Shinder-Singh-Mirpuri

ਕਹਾਣੀ : ਦੱਸ ਮੇਰਾ ਕੀ ਕਸੂਰ.. - ਸਿੰਦਰ ਸਿੰਘ ਮੀਰਪੁਰੀ

ਲੰਘੇ ਦਿਨੀਂ ਅਮਰੀਕਾ ਦੀ ਧਰਤੀ ਤੇ ਇਕ ਉਸ ਭਲੇ ਪੁਰਸ਼ ਦੇ ਨਾਲ ਮੁਲਾਕਾਤ ਦੌਰਾਨ ਬਹੁਤ ਕੁਝ ਅਜਿਹਾ ਸਾਹਮਣੇ ਆਇਆ ਹੈ ਜਿਸ ਨੂੰ ਸੁਣ ਕੇ ਕਿਸੇ ਵੀ ਕਿਸੇ ਵੀ ਇਨਸਾਨ ਦੇ ਲੂੰ ਕੰਡੇ ਖੜੇ ਹੋ ਜਾਣ ਕਿਉਂਕਿ ਸਾਡੇ ਸਮਾਜ ਅੰਦਰ ਵਿਚਰਦੇ ਹੋਏ ਬਹੁਤ ਸਾਰੀਆਂ ਗੱਲਾਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਵੇਖ ਕੇ ਉਹਨਾਂ ਪ੍ਰਤੀ ਬਹੁਤ ਹੀ ਭਾਵੁਕਤਾ ਭਰਪੂਰ ਮਾਹੌਲ ਵਿਚ ਸੋਚਣਾ ਪੈਂਦਾ ਹੈ । ਭਾਵੇਂ ਇਹ ਕਹਾਣੀ ਕਿਸੇ ਇੱਕ ਵੀ ਇਨਸਾਨ ਦੀ ਨਹੀਂ ਹੈ ਬਹੁਤ ਸਾਰੇ ਕੇਸ ਅਜਿਹੇ ਹਨ ਜਿੱਥੇ ਪਰਿਵਾਰਕ ਕਲੇਸ਼ ਦੇ ਚਲਦਿਆਂ ਘਰ ਦਾ ਮਾਹੌਲ ਵਿਗੜਿਆ ਪਿਆ ਹੈ ਤੋਂ ਔਲਾਦ ਕਹਿਣ ਤੋਂ ਬਾਹਰ ਹੋ ਚੁੱਕੀਆਂ ਹਨ । ਇਨਸਾਨ ਦੁੱਖ ਨਾਲ ਭਰੇ ਪਏ ਹਨ । ਇਨਸਾਨ ਦਿਖਾਵੇ ਦੇ ਬਣਕੇ ਰਹਿ ਚੁੱਕੇ ਹਨ ਸਿਰਫ ਫੋਕੀ ਚੌਧਰ ਅਤੇ ਫ਼ੁਕਰੇ ਬਾਜ਼ੀ ਨੇ ਸਾਡਾ ਕਚੂਮਰ ਕੱਢ ਕੇ ਰੱਖ ਦਿੱਤਾ ਹੈ ।
              ਅਜਿਹੀਆਂ ਕਿੰਨੀਆਂ ਹੀ ਦਾਸਤਾਨਾਂ ਸਾਡੇ ਉਨ੍ਹਾਂ ਇਨਸਾਨਾਂ ਦੀਆਂ ਹਨ ਜਿਨ੍ਹਾਂ ਨੂੰ ਸੁਣ ਕੇ ਕਾਲਜੇ ਦਾ ਰੁੱਗ ਭਰਿਆ ਜਾਂਦਾ ਹੈ ਕਿ ਇਹ ਇਨਸਾਨ ਧੰਨ ਹਨ । ਜਿਹੜੇ ਜ਼ਿੰਦਗੀ ਨਾਲ ਦੋ ਚਾਰ ਹੁੰਦੇ ਹਾਂ ਆਪਣੀ ਮੁਸ਼ਕਲਾਂ ਭਰੀ ਜ਼ਿੰਦਗੀ ਨੂੰ ਜਿਉਣ-ਜੋਗੀ ਕਰਦਿਆਂ ਫਖਰ ਮਹਿਸੂਸ ਕਰਦੇ ਹਨ । ਇਹ ਦਾਸਤਾਨ ਕਿਸੇ ਇੱਕ ਇਨਸਾਨ ਦੀ ਨਹੀਂ ਹੈ ਕਿਉਂਕਿ ਅੱਜ ਸਾਡੇ ਸਮਾਜ ਅੰਦਰ ਮੁਸ਼ਕਲਾਂ ਭਰਿਆ ਦੌਰ ਚੱਲ ਰਿਹਾ ਇਸ ਲਈ ਜ਼ਰੂਰੀ ਹੈ ਕਿ ਬਹੁਤ ਸਾਰੇ ਪਹਿਲੂਆਂ ਤੋਂ ਜੇਕਰ ਕਿਸੇ ਵੀ ਗੱਲ ਨੂੰ ਬਾਚਣਾ ਹੋਵੇ ਤਾਂ ਬਹੁਤ ਸਾਰੀਆਂ ਗੱਲਾਂ ਸਾਹਮਣੇ ਆ ਕੇ ਖੜ੍ਹ ਜਾਂਦੀਆਂ ਹਨ । ਹਰ ਇਨਸਾਨ ਦੁੱਖੀ ਹੋ ਕੁਝ ਲੋਕ ਗਰੀਬੀ ਦੀ ਵਜਾ ਕਾਰਨ ਦੁਖੀ ਹਨ ਅਤੇ ਕੁਝ ਹਾਲਾਤ ਦੀ ਮਾੜੀ ਸੰਗਤ ਨੇ ਕੱਖੋਂ ਹੌਲੇ ਕਰ ਦਿੱਤਾ ਹੈ ਕੁਝ ਪੈਸੇ ਦੀ ਘਾਟ ਨੂੰ ਲੈ ਕੇ ਜੂਝ ਰਹੇ ਹਨ ਅਤੇ ਬਹੁਤ ਸਾਰੇ ਬਿਮਾਰੀ ਦੀ ਦੀ ਹਾਲਤ ਵਿਚ ਦਿਨ ਕਟੀ ਕਰ ਰਹੇ ਹਨ ।
               ਚਾਰ-ਚੁਫੇਰੇ ਹਨੇਰਾ ਪਸਰਿਆ ਵਿਖਾਈ ਦਿੰਦਾ ਹੈ ਬਹੁਤੇ ਲੋਕਾਂ ਦੀ ਜ਼ਿੰਦਗੀ ਨੂੰ ਨੇੜਿਓਂ ਵੇਖ ਕੇ ਜੇਕਰ ਸੋਚੀਏ ਤਾਂ ਕੋਈ ਵੀ ਰਾਹ ਨਹੀਂ ਹੁੰਦਾ ਉਨ੍ਹਾਂ ਲੋਕਾਂ ਲਈ ਪਰ ਉਹ ਫਿਰ ਵੀ ਜ਼ਿੰਦਗੀ ਨੂੰ ਜਿਊਂਦੇ ਹਨ । ਗੱਲ ਕਰ ਰਹੇ ਸੀ ਉਹ ਭਲੇ ਇਨਸਾਨ ਦੀ ਜਿਸ ਨੇ ਆਪਣਾ ਦੁਖੀ ਦਿਲ ਅਤੇ ਸੱਚ ਨੂੰ ਫਰੋਲਦਿਆਂ ਮੇਰੇ ਕੋਲ ਆ ਕੇ ਹੌਲਾ ਕੀਤਾ ਕਿ ਕਿੰਝ ਉਸ ਨੇ ਅਮਰੀਕਾ ਆ ਕੇ ਹੱਡ ਭੰਨਵੀਂ ਮਿਹਨਤ ਕਰਨ ਤੋਂ ਬਾਅਦ ਆਪਣੇ ਪੰਜਾਬ ਵਿਚਲੇ ਘਰ ਨੂੰ ਮਹਿਲ ਵਰਗਾ ਬਣਾਇਆ ਅਤੇ ਉਸ ਨੇ ਪੰਜਾਬ ਵਿਚ ਜੋ ਗਰੀਬੀ ਦੇ ਦਿਨ ਹਢਾਏ ਸਨ ਉਹ ਵੀ ਅਜੇ ਤਕ ਉਸ ਦੇ ਚੇਤੇ ਵਿੱਚੋਂ ਨਹੀਂ ਬਿਸਰੇ ਉਹ ਦਿਨ ਰਾਤ ਧੰਨਵਾਦ ਕਰਦਾ ਸੀ ਉਸ ਰਿਸ਼ਤੇਦਾਰ ਦਾ ਜਿਸ ਨੇ ਉਸ ਨੂੰ ਅਮਰੀਕਾ ਵਿੱਚ ਪਹੁੰਚਣ ਵਿੱਚ ਮਦਦ ਕੀਤੀ ਸੀ ।
              ਪਿਤਾ ਦਾ ਸਾਇਆ ਵੀ ਉਸ ਇਨਸਾਨ ਦੇ ਸਿਰ ਤੋਂ ਉੱਠ ਚੁੱਕਿਆ ਸੀ ਅਤੇ ਭਾਈ ਭੈਣ ਵਿਆਹ ਕੇ ਆਪਣੇ ਘਰ ਪਹੁੰਚ ਗਏ ਸਨ ਅਤੇ ਸੁੱਖੀ ਸਾਂਦੀ ਵਸ ਰਹੇ ਸਨ । ਉਸ ਦਾ ਅਮਰੀਕਾ ਵਿਚ ਆਪਣਾ ਚੰਗਾ ਖਾਸਾ ਕਾਰੋਬਾਰ ਹੈ । ਕਿਉਂਕਿ ਉਸ ਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਸਖਤ ਮਿਹਨਤ ਕਰਨ ਤੋਂ ਬਾਅਦ ਧਰਤੀ ਉੱਤੇ ਪੈਰ ਟਿਕਾਏ ਸਨ । ਗਰੀਬੀ ਨੂੰ ਹੰਢਾਉਂਦਿਆਂ ਉਸ ਨੇ ਇਕ ਤਹੱਈਆ ਕੀਤਾ ਸੀ ਕਿ ਜਿੰਦਗੀ ਅੰਦਰ ਉਹ ਕੁਝ ਬਣ ਕੇ ਦਿਖਾਵੇਗਾ । ਉਸ ਨੇ ਸਖ਼ਤ ਮਿਹਨਤ ਕਰਦਿਆਂ ਆਪਣੇ ਪਰਿਵਾਰ ਤੇ ਸਿਰ ਤੇ ਚੜਿਆ ਕਰਜ਼ਾ ਵੀ ਲਾਹ ਦਿੱਤਾ ਕਿ ਸ਼ਾਇਦ ਉਸ ਦਾ ਪਿਛਲਾ ਪਰਵਾਰ ਵੀ ਚੰਗੀ ਜ਼ਿੰਦਗੀ ਦਾ ਸੁੱਖ ਮਾਣ ਸਕੇ । ਹੌਲੀ-ਹੌਲੀ ਸਮਾਂ ਬੀਤਦਾ ਰਿਹਾ ਅਤੇ ਦਿਨ ਲੰਘਦੇ ਗਏ । ਫੇਰ ਉਸ ਇਨਸਾਨ ਦਾ ਆਪਣਾ ਵਿਆਹ ਹੋਇਆ ਕਬੀਲਦਾਰੀਆਂ ਵੱਧ ਗਈਆਂ ਖਰਚੇ ਵਧ ਗਏ ।
                ਰੁਝੇਵੇਂਆ ਨੇ ਜ਼ਿੰਦਗੀ ਅੰਦਰ ਆਪਣੀ ਖਾਸ ਥਾਂ ਬਣਾ ਲਈ ਸੀ ਸਮਾਂ ਬੀਤਦਾ ਜਾ ਰਿਹਾ ਸੀ ਕਿਉਂਕਿ ਉਸ ਦੇ ਆਪਣੇ ਵੀ ਬੱਚੇ ਸਨ । ਉਸ ਇਨਸਾਨ ਨੇ ਆਪਣੇ ਪਰਿਵਾਰ ਦੇ ਪਾਲਣ-ਪੋਸ਼ਣ ਤੋਂ ਬਾਅਦ ਪਿੰਡ ਸਮਾਂ ਦੇਖ ਕੇ ਚੰਗੀ ਕੋਠੀ ਪਾ ਲਈ ਅਤੇ ਆਪਣੇ ਭਰਾ ਦੇ ਪਰਿਵਾਰ ਨੂੰ ਪਾਲਣਾ ਸ਼ੁਰੂ ਕੀਤਾ ਉਸ ਦੇ ਬੱਚੇ ਜੁਆਨ ਹੁੰਦੇ ਗਏ । ਪਿੰਡ ਜਿਹੜੀ ਲੱਖਾਂ ਦੀ ਲਾਗਤ ਨਾਲ ਕੋਠੀ ਪਾਈ ਸੀ ਖੁਸ਼ੀ ਨਾਲ ਭਰਾ ਦੇ ਸਪੁਰਦ ਕਰ ਦਿੱਤੀ । ਉਸ ਦੇ ਬੱਚੇ ਵੀ ਪੜ੍ਹਾਏ, ਮਾਤਾ ਦੀ ਸੇਵਾ ਵੀ ਕੀਤੀ । ਕਦੇ ਵੀ ਭਰਾ ਦਾ ਕਹਿਣਾ ਨਹੀਂ ਮੋੜਿਆ । ਪਰ ਆਖ਼ਿਰ ਉਹ ਹੀ ਹੋਇਆ ਜੋ ਹੁੰਦਾ ਆਇਆ ਹੈ । ਭਰਾ ਅਤੇ ਉਸਦੇ ਪਰਿਵਾਰ ਨਾਲ ਅੰਤਾਂ ਦੇ ਪਿਆਰ ਤੋਂ ਬਾਅਦ ਹੌਲੀ-ਹੌਲੀ ਵੱਲੋਂ ਉਸਦੇ ਨਾਲ ਹੀ ਦੂਰੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਜਿਹੜੇ ਫੋਨ ਰੋਜ਼ ਹੁੰਦੇ ਸਨ ਉਨ੍ਹਾਂ ਦੀ ਗਿਣਤੀ ਹੌਲੀ-ਹੌਲੀ ਘੱਟਦੀ ਚਲੀ ਗਈ । ਫਿਰ ਅਲਾਭਿਆਂ ਦਾ ਦੌਰ ਸ਼ੁਰੂ ਹੋਇਆ ਕਿ ਵਿਦੇਸ ਵਸਦਾ ਭਰਾ ਸਾਡਾ ਤਾਂ ਕੁਝ ਕਰਦਾ ਹੀ ਨਹੀਂ । ਇਹੋ ਹੀ ਗੱਲਾਂ ਲੋਕਾਂ ਦੇ ਢਹੇ ਚੜ੍ਹ ਗਈਆਂ ।
          ਬੱਚੇ ਗਲ਼ਤੀਆਂ ਕਰਦੇ ਗਏ ਅਤੇ ਪਰਿਵਾਰ ਵਿਚ ਦਰਾੜ ਵੱਧਦੀ ਗਈ । ਬੱਚੇ ਕਹਿਣਾ ਮੰਨਣੋ ਹਟ ਗਏ । ਖੇਤੀ ਕਰਨ ਲਈ ਭਰਾ ਨੂੰ ਲੱਖਾਂ ਦੀ ਲੈ ਕੇ ਦਿੱਤੀ ਮਸ਼ੀਨਰੀ ਅਤੇ ਪਾਈ ਕੋਠੀ ਵੀ ਉਹਨਾਂ ਨੂੰ ਬੋਝ ਲੱਗਣ ਲੱਗ ਪਈ ਹੋਵੇ । ਜਿਵੇਂ 15 - 20 ਵਰ੍ਹਿਆਂ ਦੀ ਕੀਤੀ ਮਿਹਨਤ ਅਤੇ ਭਰਾ ਦਾ ਪਾਲਿਆ ਪਰਵਾਰ ਹੁਣ ਉਸ ਦੀ ਨੁਕਤਾਚੀਨੀ ਕਰਨ ਲੱਗਿਆ ਸੀ ਕੇ ਲਓ ਜੀ ਸਾਡੇ ਲਈ ਤਾਂ ਉਸ ਨੇ ਕੀਤਾ ਹੀ ਕੁਝ ਨਹੀਂ , ਸਾਡੇ ਬੱਚੇ ਤਾਂ ਵੇਹਲੇ ਫਿਰ ਰਹੇ ਹਨ ਆਪਣਾ ਕਾਰੋਬਾਰ ਸੈਟ ਕਰ ਲਿਆ । ਪਰ ਉਸ ਵਿਦੇਸ ਵਿੱਚ ਵੱਸਦੇ ਦੇ ਭਰਾ ਦੇ ਮਨ ਵਿਚ ਅਜੇ ਵੀ ਆਪਣੇ ਭਰਾ ਅਤੇ ਉਸਦੇ ਪਰਿਵਾਰ ਅਤੇ ਬੱਚਿਆਂ ਲਈ ਇੱਕ ਪਿਆਰ ਸੀ ਪਰ ਉਹ ਉਹ ਹੁਣ ਚਾਹ ਕੇ ਵੀ ਕੁਝ ਨਹੀਂ ਸੀ ਕਰ ਸਕਦਾ । ਕਿਉਂਕਿ ਪਾਣੀ ਸਿਰ ਤੋਂ ਲੰਘ ਚੁੱਕਿਆ ਸੀ ।
               ‌‌            ਸਖਤ ਮਿਹਨਤ ਕਰਦਿਆਂ ਕਰਜ਼ਾ ਚੁੱਕ ਕੇ ਆਪਣੇ ਭਰਾ ਅਤੇ ਉਸਦੇ ਪਰਿਵਾਰ ਨੂੰ ਸੈੱਟ ਕਰਨ ਲਈ ਉਸ ਨੇ ਪੂਰਾ ਜ਼ੋਰ ਲਗਾਇਆ ਗੱਲ ਨਾ ਬਣ ਸਕੀ ਜਿਵੇਂ ਸਿਆਣੇ ਕਹਿੰਦੇ ਨੇ ਕੇ ਕਈ ਗੱਲਾਂਬਾਤਾਂ ਤੇ ਕਿਸਮਤ ਲੜਦੀ ਹੈ ਉਹੀ ਕੁਝ ਉਸ ਵਿਦੇਸ਼ ਵਾਲੇ ਇਨਸਾਨ ਦੇ ਭਰਾ ਨਾਲ ਵਾਪਰ ਰਿਹਾ ਸੀ ਪਰ ਉਸ ਪੰਜਾਬ ਬੈਠੇ ਭਰਾ ਨੂੰ ਇੰਜ ਪ੍ਰਤੀਤ ਹੁੰਦਾ ਸੀ ਜਿਵੇਂ ਸਭ ਕਾਸੇ ਦਾ ਦੋਸ਼ੀ ਉਸ ਦਾ ਵਿਦੇਸ਼ ਵਿਚਲਾ ਭਰਾ ਹੀ ਹੋਵੇ । ਬਹੁਤ ਚਿਰ ਸੋਚਣ ਤੋਂ ਬਾਅਦ ਵਿਦੇਸ਼ ਵਸਦੇ ਉਸ ਭਲੇ ਪੁਰਸ਼ ਦੇ ਸੀਨੇ ਵਿਚੋਂ ਸਿਰਫ ਇਕ ਹੀ ਗੱਲ ਨਿਕਲਦੀ ਸੀ ਕਿ ਆਖਰ ਉਸ ਦਾ ਕਸੂਰ ਕੀ, ਸੀ ਕੀ ਕਸੂਰ ਸੀ ਉਸਦਾ ਜਿਹੜਾ ਉਸ ਨੂੰ ਦੋਸ਼ੀ ਠਹਿਰਾਇਆ ਜਾ ਰਿਹਾ ਸੀ ਉਹ ਵੀ ਆਪਣਿਆਂ ਵੱਲੋਂ । ਆਖਰ ਬਹੁਤ ਚਿਰ ਸੋਚਣ ਤੋਂ ਬਾਅਦ ਸਿਰਫ ਇਕ ਹੀ ਗੱਲ ਸਾਹਮਣੇ ਆਉਂਦੀ ਸੀ ਸ਼ਾਇਦ ਕੁਦਰਤ ਨੂੰ ਇਹ ਮਨਜ਼ੂਰ ਸੀ । ਪਰ ਅੰਦਰਲੀ ਗੱਲ ਦਾ ਕਿਸੇ ਨੂੰ ਸ਼ਾਇਦ ਨੂੰ ਨਹੀਂ ਪਤਾ ਹੈ ।

ਲੇਖਕ ਸਿੰਦਰ ਸਿੰਘ ਮੀਰਪੁਰੀ
ਫਰਿਜਨੋ ਕੈਲੇਫੋਰਨੀਆ
ਯੂ. ਐੱਸ. ਏ.
5592850841

ਰੁੱਤ 'ਵਾਅਦੇ ਕਰਨ' ਦੀ ਆਈ .. - ਸ਼ਿੰਦਰ ਸਿੰਘ ਮੀਰਪੁਰੀ


- ਆਉਣ ਵਾਲੀ 10 ਮਈ ਨੂੰ ਲੋਕ ਸਭਾ ਹਲਕਾ ਜਲੰਧਰ ਦੇ ਵੋਟਰਾਂ ਵੱਲੋਂ ਆਪਣੇ ਵੋਟ ਦਾ ਇਸਤੇਮਾਲ ਕਰ ਕੇ ਆਪਣਾ ਨਵਾਂ ਮੈਂਬਰ ਪਾਰਲੀਮੈਂਟ ਚੁਣਨ ਦਾ ਰਾਹ ਪੱਧਰਾ ਕਰਨਾ ਹੈ । ਕਿਉਂਕਿ ਕਿਉਂਕਿ ਓੱਥੋਂ ਮੌਜੂਦਾ ਕਾਂਗਰਸੀ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ ਦੀ ਮੌਤ ਹੋ ਚੁੱਕੀ ਹੈ । ਹੁਣ ਵੋਟਾਂ ਪੈਣ ਵਾਲੇ ਦਿਨ ਤੋਂ 2 ਦਿਨ ਪਹਿਲਾਂ ਤਕ ਪੰਜਾਬ ਦੀਆਂ ਸਾਰੀਆਂ ਹੀ ਰਾਜਸੀ ਧਿਰਾਂ ਵੱਲੋਂ ਚੋਣ ਅਖਾੜੇ ਦੇ ਵਿੱਚ ਕੁੱਦ ਕੇ ਵਾਅਦਿਆਂ ਅਤੇ ਦੇ ਲਾਰਿਆਂ ਦੀ ਰਾਜਨੀਤੀ ਰਾਹੀਂ ਆਪਣੀ 'ਸੱਤਾ ਦੇ ਸੂਰਜ' ਨੂੰ ਚਮਕਾਉਣ ਦਾ ਯਤਨ ਕੀਤਾ ਜਾਵੇਗਾ ਇਹ ਵੱਖਰੀ ਗੱਲ ਹੈ ਕਿ ਸਿਆਸੀ ਆਗੂਆਂ ਦੇ ਕੀਤੇ ਵਾਅਦੇ, ਦਾਅਵਿਆਂ ਦੇ ਰੂਪ ਵਿੱਚ ਬਦਲਦੇ ਹਨ ਜਾਂ ਨਹੀਂ । ਸੱਤਾਧਾਰੀ ਧਿਰ ਆਪ , ਕਾਂਗਰਸ, ਅਕਾਲੀ ਦਲ ਭਾਜਪਾ, ਆਦਿ ਵਲੋਂ ਜਿੱਤ ਦੀ ਸਿਰਤੋੜ ਕੋਸ਼ਿਸ਼ ਕੀਤੀ ਜਾਵੇਗੀ ।
                           ਹਰ ਵਾਰ ਦੀ ਤਰ੍ਹਾਂ ਸਿਆਸੀ ਪਾਰਟੀਆਂ ਵੱਲੋਂ ਵੋਟਰਾਂ ਨੂੰ ਭਰਮਾਉਣ ਅਤੇ ਵੋਟਾਂ ਬਟੋਰਨ ਦੇ ਲਈ ਤਰ੍ਹਾਂ-ਤਰ੍ਹਾਂ ਦੇ ਹੱਥਕੰਡੇ ਅਪਣਾ ਕੇ 'ਆਪਣੇ ਪਾਲ਼ੇ' ਵਿਚ ਖਿੱਚਣ ਦੀ ਸਿਰਤੋੜ ਕੋਸ਼ਿਸ਼ ਕੀਤੀ ਜਾਵੇਗੀ । ਸਿਆਸੀ ਧਿਰਾਂ ਵੱਲੋਂ 'ਸੱਤਾ ਦਾ ਸੁਆਦ' ਮਾਨਣ ਦੇ ਲਈ ਪੰਜਾਬ ਦੇ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕਰਦਿਆਂ ਧੂੰਆਧਾਰ ਤਕਰੀਰਾਂ ਕਰਕੇ ਉਨ੍ਹਾਂ ਨੂੰ ਆਪਣੇ ਨੇੜੇ ਲਿਆਉਣ ਦਾ ਯਤਨ ਵੱਡੀ ਪੱਧਰ ਤੇ ਕੀਤਾ ਜਾ ਰਿਹਾ ਹੈ । ਪੰਜਾਬ ਦੇ ਲੋਕਾਂ ਦੇ ਅਸਲੀ ਦਿਲਾਂ ਦੇ ਦਰਦ ਨੂੰ ਕਿਸੇ ਵੀ ਪਾਰਟੀ ਵੱਲੋਂ ਸਮਝਣ ਦਾ ਯਤਨ ਹੀ ਕੀਤਾ ਨਹੀਂ ਕੀਤਾ ਜਾ ਰਿਹਾ ਜਾਂ ਜਾਣ- ਬੁੱਝ ਕੇ ਉਸ ਨੂੰ ਅਣਗੌਲਿਆਂ ਕਰਨ ਦੀ ਕਵਾਇਦ ਤੇਜ਼ ਹੋ ਚੁੱਕੀ ਵਿਖਾਈ ਦਿੰਦੀ ਹੈ । ਇਸ ਆਲਮ ਦੇ ਕਾਰਨ ਚਾਰੇ ਪਾਸੇ ਸੰਨਾਟਾ ਛਾਇਆ ਵਿਖਾਈ ਦਿੰਦਾ ਹੈ ਸਿਵਾਏ ਸਿਆਸੀ ਰਾਮ ਰੌਲੇ ਦੇ  ।
                           ‎ਕਰਜ਼ੇ ਦੇ ਵਿੱਚ ਧੁਰ ਅੰਦਰ ਤਕ ਡੁੱਬ ਚੁੱਕੇ ਪੰਜਾਬ ਦੇ ਵਾਸੀਆਂ ਨੂੰ ਕੇਵਲ ਮੁਫ਼ਤ ਖੋਰੀ ਅਤੇ ਲਾਲਚ ਦੇ ਘਨੇੜੇ ਚੜ੍ਹ ਕੇ ਵੋਟਾਂ ਭੁਗਤਾਉਣ ਦੀਆਂ ਕੀਤੀਆਂ ਜਾ ਰਹੀਆਂ ਬੇਨਤੀਆਂ ਨਿੱਜੀ ਹਿੱਤਾਂ ਦੀ ਪੂਰਤੀ ਤਾਂ ਕਰ ਸਕਦੀਆਂ ਹਨ ਪਰ ਪੰਜਾਬ ਦਾ ਭਲਾ ਕਦੇ ਵੀ ਨਹੀਂ ਕਰ ਸਕਦੀਆਂ । ਹੈਰਾਨੀ ਦੀ ਹੱਦ ਹੋ ਚੁੱਕੀ ਹੈ ਕਿ ਪੰਜਾਬ ਦੇ ਵਾਸੀਆਂ ਨੂੰ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਾਉਣ ਦੀ ਬਜਾਏ ਮੁਫ਼ਤਖੋਰੀ ਦਾ 'ਜਾਮ' ਪਿਆ ਕੇ 'ਪੰਜਾਬੀਆਂ ਦੀ ਗ਼ੈਰਤ ਨੂੰ ਲਾਲਚ ਦੇ ਆਟੇ ਵਿੱਚ ਗੁੰਨ੍ਹ ਕੇ ਸਿਆਸੀ ਚੁੱਲ੍ਹੇ ਉੱਤੇ ਰਾੜ੍ਹਿਆ' ਜਾ ਰਿਹਾ ਹੈ ਜਿਸ ਨੂੰ ਕਿਸੇ ਵੀ ਪਾਸਿਓਂ ਸਹੀ ਨਹੀਂ ਠਹਿਰਾਇਆ ਜਾ ਸਕਦਾ । ਚਾਰੇ ਪਾਸੇ ਨਿਗ੍ਹਾ ਮਾਰਦਿਆਂ ਸਾਰੀਆਂ ਹੀ ਸਿਆਸੀ ਧਿਰਾਂ ਵੱਲੋਂ ਮੁਫ਼ਤਖੋਰੀ ਅਤੇ ਲਾਲਚ ਦੇ ਸਿਰ ਤੇ ਆਪਣੀ ਸਰਕਾਰ ਦੀ ਸਥਾਪਤੀ ਦਾ ਰਾਹ ਪੱਧਰਾ ਕੀਤਾ ਜਾ ਰਿਹਾ ਹੈ । ਕਦੇ-ਕਦੇ ਤਾਂ ਇਉਂ ਪ੍ਰਤੀਤ ਹੁੰਦਾ ਹੈ ਜਿਵੇਂ ਪੰਜਾਬ ਦੇ ਰਾਜਸੀ ਨੇਤਾ ਮੁਫ਼ਤਖੋਰੀ-ਮੁਫ਼ਤਖੋਰੀ ਦੀ ਖੇਡ ਖੇਡ ਰਹੇ ਹੋਣ । ਪਰ ਇਹ ਕੋਈ ਨਹੀਂ ਸੋਚਦਾ ਕਿ ਇਨ੍ਹਾਂ ਕੁਝ ਮੁਫ਼ਤ ਦਾ ਦੇਣ ਦੇ ਲਈ ਪੈਸਾ ਕਿੱਥੋਂ ਆਵੇਗਾ ।
                           ‎ਪੰਜਾਬ ਦੀ ਸਿਆਸਤ ਇਸ ਵੇਲੇ ਬਾਂਦਰਕੀਲੇ ਦਾ ਅਖਾੜਾ ਬਣੀ ਨਜ਼ਰ ਆਉਂਦੀ ਹੈ ਜੋ ਵੀ ਸਿਆਸੀ ਨੇਤਾ ਸੱਚ ਅਤੇ ਹੱਕ ਦੀ ਗੱਲ ਕਰਦਾ ਹੈ ਉਸ ਦੇ ਪਿੱਛੇ ਬਾਕੀ ਸਿਆਸੀ ਧਿਰਾਂ ਦੇ ਆਗੂ ਹੱਥ ਧੋ ਕੇ ਪੈ ਜਾਂਦੇ ਹਨ । ਜੋ ਪੰਜਾਬ ਦੇ ਮੁੱਦੇ ਚੁੱਕ ਕੇ ਪੰਜਾਬ ਦੇ ਹਿੱਤਾਂ ਦੀ ਗੱਲ ਕਰਦਾ ਹੈ ਉਸ ਦੀ ਗੱਲ ਨੂੰ ਰੋਲ ਘਚੋਲੇ ਵਿੱਚ ਰੌਂਦ ਦੇਣਾ ਅੱਜ ਦੇ ਸਿਆਸੀ ਨੇਤਾਵਾਂ ਦੀ ਪਹਿਲੀ ਪਸੰਦ ਬਣ ਚੁੱਕਿਆ ਹੈ । ਇਸ ਦੇ ਮੁਕਾਬਲੇ ਤੇ ਜੋ ਸਿਆਸੀ ਆਗੂ ਝੂਠ ਦੀ ਪੰਡ ਲੈ ਕੇ ਰਾਜਨੀਤੀ ਦੇ ਬਾਜ਼ਾਰ ਵਿੱਚ ਵੇਚਣ ਨਿਕਲਦਾ ਹੈ ਉਸ ਦਾ ਝੂਠ 'ਸਾਝਰੇ' ਹੀ ਵਿਕ ਜਾਣਾ ਆਮ ਗੱਲ ਬਣ ਚੁੱਕੀ ਹੈ । ਮੇਰੇ ਖਿਆਲ ਮੁਤਾਬਕ ਜੋ ਸਿਆਸੀ ਆਗੂ ਸੱਤ ਦਹਾਕਿਆਂ ਤਕ ਆਜ਼ਾਦੀ ਤੋਂ ਬਾਅਦ ਵੀ ਦੇਸ਼ ਦੀਆਂ ਮੁੱਖ ਲੋੜਾਂ ਪੂਰੀਆਂ ਨਹੀਂ ਕਰ ਸਕੇ ਉਨ੍ਹਾਂ ਤੋਂ ਆਸ ਰੱਖਣੀ ਨਾਮੁਮਕਿਨ ਹੈ । ਸਿੱਖਿਆ, ਭ੍ਰਿਸ਼ਟਾਚਾਰ ਅਤੇ ਵਿਕਾਸ ਨਾਂ ਦੇ ਸ਼ਬਦਾਂ ਨੂੰ ਸੁਣ-ਸੁਣ ਕੇ ਦੇਸ਼ ਦੇ ਵਾਸੀ ਅੱਕ ਚੁੱਕੇ ਹਨ । ਪਰ ਸਿਤਮ ਦੀ ਗੱਲ ਹੈ ਕਿ ਇੰਨਾ ਕੁਝ ਹੋਣ ਦੇ ਬਾਵਜੂਦ ਬਦਲ ਕੁਝ ਵੀ ਨਹੀਂ ਰਿਹਾ ।
                           ‎ਹੁਣ ਫੇਰ ਲਗਾਤਾਰ ਕਈ ਦਿਨ ਵੋਟਰਾਂ ਨੂੰ ਵੱਡੇ-ਵੱਡੇ ਵਾਅਦੇ ਸੁਣਨ ਨੂੰ ਮਿਲਣਗੇ ਅਤੇ ਲਾਰਿਆਂ ਦੀਆਂ ਪੰਡਾਂ ਪੰਜਾਬ ਵਾਸੀਆਂ ਦੇ ਸਿਰ ਤੇ ਰੱਖ ਕੇ ਨੇਤਾ ਲੋਕ ਅਗਲੇ ਸਾਲਾਂ ਲਈ ਰਫੂਚੱਕਰ ਹੋ ਜਾਣਗੇ । ਵਿਕਾਸ ਅਤੇ ਸਿੱਖਿਆ ਦੇ ਤੰਤਰ ਨੂੰ ਮਜ਼ਬੂਤ ਅਤੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੀਆਂ ਟਾਹਰਾਂ ਮਾਰੀਆਂ ਜਾਣਗੀਆਂ , ਸੂਬੇ ਨੂੰ ਕਰਜ਼ਾ ਮੁਕਤ ਕਰਕੇ ਨਵੀਂ ਵਿਉਂਤਬੰਦੀ ਰਾਹੀਂ ਲੱਖਾਂ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਵਾਅਦੇ ਕੀਤੇ ਜਾਣਗੇ । ਵੋਟਰਾਂ ਨੂੰ ਸਭ ਕੁਝ ਫ੍ਰੀ ਦੇਣ ਦੀ ਰਣਨੀਤੀ ਰਾਹੀਂ 'ਸਿਆਸੀ ਗੇਂਦ' ਨੂੰ ਆਪਣੇ ਪਾਲ਼ੇ ਵਿਚ ਕਰਨ ਦਾ ਕਰਨ ਦੇ ਲਈ ਹਰ ਪੱਥਰ ਪਲਟਾਇਆ ਜਾਵੇਗਾ । ਪਰ ਸਿਆਸੀ ਆਗੂਆਂ ਵੱਲੋਂ ਕੀਤੇ ਵਾਅਦੇ ਹਕੀਕਤ ਵਿੱਚ ਬਦਲ ਜਾਣਗੇ ਇਸ ਵਾਰੇ ਕੁਝ ਨਹੀਂ ਕਿਹਾ ਜਾ ਸਕਦਾ । ਸੋ ਵੋਟ ਪਾਉਣ ਤੋਂ ਪਹਿਲਾਂ ਰਵਾਇਤੀ ਪਾਰਟੀਆਂ ਦੇ ਆਗੂਆਂ ਨੂੰ ਇੱਕ ਸੁਆਲ ਤਾਂ ਜ਼ਰੂਰ ਕਰਨਾ ਬਣਦਾ ਹੈ ਕਿ ਜੇਕਰ ਤੁਸੀਂ ਹਰ ਪੰਜਾਂ ਸਾਲਾਂ ਬਾਅਦ ਹਰ ਮੁੱਦੇ ਤੇ ਇੰਨੇ ਵਾਅਦੇ ਅਤੇ ਦਾਅਵੇ ਕਰਦੇ ਹੋ ਕਿ ਅਸੀਂ ਆਹ ਕਰ ਦਿੱਤਾ, ਅਸੀਂ ਅੌਹ ਕਰ ਦਿੱਤਾ ਤਾਂ ਸਾਡੇ ਰੰਗਲੇ ਪੰਜਾਬ ਦੀ ਇਸ ਦੁਰਦਸ਼ਾ ਲਈ ਜ਼ਿੰਮੇਵਾਰ ਕੌਣ ਹੈ ਅਤੇ ਇਸ ਦੇ ਕਾਰਨ ਕੀ ਹਨ ਇਸ ਨੂੰ ਹੱਲ ਕਰਨ ਦੇ ਲਈ ਤੁਹਾਡੇ ਕੋਲ ਕੀ 'ਗਿੱਦੜਸਿੰਗੀ' ਹੈ । ਇਹ ਸਵਾਲ ਹਰ ਵੋਟਰ ਦੀ ਜ਼ੁਬਾਨ ਤੇ ਲਾਜ਼ਮੀ ਹੈ । ਚੰਗਾ ਹੋਵੇ ਤਬਾਹ ਹੋ ਰਹੇ ਪੰਜਾਬ ਦੇ ਪੰਜਾਬ ਨੂੰ ਬਚਾਉਣ ਦੇ ਲਈ ਸਾਰੀਆਂ ਹੀ ਸਿਆਸੀ ਧਿਰਾਂ ਸੱਚੇ-ਮਨੋਂ ਪਹਿਲ ਕਰਨ ਤਾਂ ਸੱਚ ਦਾ ਸੂਰਜ ਚਮਕ ਸਕਦਾ ਹੈ । ਨਹੀਂ ਤਾਂ ਹਰ ਵਾਰ ਦੀਆਂ ਚੋਣਾਂ ਨੂੰ ਕੇਵਲ ਵਾਅਦੇ ਵੇਚਣ ਦੀ ਰੁੱਤ ਹੀ ਆਖ ਸਕਦੇ ਹਾਂ ।
               ਸ਼ਿੰਦਰ ਸਿੰਘ ਮੀਰਪੁਰੀ
              ਫਰਿਜ਼ਨੋ ਅਮਰੀਕਾ
           5592850841

ਹੋਲੇ ਮਹੱਲੇ ਤੇ ਹੁੱਲੜਬਾਜ਼ੀ.. - ਸਿੰਦਰ ਸਿੰਘ ਮੀਰਪੁਰੀ


- ਸਾਡੇ ਗੁਰੂ ਸਾਹਿਬਾਨ ਵੱਲੋਂ ਹੋਲੇ ਮਹੱਲੇ ਦੇ ਮਹੱਤਵ ਨੂੰ ਸਮਝਾਉਣ ਦੇ ਨਾਲ਼-ਨਾਲ਼ ਜ਼ਿੰਦਗੀ ਤੋਂ ਇਲਾਵਾ ਧਾਰਮਿਕ ਖੇਤਰ ਅੰਦਰ ਅਸਲੀ ਰੰਗਾਂ ਅਤੇ ਸਹੀ ਜਗ੍ਹਾ ਦੀ ਪਹਿਚਾਣ ਕਰਨ ਦੀ ਨੀਤੀ ਤਹਿਤ ਇਸ ਨੂੰ ਹੋਲੇ-ਮਹੱਲੇ ਦਾ ਨਾਮ ਦਿੱਤਾ ਗਿਆ । ਪਰ ਬੜੇ ਅਫ਼ਸੋਸ ਨਾਲ ਕਹਿਣਾ ਪੈਂਦਾ ਹੈ ਕਿ ਸਾਡੇ ਗੁਰੂ ਸਾਹਿਬਾਨ ਨੇ ਤਾਂ ਕਿਸੇ ਮੰਤਵ ਤਹਿਤ ਆਪਣੀ ਕੌਮ ਨੂੰ ਬੁਲੰਦੀਆਂ ਤੇ ਲੈ ਕੇ ਜਾਣ ਦੇ ਲਈ ਬਹੁਤ ਕੁਝ ਹੋਰਨਾਂ ਨਾਲੋਂ ਵੱਖਰਾ ਸਿਰਜ ਦਿੱਤਾ । ਪਰ ਨਾਲ ਦੀ ਨਾਲ ਬਹੁਤ ਸਵਾਲ ਮਨ ਵਿੱਚ ਹੁੰਦੇ ਹਨ ਕਿ ਅਸੀਂ ਕੀ ਕਰ ਰਹੇ ਹਾਂ । ਅਸੀਂ ਕਿੱਥੇ ਕੁ ਖੜ੍ਹੇ ਹਾਂ । ਅਸੀਂ ਅਜਿਹੇ ਹੋਰ ਬਹੁਤ ਸਾਰੇ ਧਾਰਮਿਕ ਤਿਉਹਾਰਾਂ ਨੂੰ ਕਿਸ ਬਦਲਵੇਂ ਰੂਪ ਵਿਚ ਤਬਦੀਲ ਕਰਨ ਦੀ ਕੋਈ ਕਸਰ ਬਾਕੀ ਨਹੀਂ ਛੱਡ ਰਹੇ । ਇਹ ਕੁਝ ਇਕ ਦਿਨ ਤੋਂ ਸ਼ੁਰੂ ਨਹੀਂ ਹੋਇਆ ਪਿਛਲੇ ਲੰਬੇ ਸਮੇਂ ਤੋਂ ਸਾਡੀ ਕੌਮ ਅਤੇ ਕਈ ਨੌਜਵਾਨ ਅਜਿਹਾ ਕੁਝ ਧਾਰਮਿਕ ਅਸਥਾਨਾਂ ਉਤੇ ਕਰ ਰਹੇ ਹਨ ਜਿਸ ਨਾਲ ਕੌਮ ਦਾ ਸਿਰ ਨੀਵਾ ਹੋਣ ਤੋਂ ਇਲਾਵਾ ਸਿਰਫ ਨਮੋਸ਼ੀ ਪੱਲੇ ਪੈ ਰਹੀ ਹੈ ਅਤੇ ਪੂਰੀ ਦੁਨੀਆਂ ਅੰਦਰ ਕੌਮ ਦਾ ਸਿਰ ਨੀਵਾਂ ਹੋ ਰਿਹਾ ।
                 ਕਦੇ ਕਦੇ ਤਾਂ ਇੰਝ ਪ੍ਰਤੀਤ ਹੁੰਦਾ ਹੈ ਜਿਵੇਂ ਸਾਡੇ ਨੌਜਵਾਨਾਂ ਦਾ ਹੁੱਲੜਬਾਜ਼ੀ ਦੇ ਨਾਲ ਪੁਰਾਣਾ ਰਿਸ਼ਤਾ ਨਾਤਾ ਹੋਵੇ ਕਿਉਂਕਿ ਉਨ੍ਹਾਂ ਨੂੰ ਸਿਵਾਏ ਕੁੱਟਮਾਰ ਦੇ ਕੁਝ ਪਤਾ ਹੀ ਨਹੀਂ ਹੈ । ਜੋ ਕੁਝ ਇਸ ਵਰ੍ਹੇ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਹੋਇਆ ਉਸ ਨੂੰ ਸੁਣ ਕੇ ਹਰ ਸਿੱਖ ਦਾ ਹਿਰਦਾ ਛਲਣੀ ਹੋ ਗਿਆ ਕਿ ਕਿੰਝ ਬੇਰਹਿਮੀ ਨਾਲ ਸਾਡੇ ਕੁਝ ਨੌਜਵਾਨਾਂ ਵੱਲੋਂ ਉਥੇ ਨਿਹੰਗ ਬਾਣੇ ਦੇ ਰੂਪ ਵਿਚ ਇੱਕ ਕੈਨੇਡਾ ਦੇ ਵਾਸੀ ਇੱਕ ਸਿੱਖ ਨੌਜਵਾਨ ਪਰਦੀਪ ਸਿੰਘ ਦਾ ਕਤਲ ਕਰ ਦਿੱਤਾ ਗਿਆ । ਜਦ ਕੇ ਗੱਲ ਸਿਰਫ ਗੱਡੀ ਵਿੱਚ ਚੱਲ ਰਹੇ ਮਾੜੇ ਗੀਤਾਂ ਦੀ ਹੋਣ ਤੋਂ ਬਾਅਦ ਨੌਜਵਾਨਾਂ ਦਾ ਤਕਰਾਰ ਹੋ ਗਿਆ ਅਤੇ ਗੱਲ ਕਤਲ ਤੱਕ ਪਹੁੰਚ ਗਈ । ਕਾਰਨ ਭਾਵੇਂ ਕੁਝ ਵੀ ਰਹੇ ਹੋਣ । ਭਾਵੇਂ ਗ਼ਲਤੀ ਕਿਸ ਦੀ ਮਰਜ਼ੀ ਹੋਵੇ ਪਰ ਜੋ ਕੁਝ ਹੋਇਆ ਹੈ ਬਹੁਤ ਮਾੜਾ ਹੋਇਆ ਹੈ । ਇੱਕ ਮਾਂ ਦੇ ਪੁੱਤ ਦਾ ਕਤਲ ਹੋ ਗਿਆ ਅਤੇ ਉਸ ਨੂੰ ਮਾਰਨ ਵਾਲੇ ਲੋਕ ਹੁਣ ਜੇਲ ਵਿੱਚ ਜਾਣਗੇ । ਨੁਕਸਾਨ ਕਿਸ ਦਾ ਹੋਇਆ ਇਹ ਗੱਲਾਂ ਧਿਆਨ ਜਰੂਰ ਮੰਗਦੀਆਂ ਹਨ । ਨੌਜਵਾਨੀ ਨੂੰ ਲੋਕ ਕੋਸ ਰਹੇ ਹਨ ਕੌਮ ਨੂੰ ਗਾਲਾਂ ਕੱਢੀਆਂ ਜਾ ਰਹੀਆਂ ਹਨ ਕਿ ਇਹਨਾਂ ਦਾ ਹਾਲ ਤਾਂ ਚਾਰੇ ਪਾਸੇ ਹੀ ਅਜਿਹਾ ਹੈ ਕਿਉਂ ਕਰਵਾ ਰਹੇ ਹਨ ਕੁਝ ਲੋਕ ਇਹ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ।
              ਕੀ ਕਸੂਰ ਸੀ ਨਿਹੰਗ ਸਿੰਘ ਦਾ ਕਿਉਂ ਉਸ ਦਾ ਕਤਲ ਕਰ ਦਿੱਤਾ ਗਿਆ ਉਹ ਵੀ ਕਿਸੇ ਸਿਰ ਦਾ ਸਾਈਂ ਸੀ ਕਿਸੇ ਬੱਚੇ ਦਾ ਬਾਪ ਸੀ । ਭਾਵੇਂ ਬਾਅਦ ਵਿਚ ਆਈ ਵੀਡੀਓ ਨੇ ਕਾਫੀ ਕੁਝ ਨਵੀਆਂ ਤਸਵੀਰਾਂ ਪੇਸ਼ ਕੀਤੀਆਂ ਅਸੀ ਪਹਿਲਾਂ ਹੀ ਆਖ ਚੁੱਕੇ ਹਾਂ ਕਸੂਰ ਜਿਸ ਦਾ ਮਰਜ਼ੀ ਹੋਵੇ ਪਰ ਇਹ ਕੰਮ ਬੇਹੱਦ ਮਾੜਾ ਅਤੇ ਹੋਇਆ ਹੈ । ਕੁਝ ਸਿੱਖ ਵਿਰੋਧੀ ਤਾਕਤਾਂ ਤਾਂ ਆਪਣੇ ਆਪ ਇਹ ਗੱਲਾਂ ਚਾਹੁੰਦੀਆਂ ਹਨ ਕਿ ਸਿੱਖ ਕੌਮ ਅੰਦਰ ਖਾਨਾਜੰਗੀ ਵਧੇ ਪਰ ਅਸੀਂ ਬਿਨਾਂ ਸੋਚੇ-ਸਮਝੇ ਵਧਾ ਰਹੇ ਹਨ ਅਤੇ ਇਸ ਨੂੰ ਹਵਾ ਦੇਣ ਦਾ ਕੋਈ ਵੀ ਮੌਕਾ ਅਸੀਂ ਖਾਲੀ ਨਹੀ ਜਾਣ ਦੇ ਰਹੇ । ਉਸ ਤੋਂ ਬਾਅਦ ਮਨੀਕਰਨ ਵਿਖੇ ਜੋ ਕੁਝ ਹੋਇਆ ਉਸ ਨਾਲ ਸਿੱਖ ਕੌਮ ਨੂੰ ਸਿਵਾਏ ਨਮੋਸ਼ੀ ਦੇ ਕੁਝ ਨਹੀਂ ਮਿਲਨਾ । ਪੂਰੀ ਦੁਨੀਆਂ ਅੰਦਰ ਸਿੱਖ ਕੌਮ ਦਾ ਅਕਸ ਧੁੰਦਲਾ ਕਰਦੀਆਂ ਅਜਿਹੀਆਂ ਗੱਲਾਂ ਕਿਉਂਕਿ ਗਏ ਮਾਰ-ਕੁੱਟ ਕਿਸੇ ਮਸਲੇ ਦਾ ਹੱਲ ਨਹੀਂ । ਜੇ ਦੋ ਧਿਰਾਂ ਦਰਮਿਆਨ ਝਗੜਾ ਵੀ ਹੁੰਦਾ ਹੈ ਤਾਂ ਉਸ ਨੂੰ ਬੈਠ ਕੇ ਨਿਪਟਾਇਆ ਜਾ ਸਕਦਾ ਹੈ ਸਿਰਫ ਕਾਤਾਲਾਨ ਅਤੇ ਹਥਿਆਰਾਂ ਤਕ ਕਿਉਂ ਪਹੁੰਚ ਜਾਂਦੀ ਹੈ ਅੱਜ ਦੀ ਨੌਜਵਾਨੀ । ਸਾਡੀ ਕੌਮ ਦੇ ਆਗੂ ਕਿਉਂ ਸੁੱਤੇ ਪਏ ਹਨ । ਕਿਉਂ ਉਨ੍ਹਾਂ ਦੀਆਂ ਸਰਗਰਮੀਆਂ ਆਪਣੀ ਹੀ ਕੌਮ ਦੇ ਖਿਲਾਫ ਭੁਗਤ ਰਹੀਆਂ ਹਨ ।
                ‌‌ਦਿੱਲੀ ਕਮੇਟੀ ਦੇ ਕੁਝ ਆਗੂਆਂ ਵੱਲੋਂ ਸ਼ਰਾਬ ਪੀ ਕੇ ਹੋਲੀ ਮਨਾਉਣ ਸਮੇਂ ਆਈਆਂ ਤਸਵੀਰਾਂ ਦਿਲ ਨੂੰ ਝੰਜੋੜ ਕੇ ਰੱਖ ਦਿੱਤਾ ਕਿ ਆਖਰ ਅਸੀਂ ਕਿੱਥੇ ਖੜ੍ਹੇ ਹਾਂ । ਸਾਨੂੰ ਕਲ ਕਦ ਆਵੇਗੀ । ਕੀ ਕਿਸੇ ਦੇ ਇਸ਼ਾਰੇ ਤੇ ਇਹ ਸਭ ਕੁਝ  ਵਿਅਕਤੀਆਂ ਵੱਲੋਂ ਕੀਤਾ ਜਾਂਦਾ ਹੈ ਇਹ ਵੀ ਕੁਝ ਨਹੀਂ ਪਤਾ ਪਰ ਪੂਰੀ ਕੌਮ ਦਾ ਸਿਰ ਨੀਵਾਂ ਜ਼ਰੂਰ ਹੋ ਰਿਹਾ ਹੈ । ਅਸੀਂ ਤਾਂ ਸਾਡੇ ਧਾਰਮਿਕ ਤਿਉਹਾਰਾਂ ਨੂੰ ਮੇਲੇ ਬਣਾ ਕੇ ਰੱਖ ਦਿੱਤਾ ਹੈ ਓਥੇ ਹੁੱਲੜਬਾਜ਼ੀ ਬਾਜ਼ੀ ਕੀਤੀ ਜਾ ਰਹੀ ਹੈ ਸਿੱਖ ਗੁਰੂ ਸਾਹਿਬਾਨ ਦੇ ਫਲਸਫੇ ਦੀ ਉਲੰਘਣਾ ਕਰਨਾ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ । ਸਰਕਾਰ ਚੁੱਪ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਕੁਝ ਨਹੀਂ ਕਰ ਰਹੀ ਹੈ । ਜਦ ਕਿ ਸਰਕਾਰ ਤੇ ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਹੈ ਕਿ ਧਾਰਮਿਕ ਤਿਉਹਾਰਾਂ ਉੱਤੇ ਕਿਸੇ ਵੀ ਨੌਜਵਾਨ ਦੀ ਕੀਤੀ ਵਧੀਕੀ ਨੂੰ ਅੱਖੋਂ-ਪਰੋਖੇ ਨਹੀਂ ਕਰਨਾ ਚਾਹੀਦਾ ਉਸ ਨੂੰ ਬਣਦੀ ਸਜ਼ਾ ਦੇਣੀ ਚਾਹੀਦੀ ਹੈ । ਤਾਂ ਕਿ ਇਸ ਦੇ ਨਾਲ ਵੱਧ ਰਹੀ ਗੁੰਡਾਗਰਦੀ ਨੂੰ ਨੱਥ ਪੈ ਸਕੇ । ਨਹੀਂ ਤਾਂ ਇਹਨਾ ਲੋਕਾਂ ਵੱਲੋਂ ਧਾਰਮਿਕ ਨਹੀਂ ਤਾਂ ਮਾੜੇ ਅਨਸਰਾਂ ਵੱਲੋਂ ਧਾਰਮਿਕ ਤਿਉਹਾਰਾਂ ਨੂੰ ਮੇਲੇ ਦੀ ਤਰ੍ਹਾਂ ਮਨਾਇਆ ਜਾਣ ਲਗ ਪਵੇਗਾ ਜਿਸ ਦੀ ਸ਼ੁਰੂਆਤ ਪਿਛਲੇ ਸਮੇਂ ਤੋਂ ਹੋ ਚੁਕੀ ਹੈ ।
       ਭਾਵੇਂ ਜਿਹੀਆਂ ਘਟਨਾਵਾਂ ਪਿਛਲੇ ਸਮੇਂ ਵੀ ਸਾਡੇ ਸਮਾਜ ਦਾ ਹਿੱਸਾ ਬਣਦੀਆਂ ਰਹੀਆਂ ਹਨ ਪਰ ਪਿਛਲੇ ਸਮੇਂ ਤੋਂ ਸਾਡੀ ਨੌਜਵਾਨੀ ਗੁਰੂ ਸਾਹਿਬਾਨ ਦੇ ਅਸਲ ਫਲਸਫੇ ਨੂੰ ਭੁੱਲ ਕੇ ਕਿਸੇ ਹੋਰ ਰਾਹ ਦੀ ਰਾਹੀ ਨਜ਼ਰੀ ਪੈਂਦੀ ਹੈ । ਜੋ ਆਪਣੇ ਆਪ ਤੇ ਸਾਡੇ ਸਮਾਜ ਲਈ ਬੇਹੱਦ ਘਾਤਕ ਅਤੇ ਮਾੜੀ ਹੈ । ਮਨੀਕਰਨ ਅਤੇ ਅਨੰਦਪੁਰ ਸਾਹਿਬ ਵਿਖੇ ਵਾਪਰੀਆਂ ਘਟਨਾਵਾਂ ਨੇ ਨੌਜਵਾਨੀ ਦੇ ਅਕਸ ਨੂੰ ਸੱਟ ਮਾਰਨ ਦੇ ਨਾਲ ਨਾਲ ਸਿੱਖੀ ਦਾ ਅਕਸ ਧੁੰਦਲਾ ਕੀਤਾ ਹੈ । ਇਹਨਾਂ ਘਟਨਾਵਾਂ ਵਿਚ ਕਸੂਰ ਕੁਝ ਉਹ ਸਿਰਫ਼ ਚੰਦ ਨੌਜਵਾਨਾਂ ਦਾ ਹੈ ਜਦ ਕਿ ਬਦਨਾਮੀ ਪੂਰੀ ਕੌਮ ਦੀ ਹੋ ਰਹੀ ਹੈ । ਕਿੱਥੇ ਹੈ ਸਾਡੇ ਕੋਲ ਸਿੱਖ ਗੁਰੂ ਸਾਹਿਬਾਨ ਦਾ ਸ਼ਾਨਾਮੱਤਾ ਇਤਿਹਾਸ ਅਤੇ ਬਾਬੇ ਨਾਨਕ ਦਾ ਫਲਸਫਾ ਜਿਸ ਨੂੰ ਅਪਨਾਉਣਾ ਸਮੇਂ ਦੀ ਮੰਗ ਹੈ । ਸਮਾਂ ਲੰਘੇ ਤੋਂ ਸੱਪ ਦੀ ਲਕੀਰ ਕੁੱਟਣ ਵਾਲੀ ਗੱਲ ਹੋਵੇਗੀ । ਧਾਰਮਿਕ ਅਸਥਾਨਾਂ ਉਪਰ ਹੁੰਦੀਆਂ ਅਜਿਹੀਆਂ ਘਟਨਾਵਾਂ ਨੂੰ ਰੋਕਣ ਦੀ ਅਹਿਮ ਲੋੜ ਹੈ ।
ਲੇਖਕ - ਸਿੰਦਰ ਸਿੰਘ ਮੀਰਪੁਰੀ
ਫਰਿਜਨੋ ਕੈਲੇਫੋਰਨੀਆ
ਅਮਰੀਕਾ
5592850841

ਦੁੱਖਦਾਈ ਹੈ ਅਮਰੀਕਾ ਦੀ ਧਰਤੀ ਤੇ ਸੜਕ ਹਾਦਸਿਆਂ 'ਚ ਮਨੁੱਖੀ ਜਾਨਾਂ ਦਾ ਜਾਣਾ .. - ਸਿੰਦਰ ਸਿੰਘ ਮੀਰਪੁਰੀ

ਪਿਛਲੇ ਲੰਬੇ ਸਮੇਂ ਤੋਂ ਅਮਰੀਕਾ ਅੰਦਰ ਸੜਕੀ ਹਾਦਸਿਆਂ ਦੌਰਾਨ ਹੋ ਰਹੀਆਂ ਦਰਦਨਾਕ ਮੌਤਾਂ ਦਾ ਸਿਲਸਿਲਾ ਬਾਦਸਤੂਰ ਜਾਰੀ ਹੈ ਜੋ ਬੇਹੱਦ ਅਫ਼ਸੋਸਨਾਕ ਵਰਤਾਰਾ ਹੈ ਗਲਤੀ ਭਾਵੇਂ ਕਿਸੇ ਦੀ ਵੀ ਹੋਵੇ ਪਰ ਇੱਕ ਜਾਨ ਦਾ ਜਾਣਾ ਬੇਹੱਦ ਦੁੱਖਦਾਈ ਕਾਰਨ ਬਣਦਾ ਹੈ । ਉਸ ਦੇ ਪਰਿਵਾਰ ਦੇ ਲਈ , ਇੱਕ ਇਨਸਾਨ ਦੇ ਬੱਚਿਆਂ ਦੇ ਲਈ ਅਤੇ ਉਸ ਦੇ ਆਲੇ ਦੁਆਲੇ ਦੇ ਦੋਸਤ ਮਿੱਤਰਾਂ ਯਾਰਾਂ ਦਾ ਹਾਲ ਜੋ ਹੁੰਦਾ ਹੈ ਉਸ ਨੂੰ ਲੁਕੋਇਆ ਨਹੀਂ ਜਾ ਸਕਦਾ । ਹਰ ਰੋਜ਼ ਕਿਸੇ ਨਾ ਕਿਸੇ ਪੰਜਾਬੀ ਦੀ ਮੌਤ ਅਮਰੀਕਾ ਦੀ ਧਰਤੀ ਤੇ ਸੁਣਨ ਨੂੰ ਮਿਲ ਜਾਂਦੀ ਹੈ ਜਿਸ ਦੇ ਨਾਲ ਹਰ ਇਨਸਾਨ ਦਾ ਮਨ ਝੰਜੋੜਿਆ ਜਾਂਦਾ ਹੈ ਕਿ ਕਿਉਂ ਹੋ ਰਿਹਾ ਹੈ ਇਹ ਸਭ ਕੁਝ ਇਸ ਧਰਤੀ ਉੱਤੇ ਇਸੇ ਤਰ੍ਹਾਂ ਬੀਤੇ ਦਿਨ ਹੋਏ ਕਈ ਸੜਕ ਹਾਦਸਿਆਂ ਨੇ ਮਨ ਨੂੰ ਡੂੰਘੀ ਸੱਟ ਮਾਰੀ ਅਤੇ ਕੁਝ ਸਤਰਾਂ ਲਿਖਣ ਲਈ ਮਜਬੂਰ ਕੀਤਾ ।
                                ਬਿਨਾਂ ਸ਼ੱਕ ਕਈ ਇਨਸਾਨ ਹੁੰਦੇ ਨੇ ਜੋ ਮਿਲਣਸਾਰ ਹੁੰਦੇ ਨੇ ਉਨ੍ਹਾਂ ਦਾ ਚਲੇ ਜਾਣਾ ਨਾ ਭੁੱਲਣਯੋਗ ਵਿਛੋੜਾ ਹੁੰਦਾ ਹੈ । ਲੰਘੇ ਦਿਨੀਂ ਸਿਕਾਗੋ ਨੇੜੇ ਸੁਖਵਿੰਦਰ ਸਿੰਘ ਨਾਲ ਹੋੲੇ ਸੜਕੀ ਹਾਦਸੇ ਨੇ ਮਨੁੱਖੀ ਰੂਹਾਂ ਨੂੰ ਹਲੂਣ ਕੇ ਰੱਖ ਦਿੱਤਾ । ਉਸ ਤੋਂ ਬਾਅਦ ਵਰਜੀਨਿਆ , ਫਰਿਜਨੋ , ਵਿਖੇ ਹੋੲੇ ਮਨੁੱਖੀ ਜਾਨਾਂ ਦੇ ਘਾਣ ਨੇ ਲੂ ਕੰਡੇ ਖੜ੍ਹੇ ਕਰ ਦਿਤੇ । ਅੱਜ ਤੱਕ ਕਿਸੇ ਵੀ ਇਨਸਾਨ ਨੇ ਇਹ ਨਹੀਂ ਆਖਿਆ ਕਿ ਗਲਤੀ ਮੇਰੀ ਹੈ ਹਰ ਸਮੇਂ ਗਲਤੀ ਦੂਜੇ ਇਨਸਾਨ ਦੀ ਨਿਕਲਦੀ ਹੈ ਹਾਦਸੇ ਦੇ ਭਾਵੇਂ ਕਾਰਨ ਕੁਝ ਵੀ ਬਣੇ ਹੋਣ ਪਰ ਕਿਸੇ ਨੇ ਵੀ ਆਪ ਦੀ ਗਲਤੀ ਮੰਨਣ ਦੀ ਕਦੇ ਵੀ ਕੋਸ਼ਿਸ਼ ਨਹੀਂ । ਇੱਕ ਤੋਂ ਬਾਅਦ ਇੱਕ ਸੜਕ ਹਾਦਸਿਆਂ ਵਿੱਚ ਹੋ ਰਹੀਆਂ ਮੌਤਾਂ ਨੇ ਪੰਜਾਬੀ ਭਾਈਚਾਰੇ ਦੇ ਨਾਲ ਨਾਲ ਉੱਥੋਂ ਦੇ ਰਹਿਣ ਵਾਲੇ ਬਾਸ਼ਿੰਦਿਆਂ ਨੂੰ ਵੀ ਝੰਜੋੜ ਕੇ ਰੱਖ ਦਿੱਤਾ ਹੈ ਕਿ ਆਖਰ ਕਦੋਂ ਤੱਕ ਵਰਤਾਰਾ ਮਨੁੱਖੀ ਜ਼ਿੰਦਗੀਆਂ ਨੂੰ ਆਪਣੇ ਕਲਾਵੇ ਵਿੱਚ ਲੈ ਕੇ ਨਿਘਲਦਾ ਰਹੇਗਾ ਕਿਉਂਕਿ ਜਾਨਾਂ ਦਾ ਅਜਾਈਂ ਜਾਣਾ ਇੱਕ ਬੇਹੱਦ ਮਾੜਾ ਕਾਰਨ ਮੰਨਿਆ ਜਾ ਰਿਹਾ ਹੈ ।
                                ‎ਅਜੇ ਸੁਖਵਿੰਦਰ ਸਿੰਘ ਦੇ ਸਿਵੇ ਦੀ ਅੱਗ ਠੰਢੀ ਨਹੀਂ ਸੀ ਹੋਈ ਕਿ ਉਸ ਤੋਂ ਬਾਅਦ ਟੈਕਸਸ ਨੂੰ ਗੱਡੀ ਲੈ ਕੇ ਜਾ ਰਹੇ ਮੁਖਤਿਆਰ ਸਿੰਘ ਧਾਰੀਵਾਲ ਦੀ ਬੇਵਕਤੀ ਮੌਤ ਨਾਲ ਪੰਜਾਬੀ ਭਾਈਚਾਰੇ ਅੰਦਰ ਇੱਕ ਤਰ੍ਹਾਂ ਦਾ ਸਨਾਟਾ ਸਾਹ ਗਿਆ । ਵਾਹ ਮੇਰਿਆਂ ਰੱਬਾ ਕਿੱਥੋਂ ਭਾਲਾਂਗੇ ਅਜਿਹੀਆਂ ਰੂਹਾਂ ਨੂੰ ਜਿਹੜੀਆਂ ਇਨ੍ਹਾਂ ਭਿਆਨਕ ਸੜਕ ਹਾਦਸਿਆਂ ਦੌਰਾਨ ਸਾਡੇ ਕੋਲੋਂ ਇੱਕ ਇੱਕ ਕਰਕੇ ਦੂਰ ਜਾ ਰਹੀਆਂ ਨੇ । ਇਸ 38 ਸਾਲਾ ਨੌਜਵਾਨ ਦੀ ਮੌਤ ਦੇ ਕਾਰਨ ਕੀ ਬਣੇ ਇਹ ਭਾਵੇਂ ਅਜੇ ਵੀ ਜਾਂਚ ਦਾ ਵਿਸ਼ਾ ਏ ਪਰ ਇੱਕ ਖ਼ਿਆਲ ਮਨ ਦੇ ਵਿੱਚ ਵਾਰ ਵਾਰ ਆਉਂਦਾ ਹੈ ਕਿ ਕਿਉਂ ਹੋ ਰਿਹਾ ਇਹ ਸਭ ਕੁਝ । ਲਾਡਾਂ ਨਾਲ ਪਾਲੀਆਂ ਮਨੁੱਖੀ ਜ਼ਿੰਦਗੀਆਂ ਭੰਗ ਦੇ ਭਾਣੇ ਇਸ ਦੁਨੀਆਂ ਤੋਂ ਜਾ ਰਹੀਆਂ ਨੇ ਕਿਉਂ ।  ਜੇਕਰ ਭਾਰਤ ਦੇ ਮੁਕਾਬਲੇ ਅਮਰੀਕਾ ਦੇ ਸੜਕੀ ਸਿਸਟਮ ਦੀ ਗੱਲ ਕਰੀਏ ਤਾਂ ਸਾਡੇ ਨਾਲੋਂ 100 ਗੁਣਾ ਜ਼ਿਆਦਾ ਚੰਗਾ ਹੈ ਉੱਥੋਂ ਦਾ ਸਿਸਟਮ । ਉਥੋਂ ਦੇ ਲੋਕ ਸਰਕਾਰੀ ਰੂਲਾਂ ਨੂੰ ਮੁਹੱਬਤ ਦੀ ਤਰ੍ਹਾਂ ਵਰਤਦੇ ਹਨ  ਪਰ ਫਿਰ ਵੀ ਸੜਕੀ ਹਾਦਸੇ ਜਾਰੀ ਹਨ ।
                                ‎ਹੁਣ ਫੇਰ ਲੰਘੇ ਦਿਨੀਂ ਅਮਰੀਕਾ ਦੀ ਧਰਤੀ ਤੇ ਸੁਖਵਿੰਦਰ ਸਿੰਘ ਟਿਵਾਣਾ ਨਾਂ ਦੇ ਇੱਕ ਨੌਜਵਾਨ ਨੇ ਸੜਕ ਹਾਦਸੇ ਵਿੱਚ ਦਮ ਤੋੜ ਦਿੱਤਾ ਇਹ ਸੜਕ ਹਾਦਸਾ ਏਨਾ ਭਿਆਨਕ ਸੀ ਕਿ ਦੇਖਣ ਵਾਲੇ ਦੀਆਂ ਅੱਖਾਂ ਵਿੱਚੋਂ ਪਾਣੀ ਵਹਿਦਿਆਂ ਲੂੰ ਕੰਢੇ ਹੋ ਜਾਣ । ਜਲੰਧਰ ਜ਼ਿਲ੍ਹੇ ਦੇ ਪਿੰਡ ਰਹੀਮਪੁਰ ਨਾਲ ਸਬੰਧਤ ਇਹ  ਨੌਜਵਾਨ ਆਪਣੇ ਪਿਛੇ ਬੁੱਢੇ ਮਾਂ ਬਾਪ ਅਤੇ ਭਰਿਆ ਪਰਿਵਾਰ ਛੱਡ ਕੇ ਤੁਰ ਗਿਆ ।  ਜੋਤ ਟਰਾਕਿੰਗ ਕੰਪਨੀ ਦਾ 45 ਸਾਲਾਂ ਇਹ ਨੌਜਵਾਨ  ਬਿਨਾਂ ਸ਼ੱਕ ਹੋਣਹਾਰ ਚੰਗਾ ਵਿਅਕਤੀ ਸੀ ਜਿਸ ਦੀ ਮੌਤ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ । ਨਿਊ ਮੈਕਸੀਕੋ ਤੋਂ ਕੈਲੇਫੋਰਨੀਆ ਨੂੰ ਆ ਰਿਹਾ ਸੁਖਵਿੰਦਰ ਸਿੰਘ ਟਿਵਾਣਾ ਪਤਾ ਹੀ ਨਹੀਂ ਲੱਗਿਆ ਕਿਸ ਵੇਲੇ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਜਿੱਥੇ ਮੁਰੰਮਤ ਦਾ ਕੰਮ ਚੱਲ ਰਿਹਾ ਸੀ । ਸੜਕ ਹਾਦਸਿਆਂ ਵਿੱਚ ਇਹ ਕੋਈ ਪਹਿਲੀ ਮੌਤ ਨਹੀਂ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਨੌਜਵਾਨ ਸੜਕੀ ਹਾਦਸਿਆਂ ਦੀ ਭੇਟ ਚੜ੍ਹ ਚੁੱਕੇ ਹਨ ਜਿਨ੍ਹਾਂ ਦੇ ਕਾਰਨਾਂ ਦਾ ਅਜੇ ਤੱਕ ਵੀ ਪਤਾ ਨਹੀਂ ਲੱਗ ਸਕਿਆ ।  
                                ‎ਇਸ ਤੋਂ ਪਹਿਲਾਂ ਜਲੰਧਰ ਜ਼ਿਲ੍ਹੇ ਨਾਲ ਸਬੰਧਤ ਗੁਰਪ੍ਰੀਤ ਸਿੰਘ ਅਤੇ ਮਾਝੇ ਦੇ ਗੁਰਦਾਸਪੁਰ ਜ਼ਿਲ੍ਹੇ ਦਾ ਜਸਵਿੰਦਰ ਸਿੰਘ ਨੌਜਵਾਨ ਸੜਕ ਹਾਦਸਿਆਂ ਵਿੱਚ ਆਪਣੀ ਜਾਨ ਗੁਆ ਚੁੱਕਿਆ ਹੈ । ਇੱਕ ਪਾਸੇ ਅਮਰੀਕਾ ਦੀ ਧਰਤੀ ਤੇ ਅੱਗ ਨੇ ਆਪਣਾ ਕਹਿਰ ਮਚਾ ਰੱਖਿਆ ਹੈ ਦੂਜੇ ਪਾਸੇ ਸੜਕ ਹਾਦਸਿਆਂ ਵਿੱਚ ਜਾ ਰਹੀਆਂ ਜਾਨਾਂ ਨੇ ਪੰਜਾਬੀਆਂ ਦੇ ਸਾਹ ਸੂਤ ਕੇ ਰੱਖ ਦਿੱਤੇ ਹਨ । ਡਰਾਇਵਰ ਵੀਰਾਂ ਨੂੰ ਵੀ ਬੇਨਤੀ ਹੈ ਕਿ ਉਹ ਵੀ ਸੜਕੀ ਨਿਯਮਾਂ ਦਾ ਖਿਆਲ ਰੱਖਣ ਤਾਂ ਕਿ ਕੋਈ ਮਾੜੀ ਘਟਨਾ ਨਾ ਵਾਪਰੇ । ਮਾਲਕ ਮੇਹਰ ਕਰੇ ਕਿਸੇ ਦਾ ਧੀ ਪੁੱਤ ਸੜਕ ਹਾਦਸੇ ਵਿੱਚ ਇਸ ਦੁਨੀਆਂ ਨੂੰ ਛੱਡ ਕੇ ਨਾ ਜਾਵੇ ਨਹੀਂ ਤਾਂ ਮਗਰੋਂ ਪਰਿਵਾਰ ਦਾ ਹਾਲ ਬਹੁਤ ਮਾੜਾ ਹੁੰਦਾ ਹੈ , ੲੇਹੀ ਸਾਡੀ ਕਾਮਨਾ ਹੈ ।

ਲੇਖਕ : ਸਿੰਦਰ ਸਿੰਘ ਮੀਰਪੁਰੀ
ਫਰਿਜਨੋ ( ਕੈਲੀਫ਼ੋਰਨੀਆ )
 ‎559 285 0841