Santokh Singh Australia

ਸ਼੍ਰੋਮਣੀ ਅਕਾਲੀ ਦਲ ਅਤੇ ਕੁਝ ਹੋਰ ਲੇਖ - ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ

ਸੁਹਾਵੀ ਪ੍ਰਕਾਸ਼ਨ
2023
SHIROMANI AKALI DAL TE HOR LEKH
by
GIANI SANTOKH SINGH
Sydney, Australia
Phone: +61 487 015 845, +61 2 9864 5268
ISBN 978-0-6457399-2-3
ਪਹਿਲੀ ਵਾਰ ਮਾਰਚ ੨੦੨੩
ਸਹਿਯੋਗ ਰਾਸ਼ੀ $੧੦-੦੦
Publishers :
SUHAVI PARKASHAN
2A, Monomeeth Drive,
Mitcham VIC 3132, Australia
Printers :
PRINTWELL
146, Industrial Focal Point, Amritsar
ਸਮਰਪਣ
ਬਖ਼ਸ਼ੀਆਂ ਹੋਈਆਂ
ਸਾਹਿਤਕ ਰੂਹਾਂ
ਨੂੰ!

ਤਤਕਰਾ

'ਸ਼੍ਰੋਮਣੀ ਅਕਾਲੀ ਦਲ ਅਤੇ ਹੋਰ ਲੇਖ' ਬਾਰੇ ਵਿਚਾਰ        -ਸੁਰਜੀਤ ਸਿੰਘ ਭੁੱਲਰ੯
ਮਿਕਨਾਤੀਸੀ ਸ਼ਖ਼ਸੀਅਤ: ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ        -ਸਤਿੰਦਰ ਸਿੰਘ ਓਠੀ੨੫
ਵੱਖ ਵੱਖ ਸਾਹਿਤਕ ਰੰਗਾਂ ਦਾ ਸੁਮੇਲ ਪੁਸਤਕ
'ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਅਤੇ ਹੋਰ ਲੇਖ'        -ਮਾਸਟਰ ਲਖਵਿੰਦਰ ਸਿੰਘ੨੯

l    ਸ਼੍ਰੋਮਣੀ ਅਕਾਲੀ ਦਲ ਦਾ ਇਕ ਸਦੀ ਦਾ ਇਤਿਹਾਸ    ੩੩
l    ਪੰਜਾਬ ਦੀ ਯਾਤਰਾ    ੮੭
l    ਕਰੋਨਾ ਕਰੋਨਾ ਕਰੋਨਾ    ੧੧੫
l    ਐਡੀਲੇਡ ਦੀ ਯਾਤਰਾ:ਅਪ੍ਰੈਲ-ਮਈ ੨੦੨੧    ੧੨੦
l    ਸੰਤ ਕਾ ਨਿੰਦਕੁ ਮਹਾ ਹਤਿਆਰਾ॥    ੧੩੪
l    ਬਚਗਾਨਾ ਸੋਚਾਂ    ੧੪੧
l    ਗਿਆਨੀ ਜੀ ਚੁੱਕੇ ਗਏ    ੧੫੧
l    ਮੇਰੇ ਫੇਸਬੁੱਕ ਖਾਤੇ ਦੀ ਦਾਸਤਾਨ    ੧੫੭
l    ਨਾਨਕਸ਼ਾਹੀ ਕੌਮੀ ਕੈਲੰਡਰ?    ੧੬੧
l    ਸਵਰਗੀ ਜਥੇਦਾਰ ਖਜ਼ਾਨ ਸਿੰਘ ਮੀਰਾਂਕੋਟ ਜੀ    ੧੬੭
l    ਸ. ਮੇਜਰ ਸਿੰਘ ਉਬੋਕੇ    ੧੭੨
l    ਇਨਕਲਾਬੀ ਕਵੀ ਸ. ਅਜੀਤ ਸਿੰਘ ਰਾਹੀ    ੧੭੭
l    ਹਾਲੈਂਡ ਦੀ ਮੇਰੀ ਪਹਿਲੀ ਯਾਤਰਾ    ੧੮੦
l    ਨਾ ਕੈਮਰਾ, ਨਾ ਨੋਟਬੁੱਕ    ੧੮੮
l    ਤਾਇਆ ਸੰਤੋਖ ਸਿੰਘ    ੧੯੦

'ਸ਼੍ਰੋਮਣੀ ਅਕਾਲੀ ਦਲ ਅਤੇ ਹੋਰ ਲੇਖ' ਬਾਰੇ ਵਿਚਾਰ
ਗਿਆਨੀ ਸੰਤੋਖ ਸਿੰਘ ਦੇ ਨਾਲ ਮੇਰੀ ਪਹਿਲੀ ਮੁਲਾਕਾਤ ਰੇਡੀਓ 'ਚੰਨ ਪ੍ਰਦੇਸੀ' ਦੀਆਂ ਹਵਾਈ ਤਰੰਗਾਂ ਰਾਹੀਂ, ਉਸ ਪ੍ਰੋਗਰਾਮ ਰਾਹੀਂ ਹੋਈ, ਜਿਸ ਦਾ ਸੰਚਾਲਣ ਪ੍ਰਿੰਸੀਪਲ ਗੁਰਬਚਨ ਸਿੰਘ ਮਾਨ ਕਰ ਰਹੇ ਸਨ।
ਫਿਰ ਇਹਨਾਂ ਦੀਆਂ ਲਿਖੀਆਂ ਕੁਝ ਪੁਸਤਕਾਂ ਪੜ੍ਹਨ ਦਾ ਅਵਸਰ ਵੀ ਮਿਲਿਆ ਹੈ। ਇਸ ਤਰ੍ਹਾਂ ਸਾਡੀ ਨੇੜਤਾ ਦਾ ਸਿਲਸਿਲਾ ਵਧਦਾ ਗਿਆ। ਹੁਣ ਮੈਂ ਬਿਨਾ ਝਿਜਕ ਇਹ ਕਹਿ ਸਕਦਾ ਹਾਂ ਕਿ ਉਹਨਾਂ ਦੀਆਂ ਲਿਖਤਾਂ ਦੇ ਰੰਗ, ਉਹਨਾਂ ਦੀ ਸ਼ਖ਼ਸੀਅਤ ਵਾਂਗ ਹੀ ਬੜੇ ਨਿਆਰੇ ਹਨ। ਸ਼ੈਲੀ ਬੜੀ ਸਪਸ਼ਟ, ਢੁਕਵੀਂ ਅਤੇ ਛੋਟੇ-ਛੋਟੇ ਵਾਕਾਂ ਨਾਲ ਭਰਪੂਰ ਹੈ। ਆਮ ਬੋਲ ਚਾਲ ਵਰਗੀ ਨਖਰੀਲੀ ਤੇ ਰਸੀਲੀ ਹੈ। ਉਹਨਾਂ ਦੀ ਕਿਸੇ ਲਿਖਤ ਉਤੇ ਜੇ ਕਿਤੇ ਲੇਖਕ ਦਾ ਨਾਮ ਲਿਖਣੋ ਰਹਿ ਵੀ ਗਿਆ ਹੋਵੇ, ਤਦ ਵੀ ਕੁਝ ਸਤਰਾਂ ਪੜ੍ਹਨ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਇਹ ਗਿਆਨੀ ਸੰਤੋਖ ਸਿੰਘ ਦੀ ਲਿਖਤ ਹੈ। ਉਹਨਾਂ ਦੇ ਵਿਸ਼ਿਆਂ ਦੀ ਵਿਲੱਖਣਤਾ ਅਣਗਿਣਤ ਹੈ ਅਤੇ ਪਕੜ ਉਸ ਤੋਂ ਵੀ ਕਿਤੇ ਬਹੁਤ ਮਜ਼ਬੂਤ। ਗਿਆਨੀ ਜੀ ਦੀ ਵਾਹਿਗੁਰੂ ਵੱਲੋਂ ਮਿਲੀ ਯਾਦ-ਸ਼ਕਤੀ ਦੀ ਦਾਤ ਏਨੀ ਬਲਵਾਨ ਹੈ ਕਿ ਨਾਵਾਂ, ਥਾਵਾਂ, ਤੱਥਾਂ ਅਤੇ ਮਿਤੀਆਂ ਲੱਭਣ ਦੇ ਵੇਰਵਿਆਂ ਲਈ ਕਿਸੇ ਕਿਤਾਬ ਜਾਂ ਡਾਇਰੀ 'ਚੋਂ ਹਵਾਲੇ ਲੱਭਣ ਦੀ ਕੋਈ ਲੋੜ ਨਹੀਂ ਭਾਸਦੀ। ਦਿਮਾਗ਼ ਵਿੱਚ ਜੋ ਫੁਰਿਆ, ਉਂਗਲਾਂ ਦੇ ਪੋਟਿਆਂ ਨੇ ਲੈਪਟਾਪ ਰਾਹੀਂ ਛਾਪਾ ਉਤਾਰ ਦਿੱਤਾ। ਇਸ ਵਿਲੱਖਣ ਲੇਖਣੀ ਦਾ ਇਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਉਹ ਇੱਕ ਥਾਂ 'ਤੇ ਟਿਕਣ ਵਾਲੇ ਇਨਸਾਨ ਨਹੀਂ। ਇਉਂ ਲੱਗਦਾ ਹੈ ਜਿਵੇਂ ਲੋਕਾਂ ਨੂੰ ਮਿਲਦੇ-ਮਿਲਾਉਂਦੇ ਹੀ, ਆਪਣੇ ਮਨ ਦੀ ਡਾਇਰੀ ਵਿੱਚ ਲਿਖਣ ਲਈ ਅਣਗਿਣਤ ਵੰਨ-ਸੁਵੰਨੇ ਵਿਸ਼ੇ ਬਣਾਉਂਦੇ ਰਹਿੰਦੇ ਹਨ। ਉਹ ਕਈ ਵਾਰ ਵਿਦੇਸ਼ਾਂ ਦੇ ਚੱਕਰ ਲਾ ਚੁੱਕੇ ਹਨ, ਜਿਨ੍ਹਾਂ ਉਡਾਰੀਆਂ ਦਾ ਲੇਖਾ ਜੋਖਾ ਉਹ ਅਪਣੀਆਂ ਲਿਖਤਾਂ ਰਾਹੀਂ ਪਾਠਕਾਂ ਤਕ ਪੂਰੀ ਸਮਾਜਕ, ਸਾਹਿਤਕ ਜੁੰਮੇਵਾਰੀ ਤੇ ਵਫ਼ਾਦਾਰੀ ਨਾਲ, ਸਮੇ ਸਮੇ ਪੁਚਾਉਂਦੇ ਰਹਿੰਦੇ ਹਨ। ਸ਼ਾਇਦ, ਏਹੀ ਅਮੁੱਕ ਊਰਜਾ ਹੈ, ਜਿਹੜੀ ਉਹਨਾਂ ਨੂੰ ਸਾਹਿਤਕ ਮੰਡਲਾਂ ਵਿੱਚ ਅਜੇ ਤੱਕ ਉਡਾਈ ਫਿਰਦੀ ਹੈ। ਏਸੇ ਪ੍ਰਸੰਗ ਵਿੱਚ, ਮੈਨੂੰ ਵੀ ਉਹਨਾਂ ਦੀ ਅਜੇ ਅਣਛਪੀ ਕਿਤਾਬ ਦਾ ਖਰੜਾ 'ਸ਼੍ਰੋਮਣੀ ਅਕਾਲੀ ਦਲ ਅਤੇ ਹੋਰ ਲੇਖ' ਪੜ੍ਹਨ ਦਾ ਸੁਭਾਗ ਪ੍ਰਾਪਤ ਹੋਇਆ, ਜਿਹੜਾ ਉਹਨਾਂ ਨੇ ਮੈਨੂੰ ਈ-ਮੇਲ ਰਾਹੀਂ ਭੇਜਿਆ।
ਇਸ ਕਿਤਾਬ ਵਿੱਚ ਵੱਖ-ਵੱਖ ਵਿਸ਼ਿਆਂ 'ਤੇ ਲੇਖ ਲਿਖੇ ਹੋਏ ਹਨ, ਜਿਨ੍ਹਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਇਕ ਸਦੀ ਦਾ ਸੰਖੇਪ ਇਤਿਹਾਸ, ਤਿੰਨ ਸ਼ਖ਼ਸੀਅਤਾਂ ਦੇ ਕਲਮੀ ਚਿੱਤਰ, ਦੋ ਯਾਤਰਾਵਾਂ ਅਤੇ ਬਾਕੀ ਚਲੰਤ ਵਿਸ਼ੇ, ਜਿਵੇਂ ਕਰੋਨੇ ਦਾ ਕਹਿਰ, ਨਿੰਦਾ, ਬਚਗਾਨਾ ਸੋਚਾਂ, ਗਿਆਨੀ ਜੀ ਚੁੱਕੇ ਗਏ, ਮੇਰਾ ਫੇਸਬੁੱਕ ਖਾਤਾ, ਕੌਮੀ ਕੈਲੰਡਰ ਆਦਿ ਨੂੰ ਸ਼ਾਮਲ ਕੀਤਾ ਗਿਆ ਹੈ। ਕਈ ਲੇਖ ਤਾਂ ਇੰਜ ਲੱਗਦੇ ਹਨ ਜਿਵੇਂ ਇਹਨਾਂ ਦੀ ਡਾਇਰੀ ਦੇ ਪੰਨੇ ਹੋਣ। ਇਸ ਹਵਾਲੇ ਵਿੱਚ ਮੈਂ ਇਹ ਉਚਤ ਸਮਝਦਾ ਹਾਂ ਕਿ ਪਹਿਲਾਂ ਲੇਖ ਦੇ ਵਿਸ਼ੇ ਦੀ ਸੰਖੇਪ ਜਾਣਕਾਰੀ ਦੇਵਾਂ ਅਤੇ ਉਸ ਤੋਂ ਅੱਗੇ ਆਪਣੇ ਵਿਚਾਰ ਲਿਖਾਂ ਤਾਂ ਜੋ ਕਿਤਾਬ ਦੇ ਲੇਖਾਂ ਦਾ ਮੁਲਾਂਕਣ ਵਧੇਰੇ ਵਾਜਬ ਹੋ ਸਕੇ:
(ਇਕ)    ਸ਼੍ਰੋਮਣੀ ਅਕਾਲੀ ਦਲ ਦਾ ਇਕ ਸਦੀ ਦਾ ਸੰਖੇਪ ਇਤਿਹਾਸ
ਕਿਤਾਬ ਦਾ ਸ਼ੁਰੂਆਤੀ ਲੇਖ ਇਤਿਹਾਸਕ ਹੈ, ਜੋ ਸ਼੍ਰੋਮਣੀ ਅਕਾਲੀ ਦਲ ਦਾ ਇਕ ਸਦੀ ਦਾ ਇਤਿਹਾਸ ਸੰਖੇਪਤਾ ਨਾਲ ਦਰਸਾਉਂਦਾ ਹੈ ਕਿ ਕਿਨ੍ਹਾਂ ਕਾਰਨਾਂ ਕਰਕੇ ਇਸ ਦਲ ਦੀ ਸਥਾਪਨਾ ਦੀ ਲੋੜ ਭਾਸੀ। ਲੇਖਕ ਅਨੁਸਾਰ ਅਠਾਰਵੀ ਸਦੀ ਦੌਰਾਨ, ਜਦੋਂ ਸਿੰਘ ਜੰਗਲਾਂ ਵਿਚ ਵਿਚਰਨ ਲਈ ਮਜਬੂਰ ਸਨ ਤਾਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਦੀ ਜੁੰਮੇਵਾਰੀ ਨਿਰਮਲੇ ਅਤੇ ਉਦਾਸੀ ਸੰਤਾਂ/ਮਹੰਤਾਂ ਕੋਲ ਹੁੰਦੀ ਸੀ। ਸਿੱਖ ਰਾਜ ਦੇ ਸਥਾਪਤ ਹੋਣ 'ਤੇ ਗੁਰਦੁਆਰਿਆਂ ਦੇ ਨਾਮਾਂ ਤੇ ਜ਼ਮੀਨਾਂ, ਚੜ੍ਹਾਵੇ, ਧਨ ਆਦਿ ਲੋੜੋਂ ਵਧੇਰੇ ਇਕੱਠੇ ਹੋਣੇ ਸ਼ੁਰੂ ਹੋ ਗਏ ਸੀ, ਜਿਸ ਦੇ ਕਾਰਨ ਬਹੁਤ ਸਾਰੇ ਸੰਤਾਂ/ਮਹੰਤਾਂ ਦੀ ਇਮਾਨਦਾਰੀ ਅਤੇ ਚਰਿੱਤਰ ਵਿੱਚ ਗਿਰਾਵਟ ਆਉਣੀ ਸ਼ੁਰੂ ਹੋ ਗਈ ਅਤੇ ਧਾਰਮਿਕ ਮਰਯਾਦਾ ਤੋਂ ਉਲਟ ਵਿਹਾਰ ਹੋਣ ਲੱਗਾ ਸੀ। ਇਸ ਸਾਰੇ ਕੁਝ ਦੇ ਪਿੱਛੇ, ਉਹਨਾਂ ਨੂੰ ਅੰਗ੍ਰੇਜ਼ੀ ਸਰਕਾਰ ਦੀ ਵੀ ਪੂਰੀ ਹਮਾਇਤ ਮਿਲਦੀ ਸੀ। ਲੇਖਕ ਇਕ ਨਵਾਂ ਤੱਥ ਪੇਸ਼ ਕਰਦਿਆਂ ਲਿਖਦਾ ਹੈ ਕਿ ਏਸੇ ਸਿਲਸਿਲੇ ਨੂੰ ਠਲ੍ਹ ਪਾਉਣ ਦੀ ਸ਼ੁਰੂਆਤ ਲਾਹੌਰ ਵਿਚ ਚੁਮਾਲਾ ਸਾਹਿਬ ਅਤੇ ਸਿਆਲਕੋਟ ਵਿਚ ਬੇਰ ਸਾਹਿਬ ਦਾ ਪ੍ਰਬੰਧ ਮਹੰਤਾਂ ਤੋਂ, ਸਿੱਖਾਂ ਦੀਆਂ ਪ੍ਰਬੰਧਕ ਕਮੇਟੀਆਂ ਨੇ ਸੰਭਾਲ਼ ਲਿਆ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ, ਡਾ. ਗੁਰਬਖ਼ਸ਼ ਸਿੰਘ ਨੇ ਸਿੱਖ ਪੰਥ ਦੇ ਨਾਂ ਇਕ ਚਿੱਠੀ ਲਿਖ ਕੇ,  ਨਵੰਬਰ  ਵਾਲ਼ੇ ਦਿਨ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਹਜ਼ੂਰੀ ਵਿਚ ਸਿੱਖਾਂ ਨੂੰ ਹਾਜ਼ਰ ਹੋਣ ਦਾ ਸੱਦਾ ਦਿੱਤਾ ਅਤੇ ਸੋਚ ਵਿਚਾਰ ਉਪ੍ਰੰਤ  ਮੈਂਬਰਾਂ ਦੀ ਕਮੇਟੀ ਚੁਣੀ ਗਈ। ਇਸ ਕਮੇਟੀ ਦਾ ਨਾਂ "ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ" ਰੱਖਿਆ ਗਿਆ। ਇਸ ਤੋਂ ਦੋ ਕੁ ਦਿਨ ਪਹਿਲਾਂ ਅੰਗ੍ਰੇਜ਼ ਸਰਕਾਰ ਨੇ, ਜੋ ਪਟਿਆਲੇ ਦੇ ਮਹਾਰਾਜਾ ਭੂਪਿੰਦਰ ਸਿੰਘ ਦੀ ਸਲਾਹ 'ਤੇ ਆਪਣੇ ਹਾਂ-ਪੱਖੀ ਸਿੱਖਾਂ ਦੀ  ਮੈਂਬਰੀ ਕਮੇਟੀ ਬਣਾਈ ਸੀ, ਉਹ ਵੀ ਇਸ ਸਰਬ ਸੰਮਤੀ ਨਾਲ ਚੁਣੀ  ਮੈਂਬਰਾਂ ਵਾਲੀ ਕਮੇਟੀ ਵਿਚ ਸ਼ਾਮਲ ਕਰ ਲਈ ਗਈ ਤਾਂ ਕਿ ਇਸ ਮਸਲੇ 'ਤੇ ਸਰਕਾਰ ਨਾਲ ਟੱਕਰ ਨਾ ਹੋਵੇ। ਸਰਕਾਰੀ ਕਮੇਟੀ ਦੇ ਸਰ ਸੁੰਦਰ ਸਿੰਘ ਮਜੀਠੀਆ ਨੂੰ ਹੀ ਪ੍ਰਧਾਨ, ਸ. ਹਰਬੰਸ ਸਿੰਘ ਅਟਾਰੀ ਨੂੰ ਮੀਤ ਪ੍ਰਧਾਨ ਅਤੇ ਸ. ਸੁੰਦਰ ਸਿੰਘ ਰਾਮਗੜ੍ਹੀਆ ਨੂੰ ਸਕੱਤਰ ਬਣਾ ਲਿਆ ਗਿਆ। ਇਸ ਤਰ੍ਹਾਂ ਇਸ ਨਵੀਂ ਕਮੇਟੀ ਦੇ ਪਹਿਲੇ ਤਿੰਨ ਮੁੱਖ ਅਹੁਦੇਦਾਰ ਵੀ ਸਰਕਾਰੀ ਕਮੇਟੀ ਵਾਲ਼ੇ ਹੀ ਬਣਾ ਲਏ। ਨਵੀਂ ਕਮੇਟੀ ਦੇ ਸਕੱਤਰ ਸ. ਸੁੰਦਰ ਸਿੰਘ ਰਾਮਗੜ੍ਹੀਆ, ਉਸ ਸਮੇ ਪਹਿਲਾਂ ਹੀ ਸਰਕਾਰ ਵੱਲੋਂ ਥਾਪੇ ਹੋਏ ਸ੍ਰੀ ਦਰਬਾਰ ਸਾਹਿਬ ਜੀ ਦੇ ਸਰਬਰਾਹ (ਮੁੱਖ ਪ੍ਰਬੰਧਕ) ਸਨ। ਨਵਿਆਂ ਵਿੱਚੋਂ ਸਿਰਫ ਪ੍ਰਿੰਸੀਪਲ ਬਾਵਾ ਹਰਕਿਸ਼ਨ ਸਿੰਘ ਜੀ ਹੋਰਾਂ ਨੂੰ ਮੀਤ ਸਕੱਤਰ ਚੁਣਿਆ ਗਿਆ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਹਾਇਤਾ ਵਾਸਤੇ,  ਦਸੰਬਰ,  ਵਾਲੇ ਦਿਨ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਹਜੂਰੀ ਵਿਚ, ਸ਼੍ਰੋਮਣੀ ਅਕਾਲੀ ਦਲ ਦੀ ਸਿਰਜਣਾ ਕੀਤੀ ਗਈ ਤੇ ਇਸ ਦੀ ਚੋਣ - ਜਨਵਰੀ,  ਵਾਲ਼ੇ ਦਿਨ ਹੋਈ। ਇਸ ਦੇ ਪਹਿਲੇ ਪ੍ਰਧਾਨ ਬਣਨ ਦਾ ਸੁਭਾਗ, ਝਬਾਲ ਪਿੰਡ ਦੇ ਵਾਸੀ ਸ. ਸਰਮੁਖ ਸਿੰਘ ਨੂੰ ਪ੍ਰਾਪਤ ਹੋਇਆ। ਇਸ ਜਥੇਬੰਦੀ ਦਾ ਨਾਂ, ਸ. ਹਰਚੰਦ ਸਿੰਘ ਲਾਇਲਪੁਰੀ ਅਤੇ ਮਾਸਟਰ ਸੁੰਦਰ ਸਿੰਘ ਵੱਲੋਂ ਮਈ,  ਵਿਚ 'ਸ਼੍ਰੋਮਣੀ ਅਕਾਲੀ ਦਲ' ਰੱਖਿਆ ਗਿਆ। ਇਸ ਤੋਂ ਅੱਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਇਕੱਠਾ ਹੀ ਚੱਲਦਾਆਰਿਹਾਹੈ।
 ਤੱਕ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਅਤੇ ਪੰਜਾਬ ਕਾਂਗਰਸ ਸਿਆਸੀ ਮੈਦਾਨ ਵਿਚ ਮਿਲ਼ ਕੇ ਚੱਲਦੇ ਰਹੇ।  ਤੱਕ ਬਾਬਾ ਖੜਕ ਸਿੰਘ ਸ਼੍ਰੋਮਣੀ ਅਕਾਲੀ ਦਲ, ਸਿੱਖ ਲੀਗ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਕਾਂਗਰਸ ਦੇ ਇਕੋ ਸਮੇ ਪ੍ਰਧਾਨ ਰਹੇ। ਇਸ ਪਿਛੋਂ ਸਿੱਖ ਪੰਥ ਦੇ ਆਗੂ ਮਾਸਟਰ ਤਾਰਾ ਸਿੰਘ ਜੀ, ਤੱਕ ਕੌਮ ਨੂੰ ਅਗਵਾਈ ਦਿੰਦੇ ਰਹੇ ਪਰ ਇਸ ਦੇ ਨਾਲ  ਤੋਂ ਸੰਤ ਫਤਹਿ ਸਿੰਘ ਜੀ ਪੰਥਕ ਮੈਦਾਨ ਵਿੱਚ, ਮਾਸਟਰ ਜੀ ਦੇ ਮੁਕਾਬਲੇ ਉਪਰ ਆ ਗਏ। ਏਸੇ ਸਾਲ ਦੀਆਂ ਗੁਰਦੁਆਰਾ ਚੋਣਾਂ ਵਿਚ, ਸਿੱਖ ਵੋਟਰਾਂ ਨੇ ਸੰਤ ਫ਼ਤਿਹ ਸਿੰਘ ਜੀ ਵਾਲੇ ਸ਼੍ਰੋਮਣੀ ਅਕਾਲੀ ਦਲ ਨੂੰ ਜਿਤਾ ਕੇ, ਸੰਤ ਜੀ ਦੀ ਅਗਵਾਈ ਨੂੰ ਪ੍ਰਵਾਨ ਕਰ ਲਿਆ। ਪਰ ਮਾਸਟਰ ਜੀ ਨੇ ਆਪਣੇ ਧੜੇ ਦਾ ਦਲ ਕਾਇਮ ਰੱਖਿਆ।
ਪੰਜਾਬ ਕੌਂਸਲ ਨੇ  ਵਿਚ ਗੁਰਦੁਆਰਾ ਐਕਟ ਪਾਸ ਕਰ ਦਿੱਤਾ ਸੀ, ਜਿਸ ਦੇ ਤਹਿਤ ਪੰਜਾਬ ਵਿਚਲੇ ਤਕਰੀਬਨ ਸਾਰੇ ਮੁਖੀ ਗੁਰਦੁਆਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ਼ ਆ ਗਏ ਸਨ। ਪਿੱਛੋਂ ਸਿਆਸੀ ਕੁਰਸੀ ਦੀ ਤਾਕਤ ਨੂੰ ਜੱਫਾ ਮਾਰਨ ਲਈ, ਸਮੇ ਸਮੇ ਜੋ ਦੋ ਧੜਿਆਂ ਵਿਚਕਾਰ ਰੱਸਾਕਸ਼ੀ ਹੁੰਦੀ ਰਹੀ, ਉਹ ਤਾਂ ਲੇਖ ਪੜ੍ਹ ਕੇ ਹੈਰਾਨੀ ਹੁੰਦੀ ਹੈ। ਇਹ ਅਧਿਆਇ, ਕਿਉਂਕਿ ਤੱਥਾਂ, ਅੰਕੜਿਆਂ ਅਤੇ ਉਸ ਸਮੇ ਦੇ ਹਾਲਾਤੀ ਸਬੂਤਾਂ 'ਤੇ ਅਧਾਰਤ ਹੈ, ਇਸ ਲਈ ਮੈਂ ਇਸ ਨੂੰ, ਏਸੇ ਤਰ੍ਹਾਂ ਹੀ ਸੱਚ ਮੰਨਦਾ ਹਾਂ ਅਤੇ ਇਸ ਬਾਰੇ ਆਪਣੀ ਟਿੱਪਣੀ ਜਾਂ ਵਿਚਾਰਾਂ ਨੂੰ ਏਥੇ ਹੀ ਸੀਮਤ ਕਰਦਾ ਹੋਇਆ ਨਿਰਸੰਦੇਹ ਕਹਿ ਸਕਦਾ ਹਾਂ ਕਿ ਲੇਖਕ ਨੇ ਇਤਿਹਾਸਕ ਤੱਥਾਂ ਨੂੰ ਸੁਚੱਜੇ ਢੰਗ ਨਾਲ ਬਿਆਨ ਕੀਤਾ ਹੈ ਅਤੇ ਪਾਰਟੀ ਅੰਦਰਲੀ ਰਾਜਨੀਤੀ ਨੂੰ ਬਹੁਤ ਚੰਗੀ ਤਰ੍ਹਾਂ ਬਿਆਨ ਕੀਤਾ ਹੈ।
(ਦੋ) ਪੰਜਾਬ ਦੀ ਯਾਤਰਾ
ਅਗਲੇ ਲੇਖ 'ਪੰਜਾਬ ਦੀ ਯਾਤਰਾ' ਵਿੱਚ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੰਜ ਸੌ ਸਾਲਾ ਪ੍ਰਕਾਸ਼ ਉਤਸਵ ਸਮੇ, ਸਤੰਬਰ ਤੋਂ ਨਵੰਬਰ,  ਤੱਕ, ਗੁਰਪੁਰਬ ਸਬੰਧੀ ਸਜਾਏ ਗਏ ਸਮਾਗਮਾਂ ਵਿਚ ਭਾਗ ਲਿਆ।  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਕ ਸਮਾਗਮ ਵਿਚ ਸਨਮਾਨਤ ਕੀਤਾ ਗਿਆ। ਏਸੇ ਤਰ੍ਹਾਂ ਖ਼ਾਲਸਾ ਕਾਲਜ ਗੁਰਦਾਸ ਨੰਗਲ, ਪੰਡਤ ਮੋਹਨ ਲਾਲ ਹਿੰਦੂ ਗਰਲਜ਼ ਕਾਲਜ ਗੁਰਦਾਸਪੁਰ, ਭਾਈ ਗੁਰਦਾਸ ਅਕੈਡਮੀ ਪੰਡੋਰੀ, ਕੰਨਿਆ ਮਹਾਂ ਵਿਦਿਆਲਾ ਧਾਰੀਵਾਲ, ਆਦਿ ਵੱਖ ਵੱਖ ਸੰਸਥਾਵਾਂ ਵਿਚ ਸ਼ਾਮਲ ਹੋਏ।  ਅਕਤੂਬਰ,  ਵਾਲੇ ਦਿਨ, ਸ੍ਰੀ ਦਰਬਾਰ ਸਾਹਿਬ ਦੀ ਯਾਤਰਾ ਵਾਸਤੇ ਵੱਖ-ਵੱਖ ਦੇਸ਼ਾਂ ਦੇ  ਤੋਂ ਵਧੇਰੇ ਐਂਬੈਸਡਰਾਂ ਅਤੇ ਹਾਈ ਕਮਿਸ਼ਨਰਾਂ ਨੇ ਆਉਣਾ ਸੀ। ਉਹਨਾਂ ਨੂੰ ਵੀ ਵੇਖਣ ਦੀ ਤਮੰਨਾ ਬੀਬਾ ਹਰਿੰਦਰ ਕੌਰ ਸਿੱਧੂ, ਹਾਈ ਕਮਿਸ਼ਨਰ, ਆਸਟ੍ਰੇਲੀਆ ਦੀ ਵਾਕਫ਼ੀਅਤ ਸਦਕਾ, ਪੂਰੀ ਹੋ ਗਈ। ਸੁਲਤਾਨਪੁਰ ਲੋਧੀ ਦੀ ਯਾਤਰਾ ਦਾ ਕਿੱਸਾ ਅਤਿਅੰਤ ਰੌਚਕ ਹੈ। ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ  ਸਾਲਾ ਸ਼ਤਾਬਦੀ, ਜੋ ਭਾਰਤ ਸਰਕਾਰ ਵੱਲੋਂ ਮਨਾਈ ਜਾ ਰਹੀ ਸੀ, ਉਸ ਲਈ ਗਿਆਨੀ ਜੀ ਦੀ ਕਿਵੇਂ ਖੋਜ ਕੀਤੀ ਗਈ, ਸੰਪਰਕ ਬਣਾਇਆ ਅਤੇ ਡੈਲੀਗੇਸ਼ਨ ਵਿੱਚ ਸ਼ਾਮਲ ਕੀਤਾ ਗਿਆ ਵੀ ਬਹੁਤ ਦਿਲਚਸਪ ਅਤੇ ਜਾਣਕਾਰੀ ਭਰਪੂਰ ਹੈ। ਡੇਰਾ ਬਾਬਾ ਨਾਨਕ ਤੱਕ ਦਾ ਬੱਸ ਦਾ ਸਫ਼ਰ ਅਤੇ ਵੱਖ ਵੱਖ ਦੇਸਾਂ ਤੋਂ ਆਏ, ਉਚ ਪਤਵੰਤਿਆਂ ਦੀ ਸੰਗਤ ਵਿੱਚ ਅੰਮ੍ਰਿਤਸਰ ਵਿਖੇ ਰਾਤ ਨੂੰ ਹੋਟਲ 'ਚ ਠਹਿਰਨਾ ਬਹੁਤ ਦਿਲਚਸਪ ਹੈ। ਅਗਲੀ ਸਵੇਰ, ਬੱਸਾਂ ਰਾਹੀ ਗੁਰਦੁਆਰਾ ਸੁਲਤਾਨਪੁਰ ਵਿੱਚ ਸਜੇ ਸਮਾਗਮ, ਭਾਸ਼ਨਾਂ ਦਾ ਜ਼ਿਕਰ ਵੀ ਕਾਫ਼ੀ ਰੌਚਕਤਾ ਭਰਪੂਰ ਹੈ। ਲੰਗਰ ਹਾਲ ਵਿੱਚ ਭੋਜਨ ਤੇ ਪਕੌੜਿਆਂ ਦਾ ਵਰਨਣ ਜ਼ਿਕਰਯੋਗ ਹੈ। ਕੁੱਲ ਮਿਲਾ ਕੇ, ਇਸ ਛੇ ਦਿਨਾਂ ਦੀ ਸਰਕਾਰੀ ਮਹਿਮਾਨ ਨਿਵਾਜੀ ਦਾ ਸੁੰਦਰ ਵੇਰਵਾ ਉਲੀਕਿਆ ਹੈ, ਜਿਸ ਤੋਂ ਲੇਖਕ ਦੀ ਪ੍ਰਸਿੱਧੀ ਅਤੇ ਮਹੱਤਤਾ ਨੂੰ ਦੇਖਿਆ ਜਾ ਸਕਦਾ ਹੈ। ਇਹਨਾਂ ਸਾਰੇ ਰੁਝੇਵਿਆਂ ਦੇ ਨਾਲ਼ ਨਾਲ਼ ਸਿੰਘ ਬ੍ਰਦਰਜ਼ ਦੇ ਪ੍ਰਕਾਸ਼ਕ ਨੂੰ ਮਿਲਣਾ ਅਤੇ ਆਪਣੀ ਕਿਤਾਬ ਦੇ ਛਪ ਜਾਣ ਦੀ ਚੰਗੀ ਖ਼ਬਰ ਸੁਣ ਕੇ, ਖ਼ੁਸ਼ੀ ਦਾ ਜੋ ਪ੍ਰਗਟਾਵਾ ਕੀਤਾ ਗਿਆ, ਉਹ ਵੀ ਲੇਖਕ ਦੇ ਅਨੰਦ ਅਤੇ ਮਨੋਵਿਗਿਆਨਕ ਵਿਹਾਰ ਨੂੰ ਉਜਾਗਰ ਕਰਦਾ ਹੈ। ਲੇਖਕ ਦੀ ਖ਼ੁਸ਼ੀ ਦਾ ਕੋਈ ਠਿਕਾਣਾ ਨਹੀਂ ਸੀ ਜਦ ਉਹ ਸਾਰੇ ਰਸਮੀ ਅਧਿਕਾਰਤ ਯੋਜਨਾਬੱਧ ਫੰਕਸ਼ਨਾਂ ਵਿੱਚ ਸ਼ਾਮਲ ਹੋਣ ਅਤੇ ਨਿਜੀ ਕੰਮਾਂ ਨੂੰ ਅੰਤਮ ਰੂਪ ਦੇਣ ਦੇ ਨਾਲ, ਆਸਟ੍ਰੇਲੀਆ ਵਾਪਸ ਜਾਣ ਲਈ ਤਿਆਰ ਹੋ ਕੇ, ਅੰਮ੍ਰਿਤਸਰ ਤੋਂ  ਨਵੰਬਰ ਦੀ ਰਵਾਨਗੀ ਪਾ ਕੇ  ਨੂੰ ਸਿਡਨੀ ਦੀ ਧਰਤੀ 'ਤੇ ਪਹੁੰਚ ਗਿਆ। ਕੁੱਲ ਮਿਲਾ ਕੇ, ਇਹ ਲੇਖ ਇੱਕ ਸ਼ੀਸ਼ੇ ਵਾਂਗ ਹੈ ਜੋ ਉਸ ਦੇ ਨਿਜੀ ਅਨੁਭਵ ਨੂੰ ਲਿਖਣ ਵੇਲੇ ਸਹੀ ਅਰਥਾਂ ਨੂੰ ਦਰਸਾਉਂਦਾ ਹੈ।
(ਤਿੰਨ) ਬਚਗਾਨਾ ਸੋਚਾਂ:
ਦੇ ਸਿਰਲੇਖ ਹੇਠ, ਲੇਖਕ ਨੇ ਆਪਣੇ ਬਚਪਨ ਦੇ ਸਮੇ, ਜਿਨ੍ਹਾਂ ਚੀਜ਼ਾਂ ਬਾਰੇ ਉਸ ਨੂੰ ਪੂਰਾ ਗਿਆਨ ਨਹੀਂ ਸੀ ਪਰ ਆਪਣੇ ਵਡੇਰਿਆਂ ਦੀਆਂ ਗੱਲਾਂ ਬਾਤਾਂ ਸੁਣ ਕੇ ਅਤੇ ਆਪਣੀ ਬਾਲ-ਗਿਆਨ ਸੋਝੀ ਅਨੁਸਾਰ, ਪ੍ਰਾਪਤੀ ਦੇ ਯੋਗ ਬਣਾਉਣ ਦੀ ਤਾਂਘ ਸੀ, ਦੇ ਵੇਰਵੇ ਦਿੱਤੇ ਹਨ। ਅੱਜ ਕਲ੍ਹ ਦੇ ਪਾਠਕਾਂ ਲਈ ਤਾਂ ਇਹ ਹੋਰ ਵੀ ਆਕਰਸ਼ਕ ਅਤੇ ਹੈਰਾਨੀਜਨਕ ਲੱਗਣਗੇ ਕਿ ਕਿਵੇਂ ਇਕ ਬਾਲ-ਮਨ ਕਿਸੇ ਅਦਭੁਤ ਚੀਜ਼ ਨੂੰ ਦੇਖ ਕੇ ਸੋਚਦਾ ਹੈ। ਲੇਖਕ ਨੇ ਵਡੇਰੀ ਉਮਰ ਵਿੱਚ ਪਹੁੰਚ ਕੇ, ਆਪਣੀਆਂ ਯਾਦਾਂ ਦੇ ਬੋਹਲ਼ ਵਿਚੋਂ ਇੱਕ ਛੱਜ ਭਰ ਕੇ 'ਖਿਲਾਰ' ਦਿੱਤਾ ਹੈ, ਜਿਨ੍ਹਾਂ ਨੂੰ ਪਾਠਕ ਆਪਣੀ ਸੁਵਿਧਾ ਨਾਲ ਚੁਗਦੇ ਰਹਿਣ। ਉਹਨਾਂ ਨੇ 'ਬਚਗਾਨਾ ਸੋਚਾਂ' ਦੀ ਵੰਨਗੀ, ਸੰਖੇਪ ਰੂਪ ਵਿੱਚ ਪੇਸ਼ ਹੈ।
(ੳ) ਸਨ/ਸੰਮਤ ਬਾਰੇ ਲੇਖਕ ਦੱਸਦਾ ਹੈ ਕਿ ਉਸ ਨੂੰ  ਦਾ ਪਤਾ ਓਦੋਂ ਲੱਗਿਆ ਜਦੋਂ ਇਕ ਦਿਨ ਦੁਪਹਿਰੇ, ਇਕ ਪੜ੍ਹਿਆ ਲਿਖਿਆ ਸੱਜਣ, ਜਾਮਨੂੰ ਦੇ ਦਰੱਖ਼ਤ ਹੇਠਾਂ ਮੰਜੀ ਉਪਰ ਬੈਠ ਕੇ, ਕਿਸੇ ਨੂੰ ਖ਼ਾਕੀ ਰੰਗ ਦੇ ਕਾਰਡ ਉਪਰ ਖ਼ਤ ਲਿਖਣ ਲੱਗਾ ਤੇ ਉਸ ਨੇ ਪਹਿਲਾਂ ਤਰੀਕ ਪਾਈ ਤੇ ਨਾਲੇ ਬੋਲ ਕੇ ਵੀ ਦੱਸਿਆ ਕਿ ਬਵੰਜਵਾਂ ਸਾਲ ਹੋ ਗਿਆ। ਇਹ ਕਾਰਡ ਤਿੰਨ ਪੈਸਿਆਂ ਦਾ ਹੁੰਦਾ ਸੀ ਤੇ ਜਵਾਬੀ ਕਾਰਡ ਛੇ ਪੈਸੇ ਦਾ। ਲਿਖਣ ਪਿੱਛੋਂ ਇਸ ਨੂੰ ਲਾਲ ਡੱਬੇ ਵਿੱਚ ਪਾ ਦਿੱਤਾ ਜਾਂਦਾ ਸੀ।
(ਅ) ਉਹਨਾਂ ਸਮਿਆਂ ਵਿਚ, ਜਦੋਂ ਕਿਸੇ ਦੀ ਜੰਞ ਆਉਣੀ ਤਾਂ ਉਸ ਦਾ ਠਹਿਰਾਅ ਪਿੰਡ ਦੇ ਗੁਰਦੁਆਰੇ ਵਿੱਚ ਹੁੰਦਾ ਸੀ। ਉਹ ਆਪਣੇ ਨਾਲ਼ ਤਵਿਆਂ ਵਾਲਾ ਵਾਜਾ ਵੀ ਲੈ ਕੇ ਆਉਂਦੇ ਜੋ ਵਜਾਇਆ ਜਾਂਦਾ ਸੀ। ਇਕ ਵਾਰੀਂ ਜੰਞ ਵੱਲੋਂ ਲਿਆਂਦੇ ਵਾਜੇ ਦੇ ਅਸ਼ਲੀਲ ਗੀਤਾਂ ਕਰ ਕੇ, ਗੁਰਦੁਆਰੇ ਦੇ ਭਾਈ ਜੀ, ਬਹੁਤ ਗ਼ੁੱਸੇ ਵਿਚ ਆ ਗਏ। ਇਸ ਕਸ਼ਮਕਸ਼ ਵਿਚ ਕੁਝ ਭਾਈ ਜੀ ਦੇ ਹਿਮਾਇਤੀ ਅਤੇ ਕੁਝ ਵਾਜੇ ਵਾਲਿਆਂ ਵੱਲ ਹੋ ਗਏ। ਦੋਹਾਂ ਧੜਿਆਂ ਦੇ ਕਈ ਬੰਦਿਆਂ ਨੇ ਨਸ਼ਾ ਕੀਤਾ ਹੋਇਆ ਸੀ। ਵਾਹਵਾ ਗਾਹਲੀ-ਗਲੋਚ ਹੋਇਆ।
(ੲ) ਲੇਖਕ ਆਪਣੇ ਪਿੰਡ ਸੂਰੋ ਪੱਡਾ, ਅੰਮ੍ਰਿਤਸਰ ਤੋਂ ਮਹਿਤਾ ਵਾਲੀ ਸੜਕ ਉਪਰ, ਜੋ ਬਾਈਵੇਂ ਮੀਲ 'ਤੇ ਹੈ, ਦਾ ਜ਼ਿਕਰ ਕਰਦਾ ਹੈ। ਇੱਕੀਵੇਂ ਮੀਲ ਉਪਰ ਨਾਥ ਦੀ ਖੂਹੀ ਵਾਲਾ ਬੱਸ ਦਾ ਅੱਡਾ ਹੈ। ਉਸ ਖੂਹੀ ਤੇ ਦਰਖ਼ਤਾਂ ਦੇ ਝੁੰਡ ਦੇ ਬਾਗ਼ ਤੋਂ ਬਿਨਾ ਹੋਰ ਕੁਝ ਨਹੀਂ ਸੀ ਹੁੰਦਾ; ਬੇਆਬਾਦ ਪਈ ਹੁੰਦੀ ਸੀ। ਡੰਗਰ ਚਾਰਨ ਵਾਲੇ ਮੁੰਡੇ ਖੂਹੀ ਗੇੜ ਕੇ ਪਾਣੀ ਪੀਆ ਕਰਦੇ ਸੀ। ਮਾਂਗਾ, ਚੰਨਣ ਕੇ, ਜਲਾਲ ਉਸਮਾ ਆਦਿ ਪਿੰਡਾਂ ਨੂੰ ਇਹੋ ਹੀ ਬੱਸਾਂ ਦਾ ਅੱਡਾ ਲੱਗਦਾ ਹੁੰਦਾ ਸੀ। ਇਹਨਾਂ ਪਿੰਡਾਂ ਦੇ ਦਰਖ਼ਤਾਂ ਦੀ ਕਤਾਰ ਦੀ ਕਤਾਰ ਹੀ ਮਾਂਗੇ ਤੋਂ ਲੈ ਕੇ ਜਲਾਲ ਤੱਕ ਜਾਂਦੀ ਦਿਸਦੀ ਹੁੰਦੀ ਸੀ। ਉਹਨਾਂ ਵਿਚ ਖੂਹੀ ਵਾਲਾ ਬਾਗ਼ ਵਧੇਰੇ ਉਭਰਵਾਂ ਦਿਸਦਾ ਹੁੰਦਾ ਸੀ, ਜਿਸ ਨੂੰ ਲੇਖਕ ਅੰਮ੍ਰਿਤਸਰ ਹੀ ਸਮਝਦਾ ਰਿਹਾ ਤੇ ਇਹ ਗੱਲ ਲੁਕਾ ਕੇ ਵੀ ਰੱਖੀ।
(ਸ) ਲੇਖਕ ਮੰਨਦਾ ਹੈ ਕਿ ਉਸ ਦਾ ਆਪਣੇ ਨਾਨਕਿਆਂ ਨਾਲੋਂ, ਦਾਦੀ ਮਾਂ ਜੀ ਦਾ ਪਲੇਠੀ ਦਾ ਅਤੇ ਲਾਡਲਾ ਪੋਤਾ ਹੋਣ ਕਰਕੇ, ਭਾਈਆ (ਪਿਤਾ) ਜੀ ਦੇ ਨਾਨਕਿਆਂ ਵੱਲ ਜਾਣ ਦਾ ਵਧੇਰੇ ਝੁਕਾਅ ਸੀ। ਦਾਦੀ ਜੀ ਦੇ ਪੇਕੇ ਪਿੰਡ ਸੰਗੋਜਲੇ, ਦਾਦੀ ਜੀ ਦੇ ਨਾਲ਼ ਆਮ ਹੀ ਜਾਇਆ/ਆਇਆ ਕਰਦਾ ਸੀ। ਵੱਡਾ ਹੋ ਕੇ ਫਿਰ ਅੰਮ੍ਰਿਤਸਰ ਤੋਂ ਸਾਈਕਲ ਉਪਰ, ਬਿਆਸ ਦੇ ਪੁਲ਼ ਤੋਂ ਦਰਿਆ ਦੇ ਨਾਲ਼ ਨਾਲ਼ ਧੁੱਸੀ ਬੰਨ੍ਹ ਰਾਹੀਂ, ਉਹਨਾਂ ਦੇ ਖੂਹ ਉਪਰ ਹੀ ਚੱਲਿਆ ਜਾਂਦਾ ਸੀ। ਸੰਗੋਜਲੇ ਦੇ ਨੇੜੇ ਦੇ ਪਿੰਡ ਦਾ ਨਾਂ ਪੱਡੇ ਹੈ, ਜਿਸ ਦੇ ਬਾਹਰਵਾਰ ਬਾਬਾ ਸਾਹਿਬ ਦਿੱਤਾ ਜੀ ਦੀ ਯਾਦ ਵਿਚ ਬਣੇ ਗੁਰਦੁਆਰੇ ਵਿਚ ਇਕੋਤਰ ਸੌ ਅਖੰਡ ਪਾਠਾਂ ਦੀ ਲੜੀ ਚੱਲਦੀ ਸੀ। ਭੋਗ ਸਮੇ ਮੇਲਾ ਲੱਗਣਾ ਸੀ ਅਤੇ ਪੈਪਸੂ ਦੇ ਮੁੱਖ ਮੰਤਰੀ ਸ. ਗਿਆਨ ਸਿੰਘ ਰਾੜੇਵਾਲਾ ਜੀ ਨੇ ਆਉਣਾ ਸੀ। ਇਸ਼ਤਿਹਾਰ ਵਿਚ ਦੱਸਿਆ ਗਿਆ ਸੀ ਕਿ ਉਹ ਆਪਣੇ ਨਾਲ਼ ਇੱਕ ਮਸ਼ੀਨ ਲਿਆਉਣਗੇ ਜਿਹੜੀ ਉਹਨਾਂ ਦੀਆਂ ਕੀਤੀਆਂ ਗੱਲਾਂ ਨੂੰ ਓਸੇ ਵੇਲੇ ਫਿਰ ਸੁਣਾ ਦੇਵੇਗੀ ਪਰ ਮਸ਼ੀਨ ਦੇ ਆਉਣ ਵਾਲੀ ਕੋਈ ਗੱਲ ਨਾ ਹੋਈ।  ਵਿਚ ਜਦ ਅਜਿਹੀ ਮਸ਼ੀਨ ਵੇਖੀ ਤਾਂ ਪਤਾ ਲੱਗਿਆ ਕਿ ਇਸ ਨੂੰ ਟੇਪ ਰਿਕਾਰਡਰ ਆਖਦੇ ਹਨ।
ਲੇਖਕ ਦਾ ਭੋਲਾਪਣ ਵੇਖੋ ਕਿ ਉਸ ਸਮੇ  ਨੂੰ 'ਦਸ ਇੱਕ ਯਾਰਾਂ' ਹੀ ਸਮਝਿਆ ਕਰਦਾ ਸੀ। ਬੜੇ ਚਿਰ ਪਿੱਛੋਂ ਪਤਾ ਲੱਗਾ ਕਿ ਇਹ 'ਇਕ ਸੌ ਇਕ' ਹੁੰਦੇ ਹਨ, ਜਿਸ ਨੂੰ ਇਕੋਤਰ ਸੌ ਜਾਂ ਇਕੋਤਰੀ ਵੀ ਕਿਹਾ ਜਾਂਦਾ ਹੈ। ਉਸ ਗੁਰਦੁਆਰਾ ਸਾਹਿਬ ਦੇ ਮਹੰਤ ਗੁਰਬਚਨ ਸਿੰਘ ਜੀ ਨੂੰ ਕਿਸੇ ਨੇ ਦੱਸ ਦਿੱਤਾ ਕਿ ਲੇਖਕ ਨੂੰ ਜਪੁ ਜੀ ਸਾਹਿਬ ਮੂੰਹ ਜ਼ਬਾਨੀ ਕੰਠ ਹੈ। ਮਹੰਤ ਜੀ ਨੇ ਉਸ ਨੂੰ ਆਪਣੀ ਗੱਦੀ ਦੇ ਸਿਰਹਾਣੇ ਵਾਲੇ ਪਾਸੇ ਬੈਠਾ ਕੇ ਜਪੁ ਜੀ ਸਾਹਿਬ ਦਾ ਪਾਠ ਸੁਣਿਆ ਤੇ ਖ਼ੁਸ਼ ਹੋ ਕੇ ਇੱਕ ਰੁਪਇਆ ਇਨਾਮ ਦਿੱਤਾ। ਉਹ ਬਿਲਕੁਲ ਨਵਾਂ ਤੇ ਕੜਕਵਾਂ ਨੋਟ ਸੀ ਜੋ ਪਹਿਲੀ ਵਾਰ ਹੀ ਵੇਖਿਆ ਸੀ। ਇਸ ਤੋਂ ਪਹਿਲਾਂ ਚਾਂਦੀ ਵਾਲੇ ਰੁਪਈਏ ਤੇ ਵੇਖੇ ਹੋਏ ਸਨ ਪਰ ਨੋਟ ਨਹੀਂ ਸੀ ਕਦੀ ਵੇਖਿਆ। ਉਹ ਰੁਪਈਆ ਉਸ ਨੇ ਮੇਲੇ ਵਿਚ ਕਿਵੇਂ ਖ਼ਰਚਿਆ? ਚੌਦਾਂ ਆਨਿਆਂ ਦੇ ਲੱਕੜ ਦੇ ਘੋੜਿਆਂ ਉਪਰ ਹੂਟੇ ਲੈ ਲਏ ਤੇ ਦੋ ਆਨਿਆਂ ਦੇ ਬਰਫ਼ ਦੇ ਗੋਲੇ ਇਕ ਹੋਰ ਸਾਥੀ ਨਾਲ ਮਿਲ ਕੇ ਖਾ ਲਏ। ਸੋਲ਼ਾਂ ਆਨਿਆਂ ਦਾ ਇਉਂ, ਇਕੋਤਰੀ ਦੇ ਭੋਗ ਵਾਲੇ ਦਿਨ ਹੀ ਭੋਗ ਪਾ ਦਿੱਤਾ।
ਲੇਖ ਦੇ ਅੰਤਲੇ ਵਾਕ ਨੇ, ਮਨ ਵਿਚ ਹਾਸੇ ਦੀ ਲਹਿਰ ਪੈਦਾ ਕਰ ਦਿੱਤੀ ਹੈ ਜੋ ਇਸ ਗੱਲ ਦੀ ਸੂਚਕ ਹੈ ਕਿ ਲੇਖਕ ਕੋਲ ਆਪਣੀਆਂ ਸੱਚੀਆਂ ਭਾਵਨਾਵਾਂ ਨੂੰ ਉਜਾਗਰ ਕਰਨ ਦੀ ਅਥਾਹ ਸ਼ਕਤੀ ਹੈ ਅਤੇ ਖ਼ਾਸ ਲਿਖਣ ਸ਼ੈਲੀ ਦੀ ਗੁਣਵੱਤਾ ਵੀ।
(ਹ) / ਵਿਚ, ਜਦੋਂ ਲੇਖਕ ਇੱਕ ਵਾਰ ਸੰਗੋਜਲੇ ਗਿਆ ਤਾਂ ਓਥੇ ਅਜਿਹੀ ਮਸ਼ੀਨ ਵੇਖੀ ਜਿਸ ਨੂੰ ਰੇਡੀਉ ਆਖਦੇ ਸਨ। ਉਹ ਪੰਚਾਇਤੀ ਰੇਡੀਉ, ਦਾਦੀ ਮਾਂ ਜੀ ਦੇ ਛੋਟੇ ਭਰਾ ਜੀ, ਜੋ ਕਿ ਪਿੰਡ ਦੇ ਸਰਪੰਚ ਸਨ, ਦੇ ਘਰ ਚੁਬਾਰੇ ਵਿਚ ਰੱਖਿਆ ਹੋਇਆ ਸੀ। ਉਹ ਇੱਕ ਵਾਰੀਂ ਲੇਖਕ ਨੇ ਉਤਸੁਕਤਾ ਵੱਸ ਚਲਾ ਲਿਆ। ਉਹ ਬਹੁਤ ਚਿਰ ਘੱਰਰਰ ਘੱਰਰਰ ਦੀ ਆਵਾਜ਼ ਦਿੰਦਾ ਰਿਹਾ। ਪਿੰਡ ਦੇ ਦੂਜੇ ਪਾਸਿਉਂ ਇੱਕ ਮੁੰਡਾ ਭੱਜਾ ਭੱਜਾ ਆਇਆ ਤੇ ਉਸ ਨੇ ਰੇਡੀਉ ਦਾ ਕੰਨ ਜਿਹਾ ਮਰੋੜ ਕੇ ਉਸ ਦੀ ਆਵਾਜ਼ ਠੀਕ ਕੀਤੀ। ਕਾਰਨ ਇਹ ਬਣਿਆ ਸੀ ਕਿ ਲੇਖਕ ਅਣਜਾਣ ਹੋਣ ਕਰ ਕੇ ਰੇਡੀਉ ਦੀ ਸੂਈ ਦੋ ਸਟੇਸ਼ਨਾਂ ਵਿਚਾਲੇ ਫਸਾ ਬੈਠਾ ਸੀ ਤੇ ਸਮਝ ਰਿਹਾ ਸੀ ਕਿ ਇਹ ਆਵਾਜ਼ ਪੁਲ਼ ਉਪਰੋਂ ਲੰਘ ਰਹੀ ਗੱਡੀ ਦੀ ਹੈ।
(ਕ) ਗੱਲ ਇਹ  ਦੀ ਹੈ। ਕਿਸੇ ਕੋਲੋਂ ਸੁਣਿਆ ਸੀ ਕਿ ਹੁਣ ਇਹੋ ਜਿਹਾ ਰੇਡੀਉ ਆਉਣਾ ਜਿਹੜਾ ਬੋਲਣ ਵਾਲੇ ਦੀ ਨਾਲ਼ ਨਾਲ਼ ਫ਼ੋਟੋ ਵੀ ਵਿਖਾਇਆ ਕਰੇਗਾ। ਹੈਰਾਨੀ ਹੋਣੀ ਇਉਂ ਸੁਣ ਕੇ ਕਿ ਫ਼ੋਟੋ ਕਿੱਦਾਂ ਦਿਸਿਆ ਕਰੇਗੀ! ਫਿਰ ਪਤਾ ਲੱਗਿਆ ਕਿ ਉਸ ਨੂੰ ਟੀਵੀ ਆਖਦੇ ਹਨ। ਇਹ ਘਟਨਾਵਾਂ ਲੇਖਕ ਦੇ ਬਚਪਨ ਤੋਂ ਹੀ ਉਸ ਦੇ ਖ਼ੋਜੀ ਸੁਭਾਅ ਨੂੰ ਸਪਸ਼ਟ ਰੂਪ ਵਿੱਚ ਦਰਸਾਉਂਦੀਆਂ ਹਨ, ਜੋ ਪਿਛਲੀ ਸਦੀ ਦੇ ਚਾਲਵੀਆਂ ਵਿੱਚ ਲੈ ਜਾਂਦੀਆਂ ਹਨ ਅਤੇ ਜਿਸ ਦਾ ਲੇਖਕ ਨੇ ਬਾ-ਕਮਾਲ ਬਿਰਤਾਂਤ ਸਿਰਜ ਕੇ, ਖ਼ੂਬਸੂਰਤ ਦ੍ਰਿਸ਼ਾਂ ਰਾਹੀਂ ਵਰਨਣ ਕੀਤਾ ਹੈ। ਯਾਦਾਂ, ਕਿਸੇ ਸਮੇ ਦੀਆਂ ਵੀ ਹੋਣ, ਇਹ ਜੀਵਨ ਦੀਆਂ ਸੱਜਰੀ ਅਤੇ ਸੂਹੀ ਸਵੇਰ ਵਰਗੀਆਂ ਹੁੰਦੀਆਂ ਹਨ, ਜੋ ਹਮੇਸ਼ਾ ਮਨੁੱਖੀ ਚੇਤੇ ਵਿੱਚ ਤਰੋ-ਤਾਜ਼ਾ ਰਹਿੰਦੀਆਂ ਹਨ, ਜਿਵੇਂ ਕਿ ਤ੍ਰੇਲ ਦੀਆਂ ਬੂੰਦਾਂ ਨਾਲ ਭਿੱਜੀਆਂ ਗੁਲਾਬ ਦੀਆਂ ਤਾਜ਼ੀਆਂ ਪੱਤੀਆਂ। ਰੰਗਲੇ ਬਚਪਨ ਦੀਆਂ ਕੁਝ ਯਾਦਾਂ ਮਾਂ ਦੀ ਲੋਰੀ ਵਰਗੀਆਂ ਮਿੱਠੀਆਂ ਹੁੰਦੀਆਂ ਹਨ, ਜੋ ਮਰਦੇ ਦਮ ਤੱਕ ਮਨਾਂ ਵਿੱਚੋਂ ਕਦੇ ਨਹੀਂ ਵਿਸਰਦੀਆਂ। ਇਹ ਯਾਦਾਂ ਗਿਆਨੀ ਜੀ ਨੇ ਆਪਣੇ ਕਲਮੀ ਹੁਨਰ ਨਾਲ ਇਸ ਤਰ੍ਹਾਂ ਕਲਮਬੰਦ ਕਰ ਦਿੱਤੀਆਂ ਹਨ ਕਿ ਚਿਰ-ਸਥਾਈ ਜੀਵਤ ਰਹਿਣ ਦੇ ਕਾਬਲ ਹੋ ਗਈਆਂ ਹਨ। ਪੰਜਾਬੀ ਸਾਹਿਤ ਵਿੱਚ ਇਸ ਕਿਸਮ ਦੀ ਲਿਖਤ ਬਹੁਤ ਘੱਟ ਪੜ੍ਹਨ ਨੂੰ ਮਿਲਦੀ ਹੈ। ਅਜਿਹੀ ਸ਼ੈਲੀ ਉਹਨਾਂ ਦੀ ਵਿਸ਼ੇਸ਼ ਪ੍ਰਾਪਤੀ ਹੈ।
() ਐਡੀਲੇਡ ਦੀ ਯਾਤਰਾ
ਸਫ਼ਰ ਦੀ ਏਸੇ ਲੜੀ ਵਿੱਚ ਲੇਖਕ 'ਐਡੀਲੇਡ ਦੀ ਯਾਤਰਾ  ਅਪ੍ਰੈਲ-ਮਈ ' ਵਿੱਚ ਲਿਖਦਾ ਹੈ ਕਿ ਐਡੀਲੇਡ ਦੇ ਨਾਂ ਤੋਂ ਤੇ ਉਹ ਭਾਵੇਂ  ਤੋਂ ਹੀ ਜਾਣੂ ਸੀ ਪਰ ਯਾਤਰਾ ਇਸ ਦੀ ਪਹਿਲੀ ਵਾਰ ਕਰਨ ਦਾ ਮੌਕਾ  ਵਿੱਚ ਹੀ ਬਣਿਆ। ਐਡੀਲੇਡ ਦੀ ਸਿੱਖ ਸੰਸਥਾ ਵੱਲੋਂ,  ਵਿਚ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਸਿਡਨੀ ਨੂੰ, ਐਡੀਲੇਡ ਦੇ ਪਹਿਲੇ ਅਖੰਡ ਪਾਠ ਤੇ ਪਹਿਲੇ ਗੁਰਦੁਆਰਾ ਸਾਹਿਬ ਦੇ ਉਦਘਾਟਨ ਸਮੇ ਸ਼ਾਮਲ ਹੋਣ ਲਈ ਸੱਦਾ ਆਇਆ। ਓਥੇ ਸ਼ਾਮਲ ਹੋਣ ਲਈ ਲੇਖਕ ਦੀ ਡਿਊਟੀ ਲੱਗ ਗਈ ਤੇ ਬੱਸ ਰਾਹੀਂ ਓਥੇ ਪੁੱਜ ਕੇ ਸਾਰੇ ਸਮਾਗਮਾਂ ਵਿਚ ਹਿੱਸਾ ਲਿਆ। ਉਸ ਸਮੇ ਹੀ ਸਿੱਖ ਖੇਡਾਂ ਆਰੰਭ ਹੋਈਆਂ ਜੋ ਹੁਣ ਤੱਕ ਹਰ ਸਾਲ ਹੋ ਰਹੀਆਂ ਹਨ।
ਏਸੇ ਤਰ੍ਹਾਂ ਹੀ ਇੱਕ ਦਿਨ ਸ. ਗੁਰਮੀਤ ਸਿੰਘ ਵਾਲੀਆ, ਪੱਤਰਕਾਰ 'ਅਜੀਤ' ਅਖ਼ਬਾਰ ਹੋਰਾਂ ਨੇ ਵੈਸਾਖੀ ਨਾਲ ਸਬੰਧਤ ਧਾਰਮਿਕ ਕਾਰਜਾਂ ਵਿੱਚ  ਮਾਰਚ ਨੂੰ ਹਾਜ਼ਰੀ ਲਵਾ ਕੇ ਪ੍ਰੋਗਰਾਮ ਨੂੰ ਸਸ਼ੋਭਤ ਕਰਨ ਦੀ ਬੇਨਤੀ ਕੀਤੀ, ਜੋ ਖ਼ੁਸ਼ੀ ਨਾਲ ਪ੍ਰਵਾਨ ਕੀਤੀ ਗਈ। ਓਥੋਂ ਦੇ ਪ੍ਰੋਗਰਾਮਾਂ ਦੀ ਸਮਾਪਤੀ ਪਿੱਛੋਂ, ਲੇਖਕ ਦੇ ਮਨ ਵਿੱਚ ਵਿਚਾਰ ਆਇਆ ਕਿ ਢਾਈ ਕੁ ਸੌ ਕਿਲੋਮੀਟਰ 'ਤੇ, ਰੈਨਮਾਰਕ ਵਿੱਚ ਰਹਿੰਦੇ ਮਿੱਤਰਾਂ ਨੂੰ ਵੀ ਮਿਲਿਆ ਜਾਵੇ। ਬੱਸ ਦਾ ਸਫ਼ਰ ਸ਼ੁਰੂ ਕੀਤਾ। ਸ਼ਾਮ ਢਲ਼ ਚੁੱਕੀ ਸੀ।ਹਨੇਰਾ ਫੈਲਦਾ ਜਾਂਦਾ ਸੀ। ਲੇਖਕ ਗੁਰਦੁਆਰਾ ਸਾਹਿਬ ਤੱੱਕ ਤਾਂ ਔਖੇ ਸੌਖੇ ਪਹੁੰਚ ਗਿਆ ਪਰ ਅੰਦਰ ਜਾਣ ਦੀ ਰਸਾਈ ਨਾ ਹੋ ਸਕੀ। ਗੇਟ ਬੰਦ ਸੀ। ਹਾਰ ਕੇ, ਨੇੜਲੇ ਘਰ ਜੋ ਕਿਸੇ ਭਲੇ ਗੋਰੇ ਦਾ ਸੀ, ਜਾ ਦਰਵਾਜ਼ਾ ਖੜਕਾਇਆ। ਸ਼ੁਕਰ ਨਾਲ, ਉਹ ਸਾਊ ਬੰਦਾ ਸੀ। ਉਸ ਨੂੰ ਜਦੋਂ ਸਾਰੀ ਗੱਲ ਸਮਝਾਈ ਤਾਂ ਉਸ ਨੇ ਇੱਕ ਦੇਸੀ ਰੈਸਟੋਰੈਂਟ ਦਾ ਨੰਬਰ ਮਿਲਾ ਕੇ ਦਿੱਤਾ। ਉਸ ਤੋਂ ਗਿਆਨੀ ਹਰਦਿਆਲ ਸਿੰਘ ਜੀ ਦਾ ਨੰਬਰ ਮਿਲ ਗਿਆ। ਇਸ ਬਿਧ ਨਾਲ ਦੋ ਗਿਆਨੀਆਂ ਦਾ ਆਪਸੀ ਮਿਲਾਪ ਹੋਇਆ। ਅਗਲੀ ਸਵੇਰ ਸ. ਪਿਆਰਾ ਸਿੰਘ ਅਟਵਾਲ ਜੀ ਨਾਲ ਸੰਪਰਕ ਕੀਤਾ ਗਿਆ ਤੇ ਉਹ ਆਪਣੇ ਫਾਰਮ 'ਤੇ ਲੈ ਗਏ।
ਅਟਵਾਲ ਜੀ ਅਕਾਲੀ ਪਰਵਾਰ ਨਾਲ ਸਬੰਧ ਰੱਖਦੇ ਹਨ। ਇਹਨਾਂ ਦੇ ਬਾਬਾ ਜੀ ਦੇ ਸਮੇ ਸੰਤ ਫ਼ਤਿਹ ਸਿੰਘ ਜੀ, ਜਥੇਦਾਰ ਮੋਹਨ ਸਿੰਘ ਤੁੜ ਜੀ, ਸ. ਜਗਦੇਵ ਸਿੰਘ ਤਲਵੰਡੀ ਜੀ ਆਦਿ ਅਕਾਲੀ ਆਗੂ ਆਮ ਹੀ ਇਹਨਾਂ ਦੇ ਘਰ ਆ ਕੇ ਠਹਿਰਦੇ ਹੁੰਦੇ ਸਨ। ਏਥੇ ਪੰਜ ਦਿਨ ਬਿਸਰਾਮ ਕੀਤਾ ਅਤੇ ਰੈਨਮਾਰਕ ਗੁਰਦੁਆਰਾ ਸਾਹਿਬ ਵਿੱਚ ਹਾਜ਼ਰੀ ਭਰੀ। ਸੰਗਤਾਂ ਨੂੰ ਗੁਰਸਾਖੀ ਰਾਹੀਂ ਸੰਬੋਧਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਅਤੇ ਫਿਰ ਐਡੀਲੇਡ ਵਾਪਸੀ ਕਰ ਲਈ। ਐਡੀਲੇਡ ਪਹੁੰਚਿਆ ਤਾਂ ਸ. ਮਹਾਂਬੀਰ ਸਿੰਘ ਗਰੇਵਾਲ ਜੀ ਦਾ ਫ਼ੋਨ ਮਿਲਿਆ ਕਿ ਸਵੇਰੇ ਪੋਰਟ ਅਗੱਸਤਾ ਚੱਲਣਾ ਹੈ। ਸੋ, ਲੇਖਕ ਤਾਂ ਸਦਾ ਹੀ ਸੈਲਫ ਸਟਾਰਟ ਰਹਿੰਦਾ ਹੈ। ਉਹਨਾਂ ਦੇ ਨਾਲ, ਕਾਰ ਵਿੱਚ ਇਕ ਹੋਰ ਸਫ਼ਰ ਦੀ ਤਿਆਰੀ ਸ਼ੁਰੂ ਹੋ ਗਈ। ਇਸ ਸ਼ਹਿਰ ਵਿੱਚ ਗਰੇਵਾਲ ਸਾਹਿਬ ਆਪਣੇ ਭਰਾ ਸਮੇਤ ਰਹਿ ਰਹੇ ਹਨ। ਬਹੁਤ ਵੱਡੇ ਕਾਰੋਬਾਰੀ ਆਦਮੀ ਹਨ। ਗੁਰਦੁਆਰਾ ਵੀ ਆਪਣੇ ਕੰਪਲੈਕਸ ਵਿੱਚ ਸਥਾਪਤ ਕੀਤਾ ਹੋਇਆ ਹੈ। ਪੰਜਾਬ ਵਿੱਚੋਂ ਆਏ ਨਵੇਂ ਵਿਦਿਆਰਥੀਆਂ ਨੂੰ ਆਪਣੇ ਬਿਜ਼ਨਿਸ ਵਿੱਚ ਕੰਮ-ਕਾਰ ਵੀ ਦਿੰਦੇ ਹਨ। ਲੇਖਕ ਨੂੰ ਗੁਰਦੁਆਰੇ ਦੇ ਭਾਈ ਸਾਹਿਬ ਸੁਖਦੇਵ ਸਿੰਘ ਕੋਲ ਉਤਾਰ ਕੇ, ਗਰੇਵਾਲ ਜੀ ਆਪਣੇ ਕੰਮ-ਕਾਰ ਨੂੰ ਚਲੇ ਗਏ ਅਤੇ ਲੇਖਕ ਨੂੰ ਸ਼ਾਮੀ ਲੈਣ ਵਾਸਤੇ ਕਹਿ ਗਏ। ਭਾਈ ਸਾਹਿਬ ਸੁਖਦੇਵ ਸਿੰਘ ਜੀ ਨੇ ਸੇਵਾ ਕੀਤੀ। ਹੋਰ ਲੋਕਾਂ ਨਾਲ ਵਿਚਾਰ ਵਟਾਂਦਰਾ ਕੀਤਾ। ਸ਼ਾਮ ਵੇਲੇ ਗਰੇਵਾਲ ਜੀ ਆਏ ਤੇ ਨਾਲ ਲੈ ਗਏ। ਗਿਆਨੀ ਜੀ ਲਈ ਮੋਟਲ ਵਿੱਚ ਰਹਿਣ ਦਾ ਪ੍ਰਬੰਧ ਕਰ ਦਿੱਤਾ। ਏਥੇ ਬਹੁਤ ਸੱਜਣਾਂ ਮਿੱਤਰਾਂ ਨਾਲ ਮਿਲੇ ਅਤੇ ਵਿਚਾਰਾਂ ਦਾ ਆਦਾਨ ਪ੍ਰਦਾਨ ਕੀਤਾ। ਏਥੇ ਰਹਿੰਦਿਆਂ ਪਰਥ ਵਿੱਚ ਹੋਈਆਂ ਖੇਡਾਂ ਦਾ ਇੰਟਰਨੈਟ ਰਾਹੀਂ ਅਨੰਦ ਮਾਣਿਆ। ਕਈ ਹੋਰ ਨਵੇਂ ਪੁਰਾਣੇ ਮਿੱਤਰਾਂ ਦੀ ਮਿਲਣੀ ਦੀਆਂ ਭਾਵਨਾਵਾਂ ਤੇ ਯਾਦਾਂ ਨੂੰ ਮਨ ਵਿਚ ਸਮੋਇਆ। ਵਾਲੀਆ ਜੀ ਸਮੇ ਸਿਰ ਆਏ ਲੇਖਕ ਨੂੰ ਆਪਣੇ ਘਰ ਲੈ ਜਾਣ ਲਈ। ਸਿਡਨੀ ਨੂੰ ਜਾਣ ਲਈ ਏਅਰ ਪੋਰਟ 'ਤੇ ਛੱਡ ਗਏ।
ਇਸ ਲੇਖ ਵਿਚ ਲੇਖਕ ਨੇ ਆਪਣੇ ਨਿੱਜਤਵ ਬਾਰੇ, ਕੁਝ ਦੋਸਤ, ਮਿੱਤਰਾਂ ਦਾ ਪ੍ਰਿਚੈ ਕਰਵਾਉਣ ਦੇ ਨਾਲ ਨਾਲ ਪੰਜਾਬ ਤੋਂ ਪੜ੍ਹਨ ਆਏ ਵਿਦਿਆਰਥੀਆਂ ਨੂੰ ਬਾਹਰਲੇ ਮੁਲਕ 'ਚ ਆ ਕੇ, ਆਪਣਾ ਜੀਵਨ ਕਿਵੇਂ ਗੁਜ਼ਾਰਨਾ ਪੈਂਦਾ ਹੈ, ਵੇਰਵੇ ਸਹਿਤ ਦਿੱਤਾ ਹੈ, ਜੋ ਕਾਫ਼ੀ ਜਾਣਕਾਰੀ ਭਰਪੂਰ ਹੈ। ਏਸੇ ਤਰ੍ਹਾਂ, ਦੋਵੇਂ ਗੁਰਦੁਆਰਿਆਂ ਵਿਚ ਆਪਣੀਆਂ ਗਤੀਵਿਧੀਆਂ, ਸੰਗਤਾਂ ਨਾਲ ਗੱਲਾਂ ਬਾਤਾਂ ਅਤੇ ਆਪਣੇ ਪੁਰਾਣੇ ਮਿੱਤਰਾਂ ਅਤੇ ਨਵੇਂ ਜਾਣਕਾਰਾਂ ਨਾਲ ਹੋਈਆਂ ਮੁਲਾਕਾਤਾਂ ਬਾਰੇ ਵਿਸਥਾਰ ਨਾਲ ਲਿਖਿਆ ਹੈ, ਜਿਸ ਵਿਚ ਚੰਗੀ ਅਤੇ ਲਾਭਕਾਰੀ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ। ਪਰ ਜੇ ਭੂਗੋਲਕ, ਗੁਰਦੁਆਰਿਆਂ ਦਾ ਇਤਿਹਾਸ ਅਤੇ ਇਸ ਖੇਤਰ ਵਿੱਚ ਚੱਲ ਰਹੀਆਂ ਹੋਰ ਗਤੀਵਿਧੀਆਂ ਬਾਰੇ ਵੇਰਵਾ ਉਜਾਗਰ ਹੋ ਜਾਂਦਾ ਤਾਂ ਇਹ ਵਧੇਰੇ ਲਾਭਵੰਦ ਹੋ ਸਕਦਾ ਸੀ। ਸਮੁੱਚੇ ਤੌਰ 'ਤੇ, ਇਸ ਅਧਿਆਇ ਵਿੱਚੋਂ ਲੰਘਣਾ ਮਹੱਤਵਪੂਰਨ ਹੈ। ਇਸ ਵਿਚਲੇ ਸਥਾਨਾਂ ਦੇ ਦੌਰਿਆਂ ਨੂੰ ਸ਼ਾਨਦਾਰ ਵਿਧੀ ਨਾਲ ਵਰਨਣ ਕੀਤਾ ਹੈ। ਲੇਖਕ ਦੀ ਆਪਣੀ ਕਲਮ 'ਤੇ ਜ਼ਬਰਦਸਤ ਪਕੜ ਹੈ। ਜਦੋਂ ਪਾਠਕ ਪੜ੍ਹਨਾ ਸ਼ੁਰੂ ਕਰ ਦਿੰਦਾ ਹੈ ਤਾਂ ਉਸ ਲਈ ਰੁਕਣਾ ਬਹੁਤ ਔਖਾ ਲੱਗੇਗਾ। ਇਹ ਤਾਂ ਹੀ ਸੰਭਵ ਹੈ ਜਦੋਂ ਸਾਹਿਤ ਦੇ ਅਜਿਹੇ ਰੂਪ ਵਿਚ ਲੇਖਕ ਦੀ ਕਲਮ ਸ਼ਕਤੀਸ਼ਾਲੀ ਹੁੰਦੀ ਹੈ।
() ਜੀਵਨੀਆਂ ਲੇਖਕ ਨੇ ਕੁਝ ਸ਼ਖ਼ਸੀਅਤਾਂ ਦੀਆਂ ਜੀਵਨੀਆਂ ਬਾਰੇ ਵੀ ਲੇਖ ਲਿਖੇ ਹਨ, ਜਿਨ੍ਹਾਂ ਨੂੰ ਉਸ ਨੇ ਪਹਿਲੀਆਂ ਲਿਖਤਾਂ ਦਾ ਆਧਾਰ, ਨਿੱਜੀ ਯਾਦਾਂ, ਸਹਿਤ ਸੰਪਰਕ ਤੇ ਵਰਨਾਤਮਿਕ ਜੁਗਤਾਂ ਰਾਹੀਂ ਆਪਣਾ ਕਥਾਨਕ ਉਸਾਰਿਆ ਹੈ, ਜੋ ਉਸ ਦੇ ਦੂਜੇ ਲੇਖਾਂ ਨਾਲ਼ੋਂ ਵਿਲੱਖਣਤਾ ਅਤੇ ਭਿੰਨਤਾ ਦਰਸਾਉਂਦੇ ਹਨ। ਪੇਸ਼ ਹਨ। ਸੰਖੇਪ ਰੂਪ ਵਿੱਚ ਇਹ ਰਚਨਾਵਾਂ:
(ਇੱਕ) ਇਸ ਲੜੀ ਵਿੱਚ ਉਸ ਦਾ ਪਹਿਲਾ ਜੀਵਨੀ ਸੰਬੰਧੀ ਸਵਰਗੀ ਜਥੇਦਾਰ ਖਜ਼ਾਨ ਸਿੰਘ ਮੀਰਾਂ ਕੋਟ ਹੈ, ਜੋ ਉਹਨਾਂ ਦੀ ਬਰਸੀ 'ਤੇ ਸ਼ਰਧਾਂਜਲੀ ਦੇ ਰੂਪ ਵਿੱਚ ਲਿਖਿਆ ਗਿਆ ਹੈ। ਉਹ ਸਾਧਾਰਨ ਪਰਵਾਰ ਵਿੱਚ ਜੰਮੇ-ਪਲੇ ਅਤੇ ਅਕਾਲੀ ਵਰਕਰ ਤੋਂ ਸਿਆਸੀ ਸਫ਼ਰ ਸ਼ੁਰੂ ਕਰ ਕੇ, ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅਤੇ ਵਿਧਾਇਕ ਤੱਕ ਪਹੁੰਚੇ। ਉਹਨਾਂ ਦਾ ਪਰਵਾਰ ਪਾਕਿਸਤਾਨ ਦੀ ਵੰਡ ਸਮੇ, ਆਪਣੇ ਜੱਦੀ ਪਿੰਡ ਮੀਰਾਂ ਕੋਟ ਖ਼ੁਰਦ ਆ ਵਸਿਆ। ਅਕਾਲੀ ਦਲ ਵਿੱਚ ਲਗਨ ਨਾਲ ਕੰਮ ਕਰਦਿਆਂ ਮਾਸਟਰ ਤਾਰਾ ਸਿੰਘ ਜੀ ਵੱਲੋਂ ਸਮੇ-ਸਮੇ ਅਹਿਮ ਜੁੰਮੇਵਾਰੀਆਂ ਸੌਂਪੀਆਂ ਗਈਆਂ, ਜੋ ਮਿਸਾਲੀ ਤੌਰ ਤੇ ਨਿਭਾਈਆਂ ਗਈਆਂ। ਪੰਜਾਬੀ ਸੂਬੇ ਦੇ ਮੋਰਚੇ ਸਮੇ, ਉਹ ਇਸ ਨੂੰ ਚਲਾਉਣ ਵਾਲੀ ਕਮੇਟੀ ਦੇ ਮੈਂਬਰ ਸਨ ਅਤੇ ਜੇਹਲ ਵੀ ਕੱਟੀ।  ਵਿੱਚ ਗੁਰਦੁਆਰਾ ਪਾਉਂਟਾ ਸਾਹਿਬ ਨੂੰ ਮਹੰਤਾਂ ਤੋਂ ਆਜ਼ਾਦ ਕਰਵਾਉਣ ਵਿਚ ਹਿੱਸਾ ਪਾਇਆ। ਗੁਰਦੁਆਰਾ ਸੀਸ ਗੰਜ ਦੇ ਨਾਲ ਲੱਗਦੀ ਜ਼ਮੀਨ ਸਰਕਾਰ ਤੋਂ ਵਾਪਸ ਲਈ। ਇਸ ਤੋਂ ਇਲਾਵਾ, ਉਹਨਾਂ ਨੇ ਪੰਜਾਬੀ ਸੂਬਾ  ਵਾਲਾ ਮੋਰਚਾ,  ਵਾਲਾ ਮੋਰਚਾ,  ਕਰਨਾਲ ਵਾਲਾ ਮੋਰਚਾ, ਐਮਰਜੈਂਸੀ ਦੇ ਖ਼ਿਲਾਫ਼ ਮੋਰਚਾ, ਧਰਮ ਯੁੱਧ ਮੋਰਚੇ ਵਿੱਚ ਸਭ ਤੋਂ ਅੱਗੇ ਰਹਿ ਕੇ ਰੋਲ ਨਿਭਾਇਆ। ਇਹ ਸਨਮਾਨਯੋਗ ਸ਼ਖ਼ਸੀਅਤ  ਮਈ,  ਨੂੰ ਜ਼ਿੰਦਗੀ ਦੀ ਯਾਤਰਾ ਪੂਰੀ ਕਰਕੇ, ਗੁਰੂ ਚਰਨਾਂ ਵਿਚ ਜਾ ਬਿਰਾਜੀ। ਇਹ ਜੁਝਾਰੂ ਸਿੱਖ, ਇੱਕ ਪ੍ਰੇਰਨਾ ਬਣ ਕੇ ਸਦਾ ਪੰਥਕ ਪ੍ਰੇਮੀਆਂ ਦੇ ਦਿਲਾਂ ਵਿੱਚ ਵੱਸਦਾ ਰਹੇਂਗਾ।
(ਦੋ) ਦੂਸਰਾ ਲੇਖ ਸ. ਮੇਜਰ ਸਿੰਘ ਉਬੋਕੇ ਜੀ ਦੀ ਜੀਵਨੀ ਬਾਰੇ ਹੈ। ਉਹ ਬਹੁਤ ਵਿਸਥਾਰ ਨਾਲ ਦੱਸਦੇ ਹਨ ਕਿ ਉਹਨਾਂ ਦਾ ਜਨਮ ਮਿਤੀ,  ਅਪ੍ਰੈਲ  ਪਿੰਡ ਉਬੋਕੇ (ਤਰਨਤਾਰਨ) ਪਿਤਾ ਸਰਦਾਰ ਤਾਰਾ ਸਿੰਘ ਦੇ ਗ੍ਰਿਹ ਵਿਖੇ ਹੋਇਆ। ਖ਼ਾਲਸਾ ਕਾਲਜ, ਅੰਮ੍ਰਿਤਸਰ ਤੋਂ ਬੀ.ਏ ਦੀ ਡਿਗਰੀ ਪ੍ਰਾਪਤ ਕੀਤੀ। ਵਿੱਦਿਅਕ ਸੰਸਥਾਵਾਂ ਦੀਆਂ ਸਮਾਜਕ ਅਤੇ ਸਭਿਆਚਾਰਕ ਗਤੀਵਿਧੀਆਂ ਵਿੱਚ ਸਰਗਰਮੀ ਨਾਲ ਹਿੱਸਾ ਲੈਂਦੇ ਰਹੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਵਿਸ਼ੇਸ਼ ਦਿਲਚਸਪੀ ਕਾਰਨ, ਸਕੱਤਰ ਸ਼੍ਰੋਮਣੀ ਅਕਾਲੀ ਦਲ ਤੱਕ ਦੀ ਪਦਵੀ ਤੱਕ ਪਹੁੰਚੇ। ਲੇਖਕ ਨੇ ਇਹਨਾਂ ਨੂੰ ਪਹਿਲੀ ਵਾਰ, ਜਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਤ ਚੰਨਣ ਸਿੰਘ ਜੀ, ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਦੀ ਨਿਗਰਾਨੀ ਵਾਸਤੇ ਜੀਂਦ ਆਏ ਸਨ ਤਾਂ ਇਹ ਪੀ.ਏ. ਵਜੋਂ ਉਹਨਾਂ ਦੇ ਨਾਲ ਸਨ। ਫਿਰ ਪਿੱਛੋਂ ਜਾ ਕੇ ਕਮੇਟੀ ਅਤੇ ਹੋਰ ਸਿਆਸੀ ਪਾਰਟੀਆਂ ਨਾਲ਼ ਮੀਟਿੰਗਾਂ ਆਦਿ ਵਿਚ ਸ਼ਾਮਲ ਹੋ ਕੇ ਪ੍ਰਧਾਨ ਜੀ ਦੀ ਸਹਾਇਤਾ ਕਰਦੇ ਰਹੇ। ਸ. ਲਛਮਣ ਸਿੰਘ ਗਿੱਲ ਦੀ ਸਰਕਾਰ ਸਮੇ ਇਹਨਾਂ ਉਪਰ ਝੂਠੇ ਕੇਸ ਬਣਾ ਕੇ ਜੇਹਲ ਭੇਜਿਆ ਗਿਆ।
 ਵਾਲ਼ੀ ਚੋਣ ਵਿਚ ਸ਼੍ਰੋਮਣੀ ਅਕਾਲੀ ਅਤੇ ਜਨ ਸੰਘ ਦੀ ਸਰਕਾਰ ਬਣੀ। ਸੰਤ ਚੰਨਣ ਸਿੰਘ ਜੀ ਨੇ ਇਹਨਾਂ ਨੂੰ ਮੁੱਖ ਮੰਤਰੀ ਜਸਟਿਸ ਗੁਰਨਾਮ ਸਿੰਘ ਦਾ ਪੁਲੀਟੀਕਲ ਸੈਕਟਰੀ ਲਵਾ ਦਿੱਤਾ।  ਦੀ ਇਲੈਕਸ਼ਨ ਸ. ਮੇਜਰ ਸਿੰਘ ਜੀ ਨੇ ਲੜੀ। ਸਮਾ ਬੀਤਦਾ ਗਿਆ ਅਤੇ ਇਹ  ਵਿਚ ਪੰਜਾਬ ਦੇ ਵਜ਼ੀਰ ਅਤੇ ਫਿਰ ਐਮ.ਪੀ. ਵੀ ਬਣੇ। ਲੇਖਕ ਮਾਰਚ  ਵਿੱਚ ਦੇਸ ਛੱਡ ਕੇ ਬਾਹਰ ਚੱਲਿਆ ਗਿਆ। ਇਸ ਲਈ ਇਹਨਾਂ ਦਾ ਆਪਸੀ ਸੰਪਰਕ ਟੁੱਟ ਗਿਆ। ਕੁਦਰਤੀ,  ਅਪ੍ਰੈਲ  ਵਾਲ਼ੇ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਭਾਈ ਰਣਜੀਤ ਸਿੰਘ ਦੀ ਅਗਵਾਈ ਵਿਚ, ਜਥੇਦਾਰ ਟੌਹੜਾ ਦੇ ਅਕਾਲੀ ਧੜੇ ਦਾ ਜਲੂਸ ਸ੍ਰੀ ਅਨੰਦ ਪੁਰ ਸਾਹਿਬ ਲਈ ਤੁਰਨਾ ਸੀ। ਸ. ਮੇਜਰ ਸਿੰਘ ਸਟੇਜ ਸੈਕਟਰੀ ਦੀ ਸੇਵਾ ਨਿਭਾ ਰਹੇ ਸਨ। ਲੇਖਕ ਸੰਗਤ ਵਿੱਚ ਬੈਠਾ ਸੀ। ਜਦੋਂ ਸਟੇਜ ਤੋਂ ਉਤਰ ਕੇ ਉਹ ਥੱਲੇ ਆ ਕੇ ਬੈਠੇ ਤਾਂ ਕੁਦਰਤੀ ਲੇਖਕ ਦੇ ਬਿਲਕੁਲ ਅੱਗੇ ਆ ਕੇ ਬੈਠ ਗਏ। ਵਕਤ ਮਿਲਣ ਤੇ ਲੇਖਕ ਨੇ ਉਹਨਾਂ ਨਾਲ ਗੱਲ ਬਾਤ ਤੋਰੀ, ਜੋ ਬਹੁਤ ਅਪਣੱਤ ਭਰੀ ਸੀ।
ਉਹਨਾਂ ਨਾਲ਼ ਲੇਖਕ ਦੀ ਆਖ਼ਰੀ ਗੱਲ ਬਾਤ, ਕੁਝ ਸਾਲ ਬਾਅਦ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਵਿਚਲੇ ਛੋਟੇ ਜਿਹੇ ਪਾਰਕ ਵਿਚ ਹੋਈ। ਉਹਨਾਂ ਨੇ ਕਿਤੇ ਗਿਆਨੀ ਜੀ ਦੀ ਦੂਜੀ ਕਿਤਾਬ 'ਊਜਲ ਕੈਹਾਂ ਚਿਲਕਣਾ' ਪੜ੍ਹੀ ਹੋਈ ਸੀ। ਆਂਹਦੇ, "ਤੈਨੂੰ ਬੜੀਆਂ ਗੱਲਾਂ ਯਾਦ ਆ ਓਇ!'" ਗਿਆਨੀ ਜੀ ਦੇ ਮਨ ਉਤੇ ਸ. ਮੇਜਰ ਸਿੰਘ ਦੀਆਂ ਕਈ ਵਿਸ਼ੇਸ਼ਤਾਈਆਂ ਦਾ ਖ਼ਾਸ ਪ੍ਰਭਾਵ ਹੈ। ਏਨੇ ਪੜ੍ਹੇ ਲਿਖੇ ਅਤੇ ਉਚ-ਪਦਵੀਆਂ ਉਪਰ ਪਹੁੰਚਣ ਵਾਲ਼ੇ ਹੋਣ ਦੇ ਬਾਵਜੂਦ, ਆਪਣੇ ਵਰਤੋਂ ਵਿਹਾਰ, ਬੋਲ ਬਾਣੀ ਅਤੇ ਖਾਣ ਪੀਣ ਵਿਚ ਬਿਲਕੁਲ ਮਾਝੇ ਦੇ ਪੇਂਡੂ ਜਥੇਦਾਰ ਦੇ ਆਦਰਸ਼ਕ ਕਰੈਕਟਰ ਦੇ ਮਾਲਕ ਸਨ। ਆਪਣੇ ਕਾਰਜਕਾਲ ਵਿੱਚ, ਸ. ਮੇਜਰ ਸਿੰਘ ਜੀ ਨੇ ਜੋ ਪ੍ਰਾਪਤੀਆਂ ਕੀਤੀਆਂ ਹਨ, ਗਿਆਨੀ ਜੀ ਨੇ ਉਹਨਾਂ ਨੂੰ ਬਹੁਤ ਭਾਵਪੂਰਨ ਸ਼ੈਲੀ ਅਤੇ ਸੁੰਦਰ ਢੰਗ ਨਾਲ ਬਿਆਨ ਕੀਤਾ ਹੈ। ਇਹ ਗਿਆਨੀ ਜੀ ਦਾ ਵਿਲੱਖਣ ਲਿਖਤ ਹੁਨਰ ਹੈ ਤੇ ਕਮਾਲ ਵੀ।
(ਤਿੰਨ) ਲੇਖਕ ਦੀ ਸ. ਅਜੀਤ ਸਿੰਘ ਰਾਹੀ ਨਾਲ ਪਹਿਲੀ ਮੁਲਾਕਾਤ ਨਿਊ ਸਾਊਥ ਵੇਲਜ਼ ਸਟੇਟ ਦੇ ਕੌਰਾ ਨਾਮੀ ਟਾਊਨ ਵਿਚ ਹੋਈ ਸੀ, ਜਿੱਥੇ ਉਹ ਕੁਝ ਹੋਰ ਪੰਜਾਬੀ ਨੌਜਵਾਨਾਂ ਨਾਲ਼ ਐਸਪੈਰਾਗਸ ਕੱਟਣ ਦਾ ਕਾਰਜ ਕਰ ਰਹੇ ਸਨ। ਲੇਖਕ ਵੀ ਆਸਟ੍ਰੇਲੀਆ ਵਿਚ ਆਪਣੇ ਛੋਟੇ ਭਰਾ ਨੂੰ ਨਾਲ ਲੈ ਕੇ,  ਅਕਤੂਬਰ,  ਵਿੱਚ ਓਥੇ ਗਿਆ ਸੀ ਅਤੇ ਕੰਮ-ਕਾਰ ਦੀ ਭਾਲ ਵਿੱਚ ਸੀ। ਇਹਨਾਂ ਨੇ ਜਦ ਆਪਣੇ ਜਾਣੂ ਸ. ਗੁਰਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਸ ਨੇ ਆਪਣੇ ਵਾਕਫ਼ ਨਾਲ਼ ਰਾਬਤਾ ਪੈਦਾ ਕੀਤਾ ਤੇ ਇਹਨਾਂ ਨੂੰ ਫਾਰਮ ਵਿਚ ਭੇਜ ਦਿਤਾ। ਲੇਖਕ ਦੱਸਦਾ ਹੈ ਕਿ ਅਜੀਤ ਸਿੰਘ ਰਾਹੀ ਕੱਟੜ ਖੱਬੇ ਪੱਖੀ ਵਿਚਾਰਧਾਰਾ ਦਾ ਪੈਰੋਕਾਰ ਸੀ। ਕਮਿਊਨਿਸਟ ਵਿਚਾਰਾਂ ਤੋਂ ਪ੍ਰਭਾਵਤ ਹੋਣ ਕਰ ਕੇ, ਨਕਸਲੀ ਲਹਿਰ ਵਿਚ ਨਾ ਕੇਵਲ ਉਸ ਨੇ ਸਰਗਰਮ ਹਿੱਸਾ ਹੀ ਲਿਆ ਬਲਕਿ ਉਸ ਬਾਰੇ ਕਵਿਤਾ ਅਤੇ ਵਾਰਤਕ ਵੀ ਸੱਬਰਕੱਤੀ ਲਿਖੀ। ਏਥੇ ਇਹਨਾਂ ਦੋਵਾਂ ਦਾ ਦੋਸਤੀ ਦਾ ਮੁੱਢ ਬੱਝਿਆ। ਦੂਜੀ ਵਾਰ ਰਾਹੀ ਜੀ ਨਾਲ਼ ਲੇਖਕ ਦਾ ਮੇਲ਼, ਜੂਨ  ਵਿਚ ਓਦੋਂ ਹੋਇਆ, ਜਦੋਂ ਉਹ ਹਿੰਦੁਸਤਾਨੀ ਫ਼ੌਜਾਂ ਦੇ, ਸ੍ਰੀ ਦਰਬਾਰ ਸਾਹਿਬ ਉਪਰ ਹੋਏ ਹਮਲੇ ਦੇ ਵਿਰੁੱਧ, ਸਿਡਨੀ ਵਿਚ ਹੋਣ ਵਾਲ਼ੇ ਮੁਜ਼ਾਹਰੇ ਵਿਚ ਸ਼ਾਮਲ ਹੋਣ ਲਈ, ਗ੍ਰਿਫ਼ਿਥ ਅਤੇ ਨੇੜਲੇ ਟਾਊਨਾਂ ਦੇ ਸਿੱਖਾਂ ਦਾ ਜਥਾ ਲੈ ਕੇ ਆਏ। ਸ਼ਹਿਰ ਦੇ ਕੇਂਦਰ ਮਾਰਟਨ ਪਲੇਸ ਵਿਚ ਪਹਿਲਾਂ ਲੇਖਕ ਨੂੰ ਮਿਲ਼ੇ ਅਤੇ ਪ੍ਰੋਗਰਾਮ ਬਾਰੇ ਜਾਣਕਾਰੀ ਲਈ। ਇਸ ਹਮਲੇ ਬਾਰੇ ਮੁਜ਼ਾਹਰੇ ਕੀਤੇ ਗਏ ਅਤੇ ਅਜੀਤ ਸਿੰਘ ਦੀ ਕਮਿਊਨਿਸਟ ਵਿਚਾਰਾਂ ਦੀ ਖੱਬੀ ਸੋਚ ਨੇ ਸਿੱਖੀ ਵਿਚਾਰਧਾਰਾ ਵੱਲ ਮੋੜਾ ਖਾ ਲਿਆ। ਉਸ ਨੇ ਸਾਹਿਤ ਦੀ ਤਕਰੀਬਨ ਹਰੇਕ ਵਿਧਾ ਵਿਚ ਭਰਪੂਰ ਰਚਨਾ ਕੀਤੀ ਹੈ। 'ਨਾਦਰਸ਼ਾਹ ਦੀ ਵਾਪਸੀ' ਵਰਗਾ ਵੱਡਾ ਨਾਵਲ ਲਿਖਿਆ।ਉਸ ਵਿਚ ਜੂਨ ਚੌਰਾਸੀ ਤੋਂ ਬਾਅਦ ਦੇਸ ਵਿਚ ਵਾਪਰਨ ਵਾਲ਼ੇ ਜ਼ੁਲਮ ਦੇ ਖ਼ਿਲਾਫ਼ ਲਿਖਿਆ। ਰਾਹੀ ਜੀ ਦਾ ਇਸ ਸੰਸਾਰ ਨੂੰ ਛੇਤੀ ਛੱੱਡ ਜਾਣਾ, ਸਾਰਿਆਂ ਲਈ ਦੁਖਦ ਹੈ। ਇਹ ਲੇਖ ਵੀ ਇੱਕ ਮਿੱਤਰ ਲਈ ਸ਼ਰਧਾਂਜਲੀ ਦੇ ਰੂਪ ਵਜੋਂ ਵੇਖਣਾ ਉਚਤ ਹੈ। ਲੇਖਕ ਨੇ ਦੱਸਿਆ ਸ. ਅਜੀਤ ਸਿੰਘ ਰਾਹੀ ਜੀ ਨੇ ਆਪਣੀਆਂ ਲਿਖਤਾਂ ਰਾਹੀਂ ਭਾਰਤ ਸਰਕਾਰ ਦੇ ਸਿੱਖਾਂ ਵਿਰੁਧ ਜ਼ੁਲਮਾਂ ਬਾਰੇ ਭਰਪੂਰ ਜਾਣਕਾਰੀ ਦਿਤੀ ਹੈ।
ਮੈਂ ਵੇਖਿਆ ਹੈ ਕਿ ਇਹਨਾਂ ਜੀਵਨੀਆਂ ਦਾ ਲੇਖਕ ਆਪਣੀ ਲਿਖਣ ਸਮੱਗਰੀ ਬਾਰੇ ਪੂਰੀ ਤਰ੍ਹਾਂ ਸਪਸ਼ਟ ਹੈ ਅਤੇ ਆਪਣੇ ਵਿਚਾਰਾਂ ਨੂੰ ਵਿਸ਼ੇ ਅਨੁਸਾਰ ਢੁਕਵੇਂ ਢੰਗ ਨਾਲ ਪ੍ਰਗਟ ਕਰਨ ਲਈ ਵਿਸ਼ਾਲ ਕੈਨਵਸ ਬਣਾਉਣ ਦਾ ਮਾਹਰ ਵੀ। ਵਾਰਤਕ ਦਾ ਸਭ ਤੋਂ ਵੱਡਾ ਗੁਣ ਇਹਨਾਂ ਦੀ ਸੰਚਾਰ ਸਮਰੱਥਾ ਹੁੰਦੀ ਹੈ। ਏਸੇ ਲਈ, ਭਾਵੇਂ ਉਹ ਕਿਸੇ ਵੀ ਵਿਸ਼ੇ 'ਤੇ ਲਿਖ ਰਿਹਾ ਹੋਵੇ, ਉਸ ਦੀ ਲੇਖਣੀ ਪਾਠਕ ਦੇ ਮਨ ਵਿਚ ਸਿੱਧੀ ਉਤਰ ਜਾਂਦੀ ਹੈ। ਹੈਰਾਨੀ ਦੀ ਗੱਲ ਇਹ ਵੀ ਹੈ ਕਿ ਉਸ ਦੀ ਮੁੱਢਲੀ ਸਕੂਲੀ ਪੜ੍ਹਾਈ ਨਹੀਂ ਹੋਈ ਪਰ ਉਸ ਦੀ ਸਿਰੜਤਾ ਨੂੰ ਦਾਦ ਦੇਣੀ ਬਣਦੀ ਹੈ, ਜਿਹੜੀ ਉਸ ਨੇ ਲਗਾਤਾਰ ਦਹਾਕੇ ਲਿਖਦਿਆਂ ਆਪਣੀ ਲਿਖਤ ਸ਼ੈਲੀ ਪਰਪੱਕ ਕਰ ਲਈ ਹੈ।
() ਗਿਆਨੀ ਜੀ ਚੁੱਕੇ ਗਏ
ਲੇਖ ਵਿਚ ਆਪ ਬੀਤੀ ਦਾ ਜ਼ਿਕਰ ਕਰਦਾ ਕਹਿੰਦਾ ਹੈ ਕਿ ਇਹ ਘਟਨਾ  ਵਿੱਚ ਅਫ੍ਰੀਕਾ ਦੇ ਮੁਲਕ ਮਲਾਵੀ ਵਿੱਚ ਵਾਪਰੀ, ਜਦੋਂ ਉਹ ਸਿੱਖ ਐਸੋਸੀਏਸ਼ਨ ਆਫ਼ ਮਲਾਵੀ' ਦੇ ਸੱਦੇ 'ਤੇ ਓਥੇ ਗਿਆ ਸੀ। ਘਰੇਲੂ ਨੌਕਰ ਬਿਨਾ ਦੱਸਿਆਂ ਕਈ ਕਈ ਦਿਨ ਆਉਂਦਾ ਹੀ ਨਹੀਂ ਸੀ। ਲੇਖਕ ਨੇ ਉਸ ਨੂੰ ਜਵਾਬ ਦੇ ਦਿਤਾ। ਉਹ ਆਪਣੀ ਸ਼ਿਕਾਇਤ ਲੈ ਕੇ ਦੇਸ਼ ਦੀ ਸਰਕਾਰ ਦੇ ਨੰਬਰ ਦੋ ਬੰਦੇ ਕੋਲ਼ ਚਲਿਆ ਗਿਆ। ਦੋ ਕੁ ਦਿਨਾਂ ਪਿੱਛੋਂ ਵੱਡੀ ਸਾਰੀ ਇੱਕ ਕਾਲ਼ੇ ਰੰਗ ਦੀ ਕਾਰ, ਜਿਸ ਉਪਰ ਮਲਾਵੀ ਕਾਂਗਰਸ ਪਾਰਟੀ ਦਾ ਝੰਡਾ ਝੂਲ ਰਿਹਾ ਸੀ, ਗੁਰਦੁਆਰੇ ਦੇ ਬੂਹੇ ਅੱਗੇ ਆ ਖਲੋਤੀ। ਲੇਖਕ ਨੂੰ ਬਾਹਰ ਸੱਦ ਕੇ ਦੱਸਿਆ ਗਿਆ ਕਿ ਮਵਾਲੋ ਨਮਾਇਓ ਨੇ ਬੁਲਾਇਆ ਹੈ। ਲੇਖਕ ਉਹਨਾਂ ਨਾਲ ਤੁਰ ਪਿਆ। ਵਜ਼ੀਰ ਅਤੇ ਲੇਖਕ ਵਿੱਚ ਜੋ ਵਾਰਤਾਲਾਪ ਹੋਈ, ਬਹੁਤ ਕਮਾਲ ਦੀ ਹੈ। ਦੋ ਦਿਨਾਂ ਦੀ ਤਨਖ਼ਾਹ ਦੇਣ ਦਾ ਜੋ ਬਕਾਇਆ ਰਹਿੰਦਾ ਸੀ, ਦੇ ਕੇ ਗੱਲ ਮੁਕਾਈ ਗਈ। ਇਸ ਉਪ੍ਰੰਤ ਉਹਨਾਂ ਨੇ ਲੇਖਕ ਨੂੰ ਕਾਰ ਵਿਚ ਬਿਠਾਇਆ ਅਤੇ ਗੁਰਦੁਆਰੇ ਉਤਾਰ ਕੇ ਮੁੜ ਗਏ।
ਵਾਪਸ ਆਉਣ 'ਤੇ ਲੇਖਕ ਨੂੰ ਪਤਾ ਲੱਗਾ ਕਿ ਭਾਈਚਾਰੇ ਵਿਚ ਰੌਲ਼ਾ ਪਿਆ ਹੋਇਆ ਸੀ ਕਿ ਗਿਆਨੀ ਜੀ ਚੁੱਕੇ ਗਏ। ਜਦ ਸਹੀ ਗੱਲ ਸੁਣਾਈ ਗਈ ਤਾਂ ਸਾਰਿਆ ਨੇ ਸੁੱਖ ਦਾ ਸਾਹ ਲਿਆ। ਇਹ ਘਟਨਾ ਭਾਵੇਂ ਹੈ ਤਾਂ ਛੋਟੀ ਪਰ ਆਪਣੇ ਪਿੱਛੇ ਬਹੁਤ ਕੁਝ ਦਰਸਾ ਗਈ ਹੈ। ਅਫ੍ਰੀਕਾ, ਜਿਸ ਨੂੰ ਅਵਿਕਸਤ ਜਾਣਿਆ ਜਾਂਦਾ ਹੈ, ਪਰ ਇਸ ਦੇ ਉਲ਼ਟ ਸਰਕਾਰ ਮਜ਼ਦੂਰਾਂ ਦੇ ਹੱਕਾਂ ਦੀ ਘੋਖ ਕਰਨ ਲਈ ਬਹੁਤ ਸੰਵੇਦਨਸ਼ੀਲ ਹੈ। ਅਜਿਹੀ ਮਾਮੂਲੀ ਗੱਲ 'ਤੇ ਵੀ, ਸਥਾਨਕ ਸਰਕਾਰ ਵਿਚ ਨੰਬਰ ਦੋ ਤਾਕਤ ਵਾਲਾ ਵਜ਼ੀਰ, ਲੇਖਕ ਦੇ ਘਰੇਲੂ ਨੌਕਰ ਨੂੰ ਨੌਕਰੀਉਂ ਜਵਾਬ ਦੇਣ ਦਾ ਤੁਰੰਤ ਨੋਟਿਸ ਲੈਂਦਾ ਹੈ। ਇਸ ਕਾਰਵਾਈ ਨੇ ਸਾਡੇ ਪਰਵਾਸੀ ਲੋਕਾਂ ਦੇ ਮਨਾਂ ਤੇ ਅਮਿੱਟ ਅਸਰ ਕੀਤਾ ਹੋਵੇਗਾ ਅਤੇ ਮੂਲ ਨਿਵਾਸੀਆਂ ਨਾਲ ਸਹੀ ਵਰਤਾਉ ਕਰਨ ਦੀ ਚੇਤਾਵਨੀ ਦਾ ਇੱਕ ਚੰਗਾ ਸੰਕੇਤ ਵੀ ਹੈ। ਜ਼ਿੰਦਗੀ ਵਿੱਚ ਕਈ ਵਾਰ ਅਜਿਹੀਆਂ ਨਿੱਕੀਆਂ ਵੱਡੀਆਂ ਅਣਕਿਆਸੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ, ਜਿਨ੍ਹਾਂ ਦਾ ਕਦੇ ਕਿਆਸ ਵੀ ਨਹੀਂ ਕੀਤਾ ਹੁੰਦਾ।
ਇਸ ਪੁਸਤਕ ਵਿੱਚ ਲੇਖਕ ਨੇ ਹੋਰ ਵੀ ਬਹੁਤ ਸਾਰੇ ਮਹੱਤਵਪੂਰਨ ਵਿਸ਼ਿਆਂ/ਘਟਨਾਵਾਂ 'ਤੇ ਲੇਖ ਲਿਖੇ ਹਨ, ਜਿਵੇਂ: ਮੇਰੇ ਫੇਸਬੁੱਕ ਖਾਤੇ ਦੀ ਦਾਸਤਾਨ, ਕਰੋਨੇ ਦਾ ਕਹਿਰ, ਨਿੰਦਾ, ਕੌਮੀ ਕੈਲੰਡਰ ਆਦਿ। ਇਹ ਸਾਰੇ ਲੇਖ ਵੀ ਬਹੁਤ ਹੀ ਰੌਚਕਤਾ, ਤਰਕ, ਸਾਦਗੀ ਅਤੇ ਹਾਸੇ ਮਜ਼ਾਕ ਦੇ ਢੰਗ ਨਾਲ ਬਿਆਨ ਕੀਤੇ ਗਏ ਹਨ।
ਗਿਆਨੀ ਸੰਤੋਖ ਸਿੰਘ ਦੀ ਲਿਖਤ ਬਹੁਤ ਸਮਰੱਥਾ ਵਾਲੀ ਹੈ, ਜੋ ਉਹਨਾਂ ਦੇ ਮਨ ਦੀ ਦ੍ਰਿੜ੍ਹਤਾ, ਇਕਾਗਰਤਾ, ਨਿਰੰਤਰ ਯਤਨਾਂ, ਸਾਹਿਤਕ ਦਿਲਚਸਪੀ, ਤਪੱਸਿਆ ਜਿਹੀ ਮਿਹਨਤ ਅਤੇ ਬੁੱਧੀ ਦੀ ਇਮਾਨਦਾਰੀ ਦੇ ਪ੍ਰਯੋਗ ਦਾ ਨਤੀਜਾ ਹੈ। ਉਹ ਸਮੁੱਚੀ ਕਥਾ ਦੀਆਂ ਵਿਭਿੰਨ ਘਟਨਾਵਾਂ ਨੂੰ ਯੋਗ ਅਨੁਪਾਤ ਵਿਚ ਗੁੰਦਣ ਦਾ ਮਾਹਰ ਹੈ। ਉਹ ਜੋ ਕਹਿਣਾ ਚਾਹੇ, ਜੋ ਦ੍ਰਿਸ਼ ਬਿਆਨ ਕਰਨਾ ਲੋਚੇ, ਜੋ ਵੇਗਮਈ ਅਹਿਸਾਸ ਚਿਤਰਨ ਦੀ ਲੋੜ ਸਮਝੇ, ਉਸ ਨੂੰ ਸਰਲ ਭਾਸ਼ਾ ਵਿਚ ਸਚਿਤਰ ਕਰ ਸਕਣ ਦੀ ਜਾਚ ਜਾਣਦਾ ਹੈ। ਉਹ ਆਪਣੀ ਇਸ ਕਲਾ ਰਾਹੀ, ਆਪਣੇ ਆਤਮ ਵਿਸ਼ਵਾਸ ਦੇ ਨਾਲ਼ ਨਾਲ਼, ਅੰਤਰ-ਜਗਤ ਵਿਚ ਸਹਿਜਤਾ ਨਾਲ ਰਹਿ ਕੇ, ਜੋ ਕੁਝ ਵੇਖਦਾ ਜਾਂ ਸੁਣਦਾ ਹੈ, ਉਸ ਨੂੰ ਸਾਹਿਤਕ ਕਲਾਕਾਰੀ ਨਾਲ ਪੇਸ਼ ਕਰ ਦਿੰਦਾ ਹੈ। ਜੀਵਨ ਦਾ ਪ੍ਰਮਾਣਕ ਯਥਾਰਥ ਚਿਤਰਨ ਦੇ ਪ੍ਰਥਮ ਕੋਟੀ ਦਾ ਯਥਾਰਥਵਾਦੀ ਵਾਰਤਕ ਲਿਖਾਰੀ ਹੈ। ਮੈਂ ਉਸ ਨੂੰ ਇਸ ਅਜੇ ਪ੍ਰਕਾਸ਼ਤ ਹੋਣ ਵਾਲ਼ੀ ਪੁਸਤਕ ਦੀ ਪੇਸ਼ਗੀ ਹਾਰਦਿਕ ਵਧਾਈ ਦਿੰਦਾ ਹਾਂ। ਮੈਨੂੰ ਵਿਸ਼ਵਾਸ ਹੈ ਕਿ ਪਾਠਕ, ਉਸ ਦੀਆਂ ਪਹਿਲੀਆਂ ਪੁਸਤਕਾਂ ਵਾਂਗ, ਇਸ ਦਾ ਵੀ ਭਰਵਾਂ ਸਵਾਗਤ ਕਰਨਗੇ।
ਸੁਰਜੀਤ ਸਿੰਘ ਭੁੱਲਰ
Ex.MD, Pb. Milkfed (Verka Milk Plants)
surjitbhullar@hotmail.com
USA-(੦੦੧)-੬੦੨-੭੧੫-੨੮੨੮


ਮਿਕਨਾਤੀਸੀ ਸ਼ਖ਼ਸੀਅਤ: ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ
ਕੁਦਰਤ ਨੇ ਇਸ ਸੰਸਾਰ 'ਤੇ ਕੁਝ ਅਜਿਹੀਆਂ ਮਿਕਨਾਤੀਸੀ ਰੂਹਾਂ ਨੂੰ ਭੇਜਿਆ ਹੁੰਦਾ ਹੈ ਜਿਨ੍ਹਾਂ ਦੀ ਸੰਗਤ ਵਿੱਚ ਰਹਿ ਕੇ ਹਰ ਕੋਈ ਆਨੰਦ ਦਾ ਅਨੁਭਵ ਕਰਨਾ ਲੋਚਦਾ ਹੈ। ਵਿਸ਼ੇਸ਼ਣਾਂ ਦੀ ਮੁਥਾਜੀ ਤੋਂ ਪਰੇ ਦੀ ਅਜਿਹੀ ਸ਼ਖ਼ਸੀਅਤ ਦਾ ਨਾਂ ਹੈ ਗਿਆਨੀ ਸੰਤੋਖ ਸਿੰਘ। ਭਾਵੇਂ ਮੈਂ ਉਹਨਾਂ ਨੂੰ  ਵਿੱਚ ਵਿਰਸਾ ਵਿਹਾਰ, ਅੰਮ੍ਰਿਤਸਰ ਵਿੱਚ ਲੱਗੇ ਵਿਰਾਸਤੀ ਮੇਲੇ ਵਿੱਚ, ਇੱਕ ਬੜੀ ਸੰਖੇਪ ਜਿਹੀ ਮਿਲਣੀ ਤੋਂ ਜਾਣਦਾ ਹਾਂ ਪਰ ਅਕਸਰ ਸਾਹਿਤਕ ਸੱਥਾਂ ਵਿੱਚ ਉਹਨਾਂ ਬਾਰੇ ਛਿੜਦੇ ਜ਼ਿਕਰ ਨੇ, ਮੇਰੀ ਉਹਨਾਂ ਨਾਲ ਮੁਲਾਕਾਤ ਦੀ ਕਸਕ ਨੂੰ ਹੋਰ ਦੁਬਾਲਾ ਕਰ ਦਿੱਤਾ। ਨਵੰਬਰ,  ਵਿੱਚ ਮੇਰੇ ਸਤਿਕਾਰਯੋਗ ਭੂਆ ਜੀ ਦੇ ਬੇਟੇ ਅਜੀਜ ਵੀਰ ਸਰਮੁਹੱਬਤ ਸਿੰਘ ਰੰਧਾਵਾ (ਸਾਹਿਤਕ ਮੱਸ ਰੱਖਣ ਵਾਲੇ ਅਤੇ ਬੜੇ ਹੀ ਨੇਕ ਦਿਲ ਇਨਸਾਨ) ਆਸਟ੍ਰੇਲੀਆ ਤੋਂ ਅੰਮ੍ਰਿਤਸਰ ਆਏ ਤਾਂ ਇੱਕ ਸ਼ਾਮ ਉਹਨਾਂ ਨੇ ਮੈਨੂੰ ਫੋਨ ਕੀਤਾ ਕਿ ਤੁਹਾਨੂੰ ਇਕ ਮਹਾਨ ਸ਼ਖ਼ਸੀਅਤ ਨਾਲ ਮਿਲਵਾਉਣਾ ਹੈ, ਇਸ ਲਈ ਘਰ ਆਓ। ਭੂਆ ਜੀ ਦਾ ਘਰ ਗੁਆਂਢ ਵਿੱਚ ਹੀ ਹੋਣ ਕਰਕੇ ਮੈਂ ਓਸੇ ਵੇਲੇ ਜਦੋਂ ਸਾਹਮਣੇ ਗਿਆਨੀ ਸੰਤੋਖ ਸਿੰਘ ਜੀ ਨੂੰ ਵੇਖਿਆ ਤਾਂ ਰੂਹ ਗਦ-ਗਦ ਹੋ ਗਈ ਤੇ ਨਾਲ ਹੀ ਵੀਰ ਸਰਮੁਹੱਬਤ ਸਿੰਘ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਦੇ ਜ਼ਰੀਏ ਗਿਆਨੀ ਜੀ ਦੇ ਦਰਸ਼ਨ ਤੇ ਮੁਲਾਕਾਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਮੈਨੂੰ ਵੇਖਦਿਆਂ ਹੀ ਉਹਨਾਂ ਨੇ ਪਛਾਣ ਲਿਆ ਅਤੇ ਬੜੇ ਪਿਆਰ ਨਾਲ ਮਿਲੇ। ਮੇਰੇ ਸਾਹਵੇਂ ਦਸ ਸਾਲ ਪਹਿਲਾਂ ਵਾਲੇ ਗਿਆਨੀ ਜੀ ਹੀ ਸਨ। ਉਹੋ ਹਾਸਾ-ਠੱਠਾ, ਟੋਟਕੇ ਤੇ ਚਿਹਰੇ ਤੇ ਵਿਦਵਾਨਾਂ ਵਾਲਾ ਠਰ੍ਹੰਮਾ। ਹਸਮੁਖ, ਮਜ਼ਾਕੜੇ ਤੇ ਮਿੱਠ ਬੋਲੜੇ ਅਪਣੱਤ ਭਰੇ ਬੋਲਾਂ ਦੇ ਮਾਲਕ ਗਿਆਨੀ ਜੀ ਨੇ ਇੱਕ ਤੋਂ ਬਾਅਦ ਇੱਕ ਖੁਸ਼ਨੁਮਾ ਵਾਕਿਆਤ ਸੁਣਾ ਸੁਣਾ ਕੇ, ਸਾਡਾ ਸਮਾ ਸਾਕਾਰ ਅਤੇ ਆਨੰਦ ਭਰਪੂਰ ਬਣਾ ਦਿੱਤਾ। ਆਪਣੀ ਆਦਤ ਅਨੁਸਾਰ ਉਹਨਾਂ ਨੇ ਆਪਣੇ ਝੋਲੇ ਵਿੱਚੋਂ ਮੈਨੂੰ ਤਿੰਨ ਕਿਤਾਬਾਂ ਸਾਦੇ ਸਿਧਰੇ ਲੇਖ, ਕੁਝ ਏਧਰੋਂ ਕੁਝ ਓਧਰੋਂ ਤੇ ਕੁਝ ਹੋਰ ਬਾਤਾਂ ਗਿਆਨੀ ਸੰਤੋਖ ਸਿੰਘ ਦੀਆਂ ਦੇ ਕੇ, ਪੜ੍ਹਨ ਪਿੱਛੋਂ ਮੈਨੂੰ ਆਪਣੀ ਰਾਏ ਲਿਖਣ ਦੀ ਤਾਕੀਦ ਵੀ ਕੀਤੀ। ਇਹਨਾਂ ਵਿੱਚੋਂ ਕੁਝ ਹੋਰ ਬਾਤਾਂ ਗਿਆਨੀ ਸੰਤੋਖ ਸਿੰਘ ਦੀਆਂ ਵਿੱਚ ਮੇਰਾ ਉਹਨਾਂ ਬਾਰੇ ਲਿਖਿਆ ਲੇਖ ਵੀ ਸ਼ਾਮਲ ਹੈ ਜੋ ਇਸ ਤੋਂ ਪਹਿਲਾਂ ਮੇਰੇ  ਵਿਦਵਾਨ ਦੋਸਤ ਹਰਭਜਨ ਸਿੰਘ ਵਕਤਾ ਦੁਆਰਾ ਸੰਪਾਦਤ ਪੁਸਤਕ ਇੱਕ ਵਿਲੱਖਣ ਸ਼ਖ਼ਸੀਅਤ ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ ਵਿੱਚ ਵੀ ਸ਼ਾਮਲ ਹੈ। ਉਹਨਾਂ ਦੀ ਲਿਖਤ ਦੀ ਗੱਲ ਕਰੀਏ ਤਾਂ ਮੈਂ 'ਪੰਜਾਬੀ ਸੱਥ ਲਾਂਬੜਾ' ਦੇ ਹਵਾਲੇ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਕਿ ਇਹਨਾਂ ਦੀ ਲਿਖਤ ਵਿੱਚੋਂ ਕਦੇ ਪ੍ਰਿੰਸੀਪਲ ਤੇਜਾ ਸਿੰਘ ਦੀ ਸ਼ੈਲੀ ਦਿੱਸਦੀ ਹੈ ਤੇ ਕਦੇ ਰੂਸੀ ਲੇਖਕ ਰਸੂਲ ਹਮਜ਼ਾਤੋਵ ਦਾ ਝੌਲਾ ਪੈਂਦਾ ਹੈ। ਮਹਾਨ ਕੀਰਤਨੀਏ, ਪ੍ਰਚਾਰਕ, ਅਲਬੇਲੇ ਸਾਹਿਤਕਾਰ ਅਤੇ ਘੁਮੱਕੜ ਬਿਰਤੀ ਦੇ ਮਾਲਕ ਹੋਣ ਕਰਕੇ, ਉਹ ਬਹੁਪੱਖੀ ਸ਼ਖ਼ਸੀਅਤ ਦੇ ਧਾਰਨੀ ਹਨ। ਸਿੱਖ ਇਤਿਹਾਸ, ਗੁਰਬਾਣੀ, ਸਭਿਆਚਾਰ, ਪੰਜਾਬੀ ਭਾਸ਼ਾ, ਰਾਜਨੀਤੀ, ਆਲਮੀ ਭੂਗੋਲ ਅਤੇ ਧਾਰਮਿਕ ਗ੍ਰੰਥਾਂ ਦੀ ਡੂੰਘੀ ਸੂਝ ਰੱਖਣ ਵਾਲੇ, ਉਹ ਤੁਰਦੇ ਫਿਰਦੇ ਵਿਸ਼ਵ ਕੋਸ਼ ਹਨ। ਪੰਡਤਾਊ ਜਾਂ ਬੋਝਲ ਸ਼ਬਦਾਵਲੀ ਤੋਂ ਰਹਿਤ ਉਹਨਾਂ ਦੀਆਂ ਲਿਖਤਾਂ ਪਾਠਕ ਦੇ ਧੁਰ ਅੰਦਰ ਤੱਕ ਰਸਾਈ ਕਰਨ ਦੀ ਤੌਫ਼ੀਕ ਰੱਖਦੀਆਂ ਹਨ। ਉਹਨਾਂ ਦੀਆਂ ਪੁਸਤਕਾਂ ਪੜ੍ਹਦਿਆਂ ਇੰਜ ਪ੍ਰਤੀਤ ਹੁੰਦਾ ਹੈ ਜਿਵੇਂ ਦਾਦਾ-ਦਾਦੀ ਦੀ ਗੋਦ ਵਿੱਚ ਬਹਿ ਕੇ ਬਾਤਾਂ ਸੁਣਦੇ ਹੋਈਏ। ਅੱਧੀ ਸਦੀ ਦੇ ਸਮੇ ਤੋਂ ਉਹ ਮਹਾਂਦੀਪਾਂ ਨੂੰ ਗਾਹ ਰਹੇ ਨੇ ਤੇ ਇਸ ਸਮੇ ਦੌਰਾਨ ਉਹਨਾਂ ਨੇ ਜੋ ਮਿੱਠੇ-ਕੁਸੈਲੇ ਤਜਰਬੇ ਹਾਸਲ ਕੀਤੇ, ਉਹਨਾਂ ਨੂੰ ਆਪਣੀਆਂ ਰਚਨਾਵਾਂ ਦਾ ਵਿਸ਼ਾ ਬਣਾਇਆ ਹੈ। ਉਹ ਬੜੇ ਗਹੁ ਨਾਲ ਵਿਸ਼ਿਆਂ ਦੀ ਬਰੀਕੀ ਵਿੱਚ ਜਾ ਕੇ ਪਾਠਕ ਨੂੰ ਸੰਤੁਸ਼ਟ ਕਰਦੇ ਹਨ। ਉਹਨਾਂ ਦੀ ਰਚਨਾ ਸਾਹਿਤ ਦੇ ਮੂਲ ਮੰਤਵ ਸਿੱਖਿਆ ਅਤੇ ਮਨੋਰੰਜਨ ਤੇ ਖਰੀ ਉਤਰਦੀ ਹੈ। ਪਾਠਕ ਨੂੰ ਉਂਗਲੀ ਲਾ ਕੇ ਨਾਲ ਤੋਰਨਾ ਕੋਈ ਇਹਨਾਂ ਤੋਂ ਸਿੱਖੇ।
ਕੁਝ ਹੋਰ ਬਾਤਾਂ ਗਿਆਨੀ ਸੰਤੋਖ ਸਿੰਘ ਦੀਆਂ ਪੁਸਤਕ ਪ੍ਰੋਫ਼ੈਸਰ ਮੋਹਨ ਸਿੰਘ ਦੁਆਰਾ ਸੰਪਾਦਤ ਕੀਤੀ ਗਈ ਹੈ ਜਿਸ ਵਿੱਚ ਗਿਆਨੀ ਜੀ ਦੇ ਜਾਣੂਆਂ ਵੱਲੋਂ ਉਹਨਾਂ ਦੀ ਸ਼ਖ਼ਸੀਅਤ ਤੇ ਲੇਖਣੀ ਦੀਆਂ ਬਾਤਾਂ ਪਾਈਆਂ ਗਈਆਂ ਹਨ। ਇਸ ਨੂੰ ਪੜ੍ਹ ਕੇ ਗਿਆਨੀ ਜੀ ਦੇ ਸਿੱਧੇ-ਸਾਦੇ ਜੀਵਨ ਪਿੱਛੇ ਲੁਕੇ ਕੱਦਾਵਾਰ ਇਨਸਾਨ ਦੇ ਭੇਤ ਖੁੱਲ੍ਹਦੇ ਹਨ। ਸੰਸਾਰ ਦੇ ਕੋਨੇ-ਕੋਨੇ 'ਚ ਬੈਠੇ ਉਹਨਾਂ ਦੇ ਮੁਰੀਦਾਂ ਨੇ ਆਪੋ ਆਪਣੇ ਢੰਗ ਨਾਲ ਉਹਨਾਂ ਬਾਰੇ ਲਿਖਿਆ ਹੈ। ਸਾਦੇ ਸਿਧਰੇ ਲੇਖ ਉਹਨਾਂ ਦੀ ਸਾਦੀ ਸਰਲ ਸ਼ਖ਼ਸ਼ੀਅਤ ਵਾਂਗ ਬੋਲ ਚਾਲ ਦੀ ਭਾਸ਼ਾ ਵਿੱਚ, ਵੱਖ ਵੱਖ ਵਿਸ਼ਿਆਂ 'ਤੇ ਲਿਖੇ ਲੇਖ ਹਨ ਪਰ ਇਹਨਾਂ ਵਿਚਲੀ ਜਾਣਕਾਰੀ ਪੁਖਤਾ ਹੈ। ਗੱਲ ਪੰਜਾਬੀ ਸੂਬੇ ਦੇ ਇਤਿਹਾਸ ਦੀ ਹੋਵੇ ਜਾਂ ਗੁਰਮੁਖੀ ਅੱਖਰਾਂ ਦੀ ਬਰੀਕੀ ਦੀ, ਗਿਆਨੀ ਜੀ ਨੇ ਬੜੀ ਤਹਿ ਤੱਕ ਜਾ ਕੇ ਇਹਨਾਂ ਦੀ ਵਿਆਖਿਆ ਕੀਤੀ ਹੈ। ਉਹਨਾਂ ਦੀਆਂ ਕਿਤਾਬਾਂ ਦੇ ਸ਼ੁਰੂ ਵਿੱਚ ਲਿਖੇ ਇਹ ਸ਼ਬਦ 'ਕੋਈ ਕਾਪੀ ਰਾਈਟ ਨਹੀਂ, ਬਿਨਾ ਆਗਿਆ ਕੋਈ ਵੀ ਛਾਪੇ' ਦਰਿਆ ਦਿਲ ਤੇ ਸਮਰਪਤ ਭਾਵਨਾ ਵਾਲੀ ਮੋਕਲੀ ਸ਼ਖ਼ਸੀਅਤ ਦੀ ਸ਼ਾਹਦੀ ਭਰਦੇ ਹਨ। ਆਲੋਚਨਾ ਨੂੰ ਖਿੜੇ ਮੱਥੇ ਕਬੂਲ ਕਰਨਾ ਗਿਆਨੀ ਜੀ ਦੀ ਸਹਿਜ ਵਿੱਚ ਵਿਚਰਨ ਵਾਲੀ ਸ਼ਖ਼ਸ਼ਅਤ ਦਾ ਦੈਵੀ ਗੁਣ ਹੈ।
ਆਪਣੀ ਕੁਝ ਏਧਰੋਂ ਕੁਝ ਓਧਰੋਂ ਨਾਮ ਦੀ ਦਸਵੀਂ ਪੁਸਤਕ ਵਿੱਚ, ਗਿਆਨੀ ਸੰਤੋਖ ਸਿੰਘ ਨੇ ਆਪਣੀਆਂ ਯਾਤਰਾਵਾਂ, ਸ਼ਖ਼ਸੀਅਤਾਂ ਤੇ ਹੋਰ ਫੁਟਕਲ ਵਿਸ਼ਿਆਂ ਨੂੰ ਸ਼ਾਮਲ ਕੀਤਾ ਹੈ। ਘਟਨਾਵਾਂ ਦਾ ਵੇਰਵਾ ਉਹਨਾਂ ਨੇ ਏਨੀ ਬਰੀਕੀ ਨਾਲ ਦਿੱਤਾ ਹੈ ਜਿਵੇਂ ਸਾਡੀਆਂ ਅੱਖਾਂ ਸਾਹਵੇਂ ਕੋਈ ਫਿਲਮ ਚੱਲ ਰਹੀ ਹੋਵੇ। ਆਪਣੇ ਦਿਲ ਦੇ ਬਾਈ ਪਾਸ ਵਾਲੇ ਆਪ੍ਰੇਸ਼ਨ ਦੀ ਵਾਰਤਾ ਉਹਨਾਂ ਨੇ ਆਪਣੇ ਸੁਭਾਅ ਵਾਂਗ ਹਾਸੇ ਠੱਠੇ ਵਿੱਚ ਸਹਿਜ ਸੁਭਾਅ ਹੀ ਬਿਆਨ ਕਰ ਦਿੱਤੀ ਹੈ। ਬਿਹਾਰ ਸਰਕਾਰ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਤਿੰਨ ਸੌ ਪੰਜਾਹ ਸਾਲਾ ਪ੍ਰਕਾਸ਼ ਪੁਰਬ ਦੇ ਸਮਾਗਮਾਂ ਵਿੱਚ, ਸਰਕਾਰੀ ਤੌਰ 'ਤੇ ਸੱਦਾ ਮਿਲਣਾ ਤੇ ਓਥੋਂ ਦੇ ਪ੍ਰਬੰਧਾਂ ਅਤੇ ਗੋਸ਼ਟੀਆਂ ਬਾਰੇ ਬੜੇ ਵਧੀਆ ਅੰਦਾਜ਼ ਵਿੱਚ ਜ਼ਿਕਰ ਕੀਤਾ ਹੈ। ਗਲੋਬਲ ਪੰਜਾਬੀ ਮੀਡੀਆ ਦੇ ਨੌਜਵਾਨ ਐਂਕਰਾਂ ਨੇ ਉਹਨਾਂ ਨੂੰ 'ਜਗਤ ਤਾਇਆ' ਦਾ ਖਿਤਾਬ ਦਿੱਤਾ ਹੋਇਆ ਹੈ। ਪਲਾਂ ਛਿਣਾਂ ਵਿੱਚ ਹੀ ਅਣਜਾਣ ਬੰਦੇ ਨੂੰ ਆਪਣਾ ਬਣਾ ਲੈਣ ਵਾਲੇ ਗੁਣ ਕਰਕੇ, ਮੈਂ ਉਹਨਾਂ ਦੀ ਜ਼ਿੰਦਾਦਿਲੀ ਦਾ ਸਭ ਤੋਂ ਵੱਧ ਕਾਇਲ ਹਾਂ। ਉਦਾਸੀਆਂ, ਚਿੰਤਾਵਾਂ  ਨੂੰ ਜੁੱਤੀ ਦੀ ਨੋਕ 'ਤੇ ਰੱਖਣ ਵਾਲੇ ਗਿਆਨੀ ਜੀ, ਉਹ ਚਾਨਣ ਮੁਨਾਰਾ ਹਨ ਜਿਨ੍ਹਾਂ ਦੀ ਰੋਸ਼ਨੀ ਵਿੱਚ ਰਹਿ ਕੇ, ਜ਼ਿੰਦਗੀ ਪ੍ਰਤੀ ਸਕਾਰਾਤਮਕ ਪਹੁੰਚ ਰੱਖਣ ਦੀ ਪ੍ਰੇਰਨਾ ਮਿਲਦੀ ਹੈ। ਅਜਿਹੇ ਲੋਕ ਵਾਕਈ ਸਮਾਜ ਦਾ ਅਨਮੋਲ ਤੇ ਬਹੁਮੁੱਲਾ ਖਜ਼ਾਨਾ ਹਨ। ਮੇਰੀ ਪਰਵਦਗਾਰ ਅੱਗੇ ਅਰਦਾਸ ਹੈ ਕਿ ਇਹ ਸ਼ਖ਼ਸੀਅਤ ਏਸੇ ਤਰ੍ਹਾਂ ਆਪਣੇ ਵਿਚਾਰਾਂ ਤੇ ਮਿਲਣੀਆਂ ਦੀ ਮਹਿਕ ਖਿੰਡਾਉਂਦੀ ਰਹੇ! ਆਮੀਨ!
ਸਤਿੰਦਰ ਸਿੰਘ ਓਠੀ
੩੩੬, ਦਸ਼ਮੇਸ਼ ਐਵੇਨਿਊ,
ਮਜੀਠਾ ਰੋਡ, ਸ੍ਰੀ ਅੰਮ੍ਰਿਤਸਰ


ਵੱਖ ਵੱਖ ਸਾਹਿਤਕ ਰੰਗਾਂ ਦਾ ਸੁਮੇਲ ਪੁਸਤਕ
ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਅਤੇ ਹੋਰ ਲੇਖ
ਗਿਆਨ ਦੇ ਭੰਡਾਰ ਗਿਆਨੀ ਸੰਤੋਖ ਸਿੰਘ ਜੀ ਨੇ ਜੀਵਨ ਦੇ ਵੱਖ ਵੱਖ ਪਹਿਲੂਆਂ ਇਤਿਹਾਸਕ, ਸਮਾਜਕ ਸਰੋਕਾਰ ਤੇ ਖੁਸ਼ਮਿਜ਼ਾਜ਼ ਦੀ ਵਿਦਵਤਾ ਨੂੰ ਪਾਠਕਾਂ ਦੇ ਸਨਮੁਖ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਅਤੇ ਹੋਰ ਲੇਖ ਪੁਸਤਕ ਪਾਠਕਾਂ ਦੇ ਰੂਬਰੂ ਕੀਤੀ ਹੈ।
ਇਸ ਪੁਸਤਕ ਦਾ ਮੁੱਖ ਅਤੇ ਮੁੱਢਲਾ ਲੇਖ ਸ਼੍ਰੋਮਣੀ ਅਕਾਲੀ ਦਲ, ਜੋ ਅੱਜ ਇੱਕ ਗਹਿਰੇ ਸੰਕਟ ਵਿਚ ਫਸਿਆ ਹੋਇਆ ਹੈ, ਦੇ ਸ਼ਾਨਾਂਮੱਤੇ ਸੌ ਸਾਲਾ ( ਤੋਂ  ਤੱਕ) ਦੇ ਇਤਿਹਾਸ ਨੂੰ, ਪੰਨਾ ਦਰ ਪੰਨਾ ਖੋਹਲਦਿਆਂ ਸ਼ੀਸ਼ਾ ਦਿਖਾਇਆ ਗਿਆ ਹੈ ਕਿ ਪੰਥ ਹਿਤੈਸ਼ੀਆਂ/ਦਰਦੀਆਂ ਨੂੰ ਜਥੇਬੰਦਕ ਰੂਪ ਵਿੱਚ ਆਉਣ ਲਈ ਨਿਜੀ ਹਉਮੈ/ਹਿੱਤਾਂ ਨੂੰ ਤਿਆਗ ਕੇ, ਕਈ ਘਾਲਣਾ ਘਾਲਣੀਆਂ ਪਈਆਂ ਤਾਂ ਹੀ ਕਿਤੇ ਫਿਰ ਸ਼੍ਰੋਮਣੀ ਅਕਾਲੀ ਦਲ ਹੋਂਦ ਵਿੱਚ ਆਇਆ ਸੀ। ਇਸ ਦਾ ਆਪਣਾ ਨਿਵੇਕਲਾ ਸਿਧਾਂਤਕ ਸੰਵਿਧਾਨ ਵੀ ਹੈ ਤੇ ਅਸੂਲ ਵੀ ਹਨ। ਟਕਸਾਲੀ ਆਗੂ ਬੜੀ ਸ਼ਿੱਦਤ ਨਾਲ ਇਹਨਾਂ ਅਸੂਲਾਂ 'ਤੇ ਪਹਿਰਾ ਦਿੰਦੇ ਆ ਰਹੇ ਹਨ। ਭਾਵੇਂ ਵਿਚਾਰਧਾਰਕ ਮਤ ਭੇਦਾਂ ਕਾਰਨ ਕੁਝ ਨੇਤਾ, ਸਮੇ ਸਮੇ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਤੇ ਕੁਝ ਥੋੜ੍ਹੇ ਜਿਹੇ ਕਮਿਉਨਿਸਟ ਪਾਰਟੀ ਵਿੱਚ ਵੀ ਸ਼ਾਮਲ ਹੋ ਜਾਂਦੇ ਰਹੇ।
ਸੰਨ  ਵਿੱਚ ਦੇਸ਼ ਦੀ ਆਜ਼ਾਦੀ ਨੂੰ ਲੈ ਕੇ ਦੇਸ਼ ਦੇ ਖਾਸ ਖਿੱਤੇ ਪੰਜਾਬ ਨੂੰ ਵੱਡੀ ਮਾਰ ਪਈ ਜਦ ਸਿਆਸਤ ਨੇ ਫ਼ਿਰਕੂ ਲਕੀਰ ਖਿੱਚ ਕੇ, ਇਸ ਦੇ ਦੋ ਟੋਟੇ ਕਰਨੇ ਪ੍ਰਵਾਨ ਕਰ ਲਏ। ਫਿਰ ਦੋ ਫ਼ਿਰਕਿਆਂ ਵਿਚਕਾਰ ਹੋਈ ਮਾਰਧਾੜ ਤੇ ਕਤਲੋਗਾਰਤ ਨਾਲ ਭਾਈਚਾਰਕ ਸਾਂਝ ਨੂੰ ਵੱਡਾ ਸੰਤਾਪ ਝੱਲਣਾ ਪਿਆ।
ਦੋਹਾਂ ਪਾਸਿਆਂ ਤੋਂ ਪੰਜਾਬੀ ਬੋਲੀ ਦੀ ਸੰਘੀ ਘੁੱਟਣ ਦੀ ਕਵਾਇਦ ਸ਼ੁਰੂ ਹੋ ਗਈ। ਪਾਕਿਸਤਾਨ ਵਾਲੇ ਪਾਸੇ ਉੜਦੂ ਨੂੰ ਅਤੇ ਭਾਰਤ ਵਾਲੇ ਪਾਸੇ ਹਿੰਦੀ ਨੂੰ ਮਹੱਤਤਾ ਦਿੱਤੀ ਜਾਣ ਲੱਗੀ ਤਾਂ ਸ਼੍ਰੋਮਣੀ ਅਕਾਲੀ ਦਲ ਨੇ, ਪੰਜਾਬੀ ਬੋਲੀ ਦੇ ਆਧਾਰ 'ਤੇ ਪੰਜਾਬੀ ਭਾਸ਼ਾਈ ਸੂਬੇ ਲਈ ਮੋਰਚੇ ਲਾਏ ਤੇ ਕਈ ਪ੍ਰਕਾਰ ਦੀ ਜਦੋ ਜਹਿਦ ਅਤੇ ਕੁਰਬਾਨੀਆਂ ਕੀਤੀਆਂ।
ਸਮੇ ਸਮੇ ਦੀਆਂ ਸਰਕਾਰਾਂ ਨੇ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਜਾਰੀ ਰੱਖਿਆ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਹੇਠ, ਪੰਜਾਬੀਆਂ ਵੱਲੋਂ ਵਿਤਕਰਿਆਂ ਵਿਰੁਧ ਮੋਰਚੇ ਲੱਗਦੇ ਰਹੇ। ਇਸ ਕਾਰਜ ਲਈ ਧਰਮ ਯੁੱਧ ਜਾਰੀ ਰਹੇ। ਸਫਲਤਾਵਾਂ ਅਤੇ ਅਸਫ਼ਲਤਾਵਾਂ ਨਾਲੋ ਨਾਲ ਚੱਲਦੀਆਂ ਰਹੀਆਂ। ਸ਼੍ਰੋਮਣੀ ਅਕਾਲੀ ਦਲ ਦੀ ਸ਼ਕਤੀ ਨੂੰ ਕਮਜੋਰ ਕਰਨ ਲਈ ਵਿਰੋਧੀਆਂ ਵੱਲੋਂ ਲੂੰਬੜ ਚਾਲਾਂ ਰਾਹੀਂ ਕਈ ਹੋਰ ਅਖੌਤੀ ਪੰਥਕ ਜਥੇਬੰਦੀਆਂ ਨੂੰ ਵੀ ਸਾਹਮਣੇ ਲਿਆਂਦਾ ਜਾਂਦਾ ਰਿਹਾ। ਬਲਿਊ ਸਟਾਰ ਆਪ੍ਰੇਸ਼ਨ ਵਰਗੇ ਕਾਂਡ ਵਾਪਰਨੇ, ਖਾੜਕੂਵਾਦ ਦਾ ਪਨਪਣਾ, ਪੰਜਾਬੀ ਨੌਜਵਾਨੀ ਦਾ ਵੱਡੀ ਪੱਧਰ 'ਤੇ ਘਾਣ, ਕਈ ਸਿਰਮੌਰ ਅਕਾਲੀ ਨੇਤਾਵਾਂ ਵੱਲੋਂ 'ਤਿਆਗ' ਨੂੰ ਤਿਲਾਂਜਲੀ ਦਿੰਦਿਆਂ ਪਰਵਾਰਕ ਮੋਹ ਵੱਲ ਝੁਕਣਾ, ਵੱਖ ਵੱਖ ਨਾਂਵਾਂ ਅਤੇ ਅਕਾਲੀ ਧੜਿਆਂ ਦਾ ਜਨਮ ਹੋਣਾ ਅਤੇ ਵਾਰ ਵਾਰ ਰਾਜਸੀ ਸ਼ਕਤੀ ਹੱਥ ਆਉਣ 'ਤੇ ਵੀ ਪੰਜਾਬੀਆਂ ਨੂੰ ਜੀਵਨ ਸੰਤੁਸ਼ਟੀ ਨਸੀਬ ਨਾ ਹੋਣਾ ਆਦਿ ਤ੍ਰਾਸਦੀ ਨੂੰ ਵਿਚਾਰਿਆ ਗਿਆ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਢੇ ਪੰਜ ਸੌ ਸਾਲਾ ਪ੍ਰਕਾਸ਼ ਉਤਸਵ ਸਮੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਸੱਦੇ 'ਤੇ ਗਿਆਨੀ ਜੀ ਵੱਲੋਂ ਆਪਣੀ ਜਨਮ ਭੂਮੀ ਪੰਜਾਬ ਦੀ ਵਿਸ਼ੇਸ਼ ਮਹਿਮਾਨ ਵਜੋਂ ਯਾਤਰਾ ਦਾ ਵਿਸਥਾਰ ਪੂਰਵਕ ਬਿਰਤਾਂਤ, ਦੁਨੀਆਂ ਦੀ ਮਹਾਂ ਬਿਪਤਾ 'ਕਰੋਨਾ' ਦੀ ਚੀਰ ਫਾੜ ਤੇ ਗੁਰਬਾਣੀ ਆਧਾਰਤ ਇਲਾਜ, ਸਾਊਥ ਆਸਟ੍ਰੇਲੀਆ ਦੀ ਰਾਜਧਾਨੀ ਐਡੀਲੇਡ ਦਾ ਫੇਰਾ ਤੋਰਾ, ਸੰਤ ਫਤਿਹ ਸਿੰਘ ਦੀ ਬੇਸਿਰ-ਪੈਰੀ 'ਨਿੰਦਾ', ਜੀਵਨ ਦੀਆਂ ਹਲਕੀਆਂ ਫੁਲਕੀਆਂ 'ਬਚਗਾਨਾ ਸੋਚਾਂ', 'ਗਿਆਨੀ ਜੀ ਗਵਾਚ ਗਏ', ਅਜੋਕੇ ਜੀਵਨ ਵਿਚ ਫੇਸਬੁੱਕ ਦੀ ਚੜ੍ਹਤ, ਨਾਨਕਸ਼ਾਹੀ ਕੈਲੰਡਰ ਦੀ ਆਪਣੀ ਹੀ ਵਿਸ਼ੇਸ਼ ਮਹੱਤਤਾ ਆਦਿ ਬੀਤੇ ਦੀ ਬਾਤ ਪਾਉਂਦੀਆਂ ਕੁਝ ਭਾਵਪੂਰਤ ਤਸਵੀਰਾਂ ਇਸ ਪੁਸਤਕ ਦੀ ਵਿਲੱਖਣਤਾ ਨੂੰ ਚਾਰ ਚੰਨ ਲਾਉਂਦੀਆਂ ਹਨ।
ਸੋਚਣ ਤੇ ਕੁਝ ਕਰਨ ਲਈ ਗੰਭੀਰਤਾ, ਵੇਖਣ ਤੇ ਮਾਨਣ ਲਈ ਯਾਤਰਾਵਾਂ, ਤਣਾਅ ਮੁਕਤੀ ਲਈ ਹਾਸਾ ਠੱਠਾ, ਕੁਝ ਕਰ ਗੁਜ਼ਰਨ ਲਈ ਜੀਵਨ ਸੇਧ ਸਰੋਤ, ਇਸ ਪੁਸਤਕ ਦੇ ਵੱਡੇ 'ਹਾਸਲ' ਹਨ, ਜਿਨ੍ਹਾਂ ਨੂੰ ਹਾਸਲ ਕਰਨ ਵਾਸਤੇ, 'ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਅਤੇ ਹੋਰ ਲੇਖ' ਸਿਰਲੇਖ ਵਾਲੀ ਇਸ ਹੱਥਲੀ ਪੁਸਤਕ ਨੂੰ ਆਪਣੇ ਕੁਝ ਵਕਤ ਦੀ ਉਂਗਲ ਫੜਾ ਕੇ ਇਸ ਦੇ ਨਾਲ ਨਾਲ ਤੁਰਨਾ, ਜਾਣੀ ਇਸ ਨਾਲ ਪੜ੍ਹਨ-ਵਿਚਾਰਨ ਦੀ ਸਾਂਝ ਪਾਉਣੀ ਹੋਵੇਗੀ। ਫਿਰ ਹੀ ਇਸ ਸਾਹਿਤਕ ਗੁਲਦਸਤੇ ਦੇ ਵੱਖ ਵੱਖ ਰੰਗ ਮਾਣੇ ਜਾ ਸਕਦੇ ਹਨ।
ਮਾਸਟਰ ਲਖਵਿੰਦਰ ਸਿੰਘ
ਰਈਆ ਹਵੇਲੀਆਣਾ, ਜ਼ਿਲ੍ਹਾ ਅੰਮ੍ਰਿਤਸਰ
ਹਾਲ ਵਾਸੀ ਸਿਡਨੀ ਆਸਟ੍ਰੇਲੀਆ।
ਵਟਸਐਪ: ੯੮੭੬੪ ੭੪੮੫੮
ਫੋਨ: +੬੧ ੪੨੩ ੧੯੧ ੧੭੩


ਸ਼੍ਰੋਮਣੀ ਅਕਾਲੀ ਦਲ ਦਾ ਇਕ ਸਦੀ ਦਾ ਇਤਿਹਾਸ
(1920 ਤੋਂ 2020)
ਵਾਪਰਦਾ ਸਾਗਰ ਸਮਾਨ ਹੈ ਪਰ ਲਿਖਤ ਵਿਚ ਬੂੰਦ ਸਮਾਨ ਆਉਂਦਾ ਹੈ
ਅਸਲ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਆਪਸ ਵਿਚ ਤਾਣੇ ਪੇਟੇ ਸਮਾਨ ਹੈ। ਗੁਰਦੁਆਰਾ, ਸਿੱਖ ਪੰਥ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ, ਪੰਜਾਬ, ਇਹ ਸਾਰੇ ਸ਼ਬਦ ਇਕ ਦੂਜੇ ਵਿਚ ਇਸ ਤਰ੍ਹਾਂ ਪ੍ਰੋਏ ਹੋਏ ਹਨ ਕਿ ਇਹਨਾਂ ਨੂੰ ਵੱਖਰਾ ਵੱਖਰਾ ਵਿਚਾਰਿਆ ਜਾਣਾ ਸੌਖਾ ਕਾਰਜ ਨਹੀਂ। ਆਪਾਂ ਇਸ ਛੋਟੇ ਜਿਹੇ ਲੇਖ ਵਿਚ ਸਿਰਫ ਸ਼੍ਰੋਮਣੀ ਅਕਾਲੀ ਦਲ ਬਾਰੇ ਹੀ ਗੱਲ ਕਰਦੇ ਹਾਂ।

ਅਠਾਰਵੀ ਸਦੀ ਦੌਰਾਨ ਜਦੋਂ ਸਿੰਘ ਜੰਗਲਾਂ ਵਿਚ ਵਿਚਰਨ ਲਈ ਮਜਬੂਰ ਸਨ, ਉਸ ਸਮੇ ਦੌਰਾਨ ਗੁਰਦੁਆਰਿਆਂ ਦੀ ਸੇਵਾ ਸੰਭਾਲ਼ ਨਿਰਮਲੇ ਅਤੇ ਉਦਾਸੀ ਸੰਤਾਂ/ਮਹੰਤਾਂ ਜਾਂ ਨਿਹੰਗ ਸਿੰਘਾਂ ਕੋਲ਼ ਹੁੰਦੀ ਸੀ। ਵਾਰਸ ਸ਼ਾਹ ਦੇ ਬੋਲਾਂ ਵਿਚ, "ਜਦੋਂ ਦੇਸ ਦੇ ਜੱਟ ਸਰਦਾਰ ਹੋਏ ਘਰੋ ਘਰੀ ਜਾਂ ਨਵੀਂ ਸਰਕਾਰ ਹੋਈ।" ਪੰਜਾਬ ਵਿਚ ਅਜਿਹੇ ਸਮੇ ਸਿੱਖਾਂ ਦੀ ਸਰਦਾਰੀ ਸਮੇ ਅਤੇ ਫਿਰ ਸਿੱਖ ਰਾਜ ਦੇ ਆਉਣ ਨਾਲ਼ ਗੁਰਦੁਆਰਿਆਂ ਦੇ ਨਾਂ ਜ਼ਮੀਨਾਂ, ਚੜ੍ਹਾਵੇ ਆਦਿ ਨਾਲ਼, ਧਨ ਲੋੜੋਂ ਵਧੇਰੇ ਇਕੱਠਾ ਹੋਣਾ ਸ਼ੁਰੂ ਹੋ ਗਿਆ ਤਾਂ ਇਸ ਨਾਲ਼ ਕਈ ਸੰਤਾਂ/ਮਹੰਤਾਂ ਵਿਚ ਵੀ ਗਿਰਾਵਟ ਆ ਗਈ। ਸ਼ਕਤੀ ਕਿਸੇ ਵੀ ਤਰ੍ਹਾਂ ਦੀ ਹੋਵੇ ਅਕਸਰ ਬਹੁਤੇ ਮਨੁੱਖਾਂ ਨੂੰ ਭ੍ਰਿਸ਼ਟ ਕਰ ਦਿੰਦੀ ਹੈ। ਸੰਪੂਰਨ ਸ਼ਕਤੀ ਸੰਪੂਰਨਤਾ ਸਹਿਤ। ਇਸ ਧਨ ਦੀ ਸ਼ਕਤੀ ਨਾਲ਼ ਗੁਰਦੁਅਰਿਆਂ ਦੇ ਇਹਨਾਂ ਸੰਤਾਂ/ਮਹੰਤਾਂ ਵਿਚੋਂ ਵੀ ਕੁਝ ਭ੍ਰਿਸ਼ਟ ਹੋ ਗਏ ਸਨ। ਆਪਣੇ ਸਾਰੇ ਜੀਵਨ ਵਿਚ ਵੀ ਮਨੁਖ ਦਾ ਕਿਰਦਾਰ ਇਕਸਾਰ ਨਹੀਂ ਰਹਿੰਦਾ ਤੇ ਪੀਹੜੀ ਦਰ ਪੀਹੜੀ ਸੰਤਾਂ/ਮਹੰਤਾਂ ਦਾ ਕਿਰਦਾਰ ਵੀ ਆਪਣੇ ਤੋਂ ਪਹਿਲਿਆਂ ਵਰਗਾ ਕਿਵੇਂ ਰਹਿ ਸਕਦਾ ਸੀ! ਉਹਨਾਂ ਵਿਚੋਂ ਵੀ ਕੁਝ ਇਸ ਲੋੜੋਂ ਵੱਧ ਧਨ ਦੀ ਸ਼ਕਤੀ ਪ੍ਰਾਪਤ ਕਰਕੇ ਸਮੇ ਨਾਲ਼ ਭ੍ਰਿਸ਼ਟ ਹੁੰਦੇ ਗਏ। ਗੁਰਦੁਆਰਿਆਂ ਨੂੰ ਆਪਣੀ ਨਿਜੀ ਜਾਇਦਾਦ ਸਮਝ ਕੇ ਧਾਰਮਿਕ ਮਰਯਾਦਾ ਤੋਂ ਉਲ਼ਟ ਵਿਹਾਰ ਕਰਨ ਲੱਗ ਪਏ। ਗੁਰੂਧਾਮਾਂ ਦੀ ਮਰਯਾਦਾ ਵਿਚ ਮਿਲਾਵਟ ਅਤੇ ਸਮੇ ਨਾਲ਼ ਬਹੁਤ ਸਾਰੀਆਂ ਸਿੱਖ ਧਰਮ ਦੇ ਵਿਰੁਧ ਕੁਰੀਤੀਆਂ ਹੋਣ ਲੱਗ ਪਈਆਂ। ਇਸ ਸਾਰੇ ਕੁਝ ਦੇ ਪਿੱਛੇ ਅੰਗ੍ਰੇਜ਼ੀ ਸਰਕਾਰ ਵੀ ਉਹਨਾਂ ਦੀ ਪੂਰੀ ਪਿੱਠ ਠੋਕਦੀ ਸੀ। ਇਹਨਾਂ ਕੁਰੀਤੀਆਂ ਵਿਚੋਂ ਇਕ ਇਹ ਵੀ ਸੀ ਕਿ ਪਛੜੀਆਂ ਸ਼੍ਰੇਣੀਆਂ ਵਿਚੋਂ ਸਜੇ ਸਿੱਖਾਂ ਵੱਲੋਂ ਲਿਆਂਦਾ ਗਿਆ ਪ੍ਰਸ਼ਾਦ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਚ ਪ੍ਰਵਾਨ ਨਹੀਂ ਸੀ ਕੀਤਾ ਜਾਂਦਾ।
੧੨ ਅਕਤੂਬਰ ੧੯੨੦ ਵਾਲ਼ੇ ਦਿਨ, ਜਲ੍ਹਿਆਂ ਵਾਲ਼ੇ ਬਾਗ ਵਿਚ ਇਹਨਾਂ ਸਿੱਖਾਂ ਵੱਲੋਂ ਦੀਵਾਨ ਸਜਾਇਆ ਗਿਆ ਤੇ ਓਥੋਂ, ਜੋ ਮੌਲਵੀ ਕਰੀਮ ਬਖ਼ਸ਼ ਤੋਂ ਪਰਵਾਰ ਸਮੇਤ ਸਿੱਖ ਸਜ ਕੇ, ਸ. ਲਖਬੀਰ ਸਿੰਘ ਜੀ ਬਣੇ, ਦੇ ਸਪੁੱਤਰ, ਸ. ਮਹਿਤਾਬ ਸਿੰਘ ਬੀਰ ਦੀ ਅਗਵਾਈ ਹੇਠ, ਪ੍ਰਸ਼ਾਦ ਲੈ ਕੇ ਸ੍ਰੀ ਦਰਬਾਰ ਸਾਹਿਬ ਗਏ। ਉਹਨਾਂ ਦੇ ਨਾਲ਼ ਖ਼ਾਲਸਾ ਕਾਲਜ ਦੇ ਕੁਝ ਪ੍ਰੋਫ਼ੈਸਰ ਵੀ ਸਨ। ਪੁਜਾਰੀਆਂ ਨੇ ਉਹਨਾਂ ਦੁਆਰਾ ਲਿਆਂਦਾ ਗਿਆ ਪ੍ਰਸ਼ਾਦ ਸਵੀਕਾਰਨੋ ਨਾਂਹ ਕਰ ਦਿਤੀ। ਦੋਹਾਂ ਧਿਰਾਂ ਦਰਮਿਆਨ ਲੰਮੀ ਚੌੜੀ ਬਹਿਸ ਹੋਈ। ਪ੍ਰਿੰਸੀਪਲ ਬਾਵਾ ਹਰਕਿਸ਼ਨ ਸਿੰਘ ਜੀ ਨੇ ਗਲ਼ ਵਿਚ ਪੱਲਾ ਪਾ ਕੇ ਕੜਾਹ ਪ੍ਰਸ਼ਾਦ ਦੀ ਅਰਦਾਸ ਕਰਨ ਵਾਸਤੇ ਪੁਜਾਰੀਆਂ ਨੂੰ ਬੇਨਤੀ ਕੀਤੀ ਪਰ ਪੁਜਾਰੀ ਟੱਸ ਤੋਂ ਮੱਸ ਨਾ ਹੋਏ। ਏਨੇ ਨੂੰ ਕੁਝ ਖਾੜਕੂ ਸਿੰਘ, ਜਥੇਦਾਰ ਤੇਜਾ ਸਿੰਘ ਭੁੱਚਰ ਅਤੇ ਜਥੇਦਾਰ ਕਰਤਾਰ ਸਿੰਘ ਝੱਬਰ ਦੀ ਅਗਵਾਈ ਹੇਠ ਵੀ ਓਥੇ ਆ ਗਏ। ਫੈਸਲਾ ਹੋਇਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਮੁਖਵਾਕ ਲਿਆ ਜਾਵੇ ਅਤੇ ਮੁਖਵਾਕ ਦੀ ਰੋਸ਼ਨੀ ਅਨੁਸਾਰ ਅਮਲ ਕੀਤਾ ਜਾਵੇ। ਉਸ ਸਮੇ ਇਹ ਮੁਖਵਾਕ ਇਹ ਆਇਆ:
ਸੋਰਠਿ ਮਹਲਾ ੩ ਦੁਤੁਕੀ॥
ਨਿਗੁਣਿਆ ਨੋ ਆਪੇ ਬਖਸਿ ਲਏ ਭਾਈ ਸਤਿਗੁਰ ਕੀ ਸੇਵਾ ਲਾਇ॥
ਸਤਿਗੁਰ ਕੀ ਸੇਵਾ ਊਤਮ ਹੈ ਭਾਈ ਰਾਮ ਨਾਮਿ ਚਿਤੁ ਲਾਇ॥੧॥
ਹਰਿ ਜੀਉ ਆਪੇ ਬਖਸਿ ਮਿਲਾਇ॥
ਗੁਣਹੀਣ ਹਮ ਅਪਰਾਧੀ ਭਾਈ ਪੂਰੈ ਸਤਿਗੁਰਿ ਲਏ ਰਲਾਇ॥ਰਹਾਉ॥
ਕਉਣ ਕਉਣ ਅਪਰਾਧੀ ਬਖਸਿਅਨੁ ਪਿਆਰੇ ਸਾਚੈ ਸਬਦਿ ਵੀਚਾਰਿ॥
ਭਉਜਲੁ ਪਾਰਿ ਉਤਾਰਿਅਨੁ ਭਾਈ ਸਤਿਗੁਰ ਬੇੜੈ ਚਾੜਿ॥੨॥
ਮਨੂਰੈ ਤੇ ਕੰਚਨ ਭਏ ਭਾਈ ਗੁਰੁ ਪਾਰਸੁ ਮੇਲਿ ਮਿਲਾਇ॥
ਆਪੁ ਛੋਡਿ ਨਾਉ ਮਨਿ ਵਸਿਆ ਭਾਈ ਜੋਤੀ ਜੋਤਿ ਮਿਲਾਇ॥੩॥
ਹਉ ਵਾਰੀ ਹਉ ਵਾਰਣੈ ਭਾਈ ਸਤਿਗੁਰ ਕਉ ਸਦ ਬਲਿਹਾਰੈ ਜਾਉ॥
ਨਾਮੁ ਨਿਧਾਨੁ ਜਿਨਿ ਦਿਤਾ ਭਾਈ ਗੁਰਮਤਿ ਸਹਜਿ ਸਮਾਉ॥੪॥
ਗੁਰ ਬਿਨੁ ਸਹਜੁ ਨ ਊਪਜੈ ਭਾਈ ਪੂਛਹੁ ਗਿਆਨੀਆ ਜਾਇ॥
ਸਤਿਗੁਰ ਕੀ ਸੇਵਾ ਸਦਾ ਕਰਿ ਭਾਈ ਵਿਚਹੁ ਆਪੁ ਗਵਾਇ॥੫॥
ਗੁਰਮਤੀ ਭਉ ਊਪਜੈ ਭਾਈ ਭਉ ਕਰਣੀ ਸਚੁ ਸਾਰੁ॥
ਪ੍ਰੇਮ ਪਦਾਰਥੁ ਪਾਈਐ ਭਾਈ ਸਚੁ ਨਾਮੁ ਆਧਾਰੁ॥੬॥
ਜੋ ਸਤਿਗੁਰੁ ਸੇਵਹਿ ਆਪਣਾ ਭਾਈ ਤਿਨ ਕੈ ਹਉ ਲਾਗਉ ਪਾਇ॥
ਜਨਮੁ ਸਵਾਰੀ ਆਪਣਾ ਭਾਈ ਕੁਲੁ ਭੀ ਲਈ ਬਖਸਾਇ॥੭॥
ਸਚੁ ਬਾਣੀ ਸਚੁ ਸਬਦੁ ਹੈ ਭਾਈ ਗੁਰ ਕਿਰਪਾ ਤੇ ਹੋਇ॥
ਨਾਨਕ ਨਾਮੁ ਹਰਿ ਮਨਿ ਵਸੈ ਭਾਈ
ਤਿਸੁ ਬਿਘਨੁ ਨ ਲਾਗੈਕੋਇ॥੮॥੨॥    (ਪੰਨਾ ੬੩੮)
ਇਹ ਸੁਣ ਕੇ ਸਿੰਘਾਂ ਨੇ ਜੈਕਾਰਾ ਛੱਡ ਦਿਤਾ ਅਤੇ ਪੁਜਾਰੀਆਂ ਨੇ ਅਰਦਾਸ ਕਰਕੇ ਪ੍ਰਸ਼ਾਦ ਵਰਤਾ ਦਿਤਾ।
ਇਹ ਸਾਰਾ ਜਥਾ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਵੱਲ ਗਿਆ ਤਾਂ ਓਥੋਂ ਦੇ ਪੁਜਾਰੀ ਤਖ਼ਤ ਸਾਹਿਬ ਨੂੰ ਸੁੰਞਾ ਛੱਡ ਕੇ ਆਪਣੇ ਘਰਾਂ ਨੂੰ ਚਲੇ ਗਏ। ਤਖ਼ਤ ਸਾਹਿਬ ਖਾਲੀ ਵੇਖ ਕੇ ਸਿੰਘਾਂ ਨੇ ਜਥੇਦਾਰ ਤੇਜਾ ਸਿੰਘ ਭੁੱਚਰ ਦੀ ਅਗਵਾਈ ਹੇਠ, ਪੰਝੀ ਸਿੰਘਾਂ ਦਾ ਜਥਾ ਤਖ਼ਤ ਸਾਹਿਬ ਦੀ ਸੇਵਾ ਵਾਸਤੇਨਿਯੁਕਤਕਰਦਿਤਾ। ਇਹ ਸਾਰਾ ਵਾਕਿਆ, ੧੨ ਅਕਤੂਬਰ, ੧੯੨੦ ਵਾਲ਼ੇ ਦਿਨ ਵਾਪਰਿਆ।
ਸਿੱਖਾਂ ਦੇ ਹਿਰਦਿਆਂ ਅੰਦਰ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਸੁਧਾਰਨ ਵਾਸਤੇ ਵਿਚੇ ਵਿਚ ਕਸ਼ਮਕਸ਼ ਤਾਂ ਚਿਰਾਂ ਤੋਂ ਚੱਲ ਹੀ ਰਹੀ ਸੀ। ਇਸ ਤੋਂ ਪਹਿਲਾਂ ਭਾਰੀ ਜਦੋ ਜਹਿਦ ਨਾਲ਼ ਦੋ ਗੁਰਦੁਆਰਿਆਂ, ਲਾਹੌਰ ਵਿਚ ਚੁਮਾਲਾ ਸਾਹਿਬ ਅਤੇ ਸਿਆਲਕੋਟ ਵਿਚ ਬੇਰ ਸਾਹਿਬ ਦਾ ਪ੍ਰਬੰਧ ਮਹੰਤਾਂ ਤੋਂ, ਸਿਖਾਂ ਦੀਆਂ ਪ੍ਰਬੰਧਕ ਕਮੇਟੀਆਂ ਨੇ ਸੰਭਾਲ਼ ਲਿਆ ਹੋਇਆ ਸੀ। ਇਸ ਸਮੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ, ਡਾ. ਗੁਰਬਖ਼ਸ਼ ਸਿੰਘ ਨੇ ਸਿੱਖ ਪੰਥ ਦੇ ਨਾਂ ਇਕ ਚਿਠੀ ਲਿਖ ਕੇ, ੧੫ ਨਵੰਬਰ ੧੯੨੦ ਵਾਲ਼ੇ ਦਿਨ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਹਜੂਰੀ ਵਿਚ ਇਕੱਠ ਸੱਦ ਲਿਆ। ਇਸ ਭਾਰੀ ਪੰਥਕ ਇਕੱਠ ਵਿਚ, ੧੭੫ ਮੈਂਬਰਾਂ ਦੀ ਇਕ ਕਮੇਟੀ ਚੁਣੀ ਗਈ। ਇਸ ਤੋਂ ਦੋ ਕੁ ਦਿਨ ਪਹਿਲਾਂ ਅੰਗ੍ਰੇਜ਼ ਸਰਕਾਰ ਨੇ, ਪਟਿਆਲੇ ਦੇ ਮਹਾਂਰਾਜਾ ਭੂਪਿੰਦਰ ਸਿੰਘ ਦੀ ਸਲਾਹ 'ਤੇ, ਆਪਣੇ ਪੱਖੀ ਸਿੱਖਾਂ ਦੀ ਜੇਹੜੀ ੩੬ ਮੈਂਬਰੀ ਕਮੇਟੀ ਬਣਾ ਲਈ ਸੀ, ਉਹ ਸਾਰੀ ਕਮੇਟੀ ਵੀ ਇਸ ੧੭੫ ਵਾਲ਼ੀ ਕਮੇਟੀ ਵਿਚ ਸ਼ਾਮਲ ਕਰ ਲਈ ਗਈ ਤਾਂ ਕਿ ਇਸ ਮਸਲੇ 'ਤੇ ਸਰਕਾਰ ਨਾਲ਼ ਟੱਕਰ ਨਾ ਹੋਵੇ ਤੇ ਇਸ ਤੋਂ ਵੀ ਵੱਧ ਕੇ, ਸਮੇ ਦੇ ਪੰਥਕ ਆਗੂਆਂ ਨੇ ਹੋਰ ਵੀ ਸਿਆਣਪ ਇਹ ਕੀਤੀ ਕਿ ਸਰਕਾਰੀ ਕਮੇਟੀ ਦੇ, ਸਰ ਸੁੰਦਰ ਸਿੰਘ ਮਜੀਠੀਆ ਨੂੰ ਪ੍ਰਧਾਨ, ਸ. ਹਰਬੰਸ ਸਿੰਘ ਅਟਾਰੀ ਨੂੰ ਮੀਤ ਪ੍ਰਧਾਨ ਅਤੇ ਸ. ਸੁੰਦਰ ਸਿੰਘ ਰਾਮਗੜ੍ਹੀਆ ਨੂੰ ਹੀ ਸਕੱਤਰ ਬਣਾ ਲਿਆ ਗਿਆ। ਇਸ ਤਰ੍ਹਾਂ ਇਸ ਨਵੀਂ ਕਮੇਟੀ ਦੇ ਪਹਿਲੇ ਤਿੰਨ ਮੁਖ ਅਹੁਦੇਦਾਰ ਵੀ ਸਰਕਾਰੀ ਕਮੇਟੀ ਵਾਲ਼ੇ ਹੀ ਬਣਾ ਲਏ। ਨਵੀਂ ਕਮੇਟੀ ਦੇ ਸਕੱਤਰ ਸ. ਸੁੰਦਰ ਸਿੰਘ ਰਾਮਗੜ੍ਹੀਆ ਉਸ ਸਮੇ ਪਹਿਲਾਂ ਹੀ ਸਰਕਾਰ ਵੱਲੋਂ ਥਾਪੇ ਹੋਏ ਸ੍ਰੀ ਦਰਬਾਰ ਸਾਹਿਬ ਜੀ ਦੇ ਸਰਬਰਾਹ, ਅਰਥਾਤ ਮੁਖ ਪ੍ਰਬੰਧਕ ਸਨ। ਸਿਰਫ ਇਕ ਮੀਤ ਸਕੱਤਰ ਪ੍ਰਿੰਸੀਪਲ ਬਾਵਾ ਹਰਕਿਸ਼ਨ ਸਿੰਘ ਜੀ ਹੀ ਨਵਿਆਂ ਵਿਚੋਂ ਲਏ ਗਏ।
ਫਿਰ ਇਹ ਵਿਚਾਰ ਹੋਈ ਕਿ ਗੁਰਦੁਆਰਿਆਂ ਦਾ ਪ੍ਰਬੰਧ ਮਹੰਤਾਂ ਪਾਸੋਂ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਵਾਲੇ ਕਰਨ ਵਾਸਤੇ ਕੋਈ ਜਥਾ ਬਣਾਇਆ ਜਾਵੇ ਜੇਹੜਾ ਇਸ ਕਾਰਜ ਵਿਚ ਕਮੇਟੀ ਦੀ ਸਹਾਇਤਾ ਕਰੇ। ਏਥੋਂ ਹੀ ਆਰੰਭ ਹੁੰਦਾ ਹੈ ਇਤਿਹਾਸ ਸ਼੍ਰੋਮਣੀ ਅਕਾਲੀ ਦਲ ਦਾ। ੧੪ ਦਸੰਬਰ, ੧੯੨੦ ਵਾਲ਼ੇ ਦਿਨ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਹਜੂਰੀ ਵਿਚ, ਸ਼੍ਰੋਮਣੀ ਅਕਾਲੀ ਦਲ ਦੀ ਸਿਰਜਣਾ ਕੀਤੀ ਗਈ ਤੇ ਇਸ ਦੀ ਚੋਣ ੨੩-੨੪ ਜਨਵਰੀ, ੧੯੨੧ ਵਾਲ਼ੇ ਦਿਨ ਹੋਈ। ਇਸ ਦੇ ਪਹਿਲੇ ਪ੍ਰਧਾਨ ਬਣਨ ਦਾ ਸੁਭਾਗ, ਝਬਾਲ ਪਿੰਡ ਦੇ ਵਾਸੀ ਸ. ਸਰਮੁਖ ਸਿੰਘ ਨੂੰ ਪ੍ਰਾਪਤ ਹੋਇਆ। ਇਹ ਆਪਣੇ ਦੂਜੇ ਦੋਹਾਂ ਭਰਾਵਾਂ, ਸ. ਅਮਰ ਸਿੰਘ ਅਤੇ ਸ. ਜਸਵੰਤ ਸਿੰਘ ਸਮੇਤ, ਉਸ ਸਮੇ ਗੁਰਦੁਆਰਾ ਸੁਧਾਰ ਲਹਿਰ ਦੇ ਮੋਹਰੀਆਂ ਵਿਚੋਂ ਸਨ।
ਇਸ ਜਥੇਬੰਦੀ ਦਾ ਨਾਂ, ਸ. ਹਰਚੰਦ ਸਿੰਘ ਲਾਇਲਪੁਰੀ ਅਤੇ ਮਾਸਟਰ ਸੁੰਦਰ ਸਿੰਘ ਵੱਲੋਂ ਮਈ, ੧੯੨੦ ਵਿਚ ਸ਼ੁਰੂ ਕੀਤੀ ਗਈ 'ਅਕਾਲੀ' ਅਖ਼ਬਾਰ ਦੇ ਪਾਠਕਾਂ ਵਿਚ ਪੈਦਾ ਹੋਈ, ਆਪਸੀ ਸਾਂਝ ਵਿਚੋਂ ਪੈਦਾ ਹੋਏ ਪੰਥਕ ਜਜ਼ਬੇ ਤੋਂ ਪ੍ਰੇਰਤ ਹੋ ਕੇ, 'ਸ਼੍ਰੋਮਣੀ ਅਕਾਲੀ ਦਲ' ਰੱਖਿਆ ਗਿਆ। ਉਹਨੀਂ ਦਿਨੀਂ ਇਸ ਅਖ਼ਬਾਰ ਦੇ ਪਾਠਕਾਂ ਵੱਲੋਂ  ਪੰਜਾਬ ਦੇ ਵਾਤਾਵਰਨ ਵਿਚ ਆਪ ਮੁਹਾਰੇ ਹੀ "ਅਕਾਲ, ਅਕਾਲ" ਦੇ ਆਵਾਜ਼ੇ ਸੁਣਾਈ ਦੇਣ ਲੱਗ ਪਏ ਸਨ ਅਤੇ ਇਹਨਾਂ ਦੀ ਆਪਸ ਵਿਚ ਵਿਚਾਰਾਂ ਦੀ ਸਾਂਝ ਬਣ ਚੁੱਕੀ ਸੀ। ਇਸ ਅਖ਼ਬਾਰ ਨੇ ਸਿੱਖਾਂ ਵਿਚ ਸਿੱਖੀ, ਪੰਥਕ ਜਜ਼ਬੇ, ਆਪਣੇ ਗੁਰਧਾਮਾਂ ਦੇ ਪ੍ਰਬੰਧ ਦੇ ਸੁਧਾਰ, ਦੇਸ਼ ਦੀ ਆਜ਼ਾਦੀ, ਕੌਮੀ ਏਕਤਾ ਦੀ ਭਾਵਨਾ ਜਗਾਈ ਸੀ।
ਇਸ ਤੋਂ ਅੱਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਇਕੱਠਾ ਹੀ ਚੱਲਦਾ ਆ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆਗਿਆ ਅਨੁਸਾਰ, ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਹੇਠ ਸਿੱਖ ਪੰਥ ਸ਼ਾਂਤਮਈ ਮੋਰਚਿਆਂ ਰਾਹੀ, ਸਮੇ ਸਮੇ ਹਰੇਕ ਇਤਿਹਾਸਕ ਗੁਰਦੁਆਰੇ ਨੂੰ, ਭ੍ਰਿਸ਼ਟਾਚਾਰੀ/ਅਣਭ੍ਰਿਸ਼ਟਾਚਾਰੀ ਮਹੰਤਾਂ ਤੋਂ ਆਜ਼ਾਦ ਕਰਵਾ ਕੇ, ਉਸ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਦੇ ਹਵਾਲੇ ਕਰਦਾ ਰਿਹਾ। ਇਕ ਇਕ ਗੁਰਦੁਆਰੇ ਦਾ ਇਤਿਹਾਸ, ਮਹੰਤਾਂ ਦੇ ਕੰਟ੍ਰੋਲ ਤੋਂ ਆਜ਼ਾਦ ਕਰਵਾਉਣ ਲਈ ਕੀਤੀ ਗਈ ਜਦੋ ਜਹਿਦ ਨੂੰ ਬਿਆਨ ਕਰਨ ਵਾਸਤੇ ਇਕੱਲੇ ਇਕੱਲੇ ਗੁਰਦੁਆਰੇ ਵਾਸਤੇ ਇਕ ਵੱਡਾ ਗ੍ਰੰਥ ਰਚਣ ਦੀ ਲੋੜ ਹੈ ਅਤੇ ਇਸ ਇਤਿਹਾਸ ਬਾਰੇ ਬਹੁਤ ਸਾਰੀਆਂ ਕਿਤਾਬਾਂ ਵੱਖ ਵੱਖ ਵਿੱਦਵਾਨਾਂ ਵੱਲੋਂ ਹੁਣ ਤੱਕ ਲਿਖੀਆਂ ਵੀ ਜਾ ਚੁੱਕੀਆਂ ਹਨ।
੧੯੨੦ ਤੋਂ ਲੈ ਕੇ ਹੁਣ ਤੱਕ ਗੁਰਦੁਆਰਾ ਸਾਹਿਬਾਨ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਿਚ ਆਉਂਦੇ ਰਹੇ ਅਤੇ ਆ ਰਹੇ ਹਨ। ਅਗੱਸਤ ੧੯੪੭ ਵਿਚ ਪਾਕਿਸਤਾਨ ਬਣਨ ਸਮੇ, ਉਸ ਦੇਸ਼ ਦੀ ਹੱਦ ਅੰਦਰ ਆਉਣ ਵਾਲ਼ੇ ਬਹੁਤੇ ਗੁਰਦੁਆਰੇ, ਸਮੇਤ ਸ੍ਰੀ ਨਨਕਾਣਾ ਸਾਹਿਬ, ਪੰਜਾ ਸਾਹਿਬ, ਡੇਹਰਾ ਸਾਹਿਬ ਆਦਿ ਮੁਖੀ ਇਤਿਹਾਸਕ ਗੁਰਦੁਆਰਿਆਂ ਦੇ, ਓਧਰ ਰਹਿ ਜਾਣ ਕਰਕੇ, ਸ਼੍ਰੋਮਣੀ ਕਮੇਟੀ ਦੇ ਹੱਥੋਂ ਉਹਨਾਂ ਦਾ ਪ੍ਰਬੰਧ ਨਿਕਲ਼ ਗਿਆ ਤੇ ਉਹ ਪਾਕਿਸਤਾਨ ਵੱਲੋਂ ਬਣਾਏ ਗਏ ਵਕਫ਼ ਬੋਰਡ ਦੇ ਪ੍ਰਬੰਧ ਵਿਚ ਚਲੇ ਗਏ।
ਸੰਖੇਪ ਵਿਚ:
ਅੰੰਮ੍ਰਿਤਸਰ ਦੇ ਗੁਰਦੁਆਰਿਆਂ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ, ਦੋ ਸਿੰਘਾਂ ਦੀ ਸ਼ਹੀਦੀ ਨਾਲ਼ ੨੬ ਜਨਵਰੀ ੧੯੨੧ ਨੂੰ, ਕਮੇਟੀ ਦੇ ਪ੍ਰਬੰਧ ਵਿਚ ਆਇਆ। ਫਰਵਰੀ ੧੯੨੧ ਵਿਚ ਕੇਰ ਸਾਹਿਬ, ਮਾਛੀ ਕੇ, ਸ਼ੇਖੂਪੁਰਾ ਅਤੇ ਖਡੂਰ ਸਾਹਿਬ ਮਹੰਤਾਂ ਪਾਸੋਂ ਆਜ਼ਾਦ ਕਰਵਾ ਲਏ ਗਏ। ੨੦ ਫਰਵਰੀ ਵਾਲ਼ੇ ਦਿਨ ਸ. ਲਛਮਣ ਸਿੰਘ ਧਾਰੋਵਾਲ਼ੀ ਦੀ ਅਗਵਾਈ ਹੇਠ, ਸੈਂਕੜੇ ਸ਼ਹੀਦੀਆਂ ਦੇ ਕੇ, ੨੧ ਫਰਵਰੀ ਨੂੰ ਨਨਕਾਣਾ ਸਾਹਿਬ ਵੀ ਮਹੰਤ ਨਰੈਣ ਦਾਸ ਪਾਸੋਂ ਆਜ਼ਾਦ ਕਰਵਾ ਲਿਆ ਗਿਆ। ਮਾਰਚ ੧੯੨੧ ਨੂੰ ਪਿਸ਼ੌਰ ਵਿਚਲਾ ਭਾਈ ਜੋਗਾ ਸਿੰਘ ਗੁਰਦੁਆਰਾ ਵੀ ਪੰਥਕ ਪ੍ਰਬੰਧ ਹੇਠ ਆ ਗਿਆ। ਮਾਰਚ ਵਿਚ ਹੀ ਗੁਰਦੁਆਰਾ ਕਮਾਲੀਆ ਦਾ ਪ੍ਰਬੰਧ ਵੀ ਲੈ ਲਿਆ ਗਿਆ। ਏਸੇ ਸਮੇ ਗੁਰੂਸਰ ਸਤਲਾਣੀ ਦਾ ਗੁਰਦੁਆਰਾ ਵੀ ਪੰਥਕ ਪ੍ਰਬੰਧ ਵਿਚ ਆ ਗਿਆ। ੧੯੨੨ ਵਿਚ ਬਹੁਤ ਭਾਰੀ ਕੁਰਬਾਨੀਆਂ ਨਾਲ਼ ਗੁਰਦੁਆਰਾ ਗੁਰੂ ਕਾ ਬਾਗ ਵੀ ਮਿਲ਼ ਗਿਆ। ਇਸ ਤਰ੍ਹਾਂ ਹੋਰ ਵੀ ਬਹੁਤ ਸਾਰੇ ਗੁਰਦੁਆਰੇ, ਸ਼੍ਰੋਮਣੀ ਅਕਾਲੀ ਦਲ ਦੀ ਜਦੋ ਜਹਿਦ ਅਤੇ ਕੁਰਬਾਨੀਆਂ ਨਾਲ਼, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਪੰਥਕ ਪ੍ਰਬੰਧ ਹੇਠ ਆਉਂਦੇ ਰਹੇ।
ਏਸੇ ਦੌਰਾਨ ਖ਼ਾਲਸਾ ਕਾਲਜ ਅੰਮ੍ਰਿਤਸਰ, ਗੁਰਦੁਆਰਾ ਰਕਾਬਗੰਜ, ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਸਮੇਤ ਪੰਥਕ ਸੰਭਾਲ਼, ਅਕਾਲੀ ਅਖ਼ਬਾਰ, ਦੋਵੇਂ ਪੰਥਕ ਜਥੇਬੰਦੀਆਂ ਦਾ ਬਣਨਾ ਆਦਿ ਵਾਸਤੇ ਕੀਤੀ ਜਾ ਰਹੀ ਜਦੋ ਜਹਿਦ ਵਾਲ਼ੀਆਂ ਪੰਥਕ ਸਰਗਰਮੀਆਂ ਨੇ, ਸਿੱਖ ਕੌਮ ਵਿਚ ਬਹੁਤ ਜੋਸ਼ ਅਤੇ ਉਤਸ਼ਾਹ ਭਰ ਦਿਤਾ ਸੀ। ਇਸ ਤੋਂ ਅੱਗੇ ਸ਼੍ਰੋਮਣੀ ਅਕਾਲੀ ਦਲ ਸ਼ਹੀਦੀਆਂ, ਕੁਰਬਾਨੀਆਂ ਅਤੇ ਗੁਰਦੁਆਰਿਆਂ ਦੀ ਆਜ਼ਾਦੀ ਪ੍ਰਾਪਤ ਕਰਨ ਦੇ ਨਾਲ਼ ਨਾਲ਼, ਦੇਸ ਦੀ ਆਜ਼ਾਦੀ, ਪੰਜਾਬੀ ਸੂਬਾ ਬਣਵਾ ਕੇ, ਇਸ ਦੀ ਸਰਕਾਰ ਬਣਾ ਕੇ, ਸਿੱਖ ਕੌਮ ਦੀ ਸਰਬਪੱਖੀ ਅਗਵਾਈ ਕਰਦਾ ਆ ਰਿਹਾ ਹੈ।
ਪਹਿਲਾਂ ਪਹਿਲ ੧੪ ਦਸੰਬਰ, ੧੯੨੦ ਵਾਲ਼ੇ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਹਜੂਰੀ ਵਿਚ, ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ, ਕੇਵਲ ਗੁਰਦੁਆਰਾ ਸਾਹਿਬਾਨ ਨੂੰ ਅੰਗ੍ਰੇਜ਼ੀ ਸਰਕਾਰ ਪੱਖੀ ਮਹੰਤਾਂ ਤੋਂ ਛੁਡਵਾ ਕੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਲਿਆਉਣ ਲਈ ਹੀ ਹੋਈ ਸੀ। ਸਿਆਸੀ ਖੇਤਰ ਵਿਚਲੀਆਂ ਸਰਗਰਮੀਆਂ ਵਾਸਤੇ ਸਿੱਖ ਲੀਗ ਬਣਾਈ ਗਈ ਸੀ ਤਾਂ ਕਿ ਇਸ ਖੇਤਰ ਵਿਚ ਅੰਗ੍ਰੇਜ਼ ਪੱਖੀ ਸਿੱਖ ਜਥੇਬੰਦੀ ਚੀਫ਼ ਖ਼ਾਲਸਾ ਦੀਵਾਨ ਦਾ ਥਾਂ ਲਿਆ ਜਾ ਸਕੇ। ਇਹਨਾਂ ਤਿੰਨਾਂ ਹੀ ਜਥੇਬੰਦੀਆਂ ਵਿਚ ਸਾਂਝੇ ਮੀਂਝੇ ਜਿਹੇ ਆਗੂ ਹੀ ਮੋਹਰਲੀ ਕਤਾਰ ਵਿਚ ਸਨ। ਫਿਰ ਹੌਲ਼ੀ ਹੌਲ਼ੀ ਸਿੱਖ ਲੀਗ ਮੋਹਰਲੀਆਂ ਸਫਾਂ ਵਿਚੋਂ ਪਿਛਾਂਹ ਹੋ ਗਈ ਜਾਂ ਦਲ ਦੇ ਵਿਚ ਹੀ ਮਰਜ ਹੋ ਗਈ ਅਤੇ ਸਿੱਖ ਪੰਥ ਦੀ ਸਿਆਸੀ ਅਗਵਾਈ ਵੀ ਸ਼੍ਰੋਮਣੀ ਅਕਾਲੀ ਦਲ ਨੇ ਹੀ ਸੰਭਾਲ਼ ਲਈ।
ਪੰਜ ਸਾਲ ਦੀ ਗੁਰਦੁਆਰਾ ਸੁਧਾਰ ਲਹਿਰ ਦੌਰਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਹਿਦਾਇਤਾਂ ਅਨੁਸਾਰ, ਸ਼੍ਰੋਮਣੀ ਅਕਾਲੀ ਦਲ਼ ਦੀ ਅਗਵਾਈ ਹੇਠ, ਸਿੱਖ ਪੰਥ ਨੇ ਬੇਅੰਤ ਕੁਰਬਾਨੀਆਂ ਕੀਤੀਆਂ ਅਤੇ ਪੰਜ ਸੌ ਸ਼ਹੀਦੀਆਂ ਦਿਤੀਆਂ। ਇਸ ਜਦੋ ਜਹਿਦ ਦੌਰਾਨ ਕਾਂਗਰਸ ਸਮੇਤ ਕੁਝ ਹੋਰ ਪਾਰਟੀਆਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਨੂੰ ਇਖਲਾਕੀ ਸਹਾਇਤਾ ਪ੍ਰਾਪਤ ਹੁੰਦੀ ਰਹੀ। ੧੯੪੭ ਤੱਕ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਅਤੇ ਪੰਜਾਬ ਕਾਂਗਰਸ ਸਿਆਸੀ ਮੈਦਾਨ ਵਿਚ ਮਿਲ਼ ਕੇ ਚੱਲਦੇ ਰਹੇ। ਬਾਬਾ ਖੜਕ ਸਿੰਘ ਸ਼੍ਰੋਮਣੀ ਅਕਾਲੀ ਦਲ, ਸਿੱਖ ਲੀਗ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਕਾਂਗਰਸ ਦੇ ਇਕੋ ਸਮੇ ਪ੍ਰਧਾਨ ਰਹੇ। ੧੯੩੫ ਤੱਕ ਬਾਬਾ ਖੜਕ ਸਿੰਘ ਜੀ ਨੂੰ ਸਿੱਖ ਪੰਥ ਦੇ 'ਬੇਤਾਜ ਬਾਦਸ਼ਾਹ' ਹੋਣ ਦਾ ਮਾਣ ਸਿੱਖ ਪੰਥ ਨੇ ਬਖ਼ਸ਼ਿਆ ਅਤੇ ਬਾਬਾ ਜੀ ਦੀ ਅਗਵਾਈ ਹੇਠ ਹੀ ਪੰਥ, ਅੰਗ੍ਰੇਜ਼ ਸਰਕਾਰ ਖ਼ਿਲਾਫ਼ ਜਦੋ ਜਹਿਦ ਕਰਦਾ ਰਿਹਾ। ਇਸ ਪਿਛੋਂ ਸਿੱਖ ਪੰਥ ਦੇ ਆਗੂ ਮਾਸਟਰ ਤਾਰਾ ਸਿੰਘ ਜੀ ਬਣੇ, ਜੋ ੧੯੬੫ ਤੱਕ ਕੌਮ ਨੂੰ ਅਗਵਾਈ ਦਿੰਦੇ ਰਹੇ ਪਰ ਇਸ ਦੇ ਨਾਲ਼ ਹੀ ੧੯੬੨ ਤੋਂ ਸੰਤ ਫਤਹਿ ਸਿੰਘ ਜੀ ਪੰਥਕ ਮੈਦਾਨ ਵਿਚ, ਮਾਸਟਰ ਜੀ ਦੇ ਮੁਕਾਬਲੇ ਉਪਰ ਆ ਗਏ। ਸਿੱਖ ਕੌਮ ਨੇ ੧੯੬੫ ਦੀਆਂ ਗੁਰਦੁਆਰਾ ਚੋਣਾਂ ਵਿਚ ਸੰਤ ਫ਼ਤਿਹ ਸਿੰਘ ਜੀ ਵਾਲ਼ੇ ਸ਼੍ਰੋਮਣੀ ਅਕਾਲੀ ਦਲ ਨੂੰ ਜਿਤਾ ਕੇ, ਸੰਤ ਜੀ ਦੀ ਅਗਵਾਈ ਨੂੰ ਪ੍ਰਵਾਨ ਕਰ ਲਿਆ। ਮਾਸਟਰ ਤਾਰਾ ਸਿੰਘ ਜੀ ਨੇ ਸੰਤ ਜੀ ਵਾਸਤੇ ਪੰਥਕ ਮੈਦਾਨ ਖਾਲੀ ਛੱਡ ਦਿਤਾ ਪਰ ਆਪਣੇ ਧੜੇ ਦਾ ਦਲ ਕਾਇਮ ਰੱਖਿਆ, ਜੋ ੧੯੬੮ ਵਿਚ ਸੰਤ ਫਤਹਿ ਸਿੰਘ ਵਾਲ਼ੇ ਦਲ ਵਿਚ ਸ਼ਾਮਲ ਹੋ ਗਿਆ।
੧੯੨੫ ਵਾਲ਼ੇ ਐਕਟ ਵਿਚ ਅੰਗ੍ਰੇਜ਼ੀ ਸਰਕਾਰ ਨੇ ਸ਼੍ਰੋਮਣੀ ਕਮੇਟੀ ਦਾ ਨਾਂ ਰੱਖਣਾ ਮਨਜੂਰ ਨਹੀਂ ਸੀ ਕੀਤਾ। ਸਰਕਾਰ ਨੇ ਐਕਟ ਵਿਚ ਇਸ ਦਾ ਨਾਂ 'ਗੁਰਦੁਆਰਾ ਸੈਂਟਰਲ ਬੋਰਡ' ਰੱਖਿਆ ਸੀ। ਇਹ ਗੁਰਦੁਆਰਾ ਐਕਟ ਬਣਨ ਨਾਲ਼ ਇਸ ਮਸਲੇ ਤੇ ਸਰਕਾਰ ਅਤੇ ਸਿੱਖਾਂ ਦੀ ਲੜਾਈ ਮੁੱਕ ਗਈ ਪਰ ਗਵਰਨਰ ਹੇਲੀ ਨੂੰ ਅਕਾਲੀ ਆਗੂਆਂ ਵਿਚ ਫੁੱਟ ਪਾਉਣ ਲਈ ਇਕ ਸ਼ਰਾਰਤ ਸੁੱਝੀ। ਉਸ ਨੇ ਇਹ ਸ਼ਰਤ ਰੱਖ ਦਿਤੀ ਕਿ ਜੇਹੜੇ ਆਗੂ ਇਹ ਲਿਖ ਕੇ ਦੇਣ ਕਿ ਉਹ ਇਸ ਐਕਟ ਉਪਰ ਅਮਲ ਕਰਨਗੇ ਉਹ ਹੀ ਰਿਹਾ ਕੀਤੇ ਜਾਣਗੇ, ਬਾਕੀ ਦੇ ਨਹੀਂ। ਬਾਬਾ ਖੜਕ ਸਿੰਘ ਜੀ ਸ਼ਾਇਦ ਉਸ ਸਮੇ ਮੀਆਂ ਵਾਲ਼ੀ ਜੇਹਲ ਵਿਚ ਸਨ ਪਰ ਬਾਕੀ ਦੇ ਮੁਖੀ ਅਕਾਲੀ ਆਗੂ ਲਾਹੌਰ ਵਿਚਲੀ ਜੇਹਲ ਵਿਚ ਕੈਦ ਸਨ। ਉਹਨਾਂ ਵਿਚੋਂ ਬਹੁਮੱਤ ਨੇ ਇਹ ਕਹਿ ਕੇ ਸ਼ਰਤ ਮੰਨ ਲਈ ਕਿ ਅਸੀਂ ਹੀ ਤੇ ਕੁਰਬਾਨੀਆਂ ਦੇ ਕੇ ਇਹ ਐਕਟ ਬਣਵਾਇਆ ਹੈ ਅਤੇ ਅਸੀਂ ਤੇ ਇਸ ਉਪਰ ਅਮਲ ਕਰਨਾ ਹੀ ਕਰਨਾ ਹੈ। ਬਾਹਰ ਆਉਣ ਵਾਲ਼ਿਆਂ ਦਾ ਮੁਖੀ ਆਗੂ, ਸਰਦਾਰ ਬਹਾਦਰ ਮਹਿਤਾਬ ਸਿੰਘ ਸੀ। ਇਉਂ ਜੇਹਲੋਂ ਬਾਹਰ ਆ ਕੇ ਗੁਰਦੁਆਰਾ ਪ੍ਰਬੰਧ ਉਪਰ ਇਸ ਗਰੁਪ ਨੇ ਕਬਜ਼ਾ ਕਰ ਲਿਆ। ਸ਼ਰਤ ਨਾ ਮੰਨਣ ਵਾਲ਼ਿਆਂ ਦਾ ਆਗੂ, ਜਥੇਦਾਰ ਤੇਜਾ ਸਿੰਘ ਸਮੁੰਦਰੀ ਸੀ, ਜਿਸ ਦੇ ਨਾਂ ਉਪਰ ਅੰਮ੍ਰਿਤਸਰ ਵਿਚ ਤੇਜਾ ਸਿੰਘ ਸਮੁੰਦਰੀ ਹਾਲ ਹੈ। ਇਸ ਹਾਲ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁਖ ਦਫ਼ਤਰ ਹੈ। ਜਥੇਦਾਰ ਤੇਜਾ ਸਿੰਘ ਸਮੁੰਦਰੀ ਜੀ ਦੀ ਜੇਹਲ ਵਿਚ ਹੀ ਮੌਤ ਹੋ ਜਾਣ ਕਰਕੇ ਫਿਰ ਉਸ ਗਰੁਪ ਦੇ ਆਗੂ ਮਾਸਟਰ ਤਾਰਾ ਸਿੰਘ ਜੀ ਬਣ ਗਏ। ਬਣੇ ਐਕਟ ਅਨੁਸਾਰ, ੧੯੨੬ ਵਿਚ ਗੁਰਦੁਆਰਾ ਸੈਂਟਰਲ ਬੋਰਡ ਦੀਆਂ ਪਹਿਲੀਆਂ ਚੋਣਾਂ ਹੋਈਆਂ। ਇਸ ਵਿਚ ਪੰਥ ਦੇ ਦੋ ਗਰੁਪਾਂ ਨੇ ਭਾਗ ਲਿਆ। ਇਕ ਪਾਸੇ ਪ੍ਰਬੰਧ ਉਪਰ ਕਾਬਜ ਸਰਦਾਰ ਬਹਾਦਰ ਪਾਰਟੀ ਨੇ, 'ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ' ਦੇ ਨਾਂ ਦੀ ਪਾਰਟੀ ਦੇ ਨਾਂ ਹੇਠ ਅਤੇ ਦੂਜੇ ਜੇਹਲ ਵਾਲ਼ੇ ਗਰੁਪ ਨੇ 'ਸ਼੍ਰੋਮਣੀ ਅਕਾਲੀ ਦਲ' ਦੇ ਨਾਂ ਹੇਠ, ਭਾਗ ਲਿਆ। ਸਿੱਖ ਵੋਟਰਾਂ ਨੇ 'ਸ਼੍ਰੋਮਣੀ ਅਕਾਲੀ ਦਲ' ਦੇ ਹੱਕ ਵਿਚ ਵੋਟਾਂ ਪਾ ਕੇ ਜਿਤਾ ਦਿਤਾ। ਚੁਣੇ ਗਏ ਮੈਂਬਰਾਂ ਨੇ, ਸ. ਮੰਗਲ ਸਿੰਘ ਅਕਾਲੀ ਦੀ ਪ੍ਰਧਾਨਗੀ ਹੇਠ, ਟਾਊਨ ਹਾਲ ਵਿਚ ਕੀਤੀ ਗਈ ਆਪਣੀ ਪਹਿਲੀ ਮੀਟਿੰਗ ਵਿਚ ਹੀ, ਨਾਮਜ਼ਦ ਹੋਣ ਵਾਲ਼ੇ ਮੈਂਬਰਾਂ ਨੂੰ ਨਾਮਜ਼ਦ ਕਰਨ ਪਿੱਛੋਂ, ਸੈਂਟਰਲ ਗੁਰਦੁਆਰਾ ਬੋਰਡ ਦਾ ਨਾਂ ਬਦਲ ਕੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰੱਖ ਲਿਆ।
ਇਸ ੧੯੨੫ ਵਾਲ਼ੇ ਗੁਰਦੁਆਰਾ ਐਕਟ ਨੇ, ਜਿਥੇ ਇਹਿਾਸਕ ਗੁਰਦੁਆਰਿਆਂ ਦਾ ਪ੍ਰਬੰਧ ਸਿੱਖਾਂ ਵੱਲੋਂ ਚੁਣੇ ਗਏ ਆਗੂਆਂ ਦੇ ਹੱਥਾਂ ਵਿਚ ਦਿਤਾ ਓਥੇ ਪੰਥ ਵਿਚ, ਤਤਕਾਲੀ ਪੰਜਾਬ ਗਵਰਨਰ ਮਿਸਟਰ ਹੇਲੀ ਦੀ ਕੁਟਲਨੀਤੀ ਨਾਲ਼, ਪੰਥ ਵਿਚ ਸਦੀਵੀ ਫੁੱਟ ਦੇ ਬੀ ਵੀ ਬੀਜ ਦਿਤੇ ਗਏ।
ਪੰਜਾਬ ਕੌਂਸਲ ਵਿਚ, ੧੯੨੫ ਵਿਚ ਗੁਰਦੁਆਰਾ ਐਕਟ ਪਾਸ ਹੋ ਕੇ ਪੰਜਾਬ ਵਿਚਲੇ ਤਕਰੀਬਨ ਸਾਰੇ ਮੁਖੀ ਗੁਰਦੁਆਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ਼ ਆ ਜਾਣ ਨਾਲ਼, ਗੁਰਦੁਆਰਿਆਂ ਨੂੰ ਮਹੰਤਾਂ ਪਾਸੋਂ ਆਜ਼ਾਦ ਕਰਵਾਉਣ ਪਿੱਛੋਂ ਫਿਰ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਨਾਲ਼ ਰਲ਼ ਕੇ ਦੇਸ ਨੂੰ ਆਜ਼ਾਦ ਕਰਵਾਉਣ ਵਾਲ਼ੀ ਜਦੋ ਜਹਿਦ ਦਾ ਮੋਹਰੀ ਹਿੱਸਾ ਬਣ ਗਿਆ ਤੇ ੧੯੪੭ ਤੱਕ ਦੇਸ ਦੀ ਆਜ਼ਾਦੀ ਲਈ ਕੁਰਬਾਨੀਆਂ ਕਰਦਾ ਰਿਹਾ। ਦੇਸ ਦੀ ਆਜ਼ਾਦੀ ਦੇ ਸੰਘਰਸ਼ ਵਿਚ ਸਿੱਖਾਂ ਨੇ ਨੱਬੇ ਫੀ ਸਦੀ ਦੇ ਕਰੀਬ ਕੁਰਬਾਨੀਆਂ ਕੀਤੀਆਂ।
ਇਕ ਖਾਸ ਘਟਨਾ ਦਾ ਜ਼ਿਕਰ ਰਹਿ ਹੀ ਚੱਲਿਆ ਸੀ। ਭਾਵੇਂ ਕਿ ਉਹਨੀਂ ਦਿਨੀਂ ਪੰਜਾਬ ਵਿਚ ਵੀ ਮੁਸਲਿਮ ਲੀਗ ਦਾ ਪ੍ਰਭਾਵ ਵਧ ਚੁੱਕਿਆ ਸੀ ਤੇ ਪੰਜਾਬ ਅਸੈਂਬਲੀ ਵਿਚ ਸਭ ਤੋਂ ਵੱਡੀ ਪਾਰਟੀ ਮੁਸਲਿਮ ਲੀਗ ਹੀ ਸੀ ਪਰ ਸਰਕਾਰ, ਮੁਸਲਮਾਨਾਂ ਦੀ ਯੂਨੀਅਨਸਿਟ ਪਾਰਟੀ ਦੀ ਅਗਵਾਈ ਵਿਚ, ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸ਼ਮੂਲੀਅਤ ਨਾਲ਼, ਤਿੰਨਾਂ ਕੌਮਾਂ ਦੀ ਸਾਂਝੀ ਸੀ ਅਤੇ ਇਸ ਸਰਕਾਰ ਦਾ ਮੁਖੀ, ਮੁਸਲਮਾਨਾਂ ਦੀ ਯੂਨੀਅਨਸਿਟ ਪਾਰਟੀ ਦਾ ਆਗੂ, ਸਰ ਖ਼ਿਜ਼ਰ ਹਯਾਤ ਖਾਂ ਟਿਵਾਣਾ ਸੀ। ਟਿਵਾਣੇ ਨੇ ਮੁਸਲਿਮ ਲੀਗ ਦੇ ਦਬਾ ਹੇਠ ਆ ਕੇ, ੨ ਮਾਰਚ, ੧੯੪੭ ਵਾਲ਼ੇ ਦਿਨ ਅਸਤੀਫਾ ਦੇ ਦਿਤਾ ਤੇ ਉਹ ਤਿੰਨਾਂ ਕੌਮਾਂ ਦੀ ਸਾਂਝੀ ਸਰਕਾਰ ਟੁੱਟ ਗਈ।
ਇਹ ਸਰਕਾਰ ਟੁੱਟਣ ਪਿੱਛੋਂ ਅਸੈਂਬਲੀ ਵਿਚ ਸਭ ਤੋਂ ਵੱਡੀ ਪਾਰਟੀ ਮੁਸਲਿਮ ਲੀਗ ਨੂੰ ਸਰਕਾਰ ਬਣਾਉਣ ਲਈ ਗਵਰਨਰ ਨੇ ਸੱਦਾ ਦੇ ਦਿਤਾ ਤੇ ਮੁਸਲਿਮ ਲੀਗੀਏ ੩ ਮਾਰਚ ਵਾਲ਼ੇ ਦਿਨ, ਆਪਣੇ ਪੰਜਾਬ ਦੇ ਪ੍ਰਧਾਨ, ਨਵਾਬ ਮਮਦੋਟ ਇਫ਼ਤਿਖ਼ਾਰੁਦੀਨ ਦੀ ਅਗਵਾਈ ਹੇਠ, ਅਸੈਂਬਲੀ ਹਾਲ ਵੱਲ ਭਾਰੀ ਹਜੂਮ ਦੇ ਨਾਲ਼, ਪਾਕਿਸਤਾਨ ਜ਼ਿੰਦਾਬਾਦ ਦੇ ਨਾਹਰੇ ਲਾਉਂਦੇ ਹੋਏ ਆ ਰਹੇ ਸਨ। ਇਹ ਕੁਝ ਮੈਂ ਕਿਸੇ ਕਿਤਾਬ ਜਾਂ ਅਖ਼ਬਾਰ ਵਿਚ ਲਿਖਿਆ ਨਹੀਂ ਹੁਣ ਤੱਕ ਪੜ੍ਹਿਆ ਅਤੇ ਨਾ ਹੀ ਮੈਂ ਉਸ ਸਮੇ ਓਥੇ ਸਾਂ। ਮੈਂ ਉਹ ਬਿਆਨ ਕਰਨ ਲੱਗਾ ਹਾਂ ਜੋ ਉਸ ਸਮੇ ਬਤੌਰ ਐਮ.ਐਲ.ਏ. ਦੇ, ਉਸ ਸਮੇ ਓਥੇ ਹਾਜਰ ਸੱਜਣ ਨੇ ਆਪਣੇ ਸਾਹਮਣੇ ਵਾਪਰਿਆ, ੧੯੭੧/੭੨ ਦੇ ਨੇੜੇ ਤੇੜੇ ਆਪਣੀ ਜ਼ਬਾਨੀ ਮੈਨੂੰ ਦੱਸਿਆ। ਉਸ ਸੱਜਣ ਦਾ ਨਾਂ ਸ. ਹਰਚਰਨ ਸਿੰਘ ਬਾਜਵਾ ਸੀ ਜੋ ੧੯੪੭ ਵਿਚ, ਸਿਆਲਕੋਟੋਂ ਕਾਦੀਆਂ ਆ ਕੇ ਵੱਸੇ ਸਨ। ਉਹਨਾਂ ਨੇ ਦੱਸਿਆ ਕਿ ਅਸੀਂ ਸਾਰੇ ਹਿੰਦੂ ਤੇ ਸਿੱਖ ਐਮ.ਐਲ.ਏ., ਸਣੇ ਇਕ ਦਿਨ ਪਹਿਲਾਂ ਗੱਦੀਉਂ ਲੱਥੇ ਹਿੰਦੂ ਸਿੱਖ ਵਜ਼ੀਰਾਂ ਦੇ, ਅਸੈਂਬਲੀ ਹਾਲ ਦੇ ਬਾਹਰਵਾਰ ਬਰਾਂਡੇ ਦੀਆਂ ਪਉੜੀਆਂ ਉਪਰ ਖਲੋਤੇ ਸਾਂ। ਉਹਨਾਂ ਵਿਚ ਗੋਪੀ ਚੰਦ ਭਾਰਗੋ, ਭੀਮ ਸੈਨ ਸੱਚਰ, ਸ. ਸਵਰਨ ਸਿੰਘ, ਜਥੇਦਾਰ ਊਧਮ ਸਿੰਘ ਨਾਗੋਕੇ, ਸ. ਈਸ਼ਰ ਸਿੰਘ ਮਝੈਲ, ਸ. ਉਜਲ ਸਿੰਘ ਆਦਿ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ, ਦੋਹਾਂ ਪਾਰਟੀਆਂ ਦੇ ਸਾਰੇ ਹੀ ਲੈਜਿਸਲੇਟਰ ਸ਼ਾਮਲ ਸਨ। ਮਾਸਟਰ ਤਾਰਾ ਸਿੰਘ ਭਾਵੇਂ ਅਸੈਂਬਲੀ ਦੇ ਮੈਂਬਰ ਤਾਂ ਨਹੀਂ ਸਨ ਪਰ ਉਸ ਸਮੇ ਦੌਰਾਨ ਪਾਕਿਸਤਾਨ ਨੂੰ ਬਣਨ ਤੋਂ ਰੋਕਣ ਅਤੇ ਮੁਸਲਿਮ ਲੀਗ ਦਾ ਟਾਕਰਾ ਕਰਨ ਵਾਸਤੇ, ਹਿੰਦੂ ਤੇ ਸਿੱਖਾਂ ਨੇ ਉਹਨਾਂ ਨੂੰ ਆਪਣਾ ਸਾਂਝਾ 'ਡਿਕਟੇਟਰ' ਬਣਾਇਆ ਹੋਇਆ ਸੀ। ਮਾਸਟਰ ਜੀ ਸਾਰਿਆਂ ਦੇ ਅੱਗੇ ਖਲੋਤੇ ਹੋਏ ਸਨ। ਜਿਉਂ ਹੀ ਪਾਕਿਸਤਾਨ ਜ਼ਿੰਦਾਬਾਦ ਦੇ ਨਾਹਰੇ ਲਾਉਂਦੀ ਹੋਈ ਭੀੜ ਨੇੜੇ ਆਈ ਤਾਂ ਮਾਸਟਰ ਤਾਰਾ ਸਿੰਘ ਜੀ ਨੇ, ਸਦਾ ਹੀ ਆਪਣੇ ਹੱਥਾਂ ਵਿਚ ਰੱਖਣ ਵਾਲ਼ੀ ਸਿੱਧੀ ਤੇ ਲੋਹੇ ਦੇ ਚਿੱਟੇ ਮਿਆਨ ਵਾਲ਼ੀ ਕ੍ਰਿਪਾਨ ਕੱਢ ਕੇ ਤੇ ਉਚੀ ਲਹਿਰਾ ਕੇ ਪਾਕਿਸਤਾਨ ਮੁਰਦਾਬਾਦ ਦਾ ਨਾਹਰਾ ਲਾ ਦਿਤਾ। ਬਾਜਵਾ ਜੀ ਕਹਿੰਦੇ ਹਨ ਕਿ ਅਸੀਂ ਸਾਰੇ ਡਰ ਗਏ ਇਹ ਸੋਚ ਕੇ ਕਿ ਇਹ ਭੀੜ ਤੇ ਸਾਨੂੰ ਮਾਰ ਦਏਗੀ! ਮਾਸਟਰ ਜੀ ਵੱਲੋਂ ਲਾਏ ਗਏ ਇਸ ਜਵਾਬੀ ਨਾਹਰੇ ਨਾਲ਼, ਭੀੜ ਵਿਚ ਤੇ ਭਾਵੇਂ ਗੁੱਸਾ ਵਧਿਆ ਪਰ ਭੀੜ ਦੇ ਆਗੂ, ਨਵਾਬ ਮਮਦੋਟ ਇਫ਼ਤਿਖ਼ਾਰੁਦੀਨ ਨੇ ਅੱਗੇ ਵਧ ਕੇ ਮਾਸਟਰ ਜੀ ਦੇ ਗੋਡੀਂ ਹੱਥ ਲਾ ਦਿਤਾ। ਇਸ ਨਾਲ਼ ਪਾਸਾ ਹੀ ਪਲ਼ਟ ਗਿਆ। ਭੀੜ ਸਾਡੇ ਉਪਰ ਹਮਲਾ ਕਰਨੋ ਰੁਕ ਗਈ। ਫਿਰ ਪੁਲਿਸ ਨੇ ਵੀ ਭੀੜ ਨੂੰ ਖਿੰਡਾ ਦਿਤਾ। ਇਸ ਰੌਲ਼ੇ ਗੌਲ਼ੇ ਵਿਚ ਗਵਰਨਰ ਨੇ ਮੁਸਲਿਮ ਲੀਗ ਦੀ ਸਰਕਾਰ ਬਣਦੀ ਰੋਕ ਕੇ, ਪੰਜਾਬ ਵਿਚ ਗਵਰਨਰੀ ਰਾਜ ਲਾਗੂ ਕਰ ਦਿਤਾ ਤੇ ਮੁਸਲਿਮ ਲੀਗ ਸਰਕਾਰ ਬਣਾਉਂਦੀ ਬਣਾਉਂਦੀ ਰਹਿ ਗਈ। ਇਸ ਗੱਲ ਦਾ ਮੁਸਲਮਾਨਾਂ ਵਿਚ ਪ੍ਰਚਾਰ ਹੋ ਗਿਆ ਕਿ ਮਾਸਟਰ ਜੀ ਦੇ ਝੰਡਾ ਵੱਢਣ ਕਰਕੇ ਹੀ ਪੰਜਾਬ ਵਿਚ ਮੁਸਲਮਾਨਾਂ ਦੀ ਸਰਕਾਰ ਬਣਨੋ ਰਹਿ ਗਈ ਅਤੇ ਸਾਰਾ ਪੰਜਾਬ ਪਾਕਿਸਤਾਨ ਵਿਚ ਨਾ ਜਾ ਸਕਣ ਕਰਕੇ, ਪਾਕਿਸਤਾਨ ਲੰਗੜਾ ਬਣਿਆ।
ਅਗਲੇ ਦਿਨ ਪੰਜਾਬ ਦੇ ਉਸ ਸਾਰੇ ਪ੍ਰੈਸ ਵਿਚ, ਜੇਹੜਾ ਫਿਰਕਾ ਪ੍ਰਸਤਾਂ ਦੇ ਅਸਰ ਹੇਠ ਸੀ, ਰੌਲ਼ਾ ਪੈ ਗਿਆ ਕਿ ਮਾਸਟਰ ਤਾਰਾ ਸਿੰਘ ਨੇ ਪਾਕਿਸਤਾਨ ਦਾ ਝੰਡਾ ਵੱਢ ਦਿਤਾ। ਓਦੋਂ ਅਜੇ ਪਾਕਿਸਤਾਨ ਬਣਿਆ ਹੀ ਨਹੀਂ ਸੀ ਤੇ ਉਸ ਦਾ ਝੰਡਾ ਕਿੱਥੋਂ ਆ ਗਿਆ! ਝੰਡਾ ਜਿਹੜਾ ਚੜ੍ਹਿਆ ਹੀ ਨਹੀਂ ਸੀ ਉਹ ਵੱਢਿਆ ਕਿਵੇਂ ਗਿਆ! ਅਖ਼ਬਾਰਾਂ ਦੇ ਇਸ ਝੰਡਾ ਵੱਢਣ ਵਾਲ਼ੇ ਰੌਲ਼ੇ ਤੋਂ ਬਾਅਦ ੬ ਮਾਰਚ ਦੀ ਰਾਤ ਤੋਂ ਹੀ, ਮਾਸਟਰ ਜੀ ਦੇ ਜ਼ਿਲ੍ਹੇ ਰਾਵਲ ਪਿੰਡੀ ਵਿਚ ਮੁਸਲਮਾਨਾਂ ਨੇ ਹਿੰਦੂ ਸਿੱਖਾਂ ਨੂੰ ਕਤਲ ਕਰਨਾ, ਸਾੜਨਾ, ਉਜਾੜਨਾ, ਧਨ, ਜਾਇਦਾਦ, ਇਸਤਰੀਆਂ ਨੂੰ ਖੋਹਣਾ ਸ਼ੁਰੂ ਕਰ ਦਿਤਾ। ਇਹ ਕਤਲਾਮ ੧੩ ਮਾਰਚ ਤੱਕ ਬੇਰੋਕ ਟੋਕ ਚੱਲਦਾ ਰਿਹਾ। ਇਸ ਕਤਲਾਮ ਤੇ ਉਜਾੜੇ ਨੂੰ ਨਾ ਅੰਗ੍ਰੁੇਜ਼ੀ ਸਰਕਾਰ ਨੇ ਰੋਕਣ ਦਾ ਜਤਨ ਕੀਤਾ ਅਤੇ ਨਾ ਹੀ ਕਿਸੇ ਮੁਸਲਿਮ ਆਗੂ ਨੇ ਇਸ ਘੱਲੂਘਾਰੇ ਵਿਰੁਧ ਕੋਈ ਬਿਆਨ ਦਿਤਾ। ਦੱਸਿਆ ਜਾਂਦਾ ਹੈ ਕਿ ਮਾਸਟਰ ਜੀ ਦੇ ਆਪਣੇ ਬਹੁਤ ਸਾਰੇ ਰਿਸ਼ਤੇਦਾਰ ਉਹਨਾਂ ਫਸਾਦਾਂ ਵਿਚ ਮਾਰੇ ਗਏ ਸਨ। ਇਸ ਭਿਆਨਕ ਘੱਲੂਘਾਰੇ ਵਿਚ ਬਹੁਤ ਸਾਰੀਆਂ ਸਿੱਖ ਅਤੇ ਹਿੰਦੂ ਬੀਬੀਆਂ ਨੇ ਆਪਣੀਆਂ ਇਜਤਾਂ ਬਚਾਉਣ ਲਈ ਖੂਹਾਂ ਵਿਚ ਛਾਲ਼ਾਂ ਮਾਰ ਦਿਤੀਆਂ। ਕਈ ਹਿੰਦੂ ਸਿੱਖ ਪਰਵਾਰਾਂ ਦੇ ਮੁਖੀਆਂ ਨੇ ਆਪਣੇ ਹੱਥੀਂ ਆਪਣੇ ਬੱਚਿਆਂ ਅਤੇ ਇਸਤਰੀਆਂ ਨੂੰ ਵੱਢਿਆ ਤੇ ਹਮਲਾਵਰਾਂ ਨਾਲ਼ ਲੜ ਕੇ ਜਾਨਾਂ ਵਾਰੀਆਂ। ਜਦੋਂ ਇਹ ਲੁੱਟੇ ਪੁੱਟੇ ਗਏ ਲੋਕ, ਆਪਣੀਆਂ ਮਾਵਾਂ, ਧੀਆਂ, ਭੈਣਾਂ ਤੇ ਪਤਨੀਆਂ ਨੂੰ ਹੱਥੀਂ ਕਤਲ ਕਰ ਕੇ ਅਤੇ ਜੇਹੜੀਆਂ ਕਤਲ ਹੋਣੋ ਬਚ ਗਈਆਂ, ਉਹਨਾਂ ਨੂੰ ਮੁਸਲਮਾਨਾਂ ਦੇ ਹੱਥੋਂ ਖੁਹਾ ਕੇ, ਪੂਰਬੀ ਪੰਜਾਬ ਪਹੁੰਚੇ ਤਾਂ ਫਿਰ ਬਦਲੇ ਵਜੋਂ ਏਧਰ ਦੇ ਮੁਸਲਮਾਨਾਂ ਉਪਰ ਓਧਰ ਨਾਲ਼ੋਂ ਦੂਣਾ ਜ਼ੁਲਮ ਹੋਇਆ। ਇਸ ਤਰ੍ਹਾਂ ਦੋਹੀਂ ਪਾਸੀਂ ਤਕੜਿਆਂ ਨੇ ਮਾੜਿਆਂ ਉਪਰ ਜ਼ੁਲਮ ਕਰਨ ਵਿਚ ਕੋਈ ਕਸਰ ਨਾ ਛੱਡੀ। ਪੱਛਮੀ ਪੰਜਾਬ ਹਿੰਦੂ ਸਿੱਖਾਂ ਤੋਂ ਅਤੇ ਪੂਰਬੀ ਪੰਜਾਬ ਮੁਸਲਮਾਨਾਂ ਤੋਂ ਤਕਰੀਬਨ ਖਾਲੀ ਹੋ ਗਿਆ। ਪੂਰਬੀ ਪੰਜਾਬ ਵਿਚਲਾ ਸਿਰਫ ਮਲੇਰਕੋਟਲਾ ਰਿਆਸਤ ਦੇ ਮੁਸਲਮਾਨ ਹੀ ਬਚੇ ਜਿਨ੍ਹਾਂ ਦੇ ਵਡੇਰੇ ਨੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਖ਼ਿਲਾਫ਼ ਹਾਅ ਦਾ ਨਾਹਰਾ ਮਾਰਿਆ ਸੀ।
੧੯੪੭ ਦੇ ਉਜਾੜੇ ਸਮੇ ਕੀ ਵਾਪਰਿਆ, ਇਸ ਬਾਰੇ ਬਹੁਤ ਸਾਰਾ ਸਾਹਿਤ ਭਰਿਆ ਪਿਆ ਹੈ। ਅਖ਼ਬਾਰਾਂ, ਰਸਾਲੇ, ਫਿਲ਼ਮਾਂ ਅਤੇ ਇਸ ਹੱਡੀਂ ਹੰਡਾਈ ਬਿਪਤਾ ਵਾਲ਼ੇ ਦੋਹੀਂ ਪਾਸੀਂ ਕੁਝ ਲੋਕ ਅਜੇ ਵੀ ਜੀਂਦੇ ਹਨ ਅਤੇ ਉਹਨਾਂ ਦੀਆਂ ਯਾਦਾਂ ਵੀ ਕਾਇਮ ਹਨ। ਹਿੰਦਸਤਾਨ ਵਿਚ ਪੜ੍ਹਾਇਆ ਜਾਂਦਾ ਹੈ ਕਿ ਪਹਿਲਾਂ ਓਧਰ ਮੁਸਲਮਾਨਾਂ ਨੇ ਲੁੱਟਣ, ਕੁੱਟਣ, ਉਜਾੜਨ ਤੇ ਸਾੜਨ ਦੀ ਪਹਿਲ ਕੀਤੀ ਅਤੇ ਬਦਲੇ ਵਜੋਂ ਏਧਰ ਮੁਸਲਮਾਨਾਂ ਉਪਰ ਜ਼ੁਲਮ ਹੋਇਆ। ਪਾਕਿਸਤਾਨ ਵਿਚ ਇਸ ਤੋਂ ਉਲ਼ਟ ਦੱਸਿਆ ਜਾਂਦਾ ਹੈ। ਅਸਲੀ ਗੱਲ ਇਹ ਹੈ ਕਿ ਪਾਕਿਸਤਾਨੀ ਪੰਜਾਬ ਵਿਚੋਂ, ਸਭ ਕੁਝ ਲੁਟਾ ਕੇ ਉਜੜ ਕੇ ਏਧਰ ਆਏ ਲੋਕਾਂ ਨੇ ਅੱਗੇ ਲੱਗ ਕੇ ਮੁਸਲਮਾਨਾਂ ਨੂੰ ਏਧਰੋਂ ਕੱਢ ਕੇ ਬਦਲਾ ਵੀ ਲੈਣਾ ਸੀ ਅਤੇ ਉਹਨਾਂ ਤੋਂ ਖਾਲੀ ਕਰਵਾਏ ਥਾਵਾਂ ਉਪਰ ਆਪ ਰਹਿਣਾ ਸੀ। ਇਹ ਹੁਣ ਤੱਕ ਦੇ ਮਨੁਖੀ ਇਤਿਹਾਸ ਵਿਚਲਾ ਸਭ ਤੋਂ ਵੱਡਾ ਅਤੇ ਭਿਆਨਕ ਕਤਲਾਮ ਅਤੇ ਉਜਾੜਾ ਸੀ।
ਉਸ ਸਮੇ ਦੇ ਕੁਝ ਲੋਕਾਂ ਦਾ ਵਿਚਾਰ ਹੈ ਕਿ ਮਾਸਟਰ ਜੀ ਦੇ ਉਸ ਜੋਸ਼ੀਲੇ ਕਦਮ ਸਦਕਾ ੪੦% ਕੁ ਹਿੱਸਾ ਪੰਜਾਬ ਅਤੇ ਅੱਧਾ ਬੰਗਾਲ ਪਾਕਿਸਤਾਨ ਵਿਚ ਜਾਣੋ ਬਚ ਗਏ। ਉਸ ਸਮੇ ਪੰਜਾਬ ਵਿਚ ਮੁਸਲਮਾਨਾਂ ਦੀ ਆਬਾਦੀ ੫੭% ਸੀ ਅਤੇ ਸਿੱਖ ਪੰਜਾਬ ਵਿਚ ਸਿਰਫ ੧੩% ਸਨ। ਅਸੂਲ ਇਹ ਸੀ ਵੰਡ ਦਾ ਕਿ ਜਿੱਥੇ ਮੁਸਲਮਾਨ ਬਹੁਗਿਣਤੀ ਹੈ ਓਥੇ ਪਾਕਿਸਤਾਨ ਬਣੇਗਾ। ਗਿਣਤੀ ਕਰਕੇ ਵੀ ਸਾਰਾ ਪੰਜਾਬ ਓਧਰ ਜਾਂਦਾ ਸੀ ਤੇ ਓਥੇ ਸਰਕਾਰ ਵੀ ਜੇ ਮੁਸਲਿਮ ਲੀਗ ਦੀ ਅਗਵਾਈ ਹੇਠ ਨਿਰੋਲ ਮੁਸਲਮਾਨਾਂ ਦੀ ਬਣ ਜਾਂਦੀ ਤਾਂ ਫੇਰ ਤੇ ਸ਼ਾਇਦ ਸਾਰਾ ਪੰਜਾਬ ਹੀ ਪਾਕਿਸਤਾਨ ਵਿਚ ਚਲਿਆ ਜਾਂਦਾ। ਜੇ ਇਉਂ ਹੋ ਜਾਂਦਾ ਤਾਂ ਦਿੱਲੀ ਤੋਂ ਪਰੇ ਗੁੜਗਾਵਾਂ ਤੱਕ ਪਾਕਿਸਤਾਨ ਬਣਦਾ ਤੇ ਇਸ ਕਰਕੇ ਅਧੇ ਹਿਮਾਚਲ ਅਤੇ ਸਾਰੇ ਕਸ਼ਮੀਰ ਦਾ ਸੰਪਰਕ ਵੀ ਹਿੰਦੁਸਤਾਨ ਨਾਲ਼ੋਂ ਕੱਟਿਆ ਜਾਂਦਾ।
ਪੰਜਾਬ ਅਸੈਂਬਲੀ ਦੀ, ੧੯੪੭ ਤੋਂ ਪਹਿਲਾਂ ੧੯੩੭ ਵਾਲ਼ੀ ਇਲੈਕਸ਼ਨ ਵਿਚ, ਕੁੱਲ ੧੭੫ ਸੀਟਾਂ ਵਿਚੋਂ ਸਿੱਖਾਂ ਦੀਆਂ ੩੩ ਸੀਟਾਂ ਸਨ। ਉਸ ਸਮੇ ਮੁਸਲਮਾਨ, ਹਿੰਦੂ ਅਤੇ ਸਿੱਖਾਂ ਦੇ ਚੋਣ ਹਲਕੇ ਵੱਖ ਵੱਖ ਹੁੰਦੇ ਸਨ।  ਇਹਨਾਂ ਵਿਚੋਂ ੨੩ ਅਕਾਲੀ ਟਿਕਟ ਉਪਰ ਅਤੇ ੧੦ ਕਾਂਗਰਸ ਟਿਕਟ ਉਪਰ ਐਮ.ਐਲ.ਏ. ਬਣੇ ਸਨ। ਹਿੰਦੂ ਸਾਰੇ ਹੀ ਕਾਂਗਰਸ ਟਿਕਟ ਉਪਰ ਜਿੱਤੇ ਸਨ। ਵੰਡ ਉਪ੍ਰੰਤ ਏਧਰ ਆ ਕੇ ਜੋ ਪੰਜਾਬ ਅਸੈਂਬਲੀ ਵਜੂਦ ਵਿਚ ਆਈ, ਉਸ ਦੇ ਮੈਂਬਰਾਂ ਦੀ ਕੁੱਲ ਗਿਣਤੀ ੮੭ ਸੀ। ਇਹਨਾਂ ਵਿਚ ੩੩ ਸਿੱਖ ਅਤੇ ਬਾਕੀ ਦੇ ਹਿੰਦੂ ਸਨ।
ਜਦੋਂ ੧੯੪੭ ਤੋਂ ਏਡਾ ਵੱਡਾ ਸਾਮਰਾਜ ਕਾਂਗਰਸ ਦੇ ਸੈਕਿਊਲਰਇਜ਼ਮ ਦੇ ਬੁਰਕੇ ਹੇਠ, ਫਿਰਕਾ ਪ੍ਰਸਤਾਂ ਦੇ ਹੱਥਾਂ ਹੇਠ ਆ ਗਿਆ ਤਾਂ ਫਿਰ ਤੂੰ ਕੌਣ ਤੇ ਮੈਂ ਕੌਣ! ਆਜ਼ਾਦੀ ਦੀ ਲੜਾਈ ਵੇਲ਼ੇ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਹੇਠ ਸਿੱਖ ਕੌਮ ਵੱਲੋਂ ਨੱਬੇ ਪ੍ਰਸੈਂਟ ਦੇ ਕਰੀਬ ਕੀਤੀਆਂ ਗਈਆਂ ਕੁਰਬਾਨੀਆਂ ਕਿਸ ਦੇ ਚੇਤੇ ਵਿਚ ਰਹਿਣੀਆਂ ਸਨ! ਦਸੰਬਰ ੧੯੨੯ ਵਿਚ, ਮਹਾਤਮਾ ਗਾਂਧੀ, ਮੋਤੀ ਲਾਲ ਨਹਿਰੂ, ਜਵਾਹਰ ਲਾਲ ਨਹਿਰੂ ਆਦਿ ਕਾਂਗਰਸੀ ਲੀਡਰਾਂ ਵੱਲੋਂ, ਲਾਹੌਰ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਵਿਚ ਆ ਕੇ ਕੀਤੇ ਗਏ ਇਕਰਾਰ ਕਿਸ ਨੂੰ ਯਾਦ ਸਨ! ਫਿਰ ਵੀ ਸਮੇ ਸਮੇ ਗਾਂਧੀ ਵੱਲੋਂ ੧੯੩੪ ਵਿਚ ਅਤੇ ਨਹਿਰੂ ਵੱਲੋਂ ੧੯੪੬ ਵਿਚ ਦੁਹਰਾਏ ਜਾਂਦੇ ਇਕਰਾਰ ਸਭ ਭੁਲਾ ਕੇ, "ਉਹ ਦਿਨ ਲੰਘ ਗਏ" ਕਹਿ ਕੇ ਸਭ ਕੁਝ ਤੋਂ ਪੱਲਾ ਝਾੜ ਦਿਤਾ ਗਿਆ।
ਉਸ ਸਮੇ ਹਿੰਦੁਸਤਾਨ ਦਾ ਨਵਾਂ ਸੰਵਿਧਾਨ ਬਣਾਇਆ ਜਾ ਰਿਹਾ ਸੀ। ਅਕਾਲੀ ਆਗੂਆਂ ਨੇ ਵੇਖਿਆ ਕਿ ਅੰਗ੍ਰੇਜ਼ਾਂ ਦੇ ਰਾਜ ਦੌਰਾਨ ਤੇ ਅਸੀਂ ਪੰਜਾਬ ਵਿਚ ਤੀਜੀ ਧਿਰ ਮੰਨੇ ਜਾ ਕੇ, ਪੰਜਾਬ ਸਰਕਾਰ ਦੀ ਸ਼ਕਤੀ ਵਿਚ ਸਾਡਾ ਤੀਜਾ ਹਿੱਸਾ ਸੀ ਪਰ ਹੁਣ ਅਸੀਂ ਕਾਂਗਰਸ ਦੇ ਰਹਿਮੋ ਕਰਮ 'ਤੇ ਰਹਿ ਗਏ। ਇਹ ਵੇਖ ਕੇ, ੧੯੪੮ ਵਿਚ, ਉਸ ਸਮੇ ਦਲ ਦੇ ਪ੍ਰਧਾਨ, ਗਿਆਨੀ ਕਰਤਾਰ ਸਿੰਘ ਦੀ ਅਗਵਾਈ ਹੇਠ ਸਾਰੇ ਅਕਾਲੀ ਐਮ.ਐਲ.ਏ. ਅਤੇ ਐਮ.ਪੀ. ਕਾਂਗਰਸ ਵਿਚ ਸ਼ਾਮਲ ਹੋ ਗਏ। ਇਹ ਸੋਚ ਕੇ ਕਿ ਹੁਣ ਹਾਲਾਤ ਬਦਲ ਗਏ ਹਨ ਤੇ ਅਸੀਂ ਕਾਂਗਰਸ ਰਾਹੀਂ ਹੀ ਰਾਜ ਭਾਗ ਵਿਚ ਭਾਈਵਾਲ਼ ਬਣ ਸਕਦੇ ਹਾਂ। ਕੁਝ ਇਹ ਵੀ ਵਿਚਾਰ ਸੀ ਕਿ ਕਾਂਗਰਸ ਰਾਹੀਂ ਭਾਰਤ ਦਾ ਸੰਵਿਧਾਨ ਬਣ ਰਿਹਾ ਹੈ, ਉਸ ਵਿਚ ਸ਼ਾਇਦ ਕਾਂਗਰਸੀ ਆਗੂਆਂ ਵੱਲੋਂ ਪਹਿਲਾਂ ਦੇ ਕੀਤੇ ਗਏ ਇਕਰਾਰਾਂ ਦੀ ਰੋਸ਼ਨੀ ਵਿਚ ਸਿੱਖਾਂ ਦੇ ਹੱਕਾਂ ਵਾਸਤੇ ਕੁਝ ਉਚੇਚਾ ਦਰਜ ਕਰਵਾਇਆ ਜਾ ਸਕੇਗਾ।
ਡਾਕਟਰ ਅੰਬੇਦਕਰ ਦੀ ਅਗਵਾਈ ਵਾਲ਼ੀ ਕਮੇਟੀ ਦੁਆਰਾ, ੧੯੩੫ ਵਾਲ਼ੇ ਇੰਡੀਆ ਐਕਟ ਵਿਚ ਸਮੇ ਦੀਆਂ ਲੋੜਾਂ ਅਨੁਸਾਰ ਵਾਧਾ, ਘਾਟਾ, ਸੋਧਾਂ ਆਦਿ ਕਰਕੇ ਭਾਰਤ ਦਾ ਸੰਵਿਧਾਨ ੧੯੫੦ ਵਿਚ, ਸੰਵਿਧਾਨ ਸਭਾ ਦੁਆਰਾ ਪਾਸ ਕਰਕੇ ਲਾਗੂ ਕਰ ਦਿਤਾ ਗਿਆ। ਅਕਾਲੀ ਆਗੂਆਂ ਨੇ ਵੇਖਿਆ ਕਿ ਇਸ ਵਿਚ, ਸਮੇ ਸਮੇ ਕਾਂਗਰਸੀ ਆਗੂਆਂ ਵੱਲੋਂ ਕੀਤੇ ਜਾਂਦੇ ਰਹੇ ਵਾਅਦਿਆਂ ਮੁਤਾਬਕ, ਸਿੱਖਾਂ ਵਾਸਤੇ ਕੋਈ ਸੰਵਿਧਾਨਕ ਗਰੰਟੀ ਨਹੀਂ ਦਿਤੀ ਗਈ ਤਾਂ ਦੋ ਅਕਾਲੀ ਮੈਂਬਰਾਂ, ਸ. ਹੁਕਮ ਸਿੰਘ ਅਤੇ ਸ. ਭੂਪਿੰਦਰ ਸਿੰਘ ਮਾਨ ਨੇ ਇਸ ਉਪਰ ਦਸਤਖ਼ਤ ਕਰਨੋ ਨਾਂਹ ਕਰ ਦਿਤੀ।
ਵਿਚਾਰ ਆ ਸਕਦਾ ਹੈ ਕਿ ਅਕਾਲੀਆਂ ਨੇ ਆਜ਼ਾਦੀ ਤੋਂ ਪਹਿਲਾਂ ਆਪਣਾ ਵੱਖਰਾ ਦੇਸ਼ ਕਿਉਂ ਨਾ ਲਿਆ? ਇਸ ਬਾਰੇ ਵੱਖ ਵੱਖ ਵਿਦਵਾਨਾਂ ਦੀਆਂ ਵੱਖ ਵੱਖ ਰਾਵਾਂ ਹਨ। ਪੰਜਾਬ ਵਿਚ ਉਸ ਸਮੇ ਸਿੱਖਾਂ ਦੀ ਆਬਾਦੀ ੧੩% ਸੀ। ਪੰਜਾਬ ਅਸੈਂਬਲੀ ਦੇ ੧੭੫ ਮੈਂਬਰਾਂ ਵਿਚੋਂ ੩੩ ਸਿੱਖ ਮੈਂਬਰ ਸਨ ਜੋ ਕਿ ਦੋ ਪਾਰਟੀਆਂ ਵਿਚ ਵੰਡੇ ਹੋਏ ਸਨ। ੨੩ ਅਕਾਲੀ ਅਤੇ ੧੦ ਕਾਂਗਰਸ ਟਿਕਟ ਉਪਰ ਮੈਂਬਰ ਬਣੇ ਸਨ। ਵੱਡੇ ਵੱਡੇ ਜਾਗੀਰਦਾਰ, ਸਰਦਾਰ ਬਹਾਦਰ, ਅਮੀਰ, ਪੁਰਾਣੇ ਅਕਾਲੀ ਆਗੂ, ਚੀਫ਼ ਖ਼ਾਲਸਾ ਦੀਵਾਨ ਆਦਿ ਜਥੇਬੰਦੀਆਂ ਪਹਿਲਾਂ ਅੰਗ੍ਰੇਜ਼ ਪੱਖੀ ਤੇ ਫਿਰ ਕਾਂਗਰਸ ਪੱਖੀ ਬਣ ਗਈਆਂ ਸਨ। ਕੇਂਦਰ ਸਰਕਾਰ ਵਿਚ ਅਤੇ ਅੰਗ੍ਰੇਜ਼ਾਂ ਨਾਲ਼ ਗੱਲ ਬਾਤ ਕਰਨ ਦੇ ਅਧਿਕਾਰ, ਅਕਾਲੀਆਂ ਵੱਲੋਂ ਸ. ਬਲਦੇਵ ਸਿੰਘ ਕੋਲ਼ ਸਨ। ਹੁਣ ਪਤਾ ਲੱਗਾ ਹੈ ਕਿ ਮਾਸਟਰ ਜੀ ਆਗੂ ਤਾਂ ਸਿੱਖ ਕੌਮ ਦੇ ਸਨ ਪਰ ਚੁਣੇ ਹੋਏ ਐਮ.ਪੀ. ਨਹੀਂ ਸਨ, ਜਦੋਂ ਕਿ ਗੱਲ ਬਾਤ ਵਿਚ ਚੁਣਿਆ ਹੋਇਆ ਆਗੂ ਹੀ ਸ਼ਾਮਲ ਹੋ ਸਕਦਾ ਸੀ। ਸ਼੍ਰੋਮਣੀ ਗੁਰਦੁਅਰਾ ਪ੍ਰਬੰਧਕ ਕਮੇਟੀ ਕਾਂਗਰਸ ਪੱਖੀ ਜਥੇਦਾਰ ਗਰੁਪ ਦੇ ਕਬਜ਼ੇ ਵਿਚ ਸੀ। ਇਹ ਗਰੁਪ ਮਹਾਰਾਜਾ ਪਟਿਆਲਾ, ਸ. ਯਾਦਵਿੰਦਰ ਸਿੰਘ ਰਾਹੀਂ ਕਾਂਗਰਸ ਦੇ ਸਰਦਾਰ ਪਟੇਲ ਗਰੁਪ ਨਾਲ਼ ਜੁੜਿਆ ਹੋਇਆ ਸੀ ਅਤੇ ਸ਼੍ਰੋੋਮਣੀ ਅਕਾਲੀ ਦਾ ਪ੍ਰਧਾਨ ਗਿਆਨੀ ਕਰਤਾਰ ਸਿੰਘ ਸੀ। ਗਿਆਨੀ ਜੀ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਨੇ ੧੯੪੮ ਵਿਚ, ਸਮੇ ਦੀ ਨਜ਼ਾਕਤ ਨੂੰ ਭਾਂਪਦਿਆਂ ਹੋਇਆਂ ਸਿਆਸੀ ਖੇਤਰ ਵਿਚਲੀਆਂ ਆਪਣੀਆਂ ਆਜ਼ਾਦ ਸਰਗਰਮੀਆਂ ਤਿਆਗ ਕੇ, ਸਿਆਸੀ ਤੌਰ ਤੇ ਕਾਂਗਰਸ ਵਿਚ ਸ਼ਾਮਲ ਹੋਣਾ ਹੀ ਠੀਕ ਸਮਝਿਆ। ਬਾਕੀ ਰਹਿ ਗਿਆ ਮਾਸਟਰ ਤਾਰਾ ਸਿੰਘ ਜੋ ਕਿ ਆਪਣੀ ਯੋਗਤਾ ਸਦਕਾ ਸਾਰਿਆਂ ਤੋਂ ਉਪਰ ਆਗੂ ਮੰਨਿਆ ਜਾਂਦਾ ਸੀ ਤੇ ਸਿੱਖਾਂ ਦੇ ਦਿਲਾਂ ਵਿਚ ਬਾਕੀਆਂ ਨਾਲ਼ੋਂ ਉਸ ਦਾ ਵਧੇਰੇ ਸਤਿਕਾਰ ਸੀ ਪਰ ਉਸ ਦੇ ਹੱਥ ਸ਼ਕਤੀ ਕੋਈ ਨਹੀਂ ਸੀ। ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਗਿਆਨੀ ਕਰਤਾਰ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਕਾਂਗਰਸ ਪੱਖੀ ਜਥੇਦਾਰ ਊਧਮ ਸਿੰਘ ਨਾਗੋਕੇ ਦੀ ਅਗਵਾਈ ਵਾਲ਼ੇ ਜਥੇਦਾਰ ਗਰੁਪ ਕੋਲ਼ ਅਤੇ ਸਰਕਾਰ ਵਿਚ ਨੁਮਾਇੰਦਾ ਸ. ਬਲਦੇਵ ਸਿੰਘ ਸੀ, ਜਿਸ ਨੂੰ ਨਹਿਰੂ ਨੇ ਆਜ਼ਾਦ ਹਿੰਦੁਸਤਾਨ ਦੇ ਪਹਿਲੇ ਰੱਖਿਆ ਮੰਤਰੀ ਦਾ ਚੋਗਾ ਪਾ ਕੇ, ਆਪਣਾ ਪੱਖੀ ਬਣਾ ਲਿਆ ਹੋਇਆ ਸੀ।
ਨਵੇਂ ਸੰਵਿਧਾਨ ਅਨੁਸਾਰ, ੧੯੫੨ ਵਿਚ ਪਹਿਲੀਆਂ ਚੋਣਾਂ ਹੋਈਆਂ। ਪੰਜਾਬ ਵਿਚ ਤਕਰੀਬਨ ਤੀਜਾ ਹਿੱਸਾ ਸਿੱਖ ਵਸੋਂ ਹੋਣ ਕਰਕੇ, ਸ਼੍ਰੋਮਣੀ ਅਕਾਲੀ ਦਲ ਦੀ ਹਾਰ ਤੇ ਯਕੀਨੀ ਸੀ ਪਰ ੧੯੪੮ ਵਿਚ ਪੂਰਬੀ ਪੰਜਾਬ ਵਿਚਲੀਆਂ ਸਿੱਖ ਰਿਆਸਤਾਂ ਤੋੜ ਕੇ ਨਵਾਂ ਬਣਾਇਆ ਗਿਆ ਪੈਪਸੂ ਨਾਂ ਦਾ ਸੂਬਾ ੫੩% ਸਿੱਖ ਆਬਾਦੀ ਵਾਲ਼ਾ ਹੋਣ ਕਰਕੇ, ਓਥੇ ਅਕਾਲੀ ਦਲ ਦੀ ਅਗਵਾਈ ਹੇਠ ਕਾਂਗਰਸ ਵਿਰੋਧੀ ਸਰਕਾਰ ਬਣ ਗਈ। ਇਹ ਭਾਰਤ ਦੇ ਇਤਿਹਾਸ ਵਿਚ ਪਹਿਲੀ ਨਾਨ ਕਾਂਗਰਸ ਸਰਕਾਰ ਬਣੀ ਸੀ ਜਿਸ ਨੂੰ ਕੁਝ ਹੀ ਮਹੀਨਿਆਂ ਦੇ ਵਿਚ ਪੰਡਤ ਨਹਿਰੂ ਨੇ ਤੋੜ ਦਿਤਾ ਸੀ। ਸੰਵਿਧਾਨ ਵਿਚਲੀ ਧਾਰਾ ੩੫੬ ਦੀ ਦੁਰਵਰਤੋਂ ਕਰਕੇ ਜਦੋਂ ਪੈਪਸੂ ਦੀ ਸਰਕਾਰ ਨੂੰ ਤੋੜਿਆ ਗਿਆ ਤਾਂ ਸੰਵਿਧਾਨ ਦੇ ਨਿਰਮਾਤਾ ਡਾਕਟਰ ਅੰਬੇਦਕਰ ਨੇ ਆਖਿਆ ਸੀ, "ਮੇਰਾ ਜੀ ਕਰਦਾ ਮੈਂ ਇਸ ਸੰਵਿਧਾਨ ਨੂੰ ਅੱਗ ਲਾ ਕੇ ਫੂਕ ਦਿਆਂ।"
ਇਸ ਮੁਸਲਮਾਨਾਂ ਅਤੇ ਹਿੰਦੂਆਂ ਨੂੰ ਮਿਲ਼ੀ ਰਾਜਸੀ ਆਜ਼ਾਦੀ ਵਿਚ ਸਿੱਖ ਕਿਤੇ ਵੀ ਨਾ। ਫਿਰਕਾ ਪ੍ਰਸਤਾਂ ਦੇ ਕਬਜੇ ਵਾਲ਼ਾ ਮੀਡੀਆ ੧੯੪੭ ਤੋਂ ਪਹਿਲਾਂ ਜੋ ਮੁਸਲਮਾਨਾਂ ਦੇ ਖ਼ਿਲਾਫ਼ ਪ੍ਰਾਪੇਗੰਡਾ ਕਰਦਾ ਸੀ, ਉਹ ਹੁਣ ਸਰਕਾਰ ਦੀ ਸ਼ਹਿ ਅਤੇ ਆਪਣੇ ਪ੍ਰੈਸ, ਕਾਂਗਰਸੀ ਅਤੇ ਸਰਕਾਰੀ ਵਿਦਿਅਕ ਅਦਾਰਿਆਂ ਦਾ ਦੁਰਉਪਯੋਗ ਕਰਕੇ, ਸਿੱਖਾਂ ਦੀ ਪੰਥਕ ਲੀਡਰਸ਼ਿਪ ਦੇ ਖ਼ਿਲਾਫ਼ ਕਰਨ ਲੱਗ ਪਿਆ। ਮਤਲਬ ਕਿ ਉਹਨਾਂ ਨੇ ਆਪਣੀਆਂ ਪ੍ਰਚਾਰ ਦੀਆਂ ਤੋਪਾਂ ਦੇ ਮੂੰਹ ਹੁਣ ਸਿੱਖਾਂ ਵੱਲ ਭਵਾਂ ਲਏ ਅਤੇ ਸਰਕਾਰੀ ਅਤੇ ਪ੍ਰੈਸ ਦੀ ਹਿਮਾਇਤ ਤੋਂ ਵਿਹੂਣੀ ਸਿੱਖ ਲੀਡਰਸ਼ਿਪ ਵਿਰੁਧ ਜੋਰਦਾਰ ਫਾਇਰਿੰਗ ਸ਼ੁਰੂ ਕਰ ਦਿਤੀ। ਅਜਿਹੀ ਹਾਲਤ ਵਿਚ ਸਿੱਖ ਕੌਮ ਦੀ ਸਿਆਸੀ ਅਗਵਾਈ ਕਰਨ ਵਾਲ਼ੀ ਪਾਰਟੀ ਦੇ ਆਗੂਆਂ ਦੇ ਪੱਲੇ ਕੁਝ ਨਾ ਰਿਹਾ। ਗੁਰਦੁਆਰਿਆਂ ਦੀਆਂ ਸਟੇਜਾਂ ਵੀ ਅਕਾਲੀਆਂ ਹੱਥੋਂ ਕਾਂਗਰਸੀ ਸਿੱਖਾਂ ਨੇ ਖੋਹ ਲਈਆਂ। ਕੁਝ ਲੋਕਾਂ ਦੇ ਮੂੰਹੋਂ ਇਹ ਵਾਰਤਾ ਚੱੱਲ ਪਈ: ਮੁਸਲਮਾਨਾਂ ਨੂੰ ਮਿਲ਼ ਗਿਆ ਪਾਕਿਸਤਾਨ, ਹਿੰਦੂਆਂ ਨੂੰ ਮਿਲ਼ ਗਿਆ ਹਿੰਦੁਸਤਾਨ ਤੇ ਸਿੱਖਾਂ ਨੂੰ ਕੀ ਮਿਲ਼ਿਆ, ਕੱਛ ਤੇ ਕ੍ਰਿਪਾਨ?
ਇਹਨਾਂ ਰਾਜਸੀ ਤਾਕਤ ਤੋਂ ਖਾਲੀ ਰਹਿ ਗਏ ਸਿੱਖਾਂ ਦੀ ਮਾਯੂਸੀ ਵਾਲ਼ੇ ਦਿਨਾਂ ਦੌਰਾਨ, ਪੂਰਬੀ ਪੰਜਾਬ ਦੇ ੩੩ ਸਿੱਖ ਐਮ.ਐਲ.ਏ. ਜੇਹੜੇ ਸਨ ਉਹਨਾਂ ਵਿਚੋਂ ੨੩ ਅਕਾਲੀ ਸਨ ਅਤੇ ੧੦ ਕਾਂਗਰਸੀ। ਇਹਨਾਂ ਵਿਚੋਂ ਇਕ ਕਾਂਗਰਸੀ ਸ. ਪ੍ਰਤਾਪ ਸਿੰਘ ਕੈਰੋਂ ਨੂੰ ਛੱਡ ਕੇ, ਬਾਕੀ ਦੇ ਬੱਤੀਆਂ ਨੇ, ੧੫ ਨਵੰਬਰ, ੧੯੪੮ ਨੂੰ, ਕਾਨੂੰਨ ਘੜਨੀ ਅਸੈਂਬਲੀ ਨੂੰ ੧੪ ਮੰਗਾਂ ਦਾ ਇਕ ਚਾਰਟਰ ਦਿਤਾ। ਉਹਨਾਂ ਵਿਚੋਂ ਮੁਖ ਮੰਗਾਂ ਇਹ ਸਨ:
੧.    ਪੰਜਾਬ ਸੂਬੇ ਦੀ ਵਜ਼ਾਰਤ ਵਿਚ ਸਿੱਖਾਂ ਦਾ ਅੱਧਾ ਹਿੱਸਾ।
੨.    ਕੇਂਦਰ ਸਰਕਾਰ ਵਿਚ ੫% ਸਿੱਖਾਂ ਦਾ ਹਿੱਸਾ।
੩.    ੧੯੪੧ ਦੀ ਜਨ ਗਣਨਾ ਅਨੁਸਾਰ ਸਿੱਖਾਂ ਦੀ ਆਬਾਦੀ ਦੇ ਆਧਾਰ 'ਤੇ ਨੁਮਾਇੰਦਗੀ ਦਿਤੀ ਜਾਵੇ।
੪.    ਸੈਂਟਰ ਵਿਚ ਇਕ ਪੂਰਾ ਅਤੇ ਇਕ ਅੱਧਾ ਵਜ਼ੀਰ ਸਿੱਖ ਹੋਵੇ।
੫.    ਪੰਜਾਬ ਦੇ ਗਵਰਨਰ ਅਤੇ ਮੁਖ ਮੰਤਰੀ ਵਿਚੋਂ ਇਕ ਹਮੇਸ਼ਾਂ ਸਿੱਖ ਹੋਵੇ।
੬.    ਗੁੜਗਾਵਾਂ ਅਤੇ ਲੋਹਾਰੀ ਜ਼ਿਲ੍ਹੇ ਪੰਜਾਬ ਵਿਚੋਂ ਕੱਢੇ ਜਾਣ।
੭.    ਸੂਬੇ ਦੀਆਂ ਸਰਕਾਰੀ ਨੌਕਰੀਆਂ ਵਿਚ ੪੦% ਸਿੱਖਾਂ ਦਾ ਹਿੱਸਾ ਹੋਵੇ।
ਜੇ ਇਹ ਮੰਗਾਂ ਨਾ ਮੰਨੀਆਂ ਜਾਣ ਤਾਂ ਫਿਰ ਜਲੰਧਰ, ਹੁਸ਼ਿਆਰਪੁਰ, ਗੁਰਦਾਸਪੁਰ, ਅੰਮ੍ਰਿਤਸਰ, ਲੁਧਿਆਣਾ, ਫਿਰੋਜ਼ਪੁਰ ਅਤੇ ਅੰਬਾਲਾ, ਸੱਤ ਜ਼ਿਲ੍ਹਿਆਂ ਦਾ ਵੱਖਰਾ ਸੂਬਾ ਸਿੱਖਾਂ ਲਈ ਬਣਾ ਦਿਤਾ ਜਾਵੇ। ਲੱਗ ਪਗ ਤੀਜਾ ਹਿੱਸਾ ਪਾਕਿਸਤਾਨੋ ਉਜੜ ਕੇ ਆਏ ਸਿੱਖਾਂ ਦੇ ਇਸ ਖਿੱਤੇ ਵਿਚ ਵੱਸ ਜਾਣ ਕਰਕੇ, ਇਸ ਦੀ ਆਬਾਦੀ ਵਿਚ ਸਿੱਖਾਂ ਦੀ ਆਬਾਦੀ ਸੱਬਰਕੱਤੀ ਹੋ ਜਾਂਦੀ ਸੀ। ਇਸ ਤੋਂ ਇਲਾਵਾ ੫੩% ਸਿੱਖ ਆਬਾਦੀ ਵਾਲ਼ਾ ਪੈਪਸੂ ਸੂਬਾ ਵੱਖਰਾ ਰਹਿ ਜਾਂਦਾ ਸੀ। ਇਸ ਮੈਮੋਰੰਡਮ ਉਪਰ ਸਬੰਧਤ ਕਮੇਟੀ ਨੇ ਵਿਚਾਰ ਤੇ ਕੀਤਾ ਪਰ ਹਾਂ ਜਾਂ ਨਾਂਹ ਦਾ ਉਤਰ ਕੋਈ ਨਾ ਦਿਤਾ।
ਅਜਿਹੀ ਹਾਲਤ ਵਿਚ ਅਕਾਲੀ ਆਗੂਆਂ ਵੱਲੋਂ ਫਿਰ ਸਿੱਖਾਂ ਨੂੰ ਕਿਸੇ ਗਿਣਤੀ ਵਿਚ ਲਿਆਉਣ ਲਈ ਜਦੋ ਜਹਿਦ ਸ਼ੁਰੂ ਹੋਈ। ਇਸ ਦਾ ੧੯੪੭ ਤੋਂ ਲੈ ਕੇ ਹੁਣ ਤੱਕ ਦਾ ਲੰਮਾ ਇਤਿਹਾਸ ਹੈ। ਉਸ ਜਦੋ ਜਹਿਦ ਦੇ ਸਾਲਾਂ ਦੌਰਾਨ ਜੇਹੜੇ ਅਕਾਲ਼ੀਆਂ ਦੇ ਦੋ ਮੁਖੀ ਸਿੱਖ ਲੀਡਰ ਸਨ, ਉਹਨਾਂ ਦੋਹਾਂ ਵਿਚ, ਸਾਦਗੀ ਅਤੇ ਇਮਾਨਦਾਰੀ ਤੋਂ  ਇਲਾਵਾ ਇਕ ਇਕ ਖਾਸ ਗੁਣ ਹੋਰ ਵੀ ਸੀ। ਮਾਸਟਰ ਤਾਰਾ ਸਿੰਘ ਜੀ ਪੰਥ ਦਰਦੀ, ਜੋਸ਼ੀਲੇ ਅਤੇ "ਮੈਂ ਮਰਾਂ ਪੰਥ ਜੀਵੇ" ਦੇ ਵਿਸ਼ਵਾਸ਼ ਦੇ ਧਾਰਨੀ ਅਤੇ ਕਲਮ ਦੇ ਧਨੀ ਸਨ। ਦੂਜੇ ਸਨ ਗਿਆਨੀ ਕਰਤਾਰ ਸਿੰਘ। ਤਕਰੀਰ ਦੇ ਧਨੀ ਗਿਆਨੀ ਜੀ, ਆਪਣਾ ਹਾਣ ਲਾਭ, ਮਾਣ ਅਪਮਾਨ, ਦੀ ਪਰਵਾਹ ਕੀਤੇ ਬਿਨਾ, ਹਰ ਸਮੇ ਕੌਮ ਦੀ ਭਲਾਈ ਹਿਤ ਹੀ ਸੋਚਦੇ ਅਤੇ ਕੰਮ ਕਰਦੇ ਸਨ। ਕੌਮ ਨੇ ਮਾਸਟਰ ਜੀ ਨੂੰ 'ਪੰਥ ਦਾ ਜਰਨੈਲ' ਅਤੇ ਗਿਆਨੀ ਜੀ ਨੂੰ 'ਪੰਥ ਦਾ ਦਿਮਾਗ' ਕਹਿ ਕੇ ਵਡਿਆਇਆ ਸੀ। ਜਿਥੇ ਮਾਸਟਰ ਜੀ, ਆਪਣੀਆਂ ਦੋਹਾਂ ਅਖ਼ਬਾਰਾਂ ਰਾਹੀਂ ਕੌਮ ਦੇ ਹੱਕ ਵਿਚ ਧੂਆਂ ਧਾਰ ਲਿਖਤਾਂ ਲਿਖ ਲਿਖ ਕੌਮ ਦਾ ਪੱਖ ਰੱਖਦੇ ਸਨ ਓਥੇ ਗਿਆਨੀ ਜੀ, ਆਪਣੇ ਭਾਈਚਾਰੇ ਤੋਂ ਗ਼ਦਾਰੀ ਦਾ ਫਤਵਾ ਲੈ ਕੇ ਵੀ, ਕਾਂਗਰਸ ਰਾਹੀਂ ਸਰਕਾਰ ਵਿਚ ਘੁਸ ਕੇ, ਹੌਲ਼ੀ ਹੌਲ਼ੀ ਸਿੱਖਾਂ ਨਾਲ਼ ਸਰਕਾਰ ਵੱਲੋਂ ਕੀਤੀਆਂ ਗਈਆਂ ਅਤੇ ਕੀਤੀਆਂ ਜਾ ਰਹੀਆਂ ਬੇਨਿਸਾਫ਼ੀਆਂ ਨੂੰ ਹਟਾਉਣ/ਘਟਾਉਣ ਵਾਲ਼ਾ ਲਾਭਦਾਇਕ ਕਾਰਜ ਕਰੀ/ਕਰਵਾਈ ਜਾਂਦੇ ਸਨ।
ਹਿੰਦੁਸਤਾਨ ਦੇ ਨਵੇਂ ਬਣੇ ਸੰਵਿਧਾਨ ਵਿਚ ਆਰਥਿਕ ਪੱਖੋਂ ਹਿੰਦੂ ਪਛੜੀਆਂ ਸ਼ਰੇਣੀਆਂ ਨੂੰ ਰਿਜ਼ਰਵੇਸ਼ਨ ਦੇ ਅਧਿਕਾਰ ਦਿਤੇ ਗਏ ਸਨ ਪਰ ਉਹ ਬਾਕੀ ਧਰਮਾਂ ਨੂੰ ਮੰਨਣ ਵਾਲ਼ਿਆਂ ਨੂੰ ਨਹੀਂ ਸਨ ਦਿਤੇ ਗਏ। ਏਸੇ ਕਰਕੇ ਡਾਕਟਰ ਅੰਬੇਦਕਰ ਦੀ ਅਗਵਾਈ ਹੇਠ ਲੱਖਾਂ ਪਛੜੇ ਲੋਕ ਸਿੱਖ ਨਾ ਬਣ ਸਕੇ ਅਤੇ ਉਹਨਾਂ ਲੋਕਾਂ ਨੇ ਇਹ ਰਿਜ਼ਰਵੇਸ਼ਨ ਦਾ ਲਾਭ ਲੈਣ ਲਈ, ਸਿੱਖ ਹੁੰਦਿਆਂ ਵੀ ਮਰਦਮ ਸ਼ੁਮਾਰੀ ਵਿਚ ਖ਼ੁਦ ਨੂੰ ਹਿੰਦੂ ਲਿਖਵਾ ਲਿਆ। ਸ਼੍ਰੋਮਣੀ ਅਕਾਲੀ ਦਲ ਵੱਲੋਂ ਜਦੋ ਜਹਿਦ ਕਰਨ 'ਤੇ, ਪੰਜਾਬ ਵਿਚ ਵੀ ਚਾਰ ਪਛੜੇ ਸਿੱਖ ਭਾਈਚਾਰਿਆਂ ਨੂੰ ਇਸ ਲਾਭ ਵਾਲ਼ੀ ਸ਼੍ਰੇਣੀ ਵਿਚ ਸ਼ਾਮਲ ਕਰਨ ਲਈ ਹਿੰਦ ਸਰਕਾਰ ਨੂੰ ਮਜਬੂਰ ਹੋਣਾ ਪਿਆ। ਇਸ ਮਸਲੇ ਦੇ ਹੱਲ ਲਈ ਦਿੱਲੀ ਨੂੰ ਜਾਂਦਿਆਂ, ਨਰੇਲਾ ਰੇਲਵੇ ਸਟੇਸ਼ਨ ਉਪਰ ਮਾਸਟਰ ਜੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਹ ਆਜ਼ਾਦ ਹਿੰਦੁਸਤਾਨ ਵਿਚ ਪਹਿਲੀ ਸਿਆਸੀ ਗ੍ਰਿਫ਼ਤਾਰੀ ਸੀ।
ਸ਼੍ਰੋਮਣੀ ਅਕਾਲੀ ਦਲ ਦੀ ਜਦੋ ਜਹਿਦ ਕਰਕੇ ਹੀ ਭਾਰਤ ਦੀਆਂ ਪ੍ਰਵਾਨਤ ਬੋਲੀਆਂ ਵਿਚ ਪੰਜਾਬੀ ਬੋਲੀ ਸ਼ਾਮਲ ਕਰਵਾਈ ਗਈ, ਜੇਹੜੀ ਕਿ ਪਹਿਲਾਂ ਨਹੀਂ ਸੀ। ਫਿਰ ਗਿਆਨੀ ਕਰਤਾਰ ਸਿੰਘ ਨੇ, ਉਸ ਸਮੇ ਦੇ ਮੁਖ ਮੰਤਰੀ ਭੀਮ ਸੈਨ ਸੱਚਰ ਰਾਹੀਂ 'ਸੱਚਰ ਫਾਰਮੂਲਾ' ਬਣਵਾ ਕੇ, ਪੰਜਾਬੀ ਬੋਲਦੇ ਇਲਾਕੇ ਦੇ ਸਕੂਲਾਂ ਵਿਚ ਪਹਿਲੀ ਤੋਂ, ਗੁਰਮੁਖੀ ਲਿੱਪੀ ਵਿਚ ਪੰਜਾਬੀ ਪੜ੍ਹਾਉਣੀ ਸ਼ੁਰੂ ਕਰਵਾਈ ਅਤੇ ਹਿੰਦੀ ਬੋਲੀ ਵਾਲ਼ੇ ਇਲਾਕਿਆਂ ਵਿਚ ਤੀਜੀ ਤੋਂ ਪੰਜਾਬੀ ਲਾਗੂ ਕਰਵਾਈ।
ਫਿਰ ਪੰਜਾਬੀ ਬੋਲੀ ਦੇ ਵਿਰੋਧੀਆਂ ਵੱੱਲੋਂ ਪੰਜਾਬੀ ਦੀ ਲਿੱਪੀ ਉਪਰ ਹਮਲਾ ਹੋਇਆ। ਉਹਨਾਂ ਵੱਲੋਂ ਜਤਨ ਹੋਇਆ ਕਿ ਪੰਜਾਬੀ ਬੋਲੀ ਨੂੰ ਤੇ ਉਹ ਮਾਰ ਨਹੀਂ ਸਕੇ, ਹੁਣ ਇਸ ਦੀ ਲਿੱਪੀ ਗੁਰਮੁਖੀ ਦੀ ਬਜਾਇ, ਹਿੰਦੀ ਵਾਲ਼ੀ ਲਿੱਪੀ ਦੇਵਨਾਗਰੀ ਨੂੰ, ਪੰਜਾਬੀ ਬੋਲੀ ਵਾਸਤੇ ਪ੍ਰਵਾਨ ਕਰਵਾ ਲਿਆ ਜਾਵੇ। ਅਕਾਲੀਆਂ ਨੇ ਉਹ ਸਾਜਸ਼ ਵੀ ਸਿਰੇ ਨਾ ਚੜ੍ਹਨ ਦਿਤੀ।
ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੇ ਦਿਲ ਵਿਚ ਇਹ ਇੱਛਾ ਤਾਂ ਸੀ ਹੀ ਕਿ, ੧੯੪੭ ਤੋਂ ਪਹਿਲਾਂ ਕਾਂਗਰਸੀ ਆਗੂਆਂ ਵੱਲੋਂ ਵਾਰ ਵਾਰ ਕੀਤੇ ਗਏ ਇਕਰਾਰਾਂ ਅਨੁਸਾਰ, ਇਕ ਅਜਿਹੇ ਇਲਾਕੇ ਨੂੰ ਸੂਬੇ ਦਾ ਨਾਂ ਦੇ ਕੇ ਉਸ ਦਾ ਘੇਰਾ ਇਉਂ ਵਜੂਦ ਵਿਚ ਲਿਆਂਦਾ ਜਾਵੇ ਜਿਥੇ ਸਿੱਖਾਂ ਦੀ ਬਹੁਸੰਮਤੀ ਹੋਵੇ। ਇਸ ਲਈ ਬੋਲੀ ਦੇ ਆਧਾਰ 'ਤੇ ਪੰਜਾਬੀ ਸੂਬੇ ਵਾਸਤੇ ਜਦੋ ਜਹਿਦ ਸ਼ੁਰੂ ਕੀਤੀ ਗਈ। ੧੯੫੫ ਦੀਆਂ ਗੁਰਦੁਆਰਾ ਚੋਣਾਂ ਇਸ ਮੈਨੀਫੈਸਟੋ ਉਪਰ ਲੜ ਕੇ, ਕਾਂਗਰਸੀ ਜਥੇਬੰਦੀ ਖ਼ਾਲਸਾ ਦਲ ਤੋਂ ਜਿੱਤੀਆਂ ਤੇ ਇਸ ਦੀ ਪ੍ਰਾਪਤੀ ਲਈ ਸ਼ਾਂਤਮਈ ਮੋਰਚਾ ਸ਼ੁਰੂ ਹੋਇਆ।
੧੯੪੭ ਤੋਂ ਪਹਿਲਾਂ ਹੀ ਆਉਣ ਵਾਲ਼ੇ ਸਮੇ ਨੂੰ ਭਾਂਪ ਕੇ, ਸਰਕਾਰੀ ਤਾਕਤ ਵਿਚ ਭਾਈਵਾਲ਼ ਬਣਨ ਦੇ ਲਾਲਚ ਵਿਚ ਅਤੇ ਕੁਝ ਹੋਰ ਕਾਰਨਾਂ ਕਰਕੇ, ਬਹੁਤ ਸਾਰੇ ਅਕਾਲੀ ਆਗੂ ਸਮੇ ਸਮੇ ਕਾਂਗਰਸ ਵੱਲ ਵਧੇਰੇ ਝੁਕਦੇ ਗਏ। ਇਹ ਵਹਿਣ ੧੯੬੭ ਤੱਕ, ਓਨਾ ਚਿਰ ਚੱਲਦਾ ਰਿਹਾ ਜਿੰਨਾ ਚਿਰ, ਪੰਜਾਬੀ ਸੂਬਾ ਬਣਨ ਉਪ੍ਰੰਤ ੧੯੬੭ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਹੇਠ, ਪੰਜਾਬ ਵਿਚ ਪਹਿਲੀ ਨਾਨ ਕਾਂਗਰਸ ਸਰਕਾਰ ਨਹੀਂ ਬਣ ਗਈ। ਫੇਰ ਪੁੱਠਾ ਗੇੜ ਸ਼ੁਰੂ ਹੋ ਗਿਆ। ਪਹਿਲਾਂ ਅਕਾਲੀ ਕਾਂਗਰਸ ਵਿਚ ਜਾਂਦੇ ਸਨ ਫੇਰ ਕਾਂਗਰਸੀ ਅਕਾਲੀ ਦਲ ਵਿਚ ਆਉਣੇ ਸ਼ੁਰੂ ਹੋ ਗਏ। ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪਹਿਲੇ ਪ੍ਰਧਾਨ ਸ. ਸਰਮੁਖ ਝਬਾਲ, ਆਪਣੇ ਦੋਹਾਂ ਭਰਾਵਾਂ ਸਮੇਤ ਕਾਂਗਰਸ ਵਿਚ ਸ਼ਾਮਲ ਹੋ ਗਏ। ਪੰਥ ਦੇ ਬੇਤਾਜ ਬਾਦਸ਼ਾਹ ਕਹੇ ਜਾਂਦੇ ਅਤੇ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲੰਮੇ ਸਮੇ ਲਈ ਦੂਜੇ ਪ੍ਰਧਾਨ ਅਤੇ ਨਾਲ਼ ਹੀ ਪੰਜਾਬ ਕਾਂਗਰਸ ਦੇ ਅਤੇ ਸਿੱਖ ਲੀਗ ਦੇ ਵੀ ਪ੍ਰਧਾਨ ਰਹੇ ਬਾਬਾ ਖੜਕ ਸਿੰਘ ਜੀ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਈ ਸਾਬਕਾ ਜਥੇਦਾਰ, ਸ੍ਰੀ ਦਰਬਾਰ ਸਾਹਿਬ ਜੀ ਦੇ ਕਈ ਗ੍ਰੰਥੀ ਅਤੇ ਮੁਖ ਗ੍ਰੰਥੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਈ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ ਦੇ ਕਈ ਪ੍ਰਧਾਨ, ਵਜ਼ੀਰ, ਐਮ.ਐਲ.ਏ., ਐਮ.ਪੀ., ਵੱਡੇ ਵੱਡੇ ਵਿਦਵਾਨ, ਢਾਡੀ, ਪ੍ਰਚਾਰਕ, ਲੇਖਕ, ਵਰਕਰ, ਕੁਰਬਾਨੀਆਂ ਵਾਲ਼ੇ ਧੜੱਲੇਦਾਰ ਜਥੇਦਾਰ ਆਦਿ ਵੀ ਸਮੇ ਸਮੇ ਸ਼੍ਰੋਮਣੀ ਅਕਾਲੀ ਦਲ ਨੂੰ ਪਿੱਠ ਦੇ ਕੇ, ਸਰਕਾਰੀ ਪਦਵੀਆਂ ਦੀ ਪ੍ਰਾਪਤੀ ਲਈ, ਕਾਂਗਰਸ ਵਿਚ ਸ਼ਾਮਲ ਹੁੰਦੇ ਰਹੇ। ਮਾਸਟਰ ਤਾਰਾ ਸਿੰਘ ਜੀ ਅਖੀਰ ਤੱਕ ਪੰਥਕ ਝੰਡਾ ਲੈ ਕੇ ਪਹਿਲਾਂ ਮਹੰਤਾਂ ਅਤੇ ਅੰਗ੍ਰੇਜ਼ੀ ਸਰਕਾਰ ਦੇ ਖ਼ਿਲਾਫ਼ ਜੂਝਦੇ ਰਹੇ ਅਤੇ ੧੯੪੭ ਤੋਂ ਪਿੱਛੋਂ ਆਪਣੀ ਮੌਤ, ੨੨ ਨਵੰਬਰ ੧੯੬੭ ਤੱਕ, ਕਾਂਗਰਸ ਦੀਆਂ ਫਿਰਕੂ ਨੀਤੀਆਂ ਦੇ ਖ਼ਿਲਾਫ਼ ਜਦੋ ਜਹਿਦ ਵਿਚ ਪੰਥ ਦੀ ਅਗਵਾਈ ਕਰਦੇ ਰਹੇ।
ਸਮੇ ਸਮੇ ਜੇਹੜੇ ਅਕਾਲੀ ਆਗੂ ਅਕਾਲੀ ਦਲ ਵਿਚ ਪਛੜ ਜਾਂਦੇ ਰਹੇ ਉਹ ਕਾਂਗਰਸ ਵਿਚ ਸ਼ਾਮਲ ਹੋਈ ਜਾਂਦੇ ਰਹੇ। ਕੁਝ ਕੁ ਬਹੁਤੇ ਕਾਰਲ ਮਾਰਕਸ ਦੇ ਵਿਚਾਰਾਂ ਤੋਂ ਪ੍ਰਭਾਵਤ ਇਨਕਲਾਬੀ ਵਿਚਾਰਾਂ ਵਾਲ਼ੇ ਅਕਾਲੀ ਆਗੂ ਕਮਿਊਨਿਸਟਾਂ ਵਿਚ ਵੀ ਜਾ ਵੜਦੇ। ਕਮਿਊਨਿਸਟਾਂ ਵਿਚ ਜਾਣ ਵਾਲ਼ਿਆਂ ਵਿਚੋਂ ਕੁਝ ਕੁ ਮੁਖੀਆਂ ਦੇ ਨਾਂ ਇਸ ਪ੍ਰਕਾਰ ਹਨ: ਗਿਆਨੀ ਹੀਰਾ ਸਿੰਘ ਦਰਦ, ਜਥੇਦਾਰ ਹਰਦਿਤ ਸਿੰਘ ਭੱਠਲ਼, ਸ. ਸੋਹਣ ਸਿੰਘ ਜੋਸ਼, ਸ. ਤੇਜਾ ਸਿੰਘ ਸੁਤੰਤਰ, ਗਿਆਨੀ ਗਹਿਲ ਸਿੰਘ ਛੱਜਲ਼ਵੱਢੀ ਆਦਿ। ਇਹਨਾਂ ਤੋਂ ਇਲਾਵਾ ਗ਼ਦਰੀ ਬਾਬੇ ਵੀ, ਬਾਬਾ ਸੋਹਣ ਸਿੰਘ ਭਕਨਾ, ਸੰਤ ਬਾਬਾ ਵਿਸਾਖਾ ਸਿੰਘ ਦਦੇਹਰ ਆਦਿ ਦੀ ਅਗਵਾਈ ਹੇਠ, ਸਾਰੇ ਦੇ ਸਾਰੇ ਹੀ ਕਮਿਊਨਿਸਟ ਪਾਰਟੀ ਵਿਚ ਸ਼ਾਮਲ ਹੋ ਚੁੱਕੇ ਸਨ।
ਬਾਕੀ ਹਿੰਦੁਸਤਾਨ ਦੀਆਂ ਰਿਆਸਤਾਂ ਵਾਂਗ, ਪੂਰਬੀ ਪੰਜਾਬ ਦੀਆਂ ਸਿੱਖ ਰਿਆਸਤਾਂ ਵੀ ਅਜੇ ਆਜ਼ਾਦ ਸਨ ਜਿਨ੍ਹਾਂ ਨੂੰ ਅੰਗ੍ਰੇਜ਼ ਖੁਲ੍ਹੀਆਂ ਛੱਡ ਗਏ ਸਨ। ੧੯੪੮ ਵਿਚ ਉਸ ਸਮੇ ਦੇ ਗ੍ਰਿਹ ਮੰਤਰੀ, ਸਰਦਾਰ ਵਲਭ ਭਾਈ ਪਟੇਲ ਦੀ ਚਾਣਕਿਆ ਨੀਤੀ ਨਾਲ਼ ਬਾਕੀ ਦੀਆਂ ਰਿਆਸਤਾਂ ਦੇ ਨਾਲ਼ ਹੀ ਇਹਨਾਂ ਸਿੱਖ ਰਿਆਸਤਾਂ ਨੂੰ ਵੀ ਤੋੜ ਕੇ ਇਕ ਸੂਬਾ ਪੈਪਸੂ ਨਾਂ ਦਾ ਵੱਖਰਾ ਬਣਾ ਦਿਤਾ ਸੀ। ਉਸ ਨੂੰ ਬਾਅਦ ਵਿਚ ਅਕਾਲੀ ਦਲ ਨਾਲ਼ ਹੋਏ ਰੀਜਨਲ ਫਾਰਮੂਲੇ ਵਾਲ਼ੇ ਸਮਝੌਤੇ ਅਧੀਨ, ੧ ਨਵੰਬਰ ੧੯੫੬ ਵਾਲ਼ੇ ਦਿਨ, ਪੰਜਾਬ ਵਿਚ ਸ਼ਾਮਲ ਕਰ ਦਿਤਾ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਪੈਪਸੂ ਨੂੰ ਪੰਜਾਬ ਵਿਚ ਸ਼ਾਮਲ ਕਰਨ ਲਈ ਸ਼ਾਇਦ ਇਸ ਵਿਚਾਰ ਨਾਲ਼ ਸਹਿਮਤ ਹੋ ਗਏ ਹੋਣਗੇ ਕਿ ਰੀਜਨਲ ਫਾਰਮੂਲੇ ਉਪਰ ਸਰਕਾਰ ਇਮਾਨਦਾਰੀ ਨਾਲ਼ ਅਮਲ ਕਰੇਗੀ। ਇਸ ਤੋਂ ਇਲਾਵਾ ਪੰਜਾਬ ਅਤੇ ਪੈਪਸੂ ਦੋਹਾਂ ਸੂਬਿਆਂ ਦਾ ਪੰਜਾਬੀ ਬੋਲਦਾ ਸਾਰਾ ਇਲਾਕਾ ਇਕ ਥਾਂ ਇੱਕਠਾ ਹੋ ਜਾਵੇਗਾ ਅਤੇ ਅਕਾਲੀ ਦਲ ਦੀ ਨੀਤੀ ਅਨੁਸਾਰ ਅਗਲੇ ਪੜਾ ਵਜੋਂ, ਜਦੋਂ ਪੰਜਾਬੀ ਬੋਲੀ ਦੇ ਆਧਾਰ 'ਤੇ ਇਸ ਪੰਜਾਬ ਦੀ ਵੰਡ ਹੋਵੇਗੀ ਤਾਂ ਇਹ ਸਾਰਾ ਇਲਾਕਾ ਉਸ ਇਕ ਸੂਬੇ ਵਿਚ ਆ ਜਾਵੇਗਾ। ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਇਜਲਾਸ ਵਿਚ ਗਿਆਨੀ ਕਰਤਾਰ ਸਿੰਘ ਨੇ ਡੈਲੀਗੇਟਾਂ ਨੂੰ ਇਹ ਦਲੀਲ ਦੇ ਕੇ ਹੀ ਰੀਜਨਲ ਫਾਰਮੂਲੇ ਦੇ ਹੱਕ ਵਿਚ ਮਤਾ ਪਾਸ ਕਰਵਾਇਆ ਸੀ ਕਿ ਇਹ ਤੇ ਛੁਹਾਰਾ ਹੈ। ਇਸ ਤੋਂ ਅਗਲਾ ਕਦਮ ਵਿਆਹ ਵਾਲ਼ਾ ਹੋਵੇਗਾ। ਪੰਜਾਬੀ ਬੋਲੀ ਉਪਰ ਆਧਾਰਤ ਸੂਬਾ ਅਗਲੀ ਵਾਰੀ ਦੇ ਸੰਘਰਸ਼ ਨਾਲ਼ ਮਿਲ਼ ਜਾਵੇਗਾ। ਇਸ ਲਈ ਹਾਲ ਦੀ ਘੜੀ, ਵਿਆਹ ਹੋ ਜਾਣ ਦੀ ਆਸ ਵਿਚ ਇਸ ਨੂੰ ਛੁਹਾਰੇ ਵਜੋਂ ਹੀ ਕਬੂਲ ਕਰ ਲਿਆ ਜਾਵੇ।
ਸਿਆਸੀ ਪੱਖੋਂ ਸਮਝਦਾਰ ਕੁਝ ਸਿੱਖਾਂ ਦੀ ਸੋਚ ਕੁਝ ਇਸ ਤਰ੍ਹਾਂ ਦੀ ਹੋ ਗਈ ਸੀ ਉਹਨੀਂ ਦਿਨੀਂ ਕਿ ਮੁਸਲਮਾਨਾਂ ਨੂੰ ਪਾਕਿਸਤਾਨ ਮਿਲ਼ ਗਿਆ ਤੇ ਹਿੰਦੂਆਂ ਨੂੰ ਹਿੰਦੁਸਤਾਨ ਪਰ ਸਿੱਖ ਨਾ ਧਰਤੀ 'ਤੇ ਨਾ ਆਸਮਾਨ ਵਿਚ। ਅਰਥਾਤ ਸਿਆਸੀ ਪੱਖੋਂ ਸਿੱਖ ਖਾਲੀ ਰਹਿ ਗਏ। ਡਾਕਟਰ ਅੰਬੇਦਕਰ ਨੇ ਵੀ ਇਕ ਅਕਾਲੀ ਡੇਲੀਗੇਸ਼ਨ ਨੂੰ ਕਿਹਾ ਸੀ ਕਿ ਸਿੱਖ ਬੱਸ ਮਿੱਸ ਕਰ ਗਏ ਹਨ। ਅੰਗ੍ਰੇਜ਼ੀ ਰਾਜ ਸਮੇ, ਵੱਖ ਵੱਖ ਧਰਮਾਂ ਦੀਆਂ ਵੱਖ ਵੱਖ ਚੋਣਾਂ ਹੋਣ ਕਰਕੇ, ਜੋ ਸਿੱਖ ਪੰਜਾਬ ਵਿਚ ਤੀਜੇ ਨੰਬਰ ਦੇ ਭਾਈਵਾਲ ਸਨ ਉਹ ਹੁਣ, ਸਾਂਝੀਆਂ ਚੋਣਾਂ ਹੋਣ ਕਰਕੇ, ਕਾਂਗਰਸ ਦੇ ਰਹਿਮੋ ਕਰਮ ਉਪਰ ਰਹਿ ਗਏ। ਕਾਂਗਰਸ ਪਾਰਟੀ ਦੇ ਫਿਰਕੂ ਸੋਚ ਵਾਲ਼ੇ ਕਿਸੇ ਸਿੱਖ ਨੂੰ ਆਪਣੀਆਂ ਸ਼ਰਤਾਂ ਉਪਰ ਹੀ ਕੁਝ ਹਿੱਸਾ ਰਾਜਸੀ ਤਾਕਤ ਵਿਚ ਦੇਣ ਜਾਂ ਨਾ ਦੇਣ। ਇਹ ਵੇਖ ਕੇ ਸਾਰੇ ਹਿੰਦੁਸਤਾਨ ਦੀ ਰਾਜਸੀ ਸ਼ਕਤੀ ਕਾਂਗਰਸ ਦੀ ਅਗਵਾਈ ਹੇਠ, ਫਿਰਕਾ ਪ੍ਰਸਤਾਂ ਦੇ ਹੱਥ ਆ ਗਈ ਹੈ, ਅਕਾਲੀ ਦਲ ਦੇ ਲੀਡਰ ਇਕ ਦੂਜੇ ਤੋਂ ਅੱਗੇ ਹੋ ਹੋ ਕੇ ਕਾਂਗਰਸ ਵਿਚ ਸ਼ਾਮਲ ਹੋਣੇ ਸ਼ੁਰੂ ਹੋ ਗਏ। "ਪਹਿਲਾਂ ਆਓ, ਪਹਿਲਾਂ ਪਾਓ" ਦੇ ਅਸੂਲ ਅਨੁਸਾਰ, ਇਕ ਦੂਜੇ ਤੋਂ ਮੋਹਰੇ ਹੋ ਕੇ ਕਾਂਗਰਸੀ ਸਜਣ ਲੱਗ ਪਏ। ਪਹਿਲਾਂ ਦੱਸਿਆ ਜਾ ਚੁੱਕਾ ਹੈ ਕਿ ੧੯੪੮ ਵਿਚ ਫੈਸਲਾ ਕਰਕੇ ਸਾਰੇ ਅਕਾਲੀ ਲੈਜਿਸਲੇਟਰ ਕਾਂਗਰਸ ਵਿਚ ਸ਼ਾਮਲ ਹੋ ਗਏ ਸਨ। ਦੇਸ਼ ਦੀ ਸਿਆਸਤ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਵਜੂਦ ਹੀ ਨਾ ਰਿਹਾ। ਸਿਆਸੀ ਤਾਕਤ ਦੇ ਚਾਹਵਾਨ ਸਿੱਖਾਂ ਨੂੰ ਕਾਂਗਰਸੀ ਬੁਰਕਾ ਪਾਉਣ ਨਾਲ਼ ਸਾਰੇ ਹਿੰਦੁਸਤਾਨ ਦੇ ਰਾਜਸੀ ਮੈਦਾਨ ਵਿਚ ਖੁਲ੍ਹਾ ਵਿਚਰਨ ਅਤੇ ਰਾਜਸੀ ਤਾਕਤ ਦਾ ਸਵਾਦ ਚਖ ਕੇ ਆਨੰਦ ਮਾਨਣ ਦਾ ਮੌਕਾ ਮਿਲ਼ਦਾ ਸੀ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਵਿਚ ਰਹਿ ਕੇ ਸਿਆਸੀ ਤਾਕਤ ਤੋਂ ਵਿਰਵੇ ਰਹਿਣ ਲਈ ਮਜਬੂਰ ਹੋਣਾ ਪੈਂਦਾ ਸੀ। ਉਸ ਸਮੇ ਸ਼੍ਰੋਮਣੀ ਕਮੇਟੀ ਉਪਰ ਵੀ ੧੯੫੫ ਤੱਕ ਕਾਂਗਰਸੀ ਸਿੱਖਾਂ ਦਾ ਅੱਠ ਸਾਲ ਦੇ ਸਮੇ ਤੱੱਕ ਕਬਜ਼ਾ ਰਿਹਾ ਸੀ। ਇਸ ਹਾਲਤ ਵਿਚ ਵੀ ਮਾਸਟਰ ਤਾਰਾ ਸਿੰਘ ਦੀ ਅਗਵਾਈ ਹੇਠ, ਸਿਰੜੀ ਅਕਾਲੀ ਵਰਕਰਾਂ ਨੇ ਪੰਥ ਦਾ ਝੰਡਾ ਹੱਥੋਂ ਨਹੀਂ ਸੀ ਛੱਡਿਆ।
ਇਸ ਹਾਲਤ ਵਿਚ ਅਕਾਲੀ ਆਗੂ ਆਲ਼ੇ ਦੁਆਲ਼ੇ ਝਾਕ ਕੇ ਕਿ ਇਸ ੯੦% ਕੁਰਬਾਨੀਆਂ ਕਰਕੇ ਪ੍ਰਾਪਤ ਕੀਤੀ ਗਈ ਆਜ਼ਾਦੀ ਵਿਚ ਤਾਂ ਉਹਨਾਂ ਦੇ ਹੱਥ ਕੁਝ ਵੀ ਨਹੀਂ ਆਇਆ ਸਗੋਂ ਅੰਗ੍ਰੇਜ਼ਾਂ ਵੇਲ਼ੇ ਪੰਜਾਬ ਵਿਚ ਮੰਨੀ ਜਾਂਦੀ ਤੀਜੀ ਸਿਆਸੀ ਧਿਰ ਵਾਲ਼ਾ ਥਾਂ ਵੀ ਕਿਤੇ ਨਾ ਰਿਹਾ। ਫਿਰ ਆਜ਼ਾਦੀ ਤੋਂ ਪਹਿਲਾਂ ਅਕਾਲੀ ਲੀਡਰ ਪਾਕਿਸਤਾਨ ਦੇ ਸਖ਼ਤ ਵਿਰੋਧੀ ਸਨ। ਕਦੀ ਆਖਣਾ ਜੇ ਪਾਕਿਸਤਾਨ ਬਣੇ ਤਾਂ ਸਿੱਖ ਸਟੇਟ ਵੀ ਬਣੇ। ਕਦੀ ਕਹਿਣਾ ਕਿ ਪੰਜਾਬ ਦੇ ਵਿਚਕਾਹੇ ਜਿਹੇ 'ਆਜ਼ਾਦ ਪੰਜਾਬ' ਦਾ ਇਕ ਸੂਬਾ ਅਜਿਹਾ ਬਣੇ ਜਿਸ ਵਿਚ ੪੦% ਹਿੰਦੂ, ੪੦% ਮੁਸਲਮਾਨ ਅਤੇ ੨੦% ਸਿੱਖ ਆਬਾਦੀ ਹੋਵੇ ਅਤੇ ਉਸ ਵਿਚ ਅੰਮ੍ਰਿਤਸਰ ਤੋਂ ਲੈ ਕੇ ਨਨਕਾਣਾ ਸਾਹਿਬ ਤੱਕ ਦਾ ਇਲਾਕਾ ਸ਼ਾਮਲ ਹੋਵੇ। ਸਿੱਖਾਂ ਦੀ ਬਹੁਸੰਮਤੀ ਤਾਂ ਦੋ ਤਸੀਲਾਂ ਨੂੰ ਛੱਡ ਕੇ ਹੋਰ ਕਿਤੇ ਹੈ ਨਹੀਂ ਸੀ ਤੇ ਦੋ ਤਸੀਲਾਂ ਦਾ ਦੇਸ਼ ਬਣ ਸਕਣਾ ਮੁਸ਼ਕਲ ਸੀ। ਇਸ ਸਮੇ ਵੱਖਰਾ ਦੇਸ਼ ਬਣ ਜਾਣ ਦੀ ਤੇ ਕਿਸੇ ਦੀ ਕਲਪਣਾ ਵਿਚ ਵੀ ਨਹੀਂ ਸੀ ਕਿ ਇਉਂ ਵੀ ਹੋ ਸਕਦਾ ਹੈ। ਲੋਕਾਂ ਦੀ ਆਮ ਸੋਚ ਸੀ ਕਿ ਸਰਕਾਰਾਂ ਤੇ ਬਦਲਦੀਆਂ ਆਈਆਂ ਪਰ ਕਦੀ ਜਨਤਾ ਵੀ ਬਦਲੀ ਹੈ! ਉਪਰੋਂ ਚਾਰ ਚੁਫੇਰੇ ਫਿਰਕਾ ਪ੍ਰਸਤਾਂ ਦੇ ਘੇਰੇ ਵਿਚ ਆਏ ਹੋਏ ਅਕਾਲੀ ਵਿਚਾਰਾਂ ਵਾਲ਼ੇ ਸਿੱਖ ਅੱਕੀਂ ਪਲਾਹੀਂ ਹੱਥ ਮਾਰਨ ਲੱਗੇ। ੧੯੫੧ ਦੀ ਜਨ ਗਣਨਾ ਸਮੇ ਤਾਂ ਹੱਦ ਹੀ ਹੋ ਗਈ, ਜਦੋਂ ਕਾਂਗਰਸ, ਪੰਜਾਬ ਦੇ ਪ੍ਰੈਸ, ਵਿਦਿਅਕ ਅਦਾਰਿਆਂ ਉਪਰ ਕਾਬਜ ਫਿਰਕਾ ਪ੍ਰਸਤਾਂ ਦੇ ਧੂਆਂ ਧਾਰ ਝੂਠੇ ਪ੍ਰਚਾਰ ਦੇ ਅਸਰ ਹੇਠ ਆ ਕੇ, ਪੱਛੜੀਆਂ ਸ਼੍ਰੇਣੀਆਂ ਦੀ ਜਨਤਾ ਨੇ ਵੀ, ਆਪਣੀ ਮਾਂ ਬੋਲੀ ਪੰਜਾਬੀ ਤੋਂ ਮੁਨਕਰ ਹੋ ਕੇ, ਮਾਂ ਬੋਲੀ ਦੇ ਖਾਨੇ ਵਿਚ ਹਿੰਦੀ ਲਿਖਵਾਈ। ਅਜਿਹਾ ਕੂੜ ਪ੍ਰਚਾਰ ਕਰਨ ਲਈ ਕਾਂਗਰਸ ਦੇ ਵਸੀਲੇ ਖੁਲ੍ਹਮ ਖੁਲ੍ਹੇ ਵਰਤੇ ਗਏ। ਪੰਜਾਬ ਕਾਂਗਰਸ ਦੇ ਸਮਕਾਲੀ ਲੀਡਰਾਂ ਅਤੇ ਜਨਰਲ ਸਕੱਤਰ ਲਾਲਾ ਜਗਤ ਨਾਰਾਇਣ ਨੇ ਆਪਣੀ ਉਰਦੂ ਵਿਚ ਬਹੁਤ ਪ੍ਰਭਾਵਸ਼ਾਲੀ ਅਖ਼ਬਾਰ ਹਿੰਦ ਸਮਚਾਰ ਰਾਹੀਂ ਝੂਠੇ ਪ੍ਰਚਾਰ ਵਿਚ ਬਹੁਤ ਵੱਡਾ ਹਿੱਸਾ ਪਾਇਆ। ਇਸ ਦੇ ਨਾਲ਼ ਹੀ ਦੂਜੀਆਂ ਆਰੀਆ ਸਮਾਜੀ ਅਖ਼ਬਾਰਾਂ ਪਰਤਾਪ, ਮਿਲਾਪ, ਵੀਰ ਅਰਜਨ ਵੀ ਇਸ ਫਿਰਕੂ ਪ੍ਰਚਾਰ ਵਿਚ ਪੂਰੀ ਤਰ੍ਹਾਂ ਸ਼ਾਮਲ ਸਨ। ਫਿਰਕਾ ਪ੍ਰਸਤੀ ਦਾ ਇਹ ਪ੍ਰਤੱਖ ਪ੍ਰਗਟਾਵਾ ਸੀ। ਏਥੋਂ ਤੱਕ ਕਿ ਇਸ ਬੋਲੀ ਵਾਲ਼ੀ ਗਿਣਤੀ ਨੂੰ ਉਸ ਸਮੇ ਦੇ ਪ੍ਰਧਾਨ ਮੰਤਰੀ, ਪੰਡਤ ਨਹਿਰੂ ਨੇ ਵੀ ਗ਼ਲਤ ਕਹਿ ਦਿਤਾ ਸੀ।
ਸਿੱਖ ਕੌਮ ਦੀ ਅਗਵਾਈ ਕੌਣ ਕਰੇ ਦਾ ਫੈਸਲਾ, ੧੯੫੫ ਵਾਲ਼ੀ ਸ਼੍ਰੋਮਣੀ ਗੁਰਦੁਅਰਾ ਪ੍ਰਬੰਧਕ ਕਮੇਟੀ ਦੀ ਜਨਰਲ ਚੋਣ ਨੇ, ਸ਼੍ਰੋਮਣੀ ਅਕਾਲੀ ਦਲ ਨੂੰ ਫੈਸਲਾਕੁਨ ਜਿੱਤ ਦਿਵਾ ਕੇ ਕਰ ਦਿਤਾ ਸੀ। ਉਸ ਸਮੇ ਸ਼੍ਰੋਮਣੀ ਕਮੇਟੀ ਉਪਰ ਕਾਬਜ ਕਾਂਗਰਸੀ 'ਖ਼ਾਲਸਾ ਦਲ' ਦੇ ਨਾਂ ਹੇਠਾਂ, ਜਥੇਦਾਰ ਗਰੁਪ ਨੂੰ ੧੪੦ ਵਿਚੋਂ ਕੇਵਲ ੩ ਸੀਟਾਂ ਹੀ ਮਿਲ਼ੀਆਂ ਜਦੋਂ ਕਿ ਸ਼੍ਰੋਮਣੀ ਕਮੇਟੀ, ਕਾਂਗਰਸ ਪਾਰਟੀ, ਪੰਜਾਬ ਤੇ ਕੇਂਦਰ ਦੀਆਂ ਸਰਕਾਰਾਂ ਦੇ ਵਸੀਲੇ ਵੀ ਖ਼ਾਲਸਾ ਦਲ ਦੇ ਨਾਲ਼ ਸਨ।
ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੇ ਹੱਥ ਇਹ ਨੁਕਤਾ ਆ ਗਿਆ ਕਿ ਜੇ ਬੋਲੀ ਦੇ ਆਧਾਰ ਤੇ ਪੰਜਾਬ ਦੀ ਵੰਡ ਹੋ ਜਾਵੇ ਤਾਂ ਸਿੱਖ ਬਹੁਸੰਮਤੀ ਵਾਲ਼ਾ ਸੂਬਾ ਵਜੂਦ ਵਿਚ ਆ ਸਕਦਾ ਹੈ ਅਤੇ ਇਸ ਮੰਗ ਨਾਲ਼ ਸ਼੍ਰੋਮਣੀ ਅਕਾਲੀ ਦਲ ਉਪਰ ਫਿਰਕੂ ਹੋਣ ਦਾ ਫਤਵਾ ਵੀ ਨਹੀਂ ਲਾਇਆ ਜਾ ਸਕਦਾ; ਕਿਉਂਕਿ ਇਹ ਮੰਗ ਕਾਂਗਰਸ ਦੀ ਆਪਣੀ ਨੀਤੀ ਦੇ ਅਨੁਸਾਰ ਸੀ। ਆਜ਼ਾਦੀ ਦੇ ਸੰਘਰਸ਼ ਸਮੇ ਕਾਂਗਰਸ ਦੀ ਨੀਤੀ ਇਹ ਸੀ ਕਿ ਅੰਗ੍ਰੇਜ਼ਾਂ ਨੇ ਜਿਵੇਂ ਜਿਵੇਂ ਇਲਾਕੇ ਜਿੱਤੇ ਜਾਂ ਜਿਵੇਂ ਉਹਨਾਂ ਨੂੰ ਰਾਜ ਕਰਨ ਲਈ ਸਹੂਲ਼ਤ ਸੀ, ਉਹਨਾਂ ਨੇ ਬੋਲੀ ਅਤੇ ਸਭਿਆਚਾਰਕ ਏਕਤਾ ਨੂੰ ਵਿਚਾਰੇ ਬਿਨਾ ਹੀ ਸੂਬਿਆਂ ਦੀ ਵੰਡ ਕੀਤੀ ਹੈ। ਆਜ਼ਾਦੀ ਤੋਂ ਬਾਅਦ ਕਾਂਗਰਸ ਨਵੇਂ ਸਿਰਿਉਂ ਅਜਿਹੀਆਂ ਗੱਲਾਂ ਨੂੰ ਵਿਚਾਰ ਕੇ, ਦੇਸ਼ ਨੂੰ ਸੂਬਿਆਂ ਵਿਚ ਵੰਡੇਗੀ। ਬਾਕੀ ਸੂਬੇ ਤਾਂ ਹੌਲ਼ੀ ਹੌਲ਼ੀ ਬਣਾਈ ਜਾ ਰਹੀ ਸੀ ਪਰ ਪੰਜਾਬੀ ਬੋਲੀ ਦੇ ਸੂਬੇ ਦੀ ਗੱਲ ਜਦੋਂ ਆਉਂਦੀ ਸੀ ਤਾਂ ਉਸ ਨੂੰ ਇਸ ਬਹਾਨੇ ਨਾਲ਼ ਨਾਂਹ ਹੋ ਜਾਂਦੀ ਸੀ ਕਿ ਇਸ ਵਾਸਤੇ ਪੰਜਾਬ ਦੇ ਹਿੰਦੂ ਨਹੀਂ ਮੰਨਦੇ। ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬੀ ਸੂਬੇ ਦੇ ਮੈਨੀਫੈਸਟੋ ਉਪਰ ਸ਼੍ਰੋਮਣੀ ਕਮੇਟੀ ਦੀ ੧੯੫੫ ਵਾਲ਼ੀ ਚੋਣ ਲੜੀ ਸੀ ਤੇ ਸਿੱਖਾਂ ਨੇ, ਸ਼੍ਰੋਮਣੀ ਅਕਾਲੀ ਦਲ ਨੂੰ ਜਿੱਤ ਦਿਵਾ ਕੇ, ਪੰਜਾਬੀ ਸੂਬੇ ਦੇ ਹੱਕ ਵਿਚ ਫਤਵਾ ਦੇ ਦਿਤਾ ਸੀ।
ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸੀ ਸਿੱਖਾਂ ਪਾਸੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਪ੍ਰਾਪਤ ਕਰਨ ਲਈ, ਇਸ ਦੀ ਚੋਣ ਪੰਜਾਬੀ ਸੂਬੇ ਦੀ ਪ੍ਰਾਪਤੀ ਵਾਲ਼ਾ ਮੈਨੀਫੈਸਟੋ ਬਣਾ ਕੇ ਲੜੀ ਸੀ, ਇਸ ਲਈ ਪੰਜਾਬੀ ਸੂਬੇ ਲਈ ਜਦੋ ਜਹਿਦ ਕਰਨੀ ਹੀ ਕਰਨੀ ਸੀ। ਇਸ ਲਈ ਥਾਂ ਥਾਂ ਅਕਾਲੀ ਵਰਕਰਾਂ ਨੇ ਪੰਜਾਬੀ ਸੂਬਾ ਜ਼ਿੰਦਾਬਾਦ ਦੇ ਨਾਹਰੇ ਲਾਉਣੇ ਅਤੇ ਕੰਧਾਂ ਉਪਰ ਲਿਖਣੇ ਸ਼ੁਰੂ ਕਰ ਦਿਤੇ। ਪੰਜਾਬੀ ਸੂਬਾ ਜ਼ਿੰਦਾਬਾਦ, ਪੰਜਾਬੀ ਸੂਬਾ ਸਾਡਾ ਪੈਦਾਇਸ਼ੀ ਹੱਕ ਹੈ, ਲੈ ਕੇ ਰਹਾਂਗੇ ਪੰਜਾਬੀ ਸੂਬਾ ਆਦਿ ਵਰਗੇ ਨਾਹਰੇ ਸਿੱਖ ਬਹੁਸੰਮਤੀ ਦੇ ਜ਼ਿਲ੍ਹਿਆਂ ਵਾਲ਼ੇ ਇਲਾਕਿਆਂ ਵਿਚ ਗੂੰਜਣੇ ਸ਼ੁਰੂ ਹੋ ਗਏ। ਪੰਜਾਬ ਦੀ ਲਾਲਾ ਭੀਮ ਸੈਨ ਸੱਚਰ ਸਰਕਾਰ ਨੇ ਪੰਜਾਬੀ ਸੂਬਾ ਜ਼ਿੰਦਾਬਾਦ ਦੇ ਨਾਹਰੇ ਉਪਰ ਪਾਬੰਦੀ ਲਾ ਕੇ ਅਕਾਲੀ ਵਰਕਰ ਗ੍ਰਿਫ਼ਤਾਰ ਕਰਨੇ ਸ਼ੂਰੂ ਕਰ ਦਿਤੇ। ੧੨ ਕੁ ਹਜਾਰ ਅਕਾਲੀ ਆਗੂ ਅਤੇ ਵਰਕਰ ਜੇਹਲਾਂ ਵਿਚ ਬੰਦ ਕਰ ਦਿਤੇ ਗਏ। ਮੋਰਚਾ ਫੇਹਲ ਕਰਨ ਵਾਸਤੇ, ਚਾਰ ਅਤੇ ਪੰਜ ਜੁਲਾਈ ੧੯੫੫ ਦੀ ਅਧੀ ਰਾਤ ਨੂੰ, ਪੁਲਿਸ ਨੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਉਪਰ ਹਮਲਾ ਕਰ ਦਿਤਾ। ਜਿੰਨੇ ਵੀ ਅਕਾਲੀ ਆਗੂ ਅਤੇ ਕਾਰਕੁਨ ਕੰਪਲੈਕਸ ਦੇ ਅੰਦਰ ਸਨ, ਸਾਰੇ ਗ੍ਰਿਫ਼ਤਾਰ ਕਰ ਲਏ ਗਏ। ਗੁਰੂ ਰਾਮ ਦਾਸ ਸਰਾਂ, ਗੁਰਦੁਆਰਾ ਮੰਜੀ ਸਾਹਿਬ, ਗੁਰੂ ਕਾ ਲੰਗਰ, ਸ੍ਰੀ ਗੁਰੂ ਰਾਮ ਦਾਸ ਹਸਪਤਾਲ, ਸ੍ਰੀ ਦਰਬਾਰ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰਾਂ ਉਪਰ ਪੁਲਿਸ ਨੇ ਕਬਜਾ ਕਰ ਲਿਆ ਤਾਂ ਕਿ ਨਾ ਕੋਈ ਵਾਲੰਟੀਅਰ ਮਿਲ਼ੇ ਜੇਹਲ ਜਾਣ ਲਈ, ਨਾ ਕਿਸੇ ਨੂੰ ਲੰਗਰ ਮਿਲ਼ੇ ਖਾਣ ਲਈ। ਜਦੋਂ ਅਗਲੇ ਦਿਨ ੫ ਜੁਲਾਈ ਨੂੰ ਇਹ ਖ਼ਬਰ ਸਿੱਖ ਸੰਗਤਾਂ ਵਿਚ ਫੈਲੀ ਤਾਂ ਉਹਨਾਂ ਵਿਚ ਹੋਰ ਵੀ ਜੋਸ਼ ਵੱਧ ਗਿਆ। ਮੰਜੀ ਸਾਹਿਬ ਦੀ ਬਜਾਇ ਜਥੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਣੇ ਸ਼ੁਰੂ ਹੋ ਗਏ। ਸ਼ਹਿਰ ਦੀਆਂ ਬੀਬੀਆਂ ਨੇ ਘਰਾਂ ਵਿਚ ਲੰਗਰ ਪਕਾ ਕੇ, ਸ੍ਰੀ ਅਕਾਲ ਤਖ਼ਤ ਸਾਹਿਬ ਪੁਚਾਉਣਾ ਸ਼ੁਰੂ ਕਰ ਦਿਤਾ। ਪੁਲਿਸ ਦਾ ਹਮਲਾ ਤੇ ਇਸ ਲਈ ਕੀਤਾ ਗਿਆ ਸੀ ਕਿ ਮੋਰਚਾ ਫੇਹਲ ਹੋ ਜਾਵੇ ਪਰ ਹੋ ਇਸ ਤੋਂ ਉਲ਼ਟ ਗਿਆ। ਸਿੱਖਾਂ ਵਿਚ ਸਰਕਾਰ ਦੇ ਇਸ ਹਮਲੇ ਨਾਲ਼ ਜੋਸ਼ ਸਗੋਂ ਕਈ ਗੁਣਾਂ ਹੋਰ ਵਧ ਗਿਆ।
ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਹੇਠ ਸਿੱਖ ਪੰਥ ਵਿਚ ਉਭਰੇ ਜੋਸ਼ ਦੇ ਹੜ ਅੱਗੇ ਝੁਕਦਿਆਂ ਸਰਕਾਰ ਨੇ ਪੰਜਾਬੀ ਸੂਬਾ ਜ਼ਿੰਦਾਬਾਦ ਦੇ ਨਾਹਰੇ ਤੋਂ ਪਾਬੰਦੀ ਚੁੱਕ ਲਈ ਅਤੇ ਇਸ ਮੋਰਚੇ ਵਿਚ ਪੰਥ ਦੀ ਮੁਕੰਮਲ ਜਿੱਤ ਹੋਈ। ਅਕਤੂਬਰ ਵਿਚ ਮੁਖ ਮੰਤਰੀ ਲਾਲਾ ਭੀਮ ਸਨ ਸੱਚਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆ ਕੇ ਦੋਵੇਂ ਹੱਥ ਜੋੜ ਕੇ, ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਚ ਪੁਲਿਸ ਭੇਜਣ ਦੀ ਮੁਅਫੀ ਮੰਗੀ ਤੇ ਕਿਹਾ ਕਿ ਸਾਡਾ ਪਰਵਾਰ ਸਹਿਜਧਾਰੀ ਸਿੱਖ ਹੈ। ਮੇਰੇ ਮਾਤਾ ਪਿਤਾ ਰੋਜ਼ਾਨਾ ਸੁਖਮਨੀ ਸਾਹਿਬ ਦਾ ਪਾਠ ਕਰਿਆ ਕਰਦੇ ਸਨ। ਮੈਂ ਵੀ ਰੋਜ਼ਾਨਾ ਜਪੁ ਜੀ ਸਾਹਿਬ ਜੀ ਦਾ ਪਾਠ ਕਰਦਾ ਹਾਂ। ਪੰਥ ਮੇਰੀ ਗ਼ਲਤੀ ਮੁਆਫ ਕਰੇ। ਕੁਝ ਦਿਨਾਂ ਬਾਅਦ ਉਸ ਨੇ ਮੁਖ ਮੰਤਰੀ ਪਦ ਤੋਂ ਅਸਤੀਫ਼ਾ ਦੇ ਦਿਤਾ ਤੇ ਉਸ ਨੂੰ ਸਰਕਾਰ ਨੇ ਉੜੀਸਾ ਦਾ ਗਵਰਨਰ ਲਾ ਦਿਤਾ ਅਤੇ ਉਸ ਦੇ ਥਾਂ, ਕਾਂਗਰਸ ਸਰਕਾਰ ਵੱਲੋਂ, ਸ. ਪ੍ਰਤਾਪ ਸਿੰਘ ਕੈਰੋਂ ਨੂੰ ਮੁਖ ਮੰਤਰੀ ਬਣਾ ਦਿਤਾ ਗਿਆ।
ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਹੇਠ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀ ਚੋਣ ਵਿਚ ਅਤੇ ਫਿਰ ਇਸ ਮੋਰਚੇ ਦੀ ਸ਼ਾਨਦਾਰ ਜਿੱਤ ਉਪ੍ਰੰਤ, ਸਿੱਖ ਪੰਥ ਵਿਚ ਭਾਰੀ ਉਤਸ਼ਾਹ ਵਾਲ਼ਾ ਵਾਤਾਵਰਨ ਬਣਿਆ ਹੋਇਆ ਸੀ।ਏਸੇ ਸਮੇ ਹੀ ਫਰਵਰੀ ੧੯੫੬ ਵਾਲ਼ੀ ਅਕਾਲੀ ਕਾਨਫ਼੍ਰੰਸ ਵਾਲ਼ਾ ਸਮਾਗਮ ਆ ਗਿਆ।
ਉਪਰ ਲਿਖੀਆਂ ਦੋ ਜਿੱਤਾਂ ਕਰਕੇ ਸਿੱਖ ਜਨਤਾ ਵਿਚ ਆਮ ਕਰਕੇ ਅਤੇ ਅਕਾਲੀਆਂ ਵਿਚ ਖਾਸ ਕਰਕੇ, ਚੜ੍ਹਦੀ ਕਲਾ ਵਾਲ਼ਾ ਉਤਸ਼ਾਹ ਜਨਕ ਵਾਤਾਵਰਣ ਪ੍ਰਭਾਵੀ ਹੋ ਰਿਹਾ ਸੀ। ਅਜਿਹੇ ਵਾਤਾਵਰਣ ਦੌਰਾਨ ਹੀ ਅਗਲੇ ਸਾਲ ਦੇ ਸ਼ੁਰੂ ਵਿਚ ਅੰਮ੍ਰਿਤਸਰ ਵਿਖੇ 'ਸਰਬ ਹਿੰਦ ਅਕਾਲੀ ਕਾਨਫ਼੍ਰੰਸ' ਕਰਨ ਦਾ, ਅਕਾਲੀ ਲੀਡਰਸ਼ਿਪ ਨੇ ਫੈਸਲਾ ਕਰ ਲਿਆ। ਐਨ ਓਸੇ ਹੀ ਸਮੇ ਕਾਂਗਰਸ ਨੇ ਵੀ ਆਪਣੀ 'ਆਲ ਇੰਡੀਆ ਕਾਨਫ਼੍ਰੰਸ' ਤੇ ਜਨਸੰਘ ਨੇ ਵੀ ਆਪਣਾ 'ਅਖਿਲ ਭਾਰਤੀ ਅਧਿਵੇਸ਼ਨ' ਕਰਨ ਦਾ ਪ੍ਰੋਗਰਾਮ ਬਣਾ ਲਿਆ। ਸਿੱਖਾਂ ਵਿਚ ਇਸ ਕਾਨਫ਼੍ਰੰਸ ਕਰਕੇ ਬੜਾ ਭਾਰੀ ਉਤਸ਼ਾਹ ਸੀ। ਮੈਂ ਵੀ ਰੌਣਕ ਮੇਲਾ ਵੇਖਣ ਲਈ ਤਰਨ ਤਾਰਨੋ ਬੱਸ ਤੇ ਬੈਠ ਕੇ ਅੰਮ੍ਰਿਤਸਰ ਵੱਲ ਨੂੰ ਚਾਲੇ ਪਾ ਦਿਤੇ। ਰਸਤੇ ਵਿਚ ਥਾਂ ਥਾਂ ਉਤਸ਼ਾਹੀ ਸਿੱਖਾਂ ਵੱਲੋਂ, ਸਿੰਘਾਂ ਦੀਆਂ ਦਸਤਾਰਾਂ ਤੇ ਸਿੰਘਣੀਆਂ ਦੇ ਸਿਰ ਵਾਲ਼ੇ ਲੀੜੇ, ਨੀਲੇ ਰੰਗ ਵਿਚ ਰੰਗਣ ਲਈ ਭੱਠੀਆਂ ਚਾਹੜੀਆਂ ਹੋਈਆਂ ਸਨ। ਹਰੇਕ ਸਿੱਖ ਬੀਬੀ ਦਾ ਸਿਰ ਵਾਲ਼ਾ ਲੀੜਾ ਤੇ ਹਰੇਕ ਸਿੱਖ ਦੀ ਪੱਗ ਨੂੰ ਲੁਹਾ ਕੇ ਤਪ ਰਹੀ ਕੜਾਹੀ ਵਿਚ ਡੋਬ ਕੇ ਨੀਲੇ ਕੀਤੇ ਜਾ ਰਹੇ ਸਨ।
ਪਹਿਲਾਂ ਪਹਿਲਾਂ ਤਰਨ ਤਾਰਨੋ ਅੰਮ੍ਰਿਤਸਰ ਦੇ ਰਸਤੇ ਵਿਚ ਬਹੁਤੀਆਂ ਬੱਸਾਂ ਜਨਸੰਘੀਆਂ ਨਾਲ਼ ਭਰੀਆਂ ਹੋਈਆਂ ਹੀ ਜਾ ਰਹੀਆਂ ਦਿਸੀਆਂ ਸਨ ਜੋ ਕਿ ਖੱਟੀਆਂ ਟੋਪੀਆਂ ਪਾਈ, ਹੱਥਾਂ ਵਿਚ ਜਨਸੰਘੀ ਝੰਡੇ ਫੜੀ, ਅੰਮ੍ਰਿਤਸਰ ਵੱਲ ਨੂੰ ਧਾਈ ਕਰੀ ਜਾ ਰਹੇ ਸਨ। ਇਹ ਬੱਸਾਂ ਦੋਹਾਂ ਦਰਿਆਵਾਂ ਦੇ ਸੰਗਮ ਉਪਰ ਬਣੇ ਹਰੀ ਕੇ ਪੱਤਣ ਵਾਲ਼ੇ ਪੁਲ਼ ਰਾਹੀਂ ਅੰੰਮ੍ਰਿਤਸਰ ਜ਼ਿਲ੍ਹੇ ਦੀ ਹੱਦ ਅੰਦਰ ਦਾਖਲ ਹੋ ਰਹੇ ਸਨ। ਉਹਨਾਂ ਵੱਲੋਂ ਟਿਪੀਕਲ ਹਿੰਦੀ ਵਿਚ ਇਕ ਨਾਹਰਾ ਇਹ ਵੀ ਲਾਇਆ ਜਾ ਰਿਹਾ ਸੀ, "ਅੰਮ੍ਰਿਤਸਰ ਕੋ ਜਾਨੱਾ ਹੈ। ਮਹਾਂ ਪੰਜਾਬ ਬਨਾਨੱਾ ਹੈ।" ਯਾਦ ਰਹੇ ਕਿ ਜਿਥੇ ਅਕਾਲੀ ਉਸ ਸਮੇ ਦੇ ਪੰਜਾਬ ਵਿਚੋਂ ਹਿੰਦੀ ਬੋਲਣ ਵਾਲ਼ੇ ਇਲਾਕੇ ਛਾਂਗ ਕੇ, ਬਾਕੀ ਪੰਜਾਬ ਨੂੰ ਪੰਜਾਬੀ ਸੂਬੇ ਦੇ ਰੂਪ ਵਿਚ ਸਿਰਜਣਾ ਚਾਹੁੰਦੇ ਸਨ ਤਾਂ ਕਿ ਆਜ਼ਾਦੀ ਦੀ ਲੜਾਈ ਦੌਰਾਨ, ਕਾਂਗਰਸੀ ਲੀਡਰਾਂ ਵੱਲੋਂ ਸਿਖਾਂ ਨਾਲ਼ ਸਮੇ ਸਮੇ ਕੀਤੇ ਜਾਂਦੇ ਰਹੇ ਵਾਅਦਿਆਂ ਦੀ, ਕਿਸੇ ਹੱਦ ਤੱਕ ਪੂਰਤੀ ਹੋ ਸਕੇ ਤੇ ਦੇਸ ਵਿਚ ਰਾਜਸੀ ਤੌਰ ਤੇ ਸਿੱਖਾਂ ਦੀ ਆਵਾਜ਼ ਦਾ ਵੀ ਕੋਈ ਵਜਨ ਬਣਾਇਆ ਜਾ ਸਕੇ। ਦੂਜੇ ਪਾਸੇ ਕਾਂਗਰਸੀ ਤੇ ਜਨਸੰਘੀ ਫਿਰਕੂ ਦ੍ਰਿਸ਼ਟੀਕੋਣ ਵਾਲ਼ੇ ਸੱਜਣ ਸਿੱਖਾਂ ਦੀ ਨਿਗੂਣੀ ਤੋਂ ਨਿਗੂਣੀ ਰਾਜਸੀ ਬੇਹਤਰੀ ਤੋਂ ਵੀ ਚਿੜ੍ਹਦੇ ਸਨ ਤੇ ਉਸ ਸਮੇ ਦੇ ਪੰਜਾਬ ਵਿਚੋਂ ਹਿੰਦੀ ਭਾਸ਼ੀ ਇਲਾਕੇ ਕੱਢਣ ਦੇ ਉਲਟ, ਕੇਂਦਰ ਪ੍ਰਸ਼ਾਸਤ ਪੂਰਾ ਹਿਮਾਚਲ ਪ੍ਰਦੇਸ਼, ਦਿੱਲੀ, ਰਾਜਿਸਥਾਨ ਆਦਿ ਦੇ ਨਾਲ਼ ਲੱਗਵੇਂ ਸੂਬਿਆਂ ਦੇ ਹਿੰਦੂ ਬਹੁਸੰਮਤੀ ਵਾਲ਼ੇ ਇਲਾਕੇ ਵੀ ਸ਼ਾਮਲ ਕਰਵਾ ਕੇ, ਪੰਜਾਬ ਵਿਚ ਸਿੱਖ ਵਸੋਂ ਨੂੰ ਹੋਰ ਵੀ ਘਟਾਉਣਾ ਚਾਹੁੰਦੇ ਸਨ ਤਾਂ ਕਿ ਪੰਜਾਬ ਅਸੈਂਬਲੀ ਵਿਚ ਸਿੱਖ ਹਿਤਾਂ ਦੀ ਪੈਰਵਾਈ ਕਰਨ ਵਾਲ਼ੀ ਧਿਰ ਨੂੰ ਹੋਰ ਵੀ ਕਮਜੋਰ ਕੀਤਾ ਜਾ ਸਕੇ। ਕਾਂਗਰਸੀ ਸਿੱਖ ਵੀ, ਆਪਣੇ 'ਮਾਲਕਾਂ' ਨੂੰ ਖ਼ੁਸ਼ ਕਰਨ ਲਈ, ਵਧ ਚੜ੍ਹ ਕੇ ਸ਼੍ਰੋਮਣੀ ਅਕਾਲੀ ਦਲ ਦੀ ਹਰੇਕ ਮੰਗ ਦਾ ਵਿਰੋਧ ਕਰਿਆ ਹੀ ਕਰਦੇ ਸਨ। ਅਜਿਹੇ ਫਿਰਕੂ ਮਾਹੌਲ ਵਿਚ ਉਹਨੀਂ ਦਿਨੀਂ ਇਹ ਤਿੰਨੇ ਕਾਨਫ਼੍ਰੰਸਾਂ ਇਕੋ ਸਮੇ ਤੇ ਇਕੋ ਸ਼ਹਿਰ, ਅੰਮ੍ਰਿਤਸਰ ਵਿਚ ਕੀਤੀਆਂ ਜਾ ਰਹੀਆਂ ਸਨ।
ਇਕੋ ਦਿਨ ਹੀ ਤਿੰਨਾਂ ਕਾਨਫ਼੍ਰੰਸਾਂ ਦੇ ਜਲੂਸ ਨਿਕਲ਼ੇ। ਦੂਜਿਆਂ ਦਾ ਤਾਂ ਪਤਾ ਨਹੀ ਕਿਥੋਂ, ਕਦੋਂ ਤੇ ਕਿਹੋ ਜਿਹੇ ਨਿਕਲ਼ੇ ਪਰ ਸ਼੍ਰੋਮਣੀ ਅਕਾਲੀ ਦਲ ਦਾ ਜਲੂਸ, ਗੁਰਦੁਆਰਾ ਬੁਰਜ ਬਾਬਾ ਫੂਲਾ ਸਿੰਘ ਜੀ ਤੋਂ ਸ਼ੁਰੂ ਹੋਇਆ। ਜਿਉਂ ਹੀ ਸਵੇਰ ਤੋਂ ਇਹ ਜਲੂਸ ਸ਼ੁਰੂ ਹੋਇਆ ਪਤਾ ਨਹੀ ਰਾਤ ਕਦੋਂ ਤੱਕ ਚੱਲਦਾ ਰਿਹਾ। ਪਹਿਲਾਂ ਯਾਰਾਂ ਯਾਰਾਂ ਦੀ ਕਤਾਰ ਤੇ ਫੇਰ ਹੋਰ ਵਧ ਤੇ ਅਖੀਰ ਵਿਚ ਫਿਰ ਖੁਲ੍ਹੇ ਹੀ ਛੱਡ ਦਿਤੇ ਗਏ; ਬਈ ਜਿਵੇਂ ਕਿਸੇ ਦਾ ਜੀ ਕਰਦਾ ਹੈ ਤੁਰ ਪਵੇ ਕਿਉਂਕਿ ਏਨੀ ਜਨਤਾ ਨੂੰ ਜਬਤ ਵਿਚ ਰੱਖਣਾ ਸੰਭਵ ਨਹੀਂ ਸੀ।
ਜਲੂਸ ਦੇ ਸਭ ਤੋਂ ਅੱਗੇ ਹਾਥੀ ਉਪਰ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ, ਉਸ ਸਮੇ ਦੇ ਸਿੱਖ ਪੰਥ ਦੇ ਸਿਰਮੌਰ ਆਗੂ, ਸ੍ਰੀ ਮਾਨ ਮਾਸਟਰ ਤਾਰਾ ਸਿੰਘ ਜੀ, ਉਹਨਾਂ ਦੇ ਨਾਲ਼ ਸ. ਹੁਕਮ ਸਿੰਘ ਅਤੇ ਸ. ਹਰਬੰਸ ਸਿੰਘ ਮਜੀਠਾ, ਹਾਥੀ ਦੇ ਹੌਦੇ ਵਿਚ ਸਜੇ ਹੋਏ ਸਨ। ਮੈਂ ਇਸ ਜਲੂਸ ਵਿਚ ਹਾਲ ਗੇਟ ਤੋਂ ਬਾਹਰ ਉਚੇ ਪੁਲ਼ ਤੋਂ ਜਾ ਕੇ ਰਲ਼ਿਆ। ਬੜੇ ਜੋਸ਼ ਵਿਚ ਅਕਾਲੀ ਸਿੰਘ ਨਾਹਰੇ ਮਾਰਦੇ ਹੋਏ, ਪੰਡਾਲ਼ ਵੱਲ਼ ਵਧ ਰਹੇ ਸਨ ਜੋ ਕਿ ਸ਼ਹਿਰੋਂ ਬਹੁਤ ਹੀ ਦੂਰ, ਕਾਂਗਰਸ ਵੱਲੋਂ ਆਪਣੀ ਕਾਨਫ਼੍ਰੰਸ ਲਈ ਉਚੇਚੇ ਵਸਾਏ ਗਏ, ਸ਼ਹੀਦ ਨਗਰ ਤੋਂ ਵੀ ਅੱਗੇ ਜਾ ਕੇ ਸਜਾਇਆ ਗਿਆ ਸੀ ਤੇ ਅਕਾਲੀ ਦਲ ਦਾ ਜਲੂਸ ਕਾਂਗਰਸ ਦੇ ਪੰਡਾਲ਼ ਦੇ ਅਗੋਂ ਦੀ ਲੰਘਦਾ ਸੀ। ਮੈਂ ਬਾਕੀ ਜਲੂਸ ਨਾਲ਼ੋਂ ਛੇਤੀ ਛੇਤੀ ਤੁਰ ਕੇ, ਦਿਨ ਹੁੰਦਿਆਂ ਹੀ ਪੰਡਾਲ਼ ਵਿਚ ਪੁੱਜ ਗਿਆ ਸਾਂ। ਵਿਸ਼ਾਲ ਪੰਡਾਲ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੁਸ਼ੋਭਤ ਹੋ ਰਿਹਾ ਸੀ। ਦੀਵਾਨ ਅਜੇ ਨਹੀਂ ਸੀ ਸਜਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਨੀਵੇ ਕਰਕੇ ਦੋਹੀਂ ਪਾਸੀਂ ਦੋ ਵੱਡੀਆਂ ਫੋਟੋ ਸਜਾਈਆਂ ਹੋਈਆਂ ਸਨ। ਇਕ ਫੋਟੋ, ਜੋ ਕਿ ਮਹਾਰਾਜ ਜੀ ਦੇ ਸੱਜੇ ਪਾਸੇ ਸੀ ਉਹ ਮਾਸਟਰ ਜੀ ਦੀ ਸੀ, ਤੇ ਉਸ ਉਪਰ ਲਿਖਿਆ ਹੋਇਆ ਸੀ: ਪੰਥ ਦੇ ਜਰਨੈਲ, ਸ੍ਰੀ ਮਾਨ ਮਾਸਟਰ ਤਾਰਾ ਸਿੰਘ ਜੀ। ਖੱਬੇ ਪਾਸੇ ਵਾਲ਼ੀ ਫੋਟੋ ਗਿਆਨੀ ਕਰਤਾਰ ਸਿੰਘ ਜੀ ਦੀ ਸੀ, ਜਿਸ ਉਪਰ ਲਿਖਿਆ ਹੋਇਆ ਸੀ: ਪੰਥ ਦੇ ਦਿਮਾਗ਼, ਗਿਆਨੀ ਕਰਤਾਰ ਸਿੰਘ ਜੀ।
ਇਸ ਕਾਨਫ਼੍ਰੰਸ ਦੇ ਜਲੂਸ ਸਮੇ ਹਾਥੀ ਉਪਰ ਸਵਾਰ ਹੋਏ ਮਾਸਟਰ ਤਾਰਾ ਸਿੰਘ ਜੀ ਦੀ ਫ਼ੋਟੋ ਬਹੁਤ ਪ੍ਰਸਿਧ ਹੋਈ ਤੇ ਦਹਾਕਿਆਂ ਤੱਕ ਪੰਥਕ ਸੋਚ ਵਾਲ਼ੇ ਸਿੱਖਾਂ ਦੇ ਘਰਾਂ ਦਾ ਸ਼ਿੰਗਾਰ ਬਣੀ ਰਹੀ।
ਫਿਰ ਖਾਸਾ ਸਮਾ ਲੋਕਾਂ ਕੋਲ਼ੋਂ ਇਸ ਕਾਨਫ਼੍ਰੰਸ ਦੀ ਸਫ਼ਲਤਾ ਦੀਆਂ ਗੱਲਾਂ ਸੁਣਦੇ ਰਹੇ। ਕੁਝ ਸਾਲਾਂ ਬਾਅਦ ਇਹ ਵੀ ਪਤਾ ਲੱਗਾ ਕਿ ਦੇਸ਼ ਵਿਦੇਸ਼ ਦੇ ਪ੍ਰੈਸ ਨੇ ਵੀ ਅਕਾਲੀ ਦਲ ਦੇ ਇਸ ਲਾ ਮਿਸਾਲ ਜਬਤ, ਜਲੂਸ, ਉਤਸ਼ਾਹ, ਇਕੱਠ ਆਦਿ ਦੀ ਹੈਰਾਨੀ ਨਾਲ਼ ਰੀਪੋਰਟਿੰਗ ਕੀਤੀ ਸੀ। ਇਹ ਵੀ ਸੁਣਿਆ ਕਿ ਕਾਂਗਰਸ ਦੇ ਪੰਡਾਲ ਦਾ ਖਾਣਾ ਮੁੱਕ ਜਾਣ ਤੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਲੰਗਰ ਵਿਚੋਂ ਪ੍ਰਸ਼ਾਦਾ ਛਕ ਕੇ ਜਾਂਦੇ ਰਹੇ। ਸਿੱਖ ਪੰਥ ਦਾ ਇਹ ਮਹਾਨ ਇਕੱਠ, ਜੇਹੜਾ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਹੇਠ ਹੋਇਆ, ਵੇਖ ਕੇ, ਭਾਰਤ ਦੇ ਪ੍ਰਧਾਨ ਮੰਤਰੀ ਪੰਡਤ ਨਹਿਰੂ ਏਨੇ ਬੌਖ਼ਲਾ ਗਏ ਕਿ ਉਹਨਾਂ ਨੂੰ ਆਪਣੀ ਸਪੀਚ ਵਿਚ ਇਹ ਆਖਣ ਲਈ ਮਜਬੂਰ ਹੋਣਾ ਪਿਆ, "ਯਹ ਲੋਗ ਬੜੇ ਬੜੇ ਜਲੂਸ ਨਿਕਾਲ਼ ਕਰ ਹਮੇ ਡਰਾਨਾ ਚਾਹਤੇ ਹੈਂ! ਹਮ ਨਹੀ ਇਨ ਸੇ ਡਰਤੇ!" ਬੰਦਾ ਪੁੱਛੇ ਭਈ ਜੇ ਤੁਸੀਂ ਨਹੀ ਡਰਦੇ ਤਾਂ ਨਾ ਸਹੀ; ਇਹ ਆਖਣ ਦੀ ਕੀ ਲੋੜ ਪੈ ਗਈ! ਵੈਸੇ ਇਸ ਸਮੇ ਦੀ ਕਾਂਗਰਸ ਕਾਨਫ਼੍ਰੰਸ ਦੀ ਸਵਾਗਤੀ ਕਮੇਟੀ ਦੇ ਪ੍ਰਧਾਨ, ਗਿਆਨੀ ਗੁਰਮੁਖ ਸਿੰਘ ਮੁਸਾਫ਼ਰ ਜੀ ਸਨ, ਜੋ ਕਿ ਬਹੁਤ ਪਿੱਛੋਂ ਕਾਂਗਰਸ ਵੱਲੋਂ ੧ ਨਵੰਬਰ ੧੯੬੬ ਵਾਲ਼ੇ ਦਿਨ, ਪੰਜਾਬੀ ਸੂਬੇ ਦੇ ਪਹਿਲੇ ਮੁਖ ਮੰਤਰੀ ਬਣੇ ਪਰ ੮ ਮਾਰਚ ੧੯੬੭ ਤੱਕ, ਸਿਰਫ ਚਾਰ ਮਹੀਨੇ ਤੇ ਅੱਠ ਦਿਨਾਂ ਵਾਸਤੇ ਹੀ। ਫਿਰ ੧੯੬੭ ਵਾਲ਼ੀ ਇਲੈਕਸ਼ਨ ਵਿਚ, ਅੰਮ੍ਰਿਤਸਰ ਦੇ ਪੱਛਮੀ ਹਲਕੇ ਤੋਂ ਆਪਣੀ ਸੀਟ ਵੀ ਹਾਰ ਗਏ।
ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਤ ਤੋਂ ਪ੍ਰਭਾਵਤ ਹੋ ਕੇ ਕਾਂਗਰਸ ਸਰਕਾਰ ਅਕਾਲੀ ਦਲ ਨਾਲ਼ ਪੰਜਾਬੀ ਸੂਬੇ ਬਾਰੇ ਗੱਲ ਕਰਨ ਲਈ ਤਿਆਰ ਹੋਈ। ਦਲ ਵੱਲੋਂ ਮਾਸਟਰ ਤਾਰਾ ਸਿੰਘ ਜੀ ਦੀ ਅਗਵਾਈ ਵਿਚ, ਸ. ਹੁਕਮ ਸਿੰਘ, ਗਿਆਨੀ ਕਰਤਾਰ ਸਿੰਘ, ਸ. ਗਿਆਨ ਸਿੰਘ ਰਾੜੇਵਾਲ਼ਾ ਅਤੇ ਚੀਫ਼ ਖਾਲਸਾ ਦੀਵਾਨ ਦੇ ਨੁਮਾਇੰਦੇ ਭਾਈ ਜੋਧ ਸਿੰਘ ਜੀ ਸ਼ਾਮਲ ਹੋਏ। ਮਾਸਟਰ ਜੀ ਸਰਕਾਰ ਪੱਖੀ ਚੀਫ਼ ਖ਼ਾਲਸਾ ਦੀਵਾਨ ਦਾ ਨੁਮਾਇੰਦਾ ਵੀ, ਸਰਕਾਰ ਨਾਲ ਗੱਲ ਬਾਤ ਕਰਨ ਸਮੇ ਆਪਣੇ ਨਾਲ਼ ਰੱਖਿਆ ਕਰਦੇ ਸਨ। ਕਾਂਗਰਸ ਵੱਲੋਂ ਪੰਡਤ ਜਵਾਹਰ ਲਾਲ ਨਹਿਰੂ, ਮੌਲਾਨਾ ਅਬੁਲ ਕਲਾਮ ਆਜ਼ਾਦ ਅਤੇ ਪੰਡਤ ਗੋਵਿੰਦ ਵਲਭ ਪੰਤ ਸ਼ਾਮਲ ਹੁੰਦੇ ਰਹੇ। ਕੁਝ ਮੀਟਿੰਗਾਂ ਪਿੱਛੋਂ ਸਰਕਾਰ ਵੱਲੋਂ ਸਮਝੌਤੇ ਵਜੋਂ ਰੀਜਨਲ ਫਾਰਮੂਲਾ ਪੇਸ਼ ਕੀਤਾ ਗਿਆ। ਮਾਸਟਰ ਜੀ ਪੰਜਾਬੀ ਸੂਬੇ ਨਾਲ਼ੋਂ ਘੱਟ ਕਿਸੇ ਗੱਲ ਤੇ ਸਮਝੌਤਾ ਕਰਨ ਲਈ ਤਿਆਰ ਨਹੀਂ ਸਨ ਪਰ ਬਾਕੀ ਦੇ ਚਾਰੇ ਇਸ ਫਾਰਮੂਲੇ ਉਪਰ ਸਹਿਮਤ ਹੋ ਗਏ ਸਨ।
ਇਹਨਾਂ ਚਾਰਾਂ ਵਿਚੋਂ ਸ. ਹੁਕਮ ਸਿੰਘ ਨੂੰ ਤੇ ੧੯੫੭ ਵਾਲ਼ੀਆਂ ਚੋਣਾਂ ਤੋਂ ਪਹਿਲਾਂ ਹੀ ਲੋਕ ਸਭਾ ਦਾ ਡਿਪਟੀ ਸਪੀਕਰ ਬਣਾ ਦਿਤਾ ਗਿਆ ਤੇ ਗਿਆਨੀ ਕਰਤਾਰ ਸਿੰਘ ਅਤੇ ਸ. ਗਿਆਨ ਸਿੰਘ ਰਾੜੇਵਾਲ਼ਾ ਨੂੰ ਚੋਣਾਂ ਤੋਂ ਬਾਅਦ ਪੰਜਾਬ ਵਿਚ ਵਜ਼ੀਰ ਬਣਾ ਦਿਤਾ ਗਿਆ। ਭਾਈ ਜੋਧ ਸਿੰਘ ਨੂੰ ਭਵਿਖ ਵਿਚ ਬਣਨ ਵਾਲ਼ੀ ਪੰਜਾਬੀ ਯੂਨੀਵਰਸਿਟੀ ਦਾ ਪਹਿਲਾ ਵਾਈਸ ਚਾਂਸਲਰ ਬਣਾਉਣ ਦਾ ਲਾਰਾ ਲਾਇਆ ਗਿਆ ਜੋ ਬਾਅਦ ਵਿਚ ਪੂਰਾ ਵੀ ਕਰ ਦਿਤਾ ਗਿਆ। ਇਸ ਤੋਂ ਇਲਾਵਾ ਭਾਈ ਜੋਧ ਸਿੰਘ ਜੀ ਦੇ ਇਕ ਪੁੱਤਰ, ਸ. ਸੁੰਦਰ ਸਿੰਘ ਆਈ.ਏ.ਐਸ. ਦੇ ਸਰਕਾਰੀ ਅਫ਼ਸਰ ਹੋਣ ਦਾ ਵੀ ਸ਼ਾਇਦ ਭਾਈ ਸਾਹਿਬ ਜੀ ਉਪਰ ਕੋਈ ਪ੍ਰਭਾਵ ਹੋਵੇ! ਇਸ ਤਰ੍ਹਾਂ ਪੰਜ ਮੈਂਬਰੀ ਡੈਪੂਟੇਸ਼ਨ ਦੇ ਚਾਰ ਮੈਂਬਰ ਤਾਂ ਸਰਕਾਰ ਨਾਲ਼ ਸਹਿਮਤ ਹੋ ਚੁੱਕੇ ਸਨ ਪਰ ਮਾਸਟਰ ਜੀ ਨਹੀਂ ਸਨ ਸਹਿਮਤ। ਫਿਰ ਸਰਕਾਰ ਨਾਲ਼ ਇਸ ਹੋਏ ਸਮਝੌਤੇ ਦੀ ਪ੍ਰਵਾਨਗੀ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਹਾਊਸ ਤੋਂ ਲੈਣੀ ਸੀ। ਉਸ ਹਾਊਸ ਵਿਚ ਬਹੁਤ ਹੀ ਥੋਹੜੇ ਡੈਲੀਗੇਟ ਮਾਸਟਰ ਜੀ ਨਾਲ਼ ਸਹਿਮਤ ਸਨ ਪਰ ਬਹੁਸੰਮਤੀ ਸਮਝੌਤੇ ਦੇ ਹੱਕ ਵਿਚ ਸੀ। ਗਿਆਨੀ ਕਰਤਾਰ ਸਿੰਘ ਦਲੀਲ ਦੇ ਬੜੇ ਧਨੀ ਸਨ। ਉਹਨਾਂ ਨੂੰ ਪੰਥ ਦਾ ਦਿਮਾਗ ਕਿਹਾ ਜਾਂਦਾ ਸੀ। ਉਹਨਾਂ ਨੇ ਦਲੀਲ ਦਿਤੀ ਕਿ ਕਰਾਉਣਾ ਤੇ ਆਪਾਂ ਵਿਆਹ ਹੀ ਹੈ। ਭਾਵ ਕਿ ਬਣਵਾਉਣਾ ਤੇ ਅਸੀਂ ਪੰਜਾਬੀ ਸੂਬਾ ਹੀ ਹੈ ਪਰ ਵਿਆਹ ਤੋਂ ਪਹਿਲਾਂ ਛੁਹਾਰਾ ਵੀ ਤੇ ਪੈਂਦਾ ਹੈ। ਇਸ ਫਰਮੂਲੇ ਨੂੰ ਛੁਹਾਰਾ ਸਮਝ ਕੇ ਮੰਨ ਲੈਣਾ ਚਾਹੀਦਾ ਹੈ। ਛੁਹਾਰੇ ਤੋਂ ਪਿੱਛੋਂ ਵਿਆਹ ਵੀ ਹੋ ਜਾਊਗਾ। ਬਹੁਸੰਮਤੀ ਨਾਲ਼ ਰੀਜਨਲ ਫਾਰਮੂਲਾ ਪ੍ਰਵਾਨ ਕਰ ਲਿਆ ਗਿਆ।
ਇਸ ਫਾਰਮੂਲੇ ਅਨੁਸਾਰ ਪੈਪਸੂ ਨੂੰ ਪੰਜਾਬ ਵਿਚ ਸ਼ਾਮਲ ਕਰਕੇ, ਪੰਜਾਬ ਨੂੰ ਹਿੰਦੀ ਅਤੇ ਪੰਜਾਬੀ, ਦੋ ਜ਼ੋਨਾਂ ਵਿਚ ਵੰਡਣਾ ਸੀ। ਹਿਮਾਚਲ ਵੱਖਰਾ ਰਹਿਣਾ ਸੀ। ਦੋਹਾਂ ਜ਼ੋਨਾਂ ਦੀਆਂ ਵੱਖ ਵੱਖ ਕੌਂਸਲਾਂ ਹੋਣੀਆਂ ਸਨ ਜਿਨ੍ਹਾਂ ਪਾਸ, ਲਾ ਐਂਡ ਆਰਡਰ, ਟੈਕਸ ਅਤੇ ਫਾਈਨੈਂਸ ਨੂੰ ਛੱਡ ਕੇ, ਬਾਕੀ ਸਾਰੇ ਮਹਿਕਮੇ ਹੋਣੇ ਸਨ। ਇਹਨਾਂ ਕਮੇਟੀਆਂ ਵੱਲੋਂ ਕੀਤੇ ਗਏ ਫੈਸਲੇ ਵਜ਼ਾਰਤ ਉਪਰ ਵੀ ਲਾਗੂ ਹੋਣੇ ਸਨ। ਵਿਚਾਰ ਵਿਖੇਵਾਂ ਹੋਣ ਤੇ ਗਵਰਨਰ ਦਾ ਫੈਸਲਾ ਆਖਰੀ ਹੋਣਾ ਸੀ। ਪੰਜਾਬੀ ਜ਼ੋਨ ਦੀ ਪਹਿਲੀ ਬੋਲੀ ਗੁਰਮੁਖੀ ਅੱਖਰਾਂ ਵਿਚ ਪੰਜਾਬੀ ਅਤੇ ਦੇਵਨਾਗਰੀ ਅੱਖਰਾਂ ਵਿਚ ਦੂਜੀ ਹਿੰਦੀ ਹੋਣੀ ਸੀ। ਹਿੰਦੀ ਜ਼ੋਨ ਦੀ ਪਹਿਲੀ ਦੇਵਨਾਗਰੀ ਅੱਖਰਾਂ ਵਿਚ ਹਿੰਦੀ ਅਤੇ ਦੂਜੀ ਬੋਲੀ ਗੁਰਮੁਖੀ ਅੱਖਰਾਂ ਵਿਚ ਪੰਜਾਬੀ ਹੋਣੀ ਸੀ। ਮਾਸਟਰ ਜੀ ਇਸ ਫਰਮੂਲੇ ਨੂੰ ਮੰਨਣ ਲਈ ਤਿਆਰ ਨਹੀ ਸਨ ਪਰ ਦਲ ਦੀ ਬਹੁਸੰਮਤੀ ਨੇ ਇਸ ਨੂੰ ਪ੍ਰਵਾਨ ਕਰ ਲਿਆ।
ਇਹ ਵੀ ਫੈਸਲਾ ਹੋਇਆ ਕਿ ਸ਼੍ਰੋਮਣੀ ਅਕਾਲੀ ਦਲ ਵੱਖਰੀਆਂ ਸਿਆਸੀ ਸਰਗਰਮੀਆਂ ਤਿਆਗ ਕੇ, ਸਿਰਫ ਕਾਂਗਰਸ ਰਾਹੀਂ ਹੀ ਸਿਆਸਤ ਵਿਚ ਹਿੱਸਾ ਲਵੇਗਾ। ਦਲ ਆਪਣੀਆਂ ਸਰਗਰਮੀਆਂ ਨੂੰ ਧਾਰਮਿਕ, ਵਿਦਿਅਕ, ਸਮਾਜਕ ਦਾਇਰੇ ਤੱਕ ਹੀ ਸੀਮਤ ਰੱਖੇਗਾ।
ਰੀਜਨਲ ਫਾਰਮੂਲਾ ਬਣ ਗਿਆ। ਪੈਪਸੂ ਪੰਜਾਬ ਵਿਚ ਸ਼ਾਮਲ ਹੋ ਕੇ ਦੋ ਜ਼ੋਨਾਂ, ਹਿੰਦੀ ਜ਼ੋਨ ਅਤੇ ਪੰਜਾਬੀ ਜ਼ੋਨ ਵਿਚ, ਵੰਡਿਆ ਗਿਆ। ਅਕਾਲੀ ਦਲ ਨੇ ਬਹੁਸੰਮਤੀ ਨਾਲ, ਰਾਜਸੀ ਤੌਰ ਤੇ ਕਾਂਗਰਸ ਵਿਚ ਸ਼ਾਮਲ ਹੋਣ ਦਾ ਫੈਸਲਾ ਵੀ ਕਰ ਲਿਆ ਤੇ ਮਾਸਟਰ ਜੀ ਜਾਂ ਹੋਰ ਮੁੱਠੀ ਭਰ ਅਕਾਲੀ ਕਾਰਕੁਨਾਂ ਨੂੰ ਛੱਡ ਕੇ ਸਾਰੇ ਹੀ ਮੁਖੀ ਅਕਾਲੀ ਕਾਂਗਰਸ ਵਿਚ ਸ਼ਾਮਲ ਹੋ ਗਏ। ੧੯੫੭ ਦੀਆਂ ਚੋਣਾਂ ਅਕਾਲੀਆਂ ਨੇ ਕਾਂਗਰਸ ਨਾਲ਼ ਰਲ ਕੇ, ਕਾਂਗਰਸ ਟਿਕਟ ਉਪਰ ਲੜੀਆਂ। ਦੋ ਕੁ ਦਰਜਨ ਅਕਾਲੀ, ਕਾਂਗਰਸ ਟਿਕਟ ਉਪਰ ਅਸੈਂਬਲੀ ਦੇ ਮੈਂਬਰ ਅਤੇ ਤਿੰਨ ਐਮ.ਪੀ. ਬਣ ਗਏ। ਗਿ. ਕਰਤਾਰ ਸਿੰਘ ਅਤੇ ਸ. ਗਿਆਨ ਸਿੰਘ ਰਾੜੇਵਾਲ਼ਾ ਨੂੰ ਪੰਜਾਬ ਵਿਚ ਵਜੀਰ ਬਣਾ ਦਿਤਾ ਗਿਆ ਅਤੇ ਸੈਂਟਰ ਵਿਚਲੀ, ਸ. ਹੁਕਮ ਸਿੰਘ ਦੀ ਡਿਪਟੀ ਸਪੀਕਰੀ ਵੀ ਕਾਇਮ ਰਹੀ ਜੋ ਕਿ ਬਾਅਦ ਵਿਚ ਲੋਕ ਸਭਾ ਦਾ ਪੂਰਾ ਸਪੀਕਰ ਅਤੇ ਪਿੱਛੋਂ ਰਾਜਿਸਥਾਨ ਦਾ ਗਵਰਨਰ ਵੀ ਬਣ ਗਿਆ। ਸਮਝੌਤਾ ਕਰਨ ਵਾਲ਼ੇ ਮਾਸਟਰ ਜੀ ਦੇ ਚਾਰ ਸਾਥੀਆਂ ਵਿਚੋਂ, ਬਾਕੀ ਇਕ ਬਚੇ, ਭਾਈ ਜੋਧ ਸਿੰਘ ਜੀ ਨੂੰ, ਫੌਰੀ ਤੌਰ ਤੇ ਮਿਲ਼ੇ ਇਨਾਮ ਦਾ ਤਾਂ ਪਤਾ ਨਹੀ ਪਰ ਉਹਨਾਂ ਨੂੰ ਬਾਅਦ ਵਿਚ ਬਣਨ ਵਾਲੀ ਪੰਜਾਬੀ ਯੂਨੀਵਰਸਿਟੀ ਦਾ ਪਹਿਲਾ ਵਾਈਸ ਚਾਂਸਲਰ ਬਣਾ ਦਿਤਾ ਗਿਆ ਸੀ।
ਇਸ ਸਮਝੌਤੇ ਉਪਰ ਅਮਲ ਸਰਕਾਰ ਵੱਲੋਂ ਓਵੇਂ ਹੀ ਕੀਤਾ ਗਿਆ ਜਿਵੇਂ ਸਿੱਖਾਂ ਨਾਲ ਦੂਜੇ ਸਮਝੌਤਿਆਂ ਬਾਰੇ ਹੁੰਦਾ ਰਿਹਾ ਸੀ ਤੇ ਹੁਣ ਵੀ ਹੁੰਦਾ ਹੈ। ਮਿਸਾਲ ਵਜੋਂ ਰਾਜੀਵ ਲੌਂਗੋਵਾਲ ਸਮਝੌਤੇ ਦਾ ਹਸ਼ਰ ਜੋ ਹੋਇਆ ਸਾਡੇ ਸਾਹਮਣੇਈਹੈ।
ਪੰਡਤ ਨਹਿਰੂ ਨੇ ਲਾਲਾ ਭੀਮ ਸੈਨ ਸੱਚਰ ਦੇ ਥਾਂ ਫਿਰ, ਸਿੰਘ ਸਭਾ ਅੰਦੋਲਨ ਦੇ ਇਕ ਮੁਖੀ, ਸ. ਨਿਹਾਲ ਸਿੰਘ ਕੈਰੋਂ ਦੇ ਪੁੱਤਰ, ਸ਼੍ਰੋਮਣੀ ਅਕਾਲੀ ਦੇ ਕਿਸੇ ਸਮੇ ਰਹਿ ਚੁੱਕੇ ਜਨਰਲ ਸਕੱਤਰ, ੧੯੩੭ ਦੀਆਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਵੱਲੋਂ, ਕਾਂਗਰਸੀ ਉਮੀਦਵਾਰ ਬਾਬਾ ਗੁਰਦਿਤ ਸਿੰਘ ਕਾਮਾਗਾਟਾ ਮਾਰੂ ਵਾਲ਼ਿਆਂ ਨੂੰ ਹਰਾ ਕੇ ਐਮ.ਐਲ.ਏ. ਬਣੇ ਅਤੇ ਬਾਅਦ ਵਿਚ ਦਲ ਨਾਲ਼ ਗ਼ਦਾਰੀ ਕਰਕੇ ਕਾਂਗਰਸ ਵਿਚ ਸ਼ਾਮਲ ਹੋਏ, ਸ. ਪ੍ਰਤਾਪ ਸਿੰਘ ਕੈਰੋਂ ਨੂੰ, ਪੰਡਤ ਨਹਿਰੂ ਨੇ ਥਾਪੜਾ ਦੇ ਕੇ, ਪੰਜਾਬ ਦਾ ਮੁਖ ਮੰਤਰੀ ਬਣਾ ਦਿਤਾ, ਸਿਰਫ ਇਸ ਸ਼ਰਤ ਉਪਰ ਹੀ ਕਿ ਹਰ ਹਾਲਤ ਵਿਚ ਅਕਾਲੀਆਂ ਨੂੰ ਨਹੀਂ ਉਠਣ ਦੇਣਾ। ਏਥੋਂ ਸ਼ੁਰੂ ਹੁੰਦੀ ਹੈ ਫਿਰ ਇਕ ਪਾਸੇ ਹਿੰਦ ਸਰਕਾਰ ਦੀ ਸਾਰੀ ਤਾਕਤ ਦੇ ਮੋਹਰੀ ਸਰਦਾਰ ਕੈਰੋਂ ਅਤੇ ਦੂਜੇ ਪਾਸੇ ਨੰਗੇ ਧੜ ਸ਼੍ਰੋਮਣੀ ਅਕਾਲੀ ਦਲ ਦੀ ਟੱਕਰ ਦਾ ਇਤਿਹਾਸ।
ਸਰਦਾਰ ਕੈਰੋਂ ਵਿਚ ਬਹੁਤ ਸਾਰੀਆਂ ਨਿਜੀ ਖ਼ੂਬੀਆਂ ਸਨ ਪਰ ਉਹ ਖ਼ੂਬੀਆਂ ਪੰਥ ਦੇ ਵਿਰੁਧ ਅਤੇ ਕਾਂਗਰਸ ਸਰਕਾਰ ਦੇ ਹੱਕ ਵਿਚ ਹੀ ਭੁਗਤੀਆਂ। ਉਸ ਨੂੰ ਸਰਕਾਰ ਚਲਾਉਣ ਦੀ ਜਾਚ ਸੀ। "ਹਕੂਮਤ ਗਰਮੀ ਦੀ" ਵਾਲ਼ੇ ਮੰਤਰ ਨੂੰ ਉਹ ਚੰਗੀ ਤਰ੍ਹਾਂ ਜਾਣਦਾ ਸੀ। ਉਸ ਨੇ ਫਿਰ ਪ੍ਰਧਾਨ ਮੰਤਰੀ ਪੰਡਤ ਨਹਿਰੂ ਦੀ ਮੌਤ ਤੱਕ, ਸਾਢੇ ਅੱਠ ਸਾਲ, ਪੰਜਾਬ ਵਿਚ ਚੰਮ ਦੀਆਂ ਚਲਾਈਆਂ। ਕਿਸੇ ਨੂੰ ਕੁਸਕਣ ਨਹੀਂ ਦਿਤਾ। ਚਾਰ ਚੁਫੇਰੇ "ਕੁਚਲ ਦੂੰ, ਕੁਚਲ਼ ਦੂੰ" ਦਾ ਬਿਗਲ ਹੀ ਵੱਜਦਾ ਰਿਹਾ। ਸਰਕਾਰੀ ਮੁਲਾਜ਼ਮਾਂ, ਪਟਵਾਰੀਆਂ, ਅਧਿਆਪਕਾਂ, ਕਮਿਊਨਿਸਟਾਂ, ਕਾਂਗਰਸ ਵਿਚ ਆਪਣੇ ਵਿਰੋਧੀਆਂ, ਹਿੰਦੀ ਰਕਸ਼ਕਾਂ ਦੀ ਬੋਲਤੀ ਬੰਦ ਕਰੀ ਰੱਖੀ। ਸ਼੍ਰੋਮਣੀ ਅਕਾਲੀ ਦਲ ਅੜਦਾ ਰਿਹਾ ਪਰ ਉਸ ਨੇ ਦਲ ਦੀ ਦਾਲ਼ ਨਹੀਂ ਗਲਣ ਦਿਤੀ। ੧੯੬੦ ਵਾਲ਼ਾ ਪੰੰਜਾਬੀ ਸੂਬਾ ਮੋਰਚਾ, ਸੰਤ ਜੀ ਦਾ ਵਰਤ, ਮਾਸਟਰ ਜੀ ਦਾ ਵਰਤ ਸਾਰਾ ਕੁਝ ਫੇਹਲ ਕਰ ਦਿਤਾ। ਇਹ ਸਭ ਕੁਝ ਪੰਡਤ ਨਹਿਰੂ ਦੇ ਜੀਂਦਿਆਂ ਹੀ ਹੋ ਸਕਿਆ। ਜਿਉਂ ਹੀ ਨਹਿਰੂ ੨੭ ਮਈ ੧੯੬੪ ਨੂੰ ਮਰਿਆ ਤੇ ਨਾਲ਼ ਹੀ ਕੈਰੋਂ ਦੀਆਂ ਸਾਰੀਆਂ 'ਖ਼ੂਬੀਆਂ' ਦਾ ਵੀ ਭੋਗ ਪੈ ਗਿਆ। ਪਹਿਲਾਂ ਉਸ ਦੇ ਵਿਰੋਧੀਆਂ ਨੇ ਉਸ ਦਾ ਰਾਜ ਖੋਹਿਆ ਤੇ ਫਿਰ ਕੁਝ ਮਹੀਨਿਆਂ ਪਿੱਛੋਂ ੫ ਫਰਵਰੀ ੧੯੬੫ ਨੂੰ ਉਸ ਦੀ ਜਾਨ ਵੀ ਖੋਹ ਲਈ।
ਮੇਰਾ ਨਿਜੀ ਵਿਚਾਰ ਹੈ ਕਿ ਜੇ ਉਸ ਸਮੇ ਮੁਖ ਮੰਤਰੀ ਦੇ ਰੂਪ ਵਿਚ ਸ. ਪ੍ਰਤਾਪ ਸਿੰਘ ਕੈਰੋਂ, ਭਾਰਤ ਸਰਕਾਰ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਾਲ਼ੇ ਅੜਿੱਕਾ ਬਣ ਕੇ ਨਾ ਆ ਜਾਂਦਾ ਤਾਂ ਪੰਜਾਬੀ ਸੂਬਾ ਅੱਠ ਸਾਲ ਪਹਿਲਾਂ ਹੀ ਬਣ ਜਾਣਾ ਸੀ ਤੇ ਬਣਨਾ ਵੀ ਬਹੁਤ ਘੱਟ ਕੁਰਬਾਨੀਆਂ ਕਰਨ ਨਾਲ਼ ਸੀ। ਹੁਣ ਵਾਲ਼ੇ ਨਾਲ਼ੋਂ ਇਸ ਸੂਬੇ ਦਾ ਰੂਪ ਵੀ ਚੰਗੇਰਾ ਬਣਨਾ ਸੀ।
ਸਰਦਾਰ ਕੈਰੋਂ ਨੇੇ 'ਇਮਾਨਦਾਰੀ' ਨਾਲ਼ ਰੀਜਨਲ ਫਾਰਮੂਲੇ ਉਪਰ ਅਮਲ ਨਾ ਹੋਣ ਦਿਤਾ ਤੇ ਜਨਵਰੀ ੧੯੫੯ ਵਿਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਸਮਝੌਤੇ ਨੂੰ ਰਸਮੀ ਤੌਰ ਤੇ ਵੀ ਖ਼ਤਮ ਹੋ ਜਾਣ ਦਾ ਐਲਾਨ ਕਰ ਦਿਤਾ ਗਿਆ। ਮਾਸਟਰ ਜੀ ਨੇ ਆਖ ਦਿਤਾ ਕਿ ਕਾਂਗਰਸ ਸਰਕਾਰ ਨਾਲ ਸਾਡਾ ਹੋਇਆ ਸਮਝੌਤਾ, ਸਰਕਾਰ ਦੀ ਬੇਈਮਾਨੀ ਕਰਕੇ ਟੁੱਟ ਚੁੱਕਾ ਹੈ। ਇਸ ਤਰ੍ਹਾਂ ਰੀਜਨਲ ਫਾਰਮੂਲੇ ਦਾ ਭੋਗ ਪੈ ਗਿਆ ਤੇ ਪੰਜਾਬੀ ਸੂਬੇ ਲਈ ਮੁੜ ਜਦੋ ਜਹਿਦ ਸ਼ੁਰੂ ਹੋ ਗਈ। ਸਰਕਾਰ ਨੇ ਗਿਆਨੀ ਕਰਤਾਰ ਸਿੰਘ ਨੂੰ ਅੱਗੇ ਲਾ ਕੇ, ੧੯੫੮ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਅਕਾਲੀ ਦਲ ਦੇ ਹੱਥੋਂ ਖੋਹ ਲਈ ਸੀ। ਅਕਾਲੀ ਦਲ ਨੇ ਅਕਾਲੀ ਐਮ.ਐਲ.ਏਜ਼. ਨੂੰ ਕਾਂਗਰਸ ਵਿਚੋਂ ਬਾਹਰ ਆ ਜਾਣ ਤੇ ਅਸੈਂਬਲੀ ਵਿਚ ਵੱਖਰਾ ਪੰਥਕ ਗਰੁਪ ਬਣਾ ਕੇ ਬੈਠਣ ਲਈ ਆਖ ਦਿਤਾ ਸੀ। ਉਹਨਾਂ ਸਾਰਿਆਂ ਵਿਚੋਂ ਸਿਰਫ ਅੱਠ ਹੀ ਬਾਹਰ ਆਏ ਸਨ। ਉਹ ਅੱਠ: ਸ. ਸਰੂਪ ਸਿੰਘ, ਸ. ਆਤਮਾ ਸਿੰਘ, ਸ. ਗੁਰਬਖਸ਼ ਸਿੰਘ ਸ. ਹਰਗੁਰਨਾਦ ਸਿੰਘ, ਸ. ਧੰਨਾ ਸਿੰਘ ਗੁਲਸ਼ਨ, ਕੰਵਰਾਣੀ ਜਗਦੀਸ਼ ਕੌਰ, ਮਾਸਟਰ ਪ੍ਰਤਾਪ ਸਿੰਘ ਅਤੇ ਸ. ਊਧਮ ਸਿੰਘ ਭਾਰ ਸਿੰਘ ਪੁਰੀ ਸਨ। ਉਹਨਾਂ ਵਿਚੋਂ ਵੀ ਉਹਨਾਂ ਦੇ ਲੀਡਰ, ਸ. ਸਰੂਪ ਸਿੰਘ ਦੁਬਾਰਾ ਕਾਂਗਰਸ ਵਿਚ ਸ਼ਾਮਲ ਹੋ ਗਏ ਸਨ।
ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਦੀ ੧੯੬੦ ਵਾਲ਼ੀ ਆਮ ਚੋਣ ਵਿਚ, ਕਮੇਟੀ ਉਪਰ ਕਾਬਜ, ਸਰਕਾਰੀ ਸਾਧ ਸੰਗਤ ਬੋਰਡ ਤੋਂ ਜਿੱਤ ਪ੍ਰਾਪਤ ਕਰਨ ਉਪ੍ਰੰਤ, ਸ਼੍ਰੋਮਣੀ ਅਕਾਲੀ ਦਲ ਨੇ ਫਿਰ ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ਮੋਰਚੇ ਦਾ ਬਿਗਲ ਵਜਾ ਦਿਤਾ ਤੇ ੫੭੧੨੯ ਬੰਦੇ ਜੇਹਲਾਂ ਵਿਚ ਗਏ। ਏਥੋਂ ਤੱਕ ਕਿ ਸਰਦਾਰ ਕੈਰੋਂ ਦੀ ਪੁਲਿਸ ਨੇ ਬਠਿੰਡਾ ਜੇਹਲ ਵਿਚ ਬੰਦ ਕੁਝ ਅਕਾਲੀ ਸਤਿਆਗ੍ਰਹੀਆਂ ਨੂੰ ਸ਼ਹੀਦ ਵੀ ਕਰ ਦਿਤਾ। ਮਾਸਟਰ ਜੀ ਤੇ ਪਹਿਲੇ ਦਿਨ ਤੋਂ ਹੀ ਜੇਹਲ ਵਿਚ ਸਨ। ਉਹਨਾਂ ਦੀ ਗੈਰ ਹਾਜਰੀ ਵਿਚ ਸ਼੍ਰੋਮਣੀ ਅਕਾਲੀ ਦਲ ਅਤੇ ਮੋਰਚੇ ਦੀ ਅਗਵਾਈ ਸੰਤ ਫਤਿਹ ਸਿੰਘ ਜੀ ਕੋਲ਼ ਸੀ। ਸੰਤ ਜੀ ਨੇ ਮੋਰਚੇ ਦੀ ਸਫ਼ਲਤਾ ਲਈ ਵਰਤ ਵੀ ਰੱਖਿਆ ਪਰ ਕੈਰੋਂ ਨੇ ਆਪਣੀ 'ਸਿਆਸਤ' ਨਾਲ ਸ਼੍ਰੋਮਣੀ ਅਕਾਲੀ ਦਲ ਦੀ ਇਹ ਸਾਰੀ ਜਦੋ ਜਹਿਦ ਨਾਕਾਮ ਕਰ ਦਿਤੀ।
ਸਰਕਾਰ ਦੇ ਦੋਹਾਂ ਪ੍ਰਧਾਨ ਮੰਤਰੀਆਂ, ਪੰਡਤ ਜਵਾਹਰ ਲਾਲ ਨਹਿਰੂ ਅਤੇ ਸ੍ਰੀ ਲਾਲ ਬਹਾਦਰ ਸ਼ਾਸਤਰੀ ਨਾਲ਼ ਵਾਰੀ ਵਾਰੀ ਸੰਤ ਫਤਿਹ ਸਿੰਘ ਜੀ ਦੀਆਂ ਮੁਲਾਕਾਤਾਂ ਵੀ ਹੋਈਆਂ ਪਰ ਗੱਲ ਕਿਸੇ ਪਾਸੇ ਨਾ ਲੱਗੀ। ਆਖਰ ੧੯੬੧ ਵਿਚ ਮਾਸਟਰ ਜੀ ਨੇ ਫੇਰ ਪੰਜਾਬੀ ਸੂਬੇ ਵਾਸਤੇ ਮਰਨ ਵਰਤ ਰੱਖਿਆ ਪਰ ਕਮਿਸ਼ਨ ਬਣਨ ਦੇ ਲਾਰੇ ਨਾਲ਼ ਛੱਡਣਾ ਪਿਆ। ਇਸ ਨਾਲ਼ ਸਿੱਖ ਸੰਸਾਰ ਵਿਚ ਬੇਹੱਦ ਮਾਯੂਸੀ ਛਾ ਗਈ। ੧੯੬੨ ਦੀਆਂ ਚੋਣਾਂ ਆ ਗਈਆਂ। ਸ਼੍ਰੋਮਣੀ ਅਕਾਲੀ ਦਲ ਨੇ ਦੂਜੀਆਂ ਪਾਰਟੀਆਂ ਨਾਲ਼ ਸੀਟਾਂ ਦਾ ਲੈਣ ਦੇਣ ਕਰਕੇ ਇਲੈਕਸ਼ਨ ਵਿਚ ਭਾਗ ਲਿਆ ਤੇ ਤਿੰਨ ਪਾਰਲੀਮੈਂਟ ਦੀਆਂ ਅਤੇ ਡੇਢ ਸੌ ਵਿਚੋਂ ਵੀਹ ਪੰਜਾਬ ਅਸੈਂਬਲੀ ਦੀਆਂ ਸੀਟਾਂ ਦਲ ਨੇ ਜਿੱਤੀਆਂ। ਉਹਨਾਂ ਵਿਚੋਂ ਕੁਝ ਹੌਲ਼ੀ ਹੌਲ਼ੀ ਵਾਪਸ ਕਾਂਗਰਸ ਵਿਚ ਸ਼ਾਮਲ ਹੁੰਦੇ ਗਏ ਤੇ ਬਾਕੀ ੧੬ ਅਕਾਲੀ ਰਹਿ ਗਏ।
ਪੰਜਾਬੀ ਸੂਬੇ ਦੀ ਪ੍ਰਾਪਤੀ ਵਿਚ, ਮਾਸਟਰ ਤਾਰਾ ਸਿੰਘ ਜੀ ਦੀ ਅਗਵਾਈ ਹੇਠ, ਸ਼੍ਰੋਮਣੀ ਅਕਾਲੀ ਦਲ ਦੇ ਅਸਫ਼ਲ ਰਹਿ ਜਾਣ ਕਰਕੇ, ਸਿੱਖ ਪੰਥ ਮਾਸਟਰ ਤਾਰਾ ਸਿੰਘ ਜੀ ਦੀ ਲੀਡਰੀ ਤੋਂ ਉਪ੍ਰਾਮ ਹੋ ਗਿਆ ਸੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵਿਰੁਧ ਬੇਪ੍ਰਤੀਤੀ ਦਾ ਮਤਾ ਪੇਸ਼ ਹੋਇਆ। ਇਸ ਉਪਰ ਵਿਚਾਰ ਕਰਨ ਲਈ ਦੋਹਾਂ ਧੜਿਆਂ ਦੇ ਵੱਖ ਵੱਖ ਇਕੱਠ ਹੋਏ। ਦਲ ਦੇ ਦਫ਼ਤਰ ਵਿਚ ਮਾਸਟਰ ਧੜੇ ਦੇ ਇਕੱਠ ਨੇ ਮਤਾ ਰੱਦ ਕਰ ਦਿਤਾ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਹਜੂਰੀ ਵਿਚ ਸੰਤ ਧੜੇ ਨੇ ਮਤਾ ਪਾਸ ਕਰਕੇ ਸੰਤ ਜੀ ਨੂੰ ਪ੍ਰਧਾਨ ਚੁਣ ਲਿਆ। ਫਿਰ ਤੁਰੀ ਜਦੋਂ ਜਹਿਦ ਸ਼੍ਰੋਮਣੀ ਗੁ. ਪ੍ਰ. ਕਮੇਟੀ ਉਪਰ ਕਬਜੇ ਦੀ। ਦੋ ਅਕਤੂਬਰ ੧੯੬੨ ਵਾਲ਼ੇ ਦਿਨ, ਮਾਸਟਰ ਜੀ ਦੇ ਉਮੀਦਵਾਰ ਨੂੰ ਤਿੰਨ ਵੋਟਾਂ ਤੇ ਹਰਾ ਕੇ, ਸੰਤ ਧੜੇ ਦੇ ਸੰਤ ਚੰਨਣ ਸਿੰਘ ਜੀ ਪ੍ਰਧਾਨ ਚੁਣੇ ਗਏ। ਦੋਹਾਂ ਧੜਿਆਂ ਵਿਚ ਕਮੇਟੀ ਉਪਰ ਕਬਜਾ ਕਾਇਮ ਰੱਖਣ ਅਤੇ ਕਬਜਾ ਖੋਹਣ ਦੀ ਜਦੋ ਜਹਿਦ, ੧੯੬੫ ਵਾਲ਼ੀਆਂ ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਤੱਕ ਚੱਲਦੀ ਰਹੀ।
੨੭ ਮਈ ੧੯੬੪ ਵਾਲ਼ੇ ਦਿਨ ਸ. ਪ੍ਰਤਾਪ ਸਿੰਘ ਕੈਰੋਂ ਦਾ ਆਕਾ ਪੰਡਤ ਨਹਿਰੂ ਮਰ ਗਿਆ ਤੇ ਲਾਲ ਬਹਾਦਰ ਸ਼ਾਸਤਰੀ ਪ੍ਰਧਾਨ ਮੰਤਰੀ ਬਣ ਗਿਆ। ਕੈਰੋਂ ਤੋਂ ਚੀਫ਼ ਮਨਿਸਟਰੀ ਇਸ ਕਰਕੇ ਖੋਹ ਕੇ ਕਾਮਰੇਡ ਰਾਮ ਕਿਸ਼ਨ ਨੂੰ ਬਣਾ ਦਿਤਾ ਗਿਆ ਸੀ ਕਿ ਪ੍ਰਧਾਨ ਮੰਤਰੀ ਬਣਨ ਦੀ ਦੌੜ ਵਿਚ ਕੈਰੋਂ ਨੇ ਮੁਰਾਰ ਜੀ ਡਿਸਾਈ ਦੀ ਸਹਾਇਤਾ ਕੀਤੀ ਸੀ। ਇਸ ਦੌੜ ਵਿਚ ਡਿਸਾਈ ਰਹਿ ਗਿਆ ਤੇ ਲਾਲ ਬਹਾਦਰ ਸ਼ਾਸਤਰੀ ਪ੍ਰਧਾਨ ਮੰਤਰੀ ਬਣ ਗਿਆ ਸੀ। ਇਸ ਦੌਰਾਨ ਡੰਗ ਟਪਾਊ ਪ੍ਰਧਾਨ ਮੰਤਰੀ ਪੰਜਾਬੀ ਗੁਲਜ਼ਾਰੀ ਲਾਲ ਨੰਦਾ ਸੀ ਤੇ ਸਭ ਤੋਂ ਸਕਤੀਸ਼ਾਲੀ ਗ੍ਰਿਹ ਵਿਭਾਗ ਵੀ ਉਸ ਦੇ ਕੋਲ਼ ਸੀ। ਇਹ ਰਹਿੰਦਾ ਭਾਵੇਂ ਗੁਜਰਾਤ ਵਿਚ ਸੀ ਪਰ ਹੈ ਪੰਜਾਬੀ ਸੀ, ਜੇਹੜਾ ਪਾਕਿਸਤਾਨੀ ਪੰਜਾਬ ਤੋਂ ਉਜੜ ਕੇ ਏਧਰ ਆਇਆ ਸੀ। ਇਹ ਵੀ ਉਸ ਸਮੇ ਦੇ ਬਹੁਤੇ ਪੰਜਾਬੀ ਫਿਰਕਾਪ੍ਰਸਤਾਂ ਵਾਂਗ ਪੰਜਾਬੀਅਤ ਅਤੇ ਸਿੱਖੀ ਦਾ ਕੱਟੜ ਵਿਰੋਧੀ ਸੀ।
ਇਹਨਾਂ ਗੁਰਦੁਆਰਾ ਚੋਣਾਂ ਨੇ ਸਾਬਤ ਕਰ ਦਿਤਾ ਕਿ ਕੌਮ ਨੂੰ ਹੁਣ ਮਾਸਟਰ ਜੀ ਦੀ ਨਹੀਂ ਸੰਤ ਜੀ ਦੀ ਅਗਵਾਈ ਪ੍ਰਵਾਨ ਹੈ। ਮਾਸਟਰ ਜੀ ਨੇ ਬਿਆਨ ਦਿਤਾ ਕਿ ਸੰਤ ਜੀ ਹੁਣ ਪੰਜਾਬ ਦੇ ਹਿੰਦੂਆਂ ਦੀ ਸਹਿਮਤੀ ਨਾਲ਼ ਪੰਜਾਬੀ ਸੂਬਾ ਬਣਵਾ ਲੈਣ; ਮੈਂ ਰਾਹ ਵਿਚੋਂ ਲਾਂਭੇ ਹੁੰਦਾ ਹਾਂ। ਮਾਸਟਰ ਜੀ ਅਗਿਆਤਵਾਸ ਵਿਚ ਚਲੇ ਗਏ। ਯਾਦ ਰਹੇ ਕਿ ਮਾਸਟਰ ਜੀ ਸਿੱਖਾਂ ਦੀ ਬੇਹਤਰੀ ਵਾਸਤੇ ਪੰਜਾਬੀ ਸੂਬਾ ਖਲ੍ਹਮ ਖੁਲ੍ਹਾ ਸਿੱਖ ਬਹੁਸੰਮਤੀ ਵਾਲ਼ਾ ਮੰਗਦੇ ਸਨ ਜਦੋਂ ਕਿ ਸੰਤ ਜੀ ਖੱਬੇ ਪੱਖੀ ਬੁੱਧੀਜੀਵੀਆਂ ਦੀ ਸਲਾਹ ਨਾਲ਼, ਨਿਰੋਲ ਬੋਲੀ ਦੇ ਆਧਾਰ ਉਪਰ ਸੂਬੇ ਦੀ ਮੰਗ ਕਰਦੇ ਸਨ ਤੇ ਨਾਲ਼ੇ ਇਹ ਵੀ ਆਖਦੇ ਸਨ ਕਿ ਮੈਂ ਹਿੰਦੂਆਂ ਦੀ ਸਹਿਮਤੀ ਨਾਲ਼ ਪੰਜਾਬੀ ਸੂਬਾ ਲਵਾਂਗਾ।
ਸੰਤ ਫਤਿਹ ਸਿੰਘ ਜੀ ਦੀ ਅਗਵਾਈ ਵਿਚ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬੀ ਸੂਬੇ ਦੀ ਪ੍ਰਾਪਤੀ ਵਾਸਤੇ ਜਦੋ ਜਹਿਦ ਜਾਰੀ ਰੱਖੀ। ਉਸ ਸਮੇ ਸ਼੍ਰੋਮਣੀ ਅਕਾਲੀ ਦਲ ਦੇ ਨਾਅਰੇ ਸਨ: ਪੰਜਾਬੀ ਸੂਬਾ ਜ਼ਿੰਦਾਬਾਦ, ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ, ਹਿੰਦੂ ਸਿੱਖ ਏਕਤਾ ਜ਼ਿੰਦਾਬਾਦ, ਆਜ਼ਾਦ ਭਾਰਤ ਜ਼ਿੰਦਾਬਾਦ।
ਇਸ ਜਦੋ ਜਹਿਦ ਦੌਰਾਨ ਸਤੰਬਰ ੧੯੬੫ ਵਿਚ ਪਾਕਿਸਤਾਨ ਨਾਲ਼ ਲੜਾਈ ਸ਼ੁਰੂ ਹੋ ਗਈ। ਇਸ ਲੜਾਈ ਸਮੇ ਸ਼੍ਰੋਮਣੀ ਅਕਾਲੀ ਦਲ ਨੇ, ਆਪਣੀ ਪੰਜਾਬੀ ਸੂਬੇ ਦੀ ਮੰਗ ਨੂੰ ਪਿੱਛੇ ਪਾ ਕੇ, ਤਨ ਮਨ ਧਨ ਨਾਲ਼ ਦੇਸ਼ ਦਾ ਸਾਥ ਦਿਤਾ। ਲੜਾਈ ਮੁੱਕਣ 'ਤੇ, ਸਿੱਖ ਫੌਜਾਂ, ਸਿੱਖ ਪੰਥ, ਸਿੱਖ ਟਰਾਂਸਪੋਰਟਰਾਂ ਅਤੇ ਸਿੱਖ ਜਨਤਾ ਦੀ ਕੁਰਬਾਨੀ ਦੇ ਅਸਰ ਅਧੀਨ ਦੇਸ਼ ਵਿਚ ਸਿੱਖ ਕੌਮ ਦੀ ਬਹੁਤ ਪ੍ਰਸੰਸਾ ਹੋਈ, ਜਿਸ ਤੋਂ ਪ੍ਰਭਾਵਤ ਹੋ ਕੇ, ਕਾਂਗਰਸ ਪਾਰਟੀ ਦੇ ਤਤਕਾਲੀ ਪ੍ਰਧਾਨ ਕਾਮਰਾਜ ਨਾਡਾਰ ਦੀ ਪ੍ਰਧਾਨਗੀ ਹੇਠ, ਮਾਰਚ ੧੯੬੬ ਵਿਚ ਕਾਂਗਰਸ ਵਰਕਿੰਗ ਕਮੇਟੀ ਨੇ ਪੰਜਾਬੀ ਸੂਬੇ ਦੇ ਹੱਕ ਵਿਚ ਇਹ ਮਤਾ ਪਾਸ ਕਰ ਦਿਤਾ ਕਿ ਮੌਜੂਦਾ ਪੰਜਾਬ ਵਿਚੋਂ ਪੰਜਾਬੀ ਬੋਲਣ ਵਾਲ਼ੇ ਇਲਾਕੇ ਦਾ ਇਕ ਵੱਖਰਾ ਸੂਬਾ ਬਣਾਇਆ ਜਾਵੇ।
ਇਸ ਦੌਰਾਨ ਸ਼ਾਸਤਰੀ ਜੀ ਦੀ ਮੌਤ ਤੋਂ ਬਾਅਦ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਬਣ ਚੁੱਕੀ ਸੀ ਜੋ ਕਿ ਪੰਜਾਬੀ ਸੂਬੇ ਦੇ ਵਿਰੁਧ ਸੀ। ਉਸ ਨੇ, ਜਿਵੇਂ ਸਰਕਾਰਾਂ ਕਰਦੀਆਂ ਹੁੰਦੀਆਂ ਹਨ ਕਿ ਜੇ ਕਿਸੇ ਕੰਮ ਨੂੰ ਨਾ ਕਰਨਾ ਹੋਵੇ ਤਾਂ ਉਸ ਵਾਸਤੇ ਕੋਈ ਕੜੀ ਕਮੇਟੀ ਜਾਂ ਕੋਈ ਕੜਾ ਕਮਿਸ਼ਨ ਬਣਾਉਣ ਦਾ ਐਲਾਨ ਕਰਕੇ, ਗੱਲ ਗਧੀ ਗੇੜ ਵਿਚ ਪਾ ਦਿਓ। ਇੰਦਰਾ ਗਾਂਧੀ ਦਾ ਵਿਚਾਰ ਸੀ ਕਿ ਲੋਕ ਸਭਾ ਦਾ ਸਪੀਕਰ ਸ. ਹੁਕਮ ਸਿੰਘ ਪੰਜਾਬੀ ਸੂਬੇ ਦੇ ਖ਼ਿਲਾਫ਼ ਹੈ ਕਿਉਂਕਿ ਉਸ ਨੇ, ਕਾਂਗਰਸ ਸਰਕਾਰ ਨੂੰ ਖ਼ੁਸ਼ ਕਰਨ ਲਈ ੧੯੫੮ ਵਿਚ ਪੰਜਾਬੀ ਸੂਬੇ ਦੇ ਖ਼ਿਲਾਫ਼ ਇਕ ਬਿਆਨ ਦਿਤਾ ਸੀ। ਸਰਕਾਰ ਨੇ ਉਸ ਦੀ ਚੇਅਰਮੈਨਸ਼ਿਪ ਹੇਠ ਇਕ ਪਾਰਲੀਮੈਂਟਰੀ ਕਮੇਟੀ ਬਣਾ ਦਿਤੀ ਤਾਂ ਕਿ ਇਕ ਸਾਬਕਾ ਅਕਾਲੀ ਸਿੱਖ, ਸ. ਹੁਕਮ ਸਿੰਘ ਪਾਸੋਂ ਹੀ ਪੰਜਾਬੀ ਸੂਬੇ ਦੇ ਖ਼ਿਲਾਫ਼ ਫਤਵਾ ਲੈ ਕੇ ਇਸ ਤੋਂ ਨਾਂਹ ਕਰ ਦਿਤੀ ਜਾਵੇ। ਇਸ ਦੌਰਾਨ ਜਦੋਂ ਉਸ ਨੂੰ ਸ਼ੱਕ ਪਿਆ ਕਿ ਸ. ਹੁਕਮ ਸਿੰਘ ਸੂਬੇ ਦੇ ਖ਼ਿਲਾਫ਼ ਫਤਵਾ ਨਹੀਂ ਦਏਗਾ ਤਾਂ ਉਸ ਨੇ ਇਕ ਹੋਰ ਤਿੰਨਾਂ ਵਜ਼ੀਰਾਂ ਦੀ ਵਜ਼ਾਰਤੀ ਕਮੇਟੀ ਬਣਾ ਦਿਤੀ। ਸ. ਹੁਕਮ ਸਿੰਘ ਨੇ ਬੀਬੀ ਜੀ ਦੀ ਇੱਛਾ ਦੇ ਵਿਰੁਧ ਆਪਣੀ ਰੀਪੋਰਟ ਪੰਜਾਬੀ ਸੂਬੇ ਦੇ ਹੱਕ ਵਿਚ ਦੇ ਦਿਤੀ।
ਜਦੋਂ ਪੰਜਾਬ ਦੇ ਫਿਰਕੂ ਲੋਕਾਂ ਨੂੰ ਪੰਜਾਬੀ ਸੂਬਾ ਬਣਦਾ ਦਿਸਿਆ ਤਾਂ ਇਹਨਾਂ ਨੇ ਸਿੱਖਾਂ ਅਤੇ ਗੁਰਦੁਆਰਿਆਂ ਉਪਰ ਹਮਲੇ ਸ਼ੁਰੂ ਕਰ ਦਿਤੇ। ਦਿੱਲੀ ਦੇ ਸੀਸ ਗੰਜ ਗੁਰਦੁਆਰੇ ਉਪਰ ਵੀ ਹਮਲਾ ਕੀਤਾ ਗਿਆ। ਪੰਜਾਬ ਵਿਚ ਰੱਜ ਕੇ ਗੁੰਡਾਗਰਦੀ ਕੀਤੀ ਗਈ। ਇਸ ਗੁੰਡਾ ਗਰਦੀ ਦਾ ਅੰਤ ਓਦੋਂ ਹੋਇਆ ਜਦੋਂ ਗੁੰਡਿਆਂ ਨੇ ਪਾਨੀਪਤ ਵਿਚ ਤਿੰਨ ਕਾਂਗਰਸੀਆਂ ਨੂੰ ਅੱਗ ਲਾ ਕੇ ਜੀਂਦੇ ਸਾੜ ਦਿਤਾ। ਫਿਰ ਰਾਮ ਕਿਸ਼ਨ ਦੀ ਸਰਕਾਰ ਤੋੜ ਕੇ, ਪੰਜਾਬ ਵਿਚ ਗਵਰਨਰੀ ਰਾਜ ਲਾਗੂ ਕਰਕੇ ਇਕ ਆਈ.ਸੀ.ਐਸ. ਅਫ਼ਸਰ, ਧਰਮ ਵੀਰ ਨੂੰ ਪੰਜਾਬ ਦਾ ਗਵਰਨਰ ਲਾਇਆ ਗਿਆ। ਉਸ ਨੇ ਫਿਰ ਇਸ ਗੁੰਡਾਗਰਦੀ ਨੂੰ ਠਲ੍ਹ ਪਾਈ।
ਪੰਜਾਬ ਦੇ ਕੁਝ ਫਿਰਕੂ ਲੋਕਾਂ ਨੇ ਗ੍ਰਿਹ ਮੰਤਰੀ ਗੁਲਜ਼ਾਰੀ ਲਾਲ ਨੰਦੇ ਦੇ ਦਰਬਾਰ ਵਿਚ ਜਾ ਕੇੇ ਦੁਹਾਈਆਂ ਦਿਤੀਆਂ ਕਿ ਜੇ ਪੰਜਾਬੀ ਸੂੁਬਾ ਬਣ ਗਿਆ ਤਾਂ ਸਿੱਖ ਸਾਡਾ ਬੁਰਾ ਹਾਲ ਕਰਨਗੇ। ਉਹਨਾਂ ਦਾ ਵਾਅ ਵੇਲ਼ਾ ਸੁਣ ਕੇ ਨੰਦੇ ਨੇ ਕਿਹਾ ਕਿ ਫਿਕਰ ਨਾ ਕਰੋ। ਮੈਂ ਪੰਜਾਬੀ ਸੂਬਾ ਅਜਿਹਾ ਬਣਾਵਾਂਗਾ ਜਿਸ ਨੂੰ ਅਕਾਲੀ ਕਬੂਲ ਨਹੀਂ ਕਰਨਗੇ ਤੇ ਛੱਡ ਕੇ ਭੱਜਣਗੇ। ਸਮਾ ਆਉਣ ਤੇ ਉਸ ਨੇ ਪੰਜਾਬੀ ਸੂਬਾ ਬਣਾਉਣ ਦੀ ਬਜਾਇ ਹਰਿਆਣਾ ਅਤੇ ਹਿਮਾਚਲ ਬਣਾਏ। ਵੱਧ ਤੋਂ ਵਧ ਸੂਬੇ ਨੂੰ ਛਾਂਙਣ ਦਾ ਕੁਯਤਨ ਕੀਤਾ। ਪੰਜਾਬੀ ਬੋਲਦੇ ਇਲਾਕੇ, ਰਾਜਧਾਨੀ, ਪਾਣੀ ਆਦਿ ਸਾਰਾ ਕੁਝ ਪੰਜਾਬ ਤੋਂ ਖੋਹ ਕੇ ਚਾਰ ਥਾਂਈਂ ਪੰਜਾਬ ਨੂੰ ਵੰਡ ਦਿਤਾ ਤੇ ਫਿਰ ਬਚਦੇ ਪੰਜਾਬ ਨੂੰ ਵੀ ਹਰਿਆਣੇ ਨਾਲ਼ ੫੨ ਸਾਂਝੀਆਂ ਕੜੀਆਂ ਵਿਚ ਜੂੜ ਦਿਤਾ। ਅਕਾਲੀਆਂ ਦੀ ਮੰਗ ਅਤੇ ਕਾਂਗਰਸ ਦੇ ਮਤੇ ਦੀ ਮਨਸ਼ਾ ਕੇਵਲ ਏਨੀ ਸੀ ਕਿ ਪੰਜਾਬ ਵਿਚੋਂ ਹਿੰਦੀ ਬੋਲਦੇ ਇਲਾਕੇ ਬਾਹਰ ਕੱਢ ਕੇ ਬਾਕੀ ਦਾ ਪੰਜਾਬੀ ਸੂਬਾ ਬਣਾਇਆ ਜਾਵੇ ਪਰ ਨੰਦੇ ਨੇ ਇਸ ਦੀ ਬਜਾਇ ਹਰਿਆਣਾ ਅਤੇ ਹਿਮਾਚਲ ਬਣਾਏ।
ਸੰਤ ਫਤਿਹ ਸਿੰਘ ਜੀ ਨੇ ਮੈਨੂੰ ਗੱਲ ਸੁਣਾਈ: ਸੰਤ ਜੀ ਦੇ ਮੁਕਾਬਲੇ ਉਪਰ ਜਨਸੰਘ ਦੇ ਉਤਰੀ ਜ਼ੋਨ ਦੇ ਆਗੂ ਵੀਰ ਯੱਗ ਦਤ ਸ਼ਰਮਾ ਨੇ ਪੰਜਾਬੀ ਸੂਬੇ ਦੇ ਵਿਰੁਧ ਵਰਤ ਰੱਖਿਆ ਸੀ। ਪੰਜਾਬੀ ਸੂਬਾ ਬਣਾਉਣ ਦਾ ਜਦੋਂ ਸਰਕਾਰ ਨੇ ਇਰਾਦਾ ਕਰ ਲਿਆ ਤਾਂ ਵੀਰ ਜੀ ਨੂੰ ਸੰਤ ਜੀ ਨੇ ਸੱਦ ਕੇ ਕਿਹਾ ਕਿ ਹਿੰਦੂ ਸਿੱਖਾਂ ਵਿਚ ਫੁੱਟ ਪਾ ਕੇ ਕਾਂਗਰਸ ਸਰਕਾਰ ਸਾਡੇ ਉਪਰ ਰਾਜ ਕਰਦੀ ਆ ਰਹੀ ਹੈ। ਜਿਸ ਪੰਜਾਬੀ ਸੂਬੇ ਦੀ ਜਨਸੰਘ ਦੀ ਅਗਵਾਈ ਹੇਠ, ਹਿੰਦੂ ਪੰਜਾਬੀ ਸੂਬੇ ਦੀ ਵਿਰੋਧਤਾ ਕਰਦੇ ਰਹੇ, ਉਹ ਤੇ ਹੁਣ ਬਣ ਹੀ ਜਾਣਾ ਹੈ। ਆਓ ਹੁਣ ਆਪਾਂ ਦੋਵੇਂ ਭਾਈਚਾਰੇ ਰਲ਼ ਕੇ ਇਸ ਭ੍ਰਿਸ਼ਟ ਕਾਂਗਰਸ ਤੋਂ ਮੁਕਤੀ ਪ੍ਰਾਪਤ ਕਰ ਲਈਏ। ਵੀਰ ਜੀ ਨੇ ਜਵਾਬ ਦਿਤਾ ਕਿ ਤੁਸੀਂ ਸਾਲਾਂ ਤੋਂ ਕਹਿੰਦੇ ਆ ਰਹੇ ਸੀ ਕਿ ਜੇ ਪੰਜਾਬੀ ਸੂਬਾ ਨਾ ਬਣੇ ਤਾਂ ਸਿੱਖ ਨਹੀਂ ਬਚਦੇ ਤੇ ਓਦੋਂ ਤੋਂ ਹੀ ਅਸੀਂ ਕਹਿੰਦੇ ਆ ਰਹੇ ਸੀ ਕਿ ਜੇ ਪੰਜਾਬੀ ਸੂਬਾ ਬਣ ਗਿਆ ਤਾਂ ਹਿੰਦੂ ਨਹੀਂ ਬਚਦੇ। ਇਸ ਤਰ੍ਹਾਂ ਅਸੀਂ ਦੋਹਾਂ ਭਾਈਚਾਰਿਆਂ ਨੂੰ ਇਕ ਦੂਜੇ ਤੋਂ ਬਹੁਤ ਦੂਰ ਲੈ ਗਏ ਹਾਂ। ਹੁਣ ਹੌਲ਼ੀ ਹੌਲ਼ੀ ਹੀ ਇਕ ਦੂਜੇ ਦੇ ਨੇੜੇ ਲਿਆਵਾਂਗੇ। ਕੁਝ ਮਹੀਨਿਆਂ ਵਿਚ ਵੀਰ ਜੀ ਦੀ ਇਹ ਗੱਲ ਸੱਚੀ ਹੋ ਗਈ ਜਦੋਂ ਜਨਸੰਘ ਸ਼੍ਰੋਮਣੀ ਅਕਾਲੀ ਦੀ ਅਗਵਾਈ ਵਾਲ਼ੀ ਸਰਕਾਰ ਵਿਚ ਸ਼ਾਮਲ ਹੋ ਗਿਆ ਤੇ ਪੰਜਾਬ ਜਨਸੰਘ ਦਾ ਪ੍ਰਧਾਨ ਡਾ. ਬਲਦੇਵ ਪ੍ਰਕਾਸ਼ ਖ਼ਜ਼ਾਨਾ ਵਜ਼ੀਰ ਬਣ ਗਿਆ।
ਇਸ ਲਈ ਸਿੱਖ ਆਗੂ ਓਦੋਂ ਤੋਂ ਹੀ ਜਦੋ ਜਹਿਦ ਕਰ ਰਹੇ ਸਨ ਜਦੋਂ ਤੋਂ ਅੰਗ੍ਰੇਜ਼ਾਂ ਵੱਲੋਂ ਭਾਰਤ ਛੱਡ ਕੇ ਜਾਣ ਦੀਆਂ ਸੰਭਾਵਨਾਵਾਂ ਹੋਈਆਂ ਸਨ। ਸ਼੍ਰੋਮਣੀ ਅਕਾਲੀ ਦਲ ਇਸ ਗੱਲ ਤੇ ਦ੍ਰਿੜ੍ਹ ਸੀ ਕਿ ਪਾਕਿਸਤਾਨ ਬਿਲਕੁਲ ਨਾ ਬਣੇ। ਜੇ ਬਣੇ ਤਾਂ ਕਦੀ ਪੰਜਾਬ ਦੀ ਵੰਡ ਇਸ ਤਰ੍ਹਾਂ ਕਰਨ ਦੀ ਮੰਗ ਕਰਦੇ ਸਨ ਕਿ ਉਸ ਵਿਚ ਹਿੰਦੂ ਅਤੇ ਮੁਸਲਮਾਨ ਚਾਲ਼ੀ ਚਾਲ਼ੀ ਫੀ ਸਦੀ ਅਤੇ ਸਿੱਖ ਵੀਹ ਫੀ ਸਦੀ ਹੋਣ। ਕਦੇ ਸਿੱਖ ਸਟੇਟ ਬਣੇ। ਕਦੇ ਖ਼ਾਲਿਸਤਾਨ ਬਣੇ ਪਰ ਹਰੇਕ ਸਕੀਮ ਦਾ ਵਿਰੋਧੀ ਧੜੇ ਦੇ ਸਿੱਖਾਂ ਵੱਲੋਂ ਹੀ ਵਿਰੋਧ ਹੁੰਦਾ ਰਿਹਾ। ਇਸ ਤਰ੍ਹਾਂ ਅੱਕੀਂ ਪਲਾਹੀਂ ਹੱਥ ਮਾਰਦਿਆਂ, ਪਾਕਿਸਤਾਨ ਤੋਂ ਉਜੜ ਕੇ ਆਏ ਸਿੱਖਾਂ ਦੀ ਵਸੋਂ ਛੇ ਜ਼ਿਲ੍ਹਿਆਂ ਵਿਚ ਵੱਸ ਜਾਣ ਕਰਕੇ ਅਤੇ ਸਿੱਖ ਰਿਆਸਤਾਂ ਤੋੜ ਕੇ ਬਣਿਆਂ ਪੈਪਸੂ ਪੰਜਾਬ ਵਿਚ ਸ਼ਾਮਲ ਹੋ ਜਾਣ ਕਰਕੇ, ਪੰਜਾਹ ਕੁ ਹਜ਼ਾਰ ਵਰਗ ਮੀਲ ਦਾ ਇਕ ਸਿੱਖ ਬਹੁ ਸੰਮਤੀ ਵਾਲ਼ਾ ਇਲਾਕਾ ਬਣ ਗਿਆ। ਉਸ ਸਮੇ ਦੇ ਪੰਜਾਬ ਵਿਚੋਂ ਇਕ ਨਵੰਬਰ ੧੯੬੬ ਵਾਲ਼ੇ ਦਿਨ ਸਿੱਖਾਂ ਦੀ ਬਹੁਸੰਮਤੀ ਵਾਲ਼ਾ, ੧੦੪ ਸੀਟਾਂ ਦੀ ਅਸੈਂਬਲੀ ਦਾ, ਇਕ ਸੂਬਾ ਭਾਰਤ ਵਿਚ ਬਣਾ ਦਿਤਾ ਗਿਆ। ਭਾਵੇਂ ਹਿੰਦੁਸਤਾਨ ਦੇ ਫਿਰਕੂ ਸੋਚ ਵਾਲ਼ਿਆਂ ਵੱਲੋਂ ਅਖੀਰ ਤੱਕ ਇਸ ਦੀ ਵਿਰੋਧਤਾ ਹੁੰਦੀ ਹੀ ਰਹੀ ਪਰ ਸ਼੍ਰੋਮਣੀ ਅਕਾਲੀ ਵੱਲੋਂ ਲਗਾਤਾਰ ਕੀਤੀ ਜਾਂਦੀ ਰਹੀ ਜਦੋ ਜਹਿਦ ਕਰਕੇ, ਅਖੀਰ ਮਜਬੂਰੀ ਵਿਚ ਭਾਰਤ ਸਰਕਾਰ ਨੂੰ ਇਹ ਸੂਬਾ ਬਣਾਉਣਾ ਹੀ ਪਿਆ।
ਪੰਜਾਬੀ ਸੂਬਾ ਬਣਨ ਪਿੱਛੋਂ ੧੯੬੭ ਵਾਲ਼ੀਆਂ ਪਹਿਲੀਆਂ ਚੋਣਾਂ ਸਨ। ਇਸ ਵਿਚ ੧੦੪ ਸੀਟਾਂ ਵਿਚੋਂ ੪੮ ਕਾਂਗਰਸ ਅਤੇ ਦੂਜੀ ਵੱਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਸੰਤ) ਨੂੰ ੨੪ ਸੀਟਾਂ ਮਿਲ਼ੀਆਂ। ਏਨੀਆਂ ਸੀਟਾਂ ਘੱਟ ਮਿਲਣ ਦਾ ਕਾਰਨ ਇਹ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੋ ਧੜਿਆਂ ਵਿਚ ਵੰਡਿਆ ਹੋਇਆ ਹੋਣ ਕਰਕੇ ਇਸ ਦੀਆਂ ਵੋਟਾਂ ਦੋ ਥਾਈਂ ਵੰਡੀਆਂ ਗਈਆਂ ਸਨ। ਨਵੀਂ ਸਰਕਾਰ ਦੇ ਬਣਦਿਆਂ ਕਰਦਿਆਂ ਸਦਾ ਵਾਂਗ, ਇਕ ਅਕਾਲੀ ਅਤੇ ਇਕ ਆਜ਼ਾਦ ਕਾਂਗਰਸ ਵਿਚ ਚਲੇ ਜਾਣ ਨਾਲ਼ ਉਹ ੫੦ ਹੋ ਗਏ ਤੇ ਅਕਾਲੀ ੨੩ ਰਹਿ ਗਏ। ਹੈਰਾਨੀ ਵਾਲ਼ੀ ਗੱਲ ਹੈ ਕਿ ਪੰਜਾਹਾਂ ਵਾਲ਼ੇ ਵੇਂਹਦੇ ਰਹਿ ਗਏ ਤੇ ਤੇਈਆਂ ਵਾਲ਼ੇ ਸਰਕਾਰ ਬਣਾ ਗਏ। ੯ ਮਾਰਚ ੧੯੬੭ ਵਾਲ਼ੇ ਦਿਨ ਪੰਜਾਬ ਵਿਚ, ਸ਼੍ਰੋਮਣੀ ਅਕਾਲੀ ਦੀ ਅਗਵਾਈ ਹੇਠ ਪਹਿਲੀ ਅਤੇ ਭਾਰਤ ਵਿਚ ਤੀਜੀ ਗੈਰ ਕਾਂਗਰਸੀ ਸਰਕਾਰ ਬਣੀ।
੧੯੨੫ ਵਾਲ਼ਾ ਗੁਰਦੁਆਰਾ ਐਕਟ ਬਣਨ ਨਾਲ਼ ਜਿਵੇਂ ਅੰਗ੍ਰੇਜ਼ ਸਰਕਾਰ ਨਾਲ਼ ਸਿੱਖਾਂ ਦਾ ਗੁਰਦੁਆਰਿਆਂ ਬਾਰੇ ਝਗੜਾ ਮੁੱਕ ਗਿਆ ਸੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਹੇਠ ਸਿੱਖ ਦੇਸ ਆਜ਼ਾਦ ਕਰਵਾਉਣ ਲਈ ਕੁਰਬਾਨੀਆਂ ਦੇ ਰਾਹ ਪੈ ਗਏ ਸਨ ਅਤੇ ਇਸ ਜਦੋ ਜਹਿਦ ਵਿਚ ਨੱਬੇ ਫੀ ਸਦੀ ਦੇ ਕਰੀਬ ਕੁਰਬਾਨੀਆਂ ਦਿਤੀਆਂ। ਓਸੇ ਤਰ੍ਹਾਂ ਪੰਜਾਬੀ ਸੂਬਾ ਬਣਨ ਨਾਲ਼ ਸੂਬੇ ਦੇ ਮਸਲੇ ਤੇ ਕਾਂਗਰਸ ਸਰਕਾਰ ਨਾਲ਼ ਲੜਾਈ ਮੁੱਕ ਗਈ ਤੇ ਹੁਣ ਸ਼ੁਰੂ ਹੋਈ ਕਾਂਗਰਸ ਨੂੰ ਹਰਾ ਕੇ ਪੰਜਾਬ ਵਿਚ ਆਪਣੀ ਸਰਕਾਰ ਬਣਾਉਣ ਅਤੇ ਨਾ ਮੁਕੰਮਲ ਸੂਬੇ ਨੂੰ ਮੁਕੰਮਲ ਕਰਵਾਉਣ ਦੀ। ਇਸ ਤੋਂ ਇਲਾਵਾ, ਬਾਕੀ ਪਾਰਟੀਆਂ ਨੂੰ ਨਾਲ਼ ਰਲ਼ਾ ਕੇ, ਸੂਬਿਆਂ ਨੂੰ ਵਧ ਅਧਿਕਾਰ ਦੁਆ ਕੇ ਦੇਸ ਨੂੰ ਸਹੀ ਰੂਪ ਵਿਚ ਸੰਘੀ ਢਾਂਚੇ ਅਧੀਨ ਲਿਆਉਣ ਲਈ ਸੰਘਰਸ਼ ਕਰਨਾ।
ਪੰਜਾਬ ਵਿਚ ਪਹਿਲੀ ਨਾਨ ਕਾਂਗਰਸ ਸਰਕਾਰ
ਵੈਸੇ ਭਾਰਤ ਦੀਆਂ ਆਜ਼ਾਦੀ ਪਿਛੋਂ ਬਣੇ ਸੰਵਿਧਾਨ ਅਨੁਸਾਰ, ਪਹਿਲੀਆਂ ਚੋਣਾਂ ੧੯੫੨ ਵਿਚ ਹੋਈਆਂ ਸਨ। ਉਹਨਾਂ ਚੋਣਾਂ ਪਿੱਛੋਂ ਪੈਪਸੂ ਅੰਦਰ ਅਕਾਲੀਆਂ ਨੇ ਚੋਣ ਜਿੱਤ ਕੇ, ਹਿੰਦ ਵਿਚ ਪਹਿਲੀ ਨਾਨ ਕਾਂਗਰਸ ਸਰਕਾਰ ਬਣਾਉਣ ਦਾ ਮਾਣ ਹਾਸਲ ਕੀਤਾ ਸੀ। ਇਸ ਸਰਕਾਰ ਦਾ ਪਹਿਲਾ ਮੁਖ ਮੰਤਰੀ ਸ. ਗਿਅਨ ਸਿੰਘ ਰਾੜੇਵਾਲ਼ਾ ਨੂੰ ਬਣਾਇਆ ਗਿਆ ਸੀ ਪਰ ਕੇਂਦਰ ਸਰਕਾਰ ਨੇ ਧੱਕੇ ਨਾਲ਼ ਹੀ ਇਸ ਸਰਕਾਰ ਨੂੰ ਤੋੜ ਕੇ ਗਵਰਨਰੀ ਰਾਜ ਲਾਗੂ ਕਰ ਦਿਤਾ ਸੀ।
ਆਜ਼ਾਦੀ ਪਿਛੋਂ ਅਕਾਲੀ ਲੀਡਰ ਠੱਗੇ ਗਏ ਮਹਿਸੂਸ ਕਰਨ ਲੱਗੇ। ਬਹੁਤੇ ਤਾਂ ਦਿਲ ਹਾਰ ਕੇ ਕਾਂਗਰਸ ਵਿਚ ਸ਼ਾਮਲ ਹੋ ਗਏ ਅਤੇ ਪੰਥਕ ਸੋਚ ਵਾਲ਼ੇ ਥੋਹੜੇ ਜਿਹੇ ਮਾਸਟਰ ਜੀ ਦੀ ਅਗਵਾਈ ਹੇਠ, ਪੰਥਕ ਆਜ਼ਾਦ ਹਸਤੀ ਲਈ ਜਦੋ ਜਹਿਦ ਕਰਦੇ ਰਹੇ। ਸਾਂਝੀਆਂ ਚੋਣਾਂ ਹੋਣ ਕਰਕੇ ਪੰਥਕ ਵਿਚਾਰਧਾਰਾ ਵਾਲੇ ਸਿੱਖਾਂ ਦੀ, ਦੇਸ਼ ਦੇ ਸਿਆਸੀ ਤੇ ਸਰਕਾਰੀ ਹਲਕਿਆਂ ਵਿਚ ਪੁੱਛ ਦੱਸ ਜਾਂਦੀ ਰਹੀ। ਰਹਿੰਦੀ ਕਸਰ ਪੰਜਾਬ ਦੇ ਕੁਝ ਫਿਰਕਾ ਪ੍ਰਸਤਾਂ ਦੀ ਫਿਰਕਾਪ੍ਰਸਤੀ ਨੇ ਪੂਰੀ ਕਰ ਦਿਤੀ ਜੋ ਕਿ ਸਿੱਖ ਦੁਸ਼ਮਣੀ ਵਿਚ ਏਥੋਂ ਤੱਕ ਚਲੇ ਗਏ ਕਿ ਆਪਣੀ ਮਾਂ ਬੋਲੀ ਪੰਜਾਬੀ ਤੋਂ ਵੀ ਮੁਨਕਰ ਹੋ ਗਏ। ਹਰੇਕ ਵਿਅਕਤੀ ਇਹ ਗੱਲ ਜਾਣਦਾ ਹੈ ਕਿ ਪੰਜਾਬੀਆਂ ਦੀ ਮਾਂ ਬੋਲੀ ਪੰਜਾਬੀ ਤੋਂ ਬਿਨਾ ਹੋਰ ਕੇਹੜੀ ਹੋ ਸਕਦੀ ਹੈ! ਇਹ ਝੂਠ ਇਸ ਲਈ ਬੋਲਿਆ ਗਿਆ ਤਾਂ ਕਿ ਇਹ ਸਾਬਤ ਕੀਤਾ ਜਾ ਸਕੇ ਕਿ ਪੰਜਾਬ ਦਾ ਹਰੇਕ ਪਿੰਡ ਕਾਗਜ਼ਾਂ ਵਿਚ ਦੋ ਭਾਸ਼ਾਈ ਸਿੱਧ ਕਰਕੇ ਬੋਲੀ ਦੇ ਆਧਾਰ ਉਪਰ ਸੂਬੇ ਦੀ ਸਿਰਜਣਾ ਰੋਕੀ ਜਾ ਸਕੇ। "ਨਾ ਰਹੇ ਵਾਂਸ, ਨਾ ਵੱਜੇ ਵੰਝਲ਼ੀ।"
ਇਕ ਦਿਲਚਸਪ ਵਾਕਿਆ: ਪ੍ਰਿੰਸੀਪਲ ਕਨ੍ਹਈਆ ਲਾਲ ਕਪੂਰ, ਜੋ ਕਿ ਪੰਜਾਬੀ, ਹਿੰਦੀ, ਉਰਦੂ, ਅੰਗ੍ਰੇਜ਼ੀ ਦੇ ਵਿਦਵਾਨ ਲਿਖਾਰੀ ਹੋਏ ਨੇ, ਦੱਸਦੇ ਨੇ ਕਿ ਇਕ ਵਾਰ ਉਹਨਾਂ ਨੇ ਇਕ ਫਾਰਮ ਭਰ ਕੇ ਸਰਕਾਰੀ ਕਰਮਚਾਰੀ ਨੂੰ ਫੜਾਇਆ। ਮਾਤ ਭਾਸ਼ਾ ਵਾਲ਼ੇ ਖ਼ਾਨੇ ਵਿਚ ਕਪੂਰ ਜੀ ਨੇ ਪੰਜਾਬੀ ਲਿਖ ਦਿਤੀ। ਬਾਰੀ ਪਿਛੇ ਬੈਠੇ ਬਾਬੂ ਨੇ ਹੈਰਾਨੀ ਨਾਲ਼ ਮਾਂ ਬੋਲੀ ਦੇ ਖਾਨੇ ਵਿਚ ਪੰਜਾਬੀ ਲਿਖਿਆ ਵੇਖ ਕੇ 'ਕਿੰਤੂ' ਕੀਤਾ ਤਾਂ ਕਪੂਰ ਜੀ ਨੇ ਆਖਿਆ, "ਸੁਣ ਬਾਬੂ, ਮੇਰੀ ਮਾਂ ਪੰਜਾਬਣ ਸੀ ਤੇ ਅੱਗੋਂ ਉਸ ਨੇ ਵਿਆਹ ਵੀ ਪੰਜਾਬੀ ਖੱਤਰੀ ਨਾਲ਼ ਕਰਵਾਇਆ ਸੀ ਤੇ ਉਹਨਾਂ ਦੋਹਾਂ ਪੰਜਾਬੀ ਖੱਤਰੀਆਂ ਦੇ ਘਰ ਮੈਂ ਵੀ ਪੰਜਾਬ ਵਿਚ ਹੀ ਜੰਮਿਆ ਸੀ। ਹੁਣ ਤੂੰ ਹੀ ਦੱਸ ਕਿ ਮੇਰੀ ਮਾਂ ਬੋਲੀ ਫਿਰ ਚੀਨੀ ਜਾਂ ਜਾਪਾਨੀ ਕਿਵੇਂ ਹੋ ਸਕਦੀ ਹੈ!"
ਐਸੇ ਹਾਲਾਤ ਵਿਚ ਪੰਥਕ ਸੋਚ ਵਾਲ਼ੇ ਸਿੱਖਾਂ ਦੀ ਕੋਈ ਰਾਜਸੀ ਗੱਲ ਤਾਂ ਹੀ ਬਣ ਸਕਦੀ ਸੀ ਜੇਕਰ ਸਿਆਸੀ ਘੇਰਾਬੰਦੀ ਕਰਕੇ ਕੋਈ ਅਜਿਹਾ ਇਲਾਕਾ ਉਲੀਕਿਆ ਜਾਵੇ ਜਿਥੇ ਸਿੱਖਾਂ ਦੀ ਬਹੁਸੰਮਤੀ ਹੋਵੇ। ਅਕਾਲੀ ਫਿਰਕਾ ਪ੍ਰਸਤੀ ਦੇ ਲੇਬਲ ਤੋਂ ਬਚਣ ਲਈ ਸਿਧਾ ਤਾਂ ਸਿੱਖ ਬਹੁਸੰਮਤੀ ਵਾਲ਼ਾ ਸੂਬਾ ਮੰਗਦੇ ਨਹੀਂ ਸਨ। ਇਸ ਲਈ ਪੰਜਾਬੀ ਬੋਲੀ ਦੇ ਆਧਾਰ ਤੇ ਸੂਬੇ ਦੀ ਮੰਗ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼ੁਰੂ ਹੋਈ। ਆਖਰ ਲੰਮੀ ਜਦੋ ਜਹਿਦ ਪਿਛੋਂ, ੧ ਨਵੰਬਰ ੧੯੬੬ ਨੂੰ, ਮੌਜੂਦਾ ਪੰਜਾਬ ਦੇ ਰੂਪ ਵਿਚ ਸੂਬਾ ਬਣਾਉਣ ਲਈ, ਹਿੰਦ ਸਰਕਾਰ ਨੂੰ ਕਈ ਕਾਰਨਾਂ ਕਰਕੇ, ਮਜਬੂਰ ਹੋਣਾ ਹੀ ਪਿਆ। ਦਿੱਲੀਉਂ ਗਿ. ਗੁਰਮੁਖ ਸਿੰਘ ਮੁਸਾਫਰ ਨੂੰ ਇਸ ਦਾ ਮੁਖ ਮੰਤਰੀ ਬਣਾ ਕੇ ਭੇਜਿਆ ਗਿਆ ਜਿਸ ਦੀ ਅਗਵਾਈ ਹੇਠ ਮਾਰਚ ੧੯੬੭ ਦੀਆਂ ਚੋਣਾਂ ਹੋਈਆਂ, ਕਾਂਗਰਸ ਪਾਰਟੀ ਬਹੁਸੰਮਤੀ ਪ੍ਰਾਪਤ ਕਰਨ ਵਿਚ ਅਸਫ਼ਲ ਰਹੀ।
ਸੰਤ ਫ਼ਤਿਹ ਸਿੰਘ ਜੀ ਦੀ ਅਗਵਾਈ ਹੇਠ, ਸ਼੍ਰੋਮਣੀ ਅਕਾਲੀ ਦਲ ਨੇ ਇਹ ਚੋਣਾਂ ਕੁਝ ਦੂਜੀਆਂ ਕਾਂਗਰਸ ਵਿਰੋਧੀ ਪਾਰਟੀਆਂ ਨਾਲ਼, ਸੀਟਾਂ ਦੀ ਐਡਜੈਸਟਮੈਟ ਕਰਕੇ, ਕਾਂਗਰਸ ਦੇ ਖ਼ਿਲਾਫ਼ ਲੜੀਆਂ ਸਨ। ਜਦੋਂ ਚੋਣ ਪ੍ਰਚਾਰ ਦਾ ਸਮਾ ਸਮਾਪਤ ਹੋਇਆ ਤਾਂ ਸੰਤ ਜੀ ਅਕਾਲੀ ਆਗੂਆਂ ਦੀ, ਇਹਨਾਂ ਚੋਣਾਂ ਦੌਰਾਨ ਵਿਖਾਈ ਗਈ ਹੱਦੋਂ ਵਧ ਸਵਾਰਥੀ ਬਿਰਤੀ ਤੋਂ ਤੰਗ ਆ ਕੇ, ਗੁੱਸੇ ਨਾਲ਼ ਬੁਢੇ ਜੌਹੜ (ਗੰਗਾਨਗਰ) ਚਲੇ ਗਏ। ਮੈਂ ਓਹਨੀਂ ਦਿਨੀਂ ਓਥੇ ਦੇ ਵਿਦਿਆਲੇ ਦੇ ਸੰਗੀਤ ਟੀਚਰ ਨੂੰ ਕਲਾਸੀਕਲ ਗੁਰਮਤਿ ਸੰਗੀਤ ਦੀ ਅਗਲੇਰੀ ਸਿਖਿਆ ਦੇਣ ਵਾਸਤੇ ਭੇਜਿਆ ਗਿਆ ਹੋਇਆ ਸਾਂ। ਮੇਰੀ ਸਟੇਜੀ ਯੋਗਤਾ ਤੋਂ ਪ੍ਰਭਾਵਤ ਹੋ ਕੇ ਸੰਤ ਜੀ ਮੈਨੂੰ ਆਪਣੇ ਨਾਲ਼ ਹੀ ਲੈ ਆਏ ਤੇ ਚੁੱਪ ਚਾਪ ਆ ਕੇ ਗੰਗਾਨਗਰ ਦੇ ਨੇੜੇ, ਸੈਂਟਰਲ ਗੁਰਦੁਆਰਾ ੧੯ ਜ਼ੈਡ, ਵਿਖੇ ਟਿਕ ਗਏ। ਪੰਜਾਬ ਦੀਆਂ ਚੋਣਾਂ ਦੇ ਨਤੀਜੇ ਨਿਕਲਣੇ ਸ਼ੁਰੂ ਹੋਏ। ਜਲੰਧਰ ਸਟੇਸ਼ਨ ਦੇ ਪ੍ਰਦੇਸ਼ਕ ਸਮਾਚਾਰ ਬੁਲਿਟਨ ਤੋਂ ਅਸੀਂ ਨਤੀਜੇ ਸੁਣ ਰਹੇ ਸਾਂ। ਸੰਤ ਜੀ ਇਕੱਲੇ ਹੀ ਸਨ ਤੇ ਕੋਲ਼ ਸਿਰਫ ਮੈਂ ਹੀ ਸੀ; ਹੋਰ ਕੋਈ ਉਸ ਸਮੇ ਓਥੇ ਮੌਜੂਦ ਨਹੀ ਸੀ। ਇਕ ਤੋਂ ਬਾਅਦ ਇਕ, ਵਾਰੀ ਵਾਰੀ ਸੀਟਾਂ ਦੇ ਨਤੀਜੇ ਆਉਣੇ ਸ਼ੁਰੂ ਹੋਏ। ਸੰਤ ਜੀ ਨਤੀਜਿਆਂ ਤੋਂ ਮਾਯੂਸ ਜਿਹੇ ਹੋਈ ਜਾਣ। ਦਹਾਕਿਆਂ ਦੀਆਂ ਕੁਰਬਾਨੀਆਂ ਪਿਛੋਂ ਬਣਾਏ ਗਏ ਸੂਬੇ ਵਿਚ ਵੀ ਅਕਾਲੀ ਦਲ ਨੂੰ ਬਹੁਸੰਮਤੀ ਨਾ ਮਿਲ਼ ਸਕੀ। ਮੋਰਚੇ ਦੌਰਾਨ ਸੰਤ ਜੀ ਦੇ ਨਾਲ਼ ਸੜ ਮਰਨ ਲਈ ਤਿਆਰ ਪੰਜ 'ਜਿੰਦਾ ਸ਼ਹੀਦਾਂ' ਵਿਚੋਂ ਵੀ ਤਿੰਨ ਜਣੇ ਚੋਣ ਹਾਰ ਗਏ। ਹਲਕਾ ਬਿਆਸ ਤੋਂ ਸੰਤ ਜੀ ਦੇ ਸਭ ਤੋਂ ਵਧ ਵਿਸ਼ਵਾਸ਼ ਪਾਤਰ, ਜ. ਜੀਵਨ ਸਿੰਘ ਉਮਰਾਨੰਗਲ ਦੇ ਹਾਰ ਜਾਣ ਦੀ ਜਦੋਂ ਖ਼ਬਰ ਆਈ ਕਿ ਓਥੋਂ ਕਾਂਗਰਸੀ, ਜ. ਸੋਹਣ ਸਿੰਘ ਜਲਾਲ ਉਸਮਾ, ਆਪਣੇ ਨਿਕਟ ਵਿਰੋਧੀ, ਡਾ. ਕਰਤਾਰ ਸਿੰਘ ਦੌਲੋ ਨੰਗਲ ਨੂੰ ਹਰਾ ਕੇ, ਚੋਣ ਜਿਤ ਗਏ ਹਨ ਤਾਂ ਸੰਤ ਜੀ ਕੁਝ ਕੁ ਨਿਰਾਸਤਾ ਜਿਹੀ ਵਿਚ ਬੋਲੇ, "ਸਾਡਾ ਜਥੇਦਾਰ ਨਿਕਟ ਵਿਰੋਧੀ ਵੀ ਨਹੀ ਬਣ ਸਕਿਆ!"
ਦਿਲਚਸਪ ਗੱਲ ਇਹ ਹੋਈ ਕਿ ਜਦੋਂ ਹੀ ਖ਼ਬਰਾਂ ਪੜ੍ਹਨ ਵਾਲ਼ੀ ਬੀਬੀ ਨੇ ਇਹ ਉਚਾਰਿਆ, "ਹੁਣ ਕਾਂਗਰਸ ਨੂੰ ਬਹੁਮੱਤ ਪ੍ਰਾਪਤ ਕਰਨ ਲਈ ਬਾਕੀ ਬਚੀਆਂ ਪੰਜੇ ਦੀਆਂ ਪੰਜੇ ਸੀਟਾਂ ਸੀਟਾਂ ਜਿੱਤਣੀਆਂ ਪੈਣਗੀਆਂ।" ਤਾਂ ਸੰਤ ਜੀ ਨੇ ਆਖਿਆ, "ਹੁਣ ਕਾਂਗਰਸ ਨੂੰ ਬਹੁਮੱਤ ਵਿਚ ਆਉਣ ਤੋਂ ਰੋਕਣ ਲਈ ਬਾਕੀ ਰਹਿੰਦੀਆਂ ਸਾਰੀਆਂ ਸੀਟਾਂ ਸਾਨੂੰ ਜਿੱਤਣੀਆਂ ਪੈਣਗੀਆਂ।" ਹੈਰਾਨੀ ਹੋਵੇਗੀ ਇਹ ਜਾਣ ਕੇ ਕਿ ਉਸ ਤੋਂ ਬਾਅਦ ਕਾਂਗਰਸ ਨੂੰ ਉਸ ਚੋਣ ਵਿਚ ਇਕ ਵੀ ਸੀਟ ਪ੍ਰਾਪਤ ਨਹੀ ਸੀ ਹੋਈ। ਰਹਿੰਦੀਆਂ ਸੀਟਾਂ ਸਾਰੀਆਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਿੱਤ  ਗਏ। ਕੁੱਲ ੧੦੪ ਸੀਟਾਂ ਵਿਚੋਂ: ੨੪ ਸੰਤ ਅਕਾਲੀ ਦਲ, ੨ ਮਾਸਟਰ ਅਕਾਲੀ ਦਲ, ੪੮ ਕਾਂਗਰਸ, ੩ ਰੀਪਬਲਿਕਨ, ੫ ਸੱਜੇ ਤੇ ੩ ਖੱਬੇ ਕਮਿਊਨਿਸਟ, ੯ ਜਨ ਸੰਘੀ, ੯ ਆਜ਼ਾਦ, ੧ ਸੰ.ਸੋ.ਪਾ. ਨੂੰ ਸੀਟਾਂ ਮਿਲ਼ੀਆਂ। ਸਰਕਾਰ ਬਣਾਉਣ ਲਈ ੫੩ ਮੈਬਰਾਂ ਦੀ ਲੋੜ ਸੀ। ਸੰਤ ਜੀ ਕਹਿਣ ਲੱਗੇ, "ਜੇ ਅੱਜ ਸਾਡੇ ਵਿਚ ਗਿਆਨੀ ਕਰਤਾਰ ਸਿੰਘ ਹੁੰਦਾ ਤਾਂ ਅਸੀਂ ਸਰਕਾਰ ਬਣਾ ਸਕਦੇ ਸੀ। ਮੈਂ ਵੀ ਜੇ ਓਥੇ ਹੁੰਦਾ ਤਾਂ ਵੀ ਅਸੀਂ ਸਰਕਾਰ ਬਣਾ ਸਕਦੇ ਸਾਂ।" ਮੈਂ ਸੋਚਾਂ ਕਿ ਪਿੰਡ ਦੀ ਪੰਚਾਇਤ ਤੋਂ ਲੈ ਕੇ ਦੇਸ਼ ਦੀ ਪਾਰਲੀਮੈਟ ਤੱਕ ਕਾਂਗਰਸ ਦਾ ਕਬਜਾ। ਪੰਜਾਬ ਕੌਂਸਲ ਵਿਚ ਇਕ ਵੀ ਅਕਾਲੀ ਮੈਂਬਰ ਨਹੀ। ਇਸ ਤੋਂ ਇਲਾਵਾ ਹੁਣ ਤੱਕ ਤਾਂ ਏਹੀ ਵੇਖਦੇ ਆਏ ਸਾਂ ਕਿ ਅਕਾਲੀ ਅਤੇ ਹੋਰ ਜਿੱਤ ਕੇ ਕਾਂਗਰਸ ਵਿਚ ਜਾਂਦੇ ਸਨ; ਕਦੀ ਕੋਈ ਕਾਂਗਰਸ ਵੱਲੋਂ ਜਿੱਤ ਕੇ ਅਕਾਲੀਆਂ ਵੱਲ ਨਹੀਂ ਸੀ ਆਇਆ। ਏਸੇ ਦੌਰਾਨ ਰੋਪੜ ਤੋਂ ਜਿੱਤਣ ਵਾਲ਼ਾ ਇਕ ਅਕਾਲੀ, ਮਾਸਟਰ ਬਲਦੇਵ ਸਿੰਘ ਤੇ ਸਮਾਣੇ ਤੋਂ ਜਿੱਤਣ ਵਾਲ਼ਾ ਆਜ਼ਾਦ ਭਜਨ ਲਾਲ, ਕਾਂਗਰਸ ਵਿਚ ਜਾ ਵੜੇ ਤੇ ਇਸ ਤਰ੍ਹਾਂ ਕਾਂਗਰਸੀਆਂ ਦੀ ਗਿਣਤੀ ਅਠਤਾਲ਼ੀ ਤੋਂ ਪੰਜਾਹ ਹੋ ਗਈ ਅਤੇ ਅਕਾਲੀ ੨੪ ਤੋਂ ੨੩ ਰਹਿ ਗਏ। ਸੋਚਣ ਵਾਲ਼ੀ ਗੱਲ ਹੈ ਕਿ ਇਹ ਕਿਵੇਂ ਹੋ ਸਕਦਾ ਹੈ ਕਿ ੨੩ ਸਰਕਾਰ ਬਣਾ ਜਾਣ ਤੇ ੫੦ ਮੂੰਹ ਵੇਖਦੇ ਰਹਿ ਜਾਣ! ਵੈਸੇ ਓਥੇ ਸੈਂਟਰਲ ਗੁਰਦੁਆਰਾ ੧੯ ਜ਼ੈਡ ਵਿਚ ਹੀ ਬੈਠਿਆਂ ਪੂਰੇ ਨਤੀਜੇ ਨਿਕਲਣ ਉਪ੍ਰੰਤ, ਸੰਤ ਜੀ ਨੇ ਮੈਨੂੰ ਆਖਿਆ ਕਿ ਪੰਜਾਬ ਦਾ ਲਾਭ ਇਸ ਗੱਲ ਵਿਚ ਹੈ ਕਿ ਅਕਾਲੀ-ਕਾਂਗਰਸ ਕੁਲੀਸ਼ਨ ਸਰਕਾਰ ਬਣੇ। ਇਸ ਤਰ੍ਹਾਂ ਸਿੱਖ ਅਤੇ ਕਾਂਗਰਸ ਸਰਕਾਰ ਵਿਚਕਾਰ ਟਕਰਾ ਦੀ ਨੀਤੀ ਦਾ ਖ਼ਾਤਮਾ ਹੋਵੇਗਾ ਤੇ ਪੰਜਾਬ ਨਾਲ਼ ਕੀਤੀਆਂ ਗਈਆਂ ਬੇਇਨਸਾਫੀਆਂ ਵੀ ਦੂਰ ਹੋਣ ਦੇ ਹਾਲਾਤ ਪੈਦਾ ਹੋ ਸਕਦੇ ਹਨ। ਬਿਨਾ ਸੋਚੇ ਵਿਚਾਰੇ ਮੈਂ ਇਕ ਦਮ ਆਖ ਦਿਤਾ, "ਫਿਰ ਇਉਂ ਕਰ ਲੈਣਾ ਚਾਹੀਦਾ ਹੈ।" ਸੰਤ ਜੀ ਨੇ ਕਿਹਾ, "ਇਸ ਤਰ੍ਹਾਂ ਹੋ ਜਾਣ ਨਾਲ਼ ਫਿਰ ਅਸੀਂ ਕਾਂਗਰਸੀ ਠੱਪੇ ਵਾਲ਼ੇ ਬਣ ਜਾਵਾਂਗੇ ਤੇ ਪੰਥਕ ਅਗਵਾਈ ਫਿਰ ਮਾਸਟਰ ਧੜੇ ਦੇ ਹੱਥ ਚਲੀ ਜਾਵੇਗੀ।"
ਨਤੀਜੇ ਨਿਕਲਣ ਤੋਂ ਅਗਲੇ ਦਿਨ ਹੀ ਪੰਜਾਬ ਤੋਂ ਅਕਾਲੀ ਲੀਡਰ ਇਕ ਤੋਂ ਬਾਅਦ ਇਕ ਓਥੇ ਖ਼ੁਸ਼ੀ ਵਿਚ ਰੌਲ਼ਾ ਪਾਉਂਦੇ ਆਉਣੇ ਸ਼ੁਰੂ ਹੋ ਗਏ। ਓਥੇ ਪਹੁੰਚੇ ਅਕਾਲੀ ਆਗੂਆਂ ਦੀਆਂ ਵਾਰ ਵਾਰ ਕੀਤੀਆਂ ਜਾ ਰਹੀਆਂ ਬੇਨਤੀਆਂ ਮੰਨ ਕੇ, ਦੋ ਕੁ ਦਿਨਾਂ ਬਾਅਦ ਸੰਤ ਜੀ ਉਹਨਾਂ ਦੇ ਅੱਗੇ ਲੱਗ ਕੇ ਤੁਰ ਪਏ ਤੇ ਇਹ ਸਾਰਾ ਕਾਫ਼ਲਾ ਖੰਨੇ ਵਿਖੇ, ਸ. ਮਹਿੰਦਰ ਸਿੰਘ ਦੀ ਕੋਠੀ ਵਿਚ ਆ ਕੇ ਡੇਰਾ ਲਾ ਬੈਠਾ। ਫਿਰ ਸ਼ੁਰੂ ਹੋਈ ਸਾਰੇ ਕਾਂਗਰਸ ਵਿਰੋਧੀ ਮੈਬਰਾਂ ਨੂੰ ਇਕੱਠੇ ਕਰਨ ਦੀ ਮੁਹਿਮ। ਇਕ ਮਹਾਰਾਜਾ ਪਟਿਆਲਾ ਨੂੰ ਛੱਡ ਕੇ, ਸਾਰੇ ਹੀ ਕਾਂਗਰਸ ਵਿਰੋਧੀ ਐਮ.ਐਲ.ਏ., ਜਿਨ੍ਹਾਂ ਦੀ ਗਿਣਤੀ ੫੩ ਹੋ ਗਈ, ਇਕੱਠੇ ਕਰ ਲਏ ਗਏ। ਇਕ ਖਾਲੀ ਕਾਗਜ਼ ਉਪਰ ਉਹਨਾਂ ਦੇ ਦਸਤਖ਼ਤ ਲੈ ਲਏ ਗਏ। ਉਸ ਕਾਗਜ਼ ਦੇ ਉਪਰ ਛੱਡੇ ਗਏ ਖਾਲੀ ਥਾਂ ਉਪਰ ਬਾਅਦ ਵਿਚ ਗਵਰਨਰ ਨੂੰ ਦੇਣ ਵਾਲ਼ੀ ਚਿੱਠੀ ਦੀ ਇਬਾਰਤ ਲਿਖ ਲਈ ਗਈ। ਜਿਵੇਂ ਕਿ ਰਾਜਸੀ ਪਾਰਟੀਆਂ ਵਿਚ ਆਮ ਪ੍ਰੈਕਟਿਸ ਹੀ ਹੈ: ਪਾਰਟੀ ਲੀਡਰ, ਜਿਸ ਨੇ ਫੇਰ ਮੁਖ ਮੰਤਰੀ ਬਣਨਾ ਸੀ, ਚੁਣਨ ਦੇ ਅਧਿਕਾਰ ਦਲ ਦੇ ਪ੍ਰਧਾਨ, ਸੰਤ ਫ਼ਤਿਹ ਸਿੰਘ ਜੀ, ਨੂੰ ਸੌਂਪ ਦਿਤੇ ਗਏ। ਸੰਤ ਜੀ ਨੇ ਆਪਣੇ ਕਮਰੇ ਵਿਚ ਇਕੱਲੇ ਇਕੱਲੇ ਐਮ.ਐਲ.ਏ. ਨੂੰ ਸੱਦ ਕੇ ਉਹਨਾਂ ਦੀ ਗੁਪਤ ਰਾਇ ਪੁਛੀ ਕਿ ਕਿਸ ਨੂੰ ਲੀਡਰ ਬਣਾਇਆ ਜਾਵੇ। ਹਰੇਕ ਨੇ ਪਹਿਲਾਂ ਆਖਣਾ, "ਜਿਸ ਨੂੰ ਮਰਜੀ ਹੈ ਬਣਾ ਦਿਓ।" ਫੇਰ ਪੁੱਛਣ ਤੇ ਆਖਣਾ, "ਮੈਨੂੰ ਬਣਾ ਦਿਓ।" ਤੀਜੀ ਵਾਰੀ ਜੋਰ ਦੇ ਕੇ ਪੁਛਣ ਤੇ ਫੇਰ ਇਕ ਦਾ ਨਾਂ ਲੈ ਦੇਣਾ। ਸ. ਹਜਾਰਾ ਸਿੰਘ ਗਿੱਲ ਦੀ ਰਾਇ ਸ. ਹਰਚਰਨ ਸਿੰਘ ਹੁਡਿਆਰਾ ਦੇ ਹੱਕ ਵਿਚ ਤੇ ਸ. ਕਰਨੈਲ ਸਿੰਘ ਮਰ੍ਹੜੀ ਦੀ ਸ. ਲਛਮਣ ਸਿੰਘ ਗਿੱਲ ਦੇ ਹੱਕ ਵਿਚ ਸੀ ਤੇ ਬਾਕੀ ਤਕਰੀਬਨ ਸਾਰਿਆਂ ਦੀ ਜਸਟਿਸ ਗੁਰਨਾਮ ਸਿੰਘ ਦੇ ਹੱਕ ਵਿਚ ਸੀ। ਸੋ ਸੰਤ ਫ਼ਤਿਹ ਸਿੰਘ ਜੀ ਨੇੇ ਸੰਤ ਚੰਨਣ ਸਿੰਘ ਜੀ ਨੂੰ ਦੱਸ ਦਿਤਾ।
ਮੁਕਦੀ ਗੱਲ ਕਿ ੭ ਮਾਰਚ ੧੯੬੭ ਵਾਲ਼ੇ ਦਿਨ ਸੰਤ ਚੰਨਣ ਸਿੰਘ ਜੀ (ਪ੍ਰਧਾਨ ਸ਼੍ਰੋਮਣੀ ਗੁ. ਪ੍ਰ. ਕਮੇਟੀ) ਦੀ ਪ੍ਰਧਾਨਗੀ ਹੇਠਾਂ ਓਥੇ ੫੩ ਐਮ.ਐਲ.ਏਜ਼ ਦੀ ਮੀਟਿੰਗ ਹੋਈ। 'ਪੀਪਲਜ਼ ਯੂਨਾਈਟਡ ਫ਼ਰੰਟ' ਨਾਂ ਦੀ ਪਾਰਟੀ ਬਣਾ ਕੇ ਉਸ ਦਾ ਲੀਡਰ ਜਸਟਿਸ ਗੁਰਨਾਮ ਸਿੰਘ ਤੇ ਡਿਪਟੀ ਲੀਡਰ ਜਨ ਸੰਘੀ ਡਾ. ਬਲਦੇਵ ਪ੍ਰਕਾਸ਼ ਨੂੰ ਚੁਣ ਕੇ, ਅਗਲੇ ਦਿਨ ੫੩ ਮੈਂਬਰ ਉਹ ਚਿਠੀ ਲੈ ਕੇ ਗਵਰਨਰ ਦੇ ਜਾ ਪੇਸ਼ ਹੋਏ। ਗਵਰਨਰ ਨੇ ਅਗਲੇ ਦਿਨ ੯ ਮਾਰਚ ਨੂੰ ਨਵੀ ਵਜ਼ਾਰਤ ਨੂੰ ਸਹੁੰ ਚੁਕਵਾ ਦਿਤੀ ਤੇ ਇਸ ਤਰ੍ਹਾਂ ਨਵੇ ਪੰਜਾਬ ਦੀ ਪਹਿਲੀ ਬਣੀ, ਗਿ. ਗੁਰਮੁਖ ਸਿੰਘ ਮੁਸਾਫ਼ਰ ਵਾਲ਼ੀ ਕਾਂਗਰਸ ਸਰਕਾਰ ਦਾ, ਪੂਰੇ ਚਾਰ ਮਹੀਨੇ ਤੇ ਅਠ ਦਿਨ ਪਿਛੋਂ ਭੋਗ ਪੈ ਕੇ, ਜਸਟਿਸ ਗੁਰਨਾਮ ਸਿੰਘ ਦੀ ਅਗਵਾਈ ਵਾਲ਼ੀ ਪਹਿਲੀ ਗ਼ੈਰ ਕਾਂਗਰਸੀ ਸਰਕਾਰ, ਜਿਸ ਨੂੰ ਲੋਕ 'ਫ਼ਰੰਟ ਸਰਕਾਰ' ਆਖਦੇ ਸੀ, ਹੋਂਦ ਵਿਚ ਆ ਗਈ। ਜੱਜ ਸਾਹਿਬ ਦੇ ਨਾਲ਼ ਹੀ ਬਾਕੀ ਮੰਤਰੀਆਂ: ਡਾ. ਬਲਦੇਵ ਪ੍ਰਕਾਸ਼ (ਜਨਸੰਘ), ਲਛਮਣ ਸਿੰਘ ਗਿੱਲ (ਅਕਾਲੀ ਦਲ), ਮੇਜਰ ਜਨਰਲ (ਰਿਟਾਇਰਡ) ਰਾਜਿੰਦਰ ਸਿੰਘ ਸਪੈਰੋ (ਆਜ਼ਾਦ) ਕਾਮਰੇਡ ਸੱਤਪਾਲ ਡਾਂਗ (ਸੱਜਾ ਕਮਿਊਨਿਸਟ), ਪਿਆਰਾ ਰਾਮ ਧੰਨੋਵਾਲ਼ੀ (ਰੀਪਬਲਿਕਨ), ਨੇ ਵੀ ਸਹੁੰ ਚੁੱਕੀ।
ਆਜ਼ਾਦ ਨੌਂ ਮੈਬਰ ਜਿਤੇ ਸਨ। ਇਕ ਤਾਂ ਕਾਂਗਰਸ ਵਿਚ ਚਲਿਆ ਗਿਆ ਤੇ ਦੂਜੇ, ਹਲਕਾ ਡਕਾਲ਼ਾ ਤੋਂ ਆਜ਼ਾਦ ਜਿੱਤੇ, ਮਹਾਰਾਜਾ ਯਾਦਵਿੰਦਰ ਸਿੰਘ ਜੀ ਪਟਿਆਲਾ, ਕਿਸੇ ਪਾਸੇ ਵੀ ਨਾ ਆਏ ਤੇ ਨਾ ਅਸੈਂਬਲੀ ਵਿਚ ਸਹੁੰ ਚੁੱਕਣ ਹੀ ਗਏ। ਦਰ ਅਸਲ ਮਹਾਰਾਜਾ ਸਾਹਿਬ ਰੋਮ ਵਿਚੋਂ ਐਂਬੈਸਡਰ ਦੀ ਪੋਸਟ ਛੱਡ ਕੇ ਪੰਜਾਬ ਦੀ ਚੀਫ਼ ਮਨਿਸਟਰੀ ਦੀ ਆਸ ਲੈ ਕੇ ਆਏ ਸਨ। ਕਾਂਗਰਸ ਦੀ ਹਾਲਤ ਪਤਲੀ ਵੇਖ ਕੇ ਉਹਨਾਂ ਨੇ ਕਾਂਗਰਸ ਦੀ ਅੰਦਰੋਂ ਸਹਿਮਤੀ ਨਾਲ਼, ਇਸ ਲਈ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ ਕਿ ਕਾਂਗਰਸ ਤਾਂ ਉਹਨਾਂ ਨੂੰ ਮੰਨ ਲਵੇਗੀ ਤੇ ਆਜ਼ਾਦ ਹੋਣ ਕਰਕੇ ਬਾਕੀ ਪਾਰਟੀਆਂ ਵੀ ਉਹਨਾਂ ਨੂੰ ਮੰਨ ਲੈਣਗੀਆਂ ਤੇ ਇਸ ਤਰ੍ਹਾਂ ਉਹ ਨਿਰਵਿਵਾਦ ਪੰਜਾਬ ਦੇ ਮੁਖ ਮੰਤਰੀ ਬਣ ਜਾਣਗੇ। ਕਾਂਗਰਸ ਨੇ ਜਾਣ ਬੁਝ ਕੇ ਆਪਣੇ ਉਮੀਦਵਾਰ, ਗਿ. ਜ਼ੈਲ ਸਿੰਘ, ਦੇ ਕਾਗਜ਼ ਰੱਦ ਕਰਵਾ ਕੇ ਮਹਾਰਾਜਾ ਜੀ ਲਈ ਸੀਟ ਖਾਲੀ ਛੱਡ ਦਿਤੀ ਸੀ ਪਰ ਸ਼੍ਰੋਮਣੀ ਅਕਾਲੀ ਦਲ (ਸੰਤ) ਨੇ ਮੁਲਾਜ਼ਮ ਆਗੂ, ਸ. ਰਣਬੀਰ ਸਿੰਘ ਢਿੱਲੋਂ, ਆਜ਼ਾਦ ਦੀ ਸਹਾਇਤਾ ਕੀਤੀ। ਮਹਾਰਾਜਾ ਸਾਹਿਬ ਰੀਕਾਰਡ ਤੋੜ ਵੋਟਾਂ ਲੈ ਕੇ ਜਿੱਤ ਗਏ ਪਰ ਚੀਫ਼ ਮਿਨਿਸਟਰੀ ਦੇ ਜੋੜ ਤੋੜ ਵਿਚ ਪਿਛੇ ਰਹਿ ਗਏ। ਉਹ ਐਮ.ਐਲ.ਏ. ਬਣਨ ਵਾਸਤੇ ਤਾਂ ਐਂਬੈਸਡਰੀ, ਜੋ ਕਿ ਸੈਂਟਰ ਦੇ ਕੈਬਨਿਟ ਮਿਨਿਸਟਰ ਦੇ ਬਰਾਬਰ ਪੋਸਟ ਹੁੰਦੀ ਹੈ, ਛੱਡ ਕੇ ਨਹੀ ਸਨ ਆਏ। ਜਦੋਂ ਮੁਖ ਮੰਤਰੀ ਵਾਲ਼ੀ ਸਕੀਮ ਉਹਨਾਂ ਦੀ ਸਿਰੇ ਨਾ ਚੜ੍ਹੀ ਤਾਂ ਉਹਨਾਂ ਨੇ ਸੰਤ ਫ਼ਤਿਹ ਸਿੰਘ ਜੀ ਨੂੰ ਸਪੀਕਰੀ ਲੈਣ ਲਈ ਵੀ ਪਹੁੰਚ ਕੀਤੀ ਪਰ ਇਸ ਪਦਵੀ ਵਾਸਤੇ ਸ. ਸਿਮਰਨਜੀਤ ਸਿੰਘ ਮਾਨ ਦੇ ਪਿਤਾ, ਸ. ਜੋਗਿੰਦਰ ਸਿੰਘ ਮਾਨ ਜੀ ਦੇ ਹੱਕ ਵਿਚ ਪਹਿਲਾਂ ਹੀ ਫੈਸਲਾ ਹੋ ਚੁੱਕਿਆ ਸੀ।
੧੯੬੭ ਵਾਲ਼ੀ ਸਰਕਾਰ ਚੂੰ ਚੂੰ ਦਾ ਮੁਰੱਬਾ ਸੀ। ਕਈ ਪਾਰਟੀਆਂ ਅਤੇ ਆਜ਼ਾਦਾਂ ਨੇ ੫੩ ਦੀ ਗਿਣਤੀ ਵਿਚ ਇਕੱਠੇ ਹੋ ਕੇ ਸਰਕਾਰ ਬਣਾਈ ਸੀ। ਇਸ ਸਰਕਾਰ ਨੂੰ ਸੰਤ ਫਤਿਹ ਸਿੰਘ ਜੀ, ਆਪਣੇ ਹਾਸਰਸੀ ਸੁਭਾਉ ਕਰਕੇ 'ਮਹਾਂਭੋਲ਼ੇ ਦਾ ਟੱਬਰ' ਆਖਿਆ ਕਰਦੇ ਸਨ। ਇਕ ਦਿਨ ਮੇਰੇ ਪੁੱਛਣ ਤੇ ਉਹਨਾਂ ਨੇ ਇਸ ਦੀ ਵਿਆਖਿਆ ਇਉਂ ਕੀਤੀ: ਸ਼ਿਵ ਜੀ ਦੀ ਪਤਨੀ ਪਾਰਬਤੀ ਸ਼ਿਵ ਦੇ ਸਿਰ ਵਿਚਲੀ ਗੰਗਾ ਨੂੰ ਆਪਣੀ ਸੌਂਕਣ ਸਮਝਦੀ ਹੈ। ਪਾਰਬਤੀ ਦੀ ਸਵਾਰੀ ਵਾਲ਼ਾ ਸ਼ੇਰ ਤੇ ਸ਼ਿਵ ਜੀ ਦੀ ਸਵਾਰੀ ਵਾਲ਼ਾ ਬਲ਼ਦ, ਜੋ ਸ਼ੇਰ ਦਾ ਖਾਜਾ ਹੈ। ਸ਼ਿਵ ਜੀ ਦੇ ਪੁੱਤਰ ਗਣੇਸ਼ ਜੀ ਦੀ ਸਵਾਰੀ ਚੂਹਾ, ਜੋ ਕਿ ਸ਼ਿਵ ਦੇ ਗਲ਼ ਵਿਚ ਲਟਕਦੇ ਸੱਪ ਦਾ ਭੋਜਨ ਹੈ, ਸ਼ਿਵ ਦੇ ਦੂਜੇ ਪੁੱਤਰ ਕਾਰਤਿਕ ਦੀ ਸਵਾਰੀ ਮੋਰ ਜੇਹੜਾ ਸੱਪ ਦਾ ਦੁਸ਼ਮਣ ਹੈ। ਇਸ ਆਧਾਰ ਉਪਰ ਸੰਤ ਜੀ ਨੇ ਇਸ ਸਰਕਾਰ ਵਿਚ ਸ਼ਾਮਲ ਪਾਰਟੀਆਂ ਅਤੇ ਆਜ਼ਾਦਾਂ ਨੂੰ ਜੋੜ ਕੇ ਦੱਸਿਆ।
"ਫਿਰ ਤਾਂ ਉਲ਼ਟੀ ਗੰਗਾ ਪਿਹੇਵੇ ਨੂੰ" ਵਾਲ਼ੀ ਲੋਕੋਕਤੀ ਸੱਚੀ ਸਾਬਤ ਹੋ ਗਈ। ਕਾਂਗਰਸੀ ਸਿੱਖ ਐਮ.ਐਲ਼.ਏ. ਕਾਂਗਰਸ ਵਿਚੋਂ ਅਕਾਲੀ ਦਲ ਵੱਲ ਵਹੀਰਾਂ ਘੱਤ ਕੇ ਆਉਣੇ ਸ਼ੁਰੂ ਹੋ ਗਏ। ਹੈਰਾਨੀ ਹੁੰਦੀ ਸੀ ਕਿ ਦਹਾਕਿਆਂ ਤੋਂ ਕਾਂਗਰਸ ਵਿਚ ਬੈਠੇ ਸਿੱਖ, ਹੁਣ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਾਲ਼ੀ ਸਰਕਾਰ, ਬਣਨ ਸਾਰ ਹੀ, ਏਧਰ ਆਉਣੇੇ ਸ਼ੁਰੂ ਹੋ ਗਏ! ਇਉਂ ਲੱਗਦਾ ਸੀ ਕਿ ਉਹ ਕੇਵਲ ਮਜਬੂਰੀ ਵਿਚ ਹੀ ਕਾਂਗਰਸ ਵਿਚ ਬੈਠੇ ਹੋਏ ਸਨ। ਹੁਣ ਤੱਕ ਦਾ ਇਤਿਹਾਸ ਤੇ ਏਹੀ ਦੱਸਦਾ ਸੀ ਕਿ ਕਦੀ ਵੀ ਕਾਂਗਰਸ ਵਿਚੋਂ ਏਧਰ ਨਹੀਂ ਸੀ ਕੋਈ ਆਇਆ; ਹਰ ਸਮੇ ਏਧਰੋਂ ਹੀ ਓਧਰ ਜਾਂਦੇ ਰਹੇ ਸਨ। ਸ. ਬਲਵੰਤ ਸਿੰਘ, ਸ. ਗੁਰਮੀਤ ਸਿੰਘ. ਸ. ਸ਼ਿੰਗਾਰਾ ਸਿੰਘ, ਟਿੱਕਾ ਜਗਤਾਰ ਸਿੰਘ ਆਦਿ ਕਾਂਗਰਸ ਵੱਲੋਂ ਜਿੱਤ ਕੇ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਗੁਰਨਾਮ ਸਿੰਘ ਦੀ ਸਰਕਾਰ ਤੋੜ ਕੇ ਬਣਾਈ, ਸ. ਗਿੱਲ ਦੀ ਸਰਕਾਰ ਦਾ ਭੋਗ ਪੈਣ ਪਿੱਛੋਂ, ਕਾਂਗਰਸ ਦਾ ਲੀਡਰ ਸ. ਗਿਆਨ ਸਿੰਘ ਰਾੜੇਵਾਲ਼ਾ ਵੀ ਦਲ ਵਿਚ ਆ ਗਿਆ। ਅਗਲਾ ਪਾਰਟੀ ਲੀਡਰ, ਮੇਜਰ ਹਰਿੰਦਰ ਸਿੰਘ ਵੀ, ਸੰਤ ਚੰਨਣ ਸਿੰਘ ਜੀ ਨਾਲ਼, ਦਲ ਵਿਚ ਆਉਣ ਲਈ ਗੱਲ ਬਾਤ ਕਰ ਰਿਹਾ ਸੀ ਪਰ ਉਸ ਦੀਆਂ ਸ਼ਰਤਾਂ ਜਸਟਿਸ ਗੁਰਨਾਮ ਸਿੰਘ ਨੂੰ ਨਾ ਮਨਜੂਰ ਹੋਣ ਕਰਕੇ, ਗੱਲ ਸਿਰੇ ਨਾ ਚੜ੍ਹ ਸਕੀ। ਮੇਜਰ ਸਾਹਿਬ ਗ੍ਰਿਹ ਵਿਭਾਗ ਨਾਲ਼ ਉਪ ਮੁਖ ਮੰਤਰੀ ਦਾ ਅਹੁਦਾ ਮੰਗਦੇ ਸਨ। ਜਸਟਿਸ ਗੁਰਨਾਮ ਸਿੰਘ ਜੀ ਗ੍ਰਿਹ ਵਿਭਾਗ ਛੱਡਣ ਲਈ ਤਿਆਰ ਨਾ ਹੋਏ। ਬਾਅਦ ਵਿਚ ਬਣਨ ਵਾਲ਼ੇ ਮੁਖ ਮੰਤਰੀ, ਸ. ਹਰਚਰਨ ਸਿੰਘ ਬਰਾੜ ਵੀ ਅਕਾਲੀ ਦਲ ਵਿਚ ਆ ਰਲ਼ੇ। ਅਗਲੀ ੧੯੬੯ ਵਾਲ਼ੀ ਇਲੈਕਸ਼ਨ ਪਿੱਛੋਂ, ਬੇਅੰਤ ਸਿੰਘ ਪਹਿਲਾਂ ਹੀ ਅਕਾਲੀਆਂ ਵੱਲੋਂ ਟਿਕਟ ਨਾ ਮਿਲਣ ਤੇ, ਗੁਰਨਾਮ ਸਿੰਘ ਦੀ ਅੰਦਰੋਂ ਸਹਿਮਤੀ ਨਾਲ਼, ਆਜ਼ਾਦ ਖਲੋ ਕੇ, ਅਕਾਲੀ ਉਮੀਦਵਾਰ, ਸ. ਗਿਅਨ ਸਿੰਘ ਰਾੜੇਵਾਲ਼ਾ, ਨੂੰ ਹਰਾ ਕੇ, ਜਿੱਤ ਕੇ ਅਕਾਲੀ ਦਲ ਵਿਚ ਆ ਗਿਆ ਸੀ। ਨਕੋਦਰ ਤੋਂ ਅਕਾਲੀਆਂ ਦੀ ਸਹਾਇਤਾ ਨਾਲ਼ ਆਜ਼ਾਦ ਜਿੱਤ ਕੇ ਸ. ਦਰਬਾਰਾ ਸਿੰਘ ਵੀ ਦਲ ਵਿਚ ਆ ਕੇ ਸਪੀਕਰ ਬਣ ਗਿਆ।
ਇਸ ਤਰ੍ਹਾਂ ਬਣੀ ਇਹ ਫਰੰਟ ਸਰਕਾਰ ੨੧ ਨਵੰਬਰ ੧੯੬੭ ਤੱਕ ਚੱਲੀ। ਅਕਾਲੀ ਵਿੱਦਿਆ ਮੰਤਰੀ ਸ. ਲਛਮਣ ਸਿੰਘ ਗਿੱਲ ਤੋਂ ਬਗਾਵਤ ਕਰਵਾ ਕੇ ਉਸ ਨੂੰ ਮੁਖ ਮੰਤਰੀ ਬਣਵਾ ਦਿਤਾ ਤੇ ਆਪ ਕਾਂਗਰਸ ਨੇ ਬਾਹਰੋਂ ਰਹਿ ਕੇ ਉਸ ਨੂੰ ਆਪਣਾ ਸਮੱਰਥਨ ਦਿਤਾ। ਇਹ ਸਰਕਾਰ ਵੀ ੧੯੬੮ ਦੇ ਅੱਧ ਕੁ ਤੱਕ ਚੱਲੀ। ਕਾਂਗਰਸ ਨੇ ਹਿਮਾਇਤ ਵਾਪਸ ਲੈ ਕੇ ਇਹ ਸਰਕਾਰ ਵੀ ਡੇਗ ਦਿਤੀ।
੧੯੬੮ ਵਿਚ, ੧੯੬੯ ਵਾਲ਼ੀਆਂ ਪੰਜਾਬ ਅਸੈਂਬਲੀ ਦੀਆਂ ਚੋਣਾਂ ਤੋਂ ਪਹਿਲਾਂ, ਸੰਤ ਫਤਹਿ ਸਿੰਘ ਜੀ ਦੀ ਅਗਵਾਈ ਹੇਠ, ਸ਼੍ਰੋਮਣੀ ਅਕਾਲੀ ਦਲ ਦੇ ਦੋਵੇਂ ਧੜੇ ਇੱਕਠੇ ਹੋ ਗਏ ਤੇ ਇਲੈਕਸ਼ਨ ਵਿਚ ੪੩ ਮੈਂਬਰ ਜਿੱਤੇ ਅਤੇ ਦੋ ਆਜ਼ਾਦ ਸ਼ਾਮਲ ਹੋ ਕੇ ੪੫ ਬਣ ਗਏ। ਪੰਤਾਲ਼ੀ ਇਹ ਅਤੇ ੮ ਜਨਸੰਘੀਆਂ ਨੇ ਰਲ਼ ਕੇ, ਜਸਟਿਸ ਗੁਰਨਾਮ ਸਿੰਘ ਦੀ ਅਗਵਾਈ ਹੇਠ ਸਰਕਾਰ ਬਣਾ ਲਈ। ਮੁਖ ਮੰਤਰੀ ਜਸਟਿਸ ਗੁਰਨਾਮ ਸਿੰਘ ਦੀ, ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨਾਲ਼ ਸਾਜਸ਼ ਕਰਕੇ, ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਗੁੱਠੇ ਲਾਉਣ ਦੀ ਸਾਜਸ਼ ਨੂੰ ਸੰਤ ਚੰਨਣ ਸਿੰਘ ਜੀ ਨੇ ਫੇਹਲ ਕਰਕੇ, ੨੫ ਮਾਰਚ ੧੯੭੦ ਵਾਲ਼ੇ ਦਿਨ ਉਸ ਨੂੰ ਮੁਖ ਮੰਤਰੀਸ਼ਿਪ ਤੋਂ ਲਾਹ ਦਿਤਾ ਅਤੇ ਸ. ਪ੍ਰਕਾਸ਼ ਸਿੰਘ ਬਾਦਲ ਨੇ ੨੭ ਮਾਰਚ, ੧੯੭੦ ਵਾਲ਼ੇ ਦਿਨ ਮੁਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ। ਬਾਦਲ ਸਾਹਿਬ ਭਾਰਤ ਵਿਚ ਉਸ ਸਮੇ ਸਭ ਤੋਂ ਛੋਟੀ ਉਮਰ ਦੇ ਮੁਖ ਮੰਤਰੀ ਬਣੇ ਸਨ।
ਇਹ ਸਰਕਾਰ ੧੯੭੧ ਦੇ ਅੱਧ ਕੁ ਤੱਕ ਚੱਲੀ। ਕੇਂਦਰ ਨੇ ਇਹ ਸਰਕਾਰ ਤੋੜ ਕੇ ਗਵਰਨਰੀ ਰਾਜ ਲਾਗੂ ਕਰ ਦਿਤਾ ਤੇ ੧੯੭੨ ਵਾਲ਼ੀਆਂ ਚੋਣਾਂ ਕਾਂਗਰਸ ਨੇ ਜਿੱਤ ਕੇ, ਗਿਆਨੀ ਜ਼ੈਲ ਸਿੰਘ ਦੀ ਅਗਵਾਈ ਵਿਚ ਸਰਕਾਰ ਬਣਾ ਲਈ। ਸ਼੍ਰੋਮਣੀ ਅਕਾਲੀ ਦਲ ਦੇ, ੧੦੪ ਵਿਚੋਂ ੨੪ ਜਿੱਤੇ ਅਤੇ ਇਕ ਆਜ਼ਾਦ ਜਿੱਤੇ ਸ. ਸੁਖਦੇਵ ਸਿੰਘ ਢੀਂਡਸਾ ਦੀ ਸ਼ਮੂਲੀਅਤ ਨਾਲ਼, ਕੁੱਲ ੨੫ ਹੋ ਕੇ ਅਪੋਜ਼ੀਸ਼ਨ ਵਿਚ ਬੈਠੇ। ਦਲ ਦੇ ਪ੍ਰਧਾਨ ਸੰਤ ਫ਼ਤਿਹ ਸਿੰਘ ਜੀ ਨੇ ਅਕਾਲੀ ਐਂਬਲੀ ਪਾਰਟੀ ਦਾ ਲੀਡਰ, ਸਾਬਕਾ ਮੁਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਪਾਸੇ ਛੱਡ ਕੇ, ਸ. ਜਸਵਿੰਦਰ ਸਿੰਘ ਬਰਾੜ ਨੂੰ ਬਣਾ ਦਿਤਾ। ਕੁਝ ਦਿਨਾਂ ਬਾਅਦ ਹੀ ਬਾਦਲ ਸਾਹਿਬ ਨੇ ਦਲ ਦੇ ਆਗੂਆਂ ਨੂੰ ਆਪਣੀ ਸ਼ਕਤੀ ਵਿਖਾ ਕੇ, ਮਜਬੂਰ ਕਰ ਦਿਤਾ ਕਿ ਪ੍ਰਧਾਨ ਜੀ ਨੂੰ, ਸਰਦਾਰ ਬਾਦਲ ਨੂੰ ਲੀਡਰ ਅਤੇ ਬਰਾੜ ਨੂੰ ਡਿਪਟੀ ਲੀਡਰ ਬਣਾਉਣਾ ਪਿਆ। ਪੰਜਾਬ ਅਸੈਂਬਲੀ ਅਤੇ ਪਾਰਲੀਮੈਂਟ ਦੀਆਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਹੋਈ ਹਾਰ ਕਰਕੇ, ਦਲ ਦੇ ਪ੍ਰਧਾਨ ਸੰਤ ਫ਼ਤਿਹ ਸਿੰਘ ਜੀ ਨੇ ਇਸ ਹਾਰ ਨੂੰ ਕਬੂਲ ਕਰਕੇ, ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਕੇ, ਜਥੇਦਾਰ ਮੋਹਨ ਸਿੰਘ ਤੁੜ ਨੂੰ ਦਲ ਦਾ ਪ੍ਰਧਾਨ ਬਣਾ ਦਿਤਾ।
੧੯੭੨ ਦੇ ਅਕਤੂਬਰ ਵਿਚ ਸੰਤ ਫਤਿਹ ਸਿੰਘ ਜੀ ਅਤੇ ਨਵੰਬਰ ਵਿਚ ਅਤੇ ਸੰਤ ਚੰਨਣ ਸਿੰਘ ਜੀ ਅਕਾਲ ਚਲਾਣਾ ਕਰ ਗਏ। ਮੈਂ ੧੯੭੩ ਦੇ ਮਾਰਚ ਵਿਚ ਦੇਸ ਛੱਡ ਕੇ ਅਫ਼੍ਰੀਕਾ ਦੇ ਇਕ ਨਿੱਕੇ ਜਿਹੇ ਮੁਲਕ ਮਲਾਵੀ ਵਿਚ ਚਲਿਆ ਗਿਆ। ਓਥੇ ਨਾ ਕੋਈ ਅਖ਼ਬਾਰ ਤੇ ਨਾ ਹੀ ਕਿਸੇ ਰੇਡੀਉ ਵਗੈਰਾ ਤੋਂ ਭਾਰਤ ਦੀ ਖ਼ਬਰ ਮਿਲ਼ਦੀ ਸੀ। ਇਸ ਤੋਂ ਬਾਅਦ ਜੋ ਕੁਝ ਏਥੇ ਲਿਖਦਾ ਹਾਂ ਉਹ ਸਾਰਾ ਕੁਝ ਮੀਡੀਆ ਤੋਂ ਸਮੇ ਸਮੇ ਮਿਲ਼ੀ ਜਾਣਕਾਰੀ ਅਤੇ ਆਪਣੀਆਂ ਦੇਸ ਦੀਆਂ ਯਾਤਰਾਵਾਂ ਸਮੇ ਜਾਣਕਾਰਾਂ ਤੋਂ ਮਿਲ਼ੀ ਜਾਣਕਾਰੀ ਉਪਰ ਆਧਾਰਤ ਹੈ।
ਸਾਬਕਾ ਅਕਾਲੀ ਮੰਤਰੀ ਸ. ਗੁਰਮੀਤ ਸਿੰਘ ਦੀ ਮੈਨੂੰ ਮਲਾਵੀ ਵਿਚ ਆਈ ਚਿੱਠੀ ਤੋਂ ਪਤਾ ਲੱਗਾ ਕਿ ਅਕਤੂਬਰ, ੧੯੭੩ ਵਿਚ, ਸ਼੍ਰੋਮਣੀ ਅਕਾਲੀ ਦਲ ਨੇ ਇਕ ਮਤਾ ਪਾਸ ਕੀਤਾ ਹੈ ਜਿਸ ਦਾ ਨਾਂ, ਸ੍ਰੀ ਅਨੰਦਪੁਰ ਸਾਹਿਬ ਵਿਖੇ ਪਾਸ ਕੀਤਾ ਗਿਆ ਹੋਣ ਕਰਕੇ, 'ਅਨੰਦਪੁਰ ਦਾ ਮਤਾ' ਰੱਖਿਆ ਗਿਆ ਹੈ। ਇਹ ਮਤਾ, ੧੯੬੮ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਦੋਹਾਂ ਧੜਿਆਂ ਦੀ, ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਣ ਵਾਲ਼ੀ ਏਕਤਾ ਸਮੇ, ਸ. ਕਪੂਰ ਸਿੰਘ ਜੀ ਵੱਲੋਂ ਤਿਆਰ ਕੀਤਾ ਗਿਆ ਦਸਤਾਵੇਜ ਅਤੇ ਏਸੇ ਸਾਲ ਬਟਾਲੇ ਵਿਚ ਹੋਈ ਸਾਲਾਨਾ ਅਕਾਲੀ ਕਾਨਫ਼੍ਰੰਸ ਵਿਚ ਪਾਸ ਹੋਏ, ਸੂਬਿਆਂ ਨੂੰ ਵਧ ਅਧਿਕਾਰਾਂ ਵਾਲ਼ੇ ਮਤੇ ਦਾ, ਅਗਲੇਰਾ ਅਤੇ ਹੋਰ ਸੋਧਿਆ ਹੋਇਆ ਰੂਪ ਹੈ।
ਏਥੇ ਹੀ ੧੯੭੪ ਵਿਚ, ਬਟਾਲੇ ਤੋਂ ਸ. ਹਰਭਜਨ ਸਿੰਘ ਬਾਜਵਾ ਫ਼ੋਟੋਗਰਾਫ਼ਰ ਦੀ ਆਈ ਚਿੱਠੀ ਤੋਂ ਪਤਾ ਲੱਗਾ ਕਿ ਹਰਿਆਣੇ ਦੇ ਮੁਖ ਮੰਤਰੀ ਚੌਧਰੀ ਬੰਸੀ ਲਾਲ ਵੱਲੋਂ ਸ਼ਹਿਰੀ ਹੱਕਾਂ ਉਪਰ ਲਗਾਈ ਗਈ ਪਾਬੰਦੀ ਦੇ ਖ਼ਿਲਾਫ਼, ਜਥੇਦਾਰ ਮੋਹਨ ਸਿੰਘ ਤੁੜ ਦੀ ਅਗਵਾਈ ਹੇਠ, ਸ਼੍ਰੋਮਣੀ ਅਕਾਲੀ ਦਲ ਨੇ, ਹਰਿਆਣੇ ਦੇ ਇਕ ਸ਼ਹਿਰ ਕਰਨਾਲ ਵਿਚ ਮੋਰਚਾ ਲਾ ਕੇ ਜਿੱਤ ਪ੍ਰਾਪਤ ਕੀਤੀ।
ਮੈਂ ਅਜੇ ਮਲਾਵੀ ਵਿਚ ਹੀ ਸੀ ਜਦੋਂ ਪਤਾ ਲੱਗਾ ਕਿ ੨੫ ਜੂਨ ੧੯੭੫ ਵਾਲ਼ੇ ਦਿਨ ਇੰਦਰਾ ਗਾਂਧੀ ਨੇ ਦੇਸ ਵਿਚ ਐਮਰਜੈਂਸੀ ਲਾ ਦਿਤੀ ਹੈ। ਅਕਾਲੀਆਂ ਤੋਂ ਬਿਨਾ ਬਾਕੀ ਸਾਰੀਆਂ ਪਾਰਟੀਆਂ ਦੇ ਆਗੂਆਂ ਨੂੰ ਫੜ ਕੇ ਜੇਹਲਾਂ ਵਿਚ ਸੁੱਟ ਦਿਤਾ ਅਤੇ ਬਹੁਤ ਸਾਰੀਆਂ ਜਥੇਬੰਦੀਆਂ ਉਪਰ ਪਾਬੰਦੀ ਲਾ ਦਿਤੀ ਗਈ ਸੀ। ਅਕਾਲੀ ਆਗੂਆਂ ਨਾਲ਼ ਸੁਲਾਹ ਕਰਨ ਦੇ ਜਤਨ ਕੀਤੇ ਪਰ ਇਹਨਾਂ ਨੇ ਇਸ ਜ਼ੁਲਮ ਦੇ ਖ਼ਿਲਾਫ਼, ਸਦਾ ਵਾਂਗ ਹੀ ਮੋਰਚਾ ਲਾ ਦਿਤਾ। ਐਮਰਜੈਂਸੀ ਹਟਾ ਕੇ ਚੋਣਾਂ ਦਾ ਐਲਾਨ ਹੋਣ ਤੱਕ ਇਹ ਸ਼ਾਂਤਮਈ ਮੋਰਚਾ ਚੱਲਦਾ ਰਿਹਾ। ਤਿਹਾੜ ਜੇਹਲ ਵਿਚ ਬੰਦ ਸਾਰੇ ਵਿਰੋਧੀ ਆਗੂਆਂ ਨੂੰ, ਅਕਾਲੀ ਆਗੂ ਸ. ਅਤਮਾ ਸਿੰਘ ਨੇ ਪ੍ਰੇਰ ਕੇ, ਇਕ ਜਨਤਾ ਪਾਰਟੀ ਦੇ ਨਾਂ ਹੇਠ ਇਕੱਠੇ ਕੀਤਾ। ਸ਼੍ਰੋਮਣੀ ਅਕਾਲੀ ਦਲ ਨੇ ਚੋਣਾਂ ਵਿਚ ਮੋਹਰੀ ਹਿੱਸਾ ਪਾ ਕੇ, ਇੰਦਰਾ ਗਾਂਧੀ ਦੇ ਜ਼ੁਲਮੀ ਰਾਜ ਦਾ ਖਾਤਮਾ ਕੀਤਾ। ਜਨਤਾ ਪਾਰਟੀ ਦਾ ਬਣਿਆਂ ਇਹ 'ਭਾਨਮਤੀ ਦਾ ਕੁਨਭਾ' ਲੀਡਰਾਂ ਦੀ ਆਪਸੀ ਖਿੱਚੋਤਾਣ ਅਤੇ ਇੰਦਰਾ ਗਾਂਧੀ ਦੀਆਂ ਸਾਜਸ਼ਾਂ ਨਾਲ਼, ਖਿੱਲਰ ਗਿਆ ਤੇ ੧੯੮੦ ਵਿਚ ਇੰਦਰਾ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਦੀ ਸਰਕਾਰ ਫਿਰ ਬਣ ਗਈ।
ਇਸ ਐਮਰਜੈਂਸੀ ਦੇ ਖ਼ਿਲਾਫ਼ ਲੱਗੇ ਮੋਰਚੇ ਸਮੇ ਮੈਂ ਵੀ ਇੰਗਲੈਂਡ ਆਦਿ ਮੁਲਕਾਂ ਵਿਚ ਦੀ ਘੁੰਮਦਾ ਹੋਇਆ ਅੰਮ੍ਰਿਤਸਰ ਪਹੁੰਚ ਗਿਆ ਸਾਂ ਅਤੇ ਮੋਰਚੇ ਦੇ ਡਿਕਟੇਟਰ ਜਥੇਦਾਰ ਮੋਹਨ ਸਿੰਘ ਤੁੜ ਸਮੇਤ ਹੋਰ ਵੀ ਕਈ ਆਗੂਆਂ ਨੂੰ ਮਿਲ਼ ਕੇ ਪੰਥਕ ਹਾਲਾਤ ਜਾਨਣ ਦਾ ਜਤਨ ਕੀਤਾ ਸੀ।
ਹੁਣ ਇੰਦਰਾ ਗਾਂਧੀ ਦੇ ਸਾਹਮਣੇ ਸਭ ਤੋਂ ਵੱਡਾ ਕੰਮ ਅਕਾਲੀ ਦਲ ਤੋਂ, ਉਸ ਦੀ ਲਗਾਈ ਗਈ ਐਮਰਜੈਂਸੀ ਦਾ ਵਿਰੋਧ ਕਰਨ ਦਾ ਬਦਲਾ ਲੈਣ ਦਾ ਸੀ। ਸਭ ਤੋਂ ਪਹਿਲਾਂ ਤੇ ਉਸ ਨੇ ਪੰਜਾਬ ਵਿਚ ਬਣੀ ਅਕਾਲੀ ਜਨਤਾ ਸਰਕਾਰ ਨੂੰ ਤੋੜਿਆ। ਸਿੱਖ ਨਿਰੰਕਾਰੀ ਵਿਰੋਧ ਨੂੰ ਭੜਕਾਇਆ। ਸੰਤ ਜਰਨੈਲ ਸਿੰਘ ਜੀ ਦੀ ਅਗਵਾਈ ਹੇਠ ਸਿੱਖ ਨੌਜਵਾਨੀ ਵਿਚ ਸਰਕਾਰ ਵੱਲੋਂ ਇਸ ਝਗੜੇ ਵਿਚ ਇਨਸਾਫ਼ ਨਾ ਮਿਲ਼ਣ ਅਤੇ ਨੌਜਵਾਨਾਂ ਉਪਰ ਨਾਜਾਇਜ਼ ਪੁਲਿਸੀ ਜ਼ੁਲਮ ਹੋਣ ਕਰਕੇ, ਸਿੱਖ ਨੌਜਵਾਨੀ ਵਿਚ ਜੁਝਾਰੂ ਰੁਝਾਨ ਪੈਦਾ ਹੋਇਆ, ਜਿਸ ਨੂੰ ਸਹੀ ਤਰੀਕੇ ਨਾਲ਼ ਸਿਆਸੀ ਤੌਰ ਤੇ ਨਜਿਠਣ ਦੀ ਬਜਾਇ, ਅਮਨ ਕਾਨੂੰਨ ਦਾ ਮਸਲਾ ਬਣਾ ਕੇ, ਕੇਂਦਰ ਸਰਕਾਰ ਨੇ ਇਸ ਸਾਰੇ ਕੁਝ ਨੂੰ ਹਵਾ ਦੇ ਕੇ ਸਗੋਂ ਹੋਰ ਭੜਕਾਇਆ।
ਅਜਿਹੇ ਹਾਲਾਤ ਵਿਚ ਸ਼੍ਰੋਮਣੀ ਅਕਾਲੀ ਦਲ ਨੇ ਅਗਸਤ ੧੯੮੨ ਵਿਚ ਅਨੰਦਪੁਰ ਸਾਹਿਬ ਦੇ ਮਤੇ ਦੀ ਪ੍ਰਾਪਤੀ ਵਾਸਤੇ ਸਦਾ ਵਾਂਗ ਸ਼ਾਂਤਮਈ ਮੋਰਚਾ ਲਾ ਦਿਤਾ। ਇੰਦਰਾ ਗਾਂਧੀ ਦੀ ਬਦਨੀਤੀ ਕਾਰਨ ਇਹ ਸ਼ਾਂਤਮਈ ਮੋਰਚਾ, ਜੂਨ ੧੯੮੪ ਵਾਲ਼ੇ, ਸ੍ਰੀ ਦਰਬਾਰ ਸਾਹਿਬ ਅਤੇ ਬਾਕੀ ਇਤਿਹਾਸਕ ਗੁਰਦਆਰਿਆਂ ਉਪਰ ਫੌਜੀ ਹਮਲੇ ਤੱਕ ਚੱਲਦਾ ਰਿਹਾ। ਇਸ ਦੌਰਾਨ ਕੀ ਕੁਝ ਵਾਪਰਿਆ, ਇਸ ਸਾਰੇ ਕੁਝ ਬਾਰੇ ਹੁਣ ਤੱਕ ਬਹੁਤ ਕੁਝ ਲਿਖਿਆ ਤੇ ਦੱਸਿਆ ਜਾ ਚੁੱਕਾ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਵਿਚ ਇਸ ਸਭ ਤੋਂ ਲੰਮੇ ਸਮੇ ਲਈ ਚੱਲੇ ਮੋਰਚੇ ਵਿਚ, ਕੌਮ ਦਾ ਸਭ ਤੋਂ ਵੱਧ ਜਾਨੀ, ਮਾਲੀ ਅਤੇ ਮਾਣ ਸਨਮਾਨ ਦਾ, ਹੱਦੋਂ ਵੱਧ ਨੁਕਸਾਨ ਹੋਇਆ। ਕੁਝ ਵੀ ਪ੍ਰਾਪਤ ਹੋਣ ਦੇ ਥਾਂ, ਜੋ ਅਕਾਲੀ ਦਲ ਨੇ ਸ਼ਾਂਤਮਈ ਮੋਰਚੇ ਲਾ ਲਾ ਕੇ ਸਮੇ ਸਮੇ, ਤਤਕਾਲੀ ਸਰਕਾਰਾਂ ਪਾਸੋਂ ਪ੍ਰਾਪਤ ਕੀਤਾ ਸੀ, ਉਸ ਵਿਚੋਂ ਵੀ ਬਹੁਤ ਕੁਝ ਗਵਾ ਲਿਆ। ਸਿੱਖ ਪੰਥ ਦਾ ਸਰਬਪੱਖੀ ਨੁਕਸਾਨ ਹੀ ਨੁਕਸਾਨ ਹੋਇਆ। ਆਪਣੇ ਜ਼ੁਲਮੀ ਕਾਰਿਆਂ ਨਾਲ਼ ਸਰਕਾਰ ਨੇ ਰੋਹ ਭਰੀ ਸਿੱਖ ਜਵਾਨੀ ਨੂੰ ਹਥਿਆਰ ਚੁੱਕਣ ਲਈ ਮਜਬੂਰ ਕਰ ਦਿਤਾ ਤੇ ਇਸ ਬਹਾਨੇ ਕੌਮ ਦਾ ਘਾਣ ਕੀਤਾ। ਨਤੀਜੇ ਵਜੋਂ ਇਸ ਸਭ ਕੁਝ ਦੀ ਜੁੰਮੇਵਾਰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਹੋਇਆ ਤੇ ਉਸ ਦੇ ਨਾਲਾਇਕ ਪੁੱਤ ਰਾਜੀਵ ਨੇ ਜ਼ੁਲਮ ਕਰਨ ਵਾਲ਼ੀ, ਸਾਰੇ ਦੇਸ ਵਿਚ ਬੇਦੋਸ਼ੇ ਸਿੱਖਾਂ ਦਾ ਕਤਲਾਮ ਕਰਕੇ, ਰਹਿੰਦੀ ਕਸਰ ਵੀ ਪੂਰੀ ਕਰ ਦਿਤੀ।
ਜੁਲਾਈ, ੧੯੮੫ ਨੂੰ ਅਕਾਲੀ ਆਗੂ ਅਤੇ ਮੋਰਚੇ ਦੇ ਡਿਕਟੇਟਰ, ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਜੇਹਲ ਵਿਚੋਂ ਕੱਢ ਕੇ, ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਵਿਚਕਾਰ ਸਮਝੌਤਾ ਕੀਤਾ ਗਿਆ। ਇਸ ਨਾਲ਼ ਇਹ ਮੋਰਚਾ ਕਾਗਜ਼ੀ ਸਾਬਤ ਹੋਇਆ। ਉਂਜ ਆਮ ਸਿੱਖ ਜਨਤਾ ਵਿਚ ਇਸ ਸਮਝੌਤੇ ਦਾ ਵਿਰੋਧ ਵੀ ਬਹੁਤ ਹੋਇਆ। ਕਿਸੇ ਪੱਤਰਕਾਰ ਨੇ ਇਉਂ ਵੀ ਲਿਖਿਆ ਕਿ ਰਾਜੀਵ ਨੇ ਆਪਣੀ ਬੁਲਿਟ ਪਰੂਫ਼ ਜੈਕਟ ਲਾਹ ਕੇ ਸੰਤ ਲੌਂਗੋਵਾਲ਼ ਦੇ ਗਲ਼ ਪਾ ਦਿਤੀ ਹੈ। ਲੌਂਗੋਵਾਲ ਨੂੰ ਇਸ ਸਮਝੌਤੇ ਪਿੱਛੇ ਗੋਲ਼ੀ ਦਾ ਸ਼ਿਕਾਰ ਹੋ ਕੇ, ਆਪਣੀ ਜਾਨ ਦੇਣੀ ਪਈ। ਮੇਰਾ ਵਿਚਾਰ ਇਸ ਸਮਝੌਤੇ ਬਾਰੇ ਇਉਂ ਸੀ ਕਿ ਇਹ ਸਮਝੌਤਾ ਤੇ ਇਉਂ ਹੈ ਕਿ ਜਿਵੇਂ ਇਕ ਤਕੜਾ ਬੰਦਾ ਮਾੜੇ ਬੰਦੇ ਨੂੰ ਕੁੱਟੀ ਜਾ ਰਿਹਾ ਹੈ। ਉਸ ਦੀ ਨਾ ਕੋਈ ਸਹਾਇਤਾ ਲਈ ਆਉਂਦਾ ਹੈ ਤੇ ਨਾ ਹੀ ਕੋਈ ਉਸ ਦੇ ਹੱਕ ਵਿਚ ਆਵਾਜ਼ ਹੀ ਕਢਦਾ ਹੈ ਸਗੋਂ ਝੂਠੇ ਪ੍ਰਾਪਗੰਡੇ ਦਾ ਸ਼ਿਕਾਰ ਹੋਇਆ ਹਰ ਕੋਈ ਉਸ ਨੂੰ ਹੀ ਦੋਸ਼ੀ ਸਮਝ ਰਿਹਾ ਹੈ। ਅਜਿਹੀ ਹਾਲਤ ਵਿਚ ਕੁੱਟਣ ਵਾਲ਼ਾ ਕੁੱਟਦਾ ਕੁੱਟਦਾ ਥੱਕ ਕੇ, ਕੁੱਟ ਖਾਈ ਜਾਣ ਵਾਲ਼ੇ ਨੂੰ ਗਲ਼ੋਂ ਫੜ ਕੇ, ਹੇਠੋਂ ਕਢ ਕੇ, ਖੜ੍ਹਾ ਕਰਕੇ, ਉਸ ਦਾ ਝੱਗਾ ਝਾਣ ਕੇ ਤੇ ਮੂੰਹ ਪੂੰਝ ਕੇ, ਕਹਿੰਦਾ ਹੈ ਕਿ ਆ ਆਪਾਂ ਸਮਝੌਤਾ ਕਰ ਲਈਏ। ਮੈਂ ਤੇਰੀਆਂ ਕੁਝ ਮੰਗਾਂ ਵੀ ਮੰਨ ਲੈਂਦਾ ਹਾਂ ਤੇ ਲਗਾਤਾਰ ਕੁੱਟ ਖਾਣ ਵਾਲ਼ਾ ਆਲ਼ੇ ਦੁਆਲ਼ੇ ਝਾਤੀ ਮਾਰ ਕੇ, ਹੋਰ ਕੋਈ ਚਾਰਾ ਨਾ ਚੱਲਦਾ ਵੇਖ ਕੇ, ਹੋਰ ਕੁੱਟ ਖਾਈ ਜਾਣ ਨਾਲ਼ੋਂ ਸੁਲਾਹ ਲਈ ਮੰਨ ਜਾਂਦਾ ਹੈ। ਇਸ ਤੋਂ ਵਧੇਰੇ ਇਸ ਸਮਝੌਤੇ ਦੀ ਕੋਈ ਕੀਮਤ ਨਾ ਉਸ ਸਮੇ ਸੀ ਤੇ ਨਾ ਹੀ ਹੁਣ ਤੱਕ ਹੈ।
੧੯੯੧ ਵਿਚ ਚੋਣਾਂ ਦਾ ਐਲਾਨ ਹੋਣ ਤੇ, ਸਿੱਖ ਵੋਟਰਾਂ ਵੱਲੋਂ ਵਿਰੋਧ ਹੋਣਾ ਅਨੁਭਵ ਕਰਕੇ, ਕਾਂਗਰਸ ਅਤੇ ਕਮਿਊਨਿਸਟਾਂ ਨੇ ਚੋਣਾਂ ਦਾ ਬਾਈਕਾਟ ਕਰ ਦਿਤਾ। ਅਕਾਲੀ ਦਲ ਨੇ ਚੋਣਾਂ ਲੜਨ ਦੀ ਮੁਹਿਮ ਜਾਰੀ ਰੱਖੀ। ਜੁਝਾਰੂਆਂ ਦੇ ਭੇਸ ਵਾਲ਼ੇ ਕਾਤਲਾਂ ਨੇ, ੨੫ ਅਕਾਲੀ ਉਮੀਦਵਾਰਾਂ ਨੂੰ ਕਤਲ ਕਰ ਦਿਤਾ। ਦੋ ਆਜ਼ਾਦ ਉਮੀਦਵਾਰ ਵੀ ਕਤਲ ਹੋ ਗਏ। ਇਉਂ ੨੭ ਕਤਲਾਂ ਦੇ ਬਾਵਜੂਦ ਵੀ ਸ਼੍ਰੋਮਣੀ ਅਕਾਲੀ ਦਲ ਚੋਣਾਂ ਲਈ ਡਟਿਆ ਰਿਹਾ ਅਤੇ ਪੂਰੀ ਆਸ ਸੀ ਕਿ ਚੋਣਾਂ ਵਿਚ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਭਾਈ ਮਨਜੀਤ ਸਿੰਘ ਵਾਲ਼ਾ ਧੜਾ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਹੁੰਦੀ ਪਰ ਐਨ ਮੌਕੇ ਤੇ ਆ ਕੇ, ਚੋਣਾਂ ਵਾਲ਼ੇ ਦਿਨ ਦੀ ਪਹਿਲੀ ਅਧੀ ਰਾਤ ਨੂੰ, ਸਰਕਾਰ ਵੱਲੋਂ ਚੋਣਾਂ ਰੱਦ ਕਰ ਦਿਤੀਆਂ ਗਈਆਂ। ਜਦੋਂ ਅਗਲੇ ਸਾਲ ੧੯੯੨ ਵਿਚ ਚੋਣਾਂ ਫਿਰ ਕਰਵਾਈਆਂ ਗਈਆਂ ਤਾਂ ਜੁਝਾਰੂਆਂ ਦੇ ਭੇਸ ਵਿਚ ਕੁਝ ਲੋਕਾਂ ਨੇ ਏ.ਕੇ. ਸੰਤਾਲ਼ੀ ਦੇ ਜੋਰ ਨਾਲ਼ ਅਕਾਲੀ ਦਲ ਤੋਂ ਚੋਣਾਂ ਦਾ ਬਾਈਕਾਟ ਕਰਵਾ ਕੇ, ਬਿਨਾ ਮੁਕਾਬਲਾ ਕਾਂਗਰਸ ਦੀ ਸਰਕਾਰ ਬਣਵਾ ਦਿਤੀ। ਫਿਰ ਬੇਅੰਤ ਸਿੰਘ ਤੇ ਗਿੱਲ ਨੇ ਜੋ ਸਿੱਖ ਨੌਜਵਾਨੀ ਦਾ ਘਾਣ ਕੀਤਾ ਉਸ ਬਾਰੇ ਬੜਾ ਕੁਝ ਦੱਸਿਆ ਜਾ ਚੁੱਕਾ ਹੈ।
ਓਦੋਂ ਤੋਂ ਲੈ ਕੇ ਹੁਣ ਤੱਕ ਪੰਜਾਬ ਉਪਰ ਕਦੀ ਗਵਰਨਰੀ ਰਾਜ, ਕਦੀ ਇਕੱਲੇ ਸ਼੍ਰੋਮਣੀ ਅਕਾਲੀ ਦਲ ਦੀ, ਕਦੀ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਾਲ਼ੀ ਸਾਂਝੀ ਸਰਕਾਰ ਅਤੇ ਕਦੀ ਕਾਂਗਰਸ ਦੀ ਸਰਕਾਰ ਬਣਦੀ ਆ ਰਹੀ ਹੈ ਤੇ ਅੱਗੇ ਨੂੰ ਇਉਂ ਹੀ ਹੁੰਦੇ ਰਹਿਣ ਦੀ ਆਸ ਵੀ ਹੈ।
ਇਸ ਵਿਸਥਾਰਤ ਘੱਲੂਘਾਰੇ ਵਾਲ਼ੇ ਸਾਲਾਂ ਦੌਰਾਨ ਬਹੁਪੱਖੀ ਘਾਣ ਪੰਜਾਬ ਦੇ ਸਿੱਖਾਂ ਦਾ ਹੀ ਹੋਇਆ ਹੈ। ਜੇ ਕੋਈ ਨਿਰੰਕਾਰੀ ਮਰਿਆ ਤਾਂ ਉਹ ਵੀ ਪੰਜਾਬੀ ਸਿੱਖ, ਜੇ ਪੁਲਿਸ ਤੇ ਫੌਜ ਹੱਥੋਂ ਕੋਈ ਮਰਿਆ ਤਾਂ ਉਹ ਵੀ ਸਿੱਖ, ਜੇ ਜੁਝਾਰੂਆਂ ਹੱਥੋਂ ਕੋਈ ਪੁਲਸੀਆ ਤੇ ਫੌਜੀ ਮਰਿਆ ਤਾਂ ਉਹ ਵੀ ਸਿੱਖ। ਜੇ ਪਿੰਡਾਂ ਵਿਚ ਵਸਦੇ ਖਾਂਦੇ ਪੀਂਦੇ ਸ਼ਰੀਫ ਸਿੱਖ ਪਰਵਾਰਾਂ ਦੇ ਜਾਨ, ਮਾਲ ਅਤੇ ਸਨਮਾਨ ਦਾ ਘਾਣ, ਦਿਨੇ ਪੁਲਿਸ ਅਤੇ ਰਾਤ ਸਮੇ ਜੁਝਾਰੂਆਂ ਦੇ ਭੇਸ ਵਿਚ ਖੁਲ੍ਹੇਆਮ ਫਿਰਦੇ ਲੁਟੇਰਿਆਂ ਹੱਥੋਂ ਹੋਇਆ ਤਾਂ ਸਿੱਖ ਪੰਜਾਬੀਆਂ ਦਾ। ਜੇ ਸਰਕਾਰ ਅਤੇ ਸਿੱਖਾਂ ਦੀ ਲੜਾਈ ਵਿਚ ਆ ਕੇ ਕਾਮਰੇਡ ਮਰੇ ਤਾਂ ਉਹ ਵੀ ਪੰਜਾਬੀ ਸਿੱਖ। ਜੇ ਸ. ਹਰਚਰਨ ਸਿੰਘ ਬਰਾੜ ਦੀ ਥੋਹੜੇ ਦਿਨਾਂ ਦੀ ਸਰਕਾਰ ਸਮੇ, ਜ਼ੁਲਮ ਦੇ ਦੋਸ਼ਾਂ ਵਿਚ ਕੁਝ ਪੁਲਿਸ ਅਫ਼ਸਰਾਂ 'ਤੇ ਮੁਕਦਮੇ ਚੱਲੇ ਤਾਂ ਉਹ ਵੀ ਸਿੱਖ ਅਫਸਰਾਂ ਉਤੇ ਚੱਲੇ। ਦਿੱਲੀ ਵਾਲ਼ੇ ਆਰਾਮ ਨਾਲ਼ ਬੈਠੇ ਤਮਾਸ਼ਾ ਵੇਖਦੇ ਰਹੇ ਅਤੇ ਪੰਜਾਬ ਵਿਚ ਵੱਸਦੇ ਸਿੱਖਾਂ ਦਾ ਸਿੱਖਾਂ ਹੱਥੋਂ ਹੋ ਰਿਹਾ ਘਾਣ ਵੇਖ ਕੇ ਖ਼ੁਸ਼ ਹੁੰਦੇ ਰਹੇ।
ਪਰ ਇਸ ਲੇਖ ਦਾ ਅਸਲ ਮਕਸਦ ਤੇ ਸ਼੍ਰੋਮਣੀ ਅਕਾਲੀ ਦਲ ਦੇ ਸ਼ਾਨਦਾਰ ਇਤਿਹਾਸ ਨੂੰ ਸੰਖੇਪਤਾ ਸਹਿਤ ਪਾਠਕਾਂ ਦੇ ਦ੍ਰਿਸ਼ਟੀ ਗੋਚਰ ਕਰਨਾ ਸੀ। ਸ਼੍ਰੋਮਣੀ ਅਕਾਲੀ ਦਲ ਅੱਜ ਵੀ ਭਾਰਤ ਵਿਚ ਇਕ ਅਤੀ ਮਹੱਤਪੂਰਨ ਖੇਤਰੀ ਪਾਰਟੀ ਦੇ ਰੂਪ ਵਿਚ ਸਰਗਰਮ ਹੈ। ਆਪਣੀਆਂ ਕੁਰਬਾਨੀਆਂ ਨਾਲ਼ ਵਿਉਂਤਰੇ ਮੌਜੂਦਾ ਪੰਜਾਬ ਵਿਚਲੀ ਸਰਕਾਰ ਨੂੰ ਚਲਾਉਣਾ ਇਸ ਦੀ ਲੋੜ ਅਤੇ ਇਸ ਦਾ ਫਰਜ਼ ਹੈ। ਘਟ ਤੋਂ ਘਟ ਪੰਜਾਬ ਦੇ ਲੋਕਾਂ ਨੂੰ ਤਾਂ ਮਹਾਰਾਜਾ ਰਣਜੀਤ ਸਿੰਘ ਵਰਗਾ ਇਨਸਾਫ ਭਰਿਆ, ਵਿਤਕਰੇ ਰਹਿਤ ਰਾਜ ਦੇਣਾ ਇਸ ਦਾ ਮੁਖ ਮਨੋਰਥ ਹੈ, ਜਿਸ ਦੀ ਬਾਕੀ ਸੂਬਿਆਂ ਦੇ ਲੋਕ ਵੀ ਓਸੇ ਤਰ੍ਹਾਂ ਸ਼ਲਾਘਾ ਕਰਨ ਜਿਵੇਂ ਅੱਜ ਵੀ ਬੀ.ਬੀ.ਸੀ. ਵਾਲ਼ੇ ਵੀ ਤੇ ਪਾਕਿਸਤਾਨ ਵਾਲ਼ੇ ਵੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਸਭ ਤੋਂ ਵਧੀਆ ਰਾਜ ਆਖ ਰਹੇ ਹਨ।
ਇਸ ਸਮੇ ਅਕਾਲੀ ਲੀਡਰਸ਼ਿਪ ਸਿਆਸੀ ਅਤੇ ਵਿਦਿਅਕ ਤਜਰਬੇ, ਆਰਥਿਕ ਆਦਿ ਬਹੁਤ ਸਾਰੇ ਪੱਖਾਂ ਤੋਂ ਸਮੇ ਦੇ ਹਾਣ ਦੀ ਹੈ ਅਤੇ ਇਸ ਨੂੰ ਰਾਜ ਭਾਗ ਚਲਾਉਣ ਦਾ ਤਜਰਬਾ ਵੀ ਹੋ ਚੁੱਕਿਆ ਹੈ। ਇਸ ਲਈ ਆਸ ਕਰਨੀ ਚਾਹੀਦੀ ਹੈ ਕਿ ਨਿਜੀ ਸਵਾਰਥ ਤੋਂ ਉਪਰ ਉਠ ਕੇ ਪੰਥ ਦਾ ਜੋ ਨਿਸ਼ਾਨਾ ਹੈ ਰਾਜ ਕਰਨ ਦਾ, ਅਤੇ ਜਿਸ ਰਾਜ ਨੂੰ ਦੁਨੀਆਂ ਬਾਬਾ ਬੰਦਾ ਸਿੰਘ ਬਹਾਦਰ, ਸਿੱਖ ਮਿਸਲਾਂ ਅਤੇ ਮਹਾਂਰਾਜਾ ਰਣਜੀਤ ਸਿੰਘ ਦੇ ਰਾਜ ਦੇ ਰੂਪ ਵਿਚ ੮੫ ਸਾਲ ਵੇਖ ਵੀ ਚੁੱਕੀ ਹੈ, ਤੋਂ ਪ੍ਰੇਰਨਾ ਲੈ ਕੇ ਪੰਜਾਬ ਨੂੰ ਰਾਜਸੀ ਅਗਵਾਈ ਦੇਣਗੇ। ਪਰ ਯਾਦ ਰਹੇ ਕਿ ਸਿੱਖ ਪੰਥ ਦੀ ਸਮੁਚੀ ਬੇਹਤਰੀ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਥਮ ਮਨੋਰਥ ਹੈ। ਇਹ ਵੀ ਜਰੂਰ ਯਾਦ ਰਹੇ ਕਿ ਪੰਜਾਬ ਅੰਦਰ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਹੇਠ ਹੁਣ ਤੱਕ ਬਣੀਆਂ ਸਾਂਝੀਆਂ ਸਰਕਾਰਾਂ ਦੀ ਕਾਰ ਗੁਜ਼ਾਰੀ ਤੋਂ ਸਿੱਖ ਪੰਥ ਦੀ ਚੜ੍ਹਦੀ ਕਲਾ ਬਹੁਤੀ ਨਹੀਂ ਦਿਖਾਈ ਦਿਤੀ। ਸਭ ਤੋਂ ਪਹਿਲਾਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਸ ਦਾ ਪ੍ਰਬੰਧ ਮੁਕੰਮਲ ਤੌਰ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਕੋਲ਼ ਹੈ, ਦਾ ਪ੍ਰਬੰਧ ਏਨਾ ਸੁਚਾਰੂ ਢੰਗ ਨਾਲ਼ ਚਲਾਇਆ ਜਾਵੇ ਕਿ ਜਿਸ ਤੋਂ ਪ੍ਰਭਾਵਤ ਹੋ ਕੇ ਪੰਜਾਬ ਦੇ ਲੋਕ ਸੋਚਣ ਕਿ ਸਾਡੇ ਸੂਬੇ ਦਾ ਰਾਜ ਵੀ ਇਹੋ ਜਿਹਾ ਹੋਣਾ ਚਾਹੀਦਾ ਹੈ। ਇਹ ਕੋਈ ਏਨਾ ਔਖਾ ਕਾਰਜ ਨਹੀਂ ਹੈ ਕਿ ਜੇਹੜਾ ਹੋ ਨਾ ਸਕਦਾ ਹੋਵੇ। ਸਾਡੇ ਵੇਖਦਿਆਂ ਹੀ ਇਕ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ, ਸੁਣਿਆ ਹੈ ਕਿ ਸ਼੍ਰੀ ਕ੍ਰਿਸ਼ਨ ਕੁਮਾਰ ਕੁਝ ਸਮੇ ਲਈ ਨਵਾਂ ਸ਼ਹਿਰ ਵਿਚ ਭ੍ਰਿਸ਼ਟਾਚਾਰ ਰਹਿਤ ਪ੍ਰਬੰਧ ਕਰ ਵੀ ਚੁੱਕਿਆ ਹੈ। ਜੇ ਇਕ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ, ਜਿੰਨਾ ਚਿਰ ਉਹ ਉਸ ਪਦਵੀ ਉਪਰ ਰਿਹਾ, ਆਪਣੇ ਜ਼ਿਲ੍ਹੇ ਦਾ ਪ੍ਰਬੰਧ ਸੁਧਾਰ ਸਕਿਆ ਹੈ ਤਾਂ ਫਿਰ ਸੂਬੇ ਦਾ ਮੁਖ ਮੰਤਰੀ ਤੇ ਦੇਸ਼ ਦਾ ਪ੍ਰਧਾਨ ਮੰਤਰੀ ਕਿਉਂ ਨਹੀਂ ਆਪਣਾ ਸੂਬਾ ਅਤੇ ਆਪਣਾ ਦੇਸ਼ ਸੁਧਾਰ ਸਕਦੇ!
ਰਾਖਾ ਆਪ ਅਕਾਲ ਅਕਾਲੀਆਂ ਦਾ। ਅਕਾਲ ਪੁਰਖ ਸਹਾਈ ਹੋਵੇ। (ਜੁਲਾਈ, ੨੦੨੦)
ਇਸ ਲੇਖ ਵਿਚ ਲਿਖੀ ਗਈ ਇਕ ਇਕ ਵਾਕ ਦੀ ਵਿਆਖਿਆ ਵਿਚ ਪੂਰਾ ਲੇਖ ਲਿਖਿਆ ਜਾ ਸਕਦਾ ਹੈ ਅਤੇ ਕਈ ਕਿਤਾਬਾਂ ਪਹਿਲਾਂ ਲਿਖੀਆਂ ਵੀ ਜਾ ਚੁੱਕੀਆਂ ਹਨ।
ਸ਼੍ਰੋਮਣੀ ਅਕਾਲੀ ਦਲ ਦੀਆਂ ਕੁਝ ਕੁ ਪ੍ਰਾਪਤੀਆਂ ਦਾ ਜ਼ਿਕਰ
ਦਸੰਬਰ ੧੯੨੦ ਤੋਂ ਲੈ ਕੇ ਹੁਣ ਤੱਕ ਸ਼੍ਰੋਮਣੀ ਅਕਾਲੀ ਦਲ ਸਿੱਖ ਪੰਥ ਦੀ ਸਰਬ ਪੱਖੀ ਆਗਵਾਈ ਕਰਦਾ ਆ ਰਿਹਾ ਹੈ।
੧.    ਗੁਰਦੁਆਰਿਆਂ ਉਪਰ ਕਾਬਜ਼ ਮਹੰਤਾਂ ਅਤੇ ਉਹਨਾਂ ਦੀ ਸਹਾਇਕ ਅੰਗ੍ਰੇਜ਼ੀ ਸਰਕਾਰ ਵਿਰੁਧ ਪੰਜ ਸਾਲ ਸੰਘਰਸ਼ ਕਰਕੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਵਾਉਣੀ
੨.    ਐਕਟ ਵਿਚ ਰੱਖੇ ਗਏ ਨਾਂ 'ਸੈਂਟਰਲ ਸਿੱਖ ਗੁਰਦੁਆਰਾ ਬੋਰਡ' ਦਾ ਨਾਂ ਬਦਲ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰੱਖਣ ਤੋਂ ਇਲਾਵਾ, ਸਮੇ ਸਮੇ ਇਸ ਕਾਨੂੰਨ ਵਿਚ ਤਰਮੀਮਾਂ ਕਰਵਾ ਕੇ, ਕਮੇਟੀ ਨੂੰ ਸੁਚਾਰੂ ਰੂਪ ਵਿਚ ਚੱਲਣ ਦੇ ਜੋਗ ਬਣਾਉਣਾ।
੩.    ਫਿਰ ਆਪਣੀ ਕੁਰਬਾਨੀ ਅਤੇ ਸਿਆਣਪ ਨਾਲ਼ ਹਿੰਦੁਸਤਾਨ ਵਿਚ ਅੰਗ੍ਰੇਜ਼ੀ ਸਰਕਾਰ ਕੋਲ਼ੋਂ ਸਿੱਖ ਕੌਮ ਨੂੰ ਤੀਜੀ ਧਿਰ ਮਨਵਾਉਣਾ
੪.    ਉਸ ਸਮੇ ਦੇ ਮੁਸਲਿਮ ਬਹੁਗਿਣਤੀ ਵਾਲ਼ੇ ਪੰਜਾਬ ਦੀ ਵੰਡ ਕਰਵਾ ਕੇ ਤਕਰੀਬਨ ਅੱਧਾ ਪੰਜਾਬ ਭਾਰਤ ਵਿਚ ਸ਼ਾਮਲ ਕਰਵਾਉਣਾ। ਏਸੇ ਅਸੂਲ ਮੁਤਾਬਕ ਬੰਗਾਲ ਦੀ ਵੰਡ ਵੀ ਹੋਈ
੫.    ੧੯੨੦ ਤੋਂ ਲੈ ਕੇ ਹੁਣ ਤੱਕ ਸਿੱਖ ਸਮਾਜ ਦੇ ਸਾਰੇ ਪੱਖਾਂ ਤੇ ਅਗਵਾਈ ਕਰਨੀ
੬.    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਉਸ ਦੀ ਮੌਜੂਦਾ ਬਣਤਰ ਤੱਕ ਲਿਆਉਣਾ
੭.    ਦੂਜੀ ਸੰਸਾਰ ਜੰਗ ਸਮੇ, ਕਾਂਗਰਸ ਦੀ ਨੀਤੀ ਦੇ ਵਿਰੁਧ ਸਿੱਖਾਂ ਨੂੰ ਵਧ ਤੋਂ ਵਧ ਫੌਜ ਵਿਚ ਭਰਤੀ ਕਰਵਾਉਣਾ ਤਾਂ ਕਿ ਆਜ਼ਾਦੀ ਪਿੱਛੋਂ ਸਿੱਖ ਨਿਹੱਥੇ ਨਾ ਹੋ ਜਾਣ ਜੇਹੜੇ ਕਿ ਗਿਣਤੀ ਪੱਖੋਂ ਹਿੰਦੁਸਤਾਨ ਵਿਚ ਉਸ ਸਮੇ ੧% ਦੇ ਕਰੀਬ ਸਨ। ਸਿੱਖਾਂ ਦੀ ਫੌਜੀ ਸ਼ਕਤੀ ਕਰਕੇ ਹੀ ਅਜ਼ਾਦੀ ਦੀ ਗੱਲ ਬਾਤ ਕਰਨ ਵਿਚ ਸਿੱਖਾਂ ਨੂੰ ਤੀਜੀ ਧਿਰ ਮੰਨ ਕੇ, ਸ਼ਾਮਲ ਕੀਤਾ ਜਾਂਦਾ ਰਿਹਾ ਜਦੋਂ ਕਿ ਦਲਿਤ ਅਤੇ ਈਸਾਈ ਭਾਈਚਾਰੇ ਗਿਣਤੀ ਵਿਚ ਸਿੱਖਾਂ ਨਾਲ਼ੋਂ ਕਈ ਗੁਣਾਂ ਵਧ ਸਨ ਪਰ ਉਹਨਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ
੮.    ਦੇਸ਼ ਦੀ ਆਜ਼ਾਦੀ ਦੀ ਪ੍ਰਾਪਤੀ ਵਿਚ ਮੋਹਰੀ ਹਿੱਸਾ ਪਾਉਣਾ
੯.    ਹਿੰਦੂ ਮੁਸਲਿਮ ਫਸਾਦਾਂ ਦੌਰਾਨ ਸ਼ਾਂਤੀ ਸਥਾਪਨਾ ਵਿਚ ਮੋਹਰੀ ਹਿੱਸਾ ਪਾਉਣਾ
੧੦.    ੧੯੪੭ ਦੇ ਉਜਾੜੇ ਸਮੇ ਏਧਰ ਉਜੜ ਕੇ ਆਏ ਸਿੱਖਾਂ ਦੇ ਮੁੜ ਵਸੇਬੇ ਦੇ ਜਤਨ ਕਰਨੇ
੧੧.    ਤਤਕਾਲੀ ਸਰਕਾਰਾਂ ਨਾਲ਼ ਮਿਲ਼ ਕੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਪ੍ਰਬੰਧ ਨੂੰ ਸੁਚਾਰੂ ਰੂਪ ਵਿਚ  ਚਲਾਉਣ ਲਈ ੧੯੨੫ ਵਾਲ਼ੇ ਗੁਰਦੁਆਰਾ ਐਕਟ ਵਿਚ ਸਮੇ ਸਮੇ ਤਰਮੀਮਾਂ ਕਰਵਾਉਣੀਆਂ
੧੨.    ਪਛੜੀਆਂ ਸ਼੍ਰੇਣੀਆਂ ਦੇ ਸਿੱਖਾਂ ਨੂੰ ਵੀ ਹਿੰਦੂ ਪਛੜੀਆਂ ਸ੍ਰੇਣੀਆਂ ਵਾਲ਼ੇ ਰਿਜ਼ਰਵੇਸ਼ਨ ਦੇ ਅਧਿਕਾਰ ਦਿਵਾਉਣੇ
੧੩.    ਪੰਜਾਬੀ ਬੋਲ਼ੀ ਨੂੰ ਸੰਵਿਧਾਨ ਵਿਚ ਦਰਜ ਕਰਵਾਉਣਾ
੧੪.    ਗੁਰਮੁਖੀ ਲਿੱਪੀ ਪੰਜਾਬੀ ਬੋਲੀ ਦੀ ਲਿੱਪੀ ਪ੍ਰਵਾਨ ਕਰਵਾਉਣੀ
੧੫.    ਪੈਪਸੂ ਵਿਚ ਸਭ ਤੋਂ ਪਹਿਲਾਂ ੧੯੫੨ ਵਿਚ ਨਾਨ ਕਾਂਗਰਸ ਸਾਂਝੀ ਸਰਕਾਰ ਬਣਾਉਣੀ
੧੬.    ਭਾਰਤ ਸਰਕਾਰ ਨਾਲ਼ ਹੋਏ ਸਮਝੌਤੇ ਵਜੋਂ ਰਿਜਨਲ ਫਾਰਮੂਲਾ ਪ੍ਰਵਾਨ ਕਰਵਾ ਕੇ, ਪੈਪਸੂ ਨੂੰ ਪੰਜਾਬ ਵਿਚ ਸ਼ਾਮਲ ਕਰਵਾ ਕੇ, ਪੰਜਾਬੀ ਬੋਲਦੇ ਸਾਰੇ ਇਲਾਕੇ ਨੂੰ ਇਕ ਥਾਂ ਇਕੱਠੇ ਕਰਵਾਉਣਾ
੧੭.    ਪੰਜਾਬੀ ਬੋਲੀ ਦੇ ਆਧਾਰ 'ਤੇ ਸਿੱਖ ਬਹੁ ਸੰਮਤੀ ਵਾਲ਼ਾ ਸੂਬਾ ਬਣਵਾਉਣਾ
੧੮.    ੧੯੬੭ ਵਿਚ ਕਾਂਗਰਸ ਨੂੰ ਹਰਾ ਕੇ ਪੰਜਾਬ ਵਿਚ ਪਹਿਲੀ ਸਾਂਝੀ ਸਰਕਾਰ ਬਣਾਉਣੀ
੧੯.    ੧੯੭੪ ਵਿਚ ਹਰਿਆਣੇ ਵਿਚ ਸ਼ਹਿਰੀ ਆਜ਼ਾਦੀ ਉਪਰ ਮੁਖ ਮੰਤਰੀ ਬੰਸੀ ਲਾਲ ਵੱਲੋਂ ਲਾਈਆਂ ਗਈਆਂ ਪਾਬੰਦੀਆਂ ਦੇ ਖ਼ਿਲਾਫ਼ ਮੋਰਚਾ ਲਾ ਕੇ, ਉਹਨਾਂ ਨੂੰ ਤੁੜਵਾਉਣਾ।
੨੦.    ੧੯੭੫ ਵਿਚ ਇੰਦਰਾ ਗਾਂਧੀ ਵੱਲੋਂ ਦੇਸ ਵਿਚ ਲਾਈ ਐਮਰਜੈਂਸੀ ਦੇ ਖ਼ਿਲਾਫ਼ ਮੋਰਚਾ ਓਦੋਂ ਤੱਕ ਚੱਲਦਾ ਰਿਹਾ ਜਿੰਨਾ ਚਿਰ ਐਮਰਜੈਂਸੀ ਹਟਾ ਕੇ ਚੋਣਾਂ ਦਾ ਐਲਾਨ ਨਹੀਂ ਹੋਇਆ
੨੧.    ੧੯੭੭ ਦੀਆਂ ਚੋਣਾਂ ਵਿਚ ਜਨਤਾ ਪਾਰਟੀ ਬਣਵਾ ਕੇ ਤੇ ਖ਼ੁਦ ਮੋਹਰੀ ਹੋ ਕੇ ਦੇਸ ਵਿਚੋਂ ਇੰਦਰਾ ਦੇ ਜ਼ੁਲਮੀ ਰਾਜ ਨੂੰ ਚੋਣਾਂ ਵਿਚ ਹਰਾ ਕੇ ਜਨਤਾ ਪਾਰਟੀ ਦੀ ਸਰਕਾਰ ਬਣਵਾਉਣੀ।
੨੨.    ੧੯੮੫ ਵਿਚ ਪਹਿਲੀ ਵਾਰ ਨਿਰੋਲ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣੀ।
੨੩.    ਪੰਜਾਬ ਵਿਚਲੇ ਹਿੰਦੂ ਸਮਾਜ ਦੀ ਪਾਰਟੀ ਨਾਲ਼ ਸਮੇ ਸਮੇ ਸਾਂਝੀਆਂ ਸਰਕਾਰਾਂ ਬਣਾ ਕੇ ਦੋਹਾਂ ਭਾਈਚਾਰਿਆਂ ਵਿਚਾਲ਼ੇ ਮਿਲਵਰਤਣ ਵਧਾਉਣੀ ਤਾਂ ਕਿ ਸੌੜੇ ਸਿਆਸੀ ਹਿਤਾਂ ਖਾਤਰ, ਕਾਂਗਰਸ ਵੱਲੋਂ ਪਾਈ ਗਈ ਦੋਹਾਂ ਭਾਈਚਾਰਿਆਂ ਵਿਚਲੀ ਬੇਵਿਸ਼ਵਾਸ਼ੀ ਨੂੰ ਦੂਰ ਕਰਨਾ।
ਸ਼੍ਰੋਮਣੀ ਅਕਾਲੀ ਦੇ ਹੁਣ ਤੱਕ ਹੋਏ ਪ੍ਰਧਾਨਾਂ ਦੇ ਨਾਂ
ਸ. ਸਰਮੁਖ ਸਿੰਘ ਝਬਾਲ਼, ਬਾਬਾ ਖੜਕ ਸਿੰਘ, ਅਕਾਲੀ ਕਰਮ ਸਿੰਘ ਬੱਸੀ, ਮਾਸਟਰ ਤਾਰਾ ਸਿੰਘ, ਸ. ਗੁਪਾਲ ਸਿੰਘ ਕੌਮੀ, ਸ. ਤਾਰਾ ਸਿੰਘ ਠੇਠਰ, ਜਥੇਦਾਰ ਤੇਜਾ ਸਿੰਘ ਅਕਰਪੁਰੀ, ਬਾਬੂ ਲਾਭ ਸਿੰਘ, ਜਥੇਦਾਰ ਊਧਮ ਸਿੰਘ ਨਾਗੋਕੇ, ਗਿਆਨੀ ਕਰਤਾਰ ਸਿੰਘ, ਜਥੇਦਾਰ ਪ੍ਰੀਤਮ ਸਿੰਘ ਗੋਜਰਾਂ, ਸ. ਹੁਕਮ ਸਿੰਘ, ਜਥੇਦਾਰ ਅੱਛਰ ਸਿੰਘ, ਗਿਆਨੀ ਭੂਪਿੰਦਰ ਸਿੰਘ, ਸੰਤ ਫਤਿਹ ਸਿੰਘ, ਜਥੇਦਾਰ ਮੋਹਨ ਸਿੰਘ ਤੁੜ, ਜਥੇਦਾਰ ਜਗਦੇਵ ਸਿੰਘ ਤਲਵੰਡੀ, ਸੰਤ ਹਰਚੰਦ ਸਿੰਘ ਲੌਂਗੋਵਾਲ਼, ਸ. ਸੁਰਜੀਤ ਸਿੰਘ ਬਰਨਾਲ਼ਾ, ਬਾਬਾ ਜੋਗਿੰਦਰ ਸਿੰਘ, ਸ. ਸਿਮਰਨਜੀਤ ਸਿੰਘ ਮਾਨ, ਸ. ਪ੍ਰਕਾਸ਼ ਸਿੰਘ ਬਾਦਲ, ਸ. ਸੁਖਬੀਰ ਸਿੰਘ ਬਾਦਲ।
ਭਾਈ ਕਾਨ੍ਹ ਸਿੰਘ ਨਾਭਾ ਜੀ ਦੀ ਕਵਿਤਾ ਮਹਾਨ ਕੋਸ਼ ਵਿਚ:
ਕਮਲ ਜਿਉਂ ਮਾਇਆ ਜਲ ਵਿਚ ਹੈ ਅਲੇਪ ਸਦਾ,
ਸਭ ਦਾ ਸਨੇਹੀ ਚਾਲ ਸਭ ਤੋਂ ਨਿਰਾਲੀ ਹੈ।
ਕਰਕੇ ਕਮਾਈ ਖਾਵੇ ਮੰਗਣਾ ਹਰਾਮ ਜਾਣੇ,
ਭਾਣੇ ਵਿਚ ਬਿਪਤਾ ਨੂੰ ਮੰਨੇ ਖ਼ੁਸ਼ਹਾਲੀ ਹੈ।
ਸਵਾਰਥ ਤੋਂ ਬਿਨਾ ਗੁਰਦੁਆਰਿਆਂ ਦਾ ਚੌਕੀਦਾਰ
ਧਰਮ ਦੇ ਜੰਗ ਲਈ ਚੜ੍ਹੀ ਮੁਖ ਲਾਲੀ ਹੈ।
ਪੂਜੇ ਨਾ ਅਕਾਲ ਬਿਨਾ ਹੋਰ ਕੋਈ ਦੇਵੀ ਦੇਵ
ਸਿੱਖ ਦਸਮੇਸ਼ ਦਾ ਸੋ ਕਹੀਏ ਅਕਾਲੀ ਹੈ।
ਨੋਟ: ਸ਼੍ਰੋਮਣੀ ਅਕਾਲੀ ਦਲ ਦੀ ਪਹਿਲੀ ਸ਼ਤਾਬਦੀ ਦੇ ਸਮਾਗਮਾਂ ਨੂੰ ਮੁਖ ਰੱਖਦਿਆਂ:
ਮਾਸਟਰ ਤਾਰਾ ਸਿੰਘ, ਗਿਆਨੀ ਪ੍ਰਤਾਪ ਸਿੰਘ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਸ. ਸੋਹਣ ਸਿੰਘ ਜੋਸ਼ ਕਮਿਊਨਿਸਟ ਲੀਡਰ, ਮੁਣਛਾ ਸਿੰਘ ਦੁਖੀ, ਡਾ. ਹਰਜਿੰਦਰ ਸਿੰਘ ਦਿਲਗੀਰ ਇਤਿਹਾਸਕਾਰ, ਡਾ. ਮਹਿੰਦਰ ਸਿੰਘ ਇਤਿਹਾਸਕਾਰ, ਅਖਬਾਰਾਂ ਅਤੇ ਰਸਾਲਿਆਂ ਵਿਚੋਂ ਪੜ੍ਹੇ ਗਏ ਸਮੇ ਸਮੇ ਲੇਖ, ਵਿੱਦਵਾਨਾਂ ਦੇ ਸਮੇ ਸਮੇ ਸੁਣੇ ਗਏ ਲੈਕਚਰ, ਆਪਣੇ ਸਾਹਮਣੇ ਵਾਪਰੀਆਂ ਘਟਨਾਵਾਂ ਆਦਿ ਦੇ ਆਧਾਰ 'ਤੇ, ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਦਾ, ਇਸ ਲੇਖ ਵਿਚ ਸੰਖੇਪ ਵਰਨਣ ਕਰਨ ਦਾ ਜਤਨ ਕੀਤਾ ਗਿਆ ਹੈ।(ਜੁਲਾਈ, ੨੦੨੦)



ਸ੍ਰੀ ਗੁਰੂ ਨਾਨਕ ਦੇ ਜੀ ਦੇ ਸਾਢੇ ਪੰਜ ਸੌ ਸਾਲਾ ਪ੍ਰਕਾਸ਼ ਉਤਸ਼ਵ ਸਮੇ (ਸਤੰਬਰ ਤੋਂ ਨਵੰਬਰ, 2019)
ਪੰਜਾਬ ਦੀ ਯਾਤਰਾ
੧੯੬੪ ਵਿਚ ਸੰਗਮ ਫਿਲਮ ਵਿਚੋਂ ਇਟਲੀ ਦੇ ਬੇੜੀਆਂ ਵਾਲ਼ੇ ਸ਼ਹਿਰ ਵੀਨਸ ਅਤੇ ਸਵਿਟਜ਼ਰਲੈਂਡ ਦੀ ਖ਼ੂਬਸੂਰਤੀ ਨੂੰ ਵੇਖਣ ਦਾ ਪੈਦਾ ਹੋਇਆ ਚਾ ਪੂਰਾ ਕਰਨ ਵਾਸਤੇ, ਮੈਂ ਨੌਂ ਸਾਲ ਤਿਆਰੀ ਕਰਦਾ ਰਿਹਾ ਤੇ ਫੇਰ ਅਫ਼੍ਰੀਕਾ ਦੇ ਛੋਟੇ ਜਿਹੇ ਮੁਲਕ ਮਲਾਵੀ ਵਿਚੋਂ ਦੋ ਸਾਲ ਦਾ ਵਰਕ ਵੀਜ਼ਾ ਮਿਲ਼ਿਆ ਤੇ ਨਾਲ਼ ਹੀ ਪਰਵਾਰ ਸਮੇਤ ਹਵਾਈ ਜਹਾਜ ਦੀਆਂ ਟਿਕਟਾਂ ਵੀ। ਓਥੋਂ ਦੀ ਨੌਕਰੀ ਵਿਚੋਂ ਪੈਸੇ ਜੋੜ ਕੇ, ਦੁਨੀਆ ਦੀਆਂ ਯਾਤਰਾਵਾਂ ਦਾ ਆਰੰਭ ਹੋਇਆ। ਕਦੀ ਵੀ ਸੋਚ ਵਿਚ ਇਹ ਇੱਛਾ ਪੈਦਾ ਨਹੀਂ ਸੀ ਹੋਈ ਕਿ ਪੰਜਾਬੋਂ ਬਾਹਰ ਹੀ ਕਿਸੇ ਦੇਸ ਵਿਚ ਪੱਕੇ ਤੌਰ 'ਤੇ ਟਿਕਣਾ ਹੈ। ਇਸ ਲਈ ਜਦੋਂ ਹੀ ਪੰਜਾਬ ਮੁੜਨ ਲਈ ਟਿਕਟ ਖ਼ਰੀਦਣ ਦੇ ਜੋਗ ਹੋਣਾ, ਦੇਸ ਨੂੰ ਭੱਜ ਤੁਰਨਾ। ਏਸੇ ਕਰਕੇ ਹੀ ਬਾਹਰ ਜਾਣ ਵਾਲ਼ੇ ਉਦਮੀਆਂ ਵੱਲੋਂ, ਬਾਹਰ ਦੀ ਕਮਾਈ ਨਾਲ਼ ਬਣਾਏ ਗਏ ਧਨ ਨਾਲ਼ ਖੁਲ੍ਹਾ ਡੁਲ੍ਹਾ ਖਰਚ ਕਰਨ ਵਾਲ਼ਿਆਂ ਦੇ ਬਰਾਬਰ ਨਾ ਪਹੁੰਚ ਸਕਿਆ। ਇਉਂ ਮਾਰਚ ੧੯੭੩ ਤੋਂ ਲੈ ਕੇ ਸਤੰਬਰ ੧੯੮੩ ਤੱਕ ਸਾਢੇ ਦਸ ਸਾਲ 'ਲਟਕਣ ਕਲਾਸ' ਵਿਚ ਹੀ ਰਿਹਾ ਪਰ ਇਸ ਦਾ ਪਛਤਾਵਾ ਕੋਈ ਨਹੀਂ।
੧੯੮੩ ਦੇ ਅਗਸਤ ਮਹੀਨੇ ਵਿਚ, ਸਿਡਨੀ ਵਿਚਲੀ ਵੈਸਟਪੈਕ ਬੈਂਕ ਤੋਂ ਇਕ ਮਹੀਨੇ ਦੀ ਸਾਲਾਨਾ ਛੁੱਟੀ ਮਿਲਣ 'ਤੇ, ਡਾਂਡੇ ਮੀਂਡੇ ਜਿਹੇ ਸਫ਼ਰ ਰਾਹੀਂ ਪੰਜਾਬ ਨੂੰ ਤੁਰ ਪਿਆ। ਉਸ ਸਮੇ ਦੇਸ ਵਿਚ ਧਰਮ ਯੁਧ ਮੋਰਚਾ ਪੂਰਾ ਗਰਮੀ ਵਿਚ ਚੱਲ ਰਿਹਾ ਸੀ। ਕੁਝ ਸੱਜਣ ਮਿੱਤਰ ਜੇਹਲਾਂ ਵਿਚ ਬੈਠੇ ਸਨ, ਕੁਝ ਅੰਮ੍ਰਿਤਸਰੋਂ ਚਲੇ ਗਏ ਤੇ ਕੁਝ ਹੋਰ ਕਾਰਨਾਂ ਕਰਕੇ ਨਾ ਮਿਲ਼ ਸਕੇ। ਇਸ ਤੋਂ ਇਲਾਵਾ ਪੰਜਾਬ ਵਿਚੋਂ ਮੈਨੂੰ ੧੯੪੭ ਵਰਗੇ ਹਾਲਾਤ ਭਾਸਣ ਲੱਗ ਪਏ। ਮੇਰੇ ਚਿਰਕਾਲੀ ਇਕ ਮਿੱਤਰ ਖੱਬੇ ਪੱਖੀ ਸੋਚ ਵਾਲ਼ੇ, ਵੈਦ ਰਾਮ ਪਾਲ ਸ਼ਰਮਾ ਜੀ ਨਾਲ਼, ਇਸ ਧਰਮ ਯੁਧ ਮੋਰਚੇ ਬਾਰੇ ਗੱਲ ਬਾਤ ਕਰਦਿਆਂ ਉਹਨਾਂ ਨੇ ਕਿਹਾ ਕਿ ਅਕਾਲੀਆਂ ਦਾ ਮੋਰਚਾ ਸਹੀ ਹੈ। ਮੈਂ ਕਿਹਾ, "ਜੇ ਤੁਸੀਂ ਅਕਾਲੀਆਂ ਨੂੰ ਸਹੀ ਮੰਨਦੇ ਹੋ ਤਾਂ ਤੁਹਾਡੀ ਪਾਰਟੀ ਅਕਾਲੀਆਂ ਦਾ ਸਾਥ ਕਿਉਂ ਨਹੀਂ ਦਿੰਦੀ?" ਦਾ ਜਵਾਬ ਉਹਨਾਂ ਨੇ ਇਉਂ ਦਿਤਾ, "ਅਕਾਲੀ ਗੁਰਦੁਆਰੇ ਦੇ ਅੰਦਰੋਂ ਮੋਰਚਾ ਚਲਾ ਰਹੇ ਹਨ। ਜੇ ਬਹਰੋਂ ਚਲਾਉਣ ਤਾਂ ਅਸੀਂ ਵੀ ਅਕਾਲੀਆਂ ਨਾਲ਼ ਸ਼ਮਲ ਹੋ ਸਕਦੇ ਹਾਂ।" ਖੈਰ, ਇਹ ਵੈਦ ਜੀ ਦੀ ਦਲੀਲਬਾਜੀ ਸੀ। ਜਦੋਂ ਮੈਂ ਇਹ ਕਿਹਾ ਕਿ ਸ਼ਾਂਤਮਈ ਮੋਰਚੇ ਤਾਂ ਸਰਕਾਰਾਂ ਨਾਲ਼ ਅਕਾਲੀਆਂ ਦੇ ਲੱਗਦੇ ਹੀ ਰਹਿੰਦੇ ਹਨ; ਇਹ ਕੋਈ ਨਵੀਂ ਗੱਲ ਨਹੀਂ ਪਰ ਇਸ ਵਾਰ ਮੈਨੂੰ ਪੰਜਾਬ ਦੇ ਵਾਤਾਵਰਣ ਵਿਚੋਂ ਫਿਰਕੂ ਖਿੱਚੋਤਾਣ ਦਾ ਝੌਲ਼ਾ ਜਿਹਾ ਪੈਂਦਾ ਹੈ। ਇਸ ਦੇ ਜਵਾਬ ਵਿਚ ਉਸ ਨੇ ਜੋ ਕਿਹਾ ਉਸ ਨੇ ਮੇਰੀ ਹੋਰ ਵੀ ਹੌਸਲਾ ਸ਼ਿਕਨੀ ਕੀਤੀ। ਉਸ ਦਾ ਜਵਾਬ ਕੁਝ ਇਸ ਤਰ੍ਹਾਂ ਦਾ ਸੀ: ਮੇਰਾ ਜੋਤਸ਼ ਦੱਸਦਾ ਹੈ ਕਿ ਏਥੇ ਫਿਰਕੂ ਫਸਾਦ ਹੋਣੇ ਹਨ। ੧੯੪੭ ਵਾਂਗ ਹਿੰਦੂ ਸਿੱਖਾਂ ਨੇ ਇਕ ਦੂਜੇ ਨੂੰ ਮਾਰਨਾ ਹੈ। ਅਜਿਹੀ ਹੀ ਭਿਆਨਕ ਪੇਸ਼ੀਨਗੋਈ, ਮਈ ੧੯੭੭ ਵਿਚ ਹਾਲੈਂਡ ਦੇ ਸ਼ਹਿਰ ਐਮਸਟਰਡੈਮ ਵਿਚ, ਇਕ ਨੌਜਵਾਨ ਚੈਨ ਸਿੰਘ ਸੈਣੀ ਨੇ ਵੀ ਕੀਤੀ ਸੀ। ਸਾਰ ਉਸ ਦਾ ਇਹ ਸੀ ਕਿ ਦਰਬਾਰ ਸਾਹਿਬ ਉਪਰ ਫੌਜਾਂ ਹਮਲਾ ਕਰਨਗੀਆਂ। ਓਥੇ ਉਹ ਸਿੱਖ ਵਿਰੋਧੀ ਕੁਕਰਮ ਕਰਨਗੀਆਂ। ਉਸ ਸਮੇ ਮੇਰੇ ਮੰਨਣ ਵਿਚ ਅਜਿਹੀ ਹੋਣੀ ਵਾਪਰ ਜਾਣ ਵਾਲ਼ੀ ਸੋਚ ਬਿਲਕੁਲ ਨਹੀਂ ਸੀ ਆਈ। ਮੇਰੇ ਵੱਲੋਂ ਅਜਿਹਾ ਹੋ ਸਕਣ ਬਾਰੇ ਸ਼ੰਕਾ ਪਰਗਟ ਕਰਨ 'ਤੇ ਉਸ ਨੇ ਕਿਹਾ, "ਪਹਿਲਾਂ ਨਹੀਂ ਸੀ ਮੱਸੇ ਰੰਘੜ ਵੇਲ਼ੇ ਇਸ ਤਰ੍ਹਾਂ ਹੋਇਆ?" ਜੋ ਕੁਝ ਜੂਨ ੧੯੮੪ ਵਿਚ ਹੋਇਆ, ਉਸ ਬਾਰੇ ਉਸ ਨੇ ਮਈ ੧੯੭੭ ਵਿਚ ਹੀ ਦੱਸ ਦਿਤਾ ਸੀ।
ਪੰਥ ਅਤੇ ਪੰਜਾਬ ਦੀ ਅਜਿਹੀ ਹਾਲਤ ਵੇਖ ਕੇ ਵਿਚਾਰ ਆਈ ਕਿ ਪੰਜਾਬ ਹੁਣ ਮੇਰੇ ਤੋਂ ਬਹੁਤ ਅੱਗੇ ਲੰਘ ਗਿਆ ਹੈ ਅਤੇ ਮੇਰਾ ਹੁਣ ਇਸ ਦੇ ਬਰਾਬਰ ਪਹੁੰਚ ਸਕਣਾ ਮੇਰੀ ਪਹੁੰਚ ਤੋਂ ਬਾਹਰ ਹੋ ਗਿਆ ਹੈ ਅਤੇ ਫਿਰ ਇਸ ਹਾਲਤ ਵਿਚ ਮੈਂ ਪੰਜਾਬ ਦੀ ਸਮਾਜਕ ਅਵੱਸਥਾ ਵਿਚ ਕੋਈ ਉਸਾਰੂ ਹਿੱਸਾ ਪਾ ਸਕਣ ਦੇ ਜੋਗ ਵੀ ਨਹੀਂ ਰਿਹਾ। ਫਿਰ ਸਿਡਨੀ ਵਿਚ ਮੇਰੀ ਪਰਵਾਰਕ ਹਾਲਤ ਵੀ ਇਉਂ ਸੀ ਕਿ ਛੇ ਜੀਆਂ ਦਾ ਟੱਬਰ। ਸਭ ਤੋਂ ਛੋਟਾ ਬੱਚਾ ਅਜੇ ਤਿੰਨ ਕੁ ਮਹੀਨੇ ਦਾ। ਸੋਹਣੀ ਬੈਂਕ ਦੀ ਨੌਕਰੀ। ਬੈਂਕ ਤੋਂ ਕਰਜਾ ਲੈ ਕੇ ਲਏ ਮਕਾਨ ਦੀ ਕਿਸ਼ਤ ਹਰੇਕ ਮਹੀਨੇ ਭਰਨੀ। ਸਹਿੰਦਾ ਸਹਿੰਦਾ ਜਿਹਾ ਭਾਈਚਾਰੇ ਵਿਚ ਮਾਣ ਸਤਿਕਾਰ ਵੀ। ਦੂਜੇ ਬੰਨੇ ਪੰਜਾਬ ਵਿਚ ਕੁਝ ਵੀ ਨਾ, ਜਿਸ ਨੂੰ ਮੈਂ ਆਪਣਾ ਕਹਿ ਸਕਾਂ ਤੇ ਉਸ ਆਸਰੇ ਦਿਨ ਕਟੀ ਕਰ ਸਕਾਂ। ਹਰੇਕ ਫੇਰੀ ਦੌਰਾਨ ਰਿਸ਼ਤੇਦਾਰਾਂ ਅਤੇ ਸੱਜਣਾਂ ਪਾਸੋਂ ਪ੍ਰਸ਼ਾਦਾ ਪਾਣੀ ਛਕ ਕੇ ਅਤੇ ਰਾਤਾਂ ਕੱਟ ਕੇ ਵਾਪਸ ਮੁੜਿਆ ਕਰਦਾ ਸਾਂ। ਪੰਜਾਬ ਦੇ ਇਕ ਚੱਕਰ ਵਿਚ ਹੀ ਲੱਖ ਰੁਪਈਆ ਰੁੜ੍ਹ ਜਾਂਦਾ ਸੀ। ਇਹੋ ਜਿਹੇ ਵਾਤਾਵਰਨ ਵਿਚ ਸੋਚ ਆਈ ਕਿ ਬਾਬਾ ਜੀ ਦੀ ਬਾਣੀ ਆਖਦੀ ਹੈ, "ਜਿਥੈ ਰਖਹਿ ਬੈਕੁੰਠ ਤਿਥਾਈ" ਅਨੁਸਾਰ, ਜਿਥੇ ਵੀ ਹੁਣ ਉਸ ਦੀ ਰਜ਼ਾ ਹੈ ਓਸੇ ਨੂੰ ਹੀ ਬੈਕੁੰਠ ਜਾਣ ਕੇ ਰਹੀ ਜਾਣਾ ਚਾਹੀਦਾ ਹੈ। ਕੀ ਪਤਾ ਕਦੋਂ ਗੁਰੂ ਰਾਮ ਦਾਸ ਜੀ ਦੀ ਮੇਹਰ ਹੋ ਜਾਵੇ ਤੇ ਉਹ ਜੇਬ ਵਿਚ ਏਨੀ ਕੁ ਮਾਇਆ ਪਾ ਦੇਵੇ ਕਿ ਹਰੇਕ ਸਾਲ ਹੀ ਆਪਣੀ ਨਗਰੀ ਦੀ ਯਾਤਰਾ ਕਰਨ ਦੇ ਜੋਗ ਬਣਾ ਦੇਵੇ। ਉਸ ਦੇ ਦਰ ਉਪਰ ਸਿਰ ਝੁਕਾਉਣ ਦੇ ਨਾਲ਼ ਨਾਲ਼ ਸੱਜਣਾਂ, ਸਨੇਹੀਆਂ ਅਤੇ ਰਿਸ਼ਤੇਦਾਰਾਂ ਨਾਲ਼ ਵੀ 'ਸਾਹਬ ਸਲਾਮਤ' ਹੋ ਜਾਇਆ ਕਰੇ।
ਗੁਰੂ ਜੀ ਦੀ ਕਿਰਪਾ ਸਦਕਾ ਕੁਝ ਸਾਲਾਂ ਤੋਂ ਬੁਢਾਪਾ ਪੈਨਸ਼ਨ ਲੱਗ ਜਾਣ ਕਰਕੇ ਹੱਥ ਕੁਝ ਕੁਝ ਸੌਖਾ ਹੋ ਗਿਆ ਤੇ ਤਕਰੀਬਨ ਹਰੇਕ ਸਾਲ ਹੀ ਦੇਸ਼ ਦਾ ਚੱਕਰ ਲੱਗ ਜਾਂਦਾ ਹੈ। ਨਾਲ਼ੇ ਕਦੀ ਇਕ ਤੇ ਕਦੀ ਪਹਿਲਾਂ ਛਪੀ ਕਿਤਾਬ ਦੀ ਹੋਰ ਅਗਲੀ ਐਡੀਸ਼ਨ ਛਪਵਾ ਕੇ, ਇਕ ਜਾਂ ਦੋ ਕਿਤਾਬਾਂ ਛਪਵਾ ਲਿਆਉਂਦਾ ਹਾਂ ਤੇ ਨਾਲ਼ੇ ਸਜਣਾਂ ਦੇ ਦਰਸ਼ਨ ਦੀਦਾਰੇ ਹੋ ਜਾਂਦੇ ਹਨ।
ਏਸੇ ਸਿਲਸਲੇ ਵਿਚ ਇਸ ਵਾਰੀ ਵੀ ਅੰਮ੍ਰਿਤਸਰ ਜਾਣ ਦਾ ਵਿਚਾਰ ਸੀ। ਓਥੇ ਦੇ ਮੌਸਮੀ ਵਾਤਾਵਰਣ ਨੂੰ ਧਿਆਨ ਵਿਚ ਰੱਖਦਿਆਂ ਅਕਤੂਬਰ ਨਵੰਬਰ ਜਾਂ ਫਿਰ ਫਰਵਰੀ ਮਾਰਚ ਵਿਚ ਜਾਣ ਲਈ ਵਿਚਾਰ ਕੀਤਾ ਜਾਂਦਾ ਹੈ। ਸਿਡਨੀ ਵਿਚਲੇ ਆਪਣੇ ਸ਼ੁਭਚਿੰਤਕ ਖੇਲਾ ਪਰਵਾਰ ਦੇ ਮੁਖੀ ਸ. ਮਨਮੋਹਨ ਸਿੰਘ ਖੇਲਾ ਜੀ ਤੋਂ ਖ਼ਬਰ ਅਤੇ ਸੱਦਾ ਮਿਲ਼ਿਆ ਕਿ ਉਹਨਾਂ ਦੇ ਪਰਵਾਰ ਵਿਚ, ਉਹਨਾਂ ਦੇ ਪਿੰਡ ਸਜਾਵਲਪੁਰ ਵਿਚ, ਅਕਤੂਬਰ ਦੇ ਸ਼ੁਰੂ ਵਿਚ ਵਿਆਹ ਹੈ, ਉਸ ਵਿਚ ਸ਼ਾਮਲ ਹੋਵਾਂ। ਇਸ ਕਰਕੇ ਅਤੇ ਸਤੰਬਰ ਵਿਚ ਕਰਾਇਆ ਕੁਝ ਸਸਤਾ ਹੋਣ ਕਰਕੇ, ਅਕਤੂਬਰ ਉਡੀਕਣ ਦੀ ਬਜਾਇ ਸਤੰਬਰ ਵਿਚ ਹੀ ਦੇਸ ਨੂੰ ਚਾਲੇ ਪਾ ਲਏ।
ਅੱਧੀ ਰਾਤ ਨੂੰ ਅੰਮ੍ਰਿਤਸਰ ਉਤਰ ਕੇ ਛੋਟੇ ਭਰਾ ਸ. ਸੇਵਾ ਸਿੰਘ ਕੋਲ਼ ਟਿੰਡ ਫਹੁੜੀ ਟਿਕਾ ਲਿਆ। ਅਗਲੇ ਦਿਨ ਸ੍ਰੀ ਦਰਬਾਰ ਸਾਹਿਬ ਜੀ ਦੀ ਯਾਤਰਾ ਕਰਕੇ, ਉਸ ਦਿਨ ਤੋਂ ਆਪਣੀ ਦਸਵੀਂ ਕਿਤਾਬ ਦੀ ਛਪਵਾਈ ਵਾਸਤੇ ਭੱਜ ਦੌੜ ਸ਼ੁਰੂ ਕਰ ਦਿਤੀ। ਸਾਰਾ ਮਸੌਦਾ ਸਿੰਘ ਬ੍ਰਦਰਜ਼ ਵਾਲ਼ੇ ਸ. ਗੁਰਸਾਗਰ ਸਿੰਘ ਦੇ ਹਵਾਲੇ ਕਰਕੇ ਇਸ ਪਾਸਿਉਂ ਬੇਫਿਕਰ ਹੋ ਗਿਆ ਤੇ ਕੁਝ ਪਰਵਾਰਕ ਅਤੇ ਅੰਮ੍ਰਿਤਸਰ ਦੇ ਆਲ਼ੇ ਦੁਆਲ਼ੇ ਦੇ ਸੱਜਣਾਂ ਦੇ ਦਰਸ਼ਨ ਮੇਲੇ, ਕਰਨੇ ਅਤੇ ਸਮਾਗਮਾਂ ਵਿਚ ਹਾਜਰੀ ਭਰਨ ਦਾ ਕਾਰਜ ਸ਼ੁਰੂ ਕਰ ਦਿਤਾ।
੨੨ ਸਤੰਬਰ ਵਾਲ਼ੇ ਦਿਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਗੁਰੂ ਨਾਨਕ ਭਵਨ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਢੇ ਪੰਜ ਸੌ ਸਾਲਾ ਪ੍ਰਕਾਸ਼ ਦਿਵਸ ਦੇ ਸਬੰਧ ਵਿਚ ਸੈਮੀਨਾਰ ਕੀਤਾ ਗਿਆ ਸੀ। ਇਸ ਵਿਸ਼ਾਲ ਭਵਨ ਵਿਚ ਦੂਰ ਦੁਰਾਡੇ ਦੇਸ ਅਤੇ ਪਰਦੇਸਾਂ ਵਿਚੋਂ ਪਹੁੰਚੇ ਹੋਏ ਵਿੱਦਵਾਨਾਂ ਨੇ ਭਾਗ ਲਿਆ। ਸੈਮੀਨਾਰ ਦੇ ਅੰਤ ਵਿਚ ਸਟੇਜ ਉਪਰ, ਬਾਕੀ ਵਿਸ਼ੇਸ਼ ਵਿਅਕਤੀਆਂ ਦੇ ਨਾਲ਼, ਪ੍ਰਬੰਧਕਾਂ ਵੱਲੋਂ ਦਾਸ ਨੂੰ ਵੀ ਸਿਰੋਪਾ, ਮੋਮੈਂਟੋ, ਕਿਤਾਬਾਂ ਦੇ ਕੇ ਸਨਮਾਨਤ ਕੀਤਾ ਗਿਆ।
ਅੰਤ ਵਿਚ ਲੰਗਰ ਛਕਦਿਆਂ, ਸਿੱਖ ਪੰਥ ਦੀ ਸਿਰਮੌਰ ਧਾਰਮਿਕ ਵਿੱਦਿਆ ਦੀ ਸੰਸਥਾ, ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੀ ਪ੍ਰਿੰਸੀਪਲ ਸਾਹਿਬਾ, ਬੀਬਾ ਮਨਜੀਤ ਕੌਰ ਜੀ, ਆਪਣੇ ਹੋਰ ਸਾਥੀ ਅਧਿਆਪਕਾਂ ਅਤੇ ਵਿਦਿਆਰਥੀਆਂ ਸਮੇਤ, ਮਿਲ਼ੇ ਅਤੇ ਸਦਾ ਵਾਂਗ ਕਾਲਜ ਵਿਚ ਆ ਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਨ ਲਈ ਸੱਦਾ ਦਿਤਾ। ਫਿਰ ਇਕ ਦਿਨ ਇਹ ਸੇਵਾ ਵੀ ਨਿਭਾ ਕੇ ਮਾਣ ਮਹਿਸੂਸ ਕੀਤਾ। ਕੁਝ ਸਾਲਾਂ ਤੋਂ ਆਪਣੀ ਅੰਮ੍ਰਿਤਸਰ ਦੀ ਹਰੇਕ ਯਾਤਰਾ ਸਮੇ ਕਾਲਜ ਦੇ ਮੁਖੀ ਜੀ ਵੱਲੋਂ ਵਿਦਿਆਰਥੀਆਂ ਨੂੰ ਸੰਬੋਧਨ ਕਰਨ ਦਾ ਮਾਣ ਬਖ਼ਸ਼ਿਆ ਜਾਂਦਾ ਹੈ। ਇਸ ਸੰਸਥਾ ਤੋਂ ਪ੍ਰਾਪਤ ਕੀਤੀ ਗਈ ਵਿੱਦਿਆ ਕਰਕੇ ਹੀ ਮੈਂ ਸੰਸਾਰ ਵਿਚ ਵਿਚਰਨ ਦੇ ਨਾ ਕੇਵਲ ਜੋਗ ਹੀ ਹੋਇਆ ਹਾਂ ਬਲਕਿ ਸਮੂੰਹ ਸੰਸਾਰ ਵਿਚ ਵੱਸਦੀਆਂ ਸਿੱਖ ਸੰਗਤਾਂ ਅਤੇ ਸਾਹਿਤਕ ਸੰਸਥਾਵਾਂ ਵੱਲੋਂ ਸਮੇ ਸਮੇ ਮਾਣ ਸਨਮਾਨ ਵੀ ਪ੍ਰਾਪਤ ਹੁੰਦਾ ਆ ਰਿਹਾ ਹੈ।
ਪ੍ਰਿੰਸੀਪਲ ਹਰਜੀਤ ਸਿੰਘ ਜੀ ਦੇ ਸਮੇ ਤੋਂ ਹੀ ਅੰਮ੍ਰਿਤਸਰ ਦੀ ਹਰੇਕ ਯਾਤਰਾ ਸਮੇ, ਵੇਲ਼ੇ ਦੇ ਮੁਖੀ ਜੀ ਵੱਲੋਂ, ਕਾਲਜ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਨ ਦਾ ਮੈਨੂੰ ਮਾਣ ਬਖ਼ਸ਼ਿਆ ਜਾਂਦਾ ਹੈ। ਧੰਨਭਾਗ! ਉਹ ਸਾਲ ਤੇ ਮੈਨੂੰ ਯਾਦ ਨਹੀਂ ਪਰ ਉਸ ਦਿਨ ਭਾਰਤੀ ਪਾਰਲੀਮੈਂਟ ਉਪਰ ਅੱਤਵਾਦੀਆਂ ਦਾ ਹਮਲਾ ਹੋਇਆ ਸੀ। ਉਸ ਦਿਨ ਦੀ ਘਟਨਾ ਦਾ ਮੈਂ ਪਹਿਲਾਂ ਕਿਸੇ ਹੋਰ ਲੇਖ ਵਿਚ ਜ਼ਿਕਰ ਕਰ ਚੁੱਕਾ ਹਾਂ।
ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸਪੁੱਤਰ ਬਾਬਾ ਅਜੈ ਸਿੰਘ ਸ਼ਹੀਦ ਜੀ ਦੀ ਯਾਦ ਵਿਚ, ਗੁਰਦਾਸ ਨੰਗਲ ਵਿਚ ਸਥਾਪਤ ਕੀਤੇ ਗਏ ਖ਼ਾਲਸਾ ਕਾਲਜ ਵਿਚਲੇ ਸੈਮੀਨਾਰ ਵਿਚ ਸ਼ਾਮਲ ਹੋ ਕੇ, ਵਿਦਵਾਨਾਂ ਦੀ ਹਾਜਰੀ ਵਿਚ, ਵਿਦਿਆਰਥੀਆਂ ਅਤੇ ਹੋਰ ਸੂਝਵਾਨ ਸਰੋਤਿਆਂ ਨੂੰ ਸੰਬੋਧਨ ਕਰਨ ਦਾ ਮਾਣ ਪ੍ਰਾਪਤ ਹੋਇਆ। ਏਥੋਂ ਹੀ ਧਾਰੀਵਾਲ ਵਿਚ ਹਿੰਦੂ ਕੰਨਿਆ ਮਹਾਂ ਵਿਦਿਆਲੇ ਦੇ ਸੈਮੀਨਾਰ ਵਿਚ ਬੋਲਣ ਦਾ ਸੱਦਾ ਪ੍ਰਾਪਤ ਹੋਇਆ ਤੇ ਓਥੇ ਵੀ ਹਾਜਰੀ ਭਰੀ। ਇਸ ਤੋਂ ਬਾਅਦ ਗੁਰਦਾਸਪੁਰ ਸ਼ਹਿਰ ਵਿਚ ਪੰਡਤ ਮੋਹਨ ਲਾਲ ਹਿੰਦੂ ਗਰਲਜ਼ ਕਾਲਜ ਦੇ ਸੈਮੀਨਾਰ ਵਿਚ ਸੱਦੇ ਜਾਣ 'ਤੇ, ਮੁਖ ਮਹਿਮਾਨ ਵਜੋਂ ਭਾਗ ਲਿਆ। ਓਸੇ ਸ਼ਾਮ ਨੂੰ ਪੰੰਜਾਬੀ ਸਾਹਿਤ ਸਭਾ ਗੁਰਦਾਸਪੁਰ ਵਾਲ਼ਿਆਂ ਵੀ ਸ਼ਹਿਰ ਦੇ ਸਾਹਿਤਕਾਰਾਂ ਦੇ ਸੰਖੇਪ ਇਕੱਠ ਵਿਚ ਸਨਮਾਨਤ ਕੀਤਾ।
ਜਥੇਦਾਰ ਕੇਵਲ ਸਿੰਘ ਜੀ ਦੇ ਸੱਦੇ ਉਪਰ ਉਹਨਾਂ ਦੀ ਵਿਦਿਅਕ ਸੰਸਥਾ ਭਾਈ ਗੁਰਦਾਸ ਅਕੈਡਮੀ, ਪਿੰਡ ਪੰਡੋਰੀ ਰਣ ਸਿੰਘ ਵਿਚਲੇ ਸਮਾਗਮ ਵਿਚ ਵੀ ਹਾਜਰੀ ਭਰੀ। ਇਸ ਸਮਾਗਮ ਵਿਚ ਹਾਜਰ ਹੋਣ ਲਈ ਮੈਨੂੰ ਬਹੁਪੱਖੀ ਸ਼ਖ਼ਸੀਅਤ ਪ੍ਰਿੰਸੀਪਲ ਬਲਵਿੰਦਰ ਸਿੰਘ ਪਧਰੀ ਜੀ ਆਪਣੀ ਕਾਰ ਉਪਰ ਲੈ ਗਏ ਸਨ।
ਸਤੰਬਰ ਮੁੱਕਣ 'ਤੇ ਸ. ਮਨਮੋਹਨ ਸਿੰਘ ਖੇਲਾ ਜੀ ਦੇ ਪਿੰਡ ਸਜਾਵਲਪੁਰ ਨੂੰ ਤੁਰ ਪਿਆ। ਓਥੋਂ ਜੰਞ ਗਈ ਹੁਸ਼ਿਆਰਪੁਰ। ਆਨੰਦ ਕਾਰਜ ਸਮੇ ਕੁਝ ਸ਼ਬਦ ਅਸ਼ੀਰਵਾਦ ਵਜੋਂ ਬੋਲੇ। ਗੁਰਦੁਆਰਾ ਸਾਹਿਬ ਜੀ ਦੇ ਗ੍ਰੰਥੀ ਸਿੰਘ ਜੀ ਮੈਨੂੰ ਸੋਸ਼ਲ ਮੀਡੀਆ ਰਾਹੀਂ ਜਾਣਦੇ ਸਨ। ਉਹਨਾਂ ਨੇ ਮੇੇਰੇ ਬਾਰੇ ਸੰਗਤ ਅਤੇ ਕਮੇਟੀ ਨੂੰ ਜਾਣੂ ਕਰਵਾਇਆ ਅਤੇ ਗੁਰਦੁਆਰਾ ਸਾਹਿਬ ਵੱਲੋਂ ਸਿਰੋਪੇ ਦੀ ਬਖ਼ਸ਼ਿਸ਼ ਹੋਈ। ਇਸ ਪਿੰਡ ਦੀ ਫੇਰੀ ਸਮੇ ਦੋ ਕੁ ਰਾਤਾਂ ਖੇਲਾ ਪਰਵਾਰ ਦੇ ਵਿਸ਼ਾਲ ਅਤੇ ਸੋਹਣੇ ਘਰ ਦੀ ਅਖੀਰਲੀ ਛੱਤ ਉਪਰਲੇ ਕਮਰੇ ਵਿਚ ਡੇਰਾ ਰੱਖਿਆ ਸੀ। ਉਹਨਾਂ ਦੇ ਘਰ ਵਿਖੇ ਹੀ ਨਿੰਦਰ ਘੁਗਿਆਣਵੀ ਅਤੇ ਕੁਝ ਹੋਰ ਸਾਹਿਤਕਾਰਾਂ ਅਤੇ ਚੰਗੇ ਵਿਅਕਤੀਆਂ ਦੀ ਸੰਗਤ ਪ੍ਰਾਪਤ ਹੋਈ। ਕੁਝ ਦਿਨਾਂ ਪਿਛੋਂ ਪਿੰਡ ਦੇ ਸਕੂਲ ਦੇ ਬੱਚਿਆਂ ਵਾਸਤੇ ਖੇਲਾ ਪਰਵਾਰ ਵੱਲੋਂ ਲਿਆਂਦੇ ਲੈਪਟਾੱਪ, ਜ਼ਿਲ਼ੇ ਦੇ ਆਹਲਾ ਅਫ਼ਸਰਾਂ ਦੀ ਹਾਜਰੀ ਵਿਚ ਬੱਚਿਆਂ ਨੂੰ ਦਿਤੇ ਜਾਣੇ ਸਨ। ਇਸ ਸਮਾਗਮ ਵਿਚ ਸ਼ਾਮਲ ਹੋਣ ਲਈ, ਪਰਵਾਰ ਵੱਲੋਂ ਉਹਨਾਂ ਦੇ ਘਰ ਹੀ ਟਿਕੇ ਰਹਿਣ ਲਈ ਕਿਹਾ ਗਿਆ ਪਰ ਮੈਂ ਹੋਰ ਰੁਝੇਵਿਆਂ ਕਰਕੇ ਮੁਆਫ਼ੀ ਮੰਗ ਲਈ। ਖਾਸ ਕਰਕੇ ਓਸੇ ਦਿਨ ਹੀ ਸਾਡੇ ਗਵਾਂਢੀ ਸਿੰਘ ਸਾਹਿਬ ਗਿਆਨੀ ਪੂਰਨ ਸਿੰਘ ਜੀ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦਾ, ਉਹਨਾਂ ਦੇ ਪਿੰਡ ਖੱਖ ਵਿਖੇ ਭੋਗ ਦਾ ਸੋਗ ਸਮਾਗਮ ਹੋਣ ਕਰਕੇ ਮਜਬੂਰੀ ਦੱਸੀ। ਉਹਨਾਂ ਦੇ ਸਸਕਾਰ ਸਮੇ ਮੈਂ ਜਾ ਨਹੀਂ ਸੀ ਸਕਿਆ। ਗਿਆਨੀ ਜੀ ਦੇ ਸਪੁੱਤਰ ਨਾਲ਼ ਓਥੇ ਹਾਜਰ ਹੋਣ ਲਈ ਇਕਰਾਰ ਵੀ ਕੀਤਾ ਹੋਇਆ ਸੀ। ਸ. ਮਨਮੋਹਨ ਸਿੰਘ ਜੀ ਨੇ ਕਿਹਾ ਕਿ ਸਕੂਲ ਵਾਲ਼ਾ ਸਮਾਗਮ ਸਵੇਰ ਵੇਲ਼ੇ ਭੁਗਤ ਜਾਣਾ ਹੈ ਤੇ ਸੋਗ ਦਾ ਸਮਾਗਮ ਦੁਪਹਿਰ ਤੋਂ ਬਾਅਦ ਹੁੰਦਾ ਹੈ। ਤੁਹਾਨੂੰ ਕਾਰ ਤੇ ਉਸ ਸਮਗਾਮ ਵਿਚ ਪੁਚਾ ਦਿਆਂਗੇ। ਜਤਨ ਕੀਤਾ ਪਰ ਸੋਗ ਸਮਾਗਮ ਵਿਚ ਸਮੇ ਸਿਰ ਨਾ ਪਹੁੰਚਿਆ ਗਿਆ। ਸਾਡੇ ਜਾਂਦਿਆਂ ਨੂੰ ਸੋਗ ਸਮਾਗਮ ਸਮਾਪਤ ਹੋ ਚੁੱਕਾ ਸੀ ਤੇ ਸੰਗਤਾਂ ਵਾਪਸ ਮੁੜ ਰਹੀਆਂ ਸਨ। ਅਸੀਂ ਬਾਹਰੋਂ ਹੀ ਮੁੜ ਆਏ ਤੇ ਜੀਟੀ ਰੋਡ ਤੇ ਆਣ ਕੇ ਖੇਲਾ ਜੀ ਦੀ ਕਾਰ ਤੇ ਓਥੋਂ ਹੀ ਉਹਨਾਂ ਦੇ ਪਿੰਡ ਨੂੰ ਵਾਪਸ ਮੋੜ ਦਿਤੀ ਤੇ ਆਪ ਮੈਂ ਬੱਸ ਰਾਹੀਂ ਅੰਮ੍ਰਿਤਸਰ ਪਹੁੰਚ ਗਿਆ। ਨਵਾਂ ਤਜਰਬਾ ਹੋਇਆ ਕਿ ਇਕੋ ਦਿਨ ਵਿਚ ਦੋ ਸਮਾਗਮਾਂ ਵਿਚ ਪਹੁੰਚਣਾ ਸਹਿਲਾ ਕਾਰਜ ਨਹੀਂ ਹੁੰਦਾ।
ਅਜਿਹਾ ਕੁਝ ਮੇਰੇ ਨਾਲ਼ ਪੰਜਾਹ ਸਾਲ ਪਹਿਲਾਂ, ੧੯੬੯ ਵਿਚ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪੰਜ ਸੌਵੇਂ ਪ੍ਰਕਾਸ਼ ਉਤਸ਼ਵ ਦੇ ਸਮਾਗਮਾਂ ਸਮੇ ਵੀ ਵਾਪਰਿਆ ਸੀ। ਸ਼੍ਰੋਮਣੀ ਕਮੇਟੀ ਵੱਲੋਂ ਉਸ ਸਮੇ ਮੇਰੀ ਡਿਊਟੀ ਦੋ ਥਾਵਾਂ ਉਪਰ ਲਗਾ ਦਿਤੀ ਗਈ ਸੀ। ਮੇਰੀ ਬੜੀ ਖਿੱਚ ਸੀ ਕਿ ਅੰਮ੍ਰਿਤਸਰ ਦੇ ਗੋਲ਼ ਬਾਗ ਵਿਚ ਹੋ ਰਹੇ ਮੁਖ ਸਮਾਗਮ ਵਿਚ ਪਹੁੰਚਾਂ। ਇਸ ਲਈ ਰਾਹੋਂ ਵਾਲ਼ੇ ਸਮਾਗਮ ਸਮੇ ਇਕ ਦਿਨ ਪਹਿਲਾਂ ਨਿਕਲਣ ਵਾਲ਼ੇ ਜਲੂਸ ਵਿਚ ਸ਼ਾਮਲ ਹੋ ਕੇ, ਅਗਲੇ ਦੀਵਾਨਾਂ ਵਿਚ ਸ਼ਾਮਲ ਹੋਣ ਤੋਂ ਛੁੱਟੀ ਲੈ ਲਈ ਤੇ ਦੂਸਰਾ ਪ੍ਰੋਗਰਾਮ ਰੁੜਕਾ ਕਲਾਂ ਵਿਚ ਸੀ। ਓਥੇ ਦੇ ਸਮਾਗਮ ਵਿਚਲੇ ਰਾਤ ਦੇ ਇਕ ਦੀਵਾਨ ਵਿਚ ਹਾਜਰੀ ਭਰ ਕੇ, ਅਗਲੇ ਦੀਵਾਨ ਤੋਂ ਛੁੱਟੀ ਲੈ ਕੇ, ਬੱਸ ਰਾਹੀਂ ਅੰਮ੍ਰਿਤਸਰ ਨੂੰ ਭੱਜਾ। ਬੱਸ ਅੱਡੇ ਤੋਂ ਰਿਕਸ਼ਾ ਰਾਹੀਂ ਗੋਲ ਬਾਗ ਗਿਆ ਪਰ ਮੇਰੇ ਓਥੇ ਪਹੁੰਚਣ ਤੋਂ ਪਹਿਲਾਂ ਹੀ ਸਮਾਗਮ ਦੀ ਸਮਾਪਤੀ ਹੋ ਚੁੱਕੀ ਸੀ। ਇਸ ਤਰ੍ਹਾਂ, "ਛਾਹ ਵੇਲਿਉਂ ਵੀ ਰਹੀ ਤੇ ਗੋਹਲਾਂ ਤੋਂ ਵੀ ਰਹੀ। ਨਾ ਖ਼ੁਦਾ ਹੀ ਮਿਲ਼ਾ ਨਾ ਵਸਾਲੇ ਸਨਮ। ਨਾ ਇਧਰ ਕੇ ਰਹੇ ਨਾ ਉਧਰ ਕੇ ਰਹੇ।" ਮੇਰੇ ਨਾਲ਼ ਹੋਈ।
੨੨ ਅਕਤੂਬਰ, ੨੦੧੯ ਵਾਲ਼ੇ ਦਿਨ ਸ੍ਰੀ ਦਰਬਾਰ ਸਾਹਿਬ ਜੀ ਦੀ ਯਾਤਰਾ ਵਾਸਤੇ ਵੱਖ ਵੱਖ ਦੇਸ਼ਾਂ ਦੇ ੯੦ ਤੋਂ ਵਧੇਰੇ ਐਂਬੈਸਡਰਾਂ ਅਤੇ ਹਾਈ ਕਮਿਸ਼ਨਰਾਂ ਨੇ ਆਉਣਾ ਸੀ। ਬੜੀ ਇੱਛਾ ਸੀ ਕਿ ਇਸ ਰੌਣਕ ਮੇਲੇ ਨੂੰ ਵੇਖਿਆ ਜਾਵੇ ਜੋ ਕਿ ਇਤਿਹਾਸ ਵਿਚ ਪਹਿਲੀ ਵਾਰ ਹੋ ਰਿਹਾ ਸੀ ਪਰ ਓਸੇ ਦਿਨ ਹੀ ਦਰਬਾਰ ਸਾਹਿਬ ਤੋਂ ਵਾਹਵਾ ਹੀ ਦੂਰ ਗੁਰਦੁਆਰਾ ਪਲਾਹ ਸਾਹਿਬ ਵਿਖੇ, ਸਾਡੇ ਨਜ਼ਦੀਕੀ ਰਿਸ਼ਤੇਦਾਰ ਦੀ ਮੌਤ ਦਾ ਸੋਗ ਸਮਾਗਮ ਸੀ। ਦੋਵੇਂ ਸਮਾਗਮ ਇਕੋ ਦਿਨ ਆ ਜਾਣ ਕਰਕੇ ਦੁਬਿਧਾ ਜਿਹੀ ਬਣ ਗਈ। ਏਧਰ ਜਾਇਆ ਜਾਵੇ ਕਿ ਓਧਰ! ਅਖੀਰ ਸੋਗ ਸਮਾਗਮ ਵਿਚ ਜਾਣ ਦਾ ਵਿਚਾਰ ਬਣਾ ਕੇ ਓਧਰ ਨੂੰ ਤੁਰ ਪਿਆ ਪਰ ਰਸਤੇ ਵਿਚ ਬੁਰਜ ਬਾਬਾ ਫੂਲਾ ਸਿੰਘ ਅਕਾਲੀ ਜੀ ਵਿਖੇ, ਆਪਣੇ ਸਾਹਿਤਕਾਰ ਮਿੱਤਰ ਸ. ਦਿਲਜੀਤ ਸਿੰਘ ਬੇਦੀ ਜੀ ਨੂੰ ਮਿਲਣ ਦਾ ਵਿਚਾਰ ਬਣਾ ਲਿਆ। ਉਹਨਾਂ ਕੋਲ਼ ਬੈਠ ਕੇ ਗੱਲਾਂ ਗੱਲਾਂ ਵਿਚ ਸਮਾ ਯਾਦ ਹੀ ਨਾ ਰਿਹਾ ਤੇ ਸੋਗ ਸਮਾਗਮ ਵੱਲ ਪਬਲਿਕ ਟ੍ਰਾਂਸਪੋਰਟ ਰਾਹੀਂ ਤੁਰ ਪਿਆ ਪਰ ਜਾਂਦਿਆਂ ਨੂੰ ਸਮਾਗਮ ਦੀ ਸਮਾਪਤੀ ਦੀ ਅਰਦਾਸ ਹੋ ਰਹੀ ਸੀ।
ਬਾਅਦ ਵਿਚ ਦੂਰ ਨੇੜੇ ਦੇ ਪਰਵਾਰਕ ਮਹੈਣ ਦੇ ਮੈਂਬਰਾਂ ਨਾਲ਼ ਵਿਚਾਰਾਂ ਕਰਦਿਆਂ, ਲੰਗਰ ਛਕਦਿਆਂ ਸਮਾ ਬੀਤਿਆ ਕਿਉਂਕਿ ਦਰਬਾਰ ਸਾਹਿਬ ਵਾਲ਼ੇ ਸਮਾਗਮ ਵਿਚ ਪਹੁੰਚ ਸਕਣ ਦੀ ਤੇ ਕੋਈ ਆਸ ਹੀ ਨਹੀਂ ਸੀ। ਸਾਰਿਆਂ ਨਾਲ਼ ਮਿਲ਼ ਮਿਲ਼ਾ ਕੇ ਦਰਬਾਰ ਸਾਹਿਬ ਨੂੰ ਤੁਰ ਪਿਆ। ਜਦੋਂ ਘੰਟਾ ਘਰ ਪਹੁੰਚਿਆ ਤਾਂ ਵੇਖਿਆ ਕਿ ਸੂਚਨਾ ਕੇਂਦਰ ਦੇ ਬਾਹਰਵਾਰ ਖੁਲ੍ਹੇ ਮੈਦਾਨ ਵਿਚ ਲੱਗੇ ਵਿਸ਼ਾਲ ਸ਼ਾਮਿਆਨੇ ਅੰਦਰ ਅਜੇ ਸਮਾਗਮ ਦੀ ਸਮਾਪਤੀ ਹੀ ਹੋ ਰਹੀ ਹੈ। ਮੈਂ ਅੰਦਰ ਜਾਣ ਲੱਗਾ ਤਾਂ ਪੁਲਿਸ ਨੇ ਰੋਕ ਦਿਤਾ ਕਿਉਂਕਿ ਸੰਸਾਰ ਭਰ ਦੇ ਰਾਜਦੂਤ ਆਏ ਹੋਣ ਕਰਕੇ ਸੈਕਿਉਰਟੀ ਦਾ ਬੜਾ ਸਖ਼ਤ ਪ੍ਰਬੰਧ ਸੀ। ਮੈਂ ਹੌਸਲਾ ਨਾ ਹਾਰਿਆ ਤੇ ਪਿਛਲੇ ਪਾਸਿਉਂ ਜਾ ਕੇ ਸੂਚਨਾ ਕੇਂਦਰ ਦੇ ਅੰਦਰ ਰਾਹੀਂ ਹੋ ਕੇ ਪੰਡਾਲ ਵਿਚ ਜਾ ਵੜਿਆ। ਰਾਜਦੂਤਾਂ ਦੇ ਸਨਮਾਨ ਕਰਨ ਦਾ ਸਮਾਗਮ ਭਾਵੇਂ ਉਸ ਸਮੇ ਸਮਾਪਤ ਹੋ ਚੁੱਕਾ ਸੀ ਪਰ ਰਾਜਦੂਤਾਂ ਸਮੇਤ ਸੰਗਤ ਅਜੇ ਸਾਰੀ ਓਥੇ ਹੀ ਸੀ। ਦੂਰੋਂ ਮੈਨੂੰ ਸਿਡਨੀ ਵਾਲ਼ੇ ਆਪਣੇ ਮਿਤਰ ਸ. ਅਜਾਇਬ ਸਿੰਘ ਸਿੱਧੂ ਜੀ ਦੀ ਸੁਯੋਗ ਸਪੁੱਤਰੀ, ਬੀਬਾ ਹਰਿੰਦਰ ਕੌਰ ਸਿੱਧੂ ਜੀ, ਜੋ ਉਸ ਸਮੇ ਦਿੱਲੀ ਵਿਖੇ ਆਸਟ੍ਰੇਲੀਆ ਦੇ ਹਾਈ ਕਮਿਸ਼ਨਰ ਸਨ, ਨੇ ਵੇਖ ਲਿਆ। ਉਹ ਬੜੇ ਉਤਸ਼ਾਹ ਨਾਲ਼ ਮੇਰੇ ਵੱਲ ਆਏ ਅਤੇ ਆ ਕੇ ਜੱਫੀ ਪਾ ਕੇ ਬੋਲੇ, "ਹੈਲੋ ਗਿਆਨੀ ਅੰਕਲ ਜੀ, ਤੁਸੀਂ ਏਥੇ ਰਹਿੰਦੇ ਹੋ?" ਮੈਂ ਕਿਹਾ, "ਨਹੀਂ ਪੁੱਤਰ ਜੀ, ਮੈਂ ਰਹਿੰਦਾ ਤੇ ਸਿਡਨੀ ਵਿਚ ਹੀ ਹਾਂ ਪਰ ਏਥੇ ਆਉਂਦਾ ਜਾਂਦਾ ਰਹਿੰਦਾ ਹਾਂ।" ਬੱਚੀ ਬੋਲੀ, "ਬੜੀ ਖ਼ੁਸ਼ੀ ਹੋਈ ਤੁਹਾਨੂੰ ਏਥੇ ਵੇਖ ਕੇ। ਮੈਂ ਤੁਹਾਡੇ ਨਾਲ਼ ਸੈਲਫੀ ਲੈਣੀ ਹੈ। ਮੇਰੇ ਮਮ ਡੈਡ ਵੀ ਮੇਰੇ ਕੋਲ਼ ਦਿੱਲੀ ਆਏ ਹੋਏ ਹਨ। ਉਹਨਾਂ ਨੂੰ ਵਿਖਾਵਾਂਗੀ ਕਿ ਮੈਂ ਅੰਮ੍ਰਿਤਸਰ ਵਿਚ ਗਿਆਨੀ ਅੰਕਲ ਜੀ ਨੂੰ ਮਿਲ਼ ਕੇ ਆਈ ਹਾਂ।" ਬੱਚੀ ਨੇ ਦੋ ਚਾਰ ਸੈਲਫੀਆਂ ਲੈ ਲਈਆਂ ਤੇ ਇਕ ਫ਼ੋਟੋ ਸਾਡੀ ਦੋਹਾਂ ਦੀ, ਸ੍ਰੀ ਦਰਬਾਰ ਸਾਹਿਬ ਜੀ ਦੇ ਸੂਚਨਾ ਕੇਂਦਰ ਦੇ ਅਧਿਕਾਰੀ ਸ. ਰਣਧੀਰ ਸਿੰਘ ਜੀ ਨੇ, ਮੇਰੇ ਕਹਿਣ 'ਤੇ ਖਿੱਚ ਲਈ। ਇਹ ਫ਼ੋਟੋ ਕਿਸੇ ਤਰ੍ਹਾਂ ਮੇਰੀ ਸਿੰਘਣੀ ਕੋਲ਼ ਸਿਡਨੀ ਪਹੁੰਚ ਗਈ ਤੇ ਉਹਨਾਂ ਨੇ ਅੱਗੇ ਮੈਨੂੰ ਭੇਜ ਦਿਤੀ। ਮੈਂ ਜਤਨ ਕਰਾਂਗਾ ਕਿ ਉਹ ਫ਼ੋਟੋ, ਕੁਝ ਹੋਰ ਫ਼ੋਟੋਆਂ ਸਮੇਤ ਇਸ ਲੇਖ ਵਿਚ ਵੀ ਸ਼ਾਮਲ ਹੋ ਜਾਵੇ।
ਰਾਜਦੂਤਾਂ ਦੀ ਵਿਦਾਇਗੀ ਵਾਲ਼ੇ ਪ੍ਰੋਗਰਾਮ ਦੀ ਸਫ਼ਲਤਾ ਸਹਿਤ ਸਮਾਪਤੀ ਪਿੱਛੋਂ ਓਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਜੀ ਅਤੇ ਬਾਕੀ ਮੁਖੀ ਦਫ਼ਤਰੀ ਸਟਾਫ਼ ਨਾਲ਼ ਖ਼ੁਸ਼ਗਵਾਰ ਮਾਹੌਲ ਵਿਚਾਲ਼ੇ ਖੁਲ੍ਹੀਆਂ ਵਿਚਾਰਾਂ ਹੋਈਆਂ।
ਇਕ ਦਿਨ ਮੇਰੇ ਕੋਲ਼ ਵੇਹਲ਼ ਸੀ ਤੇ ਮੈਂ ਵੀਚਾਰ ਕੀਤਾ ਕਿ ਸੁਲਤਾਨਪੁਰ ਲੋਧੀ ਦੀ ਯਾਤਰਾ ਹੀ ਕਰ ਲਈ ਜਾਵੇ। ਅੰਮ੍ਰਿਤਸਰ ਦੇ ਬੱਸ ਅੱਡੇ ਚਲਿਆ ਗਿਆ। ਓਥੇ ਰੌਣਕ ਮੇਲਾ, ਭੀੜ ਭੜੱਕਾ, ਕੰਡਕਟਰਾਂ ਦੀਆਂ ਆਵਾਜ਼ਾਂ ਦਾ ਰਾਮ ਰੌਲ਼ਾ ਜਿਹਾ। ਮੈਨੂੰ ਵੇਖ ਕੇ ਇਕ ਕੰਡਕਟਰ ਮੇਰੇ ਦੁਆਲ਼ੇ ਹੋ ਗਿਆ। ਮੇਰੇ ਸੁਲਤਾਨਪੁਰ ਜਾਣ ਬਾਰੇ ਦੱਸਣ ਤੇ ਕਹਿੰਦਾ, "ਬੈਠੋ ਜੀ ਬੈਠੋ, ਆਹ ਬੱਸ ਜਾ ਰਹੀ ਹੈ ਸੁਲਤਾਨਪੁਰ ਨੂੰ।" ਮੈਂ ਬੱਸ ਦੇ ਅੰਦਰ ਵੜ ਕੇ ਬਹਿ ਗਿਆ। ਬੱਸ ਤਰਨ ਤਾਰਨ ਪਹੁੰਚ ਕੇ ਅੱਗੇ ਤੁਰੇ ਈ ਨਾ। ਫੇਰ ਦੱਸਿਆ ਗਿਆ ਜੀ ਕਿ ਅਹੁ ਬੱਸ ਸੁਲਤਨਪੁਰ ਨੂੰ ਜਾਣੀ ਹੈ। ਉਸ ਵਿਚ ਜਾ ਬੈਠਿਆ। ਉਹ ਗੋਇੰਦਵਾਲ ਸਾਹਿਬ ਜਾ ਕੇ ਮੁੱਕ ਗਈ। ਓਥੋਂ ਵਾਹਵਾ ਚਿਰ ਪਿੱਛੋਂ ਇਕ ਹੋਰ ਬੱਸ ਨੇ, ਰੱਬ ਰੱਬ ਕਰਕੇ ਦੁਪਹਿਰ ਪਿੱਛੋਂ, ਸੁਲਤਾਨਪੁਰ ਦੀ ਪਾਵਨ ਧਰਤੀ 'ਤੇ ਸਾਡਾ ਸਵਾਰਾ ਜਾ ਉਤਾਰਿਆ। ਜਿਧਰ ਨਿਗਾਹ ਜਾਵੇ ਬੱਸਾਂ ਹੀ ਬੱਸਾਂ ਦਿਸਣ। ਤੰਬੂਆਂ ਕਨਾਤਾਂ ਦਾ ਸ਼ਹਿਰ ਬਣਿਆ ਪਿਆ। ਥਾਂ ਥਾਂ ਲੰਗਰ ਲੱਗੇ ਹੋਏ। ਚਾਰ ਚੁਫੇਰੇ ਰੌਣਕਾਂ ਹੀ ਰੌਣਕਾਂ। ਪੁਛਦਿਆਂ ਪੁਛਾਂਦਿਆਂ, ਵਾਹਵਾ ਸਾਰਾ ਤੁਰ ਕੇ ਅਖੀਰ ਵੇਈਂ ਨਦੀ ਦੇ ਪੁਲ਼ ਉਤੋਂ ਦੀ ਲੰਘ ਕੇ ਗੁਰਦੁਆਰਾ ਸਾਹਿਬ ਜਾ ਮੱਥਾ ਟੇਕਿਆ। ਗੁਰਦੁਆਰਾ ਬੇਰ ਸਾਹਿਬ ਜੀ ਦੇ ਨਾਲ਼ ਹੀ ਸਾਢੇ ਪੰਜ ਸੌ ਸਾਲਾ ਪ੍ਰਕਾਸ਼ ਪੁਰਬ ਦੀ ਯਾਦ ਵਿਚ, ਸਜਣ ਵਾਲ਼ੇ ਸਮਾਗਮਾਂ ਵਾਸਤੇ ਬਹੁਤ ਵਿਸ਼ਾਲ ਦੀਵਾਨ ਸਥਾਨ ਸਿਰਜਿਆ ਹੋਇਆ ਦਿਸਿਆ। ਉਪਰ ਚਾਨਣੀਆਂ, ਪਾਸਿਆਂ ਤੇ ਕਨਾਤਾਂ, ਥੱਲੇ ਗੱਦਿਆਂ ਦਾ ਪੋਲਾਪਣ ਬਹੁਤ ਪ੍ਰਭਾਵਸ਼ਾਲੀ ਲੱਗ ਰਹੇ ਸਨ। ਉਸ ਦਿਨ ਵਿਦਿਅਕ ਸੰਸਥਾਵਾਂ ਦੇ ਨੌਜਵਾਨਾਂ ਅਤੇ ਬੱਚਿਆਂ ਦੇ ਕੀਰਤਨੀ ਜਥਿਆਂ ਵੱਲੋਂ ਆਪਣੀ ਆਪਣੀ ਕੀਰਤਨ ਕਲਾ ਦੇ ਜੌਹਰ ਵਿਖਾਏ ਜਾ ਰਹੇ ਸਨ। ਸਟੇਜ ਦੇ ਪ੍ਰਬੰਧ ਦੀ ਸੇਵਾ ਬੀਬੀ ਜਾਗੀਰ ਕੌਰ ਜੀ ਭਲੀ ਭਾਂਤ ਨਿਭਾ ਰਹੇ ਸਨ। ਕਈ ਹੋਰ ਗੁਣਾਂ ਦੇ ਮਾਲਕ ਹੋਣ ਤੋਂ ਇਲਾਵਾ ਬੀਬੀ ਜੀ ਦੀ ਕਿਸੇ ਸਮਾਗਮ ਦੀ ਸਟੇਜ ਨੂੰ ਚਲਾਉਣ ਦੀ ਕਲਾ ਵਿਚ ਵੀ ਕੋਈ ਵਿਰਲਾ ਹੀ ਇਹਨਾਂ ਦਾ ਸਾਨੀ ਹੋਵੇਗਾ। ਜਦੋਂ ਕਦੀ ਇਸ ਗੱਲ ਦੀ ਸ਼ੰਕਾ ਹੋਵੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਜਲਾਸ ਵਿਚ ਵਿਰੋਧੀਆਂ ਵੱਲੋਂ ਭਾਰੀ ਹੰਗਾਮੇ ਕੀਤੇ ਜਾਣਗੇ ਤਾਂ ਸਟੇਜ ਦਾ ਕੰਟ੍ਰੋਲ ਬੀਬੀ ਜੀ ਨੂੰ ਹੀ ਸੰਭਾਲ਼ਿਆ ਜਾਂਦਾ ਹੈ ਤੇ ਬੀਬੀ ਜੀ ਸੰਕਟ ਭਰੇ ਸਮਾਗਮ ਨੂੰ ਭਲੀ ਭਾਂਤ ਨੇਪਰੇ ਚਾਹੜ ਦਿੰਦੇ ਹਨ।
ਕੁਝ ਸਮਾ ਪੰਡਾਲ ਵਿਚ ਬੈਠ ਕੇ ਨੌਜਵਾਨਾਂ ਦੇ ਕੀਰਤਨ ਦਾ ਅਨੰਦ ਮਾਣਿਆ। ਬੁਢੇ ਜੌਹੜ ਦੇ ਮਿਸ਼ਨਰੀ ਕਾਲਜ ਦੇ ਕੀਰਤਨ ਕਲਾਸ ਦੇ ਵਿਦਿਆਰਥੀਆਂ ਨੂੰ ਜਦੋਂ ਪਤਾ ਲੱਗਾ ਕਿ ਮੈਂ ਕਦੀ ਓਥੇ ਦੇ ਕੀਰਤਨ ਦੇ ਅਧਿਆਪਕ ਅਤੇ ਵਿਦਿਆਰਥੀਆਂ ਨੂੰ ਕੀਰਤਨ ਸਿਖਾਉਣ ਦੀ ਸੇਵਾ ਵੀ ਕਰਦਾ ਰਿਹਾਂ ਤਾਂ ਉਹਨਾਂ ਸਾਰੇ ਬੱਚਿਆਂ ਨੇ ਬੜਾ ਉਤਸ਼ਾਹ ਵਿਖਾਇਆ ਅਤੇ ਸਤਿਕਾਰ ਕੀਤਾ।
ਕਿਉਂਕਿ ਰਾਤ ਤੱਕ ਵਾਪਸ ਮੁੜਨ ਦਾ ਪਹਿਲਾਂ ਹੀ ਵਿਚਾਰ ਸੀ, ਇਸ ਲਈ ਕਛਹਿਰਾ, ਬਨੈਣ, ਤੌਲੀਆ, ਦਵਾਈ ਆਦਿ ਨਾਲ਼ ਨਹੀਂ ਸੀ ਲੈ ਕੇ ਗਿਆ। ਮੁੜਨ ਲਈ ਪੰਡਾਲ਼ ਛੱਡਣ ਲਈ ਤਿਆਰ ਹੀ ਸਾਂ ਕਿ ਸ. ਹਰਵਿੰਦਰ ਸਿੰਘ ਖ਼ਾਲਸਾ ਜੀ ਉਪਰ ਨਿਗਾਹ ਪੈ ਗਈ। ਪਹਿਲਾਂ ਕਦੀ ਮਿਲ਼ੇ ਤਾਂ ਨਹੀਂ ਸਾਂ ਪਰ ਫ਼ੋਨ ਆਦਿ ਰਾਹੀਂ ਇਕ ਦੂਜੇ ਤੋਂ ਜਾਣੂ ਸਾਂ। ਸਤਿਕਾਰ ਸਹਿਤ ਮਿਲ਼ੇ। ਉਹਨਾਂ ਨੇ ਦੱਸਿਆ ਕਿ ਉਹਨਾਂ ਵੱਲੋਂ ਸ਼ਹੀਦਾਂ ਬਾਰੇ ਨੁਮਾਇਸ਼ ਲਾਈ ਗਈ ਹੈ ਉਸ ਉਪਰ ਜਰੂਰ ਝਾਤੀ ਮਾਰ ਕੇ ਜਾਵਾਂ। ਇਹ ਸਾਰਾ ਕੁਝ ਏਨੇ ਵਿਸ਼ਾਲ ਘੇਰੇ ਵਿਚ ਫੈਲਿਆ ਹੋਇਆ ਸੀ ਕਿ ਸੰਗਤਾਂ ਦੀ ਸਹੂਲਤ ਲਈ ਹਰੇਕ ਪਾਸੇ ਈ-ਰਿਕਸ਼ੇ, ਟੈਂਪੂ ਆਦਿ ਸਵਾਰੀਆਂ ਏਧਰ ਓਧਰ ਪੁਚਾਉਣ ਲਈ ਲੱਗੇ ਹੋਏ ਸਨ। ਇਹਨਾਂ ਦਾ ਕਰਾਇਆ ਕੋਈ ਨਹੀਂ ਸੀ ਲੱਗਦਾ। ਅਜਿਹੀਆਂ ਬਹੁਤ ਸਾਰੀਆਂ ਸਹੂਲਤਾਂ ਪੰਜਾਬ ਸਰਕਾਰ ਵੱਲੋਂ ਦਿਤੀਆਂ ਜਾ ਰਹੀਆਂ ਸਨ ਪਰ ਮੈਨੂੰ ਕਦੀ ਕਿਸੇ ਉਪਰ ਸਵਾਰ ਹੋਣ ਦਾ ਮੌਕਾ ਨਾ ਮਿਲ਼ਿਆ। ਇਸ ਲਈ ਤੁਰ ਤੁਰ ਕੇ ਹੀ ਹਰੇਕ ਥਾਂ ਅੱਪੜਨ ਲਈ ਵਾਹਵਾ ਸਮਾ ਲੱਗ ਜਾਂਦਾ ਸੀ। ਖੈਰ, ਮੈਂ ਨੁਮਾਇਸ਼ ਵਿਚ ਪਹੁੰਚ ਗਿਆ। ਨੇੜ ਭੂਤਕਾਲ ਵਿਚ ਸਿੱਖ ਨੌਜਵਾਨਾਂ ਦੀਆਂ ਕੁਰਬਾਨੀਆਂ, ਸ਼ਹੀਦਾਂ ਆਦਿ ਨੂੰ ਤਸਵੀਰਾਂ ਅਤੇ ਉਹਨਾਂ ਥੱਲੇ ਲਿਖੀਆਂ ਕੈਪਸ਼ਨਾਂ ਰਾਹੀਂ ਸਫ਼ਲਤਾ ਸਹਿਤ ਦਰਸਾਇਆ ਹੋਇਆ ਸੀ।
ਵਾਪਸ ਮੁੜਨ ਦੀ ਵੀ ਕਾਹਲ਼ੀ ਸੀ। ਬੱਸਾਂ ਵਾਲ਼ੇ ਥਾਂ ਪਹੁੰਚਿਆ। ਕੁਝ ਪਤਾ ਨਾ ਲੱਗੇ ਕਿ ਕਿਧਰੋਂ ਆਇਆ ਸਾਂ ਤੇ ਹੁਣ ਕੇਹੜੀ ਬੱਸ ਵਿਚ ਚੜ੍ਹਾਂ। ਜਿਸ ਨੂੰ ਵੀ ਪੁੱਛਾਂ ਉਹ ਵੱਖ ਵੱਖ ਬੱਸਾਂ ਦੀ ਹੀ ਦਸ ਪਾਵੇ। ਅਖੀਰ ਮੈਂ ਇਕ ਬੱਸ ਵਿਚ ਵੜ ਗਿਆ। ਉਸ ਵਿਚਲੀਆਂ ਸਵਾਰੀਆਂ ਨੂੰ ਵੀ ਪੁੱਛੀ ਗਿਆ। ਕਿਉਂਕਿ ਕਦੀ ਬਹੁਤ ਪਹਿਲਾਂ ਕਿਸੇ ਤੋਂ ਸੁਣਿਆ ਹੋਇਆ ਸੀ ਕਿ ਪੁੱਛਦਾ ਪੁੱਛਦਾ ਤੇ ਬੰਦਾ ਲਾਹੌਰ ਜਾ ਵੜਦਾ ਹੈ। ਉਹ ਬੱਸ ਮੈਨੂੰ ਮਖੂ ਨੂੰ ਜਾਣ ਵਾਲ਼ੀ ਸੜਕ ਤੇ ਲੈ ਆਈ। ਓਥੇ ਕਿਸੇ ਦੇ ਦੱਸਣ ਤੇ ਕਿ ਏਥੋਂ ਬੱਸ ਮਖੂ ਵਾਲ਼ੀ ਮਿਲ਼ੂਗੀ ਤੇ ਓਥੋਂ ਅੱਗੇ ਤਰਨ ਤਾਰਨ ਜਾਂ ਅੰਮ੍ਰਿਤਸਰ ਵਾਲ਼ੀ ਮਿਲ਼ੂਗੀ, ਮੈਂ ਉਤਰ ਗਿਆ। ਓਥੇ ਮੈਂ ਕੁਝ ਸਵਾਰੀਆਂ ਖਲੋਤੀਆਂ ਨੂੰ ਵੇਖ ਕੇ, ਕਦੀ ਸੜਕ ਦੇ ਇਕ ਪਾਸੇ ਦੇ ਅੱਡੇ ਤੇ ਖਲੋਵਾਂ ਤੇ ਕਦੇ ਕਿਸੇ ਦੇ ਦੱਸਣ ਤੇ ਸੜਕ ਦੇ ਦੂਜੇ ਪਾਸੇ ਦੌੜ ਕੇ ਜਾਵਾਂ। ਅਖੀਰ ਇਕ ਬੱਸ ਵਿਚ ਮੈਂ ਧੁੱਸ ਦੇ ਕੇ ਘੁਸਰ ਹੀ ਗਿਆ। ਉਸ ਵਿਚਲੀਆਂ ਸਵਾਰੀਆਂ ਵੀ ਆਖਣ ਕਿ ਇਹ ਬੱਸ ਮਖੂ ਨੂੰ ਨਹੀਂ ਜਾਣੀ ਪਰ ਮੈਂ ਇਹ ਸੋਚ ਕੇ ਨਾ ਉਤਰਿਆ ਕਿ ਕੋਈ ਗੱਲ ਨਹੀਂ ਜਾ ਤੇ ਉਸ ਪਾਸੇ ਹੀ ਰਹੀ ਆ ਨਾ! ਕੁਝ ਸਮੇ ਬਾਅਦ ਮੈਂ ਵੇਖਿਆ ਕਿ ਉਹ ਬੱਸ ਉਸ ਏਰੀਏ ਵਿਚ ਲੱਗੀਆਂ ਫਰੀ ਬੱਸਾਂ ਵਿਚ ਹੀ ਜਾ ਕੇ ਖਲੋ ਗਈ। ਸਵਾਰੀਆਂ ਉਤਰਨ ਲੱਗੀਆਂ ਤੇ ਮੈਂ ਵੀ ਉਤਰ ਕੇ ਸੜਕ ਉਪਰ ਫੇਰ ਖਲੋ ਗਿਆ। ਹਰੇਕ ਬੱਸ, ਸਕੂਟਰ, ਟੈਂਪੂ ਆਦਿ ਨੂੰ ਹੱਥ ਦਵਾਂ ਪਰ ਕੋਈ ਨਾ ਰੁਕੇ। ਅਖੀਰ ਇਕ ਮੋਟਰ ਸਾਈਕਲ ਵਾਲ਼ਾ ਰੁਕਿਆ ਤੇ ਕਹਿੰਦਾ ਮੈਂ ਤੇ ਨੇੜੇ ਹੀ ਜਾ ਕੇ ਆਪਣੇ ਪਿੰਡ ਨੂੰ ਮੁੜ ਜਾਣਾ ਹੈ। ਮੈਂ ਕਿਹਾ, "ਚਲ ਓਥੋਂ ਤੱਕ ਤੇ ਲੈ ਕੇ ਚੱਲ।" ਸੋਚਿਆ ਕਿ ਕੁਝ ਨਾ ਕੁਝ ਤੇ ਮਖੂ ਦੇ ਨੇੜੇ ਵੱਲ ਜਾਵਾਂਗਾ ਹੀ। ਉਹ ਕੁਝ ਕਿਲੋ ਮੀਟਰ ਤੱਕ ਲੈ ਗਿਆ। ਓਥੇ ਸੜਕ ਕੇ ਖਲੋ ਕੇ ਮੈਂ ਫੇਰ ਹਰੇਕ ਬੱਸ ਨੂੰ ਹੱਥ ਦਵਾਂ ਪਰ ਕੋਈ ਨਾ ਰੁਕੇ। ਇਕ ਕਾਰ ਨੇੜੇ ਆ ਕੇ ਰੁੱਕੀ। ਵਿਚੋਂ ਗਿਅਨੀ ਜਿਹਾ ਬੰਦਾ ਨਿਕਲ਼ਿਆ। ਵੇਖਿਆ ਤਾਂ ਉਹ ਗਿ. ਗੁਰਦੀਪ ਸਿੰਘ ਦੀਪਕ ਜੀ ਢਾਡੀ ਸਨ। ਸਿਡਨੀ ਵਿਚ ਉਹਨਾਂ ਦੇ ਪ੍ਰੋਗਰਾਮ ਸੁਣਨ ਦਾ ਮੌਕਾ ਮਿਲ਼ਿਆ ਸੀ ਤੇ ਅਸੀਂ ਇਕ ਦੂਜੇ ਨੂੰ ਜਾਣਦੇ ਸਾਂ। ਸਮੱਸਿਆ ਪੁੱਛੀ ਦੱਸੀ। ਉਹਨਾਂ ਨੇ ਆਪਣੇ ਪਿੰਡ ਰਾਤ ਰਹਿਣ ਲਈ ਸੁਲਾਹ ਮਾਰੀ। ਨਾਂਹ ਤੇ ਕਰਨੀ ਹੀ ਸੀ। ਮਖੂ ਤੱਕ ਪੁਚਾਉੁਣ ਦੀ ਉਹਨਾਂ ਦੀ ਪੇਸ਼ਕਸ਼ ਨੂੰ ਵੀ ਸਵੀਕਾਰਨਾ ਸਹੀ ਨਾ ਸਮਝ ਕੇ ਮੈਂ ਸਿਰ ਫੇਰ ਦਿਤਾ। ਇਸ ਵਿਚਾਰ ਨਾਲ਼ ਅਸੀਂ ਸਹਿਮਤ ਹੋ ਗਏ ਕਿ ਉਹ ਮੈਨੂੰ ਅਗਲੇ ਵੱਡੇ ਬੱਸ ਅੱਡੇ ਤੇ ਛੱਡ ਕੇ ਅਪਣੇ ਪਿੰਡ ਨੂੰ ਚਲੇ ਜਾਣਗੇ। ਹੋ ਸਕਦਾ ਹੈ ਕਿ ਇਹ ਨਿੱਕਾ ਅੱਡਾ ਹੋਣ ਕਰਕੇ ਬੱਸ ਨਾ ਰੁਕਦੀ ਹੋਵੇ ਤੇ ਓਥੇ ਰੁਕ ਜਾਂਦੀ ਹੋਵੇ! ਜਦੋਂ ਮੈਂ ਵੇਖਿਆ ਕਿ ਓਥੇ ਵੀ ਇਹੋ ਹਾਲ ਹੈ ਤੇ ਹਨੇਰਾ ਵੀ ਹੋਈ ਜਾ ਰਿਹਾ ਹੈ ਤਾਂ ਫਿਰ ਸੜਕ ਦੇ ਨੇੜੇ ਹੀ ਮੈਂ ਠਾਣੇ ਵਿਚ ਜਾ ਵੜਿਆ ਤੇ ਉਹਨਾਂ ਨੂੰ ਆਪਣੀ ਸਮੱਸਿਆ ਦੱਸੀ। ਇਕ ਹੌਲਦਾਰ ਉਠ ਕੇ ਮੇਰੇ ਨਾਲ਼ ਤੁਰ ਪਿਆ ਤੇ ਤੁਰੇ ਜਾਂਦਿਆਂ ਕਹਿੰਦਾ, "ਗਿਆਨੀ ਜੀ, ਫਿਕਰ ਨਾ ਕਰੋ। ਤੁਹਾਨੂੰ ਕਿਸੇ ਨਾ ਕਿਸੇ ਤਰੀਕੇ ਭੇਜ ਹੀ ਦਿਆਂਗੇ।" ਛੇਤੀ ਹੀ ਚਿੱਟੇ ਰੰਗ ਦੀ ਇਕ ਕਾਰ ਆਉਂਦੀ ਦਿਸੀ ਤਾਂ ਉਸ ਨੇ ਰੁਕਵਾ ਲਈ। ਉਸ ਵਿਚ ਚੰਗੀ ਪੁਜ਼ੀਸ਼ਨ ਵਲ਼ੇ ਦੋ ਹਿੰਦੂ ਜੈਂਟਲਮੈਨ ਬੈਠੇ ਸਨ। ਹੌਲਦਾਰ ਨੇ ਮੇਰੇ ਬਾਰੇ ਦੱਸਿਆ। ਉਹਨਾਂ ਨੇ ਕਿਹਾ ਕਿ ਪਿੰਡ ਤੇ ਸਾਡਾ ਭਾਵੇਂ ਪੰਜ ਕੁ ਮੀਲ ਪਹਿਲਾਂ ਆਉਂਦਾ ਹੈ ਪਰ ਅਸੀਂ ਗਿਆਨੀ ਜੀ ਨੂੰ ਮਖੂ ਦੇ ਬੱਸ ਅੱਡੇ ਤੱਕ ਛੱਡ ਆਵਾਂਗੇ ਪਰ ਰਾਹ ਵਿਚ ਇਕ ਸਾਮੀ ਤੋਂ ਅਸੀਂ ਉਗਰਾਹੀ ਕਰਨੀ ਹੈ, ਓਥੇ ਕੁਝ ਮਿੰਟ ਰੁਕਣਾ ਪੈ ਸਕਦਾ ਹੈ।
ਮੁਕਦੀ ਗੱਲ ਕਿ ਉਹਨਾਂ ਨੇ ਮੈਨੂੰ ਮਖੂ ਦੀ ਸੜਕ ਉਤੇ ਉਤਾਰ ਦਿਤਾ। ਉਸ ਸਮੇ ਤੱਕ ਵਾਹਵਾ ਹਨੇਰਾ ਹੋ ਚੁੱਕਾ ਸੀ। ਮੈਂ ਸੋਚਿਆ ਕਿ ਕਿਤੇ ਅੱਡਾ ਹੋਵੇਗਾ ਪਰ ਅੱਡਾ ਉਡਾ ਕੋਈ ਨਹੀਂ ਸੀ ਓਥੇ। ਆਲ਼ੇ ਦੁਆਲ਼ਿਉਂ ਪੁੱਛਣ ਤੇ ਪਤਾ ਲੱਗਾ ਕਿ ਇਹੋ ਹੀ ਸੜਕ ਦਾ ਕਿਨਾਰਾ ਹੈ ਜਿੱਥੋਂ ਬੱਸਾਂ ਤਰਨ ਤਾਰਨ ਵੱਲ ਦੀਆਂ ਸਵਾਰੀਆਂ ਚੁੱਕਦੀ ਹੈ। ਚਾਰ ਚੁਫੇਰੇ ਘੁੱਪ ਹਨੇਰਾ ਸੀ ਪਰ ਇਸ ਹਨੇਰੇ ਦਾ ਇਕ ਲਾਭ ਇਹ ਸੀ ਕਿ ਲੰਘਣ ਵਾਲ਼ੇ ਭਾਰੀ ਟਰੱਕਾਂ ਅਤੇ ਹੋਰ ਟਰੈਫਿਕ ਦਾ ਉਡਾਇਆ ਘੱਟਾ ਆਪਣੇ ਸਿਰ ਮੂੰਹ ਉਪਰ ਪੈਂਦਾ ਦਿਸਦਾ ਨਹੀਂ ਸੀ।
ਵਾਹਵਾ ਚਿਰ ਉਸ ਘੱਟੇ ਭਰੇ ਹਨੇਰੇ ਵਿਚ ਖਲੋਤੇ ਰਹਿਣ ਪਿਛੋਂ, "ਕੁਫ਼ਰ ਟੂਟਾ ਖ਼ੁਦਾ ਖ਼ੁਦਾ ਕਰਕੇ" ਇਕ ਬੱਸ ਆ ਹੀ ਗਈ ਤੇ ਉਹ ਮੇਰੇ ਨੇੜੇ ਖਲੋ ਵੀ ਗਈ। ਕੁਝ ਸਵਾਰੀਆਂ ਉਤਰ ਗਈਆਂ ਤੇ ਮੈਂ ਇਕੱਲਾ ਹੀ ਓਥੋਂ ਉਸ ਬੱਸ ਵਿਚ ਸਵਾਰ ਹੋ ਗਿਆ। ਟਿਕਟ ਲੈਣ ਸਮੇ ਕੰਡਕਟਰ ਨੇ ਦੱਸਿਆ ਕਿ ਇਹ ਬੱਸ ਅੰਮ੍ਰਿਤਸਰ ਤੱਕ ਜਾਣੀ ਹੈ। ਅੱਧੀ ਰਾਤ ਤੋਂ ਵਾਹਵਾ ਪਿੱਛੋਂ ਅੰਮ੍ਰਿਤਸਰ ਵਿਚ ਗੁਰਦੁਆਰਾ ਸ਼ਹੀਦਾਂ ਦੇ ਨੇੜੇ ਬੱਸੋਂ ਉਤਰ ਕੇ ਜਾ ਭਰਾ ਦੇ ਘਰ ਦਾ ਬੂਹਾ ਖੜਕਾਇਆ। ਇਉਂ ਹੋਈ ਮੇਰੀ ਯਾਤਰਾ ਸੁਲਤਨਪੁਰ ਲੋਧੀ ਦੀ। ਰਾਤ ਤੱਕ ਵਾਪਸ ਮੁੜਨ ਦਾ ਵਿਚਾਰ ਬਣਾ ਕੇ ਮੈਂ ਆਪਣਾ ਕੋਈ ਟਿੰਡ ਫਹੁੜੀ ਨਾ ਲੈ ਕੇ ਗਿਆ, ਨਹੀਂ ਤਾਂ ਓਥੇ ਰਾਤ ਰਹਿਣ ਦੀ ਕੋਈ ਸਮੱਸਿਆ ਨਹੀਂ ਸੀ। ਪਿਛਲੇ ਸਾਲ ਦੀ ਯਾਤਰਾ ਸਮੇ ਓਥੇ ਦੇ ਮੈਨੇਜਰ ਸਾਹਿਬ ਨੇ ਮੇਰੀ ਰਿਹਾਇਸ਼ ਅਤੇ ਪ੍ਰਸ਼ਾਦੇ ਦਾ ਬਹੁਤ ਸੋਹਣਾ ਪ੍ਰਬੰਧ ਕਰਵਾ ਦਿਤਾ ਸੀ। ਹੈਡ ਗ੍ਰੰਥੀ ਗਿ. ਗੁਰਦੀਪ  ਸਿੰਘ ਜੀ ਵੀ ਮੇਰੇ ਮਿੱਤਰ ਬਣ ਗਏ ਸਨ। ਸ਼ਹੀਦ ਸਿਖ ਮਿਸ਼ਨਰੀ ਕਾਲਜ ਦੀ ਸੁਲਤਾਨਪੁਰ ਲੋਧੀ ਵਾਲ਼ੀ ਬਰਾਂਚ ਦੇ ਇਨਚਾਰਜ ਸ. ਦਇਆ ਸਿੰਘ ਸੰਧੂ ਵੀ ਰਾਤ ਰਹਿਣ ਦਾ ਪ੍ਰਬੰਧ ਕਰ ਸਕਦੇ ਸਨ। ਇਹਨਾਂ ਤੋਂ ਇਲਾਵਾ ਸਿਡਨੀਉਂ ਗਏ ਸ. ਬਲਵਿੰਦਰ ਸਿੰਘ ਧਾਲੀਵਾਲ ਜੀ ਵੀ, ਸੰਤ ਸੀਂਚੇਵਾਲ ਦੇ ਆਸ਼ਰਮ ਵਿਚ ਮੇਰੇ ਰਾਤ ਕੱਟਣ ਦਾ ਪ੍ਰਬੰਧ ਕਰ ਸਕਦੇ ਸਨ ਪਰ ਮਨ ਵਿਚ ਮੁੜ ਜਾਣ ਦਾ ਵਿਚਾਰ ਹੀ ਹਾਵੀ ਰਿਹਾ, ਹੋਰ ਕੁਝ ਸੋਚ ਆਈ ਹੀ ਨਹੀਂ। ਵੈਸੇ ਸ਼ੂਗਰ ਦੀ ਦਵਾਈ ਦੀ ਇਕ ਗੋਲ਼ੀ ਵੀ ਕਿਤਿਉਂ ਮਿਲ਼ ਸਕਦੀ ਸੀ, ਏਡੀ ਵੱਡੀ ਕੇਹੜੀ ਗੱਲ ਸੀ। ਕਛਹਿਰੇ ਤੌਲੀਏ ਦਾ ਪ੍ਰਬੰਧ ਵੀ ਹੋ ਈ ਸਕਦਾ ਸੀ। ਬਨੈਣ ਇਕ ਦਿਨ ਨਾ ਵੀ ਬਦਲਦਾ ਤਾਂ ਕੇਹੜੀ ਆਖਰ ਆ ਚੱਲੀ ਸੀ। ਮੇਲੇ ਦਾ ਭਾਰੀ ਰਸ਼ ਕਰਕੇ ਨਾ ਵੀ ਕੋਈ ਸੌਣ ਦਾ ਪ੍ਰਬੰਧ ਹੁੰਦਾ ਤਾਂ ਦੀਵਾਨ ਦੇ ਪੰਡਾਲ ਵਿਚ ਵੀ ਰਾਤ ਕੱਟੀ ਜਾ ਸਕਦੀ ਸੀ। ਰਹੀ ਸਵੇਰੇ ਨਹਾਉਣ ਵਾਲ਼ੀ ਗੱਲ, ਉਸ ਵਾਸਤੇ ਓਥੋਂ ਕਿਸੇ ਨਾ ਕਿਸੇ ਜਥੇਦਾਰ ਦਾ ਕਛਹਿਰਾ ਵਰਤਿਆ ਹੀ ਜਾ ਸਕਦਾ ਸੀ ਪਰ.....।
ਇਸ ਤਰ੍ਹਾਂ ਪਰਵਾਰਕ, ਭਾਈਚਾਰਕ, ਵਿਦਿਅਕ ਸਮਾਗਮਾਂ ਵਿਚ ਵੱਖ ਵੱਖ ਸਥਾਨਾਂ ਉਪਰ ਭਾਗ ਲੈਂਦਾ ਹੋਇਆ ਪੁਰਾਣੇ ਸੱਜਣਾਂ ਦੇ ਦਰਸ਼ਨ ਮੇਲੇ ਕਰ ਰਿਹਾ ਸਾਂ ਕਿ ਸਿਡਨੀ ਤੋਂ ਛੋਟੇ ਭਰਾ ਸ. ਦਲਬੀਰ ਸਿੰਘ ਜੀ ਨੇ ਫ਼ੋਨ ਰਾਹੀਂ ਦੱਸਿਆ ਕਿ ਏਥੇ ਦੇ ਭਾਰਤੀ ਦੂਤਾਵਾਸ ਵਾਲ਼ੇ ਮੈਨੂੰ ਲੱਭ ਰਹੇ ਹਨ। ਜਿਵੇਂ ਭਾਰਤ ਸਰਕਾਰ ਨੇ ਦੂਜੀਆਂ ਕਈ ਸਿੱਖ ਧਰਮ ਨਾਲ਼ ਸਬੰਧਤ ਸ਼ਤਾਬਦੀਆਂ ਮਨਾਈਆਂ ਸਨ ਓਵੇਂ ਹੀ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਾਢੇ ਪੰਜ ਸੌ ਸਾਲਾ ਸ਼ਤਾਬਦੀ ਵੀ ਭਾਰਤ ਸਰਕਾਰ ਵੱਲੋਂ ਮਨਾਈ ਜਾ ਰਹੀ ਹੈ। ਉਸ ਸ਼ਤਾਬਦੀ ਦੇ ਸਮਾਗਮਾਂ ਵਿਚ ਭਾਗ ਲੈਣ ਲਈ ਬਾਹਰਲੇ ਦੇਸਾਂ ਵਿਚੋਂ ਕੁਝ ਕੁ ਚੋਣਵੇਂ ਸਿੱਖਾਂ ਨੂੰ ਸੱਦਿਆ ਗਿਆ ਹੈ। ਉਹਨਾਂ ਸਮਾਗਮਾਂ ਵਿਚ ਸ਼ਾਮਲ ਹੋਣ ਲਈ ਸੱਦਾ ਦੇਣ ਵਾਸਤੇ ਉਹ ਮੈਨੂੰ ਵੀ ਲੱਭ ਰਹੇ ਸਨ। ਪੁੱਛਦੇ ਪੁਛਾਉਂਦੇ ਉਹ ਮੈਨੂੰ ਸੰਪਰਕ ਕਰਨ ਵਿਚ ਸਫ਼ਲ ਹੋ ਗਏ ਤੇ ਮੈਂ ਉਹਨਾਂ ਨੂੰ ਦੱਸਿਆ ਕਿ ਭਾ ਜੀ ਹੋਰੀਂ ਤੇ ਪਹਿਲਾਂ ਹੀ ਅੰਮਿਤ੍ਰਸਰ ਵਿਚ ਹਨ। ਅਧਿਕਾਰੀ ਨੇ ਕਿਹਾ ਕਿ ਚੰਗਾ ਉਹ ਓਥੋਂ ਹੀ ਇਸ ਡੈਲੀਗੇਸ਼ਨ ਨਾਲ਼ ਸ਼ਾਮਲ ਹੋ ਜਾਣ। ਆਸਟ੍ਰੇਲੀਆ ਵਿਚਲੇ ਭਾਰਤੀ ਸਰਕਾਰੀ ਅਧਿਕਾਰੀ ਅਤੇ ਮੇਰੇ ਵਿਚਕਾਰ ਫ਼ੋਨ ਰਾਹੀਂ ਹੋਈ ਦੋਵੱਲੀ ਗੱਲ ਬਾਤ ਅਨੁਸਾਰ, ਮੈਂ ਸ੍ਰੀ ਅੰਮ੍ਰਿਤਸਰੋਂ ਹੀ ਉਸ ਡੈਲੀਗੇਸ਼ਨ ਵਿਚ ਸ਼ਾਮਲ ਹੋ ਗਿਆ। ਮੈਨੂੰ ਉਸ ਡੈਲੀਗੇਸ਼ਨ ਵਿਚ ਸੰਸਾਰ ਭਰ ਦੀਆਂ ਪ੍ਰਸਿਧ ਮੁਖੀ ਅਤੇ ਆਗੂ ਸ਼ਖ਼ਸੀਅਤਾਂ ਦੇ ਦਰਸ਼ਨ ਕਰਕੇ ਹੈਰਾਨੀ ਭਰੀ ਖ਼ੁਸ਼ੀ ਪ੍ਰਾਪਤ ਹੋਈ। ੬ ਨਵੰਬਰ ਸ਼ਾਮ ਤੋਂ ਲੈ ਕੇ ੧੨ ਨਵੰਬਰ, ੨੦੧੯ ਸ਼ਾਮ ਤੱਕ, ਸਾਡੇ ਜਥੇ ਨੂੰ ਭਾਰਤ ਸਰਕਾਰ ਵੱਲੋਂ ਬਣਾਏ ਗਏ ਪ੍ਰੋਗਰਾਮ ਅਨੁਸਾਰ ਵੱਖ ਵੱਖ ਧਾਰਮਿਕ ਸਥਾਨਾਂ ਉਪਰ ਹੋ ਰਹੇ ਸਮਾਗਮਾਂ ਵਿਚ ਸ਼ਮੂਲੀਅਤ ਕਰਵਾਈ ਗਈ। ਅਸੀਂ ਮੁਕੰਮਲ ਤੌਰ ਤੇ ਬਣਾਏ ਗਏ ਪ੍ਰੋਗਰਾਮ ਅਨੁਸਾਰ ਭਾਰਤ ਸਰਕਾਰ ਦੇ ਕੰਟਰੋਲ਼ ਵਿਚ ਸਾਂ। ਰਣਜੀਤ ਐਵੇਨਿਊ ਵਿਚਲੇ ਹੌਲੀਡੇ ਇੰਨ ਵਿਚ ਸਾਨੂੰ ਰੱਖਿਆ ਗਿਆ ਸੀ ਤੇ ਓਥੋਂ ਹੀ ਸਵੇਰ ਵੇਲ਼ੇ ਛਾਹ ਵੇਲਾ ਕਰਵਾ ਕੇ, ਸਾਨੂੰ ਬੱਸਾਂ ਵਿਚ ਬੈਠਾ ਕੇ ਹਰੇਕ ਦਿਨ ਵਾਸਤੇ ਬਣਾਏ ਗਏ ਪ੍ਰੋਗਰਾਮ ਦੀ ਸੂਚੀ ਅਨੁਸਾਰ ਹੀ ਉਹਨਾਂ ਸਥਾਨਾਂ ਉਪਰ ਲਿਜਾਇਆ ਜਾਂਦਾ ਸੀ। ੭ ਨਵੰਬਰ ਵਾਲ਼ੇ ਦਿਨ ਸਾਨੂੰ ਸ੍ਰੀ ਦਰਬਾਰ ਸਾਹਿਬ ਜੀ, ਜਲ੍ਹਿਆਂ ਵਾਲ਼ਾ ਬਾਗ, ਦੇਸ ਵੰਡ ਵਾਲ਼ਾ ਅਜਾਇਬ ਘਰ ਆਦਿ ਦੀ ਯਾਤਰਾ ਕਰਵਾਈ ਗਈ। ੮ ਨਵੰਬਰ ਨੂੰ ਦੁਰਗਿਆਣਾ ਮੰਦਰ, ਗੋਬਿੰਦਗੜ੍ਹ ਕਿਲ੍ਹਾ, ਅਟਾਰੀ ਸਰਹੱਦ ਆਦਿ ਸਥਾਨਾਂ ਦੀ ਯਾਤਰਾ ਕਰਵਾਈ ਗਈ।
੯ ਨਵੰਬਰ ਵਾਲ਼ੇ ਦਿਨ ਸ੍ਰੀ ਕਰਤਾਰ ਸਾਹਿਬ ਦੇ ਉਦਘਾਟਨੀ ਸਮਾਗਮ ਵਿਚ ਸ਼ਾਮਲ ਹੋਣ ਵਾਸਤੇ ਜਥੇ ਨੇ ਜਾਣਾ ਸੀ। ਜਦੋਂ ਜਾਣ ਵਾਲ਼ਿਆਂ ਦੀ ਲਿਸਟ ਵੇਖੀ ਤਾਂ ਉਸ ਵਿਚ ਮੇਰਾ ਨਾਂ ਨਹੀਂ ਸੀ। ਮੈਂ ਸੋਚਿਆ ਕਿ ਸ਼ਾਇਦ ਮੈਂ ਏਥੋਂ ਸ਼ਾਮਲ ਹੋਇਆ ਹੋਣ ਕਰਕੇ ਪੁਲਿਸ ਦੀ ਵੈਰੀਫੀਕੇਸ਼ਨ ਵਾਲ਼ੀ ਕਾਰਵਾਈ ਵਿਚ ਨਾ ਆਇਆ ਹੋਵਾਂ ਪਰ ਮੇਰੇ ਇਲਾਵਾ ੧੦ ਜਣੇ ਹੋਰਾਂ ਦਾ ਵੀ ਇਹੋ ਹਾਲ ਸੀ। ਮੈਂ ਇਹ ਵੀ ਕਿਹਾ ਕਿ ਡੇਹਰਾ ਬਾਬਾ ਨਾਨਕ ਤੱਕ ਮੈਨੂੰ ਲੈ ਚੱਲੋ। ਓਥੋਂ ਜੇ ਸੈਕਿਉਰਟੀ ਵਾਲ਼ਿਆਂ ਨੇੇ ਮੈਨੂੰ ਅੱਗੇ ਨਾ ਜਾਣ ਦਿਤਾ ਤਾਂ ਮੈਂ ਵਾਪਸ ਆ ਜਾਵਾਂਗਾ ਪਰ ਮੇਰੀ ਇਹ ਬੇਨਤੀ ਅਧਿਕਾਰੀ ਨਹੀਂ ਮੰਨੇ। ਵੈਸੇ ਇਕ ਬੀਬੀ ਚੁੱਪ ਚੁਪੀਤੇ ਕਿਸੇ ਤਰ੍ਹਾਂ ਬੱਸ ਵਿਚ ਬੈਠ ਗਈ ਤੇ ਉਹ ਸ੍ਰੀ ਕਰਤਾਰਪੁਰ ਸਾਹਿਬ ਜਾ ਵੀ ਆਈ। ਮੈਨੂੰ ਇਸ ਗੱਲ ਦਾ ਅਫ਼ਸੋਸ ਵੀ ਕੋਈ ਨਹੀਂ ਸੀ ਕਿਉਂਕਿ ਮੈਂ ਪਹਿਲਾਂ ਦੋ ਵਾਰ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕਰ ਆਇਆ ਹੋਇਆ ਸਾਂ। ਹੁਣ ਓਥੇ ਦੀ ਹੋਈ ਨਵੀਂ ਡਿਵੈਲਪਮੈਂਟ ਹੀ ਵੇਖਣੀ ਸੀ ਜੇਹੜੀ ਕਿ ਫ਼ੋਟੋਆਂ ਰਾਹੀਂ ਵੀ ਵੇਖੀ ਜਾ ਰਹੀ ਹੈ। ਵੈਸੇ ਇਹ ਗੱਲ ਤੇ ਹੋਈ ਕਿ ਮੈਂ ਦੋਹਾਂ ਦੇਸ਼ਾਂ ਦੇ, ਇਸ ਅਦੁਤੀ ਮਹਾਨ ਧਾਰਮਿਕ ਸਥਾਨ ਉਪਰ ਸਦਭਾਵਨਾ ਭਰੇ ਮਹਾਨ ਇਕੱਠ ਦਾ ਹਿੱਸਾ ਨਾ ਬਣ ਸਕਿਆ। ਮੇਰੇ ਛੋਟੇ ਭਰਾ ਸ. ਦਲਬੀਰ ਸਿੰਘ ਜੀ ਅਤੇ ਸਾਡੇ ਚਚੇਰੇ ਭਰਾ ਨਿਊ ਯਾਰਕ ਤੋਂ, ਭਾਈ ਰਣਜੀਤ ਸਿੰਘ ਜੀ, ਇਸ ਆਪਣੀ ਕਿਸਮ ਦੇ ਪਹਿਲੇ ਮਹਾਨ ਧਾਰਮਿਕ ਸਮਾਗਮ ਵਿਚ ਭਰਪੂਰ ਹਿੱਸਾ ਪਾ ਆਏ। ਸਾਨੂੰ ਯਾਰਾਂ ਯਾਤਰੂਆਂ ਨੂੰ, ਜੇਹੜੇ ਓਥੇ ਜਾਣੋ ਰਹਿ ਗਏ ਸਨ, ਉਹਨਾਂ ਸਾਰਿਆਂ ਨੂੰ ਬੱਸ ਉਪਰ ਬੈਠਾ ਕੇ ਸਾਡੀ ਇੱਛਾ ਅਨੁਸਾਰ ਹੀ ਪ੍ਰਬੰਧਕ ਸਾਨੂੰ ਸ੍ਰੀ ਤਰਨ ਤਾਰਨ ਸਾਹਿਬ, ਖਡੂਰ ਸਾਹਿਬ, ਗੋਇੰਦਵਾਲ ਸਾਹਿਬ ਆਦਿ ਸਥਾਨਾਂ ਦੇ ਦਰਸ਼ਨ ਕਰਵਾ ਲਿਆਏ। ਖਡੂਰ ਸਾਹਿਬ ਸੰਤ ਸੇਵਾ ਸਿੰਘ ਜੀ ਵੱਲੋਂ ਗੁਰਦੁਆਰਾ ਸਾਹਿਬਾਨਾਂ ਦੇ ਆਲ਼ੇ ਦੁਆਲ਼ੇ ਵਾਤਾਵਰਨ ਦੀ ਸ਼ੁਧਤਾਈ ਹਿਤ ਕੀਤੀਆਂ ਜਾ ਰਹੀਆਂ ਮਹਾਨ ਸੇਵਾਵਾਂ ਦੇ ਦਰਸ਼ਨ ਕਰਕੇ ਸੰਗਤ ਨੇ ਹਾਰਦਿਕ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ। ਬਾਬਾ ਜੀ ਨੇ, ਯਾਦਗਾਰ ਵਜੋਂ, ਸਾਡੇ ਹੱਥੀ ਆਪਣੇ ਔਰਗੈਨਿਕ ਬਾਗ ਵਿਚ ਇਕ ਬੂਟਾ ਵੀ ਲਗਵਾਇਆ। ਲੰਗਰ ਵੀ ਅਸੀਂ ਸਾਰਿਆਂ ਨੇ ਓਥੇ ਹੀ ਛਕਿਆ।
੧੦ ਨਵੰਬਰ ਵਾਲ਼ੇ ਦਿਨ ਭਾਰਤ ਸਰਕਾਰ ਦੇ ਮੰਤਰੀ ਸ. ਹਰਦੀਪ ਸਿੰਘ ਪੁਰੀ ਵੱਲੋਂ, ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਦੁਪਹਿਰ ਦੇ ਖਾਣੇ ਦਾ ਪ੍ਰਬੰਧ ਕੀਤਾ ਗਿਆ, ਜਿਸ ਵਿਚ ਸ਼ਹਿਰ ਦੀਆਂ ਮਹਾਨ ਹਸਤੀਆਂ ਵੀ ਸ਼ਾਮਲ ਹੋਈਆਂ। ਉਸ ਦਿਨ ਕੁਝ ਹੋਰ ਵੀ ਸਰਗਰਮੀਆਂ ਰਹੀਆਂ।
੧੧ ਨਵੰਬਰ ਵਾਲ਼ੇ ਦਿਨ ਰਾਤ ਦਾ ਖਾਣਾ ਪੰਜਾਬ ਦੇ ਮਾਨਯੋਗ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਲੰਧਰ ਦੇ ਇਕ ਹੋਟਲ ਵਿਚ ਸੀ ਤੇ ਓਥੇ ਹੀ ਹੋਟਲ ਵਿਚ ਰਾਤ ਦਾ ਟਿਕਾਣਾ ਵੀ ਸੀ, ਜਿੱਥੋਂ ਅਗਲੇ ਦਿਨ ੧੨ ਨਵੰਬਰ ਨੂੰ ਸਾਨੂੰ ਗੁਰਦੁਆਰਾ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਚੱਲ ਰਹੇ ਸਮਾਗਮ ਵਿਚ ਲੈ ਕੇ ਜਾਣਾ ਸੀ। ਸਾਨੂੰ ਬੱਸਾਂ ਰਾਹੀਂ ਪਹਿਲਾਂ ਡੇਹਰਾ ਬਾਬਾ ਨਾਨਕ ਖੜ ਕੇ, ਓਥੇ ਭਾਰਤ ਸਰਕਾਰ ਵੱਲੋਂ ਬਣਾਏ ਜਾ ਰਹੇ ਦਫ਼ਤਰ ਵਿਖਾਏ ਗਏ। ਭਾਰਤ ਵਾਲ਼ੇ ਪਾਸਿਉਂ ਸੜਕ ਅਤੇ ਪੁਲ਼ ਬਣਾ ਕੇ ਐਨ ਸਰਹੱਦ ਤੱਕ ਦਰਿਆ ਰਾਵੀ ਦੇ ਉਪਰ ਤੱਕ ਤਿਆਰ ਹੋ ਚੁੱਕਿਆ ਸੀ ਤੇ ਉਸ ਤੋਂ ਅੱਗੇ ਪਾਕਿਸਤਾਨ ਵਾਲ਼ੇ ਪਾਸਿਉਂ ਸੜਕ ਅਤੇ ਪੁਲ਼ ਬਣ ਕੇ ਉਸ ਨਾਲ਼ ਜੋੜਿਆ ਜਾਣਾ ਸੀ ਤੇ ਫੇਰ ਉਸ ਸੜਕ ਅਤੇ ਰਾਵੀ ਉਪਰ ਬਣੇ ਪੁਲ਼ ਰਾਹੀਂ, ਸ੍ਰੀ ਕਰਤਾਰਪੁਰ ਸਾਹਿਬ ਨੂੰ ਆਵਾਜਾਈ ਸ਼ੁਰੂ ਹੋਣੀ ਸੀ। ਉਸ ਸਮੇ ਪਾਕਿਸਤਾਨ ਵਾਲ਼ੇ ਪਾਸਿਉਂ ਅਜੇ ਸੜਕ ਆਰੰਭ ਹੋਈ ਨਹੀਂ ਸੀ ਦਿਸ ਰਹੀ।
ਸਾਡੇ ਜਥੇ ਵਿਚ ਜੇਹੜਾ ਸੱਜਣ, ਜਿਸ ਦਾ ਇਸ ਵੇਲ਼ੇ ਮੈਨੂੰ ਨਾਂ ਨਹੀਂ ਯਾਦ ਆ ਰਿਹਾ, ਉਤਰੀ ਆਇਰਲੈਂਡੋ ਆਇਆ ਹੋਇਆ ਸੀ, ਉਹ ਅੰਮ੍ਰਿਤਸਰ ਵਾਲ਼ੇ ਹੋਟਲ ਵਿਚ ਇਕ ਦਿਨ ਮੈਨੂੰ ਆਖਣ ਲੱਗਾ ਕਿ ਉਸ ਦੇ ਪੁਰਖਿਆਂ ਦਾ ਪਿੰਡ ਡੇਹਰਾ ਬਾਬਾ ਨਾਨਕ ਦੇ ਨੇੜੇ ਹੈ। ਉਸ ਦਾ ਪੜਦਾਦਾ ਇਸ ਪਿੰਡ ਤੋਂ ਕੀਨੀਆ ਚਲਿਆ ਗਿਆ ਸੀ ਤੇ ਉਸ ਦੇ ਬਜ਼ੁਰਗਾਂ ਦੇ ਜਨਮ ਵੀ ਕੀਨੀਆ ਵਿਚ ਹੀ ਹੋਏ ਸਨ। ਕੁਦਰਤੀਂ ਉਸ ਦਾ ਜਨਮ ਇਸ ਪਿੰਡ ਵਿਚ ਹੀ ਹੋਇਆ ਸੀ ਕਿਉਂਕਿ ਉਸ ਸਮੇ ਉਹਨਾਂ ਦਾ ਸਾਰਾ ਪਰਵਾਰ ਕੀਨੀਆ ਤੋਂ ਛੁੱਟੀਆਂ ਮਨਾਉਣ ਪਿੰਡ ਵਿਚ ਆਇਆ ਹੋਇਆ ਸੀ। ਉਸ ਦੇ ਪਿੰਡ ਦਾ ਨਾਂ ਝੰਗੀ ਸ਼ਾਹ ਜਹਾਨ ਸੀ। ਉਸ ਨੇ ਇੱਛਾ ਪਰਗਟ ਕੀਤੀ ਕਿ ਚੰਗਾ ਹੋਵੇ ਜੇ ਉਹ ਆਪਣੇ ਬਜ਼ੁਰਗਾਂ ਦੇ ਪਿੰਡ ਦੀ ਯਾਤਰਾ ਕਰ ਲਵੇ। ਮੈਂ ਉਸ ਨੂੰ ਭਰੋਸਾ ਦਿਵਾਇਆ ਕਿ ਇਹਨਾਂ ਨੇ ਸਾਨੂੰ ੧੨ ਨਵੰਬਰ ਨੂੰ ਗੁਰਪੁਰਬ ਦੇ ਸਮਾਗਮਾਂ ਤੋਂ ਬਾਅਦ ਵੇਹਲਿਆਂ ਕਰ ਦੇਣਾ ਹੈ ਤੇ ੧੩ ਨੂੰ ਆਪਾਂ ਬੱਸ ਰਾਹੀਂ ਤੁਹਾਡੇ ਪਿੰਡ ਜਾ ਆਵਾਂਗੇ। ਉਸ ਨੇ ਕਿਹਾ ਕਿ ਤੇਰਾਂ ਰਾਤ ਨੂੰ ਉਸ ਦੀ ਅੰਮ੍ਰਿਤਸਰੋਂ ਫਲਾਈਟ ਹੈ। ਮੈਂ ਕਿਹਾ ਕਿ ਕੋਈ ਗੱਲ ਨਹੀਂ, ਆਪਾਂ ਫਿਰ ਟੈਕਸੀ ਰਾਹੀਂ ਦਿਨੇ ਦਿਨੇ ਪਿੰਡ ਜਾ ਆਵਾਂਗੇ ਤੇ ਫਲਾਈਟ ਦੇ ਸਮੇ ਤੋਂ ਪਹਿਲਾਂ ਹੀ ਵਾਪਸ ਆ ਜਾਵਾਂਗੇ।
ਹੁਣ ਜਦੋਂ ਡੇਹਰਾ ਬਾਬਾ ਨਾਨਕ ਦੀ ਯਾਤਰਾ ਕਰ ਰਹੇ ਸਾਂ ਤਾਂ ਉਸ ਨੇ ਆਪਣਾ ਵਿਚਾਰ ਮੈਨੂੰ ਦੱਸਿਆ ਕਿ ਚੰਗਾ ਹੋਵੇ ਜੇ ਆਪਾਂ ਏਥੋਂ ਹੀ ਸਰਕਾਰੀ ਅਧਿਕਾਰੀਆਂ ਤੋਂ ਛੁੱਟੀ ਲੈ ਕੇ ਪਿੰਡ ਦਾ ਫੇਰਾ ਵੀ ਮਾਰ ਆਈਏ। ਮੈਂ ਆਪਣੇ ਜਥੇ ਨਾਲ਼ ਦੀ ਪੁਲਿਸ ਪਾਰਟੀ ਦੇ ਮੁਖੀ ਅਫ਼ਸਰ ਨਾਲ਼ ਗੱਲ ਕੀਤੀ ਤੇ ਉਸ ਨੂੰ ਆਪਣਾ ਵਿਚਾਰ ਦੱਸ ਕੇ ਕਿਹਾ ਕਿ ਤੁਸੀਂ ਆਪਣੇ ਪ੍ਰੋਗਰਾਮ ਅਨੁਸਾਰ ਆਪਣੀ ਯਾਤਰਾ ਜਾਰੀ ਰੱਖੋ; ਅਸੀਂ ਪਿੰਡ ਦਾ ਚੱਕਰ ਲਾ ਕੇ, ਰਾਤ ਦੇ ਖਾਣੇ ਦੇ ਸਮੇ ਤੱਕ ਜਲੰਧਰ ਹੋਟਲ ਵਿਚ ਪਹੁੰਚ ਜਾਵਾਂਗੇ ਪਰ ਉਸ ਨੇ ਸਪੱਸ਼ਟ ਨਾਂਹ ਕਰ ਦਿਤੀ। ਕੁਝ ਕੁ ਪਲਾਂ ਪਿੱਛੋਂ ਉਸ ਨੇ ਇਕ ਸਾਦੇ ਕੱਪੜਿਆਂ ਵਾਲ਼ੇ ਵੱਡੇ ਸਿਵਿਲ ਅਫਸਰ ਵੱਲ ਇਸ਼ਾਰਾ ਕਰ ਕੇ, ਮੈਨੂੰ ਉਸ ਨਾਲ਼ ਗੱਲ ਕਰਨ ਲਈ ਕਿਹਾ। ਮੈਂ ਉਸ ਨੂੰ ਸਾਰਾ ਕੁਝ ਜਾ ਦੱਸਿਆ। ਪਹਿਲਾਂ ਤੇ ਉਸ ਨੇ ਵੀ ਨਾਂਹ ਕਰ ਦਿਤੀ ਪਰ ਥੋਹੜੇ ਕੁ ਪਲ ਸੋਚ ਕੇ ਮੱਥੇ ਉਪਰ ਵਲ਼ ਜਿਹੇ ਪਾ ਕੇ ਆਖਿਆ, "ਸਾਡੀ ਕਾਰ ਅਤੇ ਨਾਲ਼ ਸਾਡੇ ਦੋ ਬੰਦੇ ਤੁਹਾਡੇ ਨਾਲ਼ ਸੈਕਿਉਰਟੀ ਵਾਲ਼ੇ ਜਾਣਗੇ ਤਾਂ ਤੁਸੀਂ ਪਿੰਡ ਵੇਖਣ ਜਾ ਸਕਦੇ ਹੋ।" ਸਾਡੇ ਲਈ ਤੇ ਸਗੋਂ ਇਹ ਹੋਰ ਵੀ ਚੰਗੀ ਗੱਲ ਹੋਈ; ਨਹੀਂ ਤੇ ਸਾਨੂੰ ਓਥੋਂ ਕੋਈ ਟੈਕਸੀ ਟੂਕਸੀ ਭਾੜੇ 'ਤੇ ਕਰਨ ਲਈ ਲੱਭਣੀ ਪੈਣੀ ਸੀ।
ਉਹਨਾਂ ਦੀ ਕਾਰ ਵਿਚ ਅਸੀਂ ਚਾਰ ਜਣੇ, ਦੋ ਅਸੀਂ ਅਤੇ ਦੋ ਸਰਕਾਰੀ ਅਫਸਰ ਉਸ ਦੇ ਪਿੰਡ, ਜਿਸ ਦਾ ਨਾਂ ਝੰਗੀ ਸ਼ਾਹ ਜਹਾਨ ਤੋਂ ਬਦਲ ਕੇ ਹੁਣ ਝੰਗੀ ਪੰਨੂਆਂ ਰੱਖਿਆ ਜਾ ਚੁੱਕਾ ਸੀ, ਪਹੁੰਚ ਗਏ।
ਪਿੰਡ ਵਿਚ ਪਹੁੰਚ ਕੇ ਜਿਸ ਪਹਿਲੇ ਹੀ ਚੁਬਾਰੇ ਉਪਰਲੇ ਖੁਲ੍ਹੇ ਥਾਂ ਸਾਨੂੰ ਘਰ ਵਾਲ਼ੇ ਦਿਸੇ, ਓਥੇ ਹੀ ਅਸੀਂ ਚਾਰੇ ਜਣੇ ਪਹੁੰਚ ਗਏ। ਜਦੋਂ ਉਹਨਾਂ ਨੂੰ ਸਾਰੀ ਗੱਲ ਦੱਸੀ ਤਾਂ ਪਹਿਲਾਂ ਤੇ ਘਰ ਵਾਲ਼ਿਆਂ ਨੇ ਅਣਜਾਣਤਾ ਪਰਗਟ ਕੀਤੀ ਪਰ ਜਦੋਂ ਉਸ ਸੱਜਣ ਨੇ ਆਪਣੇ ਦਾਦੇ ਪੜਦਾਦੇ ਦਾ ਨਾਂ ਲਿਆ ਤਾਂ ਉਸ ਘਰ ਦੇ ਬਜ਼ੁਰਗ ਨੂੰ ਯਾਦ ਆ ਗਿਆ। ਉਸ ਨੇ ਉਹਨਾਂ ਦੀ ਜ਼ਮੀਨ ਜਾਇਦਾਦ ਦੀਆਂ ਨਿਸ਼ਾਨੀਆਂ ਦੱਸੀਆਂ। ਇਹ ਵੀ ਦੱਸਿਆ ਕਿ ਜਿਥੇ ਉਹਨਾਂ ਦਾ ਖੂਹ ਹੁੰਦਾ ਸੀ, ਉਸ ਉਪਰ ਦੀ ਹੁਣ ਸੜਕ ਲੰਘਦੀ ਹੈ ਤੇ ਖੂਹ ਸੜਕ ਦੇ ਥੱਲੇ ਆ ਗਿਆ ਹੈ। ਘਰ ਦੀ ਸੁਘੜ ਸੁਆਣੀ ਨੇ ਚਾਹ ਰੋਟੀ ਲਈ ਜੋਰ ਲਾਇਆ ਪਰ ਲੋੜ ਨਾ ਹੋਣ ਕਰਕੇ ਅਸੀਂ ਨਾਂਹ ਹੀ ਕਰਨੀ ਸੀ। ਸੱਜਣ ਜੀ ਵਾਪਸ ਮੁੜਨ ਲਈ ਤਿਅਰ ਹੋ ਗਏ। ਮੈਂ ਇਕ ਤੋਂ ਵਧੇਰੀ ਵਾਰ ਕਿਹਾ ਵੀ ਕਿ ਪਿੰਡ ਵਿਚ ਆਪਾਂ ਗੇੜਾ ਦੇ ਲੈਂਦੇ ਹਾਂ। ਹੋਰ ਲੋਕਾਂ ਨੂੰ ਮਿਲ਼ ਲਵੋ। ਆਪਣੀ ਜ਼ਮੀਨ ਵਗੈਰਾ ਦਾ ਚੱਕਰ ਲਾ ਲਵੋ ਪਰ ਪਤਾ ਨਹੀਂ ਕੀ ਕਾਰਨ ਹੋਇਆ, ਉਸ ਨੇ ਕਿਹਾ ਕਿ ਬੱਸ ਮੇਰੀ ਏਨੇ ਨਾਲ਼ ਹੀ ਤਸੱਲੀ ਹੋ ਗਈ ਹੈ। ਸ਼ਾਇਦ ਉਸ ਨੂੰ ਆਪਣੇ ਪੁਰਖਿਆਂ ਦੇ ਪਿੰਡ ਵਿਚ ਜਾ ਕੇ ਉਹਨਾਂ ਦੀ ਯਾਦ ਆ ਗਈ ਹੋਵੇ ਅਤੇ ਉਸ ਦਾ ਹੋਰ ਆਪਣੇ ਜਜ਼ਬਾਤ ਉਪਰ ਕਾਬੂ ਨਾ ਰਿਹਾ ਹੋਵੇ ਪਰ ਜ਼ਾਹਰਾ ਤੌਰ ਤੇ ਮੈਨੂੰ ਅਜਿਹਾ ਕੁਝ ਉਸ ਦੇ ਚੇਹਰੇ ਤੋਂ ਨਹੀਂ ਦਿਸਿਆ। ਭਾਵੇਂ ਕਿ ਨਾਲ਼ ਵਾਲ਼ੇ ਸਰਕਾਰੀ ਅਫ਼ਸਰਾਂ ਨੇ ਵੀ ਵਾਪਸ ਮੁੜਨ ਦੀ ਕੋਈ ਕਾਹਲ਼ੀ ਨਹੀਂ ਸੀ ਵਿਖਾਈ ਪਰ ਉਸ ਦੇ ਜੋਰ ਦੇਣ 'ਤੇ ਅਸੀਂ ਓਥੋਂ ਹੀ ਵਾਪਸ ਮੁੜ ਆਏ। ਸਾਡੀਆਂ ਬੱਸਾਂ ਜਾ ਚੁੱਕੀਆਂ ਸਨ। ਅਸੀਂ ਓਸੇ ਕਾਰ ਵਿਚ ਜਲੰਧਰ ਵੱਲ ਤੁਰ ਪਏ। ਰਸਤੇ ਵਿਚ ਕਰਤਾਰਪੁਰ ਵਿਖੇ ਬਣੇ ਵਾਰ ਮੈਮੋਰੀਅਲ ਦੇ ਸਾਹਮਣੇ ਸਾਡੀ ਇਕ ਬੱਸ ਖਲੋਤੀ ਸੀ। ਅਸੀਂ ਵੀ ਰੁਕ ਕੇ ਉਹਨਾਂ ਨੂੰ ਪੁੱਛਿਆ ਤਾਂ ਪਤਾ ਲੱਗਾ ਕਿ ਦੂਜੀ ਬੱਸ ਅੱਗੇ ਤੁਰ ਗਈ ਹੈ ਤੇ ਉਹ ਵੀ ਤੁਰ ਰਹੇ ਹਨ। ਅਸੀਂ ਵੀ ਕਾਰ ਵਿਚ ਹੀ ਅੱਗੇ ਜਲੰਧਰ ਨੂੰ ਚੱਲ ਪਏ ਅਤੇ ਸਾਰੇ ਜਣਿਆਂ ਨੇ ਜਲੰਧਰ ਵਿਚਲੇ ਨਿਸਚਿਤ ਹੋਟਲ ਵਿਚ ਜਾ ਕੇ ਡੇਰਾ ਲਾ ਲਿਆ। ਹੋਟਲ ਦਾ ਨਾਂ ਹੁਣ ਭੁੱਲ ਗਿਆ ਹੈ। ਰਾਤ ਦਾ ਖਾਣਾ ਸ਼ੁਰੂ ਹੋਣ ਤੋਂ ਵਾਹਵਾ ਚਿਰ ਪਹਿਲਾਂ ਮੁਖ ਮੰਤਰੀ ਸਾਹਿਬ ਵੀ, ਆਪਣੀ ਪਤਨੀ ਬੀਬੀ ਪ੍ਰਨੀਤ ਕੌਰ ਐਮ.ਪੀ. ਜੀ ਸਮੇਤ, ਆਪਣੇ ਲਾਓ ਲਸ਼ਕਰ ਨੂੰ ਨਾਲ਼ ਲੈ ਕੇ ਆ ਗਏ। ਬੜਾ ਖ਼ੁਸ਼ਗਵਾਰ ਮਾਹੌਲ਼ ਬਣਿਆ। ਮੁਖ ਮੰਤਰੀ ਜੀ ਨੇ ਡੇਲੀਗੇਸ਼ਨ ਦੇ ਇਕੱਲੇ ਇਕਲੇ ਮੈਂਬਰ ਨੂੰ ਮਿਲ਼ ਕੇ ਹਾਲ ਚਾਲ ਅਤੇ ਪੰਜਾਬ ਵਿਚਲੇ ਪਿਛੋਕੜ ਬਾਰੇ ਜਾਣਕਾਰੀ ਪੁੱਛੀ। ਜਦੋਂ ਮੇਰੇ ਛੋਟੇ ਭਰਾ ਜੀ, ਸੂਬੇਦਾਰ ਦਲਬੀਰ ਸਿੰਘ ਦੀ ਛਾਤੀ ਉਪਰ ਲੱਗਾ ਮੈਡਲਾਂ ਦਾ ਥੱਬਾ ਸਾਰਾ ਵੇਖਿਆ ਤਾਂ ਵਾਹਵਾ ਸਮਾ ਦੋ ਸਾਬਕਾ ਫੌਜੀਆਂ ਦੀ ਆਪਸ ਵਿਚ ਗੱਲ ਬਾਤ ਹੁੰਦੀ ਰਹੀ। ਉਨੀ ਸੌ ਪੈਂਹਠ ਅਤੇ ਇਕੱਧਰ ਵਾਲ਼ੀਆਂ ਜੰਗਾਂ ਦੋਹਾਂ ਨੇ ਲੜੀਆਂ ਹੋਣ ਕਰਕੇ, ਉਹਨਾਂ ਨੇ ਆਪਸ ਵਿਚ ਜੰਗਾਂ ਦੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ।
ਖਾਣੇ ਤੋਂ ਬਾਅਦ ਜਥੇ ਵਿਚੋਂ ਦੋ ਸੱਜਣਾਂ ਨੇ ਸੰਖੇਪ ਭਾਸ਼ਨ ਦਿਤੇ। ਬੋਲਣ ਵਾਲ਼ੇ ਇਕ ਸ. ਜਸਵੰਤ ਸਿੰਘ ਠੇਕੇਦਾਰ ਲੰਡਨ ਤੋਂ ਅਤੇ ਦੂਜੇ ਸ. ਅਵਤਾਰ ਸਿੰਘ ਬਰਮਿੰਘਮ ਤੋਂ ਸਨ। ਸ. ਅਵਤਾਰ ਸਿੰਘ ਨੇ ਮੁਖ ਮੰਤਰੀ ਅੱਗੇ ਤਿੰਨ ਮੰਗਾਂ ਰੱਖੀਆਂ: ਇਕ ਤੇ ਸ਼ਰੀਕਾਂ ਵੱਲੋਂ ਬਾਹਰ ਗਿਆਂ ਉਪਰ ਝੂਠੀਆਂ ਐਫ.ਆਈ.ਆਰ. ਦਰਜ ਕਰਵਾਈਆਂ ਜਾਂਦੀਆਂ ਨੇ; ਉਹਨਾਂ ਦਾ ਛੇਤੀ ਤੋਂ ਛੇਤੀ ਅਤੇ ਸਹੀ ਨਿਪਟਾਰਾ ਹੋਣਾ ਚਾਹੀਦਾ ਹੈ। ਦੂਜਾ ਨਾਜਾਇਜ਼ ਫੜੇ ਸਿੱਖ ਰਿਹਾ ਹੋਣੇ ਚਾਹੀਦੇ ਹਨ। ਤੀਜੀ ਮੰਗ ਸੀ ਕਿ ਸਜ਼ਾ ਭੁਗਤ ਚੁੱਕੇ ਸਿੱਖਾਂ ਨੂੰ ਜੇਹਲਾਂ ਵਿਚੋਂ ਰਿਹਾ ਕੀਤਾ ਜਾਵੇ। ਤਿੰਨਾਂ ਹੀ ਮੰਗਾਂ ਦੇ ਮੁਖ ਮੰਤਰੀ ਸਾਹਿਬ ਨੇ, ਸਿਆਸੀ ਪੱਖੋਂ ਢੁਕਵੇਂ, ਉਤਰ ਦੇ ਕੇ ਡੇਲੀਗੇਟ ਦੇ ਮੈਂਬਰਾਂ ਦੀ ਤਸੱਲੀ ਕਰਵਾ ਦਿਤੀ। ਉਪ੍ਰੰਤ ਜਥੇ ਦੇ ਸਾਰੇ ਮੈਂਬਰਾਂ ਨੂੰ ਪੰਜਾਬ ਸਰਕਾਰ ਵੱਲੋਂ ਗੁਰੂ ਸਾਹਿਬਾਂ ਬਾਰੇ ਛਪਵਾਈਆਂ ਕਿਤਾਬਾਂ ਅਤੇ ਚਾਂਦੀ ਦੇ ਬਣੇ ੴ ਵਾਲ਼ੇ ਮੈਡਲਾਂ ਨਾਲ਼ ਸਨਮਾਨਤ ਕੀਤਾ ਗਿਆ।
ਰਾਤ ਹੋਟਲ ਵਿਚ ਕੱਟ ਕੇ ਅਗਲੇ ਸਵੇਰੇ ਸ਼ਾਹ ਵੇਲ਼ਾ ਹੋਟਲ ਵਿਚੋਂ ਹੀ ਕਰਕੇ ਜਥੇ ਵੱਲੋਂ ਬੱਸਾਂ ਰਾਹੀਂ ਗੁਰਦੁਆਰਾ ਸੁਲਤਾਨਪੁਰ ਵਿਚ ਸਜੇ ਸਮਾਗਮ ਵੱਲ ਚਾਲੇ ਪਾ ਦਿਤੇ ਗਏ। ਭੀੜ ਭੜੱਕੇ ਕਰਕੇ ਸਾਨੂੰ ਗੁਰਦੁਆਰਾ ਸਾਹਿਬ ਮੱਥਾ ਟੇਕਣ ਵਾਸਤੇ ਖੜਨ ਦੀ ਬਜਾਇ ਸਿਧਾ ਸਰਕਾਰੀ ਪੰਡਾਲ ਵਿਚ ਹੀ ਲੈ ਗਏ। ਮੁਖ ਦਰਵਾਜੇ ਦੀ ਬਜਾਇ ਸਟੇਜ ਦੇ ਕੋਲ਼ੋਂ ਇਕ ਛੋਟੇ ਜਿਹੇ ਰਾਹ ਥਾਣੀ ਲੰਘਾ ਕੇ ਸਾਨੂੰ ਮੋਹਰਲੀ ਕਤਾਰ ਵਿਚ ਜਾ ਬੈਠਾਇਆ। ਬਹੁਤ ਵਿਸ਼ਾਲ ਸਟੇਜ ਉਪਰ, ਵਿਚਕਾਰ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀ। ਗੁਰੂ ਸਾਹਿਬ ਜੀ ਦੇ ਖੱਬੇ ਪਾਸੇ ਸਟੇਜ ਉਪਰ ਬਹੁਤ ਸਾਰੇ ਵੱਖ ਵਖ ਸੰਪਰਦਾਵਾਂ ਦੇ ਸਾਧੂ ਸਜੇ ਹੋਏ ਸਨ। ਸੱਜੇ ਪਾਸੇ ਮਾਈਕ ਵਾਲ਼ੀ ਸਟੇਜ ਸੀ ਅਤੇ ਨਾਲ਼ ਹੀ ਮੁਖ ਮੰਤਰੀ ਜੀ ਦੀ ਅਗਵਾਈ ਹੇਠ ਬਹੁਤ ਸਾਰੇ ਕਾਂਗਰਸੀ ਅਤੇ ਪੰਜਾਬ ਸਰਕਾਰ ਦੇ ਆਗੂ ਬੈਠੇ ਹੋਏ ਸਨ। ਏਥੇ ਪ੍ਰਧਾਨ ਮੰਤਰੀ ਜੀ, ਰਾਸ਼ਟਰਪਤੀ ਜੀ ਅਤੇ ਹੋਰ ਵੀ ਵੱਡੇ ਵੱਡੇ ਪਦਵੀਧਾਰੀ ਸੱਜਣ ਵੀ ਆਉਂਦੇ ਰਹੇ ਤੇ ਬੋਲਦੇ ਰਹੇ। ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਵੀ ਆਏ ਅਤੇ ਥੋਹੜਾ ਕੁ ਸਮਾ ਬੈਠ ਕੇ ਵਾਪਸ ਚਲੇ ਗਏ। ਇਸ ਸਾਰੇ ਕੁਝ ਵਿਚੋਂ ਮੈਨੂੰ ਸਿੱਖਾਂ ਦੇ ਧਾਰਮਿਕ ਅਤੇ ਸਿਆਸੀ ਦੀਵਾਨਾਂ ਵਾਲ਼ੀ ਰੌਣਕ ਅਤੇ ਉਤਸ਼ਾਹ ਨਾ ਦਿਖਾਈ ਦਿਤਾ।
ਕੁਝ ਸਮੇ ਬਾਅਦ ਸਾਨੂੰ ਸਮਾਗਮ ਵਿਚੋਂ ਉਠਾ ਕੇ ਲੰਗਰ ਵਿਚ ਲੈ ਗਏ। ਕਹਿੰਦੇ ਲੰਗਰ ਛਕ ਲਓ। ਅਸੀਂ ਬੈਠੇ ਉਡੀਦੇ ਰਹੇ ਕਿ ਲੰਗਰ ਹੁਣ ਆਉਂਦਾ, ਹੁਣ ਆਉਂਦਾ ਪਰ ਆਇਆ ਈ ਨਾ। ਇਕ ਬੰਦਾ ਆਣ ਕੇ ਸਾਨੂੰ ਉਠਣ ਲਈ ਕਹਿੰਦਾ ਕਿ ਇਹ ਥਾਂ ਵੇਹਲਾ ਕਰ ਦਿਓ; ਏਥੇ ਸੰਤਾਂ ਦੀ ਪੰਗਤ ਲੱਗਣੀ ਆਂ। ਅਸੀਂ ਉਠ ਕੇ ਖਲੋ ਗਏ। ਵਾਹਵਾ ਸਮਾ ਏਧਰ ਓਧਰ ਝਾਤੀਆਂ ਮਾਰੀਆਂ ਪਰ ਸਾਡੇ ਪੱਲੇ ਕੁਝ ਨਾ ਪਿਆ। ਫੇਰ ਮੈਂ ਆਪਣੇ ਜਥੇ ਵਿਚ ਸ਼ਾਮਲ, ਯੂਰਪੀਅਨ ਯੂਨੀਅਨ ਦੀ ਐਮ.ਪੀ. ਨੀਨਾ ਗਿੱਲ ਜੀ ਨੂੰ ਕਿਹਾ, "ਜਾਹ ਬੀਬਾ, ਤੂੰ ਜਾ ਕੇ ਲੰਗਰ ਵਿਚੋਂ ਕੁਝ ਰੋਟੀਆਂ ਚੁੱਕ ਲਿਆ!" ਉਹ ਗਈ ਤੇ ਕੁਝ ਸਮੇ ਬਾਅਦ ਪਕੌੜਿਆਂ ਦੀ ਪਰਾਤ ਭਰੀ ਚੁੱਕ ਲਿਆਈ ਤੇ ਕਿਹਾ, "ਰੋਟੀਆਂ ਤੇ ਮੈਨੂੰ ਲੱਭੀਆਂ ਨਹੀਂ, ਮੈਂ ਆਹ ਗਰਮਾ ਗਰਮ ਪਕੌੜੇ ਕਢਵਾ ਲਿਆਈ ਆਂ।" ਮੈਂ ਆ ਵੇਖਿਆ ਨਾ, ਤਾ। ਦੋ ਗਰਮ ਗਰਮ ਪਕੌੜੇ ਪਰਾਤੋਂ ਚੁੱਕੇ ਤੇ ਤੁਰੇ ਜਾਂਦੇ ਖਾ ਕੇ ਟੂਟੀ ਤੋਂ ਪਾਣੀ ਪੀ ਲਿਆ। ਦੂਜਿਆਂ ਨੇ ਵੀ ਇਉਂ ਹੀ ਕੀਤਾ ਹੋਵੇਗਾ!
ਫਿਰ ਸਾਨੂੰ ਸਾਰਿਆਂ ਨੂੰ ਇਕ ਥਾਂ ਇਕੱਠੇ ਕਰਕੇ ਖਲ੍ਹਿਆਰ ਲਿਆ। ਅਸੀਂ ਸੋਚਿਆ ਕਿ ਹੁਣ ਸਾਨੂੰ ਗੁਰਦੁਆਰਾ ਸਾਹਿਬ ਮੱਥਾ ਟਿਕਾਉਣ ਲਈ ਖੜਨਗੇ ਪਰ ਪਤਾ ਲੱਗਾ ਕਿ ਹੁਣ ਉਹ ਸਾਨੂੰ ਅੰਮ੍ਰਿਤਸਰ ਵਾਲ਼ੇ ਹੋਟਲ ਜਾਂ ਜਿੱਥੇ ਅਸੀਂ ਜਾਣਾ ਚਾਹੀਏ ਓਥੇ ਆਪਣੇ ਆਪਣੇ ਟਿਕਾਣਿਆਂ 'ਤੇ ਛੱਡਣਗੇ। ਅਸੀਂ ਮੱਥਾ ਟੇਕਣ ਜਾਣ ਲਈ ਆਖਿਆ ਤਾਂ ਜਵਾਬ ਮਿਲ਼ਿਆ ਕਿ ਹੁਣ ਸਮਾ ਨਹੀਂ। ਵੈਸੇ ਵੀ ਲੌਢਾ ਵੇਲ਼ਾ ਹੋ ਗਿਆ ਸੀ। ਉਹਨਾਂ ਕਿਹਾ ਕਿ ਉਹ ਸਾਨੂੰ ਸਾਰਿਆਂ ਨੂੰ ਲੋਇ ਲੋਇ ਹੋਟਲ ਜਾਂ ਸਾਡੇੇੇ ਟਿਕਾਣਿਆਂ 'ਤੇ ਪੁਚਾਉਣਗੇ ਤੇ ਫਿਰ ਉਹ ਆਪੋ ਆਪਣੇ ਘਰੀਂ ਜਾ ਸਕਣਗੇ। ਸਾਰੇ ਜਣੇ ਬੱਸਾਂ ਵਿਚ ਵੜ ਗਏ। ਸਾਡੇ ਵਾਲ਼ੀ ਬੱਸ ਅੰਮ੍ਰਿਤਸਰ ਨੂੰ ਤੁਰ ਪਈ। ਜਦੋਂ ਜੀ.ਟੀ. ਰੋਡ ਤੋਂ ਬਾਈਪਾਸ ਨੂੰ ਹੋ ਗਈ ਤੇ ਜਦੋਂ ਵੱਲਾ ਪਿੰਡ ਦੇ ਬਰਾਬਰ ਆਈ ਤਾਂ ਅਸੀਂ ਕਿਹਾ ਕਿ ਸਾਨੂੰ ਦੋਹਾਂ ਭਰਾਵਾਂ ਨੂੰ ਏਥੇ ਉਤਾਰ ਦਿਓ। ਅਸੀ ਦੋਵੇਂ ਥਰੀ ਵੀ੍ਹਲਰ ਰਾਹੀਂ ਗੁਰਦੁਆਰਾ ਸ਼ਹੀਦਾਂ ਵੱਲ ਚੱਲ ਪਏ। ਮੈਂ ਤੇ ਛੋਟੇ ਭਰਾ ਸ. ਸੇਵਾ ਸਿੰਘ ਦੇ ਘਰ ਚਲਿਆ ਗਿਆ ਤੇ ਭਰਾ ਸ. ਦਲਬੀਰ ਸਿੰਘ ਆਪਣੀ ਬੱਚੀ ਦੇ ਘਰ ਨੂੰ ਚਲੇ ਗਏ।
ਇਸ ਤਰ੍ਹਾਂ ਅਸੀਂ ਸੱਤ ਦਿਨਾਂ ਦੀ ਸਰਕਾਰੀ ਮਿੱਠੀ ਕੈਦ ਵਿਚੋਂ ਰਿਹਾ ਹੋ ਕੇ ਮੁਕੰਮਲ ਤੌਰ ਤੇ ਆਜ਼ਾਦ ਹੋ ਗਏ। ਇਹ ੧੨ ਨਵੰਬਰ ਤਕਾਲ਼ਾਂ ਦਾ ਵੇਲ਼ਾ ਸੀ।
ਇਸ ਪਾਸਿਉਂ ਵੇਹਲਾ ਹੋ ਕੇ ਮੈਂ ਫਿਰ ਅਗਲੇ ਦਿਨ ਬਾਕੀ ਰੁਝੇਵਿਆਂ ਵਿਚ ਰੁੱਝਣ ਦੇ ਨਾਲ਼ ਨਾਲ਼ ਸਿੰਘ ਬ੍ਰਦਰਜ਼ ਵਾਲ਼ੇ ਸ. ਗੁਰਸਾਗਰ ਸਿੰਘ ਜੀ ਦੀ ਪਹਿਲਾਂ ਨਾਲ਼ੋਂ ਵੇਧੇਰੇ ਹਾਜਰੀ ਭਰਨੀ ਸ਼ੁਰੂ ਕਰ ਦਿਤੀ। ਹਰੇਕ ਯਾਤਰਾ ਵਾਂਗ ਇਸ ਵਾਰੀ ਵੀ ਮੈਂ ਆਪਣੀ ਇਕ ਨਵੀਂ ਕਿਤਾਬ ਕੁਝ ਏਧਰੋਂ ਕੁਝ ਓਧਰੋਂ ਉਹਨਾਂ ਨੂੰ ਛਾਪਣ ਵਾਸਤੇ ਆਉਂਦੇ ਸਾਰ ਹੀ ਦੇ ਦਿਤੀ ਸੀ। ਸ. ਗੁਰਸਾਗਰ ਸਿੰਘ ਜੋ ਇਕਰਾਰ ਕਰੇ ਉਸ ਉਪਰ ਪੂਰਾ ਉਤਰਦਾ ਹੈ। ਉਸ ਦੀ ਇਸ ਪ੍ਰੋਫ਼ੈਸ਼ਨਲ ਕਾਰੋਬਾਰੀ ਇਮਾਨਦਾਰੀ ਦਾ ਮੈਂ ਬਹੁੁਤ ਪ੍ਰਸੰਸਕ ਹਾਂ। ਆਪਣੀ ਆਦਤ ਤੋਂ ਮਜਬੂਰ ਮੈਂ ਇਸ ਗੱਲ ਦੀ ਗਾਹੇ ਬਗਾਹੇ ਪ੍ਰਸੰਸਾ ਵੀ ਕਰ ਦਿੰਦਾ ਹਾਂ। ਭਾਵੇਂ ਗੁਰਬਾਣੀ ਦਾ ਉਪਦੇਸ਼ ਤਾਂ ਸਪੱਸ਼ਟ ਹੈ, "ਉਸਤਤਿ ਨਿੰਦਾ ਦੋਊ ਤਿਆਗੈ" ਪਰ ਮੇਰੀ ਇਹ ਕਮਜੋਰੀ ਹੈ ਕਿ ਹਰੇਕ ਚੰਗੀ ਗੱਲ ਦੀ ਪ੍ਰਸੰਸਾ ਕਰਨ ਤੋਂ ਖ਼ੁਦ ਨੂੰ ਰੋਕ ਨਹੀਂ ਸਕਦਾ। ਸ਼ਾਇਦ ਇਸ ਵਾਰੀ ਮੇਰੀ ਮੰਦੀ ਨਜਰ ਲੱਗ ਗਈ ਉਸ ਨੂੰ, ਉਹ ਮੇਰੀ ਕਿਤਾਬ ਛਾਪਣ ਬਾਰੇ, ਜਦੋਂ ਵੀ ਜਾ ਕੇ ਪੁੱਛਾਂ, ਮੁਸਕਰਾ ਕੇ ਲਾਰੇ ਲੱਪੇ ਲਾ ਦਿਆ ਕਰੇ। ਇਸ ਵਾਰ ਪਹਿਲਾਂ ਵਾਂਗ ਉਸ ਨੇ ਪੱਕਾ ਦਿਨ ਨਹੀਂ ਸੀ ਦੱਸਿਆ ਕਿ ਕਿਸ ਦਿਨ ਕਿਤਾਬ ਛਪ ਕੇ ਤਿਆਰ ਹੋ ਜਾਵੇਗੀ। ਇਸ ਲਈ ਇਕਰਾਰ ਤੋਂ ਝੂਠੇ ਪੈਣ ਦਾ ਇਲਜਾਮ ਉਸ 'ਤੇ ਲੱਗ ਨਹੀਂ ਸੀ ਸਕਦਾ। ਆਪਣੇ ਮਿੱਠੇ ਤੇ ਨਿੱਘੇ ਸੁਭਾ ਅਨੁਸਾਰ ਹਰੇਕ ਵਾਰੀ ਮੁਸਕਰਾ ਕੇ ਕਹਿ ਦੇਣਾ ਕਿ ਛੇਤੀ ਹੀ ਕੰਮ ਹੋ ਜਾਵੇਗਾ ਪਰ ਪੱਕਾ ਦਿਨ ਨਹੀਂ ਦੱਸਣਾ। ਮੇਰੇ ਇਹ ਆਖਣ ਤੇ ਕਿ ਮੈਂ ਦੂਜੇ ਸ਼ਹਿਰਾਂ ਵਿਚਲੇ ਸੱਜਣਾਂ ਮਿੱਤਰਾਂ ਨੂੰ ਮਿਲਣਾ ਇਸ ਲਈ ਰੋਕਿਆ ਹੋਇਆ ਹੈ ਕਿ ਜਦੋਂ ਮੈਂ ਜਾਵਾਂ ਨਵੀਂ ਕਿਤਾਬ ਵੀ ਨਾਲ਼ ਹੀ ਉਹਨਾਂ ਨੂੰ ਭੇਟਾ ਕਰ ਆਵਾਂ। ਇਸ ਦੇ ਜਵਾਬ ਵਿਚ ਮੈਨੂੰ ਸੁਝਾਉ ਦਿਤਾ ਕਿ ਮੈਂ ਪੁਰਾਣੀ ਕੋਈ ਕਿਤਾਬ ਹੀ ਲੈ ਜਾਵਾਂ ਪਰ ਪੁਰਾਣੀਆਂ ਤੇ ਬਿਨਾ ਚਿਰ ਲਾਇਆਂ ਮੈਂ ਨਾਲ਼ੋ ਨਾਲ਼ ਹੀ, ਪਾਠਕਾਂ ਦੇ ਹੱਥਾਂ ਤੱਕ ਪੁਚਾ ਕੇ ਮੁਕਾਈ ਜਾਂਦਾ ਰਹਿੰਦਾ ਹਾਂ। ਮੈਨੂੰ ਮਿੱਠੀਆਂ ਮਿੱਠੀਆਂ ਗੱਲਾਂ ਨਾਲ਼ ਖ਼ੁਸ਼ ਕਰਕੇ, ਬਿਸਕੁਟਾਂ ਨਾਲ਼ ਚਾਹ ਦਾ ਕੱਪ ਪਿਆ ਕੇ ਤੋਰ ਦੇਣਾ। ਇਸ ਤਰ੍ਹਾਂ, "ਆਲ਼ੇ ਕੌਡੀ, ਛਿੱਕੇ ਕੌਡੀ" ਕਰਦਿਆਂ ਗਿਣਤੀ ਮਿਣਤੀ ਦੇ ਦਿਨ ਲੰਘੀ ਜਾ ਰਹੇ ਸਨ। ਮੇਰੇ ਕੋਲ਼, ਵਾਪਸ ਮੁੜਨ ਲਈ ਦਿਨ ਥੋਹੜੇ ਰਹਿ ਗਏ ਤੇ ਦੂਜੇ ਸ਼ਹਿਰਾਂ ਵਿਚ ਰਹਿੰਦੇ ਸੱਜਣਾਂ ਨੂੰ ਆਪਣੀ ਇਸ ਕਿਤਾਬ ਦੀ ਕਾਪੀ ਕਿਸੇ ਨੂੰ ਭੇਟਾ ਨਾ ਕਰ ਸਕਿਆ ਤੇ ਨਾ ਹੀ ਪਹਿਲਾਂ ਵਾਂਗ ਸ਼ਹਿਰ ਅੰੰਮ੍ਰਿਤਸਰ ਦੀਆਂ ਵਿਦਿਅਕ, ਧਾਰਮਿਕ ਸੰਸਥਾਵਾਂ ਅਤੇ ਲਾਇਬ੍ਰੇਰੀਆਂ ਨੂੰ ਹੀ ਭੇਟਾ ਕਰ ਸਕਿਆ। ਮੈਂ ਆਪਣੀ ਹਰੇਕ ਕਿਤਾਬ ਦੀ ਇਕ ਐਡੀਸ਼ਨ ਦੀਆਂ ੧੦੦੦ ਕਾਪੀਆਂ ਛਪਵਾਉਂਦਾ ਹਾਂ ਤੇ ਉਸ ਵਿਚੋਂ ਅਧੀਆਂ ਕਾਪੀਆਂ ਓਥੇ ਹੀ ਸਾਹਿਤਕਾਰਾਂ, ਸੱਜਣਾਂ, ਲਾਇਬ੍ਰੇਰੀਆਂ ਨੂੰ ਭੇਟਾ ਕਰ ਆਉਂਦਾ ਹਾਂ। ਏਥੇ ਸਿਡਨੀ ਵਿਚ ਕੋਰੀਅਰ ਰਾਹੀਂ ਮੰਗਵਾਉਣ 'ਤੇ ਛਪਾਈ ਨਾਲ਼ੋਂ ਦੂਣਾ ਖ਼ਰਚ ਆ ਜਾਂਦਾ ਹੈ।
ਆਖਰ ਰਾਜੇ ਦੀ ਘੋੜੀ ਸੂ ਈ ਪਈ। ਸ. ਗੁਰਸਾਗਰ ਸਿੰਘ ਜੀ ਨੇ ਇਹ ਖ਼ੁਸ਼ਖ਼ਬਰੀ ਇਕ ਦਿਨ ਮੈਨੂੰ ਸੁਣਾ ਹੀ ਦਿਤੀ ਕਿ ਕਿਤਾਬ ਛਪ ਗਈ ਹੈ ਤੇ ਆਪਣੇ ਕੋਲ਼ੋਂ ਇਕ ਕਾਪੀ ਮੇਰੇ ਹੱਥ ਫੜਾ ਦਿਤੀ। ਕਿਤਾਬ ਦੀ ਬਣਤਰ ਵੇਖ ਕੇ ਹਰੇਕ ਵਾਰ ਵਾਂਗ ਦਿਲ ਜਾਣੀ ਕਿ ਬਾਗੋ ਬਾਗ ਜਿਹਾ ਹੋ ਗਿਆ ਤੇ ਦੇਰੀ ਦਾ ਸਾਰਾ ਗਿਲ੍ਹਾ ਜਾਂਦਾ ਰਿਹਾ। ਕਾਹਲ਼ੀ ਕਾਹਲ਼ੀ ਵਿਚ ਇਸ ਲਈ ਇਕ ਬੰਡਲ਼ ਹਾਲ ਬਾਜ਼ਾਰ ਵਿਚਲੇ ਆਜ਼ਾਦ ਬੁੱਕ ਡੀਪ ਵਾਲ਼ੇ, ਸ. ਕੁਲਦੀਪ ਸਿੰਘ ਕੋਲ਼ ਪੁਚਾ ਦਿਤਾ ਤੇ ਥੋਹੜੀਆਂ ਕੁ ਨੇੜੇ ਤੇੜੇ ਦੇ ਸੱਜਣਾਂ ਅਤੇ ਸਥਾਨਾਂ ਨੂੰ ਭੇਟਾ ਕਰ ਆਇਆ। ਆਪਣੇ ਪਿੰਡਾਂ ਸੂਰੋ ਪੱਡਾ, ਵੈਰੋ ਨੰਗਲ਼ ਆਦਿ ਸਥਾਨਾਂ ਤੇ ਦੇਣ ਦੇ ਨਾਲ਼ ਨਾਲ਼ ਬਟਾਲੇ ਆਪਣੇ ਸੱਜਣ ਅਤੇ ਰਿਸ਼ਤੇਦਾਰ ਵੀ, ਸ. ਦੀਦਾਰ ਸਿੰਘ ਅਟਵਾਲ ਨੂੰ ਵੀ ਭੇਟਾ ਕਰ ਆਇਆ, ਜੋ ਖ਼ੁਦ ਦਵਿੰਦਰ ਦੀਦਾਰ ਦੇ ਕਲਮੀ ਨਾਂ ਹੇਠ ਉਚ ਪਾਏ ਦੇ ਸਾਹਿਤਕਾਰ ਹਨ। ਬਟਾਲੇ ਵਿਚ ਹੀ ਆਪਣੇ ਪੁਰਾਣੇ ਮਿੱਤਰਾਂ ਵਿਚੋਂ ਬਚੇ ਮਿੱਤਰ, ਸ. ਹਰਭਜਨ ਸਿੰਘ ਬਾਜਵਾ ਫ਼ੋਟੋਗਰਾਫ਼ਰ ਨੂੰ ਵੀ, ਉਹਨਾਂ ਦੇ ਸਟੁਡੀਓ/ਘਰ ਕਾਹਨੂੰਵਾਨ ਰੋਡ ਉਪਰ ਉਚੇਚਾ ਜਾ ਕੇ ਭੇਟਾ ਕਰ ਆਇਆ।
ਜਿੱਥੇ ਪਹਿਲਾਂ ਚਾਰ ਪੰਜ ਸੌ ਕਾਪੀਆਂ ਸਿਡਨੀ ਵਿਚ ਮੰਗਵਾਉਂਦਾ ਸਾਂ ਓਥੇ ਇਸ ਵਾਰੀ ਸਾਢੇ ਛੇ ਸੌ ਮੰਗਵਾ ਲਈਆਂ। ਕਰੋਨੇ ਦੇ ਕਹਿਰ ਕਰਕੇ ਉਹਨਾਂ ਪੰਜ ਬੰਡਲ਼ਾਂ ਵਿਚੋਂ ਸਾਢੇ ਤਿੰਨ ਬੰਡਲ ਅਜੇ ਪਏ ਹੋਏ ਹਨ। ਆਸ ਸੀ ਕਿ ਅਪ੍ਰੈਲ ਵਿਚ ਪਰਥ ਵਾਲ਼ੀਆਂ ਸਿੱਖ ਖੇਡਾਂ ਅਤੇ ਜੂਨ ਵਿਚਲੇ ਗ੍ਰਿਫ਼ਿਥ ਵਾਲ਼ੇ ਸ਼ਹੀਦੀ ਟੂਰਨਾਮੈਂਟ ਵਿਚ ਸ਼ਾਮਲ ਹੋਣ ਵਾਸਤੇ ਆਸਟ੍ਰੇਲੀਆ ਦੇ ਦੂਜੇ ਸ਼ਹਿਰਾਂ ਅਤੇ ਗਵਾਂਢੀ ਮੁਲਕਾਂ ਵਿਚੋਂ ਆਏ ਪੰਜਾਬੀ ਪਾਠਕਾਂ ਨੂੰ ਭੇਟਾ ਹੋ ਜਾਣਗੀਆਂ। ਰਹਿੰਦੀਆਂ ਸਮੇ ਸਮੇ ਆਸਟ੍ਰੇਲੀਆ ਦੇ ਬਾਕੀ ਸ਼ਹਿਰਾਂ ਵਿਚ ਵੰਡ ਦਿਤੀਆਂ ਜਾਣਗੀਆਂ। ਪਰ, "ਨਰ ਚਾਹਤ ਕਛੁ ਅਉਰ ਅਉਰੈ ਕੀ ਅਉਰੈ ਭਈ॥" ਵਾਲ਼ੇ ਮਹਾਂਵਾਕ ਅਨੁਸਾਰ, "ਨਹਾਤੀ ਧੋਤੀ ਰਹਿ ਗਈ ਤੇ ਉਤੇ ਮੱਖੀ ਬਹਿ ਗਈ।"ਮਨ ਹੀ ਮਨ ਬਣਾਏ ਸ਼ੇਖ਼ ਚਿੱਲੀ ਵਾਲ਼ੇ ਪਲਾਨ ਨੇਪਰੇ ਚੜ੍ਹਨ ਵਾਲ਼ੇ ਰੁੱਖ ਦੀਆਂ ਜੜ੍ਹਾਂ ਵਿਚ ਇਹ ਨਾਮੁਰਾਦ ਕਰੋਨਾ ਬਹਿ ਗਿਆ।
ਅੰਮ੍ਰਿਤਸਰੋਂ ੨੨ ਨਵੰਬਰ ਨੂੰ ਜਹਾਜੇ ਬਹਿ ਗਿਆ ਤਾਂ ਕਿ ੨੩ ਨੂੰ ਸਿਡਨੀ ਪਹੁੰਚ ਕੇ, ੨੪ ਨੂੰ ਮੈਲਬਰਨ ਵਿਚ ਹੋਣ ਵਾਲ਼ੇ ਸਾਹਿਤਕ ਸਮਾਗਮ ਵਿਚ ਸ਼ਾਮਲ ਹੋਇਆ ਜਾ ਸਕੇ। ਸਮਾਗਮ ੨੪ ਦੀ ਸ਼ਾਮ ਨੂੰ ਹੋਣਾ ਸੀ। ਇਸ ਕਰਕੇ ਜਹਾਜ ਰਾਹੀਂ ਸ਼ਾਮ ਤੱਕ ਮੈਲਬਰਨ ਸੌਖਾ ਹੀ ਪਹੁੰਚਿਆ ਜਾ ਸਕਦਾ ਸੀ। ਉਸ ਸਮਾਗਮ ਵਿਚ ਮੇਰੀ ਨਵੀਂ ਕਿਤਾਬ 'ਕੁਝ ਏਧਰੋਂ ਕੁਝ ਓਧਰੋਂ' ਨੂੰ ਪਾਠਕ ਅਰਪਣ ਕਰਨ ਦਾ ਵੀ ਪ੍ਰੋਗਰਾਮ ਸੀ। ਸਿਡਨੀ ਤੇ ਸਮੇ ਸਿਰ ਪਹੁੰਚ ਗਿਆ ਪਰ ਸਿਡਨੀ ਵਿਚ ਹੀ ਕੁਝ ਜਰੂਰੀ ਸਮਾਗਮਾਂ ਕਰਕੇ ਮੈਲਬਰਨ ਨਾ ਜਾ ਸਕਿਆ। ਇਹ ਵੀ ਸੋਚ ਲਿਆ ਕਿ ਮੇਰੇ ਇਕ ਜਣੇ ਦੇ ਓਥੇ ਜਾਣ ਜਾਂ ਨਾ ਜਾਣ ਕਰਕੇ ਕੋਈ ਫਰਕ ਨਹੀਂ ਪੈਣ ਲੱਗਾ ਪਰ ਏਥੇ ਖਾਹਮਖਾਹ ਨਾਰਾਜ਼ਗੀ ਪੈਦਾ ਹੋ ਜਾਣ ਦੀ ਸੰਭਾਵਨਾ ਹੋ ਸਕਦੀ ਸੀ। ਫਿਰ ਮੈਲਬਰਨ ਦੀ ਇਹ ਯਾਤਰਾ ਅੱਗੇ ਨੂੰ ਖਿਸਕਦੀ ਖਿਸਕਦੀ ਮਾਰਚ, ੨੦੨੦ ਤੇ ਜਾ ਪਈ।
ਸਾਰੀ ਦੁਨੀਆਂ ਤੋਂ ਸਰਕਾਰੀ ਸੱਦੇ ਉਪਰ ਮੁਲਕਾਂ ਵਿਚੋਂ ੬੫/੭੦ ਸਿੱਖ ਇਸ ਮਹਾਨ ਸਮਾਗਮ ਵਿਚ ਭਾਗ ਲੈਣ ਲਈ ਪਹੁੰਚੇ ਹੋਏ ਸਨ। ਉਹਨਾਂ ਵਿਚੋ ਜਿੰਨਿਆਂ ਦੇ ਨਾਂ ਇਸ ਸਮੇ ਮੈਨੂੰ ਯਾਦ ਹਨ ਉਹ ਇਸ ਪ੍ਰਕਾਰ ਹਨ:
ਆਸ੍ਰਟੇਲੀਆ ਤੋਂ ਅਸੀਂ ਦੋਵੇਂ ਭਰਾ ਮੈਂ ਅਤੇ ਮੇਰਾ ਛੋਟਾ ਭਰਾ ਸ. ਦਲਬੀਰ ਸਿੰਘ। ਸਾਡਾ ਚਚੇਰਾ ਭਰਾ ਭਾਈ ਰਣਜੀਤ ਸਿੰਘ, ਆਪਣੇ ਇਕ ਸਾਥੀ ਢਿੱਲੋਂ ਸਾਹਿਬ ਨਾਲ਼ ਨਿਊ ਯਾਰਕ ਤੋਂ। ਇਸ ਤੋਂ ਇਲਾਵਾ ਸ. ਰੇਸ਼ਮ ਸਿੰਘ ਸੰਧੂ ਲੈਸਟਰ ਤੋਂ, ਸ. ਇੰਦਰਜੀਤ ਸਿੰਘ ਬੱਲ ਕੈਨੇਡਾ ਤੋਂ, ਇਹ ਦੋਵੇਂ ਸੱਜਣ ਅਤੇ  ਮੈਂ, ੨੦੧੬ ਵਿਚ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਢੇ ਤਿੰਨ ਸੌ ਸਾਲਾ ਪ੍ਰਕਾਸ਼ ਉਤਸ਼ਵ ਦੇ ਸਮਾਗਮ ਸਮੇ, ਪਟਨਾ ਸਾਹਿਬ ਵਿਚ ਵੀ ਇਕੱਠੇ ਇਕੋ ਹੋਟਲ ਵਿਚ ਠਹਿਰੇ ਸਾਂ। ਸ. ਸੁਰਜੀਤ ਸਿੰਘ, ਸ. ਜਗਦੀਸ਼ ਸਿੰਘ ਗਰੇਵਾਲ, ਸ. ਸੁਰਜੀਤ ਸਿੰਘ ਮਾਨ ਅਤੇ ਡਾ. ਸੁਰਿੰਦਰ ਸਿੰਘ ਅਮ੍ਰੀਕਾ ਤੋਂ, ਭਾਈ ਮਹਿੰਦਰ ਸਿੰਘ ਮੁਖੀ ਵਿਸ਼ਕਾਮ ਸੇਵਕ ਜਥਾ ਅਤੇ ਸ. ਅਵਤਾਰ ਸਿੰਘ ਗੁਰਦੁਆਰਿਆਂ ਦੀ ਸਾਂਝੀ ਕਮੇਟੀ ਦੇ ਚੇਅਰਮੈਨ ਬਰਮਿੰਘਮ ਤੋਂ, ਪੈਰਿਸ ਤੋਂ ਸ. ਇਕਬਾਲ ਸਿੰਘ ਭੱਟੀ ਅਤੇ ਇਕ ਜਵਾਨ ਗੁਰਸਿੱਖ ਜੋੜਾ, ਨੀਨਾ ਗਿੱਲ ਯੂਰਪੀਅਨ ਯੂਨੀਅਨ ਦੇ ਦੇਸ਼ਾਂ ਦੀ ਸਾਂਝੀ ਪਾਰਲੀਮੈਂਟ ਦੀ ਮੈਂਬਰ ਵਲੈਤੋਂ, ਲੰਡਨ ਤੋਂ ਸ. ਜਸਵੰਤ ਸਿੰਘ ਠੇਕੇਦਾਰ, ਡਾ. ਸ.ਪ. ਸਿੰਘ ਓਬਰਾਇ, ਇਹਨਾਂ ਤੋਂ ਇਲਾਵਾ ਮਲੇਸ਼ੀਆ, ਥਾਈਲੈਂਡ, ਸਿੰਘਾਪੁਰ ਆਦਿ ਮੁਲਕਾਂ ਤੋਂ ਵੀ ਕੁਝ ਮੁਖੀ ਸਿੱਖ ਆਏ ਸਨ। ਸ. ਬਲਬੀਰ ਸਿੰਘ ੩੯੩੨੯੦੩੨੪੫, ਸ. ਸੁਖਪਾਲ ਸਿੰਘ ਧਨੋਆ ੧੮੦੪੫੬੪੪੨੦੮, ਸ. ਪਰਵਿੰਦਰ ਸਿੰਘ ੪੪੭੯੫੬੪੬੪੦੩੪, ਸ. ਰੌਮੀ ਰੇਂਜਰ ੪੪੭੮੩੬੨੬੧੧੯੬, ਸ. ਗੁਰਮੀਤ ਸਿੰਘ ੪੪੭੯੭੧੭੦੧੭੯੧, ਸ. ਕੰਵਲਜੀਤ ਸਿੰਘ ਸੋਨੀ ੧ (੨੪੦) ੪੬੧੪੬੭੧, ਸ. ਤੇਜਿੰਦਰ ਸਿੰਘ ੧ (੨੦੨) ੫੦੩੮੦੫੨, ਸ. ਬਲਜਿੰਦਰ ਸਿੰਘ ੧ (੪੪੩) ੬੭੬੫੬੮੭, ਸ. ਦਿਲਵੀਰ ਸਿੰਘ ੧ (੪੪੩) ੮੨੯੬੨੦੬, ਬੌਬ ਕੈਨੇਡਾ ੧ (੪੧੬) ੪੧੯੭੭੭੭, ਸ. ਬਿੱਲ ਸੰਧੂ ਕੈਨੇਡਾ ੧ (੬੦੪) ੮੨੫੪੩੭੦, ਸ. ਰਾਮੇਸ਼ ਸਿੰਘ ਸੰਘਾ ਐਮ.ਪੀ. ਕੈਨੇਡਾ, ਸ. ਭੂਪਿੰਦਰ ਸਿੰਘ ਊਭੀ ਕੈਨੇਡਾ ੧ (੬੪੭) ੨੮੪੭੧੦੭, ਸ. ਸਰਬਜੀਤ ਸਿੰਘ ਥਾਈਲੈਂਡ ੬੬੮੧੬੧੧੯੯੪੭, ਲਾੱਰਡ ਰਾਮਿੰਦਰ ਸਿੰਘ ਰਾਣਾ ਆਪਣੀ ਸਿੰਘਣੀ ਸਮੇਤ ਯੂ.ਕੇ., ੪੪੭੭੬੮੪੮੪੫੭੭, ਸ. ਪਰਮਜੀਤ ਸਿੰਘ ੩੪੬੭੧੩੬੯੨੭੭, ਸ. ਸੰਦੀਪ ਸਿੰਘ ੪੪੭੫੭੦੭੯੫੬੩੭, ਸ. ਜਗਤਾਰ ਸਿੰਘ ੪੪੭੭੨੫੭੯੭੦੬੧, ਸ. ਹਰਚਰਨ ਸਿੰਘ ਮਲੇਸ਼ੀਆ ੬੦੧੨੬੫੭੫੪੫੯, ਸ. ਸੁਰਜੀਤ ਸਿੰਘ ੯੮੭੬੨੫੧੨੧੩, ਸ. ਰੇਂਜਰ ਸਿੰਘ ਸਿੰਘਣੀ ਸਮੇਤ, ਸ. ਜਗਤਾਰ ਸਿੰਘ ਅਜੀਮਲ ਸਿੰਘਣੀ ਸਮੇਤ, ਸ. ਗੁਰਮੇਲ ਸਿੰਘ ਯੂ.ਕੇ., ਸ. ਬਲਬੀਰ ਸਿੰਘ ਇਟਲੀ, ਸਰਦਾਰਨੀ ਅਵਤਾਰ ਕੌਰ ਊਭੀ ਕੈਨੇਡਾ, ਸਰਦਾਰਨੀ ਸੰਦੀਪ ਕੌਰ ਯੂ.ਕੇ., ਸ. ਜਗਵੰਤ ਸਿੰਘ ਇਟਲੀ, ਸ. ਕੁਲਦੀਪ ਸਿੰਘ ਊਭੀ, ਬਰਮਿੰਘਮ, ਸ. ਨਾਨਕ ਸਿੰਘ ਮਲੇਸ਼ੀਆ, ਡਾ. ਜਸਦੇਵ ਸਿੰਘ ਰਾਇ ਲੰਡਨ, ਸ. ਜਗਦੇਵ ਸਿੰਘ ਮਾਵੀ ਵਾਲਸਾਲ ਯੂ.ਕੇ., ਸਰਦਾਰ ਅਤੇ ਸਰਦਾਰਨੀ ਹਰਬਿੰਦਰ ਕੌਰ ਜੀ ਅਤੇ ਸ. ਗੁਰਮੀਤ ਸਿੰਘ ਰੰਧਾਵਾ ਵੇਲਜ਼ ਤੋਂ Gurmit Singh Randhawa MBE; BCHA Chairman Sikh Council of Wales President Sikh Gurdwara Cardiff, ਇਕ ਅਫ਼੍ਰੀਕਾ ਦੇ ਮੁਲਕ ਕੀਨੀਆ ਵਿਚ ਪਲ਼ ਕੇ ਓਥੋਂ ਉਤਰੀ ਆਇਰਲੈਂਡ ਵਿਚ ਜਾ ਵਸੇ ਸਿੱਖ ਆਗੂ (ਨਾਂ ਯਾਦ ਨਹੀਂ ਆ ਰਿਹਾ) ਵੀ ਸਾਡੇ ਨਾਲ਼ ਸਨ।



ਕਰੋਨਾ ਕਰੋਨਾ ਕਰੋਨਾ
ਮਨੁੱਖ ਸਮੇਤ ਤਕਰੀਬਨ ਹਰੇਕ ਜੀਵ ਹੀ ਕਈ ਪ੍ਰਕਾਰ ਦੇ ਡਰਾਂ ਦੇ ਅਧੀਨ ਹੀ ਸਾਰੀ ਉਮਰ ਵਿਚਰਦਾ ਹੈ। ਇਹਨਾਂ ਡਰਾਂ ਦੀ ਗਿਣਤੀ ਵੀ ਵਾਹਵਾ ਈ ਆ। ਸ਼ੇਖ਼ ਫਰੀਦ ਜੀ ਨੇ ਤਾਂ ਇਹਨਾਂ ਦੀ ਗਿਣਤੀ ਪੰਜਾਹ ਦੱਸੀ ਹੈ। ਸ਼ੇਖ਼ ਫਰੀਦ ਜੀ ਫੁਰਮਾਉਂਦੇ ਹਨ:
ਸਰਵਰ ਪੰਖੀ ਹੇਕੜੋ ਫਾਹੀਵਾਲ ਪਚਾਸ॥    (੧੩੮੪)
ਪਿਛਲੇ ਤਿੰਨ ਕੁ ਮਹੀਨਿਆਂ ਤੋਂ ਸਾਰਾ ਮਨੁੱਖੀ ਸੰਸਾਰ ਇਕ ਹੋਰ ਤਰ੍ਹਾਂ ਦੇ ਡਰ ਵਿਚ ਵੀ ਗਰੱਸਿਆ ਹੋਇਆ ਹੈ, ਜਿਸ ਦਾ ਸ਼ੇਖ ਫਰੀਦ ਜੀ ਵੇਲ਼ੇ ਮਨੁੱਖ ਨੂੰ ਡਰ ਨਹੀਂ ਸੀ ਹੁੰਦਾ ਤੇ ਨਾ ਹੀ ਸ਼ੇਖ਼ ਜੀ ਨੇ ਉਸ ਦਾ ਵਰਨਣ ਕੀਤਾ। ਉਸ ਡਰ ਨਾ ਨਾਂ ਹੈ: ਕਰੋਨਾ ਵਾਇਰਸ ਜਿਸ ਦਾ ਅੱਜ ਚਾਰ ਚੁਫੇਰੇ ਹੀ ਨਾਂ ਜਪਿਆ ਜਾ ਰਿਹਾ ਹੈ। ਤਿੰਨ ਕੁ ਮਹੀਨਿਆਂ ਤੋਂ ਸਾਰਾ ਸੰਸਾਰ ਇਸ ਬਲ਼ਾ ਤੋਂ ਭੈ ਭੀਤ ਹੋ ਕੇ ਥਰ ਥਰ ਕੰਬ ਰਿਹਾ ਹੈ।
ਮੌਤ ਦਾ ਡਰ ਹਰੇਕ ਪਰਾਣੀ ਉਪਰ ਅਸਰ ਕਰਦਾ ਹੈ। ਏਥੋਂ ਤੱਕ ਕਿ ਨਾਲ਼ੀ ਦਾ ਕੀੜਾ ਵੀ ਵੱਧ ਤੋਂ ਵੱਧ ਜੀਣਾ ਲੋੜਦਾ ਹੈ। "ਜੀਣਾ ਲੋੜੇ ਸਭ ਕੋਈ।" ਹਰੇਕ ਜੀਵ ਸੰਸਾਰ ਵਿਚ ਵੱਧ ਤੋਂ ਵੱਧ ਸਮਾ ਜੀਣਾ ਚਾਹੁੰਦਾ ਹੈ। ਗੁਰਬਾਣੀ ਵਿਚ ਵੀ ਫੁਰਮਾਣ ਹੈ, "ਰਜਿ ਨ ਕੋਈ ਜੀਵਿਆ। ਪਹੁਚ ਨ ਚਲਿਆ ਕੋਇ॥" (੧੪੧੨) ਅਰਥਾਤ ਜੀਵ ਦੀ ਇੱਛਾ ਹੁੰਦੀ ਹੈ ਕਿ ਉਹ ਵੱਧ ਤੋਂ ਵੱਧ ਸਮਾ ਸੰਸਾਰ ਵਿਚ ਵਿਚਰੇ। ਇਸ ਬਾਰੇ ਇਕ ਲੋਕ ਗੀਤ ਵੀ ਹੈ:
ਜੀ ਨਹੀਂ ਜਾਣ ਨੂੰ ਕਰਦਾ, ਰੰਗਲੀ ਦੁਨੀਆਂ ਤੋਂ।
ਪਰ, "ਜੋ ਆਇਆ ਸੋ ਚਲ ਸੀ ਸਭੁ ਕੋਈ ਆਈ ਵਾਰੀਐ॥" (੪੭੪) ਵਾਲ਼ੇ ਹੁਕਮ ਅਨੁਸਾਰ, "ਵਾਰੀ ਆਪੋ ਆਪਣੀ ਚਲੇ ਮਸਾਇਕ ਸੇਖ॥" (੧੩੮੦) ਇਸ ਅਸਾਰ ਸੰਸਾਰ ਤੋਂ ਸਾਨੂੰ ਸਾਰਿਆਂ ਨੂੰ ਕੂਚ ਕਰਨਾ ਹੀ ਪੈਣਾਹੈ।
ਅਜਿਹੀਆਂ ਵਬਾਵਾਂ ਜਦੋਂ ਦਾ ਸੰਸਾਰ ਬਣਿਆ ਹੈ, ਆਉਂਦੀਆਂ ਵੀ ਰਹੀਆਂ ਨੇ ਤੇ, ਕਾਦਰ ਦੀ ਕੁਦਰਤ ਵੱਲੋਂ ਜੁੰਮੇ ਲੱਗੀ ਸੇਵਾ ਨਿਭਾਉਣ ਪਿਛੋਂ, ਜਿਧਰੋਂ ਆਈਆਂ ਓਧਰ ਹੀ ਤੁਰ ਵੀ ਜਾਂਦੀਆਂ ਰਹੀਆਂ ਨੇ। ਇਹ ਬਲ਼ਾ ਵੀ ਆਪਣਾ ਕਾਰਾ ਕਰਕੇ ਚਲੀ ਜਾਵੇਗੀ। ਸਾਵਧਾਨੀ ਵਰਤਣੀ ਜਰੂਰੀ ਹੈ ਪਰ ਖ਼ੁਦ ਬੇਲੋੜਾ ਡਰ ਮੰਨਣ ਅਤੇ ਆਸੇ ਪਾਸੇ ਡਰ ਦਾ ਵਾਤਾਵਰਨ ਪੈਦਾ ਕਰਨ ਤੋਂ ਗੁਰੇਜ਼ ਕਰੀਏ। ਮਹਾਂਰਜ ਫੁਰਮਾਉਂਦੇ ਹਨ: "ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ॥" (ਜਪੁ ਜੀ) ਰੱਬ ਦੇ ਹੁਕਮ ਅਨੁਸਾਰ, ਉਸ ਦੀ ਸਾਜੀ ਕੁਦਰਤ ਨੇ ਆਪਣੇ ਸਾਜੇ ਮਨੁੱਖ ਦੇ ਮੂੰਹ ਉਪਰ ਹੀ ਚਪੇੜ ਮਾਰੀ ਹੈ ਕਿ ਉਹ ਸੰਭਲ਼ ਜਾਵੇ। ਜਿਵੇਂ ਸ਼ਰਾਰਤੀ ਪੁੱਤਰ ਨੂੰ ਸ਼ਰਾਰਤਾਂ ਤੋਂ ਰੋਕਣ ਲਈ ਮਾਂ ਉਸ ਦੇ ਮੂੰਹ ਉਪਰ, ਨਾ ਚਾਹੁੰਦਿਆਂ ਹੋਇਆਂ ਵੀ, ਉਸ ਦੇ ਸੁਧਾਰ ਵਾਸਤੇ ਚਪੇੜ ਮਾਰਦੀ ਹੈ। ਆਪਾਂ ਸਾਰੇ ਹੀ ਜਾਣਦੇ ਹਾਂ ਕਿ ਮਨੁਖ ਨੇ, ਅਵੱਲੇ ਅਤੇ ਬੇਲੋੜੇ ਉਪੱਦਰ ਕਰ ਕਰਕੇ, ਇਸ ਧਰਤੀ ਦੇ ਵਾਤਾਵਰਨ ਉਪਰ ਕਿੰਨਾ ਕੁਦਰਤ ਨਾਲ਼ ਖਿਲਵਾੜ ਕੀਤਾ ਹੈ। ਮੈਂ ਭਗਤ ਪੂਰਨ ਸਿੰਘ ਜੀ ਦੀਆਂ ਵਾਤਾਵਰਨ ਸਬੰਧੀ  ਤੋਂ ਲਿਖਤਾਂ ਪੜ੍ਹਦਾ ਆ ਰਿਹਾ ਹਾਂ। ਭਗਤ ਜੀ ਸਾਨੂੰ ਆਪਣੀਆਂ ਲਿਖਤਾਂ ਰਾਹੀਂ ਉਸ ਸਮੇ ਹੀ ਉਹਨਾਂ ਖ਼ਤਰਿਆਂ ਤੋਂ ਸਾਵਧਾਨ ਕਰਿਆ ਕਰਦੇ ਸਨ, ਜੋ ਅਸੀਂ ਅੱਜ ਝੱਲ ਰਹੇ ਹਾਂ।
ਮਨੁੱਖ, ਜੋ ਕਿ ਸਵਾਰਥ ਦੇ ਲਾਲਚ ਅਧੀਨ ਆਪਣਾ ਹੀ ਭਲਾ ਸੋਚਣ ਵਾਲ਼ੀ ਬਿਰਤੀ ਕਰਕੇ, ਜੋ ਕੁਝ ਸੋਚਦਾ ਹੈ, ਉਸ ਦਾ ਨਤੀਜਾ ਇਸ ਤਰ੍ਹਾਂ ਹੀ ਨਿਕਲ਼ਦਾ ਹੈ। ਬੰਦਾ ਸਮਝਦਾ ਹੈ ਕਿ ਮੈਂ ਬੜਾ ਸਿਆਣਾ ਹਾਂ ਪਰ ਸ੍ਰੀ ਗੁਰੂ ਅਰਜਨ ਦੇਵ ਜੀ ਫੁਰਮਾਉਂਦੇ ਹਨ:
ਸਿਆਨਪ ਕਾਹੂੰ ਕਾਮਿ ਨ ਆਤ॥
ਜੋ ਅਨੁਰੂਪਿਓ ਠਾਕੁਰਿ ਮੇਰੈ ਹੋਇ ਰਹੀ ਉਹ ਬਾਤ॥ਰਹਾਉ॥ (੪੯੬)
ਅਸੀਂ ਸਾਰੇ ਸੰਸਾਰ ਵਿਚ ਭਜੜਾਂ ਪਾ ਦਿੱਤੀਆਂ ਹਨ। ਕੁਝ ਲੋਕਾਂ ਨੇ ਇਸ ਹਫੜਾ ਦਫੜੀ ਵਿਚ ਦੁਕਾਨਾਂ ਵਿਚੋਂ ਸਾਮਾਨ ਮੁਕਾ ਦਿੱਤਾ ਹੈ ਖਰੀਦ ਖਰੀਦ ਕੇ। ਲੋੜਵੰਦਾਂ ਜੋਗਾ ਦੁਕਾਨਾਂ ਦੀਆਂ ਸ਼ੈਲਫਾਂ ਉਪਰ ਰਹਿਣ ਨਹੀ ਦਿੱਤਾ ਤੇ ਆਪਣੇ ਘਰ ਭਰ ਲਏ ਹਨ। ੧੯੪੭ ਵਿਚ ਜਦੋਂ ਚਾਲ਼ੀ ਪੰਜਾਹ ਲੱਖ ਪੰਜਾਬੀ, ਪੱਛਮੀ ਪੰਜਾਬ ਵਿਚੋਂ ਉਜੜ ਕੇ ਪੂਰਬੀ ਪੰਜਾਬ ਆਏ ਸਨ, ਉਸ ਸਮੇ ਵੀ ਵਸਤਾਂ ਖ਼ਰੀਦਣ ਲਈ ਏਨੀ ਭਾਜੜ ਨਹੀਂ ਸੀ ਪਈ। ਮੇਰੀ ਸੰਭਾਲ਼ ਵਿਚ ੧੯੫੫ ਵਾਲ਼ੇ ਸਾਲ ਬਹੁਤ ਵੱਡੇ ਹੜ ਪੰਜਾਬ ਵਿਚ ਆਏ ਸਨ। ਬਹੁਤ ਲੋਕਾਂ ਦਾ ਸਾਰਾ ਕੁਝ ਰੁੜ੍ਹ ਗਿਆ ਸੀ। ਮੈਂ ਉਸ ਸਮੇ ਤਰਨ ਤਾਰਨ ਦੇ ਖ਼ਾਲਸਾ ਪ੍ਰਚਾਰਕ ਵਿਦਿਆਲੇ ਵਿਚ ਵਿਦਿਆਰਥੀ ਸਾਂ। ਪੰਜਾਹਵਿਆਂ ਵਾਲ਼ੇ ਦਹਾਕੇ ਦੌਰਾਨ, ਅੱਜ ਵਾਂਗ ਪੰਜਾਬ ਵਿਚ ਅਨਾਜ ਤੇ ਹੋਰ ਲੋੜੀਂਦੀਆਂ ਵਸਤਾਂ ਦੀ ਬਹੁਲਤਾ ਨਹੀਂ ਸੀ ਹੁੰਦੀ। ਆਟਾ, ਕੱਪੜਾ, ਖੰਡ, ਮਿੱਟੀ ਦਾ ਤੇਲ ਆਦਿ ਪਰਮਿਟ ਉਪਰ ਸੀਮਤ ਮਾਤਰਾ ਵਿਚ ਮਿਲ਼ਿਆ ਕਰਦੇ ਸਨ। ਸ਼ਹਿਰਾਂ ਵਿਚ ਹਫਤੇ ਦਾ ਜਿੰਨਾ ਆਟਾ ਪਰਮਟ ਉਪਰ ਮਿਲ਼ਦਾ ਸੀ ਉਸ ਨਾਲ਼ ਸੱਤ ਦਿਨ ਗੁਜ਼ਾਰਾ ਨਹੀਂ ਸੀ ਹੁੰਦਾ। ਕੋਈ ਪਰਾਹੁਣਾ ਆ ਜਾਵੇ ਤਾਂ ਘਰਦਿਆਂ ਨੂੰ ਅੱਧ ਭੁੱਖੇ ਰਹਿਣਾ ਪੈਂਦਾ ਸੀ। ਬਾਜ਼ਾਰ ਵਿਚੋਂ ਮਕਈ ਦਾ ਆਟਾ ਜਾਂ ਚੌਲ਼ ਵਗੈਰਾ ਲਿਆ ਕੇ ਡੰਗ ਸਾਰਿਆ ਜਾਂਦਾ ਸੀ। ਪੰਜਾਬ ਵਿਚ ਅਨਾਜ ਦੀ ਬਹੁਲਤਾ ਵਿਚ ਜ਼ਮੀਨ ਦੀ ਮੁਰੱਬਾਬੰਦੀ, ਮਸ਼ੀਨਰੀ, ਖਾਦਾਂ, ਸਪਰੇਆਂ, ਲੁਧਿਆਣਾ ਯੂਨੀਵਰਸਿਟੀ ਵੱਲੋਂ ਕੀਤੀਆਂ ਗਈਆਂ ਕਣਕ ਦੇ ਨਵੇਂ ਬੀਆਂ ਦੀਆਂ ਖੋਜਾਂ ਕਰਕੇ,  ਦੀ ਹਾੜੀ ਦੀ ਫਸਲ ਤੋਂ ਲੋੜੋਂ ਵਧ ਅਨਾਜ ਪੈਦਾ ਹੋਣਾ ਸ਼ੁਰੂ ਹੋਇਆ ਤੇ ਏਨਾ ਹੋਇਆ ਕਿ ਭੰਡਾਰ ਕਰਨ ਲਈ ਗੁਦਾਮ ਨਹੀਂ ਸਨ ਮਿਲ਼ੇ। ਸਕੂਲ ਬੰਦ ਕਰਕੇ ਉਹਨਾਂ ਵਿਚ ਕਣਕ ਦੇ ਅੰਬਾਰ ਲਗਾਏ ਗਏ ਸਨ।
ਉਸ ਤੰਗੀ ਦੇ ਸਮੇ ਵਿਚ ਵੀ ਗੁਰਦੁਆਰਾ ਸਾਹਿਬਾਨ ਦੇ ਲੰਗਰ ਬੰਦ ਹੁੰਦੇ ਨਹੀਂ ਸਨ ਸੁਣੇ। ਤਰਨ ਤਾਰਨ ਦੇ ਲੰਗਰ ਵਿਚ ਰਾਸ਼ਨ ਦੀ ਕਮੀ ਕਾਰਨ ਹਰੇਕ ਵਿਅਕਤੀ ਦੇ ਹੱਥ ਉਪਰ ਦੋ ਪ੍ਰਸ਼ਾਦੇ ਅਤੇ ਉਹਨਾਂ ਉਪਰ ਖਿੱਚੜ ਦਾ ਇਕ ਵੱੱਡਾ ਕੜਛਾ ਪਾ ਕੇ ਛਕਾਇਆ ਜਾਂਦਾ ਸੀ। ਇਸ ਦੇ ਉਲ਼ਟ ਅੱਜ ਆਸਟ੍ਰੇਲੀਆ ਦੇ ਕੁਝ ਗੁਰੂ ਘਰਾਂ ਦੇ ਸਟੋਰਾਂ ਵਿਚ ਲੋੜੋਂ ਵਧ, ਖਰਾਬ ਹੋਣ ਵਾਸਤੇ ਰਾਸ਼ਨ ਪਿਆ ਹੋਣ ਦੇ ਬਾਵਜੂਦ, ਲੰਗਰ ਬੰਦ ਕਰ ਦਿੱਤਾ ਗਿਆ ਹੈ। ਇਸ ਦੀ ਸਮਝ ਨਹੀਂ ਆਈ ਕਿ ਕਿਉਂ! ਜੇਕਰ ਸਰਕਾਰ ਵੱਲੋਂ ਅਜੇ ਲੰਗਰ ਬੰਦ ਕਰਨ ਦਾ ਹੁਕਮ ਨਹੀਂ ਆਇਆ ਤਾਂ ਕਿਸ ਮਜਬੂਰੀ ਕਾਰਨ ਅਜਿਹਾ ਹੋਇਆ ਹੈ! ਹਾਲਾਂ ਕਿ ਰੈਸਟੋਰੈਂਟ ਸਾਰੇ ਚੱਲ ਰਹੇ ਹਨ। ਉਹਨਾਂ ਦੇ ਮੁਕਾਬਲੇ ਗੁਰੂ ਕੇ ਲੰਗਰਾਂ ਵਿਚ ਕਿੰਨੀ ਸੁੱਚਮ ਅਤੇ ਸਫਾਈ ਹੁੰਦੀ ਹੈ। ਹਰੇਕ ਸੇਵਾਦਾਰ ਸਿਰ ਢੱਕ ਕੇ ਹੱਥ ਸੁੱਚੇ ਕਰ ਕੇ ਲੰਗਰ ਵਿਚ ਸੇਵਾ ਕਰਦਾ ਹੈ। ਇਸ ਲਈ ਇਸ ਪੱਖੋਂ ਤਾਂ ਖ਼ਤਰੇ ਵਾਲ਼ੀ ਗੱਲ ਕੋਈ ਨਹੀਂ। ਜੇਕਰ ਫੇਰ ਵੀ ਸਫਾਈ ਵਿਚ ਕੋਈ ਕਮੀ ਦਿਸੇ ਤਾਂ ਉਹ ਵੀ ਦੂਰ ਕੀਤੀ ਜਾ ਸਕਦੀ ਹੈ। ਜੇਕਰ ਲੰਗਰ ਹਾਲ ਵਿਚ ਬੈਠ ਕੇ ਛਕਣ ਬਾਰੇ ਕੋਈ ਸ਼ੰਕਾ ਹੋਵੇ ਤਾਂ ਗੁਰਦੁਆਰਾ ਸਾਹਿਬ ਦੇ ਖੁੱਲ੍ਹੇ ਮੈਦਾਨ ਵਿਚ ਵੀ ਲੰਗਰ ਵਰਤਾਇਆ ਜਾ ਸਕਦਾ ਹੈ।
ਸਾਡਾ ਇਤਿਹਾਸ ਤਾਂ ਦੱਸਦਾ ਹੈ ਕਿ ਜਦੋਂ ਸੋਹਲਵੀ ਸਦੀ ਦੇ ਅਖੀਰਲੇ ਸਾਲਾਂ ਵਿਚ, ਪੰਜਾਬ ਵਿਚ ਪਲੇਗ ਪਈ ਸੀ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਮੇਤ ਸਿੱਖਾਂ ਦੇ, ਅੰਮ੍ਰਿਤਸਰੋਂ ਲਾਹੌਰ ਜਾ ਕੇ ਭੁੱਖਿਆ ਵਾਸਤੇ ਲੰਗਰ ਲਾਇਆ, ਜਦੋਂ ਮਾਵਾਂ ਪੁੱਤ ਨਹੀਂ ਸਨ ਸੰਭਾਲਦੀਆਂ ਅਤੇ ਰਿਸ਼ਤੇਦਾਰ ਬੀਮਾਰੀ ਵਿਚ ਪਰਵਾਰ ਦੇ ਤੜਫਦੇ ਜੀਆਂ ਨੂੰ ਛੱਡ ਛੱਡ ਭੱਜ ਰਹੇ ਸਨ, ਅਜਿਹੇ ਸਮੇ ਪਲੇਗ ਦਾ ਸ਼ਿਕਾਰ ਬਣ ਚੁੱਕਿਆਂ ਦੇ ਸਸਕਾਰ ਅਤੇ ਜੀਂਦੇ ਰੋਗੀਆਂ ਦਾ ਇਲਾਜ ਕਰਨਾ ਸ਼ੁਰੂ ਕਰ ਦਿੱਤਾ ਸੀ। ਫਿਰ ਸ੍ਰੀ ਗੁਰੂ ਹਰਿ ਕਿਸ਼ਨ ਸਾਹਿਬ ਜੀ ਨੇ ਦਿੱਲੀ ਵਿਚ ਸਮਾਲਪੌਕਸ (ਮਾਤਾ) ਦੀ ਵਬਾ ਫੈਲਣ ਸਮੇ, ਦਿੱਲੀ ਜਾ ਕੇ ਡੇਰਾ ਲਾਇਆ ਤੇ ਦੁਖੀਆਂ ਦੀ ਸੇਵਾ ਕੀਤੀ ਸੀ। ਸਿੱਖਾਂ ਨੂੰ ਆਪਣੀ ਪ੍ਰੰਪਰਾ ਅਤੇ ਸਿੱਖ ਧਰਮ ਦੀ ਸਿੱਖਿਆ ਅਨੁਸਾਰ, ਇਸ ਬਿਪਤਾ ਵਿਚ, ਵੱਸ ਲੱਗਦੀ ਸੇਵਾ ਜਾਰੀ ਰੱਖਣੀ ਚਾਹੀਦੀ ਹੈ। ਇਸ ਸਮੇ ਅਸੀਂ ਆਪਾ ਧਾਪੀ ਪਾ ਦਿਤੀ ਹੈ, ਇਸ ਸਮੇ ਗੁਰੂ ਕੇ ਲੰਗਰ ਹਰੇਕ ਪਰਾਣੀ ਮਾਤਰ ਲਈ ਚੱਲਦੇ ਰੱਖਣੇ ਚਾਹੀਦੇ ਹਨ। ਲੰਗਰ ਵੀ ਅੱਤ ਸਾਦਾ, ਪ੍ਰਸ਼ਾਦੇ, ਦਾਲ਼ਾ ਅਤੇ ਚਾਹ ਦੇ ਕੱਪ/ਗਲਾਸ ਦਾ ਹੋਣਾ ਚਾਹੀਦਾ ਹੈ। ਇਹ ਬਿਪਤਾ ਦਾ ਸਮਾ ਲੰਘ ਜਾਣ ਪਿੱਛੋਂ ਭਾਵੇਂ ਜਿੰਨਾ ਮਰਜੀ ਵਧੇਰੇ ਪਦਾਰਥਾਂ ਵਾਲ਼ਾ ਲੰਗਰ ਸ਼ੁਰੂ ਕਰ ਲਿਆ ਜਾਵੇ। ਅਜੇ ਦਾਲ਼, ਪ੍ਰਸ਼ਾਦਾ ਅਤੇ ਚਾਹ ਦਾ ਲੰਗਰ ਹੀ ਹੋਵੇ।
ਪਹਿਲੀ ਤੇ ਗੱਲ ਇਹ ਹੈ ਕਿ ਅਜੇ ਗੁਰਦੁਆਰਾ ਸਾਹਿਬਾਨ ਦੇ ਸਟੋਰਾਂ ਵਿਚ ਰਾਸ਼ਨ ਕਾਫੀ ਹੈ। ਫਿਰ ਵੀ ਲੋੜ ਪੈਣ 'ਤੇ ਗੁਰਮੁਖ ਪਿਆਰੇ ਗਰੇਵਾਲ਼ ਭਰਾਵਾਂ ਨਾਲ਼ ਸੰਪਰਕ ਕਰਕੇ, ਹਰੇਕ ਗੁਰਦੁਆਰੇ ਦੇ ਜੁੰਮੇਵਾਰ ਅਹੁਦੇਦਾਰ ਵੱਲੋਂ ਬੇਨਤੀ ਕਰਨੀ ਚਾਹੀਦੀ ਹੈ। ਗਰੇਵਾਲ ਭਰਾ, ਜਿਸ ਗੁਰਦੁਆਰਾ ਸਾਹਿਬ ਵੱਲੋਂ ਬੇਨਤੀ ਆਵੇ ਉਹਨਾਂ ਨੂੰ ਪਹਿਲ ਦੇ ਆਧਾਰ ਉਪਰ ਰਾਸ਼ਨ ਭੇਜਣ। ਇਹ ਰਾਸ਼ਨ ਸਬੰਧਤ ਗੁਰਦੁਆਰਾ ਸਾਹਿਬ ਦੇ ਖ਼ਜ਼ਾਨੇ ਵਿਚੋਂ ਪੂਰਾ ਮੁੱਲ ਦੇ ਕੇ ਖ਼ਰੀਦਿਆ ਜਾਵੇ। ਆਪਣੀ ਸ਼ਰਧਾ ਨਾਲ਼ ਗਰੇਵਾਲ ਭਰਾ ਭੇਟਾ ਜਿੰਨਾ ਮਰਜੀ ਕਰਨ, ਕੋਈ ਰੁਕਾਵਟ ਨਹੀਂ ਪਰ ਜੋ ਆਰਡਰ ਦੇ ਕੇ ਮੰਗਵਾਇਆ ਜਾਵੇ ਉਸ ਦੀ ਓਸੇ ਸਮੇ ਪੇਮੈਂਟ ਕੀਤੀ ਜਾਵੇ। ਗੁਰੂ ਕੇ ਖ਼ਜ਼ਾਨੇ ਵਿਚ ਕਿਸੇ ਗੱਲ ਦੀ ਤੋਟ ਨਹੀਂ।
ਇਸ ਤੋਂ ਇਲਾਵਾ ਗੁਰੂ ਘਰਾਂ ਦੀਆ ਸਟੇਜਾਂ ਤੋਂ ਹਮੇਸ਼ਾਂ ਚੜ੍ਹਦੀ ਕਲਾ ਵਾਲ਼ਾ ਸੁਨੇਹਾ ਹੀ ਸੰਗਤਾਂ ਨੂੰ ਦਿਤਾ ਜਾਵੇ। ਢਹਿੰਦੀ ਕਲਾ ਦਰਸਾਉਣ ਲਈ ਮੀਡੀਆ ਲੋੜੋਂ ਵਧੇਰੇ ਮੌਜੂਦ ਹੈ। ਯਾਦ ਰਹੇ:
ਜਬ ਉਦਕਰਖ ਕਰਾ ਕਰਤਾਰਾ॥
ਪਰਜਾ ਧਰਤ ਤਬ ਦੇਹ ਆਪਾਰਾ॥
ਜਬ ਆਕਰਖ ਕਰਤ ਹੋ ਕਬਹੂੰ॥
ਤੁਮ ਮੈ ਮਿਲਤ ਦੇਹ ਧਰ ਸਭਹੂੰ॥
ਉਹ "ਤੁਮ ਮੈਂ ਮਿਲਤ ਦੇਹ ਧਰ ਸਭਹੂੰ" ਵਾਲਾ ਸਮਾ, ਯਕੀਨ ਕਰੋ, ਅਜੇ ਨਹੀਂ ਆਇਆ।
ਬਿਪਤਾਵਾਂ ਸੰਸਾਰ ਵਿਚ ਆਉਂਦੀਆਂ ਰਹਿੰਦੀਆਂ ਨੇ ਤੇ ਜਾਂਦੀਆਂ ਵੀ ਰਹਿੰਦੀਆਂ ਨੇ। ਅਜਿਹੇ ਬਿਪਤਾ ਦੇ ਸਮੇ ਜੋ ਆਪਣੇ ਰੱਬ ਉਪਰ ਭਰੋਸਾ ਰੱਖ ਕੇ ਅਡੋਲ ਰਿਹਾ ਤੇ ਵੱਸ ਲੱਗਦਾ ਉੱਦਮ ਵੀ ਕਰਦਾ ਰਿਹਾ, ਉਹ ਹੀ, "ਸੋਈ ਮਰਦੁ ਮਰਦੁ ਮਰਦਾਨਾ॥" (੧੦੮੪) ਗੁਰੂ ਕਾ ਅਸਲੀ ਸਿੱਖ ਸਮਝਿਆ ਜਾਵੇਗਾ।
ਉਪਰ ਲਿਖੇ ਦਾ ਮਤਲਬ ਇਹ ਨਹੀ ਕਿ ਅਸੀਂ ਹੱਥ 'ਤੇ ਹੱਥ ਧਰ ਕੇ ਬੈਠੇ ਰਹੀਏ ਤੇ ਬਿੱਲੀ ਵੇਖ ਕੇ ਕਬੂਤਰ ਦੇ ਅੱਖਾਂ ਮੀਟਣ ਵਾਂਗ, ਆਸ ਰੱਖੀਏ ਕਿ ਆਪੇ ਬਿੱਲੀ ਭੱਜ ਜਾਵੇਗੀ; ਬਲਕਿ ਜੋ ਸਾਡੇ ਵੱਸ ਹੈ, ਡਾਕਟਰਾਂ ਅਤੇ ਅਧਿਕਾਰੀਆਂ ਦੀਆਂ ਹਿਦਾਇਤਾਂ ਅਨੁਸਾਰ, ਵੱਸ ਲੱਗਦਾ ਜਤਨ ਜਾਰੀ ਰੱਖੀਏ ਤੇ ਹਿਦਾਇਤਾਂ ਉਪਰ ਅਮਲ ਕਰੀਏ। ਬੇਲੋੜੇ ਭੈ ਤੋਂ ਮੁਕਤ ਰਹੀਏ। ਰੱਬ ਨੇ ਇਸ ਦੁਨੀਆਂ ਵਿਚ ਸਾਨੂੰ ਭੇਜਣ ਤੋਂ ਪਹਿਲਾਂ ਸਾਡੇ ਵਿਚ ਗਿਣ ਕੇ ਸਵਾਸ ਪਾਏ ਸਨ ਜੋ ਅਸਾਂ ਪੂਰੇ ਦੇ ਪੂਰੇ ਲੈਣੇ ਹੀ ਹਨ ਤੇ, "ਸਿਰਿ ਸਿਰਿ ਰਿਜਕੁ ਸੰਬਾਹੇ ਠਾਕੁਰੁ ਕਾਹੇ ਮਨ ਭਉ ਕਰਿਆ॥" (੧੦) ਅਨੁਸਾਰ, ਭੋਜਨ ਵੀ ਸਾਡਾ ਸਾਨੂੰ ਮਿਲ਼ ਹੀ ਜਾਣਾ ਹੈ। ਅਸੀਂ ਦੁਕਾਨਾਂ ਖਾਲੀ ਨਾ ਕਰੀਏ।
ਪਲੰਪਟਨ (ਮੈਲਬਰਨ) ਦੀ ਛਾਉਣੀ ਵਾਲ਼ੇ ਸਿੰਘਾਂ ਅਤੇ ਕੁਝ ਹੋਰ ਨੌਜਵਾਨ ਸਿੱਖ ਸੰਸਥਾਵਾਂ ਨੇ ਜੋ ਇਸ ਬਿਪਤਾ ਸਮੇ ਸੇਵਾ ਦਾ ਕਾਰਜ ਜਾਰੀ ਰੱਖਿਆ ਹੈ ਉਹਨਾਂ ਦੇ ਸ਼ਾਵਾਸ਼ੇ।
ਅੰਤ ਵਿਚ ਅਰਦਾਸ ਹੈ ਪ੍ਰਭੂ ਦੇ ਚਰਨਾਂ ਵਿਚ:
ਸਲੋਕ ਮ: ੫॥
ਸਭੇ ਜੀਅ ਸਮਾਲਿ ਅਪਣੀ ਮੇਹਰ ਕਰਿ॥
ਅੰਨੁ ਪਾਣੀ ਮੁਚੁ ਉਪਾਇ ਦੁਖ ਦਾਲਦੁ ਭੰਨਿ ਤਰੁ॥
ਅਰਦਾਸਿ ਸੁਣੀ ਦਾਤਾਰਿ ਹੋਈ ਸਿਸਟਿ ਠਰੁ॥
ਲੇਵਹੁ ਕੰਠਿ ਲਗਾਇ ਅਪਦਾ ਸਭ ਹਰੁ॥
ਨਾਨਕ ਨਾਮੁ ਧਿਆਇ ਪ੍ਰਭੁ ਕਾ ਸਫਲੁ ਘਰੁ॥੧॥    (੧੨੫੧)



ਐਡੀਲੇਡ ਦੀ ਯਾਤਰਾ:ਅਪ੍ਰੈਲ-ਮਈ 2021
ਸਾਊਥ ਆਸਟ੍ਰੇਲੀਆ ਦੀ ਰਾਜਧਾਨੀ ਐਡੀਲੇਡ ਦੇ ਨਾਂ ਤੋਂ ਤੇ ਭਾਵੇਂ ਮੈਂ ੧੯੭੯ ਦੀਆਂ ਗਰਮੀਆਂ ਦੇ ਸਮੇ ਦੌਰਾਨ ਸਿੰਘਾਪੁਰ ਤੋਂ ਹੀ ਜਾਣੂ ਹੋ ਗਿਆ ਸਾਂ ਪਰ ਯਾਤਰਾ ਆਸਟ੍ਰੇਲੀਆ ਦੇ ਇਸ ਖ਼ੂਬਸੂਰਤ ਦੱਖਣੀ ਸ਼ਹਿਰ ਦੀ ਕਰਨ ਦਾ ਸੁਭਾਗ, ਅਪ੍ਰੈਲ ੧੯੮੮ ਵਿਚ ਹੋਇਆ। ਇਸ ਯਾਤਰਾ ਦੀ ਗੱਲ ਮੈਂ ਅੱਗੇ ਜਾ ਕੇ ਕਰੂੰਗਾ, ਪਹਿਲਾਂ ਸਿੰਘਾਪੁਰ ਵਾਲ਼ੀ ਗੱਲ ਪੂਰੀ ਕਰ ਲਵਾਂ। ਸਬੱਬ ਇਹ ਇਉਂ ਬਣਿਆ ਕਿ ਦੱਖਣੀ ਏਸ਼ੀਆ ਦੇ ਮੁਲਕਾਂ ਦੀ ਯਾਤਰਾ ਦੌਰਾਨ ਮੈਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਸਿੰਘਾਪੁਰ ਦੇ ਦਫ਼ਤਰ ਵਿਚ ਕੁਝ ਸੱਜਣਾਂ ਨਾਲ਼ ਵਾਰਤਾਲਾਪ ਕਰ ਰਿਹਾ ਸਾਂ ਕਿ ਇਕ ਚਿੱਟੀ ਦਾਹੜੀ, ਜੇਹੜੀ ਸੋਹਣੀ ਤਰ੍ਹਾਂ ਸੰਤੋਖੀ ਹੋਈ ਸੀ, ਅਤੇ ਚਿੱਟੇ ਝੱਗੇ ਪਜਾਮੇ ਅਤੇ ਚਿੱਟੀ ਹੀ ਦਸਤਾਰ ਵਿਚ ਸਜੇ ਹੋਏ ਸੱਜਣ ਆਏ। ਉਹਨਾਂ ਨੇ ਖ਼ਜਾਨਚੀ ਨੂੰ ਕੁਝ ਮਾਇਆ ਦਿਤੀ ਅਤੇ ਰਸੀਦ ਪ੍ਰਾਪਤ ਕੀਤੀ। ਪਤਾ ਲੱਗਾ ਕਿ ਇਹ ਸੁਘੜ ਸੱਜਣ ਸਿੰਘਾਪੁਰ ਤੋਂ ਪ੍ਰਕਾਸ਼ਤ ਹੋ ਰਹੇ ਪੰਜਾਬੀ ਅਖ਼ਬਾਰ ਨਵਜੀਵਨ ਦੇ ਮਾਲਕ/ਸੰਪਾਦਕ ਸ. ਦੀਵਾਨ ਸਿੰਘ ਰੰਧਾਵਾ ਜੀ ਹਨ। ਇਹ ਗੁਰਦੁਆਰਾ ਸਾਹਿਬ ਨੂੰ ਭੇਟਾ ਕੀਤੀ ਜਾਣ ਵਾਲ਼ੀ ਮਾਇਆ, ਉਹਨਾਂ ਦੇ ਸਪੁਤਰ ਸ. ਅਜਮੇਰ ਸਿੰਘ ਰੰਧਾਵਾ ਜੀ ਨੇ, ਜੋ ਉਹਨਾਂ ਵੱਲੋਂ ਕਰਵਾਏ ਗਏ ਧਾਰਮਿਕ ਸਮਾਗਮ ਸਮੇ ਇਕੱਤਰ ਹੋਈ ਸੀ, ਐਡੀਲੇਡ ਤੋਂ ਭੇਜੀ ਹੈ। ਮਾਇਆ ਵਾਲ਼ੀ ਰਸੀਦ ਉਪਰ ਜੇਹੜਾ ਸਿਰਨਾਵਾਂ ਸੀ ਉਸ ਵਿਚ ਐਡੀਲੇਡ ਸ਼ਹਿਰ ਦਾ ਨਾਂ ਲਿਖਿਆ ਹੋਇਆ ਮੈਂ ਪੜ੍ਹ ਲਿਆ ਤੇ ਆਪਣੀ ਯਾਦ ਦੇ ਵਿਚੇ ਵਿਚ ਘੋਟਾ ਵੀ ਲਾ ਲਿਆ ਤਾਂ ਕਿ ਜੇ ਕਦੀ ਐਡੀਲੇਡ ਦਾ ਚੱਕਰ ਲੱਗੇ ਤਾਂ ਓਥੇ ਇਸ ਚੰਗੇ ਵਿਅਕਤੀ ਦੇ ਵੀ ਦਰਸ਼ਨ ਕੀਤੇ ਜਾ ਸਕਣ।
ਘੁੰਮਦੇ ਘੁੰਮਾਉਂਦੇ ੨੫ ਅਕਤੂਬਰ ੧੯੭੯ ਵਾਲ਼ੇ ਦਿਨ, ਆਸਟ੍ਰੇਲੀਆ ਦੇ ਸਭ ਤੋਂ ਵੱਡੇ ਸ਼ਹਿਰ ਸਿਡਨੀ ਸ਼ਹਿਰ ਵਿਚ ਆ ਉਤਾਰਾ ਕੀਤਾ। ਏਥੇ ਆ ਕੇ ਕੀ ਕੀ ਪਾਪੜ ਵੇਲ਼ੇ! ਇਹਨਾਂ ਦਾ ਜ਼ਿਕਰ ਪ੍ਰਸੰਗ ਵੱਸ ਕਈ ਲੇਖਾਂ ਵਿਚ ਸਮੇ ਸਮੇ ਆ ਚੁੱਕਾ ਹੈ। ਕਰਦੇ ਕਰਾਉਂਦੇ ੧੯੮੮ ਆ ਗਿਆ। ਐਡੀਲੇਡ ਦੇ ਸਿੱਖਾਂ ਵੱਲੋਂ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਸਿਡਨੀ ਦੀ ਕਮੇਟੀ ਨੂੰ ਸੱਦਾ ਆਇਆ ਕਿ ਓਥੇ ਪਹਿਲੇ ਅਖੰਡ ਪਾਠ ਦੇ ਭੋਗ ਉਪ੍ਰੰਤ, ਪਹਿਲੇ ਹੀ ਗੁਰਦੁਆਰੇ ਦਾ ਉਦਘਾਟਨ ਹੋਣਾ ਹੈ। ਉਸ ਵਿਚ ਸ਼ਾਮਲ ਹੋਣ ਲਈ ਆਇਆ ਜਾਵੇ। ਉਸ ਸਮੇ ਕਮੇਟੀ ਵਿਚ ਮੈਂ ਹੀ ਇਕੱਲਾ ਵੇਹਲਾ ਮੈਂਬਰ ਸੀ ਤੇ ਇਸ ਲਈ ਓਥੇ ਜਾਣ ਲਈ ਗੁਣਾ ਮੇਰੇ ਉਪਰ ਹੀ ਪਿਆ।
ਮੈਂ ਬੱਸ ਰਾਹੀਂ ਡੇਢ ਹਜਾਰ ਕਿਲੋਮੀਟਰ ਦਾ ਸਫ਼ਰ ਕਰਕੇ, ਦੱਖਣੀ ਆਸਟ੍ਰੇਲੀਆ ਦੀ ਰਾਜਧਾਨੀ, ਐਡੀਲੇਡ ਪਹੁੰਚ ਗਿਆ। ਅੱਗੋਂ ਓਥੋਂ ਦੇ ਸਿੱਖਾਂ ਦੇ ਮੁਖੀ ਸ. ਮਹਾਂਬੀਰ ਸਿੰਘ ਗਰੇਵਾਲ ਨੇ ਮੈਨੂੰ ਬੱਸ ਅੱਡੇ ਤੋਂ ਚੁੱਕਿਆ ਤੇ ਆਪਣੇ ਘਰ ਲੈ ਗਏ। ਸਰਦਾਰਨੀ ਬਲਬੀਰ ਕੌਰ ਗਰੇਵਾਲ ਨੌਕਰੀ 'ਤੇ ਗਏ ਹੋਣ ਕਰਕੇ ਸਰਦਾਰ ਗਰੇਵਾਲ ਜੀ ਨੇ ਖ਼ੁਦ ਹੀ ਮੈਨੂੰ ਚਾਹ ਨਾਲ਼ ਸੈਂਡਵਿਚ ਬਣਾ ਕੇ ਛਕਾਇਆ ਤੇ ਮੇਰੀਆਂ ਅੱਖਾਂ ਖੁਲ੍ਹੀਆਂ।
ਓਥੇ, ਐਡੀਲੇਡ ਵਿਚ, ਤਿੰਨ ਦਿਨ ਅਖੰਡ ਪਾਠ ਸਾਹਿਬ ਜੀ ਦੀ ਸੇਵਾ ਦਾ ਪ੍ਰਬੰਧ ਕੀਤਾ। ਭੋਗ ਪਿੱਛੋਂ ਗੁਰਦੁਆਰਾ ਸਾਹਿਬ ਦਾ ਉਦਘਾਟਨ ਹੋਇਆ। ਆਸਟ੍ਰੇਲੀਆ ਦੀਆਂ ਸਿੱਖ ਖੇਡਾਂ ਦਾ ਆਰੰਭ ਹੋਇਆ, ਜੇਹੜੀਆਂ ਓਦੋਂ ਤੋਂ ਲੈ ਕੇ, ਹੁਣ ਤੱਕ, ਹਰੇਕ ਸਾਲ ਵਾਰੀ ਵਾਰੀ ਆਸਟ੍ਰੇਲੀਆ ਦੇ ਕਿਸੇ ਨਾ ਕਿਸੇ ਸ਼ਹਿਰ ਵਿਚ ਹੁੰਦੀਆਂ ਹਨ। ਖੇਡਾਂ ਤੋਂ ਇਲਾਵਾ ਯੂਨੀਵਰਸਿਟੀ ਦੇ ਆਡੀਟੋਰੀਅਮ ਵਿਚ 'ਸਿੱਖ ਫੋਰਮ', ਜੋ ਕਿ ਇਹਨਾਂ ਖੇਡਾਂ ਦਾ ਇਕ ਖਾਸ ਹਿੱਸਾ ਹੈ, ਵੀ ਸਫ਼ਲਤਾ ਸਹਿਤ ਹੋਇਆ। ਰਾਤ ਨੂੰ ਸਭਿਆਚਾਰਕ ਪ੍ਰੋਗਰਾਮ ਵਿਚ ਵੀ ਸ਼ਾਮਲ ਹੋ ਕੇ, ਸਾਰੇ ਸੱਜਣਾਂ ਨੇ ਖ਼ੁਸ਼ੀਆਂ ਸਾਂਝੀਆਂ ਕੀਤੀਆਂ।
ਅਪ੍ਰੈਲ ੧੯੮੮ ਗਿਆ ਤੇ ਮਾਰਚ ੨੦੨੧ ਆਇਆ। ਇਸ ਦੌਰਾਨ ਕਈ ਚੱਕਰ ਰਾਜਧਾਨੀ ਐਡੀਲੇਡ ਸ਼ਹਿਰ ਸਮੇਤ ਸਾਊਥ ਆਸਟ੍ਰੇਲੀਆ ਦੇ ਲੱਗੇ ਜਿਨ੍ਹਾਂ ਦੀ ਗਿਣਤੀ ਇਸ ਵੇਲ਼ੇ ਯਾਦ ਨਹੀਂ ਰਹੀ। ਇਸ ਵਾਰੀਂ ਵਾਹਵਾ ਸਮਾ ਰਹਿੰਦਿਆਂ ਹੀ ਐਡੀਲੇਡ ਤੋਂ ਸੂਝਵਾਨ ਸੱਜਣ, ਰੋਜ਼ਾਨਾ ਅਜੀਤ ਦੇ ਪੱਤਰਕਾਰ, ਸ. ਗੁਰਮੀਤ ਸਿੰਘ ਵਾਲ਼ੀਆ ਜੀ ਦਾ ਫ਼ੋਨ ਆਇਆ ਕਿ ੨੧ ਅਪ੍ਰੈਲ ਤੋਂ ੩ ਮਈ ਤੱਕ ਦਾ ਸਮਾ, ਵੈਸਾਖੀ ਨਾਲ਼ ਸਬੰਧਤ ਧਾਰਮਿਕ ਕਾਰਜਾਂ ਵਿਚ ਹਿੱਸਾ ਲੈਣ ਲਈ, ਮੈਂ ਉਹਨਾਂ ਵਾਸਤੇ ਰੱਖਾਂ। ਖਿੱਚ ਤੇ ਮੇਰੀ ਸਾਲਾਨਾ ਸਿੱਖ ਖੇਡਾਂ ਸਮੇ ਪਰਥ ਜਾਣ ਦੀ ਸੀ ਪਰ ਉਹਨਾਂ ਵੱਲੋਂ ਅਜੇ ਕੱਚ/ਪੱਕ ਹੋਣ ਕਰਕੇ ਏਧਰ ਐਡੀਲੇਡ ਹਾਜਰ ਹੋਣ ਦੀ ਹਾਂ ਹੋ ਗਈ। ਪਿਛਲੇ ਸਾਲ ਵੀ ਪਰਥ ਵਿਚ ਖੇਡਾਂ ਹੋਣੀਆਂ ਸਨ ਪਰ ਕਰੋਨਾ ਦੇ ਕਹਿਰ ਕਰਕੇ ਨਾ ਹੋ ਸਕੀਆਂ, ਇਸ ਲਈ ਇਸ ਵਾਰੀ ਵੀ ਕੰਮ ਕੁਝ ਭੰਬਲ਼ਭੂਸੇ ਜਿਹੇ ਵਿਚ ਹੀ ਸੀ। ਅਖੀਰ ਸਿਆਣੇ ਪ੍ਰਬੰਧਕਾਂ ਨੇ ਸਿਆਣਾ ਫੈਸਲਾ ਕਰ ਲਿਆ ਕਿ ਕਰੋਨੇ ਕਾਰਨ ਯਾਤਰਾ ਵਿਚ ਵਿਘਨ ਪੈਣ ਕਰਕੇ, ਹਰੇਕ ਸਟੇਟ ਆਪਣੀ ਆਪਣੀ ਰਾਜਧਾਨੀ ਵਿਚ, ਸਥਾਨਕ ਪਧਰ ਉਪਰ ਹੀ ਖੇਡਾਂ ਕਰਵਾ ਲੈਣ। ਮੈਨੂੰ ਪ੍ਰਬੰਧਕਾਂ ਵੱਲੋਂ ਸੱਦਾ ਆਇਆ 'ਸਿੱਖ ਫੋਰਮ' ਵਿਚ ਹਰੇਕ ਸਾਲ ਵਾਂਗ ਸਰਗਰਮ ਹਿੱਸਾ ਪਾਉਣ ਲਈ ਪਰ ਮੈ ਐਡੀਲੇਡ ਵਾਸਤੇ ਵਾਲੀਆ ਜੀ ਨਾਲ਼ ਪਹਿਲਾਂ ਇਕਰਾਰ ਕਰ ਚੁੱਕਾ ਸਾਂ।
ਸ. ਗੁਰਮੀਤ ਸਿੰਘ ਵਾਲੀਆ ਜੀ ਦੇ ਸੱਦੇ ਉਪਰ ੨੧ ਦੀ ਬਜਾਇ ੨੨ ਮਾਰਚ ਨੂੰ ਐਡੀਲੇਡ ਦੇ ਹਵਾਈ ਅੱੱਡੇ ਉਪਰ ਉਤਰਿਆ ਤਾਂ ਬਾਹਰ ਨਿਕਲਣ ਲਈ ਬਹੁਤ ਲੰਮੀ ਕਤਾਰ ਵਿਚ ਲੱਗਣਾ ਪਿਆ ਕਿਉਂਕਿ ਕਰੋਨਾ ਕਰਕੇ ਓਥੇ ਵਾਹਵਾ ਸਾਰੀ ਪੁੱਛ ਪੜਤਾਲ ਹੋ ਰਹੀ ਸੀ। ਜਦੋਂ ਮੇਰੀ ਵਾਰੀ ਆਈ ਤਾਂ ਮੇਰਾ ਵਾਹ ਇਕ ਕੁਝ ਕੁ ਵਡੇਰੀ ਉਮਰ ਦੀ ਮੇਮ ਬੀਬੀ ਨਾਲ਼ ਪਿਆ। ਉਸ ਨੇ ਜਦੋਂ ਇਹ ਪੁੱਛਿਆ ਕਿ ਕੀ ਮੇਰੇ ਕੋਲ਼ ਇਕ ਸਟੇਟ ਤੋਂ ਦੂਜੀ ਸਟੇਟ ਵਿਚ ਜਾਣ ਦੀ ਮਨਜ਼ੂਰੀ ਹੈ! ਤਾਂ ਮੇਰੀ ਤੇ ਖਾਨਿਉਂ ਗਈ! ਮੈਂ ਸੋਚਿਆ ਕਿ ਇਹ ਬੀਬੀ ਹੁਣ ਮੈਨੂੰ ਖੋਟੇ ਪੈਸੇ ਵਾਂਗ ਵਾਪਸ ਸਿਡਨੀ ਨੂੰ ਮੋੜੂਗੀ! ਮੈਂ ਕਿਹਾ ਕਿ ਮੈਨੂੰ ਨਹੀਂ ਪਤਾ ਉਹ ਕੀ ਹੁੰਦੀ ਹੈ! ਮੇਰੀ ਧੀ ਨੇ ਮੇਰੀ ਸੀਟ ਬੁੱਕ ਕੀਤੀ ਸੀ ਤੇ ਜੋ ਕੁਝ ਵੀ ਕਰਨਾ ਬਣਦਾ ਹੈ ਉਸ ਨੇ ਹੀ ਕੀਤਾ ਹੈ; ਮੈਨੂੰ ਇਸ ਬਾਰੇ ਕੁਝ ਨਹੀਂ ਪਤਾ। ਖੈਰ, ਉਸ ਸਿਆਣੀ ਅਤੇ ਹਮਦਰਦ ਮੇਮ ਨੇ ਮੇਰਾ ਮੋਬਾਇਲ ਵੇਖਿਆ ਤੇ ਕੁਝ ਸਵਾਲ ਪੁੱਛਣ ਪਿੱਛੋਂ ਮੈਨੂੰ ਇਕ ਪਰਚੀ ਜਿਹੀ ਫੜਾ ਕੇ ਤੇ ਇਹ ਕਹਿ ਕੇ ਤੋਰ ਦਿੱਤਾ ਕਿ ਇਹ ਪੁਲਿਸ ਵਾਲ਼ੇ ਨੂੰ ਵਿਖਾ ਕੇ ਬਾਹਰ ਨਿਕਲ਼ ਜਾਵੀਂ। ਇਉਂ ਹਵਾਈ ਅੱਡੇ ਤੋਂ ਮੇਰੀ ਬੰਦ ਖਲਾਸੀ ਹੋ ਗਈ।
ਹਵਾਈ ਅੱਡੇ ਤੋਂ ਬਾਹਰ ਨਿਕਲ਼ ਕੇ ਵਾਲੀਆ ਜੀ ਨੂੰ ਫ਼ੋਨ ਕੀਤਾ ਤੇ ਉਹ ਛੇਤੀ ਹੀ ਆ ਕੇ ਮੈਨੂੰ ਗੁਰਦੁਆਰਾ ਗੁਰੂ ਨਾਨਕ ਦਰਬਾਰ ਵਿਚ ਲੈ ਗਏ, ਜਿਥੇ ਸੁਖਮਨੀ ਸਾਹਿਬ ਜੀ ਦੇ ਪਾਠਾਂ ਦੀ ਲੜੀ ਚੱਲ ਰਹੀ ਸੀ। ਚੱਲ ਰਹੀ ਲੜੀ ਵਿਚ ਮੈਂ ਵੀ ਸ਼ਾਮਲ ਹੋ ਗਿਆ। ਪਹਿਲੇ ਪ੍ਰੋਗਰਾਮ ਦੀ ਸਮਾਪਤੀ ਪਿੱਛੋਂ, ੨੫ ਮਾਰਚ ਨੂੰ, ਬੱਸ ਰਾਹੀਂ ਰਿਵਰਲੈਂਡ ਨੂੰ ਜਾਣ ਦਾ ਵਿਚਾਰ ਬਣਾ ਲਿਆ। ਤੁਰਨ ਤੋਂ ਪਹਿਲਾਂ ਬਹੁਤ ਪੁਰਾਣੇ ਮਿੱਤਰ ਸ. ਕੁਲਦੇਵ ਸਿੰਘ ਨੂੰ ਰਿੰਗ ਕੀਤਾ ਪਰ ਉਹ ਨਾ ਮਿਲ਼ ਸਕੇ ਤੇ ਘਰੋਂ ਹੁੰਗਾਰਾ ਵੀ ਕੋਈ ਉਤਸ਼ਾਹਜਨਕ ਨਾ ਮਿਲਣ ਕਰਕੇ, ਇਕ ਹੋਰ ਪੁਰਾਣੇ ਮਿੱਤਰ ਰੈਨਮਾਰਕ ਵਾਸੀ ਸ. ਪਿਆਰਾ ਸਿੰਘ ਅਟਵਾਲ ਵੱਲ ਜਾਣ ਦਾ ਵਿਚਾਰ ਬਣਾ ਲਿਆ। ਮਨਪ੍ਰੀਤ ਸਿੰਘ ਦੇ ਨਾਲ਼ ਜਾ ਕੇ ਸ਼ਹਿਰੋਂ ਰੈਨਮਾਰਕ ਦੀ ਟਿਕਟ ਖ਼ਰੀਦ ਲਈ। ਅਗਲੇ ਦਿਨ ਬੱਸ ਵਿਚ ਬਹਿ ਕੇ ਰੈਨਮਾਰਕ ਵੱਲ ਚਾਲੇ ਪਾ ਦਿਤੇ। "ਅੰਨ੍ਹੇ ਕੁੱਤੇ ਹਰਨਾਂ ਦੇ ਸ਼ਿਕਾਰੀ" ਦੀ ਤਰਜ ਉਪਰ, ਸਦਾ ਵਾਂਗ ਅਜਿਹੀਆਂ ਯਾਤਰਾਵਾਂ ਲਈ, ਦੇਸ ਹੋਵੇ ਜਾਂ ਪਰਦੇਸ, ਤੁਰ ਪੈਣਾ ਤੇ ਮੇਰੀ ਮੁੱਢ ਦੀ ਵਾਦੀ ਹੈ। ਉਸ ਬੱਸ ਵਿਚ ਇਕ ਸਿੱਖ ਬੱਚੀ ਵੀ ਬੈਠੀ ਹੋਈ ਸੀ। ਮੇਰੀ ਨਿਸਚਿਤ ਸੀਟ ਲੱਭਣ ਵਿਚ ਮੈਨੂੰ ਕੁਝ ਭੰਬਲ਼ਭੂਸਾ ਜਿਹਾ ਪੈ ਜਾਣ ਕਰਕੇ ਉਸ ਬੱਚੀ ਨੇ ਮੇਰੀ ਸਹਾਇਤਾ ਕਰਨ ਸਮੇ ਜਦੋਂ ਪੰਜਾਬੀ ਬੋਲੀ ਤਾਂ ਸਾਡੀ ਗੱਲ ਬਾਤ ਸ਼ੁਰੂ ਹੋ ਗਈ। ਬੱਚੀ ਵੱਲੋਂ ਕਿੱਥੇ ਜਾਣਾ, ਕਿਉਂ ਜਾਣਾ, ਉਹਨਾਂ ਨੂੰ ਪਤਾ ਕਿ ਤੁਸੀਂ ਆ ਰਹੇ ਹੋ, ਉਹਨਾਂ ਦਾ ਫ਼ੋਨ ਨੰਬਰ ਹੈਗਾ ਤੁਹਾਡੇ ਕੋਲ਼ ਆਦਿ ਦੇ ਪੁੱਛ ਪੁਛੱਈਏ ਕਰਕੇ, ਉਸ ਬੱਚੀ ਨੂੰ ਮੇਰੀ 'ਹਾਲਤ' ਦਾ ਪਤਾ ਲੱਗ ਗਿਆ ਕਿ ਮੈਂ ਹਨੇਰੇ ਵਿਚ ਹੀ ਟੱਕਰਾਂ ਮਾਰ ਰਿਹਾਂ। ਜਦੋਂ ਰਾਤ ਦੇ ਹਨੇਰੇ ਵਿਚ ਬੱਸ ਬੈਰੀ ਟਾਊਨ ਜਾ ਕੇ ਰੁਕੀ ਤਾਂ ਅੱਗੋਂ ਪ੍ਰਕਾਸ਼ਤ ਦਾਹੜੇ ਵਾਲ਼ਾ ਨੌਜਵਾਨ, ਉਸ ਦਾ ਪਤੀ, ਉਸ ਨੂੰ ਲੈਣ ਵਾਸਤੇ ਆਇਆ ਹੋਇਆ ਸੀ। ਉਹ ਬੱਸ ਤੋਂ ਉਤਰ ਕੇ ਜਾ ਕੇ ਕਾਰ ਵਿਚ ਬੈਠ ਗਈ ਪਰ ਕੁਝ ਪਲ ਰੁਕ ਕੇ ਉਹ ਨੌਜਾਵਨ ਮੁੜ ਆਇਆ ਤੇ ਮੈਨੂੰ ਉਸ ਨੇ ਬੜਾ ਹੀ ਜੋਰ ਲਾਇਆ ਕਿ ਰਾਤ ਮੈਂ ਉਹਨਾਂ ਕੋਲ਼ ਰਹਾਂ ਤੇ ਸਵੇਰੇ ਮੈਂ ਜਿਥੇ ਜਾਣਾ ਹੋਵੇਗਾ, ਉਹ ਮੈਨੂੰ ਛੱਡ ਆਉਣਗੇ ਪਰ ਮੈਂ ਇਕੋ ਨੰਨਾ ਹੀ ਫੜੀ ਰੱਖਿਆ ਤੇ ਉਹਨਾਂ ਦੇ ਨਾਲ਼ ਨਾ ਹੀ ਗਿਆ। ਉਸ ਬੀਬੀ ਨੇ ਆਪਣੇ ਪਤੀ ਨੂੰ ਮੇਰੀ ਅਨਿਸਚਤ ਜਿਹੀ ਹਾਲਤ ਬਾਰੇ ਜਾ ਕੇ ਦੱਸਿਆ ਹੋਊਗਾ ਤਾਂ ਹੀ ਉਹ ਮੈਨੂੰ ਬੱਸੋਂ ਲਾਹ ਕੇ ਆਪਣੇ ਨਾਲ਼ ਖੜਨ ਲਈ ਆਇਆ। ਨਾ ਮੈਂ ਉਸ ਸੁਭਾਗੀ ਜੋੜੀ ਨੂੰ ਪਹਿਲਾਂ ਜਾਣਾ ਤੇ ਨਾ ਉਹ ਮੈਨੂੰ ਜਾਨਣ।
ਅਗਲਾ ਕਸਬਾ ਰੈਨਮਾਰਕ ਸੀ ਜਿੱਥੇ ਮੈਂ ਜਾਣਾ ਸੀ। ਓਥੇ ਨਾ ਕਿਸੇ ਨੂੰ ਪਤਾ ਕਿ ਮੈਂ ਆ ਰਿਹਾਂ ਤੇ ਨਾ ਹੀ ਕਿਸੇ ਦਾ ਮੇਰੇ ਕੋਲ਼ ਫ਼ੋਨ ਨੰਬਰ। ਜਿਸ ਦੇ ਘਰ ਐਡੀਲੇਡੋਂ ਤੁਰਨ ਤੋਂ ਪਹਿਲਾਂ ਰਿੰਗ ਕੀਤਾ ਸੀ, ਉਹ ਨੰਬਰ ਵੀ ਨਾਲ਼ ਨਾ ਚੁੱਕਿਆ। ਸੋਚ ਇਹ ਸੀ ਕਿ ਰੈਨਮਾਰਕ, ਜਿੱਥੇ ਦਰਿਆ ਦੇ ਕਿਨਾਰੇ ਜਾ ਕੇ ਬੱਸ ਰੁਕਣੀ ਹੈ, ਓਥੋਂ ਦੋ ਸੜਕਾਂ ਅਤੇ ਉਹਨਾਂ ਦੋਹਾਂ ਦੇ ਵਿਚਾਲ਼ੇ ਇਕ ਛੋਟਾ ਜਿਹਾ ਕਾਰ ਪਾਰਕਿੰਗ ਸਥਾਨ ਤੇ ਦੂਜੀ ਸੜਕ ਦੇ ਕਿਨਾਰੇ ਗੁਰਦੁਆਰਾ ਹੈ, ਤੇ ਗ੍ਰੰਥੀ ਗਿਆਨੀ ਹਰਦਿਆਲ ਸਿੰਘ ਜੀ ਗੁਰਦੁਆਰੇ ਵਿਚ ਹੋਣਗੇ ਹੀ। ਚੱਲ ਮੇਰੇ ਭਾਈ। ਹੋਰ ਕਿਸੇ ਗੱਲ ਬਾਰੇ ਫਿਕਰ ਕਰਨ ਦੀ ਕੀ ਲੋੜ! ਪਰ, "ਨਰੁ ਚਾਹਤ ਕਛੁ ਔਰ ਅਉਰੈ ਕੀ ਅਉਰੈ ਭਈ॥" ਪਹਿਲਾਂ ਤੇ ਬੱਸ ਨਿਸਚਤ ਸਮੇ ਤੋਂ ਕੁਝ ਲੇਟ ਹੋ ਗਈ। ਦੂਜਾ ਉਸ ਨੇ ਮੈਨੂੰ ਅਸਲੀ ਅੱਡੇ ਤੋਂ ਇਕ ਅੱਡਾ ਪਹਿਲਾਂ, ਸ਼ਹਿਰ ਦੇ ਸ਼ੁਰੂ ਵਿਚ ਹੀ ਉਤਾਰ ਦਿਤਾ। ਮੇਰੇ ਪੁੱਛਣ 'ਤੇ ਦੱਸਿਆ ਕਿ ਸ਼ਹਿਰ ਦੀ ਕਮੇਟੀ ਨੇ ਦਰਿਆ ਤੱਕ ਬੱਸ ਖੜਨੀ ਚਿਰੋਕਣੀ ਬੰਦ ਕੀਤੀ ਹੋਈ ਹੈ। ਚਾਰ ਚੁਫੇਰੇ ਹਨੇਰਾ। ਕੋਲ਼ ਮੇਰੇ, ਭਾਵੇਂ ਛੋਟਾ ਹੀ ਪਰ ਕਿਤਾਬਾਂ ਦਾ ਭਰਿਆ ਅਟੈਚੀ ਕੇਸ। ਡਰਾਈਵਰ ਦੇ ਦੱਸਣ ਅਨੁਸਾਰ ਮੈਂ ਗੁਰਦੁਆਰੇ ਨੂੰ ਜਾਣ ਵਾਲ਼ੀ ਸਿੱਧੀ ਸੜਕੇ ਪੈ ਗਿਆ। ਅਟੈਚੀ ਧੂੰਹਦਾ ਦਸ ਕੁ ਵਜੇ ਜਾ ਗੁਰਦੁਆਰੇ ਦਾ ਬਾਹਰਲਾ ਗੇਟ ਖੜਕਾਇਆ ਪਰ ਆਵਾਜ਼ ਕੋਈ ਨਾ ਅੰਦਰੋਂ ਆਈ। ਇਮਾਰਤ ਦੇ ਆਲ਼ੇ ਦੁਆਲ਼ੇ ਚੱਕਰ ਵੀ ਲਾਇਆ ਪਰ ਚੁੱਪਚਾਪ। ਆਵਾਜ਼ਾਂ ਦਿੱਤੀਆਂ ਰੌਲ਼ਾ ਬੜਾ ਪਾਇਆ ਪਰ ਕਿਸੇ ਨਾ ਮੇਰੀ ਹਾਮੀ ਭਰੀ। ਓਧਰੋਂ 'ਲਘੂਸ਼ੰਕਾ' ਆਖੇ ਕਿ ਮੈਂ ਵੀ ਅੱਜ ਹੀ ਆਪਣੀ ਮਹੱਤਤਾ ਵਿਖਾਉਣੀ ਹੈ। ਇਸ ਦਾ ਹੱਲ ਤਾਂ ਕੱਢਣਾ ਹੀ ਕੱਢਣਾ ਸੀ। ਇਸ ਤੋਂ ਬਿਨਾ ਹੋਰ ਚਾਰਾ ਕੋਈ ਨਹੀਂ ਸੀ। ਕਿਵੇਂ ਨਾ ਕਿਵੇਂ ਇਹ ਮਸਲਾ ਤੇ ਹੱਲ ਕਰ ਹੀ ਲਿਆ। ਰਹੀ ਰਾਤ ਕੱਟਣ ਦੀ ਗੱਲ! ਉਸ ਬਾਰੇ ਬਹੁਤੇ ਫਿਕਰ ਵਾਲ਼ੀ ਗੱਲ ਕੋਈ ਨਹੀਂ ਸੀ ਕਿਉਂਕਿ ਗੁਰਦੁਆਰੇ ਦੇ ਨਾਲ਼ ਹੀ ਵਾਹਵਾ ਵੱਡਾ ਹੋਟਲ ਹੈਗਾ। ਹੋਟਲਾਂ, ਟੈਕਸੀਆਂ ਵਰਗੀਆਂ ਫੈਲਸੂਫੀਆਂ ਕਰਨ ਤੋਂ ਤੇ ਮੈਂ ਵਾਹ ਲੱਗਦੀ ਸੰਕੋਚ ਹੀ ਕਰਦਾ ਹਾਂ ਪਰ ਜੇ ਕਿਤੇ "ਫਸੀ ਨੂੰ ਫਟਕਣ ਕੀ!" ਵਾਲੀ ਹਾਲਤ ਬਣ ਹੀ ਜਾਵੇ ਤਾਂ ਫਿਰ ਇਹ ਅੱਗ ਵੀ .... ਹੀ ਲਈਦੀ ਹੈ ਪਰ ਇਸ ਤੋਂ ਪਹਿਲਾਂ ਸਾਰਾ ਜਤਨ ਇਸ ਬੇਲੋੜੇ ਖ਼ਰਚ ਨੂੰ ਬਚਾਉਣ ਵਾਸਤੇ ਕਰ ਲਈਦਾ ਹੈ।
ਗੁਰਦੁਆਰੇ ਦੇ ਨੇੜੇ ਇਕ ਘਰ ਵਿਚ ਭਾਰਤੀ ਪਰਵਾਰ ਰਹਿੰਦਾ ਹੁੰਦਾ ਸੀ। ਉਸ ਦਾ ਬੂਹਾ ਖੜਕਾਇਆ ਪਰ ਓਥੋਂ ਇਕ ਗੋਰੇ ਨੌਜਵਾਨ ਨੇ ਬੂਹਾ ਖੋਹਲਿਆ। ਅਸੀਂ ਇਕ ਦੂਜੇ ਨੂੰ ਆਪਣੀ ਗੱਲ ਸਮਝਾ ਹੀ ਰਹੇ ਸੀ ਕਿ ਗਵਾਂਢ ਤੋਂ ਇਕ ਹੋਰ ਗੋਰਾ, ਪਹਿਲੇ ਨਾਲ਼ੋਂ ਕੁਝ ਵਡੇਰੀ ਉਮਰ ਦਾ ਆਪਣੇ ਘਰੋਂ ਨਿਕਲ਼ ਕੇ ਸਾਡੇ ਕੋਲ਼ ਆ ਗਿਆ। ਮੇਰੀ ਸਮੱਸਿਆ ਸੁਣ ਕੇ ਉਸ ਨੇ ਕਿਹਾ ਕਿ ਬੈਰੀ ਟਾਊਨ ਵਿਚ ਇਕ ਇੰਡੀਅਨ ਦਾ ਰੈਸਟੋਰੈਂਟ ਹੈ ਤੇ ਉਸ ਦਾ ਫ਼ੋਨ ਨੰਬਰ ਉਸ ਪਾਸ ਹੈ। ਉਸ ਨੇ ਨੰਬਰ ਮਿਲ਼ਾ ਕੇ ਫ਼ੋਨ ਮੇਰੇ ਹੱਥ ਫੜਾਇਆ ਤੇ ਅਗੋਂ ਪੰਜਾਬੀ ਵਿਚ ਇਕ ਸੱਜਣ ਬੋਲਿਆ। ਮੇਰੇ ਸਮੱਸਿਆ ਦੱਸਣ 'ਤੇ ਉਸ ਨੇ ਗਿਆਨੀ ਹਰਦਿਆਲ ਸਿੰਘ ਜੀ ਦਾ ਨੰਬਰ ਦੇ ਦਿਤਾ। ਮੈਂ ਗਿਆਨੀ ਜੀ ਨੂੰ ਰਿੰਗਿਆ ਤੇ ਉਹ ਦੋਵੇਂ ਜੀ ਫੌਰਨ ਕਾਰ ਲੈ ਕੇ ਆ ਗਏ। ਕਹਿੰਦੇ ਬੈਠੋ ਕਾਰ ਵਿਚ ਤੇ ਘਰ ਚੱਲ ਕੇ ਰੋਟੀ ਖਾ ਕੇ ਫਿਰ ਗੁਰਦੁਆਰੇ ਆ ਜਾਣਾ। ਮੈਂ ਕਿਹਾ ਕਿ ਗੁਰਦੁਆਰਾ ਖੋਹਲ ਦਿਓ। ਲੰਗਰ ਵਿਚ ਬਰੈਡ ਪਈ ਹੋਵੇਗੀ। ਮੈਂ ਚਾਹ ਬਣਾ ਕੇ ਉਸ ਨਾਲ਼ ਖਾ ਲਊਂਗਾ। ਤੁਸੀਂ ਰਾਤ ਸਮੇ ਖੇਚਲ਼ ਨਾ ਕਰੋ। ਤੁਸੀਂ ਵੀ ਸਵੇਰ ਦੇ ਕੰਮ ਤੋਂ ਆਏ ਹੋ ਤੇ ਸਵੇਰੇ ਫੇਰ ਕੰਮ 'ਤੇ ਜਾਣਾ ਹੈ।
ਮੁੱਕਦੀ ਗੱਲ ਕਿ ਉਹ ਭਲੇ ਪੁਰਸ਼ ਮੈਨੂੰ ਆਪਣੇ ਘਰ ਲੈ ਗਏ ਪ੍ਰਸ਼ਾਦਾ ਛਕਾਇਆ ਤੇ ਘਰੋਂ ਦੁਧ ਵਾਲ਼ੀ ਬੋਤਲ ਅਤੇ ਬਰੈਡ ਚੁੱਕੀ ਤੇ ਮੈਨੂੰ ਗੁਰਦੁਆਰਾ ਖੋਹਲ ਕੇ, ਸੌਣ ਕਮਰਾ ਵਿਖਾਇਆ। ਫਰਿਜ ਵਿਚ ਦੁਧ ਅਤੇ ਬਰੈਡ ਰੱਖੀ। ਸਾਰਾ ਕੁਝ ਮੈਨੂੰ ਸਮਝਾਇਆ ਤੇ ਤੁਰਨ ਸਮੇ ਸਵੇਰ ਦੇ ਪ੍ਰੋਗਰਾਮ ਬਾਰੇ ਪੁੱਛਿਆ। ਮੈਂ ਸਵੇਰ ਬਾਰੇ ਉਹਨਾਂ ਨੂੰ ਬੇਫਿਕਰ ਹੋ ਜਾਣ ਲਈ ਕਿਹਾ ਕਿ ਤੁਸੀਂ ਆਪਣਾ ਕਾਰਜ ਕਰੋ। ਮੈਂ ਆਪਣੇ ਪਿਓੁ ਦੇ ਘਰ ਆ ਵੜਿਆ ਹਾਂ। ਹੁਣ ਟੁੰਡੇ ਲਾਟ ਦੀ ਪਰਵਾਹ ਨਹੀਂ ਮੈਨੂੰ।
ਅਗਲੇ ਸਵੇਰੇ ਨਿਤ ਕਿਰਿਆ ਤੋਂ ਵੇਹਲਾ ਹੋ ਕੇ, ਸ. ਪਿਆਰਾ ਸਿੰਘ ਅਟਵਾਲ ਨੂੰ ਰਿੰਗ ਮਾਰਿਆ। ਉਹਨਾਂ ਦਾ ਜਵਾਬ ਆਇਆ, "ਟਿੰਡ ਫਹੁੜੀ ਚੁੱਕ ਕੇ ਤਿੰਨ ਮਿੰਟਾਂ ਵਿਚ ਗੁਰਦੁਆਰੇ ਤੋਂ ਬਾਹਰ ਨਿਕਲ਼ ਕੇ ਸੜਕ ਉਪਰ ਖਲੋ ਜਾਓ। ਮੈਂ ਆ ਰਿਹਾਂ।" ਅਟਵਾਲ ਜੀ ਆਏ ਅਤੇ ਮੈਨੂੰ, ਸਣੇ ਮੇਰੀ ਟਿੰਡ ਫਹੁੜੀ ਦੇ, ਆਪਣੇ ਫਾਰਮ ਹਾਊਸ ਵਿਚ ਲੈ ਗਏ ਤੇ ਘਰ ਦੇ ਨਾਲ਼ ਬਣੇ ਸਪੈਸ਼ਲ ਗੈਸਟ ਹਾਊਸ ਦੇ ਬੈਡ ਰੂਮ ਵਿਚ ਮੇਰਾ ਡੇਰਾ ਲਵਾ ਦਿੱਤਾ, ਜਿਸ ਵਿਚ ਚਾਰ ਡਬਲ ਬੈਡ ਲੱਗੇ ਹੋਏ ਸਨ। ਪਰਵਾਰਕ ਘਰ ਦੇ ਬਿਲਕੁਲ ਨਾਲ਼ ਪਰ ਵੱਖਰਾ ਵੱਡਾ ਸਾਰਾ ਬੈਡਰੂਮ, ਲਾਂਜ ਰੂਮ ਕਿਚਨ ਅਤੇ ਇਕ ਵੱਡਾ ਸਾਰਾ ਬਰਾਂਡਾ ਬਣਿਆ ਹੋਇਆ ਹੈ, ਜਿਥੇ ਹਰੇਕ ਆਏ ਗਏ ਦਾ ਉਤਾਰਾ ਕਰਵਾਉਂਦੇ ਹਨ। "ਪਿਆਰਾ ਸਿੰਘ ਜੀ, ਏਥੇ ਤੇ ਵੱਡੇ ਵੱਡੇ ਚਾਰ ਡਬਲ ਬਿਸਤਰੇ ਲੱਗੇ ਹੋਏ ਨੇ ਜਿਨ੍ਹਾਂ ਉਪਰ ਅੱਠ ਵਿਅਕਤੀ ਸੌਂ ਸਕਦੇ ਹਨ ਪਰ ਮੈਂ ਤੇ ਇਕੋ ਹੀ ਹਾਂ। ਫਿਰ ਕਿਵੇਂ ਇਹਨਾਂ ਚੌਹਾਂ ਬਿਸਤਰਿਆਂ ਉਪਰ ਸੌਵਾਂਗਾ?" ਕੁਝ ਨਕਲੀ ਫਿਕਰ ਜਿਹਾ ਜਤਾਉਂਦੇ ਹੋਏ ਮੈਂ ਸ਼ੰਕਾ ਪਰਗਟ ਕੀਤੀ। ਮੇਰਾ ਅਜਿਹਾ ਫਿਕਰ ਸੁਣ ਕੇ ਉਹ ਵੀ ਕੁਝ ਫਿਕਰ ਜਿਹੇ ਵਿਚ ਪੈ ਗਏ ਦਿਸੇ ਤੇ ਗੰਭੀਰਤਾ ਸਹਿਤ ਨੀਵੀਂ ਜਿਹੀ ਪਾ ਕੇ, ਕੰਨ ਕੋਲ਼ ਧੌਣ 'ਤੇ ਖੁਰਕਦੇ ਹੋਏ, ਕਹਿਣ ਲੱਗੇ, "ਹੂੰਅ, ਜੇ ਤੁਹਾਡੇ ਚਾਰ ਟੋਟੇ ਕੀਤੇ ਗਏ ਤਾਂ ਫਿਰ ਜੋੜਨੇ ਮੁਸ਼ਕਲ ਹੋ ਜਾਣਗੇ। ਚੰਗਾ ਹੈ ਕਿ ਤੁਸੀਂ ਰਾਤ ਦੇ ਸਮੇ ਦੀ ਵੰਡ ਕਰਕੇ, ਇਕੋ ਜਿਹਾ ਸੌਣ ਦਾ ਸਮਾ ਹਰੇਕ ਬਿਸਤਰੇ ਉਪਰ ਪੈ ਲੈਣਾ। ਇਸ ਤਰ੍ਹਾਂ ਕਰਨ ਨਾਲ਼ ਕਿਸੇ ਬਿਸਤਰੇ ਨਾਲ਼ ਵਿਤਕਰਾ ਨਹੀਂ ਹੋਵੇਗਾ।" ਸਿਆਣਾ ਬੰਦਾ ਸਿਆਣੀ ਸਲਾਹ ਹੀ ਦਿੰਦਾ ਹੈ। ਐਵੇਂ ਤੇ ਨਹੀਂ ਸੀ ਜੰਞ ਨਾਲ ਬਜ਼ੁਰਗ ਨੂੰ ਸੰਦੂਕ ਵਿਚ ਬੰਦ ਕਰਕੇ ਲੈ ਗਏ!
ਆਏ ਗਏ ਲਈ ਪ੍ਰਸ਼ਾਦਾ ਤੇ ਦੋਵੇਂ ਵੇਲ਼ੇ ਭਾਵੇਂ ਘਰ ਵਿਚੋਂ ਸੁਚੱਜੀ ਨੋਹ ਬਣਾ ਕੇ ਭੇਜ ਦਿੰਦੀ ਹੈ ਪਰ ਚਾਹ ਪਾਣੀ, ਛਾਹ ਵੇਲ਼ਾ ਆਦਿ ਦਾ ਪ੍ਰਬੰਧ ਗੈਸਟ ਹਾਊਸ ਵਿਚ ਹੀ ਹੋ ਜਾਂਦਾ ਹੈ।
ਸ. ਪਿਆਰਾ ਸਿੰਘ ਅਟਵਾਲ ਪੁਰਾਣੇ ਅਕਾਲੀ ਪਰਵਾਰ ਵਿਚੋਂ ਹਨ। ਇਹਨਾਂ ਦੇ ਬਾਬਾ ਜੀ ਦੇ ਵੇਲ਼ੇ ਤੋਂ ਸੰਤ ਫਤਿਹ ਸਿੰਘ ਜੀ, ਜਥੇਦਾਰ ਮੋਹਨ ਸਿੰਘ ਤੁੜ ਜੀ, ਸ. ਜਗਦੇਵ ਸਿੰਘ ਤਲਵੰਡੀ ਵਰਗੇ ਅਕਾਲੀ ਆਗੂ ਅਤੇ ਵਰਕਰ ਆਦਿ ਇਹਨਾਂ ਦੇ ਘਰ ਆਉਂਦੇ ਜਾਂਦੇ ਰਹਿੰਦੇ ਸਨ। ਉਸ ਸਮੇ ਬਚਪਨ ਤੋਂ ਹੀ ਸ. ਪਿਆਰਾ ਸਿੰਘ ਉਹਨਾਂ ਸਾਰਿਆਂ ਦੇ ਛਕਣ ਛਕਾਉਣ ਦੀ ਸੇਵਾ ਕਰਿਆ ਕਰਦੇ ਸਨ। ਇਹੋ ਸੇਵਾ ਭਾਵਨਾ ਇਹਨਾਂ ਦੀ ਸੋਚ ਵਿਚ ਬਚਪਨ ਤੋਂ ਹੀ ਪਰਵਾਰਕ ਪਿਛੋਕੜ ਕਾਰਨ ਭਰੀ ਹੋਈ ਹੋਣ ਕਰਕੇ, ਹੁਣ ਵੀ ਰੈਨਮਾਰਕ ਵਿਚ ਉਹ ਹਰੇਕ ਆਏ ਗਏ ਦੇ ਰਹਿਣ ਬਹਿਣ ਖਾਣ ਪੀਣ ਦੀ ਸੇਵਾ ਕਰਕੇ ਪ੍ਰਸੰਨਤਾ ਪ੍ਰਾਪਤ ਕਰਦੇ ਹਨ। ਮੈਂ ਜਦੋਂ ਵੀ ਜਾਵਾਂ ਮੈਨੂੰ ਪ੍ਰੇਮ ਨਾਲ਼ ਆਪਣੇ ਘਰ ਲੈ ਜਾਂਦੇ ਹਨ ਤੇ ਮੈਂ ਓਥੇ ਆਪਣੇ ਘਰ ਵਾਂਗ ਹੀ ਮਹਿਸੂਸ ਕਰਦਾ ਹਾਂ। ਭਾਵੇਂ ਮੇਰੇ ਨਾਲ਼ ਕੋਈ ਹੋਰ ਵੀ ਹੋਵੇ ਤਾਂ ਵੀ ਮੱਥੇ ਵੱਟ ਨਹੀਂ ਪਾਉਂਦੇ। ਇਸ ਵਾਰ ਵੀ ਮੈਂ ਪੰਜ ਰਾਤਾਂ ਓਥੇ ਰਿਹਾ। ਛਨਿਛਰਵਾਰ ਗਲਾੱਸਪ ਦੇ ਗੁਰਦੁਆਰਾ ਸਾਹਿਬ ਵਿਖੇ ਸਜਣ ਵਾਲ਼ੇ ਦੀਵਾਨ ਵਿਚ ਮੈਨੂੰ ਲੈ ਕੇ ਗਏ। ਉਸ ਦਿਨ, ਪੰਥ ਸੇਵਕ, ਕੌਮੀ ਵਿਚਾਰਾਂ ਦੇ ਧਾਰਨੀ ਸ. ਅਜੀਤ ਸਿੰਘ ਜੀ ਦੇ ਪਰਵਾਰ ਵੱਲੋਂ ਸੰਗਤ ਵਾਸਤੇ ਲੰਗਰ ਦੀ ਸੇਵਾ ਪ੍ਰਾਪਤ ਕੀਤੀ ਗਈ ਸੀ। "ਜਾ ਕੈ ਮਸਤਕ ਭਾਗ ਸਿ ਸੇਵਾ ਲਾਇਆ॥" ਸਜੇ ਦੀਵਾਨ ਅੰਦਰ ਸਤਿਗੁਰੂ ਜੀ ਦੀ ਹਜੂਰੀ ਵਿਚ, ਸੰਗਤ ਦੇ ਸਨਮੁਖ ਕਥਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਐਤਵਾਰ ਦੇ ਦੀਵਾਨ ਦੀ ਹਾਜਰੀ ਰੈਨਮਾਰਕ ਦੇ ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਨੂੰ ਗੁਰੂ ਸ਼ਬਦ ਰਾਹੀਂ ਸੰਬੋਧਨ ਕਰਨ ਦਾ ਸ਼ੁਭ ਅਵਸਰ ਮਿਲ਼ਿਆ। ਇਹ ਪੰਜ ਰਾਤਾਂ ਵੀ ਅਟਵਾਲ ਭਵਨ ਵਿਚ, "ਗੁਨ ਗਾਵਤ ਰੈਨ ਬਿਹਾਨੀ॥" ਵਾਂਗ ਬੀਤੀਆਂ। ਹਾਲਾਂ ਕਿ ਮੈਂ ਇਕ ਘਰ ਵਿਚ ਇਕ ਰਾਤ ਤੋਂ ਵਧੇਰੇ ਟਿਕ ਕੇ ਖ਼ੁਸ਼ ਨਹੀਂ ਹੁੰਦਾ।
ਮੇਰੇ ਕੋਲ਼ ਮੰਗਲਵਾਰ ਦੀ ਰਾਤ ਖਾਲੀ ਸੀ। ਬੁਧਵਾਰ ਸਵੇਰੇ ਬੱਸ ਰਾਹੀਂ ਵਾਪਸ ਐਡੀਲੇਡ ਨੂੰ ਚਾਲੇ ਪਾਉਣੇ ਸਨ। ਇਸ ਸ਼ਾਮ ਨੂੰ ਮੈਂ ਆਪਣੇ ਚਿਰਕਾਲੀ ਦੋ ਮਿੱਤਰਾਂ ਨਾਲ਼ "ਦੁਖ ਸੁਖ ਫੋਲਣ" ਲਈ ਮਿਲਣਾ ਚਾਹੁੰਦਾ ਸਾਂ ਪਰ ਸ਼ਾਇਦ ਕੁਝ ਨਾਸਾਜ਼ ਘਰੇਲੂ ਹਾਲਾਤ ਕਾਰਨ ਉਹਨਾਂ ਮਿੱਤਰਾਂ ਵੱਲੋਂ ਇਸ ਮਿਲਣੀ ਲਈ ਉਤਸ਼ਾਹ ਨਾ ਵਿਖਾਇਆ ਗਿਆ। ਦੋਵੇਂ ਸੱਜਣ ਧਾਰਮਿਕ ਵਿਚਾਰਾਂ ਵਾਲ਼ੇ ਦਸਵੰਧ ਦੀ ਮਰਯਾਦਾ ਦੀ ਦ੍ਰਿੜ੍ਹਤਾ ਸਹਿਤ ਪਾਲਣਾ ਕਰਨ ਵਾਲ਼ੇ, ਜਿਨ੍ਹਾਂ ਨਾਲ਼ ਮੇਰੀ ਮਿੱਤਰਤਾ ਜਨਵਰੀ ੧੯੮੦ ਤੋਂ ਹੈ, ਏਥੇ ਪਰਵਾਰਾਂ ਸਮੇਤ ਰਹਿ ਰਹੇ ਹਨ। ਕਈ ਵਾਰ ਮਾਨਸਕ ਜਾਂ ਪਰਵਾਰਕ ਹਾਲਾਤ ਅਜਿਹੇ ਬਣ ਜਾਂਦੇ ਹਨ ਕਿ ਜੀ ਨਹੀਂ ਚਾਹੁੰਦਾ ਹੁੰਦਾ ਕਿ ਕਿਸੇ ਸੱਜਣ ਮਿੱਤਰ ਨਾਲ਼, ਪਹਿਲਾਂ ਵਾਂਗ ਖੁਲ੍ਹੇ ਮਾਹੌਲ ਵਿਚ ਖੁਲ੍ਹੇ ਵਿਚਾਰ ਸਾਂਝੇ ਕੀਤੇ ਜਾ ਸਕਣ। ਵੈਸੇ ਇਕ ਸੱਜਣ ਦੇ ਦਰਸ਼ਨ ਗੁਰਦੁਆਰਾ ਸਾਹਿਬ ਵਿਚ ਹੋ ਗਏ ਸਨ ਤੇ ਦੂਜੇ ਸੱਜਣ ਦੇ ਘਰ ਲਿਜਾ ਕੇ ਅਟਵਾਲ ਸਾਹਿਬ ਮਿਲ਼ਾ ਲਿਆਏ ਸਨ। ਸਾਡੀ ਧਾਰਮਿਕ, ਪੰਥਕ ਵਿਚਾਰਧਾਰਾ ਸਾਂਝੀ ਹੋਣ ਕਰਕੇ ਵੀ ਗੂਹੜੀ ਮਿੱਤਰਤਾ ਹੈ। ਚਲੋ, ਅਗਲੀ ਵਾਰ ਸਹੀ।
ਬੁਧਵਾਰ ਦੁਪਹਿਰ ਤੋਂ ਬਾਅਦ ਮੈਂ ਐਡੀਲੇਡ ਪਹੁੰਚ ਗਿਆ ਤੇ ਅਗੋਂ ਅੱਡੇ ਤੋਂ ਸਦਾ ਵਾਂਗ ਕਾਕਾ ਮਨਪ੍ਰੀਤ ਸਿੰਘ ਗੁਰਦੁਆਰਾ ਸਾਹਿਬ ਲੈ ਗਿਆ। ਰਾਤ ਪੈਣ ਤੋਂ ਪਹਿਲਾਂ ਸ. ਮਹਾਂਬੀਰ ਸਿੰਘ ਗਰੇਵਾਲ ਜੀ ਦਾ ਫ਼ੋਨ ਆ ਗਿਆ ਕਿ ਸਵੇਰੇ ਪੋਰਟ ਅਗੱਸਤਾ ਜਾਣ ਲਈ ਤਿਆਰ ਰਹਾਂ। ਅਗਲੇ ਦਿਨ ਉਹਨਾਂ ਨਾਲ਼ ਕਾਰ ਉਪਰ ਸਵਾਰ ਹੋ ਕੇ ਪੋਰਟ ਅਗੱਸਤਾ ਵੱਲ ਨੂੰ ਚਾਲੇ ਪਾ ਦਿਤੇ।
ਇਹ ਟਾਊਨ ਰਾਜਧਾਨੀ ਐਡੀਲੇਡ ਤੋਂ ਉਤਰ ਅਰਥਾਤ ਪੱਛਮੀ ਆਸਟ੍ਰੇਲੀਆ ਦੀ ਰਾਜਧਾਨੀ ਪਰਥ ਵਾਲ਼ੇ ਪਾਸੇ ਸਵਾ ਕੁ ਤਿੰਨ ਸੌ ਕਿਲੋ ਮੀਟਰ ਉਪਰ ਮੌਜੂਦ ਹੈ। ਏਥੋਂ ਦੀ ਆਬਾਦੀ ਚੌਦਾਂ ਪੰਦਰਾਂ ਕੁ ਹਜਾਰ ਹੈ। ਐਡੀਲੇਡ, ਮੈਲਬਰਨ ਆਦਿ ਸ਼ਹਿਰਾਂ ਤੋਂ ਸੜਕੀ ਅਤੇ ਰੇਲ ਦਾ ਰਾਹ ਇਸ ਦੇ ਵਿਚਦੀ ਲੰਘਦਾ ਹੈ ਤੇ ਇਹ ਹਾਈਵੇ ਦੇ ਐਨ ਉਪਰ ਵਾਕਿਆ ਹੈ। ਗਰੇਵਾਲ ਪਰਵਾਰ ਓਥੇ ਵੱਸਦਾ ਹੈ। ਸ਼ਹਿਰ ਦੇ ਦੋਹੀਂ ਪਾਸੀਂ ਇਹਨਾਂ ਦੇ ਮੋਟਲ ਹਨ। ਇਕ ਅੰਦਰ ਜਾਣ ਤੋਂ ਪਹਿਲਾਂ ਅਤੇ ਦੂਜਾ ਬਾਹਰ ਨਿਕਲਣ ਵਾਲ਼ੇ ਸਥਾਨ ਉਪਰ। ਪਰਵਾਰ ਦੇ ਵਿਚਕਾਰਲੇ ਭਰਾ ਡਾ. ਦਵਿੰਦਰ ਸਿੰਘ ਦੀ ਵੱਡੀ ਸਰਜਰੀ ਏਥੇ ਹੈ ਤੇ ਉਸ ਦਾ ਪਰਵਾਰ ਵੀ ਏਥੇ ਹੀ ਰਹਿੰਦਾ ਹੈ। ਆਸਟ੍ਰੇਲੀਆ ਦੇ ਬਾਕੀ ਸ਼ਹਿਰਾਂ ਵਿਚ ਵੀ ਉਹਨਾਂ ਦੀਆਂ ਸਰਜਰੀਆਂ ਹਨ। ਮਲੇਸ਼ੀਆ ਤੋਂ ਸ. ਮਹਾਂਬੀਰ ਸਿੰਘ ੧੯੮੦ ਦੇ ਸ਼ੁਰੂ ਵਿਚ ਪਹਿਲਾਂ ਏਥੇ ਹੀ ਆਪਣੇ ਭਰਾ ਅਤੇ ਪਿਤਾ ਡਾ. ਮਨਮੋਹਨ ਸਿੰਘ ਗਰੇਵਾਲ ਜੀ ਕੋਲ਼ ਆਏ ਸਨ। ਉਹਨਾਂ ਦੀਆਂ ਸਰਗਰਮੀਆਂ ਦਾ ਦਾਇਰਾ ਤੇ ਭਾਵੇਂ ਬਹੁਤ ਵਿਸ਼ਾਲ ਹੈ ਪਰ ਹੈਡ ਕੁਆਰਟਰ ਏਥੇ ਹੀ ਰਖਿਆ। ਹੁਣ ਕੁਝ ਸਾਲਾਂ ਤੋਂ ਐਡੀਲੇਡ ਵਿਚ ਰਹਿੰਦੇ ਹਨ। ਗਰੇਵਾਲ ਪਰਵਾਰ ਨੇ ਆਪਣੇ ਵਿਸ਼ਾਲ ਕਾਰੋਬਾਰਾਂ ਰਾਹੀਂ ਬਹੁਤ ਸਾਰੇ ਸਿੱਖ ਨੌਜਵਾਨ ਵਿਦਿਆਰਥੀ ਬੱਚੇ ਬੱਚੀਆਂ ਨੂੰ ਕੰਮਾਂ ਉਪਰ ਲਾ ਕੇ ਪੱਕੇ ਕਰਵਾਇਆ ਹੈ।
ਪਰਵਾਰ ਦਾ ਇਕ ਸ਼ਾਪਿੰਗ ਸੈਂਟਰ ਸੀ ਜਿਸ ਨੂੰ ਖਾਲੀ ਕਰਵਾ ਕੇ ਗੁਰਦੁਆਰੇ ਵਿਚ ਬਦਲ ਕੇ, ਇਕ ਗ੍ਰੰਥੀ ਸਿੰਘ ਪੱਕੇ ਤੌਰ 'ਤੇ ਰੱਖ ਕੇ, ਚਿਰੋਕਣਾ ਗੁਰਦਆਰਾ ਸਾਹਿਬ ਸ਼ੁਰੂ ਕਰਵਾ ਦਿਤਾ ਹੋਇਆ ਹੈ। ਵਿਦਵਾਨ ਕੀਰਤਨੀਏ ਭਾਈ ਸੁਖਦੇਵ ਸਿੰਘ ਜੀ ਗ੍ਰੰਥੀ ਸਿੰਘ ਦੀ ਸੇਵਾ ਨਿਭਾਉਂਦੇ ਹਨ। ਹਾਈਵੇ ਉਪਰ ਹੋਣ ਕਰਕੇ ਆਉਂਦੇ ਜਾਂਦੇ ਮੁਸਾਫਰਾਂ ਨੂੰ ਲੋੜ ਅਨੁਸਾਰ ਰਾਤ ਦਾ ਟਿਕਾਣਾ, ਲੰਗਰ ਚਾਹ ਪਾਣੀ ਪ੍ਰਾਪਤ ਹੋ ਜਾਂਦਾ ਹੈ।
ਦੁਪਹਿਰ ਤੋਂ ਪਹਿਲਾਂ ਹੀ ਅਸੀਂ ਗੁਰਦੁਆਰਾ ਸਾਹਿਬ ਅੱਪੜ ਗਏ। ਗਰੇਵਾਲ ਸਾਹਿਬ ਮੈਨੂੰ ਭਾਈ ਸੁਖਦੇਵ ਸਿੰਘ ਪਾਸ ਗੁਰਦੁਆਰੇ ਉਤਾਰ ਕੇ ਆਪ ਆਪਣੇ ਕੁਝ ਜਰੂਰੀ ਕਾਰਜ ਨਿਬੇੜਨ ਲਈ ਚਲੇ ਗਏ।
ਆਸਟ੍ਰੇਲੀਆ ਦੀਆਂ ਸਾਲਾਨਾ ਸਿੱਖ ਖੇਡਾਂ ਜੋ ਕਿ ਹਰ ਸਾਲ ਹੁੰਦੀਆਂ ਹਨ, ਕਰੋਨੇ ਦਾ ਕਹਿਰ ਕਰਕੇ ਪਿਛਲੇ ਸਾਲ ਨਹੀਂ ਸਨ ਹੋਈਆਂ ਤੇ ਇਸ ਵਾਰੀ ਵੀ ਇਹ ਕਹਿਰ ਕਾਇਮ ਸੀ। ਖੇਡ ਕਮੇਟੀ ਨੇ ਫੈਸਲਾ ਕਰ ਲਿਆ ਕਿ ਇਸ ਵਾਰ, ਕੇਵਲ ਇਕ ਸ਼ਹਿਰ ਪਰਥ ਵਿਚ ਹੀ ਸਾਰਾ ਇਕੱਠ ਕਰਨ ਦੀ ਬਜਾਇ ਹਰੇਕ ਸਟੇਟ ਆਪਣੀ ਆਪਣੀ ਸਟੇਟ ਦੀ ਰਾਜਧਾਨੀ ਵਾਲ਼ੇ ਸ਼ਹਿਰ ਵਿਚ, ਛੋਟੇ ਪੈਮਾਨੇ ਉਪਰ ਹੀ ਇਹ ਖੇਡਾਂ ਖੇਡ ਲੈਣ। ਪਰਥ ਵਿਚ ਸ਼ੁੱਕਰਵਾਰ ਨੂੰ ਇਹਨਾਂ ਨਾਲ਼ ਸਬੰਧਤ 'ਸਿੱਖ ਫੋਰਮ' ਦਾ ਵੀ ਆਰੰਭ ਹੋਇਆ। ਸੱਦੇ ਜਾਣ ਦੇ ਬਾਵਜੂਦ, ਮੈਂ ਪਹਿਲਾਂ ਐਡੀਲੇਡ ਦਾ ਸੱਦਾ ਪ੍ਰਵਾਨ ਕਰ ਲੈਣ ਕਰਕੇ, ਹਾਜਰ ਨਾ ਹੋ ਸਕਿਆ। ਇਸ ਲਈ ਸੁਚੱਜੇ ਪ੍ਰਬੰਧਕਾਂ ਨੇ ਇੰਟਰਨੈਟ ਰਾਹੀਂ ਮੇਰੇ ਲੈਕਚਰ ਦਾ ਪ੍ਰਬੰਧ ਕਰ ਲਿਆ। ਸਮਾਗਮ ਦੇ ਆਰੰਭਲੇ ਭਾਸ਼ਨ ਦੇਣ ਦਾ ਮਾਣ ਮੈਨੂੰ ਬਖ਼ਸ਼ਿਆ ਗਿਆ। ਇਹ ਮੌਕਾ ਮੇਲ਼ ਹੀ ਸਮਝ ਲਵੋ ਕਿ ਮੈਂ ਇਹ ਭਾਸ਼ਨ ਉਸ ਸ਼ਹਿਰ ਵਿਚੋਂ ਦੇ ਰਿਹਾ ਸਾਂ ਜਿੱਥੋਂ, ੧੯੮੬ ਵਿਚ, ਇਹਨਾਂ ਖੇਡਾਂ ਦਾ ਮੁੱਢ ਬੱਝਾ ਸੀ ਤੇ ਫਿਰ ਇਕ ਸਾਲ ਦੇ ਨਾਗੇ ਨਾਲ਼, ੧੯੮੮ ਵਿਚ, ਐਡੀਲੇਡ ਸ਼ਹਿਰ ਤੋਂ ਵਿਧੀਵੱਤ ਹਰੇਕ ਸਾਲ ਇਹ ਖੇਡਾਂ ਹੋਣੀਆਂ ਸ਼ੁਰੂ ਹੋ ਗਈਆਂ। ੧੯੮੬ ਵਿਚ ਗਰੇਵਾਲ ਪਰਵਾਰ ਨੇ ਉਦਮ ਕਰਕੇ, ਆਪਣੇ ਦਾਦਾ ਜੀ ਸ. ਸਰਦਾਰਾ ਸਿੰਘ ਗਰੇਵਾਲ਼ ਦੀ ਯਾਦ ਵਿਚ ਹਾਕੀ ਦਾ ਟੂਰਨਾਮੈਂਟ ਕਰਵਾ ਕੇ, ਆਸਟ੍ਰੇਲੀਆ ਵਿਚ ਸਿੱਖ ਖੇਡਾਂ ਦਾ ਮੁੱਢ ਬੱਧਾ ਸੀ। ਸ. ਸਰਦਾਰਾ ਸਿੰਘ ਗਰੇਵਾਲ਼ ਕੱਪ ਮੈਲਬਰਨ ਦੀ ਟੀਮ ਜਿੱਤ ਕੇ ਲੈ ਗਈ ਸੀ।
ਦੁਪਹਿਰ ਦਾ ਪ੍ਰਸ਼ਾਦਾ ਭਾਈ ਸਾਹਿਬ ਸੁਖਦੇਵ ਸਿੰਘ ਜੀ ਨੇ ਤਾਜਾ ਤਿਆਰ ਕਰਕੇ ਛਕਾਇਆ। ਦਿਨੇ ਟਾਵੀਂ ਟਾਵੀਂ ਸੰਗਤ ਵੀ ਮੱਥਾ ਟੇਕਣ ਆਉਂਦੀ ਰਹੀ। ਇਕ ਨੌਜਵਾਨ ਬੱਚੀ ਨੇ ਕਾਰ ਤੋਂ ਉਤਰ ਕੇ ਕਾਹਲ਼ੀ ਕਾਹਲ਼ੀ ਬੂਟ ਉਤਾਰ ਕੇ ਮੱਥਾ ਟੇਕਿਆ ਤੇ ਬੂਟ ਪਾਉਂਦੀ ਨੇ ਹੀ ਮੇਰੇ ਨਾਲ਼ ਦੋ ਚਾਰ ਗੱਲਾਂ ਕੀਤੀਆਂ ਤੇ ਤੇਜੀ ਨਾਲ਼ ਹੀ ਕਾਰ ਚਲਾ ਕੇ ਚਲੀ ਗਈ।
ਲੌਢੇ ਕੁ ਵੇਲ਼ੇ ਆਪਣੇ ਕਾਰਜ ਮੁਕਾ ਕੇ ਸ. ਮਹਾਂਬੀਰ ਸਿੰਘ ਜੀ ਨੇ ਮੈਨੂੰ ਆ ਚੁੱਕਿਆ ਤੇ ਆਪਣੇ ਮੋਟਲ (ਹੋਟਲ ਨਹੀਂ) ਦੇ ਇਕ ਕਮਰੇ ਵਿਚ ਮੇਰਾ ਡੇਰਾ ਜਾ ਲਵਾਇਆ ਤੇ ਕਿਹਾ ਕਿ ਰਾਤ ਤੁਸੀਂ ਏਥੇ ਹੀ ਕੱਟਣੀ ਹੈ ਤੇ ਰਾਤ ਦਾ ਪ੍ਰਸ਼ਾਦਾ ਆਪਾਂ ਸਾਰੇ ਏਥੇ ਮੋਟਲ ਵਿਚ ਹੀ ਛਕਾਂਗੇ। ਆਦਤ ਮੁਤਾਬਕ ਮੈਂ ਪਿੰਡਾ ਗਿੱਲਾ ਕਰਕੇ ਤੇ ਝੱਗਾ ਬਦਲ ਕੇ ਤਕਾਲੀਂ ਜਿਹੀਂ ਬਾਹਰ ਨਿਕਲ਼ਿਆ ਤੇ ਇਕ ਕਾਲ਼ੇ ਰੰਗ ਦੇ ਵੱਡੇ ਸਾਰੇ ਲੈਂਡਰੋਵਰ ਦੀ ਨੰਬਰ ਪਲੇਟ ਉਪਰ ਸਸਿੰਘ ਲਿਖਿਆ ਹੋਇਆ ਦਿਸਿਆ। ਉਸ ਵਿਚੋਂ ਇਕ ਦਰਮਿਆਨੇ ਕੱਦ ਦਾ ਨੌਜਵਾਨ ਫੁਰਤੀ ਨਾਲ਼ ਨਿਕਲਿਆ ਤੇ ਮੈਨੂੰ ਆਣ ਸਤਿ ਸ੍ਰੀ ਅਕਾਲ ਬੁਲਾਈ। ਮੈਂ ਪੁੱਛਿਆ, "ਤੁਸੀਂ ਏਥੇ ਮੋਟਲ ਵਿਚ ਕੰਮ ਕਰਦੇ ਹੋ?" "ਨਹੀਂ ਮੇਰਾ ਨਾਂ ਬਲਦੇਵ ਸਿੰਘ ਹੈ ਤੇ ਮੇਰੀ ਘਰ ਵਾਲ਼ੀ ਨੇ ਤੁਹਾਨੂੰ ਅੱਜ ਗੁਰਦੁਆਰੇ ਵਿਚ ਵੇਖਿਆ ਸੀ ਤੇ ਉਸ ਨੇ ਦੱਸਿਆ ਕਿ ਕੋਈ ਨਵਾਂ ਹੀ ਗਿਆਨੀ ਧਿਆਨੀ ਜਿਹਾ ਬੰਦਾ ਗੁਰਦੁਆਰੇ ਵਿਚ ਆਇਆ ਹੈ, ਜਾ ਕੇ ਪਤਾ ਕਰੋ ਕਿ ਉਸ ਨੂੰ ਕਿਸੇ ਚੀਜ ਦੀ ਲੋੜ ਨਾ ਹੋਵੇ! ਮੈਨੂੰ ਗਰੇਵਾਲ ਸਾਹਿਬ ਤੋਂ ਪਤਾ ਲੱਗਾ ਕਿ ਤੁਸੀਂ ਏਥੇ ਮੋਟਲ ਵਿਚ ਹੋ। ਤੁਹਾਨੂੰ ਮੈਂ ਲੈਣ ਲਈ ਆਇਆ ਹਾਂ।" ਉਸ ਦੀ ਪਤਨੀ ਓਹੀ ਬੱਚੀ ਸੀ ਜੇਹੜੀ ਦਿਨੇ ਕਾਹਲ਼ੀ ਕਾਹਲ਼ੀ ਗੁਰਦੁਆਰੇ ਆਈ ਸੀ। ਮੈਂ ਦੱਸਿਆ ਕਿ ਗਰੇਵਾਲ ਸਾਹਿਬ ਦਾ ਹੁਕਮ ਹੈ ਕਿ ਰਾਤ ਮੈਂ ਏਥੇ ਹੀ ਰਹਿਣਾ ਹੈ ਤੇ ਰੋਟੀ ਵੀ ਅਸੀਂ ਸਾਰਿਆਂ ਨੇ ਏਥੇ ਹੀ ਖਾਣੀ ਹੈ। ਫਿਰ ਇਸ ਗੱਲ ਤੇ ਸਹਿਮਤੀ ਹੋਈ ਕਿ ਉਹ ਮੈਨੂੰ ਚਾਨਣ ਰਹਿੰਦੇ ਸਮੇ ਵਿਚ ਸ਼ਹਿਰ ਦੇ ਆਲ਼ੇ ਦੁਆਲ਼ੇ ਹੂਟਾ ਦੁਆਵੇਗਾ। ਉਸ ਨੇ ਫਿਰ ਆਪਣੇ ਘਰ ਸਮੇਤ ਕੁਝ ਹੋਰ ਸਿੱਖ ਨੌਜਵਾਨਾਂ ਦੇ ਘਰ ਵੀ ਵਿਖਾਏ ਪਰ ਕਿਸੇ ਦੇ ਘਰ ਅੰਦਰ ਜਾਣ ਦਾ ਸਮਾ ਨਹੀਂ ਸੀ।
ਕੁਝ ਸਿਖ ਨੌਜਵਾਨ ਵਿਦਿਆਰਥੀ ਏਥੇ ਗਰੇਵਾਲਾਂ ਦੇ ਕਾਰੋਬਾਰਾਂ ਵਿਚ ਕੰਮ ਕਰਦੇ ਹਨ ਤੇ ਕੁਝ ਟੈਕਸੀਆਂ ਚਲਾਉਂਦੇ ਹਨ। ਏਸੇ ਸੁਖਾਵੀਂ ਯਾਤਰਾ ਦੌਰਾਨ ਹੀ ਉਸ ਨੇ, ਵਿਦਿਆਰਥੀ ਦੇ ਰੂਪ ਵਿਚ ਆਰੰਭਲੀਆਂ ਤੰਗੀਆਂ ਤੋਂ ਲੈ ਕੇ ਹੁਣ ਤੱਕ ਦੀ ਆਪਣੀ ਯਾਤਰਾ ਦਾ ਜ਼ਿਕਰ ਕਰਦਿਆਂ ਇਹ ਵੀ ਦੱਸਿਆ ਕਿ ਅੱਜ ਉਹ ਇਸ ਸ਼ਹਿਰ ਦੀ ਕੌਂਸਲ ਦਾ ਸਭ ਤੋਂ ਵਧ ਵੋਟਾਂ ਲੈ ਕੇ ਚੁਣਿਆ ਗਿਆ ਕੌਸਲਰ ਹੈ। ਇਸ ਨੌਜਵਾਨ ਦਾ ਨਾਂ ਬਲਦੇਵ ਸਿੰਘ ਹੈ ਤੇ ਵੱਸ ਲੱਗਦੇ ਹਰੇਕ ਲੋੜਵੰਦ ਦੀ ਸਹਾਇਤਾ ਵਾਸਤੇ ਹਰ ਸਮੇ ਇਹ ਨੌਜਵਾਨ ਜੋੜਾ ਤਿਆਰ ਰਹਿੰਦਾ ਹੈ।
ਰਾਤ ਦਾ ਪ੍ਰਸ਼ਾਦਾ ਓਥੇ ਰਹਿ ਰਹੇ ਗਰੇਵਾਲ ਦੇ ਸਾਰੇ ਪਰਵਾਰ ਨੇ ਮੋਟਲ ਵਿਚ ਹੀ ਛਕਿਆ। ਸਾਡੇ ਪ੍ਰਸ਼ਾਦਾ ਛਕਦਿਆਂ ਹੀ ਇਕ ਹੋਰ ਸਿੱਖ ਪਰਵਾਰ, ਜੋ ਕਿ ਮੈਲਬਰਨ ਤੋਂ ਐਲਿਸ ਸਪਰਿੰਗ ਨੂੰ ਸੈਰ ਸਪਾਟੇ ਲਈ ਜਾਂਦਾ ਹੋਇਆ, ਕਿਸੇ ਹੋਰ ਮੋਟਲ ਵਿਚ ਰੁਕਿਆ ਹੋਇਆ ਸੀ ਪਰ ਪੰਜਾਬੀ ਰੋਟੀ ਖਾਣ ਲਈ ਏਥੇ ਆ ਗਿਆ ਸੀ। ਕੁਝ ਸਮਾ ਵਿਚਾਰਾਂ ਹੋਈਆਂ ਤੇ ਉਹ ਰੋਟੀ ਖਾ ਕੇ ਆਪਣੇ ਮੋਟਲ ਵਿਚ ਚਲੇ ਗਏ। ਅਗਲੇ ਦਿਨ ਸਵੇਰੇ, ਅੱਗੇ ਦੀ ਯਾਤਰਾ ਉਪਰ ਤੁਰਨ ਤੋਂ ਪਹਿਲਾਂ, ਉਹ ਪਰਵਾਰ ਗੁਰਦੁਆਰੇ ਮੱਥਾ ਟੇਕਣ ਆਇਆ ਤੇ ਮੇਰੀਆਂ ਕਿਤਾਬਾਂ ਬੜੇ ਚਾਅ ਨਾਲ਼ ਲੈ ਕੇ ਗਿਆ।
ਓਥੇ ਟਿਕਣ ਸਮੇ ਦੌਰਾਨ ਉਸ ਸ਼ਹਿਰ ਦੇ ਆਲ਼ੇ ਦੁਆਲ਼ੇ ਦੇ ਛੋਟੇ ਛੋਟੇ ਟਾਊਨਾਂ ਵਿਚੋਂ ਕੁਝ ਨੌਜਵਾਨਾਂ ਦੇ ਫ਼ੋਨ ਆਏ ਜੇਹੜੇ ਹਰਮਨ ਰੇਡੀਉ, ਅਖ਼ਬਾਰਾਂ ਅਤੇ ਫੇਸਬੁੱਕ ਰਾਹੀਂ ਮੈਨੂੰ ਜਾਣਦੇ ਸਨ। ਉਹਨਾਂ ਵਿਚੋਂ ਇਕ ਮਨਪ੍ਰੀਤ ਸਿੰਘ ਮਾਨ ਵਾਅਲਾ ਤੋਂ ਸੀ। ਉਸ ਨੇ ਕਿਹਾ ਕਿ ਉਸ ਨੂੰ ਮੇਰੇ ਆਉਣ ਦਾ ਪਤਾ ਲੱਗਾ ਹੈ ਤੇ ਉਹ ਮੈਨੂੰ ਮਿਲਣ ਆ ਰਿਹਾ ਹੈ। ਉਹ ਮੈਨੂੰ ਮਿਲਣ ਦੇ ਨਾਲ਼ ਨਾਲ਼ ਮੇਰੀਆਂ ਕਿਤਾਬਾਂ ਲੈ ਕੇ ਪੜ੍ਹਨੀਆਂ ਚਾਹੁੰਦਾ ਹੈ। ਮੈਂ ਕਿਹਾ ਕਿ ਹੁਣ ਤੇ ਅਸੀਂ ਵਾਪਸ ਐਡੀਲੇਡ ਜਾ ਰਹੇ ਹਾਂ। ਓਥੇ ਸ. ਮਨਪ੍ਰੀਤ ਸਿੰਘ ਕੋਲ਼ੋਂ ਮੇਰੀਆਂ ਚਾਰ ਕਿਤਾਬਾਂ, ਜਦੋਂ ਗਿਆ ਲੈ ਆਵੀਂ।
ਸ਼ੁੱਕਰਵਾਰ ਸ਼ਾਮ ਤੱਕ ਅਸੀਂ ਵਾਪਸ ਐਡੀਲੇਡ ਪਹੁੰਚ ਗਏ। ਸੁਭਾ ਛਨਿਛਰਵਾਰ ਸ. ਗੁਰਮੀਤ ਸਿੰਘ ਅਤੇ ਬੀਬੀ ਜਸਬੀਰ ਕੌਰ ਵਾਲ਼ੀਆ ਜੀ ਵੱਲੋਂ, ਸਾਥੀਆਂ ਦੇ ਸਹਿਯੋਗ ਨਾਲ਼, ਵੈਸਾਖੀ ਦੇ ਸਬੰਧ ਵਿਚ ਸਜਾਉਣ ਵਾਲ਼ਾ ਦੀਵਾਨ ਧਾਰਮਿਕ ਰੰਗ ਵਿਚ ਸਜਾਇਆ ਜਾਣਾ ਸੀ। ਇਸ ਮੇਲੇ ਵਿਚ ਹਾਜਰ ਹੋਣ ਲਈ ਹੀ ਉਚੇਚਾ ਮੈਨੂੰ ਸੱਦਿਆ ਗਿਆ ਸੀ। ਗਰਾਊਂਡ ਵਿਚ ਬਣੀ ਸਟੇਜ ਉਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ, ਸਰਦਾਰਨੀ ਜਸਬੀਰ ਕੌਰ ਜੀ ਦੁਆਰਾ ਸੁਖਮਨੀ ਸਾਹਿਬ ਜੀ ਦਾ ਪਾਠ ਕੀਤਾ ਗਿਆ, ਜਿਸ ਵਿਚ ਹੋਰ ਸੰਗਤਾਂ ਨੇ ਵੀ ਸਹਿਯੋਗ ਦਿਤਾ। ਪਾਠ ਉਪ੍ਰੰਤ ਸ਼ਹਿਰ ਦੇ ਤਿੰਨਾਂ ਹੀ ਗੁਰਦੁਆਰਿਆਂ ਦੇ ਰਾਗੀ ਜਥਿਆਂ ਨੇ ਕੀਰਤਨ ਕੀਤਾ। ਸਰਦਾਰਨੀ ਜਸਬੀਰ ਕੌਰ ਜੀ ਨੇ ਵੀ ਦੋ ਸ਼ਬਦਾਂ ਦੇ ਕੀਰਤਨ ਦੀ ਹਾਜਰੀ ਲਵਾਈ। ਰਿਵਰਲੈਂਡ ਤੋਂ ਪਹੁੰਚੇ ਭਾਈ ਰਵਿੰਦਰ ਸਿੰਘ ਜੀ, ਮੈਲਬਰਨ ਤੋਂ ਗਿਆਨੀ ਹਰਜੀਤ ਸਿੰਘ ਜੀ ਪੱਟੀਵਾਲ਼ੇ ਅਤੇ ਮੈਂ ਵੀ ਖ਼ਾਲਸੇ ਦੇ ਜਨਮ ਦਿਨ (ਵੈਸਾਖੀ) ਬਾਰੇ ਸੰਗਤਾਂ ਨਾਲ਼ ਵਿਚਾਰ ਸਾਂਝੇ ਕੀਤੇ।
ਧਾਰਮਿਕ ਮਰਯਾਦਾ ਉਪ੍ਰੰਤ ਦੁਪਹਿਰ ਤੋਂ ਪਿੱਛੋਂ ਵੈਸਾਖੀ ਮੇਲੇ ਦੀਆਂ ਰੌਣਕਾਂ ਲੱਗ ਗਈਆਂ। ਨਿੱਕਿਆਂ ਵੱਡਿਆਂ, ਬੰਦੇ ਬੰਦੀਆਂ ਦੀਆਂ, ਕਈ ਪ੍ਰਕਾਰ ਦੀਆਂ ਖੇਡਾਂ ਹੋਈਆਂ। ਸਭਿਆਚਾਰਕ ਪ੍ਰੋਗਰਾਮ ਹੋਏ। ਹਨੇਰਾ ਹੋਣ ਤੱਕ ਮੇਲੇ ਦੀਆਂ ਰੌਣਕਾਂ ਲੱਗੀਆਂ ਰਹੀਆਂ।
ਅਗਲੇ ਦਿਨ ਐਤਵਾਰ ਨੂੰ ਪਰਥ ਵਿਚ ਹੋ ਰਹੀਆਂ ਖੇਡਾਂ ਦੇ ਹਿੱਸੇ ਵਜੋਂ, ਦੱਖਣੀ ਆਸਟ੍ਰੇਲੀਆ ਦੀਆਂ ਸਾਲਾਨਾ ਸਿੱਖ ਖੇਡਾਂ ਦੇ ਹਿੱਸੇ ਦੇ ਰੂਪ ਵਿਚ ਹੋਈਆਂ। ਉਸ ਵਿਚ ਵੀ ਹਾਜਰੀ ਭਰੀ। ਸਾਰੀ ਸਟੇਟ ਵਿਚੋਂ ਆਏ ਸੱਜਣਾਂ ਨਾਲ਼ ਮੇਲ ਮਿਲਾਪ ਹੋਇਆ। ਕੁਝ ਨਵੇਂ ਸੂਝਵਾਨ ਸੱਜਣਾਂ ਨਾਲ਼ ਵੀ ਜਾਣ ਪਛਾਣ ਹੋਈ। ਮੇਰੇ ਪਹਿਲਾਂ ਤੋਂ ਮਿੱਤਰ ਪੰਥਕ ਸੋਚ ਦੇ ਧਾਰਨੀ, ਸ ਬਖ਼ਸ਼ੀਸ਼ ਸਿੰਘ ਜੀ ਨੇ ਉਸ ਮੇਲੇ ਵਿਚ ਇਕ ਅਜਿਹੀ ਸ਼ਖ਼ਸ਼ੀਅਤ ਨਾਲ਼ ਮੇਲ ਕਰਵਾਇਆ ਜੇਹੜੀ ਜਿੰਨੀ ਪ੍ਰਭਾਵਸ਼ਾਲੀ ਬਾਹਰੋਂ ਦਿਸਦੀ ਸੀ ਓਨੀ ਹੀ ਅੰਦਰੋਂ ਵੀ ਖ਼ੂਬਸੂਰਤ ਨਿਕਲ਼ੀ। ਇਸ ਸ਼ਾਨਦਾਰ ਗੁਰਸਿੱਖੀ ਸਰੂਪ ਦੇ ਧਾਰਨੀ ਗੁਰਮੁਖ ਪਿਆਰੇ ਦਾ ਨਾਂ ਸ. ਜੁਗਰਾਜ ਸਿੰਘ ਖਹਿਰਾ ਹੈ। ਛਨਿਛਰਵਾਰ ਵਾਲ਼ੇ ਮੇਲੇ ਵਿਚ ਕੁਝ ਉਹਨਾਂ ਨੌਜਵਾਨਾਂ ਦੇ ਵੀ ਦਰਸ਼ਨ ਹੋਏ ਜੇਹੜੇ ਅੰਮ੍ਰਿਤਸਰ ਦੇ ਆਲ਼ੇ ਦਆਲ਼ੇ ਦੇ ਪਿੰਡਾਂ ਤੋਂ ਆਏ ਹਨ। ਉਹਨਾਂ ਨੇ ਦੱਸਿਆ ਕਿ ਉਹ ਮੈਨੂੰ ਹਰਮਨ ਰੇਡੀਉ ਤੋਂ ਸੁਣਦੇ ਹਨ ਤੇ ਮਿੰਟੂ ਬਰਾੜ ਜੀ ਦੀ 'ਪੰਜਾਬੀ ਅਖ਼ਬਾਰ' ਵਿਚੋਂ ਪੜ੍ਹਦੇ ਵੀ ਹਨ। ਉਹ ਸਾਰੇ ਪਰਵਾਰਕ ਵਾਤਾਵਰਨ ਵਿਚ ਚਾਹ ਦੇ ਕੱਪ ਉਪਰ ਬੈਠਣ ਦਾ ਵਿਚਾਰ ਰੱਖਦੇ ਹਨ। ਮੇਲੇ ਦੀ ਸਮਾਪਤੀ ਉਪ੍ਰੰਤ ਇਕ ਘਰ ਵਿਚ ਇਕੱਤਰ ਹੋਏ, ਚਾਹ ਪਾਣੀ ਛਕਿਆ ਅਤੇ ਖ਼ੁਸ਼ਗਵਾਰ ਮਾਹੌਲ ਵਿਚ ਵਿਚਾਰਾਂ ਹੋਈਆਂ।
ਸਦਾ ਵਾਂਗ ਠਾਹਰ ਮੇਰੀ ਕਾਕਾ ਮਨਪ੍ਰੀਤ ਸਿੰਘ ਅਤੇ ਬੱਚੀ ਮਨਦੀਪ ਕੌਰ ਕੋਲ਼ ਹੀ ਸੀ। ਉਹਨਾਂ ਨੂੰ ਰਾਤ ਦੇ ਪ੍ਰਸ਼ਾਦੇ ਵਾਸਤੇ ਕਿਸੇ ਘਰੋਂ ਸੱਦਾ ਸੀ। ਮੈਨੂੰ ਨਾਲ਼ ਚੱਲਣ ਲਈ ਕਿਹਾ ਪਰ ਮੈਂ ਸੀ.ਐਮ. ਮੂਵੀ ਵੇਖਣ ਦੇ ਲਾਲਚ ਵਿਚ ਨਾ ਜਾਣਾ ਹੀ ਠੀਕ ਸਮਝਿਆ ਤੇ ਉਹਨਾਂ ਨੂੰ ਕਿਹਾ ਕਿ ਵੱਡੇ ਸਕਰੀਨ ਉਪਰ ਮੈਨੂੰ ਇਹ ਮੂਵੀ ਖੋਹਲ ਕੇ ਦੇ ਜਾਓ ਤੇ ਤੁਸੀਂ ਜਾਓ। ਮੈਂ ਤੇ ਗੁਰਦੁਆਰਾ ਸਾਹਿਬ ਦੇ ਨਾਲ਼ ਲੱੱਗਵੇਂ ਘਰ ਵਿਚ ਮੂਵੀ ਵੇਖਦਾ ਰਿਹਾ ਤੇ ਓਧਰ ਸ਼ਾਮ ਵੇਲ਼ੇ ਸ. ਤੇਜਸ਼ਦੀਪ ਸਿੰਘ ਅਜਨੌਦਾ ਅਤੇ ਕੁਝ ਹੋਰ ਸੱਜਣ ਮਿਲਣ ਲਈ ਆਏ ਅਤੇ ਰਾਗੀ ਸਿੰਘਾਂ ਤੋਂ ਪੁੱਛ ਕੇ ਤੇ ਮੱਥਾ ਟੇਕ ਕੇ ਮੁੜ ਜਾਂਦੇ ਰਹੇ। ਰਾਗੀ ਸਿੰਘਾਂ ਨੂੰ ਨਹੀਂ ਸੀ ਪਤਾ ਕਿ ਮੈਂ ਨਾਲ਼ ਦੇ ਘਰ ਵਿਚ ਹੀ ਬੈਠਾ ਸਾਂ।
ਐਡੀਲੇਡ ਦਾ ਵਾਸੀ ਸਾਹਿਤ ਰਸੀਆ ਅਤੇ ਰਚੀਆ ਮਲਹਾਂਸ ਜੋੜਾ, ਸ. ਮੋਹਨ ਸਿੰਘ ਅਤੇ ਬੀਬਾ ਬਲਜੀਤ ਕੌਰ ਜੀ, ੨੦੦੫ ਤੋਂ ਹੀ ਮੇਰੇ ਨਾਲ਼ ਸਨੇਹ ਕਰਦੇ ਆ ਰਹੇ ਹਨ। ਇਕ ਦਿਨ ਮੈਨੂੰ ਮਿਲਣ ਆਏ। ਅਸੀਂ ਤਿੰਨੇ ਜਣੇ ਗੁਰਦੁਆਰਾ ਸਾਹਿਬ ਦੇ ਦਫ਼ਤਰ ਵਿਚ ਬੈਠੇ ਵਿਚਾਰਾਂ ਕਰ ਰਹੇ ਸਾਂ। ਬਲਜੀਤ ਕੌਰ ਬੀਬਾ ਜੀ, ਕਹਿੰਦੇ, "ਅਸੀਂ ਤਾਇਆ ਜੀ, ਤੁਹਾਡਾ ਐਡੀਲੇਡ ਦੇ ਸਾਹਿਤਕਾਰਾਂ ਵੱਲੋਂ ਰੂ-ਬ-ਰੂ ਅਤੇ ਸਨਮਾਨ ਕਰਨਾ ਚਾਹੁੰਦੇ ਹਾਂ ਪਰ ਕਰੋਨੇ ਦੇ ਕਹਿਰ ਕਰਕੇ ਵੱਡਾ ਇਕੱਠ ਨਹੀਂ ਕੀਤਾ ਜਾ ਸਕਦਾ; ਇਸ ਲਈ ਛੋਟੇ ਪੈਮਾਨੇ ਉਪਰ, ਆਪਣੇ ਘਰ ਵਿਚ ਹੀ ਕੁਝ ਤੁਹਾਡੇ ਪ੍ਰੇਮੀ ਸਾਹਿਤਕਾਰਾਂ ਨੂੰ ਸੱਦ ਕੇ ਤੁਹਾਡਾ ਮਾਣ ਸਤਿਕਾਰ ਕਰਨ ਦਾ ਵਿਚਾਰ ਬਣਾ ਲਿਆ ਹੈ।" ਮੈਂ ਕਿਹਾ, "ਕੋਈ ਗੱਲ ਨਹੀਂ ਬੀਬਾ ਜੀ, ਅਗਲੀ ਵਾਰ ਸਹੀ।" "ਨਹੀਂ, ਪਹਿਲਾਂ ਹੀ ਬਹੁਤ ਪੱਛੜ ਗਏ ਹਾਂ, ਅਗਲੀ ਵਾਰ ਅਗਲੀ ਵਾਰ ਕਰਦਿਆਂ। ਇਸ ਵਾਰੀ ਛੋਟਾ ਈ ਸਹੀ, ਵੱਡਾ ਹਾਲਾਤ ਸੁਧਰ ਜਾਣ ਤੇ ਕਰਾਂਗੇ।" ਮੁੱਕਦੀ ਗੱਲ, ਫੈਸਲਾ ਹੋ ਗਿਆ ਕਿ ਮੰਗਲਵਾਰ ਦੀ ਸ਼ਾਮ ਉਹਨਾਂ ਦੇ ਘਰ ਸਾਹਿਤ ਪ੍ਰੇਮੀਆਂ ਨਾਲ਼ ਬਿਤਾਈ ਜਾਵੇ।
ਮੈਂ ਨਵੇਂ ਬਣੇ ਮਿੱਤਰ ਸ. ਜੁਗਰਾਜ ਸਿੰਘ ਜੀ ਦੇ ਘਰ ਸਾਂ। ਉਹਨਾਂ ਨੂੰ ਵੀ ਆਪਣੇ ਨਾਲ਼ ਜਾਣ ਲਈ ਸਹਿਮਤ ਕਰ ਲਿਆ। ਉਹਨਾਂ ਦਾ ਪੁੱਤਰ ਸਾਨੂੰ ਮਲਹਾਂਸ ਜੋੜੀ ਦੇ ਘਰ ਛੱਡ ਕੇ ਬਾਹਰੋਂ ਹੀ ਮੁੜ ਗਿਆ। ਅੱਧਾ ਘੰਟਾ ਟਾਈਮ ਦੇ ਅੱਗੇ ਪਿੱਛੇ ਹੋਣ ਦਾ ਭੁਲੇਖਾ ਪੈ ਜਾਣ ਕਰਕੇ, ਸਾਡੇ ਜਾਂਦਿਆਂ ਨੂੰ ਸਾਰੇ ਸੁਹਿਰਦ ਸੱਜਣ ਆਏ ਬੈਠੇ ਸਨ। "ਆਓ ਜੀ, ਆਓ ਜੀ, ਬੈਠੋ ਜੀ, ਬੈਠੋ ਜੀ, ਲੇਟ ਹੋ ਗਏ ਜੀ, ਲੇਟ ਹੋ ਗਏ ਜੀ, ਤੁਸੀਂ ਵੀ ਚੰਗੇ ਜੀ, ਅਸੀਂ ਵੀ ਚੰਗੇ ਜੀ" ਵਰਗੇ ਸਤਿਕਾਰ ਮਈ ਸ਼ਬਦਾਂ ਦੇ ਵਟਾਂਦਰੇ ਪਿਛੋਂ ਚਾਹ ਪਾਣੀ ਛਕ ਕੇ, ਆਪੋ ਆਪਣੀਆਂ ਰਚਨਾਵਾਂ ਸੁਣਨ ਸੁਣਾਉਣ ਦਾ ਦੌਰ ਸ਼ੁਰੂ ਹੋਇਆ। ਹਾਜਰ ਸਾਰੇ ਸੱਜਣਾਂ ਦੇ ਨਾਂ ਯਾਦ ਨਹੀਂ ਤੇ ਜਿਨ੍ਹਾਂ ਦੇ ਯਾਦ ਹਨ ਜੇ ਉਹਨਾਂ ਦੇ ਲਿਖ ਦਿਤੇ ਤਾਂ ਭੁੱਲ ਗਿਆਂ ਨਾਲ਼ ਬੇਇਨਸਾਫ਼ੀ ਹੋਵੇਗੀ। ਇਸ ਲਈ ਮੈਂ ਏਨਾ ਕਹਿ ਕੇ ਹੀ ਸਾਰ ਲੈਂਦਾ ਹਾਂ ਕਿ ਸਾਹਿਤਕ ਨਾਲ਼ੋਂ ਵੀ ਵਧੇਰੇ ਇਹ ਪਰਵਾਰਕ ਮੇਲ਼ ਬਣ ਗਿਆ। ਇਸ ਵਿਚ, ਵਾਰਤਕ ਲਿਖਾਰੀ, ਕਵੀ, ਰੰਗ ਮੰਚ ਕਰਮੀ ਸਾਰੇ ਹੀ ਸਾਹਿਤ ਰਚੀਏ ਅਤੇ ਸਾਹਿਤ ਰਸੀਏ ਹੀ, ਸ਼ਾਮਲ ਹੋਏ ਅਤੇ ਇਹ "ਗੁਣ ਗਾਵਤ ਰੈਨ ਬਿਹਾਨੀ॥" ਵਾਲ਼ਾ ਸਮਾਗਮ ਹੋ ਨਿੱਬੜਿਆ। ਸਾਰੇ ਸ਼ਾਮਲ ਸੱਜਣਾਂ ਦਾ ਵਿਚਾਰ ਸੀ ਕਿ ਅਜਿਹੇ ਸਾਹਿਤਕ ਸਮਾਗਮ ਸਮੇ ਸਮੇ ਰਚੇ ਜਾਂਦੇ ਰਹਿਣੇ ਚਾਹੀਦੇ ਹਨ। ਅੰਤ ਵਿਚ ਪੰਜਾਬੀ ਸਾਹਿਤ ਰਸੀਆਂ ਵਾਸਤੇ ਮਲਹਾਂਸ ਪਰਵਾਰ ਵੱਲੋਂ ਪ੍ਰੇਮ ਸਹਿਤ ਤਿਆਰ ਕੀਤਾ ਪ੍ਰਸ਼ਾਦਾ ਛਕ ਕੇ ਵਿਦਿਆ ਹੋਏ।
ਮੁੜਦਿਆਂ ਰਸਤੇ ਵਿਚ ਸ. ਜੁਗਰਾਜ ਸਿੰਘ ਖਹਿਰਾ ਜੀ ਨੇ ਬੜੀ ਖ਼ੁਸ਼ੀ ਪਰਗਟ ਕਰਦਿਆਂ ਇਸ ਸੁਹਾਵਣੀ ਸ਼ਾਮ ਸਮੇ ਦੀ ਸਰਗਰਮੀ ਬਾਰੇ ਪ੍ਰਸੰਸਕ ਵਿਚਾਰ ਪਰਗਟ ਕੀਤੇ।
ਸ. ਮੋਹਨ ਸਿੰਘ ਮਲਹਾਂਸ ਨੇ, ਕਈ ਸਾਲ ਪਹਿਲਾਂ ਇਕ ਅਧਿਆਪਕਾ, ਬੀਬਾ ਮਹੇਸ਼ ਕੌਰ ਜੀ ਵੱਲੋਂ, ਮੇਰੇ ਬਾਰੇ ਲਿਖੇ ਗਏ ਲੇਖ ਦੇ ਸਿਰਲੇਖ 'ਬਿਨਾ ਸਕੂਲੋਂ ਸਾਹਿਤਕਾਰ' ਤੋਂ ਪ੍ਰਭਾਵਤ ਹੋ ਕੇ, ਵਿਚਾਰ ਪਰਗਟ ਕੀਤਾ ਸੀ ਕਿ ਉਹ ਵੀ ਮੇਰੇ ਬਾਰੇ ਇਕ ਲੇਖ ਲਿਖੇਗਾ ਜਿਸ ਦਾ ਸਿਰਲੇਖ ਹੋਵੇਗਾ 'ਕਾਪੀ ਰਾਈਟ ਰਹਿਤ ਲੇਖਕ' ਪਰ ਅਜੇ ਤੱਕ ਉਸ ਨੇ ਇਸ ਪਾਸੇ ਉਦਮ ਨਹੀਂ ਕੀਤਾ। ਚਲੋ, "ਦੇਰ ਆਇਦ ਦਰੁਸਤ ਆਇਦ।" ਇਸ ਦੇਰੀ ਵਿਚ ਵੀ ਕੋਈ ਚੰਗੇ ਤੋਂ ਚੰਗੇਰਾ ਹੋ ਜਾਣ ਦੀ ਆਸ ਹੀ ਰੱਖਣੀ ਚਾਹੀਦੀ ਹੈ।
ਬੁਧਵਾਰ ੭ ਮਈ ਨੂੰ ਵਾਪਸੀ ਸੀ। ਸਦਾ ਵਾਂਗ ਵਿਚਾਰ ਸੀ ਕਿ ਮੇਰਾ ਮੂੰਹ ਬੋਲਿਆ ਭਤੀਜਾ ਮਨਪ੍ਰੀਤ ਸਿੰਘ ਹੀ ਹਵਾਈ ਅੱਡੇ ਉਪਰ ਛੱਡ ਆਵੇਗਾ। ਹਵਾਈ ਅੱਡਾ ਵੀ ਗੁਰਦੁਆਰਾ ਸਾਹਿਬ ਤੋਂ ਏਨਾ ਨੇੜੇ ਹੈ ਕਿ ਕਦੀ ਕਦਾਈਂ ਮੈਂ ਪੈਦਲ ਹੀ ਓਥੋਂ ਤੱਕ ਆਉਣਾ/ਜਾਣਾ ਕਰ ਲੈਂਦਾ ਹਾਂ। ਪਰ ਇਕ ਦਿਨ ਪਹਿਲਾਂ ਸ. ਗੁਰਮੀਤ ਸਿੰਘ ਵਾਲੀਆ ਜੀ ਵੱਲੋਂ ਫ਼ੋਨ ਆ ਗਿਆ ਕਿ ਉਹ ਖ਼ੁਦ, ਜਿਵੇਂ ਮੈਨੂੰ ਅੱਡੇ ਤੋਂ ਲੈਣ ਗਏ ਸਨ ਓਵੇਂ ਛੱਡ ਕੇ ਵੀ ਓਹੀ ਆਉਣਗੇ। ਬੁਧਵਾਰ ਸਵੇਰ ਦਾ ਛਾਹਵੇਲ਼ਾ ਕਰਨ ਤੇ ਵੀ ਉਹਨਾਂ ਨੇ ਮੇਰੇ ਉਪਰ ਪਾਬੰਦੀ ਲਾ ਦਿਤੀ। ਕਿਹਾ ਕਿ ਇਹ ਕਾਰਜ ਉਹਨਾਂ ਦੇ ਘਰ ਵਿਚ ਉਹਨਾਂ ਦੇ ਨਾਲ਼ ਹੀ ਕਰਨਾ ਪਊਗਾ। ਸਮੇ ਸਿਰ ਵਾਲੀਆ ਜੀ ਮੈਨੂੰ ਆ ਕੇ ਆਪਣੇ ਘਰ ਲੈ ਗਏ। ਉਹਨਾਂ ਦੀ ਜੀਵਨ ਸਾਥਣ ਸਤਿਕਾਰਯੋਗ ਭੈਣ ਜਸਬੀਰ ਕੌਰ ਜੀ ਨੇ ਤਾਜੀਆਂ ਪੂਰੀਆਂ ਤਲ਼ ਕੇ ਪ੍ਰੇਮ ਸਹਿਤ ਛਾਹਵੇਲ਼ਾ ਕਰਵਾਇਆ। ਤਾਜੀਆਂ ਪੂਰੀਆਂ ਵੇਖ ਕੇ ੧੯੬੪,੬੫,੬੬ ਵਾਲ਼ਾ ਸਮਾ ਯਾਦ ਆ ਗਿਆ। ਓਦੋਂ ਮੈਂ ਪਟਿਆਲੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਰਾਗੀ ਦੀ ਸੇਵਾ ਕਰਦਾ ਸਾਂ। ਸਵੇਰੇ ਆਸਾ ਦੀ ਵਾਰ ਦੇ ਕੀਰਤਨ ਉਪ੍ਰੰਤ ਗੁਰਦੁਆਰੇ ਦੇ ਗੇਟ ਮੂਹਰਲੀ ਸੜਕ ਦੇ ਦੂਜੇ ਕਿਨਾਰੇ ਉਪਰ, ਪਾਕਿਸਤਾਨੋ ਆਏ ਸਿੱਖਾਂ ਦੀਆਂ ਹਲਵਾਈਆਂ ਦੀਆਂ ਦੁਕਾਨਾਂ ਹੁੰਦੀਆਂ ਸਨ। ਉਹਨਾਂ ਵੱਲੋਂ ਤਲ਼ੀਆਂ ਜਾ ਰਹੀਆਂ ਗਰਮਾ ਗਰਮ ਪੂਰੀਆਂ, ਮਿੱਠੀ ਚਾਹ ਦੇ ਨਾਲ਼ ਛਕ ਕੇ ਆਨੰਦ ਮਾਨਣਾ। ਓਦੋਂ ਇਹ ਸਾਡਾ ਛਾਹਵੇਲ਼ਾ ਹੋਇਆ ਕਰਦਾ ਸੀ।
ਇਉਂ ਮੇਰੀ ਪੇਟ ਪੂਜਾ ਕਰਵਾ ਕੇ ਤੇ ਬਣਦੇ ਨਾਲ਼ੋਂ ਵਧੇਰੇ ਮਾਣ ਸਤਿਕਾਰ ਸਹਿਤ, ਸ. ਗੁਰਮੀਤ ਸਿੰਘ ਵਾਲੀਆ ਜੀ, ਮੈਨੂੰ ਹਵਾਈ ਅੱਡੇ ਉਪਰ ਉਤਾਰ ਕੇ ਵਾਪਸ ਮੁੜ ਗਏ ਤੇ ਜਹਾਜੇ ਮੈਂ ਖ਼ੁਦ ਹੀ ਚੜ੍ਹ ਕੇ ਤਕਾਲ਼ਾਂ ਤੱਕ ਸਿਡਨੀ ਵਿਚਲੇ ਆਪਣੇ ਰੈਣ ਬਸੇਰੇ ਵਿਚ ਆ ਵੜਿਆ। ਏਨੀ ਮੇਰੀ ਬਾਤ .....।


ਸੰਤ ਕਾ ਨਿੰਦਕੁ ਮਹਾ ਹਤਿਆਰਾ॥
(ਅੰਗ ੨੮੦)
ਕੁਝ ਦਿਨ ਹੋਏ ਇਕ ਵਿੱਦਵਾਨ ਸੱਜਣ ਵੱਲੋਂ ਵਹਾਟਸਐਪ ਉਪਰ ਪਾਈ ਸੰਤ ਫਤਿਹ ਸਿੰਘ ਜੀ ਦੀ ਨਿੰਦਾ ਦੀ ਪੋਸਟ ਤੁਰੀ ਫਿਰਦੀ ਮੇਰੀ ਨਿਗਾਹ ਥੱਲੇ ਵੀ ਆ ਗਈ। ਉਸ ਉਪਰ ਪਈ ਫ਼ੋਟੋ ਵੇਖ ਕੇ ਅਤੇ ਸ਼ੁਰੂ ਵਿਚ ਅਕਾਲੀ ਆਗੂਆਂ ਬਾਰੇ ਚੰਗੇ ਸ਼ਬਦ ਪੜ੍ਹ ਕੇ, ਕਾਹਲ਼ੀ ਵਿਚ ਮੈਂ ਵੀ ਬਹੁਤ ਸਾਰੇ ਸੱਜਣਾਂ ਨੂੰ ਅੱਗੇ ਭੇਜ ਦਿਤੀ। ਇਸ ਤਰ੍ਹਾਂ ਮੈਂ ਖ਼ੁਦ ਵੀ ਉਸ ਨਿੰਦਿਆ ਨੂੰ ਅੱਗੇ ਪ੍ਰਸਾਰਨ/ਪ੍ਰਚਾਰਨ ਦੇ ਪਾਪ ਦਾ ਭਾਗੀ ਬਣ ਗਿਆ। ਜਦੋਂ ਹੀ ਪੂਰੀ ਗੱਲ ਸੁਣ ਕੇ ਮੈਨੂੰ ਇਸ ਕੀਤੀ ਗਈ ਨਿੰਦਿਆ ਦੀ ਸਮਝ ਪਈ ਤਾਂ ਓਦੋਂ ਤੋਂ ਹੀ ਮੈਂ ਇਸ ਨੂੰ ਥਾਂ ਥਾਂ ਤੋਂ ਡੀਲੀਟ ਕਰਨਾ ਸ਼ੁਰੂ ਕਰ ਦਿਤਾ ਹੈ ਪਰ ਸਾਰੇ ਥਾਵਾਂ ਤੋਂ ਡੀਲੀਟ ਨਹੀਂ ਕੀਤੀ ਜਾ ਸਕੀ।
ਜੇਹੜੀ ਲੇਖਕ ਨੇ ਗਿਆਨੀ ਕਰਤਾਰ ਸਿੰਘ ਜੀ ਬਾਰੇ ਕਹਾਣੀ ਲਿਖੀ ਹੈ, ਉਹ ਮੰਨੀ ਜਾ ਸਕਦੀ ਹੈ। ਸੁਣਨ ਅਤੇ ਵੇਖਣ ਵਿਚ ਆਇਆ ਹੈ ਕਿ ਗਿਆਨੀ ਜੀ ਵਾਕਿਆ ਹੀ ਇਸ ਤਰ੍ਹਾਂ ਦੇ ਫਕੀਰ ਸਿਆਸਤਦਾਨ ਸਨ। ਉਹਨਾਂ ਬਾਰੇ ਜਿੰੰਨੀਆਂ ਏਹੋ ਜਿਹੀਆਂ ਯਥਾਰਥਕ/ਕਾਲਪਨਿਕ ਕਹਾਣੀਆਂ ਲਿਖੀਆਂ/ਸੁਣਾਈਆਂ ਜਾਣ, ਮੰਨਣ ਵਿਚ ਆ ਸਕਦੀਆਂ ਹਨ।
ਜਿਥੋਂ ਤੱਕ, ਪੰਥ ਰਤਨ ਸ੍ਰੀ ਮਾਨ ਮਾਸਟਰ ਤਾਰਾ ਸਿੰਘ ਜੀ ਦੀ ਇਮਾਨਦਾਰੀ ਅਤੇ ਪੰਥਪ੍ਰਸਤੀ ਦਾ ਸਬੰਧ ਹੈ, ਇਸ ਬਾਰੇ ਵੀ ਕੋਈ ਕਿੰਤੂ ਨਹੀਂ ਕੀਤਾ ਜਾ ਸਕਦਾ। ਮਾਸਟਰ ਤਾਰਾ ਸਿੰਘ ਜੀ ਦੀ ਰਸੋਈ ਵਿਚ ਘਰ ਆਏ ਇਕ ਸੱਜਣ ਵਾਸਤੇ ਇਕ ਚਾਹ ਦਾ ਕੱਪ ਬਣਾਉਣ ਲਈ ਰਸਦ ਨਾ ਹੋਵੇ, ਇਹ ਕਦੀ ਵੀ ਸੋਚਿਆ ਨਹੀਂ ਜਾ ਸਕਦਾ। ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੇ ਨਾਲ਼ ਸਾਂਝੀ ਕੰਧ ਵਾਲ਼ਾ, ਮਾਸਟਰ ਜੀ ਦਾ ਮੁਕੰਮਲ ਘਰ ਸੀ/ਹੈ ਜਿਸ ਦੇ ਕੋਲ਼ ਓਡਾ ਹੀ ਵੱਡਾ ਨਾਲ਼ ਲੱਗਵਾਂ ਖਾਲੀ ਪਲਾਟ ਸੀ/ਹੈ, ਜਿਸ ਵਿਚ ਮੱਝਾਂ ਵਾਸਤੇ ਪੱਠੇ ਬੀਜੇ ਜਾਂਦੇ ਸਨ। ਘਰ ਵਿਚ ਕਾਰ ਵੀ ਖਲੋਤੀ ਹੁੰਦੀ ਸੀ ਅਤੇ ਉਸ ਵਾਸਤੇ ਡਰਾਈਵਰ ਵੀ ਹੁੰਦਾ ਸੀ। ਨਿਜੀ ਸੇਵਾਦਾਰ ਵੀ ਮੌਜੂਦ ਹੁੰਦਾ ਸੀ। ਘਰ ਮੱਝਾਂ ਵੀ ਸਨ। ਵੱਡੇ ਪੁੱਤਰ ਸ. ਜਸਵੰਤ ਸਿੰਘ ਜੀ ਦੀ ਉਚੇ ਪੁਲ਼ ਕੋਲ਼ ਅਸਲੇ ਦੀ ਚੰਗੀ ਚੱਲਦੀ ਦੁਕਾਨ ਵੀ ਹੁੰਦੀ ਸੀ ਅਤੇ ਛੋਟੇ ਪੁੱਤਰ ਸ. ਮੋਹਨ ਸਿੰਘ ਜੀ ਵੀ ਆਪਣੇ ਸਮੇ ਦੀਆਂ ਦੋ ਨਾਮੀ ਅਖ਼ਬਾਰਾਂ, ਉਰਦੂ ਦੀ 'ਪ੍ਰਭਾਤ' ਅਤੇ ਪੰਜਾਬੀ ਦੀ 'ਅਕਾਲੀ' ਅਖ਼ਬਾਰਾਂ ਦੇ ਮਾਲਕ ਸਨ। ਫਿਰ ਮਾਸਟਰ ਜੀ ਦੋ ਸ਼੍ਰੋਮਣੀ ਪੰਥਕ ਜਥੇਬੰਦੀਆਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੀ ਸਨ। ਅਜਿਹੇ ਪੰਥਕ ਮੁਖੀ ਦੇ ਘਰ ਦੀ ਰਸੋਈ ਵਿਚ ਚਾਹ ਦੇ ਇਕ ਕੱਪ ਵਾਸਤੇ ਰਾਸ਼ਨ ਨਾ ਹੋਵੇ ਤੇ ਫਿਰ ਉਸ ਸੱਜਣ ਦੇ ਘਰੋਂ ਜੇਹੜਾ ਕਿਸੇ ਨੂੰ ਚਾਹ, ਰੋਟੀ ਆਦਿ ਦੀ ਕਦੇ ਸੁਲਾਹ ਵੀ ਨਾ ਮਾਰਦਾ ਹੋਵੇ, ਉਸ ਬਾਰੇ ਇਉਂ ਲਿਖਣਾ ਮੰਨਣ ਵਿਚ ਨਹੀਂ ਆ ਸਕਦਾ। ਇਹ ਜਾਣਕਾਰੀ ਮੈਂ ਆਪਣੇ ਸਮੇ ੧੯੫੮,੫੯,੬੦,੬੧ ਦੇ ਦੌਰਾਨ ਅੱਖੀਂ ਵੇਖੀ ਬਿਆਨ ਕਰ ਰਿਹਾਂ। ਮਾਸਟਰ ਜੀ ਬਾਰੇ ਅਜਿਹਾ ਲਿਖਣਾ ਭਾਵੇਂ ਨਿੰਦਿਆ ਦੇ ਦਾਇਰੇ ਵਿਚ ਤੇ ਨਹੀਂ ਆਉਂਦਾ ਪਰ ਇਹ ਝੂਠੀ ਉਸਤਤ ਹੈ ਜਿਸ ਤੋਂ ਆਪਣੇ ਸਿੱਖਾਂ ਨੂੰ, ਸ੍ਰੀ ਗੁਰੂ ਤੇਗ ਬਹਾਦਰ ਜੀ ਨੇ, "ਉਸਤਤਿ ਨਿੰਦਿਆ ਦੋਊ ਤਿਆਗੈ" ਆਖ ਕੇ, ਮਨਾਹ ਕੀਤਾ ਹੋਇਆ ਹੈ।
ਹੁਣ ਆਈਏ ਅਸਲ ਨਿੰਦਿਆ ਵਾਲ਼ੀ ਗੱਲ ਵੱਲ
ਆਪਾਂ ਇਸ ਅਸਲੀਅਤ ਦੇ ਤੇ ਜਾਣੂ ਈ ਹਾਂ ਕਿ ਮੀਡੀਏ ਦਾ ਸਾਰਾ ਦਾਰੋਮਦਾਰ ਝੂਠ ਉਪਰ ਹੀ ਚੱਲਦਾ ਹੈ ਪਰ ਕਿਸੇ ਵਿਰਲੀ ਰੱਬੀ ਰੰਗ ਵਿਚ ਰੰਗੀ ਹੋਈ ਰੂਹ ਨੂੰ ਤੇ ਬਖ਼ਸ਼ ਹੀ ਦੇਣਾ ਚਾਹੀਦਾ ਹੈ!
ਇਸ ਝੂਠ ਨੂੰ ਫੈਲਾਉਣ ਵਾਲ਼ੇ ਸੱਜਣ ਪੁਰਸ਼ ਨੇ ਸੰਤ ਫਤਹਿ ਸਿੰਘ ਜੀ ਉਪਰ ਬਹੁਤ ਹੀ ਘਟੀਆ ਅਤੇ ਕਦੀ ਵੀ ਨਾ ਮੰਨਣਯੋਗ ਦੋ ਇਲਜ਼ਾਮ ਲਾਏ ਹਨ। ਇਕ ਇਲਜ਼ਾਮ ਇਹ ਹੈ ਕਿ ਕੋਈ ਉਹਨਾਂ ਦਾ ਸ਼ਰਧਾਲੂ ਅਕਾਲੀ ਵਰਕਰ ਸੰਤ ਜੀ ਦੇ ਪੈਰ ਦਾ ਅੰਗੂਠਾ ਚੁੰਘਦਾ ਉਸ ਨੇ ਵੇਖਿਆ। ਮੈਂ ਸੰਤ ਜੀ ਨੂੰ ੧੯੬੦ ਤੋਂ ਜਾਣਦਾ ਹਾਂ ਜਦੋਂ ਉਹ ਸ਼੍ਰੋਮਣੀ ਅਕਾਲੀ ਦੇ ਸੀਨੀਅਰ ਮੀਤ ਪ੍ਰਧਾਨ ਸਨ ਅਤੇ ਪੰਜਾਬੀ ਸੂਬੇ ਦਾ ਮੋਰਚਾ ਸ਼ੁਰੂ ਹੋਣ ਤੋਂ ਪਹਿਲਾਂ, ਮਾਸਟਰ ਤਾਰਾ ਸਿੰਘ ਜੀ ਦੇ ਜੇਹਲ ਬੰਦ ਹੋ ਜਾਣ ਕਾਰਨ, ਦਲ ਦੇ ਐਕਟਿੰਗ ਪ੍ਰਧਾਨ ਅਤੇ ਮੋਰਚੇ ਦੇ ਡਿਕਟੇਟਰ ਬਣ ਕੇ ਮੋਰਚਾ ਚਲਾ ਰਹੇ ਸਨ। ਫਿਰ ੧੯੬੭ ਤੋਂ ਲੈ ਕੇ ਉਹਨਾਂ ਦੇ ਅੰਤ ਸਮੇ ਅਕਤੂਬਰ ੧੯੭੨ ਤੱਕ, ਉਹਨਾਂ ਦੇ ਸੰਪਰਕ ਵਿਚ ਰਿਹਾਂ, ਜਿਸ ਵਿਚੋਂ, ੧੯੬੭ ਵਿਚ, ਕੁਝ ਮਹੀਨੇ ਉਹਨਾਂ ਦੇ ਪੀ.ਏ. ਵਜੋਂ ਵੀ ਸੇਵਾ ਨਿਭਾਉਣ ਦਾ ਸੁਭਾਗ ਪ੍ਰਾਪਤ ਹੋਇਆ। ਇਸ ਗੱਲ ਦਾ ਮੈਂ ਗਵਾਹ ਹਾਂ ਕਿ ਅਜਿਹੇ ਕਿਸੇ ਵੀ ਘਿਨਾਉਣੇ ਦ੍ਰਿਸ਼ ਦੀ ਮੈਨੂੰ ਕਦੀ ਭਿਣਕ ਨਹੀਂ ਪਈ ਪਰ ਇਸ ਸੱਜਣ ਦੇ ਕੰਨ ਵਿਚ ਪਤਾ ਨਹੀਂ ਕੇਹੜਾ ਮਸ਼ਕਰਾ ਫੂਕ ਮਾਰ ਗਿਆ!
ਦੂਜੀ ਨਿੰਦਾ ਇਸ ਸੱਜਣ ਨੇ ਇਹ ਕੀਤੀ ਹੈ ਕਿ ਗੁਰਦੁਆਰਾ ਬੁੱਢਾ ਜੌਹੜ ਉਪਰ ਪੁਲੀਸ ਦਾ ਛਾਪਾ ਪਿਆ। ਉਸ ਛਾਪੇ ਵੇਲ਼ੇ ਓਥੋਂ ਸਰਹਾਣਿਆਂ ਵਿਚ ਭਰੇ ਹੋਏ ਨੋਟ ਲੱਭੇ। ਇਸ ਬਾਰੇ ਬੇਨਤੀ ਹੈ ਕਿ ਅਕਤੂਬਰ ੧੯੬੬ ਤੋਂ ਜਦੋਂ ਤੋਂ ਮੇਰਾ ਉਸ ਸੰਸਥਾ ਨਾਲ਼ ਵਾਹ ਪਿਆ, ਤੋਂ ਲੈ ਕੇ, ਮਾਰਚ ੧੯੭੩ ਵਿਚ ਦੇਸ ਛੱਡਣ ਤੱਕ, ਕਦੀ ਨਹੀਂ ਸੀ ਸੁਣਿਆ ਵੇਖਿਆ ਕਿ ਕਦੀ ਓਥੇ ਪੁਲਿਸ ਦਾ ਛਾਪਾ ਪਿਆ ਹੋਵੇ। ਫ਼ੋਨ ਉਪਰ ੧੦ ਮਾਰਚ, ੨੦੨੧ ਵਾਲ਼ੇੇ ਦਿਨ ਗਿੱਦੜਬਾਹ ਵਿਚ ਮੌਜੂਦ ਭਾਈ ਨੱਥਾ ਸਿੰਘ ਜੀ ਨਾਲ਼ ਗੱਲ ਕਰਕੇ ਤਸੱਲੀ ਕੀਤੀ ਹੈ ਕਿ ਓਥੇ ਕਦੀ ਵੀ ਪੁਲਿਸ ਦਾ ਛਾਪਾ ਨਹੀਂ ਪਿਆ। ਭਾਈ ਨੱਥਾ ਸਿੰਘ ਜੀ ਸ਼ੁਰੂ ਤੋਂ ਹੀ ਹਰ ਸੰਸਥਾ ਦੀ ਸੇਵਾ ਸਮੇ ਸੰਤ ਜੀ ਦੇ ਨਾਲ਼ ਮੁਖੀ ਸੇਵਾਦਾਰ ਬਣ ਕੇ ਰਹੇ ਸਨ। ਸ਼ੁਰੂ ਤੋਂ ਹੀ ਭਾਈ ਸਾਹਿਬ ਜੀ, ਗੁਰਦਆਰਾ ਬੁੱਢਾ ਜੌਹੜ ਦੇ ਮੁਖੀ ਵਜੋਂ ਸੇਵਾ ਕਰਦੇ ਰਹੇ ਹਨ। ਇਸ ਸਮੇ ਭਾਈ ਨੱਥਾ ਸਿੰਘ ਜੀ ਗਿੱਦੜਬਾਹਾ ਵਿਚ ਗੁਰੂ ਘਰ ਦੀ ਸੇਵਾ ਕਰਦੇ ਹਨ। ਉਹਨਾਂ ਨਾਲ਼ ਇਸ ਨੰਬਰ 'ਤੇ ਗੱਲ ਕੀਤੀ ਜਾ ਸਕਦੀ ਹੈ: ੯੧ ੬੨੩੯੫ ੧੭੯੪੬.
ਮੇਰੀ ਜਾਣਕਾਰੀ ਵਿਚ ਜਦੋਂ ੧੯੭੧ ਵਿਚ ਸ਼੍ਰੋਮਣੀ ਅਕਾਲੀ ਦਲ ਨੇ ਦਿੱਲੀ ਦੇ ਗੁਰਦੁਅਰਿਆਂ ਉਪਰ, ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਸ਼ਹਿ 'ਤੇ, ਬੀਬੀ ਨਿਰਲੇਪ ਕੌਰ ਦੇ ਬੰਦਿਆਂ ਰਾਹੀਂ ਓਥੇ ਗੁਰਦੁਆਰਾ ਸੀਸ ਗੰਜ ਉਪਰ ਕਬਜਾ ਕਰਵਾਇਆ ਸੀ ਤੇ ਬੀਬੀ ਨਿਰਲੇਪ ਕੌਰ ਦੇ ਸਹੁਰੇ ਨੂੰ ਟ੍ਰਸਟ ਦਾ ਚੇਅਰਮੈਨ ਬਣਾ ਕੇ ਸਰਕਾਰੀ ਕਬਜਾ ਕਰਵਾ ਦਿਤਾ ਸੀ। ਉਸ ਕਬਜੇ ਨੂੰ ਛੁਡਵਾਉਣ ਲਈ, ਸੰਤ ਫਤਹਿ ਸਿੰਘ ਜੀ ਦੀ ਅਗਵਾਈ ਹੇਠ, ਸ਼੍ਰੋਮਣੀ ਅਕਾਲੀ ਦਲ ਨੇ ਦਿੱਲੀ ਵਿਚ ਮੋਰਚਾ ਲਾਇਆ ਹੋਇਆ ਸੀ। ਸੰਤ ਫਤਿਹ ਸਿੰਘ ਜੀ ਦਿੱਲੀ ਜੇਹਲ ਵਿਚ ਬੰਦ ਸਨ ਅਤੇ ਸੰਤ ਚੰਨਣ ਸਿੰਘ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ ਆਦਿ ਦੇ ਪ੍ਰਬੰਧ ਅਤੇ ਮੋਰਚੇ ਦੀਆਂ ਸਰਗਰਮੀਆਂ ਸੰਚਾਲਣ ਵਿਚ ਰੁਝੇ ਹੋਏ ਸਨ।
ਗੁਰਦੁਆਰਾ ਬੁੱਢਾ ਜੌਹੜ ਵਿਖੇ ਗੁਰਮਤਿ ਵਿਦਿਆਲਾ ਚੱਲਦਾ ਸੀ। ਏਥੇ ਗਰੀਬ, ਯਤੀਮ ਅਤੇ ਅਨਾਥ ਬੱਚਿਆਂ ਦੀ ਪਾਲਣਾ ਕਰਨ ਦੇ ਨਾਲ਼ ਨਾਲ਼ ਉਹਨਾਂ ਨੂੰ ਸਕੂਲੀ ਤੇ ਧਾਰਮਿਕ ਵਿੱਦਿਆ ਵੀ ਦਿਤੀ ਜਾਂਦੀ ਸੀ। ਸੰਸਥਾ ਦੇ ਮੁਖੀ ਭਾਈ ਨੱਥਾ ਸਿੰਘ ਜੀ ਦੀ ਇਕ ਲੱਤ ਸੀ। ਭਾਈ ਹਾਕਮ ਸਿੰਘ ਦੀਆਂ ਦੋਵੇਂ ਲੱਤਾਂ ਨਕਾਰਾ ਸਨ ਜੇਹੜੇ ਵਿਦਿਆਰਥੀਆਂ ਨੂੰ ਗੁਰਮੁਖੀ ਪੜ੍ਹਾਉਂਦੇ ਸਨ। ਕੀਰਤਨ ਸਿਖਾਉਣ ਵਾਲ਼ੇ ਭਾਈ ਗੁਰਮੇਲ ਸਿੰਘ ਜੀ ਦੀ ਵੀ ਇਕ ਲੱਤ ਹੀ ਕੰਮ ਕਰਦੀ ਸੀ। ਸਟੋਰ ਦੇ ਇੰਚਾਰਜ ਭਾਈ ਕੇਹਰ ਸਿੰਘ ਜੀ ਦੀਆਂ ਦੋਵੇਂ ਲੱਤਾਂ ਅਤੇ ਇਕ ਹੱਥ ਵੀ ਨਕਾਰਾ ਸੀ। ਸਟੋਰ ਦੀ ਸੇਵਾ ਦੇ ਨਾਲ਼ ਨਾਲ਼ ਉਹ ਵਿਦਿਆਰਥੀਆਂ ਨੂੰ ਗੁਰਬਾਣੀ ਦੀ ਸੰਥਿਆ ਵੀ ਦਿਆ ਕਰਦੇ ਸਨ। ਇਹ ਸਾਰੇ ਮੁਖੀ ਸੱਜਣ ਫਹੁੜੀਆਂ ਨਾਲ਼ ਹੀ ਤੁਰਿਆ ਕਰਦੇ ਸਨ। ਇਹੋ ਜਿਹਾ ਹਾਲ ਹੀ ਵਿਦਿਆਰਥੀਆਂ ਦਾ ਹੁੰਦਾ ਸੀ।
ਇਹੋ ਜਿਹੇ ਲੋਕਾਂ ਨੂੰ ਹਥਿਆਰਬੰਦ ਗੁੰਡਿਆਂ ਨੇ ਰਾਤ ਦੇ ਹਨੇਰੇ ਵਿਚ ਹਮਲਾ ਕਰਕੇ, ਬੰਦੀ ਬਣਾ ਲਿਆ ਅਤੇ ਗੁਰਦੁਆਰੇ ਉਪਰ ਕਬਜਾ ਕਰ ਲਿਆ। ਗੁੰਡਿਆਂ ਨੇ ਅਜਿਹਾ ਕਰਕੇ ਸ਼ਾਇਦ ਇਉਂ ਸਮਝ ਲਿਆ ਹੋਵੇ ਕਿ ਉਹਨਾਂ ਨੇ ਕੱਦੂ ਵਿਚ ਤੀਰ ਮਾਰ ਲਿਆ ਹੈ।
ਸਰਕਾਰ ਦੀ ਇਹ ਚਾਲ ਸੀ ਕਿ ਸ੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਇਸ ਪਾਸੇ ਉਲ਼ਝਾ ਕੇ, ਮੋਰਚੇ ਵੱਲੋਂ ਕੌਮ ਦਾ ਧਿਆਨ ਹਟਾਇਆ ਜਾ ਸਕੇ ਪਰ ਓਥੋਂ ਦੇ ਇੰਚਾਰਜ ਭਾਈ ਨੱਥਾ ਸਿੰਘ ਜੀ ਅਤੇ ਮੁਕਤਸਰ ਸਾਹਿਬ ਦੇ ਮੈਨੇਜਰ, ਸ. ਗੁਰਦੀਪ ਸਿੰਘ ਜੀ ਦੀ ਸਿਆਣਪ, ਤਹੱਮਲ, ਦਲੇਰੀ ਅਤੇ ਸੂਝ ਬੂਝ ਨਾਲ਼, ਬਿਨਾ ਕਿਸੇ ਖ਼ੂਨ ਖਰਾਬੇ ਅਤੇ ਹੋਰ ਕਿਸਮ ਦੇ ਨੁਕਸਾਨ ਤੋਂ ਹੀ, ਉਹਨਾਂ ਗੁੰਡੇ ਹਮਲਾਵਰਾਂ ਤੋਂ ਗੁਰਦੁਆਰਾ ਸਾਹਿਬ ਦਾ ਕਬਜਾ ਛੁਡਵਾ ਲਿਆ ਗਿਆ।
ਜਨ ਪਰਉਪਕਾਰੀ ਆਏ॥
ਜਿਸ ਮਹਾਨ ਸ਼ਖ਼ਸ਼ੀਅਤ ਦੇ ਖ਼ਿਲਾਫ਼ ਲੇਖਕ ਨੇ ਝੂਠਾ ਪ੍ਰਚਾਰ ਕਰਨ ਦਾ ਜਤਨ ਕੀਤਾ ਹੈ ਉਸ ਦੁਆਰਾ, ਗੁਰੂ ਸਾਹਿਬ ਜੀ ਦੇ ਉਪਦੇਸ਼ਾਂ ਅਨੁਸਾਰ, ਮਨੁਖਤਾ ਦੀ ਭਲਾਈ ਹਿਤ ਕੀਤੀਆਂ ਸੇਵਾਵਾਂ ਦਾ ਜ਼ਿਕਰ ਕਰ ਲਈਏ:
ਸੰਤ ਫ਼ਤਹਿ ਸਿੰਘ ਜੀ ਦੇ ਆਪਣੇ ਪਿੰਡ ਬਦਿਆਲੇ ਦੇ ਵਾਸੀ, ਗੁਰੂ ਕਾਂਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਇਤਿਹਾਸ ਵਿਭਾਗ ਦੇ ਵਿਦਿਆਰਥੀ, ਨੌਜਵਾਨ ਬਲਜੀਤ ਸਿੰਘ ਗਿੱਲ ਨੇ, ਪਿੰਡ ਦੇ ਬਜ਼ੁਰਗਾਂ ਪਾਸੋਂ ਅਤੇ ਸੰਤ ਜੀ ਦੇ ਅੰਤਮ ਸਮੇ ਤੱਕ ਸਾਥੀ ਰਹੇ, ਭਾਈ ਨੱਥਾ ਸਿੰਘ ਜੀ ਪਾਸੋਂ ਸੁਣ ਕੇ ਅਤੇ ਹੋਰ ਲਿਖਤਾਂ ਤੋਂ ਪੜ੍ਹ ਵਿਚਾਰ ਕੇ ਇਕ ਤਾਜਾ ਲੇਖ ਲਿਖਿਆ ਹੈ ਜੋ ਪੰਜਾਬੀ ਜਾਗਰਣ ਵਿਚ ਛਪਿਆ ਹੈ। ਉਸ ਵਿਚ ਦਿਤੀ ਜਾਣਕਾਰੀ ਦੇ ਕੁਝ ਖਾਸ ਹਿੱਸੇ ਮੈਂ ਏਥੇ ਸ਼ਾਮਲ ਕਰ ਰਿਹਾ ਹਾਂ:
ਸੰਤ ਜੀ ੨੭ ਅਕਤੂਬਰ, ੧੯੧੧ ਨੂੰ ਸ. ਚੰਨਣ ਸਿੰਘ ਅਤੇ ਮਾਤਾ ਸੰਤ ਕੌਰ ਜੀ ਦੇ ਘਰ ਬਠਿੰਡਾ ਜ਼ਿਲ੍ਹੇ ਦੇ ਪਿੰਡ ਬਦਿਆਲਾ ਵਿਚ ਪੈਦਾ ਹੋਏ। ਸੇਵਾ ਸਿਮਰਨ ਦੀ ਸਿੱਖਿਆ ਦੀ ਲਗਨ ਮਾਤਾ ਪਿਤਾ ਜੀ ਤੋਂ ਹੀ ਲੱਗੀ। ਫਿਰ ਵੱਖ ਵੱਖ ਡੇਰਿਆਂ ਵਿਚ ਵਿੱਦਵਾਨ ਸੰਤ ਮਹਾਤਮਾਵਾਂ ਪਾਸੋਂ ਗੁਰਬਾਣੀ, ਕਵਿਤਾ, ਕੀਰਤਨ ਸਮੇਤ ਬਹੁਤ ਪ੍ਰਕਾਰ ਦੀ ਵਿੱਦਿਆ ਪ੍ਰਾਪਤ ਕੀਤੀ।
੧੯੩੧ ਵਿਚ ਗੰਗਾਨਗਰ ਚਲੇ ਗਏ। ਓਥੇ ਖੂਹੀਆਂ, ਪੁਲ਼ੀਆਂ, ਰਸਤੇ ਬਣਾਉਣ ਤੋਂ ਇਲਾਵਾ ੧੩੨ ਪ੍ਰਾਇਮਰੀ ਸਕੂਲ, ੫੯ ਮਿਡਲ ਅਤੇ ੩੩ ਹਾਈ ਸਕੂਲ ਬਣਵਾਏ। ਪੰਜਾਬ ਵਿਚ ਮੁੜ ਕੇ ਕਈ ਗੁਰਦੁਆਰੇ ਅਤੇ ਵਿਦਿਅਕ ਅਦਾਰੇ ਬਣਵਾਏ। ਗੁਰੂ ਕਾਂਸ਼ੀ ਕਾਲਜ ਦਮਦਮਾ ਸਾਹਿਬ ਅਤੇ ਖ਼ਾਲਸਾ ਕਾਲਜ ਗੜ੍ਹਦੀਵਾਲ਼ਾ ਬਣਵਾਇਆ। ਢੋਲਣ ਪਿੰਡ ਵਿਚ ਗੁਰਦੁਆਰਾ ਅਤੇ ਲੜਕੀਆਂ ਦਾ ਪ੍ਰਾਇਮਰੀ ਸਕੂਲ ਬਣਵਾਇਆ।
ਫਿਰ ਵਾਪਸ ਗੰਗਾਨਗਰ ਜ਼ਿਲ੍ਹੇ ਦੇ ਬੁਢਾ ਜੌਹੜ ਨਾਮੀ ਸਥਾਨ ਤੇ ਜਾ ਕੇ, ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਦੀ ਯਾਦ ਵਿਚ ਵਿਸ਼ਾਲ ਗੁਰਦੁਆਰਾ ਅਤੇ ਯਤੀਮ ਤੇ ਅਪਾਹਜ ਬੱਚਿਆਂ ਲਈ ਵਿਦਿਆਲਾ ਬਣਵਾਇਆ।
੧੯੪੯ ਵਿਚ ਪੈਪਸੂ ਦੀ ਮਾਮਾ ਭਾਣਜਾ ਸਰਕਾਰ ਵਿਰੁਧ ਜਥੇ ਸਮੇਤ ਗ੍ਰਿਫ਼ਤਾਰੀ ਦਿਤੀ।
੧੯੫੪ ਵਿਚ ਕਿਸਾਨਾਂ ਦੀਆਂ ਮੰਗਾਂ ਦੀ ਹਿਮਾਇਤ ਵਿਚ, ਰਾਜਿਸਥਾਨ ਸਰਕਾਰ ਵਿਰੁਧ ਜਥੇ ਸਮੇਤ ਗ੍ਰਿਫ਼ਤਾਰੀ ਦਿਤੀ।
੧੯੫੪/੫੫ ਵਾਲ਼ੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਮੇ, ਜ਼ਿਲ੍ਹਾ ਬਠਿੰਡੇ ਵਿਚ ਦਲ ਵੱਲੋਂ ਲੱਗੀ ਡਿਊਟੀ ਕਰਕੇ ਜ਼ਿਲ੍ਹੇ ਦੀਆਂ ਸਾਰੀਆਂ ਸੀਟਾਂ ਜਿੱਤੀਆਂ।
੧੯੫੫ ਵਾਲ਼ੇ ਪੰਜਾਬੀ ਸੂਬਾ ਜ਼ਿੰਦਾਬਾਦ ਆਖਣ ਉਤੇ ਲੱਗੀ ਪਾਬੰਦੀ ਵਿਰੁਧ ਸੌ ਸਿੰਘਾਂ ਦੇ ਜਥੇ ਸਮੇਤ ਅੰਮ੍ਰਿਤਸਰ ਵਿਚ ਗ੍ਰਿਫ਼ਤਾਰੀ ਦਿਤੀ।
੧੯੬੦ ਵਾਲ਼ੇ ਪੰਜਾਬੀ ਸੂਬੇ ਦੇ ਮੋਰਚੇ ਦੀ ਅਗਵਾਈ ਡਿਕਟੇਟਰ ਦੇ ਰੂਪ ਵਿਚ ਸਫਲ਼ਤਾ ਸਹਿਤ ਕੀਤੀ। ਮੋਰਚਾ ਲੰਮਾ ਹੁੰਦਾ ਵੇਖ ਕੇ, ਸਰਕਾਰੀ ਜ਼ੁਲਮ ਵਿਰੁਧ ਵਰਤ ਵੀ ਰੱਖਿਆ ਅਤੇ ਮਿਲ਼ੇ ਭਰੋਸੇ ਅਤੇ ਦਲ ਦੇ ਫੈਸਲੇ ਅਨੁਸਾਰ ਵਰਤ ਤਿਆਗਿਆ।
੧੯੬੨ ਦੀਆਂ ਚੋਣਾਂ ਬਾਕੀ ਕਾਂਗਰਸ ਵਿਰੋਧੀ ਪਾਰਟੀਆਂ ਨਾਲ਼ ਮਿਲ਼ ਕੇ ਲੜੀਆਂ। ਆਸ ਅਨੁਸਾਰ ਸਫ਼ਲਤਾ ਨਾ ਮਿਲਣ ਕਾਰਨ ਅਕਾਲੀ ਆਗੂਆਂ ਵਿਚ ਆਪਸੀ ਵਿਰੋਧ ਪੈਦਾ ਹੋ ਗਿਆ। ਇਕ ਧੜੇ ਵੱਲੋਂ ੧੮ ਅਗਸਤ, ੧੯੬੨ ਵਾਲ਼ੇ ਦਿਨ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਹਜੂਰੀ ਵਿਚ ਸੰਤ ਜੀ ਦੀ ਗੈਰ ਹਾਜਰੀ ਵਿਚ ਆਪ ਜੀ ਨੂੰ ਸ਼੍ਰੋਮਣੀ ਅਕਾਲੀ ਦਾ ਪ੍ਰਧਾਨ ਚੁਣ ਲਿਆ ਗਿਆ। ਉਸ ਸਮੇ ਆਪ ਜੀ ਜੇਹਲ ਵਿਚ ਸਨ।
੨ ਅਕਤੂਬਰ, ੧੯੬੨ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਸੰਤ ਜੀ ਵਾਲ਼ੇ ਦਲ ਦੇ ਪਾਸ ਆ ਗਈ ਅਤੇ ਉਹਨਾਂ ਦੇ ਸਭ ਤੋਂ ਵਧ ਭਰੋਸੇਯੋਗ ਸਾਥੀ, ਸ੍ਰੀ ਮਾਨ ਸੰਤ ਚੰਨਣ ਸਿੰਘ ਜੀ ਪ੍ਰਧਾਨ ਚੁਣੇ ਗਏ।
੧੯੬੫ ਵਾਲ਼ੀਆਂ ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਵਿਚ ਸਿੱਖ ਪੰਥ ਨੇ ਸੰਤ ਫਤਹਿ ਸਿੰਘ ਜੀ ਵਾਲ਼ੇ ਦਲ ਨੂੰ ਫੈਸਲਾਕੁਨ ਜਿੱਤ ਦੇ ਕੇ ਪੰਥਕ ਅਗਵਾਈ ਸੰਤ ਜੀ ਨੂੰ ਸੌਂਪ ਦਿਤੀ।
ਸਤੰਬਰ, ੧੯੬੫ ਵਿਚ ਸੰਤ ਜੀ ਨੇ ਪੰਜਾਬੀ ਸੂਬਾ ਬਣਾਉਣ ਵਾਸਤੇ ਸਰਕਾਰ ਨੂੰ ਅਲਟੀਮੇਟਮ ਦੇ ਦਿਤਾ। ਉਹਨੀਂ ਦਿਨੀਂ ਪਾਕਿਸਤਾਨ ਨਾਲ਼ ਜੰਗ ਛਿੜ ਜਾਣ ਕਰਕੇ, ਰਾਸ਼ਟਰਪਤੀ ਰਾਧਾ ਕ੍ਰਿਸ਼ਨਨ ਅਤੇ ਪ੍ਰਧਾਨ ਮੰਤਰੀ ਸ਼੍ਰੀ ਲਾਲ ਬਹਾਦਰ ਸ਼ਾਸ਼ਤਰੀ ਸਮੇਤ ਸਾਰੇ ਆਗੂਆਂ ਦੀਆਂ ਅਪੀਲਾਂ ਕਰਨ 'ਤੇੇ ਵਰਤ ਮੁਲਤਵੀ ਕਰਨਾ ਪਿਆ।
ਜੰਗ ਉਪ੍ਰੰਤ ਸ਼ਾਸਤਰੀ ਜੀ ਦੀ, ਜਨਰਲ ਅਯੂਬ ਖਾਨ ਨਾਲ਼ ਸਮਝੌਤਾ ਕਰਨ ਗਏ, ਰੂਸੀ ਸ਼ਹਿਰ ਤਾਸ਼ਕੰਦ ਵਿਚ ਮੌਤ ਹੋ ਗਈ। ਸਰਕਾਰ ਨੇ ਸੰਤ ਜੀ ਦੀ ਦ੍ਰਿੜ੍ਹਤਾ ਨੂੰ ਵੇਖ ਕੇ, ਇਕਰਾਰ ਅਨੁਸਾਰ ਪੰੰਜਾਬੀ ਸੂਬਾ ਬਣਾਉਣ ਲਈ ਮਜਬੂਰ ਤੇ ਹੋਣਾ ਪਿਆ। ਲੰਮੀ ਪੰਥਕ ਜਦੋ ਜਹਿਦ ਪਿੱਛੋਂ ੧ ਨਵੰਬਰ, ੧੯੬੬ ਵਾਲ਼ੇ ਦਿਨ ਪੰਜਾਬੀ ਸੂਬਾ ਬਣਾ ਦਿਤਾ ਗਿਆ।
੧੯੬੭ ਵਾਲ਼ੀਆਂ ਸੂਬਾ ਬਣਨ ਪਿਛੋਂ ਹੋਈਆਂ ਪਹਿਲੀਆਂ ਚੋਣਾਂ ਵਿਚ ਭਾਵੇਂ ੧੦੪ ਸੀਟਾਂ ਵਿਚੋਂ ਸ਼੍ਰੋਮਣੀ ਅਕਾਲੀ ਦਲ ਨੂੰ ਕੇਵਲ ੨੪ ਸੀਟਾਂ ਹੀ ਮਿਲ਼ੀਆਂ ਪਰ ਜਨਸੰਘੀ, ਕਮਿੳੂਿਨਸਟ, ਰੀਪਬਲਿਕ ਆਦਿ ਗਰੁਪਾਂ ਦੇ ਮੈਂਬਰਾਂ ਨੂੰ ਇਕ ਥਾਂ ਇਕੱਠੇ ਕਰਕੇ, ੫੩ ਮੈਂਬਰਾਂ ਵਾਲ਼ੀ ਬਹੁ ਸੰਮਤੀ ਨਾਲ਼, ਪੰਜਾਬ ਵਿਚ ਪਹਿਲੀ ਵਾਰ ਕਾਂਗਰਸ ਵਿਰੋਧੀ ਸਰਕਾਰ ਬਣਾ ਕੇ ਲੋਕਾਂ ਨੂੰ ਦੱਸਿਆ ਕਿ ਕਾਂਗਰਸ ਤੋਂ ਬਿਨਾ ਵੀ ਸੂਬੇ ਵਿਚ ਸਰਕਾਰ ਬਣ ਸਕਦੀ ਹੈ।
੧੯੬੯ ਵਾਲ਼ੀ ਦੂਜੀ ਚੋਣ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਦੋਵੇਂ ਧੜੇ ਸੰਤ ਜੀ ਦੀ ਅਗਵਾਈ ਹੇਠ ਇਕੱਠੇ ਹੋ ਗਏ ਤੇ ਦਲ ਦੇ ੪੩+੨=੪੫ ਮੈਂਬਰ ਚੁਣੇ ਗਏ ਅਤੇ ਫਿਰ ਦੂਸਰੀ ਵਾਰ ਜਸਟਿਸ ਗੁਰਨਾਮ ਸਿੰਘ ਦੀ ਅਗਵਾਈ ਹੇਠ ਅਕਾਲੀ ਜਨਸੰਘ ਦੀ ਸਾਂਝੀ ਸਰਕਾਰ ਬਣਾਈ।
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪੰਜ ਸੌ ਸਾਲਾ ਪ੍ਰਕਾਸ਼ ਦਿਵਸ ਸਾਰੇ ਭਾਰਤ ਵਿਚ ਸਰਕਾਰੀ ਤੌਰ 'ਤੇ ਮਨਾਇਆ ਗਿਆ। ਏਸੇ ਸਾਲ ਹੀ ਗੁਰੂ ਜੀ ਦੇ ਨਾਂ 'ਤੇ ਅੰਮ੍ਰਿਤਸਰ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਇਮ ਕੀਤੀ ਗਈ। ਉਸ ਦਾ ਨੀਂਹ ਪੱਥਰ ਭਾਰਤ ਦੇ ਤਤਕਾਲੀ ਰਾਸ਼ਟਰਪਤੀ ਵੀ.ਵੀ. ਗਿਰੀ ਹੱਥੋਂ ਰਖਵਾਇਆ ਗਿਆ।
ਬਾਵਜੂਦ ਸਾਰੇ ਓਹੜ ਪੋਹੜ ਕਰਨ ਦੇ, ਸੈਂਟਰ ਦੀ ਕਾਂਗਰਸ ਸਰਕਾਰ ਨੇ ਅਕਾਲੀ ਅਸੈਂਬਲੀ ਪਾਰਟੀ ਵਿਚ ਫੁੱਟ ਪੁਆ ਕੇ, ਮੁਖ ਮੰਤਰੀ ਨੂੰ ਆਪਣੇ ਨਾਲ਼ ਜੋੜ ਲਿਆ। ਸੰਤ ਜੀ ਦੀ ਹਿਦਾਇਤ 'ਤੇ, ਉਸ ਨੂੰ ਲਾਹ ਕੇ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਮੁਖ ਮੰਤਰੀ ਬਣਾਇਆ। ੧੯੭੧ ਦੇ ਅੱਧ ਵਿਚ ਕਾਂਗਰਸ ਸਰਕਾਰ ਨੇ ਫਿਰ ਫੁੱਟ ਪੁਆ ਦਿਤੀ ਤੇ ਬਾਦਲ ਸਾਹਿਬ ਨੇ ਅਸਤੀਫਾ ਦੇ ਦਿਤਾ। ਛੇ ਮਹੀਨੇ ਗਵਰਨਰੀ ਰਾਜ ਰਹਿਣ ਪਿਛੋਂ ਚੋਣਾਂ ਹੋਈਆਂ ਤੇ ਅਕਾਲੀ ੧੦੪ ਵਿਚੋਂ ੨੫ ਜਿੱਤੇ। ਸੰਤ ਜੀ ਨੇ ਕੁਝ ਚੋਣਾਂ ਦੀ ਅਸਫਲ਼ਤਾ ਅਤੇ ਕੁਝ ਸੇਹਤ ਦੇ ਕਾਰਨਾਂ ਕਰਕੇ ਆਪਣੇੇ ਥਾਂ ਜਥੇਦਾਰ ਮੋਹਨ ਸਿੰਘ ਤੁੜ ਜੀ ਨੂੰ, ਸ਼੍ਰੋਮਣੀ ਅਕਾਲੀ ਦਾ ਪ੍ਰਧਾਨ ਥਾਪ ਦਿਤਾ ਅਤੇ ਆਪ ਪਹਿਲਾਂ ਵਾਂਗ ਕੇਵਲ ਸੇਵਾ ਅਤੇ ਧਰਮ ਪ੍ਰਚਾਰ ਵੱਲ ਹੀ ਸਮਾ ਦੇਣਾ ਸ਼ੁਰੂ ਕਰ ਦਿਤਾ। ਸੱਤ ਮਹੀਨਿਆਂ ਪਿੱਛੋਂ ਹੀ, ਅਕਾਲ ਪੁਰਖ ਦੇ ਸੱਦੇ ਅਨੁਸਾਰ, "ਘਲੇ ਆਵਹਿ ਨਾਨਕਾ ਸਦੇ ਉਠੀ ਜਾਹਿ॥" ਦੇ ਮਹਾਂਵਾਕ ਅਨੁਸਾਰ "ਗੁਰਮੁਖ ਜਨਮ ਸਵਾਰਿ ਦਰਗਹਿ ਚਲਿਆ॥" ਸੰਤ ਫਤਹਿ ਸਿੰਘ ਜੀ, ਅਕਾਲ ਪੁਰਖ ਦੀ ਗੋਦ ਵਿਚ ਜਾ ਬਿਰਾਜੇ।
ਅਜਿਹੇ ਪਰਉਪਕਾਰੀ ਸੰਤ ਮਹਾਂ ਪੁਰਸ਼ ਦੀ, ਬਿਨਾ ਕਿਸੇ ਕਾਰਨ ਅਣਹੋਈ ਨਿੰਦਿਆ ਕਰਕੇ, ਪਾਪਾਂ ਦਾ ਭਾਰ ਆਪਣੇ ਸਿਰ ਉਪਰ ਚੁੱਕਣਾ, ਕੋਈ ਸਿਆਣਪ ਵਾਲ਼ਾ ਕੰਮ ਨਹੀਂ ਹੈ। ਕੋਈ ਸ਼ੰਕਾ ਹੋਵੇ ਤਾਂ ਸੁਖਮਨੀ ਸਾਹਿਬ ਦੀ ਤੇਰਵੀਂ ਅਸਟਪਦੀ ਜਰਾ ਗਹੁ ਨਾਲ਼ ਪੜ੍ਹ ਲੈਣੀ ਚਾਹੀਦੀ ਹੈ।
ਸ੍ਰੀ ਗੁਰੂ ਗਰੰਥ ਸਾਹਿਬ ਜੀ ਵਿਚ ਨਿੰਦਕ, ਨਿੰਦਕੁ, ਨਿੰਦਕਿ, ਨਿੰਦਿਆ, ਨਿੰਦੀਐ, ਨਿੰਦ, ਨਿੰਦੁ, ਨਿੰਦਾ, ਨਿੰਦੈ, ਨਿੰਦਉ, ਨਿੰਦਹੁ, ਨਿੰਦਸਿ, ਨਿੰਦਹਿ ਦੇ ਤੇਰਾਂ ਰੂਪਾਂ ਵਿਚ, ੨੫੯ ਵਾਰੀਂ ਅੰਕਤ ਕਰਕੇ, ਆਪਣੇ ਸਿੱਖਾਂ ਨੂੰ ਕਿਸੇ ਦੀ ਨਿੰਦਿਆ ਕਰਨ ਤੋਂ ਰੋਕਿਆ ਗਿਆ ਹੈ।
ਪ੍ਰਭ ਮਾਤਾ ਪਿਤਾ ਅਪਣੇ ਦਾਸ ਕਾ ਰਖਵਾਲਾ॥
ਨਿਦਕ ਕਾ ਮਾਥਾ ਈਹਾਂ ਊਹਾ ਕਾਲਾ॥੩॥    (ਅੰਗ ੧੧੩੭)
ਨਿੰਦਾ ਭਲੀ ਕਿਸੈ ਕੀ ਨਾ ਹੀ ਮਨਮੁਖ ਮੁਗਧ ਕਰੰਨਿ॥
ਮੁਹ ਕਾਲੇ ਤਿਨ ਨਿੰਦਕਾ ਨਰਕੇ ਘੋਰਿ ਪਵੰਨਿ॥੬॥    (ਅੰਗ ੭੫੫)


ਬਚਗਾਨਾ ਸੋਚਾਂ
ਇਕ
ਘਟਨਾਵਾਂ ਇਹ ੧੯੪੭ ਤੋਂ ਲੈ ਕੇ ੧੯੫੨ ਦੇ ਵਿਚਾਲੇ ਦੇ ਵੇਲੇ ਦੌਰਾਨ ਵਰਤੀਆਂ ਹੋਣਗੀਆਂ! ਇਸ ਤੋਂ ਪਹਿਲਾਂ ਸੰਨ ਸੰਮਤ ਵਰਗੀਆਂ ਗੱਲਾਂ ਦਾ ਮੈਨੂੰ ਪਤਾ ਨਹੀਂ ਸੀ ਹੁੰਦਾ। ੧੯੫੨ ਦਾ ਵੀ ਪਤਾ ਤਾਂ ਲੱਗਾ ਕਿ ਉਸ ਸਾਲ ਦੀਆਂ ਗਰਮੀਆਂ ਦੀ ਦੁਪਹਿਰੇ, ਇਕ ਮਹਿੰਦਰ ਸਿੰਘ ਨਾਮੀ ਪੜ੍ਹਿਆ ਲਿਖਿਆ ਸੱਜਣ, ਜਾਮਨੂੰ ਦੇ ਵਿਸ਼ਾਲ ਦਰੱਖ਼ਤ ਥੱਲੇ ਡੱਠੀ ਮੰਜੀ ਉਪਰ ਬੈਠ ਕੇ, ਕਿਸੇ ਨੂੰ ਖ਼ਤ ਲਿਖਣ ਲੱਗਾ ਤੇ ਉਸ ਨੇ ਪਹਿਲਾਂ ਤਰੀਕ ਪਾਈ ਤੇ ਨਾਲੇ ਬੋਲ ਕੇ ਵੀ ਦੱਸਿਆ ਕਿ ਬਵੰਜਵਾਂ ਸਾਲ ਹੋ ਗਿਆ। ਮੈਂ ਇਹ ਸੁਣ ਵੀ ਲਿਆ ਤੇ ਲਿਖਿਆ ਹੋਇਆ ਵੇਖ ਵੀ ਲਿਆ। ਖਾਕੀ ਰੰਗ ਦਾ ਇਕ ਛੋਟਾ ਜਿਹਾ ਕਾਰਡ ਹੁੰਦਾ ਸੀ ਜੇਹੜਾ ਮੇਰੀ ਸੰਭਾਲ਼ ਵਿਚ ਤਿੰਨ ਪੈਸਿਆਂ ਦਾ ਆਉਂਦਾ ਹੁੰਦਾ ਸੀ। ਇਸ ਦਾ ਇਕ ਰੂਪ ਜਵਾਬੀ ਵੀ ਹੁੰਦਾ ਸੀ ਜਿਸ ਦੀ ਕੀਮਤ ਛੇ ਪੈਸੇ ਹੁੰਦੀ ਸੀ। ਇਹ ਦੋ ਕਾਰਡ ਇਕੱਠੇ ਜੁੜੇ ਹੋਏ ਹੁੰਦੇ ਸਨ। ਇਸ ਦਾ ਮਤਲਬ ਇਹ ਹੁੰਦਾ ਸੀ ਕਿ ਜਿਸ ਨੂੰ ਲਿਖਿਆ ਗਿਆ ਹੈ, ਉਹ ਓਸੇ ਵੇਲੇ ਨਾਲ਼ ਦਾ ਖਾਲੀ ਕਾਰਡ ਲਾਹ ਕੇ ਜਵਾਬ ਲਿਖ ਕੇ ਲੈਟਰ ਬਕਸ ਵਿਚ ਪਾ ਦਏ। ਗੁਰਬਾਣੀ ਦੇ ਪ੍ਰਸਿੱਧ ਵਿੱਦਵਾਨ ਪ੍ਰੋ. ਸਾਹਿਬ ਸਿੰਘ ਜੀ ਉਹਨਾਂ ਨੂੰ ਆਈ ਹਰੇਕ ਚਿੱਠੀ ਦਾ ਜਵਾਬ ਦਿਆ ਕਰਦੇ ਸਨ ਪਰ ਸੁਭਾਅ ਪੱਖੋਂ ਸੰਜਮੀ ਹੋਣ ਕਰਕੇ, ਇਸ ਕਾਰਡ ਉਪਰ ਹੀ ਲਿਖਿਆ ਕਰਦੇ ਸਨ। ੧੯੬੫ ਵਿਚ ਮੈਨੂੰ ਵੀ ਪਟਿਆਲੇ ਉਹਨਾਂ ਨੇ ਜਵਾਬ ਇਸ ਕਾਰਡ ਰਾਹੀਂ ਹੀ ਦਿੱਤਾ ਸੀ।
ਦੋ
ਇਹਨਾਂ ਸਾਲਾਂ ਦੌਰਾਨ ਜਦੋਂ ਕਿਸੇ ਦੀ ਜੰਞ ਆਉਣੀ ਤਾਂ ਉਸ ਨਾਲ਼ ਤਵਿਆਂ ਵਾਲਾ ਵਾਜਾ ਵੀ ਆਉਣਾ। ਜੰਞ ਗੁਰਦੁਆਰੇ ਹੀ ਠਹਿਰਿਆ ਕਰਦੀ ਸੀ। ਜੰਞ ਦੀ ਆਉਣ ਸਮੇ ਚਾਹ ਪਾਣੀ ਦੀ ਸੇਵਾ ਵੀ ਗੁਰਦੁਆਰੇ ਵਿਚ ਹੀ ਹੋਣੀ ਤੇ ਰਾਤ ਦੀ ਰੋਟੀ ਖਾਣ ਲੜਕੀ ਵਾਲਿਆਂ ਦੇ ਘਰ ਜਾਣਾ। ਅਨੰਦ ਕਾਰਜ ਲੜਕੀ ਵਾਲੇ ਘਰਾਂ ਵਿਚ ਹੀ ਚਾਨਣੀਆਂ ਲਾ ਕੇ ਕੀਤੇ ਜਾਂਦੇ ਸਨ ਪਰ ਕਦੀ ਕਦੀ ਗੁਰਦੁਆਰੇ ਵਿਚ ਵੀ ਹੁੰਦੇ ਵੇਖੇ। ਓਥੇ ਹੀ ਤਵਿਆਂ ਵਾਲਾ ਵਾਜਾ ਵੱਜਿਆ ਕਰਦਾ ਸੀ।
ਇਕ ਵਾਰੀ ਦੀ ਯਾਦ ਹੈ। ਗੁਰਦੁਆਰੇ ਦੇ ਭਾਈ ਜੀ, ਜੇਹੜੇ ਨੰਬਰਦਾਰ ਪਰਵਾਰ ਵਿਚੋਂ ਸਨ ਤੇ ਗੁਰੂ ਕੇ ਬਾਗ ਦੇ ਮੋਰਚੇ ਵਿਚ ਹਿੱਸਾ ਲੈਣ ਦੇ ਦੋਸ਼ ਵਿਚ, ਫੌਜ ਵਿਚੋਂ ਕੱਢੇ ਗਏ ਸਨ। ਉਹਨਾਂ ਨੇ ਗੁਰਦੁਆਰਾ ਬਣਾਇਆ ਸੀ ਤੇ ਸੁੰਦਰ ਬਾਗ ਵੀ ਲਾਇਆ ਸੀ ਹੋਇਆ ਸੀ। ਉਸ ਸਭ ਕਾਸੇ ਦੀ ਸੰਭਾਲ਼ ਵੀ ਓਹੀ ਕਰਦੇ ਸਨ। ਇਕ ਵਾਰੀਂ ਜੰਞ ਵੱਲੋਂ ਲਿਆਂਦੇ ਵਾਜੇ ਦੇ ਗੀਤਾਂ ਕਰਕੇ ਬਹੁਤ ਗੁੱਸੇ ਵਿਚ ਆ ਗਏ ਕਿ ਗੁਰਦੁਆਰੇ ਵਿਚ ਅਸ਼ਲੀਲ ਤਵੇ ਵੱਜ ਰਹੇ ਹਨ। ਸਾਡਾ ਘਰ ਅਤੇ ਗੁਰਦੁਆਰੇ ਦਾ ਘਰ ਆਹਮੋ ਸਾਹਮਣੇ ਸਨ, ਤੇ ਹਨ। ਇਸ ਤੇ ਝਗੜਾ ਬਹੁਤ ਵਧ ਗਿਆ। ਦੋਹਾਂ ਧਿਰਾਂ ਵਿਚ ਗਾਹਲੀ ਗਲੋਚ ਹੋ ਗਿਆ। ਇਕ ਮੇਰੇ ਦਾਦਾ ਜੀ ਦੀ ਪੀਹੜੀ ਵਿਚੋਂ, ਮਲਾਇਆ ਤੋਂ ਮੁੜਿਆ ਸੀ। ਉਹ ਭਾਈ ਜੀ ਦੇ ਵਿਰੋਧੀਆਂ ਨੂੰ ਲਲਕਾਰਦਾ ਵੀ ਮੈਂ ਸੁਣਿਆ। ਦੂਜੇ ਬੰਨੇ ਭਾਈ ਜੀ ਨੂੰ ਗੰਦੀਆਂ ਗਾਹਲਾਂ ਕਢਦੇ ਵੀ ਸੁਣੇ।
ਬਾਕੀ ਤਵਿਆਂ ਦੀ ਤੇ ਬਹੁਤੀ ਯਾਦ ਨਹੀਂ ਪਰ ਜਦੋਂ ਕਦੇ ਢਾਡੀਆਂ ਦਾ ਕੋਈ ਗੀਤ ਲੱਗਣਾ ਤਾਂ ਆਪਣੀ ਕਲਪਣਾ ਸ਼ਕਤੀ ਦੀ ਦੌੜ ਲਗਾ ਕੇ ਸਮਝਣ ਦਾ ਜਤਨ ਕਰਨਾ ਤੇ ਸਮਝਣਾ ਇਹ ਪੇਟੀ ਕੋਈ ਵੱਖਰੀ ਦੁਨਆਂ ਹੈ ਸਾਡੇ ਵਰਗੀ। ਪੇਟੀ ਵਿਚ ਇਸ ਦੁਨੀਆ ਦਾ ਇਕ ਵੱਡਾ ਸ਼ਹਿਰ ਹੈ ਜਿਥੇ ਦੀਵਾਨ ਲੱਗਿਆ ਹੋਇਆ ਹੈ ਤੇ ਢਾਡੀ ਗਾ ਰਹੇ ਹਨ। ਉਸ ਪੇਟੀ ਨਾਲ਼ ਲੱਗੇ ਕੁੰਡਿਆਂ ਵਾਲੇ ਛੋਟੇ ਛੋਟੇ ਉਭਰਵੇਂ ਥਾਂ ਉਸ ਦੁਨੀਆ ਦੇ ਪਿੰਡ ਹਨ।
ਤਿੰਨ
ਸਾਡਾ ਨਿੱਕਾ ਜਿਹਾ ਪਿੰਡ ਸੂਰੋ ਪੱਡਾ, ਅੰਮ੍ਰਿਤਸਰ ਤੋਂ ਮਹਿਤੇ ਵਾਲੀ ਸੜਕ ਉਪਰ, ਬਾਈਵੇਂ ਮੀਲ 'ਤੇ ਹੈ। ਇੱਕੀਵੇਂ ਮੀਲ ਉਪਰ ਨਾਥ ਦੀ ਖੂਹੀ ਵਾਲਾ ਬੱਸ ਦਾ ਅੱਡਾ ਹੈ। ਜਦੋਂ ਅਸੀਂ ਡੰਗਰ ਚਾਰਦੇ ਹੁੰਦਾ ਸਾਂ ਤਾਂ ਉਹ ਖੂਹੀ ਬੇਆਬਾਦ ਪਈ ਹੁੰਦੀ ਸੀ। ਅਸੀਂ ਖੂਹੀ ਗੇੜ ਕੇ ਪਾਣੀ ਪੀਆ ਕਰਦੇ ਸਾਂ। ਮਾਂਗਾ, ਚੰਨਣ ਕੇ, ਜਲਾਲ ਉਸਮਾ, ਆਦਿ ਪਿੰਡਾਂ ਨੂੰ ਇਹੋ ਹੀ ਬੱਸਾਂ ਦਾ ਅੱਡਾ ਲੱਗਦਾ ਹੁੰਦਾ ਸੀ। ਜੇ ਅਸੀਂ ਆਪਣੇ ਪਿੰਡ ਤੱਕ ਬੱਸ ਉਪਰ ਆਉਣਾ ਹੋਵੇ ਤਾਂ ਸਾਡੇ ਪਿੰਡ ਵਾਲਿਆਂ ਤੋਂ ਕੰਡਕਟਰ ਟਿਕਟ ਮਹਿਤੇ ਤੱਕ ਦਾ ਕਰਾਇਆ ਲੈ ਕੇ ਹੀ ਦਿੰਦਾ ਹੁੰਦਾ ਸੀ। ਜੇ ਅਸੀਂ ਕੁਝ ਪੈਸੇ ਘੱਟ ਖਰਚਣ ਦੇ ਲਾਲਚ ਵਿਚ ਨਾਥ ਦੀ ਖੂਹੀ ਦੀ ਟਿਕਟ ਲੈਂਦੇ ਸਾਂ ਤਾਂ ਫਿਰ ਓਥੇ ਉਤਰ ਕੇ ਤੇ ਤੁਰ ਕੇ ਪਿੰਡ ਆਉਣਾ ਪੈਂਦਾ ਸੀ।
ਉਹਨੀਂ ਦਿਨੀਂ ਓਥੇ ਖੂਹੀ ਤੇ ਦਰੱਖ਼ਤਾਂ ਦੇ ਝੁੰਡ ਨੁਮਾਹ ਦਰੱਖ਼ਤਾਂ ਦੇ ਬਾਗ ਤੋਂ ਬਿਨਾ ਹੋਰ ਕੁਝ ਨਹੀਂ ਸੀ ਹੁੰਦਾ। ਜਾਂ ਫਿਰ ਇਕ ਦੋ ਢੱਠੇ ਜਿਹੇ ਖੋਲੇ ਹੁੰਦੇ ਸਨ। ਕਿਸੇ ਵੇਲੇ ਓਥੇ ਇਕ ਲੁੰਜਾ ਸਾਧ ਰਿਹਾ ਕਰਦਾ ਸੀ। ਉਸ ਨੇ ਮੋਟਰ ਸਾਈਕਲ ਉਪਰ ਜਦੋਂ ਕਦੀ ਸਾਡੇ ਪਿੰਡ ਆਉਣਾ ਤਾਂ ਸਾਡਾ ਹਵੇਲੀ ਵਾਲਾ ਘਰ ਪਹਿਲਾਂ ਹੋਣ ਕਰਕੇ, ਆਪਣਾ ਮੋਟਰ ਸਾਈਕਲ ਸਾਡੇ ਘਰ ਦੀ ਕੰਧ ਨਾਲ਼ ਖਲ੍ਹਾਰ ਕੇ ਅੱਗੇ ਪਿੰਡ ਵਿਚ ਜਾਣਾ। ਹੁਣ ਤੇ ਨਾਥ ਦੀ ਖੂਹੀ ਵਾਲੇ ਅੱਡੇ 'ਤੇ ਰੌਣਕ ਇਉਂ ਲੱਗਦੀ ਹੈ ਜਿਵੇਂ ਇਹ ਕੋਈ ਛੋਟਾ ਜਿਹਾ ਸ਼ਹਿਰ ਵੱਸਦਾ ਹੋਵੇ।
ਇਹ ਸਭ ਗੱਲਾਂ ਓਦੋਂ ਦੀਆਂ ਹਨ ਜਦੋਂ ਮੈਂ ਡੰਗਰ ਚਾਰਨ ਦੀ ਉਮਰ ਦਾ ਹੋ ਗਿਆ ਸੀ। ਗੱਲ ਤੇ ਮੈਂ ਉਸ ਤੋਂ ਵੀ ਪਹਿਲਾਂ ਦੀ ਕਰਨੀ ਚਾਹੁੰਦਾ ਹਾਂ। ਜਿਨ੍ਹਾਂ ਪਿੰਡਾਂ ਦਾ ਮੈਂ ਉਪਰ ਜ਼ਿਕਰ ਕੀਤਾ ਹੈ, ਉਹਨਾਂ ਦੇ ਪਿੰਡਾਂ ਦੇ ਦਰੱਖ਼ਤਾਂ ਦੀ ਕਤਾਰ ਦੀ ਕਤਾਰ ਹੀ ਮਾਂਗੇ ਤੋਂ ਲੈ ਕੇ ਜਲਾਲ ਤੱਕ ਜਾਂਦੀ ਦਿਸਦੀ ਹੁੰਦੀ ਸੀ। ਉਹਨਾਂ ਵਿਚ ਖੂਹੀ ਵਾਲਾ ਬਾਗ ਵਧੇਰੇ ਉਭਰਵਾਂ ਦਿਸਦਾ ਹੁੰਦਾ ਸੀ। ਸਾਡੇ ਪਿੰਡੋਂ ਕੁਝ ਬੰਦੇ ਸਿੰਘਾਪੁਰ ਮਲਾਇਆ ਵਿਚ ਰਹਿੰਦੇ ਸਨ। ਉਹਨਾਂ ਨੇ ਓਧਰ ਜਾਂਦਿਆਂ ਆਉਂਦਿਆਂ ਪਿੰਡ ਵਿਚ ਬੱਸ ਤੋਂ ਉਤਰਨਾ/ਚੜ੍ਹਨਾ। ਬੱਸ ਅੰਮ੍ਰਿਤਸਰ ਵਾਲੇ ਪਾਸਿਉਂ ਹੀ ਆਉਣੀ ਤੇ ਅੱਗੋਂ ਮਹਿਤਿਉਂ ਮੁੜ ਕੇ ਮੁੜ ਅੰਮ੍ਰਿਤਸਰ ਵੱਲ ਹੀ ਜਾਣੀ। ਮੈਂ ਇਉਂ ਸਮਝਣਾ ਕਿ ਜੇਹੜਾ ਦਰੱਖ਼ਤਾਂ ਦਾ ਝੁੰਡ ਨਾਥ ਦੀ ਖੂਹੀ ਦਾ ਹੈ ਉਹ ਹੀ ਅੰਮ੍ਰਿਤਸਰ ਹੈ।
ਮੇਰੇ ਵੱਡੇ ਬਾਬਾ ਜੀ ਦਾ ਪੁੱਤਰ ਜੈਲੋ, ਮੇਰਾ ਚਾਚਾ (ਹੁਣ ਸ. ਜਰਨੈਲ ਸਿੰਘ) ਮੇਰੇ ਤੋਂ ਦੋ ਕੁ ਸਾਲ ਵੱਡਾ ਹੈ। ਉਸ ਸਮੇ, ਅੰਗ੍ਰੇਜ਼ਾਂ ਦੇ ਰਿਵਾਜ ਅਨੁਸਾਰ ਆਖ ਲਉ, ਉਹ ਮੇਰਾ 'ਗੌਡ ਫਾਦਰ' ਹੁੰਦਾ ਸੀ। ਇਕ ਦਿਨ ਮੈਂ ਉਸ ਨੂੰ ਪੁੱਛਿਆ, "ਜੈਲੋ, ਸਿੰਘਾਪੁਰ ਅੰਬਰਸਰ ਤੋਂ ਉਰਲੇ ਪਾਸੇ ਆ ਕਿ ਅੰਬਰਸਰ ਤੋਂ ਪਰਲੇ ਪਾਸੇ ਆ?" "ਹੂੰਅ! ਅੰਬਰਸਰ ਤੋਂ ਉਰਲੇ ਪਾਸੇ ਪਰਲੇ ਪਾਸੇ ਈ ਦੱਸਦਾ ਈ! ਓਥੇ ਜਾਣ ਨੂੰ ਮਹੀਨਾ ਲੱਗ ਜਾਂਦਾ ਵਾ!" ਓਦੋਂ ਪਾਣੀ ਦੇ ਜਹਾਜ ਵੀ ਹਵਾ ਨਾਲ਼ ਚੱਲਦੇ ਹੁੰਦੇ ਸਨ ਤੇ ਇਸ ਲਈ ਮਹੀਨਾ ਓਥੇ ਪਹੁੰਚਣ ਲਈ ਲੱਗ ਹੀ ਜਾਂਦਾ ਹੋਵੇਗਾ! ਪਰ ਇਹ ਗੱਲ ਮੈਂ ਉਸ ਤੋਂ ਲੁਕਾ ਕੇ ਹੀ ਰੱਖੀ ਕਿ ਮੈਂ ਤੇ ਉਹਨਾਂ ਦਰੱਖ਼ਤਾਂ ਨੂੰ ਹੀ ਅੰਬਰਸਰ ਸਮਝਦਾ ਸਾਂ।
ਚਾਰ
ਇਹ ਸਾਲ ੧੯੫੨ ਹੈ। ਇਸ ਤੋਂ ਪਹਿਲਾਂ ਮੈਨੂੰ ਸਾਲਾਂ ਦੀ ਸਮਝ ਨਹੀਂ ਹੁੰਦੀ ਕਿ ਕੇਹੜਾ ਸਾਲ ਹੈ। ਹਿੰਦੁਸਤਾਨ ਵਿਚ ਸੰਵਿਧਾਨ ਬਣਨ ਪਿੱਛੋਂ ਪਹਿਲੀਆਂ ਚੋਣਾਂ ਹੋਈਆਂ ਸਨ। ਸਿੱਖ ਰਿਆਸਤਾਂ ਤੋੜ ਕੇ ਨਵੇ ਬਣਾਏ ਗਏ ਸੂਬੇ, ਪੈਪਸੂ ਵਿਚ ਅਕਾਲੀਆਂ ਦੀ ਅਗਵਾਈ ਵਾਲੀ ਸਰਕਾਰ ਬਣ ਗਈ ਸੀ, ਉਵੇਂ ਹੀ ਜਿਵੇਂ ੧੯੬੭ ਵਿਚ ਪੰਜਾਬ ਵਿਚ ਬਣ ਗਈ ਸੀ। ਇਹ ਹਿੰਦੁਸਤਾਨ ਵਿਚ ਪਹਿਲੀ ਸਰਕਾਰ ਸੀ, ਜੇਹੜੀ ਕਾਂਗਰਸ ਦੇ ਵਿਰੁਧ ਬਣੀ ਸੀ। ਬਾਕੀ ਸਾਰੇ ਹਿੰਦੁਸਤਾਨ ਵਿਚ ਇਕ ਛਤਰ ਕਾਂਗਰਸ ਦਾ ਹੀ ਰਾਜ ਸੀ ਪਰ ਪੰਡਤ ਨਹਿਰੂ ਨੇ ਛੇਤੀ ਹੀ ਤੋੜ ਦਿਤੀ ਸੀ। ਇਹਨਾਂ ਗੱਲਾਂ ਦੀ ਸਮਝ ਬਹੁਤ ਸਾਲਾਂ ਪਿਛੋਂ ਆਈ ਸੀ ਤੇ ਗੱਲ ਮੈਂ ਓਦੋਂ ਦੀ ਕਰਨ ਲੱਗਾਂ ਹਾਂ ਜਦੋਂ ਅਜੇ ਇਹਨਾਂ ਝਮੇਲਿਆਂ ਦੀ ਕੋਈ ਸਮਝ ਨਹੀਂ ਸੀ ਹੁੰਦੀ।
ਮੇਰਾ ਆਉਣਾ ਜਾਣਾ, ਮੇਰੇ ਆਪਣੇ ਨਾਨਕਿਆਂ ਨਾਲੋਂ ਵੀ ਆਪਣੇ ਭਾਈਆ ਜੀ ਦੇ ਨਾਨਕਿਆਂ ਵੱਲ ਵਧੇਰੇ ਹੁੰਦਾ ਸੀ। ਮੈਂ ਆਪਣੀ ਦਾਦੀ ਮਾਂ ਜੀ ਦਾ ਲਾਡਲਾ ਪੋਤਾ ਹੋਣ ਕਰਕੇ, ਦਾਦੀ ਜੀ ਦੇ ਪੇਕੇ ਪਿੰਡ ਸੰਗੋਜਲੇ, ਉਹਨਾਂ ਦੇ ਨਾਲ਼ ਆਮ ਹੀ ਜਾਇਆ/ਆਇਆ ਕਰਦਾ ਸਾਂ। ਵੱਡਾ ਹੋ ਕੇ ਫਿਰ ਅੰਮ੍ਰਿਤਸਰ ਤੋਂ ਸਾਈਕਲ ਉਪਰ, ਬਿਆਸ ਤੋਂ ਦਰਿਆ ਦੇ ਨਾਲ਼ ਨਾਲ਼ ਧੁੱਸੀ ਬੰਨ੍ਹ ਰਾਹੀਂ ਉਹਨਾਂ ਦੇ ਖੂਹ ਉਪਰ ਹੀ ਚਲਿਆ ਜਾਂਦਾ ਸਾਂ। ਸੰਗੋਜਲਾ, ਸੁਰਖਪੁਰ ਸੰਗੋਜਲਾ ਕਰਕੇ ਵਧੇਰੇ ਜਾਣਿਆ ਜਾਂਦਾ ਹੈ। ਇਹ ਕਪੂਰਥਾਲਾ ਜ਼ਿਲ੍ਹੇ ਵਿਚ ਧੁੱਸੀ ਬੰਨ੍ਹ ਦੇ ਬਾਹਰਵਾਰ ਹੈ।
ਸੰਗੋਜਲੇ ਦੇ ਨੇੜੇ ਦੇ ਪਿੰਡ ਦਾ ਨਾਂ ਪੱਡੇ ਹੈ। ਪਿੰਡ ਦੇ ਬਾਹਰਵਾਰ ਬਾਬਾ ਸਾਹਿਬ ਦਿਤਾ ਜੀ ਦੀ ਯਾਦ ਵਿਚ ਬਣੇ ਗੁਰਦੁਆਰੇ ਵਿਚ ਇਕੋਤਰ ਸੌ ਅਖੰਡ ਪਾਠਾਂ ਦੀ ਲੜੀ ਚੱਲਦੀ ਸੀ। ਇਕੋਤਰੀ ਦੇ ਭੋਗ ਸਮੇ ਮੇਲਾ ਲੱਗਣਾ ਸੀ ਤੇ ਉਸ ਦੇ ਇਸ਼ਤਿਹਾਰ ਛਪੇ ਸਨ। ਉਸ ਇਸ਼ਤਿਹਾਰ ਦੀ ਇਕੋ ਗੱਲ ਯਾਦ ਹੈ: ਉਸ ਵਿਚ ਲਿਖਿਆ ਸੀ ਕਿ ਭੋਗ ਸਮੇ ਪੈਪਸੂ ਦੇ ਮੁਖ ਮੰਤਰੀ ਸ. ਗਿਆਨ ਸਿੰਘ ਰਾੜੇਵਾਲਾ ਜੀ ਆਉਣਗੇ। ਉਹ ਆਪਣੇ ਨਾਲ਼ ਇਕ ਮਸ਼ੀਨ ਲਿਆਉਣਗੇ ਜੇਹੜੀ ਉਹਨਾਂ ਦੀਆਂ ਕੀਤੀਆਂ ਗੱਲਾਂ ਨੂੰ ਓਸੇ ਵੇਲੇ ਫਿਰ ਸੁਣਾ ਦਊਗੀ।
੧੯੬੮ ਵਿਚ ਉਹ ਗੱਲਾਂ ਕਰਨ ਵਾਲੀ ਮਸ਼ੀਨ ਵੇਖੀ ਤੇ ਇਹ ਵੀ ਪਤਾ ਲੱਗਾ ਕਿ ਇਸ ਨੂੰ ਟੇਪ ਰਿਕਾਰਡਰ ਆਖਦੇ ਹਨ।
ਇਹ ਵੀ ਜਾਣ ਲਓ ਕਿ ਉਸ ਸਮੇ ਮੈਂ ੧੦੧ ਨੂੰ 'ਦਸ ਇਕ ਯਾਰਾਂ' ਹੀ ਸਮਝਿਆ ਅਤੇ ਆਖਿਆ ਕਰਦਾ ਸਾਂ। ਇਹ ਪਤਾ ਹੀ ਨਹੀਂ ਸੀ ਕਿ ਇਹ 'ਇਕ ਸੌ ਇਕ' ਹੁੰਦੇ ਹਨ। ਇਹਨਾਂ ਨੂੰ ਹੀ ਇਕੋਤਰ ਸੌ ਜਾਂ ਇਕੋਤਰੀ ਵੀ ਕਿਹਾ ਜਾਂਦਾ ਹੈ। ਉਹ ਮੇਲਾ ਆਇਆ ਪਰ ਮਸ਼ੀਨ ਵਾਲੀ ਕੋਈ ਗੱਲ ਨਾ ਹੋਈ।
ਉਸ ਗੁਰਦੁਆਰਾ ਸਾਹਿਬ ਜੀ ਦੇ ਮਹੰਤ ਗੁਰਬਚਨ ਸਿੰਘ ਜੀ ਨੂੰ ਕਿਸੇ ਨੇ ਦੱਸ ਦਿਤਾ ਕਿ ਮੈਨੂੰ ਜਪੁ ਜੀ ਸਾਹਿਬ ਮੂੰਹ ਜ਼ਬਾਨੀ ਕੰਠ ਹੈ। ਮਹੰਤ ਜੀ ਨੇ ਮੈਨੂੰ ਆਪਣੀ ਗੱਦੀ ਦੇ ਸਿਰਹਾਣੇ ਵਾਲੇ ਪਾਸੇ ਬੈਠਾ ਕੇ, ਮੇਰੇ ਕੋਲੋਂ ਜਪੁ ਜੀ ਸਾਹਿਬ ਦਾ ਪਾਠ ਸੁਣਿਆ ਤੇ ਖੁਸ਼ ਹੋ ਕੇ ਇਕ ਰੁਪਇਆ ਇਨਾਮ ਦਿਤਾ। ਉਹ ਬਿਲਕੁਲ ਨਵਾਂ ਤੇ ਕੜਕਵਾਂ ਨੋਟ ਸੀ ਜੋ ਮੈਂ ਪਹਿਲੀ ਵਾਰ ਹੀ ਵੇਖਿਆ ਸੀ। ਇਸ ਤੋਂ ਪਹਿਲਾਂ ਚਾਂਦੀ ਵਾਲੇ ਰੁਪਈਏ ਤੇ ਵੇਖੇ ਹੋਏ ਸਨ ਪਰ ਨੋਟ ਨਹੀਂ ਸੀ ਕਦੀ ਵੇਖਿਆ। ਉਹ ਰੁਪਈਆ ਮੈਂ ਉਸ ਮੇਲੇ ਵਿਚ ਕਿਵੇਂ ਖਰਚਿਆ? ਚੌਦਾਂ ਆਨਿਆਂ ਦੇ ਤੇ ਲੱਕੜ ਦੇ ਘੋੜਿਆਂ ਉਪਰ ਹੂਟੇ ਲੈ ਲਏ ਤੇ ਦੋ ਆਨਿਆਂ ਦੇ ਬਰਫ ਦੇ ਗੋਲੇ ਇਕ ਹੋਰ ਸਾਥੀ ਨਾਲ਼ ਮਿਲ ਕੇ ਖਾ ਲਏ। ਸੋਲਾਂ ਆਨਿਆਂ ਦਾ ਇਉਂ, ਇਕੋਤਰੀ ਦੇ ਭੋਗ ਵਾਲੇ ਦਿਨ ਭੋਗ ਪਾ ਦਿਤਾ।
ਪੰਜ
੧੯੫੨ ਤੋਂ ਸਾਲ ਖੰਡ ਪਹਿਲਾਂ ਦੀ ਗਲ ਹੋਵੇਗੀ ਕਿ ਮੈਂ ਆਮ ਵਾਂਗ ਹੀ ਦਾਦੀ ਮਾਂ ਜੀ ਦੇ ਨਾਲ਼ ਉਹਨਾਂ ਦੇ ਪੇਕੇ ਪਿੰਡ ਸੰਗੋਜਲੇ ਗਿਆ ਹੋਇਆ ਸਾਂ। ਤਕਾਲਾਂ ਨੂੰ ਹਾਣੀ ਮੁੰਡਿਆਂ ਨਾਲ਼ ਖੇਡਣ ਸਮੇ ਇਕ ਮੁੰਡੇ ਨੇ ਦੱਸਿਆ, "ਹੁਣ ਇਕ ਇਹੋ ਜਿਹੀ ਮਸ਼ੀਨ ਬਣੀ ਹੈ ਕਿ ਉਸ ਉਤੇ ਕਿਸੇ ਵੀ ਪਿੰਡ ਦੀਆਂ ਗੱਲਾਂ ਸੁਣੀਆਂ ਜਾ ਸਕਦੀਆਂ ਹਨ।" ਮੈਂ ਕਿਹਾ, "ਕੀ ਮੇਰੇ ਪਿੰਡ ਦੀਆਂ ਗੱਲਾਂ ਵੀ ਉਹਦੇ ਤੋਂ ਸੁਣ ਸਕਦੇ ਹਾਂ?" ਜਵਾਬ ਵਿਚ ਉਸ ਮੁੰਡੇ ਨੇ ਦੱਸਿਆ, "ਨਹੀਂ, ਸਿਰਫ ਓਸੇ ਪਿੰਡ ਦੀਆਂ ਗੱਲਾਂ ਹੀ ਸੁਣ ਸਕਦੇ ਹਾਂ ਜਿਸ ਪਿੰਡ ਦਾ ਉਸ ਮਸ਼ੀਨ 'ਤੇ ਨਾਂ ਲਿਖਿਆ ਹੋਇਆ ਹੋਵੇ। ਮੈਂ ਝੱਟ ਕਿਹਾ, "ਆਪਾਂ ਪੈਂਸਲ ਨਾਲ਼ ਉਸ ਉਤੇ ਮੇਰੇ ਪਿੰਡ ਦਾ ਨਾਂ ਲਿਖ ਲਵਾਂਗੇ।" ਓਦੋਂ ਕਾਨੇ ਦੀ ਕਲਮ ਤੋਂ ਇਲਾਵਾ ਲਿਖਣ ਯੰਤਰ ਸਿਰਫ ਪੈਂਸਲ ਦਾ ਹੀ ਪਤਾ ਹੁੰਦਾ ਸੀ। "ਨਹੀਂ, ਅਸੀਂ ਭਾਵੇਂ ਜਿੰਨਾ ਮਰਜੀ ਲਿਖੀ ਜਾਈਏ, ਸੁਣਦੀਆਂ ਗੱਲਾਂ ਉਸ ਪਿੰਡ ਦੀਆਂ ਹੀ ਨੇ ਜਿਸ ਦਾ ਪਹਿਲਾਂ ਹੀ ਉਸ ਮਸ਼ੀਨ 'ਤੇ ਨਾਂ ਲਿਖਿਆ ਹੋਇਆ ਹੋਵੇ," ਜਵਾਬ ਸੀ ਉਸ ਮੁੰਡੇ ਦਾ।
੧੯੫੬/੫੭ ਵਿਚ ਜਦੋਂ ਮੈਂ ਸੰਗੋਜਲੇ ਗਿਆ ਤੇ ਇਹ ਮਸ਼ੀਨ ਵੇਖੀ ਤੇ ਪਤਾ ਲੱਗਾ ਕਿ ਇਸ ਨੂੰ ਰੇਡੀਓ ਆਖਦੇ ਹਨ। ਇਹ ਬਿਧ ਇਸ ਕਰਕੇ ਬਣੀ ਕਿ ਮੇਰੇ ਦਾਦੀ ਜੀ ਦੇ ਛੋਟੇ ਭਰਾ ਸ. ਪੂਰਨ ਸਿੰਘ ਜੀ, ਰਿਸ਼ਤੇ ਕਰਕੇ ਤਾਂ ਭਾਵੇਂ ਉਹ ਸਾਡੇ ਦਾਦਾ ਜੀ ਲਗਦੇ ਸਨ ਪਰ ਸਾਡੇ ਭਾਈਆ ਜੀ ਦੇ ਹਾਣੀ ਹੋਣ ਕਰਕੇ, ਅਸੀਂ ਸਾਰੇ ਭੈਣ ਭਰਾ ਉਹਨਾਂ ਨੂੰ ਮਾਮਾ ਜੀ ਹੀ ਆਖਿਆ ਕਰਦੇ ਸਾਂ। ਉਹ ਪਿੰਡ ਦੇ ਸਰਪੰਚ ਸਨ। ਉਹਨਾਂ ਦੇ ਘਰ ਚੁਬਾਰੇ ਵਿਚ ਇਹ ਪੰਚਾਇਤੀ ਰੇਡੀਓ ਹੁੰਦਾ ਸੀ। ਇਕ ਵਾਰੀਂ ਮੈਂ ਉਹ ਉਤਸੁਕਤਾ ਵੱਸ ਚਲਾ ਲਿਆ। ਉਹ ਬਹੁਤ ਚਿਰ ਘੱਰਰਰ ਘੱਰਰਰ ਦੀ ਆਵਾਜ਼ ਦਿੰਦਾ ਰਿਹਾ। ਲਾਗੋਂ ਕਿਸੇ ਮੁੰਡੇ ਤੋਂ ਮੇਰੇ ਕੰਨ ਆਵਾਜ਼ ਪੈ ਗਈ ਕਿ ਰੇਲ ਗੱਡੀ ਪੁਲ਼ ਦੇ ਉਤੋਂ ਲੰਘ ਰਹੀ ਹੈ। ਮੈਂ ਵਾਹਵਾ ਚਿਰ ਉਡੀਕਦਾ ਰਿਹਾ ਕਿ ਗੱਡੀ ਲੰਘਣ ਪਿੱਛੋਂ ਇਹ ਬੋਲੂਗਾ ਪਰ ਉਹ ਘੱਰਰਰਰ ਘੱਰਰਰ ਦਾ ਰੌਲਾ ਪਾਉਣੋ ਹਟੇ ਈ ਨਾ। ਪਿੰਡ ਦੇ ਦੂਜੇ ਪਾਇਉਂ ਇਕ ਮੁੰਡਾ ਭੱਜਾ ਭੱਜਾ ਆਇਆ ਤੇ ਉਸ ਨੇ ਰੇਡੀਓ ਦਾ ਕੰਨ ਜਿਹਾ ਮਰੋੜ ਕੇ ਉਸ ਦੀ ਆਵਾਜ਼ ਠੀਕ ਕੀਤੀ।
ਕਾਰਨ ਇਹ ਬਣਿਆ ਸੀ ਕਿ ਮੈਂ ਅਣਜਾਣ ਹੋਣ ਕਰਕੇ ਰੇਡੀਓ ਦੀ ਸੂਈ ਦੋ ਸਟੇਸ਼ਨਾਂ ਵਿਚਾਲੇ ਫਸਾਈ ਹੋਈ ਸੀ।
ਵਿਸ਼ੇ ਤੋਂ ਲਾਂਭੇ ਦੀ ਗੱਲ: ਕਦੀ ਕਦੀ ਵਿਚਾਰ ਆਉਣਾ ਕਿ ਮਨੋਹਰ (ਮੇਰੇ ਚਾਚਾ ਜੀ ਦਾ ਪੁੱਤਰ) ਦੇ ਨਾਨਕੇ ਤੇ ਮਾਮੇ ਇਕੋ ਪਿੰਡ ਵੈਰੋ ਨੰਗਲ ਵਿਚ ਨੇ ਪਰ ਮੇਰੇ ਨਾਨਕੇ ਉਦੋਕੇ ਅਤੇ ਮਾਮੇ ਸੰਗੋਜਲੇ ਵੱਖ ਵੱਖ ਪਿੰਡਾਂ ਵਿਚ ਕਿਉਂ ਨੇ! ਕਿਸੇ ਨੂੰ ਇਹ ਸਵਾਲ ਨਾ ਕੀਤਾ ਤੇ ਨਾ ਹੀ ਕਿਸੇ ਨੇ ਇਹ ਭੇਤ ਦੱਸਿਆ। ਸਮਾ ਪਾ ਕੇ ਆਪੇ ਹੀ ਇਸ ਦਾ ਜਵਾਬ ਮਿਲ਼ ਗਿਆ। ਕਾਰਨ ਇਹ ਸੀ ਕਿ ਮੇਰਾ ਇਕੋ ਹੀ ਮਾਮਾ ਸੀ ਜੇਹੜਾ ਕਿਤੇ ਮੇਰੀ ਸੰਭਾਲ਼ ਤੋਂ ਪਹਿਲਾਂ ਹੀ ਚਾਲੇ ਪਾ ਗਿਆ ਸੀ। ਨਾਨਕੇ ਪਰਵਾਰ ਵਿਚ ਸਿਰਫ ਨਾਨਾ ਜੀ ਅਤੇ ਨਾਨੀ ਜੀ ਹੀ ਸਨ ਤੇ ਇਕ ਉਹਨਾਂ ਦਾ ਪੋਤਰਾ ਪ੍ਰੀਤੂ। ਵੱਡੇ ਮਾਸੀ ਜੀ ਪਹਿਲਾਂ ਹੀ ਭੱਟੀ ਕੇ ਵਿਆਹੇ ਹੋਏ ਸਨ ਅਤੇ ਛੋਟੇ ਮਾਸੀ ਜੀ ਵੀ ਬਾਅਦ ਵਿਚ ਫੇਰੂਮਾਨ ਵਿਆਹੇ ਗਏ। ਮੇਰਾ ਆਉਣ ਜਾਣ ਵੀ ਦਾਦੀ ਮਾਂ ਜੀ ਕਰਕੇ, ਉਦੋਕਿਆਂ ਨਾਲੋਂ ਸੰਗੋਜਲੇ ਵਧੇਰੇ ਸੀ ਤੇ ਫਿਰ ਭਾਈਆ ਜੀ ਦੇ ਹਾਣੀ ਦੋ ਉਹਨਾਂ ਦੇ ਮਾਮੇ, ਸ. ਸੋਹਣ ਸਿੰਘ ਅਤੇ ਸ. ਪੂਰਨ ਸਿੰਘ ਹੋਣ ਕਰਕੇ, ਮੈਂ ਵੀ ਉਹਨਾਂ ਨੂੰ "ਮਾਮਾ ਜੀ" ਕਹਿ ਕੇ ਹੀ ਸੰਬੋਧਨ ਕਰਿਆ ਕਰਦਾ ਸਾਂ।
ਛੇ
ਗੱਲ ਇਹ ੧੯੫੫ ਦੀ ਹੈ। ਕਿਸੇ ਕੋਲੋਂ ਸੁਣਿਆ ਸੀ ਕਿ ਹੁਣ ਇਹੋ ਜਿਹਾ ਰੇਡੀਓ ਆਉਣਾ ਜੇਹੜਾ ਬੋਲਣ ਵਾਲੇ ਦੀ ਨਾਲ਼ ਨਾਲ਼ ਫੋਟੋ ਵੀ ਵਿਖਾਇਆ ਕਰੂਗਾ। ਹੈਰਾਨੀ ਹੋਣੀ ਇਉਂ ਸੁਣ ਕੇ ਕਿ ਫੋਟੋ ਕਿੱਦਾਂ ਦਿਸਿਆ ਕਰੂਗੀ!
ਫਿਰ ਹੌਲੀ ਹੌਲੀ ਪਤਾ ਲੱਗਣ ਲੱਗਾ ਕਿ ਫੋਟੋ ਵਾਲੇ ਰੇਡੀਓ ਨੂੰ ਟੀ.ਵੀ. ਆਖਦੇ ਹਨ। ਕਦੀ ਕਦੀ ਹਾਲ ਬਾਜ਼ਾਰ ਵਿਚ ਦੀ ਹਨੇਰੇ ਹੋਏ ਲੰਘਣਾ ਤਾਂ ਓਥੇ ਇਕ ਬੰਦ ਦੁਕਾਨ ਦੇ ਬਾਹਰ, ਉਚੇ ਥਾਂ ਇਸ਼ਤਿਹਾਰ ਵਜੋਂ ਮੁੜ ਮੁੜ ਫੋਟੂਆਂ ਜਿਹੀਆਂ ਬਦਲ ਬਦਲ ਕੇ ਦਿਸਣੀਆਂ ਤਾਂ ਆਪਣੀ "ਦੂਰ ਦੀ ਸੂਝ" ਸਦਕਾ ਉਸ ਨੂੰ ਹੀ ਟੀ.ਵੀ. ਸਮਝ ਲੈਣਾ।
ਤੇਰ੍ਹਾਂ ਸਾਲਾਂ ਪਿੱਛੋਂ ੧੯੬੮ ਵਿਚ ਫਿਰ ਅਜਿਹਾ ਸਮਾ ਵੀ ਆ ਗਿਆ ਕਿ ਇਹ ਫੋਟੋ ਆਉਣ ਵਿਖਾਉਣ ਵਾਲਾ ਰੇਡੀਓ ਵੇਖ ਵੀ ਲਿਆ ਤੇ ਬੋਲਣ ਵਾਲੀ ਬੀਬੀ ਦੀ ਫੋਟੋ ਦੇ ਦਰਸ਼ਨ ਵੀ ਹੋ ਗਏ। ਇਹ ਬਿਧ ਇਸ ਪ੍ਰਕਾਰ ਬਣੀ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਸ੍ਰੀ ਮਾਨ ਸੰਤ ਬਾਬਾ ਚੰਨਣ ਸਿੰਘ ਜੀ, ਆਪਣੀ ਇਕ ਦਿੱਲੀ ਫੇਰੀ ਦੌਰਾਨ, ਸ਼੍ਰੋਮਣੀ ਅਕਾਲੀ ਦਲ ਦੇ ਐਮ.ਪੀ. ਇਕ ਧਨਾਢ ਸਿੱਖ ਸ. ਉਤਮ ਸਿੰਘ ਦੁੱਗਲ ਮੈਂਬਰ ਰਾਜ ਸਭਾ ਦੇ ਘਰ ਠਹਿਰੇ ਹੋਏ ਸਨ। ਪਾਠਕ ਸੋਚ ਸਕਦੇ ਹਨ ਕਿ ਸੰਤ ਜੀ ਗੁਰਦੁਆਰੇ ਕਿਉਂ ਨਹੀਂ ਠਹਿਰੇ! ਕਿਸੇ ਦੇ ਘਰ ਕਿਉਂ ਰੁਕੇ? ਕਾਰਨ ਇਸ ਦਾ ਇਹ ਸੀ ਕਿ ਉਸ ਸਮੇ ਦਿੱਲੀ ਗੁਰਦੁਆਰਾ ਕਮੇਟੀ ਉਪਰ, ਉਹਨਾਂ ਦੇ ਉਸ ਸਮੇ ਦੇ ਵਿਰੋਧੀ, ਜਥੇਦਾਰ ਸੰਤੋਖ ਸਿੰਘ ਜੀ ਦੀ ਅਗਵਾਈ ਹੇਠ ਮਾਸਟਰ ਧੜੇ ਦਾ ਕਬਜਾ ਸੀ।
ਸਰਦਾਰ ਦੁੱਗਲ ਜੀ ਤੇ ਘਰ ਵਿਚ ਨਹੀਂ ਸਨ। ਸਵੇਰ ਦਾ ਛਾਹ ਵੇਲਾ ਛਕਣ ਸਮੇ ਖਾਣੇ ਵਾਲੀ ਮੇਜ ਉਪਰ ਸੰਤ ਜੀ ਬੈਠੇ ਤੇ ਨਾਲ਼ ਮੈਂ ਵੀ ਬੈਠਾ ਸਾਂ। ਸੰਤ ਜੀ ਦੇ ਸਤਿਕਾਰ ਵਜੋਂ ਸਰਦਾਰਨੀ ਦੁੱਗਲ ਜੀ ਵੀ ਮੇਜ ਉਪਰ ਬੈਠੇ ਸਨ। ਨੌਕਰ/ਨੌਕਰਾਣੀਆਂ ਭੋਜਨ ਵਰਤਾਅ ਰਹੇ ਸਨ। ਸਰਦਾਰਨੀ ਦੁੱਗਲ ਜੀ ਦੀ ਪਲੇਟ ਵਿਚ ਥੋਹੜਾ ਜਿਹਾ ਖਾਣ ਵਾਲਾ ਸਾਮਾਨ ਅਤੇ ਵਾਹਵਾ ਸਾਰੀਆਂ ਗੋਲੀਆਂ ਤੇ ਕੈਪਸੂਲ ਵੀ ਸਨ ਜੇਹੜੇ ਉਹਨਾਂ ਨੇ ਛਾਹ ਵੇਲਾ ਛਕਣ ਦੇ ਨਾਲ਼ ਛਕੇ। ਇਹ ਵੇਖ ਕੇ ਬੜੀ ਹੈਰਾਨੀ ਹੋਈ। ਹੌਲੀ ਹੌਲੀ ਫਿਰ ਸਮਝ ਆ ਗਈ ਕਿ ਵੱਡੇ ਬੰਦਿਆਂ ਦੇ ਵੱਡੇ ਹੀ ਕੰਮ! ਰੱਬ ਹਰੇਕ ਜੀਵ ਨੂੰ ਹਰੇਕ ਵਸਤੂ ਨਹੀਂ ਦਿੰਦਾ। ਕਿਸੇ ਨਾ ਕਿਸੇ ਗੱਲ ਵਿਚ ਊਣਾ ਰੱਖਦਾ ਈ ਹੈ। ਕਿਉਂ? ਇਹ ਉਸ ਦੀ ਮਰਜੀ!
"ਸਭੀ ਕੋ ਸਭੀ ਸਾਮਾਂ ਨਾ ਮਿਲਾ।
ਕਿਸੀ ਕੋ ਪੂਰੀ ਜ਼ਿਮੀ ਨਾ ਮਿਲੀ
ਕਿਸੀ ਕੋ ਪੂਰਾ ਆਸਮਾਂ ਨਾ ਮਿਲਾ।"
ਗੱਲ ਤੇ ਕਰਨੀ ਸੀ ਫੋਟੂ ਵਾਲੇ ਰੇਡੀਓ ਦੀ। ਉਸ ਘਰ ਵਿਚ ਹੀ ਤਕਾਲਾਂ ਨੂੰ ਟੀ.ਵੀ. ਚੱਲਦਾ ਵੇਖਿਆ। ਉਸ ਵਿਚ ਇਕ ਸਾੜ੍ਹੀ ਵਾਲੀ ਬੀਬੀ ਖ਼ਬਰਾਂ ਪੜ੍ਹ ਰਹੀ ਦਿਸੀ। ਉਹ ਇਕ ਪਾਸਿਉ ਇਕ ਛੋਟਾ ਜਿਹਾ ਗੱਤਾ ਚੁੱਕੇ ਤੇ ਉਸ ਤੋਂ ਇਕ ਖ਼ਬਰ ਪੜ੍ਹੇ ਤੇ ਉਸ ਗੱਤੇ ਨੂੰ ਦੂਜੇ ਪਾਸੇ ਰੱਖ ਦਏ। ਫਿਰ ਪਹਿਲੀ ਢੇਰੀ ਵਿਚੋਂ ਇਕ ਹੋਰ ਗੱਤਾ ਚੁੱਕੇ ਤੇ ਉਸ ਤੋਂ ਇਕ ਖ਼ਬਰ ਪੜ੍ਹ ਕੇ ਗੱਤਾ ਦੂਜੇ ਪਾਸ ਰੱਖ ਦਏ। ਇਸ ਤਰ੍ਹਾਂ ਕਰਦਿਆਂ ਕਰਦਿਆਂ ਪਹਿਲੀ ਢੇਰੀ ਮੁੱਕ ਗਈ ਤੇ ਦੂਜੇ ਬੰਨੇ ਓਡੀ ਹੀ ਢੇਰੀ ਲੱਗ ਗਈ। ਅੱਗੋਂ ਕੀ ਹੋਇਆ? ਹੁਣ ਯਾਦ ਨਹੀਂ।
ਸ. ਉਤਮ ਸਿੰਘ ਦੁੱਗਲ ਦਾ ਪਰਵਾਰ ਵੀ ੧੯੪੭ ਵਾਲੇ ਉਜਾੜੇ ਸਮੇ ਪਾਕਿਸਤਾਨੋ ਹੀ ਉਜੜ ਕੇ ਦਿੱਲੀ ਆ ਵਸਿਆ ਸੀ। ਇਹ ਛੇ ਸਾਲ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਰਾਜ ਸਭਾ ਦੇ ਮੈਂਬਰ ਸਨ। ੧੯੬੨ ਵਿਚ, ਸੰਤ ਜੀ ਤੇ ਮਾਸਟਰ ਜੀ ਦੇ ਨਾਂ ਹੇਠ, ਸ਼੍ਰੋਮਣੀ ਅਕਾਲੀ ਦਲ ਦੋ ਧੜਿਆਂ ਵਿਚ ਵੰਡਿਆ ਗਿਆ ਸੀ ਤੇ ਦੁੱਗਲ ਜੀ, ਆਸ ਤੋਂ ਉਲ਼ਟ, ਮਾਸਟਰ ਧੜੇ ਵਿਚ ਸ਼ਾਮਲ ਹੋਣ ਦੀ ਬਜਾਇ, ਸੰਤ ਧੜੇ ਵਿਚ ਸ਼ਾਮਲ ਹੋ ਗਏ ਸਨ। ਇਹ ਪਾਰਲੀਮੈਂਟ ਦੀ ਛੇ ਸਾਲ ਵਾਲੀ ਟਰਮ ਪੂਰੀ ਕਰਨ ਤੋਂ ਇਕ ਸਾਲ ਪਹਿਲਾਂ ਹੀ ਅਕਾਲ ਚਲਾਣਾ ਕਰ ਗਏ ਸਨ ਤੇ ਇਹਨਾਂ ਦੇ ਥਾਂ, ਇਕ ਸਾਲ ਵਾਸਤੇ, ਸ਼੍ਰੋਮਣੀ ਅਕਾਲੀ ਦਲ ਨੇ ਇਹਨਾਂ ਦੇ ਸਪੁੱਤਰ ਸ. ਗੁਰਚਰਨ ਸਿੰਘ ਦੁੱਗਲ ਜੀ ਨੂੰ ਪਾਰਲੀਮੈਂਟ ਦਾ ਮੈਂਬਰ ਬਣਾਇਆ ਸੀ।
ਦੁੱਗਲ ਪਰਵਾਰ ਦੇ ਘਰ ਵਿਚ ਟਿਕਣ ਸਮੇ ਹੀ ਸੰਤ ਜੀ ਨੂੰ ਮਿਲਣ ਵਾਸਤੇ ਵਲੈਤ ਦੀ ਯਾਤਰਾ ਤੋਂ ਮੁੜੇ, ਪ੍ਰੋ. ਭਰਪੂਰ ਸਿੰਘ ਜੀ ਆ ਗਏ। ਸੋਫਿਆਂ ਉਪਰ ਬੈਠਿਆਂ ਮੇਰੀਆਂ ਉਹਨਾਂ ਨਾਲ਼ ਗੱਲਾਂ ਚੱਲ ਪਈਆਂ। ਮੈਂ ਵਲੈਤ ਦਾ ਹਾਲ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਗੋਰੇ ਚਰਚ ਵੇਚੀ ਜਾਂਦੇ ਨੇ ਤੇ ਸਿੱਖ ਖ਼ਰੀਦ ਖ਼ਰੀਦ ਕੇ ਗੁਰਦੁਆਰੇ ਬਣਾਈ ਜਾਂਦੇ ਨੇ। ਦੋਹਾਂ ਦੇਸ਼ਾਂ ਵਿਚਲੇ ਫਰਕ ਬਾਰੇ ਪੁੱਛਣ 'ਤੇ ਉਹਨਾਂ ਨੇ ਦੱਸਿਆ ਕਿ ਨਰਕ ਤੇ ਸਵੱਰਗ ਜਿੰਨਾ।
ਪ੍ਰੋ. ਭਰਪੂਰ ਸਿੰਘ ਜੀ ਸਿੱਖ ਸਟੂਡੈਂਟਸ ਫੈਡ੍ਰੇਸ਼ਨ ਦੇ ਮੁੱਢਲੇ ਆਗੂਆਂ ਵਿਚੋਂ ਸਨ। ੧੯੬੯ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਰਜਿਸਟਰਾਰ ਬਣੇ ਸਨ ਤੇ ਫਿਰ ਪੰਜਾਬ ਸਕੂਲ ਬੋਰਡ ਦੇ ਚੇਅਰਮੈਨ ਵੀ ਰਹੇ। ਪ੍ਰੋਫੈਸਰ ਸਾਹਿਬ ਦੇ ਹੱਥ ਵਿਚ ਇਕ ਕਿਤਾਬ ਸੀ। ਮੇਰੇ ਪੁੱਛਣ 'ਤੇ ਉਹਨਾਂ ਨੇ ਦੱਸਿਆ ਕਿ ਇਹ ਡਾਕਟਰ ਗੁਰਨਾਮ ਸਿੰਘ ਤੀਰ ਦੀ ਲਿਖੀ ਹੋਈ ਹੈ ਤੇ ਆਪਣੀ ਮਿਸਾਲ ਆਪ ਹੀ ਹੈ ਇਹ ਕਿਤਾਬ। ਉਹ ਕਿਤਾਬ ਤੇ ਮੈਂ ਉਹਨਾਂ ਕੋਲੋਂ ਲੈ ਲਈ। ਅੱਜ ਤੱਕ ਵੀ ਇਹ ਉਹਨਾਂ ਦੋ ਕਿਤਾਬਾਂ ਵਿਚੋਂ ਇਕ ਹੈ, ਜੇਹੜੀਆਂ ਫਿਕਸ਼ਨ ਹੋਣ ਦੇ ਬਾਵਜੂਦ, ਮੇਰੀ ਪਹਿਲੀ ਪਸੰਦ ਦੀਆਂ ਹਨ। ਇਕ ਗਿ. ਗੁਰਦਿਤ ਸਿੰਘ ਦੀ ਮੇਰਾ ਪਿੰਡ ਤੇ ਦੂਜੀ ਇਹ ਮੈਨੂੰ ਮੈਥੋਂ ਬਚਾਓ। ਯਾਦ ਰਹੇ ਕਿ ਡਾ. ਗੁਰਨਾਮ ਸਿੰਘ ਤੀਰ 'ਚਾਚਾ ਚੰਡੀਗੜ੍ਹੀਆ' ਦੇ ਨਾਂ ਹੇਠ ਲੰਮਾ ਸਮਾ ਕਾਲਮ ਲਿਖਦੇ ਰਹੇ ਸਨ। ਉਹਨਾਂ ਦਾ ਇਹ ਕਾਲਮ ਦੇਸ ਪਰਦੇਸ ਦੀਆਂ ਬਹੁਤ ਸਾਰੀਆਂ ਅਖ਼ਬਾਰਾਂ ਵਿਚ ਛਪਿਆ ਕਰਦਾ ਸੀ। ਉਹਨਾਂ ਦੀਆਂ ਵਾਹਵਾ ਸਾਰੀਆਂ ਕਿਤਾਬਾਂ ਵੀ ਛਪੀਆਂ ਹੋਈਆਂ ਮਿਲ਼ਦੀਆਂ ਹਨ। ਅੱਜ ਕਲ੍ਹ ਉਹਨਾਂ ਦੀ ਧੀ ਬੱਬੂ ਤੀਰ ਜੀ ਵੀ ਰੋਜ਼ਾਨਾ ਅਜੀਤ ਵਿਚ ਕਾਲਮ ਲਿਖਦੇ ਹਨ। ਡਾਕਟਰ ਤੀਰ ਜੀ ਸ. ਲਛਮਣ ਸਿੰਘ ਗਿੱਲ ਅਤੇ ਸ. ਪ੍ਰਕਾਸ਼ ਸਿੰਘ ਬਾਦਲ ਜੀ ਦੇ ਮੁਖ ਮੰਤਰੀ ਹੋਣ ਦੇ ਸਮੇ ਦੌਰਾਨ, ਉਹਨਾਂ ਦੇ ਆਫੀਸਰ ਆਨ ਸਪੈਸ਼ਲ ਡਿਊਟੀ ਵੀ ਰਹੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕਾਨੂੰਨੀ ਸਲਾਹਕਾਰ ਵੀ ਰਹੇ ਸਨ।
ਸੱਤ
੧੯੫੩ ਦਾ ਵਾਕਿਆ ਹੈ। ਮੇਰੇ ਭਾਈਆ (ਪਿਤਾ) ਜੀ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਪਿੱਛੇ ਮੁਲਾਜ਼ਮਾਂ ਵਾਸਤੇ ਬਣੇ ਕਵਾਟਰਾਂ ਵਿਚ ਰਹਿੰਦੇ ਸਨ। ਮੈਨੂੰ ਵੀ ਪਿੰਡੋਂ ਭਾਈਆ ਜੀ ਨੇ ਆਪਣੇ ਕੋਲ਼ ਲੈ ਆਂਦਾ ਸੀ। ਤਖ਼ਤ ਸਾਹਿਬ ਦੇ ਬਿਲਕੁਲ ਨਾਲ਼ ਲੱਗਵਾਂ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਦਾ ਲਵਾਇਆ ਹੋਇਆ, 'ਅਕਾਲਸਰ' ਨਾਮੀ ਇਕ ਵਿਸ਼ਾਲ ਖੂਹ ਹੁੰਦਾ ਸੀ, ਜੇਹੜਾ ਹੁਣ ਤਖ਼ਤ ਸਾਹਿਬ ਦੀ ਨਵੀਂ ਇਮਾਰਤ ਦੇ ਥੱਲੇ ਦੱਬ ਦਿੱਤਾ ਗਿਆ ਹੈ। ਸਟਾਫ ਦੇ ਕੁਆਰਟਰਾਂ ਦੇ ਥਾਂ ਅਖੰਡ ਪਾਠਾਂ ਵਾਸਤੇ ਦੋ ਮੰਜ਼ਲੇ ਕਮਰਿਆਂ ਦੀ ਕਤਾਰ, ਬਰਾਂਡਿਆ ਸਣੇ ਬਣਾ ਦਿਤੀ ਗਈ ਹੈ ਤੇ ਬਾਜ਼ਾਰ ਢਾਹ ਕੇ, ਬਾਬਾ ਗੁਰਬਖ਼ਸ਼ ਸਿੰਘ ਜੀ ਦਾ ਸ਼ਹੀਦ ਗੰਜ ਇਸ ਵਿਚ ਸ਼ਾਮਲ ਕਰ ਲਿਆ ਗਿਆ ਹੈ।
ਇਹਨਾਂ ਕਵਾਟਰਾਂ ਦੀ ਵਲਗਣ ਦਾ ਇਕ ਦਰਵਾਜਾ ਬਾਜ਼ਾਰ ਵੱਲ ਖੁਲ੍ਹਦਾ ਸੀ। ਉਸ ਬਾਜ਼ਾਰ ਵਿਚ ਤਖ਼ਤ ਸਾਹਿਬ ਦੇ ਪਿਛਵਾੜਿਉਂ ਮੁਨਿਆਰਾਂ ਵਾਲਾ ਬਾਜ਼ਾਰ ਆ ਕੇ ਮਿਲ਼ਦਾ ਸੀ। ਇਹ ਬਾਜ਼ਾਰ ਗੁਰਦੁਆਰਾ ਥੜ੍ਹਾ ਸਾਹਿਬ ਜੀ ਦੇ ਨਾਲੋਂ ਲੰਘਦਾ ਹੋਇਆ, ਬਾਜ਼ਾਰ ਮਾਈ ਸੇਵਾਂ ਵਿਚ ਜਾ ਮਿਲ਼ਦਾ ਸੀ। ਥੜ੍ਹਾ ਸਾਹਿਬ ਜੀ ਦੇ ਨਾਲ਼ ਲੱਗਵੀ ਇਕ ਸ਼ਹੀਦ ਬਾਬਾ ਨੈਣਾ ਸਿੰਘ ਜੀ ਦੀ ਸਮਾਧ ਹੁੰਦੀ ਸੀ ਪਰ ਉਸ ਦਾ ਬੂਹਾ ਹਮੇਸ਼ਾਂ ਬੰਦ ਰਹਿੰਦਾ ਸੀ। ਇਸ ਸਮਾਧ ਤੋਂ ਪਹਿਲਾਂ, ਖੱਬੇ ਪਾਸਿਉਂ ਕਾਠੀਆਂ ਵਾਲ਼ੇ ਬਾਜ਼ਾਰ ਤੋਂ ਵੀ ਇਕ ਤੰਗ ਜਿਹੀ ਗਲ਼ੀ ਆ ਕੇ ਮੁੱਕਦੀ ਹੁੰਦੀ ਸੀ। ਇਸ ਬਾਜ਼ਾਰ ਦਾ ਨਾਂ ਥੜ੍ਹਾ ਸਾਹਿਬ ਹੁੰਦਾ ਸੀ। ਜਿਥੇ ਇਹ ਬਾਜ਼ਾਰ ਮਾਈ ਸੇਵਾਂ ਬਾਜ਼ਾਰ ਵਿਚ ਜਾ ਕੇ ਮਿਲ਼ਦਾ ਸੀ, ਉਸ ਦੀ ਖੱਬੀ ਨੁੱਕਰ ਉਪਰ ਇਕ ਵਿਸ਼ਾਲ ਇਮਾਰਤ ਹੁੰਦੀ ਸੀ, ਜਿਸ ਦਾ ਨਾਂ 'ਬੁਰਜ ਗਿਆਨੀਆਂ' ਸੀ। 'ਬੁੰਗਾ ਗਿਆਨੀਆਂ' ਵੀ ਸ਼ਾਇਦ ਏਸੇ ਨੂੰ ਹੀ ਕਿਹਾ ਜਾਂਦਾ ਹੋਵੇ!
ਗਲਿਆਰਾ ਬਣਾਉਣ ਸਮੇ ਸਰਕਾਰ ਨੇ ਸਾਰੀਆਂ ਇਤਿਹਾਸਕ ਇਮਾਰਤਾਂ ਤਹਿਸ ਨਹਿਸ ਕਰ ਦਿਤੀਆਂ ਸਨ ਤੇ ਉਹਨਾਂ ਦੇ ਨਾਲ਼ ਬੁਰਜ ਗਿਆਨੀਆਂ ਨੂੰ ਵੀ ਢਾਹ ਦਿਤਾ ਗਿਆ ਸੀ। ਸਰਕਾਰੀ ਠੇਕੇਦਾਰਾਂ ਨੇ ਕਿਸੇ ਵੀ ਇਮਾਰਤ ਦੇ ਬੇਸਮੈਂਟ (ਭੋਰੇ) ਤੱਕ ਖੁਦਾਈ ਨਹੀਂ ਕੀਤੀ ਤੇ ਜ਼ਮੀਨ ਦੇ ਉਪਰਲਾ ਹਿੱਸਾ ਢਾਹ ਕੇ, ਉਪਰ ਗਲਿਆਰਾ ਬਣਾ ਦਿਤਾ ਹੈ। ਹੁਣ ਜਿੱਥੇ ਜੋੜਾਖਾਨਾ ਬਣਾਉਣ ਸਮੇ ਥੱਲਿਉਂ ਕਮਰੇ ਨਿਕਲੇ ਨੇ ਇਹ ਉਸ 'ਬੁਰਜ ਗਿਆਨੀਆਂ' ਦੀ ਧਰਤੀ ਅੰਦਰਲੀ ਮੰਜ਼ਲ ਦੇ ਹੋ ਸਕਦੇ ਹਨ। ਇਸ ਤੋਂ ਪਹਿਲਾਂ ਪਲਾਜ਼ਾ ਬਣਾਉਣ ਸਮੇ ਕੀਤੀ ਗਈ ਖੁਦਾਈ ਸਮੇ ਵੀ ਅਜਿਹਾ ਢਾਂਚਾ ਨਿਕਲਿਆ ਸੀ। ਗਲਿਆਰੇ ਵਾਲੀ ਥਾਂ ਤੋਂ ਜਿੱਥੋਂ ਵੀ ਜ਼ਮੀਨ ਪੁੱਟੋਗੇ ਥੱਲਿਉਂ ਕਿਸੇ ਨਾ ਕਿਸੇ ਬੁੰਗੇ, ਗੁਰਦੁਆਰੇ, ਦੁਕਾਨ, ਸ਼ਹੀਦੀ ਸਥਾਨ, ਇਤਿਹਾਸਕ ਯਾਦਗਾਰ ਜਾਂ ਘਰ ਦੀ ਬੇਸਮੈਂਟ ਨਿਕਲੇਗੀ। ਸ੍ਰੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਅੱਸੀ ਦੇ ਕਰੀਬ ਬੁੰਗੇ ਹੁੰਦੇ ਸਨ ਜੇਹੜੇ ਸਾਰੇ ਹੀ ਇਤਿਹਾਸਕ ਸਨ ਤੇ ਸਾਰੇ, ਪ੍ਰਕਰਮਾਂ ਖੁਲ੍ਹੀਆਂ ਕਰਨ ਸਮੇ, ਕੁਝ ਕਾਰ ਸੇਵਾ ਵਾਲੇ ਬਾਬਿਆਂ ਅਤੇ ਰਹਿੰਦੇ ਸਰਕਾਰ ਨੇ, ੧੯੮੪ ਤੋਂ ਬਾਅਦ ਢਾਹ ਦਿਤੇ ਸਨ। ਮੈਂ ਬਹੁਤੇ ਬੁੰਗਿਆਂ ਦੇ ਦਰਸ਼ਨ ਕੀਤੇ ਹਨ ਤੇ ਇਕ ਦੇ ਢਾਹੁਣ ਦੀ ਸੇਵਾ ਵਿਚ ਵੀ ਹਿੱਸਾ ਲਿਆ ਸੀ।
ਇਸ ਗਿਆਨੀ ਪਰਵਾਰ ਦਾ ਲੰਮਾ ਇਤਿਹਾਸ ਹੈ। ਇਸ ਪਰਵਾਰ ਦਾ ਜ਼ਿਕਰ ਪੰਜਾਬ ਦੇ ਚੀਫਾਂ ਵਿਚ ਵੀ ਆਉਂਦਾ ਹੈ। ਇਸ ਦਾ ਇਤਿਹਾਸ ਦੱਸਣ ਲਈ ਬਹੁਤ ਵਿਸਥਾਰ ਦੀ ਲੋੜ ਹੈ। ਇਸ ਦੇ ਮੌਜੂਦਾ ਮੁਖੀ ਗਿਆਨੀ ਹਰਜੀਤ ਸਿੰਘ ਜੀ ਮੇਰੇ ਵੀ ਵਾਕਫ਼ ਹਨ।
ਗੱਲ ਤੇ ਮੈਂ ਪਾਠਕਾਂ ਨਾਲ਼ ਉਸ ਸਮੇ ਦੀ ਆਪਣੀ 'ਸੂਝ' ਦੀ ਕਰਨ ਲੱਗਾ ਸਾਂ। ਉਸ ਬੁਰਜ ਗਿਆਨੀਆਂ ਦੀ ਨੁੱਕਰ ਵਿਚ ਹਲਵਾਈ ਨੱਥਾ ਸਿੰਘ ਦੀ ਦੁਕਾਨ ਹੁੰਦੀ ਸੀ। ਉਹ ਭਾਰੇ ਸਰੀਰ, ਕਾਲੀ ਦਾਹੜੀ ਅਤੇ ਕਣਕਵੰਨੇ ਰੰਗ ਦਾ ਪ੍ਰਭਾਵਸ਼ਾਲੀ ਵਿਅਕਤੀ ਹੁੰਦਾ ਸੀ। ਉਸ ਦੀ ਦੁਕਾਨ ਤੋਂ ਮੈਂ ਚਾਹ ਬਣਾਉਣ ਲਈ ਹਰ ਰੋਜ ਦੁਧ ਲੈਣ ਜਾਇਆ ਕਰਦਾ ਸਾਂ।
ਇਕ ਦਿਨ ਉਸ ਦੇ ਘਰੋਂ ਰੋਟੀ ਆਈ। ਰੋਟੀ ਪੋਣੇ ਵਿਚ ਵਲ੍ਹੇਟੀ ਹੋਈ ਸੀ ਤੇ ਉਸ ਦੇ ਹੱਥ ਵਿਚ ਫੜੀ ਹੋਈ ਸੀ। ਉਸ ਨੇ ਮੈਨੂੰ ਵੇਖ ਕੇ ਆਪਣੇ ਨੌਕਰ ਨੂੰ ਇਉਂ ਆਖਿਆ, "ਓਇ ਰਾਮੂ, ਮੁੰਡੇ ਨੂੰ ਦੁਧ ਪਾਈਂ ਓਇ! ਮੈਂ ਰੋਟੀ ਖਾ ਲਵਾਂ!" ਇਹ ਸੁਣ ਕੇ ਮੈਂ ਬੜਾ ਹੈਰਾਨ ਹੋਇਆ ਕਿ ਹਲਵਾਈ ਵੀ ਰੋਟੀ ਖਾਂਦਾ ਹੈ! ਓਦੋਂ ਤੱਕ ਤੇ ਮੈਂ ਏਹੀ ਸਮਝਦਾ ਰਿਹਾ ਸਾਂ ਕਿ ਰੋਟੀ ਸਿਰਫ ਓਹੀ ਬੰਦਾ ਖਾਂਦਾ ਹੈ ਜਿਸ ਨੂੰ ਖਾਣ ਲਈ ਮਿਠਿਆਈ ਨਾ ਮਿਲ਼ਦੀ ਹੋਵੇ। ਇਸ ਹਲਵਾਈ ਕੋਲ਼ ਤੇ ਖਾਣ ਲਈ ਏਨੀ ਮਿਠਿਆਈ ਹੈ, ਫਿਰ ਇਹ ਕਿਉਂ ਰੋਟੀ ਖਾਂਦਾ ਹੈ!




ਗਿਆਨੀ ਜੀ ਚੁੱਕੇ ਗਏ
ਗੱਲ ਇਹ ਛੱਬੀ ਸਤੰਬਰ, ੨੦੨੧ ਵਾਲ਼ੇ ਦਿਨ ਹਰ ਐਤਵਾਰ ਵਾਂਗ, ਆਸਟ੍ਰੇਲੀਆ ਦੇ ਸਭ ਤੋਂ ਪਹਿਲੇ ਸੱਤੇ ਦਿਨ, ਚੌਵੀ ਘੰਟੇ ਚੱਲਣ ਵਾਲ਼ੇ ਸਿੱਖ ਧਾਰਮਿਕ ਰੁਖ ਵਾਲ਼ੇ 'ਹਰਮਨ ਰੇਡੀਉ' ਉਪਰ, ਇਸ ਦੇ ਸੰਚਾਲਕ, ਅਮਨਦੀਪ ਸਿੰਘ ਸਿੱਧੂ ਨਾਲ਼, ਵਰਤਾਲਾਪ ਵਿਚ ਚੇਤੇ ਆ ਗਈ। ਚੱਲਦੀ ਗੱਲ ਵਿਚ ਜਦੋਂ ਉਸ ਨੇ ਦੱਸਿਆ ਕਿ ਪੰਜਾਬ ਦੇ ਨਵੇਂ ਮੁਖ ਮੰਤਰੀ ਜੀ ਨੇ ਆਪਣੀ ਰੱਖਿਆ ਵਾਸਤੇ, ਨਾਲ਼ ਚੱਲਣ ਵਾਲ਼ੇ ਰੱਖਿਆ ਕਰਮਚਾਰੀਆਂ ਅਤੇ ਕਾਰਾਂ ਦੇ ਕਾਫ਼ਲੇ ਨੂੰ ਘਟਾਉਣ ਵਾਸਤੇ ਕਹਿ ਦਿਤਾ ਹੈ, ਤਾਂ ਮੈਨੂੰ ੧੯੭੩ ਵਿਚ ਅਫ੍ਰੀਕਾ ਦੇ ਮੁਲਕ ਮਲਾਵੀ ਦੀ ਇਕ ਘਟਨਾ ਚੇਤੇ ਆ ਗਈ।
ਉਸ ਤੋਂ ਪਹਿਲਾਂ ਅੰਮ੍ਰਿਤਸਰ ਵਾਲ਼ੀ ਘਟਨਾ ਦਾ ਜ਼ਿਕਰ ਵੀ ਕਰ ਹੀ ਲਵਾਂ। ੧੯੭੦ ਵਿਚ ਇਕ ਦਿਨ ਸ੍ਰੀ ਦਰਬਾਰ ਸਾਹਿਬ ਜੀ ਦੇ ਸੂਚਨਾ ਕੇਂਦਰ ਵਿਚ ਬੈਠਾ ਸਾਂ ਤਾਂ ਸ਼ੀਸ਼ੇ ਦੇ ਦਰਵਾਜੇ ਵਿਚੋਂ ਬਾਹਰ ਵੱਲ ਵੇਖਿਆ ਕਿ ਘੰਟਾ ਘਰ ਚਂੌਕ ਦੀਆਂ ਦੁਕਾਨਾਂ ਵਿਚ ਅਕਾਲੀ ਵਜ਼ੀਰ, ਜਥੇਦਾਰ ਕਰਮ ਸਿੰਘ ਜਾਗੀਰਦਾਰ ਫਿਰ ਰਹੇ ਹਨ। ਨਾ ਨਾਲ਼ ਕੋਈ ਗੰਨਮੈਨ ਤੇ ਨਾ ਹੀ ਕੋਈ ਸਟਾਫ਼ ਦਾ ਹੋਰ ਬੰਦਾ, ਤੇ ਵਜ਼ੀਰ ਇਕੱਲਾ ਹੀ ਦੁਕਾਨਾਂ ਵਿਚ ਤੁਰਿਆ ਫਿਰੇ! ਮੇਰੀ ਉਹਨਾਂ ਨਾਲ਼, ਬਾਕੀ ਆਗੂਆਂ ਵਾਂਗ ਹੀ, ਚੰਗੀ "ਘੂੰ-ਘਾਂ" ਸੀਗੀ, ਕਿਉਂਕਿ ਉਹਨੀਂ ਦਿਨੀਂ ਮੈਂ ਵੀ ਖ਼ੁਦ ਨੂੰ ਪੰਜਾਂ ਸਵਾਰਾਂ ਵਿਚੋਂ ਸਮਝਦਾ ਹੁੰਦਾ ਸੀ। ਮੈਂ ਉਠ ਕੇ ਜਥੇਦਾਰ ਜੀ ਕੋਲ਼ ਪਹੁੰਚਿਆ। ਫ਼ਤਿਹ ਉਪ੍ਰੰਤ ਮੈਂ ਉਹਨਾਂ ਦੇ ਇਕੱਲੇ ਫਿਰਨ ਬਾਰੇ ਆਪਣੀ ਹੈਰਾਨੀ ਪਰਗਟ ਕੀਤੀ ਤਾਂ ਜਥੇਦਾਰ ਜੀ ਕਹਿੰਦੇ, "ਮੇਰੀ ਕੇਹੜੀ ਕਿਸੇ ਨਾਲ਼ ਦੁਸ਼ਮਣੀ ਹੈ ਜਿਸ ਤੋਂ ਮੈਨੂੰ ਮੇਰੇ ਉਪਰ ਕਿਸੇ ਵਿਰੋਧੀ ਦੇ ਹਮਲੇ ਦਾ ਡਰ ਹੋਵੇ!"
ਕੁਝ ਸਾਲ ਪਹਿਲਾਂ ਮੈਂ ਇਕ ਲੇਖ ਲਿਖਿਆ ਸੀ। ਸਿੱਖ ਐਸੋਸੀਏਸ਼ਨ ਆਫ਼ ਸਾਊਥ ਆਸਟ੍ਰੇਲੀਆ ਦੇ ਸੱਦੇ ਉਪਰ ਮੈਂ ਐਡੀਲੇਡ ਗਿਆ ਸਾਂ। ਓਥੇ ਇਕ ਦਿਨ ਗੁਰਦੁਆਰਾ ਗੁਰੂ ਨਾਨਕ ਦਰਬਾਰ, ਐਲਨਬੀ ਗਾਰਡਨ ਵਿਚ, ਕੁਝ ਸਿੱਖ ਨੌਜਵਾਨ ਹਲਕੇ ਦੇ ਐਮ.ਪੀ. ਨੂੰ ਮਿਲਣ ਵਾਸਤੇ ਖਲੋਤੇ ਸਨ। ਸਿੱਖ ਹਾਕੀ ਦੀ ਟੀਮ ਨਾਲ਼ ਉਸ ਨੇ ਫ਼ੋਟੋ ਖਿਚਵਾਉਣ ਆਉਣਾ ਸੀ। ਮੈਂ ਵੇਖਿਆ ਕਿ ਇਕ ਪਤਲੇ ਜਿਹੇ ਸਰੀਰ ਅਤੇ ਲੰਮੇ ਕੱਦ ਦਾ ਬੰਦਾ ਆਇਆ। ਉਸ ਨੇ ਆਪਣਾ ਸਾਈਕਲ ਗੁਰਦੁਆਰੇ ਦੀ ਬਾਹਰਲੀ ਨਿੱਕੀ ਜਿਹੀ ਕੰਧ ਨਾਲ਼ ਖਲ੍ਹਿਆਰਿਆ ਤੇ ਕੰਧ ਤੋਂ ਅੰਦਰ ਆ ਕੇ ਨੌਜਵਾਨਾਂ ਨਾਲ਼ ਫੋਟੋ ਖਿਚਵਾਈ। ਇਹ ਤਸਵੀਰ ਮੈਂ ਉਸ ਲੇਖ ਦੇ ਨਾਲ਼ ਛਾਪੀ ਵੀ ਸੀ। ਗੁਰਦੁਆਰਾ ਸਾਹਿਬ ਦੇ ਦਫ਼ਤਰ ਵਿਚ ਪ੍ਰਧਾਨ ਸ. ਮਹਾਂਬੀਰ ਸਿੰਘ ਗਰੇਵਾਲ਼ ਨੇ ਲੰਗਰ ਵਿਚੋਂ ਚਾਹ ਦਾ ਕੱਪ ਮੰਗਵਾ ਕੇ ਐਮ.ਪੀ. ਨੂੰ ਪਿਆਇਆ ਤੇ ਉਹ ਸਾਰਿਆਂ ਨਾਲ਼ ਹੱਥ ਮਿਲ਼ਾ ਕੇ ਤੁਰਦਾ ਹੋਇਆ।
ਯਾਦ ਰਹੇ ਕਿ ਆਸਟ੍ਰੇਲੀਆ ਵਿਚ ਹਰੇਕ ਸਟੇਟ ਦੀ ਲੈਜਿਸਲੇਚਰ ਨੂੰ ਪਾਰਲੀਮੈਂਟ ਹੀ ਕਿਹਾ ਜਾਂਦਾ ਹੈ। ਇਹ ਸੱਜਣ ਸਾਊਥ ਆਸਟ੍ਰੇਲੀਆ ਸਟੇਟ ਦੀ ਪਾਰਲੀਮੈਂਟ ਦਾ ਮੈਂਬਰ ਸੀ। ਕੁਝ ਸਮੇ ਬਾਅਦ ਉਹ ਫਿਰ ਮੁੜ ਆਇਆ। ਮੈਂ ਦਫ਼ਤਰ ਵਿਚ ਹੀ ਬੈਠਾ ਸਾਂ। ਉਹ ਆਪਣਾ ਬੈਗ ਭੁੱਲ ਗਿਆ ਸੀ ਤੇ ਚੁੱਕਣ ਆਇਆ ਸੀ। ਬੈਗ ਚੁੱਕ ਕੇ ਜਾਣ ਸਮੇ ਉਹ ਮੈਨੂੰ ਆਪਣਾ ਕਾਰਡ ਦੇ ਗਿਆ। ਮੈਂ ਉਸ ਦੇ ਕਾਰਡ ਉਪਰ ਨਜਰ ਮਾਰੀ ਤਾਂ ਪੜ੍ਹ ਕੇ ਹੈਰਾਨ ਹੀ ਰਹਿ ਗਿਆ, ਕਿਉਂਕਿ ਉਹ ਪਾਰਲੀਮੈਂਟ ਦਾ ਕੇਵਲ ਮੈਂਬਰ ਹੀ ਨਹੀਂ ਸਗੋਂ ਸਪੀਕਰ ਵੀ ਸੀ। ਪਰਲੀਮੈਂਟ ਦਾ ਸਪੀਕਰ, ਬਿਨਾ ਕਿਸੇ ਬਾਡੀਗਾਰਡ ਦੇ, ਆਪਣੇ ਸਾਧਾਰਨ ਜਿਹੇ ਸਾਈਕਲ 'ਤੇ ਲੋਕਾਂ ਨਾਲ਼ ਫ਼ੋਟੋ ਖਿਚਵਾਉਂਦਾ ਫਿਰਦਾ ਸੀ।
ਹੁਣ ਮੈਂ "ਗਿਆਨੀ ਜੀ ਚੁੱਕੇ ਗਏ" ਵਾਲ਼ੀ ਗੱਲ ਦੱਸਣ ਵੱਲ ਆਉਂਦਾ ਹਾਂ। ਅਫ਼੍ਰੀਕਾ ਦੇ ਮਲਾਵੀ ਨਾਮੀ ਇਕ ਆਕਾਰ ਵਿਚ ਛੋਟੇ ਜਿਹੇ ਮੁਲਕ ਵਿਚਲੀ, 'ਸਿੱਖ ਐਸੋਸੀਏਸ਼ਨ ਆਫ਼ ਮਲਾਵੀ' ਦੇ ਸੱਦੇ ਉਪਰ, ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ਼ੋਂ, ਬਿਨਾ ਤਨਖਾਹ ਛੁੱਟੀ ਲੈ ਕੇ ਦੋ ਸਾਲਾਂ ਦੇ ਵਰਕ ਪਰਮਿਟ ਉਪਰ ਓਥੇ ਚਲਿਆ ਗਿਆ। ਓਥੇ ਓਦੋਂ ਡਾਕ ਦੀ ਵੰਡ ਦਾ ਪ੍ਰਬੰਧ ਤਸੱਲੀਬਖ਼ਸ਼ ਨਾ ਹੋਣ ਕਰਕੇ, ਹਰੇਕ ਵਿਅਕਤੀ ਵੱਡੇ ਡਾਕਖਾਨੇ ਵਿਚ ਆਪਣਾ ਬਾਕਸ ਕਰਾਏ 'ਤੇ ਲੈ ਕੇ ਰੱਖਦਾ ਸੀ। ਮੈਂ ਮਲਾਵੀ ਦੇ ਨਿੱਕੇ ਜਿਹੇ ਸ਼ਹਿਰ ਲਿੰਬੀ ਵਿਚ ਰਹਿੰਦਾ ਸਾਂ। ਏਥੇ ਮਲਾਵੀ ਦੀ ਰੇਲਵੇ ਦਾ ਹੈਡ ਕੁਆਰਟਰ ਸੀ ਤੇ ਕੁਝ ਸਿੱਖ ਪਰਵਾਰ ਏਥੇ ਰਹਿੰਦੇ ਸਨ ਜੇਹੜੇ ਰੇਲਵੇ ਵਿਚ ਉਚ ਅਹੁਦਿਆਂ ਉਪਰ ਕੰਮ ਕਰਦੇ ਸਨ। ਏਥੇ ਹੀ ਹਿੰਦੁਸਤਾਨੀ ਸਮਾਜ ਦੀਆਂ ਤਕਰੀਬਨ ਸਾਰੀਆਂ ਸਰਗਰਮੀਆਂ ਹੋਇਆ ਕਰਦੀਆਂ ਸਨ। ਅੰਗ੍ਰੇਜ਼ਾਂ ਦੇ ਰਾਜ ਸਮੇ ਰੇਲਵੇ ਵਿਚ ਕੰਮ ਕਰਦੇ ਸਿੱਖਾਂ ਨੂੰ ਗੁਰਦੁਆਰਾ ਬਣਾਉਣ ਵਾਸਤੇ ਵਾਹਵਾ ਸਾਰੀ ਜ਼ਮੀਨ ਦਿਤੀ ਗਈ ਸੀ। ਉਸ ਜ਼ਮੀਨ ਦੀ ਵੰਡ ਕਰਕੇ, ੧੯੨੮ ਵਿਚ ਇਕ ਗੁਰਦੁਆਰਾ, ਇਕ ਕਲੱਬ ਅਤੇ ਇਕ ਸ਼ਮਸ਼ਾਨ ਘਾਟ ਦੀਆਂ ਵੱਖ ਵੱਖ ਸੰਸਥਾਵਾਂ ਬਣਾ ਦਿਤੀਆਂ ਗਈਆਂ ਸਨ। ਲਿੰਬੀ ਤੋਂ ਪੰਜ ਮੀਲ ਉਪਰ ਬਲੈਂਟਾਇਰ ਨਾਮੀ ਕੁਝ ਵੱਡੇ ਸ਼ਹਿਰ ਵਿਚ ਭਾਰਤੀ ਹਾਈ ਕਮਿਸ਼ਨ ਅਤੇ ਇਕ ਮੰਦਰ ਸੀ। ਰਾਜਧਾਨੀ ਦੇਸ ਦੀ ਓਦੋਂ ਜ਼ੋਮਬਾ ਨਾਮੀ ਸ਼ਹਿਰ ਵਿਚ ਹੁੰਦੀ ਸੀ ਜੋ ਬਾਅਦ ਵਿਚ ਲਿਲੌਂਗਵੇ ਸ਼ਹਿਰ ਵਿਚ ਚਲੀ ਗਈ ਸੀ।
ਮੁੱਕਦੀ ਗੱਲ, ਇਕ ਸ਼ਾਮ ਦੇ ਘੁਸਮੁਸੇ ਜਿਹੇ ਵਿਚ ਮੈਂ ਆਪਣੇ ਮੇਲ ਬਾਕਸ ਦੀ ਮੋਰੀ ਵਿਚ ਕੁੰਜੀ ਫਸਾ ਕੇ, ਉਸ ਨੂੰ ਖੋਹਲ ਰਿਹਾ ਸਾਂ। ਕੀ ਵੇਖਦਾ ਹਾਂ ਕਿ ਮੇਰੇ ਸੱਜੇ ਪਾਸੇ ਕੁਝ ਬਾਕਸ ਛੱਡ ਕੇ, ਇਕ ਉਹ ਸੱਜਣ ਆਪਣਾ ਬਾਕਸ ਖੋਹਲ ਰਿਹਾ ਹੈ, ਜੇਹੜਾ ਮਲਾਵੀ ਦੀ ਸਰਕਾਰ ਵਿਚ, ਓਥੋਂ ਦੇ ਪ੍ਰੈਜ਼ੀਡੈਂਟ ਤੋਂ ਦੂਜੇ ਨੰਬਰ ਉਪਰ ਸੀ। ਉਸ ਦਾ ਨਾਂ ਸੀ ਮਵਾਲੋ ਨਮਾਇਓ। ਇਹ ਸੱਜਣ ਪ੍ਰੈਜ਼ੀਡੈਂਟ ਦੇ ਆਫ਼ਿਸ ਵਿਚ ਮਨਿਸਟਰ ਹੋਣ ਦੇ ਨਾਲ਼ ਨਾਲ਼ ਰਾਜ ਕਰ ਰਹੀ ਪਾਰਟੀ ਦਾ ਜਨਰਲ ਸੈਕਟਰੀ ਅਤੇ ਐਡਮਨਿਟ੍ਰੇਟਿਵ ਸੈਕਟਰੀ ਵੀ ਸੀ। ਏਸ਼ੀਅਨ ਕਮਿਊਨਿਟੀ ਵਿਚ ਇਸ ਨੂੰ ਓਥੇ ਓਦੋਂ ਐਂਟੀ ਏਸ਼ੀਅਨ ਸਮਝਿਆ ਜਾਂਦਾ ਸੀ। ਇਸ ਨਾਲ਼ ਕੋਈ ਵੀ ਹੋਰ ਬੰਦਾ ਨਹੀਂ ਸੀ; ਨਾ ਬਾਡੀਗਾਰਡ, ਨਾ ਪੀ.ਏ. ਤੇ ਨਾ ਹੀ ਕੋਈ ਸੇਵਾਦਾਰ। ਖ਼ੁਦ ਹੀ ਕਾਰ ਚਲਾ ਕੇ ਆਇਆ, ਬਾਕਸ ਖੋਹਲ ਕੇ ਆਪਣੀ ਡਾਕ ਕੱਢੀ ਅਤੇ ਕਾਰ ਚਲਾ ਕੇ ਚਲਿਆ ਗਿਆ।
ਗਿਆਨੀ ਜੀ ਕਿਵੇਂ ਚੁੱਕੇ ਗਏ?
ਘਰੇਲੂ ਕੰਮ ਲਈ ਇਕ ਨੌਕਰ ਤੇ ਐਸੋਸੀਏਸ਼ਨ ਵੱਲੋਂ ਮੈਨੂੰ ਦਿੱਤਾ ਹੋਇਆ ਸੀ ਪਰ ਘਰ ਵਾਲ਼ੀ ਉਸ ਦੇ ਕੰਮ ਕਰਨ ਦੇ ਤਰੀਕੇ ਤੋਂ ਸੰਤੁਸ਼ਟ ਨਾ ਹੋਣ ਕਰਕੇ, ਇਕ ਆਪਣੇ ਪੱਲਿਉਂ ਤਨਖਾਹ ਦੇਣੀ ਕਰਕੇ ਅਸੀਂ ਹੋਰ ਰੱਖ ਲਿਆ। ਉਹ ਬਿਨਾ ਦੱਸਿਆਂ ਹੀ ਕਦੀ ਆਇਆ ਕਰੇ ਤੇ ਕਦੀ ਨਾ ਆਇਆ ਕਰੇ। ਮਰਜੀ ਦਾ ਮਾਲਕ! ਇਕ ਵਾਰੀ ਉਹ ਇਕੱਠਾ ਹੀ ਤਿੰਨ ਦਿਨ ਨਾ ਆਇਆ। ਜਦੋਂ ਆਇਆ ਤਾਂ ਮੈਂ ਗੁੱਸੇ ਵਿਚ ਉਸ ਨੂੰ ਚਲੇ ਜਾਣ ਲਈ ਆਖ ਦਿੱਤਾ। ਦੋ ਕੁ ਦਿਨਾਂ ਬਾਅਦ ਇਕ ਕਾਲ਼ੇ ਰੰਗ ਦੀ ਵੱਡੀ ਸਾਰੀ ਕਾਰ ਗੁਰਦੁਆਰੇ ਦੇ ਬੂਹੇ ਅੱਗੇ ਆ ਖਲੋਤੀ। ਜਿੱਡੀ ਵੱਡੀ ਕਾਰ ਸੀ ਓਸੇ ਹਿਸਾਬ ਨਾਲ਼ ਉਸ ਉਪਰ ਵੱਡਾ ਸਾਰਾ ਮਲਾਵੀ ਕਾਂਗਰਸ ਪਾਰਟੀ ਦਾ ਝੰਡਾ ਝੂਲ ਰਿਹਾ ਸੀ। ਮੈਨੂੰ ਬਾਹਰ ਸੱਦ ਲਿਆ ਗਿਆ ਕਿ ਮਵਾਲੋ ਨਮਾਇਓ ਨੇ ਬੁਲਾਇਆ ਹੈ। ਉਹਨਾਂ ਦਿਨਾਂ ਵਿਚ ਮੈਂ ਸ਼ਂੌਕ ਨਾਲ਼ ਸਫ਼ਾਰੀ ਸੂਟ ਪਾਇਆ ਕਰਦਾ ਸਾਂ। ਤੁਰਨ ਤੋਂ ਪਹਿਲਾਂ ਮੈਂ ਆਪਣੇ ਗ੍ਹੀਸੇ ਵਿਚ ਧਿਆਨ ਨਾਲ਼ ਐਨਕ ਜਰੂਰ ਪਾ ਲਈ। ਪਤਾ ਸੀ ਕਿ ਚਾਹੇ ਸੱਚੀ ਤੇ ਚਾਹੇ ਝੂਠੀ, ਕੋਈ ਓਥੋਂ ਦਾ ਵਾਸੀ ਕਿਸੇ ਏਸ਼ੀਅਨ ਬਾਰੇ ਸ਼ਿਕਾਇਤ ਕਰ ਦਏ ਤਾਂ ਸਰਕਾਰ ਤੇ ਬਹਾਨਾ ਹੀ ਲੱਭਦੀ ਹੁੰਦੀ ਸੀ ਜੇਹਲ ਵਿਚ ਭੇਜਣ ਜਾਂ ਡਿਪੋਰਟ ਜਾਂ ਦੋਵੇਂ ਕਾਰਜ ਕਰਨ ਦਾ। ਐਨਕ ਮੈਂ ਇਸ ਲਈ, ਲਈ ਕਿ ਜੇ ਜੇਹਲ ਜਾਣਾ ਪਿਆ ਤਾਂ ਓਥੇ ਕੁਝ ਪੜ੍ਹ ਤੇ ਸਕਾਂਗਾ ਨਾ!
ਕਾਰ ਮੈਨੂੰ ਮਲਾਵੀ ਕਾਂਗਰਸ ਪਾਰਟੀ ਦੇ ਦਫ਼ਤਰ ਵਿਚ ਲੈ ਗਈ। ਇਹ ਦਫ਼ਤਰ ਇਕੋ ਇਕ ਅਤੇ ਰਾਜ ਕਰ ਰਹੀ ਪਾਰਟੀ ਦਾ ਦਫ਼ਤਰ ਸੀ। ਲਿੰਬੀ ਅਤੇ ਬਲੈਂਟਾਇਰ, ਦੋਹਾਂ ਸ਼ਹਿਰਾਂ ਦੇ ਤਕਰੀਬਨ ਵਿਚਕਾਹੇ ਜਿਹੇ, ਜ਼ਮੀਨ ਦੇ ਬੜੇ ਵਿਸ਼ਾਲ ਟੁਕੜੇ ਵਿਚ ਵਾਕਿਆ ਸੀ। ਮੈਨੂੰ ਜਨਰਲ ਅਤੇ ਐਡਮਨਿਸਟ੍ਰੇਟਿਵ ਸਕੱਤਰ ਦੇ ਕਮਰੇ ਵਿਚ ਲਿਜਾਇਆ ਗਿਆ। ਅੰਦਰ ਵੜਿਆ ਤਾਂ ਓਥੇ ਤਿੰਨ ਵਿਅਕਤੀ ਕੁਰਸੀਆਂ ਉਪਰ ਬੈਠੇ ਹੋਏ ਦਿਸੇ। ਮਵਾਲੋ ਨਮਾਇਓ ਖ਼ੁਦ ਅਤੇ ਦੂਜੇ ਦੋਹਾਂ ਵਿਚੋਂ ਇਕ ਅਸਿਸਟੈਂਟ ਜਨਰਲ ਸਕੱਤਰ ਅਤੇ ਦੂਜਾ ਅਸਿਟੈਂਟ ਐਡਮਨਿਸਟ੍ਰੇਟਿਵ ਸਕੱਤਰ। ਮੈਨੂੰ ਕੁਰਸੀ ਉਪਰ ਬੈਠਾ ਕੇ, ਮਵਾਲੋ ਨਮਾਇਓ ਨੇ ਪਹਿਲਾਂ ਇਹ ਗੱਲ ਪੁੱਛੀ ਕਿ ਕੀ ਮੈਨੂੰ ਚਿਚੇਵਾ (ਓਥੋਂ ਦੀ ਬੋਲੀ) ਆਉਂਦੀ ਹੈ? ਮੇਰੇ ਵੱਲੋਂ ਨਹੀਂ ਦਾ ਉਤਰ ਸੁਣ ਕੇ, ਉਸ ਨੇ ਹੈਰਾਨੀ ਨਾਲ਼ ਪੁੱਛਿਆ ਕਿ ਤੈਨੂੰ ਚਿਚੇਵਾ ਨਹੀਂ ਆਉਂਦੀ ਤੇ ਇਸ ਨੂੰ ਅੰਗ੍ਰੇਜ਼ੀ ਨਹੀਂ ਆਉਂਦੀ, ਫਿਰ ਤੁਹਾਡਾ ਕੰਮ ਕਿਵੇਂ ਚੱਲਦਾ ਹੈ! ਮੈਂ ਦੱਸਿਆ ਕਿ ਇਹ ਛੋਟੀ ਉਮਰ ਤੋਂ ਹੀ ਪੰਜਾਬੀਆਂ ਦੇ ਘਰਾਂ ਵਿਚ ਨੌਕਰ ਰਹਿੰਦਾ ਆ ਰਿਹਾ ਹੋਣ ਕਰਕੇ, ਪੰਜਾਬੀ ਥੋਹੜੀ ਕੁ ਸਮਝ ਲੈਂਦਾ ਹੈ। ਫਿਰ ਉਸ ਨੇ ਪੁੱਛਿਆ ਕਿ ਮੈਂ ਇਸ ਨੂੰ ਨੌਕਰੀ ਤੋਂ ਕਿਉਂ ਹਟਾਇਆ ਹੈ! ਸਾਰੀ ਗੱਲ ਦੱਸ ਕੇ ਨਾਲ਼ ਹੀ ਮੈ ਕਿਹਾ ਕਿ ਇਸ ਦੀ ਦੋ ਦਿਨ ਦੀ ਤਨਖਾਹ ਮੇਰੇ ਵੱਲ ਰਹਿੰਦੀ ਹੈ। ਮੈਂ ਉਹ ਦੇਣ ਲਈ ਤਿਆਰ ਹਾਂ। ਫਿਰ ਮਨਿਸਟਰ ਨੇ ਉਸ ਮੁੰਡੇ ਨਾਲ਼ ਚਿਚੇਵਾ ਵਿਚ ਵਾਹਵਾ ਰੋਹਬ ਵਾਲ਼ੀ ਟੋਨ ਵਿਚ, ਬਹੁਤ ਲੰਮੀ ਗੱਲ ਕਰਨ ਪਿੱਛੋਂ ਮੈਨੂੰ ਪੁੱਛਿਆ ਕਿ ਕੀ ਉਸ ਨੇ ਜੋ ਮੁੰਡੇ ਨੂੰ ਕਿਹਾ ਹੈ, ਉਹ ਮੇਰੀ ਸਮਝ ਵਿਚ ਆ ਗਿਆ ਹੈ। ਮੈਂ ਕਿਹਾ ਕਿ ਗੱਲ ਦੀ ਸਮਝ ਤੇ ਮੈਨੂੰ ਨਹੀਂ ਆਈ ਪਰ ਗੱਲ ਕਰਨ ਦੇ ਢੰਗ ਤੋਂ ਮੈਂ ਸਮਝ ਲਿਆ ਹੈ ਕਿ ਤੁਸੀਂ ਉਸ ਨੂੰ ਗ਼ਲਤ ਕਿਹਾ ਹੈ। ਫਿਰ ਉਸ ਨੇ ਉਸ ਦੇ ਦੋ ਦਿਨ ਬਣਦੇ ਪੈਸੇ ਦੇ ਦੇਣ ਲਈ ਕਿਹਾ ਤੇ ਮੈਂ ਉਹ ਦੇ ਦਿਤੇ। ਸਾਡੀ ਗੱਲ ਮੁੱਕ ਗਈ।
ਪਾਰਟੀ ਦੇ ਉਸ ਵੱਡੇ ਸਕੱਤਰ ਨਾਲ਼ ਹੋਈ ਸਾਰੀ ਵਾਰਤਾਲਾਪ ਦੌਰਾਨ, ਪਾਰਟੀ ਦੇ ਦੋਵੇਂ ਛੋਟੇ ਸਕੱਤਰ ਚੁੱਪ ਚਾਪ ਬੈਠੇ ਰਹੇ ਤੇ ਸਾਰੀ ਵਾਰਤਾਲਾਪ ਦੌਰਾਨ ਕਿਸੇ ਨੇ ਕੁਰਸੀ ਤੋਂ ਪਾਸਾ ਵੀ ਨਹੀਂ ਸੀ ਵੱਟਿਆ। ਜਦੋਂ ਗੱਲ ਮੁੱਕ ਗਈ ਤੇ ਮੈਂ ਬਾਹਰ ਆ ਗਿਆ ਤਾਂ ਉਹ ਵੀ ਦੋਵੇਂ ਛੋਟੇ ਸਕੱਤਰ ਬਾਹਰ ਆ ਗਏ ਤੇ ਮੈਨੂੰ ਪੁੱਛਿਆ ਕਿ ਕੀ ਮੈਂ ਕਾਰ ਉਪਰ ਆਇਆ ਹਾਂ! ਮੇਰੇ ਇਹ ਦੱਸਣ 'ਤੇ ਕਿ ਪਾਰਟੀ ਦੀ ਕਾਰ ਮੈਨੂੰ ਲਿਆਈ ਸੀ, ਉਹਨਾਂ ਨੇ ਮੈਨੂੰ ਕਾਰ ਵਿਚ ਬੈਠਾਇਆ ਅਤੇ ਗੁਰਦੁਆਰੇ ਉਤਾਰ ਕੇ ਮੁੜ ਗਏ।
ਵਾਪਸ ਆਉਣ 'ਤੇ ਪਤਾ ਲੱਗਾ ਕਿ ਮੇਰੇ ਪਾਰਟੀ ਦੇ ਦਫ਼ਤਰ ਮਿਸਟਰ ਮੁਆਲੋ ਨਮਾਇਓ ਦੇ ਪੇਸ਼ ਹੋਣ ਦੀ ਖ਼ਬਰ ਸੁਣ ਕੇ, ਭਾਈਚਾਰੇ ਵਿਚ ਰੌਲ਼ਾ ਪਿਆ ਹੋਇਆ ਸੀ ਕਿ ਗਿਆਨੀ ਜੀ ਚੁੱਕੇ ਗਏ। ਕੁਝ ਬਹੁਤ ਹੌਂਸਲੇ ਵਾਲ਼ੇ ਸੱਜਣ ਪਾਰਟੀ ਦੇ ਦਫ਼ਤਰ ਦਾ ਬਾਹਰ ਬਾਹਰ ਚੱਕਰ ਵੀ ਲਾ ਆਏ ਪਰ ਅੰਦਰ ਜਾਣ ਦਾ ਕਿਸੇ ਦਾ ਹੌਸਲਾ ਨਾ ਪਿਆ। ਉਹਨੀਂ ਦਿਨੀਂ ਉਸ ਮਨਿਸਟਰ ਦੀ ਏਸ਼ੀਅਨ ਭਾਈਚਾਰੇ ਵਿਚ ਦਹਿਸ਼ਤ ਹੀ ਏਨੀ ਸੀ ਕਿ ਕੋਈ ਡਰਦਾ ਉਸ ਦੇ ਸਾਹਮਣੇ ਜਾਣ ਦੀ ਜੁਰਅਤ ਨਹੀਂ ਸੀ ਕਰਦਾ। ਮੈਨੂੰ ਸਾਬਤ ਵਾਪਸ ਆਇਆ ਵੇਖ ਕੇ ਸਾਰੇ ਸੱਜਣਾਂ ਨੇ ਸੁਖ ਦਾ ਸਾਹ ਲਿਆ ਤੇ ਨਾਲ਼ੇ ਪੁੱਛਿਆ ਕਿ ਕੀ ਕਾਰਨ ਹੋਇਆ ਸੀ ਜੋ ਮੈਂ ਸਹੀ ਸਹੀ ਸਾਰਿਆਂ ਨੂੰ ਦੱਸ ਦਿਤਾ।
ਜਦੋਂ ਚੱਲਦੇ ਪ੍ਰਸੰਗ ਵਿਚ ਮੈਂ ਅਮਨਦੀਪ ਸਿੰਘ ਸਿੱਧੂ ਰਾਹੀਂ ਸਰੋਤਿਆਂ ਨੂੰ ਸੰਖੇਪ ਵਿਚ ਇਹ ਗੱਲ ਸੁਣਾ ਰਿਹਾ ਸੀ ਤਾਂ ਉਸ ਨੇ ਇਸ ਘਟਨਾ ਨੂੰ ਲੇਖ ਦਾ ਰੂਪ ਦੇ ਕੇ ਪਾਠਕਾਂ ਨੂੰ ਪਰੋਸੇ ਜਾਣ ਦੀ ਸਲਾਹ ਦੇ ਮਾਰੀ। ਮੈਂ ਉਸ ਨੂੰ ਜਵਾਬ ਦਿਤਾ ਕਿ ਮੈਨੂੰ ਵੀ ਕੋਈ ਸੱਜਣ ਜਦੋਂ ਆਪਣੀਆਂ ਕਵਿਤਾਵਾਂ ਸੁਣਾਉਣੋ ਨਾ ਹਟੇ ਤਾਂ ਮੈਂ ਓਦੋਂ ਉਸ ਨੂੰ ਏਹੀ ਕਹਿ ਕੇ ਖਹਿੜਾ ਛੁਡਾਉਣ ਦਾ ਜਤਨ ਕਰਦਾ ਹਾਂ ਕਿ ਤੇਰੀਆਂ ਕਵਿਤਾਵਾਂ ਬਹੁਤ ਉਚ ਪਾਏ ਦੀਆਂ ਹਨ। ਤੂੰ ਸਾਰੀਆਂ ਇਕੱਠੀਆਂ ਕਰਕੇ, ਇਹਨਾਂ ਦੀ ਕਿਤਾਬ ਛਪਵਾ। ਕਿਤੇ ਤੂੰ ਵੀ ਮੇਰੇ ਤੋਂ ਖਹਿੜਾ ਛੁਡਾਉਣ ਲਈ ਇਹ ਫਾਰਮੂਲਾ ਤੇ ਨਹੀਂ ਵਰਤ ਰਿਹਾ! ਵੈਸੇ ਮੇਰੇ ਬਹੁਤੇ ਲੇਖ ਇਸ ਤਰ੍ਹਾਂ ਹੀ ਲਿਖੇ ਗਏ ਹਨ। ਮੈਂ ਕਿਸੇ ਨੂੰ ਆਪਣੇ ਨਾਲ਼ ਵਾਪਰੀ ਸੱੱਚੀ ਘਟਨਾ ਸੁਣਾਈ ਤੇ ਉਸ ਨੇ ਅੱਗੋਂ ਉਸ ਘਟਨਾ ਨੂੰ ਲੇਖ ਦਾ ਰੂਪ ਦੇਣ ਲਈ ਸੁਝਾਅ ਦੇ ਦਿਤਾ। ਸ਼ਾਇਦ ਮੇਰੇ ਤੋਂ ਖਹਿੜਾ ਛੁਡਉਣ ਲਈ ਹੀ ਅਗਲੇ ਅਜਿਹਾ ਸੁਝਾਅ ਦਿੰਦੇ ਹੋਣ, ਜਿਵੇਂ ਕਵੀਆਂ ਦੀਆਂ ਕਵਿਤਾਵਾਂ ਸੁਣਨ ਤੋਂ ਮੈਂ ਭੱਜਦਾਹਾਂ।
ਸਿੱਧੂ ਜੀ ਨੂੰ ਫਿਰ ਮੈਂ ਆਪਣੇ ਨਾਲ਼ ਵਾਪਰਨ ਵਾਲ਼ੀ, ਏਸੇ ਤਰ੍ਹਾਂ ਦੀ ਇਕ ਹੋਰ ਸੱਚੀ ਘਟਨਾ ਸੁਣਾਈ। ਉਹ ਗੱਲ ਇਉਂ ਸੀ ਕਿ ਕੈਨੇਡਾ ਦੀ ਸਭ ਤੋਂ ਪੁਰਾਣੀ ਅਤੇ ਵੱਡੀ ਜਥੇਬੰਦੀ 'ਖ਼ਾਲਸਾ ਦੀਵਾਨ ਸੋਸਾਇਟੀ' ਨੇ ਮੈਨੂੰ ੧੯੯੬ ਦੇ ਸਤੰਬਰ ਮਹੀਨੇ ਵਿਚ ਇਕ ਸਾਲ ਲਈ ਕਥਾ/ਵਿਖਿਆਨਾਂ ਵਾਸਤੇ ਵੈਨਕੂਵਰ ਸੱਦ ਲਿਆ। ਓਥੇ ਇਕ ਉਹ ਸੱਜਣ ਵੀ ਮੇਰੇ ਤੋਂ ਪਹਿਲਾਂ ਆਏ ਹੋਏ ਸਨ ਜਿਨ੍ਹਾਂ ਨਾਲ਼ ਮੈਂ ਸੱਠਵੇਂ ਦਹਾਕੇ ਦੇ ਵਿਚਾਲੜੇ ਸਾਲਾਂ (੧੯੬੪ ਤੋਂ ੧੯੬੬) ਵਿਚ ਵਿਚਰਿਆ ਸਾਂ। ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਚ ਸਾਡਾ ਰਾਗੀ ਜਥਾ ਵੀ ਇਕੱਠਾ ਹੁੰਦਾ ਸੀ ਤੇ ਅਸੀਂ ਵਿਦਵਾਨੀ ਤੇ ਗਿਆਨੀ ਕਲਾਸਾਂ ਵੀ ਇਕੋ ਸੰਸਥਾ ਵਿਚੋਂ ਇਕੋ ਸਮੇ ਪੜ੍ਹ ਕੇ ਪਾਸ ਕੀਤੀਆਂ ਸਨ। ਵੈਨਕੂਵਰ ਵਿਚ ਉਹ ਮਿੱਤਰ ਕਵੀ ਹਰ ਰੋਜ ਮੈਨੂੰ ਆਪਣੀਆਂ ਕਵਿਤਾਵਾਂ ਸੁਣਾਉਣੋ ਨਾ ਹਟਿਆ ਕਰੇ। ਭਾਈ ਵੀਰ ਸਿੰਘ ਜੀ ਦੀਆਂ ਰੁਬਾਈਆਂ ਉਪਰ ਆਧਾਰਤ ਉਸ ਦੀਆਂ ਕਵਿਤਾਵਾਂ ਹੁੰਦੀਆਂ ਸਨ। ਮੈਨੂੰ ਸਮਝ ਨਾ ਆਵੇ ਕਿ ਬਿਨਾ ਇਸ ਦੀ ਨਾਰਾਜ਼ਗੀ ਸਹੇੜਨ ਤੋਂ, ਮੈਂ ਕਿਵੇਂ ਇਸ ਦੀਆਂ ਕਵਿਤਾਵਾਂ ਦੀ ਬੁਛਾੜ ਤੋਂ ਆਪਣਾ ਖਹਿੜਾ ਛੁਡਾਵਾਂ!
ਇਕ ਦਿਨ ਮੈਨੂੰ, ਅੰਧੇ ਕੋ ਹਨੇਰੇ ਵਾਂਗ ਤੇ ਨਹੀਂ ਪਰ ਦਿਨ ਦੇ ਉਜਾਲੇ ਵਿਚ ਹੀ ਸੁੱਝ ਗਈ ਤੇ ਮੈਂ ਉਸ ਕਵੀ ਮਿੱਤਰ ਨੂੰ ਇਉਂ ਆਖਿਆ, "ਵਾਹ ਜੀ ਵਾਹ! ਤੁਹਾਡੀ ਕਵਿਤਾ ਬਹੁਤ ਉਚ ਪਾਏ ਦੀ ਹੈ। ਜਾਂ ਤੇ ਭਾਈ ਵੀਰ ਸਿੰਘ ਜੀ ਨੇ ਅਜਿਹੀ ਕਵਿਤਾ ਲਿਖੀ ਸੀ ਤੇ ਜਾਂ ਉਹਨਾਂ ਤੋਂ ਦੂਜੇ ਨੰਬਰ 'ਤੇ ਤੁਹਾਡੀ ਕਵਿਤਾ ਹੈ। ਤੁਸੀਂ ਇਉਂ ਕਰੋ ਕਿ ਇਹਨਾਂ ਸਾਰੀਆਂ ਕਵਿਤਾਵਾਂ ਨੂੰ ਇਕ ਥਾਂ ਇਕੱਤਰ ਕਰਕੇ, ਕਿਤਾਬੀ ਰੂਪ ਦਿਓ। ਪਾਠਕ ਪੜ੍ਹ ਕੇ ਬੜੀ ਪ੍ਰਸੰਨਤਾ ਪ੍ਰਾਪਤ ਕਰਨਗੇ।" ਇਉਂ ਉਸ ਕਵੀ ਮਿੱਤਰ ਨੂੰ ਹੱਤਕ ਦਾ ਅਹਿਸਾਸ ਕਰਵਾਏ ਬਿਨਾ ਮੈਂ ਉਸ ਦੀਆਂ ਕਵਿਤਾਵਾਂ ਸੁਣਨ ਵਾਲ਼ੇ ਕਾਰਜ ਤੋਂ ਪੱਲਾ ਝਾੜ ਲਿਆ।
ਗੱਲ ਆਈ ਗਈ ਹੋ ਗਈ। ਮੈਂ ਮਹੀਨੇ ਪਿੱਛੋਂ ਵਾਪਸ ਸਿਡਨੀ ਆ ਗਿਆ; ਸੱਦਿਆ ਭਾਵੇਂ ਉਹਨਾਂ ਨੇ ਇਕ ਸਾਲ ਲਈ ਸੀ।
ਅਗਲੇ ਸਾਲ ੧੯੯੭ ਵਿਚ ਪਟਿਆਲੇ ਤੋਂ ਇਕ ਬੰਡਲ ਆਇਆ। ਖੋਹਲਿਆ ਤਾਂ ਵਿਚੋਂ ਕਵਿਤਾਵਾਂ ਦੀ ਕਿਤਾਬ ਦੀਆਂ ਪੰਝੀ ਕਾਪੀਆਂ ਮਿਲ਼ੀਆਂ। ਨਾਲ਼ ਇਕ ਚਿੱਠੀ ਵੀ ਸੀ। ਉਸ ਵਿਚ ਲਿਖਿਆ ਸੀ ਕਿ ਤੁਹਾਡੀ ਪ੍ਰ੍ਰੇਰਨਾ ਨਾਲ਼ ਮੈਂ ਇਹ ਕਿਤਾਬ ਛਪਵਾ ਲਈ ਹੈ। ਇਹਨਾਂ ਵਿਚੋਂ ਇਕ ਤੁਹਾਡੇ ਵਾਸਤੇ ਮੁਫ਼ਤ ਹੈ। ਬਾਕੀ ਚੌਵੀ ਕਾਪੀਆਂ, ਦਸ ਰੁਪਏ ਦੇ ਹਿਸਾਬ ਨਾਲ਼ ਵੇਚ ਕੇ, ਛੇਤੀ ਤੋਂ ਛੇਤੀ ਬਣਦੇ ੨੪੦ ਡਾਲਰ ਮੈਨੂੰ ਭੇਜ ਦਿਓ, ਮੈਂ ਗੋਡੇ ਦਾ ਓਪ੍ਰੇਸ਼ਨ ਕਰਵਾਉਣਾ ਹੈ। ਅਮਨਦੀਪ ਸਿੰਘ ਜੀ, ਤੁਸੀਂ ਮੈਨੂੰ ਇਸ ਬਾਰੇ ਲੇਖ ਲਿਖਣ ਦਾ ਸੁਝਾਅ ਦਿਤਾ ਹੈ। ਮੈਂ ਵੀ ਇਹ ਲੇਖ ਲਿਖ ਕੇ ਆਪਣੀ ਅਗਲੀ ਕਿਤਾਬ ਵਿਚ ਛਪਵਾ ਕੇ ਉਸ ਕਿਤਾਬ ਦੀਆਂ ਪੰਝੀ ਕਾਪੀਆਂ ਤੁਹਾਨੂੰ ਭੇਜ ਦੇਣੀਆਂ ਜੇ! ਫੇਰ ਨਾ ਆਖਿਓ ਇਹ ਕੀ ਕੀਤਾ? ਉਸ ਮਿੱਤਰ ਕਵੀ ਨੇ ਤਾਂ ਮੇਰੇ ਕੋਲ਼ੋਂ ਦੋ ਸੌ ਚਾਲ਼ੀ ਮੰਗੇ ਸਨ ਪਰ ਮੈਂ ਪੂਰੇ ਦੋ ਸੌ ਪੰਜਾਹ ਦਾ ਬਿੱਲ ਭੇਜ ਦੇਣਾ ਜੇ। ਫੇਰ ਨਾ ਬੁੜ ਬੁੜ ਕਰਿਓ।
ਇਉਂ ਸੁਣ ਕੇ ਉਹ ਅੱਗੋਂ ਕਹਿੰਦਾ, "ਨਾ ਤਾਇਆ ਨਾ! ਅਜਿਹੀ ਵਧੀਕੀ ਮੇਰੇ ਨਾਲ਼ ਨਾ ਕਰੀਂ! ਮੈਂ ਆਪਣਾ ਸੁਝਾਅ ਵਾਪਸ ਲੈਂਦਾ ਹਾਂ।"




ਮੇਰੇ ਫੇਸਬੁੱਕ ਖਾਤੇ ਦੀ ਦਾਸਤਾਨ
ਇਹ ਜਾਦੂਮਈ ਕਾਢ ਇਕ ਅੰਗ੍ਰੇਜ਼ੀ ਬੋਲਣ ਵਾਲ਼ੇ ਸੱਜਣ ਮਾਰਕ ਜ਼ੁਕਰਬਰਗ ਨੇ ਕੱਢੀ ਹੋਣ ਕਰਕੇ, ਇਸ ਦਾ ਨਾਂ ਵੀ ਉਸ ਨੇ ਅੰਗ੍ਰੇਜ਼ੀ ਵਿਚ ਫੇਸਬੁੱਕ ਹੀ ਰੱਖਿਆ। ਸਾਬਕਾ ਡਿਪਟੀ ਕਮਿਸ਼ਨਰ ਸ. ਗੁਰਤੇਜ ਸਿੰਘ ਆਈ.ਏ.ਐਸ. ਜੀ ਨੇ ਇਸ ਦਾ ਨਾਂ ਪੰਜਾਬੀ ਵਿਚ 'ਮੁਖੜਾ ਪੋਥੀ' ਰੱਖਿਆ ਹੈ। ਐਡੀਲੇਡ ਦੇ ਵਾਸੀ ਨੌਜਵਾਨ ਪੱਤਰਕਾਰ ਸ. ਤੇਜਸ਼ਦੀਪ ਸਿੰਘ ਅਜਨੌਦਾ ਨੇ ਇਸ ਦਾ ਨਾਂ 'ਬੂਥਾਪੋਥੀ' ਧਰ ਦਿਤਾ ਹੈ। ਮੈਂ, ਸਦਾ ਵਾਂਗ ਹੀ, ਇਸ ਦਾ ਪੰਜਾਬੀ ਵਿਚ ਤਰਜਮਾ ਕਰਨ ਦੇ ਖਲਜਗਣ ਵਿਚ ਪੈਣਾ ਜਰੂਰੀ ਨਹੀਂ ਸਮਝਦਾ। ਮੈਂ ਇਸ ਵਿਚਾਰ ਦਾ ਧਾਰਨੀ ਹਾਂ ਕਿ ਜੇਹੜੀ ਚੀਜ ਜਿਸ ਕਿਸੇ ਨੇ ਈਜਾਦ ਕੀਤੀ ਹੈ ਤੇ ਉਸ ਨੇ ਜੋ ਉਸ ਦਾ ਨਾਂ ਰੱਖਿਆ ਹੈ, ਓਸੇ ਨੂੰ ਗੁਰਮੁਖੀ ਅੱਖਰਾਂ ਵਿਚ ਲਿਖ ਕੇ, ਪੰਜਾਬੀ ਬੋਲੀ ਦੇ ਸ਼ਬਦ ਭੰਡਾਰ ਵਿਚ ਵਾਧਾ ਕਰ ਲੈਣਾ ਚਾਹੀਦਾ ਹੈ ਤੇ ਤਰਜਮਿਆਂ, ਨਵੇਂ ਨਾਵਾਂ ਆਦਿ ਦੇ ਚੱਕਰਾਂ ਵਿਚ ਪਾਠਕਾਂ ਨੂੰ ਨਾ ਉਲ਼ਝਾਇਆ ਜਾਵੇ।
ਆਪਣੀ ਚੌਥੀ ਅਤੇ ਵਡੇਰੀ ਕਿਤਾਬ ਬਾਤਾਂ ਬੀਤੇ ਦੀਆਂ ਪਾਠਕਾਂ ਦੇ ਹੱਥਾਂ ਵਿਚ ਅਪੜਾਉਣ ਲਈ, ਅਕਤੂਬਰ, ੨੦੧੦ ਵਿਚ, ਮੈਂ ਨਿਊ ਜ਼ੀਲੈਂਡ ਵਿਚ ਚਲਿਆ ਗਿਆ। ਓਥੇ ਆਪਣੇ ਮੂੰਹ ਬੋਲੇ ਭਤੀਜੇ, ਗੁਰਿੰਦਰ  ਸਿੰਘ ਢੱਟ ਦੇ ਘਰ ਵਿਚ ਡੇਰਾ ਲਾ ਲਿਆ। ਉਸ ਨੇ ਮੇਰੇ ਵੱਲੋਂ ਮੁੜ ਮੁੜ ਨਾਂਹ ਕਰਨ ਦੇ ਬਾਵਜੂਦ, ਕਈ ਲਾਭ ਗਿਣਾ ਗਿਣਾ ਕੇ ਮੇਰਾ ਫੇਸਬੁੱਕ ਅਕਾਊਂਟ ਬਣਾ ਦਿਤਾ। ਮੇਰੇ ਵਾਸਤੇ ਉਹ ਨਵਾਂ 'ਘੀਚਮ-ਚੋਲ਼ਾ' ਜਿਹਾ ਬਣ ਗਿਆ। ਮੈਂ ਇਸ ਨਵੇਂ ਯੱਭ ਜਿਹੇ ਨੂੰ ਬੰਦ ਕਰਨ ਲਈ ਢੱਟ ਨੂੰ ਕਿਹਾ ਪਰ ਉਸ ਨੇ ਇਸ ਨੂੰ ਬੰਦ ਕਰਨ ਤੋਂ ਹੱਥ ਖੜ੍ਹੇ ਕਰ ਦਿਤੇ। ਫਿਰ ਮੈਂ ਆਪਣੇ ਪੁੱਤਰ ਸੰਦੀਪ ਸਿੰਘ ਨੂੰ ਕਿਹਾ ਕਿ ਇਸ ਨੂੰ ਬੰਦ ਕਰ ਦਏ। ਉਸ ਨੇ ਇਹ ਕਹਿ ਕੇ, "ਮੈਂ ਵੀ ਸੋਚਦਾ ਸਾਂ ਕਿ ਪਾਪਾ ਨੇ ਬੁੱਢੇ ਵਾਰੇ ਇਹ ਕੀ ਬਿਪਤਾ ਸਹੇੜ ਲਈ ਹੈ!" ਮੈਨੂੰ ਦੱਸ ਦਿਤਾ ਕਿ ਮੇਰਾ ਖਾਤਾ ਬੰਦ ਕਰ ਦਿਤਾ ਹੈ।
ਦੋ ਕੁ ਸਾਲਾਂ ਵਿਚ ਹੋਰਨਾਂ ਨੂੰ ਫੇਸਬੁੱਕ ਵਰਤਦਾ ਵੇਖ ਕੇ, ਮੇਰਾ ਵੀ ਫਿਰ ਇਸ ਨੂੰ ਵਰਤਣ ਲਈ ਜੀ ਕਰ ਆਇਆ। ਪੁੱਤਰ ਨੂੰ ਕਿਹਾ ਕਿ ਮੇਰਾ ਵੀ ਖਾਤਾ ਖੋਹਲ ਦੇਹ। ਉਸ ਨੇ, ਜੇਹੜਾ ਮੈਨੂੰ ਕਿਹਾ ਸੀ ਕਿ ਉਸ ਨੇ ਬੰਦ ਕਰ ਦਿਤਾ ਸੀ, ਅਸਲ ਵਿਚ ਬੰਦ ਨਹੀਂ ਸੀ ਕੀਤਾ ਬੱਸ ਉਸ ਨੂੰ ਚੁੱਪ ਹੀ ਕਰਵਾ ਦਿਤਾ ਸੀ, ਓਸੇ ਖਾਤੇ ਨੂੰ ਫਿਰ ਬੋਲਣ ਲਾ ਦਿਤਾ। ਉਸ ਵੇਲ਼ੇ ਤੋਂ ਫਿਰ ਮੈਂ ਵੀ ਟੋਹ ਟੋਹ ਕੇ ਫੇਸਬੁੱਕ ਵਰਤਣਾ ਸ਼ੁਰੂ ਕਰ ਦਿਤਾ ਤੇ ਹੌਲ਼ੀ ਹੌਲ਼ੀ ਇਸ ਵਿਚ ਵਾਹਵਾ ਸਮਾ ਖ਼ਰਚਣ ਲੱਗ ਪਿਆ।
ਫਿਰ ਸਾਰੇ ਲੋਕ ਵਹਾਟਸਅਪ ਵਰਤਦੇ ਹੋਣ ਕਰਕੇ, ਮੈਨੂੰ ਵੀ ਮਜਬੂਰੀ ਵੱਸ ਇਸ ਨਵੇਂ 'ਜੰਘ-ਪਲਾਂਘੇ' ਵਿਚ ਫਸਣਾ ਪਿਆ। ਇਸ ਵਿਚੋਂ ਇਕ ਕੰਮ ਕਰਨ ਦੀ ਜਾਚ ਆ ਗਈ (ਹੁਣ ਫੇਰ ਭੁੱਲ ਗਈ ਹੈ) ਕਿ ਓਥੋਂ ਕਿਸੇ ਪਸੰਦੀਦਾ ਪੋਸਟ ਨੂੰ ਫੇਸਬੁੱਕ ਉਪਰ ਕਿਵੇਂ ਚਾਹੜਨਾ ਹੈ। ਹੁਣ ਮੇਰੀ ਹਾਲਤ, "ਭੁੱਖੇ ਜੱਟ ਕਟੋਰਾ ਲੱਭਾ, ਪਾਣੀ ਪੀ ਪੀ ਆਫਰਿਆ" ਵਾਲ਼ੀ ਹੋ ਗਈ। ਰੋਜ਼ਾਨਾ ਅਜੀਤ ਤੋਂ ਕਈ ਖ਼ਬਰਾਂ/ਲੇਖਾਂ ਨੂੰ ਬਿਨਾ ਕਿਸੇ ਝਿਜਕ ਦੇ, ਫੇਸਬੁੱਕ ਉਪਰ ਪਾਉਣ ਲੱਗ ਪਿਆ। ਕਿਸੇ ਹੋਰ ਦਾ ਲੇਖ ਵੀ ਸ਼ੇਅਰ ਅਤੇ ਕਾਪੀ ਪੇਸਟ ਕਰੀ ਗਿਆ। ਕਿਤੇ ਸ਼ੇਅਰ ਦਾ ਆਈਕਨ ਨਾ ਹੋਣ ਕਰਕੇ, ਕਾਪੀ ਪੇਸਟ ਕਰ ਦਿੱਤੀ। ਕਈ ਚੰਗੇ ਲੇਖਾਂ ਦੇ ਸ਼ਬਦ ਜੋੜ ਵੀ ਆਪਣੀ ਮਰਜੀ ਅਨੁਸਾਰ ਬਦਲ ਕੇ ਪੋਸਟ ਕਰੀ ਗਿਆ। ਇਹ ਸਾਰਾ ਕੁਝ ਕਰਦਿਆਂ ਇਹ ਖਿਆਲ ਜਰੂਰ ਰੱਖਿਆ ਕਿ ਲੇਖਕ ਦਾ ਨਾਂ ਨਾ ਲੁਕਾਇਆ ਜਾਵੇ।
ਇਕ ਦਿਨ ਮੈਂ ਇੰਡੋ ਚਾਈਨਾ ਦੇ ਕਿਸੇ ਮੁਲਕ ਵਿਚ, ਬਹੁਤ ਹੀ ਛੋਟੀ ਉਮਰ ਦੇ ਬੱਚੇ ਦੀ ਖੇਤ ਵਿਚ ਵਹਾਟਸਅਪ ਤੋਂ, ਕੱਦੂ ਕਰਦੇ ਦੀ ਵੀਡੀਓ ਪੋਸਟ ਕਰ ਦਿਤੀ। ਮੈਨੂੰ ਉਸ ਬੱਚੇ ਦੀ ਦ੍ਰਿੜ੍ਹਤਾ ਬਹੁਤ ਚੰਗੀ ਲੱਗੀ ਸੀ। ਅਗਲੇ ਦਿਨ ਮੈਨੂੰ ਸਜ਼ਾ ਵਜੋਂ ਇਕ ਦਿਨ ਲਈ ਫੇਸਬੁੱਕ ਵਰਤਣੋ ਰੋਕ ਦਿਤਾ ਗਿਆ। ਕੁਝ ਸਮੇ ਪਿੱਛੋਂ ਮੇਰੀ ਇਕ ਹੋਰ ਫ਼ੋਟੋ ਨਾ ਪਸੰਦ ਕਰਕੇ ਦੋ ਦਿਨਾਂ ਲਈ ਮੇਰਾ ਬਾਈਕਾਟ ਕਰ ਦਿਤਾ ਗਿਆ। ਫਿਰ ਮੈਂ ਸਾਵਧਾਨ ਹੋ ਗਿਆ ਤੇ ਕੁਝ ਸਮਾ ਇਸ ਪਾਇਉਂ ਆਰਾਮ ਰਿਹਾ।
੨੦੨੧ ਦੇ ਸਤੰਬਰ ਮਹੀਨੇ ਦੇ ਦੂਜੇ ਹਫ਼ਤੇ ਸੁਨੇਹਾ ਆਇਆ ਕਿ ਮੈਂ ਕੋਈ ਕਾਪੀ ਰਾਈਟ ਇਨਫ਼ਰਿੰਜ ਕੀਤਾ ਹੈ। ਕੇਹੜਾ ਇਨਫਰਿੰਜ ਕੀਤਾ ਹੈ? ਦਾ ਜਵਾਬ ਨਹੀਂ ਮਿਲ਼ਿਆ। ਇਸ ਲਈ ਤਿੰਨ ਦਿਨਾਂ ਲਈ ਮੇਰੇ ਮੂੰਹ ਨੂੰ ਛਿੱਕਾ ਦਿਤਾ ਜਾਂਦਾ ਹੈ। ਮੈਂ ਫੇਸਬੁੱਕ ਖੋਹਲ ਕੇ ਪੋਸਟਾਂ ਪੜ੍ਹ ਸਕਦਾ ਸੀ ਪਰ ਖ਼ੁਦ ਉਹਨਾਂ ਨਾਲ਼ ਕੋਈ 'ਛੇੜ ਛਾੜ' ਨਹੀਂ ਸੀ ਕਰ ਸਕਦਾ। ਸੋਚਿਆ ਕਿ ਤਿੰਨ ਦਿਨਾਂ ਦੀ ਹੀ ਤੇ ਸਾਰੀ ਗੱਲ ਹੈ? ਛੇਤੀ ਹੀ ਲੰਘ ਜਾਣੇ ਹਨ ਤੇ ਫਿਰ ਮੈਂ ਪੋਸਟਾਂ ਪੜ੍ਹ ਤੇ ਸਕਦਾ ਹੀ ਹਾਂ! ਪਰ ਤਿੰਨ ਦਿਨ ਮੁੱਕਣ ਤੋਂ ਪਹਿਲਾਂ ਹੀ ਸੁਨੇਹਾ ਮਿਲ਼ ਗਿਆ ਕਿ ਮੇਰਾ ਖਾਤਾ ਡਿਸਏਬਲ ਕਰ ਦਿਤਾ ਗਿਆ ਹੈ। ਕਾਰਨ ਕੋਈ ਨਹੀਂ ਦੱਸਿਆ। ਈ-ਮੇਲ ਰਾਹੀਂ ਕਾਰਨ ਪੁੱਛਣ 'ਤੇ ਜਵਾਬ ਆਇਆ ਕਿ ਦੋ ਦਿਨ ਜਾਂ ਕੋਵਿਡ ਕਰਕੇ, ਵਧੇਰੇ ਦਿਨ ਵੀ ਜਵਾਬ ਦੇਣ ਵਿਚ ਲੱਗ ਸਕਦੇ ਹਨ। ਉਸ ਪਿੱਛੋਂ ਕਿਸੇ ਵੀ ਰੀਮਾਈਂਡਰ ਦਾ ਜਵਾਬ ਨਹੀਂ ਮਿਲ਼ਿਆ। ਕੈਨਬਰੇ ਵਿਚ ਇਕ ਸੱਜਣ ਸ. ਜਸਪਾਲ ਸਿੰਘ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਈ.ਟੀ. ਵਿਭਾਗ ਦੇ ਸਾਬਕਾ ਇੰਚਾਰਜ ਏਥੇ ਆਏ ਹੋਏ ਹਨ। ਇਕ ਦਿਨ ਉਹ ਕਹਿੰਦੇ ਕਿ ਮੈਂ ਪਤਾ ਕਰਦਾ ਹਾਂ। ਉਹ ਫੇਸਬੁੱਕੀਆਂ ਤੋਂ ਜਵਾਬ ਲੈਣ ਵਿਚ ਤੇ ਕਾਮਯਾਬ ਹੋ ਗਏ ਪਰ ਜਵਾਬ ਇਹ ਆਇਆ ਕਿ ਬਹੁਤ ਸਮਾ ਹੋ ਗਿਆ ਹੈ ਖਾਤਾ ਬੰਦ ਹੋਏ ਨੂੰ; ਇਸ ਲਈ ਹੁਣ ਕੁਝ ਨਹੀਂ ਹੋ ਸਕਦਾ।
ਪਰ ਮੈਨੂੰ ਤੇ ਇਸ 'ਕਲੇਸ਼ਬੁੱਕ' ਦਾ ਨਸ਼ਾ ਹੋ ਗਿਆ ਸੀ ਤੇ ਇਸ ਰਾਹੀਂ 'ਉਚਪਾਏ' ਦੀ ਨਿੰਦਿਆ ਚੁਗਲੀ ਪੜ੍ਹਨ ਦਾ ਅਜਿਹਾ ਭੁਸ ਪੈ ਗਿਆ ਹੈ ਕਿ ਇਸ ਤੋਂ ਬਿਨਾ ਤਾਂ, "ਇਕ ਘੜੀ ਨ ਮਿਲਤੇ ਤਾਂ ਕਲਜੁਗ ਹੋਤਾ" ਵਾਲ਼ੀ ਮੇਰੀ ਹਾਲਤ ਹੋ ਜਾਂਦੀ ਹੈ। ਏਥੋਂ ਤੱਕ ਮੇਰਾ ਨਸ਼ਾ ਵਧ ਚੁੱਕਾ ਹੈ ਕਿ ਮੈਨੂੰ ਇਸ ਵਿਚ ਖੁਭੇ ਹੋਏ ਨੂੰ ਹਵਾਈ ਅੱਡੇ ਉਪਰ ਬੈਠੇ ਨੂੰ ਹੀ ਛੱਡ ਕੇ ਹਵਾਈ ਜਹਾਜ ਉਡ ਗਿਆ ਸੀ ਤੇ ਫਿਰ ਮੈਂ ਅਗਲੇ ਦਿਨ ਗਿਆ ਸੀ। ਇਸ ਘਟਨਾ ਨੂੰ ਵੀ ਮੈਂ 'ਫੇਸਬੁੱਕ ਕਿ ਫਸੇਬੁੱਕ?' ਦਾ ਨਾਂ ਦੇ ਕੇ ਇਕ ਲੇਖ ਹੀ ਲਿਖ ਮਾਰਿਆ ਸੀ। ਫਿਰ ਮੈਂ ਖ਼ੁਦ ਵੀ ਇਸ ਕਲਜੁਗੀ 'ਨਿੰਦਿਆ ਪੁਰਾਣ' ਵਿਚ ਸੱਬਰਕੱਤਾ ਹਿੱਸਾ ਪਾਉਣ ਲੱਗ ਪਿਆ ਸਾਂ। ਫਿਰ ਮੈਂ ਇਕ ਹੋਰ ਖਾਤਾ ਖੋਹਲਿਆ। ਉਹ ਇਕ ਦਿਨ ਚੱਲਿਆ। ਫਿਰ ਇਕ ਹੋਰ ਖੋਹਲਿਆ ਤੇ ਉਹ ਦੋ ਦਿਨ ਚੱਲ ਕੇ ਜਵਾਬ ਦੇ ਗਿਆ। ਫਿਰ ਕੁਝ 'ਨੀਤੀ' ਵਰਤ ਕੇ ਮੈਂ ਇਹ ਖਾਤਾ ਖੋਹਲਿਆ ਹੈ ਜੇਹੜਾ ਅਜੇ ਤੱਕ ਸਾਥ ਨਿਭਾਈ ਜਾ ਰਿਹਾ ਹੈ। ਵੇਖੋ, ਕਦੋਂ ਕੁ ਤੱਕ ਇਹ ਮੇਰੀਆਂ 'ਅੱਲਵਲੱਲੀਆਂ ਟਬਲ਼ੀਆਂ' ਦਾ ਭਾਰ ਸਹਿੰਦਾ ਹੈ! ਕਿਸੇ ਨੇ ਪੇਂਡੂ ਲੋਕਾਂ ਨੂੰ ਧਰਮ ਦੇ ਨਾਂ 'ਤੇ ਬੁਧੂ ਬਣਾਉਣ ਲਈ ਅਜਪਾ ਜਾਪ ਦਾ ਅਖੰਡ ਪਾਠ ਸ਼ੁਰੂ ਕਰਵਾ ਦਿਤਾ। ਪਾਠੀਆਂ ਦੀ ਤੋਟ ਆਉਣ 'ਤੇ ਉਸ ਨੇ ਇਕ ਅਨਪੜ੍ਹ ਬੰਦੇ ਨੂੰ ਵਾਰੀ 'ਤੇ, ਇਹ ਸਿਖਾ ਕੇ ਬਹਾ ਦਿਤਾ ਕਿ ਤੂੰ ਬਸ "ਅਜਪਾ ਜਾਪ, ਅਜਪਾ ਜਾਪ" ਬੋਲੀ ਜਾਈਂ। ਕੁਝ ਸਮੇ ਬਾਅਦ ਉਸ ਦਾ ਕੋਈ ਮਿੱਤਰ ਆ ਗਿਆ ਤੇ ਇਹ ਅਜੀਬ ਵਰਤਾਰਾ ਵੇਖ ਕੇ ਬੋਲਿਆ, "ਯੇਹ ਕਬ ਤੱਕ ਚਲੇਗਾ? ਯੇਹ ਕਬ ਤੱਕ ਚਲੇਗਾ?" ਅੱਗੋਂ ਵਾਰੀ ਵਾਲ਼ਾ ਸੱਜਣ ਜਵਾਬ ਵਿਚ ਬੋਲਿਆ, "ਜਬ ਤੱਕ ਚਲੇਗਾ ਚਲਾਏਂਗੇ, ਜਬ ਤੱਕ ਚਲੇਗਾ ਚਲਾਏਂਗੇ।" ਸੋ ਵੇਖੋ, ਇਹ ਖਾਤਾ ਵੀ ਜਬ ਤੱਕ ਚਲੇਗਾ ਚਲਾਏਂਗੇ।
ਪਾਠਕ ਕਿਤੇ ਇਹ ਨਾ ਸਮਝ ਲੈਣ ਕਿ ਸ਼ਾਇਦ ਮੈਂ ਇਸ ਫੇਸਬੁੱਕ ਦੇ ਖਾਤੇ ਬਣਾਉਣ ਅਤੇ ਢਾਹੁਣ ਵਿਚ ਏਨਾ ਮਾਹਰ ਹੋ ਗਿਆ ਹਾਂ! ਅਜਿਹਾ ਕਾਰਜ ਮੈਂ ਮੇੇਰੇ ਕੋਲ਼ ਰਹਿੰਦੇ ਆਪਣੇ ਭਤੀਜੇ, ਯੁਵਰਾਜ ਸਿੰਘ ਤੋਂ ਕਰਵਾਉਂਦਾ ਹਾਂ।

ਨਾਨਕਸ਼ਾਹੀ ਕੌਮੀ ਕੈਲੰਡਰ?
ਨਿੱਕੇ ਹੁੰਦਿਆਂ ਵੇਖਿਆ ਕਰਦਾ ਸਾਂ ਕਿ ਗਵਾਂਢੀ ਪਿੰਡ ਨੰਗਲ ਤੋਂ ਇਕ ਬਜ਼ੁਰਗ ਬਾਹਮਣੀ ਆਇਆ ਕਰਦੀ ਸੀ। ਮੇਰੀ ਦਾਦੀ ਮਾਂ ਜੀ ਨਾਲ਼ ਉਸ ਦਾ ਚੰਗਾ ਸਹਿਚਾਰ ਸੀ। ਸਾਡਾ ਹਵੇਲੀ ਵਾਲ਼ਾ ਘਰ ਪਿੰਡ ਵਿਚ ਵੜਨ ਵਾਲ਼ੇ ਰਾਹ ਉਪਰ ਸਭ ਤੋਂ ਪਹਿਲਾਂ ਆਉਂਦਾ ਸੀ। ਘਰ ਦੇ ਸਾਹਮਣੇ ਗੁਰਦੁਆਰਾ ਹੁੰਦਾ ਸੀ/ਹੈ। ਸਾਡੇ ਘਰ ਦਾ ਬੂਹਾ ਅਤੇ ਗੁਰਦੁਆਰੇ ਦਾ ਪ੍ਰਵੇਸ਼ ਦੁਆਰ ਆਹਮੋ ਸਾਹਮਣੇ ਸਨ/ਹਨ। ਇਸ ਬਜ਼ੁਰਗ ਬਾਹਮਣੀ ਨੇ ਮੇਰੀ ਦਾਦੀ ਮਾਂ ਜੀ ਕੋਲ਼ ਆ ਕੇ ਹੀ ਰੁਕਣਾ। ਦਿਨ ਦਿਹਾਰ, ਸੰਗ੍ਰਾਂਦ, ਮੱਸਿਆ, ਪੁੰਨਿਆ ਆਦਿ ਬਾਰੇ, ਪਿੰਡ ਵਾਸੀਆਂ ਨੂੰ, ਇਸ ਮਾਤਾ ਜੀ ਨੇ ਹੀ ਦੱਸਣਾ। ਉਸ ਸਮੇ ਨਿੱਕੇ ਪਿੰਡਾਂ ਵਿਚ ਅਜਿਹੀ ਜਾਣਕਾਰੀ ਪ੍ਰਾਪਤ ਕਰਨ ਦਾ ਹੋਰ ਕੋਈ ਸਾਧਨ ਨਹੀਂ ਸੀ ਹੁੰਦਾ। ਪਰਵਾਰ ਵਿਚ ਕੋਈ ਨਵਾਂ ਬੱਚਾ ਪੈਦਾ ਹੋਣਾ ਤਾਂ ਬੱਚਾ ਤੇ ਜੱਚਾ ਦੀ 'ਸ਼ੁੱਧੀ' ਵਾਸਤੇ ਜਾਂ ਅਜਿਹੇ ਦਿਨਾਂ ਵਿਚ ਸਹਾਇਤਾ ਵਾਸਤੇ ਵੀ ਏਹੀ ਮਾਤਾ ਜੀ ਸਾਡੇ ਘਰ ਆਇਆ ਕਰਦੇ ਸਨ। ਹੋ ਸਕਦਾ ਹੈ ਪਿੰਡ ਦੇ ਬਾਕੀ ਘਰਾਂ ਵਿਚ ਵੀ ਇਹ ਮਾਤਾ ਜੀ ਜਾਂਦੇ ਹੋਣ ਪਰ ਮੈਨੂੰ ਆਪਣੇ ਪਰਵਾਰ ਦਾ ਹੀ ਪਤਾ ਹੈ।
ਇਸ ਬਜ਼ੁਰਗ ਮਾਤਾ ਨੂੰ, ਸਾਡੇ ਪਰਵਾਰ ਦੀਆਂ, ਮੇਰੇ ਤੋਂ ਪਹਿਲੀ ਪੀਹੜੀ ਦੀਆਂ ਬੀਬੀਆਂ 'ਭੋਡੀ ਬਾਹਮਣੀ' ਆਖਿਆ ਕਰਦੀਆਂ ਸਨ। ਇਸ ਨੂੰ 'ਭੋਡੀ ਬਾਹਮਣੀ' ਕਿਉਂ ਕਿਹਾ ਜਾਂਦਾ ਸੀ? ਹੋ ਸਕਦਾ ਹੈ ਉਸ ਦੇ ਸਿਰ ਦੇ ਵਾਲ਼ ਘੱਟ ਹੋਣ, ਤਾਂ ਕਰਕੇ ਆਖਿਆ ਜਾਂਦਾ ਹੋਵੇ!
ਸ਼ਾਇਦ ਇਹ ਘਟਨਾ ਏਥੇ ਢੁਕਵੀਂ ਲੱਗੇ
ਪੁਰਾਣੇ ਸਮੇ ਵਿਚ ਪੇਂਡੂ ਲੋਕ ਪੰਡਤ ਜੀ ਪਾਸੋਂ ਹੀ ਦਿਨ ਦਿਹਾਰ ਪੁੱਛਿਆ ਕਰਦੇ ਸਨ। ਇਹ ਜਰੂਰੀ ਵੀ ਨਹੀਂ ਸੀ ਹੁੰਦਾ ਕਿ ਹਰੇਕ ਪੰਡਤ ਜੀ ਹੀ ਪੜ੍ਹੇ ਲਿਖੇ ਹੋਣ! ਇਕ ਪਿੰਡ ਦੇ ਪੰਡਤ ਜੀ ਅਨਪੜ੍ਹ ਸਨ ਤੇ ਉਹਨਾਂ ਨੇ ਇਕ ਕੁੱਜਾ ਰੱਖਿਆ ਹੋਇਆ ਹੁੰਦਾ ਸੀ ਤੇ ਉਸ ਵਿਚ ਹਰ ਰੋਜ ਬੱਕਰੀ ਦੀ ਇਕ ਮੇਂਙਣ ਪਾ ਲਿਆ ਕਰਦੇ ਸਨ ਤਾਂ ਕਿ ਜਦੋਂ ਪੁੱਛਣ ਆਵੇ ਕਿ ਅੱਜ ਕੇਹੜਾ ਦਿਨ ਹੈ ਤੇ ਪੰਡਤ ਜੀ ਕੁੱਜੇ ਵਿਚਲੀਆਂ ਮੇਂਙਣਾਂ ਗਿਣ ਕੇ ਦੱਸ ਦਿਆ ਕਰਦੇ ਸਨ ਕਿ ਅੱਜ ਚੌਥ ਹੈ ਜਾਂ ਕੁਝ ਹੋਰ ਦਿਨ ਹੈ! ਇਕ ਰਾਤ ਪੰਡਤ ਜੀ ਦੀ ਬੱਕਰੀ ਖੁਲ੍ਹ ਗਈ ਤੇ ਜਦੋਂ ਉਸ ਨੇ ਮੇਂਙਣਾਂ ਕੀਤੀਆਂ ਤਾਂ ਉਹਨਾਂ ਵਿਚੋਂ ਕੁਝ ਕੁੱਜੇ ਵਿਚ ਵੀ ਡਿੱਗ ਪਈਆਂ। ਅਗਲੇ ਦਿਨ ਇਕ ਮਾਈ ਦਿਨ ਪੁੱਛਣ ਆਈ ਤੇ ਪੰਡਤ ਜੀ ਕੁੱਜੇ ਵਾਲ਼ੀਆਂ ਮੇਂਙਣਾਂ ਗਿਣਨ ਲੱਗੇ ਤਾਂ ਮੇਂਙਣਾਂ ਦੀ ਗਿਣਤੀ, ਪੰਡਤ ਜੀ ਦੀ ਗਿਣਤੀ ਮਿਣਤੀ ਤੋਂ ਵਧ ਗਈ। ਦੋ ਚਾਰ ਵਾਰ ਗਿਣਨ ਤੇ ਵੀ ਪੰਡਤ ਜੀ ਨੂੰ ਸਮਝ ਨਾ ਆਈ। ਓਧਰ ਮਾਤਾ ਜੀ ਨੂੰ ਚਿਰ ਲੱਗ ਰਿਹਾ ਸੀ। ਉਸ ਨੇ ਪੁੱਛਿਆ, "ਦਾਦਾ ਜੀ, ਅੱਜ ਕੌਥ ਵਾ?" "ਅੱਜ ਤੇ ਬੀਬੀ ਗੜਬੜ ਚੌਥ ਈ ਆ!"
ਜਦੋਂ ਫਿਰ ਅੰਮ੍ਰਿਤਸਰ ਵਿਚ ਆ ਕੇ ਸਿੱਖ ਇਤਿਹਾਸ ਦੇ ਗ੍ਰੰਥ ਪੜ੍ਹਨੇ ਸ਼ੁਰੂ ਕੀਤੇ ਤਾਂ ਉਹਨਾਂ ਵਿਚ ਇਤਿਹਾਸਕ ਵਾਕਿਆਤ ਬਿਆਨ ਕਰਨ ਸਮੇ ਬਿਕਰਮੀ ਸੰਮਤ ਦੀਆਂ ਤਰੀਕਾਂ ਦੇ ਹਵਾਲੇ ਹੀ ਹੁੰਦੇ ਸਨ। ਕਿਸੇ ਕਿਸੇ ਨਵੀਂ ਕਿਤਾਬ ਵਿਚ, ਬਿਕਰਮੀ ਸੰਮਤ ਦੇ ਨਾਲ਼ ਨਾਲ਼ ਮੁਤਾਬਕ ਲਿਖ ਕੇ ਈਸਵੀ ਸੰਨ ਦਾ ਵੀ ਹਵਾਲਾ ਲਿਖਿਆ ਪੜ੍ਹਨ ਨੂੰ ਮਿਲ਼ ਜਾਣਾ ਪਰ ਇਸ ਗੱਲ ਵੱਲ ਧਿਆਨ ਨਾ ਜਾਣਾ। ਕਦੀ ਕਦੀ ਤਾਂ ਤਰੀਕਾਂ ਦੇ ਝਮੇਲੇ ਨੂੰ ਪੜ੍ਹਨਾ ਹੀ ਛੱਡ ਜਾਣਾ, ਕਿਉਂਕਿ ਮੈਂ ਕੇਹੜਾ ਪੜ੍ਹਾਈ ਕਰਕੇ ਕਿਸੇ ਇਮਤਿਹਾਨ ਵਿਚ ਬੈਠਣਾ ਹੁੰਦਾ ਸੀ ਕਿ ਤਰੀਕਾਂ ਯਾਦ ਰੱਖੀਆਂ ਜਾਣ! ਮੇਰੀ ਦਿਲਚਸਪੀ ਤਾਂ ਇਤਿਹਾਸਕ ਘਟਨਾਵਾਂ ਨੂੰ ਪੜ੍ਹਨ ਦੀ ਹੀ ਹੁੰਦੀ ਸੀ ਤੇ ਉਹ ਵੀ ਖਾਸ ਕਰਕੇ ਸੂਰਮਗਤੀ ਵਾਲ਼ੇ ਵਾਕਿਆਤ। ਪਰ ਕਦੀ ਕਦੀ ਖਿਆਲ ਆਉਣਾ ਕਿ ਕੱਤਕ ਸੁਦੀ ਮੱਘਰ ਵਿਚ ਅਤੇ ਪੋਹ ਸੁਦੀ ਸੱਤਵੀਂ ਮਾਘ ਵਿਚ ਕਿਉਂ ਆਉਂਦੀ ਹੈ? ਚਿਰ ਪਿੱਛੋਂ ਪਤਾ ਲੱਗਾ ਕਿ ਸੁਦੀ ਵਦੀ ਚੰਦਰਮਾ ਦੇ ਹਿਸਾਬ ਨਾਲ਼ ਹੁੰਦੀਆਂ ਹਨ; ਚਾਨਣਾ ਪੱਖ ਸੁਦੀ ਤੇ ਹਨੇਰਾ ਪੱਖ ਵਦੀ; ਬਿਕਰਮੀ ਸੰਮਤ ਦੇ ਦੇਸੀ ਮਹੀਨੇ ਚੇਤ ਤੋਂ ਲੈ ਕੇ ਫੱਗਣ ਤੱਕ ਹੁੰਦੇ ਹਨ ਪਰ ਈਸਵੀ ਸੰਨ ਦੇ ਮਹੀਨੇ ਜਨਵਰੀ ਤੋਂ ਲੈ ਕੇ ਦਸੰਬਰ ਤੱਕ ਹੁੰਦੇ ਹਨ। ਇਹਨਾਂ ਸਾਲਾਂ ਦਾ ਹਰੇਕ ਦਿਨ ਓਸੇ ਸਮੇ ਨਹੀਂ ਆਉਂਦਾ ਤੇ ਇਸ ਕਰਕੇ ਦਿਨਾਂ ਦਾ ਫਰਕ ਪੈ ਜਾਂਦਾ ਹੈ। ਹਿੰਦੁਸਤਾਨੀਆਂ, ਸਮੇਤ ਸਿੱਖਾਂ ਦੇ, ਧਾਰਮਿਕ ਅਤੇ ਭਾਈਚਾਰਕ ਦਿਨ ਦਿਹਾਰ ਅੰਗ੍ਰੇਜ਼ੀ ਮਹੀਨਿਆਂ ਤੋਂ ਵੱਖਰੇ ਹੋ ਜਾਂਦੇ ਹਨ, ਕਿਉਂਕਿ ਉਹ ਸੂਰਜੀ ਸੰਮਤ ਹੋਣ ਦੀ ਬਜਾਇ ਚੰਦਰਮਾ ਦੇ ਸੰਮਤ ਅਨੁਸਾਰ ਹਨ।
ਕੁਝ ਅਜਿਹੇ ਭੰਬਲ਼ਭੂਸਿਆਂ ਨੂੰ ਦੂਰ ਕਰਨ ਵਾਸਤੇ ਅਤੇ ਨਾਲ਼ੇ ੧੯੮੪ ਵਿਚ ਜੋ ਹਿੰਦੁਸਤਾਨ ਦੀ ਸਰਕਾਰ ਨੇ ਸਿੱਖ ਕੌਮ ਨਾਲ਼ ਕੀਤਾ/ਕਰਵਾਇਆ, ਉਸ ਦੇ ਜਾਇਜ਼ ਗੁੱਸੇ ਵਜੋਂ ਬਾਕੀ ਦੇ ਹਿੰਦੁਸਤਾਨੀ ਸਮਾਜ ਨਾਲ਼ੋਂ ਵਖੇਵਾਂ ਕਰਨ ਵਾਸਤੇ ਵੀ, ਵੱਖਰਾ ਕੈਲੰਡਰ ਬਣਾਉਣ ਬਾਰੇ, ਸ਼ਾਇਦ ਵਿਚਾਰਿਆ ਗਿਆ ਹੋਵੇ।
ਇਕ ਦਿਨ ਅਖ਼ਬਾਰਾਂ ਵਿਚੋਂ ਖ਼ਬਰ ਪੜ੍ਹੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਸ. ਪਾਲ ਸਿੰਘ ਪੁਰੇਵਾਲ ਜੀ ਦਾ ਬਣਾਇਆ 'ਨਾਨਕਸ਼ਾਹੀ ਕੈਲੰਡਰ', ਆਪਣੇ ਜਨਰਲ ਇਜਲਾਸ ਵਿਚ ਮਤਾ ਪਾਸ ਕਰਕੇ, ਲਾਗੂ ਕਰ ਦਿਤਾ ਹੈ। ਦਿਲ ਵਿਚ ਵਿਚਾਰ ਤੇ ਆਈ ਕਿ ਸ਼ਾਇਦ ਏਨੀ ਮਹਤਵਪੂਰਨ ਤਬਦੀਲੀ ਪ੍ਰਵਾਨ ਕਰਨ ਵਿਚ ਕਾਹਲ਼ੀ ਕਰ ਲਈ ਗਈ ਹੋਵੇ ਪਰ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪ੍ਰਵਾਨਗੀ ਅਤੇ ਸ਼੍ਰੋਮਣੀ ਸਿੱਖ ਸੰਸਥਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਾਨਕਸ਼ਾਹੀ ਕੈਲੰਡਰ ਪ੍ਰਵਾਨ ਕਰਕੇ ਲਾਗੂ ਕਰ ਦਿਤਾ ਹੈ ਤਾਂ ਮੈਂ ਕੌਣ ਹੁੰਦਾ ਹਾਂ ਕਿੰਤੂ-ਪ੍ਰੰਤੂ ਕਰਨ ਵਾਲ਼ਾ!
ਫਿਰ ਹੌਲ਼ੀ ਹੌਲ਼ੀ ਪਤਾ ਲੱਗਣ ਲੱਗਾ ਕਿ ਇਸ ਨਾਨਕਸ਼ਾਹੀ ਕੈਲੰਡਰ ਨੂੰ ਸਾਰੇ ਸਿੱਖ ਪੰਥ ਨੇ ਪ੍ਰਵਾਨ ਨਹੀਂ ਕੀਤਾ। ਖਾਸ ਕਰਕੇ ਸਨਾਤਨ ਵਿਚਾਰਧਾਰਾ ਵਾਲ਼ੀਆਂ ਸਿੱਖ ਜਥੇਬੰਦੀਆਂ ਇਸ ਦੀ ਵਿਰੋਧਤਾ ਕਰ ਰਹੀਆਂ ਨੇ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਅਗਲੇ ਜਥੇਦਾਰ ਜੀ ਵੀ ਇਸ ਕੈਲੰਡਰ ਦੇ ਉਲ਼ਟ ਵਿਚਾਰ ਹੀ ਨਹੀਂ ਰੱਖਦੇ ਬਲਕਿ ਇਸ ਨੂੰ ਵਰਤਣ ਦੇ ਵਿਰੁਧ ਅਮਲ ਵੀ ਕਰਦੇ ਹਨ।
ਫਿਰ ਕੁਝ ਸਮੇ ਬਾਅਦ ਸ. ਪਾਲ ਸਿੰਘ ਪੁਰੇਵਾਲ਼ ਜੀ, ਆਪਣੇ ਕੈਲੰਡਰ ਦੀ ਸਿੱਖ ਸੰਗਤਾਂ ਨੂੰ ਸਾਰਥਕਤਾ ਸਮਝਾਉਣ ਵਾਸਤੇ, ਸੰਸਾਰ ਦੇ ਦੌਰੇ ਉਪਰ ਚੜ੍ਹੇ। ਇਸ ਦੌਰੇ ਦੌਰਾਨ ਉਹ ਸਿਡਨੀ ਵਿਚ ਵੀ ਪਧਾਰੇ। ਗੁਰਦੁਆਰਾ ਸਾਹਿਬ ਸਿੱਖ ਸੈਂਟਰ ਸਿਡਨੀ ਵਿਖੇ, ਦੀਵਾਨ ਪਿੱਛੋਂ ਉਹਨਾਂ ਨੇ ਸੰਗਤ ਇਕੱਠੀ ਕਰਕੇ, ਆਪਣਾ ਹੱਥ ਲਿਖਤ ਰਜਿਸਟਰ ਕਢਿਆ ਤੇ ਉਸ ਅਨੁਸਾਰ ਜੋ ਕੁਝ ਉਹਨਾਂ ਨੇ ਦੱਸਣਾ ਸੀ, ਸੰਗਤ ਨੂੰ ਦੱਸਿਆ। ਸੰਗਤ ਵਿਚੋਂ ਤਾਂ ਕਿਸੇ ਨੇ ਬੋਲਣਾ ਹੀ ਨਹੀਂ ਸੀ। ਮੈਂ ਬਿਲਕੁਲ ਪੁਰੇਵਾਲ ਜੀ ਦੇ ਸਾਹਮਣੇ ਬੈਠਾ ਹੋਇਆ, ਧਿਆਨ ਨਾਲ਼ ਉਹਨਾਂ ਦੇ ਬਚਨ ਸੁਣ ਰਿਹਾ ਸਾਂ। ਫਿਰ ਸ਼ਾਇਦ ਮੇਰੀ ਨੀਲੀ ਪੱਗ ਤੇ ਖੁਲ੍ਹੀ ਚਿੱਟੀ ਦਾਹੜੀ ਵੇਖ ਕੇ, ਉਹਨਾਂ ਨੇ ਸਿੱਧਾ ਸਵਾਲ ਮੇਰੇ 'ਤੇ ਕਰ ਦਿਤਾ। ਮੈਂ ਜੋ ਜਵਾਬ ਦਿਤਾ ਉਸ ਦਾ ਸਾਰ ਕੁਝ ਇਉਂ ਹੈ: ਪੁਰੇਵਾਲ਼ ਸਾਹਿਬ ਜੀ, ਤੁਹਾਡੇ ਦੱਸਣ ਅਨੁਸਾਰ, ਤੁਸੀਂ ਇਸ ਕਾਰਜ ਵਾਸਤੇ ਆਪਣੇ ਜੀਵਨ ਦੇ ਚਾਲ਼ੀ ਸਾਲ ਖ਼ਰਚ ਕੀਤੇ ਹਨ। ਆਪਣੀ ਖੋਜ ਦੇ ਨਿਰਨੇ ਨੂੰ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੇਸ਼ ਕੀਤਾ ਤੇ ਉਹਨਾਂ ਨੇ ਮਤਾ ਪਾਸ ਕਰਕੇ ਤੁਹਾਡੇ ਨਿਰਨੇ ਨੂੰ ਮੰਨ ਲਿਆ। ਅਸੀਂ ਉਸ ਫੈਸਲੇ ਨੂੰ ਸਿਰ ਮੱਥੇ ਮੰਨ ਕੇ, ਉਸ ਅਨੁਸਾਰ ਹੀ ਏਥੇ ਧਾਰਮਿਕ ਕਾਰਜ ਕਰਨੇ ਆਰੰਭ ਦਿਤੇ ਹਨ। ਇਸ ਤੋਂ ਅੱਗੇ ਅਸੀਂ ਇਸ ਜੋਤਸ਼ ਵਿੱਦਿਆ ਬਾਰੇ ਕੀ ਕਹਿ ਸਕਦੇ ਹਾਂ!
ਪਿਛਲੀ ਅੱਧੀ ਕੁ ਸਦੀ ਤੋਂ ਮਿਸ਼ਨਰੀ ਕਾਲਜਾਂ ਦੇ ਨਾਂ 'ਤੇ ਸਿੱਖ ਧਾਰਮਿਕ ਸਮਾਗਮਾਂ ਦੇ ਵਿਰੁਧ ਏਨਾ ਧੂਆਂਧਾਰ ਪ੍ਰਾਪੇਗੰਡਾ ਕੀਤਾ ਜਾ ਰਿਹਾ ਹੈ ਕਿ ਸਦੀਆਂ ਤੋਂ ਚੱਲੇ ਆ ਰਹੇ ਦੇਸੀ ਮਹੀਨੇ ਦੇ ਪਹਿਲੇ ਦਿਨ ਨੂੰ ਸੰਗ੍ਰਾਂਦ ਕਹਿ ਕੇ, ਦੇਸ ਪਰਦੇਸ ਦੇ ਗੁਰਦੁਆਰਾ ਸਾਹਿਬਾਨ ਵਿਚ ਧਾਰਮਿਕ ਦੀਵਾਨ ਸਜਦੇ ਆ ਰਹੇ ਹਨ। ਏਥੋਂ ਤੱਕ ਇਹਨਾਂ ਨਵੇਂ ਗਿਆਨੀਆਂ ਦੇ ਪ੍ਰਚਾਰ ਦਾ ਅਸਰ ਹੋ ਗਿਆ ਹੈ ਕਿ ਹਜ਼ਾਰਾਂ ਸਾਲਾਂ ਤੋਂ ਚਲੀ ਆ ਰਹੀ ਪ੍ਰੰਪਰਾ ਕਿ ਸੰਗ੍ਰਾਦ ਵਾਲ਼ੇ ਦਿਨ ਗੁਰਦੁਆਰਾ ਸਾਹਿਬ ਜਾ ਕੇ ਮਹੀਨੇ ਵਾਲ਼ੀ ਪਉੜੀ ਬਾਰਹਮਾਹਾ ਵਿਚੋਂ ਜਰੂਰ ਸੁਣਨੀ ਹੈ। ਇਸ ਪ੍ਰੰਪਰਾ ਨੂੰ ਕਈ ਗੁਰਦੁਆਰਾ ਸਾਹਿਬਾਨ ਵਿਚੋਂ ਬੰਦ ਕਰਵਾਉਣ ਵਿਚ ਇਹ ਸਫਲ਼ ਵੀ ਹੋ ਗਏ ਹਨ।
ਗੁਰੂ ਸਾਹਿਬਾਨ ਦੇ ਸਮੇ ਤੋਂ ਚਲੇ ਆ ਰਹੇ ਸਾਡੇ ਸਭ ਤੋਂ ਵੱਡੇ ਸਰਬਪੱਖੀ ਸਮਾਗਮ, ਦੀਵਾਲੀ ਦੇ ਵਿਰੁਧ ਏਨਾ ਕੁਝ ਬੋਲਿਆ ਤੇ ਲਿਖਿਆ ਗਿਆ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ, ਉਸ ਦਿਨ ਨੂੰ ਹੋਣ ਵਾਲ਼ੇ ਸਭ ਤੋਂ ਵੱਡੇ ਇਕੱਠ ਨੂੰ ਰੋਕ ਤੇ ਨਹੀਂ ਸਕੀ ਪਰ ਦੀਵਾਲੀ ਦੇ ਥਾਂ, ਉਸ ਦਾ ਨਾਂ ਬਦਲ ਕੇ 'ਬੰਦੀਛੋੜ ਦਿਵਸ' ਰੱਖ ਲਿਆ ਗਿਆ ਹੈ।
ਕਰੋਨੇ ਦੇ ਕਹਿਰ ਕਾਰਨ ਕੁਝ ਸਮੇ ਤੋਂ ਪੜ੍ਹੀ ਲਿਖੀ ਸੰਗਤ ਵਾਲ਼ੇ ਗੁਰਦੁਆਰਾ ਸਾਹਿਬ ਦੀਆਂ ਬੰਦ ਪਈਆਂ ਧਾਰਮਿਕ ਸਰਗਰਮੀਆਂ ਨੂੰ ਮੁੜ ਚਾਲੂ ਕਰਨ ਲਈ ਦੂਜੇ ਸ਼ਹਿਰ ਤੋਂ ਗ੍ਰੰਥੀ ਸਿੰਘ ਦੀ ਸੇਵਾ ਨਿਭਾਉਣ ਲਈ ਇਕ ਸੱਜਣ ਨੂੰ ਸੱਦ ਲਿਆ। ਉਸ ਨੇ ਕੁਝ ਹੋਰ ਗੁਰਦੁਆਰਾ ਸਾਹਿਬਾਨ ਵਾਂਗ ਹੀ ਬੰਦ ਕੀਤੇ ਜਾ ਚੁੱਕੇ ਸੰਗ੍ਰਾਂਦ ਦੇ ਸਮਾਗਮਾਂ ਨੂੰ ਮੁੜ ਸ਼ੁਰੂ ਕਰਨ ਲਈ, ਪ੍ਰਬੰਧਕਾਂ ਨੂੰ ਸਹਿਮਤ ਲਿਆ। ਕੁਦਰਤੀ ਪਹਿਲਾਂ ਮਾਘ ਮਹੀਨੇ ਦੀ ਸੰਗ੍ਰਾਂਦ ਹੀ ਆ ਗਈ। ਹਿੰਦੂ ਸਮਾਜ ਵਿਚ ਬਹੁਤ ਸਮੇ ਤੋਂ ਇਸ ਦਿਨ ਨੂੰ 'ਮਕਰ ਸੰਕ੍ਰਾਂਤੀ' ਕਰਕੇ ਜਾਣਿਆ ਜਾਂਦਾ ਹੈ। ਸਿੱਖ ਇਤਿਹਾਸ ਵਿਚ ਵੀ ਇਸ ਦਿਨ ਨਾਲ਼ ਸਬੰਧਤ ਵੱਡੀਆਂ ਘਟਨਾਵਾਂ ਵਾਪਰੀਆਂ ਸਨ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਨੀਂਹ, ਇਸ ਦਿਨ ਹੀ ਰੱਖੀ ਸੀ ਤੇ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਨੇ ਭਿੱਟੇਵੱਢ ਪਿੰਡ, ਜੋ ਕਿ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪੁਰਖਿਆਂ ਦਾ ਜੱਦੀ ਪਿੰਡ ਸੀ, ਉਸ ਸਥਾਨ ਉਪਰ ਗੁਰਦੁਆਰਾ ਸਾਹਿਬ ਦੀ ਨੀਂਹ ਵੀ ਮਾਘੀ ਵਾਲ਼ੇ ਦਿਨ ਰੱਖੀ ਸੀ। ਫਿਰ ਸਿੱਖ ਇਤਹਿਾਸ ਦੇ ਇਕ ਬਹੁਤ ਹੀ ਮਹੱਤਵਪੂਰਨ ਸਾਕੇ ਦੀ ਯਾਦ, ਹਰ ਸਾਲ ਸ੍ਰੀ ਮੁਕਤਸਰ ਸਾਹਿਬ ਵਿਚ, ਮਾਘੀ ਵਾਲ਼ੇ ਦਿਨ ਹੀ ਮਨਾਈ ਜਾਂਦੀ ਹੈ। ਭਾਈ ਮਹਾਂ ਸਿੰਘ ਅਤੇ ਮਾਤਾ ਭਾਗ ਕੌਰ ਜੀ ਦੀ ਅਗਵਾਈ ਹੇਠ, ਮਾਝੇ ਦੇ ਚਾਲ਼ੀ ਸਿੰਘਾਂ ਨੇ ਸ਼ਹੀਦੀਆਂ ਦੇ ਕੇ, ਬੇਦਾਵਾ ਪੜਵਾ ਕੇ, ਗੁਰੂ ਨਾਲ਼ੋਂ ਟੁੱਟੀ ਮੁੜ ਗੰਢੀ ਤੇ ਖਿਦਰਾਣੇ ਦੀ ਢਾਬ ਨੂੰ ਸ੍ਰੀ ਮੁਕਤਸਰ ਸਾਹਿਬ ਹੋਣ ਦਾ ਮਾਣ ਬਖ਼ਸ਼ਿਆ।
ਸੋ ਮੁਕਦੀ ਗੱਲ ਕਿ ਭਾਈ ਜੀ ਨੇ ਪ੍ਰਧਾਨ ਜੀ ਨੂੰ ਸਲਾਹ ਦਿਤੀ ਕਿ ਆਪਾਂ ਚਾਲ਼ੀ ਮੁਕਤਿਆਂ ਦੀ ਯਾਦ ਵਿਚ ਮਾਘੀ ਦੀ ਸੰਗ੍ਰਾਂਦ ਵਾਲ਼ੇ ਦਿਨ ਗੁਰਦੁਆਰਾ ਸਾਹਿਬ ਵਿਚ ਦੀਵਾਨ ਰੱਖੀਏ। ਪ੍ਰਧਾਨ ਜੀ ਨੇ ਸਹਿਮਤੀ ਦੇ ਦਿਤੀ ਤੇ ਨਾਲ਼ੇ ਦਿਨ ਤੇ ਅੰਗ੍ਰੇਜ਼ੀ ਤਰੀਕ ਵੀ ਪੁੱਛ ਲਈ ਕਿ ਕਿਸ ਦਿਨ ਦੀਵਾਨ ਰੱਖਿਆ ਜਾਵੇ। ਹੋਰ ਕੋਈ ਕੈਲੰਡਰ ਕੋਲ਼ ਨਾ ਹੋਣ ਕਰਕੇ, ਸਿੱਖ ਨੌਜਵਾਨਾਂ ਦੀ ਇਕ ਸਰਗਰਮ ਜਥੇਬੰਦੀ ਵੱਲੋਂ ਛਾਪਿਆ ਗਿਆ 'ਨਾਨਕਸ਼ਾਹੀ ਕੈਲੰਡਰ' ਹੀ ਤਰੀਕ ਵੇਖਣ ਲਈ ਲੱਭਾ। ਇਸ ਕੈਲੰਡਰ ਅਨੁਸਾਰ ਸਾਲ ਚੇਤ ਮਹੀਨੇ ਤੋਂ ਆਰੰਭ ਹੋ ਕੇ ਫੱਗਣ ਤੇ ਜਾ ਕੇ ਸਮਾਪਤ ਹੁੰਦਾ ਹੈ। ਭਾਈ ਜੀ ਨੇ ਉਸ ਕੈਲੰਡਰ ਅਨੁਸਾਰ ਮਾਘੀ ੧੩ ਜਨਵਰੀ ਦੀ ਲਿਖੀ ਹੋਈ ਦੱਸ ਦਿਤੀ। ਭਾਈ ਜੀ ਨੂੰ ਚਲਾਵਾਂ ਜਿਹਾ ਵਿਚਾਰ ਤਾਂ ਆਇਆ ਕਿ ੧੩ ਜਨਵਰੀ ਦੀ ਤੇ ਹਰ ਸਾਲ ਲੋਹੜੀ ਹੁੰਦੀ ਹੈ ਤੇ ਲੋਹੜੀ ਤੋਂ ਅਗਲੇ ਦਿਨ ਨੂੰ ਮਾਘੀ ਮੰਨਿਆਂ ਜਾਂਦਾ ਹੈ ਪਰ ਇਹ ਗੱਲ ਗੌਲ਼ੀ ਨਾ ਤੇ ਪ੍ਰਧਾਨ ਜੀ ਨੂੰ ੧੩ ਜਨਵਰੀ ਦੀ ਮਾਘੀ ਦੱਸ ਦਿਤੀ। ਸੰਗਤ ਨੂੰ ਇਸ ਸਮਾਗਮ ਤੋਂ ਜਾਣੂ ਕਰਵਾਉਣ ਲਈ, ਪ੍ਰਧਾਨ ਜੀ ਨੇ ਗਰੁਪ ਵਿਚ ਚਿੱਠੀ ਭੇਜਣ ਤੋਂ ਪਹਿਲਾਂ ਫਿਰ ਤਸੱਲੀ ਲਈ ਭਾਈ ਜੀ ਨੂੰ ਪੁੱਛਿਆ। ਭਾਈ ਜੀ ਨੇ ਫਿਰ ਕੈਲੰਡਰ ਲੱਭ ਕੇ, ੧੩ ਜਨਵਰੀ ਦੀ ਪੁਸ਼ਟੀ ਕਰ ਦਿਤੀ। ਜਦੋਂ ੧੩ ਜਨਵਰੀ ਮਾਘੀ ਦੀ ਤਰੀਕ ਲਿਖੀ ਹੋਈ ਚਿੱਠੀ ਪਾਠਕਾਂ ਪਾਸ ਪੁੱਜੀ ਤਾਂ ਜਾਣੋ ਜਿਵੇਂ ਬਿੱਲੀ ਦੇ ਭਾਗੀਂ ਛਿੱਕਾ ਟੁੱਟਾ! ਪ੍ਰਬੰਧਕਾਂ ਦੇ ਵਿਰੋਧੀਆਂ ਨੇ ਇਹ ਗੱਲ ਫੜ ਲਈ ਤੇ ਲੱਗੇ ਪ੍ਰਬੰਧਕਾਂ ਨੂੰ ਸਲੋਕ ਸੁਣਾਉਣ। ਜੋ ਜੋ ਕੁਝ ਵਿਰੋਧੀਆਂ ਨੇ ੧੩ ਤਰੀਕ ਨੂੰ ਲੈ ਕੇ ਚਿੱਠੀ ਲਿਖਣ ਵਾਲ਼ਿਆਂ ਦਾ ਗੁੱਡਾ ਬੰਨ੍ਹਿਆਂ, ਉਹ ਸਾਰਾ ਏਥੇ ਬਿਆਨ ਨਹੀਂ ਕੀਤਾ ਜਾ ਸਕਦਾ। ਪ੍ਰਧਾਨ ਜੀ ਭਾਈ ਜੀ ਨੂੰ ਕੋਸਣ ਕਿ ਤੁਸੀਂ ਭਾਈ ਜੀ ਚੰਗਾ ਕੀਤਾ! ਵਿਰੋਧੀਆਂ ਨੂੰ ਹਥਿਆਰ ਦੇ ਕੇ ਸਾਡੇ ਮਗਰ ਪਾ ਦਿਤਾ! ਭਾਈ ਜੀ ਨੇ ਕਿਹਾ ਕਿ ਜੇਹੜਾ ਵੀ ਤੁਹਾਨੂੰ ਇਸ ਤਰੀਕ ਦੇ ਝਮੇਲੇ ਬਾਰੇ ਕੁਝ ਪੁੱਛਦਾ ਹੈ, ਉਸ ਦਾ ਮੂੰਹ ਮੇਰੇ ਵੱਲ ਕਰ ਦਿਆ ਕਰੋ ਤੇ ਕਹੋ ਕਿ ਇਹ ਗ਼ਲਤੀ ਜਾਂ ਦਰੁਸਤੀ ਸਾਡੇ ਕੋਲ਼ੋਂ ਭਾਈ ਜੀ ਨੇ ਕਰਵਾਈ ਹੈ। ਭਾਈ ਦਾ ਹਵਾਲਾ ਦੇ ਕੇ ਤੁਸੀਂ ਸੁਰਖਰੂ ਹੋ ਜਾਇਆ ਕਰੋ।
ਕਿਸੇ ਤਰ੍ਹਾਂ ਪ੍ਰਬੰਧਕਾਂ ਦੇ ਤਹੱਮਲ ਅਤੇ ਸਿਆਣਪ ਸਦਕਾ ਇਹ ਕਾਰਜ ਬਿਨਾ ਕਿਸੇ ਵਿਘਨ ਦੇ ਨੇਪਰੇ ਚੜ੍ਹ ਗਿਆ। ਇਉਂ ਪੁਰੇਵਾਲ ਸਾਹਿਬ ਦੇ 'ਨਨਕਸ਼ਾਹੀ ਕੈਲੰਡਰ' ਨੇ ਸਾਡੇ ਲਈ ਪੁਆੜਾ ਖੜ੍ਹਾ ਕਰ ਦਿਤਾ।
ਪਹਿਲਾਂ ਧਰਮਿਕ ਸਮਾਗਮਾਂ ਦਾ ਸਾਰਾ ਪ੍ਰਬੰਧ ਬਿਕਰਮੀ ਕੈਲੰਡਰ ਅਨੁਸਾਰ ਚੰਗਾ ਭਲਾ ਚੱਲੀ ਜਾਂਦਾ ਸੀ, ਸਿਵਾਇ ਥੋਹੜੇ ਜਿਹੇ ਸ਼ੰਕੇ ਦੇ ਕਿ ਦਸਵੇਂ ਗੁਰੂ ਜੀ ਦਾ ਪ੍ਰਕਾਸ਼ ਦਿਵਸ ਕਦੀ ਸਾਲ ਵਿਚ ਦੋ ਵਾਰ ਆ ਜਾਂਦਾ ਹੈ ਤੇ ਕਦੀ ਇਕ ਵਾਰ ਵੀ ਨਹੀਂ ਆਉਂਦਾ! ਕਤਕ ਦੀ ਪੂਰਨਮਾਸ਼ੀ, ਕੱਤਕ ਦੇ ਉਤੋਂ ਦੀ ਛੜੱਪਾ ਮਾਰ ਕੇ ਅੱਗੇ ਮੱਘਰ ਵਿਚ ਕਿਉਂ ਜਾ ਕੇ ਉਤਰਦੀ ਹੈ? ਬਾਕੀ ਸਾਰਾ ਕੁਝ ਬਿਨਾ ਕਿਸੇ ਬਖੇੜੇ ਦੇ, ਚੱਲੀ ਜਾਂਦਾ ਸੀ ਪਰ ਇਸ 'ਨਾਨਕਸ਼ਾਹੀ ਕੈਲੰਡਰ' ਨੇ ਤਾਂ ਏਨਾ ਖਲਾਰਾ ਪਾ ਦਿਤਾ ਹੈ ਕਿ ਇਸ ਨੂੰ 'ਨਾਨਕਸ਼ਾਹੀ ਕੈਲੰਡਰ' ਕਹਿਣ ਦੀ ਬਜਾਇ 'ਘੀਚਮਚੋਲ਼ਾ ਕੈਲੰਡਰ' ਆਖਣਾ ਸ਼ਾਇਦ ਵਧੇਰੇ ਠੀਕ ਰਹੇ!


ਬਰਸੀ ਤੇ 24 ਮਈ ਲਈ ਵਿਸ਼ੇਸ਼
ਸਵਰਗੀ ਜਥੇਦਾਰ ਖਜ਼ਾਨ ਸਿੰਘ ਮੀਰਾਂਕੋਟ ਜੀ
ਪੰਜਾਹਵਿਆਂ ਵਾਲੇ ਦਹਾਕੇ ਦੌਰਾਨ ਪੰਜਾਬ ਵਿਚ ਫਿਰਕੂ ਖਿੱਚੋਤਾਣ ਪੈਦਾ ਕਰਨ ਵਾਸਤੇ ਗੁਰਦੁਆਰਾ ਸਾਹਿਬਾਨ ਦੇ ਸਰੋਵਰਾਂ ਵਿਚ ਸਿਗਰਟਾਂ ਦੀਆਂ ਡੱਬੀਆਂ ਸੁੱਟਣ ਦੇ ਨਾਲ਼ ਨਾਲ਼ ਗੁਰਬਾਣੀ ਦੇ ਗੁਟਕੇ ਪਾੜ ਕੇ ਖਿਲਾਰਨ ਦੀਆਂ ਦੁਰਘਟਨਾਵਾਂ ਵਾਪਰਦੀਆਂ ਸਨ। ਉਸ ਸਮੇ ਸ਼੍ਰੋਮਣੀ ਅਕਾਲੀ ਦਲ ਨੇ ਨੌਜਵਾਨਾਂ ਦਾ ਇਕ ਜਥਾ ਕਾਇਮ ਕੀਤਾ ਸੀ। ਹੋਰ ਤੇ ਕੁਝ ਉਸ ਬਾਰੇ ਯਾਦ ਨਹੀਂ ਪਰ ਇਕ ਸ਼ਖ਼ਸੀਅਤ ਦੀ ਤਸਵੀਰ ਮੇਰੀ ਯਾਦ ਵਿਚ ਅਜੇ ਤੱਕ ਅਟਕੀ ਹੋਈ ਹੈ। ਉਸ ਤਸਵੀਰ ਵਿਚਲੇ ਇਸ ਸਿੰਘ ਬਾਰੇ ਸੱਠਵਿਆਂ ਵਾਲੇ ਦਹਾਕੇ ਦੌਰਾਨ, ਆਪਣੇ ਚਾਚਾ ਜੀ ਦੇ ਮਿੱਤਰ ਭਾਈ ਜਸਵੰਤ ਸਿੰਘ ਤ੍ਰਿਸਿੱਕਾ ਜੀ ਤੋਂ ਪਤਾ ਲੱਗਾ ਕਿ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ, ਜਥੇਦਾਰ ਖਜਾਨ ਸਿੰਘ ਮੀਰਾਂਕੋਟ ਹਨ। ਤ੍ਰਿਸਿੱਕਾ ਜੀ ਰਾਹੀਂ ਮੇਰੇ ਨਾਲ਼ ਵੀ ਜਥੇਦਾਰ ਜੀ ਦੀ ਸਾਂਝ ਬਣ ਗਈ।
ਇਕ ਦਿਲਚਸਪ ਘਟਨਾ ਵਾਪਰਦੀ ਮੈਂ ਵੇਖੀ ਜੋ ਕਿ ਅੱਜ ਵੀ ਮੇਰੀਆਂ ਅੱਖਾਂ ਦੇ ਸਾਹਮਣੇ ਵਾਪਰਦੀ ਮਹਿਸੂਸ ਹੋ ਰਹੀ ਹੈ। ਇਸ ਦਾ ਵਿਸਥਾਰਤ ਜ਼ਿਕਰ ਵੀ ਮੈਂ ਆਪਣੇ ਕਿਸੇ ਲੇਖ ਵਿਚ ਕਰ ਚੁੱਕਿਆ ਹਾਂ। ਘਟਨਾ ਇਹ ਸੀ ਕਿ ਦੁਪਹਿਰੇ ਆਪਣੇ ਘਰੋਂ ਰੋਟੀ ਖਾ ਕੇ ਮੈਂ ਗੁਰਦੁਆਰਾ ਬਾਬਾ ਅਟੱਲ ਰਾਇ ਜੀ ਵਾਲੇ ਪਾਸਿਉਂ ਕਮੇਟੀ ਦੇ ਦਫ਼ਤਰ ਨੂੰ ਜਾ ਰਿਹਾ ਸਾਂ ਕਿ ਕੁਝ ਸਿੱਖ ਇਕ ਸਿੱਖ ਨੌਜਵਾਨ ਨੂੰ ਸਰਕਾਰੀ ਜਾਸੂਸ ਸਮਝ ਕੇ ਕੁੱਟਦੇ ਅੰਦਰ ਲਿਆ ਰਹੇ ਸਨ। ਜਥੇਦਾਰ ਖਜਾਨ ਸਿੰਘ ਜੀ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਦੀ ਗੈਲਰੀ ਵਿਚ ਖਲੋਤੇ ਸਨ ਤੇ ਇਹਨਾਂ ਨੇ ਵੇਖ ਕੇ ਕੁੱਟਣ ਵਾਲਿਆਂ ਨੂੰ ਸਖ਼ਤੀ ਨਾਲ਼ ਇਸ ਮੰਦੇ ਕੰਮ ਤੋਂ ਵਰਜਿਆ। ਹੈਰਾਨੀ ਇਸ ਗੱੱਲ ਦੀ ਹੋਈ ਕਿ ਪੁਲਿਸ ਨੇ ਉਸ ਨੂੰ ਕੁੱਟਣ ਦਾ ਮੁਕੱਦਮਾ ਜਥੇਦਾਰ ਜੀ ਉਪਰ ਹੀ ਦਰਜ ਕੀਤਾ।
ਇਕ ਸਾਧਾਰਣ ਕਿਰਤੀ ਪਰਵਾਰ ਵਿੱਚ ਜੰਮੇ ਪਲੇ ਅਤੇ ਅਕਾਲੀ ਵਰਕਰ ਤੋਂ ਸਿਆਸੀ ਸਫ਼ਰ ਸ਼ੁਰੂ ਕਰਕੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ, ਜਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅਤੇ ਵਿਧਾਇਕ ਤੱਕ ਦਾ ਸਫ਼ਰ ਤਹਿ ਕਰਨ ਵਾਲੇ, ਜਥੇਦਾਰ ਖਜ਼ਾਨ ਸਿੰਘ ਮੀਰਾਂਕੋਟ ਦਾ ਜਨਮ, ਜਥੇਦਾਰ ਰੂੜ ਸਿੰਘ ਮਾਤਾ ਹਰ ਕੌਰ ਦੇ ਘਰ, ੧੯੧੯ ਵਿੱਚ, ਪਿੰਡ ਮੀਰਾਂਕੋਟ ਖੁਰਦ ਅੰਮ੍ਰਿਤਸਰ ਵਿਖੇ ਹੋਇਆ।
੧੯੪੫ ਵਿੱਚ ਸ੍ਰੀ ਮਤੀ ਤੇਜ ਕੌਰ, ਸਪੁੱਤਰੀ ਜਗ ਸਿੰਘ ਭੰਗਾਲੀ ਜ਼ਿਲ੍ਹਾ ਅੰਮ੍ਰਿਤਸਰ ਨਾਲ ਆਨੰਦ ਕਾਰਜ ਹੋਇਆ। ਗੁਰਸਿੱਖ ਜੋੜੀ ਨੂੰ ਨਿਰੰਕਾਰ ਨੇ ਤਿੰਨ ਪੁੱਤਰ ਅਤੇ ਤਿੰਨ ਧੀਆਂ ਦੀ ਬਖ਼ਸ਼ਿਸ਼ ਕੀਤੀ। ਜਥੇਦਾਰ ਨੇ ਜਿੱਥੇ ਸਮਾਜਕ, ਧਾਰਮਿਕ, ਸਿਆਸੀ ਜੁੰਮੇਵਾਰੀਆਂ ਨਿਭਾਈਆਂ ਓਥੇ ਪਰਵਾਰਕ ਜੁੰਮੇਵਾਰੀ ਨਿਭਾਉਣ ਵਿਚ ਵੀ ਕੋਈ ਫਰਕ ਨਹੀਂ ਰੱਖਿਆ।
ਜਥੇਦਾਰ ਖਜਾਨ ਸਿੰਘ ਜੀ ਦੇਸ਼ ਦੀ ਵੰਡ ਤੋਂ ਪਹਿਲਾਂ ਪਾਕਿਸਤਾਨ ਦੇ ਪਿੰਡ ੨੮ ਚੱਕ ਜ਼ਿਲ੍ਹਾ ਲਾਇਲਪੁਰ ਵਿਖੇ ਪਹਿਲਵਾਨੀ ਕਰਦੇ ਜਵਾਨੀ ਚੜ੍ਹੇ। ਮੁੜ ੧੯੪੭ ਵਿਚ ਓਥੋਂ ਉਜੜ ਕੇ, ਗੁਰੂ ਕੀ ਨਗਰੀ ਸ੍ਰੀ ਅੰਮ੍ਰਿਤਸਰ ਦੇ ਗਵਾਂਢ, ਸ਼ਹੀਦ ਭਾਈ ਮਹਿਤਾਬ ਸਿੰਘ ਜੀ ਵਾਲੇ ਆਪਣੇ ਜੱਦੀ ਪਿੰਡ ਮੀਰਾਂਕੋਟ ਖੁਰਦ ਵਿਚ ਆ ਵਸੇ। ਜਥੇਦਾਰ ਜੀ ਸ਼ਹੀਦ ਭਾਈ ਮਹਿਤਾਬ ਸਿੰਘ ਮੀਰਾਂਕੋਟ ਨੂੰ ਆਪਣਾ ਮਾਰਗ ਦਰਸ਼ਕ ਮੰਨਦੇ ਸਨ। ਪੰਥਕ ਜਜ਼ਬਾ ਉਹਨਾਂ ਅੰਦਰ ਕੁੱਟ-ਕੁੱਟ ਕੇ ਭਰਿਆ ਹੋਇਆ ਸੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਮਾਸਟਰ ਤਾਰਾ ਸਿੰਘ ਤੇ ਸੀਨੀਅਰ ਮੀਤ ਪ੍ਰਧਾਨ ਹਰਬੰਸ ਸਿੰਘ ਮਜੀਠਾ ਦੀ ਪ੍ਰੇਰਨਾ ਨਾਲ, ਅਕਾਲੀ ਦਲ ਵੱਲੋਂ ਚਲਾਈਆਂ ਗਈਆਂ ਵੱਖ ਵੱਖ ਲਹਿਰਾਂ ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿਤਾ। ਮਾਸਟਰ ਤਾਰਾ ਸਿੰਘ ਜੀ ਵੱਲੋਂ ਅਹਿਮ ਜੁੰਮੇਵਾਰੀਆਂ ਦਿੱਤੀਆਂ ਗਈਆਂ ਜਿਨ੍ਹਾਂ ਨੂੰ ਜਥੇਦਾਰ ਜੀ ਨੇ ਖਿੜੇ ਮੱਥੇ ਪ੍ਰਵਾਨ ਹੀ ਨਹੀਂ ਕੀਤਾ ਸਗੋਂ ਉਸਾਰੂ ਨਤੀਜੇ ਵੀ ਦਿੱਤੇ। ੧੯੫੦ ਵਿੱਚ ਜਦੋਂ ਡਾਕਟਰ ਬੀ.ਆਰ. ਅੰਬੇਦਕਰ ਜੀ ਨੇ ਭਾਰਤ ਦਾ ਸੰਵਿਧਾਨ ਲਿਖਿਆ ਸੀ ਤਾਂ ਉਹਦੇ ਵਿੱਚ ਮਜ਼੍ਹਬੀ ਅਤੇ ਰਵਿਦਾਸੀਏ ਸਿੱਖਾਂ ਨੂੰ ਸੰਵਿਧਾਨ ਵਿੱਚ ਰਾਖਵੇਂਕਰਨ ਦਾ ਅਧਿਕਾਰ ਨਹੀਂ ਸੀ ਦਿੱਤਾ ਗਿਆ। ਇਹਨਾਂ ਸੂਰਬੀਰ ਅਤੇ ਕਾਰੀਗਰ ਸਿੱਖਾਂ ਦੇ ਭਾਈਚਾਰਿਆਂ ਨੂੰ ਰਾਖਵੇਂਕਰਨ ਤੋਂ ਬਾਹਰ ਰੱਖਿਆ ਗਿਆ ਸੀ। ਸ਼੍ਰੋਮਣੀ ਅਕਾਲੀ ਦਲ ਨੇ ਇਸ ਬੇਇਨਸਾਫੀ ਦੇ ਵਿਰੁਧ ਜਥੇਦਾਰ ਮੰਗਲ ਸਿੰਘ ਅਕਾਲੀ ਦੀ ਅਗਵਾਈ ਵਿੱਚ ਸੰਘਰਸ਼ ਸ਼ੁਰੂ ਕਰ ਦਿੱਤਾ। ਇਸ ਮੋਰਚੇ ਵਿੱਚ ਜਥੇਦਾਰ ਮੀਰਾਂਕੋਟ ਜੀ ਨੇ ਆਪਣੇ ਸਾਥੀਆਂ ਸਮੇਤ ਗ੍ਰਿਫ਼ਤਾਰੀਆਂ ਦਿੱਤੀਆਂ। ਇਸ ਸੰਘਰਸ਼ ਦੇ ਕਾਰਨ ਹੀ ਮਜ਼੍ਹਬੀ ਸਿੱਖਾਂ ਅਤੇ ਰਵਿਦਾਸੀਏ ਸਿੱਖਾਂ ਨੂੰ ਰਾਖਵੇਂਕਰਨ ਦਾ ਹੱਕ ਮਿਲਿਆ।
੧੯੫੫ ਵਿੱਚ ਪੰਜਾਬੀ ਸੂਬੇ ਦੇ ਮੋਰਚੇ ਨੂੰ ਚਲਾਉਣ ਲਈ ਮੋਰਚਾ ਚਲਾਊ ਕਮੇਟੀ ਬਣਾਈ ਗਈ ਜਿਸ ਦੇ ਜਥੇਦਾਰ ਜੀ ਪ੍ਰਮੁੱਖ ਮੈਂਬਰ ਸਨ। ਉਹ ਮੋਰਚੇ ਨੂੰ ਚਲਾਉਣ ਵਾਲਿਆਂ ਵਿੱਚ ਹੀ ਨਹੀਂ ਸਨ ਸਗੋਂ ਮੋਰਚੇ ਦੌਰਾਨ ਉਹਨਾਂ ਨੇ ਗ੍ਰਿਫ਼ਤਾਰੀ ਵੀ ਦਿੱਤੀ।
੧੯੬੦ ਵਾਲੇ ਪੰਜਾਬੀ ਸੂਬਾ ਮੋਰਚੇ ਵਿੱਚ ਵੀ ਗ੍ਰਿਫ਼ਤਾਰੀ ਦਿੱਤੀ। ੧੯੬੪ ਵਿੱਚ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਮਹੰਤਾਂ ਤੋਂ ਆਜ਼ਾਦ ਕਰਵਾਉਣ ਅਤੇ ਗੁਰਦੁਆਰਾ ਸੀਸ ਗੰਜ ਦਿੱਲੀ ਦੇ ਨਾਲ ਲੱਗਦੀ ਕੋਤਵਾਲੀ ਨੂੰ ਸਰਕਾਰ ਦੇ ਕਬਜ਼ੇ ਤੋਂ ਮੁਕਤ ਕਰਵਾਉਣ ਲਈ ਅਹਿਮ ਯੋਗਦਾਨ ਪਾਇਆ। ਪੰਜਾਬੀ ਸੂਬਾ ੧੯੫੫ ਵਾਲਾ ਮੋਰਚਾ, ੧੯੬੦ ਵਾਲਾ ਮੋਰਚਾ, ੧੯੭੩ ਵਿਚ ਕਰਨਾਲ ਵਾਲਾ ਮੋਰਚਾ, ਐਮਰਜੈਂਸੀ ਦੇ ਖ਼ਿਲਾਫ਼ ਮੋਰਚਾ, ਧਰਮਯੁੱਧ ਮੋਰਚੇ ਵਿਚ ਸਭ ਤੋਂ ਅੱਗੇ ਰਹਿ ਕੇ ਰੋਲ ਨਿਭਾਇਆ। ਲੰਮਾ ਸਮਾ ਵੱਖ ਵੱਖ ਜੇਹਲਾਂ ਵਿੱਚ ਕੈਦ ਰਹੇ। ਪੰਜਾਬ, ਪੰਜਾਬੀ, ਪੰਜਾਬੀਅਤ ਅਤੇ ਪੰਥਕ ਜਜ਼ਬੇ ਨਾਲ ਪ੍ਰਣਾਏ ਜਥੇਦਾਰ ਮੀਰਾਂਕੋਟ ਜੀ ਕੁਝ ਕਰ ਗੁਜ਼ਰਨਾ ਚਾਹੁੰਦੇ ਸਨ। ਪੰਥ ਦੀ ਇਕ ਆਵਾਜ਼ 'ਤੇ ਹਰੇਕ ਸੰਘਰਸ਼ ਦੌਰਾਨ ਲੱਗੇ ਹਰ ਮੋਰਚੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਾ, ਵੱਖ ਵੱਖ ਜੇਹਲਾਂ ਦੀ ਯਾਤਰਾ ਕਰਨੀ ਅਤੇ ਆਪਣੀਆਂ ਜਾਇਦਾਦਾਂ ਕੁਰਕ ਕਰਵਾਉਣ ਵਾਲੇ ਸੀਨੀਅਰ ਲੀਡਰਾਂ ਵਿੱਚ ਜਥੇਦਾਰ ਮੀਰਾਂਕੋਟ ਜੀ ਦਾ ਨਾਂ ਬੋਲਦਾ ਹੈ। ਜਦੋਂ ਕਾਂਗਰਸ ਸਰਕਾਰ ਨੇ ਅਕਾਲੀਆਂ ਦੀਆਂ ਜਾਇਦਾਦਾਂ ਕੁਰਕ ਹੋਈਆਂ ਸਨ ਅਤੇ ਕਈ ਅਕਾਲੀ ਲੀਡਰਾਂ ਦੇ ਘਰ ਵੀ ਢਹਿ ਢੇਰੀ ਕਰ ਦਿੱਤੇ ਗਏ ਸਨ, ਜਥੇਦਾਰ ਮੀਰਾਂਕੋਟ ਜੀ ਵੀ ਉਹਨਾਂ ਵਿੱਚੋ ਇੱਕ ਸਨ।
ਜਥੇਦਾਰ ਜੀ ਉਹ ੧੯੭੭ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਵੇਰਕਾ ਤੋਂ ਵਿਧਾਇਕ ਬਣੇ ਸਨ। ਲੋਕੀਂ ਦੱਸਦੇ ਹਨ ਕਿ ਕਿਸੇ ਸਰਕਾਰੀ ਦਫ਼ਤਰ ਜਾਂ ਠਾਣੇ ਵਿਚ ਕਿਸੇ ਨਾ ਪਹੁੰਚ ਵਾਲੇ ਜਰੂਰਤਮੰਦ ਦਾ ਸਹੀ ਕੰਮ ਕਰਵਾਉਣ ਗਏ, ਅਫ਼ਸਰ ਦੇ ਸਾਹਮਣੇ ਕੁਰਸੀ 'ਤੇ ਬੈਠ ਕੇ, ਕੰਮ ਤੋਂ ਆਨਾਕਾਨੀ ਕਰਦੇ ਵੇਖ ਕੇ, ਉਸ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਆਖਿਆ ਕਰਦੇ ਸਨ, "ਤੇਰੇ ਸਾਹਮਣੇ ਪੰਜਾਬ ਸਰਕਾਰ ਬੈਠੀ ਹੈ; ਸੰਭਲ਼ ਕੇ ਗੱਲ ਕਰ!"
੧੯੪੭ ਵਾਲੇ ਉਜਾੜੇ ਤੋਂ ਬਾਅਦ ਆਜ਼ਾਦ ਭਾਰਤ ਵਿੱਚ ਫਿਰ ਦੂਜੀ ਵਾਰ ਜਥੇਦਾਰ ਜੀ ਦੇ ਪਰਵਾਰ ਨੂੰ ਉਜਾੜੇ ਦਾ ਸਾਹਮਣਾ ਕਰਨਾ ਪਿਆ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਮਾਸਟਰ ਤਾਰਾ ਸਿੰਘ ਜੀ ਨੇ ਉਹਨਾਂ ਦੇ ਪਰਵਾਰ ਨੂੰ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਠਾਹਰ ਦਿੱਤੀ, ਜਿੱਥੇ ੧੭-੧੧-੧੯੬੩ ਨੂੰ, ਉਹਨਾਂ ਦੇ ਸਭ ਤੋਂ ਛੋਟੇ ਅਤੇ ਤੀਸਰੇ ਪੁੱਤਰ ਅਜੈਪਾਲ ਸਿੰਘ ਮੀਰਾਂਕੋਟ ਦਾ ਜਨਮ ਹੋਇਆ ਜੋ ਬਾਅਦ ਵਿੱਚ ਪਿਤਾ ਵਾਂਗ ਅਕਾਲੀ ਸਫਾਂ ਵਿਚ ਵਿਚਰ ਰਹੇ ਹਨ ਅਤੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ ਵਿਧਾਇਕ ਬਣੇ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇ ਪਨਸਪ ਦੇ ਚੇਅਰਮੈਨ ਵੀ ਬਣੇ। ਆਪਣੇ ਹਲਕੇ ਵਿੱਚ ਆਰਥਿਕ ਪਖੋਂ ਕਮਜ਼ੋਰ ਪਰਵਾਰਾਂ ਨੂੰ ਨੀਲੇ ਕਾਰਡ ਬਣਾ ਕੇ ਦੇਣ ਦੀ ਸੇਵਾ ਕੀਤੀ, ਜਿਸ ਕਰਕੇ ਉਹਨਾਂ ਨੂੰ "ਨੀਲੇ ਕਾਰਡ ਵਾਲੇ ਵਿਧਾਇਕ" ਕਹਿ ਕੇ ਲੋਕੀਂ ਯਾਦ ਕਰਦੇ ਹਨ।
ਪਹਿਲਵਾਨੀ ਦੇ ਵਾਂਗ ਲੋਕ ਸੇਵਾ ਨੂੰ ਵੀ ਕਿਸੇ ਘੋਲ ਤੋਂ ਘੱਟ ਨਾ ਸਮਝਣ ਵਾਲੇ ਜਥੇਦਾਰ ਖਜਾਨ ਸਿੰਘ ਮੀਰਾਂਕੋਟ ਤਿੰਨ ਟਰਮਾਂ ਮੀਰਾਂਕੋਟ ਪਿੰਡ ਦੇ ਸਰਪੰਚ ਰਹੇ। ਬਲਾਕ ਸੰਮਤੀ ਵੇਰਕਾ ਦੇ ਵਾਈਸ ਚੇਅਰਮੈਨ ਅਤੇ ਫਿਰ ਚੇਅਰਮੈਨ ਵਜੋਂ ਸੇਵਾਵਾਂ ਨਿਭਾਈਆਂ। ਸਦਰ ਸਰਕਲ ਦੇ ਪ੍ਰਧਾਨ ਤੇ ਅਕਾਲੀ ਜਥਾ ਅੰਮ੍ਰਿਤਸਰ ਦਿਹਾਤੀ ਦੇ ਲੰਮਾ ਸਮਾ ਮੀਤ ਪ੍ਰਧਾਨ ਰਹੇ। ੧੯੬੦ ਤੋਂ ਲੈ ਕੇ ੧੯੭੮ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਰਹਿ ਕੇ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਵਿੱਚ ਲੱਗੇ ਰਹੇ। ੧੯੬੨ ਵਿਧਾਨ ਸਭਾ ਹਲਕਾ ਸਦਰ, ੧੯੬੭, ੧੯੬੯, ੧੯੭੨, ੧੯੭੭, ੧੯੮੫ ਵਿਧਾਨ ਸਭਾ ਹਲਕਾ ਵੇਰਕਾ ਤੋਂ ਚੋਣਾਂ ਲੜੀਆਂ ਤੇ  ਐਮ.ਐਲ.ਏ ਬਣੇ ਤੇ ਕਾਂਗਰਸ ਦੇ ਉਮੀਦਵਾਰ ਨੂੰ ਵੱਡੇ ਫਰਕ ਨਾਲ ਹਰਾਇਆ। ਵੱਖ ਵੱਖ ਅਕਾਲੀ ਮੋਰਚਿਆਂ ਵਿੱਚ ਹਿੱਸਾ ਲੈਣ ਕਰਕੇ ਜ਼ਿੰਦਗੀ ਦਾ ਅੱਧਿਉਂ ਵੱਧ ਹਿੱਸਾ ਕੌਮ ਨੂੰ ਸਮੱਰਪਤ ਕਰਕੇ ਵੱਖ ਵੱਖ ਜੇਹਲਾਂ ਵਿੱਚ ਕੈਦ ਕੱਟ ਕੇ ਅਖੀਰ, ੨੪ ਮਈ, ੧੯੯੧ ਨੂੰ ਜਥੇਦਾਰ ਖਜ਼ਾਨ ਸਿੰਘ ਮੀਰਾਂਕੋਟ ਜ਼ਿੰਦਗੀ ਦੀ ਬਾਜ਼ੀ ਜਿੱਤਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ।
ਅੱਜ ਉਹਨਾਂ ਦੇ ਸਿਆਸਤ ਵਿੱਚ ਪਾਏ ਪੂਰਨਿਆਂ ਤੇ ਚੱਲ ਕੇ ਉਹਨਾਂ ਦੇ ਹੋਣਹਾਰ ਸਪੁੱਤਰ ਸ੍ਰ. ਅਜੈਪਾਲ ਸਿੰਘ ਮੀਰਾਂਕੋਟ ਸਾਬਕਾ ਵਿਧਾਇਕ ਜੰਡਿਆਲਾ ਗੁਰੂ ਵੀ, ਪੰਥਕ ਸਟੇਜ ਰਾਹੀਂ ਲੋਕ ਸੇਵਾ ਨੂੰ ਸਮੱਰਪਤ ਹਨ।
ਜਥੇਦਾਰ ਜੀ ਦੇ ਦੋ ਪੋਤਰੇ, ਗਗਨਦੀਪ ਸਿੰਘ ਅਤੇ ਮਨਦੀਪ ਸਿੰਘ, ਆਸਟ੍ਰੇਲੀਆ ਦੀ ਸਟੇਟ ਵਿਕਟੋਰੀਆ ਦੇ ਟਾਊਨ ਜੀਲੌਂਗ ਵਿਚ ਰਹਿ ਰਹੇ ਹਨ। ਪਿਛਲੇਰੇ ਸਾਲ ਜ. ਖਜਾਨ ਸਿੰਘ ਜੀ ਦੇ ਪੋਤਰਿਆਂ ਦੇ ਘਰ ਧੀਆਂ ਨੇ ਜਨਮ ਲਿਆ। ਇਸ ਖੁਸ਼ੀ ਵਿਚ, ਅਕਾਲ ਪੁਰਖ ਦਾ ਸੁਕਰਾਨਾ ਕਰਨ ਹਿਤ, ਪੋਤਰੀਆਂ ਦੇ ਦਾਦਾ ਸ. ਅਜੈਪਾਲ ਸਿੰਘ ਅਤੇ ਦਾਦੀ ਜੀ ਨੇ ਏਥੇ ਆ ਕੇ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਕੀਤਾ ਅਤੇ ਭੋਗ ਵਾਲੇ ਦਿਨ ਦੀਵਾਨ ਸਜਾਇਆ ਅਤੇ ਆਈਆਂ ਸੰਗਤਾਂ ਦੀ ਲੰਗਰ ਨਾਲ਼ ਸੇਵਾ ਕੀਤੀ। ਲੇਖਕ ਨੂੰ ਵੀ ਮੀਰਾਂਕੋਟ ਪਰਵਾਰ ਨੇ, ਜਥੇਦਾਰ ਖਜਾਨ ਸਿੰਘ ਜੀ ਦਾ ਸਮਕਾਲੀ ਅਤੇ ਪ੍ਰਸੰਸਕ ਹੋਣ ਕਰਕੇ, ਉਚੇਚਾ ਸਿਡਨੀ ਤੋਂ ਬੁਲਾ ਕੇ ਇਸ ਖੁਸ਼ੀਆਂ ਭਰੇ ਸ਼ੁਭ ਅਵਸਰ ਉਪਰ ਅਸ਼ੀਰਵਾਦ ਦੇ ਸ਼ਬਦ ਕਹਿਣ ਦਾ ਮਾਣ ਬਖ਼ਸ਼ਿਆ।
ਜੀਲੌਂਗ ਵਿਚ, ਸਵਰਗਵਾਸੀ ਜਥੇਦਾਰ ਜੀ ਦੇ ਦੋਵੇਂ ਪੋਤਰੇ ਬਾਕੀ ਸੰਗਤਾਂ ਨਾਲ਼ ਮਿਲ਼ ਕੇ, ਗੁਰਦੁਆਰਾ ਸਾਹਿਬ ਦੀ ਸਥਾਪਨਾ ਦੀਆਂ ਸਰਗਰਮੀਆਂ ਵਿਚ ਮੋਹਰੀ ਹਿੱਸਾ ਪਾ ਰਹੇ ਹਨ।



ਆਪਣੀਆਂ ਯਾਦਾਂ ਉਪਰ ਆਧਾਰਤ
ਸ. ਮੇਜਰ ਸਿੰਘ ਉਬੋਕੇ
੧੯੬੩ ਦੀ ਬਸੰਤ ਰੁੱਤ ਦਾ ਇਹ ਵਾਕਿਆ ਹੈ, ਜਦੋਂ ਮੈਂ ਗੁਰਦੁਆਰਾ ਸਾਹਿਬ ਜੀਂਦ ਵਿਖੇ ਰਾਗੀ ਦੀ ਸੇਵਾ ਉਪਰ ਸਾਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਤ ਚੰਨਣ ਸਿੰਘ ਜੀ, ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਦੀ ਨਿਗਰਾਨੀ ਵਾਸਤੇ ਆਏ। ਉਹਨਾਂ ਦੇ ਨਾਲ਼ ਇਕ ਕਾਲ਼ੀ ਦਾਹੜੀ ਵਾਲ਼ੇ ਜੇਹੜੇ ਸੱਜਣ ਪੀ.ਏ. ਵਜੋਂ ਸੇਵਾ ਨਿਭਾ ਰਹੇ ਸਨ ਉਹਨਾਂ ਦਾ ਨਾਂ ਮੇਜਰ ਸਿੰਘ ਸੀ। ਇਹਨਾਂ ੧੯੬੦ ਵਾਲ਼ੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ, ਇਸ ਦੇ ਤਤਕਾਲੀ ਕਾਂਗਰਸੀ ਪ੍ਰਧਾਨ, ਸ. ਪ੍ਰੇਮ ਸਿੰਘ ਲਾਲਪੁਰਾ ਦੇ ਮੁਕਾਬਲੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਜੋਂ ਲੜੀ ਸੀ। ੧੯੬੨ ਵਿਚ ਸੰਤ ਗਰੁਪ ਵੱਲੋਂ ਸਿਰਜੇ ਗਏ ਮੁਤਵਾਜ਼ੀ ਸ਼੍ਰੋਮਣੀ ਅਕਾਲੀ ਦਲ ਦੇ ਸ. ਮੇਜਰ ਸਿੰਘ ਜੀ ਦਫ਼ਤਰ ਸਕੱਤਰ ਬਣਾਏ ਗਏ ਤੇ ਇਸ ਵੇਲ਼ੇ ਉਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਪੀ.ਏ. ਵਜੋਂ ਸੇਵਾ ਨਿਭਾ ਰਹੇਸਨ।
ਗੱਲ ਆਈ ਗਈ ਹੋ ਗਈ। ਸਮੇ ਨਾਲ਼ ਪ੍ਰਧਾਨ ਦੇ ਪੀ.ਏ. ਦੀ ਸੇਵਾ ਕਮੇਟੀ ਦੇ ਇਕ ਡੀ.ਏ. ਸ. ਅਬਿਨਾਸ਼ੀ ਸਿੰਘ ਨੇ ਸੰਭਾਲ਼ ਲਈ ਅਤੇ ਸ. ਮੇਜਰ ਸਿੰਘ ਜੀ ਅਕਾਲੀ ਵਰਕਰਾਂ ਦੇ ਸਰਕਾਰੇ ਦਰਬਾਰੇ ਕੰਮਾਂ ਕਾਰਾਂ ਵਾਸਤੇ ਏਧਰੋਂ ਵੇਹਲੇ ਹੋ ਗਏ ਪਰ ਕਮੇਟੀ ਅਤੇ ਹੋਰ ਸਿਅਸੀ ਪਾਰਟੀਆਂ ਨਾਲ਼ ਮੀਟਿੰਗਾਂ ਆਦਿ ਵਿਚ ਸ਼ਾਮਲ ਹੋ ਕੇ ਪ੍ਰਧਾਨ ਜੀ ਦੀ ਸਹਾਇਤਾ ਕਰਦੇ ਰਹੇ।
ਫਿਰ ਸਮਾ ਆਇਆ ੨੨ ਨਵੰਬਰ ੧੯੬੭ ਦਾ, ਜਦੋਂ ਕਾਂਗਰਸ ਦੀ ਸਹਾਇਤਾ ਨਾਲ਼ ਸ਼੍ਰੋਮਣੀ ਅਕਾਲੀ ਦਲ ਤੋਂ ਬਗਾਵਤ ਕਰਕੇ ਸ. ਲਛਮਣ ਸਿੰਘ ਗਿੱਲ ਨੇ ਸਰਕਾਰ ਬਣਾ ਲਈ। ਅਕਾਲੀ ਹੋਣ ਕਰਕੇ ਗਿੱਲ ਸਾਹਿਬ ਨੂੰ ਪਤਾ ਸੀ ਕਿ ਉਸ ਦੀ ਸਰਕਾਰ ਨੂੰ ਖ਼ਤਰਾ ਕੇਵਲ ਸੰਤ ਚੰਨਣ ਸਿੰਘ ਜੀ ਤੋਂ ਹੀ ਹੋ ਸਕਦਾ ਹੈ। ਉਸ ਨੇ ਸੰਤ ਜੀ ਨੂੰ ਨਿਹੱਥਾ ਕਰਨ ਲਈ ਉਸ ਦੇ ਦੋਵੇਂ ਪੀ.ਏ. ਸ. ਮੇਜਰ ਸਿੰਘ ਅਤੇ ਸ. ਅਬਿਨਾਸ਼ੀ ਸਿੰਘ ਨੂੰ ਫੜ ਕੇ ਜੇਹਲਾਂ ਵਿਚ ਬੰਦ ਕਰ ਦਿਤਾ ਅਤੇ ਪ੍ਰਧਾਨ ਜੀ ਉਪਰ ਕੜਾਹ ਪ੍ਰਸ਼ਾਦ ਦੀਆਂ ਜਾਹਲੀ ਪਰਚੀਆਂ ਦਾ ਝੂਠਾ ਕੇਸ ਬਣਾ ਦਿਤਾ। ਪ੍ਰਧਾਨ ਸੰਤ ਚੰਨਣ ਸਿੰਘ ਜੀ ਨੂੰ ਦਫ਼ਤਰ ਛੱਡ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਨਾਲ਼ ਲੱਗਵੇਂ ਮਕਾਨ ਵਿਚ ਡੇਰਾ ਲਾਉਣਾ ਪਿਆ।
ਦੋਵੇਂ ਪੀ.ਏ. ਜਦੋਂ ਪ੍ਰਧਾਨ ਜੀ ਦੇ ਜੇਹਲ ਚਲੇ ਗਏ ਤਾਂ ਫਿਰ ਇਹ ਸੇਵਾ ਮੇਰੇ ਜੁੰਮੇ ਲੱਗੀ ਤੇ ਮੈਂ ਨਿਭਾਉਂਦਾ ਰਿਹਾ। ਏਸੇ ਦੌਰਾਨ ਜਦੋਂ ਬਾਬਾ ਬਕਾਲਾ ਵਿਚ ਗਿੱਲ ਦੇ ਖ਼ਿਲਾਫ਼, ਜਥੇਦਾਰ ਜੀਵਨ ਸਿੰਘ ਉਮਰਾਨੰਗਲ, ਜਥੇਦਾਰ ਮੋਹਨ ਸਿੰਘ ਤੁੜ, ਜਥੇਦਾਰ ਦਰਸ਼ਨ ਸਿੰਘ ਈਸਾਪੁਰ, ਨਾਰਾਇਣ ਸਿੰਘ ਸਾਬਾਜਪੁਰੀ ਆਦਿ ਦੀ ਅਗਵਾਈ ਹੇਠ, ਮੁਜ਼ਾਹਰਾ ਕਰਨ ਗਏ ਤਾਂ ਮੈਂ ਤੇ ਪੁਲਿਸ ਦੀਆਂ ਵਰ੍ਹਦੀਆਂ ਡਾਗਾਂ ਵਿਚੋਂ ਦੌੜ ਆਇਆ ਪਰ ਸ. ਮੇਜਰ ਸਿੰਘ ਜੀ ਬਾਕੀ ਆਗੂਆਂ ਨਾਲ਼ ਦੁਬਾਰਾ ਜੇਹਲ ਭੇਜ ਦਿਤੇ ਗਏ।
ਗਿੱਲ ਸਰਕਾਰ ਦੇ ਖ਼ਿਲਾਫ਼ ਓਨਾ ਚਿਰ ਸ੍ਰੋਮਣੀ ਅਕਾਲੀ ਦਲ ਵੱਲੋਂ ਜਦੋ ਜਹਿਦ ਚੱਲਦੀ ਰਹੀ ਜਿੰਨਾ ਚਿਰ ਅਗਸਤ ੧੯੬੮ ਵਿਚ ਕਾਂਗਰਸ ਨੇ ਆਪਣੀ ਹਿਮਾਇਤ ਵਾਪਸ ਲੈ ਕੇ ਸਰਕਾਰ ਡੇਗ ਕੇ ਗਵਰਨਰੀ ਰਾਜ ਲਾਗੂ ਨਹੀਂ ਕਰ ਦਿਤਾ।
ਛੇ ਮਹੀਨੇ ਪਿੱਛੋਂ ੧੯੬੯ ਵਾਲ਼ੀ ਚੋਣ ਵਿਚ ਅਕਾਲੀ ਦਲ ਨੂੰ ਪਹਿਲਾਂ ਨਾਲ਼ੋਂ ਦੁੱਗਣੀ ਜਿੱਤ ਹੋਈ ਤੇ ਸ਼੍ਰੋਮਣੀ ਅਕਾਲੀ ਅਤੇ ਜਨਸੰਘ ਦੀ ਸਰਕਾਰ ਬਣੀ। ਸੰਤ ਚੰਨਣ ਸਿੰਘ ਜੀ ਨੇ ਮੁਖ ਮੰਤਰੀ ਜਸਟਿਸ ਗੁਰਨਾਮ ਸਿੰਘ ਦਾ ਪੁਲੀਟੀਕਲ ਸੈਕਟਰੀ ਸ. ਮੇਜਰ ਸਿੰਘ ਨੂੰ ਲਵਾ ਦਿਤਾ ਤਾਂ ਕਿ ਅਕਾਲੀ ਵਰਕਰਾਂ ਦੇ ਸਰਕਾਰੇ ਦਰਬਾਰੇ ਕੰਮ ਕਾਰ ਹੁੰਦੇ ਰਹਿਣ। ਇਸ ਤਰ੍ਹਾਂ ਸ਼੍ਰੋਮਣੀ ਕਮੇਟੀ ਵਿਚੋਂ ਸ. ਮੇਜਰ ਸਿੰਘ ਦੀ ਤਨਖਾਹ ਵਾਲ਼ੀ ਸੇਵਾ ਸਮਾਪਤ ਹੋ ਗਈ। ਸੰਤ ਜੀ ਨੂੰ ਵਰਕਰਾਂ ਵੱਲੋਂ ਦੱਸੇ ਕੰਮਾਂ ਦੀ ਲਿਸਟ ਬਣਾ ਕੇ ਸਮੇ ਸਮੇ ਮੈਂ ਚੰਡੀਗੜ੍ਹ ਸਰਕਾਰੀ ਦਫ਼ਤਰ ਵਿਚ ਸ. ਮੇਜਰ ਸਿੰਘ ਨੂੰ ਦੇ ਆਉਂਦਾ ਤੇ ਉਹ ਸਬੰਧਤ ਅਫ਼ਸਰਾਂ ਨੂੰ ਫ਼ੋਨ ਰਾਹੀਂ ਕੰਮ ਕਰਨ ਲਈ ਕਹਿ ਦਿੰਦੇ।
੧੯੭੨ ਦੀ ਇਲੈਕਸ਼ਨ ਸ. ਮੇਜਰ ਸਿੰਘ ਜੀ ਨੇ ਲੜੀ। ਮੈਨੂੰ ਆਪਣੀ ਇਲੈਕਸ਼ਨ ਸਮੇ ਆਪਣੇ ਹਲਕੇ ਵਿਚ ਪ੍ਰਚਾਰ ਕਰਨ ਲਈ ਕਿਹਾ ਪਰ ਮੇਰੀ ਡਿਊਟੀ ਪ੍ਰਧਾਨ ਜੀ ਨੇ ਜਗਰਾਵਾਂ ਅਤੇ ਨਾਲ਼ ਜੁੜਵੇਂ ਹਲਕਿਆਂ ਵਿਚ ਪਹਿਲਾਂ ਹੀ ਲਾ ਦਿਤੀ ਹੋਈ ਸੀ।
ਮੈਂ ਮਾਰਚ ੧੯੭੩ ਵਿਚ ਦੇਸ ਛੱਡ ਕੇ ਬਾਹਰ ਆ ਗਿਆ। ਫਿਰ ਸਾਡਾ ਮੇਲ਼ ੧੧ ਅਪ੍ਰੈਲ ੧੯੯੯ ਵਾਲ਼ੇ ਦਿਨ ਹੋਇਆ। ਇਸ ਦੌਰਾਨ ਮੇਰੇ ਛੋਟੇ ਭਰਾ ਤੋਂ ਮੇਰੇ ਬਾਰੇ ਪੁੱਛਿਆ ਕਰਦੇ ਸਨ। ਸਾਡੇ ਘਰ ਗੁਰਦੁਆਰਾ ਬਿਬੇਕਸਰ ਸਾਹਿਬ ਜੀ ਦੇ ਨੇੜੇ ਲਾਗੋ ਲਾਗੇ ਸਨ।
੧੯੭੩ ਤੋਂ ਲੈ ਕੇ ੧੯੯੯ ਤੱਕ ਪੁਲ਼ਾਂ ਹੇਠੋਂ ਬਹੁਤ ਸਾਰਾ ਪਾਣੀ ਵਗ ਚੁੱਕਿਆ ਸੀ। ਸਿੱਖ ਪੰਥ ਕਿੰਨ੍ਹਾਂ ਕਿੰਨ੍ਹਾਂ ਸੰਕਟਾਂ ਵਿਚੋਂ ਗੁਜਰਿਆ ਇਹ ਇਕ ਵੱਖਰਾ ਦੁਖਦਾਈ ਇਤਿਹਾਸ ਹੈ।  ਵਿਚ ਭਾ ਜੀ ਪੰਜਾਬ ਵਿਚ ਵਜੀਰ ਵੀ ਬਣੇ ਅਤੇ ਐਮ.ਪੀ. ਵੀ ਬਣੇ। ਪਹਿਲਾਂ ਇਹਨਾਂ ਨੂੰ ਰਾਜ ਮੰਤਰੀ ਦੇ ਅਹੁਦੇ ਦੀ ਪੇਸ਼ਕਸ਼ ਹੋਈ ਤੇ ਇਹਨਾਂ ਨੇ ਖੜਕਵੀਂ ਮਝੈਲੀ ਬੋਲੀ ਵਿਚ ਕਿਹਾ, "ਮੈਂ ਨਹੀਂ ਪੌਣੀ ਵਜੀਰੀ ਲੈਣੀ।" ਫਿਰ ਇਹਨਾਂ ਨੂੰ ਪੂਰੀ ਵਜੀਰੀ ਦਿਤੀ ਗਈ। ਅਗਲੀ ਚੋਣ ਸਮੇ ਆਪ ਐਮ.ਪੀ. ਬਣੇ।
੧੧ ਅਪ੍ਰੈਲ, ੧੯੯੯ ਵਾਲ਼ੇ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਭਾਈ ਰਣਜੀਤ ਸਿੰਘ ਦੀ ਅਗਵਾਈ ਵਿਚ, ਜਥੇਦਾਰ ਟੌਹੜਾ ਦੇ ਅਕਾਲੀ ਧੜੇ ਦਾ ਜਲੂਸ ਸ੍ਰੀ ਅਨੰਦਪੁਰ ਸਾਹਿਬ ਲਈ ਤੁਰਨਾ ਸੀ। ਸ਼੍ਰੋਮਣੀ ਕਮੇਟੀ ਉਪਰ ਸਰਦਾਰ ਬਾਦਲ ਧੜੇ ਦਾ ਕਬਜਾ ਹੋਣ ਕਰਕੇ, ਦੋਹਾਂ ਧੜਿਆ ਵਿਚ ਝਗੜਾ ਹੋ ਜਾਣ ਦਾ ਖ਼ਤਰਾ ਸੀ। ਕਮੇਟੀ ਦੇ ਸਕੱਤਰ ਮੇਰੇ ਮਿੱਤਰ ਸ. ਕੁਲਵੰਤ ਸਿੰਘ ਵੰਧਾਵਾ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਅਜਾਇਬ ਸਿੰਘ ਦੀ ਅਗਵਾਈ ਹੇਠ, ਕਮੇਟੀ ਦਾ ਸਟਾਫ਼ ਤਿਆਰ ਬਰ ਤਿਆਰ ਹਾਜਰ ਸੀ ਤਾਂ ਕਿ ਕਿਸੇ ਵੀ ਅਣਚਾਹੀ ਘਟਨਾ ਦਾ ਸਾਹਮਣਾ ਕੀਤਾ ਜਾ ਸਕੇ। ਵਿਡੰਬਨਾ ਇਹ ਸੀ ਕਿ ਮੈਂ ਲਾਹੌਰ ਤੋਂ ਚੱਲੇ ਪਿਛਲੇ ਦਿਨ ਤੋਂ ਇਸ ਜਲੂਸ ਦੇ ਅੱਗੇ ਪੰਜ ਪਿਆਰਿਆਂ ਵਿਚ ਸ਼ਾਮਲ ਹੋ ਕੇ ਆਇਆ ਸਾਂ ਤੇ ਏਥੋਂ ਵੀ ਉਸ ਜਲੂਸ ਦੇ ਨਾਲ਼ ਸ਼ਾਮਲ ਹੋਣਾ ਸੀ। ਸਪੀਕਰ ਤੇ ਪ੍ਰਬੰਧਕਾਂ ਨੇ ਤਖ਼ਤ ਸਾਹਿਬ ਦਾ ਵਰਤਣ ਨਾ ਦਿਤਾ ਤੇ ਬਿਨਾ ਸਪੀਕਰ ਤੋਂ ਹੀ ਤਖ਼ਤ ਸਾਹਿਬ ਦੀ ਹਜੂਰੀ ਵਿਚ ਦੀਵਾਨ ਸਜ ਗਿਆ। ਸ. ਮੇਜਰ ਸਿੰਘ ਸਟੇਜ ਸੈਕਟਰੀ ਦੀ ਸੇਵਾ ਨਿਭਾ ਰਹੇ ਸਨ।
ਜਦੋਂ ਸਟੇਜ ਤੋਂ ਉਤਰ ਕੇ ਮੇਜਰ ਸਿੰਘ ਜੀ ਥੱਲੇ ਸੰਗਤ ਵਿਚ ਆ ਕੇ ਬਿਲਕੁਲ ਮੇਰੇ ਅੱਗੇ ਬੈਠ ਗਏ। ਉਹਨਾਂ ਦਾ ਮੂੰਹ ਤਖ਼ਤ ਸਾਹਿਬ ਵੱਲ ਅਤੇ ਪਿੱਠ ਮੇਰੇ ਵੱਲ ਹੋ ਗਈ। ਮੈਂ ਮੋਢਾ ਫੜ ਕੇ ਆਪਣੇ ਵੱਲ ਉਹਨਾਂ ਦਾ ਚੇਹਰਾ ਘੁਮਾ ਕੇ ਪੁੱਛਿਆ, "ਭਾ ਜੀ, ਮੈਨੂੰ ਪਛਾਣੋ; ਮੈਂ ਕੌਣ ਹਾਂ।" ਗਹੁ ਨਾਲ਼ ਮੇਰੇ ਚੇਹਰੇ ਵੱਲ ਵੇਖ ਕੇ ਸਿਰ ਫੇਰ ਦਿਤਾ। ਮੈਂ ਫਿਰ ਕਿਹਾ, "ਕਿਸੇ ਸੰਤੋਖ ਸਿੰਘ ਨੂੰ ਜਾਣਦੇ ਹੋਵੋ!" ਫਿਰ ਵੀ ਨਾਂਹ ਵਿਚ ਹੀ ਸਿਰ ਹਿੱਲਿਆ। ਗਿਆਨੀ ਸੰਤੋਖ ਸਿੰਘ ਆਖਿਆਂ ਵੀ ਉਹਨਾਂ ਦੀ ਪਛਾਣ ਵਿਚ ਮੈਂ ਨਹੀਂ ਆਇਆ। ਫਿਰ ਜਦੋਂ ਮੈਂ ਆਖਿਆ ਕਿ ਆਪਾਂ ਏਥੇ ਇਕੱਠੇ ਕੰਮ ਕਰਦੇ ਰਹੇ ਹਾਂ। ਫਿਰ ਗਹੁ ਨਾਲ਼ ਮੇਰੇ ਚੇਹਰੇ ਵੱਲ ਵੇਖ ਕੇ, ਚੇਹਰੇ ਤੇ ਮੁਸਕਰਾਹਟ ਲਿਆ ਕੇ, ਪੇਂਡੂ ਮਝੈਲੀ ਠੇਠ ਬੋਲੀ ਪਰ ਗਹਿਰ ਗੰਭੀਰ ਆਵਾਜ਼ ਵਿਚ ਬੋਲੇ, "ਓਇ, ਤੂੰ ਉਹ ਤੇ ਨਹੀਂ ਜਿਨੂੰ ਬਾਣੀ ਤੇ ਇਤਿਹਾਹ ਵੜਾ ਆਉਂਦਾ ਹੁੰਦਾ ਹੀ?" ਮੈਂ ਆਖਿਆ, "ਹਾਂ ਭਾ ਜੀ ਮੈਂ ਓਹੀ ਹਾਂ।" "ਓਇ, ਤੂੰ ਤੇ ਚਿੱਟਾ ਈ ਹੋ ਗਿਆਂ!" "ਤੁਸੀਂ ਵੀ ਤੇ ਚਿੱਟੇ ਹੋ ਈ ਗਏ ਓ ਭਾ ਜੀ! ਤੁਸੀਂ ਕੇਹੜੇ ਕਾਲ਼ੇ ਰਹੇ ਓ?" ਸਤਾਈ ਸਾਲਾਂ ਪਿੱਛੋਂ ਸਾਡੀ ਇਸ ਮੁਲਾਕਾਤ ਵਿਚ ਏਨੀ ਕੁ ਗੱਲ ਈ ਹੋਈ, ਕਿਉਂਕਿ ਉਹ ਜਲੂਸ ਨੂੰ ਤੋਰਨ ਦੇ ਰੁਝੇਵਿਆਂ ਵਿਚ ਰੁਝੇ ਹੋਏ ਸਨ।
ਸਾਡੀ ਆਖਰੀ ਗੱਲ ਬਾਤ ਕੁਝ ਸਾਲ ਬਾਅਦ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਵਿਚਲੇ ਛੋਟੇ ਜਿਹੇ ਪਾਰਕ ਵਿਚ ਹੋਈ। ਉਹਨਾਂ ਨੇ ਕਿਤੇ ਮੇਰੀ ਦੂਜੀ ਕਿਤਾਬ ਊਜਲ ਕੈਹਾਂ ਚਿਲਕਣਾ ਪੜ੍ਹੀ ਹੋਈ ਸੀ। ਆਂਹਦੇ, "ਤੈਨੂੰ ਬੜੀਆਂ ਗੱਲਾਂ ਯਾਦ ਆ ਓਇ!"
ਮੇਰੇ ਮਨ ਉਤੇ ਸ. ਮੇਜਰ ਸਿੰਘ ਦੀਆਂ ਕਈ ਵਿਸ਼ੇਸ਼ਤਾਈਆਂ ਦਾ ਖਾਸ ਪ੍ਰਭਾਵ ਹੈ ਜੇਹੜੀਆਂ ਕਿ ਉਹਨਾਂ ਦੇ ਦਰਜੇ ਉਪਰ ਪਹੁੰਚਣ ਵਾਲ਼ੇ ਆਮ ਆਗੂਆਂ ਵਿਚ, ਮੇਰੇ ਦਿਸਣ ਵਿਚ ਨਹੀਂ ਆਈਆਂ। ਬਾਵਜੂਦ ਪੁਰਾਣੀ ਬੀ.ਏ. ਬੀ.ਟੀ. ਦੀਆਂ ਡਿਗਰੀਆਂ ਕਰਨ ਪਿੱਛੋਂ ਫੌਜ ਵਿਚ ਐਨ.ਸੀ.ਓ. ਦੇ ਰੈਂਕ ਵਿਚ ਟੀਚਰ ਦੇ ਦਰਜੇ ਵਿਚ ਸੇਵਾ ਕਰਨ ਦੇ ਵੀ, ਉਹਨਾਂ ਦੀ ਤਕਰੀਰ ਅਤੇ ਬੋਲ ਚਾਲ ਵਿਚ ਮੈਨੂੰ ਕਦੀ ਵੀ ਅੰਗ੍ਰੇਜ਼ੀ ਦਾ ਇਕ ਵੀ ਸ਼ਬਦ ਸੁਣਨ ਨੂੰ ਨਹੀਂ ਸੀ ਮਿਲ਼ਦਾ। ਪੂਰੀ ਠੇਠ ਮਾਝੀ ਪੇਂਡੂ ਬੋਲੀ ਵਿਚ ਹੀ ਗੱਲ ਅਤੇ ਤਕਰੀਰ ਕਰਿਆ ਕਰਦੇ ਸਨ। ਪੰਜਾਬੀ, ਉਰਦੂ ਅਤੇ ਅੰਗ੍ਰੇਜ਼ੀ ਅਖ਼ਬਾਰਾਂ ਰੋਜ਼ਾਨਾ ਪੜ੍ਹਨ ਦੇ ਬਾਵਜੂਦ ਵੀ ਉਹਨਾਂ ਦੀ ਜ਼ਬਾਨ 'ਤੇ ਦੂਜੀਆਂ ਬੋਲੀਆਂ ਦੀ ਸ਼ਬਦਾਵਲੀ ਨਹੀਂ ਸੀ ਚੜ੍ਹੀ। ਇਕ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਨਾਲ਼ ਲੱਗਵੇਂ ਮਕਾਨ ਵਿਚ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੰਤ ਚੰਨਣ ਸਿੰਘ ਜੀ ਕੋਲ਼ ਬੈਠਿਆਂ ਕੋਈ ਗੱਲ ਬਾਤ ਚੱਲ ਰਹੀ ਸੀ ਤੇ ਇਹਨਾਂ ਦੇ ਮੂੰਹੋਂ ਐਗਜ਼ੈਕਟਿਵ ਮੈਜਿਸਟ੍ਰੇਟ ਦੀ ਬਜਾਇ ਬੰਦੋਬਸਤੀ ਮੈਜਿਸਟ੍ਰੇਟ ਨਿਕਲ਼ਿਆ ਸੁਣ ਕੇ ਮੈਨੂੰ ਬੜੀ ਹੈਰਾਨੀ ਹੋਈ। ਓਸੇ ਦਿਨ ਹੀ ਇਹਨਾਂ ਤੋਂ ਮੈਨੂੰ ਦੋ ਹੋਰ ਨਵੀਆਂ ਗੱਲਾਂ ਦਾ ਵੀ ਪਤਾ ਲੱਗਾ। ਚੱਲਦੀ ਗੱਲ ਬਾਤ ਵਿਚ ਮੇਰੇ ਮੂੰਹੋਂ ਨਿਕਲਿਆ ਕਿ ਕ੍ਰਿਸ਼ਨਾ ਮੈਨਨ ਭਾਵੇਂ ਹੈ ਤੇ ਕੇਰਲਾ ਤੋਂ ਪਰ ਉਹ ਚੋਣ ਉਤਰੀ ਬੰਬਈ ਤੋਂ ਲੜਦਾ ਹੈ। ਇਹਨਾਂ ਨੇ ਕਿਹਾ, "ਉਤਰੀ ਬੰਬਈ ਦੇ ਪੱਛਮੀ ਹਲਕੇ ਤੋਂ।" ਦੂਜੀ ਗੱਲ ਪਹਿਲੀ ਵਾਰੀ ਮੈਨੂੰ ਇਹਨਾਂ ਤੋਂ ਪਤਾ ਲੱਗੀ ਕਿ ਰਾਜ ਮੰਤਰੀ ਆਪਣੇ ਮਹਿਕਮੇ ਦਾ ਪੂਰਾ ਇੰਚਾਰਜ ਵੀ ਹੋ ਸਕਦਾ ਹੈ ਪਰ ਉਪ ਮੰਤਰੀ ਪੂਰਾ ਇੰਚਾਰਜ ਨਹੀਂ ਹੋ ਸਕਦਾ।
ਸ. ਮੇਜਰ ਸਿੰਘ ਜੀ, ਏਨੇ ਪੜ੍ਹੇ ਲਿਖੇ ਅਤੇ ਉਚ ਪਦਵੀਆਂ ਉਪਰ ਪਹੁੰਚਣ ਵਾਲ਼ੇ ਹੋਣ ਦੇ ਬਾਵਜੂਦ ਆਪਣੇ ਵਰਤੋਂ ਵਿਹਾਰ, ਬੋਲ ਬਾਣੀ, ਖਾਣ ਪੀਣ ਵਿਚ ਬਿਲਕੁਲ ਮਾਝੇ ਦੇ ਪੇਂਡੂ ਜਥੇਦਾਰ ਦੇ ਆਦਰਸ਼ਕ ਕ੍ਰੈਕਟਰ ਦੇ ਮਾਲਕ ਸਨ। ਆਪਣੇ ਘਰ ਵਿਚ ਰੋਟੀ ਸਾਦੀ ਮੰਜੇ ਉਪਰ ਬਹਿ ਕੇ ਥਾਲ਼ੀ ਵਿਚ ਖਾਇਆ ਕਰਦੇ ਸਨ। ਲਿਬਾਸ ਬਿਲਕੁਲ ਇਕੋ ਜਿਹਾ ਤੇ ਸਦਾ ਹੀ ਸਾਦਾ ਪਹਿਨਿਆ ਕਰਦੇ ਸਨ। ਗਲ਼ ਗੋਡਿਆਂ ਤੱਕ ਲੰਮਾ ਝੱਗਾ, ਤੇੜ ਅੰਮ੍ਰਿਤਸਰੀ ਕਾਟ ਦਾ ਪਜਾਮਾ, ਝੱਗੇ ਉਪਰ ਦੀ ਸਾਦੇ ਕੱਪੜੇ ਦੀ ਫਤੂਹੀ ਪਾਉਂਦੇ ਸਨ। ੧੯੬੩ ਤੋਂ ਲੈ ਕੇ ਆਖਰੀ ਮਿਲਣੀ ਤੱਕ ਮੈਂ ਉਹਨਾਂ ਨੂੰ ਏਹੀ ਲਿਬਾਸ ਪਹਿਨੀਂ ਵੇਖਿਆ। ਹਾਂ, ਸਰਦੀਆਂ ਨੂੰ ਝੱਗੇ ਦੇ ਉਤੋਂ ਦੀ ਗੋਡਿਆਂ ਤੱਕ ਲੰਮਾ ਬੰਦ ਗਲ਼ੇ ਵਾਲ਼ਾ ਕੋਟ ਪਾ ਲਿਆ ਕਰਦੇ ਸਨ।
ਸਿੱਖ ਪੰਥ ਦੀ ਸ਼੍ਰੋਮਣੀ ਸੰਸਥਾ ਦੇ ਪਹਿਲਾਂ ਪ੍ਰਧਾਨ ਜੀ ਦੇ ਪੀ.ਏ. ਵਜੋਂ ਮੁਲਾਜ਼ਮ ਰਹੇ ਅਤੇ ਫਿਰ ਲੰਮੇ ਸਮੇ ਤੱਕ ਇਸ ਦੇ ਮੈਂਬਰ, ਜਨਰਲ ਸਕੱਤਰ ਅਤੇ ਐਕਟਿੰਗ ਪ੍ਰਧਾਨ ਵੀ ਰਹੇ। ਏਸੇ ਤਰ੍ਹਾਂ ਪੰਜਾਬ ਦੇ ਮੁਖ ਮੰਤਰੀ ਦੇ ਸਿਆਸੀ ਸਕੱਤਰ ਦੇ ਰੂਪ ਵਿਚ ਮੁਲਾਜ਼ਮ ਅਤੇ ਫਿਰ ਖ਼ੁਦ ਮਾਲ ਮੰਤਰੀ ਰਹੇ।
ਹਿੰਦੁਸਤਾਨੀ ਮੀਡੀਆ ਦੇ ਗੈਰ ਪੰਜਾਬੀ ਬੁਲਾਰਿਆਂ ਨੂੰ ਪੰਜਾਬੀ ਦੀ ਸ਼ਬਦਾਵਲੀ ਦਾ ਗਿਆਨ ਨਾ ਹੋਣ ਕਰਕੇ, ਉਹ ਕਈ ਵਾਰ ਹੋਰ ਦਾ ਹੋਰ ਹੀ ਬੋਲ ਜਾਂਦੇ ਹਨ। ਜਦੋਂ ਜੂਨ ੧੯੮੪ ਵਿਚ ਫੌਜੀ ਹਮਲੇ ਸਮੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਚੋਂ ਅਕਾਲੀ ਆਗੂਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਤਾਂ ਉਹਨਾਂ ਵਿਚ ਸ. ਮੇਜਰ ਸਿੰਘ ਵੀ ਸਨ। ਮੀਡੀਆ ਤੋਂ ਕਈ ਵਾਰ ਇਉਂ ਇਹਨਾਂ ਦਾ ਨਾਂ "ਮੇਜਰ ਉਬੋਕ ਸਿੰਘ" ਸੁਣਿਆ ਗਿਆ। ਬੁਲਾਰੇ ਨੇ ਇਉਂ ਸਮਝਿਆ ਜਿਵੇਂ ਕੋਈ ਫੌਜ ਦਾ 'ਮੇਜਰ' ਹੋਵੇ ਤੇ ਉਸ ਦਾ ਨਾਂ 'ਉਬੋਕ ਸਿੰਘ' ਹੋਵੇ। ਸ਼ਾਇਦ ਉਹ ਸਮਝਦੇ ਹੋਣ ਕਿ ਹਿੰਦ ਸਰਕਾਰ ਦੀਆਂ ਫੌਜਾਂ ਦੇ ਦੰਦ ਖੱਟੇ ਕਰਨ ਵਾਲ਼ਾ ਮੇਜਰ ਜਨਰਲ ਸੁਬੇਗ ਸਿੰਘ ਸੀ ਅਤੇ ਇਹ ਵੀ ਉਸ ਤੋਂ ਛੋਟਾ ਕੋਈ ਮੇਜਰ ਹੋਵੇਗਾ। ਉਹ ਅਣਜਾਣ ਸਨ ਕਿ ਇਸ ਸੱਜਣ ਦਾ ਨਾਂ ਹੀ 'ਮੇਜਰ ਸਿੰਘ' ਹੈ ਅਤੇ 'ਉਬੋਕੇ' ਇਸ ਦੇ ਪਿੰਡ ਦਾ ਨਾਂ ਹੈ।



ਇਨਕਲਾਬੀ ਕਵੀ ਸ. ਅਜੀਤ ਸਿੰਘ ਰਾਹੀ
ਨਿਜੀ ਯਾਦਾਂ ਉਪਰ ਆਧਾਰਤ
੧੯੭੯ ਵਿਚ ਮੈਂ ਅਤੇ ਅਜੀਤ ਸਿੰਘ ਰਾਹੀ ਅੱਗੜ ਪਿੱਛੜ ਹੀ ਆਸਟ੍ਰੇਲੀਆ ਵਿਚ ਪਹੁੰਚੇ ਸੀ। ਥਾਈਲੈਂਡ, ਮਲੇਸੀਆ, ਸਿੰਘਾਪੁਰ, ਇੰਡੋਨੇਸੀਆ, ਕੈਲੇਡੋਨੀਆ ਮੁਲਕਾਂ ਵਿਚ ਦੀ ਵਿਚਰਦੇ ਹੋਏ ਏਥੇ ਅਪੜੇ ਸਾਂ। ਰਾਹੀ ਜੀ ਸ਼ਾਇਦ ਸਿੰਘਾਪੁਰੋਂ ਸਿਧੇ ਹੀ ਆ ਗਏ ਸਨ।
ਮੈਂ ਆਪਣੇ ਨਿੱਕੇ ਭਰਾ ਸ. ਸੇਵਾ ਸਿੰਘ ਨਾਲ਼ ਆਸਟ੍ਰੇਲੀਆ ਵਿਚ ਕੁਝ ਦਿਨ, ਰਾਹੀ ਜੀ ਤੋਂ ਬਾਅਦ ਦਾਖਲ ਹੋਇਆ ਸਾਂ ਜਦੋਂ ਕਿ ਰਾਹੀ ਜੀ, ਆਪਣੇ ਇਕ ਸਾਥੀ ਸ. ਮਨਜੀਤ ਸਿੰਘ ਔਜਲਾ ਸਮੇਤ ਸਾਡੇ ਤੋਂ ਪਹਿਲਾਂ ਪਹੁੰਚ ਗਏ ਸਨ।
ਸਾਡੀ ਪਹਿਲੀ ਮੁਲਾਕਾਤ ਨਿਊ ਸਾਊਥ ਵੇਲਜ਼ ਸਟੇਟ ਦੇ ਕੌਰਾ ਨਾਮੀ ਟਾਊਨ ਵਿਚ ਹੋਈ ਸੀ ਜਿੱਥੇ ਰਾਹੀ ਜੀ ਕੁਝ ਹੋਰ ਪੰਜਾਬੀ ਨੌਜਵਾਨਾਂ ਨਾਲ਼ ਐਸਪੈਰਾਗਸ ਕੱਟਣ ਦਾ ਕਾਰਜ ਕਰ ਰਹੇ ਸਨ। ਮੈ ਵੀ ਚਾਹੁੰਦਾ ਸੀ ਕਿ ਮੇਰਾ ਭਰਾ ਵੀ ਕੁਝ ਦਿਨ ਕਿਤੇ ਮੇਹਨਤ ਮਜ਼ਦੂਰੀ ਕਰਕੇ ਆਪਣਾ ਕਰਾਇਆ ਭਾੜਾ ਬਣਾ ਲਵੇ। ਸਿਡਨੀ ਤੋਂ ਸ. ਗੁਰਜੀਤ ਸਿੰਘ ਨੇ ਸਾਨੂੰ ਰੇਲ ਗੱਡੀ ਉਪਰ ਬਹਾ ਦਿਤਾ ਤੇ ਅੱਗੋਂ ਇਕ ਪੰਜਾਬੀ ਡਾਕਟਰ ਸਚਦੇਵਾ ਜੀ ਸਾਨੂੰ ਦੋਹਾਂ ਭਰਾਵਾਂ ਨੂੰ ਆਪਣੀ ਕਾਰ ਉਪਰ, ਫਾਰਮ ਵਿਚ ਬਣੀਆਂ ਇਹਨਾਂ ਦੀਆਂ ਬੈਰਕਾਂ ਵਿਚ ਪੁਚਾ ਆਏ। ਸਾਡਾ ਡੇਰਾ ਰਾਹੀ ਜੀ ਵਾਲ਼ੇਕਮਰੇ ਵਿਚ ਹੀ ਲਵਾ ਦਿਤਾ ਗਿਆ।
ਜਾਂ ਅਸੀਂ ਸਵੇਰੇ ਉਠੇ ਤਾਂ ਸਾਰੇ ਸੱਜਣ ਹੀ ਚੁਪ ਚਾਪ ਘੁਸਰ ਮੁਸਰ ਕਰਦੇ ਫਿਰਨ, ਕਿਸੇ ਦੇ ਝਰੀਟਾਂ ਆਈਆਂ ਹੋਈਆਂ ਸਨ। ਕਿਸੇ ਦੀ ਸ਼ਕਲ ਕਿਸੇ ਹੋਰ ਕਾਰਨ ਵਿਗੜੀ ਹੋਈ ਦਿਸੀ। ਰਾਹੀ ਜੀ ਲੰਗਾ ਕੇ ਤੁਰ ਰਹੇ ਸਨ। ਸਾਨੂੰ ਦੱਸੇ ਕੋਈ ਨਾ ਕਿ ਕੀ ਭਾਣਾ ਵਰਤਿਆ ਹੈ! ਹੌਲ਼ੀ ਹੌਲ਼ੀ ਦਿਨ ਚੜ੍ਹੇ ਪਤਾ ਲੱਗਾ ਕਿ ਰਾਤੀਂ ਕਿਸੇ ਕਾਰਨ ਪੁਲਿਸ ਦਾ ਛਾਪਾ ਪਿਆ ਸੀ ਤੇ ਇਹ ਸਾਰੇ ਵੀਜ਼ਾ ਮੁਕਾ ਬੈਠੇ ਹੋਣ ਕਰਕੇ, ਸਮਝੇ ਕਿ ਇਹਨਾਂ ਨੂੰ ਫੜਨ ਲਈ ਇਮੀਗ੍ਰੇਸ਼ਨ ਨੇ ਛਾਪਾ ਮਾਰਿਆ ਹੈ। ਇਹ ਸਾਰੇ ਛਾਲ਼ਾਂ ਮਾਰ ਕੇ ਝਾੜੀਆਂ ਵਿਚ ਜਾ ਵੜੇ। ਓਥੋਂ ਕੰਡੇ ਵੱਜੇ। ਕੈਂਪ ਦੇ ਪਿਛਵਾੜੇ ਵਗਦੀ ਨਦੀ ਟੱਪਦੇ ਕੁਝ ਉਸ ਵਿਚ ਡਿਗ ਪਏ। ਏਸੇ ਭੱਜ ਨੱਸ ਵਿਚ ਰਾਹੀ ਜੀ ਵੀ ਲੱਤ ਤੁੜਾ ਬੈਠੇ। ਮੈਂ ਕਿਹਾ, "ਓਇ ਸਾਨੂੰ ਵੀ ਦੱਸ ਦਿੰਦੇ! ਅਸੀਂ ਵੀ ਭੱਜ ਜਾਂਦੇ।" ਕਹਿੰਦੇ, "ਤੁਹਾਡੇ ਕੋਲ਼ ਬਾਬਾ (ਵੀਜ਼ਾ) ਹੈਗਾ ਸੀ।" ਭਰਾ ਨੂੰ ਓਥੇ ਛੱਡ ਕੇ ਮੁੜਨਾ ਤੇ ਮੈਂ ਓਸੇ ਸਮੇ ਹੀ ਸੀ ਪਰ ਓਥੇ ਦਾ ਰਮਣੀਕ ਆਲ਼ਾ ਦੁਆਲ਼ਾ ਵੇਖਣ ਦਾ ਮਾਰਾ ਚਾਰ ਦਿਨ ਰੁਕਿਆ ਰਿਹਾ।
ਇਹ ਸੀ ਮੇਰੀ ਰਾਹੀ ਜੀ ਨਾਲ਼ ਪਹਿਲੀ ਮੁਲਾਕਾਤ। ਬਾਕੀ ਕੁਝ ਲੋਕਾਂ ਵਾਂਗ ਅਸੀਂ ਵੀ, ਰਾਹੀ ਜੀ ਮੈਲਬਰਨ ਤੋਂ ਹੋ ਕੇ ਨਿਊ ਸਾਊਥ ਵੇਲਜ਼ ਸਟੇਟ ਦੇ ਖੇਤੀ ਵਾਲ਼ੇ ਟਾਊਨ ਗ੍ਰਿਫ਼ਿਥ ਵਿਚ ਅਤੇ ਮੈਂ ਸਿਡਨੀ ਵਿਚ, ਸਰੀਰਕ ਅਤੇ ਆਰਥਕ ਪੱਖੋਂ ਸੈਟਲ ਹੋ ਗਏ।
ਦੂਜੀ ਵਾਰ ਰਾਹੀ ਜੀ ਨਾਲ਼ ਮੇਰਾ ਮੇਲ਼ ਜੂਨ ੧੯੮੪ ਵਿਚ ਓਦੋਂ ਹੋਇਆ ਜਦੋਂ ਉਹ ਹਿੰਦੁਸਤਾਨੀ ਫੌਜਾਂ ਦੇ, ਸ੍ਰੀ ਦਰਬਾਰ ਸਾਹਿਬ ਉਪਰ ਹੋਏ ਹਮਲੇ ਦੇ ਵਿਰੁਧ, ਸਿਡਨੀ ਵਿਚ ਹੋਣ ਵਾਲ਼ੇ ਮੁਜ਼ਾਹਰੇ ਵਿਚ ਸ਼ਾਮਲ ਹੋਣ ਲਈ ਗ੍ਰਿਫ਼ਿਥ ਅਤੇ ਨੇੜਲੇ ਟਾਊਨਾਂ ਦੇ ਸਿੱਖਾਂ ਦਾ ਜਥਾ  ਲੈ ਕੇ ਆਏ। ਸ਼ਹਿਰ ਦੇ ਕੇਂਦਰ ਮਾਰਟਨ ਪਲੇਸ ਵਿਚ ਪਹਿਲਾਂ ਮੈਨੂੰ ਹੀ ਆਣ ਕੇ ਮਿਲ਼ੇ ਅਤੇ ਪ੍ਰੋਗਰਾਮ ਬਾਰੇ ਜਾਣਕਾਰੀ ਲਈ।
ਉਸ ਪਿੱਛੋਂ ਫਿਰ ਅਸੀ ਸਾਰੇ ਰਲ਼ ਕੇ ਚਾਹੇ ਸਿਡਨੀ ਚਾਹੇ ਰਾਜਧਾਨੀ ਕੈਨਬਰਾ, ਹਰੇਕ ਥਾਂ ਮੁਜ਼ਾਹਰਿਆਂ ਵਿਚ ਸ਼ਾਮਲ ਹੁੰਦੇ ਰਹੇ। ਹਿੰਦੁਸਤਾਨੀ ਫੌਜਾਂ ਦੇ ਇਸ ਹਮਲੇ ਨੇ ਸਾਰੇ ਸੰਸਾਰ ਵਿਚ ਵਸਦੇ ਸਿੱਖਾਂ ਦੀ ਸੋਚ ਨੂੰ ਝੰਜੋੜ ਕੇ ਰੱਖ ਦਿਤਾ। ਇਸ ਬੇਲੋੜੇ ਅਤੇ ਜੱਗੋਂ ਤੇਹਰਵੀਂ ਕਰਨ ਵਾਲੇ ਹਮਲੇ ਕਾਰਨ ਸੰਸਾਰ ਭਰ ਦੇ ਸਿੱਖ ਸਮਾਜ ਦੀ ਸੋਚ ਦੇ ਸਮੀਕਰਨ ਹੀ ਬਦਲ ਗਏ। ਕਦੀ ਵੀ ਨਾ ਸੋਚੀ ਜਾਣ ਵਾਲ਼ੀ ਅਣਹੋਣੀ ਵਾਪਰ ਗਈ। ਹਰੇਕ ਤਰ੍ਹਾਂ ਦੀ ਸਿਆਸੀ ਅਤੇ ਧਾਰਮਿਕ ਵਿਚਾਰ ਰੱਖਣ ਵਾਲ਼ੇ ਸਿੱਖਾਂ ਨੇ ਬਤੌਰ ਸਿੱਖ ਸੋਚਣਾ ਸ਼ੁਰੂ ਕਰਦਿਤਾ।
ਸ. ਅਜੀਤ ਸਿੰਘ ਰਾਹੀ ਜੀ ਕੱਟੜ ਖੱਬੇਪੱਖੀ ਵਿਚਾਰਧਾਰਾ ਦੇ ਪੇਰੋਕਾਰ ਸਨ। ਇਸ ਤੋਂ ਪਹਿਲਾਂ ਦੀਆਂ ਉਹਨਾਂ ਦੀ ਲਿਖਤਾਂ ਕਮਿਊਨਿਸਟ ਵਿਚਾਰਾਂ ਤੋਂ ਪ੍ਰਭਾਵਤ ਹੋਣ ਕਰਕੇ, ਨਕਸਲੀ ਲਹਿਰ ਵਿਚ ਨਾ ਕੇਵਲ ਉਹਨਾਂ ਨੇ ਸਰਗਰਮ ਹਿੱਸਾ ਹੀ ਲਿਆ ਬਲਕਿ ਉਸ ਬਾਰੇ ਕਵਿਤਾ ਅਤੇ ਵਾਰਤਕ ਵੀ ਸੱਬਰਕੱਤੀ ਲਿਖੀ। ਬਹੁਤ ਸਾਰੇ ਸੁਲਝੇ ਹੋਏ ਨਾਸਤਕ ਅਤੇ ਖੱਬੀ ਸੋਚ ਦੇ ਮੁਦਈ ਜੇਹੜੇ ਗਿਣਤੀ ਦੇ ਸਾਹਿਤਕਾਰ ਸਿੱਖਾਂ ਦੀਆਂ ਕਲਮਾਂ ਨੇ ਸਿੱਖੀ ਵਿਚਾਰਧਾਰਾ ਵੱਲ ਮੋੜਾ ਖਾ ਲਿਆ, ਉਹਨਾਂ ਵਿਚ ਇਕ ਉਘਾ ਨਾਂ ਸ. ਅਜੀਤ ਸਿੰਘ ਰਾਹੀ ਵੀ ਹੈ। ਇਸ ਤੋਂ ਅੱਗੇ ਤੇ ਫਿਰ ਚਾਹੇ ਉਹਨਾਂ ਨੇ ਕਵਿਤਾ ਲਿਖੀ ਜਾਂ ਵਾਰਤਕ ਤੇ ਜਾਂ ਫਿਰ 'ਨਾਦਰਸ਼ਾਹ ਦੀ ਵਾਪਸੀ' ਵਰਗਾ ਵੱਡਾ ਨਾਵਲ ਲਿਖਿਆ, ਉਸ ਵਿਚ ਜੂਨ ਚੌਰਾਸੀ ਤੋਂ ਬਾਅਦ ਦੇਸ ਵਿਚ ਵਾਪਰਨ ਵਾਲ਼ੇ ਜ਼ੁਲਮ ਦੇ ਖ਼ਿਲਾਫ਼ ਹੀ ਲਿਖਿਆ ਤੇ ਲਿਖਿਆ ਵੀ ਯਥਾਰਥ।
ਇਸ ਦੌਰਾਨ ਫਿਰ ਗ੍ਰਿਫ਼ਿਥ ਵਿਚ ਮੇਰਾ ਅਕਸਰ ਹੀ ਆਉਣ ਜਾਣ ਬਣਿਆ ਰਿਹਾ। ਚਾਹੇ ਸ਼ਹੀਦੀ ਟੂਰਨਾਮੈਂਟ ਹੋਵੇ ਜਾਂ ਗੁਰਦੁਆਰਾ ਕਮੇਟੀ ਵਾਲ਼ੇ ਸੱਦਣ ਤੇ ਚਾਹੇ ਵੈਸੇ ਹੀ ਸਿਡਨੀ ਵਰਗੇ ਮਹਾਂ ਨਗਰ ਤੋਂ ਕੁਝ ਦਿਨ ਬਾਹਰ ਰਹਿਣ ਨੂੰ ਜੀ ਕਰੇ, ਰਾਹੀ ਜੀ ਦੇ ਟਾਊਨ ਗ੍ਰਿਫ਼ਿਥ ਵੱਲ ਹੀ ਮੂੰਹ ਕਰਕੇ ਤੁਰ ਪੈਂਦਾ ਹਾਂ।
ਅਜੋਕੀ ਖੁਲ੍ਹੀ ਕਵਿਤਾ ਪੜ੍ਹ ਜਾਂ ਸੁਣ ਕੇ ਜੇ ਮੈਂ ਅਨੰਦ ਪ੍ਰਾਪਤ ਕਰਦਾ ਹਾਂ ਤਾਂ ਉਹ ਕੇਵਲ ਰਾਹੀ ਜੀ ਦੀ ਖੁਲ੍ਹੀ ਕਵਿਤਾ ਹੀ ਹੈ।
ਰਾਹੀ ਜੀ ਪੰਜਾਬੀ ਦੇ ਉਚ ਦੁਮਾਲੜੇ ਸਾਹਿਤਕਾਰ ਸਨ। ਉਹਨਾਂ ਦੇ ਜਾਣ ਨਾਲ਼ ਪਰਵਾਰ ਤੋਂ ਅੱਗੇ ਵਧ ਕੇ ਸਿੱਖ ਸਮਾਜ ਅਤੇ ਪੰਜਾਬੀ ਸਾਹਿਤ ਨੂੰ ਵੀ ਨਾ ਪੂਰਾ ਹੋਣ ਵਾਲ਼ਾ ਘਾਟਾ ਪਿਆ ਹੈ। ਅਸੀਂ, ਜਦੋਂ ਵੀ ਮਿਲ਼ਦੇ ਸਾਂ, ਅਕਸਰ ਹੀ ਆਸਟ੍ਰੇਲੀਆ ਦੇ ਸਿੱਖ ਸਮਾਜ ਅਤੇ ਸਾਹਿਤ ਬਾਰੇ ਵਿਚਾਰਾਂ ਕਰਿਆ ਕਰਦੇ ਸਾਂ। ਉਹਨਾਂ ਨੇ ਸਾਹਿਤ ਦੀ ਤਕਰੀਬਨ ਹਰੇਕ ਵਿਧਾ ਵਿਚ ਭਰਪੂਰ ਸਾਹਿਤ ਦੀ ਰਚਨਾ ਕੀਤੀ ਹੈ। ਗ੍ਰਿਫ਼ਿਥ ਦੇ ਪੰਜਾਬੀ ਭਾਈਚਾਰੇ ਦੀ ਹਰੇਕ ਸਰਗਰਮੀ ਵਿਚ ਉਹ ਮੋਹਰੀ ਹਿੱਸਾ ਪਾਉਂਦੇ ਰਹੇ। ਚਾਹੇ ਸ਼ਹੀਦੀ ਟੂਰਨਾਮੈਂਟ ਹੋਵੇ ਜਾਂ ਗੁਰਦੁਆਰਾ ਸਾਹਿਬ ਦੀ ਉਸਾਰੀ ਜਾਂ ਪ੍ਰਬੰਧ ਦਾ ਕਾਰਜ ਹੋਵੇ, ਰਾਹੀ ਜੀ ਅੱਗੇ ਹੋ ਕੇ ਹਿੱਸਾ ਪਾਉਂਦੇ ਸਨ। ਮੈਂ ਬਹੁਤ ਸਮਾ ਪਹਿਲਾਂ ਰਾਹੀ ਜੀ ਨਾਲ਼ ਇਕ ਲੰਮੀ ਮੁਲਾਕਾਤ, ਜੋ ਕਈ ਪੱਤਰਾਂ ਵਿਚ ਛਪਣ ਤੋਂ ਇਲਾਵਾ ਮੇਰੀ ਤੀਜੀ ਕਿਤਾਬ ਯਾਦਾਂ ਭਰੀ ਚੰਗੇਰ ਵਿਚ ਵੀ ਛਪੀ ਹੋਈ ਹੈ। ਇਸ ਵਿਚ ਮੈਂ ਖ਼ਾਲਿਸਤਾਨ ਸਮੇਤ, ਬਹੁਤ ਸਾਰੇ ਮਸਲਿਆਂ ਉਪਰ, ਰਾਹੀ ਜੀ ਨੂੰ ਖੁਲ੍ਹ ਕੇ ਸਵਾਲ ਕੀਤੇ ਸਨ ਤੇ ਓਨੀ ਹੀ ਬੇਬਾਕੀ ਨਾਲ਼ ਰਾਹੀ ਜੀ ਨੇ ਉਹਨਾਂ ਦੇ ਜਵਾਬ ਦਿਤੇ ਸਨ।
ਰੱਬ ਮੇਹਰ ਕਰੇ, ਰਾਹੀ ਜੀ ਦੀ ਆਤਮਾ ਜਿਸ ਵੀ ਰੂਪ ਵਿਚ ਹੈ, ਉਸ ਨੂੰ ਸ਼ਾਂਤੀ ਅਤੇ ਸਰਬੱਤ ਪਰਵਾਰ, ਸੰਗੀਆਂ, ਸਾਥੀਆਂ, ਮਿੱਤਰਾਂ, ਸ਼ੁਭਚਿੰਤਕਾਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ।



ਹਾਲੈਂਡ ਦੀ ਮੇਰੀ ਪਹਿਲੀ ਯਾਤਰਾ
੧੯੭੭ ਵਾਲ਼ੀ ਆਪਣੀ ਸੰਸਾਰ ਫੇਰੀ ਦੌਰਾਨ ਮੈ ਹਾਲੈਂਡ ਦੇ ਵੱਡੇ ਸ਼ਹਿਰ ਐਮਸਟਰਡੈਮ ਵਿਚ ਜਾ ਉਤਰਿਆ। ਨੀਦਰਲੈਂਡ ਤੇ ਡੱਚ ਵੀ ਏਸੇ ਮੁਲਕ ਦੇ ਹੀ ਹੋਰ ਦੋ ਨਾਂ ਹਨ। ਹਵਾਈ ਅੱਡੇ ਤੋਂ ਉਤਰ ਕੇ ਸੈਲਾਨੀਆਂ ਵਾਲ਼ੇ ਇਕ ਸਸਤੇ ਜਿਹੇ ਹੋਟਲ ਵਿਚ ਜਾ ਆਪਣਾ ਟਿੰਡ ਫਹੁੜੀ ਰੱਖਿਆ। ਹਵਾਈ ਅਡੇ ਤੋਂ ਹੋਟਲ ਤੱਕ ਕਿਵੇਂ ਪੁੱਜਾ, ਇਹ ਤਾਂ ਹੁਣ ਯਾਦ ਨਹੀ ਰਿਹਾ। ਆਮ ਤੌਰ 'ਤੇ ਮੈ ਟੈਕਸੀ 'ਤੇ ਸਫਰ ਓਦੋਂ ਹੀ ਕਰਦਾ ਹਾਂ ਜਦੋਂ ਇਸ ਦੀ ਮਜਬੂਰੀ ਹੋਵੇ। ਹਵਾਈ ਅੱਡੇ, ਬੱਸ ਸਟੈਂਡ ਜਾਂ ਰੇਲਵੇ ਸਟੇਸ਼ਨ ਤੋਂ ਉਤਰ ਕੇ ਟਿਕਾਣੇ ਪਹੁੰਚਣ ਲਈ ਮੈਂ ਸਭ ਤੋਂ ਪਹਿਲਾਂ ਓਥੇ ਜਾਣ ਵਾਲ਼ੀ ਲੋਕਲ ਬੱਸ ਜਾਂ ਰੇਲ ਦਾ ਹੀ ਪਤਾ ਕਰਦਾ ਹਾਂ। ਜਾਂ ਫਿਰ ਦੋ ਚਾਰ ਕਿਲੋ ਮੀਟਰ ਤੁਰਨਾ ਵੀ ਪਵੇ ਤਾਂ ਵੀ ਟੈਕਸੀ ਵਾਲੀ 'ਫੈਲਸੂਫ਼ੀ' ਤੋਂ ਬਚਾ ਹੀ ਕਰਦਾ ਹਾਂ। ਦਹਾਕੇ ਬੀਤ ਜਾਣ ਪਿਛੋਂ ਬਹੁਤ ਸਾਰੀਆਂ ਗੱਲਾਂ ਯਾਦ ਨਹੀ ਰਹਿੰਦੀਆਂ। ਡਾਇਰੀ ਮੈਂ ਲਿਖਦਾ ਕੋਈ ਨਹੀ। ਇਸ ਲਈ ਮੇਰੀ ਹਰੇਕ ਲਿਖਤ ਮੇਰੀ ਯਾਦਦਾਸ਼ਤ 'ਤੇ ਹੀ ਨਿਰਭਰ ਹੁੰਦੀ ਹੈ।
ਹੋਟਲ ਵਿਚੋਂ ਨਹਾ ਕੇ ਤੇ ਕੱਪੜੇ ਬਦਲ ਕੇ ਜਦੋਂ ਮੈਂ ਬਾਹਰ ਬਾਜ਼ਾਰ ਨੂੰ ਨਿਕਲ਼ਿਆ ਤਾਂ ਸੋਚਿਆ ਕਿ ਕੋਈ ਭਾਰਤੀ ਢਾਬਾ ਮਿਲ਼ੇ ਤਾਂ ਰੋਟੀ ਖਾਧੀ ਜਾਵੇ। ਜਿਉਂ ਹੀ ਕੀਨੀਆਂ ਦੀ ਰਾਜਧਾਨੀ ਨੈਰੋਬੀ ਤੋਂ ਚੱਲਿਆ ਸਾਂ, ਰਾਹ ਵਿਚ ਰੋਟੀ ਕਿਤੇ ਨਹੀ ਸੀ ਮਿਲ਼ ਸਕੀ। ਰੋਟੀ ਨਾਲ਼ ਮਿਲ਼ਦਾ ਜੁਲ਼ਦਾ ਰੋਮ ਵਿਚ ਪੀਜ਼ਾ ਹੀ ਪਹਿਲੀ ਵਾਰ ਵੇਖਿਆ, ਸੁਣਿਆ ਤੇ ਖਾਣ ਦਾ ਨਾਟਕ ਜਿਹਾ ਕੀਤਾ ਸੀ। ਯਾਦ ਰਹੇ ਕਿ ਓਹਨੀਂ ਦਿਨੀਂ ਨੈਰੋਬੀ ਤੋਂ ਬਾਅਦ ਸਿਰਫ ਵਲੈਤ ਵਿਚ ਹੀ ਗੁਰਦੁਆਰੇ ਹੁੰਦੇ ਸਨ। ਕੀਨੀਆਂ ਤੋਂ ਪਿਛੋਂ ਹੋਰ ਕਿਸੇ ਮੁਲ਼ਕ ਵਿਚ ਗੁਰਦੁਆਰਾ ਨਹੀ ਸੀ ਹੁੰਦਾ। ਕੀਨੀਆਂ ਦੇ ਗਵਾਢੀ ਮੁਲਕ, ਯੂਗੰਡਾ ਵਿਚ ਗੁਰਦੁਆਰੇ ਸਨ ਪਰ ਓਹਨੀਂ ਦਿਨੀਂ ਓਥੋਂ ਈਦੀ ਅਮੀਨ ਵੱਲੋਂ ਹਿੰਦੁਸਤਾਨੀਆਂ ਨੂੰ ਕਢ ਦਿਤੇ ਜਾਣ ਕਾਰਨ ਉਹ ਬੰਦ ਸਨ ਤੇ ਏਸੇ ਲਈ ਦੋ ਵਾਰੀਂ ਓਥੋਂ ਦਾ ਮੇਰੀ ਟਿਕਟ ਵਿਚ ਸਟੇ ਹੋਣ ਦੇ ਬਾਵਜੂਦ, ਮੈਂ ਓਥੇ ਉਤਰਨ ਦਾ ਹੌਸਲਾ ਨਹੀ ਸੀ ਕਰ ਸਕਿਆ ਤੇ ਇਸ ਤਰ੍ਹਾਂ ਪਹਿਲਾਂ ੧੯੭੫ ਵਿਚ ਤੇ ਫਿਰ ੧੯੭੭ ਵਿਚ ਦੋਵੇਂ ਵਾਰੀਂ ਸਿਧਾ ਹੀ ਨੈਰੋਬੀ ਤੋਂ, ਮਿਸਰ ਦੀ ਰਾਜਧਾਨੀ ਕਾਹਿਰਾ ਆ ਉਤਰਿਆ ਸਾਂ।
ਬਾਜ਼ਾਰ ਵਿਚ ਨਿਕਲ਼ਿਆ ਤਾਂ ਇਕ ਹਿੰਦੁਸਤਾਨੀ ਨੂੰ ਕਿਸੇ ਢਾਬੇ ਬਾਰੇ ਪੁਛਿਆ। ਯਾਦ ਰਹੇ ਕਿ ਦੱਖਣੀ ਅਮ੍ਰੀਕਾ ਦਾ ਮੁਲਕ ਸੁਰੀਨਾਮ, ਡੱਚਾਂ ਦੇ ਅਧੀਨ ਰਿਹਾ ਸੀ। ਓਥੇ ਭਾਰਤੀ ਮੂਲ ਦੇ ਬਹੁਤ ਸਾਰੇ ਲੋਕ ਰਹਿੰਦੇ ਸਨ ਜਿਨ੍ਹਾਂ ਵਿਚੋ ਸਮੇ ਸਮੇ ਸੱਬਰਕੱਤੀ ਗਿਣਤੀ ਵਿਚ ਏਥੇ ਹਾਲੈਂਡ ਆ ਵਸੇ ਸਨ। ਉਸ ਨੇ ਇਕ ਰੈਸਟੋਰੈਂਟ ਦਾ ਅਤਾ ਪਤਾ ਦੱਸਿਆ। ਮੈਂ ਟਰੈਮ ਫੜ ਕੇ ਉਸ ਚੌਂਕ ਵਿਚ ਜਾ ਉਤਰਿਆ। ਆਲ਼ੇ ਦੁਆਲ਼ੇ ਝਾਤ ਮਾਰੀ ਪਰ ਕੋਈ ਭਾਰਤੀ ਸ਼ਕਲ ਨਾ ਦਿਸੀ। ਚੌਂਕ ਦੇ ਦੂਸਰੇ ਪਾਸੇ ਦੋ ਬੀਬੀਆਂ ਸਲਵਾਰ ਕਮੀਜ਼ ਵਾਲ਼ੇ ਸੂਟਾਂ ਵਿਚ ਸਜੀਆਂ, ਇਸ ਪਾਸੇ ਨੂੰ ਪਿਠ ਕਰਕੇ ਖਲੋਤੀਆਂ, ਦਿਸ ਪਈਆਂ। ਪਤਾ ਪੁਛਣ ਲਈ ਮੈ ਚੌਂਕ ਲੰਘ ਕੇ ਉਹਨਾਂ ਨੂੰ ਜਾ ਬੁਲਾਇਆ। ਉਹਨਾਂ ਦੇ ਸੂਟਾਂ ਦੀ ਬਣਤਰ ਪੂਰਬੀ ਪੰਜਾਬ ਦੇ ਸੂਟਾਂ ਦੇ ਮੁਕਾਬਲੇ ਕੁਝ ਪੁਰਾਣੇ ਫੈਸ਼ਨ ਦੀ ਹੋਣ ਕਰਕੇ, ਉਹਨਾਂ ਦੇ ਪੰਜਾਬਣਾਂ ਹੋਣ ਬਾਰੇ ਸ਼ੰਕਾ ਤਾਂ ਪਹਿਲਾਂ ਹੀ ਮੇਰੀ ਸੋਚ ਵਿਚ ਉਪਜ ਗਿਆ ਸੀ ਪਰ ਜਦੋਂ ਮੇਰੇ ਬੁਲਾਉਣ ਤੇ ਉਹਨਾਂ ਨੇ ਮੇਰੇ ਵੱਲ ਆਪਣੇ ਮੂੰਹ ਭਵਾਏਂ ਤਾਂ ਸ਼ੰਕਾ ਸਚਾਈ ਵਿਚ ਪਰਗਟ ਹੋ ਗਿਆ। ਉਹਨਾਂ ਦੇ ਕੱਦ ਆਮ ਪੰਜਾਬਣਾਂ ਨਾਲ਼ੋ ਲੰਮੇ ਤੇ ਰੰਗ ਵੀ ਕੁਝ ਵਧ ਨਿਖਰਵੇਂ ਹੋਣ ਕਰਕੇ ਮੈਨੂੰ ਇਹ ਆਭਾਸ ਹੋ ਗਿਆ ਕਿ ਉਹ ਸਾਡੇ ਪਾਸੇ ਵੱਲ ਦੀਆਂ ਪੰਜਾਬਣਾਂ ਨਹੀਂ ਸਨ। ਫਿਰ ਵੀ ਬੁਲਾਉਣਾ ਤੇ ਸੀ ਹੀ। ਮੇਰੇ ਉਹਨਾਂ ਤੋਂ ਪੰਜਾਬੀ ਜਾਣਦੀਆਂ ਹੋਣ ਬਾਰੇ ਪੁੱਛਣ 'ਤੇ ਉਹਨਾਂ ਨੇ ਆਖਿਆ ਕਿ ਉਹ ਪਠਾਣੀਆਂ ਹਨ ਤੇ ਪੰਜਾਬੀ ਨਹੀ ਜਾਣਦੀਆਂ ਪਰ ਥੋਹੜਾ ਕੁ ਉਰਦੂ ਸਮਝ ਲੈਂਦੀਆਂ ਹਨ। ਅਗਲੇ ਸਵਾਲ ਬਾਰੇ ਉਹ ਵੀ ਮੇਰੇ ਵਾਂਗ ਅਣਜਾਣ ਹੀ ਸਨ ਪਰ ਸਾਡੇ ਤਿੰਨਾਂ ਦੇ ਆਲ਼ੇ ਦੁਆਲ਼ੇ ਝਾਤੀ ਮਾਰਦਿਆਂ ਮੇਰੀ ਨਜਰ ਇਕ ਬੋਰਡ ਉਤੇ ਪੈ ਗਈ। ਉਹ ਦਿੱਲੀ ਦੇ ਵਸਨੀਕ ਕਿਸੇ ਭਾਈ ਬਲਬੀਰ ਸਿੰਘ ਦਾ ਇੰਡੀਅਨ ਰੈਸਟੋਰੈਂਟ ਸੀ। ਮੈਂ ਉਹਨਾਂ ਦਾ ਸ਼ੁਕਰੀਆ ਕਰਕੇ ਰੈਸਟੋਰੈਂਟ ਦੀਆਂ ਪਉੜੀਆਂ ਜਾ ਚੜ੍ਹਿਆ। ਇਕ ਕੁਰਸੀ ਮੱਲ ਕੇ ਉਸ ਨੂੰ ਅਜੇ 'ਭਾਗ' ਲਾਏ ਹੀ ਸਨ ਕਿ ਇਕ ਮੋਨਾ ਪੰਜਾਬੀ ਨੌਜਵਾਨ ਮੈਨਿਊ ਵਾਲ਼ਾ ਗੱਤਾ ਫੜ ਕੇ ਆ ਗਿਆ ਤੇ ਮੇਰੇ ਅੱਗੇ ਰੱਖ ਦਿਤਾ। ਮੈ ਉਹ ਚੁੱਕ ਕੇ ਇਹ ਆਖਦਿਆਂ, "ਇਹਨੂੰ ਰੱਖ ਪਰੇ ਤੇ ਜੋ ਚੰਗਾ ਤੇ ਸਸਤਾ ਹੈ ਉਹ ਲੈ ਆ।" ਟੇਬਲ ਉਤੇ ਇਕ ਪਾਸੇ ਕਰਕੇ ਰੱਖ ਦਿਤਾ। ਉਸ ਨੇ ਫਿਰ ਮੇਰੀ ਸਾਬਤ ਦਾਹੜੀ ਅਤੇ ਪੱਗ ਵੱਲ ਚੰਗੀ ਝਾਤੀ ਮਾਰਦੇ ਹੋਏ, ਮੇਰੇ ਬਾਰੇ ਕੁਝ ਅੰਦਾਜ਼ਾ ਜਿਹਾ ਲਾ ਕੇ, ਵੈਸ਼ਨੋ ਥਾਲ਼ੀ ਦਾ ਸੁਝਾਅ ਦਿਤਾ। ਮੈਂ ਆਖਿਆ. "ਛੇਤੀ ਕਰ ਤੇ ਲਿਆ।" ਉਸ ਨੇ ਫੌਰਨ ਤੋਂ ਪਹਿਲਾਂ ਹੀ ਸਜਾਈ ਹੋਈ ਥਾਲ਼ੀ ਮੇਰੇ ਅੱਗੇ ਲਿਆ ਰੱਖੀ। ਉਸ ਵਿਚ ਦੋ ਤੰਦੂਰੀ ਰੋਟੀਆਂ, ਇਕ ਪਾਪੜ, ਇਕ ਕੌਲੀ ਵਿਚ ਦਾਲ਼, ਇਕ ਵਿਚ ਸਬਜ਼ੀ, ਸਾਲਾਦ, ਅਚਾਰ ਆਦਿ ਸਨ। ਥੋਹੜੇ ਕੁ ਸ਼ਾਇਦ ਚੌਲ਼ ਵੀ ਸਨ। ਇਹ ਸਾਰਾ ਕੁਝ ਛਕਣ ਉਪ੍ਰੰਤ ਮੇਰੀ ਪੂਰੀ ਤਸੱਲੀ ਹੋ ਗਈ ਤੇ ਨਾਲ਼ ਹੀ ਇਸ ਗੱਲ਼ ਦੀ ਵੀ ਭਰਪੂਰ ਤਸੱਲੀ ਹੋਈ ਕਿ ਉਹ ਸਾਰਾ ਕੁਝ ਹੀ ਮੈਂ ਮੁਕਾ ਵੀ ਦਿਤਾ ਤੇ ਭਰਪੂਰ ਵੀ ਹੋ ਗਿਆ; ਨਹੀ ਤਾਂ ਆਮ ਤੌਰ 'ਤੇ ਇਸ ਤਰ੍ਹਾ ਦੇ ਪਰੋਸੇ ਹੋਏ ਖਾਣੇ ਘੱਟ ਹੀ ਕਦੀ ਮੇਰੇ ਪਾਸੋਂ ਮੁੱਕੇ ਹਨ ਤੇ ਜੂਠ ਛੱਡਣ ਕਰਕੇ ਨਾ ਖ਼ੁਸੀ ਜਿਹੀ ਵੀ ਹੋ ਜਾਂਦੀ ਹੈ ਕਿਉਂਕਿ ਕਈ ਕਾਰਨਾਂ ਕਰਕੇ ਸੋਚ ਵਿਚ ਇਹ ਗੱਲ ਅੜੀ ਹੋਈ ਹੈ ਕਿ ਜੂਠ ਛੱਡਣਾ ਪਾਪ ਹੈ।
ਰੈਸਟੋਰੈਂਟ ਦਾ ਮਾਲਕ ਆਪ ਤਾਂ ਦਿੱਲੀ ਗਿਆ ਹੋਇਆ ਸੀ। ਉਸ ਚੰਗੇ ਨੌਜਵਾਨ ਨੇ, ਅਫ਼ਸੋਸ ਕਿ ਮੈਨੂੰ ਉਸ ਦਾ ਨਾਂ ਨਹੀ ਹੁਣ ਯਾਦ, ਉਹ ਪੱਟੀ ਦੇ ਨੇੜੇ ਕਿਸੇ ਪਿੰਡ ਦਾ ਵਸਨੀਕ ਸੀ, ਮੇਰੇ ਪਾਸੋਂ ਥਾਲ਼ੀ ਦੇ ਪੈਸੇ ਉਸ ਮੁਲਕ ਦੀ ਕਰੰਸੀ, ਪੰਜ ਗਿਲਡਨ, ਲੈ ਲਏ ਜੋ ਕਿ ਉਸ ਦੀ ਡਿਊਟੀ ਬਣਦੀ ਸੀ। ਨਾਲ਼ ਹੀ ਮੈਨੂੰ ਆਖਿਆ ਕਿ ਦਸ ਵਜੇ ਰਾਤ ਦੇ ਰੈਸਟੋਰੈਂਟ ਉਸ ਨੇ ਬੰਦ ਕਰਨਾ ਹੈ। ਜੇਕਰ ਮੈਂ ਉਸ ਸਮੇ ਮੁੜ ਆ ਸਕਾਂ ਤਾਂ ਉਹ ਮੈਨੂੰ ਰਾਤ ਸ਼ਹਿਰ ਘੁਮਾ ਦੇਵੇਗਾ। "ਅੰਨ੍ਹਾ ਕੀ ਭਾਲ਼ੇ ਦੋ ਅੱਖਾਂ!" ਮੈ ਖ਼ੁਸ਼ੀ ਪਰਗਟ ਕਰਕੇ ਹਾਂ ਕਰ ਦਿਤੀ ਤੇ ਦੱਸੇ ਸਮੇ ਤੇ ਮੁੜ ਓਥੇ ਚਲਿਆ ਗਿਆ। ਉਸ ਸੋਹਣੇ ਸੱਜਣ ਨੇ ਰੈਸਟੋਰੈਂਟ ਬੰਦ ਕੀਤਾ ਤੇ ਮੈਨੂੰ ਆਪਣੇ ਨਾਲ਼ ਲੈ ਕੇ ਬਹੁਤ ਸਾਰਾ ਸ਼ਹਿਰ ਟਰਾਮਾਂ ਰਾਹੀਂ ਘੁਮਾਇਆ। ਟਿਕਟ, ਆਈਸ ਕਰੀਮ, ਕਾਫੀ ਆਦਿ ਦੇ ਪੈਸੇ ਵੀ ਮੈਨੂੰ ਕਿਤੇ ਨਹੀ ਦੇਣ ਦਿਤੇ। ਫਿਰ ਸਭ ਤੋਂ ਵਡੇਰੀ ਖ਼ੁਸ਼ੀ ਵਾਲੀ ਗੱਲ਼ ਇਹ ਕੀਤੀ ਕਿ ਮੇਰੇ ਵਰਗੇ ਵਾਸਤੇ ਗ਼ਲਤ ਸਮਝੀਆਂ ਜਾਣ ਵਾਲੀਆ ਥਾਵਾਂ, ਜਿਨ੍ਹਾਂ ਦੀ ਕਿ ਪੱਛਮੀ ਮੁਲਕਾਂ ਵਿਚ ਭਰਮਾਰ ਹੈ, ਦਾ ਕਿਤੇ ਵੀ ਜ਼ਿਕਰ ਨਹੀ ਕੀਤਾ ਤੇ ਨਾ ਹੀ ਉਹਨਾਂ ਥਾਵਾਂ ਦੇ ਕਿਤੇ ਨੇੜੇ ਦੀ ਲੰਘੇ; ਹਾਲਾਂ ਕਿ ਜਿਸ ਹੋਟਲ ਵਿਚ ਮੈ ਠਹਿਰਿਆ ਹੋਇਆ ਸਾਂ ਉਸ ਦੇ ਰਾਹ ਵਿਚ ਅਜਿਹਾ ਬਾਜ਼ਾਰ ਪੈਂਦਾ ਸੀ ਜਿਥੇ ਕਿ ਸਾਡੇ ਸਮਾਜ ਦੀ ਸੋਚ ਅਨੁਸਾਰ ਗ਼ਲਤ ਥਾਵਾਂ ਸਨ। ਹੋਰ ਦਿਲਚਸਪੀ ਵਾਲ਼ੇ ਸਥਾਨਾਂ ਬਾਰੇ ਨਾਲ਼ ਨਾਲ਼ ਆਪਣੀ ਜਾਣਕਾਰੀ ਰਾਹੀਂ ਰੋਸ਼ਨੀ ਪਾਉਂਦਾ ਗਿਆ।
ਇਕ ਚੌਂਕ ਵਿਚ ਜਦੋਂ ਟਰਾਮ ਪੁੱਜੀ ਤਾਂ ਉਸ ਨੇ ਦੱਸਿਆ ਕਿ ਇਸ ਚੌਂਕ ਤੋਂ ਨੇੜੇ ਹੀ ਗੋਰੇ ਸਿੱਖਾਂ ਦਾ 'ਗੁਰੂ ਰਾਮਦਾਸ ਆਸ਼੍ਰਮ' ਹੈ। ਮੈ ਆਖਿਆ ਕਿ ਦਿਨੇ ਮੈ ਲਭਾਂਗਾ। ਅਗਲੇ ਦਿਨ ਦੁਪਹਿਰ ਤੋਂ ਪਹਿਲਾਂ ਹੀ ਮੈ ਟਰਾਮ ਫੜ ਕੇ ਉਸ ਚੌਂਕ ਵਿਚ ਜਾ ਉਤਰਿਆ ਤੇ ਓਥੇ ਇਕ ਲੰਮ ਸਲੰਮੇ ਤੇ ਪਤਲੇ ਵਿਅਕਤੀ ਨੂੰ, ਜੋ ਕਿ ਵਾਜਿਆਂ ਵਾਲ਼ੀ ਮਸ਼ੀਨ ਵਜਾ ਕੇ, ਲੋਕਾਂ ਅੱਗੇ ਡੱਬਾ ਜਿਹਾ ਖੜਕਾ ਕੇ ਪੈਸੇ ਮੰਗ ਰਿਹਾ ਸੀ, ਤੋਂ, ਉਸ ਦੇ ਡੱਬੇ ਵਿਚ ਚਵਾਨੀ ਗਿਲਡਨ ਪਾ ਕੇ, ਆਸ਼੍ਰਮ ਦਾ ਰਾਹ ਪੁਛਿਆ ਤਾਂ ਉਸ ਨੇ ਦੱਸ ਦਿਤਾ ਤੇ ਮੈ ਜਾ ਉਹਨਾਂ ਨੂੰ 'ਦਰਸ਼ਨ' ਦਿਤੇ। ਪਹਿਲਾਂ ਆਸ਼੍ਰਮ ਦੀ ਇਨਚਾਰਜ ਬੀਬੀ ਸਰਦਾਰਨੀ ਸੱਤ ਕਰਤਾਰ ਕੌਰ ਖ਼ਾਲਸਾ ਜੀ ਮਿਲ਼ੇ ਤੇ ਫਿਰ ਉਹਨਾਂ ਦੇ ਪਤੀ, ਸਿੰਘ ਸਾਹਿਬ ਸੱਤ ਕਰਤਾਰ ਸਿੰਘ ਖ਼ਾਲਸਾ ਜੀ ਦੇ ਦਰਸ਼ਨ ਹੋਏ। ਸਿੰਘ ਸਾਹਿਬ ਜੀ ਦੇ ਦਰਸਨ ਹੋਣ ਤੇ ਝੌਲ਼ਾ ਜਿਹਾ ਪਿਆ ਕਿ ਜਿਵੇਂ ਮੈ ਉਹਨਾਂ ਨੂੰ ਪਹਿਲਾਂ ਕਿਤੇ ਵੇਖਿਆ ਹੋਇਆ ਹੋਵੇ! ਮੇਰੇ ਅਜਿਹਾ ਜ਼ਿਕਰ ਕਰਨ ਤੇ ਉਹਨਾਂ ਨੇ ਵੀ ਅਜਿਹਾ ਹੀ ਵਿਚਾਰ ਪਰਗਟ ਕੀਤਾ। ਆਖਰ ਉਹਨਾਂ ਨੂੰ ਯਾਦ ਆ ਗਿਆ। ਉਹਨਾਂ ਨੇ ਮੈਨੂੰ ਦੱਸਿਆ ਕਿ ਉਹ ੧੯੭੫ ਵਿਚ, ਸ੍ਰੀ ਦਰਬਾਰ ਸਾਹਿਬ ਦੇ ਇਨਫ਼ਰਮੇਸ਼ਨ ਆਫ਼ਿਸ ਵਿਚ ਮਿਲ਼ੇ ਸਨ। ਉਹ ਵਾਕਿਆ ਤਾਂ ਮੈਨੂੰ ਯਾਦ ਨਾ ਆਇਆ ਇਕ ਹੋਰ ਯਾਦ ਆ ਗਿਆ। ਕੁਝ ਸਮਾ ਪਹਿਲਾਂ ਮੈਂ ਉਹਨਾਂ ਦੇ ਸਮੇਤ ਉਹਨਾਂ ਦੀ ਟੀਮ ਦੀ ਗਰੁਪ ਫੋਟੋ ਇਕ ਡੱਚ ਮੈਗਜ਼ੀਨ ਵਿਚ ਤੱਕੀ ਸੀ।
ਵਿਚਾਰ ਵਟਾਂਦਰੇ ਦੌਰਾਨ, ਸਰਦਾਰਨੀ ਸਾਹਿਬਾ ਬੀਬੀ ਸੱਤ ਕਰਤਾਰ ਕੌਰ ਖ਼ਾਲਸਾ ਜੀ, ਨੇ ਮੈਨੂੰ ਪੁੱਛਿਆ ਕਿ ਮੈ ਉਹਨਾਂ ਦਾ ਆਸ਼੍ਰਮ ਕਿਵੇਂ ਲਭਿਆ! ਮੇਰੇ ਉਸ ਮੰਗਤੇ ਦਾ ਜ਼ਿਕਰ ਕਰਨ 'ਤੇ ਉਹਨਾਂ ਨੇ ਉਸ ਬਾਰੇ ਇਸ ਪ੍ਰਕਾਰ ਜਾਣਕਾਰੀ ਦਿਤੀ: ਇਹ ਮਨੋ ਵਿਗਿਆਨੀ ਡਾਕਟਰ ਹੈ ਤੇ ਇਸ ਨੇ ਇਹ ਖੋਜ ਕਰਨ ਲਈ ਆਰਜ਼ੀ ਤੌਰ 'ਤੇ ਮੰਗਤੇ ਦਾ ਕੰਮ ਸ਼ੁਰੂ ਕੀਤਾ ਸੀ ਤਾਂ ਕਿ ਇਹ ਖੋਜ ਕੀਤੀ ਜਾ ਸਕੇ ਕਿ ਲੋਕੀਂ ਕਿਉਂ ਮੰਗਤੇ ਬਣਦੇ ਹਨ ਤੇ 'ਦਾਨੀ' ਕਿਸ ਪ੍ਰੇਰਨਾ ਅਧੀਨ ਮੰਗਤਿਆਂ ਨੂੰ ਖ਼ੈਰ ਪਾਉਂਦੇ ਹਨ! ਇਸ ਸਬਜੈਕਟ ਉਪਰ ਉਸ ਨੇ ਖੋਜ ਪੱਤਰ ਲਿਖਣਾ ਸੀ। ਇਹ ਕੁਝ ਕਰਦਿਆਂ ਇਹ ਸੱਚੀਂ ਮੁਚੀਂ ਹੀ ਮੰਗਤਾ ਬਣ ਗਿਆ ਹੈ ਤੇ ਹੁਣ ਫੁੱਲ ਟਾਈਮ ਮੰਗਣ ਦਾ ਕੰਮ ਹੀ ਕਰਦਾ ਹੈ। ਇਹ ਜਾਣ ਕੇ ਮੈਨੂੰ ਬੜੀ ਹੈਰਾਨੀ ਹੋਈ। ਮੈ ਏਹੀ ਸਮਝਦਾ ਸੀ ਕਿ ਅਤਿ ਦੀ ਮਜਬੂਰੀ ਬਿਨਾ ਕੋਈ ਮੰਗਤਾ ਨਹੀ ਬਣਦਾ। ਇਹ ਤਾਂ ਸਭ ਤੋਂ ਨਿਖਿਧ ਕੰਮ ਹੈ। ਹਰੇਕ ਦੇ ਅੱਗੇ ਹੱਥ ਅੱਡਣਾ।
ਆਪਸੀ ਜਾਣ ਪਛਾਣ ਉਪ੍ਰੰਤ ਮੈ ਸਿਧਾ ਤੇ ਸਪੱਸ਼ਟ ਹੀ ਪੁੱਛ ਲਿਆ ਕਿ ਮੈਂ ਇਸ ਮੁਲ਼ਕ ਵਿਚ ਦੋ ਹਫ਼ਤੇ ਵਿਚਰਨ ਦਾ ਵਿਚਾਰ ਰੱਖਦਾ ਹਾਂ। ਹੋਟਲ ਵਿਚ ਮੈਂ ਰਹਿਣਾ ਨਹੀ ਚਾਹੁੰਦਾ। ਜੇਕਰ ਹੋ ਸਕੇ ਤਾਂ ਮੈ ਇਹ ਦਿਨ ਤੁਹਾਡੇ ਆਸ਼੍ਰਮ ਵਿਚ ਰਹਿ ਸਕਾਂ ਤੇ ਬਦਲੇ ਵਜੋਂ ਤੁਹਾਡੇ ਰੈਸਟੋਰੈਂਟ ਵਿਚ ਜੇਹੜਾ ਕੰਮ ਕਰ ਸਕਦਾ ਹੋਵਾਂ ਤੁਸੀਂ ਮੈਥੋਂ ਕਰਾ ਸਕਦੇ ਹੋ। ਬੜੀ ਖ਼ੁਸ਼ੀ ਨਾਲ਼ ਉਹਨਾਂ ਨੇ ਇਹ ਸਵੀਕਾਰ ਕਰ ਲਿਆ ਤੇ ਮੈਨੂੰ ਓਥੇ ਟਿਕਣ ਦੀ ਆਗਿਆ ਦੇ ਦਿਤੀ। ਮੈ ਓਸੇ ਦਿਨ ਆਪਣਾ ਲਟਾ ਪਟਾ ਹੋਟਲੋਂ ਚੁਕਿਆ ਤੇ ਓਥੇ ਆ ਡੇਰਾ ਲਾਇਆ। ਇਕ ਛੋਟੇ ਜਿਹੇ ਕਮਰੇ ਵਿਚ ਬੰਕਰ ਵਾਂਗ ਦੋ ਬਿਸਤਰੇ ਹੇਠ ਉਪਰ ਸਨ। ਉਹਨਾਂ ਵਿਚੋਂ ਇਕ ਉਤੇ ਮੈਨੂੰ ਕਾਬਜ ਹੋ ਜਾਣ ਲਈ ਆਖ ਦਿਤਾ ਗਿਆ ਤੇ ਦੂਜੇ ਬਿਸਤਰੇ ਉਪਰ ਪਹਿਲਾਂ ਹੀ ਇਕ ਸਿੰਘ ਸਜਿਆ ਹੋਇਆ ਫ਼ਰੈਂਚ ਨੌਜਵਾਨ ਰਹਿ ਰਿਹਾ ਸੀ। ਅਸੀਂ ਦੋਵੇਂ ਤਕਰੀਬਨ ਇਕੋ ਜਿਹੀ ਅੰਗ੍ਰੇਜ਼ੀ ਹੀ ਜਾਣਦੇ ਸਾਂ। ਸੋ ਵਾਹਵਾ ਸਾਡੀ ਮੀਜ਼ਾ ਮਿਲ਼ ਗਈ। ਉਸ ਨੂੰ ਪੱਗ ਚਾਹੀਦੀ ਸੀ ਤੇ ਮੇਰੇ ਪਾਸ ਚਿੱਟੇ ਰੰਗ ਦੀ ਉਹ ਪੱਗ ਮੌਜੂਦ ਸੀ ਜੋ ਕਿ ਨੈਰੋਬੀ ਦੇ ਗੁਰਦੁਆਰਾ ਸਾਹਿਬ ਵਿਚੋਂ ਮੈਨੂੰ ਸਿਰੋਪੇ ਵਜੋਂ ਬਖ਼ਸ਼ਿਸ਼ ਹੋਈ ਸੀ। ਉਹ ਮੈਂ ਉਸ ਨੂੰ ਦੇ ਦਿਤੀ। ਉਹ ਬੜਾ ਖ਼ੁਸ਼ ਹੋਇਆ।
ਉਸ ਦਿਨ ਮੈ ਉਹਨਾਂ ਦੇ ਨਾਲ ਰੈਸਟੋਰੈਂਟ ਵਿਚ ਜਾ ਕੇ ਸੇਵਾ ਕਰਵਾਈ ਵੀ ਪਰ ਉਸ ਤੋਂ ਅਗਲੇ ਦਿਨ ਮੈ ਵੇਖਿਆ ਕਿ ਆਸ਼੍ਰਮ ਵਿਚ ਕੁਝ ਬੀਬੀਆਂ ਹਾਰਮੋਨੀਅਮ ਵਾਜੇ ਨਾਲ਼ ਕੀਰਤਨ ਕਰਨ ਦਾ ਯਤਨ ਜਿਹਾ ਕਰ ਰਹੀਆਂ ਸਨ। ਮੈ ਉਹਨਾਂ ਹੱਥੋਂ ਵਾਜਾ ਫੜ ਕੇ ਸੁਰਾਂ ਤੇ ਉਂਗਲ਼ਾ ਫੇਰੀਆਂ ਤਾਂ ਉਹ ਬੀਬੀਆਂ ਬਹੁਤ ਪ੍ਰਸੰਨ ਹੋਈਆਂ। ਮੈਨੂੰ ਉਹਨਾਂ ਨੇ ਆਖਿਆ ਕਿ ਰੈਸਟੋਰੈਂਟ ਵਿਚ ਨਹੀ ਜਾਣਾ। ਇਸ ਦੀ ਬਜਾਇ ਉਹਨਾਂ ਨੂੰ ਕੀਰਤਨ, ਬਾਣੀ ਦਾ ਸ਼ੁਧ ਪਾਠ ਤੇ ਗੁਰਮੁਖੀ ਅੱਖਰ ਸਿਖਾਉਣ ਦੀ ਸੇਵਾ ਕਰਾਂ। ਇਹ ਕਾਰਜ ਤਾਂ ਮੇਰੇ ਮਨ ਪਸੰਦ ਸੀ। ਇਸ ਤੋਂ ਵਡੇਰਾ ਮਾਣ ਮੇਰੇ ਵਾਸਤੇ ਹੋਰ ਕੀ ਹੋ ਸਕਦਾ ਸੀ! ਮੈ ਇਹ ਸੇਵਾ ਸ਼ੁਰੂ ਕਰ ਦਿਤੀ ਤੇ ਉਹਨਾਂ ਬੀਬੀਆਂ ਨੇ ਵਾਰੀ ਵਾਰੀ ਮੈਨੂੰ ਆਪਣੀਆਂ ਕਾਰਾਂ 'ਤੇ ਆਲੇ ਦੁਆਲੇ ਘੁਮਾਉਣਾ ਸ਼ੁਰੂ ਕਰ ਦਿਤਾ।
ਇਹ ਮੁਲਕ ਬਾਕੀ ਦੇ ਪੱਛਮੀ ਮੁਲਕਾਂ ਵਾਗ ਹੀ ਬੜਾ ਸੋਹਣਾ ਤੇ ਅਮੀਰ ਹੈ। ਇਹ ਵੀ ਪਿਛਲੀਆਂ ਸਦੀਆਂ ਵਿਚ ਬਾਕੀ ਯੂਰਪੀ ਮੁਲਕਾਂ ਵਾਂਗ ਦੂਰ ਦੁਰਾਡੇ ਦੇਸ਼ਾਂ ਨੂੰ ਆਪਣੀਆਂ ਕਾਲੋਨੀਆਂ ਬਣਾ ਕੇ ਉਹਨਾਂ ਉਪਰ ਕਾਬਜ ਰਿਹਾ ਹੈ। ਖਾਸੀ ਧਰਤੀ ਇਹਨਾਂ ਨੇ ਸਮੁੰਦਰ ਵਿਚੋਂ ਕਢ ਕੇ ਉਸ ਦੀ ਸੋਹਣੀ ਵਰਤੋਂ ਕੀਤੀ ਹੋਈ ਹੈ। ਧਰਤੀ ਤੋਂ ਅੱਗੇ ਸਮੁੰਦਰ ਵਿਚ ਬੰਨ੍ਹ ਮਾਰ ਕੇ ਏਧਰ ਦਾ ਪਾਣੀ ਉਸ ਬੰਨ੍ਹ ਤੋਂ ਪਾਈਪਾਂ ਰਾਹੀਂ ਸਮੁੰਦਰ ਵਿਚ ਸੁੱਟ ਕੇ, ਧਰਤੀ ਖੁਸ਼ਕ ਕਰ ਲਈ ਹੋਈ ਹੈ। ਇਹ ਖੁਸ਼ਕ ਧਰਤੀ ਸਮੁੰਦਰ ਦੇ ਪਾਣੀ ਨਾਲ਼ੋਂ ਨੀਵੀ ਹੋਣ ਕਰਕੇ ਥੱਲਿਉਂ ਪਾਣੀ ਲਗਾਤਾਰ ਸਿੰਮਦਾ ਰਹਿੰਦਾ ਹੈ। ਸੇਮ ਦੇ ਇਸ ਪਾਣੀ ਦਾ ਸਮੁੰਦਰ ਵੱਲ ਨਿਕਾਸ ਇਸ ਤਰ੍ਹਾਂ ਕੀਤਾ ਗਿਆ ਹੈ: ਪਹਿਲਾਂ ਛੋਟੇ ਛੋਟੇ ਖਾਲ ਬਣਾਏ ਹੋਏ ਹਨ। ਥਾਂ ਪਰ ਥਾਂ ਸੇਮ ਦਾ ਪਾਣੀ ਧਰਤੀ ਵਿਚੋਂ ਨਿਕਲ਼ ਨਿਕਲ਼ ਕੇ ਇਹਨਾਂ ਖਾਲਾਂ ਵਿਚ ਵਹਿ ਤੁਰਦਾ ਹੈ ਤੇ ਹਰੇਕ ਖਾਲ ਦੇ ਅੰਤ ਉਪਰ ਵਿੰਡ ਮਿਲ਼ ਲੱਗੀ ਹੋਈ ਹੈ ਜਿਸ ਦੇ ਵੱਡੇ ਵੱਡੇ ਪੱਖੇ ਹਵਾ ਨਾਲ ਚੱਲਦੇ ਹਨ ਤੇ ਉਸ ਸ਼ਕਤੀ ਦੁਆਰਾ ਪਾਣੀ ਨਿੱਕੇ ਤੇ ਨੀਵੇਂ ਖਾਲ਼ ਵਿਚੋਂ ਉਚੇ ਤੇ ਵੱਡੇ ਖਾਲ ਵਿਚ ਚੜ੍ਹ ਜਾਂਦਾ ਹੈ ਤੇ ਓਥੋਂ ਏਸੇ ਤਰ੍ਹਾਂ ਅੱਗੇ ਹੋਰ ਵੱਡੇ ਖਾਲ਼ ਵਿਚ ਤੇ ਇਸ ਤਰ੍ਹਾਂ ਹੋਰ ਵਡੇਰੇ ਵਿਚ। ਇਸ ਤਰ੍ਹਾਂ ਵੱਡੇ ਤੋਂ ਵਡੇਰੇ ਹੁੰਦੇ ਹੁੰਦੇ ਇਹ ਨਹਿਰਾਂ ਦਾ ਰੂਪ ਧਾਰ ਲੈਂਦੇ ਹਨ। ਅਖੀਰ ਤੇ ਸਮੁੰਦਰ ਦੇ ਕਿਨਾਰੇ ਲਾਗੇ ਬਣਾਏ ਗਏ ਬੰਨ੍ਹ ਦੇ ਕੋਲ਼ ਇਹ ਪਾਣੀ ਜਦੋਂ ਚਲਿਆ ਜਾਂਦਾ ਹੈ ਤਾਂ ਓਥੋਂ ਫਿਰ ਅੱਗੇ ਪਾਈਪ ਦੀ ਸਹਾਇਤਾ ਨਾਲ਼ ਬੰਨ੍ਹ ਤੋਂ ਪਾਰ, ਸਮੁੰਦਰ ਵਿਚ ਪਾ ਦਿਤਾ ਜਾਂਦਾ ਹੈ। ਇਹ ਕਰਮ ਲਗਾਤਾਰ ਹਵਾ ਦੀ ਸਹਾਇਤਾ ਨਾਲ਼ ਚੱਲਦਾ ਰਹਿੰਦਾ ਹੈ। ਇਸ ਤਰ੍ਹਾਂ ਸਮੁੰਦਰ ਦੇ ਥੱਲਿਉਂ ਕੱਢੀ ਹੋਈ ਧਰਤੀ ਉਪਰ ਕੁਕੜੀਆਂ, ਸੂਰਾਂ, ਗਾਈਆਂ ਆਦਿ ਦੇ ਫ਼ਾਰਮ ਹਨ। ਇਹਨਾਂ ਫ਼ਾਰਮਾਂ ਤੋਂ ਇਲਾਵਾ ਬਹੁਤ ਸਾਰੀ ਜ਼ਮੀਨ ਉਪਰ ਟਿਊਲਿਪ ਫੁੱਲਾਂ ਦੇ ਬਾਗ ਹਨ। ਜਦੋਂ ਮੈਂ ਮਈ ਮਹੀਨੇ ਵਿਚ ਓਥੇ ਗਿਆ ਸਾਂ ਤਾਂ ਬਸੰਤ ਰੁੱਤ ਹੋਣ ਕਰਕੇ ਚਾਰ ਚੌਫੇਰੇ ਹਰਿਆਵਲ, ਲਹਿਲਹਾਂਦੇ ਫੁੱਲਾਂ ਦੇ ਦੂਰ ਦੂਰ ਤੱਕ ਖੇਤ ਵਿਖਾਈ ਦਿੰਦੇ ਸਨ। ਇਸ ਤੋਂ ਇਲਾਵਾ ਪਾਣੀ ਦੀਆਂ ਉਹਨਾਂ ਨਹਿਰਾਂ ਵਿਚ ਬੱਤਖ਼ਾਂ ਤੇ ਹੋਰ ਪਾਣੀ ਦੇ ਪੰਛੀ ਤਰਦੇ ਹੋਏ ਮਨ ਮੋਹਕ ਨਜ਼ਾਰਾ ਪੇਸ਼ ਕਰਦੇ ਸਨ। ਝਾੜੀਆਂ ਵਿਚ ਸਹੇ, ਗਾਹਲੜ ਆਦਿ ਨਿੱਕੇ ਨਿੱਕੇ ਜਾਨਵਰ ਆਮ ਹੀ ਫੁਦਕਦੇ ਦਿਖਾਈ ਦੇ ਜਾਂਦੇ ਸਨ। ਚਾਰ ਚੌਫੇਰਾ ਬਸੰਤ ਰੁੱਤ ਦੀ ਮਾਦਕਤਾ ਨਾਲ਼ ਸਰਸ਼ਾਰ ਦਿਖਾਈ ਦਿੰਦਾ ਸੀ। ਅਜਿਹਾ ਸੁੰਦਰ ਕੁਦਰਤੀ ਨਜ਼ਾਰਾ ਤੱਕ ਕੇ, ਭਾਈ ਵੀਰ ਸਿੰਘ ਜੀ ਅਨੁਸਾਰ, "ਕਾਦਰ ਦੀ ਕੁਦਰਤ ਦਾ ਜਲਵਾ ਲੈ ਲੈਂਦਾ ਇਕ ਸਜਦਾ।" ਵਾਲ਼ੀ ਹਾਲਤ ਤਾਰੀ ਹੋ ਜਾਂਦੀ ਹੈ।
ਏਥੇ ਐਮਸਟਰਡੈਮ ਸ਼ਹਿਰ ਵਿਚ ਹੀ ਇਕ ਰਾਤ ਨੂੰ, ਕੁਝ 'ਗੁਪਤ ਰਹਿੰਦੇ' ਸਿੱਖ ਮੁੰਡਿਆਂ ਨੇ ਆਪਣੇ ਰੈਣ ਬਸੇਰੇ ਵਿਚ ਰਾਤ ਦਾ ਪ੍ਰਸ਼ਾਦਾ ਇਕਠੇ ਛਕਣ ਲਈ ਨਿਮੰਤਰਣ ਦੇ ਦਿਤਾ। ਅਜਿਹੇ ਮੌਕਿਆਂ ਦੀ ਤਲਾਸ਼ ਵਿਚ ਹੀ ਤਾਂ ਮੈ ਸਾਰੀ ਦੁਨੀਆਂ ਤੇ ਫਿਰ ਰਿਹਾ ਹਾਂ। ਉਸ ਰਾਤ ਨੂੰ ਇਕ ਨੌਜਵਾਨ, ਜਿਸ ਦਾ ਨਾਂ ਸ. ਚੈਨ ਸਿੰਘ ਸੈਣੀ ਸੀ, ਨੇ ਮੇਰੇ ਸਾਹਮਣੇ ਸਿੱਖਾਂ ਦੇ ਭਵਿਖ ਦੀ ਬੜੀ ਭੈੜੀ ਤਸਵੀਰ ਖਿੱਚੀ। ਇਸ ਨੂੰ ਸੁਣ ਕੇ ਮੈ ਕੁਝ ਮਾਯੂਸੀ ਜਿਹੀ ਮਹਿਸੂਸ ਕੀਤੀ। ਉਸ ਦੇ ਆਖਣ ਦਾ ਸਾਰ ਕੁਝ ਇਸ ਤਰ੍ਹਾਂ ਸੀ: ਸਮਾ ਆਉਣ ਵਾਲ਼ਾ ਏ, ਜਦੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਚ ਫੌਜੀ ਜੁੱਤੀਆਂ ਸਣੇ ਫਿਰਨਗੇ। ਸ਼ਰਾਬਾਂ ਤੇ ਸਿਗਰਿਟਾਂ ਪੀਣਗੇ। ਸਿੱਖਾਂ ਦਾ ਬਹੁਤ ਬੁਰਾ ਹਾਲ ਹੋਵੇਗਾ ਆਦਿ। ਮੇਰੇ ਮਨ ਵਿਚ ਓਦੋਂ ਸਿੱਖ ਪੰਥ ਦੀ ਬੜੀ ਚੜ੍ਹਦੀਕਲਾ ਦੀ ਤਸਵੀਰ ਸਮਾਈ ਹੋਈ ਸੀ। ਸੌਣ ਦੇ ਅੰਨ੍ਹੇ ਵਾਂਗ ਮੈਨੂੰ ਹਰ ਪਾਸੇ ਹਰਿਆਵਲ ਹੀ ਦਿਸਦੀ ਸੀ। ਅਕਾਲੀਆਂ ਵੱਲੋਂ, ਇੰਦਰਾ ਗਾਂਧੀ ਦੀ ਲਾਈ ਹੋਈ ਐਮਰਜੈਂਸੀ ਵਿਰੁਧ ਮੋਰਚਾ, ਬੜੀ ਸ਼ਾਨ ਨਾਲ਼ ਜਿਤਿਆ ਗਿਆ ਸੀ। ਇਸ ਜਿੱਤ ਦੇ ਨਤੀਜੇ ਵਜੋਂ ਹੋਈਆਂ ਇਲੈਕਸ਼ਨਾਂ ਜਿੱਤ ਕੇ, ਜਨਤਾ ਪਾਰਟੀ ਦੀ ਕੇਂਦਰ ਵਿਚ ਸਰਕਾਰ ਬਣੀ ਸੀ। ਅਕਾਲੀ ਉਸ ਸਰਕਾਰ ਵਿਚ ਪਹਿਲੀ ਵਾਰ ਭਾਈਵਾਲ਼ ਬਣੇ ਸਨ। ਓਥੇ ਬਣੇ ਦੋਵੇਂ ਅਕਾਲੀ ਵਜ਼ੀਰ, ਸ. ਸੁਰਜੀਤ ਸਿੰਘ ਬਰਨਾਲਾ ਜੀ ਤੇ ਸਰਦਾਰ ਧੰਨਾ ਸਿੰਘ ਗੁਰਸ਼ਨ ਜੀ, ਮੇਰੇ ਨਿਜੀ ਤੌਰ 'ਤੇ ਜਾਣੂ ਵੀ ਸਨ ਤੇ ਇਸ ਗੱਲ ਦਾ ਮੈਨੂੰ ਨਿਜੀ ਤੌਰ 'ਤੇ ਕੁਝ ਮਾਣ ਜਿਹਾ ਵੀ ਸੀ। ਪੰਜਾਬ ਵਿਚ ਵੀ ਮੇਰੇ ਜਾਣੂ ਸਰਦਾਰ ਬਾਦਲ ਦੀ ਸਰਕਾਰ ਬਣ ਰਹੀ ਜਾਂ ਬਣ ਚੁੱਕੀ ਸੀ। ਮੈ ਉਚੀਆਂ ਹਵਾਵਾਂ ਵਿਚ ਘੁੰਮ ਰਿਹਾ ਸਾਂ। ਭਾਵੇਂ ਗੱਲ ਤਾਂ ਮੇਰੇ ਉਤੇ, "ਮਾਮੇ ਕੰਨੀਂ ਬੀਰ ਬਲੀਆਂ, ਭਣੇਵਾਂ ਆਕੜਿਆ ਫਿਰੇ।" ਵਾਲ਼ੀ ਹੀ ਸੀ ਪਰ ਸਮੁਚੇ ਤੌਰ 'ਤੇ ਸਿੱਖ ਪੰਥ ਦੀ ਚੜ੍ਹਦੀਕਲਾ ਦਾ ਨਸ਼ਾ ਮੇਰੇ ਉਪਰ ਪੂਰੀ ਤਰ੍ਹਾਂ ਸਵਾਰ ਸੀ। ਮੇਰੇ ਪ੍ਰੋਟੈਸਟ ਵਜੋਂ ਆਖੇ ਵਿਰੋਧੀ ਸ਼ਬਦਾਂ ਦੇ ਉਤਰ ਵਿਚ ਉਸ ਨੇ ਆਖਿਆ, "ਅੱਗੇ ਮੱਸਾ ਰੰਘੜ, ਅਬਦਾਲੀ, ਲੱਖੂ ਆਦਿ ਨਹੀ ਇਹ ਕੰਮ ਕਰ ਚੁੱਕੇ! ਅੱਗੇ ਨੂੰ ਕਿਉਂ ਨਹੀ ਅਜਿਹਾ ਅਨੱਰਥ ਹੋ ਸਕਦਾ!" ਮੇਰੇ ਪਾਸ ਇਸ ਕੌੜੇ ਮਜਬੂਨ ਤੋਂ ਪਾਸਾ ਵੱਟਣ ਤੋਂ ਬਿਨਾ ਹੋਰ ਕੋਈ ਚਾਰਾ ਨਹੀ ਸੀ ਪਰ ਇਕ ਸਿੱਖ ਨੌਜਵਾਨ ਵੱਲੋਂ ਚਿਤਰਿਆ ਸਿੱਖ ਪੰਥ ਦਾ ਇਹ ਅਧੋਗਤੀ ਵਾਲ਼ਾ ਚਿਤਰ ਸੁਣ ਕੇ ਮੇਰਾ ਜੀ ਬੜਾ ਹੀ ਖ਼ਰਾਬ ਹੋਇਆ।
ਗੱਲ ਆਈ ਗਈ ਹੋ ਗਈ। ਪਰ ਇਹ ਸਾਰਾ ਕੁਝ ਤੇ ਇਸ ਤੋਂ ਵੀ ਕਿਤੇ ਵਧ, ਸੱਤ ਸਾਲ ਬਾਅਦ ਵਾਪਰ ਗਿਆ। ਹਨੇਰ ਸਾਈਂ ਦਾ, ਅਜੇ ਤੱਕ ਕੋਈ ਬਾਹਨਣੂ ਵੀ ਨਹੀ ਬੰਨ੍ਹਿਆ ਗਿਆ ਕਿ ਜਿਸ ਸਦਕਾ ਅੱਗੇ ਤੋਂ ਅਜਿਹੇ ਘੋਰ ਅਨੱਰਥ ਨੂੰ ਵਾਪਰਨ ਤੋਂ ਰੋਕਿਆ ਜਾ ਸਕੇ! ਇੰਦਰਾ ਵਰਗਾ ਕੋਈ ਵੀ ਬਦ ਦਿਮਾਗ ਹਾਕਮ ਫਿਰ ਅਜਿਹਾ ਕਹਿਰ ਵਰਤਾ ਸਕਦਾ ਹੈ ਤੇ ਸਿੱਖ ਪਹਿਲਾਂ ਵਾਂਗ ਹੀ ਤਰਲੋ ਮੱਛੀ ਹੋ ਕੇ ਤੇ ਜਾਨ, ਮਾਲ, ਮਾਣ, ਸਨਮਾਨ ਦਾ ਘਾਣ ਕਰਵਾ ਕੇ, ਲਹੂ ਦੇ ਘੁੱਟ ਭਰਦੇ ਰਹਿ ਸਕਦੇ ਹਨ। ਮੈ ਆਪਣੀ ਹਾਲੈਂਡ ਦੀ ੨੦੦੪ ਵਾਲ਼ੀ ਦੂਜੀ ਫੇਰੀ ਦੌਰਾਨ ਉਸ ਸੱਜਣ ਨੂੰ ਲਭਣ ਦਾ ਯਤਨ ਕੀਤਾ ਤਾਂ ਕਿ ਉਸ ਦੀ 'ਦੁਰਭਵਿਖਬਾਣੀ' ਬਾਰੇ ਉਸ ਨਾਲ਼ ਗੱਲ ਕਰਕੇ, ਉਸ ਦੀ ਦੂਰਦਰਸ਼ਤਾ ਦੀ ਦਾਦ ਦਿਤੀ ਜਾ ਸਕੇ ਪਰ ਮੈਂ ਉਸ ਨੂੰ ਲਭ ਨਾ ਸਕਿਆ। ਕੋਈ ਆਖੇ ਕਿ ਉਹ ਵਲੈਤ ਚਲਿਆ ਗਿਆ ਸੀ ਤੇ ਕੋਈ ਕੁਝ ਹੋਰ ਦੱਸੇ; ਬਹੁਤਿਆਂ ਨੇ ਉਸ ਬਾਰੇ ਅਣਜਾਣਤਾ ਪ੍ਰਗਟਾਈ।
ਇਕ ਦਿਨ ਸਵੇਰੇ ਦਸ ਕੁ ਵਜੇ ਮੈਂ ਆਪਣੇ ਸਿਰਹਾਣੇ ਉਪਰ ਇਕ ਲਿਫਾਫਾ ਪਿਆ ਹੋਇਆ ਵੇਖਿਆ। ਉਸ ਉਪਰ ਇਹ ਅੱਖਰ ਟਾਈਪ ਕੀਤੇ ਹੋਏ ਸਨ: ਫਾਰ ਟਰੈਵਲਿੰਗ ਐਕਸਪੈਂਡੀਚਰ ਆਫ਼ ਗਿਅਨੀ ਸੰਤੋਖ ਸਿੰਘ ਜੀ। ਲਫਾਫਾ ਖੋਹਲ ਕੇ ਵੇਖਿਆ ਤਾਂ ਉਸ ਵਿਚ ਓਥੋਂ ਦੀ ਕਰੰਸੀ ਪੰਜ ਸੌ ਗਿਲਡਨ ਸਨ। ਮੈ ਸਾਰੇ ਜ਼ੁੰਮੇਵਾਰ ਬੰਦਿਆਂ ਤੇ ਬੀਬੀਆਂ ਨੂੰ ਪੁੱਛਦਾ ਫਿਰਾਂ ਕਿ ਇਹ ਸੁੱਤੇ ਪਏ ਨੂੰ ਪੱਖੀ ਦੀ ਝੱਲ ਕਿਸ ਨੇ ਮਾਰੀ ਹੈ! ਕੋਈ ਨਾ ਦੱਸੇ। ਲੌਢੇ ਕੁ ਵੇਲ਼ੇ ਮੈਂ ਦਫ਼ਤਰ ਵਿਚ ਸੈਕ੍ਰੇਟਰੀ ਦੇ ਸਾਹਮਣੇ ਵਾਲ਼ੀ ਕੁਰਸੀ ਉਪਰ ਬੈਠਾ ਹੋਇਆ ਸਾਂ ਤੇ ਸੈਕ੍ਰੇਟਰੀ ਬੀਬੀ ਜੋ ਕਿ ਜਰਮਨ ਮੂਲ ਦੀ ਸਿੰਘਣੀ ਸਜੀ ਹੋਈ ਸੀ, ਬੈਠੀ ਹੋਈ ਸੀ। ਮੈ ਅਖੀਰ ਤੇ ਐਵੇਂ ਹੀ ਉਸ ਨੂੰ ਦੱਸਿਆ ਕਿ ਇਸ ਤਰ੍ਹਾਂ ਮੈਨੂੰ ਪੈਸੇ ਮਿਲ਼ੇ ਹਨ ਪਰ ਕੋਈ ਨਹੀ ਦੱਸਦਾ ਕਿ ਕਿਸ ਨੇ ਰੱਖੇ ਹਨ। ਉਸ ਨੇ ਕਿਹਾ ਕਿ ਮੈ ਪੁੱਛਦਾ ਕਿਉਂ ਹਾਂ! ਮੈ ਆਪਣੇ ਹਾਸਰਸੀ ਸੁਭਾ ਅਨੁਸਾਰ ਕਿਹਾ ਕਿ ਮੈ ਮੋੜਨ ਲਈ ਨਹੀ ਪੁੱਛਦਾ; ਸਿਰਫ ਇਹ ਪਤਾ ਕਰਨ ਲਈ ਹੀ ਪੁੱਛਦਾ ਹਾਂ ਕਿ ਇਹ ਏਨਾ ਚੰਗਾ ਕੰਮ ਕਿਸ ਸੁਹਿਰਦ ਸੱਜਣ ਨੇ ਕੀਤਾ ਹੈ! ਉਸ ਨੇ ਕਿਹਾ, "ਮੈ ਰੱਖੇ ਹਨ।" ਮੈ ਸੋਚਿਆ ਕਿ ਸ਼ਾਇਦ ਉਸ ਨੇ ਆਸ਼੍ਰਮ ਦੇ ਸਾਂਝੇ ਖ਼ਜ਼ਾਨੇ ਵਿਚੋਂ ਮੇਰੀ ਸਹਾਇਤਾ ਲਈ ਰੱਖੇ ਹੋਣ! ਮੇਰੇ ਇਉਂ ਪੁੱਛਣ 'ਤੇ ਉਸ ਚੰਗੀ ਬੀਬੀ ਨੇ ਦੱਸਿਆ ਕਿ ਉਸ ਨੇ ਆਪਣੀ ਨਿਜੀ ਜੇਬ ਵਿਚੋਂ ਰੱਖੇ ਹਨ। ਮੇਰੇ 'ਕਿਉਂ' ਪੁੱਛਣ ਤੇ ਉਸ ਨੇ ਦੱਸਿਆ ਕਿ ਉਸ ਪਾਸ ਉਸ ਦੇ ਪਿਤਾ ਦੁਆਰਾ ਉਸ ਲਈ ਛੱਡੀ ਹੋਈ ਸੱਬਰਕਤੀ ਮਾਇਆ ਹੈ। ਉਸ ਵਿਚੋਂ ਜਿਥੇ ਉਹ ਠੀਕ ਸਮਝੇ ਖ਼ਰਚ ਕਰਦੀ ਹੈ। ਉਸ ਨੇ ਕਿਹਾ, "ਮੈਨੂੰ ਤੁਹਾਡਾ ਮਿਸ਼ਨ ਸਹੀ ਲੱਗਿਆ ਹੈ। ਇਸ ਲਈ ਮੈ ਉਸ ਦੇ ਖ਼ਰਚ ਵਿਚ ਆਪਣੇ ਵੱਲੋਂ ਇਹ ਤੁੱਛ ਜਿਹਾ ਹਿੱਸਾ ਪਾ ਦਿਤਾ ਹੈ।" ਮੈ ਉਸ ਬੀਬੀ ਦਾ ਧੰਨਵਾਦ ਕਰ ਦਿਤਾ। ਇਕ ਜਰਮਨ ਸਿੱਖ ਸਜੇ ਨੌਜਵਾਨ ਨਾਲ਼ ਆਪਣਾ ਵਿਆਹ ਕਰਵਾਉਣ ਉਪ੍ਰੰਤ, ਉਹ ਪਤੀ ਸਮੇਤ, ਸੁਭਾਗ ਜੋੜੀ, ਮੇਰੇ ਲੰਡਨ, ਵਿਖੇ ਨਿਵਾਸ ਸਮੇ, ਓਥੇ ਮਿਲ਼ਣ ਵਾਸਤੇ ਵੀ ਆਈ।


ਨਾ ਕੈਮਰਾ, ਨਾ ਨੋਟਬੁੱਕ
ਕੋਈ ਡਾਇਰੀ ਜਾਂ ਕੈਮਰਾ ਨਾ ਰੱਖਣ ਕਰਕੇ ਮੈ ਅਕਸਰ ਹੀ ਨਾਂ ਆਦਿ ਭੁੱਲ ਜਾਂਦਾ ਹਾਂ।
ਇਸ ਬਾਰੇ ਵੀ ਦਿਲਚਸਪ ਇਕ ਵਾਕਿਆ ਸੁਣ ਲਵੋ: ੧੯੯੭ ਵਾਲੀ, ਸੱਤ ਅਫ਼੍ਰੀਕੀ ਮੁਲਕਾਂ ਦੀ ਫੇਰੀ ਸਮੇ ਮੈਂ ਜਦੋਂ ਆਪਣੇ ਪੁਰਾਣੇ ਰਹਿਣ ਵਾਲੇ ਮੁਲਕ ਮਲਾਵੀ ਵਿਚ ਰਹਿੰਦੇ ਡਾ. ਪ੍ਰੀਤਮ ਸਿੰਘ ਰਤਨ ਜੀ ਨੂੰ ਮਿਲਣ ਸਮੇ ਦਾ ਵਾਕਿਆ ਹੈ। ਛੋਟੇ ਜਿਹੇ ਸ਼ਹਿਰ ਲਿੰਬੀ ਵਿਚ, ਗਿਆਨੀ ਹਰਜਿੰਦਰਪਾਲ ਸਿੰਘ ਜੀ ਹੋਰਾਂ ਕੋਲ਼ ਰੁਕਿਆ ਸਾਂ ਤਾਂ ਡਾ. ਪ੍ਰੀਤਮ ਸਿੰਘ ਜੀ ਨੂੰ ਫ਼ੋਨ ਕੀਤਾ। ਉਹਨਾਂ ਨੇ ਝੱਟ ਕਿਸੇ ਦੀ ਡਿਊਟੀ ਲਗਾ ਦਿਤੀ ਕਿ ਉਹ ਮੈਨੂੰ ਲੈ ਕੇ ਉਹਨਾਂ ਕੋਲ਼ ਪੁੱਜਣ। ਉਹਨਾਂ ਪਾਸ ਰਾਤ ਨੂੰ ਅਸੀ ਸੱਤ ਜਣੇ ਬੈਠੇ ਹੋਏ ਸਾਂ। ਸਾਦਾ ਜੀਵਨ ਹੋਣ ਕਰਕੇ ਨਾ ਨਸ਼ਾ, ਨਾ ਰੇਡੀਓ ਤੇ ਨਾ ਹੀ ਟੀਵੀ ਉਹਨਾਂ ਪਾਸ ਸੀ। ਅਸੀਂ ਆਬਾਦੀਆਂ ਤੋਂ ਬਹੁਤ ਦੂਰ ਜੰਗਲ ਵਿਚ ਸਥਿਤ ਟੀ ਇਸਟੇਟ ਵਿਚ, ਉਸ ਦੇ ਬੰਗਲੇ ਅੰਦਰ ਬੈਠੇ ਗੱਲਾਂ ਬਾਤਾਂ ਕਰ ਰਹੇ ਸਾਂ। ਇਕ ਉਹ ਆਪ ਤੇ ਇਕ ਮੈਂ, ਇਕ ਜਵਾਨ ਅੰਗ੍ਰੇਜ਼ ਜੋੜਾ ਮੀਆਂ ਬੀਵੀ ਜਾਂ ਮਿੱਤਰ, ਪੁੱਛਣ ਦੀ ਲੋੜ ਹੀ ਨਹੀ ਸੀ। ਇਕ ਮੀਆਂ ਬੀਵੀ ਸਕਾਟਲੈਂਡ ਦਾ ਜੋੜਾ ਟੀਚਰ ਤੇ ਉਹਨਾਂ ਦੀ ਜਵਾਨ ਧੀ। ਅਚਾਨਕ ਮੇਰੇ ਵੱਲ ਮੂੰਹ ਕਰਕੇ ਉਸ ਟੀਚਰ ਬੀਬੀ ਨੇ ਪੁਛਿਆ, "ਤੂੰ ਇੰਡੀਅਨ, ਰਹਿੰਦਾ ਹੈਂ ਆਸਟ੍ਰੇਲੀਆ ਵਿਚ ਤੇ ਤੁਰਿਆ ਫਿਰਦਾ ਹੈਂ ਅਫ਼੍ਰੀਕਾ ਦੇ ਜੰਗਲਾਂ ਵਿਚ। ਨਾ ਤੇਰੇ ਪਾਸ ਕੈਮਰਾ, ਨਾ ਨੋਟ ਬੁਕ; ਤੇਰਾ ਮਕਸਦ ਕੀ ਹੈ ਇਉਂ ਫਿਰਨ ਦਾ!" ਅਚਾਨਕ ਇਸ ਸ਼ਬਦੀ ਹਮਲੇ ਦਾ ਫੌਰੀ ਜੋ ਹਾਸਰਸੀ ਉਤਰ ਮੈਨੂੰ ਉਤਰਿਆ ਉਹ ਕੁਝ ਇਉਂ ਸੀ: ਮੈਨੂੰ ਘਰ ਵਿਚ ਰੋਟੀ ਮਿਲ਼ ਜਾਂਦੀ ਹੈ ਤੇ ਕੱਪੜੇ ਵੀ ਧੋਤੇ ਹੋਏ ਮਿਲ਼ ਜਾਂਦੇ ਹਨ ਪਰ ਆਪਣੀਆਂ ਗੱਪਾਂ ਸੁਣਾਉਣ ਲਈ ਸਰੋਤਿਆਂ ਦਾ ਪ੍ਰਬੰਧ ਮੈਨੂੰ ਖ਼ੁਦ ਕਰਨਾ ਪੈਂਦਾ ਹੈ; ਇਸ ਲਈ ਸਰੋਤਿਆਂ ਦੀ ਭਾਲ਼ ਵਿਚ ਹੀ ਮੈ ਤੁਰਿਆ ਫਿਰਦਾ ਹਾਂ। ਮੁਢਲੇ ਹਾਸੇ ਦੇ ਦੌਰੇ ਪਿਛੋਂ ਉਸ ਨੇ ਕਿਹਾ, "ਮੈਨੂੰ ਪਤਾ ਹੈ ਤੂੰ ਕਿਉਂ ਫਿਰਦਾ ਹੈਂ! ਮੇਰੇ ਕਾਰਨ ਪੁੱਛਣ ਤੇ ਜੋ ਉਸ ਨੇ ਜਵਾਬ ਦਿਤਾ ਉਹ ਤਕਰੀਬਨ ਠੀਕ ਸੀ।"
ਅਗਲੇ ਦਿਨ ਉਹ ਸਾਰੇ ਤਾਂ ਅੱਗੇ ਹੋਰ ਉਚੇ, ਧੂੰਆਂ ਛੱਡਣ ਵਾਲ਼ੇ ਪਹਾੜ ਉਪਰ, ਤੰਬੂ ਲਾ ਕੇ ਰਾਤ ਰਹਿਣ ਲਈ ਤਿਆਰੀਆਂ ਕਰਨ ਲੱਗ ਪਏ ਤੇ ਮੈਂ, ਇਸ ਹੌਸਲੇ ਵਾਲੇ ਕਾਰਜ ਦੀ ਭਰਪੂਰ ਇਛਾ ਰੱਖਣ ਦੇ ਬਾਵਜੂਦ ਵੀ, ਉਹਨਾਂ ਨਾਲ਼ ਸ਼ਾਮਲ ਨਾ ਹੋ ਸਕਿਆ ਤੇ ਬੱਸ ਫੜ ਕੇ ਵਾਪਸ ਲਿੰਬੀ ਨੂੰ ਆ ਗਿਆ ਤਾਂ ਕਿ ਓਥੋਂ ਬੱਸ ਰਾਹੀਂ ਮੁਜ਼ੰਬਿਕ ਵਿਚ ਦੀ ਹੋ ਕੇ ਜ਼ਿੰਬਾਬਵੇ ਦੀ ਰਾਜਧਾਨੀ, ਹਰਾਰੇ ਜਾਇਆ ਜਾ ਸਕੇ। ਮੇਰੀ ਵਾਪਸੀ ਦੀ ਹਵਾਈ ਟਿਕਟ ਅਨੁਸਾਰ ਮੈ ਓਥੋਂ ਜਹਾਜ ਰਾਹੀਂ ਵਾਪਸ ਆਸਟ੍ਰੇਲੀਆ ਪੁੱਜਣਾ ਸੀ ਤੇ ਮੈਨੂੰ ਟਿਕਟ ਦੀ ਅਵਧੀ ਮੁੱਕ ਜਾਣ ਦਾ ਡਰ ਸੀ।
ਬਾਕੀ ਕਿਤੇ ਫੇਰ ਸਹੀ।


ਤਾਇਆ ਸੰਤੋਖ ਸਿੰਘ
ਤੁਰਦੇ ਫਿਰਦੇ ਫਕੀਰ ਮਲੰਗ ਤਾਈਂ ਨਿਮਰ ਨਿਉਂ ਕੇ ਫ਼ਤਿਹ ਗਜਾ ਛੱਡੀਏ।
ਜਿਹੜਾ ਸਮਝੇ ਰਮਜ਼ਾਂ ਗਹਿਰੀਆਂ ਨੂੰ ਓਸੇ ਨੂੰ ਹੀ ਆਖ ਸੁਣਾ ਛੱਡੀਏ।
ਦਿਨ ਸੀ ਐਂਤਵਾਰ ਦਾ ਤੇ ਅਸਮਾਨ 'ਚ ਘੁਲੇ ਵੇ ਬੱਦਲ ਬਹਿਸ਼ਤ ਦੇ ਬਾਗ ਜਾਪਦੇ ਲੱਗੇ। ਇੱਕ ਐਸੀ ਕਿਤਾਬ ਤੋਹਫੇ ਵਜੋ ਭੇਂਟ ਹੋਈ ਜਿਸ ਨੂੰ ਇੱਕੋ ਘੁੱਟ ਵਿੱਚ ਮੈ ਡੀਕ ਲਾਕੇ ਪੀ ਗਿਆ ਤੇ ਪਤਾ ਈ ਨਾ ਲੱਗਾ ਕਦੋਂ ਸੂਰਜ ਚਾਚੇ ਨੇ ਕੰਧਾਂ ਤੇ ਧੁੱਪ ਰਾਣੀ ਚੜ੍ਹਾ ਮਾਰੀ। ਲਗਾਤਾਰ ਪਏ ਦਾ ਪਿੰਡਾ ਇਉਂ ਮਚਣ ਲਾਗਿਆ ਜਿਵੇਂ ਵਾਢੀ ਦੇ ਦਿਨਾਂ ਵਿੱਚ ਛੋਲਿਆਂ ਦੀ ਖਟਿਆਈ ਨਾਲ ਪਿੰਡਾ ਮਚਦਾ ਹੋਵੇ!
ਕਿਤਾਬ ਦੀ ਗੱਲ ਕਰਨ ਤੋ ਪਹਿਲਾਂ ਆਉ ਗੱਲ ਕਰੀਏ ਇਸ ਦੇ ਰਚੇਤੇ ਗਿਆਨੀ ਸੰਤੋਖ ਸਿੰਘ ਜੀ ਦੀ, ਮੇਰੇ ਸਤਿਕਾਰਯੋਗ ਤਾਇਆ ਜੀ। ਕਹਿਣ ਨੂੰ ਤਾਂ ਅੱਧੇ ਆਸਟ੍ਰੇਲੀਆ ਦਾ ਤਾਇਆ ਐ ਸਾਡਾ ਤਾਇਆ ਗਿਆਨੀ ਸੰਤੋਖ ਸਿੰਘ। ਮੈਨੂੰ ਭਤੀਜ ਕਹਿ ਕੇ ਪਹਿਲੀ ਕਾਲ ਤੇ ਕਿਹਾ, "ਭਤੀਜ, ਮੈ ਰਾਤ ਨੂੰ ਰਿੰਗਿਆ ਸੀ। ਸ਼ਾਇਦ ਤੁਸੀਂ ਕਿਤੇ ਵਿਅਸਤ ਹੋਵੋ।" ਭਾਵ ਫੋਨ ਤੇ ਰਿੰਗ ਕੀਤੀ ਸੀ। ਮਿਠਬੋਲੜਾ ਸੁਭਾਉ, ਇੱਕੋ ਮਿਲਣੀ ਵਿੱਚ ਇਉਂ ਲਗਦਾ ਜਿਵੇਂ ਵਰ੍ਹਿਆਂ ਤੋ ਜਾਣਦੇ ਹੋਈਏ। ਮੇਰੇ ਚਾਅ ਦੂਣ ਸਵਾਏ ਹੋਗੇ ਤੇ ਭੱਜਦਾ ਹੋਇਆ ਤਾਇਆ ਜੀ ਨੂੰ ਲੈਣ ਗਿਆ। ਔਣ ਸਾਰ ਨਹਾ ਧੋ ਕੇ ਤਾਇਆ ਜੀ ਨਾਲ ਤਕਰੀਬਨ ਹਰ ਮੁੱਦੇ ਤੇ ਗੁਫ਼ਤ-ਗੂ ਸ਼ੁਰੂ ਹੋ ਗਈ ਤੇ ਦਿਨ ਚੜ੍ਹਦੇ ਤੱਕ, ਮੇਰੇ ਮਨ ਦੇ ਦੁਵੰਦ ਮਸਲਿਆਂ ਨੂੰ ਜਾਨਣ ਦੀ ਚਾਹਨਾ ਦੀ ਤ੍ਰਿਪਤੀ ਵਾਸਤੇ ਤਾਇਆ ਜੀ ਨੂੰ ਫੇਰ ਖੰਘੋਲ ਮਾਰਿਆ। ਸਵੇਰੇ ਉਠਣ ਸਾਰ ਅਨੇਕਾਂ ਪੰਥ ਦੇ ਅਛੋਹੇ ਪਹਿਲੂਆਂ ਬਾਰੇ ਗਿਆਨੀ ਜੀ ਨੇ ਘੋਖ ਕੇ ਵਿਥਿਆ ਸੁਣਾਈ, ਜਿਸ ਵਿੱਚ ਕੁਝ 'ਪ੍ਰਚਾਰਕਾਂ' 'ਤੇ ਵੀ ਵਰ੍ਹੇ ਜਿਨ੍ਹਾਂ ਪੰਥ ਦੁਬਿਧਾ ਵਿੱਚ ਪਾਇਆ ਹੋਇਐ। ਬਹੁਤ ਸੀਮਤ ਬੋਲ ਬੋਲ ਕੇ, ਅਨੇਕਾਂ ਗੁੱਝੀਆਂ ਪਰਤਾਂ ਫਰੋਲ ਦਿੰਦੇ ਨੇ। "ਭਰਿਆ ਹੋਇ ਸੁ ਕਬਹੁ ਨ ਡੋਲੈ॥" (ਪੰਨਾ )
ਗੱਲਬਾਤ ਤਾਂ ਇਉਂ ਕਿ ਜਿਵੇਂ ਸਾਕਸ਼ਾਤ ਦਰਵੇਸ਼ ਦੇ ਦਰਸ਼ਨ ਹੋ ਜਾਣ। ਆਵਦੇ ਜੱਗੋਂ ਵੱਖਰੇ ਮਜ਼ਾਕੀਆ ਅੰਦਾਜ਼ ਵਿੱੱਚ ਹਵਾ ਦੇ ਬੁੱਲੇ ਅੰਗੂ ਅਜਿਹੀਆਂ ਗੁੰਝਲਦਾਰ ਪਰਤਾਂ ਫਰੋਲ ਜਾਂਦੇ ਨੇ, ਜਿਹੜੇ ਸਟੇਜਾਂ ਤੇ ਸਜਾਏ ਗੋਗੜ ਲੱਦੇ ਕਥਾਕਾਰਾਂ ਤੋ ਘੰਟਿਆਂ ਬੱਧੀ ਬੈਠ ਕੇ ਵੀ ਨਹੀਂ ਸਮਝਾਈਆਂ ਜਾਣ।
ਹੁਣ ਗੱਲ ਕਰਦੇ ਆਂ ਆਪਾਂ ਤਾਇਆ ਸਿਉਂ ਦੀ ਕਿਤਾਬ ਦੀ। ਕਿਤਾਬ ਵਿੱਚ ਜਿੱਥੇ ਤਕਰੀਬਨ ਹਰ ਪ੍ਰਚੱਲਤ ਵਿਸ਼ਿਆਂ 'ਤੇ ਲਿਖਿਆ ਮਿਲਦਾ ਹੈ ਓਥੇ ਇੱਕ ਲੇਖ "ਪੀ ਐਚ ਡੀ" ਵੀ ਬੜਾ ਰੌਚਕ ਐ। ਇਸ ਵਿੱਚ ਗਿਆਨੀ ਜੀ ਨੇ ਤਰੀਕੇ ਨਾਲ ਮਣਾਂ ਮੂਹੀਂ ਬਣੇ ਪੀ ਐਚ ਡੀ ਡਾਕਟਰਾਂ ਦੀ ਵੀ ਵਾਹਵਾ ਪੋਤੜਾ ਫਰੋਲੀ ਕੀਤੀ ਐ ਕਿ ਕਿਵੇ ਡਿਗਰੀਆ ਛੋਲਿਆਂ ਦੇ ਭਾਉ ਵਿਕਦੀਆਂ ਨੇ! ਵੈਸੇ ਤਾਂ ਹਰ ਲੇਖ ਇੱਕ ਤੋਂ ਇੱਕ ਚੜ੍ਹਦੈ ਪਰ ਮੇਰੇ ਜ਼ਿਹਨ ਵਿੱਚ ਜਥੇਦਾਰ ਮੋਹਨ ਸਿੰਘ ਤੁੜ ਬਾਬਤ ਗਿਆਨੀ ਜੀ ਵੱਲੋ ਚਿੱਤਰ ਰੂਪੀ ਵਾਹਿਆ ਚਰਿੱਤਰ ਮੁੱਖੋਂ ਬੋਲਦਾ ਲੇਖ ਹੈ। ਜਥੇਦਾਰ ਤੁੜ ਸਾਹਿਬ ਦਾ ਸਾਦਾ ਜੀਵਨ ਤੇ ਉਹਨਾਂ ਵੱਲੋ ਦਿਤੀਆਂ ਕੁਰਬਾਨੀਆਂ, ਇੱਕ ਵਾਰ ਪਾਠਕ ਨੂੰ ਝੰਜੋੜ ਕੇ ਰੱਖ ਦਿੰਦੀਆਂਨੇ।
ਇੱਕ ਹੋਰ ਬੜੀ ਕਮਾਲ ਦੀ ਗੱਲ ਇਹ ਕਿ ਗਿਆਨੀ ਜੀ ਖੁਦ ਆਪ ਵੀ ਇਹਨਾ ਲੇਖਾਂ ਦੇ ਅੱਖੀਂ ਡਿੱਠੇ ਕਿਰਦਾਰ ਹੋਣ ਦੇ ਬਾਵਜੂਦ ਆਪਣੇ ਆਪ ਨੂੰ ਮਨਫੀ ਕਰਕੇ ਚੱਲਦੇ ਨੇ। ਅਕਾਲੀ ਸਰਗਰਮੀਆਂ ਅਤੇ ਮੋਰਚਿਆਂ ਵਿੱਚ ਆਪਣੇ ਯੋਗਦਾਨ ਨੂੰ, "ਮੈ ਕਿਹੜਾ ਭੰਗੀਆਂ ਦੀ ਤੋਪ ਆਂ!" ਕਹਿ ਕੇ, ਆਪਣੇ ਆਪ ਨੂੰ ਵਡਿਆਉਣ ਤੋ ਗੁਰੇਜ਼ ਕਰਦੇ ਨੇ।
ਗਿਆਨੀ ਜੀ ਨੇ ਏਧਰ ਓਧਰ ਦੀਆਂ ਗੱਲਾਂ ਕਰਦਿਆਂ ਆਪਣੀਆਂ ਯਾਤਰਾਵਾਂ ਤੋ ਲੈ ਕੇ, ਸਰਸੇ ਵਾਲੇ ਨੂੰ ਸਜਾ ਸੁਣਾਏ ਜਾਣ ਵੇਲੇ ਤੱਕ ਕਿਸ ਤਰ੍ਹਾਂ ਨਿਰਣਾਇਕ ਹੋ ਕੇ, ਆਪਣੀ ਗੱਲ ਗੌਰੇ ਤਲਬ ਕੀਤੀ ਹੈ! ਉਹਨਾਂ ਵੱਲੋਂ ਕੀਤੀਆਂ ਦੁਨੀਆਂ ਦੀਆਂ ਯਾਤਰਾਵਾਂ ਬਾਰੇ ਲਿਖਿਆ ਤਕਰੀਬਨ ਉਹਨਾਂ ਦੀਆਂ ਸਾਰੀਆ ਕਿਤਾਬਾਂ ਵਿੱਚੋਂ ਮਿਲ ਜਾਂਦੈ, ਜਿਨ੍ਹਾਂ ਨੂੰ ਦਾਸ ਨੇ ਦੱਬ ਕੇ ਰੱਟਾ ਲਾਇਐ।
ਇਹ ਗਜ਼ਬ ਮੌਲਾ ਫਕੀਰ ਇੱੱਕ ਮੋਢੇ ਤੇ ਸਿੱਖ ਇਤਿਹਾਸ ਦੇ ਸੁਨਹਿਰੇ ਗ੍ਰੰਥ ਤੇ ਦੂਸਰੇ ਤੇ ਜਿੰਦਗੀ ਦੇ ਤਜਰਬਿਆਂ ਨੂੰ ਜਿਉਣ ਦੇ ਅਫ਼ਸਾਨੇ ਲਈ, ਯੁੱਗਾਂ ਦੀਆਂ ਵਾਟਾਂ ਤਹਿ ਕਰਦਾ ਫਿਰਦੈ। ਜਿੱਥੇ ਜਿੱਥੇ ਇਸ ਫਕੀਰ ਨੇ ਪੈਰ ਪਾਇਆ ਹੋਣੈ ਓਥੇ ਓਥੇ ਆਵਦੀ ਅਲੌਕਿਕ ਖਿੱਚ ਅਤੇ ਸਰਲ ਪਰ ਗਹਿਰੇ ਅਰਥੀ ਸ਼ਬਦਾਂ ਨਾਲ ਧਰਤ ਸੁਹਾਵੀ ਕੀਤੀ ਹੋਵੇਗੀ!
ਅਗਲੇ ਸਵੇਰੇ ਤਾਇਆ ਜੀ ਨੂੰ ਤੋਰਨ ਵੇਲੇ ਦੁਬਾਰਾ ਮਿਲਣ ਦੀ ਮਹਿਕ ਦਾ ਉਦਰੇਵਾਂ ਦਿਲ ਤੇ ਛਾ ਗਿਆ। ਸ਼ਾਲਾ, ਇਸ ਦਰਵੇਸ਼ ਦੀ ਉਮਰ ਦਸ਼ਮੇਸ਼ ਦੇ ਜਾਪ ਸਾਹਿਬ ਜਿੱਡੀ ਹੋਵੇ!
ਤੁਰਦੇ ਫਿਰਦੇ ਫਕੀਰ ਮਲੰਗ ਤਾਈਂ
ਨਿਮਰ ਨਿਉਂ ਕੇ ਫਤਿਹ ਗਜਾ ਛੱਡੀਏ।
ਜਿਹੜਾ ਸਮਝੇ ਰਮਜ਼ਾਂ ਗਹਿਰੀਆਂ ਨੂੰ
ਓਸੇ ਨੂੰ ਹੀ ਆਖ ਸੁਣਾ ਛੱਡੀਏ।
ਬੇਪਰਵਾਹ ਮੁਸਾਫ਼ਰ ਉਤੋਂ ਮਸਤ ਹੋਵੇ
ਝਾਲ ਝੱਲਣੀ ਵੀ ਹੋਵੇ ਹਾਸਿਆਂ ਦੀ।
ਗਾਹੇ ਹੋਣ ਜੀ ਬੇਲੇ ਰੰਗਪੁਰ ਦੇ ਤੇ
ਤਲ ਸੁੱਚੀ ਹੀ ਰਹੀ ਹੋਵੇ ਕਾਸਿਆਂ ਦੀ।
ਸੂਰਜਾਂ ਦੀਆਂ ਵਾਟਾਂ ਨੂੰ ਤਹਿ ਕਰਦਾ
ਲੈ ਕੇ ਸਿਰ ਤੇ ਤੁਰੇ ਤਾਜ ਅਰਸ਼ਾਂ ਦਾ।
ਨੋਕ ਕਲਮ ਦੀ ਤੇ ਆਵੇ ਗੱਲ ਕਹਿਣੀ
ਪੰਜ ਦਰਿਆ ਦਾ ਰਾਹੀ ਫਰਸ਼ਾਂ ਦਾ।
ਨਜ਼ਾਕਤ ਨਾਲ ਜੜੇ ਅੱਖਰਾਂ ਨੂੰ
ਜਾਇਆ ਗੁਰਮੁਖੀ ਅੰਮੜੀ ਦਾ ਲਾਲ ਉਹੋ।
ਸ਼ਾਹ ਸਵਾਰ ਖਿਆਲਾਂ ਦਾ ਅਡੋਲ ਯੋਗੀ
ਤੇ ਕਰੇ ਹੱਸ ਕੇ ਹੱਲ ਸਵਾਲ ਉਹੋ।
ਤੋੜ ਘੱਤਿਆ ਸ਼ੋਰ ਮੋਮਨਾਂ ਦਾ
ਇਲਾਹੀ ਜਲਵਿਆਂ ਨੂੰ ਜਿਹੜੇ ਨਕਾਰਦੇ ਨੇ।
ਤਰਕ ਨਾਲ ਨਾ ਜਿੱਤਿਆ ਰੱਬ ਜਾਵੇ
ਮੁਰਸ਼ਦ ਛਿੱਟੇ ਇਤਬਾਰ ਦੇ ਮਾਰਦੇ ਨੇ।
ਬੇ ਲੱਜ ਬਰਾੜ ਗਿਆਨ ਲਈਏ
ਸਿਰ ਪੈਰਾਂ ਉਹਦਿਆਂ 'ਚ ਟਿਕਾ ਛੱਡੀਏ।
ਤੁਰਦੇ ਫਿਰਦੇ ਫਕੀਰ ਮਲੰਗ ਤਾਈਂ
ਨਿਮਰ ਨਿਉਂ ਕੇ ਫ਼ਤਿਹ ਗਜਾ ਛੱਡੀਏ।
-ਮਨਿੰਦਰ ਬਰਾੜ

ਦੱਖਣੀ ਆਸਟ੍ਰੇਲੀਆ ਦੀ ਰਾਜਧਾਨੀ ਐਡੀਲੇਡ ਵਿਚ ਚੌਥਾ ਗੁਰਦੁਆਰਾ ਸਾਹਿਬ - ਗਿਆਨੀ ਸੰਤੋਖ ਸਿੰਘ ਸਿਡਨੀ, ਆਸਟ੍ਰੇਲੀਆ

      ਉਤਰੀ ਐਡੀਲੇਡ ਵਿਚ ਸ਼ਹਿਰ ਤੋਂ ਵਾਹਵਾ ਦੂਰ, ਨੌਜਵਾਨ ਸੇਵਾਦਾਰਾਂ ਨੇ ਇਕ ਵਿਸ਼ਾਲ ਹਾਲ ਖ਼ਰੀਦ ਕੇ, ਗੁਰਦੁਆਰਾ ਸਾਹਿਬ ਆਰੰਭ ਕੀਤਾ ਹੈ। 30 ਅਤੇ 31 ਦਸੰਬਰ ਦੋ ਦਿਨ ਗੁਰਬਾਣੀ ਦਾ ਅਖੰਡ ਪਾਠ ਚੱਲਿਆ। 1 ਜਨਵਰੀ 2023 ਵਾਲੇ ਸ਼ੁਭ ਦਿਨ ਉਸ ਦਾ ਭੋਗ ਪਾਇਆ ਗਿਆ। ਤਿੰਨੇ ਦਿਨ ਨੇੜੇ ਦੇ ਘਰਾਂ ਤੋਂ ਸੰਗਤ ਮੱਥਾ ਟੇਕਣ ਅਤੇ ਸੇਵਾ ਕਰਨ ਵਾਸਤੇ ਹੁੰਮ ਹੁਮਾ ਕੇ ਆਈ। ਭੋਗ ਵਾਲੇ ਦਿਨ, ਬਾਵਜੂਦ ਅੱਤ ਗਰਮੀ ਅਤੇ ਧੁੱਪ ਦੇ, ਮੱਥਾ ਟੇਕਣ ਵਾਲੀ ਸੰਗਤ ਦੀਆਂ ਕਤਾਰਾਂ ਲੱਗੀਆਂ ਰਹੀਆਂ। ਲੰਗਰ ਦੀਵਾਨ ਦੇ ਭੋਗ ਤੋਂ ਬਹੁਤ ਸਮਾ ਪਹਿਲਾਂ ਹੀ ਸ਼ੁਰੂ ਕਰ ਦਿਤਾ ਗਿਆ ਸੀ ਪਰ ਫਿਰ ਵੀ ਸੰਗਤਾਂ ਦੀ ਕਤਾਰ ਸ਼ਾਮ ਤੱਕ ਲੱਗਦੀ ਰਹੀ। ਸਵੇਰ ਤੋਂ ਲੈ ਕੇ ਸ਼ਾਮ ਦੇ 9 ਵਜੇ ਦੀਵਾਨ ਦੀ ਸਮਾਪਤੀ ਹੋਈ ਪਰ ਸੰਗਤ 10 ਵਜੇ ਤੱਕ ਵੀ ਲੰਗਰ ਛਕਦੀ ਰਹੀ। ਇਸ ਖੁਸ਼ੀਆਂ ਭਰੇ ਮੌਕੇ ਮੌਡਬਰੀ ਸਬਅਰਬ ਦੇ ਵਾਸੀ ਸਿੱਖਾਂ ਦਾ ਉਤਸ਼ਾਹ ਵੇਖਣ ਹੀ ਵਾਲਾ ਸੀ।

ਪਹਿਲਾਂ ਸੋਚ ਇਹ ਆਵੇਗੀ ਕਿ ਸਿਡਨੀ, ਮੈਲਬਰਨ ਸ਼ਹਿਰਾਂ ਦੇ ਮੁਕਾਬਲੇ ਨਿੱਕੇ ਜਿਹੇ ਸ਼ਹਿਰ ਅਡੀਲੇਡ ਵਿਚ ਚੌਥਾ ਗੁਰਦੁਆਰਾ ਬਣਾਉਣ ਦੀ ਕਿਉਂ ਲੋੜ ਪਈ? ਵੈਸੇ ਤੇ ਆਮ ਹੀ ਇਕ ਤੋਂ ਦੂਜਾ ਗੁਰਦੁਆਰਾ ਓਦੋਂ ਹੀ ਬਣਨ ਦੀ ਲੋੜ ਮਹਿਸੂਸ ਕੀਤੀ ਜਾਂਦੀ ਹੈ ਜਦੋਂ ਸੰਗਤ ਦੇ ਇਕ ਹਿੱਸੇ ਦੇ ਧਾਰਮਿਕ ਮਰਯਾਦਾ ਜਾਂ ਪ੍ਰਬੰਧਕ ਵਿਚਾਰਾਂ ਬਾਰੇ ਮੱਤਭੇਦ ਪੈਦਾ ਹੋ ਜਾਂਦਾ ਹਨ। ਜੇਕਰ ਜਤਨ ਕਰਨ ‘ਤੇ ਵੀ ਸਹਿਮਤੀ ਨਾ ਹੋ ਸਕੇ ਤਾਂ ਝਗੜਾ ਕਰਨ, ਮੁਕੱਦਮਿਆਂ ਵਿਚ ਧਨ ਰੋੜ੍ਹਨ ਨਾਲੋਂ ਕਿਤੇ ਚੰਗਾ ਹੋਵੇਗਾ ਕਿ ਜਿਨ੍ਹਾਂ ਨਾਲ਼ ਵਿਚਾਰਾਂ ਦੀ ਸਾਂਝ ਹੈ, ਉਹਨਾਂ ਨਾਲ਼ ਮਿਲ਼ ਕੇ ਇਕ ਹੋਰ ਗੁਰਦੁਆਰਾ ਉਸਾਰ ਲਿਆ ਜਾਵੇ। ਵੈਸੇ ਸਮਾ ਆਉਣ ‘ਤੇ ਪਰਵਾਰਾਂ ਵਿਚੋਂ ਵੀ ਹੋਰ ਵੱਖਰੇ ਘਰ ਬਣਾਉਣ ਦੀ ਲੋੜ ਪੈ ਹੀ ਜਾਂਦੀ ਹੈ। ਜੇਕਰ ਇਹ ਕਾਰਜ ਰਜਾਮੰਦੀ ਨਾਲ਼ ਹੋ ਜਾਵੇ ਤਾਂ ਬਹੁਤ ਚੰਗੀ ਗੱਲ ਹੈ। ਜੇਕਰ ਰਜਾਮੰਦੀ ਨਾ ਹੋਵੇ ਤਾਂ ਫਿਰ ਲੜ ਕੇ ਵੀ ਪਰਵਾਰਕ ਮੈਂਬਰ ਵੱਖ ਹੋ ਜਾਂਦੇ ਹਨ। ਇਸ ਨਾਲ਼ ਪਰਵਾਰਕ ਸਾਂਝ ਟੁੱਟਦੀ ਹੈ ਤੇ ਦੋਹੀਂ ਧਿਰੀਂ ਨੁਕਸਾਨ ਹੁੰਦਾ ਹੈ।

        1988 ਵਿਚ ਐਡੀਲੇਡ ਵਿਚ ਸੰਗਤ ਨੇ ਪਹਿਲਾ ਗੁਰਦੁਆਰਾ ਸਾਹਿਬ ਬਣਾਇਆ ਸੀ। ਉਸ ਸਮੇ ਹੀ ਪਹਿਲਾ ਅਖੰਡ ਪਾਠ ਦੱਖਣੀ ਆਸਟ੍ਰੇਲੀਆ ਵਿਚ ਹੋਇਆ ਸੀ ਤੇ ਇਸ ਸ਼ੁਭ ਅਵਸਰ ਉਪਰ ਹੀ ਆਸਟ੍ਰੇਲੀਆ ਦੀਆਂ ਸਿੱਖ ਖੇਡਾਂ ਆਰੰਭ ਹੋਈਆਂ ਸਨ, ਜੋ ਕਿ ਇਸ ਸਮੇ ਆਸਟ੍ਰੇਲੀਆ ਦੇ ਸਿੱਖਾਂ ਦੀ ਸਭ ਤੋਂ ਵੱਡੀ ਤੇ ਵਿਸ਼ਾਲ ਸੰਸਥਾ ਬਣ ਚੁੱਕੀ ਹੈ।

        ਪਹਿਲਾ ਗੁਰਦੁਆਰਾ ਗਲੈਨ ਓਸਮੰਡ ਸਬਅਰਬ ਵਿਚ ਬਣੀ ਹੋਈ ਇਮਾਰਤ ਖਰੀਦ ਕੇ ਉਸ ਵਿਚ ਦੀਵਾਨ ਸਜਾਇਆ ਜਾਂਦਾ ਹੈ। ਦੂਜਾ ਗੁਰਦੁਆਰਾ ਗੁਰੂ ਨਾਨਕ ਦਰਬਾਰ ਐਲਨਬੀ ਗਾਰਡਨ ਦੇ ਇਕ ਚਰਚ ਦੀ ਇਮਾਰਤ ਵਿਚ ਅਤੇ ਤੀਜਾ ਪ੍ਰਾਸਪੈਕਟ ਸਬਅਰਬ ਵਿਚ ਵੀ ਇਕ ਚਰਚ ਦੀ ਇਮਾਰਤ ਵਿਚ, ਸਿੱਖਾਂ ਸੰਗਤਾਂ ਨੂੰ ਧਾਰਮਿਕ ਸੇਵਾਵਾਂ ਦੇ ਰਹੇ ਹਨ। ਮੇਰੇ ਖਿਆਲ ਵਿਚ ਇਹਨਾਂ ਇਮਾਰਤਾਂ ਵਿਚ ਸ਼ਾਇਦ ਹੋਰ ਵਾਧਾ ਨਾ ਕੀਤਾ ਜਾ ਸਕਦਾ ਹੋਵੇ। ਜਦੋਂ ਇਹ ਗੁਰਦੁਆਰਾ ਸਾਹਿਬ ਆਰੰਭ ਹੋਏ ਸਨ ਓਦੋਂ ਐਡੀਲੇਡ ਵਿਚ ਸੰਗਤ ਬਹੁਤ ਘੱਟ ਹੁੰਦੀ ਸੀ ਅਤੇ ਇਹਨਾਂ ਗੁਰਦੁਆਰਿਆਂ ਵਿਚ ਸੰਗਤ ਸਮਾ ਜਾਂਦੀ ਸੀ ਪਰ ਸਿੱਖ ਵਿਦਿਆਰਥੀਆਂ ਦੇ ਆਉਣ ਨਾਲ਼ ਸੰਗਤ ਵਿਚ ਬਹੁਤ ਵਾਧਾ ਹੋ ਚੁੱਕਿਆ ਹੈ। ਏਥੇ ਇਕ ਵਿਸ਼ਾਲ ਇਮਾਰਤ ਵਾਲੇ ਗੁਰਦੁਆਰਾ ਸਾਹਿਬ ਦੀ ਲੋੜ ਸੀ। ਫਿਰ ਇਹ ਗੁਰਦੁਆਰਾ ਸਾਹਿਬ ਸ਼ਹਿਰ ਤੋਂ ਵਾਹਵਾ ਦੂਰ ਉਤਰ ਵੱਲ ਮੌਡਬਰੀ ਸਬਅਰਬ ਵਿਚ ਆਰੰਭ ਕੀਤਾ ਗਿਆ ਹੈ, ਜਿਥੇ ਸੈਕੜਿਆਂ ਦੀ ਗਿਣਤੀ ਵਿਚ ਨਵੇਂ ਆਉਣ ਵਾਲੇ ਸਿੱਖ ਆਪਣੇ ਘਰ ਖਰੀਦ ਕੇ ਵੱਸ ਰਹੇ ਹਨ। ਉਸ ਸੰਗਤ ਵਾਸਤੇ ਇਹ ਸਥਾਨ ਹਰ ਪੱਖੋਂ ਬਹੁਤ ਹੀ ਢੁਕਵਾਂ ਹੈ।

ਆਸਟ੍ਰੇਲੀਆ ਵਿਚ ਨਵੇਂ ਆਏ ਜਵਾਨ ਸੇਵਕਾਂ ਨੇ ਇਸ ਗੁਰਦੁਆਰੇ ਦੀ ਆਰੰਭਤਾ, ਬਾਕੀ ਗੁਰਦੁਆਰਿਆਂ ਦੇ ਪ੍ਰਬੰਧਕ ਤਰੀਕੇ ਨਾਲੋਂ ਵੱਖਰੇ ਢੰਗ ਦੇ ਪ੍ਰਬੰਧ ਨਾਲ਼ ਸ਼ੁਰੂ ਕੀਤੀ ਹੈ। ਪਹਿਲਾਂ 1920 ਵਿਚ ਸ੍ਰੀ ਅੰਮ੍ਰਿਤਸਰ ਤੋਂ ਲੈ ਕੇ ਹੁਣ ਤੱਕ, ਸਾਰੇ ਸੰਸਾਰ ਦੇ ਗੁਰਦੁਆਰਾ ਸਾਹਿਬਾਨ ਦੀਆਂ ਕਮੇਟੀਆਂ ਸਿੱਖ ਮੈਂਬਰਾਂ ਦੀਆਂ ਵੋਟਾਂ ਨਾਲ਼ ਚੁਣੀਆਂ ਜਾਂਦੀਆਂ ਹਨ ਜੋ ਨਿਸਚਿਤ ਸਮੇ ਤੱਕ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਕਰਦੀਆਂ ਹਨ। ਉਹਨਾਂ ਦਾ ਨਿਸਚਿਤ ਸਮਾ ਪੂਰਾ ਹੋਣ ‘ਤੇ ਫਿਰ ਕਮੇਟੀ ਦੀ ਚੋਣ ਹੁੰਦੀ ਹੈ। ਇਸ ਚੋਣ ਸਿਸਟਮ ਦੇ ਕੀ ਨੁਕਸਾਨ ਹੋਏ ਅਤੇ ਹੋ ਰਹੇ ਨੇ, ਪਾਠਕ ਉਹਨਾਂ ਤੋਂ ਭਲੀ ਭਾਂਤ ਜਾਣੂ ਨੇ। ਉਹਨਾਂ ਵਿਚ ਪ੍ਰਧਾਨ, ਮੀਤ ਪ੍ਰਧਾਨ, ਸਕੱਤਰ, ਮੀਤ ਸਕੱਤਰ, ਖਜਾਨਚੀ, ਮੀਤ ਖ਼ਜਾਨਚੀ, ਸਟੇਜ ਸੈਕਟਰੀ ਆਦਿ ਅਹੁਦੇਦਾਰ ਵੀ ਬਣਾਏ ਜਾਂਦੇ ਹਨ।

ਇਹ ਗੁਰਦੁਆਰਾ ਸਾਹਿਬ ਆਰੰਭ ਕਰਨ ਵਾਲੇ ਨੌਜਵਾਨਾਂ ਨੇ ਇਕ ਵੱਖਰੀ ਲੀਹ ਤੋਰੀ ਹੈ। ਉਹਨਾਂ ਅਨੁਸਾਰ ਇਸ ਗੁਰਦੁਆਰਾ ਸਾਹਿਬ ਦਾ ਕੋਈ ਪ੍ਰਧਾਨ ਜਾਂ ਹੋਰ ਅਹੁਦੇਦਾਰ ਨਹੀਂ ਹੋਵੇਗਾ ਤੇ ਨਾ ਹੀ ਕੋਈ ਇਸ ਦਾ ਦਫ਼ਤਰ ਹੋਵੇਗਾ। ਗੋਲਕ ਦੀ ਗਿਣਤੀ ਏਸੇ ਤਰ੍ਹਾਂ ਆਨ ਲਾਈਨ ਸਾਂਝੀ ਕੀਤੀ ਜਾਂਦੀ ਰਹੇਗੀ। ਫੋਟੋ ਸਭਿਆਚਾਰ ਤੋਂ ਦੂਰ, ਸਿਰਫ਼ ਸ਼ਬਦ ਗੁਰੂ ਨੂੰ ਸਮੱਰਪਤ, ਦਰਬਾਰ ਹਾਲ ਵਿਚ ਗ੍ਰੰਥੀ, ਰਾਗੀ ਜਾਂ ਪ੍ਰਚਾਰਕ ਤੋਂ ਬਿਨਾ ਹੋਰ ਕਿਸੇ ਵੀ ਸੱਜਣ ਨੂੰ ਬੋਲਣ ਦੀ ਆਗਿਆ ਨਹੀਂ ਹੋਵੇਗੀ। ਇਹਨਾਂ ਬੁਲਾਰਿਆਂ ਨੂੰ ਵੀ ਸ਼ਬਦ ਗੁਰੂ ਜਾਂ ਸਿੱਖ ਇਤਿਹਾਸ ਤੋਂ ਬਿਨਾ ਹੋਰ ਕੁਝ ਬੋਲਣ ਦੀ ਮਨਾਹੀ ਹੋਵੇਗੀ। ਸੰਗਤ ਵਾਸਤੇ ਲੋੜੀਂਦੀਆਂ ਸੂਚਨਾਵਾਂ ਵੀ ਗ੍ਰੰਥੀ ਸਿੰਘ ਹੀ ਸੰਗਤ ਨਾਲ਼ ਸਾਂਝੀਆਂ ਕਰਿਆ ਕਰਨਗੇ। ਖੂਨਦਾਨ ਦੀ ਲੜੀ ਹਰ ਵਕਤ ਚੱਲਦੀ ਰਹੇਗੀ। ਸਿਆਸੀ ਅਤੇ ਨਿਜੀ ਸੂਚਨਾਵਾਂ ਦਰਬਾਰ ਹਾਲ ਵਿਚ ਕਦੇ ਵੀ ਸਾਂਝੀਆਂ ਨਹੀਂ ਕੀਤੀਆਂ ਜਾਣਗੀਆਂ। ਗੁਰਮੁਖੀ ਅਤੇ ਸਿੱਖ ਵਿਰਾਸਤ ਬੱਚਿਆਂ ਨੂੰ ਸਿਖਾਉਣ ਦਾ ਯੋਗ ਪ੍ਰਬੰਧ ਕੀਤਾ ਜਾਵੇਗਾ।

ਇਹ ਨਵਾਂ ਤਜੱਰਬਾ ਨੌਜਵਾਨ ਕਰ ਰਹੇ ਹਨ। ਕਿਉਂਕਿ ਹੁਣ ਤੱਕ ਪਹਿਲੀ ਤਰ੍ਹਾਂ ਦੇ ਪ੍ਰਬੰਧਾਂ ਕਰਕੇ ਗੁਰਦੁਆਰਾ ਸਾਹਿਬਾਨ ਵਿਚ ਬਹੁਤ ਸਾਰੀਆਂ ਅਧਾਰਮਿਕ ਗਤੀਵਿਧੀਆਂ ਹੋ ਰਹੀਆਂ ਹਨ। ਉਹਨਾਂ ਕੁਰੀਤੀਆਂ ਤੋਂ ਬਚਣ ਲਈ ਇਸ ਪ੍ਰਕਾਰ ਨਵੇਂ ਤਰੀਕੇ ਨਾਲ਼ ਗੁਰੂ ਘਰ ਨੂੰ ਸੁਚਾਰੂ ਰੂਪ ਵਿਚ ਚਲਾਉਣ ਲਈ ਉਦਮ ਕੀਤਾ ਜਾ ਰਿਹਾ ਹੈ।

ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸੁਚਾਰੂ ਰੂਪ ਵਿਚ ਚਲਾਉਣ ਲਈ ਯੂਨਾਈਟਿਡ ਸਿਖਜ਼ ਆਫ਼ ਸਾਊਥ ਆਸਟ੍ਰੇਲੀਆ United Sikhs of South Australia ਦੇ 9 ਸੇਵਾਦਾਰ ਹੋਣਗੇ। ਇਸ ਦੇ ਸੰਵਿਧਾਨ ਮੁਤਾਬਿਕ, ਇਸ ਦੀ ਕਦੀ ਵੀ ਇਲੈਕਸ਼ਨ ਨਹੀਂ ਹੋਵੇਗੀ। ਸੇਵਾਦਾਰਾਂ ਦੀ ਚੋਣ, ਉਹਨਾਂ ਦੀ ਸੇਵਾ ਦੇ ਆਧਾਰ ਉਪਰ ਕੀਤੀ ਜਾਇਆ ਕਰੇਗੀ। ਜੋ ਸੇਵਾਦਾਰ ਲਗਾਤਾਰ ਗੁਰਦੁਆਰਾ ਸਾਹਿਬ ਦੀ ਸੇਵਾ ਕਰਨਗੇ, ਉਹਨਾਂ ਵਿਚੋਂ ਪਰਚੀ ਪਾ ਕੇ 9 ਸੇਵਾਦਾਰ ਚੁਣੇ ਜਾਇਆ ਕਰਨਗੇ।

ਸਮਾ ਹੀ ਦੱਸੂਗਾ ਕਿ ਗੁਰੂ ਸਾਹਿਬ ਇਹਨਾਂ ਨੌਜਵਾਨਾਂ ਨੂੰ ਇਸ ਨਵੇਂ ਕਿਸਮ ਦੇ ਸੇਵਕ ਢਾਂਚੇ ਵਿਚ, ਗੁਰਸਿੱਖੀ ਪ੍ਰਚਾਰ ਦੇ ਖੇਤਰ ਵਿਚ ਕਿੰਨੀ ਕੁ ਸਫ਼ਲਤਾ ਬਖ਼ਸ਼ਦੇ ਹਨ।

ਐਡੀਲੇਡ ਦੀ ਯਾਤਰਾ ਅਪ੍ਰੈਲ -- ਮਈ 2021 - ਗਿਆਨੀ ਸੰਤੋਖ ਸਿੰਘ ਸਿਡਨੀ, ਆਸਟ੍ਰੇਲੀਆ

ਸਾਊਥ ਆਸਟ੍ਰੇਲੀਆ ਦੀ ਰਾਜਧਾਨੀ ਐਡੀਲੇਡ ਦੇ ਨਾਂ ਤੋਂ ਤੇ ਭਾਵੇਂ ਮੈਂ 1979 ਦੀਆਂ ਗਰਮੀਆਂ ਦੇ ਸਮੇ ਦੌਰਾਨ ਸਿੰਘਾਪੁਰ ਤੋਂ ਹੀ ਜਾਣੂ ਹੋ ਗਿਆ ਸਾਂ ਪਰ ਯਾਤਰਾ ਆਸਟ੍ਰੇਲੀਆ ਦੇ ਇਸ ਖ਼ੂਬਸੂਰਤ ਦੱਖਣੀ ਸ਼ਹਿਰ ਦੀ ਕਰਨ ਦਾ ਸੁਭਾਗ, ਅਪ੍ਰੈਲ 1988 ਵਿਚ ਹੋਇਆ। ਇਸ ਯਾਤਰਾ ਦੀ ਗੱਲ ਮੈਂ ਅੱਗੇ ਜਾ ਕੇ ਕਰੂੰਗਾ, ਪਹਿਲਾਂ ਸਿੰਘਾਪੁਰ ਵਾਲ਼ੀ ਗੱਲ ਪੂਰੀ ਕਰ ਲਵਾਂ। ਸਬੱਬ ਇਹ ਇਉਂ ਬਣਿਆ ਕਿ ਦੱਖਣੀ ਏਸ਼ੀਆ ਦੇ ਮੁਲਕਾਂ ਦੀ ਯਾਤਰਾ ਦੌਰਾਨ ਮੈਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਸਿੰਘਾਪੁਰ ਦੇ ਦਫ਼ਤਰ ਵਿਚ ਕੁਝ ਸੱਜਣਾਂ ਨਾਲ਼ ਵਾਰਤਾਲਾਪ ਕਰ ਰਿਹਾ ਸਾਂ ਕਿ ਇਕ ਚਿੱਟੀ ਦਾਹੜੀ, ਜੇਹੜੀ ਸੋਹਣੀ ਤਰ੍ਹਾਂ ਸੰਤੋਖੀ ਹੋਈ ਸੀ, ਅਤੇ ਚਿੱਟੇ ਝੱਗੇ ਪਜਾਮੇ ਅਤੇ ਚਿੱਟੀ ਹੀ ਦਸਤਾਰ ਵਿਚ ਸਜੇ ਹੋਏ ਸੱਜਣ ਆਏ। ਉਹਨਾਂ ਨੇ ਖ਼ਜਾਨਚੀ ਨੂੰ ਕੁਝ ਮਾਇਆ ਦਿਤੀ ਅਤੇ ਰਸੀਦ ਪ੍ਰਾਪਤ ਕੀਤੀ। ਪਤਾ ਲੱਗਾ ਕਿ ਇਹ ਸੁਘੜ ਸੱਜਣ ਸਿੰਘਾਪੁਰ ਤੋਂ ਪ੍ਰਕਾਸ਼ਤ ਹੋ ਰਹੇ ਪੰਜਾਬੀ ਅਖ਼ਬਾਰ ’ਨਵਜੀਵਨ’ ਦੇ ਮਾਲਕ/ਸੰਪਾਦਕ ਸ. ਦੀਵਾਨ ਸਿੰਘ ਰੰਧਾਵਾ ਜੀ ਹਨ। ਇਹ ਗੁਰਦੁਆਰਾ ਸਾਹਿਬ ਨੂੰ ਭੇਟਾ ਕੀਤੀ ਜਾਣ ਵਾਲ਼ੀ ਮਾਇਆ, ਉਹਨਾਂ ਦੇ ਸਪੁਤਰ ਸ. ਅਜਮੇਰ ਸਿੰਘ ਰੰਧਾਵਾ ਜੀ ਨੇ, ਜੋ ਉਹਨਾਂ ਵੱਲੋਂ ਕਰਵਾਏ ਗਏ ਧਾਰਮਿਕ ਸਮਾਗਮ ਸਮੇ ਇਕੱਤਰ ਹੋਈ ਸੀ, ਐਡੀਲੇਡ ਤੋਂ ਭੇਜੀ ਹੈ। ਮਾਇਆ ਵਾਲ਼ੀ ਰਸੀਦ ਉਪਰ ਜੇਹੜਾ ਸਿਰਨਾਵਾਂ ਸੀ ਉਸ ਵਿਚ ਐਡੀਲੇਡ ਸ਼ਹਿਰ ਦਾ ਨਾਂ ਲਿਖਿਆ ਹੋਇਆ ਮੈਂ ਪੜ੍ਹ ਲਿਆ ਤੇ ਆਪਣੀ ਯਾਦ ਦੇ ਵਿਚੇ ਵਿਚ ਘੋਟਾ ਵੀ ਲਾ ਲਿਆ ਤਾਂ ਕਿ ਜੇ ਕਦੀ ਐਡੀਲੇਡ ਦਾ ਚੱਕਰ ਲੱਗੇ ਤਾਂ ਓਥੇ ਇਸ ਚੰਗੇ ਵਿਅਕਤੀ ਦੇ ਵੀ ਦਰਸ਼ਨ ਕੀਤੇ ਜਾ ਸਕਣ।

ਘੁੰਮਦੇ ਘੁੰਮਾਉਂਦੇ 25 ਅਕਤੂਬਰ 1979 ਵਾਲ਼ੇ ਦਿਨ, ਆਸਟ੍ਰੇਲੀਆ ਦੇ ਸਭ ਤੋਂ ਵੱਡੇ ਸ਼ਹਿਰ ਸਿਡਨੀ ਸ਼ਹਿਰ ਵਿਚ ਆ ਉਤਾਰਾ ਕੀਤਾ। ਏਥੇ ਆ ਕੇ ਕੀ ਕੀ ਪਾਪੜ ਵੇਲ਼ੇ! ਇਹਨਾਂ ਦਾ ਜ਼ਿਕਰ ਪ੍ਰਸੰਗ ਵੱਸ ਕਈ ਲੇਖਾਂ ਵਿਚ ਸਮੇ ਸਮੇ ਆ ਚੁੱਕਾ ਹੈ। ਕਰਦੇ ਕਰਾਉਂਦੇ 1988 ਆ ਗਿਆ। ਐਡੀਲੇਡ ਦੇ ਸਿੱਖਾਂ ਵੱਲੋਂ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਸਿਡਨੀ ਦੀ ਕਮੇਟੀ ਨੂੰ ਸੱਦਾ ਆਇਆ ਕਿ ਓਥੇ ਪਹਿਲੇ ਅਖੰਡ ਪਾਠ ਦੇ ਭੋਗ ਉਪ੍ਰੰਤ, ਪਹਿਲੇ ਹੀ ਗੁਰਦੁਆਰੇ ਦਾ ਉਦਘਾਟਨ ਹੋਣਾ ਹੈ। ਉਸ ਵਿਚ ਸ਼ਾਮਲ ਹੋਣ ਲਈ ਆਇਆ ਜਾਵੇ। ਉਸ ਸਮੇ ਕਮੇਟੀ ਵਿਚ ਮੈਂ ਹੀ ਇਕੱਲਾ ਵੇਹਲਾ ਮੈਂਬਰ ਸੀ ਤੇ ਇਸ ਲਈ ਓਥੇ ਜਾਣ ਲਈ ਗੁਣਾ ਮੇਰੇ ਉਪਰ ਹੀ ਪਿਆ।

ਮੈਂ ਬੱਸ ਰਾਹੀਂ ਡੇਢ ਹਜਾਰ ਕਿਲੋਮੀਟਰ ਦਾ ਸਫ਼ਰ ਕਰਕੇ, ਦੱਖਣੀ ਆਸਟ੍ਰੇਲੀਆ ਦੀ ਰਾਜਧਾਨੀ, ਐਡੀਲੇਡ ਪਹੁੰਚ ਗਿਆ। ਅੱਗੋਂ ਓਥੋਂ ਦੇ ਸਿੱਖਾਂ ਦੇ ਮੁਖੀ ਸ. ਮਹਾਂਬੀਰ ਸਿੰਘ ਗਰੇਵਾਲ ਨੇ ਮੈਨੂੰ ਬੱਸ ਅੱਡੇ ਤੋਂ ਚੁੱਕਿਆ ਤੇ ਆਪਣੇ ਘਰ ਲੈ ਗਏ। ਸਰਦਾਰਨੀ ਬਲਬੀਰ ਕੌਰ ਗਰੇਵਾਲ ਨੌਕਰੀ ‘ਤੇ ਗਏ ਹੋਣ ਕਰਕੇ ਸਰਦਾਰ ਗਰੇਵਾਲ ਜੀ ਨੇ ਖ਼ੁਦ ਹੀ ਮੈਨੂੰ ਚਾਹ ਨਾਲ਼ ਸੈਂਡਵਿਚ ਬਣਾ ਕੇ ਛਕਾਇਆ ਤੇ ਮੇਰੀਆਂ ਅੱਖਾਂ ਖੁਲ੍ਹੀਆਂ।

ਓਥੇ, ਐਡੀਲੇਡ ਵਿਚ, ਤਿੰਨ ਦਿਨ ਅਖੰਡ ਪਾਠ ਸਾਹਿਬ ਜੀ ਦੀ ਸੇਵਾ ਦਾ ਪ੍ਰਬੰਧ ਕੀਤਾ। ਭੋਗ ਪਿੱਛੋਂ ਗੁਰਦੁਆਰਾ ਸਾਹਿਬ ਦਾ ਉਦਘਾਟਨ ਹੋਇਆ। ਆਸਟ੍ਰੇਲੀਆ ਦੀਆਂ ਸਿੱਖ ਖੇਡਾਂ ਦਾ ਆਰੰਭ ਹੋਇਆ, ਜੇਹੜੀਆਂ ਓਦੋਂ ਤੋਂ ਲੈ ਕੇ, ਹੁਣ ਤੱਕ, ਹਰੇਕ ਸਾਲ ਵਾਰੀ ਵਾਰੀ ਆਸਟ੍ਰੇਲੀਆ ਦੇ ਕਿਸੇ ਨਾ ਕਿਸੇ ਸ਼ਹਿਰ ਵਿਚ ਹੁੰਦੀਆਂ ਹਨ। ਖੇਡਾਂ ਤੋਂ ਇਲਾਵਾ ਯੂਨੀਵਰਸਿਟੀ ਦੇ ਆਡੀਟੋਰੀਅਮ ਵਿਚ ‘ਸਿੱਖ ਫੋਰਮ’, ਜੋ ਕਿ ਇਹਨਾਂ ਖੇਡਾਂ ਦਾ ਇਕ ਖਾਸ ਹਿੱਸਾ ਹੈ, ਵੀ ਸਫ਼ਲਤਾ ਸਹਿਤ ਹੋਇਆ। ਰਾਤ ਨੂੰ ਸਭਿਆਚਾਰਕ ਪ੍ਰੋਗਰਾਮ ਵਿਚ ਵੀ ਸ਼ਾਮਲ ਹੋ ਕੇ, ਸਾਰੇ ਸੱਜਣਾਂ ਨੇ ਖ਼ੁਸ਼ੀਆਂ ਸਾਂਝੀਆਂ ਕੀਤੀਆਂ।

ਅਪ੍ਰੈਲ 1988 ਗਿਆ ਤੇ ਮਾਰਚ 2021 ਆਇਆ। ਇਸ ਦੌਰਾਨ ਕਈ ਚੱਕਰ ਰਾਜਧਾਨੀ ਐਡੀਲੇਡ ਸ਼ਹਿਰ ਸਮੇਤ ਸਾਊਥ ਆਸਟ੍ਰੇਲੀਆ ਦੇ ਲੱਗੇ ਜਿਨ੍ਹਾਂ ਦੀ ਗਿਣਤੀ ਇਸ ਵੇਲ਼ੇ ਯਾਦ ਨਹੀਂ ਰਹੀ। ਇਸ ਵਾਰੀਂ ਵਾਹਵਾ ਸਮਾ ਰਹਿੰਦਿਆਂ ਹੀ ਐਡੀਲੇਡ ਤੋਂ ਸੂਝਵਾਨ ਸੱਜਣ, ਰੋਜ਼ਾਨਾ ਅਜੀਤ ਦੇ ਪੱਤਰਕਾਰ, ਸ. ਗੁਰਮੀਤ ਸਿੰਘ ਵਾਲ਼ੀਆ ਜੀ ਦਾ ਫ਼ੋਨ ਆਇਆ ਕਿ 21 ਅਪ੍ਰੈਲ ਤੋਂ 3 ਮਈ ਤੱਕ ਦਾ ਸਮਾ, ਵੈਸਾਖੀ ਨਾਲ਼ ਸਬੰਧਤ ਧਾਰਮਿਕ ਕਾਰਜਾਂ ਵਿਚ ਹਿੱਸਾ ਲੈਣ ਲਈ, ਮੈਂ ਉਹਨਾਂ ਵਾਸਤੇ ਰੱਖਾਂ। ਖਿੱਚ ਤੇ ਮੇਰੀ ਸਾਲਾਨਾ ਸਿੱਖ ਖੇਡਾਂ ਸਮੇ ਪਰਥ ਜਾਣ ਦੀ ਸੀ ਪਰ ਉਹਨਾਂ ਵੱਲੋਂ ਅਜੇ ਕੱਚ/ਪੱਕ ਹੋਣ ਕਰਕੇ ਏਧਰ ਐਡੀਲੇਡ ਹਾਜਰ ਹੋਣ ਦੀ ਹਾਂ ਹੋ ਗਈ। ਪਿਛਲੇ ਸਾਲ ਵੀ ਪਰਥ ਵਿਚ ਖੇਡਾਂ ਹੋਣੀਆਂ ਸਨ ਪਰ ਕਰੋਨਾ ਦੇ ਕਹਿਰ ਕਰਕੇ ਨਾ ਹੋ ਸਕੀਆਂ, ਇਸ ਲਈ ਇਸ ਵਾਰੀ ਵੀ ਕੰਮ ਕੁਝ ਭੰਬਲ਼ਭੂਸੇ ਜਿਹੇ ਵਿਚ ਹੀ ਸੀ। ਅਖੀਰ ਸਿਆਣੇ ਪ੍ਰਬੰਧਕਾਂ ਨੇ ਸਿਆਣਾ ਫੈਸਲਾ ਕਰ ਲਿਆ ਕਿ ਕਰੋਨੇ ਕਾਰਨ ਯਾਤਰਾ ਵਿਚ ਵਿਘਨ ਪੈਣ ਕਰਕੇ, ਹਰੇਕ ਸਟੇਟ ਆਪਣੀ ਆਪਣੀ ਰਾਜਧਾਨੀ ਵਿਚ, ਸਥਾਨਕ ਪਧਰ ਉਪਰ ਹੀ ਖੇਡਾਂ ਕਰਵਾ ਲੈਣ। ਮੈਨੂੰ ਪ੍ਰਬੰਧਕਾਂ ਵੱਲੋਂ ਸੱਦਾ ਆਇਆ ‘ਸਿੱਖ ਫੋਰਮ’ ਵਿਚ ਹਰੇਕ ਸਾਲ ਵਾਂਗ ਸਰਗਰਮ ਹਿੱਸਾ ਪਾਉਣ ਲਈ ਪਰ ਮੈ ਐਡੀਲੇਡ ਵਾਸਤੇ ਵਾਲੀਆ ਜੀ ਨਾਲ਼ ਪਹਿਲਾਂ ਇਕਰਾਰ ਕਰ ਚੁੱਕਾ ਸਾਂ।

ਸ. ਗੁਰਮੀਤ ਸਿੰਘ ਵਾਲੀਆ ਜੀ ਦੇ ਸੱਦੇ ਉਪਰ 21 ਦੀ ਬਜਾਇ 22 ਮਾਰਚ ਨੂੰ ਐਡੀਲੇਡ ਦੇ ਹਵਾਈ ਅੱਡੇ ਉਪਰ ਉਤਰਿਆ ਤਾਂ ਬਾਹਰ ਨਿਕਲਣ ਲਈ ਬਹੁਤ ਲੰਮੀ ਕਤਾਰ ਵਿਚ ਲੱਗਣਾ ਪਿਆ ਕਿਉਂਕਿ ਕਰੋਨਾ ਕਰਕੇ ਓਥੇ ਵਾਹਵਾ ਸਾਰੀ ਪੁੱਛ ਪੜਤਾਲ ਹੋ ਰਹੀ ਸੀ। ਜਦੋਂ ਮੇਰੀ ਵਾਰੀ ਆਈ ਤਾਂ ਮੇਰਾ ਵਾਹ ਇਕ ਕੁਝ ਕੁ ਵਡੇਰੀ ਉਮਰ ਦੀ ਮੇਮ ਬੀਬੀ ਨਾਲ਼ ਪਿਆ। ਉਸ ਨੇ ਜਦੋਂ ਇਹ ਪੁੱਛਿਆ ਕਿ ਕੀ ਮੇਰੇ ਕੋਲ਼ ਇਕ ਸਟੇਟ ਤੋਂ ਦੂਜੀ ਸਟੇਟ ਵਿਚ ਜਾਣ ਦੀ ਮਨਜ਼ੂਰੀ ਹੈ! ਤਾਂ ਮੇਰੀ ਤੇ ਖਾਨਿਉਂ ਗਈ! ਮੈਂ ਸੋਚਿਆ ਕਿ ਇਹ ਬੀਬੀ ਹੁਣ ਮੈਨੂੰ ਖੋਟੇ ਪੈਸੇ ਵਾਂਗ ਵਾਪਸ ਸਿਡਨੀ ਨੂੰ ਮੋੜੂਗੀ! ਮੈਂ ਕਿਹਾ ਕਿ ਮੈਨੂੰ ਨਹੀਂ ਪਤਾ ਉਹ ਕੀ ਹੁੰਦੀ ਹੈ! ਮੇਰੀ ਧੀ ਨੇ ਮੇਰੀ ਸੀਟ ਬੁੱਕ ਕੀਤੀ ਸੀ ਤੇ ਜੋ ਕੁਝ ਵੀ ਕਰਨਾ ਬਣਦਾ ਹੈ ਉਸ ਨੇ ਹੀ ਕੀਤਾ ਹੈ; ਮੈਨੂੰ ਇਸ ਬਾਰੇ ਕੁਝ ਨਹੀਂ ਪਤਾ। ਖੈਰ, ਉਸ ਸਿਆਣੀ ਅਤੇ ਹਮਦਰਦ ਮੇਮ ਨੇ ਮੇਰਾ ਮੋਬਾਇਲ ਵੇਖਿਆ ਤੇ ਕੁਝ ਸਵਾਲ ਪੁੱਛਣ ਪਿੱਛੋਂ ਮੈਨੂੰ ਇਕ ਪਰਚੀ ਜਿਹੀ ਫੜਾ ਕੇ ਤੇ ਇਹ ਕਹਿ ਕੇ ਤੋਰ ਦਿਤਾ ਕਿ ਇਹ ਪੁਲਿਸ ਵਾਲ਼ੇ ਨੂੰ ਵਿਖਾ ਕੇ ਬਾਹਰ ਨਿਕਲ਼ ਜਾਵੀਂ। ਇਉਂ ਹਵਾਈ ਅੱਡੇ ਤੋਂ ਮੇਰੀ ਬੰਦ ਖਲਾਸੀ ਹੋ ਗਈ।

ਹਵਾਈ ਅੱਡੇ ਤੋਂ ਬਾਹਰ ਨਿਕਲ਼ ਕੇ ਵਾਲੀਆ ਜੀ ਨੂੰ ਫ਼ੋਨ ਕੀਤਾ ਤੇ ਉਹ ਛੇਤੀ ਹੀ ਆ ਕੇ ਮੈਨੂੰ ਗੁਰਦੁਆਰਾ ਗੁਰੂ ਨਾਨਕ ਦਰਬਾਰ ਵਿਚ ਲੈ ਗਏ, ਜਿਥੇ ਸੁਖਮਨੀ ਸਾਹਿਬ ਜੀ ਦੇ ਪਾਠਾਂ ਦੀ ਲੜੀ ਚੱਲ ਰਹੀ ਸੀ। ਚੱਲ ਰਹੀ ਲੜੀ ਵਿਚ ਮੈਂ ਵੀ ਸ਼ਾਮਲ ਹੋ ਗਿਆ। ਪਹਿਲੇ ਪ੍ਰੋਗਰਾਮ ਦੀ ਸਮਾਪਤੀ ਪਿੱਛੋਂ, 25 ਮਾਰਚ ਨੂੰ, ਬੱਸ ਰਾਹੀਂ ਰਿਵਰਲੈਂਡ ਨੂੰ ਜਾਣ ਦਾ ਵਿਚਾਰ ਬਣਾ ਲਿਆ। ਤੁਰਨ ਤੋਂ ਪਹਿਲਾਂ ਬਹੁਤ ਪੁਰਾਣੇ ਮਿੱਤਰ ਸ. ਕੁਲਦੇਵ ਸਿੰਘ ਨੂੰ ਰਿੰਗ ਕੀਤਾ ਪਰ ਉਹ ਨਾ ਮਿਲ਼ ਸਕੇ ਤੇ ਘਰੋਂ ਹੁੰਗਾਰਾ ਵੀ ਕੋਈ ਉਤਸ਼ਾਹਜਨਕ ਨਾ ਮਿਲਣ ਕਰਕੇ, ਇਕ ਹੋਰ ਪੁਰਾਣੇ ਮਿੱਤਰ ਰੈਨਮਾਰਕ ਵਾਸੀ ਸ. ਪਿਆਰਾ ਸਿੰਘ ਅਟਵਾਲ ਵੱਲ ਜਾਣ ਦਾ ਵਿਚਾਰ ਬਣਾ ਲਿਆ। ਮਨਪ੍ਰੀਤ ਸਿੰਘ ਦੇ ਨਾਲ਼ ਜਾ ਕੇ ਸ਼ਹਿਰੋਂ ਰੈਨਮਾਰਕ ਦੀ ਟਿਕਟ ਖ਼ਰੀਦ ਲਈ। ਅਗਲੇ ਦਿਨ ਬੱਸ ਵਿਚ ਬਹਿ ਕੇ ਰੈਨਮਾਰਕ ਵੱਲ ਚਾਲੇ ਪਾ ਦਿਤੇ। “ਅੰਨ੍ਹੇ ਕੁੱਤੇ ਹਰਨਾਂ ਦੇ ਸ਼ਿਕਾਰੀ” ਦੀ ਤਰਜ ਉਪਰ, ਸਦਾ ਵਾਂਗ ਅਜਿਹੀਆਂ ਯਾਤਰਾਵਾਂ ਲਈ, ਦੇਸ ਹੋਵੇ ਜਾਂ ਪਰਦੇਸ, ਤੁਰ ਪੈਣਾ ਤੇ ਮੇਰੀ ਮੁੱਢ ਦੀ ਵਾਦੀ ਹੈ। ਉਸ ਬੱਸ ਵਿਚ ਇਕ ਸਿੱਖ ਬੱਚੀ ਵੀ ਬੈਠੀ ਹੋਈ ਸੀ। ਮੇਰੀ ਨਿਸਚਿਤ ਸੀਟ ਲੱਭਣ ਵਿਚ ਮੈਨੂੰ ਕੁਝ ਭੰਬਲ਼ਭੂਸਾ ਜਿਹਾ ਪੈ ਜਾਣ ਕਰਕੇ ਉਸ ਬੱਚੀ ਨੇ ਮੇਰੀ ਸਹਾਇਤਾ ਕਰਨ ਸਮੇ ਜਦੋਂ ਪੰਜਾਬੀ ਬੋਲੀ ਤਾਂ ਸਾਡੀ ਗੱਲ ਬਾਤ ਸ਼ੁਰੂ ਹੋ ਗਈ। ਬੱਚੀ ਵੱਲੋਂ ਕਿੱਥੇ ਜਾਣਾ, ਕਿਉਂ ਜਾਣਾ, ਉਹਨਾਂ ਨੂੰ ਪਤਾ ਕਿ ਤੁਸੀਂ ਆ ਰਹੇ ਹੋ, ਉਹਨਾਂ ਦਾ ਫ਼ੋਨ ਨੰਬਰ ਹੈਗਾ ਤੁਹਾਡੇ ਕੋਲ਼ ਆਦਿ ਦੇ ਪੁੱਛ ਪੁਛੱਈਏ ਕਰਕੇ, ਉਸ ਬੱਚੀ ਨੂੰ ਮੇਰੀ ‘ਹਾਲਤ’ ਦਾ ਪਤਾ ਲੱਗ ਗਿਆ ਕਿ ਮੈਂ ਹਨੇਰੇ ਵਿਚ ਹੀ ਟੱਕਰਾਂ ਮਾਰ ਰਿਹਾਂ। ਜਦੋਂ ਰਾਤ ਦੇ ਹਨੇਰੇ ਵਿਚ ਬੱਸ ਬੈਰੀ ਟਾਊਨ ਜਾ ਕੇ ਰੁਕੀ ਤਾਂ ਅੱਗੋਂ ਪ੍ਰਕਾਸ਼ਤ ਦਾਹੜੇ ਵਾਲ਼ਾ ਨੌਜਵਾਨ, ਉਸ ਦਾ ਪਤੀ, ਉਸ ਨੂੰ ਲੈਣ ਵਾਸਤੇ ਆਇਆ ਹੋਇਆ ਸੀ। ਉਹ ਬੱਸ ਤੋਂ ਉਤਰ ਕੇ ਜਾ ਕੇ ਕਾਰ ਵਿਚ ਬੈਠ ਗਈ ਪਰ ਕੁਝ ਪਲ ਰੁਕ ਕੇ ਉਹ ਨੌਜਾਵਨ ਮੁੜ ਆਇਆ ਤੇ ਮੈਨੂੰ ਉਸ ਨੇ ਬੜਾ ਹੀ ਜੋਰ ਲਾਇਆ ਕਿ ਰਾਤ ਮੈਂ ਉਹਨਾਂ ਕੋਲ਼ ਰਹਾਂ ਤੇ ਸਵੇਰੇ ਮੈਂ ਜਿਥੇ ਜਾਣਾ ਹੋਵੇਗਾ, ਉਹ ਮੈਨੂੰ ਛੱਡ ਆਉਣਗੇ ਪਰ ਮੈਂ ਇਕੋ ਨੰਨਾ ਹੀ ਫੜੀ ਰੱਖਿਆ ਤੇ ਉਹਨਾਂ ਦੇ ਨਾਲ਼ ਨਾ ਹੀ ਗਿਆ। ਉਸ ਬੀਬੀ ਨੇ ਆਪਣੇ ਪਤੀ ਨੂੰ ਮੇਰੀ ਅਨਿਸਚਤ ਜਿਹੀ ਹਾਲਤ ਬਾਰੇ ਜਾ ਕੇ ਦੱਸਿਆ ਹੋਊਗਾ ਤਾਂ ਹੀ ਉਹ ਮੈਨੂੰ ਬੱਸੋਂ ਲਾਹ ਕੇ ਆਪਣੇ ਨਾਲ਼ ਖੜਨ ਲਈ ਆਇਆ। ਨਾ ਮੈਂ ਉਸ ਸੁਭਾਗੀ ਜੋੜੀ ਨੂੰ ਪਹਿਲਾਂ ਜਾਣਾ ਤੇ ਨਾ ਉਹ ਮੈਨੂੰ ਜਾਨਣ।

ਅਗਲਾ ਕਸਬਾ ਰੈਨਮਾਰਕ ਸੀ ਜਿੱਥੇ ਮੈਂ ਜਾਣਾ ਸੀ। ਓਥੇ ਨਾ ਕਿਸੇ ਨੂੰ ਪਤਾ ਕਿ ਮੈਂ ਆ ਰਿਹਾਂ ਤੇ ਨਾ ਹੀ ਕਿਸੇ ਦਾ ਮੇਰੇ ਕੋਲ਼ ਫ਼ੋਨ ਨੰਬਰ। ਜਿਸ ਦੇ ਘਰ ਐਡੀਲੇਡੋਂ ਤੁਰਨ ਤੋਂ ਪਹਿਲਾਂ ਰਿੰਗ ਕੀਤਾ ਸੀ, ਉਹ ਨੰਬਰ ਵੀ ਨਾਲ਼ ਨਾ ਚੁੱਕਿਆ। ਸੋਚ ਇਹ ਸੀ ਕਿ ਰੈਨਮਾਰਕ, ਜਿੱਥੇ ਦਰਿਆ ਦੇ ਕਿਨਾਰੇ ਜਾ ਕੇ ਬੱਸ ਰੁਕਣੀ ਹੈ, ਓਥੋਂ ਦੋ ਸੜਕਾਂ ਅਤੇ ਉਹਨਾਂ ਦੋਹਾਂ ਦੇ ਵਿਚਾਲ਼ੇ ਇਕ ਛੋਟਾ ਜਿਹਾ ਕਾਰ ਪਾਰਕਿੰਗ ਸਥਾਨ ਤੇ ਦੂਜੀ ਸੜਕ ਦੇ ਕਿਨਾਰੇ ਗੁਰਦੁਆਰਾ ਹੈ, ਤੇ ਗ੍ਰੰਥੀ ਗਿਆਨੀ ਹਰਦਿਆਲ ਸਿੰਘ ਜੀ ਗੁਰਦੁਆਰੇ ਵਿਚ ਹੋਣਗੇ ਹੀ। ਚੱਲ ਮੇਰੇ ਭਾਈ। ਹੋਰ ਕਿਸੇ ਗੱਲ ਬਾਰੇ ਫਿਕਰ ਕਰਨ ਦੀ ਕੀ ਲੋੜ! ਪਰ, “ਨਰੁ ਚਾਹਤ ਕਛੁ ਔਰ ਅਉਰੈ ਕੀ ਅਉਰੈ ਭਈ॥“ ਪਹਿਲਾਂ ਤੇ ਬੱਸ ਨਿਸਚਤ ਸਮੇ ਤੋਂ ਕੁਝ ਲੇਟ ਹੋ ਗਈ। ਦੂਜਾ ਉਸ ਨੇ ਮੈਨੂੰ ਅਸਲੀ ਅੱਡੇ ਤੋਂ ਇਕ ਅੱਡਾ ਪਹਿਲਾਂ, ਸ਼ਹਿਰ ਦੇ ਸ਼ੁਰੂ ਵਿਚ ਹੀ ਉਤਾਰ ਦਿਤਾ। ਮੇਰੇ ਪੁੱਛਣ ‘ਤੇ ਦੱਸਿਆ ਕਿ ਸ਼ਹਿਰ ਦੀ ਕਮੇਟੀ ਨੇ ਦਰਿਆ ਤੱਕ ਬੱਸ ਖੜਨੀ ਚਿਰੋਕਣੀ ਬੰਦ ਕੀਤੀ ਹੋਈ ਹੈ। ਚਾਰ ਚੁਫੇਰੇ ਹਨੇਰਾ। ਕੋਲ਼ ਮੇਰੇ, ਭਾਵੇਂ ਛੋਟਾ ਹੀ ਪਰ ਕਿਤਾਬਾਂ ਦਾ ਭਰਿਆ ਅਟੈਚੀ ਕੇਸ। ਡਰਾਈਵਰ ਦੇ ਦੱਸਣ ਅਨੁਸਾਰ ਮੈਂ ਗੁਰਦੁਆਰੇ ਨੂੰ ਜਾਣ ਵਾਲ਼ੀ ਸਿਧੀ ਸੜਕੇ ਪੈ ਗਿਆ। ਅਟੈਚੀ ਧੂੰਹਦਾ ਦਸ ਕੁ ਵਜੇ ਜਾ ਗੁਰਦੁਆਰੇ ਦਾ ਬਾਹਰਲਾ ਗੇਟ ਖੜਕਾਇਆ ਪਰ ਆਵਾਜ਼ ਕੋਈ ਨਾ ਅੰਦਰੋਂ ਆਈ। ਇਮਾਰਤ ਦੇ ਆਲ਼ੇ ਦੁਆਲ਼ੇ ਚੱਕਰ ਵੀ ਲਾਇਆ ਪਰ ਚੁੱਪਚਾਪ। ਆਵਾਜ਼ਾਂ ਦਿਤੀਆਂ ਰੌਲ਼ਾ ਬੜਾ ਪਾਇਆ ਪਰ ਕਿਸੇ ਨਾ ਮੇਰੀ ਹਾਮੀ ਭਰੀ। ਓਧਰੋਂ ‘ਲਘੂਸ਼ੰਕਾ’ ਆਖੇ ਕਿ ਮੈਂ ਵੀ ਅੱਜ ਹੀ ਆਪਣੀ ਮਹੱਤਤਾ ਵਿਖਾਉਣੀ ਹੈ। ਇਸ ਦਾ ਹੱਲ ਤਾਂ ਕੱਢਣਾ ਹੀ ਕੱਢਣਾ ਸੀ। ਇਸ ਤੋਂ ਬਿਨਾ ਹੋਰ ਚਾਰਾ ਕੋਈ ਨਹੀਂ ਸੀ। ਕਿਵੇਂ ਨਾ ਕਿਵੇਂ ਇਹ ਮਸਲਾ ਤੇ ਹੱਲ ਕਰ ਹੀ ਲਿਆ। ਰਹੀ ਰਾਤ ਕੱਟਣ ਦੀ ਗੱਲ! ਉਸ ਬਾਰੇ ਬਹੁਤੇ ਫਿਕਰ ਵਾਲ਼ੀ ਗੱਲ ਕੋਈ ਨਹੀਂ ਸੀ ਕਿਉਂਕਿ ਗੁਰਦੁਆਰੇ ਦੇ ਨਾਲ਼ ਹੀ ਵਾਹਵਾ ਵੱਡਾ ਹੋਟਲ ਹੈਗਾ। ਹੋਟਲਾਂ, ਟੈਕਸੀਆਂ ਵਰਗੀਆਂ ਫੈਲਸੂਫੀਆਂ ਕਰਨ ਤੋਂ ਤੇ ਮੈਂ ਵਾਹ ਲੱਗਦੀ ਸੰਕੋਚ ਹੀ ਕਰਦਾ ਹਾਂ ਪਰ ਜੇ ਕਿਤੇ “ਫਸੀ ਨੂੰ ਫਟਕਣ ਕੀ!” ਵਾਲੀ ਹਾਲਤ ਬਣ ਹੀ ਜਾਵੇ ਤਾਂ ਫਿਰ ਇਹ ਅੱਗ ਵੀ .... ਹੀ ਲਈਦੀ ਹੈ ਪਰ ਇਸ ਤੋਂ ਪਹਿਲਾਂ ਸਾਰਾ ਜਤਨ ਇਸ ਬੇਲੋੜੇ ਖ਼ਰਚ ਨੂੰ ਬਚਾਉਣ ਵਾਸਤੇ ਕਰ ਲਈਦਾ ਹੈ।

ਗੁਰਦੁਆਰੇ ਦੇ ਨੇੜੇ ਇਕ ਘਰ ਵਿਚ ਭਾਰਤੀ ਪਰਵਾਰ ਰਹਿੰਦਾ ਹੁੰਦਾ ਸੀ। ਉਸ ਦਾ ਬੂਹਾ ਖੜਕਾਇਆ ਪਰ ਓਥੋਂ ਇਕ ਗੋਰੇ ਨੌਜਵਾਨ ਨੇ ਬੂਹਾ ਖੋਹਲਿਆ। ਅਸੀਂ ਇਕ ਦੂਜੇ ਨੂੰ ਆਪਣੀ ਗੱਲ ਸਮਝਾ ਹੀ ਰਹੇ ਸੀ ਕਿ ਗਵਾਂਢ ਤੋਂ ਇਕ ਹੋਰ ਗੋਰਾ, ਪਹਿਲੇ ਨਾਲ਼ੋਂ ਕੁਝ ਵਡੇਰੀ ਉਮਰ ਦਾ ਆਪਣੇ ਘਰੋਂ ਨਿਕਲ਼ ਕੇ ਸਾਡੇ ਕੋਲ਼ ਆ ਗਿਆ। ਮੇਰੀ ਸਮੱਸਿਆ ਸੁਣ ਕੇ ਉਸ ਨੇ ਕਿਹਾ ਕਿ ਬੈਰੀ ਟਾਊਨ ਵਿਚ ਇਕ ਇੰਡੀਅਨ ਦਾ ਰੈਸਟੋਰੈਂਟ ਹੈ ਤੇ ਉਸ ਦਾ ਫ਼ੋਨ ਨੰਬਰ ਉਸ ਪਾਸ ਹੈ। ਉਸ ਨੇ ਨੰਬਰ ਮਿਲ਼ਾ ਕੇ ਫ਼ੋਨ ਮੇਰੇ ਹੱਥ ਫੜਾਇਆ ਤੇ ਅਗੋਂ ਪੰਜਾਬੀ ਵਿਚ ਇਕ ਸੱਜਣ ਬੋਲਿਆ। ਮੇਰੇ ਸਮੱਸਿਆ ਦੱਸਣ ‘ਤੇ ਉਸ ਨੇ ਗਿਆਨੀ ਹਰਦਿਆਲ ਸਿੰਘ ਜੀ ਦਾ ਨੰਬਰ ਦੇ ਦਿਤਾ। ਮੈਂ ਗਿਆਨੀ ਜੀ ਨੂੰ ਰਿੰਗਿਆ ਤੇ ਉਹ ਦੋਵੇਂ ਜੀ ਫੌਰਨ ਕਾਰ ਲੈ ਕੇ ਆ ਗਏ। ਕਹਿੰਦੇ ਬੈਠੋ ਕਾਰ ਵਿਚ ਤੇ ਘਰ ਚੱਲ ਕੇ ਰੋਟੀ ਖਾ ਕੇ ਫਿਰ ਗੁਰਦੁਆਰੇ ਆ ਜਾਣਾ। ਮੈਂ ਕਿਹਾ ਕਿ ਗੁਰਦੁਆਰਾ ਖੋਹਲ ਦਿਓ। ਲੰਗਰ ਵਿਚ ਬਰੈਡ ਪਈ ਹੋਵੇਗੀ। ਮੈਂ ਚਾਹ ਬਣਾ ਕੇ ਉਸ ਨਾਲ਼ ਖਾ ਲਊਂਗਾ। ਤੁਸੀਂ ਰਾਤ ਸਮੇ ਖੇਚਲ਼ ਨਾ ਕਰੋ। ਤੁਸੀਂ ਵੀ ਸਵੇਰ ਦੇ ਕੰਮ ਤੋਂ ਆਏ ਹੋ ਤੇ ਸਵੇਰੇ ਫੇਰ ਕੰਮ ‘ਤੇ ਜਾਣਾ ਹੈ।

ਮੁੱਕਦੀ ਗੱਲ ਕਿ ਉਹ ਭਲੇ ਪੁਰਸ਼ ਮੈਨੂੰ ਆਪਣੇ ਘਰ ਲੈ ਗਏ ਪ੍ਰਸ਼ਾਦਾ ਛਕਾਇਆ ਤੇ ਘਰੋਂ ਦੁਧ ਵਾਲ਼ੀ ਬੋਤਲ ਅਤੇ ਬਰੈਡ ਚੁੱਕੀ ਤੇ ਮੈਨੂੰ ਗੁਰਦੁਆਰਾ ਖੋਹਲ ਕੇ, ਸੌਣ ਕਮਰਾ ਵਿਖਾਇਆ। ਫਰਿਜ ਵਿਚ ਦੁਧ ਅਤੇ ਬਰੈਡ ਰੱਖੀ। ਸਾਰਾ ਕੁਝ ਮੈਨੂੰ ਸਮਝਾਇਆ ਤੇ ਤੁਰਨ ਸਮੇ ਸਵੇਰ ਦੇ ਪ੍ਰੋਗਰਾਮ ਬਾਰੇ ਪੁੱਛਿਆ। ਮੈਂ ਸਵੇਰ ਬਾਰੇ ਉਹਨਾਂ ਨੂੰ ਬੇਫਿਕਰ ਹੋ ਜਾਣ ਲਈ ਕਿਹਾ ਕਿ ਤੁਸੀਂ ਆਪਣਾ ਕਾਰਜ ਕਰੋ। ਮੈਂ ਆਪਣੇ ਪਿਓੁ ਦੇ ਘਰ ਆ ਵੜਿਆ ਹਾਂ। ਹੁਣ ਟੁੰਡੇ ਲਾਟ ਦੀ ਪਰਵਾਹ ਨਹੀਂ ਮੈਨੂੰ।

ਅਗਲੇ ਸਵੇਰੇ ਨਿਤ ਕਿਰਿਆ ਤੋਂ ਵੇਹਲਾ ਹੋ ਕੇ, ਸ. ਪਿਆਰਾ ਸਿੰਘ ਅਟਵਾਲ ਨੂੰ ਰਿੰਗ ਮਾਰਿਆ। ਉਹਨਾਂ ਦਾ ਜਵਾਬ ਆਇਆ, “ਟਿੰਡ ਫਹੁੜੀ ਚੁੱਕ ਕੇ ਤਿੰਨ ਮਿੰਟਾਂ ਵਿਚ ਗੁਰਦੁਆਰੇ ਤੋਂ ਬਾਹਰ ਨਿਕਲ਼ ਕੇ ਸੜਕ ਉਪਰ ਖਲੋ ਜਾਓ। ਮੈਂ ਆ ਰਿਹਾਂ।“ ਅਟਵਾਲ ਜੀ ਆਏ ਅਤੇ ਮੈਨੂੰ, ਸਣੇ ਮੇਰੀ ਟਿੰਡ ਫਹੁੜੀ ਦੇ, ਆਪਣੇ ਫਾਰਮ ਹਾਊਸ ਵਿਚ ਲੈ ਗਏ ਤੇ ਘਰ ਦੇ ਨਾਲ਼ ਬਣੇ ਸਪੈਸ਼ਲ ਗੈਸਟ ਹਾਊਸ ਦੇ ਬੈਡ ਰੂਮ ਵਿਚ ਮੇਰਾ ਡੇਰਾ ਲਵਾ ਦਿਤਾ, ਜਿਸ ਵਿਚ ਚਾਰ ਡਬਲ ਬੈਡ ਲੱਗੇ ਹੋਏ ਸਨ। ਪਰਵਾਰਕ ਘਰ ਦੇ ਬਿਲਕੁਲ ਨਾਲ਼ ਪਰ ਵੱਖਰਾ ਵੱਡਾ ਸਾਰਾ ਬੈਡਰੂਮ, ਲਾਂਜ ਰੂਮ ਕਿਚਨ ਅਤੇ ਇਕ ਵੱਡਾ ਸਾਰਾ ਬਰਾਂਡਾ ਬਣਿਆ ਹੋਇਆ ਹੈ, ਜਿਥੇ ਹਰੇਕ ਆਏ ਗਏ ਦਾ ਉਤਾਰਾ ਕਰਵਾਉਂਦੇ ਹਨ। “ਪਿਆਰਾ ਸਿੰਘ ਜੀ, ਏਥੇ ਤੇ ਵੱਡੇ ਵੱਡੇ ਚਾਰ ਡਬਲ ਬਿਸਤਰੇ ਲੱਗੇ ਹੋਏ ਨੇ ਜਿਨ੍ਹਾਂ ਉਪਰ ਅੱਠ ਵਿਅਕਤੀ ਸੌਂ ਸਕਦੇ ਹਨ ਪਰ ਮੈਂ ਤੇ ਇਕੋ ਹੀ ਹਾਂ। ਫਿਰ ਕਿਵੇਂ ਇਹਨਾਂ ਚੌਹਾਂ ਬਿਸਤਰਿਆਂ ਉਪਰ ਸੌਵਾਂਗਾ?” ਕੁਝ ਨਕਲੀ ਫਿਕਰ ਜਿਹਾ ਜਤਾਉਂਦੇ ਹੋਏ ਮੈਂ ਸ਼ੰਕਾ ਪਰਗਟ ਕੀਤੀ। ਮੇਰਾ ਅਜਿਹਾ ਫਿਕਰ ਸੁਣ ਕੇ ਉਹ ਵੀ ਕੁਝ ਫਿਕਰ ਜਿਹੇ ਵਿਚ ਪੈ ਗਏ ਦਿਸੇ ਤੇ ਗੰਭੀਰਤਾ ਸਹਿਤ ਨੀਵੀਂ ਜਿਹੀ ਪਾ ਕੇ, ਕੰਨ ਕੋਲ਼ ਧੌਣ ‘ਤੇ ਖੁਰਕਦੇ ਹੋਏ, ਕਹਿਣ ਲੱਗੇ, “ਹੂੰਅ, ਜੇ ਤੁਹਾਡੇ ਚਾਰ ਟੋਟੇ ਕੀਤੇ ਗਏ ਤਾਂ ਫਿਰ ਜੋੜਨੇ ਮੁਸ਼ਕਲ ਹੋ ਜਾਣਗੇ। ਚੰਗਾ ਹੈ ਕਿ ਤੁਸੀਂ ਰਾਤ ਦੇ ਸਮੇ ਦੀ ਵੰਡ ਕਰਕੇ, ਇਕੋ ਜਿਹਾ ਸੌਣ ਦਾ ਸਮਾ ਹਰੇਕ ਬਿਸਤਰੇ ਉਪਰ ਪੈ ਲੈਣਾ। ਇਸ ਤਰ੍ਹਾਂ ਕਰਨ ਨਾਲ਼ ਕਿਸੇ ਬਿਸਤਰੇ ਨਾਲ਼ ਵਿਤਕਰਾ ਨਹੀਂ ਹੋਵੇਗਾ।“ ਸਿਆਣਾ ਬੰਦਾ ਸਿਆਣੀ ਸਲਾਹ ਹੀ ਦਿੰਦਾ ਹੈ। ਐਵੇਂ ਤੇ ਨਹੀਂ ਸੀ ਜੰਞ ਨਾਲ ਬਜ਼ੁਰਗ ਨੂੰ ਸੰਦੂਕ ਵਿਚ ਬੰਦ ਕਰਕੇ ਲੈ ਗਏ!

ਆਏ ਗਏ ਲਈ ਪ੍ਰਸ਼ਾਦਾ ਤੇ ਦੋਵੇਂ ਵੇਲ਼ੇ ਭਾਵੇਂ ਘਰ ਵਿਚੋਂ ਸੁਚੱਜੀ ਨੋਹ ਬਣਾ ਕੇ ਭੇਜ ਦਿੰਦੀ ਹੈ ਪਰ ਚਾਹ ਪਾਣੀ, ਛਾਹ ਵੇਲ਼ਾ ਆਦਿ ਦਾ ਪ੍ਰਬੰਧ ਗੈਸਟ ਹਾਊਸ ਵਿਚ ਹੀ ਹੋ ਜਾਂਦਾ ਹੈ।

ਸ. ਪਿਆਰਾ ਸਿੰਘ ਅਟਵਾਲ ਪੁਰਾਣੇ ਅਕਾਲੀ ਪਰਵਾਰ ਵਿਚੋਂ ਹਨ। ਇਹਨਾਂ ਦੇ ਬਾਬਾ ਜੀ ਦੇ ਵੇਲ਼ੇ ਤੋਂ ਸੰਤ ਫਤਿਹ ਸਿੰਘ ਜੀ, ਜਥੇਦਾਰ ਮੋਹਨ ਸਿੰਘ ਤੁੜ ਜੀ, ਸ. ਜਗਦੇਵ ਸਿੰਘ ਤਲਵੰਡੀ ਵਰਗੇ ਅਕਾਲੀ ਆਗੂ ਅਤੇ ਵਰਕਰ ਆਦਿ ਇਹਨਾਂ ਦੇ ਘਰ ਆਉਂਦੇ ਜਾਂਦੇ ਰਹਿੰਦੇ ਸਨ। ਉਸ ਸਮੇ ਬਚਪਨ ਤੋਂ ਹੀ ਸ. ਪਿਆਰਾ ਸਿੰਘ ਉਹਨਾਂ ਸਾਰਿਆਂ ਦੇ ਛਕਣ ਛਕਾਉਣ ਦੀ ਸੇਵਾ ਕਰਿਆ ਕਰਦੇ ਸਨ। ਇਹੋ ਸੇਵਾ ਭਾਵਨਾ ਇਹਨਾਂ ਦੀ ਸੋਚ ਵਿਚ ਬਚਪਨ ਤੋਂ ਹੀ ਪਰਵਾਰਕ ਪਿਛੋਕੜ ਕਾਰਨ ਭਰੀ ਹੋਈ ਹੋਣ ਕਰਕੇ, ਹੁਣ ਵੀ ਰੈਨਮਾਰਕ ਵਿਚ ਉਹ ਹਰੇਕ ਆਏ ਗਏ ਦੇ ਰਹਿਣ ਬਹਿਣ ਖਾਣ ਪੀਣ ਦੀ ਸੇਵਾ ਕਰਕੇ ਪ੍ਰਸੰਨਤਾ ਪ੍ਰਾਪਤ ਕਰਦੇ ਹਨ। ਮੈਂ ਜਦੋਂ ਵੀ ਜਾਵਾਂ ਮੈਨੂੰ ਪ੍ਰੇਮ ਨਾਲ਼ ਆਪਣੇ ਘਰ ਲੈ ਜਾਂਦੇ ਹਨ ਤੇ ਮੈਂ ਓਥੇ ਆਪਣੇ ਘਰ ਵਾਂਗ ਹੀ ਮਹਿਸੂਸ ਕਰਦਾ ਹਾਂ। ਭਾਵੇਂ ਮੇਰੇ ਨਾਲ਼ ਕੋਈ ਹੋਰ ਵੀ ਹੋਵੇ ਤਾਂ ਵੀ ਮੱਥੇ ਵੱਟ ਨਹੀਂ ਪਾਉਂਦੇ। ਇਸ ਵਾਰ ਵੀ ਮੈਂ ਪੰਜ ਰਾਤਾਂ ਓਥੇ ਰਿਹਾ। ਛਨਿਛਰਵਾਰ ਗਲਾੱਸਪ ਦੇ ਗੁਰਦੁਆਰਾ ਸਾਹਿਬ ਵਿਖੇ ਸਜਣ ਵਾਲ਼ੇ ਦੀਵਾਨ ਵਿਚ ਮੈਨੂੰ ਲੈ ਕੇ ਗਏ। ਉਸ ਦਿਨ, ਪੰਥ ਸੇਵਕ, ਕੌਮੀ ਵਿਚਾਰਾਂ ਦੇ ਧਾਰਨੀ ਸ. ਅਜੀਤ ਸਿੰਘ ਜੀ ਦੇ ਪਰਵਾਰ ਵੱਲੋਂ ਸੰਗਤ ਵਾਸਤੇ ਲੰਗਰ ਦੀ ਸੇਵਾ ਪ੍ਰਾਪਤ ਕੀਤੀ ਗਈ ਸੀ। “ਜਾ ਕੈ ਮਸਤਕ ਭਾਗ ਸਿ ਸੇਵਾ ਲਾਇਆ॥” ਸਜੇ ਦੀਵਾਨ ਅੰਦਰ ਸਤਿਗੁਰੂ ਜੀ ਦੀ ਹਜੂਰੀ ਵਿਚ, ਸੰਗਤ ਦੇ ਸਨਮੁਖ ਕਥਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਐਤਵਾਰ ਦੇ ਦੀਵਾਨ ਦੀ ਹਾਜਰੀ ਰੈਨਮਾਰਕ ਦੇ ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਨੂੰ ਗੁਰੂ ਸ਼ਬਦ ਰਾਹੀਂ ਸੰਬੋਧਨ ਕਰਨ ਦਾ ਸ਼ੁਭ ਅਵਸਰ ਮਿਲ਼ਿਆ। ਇਹ ਪੰਜ ਰਾਤਾਂ ਵੀ ਅਟਵਾਲ ਭਵਨ ਵਿਚ, “ਗੁਨ ਗਾਵਤ ਰੈਨ ਬਿਹਾਨੀ॥” ਵਾਂਗ ਬੀਤੀਆਂ। ਹਾਲਾਂ ਕਿ ਮੈਂ ਇਕ ਘਰ ਵਿਚ ਇਕ ਰਾਤ ਤੋਂ ਵਧੇਰੇ ਟਿਕ ਕੇ ਖ਼ੁਸ਼ ਨਹੀਂ ਹੁੰਦਾ।

ਮੇਰੇ ਕੋਲ਼ ਮੰਗਲਵਾਰ ਦੀ ਰਾਤ ਖਾਲੀ ਸੀ। ਬੁਧਵਾਰ ਸਵੇਰੇ ਬੱਸ ਰਾਹੀਂ ਵਾਪਸ ਐਡੀਲੇਡ ਨੂੰ ਚਾਲੇ ਪਾਉਣੇ ਸਨ। ਇਸ ਸ਼ਾਮ ਨੂੰ ਮੈਂ ਆਪਣੇ ਚਿਰਕਾਲੀ ਦੋ ਮਿੱਤਰਾਂ ਨਾਲ਼ “ਦੁਖ ਸੁਖ ਫੋਲਣ” ਲਈ ਮਿਲਣਾ ਚਾਹੁੰਦਾ ਸਾਂ ਪਰ ਸ਼ਾਇਦ ਕੁਝ ਨਾਸਾਜ਼ ਘਰੇਲੂ ਹਾਲਾਤ ਕਾਰਨ ਉਹਨਾਂ ਮਿੱਤਰਾਂ ਵੱਲੋਂ ਇਸ ਮਿਲਣੀ ਲਈ ਉਤਸ਼ਾਹ ਨਾ ਵਿਖਾਇਆ ਗਿਆ। ਦੋਵੇਂ ਸੱਜਣ ਧਾਰਮਿਕ ਵਿਚਾਰਾਂ ਵਾਲ਼ੇ ਦਸਵੰਧ ਦੀ ਮਰਯਾਦਾ ਦੀ ਦ੍ਰਿੜ੍ਹਤਾ ਸਹਿਤ ਪਾਲਣਾ ਕਰਨ ਵਾਲ਼ੇ, ਜਿਨ੍ਹਾਂ ਨਾਲ਼ ਮੇਰੀ ਮਿੱਤਰਤਾ ਜਨਵਰੀ 1980 ਤੋਂ ਹੈ, ਏਥੇ ਪਰਵਾਰਾਂ ਸਮੇਤ ਰਹਿ ਰਹੇ ਹਨ। ਕਈ ਵਾਰ ਮਾਨਸਕ ਜਾਂ ਪਰਵਾਰਕ ਹਾਲਾਤ ਅਜਿਹੇ ਬਣ ਜਾਂਦੇ ਹਨ ਕਿ ਜੀ ਨਹੀਂ ਚਾਹੁੰਦਾ ਹੁੰਦਾ ਕਿ ਕਿਸੇ ਸੱਜਣ ਮਿੱਤਰ ਨਾਲ਼, ਪਹਿਲਾਂ ਵਾਂਗ ਖੁਲ੍ਹੇ ਮਾਹੌਲ ਵਿਚ ਖੁਲ੍ਹੇ ਵਿਚਾਰ ਸਾਂਝੇ ਕੀਤੇ ਜਾ ਸਕਣ। ਵੈਸੇ ਇਕ ਸੱਜਣ ਦੇ ਦਰਸ਼ਨ ਗੁਰਦੁਆਰਾ ਸਾਹਿਬ ਵਿਚ ਹੋ ਗਏ ਸਨ ਤੇ ਦੂਜੇ ਸੱਜਣ ਦੇ ਘਰ ਲਿਜਾ ਕੇ ਅਟਵਾਲ ਸਾਹਿਬ ਮਿਲ਼ਾ ਲਿਆਏ ਸਨ। ਸਾਡੀ ਧਾਰਮਿਕ, ਪੰਥਕ ਵਿਚਾਰਧਾਰਾ ਸਾਂਝੀ ਹੋਣ ਕਰਕੇ ਵੀ ਗੂਹੜੀ ਮਿੱਤਰਤਾ ਹੈ। ਚਲੋ, ਅਗਲੀ ਵਾਰ ਸਹੀ।

ਬੁਧਵਾਰ ਦੁਪਹਿਰ ਤੋਂ ਬਾਅਦ ਮੈਂ ਐਡੀਲੇਡ ਪਹੁੰਚ ਗਿਆ ਤੇ ਅਗੋਂ ਅੱਡੇ ਤੋਂ ਸਦਾ ਵਾਂਙ ਕਾਕਾ ਮਨਪ੍ਰੀਤ ਸਿੰਘ ਗੁਰਦੁਆਰਾ ਸਾਹਿਬ ਲੈ ਗਿਆ। ਰਾਤ ਪੈਣ ਤੋਂ ਪਹਿਲਾਂ ਸ. ਮਹਾਂਬੀਰ ਸਿੰਘ ਗਰੇਵਾਲ ਜੀ ਦਾ ਫ਼ੋਨ ਆ ਗਿਆ ਕਿ ਸਵੇਰੇ ਪੋਰਟ ਅਗੱਸਤਾ ਜਾਣ ਲਈ ਤਿਆਰ ਰਹਾਂ। ਅਗਲੇ ਦਿਨ ਉਹਨਾਂ ਨਾਲ਼ ਕਾਰ ਉਪਰ ਸਵਾਰ ਹੋ ਕੇ ਪੋਰਟ ਅਗੱਸਤਾ ਵੱਲ ਨੂੰ ਚਾਲੇ ਪਾ ਦਿਤੇ।

ਇਹ ਟਾਊਨ ਰਾਜਧਾਨੀ ਐਡੀਲੇਡ ਤੋਂ ਉਤਰ ਅਰਥਾਤ ਪੱਛਮੀ ਆਸਟ੍ਰੇਲੀਆ ਦੀ ਰਾਜਧਾਨੀ ਪਰਥ ਵਾਲ਼ੇ ਪਾਸੇ ਸਵਾ ਕੁ ਤਿੰਨ ਸੌ ਕਿਲੋ ਮੀਟਰ ਉਪਰ ਮੌਜੂਦ ਹੈ। ਏਥੋਂ ਦੀ ਆਬਾਦੀ ਚੌਦਾਂ ਪੰਦਰਾਂ ਕੁ ਹਜਾਰ ਹੈ। ਐਡੀਲੇਡ, ਮੈਲਬਰਨ ਆਦਿ ਸ਼ਹਿਰਾਂ ਤੋਂ ਸੜਕੀ ਅਤੇ ਰੇਲ ਦਾ ਰਾਹ ਇਸ ਦੇ ਵਿਚਦੀ ਲੰਘਦਾ ਹੈ ਤੇ ਇਹ ਹਾਈਵੇ ਦੇ ਐਨ ਉਪਰ ਵਾਕਿਆ ਹੈ। ਗਰੇਵਾਲ ਪਰਵਾਰ ਓਥੇ ਵੱਸਦਾ ਹੈ। ਸ਼ਹਿਰ ਦੇ ਦੋਹੀਂ ਪਾਸੀਂ ਇਹਨਾਂ ਦੇ ਮੋਟਲ ਹਨ। ਇਕ ਅੰਦਰ ਜਾਣ ਤੋਂ ਪਹਿਲਾਂ ਅਤੇ ਦੂਜਾ ਬਾਹਰ ਨਿਕਲਣ ਵਾਲ਼ੇ ਸਥਾਨ ਉਪਰ। ਪਰਵਾਰ ਦੇ ਵਿਚਕਾਰਲੇ ਭਰਾ ਡਾ. ਦਵਿੰਦਰ ਸਿੰਘ ਦੀ ਵੱਡੀ ਸਰਜਰੀ ਏਥੇ ਹੈ ਤੇ ਉਸ ਦਾ ਪਰਵਾਰ ਵੀ ਏਥੇ ਹੀ ਰਹਿੰਦਾ ਹੈ। ਆਸਟ੍ਰੇਲੀਆ ਦੇ ਬਾਕੀ ਸ਼ਹਿਰਾਂ ਵਿਚ ਵੀ ਉਹਨਾਂ ਦੀਆਂ ਸਰਜਰੀਆਂ ਹਨ। ਮਲੇਸ਼ੀਆ ਤੋਂ ਸ. ਮਹਾਂਬੀਰ ਸਿੰਘ 1980 ਦੇ ਸ਼ੁਰੂ ਵਿਚ ਪਹਿਲਾਂ ਏਥੇ ਹੀ ਆਪਣੇ ਭਰਾ ਅਤੇ ਪਿਤਾ ਡਾ. ਮਨਮੋਹਨ ਸਿੰਘ ਗਰੇਵਾਲ ਜੀ ਕੋਲ਼ ਆਏ ਸਨ। ਉਹਨਾਂ ਦੀਆਂ ਸਰਗਰਮੀਆਂ ਦਾ ਦਾਇਰਾ ਤੇ ਭਾਵੇਂ ਬਹੁਤ ਵਿਸ਼ਾਲ ਹੈ ਪਰ ਹੈਡ ਕੁਆਰਟਰ ਏਥੇ ਹੀ ਰਖਿਆ। ਹੁਣ ਕੁਝ ਸਾਲਾਂ ਤੋਂ ਐਡੀਲੇਡ ਵਿਚ ਰਹਿੰਦੇ ਹਨ। ਗਰੇਵਾਲ ਪਰਵਾਰ ਨੇ ਆਪਣੇ ਵਿਸ਼ਾਲ ਕਾਰੋਬਾਰਾਂ ਰਾਹੀਂ ਬਹੁਤ ਸਾਰੇ ਸਿੱਖ ਨੌਜਵਾਨ ਵਿਦਿਆਰਥੀ ਬੱਚੇ ਬੱਚੀਆਂ ਨੂੰ ਕੰਮਾਂ ਉਪਰ ਲਾ ਕੇ ਪੱਕੇ ਕਰਵਾਇਆ ਹੈ।

ਪਰਵਾਰ ਦਾ ਇਕ ਸ਼ਾਪਿੰਗ ਸੈਂਟਰ ਸੀ ਜਿਸ ਨੂੰ ਖਾਲੀ ਕਰਵਾ ਕੇ ਗੁਰਦੁਆਰੇ ਵਿਚ ਬਦਲ ਕੇ, ਇਕ ਗ੍ਰੰਥੀ ਸਿੰਘ ਪੱਕੇ ਤੌਰ ਤੇ ਰੱਖ ਕੇ, ਚਿਰੋਕਣਾ ਗੁਰਦਆਰਾ ਸਾਹਿਬ ਸ਼ੁਰੂ ਕਰਵਾ ਦਿਤਾ ਹੋਇਆ ਹੈ। ਵਿੱਦਵਾਨ ਕੀਰਤਨੀਏ ਭਾਈ ਸੁਖਦੇਵ ਸਿੰਘ ਜੀ ਗ੍ਰੰਥੀ ਸਿੰਘ ਦੀ ਸੇਵਾ ਨਿਭਾਉਂਦੇ ਹਨ। ਹਾਈਵੇ ਉਪਰ ਹੋਣ ਕਰਕੇ ਆਉਂਦੇ ਜਾਂਦੇ ਮੁਸਾਫਰਾਂ ਨੂੰ ਲੋੜ ਅਨੁਸਾਰ ਰਾਤ ਦਾ ਟਿਕਾਣਾ, ਲੰਗਰ ਚਾਹ ਪਾਣੀ ਪ੍ਰਾਪਤ ਹੋ ਜਾਂਦਾ ਹੈ।

ਦੁਪਹਿਰ ਤੋਂ ਪਹਿਲਾਂ ਹੀ ਅਸੀਂ ਗੁਰਦੁਆਰਾ ਸਾਹਿਬ ਅੱਪੜ ਗਏ। ਗਰੇਵਾਲ ਸਾਹਿਬ ਮੈਨੂੰ ਭਾਈ ਸੁਖਦੇਵ ਸਿੰਘ ਪਾਸ ਗੁਰਦੁਆਰੇ ਉਤਾਰ ਕੇ ਆਪ ਆਪਣੇ ਕੁਝ ਜਰੂਰੀ ਕਾਰਜ ਨਿਬੇੜਨ ਲਈ ਚਲੇ ਗਏ।

ਆਸਟ੍ਰੇਲੀਆ ਦੀਆਂ ਸਾਲਾਨਾ ਸਿੱਖ ਖੇਡਾਂ ਜੋ ਕਿ ਹਰ ਸਾਲ ਹੁੰਦੀਆਂ ਹਨ, ਕਰੋਨੇ ਦਾ ਕਹਿਰ ਕਰਕੇ ਪਿਛਲੇ ਸਾਲ ਨਹੀਂ ਸਨ ਹੋਈਆਂ ਤੇ ਇਸ ਵਾਰੀ ਵੀ ਇਹ ਕਹਿਰ ਕਾਇਮ ਸੀ। ਖੇਡ ਕਮੇਟੀ ਨੇ ਫੈਸਲਾ ਕਰ ਲਿਆ ਕਿ ਇਸ ਵਾਰ, ਕੇਵਲ ਇਕ ਸ਼ਹਿਰ ਪਰਥ ਵਿਚ ਹੀ ਸਾਰਾ ਇਕੱਠ ਕਰਨ ਦੀ ਬਜਾਇ ਹਰੇਕ ਸਟੇਟ ਆਪਣੀ ਆਪਣੀ ਸਟੇਟ ਦੀ ਰਾਜਧਾਨੀ ਵਾਲ਼ੇ ਸ਼ਹਿਰ ਵਿਚ, ਛੋਟੇ ਪੈਮਾਨੇ ਉਪਰ ਹੀ ਇਹ ਖੇਡਾਂ ਖੇਡ ਲੈਣ। ਪਰਥ ਵਿਚ ਸ਼ੁੱਕਰਵਾਰ ਨੂੰ ਇਹਨਾਂ ਨਾਲ਼ ਸਬੰਧਤ ‘ਸਿੱਖ ਫੋਰਮ’ ਦਾ ਵੀ ਆਰੰਭ ਹੋਇਆ। ਸੱਦੇ ਜਾਣ ਦੇ ਬਾਵਜੂਦ, ਮੈਂ ਪਹਿਲਾਂ ਐਡੀਲੇਡ ਦਾ ਸੱਦਾ ਪ੍ਰਵਾਨ ਕਰ ਲੈਣ ਕਰਕੇ, ਹਾਜਰ ਨਾ ਹੋ ਸਕਿਆ। ਇਸ ਲਈ ਸੁਚੱਜੇ ਪ੍ਰਬੰਧਕਾਂ ਨੇ ਇੰਟਰਨੈਟ ਰਾਹੀਂ ਮੇਰੇ ਲੈਕਚਰ ਦਾ ਪ੍ਰਬੰਧ ਕਰ ਲਿਆ। ਸਮਾਗਮ ਦੇ ਆਰੰਭਲੇ ਭਾਸ਼ਨ ਦੇਣ ਦਾ ਮਾਣ ਮੈਨੂੰ ਬਖ਼ਸ਼ਿਆ। ਇਹ ਮੌਕਾ ਮੇਲ਼ ਹੀ ਸਮਝ ਲਵੋ ਕਿ ਮੈਂ ਇਹ ਭਾਸ਼ਨ ਉਸ ਸ਼ਹਿਰ ਵਿਚੋਂ ਦੇ ਰਿਹਾ ਸਾਂ ਜਿੱਥੋਂ, 1986 ਵਿਚ, ਇਹਨਾਂ ਖੇਡਾਂ ਦਾ ਮੁੱਢ ਬੱਝਾ ਸੀ ਤੇ ਫਿਰ ਇਕ ਸਾਲ ਦੇ ਨਾਗੇ ਨਾਲ਼, 1988 ਵਿਚ, ਐਡੀਲੇਡ ਸ਼ਹਿਰ ਤੋਂ ਵਿਧੀਵੱਤ ਹਰੇਕ ਸਾਲ ਇਹ ਖੇਡਾਂ ਹੋਣੀਆਂ ਸ਼ੁਰੂ ਹੋ ਗਈਆਂ। 1986 ਵਿਚ ਗਰੇਵਾਲ ਪਰਵਾਰ ਨੇ ਉਦਮ ਕਰਕੇ, ਆਪਣੇ ਦਾਦਾ ਜੀ ਸ. ਸਰਦਾਰਾ ਸਿੰਘ ਗਰੇਵਾਲ਼ ਦੀ ਯਾਦ ਵਿਚ ਹਾਕੀ ਦਾ ਟੂਰਨਾਮੈਂਟ ਕਰਵਾ ਕੇ, ਆਸਟ੍ਰੇਲੀਆ ਵਿਚ ਸਿੱਖ ਖੇਡਾਂ ਦਾ ਮੁੱਢ ਬੱਧਾ ਸੀ। ਸ. ਸਰਦਾਰਾ ਸਿੰਘ ਗਰੇਵਾਲ਼ ਕੱਪ ਮੈਲਬਰਨ ਦੀ ਟੀਮ ਜਿੱਤ ਕੇ ਲੈ ਗਈ ਸੀ।

ਦੁਪਹਿਰ ਦਾ ਪ੍ਰਸ਼ਾਦਾ ਭਾਈ ਸਾਹਿਬ ਸੁਖਦੇਵ ਸਿੰਘ ਜੀ ਨੇ ਤਾਜਾ ਤਿਆਰ ਕਰਕੇ ਛਕਾਇਆ। ਦਿਨੇ ਟਾਵੀਂ ਟਾਵੀਂ ਸੰਗਤ ਵੀ ਮੱਥਾ ਟੇਕਣ ਆਉਂਦੀ ਰਹੀ। ਇਕ ਨੌਜਵਾਨ ਬੱਚੀ ਨੇ ਕਾਰ ਤੋਂ ਉਤਰ ਕੇ ਕਾਹਲ਼ੀ ਕਾਹਲ਼ੀ ਬੂਟ ਉਤਾਰ ਕੇ ਮੱਥਾ ਟੇਕਿਆ ਤੇ ਬੂਟ ਪਾਉਂਦੀ ਨੇ ਹੀ ਮੇਰੇ ਨਾਲ਼ ਦੋ ਚਾਰ ਗੱਲਾਂ ਕੀਤੀਆਂ ਤੇ ਤੇਜੀ ਨਾਲ਼ ਹੀ ਕਾਰ ਚਲਾ ਕੇ ਚਲੀ ਗਈ।

ਲੌਢੇ ਕੁ ਵੇਲ਼ੇ ਆਪਣੇ ਕਾਰਜ ਮੁਕਾ ਕੇ ਸ. ਮਹਾਂਬੀਰ ਸਿੰਘ ਜੀ ਨੇ ਮੈਨੂੰ ਆ ਚੁੱਕਿਆ ਤੇ ਆਪਣੇ ਮੋਟਲ ਦੇ ਇਕ ਕਮਰੇ ਵਿਚ ਮੇਰਾ ਡੇਰਾ ਜਾ ਲਵਾਇਆ ਤੇ ਕਿਹਾ ਕਿ ਰਾਤ ਤੁਸੀਂ ਏਥੇ ਹੀ ਕੱਟਣੀ ਹੈ ਤੇ ਰਾਤ ਦਾ ਪ੍ਰਸ਼ਾਦਾ ਆਪਾਂ ਸਾਰੇ ਏਥੇ ਮੋਟਲ ਵਿਚ ਹੀ ਛਕਾਂਗੇ। ਆਦਤ ਮੁਤਾਬਕ ਮੈਂ ਪਿੰਡਾ ਗਿੱਲਾ ਕਰਕੇ ਤੇ ਝੱਗਾ ਬਦਲ ਕੇ ਤਕਾਲੀਂ ਜਿਹੀਂ ਬਾਹਰ ਨਿਕਲ਼ਿਆ ਤੇ ਇਕ ਕਾਲ਼ੇ ਰੰਗ ਦੇ ਵੱਡੇ ਸਾਰੇ ਲੈਂਡਰੋਵਰ ਦੀ ਨੰਬਰ ਪਲੇਟ ਉਪਰ ਸ.ਸਿੰਘ ਲਿਖਿਆ ਹੋਇਆ ਦਿਸਿਆ। ਉਸ ਵਿਚੋਂ ਇਕ ਦਰਮਿਆਨੇ ਕੱਦ ਦਾ ਨੌਜਵਾਨ ਫੁਰਤੀ ਨਾਲ਼ ਨਿਕਲਿਆ ਤੇ ਮੈਨੂੰ ਆਣ ਸਤਿ ਸ੍ਰੀ ਅਕਾਲ ਬੁਲਾਈ। ਮੈਂ ਪੁੱਛਿਆ, “ਤੁਸੀਂ ਏਥੇ ਮੋਟਲ ਵਿਚ ਕੰਮ ਕਰਦੇ ਹੋ?” “ਨਹੀਂ ਮੇਰਾ ਨਾਂ ਬਲਦੇਵ ਸਿੰਘ ਹੈ ਤੇ ਮੇਰੀ ਘਰ ਵਾਲ਼ੀ ਨੇ ਤੁਹਾਨੂੰ ਅੱਜ ਗੁਰਦੁਆਰੇ ਵਿਚ ਵੇਖਿਆ ਸੀ ਤੇ ਉਸ ਨੇ ਦੱਸਿਆ ਕਿ ਕੋਈ ਨਵਾਂ ਹੀ ਗਿਆਨੀ ਧਿਆਨੀ ਜਿਹਾ ਬੰਦਾ ਗੁਰਦੁਆਰੇ ਵਿਚ ਆਇਆ ਹੈ, ਜਾ ਕੇ ਪਤਾ ਕਰੋ ਕਿ ਉਸ ਨੂੰ ਕਿਸੇ ਚੀਜ ਦੀ ਲੋੜ ਨਾ ਹੋਵੇ! ਮੈਨੂੰ ਗਰੇਵਾਲ ਸਾਹਿਬ ਤੋਂ ਪਤਾ ਲੱਗਾ ਕਿ ਤੁਸੀਂ ਏਥੇ ਮੋਟਲ ਵਿਚ ਹੋ। ਤੁਹਾਨੂੰ ਮੈਂ ਲੈਣ ਲਈ ਆਇਆ ਹਾਂ।“ ਉਸ ਦੀ ਪਤਨੀ ਓਹੀ ਬੱਚੀ ਸੀ ਜੇਹੜੀ ਦਿਨੇ ਕਾਹਲ਼ੀ ਕਾਹਲ਼ੀ ਗੁਰਦੁਆਰੇ ਆਈ ਸੀ। ਮੈਂ ਦੱਸਿਆ ਕਿ ਗਰੇਵਾਲ ਸਾਹਿਬ ਦਾ ਹੁਕਮ ਹੈ ਕਿ ਰਾਤ ਮੈਂ ਏਥੇ ਹੀ ਰਹਿਣਾ ਹੈ ਤੇ ਰੋਟੀ ਵੀ ਅਸੀਂ ਸਾਰਿਆਂ ਨੇ ਏਥੇ ਹੀ ਖਾਣੀ ਹੈ। ਫਿਰ ਇਸ ਗੱਲ ਤੇ ਸਹਿਮਤੀ ਹੋਈ ਕਿ ਉਹ ਮੈਨੂੰ ਚਾਨਣ ਰਹਿੰਦੇ ਸਮੇ ਵਿਚ ਸ਼ਹਿਰ ਦੇ ਆਲ਼ੇ ਦੁਆਲ਼ੇ ਹੂਟਾ ਦੁਆਵੇਗਾ। ਉਸ ਨੇ ਫਿਰ ਆਪਣੇ ਘਰ ਸਮੇਤ ਕੁਝ ਹੋਰ ਸਿੱਖ ਨੌਜਵਾਨਾਂ ਦੇ ਘਰ ਵੀ ਵਿਖਾਏ ਪਰ ਕਿਸੇ ਦੇ ਘਰ ਅੰਦਰ ਜਾਣ ਦਾ ਸਮਾ ਨਹੀਂ ਸੀ।

ਕੁਝ ਸਿਖ ਨੌਜਵਾਨ ਵਿਦਿਆਰਥੀ ਏਥੇ ਗਰੇਵਾਲਾਂ ਦੇ ਕਾਰੋਬਾਰਾਂ ਵਿਚ ਕੰਮ ਕਰਦੇ ਹਨ ਤੇ ਕੁਝ ਟੈਕਸੀਆਂ ਚਲਾਉਂਦੇ ਹਨ। ਏਸੇ ਸੁਖਾਵੀਂ ਯਾਤਰਾ ਦੌਰਾਨ ਹੀ ਉਸ ਨੇ, ਵਿਦਿਆਰਥੀ ਦੇ ਰੂਪ ਵਿਚ ਆਰੰਭਲੀਆਂ ਤੰਗੀਆਂ ਤੋਂ ਲੈ ਕੇ ਹੁਣ ਤੱਕ ਦੀ ਆਪਣੀ ਯਾਤਰਾ ਦਾ ਜ਼ਿਕਰ ਕਰਦਿਆਂ ਇਹ ਵੀ ਦੱਸਿਆ ਕਿ ਅੱਜ ਉਹ ਇਸ ਸ਼ਹਿਰ ਦੀ ਕੌਂਸਲ ਦਾ ਸਭ ਤੋਂ ਵਧ ਵੋਟਾਂ ਲੈ ਕੇ ਚੁਣਿਆ ਗਿਆ ਕੌਸਲਰ ਹੈ। ਇਸ ਨੌਜਵਾਨ ਦਾ ਨਾਂ ਬਲਦੇਵ ਸਿੰਘ ਹੈ ਤੇ ਵੱਸ ਲੱਗਦੇ ਹਰੇਕ ਲੋੜਵੰਦ ਦੀ ਸਹਾਇਤਾ ਵਾਸਤੇ ਹਰ ਸਮੇ ਇਹ ਨੌਜਵਾਨ ਜੋੜਾ ਤਿਆਰ ਰਹਿੰਦਾ ਹੈ।

ਰਾਤ ਦਾ ਪ੍ਰਸ਼ਾਦਾ ਓਥੇ ਰਹਿ ਰਹੇ ਗਰੇਵਾਲ ਦੇ ਸਾਰੇ ਪਰਵਾਰ ਨੇ ਮੋਟਲ ਵਿਚ ਹੀ ਛਕਿਆ। ਸਾਡੇ ਪ੍ਰਸ਼ਾਦਾ ਛਕਦਿਆਂ ਹੀ ਇਕ ਹੋਰ ਸਿੱਖ ਪਰਵਾਰ, ਜੋ ਕਿ ਮੈਲਬਰਨ ਤੋਂ ਐਲਿਸ ਸਪਰਿੰਗ ਨੂੰ ਸੈਰ ਸਪਾਟੇ ਲਈ ਜਾਂਦਾ ਹੋਇਆ, ਕਿਸੇ ਹੋਰ ਮੋਟਲ ਵਿਚ ਰੁਕਿਆ ਹੋਇਆ ਸੀ ਪਰ ਪੰਜਾਬੀ ਰੋਟੀ ਖਾਣ ਲਈ ਏਥੇ ਆ ਗਿਆ ਸੀ। ਕੁਝ ਸਮਾ ਵਿਚਾਰਾਂ ਹੋਈਆਂ ਤੇ ਉਹ ਰੋਟੀ ਖਾ ਕੇ ਆਪਣੇ ਮੋਟਲ ਵਿਚ ਚਲੇ ਗਏ। ਅਗਲੇ ਦਿਨ ਸਵੇਰੇ, ਅੱਗੇ ਦੀ ਯਾਤਰਾ ਉਪਰ ਤੁਰਨ ਤੋਂ ਪਹਿਲਾਂ, ਉਹ ਪਰਵਾਰ ਗੁਰਦੁਆਰੇ ਮੱਥਾ ਟੇਕਣ ਆਇਆ ਤੇ ਮੇਰੀਆਂ ਕਿਤਾਬਾਂ ਬੜੇ ਚਾਅ ਨਾਲ਼ ਲੈ ਕੇ ਗਿਆ।

ਓਥੇ ਟਿਕਣ ਸਮੇ ਦੌਰਾਨ ਉਸ ਸ਼ਹਿਰ ਦੇ ਆਲ਼ੇ ਦੁਆਲ਼ੇ ਦੇ ਛੋਟੇ ਛੋਟੇ ਟਾਊਨਾਂ ਵਿਚੋਂ ਕੁਝ ਨੌਜਵਾਨਾਂ ਦੇ ਫ਼ੋਨ ਆਏ ਜੇਹੜੇ ਹਰਮਨ ਰੇਡੀਉ, ਅਖ਼ਬਾਰਾਂ ਅਤੇ ਫੇਸਬੁੱਕ ਰਾਹੀਂ ਮੈਨੂੰ ਜਾਣਦੇ ਸਨ। ਉਹਨਾਂ ਵਿਚੋਂ ਇਕ ਮਨਪ੍ਰੀਤ ਸਿੰਘ ਮਾਨ ਵਾਅਲਾ ਤੋਂ ਸੀ। ਉਸ ਨੇ ਕਿਹਾ ਕਿ ਉਸ ਨੂੰ ਮੇਰੇ ਆਉਣ ਦਾ ਪਤਾ ਲੱਗਾ ਹੈ ਤੇ ਉਹ ਮੈਨੂੰ ਮਿਲਣ ਆ ਰਿਹਾ ਹੈ। ਉਹ ਮੈਨੂੰ ਮਿਲਣ ਦੇ ਨਾਲ਼ ਨਾਲ਼ ਮੇਰੀਆਂ ਕਿਤਾਬਾਂ ਲੈ ਕੇ ਪੜ੍ਹਨੀਆਂ ਚਾਹੁੰਦਾ ਹੈ। ਮੈਂ ਕਿਹਾ ਕਿ ਹੁਣ ਤੇ ਅਸੀਂ ਵਾਪਸ ਐਡੀਲੇਡ ਜਾ ਰਹੇ ਹਾਂ। ਓਥੇ ਸ. ਮਨਪ੍ਰੀਤ ਸਿੰਘ ਕੋਲ਼ੋਂ ਮੇਰੀਆਂ ਚਾਰ ਕਿਤਾਬਾਂ, ਜਦੋਂ ਗਿਆ ਲੈ ਆਵੀਂ।

ਸ਼ੁੱਕਰਵਾਰ ਸ਼ਾਮ ਤੱਕ ਅਸੀਂ ਵਾਪਸ ਐਡੀਲੇਡ ਪਹੁੰਚ ਗਏ। ਸੁਭਾ ਛਨਿਛਰਵਾਰ ਸ. ਗੁਰਮੀਤ ਸਿੰਘ ਅਤੇ ਬੀਬੀ ਜਸਬੀਰ ਕੌਰ ਵਾਲ਼ੀਆ ਜੀ ਵੱਲੋਂ, ਸਾਥੀਆਂ ਦੇ ਸਹਿਯੋਗ ਨਾਲ਼, ਵੈਸਾਖੀ ਦੇ ਸਬੰਧ ਵਿਚ ਸਜਾਉਣ ਵਾਲ਼ਾ ਦੀਵਾਨ ਧਾਰਮਿਕ ਰੰਗ ਵਿਚ ਸਜਾਇਆ ਜਾਣਾ ਸੀ। ਇਸ ਮੇਲੇ ਵਿਚ ਹਾਜਰ ਹੋਣ ਲਈ ਹੀ ਉਚੇਚਾ ਮੈਨੂੰ ਸੱਦਿਆ ਗਿਆ ਸੀ। ਗਰਾਊਂਡ ਵਿਚ ਬਣੀ ਸਟੇਜ ਉਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ, ਸਰਦਾਰਨੀ ਜਸਬੀਰ ਕੌਰ ਜੀ ਦੁਆਰਾ ਸੁਖਮਨੀ ਸਾਹਿਬ ਜੀ ਦਾ ਪਾਠ ਕੀਤਾ ਗਿਆ, ਜਿਸ ਵਿਚ ਹੋਰ ਸੰਗਤਾਂ ਨੇ ਵੀ ਸਹਿਯੋਗ ਦਿਤਾ। ਪਾਠ ਉਪ੍ਰੰਤ ਸ਼ਹਿਰ ਦੇ ਤਿੰਨਾਂ ਹੀ ਗੁਰਦੁਆਰਿਆਂ ਦੇ ਰਾਗੀ ਜਥਿਆਂ ਨੇ ਕੀਰਤਨ ਕੀਤਾ। ਸਰਦਾਰਨੀ ਜਸਬੀਰ ਕੌਰ ਜੀ ਨੇ ਵੀ ਦੋ ਸ਼ਬਦਾਂ ਦੇ ਕੀਰਤਨ ਦੀ ਹਾਜਰੀ ਲਵਾਈ। ਰਿਵਰਲੈਂਡ ਤੋਂ ਪਹੁੰਚੇ ਭਾਈ ਰਵਿੰਦਰ ਸਿੰਘ ਜੀ, ਮੈਲਬਰਨ ਤੋਂ ਗਿਆਨੀ ਹਰਜੀਤ ਸਿੰਘ ਜੀ ਪੱਟੀਵਾਲ਼ੇ ਅਤੇ ਮੈਂ ਵੀ ਖ਼ਾਲਸੇ ਦੇ ਜਨਮ ਦਿਨ (ਵੈਸਾਖੀ) ਬਾਰੇ ਸੰਗਤਾਂ ਨਾਲ਼ ਵਿਚਾਰ ਸਾਂਝੇ ਕੀਤੇ।

ਧਾਰਮਿਕ ਮਰਯਾਦਾ ਉਪ੍ਰੰਤ ਦੁਪਹਿਰ ਤੋਂ ਪਿੱਛੋਂ ਵੈਸਾਖੀ ਮੇਲੇ ਦੀਆਂ ਰੌਣਕਾਂ ਲੱਗ ਗਈਆਂ। ਨਿੱਕਿਆਂ ਵੱਡਿਆਂ, ਬੰਦੇ ਬੰਦੀਆਂ ਦੀਆਂ, ਕਈ ਪ੍ਰਕਾਰ ਦੀਆਂ ਖੇਡਾਂ ਹੋਈਆਂ। ਸਭਿਆਚਾਰਕ ਪ੍ਰੋਗਰਾਮ ਹੋਏ। ਹਨੇਰਾ ਹੋਣ ਤੱਕ ਮੇਲੇ ਦੀਆਂ ਰੌਣਕਾਂ ਲੱਗੀਆਂ ਰਹੀਆਂ।

ਅਗਲੇ ਦਿਨ ਐਤਵਾਰ ਨੂੰ ਪਰਥ ਵਿਚ ਹੋ ਰਹੀਆਂ ਖੇਡਾਂ ਦੇ ਹਿੱਸੇ ਵਜੋਂ, ਦੱਖਣੀ ਆਸਟ੍ਰੇਲੀਆ ਦੀਆਂ ਸਾਲਾਨਾ ਸਿੱਖ ਖੇਡਾਂ ਦੇ ਹਿੱਸੇ ਦੇ ਰੂਪ ਵਿਚ ਹੋਈਆਂ। ਉਸ ਵਿਚ ਵੀ ਹਾਜਰੀ ਭਰੀ। ਸਾਰੀ ਸਟੇਟ ਵਿਚੋਂ ਆਏ ਸੱਜਣਾਂ ਨਾਲ਼ ਮੇਲ ਮਿਲਾਪ ਹੋਇਆ। ਕੁਝ ਨਵੇਂ ਸੂਝਵਾਨ ਸੱਜਣਾਂ ਨਾਲ਼ ਵੀ ਜਾਣ ਪਛਾਣ ਹੋਈ। ਮੇਰੇ ਪਹਿਲਾਂ ਤੋਂ ਮਿੱਤਰ ਪੰਥਕ ਸੋਚ ਦੇ ਧਾਰਨੀ, ਸ ਬਖ਼ਸ਼ੀਸ਼ ਸਿੰਘ ਜੀ ਨੇ ਉਸ ਮੇਲੇ ਵਿਚ ਇਕ ਅਜਿਹੀ ਸ਼ਖ਼ਸ਼ੀਅਤ ਨਾਲ਼ ਮੇਲ ਕਰਵਾਇਆ ਜੇਹੜੀ ਜਿੰਨੀ ਪ੍ਰਭਾਵਸ਼ਾਲੀ ਬਾਹਰੋਂ ਦਿਸਦੀ ਸੀ ਓਨੀ ਹੀ ਅੰਦਰੋਂ ਵੀ ਖ਼ੂਬਸੂਰਤ ਨਿਕਲ਼ੀ। ਇਸ ਸ਼ਾਨਦਾਰ ਗੁਰਸਿੱਖੀ ਸਰੂਪ ਦੇ ਧਾਰਨੀ ਗੁਰਮੁਖ ਪਿਆਰੇ ਦਾ ਨਾਂ ਸ. ਜੁਗਰਾਜ ਸਿੰਘ ਖਹਿਰਾ ਹੈ। ਛਨਿਛਰਵਾਰ ਵਾਲ਼ੇ ਮੇਲੇ ਵਿਚ ਕੁਝ ਉਹਨਾਂ ਨੌਜਵਾਨਾਂ ਦੇ ਵੀ ਦਰਸ਼ਨ ਹੋਏ ਜੇਹੜੇ ਅੰਮ੍ਰਿਤਸਰ ਦੇ ਆਲ਼ੇ ਦਆਲ਼ੇ ਦੇ ਪਿੰਡਾਂ ਤੋਂ ਆਏ ਹਨ। ਉਹਨਾਂ ਨੇ ਦੱਸਿਆ ਕਿ ਉਹ ਮੈਨੂੰ ਹਰਮਨ ਰੇਡੀਉ ਤੋਂ ਸੁਣਦੇ ਹਨ ਤੇ ਮਿੰਟੂ ਬਰਾੜ ਜੀ ਦੀ ‘ਪੰਜਾਬੀ ਅਖ਼ਬਾਰ’ ਵਿਚੋਂ ਪੜ੍ਹਦੇ ਵੀ ਹਨ। ਉਹ ਸਾਰੇ ਪਰਵਾਰਕ ਵਾਤਾਵਰਨ ਵਿਚ ਚਾਹ ਦੇ ਕੱਪ ਉਪਰ ਬੈਠਣ ਦਾ ਵਿਚਾਰ ਰੱਖਦੇ ਹਨ। ਮੇਲੇ ਦੀ ਸਮਾਪਤੀ ਉਪ੍ਰੰਤ ਇਕ ਘਰ ਵਿਚ ਇਕੱਤਰ ਹੋਏ, ਚਾਹ ਪਾਣੀ ਛਕਿਆ ਅਤੇ ਖ਼ੁਸ਼ਗਵਾਰ ਮਾਹੌਲ ਵਿਚ ਵਿਚਾਰਾਂ ਹੋਈਆਂ।

ਸਦਾ ਵਾਂਗ ਠਾਹਰ ਮੇਰੀ ਕਾਕਾ ਮਨਪ੍ਰੀਤ ਸਿੰਘ ਅਤੇ ਬੱਚੀ ਮਨਦੀਪ ਕੌਰ ਕੋਲ਼ ਹੀ ਸੀ। ਉਹਨਾਂ ਨੂੰ ਰਾਤ ਦੇ ਪ੍ਰਸ਼ਾਦੇ ਵਾਸਤੇ ਕਿਸੇ ਘਰੋਂ ਸੱਦਾ ਸੀ। ਮੈਨੂੰ ਨਾਲ਼ ਚੱਲਣ ਲਈ ਕਿਹਾ ਪਰ ਮੈਂ ਸੀ.ਐਮ. ਮੂਵੀ ਵੇਖਣ ਦੇ ਲਾਲਚ ਵਿਚ ਨਾ ਜਾਣਾ ਹੀ ਠੀਕ ਸਮਝਿਆ ਤੇ ਉਹਨਾਂ ਨੂੰ ਕਿਹਾ ਕਿ ਵੱਡੇ ਸਕਰੀਨ ਉਪਰ ਮੈਨੂੰ ਇਹ ਮੂਵੀ ਖੋਹਲ ਕੇ ਦੇ ਜਾਓ ਤੇ ਤੁਸੀਂ ਜਾਓ। ਮੈਂ ਤੇ ਗੁਰਦੁਆਰਾ ਸਾਹਿਬ ਦੇ ਨਾਲ਼ ਲੱਗਵੇਂ ਘਰ ਵਿਚ ਮੂਵੀ ਵੇਖਦਾ ਰਿਹਾ ਤੇ ਓਧਰ ਸ਼ਾਮ ਵੇਲ਼ੇ ਸ. ਤੇਜਸ਼ਦੀਪ ਸਿੰਘ ਅਜਨੌਦਾ ਅਤੇ ਕੁਝ ਹੋਰ ਸੱਜਣ ਮਿਲਣ ਲਈ ਆਏ ਅਤੇ ਰਾਗੀ ਸਿੰਘਾਂ ਤੋਂ ਪੁੱਛ ਕੇ ਤੇ ਮੱਥਾ ਟੇਕ ਕੇ ਮੁੜ ਜਾਂਦੇ ਰਹੇ। ਰਾਗੀ ਸਿੰਘਾਂ ਨੂੰ ਨਹੀਂ ਸੀ ਪਤਾ ਕਿ ਮੈਂ ਨਾਲ਼ ਦੇ ਘਰ ਵਿਚ ਹੀ ਬੈਠਾ ਸਾਂ।

ਐਡੀਲੇਡ ਦਾ ਵਾਸੀ ਸਾਹਿਤ ਰਸੀਆ ਅਤੇ ਰਚੀਆ ਮਲਹਾਂਸ ਜੋੜਾ, ਸ. ਮੋਹਨ ਸਿੰਘ ਅਤੇ ਬੀਬਾ ਬਲਜੀਤ ਕੌਰ ਜੀ, 2005 ਤੋਂ ਹੀ ਮੇਰੇ ਨਾਲ਼ ਸਨੇਹ ਕਰਦੇ ਆ ਰਹੇ ਹਨ। ਇਕ ਦਿਨ ਮੈਨੂੰ ਮਿਲਣ ਆਏ। ਅਸੀਂ ਤਿੰਨੇ ਜਣੇ ਗੁਰਦੁਆਰਾ ਸਾਹਿਬ ਦੇ ਦਫ਼ਤਰ ਵਿਚ ਬੈਠੇ ਵਿਚਾਰਾਂ ਕਰ ਰਹੇ ਸਾਂ। ਬਲਜੀਤ ਕੌਰ ਬੀਬਾ ਜੀ, ਕਹਿੰਦੇ, “ਅਸੀਂ ਤਾਇਆ ਜੀ, ਤੁਹਾਡਾ ਐਡੀਲੇਡ ਦੇ ਸਾਹਿਤਕਾਰਾਂ ਵੱਲੋਂ ਰੂ-ਬ-ਰੂ ਅਤੇ ਸਨਮਾਨ ਕਰਨਾ ਚਾਹੁੰਦੇ ਹਾਂ ਪਰ ਕਰੋਨੇ ਦੇ ਕਹਿਰ ਕਰਕੇ ਵੱਡਾ ਇਕੱਠ ਨਹੀਂ ਕੀਤਾ ਜਾ ਸਕਦਾ; ਇਸ ਲਈ ਛੋਟੇ ਪੈਮਾਨੇ ਉਪਰ, ਆਪਣੇ ਘਰ ਵਿਚ ਹੀ ਕੁਝ ਤੁਹਾਡੇ ਪ੍ਰੇਮੀ ਸਾਹਿਤਕਾਰਾਂ ਨੂੰ ਸੱਦ ਕੇ ਤੁਹਾਡਾ ਮਾਣ ਸਤਿਕਾਰ ਕਰਨ ਦਾ ਵਿਚਾਰ ਬਣਾ ਲਿਆ ਹੈ।“ ਮੈਂ ਕਿਹਾ, “ਕੋਈ ਗੱਲ ਨਹੀਂ ਬੀਬਾ ਜੀ, ਅਗਲੀ ਵਾਰ ਸਹੀ।” “ਨਹੀਂ, ਪਹਿਲਾਂ ਹੀ ਬਹੁਤ ਪਛੜ ਗਏ ਹਾਂ, ਅਗਲੀ ਵਾਰ ਅਗਲੀ ਵਾਰ ਕਰਦਿਆਂ। ਇਸ ਵਾਰੀ ਛੋਟਾ ਈ ਸਹੀ, ਵੱਡਾ ਹਾਲਾਤ ਸੁਧਰ ਜਾਣ ਤੇ ਕਰਾਂਗੇ।“ ਮੁਕਦੀ ਗੱਲ, ਫੈਸਲਾ ਹੋ ਗਿਆ ਕਿ ਮੰਗਲਵਾਰ ਦੀ ਸ਼ਾਮ ਉਹਨਾਂ ਦੇ ਘਰ ਸਾਹਿਤ ਪ੍ਰੇਮੀਆਂ ਨਾਲ਼ ਬਿਤਾਈ ਜਾਵੇ।

ਮੈਂ ਨਵੇਂ ਬਣੇ ਮਿੱਤਰ ਸ. ਜੁਗਰਾਜ ਸਿੰਘ ਜੀ ਦੇ ਘਰ ਸਾਂ। ਉਹਨਾਂ ਨੂੰ ਵੀ ਆਪਣੇ ਨਾਲ਼ ਜਾਣ ਲਈ ਸਹਿਮਤ ਕਰ ਲਿਆ। ਉਹਨਾਂ ਦਾ ਪੁੱਤਰ ਸਾਨੂੰ ਮਲਹਾਂਸ ਜੋੜੀ ਦੇ ਘਰ ਛੱਡ ਕੇ ਬਾਹਰੋਂ ਹੀ ਮੁੜ ਗਿਆ। ਅੱਧਾ ਘੰਟਾ ਟਾਈਮ ਦੇ ਅੱਗੇ ਪਿੱਛੇ ਹੋਣ ਦਾ ਭੁਲੇਖਾ ਪੈ ਜਾਣ ਕਰਕੇ, ਸਾਡੇ ਜਾਂਦਿਆਂ ਨੂੰ ਸਾਰੇ ਸੁਹਿਰਦ ਸੱਜਣ ਆਏ ਬੈਠੇ ਸਨ। “ਆਓ ਜੀ, ਆਓ ਜੀ, ਬੈਠੋ ਜੀ, ਬੈਠੋ ਜੀ, ਲੇਟ ਹੋ ਗਏ ਜੀ, ਲੇਟ ਹੋ ਗਏ ਜੀ, ਤੁਸੀਂ ਵੀ ਚੰਗੇ ਜੀ, ਅਸੀਂ ਵੀ ਚੰਗੇ ਜੀ” ਵਰਗੇ ਸਤਿਕਾਰ ਮਈ ਸ਼ਬਦਾਂ ਦੇ ਵਟਾਂਦਰੇ ਪਿਛੋਂ ਚਾਹ ਪਾਣੀ ਛਕ ਕੇ, ਆਪੋ ਆਪਣੀਆਂ ਰਚਨਾਵਾਂ ਸੁਣਨ ਸੁਣਾਉਣ ਦਾ ਦੌਰ ਸ਼ੁਰੂ ਹੋਇਆ। ਹਾਜਰ ਸਾਰੇ ਸੱਜਣਾਂ ਦੇ ਨਾਂ ਯਾਦ ਨਹੀਂ ਤੇ ਜਿਨ੍ਹਾਂ ਦੇ ਯਾਦ ਹਨ ਜੇ ਉਹਨਾਂ ਦੇ ਲਿਖ ਦਿਤੇ ਤਾਂ ਭੁੱਲ ਗਿਆਂ ਨਾਲ਼ ਬੇਇਨਸਾਫ਼ੀ ਹੋਵੇਗੀ। ਇਸ ਲਈ ਮੈਂ ਏਨਾ ਕਹਿ ਕੇ ਹੀ ਸਾਰ ਲੈਂਦਾ ਹਾਂ ਕਿ ਸਾਹਿਤਕ ਨਾਲ਼ੋਂ ਵੀ ਵਧੇਰੇ ਇਹ ਪਰਵਾਰਕ ਮੇਲ਼ ਬਣ ਗਿਆ। ਇਸ ਵਿਚ, ਵਾਰਤਕ ਲਿਖਾਰੀ, ਕਵੀ, ਰੰਗ ਮੰਚ ਕਰਮੀ ਸਾਰੇ ਹੀ ਸਾਹਿਤ ਰਚੀਏ ਅਤੇ ਸਾਹਿਤ ਰਸੀਏ ਹੀ, ਸ਼ਾਮਲ ਹੋਏ ਅਤੇ ਇਹ “ਗੁਣ ਗਾਵਤ ਰੈਨ ਬਿਹਾਨੀ॥” ਵਾਲ਼ਾ ਸਮਾਗਮ ਹੋ ਨਿੱਬੜਿਆ। ਸਾਰੇ ਸ਼ਾਮਲ ਸੱਜਣਾਂ ਦਾ ਵਿਚਾਰ ਸੀ ਕਿ ਅਜਿਹੇ ਸਾਹਿਤਕ ਸਮਾਗਮ ਸਮੇ ਸਮੇ ਰਚੇ ਜਾਂਦੇ ਰਹਿਣੇ ਚਾਹੀਦੇ ਹਨ। ਅੰਤ ਵਿਚ ਪੰਜਾਬੀ ਸਾਹਿਤ ਰਸੀਆਂ ਵਾਸਤੇ ਮਲਹਾਂਸ ਪਰਵਾਰ ਵੱਲੋਂ ਪ੍ਰੇਮ ਸਹਿਤ ਤਿਆਰ ਕੀਤਾ ਪ੍ਰਸ਼ਾਦਾ ਛਕ ਕੇ ਵਿਦਿਆ ਹੋਏ।

ਮੁੜਦਿਆਂ ਰਸਤੇ ਵਿਚ ਸ. ਜੁਗਰਾਜ ਸਿੰਘ ਖਹਿਰਾ ਜੀ ਨੇ ਬੜੀ ਖ਼ੁਸ਼ੀ ਪਰਗਟ ਕਰਦਿਆਂ ਇਸ ਸੁਹਾਵਣੀ ਸ਼ਾਮ ਸਮੇ ਦੀ ਸਰਗਰਮੀ ਬਾਰੇ ਪ੍ਰਸੰਸਕ ਵਿਚਾਰ ਪਰਗਟ ਕੀਤੇ।

ਸ. ਮੋਹਨ ਸਿੰਘ ਮਲਹਾਂਸ ਨੇ, ਕਈ ਸਾਲ ਪਹਿਲਾਂ ਇਕ ਅਧਿਆਪਕਾ, ਬੀਬਾ ਮਹੇਸ਼ ਕੌਰ ਜੀ ਵੱਲੋਂ, ਮੇਰੇ ਬਾਰੇ ਲਿਖੇ ਗਏ ਲੇਖ ਦੇ ਸਿਰਲੇਖ ‘ਬਿਨਾ ਸਕੂਲੋਂ ਸਾਹਿਤਕਾਰ’ ਤੋਂ ਪ੍ਰਭਾਵਤ ਹੋ ਕੇ, ਵਿਚਾਰ ਪਰਗਟ ਕੀਤਾ ਸੀ ਕਿ ਉਹ ਵੀ ਮੇਰੇ ਬਾਰੇ ਇਕ ਲੇਖ ਲਿਖੇਗਾ ਜਿਸ ਦਾ ਸਿਰਲੇਖ ਹੋਵੇਗਾ ‘ਕਾਪੀ ਰਾਈਟ ਰਹਿਤ ਲੇਖਕ’ ਪਰ ਅਜੇ ਤੱਕ ਉਸ ਨੇ ਇਸ ਪਾਸੇ ਉਦਮ ਨਹੀਂ ਕੀਤਾ। ਚਲੋ, “ਦੇਰ ਆਇਦ ਦਰੁਸਤ ਆਇਦ।” ਇਸ ਦੇਰੀ ਵਿਚ ਵੀ ਕੋਈ ਚੰਗੇ ਤੋਂ ਚੰਗੇਰਾ ਹੋ ਜਾਣ ਦੀ ਆਸ ਹੀ ਰੱਖਣੀ ਚਾਹੀਦੀ ਹੈ।

ਬੁਧਵਾਰ 7 ਮਈ ਨੂੰ ਵਾਪਸੀ ਸੀ। ਸਦਾ ਵਾਂਗ ਵਿਚਾਰ ਸੀ ਕਿ ਮੇਰਾ ਮੂੰਹ ਬੋਲਿਆ ਭਤੀਜਾ ਮਨਪ੍ਰੀਤ ਸਿੰਘ ਹੀ ਹਵਾਈ ਅੱਡੇ ਉਪਰ ਛੱਡ ਆਵੇਗਾ। ਹਵਾਈ ਅੱਡਾ ਵੀ ਗੁਰਦੁਆਰਾ ਸਾਹਿਬ ਤੋਂ ਏਨਾ ਨੇੜੇ ਹੈ ਕਿ ਕਦੀ ਕਦਾਈਂ ਮੈਂ ਪੈਦਲ ਹੀ ਓਥੋਂ ਤੱਕ ਆਉਣਾ/ਜਾਣਾ ਕਰ ਲੈਂਦਾ ਹਾਂ। ਪਰ ਇਕ ਦਿਨ ਪਹਿਲਾਂ ਸ. ਗੁਰਮੀਤ ਸਿੰਘ ਵਾਲੀਆ ਜੀ ਵੱਲੋਂ ਫ਼ੋਨ ਆ ਗਿਆ ਕਿ ਉਹ ਖ਼ੁਦ, ਜਿਵੇਂ ਮੈਨੂੰ ਅੱਡੇ ਤੋਂ ਲੈਣ ਗਏ ਸਨ ਓਵੇਂ ਛੱਡ ਕੇ ਵੀ ਓਹੀ ਆਉਣਗੇ। ਬੁਧਵਾਰ ਸਵੇਰ ਦਾ ਛਾਹਵੇਲ਼ਾ ਕਰਨ ਤੇ ਵੀ ਉਹਨਾਂ ਨੇ ਮੇਰੇ ਉਪਰ ਪਾਬੰਦੀ ਲਾ ਦਿਤੀ। ਕਿਹਾ ਕਿ ਇਹ ਕਾਰਜ ਉਹਨਾਂ ਦੇ ਘਰ ਵਿਚ ਉਹਨਾਂ ਦੇ ਨਾਲ਼ ਹੀ ਕਰਨਾ ਪਊਗਾ। ਸਮੇ ਸਿਰ ਵਾਲੀਆ ਜੀ ਮੈਨੂੰ ਆ ਕੇ ਆਪਣੇ ਘਰ ਲੈ ਗਏ। ਉਹਨਾਂ ਦੀ ਜੀਵਨ ਸਾਥਣ ਸਤਿਕਾਰਯੋਗ ਭੈਣ ਜਸਬੀਰ ਕੌਰ ਜੀ ਨੇ ਤਾਜੀਆਂ ਪੂਰੀਆਂ ਤਲ਼ ਕੇ ਪ੍ਰੇਮ ਸਹਿਤ ਛਾਹਵੇਲ਼ਾ ਕਰਵਾਇਆ। ਤਾਜੀਆਂ ਪੂਰੀਆਂ ਵੇਖ ਕੇ 1964,65,66 ਵਾਲ਼ਾ ਸਮਾ ਯਾਦ ਆ ਗਿਆ। ਓਦੋਂ ਮੈਂ ਪਟਿਆਲੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਰਾਗੀ ਦੀ ਸੇਵਾ ਕਰਦਾ ਸਾਂ। ਸਵੇਰੇ ਆਸਾ ਦੀ ਵਾਰ ਦੇ ਕੀਰਤਨ ਉਪ੍ਰੰਤ ਗੁਰਦੁਆਰੇ ਦੇ ਗੇਟ ਮੂਹਰਲੀ ਸੜਕ ਦੇ ਦੂਜੇ ਕਿਨਾਰੇ ਉਪਰ, ਪਾਕਿਸਤਾਨੋ ਆਏ ਸਿੱਖਾਂ ਦੀਆਂ ਹਲਵਾਈਆਂ ਦੀਆਂ ਦੁਕਾਨਾਂ ਹੁੰਦੀਆਂ ਸਨ। ਉਹਨਾਂ ਵੱਲੋਂ ਤਲ਼ੀਆਂ ਜਾ ਰਹੀਆਂ ਗਰਮਾ ਗਰਮ ਪੂਰੀਆਂ, ਮਿੱਠੀ ਚਾਹ ਦੇ ਨਾਲ਼ ਛਕ ਕੇ ਆਨੰਦ ਮਾਨਣਾ। ਓਦੋਂ ਇਹ ਸਾਡਾ ਛਾਹਵੇਲ਼ਾ ਹੋਇਆ ਕਰਦਾ ਸੀ।

ਇਉਂ ਮੇਰੀ ਪੇਟ ਪੂਜਾ ਕਰਵਾ ਕੇ ਤੇ ਬਣਦੇ ਨਾਲ਼ੋਂ ਵਧੇਰੇ ਮਾਣ ਸਤਿਕਾਰ ਸਹਿਤ, ਸ. ਗੁਰਮੀਤ ਸਿੰਘ ਵਾਲੀਆ ਜੀ, ਮੈਨੂੰ ਹਵਾਈ ਅੱਡੇ ਉਪਰ ਉਤਾਰ ਕੇ ਵਾਪਸ ਮੁੜ ਗਏ ਤੇ ਜਹਾਜੇ ਮੈਂ ਖ਼ੁਦ ਹੀ ਚੜ੍ਹ ਕੇ ਤਕਾਲ਼ਾਂ ਤੱਕ ਸਿਡਨੀ ਵਿਚਲੇ ਆਪਣੇ ਰੈਣ ਬਸੇਰੇ ਵਿਚ ਆ ਵੜਿਆ। ਏਨੀ ਮੇਰੀ ਬਾਤ .....।

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਢੇ ਪੰਜ ਸੌ ਸਾਲਾ ਪ੍ਰਕਾਸ਼ ਉਤਸ਼ਵ ਸਮੇ (ਸਤੰਬਰ ਤੋਂ ਨਵੰਬਰ, ੨੦੧੯) - ਗਿਆਨੀ ਸੰਤੋਖ ਸਿੰਘ ਸਿਡਨੀ, ਆਸਟ੍ਰੇਲੀਆ

ਪੰਜਾਬ ਦੀ ਯਾਤਰਾ
੧੯੬੪ ਵਿਚ ਸੰਗਮ ਫਿਲਮ ਵਿਚੋਂ ਇਟਲੀ ਦੇ ਬੇੜੀਆਂ ਵਾਲੇ ਸ਼ਹਿਰ ਵੀਨਸ ਅਤੇ ਸਵਿਟਜ਼ਰਲੈਂਡ ਦੀ ਖ਼ੂਬਸੂਰਤੀ ਨੂੰ ਵੇਖਣ ਦਾ ਪੈਦਾ ਹੋਇਆ ਚਾ ਪੂਰਾ ਕਰਨ ਵਾਸਤੇ, ਮੈਂ ਨੌਂ ਸਾਲ ਤਿਆਰੀ ਕਰਦਾ ਰਿਹਾ ਤੇ ਫੇਰ ਅਫ਼੍ਰੀਕਾ ਦੇ ਛੋਟੇ ਜਿਹੇ ਮੁਲਕ ਮਲਾਵੀ ਵਿਚੋਂ ਦੋ ਸਾਲ ਦਾ ਵਰਕ ਵੀਜ਼ਾ ਮਿਲਿਆ ਤੇ ਨਾਲ ਹੀ ਪਰਵਾਰ ਸਮੇਤ ਹਵਾਈ ਜਹਾਜ ਦੀਆਂ ਟਿਕਟਾਂ ਵੀ। ਓਥੋਂ ਦੀ ਨੌਕਰੀ ਵਿਚੋਂ ਪੈਸੇ ਜੋੜ ਕੇ, ਦੁਨੀਆ ਦੀਆਂ ਯਾਤਰਾਵਾਂ ਦਾ ਆਰੰਭ ਹੋਇਆ। ਕਦੀ ਵੀ ਸੋਚ ਵਿਚ ਇਹ ਇੱਛਾ ਪੈਦਾ ਨਹੀਂ ਸੀ ਹੋਈ ਕਿ ਪੰਜਾਬੋਂ ਬਾਹਰ ਹੀ ਕਿਸੇ ਦੇਸ ਵਿਚ ਪੱਕੇ ਤੌਰ ਤੇ ਟਿਕਣਾ ਹੈ। ਇਸ ਲਈ ਜਦੋਂ ਹੀ ਪੰਜਾਬ ਮੁੜਨ ਲਈ ਟਿਕਟ ਖ਼ਰੀਦਣ ਦੇ ਜੋਗ ਹੋਣਾ, ਦੇਸ ਨੂੰ ਭੱਜ ਤੁਰਨਾ। ਏਸੇ ਕਰਕੇ ਹੀ ਬਾਹਰ ਜਾਣ ਵਾਲੇ ਉਦਮੀਆਂ ਵੱਲੋਂ, ਬਾਹਰ ਦੀ ਕਮਾਈ ਨਾਲ ਬਣਾਏ ਗਏ ਧਨ ਨਾਲ ਖੁਲ੍ਹਾ ਡੁਲ੍ਹਾ ਖਰਚ ਕਰਨ ਵਾਲਿਆਂ ਦੇ ਬਰਾਬਰ ਨਾ ਪਹੁੰਚ ਸਕਿਆ। ਇਉਂ ਮਾਰਚ ੧੯੭੩ ਤੋਂ ਲੈ ਕੇ ਸਤੰਬਰ ੧੯੮੩ ਤੱਕ ਸਾਢੇ ਦਸ ਸਾਲ 'ਲਟਕਣ ਕਲਾਸ' ਵਿਚ ਹੀ ਰਿਹਾ ਪਰ ਇਸ ਦਾ ਪਛਤਾਵਾ ਕੋਈ ਨਹੀਂ।


੧੯੮੩ ਦੇ ਅਗਸਤ ਮਹੀਨੇ ਵਿਚ, ਸਿਡਨੀ ਵਿਚਲੀ ਵੈਸਟਪੈਕ ਬੈਂਕ ਤੋਂ ਇਕ ਮਹੀਨੇ ਦੀ ਸਾਲਾਨਾ ਛੁੱਟੀ ਮਿਲਣ 'ਤੇ, ਡਾਂਡੇ ਮੀਂਡੇ ਜਿਹੇ ਸਫ਼ਰ ਰਾਹੀਂ ਪੰਜਾਬ ਨੂੰ ਤੁਰ ਪਿਆ। ਉਸ ਸਮੇ ਦੇਸ ਵਿਚ ਧਰਮ ਯੁਧ ਮੋਰਚਾ ਪੂਰਾ  ਗਰਮੀ ਵਿਚ ਚੱਲ ਰਿਹਾ ਸੀ। ਕੁਝ ਸੱਜਣ ਮਿੱਤਰ ਜੇਹਲਾਂ ਵਿਚ ਬੈਠੇ ਸਨ, ਕੁਝ ਅੰਮ੍ਰਿਤਸਰੋਂ ਚਲੇ ਗਏ ਤੇ ਕੁਝ ਹੋਰ ਕਾਰਨਾਂ ਕਰਕੇ ਨਾ ਮਿਲ ਸਕੇ। ਇਸ ਤੋਂ ਇਲਾਵਾ ਪੰਜਾਬ ਵਿਚੋਂ ਮੈਨੂੰ ੧੯੪੭ ਵਰਗੇ ਹਾਲਾਤ ਭਾਸਣ ਲੱਗ ਪਏ। ਮੇਰੇ ਚਿਰਕਾਲੀ ਇਕ ਮਿੱਤਰ ਖੱਬੇ ਪੱਖੀ ਸੋਚ ਵਾਲੇ, ਵੈਦ ਰਾਮ ਪਾਲ ਸ਼ਰਮਾ ਜੀ ਨਾਲ, ਇਸ ਧਰਮ ਯੁਧ ਮੋਰਚੇ ਬਾਰੇ ਗੱਲ ਬਾਤ ਕਰਦਿਆਂ ਉਹਨਾਂ ਨੇ ਕਿਹਾ ਕਿ ਅਕਾਲੀਆਂ ਦਾ ਮੋਰਚਾ  ਸਹੀ ਹੈ। ਮੈਂ ਕਿਹਾ, "ਜੇ ਤੁਸੀਂ ਅਕਾਲੀਆਂ ਨੂੰ ਸਹੀ ਮੰਨਦੇ ਹੋ ਤਾਂ ਤੁਹਾਡੀ ਪਾਰਟੀ ਅਕਾਲੀਆਂ ਦਾ ਸਾਥ ਕਿਉਂ ਨਹੀਂ ਦਿੰਦੀ?" ਦਾ ਜਵਾਬ ਉਹਨਾਂ ਨੇ ਇਉਂ ਦਿਤਾ, "ਅਕਾਲੀ ਗੁਰਦੁਆਰੇ ਦੇ ਅੰਦਰੋਂ ਮੋਰਚਾ ਚਲਾ ਰਹੇ ਹਨ। ਜੇ ਬਹਰੋਂ ਚਲਾਉਣ ਤਾਂ ਅਸੀਂ ਵੀ ਅਕਾਲੀਆਂ ਨਾਲ ਸ਼ਮਲ ਹੋ ਸਕਦੇ ਹਾਂ।" ਖੈਰ, ਇਹ ਵੈਦ ਜੀ ਦੀ ਦਲੀਲਬਾਜੀ ਸੀ। ਜਦੋਂ ਮੈਂ ਇਹ ਕਿਹਾ ਕਿ ਸ਼ਾਂਤਮਈ ਮੋਰਚੇ ਤਾਂ ਸਰਕਾਰਾਂ ਨਾਲ ਅਕਾਲੀਆਂ ਦੇ ਲੱਗਦੇ ਹੀ ਰਹਿੰਦੇ ਹਨ; ਇਹ ਕੋਈ ਨਵੀਂ ਗੱਲ ਨਹੀਂ ਪਰ ਇਸ ਵਾਰ ਮੈਨੂੰ ਪੰਜਾਬ ਦੇ ਵਾਤਾਵਰਣ ਵਿਚੋਂ ਫਿਰਕੂ ਖਿੱਚੋਤਾਣ ਦਾ ਝੌਲਾ ਜਿਹਾ ਪੈਂਦਾ ਹੈ। ਇਸ ਦੇ ਜਵਾਬ ਵਿਚ ਉਸ ਨੇ ਜੋ ਕਿਹਾ ਉਸ ਨੇ ਮੇਰੀ ਹੋਰ ਵੀ ਹੌਸਲਾ ਸ਼ਿਕਨੀ ਕੀਤੀ। ਉਸ ਦਾ ਜਵਾਬ ਕੁਝ ਇਸ ਤਰ੍ਹਾਂ ਦਾ ਸੀ: ਮੇਰਾ ਜੋਤਸ਼ ਦੱਸਦਾ ਹੈ ਕਿ ਏਥੇ ਫਿਰਕੂ ਫਸਾਦ ਹੋਣੇ ਹਨ। ੧੯੪੭ ਵਾਂਗ ਹਿੰਦੂ ਸਿੱਖਾਂ ਨੇ ਇਕ ਦੂਜੇ ਨੂੰ ਮਾਰਨਾ ਹੈ। ਅਜਿਹੀ ਹੀ ਭਿਆਨਕ ਪੇਸ਼ੀਨਗੋਈ, ਮਈ ੧੯੭੭ ਵਿਚ ਹਾਲੈਂਡ ਦੇ ਸ਼ਹਿਰ ਐਮਸਟਰਡੈਮ ਵਿਚ, ਇਕ ਨੌਜਵਾਨ ਚੈਨ ਸਿੰਘ ਸੈਣੀ ਨੇ ਵੀ ਕੀਤੀ ਸੀ। ਸਾਰ ਉਸ ਦਾ ਇਹ ਸੀ ਕਿ ਦਰਬਾਰ ਸਾਹਿਬ ਉਪਰ ਫੌਜਾਂ ਹਮਲਾ ਕਰਨਗੀਆਂ। ਓਥੇ ਉਹ ਸਿੱਖ ਵਿਰੋਧੀ ਕੁਕਰਮ ਕਰਨਗੀਆਂ। ਉਸ ਸਮੇ ਮੇਰੇ ਮੰਨਣ ਵਿਚ ਅਜਿਹੀ ਹੋਣੀ ਵਾਪਰ ਜਾਣ ਵਾਲੀ ਸੋਚ ਬਿਲਕੁਲ ਨਹੀਂ ਸੀ ਆਈ। ਮੇਰੇ ਵੱਲੋਂ ਅਜਿਹਾ ਹੋ ਸਕਣ ਬਾਰੇ ਸ਼ੰਕਾ ਪਰਗਟ ਕਰਨ 'ਤੇ ਉਸ ਨੇ ਕਿਹਾ, "ਪਹਿਲਾਂ ਨਹੀਂ ਸੀ ਮੱਸੇ ਰੰਘੜ ਵੇਲੇ ਇਸ ਤਰ੍ਹਾਂ ਹੋਇਆ?" ਜੋ ਕੁਝ ਜੂਨ ੧੯੮੪ ਵਿਚ ਹੋਇਆ, ਉਸ ਬਾਰੇ ਉਸ ਨੇ ਮਈ ੧੯੭੭ ਵਿਚ ਹੀ ਦੱਸ ਦਿਤਾ ਸੀ।
ਪੰਥ ਅਤੇ ਪੰਜਾਬ ਦੀ ਅਜਿਹੀ ਹਾਲਤ ਵੇਖ ਕੇ ਵਿਚਾਰ ਆਈ ਕਿ ਪੰਜਾਬ ਹੁਣ ਮੇਰੇ ਤੋਂ ਬਹੁਤ ਅੱਗੇ ਲੰਘ ਗਿਆ ਹੈ ਅਤੇ ਮੇਰਾ ਹੁਣ ਇਸ ਦੇ ਬਰਾਬਰ ਪਹੁੰਚ ਸਕਣਾ ਮੇਰੀ ਪਹੁੰਚ ਤੋਂ ਬਾਹਰ ਹੋ ਗਿਆ ਹੈ ਅਤੇ ਫਿਰ ਇਸ ਹਾਲਤ ਵਿਚ ਮੈਂ ਪੰਜਾਬ ਦੀ ਸਮਾਜਕ ਅਵੱਸਥਾ ਵਿਚ ਕੋਈ ਉਸਾਰੂ ਹਿੱਸਾ ਪਾ ਸਕਣ ਦੇ ਜੋਗ ਵੀ ਨਹੀਂ ਰਿਹਾ। ਫਿਰ ਸਿਡਨੀ ਵਿਚ ਮੇਰੀ ਪਰਵਾਰਕ ਹਾਲਤ ਵੀ ਇਉਂ ਸੀ ਕਿ ਛੇ ਜੀਆਂ ਦਾ ਟੱਬਰ। ਸਭ ਤੋਂ ਛੋਟਾ ਬੱਚਾ ਅਜੇ ਤਿੰਨ ਕੁ ਮਹੀਨੇ ਦਾ। ਸੋਹਣੀ ਬੈਂਕ ਦੀ ਨੌਕਰੀ। ਬੈਂਕ ਤੋਂ ਕਰਜਾ ਲੈ ਕੇ ਲਏ ਮਕਾਨ ਦੀ ਕਿਸ਼ਤ ਹਰੇਕ ਮਹੀਨੇ ਭਰਨੀ। ਸਹਿੰਦਾ ਸਹਿੰਦਾ ਜਿਹਾ ਭਾਈਚਾਰੇ ਵਿਚ ਮਾਣ ਸਤਿਕਾਰ ਵੀ। ਦੂਜੇ ਬੰਨੇ ਪੰਜਾਬ ਵਿਚ ਕੁਝ ਵੀ ਨਾ, ਜਿਸ ਨੂੰ ਮੈਂ ਆਪਣਾ ਕਹਿ ਸਕਾਂ ਤੇ ਉਸ ਆਸਰੇ ਦਿਨ ਕਟੀ ਕਰ ਸਕਾਂ। ਹਰੇਕ ਫੇਰੀ ਦੌਰਾਨ ਰਿਸ਼ਤੇਦਾਰਾਂ ਅਤੇ ਸੱਜਣਾਂ ਪਾਸੋਂ ਪ੍ਰਸ਼ਾਦਾ ਪਾਣੀ ਛਕ ਕੇ ਅਤੇ ਰਾਤਾਂ ਕੱਟ ਕੇ ਵਾਪਸ ਮੁੜਿਆ ਕਰਦਾ ਸਾਂ। ਪੰਜਾਬ ਦੇ ਇਕ ਚੱਕਰ ਵਿਚ ਹੀ ਲੱਖ ਰੁਪਇਆ ਰੁੜ੍ਹ ਜਾਂਦਾ ਸੀ। ਇਹੋ ਜਿਹੇ ਵਾਤਾਵਰਨ ਵਿਚ ਸੋਚ ਆਈ ਕਿ ਬਾਬਾ ਜੀ ਦੀ ਬਾਣੀ ਆਖਦੀ ਹੈ, "ਜਿਥੈ ਰਖਹਿ ਬੈਕੁੰਠ ਤਿਥਾਈ" ਅਨੁਸਾਰ, ਜਿਥੇ ਵੀ ਹੁਣ ਉਸ ਦੀ ਰਜ਼ਾ ਹੈ ਓਸੇ ਨੂੰ ਹੀ ਬੈਕੁੰਠ ਜਾਣ ਕੇ ਰਹੀ ਜਾਣਾ ਚਾਹੀਦਾ ਹੈ। ਕੀ ਪਤਾ ਕਦੋਂ ਗੁਰੂ ਰਾਮ ਦਾਸ ਜੀ ਦੀ ਮੇਹਰ ਹੋ ਜਾਵੇ ਤੇ ਉਹ ਜੇਬ ਵਿਚ ਏਨੀ ਕੁ ਮਾਇਆ ਪਾ ਦੇਵੇ ਕਿ ਹਰੇਕ ਸਾਲ ਹੀ ਆਪਣੀ ਨਗਰੀ ਦੀ ਯਾਤਰਾ ਕਰਨ ਦੇ ਜੋਗ ਬਣਾ ਦੇਵੇ। ਉਸ ਦੇ ਦਰ ਉਪਰ ਸਿਰ ਝੁਕਾਉਣ ਦੇ ਨਾਲ ਨਾਲ ਸੱਜਣਾਂ, ਸਨੇਹੀਆਂ ਅਤੇ ਰਿਸ਼ਤੇਦਾਰਾਂ ਨਾਲ ਵੀ 'ਸਾਹਬ ਸਲਾਮਤ' ਹੋ ਜਾਇਆ ਕਰੇ।
ਗੁਰੂ ਜੀ ਦੀ ਕਿਰਪਾ ਸਦਕਾ ਕੁਝ ਸਾਲਾਂ ਤੋਂ ਬੁਢਾਪਾ ਪੈਨਸ਼ਨ ਲੱਗ ਜਾਣ ਕਰਕੇ ਹੱਥ ਕੁਝ ਕੁਝ ਸੌਖਾ ਹੋ ਗਿਆ ਤੇ ਤਕਰੀਬਨ ਹਰੇਕ ਸਾਲ ਹੀ ਦੇਸ਼ ਦਾ ਚੱਕਰ ਲੱਗ ਜਾਂਦਾ ਹੈ। ਨਾਲੇ ਕਦੀ ਇਕ ਤੇ ਕਦੀ ਪਹਿਲਾਂ ਛਪੀ ਕਿਤਾਬ ਦੀ ਹੋਰ ਅਗਲੀ ਐਡੀਸ਼ਨ ਛਪਵਾ ਕੇ, ਇਕ ਜਾਂ ਦੋ ਕਿਤਾਬਾਂ ਛਪਵਾ ਲਿਆਉਂਦਾ ਹਾਂ ਤੇ ਨਾਲੇ ਸਜਣਾਂ ਦੇ ਦਰਸ਼ਨ ਦੀਦਾਰੇ ਹੋ ਜਾਂਦੇ ਹਨ।
ਏਸੇ ਸਿਲਸਲੇ ਵਿਚ ਇਸ ਵਾਰੀ ਵੀ ਅੰਮ੍ਰਿਤਸਰ ਜਾਣ ਦਾ ਵਿਚਾਰ ਸੀ। ਓਥੇ ਦੇ ਮੌਸਮੀ ਵਾਤਾਵਰਣ ਨੂੰ ਧਿਆਨ ਵਿਚ ਰੱਖਦਿਆਂ ਅਕਤੂਬਰ ਨਵੰਬਰ ਜਾਂ ਫਿਰ ਫਰਵਰੀ ਮਾਰਚ ਵਿਚ ਜਾਣ ਲਈ ਵਿਚਾਰ ਕੀਤਾ ਜਾਂਦਾ ਹੈ। ਸਿਡਨੀ ਵਿਚਲੇ ਆਪਣੇ ਸ਼ੁਭਚਿੰਤਕ ਖੇਲਾ ਪਰਵਾਰ ਦੇ ਮੁਖੀ ਸ. ਮਨਮੋਹਨ ਸਿੰਘ ਖੇਲਾ ਜੀ ਤੋਂ ਖ਼ਬਰ ਅਤੇ ਸੱਦਾ ਮਿਲਿਆ ਕਿ ਉਹਨਾਂ ਦੇ ਪਰਵਾਰ ਵਿਚ, ਉਹਨਾਂ ਦੇ ਪਿੰਡ ਸਜਾਵਲਪੁਰ ਵਿਚ, ਅਕਤੂਬਰ ਦੇ ਸ਼ੁਰੂ ਵਿਚ ਵਿਆਹ ਹੈ, ਉਸ ਵਿਚ ਸ਼ਾਮਲ ਹੋਵਾਂ। ਇਸ ਕਰਕੇ ਅਤੇ ਸਤੰਬਰ ਵਿਚ ਕਰਾਇਆ ਕੁਝ ਸਸਤਾ ਹੋਣ ਕਰਕੇ, ਅਕਤੂਬਰ ਉਡੀਕਣ ਦੀ ਬਜਾਇ ਸਤੰਬਰ ਵਿਚ ਹੀ ਦੇਸ ਨੂੰ ਚਾਲੇ ਪਾ ਲਏ।
ਅੱਧੀ ਰਾਤ ਨੂੰ ਅੰਮ੍ਰਿਤਸਰ ਉਤਰ ਕੇ ਛੋਟੇ ਭਰਾ ਸ. ਸੇਵਾ ਸਿੰਘ ਕੋਲ ਟਿੰਡ ਫਹੁੜੀ ਟਿਕਾ ਲਿਆ। ਅਗਲੇ ਦਿਨ ਸ੍ਰੀ ਦਰਬਾਰ ਸਾਹਿਬ ਜੀ ਦੀ ਯਾਤਰਾ ਕਰਕੇ, ਉਸ ਦਿਨ ਤੋਂ ਆਪਣੀ ਦਸਵੀਂ ਕਿਤਾਬ ਦੀ ਛਪਵਾਈ ਵਾਸਤੇ ਭੱਜ ਦੌੜ ਸ਼ੁਰੂ ਕਰ ਦਿਤੀ। ਸਾਰਾ ਮਸੌਦਾ ਸਿੰਘ ਬ੍ਰਦਰਜ਼ ਵਾਲੇ ਸ. ਗੁਰਸਾਗਰ ਸਿੰਘ ਦੇ ਹਵਾਲੇ ਕਰਕੇ ਇਸ ਪਾਸਿਉਂ ਬੇਫਿਕਰ ਹੋ ਗਿਆ ਤੇ ਕੁਝ ਪਰਵਾਰਕ ਅਤੇ ਅੰਮ੍ਰਿਤਸਰ ਦੇ ਆਲੇ ਦੁਆਲੇ ਦੇ ਸੱਜਣਾਂ ਦੇ ਦਰਸ਼ਨ ਮੇਲੇ, ਕਰਨੇ ਅਤੇ ਸਮਾਗਮਾਂ ਵਿਚ ਹਾਜਰੀ ਭਰਨ ਦਾ ਕਾਰਜ ਸ਼ੁਰੂ ਕਰ ਦਿਤਾ।
੨੦ ਸਤੰਬਰ ਵਾਲੇ ਦਿਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਗੁਰੂ ਨਾਨਕ ਭਵਨ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਢੇ ਪੰਜ ਸੌ ਸਾਲਾ ਪ੍ਰਕਾਸ਼ ਦਿਵਸ ਦੇ ਸਬੰਧ ਵਿਚ ਸੈਮੀਨਾਰ ਕੀਤਾ ਗਿਆ ਸੀ। ਇਸ ਵਿਸ਼ਾਲ ਭਵਨ ਵਿਚ ਦੂਰ ਦੁਰਾਡੇ ਦੇਸ ਅਤੇ ਪਰਦੇਸਾਂ ਵਿਚੋਂ ਪਹੁੰਚੇ ਹੋਏ ਵਿੱਦਵਾਨਾਂ ਨੇ ਭਾਗ ਲਿਆ। ਸੈਮੀਨਾਰ ਦੇ ਅੰਤ ਵਿਚ ਸਟੇਜ ਉਪਰ, ਬਾਕੀ ਵਿਸ਼ੇਸ਼ ਵਿਅਕਤੀਆਂ ਦੇ ਨਾਲ, ਪ੍ਰਬੰਧਕਾਂ ਵੱਲੋਂ ਦਾਸ ਨੂੰ ਵੀ ਸਿਰੋਪਾ, ਮੋਮੈਂਟੋ, ਕਿਤਾਬਾਂ ਦੇ ਕੇ ਸਨਮਾਨਤ ਕੀਤਾ ਗਿਆ।
ਅੰਤ ਵਿਚ ਲੰਗਰ ਛਕਦਿਆਂ, ਸਿੱਖ ਪੰਥ ਦੀ ਸਿਰਮੌਰ ਧਾਰਮਿਕ ਵਿੱਦਿਆ ਦੀ ਸੰਸਥਾ, ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੀ ਪ੍ਰਿੰਸੀਪਲ ਸਾਹਿਬਾ, ਬੀਬਾ ਮਨਜੀਤ ਕੌਰ ਜੀ, ਆਪਣੇ ਹੋਰ ਸਾਥੀ ਅਧਿਆਪਕਾਂ ਅਤੇ ਵਿਦਿਆਰਥੀਆਂ ਸਮੇਤ, ਮਿਲੇ ਅਤੇ ਸਦਾ ਵਾਂਗ ਕਾਲਜ ਵਿਚ ਆ ਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਨ ਲਈ ਸੱਦਾ ਦਿਤਾ। ਫਿਰ ਇਕ ਦਿਨ ਇਹ ਸੇਵਾ ਵੀ ਨਿਭਾ ਕੇ ਮਾਣ ਮਹਿਸੂਸ ਕੀਤਾ। ਕੁਝ ਸਾਲਾਂ ਤੋਂ ਆਪਣੀ ਅੰਮ੍ਰਿਤਸਰ ਦੀ ਹਰੇਕ ਯਾਤਰਾ ਸਮੇ ਕਾਲਜ ਦੇ ਮੁਖੀ ਜੀ ਵੱਲੋਂ ਵਿਦਿਆਰਥੀਆਂ ਨੂੰ ਸੰਬੋਧਨ ਕਰਨ ਦਾ ਮਾਣ ਬਖ਼ਸ਼ਿਆ ਜਾਂਦਾ ਹੈ। ਇਸ ਸੰਸਥਾ ਤੋਂ ਪ੍ਰਾਪਤ ਕੀਤੀ ਗਈ ਵਿੱਦਿਆ ਕਰਕੇ ਹੀ ਮੈਂ ਸੰਸਾਰ ਵਿਚ ਵਿਚਰਨ ਦੇ ਨਾ ਕੇਵਲ ਜੋਗ ਹੀ ਹੋਇਆ ਹਾਂ ਬਲਕਿ ਸਮੂੰਹ ਸੰਸਾਰ ਵਿਚ ਵੱਸਦੀਆਂ ਸਿੱਖ ਸੰਗਤਾਂ ਅਤੇ ਸਾਹਿਤਕ ਸੰਸਥਾਵਾਂ ਵੱਲੋਂ ਸਮੇ ਸਮੇ ਮਾਣ ਸਨਮਾਨ ਵੀ ਪ੍ਰਾਪਤ ਹੁੰਦਾ ਆ ਰਿਹਾ ਹੈ।
 
੨੨ ਸਤੰਬਰ ੨੦੧੯ ਵਾਲੇ ਦਿਨ, ਗੁਰੂ ਨਾਨਕ ਭਵਨ ਅੰਮ੍ਰਿਤਸਰ ਵਿਚ, ਸ਼੍ਰੋਮਣੀ ਗੁ.ਪ੍ਰ. ਕਮੇਟੀ ਵੱਲੋਂ ਰਚੇ ਗਏ ਸੈਮੀਨਾਰ ਸਮੇ, ਸਾਰੇ ਸਮਾਗਮਾਂ ਦੇ ਮੁਖੀ ਪ੍ਰੋਫ਼ੈਸਰ ਕ੍ਰਿਪਾਲ ਸਿੰਘ ਬਡੂੰਗਰ ਅਤੇ ਕਮੇਟੀ ਦੇ ਮੁਖ ਸਕੱਤਰ ਡਾ. ਰੂਪ ਸਿੰਘ ਜੀ ਵੱਲੋਂ, ਗਿ. ਸੰਤੋਖ ਸਿੰਘ ਨੂੰ ਸਿਰੋੇਪੇ ਅਤੇ ਕਿਤਾਬਾਂ ਦੇ ਸੈਟ ਨਾਲ ਸਨਮਾਨਤ ਕੀਤਾ ਗਿਆ।
 
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਢੇ ਪੰਜ ਸੌ ਸਾਲਾ ਪ੍ਰਕਾਸ਼ ਉਤਸ਼ਵ ਦੇ ਸਮਾਗਮਾਂ ਵਿਚ ਹਿੱਸਾ ਲੈਣ ਲਈ, ਸੰਸਾਰ ਭਰ ਤੋਂ ਸੱਦੇ ਗਏ ਸਿੱਖਾਂ ਦੇ ਡੈਲੀਗੇਸ਼ਨ ਦੇ ਕੁਝ ਮੈਂਬਰਾਂ ਦੀ ਗਰੁਪ ਫ਼ੋਟੋ। ਅੰਮ੍ਰਿਤਸਰ ਦੀ ਆਬਾਦੀ ਰਣਜੀਤ ਐਵੇਨਿਊ ਦੇ ਹੌਲੀਡੇ ਇਨ ਵਿਚ ਖਿੱਚੀ ਗਈ।
ਪ੍ਰਿੰਸੀਪਲ ਹਰਜੀਤ ਸਿੰਘ ਜੀ ਦੇ ਸਮੇ ਤੋਂ ਹੀ ਅੰਮ੍ਰਿਤਸਰ ਦੀ ਹਰੇਕ ਯਾਤਰਾ ਸਮੇ, ਵੇਲੇ ਦੇ ਮੁਖੀ ਜੀ ਵੱਲੋਂ, ਕਾਲਜ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਨ ਦਾ ਮੈਨੂੰ ਮਾਣ ਬਖ਼ਸ਼ਿਆ ਜਾਂਦਾ ਹੈ। ਧੰਨਭਾਗ! ਉਹ ਸਾਲ ਤੇ ਮੈਨੂੰ ਯਾਦ ਨਹੀਂ ਪਰ ਉਸ ਦਿਨ ਭਾਰਤੀ ਪਾਰਲੀਮੈਂਟ ਉਪਰ ਅੱਤਵਾਦੀਆਂ ਦਾ ਹਮਲਾ ਹੋਇਆ ਸੀ। ਉਸ ਦਿਨ ਦੀ ਘਟਨਾ ਦਾ ਮੈਂ ਪਹਿਲਾਂ ਕਿਸੇ ਹੋਰ ਲੇਖ ਵਿਚ ਜ਼ਿਕਰ ਕਰ ਚੁੱਕਾ ਹਾਂ।
ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸਪੁੱਤਰ ਬਾਬਾ ਅਜੈ ਸਿੰਘ ਸ਼ਹੀਦ ਜੀ ਦੀ ਯਾਦ ਵਿਚ, ਗੁਰਦਾਸ ਨੰਗਲ ਵਿਚ ਸਥਾਪਤ ਕੀਤੇ ਗਏ ਖ਼ਾਲਸਾ ਕਾਲਜ ਵਿਚਲੇ ਸੈਮੀਨਾਰ ਵਿਚ ਸ਼ਾਮਲ ਹੋ ਕੇ, ਵਿਦਵਾਨਾਂ ਦੀ ਹਾਜਰੀ ਵਿਚ, ਵਿਦਿਆਰਥੀਆਂ ਅਤੇ ਹੋਰ ਸੂਝਵਾਨ ਸਰੋਤਿਆਂ ਨੂੰ ਸੰਬੋਧਨ ਕਰਨ ਦਾ ਮਾਣ ਪ੍ਰਾਪਤ ਹੋਇਆ।

ਏਥੋਂ ਹੀ ਧਾਰੀਵਾਲ ਵਿਚ ਹਿੰਦੂ ਕੰਨਿਆ ਮਹਾਂ ਵਿਦਿਆਲੇ ਦੇ ਸੈਮੀਨਾਰ ਵਿਚ ਬੋਲਣ ਦਾ ਸੱਦਾ ਪ੍ਰਾਪਤ ਹੋਇਆ ਤੇ ਓਥੇ ਵੀ ਹਾਜਰੀ ਭਰੀ। ਇਸ ਤੋਂ ਬਾਅਦ ਗੁਰਦਾਸਪੁਰ ਸ਼ਹਿਰ ਵਿਚ ਪੰਡਤ ਮੋਹਨ ਲਾਲ ਹਿੰਦੂ ਗਰਲਜ਼ ਕਾਲਜ ਦੇ ਸੈਮੀਨਾਰ ਵਿਚ ਸੱਦੇ ਜਾਣ 'ਤੇ, ਮੁਖ ਮਹਿਮਾਨ ਵਜੋਂ ਭਾਗ ਲਿਆ। ਓਸੇ ਸ਼ਾਮ ਨੂੰ ਪੰੰਜਾਬੀ ਸਾਹਿਤ ਸਭਾ ਗੁਰਦਾਸਪੁਰ ਵਾਲਿਆਂ ਵੀ ਸ਼ਹਿਰ ਦੇ ਸਾਹਿਤਕਾਰਾਂ ਦੇ ਸੰਖੇਪ ਇਕੱਠ ਵਿਚ ਸਨਮਾਨਤ ਕੀਤਾ।
ਜਥੇਦਾਰ ਕੇਵਲ ਸਿੰਘ ਜੀ ਦੇ ਸੱਦੇ ਉਪਰ ਉਹਨਾਂ ਦੀ ਵਿਦਿਅਕ ਸੰਸਥਾ ਭਾਈ ਗੁਰਦਾਸ ਅਕੈਡਮੀ, ਪਿੰਡ ਪੰਡੋਰੀ ਰਣ ਸਿੰਘ ਵਿਚਲੇ ਸਮਾਗਮ ਵਿਚ ਵੀ ਹਾਜਰੀ ਭਰੀ। ਇਸ ਸਮਾਗਮ ਵਿਚ ਹਾਜਰ ਹੋਣ ਲਈ ਮੈਨੂੰ ਬਹੁਪੱਖੀ ਸ਼ਖ਼ਸੀਅਤ ਪ੍ਰਿੰਸੀਪਲ ਬਲਵਿੰਦਰ ਸਿੰਘ ਪਧਰੀ ਜੀ ਆਪਣੀ ਕਾਰ ਉਪਰ ਲੈ ਗਏ ਸਨ।
ਸਤੰਬਰ ਮੁੱਕਣ 'ਤੇ ਸ. ਮਨਮੋਹਨ ਸਿੰਘ ਖੇਲਾ ਜੀ ਦੇ ਪਿੰਡ ਸਜਾਵਲਪੁਰ ਨੂੰ ਤੁਰ ਪਿਆ। ਓਥੋਂ ਜੰਞ ਗਈ ਹੁਸ਼ਿਆਰਪੁਰ। ਆਨੰਦ ਕਾਰਜ ਸਮੇ ਕੁਝ ਸ਼ਬਦ ਅਸ਼ੀਰਵਾਦ ਵਜੋਂ ਬੋਲੇ। ਗੁਰਦੁਆਰਾ ਸਾਹਿਬ ਜੀ ਦੇ ਗ੍ਰੰਥੀ ਸਿੰਘ ਜੀ ਮੈਨੂੰ ਸੋਸ਼ਲ ਮੀਡੀਆ ਰਾਹੀਂ ਜਾਣਦੇ ਸਨ। ਉਹਨਾਂ ਨੇ ਮੇੇਰੇ ਬਾਰੇ ਸੰਗਤ ਅਤੇ ਕਮੇਟੀ ਨੂੰ ਜਾਣੂ ਕਰਵਾਇਆ ਅਤੇ ਗੁਰਦੁਆਰਾ ਸਾਹਿਬ ਵੱਲੋਂ ਸਿਰੋਪੇ ਦੀ ਬਖ਼ਸ਼ਿਸ਼ ਹੋਈ। ਇਸ ਪਿੰਡ ਦੀ ਫੇਰੀ ਸਮੇ ਦੋ ਕੁ ਰਾਤਾਂ ਖੇਲਾ ਪਰਵਾਰ ਦੇ ਵਿਸ਼ਾਲ ਅਤੇ ਸੋਹਣੇ ਘਰ ਦੀ ਅਖੀਰਲੀ ਛੱਤ ਉਪਰਲੇ ਕਮਰੇ ਵਿਚ ਡੇਰਾ ਰੱਖਿਆ ਸੀ। ਉਹਨਾਂ ਦੇ ਘਰ ਵਿਖੇ ਹੀ ਨਿੰਦਰ ਘੁਗਿਆਣਵੀ ਅਤੇ ਕੁਝ ਹੋਰ ਸਾਹਿਤਕਾਰਾਂ ਅਤੇ ਚੰਗੇ ਵਿਅਕਤੀਆਂ ਦੀ ਸੰਗਤ ਪ੍ਰਾਪਤ ਹੋਈ। ਕੁਝ ਦਿਨਾਂ ਪਿਛੋਂ ਪਿੰਡ ਦੇ ਸਕੂਲ ਦੇ ਬੱਚਿਆਂ ਵਾਸਤੇ ਖੇਲਾ ਪਰਵਾਰ ਵੱਲੋਂ ਲਿਆਂਦੇ ਲੈਪਟਾੱਪ, ਜ਼ਿਲੇ ਦੇ ਆਹਲਾ ਅਫ਼ਸਰਾਂ ਦੀ ਹਾਜਰੀ ਵਿਚ ਬੱਚਿਆਂ ਨੂੰ ਦਿਤੇ ਜਾਣੇ ਸਨ।ਇਸ ਸਮਾਗਮ ਵਿਚ ਸ਼ਾਮਲ ਹੋਣ ਲਈ, ਪਰਵਾਰ ਵੱਲੋਂ ਉਹਨਾਂ ਦੇ ਘਰ ਹੀ ਟਿਕੇ ਰਹਿਣ ਲਈ ਕਿਹਾ ਗਿਆ ਪਰ ਮੈਂ ਹੋਰ ਰੁਝੇਵਿਆਂ ਕਰਕੇ ਮੁਆਫ਼ੀ ਮੰਗ ਲਈ।
 
ਵਿਸਥਾਰਤ ਖੇਲਾ ਪਰਵਾਰ ਦੇ ਬੱਚੇ ਦੇ ਅਨੰਦ ਕਾਰਜ ਸਮੇ, ਹੁਸ਼ਿਆਰ ਪੁਰ ਦੇ ਗੁਰਦੁਆਰਾ ਸਾਹਿਬ ਜੀ ਦੇ ਗ੍ਰੰਥੀ ਸਿੰਘ ਜੀ ਅਤੇ ਪ੍ਰਧਾਨ ਸਾਹਿਬ ਜੀ ਦੁਆਰਾ ਦਾਸ ਨੂੰ ਗੁਰੂ ਘਰੋਂ ਸਿਰੋਪੇ ਦੀ ਬਖ਼ਸ਼ਿਸ਼ ਹੋਈ।
ਖਾਸ ਕਰਕੇ ਓਸੇ ਦਿਨ ਹੀ ਸਾਡੇ ਗਵਾਂਢੀ ਸਿੰਘ ਸਾਹਿਬ ਗਿਆਨੀ ਪੂਰਨ ਸਿੰਘ ਜੀ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦਾ, ਉਹਨਾਂ ਦੇ ਪਿੰਡ ਖੱਖ ਵਿਖੇ ਭੋਗ ਦਾ ਸੋਗ ਸਮਾਗਮ ਹੋਣ ਕਰਕੇ ਮਜਬੂਰੀ ਦੱਸੀ। ਉਹਨਾਂ ਦੇ ਸਸਕਾਰ ਸਮੇ ਮੈਂ ਜਾ ਨਹੀਂ ਸੀ ਸਕਿਆ। ਗਿਆਨੀ ਜੀ ਦੇ ਸਪੁੱਤਰ ਨਾਲ ਓਥੇ ਹਾਜਰ ਹੋਣ ਲਈ ਇਕਰਾਰ ਵੀ ਕੀਤਾ ਹੋਇਆ ਸੀ। ਸ. ਮਨਮੋਹਨ ਸਿੰਘ ਜੀ ਨੇ ਕਿਹਾ ਕਿ ਸਕੂਲ ਵਾਲਾ ਸਮਾਗਮ ਸਵੇਰ ਵੇਲੇ ਭੁਗਤ ਜਾਣਾ ਹੈ ਤੇ ਸੋਗ ਦਾ ਸਮਾਗਮ ਦੁਪਹਿਰ ਤੋਂ ਬਾਅਦ ਹੁੰਦਾ ਹੈ। ਤੁਹਾਨੂੰ ਕਾਰ ਤੇ ਉਸ ਸਮਗਾਮ ਵਿਚ ਪੁਚਾ ਦਿਆਂਗੇ। ਜਤਨ ਕੀਤਾ ਪਰ ਸੋਗ ਸਮਾਗਮ ਵਿਚ ਸਮੇ ਸਿਰ ਨਾ ਪਹੁੰਚਿਆ ਗਿਆ। ਸਾਡੇ ਜਾਂਦਿਆਂ ਨੂੰ ਸੋਗ ਸਮਾਗਮ ਸਮਾਪਤ ਹੋ ਚੁੱਕਾ ਸੀ ਤੇ ਸੰਗਤਾਂ ਵਾਪਸ ਮੁੜ ਰਹੀਆਂ ਸਨ। ਅਸੀਂ ਬਾਹਰੋਂ ਹੀ ਮੁੜ ਆਏ ਤੇ ਜੀਟੀ ਰੋਡ ਤੇ ਆਣ ਕੇ ਖੇਲਾ ਜੀ ਦੀ ਕਾਰ ਤੇ ਓਥੋਂ ਹੀ ਉਹਨਾਂ ਦੇ ਪਿੰਡ ਨੂੰ ਵਾਪਸ ਮੋੜ ਦਿਤੀ ਤੇ ਆਪ ਮੈਂ ਬੱਸ ਰਾਹੀਂ ਅੰਮ੍ਰਿਤਸਰ ਪਹੁੰਚ ਗਿਆ। ਨਵਾਂ ਤਜਰਬਾ ਹੋਇਆ ਕਿ ਇਕੋ ਦਿਨ ਵਿਚ ਦੋ ਸਮਾਗਮਾਂ ਵਿਚ ਪਹੁੰਚਣਾ ਸਹਿਲਾ ਕਾਰਜ ਨਹੀਂ ਹੁੰਦਾ।
ਅਜਿਹਾ ਕੁਝ ਮੇਰੇ ਨਾਲ ਪੰਜਾਹ ਸਾਲ ਪਹਿਲਾਂ, ੧੯੬੯ ਵਿਚ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪੰਜ ਸੌਵੇਂ ਪ੍ਰਕਾਸ਼ ਉਤਸ਼ਵ ਦੇ ਸਮਾਗਮਾਂ ਸਮੇ ਵੀ ਵਾਪਰਿਆ ਸੀ। ਸ਼੍ਰੋਮਣੀ ਕਮੇਟੀ ਵੱਲੋਂ ਉਸ ਸਮੇ ਮੇਰੀ ਡਿਊਟੀ ਦੋ ਥਾਵਾਂ ਉਪਰ ਲਗਾ ਦਿਤੀ ਗਈ ਸੀ। ਮੇਰੀ ਬੜੀ ਖਿੱਚ ਸੀ ਕਿ ਅੰਮ੍ਰਿਤਸਰ ਦੇ ਗੋਲ ਬਾਗ ਵਿਚ ਹੋ ਰਹੇ ਮੁਖ ਸਮਾਗਮ ਵਿਚ ਪਹੁੰਚਾਂ। ਇਸ ਲਈ ਰਾਹੋਂ ਵਾਲੇ ਸਮਾਗਮ ਸਮੇ ਇਕ ਦਿਨ ਪਹਿਲਾਂ ਨਿਕਲਣ ਵਾਲੇ ਜਲੂਸ ਵਿਚ ਸ਼ਾਮਲ ਹੋ ਕੇ, ਅਗਲੇ ਦੀਵਾਨਾਂ ਵਿਚ ਸ਼ਾਮਲ ਹੋਣ ਤੋਂ ਛੁੱਟੀ ਲੈ ਲਈ ਤੇ ਦੂਸਰਾ ਪ੍ਰੋਗਰਾਮ ਰੁੜਕਾ ਕਲਾਂ ਵਿਚ ਸੀ। ਓਥੇ ਦੇ ਸਮਾਗਮ ਵਿਚਲੇ ਰਾਤ ਦੇ ਇਕ ਦੀਵਾਨ ਵਿਚ ਹਾਜਰੀ ਭਰ ਕੇ, ਅਗਲੇ ਦੀਵਾਨ ਤੋਂ ਛੁੱਟੀ ਲੈ ਕੇ, ਬੱਸ ਰਾਹੀਂ ਅੰਮ੍ਰਿਤਸਰ ਨੂੰ ਭੱਜਾ। ਬੱਸ ਅੱਡੇ ਤੋਂ ਰਿਕਸ਼ਾ ਰਾਹੀਂ ਗੋਲ ਬਾਗ ਗਿਆ ਪਰ ਮੇਰੇ ਓਥੇ ਪਹੁੰਚਣ ਤੋਂ ਪਹਿਲਾਂ ਹੀ ਸਮਾਗਮ ਦੀ ਸਮਾਪਤੀ ਹੋ ਚੁੱਕੀ ਸੀ। ਇਸ ਤਰ੍ਹਾਂ, "ਸ਼ਾਹ ਵੇਲਿਉਂ ਵੀ ਰਹੀ ਤੇ ਗੋਹਲਾਂ ਤੋਂ ਵੀ ਰਹੀ। ਨਾ ਖ਼ੁਦਾ ਹੀ ਮਿਲਾ ਨਾ ਵਸਾਲੇ ਸਨਮ। ਨਾ ਇਧਰ ਕੇ ਰਹੇ ਨਾ ਉਧਰ ਕੇ ਰਹੇ।" ਮੇਰੇ ਨਾਲ ਹੋਈ।

 
੨੨ ਅਕਤੂਬਰ, ੨੦੧੯ ਵਾਲੇ ਦਿਨ, ੯੧ ਦੇਸਾਂ ਦੇ ਐਂਬੈਸਡਰ ਸ੍ਰੀ ਦਰਬਾਰ ਸਾਹਿਬ ਜੀ ਦੀ ਯਾਤਰਾ ਲਈ ਆਏ ਸਨ। ਉਸ ਸਮੇ ਸਿਡਨੀ ਵਾਸੀ ਸ. ਅਜਾਇਬ ਸਿੰਘ ਸਿੱਧੂ ਦੀ ਹੋਣਹਾਰ ਸਪੁੱਤਰੀ, ਹਰਿੰਦਰ ਕੌਰ ਸਿੱਧੂ ਆਸਟ੍ਰੇਲੀਆ ਸਰਕਾਰ ਵੱਲੋਂ ਦਿੱਲੀ ਵਿਚ ਹਾਈ ਕਮਿਸ਼ਨਰ ਹਨ, ਨਾਲ ਉਸ ਸਮੇ ਖਿੱਚੀ ਗਈ ਫ਼ੋਟੋ।
੨੨ ਅਕਤੂਬਰ, ੨੦੨੦ ਵਾਲੇ ਦਿਨ ਸ੍ਰੀ ਦਰਬਾਰ ਸਾਹਿਬ ਜੀ ਦੀ ਯਾਤਰਾ ਵਾਸਤੇ ਵੱਖ ਵੱਖ ਦੇਸ਼ਾਂ ਦੇ ੯੦ ਤੋਂ ਵਧੇਰੇ ਐਂਬੈਸਡਰਾਂ ਅਤੇ ਹਾਈ ਕਮਿਸ਼ਨਰਾਂ ਨੇ ਆਉਣਾ ਸੀ। ਬੜੀ ਇੱਛਾ ਸੀ ਕਿ ਇਸ ਰੌਣਕ ਮੇਲੇ ਨੂੰ ਵੇਖਿਆ ਜਾਵੇ ਜੋ ਕਿ ਇਤਿਹਾਸ ਵਿਚ ਪਹਿਲੀ ਵਾਰ ਹੋ ਰਿਹਾ ਸੀ ਪਰ ਓਸੇ ਦਿਨ ਹੀ ਦਰਬਾਰ ਸਾਹਿਬ ਤੋਂ ਵਾਹਵਾ ਹੀ ਦੂਰ ਗੁਰਦੁਆਰਾ ਪਲਾਹ ਸਾਹਿਬ ਵਿਖੇ, ਸਾਡੇ ਨਜ਼ਦੀਕੀ ਰਿਸ਼ਤੇਦਾਰ ਦੀ ਮੌਤ ਦਾ ਸੋਗ ਸਮਾਗਮ ਸੀ। ਦੋਵੇਂ ਸਮਾਗਮ ਇਕੋ ਦਿਨ ਆ ਜਾਣ ਕਰਕੇ ਦੁਬਿਧਾ ਜਿਹੀ ਬਣ ਗਈ। ਏਧਰ ਜਾਇਆ ਜਾਵੇ ਕਿ ਓਧਰ! ਅਖੀਰ ਸੋਗ ਸਮਾਗਮ ਵਿਚ ਜਾਣ ਦਾ ਵਿਚਾਰ ਬਣਾ ਕੇ ਓਧਰ ਨੂੰ ਤੁਰ ਪਿਆ ਪਰ ਰਸਤੇ ਵਿਚ ਬੁਰਜ ਬਾਬਾ ਫੂਲਾ ਸਿੰਘ ਅਕਾਲੀ ਜੀ ਵਿਖੇ, ਆਪਣੇ ਸਾਹਿਤਕਾਰ ਮਿੱਤਰ ਸ. ਦਿਲਜੀਤ ਸਿੰਘ ਬੇਦੀ ਜੀ ਨੂੰ ਮਿਲਣ ਦਾ ਵਿਚਾਰ ਬਣਾ ਲਿਆ। ਉਹਨਾਂ ਕੋਲ ਬੈਠ ਕੇ ਗੱਲਾਂ ਗੱਲਾਂ ਵਿਚ ਸਮਾ ਯਾਦ ਹੀ ਨਾ ਰਿਹਾ ਤੇ ਸੋਗ ਸਮਾਗਮ ਵੱਲ ਪਬਲਿਕ ਟ੍ਰਾਂਸਪੋਰਟ ਰਾਹੀਂ ਤੁਰ ਪਿਆ ਪਰ ਜਾਂਦਿਆਂ ਨੂੰ ਸਮਾਗਮ ਦੀ ਸਮਾਪਤੀ ਦੀ ਅਰਦਾਸ ਹੋ ਰਹੀ ਸੀ।

ਬਾਅਦ ਵਿਚ ਦੂਰ ਨੇੜੇ ਦੇ ਪਰਵਾਰਕ ਮਹੈਣ ਦੇ ਮੈਂਬਰਾਂ ਨਾਲ ਵਿਚਾਰਾਂ ਕਰਦਿਆਂ, ਲੰਗਰ ਛਕਦਿਆਂ ਸਮਾ ਬੀਤਿਆ ਕਿਉਂਕਿ ਦਰਬਾਰ ਸਾਹਿਬ ਵਾਲੇ ਸਮਾਗਮ ਵਿਚ ਪਹੁੰਚ ਸਕਣ ਦੀ ਤੇ ਕੋਈ ਆਸ ਹੀ ਨਹੀਂ ਸੀ। ਸਾਰਿਆਂ ਨਾਲ ਮਿਲ ਮਿਲਾ ਕੇ ਦਰਬਾਰ ਸਾਹਿਬ ਨੂੰ ਤੁਰ ਪਿਆ। ਜਦੋਂ ਘੰਟਾ ਘਰ ਪਹੁੰਚਿਆ ਤਾਂ ਵੇਖਿਆ ਕਿ ਸੂਚਨਾ ਕੇਂਦਰ ਦੇ ਬਾਹਰਵਾਰ ਖੁਲ੍ਹੇ ਮੈਦਾਨ ਵਿਚ ਲੱਗੇ ਵਿਸ਼ਾਲ ਸ਼ਾਮਿਆਨੇ ਅੰਦਰ ਅਜੇ ਸਮਾਗਮ ਦੀ ਸਮਾਪਤੀ ਹੀ ਹੋ ਰਹੀ ਹੈ। ਮੈਂ ਅੰਦਰ ਜਾਣ ਲੱਗਾ ਤਾਂ ਪੁਲਿਸ ਨੇ ਰੋਕ ਦਿਤਾ ਕਿਉਂਕਿ ਸੰਸਾਰ ਭਰ ਦੇ ਰਾਜਦੂਤ ਆਏ ਹੋਣ ਕਰਕੇ ਸੈਕਿਉਰਟੀ ਦਾ ਬੜਾ ਸਖ਼ਤ ਪ੍ਰਬੰਧ ਸੀ। ਮੈਂ ਹੌਸਲਾ ਨਾ ਹਾਰਿਆ ਤੇ ਪਿਛਿਲੇ ਪਾਸਿਉਂ ਜਾ ਕੇ ਸੂਚਨਾ ਕੇਂਦਰ ਦੇ ਅੰਦਰ ਰਾਹੀਂ ਹੋ ਕੇ ਪੰਡਾਲ ਵਿਚ ਜਾ ਵੜਿਆ। ਰਾਜਦੂਤਾਂ ਦੇ ਸਨਮਾਨ ਕਰਨ ਦਾ ਸਮਾਗਮ ਭਾਵੇਂ ਉਸ ਸਮੇ ਸਮਾਪਤ ਹੋ ਚੁੱਕਾ ਸੀ ਪਰ ਰਾਜਦੂਤਾਂ ਸਮੇਤ ਸੰਗਤ ਅਜੇ ਸਾਰੀ ਓਥੇ ਹੀ ਸੀ। ਦੂਰੋਂ ਮੈਨੂੰ ਸਿਡਨੀ ਵਾਲੇ ਆਪਣੇ ਮਿਤਰ ਸ. ਅਜਾਇਬ ਸਿੰਘ ਸਿੱਧੂ ਜੀ ਦੀ ਸੁਯੋਗ ਸਪੁੱਤਰੀ, ਬੀਬਾ ਹਰਿੰਦਰ ਕੌਰ ਜੀ, ਜੋ ਉਸ ਸਮੇ ਦਿੱਲੀ ਵਿਖੇ ਆਸਟ੍ਰੇਲੀਆ ਦੇ ਹਾਈ ਕਮਿਸ਼ਨਰ ਸਨ, ਨੇ ਵੇਖ ਲਿਆ। ਉਹ ਬੜੇ ਉਤਸ਼ਾਹ ਨਾਲ ਮੇਰੇ ਵੱਲ ਆਏ ਅਤੇ ਆ ਕੇ ਜੱਫੀ ਪਾ ਕੇ ਬੋਲੇ, "ਹੈਲੋ ਗਿਆਨੀ ਅੰਕਲ ਜੀ, ਤੁਸੀਂ ਏਥੇ ਰਹਿੰਦੇ ਹੋ? ਮੈਂ ਕਿਹਾ, "ਨਹੀਂ ਪੁੱਤਰ ਜੀ, ਮੈਂ ਰਹਿੰਦਾ ਤੇ ਸਿਡਨੀ ਵਿਚ ਹੀ ਹਾਂ ਪਰ ਏਥੇ ਆਉਂਦਾ ਜਾਂਦਾ ਰਹਿੰਦਾ ਹਾਂ।" ਬੱਚੀ ਬੋਲੀ, "ਬੜੀ ਖ਼ੁਸ਼ੀ ਹੋਈ ਤੁਹਾਨੂੰ ਏਥੇ ਵੇਖ ਕੇ। ਮੈਂ ਤੁਹਾਡੇ ਨਾਲ ਸੈਲਫੀ ਲੈਣੀ ਹੈ। ਮੇਰੇ ਮਮ ਡੈਡ ਵੀ ਮੇਰੇ ਕੋਲ ਦਿੱਲੀ ਆਏ ਹੋਏ ਹਨ। ਉਹਨਾਂ ਨੂੰ ਵਿਖਾਵਾਂਗੀ ਕਿ ਮੈਂ ਅੰਮ੍ਰਿਤਸਰ ਵਿਚ ਗਿਆਨੀ ਅੰਕਲ ਜੀ ਨੂੰ ਮਿਲ ਕੇ ਆਈ ਹਾਂ।" ਬੱਚੀ ਨੇ ਦੋ ਚਾਰ ਸੈਲਫੀਆਂ ਲੈ ਲਈਆਂ ਤੇ ਇਕ ਫ਼ੋਟੋ ਸਾਡੀ ਦੋਹਾਂ ਦੀ, ਸ੍ਰੀ ਦਰਬਾਰ ਸਾਹਿਬ ਜੀ ਦੇ ਸੂਚਨਾ ਕੇਂਦਰ ਦੇ ਅਧਿਕਾਰੀ ਸ. ਰਣਧੀਰ ਸਿੰਘ ਜੀ ਨੇ ਮੇਰੇ ਕਹਿਣ 'ਤੇ ਖਿੱਚ ਲਈ। ਇਹ ਫ਼ੋਟੋ ਮੇਰੀ ਸਿੰਘਣੀ ਕੋਲ ਸਿਡਨੀ ਪਹੁੰਚ ਗਈ ਤੇ ਉਹਨਾਂ ਅੱਗੇ ਮੈਨੂੰ ਭੇਜ ਦਿਤੀ। ਮੈਂ ਜਤਨ ਕਰਾਂਗਾ ਕਿ ਉਹ ਫ਼ੋਟੋ, ਕੁਝ ਹੋਰ ਫ਼ੋਟੋਆਂ ਸਮੇਤ ਇਸ ਲੇਖ ਵਿਚ ਵੀ ਸ਼ਾਮਲ ਹੋ ਜਾਵੇ।
ਰਾਜਦੂਤਾਂ ਦੀ ਵਿਦਾਇਗੀ ਵਾਲੇ ਪ੍ਰੋਗਰਾਮ ਦੀ ਸਫ਼ਲਤਾ ਸਹਿਤ ਸਮਾਪਤੀ ਪਿੱਛੋਂ ਓਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਜੀ ਅਤੇ ਬਾਕੀ ਮੁਖੀ ਦਫ਼ਤਰੀ ਸਟਾਫ਼ ਨਾਲ ਖ਼ੁਸ਼ਗਵਾਰ ਮਾਹੌਲ ਵਿਚਾਲੇ ਖੁਲ੍ਹੀਆਂ ਵਿਚਾਰਾਂ ਹੋਈਆਂ।
ਇਕ ਦਿਨ ਮੇਰੇ ਕੋਲ ਵੇਹਲ ਸੀ ਤੇ ਮੈਂ ਵੀਚਾਰ ਕੀਤਾ ਕਿ ਸੁਲਤਾਨਪੁਰ ਲੋਧੀ ਦੀ ਯਾਤਰਾ ਹੀ ਕਰ ਲਈ ਜਾਵੇ। ਅੰਮ੍ਰਿਤਸਰ ਦੇ ਬੱਸ ਅੱਡੇ ਚਲਿਆ ਗਿਆ। ਓਥੇ ਰੌਣਕ ਮੇਲਾ, ਭੀੜ ਭੜੱਕਾ, ਕੰਡਕਟਰਾਂ ਦੀਆਂ ਆਵਾਜ਼ਾਂ ਦਾ ਰਾਮ ਰੌਲਾ ਜਿਹਾ। ਮੈਨੂੰ ਵੇਖ ਕੇ ਇਕ ਕੰਡਕਟਰ ਮੇਰੇ ਦੁਆਲੇ ਹੋ ਗਿਆ। ਮੇਰੇ ਸੁਲਤਾਨਪੁਰ ਜਾਣ ਬਾਰੇ ਦੱਸਣ ਤੇ ਕਹਿੰਦਾ, "ਬੈਠੋ ਜੀ ਬੈਠੋ, ਆਹ ਬੱਸ ਜਾ ਰਹੀ ਹੈ ਸੁਲਤਾਨਪੁਰ ਨੂੰ।" ਮੈਂ ਬੱਸ ਦੇ ਅੰਦਰ ਵੜ ਕੇ ਬਹਿ ਗਿਆ। ਬੱਸ ਤਰਨ ਤਾਰਨ ਪਹੁੰਚ ਕੇ ਅੱਗੇ ਤੁਰੇ ਈ ਨਾ। ਫੇਰ ਦੱਸਿਆ ਗਿਆ ਜੀ ਕਿ ਅਹੁ ਬੱਸ ਸੁਲਤਨਪੁਰ ਨੂੰ ਜਾਣੀ ਹੈ। ਉਸ ਵਿਚ ਜਾ ਬੈਠਿਆ। ਉਹ ਗੋਇੰਦਵਾਲ ਸਾਹਿਬ ਜਾ ਕੇ ਮੁੱਕ ਗਈ। ਓਥੋਂ ਵਾਹਵਾ ਚਿਰ ਪਿੱਛੋਂ ਇਕ ਹੋਰ ਬੱਸ ਨੇ, ਰੱਬ ਰੱਬ ਕਰਕੇ ਦੁਪਹਿਰ ਪਿੱਛੋਂ, ਸੁਲਤਾਨਪੁਰ ਦੀ ਪਾਵਨ ਧਰਤੀ 'ਤੇ ਸਾਡਾ ਸਵਾਰਾ ਜਾ ਉਤਾਰਿਆ। ਜਿਧਰ ਨਿਗਾਹ ਜਾਵੇ ਬੱਸਾਂ ਹੀ ਬੱਸਾਂ ਦਿਸਣ। ਤੰਬੂਆਂ ਕਨਾਤਾਂ ਦਾ ਸ਼ਹਿਰ ਬਣਿਆ ਪਿਆ। ਥਾਂ ਥਾਂ ਲੰਗਰ ਲੱਗੇ ਹੋਏ। ਚਾਰ ਚੁਫੇਰੇ ਰੌਣਕਾਂ ਹੀ ਰੌਣਕਾਂ। ਪੁਛਦਿਆਂ ਪੁਛਾਂਦਿਆਂ, ਵਾਹਵਾ ਸਾਰਾ ਤੁਰ ਕੇ ਅਖੀਰ ਵੇਈਂ ਨਦੀ ਦੇ ਪੁਲ ਉਤੋਂ ਦੀ ਲੰਘ ਕੇ ਗੁਰਦੁਆਰਾ ਸਾਹਿਬ ਜਾ ਮੱਥਾ ਟੇਕਿਆ। ਗੁਰਦੁਆਰਾ ਬੇਰ ਸਾਹਿਬ ਜੀ ਦੇ ਨਾਲ ਹੀ ਸਾਢੇ ਪੰਜ ਸੌ ਸਾਲਾ ਪ੍ਰਕਾਸ਼ ਪੁਰਬ ਦੀ ਯਾਦ ਵਿਚ, ਸਜਣ ਵਾਲੇ ਸਮਾਗਮਾਂ ਵਾਸਤੇ ਬਹੁਤ ਵਿਸ਼ਾਲ ਦੀਵਾਨ ਸਥਾਨ ਸਿਰਜਿਆ ਹੋਇਆ ਦਿਸਿਆ। ਉਪਰ ਚਾਨਣੀਆਂ, ਪਾਸਿਆਂ ਤੇ ਕਨਾਤਾਂ, ਥੱਲੇ ਗੱਦਿਆਂ ਦਾ ਪੋਲਾਪਣ ਬਹੁਤ ਪ੍ਰਭਾਵਸ਼ਾਲੀ ਲੱਗ ਰਹੇ ਸਨ। ਉਸ ਦਿਨ ਵਿਦਿਅਕ ਸੰਸਥਾਵਾਂ ਦੇ ਨੌਜਵਾਨਾਂ ਅਤੇ ਬੱਚਿਆਂ ਦੇ ਕੀਰਤਨੀ ਜਥਿਆਂ ਵੱਲੋਂ ਆਪਣੀ ਆਪਣੀ ਕੀਰਤਨ ਕਲਾ ਦੇ ਜੌਹਰ ਵਿਖਾਏ ਜਾ ਰਹੇ ਸਨ। ਸਟੇਜ ਦੇ ਪ੍ਰਬੰਧ ਦੀ ਸੇਵਾ ਬੀਬੀ ਜਾਗੀਰ ਕੌਰ ਜੀ ਭਲੀ ਭਾਂਤ ਨਿਭਾ ਰਹੇ ਸਨ। ਕਈ ਹੋਰ ਗੁਣਾਂ ਦੇ ਮਾਲਕ ਹੋਣ ਤੋਂ ਇਲਾਵਾ ਬੀਬੀ ਜੀ ਦੀ ਕਿਸੇ ਸਮਾਗਮ ਦੀ ਸਟੇਜ ਨੂੰ ਚਲਾਉਣ ਦੀ ਕਲਾ ਵਿਚ ਵੀ ਕੋਈ ਵਿਰਲਾ ਹੀ ਇਹਨਾਂ ਦਾ ਸਾਨੀ ਹੋਵੇਗਾ। ਜਦੋਂ ਕਦੀ ਇਸ ਗੱਲ ਦੀ ਸ਼ੰਕਾ ਹੋਵੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਜਲਾਸ ਵਿਚ ਵਿਰੋਧੀਆਂ ਵੱਲੋਂ ਭਾਰੀ ਹੰਗਾਮੇ ਕੀਤੇ ਜਾਣਗੇ ਤਾਂ ਸਟੇਜ ਦਾ ਕੰਟ੍ਰੋਲ ਬੀਬੀ ਜੀ ਨੂੰ ਹੀ ਸੰਭਾਲਿਆ ਜਾਂਦਾ ਹੈ ਤੇ ਬੀਬੀ ਜੀ ਸੰਕਟ ਭਰੇ ਸਮਾਗਮ ਨੂੰ ਭਲੀ ਭਾਂਤ ਨੇਪਰੇ ਚਾਹੜ ਦਿੰਦੇ ਹਨ।
ਕੁਝ ਸਮਾ ਪੰਡਾਲ ਵਿਚ ਬੈਠ ਕੇ ਨੌਜਵਾਨਾਂ ਦੇ ਕੀਰਤਨ ਦਾ ਅਨੰਦ ਮਾਣਿਆ। ਬੁਢੇ ਜੌਹੜ ਦੇ ਮਿਸ਼ਨਰੀ ਕਾਲਜ ਦੇ ਕੀਰਤਨ ਕਲਾਸ ਦੇ ਵਿਦਿਆਰਥੀਆਂ ਨੂੰ ਜਦੋਂ ਪਤਾ ਲੱਗਾ ਕਿ ਮੈਂ ਕਦੀ ਓਥੇ ਦੇ ਕੀਰਤਨ ਦੇ ਅਧਿਆਪਕ ਅਤੇ ਵਿਦਿਆਰਥੀਆਂ ਨੂੰ ਕੀਰਤਨ ਸਿਖਾਉਣ ਦੀ ਸੇਵਾ ਵੀ ਕਰਦਾ ਰਿਹਾਂ ਤਾਂ ਉਹਨਾਂ ਸਾਰੇ ਬੱਚਿਆਂ ਨੇ ਬੜਾ ਉਤਸ਼ਾਹ ਵਿਖਾਇਆ ਅਤੇ ਸਤਿਕਾਰ ਕੀਤਾ।
ਕਿਉਂਕਿ ਰਾਤ ਤੱਕ ਵਾਪਸ ਮੁੜਨ ਦਾ ਪਹਿਲਾਂ ਹੀ ਵਿਚਾਰ ਸੀ, ਇਸ ਲਈ ਕਛਹਿਰਾ, ਬਨੈਣ, ਤੌਲੀਆ, ਦਵਾਈ ਆਦਿ ਨਾਲ ਨਹੀਂ ਸੀ ਲੈ ਕੇ ਗਿਆ। ਮੁੜਨ ਲਈ ਪੰਡਾਲ ਛੱਡਣ ਲਈ ਤਿਆਰ ਹੀ ਸਾਂ ਕਿ ਸ. ਹਰਵਿੰਦਰ ਸਿੰਘ ਖ਼ਾਲਸਾ ਜੀ ਉਪਰ ਨਿਗਾਹ ਪੈ ਗਈ। ਪਹਿਲਾਂ ਕਦੀ ਮਿਲੇ ਤਾਂ ਨਹੀਂ ਸਾਂ ਪਰ ਫ਼ੋਨ ਆਦਿ ਰਾਹੀਂ ਇਕ ਦੂਜੇ ਤੋਂ ਜਾਣੂ ਸਾਂ। ਸਤਿਕਾਰ ਸਹਿਤ ਮਿਲੇ। ਉਹਨਾਂ ਨੇ ਦੱਸਿਆ ਕਿ ਉਹਨਾਂ ਵੱਲੋਂ ਸ਼ਹੀਦਾਂ ਬਾਰੇ ਨੁਮਾਇਸ਼ ਲਾਈ ਗਈ ਹੈ ਉਸ ਉਪਰ ਜਰੂਰ ਝਾਤੀ ਮਾਰ ਕੇ ਜਾਣਾ। ਇਹ ਸਾਰਾ ਕੁਝ ਏਨੇ ਵਿਸ਼ਾਲ ਘੇਰੇ ਵਿਚ ਫੈਲਿਆ ਹੋਇਆ ਸੀ ਕਿ ਸੰਗਤਾਂ ਦੀ ਸਹੂਲਤ ਲਈ ਹਰੇਕ ਪਾਸੇ ਈ-ਰਿਕਸ਼ੇ, ਟੈਂਪੂ ਆਦਿ ਸਵਾਰੀਆਂ ਏਧਰ ਓਧਰ ਪੁਚਾਉਣ ਲਈ ਲੱਗੇ ਹੋਏ ਸਨ। ਇਹਨਾਂ ਦਾ ਕਰਾਇਆ ਕੋਈ ਨਹੀਂ ਸੀ ਲੱਗਦਾ। ਅਜਿਹੀਆਂ ਬਹੁਤ ਸਾਰੀਆਂ ਸਹੂਲਤਾਂ ਪੰਜਾਬ ਸਰਕਾਰ ਵੱਲੋਂ ਦਿਤੀਆਂ ਜਾ ਰਹੀਆਂ ਸਨ ਪਰ ਮੈਨੂੰ ਕਦੀ ਕਿਸੇ ਉਪਰ ਸਵਾਰ ਹੋਣ ਦਾ ਮੌਕਾ ਨਾ ਮਿਲਿਆ। ਇਸ ਲਈ ਤੁਰ ਤੁਰ ਕੇ ਹੀ ਹਰੇਕ ਥਾਂ ਅੱਪੜਨ ਲਈ ਵਾਹਵਾ ਸਮਾ ਲੱਗ ਜਾਂਦਾ ਸੀ। ਖੈਰ, ਮੈਂ ਨੁਮਾਇਸ਼ ਵਿਚ ਪਹੁੰਚ ਗਿਆ। ਨੇੜ ਭੂਤਕਾਲ ਵਿਚ ਸਿੱਖ ਨੌਜਵਾਨਾਂ ਦੀਆਂ ਕੁਰਬਾਨੀਆਂ, ਸ਼ਹੀਦਾਂ ਆਦਿ ਨੂੰ ਤਸਵੀਰਾਂ ਅਤੇ ਉਹਨਾਂ ਥੱਲੇ ਲਿਖੀਆਂ ਕੈਪਸ਼ਨਾਂ ਰਾਹੀਂ ਸਫ਼ਲਤਾ ਸਹਿਤ ਦਰਸਾਇਆ ਹੋਇਆ ਸੀ।
ਵਾਪਸ ਮੁੜਨ ਦੀ ਵੀ ਕਾਹਲੀ ਸੀ। ਬੱਸਾਂ ਵਾਲੇ ਥਾਂ ਪਹੁੰਚਿਆ। ਕੁਝ ਪਤਾ ਨਾ ਲੱਗੇ ਕਿ ਕਿਧਰੋਂ ਆਇਆ ਸਾਂ ਤੇ ਹੁਣ ਕੇਹੜੀ ਬੱਸ ਵਿਚ ਚੜ੍ਹਾਂ। ਜਿਸ ਨੂੰ ਵੀ ਪੁੱਛਾਂ ਉਹ ਵੱਖ ਵੱਖ ਬੱਸਾਂ ਦੀ ਹੀ ਦਸ ਪਾਵੇ। ਅਖੀਰ ਇਕ ਬੱਸ ਵਿਚ ਵੜ ਗਿਆ। ਉਸ ਵਿਚਲੀਆਂ ਸਵਾਰੀਆਂ ਨੂੰ ਵੀ ਪੁੱਛੀ ਗਿਆ। ਕਿਉਂਕਿ ਕਦੀ ਬਹੁਤ ਪਹਿਲਾਂ ਕਿਸੇ ਤੋਂ ਸੁਣਿਆ ਹੋਇਆ ਸੀ ਕਿ ਪੁੱਛਦਾ ਪੁੱਛਦਾ ਤੇ ਬੰਦਾ ਲਾਹੌਰ ਜਾ ਵੜਦਾ ਹੈ। ਉਹ ਬੱਸ ਮੈਨੂੰ ਮਖੂ ਨੂੰ ਜਾਣ ਵਾਲੀ ਸੜਕ ਤੇ ਲੈ ਆਈ। ਓਥੇ ਕਿਸੇ ਦੇ ਦੱਸਣ ਤੇ ਕਿ ਏਥੋਂ ਬੱਸ ਮਖੂ ਵਾਲੀ ਮਿਲੂਗੀ ਤੇ ਓਥੋਂ ਅੱਗੇ ਤਰਨ ਤਾਰਨ ਜਾਂ ਅੰਮ੍ਰਿਤਸਰ ਵਾਲੀ ਮਿਲੂਗੀ, ਮੈਂ ਉਤਰ ਗਿਆ। ਓਥੇ ਮੈਂ ਕੁਝ ਸਵਾਰੀਆਂ ਖਲੋਤੀਆਂ ਨੂੰ ਵੇਖ ਕੇ, ਕਦੀ ਸੜਕ ਦੇ ਇਕ ਪਾਸੇ ਦੇ ਅੱਡੇ ਤੇ ਖਲੋਵਾਂ ਤੇ ਕਦੇ ਕਿਸੇ ਦੇ ਦੱਸਣ ਤੇ ਸੜਕ ਦੇ ਦੂਜੇ ਪਾਸੇ ਦੌੜ ਕੇ ਜਾਵਾਂ। ਅਖੀਰ ਇਕ ਬੱਸ ਵਿਚ ਮੈਂ ਧੁੱਸ ਦੇ ਕੇ ਘੁਸਰ ਹੀ ਗਿਆ। ਉਸ ਵਿਚਲੀਆਂ ਸਵਾਰੀਆਂ ਵੀ ਆਖਣ ਕਿ ਇਹ ਬੱਸ ਮਖੂ ਨੂੰ ਨਹੀਂ ਜਾਣੀ ਪਰ ਮੈਂ ਇਹ ਸੋਚ ਕੇ ਨਾ ਉਤਰਿਆ ਕਿ ਕੋਈ ਗੱਲ ਨਹੀਂ ਜਾ ਤੇ ਉਸ ਪਾਸੇ ਹੀ ਰਹੀ ਆ ਨਾ! ਕੁਝ ਸਮੇ ਬਾਅਦ ਮੈਂ ਵੇਖਿਆ ਕਿ ਉਹ ਬੱਸ ਉਸ ਏਰੀਏ ਵਿਚ ਲੱਗੀਆਂ ਫਰੀ ਬੱਸਾਂ ਵਿਚ ਹੀ ਜਾ ਕੇ ਖਲੋ ਗਈ। ਸਵਾਰੀਆਂ ਉਤਰਨ ਲੱਗੀਆਂ ਤੇ ਮੈਂ ਵੀ ਉਤਰ ਕੇ ਸੜਕ ਉਪਰ ਫੇਰ ਖਲੋ ਗਿਆ। ਹਰੇਕ ਬੱਸ, ਸਕੂਟਰ, ਟੈਂਪੂ ਆਦਿ ਨੂੰ ਹੱਥ ਦਵਾਂ ਪਰ ਕੋਈ ਨਾ ਰੁਕੇ। ਅਖੀਰ ਇਕ ਮੋਟਰ ਸਾਈਕਲ ਵਾਲਾ ਰੁਕਿਆ ਤੇ ਕਹਿੰਦਾ ਮੈਂ ਤੇ ਨੇੜੇ ਹੀ ਜਾ ਕੇ ਆਪਣੇ ਪਿੰਡ ਨੂੰ ਮੁੜ ਜਾਣਾ ਹੈ। ਮੈਂ ਕਿਹਾ, "ਚਲ ਓਥੋਂ ਤੱਕ ਤੇ ਲੈ ਕੇ ਚੱਲ।" ਸੋਚਿਆ ਕਿ ਕੁਝ ਨਾ ਕੁਝ ਤੇ ਮਖੂ ਦੇ ਨੇੜੇ ਵੱਲ ਜਾਵਾਂਗਾ ਹੀ। ਉਹ ਕੁਝ ਕਿਲੋ ਮੀਟਰ ਤੱਕ ਲੈ ਗਿਆ। ਓਥੇ ਸੜਕ ਕੇ ਖਲੋ ਕੇ ਮੈਂ ਫੇਰ ਹਰੇਕ ਬੱਸ ਨੂੰ ਹੱਥ ਦਵਾਂ ਪਰ ਕੋਈ ਨਾ ਰੁਕੇ। ਇਕ ਕਾਰ ਨੇੜੇ ਆ ਕੇ ਰੁੱਕੀ। ਵਿਚੋਂ ਗਿਅਨੀ ਜਿਹਾ ਬੰਦਾ ਨਿਕਲਿਆ। ਵੇਖਿਆ ਤਾਂ ਉਹ ਗਿ. ਗੁਰਦੀਪ ਸਿੰਘ ਦੀਪਕ ਢਾਡੀ ਜੀ ਸਨ। ਸਿਡਨੀ ਵਿਚ ਉਹਨਾਂ ਦੇ ਪ੍ਰੋਗਰਾਮ ਸੁਣਨ ਦਾ ਮੌਕਾ ਮਿਲਿਆ ਸੀ ਤੇ ਅਸੀਂ ਇਕ ਦੂਜੇ ਨੂੰ ਜਾਣਦੇ ਸਾਂ। ਸਮੱਸਿਆ ਪੁੱਛੀ ਦੱਸੀ। ਉਹਨਾਂ ਨੇ ਆਪਣੇ ਪਿੰਡ ਰਾਤ ਰਹਿਣ ਲਈ ਸੁਲਾਹ ਮਾਰੀ। ਨਾਂਹ ਤੇ ਕਰਨੀ ਹੀ ਸੀ। ਮਖੂ ਤੱਕ ਪੁਚਾਉੁਣ ਦੀ ਉਹਨਾਂ ਦੀ ਪੇਸ਼ਕਸ਼ ਨੂੰ ਵੀ ਸਵੀਕਾਰਨਾ ਸਹੀ ਨਾ ਸਮਝ ਕੇ ਮੈਂ ਸਿਰ ਫੇਰ ਦਿਤਾ। ਇਸ ਵਿਚਾਰ ਨਾਲ ਅਸੀਂ ਸਹਿਮਤ ਹੋ ਗਏ ਕਿ ਉਹ ਮੈਨੂੰ ਅਗਲੇ ਵੱਡੇ ਬੱਸ ਅੱਡੇ ਤੇ ਛੱਡ ਕੇ ਅਪਣੇ ਪਿੰਡ ਚਲੇ ਨੂੰ ਜਾਣਗੇ। ਹੋ ਸਕਦਾ ਹੈ ਕਿ ਇਹ ਨਿੱਕਾ ਅੱਡਾ ਹੋਣ ਕਰਕੇ ਬੱਸ ਨਾ ਰੁਕਦੀ ਹੋਵੇ ਤੇ ਓਥੇ ਰੁਕ ਜਾਂਦੀ ਹੋਵੇ! ਜਦੋਂ ਮੈਂ ਵੇਖਿਆ ਕਿ ਓਥੇ ਵੀ ਇਹੋ ਹਾਲ ਹੈ ਤੇ ਹਨੇਰਾ ਵੀ ਹੋਈ ਜਾ ਰਿਹਾ ਹੈ ਤਾਂ ਫਿਰ ਸੜਕ ਦੇ ਨੇੜੇ ਹੀ ਮੈਂ ਠਾਣੇ ਵਿਚ ਜਾ ਵੜਿਆ ਤੇ ਉਹਨਾਂ ਨੂੰ ਆਪਣੀ ਸਮੱਸਿਆ ਦੱਸੀ। ਇਕ ਹੌਲਦਾਰ ਉਠ ਕੇ ਮੇਰੇ ਨਾਲ ਤੁਰ ਪਿਆ ਤੇ ਤੁਰੇ ਜਾਂਦਿਆਂ ਕਹਿੰਦਾ, "ਗਿਆਨੀ ਜੀ, ਫਿਕਰ ਨਾ ਕਰੋ। ਤੁਹਾਨੂੰ ਕਿਸੇ ਨਾ ਕਿਸੇ ਤਰੀਕੇ ਭੇਜ ਹੀ ਦਿਆਂਗੇ।" ਛੇਤੀ ਹੀ ਚਿੱਟੇ ਰੰਗ ਦੀ ਇਕ ਕਾਰ ਆਉਂਦੀ ਦਿਸੀ ਤਾਂ ਉਸ ਨੇ ਰੁਕਵਾ ਲਈ। ਉਸ ਵਿਚ ਚੰਗੀ ਪੁਜ਼ੀਸ਼ਨ ਵਲੇ ਦੋ ਹਿੰਦੂ ਜੈਂਟਲਮੈਨ ਬੈਠੇ ਸਨ। ਹੌਲਦਾਰ ਨੇ ਮੇਰੇ ਬਾਰੇ ਦੱਸਿਆ। ਉਹਨਾਂ ਨੇ ਕਿਹਾ ਕਿ ਪਿੰਡ ਤੇ ਸਾਡਾ ਭਾਵੇਂ ਪੰਜ ਕੁ ਮੀਲ ਪਹਿਲਾਂ ਆਉਂਦਾ ਹੈ ਪਰ ਅਸੀਂ ਗਿਆਨੀ ਜੀ ਨੂੰ ਮਖੂ ਦੇ ਬੱਸ ਅੱਡੇ ਤੱਕ ਛੱਡ ਆਵਾਂਗੇ ਪਰ ਰਾਹ ਵਿਚ ਇਕ ਸਾਮੀ ਤੋਂ ਅਸੀਂ ਉਗਰਾਹੀ ਕਰਨੀ ਹੈ, ਓਥੇ ਕੁਝ ਮਿੰਟ ਰੁਕਣਾ ਪੈ ਸਕਦਾ ਹੈ।
ਮੁਕਦੀ ਗੱਲ ਕਿ ਉਹਨਾਂ ਨੇ ਮੈਨੂੰ ਮਖੂ ਦੀ ਸੜਕ ਉਤੇ ਉਤਾਰ ਦਿਤਾ। ਉਸ ਸਮੇ ਤੱਕ ਵਾਹਵਾ ਹਨੇਰਾ ਹੋ ਚੁੱਕਾ ਸੀ। ਮੈਂ ਸੋਚਿਆ ਕਿ ਕਿਤੇ ਅੱਡਾ ਹੋਵੇਗਾ ਪਰ ਅੱਡਾ ਉਡਾ ਕੋਈ ਨਹੀਂ ਸੀ ਓਥੇ। ਆਲੇ ਦੁਆਲਿਉਂ ਪੁੱਛਣ ਤੇ ਪਤਾ ਲੱਗਾ ਕਿ ਇਹੋ ਹੀ ਸੜਕ ਦਾ ਕਿਨਾਰਾ ਹੈ ਜਿੱਥੋਂ ਬੱਸਾਂ ਤਰਨ ਤਾਰਨ ਵੱਲ ਦੀਆਂ ਸਵਾਰੀਆਂ ਚੁੱਕਦੀਆਂ ਹਨ। ਚਾਰ ਚੁਫੇਰੇ ਘੁੱਪ ਹਨੇਰਾ ਸੀ ਪਰ ਇਸ ਹਨੇਰੇ ਦਾ ਇਕ ਲਾਭ ਇਹ ਸੀ ਕਿ ਲੰਘਣ ਵਾਲੇ ਭਾਰੀ ਟਰੱਕਾਂ ਅਤੇ ਹੋਰ ਟਰੈਫਿਕ ਦਾ ਉਡਾਇਆ ਘੱਟਾ ਆਪਣੇ ਸਿਰ ਮੂੰਹ ਉਪਰ ਪੈਂਦਾ ਦਿਸਦਾ ਨਹੀਂ ਸੀ।
ਵਾਹਵਾ ਚਿਰ ਉਸ ਘੱਟੇ ਭਰੇ ਹਨੇਰੇ ਵਿਚ ਖਲੋਤੇ ਰਹਿਣ ਪਿਛੋਂ, "ਕੁਫ਼ਰ ਟੂਟਾ ਖ਼ੁਦਾ ਖ਼ੁਦਾ ਕਰਕੇ" ਇਕ ਬੱਸ ਆ ਹੀ ਗਈ ਤੇ ਉਹ ਮੇਰੇ ਨੇੜੇ ਖਲੋ ਵੀ ਗਈ। ਕੁਝ ਸਵਾਰੀਆਂ ਉਤਰ ਗਈਆਂ ਤੇ ਮੈਂ ਇਕੱਲਾ ਹੀ ਓਥੋਂ ਉਸ ਬੱਸ ਵਿਚ ਸਵਾਰ ਹੋ ਗਿਆ। ਟਿਕਟ ਲੈਣ ਸਮੇ ਕੰਡਕਟਰ ਨੇ ਦੱਸਿਆ ਕਿ ਇਹ ਬੱਸ ਅੰਮ੍ਰਿਤਸਰ ਤੱਕ ਜਾਣੀ ਹੈ। ਅੱਧੀ ਰਾਤ ਤੋਂ ਵਾਹਵਾ ਪਿੱਛੋਂ ਅੰਮ੍ਰਿਤਸਰ ਵਿਚ ਗੁਰਦੁਆਰਾ ਸ਼ਹੀਦਾਂ ਦੇ ਨੇੜੇ ਬੱਸੋਂ ਉਤਰ ਕੇ ਜਾ ਭਰਾ ਦੇ ਘਰ ਦਾ ਬੂਹਾ ਖੜਕਾਇਆ। ਇਉਂ ਹੋਈ ਮੇਰੀ ਯਾਤਰਾ ਸੁਲਤਨਪੁਰ ਲੋਧੀ ਦੀ। ਰਾਤ ਤੱਕ ਵਾਪਸ ਮੁੜਨ ਦਾ ਵਿਚਾਰ ਬਣਾ ਕੇ ਮੈਂ ਆਪਣਾ ਕੋਈ ਟਿੰਡ ਫਹੁੜੀ ਨਾ ਲੈ ਕੇ ਗਿਆ, ਨਹੀਂ ਤਾਂ ਓਥੇ ਰਾਤ ਰਹਿਣ ਦੀ ਕੋਈ ਸਮੱਸਿਆ ਨਹੀਂ ਸੀ। ਪਿਛਲੇ ਸਾਲ ਦੀ ਯਾਤਰਾ ਸਮੇ ਓਥੇ ਦੇ ਮੈਨੇਜਰ ਸਾਹਿਬ ਨੇ ਮੇਰੀ ਰਿਹਾਇਸ਼ ਅਤੇ ਪ੍ਰਸ਼ਾਦੇ ਦਾ ਬਹੁਤ ਸੋਹਣਾ ਪ੍ਰਬੰਧ ਕਰਵਾ ਦਿਤਾ ਸੀ। ਹੈਡ ਗ੍ਰੰਥੀ ਗਿ. ਗੁਰਦੀਪ ਸਿੰਘ ਜੀ ਵੀ ਮੇਰੇ ਮਿੱਤਰ ਬਣ ਗਏ ਸਨ। ਸ਼ਹੀਦ ਸਿਖ ਮਿਸ਼ਨਰੀ ਕਾਲਜ ਦੀ ਸੁਲਤਾਨਪੁਰ ਲੋਧੀ ਵਾਲੀ ਬਰਾਂਚ ਦੇ ਇਨਚਾਰਜ ਸ. ਦਇਆ ਸਿੰਘ ਸੰਧੂ ਵੀ ਰਾਤ ਰਹਿਣ ਦਾ ਪ੍ਰਬੰਧ ਕਰ ਸਕਦੇ ਸਨ। ਇਹਨਾਂ ਤੋਂ ਇਲਾਵਾ ਸਿਡਨੀਉਂ ਗਏ ਸ. ਬਲਵਿੰਦਰ ਸਿੰਘ ਧਾਲੀਵਾਲ ਜੀ ਵੀ, ਸੰਤ ਸੀਂਚੇਵਾਲ ਦੇ ਆਸ਼ਰਮ ਵਿਚ ਮੇਰੇ ਰਾਤ ਕੱਟਣ ਦਾ ਪ੍ਰਬੰਧ ਕਰ ਸਕਦੇ ਸਨ ਪਰ ਮਨ ਵਿਚ ਮੁੜ ਜਾਣ ਦਾ ਵਿਚਾਰ ਹੀ ਹਾਵੀ ਰਿਹਾ, ਹੋਰ ਕੁਝ ਸੋਚ ਆਈ ਹੀ ਨਹੀਂ। ਵੈਸੇ ਸ਼ੂਗਰ ਦੀ ਦਵਾਈ ਦੀ ਇਕ ਗੋਲੀ ਵੀ ਕਿਤਿਉਂ ਮਿਲ ਸਕਦੀ ਸੀ, ਏਡੀ ਵੱਡੀ ਕੇਹੜੀ ਗੱਲ ਸੀ। ਕਛਹਿਰੇ ਤੌਲੀਏ ਦਾ ਪ੍ਰਬੰਧ ਵੀ ਹੋ ਈ ਸਕਦਾ ਸੀ। ਬਨੈਣ ਇਕ ਦਿਨ ਨਾ ਵੀ ਬਦਲਦਾ ਤਾਂ ਕੇਹੜੀ ਆਖਰ ਆ ਚੱਲੀ ਸੀ। ਮੇਲੇ ਦਾ ਭਾਰੀ ਰਸ਼ ਕਰਕੇ ਨਾ ਵੀ ਕੋਈ ਸੌਣ ਦਾ ਪ੍ਰਬੰਧ ਹੁੰਦਾ ਤਾਂ ਦੀਵਾਨ ਦੇ ਪੰਡਾਲ ਵਿਚ ਵੀ ਰਾਤ ਕੱਟੀ ਜਾ ਸਕਦੀ ਸੀ। ਰਹੀ ਸਵੇਰੇ ਨਹਾਉਣ ਵਾਲੀ ਗੱਲ, ਉਸ ਵਾਸਤੇ ਓਥੋਂ ਕਿਸੇ ਨਾ ਕਿਸੇ ਜਥੇਦਾਰ ਦਾ ਕਛਹਿਰਾ ਵਰਤਿਆ ਹੀ ਜਾ ਸਕਦਾ ਸੀ ਪਰ.....।
ਇਸ ਤਰ੍ਹਾਂ ਪਰਵਾਰਕ, ਭਾਈਚਾਰਕ, ਵਿਦਿਅਕ ਸਮਾਗਮਾਂ ਵਿਚ ਵੱਖ ਵੱਖ ਸਥਾਨਾਂ ਉਪਰ ਭਾਗ ਲੈਂਦਾ ਹੋਇਆ ਪੁਰਾਣੇ ਸੱਜਣਾਂ ਦੇ ਦਰਸ਼ਨ ਮੇਲੇ ਕਰ ਰਿਹਾ ਸਾਂ ਕਿ ਸਿਡਨੀ ਤੋਂ ਛੋਟੇ ਭਰਾ ਸ. ਦਲਬੀਰ ਸਿੰਘ ਜੀ ਨੇ ਫ਼ੋਨ ਰਾਹੀਂ ਦੱਸਿਆ ਕਿ ਏਥੇ ਦੇ ਭਾਰਤੀ ਦੂਤਾਵਾਸ ਵਾਲੇ ਮੈਨੂੰ ਲੱਭ ਰਹੇ ਹਨ। ਜਿਵੇਂ ਭਾਰਤ ਸਰਕਾਰ ਨੇ ਦੂਜੀਆਂ ਕਈ ਸਿੱਖ ਧਰਮ ਨਾਲ ਸਬੰਧਤ ਸ਼ਤਾਬਦੀਆਂ ਮਨਾਈਆਂ ਸਨ ਓਵੇਂ ਹੀ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਾਢੇ ਪੰਜ ਸੌ ਸਾਲਾ ਸ਼ਤਾਬਦੀ ਵੀ ਭਾਰਤ ਸਰਕਾਰ ਵੱਲੋਂ ਮਨਾਈ ਜਾ ਰਹੀ ਹੈ। ਉਸ ਸ਼ਤਾਬਦੀ ਦੇ ਸਮਾਗਮਾਂ ਵਿਚ ਭਾਗ ਲੈਣ ਲਈ ਬਾਹਰਲੇ ਦੇਸਾਂ ਵਿਚੋਂ ਕੁਝ ਕੁ ਚੋਣਵੇਂ ਸਿੱਖਾਂ ਨੂੰ ਸੱਦਿਆ ਗਿਆ ਹੈ। ਉਹਨਾਂ ਸਮਾਗਮਾਂ ਵਿਚ ਸ਼ਾਮਲ ਹੋਣ ਲਈ ਸੱਦਾ ਦੇਣ ਵਾਸਤੇ ਉਹ ਮੈਨੂੰ ਵੀ ਲੱਭ ਰਹੇ ਸਨ। ਪੁੱਛਦੇ ਪੁਛਾਉਂਦੇ ਉਹ ਮੈਨੂੰ ਸੰਪਰਕ ਕਰਨ ਵਿਚ ਸਫ਼ਲ ਹੋ ਗਏ ਤੇ ਮੈਂ ਉਹਨਾਂ ਨੂੰ ਦੱਸਿਆ ਕਿ ਭਾ ਜੀ ਹੋਰੀਂ ਤੇ ਪਹਿਲਾਂ ਹੀ ਅੰਮਿਤ੍ਰਸਰ ਵਿਚ ਹਨ। ਅਧਿਕਾਰੀ ਨੇ ਕਿਹਾ ਕਿ ਚੰਗਾ ਉਹ ਓਥੋਂ ਹੀ ਇਸ ਡੈਲੀਗੇਸ਼ਨ ਨਾਲ ਸ਼ਾਮਲ ਹੋ ਜਾਣ। ਆਸਟ੍ਰੇਲੀਆ ਵਿਚਲੇ ਭਾਰਤੀ ਸਰਕਾਰੀ ਅਧਿਕਾਰੀ ਅਤੇ ਮੇਰੇ ਵਿਚਕਾਰ ਫ਼ੋਨ ਰਾਹੀਂ ਹੋਈ ਦੋਵੱਲੀ ਗੱਲ ਬਾਤ ਅਨੁਸਾਰ, ਮੈਂ ਸ੍ਰੀ ਅੰਮ੍ਰਿਤਸਰੋਂ ਹੀ ਉਸ ਡੈਲੀਗੇਸ਼ਨ ਵਿਚ ਸ਼ਾਮਲ ਹੋ ਗਿਆ। ਮੈਨੂੰ ਉਸ ਡੈਲੀਗੇਸ਼ਨ ਵਿਚ ਸੰਸਾਰ ਭਰ ਦੀਆਂ ਪ੍ਰਸਿਧ ਮੁਖੀ ਅਤੇ ਆਗੂ ਸ਼ਖ਼ਸੀਅਤਾਂ ਦੇ ਦਰਸ਼ਨ ਕਰਕੇ ਹੈਰਾਨੀ ਭਰੀ ਖ਼ੁਸ਼ੀ ਪ੍ਰਾਪਤ ਹੋਈ। ੬ ਨਵੰਬਰ ਸ਼ਾਮ ਤੋਂ ਲੈ ਕੇ ੧੨ ਨਵੰਬਰ, ੨੦੧੯ ਸ਼ਾਮ ਤੱਕ, ਸਾਡੇ ਜਥੇ ਨੂੰ ਭਾਰਤ ਸਰਕਾਰ ਵੱਲੋਂ ਬਣਾਏ ਗਏ ਪ੍ਰੋਗਰਾਮ ਅਨੁਸਾਰ ਵੱਖ ਵੱਖ ਧਾਰਮਿਕ ਸਥਾਨਾਂ ਉਪਰ ਹੋ ਰਹੇ ਸਮਾਗਮਾਂ ਵਿਚ ਸ਼ਮੂਲੀਅਤ ਕਰਵਾਈ ਗਈ।
 
੯ ਨਵੰਬਰ ਵਾਲੇ ਦਿਨ ਸ੍ਰੀ ਕਰਤਾਰ ਸਾਹਿਬ ਜੀ ਦੇ ਲਾਂਘੇ ਦੇ ਉਦਘਾਟਨ ਸਮੇ ਗੁਰਦੁਆਰਾ ਕਤਰਤਾਰ ਸਾਹਿਬ ਵਿਚ ਸੰਗਤਾਂ ਦਾ ਠਾਠਾਂ ਮਾਰਦਾ ਉਤਸ਼ਾਹ ਭਰਿਆ ਇਕੱਠ।
ਅਸੀਂ ਮੁਕੰਮਲ ਤੌਰ ਤੇ ਬਣਾਏ ਗਏ ਪ੍ਰੋਗਰਾਮ ਅਨੁਸਾਰ ਭਾਰਤ ਸਰਕਾਰ ਦੇ ਕੰਟਰੋਲ ਵਿਚ ਸਾਂ। ਰਣਜੀਤ ਐਵੇਨਿਊ ਵਿਚਲੇ ਹੌਲੀਡੇ ਇੰਨ ਵਿਚ ਸਾਨੂੰ ਰੱਖਿਆ ਗਿਆ ਸੀ ਤੇ ਓਥੋਂ ਹੀ ਸਵੇਰ ਵੇਲੇ ਛਾਹ ਵੇਲਾ ਕਰਵਾ ਕੇ, ਸਾਨੂੰ ਬੱਸਾਂ ਵਿਚ ਬੈਠਾ ਕੇ ਹਰੇਕ ਦਿਨ ਵਾਸਤੇ ਬਣਾਏ ਗਏ ਪ੍ਰੋਗਰਾਮ ਦੀ ਸੂਚੀ ਅਨੁਸਾਰ ਹੀ ਉਹਨਾਂ ਸਥਾਨਾਂ ਉਪਰ ਲਿਜਾਇਆ ਜਾਂਦਾ ਸੀ। ੭ ਨਵੰਬਰ ਵਾਲੇ ਦਿਨ ਸਾਨੂੰ ਸ੍ਰੀ ਦਰਬਾਰ ਸਾਹਿਬ ਜੀ, ਜਲ੍ਹਿਆਂ ਵਾਲਾ ਬਾਗ, ਦੇਸ ਵੰਡ ਵਾਲਾ ਅਜਾਇਬ ਘਰ ਆਦਿ ਦੀ ਯਾਤਰਾ ਕਰਵਾਈ ਗਈ। ੮ ਨਵੰਬਰ ਨੂੰ ਦੁਰਗਿਆਣਾ ਮੰਦਰ, ਗੋਬਿੰਦਗੜ੍ਹ ਕਿਲ੍ਹਾ, ਅਟਾਰੀ ਸਰਹੱਦ ਆਦਿ ਸਥਾਨਾਂ ਦੀ ਯਾਤਰਾ ਕਰਵਾਈ ਗਈ।


੯ ਨਵੰਬਰ ਵਾਲੇ ਸ੍ਰੀ ਕਰਤਾਰ ਸਾਹਿਬ ਦੇ ਉਦਘਾਟਨੀ ਸਮਾਗਮ ਵਿਚ ਸ਼ਾਮਲ ਹੋਣ ਵਾਸਤੇ ਜਥੇ ਨੇ ਜਾਣਾ ਸੀ। ਜਦੋਂ ਜਾਣ ਵਾਲਿਆਂ ਦੀ ਲਿਸਟ ਵੇਖੀ ਤਾਂ ਉਸ ਵਿਚ ਮੇਰਾ ਨਾਂ ਨਹੀਂ ਸੀ। ਮੈਂ ਸੋਚਿਆ ਕਿ ਸ਼ਾਇਦ ਮੈਂ ਏਥੋਂ ਸ਼ਾਮਲ ਹੋਇਆ ਹੋਣ ਕਰਕੇ ਪੁਲਿਸ ਦੀ ਵੈਰੀਫੀਕੇਸ਼ਨ ਵਾਲੀ ਕਾਰਵਾਈ ਵਿਚ ਨਾ ਆਇਆ ਹੋਵਾਂ ਪਰ ਮੇਰੇ ਇਲਾਵਾ ੧੦ ਜਣੇ ਹੋਰਾਂ ਦਾ ਵੀ ਇਹੋ ਹਾਲ ਸੀ। ਮੈਂ ਇਹ ਵੀ ਕਿਹਾ ਕਿ ਡੇਹਰਾ ਬਾਬਾ ਨਾਨਕ ਤੱਕ ਮੈਨੂੰ ਲੈ ਚੱਲੋ। ਓਥੋਂ ਜੇ ਸੈਕਿਉਰਟੀ ਵਾਲਿਆਂ ਨੇੇ ਮੈਨੂੰ ਅੱਗੇ ਨਾ ਜਾਣ ਦਿਤਾ ਤਾਂ ਮੈਂ ਵਾਪਸ ਆ ਜਾਵਾਂਗਾ ਪਰ ਮੇਰੀ ਇਹ ਬੇਨਤੀ ਅਧਿਕਾਰੀ ਨਹੀਂ ਮੰਨੇ। ਵੈਸੇ ਇਕ ਬੀਬੀ ਚੁੱਪ ਚੁਪੀਤੇ ਕਿਸੇ ਤਰ੍ਹਾਂ ਬੱਸ ਵਿਚ ਬੈਠ ਗਈ ਤੇ ਉਹ ਸ੍ਰੀ ਕਰਤਾਰਪੁਰ ਸਾਹਿਬ ਜਾ ਵੀ ਆਈ। ਮੈਨੂੰ ਇਸ ਗੱਲ ਦਾ ਅਫ਼ਸੋਸ ਵੀ ਕੋਈ ਨਹੀਂ ਸੀ ਕਿਉਂਕਿ ਮੈਂ ਪਹਿਲਾਂ ਦੋ ਵਾਰ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕਰ ਆਇਆ ਹੋਇਆ ਸਾਂ। ਹੁਣ ਓਥੇ ਦੀ ਹੋਈ ਨਵੀਂ ਡਿਵੈਲਮਪੈਂਟ ਹੀ ਵੇਖਣੀ ਸੀ ਜੇਹੜੀ ਕਿ ਫ਼ੋਟੋਆਂ ਰਾਹੀਂ ਵੀ ਵੇਖੀ ਜਾ ਰਹੀ ਹੈ। ਵੈਸੇ ਇਹ ਗੱਲ ਤੇ ਹੋਈ ਕਿ ਮੈਂ ਦੋਹਾਂ ਦੇਸ਼ਾਂ ਦੇ, ਇਸ ਅਦੁਤੀ ਮਹਾਨ ਧਾਰਮਿਕ ਸਥਾਨ ਉਪਰ ਸਦਭਾਵਨਾ ਭਰੇ ਮਹਾਨ ਇਕੱਠ ਦਾ ਹਿੱਸਾ ਨਾ ਬਣ ਸਕਿਆ। ਮੇਰੇ ਛੋਟੇ ਭਰਾ ਸ. ਦਲਬੀਰ ਸਿੰਘ ਜੀ ਅਤੇ ਸਾਡੇ ਚਚੇਰੇ ਭਰਾ ਨਿਊ ਯਾਰਕ ਤੋਂ, ਭਾਈ ਰਣਜੀਤ ਸਿੰਘ ਜੀ, ਇਸ ਆਪਣੀ ਕਿਸਮ ਦੇ ਪਹਿਲੇ ਮਹਾਨ ਧਾਰਮਿਕ ਸਮਾਗਮ ਵਿਚ ਭਰਪੂਰ ਹਿੱਸਾ ਪਾ ਆਏ। ਸਾਨੂੰ ਯਾਰਾਂ ਯਾਤਰੂਆਂ ਨੂੰ, ਜੇਹੜੇ ਓਥੇ ਜਾਣੋ ਰਹਿ ਗਏ ਸਨ, ਉਹਨਾਂ ਸਾਰਿਆਂ ਨੂੰ ਬੱਸ ਉਪਰ ਬੈਠਾ ਕੇ ਸਾਡੀ ਇੱਛਾ ਅਨੁਸਾਰ ਹੀ ਪ੍ਰਬੰਧਕ ਸਾਨੂੰ ਸ੍ਰੀ ਤਰਨ ਤਾਰਨ ਸਾਹਿਬ, ਖਡੂਰ ਸਾਹਿਬ, ਗੋਇੰਦਵਾਲ ਸਾਹਿਬ ਆਦਿ ਸਥਾਨਾਂ ਦੇ ਦਰਸ਼ਨ ਕਰਵਾ ਲਿਆਏ। ਖਡੂਰ ਸਾਹਿਬ ਸੰਤ ਸੇਵਾ ਸਿੰਘ ਜੀ ਵੱਲੋਂ ਗੁਰਦੁਆਰਾ ਸਾਹਿਬਾਨ ਦੇ ਆਲੇ ਦੁਆਲੇ ਵਾਤਾਵਰਨ ਦੀ ਸ਼ੁਧਤਾਈ ਹਿਤ ਕੀਤੀਆਂ ਜਾ ਰਹੀਆਂ ਮਹਾਨ ਸੇਵਾਵਾਂ ਦੇ ਦਰਸ਼ਨ ਕਰਕੇ ਸੰਗਤ ਨੇ ਹਾਰਦਿਕ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ। ਬਾਬਾ ਜੀ ਨੇ, ਯਾਦਗਾਰ ਵਜੋਂ, ਸਾਡੇ ਹੱਥੀ ਆਪਣੇ ਔਰਗੈਨਿਕ ਬਾਗ ਵਿਚ ਇਕ ਬੂਟਾ ਵੀ ਲਗਵਾਇਆ। ਲੰਗਰ ਵੀ ਅਸੀਂ ਸਾਰਿਆਂ ਨੇ ਓਥੇ ਹੀ ਛਕਿਆ।
੧੦ ਨਵੰਬਰ ਵਾਲੇ ਦਿਨ ਭਾਰਤ ਸਰਕਾਰ ਦੇ ਮੰਤਰੀ ਸ. ਹਰਦੀਪ ਸਿੰਘ ਪੁਰੀ ਵੱਲੋਂ, ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਦੁਪਹਿਰ ਦੇ ਖਾਣੇ ਦਾ ਪ੍ਰਬੰਧ ਕੀਤਾ ਗਿਆ, ਜਿਸ ਵਿਚ ਸ਼ਹਿਰ ਦੀਆਂ ਮਹਾਨ ਹਸਤੀਆਂ ਵੀ ਸ਼ਾਮਲ ਹੋਈਆਂ। ਉਸ ਦਿਨ ਕੁਝ ਹੋਰ ਵੀ ਸਰਗਰਮੀਆਂ ਰਹੀਆਂ।

 
ਯਾਰਾਂ ਨਵੰਬਰ ੨੦੧੯ ਵਾਲੇ ਦਿਨ, ਜਲੰਧਰ ਦੇ ਇਕ ਹੋਟਲ ਵਿਚ, ਪੰਜਾਬ ਦੇ ਮੁਖ ਮੰਤਰੀ ਵੱਲੋਂ ਦਿਤੇ ਗਏ ਡਿੱਨਰ ਸਮੇ ਬੈਠੇ ਖੱਬਿਉਂ ਸੱਜੇ: ਸ. ਜਸਵੰਤ ਸਿੰਘ ਠੇਕੇਦਾਰ ਲੰਡਨ ਤੋਂ, ਸ. ਅਵਤਾਰ ਸਿੰਘ ਬਰਮਿੰਘਮ ਤੋਂ, ਫਰਾਂਸ ਤੋਂ ਇਕ ਗੁਰਸਿੱਖ ਜੋੜਾ, ਸ. ਦਲਬੀਰ ਸਿੰਘ ਅਤੇ ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ ਤੋਂ ਅਤੇ ਇਕ ਹੋਰ ਸਰਦਾਰ ਜੀ।
 
ਡਿੱਨਰ ਸਮੇ ਹੀ ਖੱਬਿਉਂ: ਗਿ. ਸੰਤੋਖ ਸਿੰਘ, ਨੀਨਾ ਗਿੱਲ ਐਮ.ਪੀ, ਇੰਗਲੈਂਡ ਤੋਂ ਯੂਰਪੀਅਨ ਪਾਰਲੀਮੈਂਟ ਦੀ ਮੈਂਬਰ, ਬਰਮਿੰਘ ਤੋਂ ਸ. ਅਵਤਾਰ ਸਿੰਘ, ਲੰਡਨੋ ਸ. ਜਸਵੰਤ ਸਿੰਘ ਠੇਕੇਦਾਰ ਅਤੇ ਸਿਡਨੀ ਤੋਂ ਸ. ਦਲਬੀਰ ਸਿੰਘ

੧੧ ਨਵੰਬਰ ਵਾਲੇ ਦਿਨ ਨੂੰ ਰਾਤ ਦਾ ਖਾਣਾ ਪੰਜਾਬ ਦੇ ਮਾਨਯੋਗ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਲੰਧਰ ਦੇ ਇਕ ਹੋਟਲ ਵਿਚ ਸੀ ਤੇ ਓਥੇ ਹੀ ਹੋਟਲ ਵਿਚ ਰਾਤ ਦਾ ਟਿਕਾਣਾ ਵੀ ਸੀ, ਜਿੱਥੋਂ ਅਗਲੇ ਦਿਨ ੧੨ ਨਵੰਬਰ ਨੂੰ ਸਾਨੂੰ ਗੁਰਦੁਆਰਾ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਚੱਲ ਰਹੇ ਸਮਾਗਮ ਵਿਚ ਲੈ ਕੇ ਜਾਣਾ ਸੀ। ਸਾਨੂੰ ਬੱਸਾਂ ਰਾਹੀਂ ਪਹਿਲਾਂ ਡੇਹਰਾ ਬਾਬਾ ਨਾਨਕ ਖੜ ਕੇ, ਓਥੇ ਭਾਰਤ ਸਰਕਾਰ ਵੱਲੋਂ ਬਣਾਏ ਜਾ ਰਹੇ ਦਫ਼ਤਰ ਵਿਖਾਏ ਗਏ। ਭਾਰਤ ਵਾਲੇ ਪਾਸਿਉਂ ਸੜਕ ਅਤੇ ਪੁਲ ਬਣਾ ਕੇ ਐਨ ਸਰਹੱਦ ਤੱਕ ਦਰਿਆ ਰਾਵੀ ਦੇ ਉਪਰ ਤੱਕ ਤਿਆਰ ਹੋ ਚੁੱਕਿਆ ਸੀ ਤੇ ਉਸ ਤੋਂ ਅੱਗੇ ਪਾਕਿਸਤਾਨ ਵਾਲੇ ਪਾਸਿਉਂ ਸੜਕ ਅਤੇ ਪੁਲ ਬਣ ਕੇ ਉਸ ਨਾਲ ਜੋੜਿਆ ਜਾਣਾ ਸੀ ਤੇ ਫੇਰ ਉਸ ਸੜਕ ਅਤੇ ਰਾਵੀ ਉਪਰ ਬਣੇ ਪੁਲ ਰਾਹੀਂ, ਸ੍ਰੀ ਕਰਤਾਰਪੁਰ ਸਾਹਿਬ ਨੂੰ ਆਵਾਜਾਈ ਸ਼ੁਰੂ ਹੋਣੀ ਸੀ। ਉਸ ਸਮੇ ਪਾਕਿਸਤਾਨ ਵਾਲੇ ਪਾਸਿਉਂ ਅਜੇ ਸੜਕ ਆਰੰਭ ਹੋਈ ਨਹੀਂ ਸੀ ਦਿਸ ਰਹੀ।
 
ਡਿੱਨਰ ਸਮੇ ਹੀ ਮੁਖ ਮੰਤਰੀ ਵੱਲੋਂ ਡੇਲੀਗੇਸ਼ਨ ਦੇ ਮੈਂਬਰਾਂ ਦਾ ਕਿਤਾਬਾਂ ਅਤੇ ੴ ਵਾਲਾ ਮੋਮੈਂਟੋ ਭੇਟਾ ਕਰਕੇ ਸਨਮਾਨ ਕੀਤਾ ਗਿਆ।
ਸਾਡੇ ਜਥੇ ਵਿਚ ਜੇਹੜਾ ਸੱਜਣ, ਜਿਸ ਦਾ ਇਸ ਵੇਲੇ ਮੈਨੂੰ ਨਾਂ ਨਹੀਂ ਯਾਦ ਆ ਰਿਹਾ, ਉਤਰੀ ਆਇਰਲੈਂਡੋ ਆਇਆ ਹੋਇਆ ਸੀ, ਉਹ ਅੰਮ੍ਰਿਤਸਰ ਵਾਲੇ ਹੋਟਲ ਵਿਚ ਇਕ ਦਿਨ ਮੈਨੂੰ ਆਖਣ ਲੱਗਾ ਕਿ ਉਸ ਦੇ ਪੁਰਖਿਆਂ ਦਾ ਪਿੰਡ ਡੇਹਰਾ ਬਾਬਾ ਨਾਨਕ ਦੇ ਨੇੜੇ ਹੈ। ਉਸ ਦਾ ਪੜਦਾਦਾ ਇਸ ਪਿੰਡ ਤੋਂ ਕੀਨੀਆ ਚਲਿਆ ਗਿਆ ਸੀ ਤੇ ਉਸ ਦੇ ਬਜ਼ੁਰਗਾਂ ਦੇ ਜਨਮ ਵੀ ਕੀਨੀਆ ਵਿਚ ਹੀ ਹੋਏ ਸਨ। ਕੁਦਰਤੀਂ ਉਸ ਦਾ ਜਨਮ ਇਸ ਪਿੰਡ ਵਿਚ ਹੀ ਹੋਇਆ ਸੀ ਕਿਉਂਕਿ ਉਸ ਸਮੇ ਉਹਨਾਂ ਦਾ ਸਾਰਾ ਪਰਵਾਰ ਕੀਨੀਆ ਤੋਂ ਛੁੱਟੀਆਂ ਮਨਾਉਣ ਪਿੰਡ ਵਿਚ ਆਇਆ ਹੋਇਆ ਸੀ। ਉਸ ਦੇ ਪਿੰਡ ਦਾ ਨਾਂ ਝੰਗੀ ਸ਼ਾਹ ਜਹਾਨ ਸੀ। ਉਸ ਨੇ ਇੱਛਾ ਪਰਗਟ ਕੀਤੀ ਕਿ ਚੰਗਾ ਹੋਵੇ ਜੇ ਉਹ ਆਪਣੇ ਬਜ਼ੁਰਗਾਂ ਦੇ ਪਿੰਡ ਦੀ ਯਾਤਰਾ ਕਰ ਲਵੇ।
ਮੈਂ ਉਸ ਨੂੰ ਭਰੋਸਾ ਦਿਵਾਇਆ ਕਿ ਇਹਨਾਂ ਨੇ ਸਾਨੂੰ ੧੨ ਨਵੰਬਰ ਨੂੰ ਗੁਰਪੁਰਬ ਦੇ ਸਮਾਗਮਾਂ ਤੋਂ ਬਾਅਦ ਵੇਹਲਿਆਂ ਕਰ ਦੇਣਾ ਹੈ ਤੇ ੧੩ ਨੂੰ ਆਪਾਂ ਬੱਸ ਰਾਹੀਂ ਤੁਹਾਡੇ ਪਿੰਡ ਜਾ ਆਵਾਂਗੇ। ਉਸ ਨੇ ਕਿਹਾ ਕਿ ਤੇਰਾਂ ਰਾਤ ਨੂੰ ਉਸ ਦੀ ਅੰਮ੍ਰਿਤਸਰੋਂ ਫਲਾਈਟ ਹੈ। ਮੈਂ ਕਿਹਾ ਕਿ ਕੋਈ ਗੱਲ ਨਹੀਂ, ਆਪਾਂ ਫਿਰ ਟੈਕਸੀ ਰਾਹੀਂ ਦਿਨੇ ਦਿਨੇ ਪਿੰਡ ਜਾ ਆਵਾਂਗੇ ਤੇ ਫਲਾਈਟ ਦੇ ਸਮੇ ਤੋਂ ਪਹਿਲਾਂ ਹੀ ਵਾਪਸ ਆ ਜਾਵਾਂਗੇ।
ਹੁਣ ਜਦੋਂ ਡੇਹਰਾ ਬਾਬਾ ਨਾਨਕ ਦੀ ਯਾਤਰਾ ਕਰ ਰਹੇ ਸਾਂ ਤਾਂ ਉਸ ਨੇ ਆਪਣਾ ਵਿਚਾਰ ਮੈਨੂੰ ਦੱਸਿਆ ਕਿ ਚੰਗਾ ਹੋਵੇ ਜੇ ਆਪਾਂ ਏਥੋਂ ਹੀ ਸਰਕਾਰੀ ਅਧਿਕਾਰੀਆਂ ਤੋਂ ਛੁੱਟੀ ਲੈ ਕੇ ਪਿੰਡ ਦਾ ਫੇਰਾ ਵੀ ਮਾਰ ਆਈਏ। ਮੈਂ ਆਪਣੇ ਜਥੇ ਨਾਲ ਦੀ ਪੁਲਿਸ ਪਾਰਟੀ ਦੇ ਮੁਖੀ ਅਫ਼ਸਰ ਨਾਲ ਗੱਲ ਕੀਤੀ ਤੇ ਉਸ ਨੂੰ ਆਪਣਾ ਵਿਚਾਰ ਦੱਸ ਕੇ ਕਿਹਾ ਕਿ ਤੁਸੀਂ ਆਪਣੇ ਪ੍ਰੋਗਰਾਮ ਅਨੁਸਾਰ ਆਪਣੀ ਯਾਤਰਾ ਜਾਰੀ ਰੱਖੋ; ਅਸੀਂ ਪਿੰਡ ਦਾ ਚੱਕਰ ਲਾ ਕੇ, ਰਾਤ ਦੇ ਖਾਣੇ ਦੇ ਸਮੇ ਤੱਕ ਜਲੰਧਰ ਹੋਟਲ ਵਿਚ ਪਹੁੰਚ ਜਾਵਾਂਗੇ ਪਰ ਉਸ ਨੇ ਸਪੱਸ਼ਟ ਨਾਂਹ ਕਰ ਦਿਤੀ। ਕੁਝ ਕੁ ਪਲਾਂ ਪਿੱਛੋਂ ਉਸ ਨੇ ਇਕ ਸਾਦੇ ਕੱਪੜਿਆਂ ਵਾਲੇ ਵੱਡੇ ਸਿਵਿਲ ਅਫਸਰ ਵੱਲ ਇਸ਼ਾਰਾ ਕਰ ਕੇ, ਮੈਨੂੰ ਉਸ ਨਾਲ ਗੱਲ ਕਰਨ ਲਈ ਕਿਹਾ। ਮੈਂ ਉਸ ਨੂੰ ਸਾਰਾ ਕੁਝ ਜਾ ਦੱਸਿਆ। ਪਹਿਲਾਂ ਤੇ ਉਸ ਨੇ ਵੀ ਨਾਂਹ ਕਰ ਦਿਤੀ ਪਰ ਥੋਹੜੇ ਕੁ ਪਲ ਸੋਚ ਕੇ ਮੱਥੇ ਉਪਰ ਵਲ ਜਿਹੇ ਪਾ ਕੇ ਆਖਿਆ, "ਸਾਡੀ ਕਾਰ ਅਤੇ ਨਾਲ ਸਾਡੇ ਦੋ ਬੰਦੇ ਤੁਹਾਡੇ ਨਾਲ ਸੈਕਿਉਰਟੀ ਵਾਲੇ ਜਾਣਗੇ ਤਾਂ ਤੁਸੀਂ ਪਿੰਡ ਵੇਖਣ ਜਾ ਸਕਦੇ ਹੋ।" ਸਾਡੇ ਲਈ ਤੇ ਸਗੋਂ ਇਹ ਹੋਰ ਵੀ ਚੰਗੀ ਗੱਲ ਹੋਈ; ਨਹੀਂ ਤੇ ਸਾਨੂੰ ਓਥੋਂ ਕੋਈ ਟੈਕਸੀ ਟੂਕਸੀ ਭਾੜੇ 'ਤੇ ਕਰਨ ਲਈ ਲੱਭਣੀ ਪੈਣੀ ਸੀ।
ਉਹਨਾਂ ਦੀ ਕਾਰ ਵਿਚ ਅਸੀਂ ਚਾਰ ਜਣੇ, ਦੋ ਅਸੀਂ ਅਤੇ ਦੋ ਸਰਕਾਰੀ ਅਫਸਰ ਉਸ ਦੇ ਪਿੰਡ, ਜਿਸ ਦਾ ਨਾਂ ਝੰਗੀ ਸ਼ਾਹ ਜਹਾਨ ਤੋਂ ਬਦਲ ਕੇ ਹੁਣ ਝੰਗੀ ਪੰਨੂਆਂ ਰੱਖਿਆ ਜਾ ਚੁੱਕਾ ਸੀ, ਪਹੁੰਚ ਗਏ।
ਪਿੰਡ ਵਿਚ ਪਹੁੰਚ ਕੇ ਜਿਸ ਪਹਿਲੇ ਹੀ ਚੁਬਾਰੇ ਉਪਰਲੇ ਖੁਲ੍ਹੇ ਥਾਂ ਸਾਨੂੰ ਘਰ ਵਾਲੇ ਦਿਸੇ, ਓਥੇ ਹੀ ਅਸੀਂ ਚਾਰੇ ਜਣੇ ਪਹੁੰਚ ਗਏ। ਜਦੋਂ ਉਹਨਾਂ ਨੂੰ ਸਾਰੀ ਗੱਲ ਦੱਸੀ ਤਾਂ ਪਹਿਲਾਂ ਤੇ ਘਰ ਵਾਲਿਆਂ ਨੇ ਅਣਜਾਣਤਾ ਪਰਗਟ ਕੀਤੀ ਪਰ ਜਦੋਂ ਉਸ ਸੱਜਣ ਨੇ ਆਪਣੇ ਦਾਦੇ ਪੜਦਾਦੇ ਦਾ ਨਾਂ ਲਿਆ ਤਾਂ ਉਸ ਘਰ ਦੇ ਬਜ਼ੁਰਗ ਨੂੰ ਯਾਦ ਆ ਗਿਆ। ਉਸ ਨੇ ਉਹਨਾਂ ਦੀ ਜ਼ਮੀਨ ਜਾਇਦਾਦ ਦੀਆਂ ਨਿਸ਼ਾਨੀਆਂ ਦੱਸੀਆਂ। ਇਹ ਵੀ ਦੱਸਿਆ ਕਿ ਜਿਥੇ ਉਹਨਾਂ ਦਾ ਖੂਹ ਹੁੰਦਾ ਸੀ, ਉਸ ਉਪਰ ਦੀ ਹੁਣ ਸੜਕ ਲੰਘਦੀ ਹੈ ਤੇ ਖੂਹ ਸੜਕ ਦੇ ਥੱਲੇ ਆ ਗਿਆ ਹੈ। ਘਰ ਦੀ ਸੁਘੜ ਸੁਆਣੀ ਨੇ ਚਾਹ ਰੋਟੀ ਲਈ ਜੋਰ ਲਾਇਆ ਪਰ ਲੋੜ ਨਾ ਹੋਣ ਕਰਕੇ ਅਸੀਂ ਨਾਂਹ ਹੀ ਕਰਨੀ ਸੀ। ਸੱਜਣ ਜੀ ਵਾਪਸ ਮੁੜਨ ਲਈ ਤਿਅਰ ਹੋ ਗਏ। ਮੈਂ ਇਕ ਤੋਂ ਵਧੇਰੀ ਵਾਰ ਕਿਹਾ ਵੀ ਕਿ ਪਿੰਡ ਵਿਚ ਆਪਾਂ ਗੇੜਾ ਦੇ ਲੈਂਦੇ ਹਾਂ। ਹੋਰ ਲੋਕਾਂ ਨੂੰ ਮਿਲ ਲਵੋ। ਆਪਣੀ ਜ਼ਮੀਨ ਵਗੈਰਾ ਦਾ ਚੱਕਰ ਲਾ ਲਵੋ ਪਰ ਪਤਾ ਨਹੀਂ ਕੀ ਕਾਰਨ ਹੋਇਆ, ਉਸ ਨੇ ਕਿਹਾ ਕਿ ਬੱਸ ਮੇਰੀ ਏਨੇ ਨਾਲ ਹੀ ਤਸੱਲੀ ਹੋ ਗਈ ਹੈ। ਸ਼ਾਇਦ ਉਸ ਨੂੰ ਆਪਣੇ ਪੁਰਖਿਆਂ ਦੇ ਪਿੰਡ ਵਿਚ ਜਾ ਕੇ ਉਹਨਾਂ ਦੀ ਯਾਦ ਆ ਗਈ ਹੋਵੇ ਅਤੇ ਉਸ ਦਾ ਹੋਰ ਆਪਣੇ ਜਜ਼ਬਾਤ ਉਪਰ ਕਾਬੂ ਨਾ ਰਿਹਾ ਹੋਵੇ ਪਰ ਜ਼ਾਹਰਾ ਤੌਰ ਤੇ ਮੈਨੂੰ ਅਜਿਹਾ ਕੁਝ ਉਸ ਦੇ ਚੇਹਰੇ ਤੋਂ ਨਹੀਂ ਦਿਸਿਆ। ਭਾਵੇਂ ਕਿ ਨਾਲ ਵਾਲੇ ਸਰਕਾਰੀ ਅਫ਼ਸਰਾਂ ਨੇ ਵੀ ਵਾਪਸ ਮੁੜਨ ਦੀ ਕੋਈ ਕਾਹਲੀ ਨਹੀਂ ਸੀ ਵਿਖਾਈ ਪਰ ਉਸ ਦੇ ਜੋਰ ਦੇਣ 'ਤੇ ਅਸੀਂ ਓਥੋਂ ਹੀ ਵਾਪਸ ਮੁੜ ਆਏ। ਸਾਡੀਆਂ ਬੱਸਾਂ ਜਾ ਚੁੱਕੀਆਂ ਸਨ। ਅਸੀਂ ਓਸੇ ਕਾਰ ਵਿਚ ਜਲੰਧਰ ਵੱਲ ਤੁਰ ਪਏ। ਰਸਤੇ ਵਿਚ ਕਰਤਾਰਪੁਰ ਵਿਖੇ ਬਣੇ ਵਾਰ ਮੈਮੋਰੀਅਲ ਦੇ ਸਾਹਮਣੇ ਸਾਡੀ ਇਕ ਬੱਸ ਖਲੋਤੀ ਸੀ। ਅਸੀਂ ਵੀ ਰੁਕ ਕੇ ਉਹਨਾਂ ਨੂੰ ਪੁੱਛਿਆ ਤਾਂ ਪਤਾ ਲੱਗਾ ਕਿ ਦੂਜੀ ਬੱਸ ਅੱਗੇ ਤੁਰ ਗਈ ਹੈ ਤੇ ਉਹ ਵੀ ਤੁਰ ਰਹੇ ਹਨ। ਅਸੀਂ ਵੀ ਕਾਰ ਵਿਚ ਹੀ ਅੱਗੇ ਜਲੰਧਰ ਨੂੰ ਚੱਲ ਪਏ ਅਤੇ ਸਾਰੇ ਜਣਿਆਂ ਨੇ ਜਲੰਧਰ ਵਿਚਲੇ ਨਿਸਚਿਤ ਹੋਟਲ ਵਿਚ ਜਾ ਕੇ ਡੇਰਾ ਲਾ ਲਿਆ। ਹੋਟਲ ਦਾ ਨਾਂ ਹੁਣ ਭੁੱਲ ਗਿਆ ਹੈ। ਰਾਤ ਦਾ ਖਾਣਾ ਸ਼ੁਰੂ ਹੋਣ ਤੋਂ ਵਾਹਵਾ ਚਿਰ ਪਹਿਲਾਂ ਮੁਖ ਮੰਤਰੀ ਸਾਹਿਬ ਵੀ, ਆਪਣੀ ਪਤਨੀ ਬੀਬੀ ਪ੍ਰਨੀਤ ਕੌਰ ਐਮ.ਪੀ. ਜੀ ਸਮੇਤ, ਆਪਣੇ ਲਾਓ ਲਸ਼ਕਰ ਨੂੰ ਨਾਲ ਲੈ ਕੇ ਆ ਗਏ। ਬੜਾ ਖ਼ੁਸ਼ਗਵਾਰ ਮਾਹੌਲ ਬਣਿਆਂ। ਮੁਖ ਮੰਤਰੀ ਜੀ ਨੇ ਡੇਲੀਗੇਸ਼ਨ ਦੇ ਇਕੱਲੇ ਇਕਲੇ ਮੈਂਬਰ ਨੂੰ ਮਿਲ ਕੇ ਹਾਲ ਚਾਲ ਅਤੇ ਪੰਜਾਬ ਵਿਚਲੇ ਪਿਛੋਕੜ ਬਾਰੇ ਜਾਣਕਾਰੀ ਪੁੱਛੀ। ਜਦੋਂ ਮੇਰੇ ਛੋਟੇ ਭਰਾ ਜੀ, ਸੂਬੇਦਾਰ ਦਲਬੀਰ ਸਿੰਘ ਦੀ ਛਾਤੀ ਉਪਰ ਲੱਗਾ ਮੈਡਲਾਂ ਦਾ ਥੱਬਾ ਸਾਰਾ ਵੇਖਿਆ ਤਾਂ ਵਾਹਵਾ ਸਮਾ ਦੋ ਸਾਬਕਾ ਫੌਜੀਆਂ ਦੀ ਆਪਸ ਵਿਚ ਗੱਲ ਬਾਤ ਹੁੰਦੀ ਰਹੀ। ਉਨੀ ਸੌ ਪੈਂਹਠ ਅਤੇ ਇਕੱਧਰ ਵਾਲੀਆਂ ਜੰਗਾਂ ਦੋਹਾਂ ਨੇ ਲੜੀਆਂ ਹੋਣ ਕਰਕੇ, ਉਹਨਾਂ ਨੇ ਆਪਸ ਵਿਚ ਜੰਗਾਂ ਦੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ।
ਖਾਣੇ ਤੋਂ ਬਾਅਦ ਜਥੇ ਵਿਚੋਂ ਦੋ ਸੱਜਣਾਂ ਨੇ ਸੰਖੇਪ ਭਾਸ਼ਨ ਦਿਤੇ। ਬੋਲਣ ਵਾਲੇ ਇਕ ਸ. ਜਸਵੰਤ ਸਿੰਘ ਠੇਕੇਦਾਰ ਲੰਡਨ ਤੋਂ ਅਤੇ ਦੂਜੇ ਸ. ਅਵਤਾਰ ਸਿੰਘ ਬਰਮਿੰਘਮ ਤੋਂ ਸਨ। ਸ. ਅਵਤਾਰ ਸਿੰਘ ਨੇ ਮੁਖ ਮੰਤਰੀ ਅੱਗੇ ਤਿੰਨ ਮੰਗਾਂ ਰੱਖੀਆਂ: ਇਕ ਤੇ ਸ਼ਰੀਕਾਂ ਵੱਲੋਂ ਬਾਹਰ ਗਿਆਂ ਉਪਰ ਝੂਠੀਆਂ ਐਫ.ਆਈ.ਆਰ. ਦਰਜ ਕਰਵਾਈਆਂ ਜਾਂਦੀਆਂ ਨੇ; ਉਹਨਾਂ ਦਾ ਛੇਤੀ ਤੋਂ ਛੇਤੀ ਅਤੇ ਸਹੀ ਨਿਪਟਾਰਾ ਹੋਣਾ ਚਾਹੀਦਾ ਹੈ। ਦੂਜਾ ਨਾਜਾਇਜ਼ ਫੜੇ ਸਿੱਖ ਰਿਹਾ ਹੋਣੇ ਚਾਹੀਦੇ ਹਨ। ਤੀਜੀ ਮੰਗ ਸੀ ਕਿ ਸਜ਼ਾ ਭੁਗਤ ਚੁੱਕੇ ਸਿੱਖਾਂ ਨੂੰ ਜੇਹਲਾਂ ਵਿਚੋਂ ਰਿਹਾ ਕੀਤਾ ਜਾਵੇ। ਤਿੰਨਾਂ ਹੀ ਮੰਗਾਂ ਦੇ ਮੁਖ ਮੰਤਰੀ ਸਾਹਿਬ ਨੇ, ਸਿਆਸੀ ਪੱਖੋਂ ਢੁਕਵੇਂ, ਉਤਰ ਦੇ ਕੇ ਡੇਲੀਗੇਟ ਦੇ ਮੈਂਬਰਾਂ ਦੀ ਤਸੱਲੀ ਕਰਵਾ ਦਿਤੀ। ਉਪ੍ਰੰਤ ਜਥੇ ਦੇ ਸਾਰੇ ਮੈਂਬਰਾਂ ਨੂੰ ਪੰਜਾਬ ਸਰਕਾਰ ਵੱਲੋਂ ਗੁਰੂ ਸਾਹਿਬਾਂ ਬਾਰੇ ਛਪਵਾਈਆਂ ਕਿਤਾਬਾਂ ਅਤੇ ਚਾਂਦੀ ਦੇ ਬਣੇ ੴ ਵਾਲੇ ਮੈਡਲਾਂ ਨਾਲ ਸਨਮਾਨਤ ਕੀਤਾ ਗਿਆ।
ਰਾਤ ਹੋਟਲ ਵਿਚ ਕੱਟ ਕੇ ਅਗਲੇ ਸਵੇਰੇ ਸ਼ਾਹ ਵੇਲਾ ਹੋਟਲ ਵਿਚੋਂ ਹੀ ਕਰਕੇ ਜਥੇ ਵੱਲੋਂ ਬੱਸਾਂ ਰਾਹੀਂ ਗੁਰਦੁਆਰਾ ਸੁਲਤਾਨਪੁਰ ਵਿਚ ਸਜੇ ਸਮਾਗਮ ਵੱਲ ਚਾਲੇ ਪਾ ਦਿਤੇ ਗਏ। ਭੀੜ ਭੜੱਕੇ ਕਰਕੇ ਸਾਨੂੰ ਗੁਰਦੁਆਰਾ ਸਾਹਿਬ ਮੱਥਾ ਟੇਕਣ ਵਾਸਤੇ ਖੜਨ ਦੀ ਬਜਾਇ ਸਿਧਾ ਸਰਕਾਰੀ ਪੰਡਾਲ ਵਿਚ ਹੀ ਲੈ ਗਏ। ਮੁਖ ਦਰਵਾਜੇ ਦੀ ਬਜਾਇ ਸਟੇਜ ਦੇ ਕੋਲੋਂ ਇਕ ਛੋਟੇ ਜਿਹੇ ਰਾਹ ਥਾਣੀ ਲੰਘਾ ਕੇ ਸਾਨੂੰ ਮੋਹਰਲੀ ਕਤਾਰ ਵਿਚ ਜਾ ਬੈਠਾਇਆ। ਬਹੁਤ ਵਿਸ਼ਾਲ ਸਟੇਜ ਉਪਰ, ਵਿਚਕਾਰ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀ। ਗੁਰੂ ਸਾਹਿਬ ਜੀ ਦੇ ਖੱਬੇ ਪਾਸੇ ਸਟੇਜ ਉਪਰ ਬਹੁਤ ਸਾਰੇ ਵੱਖ ਵਖ ਸੰਪਰਦਾਵਾਂ ਦੇ ਸਾਧੂ ਸਜੇ ਹੋਏ ਸਨ। ਸੱਜੇ ਪਾਸੇ ਮਾਈਕ ਵਾਲੀ ਸਟੇਜ ਸੀ ਅਤੇ ਨਾਲ ਹੀ ਮੁਖ ਮੰਤਰੀ ਜੀ ਦੀ ਅਗਵਾਈ ਹੇਠ ਬਹੁਤ ਸਾਰੇ ਕਾਂਗਰਸੀ ਅਤੇ ਪੰਜਾਬ ਸਰਕਾਰ ਦੇ ਆਗੂ ਬੈਠੇ ਹੋਏ ਸਨ। ਏਥੇ ਪ੍ਰਧਾਨ ਮੰਤਰੀ ਜੀ, ਰਾਸ਼ਟਰਪਤੀ ਜੀ ਅਤੇ ਹੋਰ ਵੀ ਵੱਡੇ ਵੱਡੇ ਪਦਵੀਧਾਰੀ ਸੱਜਣ ਵੀ ਆਉਂਦੇ ਰਹੇ ਤੇ ਬੋਲਦੇ ਰਹੇ। ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਵੀ ਆਏ ਅਤੇ ਥੋਹੜਾ ਕੁ ਸਮਾ ਬੈਠ ਕੇ ਵਾਪਸ ਚਲੇ ਗਏ। ਇਸ ਸਾਰੇ ਕੁਝ ਵਿਚੋਂ ਮੈਨੂੰ ਸਿੱਖਾਂ ਦੇ ਧਾਰਮਿਕ ਅਤੇ ਸਿਆਸੀ ਦੀਵਾਨਾਂ ਵਾਲੀ ਰੌਣਕ ਅਤੇ ਉਤਸ਼ਾਹ ਨਾ ਦਿਖਾਈ ਦਿਤਾ।
੧੨ ਨਵੰਬਰ ਗੁਰਪੁਰਬ ਵਾਲੇ ਦਿਨ, ਗੁਰਦਆਰਾ ਸਾਹਿਬ ਸੁਲਤਾਨ ਪੁਰ ਵਿਖੇ ਸਜੇ ਪੰਜਾਬ ਵਿਚ ਡੈਲੀਗੇਸ਼ਨ ਨੂੰ ਲਿਜਾ ਕੇ ਮੋਹਰਲੀ ਕਤਾਰ ਵਿਚ ਬੈਠਾਇਆ ਗਿਆ: ਬੈਠੇ: ਸ. ਦਲਬੀਰ ਸਿੰਘ ਗਿ. ਸੰਤੋਖ ਸਿੰਘ ਅਤੇ ਸ. ਇਕਬਾਲ ਸਿੰਘ ਭੱਟੀ।
ਕੁਝ ਸਮੇ ਬਾਅਦ ਸਾਨੂੰ ਸਮਾਗਮ ਵਿਚੋਂ ਉਠਾ ਕੇ ਲੰਗਰ ਵਿਚ ਲੈ ਗਏ। ਕਹਿੰਦੇ ਲੰਗਰ ਛਕ ਲਓ। ਅਸੀਂ ਬੈਠੇ ਉਡੀਦੇ ਰਹੇ ਕਿ ਲੰਗਰ ਹੁਣ ਆਉਂਦਾ, ਹੁਣ ਆਉਂਦਾ ਪਰ ਆਇਆ ਈ ਨਾ। ਇਕ ਬੰਦਾ ਆਣ ਕੇ ਸਾਨੂੰ ਉਠਣ ਲਈ ਕਹਿੰਦਾ ਕਿ ਇਹ ਥਾਂ ਵੇਹਲਾ ਕਰ ਦਿਓ; ਏਥੇ ਸੰਤਾਂ ਦੀ ਪੰਗਤ ਲੱਗਣੀ ਆਂ। ਅਸੀਂ ਉਠ ਕੇ ਖਲੋ ਗਏ। ਵਾਹਵਾ ਸਮਾ ਏਧਰ ਓਧਰ ਝਾਤੀਆਂ ਮਾਰੀਆਂ ਪਰ ਸਾਡੇ ਪੱਲੇ ਕੁਝ ਨਾ ਪਿਆ। ਫੇਰ ਮੈਂ ਆਪਣੇ ਜਥੇ ਵਿਚ ਸ਼ਾਮਲ, ਯੂਰਪੀਅਨ ਯੂਨੀਅਨ ਦੀ ਐਮ.ਪੀ. ਨੀਨਾ ਗਿੱਲ ਜੀ ਨੂੰ ਕਿਹਾ, "ਜਾਹ ਬੀਬਾ, ਤੂੰ ਜਾ ਕੇ ਲੰਗਰ ਵਿਚੋਂ ਕੁਝ ਰੋਟੀਆਂ ਚੁੱਕ ਲਿਆ!" ਉਹ ਗਈ ਤੇ ਕੁਝ ਸਮੇ ਬਾਅਦ ਪਕੌੜਿਆਂ ਦੀ ਪਰਾਤ ਭਰੀ ਚੁੱਕ ਲਿਆਈ ਤੇ ਕਿਹਾ, ਰੋਟੀਆਂ ਤੇ ਮੈਨੂੰ ਲੱਭੀਆਂ ਨਹੀਂ, ਮੈਂ ਆਹ ਗਰਮਾ ਗਰਮ ਪਕੌੜੇ ਕਢਵਾ ਲਿਆਈ ਆਂ।
"ਮੈਂ ਆ ਵੇਖਿਆ ਨਾ, ਤਾ। ਦੋ ਗਰਮ ਗਰਮ ਪਕੌੜੇ ਪਰਾਤੋਂ ਚੁੱਕੇ ਤੇ ਤੁਰੇ ਜਾਂਦੇ ਖਾ ਕੇ ਟੂਟੀ ਤੋਂ ਪਾਣੀ ਪੀ ਲਿਆ। ਦੂਜਿਆਂ ਨੇ ਵੀ ਇਉਂ ਹੀ ਕੀਤਾ ਹੋਵੇਗਾ!
ਫਿਰ ਸਾਨੂੰ ਸਾਰਿਆਂ ਨੂੰ ਇਕ ਥਾਂ ਇਕੱਠੇ ਕਰਕੇ ਖਲ੍ਹਿਆਰ ਲਿਆ। ਅਸੀਂ ਸੋਚਿਆ ਕਿ ਹੁਣ ਸਾਨੂੰ ਗੁਰਦੁਆਰਾ ਸਾਹਿਬ ਮੱਥਾ ਟਿਕਾਉਣ ਲਈ ਖੜਨਗੇ ਪਰ ਪਤਾ ਲੱਗਾ ਕਿ ਹੁਣ ਉਹਨਾਂ ਨੇ ਸਾਨੂੰ ਅੰਮ੍ਰਿਤਸਰ ਵਾਲੇ ਹੋਟਲ ਜਾਂ ਜਿੱਥੇ ਅਸੀਂ ਜਾਣਾ ਚਾਹੀਏ ਓਥੇ ਆਪਣੇ ਆਪਣੇ ਟਿਕਾਣਿਆਂ 'ਤੇ ਛੱਡਣਗੇ। ਅਸੀਂ ਮੱਥਾ ਟੇਕਣ ਜਾਣ ਲਈ ਆਖਿਆ ਤਾਂ ਜਵਾਬ ਮਿਲਿਆ ਕਿ ਹੁਣ ਸਮਾ ਨਹੀਂ। ਵੈਸੇ ਵੀ ਲੌਢਾ ਵੇਲਾ ਹੋ ਗਿਆ ਸੀ। ਉਹਨਾਂ ਕਿਹਾ ਕਿ ਉਹ ਸਾਨੂੰ ਸਾਰਿਆਂ ਨੂੰ ਲੋਇ ਲੋਇ ਹੋਟਲ ਜਾਂ ਸਾਡੇੇੇ ਟਿਕਾਣਿਆਂ 'ਤੇ ਪੁਚਾਉਣਗੇ ਤੇ ਫਿਰ ਉਹ ਆਪੋ ਆਪਣੇ ਘਰੀਂ ਜਾ ਸਕਣਗੇ। ਸਾਰੇ ਜਣੇ ਬੱਸਾਂ ਵਿਚ ਵੜ ਗਏ। ਸਾਡੇ ਵਾਲੀ ਬੱਸ ਅੰਮ੍ਰਿਤਸਰ ਨੂੰ ਤੁਰ ਪਈ। ਜਦੋਂ ਜੀ.ਟੀ. ਰੋਡ ਤੋਂ ਬਾਈਪਾਸ ਨੂੰ ਹੋ ਗਈ ਤੇ ਜਦੋਂ ਵੱਲਾ ਪਿੰਡ ਦੇ ਬਰਾਬਰ ਆਈ ਤਾਂ ਅਸੀਂ ਕਿਹਾ ਕਿ ਸਾਨੂੰ ਦੋਹਾਂ ਭਰਾਵਾਂ ਨੂੰ ਏਥੇ ਉਤਾਰ ਦਿਓ। ਅਸੀ ਦੋਵੇਂ ਥਰੀ ਵੀ੍ਹਲਰ ਰਾਹੀਂ ਗੁਰਦੁਆਰਾ ਸ਼ਹੀਦਾਂ ਵੱਲ ਚੱਲ ਪਏ। ਮੈਂ ਤੇ ਛੋਟੇ ਭਰਾ ਸ. ਸੇਵਾ ਸਿੰਘ ਦੇ ਘਰ ਚਲਿਆ ਗਿਆ ਤੇ ਭਰਾ ਸ. ਦਲਬੀਰ ਸਿੰਘ ਆਪਣੀ ਬੱਚੀ ਦੇ ਘਰ ਨੂੰ ਚਲੇ ਗਏ।
ਇਸ ਤਰ੍ਹਾਂ ਅਸੀਂ ਸੱਤ ਦਿਨਾਂ ਦੀ ਸਰਕਾਰੀ ਮਿੱਠੀ ਕੈਦ ਵਿਚੋਂ ਰਿਹਾ ਹੋ ਕੇ ਮੁਕੰਮਲ ਤੌਰ ਤੇ ਆਜ਼ਾਦ ਹੋ ਗਏ। ਇਹ ੧੨ ਨਵੰਬਰ ਤਕਾਲਾਂ ਦਾ ਵੇਲਾ ਸੀ।
ਇਸ ਪਾਸਿਉਂ ਵੇਹਲਾ ਹੋ ਕੇ ਮੈਂ ਫਿਰ ਅਗਲੇ ਦਿਨ ਬਾਕੀ ਰੁਝੇਵਿਆਂ ਵਿਚ ਰੁੱਝਣ ਦੇ ਨਾਲ ਨਾਲ ਸਿੰਘ ਬ੍ਰਦਰਜ਼ ਵਾਲੇ ਸ. ਗੁਰਸਾਗਰ ਸਿੰਘ ਜੀ ਦੀ ਪਹਿਲਾਂ ਨਾਲੋਂ ਵੇਧੇਰੇ ਹਾਜਰੀ ਭਰਨੀ ਸ਼ੁਰੂ ਕਰ ਦਿਤੀ। ਹਰੇਕ ਯਾਤਰਾ ਵਾਂਗ ਇਸ ਵਾਰੀ ਵੀ ਮੈਂ ਆਪਣੀ ਇਕ ਨਵੀਂ ਕਿਤਾਬ 'ਕੁਝ ਏਧਰੋਂ ਕੁਝ ਓਧਰੋਂ' ਉਹਨਾਂ ਨੂੰ ਛਾਪਣ ਵਾਸਤੇ ਆਉਂਦੇ ਸਾਰ ਹੀ ਦੇ ਦਿਤੀ ਸੀ। ਸ. ਗੁਰਸਾਗਰ ਸਿੰਘ ਜੋ ਇਕਰਾਰ ਕਰੇ ਉਸ ਉਪਰ ਪੂਰਾ ਉਤਰਦਾ ਹੈ। ਉਸ ਦੀ ਇਸ ਪ੍ਰੋਫ਼ੈਸ਼ਨਲ ਕਾਰੋਬਾਰੀ ਇਮਾਨਦਾਰੀ ਦਾ ਮੈਂ ਬਹੁੁਤ ਪ੍ਰਸੰਸਕ ਹਾਂ। ਆਪਣੀ ਆਦਤ ਤੋਂ ਮਜਬੂਰ ਮੈਂ ਇਸ ਗੱਲ ਦੀ ਗਾਹੇ ਬਗਾਹੇ ਪ੍ਰਸੰਸਾ ਵੀ ਕਰ ਦਿੰਦਾ ਹਾਂ। ਭਾਵੇਂ ਗੁਰਬਾਣੀ ਦਾ ਉਪਦੇਸ਼ ਤਾਂ ਸਪੱਸ਼ਟ ਹੈ, "ਉਸਤਤਿ ਨਿੰਦਾ ਦੋਊ ਤਿਆਗੈ" ਪਰ ਮੇਰੀ ਇਹ ਕਮਜੋਰੀ ਹੈ ਕਿ ਹਰੇਕ ਚੰਗੀ ਗੱਲ ਦੀ ਪ੍ਰਸੰਸਾ ਕਰਨ ਤੋਂ ਖ਼ੁਦ ਨੂੰ ਰੋਕ ਨਹੀਂ ਸਕਦਾ। ਸ਼ਾਇਦ ਇਸ ਵਾਰੀ ਮੇਰੀ ਮੰਦੀ ਨਜਰ ਲੱਗ ਗਈ ਉਸ ਨੂੰ, ਉਹ ਮੇਰੀ ਕਿਤਾਬ ਛਾਪਣ ਬਾਰੇ, ਜਦੋਂ ਵੀ ਜਾ ਕੇ ਪੁੱਛਾਂ, ਮੁਸਕਰਾ ਕੇ ਲਾਰੇ ਲੱਪੇ ਲਾ ਦਿਆ ਕਰੇ। ਇਸ ਵਾਰ ਪਹਿਲਾਂ ਵਾਂਗ ਉਸ ਨੇ ਪੱਕਾ ਦਿਨ ਨਹੀਂ ਸੀ ਦੱਸਿਆ ਕਿ ਕਿਸ ਦਿਨ ਕਿਤਾਬ ਛਪ ਕੇ ਤਿਆਰ ਹੋ ਜਾਵੇਗੀ। ਇਸ ਲਈ ਇਕਰਾਰ ਤੋਂ ਝੂਠੇ ਪੈਣ ਦਾ ਇਲਜਾਮ ਉਸ ਤੇ ਲੱਗ ਨਹੀਂ ਸੀ ਸਕਦਾ। ਆਪਣੇ ਮਿੱਠੇ ਤੇ ਨਿੱਘੇ ਸੁਭਾ ਅਨੁਸਾਰ ਹਰੇਕ ਵਾਰੀ ਮੁਸਕਰਾ ਕੇ ਕਹਿ ਦੇਣਾ ਕਿ ਛੇਤੀ ਹੀ ਕੰਮ ਹੋ ਜਾਵੇਗਾ ਪਰ ਪੱਕਾ ਦਿਨ ਨਹੀਂ ਦੱਸਣਾ। ਮੇਰੇ ਇਹ ਆਖਣ ਤੇ ਕਿ ਮੈਂ ਦੂਜੇ ਸ਼ਹਿਰਾਂ ਵਿਚਲੇ ਸੱਜਣਾਂ ਮਿੱਤਰਾਂ ਨੂੰ ਮਿਲਣਾ ਇਸ ਲਈ ਰੋਕਿਆ ਹੋਇਆ ਹੈ ਕਿ ਜਦੋਂ ਮੈਂ ਜਾਵਾਂ ਨਵੀਂ ਕਿਤਾਬ ਵੀ ਨਾਲ ਹੀ ਉਹਨਾਂ ਨੂੰ ਭੇਟਾ ਕਰ ਆਵਾਂ। ਇਸ ਦੇ ਜਵਾਬ ਵਿਚ ਮੈਨੂੰ ਸੁਝਾਉ ਦਿਤਾ ਕਿ ਮੈਂ ਪੁਰਾਣੀ ਕੋਈ ਕਿਤਾਬ ਹੀ ਲੈ ਜਾਵਾਂ ਪਰ ਪੁਰਾਣੀਆਂ ਤੇ ਬਿਨਾ ਚਿਰ ਲਾਇਆਂ ਮੈਂ ਨਾਲੋ ਨਾਲ ਹੀ, ਪਾਠਕਾਂ ਦੇ ਹੱਥਾਂ ਤੱਕ ਪੁਚਾ ਕੇ ਮੁਕਾਈ ਜਾਂਦਾ ਰਹਿੰਦਾ ਹਾਂ। ਮੈਨੂੰ ਮਿੱਠੀਆਂ ਮਿੱਠੀਆਂ ਗੱਲਾਂ ਨਾਲ ਖ਼ੁਸ਼ ਕਰਕੇ, ਬਿਸਕੁਟਾਂ ਨਾਲ ਚਾਹ ਦਾ ਕੱਪ ਪਿਆ ਕੇ ਤੋਰ ਦੇਣਾ। ਇਸ ਤਰ੍ਹਾਂ, "ਆਲੇ ਕੌਡੀ, ਛਿੱਕੇ ਕੌਡੀ" ਕਰਦਿਆਂ ਗਿਣਤੀ ਮਿਣਤੀ ਦੇ ਦਿਨ ਲੰਘੀ ਜਾ ਰਹੇ ਸਨ। ਮੇਰੇ ਕੋਲ, ਵਾਪਸ ਮੁੜਨ ਲਈ ਦਿਨ ਥੋਹੜੇ ਰਹਿ ਗਏ ਤੇ ਦੂਜੇ ਸ਼ਹਿਰਾਂ ਵਿਚ ਰਹਿੰਦੇ ਸੱਜਣਾਂ ਨੂੰ ਆਪਣੀ ਇਸ ਕਿਤਾਬ ਦੀ ਕਾਪੀ ਕਿਸੇ ਨੂੰ ਭੇਟਾ ਨਾ ਕਰ ਸਕਿਆ ਤੇ ਨਾ ਹੀ ਪਹਿਲਾਂ ਵਾਂਗ ਵਿਦਿਅਕ, ਧਾਰਮਿਕ ਸੰਸਥਾਵਾਂ ਅਤੇ ਲਾਇਬ੍ਰੇਰੀਆਂ ਨੂੰ ਹੀ ਭੇਟਾ ਕਰ ਸਕਿਆ। ਮੈਂ ਆਪਣੀ ਹਰੇਕ ਕਿਤਾਬ ਦੀ ਇਕ ਐਡੀਸ਼ਨ ਦੀਆਂ ੧੦੦੦ ਕਾਪੀਆਂ ਛਪਵਾਉਂਦਾ ਹਾਂ ਤੇ ਉਸ ਵਿਚੋਂ ਅਧੀਆਂ ਕਾਪੀਆਂ ਓਥੇ ਹੀ ਸਾਹਿਤਕਾਰਾਂ, ਸੱਜਣਾਂ, ਲਾਇਬ੍ਰੇਰੀਆਂ ਨੂੰ ਭੇਟਾ ਕਰ ਆਉਂਦਾ ਹਾਂ। ਏਥੇ ਸਿਡਨੀ ਵਿਚ ਕੋਰੀਅਰ ਰਾਹੀਂ ਮੰਗਵਾਉਣ 'ਤੇ ਛਪਾਈ ਨਾਲੋਂ ਦੂਣਾ ਖ਼ਰਚ ਆ ਜਾਂਦਾ ਹੈ।
ਆਖਰ ਰਾਜੇ ਦੀ ਘੋੜੀ ਸੂ ਈ ਪਈ। ਸ. ਗੁਰਸਾਗਰ ਸਿੰਘ ਜੀ ਨੇ ਇਹ ਖ਼ੁਸ਼ਖ਼ਬਰੀ ਇਕ ਦਿਨ ਮੈਨੂੰ ਸੁਣਾ ਹੀ ਦਿਤੀ ਕਿ ਕਿਤਾਬ ਛਪ ਗਈ ਹੈ ਤੇ ਆਪਣੇ ਕੋਲੋਂ ਇਕ ਕਾਪੀ ਮੇਰੇ ਹੱਥ ਫੜਾ ਦਿਤੀ। ਕਿਤਾਬ ਦੀ ਬਣਤਰ ਵੇਖ ਕੇ ਹਰੇਕ ਵਾਰ ਵਾਂਗ ਦਿਲ ਜਾਣੀ ਕਿ ਬਾਗੋ ਬਾਗ ਜਿਹਾ ਹੋ ਗਿਆ ਤੇ ਦੇਰੀ ਦਾ ਸਾਰਾ ਗਿਲ੍ਹਾ ਜਾਂਦਾ ਰਿਹਾ। ਕਾਹਲੀ ਕਾਹਲੀ ਵਿਚ ਇਸ ਲਈ ਇਕ ਬੰਡਲ ਹਾਲ ਬਾਜ਼ਾਰ ਵਿਚਲੇ ਆਜ਼ਾਦ ਬੁੱਕ ਡੀਪ ਵਾਲੇ, ਸ. ਕੁਲਦੀਪ ਸਿੰਘ ਕੋਲ ਪੁਚਾ ਦਿਤਾ ਤੇ ਥੋਹੜੀਆਂ ਕੁ ਨੇੜੇ ਤੇੜੇ ਦੇ ਸੱਜਣਾਂ ਅਤੇ ਸਥਾਨਾਂ ਨੂੰ ਭੇਟਾ ਕਰ ਆਇਆ। ਆਪਣੇ ਪਿੰਡਾਂ ਸੂਰੋ ਪੱਡਾ, ਵੈਰੋ ਨੰਗਲ ਆਦਿ ਸਥਾਨਾਂ ਤੇ ਦੇਣ ਦੇ ਨਾਲ ਨਾਲ ਬਟਾਲੇ ਆਪਣੇ ਸੱਜਣ ਵੀ ਅਤੇ ਰਿਸ਼ਤੇਦਾਰ ਵੀ, ਸ. ਦੀਦਾਰ ਸਿੰਘ ਅਟਵਾਲ ਨੂੰ ਵੀ ਭੇਟਾ ਕਰ ਆਇਆ, ਜੋ ਖ਼ੁਦ ਦਵਿੰਦਰ ਦੀਦਾਰ ਦੇ ਕਲਮੀ ਨਾਂ ਹੇਠ ਉਚ ਪਾਏ ਦੇ ਸਾਹਿਤਕਾਰ ਹਨ। ਬਟਾਲੇ ਵਿਚ ਹੀ ਆਪਣੇ ਪੁਰਾਣੇ ਮਿੱਤਰਾਂ ਵਿਚੋਂ ਬਚੇ ਮਿੱਤਰ, ਸ. ਹਰਭਜਨ ਸਿੰਘ ਬਾਜਵਾ ਫ਼ੋਟੋਗਰਾਫ਼ਰ ਨੂੰ ਵੀ, ਉਹਨਾਂ ਦੇ ਸਟੁਡੀਓ/ਘਰ ਕਾਹਨੂੰਵਾਨ ਰੋਡ ਉਪਰ ਉਚੇਚਾ ਜਾ ਕੇ ਭੇਟਾ ਕਰ ਆਇਆ।
ਜਿੱਥੇ ਪਹਿਲਾਂ ਚਾਰ ਪੰਜ ਸੌ ਕਾਪੀਆਂ ਸਿਡਨੀ ਵਿਚ ਮੰਗਵਾਉਂਦਾ ਸਾਂ ਓਥੇ ਇਸ ਵਾਰੀ ਸਾਢੇ ਛੇ ਸੌ ਮੰਗਵਾ ਲਈਆਂ। ਕਰੋਨੇ ਦੇ ਕਹਿਰ ਕਰਕੇ ਉਹਨਾਂ ਪੰਜ ਬੰਡਲਾਂ ਵਿਚੋਂ ਸਾਢੇ ਤਿੰਨ ਬੰਡਲ ਅਜੇ ਪਏ ਹੋਏ ਹਨ। ਆਸ ਸੀ ਕਿ ਅਪ੍ਰੈਲ ਵਿਚ ਪਰਥ ਵਾਲੀਆਂ ਸਿੱਖ ਖੇਡਾਂ ਅਤੇ ਜੂਨ ਵਿਚਲੇ ਗ੍ਰਿਫ਼ਿਥ ਵਾਲੇ ਸ਼ਹੀਦੀ ਟੂਰਨਾਮੈਂਟ ਵਿਚ ਸ਼ਾਮਲ ਹੋਣ ਵਾਸਤੇ ਆਸਟ੍ਰੇਲੀਆ ਦੇ ਦੂਜੇ ਸ਼ਹਿਰਾਂ ਅਤੇ ਗਵਾਂਢੀ ਮੁਲਕਾਂ ਵਿਚੋਂ ਆਏ ਪੰਜਾਬੀ ਪਾਠਕਾਂ ਨੂੰ ਭੇਟਾ ਹੋ ਜਾਣਗੀਆਂ। ਰਹਿੰਦੀਆਂ ਸਮੇ ਸਮੇ ਆਸਟ੍ਰੇਲੀਆ ਦੇ ਬਾਕੀ ਸ਼ਹਿਰਾਂ ਵਿਚ ਵੰਡ ਦਿਤੀਆਂ ਜਾਣਗੀਆਂ। ਪਰ, "ਨਰ ਚਾਹਤ ਕਛੁ ਅਉਰ ਅਉਰੈ ਕੀ ਅਉਰੈ ਭਈ॥" ਵਾਲੇ ਮਹਾਂਵਾਕ ਅਨੁਸਾਰ, "ਨਹਾਤੀ ਧੋਤੀ ਰਹਿ ਗਈ ਤੇ ਉਤੇ ਮੱਖੀ ਬਹਿ ਗਈ।" ਮਨ ਹੀ ਮਨ ਬਣਾਏ ਸ਼ੇਖ਼ ਚਿੱਲੀ ਵਾਲੇ ਪਲਾਨ ਨੇਪਰੇ ਚੜ੍ਹਨ ਵਾਲੇ ਰੁੱਖ ਦੀਆਂ ਜੜ੍ਹਾਂ ਵਿਚ ਇਹ ਨਾਮੁਰਾਦ ਕਰੋਨਾ ਬਹਿ ਗਿਆ।
ਅੰਮ੍ਰਿਤਸਰੋਂ ੨੨ ਨਵੰਬਰ ਨੂੰ ਜਹਾਜੇ ਬਹਿ ਗਿਆ ਤਾਂ ਕਿ ੨੩ ਨੂੰ ਸਿਡਨੀ ਪਹੁੰਚ ਕੇ, ੨੪ ਨੂੰ ਮੈਲਬਰਨ ਵਿਚ ਹੋਣ ਵਾਲੇ ਸਾਹਿਤਕ ਸਮਾਗਮ ਵਿਚ ਸ਼ਾਮਲ ਹੋਇਆ ਜਾ ਸਕੇ। ਸਮਾਗਮ ੨੪ ਦੀ ਸ਼ਾਮ ਨੂੰ ਹੋਣਾ ਸੀ। ਇਸ ਕਰਕੇ ਜਹਾਜ ਰਾਹੀਂ ਸ਼ਾਮ ਤੱਕ ਮੈਲਬਰਨ ਸੌਖਾ ਹੀ ਪਹੁੰਚਿਆ ਜਾ ਸਕਦਾ ਸੀ। ਉਸ ਸਮਾਗਮ ਵਿਚ ਮੇਰੀ ਨਵੀਂ ਕਿਤਾਬ 'ਕੁਝ ਏਧਰੋਂ ਕੁਝ ਓਧਰੋਂ' ਨੂੰ ਪਾਠਕ ਅਰਪਣ ਕਰਨ ਦਾ ਵੀ ਪ੍ਰੋਗਰਾਮ ਸੀ।
 ਆਪਣੇ ਚਿਰਕਾਲੀ ਮਿੱਤਰ ਬਟਾਲਾ ਨਿਵਾਸੀ ਸ. ਹਰਭਜਨ ਸਿੰਘ ਬਾਜਵਾ ਫ਼ੋਟੋ ਗਰਾਫ਼ਰ ਨੂੰ, ਉਹਨਾਂ ਦੇ ਸਟੁਡੀਉ ਦੇ ਸਾਹਮਣੇ ਆਪਣੀ ਨਵੀਂ ਕਿਤਾਬ 'ਕੁਝ ਏਧਰੋਂ ਕੁਝ ਓਧਰੋਂ' ਭੇਟਾ ਕਰਦੇ ਸਮੇ।
ਸਿਡਨੀ ਤੇ ਸਮੇ ਸਿਰ ਪਹੁੰਚ ਗਿਆ ਪਰ ਸਿਡਨੀ ਵਿਚ ਹੀ ਕੁਝ ਜਰੂਰੀ ਸਮਾਗਮਾਂ ਕਰਕੇ ਮੈਲਬਰਨ ਨਾ ਜਾ ਸਕਿਆ। ਇਹ ਵੀ ਸੋਚ ਲਿਆ ਕਿ ਮੇਰੇ ਇਕ ਜਣੇ ਦੇ ਓਥੇ ਜਾਣ ਜਾਂ ਨਾ ਜਾਣ ਕਰਕੇ ਕੋਈ ਫਰਕ ਨਹੀਂ ਪੈਣ ਲੱਗਾ ਪਰ ਏਥੇ ਖਾਹਮਖਾਹ ਨਾਰਾਜ਼ਗੀ ਪੈਦਾ ਹੋ ਜਾਣ ਦੀ ਸੰਭਾਵਨਾ ਹੋ ਸਕਦੀ ਸੀ। ਫਿਰ ਮੈਲਬਰਨ ਦੀ ਇਹ ਯਾਤਰਾ ਅੱਗੇ ਨੂੰ ਖਿਸਕਦੀ ਖਿਸਕਦੀ ਮਾਰਚ, ੨੦੨੦ ਤੇ ਜਾ ਪਈ। (ਸੰਖੇਪ ਲੇਖ ਸਮਾਪਤ)
ਪਿੱਛਲ ਲਿਖਤ:
ਸਾਰੀ ਦੁਨੀਆਂ ਤੋਂ ਸਰਕਾਰੀ ਸੱਦੇ ਉਪਰ ਮੁਲਕਾਂ ਵਿਚੋਂ ੬੫/੭੦ ਸਿੱਖ ਇਸ ਮਹਾਨ ਸਮਾਗਮ ਵਿਚ ਭਾਗ ਲੈਣ ਲਈ ਪਹੁੰਚੇ ਹੋਏ ਸਨ। ਉਹਨਾਂ ਵਿਚੋ ਜਿੰਨਿਆਂ ਦੇ ਨਾਂ ਇਸ ਸਮੇ ਮੈਨੂੰ ਯਾਦ ਹਨ ਉਹ ਇਸ ਪ੍ਰਕਾਰ ਹਨ:
ਆਸ੍ਰਟੇਲੀਆ ਤੋਂ ਅਸੀਂ ਦੋਵੇਂ ਭਰਾ ਮੈਂ ਅਤੇ ਮੇਰਾ ਛੋਟਾ ਭਰਾ ਸ. ਦਲਬੀਰ ਸਿੰਘ। ਸਾਡਾ ਚਚੇਰਾ ਭਰਾ ਭਾਈ ਰਣਜੀਤ ਸਿੰਘ, ਆਪਣੇ ਇਕ ਸਾਥੀ ਢਿੱਲੋਂ ਸਾਹਿਬ ਨਾਲ ਨਿਊ ਯਾਰਕ ਤੋਂ। ਇਸ ਤੋਂ ਇਲਾਵਾ ਸ. ਰੇਸ਼ਮ ਸਿੰਘ ਸੰਧੂ ਲੈਸਟਰ ਤੋਂ, ਸ. ਇੰਦਰਜੀਤ ਸਿੰਘ ਬੱਲ ਕੈਨੇਡਾ ਤੋਂ, ਇਹ ਦੋਵੇਂ ਸੱਜਣ ਅਤੇ  ਮੈਂ, ੨੦੧੬ ਵਿਚ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਢੇ ਤਿੰਨ ਸੌ ਸਾਲਾ ਪ੍ਰਕਾਸ਼ ਉਤਸ਼ਵ ਦੇ ਸਮਾਗਮ ਸਮੇ, ਪਟਨਾ ਸਾਹਿਬ ਵਿਚ ਵੀ ਇਕੱਠੇ ਇਕੋ ਹੋਟਲ ਵਿਚ ਠਹਿਰੇ ਸਾਂ। ਸ. ਸੁਰਜੀਤ ਸਿੰਘ, ਸ. ਜਗਦੀਸ਼ ਸਿੰਘ ਗਰੇਵਾਲ, ਸ. ਸੁਰਜੀਤ ਸਿੰਘ ਮਾਨ ਅਤੇ ਡਾ. ਸੁਰਿੰਦਰ ਸਿੰਘ ਅਮ੍ਰੀਕਾ ਤੋਂ, ਭਾਈ ਮਹਿੰਦਰ ਸਿੰਘ ਮੁਖੀ ਨਸ਼ਕਾਮ ਸੇਵਕ ਜਥਾ ਅਤੇ ਸ. ਅਵਤਾਰ ਸਿੰਘ ਗੁਰਦੁਆਰਿਆਂ ਦੀ ਸਾਂਝੀ ਕਮੇਟੀ ਦੇ ਚੇਅਰਮੈਨ ਬਰਮਿੰਘਮ ਤੋਂ, ਪੈਰਿਸ ਤੋਂ ਸ. ਇਕਬਾਲ ਸਿੰਘ ਭੱਟੀ ਅਤੇ ਇਕ ਜਵਾਨ ਗੁਰਸਿੱਖ ਜੋੜਾ, ਨੀਨਾ ਗਿੱਲ ਯੂਰਪੀਅਨ ਯੂਨੀਅਨ ਦੇ ਦੇਸ਼ਾਂ ਦੀ ਸਾਂਝੀ ਪਾਰਲੀਮੈਂਟ ਦੀ ਮੈਂਬਰ ਵਲੈਤੋਂ, ਲੰਡਨ ਤੋਂ ਸ. ਜਸਵੰਤ ਸਿੰਘ ਠੇਕੇਦਾਰ, ਡਾ. ਸ.ਪ. ਸਿੰਘ ਓਬਰਾਇ, ਇਹਨਾਂ ਤੋਂ ਇਲਾਵਾ ਮਲੇਸ਼ੀਆ, ਥਾਈਲੈਂਡ, ਸਿੰਘਾਪੁਰ ਆਦਿ ਮੁਲਕਾਂ ਤੋਂ ਵੀ ਕੁਝ ਮੁਖੀ ਸਿੱਖ ਆਏ ਸਨ। ਸ. ਬਲਬੀਰ ਸਿੰਘ ੩੯੩੨੯੦੩੨੪੫, ਸ. ਸੁਖਪਾਲ ਸਿੰਘ ਧਨੋਆ ੧੮੦੪੫੬੪੪੨੦੮, ਸ. ਪਰਵਿੰਦਰ ਸਿੰਘ ੪੪੭੯੫੬੪੬੪੦੩੪, ਸ. ਰੌਮੀ ਰੇਂਜਰ ੪੪੭੮੩੬੨੬੧੧੯੬, ਸ. ਗੁਰਮੀਤ ਸਿੰਘ ੪੪੭੯੭੧੭੦੧੭੯੧, ਸ. ਕੰਵਲਜੀਤ ਸਿੰਘ ਸੋਨੀ ੧ (੨੪੦) ੪੬੧੪੬੭੧, ਸ. ਤੇਜਿੰਦਰ ਸਿੰਘ ੧ (੨੦੨) ੫੦੩੮੦੫੨, ਸ. ਬਲਜਿੰਦਰ ਸਿੰਘ ੧ (੪੪੩) ੬੭੬੫੬੮੭, ਸ. ਦਿਲਵੀਰ ਸਿੰਘ ੧ (੪੪੩) ੮੨੯੬੨੦੬, ਬੌਬ ਕੈਨੇਡਾ ੧ (੪੧੬) ੪੧੯੭੭੭੭, ਸ. ਬਿੱਲ ਸੰਧੂ ਕੈਨੇਡਾ ੧ (੬੦੪) ੮੨੫੪੩੭੦, ਸ. ਰਾਮੇਸ਼ ਸਿੰਘ ਸੰਘਾ ਐਮ.ਪੀ. ਕੈਨੇਡਾ, ਸ. ਭੂਪਿੰਦਰ ਸਿੰਘ ਊਭੀ ਕੈਨੇਡਾ ੧ (੬੪੭) ੨੮੪੭੧੦੭, ਸ. ਸਰਬਜੀਤ ਸਿੰਘ ਥਾਈਲੈਂਡ ੬੬੮੧੬੧੧੯੯੪੭, ਲਾੱਰਡ ਰਾਮਿੰਦਰ ਸਿੰਘ ਰਾਣਾ ਆਪਣੀ ਸਿੰਘਣੀ ਸਮੇਤ ਯੂ.ਕੇ., ੪੪੭੭੬੮੪੮੪੫੭੭, ਸ. ਪਰਮਜੀਤ ਸਿੰਘ ੩੪੬੭੧੩੬੯੨੭੭, ਸ. ਸੰਦੀਪ ਸਿੰਘ ੪੪੭੫੭੦੭੯੫੬੩੭, ਸ. ਜਗਤਾਰ ਸਿੰਘ ੪੪੭੭੨੫੭੯੭੦੬੧, ਸ. ਹਰਚਰਨ ਸਿੰਘ ਮਲੇਸ਼ੀਆ ੬੦੧੨੬੫੭੫੪੫੯, ਸ. ਸੁਰਜੀਤ ਸਿੰਘ ੯੮੭੬੨੫੧੨੧੩, ਸ. ਰੇਂਜਰ ਸਿੰਘ ਸਿੰਘਣੀ ਸਮੇਤ, ਸ. ਜਗਤਾਰ ਸਿੰਘ ਅਜੀਮਲ ਸਿੰਘਣੀ ਸਮੇਤ, ਸ. ਗੁਰਮੇਲ ਸਿੰਘ ਯੂ.ਕੇ., ਸ. ਬਲਬੀਰ ਸਿੰਘ ਇਟਲੀ, ਸਰਦਾਰਨੀ ਅਵਤਾਰ ਕੌਰ ਊਭੀ ਕੈਨੇਡਾ, ਸਰਦਾਰਨੀ ਸੰਦੀਪ ਕੌਰ ਯੂ.ਕੇ., ਸ. ਜਗਵੰਤ ਸਿੰਘ ਇਟਲੀ, ਸ. ਕੁਲਦੀਪ ਸਿੰਘ ਊਭੀ, ਬਰਮਿੰਘਮ, ਸ. ਨਾਨਕ ਸਿੰਘ ਮਲੇਸ਼ੀਆ, ਡਾ. ਜਸਦੇਵ ਸਿੰਘ ਰਾਇ ਲੰਡਨ, ਸ. ਜਗਦੇਵ ਸਿੰਘ ਮਾਵੀ ਵਾਲਸਾਲ ਯੂ.ਕੇ., ਸਰਦਾਰ ਅਤੇ ਸਰਦਾਰਨੀ ਹਰਬਿੰਦਰ ਕੌਰ ਜੀ ਅਤੇ ਸ. ਗੁਰਮੀਤ ਸਿੰਘ ਰੰਧਾਵਾ ਵੇਲਜ਼ ਤੋਂ Gurmit Singh Randhawa MBE; BCHA Chairman Sikh Council of Wales President Sikh Gurdwara Cardiff,
ਇਕ ਅਫ਼੍ਰੀਕਾ ਦੇ ਮੁਲਕ ਕੀਨੀਆ ਵਿਚ ਪਲ ਕੇ ਓਥੋਂ ਉਤਰੀ ਆਇਰਲੈਂਡ ਵਿਚ ਜਾ ਵਸੇ ਸਿੱਖ ਆਗੂ (ਨਾਂ ਯਾਦ ਨਹੀਂ ਆ ਰਿਹਾ) ਵੀ ਸਾਡੇ ਨਾਲ ਸਨ।
ਸੰਤੋਖ ਸਿੰਘ
ਸਿਡਨੀ, ਆਸਟ੍ਰੇਲੀਆ
ਫ਼ੋਨ: +੬੧ ੪੮੭ ੦੧੫ ੮੪੫
ਲੈਂਡਲਾਈਨ: +੬੧ ੨ ੯੮੬੪ ੫੨੬੮
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਢੇ ਪੰਜ ਸੌ ਸਾਲਾ ਪ੍ਰਕਾਸ਼ ਉਤਸ਼ਵ ਦੇ ਸਮਾਗਮਾਂ ਵਿਚ ਹਿੱਸਾ ਲੈਣ ਲਈ, ਸੰਸਾਰ ਭਰ ਤੋਂ ਸੱਦੇ ਗਏ ਸਿੱਖਾਂ ਦੇ ਡੈਲੀਗੇਸ਼ਨ ਦੇ ਕੁਝ ਮੈਂਬਰਾਂ ਦੀ ਗਰੁਪ ਫ਼ੋਟੋ। ਅੰਮ੍ਰਿਤਸਰ ਦੀ ਆਬਾਦੀ ਰਣਜੀਤ ਐਵੇਨਿਊ ਦੇ ਹੌਲੀਡੇ ਇਨ ਵਿਚ ਖਿੱਚੀ ਗਈ।
ਯਾਰਾਂ ਨਵੰਬਰ ੨੦੧੯ ਵਾਲੇ ਦਿਨ, ਜਲੰਧਰ ਦੇ ਇਕ ਹੋਟਲ ਵਿਚ, ਪੰਜਾਬ ਦੇ ਮੁਖ ਮੰਤਰੀ ਵੱਲੋਂ ਦਿਤੇ ਗਏ ਡਿੱਨਰ ਸਮੇ ਬੈਠੇ ਖੱਬਿਉਂ ਸੱਜੇ: ਸ. ਜਸਵੰਤ ਸਿੰਘ ਠੇਕੇਦਾਰ ਲੰਡਨ ਤੋਂ, ਸ. ਅਵਤਾਰ ਸਿੰਘ ਬਰਮਿੰਘਮ ਤੋਂ, ਫਰਾਂਸ ਤੋਂ ਇਕ ਗੁਰਸਿੱਖ ਜੋੜਾ, ਸ. ਦਲਬੀਰ ਸਿੰਘ ਅਤੇ ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ ਤੋਂ ਅਤੇ ਇਕ ਹੋਰ ਸਰਦਾਰ ਜੀ।
ਡਿੱਨਰ ਸਮੇ ਹੀ ਖੱਬਿਉਂ: ਗਿ. ਸੰਤੋਖ ਸਿੰਘ, ਨੀਨਾ ਗਿੱਲ ਐਮ.ਪੀ, ਇੰਗਲੈਂਡ ਤੋਂ ਯੂਰਪੀਅਨ ਪਾਰਲੀਮੈਂਟ ਦੀ ਮੈਂਬਰ, ਬਰਮਿੰਘ ਤੋਂ ਸ. ਅਵਤਾਰ ਸਿੰਘ, ਲੰਡਨੋ ਸ. ਜਸਵੰਤ ਸਿੰਘ ਠੇਕੇਦਾਰ ਅਤੇ ਸਿਡਨੀ ਤੋਂ ਸ. ਦਲਬੀਰ ਸਿੰਘ।
ਮੋਹਰਲੀ ਕਤਾਰ ਵਾਲੇ ਪੰਜ ਜਣੇ ਖੱਬਿਉਂ: ਇਕ ਜੋੜਾ ਸਰਦਾਰ ਅਤੇ ਸਰਦਾਰਨੀ ਕੈਨੇਡਾ ਤੋਂ, ਸ. ਦਲਬੀਰ ਸਿੰਘ ਸ. ਇਕਬਾਲ ਸਿੰਘ ਭੱਟੀ ਪੈਰਿਸ ਤੋਂ ਅਤੇ ਗਿਆਨੀ ਸੰਤੋਖ ਸਿੰਘ।
੨੨ ਅਕਤੂਬਰ, ੨੦੧੯ ਵਾਲੇ ਦਿਨ, ੯੧ ਦੇਸਾਂ ਦੇ ਐਂਬੈਸਡਰ ਸ੍ਰੀ ਦਰਬਾਰ ਸਾਹਿਬ ਜੀ ਦੀ ਯਾਤਰਾ ਲਈ ਆਏ ਸਨ। ਉਸ ਸਮੇ ਸਿਡਨੀ ਵਾਸੀ ਸ. ਅਜਾਇਬ ਸਿੰਘ ਸਿੱਧੂ ਦੀ ਹੋਣਹਾਰ ਸਪੁੱਤਰੀ, ਹਰਿੰਦਰ ਕੌਰ ਸਿੱਧੂ ਆਸਟ੍ਰੇਲੀਆ ਸਰਕਾਰ ਵੱਲੋਂ ਦਿੱਲੀ ਵਿਚ ਹਾਈ ਕਮਿਸ਼ਨਰ ਹਨ, ਨਾਲ ਉਸ ਸਮੇ ਖਿੱਚੀ ਗਈ ਫ਼ੋਟੋ।
੨੨ ਸਤੰਬਰ ੨੦੧੯ ਵਾਲੇ ਦਿਨ, ਗੁਰੂ ਨਾਨਕ ਭਵਨ ਅੰਮ੍ਰਿਤਸਰ ਵਿਚ, ਸ਼੍ਰੋਮਣੀ ਗੁ.ਪ੍ਰ. ਕਮੇਟੀ ਵੱਲੋਂ ਰਚੇ ਗਏ ਸੈਮੀਨਾਰ ਸਮੇ, ਸਾਰੇ ਸਮਾਗਮਾਂ ਦੇ ਮੁਖੀ ਪ੍ਰੋਫ਼ੈਸਰ ਕ੍ਰਿਪਾਲ ਸਿੰਘ ਬਡੂੰਗਰ ਅਤੇ ਕਮੇਟੀ ਦੇ ਮੁਖ ਸਕੱਤਰ ਡਾ. ਰੂਪ ਸਿੰਘ ਜੀ ਵੱਲੋਂ, ਗਿ. ਸੰਤੋਖ ਸਿੰਘ ਨੂੰ ਸਿਰੋੇਪੇ ਅਤੇ ਕਿਤਾਬਾਂ ਦੇ ਸੈਟ ਨਾਲ ਸਨਮਾਨਤ ਕੀਤਾ ਗਿਆ।
ਡਿੱਨਰ ਸਮੇ ਹੀ ਮੁਖ ਮੰਤਰੀ ਵੱਲੋਂ ਡੇਲੀਗੇਸ਼ਨ ਦੇ ਮੈਂਬਰਾਂ ਦਾ ਕਿਤਾਬਾਂ ਅਤੇ ੴ ਵਾਲਾ ਮੋਮੈਂਟੋ ਭੇਟਾ ਕਰਕੇ ਸਨਮਾਨ ਕੀਤਾ ਗਿਆ।
੧੨ ਨਵੰਬਰ ਗੁਰਪੁਰਬ ਵਾਲੇ ਦਿਨ, ਗੁਰਦਆਰਾ ਸਾਹਿਬ ਸੁਲਤਾਨ ਪੁਰ ਵਿਖੇ ਸਜੇ ਪੰਜਾਬ ਵਿਚ ਡੈਲੀਗੇਸ਼ਨ ਨੂੰ ਲਿਜਾ ਕੇ ਮੋਹਰਲੀ ਕਤਾਰ ਵਿਚ ਬੈਠਾਇਆ ਗਿਆ: ਬੈਠੇ: ਸ. ਦਲਬੀਰ ਸਿੰਘ ਗਿ. ਸੰਤੋਖ ਸਿੰਘ ਅਤੇ ਸ. ਇਕਬਾਲ ਸਿੰਘ ਭੱਟੀ।
ਆਪਣੇ ਚਿਰਕਾਲੀ ਮਿੱਤਰ ਬਟਾਲਾ ਨਿਵਾਸੀ ਸ. ਹਰਭਜਨ ਸਿੰਘ ਬਾਜਵਾ ਫ਼ੋਟੋ ਗਰਾਫ਼ਰ ਨੂੰ, ਉਹਨਾਂ ਦੇ ਸਟੁਡੀਉ ਦੇ ਸਾਹਮਣੇ ਆਪਣੀ ਨਵੀਂ ਕਿਤਾਬ 'ਕੁਝ ਏਧਰੋਂ ਕੁਝ ਓਧਰੋਂ' ਭੇਟਾ ਕਰਦੇ ਸਮੇ।
੯ ਨਵੰਬਰ ਵਾਲੇ ਦਿਨ ਸ੍ਰੀ ਕਰਤਾਰ ਸਾਹਿਬ ਜੀ ਦੇ ਲਾਂਘੇ ਦੇ ਉਦਘਾਟਨ ਸਮੇ ਗੁਰਦੁਆਰਾ ਕਤਰਤਾਰ ਸਾਹਿਬ ਵਿਚ ਸੰਗਤਾਂ ਦਾ ਠਾਠਾਂ ਮਾਰਦਾ ਉਤਸ਼ਾਹ ਭਰਿਆ ਇਕੱਠ।
ਵਿਸਥਾਰਤ ਖੇਲਾ ਪਰਵਾਰ ਦੇ ਬੱਚੇ ਦੇ ਅਨੰਦ ਕਾਰਜ ਸਮੇ, ਹੁਸ਼ਿਆਰ ਪੁਰ ਦੇ ਗੁਰਦੁਆਰਾ ਸਾਹਿਬ ਜੀ ਦੇ ਗ੍ਰੰਥੀ ਸਿੰਘ ਜੀ ਅਤੇ ਪ੍ਰਧਾਨ ਸਾਹਿਬ ਜੀ ਦੁਆਰਾ ਦਾਸ ਨੂੰ ਗੁਰੂ ਘਰੋਂ ਸਿਰੋਪੇ ਦੀ ਬਖ਼ਸ਼ਿਸ਼ ਹੋਈ।
ਮਨਵਿੰਦਰ ਸਿੰਘ ਜੀਓ, ਫ਼ੋਟੋਆਂ ਦੀ ਬਹੁਲਤਾ ਹੋਣ ਕਾਰਨ ਲੇਖ ਬੇਲੋੜਾ ਵਧਦਾ ਵੇਖੋ ਤਾਂ ੭ ਅਤੇ ੧੦ ਨੰਬਰ ਵਾਲੀਆਂ ਫ਼ੋਟੋਜ਼ ਛੱਡ ਵੀ ਸਕਦੇ ਹੋ।
ਅੰਤ ਵਿਚ ਡੈਲੀਗੇਸ਼ਨ ਦੇ ਕੁਝ ਮੈਂਬਰਾਂ ਦੇ ਜੇਹੜੇ ਨਾਂ ਲਿਖੇ ਹਨ, ਜੇ ਉਹਨਾਂ ਤੁਸੀਂ ਬੇਲੋੜੇ ਸਮਝੋ ਤਾਂ ਉਹ ਵੀ ਡੀਲੀਟੇ ਜਾ ਸਕਦੇ ਹਨ।

ਮੇਰੇ ਫੇਸਬੁੱਕ ਖਾਤੇ ਦੀ ਦਾਸਤਾਨ - ਗਿਆਨੀ ਸੰਤੋਖ ਸਿੰਘ

ਇਹ ਜਾਦੂਮਈ ਕਾਢ ਇਕ ਅੰਗ੍ਰੇਜ਼ੀ ਬੋਲਣ ਵਾਲ਼ੇ ਸੱਜਣ ਮਾਰਕ ਜ਼ੁਕਰਬਰਗ ਨੇ ਕੱਢੀ ਹੋਣ ਕਰਕੇ, ਇਸ ਦਾ ਨਾਂ ਵੀ ਉਸ ਨੇ ਅੰਗ੍ਰੇਜ਼ੀ ਵਿਚ ਫੇਸਬੁੱਕ ਹੀ ਰੱਖਿਆ। ਸਾਬਕਾ ਡਿਪਟੀ ਕਮਿਸ਼ਨਰ ਸ. ਗੁਰਤੇਜ ਸਿੰਘ ਆਈ.ਏ.ਐਸ. ਜੀ ਨੇ ਇਸ ਦਾ ਨਾਂ ਪੰਜਾਬੀ ਵਿਚ ‘ਮੁਖੜਾ ਪੋਥੀ’ ਰੱਖਿਆ ਹੈ। ਐਡੀਲੇਡ ਦੇ ਵਾਸੀ ਨੌਜਵਾਨ ਪੱਤਰਕਾਰ ਸ. ਤੇਜਸ਼ਦੀਪ ਸਿੰਘ ਅਜਨੌਦਾ ਨੇ ਇਸ ਦਾ ਨਾਂ ‘ਬੂਥਾਪੋਥੀ’ ਧਰ ਦਿਤਾ ਹੈ। ਮੈਂ, ਸਦਾ ਵਾਂਗ ਹੀ, ਇਸ ਦਾ ਪੰਜਾਬੀ ਵਿਚ ਤਰਜਮਾ ਕਰਨ ਦੇ ਖਲਜਗਣ ਵਿਚ ਪੈਣਾ ਜਰੂਰੀ ਨਹੀਂ ਸਮਝਦਾ। ਮੈਂ ਇਸ ਵਿਚਾਰ ਦਾ ਧਾਰਨੀ ਹਾਂ ਕਿ ਜੇਹੜੀ ਚੀਜ ਜਿਸ ਕਿਸੇ ਨੇ ਈਜਾਦ ਕੀਤੀ ਹੈ ਤੇ ਉਸ ਨੇ ਜੋ ਉਸ ਦਾ ਨਾਂ ਰੱਖਿਆ ਹੈ, ਓਸੇ ਨੂੰ ਗੁਰਮੁਖੀ ਅੱਖਰਾਂ ਵਿਚ ਲਿਖ ਕੇ, ਪੰਜਾਬੀ ਬੋਲੀ ਦੇ ਸ਼ਬਦ ਭੰਡਾਰ ਵਿਚ ਵਾਧਾ ਕਰ ਲੈਣਾ ਚਾਹੀਦਾ ਹੈ ਤੇ ਤਰਜਮਿਆਂ, ਨਵੇਂ ਨਾਵਾਂ ਆਦਿ ਦੇ ਚੱਕਰਾਂ ਵਿਚ ਪਾਠਕਾਂ ਨੂੰ ਨਾ ਉਲ਼ਝਾਇਆ ਜਾਵੇ।
ਆਪਣੀ ਚੌਥੀ ਅਤੇ ਵਡੇਰੀ ਕਿਤਾਬ ‘ਬਾਤਾਂ ਬੀਤੇ ਦੀਆਂ’ ਪਾਠਕਾਂ ਦੇ ਹੱਥਾਂ ਵਿਚ ਅਪੜਾਉਣ ਲਈ, ਅਕਤੂਬਰ, 2010 ਵਿਚ, ਮੈਂ ਨਿਊ ਜ਼ੀਲੈਂਡ ਵਿਚ ਚਲਿਆ ਗਿਆ। ਓਥੇ ਆਪਣੇ ਮੂੰਹ ਬੋਲੇ ਭਤੀਜੇ, ਗੁਰਿੰਦਰ  ਸਿੰਘ ਢੱਟ ਦੇ ਘਰ ਵਿਚ ਡੇਰਾ ਲਾ ਲਿਆ। ਉਸ ਨੇ ਮੇਰੇ ਵੱਲੋਂ ਮੁੜ ਮੁੜ ਨਾਂਹ ਕਰਨ ਦੇ ਬਾਵਜੂਦ, ਕਈ ਲਾਭ ਗਿਣਾ ਗਿਣਾ ਕੇ ਮੇਰਾ ਫੇਸਬੁੱਕ ਅਕਾਊਂਟ ਬਣਾ ਦਿਤਾ। ਮੇਰੇ ਵਾਸਤੇ ਉਹ ਨਵਾਂ ‘ਘੀਚਮ-ਚੋਲ਼ਾ’ ਜਿਹਾ ਬਣ ਗਿਆ। ਮੈਂ ਇਸ ਨਵੇਂ ਯੱਭ ਜਿਹੇ ਨੂੰ ਬੰਦ ਕਰਨ ਲਈ ਢੱਟ ਨੂੰ ਕਿਹਾ ਪਰ ਉਸ ਨੇ ਇਸ ਨੂੰ ਬੰਦ ਕਰਨ ਤੋਂ ਹੱਥ ਖੜ੍ਹੇ ਕਰ ਦਿਤੇ। ਫਿਰ ਮੈਂ ਆਪਣੇ ਪੁੱਤਰ ਸੰਦੀਪ ਸਿੰਘ ਨੂੰ ਕਿਹਾ ਕਿ ਇਸ ਨੂੰ ਬੰਦ ਕਰ ਦਏ। ਉਸ ਨੇ ਇਹ ਕਹਿ ਕੇ, “ਮੈਂ ਵੀ ਸੋਚਦਾ ਸਾਂ ਕਿ ਪਾਪਾ ਨੇ ਬੁੱਢੇ ਵਾਰੇ ਇਹ ਕੀ ਬਿਪਤਾ ਸਹੇੜ ਲਈ ਹੈ!” ਮੈਨੂੰ ਦੱਸ ਦਿਤਾ ਕਿ ਮੇਰਾ ਖਾਤਾ ਬੰਦ ਕਰ ਦਿਤਾ ਹੈ।
ਦੋ ਕੁ ਸਾਲਾਂ ਵਿਚ ਹੋਰਨਾਂ ਨੂੰ ਫੇਸਬੁੱਕ ਵਰਤਦਾ ਵੇਖ ਕੇ, ਮੇਰਾ ਵੀ ਫਿਰ ਇਸ ਨੂੰ ਵਰਤਣ ਲਈ ਜੀ ਕਰ ਆਇਆ। ਪੁੱਤਰ ਨੂੰ ਕਿਹਾ ਕਿ ਮੇਰਾ ਵੀ ਖਾਤਾ ਖੋਹਲ ਦੇਹ। ਉਸ ਨੇ, ਜੇਹੜਾ ਮੈਨੂੰ ਕਿਹਾ ਸੀ ਕਿ ਉਸ ਨੇ ਬੰਦ ਕਰ ਦਿਤਾ ਸੀ, ਅਸਲ ਵਿਚ ਬੰਦ ਨਹੀਂ ਸੀ ਕੀਤਾ ਬੱਸ ਉਸ ਨੂੰ ਚੁੱਪ ਹੀ ਕਰਵਾ ਦਿਤਾ ਸੀ, ਓਸੇ ਖਾਤੇ ਨੂੰ ਫਿਰ ਬੋਲਣ ਲਾ ਦਿਤਾ। ਉਸ ਵੇਲ਼ੇ ਤੋਂ ਫਿਰ ਮੈਂ ਵੀ ਟੋਹ ਟੋਹ ਕੇ ਫੇਸਬੁੱਕ ਵਰਤਣਾ ਸ਼ੁਰੂ ਕਰ ਦਿਤਾ ਤੇ ਹੌਲ਼ੀ ਹੌਲ਼ੀ ਇਸ ਵਿਚ ਵਾਹਵਾ ਸਮਾ ਖ਼ਰਚਣ ਲੱਗ ਪਿਆ।
ਫਿਰ ਸਾਰੇ ਲੋਕ ਵਹਾਟਸਅਪ ਵਰਤਦੇ ਹੋਣ ਕਰਕੇ, ਮੈਨੂੰ ਵੀ ਮਜਬੂਰੀ ਵੱਸ ਇਸ ਨਵੇਂ ‘ਜੰਘ-ਪਲਾਂਘੇ’ ਵਿਚ ਫਸਣਾ ਪਿਆ। ਇਸ ਵਿਚੋਂ ਇਕ ਕੰਮ ਕਰਨ ਦੀ ਜਾਚ ਆ ਗਈ (ਹੁਣ ਫੇਰ ਭੁੱਲ ਗਈ ਹੈ) ਕਿ ਓਥੋਂ ਕਿਸੇ ਪਸੰਦੀਦਾ ਪੋਸਟ ਨੂੰ ਫੇਸਬੁੱਕ ਉਪਰ ਕਿਵੇਂ ਚਾਹੜਨਾ ਹੈ। ਹੁਣ ਮੇਰੀ ਹਾਲਤ, “ਭੁੱਖੇ ਜੱਟ ਕਟੋਰਾ ਲੱਭਾ, ਪਾਣੀ ਪੀ ਪੀ ਆਫਰਿਆ” ਵਾਲ਼ੀ ਹੋ ਗਈ। ਰੋਜ਼ਾਨਾ ਅਜੀਤ ਤੋਂ ਕਈ ਖ਼ਬਰਾਂ/ਲੇਖਾਂ ਨੂੰ ਬਿਨਾ ਕਿਸੇ ਝਿਜਕ ਦੇ, ਫੇਸਬੁੱਕ ਉਪਰ ਪਾਉਣ ਲੱਗ ਪਿਆ। ਕਿਸੇ ਹੋਰ ਦਾ ਲੇਖ ਵੀ ਸ਼ੇਅਰ ਅਤੇ ਕਾਪੀ ਪੇਸਟ ਕਰੀ ਗਿਆ। ਕਿਤੇ ਸ਼ੇਅਰ ਦਾ ਆਈਕਨ ਨਾ ਹੋਣ ਕਰਕੇ, ਕਾਪੀ ਪੇਸਟ ਕਰ ਦਤਿੀ। ਕਈ ਚੰਗੇ ਲੇਖਾਂ ਦੇ ਸ਼ਬਦ ਜੋੜ ਵੀ ਆਪਣੀ ਮਰਜੀ ਅਨੁਸਾਰ ਬਦਲ ਕੇ ਪੋਸਟ ਕਰੀ ਗਿਆ। ਇਹ ਸਾਰਾ ਕੁਝ ਕਰਦਿਆਂ ਇਹ ਖਿਆਲ ਜਰੂਰ ਰੱਖਿਆ ਕਿ ਲੇਖਕ ਦਾ ਨਾਂ ਨਾ ਲੁਕਾਇਆ ਜਾਵੇ।
ਇਕ ਦਿਨ ਮੈਂ ਇੰਡੋ ਚਾਈਨਾ ਦੇ ਕਿਸੇ ਮੁਲਕ ਵਿਚ, ਬਹੁਤ ਹੀ ਛੋਟੀ ਉਮਰ ਦੇ ਬੱਚੇ ਦੀ ਖੇਤ ਵਿਚ ਵਹਾਟਸਅਪ ਤੋਂ, ਕੱਦੂ ਕਰਦੇ ਦੀ ਵੀਡੀਓ ਪੋਸਟ ਕਰ ਦਿਤੀ। ਮੈਨੂੰ ਉਸ ਬੱਚੇ ਦੀ ਦ੍ਰਿੜ੍ਹਤਾ ਬਹੁਤ ਚੰਗੀ ਲੱਗੀ ਸੀ। ਅਗਲੇ ਦਿਨ ਮੈਨੂੰ ਸਜ਼ਾ ਵਜੋਂ ਇਕ ਦਿਨ ਲਈ ਫੇਸਬੁੱਕ ਵਰਤਣੋ ਰੋਕ ਦਿਤਾ ਗਿਆ। ਕੁਝ ਸਮੇ ਪਿੱਛੋਂ ਮੇਰੀ ਇਕ ਹੋਰ ਫ਼ੋਟੋ ਨਾ ਪਸੰਦ ਕਰਕੇ ਦੋ ਦਿਨਾਂ ਲਈ ਮੇਰਾ ਬਾਈਕਾਟ ਕਰ ਦਿਤਾ ਗਿਆ। ਫਿਰ ਮੈਂ ਸਾਵਧਨ ਹੋ ਗਿਆ ਤੇ ਕੁਝ ਸਮਾ ਇਸ ਪਾਇਉਂ ਆਰਾਮ ਰਿਹਾ।
2021 ਦੇ ਸਤੰਬਰ ਮਹੀਨੇ ਦੇ ਦੂਜੇ ਹਫ਼ਤੇ ਸੁਨੇਹਾ ਆਇਆ ਕਿ ਮੈਂ ਕੋਈ ਕਾਪੀ ਰਾਈਟ ਇਨਫ਼ਰਿੰਜ ਕੀਤਾ ਹੈ। ਕੇਹੜਾ ਇਨਫਰਿੰਜ ਕੀਤਾ ਹੈ? ਦਾ ਜਵਾਬ ਨਹੀਂ ਮਿਲ਼ਿਆ। ਇਸ ਲਈ ਤਿੰਨ ਦਿਨਾਂ ਲਈ ਮੇਰੇ ਮੂੰਹ ਨੂੰ ਛਿੱਕਾ ਦਿਤਾ ਜਾਂਦਾ ਹੈ। ਮੈਂ ਫੇਸਬੁੱਕ ਖੋਹਲ ਕੇ ਪੋਸਟਾਂ ਪੜ੍ਹ ਸਕਦਾ ਸੀ ਪਰ ਖ਼ੁਦ ਉਹਨਾਂ ਨਾਲ਼ ਕੋਈ ‘ਛੇੜ ਛਾੜ’ ਨਹੀਂ ਸੀ ਕਰ ਸਕਦਾ। ਸੋਚਿਆ ਕਿ ਤਿੰਨ ਦਿਨਾਂ ਦੀ ਹੀ ਤੇ ਸਾਰੀ ਗੱਲ ਹੈ? ਛੇਤੀ ਹੀ ਲੰਘ ਜਾਣੇ ਹਨ ਤੇ ਫਿਰ ਮੈਂ ਪੋਸਟਾਂ ਪੜ੍ਹ ਤੇ ਸਕਦਾ ਹੀ ਹਾਂ! ਪਰ ਤਿੰਨ ਦਿਨ ਮੁੱਕਣ ਤੋਂ ਪਹਿਲਾਂ ਹੀ ਸੁਨੇਹਾ ਮਿਲ਼ ਗਿਆ ਕਿ ਮੇਰਾ ਖਾਤਾ ਡਿਸਏਬਲ ਕਰ ਦਿਤਾ ਗਿਆ ਹੈ। ਕਾਰਨ ਕੋਈ ਨਹੀਂ ਦੱਸਿਆ। ਈ-ਮੇਲ ਰਾਹੀਂ ਕਾਰਨ ਪੁੱਛਣ ‘ਤੇ ਜਵਾਬ ਆਇਆ ਕਿ ਦੋ ਦਿਨ ਜਾਂ ਕੋਵਿਡ ਕਰਕੇ, ਵਧੇਰੇ ਦਿਨ ਵੀ ਜਵਾਬ ਦੇਣ ਵਿਚ ਲੱਗ ਸਕਦੇ ਹਨ। ਉਸ ਪਿੱਛੋਂ ਕਿਸੇ ਵੀ ਰੀਮਾਈਂਡਰ ਦਾ ਜਵਾਬ ਨਹੀਂ ਮਿਲ਼ਿਆ। ਕੈਨਬਰੇ ਵਿਚ ਇਕ ਸੱਜਣ ਸ. ਜਸਪਾਲ ਸਿੰਘ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਈ.ਟੀ. ਵਿਭਾਗ ਦੇ ਸਾਬਕਾ ਇੰਚਾਰਜ ਏਥੇ ਆਏ ਹੋਏ ਹਨ। ਇਕ ਦਿਨ ਉਹ ਕਹਿੰਦੇ ਕਿ ਮੈਂ ਪਤਾ ਕਰਦਾ ਹਾਂ। ਉਹ ਫੇਸਬੁੱਕੀਆਂ ਤੋਂ ਜਵਾਬ ਲੈਣ ਵਿਚ ਤੇ ਕਾਮਯਾਬ ਹੋ ਗਏ ਪਰ ਜਵਾਬ ਇਹ ਆਇਆ ਕਿ ਬਹੁਤ ਸਮਾ ਹੋ ਗਿਆ ਹੈ ਖਾਤਾ ਬੰਦ ਹੋਏ ਨੂੰ; ਇਸ ਲਈ ਹੁਣ ਕੁਝ ਨਹੀਂ ਹੋ ਸਕਦਾ।
ਪਰ ਮੈਨੂੰ ਤੇ ਇਸ ‘ਕਲੇਸ਼ਬੁੱਕ’ ਦਾ ਨਸ਼ਾ ਹੋ ਗਿਆ ਸੀ ਤੇ ਇਸ ਰਾਹੀਂ ‘ਉਚਪਾਏ’ ਦੀ ਨਿੰਦਿਆ ਚੁਗਲੀ ਪੜ੍ਹਨ ਦਾ ਅਜਿਹਾ ਭੁਸ ਪੈ ਗਿਆ ਹੈ ਕਿ ਇਸ ਤੋਂ ਬਿਨਾ ਤਾਂ, “ਇਕ ਘੜੀ ਨ ਮਿਲਤੇ ਤਾਂ ਕਲਜੁਗ ਹੋਤਾ” ਵਾਲ਼ੀ ਮੇਰੀ ਹਾਲਤ ਹੋ ਜਾਂਦੀ ਹੈ। ਏਥੋਂ ਤੱਕ ਮੇਰਾ ਨਸ਼ਾ ਵਧ ਚੁੱਕਾ ਹੈ ਕਿ ਮੈਨੂੰ ਇਸ ਵਿਚ ਖੁਭੇ ਹੋਏ ਨੂੰ ਹਵਾਈ ਅੱਡੇ ਉਪਰ ਬੈਠੇ ਨੂੰ ਹੀ ਛੱਡ ਕੇ ਹਵਾਈ ਜਹਾਜ ਉਡ ਗਿਆ ਸੀ ਤੇ ਫਿਰ ਮੈਂ ਅਗਲੇ ਦਿਨ ਗਿਆ ਸੀ। ਇਸ ਘਟਨਾ ਨੂੰ ਵੀ ਮੈਂ ‘ਫੇਸਬੁੱਕ ਕਿ ਫਸੇਬੁੱਕ?’ ਦਾ ਨਾਂ ਦੇ ਕੇ ਇਕ ਲੇਖ ਹੀ ਲਿਖ ਮਾਰਿਆ ਸੀ। ਫਿਰ ਮੈਂ ਖ਼ੁਦ ਵੀ ਇਸ ਕਲਜੁਗੀ ‘ਨਿੰਦਿਆ ਪੁਰਾਣ’ ਵਿਚ ਸੱਬਰਕੱਤਾ ਹਿੱਸਾ ਪਾਉਣ ਲੱਗ ਪਿਆ ਸਾਂ। ਫਿਰ ਮੈਂ ਇਕ ਹੋਰ ਖਾਤਾ ਖੋਹਲਿਆ। ਉਹ ਇਕ ਦਿਨ ਚੱਲਿਆ। ਫਿਰ ਇਕ ਹੋਰ ਖੋਹਲਿਆ ਤੇ ਉਹ ਦੋ ਦਿਨ ਚੱਲ ਕੇ ਜਵਾਬ ਦੇ ਗਿਆ। ਫਿਰ ਕੁਝ ‘ਨੀਤੀ’ ਵਰਤ ਕੇ ਮੈਂ ਇਹ ਖਾਤਾ ਖੋਹਲਿਆ ਹੈ ਜੇਹੜਾ ਅਜੇ ਤੱਕ ਸਾਥ ਨਿਭਾਈ ਜਾ ਰਿਹਾ ਹੈ। ਵੇਖੋ, ਕਦੋਂ ਕੁ ਤੱਕ ਇਹ ਮੇਰੀਆਂ ‘ਅੱਲਵਲੱਲੀਆਂ ਟਬਲ਼ੀਆਂ’ ਦਾ ਭਾਰ ਸਹਿੰਦਾ ਹੈ! ਕਿਸੇ ਨੇ ਪੇਂਡੂ ਲੋਕਾਂ ਨੂੰ ਧਰਮ ਦੇ ਨਾਂ ‘ਤੇ ਬੁਧੂ ਬਣਾਉਣ ਲਈ ਅਜਪਾ ਜਾਪ ਦਾ ਅਖੰਡ ਪਾਠ ਸ਼ੁਰੂ ਕਰਵਾ ਦਿਤਾ। ਪਾਠੀਆਂ ਦੀ ਤੋਟ ਆਉਣ ‘ਤੇ ਉਸ ਨੇ ਇਕ ਅਨਪੜ੍ਹ ਬੰਦੇ ਨੂੰ ਵਾਰੀ ‘ਤੇ, ਇਹ ਸਿਖਾ ਕੇ ਬਹਾ ਦਿਤਾ ਕਿ ਤੂੰ ਬਸ “ਅਜਪਾ ਜਾਪ, ਅਜਪਾ ਜਾਪ” ਬੋਲੀ ਜਾਈਂ। ਕੁਝ ਸਮੇ ਬਾਅਦ ਉਸ ਦਾ ਕੋਈ ਮਿੱਤਰ ਆ ਗਿਆ ਤੇ ਇਹ ਅਜੀਬ ਵਰਤਾਰਾ ਵੇਖ ਕੇ ਬੋਲਿਆ, “ਯੇਹ ਕਬ ਤੱਕ ਚਲੇਗਾ? ਯੇਹ ਕਬ ਤੱਕ ਚਲੇਗਾ?” ਅੱਗੋਂ ਵਾਰੀ ਵਾਲ਼ਾ ਸੱਜਣ ਜਵਾਬ ਵਿਚ ਬੋਲਿਆ, “ਜਬ ਤੱਕ ਚਲੇਗਾ ਚਲਾਏਂਗੇ, ਜਬ ਤੱਕ ਚਲੇਗਾ ਚਲਾਏਂਗੇ।” ਸੋ ਵੇਖੋ, ਇਹ ਖਾਤਾ ਵੀ ਜਬ ਤੱਕ ਚਲੇਗਾ ਚਲਾਏਂਗੇ।
ਪਾਠਕ ਕਿਤੇ ਇਹ ਨਾ ਸਮਝ ਲੈਣ ਕਿ ਸ਼ਾਇਦ ਮੈਂ ਇਸ ਫੇਸਬੁੱਕ ਦੇ ਖਾਤੇ ਬਣਾਉਣ ਅਤੇ ਢਾਹੁਣ ਵਿਚ ਏਨਾ ਮਾਹਰ ਹੋ ਗਿਆ ਹਾਂ! ਅਜਿਹਾ ਕਾਰਜ ਮੈਂ ਮੇੇਰੇ ਕੋਲ਼ ਰਹਿੰਦੇ ਆਪਣੇ ਭਤੀਜੇ, ਯੁਵਰਾਜ ਸਿੰਘ ਤੋਂ ਕਰਵਾਉਂਦਾ ਹਾਂ।

ਐਡੀਲੇਡ ਦੀ ਯਾਤਰਾ ਮਾਰਚ -- ਅਪ੍ਰੈਲ 2021 - ਗਿਆਨੀ ਸੰਤੋਖ ਸਿੰਘ

ਸਾਊਥ ਆਸਟ੍ਰੇਲੀਆ ਰਾਜਧਾਨੀ ਐਡੀਲੇਡ ਦੇ ਨਾਂ ਤੋਂ ਤੇ ਭਾਵੇਂ ਮੈਂ 1979 ਦੀਆਂ ਗਰਮੀਆਂ ਦੇ ਸਮੇ ਦੌਰਾਨ ਸਿੰਘਾਪੁਰ ਤੋਂ ਹੀ ਜਾਣੂ ਹੋ ਗਿਆ ਸਾਂ ਪਰ ਯਾਤਰਾ ਆਸਟ੍ਰੇਲੀਆ ਦੇ ਇਸ ਖ਼ੂਬਸੂਰਤ ਦੱਖਣੀ ਸ਼ਹਿਰ ਦੀ ਕਰਨ ਦਾ ਸੁਭਾਗ, ਅਪ੍ਰੈਲ 1988 ਵਿਚ ਹੋਇਆ। ਇਸ ਯਾਤਰਾ ਦੀ ਗੱਲ ਮੈਂ ਅੱਗੇ ਜਾ ਕੇ ਕਰੂੰਗਾ, ਪਹਿਲਾਂ ਸਿੰਘਾਪੁਰ ਵਾਲ਼ੀ ਗੱਲ ਪੂਰੀ ਕਰ ਲਵਾਂ। ਸਬੱਬ ਇਹ ਇਉਂ ਬਣਿਆ ਕਿ ਦੱਖਣੀ ਏਸ਼ੀਆ ਦੇ ਮੁਲਕਾਂ ਦੀ ਯਾਤਰਾ ਦੌਰਾਨ ਮੈਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਸਿੰਘਾਪੁਰ ਦੇ ਦਫ਼ਤਰ ਵਿਚ ਕੁਝ ਸੱਜਣਾਂ ਨਾਲ਼ ਵਾਰਤਾਲਾਪ ਕਰ ਰਿਹਾ ਸਾਂ ਕਿ ਇਕ ਚਿੱਟੀ ਦਾਹੜੀ, ਜੇਹੜੀ ਸੋਹਣੀ ਤਰ੍ਹਾਂ ਸੰਤੋਖੀ ਹੋਈ ਸੀ, ਅਤੇ ਚਿੱਟੇ ਝੱਗੇ ਪਜਾਮੇ ਅਤੇ ਚਿੱਟੀ ਹੀ ਦਸਤਾਰ ਵਿਚ ਸਜੇ ਹੋਏ ਸੱਜਣ ਆਏ। ਉਹਨਾਂ ਨੇ ਖ਼ਜਾਨਚੀ ਨੂੰ ਕੁਝ ਮਾਇਆ ਦਿਤੀ ਅਤੇ ਰਸੀਦ ਪ੍ਰਾਪਤ ਕੀਤੀ। ਪਤਾ ਲੱਗਾ ਕਿ ਇਹ ਸੁਘੜ ਸੱਜਣ ਸਿੰਘਾਪੁਰ ਤੋਂ ਪ੍ਰਕਾਸ਼ਤ ਹੋ ਰਹੇ ਪੰਜਾਬੀ ਅਖ਼ਬਾਰ ’ਨਵਜੀਵਨ’ ਦੇ ਮਾਲਕ/ਸੰਪਾਦਕ ਸ. ਦੀਵਾਨ ਸਿੰਘ ਰੰਧਾਵਾ ਜੀ ਹਨ। ਇਹ ਗੁਰਦੁਆਰਾ ਸਾਹਿਬ ਨੂੰ ਭੇਟਾ ਕੀਤੀ ਜਾਣ ਵਾਲ਼ੀ ਮਾਇਆ, ਉਹਨਾਂ ਦੇ ਸਪੁਤਰ ਸ. ਅਜਮੇਰ ਸਿੰਘ ਰੰਧਾਵਾ ਜੀ ਨੇ, ਜੋ ਉਹਨਾਂ ਵੱਲੋਂ ਕਰਵਾਏ ਗਏ ਧਾਰਮਿਕ ਸਮਾਗਮ ਸਮੇ ਇਕੱਤਰ ਹੋਈ ਸੀ, ਐਡੀਲੇਡ ਤੋਂ ਭੇਜੀ ਹੈ। ਮਾਇਆ ਵਾਲ਼ੀ ਰਸੀਦ ਉਪਰ ਜੇਹੜਾ ਸਿਰਨਾਵਾਂ ਸੀ ਉਸ ਵਿਚ ਐਡੀਲੇਡ ਸ਼ਹਿਰ ਦਾ ਨਾਂ ਲਿਖਿਆ ਹੋਇਆ ਮੈਂ ਪੜ੍ਹ ਲਿਆ ਤੇ ਆਪਣੀ ਯਾਦ ਦੇ ਵਿਚੇ ਵਿਚ ਘੋਟਾ ਵੀ ਲਾ ਲਿਆ ਤਾਂ ਕਿ ਜੇ ਕਦੀ ਐਡੀਲੇਡ ਦਾ ਚੱਕਰ ਲੱਗੇ ਤਾਂ ਓਥੇ ਇਸ ਚੰਗੇ ਵਿਅਕਤੀ ਦੇ ਵੀ ਦਰਸ਼ਨ ਕੀਤੇ ਜਾ ਸਕਣ।
ਘੁੰਮਦੇ ਘੁੰਮਾਉਂਦੇ 25 ਅਕਤੂਬਰ 1979 ਵਾਲ਼ੇ ਦਿਨ, ਆਸਟ੍ਰੇਲੀਆ ਦੇ ਸਭ ਤੋਂ ਵੱਡੇ ਸ਼ਹਿਰ ਸਿਡਨੀ ਸ਼ਹਿਰ ਵਿਚ ਆ ਉਤਾਰਾ ਕੀਤਾ। ਏਥੇ ਆ ਕੇ ਕੀ ਕੀ ਪਾਪੜ ਵੇਲ਼ੇ! ਇਹਨਾਂ ਦਾ ਜ਼ਿਕਰ ਪ੍ਰਸੰਗ ਵੱਸ ਕਈ ਲੇਖਾਂ ਵਿਚ ਸਮੇ ਸਮੇ ਆ ਚੁੱਕਾ ਹੈ। ਕਰਦੇ ਕਰਾਉਂਦੇ 1988 ਆ ਗਿਆ। ਐਡੀਲੇਡ ਦੇ ਸਿੱਖਾਂ ਵੱਲੋਂ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਸਿਡਨੀ ਦੀ ਕਮੇਟੀ ਨੂੰ ਸੱਦਾ ਆਇਆ ਕਿ ਓਥੇ ਪਹਿਲੇ ਅਖੰਡ ਪਾਠ ਦੇ ਭੋਗ ਉਪ੍ਰੰਤ, ਪਹਿਲੇ ਹੀ ਗੁਰਦੁਆਰੇ ਦਾ ਉਦਘਾਟਨ ਹੋਣਾ ਹੈ। ਉਸ ਵਿਚ ਸ਼ਾਮਲ ਹੋਣ ਲਈ ਆਇਆ ਜਾਵੇ। ਉਸ ਸਮੇ ਕਮੇਟੀ ਵਿਚ ਮੈਂ ਹੀ ਇਕੱਲਾ ਵੇਹਲਾ ਮੈਂਬਰ ਸੀ ਤੇ ਇਸ ਲਈ ਓਥੇ ਜਾਣ ਲਈ ਗੁਣਾ ਮੇਰੇ ਉਪਰ ਹੀ ਪਿਆ।
ਮੈਂ ਬੱਸ ਰਾਹੀਂ ਡੇਢ ਹਜਾਰ ਕਿਲੋਮੀਟਰ ਦਾ ਸਫ਼ਰ ਕਰਕੇ, ਦੱਖਣੀ ਆਸਟ੍ਰੇਲੀਆ ਦੀ ਰਾਜਧਾਨੀ, ਐਡੀਲੇਡ ਪਹੁੰਚ ਗਿਆ। ਅੱਗੋਂ ਓਥੋਂ ਦੇ ਸਿੱਖਾਂ ਦੇ ਮੁਖੀ ਸ. ਮਹਾਂਬੀਰ ਸਿੰਘ ਗਰੇਵਾਲ ਨੇ ਮੈਨੂੰ ਬੱਸ ਅੱਡੇ ਤੋਂ ਚੁੱਕਿਆ ਤੇ ਆਪਣੇ ਘਰ ਲੈ ਗਏ। ਸਰਦਾਰਨੀ ਬਲਬੀਰ ਕੌਰ ਗਰੇਵਾਲ ਨੌਕਰੀ ‘ਤੇ ਗਏ ਹੋਣ ਕਰਕੇ ਸਰਦਾਰ ਗਰੇਵਾਲ ਜੀ ਨੇ ਖ਼ੁਦ ਹੀ ਮੈਨੂੰ ਚਾਹ ਨਾਲ਼ ਸੈਂਡਵਿਚ ਬਣਾ ਕੇ ਛਕਾਇਆ ਤੇ ਮੇਰੀਆਂ ਅੱਖਾਂ ਖੁਲ੍ਹੀਆਂ।
ਓਥੇ, ਐਡੀਲੇਡ ਵਿਚ, ਤਿੰਨ ਦਿਨ ਅਖੰਡ ਪਾਠ ਸਾਹਿਬ ਜੀ ਦੀ ਸੇਵਾ ਦਾ ਪ੍ਰਬੰਧ ਕੀਤਾ। ਭੋਗ ਪਿੱਛੋਂ ਗੁਰਦੁਆਰਾ ਸਾਹਿਬ ਦਾ ਉਦਘਾਟਨ ਹੋਇਆ। ਆਸਟ੍ਰੇਲੀਆ ਦੀਆਂ ਸਿੱਖ ਖੇਡਾਂ ਦਾ ਆਰੰਭ ਹੋਇਆ। ਜੇਹੜੀਆਂ ਓਦੋਂ ਤੋਂ ਲੈ ਕੇ, ਹੁਣ ਤੱਕ, ਹਰੇਕ ਸਾਲ ਵਾਰੀ ਵਾਰੀ ਆਸਟ੍ਰੇਲੀਆ ਦੇ ਕਿਸੇ ਨਾ ਕਿਸੇ ਸ਼ਹਿਰ ਵਿਚ ਹੁੰਦੀਆਂ ਹਨ। ਖੇਡਾਂ ਤੋਂ ਇਲਾਵਾ ਯੂਨੀਵਰਸਿਟੀ ਦੇ ਆਡੀਟੋਰੀਅਮ ਵਿਚ ‘ਸਿੱਖ ਫੋਰਮ’, ਜੋ ਕਿ ਇਹਨਾਂ ਖੇਡਾਂ ਦਾ ਇਕ ਖਾਸ ਹਿੱਸਾ ਹੈ, ਵੀ ਸਫ਼ਲਤਾ ਸਹਿਤ ਹੋਇਆ। ਰਾਤ ਨੂੰ ਸਭਿਆਚਾਰਕ ਪ੍ਰੋਗਰਾਮ ਵਿਚ ਵੀ ਸ਼ਾਮਲ ਹੋ ਕੇ, ਸਾਰੇ ਸੱਜਣਾਂ ਨੇ ਖ਼ੁਸ਼ੀਆਂ ਸਾਂਝੀਆਂ ਕੀਤੀਆਂ।
ਅਪ੍ਰੈਲ 1988 ਗਿਆ ਤੇ ਮਾਰਚ 2021 ਆਇਆ। ਇਸ ਦੌਰਾਨ ਕਈ ਚੱਕਰ ਰਾਜਧਾਨੀ ਐਡੀਲੇਡ ਸ਼ਹਿਰ ਸਮੇਤ ਸਾਊਥ ਆਸਟ੍ਰੇਲੀਆ ਦੇ ਲੱਗੇ ਜਿਨ੍ਹਾਂ ਦੀ ਗਿਣਤੀ ਇਸ ਵੇਲ਼ੇ ਯਾਦ ਨਹੀਂ ਰਹੀ। ਇਸ ਵਾਰੀਂ ਵਾਹਵਾ ਸਮਾ ਰਹਿੰਦਿਆਂ ਹੀ ਐਡੀਲੇਡ ਤੋਂ ਸੂਝਵਾਨ ਸੱਜਣ, ਰੋਜ਼ਾਨਾ ਅਜੀਤ ਦੇ ਪੱਤਰਕਾਰ, ਸ. ਗੁਰਮੀਤ ਸਿੰਘ ਵਾਲ਼ੀਆ ਜੀ ਦਾ ਫ਼ੋਨ ਆਇਆ ਕਿ 21 ਮਾਰਚ ਤੋਂ 3 ਅਪ੍ਰੈਲ ਤੱਕ ਦਾ ਸਮਾ, ਵੈਸਾਖੀ ਨਾਲ਼ ਸਬੰਧਤ ਧਾਰਮਿਕ ਕਾਰਜਾਂ ਵਿਚ ਹਿੱਸਾ ਲੈਣ ਲਈ, ਮੈਂ ਉਹਨਾਂ ਵਾਸਤੇ ਰੱਖਾਂ। ਖਿੱਚ ਤੇ ਮੇਰੀ ਸਾਲਾਨਾ ਸਿੱਖ ਖੇਡਾਂ ਸਮੇ ਪਰਥ ਜਾਣ ਦੀ ਸੀ ਪਰ ਉਹਨਾਂ ਵੱਲੋਂ ਅਜੇ ਕੱਚ/ਪੱਕ ਹੋਣ ਕਰਕੇ ਏਧਰ ਐਡੀਲੇਡ ਹਾਜਰ ਹੋਣ ਦੀ ਹਾਂ ਹੋ ਗਈ। ਪਿਛਲੇ ਸਾਲ ਵੀ ਪਰਥ ਵਿਚ ਖੇਡਾਂ ਹੋਣੀਆਂ ਸਨ ਪਰ ਕਰੋਨਾ ਦੇ ਕਹਿਰ ਕਰਕੇ ਨਾ ਹੋ ਸਕੀਆਂ, ਇਸ ਲਈ ਇਸ ਵਾਰੀ ਵੀ ਕੰਮ ਕੁਝ ਭੰਬਲ਼ਭੂਸੇ ਜਿਹੇ ਵਿਚ ਹੀ ਸੀ। ਅਖੀਰ ਸਿਆਣੇ ਪ੍ਰਬੰਧਕਾਂ ਨੇ ਸਿਆਣਾ ਫੈਸਲਾ ਕਰ ਲਿਆ ਕਿ ਕਰੋਨੇ ਕਾਰਨ ਯਾਤਰਾ ਵਿਚ ਵਿਘਨ ਪੈਣ ਕਰਕੇ, ਹਰੇਕ ਸਟੇਟ ਆਪਣੀ ਆਪਣੀ ਰਾਜਧਾਨੀ ਵਿਚ, ਸਥਾਨਕ ਪਧਰ ਉਪਰ ਹੀ ਖੇਡਾਂ ਕਰਵਾ ਲੈਣ। ਮੈਨੂੰ ਪ੍ਰਬੰਧਕਾਂ ਵੱਲੋਂ ਸੱਦਾ ਆਇਆ ‘ਸਿੱਖ ਫੋਰਮ’ ਵਿਚ ਹਰੇਕ ਸਾਲ ਵਾਂਗ ਸਰਗਰਮ ਹਿੱਸਾ ਪਾਉਣ ਲਈ ਪਰ ਮੈ ਐਡੀਲੇਡ ਵਾਸਤੇ ਵਾਲੀਆ ਜੀ ਨਾਲ਼ ਪਹਿਲਾਂ ਇਕਰਾਰ ਕਰ ਚੁੱਕਾ ਸਾਂ।
ਸ. ਗੁਰਮੀਤ ਸਿੰਘ ਵਾਲੀਆ ਜੀ ਦੇ ਸੱਦੇ ਉਪਰ 21 ਦੀ ਬਜਾਇ 22 ਮਾਰਚ ਨੂੰ ਐਡੀਲੇਡ ਦੇ ਹਵਾਈ ਅੱਡੇ ਉਪਰ ਉਤਰਿਆ ਤਾਂ ਬਾਹਰ ਨਿਕਲਣ ਲਈ ਬਹੁਤ ਲੰਮੀ ਕਤਾਰ ਵਿਚ ਲੱਗਣਾ ਪਿਆ ਕਿਉਂਕਿ ਕਰੋਨਾ ਕਰਕੇ ਓਥੇ ਵਾਹਵਾ ਸਾਰੀ ਪੁੱਛ ਪੜਤਾਲ ਹੋ ਰਹੀ ਸੀ। ਜਦੋਂ ਮੇਰੀ ਵਾਰੀ ਆਈ ਤਾਂ ਮੇਰਾ ਵਾਹ ਇਕ ਕੁਝ ਕੁ ਵਡੇਰੀ ਉਮਰ ਦੀ ਮੇਮ ਬੀਬੀ ਨਾਲ਼ ਪਿਆ। ਉਸ ਨੇ ਜਦੋਂ ਇਹ ਪੁੱਛਿਆ ਕਿ ਕੀ ਮੇਰੇ ਕੋਲ਼ ਇਕ ਸਟੇਟ ਤੋਂ ਦੂਜੀ ਸਟੇਟ ਵਿਚ ਜਾਣ ਦੀ ਮਨਜ਼ੂਰੀ ਹੈ! ਤਾਂ ਮੇਰੀ ਤੇ ਖਾਨਿਉਂ ਗਈ! ਮੈਂ ਸੋਚਿਆ ਕਿ ਇਹ ਬੀਬੀ ਹੁਣ ਮੈਨੂੰ ਖੋਟੇ ਪੈਸੇ ਵਾਂਗ ਵਾਪਸ ਸਿਡਨੀ ਨੂੰ ਮੋੜੂਗੀ! ਮੈਂ ਕਿਹਾ ਕਿ ਮੈਨੂੰ ਨਹੀਂ ਪਤਾ ਉਹ ਕੀ ਹੁੰਦੀ ਹੈ! ਮੇਰੀ ਧੀ ਨੇ ਮੇਰੀ ਸੀਟ ਬੁੱਕ ਕੀਤੀ ਸੀ ਤੇ ਜੋ ਕੁਝ ਵੀ ਕਰਨਾ ਬਣਦਾ ਹੈ ਉਸ ਨੇ ਹੀ ਕੀਤਾ ਹੈ; ਮੈਨੂੰ ਇਸ ਬਾਰੇ ਕੁਝ ਨਹੀਂ ਪਤਾ। ਖੈਰ, ਉਸ ਸਿਆਣੀ ਅਤੇ ਹਮਦਰਦ ਮੇਮ ਨੇ ਮੇਰਾ ਮੋਬਾਇਲ ਵੇਖਿਆ ਤੇ ਕੁਝ ਸਵਾਲ ਪੁੱਛਣ ਪਿੱਛੋਂ ਮੈਨੂੰ ਇਕ ਪਰਚੀ ਜਿਹੀ ਫੜਾ ਕੇ ਤੇ ਇਹ ਕਹਿ ਕੇ ਤੋਰ ਦਿਤਾ ਕਿ ਇਹ ਪੁਲਿਸ ਵਾਲ਼ੇ ਨੂੰ ਵਿਖਾ ਕੇ ਬਾਹਰ ਨਿਕਲ਼ ਜਾਵੀਂ। ਇਉਂ ਹਵਾਈ ਅੱਡੇ ਤੋਂ ਮੇਰੀ ਬੰਦ ਖਲਾਸੀ ਹੋ ਗਈ।
ਬਾਹਰ ਨਿਕਲ਼ ਕੇ ਵਾਲੀਆ ਜੀ ਨੂੰ ਫ਼ੋਨ ਕੀਤਾ ਤੇ ਉਹ ਛੇਤੀ ਹੀ ਆ ਕੇ ਮੈਨੂੰ ਗੁਰਦੁਆਰਾ ਗੁਰੂ ਨਾਨਕ ਦਰਬਾਰ ਵਿਚ ਲੈ ਗਏ, ਜਿਥੇ ਸੁਖਮਨੀ ਸਾਹਿਬ ਜੀ ਦੇ ਪਾਠਾਂ ਦੀ ਲੜੀ ਚੱਲ ਰਹੀ ਸੀ। ਚੱਲ ਰਹੀ ਲੜੀ ਵਿਚ ਮੈਂ ਵੀ ਸ਼ਾਮਲ ਹੋ ਗਿਆ। ਪਹਿਲੇ ਪ੍ਰੋਗਰਾਮ ਦੀ ਸਮਾਪਤੀ ਪਿੱਛੋਂ, 25 ਮਾਰਚ ਨੂੰ, ਬੱਸ ਰਾਹੀਂ ਰਿਵਰਲੈਂਡ ਨੂੰ ਜਾਣ ਦਾ ਵਿਚਾਰ ਬਣਾ ਲਿਆ। ਤੁਰਨ ਤੋਂ ਪਹਿਲਾਂ ਬਹੁਤ ਪੁਰਾਣੇ ਮਿੱਤਰ ਸ. ਕੁਲਦੇਵ ਸਿੰਘ ਨੂੰ ਰਿੰਗ ਕੀਤਾ ਪਰ ਉਹ ਨਾ ਮਿਲ਼ ਸਕੇ ਤੇ ਘਰੋਂ ਹੁੰਗਾਰਾ ਵੀ ਕੋਈ ਉਤਸ਼ਾਹਜਨਕ ਨਾ ਮਿਲਣ ਕਰਕੇ, ਇਕ ਹੋਰ ਪੁਰਾਣੇ ਮਿੱਤਰ ਰੈਨਮਾਰਕ ਵਾਸੀ ਸ. ਪਿਆਰਾ ਸਿੰਘ ਅਟਵਾਲ ਵੱਲ ਜਾਣ ਦਾ ਵਿਚਾਰ ਬਣਾ ਲਿਆ। ਮਨਪ੍ਰੀਤ ਸਿੰਘ ਦੇ ਨਾਲ਼ ਜਾ ਕੇ ਸ਼ਹਿਰੋਂ ਰੈਨਮਾਰਕ ਦੀ ਟਿਕਟ ਖ਼ਰੀਦ ਲਈ। ਅਗਲੇ ਦਿਨ ਬੱਸ ਵਿਚ ਬਹਿ ਕੇ ਰੈਨਮਾਰਕ ਵੱਲ ਚਾਲੇ ਪਾ ਦਿਤੇ। “ਅੰਨ੍ਹੇ ਕੁੱਤੇ ਹਰਨਾਂ ਦੇ ਸ਼ਿਕਾਰੀ” ਦੀ ਤਰਜ ਉਪਰ, ਸਦਾ ਵਾਂਗ ਅਜਿਹੀਆਂ ਯਾਤਰਾਵਾਂ ਲਈ, ਦੇਸ ਹੋਵੇ ਜਾਂ ਪਰਦੇਸ, ਤੁਰ ਪੈਣਾ ਤੇ ਮੇਰੀ ਮੁੱਢ ਦੀ ਵਾਦੀ ਹੈ। ਉਸ ਬੱਸ ਵਿਚ ਇਕ ਸਿੱਖ ਬੱਚੀ ਵੀ ਬੈਠੀ ਹੋਈ ਸੀ। ਮੇਰੀ ਨਿਸਚਿਤ ਸੀਟ ਲੱਭਣ ਵਿਚ ਮੈਨੂੰ ਕੁਝ ਭੰਬਲ਼ਭੂਸਾ ਜਿਹਾ ਪੈ ਜਾਣ ਕਰਕੇ ਉਸ ਬੱਚੀ ਨੇ ਮੇਰੀ ਸਹਾਇਤਾ ਕਰਨ ਸਮੇ ਜਦੋਂ ਪੰਜਾਬੀ ਬੋਲੀ ਤਾਂ ਸਾਡੀ ਗੱਲ ਬਾਤ ਸ਼ੁਰੂ ਹੋ ਗਈ। ਬੱਚੀ ਵੱਲੋਂ ਕਿੱਥੇ ਜਾਣਾ, ਕਿਉਂ ਜਾਣਾ, ਉਹਨਾਂ ਨੂੰ ਪਤਾ ਕਿ ਤੁਸੀਂ ਆ ਰਹੇ ਹੋ, ਉਹਨਾਂ ਦਾ ਫ਼ੋਨ ਨੰਬਰ ਹੈਗਾ ਤੁਹਾਡੇ ਕੋਲ਼ ਆਦਿ ਦੇ ਪੁੱਛ ਪੁਛਈਏ ਕਰਕੇ, ਉਸ ਬੱਚੀ ਨੂੰ ਮੇਰੀ ‘ਹਾਲਤ’ ਦਾ ਪਤਾ ਲੱਗ ਗਿਆ ਕਿ ਮੈਂ ਹਨੇਰੇ ਵਿਚ ਹੀ ਟੱਕਰਾਂ ਮਾਰ ਰਿਹਾਂ। ਜਦੋਂ ਰਾਤ ਦੇ ਹਨੇਰੇ ਵਿਚ ਬੱਸ ਬੈਰੀ ਟਾਊਨ ਜਾ ਕੇ ਰੁਕੀ ਤਾਂ ਅੱਗੋਂ ਪ੍ਰਕਾਸ਼ਤ ਦਾਹੜੇ ਵਾਲ਼ਾ ਨੌਜਵਾਨ, ਉਸ ਦਾ ਪਤੀ, ਉਸ ਨੂੰ ਲੈਣ ਵਾਸਤੇ ਆਇਆ ਹੋਇਆ ਸੀ। ਉਹ ਬੱਸ ਤੋਂ ਉਤਰ ਕੇ ਜਾ ਕੇ ਕਾਰ ਵਿਚ ਬੈਠ ਗਈ ਪਰ ਕੁਝ ਪਲ ਰੁਕ ਕੇ ਉਹ ਨੌਜਾਵਨ ਮੁੜ ਆਇਆ ਤੇ ਮੈਨੂੰ ਉਸ ਨੇ ਬੜਾ ਹੀ ਜੋਰ ਲਾਇਆ ਕਿ ਰਾਤ ਮੈਂ ਉਹਨਾਂ ਕੋਲ਼ ਰਹਾਂ ਤੇ ਸਵੇਰੇ ਮੈਂ ਜਿਥੇ ਜਾਣਾ ਹੋਵੇਗਾ, ਉਹ ਮੈਨੂੰ ਛੱਡ ਆਉਣਗੇ ਪਰ ਮੈਂ ਇਕੋ ਨੰਨਾ ਹੀ ਫੜੀ ਰੱਖਿਆ ਤੇ ਉਹਨਾਂ ਦੇ ਨਾਲ਼ ਨਾ ਹੀ ਗਿਆ। ਉਸ ਬੀਬੀ ਨੇ ਆਪਣੇ ਪਤੀ ਨੂੰ ਮੇਰੀ ਅਨਿਸਚਤ ਜਿਹੀ ਹਾਲਤ ਬਾਰੇ ਜਾ ਕੇ ਦੱਸਿਆ ਹੋਊਗਾ ਤਾਂ ਹੀ ਉਹ ਮੈਨੂੰ ਬੱਸੋਂ ਲਾਹ ਕੇ ਆਪਣੇ ਨਾਲ਼ ਖੜਨ ਲਈ ਆਇਆ। ਨਾ ਮੈਂ ਉਸ ਸੁਭਾਗੀ ਜੋੜੀ ਨੂੰ ਪਹਿਲਾਂ ਜਾਣਾ ਤੇ ਨਾ ਉਹ ਮੈਨੂੰ ਜਾਨਣ।
       ਅਗਲਾ ਕਸਬਾ ਰੈਨਮਾਰਕ ਸੀ ਜਿੱਥੇ ਮੈਂ ਜਾਣਾ ਸੀ। ਓਥੇ ਨਾ ਕਿਸੇ ਨੂੰ ਪਤਾ ਕਿ ਮੈਂ ਆ ਰਿਹਾਂ ਤੇ ਨਾ ਹੀ ਕਿਸੇ ਦਾ ਮੇਰੇ ਕੋਲ਼ ਫ਼ੋਨ ਨੰਬਰ। ਜਿਸ ਦੇ ਘਰ ਐਡੀਲੇਡੋਂ ਤੁਰਨ ਤੋਂ ਪਹਿਲਾਂ ਰਿੰਗ ਕੀਤਾ ਸੀ, ਉਹ ਨੰਬਰ ਵੀ ਨਾਲ਼ ਨਾ ਚੁੱਕਿਆ। ਸੋਚ ਇਹ ਸੀ ਕਿ ਰੈਨਮਾਰਕ, ਜਿੱਥੇ ਦਰਿਆ ਦੇ ਕਿਨਾਰੇ ਜਾ ਕੇ ਬੱਸ ਰੁਕਣੀ ਹੈ, ਓਥੋਂ ਦੋ ਸੜਕਾਂ ਅਤੇ ਉਹਨਾਂ ਦੋਹਾਂ ਦੇ ਵਿਚਾਲ਼ੇ ਇਕ ਛੋਟਾ ਜਿਹਾ ਕਾਰ ਪਾਰਕਿੰਗ ਸਥਾਨ ਤੇ ਦੂਜੀ ਸੜਕ ਦੇ ਕਿਨਾਰੇ ਗੁਰਦੁਆਰਾ ਹੈ, ਤੇ ਗ੍ਰੰਥੀ ਗਿਆਨੀ ਹਰਦਿਆਲ ਸਿੰਘ ਜੀ ਗੁਰਦੁਆਰੇ ਵਿਚ ਹੋਣਗੇ ਹੀ। ਚੱਲ ਮੇਰੇ ਭਾਈ। ਹੋਰ ਕਿਸੇ ਗੱਲ ਬਾਰੇ ਫਿਕਰ ਕਰਨ ਦੀ ਕੀ ਲੋੜ! ਪਰ, “ਨਰੁ ਚਾਹਤ ਕਛੁ ਔਰ ਅਉਰੈ ਕੀ ਅਉਰੈ ਭਈ॥“ ਪਹਿਲਾਂ ਤੇ ਬੱਸ ਨਿਸਚਤ ਸਮੇ ਤੋਂ ਕੁਝ ਲੇਟ ਹੋ ਗਈ। ਦੂਜਾ ਉਸ ਨੇ ਮੈਨੂੰ ਅਸਲੀ ਅੱਡੇ ਤੋਂ ਇਕ ਅੱਡਾ ਪਹਿਲਾਂ, ਸ਼ਹਿਰ ਦੇ ਸ਼ੁਰੂ ਵਿਚ ਹੀ ਉਤਾਰ ਦਿਤਾ। ਮੇਰੇ ਪੁੱਛਣ ‘ਤੇ ਦੱਸਿਆ ਕਿ ਸ਼ਹਿਰ ਦੀ ਕਮੇਟੀ ਨੇ ਦਰਿਆ ਤੱਕ ਬੱਸ ਖੜਨੀ ਚਿਰੋਕਣੀ ਬੰਦ ਕੀਤੀ ਹੋਈ ਹੈ। ਚਾਰ ਚੁਫੇਰੇ ਹਨੇਰਾ। ਕੋਲ਼ ਮੇਰੇ, ਭਾਵੇਂ ਛੋਟਾ ਹੀ ਪਰ ਕਿਤਾਬਾਂ ਦਾ ਭਰਿਆ ਅਟੈਚੀ ਕੇਸ। ਡਰਾਈਵਰ ਦੇ ਦੱਸਣ ਅਨੁਸਾਰ ਮੈਂ ਗੁਰਦੁਆਰੇ ਨੂੰ ਜਾਣ ਵਾਲ਼ੀ ਸਿਧੀ ਸੜਕੇ ਪੈ ਗਿਆ। ਅਟੈਚੀ ਧੂੰਹਦਾ ਦਸ ਕੁ ਵਜੇ ਜਾ ਗੁਰਦੁਆਰੇ ਦਾ ਬਾਹਰਲਾ ਗੇਟ ਖੜਕਾਇਆ ਪਰ ਆਵਾਜ਼ ਕੋਈ ਨਾ ਅੰਦਰੋਂ ਆਈ। ਇਮਾਰਤ ਦੇ ਆਲ਼ੇ ਦੁਆਲ਼ੇ ਚੱਕਰ ਵੀ ਲਾਇਆ ਪਰ ਚੁੱਪਚਾਪ। ਆਵਾਜ਼ਾਂ ਦਿਤੀਆਂ ਰੌਲ਼ਾ ਬੜਾ ਪਾਇਆ ਪਰ ਕਿਸੇ ਨਾ ਮੇਰੀ ਹਾਮੀ ਭਰੀ। ਓਧਰੋਂ ‘ਲਘੂਸ਼ੰਕਾ’ ਆਖੇ ਕਿ ਮੈਂ ਵੀ ਅੱਜ ਹੀ ਆਪਣੀ ਮਹੱਤਤਾ ਵਿਖਾਉਣੀ ਹੈ। ਇਸ ਦਾ ਹੱਲ ਤਾਂ ਕੱਢਣਾ ਹੀ ਕੱਢਣਾ ਸੀ। ਇਸ ਤੋਂ ਬਿਨਾ ਹੋਰ ਚਾਰਾ ਕੋਈ ਨਹੀਂ ਸੀ। ਕਿਵੇਂ ਨਾ ਕਿਵੇਂ ਇਹ ਮਸਲਾ ਤੇ ਹੱਲ ਕਰ ਹੀ ਲਿਆ। ਰਹੀ ਰਾਤ ਕੱਟਣ ਦੀ ਗੱਲ! ਉਸ ਬਾਰੇ ਬਹੁਤੇ ਫਿਕਰ ਵਾਲ਼ੀ ਗੱਲ ਕੋਈ ਨਹੀਂ ਸੀ ਕਿਉਂਕਿ ਗੁਰਦੁਆਰੇ ਦੇ ਨਾਲ਼ ਹੀ ਵਾਹਵਾ ਵੱਡਾ ਹੋਟਲ ਹੈਗਾ। ਹੋਟਲਾਂ, ਟੈਕਸੀਆਂ ਵਰਗੀਆਂ ਫੈਲਸੂਫੀਆਂ ਕਰਨ ਤੋਂ ਤੇ ਮੈਂ ਵਾਹ ਲੱਗਦੀ ਸੰਕੋਚ ਹੀ ਕਰਦਾ ਹਾਂ ਪਰ ਜੇ ਕਿਤੇ “ਫਸੀ ਨੂੰ ਫਟਕਣ ਕੀ!” ਵਾਲੀ ਹਾਲਤ ਬਣ ਹੀ ਜਾਵੇ ਤਾਂ ਫਿਰ ਇਹ ਅੱਗ ਵੀ .... ਹੀ ਲਈਦੀ ਹੈ ਪਰ ਇਸ ਤੋਂ ਪਹਿਲਾਂ ਸਾਰਾ ਜਤਨ ਇਸ ਬੇਲੋੜੇ ਖ਼ਰਚ ਨੂੰ ਬਚਾਉਣ ਵਾਸਤੇ ਕਰ ਲਈਦਾ ਹੈ।
ਗੁਰਦੁਆਰੇ ਦੇ ਨੇੜੇ ਇਕ ਘਰ ਵਿਚ ਭਾਰਤੀ ਪਰਵਾਰ ਰਹਿੰਦਾ ਹੁੰਦਾ ਸੀ। ਉਸ ਦਾ ਬੂਹਾ ਖੜਕਾਇਆ ਪਰ ਓਥੋਂ ਇਕ ਗੋਰੇ ਨੌਜਵਾਨ ਨੇ ਬੂਹਾ ਖੋਹਲਿਆ। ਅਸੀਂ ਇਕ ਦੂਜੇ ਨੂੰ ਆਪਣੀ ਗੱਲ ਸਮਝਾ ਹੀ ਰਹੇ ਸੀ ਕਿ ਗਵਾਂਢ ਤੋਂ ਇਕ ਹੋਰ ਗੋਰਾ, ਪਹਿਲੇ ਨਾਲ਼ੋਂ ਕੁਝ ਵਡੇਰੀ ਉਮਰ ਦਾ ਆਪਣੇ ਘਰੋਂ ਨਿਕਲ਼ ਕੇ ਸਾਡੇ ਕੋਲ਼ ਆ ਗਿਆ। ਮੇਰੀ ਸਮੱਸਿਆ ਸੁਣ ਕੇ ਉਸ ਨੇ ਕਿਹਾ ਕਿ ਬੈਰੀ ਟਾਊਨ ਵਿਚ ਇਕ ਇੰਡੀਅਨ ਦਾ ਰੈਸਟੋਰੈਂਟ ਹੈ ਤੇ ਉਸ ਦਾ ਫ਼ੋਨ ਨੰਬਰ ਉਸ ਪਾਸ ਹੈ। ਉਸ ਨੇ ਨੰਬਰ ਮਿਲ਼ਾ ਕੇ ਫ਼ੋਨ ਮੇਰੇ ਹੱਥ ਫੜਾਇਆ ਤੇ ਅਗੋਂ ਪੰਜਾਬੀ ਵਿਚ ਇਕ ਸੱਜਣ ਬੋਲਿਆ। ਮੇਰੇ ਸਮੱਸਿਆ ਦੱਸਣ ‘ਤੇ ਉਸ ਨੇ ਗਿਆਨੀ ਹਰਦਿਆਲ ਸਿੰਘ ਜੀ ਦਾ ਨੰਬਰ ਦੇ ਦਿਤਾ। ਮੈਂ ਗਿਆਨੀ ਜੀ ਨੂੰ ਰਿੰਗਿਆ ਤੇ ਉਹ ਦੋਵੇਂ ਜੀ ਫੌਰਨ ਕਾਰ ਲੈ ਕੇ ਆ ਗਏ। ਕਹਿੰਦੇ ਬੈਠੋ ਕਾਰ ਵਿਚ ਤੇ ਘਰ ਚੱਲ ਕੇ ਰੋਟੀ ਖਾ ਕੇ ਫਿਰ ਗੁਰਦੁਆਰੇ ਆ ਜਾਣਾ। ਮੈਂ ਕਿਹਾ ਕਿ ਗੁਰਦੁਆਰਾ ਖੋਹਲ ਦਿਓ। ਲੰਗਰ ਵਿਚ ਬਰੈਡ ਪਈ ਹੋਵੇਗੀ। ਮੈਂ ਚਾਹ ਬਣਾ ਕੇ ਉਸ ਨਾਲ਼ ਖਾ ਲਊਂਗਾ। ਤੁਸੀਂ ਰਾਤ ਸਮੇ ਖੇਚਲ਼ ਨਾ ਕਰੋ। ਤੁਸੀਂ ਵੀ ਸਵੇਰ ਦੇ ਕੰਮ ਤੋਂ ਆਏ ਹੋ ਤੇ ਸਵੇਰੇ ਫੇਰ ਕੰਮ ‘ਤੇ ਜਾਣਾ ਹੈ।
ਮੁੱਕਦੀ ਗੱਲ ਕਿ ਉਹ ਭਲੇ ਪੁਰਸ਼ ਮੈਨੂੰ ਆਪਣੇ ਘਰ ਲੈ ਗਏ ਪ੍ਰਸ਼ਾਦਾ ਛਕਾਇਆ ਤੇ ਘਰੋਂ ਦੁਧ ਵਾਲ਼ੀ ਬੋਤਲ ਅਤੇ ਬਰੈਡ ਚੁੱਕੀ ਤੇ ਮੈਨੂੰ ਗੁਰਦੁਆਰਾ ਖੋਹਲ ਕੇ, ਸੌਣ ਕਮਰਾ ਵਿਖਾਇਆ। ਫਰਿਜ ਵਿਚ ਦੁਧ ਅਤੇ ਬਰੈਡ ਰੱਖੀ। ਸਾਰਾ ਕੁਝ ਮੈਨੂੰ ਸਮਝਾਇਆ ਤੇ ਤੁਰਨ ਸਮੇ ਸਵੇਰ ਦੇ ਪ੍ਰੋਗਰਾਮ ਬਾਰੇ ਪੁੱਛਿਆ। ਮੈਂ ਸਵੇਰ ਬਾਰੇ ਉਹਨਾਂ ਨੂੰ ਬੇਫਿਕਰ ਹੋ ਜਾਣ ਲਈ ਕਿਹਾ ਕਿ ਤੁਸੀਂ ਆਪਣਾ ਕਾਰਜ ਕਰੋ। ਹੁਣ ਮੈਂ ਆਪਣੇ ਪਿਓ ਦੇ ਘਰ ਆ ਵੜਿਆ ਹਾਂ। ਹੁਣ ਟੁੰਡੇ ਲਾਟ ਦੀ ਪਰਵਾਹ ਨਹੀਂ ਮੈਨੂੰ।
ਅਗਲੇ ਸਵੇਰੇ ਨਿਤ ਕਿਰਿਆ ਤੋਂ ਵੇਹਲਾ ਹੋ ਕੇ, ਸ. ਪਿਆਰਾ ਸਿੰਘ ਅਟਵਾਲ ਨੂੰ ਰਿੰਗ ਮਾਰਿਆ। ਉਹਨਾਂ ਦਾ ਜਵਾਬ ਆਇਆ, “ਟਿੰਡ ਫਹੁੜੀ ਚੁੱਕ ਕੇ ਤਿੰਨ ਮਿੰਟਾਂ ਵਿਚ ਗੁਰਦੁਆਰੇ ਤੋਂ ਬਾਹਰ ਨਿਕਲ਼ ਕੇ ਸੜਕ ਉਪਰ ਖਲੋ ਜਾਓ। ਮੈਂ ਆ ਰਿਹਾਂ।“ ਅਟਵਾਲ ਜੀ ਆਏ ਅਤੇ ਮੈਨੂੰ, ਸਣੇ ਮੇਰੀ ਟਿੰਡ ਫਹੁੜੀ ਦੇ, ਆਪਣੇ ਫਾਰਮ ਵਿਚ ਲੈ ਗਏ ਤੇ ਘਰ ਦੇ ਨਾਲ਼ ਬਣੇ ਸਪੈਸ਼ਲ ਗੈਸਟ ਹਾਊਸ ਦੇ ਬੈਡ ਰੂਮ ਵਿਚ ਮੇਰਾ ਡੇਰਾ ਲਵਾ ਦਿਤਾ, ਜਿਸ ਵਿਚ ਚਾਰ ਡਬਲ ਬੈਡ ਲੱਗੇ ਹੋਏ ਸਨ। ਪਰਵਾਰਕ ਘਰ ਦੇ ਬਿਲਕੁਲ ਨਾਲ਼ ਪਰ ਵੱਖਰਾ ਵੱਡਾ ਸਾਰਾ ਬੈਡਰੂਮ, ਲਾਂਜ ਰੂਮ ਕਿਚਨ ਅਤੇ ਇਕ ਵੱਡਾ ਸਾਰਾ ਬਰਾਂਡਾ ਬਣਿਆ ਹੋਇਆ ਹੈ, ਜਿਥੇ ਹਰੇਕ ਆਏ ਗਏ ਦਾ ਉਤਾਰਾ ਕਰਵਾਉਂਦੇ ਹਨ। “ਪਿਆਰਾ ਸਿੰਘ ਜੀ, ਏਥੇ ਤੇ ਵੱਡੇ ਵੱਡੇ ਚਾਰ ਡਬਲ ਬਿਸਤਰੇ ਲੱਗੇ ਹੋਏ ਨੇ ਜਿਨ੍ਹਾਂ ਉਪਰ ਅੱਠ ਵਿਅਕਤੀ ਸੌਂ ਸਕਦੇ ਹਨ ਪਰ ਮੈਂ ਤੇ ਇਕੋ ਹੀ ਹਾਂ। ਫਿਰ ਕਿਵੇਂ ਇਹਨਾਂ ਚੌਹਾਂ ਬਿਸਤਰਿਆਂ ਉਪਰ ਸੌਵਾਂਗਾ?” ਕੁਝ ਨਕਲੀ ਫਿਕਰ ਜਿਹਾ ਜਤਾਉਂਦੇ ਹੋਏ ਮੈਂ ਸ਼ੰਕਾ ਪਰਗਟ ਕੀਤੀ। ਮੇਰਾ ਅਜਿਹਾ ਫਿਕਰ ਸੁਣ ਕੇ ਉਹ ਵੀ ਕੁਝ ਫਿਕਰ ਜਿਹੇ ਵਿਚ ਪੈ ਗਏ ਦਿਸੇ ਤੇ ਗੰਭੀਰਤਾ ਸਹਿਤ ਨੀਵੀਂ ਜਿਹੀ ਪਾ ਕੇ, ਕੰਨ ਕੋਲ਼ ਧੌਣ ‘ਤੇ ਖੁਰਕਦੇ ਹੋਏ, ਕਹਿਣ ਲੱਗੇ, “ਹੂੰਅ, ਜੇ ਤੁਹਾਡੇ ਚਾਰ ਟੋਟੇ ਕੀਤੇ ਗਏ ਤਾਂ ਫਿਰ ਜੋੜਨੇ ਮੁਸ਼ਕਲ ਹੋ ਜਾਣਗੇ। ਚੰਗਾ ਹੈ ਕਿ ਤੁਸੀਂ ਰਾਤ ਦੇ ਸਮੇ ਦੀ ਵੰਡ ਕਰਕੇ, ਇਕੋ ਜਿਹਾ ਸੌਣ ਦਾ ਸਮਾ ਹਰੇਕ ਬਿਸਤਰੇ ਉਪਰ ਪੈ ਲੈਣਾ। ਇਸ ਤਰ੍ਹਾਂ ਕਰਨ ਨਾਲ਼ ਕਿਸੇ ਬਿਸਤਰੇ ਨਾਲ਼ ਵਿਤਕਰਾ ਨਹੀਂ ਹੋਵੇਗਾ।“ ਸਿਆਣਾ ਬੰਦਾ ਸਿਆਣੀ ਸਲਾਹ ਹੀ ਦਿੰਦਾ ਹੈ। ਐਵੇਂ ਤੇ ਨਹੀਂ ਸੀ ਜੰਞ ਨਾਲ ਬਜ਼ੁਰਗ ਨੂੰ ਸੰਦੂਕ ਵਿਚ ਬੰਦ ਕਰਕੇ ਲੈ ਗਏ!
ਆਏ ਗਏ ਲਈ ਪ੍ਰਸ਼ਾਦਾ ਤੇ ਦੋਵੇਂ ਵੇਲ਼ੇ ਭਾਵੇਂ ਘਰ ਵਿਚੋਂ ਸੁਚੱਜੀਆਂ ਨੋਹਾਂ ਬਣਾ ਕੇ ਭੇਜ ਦਿੰਦੀਆਂ ਹਨ ਪਰ ਚਾਹ ਪਾਣੀ, ਛਾਹ ਵੇਲ਼ਾ ਆਦਿ ਦਾ ਪ੍ਰਬੰਧ ਗੈਸਟ ਹਾਊਸ ਵਿਚ ਹੀ ਹੋ ਜਾਂਦਾ ਹੈ।
ਸ. ਪਿਆਰਾ ਸਿੰਘ ਅਟਵਾਲ ਪੁਰਾਣੇ ਅਕਾਲੀ ਪਰਵਾਰ ਵਿਚੋਂ ਹਨ। ਇਹਨਾਂ ਦੇ ਬਾਬਾ ਜੀ ਦੇ ਵੇਲ਼ੇ ਤੋਂ ਸੰਤ ਫ਼ਤਿਹ ਸਿੰਘ ਜੀ, ਜਥੇਦਾਰ ਮੋਹਨ ਸਿੰਘ ਤੁੜ ਜੀ, ਸ. ਜਗਦੇਵ ਸਿੰਘ ਤਲਵੰਡੀ ਵਰਗੇ ਅਕਾਲੀ ਆਗੂ ਅਤੇ ਵਰਕਰ ਆਦਿ ਇਹਨਾਂ ਦੇ ਘਰ ਆਉਂਦੇ ਜਾਂਦੇ ਰਹਿੰਦੇ ਸਨ। ਉਸ ਸਮੇ ਬਚਪਨ ਤੋਂ ਹੀ ਸ. ਪਿਆਰਾ ਸਿੰਘ ਉਹਨਾਂ ਸਾਰਿਆਂ ਦੇ ਛਕਣ ਛਕਾਉਣ ਦੀ ਸੇਵਾ ਕਰਿਆ ਕਰਦੇ ਸਨ। ਇਹੋ ਸੇਵਾ ਭਾਵਨਾ ਇਹਨਾਂ ਦੀ ਸੋਚ ਵਿਚ ਬਚਪਨ ਤੋਂ ਹੀ ਪਰਵਾਰਕ ਪਿਛੋਕੜ ਕਾਰਨ ਭਰੀ ਹੋਈ ਹੋਣ ਕਰਕੇ, ਹੁਣ ਵੀ ਰੈਨਮਾਰਕ ਵਿਚ ਉਹ ਹਰੇਕ ਆਏ ਗਏ ਦੇ ਰਹਿਣ ਬਹਿਣ ਖਾਣ ਪੀਣ ਦੀ ਸੇਵਾ ਕਰਕੇ ਪ੍ਰਸੰਨਤਾ ਪ੍ਰਾਪਤ ਕਰਦੇ ਹਨ। ਮੈਂ ਜਦੋਂ ਵੀ ਜਾਵਾਂ ਮੈਨੂੰ ਪ੍ਰੇਮ ਨਾਲ਼ ਆਪਣੇ ਘਰ ਲੈ ਜਾਂਦੇ ਹਨ ਤੇ ਮੈਂ ਓਥੇ ਆਪਣੇ ਘਰ ਵਾਂਗ ਹੀ ਮਹਿਸੂਸ ਕਰਦਾ ਹਾਂ। ਭਾਵੇਂ ਮੇਰੇ ਨਾਲ਼ ਕੋਈ ਹੋਰ ਵੀ ਹੋਵੇ ਤਾਂ ਵੀ ਮੱਥੇ ਵੱਟ ਨਹੀਂ ਪਾਉਂਦੇ। ਇਸ ਵਾਰ ਵੀ ਮੈਂ ਪੰਜ ਰਾਤਾਂ ਓਥੇ ਰਿਹਾ। ਛਨਿਛਰਵਾਰ ਗਲੌਸਪ ਦੇ ਗੁਰਦੁਆਰਾ ਸਾਹਿਬ ਵਿਖੇ ਸਜਣ ਵਾਲ਼ੇ ਦੀਵਾਨ ਵਿਚ ਮੈਨੂੰ ਲੈ ਕੇ ਗਏ। ਉਸ ਦਿਨ, ਪੰਥ ਸੇਵਕ, ਕੌਮੀ ਵਿਚਾਰਾਂ ਦੇ ਧਾਰਨੀ ਸ. ਅਜੀਤ ਸਿੰਘ ਜੀ ਦੇ ਪਰਵਾਰ ਵੱਲੋਂ ਸੰਗਤ ਵਾਸਤੇ ਲੰਗਰ ਦੀ ਸੇਵਾ ਪ੍ਰਾਪਤ ਕੀਤੀ ਗਈ ਸੀ। “ਜਾ ਕੈ ਮਸਤਕ ਭਾਗ ਸਿ ਸੇਵਾ ਲਾਇਆ॥” ਸਜੇ ਦੀਵਾਨ ਅੰਦਰ ਸਤਿਗੁਰੂ ਜੀ ਦੀ ਹਜੂਰੀ ਵਿਚ, ਸੰਗਤ ਦੇ ਸਨਮੁਖ ਕਥਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਐਤਵਾਰ ਦੇ ਦੀਵਾਨ ਦੀ ਹਾਜਰੀ ਰੈਨਮਾਰਕ ਦੇ ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਨੂੰ ਗੁਰੂ ਸ਼ਬਦ ਰਾਹੀਂ ਸੰਬੋਧਨ ਕਰਨ ਦਾ ਸ਼ੁਭ ਅਵਸਰ ਮਿਲ਼ਿਆ। ਇਹ ਪੰਜ ਰਾਤਾਂ ਵੀ ਅਟਵਾਲ ਭਵਨ ਵਿਚ, “ਗੁਨ ਗਾਵਤ ਰੈਨ ਬਿਹਾਨੀ॥” ਵਾਂਗ ਬੀਤੀਆਂ। ਹਾਲਾਂ ਕਿ ਮੈਂ ਇਕ ਘਰ ਵਿਚ ਇਕ ਰਾਤ ਤੋਂ ਵਧੇਰੇ ਟਿਕ ਕੇ ਖ਼ੁਸ਼ ਨਹੀਂ ਹੁੰਦਾ।
ਮੇਰੇ ਕੋਲ਼ ਮੰਗਲਵਾਰ ਦੀ ਰਾਤ ਖਾਲੀ ਸੀ। ਬੁਧਵਾਰ ਸਵੇਰੇ ਬੱਸ ਰਾਹੀਂ ਵਾਪਸ ਐਡੀਲੇਡ ਨੂੰ ਚਾਲੇ ਪਾਉਣੇ ਸਨ। ਇਸ ਸ਼ਾਮ ਨੂੰ ਮੈਂ ਆਪਣੇ ਚਿਰਕਾਲੀ ਦੋ ਮਿੱਤਰਾਂ ਨਾਲ਼ “ਦੁਖ ਸੁਖ ਫੋਲਣ” ਲਈ ਮਿਲਣਾ ਚਾਹੁੰਦਾ ਸਾਂ ਪਰ ਸ਼ਾਇਦ ਕੁਝ ਨਾਸਾਜ਼ ਘਰੇਲੂ ਹਾਲਾਤ ਕਾਰਨ ਉਹਨਾਂ ਮਿੱਤਰਾਂ ਵੱਲੋਂ ਇਸ ਮਿਲਣੀ ਲਈ ਉਤਸ਼ਾਹ ਨਾ ਵਿਖਾਇਆ ਗਿਆ। ਦੋਵੇਂ ਸੱਜਣ ਧਾਰਮਿਕ ਵਿਚਾਰਾਂ ਵਾਲ਼ੇ ਦਸਵੰਧ ਦੀ ਮਰਯਾਦਾ ਦੀ ਦ੍ਰਿੜ੍ਹਤਾ ਸਹਿਤ ਪਾਲਣਾ ਕਰਨ ਵਾਲ਼ੇ, ਜਿਨ੍ਹਾਂ ਨਾਲ਼ ਮੇਰੀ ਮਿੱਤਰਤਾ ਜਨਵਰੀ 1980 ਤੋਂ ਹੈ, ਏਥੇ ਪਰਵਾਰਾਂ ਸਮੇਤ ਰਹਿ ਰਹੇ ਹਨ। ਕਈ ਵਾਰ ਮਾਨਸਕ ਜਾਂ ਪਰਵਾਰਕ ਹਾਲਾਤ ਅਜਿਹੇ ਬਣ ਜਾਂਦੇ ਹਨ ਕਿ ਜੀ ਨਹੀਂ ਚਾਹੁੰਦਾ ਹੁੰਦਾ ਕਿ ਕਿਸੇ ਸੱਜਣ ਮਿੱਤਰ ਨਾਲ਼, ਪਹਿਲਾਂ ਵਾਂਗ ਖੁਲ੍ਹੇ ਮਾਹੌਲ ਵਿਚ ਖੁਲ੍ਹੇ ਵਿਚਾਰ ਸਾਂਝੇ ਕੀਤੇ ਜਾ ਸਕਣ। ਵੈਸੇ ਇਕ ਸੱਜਣ ਦੇ ਦਰਸ਼ਨ ਗੁਰਦੁਆਰਾ ਸਾਹਿਬ ਵਿਚ ਹੋ ਗਏ ਸਨ ਤੇ ਦੂਜੇ ਸੱਜਣ ਦੇ ਘਰ ਲਿਜਾ ਕੇ ਅਟਵਾਲ ਸਾਹਿਬ ਮਿਲ਼ਾ ਲਿਆਏ ਸਨ। ਸਾਡੀ ਧਾਰਮਿਕ, ਪੰਥਕ ਵਿਚਾਰਧਾਰਾ ਸਾਂਝੀ ਹੋਣ ਕਰਕੇ ਵੀ ਗੂਹੜੀ ਮਿੱਤਰਤਾ ਹੈ। ਚਲੋ, ਅਗਲੀ ਵਾਰ ਸਹੀ।
       ਬੁਧਵਾਰ ਦੁਪਹਿਰ ਤੋਂ ਬਾਅਦ ਮੈਂ ਐਡੀਲੇਡ ਪਹੁੰਚ ਗਿਆ ਤੇ ਅਗੋਂ ਅੱਡੇ ਤੋਂ ਸਦਾ ਵਾਂਗ ਕਾਕਾ ਮਨਪ੍ਰੀਤ ਸਿੰਘ ਗੁਰਦੁਆਰਾ ਸਾਹਿਬ ਲੈ ਗਿਆ। ਰਾਤ ਪੈਣ ਤੋਂ ਪਹਿਲਾਂ ਸ. ਮਹਾਂਬੀਰ ਸਿੰਘ ਗਰੇਵਾਲ ਜੀ ਦਾ ਫ਼ੋਨ ਆ ਗਿਆ ਕਿ ਸਵੇਰੇ ਪੋਰਟ ਅਗੱਸਤਾ ਜਾਣ ਲਈ ਤਿਆਰ ਰਹਾਂ। ਅਗਲੇ ਦਿਨ ਉਹਨਾਂ ਨਾਲ਼ ਕਾਰ ਉਪਰ ਸਵਾਰ ਹੋ ਕੇ ਪੋਰਟ ਅਗੱਸਤਾ ਵੱਲ ਨੂੰ ਚਾਲੇ ਪਾ ਦਿਤੇ।
       ਇਹ ਟਾਊਨ ਰਾਜਧਾਨੀ ਐਡੀਲੇਡ ਤੋਂ ਉਤਰ ਅਰਥਾਤ ਪੱਛਮੀ ਆਸਟ੍ਰੇਲੀਆ ਦੀ ਰਾਜਧਾਨੀ ਪਰਥ ਵਾਲ਼ੇ ਪਾਸੇ ਸਵਾ ਕੁ ਤਿੰਨ ਸੌ ਕਿਲੋ ਮੀਟਰ ਉਪਰ ਮੌਜੂਦ ਹੈ। ਏਥੋਂ ਦੀ ਅਬਾਦੀ ਚੌਦਾਂ ਪੰਦਰਾਂ ਕੁ ਹਜਾਰ ਹੈ। ਐਡੀਲੇਡ, ਮੈਲਬਰਨ ਆਦਿ ਸ਼ਹਿਰਾਂ ਤੋਂ ਸੜਕੀ ਅਤੇ ਰੇਲ ਦਾ ਰਾਹ ਇਸ ਦੇ ਵਿਚਦੀ ਲੰਘਦਾ ਹੈ ਤੇ ਇਹ ਹਾਈਵੇ ਦੇ ਐਨ ਉਪਰ ਵਾਕਿਆ ਹੈ। ਗਰੇਵਾਲ ਪਰਵਾਰ ਓਥੇ ਵੱਸਦਾ ਹੈ। ਸ਼ਹਿਰ ਦੇ ਦੋਹੀਂ ਪਾਸੀਂ ਇਹਨਾਂ ਦੇ ਮੋਟਲ ਹਨ। ਇਕ ਅੰਦਰ ਜਾਣ ਤੋਂ ਪਹਿਲਾਂ ਅਤੇ ਦੂਜਾ ਬਾਹਰ ਨਿਕਲਣ ਵਾਲ਼ੇ ਸਥਾਨ ਉਪਰ। ਪਰਵਾਰ ਦੇ ਵਿਚਕਾਰਲੇ ਭਰਾ ਡਾ. ਦਵਿੰਦਰ ਸਿੰਘ ਦੀ ਵੱਡੀ ਸਰਜਰੀ ਏਥੇ ਹੈ ਤੇ ਉਸ ਦਾ ਪਰਵਾਰ ਵੀ ਏਥੇ ਹੀ ਰਹਿੰਦਾ ਹੈ। ਆਸਟ੍ਰੇਲੀਆ ਦੇ ਬਾਕੀ ਸ਼ਹਿਰਾਂ ਵਿਚ ਵੀ ਉਹਨਾਂ ਦੀਆਂ ਸਰਜਰੀਆਂ ਹਨ। ਮਲੇਸ਼ੀਆ ਤੋਂ ਸ. ਮਹਾਂਬੀਰ ਸਿੰਘ 1980 ਦੇ ਸ਼ੁਰੂ ਵਿਚ ਪਹਿਲਾਂ ਏਥੇ ਹੀ ਆਪਣੇ ਭਰਾ ਅਤੇ ਪਿਤਾ ਡਾ. ਮਨਮੋਹਨ ਸਿੰਘ ਗਰੇਵਾਲ ਜੀ ਕੋਲ਼ ਆਏ ਸਨ। ਉਹਨਾਂ ਦੀਆਂ ਸਰਗਰਮੀਆਂ ਦਾ ਦਾਇਰਾ ਤੇ ਭਾਵੇਂ ਬਹੁਤ ਵਿਸ਼ਾਲ ਹੈ ਪਰ ਹੈਡ ਕੁਆਰਟਰ ਏਥੇ ਹੀ ਰਖਿਆ। ਹੁਣ ਕੁਝ ਸਾਲਾਂ ਤੋਂ ਐਡੀਲੇਡ ਵਿਚ ਰਹਿੰਦੇ ਹਨ। ਗਰੇਵਾਲ ਪਰਵਾਰ ਨੇ ਆਪਣੇ ਵਿਸ਼ਾਲ ਕਾਰੋਬਾਰਾਂ ਰਾਹੀਂ ਬਹੁਤ ਸਾਰੇ ਸਿੱਖ ਨੌਜਵਾਨ ਵਿਦਿਆਰਥੀ ਬੱਚੇ ਬੱਚੀਆਂ ਨੂੰ ਕੰਮਾਂ ਉਪਰ ਲਾ ਕੇ ਪੱਕੇ ਕਰਵਾਇਆ ਹੈ।
ਪਰਵਾਰ ਦਾ ਇਕ ਸ਼ਾਪਿੰਗ ਸੈਂਟਰ ਸੀ ਜਿਸ ਨੂੰ ਖਾਲੀ ਕਰਵਾ ਕੇ ਗੁਰਦੁਆਰੇ ਵਿਚ ਬਦਲ ਕੇ, ਇਕ ਗ੍ਰੰਥੀ ਸਿੰਘ ਪੱਕੇ ਤੌਰ ਤੇ ਰੱਖ ਕੇ, ਚਿਰੋਕਣਾ ਗੁਰਦਆਰਾ ਸਾਹਿਬ ਸ਼ੁਰੂ ਕਰਵਾ ਦਿਤਾ ਹੋਇਆ ਹੈ। ਵਿੱਦਵਾਨ ਕੀਰਤਨੀਏ ਭਾਈ ਸੁਖਦੇਵ ਸਿੰਘ ਜੀ ਗ੍ਰੰਥੀ ਸਿੰਘ ਦੀ ਸੇਵਾ ਨਿਭਾਉਂਦੇ ਹਨ। ਹਾਈਵੇ ਉਪਰ ਹੋਣ ਕਰਕੇ ਆਉਂਦੇ ਜਾਂਦੇ ਮੁਸਾਫਰਾਂ ਨੂੰ ਲੋੜ ਅਨੁਸਾਰ ਰਾਤ ਦਾ ਟਿਕਾਣਾ, ਲੰਗਰ ਚਾਹ ਪਾਣੀ ਪ੍ਰਾਪਤ ਹੋ ਜਾਂਦਾ ਹੈ।
ਦੁਪਹਿਰ ਤੋਂ ਪਹਿਲਾਂ ਹੀ ਅਸੀਂ ਗੁਰਦੁਆਰਾ ਸਾਹਿਬ ਅੱਪੜ ਗਏ। ਗਰੇਵਾਲ ਸਾਹਿਬ ਮੈਨੂੰ ਭਾਈ ਸੁਖਦੇਵ ਸਿੰਘ ਪਾਸ ਗੁਰਦੁਆਰੇ ਉਤਾਰ ਕੇ ਆਪ ਆਪਣੇ ਕੁਝ ਜਰੂਰੀ ਕਾਰਜ ਨਿਬੇੜਨ ਲਈ ਚਲੇ ਗਏ।
ਆਸਟ੍ਰੇਲੀਆ ਦੀਆਂ ਸਾਲਾਨਾ ਸਿੱਖ ਖੇਡਾਂ ਜੋ ਕਿ ਹਰ ਸਾਲ ਹੁੰਦੀਆਂ ਹਨ, ਕਰੋਨੇ ਦਾ ਕਹਿਰ ਕਰਕੇ ਪਿਛਲੇ ਸਾਲ ਨਹੀਂ ਸਨ ਹੋਈਆਂ ਤੇ ਇਸ ਵਾਰੀ ਵੀ ਇਹ ਕਹਿਰ ਕਾਇਮ ਸੀ। ਖੇਡ ਕਮੇਟੀ ਨੇ ਫੈਸਲਾ ਕਰ ਲਿਆ ਕਿ ਇਸ ਵਾਰ, ਕੇਵਲ ਇਕ ਸ਼ਹਿਰ ਪਰਥ ਵਿਚ ਹੀ ਸਾਰਾ ਇਕੱਠ ਕਰਨ ਦੀ ਬਜਾਇ ਹਰੇਕ ਸਟੇਟ ਆਪਣੀ ਆਪਣੀ ਸਟੇਟ ਦੀ ਰਾਜਧਾਨੀ ਵਾਲ਼ੇ ਸ਼ਹਿਰ ਵਿਚ, ਛੋਟੇ ਪੈਮਾਨੇ ਉਪਰ ਹੀ ਇਹ ਖੇਡਾਂ ਖੇਡ ਲੈਣ। ਪਰਥ ਵਿਚ ਸ਼ੁੱਕਰਵਾਰ ਨੂੰ ਇਹਨਾਂ ਨਾਲ਼ ਸਬੰਧਤ ‘ਸਿੱਖ ਫੋਰਮ’ ਦਾ ਵੀ ਆਰੰਭ ਹੋਇਆ। ਸੱਦੇ ਜਾਣ ਦੇ ਬਾਵਜੂਦ, ਮੈਂ ਪਹਿਲਾਂ ਐਡੀਲੇਡ ਦਾ ਸੱਦਾ ਪ੍ਰਵਾਨ ਕਰ ਲੈਣ ਕਰਕੇ, ਹਾਜਰ ਨਾ ਹੋ ਸਕਿਆ। ਇਸ ਲਈ ਸੁਚੱਜੇ ਪ੍ਰਬੰਧਕਾਂ ਨੇ ਇੰਟਰਨੈਟ ਰਾਹੀਂ ਮੇਰੇ ਲੈਕਚਰ ਦਾ ਪ੍ਰਬੰਧ ਕਰ ਲਿਆ। ਸਮਾਗਮ ਦੇ ਆਰੰਭਲੇ ਭਾਸ਼ਨ ਦੇਣ ਦਾ ਮਾਣ ਮੈਨੂੰ ਬਖ਼ਸ਼ਿਆ। ਇਹ ਮੌਕਾ ਮੇਲ਼ ਹੀ ਸਮਝ ਲਵੋ ਕਿ ਮੈਂ ਇਹ ਭਾਸ਼ਨ ਉਸ ਸ਼ਹਿਰ ਵਿਚੋਂ ਦੇ ਰਿਹਾ ਸਾਂ ਜਿੱਥੋਂ, 1986 ਵਿਚ, ਇਹਨਾਂ ਖੇਡਾਂ ਦਾ ਮੁੱਢ ਬੱਝਾ ਸੀ ਤੇ ਫਿਰ ਇਕ ਸਾਲ ਦੇ ਨਾਗੇ ਨਾਲ਼, 1988 ਵਿਚ, ਐਡੀਲੇਡ ਸ਼ਹਿਰ ਤੋਂ ਵਿਧੀਵੱਤ ਹਰੇਕ ਸਾਲ ਇਹ ਖੇਡਾਂ ਹੋਣੀਆਂ ਸ਼ੁਰੂ ਹੋ ਗਈਆਂ। 1986 ਵਿਚ ਗਰੇਵਾਲ ਪਰਵਾਰ ਨੇ ਉਦਮ ਕਰਕੇ, ਆਪਣੇ ਦਾਦਾ ਜੀ ਸ. ਸਰਦਾਰਾ ਸਿੰਘ ਗਰੇਵਾਲ਼ ਦੀ ਯਾਦ ਵਿਚ ਹਾਕੀ ਦਾ ਟੂਰਨਾਮੈਂਟ ਕਰਵਾ ਕੇ, ਆਸਟ੍ਰੇਲੀਆ ਵਿਚ ਸਿੱਖ ਖੇਡਾਂ ਦਾ ਮੁੱਢ ਬੱਧਾ ਸੀ। ਸ. ਸਰਦਾਰਾ ਸਿੰਘ ਗਰੇਵਾਲ਼ ਕੱਪ ਮੈਲਬਰਨ ਦੀ ਟੀਮ ਜਿੱਤ ਕੇ ਲੈ ਗਈ ਸੀ।
ਦੁਪਹਿਰ ਦਾ ਪ੍ਰਸ਼ਾਦਾ ਭਾਈ ਸਾਹਿਬ ਸੁਖਦੇਵ ਸਿੰਘ ਜੀ ਨੇ ਤਾਜਾ ਤਿਆਰ ਕਰਕੇ ਛਕਾਇਆ। ਦਿਨੇ ਟਾਵੀਂ ਟਾਵੀਂ ਸੰਗਤ ਵੀ ਮੱਥਾ ਟੇਕਣ ਆਉਂਦੀ ਰਹੀ। ਇਕ ਨੌਜਵਾਨ ਬੱਚੀ ਨੇ ਕਾਰ ਤੋਂ ਉਤਰ ਕੇ ਕਾਹਲ਼ੀ ਕਾਹਲ਼ੀ ਬੂਟ ਉਤਾਰ ਕੇ ਮੱਥਾ ਟੇਕਿਆ ਤੇ ਬੂਟ ਪਾਉਂਦੀ ਨੇ ਹੀ ਮੇਰੇ ਨਾਲ਼ ਦੋ ਚਾਰ ਗੱਲਾਂ ਕੀਤੀਆਂ ਤੇ ਤੇਜੀ ਨਾਲ਼ ਹੀ ਕਾਰ ਚਲਾ ਕੇ ਚਲੀ ਗਈ।
ਲੌਢੇ ਕੁ ਵੇਲ਼ੇ ਆਪਣੇ ਕਾਰਜ ਮੁਕਾ ਕੇ ਸ. ਮਹਾਂਬੀਰ ਸਿੰਘ ਜੀ ਨੇ ਮੈਨੂੰ ਆ ਚੁੱਕਿਆ ਤੇ ਆਪਣੇ ਮੋਟਲ ਦੇ ਇਕ ਕਮਰੇ ਵਿਚ ਮੇਰਾ ਡੇਰਾ ਜਾ ਲਵਾਇਆ ਤੇ ਕਿਹਾ ਕਿ ਰਾਤ ਤੁਸੀਂ ਏਥੇ ਹੀ ਕੱਟਣੀ ਹੈ ਤੇ ਰਾਤ ਦਾ ਪ੍ਰਸ਼ਾਦਾ ਆਪਾਂ ਸਾਰੇ ਏਥੇ ਮੋਟਲ ਵਿਚ ਹੀ ਛਕਾਂਗੇ। ਆਦਤ ਮੁਤਾਬਕ ਮੈਂ ਪਿੰਡਾ ਗਿੱਲਾ ਕਰਕੇ ਤੇ ਝੱਗਾ ਬਦਲ ਕੇ ਤਕਾਲੀਂ ਜਿਹੀਂ ਬਾਹਰ ਨਿਕਲ਼ਿਆ ਤੇ ਇਕ ਕਾਲ਼ੇ ਰੰਗ ਦੇ ਵੱਡੇ ਸਾਰੇ ਲੈਂਡਰੋਵਰ ਦੀ ਨੰਬਰ ਪਲੇਟ ਉਪਰ ਸਸਿੰਘ ਲਿਖਿਆ ਹੋਇਆ ਦਿਸਿਆ। ਉਸ ਵਿਚੋਂ ਇਕ ਦਰਮਿਆਨੇ ਕੱਦ ਦਾ ਨੌਜਵਾਨ ਫੁਰਤੀ ਨਾਲ਼ ਨਿਕਲਿਆ ਤੇ ਮੈਨੂੰ ਆਣ ਸਤਿ ਸ੍ਰੀ ਅਕਾਲ ਬੁਲਾਈ। ਮੈਂ ਪੁੱਛਿਆ, “ਤੁਸੀਂ ਏਥੇ ਮੋਟਲ ਵਿਚ ਕੰਮ ਕਰਦੇ ਹੋ?” “ਨਹੀਂ ਮੇਰਾ ਨਾਂ ਬਲਦੇਵ ਸਿੰਘ ਹੈ ਤੇ ਮੇਰੀ ਘਰ ਵਾਲ਼ੀ ਨੇ ਤੁਹਾਨੂੰ ਅੱਜ ਗੁਰਦੁਆਰੇ ਵਿਚ ਵੇਖਿਆ ਸੀ ਤੇ ਉਸ ਨੇ ਦੱਸਿਆ ਕਿ ਕੋਈ ਨਵਾਂ ਹੀ ਗਿਆਨੀ ਧਿਆਨੀ ਜਿਹਾ ਬੰਦਾ ਗੁਰਦੁਆਰੇ ਵਿਚ ਆਇਆ ਹੈ, ਜਾ ਕੇ ਪਤਾ ਕਰੋ ਕਿ ਉਸ ਨੂੰ ਕਿਸੇ ਚੀਜ ਦੀ ਲੋੜ ਨਾ ਹੋਵੇ! ਮੈਨੂੰ ਗਰੇਵਾਲ ਸਾਹਿਬ ਤੋਂ ਪਤਾ ਲੱਗਾ ਕਿ ਤੁਸੀਂ ਏਥੇ ਮੋਟਲ ਵਿਚ ਹੋ। ਤੁਹਾਨੂੰ ਮੈਂ ਲੈਣ ਲਈ ਆਇਆ ਹਾਂ।“ ਉਸ ਦੀ ਪਤਨੀ ਓਹੀ ਬੱਚੀ ਸੀ ਜੇਹੜੀ ਦਿਨੇ ਕਾਹਲ਼ੀ ਕਾਹਲ਼ੀ ਗੁਰਦੁਆਰੇ ਆਈ ਸੀ। ਮੈਂ ਦੱਸਿਆ ਕਿ ਗਰੇਵਾਲ ਸਾਹਿਬ ਦਾ ਹੁਕਮ ਹੈ ਕਿ ਰਾਤ ਮੈਂ ਏਥੇ ਹੀ ਰਹਿਣਾ ਹੈ ਤੇ ਰੋਟੀ ਵੀ ਅਸੀਂ ਸਾਰਿਆਂ ਨੇ ਏਥੇ ਹੀ ਖਾਣੀ ਹੈ। ਫਿਰ ਇਸ ਗੱਲ ਤੇ ਸਹਿਮਤੀ ਹੋਈ ਕਿ ਉਹ ਮੈਨੂੰ ਚਾਨਣ ਰਹਿੰਦੇ ਸਮੇ ਵਿਚ ਸ਼ਹਿਰ ਦੇ ਆਲ਼ੇ ਦੁਆਲ਼ੇ ਹੂਟਾ ਦੁਆਵੇਗਾ। ਉਸ ਨੇ ਫਿਰ ਆਪਣੇ ਘਰ ਸਮੇਤ ਕੁਝ ਹੋਰ ਸਿੱਖ ਨੌਜਵਾਨਾਂ ਦੇ ਘਰ ਵੀ ਵਿਖਾਏ ਪਰ ਕਿਸੇ ਦੇ ਘਰ ਅੰਦਰ ਜਾਣ ਦਾ ਸਮਾ ਨਹੀਂ ਸੀ।
ਕੁਝ ਸਿਖ ਨੌਜਵਾਨ ਵਿਦਿਆਰਥੀ ਏਥੇ ਗਰੇਵਾਲਾਂ ਦੇ ਕਾਰੋਬਾਰਾਂ ਵਿਚ ਕੰਮ ਕਰਦੇ ਹਨ ਤੇ ਕੁਝ ਟੈਕਸੀਆਂ ਚਲਾਉਂਦੇ ਹਨ। ਏਸੇ ਸੁਖਾਵੀਂ ਯਾਤਰਾ ਦੌਰਾਨ ਹੀ ਉਸ ਨੇ, ਵਿਦਿਆਰਥੀ ਦੇ ਰੂਪ ਵਿਚ ਆਰੰਭਲੀਆਂ ਤੰਗੀਆਂ ਤੋਂ ਲੈ ਕੇ ਹੁਣ ਤੱਕ ਦੀ ਆਪਣੀ ਯਾਤਰਾ ਦਾ ਜ਼ਿਕਰ ਕਰਦਿਆਂ ਇਹ ਵੀ ਦੱਸਿਆ ਕਿ ਅੱਜ ਉਹ ਇਸ ਸ਼ਹਿਰ ਦੀ ਕੌਂਸਲ ਦਾ ਸਭ ਤੋਂ ਵਧ ਵੋਟਾਂ ਲੈ ਕੇ ਚੁਣਿਆ ਗਿਆ ਕੌਸਲਰ ਹੈ। ਇਸ ਨੌਜਵਾਨ ਦਾ ਨਾਂ ਬਲਦੇਵ ਸਿੰਘ ਹੈ ਤੇ ਵੱਸ ਲੱਗਦੇ ਹਰੇਕ ਲੋੜਵੰਦ ਦੀ ਸਹਾਇਤਾ ਵਾਸਤੇ ਹਰ ਸਮੇ ਇਹ ਨੌਜਵਾਨ ਜੋੜਾ ਤਿਆਰ ਰਹਿੰਦਾ ਹੈ।
ਰਾਤ ਦਾ ਪ੍ਰਸ਼ਾਦਾ ਓਥੇ ਰਹਿ ਰਹੇ ਗਰੇਵਾਲ ਦੇ ਸਾਰੇ ਪਰਵਾਰ ਨੇ ਮੋਟਲ ਵਿਚ ਹੀ ਛਕਿਆ। ਸਾਡੇ ਪ੍ਰਸ਼ਾਦਾ ਛਕਦਿਆਂ ਹੀ ਇਕ ਹੋਰ ਸਿੱਖ ਪਰਵਾਰ, ਜੋ ਕਿ ਮੈਲਬਰਨ ਤੋਂ ਐਲਿਸ ਸਪਰਿੰਗ ਨੂੰ ਸੈਰ ਸਪਾਟੇ ਲਈ ਜਾਂਦਾ ਹੋਇਆ, ਕਿਸੇ ਹੋਰ ਮੋਟਲ ਵਿਚ ਰੁਕਿਆ ਹੋਇਆ ਸੀ ਪਰ ਪੰਜਾਬੀ ਰੋਟੀ ਖਾਣ ਲਈ ਏਥੇ ਆ ਗਿਆ ਸੀ। ਕੁਝ ਸਮਾ ਵਿਚਾਰਾਂ ਹੋਈਆਂ ਤੇ ਉਹ ਰੋਟੀ ਖਾ ਕੇ ਆਪਣੇ ਮੋਟਲ ਵਿਚ ਚਲੇ ਗਏ। ਅਗਲੇ ਦਿਨ ਸਵੇਰੇ, ਅੱਗੇ ਦੀ ਯਾਤਰਾ ਉਪਰ ਤੁਰਨ ਤੋਂ ਪਹਿਲਾਂ, ਉਹ ਪਰਵਾਰ ਗੁਰਦੁਆਰੇ ਮੱਥਾ ਟੇਕਣ ਆਇਆ ਤੇ ਮੇਰੀਆਂ ਕਿਤਾਬਾਂ ਬੜੇ ਚਾਅ ਨਾਲ਼ ਲੈ ਕੇ ਗਿਆ।
ਓਥੇ ਟਿਕਣ ਸਮੇ ਦੌਰਾਨ ਉਸ ਸ਼ਹਿਰ ਦੇ ਆਲ਼ੇ ਦੁਆਲ਼ੇ ਦੇ ਛੋਟੇ ਛੋਟੇ ਟਾਊਨਾਂ ਵਿਚੋਂ ਕੁਝ ਨੌਜਵਾਨਾਂ ਦੇ ਫ਼ੋਨ ਆਏ ਜੇਹੜੇ ਹਰਮਨ ਰੇਡੀਉ, ਅਖ਼ਬਾਰਾਂ ਅਤੇ ਫੇਸਬੁੱਕ ਰਾਹੀਂ ਮੈਨੂੰ ਜਾਣਦੇ ਸਨ। ਉਹਨਾਂ ਵਿਚੋਂ ਇਕ ਮਨਪ੍ਰੀਤ ਸਿੰਘ ਮਾਨ ਵਾਅਲਾ ਤੋਂ ਸੀ। ਉਸ ਨੇ ਕਿਹਾ ਕਿ ਉਸ ਨੂੰ ਮੇਰੇ ਆਉਣ ਦਾ ਪਤਾ ਲੱਗਾ ਹੈ ਤੇ ਉਹ ਮੈਨੂੰ ਮਿਲਣ ਆ ਰਿਹਾ ਹੈ। ਉਹ ਮੈਨੂੰ ਮਿਲਣ ਦੇ ਨਾਲ਼ ਨਾਲ਼ ਮੇਰੀਆਂ ਕਿਤਾਬਾਂ ਲੈ ਕੇ ਪੜ੍ਹਨੀਆਂ ਚਾਹੁੰਦਾ ਹੈ। ਮੈਂ ਕਿਹਾ ਕਿ ਹੁਣ ਤੇ ਅਸੀਂ ਵਾਪਸ ਐਡੀਲੇਡ ਜਾ ਰਹੇ ਹਾਂ। ਓਥੇ ਸ. ਮਨਪ੍ਰੀਤ ਸਿੰਘ ਕੋਲ਼ੋਂ ਮੇਰੀਆਂ ਚਾਰ ਕਿਤਾਬਾਂ, ਜਦੋਂ ਗਿਆ ਲੈ ਆਵੀਂ।
ਸ਼ੁੱਕਰਵਾਰ ਸ਼ਾਮ ਤੱਕ ਅਸੀਂ ਵਾਪਸ ਐਡੀਲੇਡ ਪਹੁੰਚ ਗਏ। ਸੁਭਾ ਛਨਿਛਰਵਾਰ ਸ. ਗੁਰਮੀਤ ਸਿੰਘ ਅਤੇ ਬੀਬੀ ਜਸਬੀਰ ਕੌਰ ਵਾਲ਼ੀਆ ਜੀ ਵੱਲੋਂ ਸਾਥੀਆਂ ਦੇ ਸਹਿਯੋਗ ਨਾਲ਼, ਵੈਸਾਖੀ ਦੇ ਸਬੰਧ ਵਿਚ ਸਜਾਉਣ ਵਾਲ਼ਾ ਦੀਵਾਨ ਧਾਰਮਿਕ ਰੰਗ ਵਿਚ ਸਜਾਇਆ ਜਾਣਾ ਸੀ। ਇਸ ਮੇਲੇ ਵਿਚ ਹਾਜਰ ਹੋਣ ਲਈ ਹੀ ਉਚੇਚਾ ਮੈਨੂੰ ਸੱਦਿਆ ਗਿਆ ਸੀ। ਗਰਾਊਂਡ ਵਿਚ ਬਣੀ ਸਟੇਜ ਉਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ, ਸਰਦਾਰਨੀ ਜਸਬੀਰ ਕੌਰ ਜੀ ਦੁਆਰਾ ਸੁਖਮਨੀ ਸਾਹਿਬ ਜੀ ਦਾ ਪਾਠ ਕੀਤਾ ਗਿਆ, ਜਿਸ ਵਿਚ ਹੋਰ ਸੰਗਤਾਂ ਨੇ ਵੀ ਸਹਿਯੋਗ ਦਿਤਾ। ਪਾਠ ਉਪ੍ਰੰਤ ਸ਼ਹਿਰ ਦੇ ਤਿੰਨਾਂ ਹੀ ਗੁਰਦੁਆਰਿਆਂ ਦੇ ਰਾਗੀ ਜਥਿਆਂ ਨੇ ਕੀਰਤਨ ਕੀਤਾ। ਸਰਦਾਰਨੀ ਜਸਬੀਰ ਕੌਰ ਜੀ ਨੇ ਵੀ ਦੋ ਸ਼ਬਦਾਂ ਦੇ ਕੀਰਤਨ ਦੀ ਹਾਜਰ ਲਵਾਈ। ਰਿਵਰਲੈਂਡ ਤੋਂ ਪਹੁੰਚੇ ਭਾਈ ਰਵਿੰਦਰ ਸਿੰਘ ਜੀ, ਮੈਲਬਰਨ ਤੋਂ ਗਿਆਨੀ ਹਰਜੀਤ ਸਿੰਘ ਜੀ ਪੱਟੀਵਾਲ਼ੇ ਅਤੇ ਮੈਂ ਵੀ ਖ਼ਾਲਸੇ ਦੇ ਜਨਮ ਦਿਨ (ਵੈਸਾਖੀ) ਬਾਰੇ ਸੰਗਤਾਂ ਨਾਲ਼ ਵਿਚਾਰ ਸਾਂਝੇ ਕੀਤੇ।
ਧਾਰਮਿਕ ਮਰਯਾਦਾ ਉਪ੍ਰੰਤ ਦੁਪਹਿਰ ਤੋਂ ਪਿੱਛੋਂ ਵੈਸਾਖੀ ਮੇਲੇ ਦੀਆਂ ਰੌਣਕਾਂ ਲੱਗ ਗਈਆਂ। ਨਿੱਕਿਆਂ ਵੱਡਿਆਂ, ਬੰਦੇ ਬੰਦੀਆਂ ਦੀਆਂ ਕਈ ਪ੍ਰਕਾਰ ਦੀਆਂ ਖੇਡਾਂ ਹੋਈਆਂ। ਸਭਿਆਚਾਰਕ ਪ੍ਰੋਗਰਾਮ ਹੋਏ। ਹਨੇਰਾ ਹੋਣ ਤੱਕ ਮੇਲੇ ਦੀਆਂ ਰੌਣਕਾਂ ਲੱਗੀਆਂ ਰਹੀਆਂ।
ਅਗਲੇ ਦਿਨ ਐਤਵਾਰ ਨੂੰ ਪਰਥ ਵਿਚ ਹੋ ਰਹੀਆਂ ਖੇਡਾਂ ਦੇ ਹਿੱਸੇ ਵਜੋਂ, ਦੱਖਣੀ ਆਸਟ੍ਰੇਲੀਆ ਦੀਆਂ ਸਾਲਾਨਾ ਸਿੱਖ ਖੇਡਾਂ ਦੇ ਹਿੱਸੇ ਦੇ ਰੂਪ ਵਿਚ ਹੋਈਆਂ। ਉਸ ਵਿਚ ਵੀ ਹਾਜਰੀ ਭਰੀ। ਸਾਰੀ ਸਟੇਟ ਵਿਚੋਂ ਆਏ ਸੱਜਣਾਂ ਨਾਲ਼ ਮੇਲ ਮਿਲਾਪ ਹੋਇਆ। ਕੁਝ ਨਵੇਂ ਸੂਝਵਾਨ ਸੱਜਣਾਂ ਨਾਲ਼ ਵੀ ਜਾਣ ਪਛਾਣ ਹੋਈ। ਮੇਰੇ ਪਹਿਲਾਂ ਤੋਂ ਮਿੱਤਰ ਪੰਥਕ ਸੋਚ ਦੇ ਧਾਰਨੀ, ਸ ਬਖ਼ਸ਼ੀਸ਼ ਸਿੰਘ ਜੀ ਨੇ ਉਸ ਮੇਲੇ ਵਿਚ ਇਕ ਅਜਿਹੀ ਸ਼ਖ਼ਸ਼ੀਅਤ ਨਾਲ਼ ਮੇਲ ਕਰਵਾਇਆ ਜੇਹੜੀ ਜਿੰਨੀ ਪ੍ਰਭਾਵਸ਼ਾਲੀ ਬਾਹਰੋਂ ਦਿਸਦੀ ਸੀ ਓਨੀ ਹੀ ਅੰਦਰੋਂ ਵੀ ਖ਼ੂਬਸੂਰਤ ਨਿਕਲ਼ੀ। ਇਸ ਸ਼ਾਨਦਾਰ ਗੁਰਸਿੱਖੀ ਸਰੂਪ ਦੇ ਧਾਰਨੀ ਗੁਰਮੁਖ ਪਿਆਰੇ ਦਾ ਨਾਂ ਸ. ਜੁਗਰਾਜ ਸਿੰਘ ਖਹਿਰਾ ਹੈ। ਛਨਿਛਰਵਾਰ ਵਾਲ਼ੇ ਮੇਲੇ ਵਿਚ ਕੁਝ ਉਹਨਾਂ ਨੌਜਵਾਨਾਂ ਦੇ ਵੀ ਦਰਸ਼ਨ ਹੋਏ ਜੇਹੜੇ ਅੰਮ੍ਰਿਤਸਰ ਦੇ ਆਲ਼ੇ ਦਆਲ਼ੇ ਦੇ ਪਿੰਡਾਂ ਤੋਂ ਆਏ ਹਨ। ਉਹਨਾਂ ਨੇ ਦੱਸਿਆ ਕਿ ਉਹ ਮੈਨੂੰ ਹਰਮਨ ਰੇਡੀਉ ਤੋਂ ਸੁਣਦੇ ਹਨ ਤੇ ਮਿੰਟੂ ਜੀ ਦੀ ‘ਪੰਜਾਬੀ ਅਖ਼ਬਾਰ’ ਵਿਚੋਂ ਪੜ੍ਹਦੇ ਵੀ ਹਨ। ਉਹ ਸਾਰੇ ਪਰਵਾਰਕ ਵਾਤਾਵਰਨ ਵਿਚ ਚਾਹ ਦੇ ਕੱਪ ਉਪਰ ਬੈਠਣ ਦਾ ਵਿਚਾਰ ਰੱਖਦੇ ਹਨ। ਮੇਲੇ ਦੀ ਸਮਾਪਤੀ ਉਪ੍ਰੰਤ ਇਕ ਘਰ ਵਿਚ ਇਕੱਤਰ ਹੋਏ, ਚਾਹ ਪਾਣੀ ਛਕਿਆ ਅਤੇ ਖ਼ੁਸ਼ਗਵਾਰ ਮਾਹੌਲ ਵਿਚ ਵਿਚਾਰਾਂ ਹੋਈਆਂ।
ਸਦਾ ਵਾਂਗ ਠਾਹਰ ਮੇਰੀ ਕਾਕਾ ਮਨਪ੍ਰੀਤ ਸਿੰਘ ਅਤੇ ਬੱਚੀ ਮਨਦੀਪ ਕੌਰ ਕੋਲ਼ ਹੀ ਸੀ। ਉਹਨਾਂ ਨੂੰ ਰਾਤ ਦੇ ਪ੍ਰਸ਼ਾਦੇ ਵਾਸਤੇ ਕਿਸੇ ਘਰੋਂ ਸੱਦਾ ਸੀ। ਮੈਨੂੰ ਨਾਲ਼ ਚੱਲਣ ਲਈ ਕਿਹਾ ਪਰ ਮੈਂ ਸੀ.ਐਮ. ਮੂਵੀ ਵੇਖਣ ਦੇ ਲਾਲਚ ਵਿਚ ਨਾ ਜਾਣਾ ਹੀ ਠੀਕ ਸਮਝਿਆ ਤੇ ਉਹਨਾਂ ਨੂੰ ਕਿਹਾ ਕਿ ਵੱਡੇ ਸਕਰੀਨ ਉਪਰ ਮੈਨੂੰ ਇਹ ਮੂਵੀ ਖੋਹਲ ਕੇ ਦੇ ਜਾਓ ਤੇ ਤੁਸੀਂ ਜਾਓ। ਮੈਂ ਤੇ ਗੁਰਦੁਆਰਾ ਸਾਹਿਬ ਦੇ ਨਾਲ਼ ਲੱਗਵੇਂ ਘਰ ਵਿਚ ਮੂਵੀ ਵੇਖਦਾ ਰਿਹਾ ਤੇ ਓਧਰ ਸ਼ਾਮ ਵੇਲ਼ੇ ਸ. ਤੇਜਸ਼ਦੀਪ ਸਿੰਘ ਅਜਨੌਦਾ ਅਤੇ ਕੁਝ ਹੋਰ ਸੱਜਣ ਮਿਲਣ ਲਈ ਆਏ ਅਤੇ ਰਾਗੀ ਸਿੰਘਾਂ ਤੋਂ ਪੁੱਛ ਕੇ ਤੇ ਮੱਥਾ ਟੇਕ ਕੇ ਮੁੜ ਜਾਂਦੇ ਰਹੇ। ਰਾਗੀ ਸਿੰਘਾਂ ਨੂੰ ਨਹੀਂ ਸੀ ਪਤਾ ਕਿ ਮੈਂ ਨਾਲ਼ ਦੇ ਘਰ ਵਿਚ ਹੀ ਬੈਠਾ ਸਾਂ।
ਐਡੀਲੇਡ ਦਾ ਵਾਸੀ ਸਾਹਿਤ ਰਸੀਆ ਅਤੇ ਰਚੀਆ ਮਲਹਾਂਸ ਜੋੜਾ, ਸ. ਮੋਹਨ ਸਿੰਘ ਅਤੇ ਬੀਬਾ ਬਲਜੀਤ ਕੌਰ ਜੀ, 2005 ਤੋਂ ਹੀ ਮੇਰੇ ਨਾਲ਼ ਸਨੇਹ ਕਰਦੇ ਆ ਰਹੇ ਹਨ। ਇਕ ਦਿਨ ਮੈਨੂੰ ਮਿਲਣ ਆਏ। ਅਸੀਂ ਤਿੰਨੇ ਜਣੇ ਗੁਰਦੁਆਰਾ ਸਾਹਿਬ ਦੇ ਦਫ਼ਤਰ ਵਿਚ ਬੈਠੇ ਵਿਚਾਰਾਂ ਕਰ ਰਹੇ ਸਾਂ। ਬਲਜੀਤ ਕੌਰ ਬੀਬਾ ਜੀ, ਕਹਿੰਦੇ, “ਅਸੀਂ ਤਾਇਆ ਜੀ, ਤੁਹਾਡਾ ਐਡੀਲੇਡ ਦੇ ਸਾਹਿਤਕਾਰਾਂ ਵੱਲੋਂ ਰੂ-ਬ-ਰੂ ਅਤੇ ਸਨਮਾਨ ਕਰਨਾ ਚਾਹੁੰਦੇ ਹਾਂ ਪਰ ਕਰੋਨੇ ਦੇ ਕਹਿਰ ਕਰਕੇ ਵੱਡਾ ਇਕੱਠ ਨਹੀਂ ਕੀਤਾ ਜਾ ਸਕਦਾ; ਇਸ ਲਈ ਛੋਟੇ ਪੈਮਾਨੇ ਉਪਰ, ਆਪਣੇ ਘਰ ਵਿਚ ਹੀ ਕੁਝ ਤੁਹਾਡੇ ਪ੍ਰੇਮੀ ਸਾਹਿਤਕਾਰਾਂ ਨੂੰ ਸੱਦ ਕੇ ਤੁਹਾਡਾ ਮਾਣ ਸਤਿਕਾਰ ਕਰਨ ਦਾ ਵਿਚਾਰ ਬਣਾ ਲਿਆ ਹੈ।“ ਮੈਂ ਕਿਹਾ, “ਕੋਈ ਗੱਲ ਨਹੀਂ ਬੀਬਾ ਜੀ, ਅਗਲੀ ਵਾਰ ਸਹੀ।” “ਨਹੀਂ, ਪਹਿਲਾਂ ਹੀ ਬਹੁਤ ਪਛੜ ਗਏ ਹਾਂ, ਅਗਲੀ ਵਾਰ ਅਗਲੀ ਵਾਰ ਕਰਦਿਆਂ। ਇਸ ਵਾਰੀ ਛੋਟਾ ਈ ਸਹੀ, ਵੱਡਾ ਹਾਲਾਤ ਸੁਧਰ ਜਾਣ ਤੇ ਕਰਾਂਗੇ।“ ਮੁਕਦੀ ਗੱਲ, ਫੈਸਲਾ ਹੋ ਗਿਆ ਕਿ ਮੰਗਲਵਾਰ ਦੀ ਸ਼ਾਮ ਉਹਨਾਂ ਦੇ ਘਰ ਸਾਹਿਤ ਪ੍ਰੇਮੀਆਂ ਨਾਲ਼ ਬਿਤਾਈ ਜਾਵੇ।
ਮੈਂ ਨਵੇਂ ਬਣੇ ਮਿੱਤਰ ਸ. ਜੁਗਰਾਜ ਸਿੰਘ ਜੀ ਦੇ ਘਰ ਸਾਂ। ਉਹਨਾਂ ਨੂੰ ਵੀ ਆਪਣੇ ਨਾਲ਼ ਜਾਣ ਲਈ ਸਹਿਮਤ ਕਰ ਲਿਆ। ਉਹਨਾਂ ਦਾ ਪੁੱਤਰ ਸਾਨੂੰ ਮਲਹਾਂਸ ਜੋੜੀ ਦੇ ਘਰ ਛੱਡ ਕੇ ਬਾਹਰੋਂ ਹੀ ਮੁੜ ਗਿਆ। ਅੱਧਾ ਘੰਟਾ ਟਾਈਮ ਦੇ ਅੱਗੇ ਪਿੱਛੇ ਹੋਣ ਦਾ ਭੁਲੇਖਾ ਪੈ ਜਾਣ ਕਰਕੇ, ਸਾਡੇ ਜਾਂਦਿਆਂ ਨੂੰ ਸਾਰੇ ਸੁਹਿਰਦ ਸੱਜਣ ਆਏ ਬੈਠੇ ਸਨ। “ਆਓ ਜੀ, ਆਓ ਜੀ, ਬੈਠੋ ਜੀ, ਬੈਠੋ ਜੀ, ਲੇਟ ਹੋ ਗਏ ਜੀ, ਲੇਟ ਹੋ ਗਏ ਜੀ, ਤੁਸੀਂ ਵੀ ਚੰਗੇ ਜੀ, ਅਸੀਂ ਵੀ ਚੰਗੇ ਜੀ” ਵਰਗੇ ਸਤਿਕਾਰ ਮਈ ਸ਼ਬਦਾਂ ਦੇ ਵਟਾਂਦਰੇ ਪਿਛੋਂ ਚਾਹ ਪਾਣੀ ਛਕ ਕੇ, ਆਪੋ ਆਪਣੀਆਂ ਰਚਨਾਵਾਂ ਸੁਣਨ ਸੁਣਾਉਣ ਦਾ ਦੌਰ ਸ਼ੁਰੂ ਹੋਇਆ। ਹਾਜਰ ਸਾਰੇ ਸੱਜਣਾਂ ਦੇ ਨਾਂ ਯਾਦ ਨਹੀਂ ਤੇ ਜਿਨ੍ਹਾਂ ਦੇ ਯਾਦ ਹਨ ਜੇ ਉਹਨਾਂ ਦੇ ਲਿਖ ਦਿਤੇ ਤਾਂ ਭੁੱਲ ਗਿਆਂ ਨਾਲ਼ ਬੇਇਨਸਾਫ਼ੀ ਹੋਵੇਗੀ। ਇਸ ਲਈ ਮੈਂ ਏਨਾ ਕਹਿ ਕੇ ਹੀ ਸਾਰ ਲੈਂਦਾ ਹਾਂ ਕਿ ਸਾਹਿਤਕ ਨਾਲ਼ੋਂ ਵੀ ਵਧੇਰੇ ਇਹ ਪਰਵਾਰਕ ਮੇਲ਼ ਬਣ ਗਿਆ। ਇਸ ਵਿਚ, ਵਾਰਤਕ ਲਿਖਾਰੀ, ਕਵੀ, ਰੰਗ ਮੰਚ ਕਰਮੀ ਸਾਰੇ ਹੀ ਸਾਹਿਤ ਰਚੀਏ ਅਤੇ ਸਾਹਿਤ ਰਸੀਏ ਹੀ, ਸ਼ਾਮਲ ਹੋਏ ਅਤੇ ਇਹ “ਗੁਣ ਗਾਵਤ ਰੈਨ ਬਿਹਾਨੀ॥” ਵਾਲ਼ਾ ਸਮਾਗਮ ਹੋ ਨਿੱਬੜਿਆ। ਸਾਰੇ ਸ਼ਾਮਲ ਸੱਜਣਾਂ ਦਾ ਵਿਚਾਰ ਸੀ ਕਿ ਅਜਿਹੇ ਸਾਹਿਤਕ ਸਮਾਗਮ ਸਮੇ ਸਮੇ ਰਚੇ ਜਾਣੇ ਚਾਹੀਦੇ ਹਨ। ਅੰਤ ਵਿਚ ਪੰਜਾਬੀ ਸਾਹਿਤ ਰਸੀਆਂ ਵਾਸਤੇ ਮਲਹਾਂਸ ਪਰਵਾਰ ਵੱਲੋਂ ਪ੍ਰੇਮ ਸਹਿਤ ਤਿਆਰ ਕੀਤਾ ਪ੍ਰਸ਼ਾਦਾ ਛਕ ਕੇ ਵਿਦਿਆ ਹੋਏ।
ਮੁੜਦਿਆਂ ਰਸਤੇ ਵਿਚ ਸ. ਜੁਗਰਾਜ ਸਿੰਘ ਖਹਿਰਾ ਜੀ ਨੇ ਬੜੀ ਖ਼ੁਸ਼ੀ ਪਰਗਟ ਕਰਦਿਆਂ ਇਸ ਸੁਹਾਵਣੀ ਸ਼ਾਮ ਸਮੇ ਦੀ ਸਰਗਰਮੀ ਬਾਰੇ ਪ੍ਰਸੰਸਕ ਵਿਚਾਰ ਪਰਗਟ ਕੀਤੇ।
ਸ. ਮੋਹਨ ਸਿੰਘ ਮਲਹਾਂਸ ਨੇ, ਕਈ ਸਾਲ ਪਹਿਲਾਂ ਇਕ ਅਧਿਆਪਕਾ, ਬੀਬਾ ਮਹੇਸ਼ ਕੌਰ ਜੀ ਵੱਲੋਂ, ਮੇਰੇ ਬਾਰੇ ਲਿਖੇ ਗਏ ਲੇਖ ਦੇ ਸਿਰਲੇਖ ‘ਬਿਨਾ ਸਕੂਲੋਂ ਸਾਹਿਤਕਾਰ’ ਤੋਂ ਪ੍ਰਭਾਵਤ ਹੋ ਕੇ, ਵਿਚਾਰ ਪਰਗਟ ਕੀਤਾ ਸੀ ਕਿ ਉਹ ਵੀ ਮੇਰੇ ਬਾਰੇ ਇਕ ਲੇਖ ਲਿਖੇਗਾ ਜਿਸ ਦਾ ਸਿਰਲੇਖ ਹੋਵੇਗਾ ‘ਕਾਪੀ ਰਾਈਟ ਰਹਿਤ ਲੇਖਕ’ ਪਰ ਅਜੇ ਤੱਕ ਉਸ ਨੇ ਇਸ ਪਾਸੇ ਉਦਮ ਨਹੀਂ ਕੀਤਾ। ਚਲੋ, “ਦੇਰ ਆਇਦ ਦਰੁਸਤ ਆਇਦ।” ਇਸ ਦੇਰੀ ਵਿਚ ਵੀ ਕੋਈ ਚੰਗੇ ਤੋਂ ਚੰਗੇਰਾ ਹੋ ਜਾਣ ਦੀ ਆਸ ਹੀ ਰੱਖਣੀ ਚਾਹੀਦੀ ਹੈ।
ਬੁਧਵਾਰ 7 ਮਈ ਨੂੰ ਵਾਪਸੀ ਸੀ। ਸਦਾ ਵਾਂਗ ਵਿਚਾਰ ਸੀ ਕਿ ਮੇਰਾ ਮੂੰਹ ਬੋਲਿਆ ਭਤੀਜਾ ਮਨਪ੍ਰੀਤ ਸਿੰਘ ਹੀ ਹਵਾਈ ਅੱਡੇ ਉਪਰ ਛੱਡ ਆਵੇਗਾ। ਹਵਾਈ ਅੱਡਾ ਵੀ ਗੁਰਦੁਆਰਾ ਸਾਹਿਬ ਤੋਂ ਏਨਾ ਨੇੜੇ ਹੈ ਕਿ ਕਦੀ ਕਦਾਈਂ ਮੈਂ ਪੈਦਲ ਹੀ ਓਥੋਂ ਤੱਕ ਆਉਣਾ/ਜਾਣਾ ਕਰ ਲੈਂਦਾ ਹਾਂ। ਪਰ ਇਕ ਦਿਨ ਪਹਿਲਾਂ ਸ. ਗੁਰਮੀਤ ਸਿੰਘ ਵਾਲੀਆ ਜੀ ਵੱਲੋਂ ਫ਼ੋਨ ਆ ਗਿਆ ਕਿ ਉਹ ਖ਼ੁਦ, ਜਿਵੇਂ ਮੈਨੂੰ ਅੱਡੇ ਤੋਂ ਲੈਣ ਗਏ ਸਨ ਓਵੇਂ ਛੱਡ ਕੇ ਵੀ ਓਹੀ ਆਉਣਗੇ। ਬੁਧਵਾਰ ਸਵੇਰ ਦਾ ਛਾਹਵੇਲ਼ਾ ਕਰਨ ਤੇ ਵੀ ਉਹਨਾਂ ਨੇ ਮੇਰੇ ਉਪਰ ਪਾਬੰਦੀ ਲਾ ਦਿਤੀ। ਕਿਹਾ ਕਿ ਇਹ ਕਾਰਜ ਉਹਨਾਂ ਦੇ ਘਰ ਵਿਚ ਉਹਨਾਂ ਦੇ ਨਾਲ਼ ਹੀ ਕਰਨਾ ਪਊਗਾ। ਸਮੇ ਸਿਰ ਵਾਲੀਆ ਜੀ ਮੈਨੂੰ ਆ ਕੇ ਆਪਣੇ ਘਰ ਲੈ ਗਏ। ਉਹਨਾਂ ਦੀ ਜੀਵਨ ਸਾਥਣ ਸਤਿਕਾਰਯੋਗ ਭੈਣ ਜਸਬੀਰ ਕੌਰ ਜੀ ਨੇ ਤਾਜੀਆਂ ਪੂਰੀ ਤਲ਼ ਕੇ ਪ੍ਰੇਮ ਸਹਿਤ ਛਾਹਵੇਲ਼ਾ ਕਰਵਾਇਆ। ਤਾਜੀਆਂ ਪੂਰੀਆਂ ਵੇਖ ਕੇ 1964,65,66 ਵਾਲ਼ਾ ਸਮਾ ਯਾਦ ਆ ਗਿਆ। ਓਦੋਂ ਮੈਂ ਪਟਿਆਲੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਰਾਗੀ ਦੀ ਸੇਵਾ ਕਰਦਾ ਸਾਂ। ਸਵੇਰੇ ਆਸਾ ਕੀ ਵਾਰ ਦੇ ਕੀਰਤਨ ਉਪ੍ਰੰਤ ਗੁਰਦੁਆਰੇ ਦੇ ਗੇਟ ਮੂਹਰਲੀ ਸੜਕ ਦੇ ਦੂਜੇ ਕਿਨਾਰੇ ਉਪਰ, ਪਾਕਿਸਤਾਨੋ ਆਏ ਸਿੱਖਾਂ ਦੀਆਂ ਹਲਵਾਈਆਂ ਦੀਆਂ ਦੁਕਾਨਾਂ ਹੁੰਦੀਆਂ ਸਨ। ਉਹਨਾਂ ਵੱਲੋਂ ਤਲ਼ੀਆਂ ਜਾ ਰਹੀਆਂ ਗਰਮਾ ਗਰਮ ਪੂਰੀਆਂ, ਮਿੱਠੀ ਚਾਹ ਦੇ ਨਾਲ਼ ਛਕ ਕੇ ਆਨੰਦ ਮਾਨਣਾ। ਓਦੋਂ ਇਹ ਸਾਡਾ ਛਾਹਵੇਲ਼ਾ ਹੋਇਆ ਕਰਦਾ ਸੀ।
ਇਉਂ ਮੇਰੀ ਪੇਟ ਪੂਜਾ ਕਰਵਾ ਕੇ ਤੇ ਬਣਦੇ ਨਾਲ਼ੋਂ ਵਧੇਰੇ ਮਾਣ ਸਤਿਕਾਰ ਸਹਿਤ, ਸ. ਗੁਰਮੀਤ ਸਿੰਘ ਵਾਲੀ ਜੀ, ਮੈਨੂੰ ਹਵਾਈ ਅੱਡੇ ਉਪਰ ਉਤਾਰ ਕੇ ਵਾਪਸ ਮੁੜ ਗਏ ਤੇ ਜਹਾਜੇ ਮੈਂ ਖ਼ੁਦ ਹੀ ਚੜ੍ਹ ਕੇ ਤਕਾਲ਼ਾਂ ਤੱਕ ਸਿਡਨੀ ਵਿਚਲੇ ਆਪਣੇ ਝੌਂਪੜੇ ਵਿਚ ਆ ਵੜਿਆ। ਏਨੀ ਮੇਰੀ ਬਾਤ .....।

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਢੇ ਪੰਜ ਸੌ ਸਾਲਾ ਪ੍ਰਕਾਸ਼ ਉਤਸ਼ਵ ਸਮੇ (ਸਤੰਬਰ ਤੋਂ ਨਵੰਬਰ, ੨੦੧੯)

ਪੰਜਾਬ ਦੀ ਯਾਤਰਾ

੧੯੬੪ ਵਿਚ ਸੰਗਮ ਫਿਲਮ ਵਿਚੋਂ ਇਟਲੀ ਦੇ ਬੇੜੀਆਂ ਵਾਲ਼ੇ ਸ਼ਹਿਰ ਵੀਨਸ ਅਤੇ ਸਵਿਟਜ਼ਰਲੈਂਡ ਦੀ ਖ਼ੂਬਸੂਰਤੀ ਨੂੰ ਵੇਖਣ ਦਾ ਪੈਦਾ ਹੋਇਆ ਚਾ ਪੂਰਾ ਕਰਨ ਵਾਸਤੇ, ਮੈਂ ਨੌਂ ਸਾਲ ਤਿਆਰੀ ਕਰਦਾ ਰਿਹਾ ਤੇ ਫੇਰ ਅਫ਼੍ਰੀਕਾ ਦੇ ਛੋਟੇ ਜਿਹੇ ਮੁਲਕ ਮਲਾਵੀ ਵਿਚੋਂ ਦੋ ਸਾਲ ਦਾ ਵਰਕ ਵੀਜ਼ਾ ਮਿਲ਼ਿਆ ਤੇ ਨਾਲ਼ ਹੀ ਪਰਵਾਰ ਸਮੇਤ ਹਵਾਈ ਜਹਾਜ ਦੀਆਂ ਟਿਕਟਾਂ ਵੀ। ਓਥੋਂ ਦੀ ਨੌਕਰੀ ਵਿਚੋਂ ਪੈਸੇ ਜੋੜ ਕੇ, ਦੁਨੀਆ ਦੀਆਂ ਯਾਤਰਾਵਾਂ ਦਾ ਆਰੰਭ ਹੋਇਆ। ਕਦੀ ਵੀ ਸੋਚ ਵਿਚ ਇਹ ਇੱਛਾ ਪੈਦਾ ਨਹੀਂ ਸੀ ਹੋਈ ਕਿ ਪੰਜਾਬੋਂ ਬਾਹਰ ਹੀ ਕਿਸੇ ਦੇਸ ਵਿਚ ਪੱਕੇ ਤੌਰ ਤੇ ਟਿਕਣਾ ਹੈ। ਇਸ ਲਈ ਜਦੋਂ ਹੀ ਪੰਜਾਬ ਮੁੜਨ ਲਈ ਟਿਕਟ ਖ਼ਰੀਦਣ ਦੇ ਜੋਗ ਹੋਣਾ, ਦੇਸ ਨੂੰ ਭੱਜ ਤੁਰਨਾ। ਏਸੇ ਕਰਕੇ ਹੀ ਬਾਹਰ ਜਾਣ ਵਾਲ਼ੇ ਉਦਮੀਆਂ ਵੱਲੋਂ, ਬਾਹਰ ਦੀ ਕਮਾਈ ਨਾਲ਼ ਬਣਾਏ ਗਏ ਧਨ ਨਾਲ਼ ਖੁਲ੍ਹਾ ਡੁਲ੍ਹਾ ਖਰਚ ਕਰਨ ਵਾਲ਼ਿਆਂ ਦੇ ਬਰਾਬਰ ਨਾ ਪਹੁੰਚ ਸਕਿਆ। ਇਉਂ ਮਾਰਚ ੧੯੭੩ ਤੋਂ ਲੈ ਕੇ ਸਤੰਬਰ ੧੯੮੩ ਤੱਕ ਸਾਢੇ ਦਸ ਸਾਲ 'ਲਟਕਣ ਕਲਾਸ' ਵਿਚ ਹੀ ਰਿਹਾ ਪਰ ਇਸ ਦਾ ਪਛਤਾਵਾ ਕੋਈ ਨਹੀਂ।
੧੯੮੩ ਦੇ ਅਗਸਤ ਮਹੀਨੇ ਵਿਚ, ਸਿਡਨੀ ਵਿਚਲੀ ਵੈਸਟਪੈਕ ਬੈਂਕ ਤੋਂ ਇਕ ਮਹੀਨੇ ਦੀ ਸਾਲਾਨਾ ਛੁੱਟੀ ਮਿਲਣ 'ਤੇ, ਡਾਂਡੇ ਮੀਂਡੇ ਜਿਹੇ ਸਫ਼ਰ ਰਾਹੀਂ ਪੰਜਾਬ ਨੂੰ ਤੁਰ ਪਿਆ। ਉਸ ਸਮੇ ਦੇਸ ਵਿਚ ਧਰਮ ਯੁਧ ਮੋਰਚਾ ਪੂਰਾ  ਗਰਮੀ ਵਿਚ ਚੱਲ ਰਿਹਾ ਸੀ। ਕੁਝ ਸੱਜਣ ਮਿੱਤਰ ਜੇਹਲਾਂ ਵਿਚ ਬੈਠੇ ਸਨ, ਕੁਝ ਅੰਮ੍ਰਿਤਸਰੋਂ ਚਲੇ ਗਏ ਤੇ ਕੁਝ ਹੋਰ ਕਾਰਨਾਂ ਕਰਕੇ ਨਾ ਮਿਲ਼ ਸਕੇ। ਇਸ ਤੋਂ ਇਲਾਵਾ ਪੰਜਾਬ ਵਿਚੋਂ ਮੈਨੂੰ ੧੯੪੭ ਵਰਗੇ ਹਾਲਾਤ ਭਾਸਣ ਲੱਗ ਪਏ। ਮੇਰੇ ਚਿਰਕਾਲੀ ਇਕ ਮਿੱਤਰ ਖੱਬੇ ਪੱਖੀ ਸੋਚ ਵਾਲ਼ੇ, ਵੈਦ ਰਾਮ ਪਾਲ ਸ਼ਰਮਾ ਜੀ ਨਾਲ਼, ਇਸ ਧਰਮ ਯੁਧ ਮੋਰਚੇ ਬਾਰੇ ਗੱਲ ਬਾਤ ਕਰਦਿਆਂ ਉਹਨਾਂ ਨੇ ਕਿਹਾ ਕਿ ਅਕਾਲੀਆਂ ਦਾ ਮੋਰਚਾ  ਸਹੀ ਹੈ। ਮੈਂ ਕਿਹਾ, ''ਜੇ ਤੁਸੀਂ ਅਕਾਲੀਆਂ ਨੂੰ ਸਹੀ ਮੰਨਦੇ ਹੋ ਤਾਂ ਤੁਹਾਡੀ ਪਾਰਟੀ ਅਕਾਲੀਆਂ ਦਾ ਸਾਥ ਕਿਉਂ ਨਹੀਂ ਦਿੰਦੀ?'' ਦਾ ਜਵਾਬ ਉਹਨਾਂ ਨੇ ਇਉਂ ਦਿਤਾ, ''ਅਕਾਲੀ ਗੁਰਦੁਆਰੇ ਦੇ ਅੰਦਰੋਂ ਮੋਰਚਾ ਚਲਾ ਰਹੇ ਹਨ। ਜੇ ਬਹਰੋਂ ਚਲਾਉਣ ਤਾਂ ਅਸੀਂ ਵੀ ਅਕਾਲੀਆਂ ਨਾਲ਼ ਸ਼ਮਲ ਹੋ ਸਕਦੇ ਹਾਂ।'' ਖੈਰ, ਇਹ ਵੈਦ ਜੀ ਦੀ ਦਲੀਲਬਾਜੀ ਸੀ। ਜਦੋਂ ਮੈਂ ਇਹ ਕਿਹਾ ਕਿ ਸ਼ਾਂਤਮਈ ਮੋਰਚੇ ਤਾਂ ਸਰਕਾਰਾਂ ਨਾਲ਼ ਅਕਾਲੀਆਂ ਦੇ ਲੱਗਦੇ ਹੀ ਰਹਿੰਦੇ ਹਨ; ਇਹ ਕੋਈ ਨਵੀਂ ਗੱਲ ਨਹੀਂ ਪਰ ਇਸ ਵਾਰ ਮੈਨੂੰ ਪੰਜਾਬ ਦੇ ਵਾਤਾਵਰਣ ਵਿਚੋਂ ਫਿਰਕੂ ਖਿੱਚੋਤਾਣ ਦਾ ਝੌਲ਼ਾ ਜਿਹਾ ਪੈਂਦਾ ਹੈ। ਇਸ ਦੇ ਜਵਾਬ ਵਿਚ ਉਸ ਨੇ ਜੋ ਕਿਹਾ ਉਸ ਨੇ ਮੇਰੀ ਹੋਰ ਵੀ ਹੌਸਲਾ ਸ਼ਿਕਨੀ ਕੀਤੀ। ਉਸ ਦਾ ਜਵਾਬ ਕੁਝ ਇਸ ਤਰ੍ਹਾਂ ਦਾ ਸੀ: ਮੇਰਾ ਜੋਤਸ਼ ਦੱਸਦਾ ਹੈ ਕਿ ਏਥੇ ਫਿਰਕੂ ਫਸਾਦ ਹੋਣੇ ਹਨ। ੧੯੪੭ ਵਾਂਗ ਹਿੰਦੂ ਸਿੱਖਾਂ ਨੇ ਇਕ ਦੂਜੇ ਨੂੰ ਮਾਰਨਾ ਹੈ। ਅਜਿਹੀ ਹੀ ਭਿਆਨਕ ਪੇਸ਼ੀਨਗੋਈ, ਮਈ ੧੯੭੭ ਵਿਚ ਹਾਲੈਂਡ ਦੇ ਸ਼ਹਿਰ ਐਮਸਟਰਡੈਮ ਵਿਚ, ਇਕ ਨੌਜਵਾਨ ਚੈਨ ਸਿੰਘ ਸੈਣੀ ਨੇ ਵੀ ਕੀਤੀ ਸੀ। ਸਾਰ ਉਸ ਦਾ ਇਹ ਸੀ ਕਿ ਦਰਬਾਰ ਸਾਹਿਬ ਉਪਰ ਫੌਜਾਂ ਹਮਲਾ ਕਰਨਗੀਆਂ। ਓਥੇ ਉਹ ਸਿੱਖ ਵਿਰੋਧੀ ਕੁਕਰਮ ਕਰਨਗੀਆਂ। ਉਸ ਸਮੇ ਮੇਰੇ ਮੰਨਣ ਵਿਚ ਅਜਿਹੀ ਹੋਣੀ ਵਾਪਰ ਜਾਣ ਵਾਲ਼ੀ ਸੋਚ ਬਿਲਕੁਲ ਨਹੀਂ ਸੀ ਆਈ। ਮੇਰੇ ਵੱਲੋਂ ਅਜਿਹਾ ਹੋ ਸਕਣ ਬਾਰੇ ਸ਼ੰਕਾ ਪਰਗਟ ਕਰਨ 'ਤੇ ਉਸ ਨੇ ਕਿਹਾ, ''ਪਹਿਲਾਂ ਨਹੀਂ ਸੀ ਮੱਸੇ ਰੰਘੜ ਵੇਲ਼ੇ ਇਸ ਤਰ੍ਹਾਂ ਹੋਇਆ?'' ਜੋ ਕੁਝ ਜੂਨ ੧੯੮੪ ਵਿਚ ਹੋਇਆ, ਉਸ ਬਾਰੇ ਉਸ ਨੇ ਮਈ ੧੯੭੭ ਵਿਚ ਹੀ ਦੱਸ ਦਿਤਾ ਸੀ।
ਪੰਥ ਅਤੇ ਪੰਜਾਬ ਦੀ ਅਜਿਹੀ ਹਾਲਤ ਵੇਖ ਕੇ ਵਿਚਾਰ ਆਈ ਕਿ ਪੰਜਾਬ ਹੁਣ ਮੇਰੇ ਤੋਂ ਬਹੁਤ ਅੱਗੇ ਲੰਘ ਗਿਆ ਹੈ ਅਤੇ ਮੇਰਾ ਹੁਣ ਇਸ ਦੇ ਬਰਾਬਰ ਪਹੁੰਚ ਸਕਣਾ ਮੇਰੀ ਪਹੁੰਚ ਤੋਂ ਬਾਹਰ ਹੋ ਗਿਆ ਹੈ ਅਤੇ ਫਿਰ ਇਸ ਹਾਲਤ ਵਿਚ ਮੈਂ ਪੰਜਾਬ ਦੀ ਸਮਾਜਕ ਅਵੱਸਥਾ ਵਿਚ ਕੋਈ ਉਸਾਰੂ ਹਿੱਸਾ ਪਾ ਸਕਣ ਦੇ ਜੋਗ ਵੀ ਨਹੀਂ ਰਿਹਾ। ਫਿਰ ਸਿਡਨੀ ਵਿਚ ਮੇਰੀ ਪਰਵਾਰਕ ਹਾਲਤ ਵੀ ਇਉਂ ਸੀ ਕਿ ਛੇ ਜੀਆਂ ਦਾ ਟੱਬਰ। ਸਭ ਤੋਂ ਛੋਟਾ ਬੱਚਾ ਅਜੇ ਤਿੰਨ ਕੁ ਮਹੀਨੇ ਦਾ। ਸੋਹਣੀ ਬੈਂਕ ਦੀ ਨੌਕਰੀ। ਬੈਂਕ ਤੋਂ ਕਰਜਾ ਲੈ ਕੇ ਲਏ ਮਕਾਨ ਦੀ ਕਿਸ਼ਤ ਹਰੇਕ ਮਹੀਨੇ ਭਰਨੀ। ਸਹਿੰਦਾ ਸਹਿੰਦਾ ਜਿਹਾ ਭਾਈਚਾਰੇ ਵਿਚ ਮਾਣ ਸਤਿਕਾਰ ਵੀ। ਦੂਜੇ ਬੰਨੇ ਪੰਜਾਬ ਵਿਚ ਕੁਝ ਵੀ ਨਾ, ਜਿਸ ਨੂੰ ਮੈਂ ਆਪਣਾ ਕਹਿ ਸਕਾਂ ਤੇ ਉਸ ਆਸਰੇ ਦਿਨ ਕਟੀ ਕਰ ਸਕਾਂ। ਹਰੇਕ ਫੇਰੀ ਦੌਰਾਨ ਰਿਸ਼ਤੇਦਾਰਾਂ ਅਤੇ ਸੱਜਣਾਂ ਪਾਸੋਂ ਪ੍ਰਸ਼ਾਦਾ ਪਾਣੀ ਛਕ ਕੇ ਅਤੇ ਰਾਤਾਂ ਕੱਟ ਕੇ ਵਾਪਸ ਮੁੜਿਆ ਕਰਦਾ ਸਾਂ। ਪੰਜਾਬ ਦੇ ਇਕ ਚੱਕਰ ਵਿਚ ਹੀ ਲੱਖ ਰੁਪਇਆ ਰੁੜ੍ਹ ਜਾਂਦਾ ਸੀ। ਇਹੋ ਜਿਹੇ ਵਾਤਾਵਰਨ ਵਿਚ ਸੋਚ ਆਈ ਕਿ ਬਾਬਾ ਜੀ ਦੀ ਬਾਣੀ ਆਖਦੀ ਹੈ, ''ਜਿਥੈ ਰਖਹਿ ਬੈਕੁੰਠ ਤਿਥਾਈ'' ਅਨੁਸਾਰ, ਜਿਥੇ ਵੀ ਹੁਣ ਉਸ ਦੀ ਰਜ਼ਾ ਹੈ ਓਸੇ ਨੂੰ ਹੀ ਬੈਕੁੰਠ ਜਾਣ ਕੇ ਰਹੀ ਜਾਣਾ ਚਾਹੀਦਾ ਹੈ। ਕੀ ਪਤਾ ਕਦੋਂ ਗੁਰੂ ਰਾਮ ਦਾਸ ਜੀ ਦੀ ਮੇਹਰ ਹੋ ਜਾਵੇ ਤੇ ਉਹ ਜੇਬ ਵਿਚ ਏਨੀ ਕੁ ਮਾਇਆ ਪਾ ਦੇਵੇ ਕਿ ਹਰੇਕ ਸਾਲ ਹੀ ਆਪਣੀ ਨਗਰੀ ਦੀ ਯਾਤਰਾ ਕਰਨ ਦੇ ਜੋਗ ਬਣਾ ਦੇਵੇ। ਉਸ ਦੇ ਦਰ ਉਪਰ ਸਿਰ ਝੁਕਾਉਣ ਦੇ ਨਾਲ਼ ਨਾਲ਼ ਸੱਜਣਾਂ, ਸਨੇਹੀਆਂ ਅਤੇ ਰਿਸ਼ਤੇਦਾਰਾਂ ਨਾਲ਼ ਵੀ 'ਸਾਹਬ ਸਲਾਮਤ' ਹੋ ਜਾਇਆ ਕਰੇ।
ਗੁਰੂ ਜੀ ਦੀ ਕਿਰਪਾ ਸਦਕਾ ਕੁਝ ਸਾਲਾਂ ਤੋਂ ਬੁਢਾਪਾ ਪੈਨਸ਼ਨ ਲੱਗ ਜਾਣ ਕਰਕੇ ਹੱਥ ਕੁਝ ਕੁਝ ਸੌਖਾ ਹੋ ਗਿਆ ਤੇ ਤਕਰੀਬਨ ਹਰੇਕ ਸਾਲ ਹੀ ਦੇਸ਼ ਦਾ ਚੱਕਰ ਲੱਗ ਜਾਂਦਾ ਹੈ। ਨਾਲ਼ੇ ਕਦੀ ਇਕ ਤੇ ਕਦੀ ਪਹਿਲਾਂ ਛਪੀ ਕਿਤਾਬ ਦੀ ਹੋਰ ਅਗਲੀ ਐਡੀਸ਼ਨ ਛਪਵਾ ਕੇ, ਇਕ ਜਾਂ ਦੋ ਕਿਤਾਬਾਂ ਛਪਵਾ ਲਿਆਉਂਦਾ ਹਾਂ ਤੇ ਨਾਲ਼ੇ ਸਜਣਾਂ ਦੇ ਦਰਸ਼ਨ ਦੀਦਾਰੇ ਹੋ ਜਾਂਦੇ ਹਨ।
ਏਸੇ ਸਿਲਸਲੇ ਵਿਚ ਇਸ ਵਾਰੀ ਵੀ ਅੰਮ੍ਰਿਤਸਰ ਜਾਣ ਦਾ ਵਿਚਾਰ ਸੀ। ਓਥੇ ਦੇ ਮੌਸਮੀ ਵਾਤਾਵਰਣ ਨੂੰ ਧਿਆਨ ਵਿਚ ਰੱਖਦਿਆਂ ਅਕਤੂਬਰ ਨਵੰਬਰ ਜਾਂ ਫਿਰ ਫਰਵਰੀ ਮਾਰਚ ਵਿਚ ਜਾਣ ਲਈ ਵਿਚਾਰ ਕੀਤਾ ਜਾਂਦਾ ਹੈ। ਸਿਡਨੀ ਵਿਚਲੇ ਆਪਣੇ ਸ਼ੁਭਚਿੰਤਕ ਖੇਲਾ ਪਰਵਾਰ ਦੇ ਮੁਖੀ ਸ. ਮਨਮੋਹਨ ਸਿੰਘ ਖੇਲਾ ਜੀ ਤੋਂ ਖ਼ਬਰ ਅਤੇ ਸੱਦਾ ਮਿਲ਼ਿਆ ਕਿ ਉਹਨਾਂ ਦੇ ਪਰਵਾਰ ਵਿਚ, ਉਹਨਾਂ ਦੇ ਪਿੰਡ ਸਜਾਵਲਪੁਰ ਵਿਚ, ਅਕਤੂਬਰ ਦੇ ਸ਼ੁਰੂ ਵਿਚ ਵਿਆਹ ਹੈ, ਉਸ ਵਿਚ ਸ਼ਾਮਲ ਹੋਵਾਂ। ਇਸ ਕਰਕੇ ਅਤੇ ਸਤੰਬਰ ਵਿਚ ਕਰਾਇਆ ਕੁਝ ਸਸਤਾ ਹੋਣ ਕਰਕੇ, ਅਕਤੂਬਰ ਉਡੀਕਣ ਦੀ ਬਜਾਇ ਸਤੰਬਰ ਵਿਚ ਹੀ ਦੇਸ ਨੂੰ ਚਾਲੇ ਪਾ ਲਏ।
ਅੱਧੀ ਰਾਤ ਨੂੰ ਅੰਮ੍ਰਿਤਸਰ ਉਤਰ ਕੇ ਛੋਟੇ ਭਰਾ ਸ. ਸੇਵਾ ਸਿੰਘ ਕੋਲ਼ ਟਿੰਡ ਫਹੁੜੀ ਟਿਕਾ ਲਿਆ। ਅਗਲੇ ਦਿਨ ਸ੍ਰੀ ਦਰਬਾਰ ਸਾਹਿਬ ਜੀ ਦੀ ਯਾਤਰਾ ਕਰਕੇ, ਉਸ ਦਿਨ ਤੋਂ ਆਪਣੀ ਦਸਵੀਂ ਕਿਤਾਬ ਦੀ ਛਪਵਾਈ ਵਾਸਤੇ ਭੱਜ ਦੌੜ ਸ਼ੁਰੂ ਕਰ ਦਿਤੀ। ਸਾਰਾ ਮਸੌਦਾ ਸਿੰਘ ਬ੍ਰਦਰਜ਼ ਵਾਲ਼ੇ ਸ. ਗੁਰਸਾਗਰ ਸਿੰਘ ਦੇ ਹਵਾਲੇ ਕਰਕੇ ਇਸ ਪਾਸਿਉਂ ਬੇਫਿਕਰ ਹੋ ਗਿਆ ਤੇ ਕੁਝ ਪਰਵਾਰਕ ਅਤੇ ਅੰਮ੍ਰਿਤਸਰ ਦੇ ਆਲ਼ੇ ਦੁਆਲ਼ੇ ਦੇ ਸੱਜਣਾਂ ਦੇ ਦਰਸ਼ਨ ਮੇਲੇ, ਕਰਨੇ ਅਤੇ ਸਮਾਗਮਾਂ ਵਿਚ ਹਾਜਰੀ ਭਰਨ ਦਾ ਕਾਰਜ ਸ਼ੁਰੂ ਕਰ ਦਿਤਾ।
੨੦ ਸਤੰਬਰ ਵਾਲ਼ੇ ਦਿਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਗੁਰੂ ਨਾਨਕ ਭਵਨ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਢੇ ਪੰਜ ਸੌ ਸਾਲਾ ਪ੍ਰਕਾਸ਼ ਦਿਵਸ ਦੇ ਸਬੰਧ ਵਿਚ ਸੈਮੀਨਾਰ ਕੀਤਾ ਗਿਆ ਸੀ। ਇਸ ਵਿਸ਼ਾਲ ਭਵਨ ਵਿਚ ਦੂਰ ਦੁਰਾਡੇ ਦੇਸ ਅਤੇ ਪਰਦੇਸਾਂ ਵਿਚੋਂ ਪਹੁੰਚੇ ਹੋਏ ਵਿੱਦਵਾਨਾਂ ਨੇ ਭਾਗ ਲਿਆ। ਸੈਮੀਨਾਰ ਦੇ ਅੰਤ ਵਿਚ ਸਟੇਜ ਉਪਰ, ਬਾਕੀ ਵਿਸ਼ੇਸ਼ ਵਿਅਕਤੀਆਂ ਦੇ ਨਾਲ਼, ਪ੍ਰਬੰਧਕਾਂ ਵੱਲੋਂ ਦਾਸ ਨੂੰ ਵੀ ਸਿਰੋਪਾ, ਮੋਮੈਂਟੋ, ਕਿਤਾਬਾਂ ਦੇ ਕੇ ਸਨਮਾਨਤ ਕੀਤਾ ਗਿਆ।
ਅੰਤ ਵਿਚ ਲੰਗਰ ਛਕਦਿਆਂ, ਸਿੱਖ ਪੰਥ ਦੀ ਸਿਰਮੌਰ ਧਾਰਮਿਕ ਵਿੱਦਿਆ ਦੀ ਸੰਸਥਾ, ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੀ ਪ੍ਰਿੰਸੀਪਲ ਸਾਹਿਬਾ, ਬੀਬਾ ਮਨਜੀਤ ਕੌਰ ਜੀ, ਆਪਣੇ ਹੋਰ ਸਾਥੀ ਅਧਿਆਪਕਾਂ ਅਤੇ ਵਿਦਿਆਰਥੀਆਂ ਸਮੇਤ, ਮਿਲ਼ੇ ਅਤੇ ਸਦਾ ਵਾਂਗ ਕਾਲਜ ਵਿਚ ਆ ਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਨ ਲਈ ਸੱਦਾ ਦਿਤਾ। ਫਿਰ ਇਕ ਦਿਨ ਇਹ ਸੇਵਾ ਵੀ ਨਿਭਾ ਕੇ ਮਾਣ ਮਹਿਸੂਸ ਕੀਤਾ। ਕੁਝ ਸਾਲਾਂ ਤੋਂ ਆਪਣੀ ਅੰਮ੍ਰਿਤਸਰ ਦੀ ਹਰੇਕ ਯਾਤਰਾ ਸਮੇ ਕਾਲਜ ਦੇ ਮੁਖੀ ਜੀ ਵੱਲੋਂ ਵਿਦਿਆਰਥੀਆਂ ਨੂੰ ਸੰਬੋਧਨ ਕਰਨ ਦਾ ਮਾਣ ਬਖ਼ਸ਼ਿਆ ਜਾਂਦਾ ਹੈ। ਇਸ ਸੰਸਥਾ ਤੋਂ ਪ੍ਰਾਪਤ ਕੀਤੀ ਗਈ ਵਿੱਦਿਆ ਕਰਕੇ ਹੀ ਮੈਂ ਸੰਸਾਰ ਵਿਚ ਵਿਚਰਨ ਦੇ ਨਾ ਕੇਵਲ ਜੋਗ ਹੀ ਹੋਇਆ ਹਾਂ ਬਲਕਿ ਸਮੂੰਹ ਸੰਸਾਰ ਵਿਚ ਵੱਸਦੀਆਂ ਸਿੱਖ ਸੰਗਤਾਂ ਅਤੇ ਸਾਹਿਤਕ ਸੰਸਥਾਵਾਂ ਵੱਲੋਂ ਸਮੇ ਸਮੇ ਮਾਣ ਸਨਮਾਨ ਵੀ ਪ੍ਰਾਪਤ ਹੁੰਦਾ ਆ ਰਿਹਾ ਹੈ।

੨੨ ਸਤੰਬਰ ੨੦੧੯ ਵਾਲ਼ੇ ਦਿਨ, ਗੁਰੂ ਨਾਨਕ ਭਵਨ ਅੰਮ੍ਰਿਤਸਰ ਵਿਚ, ਸ਼੍ਰੋਮਣੀ ਗੁ.ਪ੍ਰ. ਕਮੇਟੀ ਵੱਲੋਂ ਰਚੇ ਗਏ ਸੈਮੀਨਾਰ ਸਮੇ, ਸਾਰੇ ਸਮਾਗਮਾਂ ਦੇ ਮੁਖੀ ਪ੍ਰੋਫ਼ੈਸਰ ਕ੍ਰਿਪਾਲ ਸਿੰਘ ਬਡੂੰਗਰ ਅਤੇ ਕਮੇਟੀ ਦੇ ਮੁਖ ਸਕੱਤਰ ਡਾ. ਰੂਪ ਸਿੰਘ ਜੀ ਵੱਲੋਂ, ਗਿ. ਸੰਤੋਖ ਸਿੰਘ ਨੂੰ ਸਿਰੋੇਪੇ ਅਤੇ ਕਿਤਾਬਾਂ ਦੇ ਸੈਟ ਨਾਲ਼ ਸਨਮਾਨਤ ਕੀਤਾ ਗਿਆ।


ਪ੍ਰਿੰਸੀਪਲ ਹਰਜੀਤ ਸਿੰਘ ਜੀ ਦੇ ਸਮੇ ਤੋਂ ਹੀ ਅੰਮ੍ਰਿਤਸਰ ਦੀ ਹਰੇਕ ਯਾਤਰਾ ਸਮੇ, ਵੇਲ਼ੇ ਦੇ ਮੁਖੀ ਜੀ ਵੱਲੋਂ, ਕਾਲਜ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਨ ਦਾ ਮੈਨੂੰ ਮਾਣ ਬਖ਼ਸ਼ਿਆ ਜਾਂਦਾ ਹੈ। ਧੰਨਭਾਗ! ਉਹ ਸਾਲ ਤੇ ਮੈਨੂੰ ਯਾਦ ਨਹੀਂ ਪਰ ਉਸ ਦਿਨ ਭਾਰਤੀ ਪਾਰਲੀਮੈਂਟ ਉਪਰ ਅੱਤਵਾਦੀਆਂ ਦਾ ਹਮਲਾ ਹੋਇਆ ਸੀ। ਉਸ ਦਿਨ ਦੀ ਘਟਨਾ ਦਾ ਮੈਂ ਪਹਿਲਾਂ ਕਿਸੇ ਹੋਰ ਲੇਖ ਵਿਚ ਜ਼ਿਕਰ ਕਰ ਚੁੱਕਾ ਹਾਂ।
ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸਪੁੱਤਰ ਬਾਬਾ ਅਜੈ ਸਿੰਘ ਸ਼ਹੀਦ ਜੀ ਦੀ ਯਾਦ ਵਿਚ, ਗੁਰਦਾਸ ਨੰਗਲ ਵਿਚ ਸਥਾਪਤ ਕੀਤੇ ਗਏ ਖ਼ਾਲਸਾ ਕਾਲਜ ਵਿਚਲੇ ਸੈਮੀਨਾਰ ਵਿਚ ਸ਼ਾਮਲ ਹੋ ਕੇ, ਵਿਦਵਾਨਾਂ ਦੀ ਹਾਜਰੀ ਵਿਚ, ਵਿਦਿਆਰਥੀਆਂ ਅਤੇ ਹੋਰ ਸੂਝਵਾਨ ਸਰੋਤਿਆਂ ਨੂੰ ਸੰਬੋਧਨ ਕਰਨ ਦਾ ਮਾਣ ਪ੍ਰਾਪਤ ਹੋਇਆ।

ਏਥੋਂ ਹੀ ਧਾਰੀਵਾਲ ਵਿਚ ਹਿੰਦੂ ਕੰਨਿਆ ਮਹਾਂ ਵਿਦਿਆਲੇ ਦੇ ਸੈਮੀਨਾਰ ਵਿਚ ਬੋਲਣ ਦਾ ਸੱਦਾ ਪ੍ਰਾਪਤ ਹੋਇਆ ਤੇ ਓਥੇ ਵੀ ਹਾਜਰੀ ਭਰੀ। ਇਸ ਤੋਂ ਬਾਅਦ ਗੁਰਦਾਸਪੁਰ ਸ਼ਹਿਰ ਵਿਚ ਪੰਡਤ ਮੋਹਨ ਲਾਲ ਹਿੰਦੂ ਗਰਲਜ਼ ਕਾਲਜ ਦੇ ਸੈਮੀਨਾਰ ਵਿਚ ਸੱਦੇ ਜਾਣ 'ਤੇ, ਮੁਖ ਮਹਿਮਾਨ ਵਜੋਂ ਭਾਗ ਲਿਆ। ਓਸੇ ਸ਼ਾਮ ਨੂੰ ਪੰਜਾਬੀ ਸਾਹਿਤ ਸਭਾ ਗੁਰਦਾਸਪੁਰ ਵਾਲ਼ਿਆਂ ਵੀ ਸ਼ਹਿਰ ਦੇ ਸਾਹਿਤਕਾਰਾਂ ਦੇ ਸੰਖੇਪ ਇਕੱਠ ਵਿਚ ਸਨਮਾਨਤ ਕੀਤਾ।
ਜਥੇਦਾਰ ਕੇਵਲ ਸਿੰਘ ਜੀ ਦੇ ਸੱਦੇ ਉਪਰ ਉਹਨਾਂ ਦੀ ਵਿਦਿਅਕ ਸੰਸਥਾ ਭਾਈ ਗੁਰਦਾਸ ਅਕੈਡਮੀ, ਪਿੰਡ ਪੰਡੋਰੀ ਰਣ ਸਿੰਘ ਵਿਚਲੇ ਸਮਾਗਮ ਵਿਚ ਵੀ ਹਾਜਰੀ ਭਰੀ। ਇਸ ਸਮਾਗਮ ਵਿਚ ਹਾਜਰ ਹੋਣ ਲਈ ਮੈਨੂੰ ਬਹੁਪੱਖੀ ਸ਼ਖ਼ਸੀਅਤ ਪ੍ਰਿੰਸੀਪਲ ਬਲਵਿੰਦਰ ਸਿੰਘ ਪਧਰੀ ਜੀ ਆਪਣੀ ਕਾਰ ਉਪਰ ਲੈ ਗਏ ਸਨ।
ਸਤੰਬਰ ਮੁੱਕਣ 'ਤੇ ਸ. ਮਨਮੋਹਨ ਸਿੰਘ ਖੇਲਾ ਜੀ ਦੇ ਪਿੰਡ ਸਜਾਵਲਪੁਰ ਨੂੰ ਤੁਰ ਪਿਆ। ਓਥੋਂ ਜੰਞ ਗਈ ਹੁਸ਼ਿਆਰਪੁਰ। ਆਨੰਦ ਕਾਰਜ ਸਮੇ ਕੁਝ ਸ਼ਬਦ ਅਸ਼ੀਰਵਾਦ ਵਜੋਂ ਬੋਲੇ। ਗੁਰਦੁਆਰਾ ਸਾਹਿਬ ਜੀ ਦੇ ਗ੍ਰੰਥੀ ਸਿੰਘ ਜੀ ਮੈਨੂੰ ਸੋਸ਼ਲ ਮੀਡੀਆ ਰਾਹੀਂ ਜਾਣਦੇ ਸਨ। ਉਹਨਾਂ ਨੇ ਮੇਰੇ ਬਾਰੇ ਸੰਗਤ ਅਤੇ ਕਮੇਟੀ ਨੂੰ ਜਾਣੂ ਕਰਵਾਇਆ ਅਤੇ ਗੁਰਦੁਆਰਾ ਸਾਹਿਬ ਵੱਲੋਂ ਸਿਰੋਪੇ ਦੀ ਬਖ਼ਸ਼ਿਸ਼ ਹੋਈ। ਇਸ ਪਿੰਡ ਦੀ ਫੇਰੀ ਸਮੇ ਦੋ ਕੁ ਰਾਤਾਂ ਖੇਲਾ ਪਰਵਾਰ ਦੇ ਵਿਸ਼ਾਲ ਅਤੇ ਸੋਹਣੇ ਘਰ ਦੀ ਅਖੀਰਲੀ ਛੱਤ ਉਪਰਲੇ ਕਮਰੇ ਵਿਚ ਡੇਰਾ ਰੱਖਿਆ ਸੀ। ਉਹਨਾਂ ਦੇ ਘਰ ਵਿਖੇ ਹੀ ਨਿੰਦਰ ਘੁਗਿਆਣਵੀ ਅਤੇ ਕੁਝ ਹੋਰ ਸਾਹਿਤਕਾਰਾਂ ਅਤੇ ਚੰਗੇ ਵਿਅਕਤੀਆਂ ਦੀ ਸੰਗਤ ਪ੍ਰਾਪਤ ਹੋਈ। ਕੁਝ ਦਿਨਾਂ ਪਿਛੋਂ ਪਿੰਡ ਦੇ ਸਕੂਲ ਦੇ ਬੱਚਿਆਂ ਵਾਸਤੇ ਖੇਲਾ ਪਰਵਾਰ ਵੱਲੋਂ ਲਿਆਂਦੇ ਲੈਪਟਾੱਪ, ਜ਼ਿਲ਼ੇ ਦੇ ਆਹਲਾ ਅਫ਼ਸਰਾਂ ਦੀ ਹਾਜਰੀ ਵਿਚ ਬੱਚਿਆਂ ਨੂੰ ਦਿਤੇ ਜਾਣੇ ਸਨ।ਇਸ ਸਮਾਗਮ ਵਿਚ ਸ਼ਾਮਲ ਹੋਣ ਲਈ, ਪਰਵਾਰ ਵੱਲੋਂ ਉਹਨਾਂ ਦੇ ਘਰ ਹੀ ਟਿਕੇ ਰਹਿਣ ਲਈ ਕਿਹਾ ਗਿਆ ਪਰ ਮੈਂ ਹੋਰ ਰੁਝੇਵਿਆਂ ਕਰਕੇ ਮੁਆਫ਼ੀ ਮੰਗ ਲਈ।

ਖਾਸ ਕਰਕੇ ਓਸੇ ਦਿਨ ਹੀ ਸਾਡੇ ਗਵਾਂਢੀ ਸਿੰਘ ਸਾਹਿਬ ਗਿਆਨੀ ਪੂਰਨ ਸਿੰਘ ਜੀ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦਾ, ਉਹਨਾਂ ਦੇ ਪਿੰਡ ਖੱਖ ਵਿਖੇ ਭੋਗ ਦਾ ਸੋਗ ਸਮਾਗਮ ਹੋਣ ਕਰਕੇ ਮਜਬੂਰੀ ਦੱਸੀ। ਉਹਨਾਂ ਦੇ ਸਸਕਾਰ ਸਮੇ ਮੈਂ ਜਾ ਨਹੀਂ ਸੀ ਸਕਿਆ। ਗਿਆਨੀ ਜੀ ਦੇ ਸਪੁੱਤਰ ਨਾਲ਼ ਓਥੇ ਹਾਜਰ ਹੋਣ ਲਈ ਇਕਰਾਰ ਵੀ ਕੀਤਾ ਹੋਇਆ ਸੀ। ਸ. ਮਨਮੋਹਨ ਸਿੰਘ ਜੀ ਨੇ ਕਿਹਾ ਕਿ ਸਕੂਲ ਵਾਲ਼ਾ ਸਮਾਗਮ ਸਵੇਰ ਵੇਲ਼ੇ ਭੁਗਤ ਜਾਣਾ ਹੈ ਤੇ ਸੋਗ ਦਾ ਸਮਾਗਮ ਦੁਪਹਿਰ ਤੋਂ ਬਾਅਦ ਹੁੰਦਾ ਹੈ। ਤੁਹਾਨੂੰ ਕਾਰ ਤੇ ਉਸ ਸਮਗਾਮ ਵਿਚ ਪੁਚਾ ਦਿਆਂਗੇ। ਜਤਨ ਕੀਤਾ ਪਰ ਸੋਗ ਸਮਾਗਮ ਵਿਚ ਸਮੇ ਸਿਰ ਨਾ ਪਹੁੰਚਿਆ ਗਿਆ। ਸਾਡੇ ਜਾਂਦਿਆਂ ਨੂੰ ਸੋਗ ਸਮਾਗਮ ਸਮਾਪਤ ਹੋ ਚੁੱਕਾ ਸੀ ਤੇ ਸੰਗਤਾਂ ਵਾਪਸ ਮੁੜ ਰਹੀਆਂ ਸਨ। ਅਸੀਂ ਬਾਹਰੋਂ ਹੀ ਮੁੜ ਆਏ ਤੇ ਜੀਟੀ ਰੋਡ ਤੇ ਆਣ ਕੇ ਖੇਲਾ ਜੀ ਦੀ ਕਾਰ ਤੇ ਓਥੋਂ ਹੀ ਉਹਨਾਂ ਦੇ ਪਿੰਡ ਨੂੰ ਵਾਪਸ ਮੋੜ ਦਿਤੀ ਤੇ ਆਪ ਮੈਂ ਬੱਸ ਰਾਹੀਂ ਅੰਮ੍ਰਿਤਸਰ ਪਹੁੰਚ ਗਿਆ। ਨਵਾਂ ਤਜਰਬਾ ਹੋਇਆ ਕਿ ਇਕੋ ਦਿਨ ਵਿਚ ਦੋ ਸਮਾਗਮਾਂ ਵਿਚ ਪਹੁੰਚਣਾ ਸਹਿਲਾ ਕਾਰਜ ਨਹੀਂ ਹੁੰਦਾ।
ਅਜਿਹਾ ਕੁਝ ਮੇਰੇ ਨਾਲ਼ ਪੰਜਾਹ ਸਾਲ ਪਹਿਲਾਂ, ੧੯੬੯ ਵਿਚ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪੰਜ ਸੌਵੇਂ ਪ੍ਰਕਾਸ਼ ਉਤਸ਼ਵ ਦੇ ਸਮਾਗਮਾਂ ਸਮੇ ਵੀ ਵਾਪਰਿਆ ਸੀ। ਸ਼੍ਰੋਮਣੀ ਕਮੇਟੀ ਵੱਲੋਂ ਉਸ ਸਮੇ ਮੇਰੀ ਡਿਊਟੀ ਦੋ ਥਾਵਾਂ ਉਪਰ ਲਗਾ ਦਿਤੀ ਗਈ ਸੀ। ਮੇਰੀ ਬੜੀ ਖਿੱਚ ਸੀ ਕਿ ਅੰਮ੍ਰਿਤਸਰ ਦੇ ਗੋਲ਼ ਬਾਗ ਵਿਚ ਹੋ ਰਹੇ ਮੁਖ ਸਮਾਗਮ ਵਿਚ ਪਹੁੰਚਾਂ। ਇਸ ਲਈ ਰਾਹੋਂ ਵਾਲ਼ੇ ਸਮਾਗਮ ਸਮੇ ਇਕ ਦਿਨ ਪਹਿਲਾਂ ਨਿਕਲਣ ਵਾਲ਼ੇ ਜਲੂਸ ਵਿਚ ਸ਼ਾਮਲ ਹੋ ਕੇ, ਅਗਲੇ ਦੀਵਾਨਾਂ ਵਿਚ ਸ਼ਾਮਲ ਹੋਣ ਤੋਂ ਛੁੱਟੀ ਲੈ ਲਈ ਤੇ ਦੂਸਰਾ ਪ੍ਰੋਗਰਾਮ ਰੁੜਕਾ ਕਲਾਂ ਵਿਚ ਸੀ। ਓਥੇ ਦੇ ਸਮਾਗਮ ਵਿਚਲੇ ਰਾਤ ਦੇ ਇਕ ਦੀਵਾਨ ਵਿਚ ਹਾਜਰੀ ਭਰ ਕੇ, ਅਗਲੇ ਦੀਵਾਨ ਤੋਂ ਛੁੱਟੀ ਲੈ ਕੇ, ਬੱਸ ਰਾਹੀਂ ਅੰਮ੍ਰਿਤਸਰ ਨੂੰ ਭੱਜਾ। ਬੱਸ ਅੱਡੇ ਤੋਂ ਰਿਕਸ਼ਾ ਰਾਹੀਂ ਗੋਲ ਬਾਗ ਗਿਆ ਪਰ ਮੇਰੇ ਓਥੇ ਪਹੁੰਚਣ ਤੋਂ ਪਹਿਲਾਂ ਹੀ ਸਮਾਗਮ ਦੀ ਸਮਾਪਤੀ ਹੋ ਚੁੱਕੀ ਸੀ। ਇਸ ਤਰ੍ਹਾਂ, ''ਸ਼ਾਹ ਵੇਲਿਉਂ ਵੀ ਰਹੀ ਤੇ ਗੋਹਲਾਂ ਤੋਂ ਵੀ ਰਹੀ। ਨਾ ਖ਼ੁਦਾ ਹੀ ਮਿਲ਼ਾ ਨਾ ਵਸਾਲੇ ਸਨਮ। ਨਾ ਇਧਰ ਕੇ ਰਹੇ ਨਾ ਉਧਰ ਕੇ ਰਹੇ।'' ਮੇਰੇ ਨਾਲ਼ ਹੋਈ।



੨੨ ਅਕਤੂਬਰ, ੨੦੨੦ ਵਾਲ਼ੇ ਦਿਨ ਸ੍ਰੀ ਦਰਬਾਰ ਸਾਹਿਬ ਜੀ ਦੀ ਯਾਤਰਾ ਵਾਸਤੇ ਵੱਖ ਵੱਖ ਦੇਸ਼ਾਂ ਦੇ ੯੦ ਤੋਂ ਵਧੇਰੇ ਐਂਬੈਸਡਰਾਂ ਅਤੇ ਹਾਈ ਕਮਿਸ਼ਨਰਾਂ ਨੇ ਆਉਣਾ ਸੀ। ਬੜੀ ਇੱਛਾ ਸੀ ਕਿ ਇਸ ਰੌਣਕ ਮੇਲੇ ਨੂੰ ਵੇਖਿਆ ਜਾਵੇ ਜੋ ਕਿ ਇਤਿਹਾਸ ਵਿਚ ਪਹਿਲੀ ਵਾਰ ਹੋ ਰਿਹਾ ਸੀ ਪਰ ਓਸੇ ਦਿਨ ਹੀ ਦਰਬਾਰ ਸਾਹਿਬ ਤੋਂ ਵਾਹਵਾ ਹੀ ਦੂਰ ਗੁਰਦੁਆਰਾ ਪਲਾਹ ਸਾਹਿਬ ਵਿਖੇ, ਸਾਡੇ ਨਜ਼ਦੀਕੀ ਰਿਸ਼ਤੇਦਾਰ ਦੀ ਮੌਤ ਦਾ ਸੋਗ ਸਮਾਗਮ ਸੀ। ਦੋਵੇਂ ਸਮਾਗਮ ਇਕੋ ਦਿਨ ਆ ਜਾਣ ਕਰਕੇ ਦੁਬਿਧਾ ਜਿਹੀ ਬਣ ਗਈ। ਏਧਰ ਜਾਇਆ ਜਾਵੇ ਕਿ ਓਧਰ! ਅਖੀਰ ਸੋਗ ਸਮਾਗਮ ਵਿਚ ਜਾਣ ਦਾ ਵਿਚਾਰ ਬਣਾ ਕੇ ਓਧਰ ਨੂੰ ਤੁਰ ਪਿਆ ਪਰ ਰਸਤੇ ਵਿਚ ਬੁਰਜ ਬਾਬਾ ਫੂਲਾ ਸਿੰਘ ਅਕਾਲੀ ਜੀ ਵਿਖੇ, ਆਪਣੇ ਸਾਹਿਤਕਾਰ ਮਿੱਤਰ ਸ. ਦਿਲਜੀਤ ਸਿੰਘ ਬੇਦੀ ਜੀ ਨੂੰ ਮਿਲਣ ਦਾ ਵਿਚਾਰ ਬਣਾ ਲਿਆ। ਉਹਨਾਂ ਕੋਲ਼ ਬੈਠ ਕੇ ਗੱਲਾਂ ਗੱਲਾਂ ਵਿਚ ਸਮਾ ਯਾਦ ਹੀ ਨਾ ਰਿਹਾ ਤੇ ਸੋਗ ਸਮਾਗਮ ਵੱਲ ਪਬਲਿਕ ਟ੍ਰਾਂਸਪੋਰਟ ਰਾਹੀਂ ਤੁਰ ਪਿਆ ਪਰ ਜਾਂਦਿਆਂ ਨੂੰ ਸਮਾਗਮ ਦੀ ਸਮਾਪਤੀ ਦੀ ਅਰਦਾਸ ਹੋ ਰਹੀ ਸੀ।

ਬਾਅਦ ਵਿਚ ਦੂਰ ਨੇੜੇ ਦੇ ਪਰਵਾਰਕ ਮਹੈਣ ਦੇ ਮੈਂਬਰਾਂ ਨਾਲ਼ ਵਿਚਾਰਾਂ ਕਰਦਿਆਂ, ਲੰਗਰ ਛਕਦਿਆਂ ਸਮਾ ਬੀਤਿਆ ਕਿਉਂਕਿ ਦਰਬਾਰ ਸਾਹਿਬ ਵਾਲ਼ੇ ਸਮਾਗਮ ਵਿਚ ਪਹੁੰਚ ਸਕਣ ਦੀ ਤੇ ਕੋਈ ਆਸ ਹੀ ਨਹੀਂ ਸੀ। ਸਾਰਿਆਂ ਨਾਲ਼ ਮਿਲ਼ ਮਿਲ਼ਾ ਕੇ ਦਰਬਾਰ ਸਾਹਿਬ ਨੂੰ ਤੁਰ ਪਿਆ। ਜਦੋਂ ਘੰਟਾ ਘਰ ਪਹੁੰਚਿਆ ਤਾਂ ਵੇਖਿਆ ਕਿ ਸੂਚਨਾ ਕੇਂਦਰ ਦੇ ਬਾਹਰਵਾਰ ਖੁਲ੍ਹੇ ਮੈਦਾਨ ਵਿਚ ਲੱਗੇ ਵਿਸ਼ਾਲ ਸ਼ਾਮਿਆਨੇ ਅੰਦਰ ਅਜੇ ਸਮਾਗਮ ਦੀ ਸਮਾਪਤੀ ਹੀ ਹੋ ਰਹੀ ਹੈ। ਮੈਂ ਅੰਦਰ ਜਾਣ ਲੱਗਾ ਤਾਂ ਪੁਲਿਸ ਨੇ ਰੋਕ ਦਿਤਾ ਕਿਉਂਕਿ ਸੰਸਾਰ ਭਰ ਦੇ ਰਾਜਦੂਤ ਆਏ ਹੋਣ ਕਰਕੇ ਸੈਕਿਉਰਟੀ ਦਾ ਬੜਾ ਸਖ਼ਤ ਪ੍ਰਬੰਧ ਸੀ। ਮੈਂ ਹੌਸਲਾ ਨਾ ਹਾਰਿਆ ਤੇ ਪਿਛਿਲੇ ਪਾਸਿਉਂ ਜਾ ਕੇ ਸੂਚਨਾ ਕੇਂਦਰ ਦੇ ਅੰਦਰ ਰਾਹੀਂ ਹੋ ਕੇ ਪੰਡਾਲ ਵਿਚ ਜਾ ਵੜਿਆ। ਰਾਜਦੂਤਾਂ ਦੇ ਸਨਮਾਨ ਕਰਨ ਦਾ ਸਮਾਗਮ ਭਾਵੇਂ ਉਸ ਸਮੇ ਸਮਾਪਤ ਹੋ ਚੁੱਕਾ ਸੀ ਪਰ ਰਾਜਦੂਤਾਂ ਸਮੇਤ ਸੰਗਤ ਅਜੇ ਸਾਰੀ ਓਥੇ ਹੀ ਸੀ। ਦੂਰੋਂ ਮੈਨੂੰ ਸਿਡਨੀ ਵਾਲ਼ੇ ਆਪਣੇ ਮਿਤਰ ਸ. ਅਜਾਇਬ ਸਿੰਘ ਸਿੱਧੂ ਜੀ ਦੀ ਸੁਯੋਗ ਸਪੁੱਤਰੀ, ਬੀਬਾ ਹਰਿੰਦਰ ਕੌਰ ਜੀ, ਜੋ ਉਸ ਸਮੇ ਦਿੱਲੀ ਵਿਖੇ ਆਸਟ੍ਰੇਲੀਆ ਦੇ ਹਾਈ ਕਮਿਸ਼ਨਰ ਸਨ, ਨੇ ਵੇਖ ਲਿਆ। ਉਹ ਬੜੇ ਉਤਸ਼ਾਹ ਨਾਲ਼ ਮੇਰੇ ਵੱਲ ਆਏ ਅਤੇ ਆ ਕੇ ਜੱਫੀ ਪਾ ਕੇ ਬੋਲੇ, ''ਹੈਲੋ ਗਿਆਨੀ ਅੰਕਲ ਜੀ, ਤੁਸੀਂ ਏਥੇ ਰਹਿੰਦੇ ਹੋ? ਮੈਂ ਕਿਹਾ, ''ਨਹੀਂ ਪੁੱਤਰ ਜੀ, ਮੈਂ ਰਹਿੰਦਾ ਤੇ ਸਿਡਨੀ ਵਿਚ ਹੀ ਹਾਂ ਪਰ ਏਥੇ ਆਉਂਦਾ ਜਾਂਦਾ ਰਹਿੰਦਾ ਹਾਂ।'' ਬੱਚੀ ਬੋਲੀ, ''ਬੜੀ ਖ਼ੁਸ਼ੀ ਹੋਈ ਤੁਹਾਨੂੰ ਏਥੇ ਵੇਖ ਕੇ। ਮੈਂ ਤੁਹਾਡੇ ਨਾਲ਼ ਸੈਲਫੀ ਲੈਣੀ ਹੈ। ਮੇਰੇ ਮਮ ਡੈਡ ਵੀ ਮੇਰੇ ਕੋਲ਼ ਦਿੱਲੀ ਆਏ ਹੋਏ ਹਨ। ਉਹਨਾਂ ਨੂੰ ਵਿਖਾਵਾਂਗੀ ਕਿ ਮੈਂ ਅੰਮ੍ਰਿਤਸਰ ਵਿਚ ਗਿਆਨੀ ਅੰਕਲ ਜੀ ਨੂੰ ਮਿਲ਼ ਕੇ ਆਈ ਹਾਂ।'' ਬੱਚੀ ਨੇ ਦੋ ਚਾਰ ਸੈਲਫੀਆਂ ਲੈ ਲਈਆਂ ਤੇ ਇਕ ਫ਼ੋਟੋ ਸਾਡੀ ਦੋਹਾਂ ਦੀ, ਸ੍ਰੀ ਦਰਬਾਰ ਸਾਹਿਬ ਜੀ ਦੇ ਸੂਚਨਾ ਕੇਂਦਰ ਦੇ ਅਧਿਕਾਰੀ ਸ. ਰਣਧੀਰ ਸਿੰਘ ਜੀ ਨੇ ਮੇਰੇ ਕਹਿਣ 'ਤੇ ਖਿੱਚ ਲਈ। ਇਹ ਫ਼ੋਟੋ ਮੇਰੀ ਸਿੰਘਣੀ ਕੋਲ਼ ਸਿਡਨੀ ਪਹੁੰਚ ਗਈ ਤੇ ਉਹਨਾਂ ਅੱਗੇ ਮੈਨੂੰ ਭੇਜ ਦਿਤੀ। ਮੈਂ ਜਤਨ ਕਰਾਂਗਾ ਕਿ ਉਹ ਫ਼ੋਟੋ, ਕੁਝ ਹੋਰ ਫ਼ੋਟੋਆਂ ਸਮੇਤ ਇਸ ਲੇਖ ਵਿਚ ਵੀ ਸ਼ਾਮਲ ਹੋ ਜਾਵੇ।
ਰਾਜਦੂਤਾਂ ਦੀ ਵਿਦਾਇਗੀ ਵਾਲ਼ੇ ਪ੍ਰੋਗਰਾਮ ਦੀ ਸਫ਼ਲਤਾ ਸਹਿਤ ਸਮਾਪਤੀ ਪਿੱਛੋਂ ਓਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਜੀ ਅਤੇ ਬਾਕੀ ਮੁਖੀ ਦਫ਼ਤਰੀ ਸਟਾਫ਼ ਨਾਲ਼ ਖ਼ੁਸ਼ਗਵਾਰ ਮਾਹੌਲ ਵਿਚਾਲ਼ੇ ਖੁਲ੍ਹੀਆਂ ਵਿਚਾਰਾਂ ਹੋਈਆਂ।
ਇਕ ਦਿਨ ਮੇਰੇ ਕੋਲ਼ ਵੇਹਲ਼ ਸੀ ਤੇ ਮੈਂ ਵੀਚਾਰ ਕੀਤਾ ਕਿ ਸੁਲਤਾਨਪੁਰ ਲੋਧੀ ਦੀ ਯਾਤਰਾ ਹੀ ਕਰ ਲਈ ਜਾਵੇ। ਅੰਮ੍ਰਿਤਸਰ ਦੇ ਬੱਸ ਅੱਡੇ ਚਲਿਆ ਗਿਆ। ਓਥੇ ਰੌਣਕ ਮੇਲਾ, ਭੀੜ ਭੜੱਕਾ, ਕੰਡਕਟਰਾਂ ਦੀਆਂ ਆਵਾਜ਼ਾਂ ਦਾ ਰਾਮ ਰੌਲ਼ਾ ਜਿਹਾ। ਮੈਨੂੰ ਵੇਖ ਕੇ ਇਕ ਕੰਡਕਟਰ ਮੇਰੇ ਦੁਆਲ਼ੇ ਹੋ ਗਿਆ। ਮੇਰੇ ਸੁਲਤਾਨਪੁਰ ਜਾਣ ਬਾਰੇ ਦੱਸਣ ਤੇ ਕਹਿੰਦਾ, ''ਬੈਠੋ ਜੀ ਬੈਠੋ, ਆਹ ਬੱਸ ਜਾ ਰਹੀ ਹੈ ਸੁਲਤਾਨਪੁਰ ਨੂੰ।'' ਮੈਂ ਬੱਸ ਦੇ ਅੰਦਰ ਵੜ ਕੇ ਬਹਿ ਗਿਆ। ਬੱਸ ਤਰਨ ਤਾਰਨ ਪਹੁੰਚ ਕੇ ਅੱਗੇ ਤੁਰੇ ਈ ਨਾ। ਫੇਰ ਦੱਸਿਆ ਗਿਆ ਜੀ ਕਿ ਅਹੁ ਬੱਸ ਸੁਲਤਨਪੁਰ ਨੂੰ ਜਾਣੀ ਹੈ। ਉਸ ਵਿਚ ਜਾ ਬੈਠਿਆ। ਉਹ ਗੋਇੰਦਵਾਲ ਸਾਹਿਬ ਜਾ ਕੇ ਮੁੱਕ ਗਈ। ਓਥੋਂ ਵਾਹਵਾ ਚਿਰ ਪਿੱਛੋਂ ਇਕ ਹੋਰ ਬੱਸ ਨੇ, ਰੱਬ ਰੱਬ ਕਰਕੇ ਦੁਪਹਿਰ ਪਿੱਛੋਂ, ਸੁਲਤਾਨਪੁਰ ਦੀ ਪਾਵਨ ਧਰਤੀ 'ਤੇ ਸਾਡਾ ਸਵਾਰਾ ਜਾ ਉਤਾਰਿਆ। ਜਿਧਰ ਨਿਗਾਹ ਜਾਵੇ ਬੱਸਾਂ ਹੀ ਬੱਸਾਂ ਦਿਸਣ। ਤੰਬੂਆਂ ਕਨਾਤਾਂ ਦਾ ਸ਼ਹਿਰ ਬਣਿਆ ਪਿਆ। ਥਾਂ ਥਾਂ ਲੰਗਰ ਲੱਗੇ ਹੋਏ। ਚਾਰ ਚੁਫੇਰੇ ਰੌਣਕਾਂ ਹੀ ਰੌਣਕਾਂ। ਪੁਛਦਿਆਂ ਪੁਛਾਂਦਿਆਂ, ਵਾਹਵਾ ਸਾਰਾ ਤੁਰ ਕੇ ਅਖੀਰ ਵੇਈਂ ਨਦੀ ਦੇ ਪੁਲ਼ ਉਤੋਂ ਦੀ ਲੰਘ ਕੇ ਗੁਰਦੁਆਰਾ ਸਾਹਿਬ ਜਾ ਮੱਥਾ ਟੇਕਿਆ। ਗੁਰਦੁਆਰਾ ਬੇਰ ਸਾਹਿਬ ਜੀ ਦੇ ਨਾਲ਼ ਹੀ ਸਾਢੇ ਪੰਜ ਸੌ ਸਾਲਾ ਪ੍ਰਕਾਸ਼ ਪੁਰਬ ਦੀ ਯਾਦ ਵਿਚ, ਸਜਣ ਵਾਲ਼ੇ ਸਮਾਗਮਾਂ ਵਾਸਤੇ ਬਹੁਤ ਵਿਸ਼ਾਲ ਦੀਵਾਨ ਸਥਾਨ ਸਿਰਜਿਆ ਹੋਇਆ ਦਿਸਿਆ। ਉਪਰ ਚਾਨਣੀਆਂ, ਪਾਸਿਆਂ ਤੇ ਕਨਾਤਾਂ, ਥੱਲੇ ਗੱਦਿਆਂ ਦਾ ਪੋਲਾਪਣ ਬਹੁਤ ਪ੍ਰਭਾਵਸ਼ਾਲੀ ਲੱਗ ਰਹੇ ਸਨ। ਉਸ ਦਿਨ ਵਿਦਿਅਕ ਸੰਸਥਾਵਾਂ ਦੇ ਨੌਜਵਾਨਾਂ ਅਤੇ ਬੱਚਿਆਂ ਦੇ ਕੀਰਤਨੀ ਜਥਿਆਂ ਵੱਲੋਂ ਆਪਣੀ ਆਪਣੀ ਕੀਰਤਨ ਕਲਾ ਦੇ ਜੌਹਰ ਵਿਖਾਏ ਜਾ ਰਹੇ ਸਨ। ਸਟੇਜ ਦੇ ਪ੍ਰਬੰਧ ਦੀ ਸੇਵਾ ਬੀਬੀ ਜਾਗੀਰ ਕੌਰ ਜੀ ਭਲੀ ਭਾਂਤ ਨਿਭਾ ਰਹੇ ਸਨ। ਕਈ ਹੋਰ ਗੁਣਾਂ ਦੇ ਮਾਲਕ ਹੋਣ ਤੋਂ ਇਲਾਵਾ ਬੀਬੀ ਜੀ ਦੀ ਕਿਸੇ ਸਮਾਗਮ ਦੀ ਸਟੇਜ ਨੂੰ ਚਲਾਉਣ ਦੀ ਕਲਾ ਵਿਚ ਵੀ ਕੋਈ ਵਿਰਲਾ ਹੀ ਇਹਨਾਂ ਦਾ ਸਾਨੀ ਹੋਵੇਗਾ। ਜਦੋਂ ਕਦੀ ਇਸ ਗੱਲ ਦੀ ਸ਼ੰਕਾ ਹੋਵੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਜਲਾਸ ਵਿਚ ਵਿਰੋਧੀਆਂ ਵੱਲੋਂ ਭਾਰੀ ਹੰਗਾਮੇ ਕੀਤੇ ਜਾਣਗੇ ਤਾਂ ਸਟੇਜ ਦਾ ਕੰਟ੍ਰੋਲ ਬੀਬੀ ਜੀ ਨੂੰ ਹੀ ਸੰਭਾਲ਼ਿਆ ਜਾਂਦਾ ਹੈ ਤੇ ਬੀਬੀ ਜੀ ਸੰਕਟ ਭਰੇ ਸਮਾਗਮ ਨੂੰ ਭਲੀ ਭਾਂਤ ਨੇਪਰੇ ਚਾਹੜ ਦਿੰਦੇ ਹਨ।
ਕੁਝ ਸਮਾ ਪੰਡਾਲ ਵਿਚ ਬੈਠ ਕੇ ਨੌਜਵਾਨਾਂ ਦੇ ਕੀਰਤਨ ਦਾ ਅਨੰਦ ਮਾਣਿਆ। ਬੁਢੇ ਜੌਹੜ ਦੇ ਮਿਸ਼ਨਰੀ ਕਾਲਜ ਦੇ ਕੀਰਤਨ ਕਲਾਸ ਦੇ ਵਿਦਿਆਰਥੀਆਂ ਨੂੰ ਜਦੋਂ ਪਤਾ ਲੱਗਾ ਕਿ ਮੈਂ ਕਦੀ ਓਥੇ ਦੇ ਕੀਰਤਨ ਦੇ ਅਧਿਆਪਕ ਅਤੇ ਵਿਦਿਆਰਥੀਆਂ ਨੂੰ ਕੀਰਤਨ ਸਿਖਾਉਣ ਦੀ ਸੇਵਾ ਵੀ ਕਰਦਾ ਰਿਹਾਂ ਤਾਂ ਉਹਨਾਂ ਸਾਰੇ ਬੱਚਿਆਂ ਨੇ ਬੜਾ ਉਤਸ਼ਾਹ ਵਿਖਾਇਆ ਅਤੇ ਸਤਿਕਾਰ ਕੀਤਾ।
ਕਿਉਂਕਿ ਰਾਤ ਤੱਕ ਵਾਪਸ ਮੁੜਨ ਦਾ ਪਹਿਲਾਂ ਹੀ ਵਿਚਾਰ ਸੀ, ਇਸ ਲਈ ਕਛਹਿਰਾ, ਬਨੈਣ, ਤੌਲੀਆ, ਦਵਾਈ ਆਦਿ ਨਾਲ਼ ਨਹੀਂ ਸੀ ਲੈ ਕੇ ਗਿਆ। ਮੁੜਨ ਲਈ ਪੰਡਾਲ਼ ਛੱਡਣ ਲਈ ਤਿਆਰ ਹੀ ਸਾਂ ਕਿ ਸ. ਹਰਵਿੰਦਰ ਸਿੰਘ ਖ਼ਾਲਸਾ ਜੀ ਉਪਰ ਨਿਗਾਹ ਪੈ ਗਈ। ਪਹਿਲਾਂ ਕਦੀ ਮਿਲ਼ੇ ਤਾਂ ਨਹੀਂ ਸਾਂ ਪਰ ਫ਼ੋਨ ਆਦਿ ਰਾਹੀਂ ਇਕ ਦੂਜੇ ਤੋਂ ਜਾਣੂ ਸਾਂ। ਸਤਿਕਾਰ ਸਹਿਤ ਮਿਲ਼ੇ। ਉਹਨਾਂ ਨੇ ਦੱਸਿਆ ਕਿ ਉਹਨਾਂ ਵੱਲੋਂ ਸ਼ਹੀਦਾਂ ਬਾਰੇ ਨੁਮਾਇਸ਼ ਲਾਈ ਗਈ ਹੈ ਉਸ ਉਪਰ ਜਰੂਰ ਝਾਤੀ ਮਾਰ ਕੇ ਜਾਣਾ। ਇਹ ਸਾਰਾ ਕੁਝ ਏਨੇ ਵਿਸ਼ਾਲ ਘੇਰੇ ਵਿਚ ਫੈਲਿਆ ਹੋਇਆ ਸੀ ਕਿ ਸੰਗਤਾਂ ਦੀ ਸਹੂਲਤ ਲਈ ਹਰੇਕ ਪਾਸੇ ਈ-ਰਿਕਸ਼ੇ, ਟੈਂਪੂ ਆਦਿ ਸਵਾਰੀਆਂ ਏਧਰ ਓਧਰ ਪੁਚਾਉਣ ਲਈ ਲੱਗੇ ਹੋਏ ਸਨ। ਇਹਨਾਂ ਦਾ ਕਰਾਇਆ ਕੋਈ ਨਹੀਂ ਸੀ ਲੱਗਦਾ। ਅਜਿਹੀਆਂ ਬਹੁਤ ਸਾਰੀਆਂ ਸਹੂਲਤਾਂ ਪੰਜਾਬ ਸਰਕਾਰ ਵੱਲੋਂ ਦਿਤੀਆਂ ਜਾ ਰਹੀਆਂ ਸਨ ਪਰ ਮੈਨੂੰ ਕਦੀ ਕਿਸੇ ਉਪਰ ਸਵਾਰ ਹੋਣ ਦਾ ਮੌਕਾ ਨਾ ਮਿਲ਼ਿਆ। ਇਸ ਲਈ ਤੁਰ ਤੁਰ ਕੇ ਹੀ ਹਰੇਕ ਥਾਂ ਅੱਪੜਨ ਲਈ ਵਾਹਵਾ ਸਮਾ ਲੱਗ ਜਾਂਦਾ ਸੀ। ਖੈਰ, ਮੈਂ ਨੁਮਾਇਸ਼ ਵਿਚ ਪਹੁੰਚ ਗਿਆ। ਨੇੜ ਭੂਤਕਾਲ ਵਿਚ ਸਿੱਖ ਨੌਜਵਾਨਾਂ ਦੀਆਂ ਕੁਰਬਾਨੀਆਂ, ਸ਼ਹੀਦਾਂ ਆਦਿ ਨੂੰ ਤਸਵੀਰਾਂ ਅਤੇ ਉਹਨਾਂ ਥੱਲੇ ਲਿਖੀਆਂ ਕੈਪਸ਼ਨਾਂ ਰਾਹੀਂ ਸਫ਼ਲਤਾ ਸਹਿਤ ਦਰਸਾਇਆ ਹੋਇਆ ਸੀ।
ਵਾਪਸ ਮੁੜਨ ਦੀ ਵੀ ਕਾਹਲ਼ੀ ਸੀ। ਬੱਸਾਂ ਵਾਲ਼ੇ ਥਾਂ ਪਹੁੰਚਿਆ। ਕੁਝ ਪਤਾ ਨਾ ਲੱਗੇ ਕਿ ਕਿਧਰੋਂ ਆਇਆ ਸਾਂ ਤੇ ਹੁਣ ਕੇਹੜੀ ਬੱਸ ਵਿਚ ਚੜ੍ਹਾਂ। ਜਿਸ ਨੂੰ ਵੀ ਪੁੱਛਾਂ ਉਹ ਵੱਖ ਵੱਖ ਬੱਸਾਂ ਦੀ ਹੀ ਦਸ ਪਾਵੇ। ਅਖੀਰ ਇਕ ਬੱਸ ਵਿਚ ਵੜ ਗਿਆ। ਉਸ ਵਿਚਲੀਆਂ ਸਵਾਰੀਆਂ ਨੂੰ ਵੀ ਪੁੱਛੀ ਗਿਆ। ਕਿਉਂਕਿ ਕਦੀ ਬਹੁਤ ਪਹਿਲਾਂ ਕਿਸੇ ਤੋਂ ਸੁਣਿਆ ਹੋਇਆ ਸੀ ਕਿ ਪੁੱਛਦਾ ਪੁੱਛਦਾ ਤੇ ਬੰਦਾ ਲਾਹੌਰ ਜਾ ਵੜਦਾ ਹੈ। ਉਹ ਬੱਸ ਮੈਨੂੰ ਮਖੂ ਨੂੰ ਜਾਣ ਵਾਲ਼ੀ ਸੜਕ ਤੇ ਲੈ ਆਈ। ਓਥੇ ਕਿਸੇ ਦੇ ਦੱਸਣ ਤੇ ਕਿ ਏਥੋਂ ਬੱਸ ਮਖੂ ਵਾਲ਼ੀ ਮਿਲ਼ੂਗੀ ਤੇ ਓਥੋਂ ਅੱਗੇ ਤਰਨ ਤਾਰਨ ਜਾਂ ਅੰਮ੍ਰਿਤਸਰ ਵਾਲ਼ੀ ਮਿਲ਼ੂਗੀ, ਮੈਂ ਉਤਰ ਗਿਆ। ਓਥੇ ਮੈਂ ਕੁਝ ਸਵਾਰੀਆਂ ਖਲੋਤੀਆਂ ਨੂੰ ਵੇਖ ਕੇ, ਕਦੀ ਸੜਕ ਦੇ ਇਕ ਪਾਸੇ ਦੇ ਅੱਡੇ ਤੇ ਖਲੋਵਾਂ ਤੇ ਕਦੇ ਕਿਸੇ ਦੇ ਦੱਸਣ ਤੇ ਸੜਕ ਦੇ ਦੂਜੇ ਪਾਸੇ ਦੌੜ ਕੇ ਜਾਵਾਂ। ਅਖੀਰ ਇਕ ਬੱਸ ਵਿਚ ਮੈਂ ਧੁੱਸ ਦੇ ਕੇ ਘੁਸਰ ਹੀ ਗਿਆ। ਉਸ ਵਿਚਲੀਆਂ ਸਵਾਰੀਆਂ ਵੀ ਆਖਣ ਕਿ ਇਹ ਬੱਸ ਮਖੂ ਨੂੰ ਨਹੀਂ ਜਾਣੀ ਪਰ ਮੈਂ ਇਹ ਸੋਚ ਕੇ ਨਾ ਉਤਰਿਆ ਕਿ ਕੋਈ ਗੱਲ ਨਹੀਂ ਜਾ ਤੇ ਉਸ ਪਾਸੇ ਹੀ ਰਹੀ ਆ ਨਾ! ਕੁਝ ਸਮੇ ਬਾਅਦ ਮੈਂ ਵੇਖਿਆ ਕਿ ਉਹ ਬੱਸ ਉਸ ਏਰੀਏ ਵਿਚ ਲੱਗੀਆਂ ਫਰੀ ਬੱਸਾਂ ਵਿਚ ਹੀ ਜਾ ਕੇ ਖਲੋ ਗਈ। ਸਵਾਰੀਆਂ ਉਤਰਨ ਲੱਗੀਆਂ ਤੇ ਮੈਂ ਵੀ ਉਤਰ ਕੇ ਸੜਕ ਉਪਰ ਫੇਰ ਖਲੋ ਗਿਆ। ਹਰੇਕ ਬੱਸ, ਸਕੂਟਰ, ਟੈਂਪੂ ਆਦਿ ਨੂੰ ਹੱਥ ਦਵਾਂ ਪਰ ਕੋਈ ਨਾ ਰੁਕੇ। ਅਖੀਰ ਇਕ ਮੋਟਰ ਸਾਈਕਲ ਵਾਲ਼ਾ ਰੁਕਿਆ ਤੇ ਕਹਿੰਦਾ ਮੈਂ ਤੇ ਨੇੜੇ ਹੀ ਜਾ ਕੇ ਆਪਣੇ ਪਿੰਡ ਨੂੰ ਮੁੜ ਜਾਣਾ ਹੈ। ਮੈਂ ਕਿਹਾ, ''ਚਲ ਓਥੋਂ ਤੱਕ ਤੇ ਲੈ ਕੇ ਚੱਲ।'' ਸੋਚਿਆ ਕਿ ਕੁਝ ਨਾ ਕੁਝ ਤੇ ਮਖੂ ਦੇ ਨੇੜੇ ਵੱਲ ਜਾਵਾਂਗਾ ਹੀ। ਉਹ ਕੁਝ ਕਿਲੋ ਮੀਟਰ ਤੱਕ ਲੈ ਗਿਆ। ਓਥੇ ਸੜਕ ਕੇ ਖਲੋ ਕੇ ਮੈਂ ਫੇਰ ਹਰੇਕ ਬੱਸ ਨੂੰ ਹੱਥ ਦਵਾਂ ਪਰ ਕੋਈ ਨਾ ਰੁਕੇ। ਇਕ ਕਾਰ ਨੇੜੇ ਆ ਕੇ ਰੁੱਕੀ। ਵਿਚੋਂ ਗਿਅਨੀ ਜਿਹਾ ਬੰਦਾ ਨਿਕਲ਼ਿਆ। ਵੇਖਿਆ ਤਾਂ ਉਹ ਗਿ. ਗੁਰਦੀਪ ਸਿੰਘ ਦੀਪਕ ਢਾਡੀ ਜੀ ਸਨ। ਸਿਡਨੀ ਵਿਚ ਉਹਨਾਂ ਦੇ ਪ੍ਰੋਗਰਾਮ ਸੁਣਨ ਦਾ ਮੌਕਾ ਮਿਲ਼ਿਆ ਸੀ ਤੇ ਅਸੀਂ ਇਕ ਦੂਜੇ ਨੂੰ ਜਾਣਦੇ ਸਾਂ। ਸਮੱਸਿਆ ਪੁੱਛੀ ਦੱਸੀ। ਉਹਨਾਂ ਨੇ ਆਪਣੇ ਪਿੰਡ ਰਾਤ ਰਹਿਣ ਲਈ ਸੁਲਾਹ ਮਾਰੀ। ਨਾਂਹ ਤੇ ਕਰਨੀ ਹੀ ਸੀ। ਮਖੂ ਤੱਕ ਪੁਚਾਉਣ ਦੀ ਉਹਨਾਂ ਦੀ ਪੇਸ਼ਕਸ਼ ਨੂੰ ਵੀ ਸਵੀਕਾਰਨਾ ਸਹੀ ਨਾ ਸਮਝ ਕੇ ਮੈਂ ਸਿਰ ਫੇਰ ਦਿਤਾ। ਇਸ ਵਿਚਾਰ ਨਾਲ਼ ਅਸੀਂ ਸਹਿਮਤ ਹੋ ਗਏ ਕਿ ਉਹ ਮੈਨੂੰ ਅਗਲੇ ਵੱਡੇ ਬੱਸ ਅੱਡੇ ਤੇ ਛੱਡ ਕੇ ਅਪਣੇ ਪਿੰਡ ਚਲੇ ਨੂੰ ਜਾਣਗੇ। ਹੋ ਸਕਦਾ ਹੈ ਕਿ ਇਹ ਨਿੱਕਾ ਅੱਡਾ ਹੋਣ ਕਰਕੇ ਬੱਸ ਨਾ ਰੁਕਦੀ ਹੋਵੇ ਤੇ ਓਥੇ ਰੁਕ ਜਾਂਦੀ ਹੋਵੇ! ਜਦੋਂ ਮੈਂ ਵੇਖਿਆ ਕਿ ਓਥੇ ਵੀ ਇਹੋ ਹਾਲ ਹੈ ਤੇ ਹਨੇਰਾ ਵੀ ਹੋਈ ਜਾ ਰਿਹਾ ਹੈ ਤਾਂ ਫਿਰ ਸੜਕ ਦੇ ਨੇੜੇ ਹੀ ਮੈਂ ਠਾਣੇ ਵਿਚ ਜਾ ਵੜਿਆ ਤੇ ਉਹਨਾਂ ਨੂੰ ਆਪਣੀ ਸਮੱਸਿਆ ਦੱਸੀ। ਇਕ ਹੌਲਦਾਰ ਉਠ ਕੇ ਮੇਰੇ ਨਾਲ਼ ਤੁਰ ਪਿਆ ਤੇ ਤੁਰੇ ਜਾਂਦਿਆਂ ਕਹਿੰਦਾ, ''ਗਿਆਨੀ ਜੀ, ਫਿਕਰ ਨਾ ਕਰੋ। ਤੁਹਾਨੂੰ ਕਿਸੇ ਨਾ ਕਿਸੇ ਤਰੀਕੇ ਭੇਜ ਹੀ ਦਿਆਂਗੇ।'' ਛੇਤੀ ਹੀ ਚਿੱਟੇ ਰੰਗ ਦੀ ਇਕ ਕਾਰ ਆਉਂਦੀ ਦਿਸੀ ਤਾਂ ਉਸ ਨੇ ਰੁਕਵਾ ਲਈ। ਉਸ ਵਿਚ ਚੰਗੀ ਪੁਜ਼ੀਸ਼ਨ ਵਲ਼ੇ ਦੋ ਹਿੰਦੂ ਜੈਂਟਲਮੈਨ ਬੈਠੇ ਸਨ। ਹੌਲਦਾਰ ਨੇ ਮੇਰੇ ਬਾਰੇ ਦੱਸਿਆ। ਉਹਨਾਂ ਨੇ ਕਿਹਾ ਕਿ ਪਿੰਡ ਤੇ ਸਾਡਾ ਭਾਵੇਂ ਪੰਜ ਕੁ ਮੀਲ ਪਹਿਲਾਂ ਆਉਂਦਾ ਹੈ ਪਰ ਅਸੀਂ ਗਿਆਨੀ ਜੀ ਨੂੰ ਮਖੂ ਦੇ ਬੱਸ ਅੱਡੇ ਤੱਕ ਛੱਡ ਆਵਾਂਗੇ ਪਰ ਰਾਹ ਵਿਚ ਇਕ ਸਾਮੀ ਤੋਂ ਅਸੀਂ ਉਗਰਾਹੀ ਕਰਨੀ ਹੈ, ਓਥੇ ਕੁਝ ਮਿੰਟ ਰੁਕਣਾ ਪੈ ਸਕਦਾ ਹੈ।
ਮੁਕਦੀ ਗੱਲ ਕਿ ਉਹਨਾਂ ਨੇ ਮੈਨੂੰ ਮਖੂ ਦੀ ਸੜਕ ਉਤੇ ਉਤਾਰ ਦਿਤਾ। ਉਸ ਸਮੇ ਤੱਕ ਵਾਹਵਾ ਹਨੇਰਾ ਹੋ ਚੁੱਕਾ ਸੀ। ਮੈਂ ਸੋਚਿਆ ਕਿ ਕਿਤੇ ਅੱਡਾ ਹੋਵੇਗਾ ਪਰ ਅੱਡਾ ਉਡਾ ਕੋਈ ਨਹੀਂ ਸੀ ਓਥੇ। ਆਲ਼ੇ ਦੁਆਲ਼ਿਉਂ ਪੁੱਛਣ ਤੇ ਪਤਾ ਲੱਗਾ ਕਿ ਇਹੋ ਹੀ ਸੜਕ ਦਾ ਕਿਨਾਰਾ ਹੈ ਜਿੱਥੋਂ ਬੱਸਾਂ ਤਰਨ ਤਾਰਨ ਵੱਲ ਦੀਆਂ ਸਵਾਰੀਆਂ ਚੁੱਕਦੀਆਂ ਹਨ। ਚਾਰ ਚੁਫੇਰੇ ਘੁੱਪ ਹਨੇਰਾ ਸੀ ਪਰ ਇਸ ਹਨੇਰੇ ਦਾ ਇਕ ਲਾਭ ਇਹ ਸੀ ਕਿ ਲੰਘਣ ਵਾਲ਼ੇ ਭਾਰੀ ਟਰੱਕਾਂ ਅਤੇ ਹੋਰ ਟਰੈਫਿਕ ਦਾ ਉਡਾਇਆ ਘੱਟਾ ਆਪਣੇ ਸਿਰ ਮੂੰਹ ਉਪਰ ਪੈਂਦਾ ਦਿਸਦਾ ਨਹੀਂ ਸੀ।
ਵਾਹਵਾ ਚਿਰ ਉਸ ਘੱਟੇ ਭਰੇ ਹਨੇਰੇ ਵਿਚ ਖਲੋਤੇ ਰਹਿਣ ਪਿਛੋਂ, ''ਕੁਫ਼ਰ ਟੂਟਾ ਖ਼ੁਦਾ ਖ਼ੁਦਾ ਕਰਕੇ'' ਇਕ ਬੱਸ ਆ ਹੀ ਗਈ ਤੇ ਉਹ ਮੇਰੇ ਨੇੜੇ ਖਲੋ ਵੀ ਗਈ। ਕੁਝ ਸਵਾਰੀਆਂ ਉਤਰ ਗਈਆਂ ਤੇ ਮੈਂ ਇਕੱਲਾ ਹੀ ਓਥੋਂ ਉਸ ਬੱਸ ਵਿਚ ਸਵਾਰ ਹੋ ਗਿਆ। ਟਿਕਟ ਲੈਣ ਸਮੇ ਕੰਡਕਟਰ ਨੇ ਦੱਸਿਆ ਕਿ ਇਹ ਬੱਸ ਅੰਮ੍ਰਿਤਸਰ ਤੱਕ ਜਾਣੀ ਹੈ। ਅੱਧੀ ਰਾਤ ਤੋਂ ਵਾਹਵਾ ਪਿੱਛੋਂ ਅੰਮ੍ਰਿਤਸਰ ਵਿਚ ਗੁਰਦੁਆਰਾ ਸ਼ਹੀਦਾਂ ਦੇ ਨੇੜੇ ਬੱਸੋਂ ਉਤਰ ਕੇ ਜਾ ਭਰਾ ਦੇ ਘਰ ਦਾ ਬੂਹਾ ਖੜਕਾਇਆ। ਇਉਂ ਹੋਈ ਮੇਰੀ ਯਾਤਰਾ ਸੁਲਤਨਪੁਰ ਲੋਧੀ ਦੀ। ਰਾਤ ਤੱਕ ਵਾਪਸ ਮੁੜਨ ਦਾ ਵਿਚਾਰ ਬਣਾ ਕੇ ਮੈਂ ਆਪਣਾ ਕੋਈ ਟਿੰਡ ਫਹੁੜੀ ਨਾ ਲੈ ਕੇ ਗਿਆ, ਨਹੀਂ ਤਾਂ ਓਥੇ ਰਾਤ ਰਹਿਣ ਦੀ ਕੋਈ ਸਮੱਸਿਆ ਨਹੀਂ ਸੀ। ਪਿਛਲੇ ਸਾਲ ਦੀ ਯਾਤਰਾ ਸਮੇ ਓਥੇ ਦੇ ਮੈਨੇਜਰ ਸਾਹਿਬ ਨੇ ਮੇਰੀ ਰਿਹਾਇਸ਼ ਅਤੇ ਪ੍ਰਸ਼ਾਦੇ ਦਾ ਬਹੁਤ ਸੋਹਣਾ ਪ੍ਰਬੰਧ ਕਰਵਾ ਦਿਤਾ ਸੀ। ਹੈਡ ਗ੍ਰੰਥੀ ਗਿ. ਗੁਰਦੀਪ ਸਿੰਘ ਜੀ ਵੀ ਮੇਰੇ ਮਿੱਤਰ ਬਣ ਗਏ ਸਨ। ਸ਼ਹੀਦ ਸਿਖ ਮਿਸ਼ਨਰੀ ਕਾਲਜ ਦੀ ਸੁਲਤਾਨਪੁਰ ਲੋਧੀ ਵਾਲ਼ੀ ਬਰਾਂਚ ਦੇ ਇਨਚਾਰਜ ਸ. ਦਇਆ ਸਿੰਘ ਸੰਧੂ ਵੀ ਰਾਤ ਰਹਿਣ ਦਾ ਪ੍ਰਬੰਧ ਕਰ ਸਕਦੇ ਸਨ। ਇਹਨਾਂ ਤੋਂ ਇਲਾਵਾ ਸਿਡਨੀਉਂ ਗਏ ਸ. ਬਲਵਿੰਦਰ ਸਿੰਘ ਧਾਲੀਵਾਲ ਜੀ ਵੀ, ਸੰਤ ਸੀਂਚੇਵਾਲ ਦੇ ਆਸ਼ਰਮ ਵਿਚ ਮੇਰੇ ਰਾਤ ਕੱਟਣ ਦਾ ਪ੍ਰਬੰਧ ਕਰ ਸਕਦੇ ਸਨ ਪਰ ਮਨ ਵਿਚ ਮੁੜ ਜਾਣ ਦਾ ਵਿਚਾਰ ਹੀ ਹਾਵੀ ਰਿਹਾ, ਹੋਰ ਕੁਝ ਸੋਚ ਆਈ ਹੀ ਨਹੀਂ। ਵੈਸੇ ਸ਼ੂਗਰ ਦੀ ਦਵਾਈ ਦੀ ਇਕ ਗੋਲ਼ੀ ਵੀ ਕਿਤਿਉਂ ਮਿਲ਼ ਸਕਦੀ ਸੀ, ਏਡੀ ਵੱਡੀ ਕੇਹੜੀ ਗੱਲ ਸੀ। ਕਛਹਿਰੇ ਤੌਲੀਏ ਦਾ ਪ੍ਰਬੰਧ ਵੀ ਹੋ ਈ ਸਕਦਾ ਸੀ। ਬਨੈਣ ਇਕ ਦਿਨ ਨਾ ਵੀ ਬਦਲਦਾ ਤਾਂ ਕੇਹੜੀ ਆਖਰ ਆ ਚੱਲੀ ਸੀ। ਮੇਲੇ ਦਾ ਭਾਰੀ ਰਸ਼ ਕਰਕੇ ਨਾ ਵੀ ਕੋਈ ਸੌਣ ਦਾ ਪ੍ਰਬੰਧ ਹੁੰਦਾ ਤਾਂ ਦੀਵਾਨ ਦੇ ਪੰਡਾਲ ਵਿਚ ਵੀ ਰਾਤ ਕੱਟੀ ਜਾ ਸਕਦੀ ਸੀ। ਰਹੀ ਸਵੇਰੇ ਨਹਾਉਣ ਵਾਲ਼ੀ ਗੱਲ, ਉਸ ਵਾਸਤੇ ਓਥੋਂ ਕਿਸੇ ਨਾ ਕਿਸੇ ਜਥੇਦਾਰ ਦਾ ਕਛਹਿਰਾ ਵਰਤਿਆ ਹੀ ਜਾ ਸਕਦਾ ਸੀ ਪਰ.....।
ਇਸ ਤਰ੍ਹਾਂ ਪਰਵਾਰਕ, ਭਾਈਚਾਰਕ, ਵਿਦਿਅਕ ਸਮਾਗਮਾਂ ਵਿਚ ਵੱਖ ਵੱਖ ਸਥਾਨਾਂ ਉਪਰ ਭਾਗ ਲੈਂਦਾ ਹੋਇਆ ਪੁਰਾਣੇ ਸੱਜਣਾਂ ਦੇ ਦਰਸ਼ਨ ਮੇਲੇ ਕਰ ਰਿਹਾ ਸਾਂ ਕਿ ਸਿਡਨੀ ਤੋਂ ਛੋਟੇ ਭਰਾ ਸ. ਦਲਬੀਰ ਸਿੰਘ ਜੀ ਨੇ ਫ਼ੋਨ ਰਾਹੀਂ ਦੱਸਿਆ ਕਿ ਏਥੇ ਦੇ ਭਾਰਤੀ ਦੂਤਾਵਾਸ ਵਾਲ਼ੇ ਮੈਨੂੰ ਲੱਭ ਰਹੇ ਹਨ। ਜਿਵੇਂ ਭਾਰਤ ਸਰਕਾਰ ਨੇ ਦੂਜੀਆਂ ਕਈ ਸਿੱਖ ਧਰਮ ਨਾਲ਼ ਸਬੰਧਤ ਸ਼ਤਾਬਦੀਆਂ ਮਨਾਈਆਂ ਸਨ ਓਵੇਂ ਹੀ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਾਢੇ ਪੰਜ ਸੌ ਸਾਲਾ ਸ਼ਤਾਬਦੀ ਵੀ ਭਾਰਤ ਸਰਕਾਰ ਵੱਲੋਂ ਮਨਾਈ ਜਾ ਰਹੀ ਹੈ। ਉਸ ਸ਼ਤਾਬਦੀ ਦੇ ਸਮਾਗਮਾਂ ਵਿਚ ਭਾਗ ਲੈਣ ਲਈ ਬਾਹਰਲੇ ਦੇਸਾਂ ਵਿਚੋਂ ਕੁਝ ਕੁ ਚੋਣਵੇਂ ਸਿੱਖਾਂ ਨੂੰ ਸੱਦਿਆ ਗਿਆ ਹੈ। ਉਹਨਾਂ ਸਮਾਗਮਾਂ ਵਿਚ ਸ਼ਾਮਲ ਹੋਣ ਲਈ ਸੱਦਾ ਦੇਣ ਵਾਸਤੇ ਉਹ ਮੈਨੂੰ ਵੀ ਲੱਭ ਰਹੇ ਸਨ। ਪੁੱਛਦੇ ਪੁਛਾਉਂਦੇ ਉਹ ਮੈਨੂੰ ਸੰਪਰਕ ਕਰਨ ਵਿਚ ਸਫ਼ਲ ਹੋ ਗਏ ਤੇ ਮੈਂ ਉਹਨਾਂ ਨੂੰ ਦੱਸਿਆ ਕਿ ਭਾ ਜੀ ਹੋਰੀਂ ਤੇ ਪਹਿਲਾਂ ਹੀ ਅੰਮਿਤ੍ਰਸਰ ਵਿਚ ਹਨ। ਅਧਿਕਾਰੀ ਨੇ ਕਿਹਾ ਕਿ ਚੰਗਾ ਉਹ ਓਥੋਂ ਹੀ ਇਸ ਡੈਲੀਗੇਸ਼ਨ ਨਾਲ਼ ਸ਼ਾਮਲ ਹੋ ਜਾਣ। ਆਸਟ੍ਰੇਲੀਆ ਵਿਚਲੇ ਭਾਰਤੀ ਸਰਕਾਰੀ ਅਧਿਕਾਰੀ ਅਤੇ ਮੇਰੇ ਵਿਚਕਾਰ ਫ਼ੋਨ ਰਾਹੀਂ ਹੋਈ ਦੋਵੱਲੀ ਗੱਲ ਬਾਤ ਅਨੁਸਾਰ, ਮੈਂ ਸ੍ਰੀ ਅੰਮ੍ਰਿਤਸਰੋਂ ਹੀ ਉਸ ਡੈਲੀਗੇਸ਼ਨ ਵਿਚ ਸ਼ਾਮਲ ਹੋ ਗਿਆ। ਮੈਨੂੰ ਉਸ ਡੈਲੀਗੇਸ਼ਨ ਵਿਚ ਸੰਸਾਰ ਭਰ ਦੀਆਂ ਪ੍ਰਸਿਧ ਮੁਖੀ ਅਤੇ ਆਗੂ ਸ਼ਖ਼ਸੀਅਤਾਂ ਦੇ ਦਰਸ਼ਨ ਕਰਕੇ ਹੈਰਾਨੀ ਭਰੀ ਖ਼ੁਸ਼ੀ ਪ੍ਰਾਪਤ ਹੋਈ। ੬ ਨਵੰਬਰ ਸ਼ਾਮ ਤੋਂ ਲੈ ਕੇ ੧੨ ਨਵੰਬਰ, ੨੦੧੯ ਸ਼ਾਮ ਤੱਕ, ਸਾਡੇ ਜਥੇ ਨੂੰ ਭਾਰਤ ਸਰਕਾਰ ਵੱਲੋਂ ਬਣਾਏ ਗਏ ਪ੍ਰੋਗਰਾਮ ਅਨੁਸਾਰ ਵੱਖ ਵੱਖ ਧਾਰਮਿਕ ਸਥਾਨਾਂ ਉਪਰ ਹੋ ਰਹੇ ਸਮਾਗਮਾਂ ਵਿਚ ਸ਼ਮੂਲੀਅਤ ਕਰਵਾਈ ਗਈ।


ਅਸੀਂ ਮੁਕੰਮਲ ਤੌਰ ਤੇ ਬਣਾਏ ਗਏ ਪ੍ਰੋਗਰਾਮ ਅਨੁਸਾਰ ਭਾਰਤ ਸਰਕਾਰ ਦੇ ਕੰਟਰੋਲ਼ ਵਿਚ ਸਾਂ। ਰਣਜੀਤ ਐਵੇਨਿਊ ਵਿਚਲੇ ਹੌਲੀਡੇ ਇੰਨ ਵਿਚ ਸਾਨੂੰ ਰੱਖਿਆ ਗਿਆ ਸੀ ਤੇ ਓਥੋਂ ਹੀ ਸਵੇਰ ਵੇਲ਼ੇ ਛਾਹ ਵੇਲਾ ਕਰਵਾ ਕੇ, ਸਾਨੂੰ ਬੱਸਾਂ ਵਿਚ ਬੈਠਾ ਕੇ ਹਰੇਕ ਦਿਨ ਵਾਸਤੇ ਬਣਾਏ ਗਏ ਪ੍ਰੋਗਰਾਮ ਦੀ ਸੂਚੀ ਅਨੁਸਾਰ ਹੀ ਉਹਨਾਂ ਸਥਾਨਾਂ ਉਪਰ ਲਿਜਾਇਆ ਜਾਂਦਾ ਸੀ। ੭ ਨਵੰਬਰ ਵਾਲ਼ੇ ਦਿਨ ਸਾਨੂੰ ਸ੍ਰੀ ਦਰਬਾਰ ਸਾਹਿਬ ਜੀ, ਜਲ੍ਹਿਆਂ ਵਾਲ਼ਾ ਬਾਗ, ਦੇਸ ਵੰਡ ਵਾਲ਼ਾ ਅਜਾਇਬ ਘਰ ਆਦਿ ਦੀ ਯਾਤਰਾ ਕਰਵਾਈ ਗਈ। ੮ ਨਵੰਬਰ ਨੂੰ ਦੁਰਗਿਆਣਾ ਮੰਦਰ, ਗੋਬਿੰਦਗੜ੍ਹ ਕਿਲ੍ਹਾ, ਅਟਾਰੀ ਸਰਹੱਦ ਆਦਿ ਸਥਾਨਾਂ ਦੀ ਯਾਤਰਾ ਕਰਵਾਈ ਗਈ।


੯ ਨਵੰਬਰ ਵਾਲ਼ੇ ਸ੍ਰੀ ਕਰਤਾਰ ਸਾਹਿਬ ਦੇ ਉਦਘਾਟਨੀ ਸਮਾਗਮ ਵਿਚ ਸ਼ਾਮਲ ਹੋਣ ਵਾਸਤੇ ਜਥੇ ਨੇ ਜਾਣਾ ਸੀ। ਜਦੋਂ ਜਾਣ ਵਾਲ਼ਿਆਂ ਦੀ ਲਿਸਟ ਵੇਖੀ ਤਾਂ ਉਸ ਵਿਚ ਮੇਰਾ ਨਾਂ ਨਹੀਂ ਸੀ। ਮੈਂ ਸੋਚਿਆ ਕਿ ਸ਼ਾਇਦ ਮੈਂ ਏਥੋਂ ਸ਼ਾਮਲ ਹੋਇਆ ਹੋਣ ਕਰਕੇ ਪੁਲਿਸ ਦੀ ਵੈਰੀਫੀਕੇਸ਼ਨ ਵਾਲ਼ੀ ਕਾਰਵਾਈ ਵਿਚ ਨਾ ਆਇਆ ਹੋਵਾਂ ਪਰ ਮੇਰੇ ਇਲਾਵਾ ੧੦ ਜਣੇ ਹੋਰਾਂ ਦਾ ਵੀ ਇਹੋ ਹਾਲ ਸੀ। ਮੈਂ ਇਹ ਵੀ ਕਿਹਾ ਕਿ ਡੇਹਰਾ ਬਾਬਾ ਨਾਨਕ ਤੱਕ ਮੈਨੂੰ ਲੈ ਚੱਲੋ। ਓਥੋਂ ਜੇ ਸੈਕਿਉਰਟੀ ਵਾਲ਼ਿਆਂ ਨੇ ਮੈਨੂੰ ਅੱਗੇ ਨਾ ਜਾਣ ਦਿਤਾ ਤਾਂ ਮੈਂ ਵਾਪਸ ਆ ਜਾਵਾਂਗਾ ਪਰ ਮੇਰੀ ਇਹ ਬੇਨਤੀ ਅਧਿਕਾਰੀ ਨਹੀਂ ਮੰਨੇ। ਵੈਸੇ ਇਕ ਬੀਬੀ ਚੁੱਪ ਚੁਪੀਤੇ ਕਿਸੇ ਤਰ੍ਹਾਂ ਬੱਸ ਵਿਚ ਬੈਠ ਗਈ ਤੇ ਉਹ ਸ੍ਰੀ ਕਰਤਾਰਪੁਰ ਸਾਹਿਬ ਜਾ ਵੀ ਆਈ। ਮੈਨੂੰ ਇਸ ਗੱਲ ਦਾ ਅਫ਼ਸੋਸ ਵੀ ਕੋਈ ਨਹੀਂ ਸੀ ਕਿਉਂਕਿ ਮੈਂ ਪਹਿਲਾਂ ਦੋ ਵਾਰ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕਰ ਆਇਆ ਹੋਇਆ ਸਾਂ। ਹੁਣ ਓਥੇ ਦੀ ਹੋਈ ਨਵੀਂ ਡਿਵੈਲਮਪੈਂਟ ਹੀ ਵੇਖਣੀ ਸੀ ਜੇਹੜੀ ਕਿ ਫ਼ੋਟੋਆਂ ਰਾਹੀਂ ਵੀ ਵੇਖੀ ਜਾ ਰਹੀ ਹੈ। ਵੈਸੇ ਇਹ ਗੱਲ ਤੇ ਹੋਈ ਕਿ ਮੈਂ ਦੋਹਾਂ ਦੇਸ਼ਾਂ ਦੇ, ਇਸ ਅਦੁਤੀ ਮਹਾਨ ਧਾਰਮਿਕ ਸਥਾਨ ਉਪਰ ਸਦਭਾਵਨਾ ਭਰੇ ਮਹਾਨ ਇਕੱਠ ਦਾ ਹਿੱਸਾ ਨਾ ਬਣ ਸਕਿਆ। ਮੇਰੇ ਛੋਟੇ ਭਰਾ ਸ. ਦਲਬੀਰ ਸਿੰਘ ਜੀ ਅਤੇ ਸਾਡੇ ਚਚੇਰੇ ਭਰਾ ਨਿਊ ਯਾਰਕ ਤੋਂ, ਭਾਈ ਰਣਜੀਤ ਸਿੰਘ ਜੀ, ਇਸ ਆਪਣੀ ਕਿਸਮ ਦੇ ਪਹਿਲੇ ਮਹਾਨ ਧਾਰਮਿਕ ਸਮਾਗਮ ਵਿਚ ਭਰਪੂਰ ਹਿੱਸਾ ਪਾ ਆਏ। ਸਾਨੂੰ ਯਾਰਾਂ ਯਾਤਰੂਆਂ ਨੂੰ, ਜੇਹੜੇ ਓਥੇ ਜਾਣੋ ਰਹਿ ਗਏ ਸਨ, ਉਹਨਾਂ ਸਾਰਿਆਂ ਨੂੰ ਬੱਸ ਉਪਰ ਬੈਠਾ ਕੇ ਸਾਡੀ ਇੱਛਾ ਅਨੁਸਾਰ ਹੀ ਪ੍ਰਬੰਧਕ ਸਾਨੂੰ ਸ੍ਰੀ ਤਰਨ ਤਾਰਨ ਸਾਹਿਬ, ਖਡੂਰ ਸਾਹਿਬ, ਗੋਇੰਦਵਾਲ ਸਾਹਿਬ ਆਦਿ ਸਥਾਨਾਂ ਦੇ ਦਰਸ਼ਨ ਕਰਵਾ ਲਿਆਏ। ਖਡੂਰ ਸਾਹਿਬ ਸੰਤ ਸੇਵਾ ਸਿੰਘ ਜੀ ਵੱਲੋਂ ਗੁਰਦੁਆਰਾ ਸਾਹਿਬਾਨ ਦੇ ਆਲ਼ੇ ਦੁਆਲ਼ੇ ਵਾਤਾਵਰਨ ਦੀ ਸ਼ੁਧਤਾਈ ਹਿਤ ਕੀਤੀਆਂ ਜਾ ਰਹੀਆਂ ਮਹਾਨ ਸੇਵਾਵਾਂ ਦੇ ਦਰਸ਼ਨ ਕਰਕੇ ਸੰਗਤ ਨੇ ਹਾਰਦਿਕ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ। ਬਾਬਾ ਜੀ ਨੇ, ਯਾਦਗਾਰ ਵਜੋਂ, ਸਾਡੇ ਹੱਥੀ ਆਪਣੇ ਔਰਗੈਨਿਕ ਬਾਗ ਵਿਚ ਇਕ ਬੂਟਾ ਵੀ ਲਗਵਾਇਆ। ਲੰਗਰ ਵੀ ਅਸੀਂ ਸਾਰਿਆਂ ਨੇ ਓਥੇ ਹੀ ਛਕਿਆ।
੧੦ ਨਵੰਬਰ ਵਾਲ਼ੇ ਦਿਨ ਭਾਰਤ ਸਰਕਾਰ ਦੇ ਮੰਤਰੀ ਸ. ਹਰਦੀਪ ਸਿੰਘ ਪੁਰੀ ਵੱਲੋਂ, ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਦੁਪਹਿਰ ਦੇ ਖਾਣੇ ਦਾ ਪ੍ਰਬੰਧ ਕੀਤਾ ਗਿਆ, ਜਿਸ ਵਿਚ ਸ਼ਹਿਰ ਦੀਆਂ ਮਹਾਨ ਹਸਤੀਆਂ ਵੀ ਸ਼ਾਮਲ ਹੋਈਆਂ। ਉਸ ਦਿਨ ਕੁਝ ਹੋਰ ਵੀ ਸਰਗਰਮੀਆਂ ਰਹੀਆਂ।




੧੧ ਨਵੰਬਰ ਵਾਲ਼ੇ ਦਿਨ ਨੂੰ ਰਾਤ ਦਾ ਖਾਣਾ ਪੰਜਾਬ ਦੇ ਮਾਨਯੋਗ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਲੰਧਰ ਦੇ ਇਕ ਹੋਟਲ ਵਿਚ ਸੀ ਤੇ ਓਥੇ ਹੀ ਹੋਟਲ ਵਿਚ ਰਾਤ ਦਾ ਟਿਕਾਣਾ ਵੀ ਸੀ, ਜਿੱਥੋਂ ਅਗਲੇ ਦਿਨ ੧੨ ਨਵੰਬਰ ਨੂੰ ਸਾਨੂੰ ਗੁਰਦੁਆਰਾ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਚੱਲ ਰਹੇ ਸਮਾਗਮ ਵਿਚ ਲੈ ਕੇ ਜਾਣਾ ਸੀ। ਸਾਨੂੰ ਬੱਸਾਂ ਰਾਹੀਂ ਪਹਿਲਾਂ ਡੇਹਰਾ ਬਾਬਾ ਨਾਨਕ ਖੜ ਕੇ, ਓਥੇ ਭਾਰਤ ਸਰਕਾਰ ਵੱਲੋਂ ਬਣਾਏ ਜਾ ਰਹੇ ਦਫ਼ਤਰ ਵਿਖਾਏ ਗਏ। ਭਾਰਤ ਵਾਲ਼ੇ ਪਾਸਿਉਂ ਸੜਕ ਅਤੇ ਪੁਲ਼ ਬਣਾ ਕੇ ਐਨ ਸਰਹੱਦ ਤੱਕ ਦਰਿਆ ਰਾਵੀ ਦੇ ਉਪਰ ਤੱਕ ਤਿਆਰ ਹੋ ਚੁੱਕਿਆ ਸੀ ਤੇ ਉਸ ਤੋਂ ਅੱਗੇ ਪਾਕਿਸਤਾਨ ਵਾਲ਼ੇ ਪਾਸਿਉਂ ਸੜਕ ਅਤੇ ਪੁਲ਼ ਬਣ ਕੇ ਉਸ ਨਾਲ਼ ਜੋੜਿਆ ਜਾਣਾ ਸੀ ਤੇ ਫੇਰ ਉਸ ਸੜਕ ਅਤੇ ਰਾਵੀ ਉਪਰ ਬਣੇ ਪੁਲ਼ ਰਾਹੀਂ, ਸ੍ਰੀ ਕਰਤਾਰਪੁਰ ਸਾਹਿਬ ਨੂੰ ਆਵਾਜਾਈ ਸ਼ੁਰੂ ਹੋਣੀ ਸੀ। ਉਸ ਸਮੇ ਪਾਕਿਸਤਾਨ ਵਾਲ਼ੇ ਪਾਸਿਉਂ ਅਜੇ ਸੜਕ ਆਰੰਭ ਹੋਈ ਨਹੀਂ ਸੀ ਦਿਸ ਰਹੀ।


ਸਾਡੇ ਜਥੇ ਵਿਚ ਜੇਹੜਾ ਸੱਜਣ, ਜਿਸ ਦਾ ਇਸ ਵੇਲ਼ੇ ਮੈਨੂੰ ਨਾਂ ਨਹੀਂ ਯਾਦ ਆ ਰਿਹਾ, ਉਤਰੀ ਆਇਰਲੈਂਡੋ ਆਇਆ ਹੋਇਆ ਸੀ, ਉਹ ਅੰਮ੍ਰਿਤਸਰ ਵਾਲ਼ੇ ਹੋਟਲ ਵਿਚ ਇਕ ਦਿਨ ਮੈਨੂੰ ਆਖਣ ਲੱਗਾ ਕਿ ਉਸ ਦੇ ਪੁਰਖਿਆਂ ਦਾ ਪਿੰਡ ਡੇਹਰਾ ਬਾਬਾ ਨਾਨਕ ਦੇ ਨੇੜੇ ਹੈ। ਉਸ ਦਾ ਪੜਦਾਦਾ ਇਸ ਪਿੰਡ ਤੋਂ ਕੀਨੀਆ ਚਲਿਆ ਗਿਆ ਸੀ ਤੇ ਉਸ ਦੇ ਬਜ਼ੁਰਗਾਂ ਦੇ ਜਨਮ ਵੀ ਕੀਨੀਆ ਵਿਚ ਹੀ ਹੋਏ ਸਨ। ਕੁਦਰਤੀਂ ਉਸ ਦਾ ਜਨਮ ਇਸ ਪਿੰਡ ਵਿਚ ਹੀ ਹੋਇਆ ਸੀ ਕਿਉਂਕਿ ਉਸ ਸਮੇ ਉਹਨਾਂ ਦਾ ਸਾਰਾ ਪਰਵਾਰ ਕੀਨੀਆ ਤੋਂ ਛੁੱਟੀਆਂ ਮਨਾਉਣ ਪਿੰਡ ਵਿਚ ਆਇਆ ਹੋਇਆ ਸੀ। ਉਸ ਦੇ ਪਿੰਡ ਦਾ ਨਾਂ ਝੰਗੀ ਸ਼ਾਹ ਜਹਾਨ ਸੀ। ਉਸ ਨੇ ਇੱਛਾ ਪਰਗਟ ਕੀਤੀ ਕਿ ਚੰਗਾ ਹੋਵੇ ਜੇ ਉਹ ਆਪਣੇ ਬਜ਼ੁਰਗਾਂ ਦੇ ਪਿੰਡ ਦੀ ਯਾਤਰਾ ਕਰ ਲਵੇ।
ਮੈਂ ਉਸ ਨੂੰ ਭਰੋਸਾ ਦਿਵਾਇਆ ਕਿ ਇਹਨਾਂ ਨੇ ਸਾਨੂੰ ੧੨ ਨਵੰਬਰ ਨੂੰ ਗੁਰਪੁਰਬ ਦੇ ਸਮਾਗਮਾਂ ਤੋਂ ਬਾਅਦ ਵੇਹਲਿਆਂ ਕਰ ਦੇਣਾ ਹੈ ਤੇ ੧੩ ਨੂੰ ਆਪਾਂ ਬੱਸ ਰਾਹੀਂ ਤੁਹਾਡੇ ਪਿੰਡ ਜਾ ਆਵਾਂਗੇ। ਉਸ ਨੇ ਕਿਹਾ ਕਿ ਤੇਰਾਂ ਰਾਤ ਨੂੰ ਉਸ ਦੀ ਅੰਮ੍ਰਿਤਸਰੋਂ ਫਲਾਈਟ ਹੈ। ਮੈਂ ਕਿਹਾ ਕਿ ਕੋਈ ਗੱਲ ਨਹੀਂ, ਆਪਾਂ ਫਿਰ ਟੈਕਸੀ ਰਾਹੀਂ ਦਿਨੇ ਦਿਨੇ ਪਿੰਡ ਜਾ ਆਵਾਂਗੇ ਤੇ ਫਲਾਈਟ ਦੇ ਸਮੇ ਤੋਂ ਪਹਿਲਾਂ ਹੀ ਵਾਪਸ ਆ ਜਾਵਾਂਗੇ।
ਹੁਣ ਜਦੋਂ ਡੇਹਰਾ ਬਾਬਾ ਨਾਨਕ ਦੀ ਯਾਤਰਾ ਕਰ ਰਹੇ ਸਾਂ ਤਾਂ ਉਸ ਨੇ ਆਪਣਾ ਵਿਚਾਰ ਮੈਨੂੰ ਦੱਸਿਆ ਕਿ ਚੰਗਾ ਹੋਵੇ ਜੇ ਆਪਾਂ ਏਥੋਂ ਹੀ ਸਰਕਾਰੀ ਅਧਿਕਾਰੀਆਂ ਤੋਂ ਛੁੱਟੀ ਲੈ ਕੇ ਪਿੰਡ ਦਾ ਫੇਰਾ ਵੀ ਮਾਰ ਆਈਏ। ਮੈਂ ਆਪਣੇ ਜਥੇ ਨਾਲ਼ ਦੀ ਪੁਲਿਸ ਪਾਰਟੀ ਦੇ ਮੁਖੀ ਅਫ਼ਸਰ ਨਾਲ਼ ਗੱਲ ਕੀਤੀ ਤੇ ਉਸ ਨੂੰ ਆਪਣਾ ਵਿਚਾਰ ਦੱਸ ਕੇ ਕਿਹਾ ਕਿ ਤੁਸੀਂ ਆਪਣੇ ਪ੍ਰੋਗਰਾਮ ਅਨੁਸਾਰ ਆਪਣੀ ਯਾਤਰਾ ਜਾਰੀ ਰੱਖੋ; ਅਸੀਂ ਪਿੰਡ ਦਾ ਚੱਕਰ ਲਾ ਕੇ, ਰਾਤ ਦੇ ਖਾਣੇ ਦੇ ਸਮੇ ਤੱਕ ਜਲੰਧਰ ਹੋਟਲ ਵਿਚ ਪਹੁੰਚ ਜਾਵਾਂਗੇ ਪਰ ਉਸ ਨੇ ਸਪੱਸ਼ਟ ਨਾਂਹ ਕਰ ਦਿਤੀ। ਕੁਝ ਕੁ ਪਲਾਂ ਪਿੱਛੋਂ ਉਸ ਨੇ ਇਕ ਸਾਦੇ ਕੱਪੜਿਆਂ ਵਾਲ਼ੇ ਵੱਡੇ ਸਿਵਿਲ ਅਫਸਰ ਵੱਲ ਇਸ਼ਾਰਾ ਕਰ ਕੇ, ਮੈਨੂੰ ਉਸ ਨਾਲ਼ ਗੱਲ ਕਰਨ ਲਈ ਕਿਹਾ। ਮੈਂ ਉਸ ਨੂੰ ਸਾਰਾ ਕੁਝ ਜਾ ਦੱਸਿਆ। ਪਹਿਲਾਂ ਤੇ ਉਸ ਨੇ ਵੀ ਨਾਂਹ ਕਰ ਦਿਤੀ ਪਰ ਥੋਹੜੇ ਕੁ ਪਲ ਸੋਚ ਕੇ ਮੱਥੇ ਉਪਰ ਵਲ਼ ਜਿਹੇ ਪਾ ਕੇ ਆਖਿਆ, ''ਸਾਡੀ ਕਾਰ ਅਤੇ ਨਾਲ਼ ਸਾਡੇ ਦੋ ਬੰਦੇ ਤੁਹਾਡੇ ਨਾਲ਼ ਸੈਕਿਉਰਟੀ ਵਾਲ਼ੇ ਜਾਣਗੇ ਤਾਂ ਤੁਸੀਂ ਪਿੰਡ ਵੇਖਣ ਜਾ ਸਕਦੇ ਹੋ।'' ਸਾਡੇ ਲਈ ਤੇ ਸਗੋਂ ਇਹ ਹੋਰ ਵੀ ਚੰਗੀ ਗੱਲ ਹੋਈ; ਨਹੀਂ ਤੇ ਸਾਨੂੰ ਓਥੋਂ ਕੋਈ ਟੈਕਸੀ ਟੂਕਸੀ ਭਾੜੇ 'ਤੇ ਕਰਨ ਲਈ ਲੱਭਣੀ ਪੈਣੀ ??।
ਉਹਨਾਂ ਦੀ ਕਾਰ ਵਿਚ ਅਸੀਂ ਚਾਰ ਜਣੇ, ਦੋ ਅਸੀਂ ਅਤੇ ਦੋ ਸਰਕਾਰੀ ਅਫਸਰ ਉਸ ਦੇ ਪਿੰਡ, ਜਿਸ ਦਾ ਨਾਂ ਝੰਗੀ ਸ਼ਾਹ ਜਹਾਨ ਤੋਂ ਬਦਲ ਕੇ ਹੁਣ ਝੰਗੀ ਪੰਨੂਆਂ ਰੱਖਿਆ ਜਾ ਚੁੱਕਾ ਸੀ, ਪਹੁੰਚ ਗਏ।
ਪਿੰਡ ਵਿਚ ਪਹੁੰਚ ਕੇ ਜਿਸ ਪਹਿਲੇ ਹੀ ਚੁਬਾਰੇ ਉਪਰਲੇ ਖੁਲ੍ਹੇ ਥਾਂ ਸਾਨੂੰ ਘਰ ਵਾਲ਼ੇ ਦਿਸੇ, ਓਥੇ ਹੀ ਅਸੀਂ ਚਾਰੇ ਜਣੇ ਪਹੁੰਚ ਗਏ। ਜਦੋਂ ਉਹਨਾਂ ਨੂੰ ਸਾਰੀ ਗੱਲ ਦੱਸੀ ਤਾਂ ਪਹਿਲਾਂ ਤੇ ਘਰ ਵਾਲ਼ਿਆਂ ਨੇ ਅਣਜਾਣਤਾ ਪਰਗਟ ਕੀਤੀ ਪਰ ਜਦੋਂ ਉਸ ਸੱਜਣ ਨੇ ਆਪਣੇ ਦਾਦੇ ਪੜਦਾਦੇ ਦਾ ਨਾਂ ਲਿਆ ਤਾਂ ਉਸ ਘਰ ਦੇ ਬਜ਼ੁਰਗ ਨੂੰ ਯਾਦ ਆ ਗਿਆ। ਉਸ ਨੇ ਉਹਨਾਂ ਦੀ ਜ਼ਮੀਨ ਜਾਇਦਾਦ ਦੀਆਂ ਨਿਸ਼ਾਨੀਆਂ ਦੱਸੀਆਂ। ਇਹ ਵੀ ਦੱਸਿਆ ਕਿ ਜਿਥੇ ਉਹਨਾਂ ਦਾ ਖੂਹ ਹੁੰਦਾ ਸੀ, ਉਸ ਉਪਰ ਦੀ ਹੁਣ ਸੜਕ ਲੰਘਦੀ ਹੈ ਤੇ ਖੂਹ ਸੜਕ ਦੇ ਥੱਲੇ ਆ ਗਿਆ ਹੈ। ਘਰ ਦੀ ਸੁਘੜ ਸੁਆਣੀ ਨੇ ਚਾਹ ਰੋਟੀ ਲਈ ਜੋਰ ਲਾਇਆ ਪਰ ਲੋੜ ਨਾ ਹੋਣ ਕਰਕੇ ਅਸੀਂ ਨਾਂਹ ਹੀ ਕਰਨੀ ਸੀ। ਸੱਜਣ ਜੀ ਵਾਪਸ ਮੁੜਨ ਲਈ ਤਿਅਰ ਹੋ ਗਏ। ਮੈਂ ਇਕ ਤੋਂ ਵਧੇਰੀ ਵਾਰ ਕਿਹਾ ਵੀ ਕਿ ਪਿੰਡ ਵਿਚ ਆਪਾਂ ਗੇੜਾ ਦੇ ਲੈਂਦੇ ਹਾਂ। ਹੋਰ ਲੋਕਾਂ ਨੂੰ ਮਿਲ਼ ਲਵੋ। ਆਪਣੀ ਜ਼ਮੀਨ ਵਗੈਰਾ ਦਾ ਚੱਕਰ ਲਾ ਲਵੋ ਪਰ ਪਤਾ ਨਹੀਂ ਕੀ ਕਾਰਨ ਹੋਇਆ, ਉਸ ਨੇ ਕਿਹਾ ਕਿ ਬੱਸ ਮੇਰੀ ਏਨੇ ਨਾਲ਼ ਹੀ ਤਸੱਲੀ ਹੋ ਗਈ ਹੈ। ਸ਼ਾਇਦ ਉਸ ਨੂੰ ਆਪਣੇ ਪੁਰਖਿਆਂ ਦੇ ਪਿੰਡ ਵਿਚ ਜਾ ਕੇ ਉਹਨਾਂ ਦੀ ਯਾਦ ਆ ਗਈ ਹੋਵੇ ਅਤੇ ਉਸ ਦਾ ਹੋਰ ਆਪਣੇ ਜਜ਼ਬਾਤ ਉਪਰ ਕਾਬੂ ਨਾ ਰਿਹਾ ਹੋਵੇ ਪਰ ਜ਼ਾਹਰਾ ਤੌਰ ਤੇ ਮੈਨੂੰ ਅਜਿਹਾ ਕੁਝ ਉਸ ਦੇ ਚੇਹਰੇ ਤੋਂ ਨਹੀਂ ਦਿਸਿਆ। ਭਾਵੇਂ ਕਿ ਨਾਲ਼ ਵਾਲ਼ੇ ਸਰਕਾਰੀ ਅਫ਼ਸਰਾਂ ਨੇ ਵੀ ਵਾਪਸ ਮੁੜਨ ਦੀ ਕੋਈ ਕਾਹਲ਼ੀ ਨਹੀਂ ਸੀ ਵਿਖਾਈ ਪਰ ਉਸ ਦੇ ਜੋਰ ਦੇਣ 'ਤੇ ਅਸੀਂ ਓਥੋਂ ਹੀ ਵਾਪਸ ਮੁੜ ਆਏ। ਸਾਡੀਆਂ ਬੱਸਾਂ ਜਾ ਚੁੱਕੀਆਂ ਸਨ। ਅਸੀਂ ਓਸੇ ਕਾਰ ਵਿਚ ਜਲੰਧਰ ਵੱਲ ਤੁਰ ਪਏ। ਰਸਤੇ ਵਿਚ ਕਰਤਾਰਪੁਰ ਵਿਖੇ ਬਣੇ ਵਾਰ ਮੈਮੋਰੀਅਲ ਦੇ ਸਾਹਮਣੇ ਸਾਡੀ ਇਕ ਬੱਸ ਖਲੋਤੀ ਸੀ। ਅਸੀਂ ਵੀ ਰੁਕ ਕੇ ਉਹਨਾਂ ਨੂੰ ਪੁੱਛਿਆ ਤਾਂ ਪਤਾ ਲੱਗਾ ਕਿ ਦੂਜੀ ਬੱਸ ਅੱਗੇ ਤੁਰ ਗਈ ਹੈ ਤੇ ਉਹ ਵੀ ਤੁਰ ਰਹੇ ਹਨ। ਅਸੀਂ ਵੀ ਕਾਰ ਵਿਚ ਹੀ ਅੱਗੇ ਜਲੰਧਰ ਨੂੰ ਚੱਲ ਪਏ ਅਤੇ ਸਾਰੇ ਜਣਿਆਂ ਨੇ ਜਲੰਧਰ ਵਿਚਲੇ ਨਿਸਚਿਤ ਹੋਟਲ ਵਿਚ ਜਾ ਕੇ ਡੇਰਾ ਲਾ ਲਿਆ। ਹੋਟਲ ਦਾ ਨਾਂ ਹੁਣ ਭੁੱਲ ਗਿਆ ਹੈ। ਰਾਤ ਦਾ ਖਾਣਾ ਸ਼ੁਰੂ ਹੋਣ ਤੋਂ ਵਾਹਵਾ ਚਿਰ ਪਹਿਲਾਂ ਮੁਖ ਮੰਤਰੀ ਸਾਹਿਬ ਵੀ, ਆਪਣੀ ਪਤਨੀ ਬੀਬੀ ਪ੍ਰਨੀਤ ਕੌਰ ਐਮ.ਪੀ. ਜੀ ਸਮੇਤ, ਆਪਣੇ ਲਾਓ ਲਸ਼ਕਰ ਨੂੰ ਨਾਲ਼ ਲੈ ਕੇ ਆ ਗਏ। ਬੜਾ ਖ਼ੁਸ਼ਗਵਾਰ ਮਾਹੌਲ਼ ਬਣਿਆਂ। ਮੁਖ ਮੰਤਰੀ ਜੀ ਨੇ ਡੇਲੀਗੇਸ਼ਨ ਦੇ ਇਕੱਲੇ ਇਕਲੇ ਮੈਂਬਰ ਨੂੰ ਮਿਲ਼ ਕੇ ਹਾਲ ਚਾਲ ਅਤੇ ਪੰਜਾਬ ਵਿਚਲੇ ਪਿਛੋਕੜ ਬਾਰੇ ਜਾਣਕਾਰੀ ਪੁੱਛੀ। ਜਦੋਂ ਮੇਰੇ ਛੋਟੇ ਭਰਾ ਜੀ, ਸੂਬੇਦਾਰ ਦਲਬੀਰ ਸਿੰਘ ਦੀ ਛਾਤੀ ਉਪਰ ਲੱਗਾ ਮੈਡਲਾਂ ਦਾ ਥੱਬਾ ਸਾਰਾ ਵੇਖਿਆ ਤਾਂ ਵਾਹਵਾ ਸਮਾ ਦੋ ਸਾਬਕਾ ਫੌਜੀਆਂ ਦੀ ਆਪਸ ਵਿਚ ਗੱਲ ਬਾਤ ਹੁੰਦੀ ਰਹੀ। ਉਨੀ ਸੌ ਪੈਂਹਠ ਅਤੇ ਇਕੱਧਰ ਵਾਲ਼ੀਆਂ ਜੰਗਾਂ ਦੋਹਾਂ ਨੇ ਲੜੀਆਂ ਹੋਣ ਕਰਕੇ, ਉਹਨਾਂ ਨੇ ਆਪਸ ਵਿਚ ਜੰਗਾਂ ਦੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ।
ਖਾਣੇ ਤੋਂ ਬਾਅਦ ਜਥੇ ਵਿਚੋਂ ਦੋ ਸੱਜਣਾਂ ਨੇ ਸੰਖੇਪ ਭਾਸ਼ਨ ਦਿਤੇ। ਬੋਲਣ ਵਾਲ਼ੇ ਇਕ ਸ. ਜਸਵੰਤ ਸਿੰਘ ਠੇਕੇਦਾਰ ਲੰਡਨ ਤੋਂ ਅਤੇ ਦੂਜੇ ਸ. ਅਵਤਾਰ ਸਿੰਘ ਬਰਮਿੰਘਮ ਤੋਂ ਸਨ। ਸ. ਅਵਤਾਰ ਸਿੰਘ ਨੇ ਮੁਖ ਮੰਤਰੀ ਅੱਗੇ ਤਿੰਨ ਮੰਗਾਂ ਰੱਖੀਆਂ: ਇਕ ਤੇ ਸ਼ਰੀਕਾਂ ਵੱਲੋਂ ਬਾਹਰ ਗਿਆਂ ਉਪਰ ਝੂਠੀਆਂ ਐਫ.ਆਈ.ਆਰ. ਦਰਜ ਕਰਵਾਈਆਂ ਜਾਂਦੀਆਂ ਨੇ; ਉਹਨਾਂ ਦਾ ਛੇਤੀ ਤੋਂ ਛੇਤੀ ਅਤੇ ਸਹੀ ਨਿਪਟਾਰਾ ਹੋਣਾ ਚਾਹੀਦਾ ਹੈ। ਦੂਜਾ ਨਾਜਾਇਜ਼ ਫੜੇ ਸਿੱਖ ਰਿਹਾ ਹੋਣੇ ਚਾਹੀਦੇ ਹਨ। ਤੀਜੀ ਮੰਗ ਸੀ ਕਿ ਸਜ਼ਾ ਭੁਗਤ ਚੁੱਕੇ ਸਿੱਖਾਂ ਨੂੰ ਜੇਹਲਾਂ ਵਿਚੋਂ ਰਿਹਾ ਕੀਤਾ ਜਾਵੇ। ਤਿੰਨਾਂ ਹੀ ਮੰਗਾਂ ਦੇ ਮੁਖ ਮੰਤਰੀ ਸਾਹਿਬ ਨੇ, ਸਿਆਸੀ ਪੱਖੋਂ ਢੁਕਵੇਂ, ਉਤਰ ਦੇ ਕੇ ਡੇਲੀਗੇਟ ਦੇ ਮੈਂਬਰਾਂ ਦੀ ਤਸੱਲੀ ਕਰਵਾ ਦਿਤੀ। ਉਪ੍ਰੰਤ ਜਥੇ ਦੇ ਸਾਰੇ ਮੈਂਬਰਾਂ ਨੂੰ ਪੰਜਾਬ ਸਰਕਾਰ ਵੱਲੋਂ ਗੁਰੂ ਸਾਹਿਬਾਂ ਬਾਰੇ ਛਪਵਾਈਆਂ ਕਿਤਾਬਾਂ ਅਤੇ ਚਾਂਦੀ ਦੇ ਬਣੇ < ਵਾਲ਼ੇ ਮੈਡਲਾਂ ਨਾਲ਼ ਸਨਮਾਨਤ ਕੀਤਾ ਗਿਆ।
ਰਾਤ ਹੋਟਲ ਵਿਚ ਕੱਟ ਕੇ ਅਗਲੇ ਸਵੇਰੇ ਸ਼ਾਹ ਵੇਲ਼ਾ ਹੋਟਲ ਵਿਚੋਂ ਹੀ ਕਰਕੇ ਜਥੇ ਵੱਲੋਂ ਬੱਸਾਂ ਰਾਹੀਂ ਗੁਰਦੁਆਰਾ ਸੁਲਤਾਨਪੁਰ ਵਿਚ ਸਜੇ ਸਮਾਗਮ ਵੱਲ ਚਾਲੇ ਪਾ ਦਿਤੇ ਗਏ। ਭੀੜ ਭੜੱਕੇ ਕਰਕੇ ਸਾਨੂੰ ਗੁਰਦੁਆਰਾ ਸਾਹਿਬ ਮੱਥਾ ਟੇਕਣ ਵਾਸਤੇ ਖੜਨ ਦੀ ਬਜਾਇ ਸਿਧਾ ਸਰਕਾਰੀ ਪੰਡਾਲ ਵਿਚ ਹੀ ਲੈ ਗਏ। ਮੁਖ ਦਰਵਾਜੇ ਦੀ ਬਜਾਇ ਸਟੇਜ ਦੇ ਕੋਲ਼ੋਂ ਇਕ ਛੋਟੇ ਜਿਹੇ ਰਾਹ ਥਾਣੀ ਲੰਘਾ ਕੇ ਸਾਨੂੰ ਮੋਹਰਲੀ ਕਤਾਰ ਵਿਚ ਜਾ ਬੈਠਾਇਆ। ਬਹੁਤ ਵਿਸ਼ਾਲ ਸਟੇਜ ਉਪਰ, ਵਿਚਕਾਰ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀ। ਗੁਰੂ ਸਾਹਿਬ ਜੀ ਦੇ ਖੱਬੇ ਪਾਸੇ ਸਟੇਜ ਉਪਰ ਬਹੁਤ ਸਾਰੇ ਵੱਖ ਵਖ ਸੰਪਰਦਾਵਾਂ ਦੇ ਸਾਧੂ ਸਜੇ ਹੋਏ ਸਨ। ਸੱਜੇ ਪਾਸੇ ਮਾਈਕ ਵਾਲ਼ੀ ਸਟੇਜ ਸੀ ਅਤੇ ਨਾਲ਼ ਹੀ ਮੁਖ ਮੰਤਰੀ ਜੀ ਦੀ ਅਗਵਾਈ ਹੇਠ ਬਹੁਤ ਸਾਰੇ ਕਾਂਗਰਸੀ ਅਤੇ ਪੰਜਾਬ ਸਰਕਾਰ ਦੇ ਆਗੂ ਬੈਠੇ ਹੋਏ ਸਨ। ਏਥੇ ਪ੍ਰਧਾਨ ਮੰਤਰੀ ਜੀ, ਰਾਸ਼ਟਰਪਤੀ ਜੀ ਅਤੇ ਹੋਰ ਵੀ ਵੱਡੇ ਵੱਡੇ ਪਦਵੀਧਾਰੀ ਸੱਜਣ ਵੀ ਆਉਂਦੇ ਰਹੇ ਤੇ ਬੋਲਦੇ ਰਹੇ। ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਵੀ ਆਏ ਅਤੇ ਥੋਹੜਾ ਕੁ ਸਮਾ ਬੈਠ ਕੇ ਵਾਪਸ ਚਲੇ ਗਏ। ਇਸ ਸਾਰੇ ਕੁਝ ਵਿਚੋਂ ਮੈਨੂੰ ਸਿੱਖਾਂ ਦੇ ਧਾਰਮਿਕ ਅਤੇ ਸਿਆਸੀ ਦੀਵਾਨਾਂ ਵਾਲ਼ੀ ਰੌਣਕ ਅਤੇ ਉਤਸ਼ਾਹ ਨਾ ਦਿਖਾਈ ਦਿਤਾ।




ਕੁਝ ਸਮੇ ਬਾਅਦ ਸਾਨੂੰ ਸਮਾਗਮ ਵਿਚੋਂ ਉਠਾ ਕੇ ਲੰਗਰ ਵਿਚ ਲੈ ਗਏ। ਕਹਿੰਦੇ ਲੰਗਰ ਛਕ ਲਓ। ਅਸੀਂ ਬੈਠੇ ਉਡੀਦੇ ਰਹੇ ਕਿ ਲੰਗਰ ਹੁਣ ਆਉਂਦਾ, ਹੁਣ ਆਉਂਦਾ ਪਰ ਆਇਆ ਈ ਨਾ। ਇਕ ਬੰਦਾ ਆਣ ਕੇ ਸਾਨੂੰ ਉਠਣ ਲਈ ਕਹਿੰਦਾ ਕਿ ਇਹ ਥਾਂ ਵੇਹਲਾ ਕਰ ਦਿਓ; ਏਥੇ ਸੰਤਾਂ ਦੀ ਪੰਗਤ ਲੱਗਣੀ ਆਂ। ਅਸੀਂ ਉਠ ਕੇ ਖਲੋ ਗਏ। ਵਾਹਵਾ ਸਮਾ ਏਧਰ ਓਧਰ ਝਾਤੀਆਂ ਮਾਰੀਆਂ ਪਰ ਸਾਡੇ ਪੱਲੇ ਕੁਝ ਨਾ ਪਿਆ। ਫੇਰ ਮੈਂ ਆਪਣੇ ਜਥੇ ਵਿਚ ਸ਼ਾਮਲ, ਯੂਰਪੀਅਨ ਯੂਨੀਅਨ ਦੀ ਐਮ.ਪੀ. ਨੀਨਾ ਗਿੱਲ ਜੀ ਨੂੰ ਕਿਹਾ, ''ਜਾਹ ਬੀਬਾ, ਤੂੰ ਜਾ ਕੇ ਲੰਗਰ ਵਿਚੋਂ ਕੁਝ ਰੋਟੀਆਂ ਚੁੱਕ ਲਿਆ!'' ਉਹ ਗਈ ਤੇ ਕੁਝ ਸਮੇ ਬਾਅਦ ਪਕੌੜਿਆਂ ਦੀ ਪਰਾਤ ਭਰੀ ਚੁੱਕ ਲਿਆਈ ਤੇ ਕਿਹਾ, ਰੋਟੀਆਂ ਤੇ ਮੈਨੂੰ ਲੱਭੀਆਂ ਨਹੀਂ, ਮੈਂ ਆਹ ਗਰਮਾ ਗਰਮ ਪਕੌੜੇ ਕਢਵਾ ਲਿਆਈ ਆਂ।

''ਮੈਂ ਆ ਵੇਖਿਆ ਨਾ, ਤਾ। ਦੋ ਗਰਮ ਗਰਮ ਪਕੌੜੇ ਪਰਾਤੋਂ ਚੁੱਕੇ ਤੇ ਤੁਰੇ ਜਾਂਦੇ ਖਾ ਕੇ ਟੂਟੀ ਤੋਂ ਪਾਣੀ ਪੀ ਲਿਆ। ਦੂਜਿਆਂ ਨੇ ਵੀ ਇਉਂ ਹੀ ਕੀਤਾ ਹੋਵੇਗਾ!
ਫਿਰ ਸਾਨੂੰ ਸਾਰਿਆਂ ਨੂੰ ਇਕ ਥਾਂ ਇਕੱਠੇ ਕਰਕੇ ਖਲ੍ਹਿਆਰ ਲਿਆ। ਅਸੀਂ ਸੋਚਿਆ ਕਿ ਹੁਣ ਸਾਨੂੰ ਗੁਰਦੁਆਰਾ ਸਾਹਿਬ ਮੱਥਾ ਟਿਕਾਉਣ ਲਈ ਖੜਨਗੇ ਪਰ ਪਤਾ ਲੱਗਾ ਕਿ ਹੁਣ ਉਹਨਾਂ ਨੇ ਸਾਨੂੰ ਅੰਮ੍ਰਿਤਸਰ ਵਾਲ਼ੇ ਹੋਟਲ ਜਾਂ ਜਿੱਥੇ ਅਸੀਂ ਜਾਣਾ ਚਾਹੀਏ ਓਥੇ ਆਪਣੇ ਆਪਣੇ ਟਿਕਾਣਿਆਂ 'ਤੇ ਛੱਡਣਗੇ। ਅਸੀਂ ਮੱਥਾ ਟੇਕਣ ਜਾਣ ਲਈ ਆਖਿਆ ਤਾਂ ਜਵਾਬ ਮਿਲ਼ਿਆ ਕਿ ਹੁਣ ਸਮਾ ਨਹੀਂ। ਵੈਸੇ ਵੀ ਲੌਢਾ ਵੇਲ਼ਾ ਹੋ ਗਿਆ ਸੀ। ਉਹਨਾਂ ਕਿਹਾ ਕਿ ਉਹ ਸਾਨੂੰ ਸਾਰਿਆਂ ਨੂੰ ਲੋਇ ਲੋਇ ਹੋਟਲ ਜਾਂ ਸਾਡੇ ਟਿਕਾਣਿਆਂ 'ਤੇ ਪੁਚਾਉਣਗੇ ਤੇ ਫਿਰ ਉਹ ਆਪੋ ਆਪਣੇ ਘਰੀਂ ਜਾ ਸਕਣਗੇ। ਸਾਰੇ ਜਣੇ ਬੱਸਾਂ ਵਿਚ ਵੜ ਗਏ। ਸਾਡੇ ਵਾਲ਼ੀ ਬੱਸ ਅੰਮ੍ਰਿਤਸਰ ਨੂੰ ਤੁਰ ਪਈ। ਜਦੋਂ ਜੀ.ਟੀ. ਰੋਡ ਤੋਂ ਬਾਈਪਾਸ ਨੂੰ ਹੋ ਗਈ ਤੇ ਜਦੋਂ ਵੱਲਾ ਪਿੰਡ ਦੇ ਬਰਾਬਰ ਆਈ ਤਾਂ ਅਸੀਂ ਕਿਹਾ ਕਿ ਸਾਨੂੰ ਦੋਹਾਂ ਭਰਾਵਾਂ ਨੂੰ ਏਥੇ ਉਤਾਰ ਦਿਓ। ਅਸੀ ਦੋਵੇਂ ਥਰੀ ਵੀ੍ਹਲਰ ਰਾਹੀਂ ਗੁਰਦੁਆਰਾ ਸ਼ਹੀਦਾਂ ਵੱਲ ਚੱਲ ਪਏ। ਮੈਂ ਤੇ ਛੋਟੇ ਭਰਾ ਸ. ਸੇਵਾ ਸਿੰਘ ਦੇ ਘਰ ਚਲਿਆ ਗਿਆ ਤੇ ਭਰਾ ਸ. ਦਲਬੀਰ ਸਿੰਘ ਆਪਣੀ ਬੱਚੀ ਦੇ ਘਰ ਨੂੰ ਚਲੇ ਗਏ।
ਇਸ ਤਰ੍ਹਾਂ ਅਸੀਂ ਸੱਤ ਦਿਨਾਂ ਦੀ ਸਰਕਾਰੀ ਮਿੱਠੀ ਕੈਦ ਵਿਚੋਂ ਰਿਹਾ ਹੋ ਕੇ ਮੁਕੰਮਲ ਤੌਰ ਤੇ ਆਜ਼ਾਦ ਹੋ ਗਏ। ਇਹ ੧੨ ਨਵੰਬਰ ਤਕਾਲ਼ਾਂ ਦਾ ਵੇਲ਼ਾ ਸੀ।
ਇਸ ਪਾਸਿਉਂ ਵੇਹਲਾ ਹੋ ਕੇ ਮੈਂ ਫਿਰ ਅਗਲੇ ਦਿਨ ਬਾਕੀ ਰੁਝੇਵਿਆਂ ਵਿਚ ਰੁੱਝਣ ਦੇ ਨਾਲ਼ ਨਾਲ਼ ਸਿੰਘ ਬ੍ਰਦਰਜ਼ ਵਾਲ਼ੇ ਸ. ਗੁਰਸਾਗਰ ਸਿੰਘ ਜੀ ਦੀ ਪਹਿਲਾਂ ਨਾਲ਼ੋਂ ਵੇਧੇਰੇ ਹਾਜਰੀ ਭਰਨੀ ਸ਼ੁਰੂ ਕਰ ਦਿਤੀ। ਹਰੇਕ ਯਾਤਰਾ ਵਾਂਗ ਇਸ ਵਾਰੀ ਵੀ ਮੈਂ ਆਪਣੀ ਇਕ ਨਵੀਂ ਕਿਤਾਬ 'ਕੁਝ ਏਧਰੋਂ ਕੁਝ ਓਧਰੋਂ' ਉਹਨਾਂ ਨੂੰ ਛਾਪਣ ਵਾਸਤੇ ਆਉਂਦੇ ਸਾਰ ਹੀ ਦੇ ਦਿਤੀ ਸੀ। ਸ. ਗੁਰਸਾਗਰ ਸਿੰਘ ਜੋ ਇਕਰਾਰ ਕਰੇ ਉਸ ਉਪਰ ਪੂਰਾ ਉਤਰਦਾ ਹੈ। ਉਸ ਦੀ ਇਸ ਪ੍ਰੋਫ਼ੈਸ਼ਨਲ ਕਾਰੋਬਾਰੀ ਇਮਾਨਦਾਰੀ ਦਾ ਮੈਂ ਬਹੁਤ ਪ੍ਰਸੰਸਕ ਹਾਂ। ਆਪਣੀ ਆਦਤ ਤੋਂ ਮਜਬੂਰ ਮੈਂ ਇਸ ਗੱਲ ਦੀ ਗਾਹੇ ਬਗਾਹੇ ਪ੍ਰਸੰਸਾ ਵੀ ਕਰ ਦਿੰਦਾ ਹਾਂ। ਭਾਵੇਂ ਗੁਰਬਾਣੀ ਦਾ ਉਪਦੇਸ਼ ਤਾਂ ਸਪੱਸ਼ਟ ਹੈ, ''ਉਸਤਤਿ ਨਿੰਦਾ ਦੋਊ ਤਿਆਗੈ'' ਪਰ ਮੇਰੀ ਇਹ ਕਮਜੋਰੀ ਹੈ ਕਿ ਹਰੇਕ ਚੰਗੀ ਗੱਲ ਦੀ ਪ੍ਰਸੰਸਾ ਕਰਨ ਤੋਂ ਖ਼ੁਦ ਨੂੰ ਰੋਕ ਨਹੀਂ ਸਕਦਾ। ਸ਼ਾਇਦ ਇਸ ਵਾਰੀ ਮੇਰੀ ਮੰਦੀ ਨਜਰ ਲੱਗ ਗਈ ਉਸ ਨੂੰ, ਉਹ ਮੇਰੀ ਕਿਤਾਬ ਛਾਪਣ ਬਾਰੇ, ਜਦੋਂ ਵੀ ਜਾ ਕੇ ਪੁੱਛਾਂ, ਮੁਸਕਰਾ ਕੇ ਲਾਰੇ ਲੱਪੇ ਲਾ ਦਿਆ ਕਰੇ। ਇਸ ਵਾਰ ਪਹਿਲਾਂ ਵਾਂਗ ਉਸ ਨੇ ਪੱਕਾ ਦਿਨ ਨਹੀਂ ਸੀ ਦੱਸਿਆ ਕਿ ਕਿਸ ਦਿਨ ਕਿਤਾਬ ਛਪ ਕੇ ਤਿਆਰ ਹੋ ਜਾਵੇਗੀ। ਇਸ ਲਈ ਇਕਰਾਰ ਤੋਂ ਝੂਠੇ ਪੈਣ ਦਾ ਇਲਜਾਮ ਉਸ ਤੇ ਲੱਗ ਨਹੀਂ ਸੀ ਸਕਦਾ। ਆਪਣੇ ਮਿੱਠੇ ਤੇ ਨਿੱਘੇ ਸੁਭਾ ਅਨੁਸਾਰ ਹਰੇਕ ਵਾਰੀ ਮੁਸਕਰਾ ਕੇ ਕਹਿ ਦੇਣਾ ਕਿ ਛੇਤੀ ਹੀ ਕੰਮ ਹੋ ਜਾਵੇਗਾ ਪਰ ਪੱਕਾ ਦਿਨ ਨਹੀਂ ਦੱਸਣਾ। ਮੇਰੇ ਇਹ ਆਖਣ ਤੇ ਕਿ ਮੈਂ ਦੂਜੇ ਸ਼ਹਿਰਾਂ ਵਿਚਲੇ ਸੱਜਣਾਂ ਮਿੱਤਰਾਂ ਨੂੰ ਮਿਲਣਾ ਇਸ ਲਈ ਰੋਕਿਆ ਹੋਇਆ ਹੈ ਕਿ ਜਦੋਂ ਮੈਂ ਜਾਵਾਂ ਨਵੀਂ ਕਿਤਾਬ ਵੀ ਨਾਲ਼ ਹੀ ਉਹਨਾਂ ਨੂੰ ਭੇਟਾ ਕਰ ਆਵਾਂ। ਇਸ ਦੇ ਜਵਾਬ ਵਿਚ ਮੈਨੂੰ ਸੁਝਾਉ ਦਿਤਾ ਕਿ ਮੈਂ ਪੁਰਾਣੀ ਕੋਈ ਕਿਤਾਬ ਹੀ ਲੈ ਜਾਵਾਂ ਪਰ ਪੁਰਾਣੀਆਂ ਤੇ ਬਿਨਾ ਚਿਰ ਲਾਇਆਂ ਮੈਂ ਨਾਲ਼ੋ ਨਾਲ਼ ਹੀ, ਪਾਠਕਾਂ ਦੇ ਹੱਥਾਂ ਤੱਕ ਪੁਚਾ ਕੇ ਮੁਕਾਈ ਜਾਂਦਾ ਰਹਿੰਦਾ ਹਾਂ। ਮੈਨੂੰ ਮਿੱਠੀਆਂ ਮਿੱਠੀਆਂ ਗੱਲਾਂ ਨਾਲ਼ ਖ਼ੁਸ਼ ਕਰਕੇ, ਬਿਸਕੁਟਾਂ ਨਾਲ਼ ਚਾਹ ਦਾ ਕੱਪ ਪਿਆ ਕੇ ਤੋਰ ਦੇਣਾ। ਇਸ ਤਰ੍ਹਾਂ, ''ਆਲ਼ੇ ਕੌਡੀ, ਛਿੱਕੇ ਕੌਡੀ'' ਕਰਦਿਆਂ ਗਿਣਤੀ ਮਿਣਤੀ ਦੇ ਦਿਨ ਲੰਘੀ ਜਾ ਰਹੇ ਸਨ। ਮੇਰੇ ਕੋਲ਼, ਵਾਪਸ ਮੁੜਨ ਲਈ ਦਿਨ ਥੋਹੜੇ ਰਹਿ ਗਏ ਤੇ ਦੂਜੇ ਸ਼ਹਿਰਾਂ ਵਿਚ ਰਹਿੰਦੇ ਸੱਜਣਾਂ ਨੂੰ ਆਪਣੀ ਇਸ ਕਿਤਾਬ ਦੀ ਕਾਪੀ ਕਿਸੇ ਨੂੰ ਭੇਟਾ ਨਾ ਕਰ ਸਕਿਆ ਤੇ ਨਾ ਹੀ ਪਹਿਲਾਂ ਵਾਂਗ ਵਿਦਿਅਕ, ਧਾਰਮਿਕ ਸੰਸਥਾਵਾਂ ਅਤੇ ਲਾਇਬ੍ਰੇਰੀਆਂ ਨੂੰ ਹੀ ਭੇਟਾ ਕਰ ਸਕਿਆ। ਮੈਂ ਆਪਣੀ ਹਰੇਕ ਕਿਤਾਬ ਦੀ ਇਕ ਐਡੀਸ਼ਨ ਦੀਆਂ ੧੦੦੦ ਕਾਪੀਆਂ ਛਪਵਾਉਂਦਾ ਹਾਂ ਤੇ ਉਸ ਵਿਚੋਂ ਅਧੀਆਂ ਕਾਪੀਆਂ ਓਥੇ ਹੀ ਸਾਹਿਤਕਾਰਾਂ, ਸੱਜਣਾਂ, ਲਾਇਬ੍ਰੇਰੀਆਂ ਨੂੰ ਭੇਟਾ ਕਰ ਆਉਂਦਾ ਹਾਂ। ਏਥੇ ਸਿਡਨੀ ਵਿਚ ਕੋਰੀਅਰ ਰਾਹੀਂ ਮੰਗਵਾਉਣ 'ਤੇ ਛਪਾਈ ਨਾਲ਼ੋਂ ਦੂਣਾ ਖ਼ਰਚ ਆ ਜਾਂਦਾ ਹੈ।
ਆਖਰ ਰਾਜੇ ਦੀ ਘੋੜੀ ਸੂ ਈ ਪਈ। ਸ. ਗੁਰਸਾਗਰ ਸਿੰਘ ਜੀ ਨੇ ਇਹ ਖ਼ੁਸ਼ਖ਼ਬਰੀ ਇਕ ਦਿਨ ਮੈਨੂੰ ਸੁਣਾ ਹੀ ਦਿਤੀ ਕਿ ਕਿਤਾਬ ਛਪ ਗਈ ਹੈ ਤੇ ਆਪਣੇ ਕੋਲ਼ੋਂ ਇਕ ਕਾਪੀ ਮੇਰੇ ਹੱਥ ਫੜਾ ਦਿਤੀ। ਕਿਤਾਬ ਦੀ ਬਣਤਰ ਵੇਖ ਕੇ ਹਰੇਕ ਵਾਰ ਵਾਂਗ ਦਿਲ ਜਾਣੀ ਕਿ ਬਾਗੋ ਬਾਗ ਜਿਹਾ ਹੋ ਗਿਆ ਤੇ ਦੇਰੀ ਦਾ ਸਾਰਾ ਗਿਲ੍ਹਾ ਜਾਂਦਾ ਰਿਹਾ। ਕਾਹਲ਼ੀ ਕਾਹਲ਼ੀ ਵਿਚ ਇਸ ਲਈ ਇਕ ਬੰਡਲ਼ ਹਾਲ ਬਾਜ਼ਾਰ ਵਿਚਲੇ ਆਜ਼ਾਦ ਬੁੱਕ ਡੀਪ ਵਾਲ਼ੇ, ਸ. ਕੁਲਦੀਪ ਸਿੰਘ ਕੋਲ਼ ਪੁਚਾ ਦਿਤਾ ਤੇ ਥੋਹੜੀਆਂ ਕੁ ਨੇੜੇ ਤੇੜੇ ਦੇ ਸੱਜਣਾਂ ਅਤੇ ਸਥਾਨਾਂ ਨੂੰ ਭੇਟਾ ਕਰ ਆਇਆ। ਆਪਣੇ ਪਿੰਡਾਂ ਸੂਰੋ ਪੱਡਾ, ਵੈਰੋ ਨੰਗਲ਼ ਆਦਿ ਸਥਾਨਾਂ ਤੇ ਦੇਣ ਦੇ ਨਾਲ਼ ਨਾਲ਼ ਬਟਾਲੇ ਆਪਣੇ ਸੱਜਣ ਵੀ ਅਤੇ ਰਿਸ਼ਤੇਦਾਰ ਵੀ, ਸ. ਦੀਦਾਰ ਸਿੰਘ ਅਟਵਾਲ ਨੂੰ ਵੀ ਭੇਟਾ ਕਰ ਆਇਆ, ਜੋ ਖ਼ੁਦ ਦਵਿੰਦਰ ਦੀਦਾਰ ਦੇ ਕਲਮੀ ਨਾਂ ਹੇਠ ਉਚ ਪਾਏ ਦੇ ਸਾਹਿਤਕਾਰ ਹਨ। ਬਟਾਲੇ ਵਿਚ ਹੀ ਆਪਣੇ ਪੁਰਾਣੇ ਮਿੱਤਰਾਂ ਵਿਚੋਂ ਬਚੇ ਮਿੱਤਰ, ਸ. ਹਰਭਜਨ ਸਿੰਘ ਬਾਜਵਾ ਫ਼ੋਟੋਗਰਾਫ਼ਰ ਨੂੰ ਵੀ, ਉਹਨਾਂ ਦੇ ਸਟੁਡੀਓ/ਘਰ ਕਾਹਨੂੰਵਾਨ ਰੋਡ ਉਪਰ ਉਚੇਚਾ ਜਾ ਕੇ ਭੇਟਾ ਕਰ ਆਇਆ।

ਜਿੱਥੇ ਪਹਿਲਾਂ ਚਾਰ ਪੰਜ ਸੌ ਕਾਪੀਆਂ ਸਿਡਨੀ ਵਿਚ ਮੰਗਵਾਉਂਦਾ ਸਾਂ ਓਥੇ ਇਸ ਵਾਰੀ ਸਾਢੇ ਛੇ ਸੌ ਮੰਗਵਾ ਲਈਆਂ। ਕਰੋਨੇ ਦੇ ਕਹਿਰ ਕਰਕੇ ਉਹਨਾਂ ਪੰਜ ਬੰਡਲ਼ਾਂ ਵਿਚੋਂ ਸਾਢੇ ਤਿੰਨ ਬੰਡਲ ਅਜੇ ਪਏ ਹੋਏ ਹਨ। ਆਸ ਸੀ ਕਿ ਅਪ੍ਰੈਲ ਵਿਚ ਪਰਥ ਵਾਲ਼ੀਆਂ ਸਿੱਖ ਖੇਡਾਂ ਅਤੇ ਜੂਨ ਵਿਚਲੇ ਗ੍ਰਿਫ਼ਿਥ ਵਾਲ਼ੇ ਸ਼ਹੀਦੀ ਟੂਰਨਾਮੈਂਟ ਵਿਚ ਸ਼ਾਮਲ ਹੋਣ ਵਾਸਤੇ ਆਸਟ੍ਰੇਲੀਆ ਦੇ ਦੂਜੇ ਸ਼ਹਿਰਾਂ ਅਤੇ ਗਵਾਂਢੀ ਮੁਲਕਾਂ ਵਿਚੋਂ ਆਏ ਪੰਜਾਬੀ ਪਾਠਕਾਂ ਨੂੰ ਭੇਟਾ ਹੋ ਜਾਣਗੀਆਂ। ਰਹਿੰਦੀਆਂ ਸਮੇ ਸਮੇ ਆਸਟ੍ਰੇਲੀਆ ਦੇ ਬਾਕੀ ਸ਼ਹਿਰਾਂ ਵਿਚ ਵੰਡ ਦਿਤੀਆਂ ਜਾਣਗੀਆਂ। ਪਰ, ''ਨਰ ਚਾਹਤ ਕਛੁ ਅਉਰ ਅਉਰੈ ਕੀ ਅਉਰੈ ਭਈ॥'' ਵਾਲ਼ੇ ਮਹਾਂਵਾਕ ਅਨੁਸਾਰ, ''ਨਹਾਤੀ ਧੋਤੀ ਰਹਿ ਗਈ ਤੇ ਉਤੇ ਮੱਖੀ ਬਹਿ ਗਈ।'' ਮਨ ਹੀ ਮਨ ਬਣਾਏ ਸ਼ੇਖ਼ ਚਿੱਲੀ ਵਾਲ਼ੇ ਪਲਾਨ ਨੇਪਰੇ ਚੜ੍ਹਨ ਵਾਲ਼ੇ ਰੁੱਖ ਦੀਆਂ ਜੜ੍ਹਾਂ ਵਿਚ ਇਹ ਨਾਮੁਰਾਦ ਕਰੋਨਾ ਬਹਿ ਗਿਆ।
ਅੰਮ੍ਰਿਤਸਰੋਂ ੨੨ ਨਵੰਬਰ ਨੂੰ ਜਹਾਜੇ ਬਹਿ ਗਿਆ ਤਾਂ ਕਿ ੨੩ ਨੂੰ ਸਿਡਨੀ ਪਹੁੰਚ ਕੇ, ੨੪ ਨੂੰ ਮੈਲਬਰਨ ਵਿਚ ਹੋਣ ਵਾਲ਼ੇ ਸਾਹਿਤਕ ਸਮਾਗਮ ਵਿਚ ਸ਼ਾਮਲ ਹੋਇਆ ਜਾ ਸਕੇ। ਸਮਾਗਮ ੨੪ ਦੀ ਸ਼ਾਮ ਨੂੰ ਹੋਣਾ ਸੀ। ਇਸ ਕਰਕੇ ਜਹਾਜ ਰਾਹੀਂ ਸ਼ਾਮ ਤੱਕ ਮੈਲਬਰਨ ਸੌਖਾ ਹੀ ਪਹੁੰਚਿਆ ਜਾ ਸਕਦਾ ਸੀ। ਉਸ ਸਮਾਗਮ ਵਿਚ ਮੇਰੀ ਨਵੀਂ ਕਿਤਾਬ 'ਕੁਝ ਏਧਰੋਂ ਕੁਝ ਓਧਰੋਂ' ਨੂੰ ਪਾਠਕ ਅਰਪਣ ਕਰਨ ਦਾ ਵੀ ਪ੍ਰੋਗਰਾਮ ਸੀ।



ਸਿਡਨੀ ਤੇ ਸਮੇ ਸਿਰ ਪਹੁੰਚ ਗਿਆ ਪਰ ਸਿਡਨੀ ਵਿਚ ਹੀ ਕੁਝ ਜਰੂਰੀ ਸਮਾਗਮਾਂ ਕਰਕੇ ਮੈਲਬਰਨ ਨਾ ਜਾ ਸਕਿਆ। ਇਹ ਵੀ ਸੋਚ ਲਿਆ ਕਿ ਮੇਰੇ ਇਕ ਜਣੇ ਦੇ ਓਥੇ ਜਾਣ ਜਾਂ ਨਾ ਜਾਣ ਕਰਕੇ ਕੋਈ ਫਰਕ ਨਹੀਂ ਪੈਣ ਲੱਗਾ ਪਰ ਏਥੇ ਖਾਹਮਖਾਹ ਨਾਰਾਜ਼ਗੀ ਪੈਦਾ ਹੋ ਜਾਣ ਦੀ ਸੰਭਾਵਨਾ ਹੋ ਸਕਦੀ ਸੀ। ਫਿਰ ਮੈਲਬਰਨ ਦੀ ਇਹ ਯਾਤਰਾ ਅੱਗੇ ਨੂੰ ਖਿਸਕਦੀ ਖਿਸਕਦੀ ਮਾਰਚ, ੨੦੨੦ ਤੇ ਜਾ ਪਈ। (ਸੰਖੇਪ ਲੇਖ ਸਮਾਪਤ)

ਪਿੱਛਲ ਲਿਖਤ:
ਸਾਰੀ ਦੁਨੀਆਂ ਤੋਂ ਸਰਕਾਰੀ ਸੱਦੇ ਉਪਰ ਮੁਲਕਾਂ ਵਿਚੋਂ ੬੫/੭੦ ਸਿੱਖ ਇਸ ਮਹਾਨ ਸਮਾਗਮ ਵਿਚ ਭਾਗ ਲੈਣ ਲਈ ਪਹੁੰਚੇ ਹੋਏ ਸਨ। ਉਹਨਾਂ ਵਿਚੋ ਜਿੰਨਿਆਂ ਦੇ ਨਾਂ ਇਸ ਸਮੇ ਮੈਨੂੰ ਯਾਦ ਹਨ ਉਹ ਇਸ ਪ੍ਰਕਾਰ ਹਨ:
ਆਸ੍ਰਟੇਲੀਆ ਤੋਂ ਅਸੀਂ ਦੋਵੇਂ ਭਰਾ ਮੈਂ ਅਤੇ ਮੇਰਾ ਛੋਟਾ ਭਰਾ ਸ. ਦਲਬੀਰ ਸਿੰਘ। ਸਾਡਾ ਚਚੇਰਾ ਭਰਾ ਭਾਈ ਰਣਜੀਤ ਸਿੰਘ, ਆਪਣੇ ਇਕ ਸਾਥੀ ਢਿੱਲੋਂ ਸਾਹਿਬ ਨਾਲ਼ ਨਿਊ ਯਾਰਕ ਤੋਂ। ਇਸ ਤੋਂ ਇਲਾਵਾ ਸ. ਰੇਸ਼ਮ ਸਿੰਘ ਸੰਧੂ ਲੈਸਟਰ ਤੋਂ, ਸ. ਇੰਦਰਜੀਤ ਸਿੰਘ ਬੱਲ ਕੈਨੇਡਾ ਤੋਂ, ਇਹ ਦੋਵੇਂ ਸੱਜਣ ਅਤੇ  ਮੈਂ, ੨੦੧੬ ਵਿਚ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਢੇ ਤਿੰਨ ਸੌ ਸਾਲਾ ਪ੍ਰਕਾਸ਼ ਉਤਸ਼ਵ ਦੇ ਸਮਾਗਮ ਸਮੇ, ਪਟਨਾ ਸਾਹਿਬ ਵਿਚ ਵੀ ਇਕੱਠੇ ਇਕੋ ਹੋਟਲ ਵਿਚ ਠਹਿਰੇ ਸਾਂ। ਸ. ਸੁਰਜੀਤ ਸਿੰਘ, ਸ. ਜਗਦੀਸ਼ ਸਿੰਘ ਗਰੇਵਾਲ, ਸ. ਸੁਰਜੀਤ ਸਿੰਘ ਮਾਨ ਅਤੇ ਡਾ. ਸੁਰਿੰਦਰ ਸਿੰਘ ਅਮ੍ਰੀਕਾ ਤੋਂ, ਭਾਈ ਮਹਿੰਦਰ ਸਿੰਘ ਮੁਖੀ ਀ਿ????? ?ੇ?? ??? ਅਤੇ ਸ. ਅਵਤਾਰ ਸਿੰਘ ਗੁਰਦੁਆਰਿਆਂ ਦੀ ਸਾਂਝੀ ਕਮੇਟੀ ਦੇ ਚੇਅਰਮੈਨ ਬਰਮਿੰਘਮ ਤੋਂ, ਪੈਰਿਸ ਤੋਂ ਸ. ਇਕਬਾਲ ਸਿੰਘ ਭੱਟੀ ਅਤੇ ਇਕ ਜਵਾਨ ਗੁਰਸਿੱਖ ਜੋੜਾ, ਨੀਨਾ ਗਿੱਲ ਯੂਰਪੀਅਨ ਯੂਨੀਅਨ ਦੇ ਦੇਸ਼ਾਂ ਦੀ ਸਾਂਝੀ ਪਾਰਲੀਮੈਂਟ ਦੀ ਮੈਂਬਰ ਵਲੈਤੋਂ, ਲੰਡਨ ਤੋਂ ਸ. ਜਸਵੰਤ ਸਿੰਘ ਠੇਕੇਦਾਰ, ਡਾ. ਸ.ਪ. ਸਿੰਘ ਓਬਰਾਇ, ਇਹਨਾਂ ਤੋਂ ਇਲਾਵਾ ਮਲੇਸ਼ੀਆ, ਥਾਈਲੈਂਡ, ਸਿੰਘਾਪੁਰ ਆਦਿ ਮੁਲਕਾਂ ਤੋਂ ਵੀ ਕੁਝ ਮੁਖੀ ਸਿੱਖ ਆਏ ਸਨ। ਸ. ਬਲਬੀਰ ਸਿੰਘ ੩੯੩੨੯੦੩੨੪੫, ਸ. ਸੁਖਪਾਲ ਸਿੰਘ ਧਨੋਆ ੧੮੦੪੫੬੪੪੨੦੮, ਸ. ਪਰਵਿੰਦਰ ਸਿੰਘ ੪੪੭੯੫੬੪੬੪੦੩੪, ਸ. ਰੌਮੀ ਰੇਂਜਰ ੪੪੭੮੩੬੨੬੧੧੯੬, ਸ. ਗੁਰਮੀਤ ਸਿੰਘ ੪੪੭੯੭੧੭੦੧੭੯੧, ਸ. ਕੰਵਲਜੀਤ ਸਿੰਘ ਸੋਨੀ ੧ (੨੪੦) ੪੬੧੪੬੭੧, ਸ. ਤੇਜਿੰਦਰ ਸਿੰਘ ੧ (੨੦੨) ੫੦੩੮੦੫੨, ਸ. ਬਲਜਿੰਦਰ ਸਿੰਘ ੧ (੪੪੩) ੬੭੬੫੬੮੭, ਸ. ਦਿਲਵੀਰ ਸਿੰਘ ੧ (੪੪੩) ੮੨੯੬੨੦੬, ਬੌਬ ਕੈਨੇਡਾ ੧ (੪੧੬) ੪੧੯੭੭੭੭, ਸ. ਬਿੱਲ ਸੰਧੂ ਕੈਨੇਡਾ ੧ (੬੦੪) ੮੨੫੪੩੭੦, ਸ. ਰਾਮੇਸ਼ ਸਿੰਘ ਸੰਘਾ ਐਮ.ਪੀ. ਕੈਨੇਡਾ, ਸ. ਭੂਪਿੰਦਰ ਸਿੰਘ ਊਭੀ ਕੈਨੇਡਾ ੧ (੬੪੭) ੨੮੪੭੧੦੭, ਸ. ਸਰਬਜੀਤ ਸਿੰਘ ਥਾਈਲੈਂਡ ੬੬੮੧੬੧੧੯੯੪੭, ਲਾੱਰਡ ਰਾਮਿੰਦਰ ਸਿੰਘ ਰਾਣਾ ਆਪਣੀ ਸਿੰਘਣੀ ਸਮੇਤ ਯੂ.ਕੇ., ੪੪੭੭੬੮੪੮੪੫੭੭, ਸ. ਪਰਮਜੀਤ ਸਿੰਘ ੩੪੬੭੧੩੬੯੨੭੭, ਸ. ਸੰਦੀਪ ਸਿੰਘ ੪੪੭੫੭੦੭੯੫੬੩੭, ਸ. ਜਗਤਾਰ ਸਿੰਘ ੪੪੭੭੨੫੭੯੭੦੬੧, ਸ. ਹਰਚਰਨ ਸਿੰਘ ਮਲੇਸ਼ੀਆ ੬੦੧੨੬੫੭੫੪੫੯, ਸ. ਸੁਰਜੀਤ ਸਿੰਘ ੯੮੭੬੨੫੧੨੧੩, ਸ. ਰੇਂਜਰ ਸਿੰਘ ਸਿੰਘਣੀ ਸਮੇਤ, ਸ. ਜਗਤਾਰ ਸਿੰਘ ਅਜੀਮਲ ਸਿੰਘਣੀ ਸਮੇਤ, ਸ. ਗੁਰਮੇਲ ਸਿੰਘ ਯੂ.ਕੇ., ਸ. ਬਲਬੀਰ ਸਿੰਘ ਇਟਲੀ, ਸਰਦਾਰਨੀ ਅਵਤਾਰ ਕੌਰ ਊਭੀ ਕੈਨੇਡਾ, ਸਰਦਾਰਨੀ ਸੰਦੀਪ ਕੌਰ ਯੂ.ਕੇ., ਸ. ਜਗਵੰਤ ਸਿੰਘ ਇਟਲੀ, ਸ. ਕੁਲਦੀਪ ਸਿੰਘ ਊਭੀ, ਬਰਮਿੰਘਮ, ਸ. ਨਾਨਕ ਸਿੰਘ ਮਲੇਸ਼ੀਆ, ਡਾ. ਜਸਦੇਵ ਸਿੰਘ ਰਾਇ ਲੰਡਨ, ਸ. ਜਗਦੇਵ ਸਿੰਘ ਮਾਵੀ ਵਾਲਸਾਲ ਯੂ.ਕੇ., ਸਰਦਾਰ ਅਤੇ ਸਰਦਾਰਨੀ ਹਰਬਿੰਦਰ ਕੌਰ ਜੀ ਅਤੇ ਸ. ਗੁਰਮੀਤ ਸਿੰਘ ਰੰਧਾਵਾ ਵੇਲਜ਼ ਤੋਂ Gurmit Singh Randhawa MBE; BCHA Chairman Sikh Council of Wales President Sikh Gurdwara Cardiff,
ਇਕ ਅਫ਼੍ਰੀਕਾ ਦੇ ਮੁਲਕ ਕੀਨੀਆ ਵਿਚ ਪਲ਼ ਕੇ ਓਥੋਂ ਉਤਰੀ ਆਇਰਲੈਂਡ ਵਿਚ ਜਾ ਵਸੇ ਸਿੱਖ ਆਗੂ (ਨਾਂ ਯਾਦ ਨਹੀਂ ਆ ਰਿਹਾ) ਵੀ ਸਾਡੇ ਨਾਲ਼ ਸਨ।

ਸੰਤੋਖ ਸਿੰਘ
ਸਿਡਨੀ, ਆਸਟ੍ਰੇਲੀਆ
ਫ਼ੋਨ: +੬੧ ੪੮੭ ੦੧੫ ੮੪੫
ਲੈਂਡਲਾਈਨ: +੬੧ ੨ ੯੮੬੪ ੫੨੬੮


ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਢੇ ਪੰਜ ਸੌ ਸਾਲਾ ਪ੍ਰਕਾਸ਼ ਉਤਸ਼ਵ ਦੇ ਸਮਾਗਮਾਂ ਵਿਚ ਹਿੱਸਾ ਲੈਣ ਲਈ, ਸੰਸਾਰ ਭਰ ਤੋਂ ਸੱਦੇ ਗਏ ਸਿੱਖਾਂ ਦੇ ਡੈਲੀਗੇਸ਼ਨ ਦੇ ਕੁਝ ਮੈਂਬਰਾਂ ਦੀ ਗਰੁਪ ਫ਼ੋਟੋ। ਅੰਮ੍ਰਿਤਸਰ ਦੀ ਆਬਾਦੀ ਰਣਜੀਤ ਐਵੇਨਿਊ ਦੇ ਹੌਲੀਡੇ ਇਨ ਵਿਚ ਖਿੱਚੀ ਗਈ।
ਯਾਰਾਂ ਨਵੰਬਰ ੨੦੧੯ ਵਾਲ਼ੇ ਦਿਨ, ਜਲੰਧਰ ਦੇ ਇਕ ਹੋਟਲ ਵਿਚ, ਪੰਜਾਬ ਦੇ ਮੁਖ ਮੰਤਰੀ ਵੱਲੋਂ ਦਿਤੇ ਗਏ ਡਿੱਨਰ ਸਮੇ ਬੈਠੇ ਖੱਬਿਉਂ ਸੱਜੇ: ਸ. ਜਸਵੰਤ ਸਿੰਘ ਠੇਕੇਦਾਰ ਲੰਡਨ ਤੋਂ, ਸ. ਅਵਤਾਰ ਸਿੰਘ ਬਰਮਿੰਘਮ ਤੋਂ, ਫਰਾਂਸ ਤੋਂ ਇਕ ਗੁਰਸਿੱਖ ਜੋੜਾ, ਸ. ਦਲਬੀਰ ਸਿੰਘ ਅਤੇ ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ ਤੋਂ ਅਤੇ ਇਕ ਹੋਰ ਸਰਦਾਰ ਜੀ।
ਡਿੱਨਰ ਸਮੇ ਹੀ ਖੱਬਿਉਂ: ਗਿ. ਸੰਤੋਖ ਸਿੰਘ, ਨੀਨਾ ਗਿੱਲ ਐਮ.ਪੀ, ਇੰਗਲੈਂਡ ਤੋਂ ਯੂਰਪੀਅਨ ਪਾਰਲੀਮੈਂਟ ਦੀ ਮੈਂਬਰ, ਬਰਮਿੰਘ ਤੋਂ ਸ. ਅਵਤਾਰ ਸਿੰਘ, ਲੰਡਨੋ ਸ. ਜਸਵੰਤ ਸਿੰਘ ਠੇਕੇਦਾਰ ਅਤੇ ਸਿਡਨੀ ਤੋਂ ਸ. ਦਲਬੀਰ ਸਿੰਘ।
ਮੋਹਰਲੀ ਕਤਾਰ ਵਾਲ਼ੇ ਪੰਜ ਜਣੇ ਖੱਬਿਉਂ: ਇਕ ਜੋੜਾ ਸਰਦਾਰ ਅਤੇ ਸਰਦਾਰਨੀ ਕੈਨੇਡਾ ਤੋਂ, ਸ. ਦਲਬੀਰ ਸਿੰਘ ਸ. ਇਕਬਾਲ ਸਿੰਘ ਭੱਟੀ ਪੈਰਿਸ ਤੋਂ ਅਤੇ ਗਿਆਨੀ ਸੰਤੋਖ ਸਿੰਘ।
੨੨ ਅਕਤੂਬਰ, ੨੦੧੯ ਵਾਲ਼ੇ ਦਿਨ, ੯੧ ਦੇਸਾਂ ਦੇ ਐਂਬੈਸਡਰ ਸ੍ਰੀ ਦਰਬਾਰ ਸਾਹਿਬ ਜੀ ਦੀ ਯਾਤਰਾ ਲਈ ਆਏ ਸਨ। ਉਸ ਸਮੇ ਸਿਡਨੀ ਵਾਸੀ ਸ. ਅਜਾਇਬ ਸਿੰਘ ਸਿੱਧੂ ਦੀ ਹੋਣਹਾਰ ਸਪੁੱਤਰੀ, ਹਰਿੰਦਰ ਕੌਰ ਸਿੱਧੂ ਆਸਟ੍ਰੇਲੀਆ ਸਰਕਾਰ ਵੱਲੋਂ ਦਿੱਲੀ ਵਿਚ ਹਾਈ ਕਮਿਸ਼ਨਰ ਹਨ, ਨਾਲ਼ ਉਸ ਸਮੇ ਖਿੱਚੀ ਗਈ ਫ਼ੋਟੋ।
੨੨ ਸਤੰਬਰ ੨੦੧੯ ਵਾਲ਼ੇ ਦਿਨ, ਗੁਰੂ ਨਾਨਕ ਭਵਨ ਅੰਮ੍ਰਿਤਸਰ ਵਿਚ, ਸ਼੍ਰੋਮਣੀ ਗੁ.ਪ੍ਰ. ਕਮੇਟੀ ਵੱਲੋਂ ਰਚੇ ਗਏ ਸੈਮੀਨਾਰ ਸਮੇ, ਸਾਰੇ ਸਮਾਗਮਾਂ ਦੇ ਮੁਖੀ ਪ੍ਰੋਫ਼ੈਸਰ ਕ੍ਰਿਪਾਲ ਸਿੰਘ ਬਡੂੰਗਰ ਅਤੇ ਕਮੇਟੀ ਦੇ ਮੁਖ ਸਕੱਤਰ ਡਾ. ਰੂਪ ਸਿੰਘ ਜੀ ਵੱਲੋਂ, ਗਿ. ਸੰਤੋਖ ਸਿੰਘ ਨੂੰ ਸਿਰੋੇਪੇ ਅਤੇ ਕਿਤਾਬਾਂ ਦੇ ਸੈਟ ਨਾਲ਼ ਸਨਮਾਨਤ ਕੀਤਾ ਗਿਆ।
ਡਿੱਨਰ ਸਮੇ ਹੀ ਮੁਖ ਮੰਤਰੀ ਵੱਲੋਂ ਡੇਲੀਗੇਸ਼ਨ ਦੇ ਮੈਂਬਰਾਂ ਦਾ ਕਿਤਾਬਾਂ ਅਤੇ < ਵਾਲ਼ਾ ਮੋਮੈਂਟੋ ਭੇਟਾ ਕਰਕੇ ਸਨਮਾਨ ਕੀਤਾ ਗਿਆ।
੧੨ ਨਵੰਬਰ ਗੁਰਪੁਰਬ ਵਾਲ਼ੇ ਦਿਨ, ਗੁਰਦਆਰਾ ਸਾਹਿਬ ਸੁਲਤਾਨ ਪੁਰ ਵਿਖੇ ਸਜੇ ਪੰਜਾਬ ਵਿਚ ਡੈਲੀਗੇਸ਼ਨ ਨੂੰ ਲਿਜਾ ਕੇ ਮੋਹਰਲੀ ਕਤਾਰ ਵਿਚ ਬੈਠਾਇਆ ਗਿਆ: ਬੈਠੇ: ਸ. ਦਲਬੀਰ ਸਿੰਘ ਗਿ. ਸੰਤੋਖ ਸਿੰਘ ਅਤੇ ਸ. ਇਕਬਾਲ ਸਿੰਘ ਭੱਟੀ।
ਆਪਣੇ ਚਿਰਕਾਲੀ ਮਿੱਤਰ ਬਟਾਲਾ ਨਿਵਾਸੀ ਸ. ਹਰਭਜਨ ਸਿੰਘ ਬਾਜਵਾ ਫ਼ੋਟੋ ਗਰਾਫ਼ਰ ਨੂੰ, ਉਹਨਾਂ ਦੇ ਸਟੁਡੀਉ ਦੇ ਸਾਹਮਣੇ ਆਪਣੀ ਨਵੀਂ ਕਿਤਾਬ 'ਕੁਝ ਏਧਰੋਂ ਕੁਝ ਓਧਰੋਂ' ਭੇਟਾ ਕਰਦੇ ਸਮੇ।
੯ ਨਵੰਬਰ ਵਾਲ਼ੇ ਦਿਨ ਸ੍ਰੀ ਕਰਤਾਰ ਸਾਹਿਬ ਜੀ ਦੇ ਲਾਂਘੇ ਦੇ ਉਦਘਾਟਨ ਸਮੇ ਗੁਰਦੁਆਰਾ ਕਤਰਤਾਰ ਸਾਹਿਬ ਵਿਚ ਸੰਗਤਾਂ ਦਾ ਠਾਠਾਂ ਮਾਰਦਾ ਉਤਸ਼ਾਹ ਭਰਿਆ ਇਕੱਠ।
ਵਿਸਥਾਰਤ ਖੇਲਾ ਪਰਵਾਰ ਦੇ ਬੱਚੇ ਦੇ ਅਨੰਦ ਕਾਰਜ ਸਮੇ, ਹੁਸ਼ਿਆਰ ਪੁਰ ਦੇ ਗੁਰਦੁਆਰਾ ਸਾਹਿਬ ਜੀ ਦੇ ਗ੍ਰੰਥੀ ਸਿੰਘ ਜੀ ਅਤੇ ਪ੍ਰਧਾਨ ਸਾਹਿਬ ਜੀ ਦੁਆਰਾ ਦਾਸ ਨੂੰ ਗੁਰੂ ਘਰੋਂ ਸਿਰੋਪੇ ਦੀ ਬਖ਼ਸ਼ਿਸ਼ ਹੋਈ।
ਮਨਵਿੰਦਰ ਸਿੰਘ ਜੀਓ, ਫ਼ੋਟੋਆਂ ਦੀ ਬਹੁਲਤਾ ਹੋਣ ਕਾਰਨ ਲੇਖ ਬੇਲੋੜਾ ਵਧਦਾ ਵੇਖੋ ਤਾਂ ੭ ਅਤੇ ੧੦ ਨੰਬਰ ਵਾਲ਼ੀਆਂ ਫ਼ੋਟੋਜ਼ ਛੱਡ ਵੀ ਸਕਦੇ ਹੋ।
ਅੰਤ ਵਿਚ ਡੈਲੀਗੇਸ਼ਨ ਦੇ ਕੁਝ ਮੈਂਬਰਾਂ ਦੇ ਜੇਹੜੇ ਨਾਂ ਲਿਖੇ ਹਨ, ਜੇ ਉਹਨਾਂ ਤੁਸੀਂ ਬੇਲੋੜੇ ਸਮਝੋ ਤਾਂ ਉਹ ਵੀ ਡੀਲੀਟੇ ਜਾ ਸਕਦੇ ਹਨ।
ਇਕ ਕਾਬਲ ਸੰਪਾਦਕ, ਜੋ ਕਿ ਬਿਨਾ ਸ਼ੱਕ ਤੁਸੀਂ ਹੋ ਹੀ, ਵਾਂਗ ਤੁਸੀਂ ਲੇਖ ਨੂੰ ਹੋਰ ਸੋਹਣਾ, ਢੁਕਵਾਂ ਤੇ ਪ੍ਰਭਾਵਸ਼ਾਲੀ ਬਣਾਉਣ ਵਾਸਤੇ ਵਾਧਾ ਘਾਟਾ ਕਰ ਸਕਦੇ ਹੋ।

ਜਥੇਦਾਰ ਖਜ਼ਾਨ ਸਿੰਘ ਮੀਰਾਂਕੋਟ ਦੀ ਬਰਸੀ ਤੇ 24 ਮਈ ਲਈ ਵਿਸ਼ੇਸ਼ - ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ

ਪੰਜਾਹਵਿਆਂ ਵਾਲੇ ਦਹਾਕੇ ਦੌਰਾਨ ਪੰਜਾਬ ਵਿਚ ਫਿਰਕੂ ਖਿੱਚੋਤਾਣ ਪੈਦਾ ਕਰਨ ਵਾਸਤੇ ਗੁਰਦੁਆਰਾ ਸਾਹਿਬਾਨ ਦੇ ਸਰੋਵਰਾਂ ਵਿਚ ਸਿਗਰਟਾਂ ਦੀਆ ਡੱਬੀਆ ਸੁੱਟਣ ਦੇ ਨਾਲ਼ ਨਾਲ਼ ਗੁਰਬਾਣੀ ਦੇ ਗੁਟਕੇ ਪਾੜ ਕੇ ਖਿਲਾਰਨ ਦੀਆਂ ਦੁਰਘਟਨਾਵਾਂ ਵਾਪਰਦੀਆਂ ਸਨ। ਉਸ ਸਮੇ ਸ਼੍ਰੋਮਣੀ ਅਕਾਲੀ ਦਲ ਨੇ ਨੌਜਵਾਨਾਂ ਦਾ ਇਕ ਜਥਾ ਕਾਇਮ ਕੀਤਾ ਸੀ। ਹੋਰ ਤੇ ਕੁਝ ਉਸ ਬਾਰੇ ਯਾਦ ਨਹੀਂ ਪਰ ਇਕ ਸ਼ਖ਼ਸੀਅਤ ਦੀ ਤਸਵੀਰ ਮੇਰੀ ਯਾਦ ਵਿਚ ਅਜੇ ਤੱਕ ਅਟਕੀ ਹੋਈ ਹੈ। ਉਸ ਤਸਵੀਰ ਵਿਚਲੇ ਇਸ ਸਿੰਘ ਬਾਰੇ ਸੱਠਵਿਆਂ ਵਾਲੇ ਦਹਾਕੇ ਦੌਰਾਨ, ਆਪਣੇ ਚਾਚਾ ਜੀ ਦੇ ਮਿੱਤਰ ਭਾਈ ਜਸਵੰਤ ਸਿੰਘ ਤ੍ਰਿਸਿੱਕਾ ਜੀ ਤੋਂ ਪਤਾ ਲੱਗਾ ਕਿ ਇਹ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਖਜਾਨ ਸਿੰਘ ਮੀਰਾਂਕੋਟ ਹਨ। ਤ੍ਰਿਸਿੱਕਾ ਜੀ ਰਾਹੀਂ ਮੇਰੇ ਨਾਲ਼ ਵੀ ਜਥੇਦਾਰ ਜੀ ਦੀ ਸਾਂਝ ਬਣ ਗਈ।
ਇਕ ਦਿਲਚਸਪ ਘਟਨਾ ਮੇਰੇ ਸਾਹਮਣੇ ਵਪਰੀ ਮੈਂ ਵੇਖੀ ਜੋ ਕਿ ਅੱਜ ਵੀ ਮੇਰੀਆਂ ਅੱਖਾਂ ਦੇ ਸਾਹਮਣੇ ਵਾਪਰਦੀ ਮਹਿਸੂਸ ਹੋ ਰਹੀ ਹੈ। ਇਸ ਦਾ ਜ਼ਿਕਰ ਵੀ ਮੈਂ ਆਪਣੇ ਕਿਸੇ ਲੇਖ ਵਿਚ ਕਰ ਚੁੱਕਿਆ ਹਾਂ। ਘਟਨਾ ਇਹ ਸੀ ਕਿ ਦੁਪਹਿਰੇ ਆਪਣੇ ਘਰੋਂ ਰੋਟੀ ਖਾ ਕੇ ਮੈਂ ਗੁਰਦੁਆਰਾ ਬਾਬਾ ਅਟੱਲ ਰਾਇ ਜੀ ਵਾਲੇ ਪਾਸਿਉਂ ਕਮੇਟੀ ਦੇ ਦਫ਼ਤਰ ਨੂੰ ਜਾ ਰਿਹਾ ਸਾਂ ਕਿ ਕੁਝ ਸਿੱਖ ਇਕ ਸਿੱਖ ਨੌਜਵਾਨ ਨੂੰ ਸਰਕਾਰੀ ਜਾਸੂਸ ਸਮਝ ਕੇ ਕੁੱਟਦੇ ਅੰਦਰ ਲਿਆ ਰਹੇ ਸਨ। ਜਥੇਦਾਰ ਖਜਾਨ ਸਿੰਘ ਜੀ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਦੀ ਗੈਲਰੀ ਵਿਚ ਖਲੋਤੇ ਸਨ ਤੇ ਇਹਨਾਂ ਨੇ ਵੇਖ ਕੇ ਕੁੱਟਣ ਵਾਲਿਆਂ ਨੂੰ ਸਖ਼ਤੀ ਨਾਲ਼ ਇਸ ਮੰਦੇ ਕੰਮ ਤੋਂ ਵਰਜਿਆ। ਹੈਰਾਨੀ ਇਸ ਗੱਲ ਦੀ ਹੋਈ ਕਿ ਪੁਲਿਸ ਨੇ ਉਸ ਨੂੰ ਕੁੱਟਣ ਦਾ ਮੁਕੱਦਮਾ ਜਥੇਦਾਰ ਜੀ ਉਪਰ ਹੀ ਦਰਜ ਕੀਤਾ।
ਇਕ ਸਾਧਾਰਣ ਕਿਰਤੀ ਪਰਵਾਰ ਵਿੱਚ ਜੰਮੇ ਪਲੇ ਅਤੇ ਅਕਾਲੀ ਵਰਕਰ ਤੋਂ ਸਿਆਸੀ ਸਫ਼ਰ ਸ਼ੁਰੂ ਕਰਕੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ, ਜਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅਤੇ ਵਿਧਾਇਕ ਤੱਕ ਦਾ ਸਫ਼ਰ ਤਹਿ ਕਰਨ ਵਾਲੇ, ਜਥੇਦਾਰ ਖਜ਼ਾਨ ਸਿੰਘ ਮੀਰਾਂਕੋਟ ਦਾ ਜਨਮ, ਜਥੇਦਾਰ ਰੂੜ ਸਿੰਘ ਮਾਤਾ ਹਰ ਕੌਰ ਦੇ ਘਰ, 1919 ਵਿੱਚ, ਪਿੰਡ ਮੀਰਾਂਕੋਟ ਖੁਰਦ ਅੰਮ੍ਰਿਤਸਰ ਵਿਖੇ ਹੋਇਆ।
1945 ਵਿੱਚ ਸ੍ਰੀ ਮਤੀ ਤੇਜ ਕੌਰ, ਸਪੁੱਤਰੀ ਜਗ ਸਿੰਘ ਭੰਗਾਲੀ ਜ਼ਿਲ੍ਹਾ ਅੰਮ੍ਰਿਤਸਰ ਨਾਲ ਆਨੰਦ ਕਾਰਜ ਹੋਇਆ। ਗੁਰਸਿੱਖ ਜੋੜੀ ਨੂੰ ਨਿਰੰਕਾਰ ਨੇ ਤਿੰਨ ਪੁੱਤਰ ਅਤੇ ਤਿੰਨ ਧੀਆਂ ਦੀ ਬਖ਼ਸ਼ਿਸ਼ ਕੀਤੀ। ਜਥੇਦਾਰ ਨੇ ਜਿੱਥੇ ਸਮਾਜਕ, ਧਾਰਮਿਕ, ਸਿਆਸੀ ਜੁੰਮੇਵਾਰੀਆਂ ਨਿਭਾਈਆਂ ਓਥੇ ਪਰਵਾਰਕ ਜੁੰਮੇਵਾਰੀ ਨਿਭਾਉਣ ਵਿਚ ਵੀ ਕੋਈ ਫਰਕ ਨਹੀਂ ਰੱਖਿਆ।
ਜਥੇਦਾਰ ਖਜਾਨ ਸਿੰਘ ਜੀ ਦੇਸ਼ ਦੀ ਵੰਡ ਤੋਂ ਪਹਿਲਾਂ ਪਾਕਿਸਤਾਨ ਦੇ ਪਿੰਡ 28 ਚੱਕ ਜ਼ਿਲ੍ਹਾ ਲਾਇਲਪੁਰ ਵਿਖੇ ਪਹਿਲਵਾਨੀ ਕਰਦੇ ਜਵਾਨੀ ਚੜ੍ਹੇ। ਮੁੜ ਓਥੋਂ ਉਜੜ ਕੇ, ਗੁਰੂ ਕੀ ਨਗਰੀ ਸ੍ਰੀ ਅੰਮ੍ਰਿਤਸਰ ਦੇ ਗਵਾਂਢ, ਸ਼ਹੀਦ ਭਾਈ ਮਹਿਤਾਬ ਸਿੰਘ ਜੀ ਵਾਲੇ ਆਪਣੇ ਜੱਦੀ ਪਿੰਡ ਮੀਰਾਂਕੋਟ ਖੁਰਦ ਵਿਚ ਆ ਵਸੇ। ਜਥੇਦਾਰ ਜੀ ਸ਼ਹੀਦ ਭਾਈ ਮਹਿਤਾਬ ਸਿੰਘ ਮੀਰਾਂਕੋਟ ਨੂੰ ਆਪਣਾ ਮਾਰਗ ਦਰਸ਼ਕ ਮੰਨਦੇ ਸਨ। ਪੰਥਕ ਜਜ਼ਬਾ ਉਹਨਾਂ ਅੰਦਰ ਕੁੱਟ-ਕੁੱਟ ਕੇ ਭਰਿਆ ਹੋਇਆ ਸੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਮਾਸਟਰ ਤਾਰਾ ਸਿੰਘ ਤੇ ਸੀਨੀਅਰ ਮੀਤ ਪ੍ਰਧਾਨ ਹਰਬੰਸ ਸਿੰਘ ਮਜੀਠਾ ਦੀ ਪ੍ਰੇਰਨਾ ਨਾਲ, ਅਕਾਲੀ ਦਲ ਵੱਲੋਂ ਚਲਾਈਆਂ ਗਈਆਂ ਵੱਖ ਵੱਖ ਲਹਿਰਾਂ ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿਤਾ। ਮਾਸਟਰ ਤਾਰਾ ਸਿੰਘ ਜੀ  ਵੱਲੋਂ ਅਹਿਮ ਜਿੰਮੇਵਾਰੀਆਂ ਦਿੱਤੀਆਂ ਗਈਆਂ ਜਿਨ੍ਹਾਂ ਨੂੰ ਜਥੇਦਾਰ ਜੀ ਨੇ ਖਿੜੇ ਮੱਥੇ ਪ੍ਰਵਾਨ ਹੀ ਨਹੀਂ ਕੀਤਾ ਸਗੋਂ ਉਸਾਰੂ ਨਤੀਜੇ ਵੀ ਦਿੱਤੇ। 1950 ਵਿੱਚ ਜਦੋਂ ਡਾਕਟਰ. ਬੀ.ਆਰ. ਅੰਬੇਦਕਰ ਜੀ ਨੇ ਭਾਰਤ ਦਾ ਸੰਵਿਧਾਨ ਲਿਖਿਆ ਸੀ ਤਾਂ ਉਹਦੇ ਵਿੱਚ ਮਜ਼੍ਹਬੀ ਅਤੇ ਰਵਿਦਾਸੀਏ ਸਿੱਖਾਂ ਨੂੰ ਸੰਵਿਧਾਨ ਵਿੱਚ ਰਾਖਵੇਂਕਰਨ ਦਾ ਅਧਿਕਾਰ ਨਹੀਂ ਸੀ ਦਿੱਤਾ ਗਿਆ। ਇਹਨਾਂ ਸੂਰਬੀਰ ਅਤੇ ਕਾਰੀਗਰ ਸਿੱਖਾਂ ਦੇ ਭਾਈਚਾਰਿਆਂ ਨੂੰ ਰਾਖਵੇਂਕਰਨ ਤੋਂ ਬਾਹਰ ਰੱਖਿਆ ਗਿਆ ਸੀ। ਸ਼੍ਰੋਮਣੀ ਅਕਾਲੀ ਦਲ ਨੇ ਇਸ ਬੇਇਨਸਾਫੀ ਦੇ ਵਿਰੁਧ ਜਥੇਦਾਰ ਮੰਗਲ ਸਿੰਘ ਅਕਾਲੀ ਦੀ ਅਗਵਾਈ ਵਿੱਚ ਸੰਘਰਸ਼ ਸ਼ੁਰੂ ਕਰ ਦਿੱਤਾ। ਇਸ ਮੋਰਚੇ ਵਿੱਚ ਜਥੇਦਾਰ ਮੀਰਾਂਕੋਟ ਜੀ ਨੇ ਆਪਣੇ ਸਾਥੀਆਂ ਸਮੇਤ ਗ੍ਰਿਫ਼ਤਾਰੀਆਂ ਦਿੱਤੀਆਂ। ਇਸ ਸੰਘਰਸ਼ ਦੇ ਕਾਰਨ ਹੀ ਮਜ਼੍ਹਬੀ ਸਿੱਖਾਂ ਅਤੇ ਰਵਿਦਾਸੀਏ ਸਿੱਖਾਂ ਨੂੰ ਰਾਖਵੇਂਕਰਨ ਦਾ ਹੱਕ ਮਿਲਿਆ।
1955 ਵਿੱਚ ਪੰਜਾਬੀ ਸੂਬੇ ਦੇ ਮੋਰਚੇ ਨੂੰ ਚਲਾਉਣ ਲਈ ਮੋਰਚਾ ਚਲਾਊ ਕਮੇਟੀ ਬਣਾਈ ਗਈ ਜਿਸ ਦੇ ਜਥੇਦਾਰ ਜੀ ਪ੍ਰਮੁੱਖ ਮੈਂਬਰ ਸਨ। ਉਹ ਮੋਰਚੇ ਨੂੰ ਚਲਾਉਣ ਵਾਲਿਆਂ ਵਿੱਚ ਹੀ ਨਹੀਂ ਸਨ ਸਗੋਂ ਮੋਰਚੇ ਦੌਰਾਨ ਉਹਨਾਂ ਨੇ ਗ੍ਰਿਫ਼ਤਾਰੀ ਵੀ ਦਿੱਤੀ।
1960 ਵਾਲੇ ਪੰਜਾਬੀ ਸੂਬਾ ਮੋਰਚੇ ਵਿੱਚ ਵੀ ਗ੍ਰਿਫ਼ਤਾਰੀ ਦਿੱਤੀ। 1964 ਵਿੱਚ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਮਹੰਤਾਂ ਤੋਂ ਆਜ਼ਾਦ ਕਰਵਾਉਣ ਅਤੇ ਗੁਰਦੁਆਰਾ ਸੀਸ ਗੰਜ ਦਿੱਲੀ ਦੇ ਨਾਲ ਲੱਗਦੀ ਕੋਤਵਾਲੀ ਨੂੰ ਸਰਕਾਰ ਦੇ ਕਬਜ਼ੇ ਤੋਂ ਮੁਕਤ ਕਰਵਾਉਣ ਲਈ ਅਹਿਮ ਯੋਗਦਾਨ ਪਾਇਆ। ਪੰਜਾਬੀ ਸੂਬਾ 1955 ਵਾਲਾ ਮੋਰਚਾ, 1960 ਵਾਲਾ ਮੋਰਚਾ, 1973 ਵਿਚ ਕਰਨਾਲ ਵਾਲਾ ਮੋਰਚਾ, ਐਮਰਜੈਂਸੀ ਦੇ ਖ਼ਿਲਾਫ਼ ਮੋਰਚਾ, ਧਰਮਯੁੱਧ ਮੋਰਚੇ ਵਿਚ ਸਭ ਤੋਂ ਅੱਗੇ ਰਹਿ ਕੇ ਰੋਲ ਨਿਭਾਇਆ। ਲੰਮਾ ਸਮਾ ਵੱਖ ਵੱਖ ਜੇਹਲਾਂ ਵਿੱਚ ਕੈਦ ਰਹੇ। ਪੰਜਾਬ, ਪੰਜਾਬੀ, ਪੰਜਾਬੀਅਤ ਅਤੇ ਪੰਥਕ ਜਜ਼ਬੇ ਨਾਲ ਪ੍ਰਣਾਏ ਜਥੇਦਾਰ ਮੀਰਾਂਕੋਟ ਜੀ ਕੁਝ ਕਰ ਗੁਜ਼ਰਨਾ ਚਾਹੁੰਦੇ ਸਨ। ਪੰਥ ਦੀ ਇਕ ਆਵਾਜ਼ ‘ਤੇ ਹਰੇਕ ਸੰਘਰਸ਼ ਦੌਰਾਨ ਲੱਗੇ ਹਰ ਮੋਰਚੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਾ, ਵੱਖ ਵੱਖ ਜੇਹਲਾਂ ਦੀ ਯਾਤਰਾ ਕਰਨੀ ਅਤੇ ਆਪਣੀਆਂ ਜਾਇਦਾਦਾਂ ਕੁਰਕ ਕਰਵਾਉਣ ਵਾਲੇ ਸੀਨੀਅਰ ਲੀਡਰਾਂ ਵਿੱਚ ਜਥੇਦਾਰ ਮੀਰਾਂਕੋਟ ਜੀ ਦਾ ਨਾਂ ਬੋਲਦਾ ਹੈ। ਜਦੋਂ ਕਾਂਗਰਸ ਸਰਕਾਰ ਨੇ ਅਕਾਲੀਆਂ ਦੀਆਂ ਜਾਇਦਾਦਾਂ ਕੁਰਕ ਹੋਈਆਂ ਸਨ ਅਤੇ ਕਈ ਅਕਾਲੀ ਲੀਡਰਾਂ ਦੇ ਘਰ ਵੀ ਢਹਿ ਢੇਰੀ ਕਰ ਦਿੱਤੇ ਗਏ ਸਨ, ਜਥੇਦਾਰ ਮੀਰਾਂਕੋਟ ਜੀ ਵੀ ਉਹਨਾਂ ਵਿੱਚੋ ਇੱਕ ਸਨ।
ਜਥੇਦਾਰ ਜੀ ਉਹ 1977 ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਵੇਰਕਾ ਤੋਂ ਵਿਧਾਇਕ ਬਣੇ ਸਨ। ਲੋਕੀਂ ਦੱਸਦੇ ਹਨ ਕਿ ਕਿਸੇ ਸਰਕਾਰੀ ਦਫ਼ਤਰ ਜਾਂ ਠਾਣੇ ਵਿਚ ਕਿਸੇ ਨਾ ਪਹੁੰਚ ਵਾਲੇ ਜਰੂਰਤਮੰਦ ਦਾ ਸਹੀ ਕੰਮ ਕਰਵਾਉਣ ਗਏ, ਅਫ਼ਸਰ ਦੇ ਸਾਹਮਣੇ ਕੁਰਸੀ ‘ਤੇ ਬੈਠ ਕੇ, ਕੰਮ ਤੋਂ ਆਨਾਕਾਨੀ ਕਰਦੇ ਵੇਖ ਕੇ, ਉਸ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਆਖਿਆ ਕਰਦੇ ਸਨ, “ਤੇਰੇ ਸਾਹਮਣੇ ਪੰਜਾਬ ਸਰਕਾਰ ਬੈਠੀ ਹੈ; ਸੰਭਲ਼ ਕੇ ਗੱਲ ਕਰ!“
1947 ਵਾਲੇ ਉਜਾੜੇ ਤੋਂ ਬਾਅਦ ਆਜ਼ਾਦ ਭਾਰਤ ਵਿੱਚ ਫਿਰ ਦੂਜੀ ਵਾਰ ਜਥੇਦਾਰ ਜੀ ਦੇ ਪਰਵਾਰ ਨੂੰ ਉਜਾੜੇ ਦਾ ਸਾਹਮਣਾ ਕਰਨਾ ਪਿਆ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਮਾਸਟਰ ਤਾਰਾ ਸਿੰਘ ਜੀ ਨੇ ਉਹਨਾਂ ਦੇ ਪਰਵਾਰ ਨੂੰ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਠਾਹਰ ਦਿੱਤੀ, ਜਿੱਥੇ 17-11-1963 ਨੂੰ, ਉਹਨਾਂ ਦੇ ਸਭ ਤੋਂ ਛੋਟੇ ਅਤੇ ਤੀਸਰੇ ਪੁੱਤਰ ਅਜੈਪਾਲ ਸਿੰਘ ਮੀਰਾਂਕੋਟ ਦਾ ਜਨਮ ਹੋਇਆ ਜੋ ਬਾਅਦ ਵਿੱਚ ਪਿਤਾ ਵਾਂਗ ਅਕਾਲੀ ਸਫਾਂ ਵਿਚ ਵਿਚਰ ਰਹੇ ਹਨ ਅਤੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ ਵਿਧਾਇਕ ਬਣੇ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇ ਪਨਸਪ ਦੇ ਚੇਅਰਮੈਨ ਵੀ ਬਣੇ। ਆਪਣੇ ਹਲਕੇ ਵਿੱਚ ਆਰਥਿਕ ਪਖੋਂ ਕਮਜ਼ੋਰ ਪਰਵਾਰਾਂ ਨੂੰ ਨੀਲੇ ਕਾਰਡ ਬਣਾ ਕੇ ਦੇਣ ਦੀ ਸੇਵਾ ਕੀਤੀ, ਜਿਸ ਕਰਕੇ ਉਹਨਾਂ ਨੂੰ “ਨੀਲੇ ਕਾਰਡ ਵਾਲੇ ਵਿਧਾਇਕ” ਕਹਿ ਕੇ ਲੋਕੀਂ ਯਾਦ ਕਰਦੇ ਹਨ।
ਪਹਿਲਵਾਨੀ ਦੇ ਵਾਂਗ ਲੋਕ ਸੇਵਾ ਨੂੰ ਵੀ ਕਿਸੇ ਘੋਲ ਤੋਂ ਘੱਟ ਨਾ ਸਮਝਣ ਵਾਲੇ ਜਥੇਦਾਰ ਖਜਾਨ ਸਿੰਘ ਮੀਰਾਂਕੋਟ ਤਿੰਨ ਟਰਮਾਂ ਮੀਰਾਂਕੋਟ ਪਿੰਡ ਦੇ ਸਰਪੰਚ ਰਹੇ। ਬਲਾਕ ਸੰਮਤੀ ਵੇਰਕਾ ਦੇ ਵਾਈਸ ਚੇਅਰਮੈਨ ਅਤੇ ਫਿਰ ਚੇਅਰਮੈਨ ਵਜੋਂ ਸੇਵਾ ਨਿਭਾਈਆਂ। ਸਦਰ ਸਰਕਲ ਦੇ ਪ੍ਰਧਾਨ ਤੇ ਅਕਾਲੀ ਜਥਾ ਅੰਮ੍ਰਿਤਸਰ ਦਿਹਾਤੀ ਦੇ ਲੰਮਾ ਸਮਾ ਮੀਤ ਪ੍ਰਧਾਨ ਰਹੇ। 1960 ਤੋਂ ਲੈ ਕੇ 1978 ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਰਹਿ ਕੇ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਵਿੱਚ ਲੱਗੇ ਰਹੇ। 1962 ਵਿਧਾਨ ਸਭਾ ਹਲਕਾ ਸਦਰ, 1967, 1969, 1972, 1977, 1985 ਵਿਧਾਨ ਸਭਾ ਹਲਕਾ ਵੇਰਕਾ ਤੋਂ ਚੋਣਾਂ ਲੜੀਆਂ ਤੇ  ਐਮ.ਐਲ.ਏ ਬਣੇ ਤੇ ਕਾਂਗਰਸ ਦੇ ਉਮੀਦਵਾਰ ਨੂੰ ਵੱਡੇ ਫਰਕ ਨਾਲ ਹਰਾਇਆ। ਵੱਖ ਵੱਖ ਅਕਾਲੀ ਮੋਰਚਿਆਂ ਵਿੱਚ ਹਿੱਸਾ ਲੈਣ ਕਰਕੇ ਜ਼ਿੰਦਗੀ ਦਾ ਅੱਧਿਉਂ ਵੱਧ ਹਿੱਸਾ ਕੌਮ ਨੂੰ ਸਮੱਰਪਤ ਕਰਕੇ ਵੱਖ ਵੱਖ ਜੇਹਲਾਂ ਵਿੱਚ ਕੈਦ ਕੱਟ ਕੇ ਅਖੀਰ, 24 ਮਈ, 1991 ਨੂੰ ਜਥੇਦਾਰ ਖਜ਼ਾਨ ਸਿੰਘ ਮੀਰਾਂਕੋਟ ਜ਼ਿੰਦਗੀ ਦੀ ਬਾਜ਼ੀ ਜਿੱਤਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ।
ਅੱਜ ਉਹਨਾਂ ਦੇ ਸਿਆਸਤ ਵਿੱਚ ਪਾਏ ਪੂਰਨਿਆਂ ਤੇ ਚੱਲ ਕੇ ਉਹਨਾਂ ਦੇ ਹੋਣਹਾਰ ਸਪੁੱਤਰ ਸ੍ਰ. ਅਜੈਪਾਲ ਸਿੰਘ ਮੀਰਾਂਕੋਟ ਸਾਬਕਾ ਵਿਧਾਇਕ ਜੰਡਿਆਲਾ ਗੁਰੂ ਵੀ, ਪੰਥਕ ਸਟੇਜ ਰਾਹੀਂ ਲੋਕ ਸੇਵਾ ਨੂੰ ਸਮੱਰਪਤ ਹਨ।
ਜਥੇਦਾਰ ਜੀ ਦੇ ਦੋ ਪੋਤਰੇ, ਗਗਨਦੀਪ ਸਿੰਘ ਅਤੇ ਮਨਦੀਪ ਸਿੰਘ, ਆਸਟ੍ਰੇਲੀਆ ਦੀ ਸਟੇਟ ਵਿਕਟੋਰੀਆ ਦੇ ਟਾਊਨ ਜੀਲੌਂਗ ਵਿਚ ਰਹਿ ਰਹੇ ਹਨ। ਪਿਛਲੇਰੇ ਸਾਲ ਜ. ਖਜਾਨ ਸਿੰਘ ਜੀ ਦੇ ਪੋਤਰਿਆਂ ਦੇ ਘਰ ਧੀਆਂ ਨੇ ਜਨਮ ਲਿਆ। ਇਸ ਖੁਸ਼ੀ ਵਿਚ, ਅਕਾਲ ਪੁਰਖ ਦਾ ਸੁਕਰਾਨਾ ਕਰਨ ਹਿਤ, ਪੋਤਰੀਆਂ ਦੇ ਦਾਦਾ ਸ. ਅਜੈਪਾਲ ਸਿੰਘ ਅਤੇ ਦਾਦੀ ਜੀ ਨੇ ਏਥੇ ਆ ਕੇ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਕੀਤਾ ਅਤੇ ਭੋਗ ਵਾਲੇ ਦਿਨ ਦੀਵਾਨ ਸਜਾਇਆ ਅਤੇ ਆਈਆਂ ਸੰਗਤਾਂ ਦੀ ਲੰਗਰ ਨਾਲ਼ ਸੇਵਾ ਕੀਤੀ। ਲੇਖਕ ਨੂੰ ਮੀਰਾਂਕੋਟ ਪਰਵਾਰ ਨੇ, ਜਥੇਦਾਰ ਖਜਾਨ ਸਿੰਘ ਜੀ ਦਾ ਸਮਕਾਲੀ ਅਤੇ ਪ੍ਰਸੰਸਕ ਹੋਣ ਕਰਕੇ, ਉਚੇਚਾ ਸਿਡਨੀ ਤੋਂ ਬੁਲਾ ਕੇ ਇਸ ਖੁਸ਼ੀਆਂ ਭਰੇ ਸ਼ੁਭ ਅਵਸਰ ਉਪਰ ਅਸ਼ੀਰਵਾਦ ਦੇ ਸ਼ਬਦ ਕਹਿਣ ਲਈ ਸੱਦ ਕੇ ਮਾਣ ਬਖ਼ਸ਼ਿਆ।
ਜੀਲੌਂਗ ਵਿਚ, ਸਵੱਰਗਵਾਸੀ ਜਥੇਦਾਰ ਜੀ ਦੇ ਦੋਵੇਂ ਪੋਤਰੇ ਬਾਕੀ ਸੰਗਤਾਂ ਨਾਲ਼ ਮਿਲ਼ ਕੇ, ਗੁਰਦੁਆਰਾ ਸਾਹਿਬ ਦੀ ਸਥਾਪਨਾ ਦੀਆਂ ਸਰਗਰਮੀਆਂ ਵਿਚ ਮੋਹਰੀ ਹਿੱਸਾ ਪਾ ਰਹੇ ਹਨ।
ਗਿਆਨੀ ਸੰਤੋਖ ਸਿੰਘ
ਸਿਡਨੀ, ਆਸਟ੍ਰੇਲੀਆ

ਆਪਣੀਆਂ ਯਾਦਾਂ ਉਪਰ ਆਧਾਰਤ : ਸ. ਮੇਜਰ ਸਿੰਘ ਉਬੋਕੇ



ਧਰਮਯੁਧ ਮੋਰਚੇ ਦੌਰਾਨ ਸ. ਮੇਜਰ ਸਿੰਘ ਜੀ, ਜਥਾ ਲੈ ਕੇ ਜੇਹਲ ਜਾਣ ਤੋਂ ਪਹਿਲਾਂ ਮੰਜੀ ਸਾਹਿਬ ਦੀ ਸਟੇਜ ਤੋਂ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ। ਉਸ ਸਮੇ ਸਟੇਜ ਉਪਰ ਸੁਸ਼ੋਭਤ ਪੰਥਕ ਸ਼ਖ਼ਸੀਅਤਾਂ: ਵੀਹਵੀਂ ਸਦੀ ਦੇ ਮਹਾਨ ਸਿੱਖ ਸ੍ਰੀ ਮਾਨ ਸੰਤ ਜਰਨੈਲ ਸਿੰਘ ਜੀ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਮੋਰਚੇ ਦੇ ਡਿਕਟੇਟਰ ਸੰਤ ਹਰਚੰਦ ਸਿੰਘ ਜੀ ਲੌਂਗੋਵਾਲ, ਸ. ਬਲਵੰਤ ਸਿੰਘ ਰਾਮੂਵਾਲੀਆ, ਸ. ਅਜੀਤ ਸਿੰਘ ਸੰਧੂ, ਜਥੇਦਾਰ ਖ਼ਜਾਨ ਸਿੰਘ ਮੀਰਾਂਕੋਟ ਆਦਿ।
੧੯੬੩ ਦੀ ਬਸੰਤ ਰੁੱਤ ਦਾ ਇਹ ਵਾਕਿਆ ਹੈ, ਜਦੋਂ ਮੈਂ ਗੁਰਦੁਆਰਾ ਸਾਹਿਬ ਜੀਂਦ ਵਿਖੇ ਰਾਗੀ ਦੀ ਸੇਵਾ ਉਪਰ ਸਾਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਤ ਚੰਨਣ ਸਿੰਘ ਜੀ, ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਦੀ ਨਿਗਰਾਨੀ ਵਾਸਤੇ ਆਏ। ਉਹਨਾਂ ਦੇ ਨਾਲ਼ ਇਕ ਕਾਲ਼ੀ ਦਾਹੜੀ ਵਾਲ਼ੇ ਜੇਹੜੇ ਸੱਜਣ ਸਨ ਪੀ.ਏ. ਵਜੋਂ ਸੇਵਾ ਨਿਭਾ ਰਹੇ ਸਨ ਉਹਨਾਂ ਦਾ ਨਾਂ ਮੇਜਰ ਸਿੰਘ ਸੀ। ਇਹਨਾਂ ੧੯੬੦ ਵਾਲ਼ੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ, ਇਸ ਦੇ ਤਤਕਾਲੀ ਕਾਂਗਰਸੀ ਪ੍ਰਧਾਨ, ਸ. ਪ੍ਰੇਮ ਸਿੰਘ ਲਾਲਪੁਰਾ ਦੇ ਮੁਕਾਬਲੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਜੋਂ ਲੜੀ ਸੀ। ੧੯੬੨ ਵਿਚ ਸੰਤ ਗਰੁਪ ਵੱਲੋਂ ਸਿਰਜੇ ਗਏ ਮੁਤਵਾਜ਼ੀ ਸ਼੍ਰੋਮਣੀ ਅਕਾਲੀ ਦਲ ਦੇ ਸ. ਮੇਜਰ ਸਿੰਘ ਜੀ ਦਫ਼ਤਰ ਸਕੱਤਰ ਬਣਾਏ ਗਏ ਤੇ ਇਸ ਵੇਲ਼ੇ ਉਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਪੀ.ਏ. ਵਜੋਂ ਸੇਵਾ ਨਿਭਾ ਰਹੇ ਹਨ।
ਗੱਲ ਆਈ ਗਈ ਹੋ ਗਈ। ਸਮੇ ਨਾਲ਼ ਪ੍ਰਧਾਨ ਦੇ ਪੀ,ਏ. ਦੀ ਸੇਵਾ ਕਮੇਟੀ ਦੇ ਇਕ ਡੀ.ਏ. ਸ. ਅਬਿਨਾਸ਼ੀ ਸਿੰਘ ਨੇ ਸੰਭਾਲ਼ ਲਈ ਅਤੇ ਸ. ਮੇਜਰ ਸਿੰਘ ਜੀ ਅਕਾਲੀ ਵਰਕਰਾਂ ਦੇ ਸਰਕਾਰੇ ਦਰਬਾਰੇ ਕੰਮਾਂ ਕਾਰਾਂ ਵਾਸਤੇ ਏਧਰੋਂ ਵੇਹਲੇ ਹੋ ਗਏ ਪਰ ਕਮੇਟੀ ਅਤੇ ਹੋਰ ਸਿਅਸੀ ਪਾਰਟੀਆਂ ਨਾਲ਼ ਮੀਟਿੰਗਾਂ ਆਦਿ ਵਿਚ ਸ਼ਾਮਲ ਹੋ ਕੇ ਪ੍ਰਧਾਨ ਜੀ ਦੀ ਸਹਾਇਤਾ ਕਰਦੇ ਰਹੇ।
ਫਿਰ ਸਮਾ ਆਇਆ ੨੨ ਨਵੰਬਰ ੧੯੬੭ ਦਾ ਜਦੋਂ ਕਾਂਗਰਸ ਦੀ ਸਹਾਇਤਾ ਨਾਲ਼ ਸ਼੍ਰੋਮਣੀ ਅਕਾਲੀ ਦਲ ਤੋਂ ਬਗਾਵਤ ਕਰਕੇ ਸ. ਲਛਮਣ ਸਿੰਘ ਗਿੱਲ ਨੇ ਸਰਕਾਰ ਬਣਾ ਲਈ। ਅਕਾਲੀ ਹੋਣ ਕਰਕੇ ਗਿੱਲ ਸਾਹਿਬ ਨੂੰ ਪਤਾ ਸੀ ਕਿ ਉਸ ਦੀ ਸਰਕਾਰ ਨੂੰ ਖ਼ਤਰਾ ਕੇਵਲ ਸੰਤ ਚੰਨਣ ਸਿੰਘ ਜੀ ਤੋਂ ਹੀ ਹੋ ਸਕਦਾ ਹੈ। ਉਸ ਨੇ ਸੰਤ ਜੀ ਨਿਹੱਥਾ ਕਰਨ ਲਈ ਉਸ ਦੇ ਦੋਵੇਂ ਪੀ.ਏ. ਸ. ਮੇਜਰ ਸਿੰਘ ਅਤੇ ਸ. ਅਬਿਨਾਸ਼ੀ ਸਿੰਘ ਨੂੰ ਫੜ ਕੇ ਜੇਹਲਾਂ ਵਿਚ ਬੰਦ ਕਰ ਦਿਤਾ ਅਤੇ ਪ੍ਰਧਾਨ ਜੀ ਉਪਰ ਕੜਾਹ ਪ੍ਰਸ਼ਾਦ ਦੀਆਂ ਜਾਹਲੀ ਪਰਚੀਆਂ ਦਾ ਝੂਠਾ ਕੇਸ ਬਣਾ ਦਿਤਾ। ਪ੍ਰਧਾਨ ਸੰਤ ਚੰਨਣ ਸਿੰਘ ਜੀ ਨੂੰ ਦਫ਼ਤਰ ਛੱਡ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਨਾਲ਼ ਲੱਗਵੇਂ ਮਕਾਨ ਵਿਚ ਡੇਰਾ ਲਾਉਣਾ ਪਿਆ।
ਦੋਵੇਂ ਪੀ.ਏ. ਜਦੋਂ ਪ੍ਰਧਾਨ ਜੀ ਦੇ ਜੇਹਲ ਚਲੇ ਗਏ ਤਾਂ ਫਿਰ ਇਹ ਸੇਵਾ ਮੇਰੇ ਜੁੰਮੇ ਲੱਗੀ ਤੇ ਮੈਂ ਨਿਭਾਉਂਦਾ ਰਿਹਾ। ਏਸੇ ਦੌਰਾਨ ਜਦੋਂ ਬਾਬਾ ਬਕਾਲਾ ਵਿਚ ਗਿੱਲ ਦੇ ਖ਼ਿਲਾਫ਼, ਜਥੇਦਾਰ ਜੀਵਨ ਸਿੰਘ ਉਮਰਾਨੰਗਲ, ਜਥੇਦਾਰ ਮੋਹਨ ਸਿੰਘ ਤੁੜ, ਜਥੇਦਾਰ ਦਰਸ਼ਨ ਸਿੰਘ ਈਸਾਪੁਰ, ਨਾਰਾਇਣ ਸਿੰਘ ਸਾਬਾਜਪੁਰੀ ਆਦਿ ਦੀ ਅਗਵਾਈ ਹੇਠ, ਮੁਜ਼ਾਹਰਾ ਕਰਨ ਗਏ ਤਾਂ ਮੈਂ ਤੇ ਪੁਲਿਸ ਦੀਆਂ ਵਰ੍ਹਦੀਆਂ ਡਾਗਾਂ ਵਿਚੋਂ ਦੌੜ ਆਇਆ ਪਰ ਸ. ਮੇਜਰ ਸਿੰਘ ਜੀ ਬਾਕੀ ਆਗੂਆਂ ਨਾਲ਼ ਦੁਬਾਰਾ ਜੇਹਲ ਭੇਜ ਦਿਤੇ ਗਏ।
ਗਿੱਲ ਸਰਕਾਰ ਦੇ ਖ਼ਿਲਾਫ਼ ਓਨਾ ਚਿਰ ਸ੍ਰੋਮਣੀ ਅਕਾਲੀ ਦਲ ਵੱਲੋਂ ਜਦੋ ਜਹਿਦ ਚੱਲਦੀ ਰਹੀ ਜਿੰਨਾ ਚਿਰ ਅੱਗਸਤ ੧੯੬੮ ਵਿਚ ਕਾਂਗਰਸ ਨੇ ਆਪਣੀ ਹਿਮਾਇਤ ਵਾਪਸ ਲੈ ਕੇ ਸਰਕਾਰ ਡੇਗ ਕੇ ਗਵਰਨਰੀ ਰਾਜ ਲਾਗੂ ਨਹੀਂ ਕਰ ਦਿਤਾ।
ਛੇ ਮਹੀਨੇ ਪਿੱਛੋਂ ੧੯੬੯ ਵਾਲ਼ੀ ਚੋਣ ਵਿਚ ਅਕਾਲੀ ਦਲ ਨੂੰ ਪਹਿਲਾਂ ਨਾਲ਼ੋਂ ਦੁੱਗਣੀ ਜਿੱਤ ਹੋਈ ਤੇ ਸ਼੍ਰੋਮਣੀ ਅਕਾਲੀ ਅਤੇ ਜਨਸੰਘ ਦੀ ਸਰਕਾਰ ਬਣੀ। ਸੰਤ ਚੰਨਣ ਸਿੰਘ ਜੀ ਨੇ ਮੁਖ ਮੰਤਰੀ ਜਸਟਿਸ ਗੁਰਨਾਮ ਸਿੰਘ ਦਾ ਪੁਲੀਟੀਕਲ ਸੈਕਟਰੀ ਸ. ਮੇਜਰ ਸਿੰਘ ਨੂੰ ਲਵਾ ਦਿਤਾ ਤਾਂ ਕਿ ਅਕਾਲੀ ਵਰਕਰਾਂ ਦੇ ਸਰਕਾਰੇ ਦਰਬਾਰੇ ਕੰਮ ਕਾਰ ਹੁੰਦੇ ਰਹਿਣ। ਇਸ ਤਰ੍ਹਾਂ ਸ਼੍ਰੋਮਣੀ ਕਮੇਟੀ ਵਿਚੋਂ ਸ. ਮੇਜਰ ਸਿੰਘ ਦੀ ਤਨਖਾਹ ਵਾਲ਼ੀ ਸੇਵਾ ਸਮਾਪਤ ਹੋ ਗਈ। ਸੰਤ ਜੀ ਨੂੰ ਵਰਕਰਾਂ ਵੱਲੋਂ ਦੱਸੇ ਕੰਮਾਂ ਦੀ ਲਿਸਟ ਬਣਾ ਕੇ ਸਮੇ ਸਮੇ ਮੈਂ ਚੰਡੀਗੜ੍ਹ ਸਰਕਾਰੀ ਦਫ਼ਤਰ ਵਿਚ ਸ. ਮੇਜਰ ਸਿੰਘ ਨੂੰ ਦੇ ਆਉਂਦਾ ਤੇ ਉਹ ਸਬੰਧਤ ਅਫ਼ਸਰਾਂ ਨੂੰ ਫ਼ੋਨ ਰਾਹੀਂ ਕੰਮ ਕਰਨ ਲਈ ਕਹਿ ਦਿੰਦੇ।
੧੯੭੨ ਦੀ ਇਲੈਕਸ਼ਨ ਸ. ਮੇਜਰ ਸਿੰਘ ਜੀ ਨੇ ਲੜੀ। ਮੈਨੂੰ ਆਪਣੀ ਇਲੈਕਸ਼ਨ ਸਮੇ ਆਪਣੇ ਹਲਕੇ ਵਿਚ ਪ੍ਰਚਾਰ ਕਰਨ ਲਈ ਕਿਹਾ ਪਰ ਮੇਰੀ ਡਿਊਟੀ ਪ੍ਰਧਾਨ ਜੀ ਨੇ ਜਗਰਾਵਾਂ ਅਤੇ ਨਾਲ਼ ਜੁੜਵੇਂ ਹਲਕਿਆਂ ਵਿਚ ਪਹਿਲਾਂ ਹੀ ਲਾ ਦਿਤੀ ਹੋਈ ਸੀ।
ਮੈਂ ਮਾਰਚ ੧੯੭੩ ਵਿਚ ਦੇਸ ਛੱਡ ਕੇ ਬਾਹਰ ਆ ਗਿਆ। ਫਿਰ ਸਾਡਾ ਮੇਲ਼ ੧੧ ਅਪ੍ਰੈਲ ੧੯੯੯ ਵਾਲ਼ੇ ਦਿਨ ਹੋਇਆ। ਇਸ ਦੌਰਾਨ ਮੇਰੇ ਛੋਟੇ ਭਰਾ ਤੋਂ ਮੇਰੇ ਬਾਰੇ ਪੁੱਛਿਆ ਕਰਦੇ ਸਨ। ਸਾਡੇ ਘਰ ਗੁਰਦੁਆਰਾ ਬਿਬੇਕਸਰ ਸਾਹਿਬ ਜੀ ਦੇ ਨੇੜੇ ਲਾਗੋ ਲਾਗੇ ਸਨ।
੧੯੭੩ ਤੋਂ ਲੈ ਕੇ ੧੯੯੯ ਤੱਕ ਪੁਲ਼ਾਂ ਹੇਠੋਂ ਬਹੁਤ ਸਾਰਾ ਪਾਣੀ ਵਗ ਚੁੱਕਿਆ ਸੀ। ਸਿੱਖ ਪੰਥ ਕਿੰਨ੍ਹਾਂ ਕਿੰਨ੍ਹਾਂ ਸੰਕਟਾਂ ਵਿਚੋਂ ਗੁਜਰਿਆ ਇਹ ਇਕ ਵੱਖਰਾ ਦੁਖਦਾਈ ਇਤਿਹਾਸ ਹੈ। ੧੯੮੫ ਵਿਚ ਭਾ ਜੀ ਪੰਜਾਬ ਵਿਚ ਵਜੀਰ ਵੀ ਬਣੇ ਅਤੇ ਐਮ.ਪੀ. ਵੀ ਬਣੇ। ਪਹਿਲਾਂ ਇਹਨਾਂ ਨੂੰ ਰਾਜ ਮੰਤਰੀ ਦੇ ਅਹੁਦੇ ਦੀ ਪੇਸ਼ਕਸ਼ ਹੋਈ ਤੇ ਇਹਨਾਂ ਨੇ ਖੜਕਵੀਂ ਮਝੈਲੀ ਬੋਲੀ ਵਿਚ ਕਿਹਾ, ''ਮੈਂ ਨਹੀਂ ਪੌਣੀ ਵਜੀਰੀ ਲੈਣੀ।'' ਫਿਰ ਇਹਨਾਂ ਨੂੰ ਪੂਰੀ ਵਜੀਰੀ ਦਿਤੀ ਗਈ? ਅਗਲੀ ਚੋਣ ਸਮੇ ਆਪ ਐਮ.ਪੀ. ਬਣੇ।
੧੧ ਅਪ੍ਰੈਲ ੧੯੯੯ ਵਾਲ਼ੇ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਭਾਈ ਰਣਜੀਤ ਸਿੰਘ ਦੀ ਅਗਵਾਈ ਵਿਚ, ਜਥੇਦਾਰ ਟੌਹੜਾ ਦੇ ਅਕਾਲੀ ਧੜੇ ਦਾ ਜਲੂਸ ਸ੍ਰੀ ਅਨੰਦਪੁਰ ਸਾਹਿਬ ਲਈ ਤੁਰਨਾ ਸੀ। ਸ਼੍ਰੋਮਣੀ ਕਮੇਟੀ ਉਪਰ ਸਰਦਾਰ ਬਾਦਲ ਧੜੇ ਦਾ ਕਬਜਾ ਹੋਣ ਕਰਕੇ, ਦੋਹਾਂ ਧੜਿਆ ਵਿਚ ਝਗੜਾ ਹੋ ਜਾਣ ਦਾ ਖ਼ਤਰਾ ਸੀ। ਮੇਰੇ ਮਿੱਤਰ ਸ. ਕੁਲਵੰਤ ਸਿੰਘ ਵੰਧਾਵਾ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਅਜਾਇਬ ਸਿੰਘ ਦੀ ਅਗਵਾਈ ਹੇਠ, ਕਮੇਟੀ ਦਾ ਸਟਾਫ਼ ਤਿਆਰ ਬਰ ਤਿਆਰ ਹਾਜਰ ਸੀ ਤਾਂ ਕਿ ਕਿਸੇ ਵੀ ਘਟਨਾ ਦਾ ਸਾਹਮਣਾ ਕੀਤਾ ਜਾ ਸਕੇ। ਵਿਡੰਬਨਾ ਇਹ ਸੀ ਕਿ ਮੈਂ ਲਾਹੌਰ ਤੋਂ ਚੱਲੇ ਪਿਛਲੇ ਦਿਨ ਤੋਂ ਇਸ ਜਲੂਸ ਦੇ ਅੱਗੇ ਅੱਜ ਪਿਆਰਿਆਂ ਵਿਚ ਸ਼ਾਮਲ ਹੋ ਕੇ ਆਇਆ ਸਾਂ ਤੇ ਏਥੋਂ ਵੀ ਉਸ ਜਲੂਸ ਦੇ ਨਾਲ਼ ਸ਼ਾਮਲ ਹੋਣਾ ਸੀ। ਸਪੀਕਰ ਤੇ ਪ੍ਰਬੰਧਕਾਂ ਨੇ ਤਖ਼ਤ ਸਾਹਿਬ ਦਾ ਵਰਤਣ ਨਾ ਦਿਤਾ ਤੇ ਬਿਨਾ ਸਪੀਕਰ ਤੋਂ ਹੀ ਤਖ਼ਤ ਸਾਹਿਬ ਦੀ ਹਜੂਰੀ ਵਿਚ ਦੀਵਾਨ ਸਜ ਗਿਆ। ਸ. ਮੇਜਰ ਸਿੰਘ ਸਟੇਜ ਸੈਕਟਰੀ ਦੀ ਸੇਵਾ ਨਿਭਾ ਰਹੇ ਸਨ।
ਜਦੋਂ ਸਟੇਜ ਤੋਂ ਉਤਰ ਕੇ ਮੇਜਰ ਸਿੰਘ ਜੀ ਥੱਲੇ ਸੰਗਤ ਵਿਚ ਆ ਕੇ ਬਿਲਕੁਲ ਮੇਰੇ ਅੱਗੇ ਬੈਠ ਗਏ। ਉਹਨਾਂ ਦਾ ਮੂੰਹ ਤਖ਼ਤ ਸਾਹਿਬ ਵੱਲ ਅਤੇ ਪਿੱਠ ਮੇਰੇ ਵੱਲ ਹੋ ਗਈ। ਮੈਂ ਮੋਢਾ ਫੜ ਕੇ ਆਪਣੇ ਵੱਲ ਉਹਨਾਂ ਦਾ ਚੇਹਰਾ ਘੁਮਾ ਕੇ ਪੁੱਛਿਆ, ''ਭਾ ਜੀ, ਮੈਨੂੰ ਪਛਾਣੋ; ਮੈਂ ਕੌਣ ਹਾਂ।'' ਗਹੁ ਨਾਲ਼ ਮੇਰੇ ਚੇਹਰੇ ਵੱਲ ਵੇਖ ਕੇ ਸਿਰ ਫੇਰ ਦਿਤਾ। ਮੈਂ ਫਿਰ ਕਿਹਾ, ''ਕਿਸੇ ਸੰਤੋਖ ਸਿੰਘ ਨੂੰ ਜਾਣਦੇ ਹੋਵੋ!'' ਫਿਰ ਵੀ ਨਾਂਹ ਵਿਚ ਹੀ ਸਿਰ ਹਿੱਲਿਆ। ਗਿਆਨੀ ਸੰਤੋਖ ਸਿੰਘ ਆਖਿਆਂ ਵੀ ਉਹਨਾਂ ਦੀ ਪਛਾਣ ਵਿਚ ਮੈਂ ਨਹੀਂ ਆਇਆ। ਫਿਰ ਜਦੋਂ ਮੈਂ ਆਖਿਆ ਕਿ ਆਪਾਂ ਏਥੇ ਇਕੱਠੇ ਕੰਮ ਕਰਦੇ ਰਹੇ ਹਾਂ। ਫਿਰ ਗਹੁ ਨਾਲ਼ ਮੇਰੇ ਚੇਹਰੇ ਵੱਲ ਵੇਖ ਕੇ, ਚੇਹਰੇ ਤੇ ਮੁਸਕਰਾਹਟ ਲਿਆ ਕੇ, ਪੇਂਡੂ ਮਝੈਲੀ ਠੇਠ ਬੋਲੀ ਪਰ ਗਹਿਰ ਗੰਭੀਰ ਆਵਾਜ਼ ਵਿਚ ਬੋਲੇ, ''ਓਇ, ਤੂੰ ਉਹ ਤੇ ਨਹੀਂ ਜਿਨੂੰ ਬਾਣੀ ਤੇ ਇਤਿਹਾਹ ਵੜਾ ਆਉਂਦਾ ਹੁੰਦਾ ਹੀ?'' ਮੈਂ ਆਖਿਆ, ''ਹਾਂ ਭਾ ਜੀ ਮੈਂ ਓਹੀ ਹਾਂ।'' ''ਓਇ, ਤੂੰ ਤੇ ਚਿੱਟਾ ਈ ਹੋ ਗਿਆਂ!'' ''ਤੁਸੀਂ ਵੀ ਤੇ ਚਿੱਟੇ ਹੋ ਈ ਗਏ ਓ ਭਾ ਜੀ! ਤੁਸੀਂ ਕੇਹੜੇ ਕਾਲ਼ੇ ਰਹੇ ਓ?'' ਸਤਾਈ ਸਾਲਾਂ ਪਿੱਛੋਂ ਸਾਡੀ ਇਸ ਮੁਲਾਕਾਤ ਵਿਚ ਏਨੀ ਕੁ ਗੱਲ ਈ ਹੋਈ, ਕਿਉਂਕਿ ਉਹ ਜਲੂਸ ਨੂੰ ਤੋਰਨ ਦੇ ਰੁਝੇਵਿਆਂ ਵਿਚ ਰੁਝੇ ਹੋਏ ਸਨ।
ਸਾਡੀ ਆਖਰੀ ਗੱਲ ਬਾਤ ਕੁਝ ਸਾਲ ਬਾਅਦ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਵਿਚਲੇ ਛੋਟੇ ਜਿਹੇ ਪਾਰਕ ਵਿਚ ਹੋਈ। ਉਹਨਾਂ ਨੇ ਕਿਤੇ ਮੇਰੀ ਦੂਜੀ ਕਿਤਾਬ 'ਊਜਲ ਕੈਹਾਂ ਚਿਲਕਣਾ' ਪੜ੍ਹੀ ਹੋਈ ਸੀ। ਆਂਹਦੇ, ''ਤੈਨੂੰ ਬੜੀਆਂ ਗੱਲਾਂ ਯਾਦ ਆ ਓਇ!''
ਮੇਰੇ ਮਨ ਉਤੇ ਸ. ਮੇਜਰ ਸਿੰਘ ਦੀਆਂ ਕਈ ਵਿਸ਼ੇਸ਼ਤਾਈਆਂ ਦਾ ਖਾਸ ਪ੍ਰਭਾਵ ਹੈ ਜੇਹੜੀਆਂ ਕਿ ਉਹਨਾਂ ਦੇ ਦਰਜੇ ਉਪਰ ਪਹੁੰਚਣ ਵਾਲ਼ੇ ਆਮ ਆਗੂਆਂ ਵਿਚ, ਮੇਰੇ ਦਿਸਣ ਵਿਚ ਨਹੀਂ ਆਈਆਂ। ਬਾਵਜੂਦ ਪੁਰਾਣੀ ਬੀ.ਏ. ਬੀ.ਟੀ. ਦੀਆਂ ਡਿਗਰੀਆਂ ਕਰਨ ਪਿੱਛੋਂ ਫੌਜ ਵਿਚ ਐਨ.ਸੀ.ਓ. ਦੇ ਰੈਂਕ ਵਿਚ ਟੀਚਰ ਦੇ ਦਰਜੇ ਵਿਚ ਸੇਵਾ ਕਰਨ ਦੇ ਵੀ, ਉਹਨਾਂ ਦੀ ਤਕਰੀਰ ਅਤੇ ਬੋਲ ਚਾਲ ਵਿਚ ਮੈਨੂੰ ਕਦੀ ਵੀ ਅੰਗ੍ਰੇਜ਼ੀ ਦਾ ਇਕ ਵੀ ਸ਼ਬਦ ਸੁਣਨ ਨੂੰ ਨਹੀਂ ਸੀ ਮਿਲ਼ਦਾ। ਪੂਰੀ ਠੇਠ ਮਾਝੀ ਪੇਂਡੂ ਬੋਲੀ ਵਿਚ ਹੀ ਗੱਲ ਅਤੇ ਤਕਰੀਰ ਕਰਿਆ ਕਰਦੇ ਸਨ। ਪੰਜਾਬੀ, ਉਰਦੂ ਅਤੇ ਅੰਗ੍ਰੇਜ਼ੀ ਅਖ਼ਬਾਰਾਂ ਰੋਜ਼ਾਨਾ ਪੜ੍ਹਨ ਦੇ ਬਾਵਜੂਦ ਵੀ ਉਹਨਾਂ ਦੀ ਜ਼ਬਾਨ 'ਤੇ ਦੂਜੀਆਂ ਬੋਲੀਆਂ ਦੀ ਸ਼ਬਦਾਵਲੀ ਨਹੀਂ ਸੀ ਚੜ੍ਹੀ। ਇਕ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਨਾਲ਼ ਲੱਗਵੇਂ ਮਕਾਨ ਵਿਚ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੰਤ ਚੰਨਣ ਸਿੰਘ ਜੀ ਕੋਲ਼ ਬੈਠਿਆਂ ਕੋਈ ਗੱਲ ਬਾਤ ਚੱਲ ਰਹੀ ਸੀ ਤੇ ਇਹਨਾਂ ਦੇ ਮੂੰਹੋਂ ਐਗਜ਼ੈਕਟਿਵ ਮੈਜਿਸਟ੍ਰੇਟ ਦੀ ਬਜਾਇ ਬੰਦੋਬਸਤੀ ਮੈਜਿਸਟ੍ਰੇਟ ਨਿਕਲ਼ਿਆ ਸੁਣ ਕੇ ਮੈਨੂੰ ਬੜੀ ਹੈਰਾਨੀ ਹੋਈ। ਓਸੇ ਦਿਨ ਹੀ ਇਹਨਾਂ ਤੋਂ ਮੈਨੂੰ ਦੋ ਹੋਰ ਨਵੀਆਂ ਗੱਲਾਂ ਦਾ ਵੀ ਪਤਾ ਲੱਗਾ। ਚੱਲਦੀ ਗੱਲ ਬਾਤ ਵਿਚ ਮੇਰੇ ਮੂੰਹੋਂ ਨਿਕਲਿਆ ਕਿ ਕ੍ਰਿਸ਼ਨਾ ਮੈਨਨ ਭਾਵੇਂ ਹੈ ਤੇ ਕੇਰਲਾ ਤੋਂ ਪਰ ਉਹ ਚੋਣ ਉਤਰੀ ਬੰਬਈ ਤੋਂ ਲੜਦਾ ਹੈ। ਇਹਨਾਂ ਨੇ ਕਿਹਾ, ''ਉਤਰੀ ਬੰਬਈ ਦੇ ਪੱਛਮੀ ਹਲਕੇ ਤੋਂ।'' ਦੂਜੀ ਗੱਲ ਪਹਿਲੀ ਵਾਰੀ ਮੈਨੂੰ ਇਹਨਾਂ ਤੋਂ ਪਤਾ ਲੱਗੀ ਕਿ ਰਾਜ ਮੰਤਰੀ ਆਪਣੇ ਮਹਿਕਮੇ ਦਾ ਪੂਰਾ ਇੰਚਾਰਜ ਵੀ ਹੋ ਸਕਦਾ ਹੈ ਪਰ ਉਪ ਮੰਤਰੀ ਪੂਰਾ ਇੰਚਾਰਜ ਨਹੀਂ ਹੋ ਸਕਦਾ।
ਸ. ਮੇਜਰ ਸਿੰਘ ਜੀ, ਏਨੇ ਪੜ੍ਹੇ ਲਿਖੇ ਅਤੇ ਉਚ ਪਦਵੀਆਂ ਉਪਰ ਪਹੁੰਚਣ ਵਾਲ਼ੇ ਹੋਣ ਦੇ ਬਾਵਜੂਦ ਆਪਣੇ ਵਰਤੋਂ ਵਿਹਾਰ, ਬੋਲ ਬਾਣੀ, ਖਾਣ ਪੀਣ ਵਿਚ ਬਿਲਕੁਲ ਮਾਝੇ ਦੇ ਪੇਂਡੂ ਜਥੇਦਾਰ ਦੇ ਆਦਰਸ਼ਕ ਕ੍ਰੈਕਟਰ ਦੇ ਮਾਲਕ ਸਨ। ਆਪਣੇ ਘਰ ਵਿਚ ਰੋਟੀ ਸਾਦੀ ਮੰਜੇ ਉਪਰ ਬਹਿ ਕੇ ਥਾਲ਼ੀ ਵਿਚ ਖਾਇਆ ਕਰਦੇ ਸਨ। ਲਿਬਾਸ ਬਿਲਕੁਲ ਇਕੋ ਜਿਹਾ ਤੇ ਸਦਾ ਹੀ ਸਾਦਾ ਪਹਿਨਿਆ ਕਰਦੇ ਸਨ। ਗਲ਼ ਗੋਡਿਆਂ ਤੱਕ ਲੰਮਾ ਝੱਗਾ, ਤੇੜ ਅੰਮ੍ਰਿਤਸਰੀ ਕਾਟ ਦਾ ਪਜਾਮਾ, ਝੱਗੇ ਉਪਰ ਦੀ ਸਾਦੇ ਕੱਪੜੇ ਦੀ ਫਤੂਹੀ ਪਾਉਂਦੇ ਸਨ। ੧੯੬੩ ਤੋਂ ਲੈ ਕੇ ਆਖਰੀ ਮਿਲਣੀ ਤੱਕ ਮੈਂ ਉਹਨਾਂ ਨੂੰ ਏਹੀ ਲਿਬਾਸ ਪਹਿਨੀਂ ਵੇਖਿਆ। ਹਾਂ, ਸਰਦੀਆਂ ਨੂੰ ਝੱਗੇ ਦੇ ਉਤੋਂ ਦੀ ਗੋਡਿਆਂ ਤੱਕ ਲੰਮਾ ਬੰਦ ਗਲ਼ੇ ਵਾਲ਼ਾ ਕੋਟ ਪਾ ਲਿਆ ਕਰਦੇ ਸਨ।
ਸਿੱਖ ਪੰਥ ਦੀ ਸ਼੍ਰੋਮਣੀ ਸੰਸਥਾ ਦੇ ਪਹਿਲਾਂ ਪ੍ਰਧਾਨ ਜੀ ਦੇ ਪੀ.ਏ. ਵਜੋਂ ਮੁਲਾਜ਼ਮ ਰਹੇ ਅਤੇ ਫਿਰ ਲੰਮੇ ਸਮੇ ਤੱਕ ਇਸ ਦੇ ਮੈਂਬਰ, ਜਨਰਲ ਸਕੱਤਰ ਅਤੇ ਐਕਟਿੰਗ ਪ੍ਰਧਾਨ ਵੀ ਰਹੇ। ਏਸੇ ਤਰ੍ਹਾਂ ਪੰਜਾਬ ਦੇ ਮੁਖ ਮੰਤਰੀ ਦੇ ਸਿਆਸੀ ਸਕੱਤਰ ਦੇ ਰੂਪ ਵਿਚ ਮੁਲਾਜ਼ਮ ਅਤੇ ਫਿਰ ਖ਼ੁਦ ਮਾਲ ਮੰਤਰੀ ਰਹੇ।
ਹਿੰਦੁਸਤਾਨੀ ਮੀਡੀਆ ਦੇ ਗੈਰ ਪੰਜਾਬੀ ਬੁਲਾਰਿਆਂ ਨੂੰ ਪੰਜਾਬੀ ਦੀ ਸ਼ਬਦਾਵਲੀ ਦਾ ਗਿਆਨ ਨਾ ਹੋਣ ਕਰਕੇ, ਉਹ ਕਈ ਵਾਰ ਹੋਰ ਦਾ ਹੋਰ ਹੀ ਬੋਲ ਜਾਂਦੇ ਹਨ। ਜਦੋਂ ਜੂਨ ੧੯੮੪ ਵਿਚ ਫੌਜੀ ਹਮਲੇ ਸਮੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਚੋਂ ਅਕਾਲੀ ਆਗੂਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਤਾਂ ਉਹਨਾਂ ਵਿਚ ਸ. ਮੇਜਰ ਸਿੰਘ ਵੀ ਸਨ। ਮੀਡੀਆ ਤੋਂ ਕਈ ਵਾਰ ਇਉਂ ਇਹਨਾਂ ਦਾ ਨਾਂ ''ਮੇਜਰ ਉਬੋਕ ਸਿੰਘ'' ਸੁਣਿਆ ਗਿਆ। ਬੁਲਾਰੇ ਨੇ ਇਉਂ ਸਮਝਿਆ ਜਿਵੇਂ ਕੋਈ ਫੌਜ ਦਾ 'ਮੇਜਰ' ਹੋਵੇ ਤੇ ਉਸ ਦਾ ਨਾਂ ''ਉਬੋਕ ਸਿੰਘ'' ਹੋਵੇ। ਸ਼ਾਇਦ ਉਹ ਸਮਝਦੇ ਹੋਣ ਕਿ ਹਿੰਦ ਸਰਕਾਰ ਦੀਆਂ ਫੌਜਾਂ ਦੇ ਦੰਦ ਖੱਟੇ ਕਰਨ ਵਾਲ਼ਾ ਮੇਜਰ ਜਨਰਲ ਸੁਬੇਗ ਸਿੰਘ ਸੀ ਅਤੇ ਇਹ ਵੀ ਉਸ ਤੋਂ ਛੋਟਾ ਕੋਈ ਮੇਜਰ ਹੋਵੇਗਾ। ਉਹ ਅਣਜਾਣ ਸਨ ਕਿ ਇਸ ਸੱਜਣ ਦਾ ਨਾਂ ਹੀ 'ਮੇਜਰ ਸਿੰਘ' ਹੈ ਅਤੇ 'ਉਬੋਕੇ' ਇਸ ਦੇ ਪਿੰਡ ਦਾ ਨਾਂ ਹੈ। (ਗਿਆਨੀ ਸੰਤੋਖ ਸਿੰਘ)


ਕਿਤਾਬ ਦਾ ਨਾਂ: ਕੁਝ ਏਧਰੋਂ ਕੁਝ ਓਧਰੋਂ

ਲੇਖਕ  :  ਗਿਆਨੀ ਸੰਤੋਖ ਸਿੰਘ

ਪ੍ਰਕਾਸ਼ਕ : ਆਜ਼ਾਦ ਬੁੱਕ ਡਿਪੋ, ਹਾਲ ਬਾਜ਼ਾਰ, ਅੰਮ੍ਰਿਤਸਰ

ਪੰਨੇ : 208, ਸਹਿਯੋਗ ਰਾਸ਼ੀ :  $10

ਲੇਖਕ ਭਾਵੇਂ ਸੰਤਾਲੀ ਸਾਲਾਂ ਦੇ ਸਮੇ ਤੋਂ ਸੱਤ ਸਮੁੰਦਰੋਂ ਪਾਰ ਰਹਿ ਰਿਹਾ ਹੈ ਪਰ ਉਸ ਦੇ ਦਿਲ ਦੀ ਤਾਰ ਆਪਣੀ ਮੂਲ ਜਨਮ ਭੂਮੀ, ਸਭਿਆਚਾਰ, ਰੀਤੀ ਰਿਵਾਜਾਂ ਨਾਲ਼ ਪੂਰੀ ਤਰ੍ਹਾਂ ਜੁੜੀ ਹੋਈ ਹੈ। ਹੋਰਨਾਂ ਦੇਸ਼ਾਂ ਦੀ ਯਾਤਰਾ ਦੇ ਨਾਲ਼ ਨਾਲ਼ ਹਰੇਕ ਸਾਲ ਇਕ ਅੱਧ ਗੇੜਾ ਪੰਜਾਬ ਦਾ ਵੀ ਉਸ ਦੇ ਗੋਡੀਂ ਗਿੱਟੀਂ ਚੜ੍ਹਿਆ ਹੋਇਆ ਹੈ। ਧਰਤੀ ਦੇ ਕਰੀਬ ਹਰ ਕੋਨੇ ‘ਤੇ ਦਸਤਕ ਦੇਣ ਵਾਲੇ ਗਿਆਨੀ ਸੰਤੋਖ ਸਿੰਘ ਜੀ ਆਪਣੇ ਅਨੁਭਵਾਂ ਨੂੰ ਕਲਮ ਬੱਧ ਜਰੂਰ ਕਰੀ ਜਾਂਦੇ ਹਨ। ਫਲ ਸਰੂਪ ਹੁਣ ਤੱਕ ਦਸ ਕਿਤਾਬਾਂ ਪੰਜਾਬੀ ਸਾਹਿਤ ਦੀ ਭੇਟ ਅਤੇ ਪਾਠਕ ਅਰਪਣ ਕਰ ਚੁੱਕੇ ਹਨ। ਯਾਤਰਾ, ਬੋਲਣ ਅਤੇ ਲਿਖਣ ਦਾ ਸ਼ੌਕ ਗਿਆਨੀ ਜੀ ਨੇ ਇਸ ਉਮਰ ਵਿਚ ਵੀ ਨਹੀਂ ਤਿਆਗਿਆ।

        ਹਥਲੀ ਗਿਆਨੀ ਜੀ ਦੀ ਦਸਵੀਂ ਪੁਸਤਕ ‘ਕੁਝ ਏਧਰੋਂ ਕੁਝ ਓਧਰੋਂ’ ਨਾਂ ਦੀ, ਇਸ ਸਾਲ 2019 ਵਿਚ ਛਪਵਾ ਕੇ ਪਾਠਕਾਂ ਦੇ ਹੱਥਾਂ ਤੱਕ ਪੁਚਾਈ ਜਾ ਚੁੱਕੀ ਹੈ। ਇਸ ਹਥਲੀ ਪੁਸਤਕ ਵਿਚ ਉਹਨਾਂ ਨੇ ਆਪਣੇ ਜੀਵਨ ਦੇ ਹੰਢਾਏ ਯਥਾਰਥ, ਤਜਰਬਿਆਂ, ਕੌੜੇ ਮਿੱਠੇ ਪਲਾਂ ਦੇ ਮਾਣਕ ਮੋਤੀਆਂ ਦੀ ਮਾਲਾ ਪਰੋਣ ਦੀ ਕੋਸ਼ਿਸ਼ ਕੀਤੀ ਹੈ। ਆਸਟ੍ਰੇਲੀਆ ਵਿਚ ਵੱਸਣ ਦੀ ਜਦੋ ਜਹਿਦ ‘ਆ ਉਤਰਨਾ ਮੇਰਾ ਵੀ ਆਸਟ੍ਰੇਲੀਆ ਵਿਚ’, ਆਸਟ੍ਰੇਲੀਆ ਦੇ ਹਸਪਤਾਲਾਂ ਦਾ ਪ੍ਰਬੰਧ ‘ਯਾਤਰਾ ਸਿਡਨੀ ਦੇ ਚਾਰ ਹਸਪਤਾਲਾਂ ਦੀ’, ਪਹਿਲੇ ਸਮਿਆਂ ਵਿਚ ਸਿਨੇਮਾ ਵੇਖਣ ‘ਤੇ ਬੰਧਸ਼ ਤੇ ਹੁਣ ਬੇਲੋੜੀ ਆਜ਼ਾਦੀ ‘ਸਿਨੇਮਾ ਤੇ ਮੈਂ’, ਬਿਹਾਰ ਸਰਕਾਰ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਪ੍ਰਕਾਸ਼ ਉਤਸਵ ‘ਤੇ ਸੱਦਾ, ਪ੍ਰਾਹੁਣਚਾਰੀ ਆਦਿ, ਪਹਿਲੀ ਯਾਤਰਾ ਪਟਨਾ ਸਾਹਿਬ ਜੀ ਦੀ, ਨੋਟਬੰਦੀ, ਜ਼ੁਲਮੀ ਦਿਨਾਂ ਦੀ ਯਾਦ, ਪੀਐਚ.ਡੀ., ਅਖ਼ਬਾਰਾਂ ਅਤੇ ਮੈਂ, ਸਿਡਨੀ ਵਾਲੀਆਂ ਸਾਲਾਨਾ ਸਿੱਖ ਖੇਡਾਂ, ਹੋ-ਹੱਲਾ ਤੇ ਵਾ-ਵੇਲਾ ਆਦਿ ਲੇਖਾਂ ਰਾਹੀਂ ਕਾਫੀ ਮੁੱਦਿਆਂ ਨੂੰ ਪਾਠਕਾਂ ਦੇ ਸਨਮੁਖ ਪੇਸ਼ ਕੀਤਾ ਗਿਆ ਹੈ।

ਸ੍ਰੀ ਮਾਨ ਸੰਤ ਚੰਨਣ ਸਿੰਘ ਜੀ, ਜਥੇਦਾਰ ਮੋਹਨ ਸਿੰਘ ਤੁੜ, ਸ. ਦਵਿੰਦਰ ਸਿੰਘ ਧਾਰੀਆ, ਬੀਬੀ ਸੁਖਵੰਤ ਕੌਰ ਪੰਨੂੰ ਦੇ ਜੀਵਨਾਂ ਦੀ ਵਿਲੱਖਣਤਾ ਇਸ ਪੁਸਤਕ ਵਿਚ ਪੜ੍ਹਨ ਨੂੰ ਮਿਲ਼ਦੀ ਹੈ। ‘ਮੇਰੇ ਸ਼ਬਦ ਜੋੜਾਂ ਵਿਚਲਾ ਘੀਚਮਚੋਲਾ’ ਲੇਖ ਗਿਆਨੀ ਜੀ ਦੀ ਵਿਦਵਤਾ ਨੂੰ ਉਘਾੜ ਕੇ ਪਾਠਕਾਂ ਦੀ ਕਚਹਿਰੀ ਵਿਚ ਰੱਖਣ ਦੇ ਪੂਰੀ ਤਰ੍ਹਾਂ ਸਮਰੱਥ ਹੈ ਕਿ ਪੰਜਾਬੀ ਭਾਸ਼ਾ ਦਾ ਅਨਾੜੀ ਲੋਕ ਕਿਵੇਂ ਸਤਿਆਨਾਸ ਕਰਨ ਵਿਚ ਲੱਗੇ ਹੋਏ ਹਨ।  ਸੋਧਾਂ ਕਰਨ ਦੇ ਬਾਵਜੂਦ ਇਹ ਲੋਕ ਆਪਣੀਆਂ ਗ਼ਲਤੀਆਂ ਵਾਲਾ ਪਰਨਾਲਾ ਓਥੇ ਦਾ ਓਥੇ ਹੀ ਰੱਖਦੇ ਹਨ।

ਇਸ ਪੁਸਤਕ ਦੇ ਅੰਤ ਵਿਚ ਦਿਤਾ ਗਿਆ ਸ. ਬਲਵੰਤ ਸਿੰਘ ਰਾਮੂਵਾਲੀਆ ਨਾਲ਼ ਹੋਇਆ ਪੱਤਰ ਵਟਾਂਦਰਾ ਵੀ ਇਸ ਦਾ ਵਿਸ਼ੇਸ਼ ਹਾਲ ਹੈ।

ਕੁੱਲ ਮਿਲਾ ਕੇ ‘ਕੁਝ ਏਧਰੋਂ ਕੁਝ ਓਧਰੋਂ’ ਪੁਸਤਕ ਪਾਠਕਾਂ ਵਿਚ ਗਿਆਨ ਵੰਡਣ ਦੀ ਪੂਰੀ ਯੋਗਤਾ ਰੱਖਦੀ ਹੈ। ਆਸ ਹੈ ਜਿਥੇ ਪਾਠਕ ਇਸ ਨੂੰ ਪੜ੍ਹ ਕੇ ਲਾਹਾ ਤਾਂ ਜਰੂਰ ਖਟਣਗੇ ਹੀ ਖੱਟਣਗੇ ਓਥੇ ਗਿਆਨੀ ਸੰਤੋਖ ਸਿੰਘ ਜੀ ਵੀ ਆਪਣਾ ਗੂਹੜ ਗਿਆਨ ਵੰਡਣ ਲਈ ਏਸੇ ਤਰ੍ਹਾਂ ਕਲਮ ਨੂੰ ਨਿਰੰਤਰ ਲੈਪਟਾੱਪ ‘ਤੇ ਚਲਾਈ ਰੱਖਣਗੇ।

ਲਖਵਿੰਦਰ ਸਿੰਘ ਮਾਨ
ਹਵੇਲੀਆਣਾ