇ ਸੰਦਰਭ ਵਿੱਚ ਰੱਖ ਕੇ ਵਾਚਣਾ ਆਯੋਗ ਨਹੀਂ ਹੋਵੇਗਾ।
ਜਦੋਂ ਵੀ ਆਪਾਂ ਧਰਮ ਦੀ ਗੱਲ ਕਰਦੇ ਹਾਂ ਤਾਂ ਸਹਿਜੇ ਹੀ ਸਾਡੀ ਸੋਚ ਸਰੀਰ ਨਾਲੋਂ ਵੱਧ ਆਤਮਾ ਵੱਲ ਤੇ ਦ੍ਰਿਸ਼ਟਮਾਨ ਸੰਸਾਰ ਨਾਲੋ ਵੱਧ ਅਦ੍ਰਿਸਟਤ ਲੋਕਾਂ ਵੱਲ ਕੇਂਦਰਤ ਹੁੰਦੀ ਹੈ। ਅਦ੍ਰਿਸਟਤ ਲੋਕ ਕੀ ਹੈ। ਇਹ ਜਗਿਆਸਾ ਵੀ ਮਨੁੱਖ ਦੇ ਅੰਦਰ ਹੈ ਕਿ ਜਾਣਿਆ ਜਾਵੇ ਕੇ ਕੀ ਹੈ। ਕਿਉਂਕਿ ਉਹ ਮਾਰਗ ਵੀ ਨਜ਼ਰ ਨਹੀ ਆਉਂਦਾ ਤੇ ਉਸ ਮੰਜਲ ਦੀ ਸਹੀ ਤਸਵੀਰ ਜਾਂ ਸਪੱਸ਼ਟ ਰਾਸਤਾ ਨਹੀ ਹੁੰਦਾ ਕਿ ਮਨ ਦੀ ਇਸ ਉਮੰਗ ਨੂੰ ਸਹਿਜੇ ਤ੍ਰਿਪਤ ਕੀਤਾ ਜਾਵੇ। ਉਥੋਂ ਹੀ ਸਾਰੀਆਂ ਸਮੱਸੀਆਵਾਂ ਜਨਮ ਲੈਂਦੀਆਂ ਹਨ ਜਦੋਂ ਬੰਦੇ ਦੀ ਇਸ ਭੁੱਖ ਨੂੰ ਸਮਝ ਕੇ ਉਸ ਜਮਾਤ ਦਾ ਜਨਮ ਹੁੰਦੈ ਜਿਸ ਨੂੰ ਪਤਾ ਤਾਂ ਨਹੀਂ ਹੁੰਦਾ ਪਰ ਪਤਾ ਹੋਣ ਦੇ ਭਰਮ ਜਾਲ ਨੂੰ ਖਿਲਾਰ ਕੇ ਅਭੋਲ ਜਗਿਆਸੂ ਨੂੰ ਉਸ ਵਿੱਚ ਫਸਾਉਣਾ ਉਨ੍ਹਾਂ ਦੀ ਕਲਾ ਹੁੰਦੀ ਹੈ। ਜਿਥੋ ਫਿਰ ਸਹੀ ਸ਼ਰਧਾ ਤੇ ਸਹੀ ਤਰਕ ਦਾ ਟਕਰਾਓੁ ਸਾਹਮਣੇ ਆਉਂਦਾ।
ਇਕ ਅਨੁਭਵੀ ਮਹਾਂਪੁਰਸ਼ ਦੀ ਇਕ ਬੜੀ ਰੌਚਕ ਤੇ ਅਰਥ ਭਰਪੂਰ ਗਾਥਾ ਦਾ ਜਿਕਰ ਕਰਨਾ ਚਾਹਾਂਗਾ ਜੋ ਸਾਡੇ ਇਸ ਮੁੱਦੇ ਨੂੰ ਸਰਲ ਕਰਨ ਵਿੱਚ ਸਹਾਈ ਹੋ ਸਕਦੀ ਹੈ, ਆਮ ਦੁਨਿਆਵੀ ਧਾਰਨਾ ਹੈ ਕਿ ਕਿਸੇ ਵੀ ਮੰਜਲ ਤੱਕ ਪਹੁੰਚਣ ਲਈ ਉਹੀ ਮਾਰਗ ਦਰਸ਼ਕ ਸਹੀ ਜਾਣਕਾਰੀ ਦੇ ਸਕਦੇ ਜਿਸਨੇ ਆਪ ਉਸ ਰਾਹ ਤੇ ਚਲਣ ਦਾ ਤਜਰਬਾ ਕੀਤਾ ਹੁੰਦਾ ਅਜਿਹਾ ਹੀ ਵਰਤਾਰਾ ਵਾਪਰਦਾ ਜਦ ਰੱਬੀ ਦਰਗਾਹ ਤੱਕ ਪਹੁੰਚਣ ਲਈ ਖੁੱਦ ਉਸ ਰਾਸਤੇ ਦਾ ਪਾਂਧੀ ਬਣਕੇ ਆਪ ਚਲਿਆ ਜਾਂਦਾ। ਪਰ ਜਦੋਂ ਅਜਿਹੀਆਂ ਆਤਮਾਵਾਂ ਆਪਣੀ ਦੁਨਿਆਵੀ ਪੰਧ ਮੁਕੰਮਲ ਕਰਨ ਉਪਰੰਤ ਰੱਬੀ ਘਰ ਵਿਚ ਜਾਂਦੀਆ ਹਨ ਤਾਂ ਉਥੇ ਉਹ ਏਨੀਆ ਸਤਿਕਾਰਤ ਤੇ ਅਨੰਦਤ ਮਹਿਸੂਸ ਕਰਦੀਆਂ ਹਨ ਕਿ ਮੁੜ ਉਹੀ ਦੁਨੀਆਵੀ ਲੋਕਾਂ ਵਿਚ ਆਉਣਾ ਨਹੀ ਚਾਹੁੰਦੀਆਂ। ਪਰ ਕੁਝ ਵਿਸ਼ੇਸ ਰੂਹਾਂ ਵੀ ਹੁੰਦੀਆਂ ਹਨ ਰੱਬੀ ਰੂਪ ਜਿਹੜੀਆਂ ਜਾਂ ਤਾਂ ਆਪਣੀ ਇਛਾ ਮੁਤਾਬਕ ਜਾਂ ਅਕਾਲ ਪੁਰਖ ਦੇ ਹੁਕਮ ਅਨੁਸਾਰ ਫਿਰ ਮਾਤਲੋਕ ਵਿਚ ਅਉਂਦੀਆਂ ਜਾਂ ਭੇਜੀਆਂ ਜਾਂਦੀਆਂ ਹਨ ਤਾਂ ਜੋ ਇਸ ਮਾਨਵ ਲੋਕਾਈ ਨੂੰ ਉਸ ਪਰਮ ਅਨੰਦ ਦੀਆਂ ਝੱਲਕਾਂ ਦਿਖਾ ਸਕਣ ਜਾਂ ਉਨ੍ਹਾਂ ਦਾ ਅਹਿਸਾਸ ਕਰਵਾ ਸਕਣ ਤਾਂ ਜੋ ਹੋਰ ਲੋਕ ਵੀ ਉਸ ਪਰਮਆਨੰਦ ਦੀ ਪ੍ਰਾਪਤੀ ਲਈ ਪ੍ਰਰੇ ਤ ਹੋਣ। ਇਹ ਅਨੁਭਵ ਕਿਸੇ ਗੈਰ ਸਿੱਖ ਮਹਾਂਪੁਰਸ਼ ਦਾ ਹੈ ਪਰ ਇਸ ਦੀਆਂ ਸਾਖਸ਼ਾਤ ਉਦਾਹਰਣਾ ਬਾਕੀ ਮਹਾਂਪੁਰਸ਼ਾਂ ਅੰਦਰ ਵੀ ਦੇਖੀਆਂ ਜਾ ਸਕਦੀਆਂ ਹਨ। ਉਸ ਲੋਕ ਦੇ ਉਸ ਆਗਾਮੀ ਆਨੰਦ ਦੀ ਗੱਲ ਕਰਦਿਆ ਕਲਗੀਧਰ ਪਾਤਸ਼ਾਹ ਨੇ ਵੀ ਆਪਣੇ ਅਨੁਭਵ ਦਾ ਜਿਕਰ ਬਚਿਤਰ ਨਾਟਕ ਵਿਚ ਕੀਤਾ ''ਜੀਅ ਨਾ ਭਜੋ ਹਮਰੋ ਆਵਨ ਕੋ-ਖੁਬੀ ਰਹੀ ਪ੍ਰੀਤ ਪ੍ਰਭ ਚਰਨਨ ਮੇਂ'' ਜਦੋਂ ਗੁਰੂ ਸਾਹਿਬ ਦਾ ਅਵਤਰਨ ਹੁੰਦਾ ਉਦੋਂ ਪੀਰ ਭੀਖਣ ਸ਼ਾਹ ਨੂੰ ਇਹ ਰੱਬੀ ਇਲਹਾਮ ਹੋਣਾ ਕਿ ਪਟਨੇ ਦੀ ਧਰਤੀ ਤੇ ਕੋਈ ਰੱਬੀ ਰੂਹ ਦਾ ਪ੍ਰਕਾਸ਼ ਹੋਇਆ। ਅਜਿਹੀ ਘਟਨਾਂ ਵਾਪਰੀ ਜਦ ਸਿਧਾਰਥ (ਗੋਤਮ ਬੁੱਧ) ਦਾ ਹੋਈਆ। ਕਥਾ ਹੈ ਕਿ ''ਅਸੀਧਾ'' ਨਾਮ ਦਾ ਇਕ ਮਹਾਂਰਿਸ਼ੀ ਜੋ ਖੁਦ ਵੀ ਮੁਕਤ ਹੋਈ ਰੂਹ ਸੀ, ਹਿਮਾਲੀਆ ਦੀਆਂ ਗੁਫਾਵਾਂ ਵਿੱਚੋਂ ਚਲ ਕੇ ਸਿਧਾਰਥ ਦੇ ਦਰਸ਼ਨਾ ਨੂੰ ਪਹੁੰਚਿਆ ਤੇ ਇਕ ਮਹਾਂ-ਅਨੰਦਤ ਅਵਸਥਾ ਵਿਚ ਬੋਲਿਆ ਕਿ ਮੈਂ ਧੰਨ ਹੋਇਆ ਮਹਿਸੂਸ ਕਰ ਰਿਹਾ ਹਾਂ ਇਸ ਅਵਤਾਰੀ ਕਲੀ ਦੇ ਦਰਸ਼ਨ ਕਰਕੇ ਜਿਸਨੇ ਆਉਣ ਵਾਲੇ ਸਮੇਂ ਵਿਚ ਇਕ ਬਹੁਤ ਵੱਡਾ ਫੁਲ ਬਣਕੇ ਇਸ ਦੀ ਮਹਿਕ ਨਾਲ ਲੋਕਾਈ ਨੂੰ ਪ੍ਰਭਾਵਤ ਵੀ
 
ਕਰਨਾ ਤੇ ਆਨੰਦਤ ਵੀ। ਕਿਹੜਾ ਤਰਕ ਹੈ ਜਿਸਦੀ ਤੱਕੜੀ ਤੇ ਅਸੀ ਇਸ ਰੱਬ ਰਹਿਮਤ ਦੀਆਂ ਝਲਕੀਆਂ ਨੂੰ ਤੋਲ ਸਕਾਂਗੇ। ਨਾਸਤਕ ਵਿਚਾਰਧਾਰਾ ਨੇ ਆਸਤਕ ਅਨੁਭਵਾਂ ਦੀਆਂ ਗੱਲਾਂ ਦਾ ਹਮੇਸ਼ਾ ਖੰਡਨ ਵੀ ਕੀਤਾ ਤੇ ਮਖੋਲ ਵੀ ਉਡਾਇਆ ਪਰ ਗਵਾਹੀਆਂ ਏਨੀਆਂ ਪਰਬਲ, ਪਰਿਮਾਨਤ ਤੇ ਪਰਿਵਾਣਤ ਹਨ ਕਿ ਇਨਕਾਰੀ ਹੋਣ ਦੀ ਗੁੰਜਾਇਸ਼ ਵੀ ਨਹੀ ਬਚਦੀ।
ਮੈਂ ਵਿਸ਼ਵ ਦੇ ਉਨ੍ਹਾਂ ਧਰਮਾਂ ਦੀਆਂ ਵੀ ਅਜਿਹੀਆਂ ਮਾਨਤਾਵਾ ਦਾ ਜ਼ਿਕਰ ਕਰਨਾ ਚਾਹਾਂਗਾ ਜਿਨ੍ਹਾਂ ਦਾ ਤਾਰਕਿਕ ਆਧਾਰ ਸ਼ਾਇਦ ਕੋਈ ਵੀ ਨਾ ਹੋਵੇ। ਇਸਾਈ ਧਰਮ ਦੁਨੀਆਂ ਅੰਦਰ ਸਭ ਤੋਂ ਵੱਧ ਮੰਨਣ ਵਾਲਿਆਂ ਦਾ ਧਰਮ ਹੈ। ਉਨ੍ਹਾਂ ਦੇ ਪੈਗੰਬਰ ''ਯਿਸ਼ੂਸ'' ਦਾ ਜਨਮ ਦਿਨ ਕ੍ਰਿਸਮਿਸ ਦੇ ਰੂਪ ਵਿਚ ਦੁਨੀਆਂ ਦਾ ਸੱਭ ਤੋਂ ਵੱਡਾ ਤਿਉਹਾਰ ਹੈ। ਯਿਸ਼ੂਸ ਨਾਲ ਸਬੰਧਤ ਦੋ ਵੱਡੀਆਂ ਘਟਨਾਵਾਂ ਜੁੜੀਆਂ ਹਨ ਜੋ ਤਰਕ ਦੇ ਕਿਸੇ ਵੀ ਪੈਮਾਨੇ ਅੰਦਰ ਫਿਟ ਨਹੀ ਹੋ ਸਕਦੀਆਂ ਯਿਸ਼ੂਸ ਦੀ ਮਾਂ „ਮਰੀਅਮ? ਕੁਆਰੀ ਸੀ ਜਦ ਉਸਨੇ ਇਸ ਰੱਬੀ ਪੁਰਸ਼ ਨੂੰ ਗਰਭ ਧਾਰਨ ਕੀਤਾ। ਦੂਜੀ ਘਟਨਾ ਸੂਲੀ ਤੇ ਚੜਾਏ ਜਾਣ ਦੀ, ਜਦੋਂ ਉਸਨੂੰ ਕਬਰ ਵਿਚ ਦਫਨਾਉਣ ਦੇ ਤੀਸਰੇ ਦਿਨ ਯਿਸ਼ੂਸ ਫਿਰ ਜੀਵਤ ਨਜਰੀ ਆਇਆ। ਇਸਾਈਆਂ ਦਾ ਵਿਸ਼ਵਾਸ ਹੈ ਕਿ ਯਿਸ਼ੂਸ ਨੇ ਆਪਣਾ ਪੈਰੋਕਾਰਾਂ ਦੇ ਪਾਪਾਂ ਨੂੰ ਆਪਣੇ ਉਪਰ ਲੈਦਿਆਂ ਇਹ ਸ਼ਹਾਦਤ ਦਿੱਤੀ। ਦੁਨੀਆਂ ਦੇ ਸਭ ਤੋਂ ਵੱਧ ਨੋਬਲ ਪਰਾਈਜ਼ ਜੈਤੂ ਕਰਿਸਚੈਨਟੀ ਨੂੰ ਮੰਨਣ ਵਾਲੇ ਹਨ ਦੁਨੀਆਂ ਦੇ ਸਭ ਤੋਂ ਵੱਡੇ ਹਿਸੇ ਅੰਦਰ ਉਨ੍ਹਾਂ ਦਾ ਰਾਜ ਭਾਗ ਹੈ। ਦੁਨੀਆਂ ਦੀ ਅਸਲ ਤਾਕਤ ਦੇ ਮਾਲਕ ਇਸਾਈ ਲੋਕ ਹਨ। ਉਨ੍ਹਾਂ ਸਭ ਨੇ ਇਨ੍ਹਾਂ ਘਟਨਾਵਾਂ ਨੂੰ ਬੇਝਿਜਕ ਪ੍ਰਵਾਨ ਕੀਤਾ ਹੈ। ਸਾਡੇ ਧਾਰਮਿਕ ਵਿਦਵਾਨ ਪ੍ਰਚਾਰਕਾਂ ਕੋਲੋਂ ਆਪਣੇ ਘਰ ਸਾਂਭ ਨਹੀ ਹੁੰਦੇ ਪਰ ਅਸੀ ਕਦੀ ਇਸਾਈਆਂ, ਕਦੇ ਮੁਸਲਮਾਨਾਂ ਤੇ ਕਦੇ ਬ੍ਰਾਹਮਣਾਂ ਦੇ ਵਿਹੜੇ ਜਾ ਵੜਦੇ ਹਾਂ। ਉਨ੍ਹਾਂ ਦੀਆਂ ਮਾਨਤਾਵਾਂ ਨੂੰ ਖੰਡਨ ਦਾ ਬੇਮਤਲਬ ਝਮੇਲਾ ਸਹੇੜ ਬੈਠਦੇ ਹਨ।
ਬੋਧੀ ਧਰਮ ਜਿਸਨੂੰ ਆਪਣੀ ਜਨਮ ਭੂਮੀ ਤੋਂ ਬਾਹਰ ਕੱਢਿਆ ਪਰ ਉਹ ਚੀਜ ਤੇ ਜਪਾਨ ਵਰਗੇ ਵਿਕਸਤ ਅਨੇਕਾਂ ਦੇਸ਼ਾਂ ਵਿਚ ਸਤਿਕਾਰਤ ਹੈ। ਮਹਾਤਮਾ ਬੁੱਧ ਬਾਰੇ ਇਕ ਗਾਥਾ ਹੈ, ਕਿ ਬੁੱਧ ਦੀ ਮਾਂ ਬਿਰਖ ਥੱਲੇ ਖੜੀ ਸੀ ਜਦ ਬੁੱਧ ਦਾ ਜਨਮ ਹੋਇਆ ਤੇ ਉਹ ਜ਼ਮੀਨ ਤੇ ਪੈਰਾਂ ਭਾਰ ਡਿਗਿਆ ਤੇ ਸੱਤ ਕਦਮ ਚਲਿਆ, ਅਠਵੇਂ ਕਦਮ ਤੇ ਉਸਨੇ ''ਜੀਵਨ ਦੁੱਖ ਹੈ'' ਨਾਲ ਸਬੰਧਤ ਚਾਰ ਸਚਾਈਆਂ ਦੀ ਘੋਸ਼ਣਾ ਕੀਤੀ।
ਜੈਨੀਆਂ ਦੇ 24ਵੇਂ ਤੀਰਥੰਕਰ ਮਹਾਂਵੀਰ ਨਾਲ ਸੰਬਧਤ ਘਟਨਾ ਹੈ ਕਿ ਮਹਾਂਵੀਰ ਗਰਭ ਦੇ ਪਹਿਲੇ ਤਿੰਨ ਮਹੀਨੇ ਬ੍ਰਾਹਮਣੀ ਦੇ ਗਰਭ ਵਿਚ ਰਿਹਾ। ਕਿਉਕਿ ਪਹਿਲੇ 23 ਤੀਰਥੰਕਰ ਰਾਜ ਪੁਤਰ ਸਨ, ਕਸੱਤਰੀ ਸਨ ਇਸ ਲਈ ਦੇਵਤਿਆਂ ਨੇ ਨਿਰਣਾ ਕੀਤਾ ਕਿ ਇਹ ਆਤਮਾ ਜੋ ਇਕ ਬਹੁਤ ਪ੍ਰਤਾਪੀ ਤੀਰਥੰਕਰ ਦੇ ਰੂਪ ਵਿਚ ਵਿਚਰੇਗੀ। ਇਸ ਲਈ ਇਸਦਾ ਜੋ ਵਿਆਕਤਿਤਵ ਚਾਹੁੰਦੀ ਹੈ। ਉਹ ਬ੍ਰਾਹਮਣੀ ਦੇ ਗਰਭ ਵਿਚ ਵਿਕਸਤ ਨਹੀ ਹੋਵੇਗਾ। ਇਸ ਲਈ ਇਹ ਬਾਲਕ ਤਿੰਨ ਮਹੀਨੇ ਦੇ ਗਰਬ ਤੋਂ ਬਾਅਦ ਗਰਭ ਪ੍ਰੀਵਰਤਨ ਕਰਕੇ ਖਤਰਾਣੀ ਦੇ ਪਟੇ ਵਿਚ ਰੱਖ ਦਿੱਤਾ ਤੇ ਖਤਰਾਣੀ ਦੇ ਪੇਟ ਵਿਚੋਂ ਇਕ ਲੜਕੀ ਦਾ ਗਰਭ ਬ੍ਰਾਹਮਣੀ ਦੇ ਪੇਟ ਵਿਚ ਤਬਦੀਲ ਕਰ ਦਿੱਤਾ। ਇਹ ਗਾਥਾ ਜੈਨ ਧਰਮ ਅੰਦਰ ਸਤਿਕਾਰਤ ਮਾਨਤਾ ਨਾਲ ਪ੍ਰਵਾਨਤ ਹੈ।
ਚੀਨੀ ਮਹਾਂਪੁਰਸ਼ ਲਾਉਤਸੇ ਪੁਰਾਤਨ ਚੀਨ ਅੰਦਰ ਸਭ ਤੋਂ ਵੱਧ ਸਤਿਕਾਰਤ ਮਹਾਪੁਰਸ਼ ਤੇ ਫਿਲਾਸਫਰ ਹੋਇਆ ਦੇ ਸਬੰਧ ਵਿਚ ਮੰਨਣਾ ਹੈ ਕਿ ਜਦ ਉਸ ਦਾ ਜਨਮ ਹੋਇਆ ਤਾਂ ਉਹ 80 ਸਾਲਾਂ ਦੀ ਉਮਰ ਦਾ ਸੀ ਉਸਦੇ ਵਾਲ ਸਫੇਦ ਸੀ।
ਪੁਰਾਤਨ ਰਾਜਿਆਂ ਵਿਚੋਂ ਰਾਜਾ ਜਨਕ ਦਾ ਨਾਮ ਰਾਜੇ ਨਾਮ ਨਾਲ ਨਾਲ ਇਕ ਅਵਤਾਰੀ ਮਹਾਂਪੁਰਸ਼ ਵੱਜੋਂ ਵੀ ਜਾਣਿਆ ਜਾਂਦਾ ਸੀ। ਉਸ ਦਾ ਜਿਕਰ ਗੁਰਬਾਣੀ ਵਿਚ ਵੀ ਹੈ। ਉਸ ਦਾ ਗੁਰੁ ਅਸ਼ਟਾਵਕਰ ਇਕ ਬਾਰਾਂ ਸਾਲ ਦਾ ਲੜਕਾ ਸੀ, ਜਿਸ ਪਾਸੋਂ ਜਨਕ ਨੇ ਉਸਦੇ ਪੈਰਾਂ ਉਪਰ ਸਿਰ ਰੱਖ ਕੇ ਪ੍ਰਾਰਥਨਾ ਕੀਤੀ ਸੀ ਕਿ ਹੇ ਪ੍ਰਭੂ ਮੇਰੇ ਮਨ ਦੀ ਜਗਿਆਸਾ ਪੂਰੀ ਕਰੋ ਮੇਰੇ ਮਨ ਦੇ ਸਵਾਲਾਂ ਨੂੰ ਸੁਲਝਾਓ ਤੇ ਮੇਰਾ ਮਾਰਗ ਦਰਸ਼ਨ ਕਰੋ। ਉਹ ਬਾਰਾਂ ਸਾਲਾ ਬਾਲਕ ਅੱਠ ਅੰਗਾਂ ਤੋਂ ਟੇਡਾ ਸੀ ਜਿਸ ਦਾ ਉਸਨੂੰ ਗਰਭ ਸਮੇਂ ਉਸ ਦੇ ਬਾਪ ਵੱਲੋਂ ਸਰਾਪ ਮਿਲਿਆ ਸੀ ਜਦ ਉਸ ਨੇ ਗਰਭ ਵਿਚੋਂ ਹੀ ਵੇਦਾਂ ਦਾ ਪਾਠ ਕਰ ਰਹੇ ਆਪਣੇ ਬਾਪ ਨੂੰ ਟੋਕਿਆ ਸੀ।

ਤਰਕ ਦੇ ਕਿਸੇ ਵੀ ਇਮਤਿਹਾਨ ਵਿਚ ਇਹ ਗਾਥਾਵਾਂ ਪ੍ਰਵਾਨ ਨਹੀ ਹੋ ਸਕੀਆਂ ਪਰ ਫਿਰ ਵੀ ਸਬੰਧਤ ਧਰਮਾਂ ਦੇ ਸ਼ਰਧਾਲੂਆਂ ਅੰਦਰ ਪ੍ਰਵਾਨਤ ਹਨ। ਇਹ ਤਾਂ ਮੰਨਣਾ ਪਵੇਗਾ ਕਿ ਇਹ ਗਾਥਾਵਾਂ ਭਾਵੇਂ ਸਚ ਦੀ ਗਵਾਹੀ ਨਹੀਂ ਭਰਦੀਆਂ ਪਰ ਇਹ ਕਹਾਣੀਆਂ ਸਬੰਧਤ ਮਹਾਂਪੁਰਸ਼ਾ ਦੀ ਜਿੰਦਗੀ ਅੰਦਰ ਵਾਪਰੀਆਂ ਅਲੌਕਿਕ ਮਾਨਤਾਵਾਂ ਦੀ ਕਿਸੇ ਨਾ ਕਿਸੇ ਰੂਪ ਵਿਚ ਤਰਜਮਾਨੀ ਜਰੂਰ ਕਰਦੀਆਂ ਹਨ।
ਤਰਕ ਦੀ ਆਪਣੀ ਸੀਮਾ ਹੈ ਪਰ ਧਰਮ ਦੀ ਆਪਣੀ ਅਸੀਮਤਾ ਹੈ, ਤਰਕ ਤੇ ਗਣਿਤ ਦੀ ਭਾਸ਼ਾ ਅੰਦਰ 2+2=4 ਹੀ ਹੁੰਦੇ ਹਨ। ਪਰ ਧਰਮ ਦੀ ਦੁਨੀਆ ਵਿਚ 2+2=5 ਵੀ ਹੋ ਸਕਦਾ ਤੇ 2+2=3 ਵੀ ਸੰਭਵ ਹੈ, ਗੁਰਬਾਣੀ ਵਿੱਚ ਦਰਜ ਹੈ ''ਡਿਠੈ ਮੁਕਤ ਨਾ ਹੋਵਈ ਜਿਚਰ ਸ਼ਬਦ ਨਾ ਕਰੇ ਵਿਚਾਰ'' ਤੇ ਉਥੇ ਹੀ ਦਰਜ ਹੈ ''ਤੁਧ ਡਿਠੇ ਸਚੇ ਪਾਤਸ਼ਾਹ ਮਲ ਜਨਮੁ ਜਨਮੁ ਦੀ ਕਟੀਐ''॥ ਅਰਦਾਸ ਅੰਦਰ ਦਸਮ ਪਾਤਸ਼ਾਹ ਵੱਲੋਂ ਸ੍ਰੀ ਗੁਰੁ ਹਰਕ੍ਰਿਸ਼ਨ ਜੀ ਦੇ ਸਬੰਧ ਵਿਚ ਖੁਦ ਲਿਖਿਆ ਹੈ ''ਸ੍ਰੀ ਹਰਕ੍ਰਿਸ਼ਨ ਧਿਆਈਏ ਜਿਸ ਡਿਠੇ ਸਭ ਦੁਖ ਜਾਇ''॥ ਸਾਡੇ ਗੁਰੁ ਇਤਹਾਸ ਦਾ ਸਭ ਤੋਂ ਵੱਡਾ ਲਿਖਤੀ ਸਰੋਤ ਤਾਂ ਜਨਮ ਸਾਖੀਆਂ ਹੀ ਹਨ। ਇਨ੍ਹਾਂ ਅੰਦਰ ਗੁਰੁ ਸਾਹਿਬਾਨ ਨਾਲ ਸਬੰਧਤ ਬਹੁਤ ਸਾਰੀਆਂ ਘਟਨਾਵਾਂ ਅਜਿਹੀਆਂ ਹਨ, ਜਿਹਨਾਂ ਨੂੰ ਕਰਾਮਾਤ ਵੀ ਕਹਿ ਸਕਦੇ ਹਾਂ, ਬਖਸ਼ਿਸ ਵੀ ਕਿਹ ਸਜਦੇ ਹਾਂ ਜੋ ਮਹਾਂਪੁਰਸ਼ਾਂ ਦੁਆਰਾ ਸਹਿਜੇ ਹੀ ਘਟਦੀਆਂ ਹਨ, ਜੇ ਆਪਾਂ ਉਨ੍ਹਾਂ ਉਪਰ ਇਤਬਾਰ ਨਹੀ ਕਰਾਂਗੇ ਤਾਂ ਫਿਰ ਉਨ੍ਹਾਂ ਸਾਰੇ ਧਾਰਮਕ ਅਸਥਾਨਾ ਦਾ ਕੀ ਕਰਾਂਗੇ ਜਿਹੜੇ ਉਹਨਾਂ ਧਾਰਮਕ ਘਟਨਾਵਾਂ ਨਾਲ ਜੁੜੇ ਹਨ। ਅਵਤਾਰੀ ਪੁਰਸ਼ਾਂ ਦੇ ਬਚਨ ਹਨ ਕਿ ਅਜਿਹੀਆਂ ਆਤਮਾਵਾਂ ਜਦੋਂ ਮਨੁਖੀ ਜਾਮੇ ਅੰਦਰ ਆਉਂਦੀਆਂ ਹਨ। ''ਕਲ ਤਾਰਨ ਗੁਰ ਨਾਨਕ ਆਇਆ'' ਤਾਂ ਉਹ ਕਾਰਾਮਾਤਾਂ ਕਰਦੀਆਂ ਨਹੀ ਸਗੋ ਜੋ ਕੁਝ ਉਹ ਸਹਿਬਾਨ ਕਹਿੰਦੇ ਜਾਂ ਕਰਦੇ ਹਨ ਉਹ ਕਰਾਮਾਤੀ ਜਾਂ ਕਾਰਾਮਾਤ ਹੋ ਨਿਬੜਦੇ ਹਨ। ਇਸੇ ਹੀ ਤਰ੍ਹਾਂ ਮਹਾਪੁਰਸ਼ ਜਾਂ ਰੱਬੀ ਰੂਹਾਂ ਤੀਰਥਾਂ ਉਪਰ ਨਹੀ ਜਾਂਦੀਆਂ ਸਗੋ ਉਹ ਜਿਥੇ ਵੀ ਕਿਸੇ ਪਰਉਪਕਾਰੀ ਕਰਮ ਨੂੰ ਕਰਦੇ ਹਨ ਉਹੀ ਸਥਾਨ ਪੂਜਣਯੋਗ ਤੀਰਥ ਸਥਲ ਬਣ ਜਾਂਦੇ ਹਨ । ''ਜਿਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਹੋਆ'' ''ਜਿਥੇ ਜਾਇ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ''
ਤਰਕ ਤਾਂ ਸਚਮੁੱਚ ਦੋ ਧਾਰੀ ਤਲਵਾਰ ਹੈ। ਇਸ ਨਾਲ ਸਿਰ ਵੱਢਿਆ ਵੀ ਜਾ ਸਕਦਾ ਤੇ ਸਿਰ ਬਖਸ਼ਿਆ ਵੀ ਜਾ ਸਕਦਾ। ਨਿਰਭਰ ਕਰਦਾ ਕਿ ਉਹ ਤਲਵਾਰ ਕਿਸਦੇ ਹੱਥ ਵਿਚ ਹੈ। ਇਹ ਕਦੀ ਵੀ ਨਾ ਖਤਮ ਹੋਣ ਵਾਲੀ ਲੜਾਈ ਹੈ। ਮੈ ਇਕ ਬੜੀ ਅਚੰਭਿਤ ਤਰਕ ਤੇ ਅਧਾਰਤ ਚਰਚਾ ਦਾ ਜ਼ਿਕਰ ਸੁਣਿਆ ਕਿ ਇਕ ਵਾਰੀ ਦੋ ਬਹੁਤ ਹੀ ਵਿਖਆਤ ਤਰਕ ਦੇ ਵਿਦਵਾਨਾਂ ਦੀ ਚਰਚਾ ਦਾ ਅਯੋਜਨ ਹੋਇਆ। ਉਹਨਾਂ ਵਿੱਚੋਂ ਇਕ ਕੱਟੜ ਨਾਸਤਕ ਸੀ ਤੇ ਦੂਸਰਾ ਆਸਤਕ। ਦੋਹਾਂ ਵੱਲੋਂ ਆਪੋ ਆਪਣੇ ਪੱਖ ਦੇ ਸਬੰਧ ਵਿਚ ਏਨੇ ਸੂਖਮ ਤੇ ਪਰਬਲ ਤਰਕ ਦੇ ਬਾਣਾ ਦੇ ਵਾਰ ਕੀਤੇ ਤੇ ਲੋਕ ਜੋ ਉਸ ਚਰਚਾ ਨੂੰ ਸੁਣ ਰਹੇ ਸੀ। ਕਿਉਂਕਿ ਜੋ ਆਸਤਕ ਸੀ ਉਹ ਨਾਸਤਕ ਬਣਕੇ ਰੱਬ ਦੀ ਹੋਂਦ ਇਨਕਾਰੀ ਹੋ ਗਿਆ ਤੇ ਨਾਸਤਕ ਸੀ ਉਹ ਆਸਤਕ ਬਣਗਿਆ ਤਰਕ ਦੀ ਲੜਾਈ ਫਿਰ ਉਥੇ ਦੀ ਉਥੇ ਹੀ ਰਹੀ।
ਤਰਕ ਤੇ ਸ਼ਰਧਾ ਇਹ ਦੋ ਬੁਨਿਆਦੀ ਵੱਖਰੇਵੇਂ ਵਾਲੀਆਂ ਦਿਸ਼ਾਵਾਂ ਹਨ। ਤਰਕ ਇਨਕਾਰੀ ਬਿਰਤੀ ਨੂੰ ਜਨਮ ਦਿੰਦੀ ਤੇ ਸ਼ਰਧਾ ਦਾ ਅਧਾਰ ਸਵਿਕਾਰਨ ਵਿਚ ਹੈ। ਧਰਮ ਤੇ ਸ਼ਰਧਾ ਸਹਿਜ ਤੇ ਟਿਕਾਓੂ ਉਪਰ ਤੇ ਤਰਕ ਦੌੜ ਭੱਜ ਤੇ ਵਿਸਥਾਰ ਦੀ ਵਕਾਲਤ ਕਰਦਾ। ਸਾਡੇ ਤਰਕਵਾਦੀ ਪਰਚਾਰਕਾਂ ਦਾ ਤਰਕ ਪੂਰਬੀ ਮਾਨਸਕਤਾ ਦੀ ਹੀਨ ਭਾਵਨਾ ਵਿਚੋਂ ਜਨਮਦਾ ਨਜ਼ਰ ਆਉਂਦਾ। ਇਹ ਪਰਚਾਰਕ ਧਰਮ ਨੂੰ ਆਤਮਾਂ ਦੇ ਵਿਕਸਤ ਹੋਣ ਜਾਂ ਕਰਨ ਨਾਲ ਜੋੜਨ ਦੀ ਥਾਵੇਂ ਪੱਛਮ ਦੇ ਦੁਨਿਆਵੀ ਇਖਲਾਕੀ ਤੇ ਆਰਥਕ ਪੱਖ ਨੂੰ ਵਿਕਸਤ ਕਰਕੇ ਜਿਆਦਾ ਮਹੱਤਵ ਦਿੰਦੇ ਹਨ। ਪਰ ਉਹ ਅਜਿਹੇ ਵਿਕਸਤ ਸਮਾਜ ਵਿਚੋਂ ਉਤਪਨ ਮਾਨਸਕ ਪੀੜਾ ਨੂੰ ਭੁਲ ਜਾਂਦੇ ਹਨ। ਅਮਰੀਕਾ ਦੁਨੀਆ ਦਾ ਸਭ ਤੋਂ ਵੱਧ ਵਿਕਸਤ ਤੇ ਤਾਕਤਵਰ ਦੇਸ਼ ਹੈ। ਇਸ ਦੁਨਿਆਵੀ ਵਿਕਾਸ ਦਾ ਨਤੀਜਾ ਹੈ ਕਿ ਬਹੁਤ ਸਾਰੀਆਂ ਪ੍ਰਾਪਤੀਆਂ ਦੇ ਨਾਲ ਨਾਲ ਬਹੁਤ ਸਾਰੀਆਂ ਅਲਾਮਤਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ। ਸਾਰੀ ਦੁਨੀਆਂ ਦੇ ਮੁਕਾਬਲੇ ਮਾਨਸਕ ਰੋਗਾਂ ਨਾਲ ਪੀੜਤ ਲੋਕਾਂ ਦੀ ਫੀਸਦੀ ਦਰ ਅਮਰੀਕਾ ਦੀ ਸਭ ਤੋਂ ਵਧੱ 26 ਫੀਸਦੀ ਹੈ ਹਰ ਚੌਥਾ ਵਿਅਕਤੀ ਮਾਨਸਕ ਰੋਗੀ ਹੈ ਤੇ ਹਰ ਦੂਸਰਾ ਵਿਅਕਤੀ ਦਿਲ ਦੇ ਰੋਗ ਦਾ ਮਰੀਜ਼ ਹੈ। ਉਂਜ ਬੇਸ਼ਕ ਇਸ ਦੇਸ਼ ਦੇ ਬਾਨੀਆਂ ਨੇ ਹਮੇਸ਼ਾ ਰੱਬ ਦੀ ਹੋਂਦ, ਉਸ ਦੀ ਸ਼ਕਤੀ, ਉਸ ਦੀ ਬਖਸ਼ਿਸ ਨੂੰ ਸਵਿਕਾਰਿਆ ਹੈ। God Bless America ਇਹਨਾਂ ਦੀ ਸਥਾਈ ਪ੍ਰਾਰਥਨਾ ਹੈ, ਹਰੇਕ ਵੱਡੇ ਕਾਰਜ਼ ਦੀ ਸ਼ੁਰੂਆਤ ਰੱਬ ਅੱਗੇ ਬੇਨਤੀ ਨਾਲ ਹੀ ਸ਼ੁਰੂ ਹੁੰਦੀ ਹੈ।
ਗੁਰੁ ਗ੍ਰੰਥ ਸਾਹਿਬ ਸਿੱਖ ਜਗਤ ਲਈ ਜਾਗਦੀ ਜੋਤ ਤੇ ਪ੍ਰਤੱਖ ਗੁਰੁ ਦੇ ਰੂਪ ਵਿਚ ਹੈ। ਬਾਣੀ ਤੇ ਗੁਰੁ ਦੀ ਇਕ ਮੁਕਤਾ ਦੀ ਗੱਲ ਕੀਤੀ ਗਈ ਹੈ ''ਬਾਣੀ ਗੁਰੁ ਗੁਰੁ ਹੈ ਬਾਣੀ'' ਜਦੋਂ ਆਪਾ ਇਹ ਵਿਸ਼ਵਾਸ ਤੇ ਭਰੋਸੇ ਉਪਰ ਅਧਾਰਤ ਹੈ। ਇਹ ਵੀ ਸਾਡੇ ਪੁਰਾਤਨ ਸਰੋਤਾਂ ਦੀ ਹੀ ਦੇਣ ਹੈ। ਕੁਝ ਵੀ ਕਿਸੇ ਉਸ ਵਿਅਕਤੀ ਨੇ ਨਹੀ ਲਿਖਿਆ ਜੋ ਨੰਦੇੜ ਸਾਹਿਬ ਦੀ ਧਰਤੀ ਤੇ ਉਸ ਸਮੇਂ ਮੌਜੂਦ ਸੀ। ਸਿੱਖਾਂ ਤੋਂ ਬਿਨਾ ਸਾਰੀ ਦੁਨੀਆਂ ਲਈ ਧਾਰਮਕ ਗ੍ਰੰਥ ਤਾਂ ਹੋ ਸਕਦਾ ਪਰ ਗੁਰੁ ਨਹੀ। ਕਿਹੜਾ ਤਰਕ ਹੈ ਜਿਸਦੇ ਅਧਾਰ ਤੇ ਤੁਸੀ ਨੋਜਵਾਨ ਪੀੜੀ ਦੀ ਇਸ ਜਗਿਆਸਾ ਨੂੰ ਤ੍ਰਿਪਤ ਕਰੋਗੇ। ਸਿਵਾਏ ਇਕ ਵਿਸ਼ਵਾਸ ਅਤੇ ਭਰੋਸੇ ਦੇ। ਤਰਕ ਦੇ ਕਿਸ ਫਾਰਮੂਲੇ ਨਾਲ ਸਾਬਤ ਕਰੋਗੇ ਕਿ ਇਕ ਰੱਬੀ ਜੋਤ ਜੋ ਗੁਰੁ ਨਾਨਕ ਰਾਹੀ ਇਸ ਸੰਸਾਰ ਅੰਦਰ ਆਈ ਮੰਨੀ ਜਾਂਦੀ ਹੈ ਕਿ 239 ਸਾਲਾਂ ਦੇ ਲੰਬੇ ਸਮੇ ਅੰਦਰ ਉਹ ਵੱਖਰੇ ਵੱਖਰੇ 10 ਸਰੀਰਾਂ ਅੰਦਰ ਪਕ੍ਰਾਸ਼ਤ ਹੋਈ। ਕਿਵੇਂ ਸਿੱਧਕ ਰੋਗੇ ਕਿ ਉਹ ਜੋਤ ਜਦੋਂ ਸਰੀਰਕ ਯਾਤਰਾ ਕਰਦੀ ਕਰਦੀ 72 ਸਾਲਾਂ ਦੇ ਬਜੁਰਗ ਬਾਬੇ ਅਮਰਦਾਸ ਨੂੰ ਗੁਰੁ ਬਣਾਉਂਦੀ ਹੈ ਤੇ ਉਹੀ ਜੋਤ ਰੱਬੀ ਬਖਸ਼ਿਸ ਵਾਲੀ ਅਗੰਮੀ ਸ਼ਕਤੀ ਲੈ ਕੇ ਪੰਜ ਸਾਲਾਂ ਦੇ ਬਾਲਕ ਗੁਰੁ ਹਰਕ੍ਰਿਸ਼ਨ ਬਣਾਉਂਦੀ ਹੈ। ਕੀ ਸਿਵਾਏ ਭਰੋਸੇ ਦੇ ਵਿਸ਼ਵਾਸ ਦੇ ਤੇ ਉਸ ਨੂੰ ਮੰਨਣ ਦੇ, ਸਾਡੇ ਪਾਸ ਕੋਈ ਵਜ੍ਹਾ ਹੈ ਇਨਕਾਰੀ ਹੋਣ ਦੀ। ਕੀ ਇਹ ਸਾਰਾ ਕੁਝ ਸਾਡੀ ਜਾਣਕਾਰੀ ਵਿਚ ਉਨਾਂ ਸਰੋਤਾਂ ਰਾਹੀ ਹੀ ਨਹੀ ਆਇਆ ਜਿਨ੍ਹਾ ਅੰਦਰਲੀਆਂ ਕਈ ਗੱਲਾਂ ਸਾਡੇ ਮੁਤਾਬਕ ਗਰੁ ਮਤ ਸਿਧਾਂਤ ਦੀ ਤਰਜਮਾਨੀ ਨਹੀ ਕਰਦੀਆ।
ਇਹ ਅਜਿਹਾ ਮੁੱਦਾ ਹੈ ਜੋ ਕਦੀ ਵੀ ਖਤਮ ਹੋਣ ਵਾਲਾ ਨਹੀ ਜਿੰਨੀ ਦੇਰ ਤੱਕ ਇਸ ਨੂੰ ਦੌਹਾਂ ਦੇ ਪੂਰਕ ਸਮਝ ਕਿ ਨਾ ਪਾ ਵੇਖਿਆ ਜਾਵੇ। ਜਿਵੇਂ ਸਿੱਖੀ ਸਿਧਾਂਤ ਹੈ ਕਿ ਧਰਮ ਤੇ ਸਿਆਸਤ ਦੋਵੇਂ ਹੀ ਸਿੱਖਾਂ ਲਈ ਜਰੂਰੀ ਹਨ ਪਰ ਸਿਆਸਤ ਜਾਂ ਸੱਤਾ ਜਾਂ ਸ਼ਕਤੀ ਜੇ ਧਰਮ ਦੇ ਅਧੀਨ ਰਹਿੰਦੀ ਹੈ ਤਾਂ ਇਕ ਸੰਤੁਲਨ ਬਣਿਆ ਰਹਿੰਦਾ। ਇਵੇਂ ਹੀ ਧਰਮ ਦੇ ਸਬੰਧ ਵਿਚ ਬੇਸ਼ਕ ਸ਼ਰਧਾ, ਵਿਸ਼ਵਾਸ ਤੇ ਭਰੋਸੇ ਦੀ ਮਹੱਤਤਾ ਜਿਆਦਾ ਹੈ ਪਰ ਜੇ ਇਸ ਨੂੰ ਕਿਸੇ ਨਾ ਕਿਸੇ ਰੂਪ ਵਿਚ ਤਰਕ ਦੇ ਘੇਰੇ ਵਿਚੋਂ ਮੁਕੰਮਲ ਅਜ਼ਾਦੀ ਦੀ ਗਲ ਕਹੀ ਜਾਵੇ ਤਾਂ ਧਰਮ ਦੇ ਮਹੱਲ ਨੂੰ ਅੰਨੀ ਤੇ ਬੇਵਿਸ਼ਵਾਸੀ ਸ਼ਰਧਾ ਦੀਆਂ ਨੀਹਾਂ ਤੇ ਉਸਾਰਨ ਦੀ ਹਿਮਾਕਤ ਕੀਤੀ ਗਈ ਤਾਂ ਧਰਮ ਦੇ ਸਹੀ ਅਰਥਾਂ ਦਾ ਗੁਆਚਣਾਂ ਨਿਸ਼ਚਿਤ ਹੈ।

ਸੰਪੂਰਨ ਸਿੰਘ
ਮੁਖ ਸੇਵਾਦਾਰ
ਸਿੱਖ ਨੈਸ਼ਨਲ ਸੈਂਟਰ ਹਿਊਸਟਨ (ੂਸ਼ਅ) 281-635-7466