Sukhwant Hundal

ਪੂੰਜੀਵਾਦੀ ਪ੍ਰਬੰਧ ਵਿੱਚ ਕੂੜੇ ਦੀ ਪੈਦਾਵਾਰ - ਸੁਖਵੰਤ ਹੁੰਦਲ

ਪੂੰਜੀਵਾਦੀ ਪ੍ਰਬੰਧ ਵਿੱਚ ਉਤਪਾਦਕ ਦਾ ਮੁੱਖ ਉਦੇਸ਼ ਮੁਨਾਫਾ ਕਮਾਉਣਾ ਹੁੰਦਾ ਹੈ। ਇਹ ਮੁਨਾਫਾ ਵਸਤਾਂ ਨੂੰ ਪੈਦਾ ਕਰਕੇ ਅਤੇ ਵੇਚ ਕੇ ਕਮਾਇਆ ਜਾਂਦਾ ਹੈ। ਇਸ ਲਈ ਵਸਤਾਂ ਦੇ ਉਤਪਾਦਨ ਵਿੱਚ ਲਗਾਤਾਰ ਵਾਧਾ ਪੂੰਜੀਵਾਦੀ ਪ੍ਰਬੰਧ ਦੀ ਇਕ ਮੁੱਖ ਖਾਸੀਅਤ ਹੈ। ਵਸਤਾਂ ਦੇ ਉਤਪਾਦਨ ਵਿੱਚ ਹੋਣ ਵਾਲੇ ਲਗਾਤਾਰ ਵਾਧੇ ਕਾਰਨ, ਉਤਪਾਦਨ ਦੇ ਨਤੀਜੇ (ਬਾਈ ਪ੍ਰੋਡਕਟ) ਵੱਜੋਂ ਪੈਦਾ ਹੋਣ ਵਾਲੇ ਕੂੜੇ ਵਿੱਚ ਵੀ ਲਗਾਤਾਰ ਵਾਧਾ ਹੋਈ ਜਾਂਦਾ ਹੈ। ਵਰਲਡ ਰਿਸੋਰਸਜ਼ ਇੰਸਟੀਚਿਊਟ ਵਲੋਂ ਸੰਨ 1998 ਵਿੱਚ ਛਪੀ ਇਕ ਰਿਪੋਰਟ ਅਨੁਸਾਰ, ਸਨਅਤੀ ਦੇਸ਼ਾਂ ਵਿੱਚ ਵਸਤਾਂ ਦੇ ਉਤਪਾਦਨ ਲਈ ਵਰਤੇ ਜਾਂਦੇ ਵਸੀਲਿਆਂ (ਪਾਣੀ, ਕੱਚਾ ਮਾਲ, ਬਾਲਣ ਆਦਿ) ਦਾ ਅੱਧਾ ਜਾਂ ਤਿੰਨ/ਚੌਥਾਈ ਹਿੱਸਾ ਇਕ ਸਾਲ ਦੇ ਅੰਦਰ ਅੰਦਰ ਕੂੜੇ ਦੇ ਰੂਪ ਵਿੱਚ ਵਾਪਸ ਵਾਤਾਵਰਨ ਵਿੱਚ ਪਹੁੰਚ ਜਾਂਦਾ ਹੈ। ਕਿਉਂਕਿ ਮੁਨਾਫਾ ਕਮਾਉਣ ਲਈ ਵਸਤਾਂ ਦਾ ਵੇਚਿਆਂ ਜਾਣਾ ਜ਼ਰੂਰੀ ਹੈ, ਇਸ ਲਈ ਹਰ ਸਾਲ ਵੇਚੀਆਂ ਨਾ ਜਾ ਸਕਣ ਵਾਲੀਆਂ ਬਹੁਤ ਸਾਰੀਆਂ ਸਹੀ ਸਲਾਮਤ ਵਸਤਾਂ ਨੂੰ ਕੂੜੇ ਦੇ ਢੇਰ `ਤੇ ਸੁੱਟ ਦਿੱਤਾ ਜਾਂਦਾ ਹੈ। ਇਹ ਗੱਲ ਯਕੀਨੀ ਬਣਾਉਣ ਲਈ ਕਿ ਲੋਕ ਲਗਾਤਾਰ ਵਸਤਾਂ ਖ੍ਰੀਦਦੇ ਰਹਿਣ ਵੱਡੀ ਪੱਧਰ `ਤੇ ਮਾਰਕੀਟਿੰਗ ਕਰਕੇ ਲੋਕਾਂ ਵਿੱਚ ਵਸਤਾਂ ਲਈ ਖਾਹਿਸ਼ਾਂ ਪੈਦਾ ਕੀਤੀਆਂ ਜਾਂਦੀਆਂ ਹਨ। ਵਸਤਾਂ ਦਾ ਉਤਪਾਦਨ ਇਸ ਤਰ੍ਹਾਂ ਕੀਤਾ ਜਾਂਦਾ ਹੈ ਕਿ ਉਹ ਇਕ ਮਿੱਥੇ ਸਮੇਂ ਬਾਅਦ ਵਰਤਣ ਦੇ ਯੋਗ ਨਾ ਰਹਿਣ। ਉਤਪਾਦਨ ਦੇ ਇਸ ਵਰਤਾਰੇ ਨੂੰ 'ਪਲੈਨਡ ਓਬਸੋਲੀਸੈਂਸ' ਦਾ ਨਾਂ ਦਿੱਤਾ ਗਿਆ ਹੈ। ਇਸ ਦੀ ਸਪਸ਼ਟ ਉਦਾਹਰਨ ਇਲੈਕਟ੍ਰੌਨਿਕ ਦੀਆਂ ਵਸਤਾਂ ਹਨ। ਤਕਨੀਕੀ ਤੌਰ `ਤੇ ਇਸ ਵਿੱਚ ਕੋਈ ਸਮੱਸਿਆ ਨਹੀਂ ਹੈ ਕਿ ਕੰਪਿਊਟਰਾਂ ਜਾਂ ਸੈੱਲਫੋਨਾਂ ਨੂੰ ਮੁਰੰਮਤ ਜਾਂ ਅਪਗ੍ਰੇਡ ਨਾ ਕੀਤਾ ਜਾ ਸਕੇ। ਪਰ ਅਜਿਹਾ ਕਰਨ ਨੂੰ ਤਰਜੀਹ ਨਹੀਂ ਦਿੱਤੀ ਜਾਂਦੀ ਅਤੇ ਲੋਕਾਂ ਨੂੰ ਨਵੇਂ ਕੰਪਿਊਟਰ, ਸੈੱਲ ਫੋਨ ਆਦਿ ਲੈਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਨਤੀਜੇ ਵੱਜੋਂ ਪਿਛਲੇ ਕੁੱਝ ਦਹਾਕਿਆਂ ਵਿੱਚ ਈ-ਵੇਸਟ ਦੀ ਇਕ ਵੱਡੀ ਸਮੱਸਿਆ ਪੈਦਾ ਹੋ ਗਈ ਹੈ। ਇਸ ਦੇ ਨਾਲ ਨਾਲ ਫੈਸ਼ਨ ਜਾਂ ਚੀਜ਼ਾਂ ਦੇ ਮਾਡਲਾਂ ਵਿੱਚ ਤਬਦੀਲੀ ਕਰਕੇ ਲੋਕਾਂ ਨੂੰ ਚੰਗੀਆਂ ਭਲੀਆਂ ਚੀਜ਼ਾਂ ਨੂੰ ਕੂੜੇ ਦੇ ਢੇਰ `ਤੇ ਸੁੱਟਣ ਲਈ ਤਿਆਰ ਕੀਤਾ ਜਾਂਦਾ ਹੈ। ਪੂੰਜੀਵਾਦ ਪ੍ਰਬੰਧ ਵਿੱਚ ਵੱਡੀ ਪੱਧਰ `ਤੇ ਹੋਣ ਵਾਲੀ ਕੂੜੇ ਦੀ ਪੈਦਾਵਾਰ ਅਤੇ ਉਸ ਦੇ ਭੈੜੇ ਨਤੀਜਿਆਂ ਦੀ ਇਕ ਸਪਸ਼ਟ ਤਸਵੀਰ ਬਣਾਉਣ ਲਈ ਕੁੱਝ ਜਾਣਕਾਰੀ ਪੇਸ਼ ਹੈ।

ਸਭ ਤੋਂ ਪਹਿਲੀ ਉਦਾਹਰਨ ਖਾਣਾਂ ਵਿੱਚੋਂ ਧਾਤਾਂ ਕੱਢਣ ਦੇ ਅਮਲ ਦੌਰਾਨ ਪੈਦਾ ਹੋਣ ਵਾਲੇ ਕੂੜੇ ਦੀ ਲਈ ਜਾ ਸਕਦੀ ਹੈ। ਆਮ ਤੌਰ `ਤੇ ਇਸ ਅਮਲ ਦੌਰਾਨ ਧਰਤੀ ਵਿੱਚੋਂ ਕੱਢੀ ਜਾਣ ਵਾਲੀ ਸਮੱਗਰੀ ਦਾ ਜਿ਼ਆਦਾ ਹਿੱਸਾ ਕੂੜਾ-ਕਰਕਟ ਹੁੰਦਾ ਹੈ ਅਤੇ ਬਹੁਤ ਥੋੜ੍ਹਾ ਹਿੱਸਾ ਵਰਤੀ ਜਾ ਸਕਣ ਵਾਲੀ ਧਾਤ। ਉਦਾਹਰਨ ਲਈ ਮਾਈਨਿੰਗ ਵਾਚ ਕੈਨੇਡਾ ਦੇ ਬਲੌਗ `ਤੇ 5 ਅਕਤੂਬਰ 2020 ਨੂੰ ਛਪੀ ਮਾਈਨ ਵੇਸਟ ਇਨ ਕੈਨੇਡਾ: ਏ ਗਰੋਇੰਗ ਲਾਇਬਿਲਟੀ ਵਿੱਚ ਦੱਸਿਆ ਗਿਆ ਹੈ ਕਿ ਇਕ ਟਨ ਲੋਹੇ ਦੀ ਧਾਤ ਕੱਢਣ ਪਿੱਛੇ 3 ਟਨ ਤੋਂ ਜ਼ਿਆਦਾ ਠੋਸ ਕੂੜਾ (ਸੋਲਿਡ ਵੇਸਟ) ਪੈਦਾ ਹੁੰਦਾ ਹੈ। ਤਾਂਬੇ, ਨਿੱਕਲ, ਜਿ਼ਸਤ (ਜਿ਼ੰਕ), ਲੀਥੀਅਮ ਅਤੇ ਗਰੈਫਾਈਟ ਦਾ ਇਕ ਟਨ ਕੱਢਣ ਪਿੱਛੇ 20-200 ਟਨ ਠੋਸ ਕੂੜਾ (ਸੋਲਿਡ ਵੇਸਟ) ਪੈਦਾ ਹੁੰਦਾ ਹੈ ਪਲਾਟੀਨਮ, ਰੇਅਰ ਅਰਥ ਅਤੇ ਸੋਨੇ ਦੀ ਇਕ ਟਨ ਧਾਤ ਕੱਢਣ ਲਈ 10 ਲੱਖ (1 ਮਿਲੀਅਨ) ਟਨ ਤੋਂ ਜ਼ਿਆਦਾ ਕੂੜਾ ਪੈਦਾ ਹੁੰਦਾ ਹੈ। ਹਾਂ ਜੀ ਇਕ ਟਨ ਸੋਨੇ ਦੀ ਧਾਤ ਮਗਰ 10 ਲੱਖ ਟਨ ਤੋਂ ਜਿ਼ਆਦਾ ਕੂੜਾ। ਵਰਲਡ ਕਾਊਂਟਸ ਨਾਂ ਦੇ ਵੈੱਬਸਾਈਟ `ਤੇ ਛਪੀ ਇਕ ਹੋਰ ਰਿਪੋਰਟ ਅਨੁਸਾਰ ਕੁੱਲ ਮਿਲਾ ਕੇ ਸੋਨੇ ਦੀਆਂ ਖਾਣਾਂ ਵਿੱਚੋਂ ਹਰ 40 ਸਕਿੰਟਾਂ ਵਿੱਚ ਪੈਦਾ ਹੋਣ ਵਾਲੇ ਕੂੜੇ ਦਾ ਭਾਰ ਇਕ ਆਈਫਲ ਟਾਵਰ ਦੇ ਭਾਰ ਜਿੰਨਾ ਹੁੰਦਾ ਹੈ। ਸੋਨੇ ਦੀਆਂ ਖਾਣਾਂ ਵਿੱਚੋਂ 5 ਦਿਨਾਂ ਤੋਂ ਘੱਟ ਸਮੇਂ ਵਿੱਚ ਪੈਦਾ ਹੋਣ ਵਾਲੇ ਕੂੜੇ ਨਾਲ ਤੁਸੀਂ ਸਾਰੇ ਪੈਰਿਸ ਸ਼ਹਿਰ ਨੂੰ ਕੂੜੇ ਦੇ ਟਾਵਰਾਂ ਨਾਲ ਢੱਕ ਸਕਦੇ ਹੋ।  ਸੋਨੇ ਦੀ ਇਕ ਮੁੰਦੀ ਬਣਾਉਣ ਲਈ ਲੋੜੀਂਦਾ ਸੋਨਾ ਖਾਣ ਵਿੱਚੋਂ ਕੱਢਣ ਲਈ 26 ਟਨ ਦੇ ਬਰਾਬਰ ਕੂੜਾ ਪੈਦਾ ਹੁੰਦਾ ਹੈ।

ਖਾਣਾਂ ਵਿੱਚੋਂ ਧਾਤਾਂ ਕੱਢਣ ਕਾਰਨ ਪੈਦਾ ਹੋਣ ਵਾਲੇ ਕੂੜੇ ਵਿੱਚ ਕਈ ਕਿਸਮ ਦੇ ਜ਼ਹਿਰੀਲੇ ਰਸਾਇਣਕ ਪਦਾਰਥ ਹੁੰਦੇ ਹਨ, ਜਿਵੇਂ ਸੰਖੀਆ, ਸਿੱਕਾ, ਪਾਰਾ, ਪੈਟਰੋਲ ਨਾਲ ਸੰਬੰਧਿਤ ਉਤਪਾਦ, ਤੇਜ਼ਾਬ, ਸਾਈਨਾਈਡ ਆਦਿ। ਜ਼ਹਿਰੀਲੇ ਪਦਾਰਥਾਂ ਨਾਲ ਭਰਪੂਰ ਇਹ ਕੂੜਾ ਕਈ ਤਰ੍ਹਾਂ ਨਾਲ ਵਾਤਾਵਰਨ ਦੇ ਪ੍ਰਦੂਸ਼ਣ ਦਾ ਕਾਰਨ ਬਣਦਾ ਹੈ। ਅਮਰੀਕਾ ਦੀ ਰਾਜਧਾਨੀ ਵਸਿ਼ੰਗਟਨ ਵਿੱਚ ਸਥਿਤ ਸੰਸਥਾ ਅਰਥਵਰਕਸ ਦੀ ਫਰਵਰੀ 2012 ਵਿੱਚ ਪ੍ਰਕਾਸ਼ਤ "ਟਰਬਲਡ ਵਾਟਰਜ਼" ਨਾਂ ਦੀ ਰਿਪੋਰਟ ਖਾਣਾਂ ਵਿੱਚੋਂ ਪੈਦਾ ਹੋਣ ਵਾਲੇ ਕੂੜੇ ਕਾਰਨ ਪ੍ਰਦੂਸ਼ਤ ਹੋਣ ਵਾਲੇ ਸਮੁੰਦਰਾਂ, ਦਰਿਆਵਾਂ, ਝੀਲਾਂ ਅਤੇ ਧਰਤੀ ਹੇਠਲੇ ਪਾਣੀ ਵੱਲ ਧਿਆਨ ਦਿਵਾਉਂਦੀ ਹੈ। ਇਸ ਰਿਪੋਰਟ ਅਨੁਸਾਰ, ਮਾਈਨਿੰਗ ਕੰਪਨੀਆਂ ਦੁਨੀਆ ਭਰ ਵਿੱਚ ਹਰ ਸਾਲ 18 ਕ੍ਰੋੜ (180 ਮਿਲੀਅਨ) ਟਨ ਤੋਂ ਜਿ਼ਆਦਾ ਜ਼ਹਿਰੀਲਾ ਕੂੜਾ ਦਰਿਆਵਾਂ, ਝੀਲਾਂ ਅਤੇ ਸਮੁੰਦਰਾਂ ਵਿੱਚ ਸੁੱਟ ਰਹੀਆਂ ਹਨ। ਇਸ ਦੇ ਨਤੀਜੇ ਵਜੋਂ ਦੁਨੀਆ ਭਰ ਵਿੱਚ ਪਾਣੀ ਦੇ ਸ੍ਰੋਤ ਪ੍ਰਦੂਸ਼ਤ ਹੋ ਰਹੇ ਹਨ ਅਤੇ ਪੀਣ ਵਾਲੇ ਪਾਣੀ ਦੇ ਸ੍ਰੋਤਾਂ, ਭੋਜਨ ਦੀ ਸਪਲਾਈ, ਲੋਕਾਂ ਦੀ ਸਿਹਤ ਅਤੇ ਪਾਣੀ ਵਿੱਚ ਰਹਿਣ ਵਾਲੇ ਜਾਨਵਰਾਂ ਦੀ ਜਿ਼ੰਦਗੀ ਲਈ ਖਤਰੇ ਪੈਦਾ ਹੋ ਰਹੇ ਹਨ।

ਵਸਤਾਂ ਦੇ ਉਤਪਾਦਨ ਦੌਰਾਨ ਪੈਦਾ ਹੋਣ ਵਾਲੇ ਕੂੜੇ ਦੇ ਵਰਤਾਰੇ ਨੂੰ ਸਮਝਣ ਲਈ ਕੋਕਾ ਕੋਲਾ ਦੇ ਇਕ ਕੈਨ ਦੇ ਉਤਪਾਦਨ ਅਤੇ ਵਰਤੋਂ ਦੀ ਕਹਾਣੀ ਨੂੰ ਜਾਣਨਾ ਕਾਫੀ ਜਾਣਕਾਰੀ ਭਰਪੂਰ ਹੋ ਸਕਦਾ ਹੈ। ਪਾਲ ਹਾਕਿਨ, ਐਮੋਰੀ ਬੀ. ਲਵਿਨਜ਼ ਅਤੇ ਐੱਲ ਹੰਟਰ ਲਵਿਨਜ਼ ਆਪਣੀ ਕਿਤਾਬ, ਨੈਚੁਰਲ ਕੈਪੀਟਲਿਜ਼ਮ: ਦਿ ਨੈਕਸਟ ਇੰਡਸਟਰੀਅਲ ਰੈਵੋਲੂਸ਼ਨ ਵਿੱਚ ਇੰਗਲੈਂਡ ਵਿੱਚ ਵਰਤੇ ਜਾਣ ਵਾਲੇ ਕੋਕਾ ਕੋਲਾ ਦੇ ਇਕ ਕੈਨ ਦੀ ਕਹਾਣੀ ਇਸ ਤਰ੍ਹਾਂ ਦਸਦੇ ਹਨ:

“ਕੈਨ ਬਣਾਉਣ ਲਈ ਚਾਹੀਦੀ ਕੱਚੀ ਧਾਤ ਬਾਕਸਾਈਟ ਅਸਟ੍ਰੇਲੀਆ ਵਿੱਚ ਕੱਢੀ ਜਾਂਦੀ ਹੈ। ਫਿਰ ਉੱਥੇ ਹੀ ਇਸ ਨੂੰ ਕੈਮੀਕਲ ਰਿਡਕਸ਼ਨ ਮਿੱਲ ਵਿੱਚ ਭੇਜਿਆ ਜਾਂਦਾ ਹੈ, ਜਿੱਥੇ ਅੱਧੇ ਘੰਟੇ ਦਾ ਸ਼ੁੱਧੀਕਰਨ ਦਾ ਕਾਰਜ ਇਕ ਟਨ ਬਾਕਸਾਈਟ ਨੂੰ ਅੱਧੇ ਟਨ ਅਲਮੀਨੀਅਮ ਆਕਸਾਈਡ ਵਿੱਚ ਤਬਦੀਲ ਕਰ ਦਿੰਦਾ ਹੈ। ਫਿਰ ਇਹ ਅਲਮੀਨੀਅਮ ਆਕਸਾਈਡ ਸਮੁੰਦਰੀ ਜਹਾਜ਼ਾਂ ਵਿੱਚ ਸਵੀਡਨ ਜਾਂ ਨੋਰਵੇਅ ਦੇ ਕਿਸੇ ਸਮੈਲਟਰ (ਕੱਚੀ ਧਾਤ ਨੂੰ ਪਿਘਲਾ ਕੇ ਮਿੱਟੀ ਨਾਲੋਂ ਵੱਖ ਕਰਨ ਵਾਲੀ ਥਾਂ) ਨੂੰ ਭੇਜਿਆ ਜਾਂਦਾ ਹੈ। ਜਹਾਜ਼ਾਂ ਵਿੱਚ ਮਹੀਨੇ ਦੇ ਸਫਰ ਬਾਅਦ ਸਮੈਲਟਰ ਵਿੱਚ ਪੁੱਜਿਆ ਅਲਮੀਨੀਅਮ ਆਕਸਾਈਡ ਦੋ ਮਹੀਨਿਆਂ ਦੇ ਕਰੀਬ ਤੱਕ ਸਮੈਲਟਰ ਵਿੱਚ ਪਿਆ ਰਹਿੰਦਾ ਹੈ ਅਤੇ ਫਿਰ ਸਮੈਲਟਰ ਵਿੱਚ 2 ਘੰਟਿਆਂ ਦਾ ਕਾਰਜ ਅਲਮੀਨੀਅਮ ਆਕਸਾਈਡ ਦੇ ਅੱਧੇ ਟਨ ਨੂੰ ਇਕ ਚੌਥਾਈ ਟਨ ਦੇ ਬਰਾਬਰ ਦੀ ਅਲਮੀਨੀਅਮ ਦੀ ਧਾਤ ਵਿੱਚ ਤਬਦੀਲ ਕਰਦਾ ਹੈ ਅਤੇ ਇਹ ਧਾਤ 10 ਮੀਟਰ ਲੰਬੇ ਡਲਿਆਂ ਦੇ ਰੂਪ ਵਿੱਚ ਹੁੰਦੀ ਹੈ। ਫਿਰ ਅਲਮੀਨੀਅਮ ਦੀ ਧਾਤ ਦੇ ਇਹਨਾਂ ਡਲਿਆਂ ਨੂੰ ਸਮੈਲਟਰ ਵਾਲੀ ਥਾਂ `ਤੇ ਧਾਤ ਨੂੰ ਸਾਧਣ ਦੇ ਦੋ ਹਫਤਿਆਂ ਦੇ ਲੰਮੇ ਅਮਲ ਰਾਹੀਂ ਸਖਤ ਕੀਤਾ ਜਾਂਦਾ ਹੈ ਅਤੇ ਫਿਰ ਇਸ ਨੂੰ ਸਵੀਡਨ ਜਾਂ ਜਰਮਨੀ ਦੀਆਂ ਰੋਲਰ ਮਿੱਲਾਂ ਨੂੰ ਭੇਜਿਆ ਜਾਂਦਾ ਹੈ। ਉੱਥੇ ਧਾਤ ਦੇ ਇਸ ਇਕੱਲੇ ਇਕੱਲੇ ਡਲੇ ਨੂੰ 900 ਡਿਗਰੀ ਫਾਰਨਹੀਟ ਦੇ ਤਾਪਮਾਨ ਤੱਕ ਗਰਮ ਕਰਕੇ 1/8 ਇੰਚ ਦੀ ਮੋਟਾਈ ਵਾਲੀਆਂ ਸ਼ੀਟਾਂ ਵਿੱਚ ਢਾਲਿਆ ਜਾਂਦਾ ਹੈ। ਫਿਰ ਇਹਨਾਂ ਸ਼ੀਟਾਂ ਨੂੰ ਇਕ ਵੇਅਰਹਾਊਸ ਵਿੱਚ ਭੇਜਿਆ ਜਾਂਦਾ ਹੈ ਅਤੇ ਉੱਥੋਂ ਇਹਨਾਂ ਨੂੰ ਉਸ ਹੀ ਦੇਸ਼ ਵਿੱਚ ਜਾਂ ਕਿਸੇ ਹੋਰ ਦੇਸ਼ ਵਿਚਲੀਆਂ ਕੋਲਡ ਰੋਲਿੰਗ ਮਿੱਲਾਂ ਵਿੱਚ ਭੇਜਿਆ ਜਾਂਦਾ ਹੈ। ਇਹਨਾਂ ਕੋਲਡ ਰੋਲਿੰਗ ਮਿੱਲਾਂ ਵਿੱਚ ਇਹਨਾਂ ਸ਼ੀਟਾਂ ਨੂੰ 10 ਗੁਣਾਂ ਪਤਲੀਆਂ ਸ਼ੀਟਾਂ ਵਿੱਚ ਢਾਲਿਆ ਜਾਂਦਾ ਹੈ। ਹੁਣ ਅਲਮੀਨੀਅਮ ਦੀਆਂ ਇਹ ਸ਼ੀਟਾਂ ਕੈਨ ਬਣਾਉਣ ਲਈ ਤਿਆਰ ਹੋ ਜਾਂਦੀਆਂ ਹਨ। ਫਿਰ ਇਸ ਅਲਮੀਨੀਅਮ ਨੂੰ ਇੰਗਲੈਂਡ ਭੇਜਿਆ ਜਾਂਦਾ ਹੈ ਜਿੱਥੇ ਇਹਨਾਂ ਸ਼ੀਟਾਂ ਨੂੰ ਕੱਟ ਕੇ ਕੈਨ ਬਣਾਏ ਜਾਂਦੇ ਹਨ। ਫਿਰ ਇਹਨਾਂ ਕੈਨਾਂ ਨੂੰ ਧੋਇਆ ਜਾਂਦਾ ਹੈ, ਸੁਕਾਇਆ ਜਾਂਦਾ ਹੈ ਅਤੇ ਇਹਨਾਂ ਨੂੰ ਰੋਗਨ (ਪੇਂਟ) ਦੀ ਮੁਢਲੀ ਤਹਿ ਨਾਲ ਰੰਗਿਆ ਜਾਂਦਾ ਹੈ। ਉਸ ਤੋਂ ਬਾਅਦ ਇਹਨਾਂ ਨੂੰ ਦੁਬਾਰਾ ਪ੍ਰੋਡਕਟ ਬਾਰੇ ਖਾਸ ਜਾਣਕਾਰੀ ਨਾਲ ਪੇਂਟ ਕੀਤਾ ਜਾਂਦਾ ਹੈ। ਇਸ ਸਮੇਂ ਤੱਕ ਇਹਨਾਂ ਕੈਨਾਂ `ਤੇ ਉਪਰਲਾ ਢੱਕਣ ਨਹੀਂ ਲਾਇਆ ਗਿਆ ਹੁੰਦਾ। ਇਸ ਤੋਂ ਅਗਲਾ ਕਦਮ ਕੈਨਾਂ ਨੂੰ ਲਾਖ ਨਾਲ ਪੇਂਟ ਕਰਨਾ, ਉਨ੍ਹਾਂ ਦਾ ਉਭਰਿਆ ਕੰਢਾ ਜਾਂ ਘੇਰਾ ਬਣਾਉਣਾ ਅਤੇ ਕੈਨਾਂ ਦੇ ਅੰਦਰ ਜੰਗਾਲ ਲੱਗਣ ਤੋਂ ਬਚਾਅ ਕਰਨ ਲਈ ਉਨ੍ਹਾਂ ਅੰਦਰ ਸੁਰੱਖਿਅਤ ਪਰਤ (ਕੋਟਿੰਗ) ਦਾ ਸਪਰੇਅ ਕਰਨਾ ਅਤੇ ਉਹਨਾਂ ਦੀ ਜਾਂਚ ਕਰਨਾ ਹੁੰਦਾ ਹੈ।   

ਇਸ ਤੋਂ ਬਾਅਦ ਕੈਨਾਂ ਨੂੰ ਲੋੜ ਪੈਣ ਤੱਕ ਵੇਅਰਹਾਊਸ ਵਿੱਚ ਰੱਖ ਦਿੱਤਾ ਜਾਂਦਾ ਹੈ ਅਤੇ ਲੋੜ ਮੁਤਾਬਕ ਬੌਟਲਿੰਗ ਦੇ ਪਲਾਂਟ ਨੂੰ ਭੇਜਿਆ ਜਾਂਦਾ ਹੈ। ਬੌਟਲਿੰਗ ਪਲਾਂਟ ਵਿੱਚ ਕੈਨਾਂ ਨੂੰ ਇਕ ਵਾਰ ਫਿਰ ਸਾਫ ਕੀਤਾ ਜਾਂਦਾ ਹੈ ਅਤੇ ਧੋਤਾ ਜਾਂਦਾ ਹੈ ਅਤੇ ਸੁਆਦ ਵਾਲੇ ਸ਼ੀਰੇ (ਸਿਰਪ), ਫਾਸਫੋਰਸ, ਕੈਫੀਨ ਅਤੇ ਕਾਰਬਨਡਾਈਔਕਸਾਈਡ ਗੈਸ ਵਾਲੇ ਪਾਣੀ ਨਾਲ ਭਰਿਆ ਜਾਂਦਾ ਹੈ। ਇਸ ਵਿੱਚ ਵਰਤੀ ਜਾਂਦੀ ਖੰਡ ਫਰਾਂਸ ਦੇ ਖੇਤਾਂ ਵਿੱਚ ਉਗਾਏ ਜਾਂਦੇ ਚਕੰਦਰਾਂ ਤੋਂ ਬਣਾਈ ਹੁੰਦੀ ਹੈ ਅਤੇ ਮਿੱਲ ਵਿੱਚ ਸੋਧਣ ਤੋਂ ਬਾਅਦ ਟਰੱਕਾਂ ਰਾਹੀਂ ਇੰਗਲੈਂਡ ਪੁੱਜੀ ਹੁੰਦੀ ਹੈ। ਇਸ ਵਿੱਚ ਵਰਤੀ ਜਾਂਦੀ ਫਾਸਫੋਰਸ ਅਮਰੀਕਾ ਦੇ ਸੂਬੇ ਇਡਾਹੋ ਵਿੱਚ ਓਪਨ ਪਿੱਟ ਖਾਣਾਂ ਵਿੱਚੋਂ ਕੱਢੀ ਜਾਂਦੀ ਹੈ। ਖਾਣਾਂ ਵਿੱਚੋਂ ਫਾਸਫੋਰਸ ਕੱਢਣ ਦੇ ਇਸ ਅਮਲ ਦੌਰਾਨ ਕੈਡਮੀਅਮ ਅਤੇ ਰੇਡੀ ਓ ਐਕਟਿਵ ਥੌਰੀਅਮ ਵਰਗੇ ਜ਼ਹਿਰੀਲੇ ਪਦਾਰਥ ਵੀ ਧਰਤੀ ਤੋਂ ਬਾਹਰ ਆਉਂਦੇ ਹਨ। ਫਾਸਫੇਟ ਨੂੰ ਖਾਣੇ ਦੀ ਕੁਆਲਟੀ ਦੀ ਪੱਧਰ (ਫੂਡ ਗ੍ਰੇਡ ਕੁਆਲਟੀ) ਵਿੱਚ ਤਬਦੀਲ ਕਰਨ ਲਈ ਇਹ ਮਾਈਨਿੰਗ ਕੰਪਨੀ 24 ਘੰਟਿਆਂ ਦੇ ਦੌਰਾਨ ਉਨੀ ਬਿਜਲੀ ਦੀ ਵਰਤੋਂ ਕਰਦੀ ਹੈ, ਜਿੰਨੀ ਬਿਜਲੀ 1 ਲੱਖ ਲੋਕਾਂ ਦੀ ਵਸੋਂ ਵਾਲਾ ਸ਼ਹਿਰ 24 ਘੰਟਿਆਂ ਵਿੱਚ ਵਰਤਦਾ ਹੈ। ਇੰਗਲੈਂਡ ਵਿੱਚ ਸ਼ੀਰੇ ਦੇ ਉਤਪਾਦਕ ਨੂੰ ਕੈਫੀਨ ਰਸਾਇਣਕ ਪਦਾਰਥ ਪੈਦਾ ਕਰਨ ਵਾਲੇ ਉਤਪਾਦਨ ਵੱਲੋਂ ਭੇਜੀ ਜਾਂਦੀ ਹੈ।

ਹੁਣ ਕੋਕਾ ਕੋਲਾ ਨਾਲ ਭਰੇ ਕੈਨਾਂ `ਤੇ 1500 ਕੈਨ ਪ੍ਰਤੀ ਮਿੰਟ ਦੇ ਹਿਸਾਬ ਨਾਲ ਢੱਕਣ ਲਾਏ ਜਾਂਦੇ ਹਨ। ਫਿਰ ਇਹਨਾਂ ਕੈਨਾਂ ਨੂੰ ਗੱਤੇ ਦੇ ਡੱਬਿਆਂ (ਕਾਰਟਨਾਂ) ਵਿੱਚ ਪੈਕ ਕੀਤਾ ਜਾਂਦਾ ਹੈ। ਇਹਨਾਂ ਡੱਬਿਆਂ `ਤੇ ਮੈਚ ਕਰਦੇ ਰੰਗਾਂ ਵਿੱਚ ਪ੍ਰਚਾਰ ਦੀ ਸਮੱਗਰੀ ਛਾਪੀ ਗਈ ਹੁੰਦੀ ਹੈ। ਗੱਤੇ ਦੇ ਡੱਬੇ ਜਿਸ ਗੁੱਦੇ (ਪਲਪ) ਤੋਂ ਬਣਾਏ ਜਾਂਦੇ ਹਨ, ਉਹ ਗੁੱਦਾ ਸਵੀਡਨ ਜਾਂ ਸਾਈਬੇਰੀਆ ਜਾਂ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਜੰਗਲਾਂ ਵਿੱਚੋਂ ਵੱਢੇ ਦਰੱਖਤਾਂ ਤੋਂ ਤਿਆਰ ਕੀਤਾ ਗਿਆ ਹੋ ਸਕਦਾ ਹੈ। ਇੱਥੋਂ ਇਹ ਕੈਨ ਕਿਸੇ ਸਥਾਨਕ ਵੇਅਰਹਾਊਸ ਵਿੱਚ ਭੇਜੇ ਜਾਂਦੇ ਹਨ, ਅਤੇ ਵੇਅਰਹਾਊਸ ਤੋਂ ਸਥਾਨਕ ਸੁਪਰਮਾਰਕੀਟ ਵਿੱਚ। ਆਮ ਤੌਰ `ਤੇ ਸੁਪਰਮਾਰਕੀਟ ਵਿੱਚ ਪੁੱਜਣ ਤੋਂ ਬਾਅਦ ਇਕ ਕੈਨ ਤਿੰਨ ਦਿਨਾਂ ਦੇ ਵਿੱਚ ਵਿੱਚ ਵਿਕ ਜਾਂਦਾ ਹੈ। ਇਕ ਖਪਤਕਾਰ ਫਾਸਫੇਟ, ਕੈਫੀਨ ਅਤੇ ਕੈਰਾਮਲ ਦੇ ਸੁਆਦ ਵਾਲੇ ਮਿੱਠੇ ਪਾਣੀ ਦਾ 12 ਔਂਸਾਂ ਦਾ ਕੈਨ ਖ੍ਰੀਦਦਾ ਹੈ। ਇਸ ਕੈਨ ਵਿਚਲੇ ਕੋਕਾ ਕੋਲਾ ਨੂੰ ਪੀਣ ਨੂੰ ਕੁੱਝ ਮਿੰਟ ਲਗਦੇ ਹਨ ਅਤੇ ਕੈਨ ਸੁੱਟਣ ਨੂੰ ਕੁੱਝ ਸਕਿੰਟ। ਇੰਗਲੈਂਡ ਵਿੱਚ ਖਪਤਕਾਰ ਕੁੱਲ ਕੈਨਾਂ ਦੇ 84 ਫੀਸਦੀ ਕੈਨਾਂ ਨੂੰ ਸੁੱਟ ਦਿੰਦੇ ਹਨ, ਜਿਸ ਦਾ ਭਾਵ ਹੈ ਕਿ ਉਤਪਾਦਨ ਦੌਰਾਨ ਹੋਣ ਵਾਲੇ ਨੁਕਸਾਨ ਨੂੰ ਕੱਢ ਕੇ ਅਲਮੀਨੀਅਮ ਨੂੰ ਕੂੜੇ `ਤੇ ਸੁੱਟਣ ਦੀ ਦਰ 88 ਫੀਸਦੀ ਦੇ ਕਰੀਬ ਬਣਦੀ ਹੈ।”

ਇਸ ਤਰ੍ਹਾਂ ਅਸੀਂ ਦੇਖਿਆ ਹੈ ਕਿ ਕੋਕਾ ਕੋਲਾ ਦੇ ਕੈਨ ਬਣਾਉਣ ਦਾ ਕਾਰਜ ਕੋਕਾ ਕੋਲਾ ਬਣਾਉਣ ਦੇ ਮੁਕਾਬਲੇ ਜਿ਼ਆਦਾ ਗੁੰਝਲਦਾਰ ਹੈ। ਬੇਸ਼ੱਕ ਕਾਫੀ ਵੱਡੀ ਗਿਣਤੀ ਵਿੱਚ ਕੋਕਾ ਕੋਲਾ ਦੇ ਕੈਨ ਰੀਸਾਈਕਲ ਕੀਤੇ ਜਾਂਦੇ ਹਨ, ਫਿਰ ਵੀ ਕੋਕਾ ਕੋਲਾ ਦੇ ਬਹੁਤ ਸਾਰੇ ਕੈਨ ਇਕ ਵਾਰ ਵਰਤ ਕੇ ਸੁੱਟ ਦਿੱਤੇ ਜਾਂਦੇ ਹਨ। ਅਰਥਵਰਕਸ ਅਤੇ ਔਕਸਫੈਮ ਅਮਰੀਕਾ ਵਲੋਂ ਛਪੀ ਡਰਟੀ ਮੈਟਲਜ਼: ਮਾਈਨਿੰਗ, ਕਮਿਊਨਟੀਜ਼ ਐਂਡ ਦਿ ਇਨਵਾਇਰਮੈਂਟ ਨਾਮੀ ਰਿਪੋਰਟ ਅਨੁਸਾਰ 1990ਵਿਆਂ ਵਿੱਚ ਅਮਰੀਕਾ ਵਿੱਚ 70 ਲੱਖ (7 ਮਿਲੀਅਨ) ਟਨ ਦੇ ਭਾਰ ਦੇ ਬਰਾਬਰ ਦੇ ਕੈਨ ਕੂੜੇ `ਤੇ ਸੁੱਟ ਦਿੱਤੇ ਗਏ ਸਨ। ਇੰਨੀ ਮਾਤਰਾ ਵਿੱਚ ਕੂੜੇ ਦੇ ਢੇਰ `ਤੇ ਸੁੱਟੇ ਗਏ ਅਲਮੀਨੀਅਮ ਨਾਲ 3 ਲੱਖ 16 ਹਜ਼ਾਰ ਬੋਇੰਗ-737 ਜਹਾਜ਼ ਬਣਾਏ ਜਾ ਸਕਦੇ ਸਨ।  

ਜੇ ਅਸੀਂ ਆਪਣੇ ਵੱਲੋਂ ਵਰਤੀ ਜਾਂਦੀ ਹਰ ਵਸਤ ਦੇ ਉਤਪਾਦਨ ਨੂੰ ਇਸ ਵਿਸਤ੍ਰਿਤ ਢੰਗ ਨਾਲ ਦੇਖੀਏ ਤਾਂ ਸਾਨੂੰ ਪਤਾ ਲੱਗੇਗਾ ਕਿ ਹਰ ਵਸਤ ਦੇ ਉਤਪਾਦਨ ਦੌਰਾਨ ਕਿੰਨਾ ਜਿ਼ਆਦਾ ਕੂੜਾ ਪੈਦਾ ਹੁੰਦਾ ਹੈ। ਨੈਚੁਰਲ ਕੈਪੀਟਲਿਜ਼ਮ: ਦਿ ਨੈਕਸਟ ਇੰਡਸਟਰੀਅਲ ਰੈਵੋਲੂਸ਼ਨ ਨਾਂ ਦੀ ਕਿਤਾਬ  ਅਨੁਸਾਰ ਇਕ ਸੈਮੀਕੰਡਕਟਰ ਨੂੰ ਬਣਾਉਣ ਮਗਰ ਪੈਦਾ ਹੋਣ ਵਾਲਾ ਕੂੜਾ ਉਸ ਦੇ ਭਾਰ ਤੋਂ 1 ਲੱਖ ਗੁਣਾਂ ਜ਼ਿਆਦਾ ਹੁੰਦਾ ਹੈ; ਇਕ ਲੈਪਟੈਪ ਕੰਪਿਊਟਰ ਬਣਾਉਣ ਮਗਰ ਪੈਦਾ ਹੋਣ ਵਾਲਾ ਕੂੜਾ ਇਸ ਦੇ ਭਾਰ ਤੋਂ 4000 ਗੁਣਾਂ ਜ਼ਿਆਦਾ ਹੁੰਦਾ ਹੈ।  

ਯੂਨਾਈਟਿਡ ਨੇਸ਼ਨਜ਼ ਨਾਲ ਸੰਬੰਧਿਤ ਫੂਡ ਐਂਡ ਐਗਰੀਕਲਚਰ ਸੰਸਥਾ ਦੀ 2011 ਵਿੱਚ ਛਪੀ ਗਲੋਬਲ ਫੂਡ ਲੌਸਜ਼ ਐਂਡ ਫੂਡ ਵੇਸਟ ਅਤੇ ਗਾਰਡੀਅਨ ਵਿੱਚ ਅਗਸਤ 2015 ਵਿੱਚ ਛਪੀ ਪ੍ਰੋਡਿਊਸਡ ਵਟ ਨੈਵਰ ਈਟਨ: ਏ ਵਿਜ਼ੁਅਲ ਗਾਈਡ ਟੂ ਫੂਡ ਵੇਸਟ ਨਾਂ ਦੀਆਂ ਰਿਪੋਰਟਾਂ ਅਨੁਸਾਰ ਵਿਸ਼ਵ ਪੱਧਰ `ਤੇ ਪੈਦਾ ਕੀਤੇ ਜਾਣ ਵਾਲੇ ਖਾਣੇ ਵਿੱਚੋਂ ਹਰ ਸਾਲ ਇਕ ਤਿਹਾਈ ਖਾਣਾ ਅੰਝਾਈ ਨਸ਼ਟ ਹੁੰਦਾ ਹੈ, ਜਿਸ ਦੀ ਕੁੱਲ ਮਾਤਰਾ 1.3 ਅਰਬ (ਬਿਲੀਅਨ) ਟਨ ਦੇ ਬਰਾਬਰ ਬਣਦੀ ਹੈ।  ਇਸ ਵਿੱਚ ਸਾਰੇ ਫਲਾਂ ਅਤੇ ਸਬਜ਼ੀਆਂ ਦਾ 45% ਦੇ ਕਰੀਬ ਹਿੱਸਾ, ਮੱਛੀ ਅਤੇ ਸਮੁੰਦਰ `ਚੋਂ ਪ੍ਰਾਪਤ ਹੋਣ ਵਾਲੇ ਹੋਰ ਖਾਣਿਆਂ ਦਾ 35% ਹਿੱਸਾ, ਅਨਾਜ ਦਾ 30% ਹਿੱਸਾ, ਡੇਅਰੀ ਉਤਪਾਦਾਂ ਦਾ 20% ਹਿੱਸਾ ਅਤੇ ਮੀਟ ਦਾ 30% ਹਿੱਸਾ ਸ਼ਾਮਲ ਹੈ। ਜੇ ਪ੍ਰਤੀ ਵਿਅਕਤੀ ਮਗਰ ਖਾਣਾ ਨਸ਼ਟ ਕਰਨ ਦੀ ਦਰ ਨੂੰ ਦੇਖਿਆ ਜਾਵੇ ਤਾਂ ਗਰੀਬ ਵਿਕਾਸਸ਼ੀਲ ਦੇਸ਼ਾਂ ਦੇ ਮੁਕਾਬਲੇ  ਸਨਅਤੀ ਅਮੀਰ ਦੇਸ਼ਾਂ ਵਿੱਚ ਪ੍ਰਤੀ ਵਿਅਕਤੀ ਜ਼ਿਆਦਾ ਖਾਣਾ ਨਸ਼ਟ ਹੁੰਦਾ ਹੈ। ਗਲੋਬਲ ਫੂਡ ਲੌਸਜ਼ ਐਂਡ ਫੂਡ ਵੇਸਟ ਨਾਮੀ ਉਪ੍ਰੋਕਤ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਯੂਰਪ ਅਤੇ ਉੱਤਰੀ ਅਮਰੀਕਾ ਵਿੱਚ ਹਰ ਸਾਲ ਇਕ ਵਿਅਕਤੀ ਮਗਰ 95-115 ਕਿਲੋਗ੍ਰਾਮ ਖਾਣਾ ਅੰਝਾਈ ਨਸ਼ਟ ਹੁੰਦਾ ਹੈ, ਜਦੋਂ ਕਿ ਸਬ-ਸਹਾਰਾ ਅਫਰੀਕਾ ਅਤੇ ਦੱਖਣੀ ਏਸ਼ੀਆ/ਦੱਖਣੀਪੂਰਬੀ ਏਸ਼ੀਆ ਵਿੱਚ ਇਕ ਵਿਅਕਤੀ ਮਗਰ ਅੰਝਾਈ ਖਾਣਾ ਨਸ਼ਟ ਹੋਣ ਦੀ ਮਾਤਰਾ 6-11 ਕਿਲੋਗ੍ਰਾਮ ਪ੍ਰਤੀ ਸਾਲ ਹੈ। ਇਸ ਦਾ ਭਾਵ ਇਹ ਹੋਇਆ ਕਿ ਜਿਹਨਾਂ ਦੇਸ਼ਾਂ ਵਿੱਚ ਪੂੰਜੀਵਾਦ ਦਾ ਵੱਧ ਵਿਕਾਸ ਹੋਇਆ ਹੈ ਉੱਥੇ ਪ੍ਰਤੀ ਵਿਅਕਤੀ ਮਗਰ ਖਾਣਾ ਅੰਝਾਈ ਨਸ਼ਟ ਹੋਣ ਦੀ ਮਾਤਰਾ ਜ਼ਿਆਦਾ ਹੈ ਅਤੇ ਜਿਹਨਾਂ ਦੇਸ਼ਾਂ ਵਿੱਚ ਪੂੰਜੀਵਾਦ ਦਾ ਘੱਟ ਵਿਕਾਸ ਹੋਇਆ ਹੈ ਉੱਥੇ ਖਾਣਾ ਅੰਝਾਈ ਨਸ਼ਟ ਹੋਣ ਦੀ ਮਾਤਰਾ ਘੱਟ ਹੈ। ਵੱਧ ਵਿਕਸਤ ਦੇਸ਼ਾਂ ਵਿੱਚ ਅੰਝਾਈ ਹੁੰਦੇ ਖਾਣੇ ਦੀ ਮਾਤਰਾ ਨੂੰ ਸਮਝਣ ਲਈ ਅਮਰੀਕਾ, ਕੈਨੇਡਾ, ਯੂ ਕੇ ਅਤੇ ਯੂਰਪੀਨ ਯੂਨੀਅਨ ਵਿੱਚ ਖਾਣਾ ਅੰਝਾਈ ਨਸ਼ਟ ਹੋਣ ਦੇ ਕੁੱਝ ਅੰਕੜੇ ਪੇਸ਼ ਹਨ:  

* ਵੱਖ ਵੱਖ ਰਿਪੋਰਟਾਂ ਅਨੁਸਾਰ, ਅਮਰੀਕਾ ਵਿੱਚ ਹਰ ਸਾਲ 4 ਕ੍ਰੋੜ (40 ਮਿਲੀਅਨ) ਟਨ ਖਾਣਾ ਨਸ਼ਟ ਹੁੰਦਾ ਹੈ। ਇਹ ਮਾਤਰਾ ਅਮਰੀਕਾ ਵਿੱਚ ਖਾਣੇ ਦੀ ਕੁੱਲ ਸਪਲਾਈ ਦੇ 30% -40% ਦੇ ਬਰਾਬਰ ਬਣਦੀ ਹੈ ਅਤੇ ਇਸ ਖਾਣੇ ਦੀ ਕੀਮਤ 218 ਅਰਬ (ਬਿਲੀਅਨ) ਡਾਲਰ ਦੇ ਕਰੀਬ ਹੈ।  

* ਕੈਨੇਡੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ (ਸੀ ਬੀ ਸੀ) ਦੇ ਸਾਈਟ `ਤੇ 17 ਜਨਵਰੀ 2019 ਨੂੰ ਛਪੀ ਇਕ ਰਿਪੋਰਟ ਵਿੱਚ ਲਿਖਿਆ ਹੈ ਕਿ ਕੈਨੇਡਾ ਵਿੱਚ ਪੈਦਾ ਹੁੰਦੇ ਸਾਰੇ ਖਾਣੇ ਦਾ 58% ਹਿੱਸਾ ਅੰਝਾਈ ਨਸ਼ਟ ਹੁੰਦਾ ਹੈ ਜਿਸ ਦੀ ਮਾਤਰਾ 3.55 ਕ੍ਰੋੜ ਟਨ ਅਤੇ ਕੀਮਤ 49 ਅਰਬ (ਬਿਲੀਅਨ) ਡਾਲਰ ਦੇ ਬਰਾਬਰ ਬਣਦੀ ਹੈ। ਨਸ਼ਟ ਹੋਣ ਵਾਲੇ ਇਸ ਖਾਣੇ ਨਾਲ ਕੈਨੇਡਾ ਦੇ ਹਰ ਨਾਗਰਿਕ ਨੂੰ 5 ਮਹੀਨਿਆਂ ਤੱਕ ਖਾਣਾ ਖਿਲਾਇਆ ਜਾ ਸਕਦਾ ਹੈ।   

* ਪ੍ਰੋਡਿਊਸਡ ਵਟ ਨੈਵਰ ਈਟਨ... ਨਾਂ ਦੀ ਉਪ੍ਰੋਕਤ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਯੂ ਕੇ ਵਿੱਚ ਹਰ ਸਾਲ 1 ਕ੍ਰੋੜ 50 ਲੱਖ (15 ਮਿਲੀਅਨ) ਟਨ ਖਾਣਾ ਅੰਝਾਈ ਨਸ਼ਟ ਹੁੰਦਾ ਹੈ। ਬਰਤਾਨੀਆ ਦੇ ਕੂੜੇਦਾਨਾਂ ਵਿੱਚ ਸੁੱਟੇ ਗਏ ਖਾਣਿਆਂ ਵਿੱਚ ਆਮ ਤੌਰ `ਤੇ ਪਾਏ ਜਾਣ ਵਾਲੇ ਖਾਣਿਆਂ ਵਿੱਚ ਸ਼ਾਮਲ ਹਨ: ਡਬਲਰੋਟੀ (ਬ੍ਰੈੱਡ), ਸਬਜ਼ੀਆਂ, ਫਲ਼ ਅਤੇ ਦੁੱਧ। ਉਦਾਹਰਨ ਲਈ ਯੂ ਕੇ ਵਿੱਚ 25.5% ਫੀਸਦੀ ਖਰਬੂਜ਼ੇ-ਖਖੜੀਆਂ (ਮੈਲਨ), 22.4% ਡਬਲਰੋਟੀ ਅਤੇ 38.7% ਲੈਟਸ ਅੰਝਾਈ ਸੁੱਟ ਦਿੱਤੇ ਜਾਂਦੇ ਹਨ।  

* ਯੂਰਪੀਅਨ ਕਮਿਸ਼ਨ ਦੇ ਸਾਈਟ `ਤੇ ਦਿੱਤੇ ਅੰਕੜਿਆਂ ਅਨੁਸਾਰ ਯੂਰਪੀਅਨ ਯੂਨੀਅਨ ਵਿੱਚ ਹਰ ਸਾਲ 8 ਕ੍ਰੋੜ 80 ਲੱਖ (88 ਮਿਲੀਅਨ) ਟਨ ਖਾਣਾ ਅੰਝਾਈ ਨਸ਼ਟ ਹੁੰਦਾ ਹੈ ਜਿਸ ਦੀ ਅੰਦਾਜ਼ਨ ਕੀਮਤ 143 ਅਰਬ (ਬਿਲੀਅਨ) ਯੂਰੋ ਦੇ ਕਰੀਬ ਹੈ।  

ਖਾਣੇ ਦੇ ਅੰਝਾਈ ਨਸ਼ਟ ਹੋਣ ਦਾ ਇਹ ਅਮਲ ਖੇਤਾਂ ਤੋਂ ਸ਼ੁਰੂ ਹੁੰਦਾ ਹੈ ਅਤੇ ਘਰਾਂ ਵਿੱਚ ਖਾਣੇ ਦੀ ਖਪਤ ਦੇ ਅਖੀਰਲੇ ਪੜਾਅ ਤੱਕ ਜਾਰੀ ਰਹਿੰਦਾ ਹੈ। ਹੁਣ ਅਸੀਂ ਇਸ ਤਰ੍ਹਾਂ ਵੱਡੀ ਮਾਤਰਾ ਵਿੱਚ ਖਾਣਾ ਅੰਝਾਈ ਨਸ਼ਟ ਦੇ ਕੁੱਝ ਮੁੱਖ ਕਾਰਨਾਂ ਬਾਰੇ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਕਾਰਨ ਫਲ ਅਤੇ ਸਬਜ਼ੀਆਂ ਖ੍ਰੀਦਣ ਅਤੇ ਵੇਚਣ ਵਾਲੀਆਂ ਵੱਡੀਆਂ ਸੁਪਰਮਾਰਕੀਟਾਂ ਵੱਲੋਂ ਫਲਾਂ ਅਤੇ ਸਬਜ਼ੀਆਂ ਦੀ ਦਿੱਖ, ਆਕਾਰ, ਰੰਗ ਆਦਿ ਬਾਰੇ ਸਥਾਪਤ ਕੀਤੇ ਸਖਤ ਮਿਆਰ ਹਨ। ਜਿਹੜੇ ਫਲ ਅਤੇ ਸਬਜ਼ੀਆਂ ਇਹਨਾਂ ਮਿਆਰਾਂ ਉੱਤੇ ਪੂਰੀਆਂ ਨਹੀਂ ਉਤਰਦੀਆਂ, ਉਹਨਾਂ ਨੂੰ ਰੱਦ ਕਰ ਕੇ ਰੁਲਣ ਲਈ ਛੱਡ ਦਿੱਤਾ ਜਾਂਦਾ ਹੈ। ਜੌਨਾਥੈਨ ਬਲੂਮ ਆਪਣੀ ਕਿਤਾਬ ਅਮਰੀਕਨ ਵੇਸਟਲੈਂਡ: ਹਾਉ ਅਮਰੀਕਾ ਥਰੋਜ਼ ਅਵੇਅ ਨੀਅਰਲੀ ਆਫ ਔਫ ਇਟਸ ਫੂਡ ਵਿੱਚ ਅਮਰੀਕਾ ਦੇ ਸੂਬੇ ਵਿਰਜ਼ੀਨਿਆ ਵਿੱਚ ਖੀਰਿਆਂ ਦੇ ਇਕ ਫਾਰਮ ਦੇ ਹਵਾਲੇ ਨਾਲ ਦਸਦਾ ਹੈ ਕਿ ਉਸ ਫਾਰਮ ਵਿੱਚ ਪੈਦਾ ਹੋਣ ਵਾਲੇ ਅੱਧੇ ਖੀਰੇ ਤੋੜੇ ਨਹੀਂ ਜਾਂਦੇ ਅਤੇ ਖੇਤਾਂ ਵਿੱਚ ਹੀ ਰਹਿਣ ਦਿੱਤੇ ਜਾਂਦੇ ਹਨ, ਕਿਉਂਕਿ ਉਨ੍ਹਾਂ ਵਿੱਚੋਂ ਕੁੱਝ ਜ਼ਿਆਦਾ ਵਿੰਗੇ ਹੁੰਦੇ ਹਨ, ਜਿਸ ਕਾਰਨ ਉਹਨਾਂ ਨੂੰ ਬਕਸਿਆਂ ਵਿੱਚ ਪੈਕ ਕਰਨ ਅਤੇ ਸੁਪਰਮਾਰੀਕਟਾਂ ਵਿੱਚ ਟਿਕਾਉਣ ਲਈ ਮੁਸ਼ਕਿਲ ਆਉਂਦੀ ਹੈ। ਕੁੱਝ ਇਸ ਕਰਕੇ ਖੇਤਾਂ ਵਿੱਚ ਰਹਿਣ ਦਿੱਤੇ ਜਾਂਦੇ ਹਨ ਕਿਉਂਕਿ ਉਹਨਾਂ ਦੇ ਇਕ ਸਿਰੇ `ਤੇ ਮਿੱਟੀ `ਚ ਦੱਬੇ ਰਹਿਣ ਕਰਕੇ ਛੋਟਾ ਜਿਹਾ ਚਿੱਟਾ ਦਾਗ ਪੈ ਜਾਂਦਾ ਹੈ। ਇਸ ਨਾਲ ਖਾਣੇ ਵਜੋਂ ਉਹਨਾਂ ਦੀ ਕੁਆਲਟੀ ਵਿੱਚ ਭਾਵੇਂ ਕੋਈ ਵੱਡਾ ਫਰਕ ਨਹੀਂ ਪੈਂਦਾ ਪਰ ਉਹ ਦੇਖਣ ਨੂੰ ਸੋਹਣੇ ਨਹੀਂ ਲਗਦੇ। ਜਿਹੜੇ ਖੀਰੇ ਖੇਤਾਂ ਵਿੱਚੋਂ ਤੋੜ ਲਏ ਜਾਂਦੇ ਹਨ, ਉਹਨਾਂ ਨੂੰ ਪੈਕਿੰਗ ਸ਼ੈੱਡ ਵਿੱਚ ਲਿਜਾ ਕੇ ਧੋਇਆ ਜਾਂਦਾ ਹੈ। ਉੱਥੇ ਉਹਨਾਂ ਦੀ ਇਕ ਵਾਰ ਫਿਰ ਛਾਂਟੀ ਕੀਤੀ ਜਾਂਦੀ ਹੈ ਅਤੇ ਦੇਖਣ ਨੂੰ ਸੋਹਣੇ ਨਾ ਲੱਗਣ ਵਾਲੇ ਖੀਰਿਆਂ ਨੂੰ ਸੁੱਟਣ ਲਈ ਇਕ ਪਾਸੇ ਕਰ ਲਿਆ ਜਾਂਦਾ ਹੈ। ਇਸ ਫਾਰਮ ਦੇ ਮਾਲਕ ਅਨੁਸਾਰ ਪੈਕਿੰਗ ਸ਼ੈੱਡ ਵਿੱਚ ਸੁੱਟਣ ਲਈ ਛਾਂਟੇ ਗਏ ਇਹਨਾਂ ਖੀਰਿਆਂ ਵਿੱਚੋਂ 75% ਖੀਰੇ ਖਾਣ ਲਈ ਬਿਲਕੁਲ ਸਹੀ ਹੁੰਦੇ ਹਨ ਪਰ ਦੇਖਣ ਨੂੰ ਨਹੀਂ ਜਚਦੇ। ਇਸ ਤੋਂ ਬਾਅਦ ਖੀਰਿਆਂ ਦੀ ਇਕ ਹੋਰ ਛਾਂਟੀ ਹੁੰਦੀ ਹੈ, ਜਿਸ ਦੌਰਾਨ ਉਹਨਾਂ ਨੂੰ ਆਕਾਰ ਦੇ ਹਿਸਾਬ ਨਾਲ ਛਾਂਟਿਆ ਜਾਂਦਾ ਹੈ। ਜਿਹੜੇ ਖੀਰੇ ਮਿੱਥੇ ਗਏ ਆਕਾਰ ਨਾਲੋਂ ਛੋਟੇ ਹੁੰਦੇ ਹਨ, ਉਹਨਾਂ ਨੂੰ ਸੁੱਟਣ ਲਈ ਵੱਖ ਕਰ ਲਿਆ ਜਾਂਦਾ ਹੈ। ਇਸ ਫਾਰਮ ਦੇ ਮਾਲਕ ਨੇ ਜੌਨਾਥੈਨ ਬਲੂਮ ਨੂੰ ਦੱਸਿਆ ਕਿ ਖੀਰਿਆਂ ਦੀ ਤੁੜਾਈ ਦੇ ਸੀਜ਼ਨ ਵਿੱਚ ਉਸ ਦੇ ਫਾਰਮ ਵਿੱਚ ਹਰ ਚਾਰ ਜਾਂ ਪੰਜ ਦਿਨਾਂ ਬਾਅਦ ਖੀਰਿਆਂ ਦੀ ਤੁੜਾਈ ਅਤੇ ਛਾਂਟੀ ਹੁੰਦੀ ਹੈ ਅਤੇ ਹਰ ਵਾਰੀ ਦੀ ਛਾਂਟੀ ਦੌਰਾਨ 30 ਤੋਂ 40 ਟਨ ਦੇ ਕਰੀਬ ਖੀਰੇ ਸੁੱਟ ਦਿੱਤੇ ਜਾਂਦੇ ਹਨ। ਖੀਰਿਆਂ ਨੂੰ ਅੰਝਾਈ ਸੁੱਟਣ ਦੀ ਇਹ ਮਾਤਰਾ ਸਿਰਫ ਇਕ ਫਾਰਮ ਦੀ ਹੈ। ਅਮਰੀਕਾ ਵਿੱਚਲੇ ਖੀਰਿਆਂ ਦੇ ਸਾਰੇ ਫਾਰਮਾਂ ਵਿੱਚੋਂ ਕਿੰਨੇ ਖੀਰੇ ਅੰਝਾਈ ਸੁੱਟੇ ਜਾਂਦੇ ਹੋਣਗੇ, ਇਸ ਦਾ ਅੰਦਾਜ਼ਾ ਪਾਠਕ ਖੁਦ ਲਾ ਸਕਦੇ ਹਨ।

ਅਮਰੀਕਾ ਵਿੱਚ ਖਾਣੇ ਦੇ ਅੰਝਾਈ ਨਸ਼ਟ ਹੋਣ ਬਾਰੇ ਨੈਚੁਰਲ ਰੀਸੋਰਸਜ਼ ਡਿਫੈਂਸ ਕਾਊਂਸਲ ਦੀ 2017 ਵਿੱਚ ਛਪੀ ਵੇਸਟਡ: ਹਾਉ ਅਮਰੀਕਾ ਇਜ਼ ਲੂਜਿ਼ੰਗ ਅੱਪ ਟੂ 40 ਪਰਸੈਂਟ ਆਫ ਇਟਸ ਫੂਡ ਫਰੌਮ ਫਾਰਮ ਟੂ ਫੋਰਕ ਟੂ ਲੈਂਡਫਿਲ ਨਾਮੀ ਰਿਪੋਰਟ ਦਸਦੀ ਹੈ ਕਿ ਬਹੁਤੀ ਵਾਰ ਫਲ ਅਤੇ ਸਬਜ਼ੀਆਂ ਆਪਣੇ ਆਕਾਰ, ਰੰਗ, ਭਾਰ, ਦਾਗਾਂ ਅਤੇ ਮਿੱਠੇ ਦੀ ਮਾਤਰਾ ਘੱਟ ਜਾਂ ਵੱਧ ਹੋਣ ਕਰਕੇ ਜਾਂ ਤਾਂ ਖੇਤਾਂ ਵਿੱਚ ਹੀ ਰਹਿਣ ਦਿੱਤੀਆਂ ਜਾਂਦੀਆਂ ਹਨ ਜਾਂ ਪੈਕਿੰਗ ਕਰਨ ਵਾਲੀਆਂ ਥਾਂਵਾਂ `ਤੇ ਛਾਂਟ ਲਈਆਂ ਜਾਂਦੀਆਂ ਹਨ। ਇਸ ਰਿਪੋਰਟ ਅਨੁਸਾਰ ਅਮਰੀਕਾ ਦੇ ਸੂਬੇ ਮਿਨੀਸੋਟਾ ਵਿੱਚ ਪੈਦਾ ਹੋਣ ਵਾਲੀਆਂ ਸਬਜ਼ੀਆਂ ਅਤੇ ਫਲਾਂ ਵਿੱਚੋਂ ਤਕਰੀਬਨ 20% ਦੇ ਕਰੀਬ ਸਬਜ਼ੀਆਂ ਅਤੇ ਫਲ ਖ੍ਰੀਦਦਾਰਾਂ ਵੱਲੋਂ ਮਿੱਥੇ ਮਿਆਰਾਂ ਮੁਤਾਬਕ ਜਾਂ ਤਾਂ ਆਕਾਰ ਵਿੱਚ ਵੱਡੇ ਹੁੰਦੇ ਹਨ, ਜਾਂ ਛੋਟੇ ਹੁੰਦੇ ਹਨ ਜਾਂ ਹੋਰ ਕਾਰਨਾਂ ਕਰਕੇ ਮਿੱਥੇ ਮਿਆਰਾਂ `ਤੇ ਪੂਰੇ ਨਹੀਂ ਉਤਰਦੇ। ਅਮਰੀਕਾ ਦੇ ਸੂਬੇ ਕੈਲੇਫੋਰਨੀਆ ਦੀ ਸਥਿਤੀ ਦੱਸਣ ਲਈ ਇਸ ਰਿਪੋਰਟ ਵਿੱਚ ਉੱਥੋਂ ਦੇ ਇਕ ਆੜੂਆਂ ਦੇ ਬਾਗਾਂ ਦੇ ਮਾਲਕ ਫਾਰਮਰ ਦਾ ਹਵਾਲਾ ਦਿੱਤਾ ਗਿਆ। ਇਸ ਫਾਰਮਰ ਅਨੁਸਾਰ ਆੜੂਆਂ ਦੇ ਸੀਜ਼ਨ ਦੌਰਾਨ ਉਸ ਕੋਲ ਹਰ ਹਫਤੇ 2 ਲੱਖ ਪੌਂਡ ਆੜੂ ਰਹਿ ਜਾਂਦੇ ਹਨ, ਜਿਹਨਾਂ ਨੂੰ ਉਹ ਵੇਚ ਨਹੀਂ ਸਕਦਾ। ਇਹਨਾਂ ਵਿੱਚੋਂ 80% ਆੜੂ ਅਜਿਹੇ ਹੁੰਦੇ ਹਨ, ਜਿਹਨਾਂ ਦੀ ਖਾਣ ਦੀ ਕੁਆਲਟੀ ਵਿੱਚ ਕੋਈ ਨੁਕਸ ਨਹੀਂ ਹੁੰਦਾ।  

ਵੇਸਟ: ਅਨਕਵਰਿੰਗ ਦੀ ਗਲੋਬਲ ਵੇਸਟ ਸਕੈਂਡਲ ਦਾ ਲੇਖਕ ਟ੍ਰਿਸਟਰਮ ਸਟੂਅਰਟ ਇੰਗਲੈਂਡ ਦੀ ਯੌਰਕਸ਼ਾਇਰ ਕਾਉਂਟੀ ਵਿਚਲੇ ਐੱਮ ਐੱਚ ਪੌਸਕਿਟ ਕੈਰਟਸ ਨਾਂ ਦੇ ਗਾਜਰਾਂ ਦੇ ਫਾਰਮ ਬਾਰੇ ਗੱਲ ਕਰਦਿਆਂ ਦਸਦਾ ਹੈ ਕਿ ਇਹ ਫਾਰਮ ਯੂ. ਕੇ. ਦੀ ਵੱਡੀ ਸੁਪਰਮਾਰਕੀਟ ਆਸਡਾ ਲਈ ਗਾਜਰਾਂ ਦਾ ਵੱਡਾ ਸਪਲਾਇਰ ਹੈ। ਆਪਣੀ ਕਿਤਾਬ ਲਈ ਖੋਜ ਕਰਦਿਆਂ ਜਦੋਂ ਟ੍ਰਿਸਟਰਮ ਸਟੂਅਰਟ ਇਸ ਫਾਰਮ `ਤੇ ਗਿਆ ਤਾਂ ਉਸ ਨੇ ਇਕ ਪਾਸੇ ਗਾਜਰਾਂ ਦਾ ਵੱਡਾ ਸਾਰਾ ਢੇਰ ਦੇਖਿਆ। ਮਾਲਕ ਨੇ ਟ੍ਰਿਸਟਰਮ ਨੂੰ ਦੱਸਿਆ ਕਿ ਉਹ ਗਾਜਰਾਂ ਸੁਪਰਮਾਰਕੀਟ ਦੇ ਮਿਆਰਾਂ `ਤੇ ਪੂਰੀਆਂ ਨਾ ਉਤਰਨ ਕਾਰਨ ਰੱਦ ਕਰ ਦਿੱਤੀਆਂ ਗਈਆਂ ਹਨ। ਇਸ ਲਈ ਹੁਣ ਉਹ ਜਾਨਵਰਾਂ ਦੇ ਚਾਰੇ ਦੇ ਤੌਰ `ਤੇ ਵਰਤੀਆਂ ਜਾਣਗੀਆਂ। ਲੇਖਕ ਨੂੰ ਉਹ ਗਾਜਰਾਂ ਦੇਖਣ ਨੂੰ ਬਿਲਕੁਲ ਠੀਕ ਠਾਕ ਲੱਗੀਆਂ। ਫਿਰ ਉਸ ਨੇ ਉਸ ਢੇਰ ਵਿੱਚੋਂ ਇਕ ਗਾਜਰ ਚੁੱਕ ਕੇ ਖਾਧੀ। ਗਾਜਰ ਖਾਣ ਨੂੰ ਵੀ ਬਿਲਕੁਲ ਠੀਕ ਸੀ, ਸੁਆਦ ਅਤੇ ਰਸ ਨਾਲ ਭਰੀ ਹੋਈ। ਹੈਰਾਨ ਹੁੰਦਿਆਂ ਲੇਖਕ ਨੇ ਮਾਲਕ ਨੂੰ ਉਹਨਾਂ ਦੇ ਰੱਦ ਹੋਣ ਦਾ ਕਾਰਨ ਪੁੱਛਿਆ ਤਾਂ ਮਾਲਕ ਨੇ ਕਿਹਾ, "ਉਹ ਥੋੜ੍ਹੀਆਂ ਜਿਹੀਆਂ ਵਿੰਗੀਆਂ ਹਨ, ਪੂਰੀ ਤਰ੍ਹਾਂ ਸਿੱਧੀਆਂ ਨਹੀਂ।" ਫਿਰ ਲੇਖਕ ਨੂੰ ਉੱਥੇ ਕੰਮ ਕਰਦੇ ਇਕ ਕਾਮੇ ਨੇ ਦੱਸਿਆ ਕਿ ਆਸਡਾ ਸੁਪਰਮਾਰਕੀਟ ਸਖਤੀ ਨਾਲ ਇਹ ਮੰਗ ਕਰਦੀ ਹੈ ਕਿ ਸਾਰੀਆਂ ਗਾਜਰਾਂ ਪੂਰੀ ਤਰ੍ਹਾਂ ਸਿੱਧੀਆ ਹੋਣ ਤਾਂ ਜੋ ਗਾਹਕ ਉਹਨਾਂ ਨੂੰ ਛਿੱਲਣ ਵਾਲੀ ਛੁਰੀ (ਪੀਲਰ) ਨਾਲ ਬਿਨਾਂ ਕਿਸੇ ਰੁਕਾਵਟ ਦੇ ਸੌਖ ਨਾਲ ਛਿੱਲ ਸਕਣ। ਫਾਰਮ ਦੇ ਮਾਲਕ ਅਨੁਸਾਰ ਕੁੱਲ ਮਿਲਾ ਕੇ ਉਸ ਦੀਆਂ 25-30 ਫੀਸਦੀ ਗਾਜਰਾਂ ਰੱਦ ਹੋ ਜਾਂਦੀਆਂ ਹਨ, ਜਿਹਨਾਂ ਵਿੱਚੋਂ ਅੱਧੀਆਂ ਇਸ ਕਰਕੇ ਰੱਦ ਕਰ ਦਿੱਤੀਆਂ ਜਾਂਦੀਆਂ ਹਨ ਕਿਉਂਕਿ ਉਹ ਦੇਖਣ ਨੂੰ ਠੀਕ ਨਹੀਂ ਲਗਦੀਆਂ। ਉਹਨਾਂ ਦੀ ਸ਼ਕਲ ਜਾਂ ਆਕਾਰ ਠੀਕ ਨਹੀਂ ਹੁੰਦਾ ਜਾਂ ਉਹ ਟੁੱਟੀਆਂ ਹੋਈਆਂ ਹੁੰਦੀਆਂ ਹਨ ਜਾਂ ਉਹ ਪਾਟੀਆਂ ਹੋਈਆਂ ਹੁੰਦੀਆਂ ਹਨ।   

ਫਲਾਂ ਅਤੇ ਸਬਜ਼ੀਆਂ ਦੇ ਵੱਡੇ ਖ੍ਰੀਦਦਾਰਾਂ ਵਲੋਂ ਫਲਾਂ ਅਤੇ ਸਬਜ਼ੀਆਂ ਦੇ ਦਿਖ ਬਾਰੇ ਸਥਾਪਤ ਕੀਤੇ ਮਿਆਰ ਇਕੱਲੇ ਵਿਕਸਤ ਦੇਸ਼ਾਂ ਦੇ ਫਾਰਮਰਾਂ ਨੂੰ ਹੀ ਪ੍ਰਭਾਵਿਤ ਨਹੀਂ ਕਰਦੇ ਸਗੋਂ ਇਹ ਅਣਵਿਕਸਤ ਅਤੇ ਵਿਕਾਸ਼ੀਲ ਦੇਸ਼ਾਂ ਵਿਚਲੇ ਫਾਰਮਰਾਂ `ਤੇ ਵੀ ਅਸਰ ਪਾਉਂਦੇ ਹਨ ਕਿਉਂਕਿ ਇਹ ਫਾਰਮਰ ਫਲਾਂ ਅਤੇ ਸਬਜ਼ੀਆਂ ਦੀ ਵਿਸ਼ਵ ਮੰਡੀ ਨਾਲ ਬੱਝੇ ਹੋਏ ਹਨ। ਇਸ ਸੰਬੰਧ ਵਿੱਚ ਯੂ ਕੇ ਸਥਿੱਤ ਸੰਸਥਾ ਫੀਡਬੈਕ ਵੱਲੋਂ ਤਿਆਰ ਕੀਤੀ ਕਾਜ਼ਜ਼ ਆਫ ਫੂਡ ਵੇਸਟ ਇਨ ਇਨਟਰਨੈਸ਼ਨਲ ਸਪਲਾਈ ਚੇਨਜ਼ ਨਾਂ ਦੀ ਇਕ ਰਿਪੋਰਟ ਵਿੱਚੋਂ ਕੁੱਝ ਉਦਾਹਰਨਾਂ ਪੇਸ਼ ਹਨ। ਪੀਰੂ ਤੋਂ ਪੀਲੇ ਗੰਢੇ ਯੂਰਪ ਅਤੇ ਅਮਰੀਕਾ ਦੀਆਂ ਮਾਰਕੀਟਾਂ ਨੂੰ ਨਿਰਯਾਤ ਕੀਤੇ ਜਾਂਦੇ ਹਨ। ਬਹੁਤੀ ਵਾਰੀ ਪੀਰੂ ਦੇ ਫਾਰਮਰਾਂ ਨੂੰ ਛੋਟੇ ਅਕਾਰ ਜਾਂ ਗਲਤ ਸ਼ਕਲ ਵਾਲੇ ਗੰਢੇ, ਖਾਣ ਲਈ ਚੰਗੀ ਕੁਆਲਟੀ ਦੇ ਹੋਣ ਦੇ ਬਾਵਜੂਦ, ਅੰਝਾਈ ਨਸ਼ਟ ਕਰਨੇ ਪੈਂਦੇ ਹਨ ਕਿਉਂਕਿ ਨਿਰਯਾਤ ਮਾਰਕੀਟ ਵਿੱਚ ਉਹਨਾਂ ਲਈ ਕੋਈ ਮੰਗ ਨਹੀਂ ਹੁੰਦੀ। ਖੇਤਾਂ ਵਿੱਚ ਗੰਢਿਆਂ ਦੇ ਸੜ੍ਹਨ ਕਾਰਨ ਬੀਮਾਰੀ ਜਾਂ ਹਾਨੀਕਾਰਕ ਕੀਟਾਂ ਦੇ ਫੈਲਣ ਤੋਂ ਰੋਕਣ ਲਈ ਇਹ ਖੇਤਾਂ ਜਾਂ ਪੈਕਿੰਗ ਕਰਨ ਵਾਲੀਆਂ ਥਾਂਵਾਂ ਦੇ ਨੇੜਲੇ ਰੇਗਿਸਤਾਨ ਵਿੱਚ ਦੱਬੇ ਜਾਂਦੇ ਹਨ।

ਇਸ ਰਿਪੋਰਟ ਵਿੱਚ ਪੀਰੂ ਤੋਂ ਗੰਢੇ ਨਿਰਯਾਤ ਕਰਨ ਵਾਲੇ ਦੋ ਵਪਾਰੀਆਂ ਨਾਲ ਗੱਲ ਕੀਤੀ ਗਈ ਹੈ। ਉਹ ਦੋਵੇਂ ਦਸਦੇ ਹਨ ਕਿ ਗੰਢਿਆਂ ਦੀ ਦਿਖ ਦੇ ਮਿਆਰਾਂ ਕਾਰਨ ਉਹਨਾਂ ਨੂੰ ਹਰ ਸਾਲ ਆਪਣੇ ਗੰਢਿਆਂ ਦਾ 8.5% ਹਿੱਸਾ ਅੰਝਾਈ ਨਸ਼ਟ ਕਰਨਾ ਪੈਂਦਾ ਹੈ। ਇਹਨਾਂ ਦੋਹਾਂ ਵਪਾਰੀਆਂ ਵੱਲੋਂ ਇਸ ਤਰ੍ਹਾਂ ਨਸ਼ਟ ਕਰਨ ਵਾਲੇ ਗੰਢਿਆਂ ਦੀ ਸਲਾਨਾ ਮਾਤਰਾ 3570 ਟਨ ਦੇ ਬਰਾਬਰ ਬਣਦੀ ਹੈ। ਜਿਹਨਾਂ ਸਾਲਾਂ ਵਿੱਚ ਗੰਢਿਆਂ ਦੀ ਵਿਸ਼ਵ ਮੰਡੀ ਵਿੱਚ ਜ਼ਿਆਦਾ ਸਪਲਾਈ ਕਾਰਨ ਮੰਦਾ ਚੱਲ ਰਿਹਾ ਹੋਵੇ ਉਨ੍ਹਾਂ ਸਾਲਾਂ ਦੌਰਾਨ ਅੰਝਾਈ ਨਸ਼ਟ ਕੀਤੇ ਜਾਣ ਵਾਲੇ ਗੰਢਿਆਂ ਦੀ ਮਾਤਰਾ ਉਹਨਾਂ ਦੇ ਕੁੱਲ ਗੰਢਿਆਂ ਦੀ 60% ਮਾਤਰਾ ਤੱਕ ਪਹੁੰਚ ਜਾਂਦੀ ਹੈ, ਜੋ ਕਿ 25,200 ਟਨ ਦੇ ਬਰਾਬਰ ਬਣਦੀ ਹੈ।

ਇਸ ਹੀ ਰਿਪੋਰਟ ਵਿੱਚ ਸੈਨੇਗਲ ਤੋਂ ਵਿਸ਼ਵ ਮੰਡੀ ਲਈ ਨਿਰਯਾਤ ਕੀਤੇ ਜਾਣ ਵਾਲੇ ਅੰਬਾਂ ਬਾਰੇ ਵੀ ਦੱਸਿਆ ਗਿਆ ਹੈ ਕਿ ਔਸਤ ਰੂਪ ਵਿੱਚ ਸੈਨੇਗਲ ਵਿੱਚ ਪੈਦਾ ਹੋਣ ਵਾਲੇ ਅੰਬਾਂ ਦੇ 80% ਹਿੱਸੇ ਨੂੰ ਉਹਨਾਂ ਦੀ ਦਿਖ ਦੇ ਆਧਾਰ `ਤੇ ਯੂਰਪ ਨੂੰ ਨਿਰਯਾਤ ਲਈ ਰੱਦ ਕਰ ਦਿੱਤਾ ਜਾਂਦਾ ਹੈ। ਉਦਾਹਰਨ ਲਈ ਅੰਬਾਂ ਦੀ ਛਿੱਲ `ਤੇ ਆਈ ਨਿੱਕੀ ਜਿਹੀ ਝਰੀਟ ਅੰਬਾਂ ਦੇ ਰੱਦ ਹੋਣ ਦਾ ਕਾਰਨ ਬਣ ਜਾਂਦੀ ਹੈ ਬੇਸ਼ੱਕ ਇਸ ਝਰੀਟ ਨੂੰ ਦੇਖ ਸਕਣਾ ਗਾਹਕ ਲਈ ਮੁਸ਼ਕਿਲ ਹੀ ਹੋਵੇ। ਕੁੱਝ ਕੇਸਾਂ ਵਿੱਚ ਅੰਬ-ਉਤਪਾਦਕ ਇਹਨਾਂ ਰੱਦ ਕੀਤੇ ਅੰਬਾਂ ਦਾ ਕੁੱਝ ਹਿੱਸਾ ਸੈਨੇਗਲ ਦੀ ਘਰੇਲੂ ਮਾਰਕੀਟ ਵਿੱਚ ਵੇਚਣ ਵਿੱਚ ਕਾਮਯਾਬ ਹੋ ਜਾਂਦੇ ਹਨ, ਪਰ ਕਈ ਕੇਸਾਂ ਵਿੱਚ ਘਰੇਲੂ ਮੰਡੀ ਵਿੱਚ ਅੰਬਾਂ ਦੀ ਪਹਿਲਾਂ ਹੀ ਭਰਮਾਰ ਹੋਣ ਕਾਰਨ ਅੰਬ-ਉਤਪਾਦਕ ਅਜਿਹਾ ਕਰਨ ਵਿੱਚ ਕਾਮਯਾਬ ਨਹੀਂ ਹੁੰਦੇ। ਨਤੀਜੇ ਵੱਜੋਂ ਇਹ ਅੰਬ ਅੰਝਾਈ ਨਸ਼ਟ ਕਰਨੇ ਪੈਂਦੇ ਹਨ। ਇਸ ਰਿਪੋਰਟ ਵਿੱਚ ਅੰਦਾਜ਼ਾ ਲਾਇਆ ਗਿਆ ਹੈ ਕਿ ਸੈਨੇਗਲ ਵਿੱਚ ਹਰ ਸਾਲ 65% ਅੰਬ ਅੰਝਾਈ ਨਸ਼ਟ ਹੁੰਦੇ ਹਨ, ਜਿਹਨਾਂ ਦੀ ਮਾਤਰਾ 88,000 ਟਨ ਬਣਦੀ ਹੈ। ਇੱਥੇ ਇਹ ਗੱਲ ਯਾਦ ਰੱਖਣ ਵਾਲੀ ਹੈ ਕਿ ਖਾਣੇ ਦੀ ਕੁਆਲਟੀ ਦੇ ਹਿਸਾਬ ਨਾਲ ਇਹਨਾਂ ਅੰਬਾਂ ਵਿੱਚ ਕੋਈ ਕਮੀ ਨਹੀਂ ਹੁੰਦੀ, ਬੱਸ ਉਹ ਦੇਖਣ ਨੂੰ ਨਹੀਂ ਭਾਉਂਦੇ। ਇੰਨੀ ਵੱਡੀ ਮਾਤਰਾ ਵਿੱਚ ਬਾਗਾਂ ਵਿੱਚ ਛੱਡ ਦਿੱਤੇ ਗਏ ਫਲ਼ ਅੰਬਾਂ ਨੂੰ ਲੱਗਣ ਵਾਲੀ ਮੱਖੀ (ਫਰੂਟ ਫਲਾਈ) ਦੇ ਫੈਲਣ ਦਾ ਕਾਰਨ ਬਣਦੇ ਹਨ, ਜੋ ਅੰਬਾਂ ਦੇ ਹੋਰ ਨੁਕਸਾਨ ਦਾ ਕਾਰਨ ਬਣਦੀ ਹੈ।

ਆਮ ਤੌਰ `ਤੇ ਕਿਹਾ ਜਾਂਦਾ ਹੈ ਕਿ ਸੁਪਰਮਾਰਕੀਟਾਂ ਫਲਾਂ ਅਤੇ ਸਬਜ਼ੀਆਂ ਦੀ ਦਿਖ ਪੱਖੋਂ 'ਸੰਪੂਰਨ' ਹੋਣ ਦੀ ਮੰਗ ਇਸ ਕਰਕੇ ਕਰਦੀਆਂ ਹਨ, ਕਿਉਂਕਿ ਵਿਕਸਤ ਦੇਸ਼ਾਂ ਦੇ ਪਰਚੂਨ ਪੱਧਰ ਦੇ ਖਪਤਕਾਰ/ਗਾਹਕ ਇਸ ਤਰ੍ਹਾਂ ਦੀ 'ਸੰਪੂਰਨ' ਦਿਖ ਦੀ ਮੰਗ ਕਰਦੇ ਹਨ। ਪਰ ਇਹ ਪੂਰਾ ਸੱਚ ਨਹੀਂ। ਫੀਡਬੈਕ ਦੀ ਉਪਰੌਕਤ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਉਹਨਾਂ ਦੀ ਖੋਜ ਇਹ ਦਰਸਾਉਂਦੀ ਹੈ ਕਿ ਗ੍ਰੋਸਰੀ (ਪਰਚੂਨ ਵਸਤਾਂ) ਦੇ ਸੈਕਟਰ ਵਿੱਚ ਸੁਪਰਮਾਰਕੀਟਾਂ ਦੇ ਹੱਥਾਂ ਵਿੱਚ ਕੇਂਦਰਿਤ ਹੋਈ ਤਾਕਤ ਇਹ ਨਿਸ਼ਚਿਤ ਕਰਨ ਵਿੱਚ ਵੱਡੀ ਭੂਮਿਕਾ ਨਿਭਾਉਂਦੀ ਹੈ ਕਿ ਕਿਹੜੀ ਫਸਲ ਉਗਾਉਣੀ ਹੈ, ਉਸ ਨੂੰ ਕਦੋਂ ਅਤੇ ਕਿਸ ਤਰ੍ਹਾਂ ਵੱਢਣਾ/ਤੋੜਨਾ/ਚੁੱਕਣਾ ਹੈ ਅਤੇ ਕਿਸ ਤਰ੍ਹਾਂ ਢੋਣਾ ਹੈ। ਸੱਤਾ ਦੇ ਇਸ ਕੇਂਦਰੀਕਰਨ ਕਾਰਨ ਫਲਾਂ ਅਤੇ ਸਬਜ਼ੀਆਂ ਦੀ ਦਿਖ ਬਾਰੇ ਸਖਤ ਮਿਆਰ ਨਿਸ਼ਚਿਤ ਕਰਕੇ ਸੁਪਰਮਾਰਕੀਟਾਂ ਫਲਾਂ ਅਤੇ ਸਬਜ਼ੀਆਂ ਦੇ ਸਪਲਾਈਰਾਂ ਨੂੰ ਫਲਾਂ ਅਤੇ ਸਬਜ਼ੀਆਂ ਨੂੰ ਅੰਝਾਈ ਨਸ਼ਟ ਕਰਨ ਲਈ ਮਜ਼ਬੂਰ ਕਰਦੀਆਂ ਹਨ। ਇਸ ਰਿਪੋਰਟ ਅਨੁਸਾਰ ਜਦੋਂ ਕਿਸੇ ਫਲ ਜਾਂ ਸਬਜ਼ੀ ਦੀ ਵਿਸ਼ਵ ਮੰਡੀ ਵਿੱਚ ਥੁੜ ਹੁੰਦੀ ਹੈ ਤਾਂ ਉਸ ਫਲ ਜਾਂ ਸਬਜ਼ੀ ਦੀ ਦਿਖ ਦੇ ਮਿਆਰਾਂ ਨੂੰ ਨਰਮ ਕਰ ਦਿੱਤਾ ਜਾਂਦਾ ਹੈ। ਇਸ ਦੇ ਨਾਲ ਹੀ ਜਦੋਂ ਕਿਸੇ ਫਲ ਜਾਂ ਸਬਜ਼ੀ ਦੀ ਮੰਗ ਘੱਟ ਹੋਵੇ ਤਾਂ ਸੁਪਰਮਾਰਕੀਟਾਂ ਇਹਨਾਂ ਮਿਆਰਾਂ ਨੂੰ ਖ੍ਰੀਦਣ ਦੇ ਉਹਨਾਂ ਇਕਰਾਰਨਾਮਿਆਂ ਤੋਂ ਨਿਕਲਣ ਲਈ ਵਰਤਦੀਆਂ ਹਨ, ਜਿਹੜੇ ਉਹਨਾਂ ਨੇ ਫਾਰਮਰਾਂ ਨਾਲ ਪਹਿਲਾਂ ਕੀਤੇ ਹੋਏ ਹੁੰਦੇ ਹਨ। ਮੰਨ ਲਉ ਕੋਈ ਸੁਪਰਮਾਰਕੀਟ ਚੇਨ ਕਿਸੇ ਇਕ ਫਾਰਮਰ ਜਾਂ ਫਾਰਮਰਾਂ ਦੇ ਗਰੁੱਪ (ਜਿਵੇਂ ਕਿਸੇ ਕੋਅਪ੍ਰੇਟਿਵ) ਨਾਲ ਇਹ ਇਕਰਾਰਨਾਮਾ ਕਰਦੀ ਹੈ ਕਿ ਉਹ ਉਸ/ਉਹਨਾਂ ਤੋਂ 100 ਟਨ ਫਲ ਲਵੇਗੀ। ਪਰ ਜੇ ਫਲ ਦੇ ਪੱਕ ਕੇ ਮਾਰਕੀਟ ਵਿੱਚ ਆਉਣ ਸਮੇਂ ਮਾਰਕੀਟ ਵਿੱਚ 100 ਟਨ ਦੀ ਮੰਗ ਨਾ ਹੋਵੇ ਸਗੋਂ 50 ਟਨ ਦੀ ਹੀ ਮੰਗ ਹੋਵੇ, ਤਾਂ ਅਜਿਹੀ ਹਾਲਤ ਵਿੱਚ ਸੁਪਰਮਾਰਕੀਟ ਚੇਨ 100 ਟਨ ਖ੍ਰੀਦਣ ਦੀ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਹੋਣ ਲਈ ਫਲਾਂ ਦੀ ਦਿਖ ਦੇ ਇਹਨਾਂ ਮਿਆਰਾਂ ਦੀ ਸਖਤੀ ਨਾਲ ਵਰਤੋਂ ਕਰਦੀ ਹੈ ਅਤੇ ਫਾਰਮਰਾਂ ਦੀ ਪੈਦਾਵਾਰ ਨੂੰ ਰੱਦ ਕਰ ਦਿੰਦੀ ਹੈ। ਜਿਵੇਂ ਪਹਿਲਾਂ ਕਿਹਾ ਗਿਆ ਹੈ ਕਿ ਕੁੱਝ ਹਾਲਤਾਂ ਵਿੱਚ ਫਾਰਮਰ ਇਸ ਤਰ੍ਹਾਂ ਰੱਦ ਕੀਤੇ ਫਲਾਂ ਅਤੇ ਸਬਜ਼ੀਆਂ ਦਾ ਕੁੱਝ ਹਿੱਸਾ ਹੋਰ ਥਾਂਵਾਂ `ਤੇ ਵੇਚਣ ਵਿੱਚ ਕਾਮਯਾਬ ਹੋ ਜਾਂਦੇ ਹਨ, ਪਰ ਬਹੁਤੇ ਕੇਸਾਂ ਵਿੱਚ ਉਹ ਅਜਿਹਾ ਕਰ ਸਕਣ ਦੇ ਕਾਬਲ ਨਹੀਂ ਹੁੰਦੇ ਕਿਉਂਕਿ ਫਲਾਂ ਅਤੇ ਸਬਜ਼ੀਆਂ ਦੀ ਪਰਚੂਨ ਮਾਰਕੀਟ `ਤੇ ਸੁਪਰਮਾਰਕੀਟਾਂ ਦਾ ਗਲਬਾ ਹੁੰਦਾ ਹੈ। ਉਦਾਹਰਨ ਲਈ ਬਰਤਾਨੀਆ ਵਿੱਚ ਗ੍ਰੋਸਰੀ ਸਟੋਰਾਂ ਦੀ ਮਾਰੀਕਟ ਦੇ 85% ਹਿੱਸੇ ਨੂੰ ਸੁਪਰਮਾਰਕੀਟਾਂ ਕੰਟਰੋਲ ਕਰਦੀਆਂ ਹਨ ਇਸ ਲਈ ਫਾਰਮਰਾਂ ਕੋਲ ਰੱਦ ਕੀਤੇ ਫਲਾਂ ਅਤੇ ਸਬਜ਼ੀਆਂ ਨੂੰ ਖਪਾਉਣ ਲਈ ਕੋਈ ਥਾਂ ਨਹੀਂ ਬਚਦੀ। ਇੱਥੇ ਇਕ ਗੱਲ ਹੋਰ ਨੋਟ ਕਰਨ ਵਾਲੀ ਹੈ ਕਿ ਜਦੋਂ ਫਲਾਂ ਅਤੇ ਸਬਜ਼ੀਆਂ ਨੂੰ ਦਿਖ ਦੇ ਆਧਾਰ `ਤੇ ਸੁਪਰਮਾਰਕੀਟਾਂ ਵੱਲੋਂ ਰਦ ਕੀਤਾ ਜਾਂਦਾ ਹੈ, ਤਾਂ ਉਸ ਨਾਲ ਹੋਣ ਵਾਲੇ ਨੁਕਸਾਨ ਲਈ ਸੁਪਰਮਾਰਕੀਟਾਂ ਜ਼ਿੰਮੇਵਾਰ ਨਹੀਂ ਹੁੰਦੀਆਂ, ਸਗੋਂ ਇਹ ਨੁਕਸਾਨ ਫਲ ਅਤੇ ਸਬਜ਼ੀਆਂ ਉਗਾਉਣ ਵਾਲਿਆਂ ਨੂੰ ਉਠਾਉਣਾ ਪੈਂਦਾ ਹੈ। ਇਸ ਕਰਕੇ ਸੁਪਰਮਾਰਕੀਟਾਂ `ਤੇ ਇਹਨਾਂ ਫਲਾਂ ਅਤੇ ਸਬਜ਼ੀਆਂ ਨੂੰ ਰੱਦ ਨਾ ਕਰਨ ਲਈ ਪ੍ਰੈਸ਼ਰ ਨਹੀਂ ਹੁੰਦਾ, ਇਸ ਕਰਕੇ ਉਹਨਾਂ ਲਈ ਫਲਾਂ ਅਤੇ ਸਬਜ਼ੀਆਂ ਦਾ ਇਸ ਤਰ੍ਹਾਂ ਰੱਦ ਹੋਣਾ ਕੋਈ ਵੱਡੇ ਫਿਕਰ ਦਾ ਕਾਰਨ ਨਹੀਂ ਬਣਦਾ।

ਉਪਰਲੀ ਗੱਲਬਾਤ ਵਿੱਚ ਅਸੀਂ ਸੁਪਰਮਾਰਕੀਟਾਂ ਵੱਲੋਂ ਫਲਾਂ ਅਤੇ ਸਬਜ਼ੀਆਂ ਦੀ ਦਿੱਖ ਦੇ ਨਿਸ਼ਚਿਤ ਕੀਤੇ ਮਿਆਰਾਂ ਕਾਰਨ ਸੁਪਰਮਾਰਕੀਟਾਂ ਵਿੱਚ ਪਹੁੰਚਣ ਤੋਂ ਪਹਿਲਾਂ ਖੇਤਾਂ ਵਿੱਚ, ਬਾਗਾਂ ਵਿੱਚ, ਪੈਕਿੰਗ ਕਰਨ ਵਾਲੀਆਂ ਥਾਂਵਾਂ ਆਦਿ ਵਿੱਚ ਫਲਾਂ ਅਤੇ ਸਬਜ਼ੀਆਂ ਦੇ ਅੰਝਾਈ ਨਸ਼ਟ ਹੋਣ ਬਾਰੇ ਗੱਲ ਕੀਤੀ ਹੈ। ਹੁਣ ਅਸੀਂ ਸੁਪਰਮਾਰਕੀਟ ਦੇ ਪੱਧਰ `ਤੇ ਭਾਵ ਖਾਣੇ ਦੀ ਪਰਚੂਨ ਵਿਕਰੀ ਦੇ ਪੱਧਰ `ਤੇ ਖਾਣਾ ਅੰਝਾਈ ਨਸ਼ਟ ਹੋਣ ਬਾਰੇ ਗੱਲ ਕਰਾਂਗੇ। ਪਹਿਲਾਂ ਜ਼ਿਕਰ ਵਿੱਚ ਆ ਚੁੱਕੀ ਵੇਸਟਡ: ਹਾਉ ਅਮਰੀਕਾ ਇਜ਼ ਲੂਜਿ਼ੰਗ ਅੱਪ ਟੂ 40 ਪਰਸੈਂਟ ਆਫ ਇਟਸ ਫੂਡ.. ਨਾਮੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਅਮਰੀਕਾ ਦੇ ਖੇਤੀ ਦੇ ਵਿਭਾਗ (ਯੂ ਐੱਸ ਡਿਪਾਰਟਮੈਂਟ ਆਫ ਐਗਰੀਕਲਚਰ) ਦੇ ਇਕ ਅੰਦਾਜ਼ੇ ਅਨੁਸਾਰ ਸੰਨ 2010 ਵਿੱਚ ਅਮਰੀਕਾ ਵਿੱਚ ਸਟੋਰਾਂ ਦੀ ਪੱਧਰ `ਤੇ 43 ਅਰਬ (ਬਿਲੀਅਨ) ਪੌਂਡ ਖਾਣਾ ਅੰਝਾਈ ਨਸ਼ਟ ਹੋਇਆ ਸੀ, ਜਿਹੜਾ ਪਰਚੂਨ ਪੱਧਰ ਦੇ ਖਾਣੇ ਦੀ ਕੁੱਲ ਸਪਲਾਈ ਦੇ 10% ਦੇ ਬਰਾਬਰ ਸੀ। ਸਟੋਰ ਪੱਧਰ `ਤੇ ਅੰਝਾਈ ਨਸ਼ਟ ਹੋਣ ਵਾਲੇ ਖਾਣੇ ਵਿੱਚ ਮੁੱਖ ਕਰਕੇ ਬੇਕ ਕੀਤੀਆਂ (ਪਕਾਈਆਂ ਗਈਆਂ) ਵਸਤਾਂ, ਫਲ ਅਤੇ ਸਬਜ਼ੀਆਂ, ਮੀਟ, ਸਮੁੰਦਰਾਂ ਤੋਂ ਪ੍ਰਾਪਤ ਹੋਣ ਵਾਲਾ ਖਾਣਾ, ਖਾਣ ਲਈ ਤਿਆਰ ਖਾਣਾ (ਰੈਡੀਮੇਡ ਫੂਡ) ਵਰਗੀਆਂ ਚੀਜ਼ਾਂ ਸ਼ਾਮਲ ਸਨ। ਅਮਰੀਕਾ ਦੇ ਖੇਤੀ ਵਿਭਾਗ ਵਲੋਂ 2011-2012 ਵਿੱਚ ਕੀਤੇ ਗਏ ਵਿਸ਼ਲੇਸ਼ਣ ਅਨੁਸਾਰ ਸਟੋਰ ਪੱਧਰ `ਤੇ ਹਰ ਸਾਲ ਅੰਝਾਈ ਨਸ਼ਟ ਕੀਤੇ ਜਾਣ ਵਾਲੇ ਇਕੱਲੇ ਫਲਾਂ ਅਤੇ ਸਬਜ਼ੀਆਂ ਦੀ ਕੀਮਤ ਹੀ 15.4 ਅਰਬ (ਬਿਲੀਅਨ) ਡਾਲਰ ਦੇ ਬਰਾਬਰ ਸੀ। ਇਸ ਹੀ ਮਹਿਕਮੇ ਅਨੁਸਾਰ ਅਮਰੀਕਾ ਵਿੱਚ ਹਰ ਸਾਲ 2.7 ਅਰਬ (ਬਿਲੀਅਨ) ਪੌਂਡ ਮੀਟ, ਪੋਲਟਰੀ ਅਤੇ ਸਮੁੰਦਰਾਂ ਤੋਂ ਪ੍ਰਾਪਤ ਹੋਣ ਵਾਲੇ ਖਾਣੇ (ਸੀਅ ਫੂਡ) ਦੇ 2.7 ਅਰਬ (ਬਿਲੀਅਨ) ਪੌਂਡ ਅੰਝਾਈ ਨਸ਼ਟ ਹੁੰਦੇ ਹਨ।

ਸੰਨ 2009 ਵਿੱਚ ਛਪੀ ਵੇਸਟ: ਅਨਕਵਰਿੰਗ ਦੀ ਗਲੋਬਲ ਵੇਸਟ ਸਕੈਂਡਲ ਵਿੱਚ ਯੂ ਕੇ ਦੇ ਵੇਸਟ ਐਂਡ ਰਿਸੋਰਸਜ਼ ਐਕਸ਼ਨ ਪ੍ਰੋਗਰਾਮ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਯੂ ਕੇ ਦੇ ਪਰਚੂਨ ਵਿਕ੍ਰੇਤਾ ਹਰ ਸਾਲ 16 ਲੱਖ (1.6 ਮਿਲੀਅਨ) ਟਨ ਖਾਣਾ ਅੰਝਾਈ ਨਸ਼ਟ ਕਰਦੇ ਹਨ। ਇਸ ਕਿਤਾਬ ਵਿੱਚ ਜਿ਼ਕਰ ਕੀਤੀਆਂ ਗਈਆਂ ਹੋਰ ਰਿਪੋਰਟਾਂ ਅਨੁਸਾਰ ਯੂ ਕੇ ਵਿੱਚ ਹਰ ਸਾਲ ਸਾਢੇ ਚਾਰ ਲੱਖ ਟਨ ਤੋਂ ਲੈ ਕੇ 5 ਲੱਖ ਟਨ ਤੱਕ ਖਾਣਾ ਅੰਝਾਈ ਨਸ਼ਟ ਹੁੰਦਾ ਹੈ। 27 ਫਰਵਰੀ 2021 ਨੂੰ ਇੰਗਲੈਂਡ ਤੋਂ ਨਿਕਲਦੇ ਅਖਬਾਰ ਇੰਡੀਪੈਨਡਿੰਟ ਵਿੱਚ ਛਪੀ ਇਕ ਰਿਪੋਰਟ ਅਨੁਸਾਰ ਯੂ ਕੇ ਦੀਆਂ ਵੱਡੀਆਂ ਸੁਪਰਮਾਰਕੀਟਾਂ ਹਰ ਸਾਲ ਜਿੰਨੀ ਮਾਤਰਾ ਵਿੱਚ ਖਾਣਾ ਅੰਝਾਈ ਨਸ਼ਟ ਕਰਦੀਆਂ ਹਨ ਉਨੀ ਮਾਤਰਾ ਨਾਲ 19 ਕ੍ਰੋੜ (190 ਮਿਲੀਅਨ) ਲੋਕਾਂ ਨੂੰ ਇਕ ਡੰਗ ਦਾ ਖਾਣਾ ਮੁਹੱਈਆ ਕੀਤਾ ਜਾ ਸਕਦਾ ਹੈ।

ਸੁਪਰਮਾਰਕੀਟਾਂ ਵਿੱਚ ਖਾਣਾ ਅੰਝਾਈ ਨਸ਼ਟ ਹੋਣ ਦਾ ਇਕ ਕਾਰਨ ਇਹ ਹੈ ਕਿ ਸੁਪਰਮਾਰਕੀਟਾਂ ਹਮੇਸ਼ਾਂ ਹੀ ਖਾਣੇ ਦਾ ਲੋੜ ਤੋਂ ਵੱਧ ਸਟਾਕ ਰੱਖਦੀਆਂ ਹਨ ਕਿਉਂਕਿ ਪਰਚੂਨ ਪੱਧਰ `ਤੇ ਖਾਣਾ ਵੇਚਣ ਵਾਲੀ ਸਨਅਤ ਵਿੱਚ ਇਹ ਧਾਰਨਾ ਪ੍ਰਚੱਲਤ ਹੈ ਕਿ ਗਾਹਕ ਭਰੀਆਂ ਹੋਈਆਂ ਸ਼ੈਲਫਾਂ ਦੇਖਣਾ ਪਸੰਦ ਕਰਦੇ ਹਨ। ਭਰੀਆਂ ਹੋਈਆਂ ਸ਼ੈਲਫਾਂ ਗਾਹਕਾਂ ਨੂੰ ਬਹੁਲਤਾ ਦਾ ਅਹਿਸਾਸ ਕਰਵਾਉਂਦੀਆਂ ਹਨ ਅਤੇ ਇਸ ਕਾਰਨ ਉਹ ਜ਼ਿਆਦਾ ਚੀਜ਼ਾਂ ਖ੍ਰੀਦਦੇ ਹਨ। ਇਸ ਲੋੜ ਤੋਂ ਵੱਧ ਰੱਖੇ ਸਟਾਕ ਵਿੱਚੋਂ ਜਿਹੜੀਆਂ ਵਸਤਾਂ ਸਮੇਂ ਸਿਰ ਵਿਕਣੋ ਰਹਿ ਜਾਂਦੀਆਂ ਹਨ, ਉਹ ਸੁੱਟ ਦਿੱਤੀਆਂ ਜਾਂਦੀਆਂ ਹਨ। ਆਮ ਤੌਰ `ਤੇ ਇਹ ਵਰਤਾਰਾ ਸੁਪਰਮਾਰਕੀਟਾਂ ਦੇ ਮੱਛੀਆਂ ਅਤੇ ਹੋਰ ਸਮੁੰਦਰੀ ਜੀਵਾਂ ਅਤੇ ਫਲਾਂ ਅਤੇ ਸਬਜ਼ੀਆਂ ਦੇ ਸੈਕਸ਼ਨਾਂ ਵਿੱਚ ਵਾਪਰਦਾ ਹੈ। ਕਈ ਵਾਰੀ ਸੁਪਰਮਾਰਕੀਟਾਂ ਕੁੱਝ ਚੀਜ਼ਾਂ ਦੇ ਪੂਰੇ ਸਟਾਕ ਦੇ ਨਾ ਵਿਕਣ ਬਾਰੇ ਜਾਣਦਿਆਂ ਹੋਇਆਂ ਵੀ ਉਹਨਾਂ ਚੀਜ਼ਾਂ ਨੂੰ ਵਾਧੂ ਸਟਾਕ ਕਰਦੀਆਂ ਹਨ ਕਿਉਂਕਿ ਉਹਨਾਂ ਦੀ ਨੁਮਾਇਸ਼ ਗਾਹਕ ਦੇ ਮਨ ਨੂੰ ਭਾਉਂਦੀ ਹੈ। ਉਦਾਹਰਨ ਲਈ ਵੇਸਟਡ: ਹਾਉ ਅਮਰੀਕਾ ਇਜ਼ ਲੂਜ਼ਿੰਗ ਅੱਪ ਟੂ 40 ਪਰਸੈਂਟ ਆਫ ਇਟਸ ਫੂਡ ... ਨਾਮੀ ਰਿਪੋਰਟ ਅਨੁਸਾਰ ਸੁਪਰਮਾਰਕੀਟਾਂ ਵਿੱਚ ਰੱਖੀਆਂ ਗਈਆਂ ਪੂਰੀਆਂ ਮੱਛੀਆਂ ਦਾ 26% ਹਿੱਸਾ ਨਹੀਂ ਵਿਕਦਾ, ਪਰ ਫਿਰ ਵੀ ਉਹਨਾਂ ਨੂੰ ਸਟੋਰ ਵਿੱਚ ਰੱਖਿਆ ਜਾਂਦਾ ਹੈ ਕਿਉਂਕਿ ਉਹ ਸਜ਼ਾਵਟ ਦੇ ਪੱਖ ਤੋਂ ਸੁਹਣੀਆਂ ਲਗਦੀਆਂ ਹਨ।  

ਅੱਜਕੱਲ੍ਹ ਵਿਕਸਤ ਦੇਸ਼ਾਂ ਵਿੱਚ ਬਹੁਤ ਸਾਰੀਆਂ ਸੁਪਰਮਾਰਕੀਟਾਂ ਅਤੇ ਕਨਵੀਨੀਐਂਸ ਸਟੋਰ ਖਾਣ ਨੂੰ ਤਿਆਰ ਖਾਣਾ- ਜਿਵੇਂ ਸੈਂਡਵਿਚ, ਫਰਾਈਡ ਚਿਕਨ, ਰੋਸਟ ਚਿਕਨ, ਹਾਟ ਡੌਗ, ਸੂਸ਼ੀ ਅਤੇ ਇਸ ਤਰ੍ਹਾਂ ਦੀਆਂ ਹੋਰ ਚੀਜ਼ਾਂ- ਰੱਖਦੇ ਹਨ। ਫਲਾਂ ਅਤੇ ਸਬਜ਼ੀਆਂ ਵਾਂਗ ਹੀ ਇਹ ਸਟੋਰ ਇਹਨਾਂ ਖਾਣਿਆਂ ਦਾ ਫੁੱਲ ਸਟਾਕ ਰੱਖਦੇ ਹਨ ਅਤੇ ਇਹ ਪੱਕਾ ਕਰਦੇ ਹਨ ਕਿ ਇਹ ਚੀਜ਼ਾਂ ਤਾਜ਼ੀਆ ਹੋਣ। ਇਹਨਾਂ ਵਿੱਚੋਂ ਜਿਹੜੇ ਖਾਣੇ ਸਮੇਂ ਸਿਰ ਨਹੀਂ ਵਿਕਦੇ ਉਹ ਸੁੱਟ ਦਿੱਤੇ ਜਾਂਦੇ ਹਨ। ਪਹਿਲਾਂ ਜ਼ਿਕਰ ਵਿੱਚ ਆ ਚੁੱਕੀ ਰਿਪੋਰਟ ਵੇਸਟਡ: ਹਾਉ ਅਮਰੀਕਾ ਇਜ਼ ਲੂਜ਼ਿੰਗ ਅੱਪ ਟੂ 40 ਪਰਸੈਂਟ ਆਫ ਇਟਸ ਫੂਡ... ਅਨੁਸਾਰ ਸੁਪਰਮਾਰਕੀਟਾਂ ਵਿੱਚ ਰੱਖੇ ਰੋਸਟ ਚਿਕਨਾਂ ਨੂੰ ਨਾ ਵਿਕਣ `ਤੇ ਤਕਰੀਬਨ ਚਾਰ ਘੰਟਿਆਂ ਬਾਅਦ ਸੁੱਟ ਦਿੱਤਾ ਜਾਂਦਾ ਹੈ। ਇਸ ਰਿਪੋਰਟ ਵਿੱਚ ਇਕ ਗ੍ਰੌਸਰੀ ਸਟੋਰ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਉਸ ਸਟੋਰ ਵਿੱਚੋਂ ਤਕਰੀਬਨ 50% ਰੋਸਟ ਚਿਕਨ ਅੰਝਾਈ ਸੁੱਟ ਦਿੱਤੇ ਜਾਂਦੇ ਹਨ। ਬਹੁਤ ਸਾਰੇ ਸਟੋਰ ਦਿਨ ਦੇ ਅੰਤ `ਤੇ ਨਾ ਵਿਕਣ ਵਾਲੇ ਸੈਂਡਵਿਚਾਂ ਨੂੰ ਕੂੜੇ ਦੇ ਢੇਰ `ਤੇ ਸੁੱਟ ਦਿੰਦੇ ਹਨ। ਅਮਰੀਕਨ ਵੇਸਟਲੈਂਡ... ਵਿੱਚ ਅਮਰੀਕਾ ਦੀ ਯੂਨੀਵਰਸਿਟੀ ਆਫ ਐਰੀਜ਼ੋਨਾ ਦੇ ਐਂਥਰੋਪੌਲੌਜੀ ਵਿਭਾਗ ਨਾਲ ਰਹਿ ਚੁੱਕੇ ਇਕ ਖੋਜੀ ਦੇ ਹਵਾਲੇ ਨਾਲ ਦੱਸਿਆ ਗਿਆ  ਹੈ ਕਿ ਅਮਰਕਿਾ ਵਿੱਚ ਕਨਵੀਨੀਐਂਸ ਸਟੋਰ ਆਪਣੇ ਖਾਣਿਆਂ ਦਾ 26% ਹਿੱਸਾ ਅੰਝਾਈ ਨਸ਼ਟ ਕਰਦੇ ਹਨ। ਇਸ ਹਿਸਾਬ ਨਾਲ ਪੂਰੇ ਅਮਰੀਕਾ ਭਰ ਵਿੱਚ ਇਸ ਤਰ੍ਹਾਂ ਨਸ਼ਟ ਹੁੰਦੇ ਖਾਣੇ ਦੀ ਮਾਤਰਾ ਹਰ ਰੋਜ਼ ਦੇ 50 ਲੱਖ (5 ਮਿਲੀਅਨ) ਪੌਂਡ ਦੇ ਬਰਾਬਰ ਬਣਦੀ ਹੈ। ਇਹਨਾਂ ਖਾਣਿਆਂ ਨੂੰ ਓਵਰਸਟਾਕ ਕਰਨ ਦਾ ਇਕ ਕਾਰਨ ਤਾਂ ਗਾਹਕਾਂ ਨੂੰ ਬਹੁਲਤਾ ਦਾ ਪ੍ਰਭਾਵ ਦੇਣਾ ਹੈ, ਜਿਵੇਂ ਕਿ ਪਹਿਲਾਂ ਦੱਸਿਆ ਜਾ ਚੁੱਕਾ ਹੈ। ਦੂਸਰਾ ਕਾਰਨ ਇਹ ਹੈ ਕਿ ਸਟੋਰਾਂ ਵਾਲੇ ਇਸ ਗੱਲੋਂ ਡਰਦੇ ਹਨ ਕਿ ਗਾਹਕ ਖਾਲੀ ਟ੍ਰੇਅ ਜਾਂ ਸ਼ੈਲਫ ਦੇਖ ਕੇ ਕਿਸੇ ਦੂਸਰੇ ਸਟੋਰ `ਤੇ ਨਾ ਚਲਿਆ ਜਾਵੇ। ਗਾਹਕ ਗਵਾਉਣ ਦੀ ਥਾਂ ਉਹ ਅਣਵਿਕੇ ਖਾਣੇ ਨੂੰ ਕੂੜੇ `ਤੇ ਸੁੱਟਣ ਦਾ ਖਤਰਾ ਲੈਣ ਨੂੰ ਤਰਜੀਹ ਦਿੰਦੇ ਹਨ ਕਿਉਂਕਿ ਖਾਣੇ ਦੀ ਲਾਗਤ, ਖਾਣਾ ਵਿਕਣ ਕਾਰਨ ਹੋਣ ਵਾਲੇ ਮੁਨਾਫੇ ਤੋਂ ਬਹੁਤ ਘੱਟ ਹੁੰਦੀ ਹੈ। ਵੇਸਟ: ਅਨਕਵਰਿੰਗ ਦੀ ਗਲੋਬਲ ਵੇਸਟ ਸਕੈਂਡਲ ਦਾ ਲੇਖਕ ਟ੍ਰਿਸਟਰਮ ਸਟੂਅਰਟ ਦੱਸਦਾ ਹੈ ਕਿ ਯੂ ਕੇ ਵਿੱਚ ਸੁਪਰਮਾਰਕੀਟਾਂ ਨੂੰ 200 ਗ੍ਰਾਮ ਦਾ ਇਕ ਸੈਂਡਵਿੱਚ ਬਣਾਉਣ ਦੀ ਲਾਗਤ ਇਕ ਪੈਂਸ ਦੇ ਬਰਾਬਰ ਪੈਂਦੀ ਹੈ। ਇਸ ਸੈਂਡਵਿੱਚ ਦੇ ਵਿਕਣ ਨਾਲ ਹੋਣ ਵਾਲਾ ਮੁਨਾਫਾ ਇਸ ਤੋਂ 100 ਗੁਣਾਂ ਤੱਕ ਹੋ ਸਕਦਾ ਹੈ। ਇਸ ਲਈ ਸੁਪਰਮਾਰਕੀਟਾਂ ਵਾਧੂ ਸਟਾਕ ਰੱਖਣ ਅਤੇ ਅਣਵਿਕੇ ਸੈਂਡਵਿੱਚਾਂ ਨੂੰ ਸੁੱਟਣ ਨੂੰ ਤਰਜੀਹ ਦਿੰਦੀਆਂ ਹਨ, ਕਿਉਂਕਿ ਸੈਂਡਵਿੱਚ ਨੂੰ ਕੂੜੇ `ਤੇ ਸੁੱਟਣ ਨਾਲ ਉਹਨਾਂ ਨੂੰ ਕੋਈ ਵੱਡਾ ਨੁਕਸਾਨ ਨਹੀਂ ਹੁੰਦਾ।    

ਲੋੜ ਤੋਂ ਵਾਧੂ ਸਟਾਕ ਰੱਖਣ ਤੋਂ ਇਲਾਵਾ ਸੁਪਰਮਾਰਕੀਟਾਂ ਵਿੱਚ ਕਾਫੀ ਸਾਰਾ ਖਾਣਾ ਇਸ ਲਈ ਸੁੱਟ ਦਿੱਤਾ ਜਾਂਦਾ ਹੈ ਕਿਉਂਕਿ ਉਸ ਦੀ ਪੈਕਜਿੰਗ ਨੁਕਸਾਨੀ ਗਈ ਹੁੰਦੀ ਹੈ। ਬਹੁਤੀ ਵਾਰੀ ਪੈਕਜਿੰਗ ਨੂੰ ਨੁਕਸਾਨ ਹੋਣ ਨਾਲ ਉਸ ਦੇ ਅੰਦਰਲੇ ਖਾਣੇ ਦੀ ਕੁਆਲਟੀ `ਤੇ ਕੋਈ ਅਸਰ ਨਹੀਂ ਪੈਂਦਾ, ਪਰ ਫਿਰ ਵੀ ਉਸ ਖਾਣੇ ਨੂੰ ਸੁੱਟ ਦਿੱਤਾ ਜਾਂਦਾ ਹੈ। ਵੇਸਟ: ਅਨਕਵਰਿੰਗ ਦੀ ਗਲੋਬਲ ਵੇਸਟ ਸਕੈਂਡਲ ਵਿੱਚ ਪੇਸ਼ ਜਾਣਕਾਰੀ ਮੁਤਾਬਕ ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ ਕਿ ਜੇ ਕਿਸੇ ਵੱਡੇ ਪੈਕਟ ਵਿੱਚ ਪੈਕ ਕੀਤੇ ਗਏ ਨਗਾਂ ਵਿੱਚੋਂ ਕਿਸੇ ਇਕ ਨਗ ਵਿੱਚ ਕੋਈ ਨੁਕਸ ਹੋਵੇ, ਉਦਾਹਰਨ ਲਈ ਕਈ ਸੇਬਾਂ ਦੇ ਪੈਕਟ ਵਿੱਚੋਂ ਇਕ ਸੇਬ `ਤੇ ਦਾਗ ਹੋਵੇ ਜਾਂ ਦਰਜਨ ਜਾਂ ਉਸ ਤੋਂ ਵੱਧ ਦੇ ਆਂਡਿਆਂ ਦੇ ਕਾਰਟਨ ਵਿੱਚੋਂ ਇਕ ਆਂਡਾ ਟੁੱਟਿਆ ਹੋਇਆ ਹੋਵੇ, ਤਾਂ ਸਾਰੇ ਪੈਕਟ ਜਾਂ ਕਾਰਟਨ ਨੂੰ ਸੁੱਟ ਦਿੱਤਾ ਜਾਂਦਾ ਹੈ।   

ਪਰਚੂਨ ਪੱਧਰ `ਤੇ ਖਾਣਾ ਵੇਚਣ ਵਾਲੀਆਂ ਸੁਪਰਮਾਰਕੀਟਾਂ ਵਿੱਚ ਖਾਣਾ ਅੰਝਾਈ ਨਸ਼ਟ ਕੀਤੇ ਜਾਣ ਦੇ ਹੋਰ ਕਾਰਨਾਂ ਵਿੱਚ ਕੁੱਝ ਕਾਰਨ ਇਸ ਪ੍ਰਕਾਰ ਹਨ: ਖਾਣੇ `ਤੇ ਲਿਖੀ ਖਾਣੇ ਦੀ ਮਿਆਦ ਦੀ ਤਰੀਕ ਤੋਂ ਦੋ ਜਾਂ ਤਿੰਨ ਦਿਨ ਪਹਿਲਾਂ ਹੀ ਖਾਣੇ ਨੂੰ ਸੁੱਟ ਦੇਣਾ, ਕਿਸੇ ਖਾਸ ਛੁੱਟੀ ਜਾਂ ਤਿਉਹਾਰ ਲਈ ਕਿਸੇ ਖਾਸ ਖਾਣੇ ਨੂੰ ਉਵਰਸਟਾਕ ਕਰਨਾ ਅਤੇ ਉਹ ਛੁੱਟੀ ਜਾਂ ਤਿਉਹਾਰ ਲੰਘਣ ਬਾਅਦ ਅਣਵਿਕੇ ਖਾਣੇ ਨੂੰ ਨਵੇਂ ਆ ਰਹੇ ਸਟਾਕ ਲਈ ਥਾਂ ਬਣਾਉਣ ਲਈ ਸੁੱਟ ਦੇਣਾ। ਸੁਪਰਮਾਰਕੀਟਾਂ ਦੇ ਪ੍ਰਬੰਧਕਾਂ ਵੱਲੋਂ ਪਰਚੂਨ ਪੱਧਰ `ਤੇ ਖਾਣਾ ਅੰਝਾਈ ਨਸ਼ਟ ਹੋਣ ਦੇ ਵਰਤਾਰੇ ਨੂੰ ਇਕ ਆਮ ਵਰਤਾਰਾ ਮੰਨਿਆ ਜਾਂਦਾ ਹੈ ਅਤੇ ਇਸ ਨੂੰ "ਕੌਸਟ ਆਫ ਡੁਇੰਗ ਬਿਜ਼ਨਿਸ ਭਾਵ ਕਾਰੋਬਾਰ ਕਰਨ ਦੀ ਲਾਗਤ" ਦੇ ਤੌਰ `ਤੇ ਦੇਖਿਆ ਜਾਂਦਾ ਹੈ। ਅਸਲ ਵਿੱਚ ਸੁਪਰਮਾਰਕੀਟਾਂ ਦੀ ਚੇਨ ਦੇ ਜਿਸ ਸਟੋਰ ਵਿੱਚ ਖਾਣਾ ਅੰਝਾਈ ਨਸ਼ਟ ਹੋਣ ਦੀ ਮਾਤਰਾ ਘੱਟ ਹੋਵੇ, ਉਸ ਚੇਨ ਦੇ ਉਪਰਲੇ ਪ੍ਰਬੰਧਕਾਂ ਵੱਲੋਂ ਉਸ ਸਟੋਰ ਦੀ ਕਾਰਗੁਜਾਰੀ `ਤੇ ਸ਼ੱਕ ਕੀਤਾ ਜਾਂਦਾ ਹੈ ਕਿ ਉਸ ਸਟੋਰ ਦੀ ਕਾਰਗੁਜ਼ਾਰੀ ਠੀਕ ਨਹੀਂ ਹੈ। ਨੈਚਰੁਲ ਰਿਸੋਰਸਜ਼ ਡਿਫੈਂਸ ਕਾਉਂਸਲ ਦੀ ਵੇਸਟਡ: ਹਾਉ ਅਮਰੀਕਾ ਇਜ਼ ਲੂਜ਼ਿੰਗ ਅੱਪ ਟੂ 40 ਪਰਸੈਂਟ ਆਫ ਇਟਸ ਫੂਡ ... ਨਾਮੀ ਰਿਪੋਰਟ ਵਿੱਚ ਅਮਰੀਕਾ ਦੀ ਗ੍ਰੌਸਰੀ ਸਟੋਰਾਂ ਦੀ ਚੇਨ, ਟਰੇਡਰ ਜੋਅਜ਼, ਦਾ ਸਾਬਕਾ ਪ੍ਰੈਜ਼ੀਡੈਂਟ ਇਸ ਬਾਰੇ ਇਸ ਤਰ੍ਹਾਂ ਕਹਿੰਦਾ ਹੈ, "ਅਸਲੀਅਤ ਇਹ ਹੈ ਕਿ ਗ੍ਰੋਸਰੀ ਸਟੋਰਾਂ ਦੇ ਇਲਾਕਾਈ ਮੈਨੇਜਰ ਵੱਜੋਂ, ਜਦੋਂ ਤੁਸੀਂ ਇਹ ਦੇਖਦੇ ਹੋ ਕਿ ਕਿਸੇ ਸਟੋਰ ਵਿੱਚ ਛੇਤੀਂ ਖਰਾਬ ਹੋਣ ਵਾਲੀਆਂ ਵਸਤਾਂ (ਫਲ, ਸਬਜ਼ੀਆਂ ਆਦਿ) ਦੇ ਅੰਝਾਈ ਨਸ਼ਟ ਹੋਣ ਦੀ ਦਰ ਘੱਟ ਹੈ, ਤਾਂ ਇਹ ਤੁਹਾਡੇ ਲਈ ਚਿੰਤਾ ਦਾ ਵਿਸ਼ਾ ਬਣ ਜਾਂਦਾ ਹੈ। ਕਿਸੇ ਸਟੋਰ ਵਿੱਚ ਅੰਝਾਈ ਨਸ਼ਟ ਹੋਣ ਵਾਲੀਆਂ ਵਸਤਾਂ ਦੀ ਮਾਤਰਾ ਦਾ ਘੱਟ ਹੋਣਾ ਇਸ ਗੱਲ ਦਾ ਸੰਕੇਤ ਹੁੰਦਾ ਹੈ ਕਿ ਉਸ ਸਟੋਰ ਵਿੱਚ ਪੂਰਾ ਸਟਾਕ ਨਹੀਂ ਹੈ ਅਤੇ ਗਾਹਕਾਂ ਨੂੰ ਮਾੜਾ ਤਜਰਬਾ ਹੋ ਰਿਹਾ ਹੈ।"

ਪੱਛਮੀ ਵਿਕਸਤ ਮੁਲਕਾਂ ਵਿੱਚ ਖਾਣਾ ਅੰਝਾਈ ਨਸ਼ਟ ਹੋਣ ਦੀਆਂ ਰਿਪੋਰਟਾਂ ਇਹ ਦਸਦੀਆਂ ਹਨ ਕਿ ਇਹਨਾਂ ਮੁਲਕਾਂ ਵਿੱਚ ਇਕੱਲੇ ਇਕੱਲੇ ਘਰਾਂ ਵਿੱਚ ਵੀ ਕਾਫੀ ਖਾਣਾ ਅੰਝਾਈ ਨਸ਼ਟ ਹੁੰਦਾ ਹੈ। ਇਸ ਬਾਰੇ ਅਮਰੀਕਾ, ਕੈਨੇਡਾ ਅਤੇ ਯੂ. ਕੇ. ਬਾਰੇ  ਕੁੱਝ ਤੱਥ ਪੇਸ਼ ਹਨ:

* ਸਾਇੰਸ ਡੇਲੀ ਦੇ ਵੈੱਬਸਾਈਟ `ਤੇ 23 ਜਨਵਰੀ 2020 ਨੂੰ ਛਪੀ ਇਕ ਰਿਪੋਰਟ ਦਸਦੀ ਹੈ ਕਿ ਅਮਰੀਕਾ ਦਾ ਇਕ ਘਰ ਜਿੰਨਾ ਖਾਣਾ ਖ੍ਰੀਦਦਾ ਹੈ, ਉਸ ਵਿੱਚੋਂ ਇਕ ਤਿਹਾਈ ਹਿੱਸੇ ਦੇ ਕਰੀਬ ਖਾਣਾ ਕੂੜੇਦਾਨ ਵਿੱਚ ਸੁੱਟਿਆ ਜਾਂਦਾ ਹੈ। ਅੰਝਾਈ ਨਸ਼ਟ ਕੀਤੇ ਇਸ ਖਾਣੇ ਦੀ ਸਾਲਾਨਾ ਲਾਗਤ 240 ਅਰਬ (ਬਿਲੀਅਨ) ਡਾਲਰ ਬਣਦੀ ਹੈ ਜੋ ਕਿ ਇਕ ਘਰ ਮਗਰ ਔਸਤਨ 1866 ਡਾਲਰ ਪ੍ਰਤੀ ਸਾਲ ਦੇ ਕਰੀਬ ਹੈ।
 
* ਸੰਨ 2019 ਵਿੱਚ ਛਪੀ ਯੂਨਾਈਟਿਡ ਨੇਸ਼ਨਜ਼ ਦੀ ਇਕ ਰਿਪੋਰਟ ਅਨੁਸਾਰ ਕੈਨੇਡਾ ਦੇ ਇਕ ਘਰ ਵਿੱਚ ਸਾਲਾਨਾ ਖਾਣਾ ਅੰਝਾਈ ਨਸ਼ਟ ਹੋਣ ਦੀ ਔਸਤਨ ਮਾਤਰਾ 79 ਕਿਲੋਗ੍ਰਾਮ ਹੈ। ਇਸ ਹਿਸਾਬ ਨਾਲ ਕੈਨੇਡਾ ਦੇ ਸਾਰੇ ਘਰਾਂ ਵਿੱਚ ਇਕ ਸਾਲ ਵਿੱਚ ਅੰਝਾਈ ਖਾਣਾ ਨਸ਼ਟ ਹੋਣ ਦੀ ਕੁੱਲ ਮਾਤਰਾ 29.4 ਲੱਖ (2.94 ਮਿਲੀਅਨ) ਮੀਟਰਕ ਟਨ ਦੇ ਬਰਾਬਰ ਹੋ ਜਾਂਦੀ ਹੈ।

*ਯੂ ਕੇ ਤੋਂ ਨਿਕਲਦੇ ਅਖਬਾਰ ਗਾਰਡੀਅਨ ਵਿੱਚ 24 ਜਨਵਰੀ 2020 ਨੂੰ ਛਪੀ ਇਕ ਰਿਪੋਰਟ ਅਨੁਸਾਰ ਯੂ ਕੇ ਦੇ ਸਾਰੇ ਘਰਾਂ ਵਿੱਚ ਹਰ ਸਾਲ ਕੁੱਲ ਮਿਲਾ ਕੇ 45 ਲੱਖ (4.5 ਮਿਲੀਅਨ) ਟਨ ਖਾਣਾ ਅੰਝਾਈ ਨਸ਼ਟ ਹੁੰਦਾ ਹੈ।  

ਇਹਨਾਂ ਮੁਲਕਾਂ ਦੇ ਘਰਾਂ ਵਿੱਚ ਖਾਣਾ ਅੰਝਾਈ ਨਸ਼ਟ ਕੀਤੇ ਜਾਣ ਦਾ ਇਕ ਵੱਡਾ ਕਾਰਨ ਇਹ ਹੈ ਕਿ ਇੱਥੇ ਲੋਕਾਂ ਵੱਲੋਂ ਆਪਣੀ ਘਰੇਲੂ ਲੋੜ ਤੋਂ ਵੱਧ ਖਾਣਾ ਖ੍ਰੀਦਣਾ ਇਕ ਆਮ ਵਰਤਾਰਾ ਹੈ। ਲੋੜ ਤੋਂ ਵੱਧ ਖ੍ਰੀਦਿਆ ਗਿਆ ਖਾਣਾ ਕੁੱਝ ਦੇਰ ਘਰਾਂ ਦੀਆਂ ਫਰਿੱਜਾਂ ਵਿੱਚ ਰਹਿ ਕੇ ਕੂੜੇਦਾਨ ਵਿੱਚ ਚਲਾ ਜਾਂਦਾ ਹੈ। ਬੀ ਬੀ ਸੀ ਦੇ ਸਾਈਟ `ਤੇ ਛਪੇ ਲੇਖ ਹਾਉ ਡੂ ਸੁਪਮਾਰਕੀਟਸ ਟੈਂਪਟ ਯੂ ਟੂ ਸਪੈਂਡ ਮੋਰ ਮਨੀ ਅਤੇ ਸੈਂਟਰ ਫਾਰ ਸਾਇੰਸ ਇਨ ਦਾ ਪਬਲਿਕ ਇਨਟ੍ਰੈਸਟ ਦੇ ਸਾਈਟ `ਤੇ ਛਪੇ ਲੇਖ 8 ਵੇਅਜ਼ ਸੁਪਰਮਾਰੀਕਟਸ ਮੇਕ ਯੂ ਬਾਈ ਮੋਰ ਅਨੁਸਾਰ ਇਹਨਾਂ ਮੁਲਕਾਂ ਦੀਆਂ ਸੁਪਰਮਾਰਕੀਟਾਂ ਲੋਕਾਂ ਨੂੰ ਲੋੜ ਤੋਂ ਵੱਧ ਖਾਣਾ ਖ੍ਰੀਦਣ ਲਈ ਉਕਸਾਉਣ ਲਈ ਮਾਰਕੀਟਿੰਗ ਦੇ ਕਈ ਤਰ੍ਹਾਂ ਦੇ ਢੰਗ ਵਰਤਦੀਆਂ ਹਨ। ਇਕ ਚੀਜ਼ ਖ੍ਰੀਦੋ, ਦੂਜੀ ਮੁਫਤ ਲਵੋ ਜਾਂ ਇਕ ਦੀ ਕੀਮਤ `ਤੇ ਦੋ ਚੀਜ਼ਾਂ ਖ੍ਰੀਦੋ, ਨਮੂਨੇ ਦੇ ਤੌਰ `ਤੇ ਮੁਫਤ ਚੀਜ਼ਾਂ (ਫ੍ਰੀ ਸੈਂਪਲ) ਦੇਣ, ਸਟੋਰਾਂ ਵਿੱਚ ਧੀਮਾ ਸੰਗੀਤ ਵਜਾ ਕੇ ਲੋਕਾਂ ਨੂੰ ਸਟੋਰਾਂ ਵਿੱਚ ਜ਼ਿਆਦਾ ਦੇਰ ਰਹਿਣ ਲਈ ਉਤਸ਼ਾਹਿਤ ਕਰਨ, ਸਟੋਰ ਵਿੱਚ ਖਾਸ ਤਰ੍ਹਾਂ ਦੀ ਮਹਿਕ ਦੀ ਵਰਤੋਂ ਕਰਕੇ ਕੁੱਝ ਖਾਸ ਚੀਜ਼ਾਂ ਦੀ ਵਿਕਰੀ ਵਧਾਉਣ, ਕੈਸ਼ੀਅਰ ਦੇ ਕਾਊਂਟਰਾਂ ਨੇੜੇ ਕੈਂਡੀਆਂ, ਚਾਕਲੇਟਾਂ, ਸੋਡੇ, ਆਦਿ ਵਰਗੀਆਂ ਚੀਜ਼ਾਂ ਰੱਖ ਕੇ ਸੁਪਰਮਾਰਕੀਟਾਂ ਗ੍ਰਾਹਕਾਂ ਨੂੰ ਲੋੜ ਤੋਂ ਵੱਧ ਚੀਜ਼ਾਂ ਖ੍ਰੀਦਣ ਲਈ ਉਤਸ਼ਾਹਿਤ ਕਰਦੀਆਂ ਹਨ। ਉਦਾਹਰਨ ਲਈ ਕਿਸੇ ਸੁਪਰਮਾਰਕੀਟ ਦੀ ਬੇਕਰੀ `ਚੋਂ ਤਾਜ਼ਾ ਬੇਕ ਕੀਤੀ ਬ੍ਰੈੱਡ ਦੀ ਮਹਿਕ ਤੁਹਾਨੂੰ ਅੱਧੀ ਦਰਜਨ ਕਰਸਾਂਟ ਖੀਦਣ ਲਈ ਪ੍ਰੇਰਿਤ ਕਰ ਸਕਦੀ ਹੈ। ਇਸ ਹੀ ਤਰ੍ਹਾਂ ਫ੍ਰੀ ਸੈਂਪਲ ਵਜੋਂ ਦਿੱਤਾ ਪੀਜ਼ੇ ਦਾ ਇਕ ਛੋਟਾ ਜਿਹਾ ਟੁੱਕੜਾ ਤੁਹਾਡੇ ਮਨ ਵਿੱਚ ਪੂਰਾ ਪੀਜ਼ਾਂ ਖ੍ਰੀਦਣ ਦਾ ਖਿਆਲ ਲਿਆ ਸਕਦਾ ਹੈ।  

ਇਹਨਾਂ ਹੀ ਲੇਖਾਂ ਅਨੁਸਾਰ ਬਹੁਤੀ ਵਾਰੀ ਸੁਪਰਮਾਰਕੀਟ ਵਿੱਚ ਦੁੱਧ, ਬ੍ਰੈੱਡ ਅਤੇ ਆਂਡਿਆਂ ਵਰਗੀਆਂ ਜ਼ਰੂਰੀ ਚੀਜ਼ਾਂ ਖ੍ਰੀਦਣ ਗਿਆ ਗਾਹਕ ਹੋਰ ਬਹੁਤ ਸਾਰੀਆਂ ਚੀਜ਼ਾਂ ਖ੍ਰੀਦ ਲਿਆਉਂਦਾ ਹੈ। ਇਸ ਦਾ ਇਕ ਕਾਰਨ ਹੈ ਸੁਪਰਮਾਰਕੀਟਾਂ ਵਿੱਚ ਚੀਜ਼ਾਂ ਰੱਖਣ ਦੀ ਤਰਤੀਬ। ਬਹੁਤੀਆਂ ਸੁਪਰਮਾਰਕੀਟਾਂ ਵਿੱਚ ਦੁੱਧ, ਬ੍ਰੈੱਡ ਅਤੇ ਆਂਡਿਆਂ ਵਰਗੀਆਂ ਜ਼ਰੂਰੀ ਚੀਜ਼ਾਂ ਸੁਪਰਮਾਰਕੀਟ ਦੇ ਪਿਛਲੇ ਹਿੱਸੇ ਵਿੱਚ ਰੱਖੀਆਂ ਹੁੰਦੀਆਂ ਹਨ।  ਨਤੀਜੇ ਵੱਜੋਂ ਇਹ ਜ਼ਰੂਰੀ ਚੀਜ਼ਾਂ ਖ੍ਰੀਦ ਕੇ ਇਕਦਮ ਬਾਹਰ ਆ ਜਾਣ ਦੇ ਮਕਸਦ ਨਾਲ ਸੁਪਰਮਾਰਕੀਟ ਦੇ ਅੰਦਰ ਗਏ ਗਾਹਕ ਨੂੰ ਇਹ ਚੀਜ਼ਾਂ ਲੈਣ ਲਈ ਤਕਰੀਬਨ ਸਾਰੀ ਸੁਪਰਮਾਰਕੀਟ ਦਾ ਗੇੜਾ ਲਾਉਣਾ ਪੈਂਦਾ ਹੈ। ਇਹ ਗੇੜਾ ਦੇਣ ਦੌਰਾਨ ਉਸ ਦਾ ਵਾਹ ਸਪੈਸ਼ਲ ਆਫਰਾਂ `ਤੇ ਲਾਈਆਂ ਚੀਜ਼ਾਂ ਨਾਲ ਪੈਂਦਾ ਹੈ।  ਇਸ ਲਈ ਸਾਰੀ ਮਾਰਕੀਟ ਦਾ ਗੇੜਾ ਦੇਣ ਸਮੇਂ ਉਹ ਅਜਿਹੀਆਂ ਚੀਜ਼ਾਂ ਚੁੱਕ ਕੇ ਆਪਣੀ ਬੱਘੀ ਵਿੱਚ ਰੱਖ ਲੈਂਦਾ ਹੈ, ਜਿਹਨਾਂ ਨੂੰ ਲੈਣ ਦਾ ਉਸ ਦਾ ਕੋਈ ਇਰਾਦਾ ਨਹੀਂ ਹੁੰਦਾ। ਇਸ ਹੀ ਤਰ੍ਹਾਂ ਬਹੁਤੀ ਵਾਰ ਸੇਲ `ਤੇ (ਸਸਤੀਆਂ) ਲਾਈਆਂ ਚੀਜ਼ਾਂ ਵੀ ਸਟੋਰ ਦੇ ਪਿਛਲੇ ਹਿੱਸੇ ਵਿੱਚ ਰੱਖੀਆਂ ਹੁੰਦੀਆਂ ਹਨ। ਜੇ ਸਟੋਰ ਨੇ ਇਕ ਤੋਂ ਵੱਧ ਚੀਜ਼ਾਂ ਸੇਲ `ਤੇ ਲਾਈਆਂ ਹੋਣ ਤਾਂ ਉਹ ਚੀਜ਼ਾਂ ਸਟੋਰ ਦੇ ਵੱਖਰੇ ਵੱਖਰੇ ਹਿੱਸਿਆਂ ਵਿੱਚ ਰੱਖੀਆਂ ਹੁੰਦੀਆਂ ਹਨ। ਨਤੀਜੇ ਵਜੋਂ ਸੇਲ `ਤੇ ਲਾਈਆਂ ਗਈਆਂ ਚੀਜ਼ਾਂ ਲੱਭਣ ਲਈ ਗਾਹਕ ਨੂੰ ਸਾਰੇ ਸਟੋਰ ਦਾ ਗੇੜਾ ਕੱਢਣਾ ਪੈਂਦਾ ਹੈ ਅਤੇ ਨਤੀਜਾ ਉਸ ਵੱਲੋਂ ਉਹ ਚੀਜ਼ਾਂ ਖ੍ਰੀਦਣ ਵਿੱਚ ਨਿਕਲਦਾ ਹੈ ਜਿਹੜੀਆਂ ਚੀਜ਼ਾਂ ਉਹ ਲੈਣ ਨਹੀਂ ਗਿਆ ਸੀ। ਇਸ ਦੇ ਨਾਲ ਹੀ ਕਈ ਚੀਜ਼ਾਂ ਨੂੰ ਇਕ ਦੂਸਰੇ ਦੇ ਨਾਲ ਨਾਲ ਰੱਖਿਆ ਜਾਂਦਾ ਹੈ ਤਾਂ ਕਿ ਇਕ ਚੀਜ਼ ਖ੍ਰੀਦਣ ਸਮੇਂ ਗਾਹਕ ਦੂਜੀ ਚੀਜ਼ ਵੀ ਖ੍ਰੀਦੇ। ਉਦਾਹਰਨ ਲਈ ਚਿਪਸਾਂ ਅਤੇ ਸੋਡੇ ਨੂੰ ਨਾਲ ਨਾਲ ਰੱਖਿਆ ਜਾਂਦਾ ਹੈ ਅਤੇ ਪੈਸਤਾ ਅਤੇ ਪਰਮੇਸਾਨ ਪਨੀਰ ਨੂੰ ਇਕੱਠੇ ਰੱਖਿਆ ਜਾਂਦਾ ਹੈ। ਕਈ ਸਟੋਰਾਂ ਵਿੱਚ ਸਟੋਰ ਦੀਆਂ ਉਨ੍ਹਾਂ ਥਾਂਵਾਂ ਦੀ ਫਰਸ਼ `ਤੇ ਨਿੱਕੀਆਂ ਟਾਈਲਾਂ ਲਾਈਆਂ ਹੁੰਦੀਆਂ ਹਨ, ਜਿੱਥੇ ਸਟੋਰ ਦੇ ਮਾਲਕ/ਮੈਨੇਜਰ ਚਾਹੁੰਦੇ ਹਨ ਕਿ ਗਾਹਕ ਜ਼ਿਆਦਾ ਚਿਰ ਰਹੇ। ਜਦੋਂ ਗਾਹਕ ਨਿੱਕੀਆਂ ਟਾਈਲਾਂ ਦੀ ਫਰਸ਼ ਤੋਂ ਬੱਘੀ ਲੈ ਕੇ ਤੁਰਦਾ ਹੈ ਤਾਂ ਨਿੱਕੀਆਂ ਟਾਈਲਾਂ ਕਾਰਨ ਉਸ ਨੂੰ ਜਾਪਦਾ ਹੈ ਕਿ ਉੱਥੇ ਉਸ ਦੀ ਬੱਘੀ ਤੇਜ਼ੀ ਨਾਲ ਲੰਘਦੀ ਜਾ ਰਹੀ ਹੈ, ਇਸ ਲਈ ਉਹ ਆਪਣੀ ਬੱਘੀ ਨੂੰ ਹੋਲੀ ਕਰ ਲੈਂਦਾ ਹੈ ਅਤੇ ਉਸ ਇਲਾਕੇ ਵਿੱਚ ਲੋੜ ਨਾਲੋਂ ਵੱਧ ਸਮਾਂ ਬਿਤਾਉਂਦਾ ਹੈ। ਇਹ ਅਤੇ ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਢੰਗ ਵਰਤ ਕੇ ਸੁਪਰਮਾਰਕੀਟਾਂ ਗਾਹਕਾਂ ਨੂੰ ਲੋੜ ਤੋਂ ਵੱਧ ਅਤੇ ਉਹ ਖਾਣਾ ਖ੍ਰੀਦਣ ਲਈ ਪ੍ਰਭਾਵਿਤ ਕਰਦੀਆਂ ਹਨ ਜਿਹਨਾਂ ਦੀ ਗਾਹਕਾਂ ਨੂੰ ਲੋੜ ਨਹੀਂ ਹੁੰਦੀ ਹੈ। ਇਸ ਦੇ ਨਾਲ ਹੀ ਇਹ ਗੱਲ ਵੀ ਯਾਦ ਰੱਖਣ ਵਾਲੀ ਹੈ ਕਿ ਇਸ ਤਰ੍ਹਾਂ ਦੇ ਢੰਗ ਲੱਭਣ ਲਈ ਕੀਤੀਆਂ ਜਾਂਦੀਆਂ ਖੋਜਾਂ `ਤੇ ਸੁਪਰਮਾਰਕੀਟਾਂ ਦੇ ਮਾਲਕ ਹਰ ਸਾਲ ਲੱਖਾਂ ਡਾਲਰ ਖਰਚ ਕਰਦੇ ਹਨ।

ਖਾਣਾ ਉਗਾਉਣ, ਖਾਣਾ ਵੇਚਣ ਅਤੇ ਖਾਣੇ ਦੀ ਖਪਤ ਤੱਕ ਦੇ ਵੱਖ ਵੱਖ ਪੜਾਵਾਂ `ਤੇ ਖਾਣਾ ਅੰਝਾਈ ਨਸ਼ਟ ਹੋਣ ਬਾਰੇ ਉਪਰਲੀ ਗੱਲਬਾਤ ਇਹ ਦਿਖਾਉਂਦੀ ਹੈ ਕਿ ਪੂੰਜੀਵਾਦੀ ਪ੍ਰਬੰਧ ਵਿੱਚ ਖਾਣਾ ਵੇਚਣ/ਖ੍ਰੀਦਣ/ਖਪਤ ਦਾ ਅਮਲ ਚੰਗੇ ਭਲੇ ਖਾਣੇ ਦੀ ਕਾਫੀ ਵੱਡੀ ਮਾਤਰਾ ਨੂੰ ਕੂੜੇ ਵਿੱਚ ਤਬਦੀਲ ਕਰ ਦਿੰਦਾ ਹੈ। ਅਜਿਹਾ ਹੋਣ ਦਾ ਮੁੱਖ ਕਾਰਨ ਇਹ ਹੈ ਕਿ ਇਸ ਪ੍ਰਬੰਧ ਵਿੱਚ ਖਾਣੇ ਨੂੰ ਮਨੁੱਖੀ ਜਿ਼ੰਦਗੀ ਦੀ ਇਕ ਮੁੱਢਲੀ ਲੋੜ ਦੀ ਥਾਂ ਇਸ ਨੂੰ ਮੁਨਾਫਾ ਕਮਾਉਣ ਵਾਲੀ ਇਕ ਜਿਨਸ ਸਮਝਿਆ ਜਾਂਦਾ ਹੈ। ਵੇਸਟ: ਅਨਕਵਰਿੰਗ ਦੀ ਗਲੋਬਲ ਵੇਸਟ ਸਕੈਂਡਲ ਦੇ ਲੇਖਕ ਟ੍ਰਿਸਟਰਮ ਸਟੂਅਰਟ ਦੇ ਸ਼ਬਦਾਂ ਵਿੱਚ, "ਵਿਕਸਤ ਦੇਸ਼ਾਂ ਵਿੱਚ ਖਾਣੇ ਨੂੰ ਉਸ ਦੀ ਪੈਦਾਵਾਰ ਦੇ ਸਮਾਜ ਅਤੇ ਵਾਤਾਵਰਨ ਨਾਲ ਸੰਬੰਧਿਤ ਅਸਰਾਂ ਤੋਂ ਨਿਖੇੜ ਕੇ ਇਕ ਸੁੱਟਣਯੋਗ ਜਿਨਸ ਵਜੋਂ ਦੇਖਿਆ ਜਾਂਦਾ ਹੈ।"ਇਹ ਨਜ਼ਰੀਆ ਦੁਨੀਆ ਵਿੱਚ ਉਗਾਏ ਜਾਂਦੇ ਕੁੱਲ ਖਾਣੇ ਦੇ ਇਕ ਤਿਹਾਈ ਦੇ ਕਰੀਬ ਖਾਣੇ ਨੂੰ ਕੂੜੇ `ਤੇ ਸੁੱਟੇ ਜਾਣ ਦਾ ਕਾਰਨ ਬਣਦਾ ਹੈ।

ਪੂੰਜੀਵਾਦੀ ਪ੍ਰਬੰਧ ਵਿੱਚ ਹੁੰਦੀ ਕੂੜੇ ਦੀ ਪੈਦਾਵਾਰ ਬਾਰੇ ਗੱਲ ਨੂੰ ਅੱਗੇ ਤੋਰਨ ਲਈ ਹੁਣ ਅਸੀਂ ਫੈਸ਼ਨ ਦੀ ਸਨਅਤ `ਤੇ ਧਿਆਨ ਕੇਂਦਰਿਤ ਕਰਾਂਗੇ। ਇਸ ਸਨਅਤ ਵਿੱਚ ਹਰ ਸਾਲ ਵੱਡੀ ਪੱਧਰ `ਤੇ ਚੰਗੀਆਂ ਭਲੀਆਂ ਪਰ ਅਣਵਿਕੀਆਂ ਵਸਤਾਂ - ਕੱਪੜੇ, ਗਹਿਣੇ, ਘੜੀਆਂ ਆਦਿ- ਨੂੰ ਨਸ਼ਟ ਕਰ ਦਿੱਤਾ ਜਾਂਦਾ ਹੈ। ਨਸ਼ਟ ਕੀਤੀਆਂ ਜਾਣ ਵਾਲੀਆਂ ਇਹਨਾਂ ਵਸਤਾਂ ਬਾਰੇ ਗੱਲ ਕਰਨ ਤੋਂ ਪਹਿਲਾਂ ਇਹ ਜਾਣਨਾ ਫਾਇਦੇਮੰਦ ਹੋਵੇਗਾ ਕਿ ਫੈਸ਼ਨ ਸਨਅਤ ਦੋ ਪੱਧਰਾਂ `ਤੇ ਕੰਮ ਕਰਦੀ ਹੈ। ਪਹਿਲੀ ਪੱਧਰ ਨੂੰ 'ਫਾਸਟ ਫੈਸ਼ਨ' ਦਾ ਨਾਂ ਦਿੱਤਾ ਗਿਆ ਹੈ ਅਤੇ ਦੂਸਰੀ ਪੱਧਰ ਨੂੰ "ਹਾਈ ਇੰਡ ਫੈਸ਼ਨ' ਦਾ। "ਫਾਸਟ ਫੈਸ਼ਨ" ਵਿੱਚ ਚੀਜ਼ਾਂ ਦਾ ਫੈਸ਼ਨ ਸਾਲ-ਛਿਮਾਹੀ ਬਦਲਣ ਦੀ ਥਾਂ ਕੁੱਝ ਹਫਤਿਆਂ ਬਾਅਦ ਬਦਲਦਾ ਰਹਿੰਦਾ ਹੈ। ਇਸ ਫੈਸ਼ਨ ਦਾ ਨਿਸ਼ਾਨਾ ਆਮ ਪੱਧਰ ਦੇ ਲੋਕ ਹੁੰਦੇ ਹਨ। ਇਸ ਵਿੱਚ ਵੇਚੀਆਂ ਜਾਂਦੀਆਂ ਚੀਜ਼ਾਂ ਮਾੜੀ ਕੁਆਲਟੀ ਦੀਆਂ ਪਰ ਸਸਤੀਆਂ ਹੁੰਦੀਆਂ ਹਨ। ਉਦਾਹਰਨ ਲਈ ਇਸ ਪੱਧਰ `ਤੇ ਵੇਚੇ ਜਾਂਦੇ ਕੱਪੜੇ ਕੁੱਝ ਕੁ ਧੋਅ ਹੀ ਕੱਢਦੇ ਹਨ। ਇਸ ਫੈਸ਼ਨ ਨਾਲ ਚੱਲਣ ਲਈ ਲੋਕਾਂ ਨੂੰ 'ਫਾਸਟ ਫੂਡ' ਵਾਂਗ ਇਹ ਚੀਜ਼ਾਂ ਲਗਾਤਾਰ ਖ੍ਰੀਦਦੇ ਰਹਿਣਾ ਪੈਂਦਾ ਹੈ।  ਉਹ ਇਹਨਾਂ ਚੀਜ਼ਾਂ ਨੂੰ ਇਕ ਜਾਂ ਕੁਝ ਵਾਰ ਵਰਤ ਕੇ ਸੁੱਟ ਦਿੱਤੀਆਂ ਜਾਣ ਵਾਲੀਆਂ ਹੋਰ 'ਡਿਸਪੋਜ਼ੇਬਲ' ਵਸਤਾਂ ਵਾਂਗ ਹੀ ਸਮਝਦੇ ਹਨ। ਉਦਾਹਰਨ ਲਈ ਸੰਨ 2015 ਵਿੱਚ ਯੂ ਕੇ ਵਿੱਚ ਕੱਪੜਿਆਂ ਦੇ ਪਹਿਨਣ ਬਾਰੇ ਕੀਤੇ ਇਕ ਸਰਵੇ ਵਿੱਚ ਹਿੱਸਾ ਲੈਣ ਵਾਲੀਆਂ ਔਰਤਾਂ ਨੇ ਦੱਸਿਆ ਸੀ ਕਿ ਉਹ ਔਸਤ ਤੌਰ `ਤੇ ਇਕ ਕੱਪੜੇ ਨੂੰ 7 ਵਾਰ ਪਹਿਨਦੀਆਂ ਹਨ। ਇਹਨਾਂ ਵਿੱਚ 33% ਫੀਸਦੀ ਔਰਤਾਂ ਦਾ ਮੰਨਣਾ ਸੀ ਕਿ ਵੱਧ ਤੋਂ ਵੱਧ ਤਿੰਨ ਵਾਰ ਪਹਿਨਣ ਤੋਂ ਬਾਅਦ ਕੱਪੜੇ ਪੁਰਾਣੇ ਹੋ ਜਾਂਦੇ ਹਨ।  

"ਹਾਈ ਇੰਡ ਫੈਸ਼ਨ" ਵਿੱਚ ਚੀਜ਼ਾਂ ਚੰਗੀ ਕੁਆਲਟੀ ਦੀਆਂ ਅਤੇ ਮਹਿੰਗੀਆਂ ਹੁੰਦੀਆਂ ਹਨ। ਇਹ ਫੈਸ਼ਨ ਅਮੀਰ ਲੋਕਾਂ ਵੱਲ ਕੇਂਦਰਿਤ ਹੁੰਦਾ ਹੈ। ਇਸ ਫੈਸ਼ਨ ਨਾਲ ਸੰਬੰਧਿਤ ਚੀਜ਼ਾਂ ਵਿਅਕਤੀ ਨੂੰ ਸਮਾਜ ਵਿੱਚ ਵੱਡੇ ਰੁਤਬੇ ਵਾਲਾ ਵਿਅਕਤੀ ਹੋਣ ਦਾ ਅਹਿਸਾਸ ਕਰਵਾਉਂਦੀਆਂ ਹਨ।

ਇਹਨਾਂ ਦੋਵਾਂ ਪੱਧਰਾਂ `ਤੇ ਕੰਮ ਕਰਦੀ ਫੈਸ਼ਨ ਸਨਅਤ ਹਰ ਸਾਲ ਵੱਡੀ ਮਾਤਰਾ ਵਿੱਚ ਚੰਗੀਆਂ ਭਲੀਆਂ ਪਰ ਅਣਵਿਕੀਆਂ ਵਸਤਾਂ ਨੂੰ ਨਸ਼ਟ ਕਰਦੀ ਹੈ। ਇਸ ਬਾਰੇ ਕੁੱਝ ਅੰਕੜੇ ਇਸ ਪ੍ਰਕਾਰ ਹਨ:

* 27 ਅਕਤੂਬਰ 2021 ਨੂੰ ਅਰਥ.ਔਰਗ `ਤੇ ਛਪੇ ਅੰਕੜਿਆਂ ਅਨੁਸਾਰ ਹਰ ਸਾਲ ਦੁਨੀਆ ਭਰ ਵਿੱਚ ਕੱਪੜਿਆਂ ਨਾਲ ਸੰਬੰਧਿਤ 9 ਕ੍ਰੋੜ 20 ਲੱਖ (92 ਮਿਲੀਅਨ) ਟਨ ਕੂੜਾ ਪੈਦਾ ਹੁੰਦਾ ਹੈ। ਇਸ ਦਾ ਮਤਲਬ ਹੈ ਕਿ ਹਰ ਇਕ ਸਕਿੰਟ ਵਿੱਚ ਇਕ ਟਰੱਕ ਦੇ ਭਾਰ ਦੇ ਬਰਾਬਰ ਦਾ ਕੱਪੜਿਆਂ ਦਾ ਕੂੜਾ ਜਾਂ ਸਾੜਿਆ ਜਾਂਦਾ ਹੈ ਜਾਂ ਕੂੜੇ ਦੇ ਢੇਰ `ਤੇ ਸੁੱਟ ਦਿੱਤਾ ਜਾਂਦਾ ਹੈ।  

* 15 ਨਵੰਬਰ 2021 ਨੂੰ ਈਕੋਵਾਚ ਦੇ ਸਾਈਟ `ਤੇ ਛਪੇ ਚਿੱਲੀਜ਼ ਆਟਾਕਾਮਾ ਡੈਜ਼ਰਟ: ਵਿਅਰ ਫਾਸਟ ਫੈਸ਼ਨ ਗੋਅਜ਼ ਟੂ ਡਾਈ ਨਾਮੀ ਲੇਖ ਵਿੱਚ ਅਲਜਜ਼ੀਰਾ ਦੀ ਇਕ ਰਿਪੋਰਟ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਹਰ ਸਾਲ ਅਮਰੀਕਾ, ਯੂਰਪ ਅਤੇ ਦੁਨੀਆ ਦੇ ਦੂਜੇ ਹਿੱਸਿਆਂ ਵਿੱਚੋਂ ਨਾ ਵਿਕ ਸਕਣ ਵਾਲੇ ਕੱਪਿੜਿਆਂ ਦੇ 59000 ਟਨ ਚਿੱਲੀ ਦੇ ਉੱਤਰੀ ਇਲਾਕੇ ਵਿਚਲੀ ਅਲਟੋ ਹੌਸਪੀਸੀਓ ਫ੍ਰੀ ਜ਼ੋਨ ਵਿੱਚ ਪੈਂਦੀ ਅਕਵੀਵਾਹ ਬੰਦਰਗਾਹ `ਤੇ ਪਹੁੰਚਦੇ ਹਨ। ਇੱਥੇ ਇਹ ਕੱਪੜੇ ਲਾਤੀਨੀ ਅਮਰੀਕਾ ਵਿੱਚ ਦੁਬਾਰਾ ਵੇਚੇ ਜਾਣ ਲਈ ਆਉਂਦੇ ਹਨ ਪਰ ਇਹਨਾਂ ਵਿੱਚੋਂ ਸਿਰਫ 20,000 ਟਨ ਦੇ ਕਰੀਬ ਕੱਪੜੇ ਹੀ ਵਿਕਦੇ ਹਨ। ਬਾਕੀ ਬਚਦੇ 39000 ਟਨ ਦੇ ਕਰੀਬ ਕੱਪੜੇ ਚਿੱਲੀ ਦੇ ਆਟਾਕਾਮਾ ਮਾਰੂਥਲ ਵਿੱਚ ਪਿਛਲੇ ਸਾਲਾਂ ਦੌਰਾਨ ਸੁੱਟੇ ਗਏ ਕੱਪੜਿਆਂ ਦੇ ਢੇਰਾਂ ਉੱਤੇ ਸੁੱਟ ਦਿੱਤੇ ਜਾਂਦੇ ਹਨ।

* 23 ਸਤੰਬਰ 2021 ਨੂੰ ਈਕੋਵਾਚ ਦੇ ਸਾਈਟ `ਤੇ ਫਾਸਟ ਫੈਸ਼ਨ 101: ਐਵਰੀਥਿੰਗ ਯੂ ਨੀਡ ਟੂ ਨੋਅ ਨਾਮੀ ਲੇਖ ਅਨੁਸਾਰ ਹਰ ਸਾਲ ਇਕ ਅਮਰੀਕਨ 70 ਪੌਂਡ ਕੱਪੜੇ ਕੂੜੇ ਵਿੱਚ ਸੁੱਟਦਾ ਹੈ। ਕੁੱਲ ਮਿਲਾ ਕੇ ਅਮਰੀਕਾ ਵਿੱਚ ਕੱਪੜਿਆਂ ਦੇ ਇਸ ਕੂੜੇ ਦੀ ਸਾਲਾਨਾ ਮਾਤਰਾ 1 ਕ੍ਰੋੜ 70 ਲੱਖ (17 ਮਿਲੀਅਨ) ਟਨ ਦੇ ਬਰਾਬਰ ਬਣਦੀ ਹੈ। ਇਸ ਵਿੱਚੋਂ ਸਿਰਫ 25 ਲੱਖ ਟਨ ਕੱਪੜੇ ਹੀ ਰੀਸਾਈਕਲ ਕੀਤੇ ਜਾਂਦੇ ਹਨ।

* 19 ਜੁਲਾਈ 2018 ਨੂੰ ਬੀ ਬੀ ਸੀ ਦੇ ਵੈੱਬਸਾਈਟ `ਤੇ ਛਪੀ ਬਰਬੈਰੀ ਬਰਨਜ਼ ਬੈਗਜ਼, ਕਲੋਥਸ ਐਂਡ ਪਰਫਿਊਮ ਵਰਥ ਮਿਲੀਅਨਜ਼ ਨਾਮੀ ਇਕ ਰਿਪੋਰਟ ਅਨੁਸਾਰ ਉੱਤਲੀ ਪੱਧਰ ਦੇ ਫੈਸ਼ਨ ਨਾਲ ਸੰਬੰਧਿਤ ਯੂ ਕੇ ਦੀ ਕੰਪਨੀ ਬਰਬੈਰੀ ਨੇ ਸੰਨ 2017 ਵਿੱਚ 2 ਕ੍ਰੋੜ 86 ਲੱਖ (28.6 ਮਿਲੀਅਨ) ਪੌਂਡ ਦੀ ਲਾਗਤ ਦੇ ਅਣਵਿਕੇ ਕੱਪੜਿਆਂ, ਐਕਸੈਸਰੀਆਂ (ਪਰਸ, ਬੈਗ, ਜੈਕਟਾਂ, ਜੁੱਤੀਆਂ ਵਰਗੀਆਂ ਚੀਜ਼ਾਂ) ਅਤੇ ਪਰਫਿਊਮਾਂ ਨੂੰ ਨਸ਼ਟ ਕੀਤਾ ਸੀ। ਨਸ਼ਟ ਕੀਤੀਆਂ ਚੀਜ਼ਾਂ ਦੀ ਇਸ ਲਾਗਤ ਨੂੰ ਮਿਲਾ ਕੇ ਬਰਬੈਰੀ ਵੱਲੋਂ ਇਹ ਰਿਪੋਰਟ ਛੱਪਣ ਤੋਂ ਪਹਿਲਾਂ ਦੇ ਪੰਜ ਸਾਲਾਂ ਵਿੱਚ ਨਸ਼ਟ ਕੀਤੀਆਂ ਚੀਜ਼ਾਂ ਦੀ  ਕੀੰਮਤ 9 ਕ੍ਰੋੜ (90 ਮਿਲੀਅਨ) ਦੇ ਬਰਾਬਰ ਪਹੁੰਚ ਜਾਂਦੀ ਹੈ।   

* ਮਈ 2018 ਵਿੱਚ ਵੌਕਸ ਦੇ ਸਾਈਟ `ਤੇ ਛਪੀ ਵਾਈ ਫੈਸ਼ਨ ਬਰਾਂਡਜ਼ ਡਿਸਟ੍ਰੋਏ ਬਿਲਿੀਅਨਜ਼ ਵਰਥ ਆਫ ਦੇਅਰ ਓਨ ਮਰਚੈਨਡਾਈਜ਼ ਐਵਰੀ ਯੀਅਰ ਨਾਮੀ ਰਿਪੋਰਟ ਵਿੱਚ ਗਹਿਣਿਆਂ ਅਤੇ ਘੜੀਆਂ ਦੇ ਕਾਰਟੀਅਰ, ਪੀਆਜੇ, ਬਾਅਮ ਅਤੇ ਮਰਸੀਅਰ ਬ੍ਰਾਂਡਾਂ ਦੀ ਮਾਲਕ ਕੰਪਨੀ ਰਿਚਮੌਂਟ ਨੇ ਮੰਨਿਆ ਸੀ ਕਿ ਉਹਨਾਂ ਨੇ ਪਿਛਲੇ ਕੁੱਝ ਸਾਲਾਂ ਦੌਰਾਨ 56 ਕ੍ਰੋੜ 30 ਲੱਖ (563 ਮਿਲੀਅਨ) ਡਾਲਰ ਦੀ ਲਾਗਤ ਦੀਆਂ ਅਣਵਿਕੀਆਂ ਘੜੀਆਂ ਨੂੰ ਨਸ਼ਟ ਕੀਤਾ ਸੀ।  

ਇੱਥੇ ਅਸੀਂ ਕੁੱਝ ਕੁ ਕੰਪਨੀਆਂ ਵੱਲੋਂ ਕੱਪੜਿਆਂ ਅਤੇ ਹੋਰ ਵਸਤਾਂ ਨੂੰ ਨਸ਼ਟ ਕਰਨ ਦੇ ਅੰਕੜੇ ਦਿੱਤੇ ਹਨ। ਪਰ ਇਹ ਵਰਤਾਰਾ ਸਿਰਫ ਇਹਨਾਂ ਕੰਪਨੀਆਂ ਤੱਕ ਸੀਮਤ ਨਹੀਂ, ਸਗੋਂ ਸਾਰੀ ਫੈਸ਼ਨ ਸਨਅਤ ਨਾਲ ਸੰਬੰਧਿਤ ਕੰਪਨੀਆਂ ਵਿੱਚ ਪ੍ਰਚਲਤ ਹੈ। ਇੰਟਰਨੈੱਟ `ਤੇ ਥੋੜ੍ਹਾ ਜਿਹਾ ਸਮਾਂ ਲਾ ਕੇ ਤੁਸੀਂ ਫੈਸ਼ਨ ਸਨਅਤ ਨਾਲ ਸੰਬੰਧਿਤ ਦੂਜੀਆਂ ਕੰਪਨੀਆਂ - ਜਿਵੇਂ ਅਰਬਨ ਆਊਟਫਿਟਰਜ਼, ਵਾਲਮਾਰਟ, ਐਡੀ ਬਾਇਅਰ, ਮਾਈਕਲ ਕੋਰਜ਼, ਵਿਕਟੋਰੀਆਜ਼ ਸੀਕਰੇਟ ਅਤੇ ਜੇ. ਸੀ. ਪੈਨੀ ਵਰਗੀਆਂ ਕੰਪਨੀਆਂ ਵੱਲੋਂ ਫੈਸ਼ਨ ਨਾਲ ਸੰਬੰਧਿਤ ਅਣਵਿਕੀਆਂ ਵਸਤਾਂ ਨੂੰ ਨਸ਼ਟ ਕਰਨ ਦੀਆਂ ਰਿਪੋਰਟਾਂ ਸੌਖਿਆਂ ਹੀ ਲੱਭ ਸਕਦੇ ਹੋ।  

'ਫਾਸਟ ਫੈਸ਼ਨ' ਦੀ ਪੱਧਰ `ਤੇ ਫੈਸ਼ਨ ਸਨਅਤ ਵੱਲੋਂ ਚੰਗੀਆਂ ਭਲੀਆਂ ਚੀਜ਼ਾਂ ਨਸ਼ਟ ਕਰਨ ਦੇ ਮੁੱਖ ਕਾਰਨਾਂ ਵਿੱਚੋਂ ਪਹਿਲਾ ਕਾਰਨ ਹੈ ਚੀਜ਼ਾਂ ਦਾ ਮੰਗ ਤੋਂ ਵੱਧ ਉਤਪਾਦਨ। ਕੁੱਝ ਕੁ ਹਫਤਿਆਂ ਬਾਅਦ ਬਦਲਦੇ ਰਹਿੰਦੇ ਫੈਸ਼ਨ ਕਾਰਨ ਕੰਪਨੀਆਂ ਨਵੀਂਆਂ ਤੋਂ ਨਵੀਂਆਂ ਚੀਜ਼ਾਂ ਮਾਰਕੀਟ ਵਿੱਚ ਲਿਆਉਂਦੀਆਂ ਰਹਿੰਦੀਆਂ ਹਨ। ਸਟੋਰਾਂ ਵਿੱਚ ਇਹਨਾਂ ਨਵੀਂਆਂ ਚੀਜ਼ਾਂ ਲਈ ਥਾਂ ਬਣਾਉਣ ਲਈ ਪੁਰਾਣੇ ਸਟਾਕ ਵਿਚਲੀਆਂ ਚੀਜ਼ਾਂ ਨੂੰ ਨਸ਼ਟ ਕਰਨਾ ਇਹਨਾਂ ਕੰਪਨੀਆਂ ਦੀ ਮਜ਼ਬੂਰੀ ਬਣ ਜਾਂਦਾ ਹੈ। ਇੱਥੇ ਪਾਠਕਾਂ ਦੇ ਮਨ ਵਿੱਚ ਇਹ ਸਵਾਲ ਆ ਸਕਦਾ ਹੈ ਕਿ ਮੰਗ ਤੋਂ ਵੱਧ ਪੈਦਾ ਕੀਤੀਆਂ ਚੀਜ਼ਾਂ ਨੂੰ ਰੀਸਾਈਕਲ ਜਾਂ ਦੁਬਾਰਾ ਕਿਉਂ ਨਹੀਂ ਵਰਤਿਆ ਜਾਂਦਾ? ਇਸ ਦਾ ਕਾਰਨ ਹੈ ਕਿ ਬਹੁਤੀ ਚੀਜ਼ਾਂ ਨੂੰ ਰੀਸਾਈਕਲ ਕਰਨਾ ਇੰਨਾ ਸੌਖਾ ਜਾਂ ਸਸਤਾ ਨਹੀਂ ਹੁੰਦਾ। ਉਦਾਹਰਨ ਲਈ  ਜਦੋਂ ਕੱਪੜੇ ਤਿਆਰ ਕਰਨ ਲਈ ਵੱਖ ਵੱਖ ਫੈਬਰਿਕਾਂ ਨੂੰ ਇਕ ਦੂਜੇ ਨਾਲ ਮਿਲਾਇਆ ਜਾਂਦਾ ਹੈ, ਜਿਵੇਂ ਪੌਲੀਐਸਟਰ ਨੂੰ ਕਾਟਨ ਨਾਲ, ਤਾਂ ਰੀਸਾਈਕਲ ਕਰਨ ਦੀਆਂ ਚੋਣਾਂ ਬਹੁਤ ਸੀਮਤ ਹੋ ਜਾਂਦੀਆਂ ਹਨ। ਇਸ ਦੇ ਨਾਲ ਹੀ ਰੀਸਾਈਕਲ ਕਰਨ ਲਈ ਕੱਪੜਿਆਂ ਨੂੰ ਲੀਰਾਂ ਲੀਰਾਂ (ਸ਼ਰੈਡ) ਕਰਨ ਤੋਂ ਪਹਿਲਾਂ ਉਹਨਾਂ ਦੀਆਂ ਜਿੱਪਰਾਂ, ਬਟਨਾਂ ਆਦਿ ਨੂੰ ਲਾਹੁਣਾ ਪੈਂਦਾ ਹੈ। ਇਹ ਕੰਮ ਕਰਨ `ਤੇ ਖਰਚਾ ਆਉਂਦਾ ਹੈ। ਨਤੀਜੇ ਵਜੋਂ ਬਹੁਤੀ ਵਾਰੀ ਅਜਿਹੇ ਕੱਪੜਿਆਂ ਨੂੰ ਰੀਸਾਈਕਲ ਕਰਨ ਦੀ ਥਾਂ ਨਸ਼ਟ ਕਰਨਾ ਸਸਤਾ ਪੈਂਦਾ ਹੈ ਅਤੇ ਕੰਪਨੀਆਂ ਅਜਿਹਾ ਕਰਨ ਦੀ ਚੋਣ ਕਰਦੀਆਂ ਹਨ।  ਦੂਜੇ ਪਾਸੇ 'ਹਾਈ ਇੰਡ ਫੈਸ਼ਨ' ਜਾਂ ਲਗਜ਼ਰੀ ਬ੍ਰਾਂਡਾਂ ਵਾਲੀਆਂ ਕੰਪਨੀਆਂ ਆਪਣੀਆਂ ਅਣਵਿਕੀਆਂ ਵਸਤਾਂ ਇਸ ਲਈ ਨਸ਼ਟ ਕਰਦੀਆਂ ਹਨ ਕਿਉਂਕਿ ਉਹ ਆਪਣੇ ਬ੍ਰਾਂਡਾਂ ਦੀ ਬਣਾਈ ਪੈਂਠ ਨਹੀਂ ਘਟਾਉਣਾ ਚਾਹੁੰਦੀਆਂ। ਉਹ ਨਹੀਂ ਚਾਹੁੰਦੀਆਂ ਕਿ ਉਹਨਾਂ ਦੀਆਂ ਬ੍ਰਾਂਡਡ ਚੀਜ਼ਾਂ ਸਸਤੀ ਕੀਮਤ `ਤੇ ਲੋਕਾਂ ਤੱਕ ਪਹੁੰਚਣ ਅਤੇ ਉਹ ਲੋਕ ਉਹ ਚੀਜ਼ਾਂ ਪਾ/ਹੰਢਾ ਸਕਣ ਜਿਹੜੇ ਲੋਕ ਇਹ ਚੀਜ਼ਾਂ ਖ੍ਰੀਦਣ ਦੇ ਸਮਰਥ ਨਹੀਂ ਹਨ। ਇਸ ਲਈ ਜਦੋਂ ਉਹ ਆਪਣੀਆਂ ਅਣਵਿਕੀਆਂ ਵਸਤਾਂ ਨੂੰ ਕੂੜੇ ਦੇ ਢੇਰ `ਤੇ ਸੁੱਟਦੇ ਹਨ ਤਾਂ ਉਹਨਾਂ ਨੂੰ ਕੱਟ/ਵੱਢ ਕੇ ਸੁੱਟਦੇ ਹਨ ਤਾਂ ਕਿ ਕੋਈ ਵਿਅਕਤੀ ਉਹਨਾਂ ਵਸਤਾਂ ਨੂੰ ਉੱਥੋਂ ਚੁੱਕ ਕੇ ਵਰਤ ਨਾ ਸਕੇ। ਉਦਾਹਰਨ ਲਈ ਜਨਵਰੀ 2017 ਦੇ ਨਿਊ ਯੌਰਕ ਟਾਈਮਜ਼ ਵਿੱਚ ਛਪੇ ਸਲੈਸ਼ਰਜ਼ ਵਰਕ ਰੁਈਨਜ਼ ਸ਼ੂਅਜ਼ ਡਿਸਕਾਰਡਡ ਐਟ ਏ ਨਾਈਕ ਸਟੋਰ ਨਾਮੀ ਇਕ ਲੇਖ ਵਿੱਚ ਮੈਨਹੈਟਨ ਦੇ ਸੋਹੋ ਸੈਕਸ਼ਨ ਵਿੱਚ ਪੈਂਦੇ ਨਾਈਕ ਸਟੋਰ ਵੱਲੋਂ ਕੂੜੇ ਦੇ ਬੈਗਾਂ ਵਿੱਚ ਪਾ ਕੇ ਸੁੱਟੀਆਂ ਜੁੱਤੀਆਂ ਦਾ ਜਿ਼ਕਰ ਕੀਤਾ ਗਿਆ ਹੈ। ਇਸ ਲੇਖ ਅਨੁਸਾਰ ਇਸ ਸਟੋਰ ਵੱਲੋਂ ਕੂੜੇ ਦੇ ਢੇਰ `ਤੇ ਸੁੱਟੀਆਂ ਗਈਆਂ ਜੁੱਤੀਆਂ ਨੂੰ ਸੁੱਟਣ ਤੋਂ ਪਹਿਲਾਂ ਅੱਡੀਆਂ ਤੋਂ ਲੈ ਕੇ ਪੰਜਿਆਂ ਤੱਕ ਚਾਕੂਆਂ ਜਾਂ ਬਲੇਡਾਂ ਨਾਲ ਪਾੜ ਦਿੱਤਾ ਗਿਆ ਸੀ। ਇਸ ਲੇਖ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਜੁੱਤੀਆਂ ਤੋਂ ਬਿਨਾਂ ਕੂੜੇ `ਤੇ ਸੁੱਟੀਆਂ ਚੀਜ਼ਾਂ ਵਿੱਚ ਕੱਟ ਕੇ ਸੁੱਟੀਆਂ ਟੀ-ਸ਼ਰਟਾਂ ਅਤੇ ਸਵੈਟਰ ਵੀ ਸ਼ਾਮਲ ਸਨ। ਇਸ ਹੀ ਲੇਖ ਵਿੱਚ ਇਕ ਹੋਰ ਲੇਖ ਦੇ ਹਵਾਲੇ ਨਾਲ ਇਹ ਦਾਅਵਾ ਵੀ ਕੀਤਾ ਗਿਆ ਹੈ ਕਿ ਕੱਪੜੇ ਵੇਚਣ ਵਾਲੀ ਐੱਚ ਐਂਡ ਐੱਮ ਚੇਨ ਵੀ ਅਣਵਿਕੇ ਕੱਪੜਿਆਂ ਨੂੰ ਇਸ ਤਰ੍ਹਾਂ ਕੱਟ ਵੱਢ ਕੇ ਕੂੜੇ ਦੇ ਢੇਰ `ਤੇ ਸੁੱਟਦੀ ਹੈ।    

'ਹਾਈ ਇੰਡ' ਫੈਸ਼ਨ ਦੀ ਪੱਧਰ `ਤੇ ਫੈਸ਼ਨ ਸਨਅਤ ਵੱਲੋਂ ਵਸਤਾਂ ਨੂੰ ਸਸਤੀ ਕੀਮਤ `ਤੇ ਵੇਚਣ ਦੀ ਥਾਂ ਨਸ਼ਟ ਕਰਨ ਦਾ ਇਕ ਹੋਰ ਕਾਰਨ ਇਹ ਹੈ ਕਿ ਇਹਨਾਂ ਚੀਜ਼ਾਂ ਨੂੰ ਬਣਾਉਣ `ਤੇ ਆਈ ਲਾਗਤ ਅਤੇ ਚੀਜ਼ ਦੀ ਵਿਕਰੀ ਦੀ ਕੀਮਤ ਵਿੱਚ ਬਹੁਤ ਫਰਕ ਹੁੰਦਾ ਹੈ। ਵਾਈ ਫੈਸ਼ਨ ਬ੍ਰਾਂਡਜ਼ ਡਿਸਟਰੋਏ ਬਿਲੀਅਨਜ਼ ਵਰਥ ਆਫ ਦੇਅਰ ਓਨ ਮਰਚੈਨਡਾਈਜ਼ ਐਵਰੀ ਯੀਅਰ ਨਾਮੀ ਲੇਖ ਵਿੱਚ ਨਿਊ ਯੌਰਕ ਦੇ ਪਾਰਸਨ ਸਕੂਲ ਆਫ ਡਿਜ਼ਾਇਨ ਦਾ ਐਸੋਸੀਏਟ ਡੀਨ ਅਤੇ ਇਸ ਸਕੂਲ ਦੇ ਟਿਸ਼ਮੈਨ ਇਨਵਾਇਰਮੈਂਟ ਐਂਡ ਡਿਜ਼ਾਇਨ ਸੈਂਟਰ ਵਿਖੇ ਫੈਸ਼ਨ ਡਿਜ਼ਾਇਨ ਅਤੇ ਸਸਟੇਨੇਬਿਲਟੀ ਦਾ ਪ੍ਰੋਫੈਸਰ ਟਿਮੋ ਰਿਸਾਨੈਨ ਦਸਦਾ ਹੈ ਕਿ ਚੈਨਲ ਫੈਸ਼ਨ ਹਾਊਸ ਵਿਖੇ ਜਿਹੜੀ ਡਰੈੱਸ 1200 ਡਾਲਰ ਨੂੰ ਵੇਚੀ ਜਾਂਦੀ ਹੈ, ਉਹ ਡਰੈੱਸ ਬਣਾਉਣ ਲਈ ਚੈਨਲ ਨੇ 100 ਡਾਲਰ ਵੀ ਨਹੀਂ ਦਿੱਤੇ ਹੁੰਦੇ। ਡਰੈੱਸ ਦੀ 1200 ਡਾਲਰ ਕੀਮਤ ਤਾਂ ਕੰਪਨੀ ਵੱਲੋਂ ਇਸ ਡਰੈੱਸ ਦਾ ਬ੍ਰਾਂਡ ਸਥਾਪਤ ਕਰਨ ਲਈ ਵੱਡੀ ਪੱਧਰ `ਤੇ ਇਸ਼ਤਿਹਾਰਬਾਜ਼ੀ `ਤੇ ਖਰਚੀ ਰਕਮ ਕਾਰਨ ਹੁੰਦੀ ਹੈ। ਇਸ ਲਈ ਜਦੋਂ ਚੈਨਲ ਫੈਸ਼ਨ ਹਾਊਸ 1200 ਡਾਲਰ ਦੀ ਡਰੈੱਸ ਨੂੰ ਨਸ਼ਟ ਕਰਦਾ ਹੈ ਤਾਂ ਉਸ ਨੂੰ  ਕੋਈ ਵੱਡਾ ਘਾਟਾ ਨਹੀਂ ਪੈਂਦਾ। ਇਸ ਡਰੈੱਸ ਨੂੰ ਸਸਤੀ ਕੀਮਤ `ਤੇ ਵੇਚ ਕੇ ਆਪਣੇ ਬ੍ਰਾਂਡ ਦੀ ਕੀਮਤ ਘੱਟ ਕਰ ਲੈਣ ਦਾ ਖਤਰਾ ਚੈਨਲ ਨੂੰ ਇਸ ਡਰੈੱਸ ਨੂੰ ਨਸ਼ਟ ਕਰਕੇ ਪੈਣ ਵਾਲੇ ਘਾਟੇ ਨਾਲੋਂ ਵੱਡਾ ਜਾਪਦਾ ਹੈ।

ਕਈ ਕੇਸਾਂ ਵਿੱਚ ਸਰਕਾਰਾਂ ਦੇ ਕਸਟਮ ਦੇ ਕਾਨੂੰਨ ਵੀ ਫੈਸ਼ਨ ਨਾਲ ਸੰਬੰਧਿਤ ਕੰਪਨੀਆਂ ਨੂੰ ਆਪਣੀਆਂ ਵਸਤਾਂ ਨੂੰ ਨਸ਼ਟ ਕਰਨ ਲਈ ਉਤਸ਼ਾਹਿਤ ਕਰਦੇ ਹਨ। ਉਦਾਹਰਨ ਲਈ ਫੈਸ਼ਨ ਲਾਅ ਦੇ ਸਾਈਟ `ਤੇ ਛਪੇ ਬਰਨਡ ਬੈਗਜ਼, ਡਿਸਟਰੌਇਡ ਵਾਚਜ਼: ਦੇਅਰ ਇਜ਼ ਮੋਰ ਟੂ ਦੀ ਅਲੈਜਡ ਡਿਸਟ੍ਰਕਸ਼ਨ ਆਫ ਲਗਜ਼ਰੀ ਗੁਡਜ਼ ਦੈਨ ਯੂ ਥਿੰਕ ਨਾਮੀ ਲੇਖ ਅਨੁਸਾਰ ਅਮਰੀਕਾ ਦੇ ਕਸਟਮ ਦੇ ਕਾਨੂੰਨ ਅਨੁਸਾਰ ਜੇ ਅਮਰੀਕਾ `ਚ ਦਰਾਮਦ (ਇੰਪੋਰਟ) ਕਰਕੇ ਲਿਆਂਦੀ ਕੋਈ ਚੀਜ਼ ਵਰਤੀ ਨਾ ਜਾਵੇ ਅਤੇ ਅਗਾਂਹ ਬਰਾਮਦ (ਐਕਸਪੋਰਟ) ਕਰ ਦਿੱਤੀ ਜਾਵੇ ਜਾਂ ਕਸਟਮ ਵਾਲਿਆਂ ਦੀ ਨਿਗਰਾਨੀ ਹੇਠ ਨਸ਼ਟ ਕਰ ਦਿੱਤੀ ਜਾਵੇ ਤਾਂ, ਤਾਂ ਉਹ ਚੀਜ਼ ਅਮਰੀਕਾ ਨੂੰ ਦਰਾਮਦ ਕਰਨ ਵਾਲੀ ਕੰਪਨੀ ਉਸ ਚੀਜ਼ ਨੂੰ ਦਰਾਮਦ ਕਰਨ ਲਈ ਦਿੱਤੀ ਕਸਟਮ ਡਿਊਟੀ, ਟੈਕਸ ਅਤੇ ਫੀਸ ਵਾਪਸ ਲੈਣ ਦੀ ਹੱਕਦਾਰ ਬਣ ਜਾਂਦੀ ਹੈ। ਕਿਉਂਕਿ ਅਮਰੀਕਾ ਨੂੰ ਦਰਾਮਦ ਹੋਣ ਵਾਲੀਆਂ ਵੱਖ ਵੱਖ ਵਸਤਾਂ (ਹੈਂਡ ਬੈਗਾਂ, ਕੱਪੜਿਆਂ, ਘੜੀਆਂ ਆਦਿ) `ਤੇ ਲੱਗਣ ਵਾਲੀ ਕਸਟਮ ਡਿਊਟੀ ਇਸ ਦੀ ਕੀਮਤ ਦੇ 11% - 60% ਤੱਕ ਹੁੰਦੀ ਹੈ। ਇਸ ਲਈ ਜੇ ਫੈਸ਼ਨ ਕੰਪਨੀਆਂ ਆਪਣੀਆਂ ਅਣਵਿਕੀਆਂ ਵਸਤਾਂ ਨੂੰ ਕਸਟਮ ਦੇ ਨਿਯਮਾਂ ਅਨੁਸਾਰ ਬਰਾਮਦ ਕਰ ਦੇਣ ਜਾਂ ਨਸ਼ਟ ਕਰ ਦੇਣ ਤਾਂ ਉਹ ਕੰਪਨੀਆਂ ਇਹਨਾਂ ਵਸਤਾਂ ਨੂੰ ਨਸ਼ਟ ਕਰਨ ਤੋਂ ਬਾਅਦ ਵੱਡੀਆਂ ਰਕਮਾਂ ਦਾ ਵਾਪਸ ਲੈਣ ਦਾ ਕਲੇਮ ਕਰ ਸਕਦੀਆਂ ਹਨ।

ਇਸ ਹੀ ਤਰ੍ਹਾਂ ਦੀ ਸਥਿਤੀ ਇਟਲੀ (ਅਤੇ ਕਈ ਹੋਰ ਦੇਸ਼ਾਂ) ਵਿੱਚ ਹੈ। ਇਸ ਸੰਬੰਧ ਵਿੱਚ ਮਰਦਾਂ ਦੇ ਪਹਿਰਾਵੇ ਨਾਲ ਸੰਬੰਧਿਤ ਬਰਾਂਡ ਸਟੈਫਨੋ ਰਿੱਕੀ ਅਨੁਸਾਰ ਸਾਲ ਦੇ ਅੰਤ `ਤੇ ਉਹਨਾਂ ਦੇ ਕਰਮਚਾਰੀ ਅਣਵਿਕੇ ਕੱਪੜਿਆਂ ਦੇ ਭਰੇ ਹੋਏ ਬਕਸੇ ਇਕੱਠੇ ਕਰਕੇ ਕੱਪੜਿਆਂ ਨੂੰ ਸਾੜਨ ਵਾਲੀਆਂ ਥਾਂਵਾਂ `ਤੇ ਲੈ ਜਾਂਦੇ ਹਨ। ਇਹਨਾਂ ਕੱਪੜਿਆਂ ਨੂੰ ਸਾੜਨ ਵਾਲੀਆਂ ਕੰਪਨੀਆਂ ਕੱਪੜਿਆਂ ਦੇ ਸਾੜਨ ਦੀ ਫਿਲਮ ਬਣਾ ਲੈਂਦੀਆਂ ਹਨ, ਤਾਂ ਕਿ ਇਟਲੀ ਦੇ ਟੈਕਸ ਅਧਿਕਾਰੀਆਂ ਸਾਹਮਣੇ ਸਾਬਤ ਕੀਤਾ ਜਾ ਸਕੇ ਕਿ ਉਹਨਾਂ ਕੱਪੜਿਆਂ ਨੂੰ ਸੱਚਮੁੱਚ ਹੀ ਸਾੜ ਦਿੱਤਾ ਗਿਆ ਹੈ। ਇਸ ਕੰਪਨੀ ਦੇ ਇਕ ਅਧਿਕਾਰੀ ਦਾ ਕਹਿਣਾ ਸੀ ਕਿ ਕੰਪਨੀ ਚਾਹੇਗੀ ਕਿ ਉਹ ਆਪਣੀਆਂ ਕੁੱਝ ਅਣਵਿਕੀਆਂ ਚੀਜ਼ਾਂ ਨੂੰ ਦਾਨ ਕਰ ਦੇਵੇ, ਪਰ ਟੈਕਸਾਂ ਤੋਂ ਮਿਲਣ ਵਾਲੇ ਕਰੈਡਿਟ ਕੰਪਨੀ ਦੇ ਹੱਥ ਬੰਨ ਦਿੰਦੇ ਹਨ।  
 
ਅਣਵਿਕੀਆਂ ਪਰ ਚੰਗੀਆਂ ਭਲੀਆਂ ਵਸਤਾਂ ਨੂੰ ਨਸ਼ਟ ਕਰਨ ਦਾ ਇਹ ਵਰਤਾਰਾ ਸਿਰਫ ਖਾਣੇ ਅਤੇ ਫੈਸ਼ਨ ਦੇ ਖੇਤਰਾਂ ਤੱਕ ਹੀ ਸੀਮਤ ਨਹੀਂ। ਇਸ ਨੂੰ ਹੋਰ ਕਈ ਖੇਤਰਾਂ ਵਿੱਚ ਵੀ ਦੇਖਿਆ ਜਾ ਸਕਦਾ ਹੈ। ਲੇਖ ਲੰਮਾ ਹੋਣ ਦੇ ਡਰੋਂ ਮੈਂ ਇੱਥੇ ਉਹਨਾਂ ਸਾਰਿਆਂ ਬਾਰੇ ਜਿ਼ਕਰ ਨਹੀਂ ਕਰਾਂਗਾ, ਸਿਰਫ ਆਨਲਾਈਨ ਵਸਤਾਂ ਵੇਚਣ ਵਾਲੀ ਵੱਡੀ ਕੰਪਨੀ ਐਮਾਜ਼ੌਨ ਦੇ ਵੇਅਰਹਾਊਸਾਂ ਵਿੱਚ ਅਣਵਿਕੀਆਂ ਪਰ ਚੰਗੀ ਭਲੀਆਂ ਵਸਤਾਂ ਨੂੰ ਨਸ਼ਟ ਕਰਨ ਬਾਰੇ ਸੰਨ 2021 ਵਿੱਚ ਆਈ ਇਕ ਰਿਪੋਰਟ ਵਿੱਚੋਂ ਕੁੱਝ ਜਾਣਕਾਰੀ ਸਾਂਝੀ ਕਰਾਂਗਾ। ਜੂਨ 2021 ਵਿੱਚ ਯੂ ਕੇ ਦੇ ਆਈ ਟੀ ਵੀ ਨੇ ਇਕ ਰਿਪੋਰਟ ਜਾਰੀ ਕਰਕੇ ਇਹ ਤੱਥ ਸਾਹਮਣੇ ਲਿਆਂਦੇ ਸਨ ਕਿ ਯੂ ਕੇ ਵਿੱਚ ਐਮਾਜ਼ੋਨ ਦੇ ਡਨਫਰਮਿਲਨ ਸਥਿਤ ਵੇਅਰਹਾਊਸ ਵਿੱਚ ਦਹਿ-ਲੱਖਾਂ (ਮਿਲੀਅਨਾਂ) ਦੀ ਗਿਣਤੀ ਵਿੱਚ ਅਣਵਿਕੀਆਂ ਪਰ ਚੰਗੀਆਂ ਭਲੀਆਂ ਵਸਤਾਂ ਨਸ਼ਟ ਕੀਤੀਆਂ ਜਾਂਦੀਆਂ ਹਨ। ਇਹਨਾਂ ਵਸਤਾਂ ਵਿੱਚ ਸਮਾਰਟ ਟੀ ਵੀ, ਲੈਪਟੌਪ, ਡਰੋਨ, ਹੇਅਰ ਡਰਾਇਰ, ਚੰਗੀ ਕੁਆਲਟੀ ਦੇ ਹੈੱਡਫੋਨ, ਕੰਪਿਊਟਰਾਂ ਦੀਆਂ ਡਰਾਈਵਾਂ, ਕਿਤਾਬਾਂ, ਮਾਸਕ, ਪੱਖੇ, ਹੂਵਰ ਅਤੇ ਆਈਪੈਡਾਂ ਵਰਗੀਆਂ ਚੀਜ਼ਾਂ ਸ਼ਾਮਲ ਹਨ। ਇਸ ਵੇਅਰਹਾਊਸ ਵਿੱਚ ਕੰਮ ਕਰਦੇ ਇਕ ਕਰਮਚਾਰੀ ਨੇ ਆਈ ਟੀ ਵੀ ਨੂੰ ਦੱਸਿਆ ਕਿ ਇਸ ਵੇਅਰਹਾਊਸ ਵਿੱਚ ਆਮ ਤੌਰ `ਤੇ ਹਰ ਹਫਤੇ 1 ਲੱਖ 30 ਹਜ਼ਾਰ ਦੇ ਕਰੀਬ ਚੀਜ਼ਾਂ ਨੂੰ ਨਸ਼ਟ ਕਰ ਦਿੱਤਾ ਜਾਂਦਾ ਹੈ। ਕੁੱਝ ਹਫਤਿਆਂ ਦੌਰਾਨ ਨਸ਼ਟ ਕਰਨ ਵਾਲੀਆਂ ਇਹਨਾਂ ਚੀਜ਼ਾਂ ਦੀ ਗਿਣਤੀ 2 ਲੱਖ ਤੱਕ ਪਹੁੰਚ ਜਾਂਦੀ ਹੈ। ਇਹਨਾਂ ਵਸਤਾਂ ਵਿੱਚ ਗਾਹਕਾਂ ਵੱਲੋਂ ਮੋੜੀਆਂ ਗਈਆਂ ਵਸਤਾਂ ਦੇ ਨਾਲ ਨਾਲ ਅਣਖੋਲ੍ਹੇ ਪੈਕਟਾਂ ਵਿੱਚ ਬੰਦ ਨਵੀਂਆਂ ਨਕੋਰ ਚੀਜ਼ਾਂ ਸ਼ਾਮਲ ਹੁੰਦੀਆਂ ਹਨ। ਇਸ ਰਿਪੋਰਟ ਅਨੁਸਾਰ ਇਸ ਵੇਅਰਹਾਊਸ ਵਿੱਚ ਨਸ਼ਟ ਕੀਤੀਆਂ ਚੀਜ਼ਾਂ ਵਿੱਚੋਂ 50 ਫੀਸਦੀ ਚੀਜ਼ਾਂ ਬਿਲਕੁਲ ਨਵੀਂਆਂ ਸਨ ਅਤੇ ਉਹਨਾਂ ਨੂੰ ਪੈਕਟਾਂ ਵਿੱਚੋਂ ਨਹੀਂ ਕੱਢਿਆ ਗਿਆ ਸੀ। ਅੰਝਾਈ ਨਸ਼ਟ ਕੀਤੀਆਂ ਜਾਣ ਵਾਲੀਆਂ ਵਸਤਾਂ ਦੀ ਇਹ ਗਿਣਤੀ ਯੂ ਕੇ ਵਿੱਚ ਐਮਾਜ਼ੌਨ ਦੇ ਇਕ ਵੇਅਰਹਾਊਸ ਦੀ ਗਿਣਤੀ ਹੈ। ਵਿਸ਼ਵ ਪੱਧਰ `ਤੇ ਐਮਾਜ਼ੌਨ ਦੇ ਸੈਂਕੜੇ ਵੇਅਰਹਾਊਸ ਹਨ। ਜੇ ਐਮਾਜ਼ੋਨ ਦੇ ਹਰ ਵੇਅਰਹਾਊਸ ਵਿੱਚ ਇਸ ਤਰ੍ਹਾਂ ਹੁੰਦਾ ਹੋਵੇ ਤਾਂ ਪਾਠਕ ਆਪ ਹੀ ਅੰਦਾਜ਼ਾ ਲਾ ਸਕਦੇ ਹਨ ਕਿ ਪੂਰੀ ਦੁਨੀਆ ਵਿੱਚ ਐਮਾਜ਼ੋਨ ਵੱਲੋਂ ਕਿੰਨੀਆਂ ਚੀਜ਼ਾਂ ਅੰਝਾਈ ਨਸ਼ਟ ਕੀਤੀਆਂ ਜਾਂਦੀਆਂ ਹੋਣਗੀਆਂ।

ਐਮਾਜ਼ੌਨ ਵੱਲੋਂ ਅਣਵਿਕਿਆਂ ਪਰ ਚੰਗੀਆਂ ਭਲੀਆਂ ਚੀਜ਼ਾਂ ਨੂੰ ਇਸ ਤਰ੍ਹਾਂ ਨਸ਼ਟ ਕਰਨ ਦਾ ਕੀ ਕਾਰਨ ਹੈ? ਆਈ ਟੀ ਵੀ ਵੱਲੋਂ ਪ੍ਰਕਾਸ਼ਤ ਉਪ੍ਰੋਕਤ ਰਿਪੋਰਟ ਅਨੁਸਾਰ ਐਮਾਜ਼ੌਨ ਦਾ "ਕਾਮਯਾਬ" ਬਿਜ਼ਨਿਸ ਮਾਡਲ ਇਸ ਵਰਤਾਰੇ ਲਈ ਜ਼ਿੰਮੇਵਾਰ ਹੈ। ਐਮਾਜ਼ੌਨ ਰਾਹੀਂ ਚੀਜ਼ਾਂ ਵੇਚਣ ਵਾਲੇ ਆਪਣੀਆਂ ਵਸਤਾਂ ਨੂੰ ਐਮਾਜ਼ੌਨ ਦੇ ਵੇਅਰਹਾਊਸ ਵਿੱਚ ਰੱਖਣ ਲਈ ਐਮਾਜ਼ੌਨ ਤੋਂ ਥਾਂ ਕਿਰਾਏ `ਤੇ ਲੈਂਦੇ ਹਨ। ਜੇ ਉਹਨਾਂ ਦੀਆਂ ਵਸਤਾਂ ਜ਼ਿਆਦਾ ਦੇਰ ਨਾ ਵਿਕਣ ਤਾਂ ਉਸ ਕੰਪਨੀ ਤੋਂ ਵੇਅਰਹਾਊਸ ਵਿਚਲੀ ਥਾਂ ਦਾ ਜ਼ਿਆਦਾ ਕਿਰਾਇਆ ਲਿਆ ਜਾਂਦਾ ਹੈ। ਇਸ ਲਈ ਇਕ ਸਮਾਂ ਅਜਿਹਾ ਆ ਜਾਂਦਾ ਹੈ ਜਦੋਂ ਐਮਾਜ਼ੌਨ ਦੇ ਵੇਅਰਹਾਊਸ ਵਿੱਚ ਚੀਜ਼ਾਂ ਰੱਖਣ ਵਾਲੀ ਕੰਪਨੀ ਨੂੰ ਉੱਥੇ ਚੀਜ਼ਾਂ ਰੱਖੀ ਰੱਖਣ ਦੀ ਥਾਂ ਉਹਨਾਂ ਨੂੰ ਨਸ਼ਟ ਕਰਨਾ ਸਸਤਾ ਪੈਂਦਾ ਹੈ।

ਪੂੰਜੀਵਾਦੀ ਪ੍ਰਬੰਧ ਵਿੱਚ ਕੂੜੇ ਦੀ ਪੈਦਾਵਾਰ ਬਾਰੇ ਉਪ੍ਰੋਕਤ ਜਾਣਕਾਰੀ ਇਹ ਸਪਸ਼ਟ ਕਰਦੀ ਹੈ ਕਿ ਇਸ ਪ੍ਰਬੰਧ ਵਿੱਚ ਵਸਤਾਂ ਦੇ ਉਤਪਾਦਨ, ਵਿਕਰੀ ਅਤੇ ਖਪਤ ਦੌਰਾਨ ਵੱਡੀ ਪੱਧਰ `ਤੇ ਕੂੜਾ ਪੈਦਾ ਹੁੰਦਾ ਹੈ। ਜਦੋਂ ਦੁਨੀਆ ਵਿੱਚ ਕ੍ਰੋੜਾਂ ਲੋਕਾਂ ਨੂੰ ਦੋ ਡੰਗ ਦਾ ਖਾਣਾ, ਤਨ ਢਕਣ ਲਈ ਕੱਪੜਾ ਅਤੇ ਦੂਸਰੀਆਂ ਮੁੱਢਲੀਆਂ ਲੋੜਾਂ ਪੂਰੀਆਂ ਕਰਨ ਲਈ ਹੋਰ ਚੀਜ਼ਾਂ ਨਸੀਬ ਨਾ ਹੁੰਦੀਆਂ ਹੋਣ ਉਦੋਂ ਇੰਨੀ ਵੱਡੀ ਗਿਣਤੀ ਵਿੱਚ ਖਾਣੇ, ਕੱਪੜਿਆਂ ਅਤੇ ਹੋਰ ਵਸਤਾਂ ਦਾ ਕੂੜੇ ਦੇ ਢੇਰ `ਤੇ ਸੁੱਟ ਦਿੱਤੇ ਜਾਣਾ ਕਿਸੇ ਵੀ ਤਰ੍ਹਾਂ ਠੀਕ ਨਹੀਂ ਠਹਿਰਾਇਆ ਜਾ ਸਕਦਾ। ਇਸ ਦੇ ਨਾਲ ਨਾਲ ਕੂੜੇ ਦੀ ਇਸ ਤਰ੍ਹਾਂ ਦੀ ਪੈਦਾਵਾਰ ਅਤੇ ਚੰਗੀਆਂ ਭਲੀਆਂ ਅੰਝਾਈ ਨਸ਼ਟ ਕੀਤੀਆਂ ਜਾਣ ਵਾਲੀਆਂ ਵਸਤਾਂ `ਤੇ ਲੱਗਿਆ ਕੱਚਾ ਮਾਲ, ਊਰਜਾ, ਮਜ਼ਦੂਰ ਸ਼ਕਤੀ ਆਦਿ ਧਰਤੀ ਦੇ ਵਸੀਲਿਆਂ ਦੀ ਅੰਝਾਈ ਵਰਤੋਂ ਵਿੱਚ ਵੱਡੀ ਭੂਮਿਕਾ ਨਿਭਾਉਂਦੀ ਹੈ। ਬਾਅਦ ਵਿੱਚ ਇਸ ਕੂੜੇ ਨਾਲ ਨਿਪਟਣ ਲਈ ਇਸ ਦੀ ਕੂੜੇ ਦੇ ਢੇਰਾਂ ਤੱਕ ਢੋਆ-ਢੁਆਈ, ਇਸ ਨੂੰ ਜ਼ਮੀਨ ਵਿੱਚ ਦੱਬਣ ਲਈ ਲੋੜੀਂਦੀ ਜ਼ਮੀਨ, ਇਸ ਨੂੰ ਸਾੜ੍ਹ ਕੇ ਖਤਮ ਕਰਨ ਦੀਆਂ ਕਾਰਵਾਈਆਂ ਆਦਿ ਧਰਤੀ, ਪਾਣੀ ਅਤੇ ਵਾਯੂਮੰਡਲ ਨੂੰ ਪ੍ਰਦੂਸ਼ਤ ਕਰਨ ਦਾ ਵੱਡਾ ਕਾਰਨ ਬਣਦੇ ਹਨ। ਉਦਾਹਰਨ ਲਈ ਖਾਣਾ ਉਗਾਉਣ ਲਈ ਜ਼ਮੀਨ, ਪਾਣੀ ਅਤੇ ਊਰਜਾ ਦੀ ਲੋੜ ਪੈਂਦੀ ਹੈ। ਜਦੋਂ ਖਾਣਾ ਅੰਝਾਈ ਨਸ਼ਟ ਹੁੰਦਾ ਹੈ ਤਾਂ ਇਸ ਨੂੰ ਉਗਾਉਣ ਲਈ ਵਰਤੀ ਗਈ ਜ਼ਮੀਨ, ਪਾਣੀ ਅਤੇ ਊਰਜਾ ਨਸ਼ਟ ਹੁੰਦੀ ਹੈ। ਅਰਥ.ਔਰਗ ਦੇ ਸਾਈਟ `ਤੇ 17 ਜਨਵਰੀ 2022 ਨੂੰ ਛਪੀ ਹਾਉ ਡਜ਼ ਫੂਡ ਵੇਸਟ ਅਫੈਕਟ ਦੀ ਇਨਵਾਇਰਮੈਂਟ ਨਾਮੀ ਰਿਪੋਰਟ ਅਨੁਸਾਰ ਅਮਰੀਕਾ ਵਿੱਚ ਅੰਝਾਈ ਨਸ਼ਟ ਹੋਣ ਵਾਲੇ ਖਾਣੇ ਨੂੰ ਉਗਾਉਣ ਲਈ ਅਮਰੀਕਾ ਦਾ 21 ਫੀਸਦੀ ਤਾਜ਼ਾ ਪਾਣੀ, 19 ਫੀਸਦੀ ਰਸਾਇਣਕ ਖਾਦਾਂ, ਖੇਤੀਬਾੜੀ ਲਈ ਵਰਤੀ ਜਾਂਦੀ ਜ਼ਮੀਨ ਦਾ 18 ਫੀਸਦੀ ਹਿੱਸਾ, ਅਤੇ ਕੂੜੇ ਨੂੰ ਸੁੱਟਣ ਲਈ ਵਰਤੀ ਜਾਂਦੀ ਜ਼ਮੀਨ (ਲੈਂਡਫਿੱਲ) ਦਾ 21 ਫੀਸਦੀ ਹਿੱਸਾ ਵਰਤਿਆ ਜਾਂਦਾ ਹੈ। ਗਾਂ ਦੇ ਮੀਟ ਦੇ ਇਕ ਕਿਲੋ ਨੂੰ ਕੂੜੇ ਦੇ ਢੇਰ `ਤੇ ਸੁੱਟਣ ਦਾ ਅਰਥ 50,000 ਲੀਟਰ ਪਾਣੀ ਨੂੰ ਵਿਅਰਥ ਰੋੜਨਾ ਹੈ। ਜਦੋਂ ਦੁੱਧ ਦਾ ਇਕ ਗਲਾਸ ਸਿੰਕ ਵਿੱਚ ਡੋਲਿਆ ਜਾਂਦਾ ਹੈ, ਤਾਂ ਸਮਝ ਲਉ ਕਿ ਪਾਣੀ ਦੇ 1000 ਲੀਟਰ ਸਿੰਕ ਵਿੱਚ ਰੋੜ ਦਿੱਤੇ ਗਏ ਹਨ। ਦੁਨੀਆ ਭਰ ਵਿੱਚ ਅੰਝਾਈ ਨਸ਼ਟ ਕੀਤਾ ਗਿਆ ਖਾਣਾ ਹਰ ਸਾਲ ਵਾਤਾਵਰਨ ਵਿੱਚ 8% ਗਰੀਨ ਹਾਊਸ ਗੈਸਾਂ ਫੈਲਾਉਣ ਦਾ ਕਾਰਨ ਬਣਦਾ ਹੈ।  

ਫੈਸ਼ਨ ਸਨਅਤ ਵਲੋਂ ਨਸ਼ਟ ਕੀਤੇ ਜਾਣ ਵਾਲੇ ਕੱਪੜਿਆਂ ਦੇ ਵੀ ਵਾਤਾਵਰਨ `ਤੇ ਇਸ ਤਰ੍ਹਾਂ ਦੇ ਹੀ ਬੁਰੇ ਅਸਰ ਪੈਂਦੇ ਹਨ। ਸਭ ਤੋਂ ਪਹਿਲਾਂ ਕੂੜੇ ਦੇ ਢੇਰਾਂ ਉੱਤੇ ਸੁੱਟੇ ਗਏ ਕੱਪੜਿਆਂ ਨੂੰ ਗਲਣ (ਬਾਇਓਡਿਗ੍ਰੇਡ ਹੋਣ) ਲਈ ਸੈਂਕੜੇ ਸਾਲ ਲੱਗ ਜਾਂਦੇ ਹਨ। ਇਸ ਦੇ ਨਾਲ ਹੀ ਕੱਪੜਿਆਂ ਦੇ ਉਤਪਾਦਨ ਵਿੱਚ ਬਹੁਤ ਸਾਰੇ ਪਾਣੀ ਦੀ ਵਰਤੋਂ ਹੁੰਦੀ ਹੈ। ਈਕੋ ਵਾਚ ਦੇ ਸਾਈਟ `ਤੇ ਛਪੇ ਚਿੱਲੀਜ਼ ਆਟਾਕਾਮਾ ਡੈਜ਼ਰਟ: ਵਿਅਰ ਫਾਸਟ ਫੈਸ਼ਨ ਗੋਅਜ਼ ਟੂ ਡਾਈ ਅਤੇ ਫਾਸਟ ਫੈਸ਼ਨ 101: ਐਵਰੀਥਿੰਗ ਯੂ ਨੀਡ ਟੂ ਨੋਅ ਨਾਮੀ ਲੇਖਾਂ ਅਨੁਸਾਰ ਜੀਨਾਂ ਦਾ ਇਕ ਜੋੜਾ ਤਿਆਰ ਕਰਨ ਲਈ 7500 ਲੀਟਰ ਪਾਣੀ ਲਗਦਾ ਹੈ। ਇੰਨਾ ਪਾਣੀ ਇਕ ਆਮ ਇਨਸਾਨ ਦੀਆਂ ਪੀਣ ਵਾਲੇ ਪਾਣੀ ਦੀਆਂ ਲੋੜਾਂ 5 ਸਾਲਾਂ ਲਈ ਪੂਰੀਆਂ ਕਰ ਸਕਦਾ ਹੈ। ਕੁੱਲ ਮਿਲਾ ਕੇ ਦੁਨੀਆ ਭਰ ਵਿੱਚ ਫੈਸ਼ਨ ਦੀ ਸਨਅਤ ਹਰ ਸਾਲ 93 ਅਰਬ (ਬਿਲੀਅਨ) ਘਣ ਮੀਟਰ ਪਾਣੀ ਦੀ ਵਰਤੋਂ ਕਰਦੀ ਹੈ। ਇੰਨਾ ਪਾਣੀ 50 ਲੱਖ ਲੋਕਾਂ ਲਈ ਪੀਣ ਲਈ ਕਾਫੀ ਹੁੰਦਾ ਹੈ। ਇਸ ਤੋਂ ਬਿਨਾਂ ਦੁਨੀਆ ਭਰ ਵਿੱਚ ਹਰ ਸਾਲ ਵਾਤਾਵਰਨ ਵਿੱਚ ਫੈਲਾਈ ਜਾਂਦੀ ਕਾਰਬਨਡਾਇਔਕਸਾਈਡ ਦਾ 8-10 ਫੀਸਦੀ ਹਿੱਸਾ ਕੱਪੜਿਆਂ ਦੀ ਸਨਅਤ ਕਾਰਨ ਪੈਦਾ ਹੁੰਦਾ ਹੈ।  ਕੱਪੜਿਆਂ ਨੂੰ ਰੰਗਨ ਲਈ ਕਈ ਤਰ੍ਹਾਂ ਦੇ ਰਸਾਇਣਕ ਪਦਾਰਥ ਵਰਤੇ ਜਾਂਦੇ ਹਨ। ਡੈਨਿਮ ਜੀਨ ਦਾ ਉਤਪਾਦਨ ਧਰਤੀ ਉਤਲੇ ਤਾਜ਼ਾ ਪਾਣੀ ਨੂੰ ਪ੍ਰਦੂਸ਼ਤ ਕਰਨ ਵਾਲੇ ਸ੍ਰੋਤਾਂ ਵਿੱਚ ਦੂਜੇ ਨੰਬਰ `ਤੇ ਆਉਂਦਾ ਹੈ। ਇਕ ਅੰਦਾਜ਼ੇ ਅਨੁਸਾਰ ਏਸ਼ੀਆ ਦੀਆਂ 70 ਫੀਸਦੀ ਝੀਲਾਂ ਅਤੇ ਨਦੀਆਂ ਕੱਪੜਿਆਂ ਦੀ ਸਨਅਤ ਕਾਰਨ ਪੈਦਾ ਹੋਣ ਵਾਲੀ 2.5 ਅਰਬ (ਬਿਲੀਅਨ) ਗੈਲਨ ਦੀ ਰਹਿੰਦ ਖੂਹੰਦ ਨਾਲ ਪ੍ਰਦੂਸ਼ਤ ਹੋ ਚੁੱਕੀਆਂ ਹਨ।

ਇਸ ਦਾ ਅਰਥ ਇਹ ਹੋਇਆ ਹੈ ਕਿ ਪੂੰਜੀਵਾਦੀ ਪ੍ਰਬੰਧ ਮਜ਼ਦੂਰਾਂ ਦਾ ਸ਼ੋਸ਼ਣ ਕਰਨ ਦੇ ਨਾਲ ਨਾਲ ਵਾਤਾਵਰਨ ਦਾ ਸ਼ੋਸ਼ਣ ਵੀ ਕਰਦਾ ਹੈ। ਇਹ ਪ੍ਰਬੰਧ ਜਿੱਥੇ ਆਮ ਇਨਸਾਨ ਦੀ ਭਲਾਈ ਲਈ ਖਤਰਾ ਹੈ, ਉੱਥੇ ਇਹ ਧਰਤੀ ਦੇ ਬਚੇ ਰਹਿਣ ਲਈ ਵੀ ਖਤਰਾ ਹੈ। ***

ਲੇਖਕ ਦੀਆਂ ਹੋਰ ਲਿਖਤਾਂ ਉਸ ਦੇ ਬਲਾਗ https://sukhwanthundal.wordpress.com/ `ਤੇ ਪੜ੍ਹੀਆਂ ਜਾ ਸਕਦੀਆਂ ਹਨ।

 

ਫੋਟੋਆਂ ਬਾਰੇ ਨੋਟ:
ਫੋਟੋ 1. ਕੈਨੇਡਾ ਦੀ ਇਕ ਖਾਣ ਵਿੱਚੋਂ ਪੈਦਾ ਹੋਇਆ ਕੂੜਾ (ਮਾਈਨਿੰਗ ਵਾਚ ਕੈਨੇਡਾ ਤੋਂ ਧੰਨਵਾਦ ਸਹਿਤ)
ਫੋਟੋ 2. ਅੰਝਾਈ ਨਸ਼ਟ ਕਰਨ ਲਈ ਸੁੱਟੇ ਗਏ ਫਲ ਅਤੇ ਸਬਜ਼ੀਆਂ (ਗਾਰਡੀਅਨ ਤੋਂ ਧੰਨਵਾਦ ਸਹਿਤ)
ਫੋਟੋ 3: ਚਿਲੀ ਦੇ ਆਟਾਕਾਮਾ ਰੇਗਿਸਤਾਨ ਵਿੱਚ ਸੁੱਟੇ ਗਏ ਕੱਪੜੇ (ਅਲ ਜਜ਼ੀਰਾ ਤੋਂ ਧੰਨਵਾਦ ਸਹਿਤ)
ਫੋਟੋ 4: ਇੰਗਲੈਂਡ ਵਿੱਚ ਐਮਾਜ਼ੌਨ ਦੇ ਇਕ ਵੇਅਰਹਾਊਸ ਵਿੱਚ ਸੁੱਟਣ ਲਈ ਤਿਆਰ ਵਸਤਾਂ (ਆਈ ਟੀ ਵੀ ਦੇ ਧੰਨਵਾਦ ਸਹਿਤ)

ਸਮਾਜ ਵਿੱਚ ਔਰਤਾਂ ਦੀਆਂ ਸਥਿਤੀਆਂ ਨਾਲ ਸੰਬੰਧਤ 15 ਫਿਲਮਾਂ (ਅੰਤਰਾਸ਼ਟਰੀ ਮਹਿਲਾ ਦਿਵਸ `ਤੇ ਵਿਸ਼ੇਸ਼) - ਸੁਖਵੰਤ ਹੁੰਦਲ

8 ਮਾਰਚ ਦਾ ਦਿਨ ਸੰਸਾਰ ਭਰ ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਤੌਰ `ਤੇ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਯਾਦ ਕਰਦਿਆਂ ਹਿੰਦੀ, ਪੰਜਾਬੀ, ਬੰਗਾਲੀ ਅਤੇ ਅੰਗਰੇਜ਼ੀ ਦੀਆਂ ਉਹਨਾਂ ਕੁੱਝ ਫਿਲਮਾਂ ਦੀ ਸੂਚੀ ਪੇਸ਼ ਹੈ ਜੋ ਔਰਤਾਂ ਨਾਲ ਸੰਬੰਧਤ ਕਿਸੇ ਨਾ ਕਿਸੇ ਮਸਲੇ ਦੀ ਗੱਲ ਕਰਦੀਆਂ ਹਨ।

ਪਿਛਲੇ ਡੇਢ-ਦੋ ਦਹਾਕਿਆਂ ਦੌਰਾਨ ਤਕਨੌਲੌਜੀ ਵਿੱਚ ਹੋਈਆਂ ਤਬਦੀਲੀਆਂ ਕਾਰਨ ਇਹਨਾਂ ਵਿੱਚੋਂ ਬਹੁਤੀਆਂ ਫਿਲਮਾਂ ਆਨਲਾਈਨ ਜਾਂ ਹੋਰ ਢੰਗਾਂ ਨਾਲ ਸੌਖਿਆ ਹੀ ਪ੍ਰਾਪਤ ਕੀਤੀਆਂ ਅਤੇ ਦੇਖੀਆਂ ਜਾ ਸਕਦੀਆਂ ਹਨ। ਤੁਸੀਂ ਇਹਨਾਂ ਫਿਲਮਾਂ ਨੂੰ ਨਿੱਜੀ ਪੱਧਰ `ਤੇ ਇਕੱਲੇ ਦੇਖ ਸਕਦੇ ਹੋ ਜਾਂ ਇਹਨਾਂ ਫਿਲਮਾਂ ਨੂੰ ਦੂਜਿਆਂ ਦੇ ਨਾਲ ਇਕੱਠੇ ਦੇਖ ਕੇ ਆਪਣੇ ਸੰਗੀ/ਸਾਥੀਆਂ ਨਾਲ ਮਿਲ ਬੈਠਣ ਅਤੇ ਸਾਂਝ ਪੈਦਾ ਕਰਨ ਦੇ ਮੌਕੇ ਪੈਦੇ ਕਰ ਸਕਦੇ ਹੋ। ਸਭਿਆਚਾਰਕ ਕਾਰਕੁੰਨ ਬਦਲਵਾਂ ਸਭਿਆਚਾਰ ਉਸਾਰਨ ਦੇ ਆਪਣੇ ਕਾਰਜ ਵਿੱਚ ਇਹਨਾਂ ਫਿਲਮਾਂ ਨੂੰ ਇਕ ਮਹੱਤਵਪੂਰਨ ਸੰਦ ਵਜੋਂ ਵਰਤ ਸਕਦੇ ਹਨ।

ਜ਼ਰੂਰੀ ਨਹੀਂ ਕਿ ਇਹਨਾਂ ਫਿਲਮਾਂ ਵਿੱਚ ਪੇਸ਼ ਕੀਤੇ ਗਏ ਸਾਰੇ ਦੇ ਸਾਰੇ ਵਿਚਾਰ ਤੁਹਾਨੂੰ ਠੀਕ ਲੱਗਣ। ਹੋ ਸਕਦਾ ਹੈ ਕਿ ਕੋਈ ਇਕ ਫਿਲਮ ਦੇਖ ਕੇ ਤੁਹਾਨੂੰ ਲੱਗੇ ਕਿ ਫਿਲਮ ਵਿੱਚ ਔਰਤਾਂ ਦੀ ਸਥਿਤੀ ਦਾ ਕੀਤਾ ਗਿਆ ਵਿਸ਼ਲੇਸ਼ਣ ਸਹੀ ਨਹੀਂ। ਇਸ ਕਾਰਨ ਫਿਲਮ ਨੂੰ ਮੁੱਢੋਂ ਸੁੱਢੋਂ ਰੱਦ ਕਰਨ ਦੀ ਥਾਂ ਆਪਣੀ ਅਸਹਿਮਤੀ ਨੂੰ ਦਲੀਲ ਨਾਲ ਪੇਸ਼ ਕਰਕੇ ਅਜਿਹੇ ਮੌਕਿਆਂ ਨੂੰ ਹੋਰ ਸਿੱਖਣ/ਸਿਖਾਉਣ ਦੇ ਮੌਕਿਆਂ ਵਿੱਚ ਬਦਲਿਆ ਜਾ ਸਕਦਾ ਹੈ। ਲਿਸਟ ਹਾਜ਼ਰ ਹੈ।

ਦੁਨੀਆ ਨਾ ਮਾਨੇ (ਹਿੰਦੀ, 1937)

ਵੀ. ਸ਼ਾਂਤਾਰਾਮ ਦੇ ਨਿਰਦੇਸ਼ਨ ਵਿੱਚ ਪ੍ਰਭਾਤ ਸਟੂਡੀਓਜ਼ ਵਲੋਂ ਬਣਾਈ ਗਈ ਫਿਲਮ ਦੁਨੀਆ ਨਾ ਮਾਨੇ  ਨੌਜਵਾਨ ਔਰਤਾਂ ਦੇ ਬੁੱਢਿਆਂ ਨਾਲ ਜ਼ਬਰਦਸਤੀ ਕੀਤੇ ਜਾਂਦੇ ਵਿਆਹਾਂ ਦੇ ਮਸਲੇ ਨਾਲ ਸੰਬੰਧਿਤ ਹੈ। ਇਸ ਵਿੱਚ ਇਕ ਨੌਜਵਾਨ ਕੁੜੀ ਨਿਰਮਲਾ ਦਾ ਵਿਆਹ ਇਕ ਬੁੱਢੇ ਵਕੀਲ ਨਾਲ ਤੈਅ ਹੋ ਜਾਂਦਾ ਹੈ। ਨਿਰਮਲਾ ਨੂੰ ਇਸ ਗੱਲ ਦਾ ਗਿਆਨ ਨਹੀਂ ਹੁੰਦਾ। ਜਦੋਂ ਵਿਆਹ ਸਮੇਂ ਉਹ ਆਪਣੇ ਬੁੱਢੇ ਪਤੀ ਨੂੰ ਦੇਖਦੀ ਹੈ ਤਾਂ ਉਹ ਉਸ ਦੇ ਗਲ ਵਿੱਚ ਵਰਮਾਲਾ ਪਾਉਣ ਤੋਂ ਰੁਕ ਜਾਂਦੀ ਹੈ, ਪਰ ਉਸ ਦੇ ਹੱਥੋਂ ਬੁੱਢੇ ਦੇ ਗਲ ਵਿੱਚ ਵਰਮਾਲਾ ਮੱਲੋਮੱਲੀ ਪਵਾ ਦਿੱਤੀ ਜਾਂਦੀ ਹੈ। ਨਿਰਮਲਾ ਇਸ ਵਿਆਹ ਨੂੰ ਸਵੀਕਾਰ ਨਹੀਂ ਕਰਦੀ। ਜਦੋਂ ਉਸ ਨੂੰ ਰਵਾਇਤ ਅਤੇ ਰੀਤੀ ਰਿਵਾਜ਼ਾਂ ਦਾ ਵਾਸਤਾ ਪਾ ਕੇ ਸ਼ਰਮ ਕਰਨ ਲਈ ਕਿਹਾ ਜਾਂਦਾ ਹੈ ਤਾਂ ਉਹ ਜੁਆਬ ਦਿੰਦੀ ਹੈ, “ਆਪਣੀ ਉਮਰ ਕਾ ਖਿਆਲ ਨਾ ਕਰਤੇ ਹੂਏ ਜਿਨਕੀ ਮੈਂ ਬੇਟੀ ਨਜ਼ਰ ਆਤੀ ਹੂੰ, ਮੁਝ ਸੇ ਸ਼ਾਦੀ ਕਰਤੇ ਹੂਏ ਇਨਹੋਂ ਨੇ ਸ਼ਰਮ ਕੀ ਥੀ? ਬੜੇ ਬੂੜੋਂ ਨੇ ਆਪਣੀ ਸ਼ਰਮ ਛੋੜ ਦੀ ਔਰ ਮੁਝੇ ਸ਼ਰਮ ਕਰਨੇ ਕੇ ਲੀਏ ਕਹਿਤੇ ਹੋ।” ਫਿਰ ਉਸ ਨੂੰ ਇਹ ਯਾਦ ਕਰਾਇਆ ਜਾਂਦਾ ਹੈ ਕਿ “ਯਾਦ ਰੱਖ ਅਬ ਤੂੰ ਅਜ਼ਾਦ ਨਹੀਂ ਕਿਸੀ ਕੀ ਔਰਤ ਹੈ।” ਇਸ ਦੇ ਜੁਆਬ ਵਿੱਚ ਉਹ ਕਹਿੰਦੀ ਹੈ, “ਹਾਂ ਔਰਤ ਹੂੰ, ਔਰਤ ਹੂੰ, ਔਰ ਔਰਤ ਹੂੰ ਇਸ ਲਈ ਆਪ ਮੇਰਾ ਸਫਾਈ ਸੇ ਗਲਾ ਕਾਟ ਸਕੇ।” ਇਹ ਡਾਇਲਾਗ ਬਹੁਤ ਹੀ ਸਾਫ ਅਤੇ ਥੋੜ੍ਹੇ ਸ਼ਬਦਾਂ ਵਿੱਚ ਹਿੰਦੁਸਤਾਨੀ ਸਮਾਜ ਵਿੱਚ ਔਰਤ ਦੀ ਸਥਿਤੀ ਬਿਆਨ ਕਰ ਦਿੰਦਾ ਹੈ।

ਫਿਲਮ ਦੇ ਅਖੀਰ ‘ਤੇ ਨਿਰਮਲਾ ਦੇ ਬੁੱਢੇ ਪਤੀ ਨੂੰ ਨਿਰਮਲਾ ਨਾਲ ਹੋਈ ਵਧੀਕੀ ਦਾ ਅਹਿਸਾਸ ਹੁੰਦਾ ਹੈ ਤਾਂ ਉਹ ਖੁਦਕਸ਼ੀ ਕਰ ਲੈਂਦਾ ਹੈ ਤਾਂ ਕਿ ਨਿਰਮਲਾ ਲਈ ਆਪਣੀ ਮਨਮਰਜ਼ੀ ਦਾ ਵਿਆਹ ਕਰਵਾਉਣ ਲਈ ਰਸਤਾ ਪੱਧਰਾ ਹੋ ਸਕੇ। ਪਰ ਇਸ ਨਾਲ ਵੀ ਨਿਰਮਲਾ ਦੀ ਸਮੱਸਿਆ ਖਤਮ ਨਹੀਂ ਹੁੰਦੀ। ਹੁਣ ਉਸ ਦੇ ਸਾਹਮਣੇ ਵਿਧਵਾ ਵਿਆਹ ਦੀ ਸਮੱਸਿਆ ਆ ਜਾਂਦੀ ਹੈ ਕਿਉਂਕਿ ਉਸ ਸਮੇਂ ਹਿੰਦੂ ਸਮਾਜ ਵਿੱਚ ਵਿਧਵਾ ਵਿਆਹ ਦੀ ਇਜਾਜ਼ਤ ਨਹੀਂ ਸੀ। ਇਸ ਤਰ੍ਹਾਂ ਫਿਲਮ ਵਿੱਚ ਸਮਾਜ ਵਿੱਚ ਔਰਤ ਦੀ ਤ੍ਰਾਸਦੀ ਦੇ ਵੱਖ ਵੱਖ ਪੱਖਾਂ ਨੂੰ ਉਭਾਰਨ ਦਾ ਯਤਨ ਕੀਤਾ ਗਿਆ ਹੈ।
ਫਿਲਮ ਇਤਿਹਾਸਕਾਰਾਂ ਅਨੁਸਾਰ ਇਸ ਫਿਲਮ ਦੀ ਸਪਸ਼ਟ ਅਤੇ ਸਿੱਧੀ ਪੇਸ਼ਕਾਰੀ ਨੇ ਦਰਸ਼ਕਾਂ ਉੱਤੇ ਕਾਫੀ ਵੱਡਾ ਅਸਰ ਪਾਇਆ ਸੀ ਅਤੇ ਫਿਲਮ ਬਾਅਦ ਦੇ ਸਾਲਾਂ ਦੌਰਾਨ ਵਾਰ ਵਾਰ ਦਿਖਾਈ ਜਾਂਦੀ ਰਹੀ ਸੀ।
ਮੁੱਖ ਕਲਾਕਾਰ: ਸ਼ਾਂਤਾ ਆਪਟੇ, ਕੇਸ਼ਾਵਰਾਓ ਦੱਤੇ, ਵਿਮਲਾ ਵਸਿ਼ਸ਼ਟ, ਸ਼ੰਕੁਤਲਾ ਪ੍ਰਾਂਜਪਾਈ ਆਦਿ।
 
ਸਾਰਾ ਅਕਾਸ਼ (ਹਿੰਦੀ, 1969)

ਰਾਜਿੰਦਰ ਯਾਦਵ ਦੇ ਨਾਵਲ `ਤੇ ਆਧਾਰਤ ਇਹ ਫਿਲਮ ਇਕ ਨਵੇਂ ਵਿਆਹੇ ਜੋੜੇ ਦੀ ਅਣਬਣ `ਤੇ ਕੇਂਦਰਿਤ ਹੈ। ਫਿਲਮ ਦਰਸਾਉਂਦੀ ਹੈ ਕਿ ਮਾਪਿਆਂ ਵਲੋਂ ਨੌਜਵਾਨਾਂ ਦੇ ਵਿਆਹਾਂ ਵਿੱਚ ਕੀਤੀ ਜ਼ਬਰਦਸਤੀ ਕਿਸ ਢੰਗ ਨਾਲ ਉਹਨਾਂ ਵਿਚਕਾਰ ਕਲੇਸ਼ ਪੈਦਾ ਕਰਨ ਦਾ ਕਾਰਨ ਬਣਦੀ ਹੈ ਅਤੇ ਇਸ ਕਲੇਸ਼ ਵਿੱਚ ਸਭ ਤੋਂ ਵੱਧ ਦੁੱਖ ਸਹਿਣ ਵਾਲੀ ਧਿਰ ਔਰਤ ਹੁੰਦੀ ਹੈ। ਫਿਲਮ ਦੀ ਖੂਬਸੂਰਤੀ ਇਹ ਹੈ ਕਿ ਇਸ ਵਿੱਚ ਕਿਸੇ ਇਕ ਵਿਅਕਤੀ ਨੂੰ ਕਸੂਰਵਾਰ ਠਹਿਰਾਉਣ ਦੀ ਥਾਂ ਪਿੱਤਰਸੱਤਾ ਵਾਲੇ ਸਮਾਜ ਦੀਆਂ ਕਦਰਾਂ ਕੀਮਤਾਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ।

ਬਾਸੂ ਚੈਟਰਜੀ ਵੱਲੋਂ ਨਿਰਦੇਸਿ਼ਤ ਇਸ ਫਿਲਮ ਦੇ ਕਲਾਕਾਰ ਸਨ: ਰਾਕੇਸ਼ ਪਾਂਡੇ, ਮਧੂ ਚੱਕਰਵਰਤੀ, ਨੰਦੀਤਾ ਠਾਕੁਰ, ਏ. ਕੇ. ਹੰਗਲ, ਦੀਨਾ ਪਾਠਕ, ਮਨੀ ਕੌਲ, ਤਾਰਲਾ ਮਹਿਤਾ, ਸ਼ੈਲੀ ਸ਼ੈਲੇਂਦਰ, ਜਲਾਲ ਆਗਾ ਅਤੇ ਆਰਤੀ ਬੋਲ।       

ਅੰਕੁਰ (ਹਿੰਦੀ , 1974)

ਨਿਰਦੇਸ਼ਕ ਸ਼ਿਆਮ ਬੈਨੇਗਿਲ ਦੀ ਇਹ ਫਿਲਮ ਜਗੀਰਦਾਰੀ ਪ੍ਰਬੰਧ ਵਿੱਚ ਗਰੀਬਾਂ, ਨੀਵੀਂ ਜਾਤ ਵਾਲਿਆਂ ਅਤੇ ਔਰਤਾਂ ਦੇ ਸ਼ੋਸ਼ਣ ਦੀ ਕਹਾਣੀ ਪੇਸ਼ ਕਰਦੀ ਹੈ। ਪਿੰਡ ਦੇ ਗੈਰਹਾਜ਼ਰ ਜਗੀਰਦਾਰ ਦਾ ਸ਼ਹਿਰ `ਚ ਪੜ੍ਹਿਆ ਲਿਖਿਆ ਮੁੰਡਾ ਸੂਰਯਾ ਪੜ੍ਹਾਈ ਖਤਮ ਕਰਕੇ ਆਪਣੀ ਜ਼ਮੀਨ ਦੀ ਦੇਖਭਾਲ ਕਰਨ ਲਈ ਪਿੰਡ ਆਉਂਦਾ ਹੈ। ਇੱਥੇ ਘੁਮਾਰ ਜਾਤ ਦੀ ਲਕਸ਼ਮੀ ਅਤੇ ਉਸ ਦਾ ਗੂੰਗਾ ਅਤੇ ਬੋਲਾ ਘਰਵਾਲਾ ਕਿਸ਼ਤੀਆ ਉਸ ਦੇ ਖੇਤਾਂ ਅਤੇ ਘਰ ਨੂੰ ਸੰਭਾਲਣ ਦਾ ਕੰਮ ਕਰਦੇ ਹਨ। ਸੂਰਯਾ ਜਿਸ ਢੰਗ ਨਾਲ ਲਕਸ਼ਮੀ ਅਤੇ ਕਿਸ਼ਤੀਆ ਨਾਲ ਵਰਤਾਅ ਕਰਦਾ ਹੈ, ਉਸ ਤੋਂ ਜਗੀਰਦਾਰੀ ਲੁੱਟ ਦੀਆਂ ਵੱਖ ਵੱਖ ਪਰਤਾਂ ਉਜਾਗਰ ਹੁੰਦੀਆਂ ਹਨ। ਫਿਲਮ ਵਿੱਚ ਇਸ ਲੁੱਟ ਵਿਰੁੱਧ ਕੋਈ ਸਿੱਧਾ ਸੰਘਰਸ਼ ਨਹੀਂ ਦਿਖਾਇਆ ਗਿਆ। ਸਿਰਫ ਫਿਲਮ ਦੇ ਅੰਤ `ਤੇ ਇਕ ਬੱਚਾ ਜਗੀਰਦਾਰ ਦੇ ਘਰ ਦੀ ਸ਼ੀਸ਼ੇ ਦੀ ਬਾਰੀ `ਤੇ ਇਕ ਪੱਥਰ ਮਾਰਦਾ ਹੈ ਅਤੇ ਸਕਰੀਨ ਲਾਲ ਹੋ ਜਾਂਦਾ ਹੈ। ਇਸ ਸੰਕੇਤਕ ਢੰਗ ਨਾਲ ਨਿਰਦੇਸ਼ਕ ਦਰਸ਼ਕਾਂ ਨੂੰ ਜਗੀਰਦਾਰੀ ਪ੍ਰਬੰਧ ਦੀ ਬੇਇਨਸਾਫੀ ਵਿਰੁੱਧ ਲੜਨ ਦਾ ਸੁਨੇਹਾ ਦਿੰਦਾ ਹੈ। ਪਰ ਕਈ ਆਲੋਚਕਾਂ ਦਾ ਮੱਤ ਹੈ ਕਿ ਫਿਲਮ ਵਿੱਚ ਦਿਖਾਇਆ ਗਿਆ ਇਹ ਵਿਰੋਧ ਬਹੁਤ ਹੀ ਨਿਗੂਣਾ ਅਤੇ ਕਮਜ਼ੋਰ ਹੈ।

ਕਲਾਕਾਰ: ਸ਼ਬਾਨਾ ਆਜ਼ਮੀ, ਆਨੰਤ ਨਾਗ, ਸਾਧੂ ਮੇਹਰ ਅਤੇ ਪ੍ਰਿਆ ਤੇਂਦੂਲਕਰ।  

ਏਕ ਦਿਨ ਪ੍ਰਤੀਦਿਨ (ਬੰਗਾਲੀ, 1979)

ਮ੍ਰਿਣਾਲ ਸੇਨ ਵਲੋਂ ਨਿਰਦੇਸਿ਼ਤ ਫਿਲਮ ਏਕ ਦਿਨ ਪ੍ਰਤੀਦਿਨ  ਇਕ ਨੌਜਵਾਨ, ਅਣਵਿਆਹੀ ਅਤੇ ਘਰ ਤੋਂ ਬਾਹਰ ਕੰਮ ਕਰਨ ਵਾਲੀ ਕੁੜੀ ਦੀ ਕਹਾਣੀ ਹੈ ਜਿਸ ਦੀ ਕਮਾਈ ਇਕ ਛੇ ਜੀਆਂ ਦੇ ਨਿਮਨ ਮੱਧਵਰਗੀ ਪਰਿਵਾਰ ਦੇ ਗੁਜ਼ਾਰੇ ਦਾ ਮੁੱਖ ਸਾਧਨ ਹੈ। ਇਕ ਦਿਨ ਇਹ ਕੁੜੀ ਸ਼ਾਮ ਨੂੰ ਮਿੱਥੇ ਸਮੇਂ ਤੇ ਕੰਮ ਤੋਂ ਵਾਪਸ ਨਹੀਂ ਆਉਂਦੀ। ਨਤੀਜੇ ਵਜੋਂ ਪਰਿਵਾਰ ਜਿਸ ਤਰ੍ਹਾਂ ਦੀ ਚਿੰਤਾ ਅਤੇ ਸੋਚ-ਵਿਚਾਰ ਵਿੱਚੋਂ ਦੀ ਗੁਜ਼ਰਦਾ ਹੈ, ਉਹ ਇਸ ਫਿਲਮ ਦਾ ਵਿਸ਼ਾ ਹੈ। ਪਰਿਵਾਰ ਨੂੰ ਇਕ ਪਾਸੇ ਉਸ ਦੀ ਸੁਰੱਖਿਆ ਦਾ ਫਿਕਰ ਹੈ ਅਤੇ ਦੂਸਰੇ ਪਾਸੇ ਇਸ ਗੱਲ ਦਾ ਫਿਕਰ ਹੈ ਕਿ ਜੇ ਆਂਢ-ਗੁਆਂਢ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਉਹਨਾਂ ਦੀ ਨੌਜਵਾਨ ਕੁੜੀ ਕੰਮ ਤੋਂ ਵਾਪਸ ਘਰ ਨਹੀਂ ਆਈ ਤਾਂ ਉਹ ਕੀ ਕਹਿਣਗੇ। ਬੜੀ ਹੀ ਸਰਲ ਕਹਾਣੀ ਵਾਲੀ ਇਸ ਫਿਲਮ ਵਿੱਚ ਸੇਨ ਨੇ ਇਕ ਮਰਦਪ੍ਰਧਾਨ ਸਮਾਜ ਦੇ ਔਰਤਾਂ ਬਾਰੇ ਵਿਚਾਰਾਂ ਨੂੰ ਬਹੁਤ ਹੀ ਸੋਹਣੇ ਢੰਗ ਨਾਲ ਪੇਸ਼ ਕੀਤਾ ਹੈ। ਫਿਲਮ ਤੋਂ ਪਤਾ ਚੱਲਦਾ ਹੈ ਕਿ ਬੇਸ਼ੱਕ ਇਹ ਕੁੜੀ ਇਕ ਹੱਦ ਤੱਕ ਆਰਥਿਕ ਪੱਖੋਂ ਤਾਂ ਅਜ਼ਾਦ ਹੈ, ਪਰ ਸਮਾਜਕ ਪੱਖੋਂ ਅਜ਼ਾਦ ਨਹੀਂ।

ਇਹ ਫਿਲਮ ਕਾਫੀ ਲੋਕਾਂ ਵਲੋਂ ਸਲਾਹੀ ਗਈ। ਦੂਸਰੇ ਪਾਸੇ ਕੁਝ ਹੋਰ ਲੋਕਾਂ ਨੂੰ ਲੱਗਾ ਕਿ ਮ੍ਰਿਣਾਲ ਸੇਨ ਹੁਣ ਨਰਮ ਪੈ ਗਿਆ ਹੈ ਅਤੇ ਇਸ ਤਰ੍ਹਾਂ ਦੀਆਂ ਫਿਲਮਾਂ ਬਣਾ ਕੇ ਉਹ ਸਿਆਸਤ ਬਾਰੇ ਫਿਲਮਾਂ ਬਣਾਉਣ ਤੋਂ ਪਾਸਾ ਵੱਟ ਰਿਹਾ ਹੈ। ਉਹਨਾਂ ਦਾ ਵਿਚਾਰ ਸੀ ਕਿ ਉਸ ਦੀ ਇਸ ਫਿਲਮ ਵਿੱਚ ਕੋਈ ਸੁਨੇਹਾ ਨਹੀਂ। ਇਸ ਤਰ੍ਹਾਂ ਦੀ ਆਲੋਚਨਾ ਦੇ ਜੁਆਬ ਸੇਨ ਨੇ ਕਿਹਾ, "ਮੈਂ ਅਜਿਹੀਆਂ ਫਿਲਮਾਂ ਬਣਾਈਆਂ ਹਨ ਜਿਹਨਾਂ ਦਾ ਸਿਆਸੀ ਸਥਿਤੀ ਨਾਲ ਸੰਬੰਧ ਹੈ ਅਤੇ ਉਨ੍ਹਾਂ ਵਿੱਚ ਸਿਆਸੀ ਪਾਤਰ ਹਨ, ਪਰ ਮੈਂ ਅਜਿਹੀਆਂ ਫਿਲਮਾਂ ਵੀ ਬਣਾਈਆਂ ਹਨ ਜਿਹਨਾਂ ਦੀ ਸਿੱਧੇ ਤੌਰ `ਤੇ ਕੋਈ ਸਿਆਸੀ ਪ੍ਰਸੰਗਤਾ ਨਹੀਂ ਹੈ। ਪਰ ਉਹਨਾਂ ਸਾਰੀਆਂ ਵਿੱਚ ਮੈਂ ਹਮੇਸ਼ਾਂ ਇਕ ਸਮਾਜਕ, ਸਿਆਸੀ ਅਤੇ ਆਰਥਿਕ ਨਜ਼ਰੀਆ ਕਾਇਮ ਰੱਖਣ ਦੀ ਕੋਸ਼ਿਸ਼ ਕੀਤੀ ਹੈ।… ਜਦੋਂ ਮੈਂ ਕਿਸੇ ਮਰਦ ਅਤੇ ਔਰਤ ਦੇ ਰਿਸ਼ਤੇ ਬਾਰੇ ਫਿਲਮ ਬਣਾਉਂਦਾ ਹਾਂ ਤਾਂ ਮੈਂ ਉਸ ਰਿਸ਼ਤੇ ਨੂੰ ਵੱਡੇ ਸੰਦਰਭ ਵਿੱਚ ਸਮਝਣ ਦਾ ਯਤਨ ਕਰਦਾ ਹਾਂ। … ਏਕ ਦਿਨ ਪ੍ਰਤੀਦਿਨ ਵਿੱਚ ਭਾਵੇਂ ਕਿ ਕੈਮਰਾ ਘਰ ਤੋਂ ਬਾਹਰ ਬਹੁਤ ਘੱਟ ਜਾਂਦਾ ਹੈ, ਫਿਰ ਵੀ ਫਿਲਮ ਵਿੱਚ ਉਹਨਾਂ ਸਮਾਜਕ, ਸਿਆਸੀ ਅਤੇ ਸਦਾਚਾਰਕ ਬੰਦਸ਼ਾਂ ਬਾਰੇ ਗੱਲ ਕੀਤੀ ਗਈ ਹੈ ਜਿਹੜੀਆਂ ਸਾਡੇ ਸਮਾਜਕ ਵਰਤਾਅ ਨੂੰ ਨਿਸ਼ਚਿਤ ਕਰਦੀਆਂ ਹਨ ਅਤੇ ਸਾਡੀ ਰੋਜ਼ਾਨਾ ਜ਼ਿੰਦਗੀ ‘ਤੇ ਅਸਰ ਕਰਦੀਆਂ ਹਨ।"  

ਕਲਾਕਾਰ: ਸਤਿਆ ਬੈਨਰਜੀ, ਗੀਤਾ ਸੇਨ, ਸ੍ਰੀਲਾ ਮਜ਼ੁਮਦਰ, ਮਮਤਾ ਸ਼ੰਕਰ, ਤਪਨ ਦਾਸ ਅਤੇ ਮਮਤਾ ਭੱਟਾਚਾਰੀਆ

ਅਰਥ (ਹਿੰਦੀ, 1982)

ਨਿਰਦੇਸ਼ਕ ਮਹੇਸ਼ ਭੱਟ ਦੀ ਸ਼ਹਿਰੀ ਮੱਧਵਰਗ ਦੇ ਜੀਵਨ `ਤੇ ਆਧਾਰਤ ਇਹ ਫਿਲਮ ਵਿਆਹ ਦੀ ਸੰਸਥਾ ਵਿੱਚ ਬੱਝੇ ਮਰਦ ਅਤੇ ਔਰਤ ਦੇ ਨਾਬਰਾਬਰ ਸੰਬੰਧਾਂ ਨੂੰ ਦੇਖਣ ਦਾ ਯਤਨ ਕਰਦੀ ਹੈ।

ਕਲਾਕਾਰ:  ਸ਼ਬਾਨਾ ਆਜ਼ਮੀ, ਸਮੀਤਾ ਪਾਟਿਲ, ਕੁਲਭੂਸ਼ਨ ਖਰਬੰਦਾ, ਰਾਜ ਕਿਰਨ ਅਤੇ ਰੋਹਨੀ ਹਤੰਗੜੀ।

ਕਮਲਾ (ਹਿੰਦੀ, 1985 )

ਨਿਰਦੇਸ਼ਕ ਜਗਮੋਹਨ ਮੂੰਧੜਾ ਵਲੋਂ ਨਿਰਦੇਸ਼ਤ ਫਿਲਮ ਕਮਲਾ ਦੇ ਸ਼ੁਰੂ ਵਿੱਚ ਦਿੱਲੀ ਦੀ ਇਕ ਅੰਗਰੇਜ਼ੀ ਅਖਬਾਰ ਦਾ ਸਟਾਰ ਰਿਪੋਰਟਰ ਜੈ ਸਿੰਘ ਯਾਦਵ ਮੱਧਿਆ ਪ੍ਰਦੇਸ਼ ਦੇ ਪੇਂਡੂ ਇਲਾਕੇ ਵਿੱਚੋਂ ਇਕ ਗਰੀਬ ਔਰਤ ਕਮਲਾ ਨੂੰ ਖ੍ਰੀਦ ਕੇ ਦਿੱਲੀ ਲਿਆਉਂਦਾ ਹੈ। ਉਸ ਦੀ ਯੋਜਨਾ ਕਮਲਾ ਨੂੰ ਇਕ ਸਬੂਤ ਵਜੋਂ ਪ੍ਰੈੱਸ ਕਾਨਫਰੰਸ ਵਿੱਚ ਪੇਸ਼ ਕਰਨ ਦੀ ਹੈ ਤਾਂ ਕਿ ਉਹ ਭਾਰਤ ਵਿਚ ਔਰਤਾਂ ਦੇ ਵਿਉਪਾਰ ਦੇ ਇਸ ‘ਘਿਣਾਉਣੇ’ ਵਰਤਾਰੇ ਨੂੰ ਇਕ ਧਮਾਕੇ ਭਰਪੂਰ ਢੰਗ ਨਾਲ ਨੰਗਾ ਕਰ ਸਕੇ।

ਉਸ ਵਲੋਂ ਕੀਤਾ ਗਿਆ ਇਹ ਯਤਨ ਭਾਰਤ ਦੇ ਗਰੀਬ ਇਲਾਕਿਆਂ ਵਿੱਚੋਂ ਕੀਤੀ ਜਾਂਦੀ ਔਰਤਾਂ ਦੀ ਖ੍ਰੀਦੋਫਰੋਖਤ ਨੂੰ ਨੰਗਾ ਕਰਨ ਦੇ ਨਾਲ ਨਾਲ ਭਾਰਤੀ ਸਮਾਜ ਵਿੱਚ ਪਿੱਤਰਸੱਤਾ ਦੇ ਦਾਬੇ ਹੇਠ ਰਹਿ ਰਹੀਆਂ ਸਾਰੀਆਂ ਭਾਰਤੀ ਔਰਤਾਂ ਦੇ ਸ਼ੋਸ਼ਣ ਨੂੰ ਨੰਗਾ ਕਰ ਦਿੰਦਾ ਹੈ। ਦਰਸ਼ਕ ਜਦੋਂ ਇਸ ਸਟਾਰ ਰਿਪੋਰਟਰ ਜੈ ਸਿੰਘ ਯਾਦਵ ਦੇ ਘਰ ਵਿੱਚ ਉਸ ਦੀ ਪਤਨੀ ਦੇ ਜੀਵਨ ਨੂੰ ਦੇਖਦਾ ਹੈ ਤਾਂ ਉਸ ਨੂੰ ਇਹ ਸਮਝਣ ਵਿੱਚ ਦੇਰ ਨਹੀਂ ਲਗਦੀ ਕਿ ਯਾਦਵ ਦੀ ਪਤਨੀ ਦੀ ਸਥਿਤੀ ਕਿਸੇ ਵੀ ਤਰ੍ਹਾਂ ਕਮਲਾ ਦੀ ਸਥਿਤੀ ਤੋਂ ਵੱਖਰੀ ਨਹੀਂ ਹੈ।  

ਭਾਰਤੀ ਸਮਾਜ ਵਿੱਚ ਔਰਤਾਂ ਦੀ ਸਥਿਤੀ ਦੇ ਸੱਚ ਨੂੰ ਉਜਾਗਰ ਕਰਨ ਦੇ ਨਾਲ ਨਾਲ ਇਹ ਫਿਲਮ ਸਨਸਨੀਖੇਜ਼ ਅਤੇ ਧਮਾਕੇਦਾਰ ਖੱਬਰਾਂ `ਤੇ ਕੇਂਦਰਿਤ ਪੱਤਰਕਾਰੀ ਦੀ ਕਾਰਜ ਪ੍ਰਣਾਲੀ ਅਤੇ ਭੂਮਿਕਾ ਉੱਤੇ ਵੀ ਕਈ ਤਰ੍ਹਾਂ ਦੇ ਗੰਭੀਰ ਸਵਾਲ ਖੜ੍ਹੇ ਕਰਦੀ ਹੈ। ਫਿਲਮ ਦੇਖਦਿਆਂ ਦਰਸ਼ਕ ਦੇ ਮਨ ਵਿੱਚ ਇਹ ਸਵਾਲ ਵਾਰ ਵਾਰ ਉੱਠਦਾ ਹੈ ਕਿ ਆਪਣੇ ਪਾਠਕਾਂ ਦੀ ਗਿਣਤੀ ਵਧਾਉਣ ਲਈ ਅਨੂਠੇ ਸਮਾਚਾਰਾਂ (ਸਕੂਪਾਂ) ਅਤੇ ਸਕੈਂਡਲਾਂ ਦਾ ਸਹਾਰਾ ਲੈਣ ਵਾਲੀ ਪੱਤਰਕਾਰੀ ਕੀ ਪਾਠਕਾਂ ਨੂੰ ਆਪਣੀਆਂ ਸਥਿਤੀਆਂ ਦੀ ਅਸਲੀਅਤ ਸਮਝਣ ਲਈ ਜਾਗਰੂਕ ਕਰ ਸਕਦੀ ਹੈ?  

ਅੰਤ ਵਿੱਚ ਜਿੱਥੇ ਕਮਲਾ ਸਮਾਜ ਵਿੱਚ ਔਰਤ ਦੀ ਸਥਿਤੀ ਅਤੇ ਪੱਤਰਕਾਰੀ ਦੀ ਭੂਮਿਕਾ ਨੂੰ ਸਮਝਣ ਵਿੱਚ ਇਕ ਮਹੱਤਵਪੂਰਨ ਰੋਲ ਨਿਭਾਉਂਦੀ ਹੈ, ਉੱਥੇ ਇਹ ਦਰਸ਼ਕਾਂ ਨੂੰ ਇਹ ਸੁਨੇਹਾ ਵੀ ਦਿੰਦੀ ਹੈ, ਸਮਾਜ ਵਿੱਚ ਵੱਖ ਵੱਖ ਪੱਧਰਾਂ `ਤੇ ਹੋ ਰਹੇ ਸ਼ੋਸ਼ਣ ਇਕ ਦੂਸਰੇ ਨਾਲ ਸੰਬੰਧਤ ਹੁੰਦੇ ਹਨ। ਕਿਸੇ ਵੀ ਇਕ ਪੱਧਰ `ਤੇ ਹੋ ਰਹੇ ਸ਼ੋਸ਼ਣ ਨੂੰ ਖਤਮ ਕਰਨ ਲਈ ਜ਼ਰੂਰੀ ਹੈ ਅਸੀਂ ਸਾਰੇ ਸ਼ੋਸ਼ਣਾਂ ਦੇ ਤਾਣੇ-ਬਾਣੇ ਨੂੰ ਸਮਝੀਏ ਅਤੇ ਉਨ੍ਹਾਂ ਵਿਰੁੱਧ ਸਾਂਝੀ ਲੜਾਈ ਲੜੀਏ।

ਮੁੱਖ ਕਲਾਕਾਰ: ਮਾਰਕ ਜ਼ੁਬੇਰ, ਦੀਪਤੀ ਨਵਲ ਅਤੇ ਸ਼ਬਾਨਾ ਆਜ਼ਮੀ।

ਮਿਰਚ ਮਸਾਲਾ (ਹਿੰਦੀ, 1987)   

ਕੇਤਨ ਮਹਿਤਾ ਦੀ ਨਿਰਦੇਸ਼ਨਾ ਵਿੱਚ ਬਣੀ ਫਿਲਮ ਮਿਰਚ ਮਸਾਲਾ ਦਾ ਭਾਰਤੀ ਸਮਾਜ ਵਿੱਚ ਔਰਤਾਂ ਦੀਆਂ ਸਮੱਸਿਆਵਾਂ ਬਾਰੇ ਬਣੀਆਂ ਫਿਲਮਾਂ ਵਿੱਚ ਇਕ ਮਹੱਤਵਪੂਰਨ ਸਥਾਨ ਹੈ। ਫਿਲਮ ਦੀ ਕਹਾਣੀ ਸਮਾਜ ਵਿੱਚ ਔਰਤ ਦੇ ਦਮਨ ਅਤੇ ਇਸ ਦਮਨ ਵਿਰੁੱਧ ਔਰਤਾਂ ਵੱਲੋਂ ਇਕੱਠੀਆਂ ਹੋ ਕੇ ਲੜਨ ਦੀ ਸ਼ਕਤੀਸ਼ਾਲੀ ਕਹਾਣੀ ਹੈ। ਸਮਾਜ ਵਿੱਚ ਪਿੱਤਰਸੱਤਾ, ਜਮਾਤ ਅਤੇ ਜਾਤ ਕਿਸ ਤਰ੍ਹਾਂ ਮਿਲ ਕੇ ਔਰਤਾਂ ਦੇ ਦਮਨ ਦਾ ਕਾਰਨ ਬਣਦੀਆਂ ਹਨ, ਇਸ ਗੱਲ ਨੂੰ ਫਿਲਮ ਵਿੱਚ ਬਹੁਤ ਬਾਰੀਕੀ ਅਤੇ ਸਪਸ਼ਟਤਾ ਨਾਲ ਦਿਖਾਇਆ ਗਿਆ ਹੈ। ਫਿਲਮ ਦੇ ਅੰਤ `ਤੇ ਆਪਣੇ ਤਰ੍ਹਾਂ ਤਰ੍ਹਾਂ ਦੇ ਡਰਾਂ `ਤੇ ਕਾਬੂ ਪਾ, ਮਰਦਾਂ ਦੀ ਕਿਸੇ ਤਰ੍ਹਾਂ ਦੀ ਵੀ ਮਦਦ ਤੋਂ ਬਿਨਾਂ, ਔਰਤਾਂ ਇਕੱਠੀਆਂ ਹੋ ਕੇ ਜਿਸ ਤਰ੍ਹਾਂ ਆਪਣੇ ਜ਼ਾਲਮ ਨੁੰ ਠੋਕਵਾਂ ਜਵਾਬ ਦਿੰਦੀਆਂ ਹਨ, ਉਹ ਹਰ ਤਰ੍ਹਾਂ ਦੇ ਜ਼ੁਲਮ ਵਿਰੁੱਧ ਲੜ੍ਹਨ ਵਾਲਿਆਂ ਲਈ ਪ੍ਰੇਰਨਾ ਦਾ ਸ੍ਰੋਤ ਬਣ ਜਾਂਦਾ ਹੈ। ਦਰਸ਼ਕ ਨੂੰ ਸੁਨੇਹਾ ਮਿਲਦਾ ਹੈ ਕਿ ਇਕੱਠੇ ਹੋ ਕੇ ਅਤੇ ਆਪਣੇ ਆਪ `ਤੇ ਵਿਸ਼ਵਾਸ ਰੱਖ ਕੇ ਲੜੀ ਗਈ ਲੜਾਈ ਵਿੱਚ ਜਿੱਤ ਲੜਨ ਵਾਲਿਆਂ ਦੀ ਹੀ ਹੁੰਦੀ ਹੈ,  ਬੇਸ਼ੱਕ ਉਨ੍ਹਾਂ ਸਾਹਮਣੇ ਕਿੰਨੀਆਂ ਵੀ ਵੱਡੀਆਂ ਚੁਣੌਤੀਆਂ ਹੋਣ। ਅਜ਼ਾਦੀ ਤੋਂ ਪਹਿਲਾਂ ਦੇ ਹਿੰਦੁਸਤਾਨ ਦੀਆਂ ਸਥਿਤੀਆਂ ਬਾਰੇ ਬਣਾਈ ਗਈ ਇਹ ਫਿਲਮ ਹਿੰਦੁਸਤਾਨ ਦੀਆਂ ਅਜੋਕੀਆਂ ਸਥਿਤੀਆਂ ਵਿੱਚ ਵੀ ਉਨੀ ਹੀ ਪ੍ਰਸੰਗਕ ਹੈ ਜਿੰਨੀ ਇਹ ਪਹਿਲਾਂ ਸੀ।

ਮੁੱਖ ਕਲਾਕਾਰ: ਨਸੀਰੂਦੀਨ ਸ਼ਾਹ, ਸਮੀਤਾ ਪਾਟਿਲ, ਓਮ ਪੁਰੀ, ਸੁਰੇਸ਼ ਓਬਰਾਇ, ਦੀਪਤੀ ਨਵਲ, ਦੀਨਾ ਪਾਠਕ, ਮੋਹਨ ਗੋਖਲੇ ਅਤੇ ਪਾਰੇਸ਼ ਰਵਾਲ।

ਰਿਹਾਈ (ਹਿੰਦੀ, 1988)

ਰੋਜ਼ੀ ਰੋਟੀ ਦੀ ਭਾਲ ਵਿੱਚ ਆਪਣੇ ਪਰਿਵਾਰ ਤੋਂ ਲੰਮਾ ਸਮਾਂ ਦੂਰ ਰਹਿ ਰਹੇ ਇਕ ਮਰਦ ਵਲੋਂ ਕਿਸੇ ਹੋਰ ਔਰਤ ਨਾਲ ਸੰਬੰਧ ਬਣਾਉਣ ਨੂੰ ਸਮਾਜ ਵਿੱਚ ਜੇ ਠੀਕ ਨਹੀਂ ਸਮਝਿਆ ਜਾਂਦਾ ਤਾਂ ਸੁਭਾਵਕ ਜ਼ਰੂਰ ਸਮਝਿਆ ਜਾਂਦਾ ਹੈ। ਜੇ ਉਸ ਦੀ ਔਰਤ ਨੂੰ ਇਸ ਬਾਰੇ ਪਤਾ ਲੱਗ ਜਾਵੇ ਤਾਂ ਉਸ ਤੋਂ ਇਹ ਆਸ ਕੀਤੀ ਜਾਂਦੀ ਹੈ ਕਿ ਉਹ ਇਸ ਨੂੰ ਅਣਗੌਲਿਆ ਕਰ ਦੇਵੇ। ਸਮਝਿਆ ਜਾਂਦਾ ਹੈ ਮਰਦ ਤੋਂ ਇਹ ਸਭ ਕੁਝ ਉਸ ਦੀ ਇਕੱਲਤਾ ਭਰੀਆਂ ਹਾਲਤਾਂ ਨੇ ਕਰਵਾਇਆ ਹੈ, ਇਸ ਵਿੱਚ ਉਸ ਦਾ ਕੋਈ ਵੱਡਾ ਦੋਸ਼ ਨਹੀਂ। ਦੂਸਰੇ ਪਾਸੇ ਜੇ ਮਰਦ ਦੀ ਲੰਮੀ ਗੈਰਹਾਜ਼ਰੀ ਦੌਰਾਨ ਉਸ ਦੀ ਔਰਤ ਦਾ ਸੰਬੰਧ ਕਿਸੇ ਹੋਰ ਨਾਲ ਬਣ ਜਾਵੇ ਤਾਂ ਇਸ ਨੂੰ ਨਾ-ਬਖਸ਼ਣ ਯੋਗ ਅਪਰਾਧ ਸਮਝਿਆ ਜਾਂਦਾ ਹੈ। ਔਰਤ ਨੂੰ ਬਦਚਲਣ ਸਮਝਿਆ ਜਾਂਦਾ ਹੈ ਅਤੇ ਮਰਦ ਤੋਂ ਇਹ ਆਸ ਕੀਤੀ ਜਾਂਦੀ ਹੈ ਕਿ ਉਸ ਨੂੰ ਛੱਡ ਦੇਵੇ।

ਅਰੂਨਾ ਰਾਜ ਵਲੋਂ ਨਿਰਦੇਸ਼ਤ ਇਸ ਫਿਲਮ ਵਿੱਚ ਇਸ ਮਸਲੇ ਬਾਰੇ ਸਮਾਜ ਦੇ ਦੋਹਰੇ ਕਿਰਦਾਰ ਦੇ ਦੰਭ ਨੂੰ ਬਹੁਤ ਹੀ ਖੂਬਸੂਰਤੀ ਨਾਲ ਪੇਸ਼ ਕੀਤਾ ਗਿਆ ਹੈ। ਫਿਲਮ ਦੇ ਅਖੀਰ ਵਿੱਚ ਜਦੋਂ ਪਿੰਡ ਦੀ ਪੰਚਾਇਤ ਵਿੱਚ ਔਰਤਾਂ ਇਕੱਠੀਆਂ ਹੋ ਕੇ ਇਸ ਮਸਲੇ ਬਾਰੇ ਸਾਂਝਾ ਸਟੈਂਡ ਲੈਂਦੀਆਂ ਹਨ ਤਾਂ ਮਰਦਾਂ ਕੋਲ ਪੰਚਾਇਤ ਵਿੱਚੇ ਛੱਡ ਕੇ ਨੱਠ ਜਾਣ ਤੋਂ ਬਿਨਾਂ ਕੋਈ ਚਾਰਾ ਨਹੀਂ ਰਹਿੰਦਾ। ਇਸ ਤਰ੍ਹਾਂ ਇਹ ਫਿਲਮ ਸਮਾਜ ਵਿੱਚਲੀ ਮਰਦਪ੍ਰਧਾਨਤਾ `ਤੇ ਇਕ ਕਰਾਰੀ ਸੱਟ ਮਾਰਦੀ ਹੈ।

ਮੁੱਖ ਕਲਾਕਾਰ: ਹੇਮਾ ਮਾਲਿਨੀ, ਵਿਨੋਦ ਖੰਨਾ, ਨਸੀਰੂਦੀਨ ਸ਼ਾਹ, ਰੀਮਾ ਲਗੂ, ਨੀਨਾ ਗੁਪਤਾ, ਪਲਵੀ ਜੋਸ਼ੀ, ਮੋਹਨ ਆਗਾਸ਼ੇ, ਅਛੂਤ ਪੋਤਦਾਰ।   

ਬੈਂਡਿਟ ਕੁਈਨ (ਹਿੰਦੀ, 1995)

ਸ਼ੇਖਰ ਕਪੂਰ ਵਲੋਂ ਨਿਰਦੇਸਿ਼ਤ ਫਿਲਮ ਬੈਂਡਿਟ ਕੁਈਨ ਮਸ਼ਹੂਰ ਡਕੈਤ ਫੂਲਨ ਦੇਵੀ ਦੀ ਜਿ਼ੰਦਗੀ `ਤੇ ਆਧਾਰਤ ਹੈ। ਫਿਲਮ ਦਿਖਾਉਂਦੀ ਹੈ ਕਿ ਅਖੌਤੀ ਨੀਵੀਂ ਜਾਤ ਨਾਲ ਸੰਬੰਧਤ ਫੂਲਨ ਦੇਵੀ ਨੂੰ ਬਚਪਨ ਤੋਂ ਹੀ ਕਿਸ ਤਰ੍ਹਾਂ ਜਾਤਪਾਤ ਅਤੇ ਮਰਦ-ਪ੍ਰਧਾਨਤਾ ਦੇ ਜ਼ਬਰ ਦਾ ਸ਼ਿਕਾਰ ਹੋਣਾ ਪਿਆ ਸੀ। ਫਿਲਮ ਇਕ ਪਾਸੇ ਜਾਤਪਾਤ ਅਤੇ ਮਰਦ-ਪ੍ਰਧਾਨਤਾ `ਤੇ ਟਿਕੇ ਸਮਾਜ ਦੀ ਕਰੂਰਤਾ ਨੂੰ ਨੰਗਾ ਕਰਦੀ ਹੈ, ਦੂਸਰੇ ਪਾਸੇ ਫੂਲਨ ਦੇਵੀ ਵਲੋਂ ਇਸ ਕਰੂਰਤਾ ਵਿਰੁੱਧ ਹੌਂਸਲੇ ਅਤੇ ਦ੍ਰਿੜਤਾ ਨਾਲ ਲੜੀ ਲੜਾਈ ਨੂੰ ਵੀ ਉਜਾਗਰ ਕਰਦੀ ਹੈ। ਫਿਲਮ ਦੇਖਣ ਬਾਅਦ ਦਰਸ਼ਕ ਫੂਲਨ ਦੇਵੀ ਵਲੋਂ ਵਿਅਕਤੀਗਤ ਹਿੰਸਾ ਅਪਨਾਉਣ ਦੇ ਰਸਤੇ ਨਾਲ ਸਹਿਮਤ ਹੋਣ ਜਾਂ ਨਾ, ਇਸ ਗੱਲ ਨਾਲ ਜ਼ਰੂਰ ਸਹਿਮਤ ਹੋਣਗੇ ਕਿ ਕਿਸੇ ਸਮਾਜ ਵਲੋਂ ਅਪਣਾਈ ਗਈ ਢਾਂਚਾਗਤ ਹਿੰਸਾ ਅਤੇ ਵਹਿਸ਼ਤ ਉਸ ਹੀ ਤਰ੍ਹਾਂ ਦੀ ਹਿੰਸਾ ਅਤੇ ਵਹਿਸ਼ਤ ਪੈਦਾ ਕਰਨ ਵਿੱਚ ਵੱਡਾ ਰੋਲ ਨਿਭਾਉਂਦੀ ਹੈ।   

ਕਲਾਕਾਰ: ਸੀਮਾ ਵਿਸਵਾਸ, ਨਿਰਮਲ ਪਾਂਡੇ, ਅਦਿਤੀਆ ਸ਼੍ਰੀ ਵਾਸਤਵ, ਰਾਮ ਚਰਨ ਨਿਰਮਾਲਕਰ, ਸਵੀਤਰੀ ਰਾਇਕਵਾਰਸ, ਗਜਰਾਜ ਰਾਓ, ਸਰੌਭ ਸ਼ੁਕਲਾ, ਮਨੋਜ ਬਾਜਪਾਈ, ਰਘੁਬੀਰ ਯਾਦਵ, ਆਦਿ।

ਸੰਸ਼ੋਧਨ ( ਹਿੰਦੀ, 1996)

ਗੋਬਿੰਦ ਨਿਹਾਲਨੀ ਵਲੋਂ ਨਿਰਦੇਸ਼ਤ ਇਹ ਫਿਲਮ ਪਿੰਡ ਦੀਆਂ ਪੰਚਾਇਤਾਂ ਵਿੱਚ ਔਰਤਾਂ ਦੀਆਂ ਸੀਟਾਂ ਰਾਖਵੀਂਆਂ ਕਰਨ ਦੇ ਮਸਲੇ ਨੂੰ ਸੰਬੋਧਿਤ ਹੈ। ਜਿਵੇਂ ਅਸੀਂ ਜਾਣਦੇ ਹੀ ਹਾਂ ਕਿ ਆਮ ਤੌਰ `ਤੇ ਔਰਤਾਂ ਲਈ ਰਾਖਵੀਂਆਂ ਸੀਟਾਂ `ਤੇ ਬੇਸ਼ੱਕ ਇਲੈਕਸ਼ਨ ਔਰਤਾਂ ਲੜਦੀਆਂ ਹਨ ਪਰ ਅਸਲੀਅਤ ਵਿੱਚ ਉਹਨਾਂ ਦੇ ਅਹੁਦੇ ਦੀ ਤਾਕਤ ਉਹਨਾਂ ਦੇ ਘਰ ਦੇ ਮਰਦਾਂ ਦੇ ਹੱਥ ਹੀ ਰਹਿੰਦੀ ਹੈ। ਇਸ ਤਰ੍ਹਾਂ ਦੀ ਇਲੈਕਸ਼ਨ ਜਿੱਤ ਕੇ ਜਦੋਂ ਕੋਈ ਔਰਤ ਆਪਣੇ ਆਪ ਫੈਸਲੇ ਕਰਨ ਲੱਗ ਪਏ ਤਾਂ ਕੀ ਹੁੰਦਾ ਹੈ? ਸੰਸ਼ੋਧਨ ਇਸ ਸਵਾਲ ਦਾ ਜੁਆਬ ਦੱਸਣ ਦੀ ਕੋਸਿ਼ਸ਼ ਕਰਦੀ ਹੈ।  

ਕਲਾਕਾਰ: ਮਨੋਜ ਬਾਜਪਾਈ, ਵਾਨਿਆ ਜੋਸ਼ੀ, ਆਸ਼ੂਤੋਸ਼ ਰਾਣਾ, ਕਿਸ਼ੋਰ ਕਦਮ, ਲਲਿਤ ਪਰੀਮੂ ਅਤੇ ਵਿਨਿਤ ਕੁਮਾਰ।

ਚਾਂਦਨੀ ਬਾਰ (ਹਿੰਦੀ, 2001)

ਮਧੂ ਭੰਡਾਰਕਰ ਦੀ ਫਿਲਮ ਚਾਂਦਨੀ ਬਾਰ ਬੰਬਈ ਦੀਆਂ ਬੀਅਰ ਬਾਰਾਂ ਵਿੱਚ ਨਾਚੀਆਂ ਵਜੋਂ ਕੰਮ ਕਰਦੀਆਂ ਔਰਤਾਂ ਦੀ ਜ਼ਿੰਦਗੀ `ਤੇ ਕੇਂਦਰਿਤ ਹੈ। ਫਿਲਮ ਵਿੱਚ ਉਹਨਾਂ ਸਥਿਤੀਆਂ ਨੂੰ ਘੋਖਣ ਦਾ ਯਤਨ ਵੀ ਹੈ ਜਿਹਨਾਂ ਸਥਿਤੀਆਂ ਕਾਰਨ ਔਰਤਾਂ ਨੂੰ ਇਹ ਕੰਮ ਕਰਨਾ ਪੈਂਦਾ ਹੈ ਅਤੇ ਇਸ ਕੰਮ ਉੱਪਰ ਹੁੰਦੇ ਔਰਤਾਂ ਦੇ ਸ਼ੋਸ਼ਣ ਨੂੰ ਵੀ ਨੰਗਾ ਕੀਤਾ ਗਿਆ ਹੈ।  

ਕਲਾਕਾਰ: ਤਬੂ, ਅਤੁਲ ਕੁਲਕਰਨੀ, ਰਾਜਪਾਲ ਯਾਦਵ, ਵੱਲਭ ਵਿਆਸ, ਵਿਨੇ ਅਪਟੇ, ਅਨਾਨਿਆ ਖਰੇ, ਉਪਿੰਦਰ ਲਿਮਾਏ, ਵਿਸ਼ਾਲ ਠੱਕਰ, ਮੀਨਾਕਸ਼ੀ ਸਾਹਨੀ, ਅਭੇ ਭਾਰਗਵ।

ਖਾਮੋਸ਼ ਪਾਣੀ (ਪੰਜਾਬੀ, 2003)

ਸਬੀਹਾ ਸਮਰ ਵਲੋਂ ਨਿਰਦੇਸ਼ਤ ਪੰਜਾਬੀ ਦੀ ਬਿਹਤਰੀਨ ਫਿਲਮ ਖਾਮੋਸ਼ ਪਾਣੀ ਇਕ ਅਜਿਹੀ ਸਿੱਖ ਔਰਤ ਦੀ ਕਹਾਣੀ ਹੈ ਜਿਸ ਨੂੰ ਸੰਨ 1947 ਦੇ ਰੌਲਿਆਂ ਵੇਲੇ ਅਗਵਾ ਕਰ ਲਿਆ ਗਿਆ ਸੀ। ਫਿਲਮ ਦਾ ਮੁੱਖ ਸੁਨੇਹਾ ਇਹ ਹੈ ਕਿ ਬੇਸ਼ੱਕ ਸਮਾਜ ਵਿੱਚ ਧਾਰਮਿਕ ਕੱਟੜਵਾਦ ਅਧਾਰਤ ਹਿੰਸਾ ਫੈਲਾਉਣ ਵਿੱਚ ਔਰਤਾਂ ਦੀ ਭੂਮਿਕਾ ਬਹੁਤ ਘੱਟ ਹੁੰਦੀ ਹੈ, ਫਿਰ ਵੀ ਉਹਨਾਂ ਨੂੰ ਇਸ ਕੱਟੜਵਾਦੀ ਹਿੰਸਾ ਦੇ ਜ਼ੁਲਮ ਦਾ ਸਭ ਤੋਂ ਵੱਧ ਸ਼ਿਕਾਰ ਹੋਣਾ ਪੈਂਦਾ ਹੈ। ਧਰਮ ਦੇ ਕੱਟੜ ਸਿਪਾਹੀ ਸਮਾਜ ਨੂੰ ਆਪਣੇ ਕੰਟਰੋਲ ਵਿੱਚ ਕਰਨ ਦੀ ਜੱਦੋਜਹਿਦ ਦੀ ਸ਼ੁਰੂਆਤ ਔਰਤਾਂ ਨੂੰ ਆਪਣੇ ਕੰਟਰੋਲ ਵਿੱਚ ਕਰਨ ਦੇ ਯਤਨਾਂ ਤੋਂ ਸ਼ੁਰੂ ਕਰਦੇ ਹਨ।

ਮੁੱਖ ਕਲਾਕਾਰ:  ਕਿਰਨ ਖੇਰ, ਆਮਿਰ ਮਲਿਕ, ਨਵਤੇਜ ਜੌਹਰ ਸਿੰਘ, ਸਿ਼ਲਪਾ ਸ਼ੁਕਲਾ, ਅਤੇ ਸਲਮਨ ਸ਼ਾਹਿਦ ਆਦਿ।

ਡੋਰ (ਹਿੰਦੀ, 2006 )

ਨਗੇਸ਼ ਕੁਕੂਨੂਰ ਵਲੋਂ ਨਿਰਦੇਸ਼ਤ ਫਿਲਮ ਡੋਰ ਵਿੱਚ ਸਥਿਤੀਆਂ ਕਾਰਨ ਇਕ ਦੂਸਰੇ ਦੇ ਵਿਰੋਧ ਵਿੱਚ ਖੜ੍ਹੀਆਂ ਦੋ ਔਰਤਾਂ ਇਕ ਦੂਸਰੇ ਦੀ ਸਥਿਤੀ ਸਮਝਣ ਤੋਂ ਬਾਅਦ ਇਕ ਦੂਸਰੇ ਦੀਆਂ ਹਿਮਾਇਤੀ ਬਣ ਜਾਂਦੀਆਂ ਹਨ ਅਤੇ ਦੁਸ਼ਮਣਾਂ ਤੋਂ ਹਿਮਾਇਤੀ ਬਣਨ ਦੇ ਇਸ ਅਮਲ ਦੌਰਾਨ ਉਹ ਸਮਾਜ ਵਿਚਲੀ ਪਿੱਤਰਸੱਤਾ ਨੂੰ ਚੁਣੌਤੀ ਦੇਣ ਤੋਂ ਵੀ ਨਹੀਂ ਝਿਜਕਦੀਆਂ। ਫਿਲਮ ਬਾਰੇ ਗੱਲ ਕਰਦਿਆਂ ਫਿਲਮ ਅਦਾਕਾਰ ਸ਼ਰਮੀਲਾ ਟੈਗੋਰ ਕਹਿੰਦੀ ਹੈ ਕਿ ਡੋਰ “ਇਕ ਨਿਰਾਲੀ ਫਿਲਮ ਹੈ, ਕਿਉਂਕਿ ਇਹ ਨਾ ਸਿਰਫ ਔਰਤ ਨੂੰ ਹਾਸ਼ੀਏ `ਤੇ ਖੜ੍ਹੇ ਮਰਦ ਦੇ ਸਨਮੁੱਖ ਰੱਖਦੀ ਹੈ ਅਤੇ ਮੁਸਲਿਮ ਔਰਤ ਨੂੰ ਵਧੇਰੇ ਬੰਧਨ ਮੁਕਤ ਦਿਖਾਉਂਦੀ ਹੈ, ਸਗੋਂ ਇਸ ਫਿਲਮ ਵਿੱਚ ਇਕ ਜਵਾਨ ਹਿੰਦੂ, ਰਾਜਸਥਾਨੀ ਵਿਧਵਾ ਦਿਖਾਉਣ ਦੀ ਦਲੇਰੀ ਵੀ ਹੈ, ਜੋ ਰੋਂਦੀ ਨਹੀਂ, ਨੱਚਣਾ ਚਾਹੁੰਦੀ ਹੈ, ਸੰਗੀਤ ਸੁਣਨਾ ਚਾਹੁਦੀ ਹੈ ਅਤੇ ਜਿਸ ਲਈ ਪਤੀ ਦੀ ਮੌਤ ਨਾਲ ਜ਼ਿੰਦਗੀ ਖਤਮ ਨਹੀਂ ਹੁੰਦੀ। ਮੌਜੂਦਾ ਢਾਂਚੇ ਦੁਆਰਾ ਖਿੱਚੀਆਂ ਹੱਦਾਂ ਅੰਦਰ ਕੰਮ ਕਰਦੇ ਹੋਏ ਵੀ ਪਿੱਤਰਸੱਤਾ ਵਾਲੇ ਢਾਂਚੇ ਤੋਂ ਬਾਹਰ ਆਉਣ ਦਾ ਫੈਸਲਾ ਕਰਨ ਵਾਲੀਆਂ ਅਜਿਹੀਆਂ ਫਿਲਮਾਂ ਹੀ ਭਵਿੱਖ ਦੇ ਪਾਪੂਲਰ ਸਿਨੇਮਾ ਵਿੱਚ ਔਰਤਾਂ ਦੀ ਰੂਪ-ਰੇਖਾ ਨੂੰ ਪ੍ਰੀਭਾਸਿ਼ਤ ਕਰਨਗੀਆਂ। ਮੈਨੂੰ ਇਹ ਹੀ ਉਮੀਦ ਹੈ।”

ਕਲਾਕਾਰ: ਆਇਸ਼ਾ ਟਾਕਿਆ, ਗੁਲ ਪਨਾਗ, ਸ੍ਰੀਆਸ ਤਲਪਡੇ, ਗਿਰੀਸ਼ ਕਰਨਾਰਡ, ਉਤਾਰਾ ਭਾਵਕਰ, ਅਤੇ ਪ੍ਰਤੀਕਸ਼ਾ ਲੋਨਕਰ।

ਪ੍ਰੋਵੋਕਡ ( ਅੰਗਰੇਜ਼ੀ, 2006)

 ਜੈਗ ਮੂੰਧੜਾ ਵੱਲੋਂ ਨਿਰਦੇਸਿ਼ਤ ਫਿਲਮ ਪ੍ਰੋਵੋਕਡ  ਇੰਗਲੈਂਡ ਵਿੱਚ ਵਿਆਹ ਕੇ ਆਈ ਇਕ ਪੰਜਾਬੀ ਔਰਤ ਕਿਰਨਜੀਤ ਆਹਲੂਵਾਲੀਆ ਦੇ ਜੀਵਨ ਦੀ ਸੱਚੀ ਕਹਾਣੀ `ਤੇ ਆਧਾਰਿਤ ਹੈ। ਕਿਰਨਜੀਤ ਭਾਰਤੀ ਮੂਲ ਦੇ ਇਕ ਬਰਤਾਨਵੀ ਮਰਦ ਨਾਲ ਵਿਆਹ ਕਰਵਾ ਕੇ 1980 ਦੇ ਨੇੜੇ ਤੇੜੇ ਇੰਗਲੈਂਡ ਪਹੁੰਚਦੀ ਹੈ। ਇਸ ਉਮਰ ਦੀਆਂ ਆਮ ਕੁੜੀਆਂ ਵਾਂਗ ਉਸ ਦੇ ਮਨ ਵਿੱਚ ਵੀ ਵਿਆਹ ਤੋਂ ਬਾਅਦ ਇਕ ਚੰਗਾ ਘਰ ਵਸਾਉਣ ਦੇ ਸੁਫਨੇ ਹਨ। ਪਰ ਇੰਗਲੈਂਡ ਪਹੁੰਚਣ ਬਾਅਦ ਛੇਤੀਂ ਹੀ ਉਸ ਦੇ ਇਹ ਸੁਫਨੇ ਚਕਨਾਚੂਰ ਹੋਣੇ ਸ਼ੁਰੂ ਹੋ ਜਾਂਦੇ ਹਨ। ਉਸ ਦਾ ਪਤੀ ਉਸ ਨੂੰ ਪਿਆਰ ਅਤੇ ਇੱਜ਼ਤ ਦੇਣ ਦੀ ਥਾਂ ਨਮੋਸ਼ੀ,  ਬੇਵਿਸ਼ਵਾਸੀ, ਧੋਖਾ ਅਤੇ ਮਾਰ ਕੁੱਟ ਦਿੰਦਾ ਹੈ। ਪਤੀ ਲਈ ਕਿਰਨਜੀਤ ਦੀ ਹੋਂਦ ਦਾ ਕੋਈ ਅਰਥ ਨਹੀਂ। ਸਮਾਂ ਪੈਣ ਨਾਲ ਕਿਰਨਜੀਤ ਦੀ ਜ਼ਿੰਦਗੀ ਵਿਚਲੀ ਜ਼ਿੱਲਤ ਅਤੇ ਹਿੰਸਾ ਘਟਣ ਦੀ ਥਾਂ ਵਧਦੀ ਜਾਂਦੀ ਹੈ। ਅਖੀਰ 1989 ਵਿੱਚ ਕਿਰਨਜੀਤ ਆਪਣੇ ਸੁੱਤੇ ਹੋਏ ਪਏ ਪਤੀ ਨੂੰ ਅੱਗ ਲਾ ਦਿੰਦੀ ਹੈ ਅਤੇ ਉਸ ਦੇ ਪਤੀ ਦੀ ਕੁਝ ਦਿਨ ਹਸਪਤਾਲ ਵਿੱਚ ਰਹਿ ਕੇ ਮੌਤ ਹੋ ਜਾਂਦੀ ਹੈ। ਫਿਲਮ ਪ੍ਰੋਵੋਕਡ ਦੀ ਕਹਾਣੀ ਇਥੋਂ ਸ਼ੁਰੂ ਹੁੰਦੀ ਹੈ।

ਫਿਲਮ ਵਿੱਚ ਕਿਰਨਜੀਤ ਦੇ ਜੀਵਨ ਵਿਚਲੀ ਹਿੰਸਾ ਦਿਖਾਉਣ ਲਈ ਹਿੰਸਾ ਭਰੇ ਦ੍ਰਿਸ਼ਾਂ ਦੀ ਵਰਤੋਂ ਬਹੁਤ ਸੰਜਮ ਨਾਲ ਕੀਤੀ ਗਈ ਹੈ। ਨਤੀਜੇ ਵਜੋਂ ਦਰਸ਼ਕਾਂ ਨੂੰ ਔਰਤਾਂ ਵਿਰੁੱਧ ਵਾਪਰਦੀ ਪਰਿਵਾਰਕ ਹਿੰਸਾ ਇਕ ਆਮ ਅਤੇ ਕੁਦਰਤੀ ਵਰਤਾਰਾ ਨਹੀਂ ਜਾਪਦੀ ਸਗੋਂ ਇਕ ਅਜਿਹਾ ਵਰਤਾਰਾ ਜਾਪਦੀ ਹੈ ਜਿਸ ਨੂੰ ਨਫਰਤ ਕਰਨੀ ਚਾਹੀਦੀ ਹੈ। ਹਿੰਸਾ ਭਰੇ ਦ੍ਰਿਸ਼ਾਂ ਦੀ ਥਾਂ ਜੇਲ੍ਹ ਵਿੱਚ ਕਿਰਨਜੀਤ ਵੱਲੋਂ ਬੋਲਿਆ ਇਕ ਡਾਇਲਾਗ ਉਸ ਦੇ ਘਰ ਦੇ ਹਿੰਸਾ ਭਰੇ ਵਾਤਾਵਰਣ ਬਾਰੇ ਬਹੁਤ ਵੱਡਾ ਪ੍ਰਗਟਾਵਾ ਕਰ ਜਾਂਦਾ ਹੈ। ਨਾਰੀ ਹੱਕਾਂ ਲਈ ਕੰਮ ਕਰਦੀ ਇਕ ਕਾਰਕੁੰਨ, ਰਾਧਾ, ਕਿਰਨ ਨੂੰ ਜੇਲ੍ਹ ਵਿੱਚ ਮਿਲਣ ਆਈ ਉਸ ਨੂੰ ਪੁੱਛਦੀ ਹੈ ਕਿ ਉਹ ਜੇਲ੍ਹ ਵਿੱਚ ਕਿਸ ਤਰ੍ਹਾਂ ਮਹਿਸੂਸ ਕਰ ਰਹੀ ਹੈ। ਕਿਰਨਜੀਤ ਜੁਆਬ ਦਿੰਦੀ ਹੈ, “ਮੈਂ ਅਜ਼ਾਦ ਮਹਿਸੂਸ ਕਰ ਰਹੀ ਹਾਂ।”  

ਫਿਲਮ ਵਿੱਚ ਇੰਗਲੈਂਡ ਦੇ ਨਿਆਂ ਪ੍ਰਬੰਧ ਉੱਪਰ ਵੀ ਆਲੋਚਨਾਤਮਕ ਰੌਸ਼ਨੀ ਪਾਈ ਗਈ ਹੈ ਅਤੇ ਇਹ ਦਿਖਾਉਣ ਦੀ ਕੋਸ਼ਸ਼ ਕੀਤੀ ਗਈ ਹੈ ਕਿ ਉਹ ਔਰਤਾਂ ਇੰਗਲੈਂਡ ਦੇ ਨਿਆਂ ਪ੍ਰਬੰਧ ਵਿੱਚ ਦੁਹਰੇ ਵਿਤਕਰੇ ਦਾ ਸ਼ਿਕਾਰ ਹੁੰਦੀਆਂ ਹਨ, ਜਿਹਨਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ ਅਤੇ ਜਿਹਨਾਂ ਦਾ ਸਭਿਆਚਾਰ ਐਂਗਲੋ ਸੈਕਸਨ ਸਭਿਆਚਾਰ ਨਾਲੋਂ ਵੱਖਰਾ ਹੈ।  

ਫਿਲਮ ਵਿੱਚ ਇਹ ਕਹਿਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਬੇਸ਼ੱਕ ਪੰਜਾਬੀ ਸਭਿਆਚਾਰ ਘਰਾਂ ਵਿੱਚ ਔਰਤਾਂ ਪ੍ਰਤੀ ਹੁੰਦੀ ਹਿੰਸਾ ਦਾ ਸਮਰਥਨ ਨਾ ਵੀ ਕਰਦਾ ਹੋਵੇ ਫਿਰ ਵੀ ਪੰਜਾਬੀ ਲੋਕ (ਪਰਿਵਾਰ ਦੇ ਮੈਂਬਰ ਅਤੇ ਦੂਸਰੇ) ਇਸ ਹਿੰਸਾ ਨੂੰ ਦੇਖ ਕੇ ਅਣਗੌਲ੍ਹਿਆਂ ਜ਼ਰੂਰ ਕਰ ਦਿੰਦੇ ਹਨ, ਜਿਸ ਕਾਰਨ ਇਸ ਦਾ ਵਾਪਰਨਾ ਜਾਰੀ ਰਹਿੰਦਾ ਹੈ। ਇਸ ਦੇ ਨਾਲ ਹੀ ਪੰਜਾਬੀ ਸਭਿਆਚਾਰ ਦੇ ਸੰਦਰਭ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸ਼ਰਮ, ਪਰਿਵਾਰਕ ਇੱਜ਼ਤ ਆਦਿ ਗੱਲਾਂ ਕਰ ਕੇ ਪੰਜਾਬੀ ਔਰਤਾਂ ਇਸ ਹਿੰਸਾ ਬਾਰੇ ਬਾਹਰ ਗੱਲ ਨਹੀਂ ਕਰਦੀਆਂ। ਨਤੀਜੇ ਵਜੋਂ ਇਹ ਹਿੰਸਾ ਕਰਨ ਵਾਲੇ ਪੰਜਾਬੀ ਮਰਦ ਬਿਨਾਂ ਕਿਸੇ ਡਰ-ਭਉ ਦੇ ਹਿੰਸਾ ਕਰਨਾ ਜਾਰੀ ਰੱਖਦੇ ਹਨ। ਫਿਲਮ ਦੇ ਅਖੀਰ ਵਿੱਚ ਜੇਲ੍ਹ ਵਿੱਚੋਂ ਰਿਹਾ ਹੋ ਕੇ ਆਈ ਕਿਰਨਜੀਤ ਦੇ ਇਹ ਸੰਬਦ “ਜ਼ਿੰਦਗੀ ਵਿੱਚ ਚੁੱਪ ਚਾਪ (ਜ਼ੁਲਮ) ਸਹੀ ਜਾਣ ਵਿੱਚ ਕੋਈ ਇੱਜ਼ਤ ਨਹੀਂ…” ਪੰਜਾਬੀ ਸਭਿਆਚਾਰ ਦੀ ਇਸ ਧਾਰਨਾ ਨੂੰ ਚੁਣੌਤੀ ਦੇਣ ਦੀ ਅਪੀਲ ਕਰਦੇ ਹਨ।

ਮੁੱਖ ਕਲਾਕਾਰ:  ਐਸ਼ਵਾਰਿਆ ਰਾਏ, ਨਵੀਨ ਐਂਡਰਿਊ, ਮਿਰਾਂਡਾ ਰਿਚਰਡਸਨ ਅਤੇ ਹੋਰ।

ਬਵੰਡਰ ( ਹਿੰਦੀ, 2011)

ਨਿਰਦੇਸ਼ਕ ਜਗਮੋਹਨ ਮੂੰਧੜਾ ਦੀ ਫਿਲਮ ਬਵੰਡਰ ਰਾਜਸਥਾਨ ਵਿੱਚ ਗੈਂਗ ਰੇਪ ਦਾ ਸ਼ਿਕਾਰ ਹੋਈ ਇਕ ਔਰਤ ਬਨਵਾਰੀ ਦੇਵੀ ਦੀ ਸੱਚੀ ਕਹਾਣੀ `ਤੇ ਆਧਾਰਤ ਹੈ। ਫਿਲਮ ਵਿੱਚ ਅਖੌਤੀ ਨੀਵੀਂ ਜਾਤ ਨਾਲ ਸੰਬੰਧਤ ਸਾਂਵਰੀ ਦੇਵੀ ਇਕ ਪਿੰਡ ਵਿੱਚ ਸਰਕਾਰ ਵਲੋਂ ਚਲਾਏ ਜਾਂਦੇ ਔਰਤ ਵਿਕਾਸ ਦੇ ਪ੍ਰੋਜੈਕਟ ਵਿੱਚ ਕੰਮ ਕਰਦੀ ਹੈ। ਆਪਣੇ ਇਸ ਕੰਮ ਦੌਰਾਨ ਉਹ ਪਿੰਡ ਦੀਆਂ ਔਰਤਾਂ ਨੂੰ ਬੱਚਿਆਂ ਦੇ ਛੋਟੀ ਉਮਰ ਵਿੱਚ ਕੀਤੇ ਜਾਂਦੇ ਵਿਆਹਾਂ ਅਤੇ ਔਰਤਾਂ ਦੇ ਸ਼ੋਸ਼ਣ ਬਾਰੇ ਜਾਗਰੂਕ ਕਰਦੀ ਹੈ। ਪਿੰਡ ਦੀ ਪੰਚਾਇਤ ਦੇ ਗੁੱਜਰ ਜਾਤੀ (ਅਖੌਤੀ ਉੱਚੀ ਜਾਤੀ) ਦੇ ਮੈਂਬਰਾਂ ਨੂੰ ਉਸ ਵਲੋਂ ਕੀਤਾ ਜਾਂਦਾ ਇਹ ਕੰਮ ਪਸੰਦ ਨਹੀਂ। ਉਹ ਉਸ ਨੂੰ ਰੋਕਣ ਲਈ ਸਾਂਵਰੀ ਦੇਵੀ ਅਤੇ ਉਸ ਦੇ ਪਰਿਵਾਰ ਵਿਰੁੱਧ ਸਮਾਜਕ ਅਤੇ ਆਰਥਿਕ ਬਾਈਕਾਟ ਦਾ ਹੁਕਮ ਜਾਰੀ ਕਰਦੇ ਹਨ। ਜਦੋਂ ਸਾਂਵਰੀ ਦੇਵੀ ਪਿੰਡ ਵਿੱਚ ਇਕ ਗੁੱਜਰ ਪਰਿਵਾਰ ਵਿੱਚ ਹੋ ਰਹੇ ਬਾਲ ਵਿਆਹ ਬਾਰੇ ਪੁਲੀਸ ਨੂੰ ਸੂਚਨਾ ਦਿੰਦੀ ਹੈ ਤਾਂ ਉਸ ਨੂੰ ਸਬਕ ਸਿਖਾਉਣ ਲਈ ਉਸ ਗੁੱਜਰ ਪਰਿਵਾਰ ਦੇ ਮੈਂਬਰਾਂ ਵਲੋਂ ਉਸ ਨਾਲ ਗੈਂਗ ਰੇਪ ਕੀਤਾ ਜਾਂਦਾ ਹੈ।

ਗੈਂਗ ਰੇਪ ਤੋਂ ਬਾਅਦ ਸਾਂਵਰੀ ਚੁੱਪ ਕਰ ਕੇ ਨਹੀਂ ਬਹਿੰਦੀ ਸਗੋਂ ਆਪਣੇ ਵਿਰੁੱਧ ਹੋਏ ਇਸ ਜੁਰਮ ਲਈ ਇਨਸਾਫ ਲੈਣ ਲਈ ਲੜਾਈ ਸ਼ੁਰੂ ਕਰਦੀ ਹੈ ਅਤੇ ਹਰ ਤਰ੍ਹਾਂ ਦੀ ਮੁਸ਼ਕਿਲਾਂ ਦੇ ਬਾਵਜੂਦ ਆਪਣੀ ਲੜਾਈ ਨੂੰ ਜਾਰੀ ਰੱਖਦੀ ਹੈ। ਆਪਣੇ ਲਈ ਇਨਸਾਫ ਲੈਣ ਦੀ ਲੜਾਈ ਵਿੱਚ ਉਸ ਵੱਲੋਂ ਵਿਖਾਈ ਗਈ ਇਹ ਦ੍ਰਿੜਤਾ ਬੇਇਨਸਾਫੀ ਵਿਰੁੱਧ ਲੜਾਈ ਲੜ ਰਹੇ ਹੋਰ ਲੋਕਾਂ ਲਈ ਪ੍ਰੇਰਣਾ ਸ੍ਰੋਤ ਬਣ ਸਕਦੀ ਹੈ।

ਕਲਾਕਾਰ: ਦੀਪਤੀ ਨਵਲ, ਨੰਦੀਤਾ ਦਾਸ, ਰਘੁਬੀਰ ਯਾਦਵ, ਰਾਹੁਲ ਖੰਨਾ ਆਦਿ। ***
ਲੇਖਕ ਦਾ ਬਲਾਗ: www.sukhwanthundal.wordpress.com

ਪੁਲਾੜ ਦਾ ਸੈਰ-ਸਪਾਟਾ ਜਾਂ ਪੁਲਾੜ ਦਾ ਨਿੱਜੀਕਰਨ - ਸੁਖਵੰਤ ਹੁੰਦਲ

12 ਜੁਲਾਈ ਨੂੰ ਵਿਰਜਨ ਗਲੈਕਟਿਕ ਦੇ ਮਾਲਕ ਰਿਚਰਡ ਬਰੈਨਸਨ ਨੇ ਅਤੇ ਫਿਰ 20 ਜੁਲਾਈ ਨੂੰ ਬਲੂ ਓਰੀਜਨ ਦੇ ਮਾਲਕ ਜੈੱਫ ਬੈਜ਼ੋ ਨੇ ਆਪਣੀ ਆਪਣੀ ਕੰਪਨੀ ਦੇ ਰਾਕਟਾਂ `ਤੇ ਪੁਲਾੜ ਵਿੱਚ ਉਡਾਣਾਂ ਭਰੀਆਂ ਹਨ। ਰਿਚਰਡ ਬਰੈਨਸਨ ਸਮੁੰਦਰ ਦੇ ਤਲ ਤੋਂ 53.5 ਮੀਲ ਦੀ ਉਚਾਈ ਤੱਕ ਗਿਆ ਹੈ। ਇਹ ਉਚਾਈ ਉਸ ਉਚਾਈ ਤੋਂ ਸਾਢੇ-ਤਿੰਨ ਮੀਲ ਉੱਪਰ ਹੈ ਜਿਸ ਨੂੰ ਨਾਸਾ (ਨੈਸ਼ਨਲ ਐਰੋਨੌਟਿਕ ਐਂਡ ਸਪੇਸ ਐਡਮਿਨਸਟ੍ਰੇਸ਼ਨ) ਪੁਲਾੜ ਦੀ ਹੇਠਲੀ ਹੱਦ ਸਮਝਦੀ ਹੈ। ਉੱਪਰ ਜਾ ਕੇ ਬਰੈਨਸਨ ਅਤੇ ਉਸ ਦੇ ਸਾਥੀਆਂ ਨੇ ਤਿੰਨ ਮਿੰਟ ਦੇ ਸਮੇਂ ਲਈ ਭਾਰ-ਰਹਿਤ ਹੋਣ ਦਾ ਅਨੁਭਵ ਕੀਤਾ ਅਤੇ ਉਸ ਉਚਾਈ ਤੋਂ ਆਲੇ ਦੁਆਲੇ ਦੇ ਨਜ਼ਾਰਿਆਂ ਦਾ ਆਨੰਦ ਮਾਣਿਆ। ਜੈੱਫ ਬੈਜ਼ੋ ਸਮੁੰਦਰ ਦੇ ਤਲ ਤੋਂ 66 ਕੁ ਮੀਲ ਦੀ ਉਚਾਈ ਤੱਕ ਗਿਆ। ਇਹ ਉਚਾਈ ਉਸ ਉਚਾਈ ਤੋਂ ਕੁੱਝ ਕੁ ਮੀਲ ਉੱਪਰ ਹੈ ਜਿਸ ਨੂੰ ਵਰਲਡ ਏਅਰ ਸਪੋਰਟਸ ਫੈਡਰੇਸ਼ਨ ਪੁਲਾੜ ਦੀ ਹੇਠਲੀ ਹੱਦ ਸਮਝਦੀ ਹੈ। ਇਸ ਉਚਾਈ `ਤੇ ਜਾ ਕੇ ਬੈਜ਼ੋ ਅਤੇ ਉਸ ਦੇ ਸਾਥੀਆਂ ਨੇ ਵੀ ਤਿੰਨ ਕੁ ਮਿੰਟ ਦੇ ਸਮੇਂ ਲਈ ਭਾਰ-ਰਹਿਤ ਹੋਣ ਦਾ ਅਨੁਭਵ ਕੀਤਾ ਅਤੇ ਆਲੇ ਦੁਆਲੇ ਦੇ ਸੁੰਦਰ ਨਜ਼ਾਰਿਆਂ ਦਾ ਆਨੰਦ ਮਾਣਿਆ।

ਇਹਨਾਂ ਉਡਾਣਾਂ ਦੀ ਕਾਮਯਾਬੀ ਤੋਂ ਬਾਅਦ ਬਰੈਨਸਨ, ਬੈਜ਼ੋ ਅਤੇ ਉਹਨਾਂ ਦੀ ਇਸ ਪ੍ਰਾਪਤੀ `ਤੇ ਤਾੜੀਆਂ ਮਾਰਨ ਵਾਲੇ ਲੋਕਾਂ ਨੇ ਬਿਆਨ ਦਿੱਤੇ ਹਨ ਕਿ ਇਹਨਾਂ ਉਡਾਣਾਂ ਨਾਲ ਪੁਲਾੜ ਦੀ ਯਾਤਰਾ ਵਿੱਚ ਇਕ "ਨਵੇਂ ਯੁੱਗ" ਦੀ ਸ਼ੁਰੂਆਤ ਹੋ ਗਈ ਹੈ। ਇਹ ਨਵਾਂ ਯੁੱਗ ਮਨੁੱਖਤਾ ਲਈ ਬਹੁਤ ਸਾਰੇ ਫਾਇਦੇ ਲੈ ਕੇ ਆਵੇਗਾ। ਬਰੈਨਸਨ, ਬੈਜ਼ੋ ਅਤੇ ਐਲਨ ਮਸਕ ਦੀਆਂ ਕੰਪਨੀਆਂ ਵਲੋਂ ਵਿਕਸਤ ਕੀਤੀ ਜਾ ਰਹੀ ਤਕਨੌਲੌਜੀ ਪੁਲਾੜ ਤਕਨੌਲੌਜੀ ਵਿੱਚ ਸੁਧਾਰ ਕਰੇਗੀ। ਇਸ ਨਾਲ ਪੁਲਾੜ ਸੈਰ-ਸਪਾਟੇ ਨੂੰ ਹੁਲਾਰਾ ਮਿਲੇਗਾ ਅਤੇ ਇਹ ਵੱਧ ਤੋਂ ਵੱਧ ਲੋਕਾਂ ਦੀ ਪਹੁੰਚ ਵਿੱਚ ਆ ਜਾਵੇਗਾ। ਪੁਲਾੜ ਵਿੱਚ ਖਣਿਜ ਪਦਾਰਥਾਂ ਦੇ ਬਹੁਤ ਵੱਡੇ ਭੰਡਾਰ ਹਨ ਅਤੇ ਸਾਨੂੰ ਉਨ੍ਹਾਂ ਨੂੰ ਕੱਢਣ (ਮਾਈਨ ਕਰਨ) ਦੇ ਮੌਕੇ ਮਿਲਣਗੇ। ਅਸੀਂ ਭਵਿੱਖ ਵਿੱਚ ਖਾਣਾਂ `ਚੋਂ ਖਣਿਜ ਕੱਢਣ ਦੇ ਕਾਰਜ ਅਤੇ ਭਾਰੀ ਸਨਅਤ (ਹੈਵੀ ਇੰਡਸਟਰੀ) ਨੂੰ ਪੁਲਾੜ ਵਿੱਚ ਲੈ ਜਾਵਾਂਗੇ, ਜਿਸ ਨਾਲ ਧਰਤੀ ਤੋਂ ਪ੍ਰਦੂਸ਼ਨ ਘਟੇਗਾ ਅਤੇ ਮੌਸਮਾਂ ਦੀ ਤਬਦੀਲੀ (ਕਲਾਈਮੇਟ ਚੇਂਜ) ਵਰਗੀਆਂ ਵਾਤਾਵਰਨ ਦੇ ਸੰਕਟ ਨਾਲ ਸੰਬੰਧਿਤ ਮੁਸ਼ਕਿਲਾਂ ਨੂੰ ਹੱਲ ਕਰਨ ਵਿੱਚ ਮਦਦ ਮਿਲੇਗੀ।

ਦੂਸਰੇ ਪਾਸੇ ਇਹਨਾਂ ਉਡਾਣਾਂ ਨੂੰ ਆਲੋਚਨਾਤਮਕ ਦ੍ਰਿਸ਼ਟੀ ਨਾਲ ਦੇਖਣ ਵਾਲੇ ਲੋਕ ਇਹਨਾਂ ਉਡਾਣਾਂ ਦੀ ਕਾਮਯਾਬੀ `ਤੇ ਤਾੜੀਆਂ ਮਾਰਨ ਦੀ ਥਾਂ ਇਹਨਾਂ ਉਡਾਣਾਂ ਬਾਰੇ ਕਈ ਤਰ੍ਹਾਂ ਦੇ ਸਵਾਲ ਉਠਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਗੱਲ ਯਾਦ ਰੱਖਣ ਵਾਲੀ ਹੈ ਕਿ ਇਹ ਖਰਬਾਂਪਤੀ ਅੱਜ ਪੁਲਾੜ ਦੀ ਹੇਠਲੀ ਹੱਦ ਤੱਕ ਇਸ ਲਈ ਜਾ ਸਕੇ ਹਨ, ਕਿਉਂਕਿ ਪਿਛਲੇ 60-70 ਸਾਲਾਂ ਦੇ ਸਮੇਂ ਦੌਰਾਨ ਸਰਕਾਰਾਂ ਵਲੋਂ ਖਰਚੇ ਕਰਕੇ ਪੁਲਾੜ ਨਾਲ ਸੰਬੰਧਿਤ ਇਕ ਬੁਨਿਆਦੀ ਢਾਂਚਾ ਤਿਆਰ ਕੀਤਾ ਗਿਆ ਸੀ, ਜਿਹੜੀ ਤਕਨੌਲੌਜੀ ਦੇ ਘਨੇੜੀ ਚੜ੍ਹ ਕੇ ਇਹ ਖਰਬਾਂਪਤੀ ਪੁਲਾੜ ਵਿੱਚ ਪਹੁੰਚੇ ਹਨ, ਉਹ ਪਹਿਲਾਂ ਹੀ ਸਰਕਾਰੀ ਖਰਚੇ `ਤੇ ਤਿਆਰ ਹੋ ਚੁੱਕੀ ਸੀ। ਪੁਲਾੜ ਦੇ ਸੈਰ ਸਪਾਟੇ ਲਈ ਇਹ ਜਿਹੜੀ ਦੌੜ ਸ਼ੁਰੂ ਹੋਈ ਹੈ, ਇਸ ਦੇ ਵਾਤਾਵਰਨ ਦੇ ਸੰਕਟ ਨਾਲ ਸੰਬੰਧਿਤ ਆਲਮੀ ਤਪਸ਼ (ਗਲੋਬਲ ਵਾਰਮਿੰਗ) `ਤੇ ਕੀ ਅਸਰ ਪਏਗਾ? ਪੁਲਾੜ ਵਿੱਚ ਮਾਈਨਿੰਗ ਦੇ ਕਾਰਜ ਨਾਲ ਕਿਸ ਤਰ੍ਹਾਂ ਦਾ ਪ੍ਰਦੂਸ਼ਨ ਫੈਲੇਗਾ? ਸਾਨੂੰ ਇਨ੍ਹਾਂ ਸਵਾਲ `ਤੇ ਗੌਰ ਕਰਨਾ ਪਵੇਗਾ। ਸਭ ਤੋਂ ਵੱਡੀ ਗੱਲ ਅੰਤਰਰਾਸ਼ਟਰੀ ਕਾਨੂੰਨ ਅਨੁਸਾਰ ਪੁਲਾੜ ਨੂੰ ਸਾਰੀ ਮਨੁੱਖਤਾ ਦੀ ਸਾਂਝੀ ਮਲਕੀਅਤ ਮੰਨਿਆ ਗਿਆ ਹੈ। ਹੁਣ ਜਦੋਂ ਪ੍ਰਾਈਵੇਟ ਕਾਰਪੋਰੇਸ਼ਨਾਂ ਪੁਲਾੜ `ਤੇ ਮਾਈਨਿੰਗ ਕਰਨ ਅਤੇ ਬਸਤੀਆਂ ਵਸਾਉਣ ਦੀ ਗੱਲ ਕਰ ਰਹੀਆਂ ਹਨ, ਤਾਂ ਇਸ ਨਾਲ 'ਪੁਲਾੜ ਮਨੁੱਖਤਾ ਦੀ ਸਾਂਝੀ ਮਲਕੀਅਤ ਹੈ' ਦੇ ਦਾਅਵੇ `ਤੇ ਕੀ ਅਸਰ ਪਏਗਾ?  ਇਹ ਲੋਕ ਇਹ ਗੱਲ ਤਾਂ ਮੰਨਦੇ ਹਨ ਕਿ ਪ੍ਰਾਈਵੇਟ ਕਾਰਪੋਰੇਸ਼ਨਾਂ ਵੱਲੋਂ ਪੁਲਾੜ ਨਾਲ ਸੰਬੰਧਿਤ ਇਨ੍ਹਾਂ ਸਰਗਰਮੀਆਂ ਨਾਲ ਇਕ 'ਨਵੇਂ ਯੁੱਗ' ਦੀ ਸ਼ੁਰੂਆਤ ਹੋ ਰਹੀ ਹੈ, ਪਰ ਇਸ 'ਨਵੇਂ ਯੁੱਗ' ਦਾ ਨਤੀਜਾ ਸਮੁੱਚੀ ਮਨੱੁਖਤਾ ਦੀ ਭਲਾਈ ਵਿੱਚ ਨਿਕਲੇ, ਇਸ ਬਾਰੇ ਉਹ ਵੱਡੇ ਸਵਾਲ ਖੜ੍ਹੇ ਕਰ ਰਹੇ ਹਨ।     

ਇਹਨਾਂ ਵਿਚਾਰਾਂ ਨੂੰ ਧਿਆਨ ਵਿੱਚ ਰੱਖਦਿਆਂ ਹੁਣ ਅਸੀਂ ਪੁਲਾੜ ਨਾਲ ਸੰਬੰਧਿਤ ਇਹਨਾਂ ਸਰਗਰਮੀਆਂ ਨਾਲ ਜੁੜੇ ਕੁੱਝ ਪੱਖਾਂ ਬਾਰੇ ਗੱਲ ਕਰਾਂਗੇ। ਸਭ ਤੋਂ ਪਹਿਲੀ ਗੱਲ ਪੁਲਾੜ ਦੇ ਸੈਰ ਸਪਾਟੇ ਬਾਰੇ ਕਰਦੇ ਹਾਂ। ਪੁਲਾੜ ਦੀ ਸੈਰ ਬਾਰੇ ਤਿੰਨ ਤਰ੍ਹਾਂ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਸਭ ਤੋਂ ਪਹਿਲੀ ਵਿੱਚ ਪੁਲਾੜ ਦੀ ਹੇਠਲੀ ਹੱਦ ਤੱਕ ਰਾਕਟ ਦੇ ਝੂਟੇ ਬਾਰੇ ਕਿਹਾ ਜਾ ਰਿਹਾ ਹੈ ਜਿਸ ਤਰ੍ਹਾਂ ਰਿਚਰਡ ਬਰੈਨਸਨ ਅਤੇ ਜੈੱਫ ਬੈਜ਼ੋ ਨੇ ਕੀਤਾ ਹੈ। ਇਸ ਝੂਟੇ ਦੀ ਕੀਮਤ ਪ੍ਰਤੀ ਵਿਅਕਤੀ  2 ਤੋਂ 3 ਲੱਖ ਡਾਲਰ ਵਿਚਕਾਰ ਦੱਸੀ ਜਾ ਰਹੀ ਹੈ। ਦੂਸਰੀ ਪੇਸ਼ਕਸ਼ ਵਿੱਚ ਧਰਤੀ ਦੇ ਆਰਬਿਟ ਤੱਕ ਲੈ ਕੇ ਜਾਣ ਦੀ ਗੱਲ ਕੀਤੀ ਜਾ ਰਹੀ ਹੈ। ਇਸ ਵਿੱਚ ਜਾਣ ਵਾਲੇ ਲੋਕ ਧਰਤੀ ਦੇ ਆਰਬਿਟ ਵਿੱਚ ਕੁੱਝ ਦਿਨ ਲੰਘਾਉਣਗੇ। ਇਸ ਦਾ ਟੈਸਟ ਕਰਨ ਲਈ ਐਲਨ ਮਸਕ ਦੀ ਕੰਪਨੀ ਸਪੇਸ ਐਕਸ ਇਸ ਸਾਲ ਦੇ ਸਤੰਬਰ ਵਿੱਚ ਉਡਾਣ ਭਰੇਗੀ। ਇਸ ਤੋਂ ਬਿਨਾਂ ਉਹ ਇੰਟਰਨੈਸ਼ਨਲ ਸਪੇਸ ਸਟੇਸ਼ਨ ਤੱਕ ਦਾ ਪ੍ਰਾਈਵੇਟ ਟ੍ਰਿਪ ਵੀ ਪੇਸ਼ ਕਰੇਗੀ ਅਤੇ ਚੰਦ ਦੁਆਲੇ ਗੇੜਾ ਕੱਢਣ ਦਾ ਵੀ। ਇਸ ਉਡਾਣ `ਤੇ ਜਾਣ ਦਾ ਖਰਚਾ ਲੱਖਾਂ-ਤੋਂ ਕ੍ਰੋੜਾਂ ਡਾਲਰਾਂ ਵਿਚਕਾਰ ਹੋਵੇਗਾ। ਉਦਾਹਰਨ ਲਈ ਸੰਨ 2001 ਵਿੱਚ ਇਕ ਅਮਰੀਕਨ ਬਿਜ਼ਨਿਸਮੈਨ ਡੈਨਿਸ ਟੀਟੋ ਨੇ ਸਪੇਸ ਐਡਵੈਂਚਰ ਕੰਪਨੀ ਨੂੰ ਇੰਟਰਨੈਸ਼ਨਲ ਸਪੇਸ ਸਟੇਸ਼ਨ `ਤੇ ਜਾਣ ਲਈ 2 ਕ੍ਰੋੜ (20 ਮਿਲੀਅਨ) ਡਾਲਰ ਦੇ ਕਰੀਬ ਪੈਸੇ ਦਿੱਤੇ ਸਨ। ਸਪੇਸ ਐਡਵੈਂਚਰ ਨੇ ਉਸ ਸਮੇਂ ਰੂਸੀ ਸਪੇਸ ਏਜੰਸੀ ਰੌਸਕੌਸਮੋਸ ਦੇ ਰੌਕਟ `ਤੇ ਟੀਟੋ ਨੂੰ ਸਪੇਸ ਸਟੇਸ਼ਨ ਵਿੱਚ ਭੇਜਿਆ ਸੀ। ਉਸ ਤੋਂ ਬਾਅਦ ਸਪੇਸ ਐਡਵੈਂਚਰ 6 ਹੋਰ ਲੋਕਾਂ ਨੂੰ ਸਪੇਸ ਸਟੇਸ਼ਨ ਤੱਕ ਲੈ ਕੇ ਗਈ ਸੀ ਅਤੇ ਇਨ੍ਹਾਂ ਸਾਰਿਆਂ ਨੇ ਆਪਣੇ ਆਪਣੇ ਟ੍ਰਿੱਪ ਲਈ 2 ਕ੍ਰੋੜ (20 ਮਿਲੀਅਨ) ਤੋਂ ਲੈ ਕੇ 4 ਕ੍ਰੋੜ (40 ਮਿਲੀਅਨ) ਡਾਲਰ ਤੱਕ ਕੀਮਤ ਦਿੱਤੀ ਸੀ। ਕੁੱਝ ਸਾਲ ਪਹਿਲਾਂ ਅਮਰੀਕਾ ਦੀ ਸਿਲੀਕੌਨ ਵੈਲੀ ਵਿਚਲੀ ਇਕ ਕੰਪਨੀ ਓਰੀਅਨ ਸਪੈਨ ਨੇ ਪੁਲਾੜ ਯਾਤਰਾ ਬਾਰੇ ਆਪਣੀਆਂ ਯੋਜਨਾਵਾਂ ਦਸਦਿਆਂ ਦਾਅਵਾ ਕੀਤਾ ਸੀ ਕਿ ਉਹ ਬਹੁਤ ਛੇਤੀ ਧਰਤੀ ਤੋਂ 200 ਮੀਲ ਦੀ ਉਚਾਈ ਉੱਤੇ ਇਕ ਅਰੋਰਾ ਨਾਂ ਦਾ ਸਪੇਸ ਸਟੇਸ਼ਨ ਸਥਾਪਤ ਕਰੇਗੀ। ਕੰਪਨੀ ਅਨੁਸਾਰ ਇਹ ਸਪੇਸ ਸਟੇਸ਼ਨ ਇਕ 'ਲਗਜ਼ਰੀ ਹੋਟਲ' ਵਰਗਾ ਹੋਵੇਗਾ। ਇਸ ਸਟੇਸ਼ਨ `ਤੇ ਜਾਣ ਲਈ ਕੰਪਨੀ 12 ਦਿਨਾਂ ਦੇ ਇਕ ਟ੍ਰਿੱਪ ਦਾ ਪੈਕੇਜ ਦੇਵੇਗੀ, ਜਿਸ ਦੀ ਕੀਮਤ 95 ਲੱਖ (9.5 ਮਿਲੀਅਨ) ਡਾਲਰ ਹੋਵੇਗੀ। ਉਨ੍ਹਾਂ ਦੇ ਇਸ ਦਾਅਵੇ ਬਾਰੇ ਬਹੁਤ ਸਾਰੇ ਲੋਕਾਂ ਨੇ ਸ਼ੰਕਾ ਜ਼ਾਹਰ ਕੀਤਾ ਸੀ ਕਿ 95 ਲੱਖ ਡਾਲਰ ਵਿੱਚ ਇਕ ਵਿਅਕਤੀ ਨੂੰ 12 ਦਿਨਾਂ ਲਈ ਪੁਲਾੜ ਵਿੱਚ ਰੱਖਣਾ ਸੰਭਵ ਨਹੀਂ ਹੈ। ਫਿਰ ਵੀ ਉਨ੍ਹਾਂ ਦਾ ਦਾਅਵਾ, ਸਾਨੂੰ ਧਰਤੀ ਦੇ ਆਰਬਿਟ ਤੱਕ ਪੁਲਾੜ ਯਾਤਰਾਵਾਂ ਦੀਆਂ ਸੰਭਾਵਨਾਵਾਂ ਦੇ ਦਰਸ਼ਨ ਜ਼ਰੂਰ ਕਰਵਾ ਦਿੰਦਾ ਹੈ। ਪੁਲਾੜ ਯਾਤਰਾ ਬਾਰੇ ਤੀਜੀ ਪੇਸ਼ਕਸ਼ ਵਿੱਚ ਇੰਟਰਨੈਸ਼ਨਲ ਸਪੇਸ ਸਟੇਸ਼ਨ ਤੋਂ ਅਗਾਂਹ ਪੁਲਾੜ ਦੇ ਧੁਰ ਅੰਦਰ ਚੰਦ ਤੱਕ ਜਾਣ ਦੀ ਗੱਲ ਕੀਤੀ ਜਾ ਰਹੀ ਹੈ। ਪੁਲਾੜ ਦੀ ਇਸ ਤਰ੍ਹਾਂ ਦੀ ਯਾਤਰਾ ਦੀ ਪੇਸ਼ਕਸ਼ ਕਰਨ ਵਾਲੀ ਇਕ ਕੰਪਨੀ ਸਪੇਸ ਐਡਵੈਂਚਰ ਦਾ ਕਹਿਣਾ ਹੈ ਕਿ ਉਹ ਇਸ ਯਾਤਰਾ ਦੀ ਪਹਿਲੀ ਉਡਾਣ  ਲਈ 15-15 ਕ੍ਰੋੜ (150-150 ਮਿਲੀਅਨ) ਡਾਲਰ ਦੀਆਂ ਦੋ ਟਿਕਟਾਂ ਵੇਚ ਚੁੱਕੀ ਹੈ।

ਜੁਲਾਈ ਵਿੱਚ ਭਰੀਆਂ ਗਈਆਂ ਉਡਾਣਾਂ ਤੋਂ ਬਾਅਦ ਆ ਰਹੀਆਂ ਖਬਰਾਂ ਅਨੁਸਾਰ ਉਪ੍ਰੋਕਤ ਬਿਆਨੀ ਪਹਿਲੀ ਤਰ੍ਹਾਂ ਦੀ ਯਾਤਰਾ ਲਈ ਲੋਕ ਟਿਕਟਾਂ ਖ੍ਰੀਦ ਰਹੇ ਹਨ। ਵਿਰਜਨ ਗਲੈਕਟਿਕ ਦੇ ਸੀ ਈ ਓ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਕੰਪਨੀ ਕੋਲੋਂ 2.5 ਲੱਖ ਡਾਲਰ ਪ੍ਰਤੀ ਟਿਕਟ ਦੇ ਹਿਸਾਬ ਨਾਲ 600 ਲੋਕਾਂ ਨੇ ਟਿਕਟਾਂ ਖ੍ਰੀਦੀਆਂ ਹੋਈਆਂ ਹਨ। ਉਹ ਦੋ ਹੋਰ ਟੈਸਟ ਉਡਾਣਾਂ ਭਰਨਗੇ ਅਤੇ 2022 ਵਿੱਚ ਰੈਗੂਲਰ ਕਮਰਸ਼ੀਅਲ ਫਲਾਈਟਾਂ ਸ਼ੁਰੂ ਕਰਨਗੇ। ਇਸ ਸਮੇਂ ਉਹਨਾਂ ਦਾ ਇਰਾਦਾ ਸਾਲ ਵਿੱਚ 400 ਫਲਾਈਟਾਂ ਸ਼ੁਰੂ ਕਰਨ ਦਾ ਹੈ। ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਦੂਜੀਆਂ ਕੰਪਨੀਆਂ ਵੀ ਆਪਣੀਆਂ ਕਮਰਸ਼ੀਅਲ ਫਲਾਈਟਾਂ ਛੇਤੀ ਹੀ ਸ਼ੁਰੂ ਕਰਨਗੀਆਂ। ਸਾਰੀਆਂ ਕੰਪਨੀਆਂ ਵੱਲੋਂ ਸਾਲ ਵਿੱਚ ਕੁੱਲ ਕਿੰਨੀਆਂ ਫਲਾਈਟਾਂ ਚਲਾਈਆਂ ਜਾਣਗੀਆਂ, ਅਤੇ ਸਪੇਸ ਟੂਰਿਜ਼ਮ ਇੰਡਸਟਰੀ ਕਿੰਨੀ ਕੁ ਹੱਦ ਤੱਕ ਅਤੇ ਕਿੰਨੀ ਕੁ ਤੇਜ਼ੀ ਨਾਲ ਵਧੇਗੀ, ਇਸ ਸਮੇਂ ਇਹ ਗੱਲ ਪੂਰੀ ਤਰ੍ਹਾਂ ਸਪਸ਼ਟ ਨਹੀਂ। ਪਰ ਇਕ ਅੰਦਾਜ਼ੇ ਅਨੁਸਾਰ ਅਗਲੇ ਦਹਾਕੇ ਦੌਰਾਨ ਸਪੇਸ ਟੂਰਿਜ਼ਮ ਇੰਡਸਟਰੀ ਵਿੱਚ ਹਰ ਸਾਲ 17.15 ਫੀਸਦੀ ਦਾ ਵਾਧਾ ਹੋਵੇਗਾ ਅਤੇ ਸੰਨ 2031 ਤੱਕ ਇਹ ਇੰਡਸਟਰੀ 2.58 ਅਰਬ (ਬਿਲੀਅਨ) ਡਾਲਰ ਸਾਲਾਨਾ ਦੀ ਸਨਅਤ ਤੱਕ ਪਹੁੰਚ ਜਾਵੇਗੀ।

ਜੇ ਅਸੀਂ ਵੱਖ ਵੱਖ ਪੁਲਾੜ ਯਾਤਰਾਵਾਂ ਦੀਆਂ ਕੀਮਤਾਂ ਨੂੰ ਦੇਖੀਏ ਤਾਂ ਇਹ ਗੱਲ ਸਪਸ਼ਟਤਾ ਨਾਲ ਕਹਿ ਸਕਦੇ ਹਾਂ ਕਿ ਇਹ ਯਾਤਰਾਵਾਂ ਆਮ ਬੰਦੇ ਲਈ ਨਹੀਂ ਸਗੋਂ ਅਰਬਾਂ/ਖਰਬਾਂ ਪਤੀਆਂ ਲਈ ਹਨ। ਇਹ ਦੇਖਦਿਆਂ ਕੁੱਝ ਲੋਕਾਂ ਦੇ ਮਨ ਵਿੱਚ ਖਿਆਲ ਆ ਸਕਦਾ ਹੈ ਕਿ ਇਹ ਅਮੀਰਾਂ ਦੀਆਂ ਖੇਡਾਂ ਹਨ ਜਾਂ ਅਮੀਰਾਂ ਵੱਲੋਂ ਆਪਣੀ ਦੌਲਤ ਦਾ ਭੱਦਾ ਵਿਖਾਵਾ ਹੈ, ਇਸ ਲਈ ਆਮ ਬੰਦੇ ਦਾ ਇਸ ਨਾਲ ਕੀ ਸੰਬੰਧ। ਉਹ ਇਸ ਬਾਰੇ ਕਿਉਂ ਸੋਚੇ? ਪਰ ਇਸ ਵਰਤਾਰੇ ਨੂੰ ਆਲੋਚਨਾਤਮਕ ਨਜ਼ਰੀਏ ਨਾਲ ਦੇਖਣ ਵਾਲੇ ਲੋਕ ਇਹ ਗੱਲ ਉਭਾਰ ਰਹੇ ਹਨ ਕਿ ਬੇਸ਼ੱਕ ਪੁਲਾੜ ਸੈਰ-ਸਪਾਟੇ ਦੀ ਇਹ ਖੇਡ ਦੇਖਣ ਨੂੰ ਕੁੱਝ ਅਰਬਾਂ/ਖਰਬਾਂ ਪਤੀਆਂ ਦੀ ਹੀ ਖੇਡ ਲੱਗੇ, ਪਰ ਇਸ ਤੋਂ ਨਿਕਲਣ ਵਾਲੇ ਨਤੀਜੇ ਆਮ ਲੋਕਾਂ ਦੇ ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਸਕਦੇ ਹਨ। ਉਦਾਹਰਨ ਲਈ ਉਹ ਇਹਨਾਂ ਯਾਤਰਵਾਂ ਕਾਰਨ ਵਾਤਾਵਰਨ ਨੂੰ ਨੁਕਸਾਨ, ਆਲਮੀ ਤਪਸ਼ (ਗਲੋਬਲ ਵਾਰਮਿੰਗ) ਵਿੱਚ ਵਾਧੇ ਅਤੇ ਮੌਸਮਾਂ ਦੀ ਤਬਦੀਲੀ (ਕਲਾਈਮੇਟ ਚੇਂਜ) ਵਿੱਚ ਵਾਪਰਨ ਵਾਲੀਆਂ ਬਦਤਰ ਸੰਭਾਵਨਾਵਾਂ ਵੱਲ ਧਿਆਨ ਦਿਵਾਾ ਰਹੇ ਹਨ। ਵਾਤਾਵਰਨ ਨਾਲ ਸੰਬੰਧਿਤ ਇਹ ਤਬਦੀਲੀਆਂ ਵਿਸ਼ਵ ਪੱਧਰ `ਤੇ ਗਰਮੀ ਦੀਆਂ ਲਹਿਰਾਂ, ਸੋਕਿਆਂ, ਹੜਾਂ, ਜੰਗਲਾਂ ਦੀਆਂ ਅੱਗਾਂ ਆਦਿ ਵਰਗੀਆਂ ਕੁਦਰਤੀ ਆਫਤਾਂ ਵਿੱਚ ਵਾਧਾ ਕਰਕੇ ਆਮ ਲੋਕਾਂ ਦੇ ਜੀਵਨ ਨੂੰ ਹੋਰ ਬਦਤਰ ਬਣਾ ਸਕਦੀਆਂ ਹਨ।

ਇਹ ਨਵਾਂ ਸ਼ੁਰੂ ਹੋਇਆ ਪੁਲਾੜ ਮੁਕਾਬਲਾ ਵਾਤਾਵਰਨ `ਤੇ ਕਿਸ ਤਰ੍ਹਾਂ ਅਸਰ ਪਾ ਸਕਦਾ ਹੈ, ਇਸ ਬਾਰੇ 19 ਜੁਲਾਈ ਦੇ ਗਾਰਡੀਅਨ ਵਿੱਚ ਇਕ ਆਰਟੀਕਲ ਛਪਿਆ ਹੈ ਜਿਸ ਦਾ ਨਾਂ ਹੈ "ਖਰਬਾਂਪਤੀਆਂ ਦਾ ਇਹ ਪੁਲਾੜ ਮੁਕਾਬਲਾ ਕਿਸ ਤਰ੍ਹਾਂ ਪ੍ਰਦੂਸ਼ਨ ਲਈ ਇਕ ਵੱਡੀ ਪੁਲਾਂਘ ਹੋਵੇਗਾ"। ਇਸ ਆਰਟੀਕਲ ਵਿੱਚ ਬਾਲਣ (ਫਿਊਲ) ਅਤੇ ਇੰਡਸਟਰੀ ਕਾਰਨ ਵਾਯੂਮੰਡਲ `ਤੇ ਪੈਂਦੇ ਅਸਰਾਂ ਦਾ ਅਧਿਐਨ ਕਰਨ ਵਾਲੀ  ਯੂਨੀਵਰਸਿਟੀ ਕਾਲਜ ਲੰਡਨ ਵਿੱਚ ਐਸੌਸੀਏਟਿਡ ਪ੍ਰੋਫੈਸਰ ਐਲੋਈਜ਼ ਮਾਰੇਅ ਪੁਲਾੜ ਦੀਆਂ ਉਡਾਣਾਂ ਕਾਰਨ ਵਾਤਾਵਰਨ `ਤੇ ਪੈਣ ਵਾਲੇ ਅਸਰਾਂ ਬਾਰੇ ਦਸਦੀ ਹੈ। ਉਸ ਅਨੁਸਾਰ ਸਪੇਸ ਐਕਸ ਦੇ ਫਾਲਕਨ 9 ਰਾਕਟ ਬਾਲਣ (ਫਿਊਲ) ਲਈ ਕੈਰੋਸੀਨ ਵਰਤਦੇ ਹਨ ਅਤੇ ਨਾਸਾ ਦੇ ਨਿਊ ਸਪੇਸ ਲਾਂਚ ਸਿਸਟਮ ਵਿਚਲੇ ਰਾਕਟ ਲਿਕੁਇਡ ਹਾਈਡਰੋਜਨ ਵਰਤਦੇ ਹਨ। ਇਹ ਬਾਲਣ ਵਾਯੂਮੰਡਲ ਵਿੱਚ ਕਈ ਤਰ੍ਹਾਂ ਦੇ ਪਦਾਰਥ ਛੱਡਦੇ ਹਨ, ਜਿਵੇਂ ਕਾਰਬਨ-ਡਾਈਔਕਸਾਈਡ, ਪਾਣੀ, ਕਲੋਰੀਨ ਅਤੇ ਕਈ ਹੋਰ ਰਸਾਇਣਕ ਪਦਾਰਥ। ਇਕ ਰਾਕਟ ਲਾਂਚ ਤਕਰੀਬਨ 300 ਟਨ ਕਾਰਬਨ-ਡਾਈਔਕਸਾਈਡ ਵਾਯੂਮੰਡਲ ਵਿੱਚ ਛੱਡਦਾ ਹੈ। ਰਾਕਟਾਂ ਵਲੋਂ ਵਾਯੂਮੰਡਲ ਵਿੱਚ ਛੱਡੇ ਜਾਂਦੇ ਇਹ ਪਦਾਰਥ ਗਰੀਨ ਹਾਊਸਾਂ ਵਾਂਗ ਕੰਮ ਕਰਕੇ ਵਿਸ਼ਵ ਪੱਧਰ `ਤੇ ਆਲਮੀ ਤਪਸ਼ ਦੇ ਵਾਧੇ ਦਾ ਕਾਰਨ ਬਣ ਸਕਦੇ ਹਨ, ਇਹ ਓਜ਼ੋਨ ਦੀ ਤਹਿ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਇਸ ਸੰਬੰਧ ਵਿੱਚ ਛਪੇ ਇਕ ਹੋਰ ਆਰਟੀਕਲ ਵਿੱਚ ਦੱਸਿਆ ਗਿਆ ਹੈ ਕਿ ਵਿਰਜਿਨ ਗਲੈਕਟਿਕ ਵਲੋਂ ਵਰਤਿਆ ਜਾਂਦਾ ਸਪੇਸਸਿ਼ੱਪ ਟੂ, ਇਕ ਤਰ੍ਹਾਂ ਦੀ ਸਿੰਥੈਟਿਕ ਰਬਰ ਨੂੰ ਬਾਲਣ ਦੇ ਤੌਰ `ਤੇ ਵਰਤਦਾ ਹੈ ਅਤੇ ਇਸ ਦੇ ਬਲਣ ਨਾਲ ਨਾਈਟਰਸ ਔਕਸਾਈਡ ਗੈਸ ਪੈਦਾ ਹੁੰਦੀ ਹੈ, ਜਿਹੜੀ ਕਿ ਇਕ ਸ਼ਕਤੀਸ਼ਾਲੀ ਗ੍ਰੀਨ ਹਾਊਸ ਗੈਸ ਹੈ। ਇਸ ਆਰਟੀਕਲ ਵਿੱਚ ਅਗਾਂਹ ਦੱਸਿਆ ਗਿਆ ਹੈ ਕਿ ਇਹ ਬਾਲਣ ਵਾਯੂਮੰਡਲ ਦੇ ਉਪਰਲੇ ਹਿੱਸੇ (ਧਰਤੀ ਤੋਂ 30-50 ਕਿਲੋਮੀਟਰ ਦੀ ਉਚਾਈ `ਤੇ) ਵਿੱਚ ਬਲੈਕ ਕਾਰਬਨ ਛੱਡਦਾ ਹੈ। ਇਸ ਥਾਂ `ਤੇ ਵੱਡੀ ਮਾਤਰਾਂ ਵਿੱਚ ਇਕੱਤਰ ਹੋਏ ਬਲੈਕ ਕਾਰਬਨ ਦੇ ਕਣ (ਪਾਰਟੀਕਲ) ਕਈ ਤਰ੍ਹਾਂ ਦੇ ਅਸਰ ਪਾ ਸਕਦੇ ਹਨ। ਇਹ ਉਜੌਨ ਦੀ ਤਹਿ ਨੂੰ ਨੁਕਸਾਨ ਪਹੁੰਚਾ ਸਕਦੇ ਹਨ ਅਤੇ ਸੂਰਜ ਦੀ ਰੋਸ਼ਨੀ ਦੇ ਧਰਤੀ ਤੱਕ ਪਹੁੰਚਣ ਵਿੱਚ ਰੁਕਾਵਟ ਬਣ ਸਕਦੇ ਹਨ ਅਤੇ ਪਰਮਾਣੂ ਸਰਦੀ (ਨਿਊਕਲਿਅਰ ਵਿੰਟਰ ਇਫੈਕਟ) ਪੈਦਾ ਕਰਨ ਦਾ ਕਾਰਨ ਬਣ ਸਕਦੇ ਹਨ।

ਇਸ ਤਰ੍ਹਾਂ ਪੁਲਾੜ ਦੇ ਸੈਰ ਸਪਾਟੇ ਲਈ ਪੁਲਾੜ ਦੀਆਂ ਉਡਾਣਾਂ ਵਿੱਚ ਹੋਣ ਵਾਲੇ ਵਾਧੇ ਕਾਰਨ ਵਾਤਾਵਰਨ `ਤੇ ਇਸ ਤਰ੍ਹਾਂ ਦੇ ਮਾੜੇ ਅਸਰ ਪੈਣ ਦੀਆਂ ਸੰਭਾਵਨਾਵਾਂ ਬਾਰੇ ਖਦਸ਼ੇ ਜ਼ਾਹਿਰ ਕੀਤੇ ਜਾ ਰਹੇ ਹਨ ਅਤੇ ਵਾਤਾਵਰਨ `ਤੇ ਪੈਣ ਵਾਲੇ ਇਹ ਮਾੜੇ ਅਸਰ ਵਿਸ਼ਵ ਪੱਧਰ `ਤੇ ਆਲਮੀ ਤਪਸ਼ (ਗਲੋਬਲ ਵਾਰਮਿੰਗ) ਵਿੱਚ ਵਾਧਾ ਕਰਕੇ ਅਤੇ ਮੌਸਮਾਂ ਦੀ ਤਬਦੀਲੀ (ਕਲਾਈਮੇਟ ਚੇਂਜ) ਨੂੰ ਤੇਜ਼ ਕਰਕੇ ਸਮੁੱਚੀ ਮਨੁੱਖਤਾ ਅਤੇ ਧਰਤੀ ਦੇ ਹੋਰ ਜੀਵ ਜੰਤੂਆਂ ਲਈ ਵੱਡੀਆਂ ਸਮੱਸਿਆਵਾਂ ਖੜ੍ਹੀਆਂ ਕਰ ਸਕਦੇ ਹਨ।   

ਇਨ੍ਹਾਂ ਪੁਲਾੜ ਉਡਾਣਾਂ ਦੀ ਕਾਮਯਾਬੀ ਤੋਂ ਬਾਅਦ ਪੁਲਾੜ ਦੇ ਸੈਰ ਸਪਾਟੇ ਤੋਂ ਇਲਾਵਾ ਪੁਲਾੜ ਵਿੱਚ ਖਣਿਜ ਪਦਾਰਥਾਂ ਦੀ ਮਾਈਨਿੰਗ ਕਰਨ ਦੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ। ਪੁਲਾੜ ਵਿੱਚ ਪਲਾਟੀਨਮ ਗਰੁੱਪ ਨਾਲ ਸੰਬੰਧਿਤ ਧਾਤਾਂ, ਰੇਅਰ ਐਲੀਮੈਂਟ, ਹੀਲੀਅਮ, ਪਾਣੀ, ਲੋਹਾ, ਨਿੱਕਲ, ਸੋਨਾ ਆਦਿ ਧਾਤਾਂ ਦੇ ਵੱਡੇ ਭੰਡਾਰ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ। ਇਕ ਅੰਦਾਜ਼ੇ ਅਨੁਸਾਰ ਪੁਲਾੜ ਵਿੱਚ ਘੱਟੋ ਘੱਟ 700 ਅਰਬ ਅਰਬ (ਬਿਲੀਅਨ ਬਿਲੀਅਨ) ਡਾਲਰ ਦੇ ਕੀਮਤ ਦੇ ਖਣਿਜ ਪਦਾਰਥ ਮੌਜੂਦ ਹਨ। ਇਹਨਾਂ ਖਣਿਜ ਪਦਾਰਥਾਂ ਵਿੱਚੋਂ ਹੀਲੀਅਮ ਊਰਜਾ ਦਾ ਇਕ ਵੱਡਾ ਸ੍ਰੋਤ ਹੋ ਸਕਦੀ ਹੈ ਅਤੇ ਇਸ ਨੂੰ ਇਕ ਸਾਫ ਬਾਲਣ (ਕਲੀਨ ਫਿਊਲ) ਦੱਸਿਆ ਜਾ ਰਿਹਾ ਹੈ। ਚੰਦ `ਤੇ ਪਾਣੀ ਦਾ ਲੱਭਣਾ ਹਾਈਡ੍ਰੋਜ਼ਨ ਫਿਊਲ ਦਾ ਇਕ ਵੱਡਾ ਸ੍ਰੋਤ ਬਣ ਸਕਦਾ ਹੈ। ਇਸ ਲਈ ਹੀ ਚੰਦ `ਤੇ ਪਾਣੀ ਲੱਭਣ ਦੀ ਤੁਲਨਾ ਧਰਤੀ `ਤੇ ਤੇਲ ਲੱਭਣ ਨਾਲ ਕੀਤੀ ਜਾ ਰਹੀ ਹੈ। ਇਕ ਆਰਟੀਕਲ ਵਿੱਚ ਲਿਖਿਆ ਹੈ ਕਿ ਚੰਦ `ਤੇ ਪਾਣੀ ਲੱਭਣ ਨਾਲ ਚੰਦ ਦੀ ਸਥਿਤੀ ਪੁਲਾੜ ਵਿੱਚ ਇਕ ਵੱਡੇ ਗੈਸ ਸਟੇਸ਼ਨ ਵਰਗੀ ਬਣ ਜਾਵੇਗੀ। ਇਸ ਦੇ ਨਾਲ ਨਾਲ ਇਹ ਵੀ ਕਿਹਾ ਜਾ ਰਿਹਾ ਹੈ ਕਿ ਪੁਲਾੜ ਦੀ ਮਾਈਨਿੰਗ ਕਾਰਨ ਸਾਨੂੰ ਕੁੱਝ ਇਸ ਤਰ੍ਹਾਂ ਦੇ ਖਣਿਜ ਪਦਾਰਥ ਮਿਲ ਸਕਦੇ ਹਨ, ਜਿਹੜੇ ਧਰਤੀ `ਤੇ ਨਹੀਂ ਹਨ ਅਤੇ ਇਹ ਖਣਿਜ ਪਦਾਰਥ ਮਨੁੱਖਤਾ ਦੇ ਫਾਇਦੇ ਲਈ ਨਵੀਆਂ ਦਵਾਈਆਂ ਬਣਾਉਣ ਦੇ ਕੰਮ ਆ ਸਕਦੇ ਹਨ।  

ਪੁਲਾੜ ਵਿੱਚ ਖਣਿਜ ਪਦਾਰਥਾਂ ਦੀ ਦੌਲਤ ਤੱਕ ਪਹੁੰਚਣ ਤੋਂ ਇਲਾਵਾ ਮਾਈਨਿੰਗ ਦੀ ਸਨਅਤ ਨੂੰ ਪੁਲਾੜ ਵਿੱਚ ਲਿਜਾਣ ਨਾਲ ਧਰਤੀ ਦੇ ਵਾਤਾਵਰਨ ਨੂੰ ਬਚਾਉਣ ਦੇ ਦਾਅਵੇ ਵੀ ਕੀਤੇ ਜਾ ਰਹੇ ਹਨ। ਇਹਨਾਂ ਦਾਅਵਿਆਂ ਅਨੁਸਾਰ ਮਾਈਨਿੰਗ ਇਕ ਪ੍ਰਦੂਸ਼ਣ ਫੈਲਾਉਣ ਵਾਲੀ ਸਨਅਤ ਹੈ ਅਤੇ ਜੇ ਇਹ ਸਨਅਤ ਪੁਲਾੜ ਵਿੱਚ ਚਲੀ ਜਾਵੇ ਤਾਂ ਇਸ ਸਨਅਤ ਕਾਰਨ ਧਰਤੀ `ਤੇ ਫੈਲਣ ਵਾਲਾ ਪ੍ਰਦੂਸ਼ਣ ਖਤਮ ਹੋ ਜਾਵੇਗਾ। ਬੀ ਬੀ ਸੀ ਦੇ ਸਾਇੰਸ ਫੋਕਸ ਮੈਗਜ਼ੀਨ ਵਿੱਚ ਛਪੇ ਇਕ ਆਰਟੀਕਲ ਵਿੱਚ ਪੁਲਾੜ ਵਿੱਚ ਮਾਈਨਿੰਗ ਕਰਨ ਲਈ ਬਣਾਈ ਗਈ ਯੂ ਕੇ ਸਥਿਤ ਕੰਪਨੀ ਐਸਟਰੌਇਡ ਦਾ ਬਾਨੀ ਮਿੱਚ ਹੰਟਰ-ਸਕੱਲਨ ਕਹਿੰਦਾ ਹੈ ਕਿ ਮਾਈਨਿੰਗ ਅਤੇ ਪ੍ਰਦੂਸ਼ਨ ਫੈਲਾਉਣ ਵਾਲੀਆਂ ਹੋਰ ਸਨਅਤਾਂ ਦੇ ਪੁਲਾੜ ਵਿੱਚ ਜਾਣ ਨਾਲ "ਧਰਤੀ ਸੂਰਜ ਮੰਡਲ ਦਾ ਇਕ ਸੁਰੱਖਿਅਤ ਬਾਗ ਬਣ ਜਾਵੇਗੀ"।

ਪੁਲਾੜ ਵਿੱਚ ਮਾਈਨਿੰਗ ਬਾਰੇ ਕੀਤੇ ਜਾ ਰਹੇ ਇਹਨਾਂ ਦਾਅਵਿਆਂ ਬਾਰੇ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਹਨ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਇਹ ਪਤਾ ਨਹੀਂ ਕਿ ਪੁਲਾੜ ਵਿੱਚ ਮਾਈਨਿੰਗ ਦਾ ਕਾਰਜ ਸ਼ੁਰੂ ਹੋ ਵੀ ਸਕੇਗਾ ਜਾਂ ਨਹੀਂ। ਜੇ ਇਹ ਹੋ ਸਕੇਗਾ ਤਾਂ ਕਦੋਂ ਹੋ ਸਕੇਗਾ? ਅਗਲੇ ਇਕ ਦੋ ਦਹਾਕਿਆਂ ਵਿੱਚ ਜਾਂ ਇਸ ਨੂੰ ਇਸ ਤੋਂ ਜ਼ਿਆਦਾ ਸਮਾਂ ਲੱਗੇਗਾ? ਦੂਸਰੀ ਗੱਲ ਇਹ ਹੈ ਕਿ ਧਰਤੀ ਉੱਤੇ ਮਾਈਨਿੰਗ ਇਕ ਬਹੁਤ ਹੀ ਪ੍ਰਦੂਸ਼ਣ ਫੈਲਾਉਣ ਵਾਲੀ ਸਨਅਤ ਹੈ। ਕੀ ਪੁਲਾੜ ਵਿੱਚ ਵੀ ਇਸ ਤਰ੍ਹਾਂ ਹੀ ਹੋਵੇਗਾ? ਕੀ ਪੁਲਾੜ ਵਿੱਚਲੇ ਪ੍ਰਦੂਸ਼ਣ ਦਾ ਧਰਤੀ `ਤੇ ਕੋਈ ਅਸਰ ਹੋਵੇਗਾ? ਜੇ ਪੁਲਾੜ ਵਿੱਚ ਮਾਈਨਿੰਗ ਦੇ ਪ੍ਰਦੂਸ਼ਣ ਨਾਲ ਕੋਈ ਨੁਕਸਾਨ ਹੋਵੇਗਾ ਤਾਂ ਉਸ ਲਈ ਕੌਣ ਜ਼ਿੰਮੇਵਾਰ ਹੋਵੇਗਾ? ਧਰਤੀ ਉੱਤੇ ਬਹੁਤੀ ਵਾਰ ਅਜਿਹਾ ਹੁੰਦਾ ਹੈ ਕਿ ਮਾਈਨਿੰਗ ਨਾਲ ਸੰਬੰਧਿਤ ਕਾਰਪੋਰੇਸ਼ਨਾਂ ਮਾਈਨਿੰਗ ਕਾਰਨ ਹੋਏ ਪ੍ਰਦੂਸ਼ਣ ਨਾਲ ਨਿਪਟਣ ਦੀ ਆਪਣੀ ਜ਼ਿੰਮੇਵਾਰੀ ਤੋਂ ਟਾਲਾ ਵੱਟ ਜਾਂਦੀਆਂ ਹਨ ਅਤੇ ਇਸ ਪ੍ਰਦੂਸ਼ਣ ਨਾਲ ਨਿਪਟਣ ਦੀ ਜ਼ਿੰਮੇਵਾਰੀ ਸਥਾਨਕ ਲੋਕਾਂ ਅਤੇ ਸਰਕਾਰਾਂ ਸਿਰ ਪੈ ਜਾਂਦੀ ਹੈ।  ਬਹੁਤੀ ਵਾਰੀ ਕਾਰਪੋਰੇਸ਼ਨਾਂ ਨੂੰ ਪ੍ਰਦੂਸ਼ਣ ਕਾਰਨ ਹੋਏ ਨੁਕਸਾਨ ਨਾਲ ਨਿਪਟਣ ਲਈ ਮਜ਼ਬੂਰ ਕਰਨ ਲਈ ਉਨ੍ਹਾਂ ਨੂੰ ਅਦਾਲਤਾਂ ਵਿੱਚ ਲਿਜਾਣਾ ਪੈਂਦਾ ਹੈ, ਜਿੱਥੇ ਕੇਸ ਸਾਲਾਂ ਬੱਧੀ ਲਟਕਦੇ ਰਹਿੰਦੇ ਹਨ। ਪਰ ਪੁਲਾੜ ਵਿੱਚ ਪ੍ਰਦੂਸ਼ਣ ਬਾਰੇ ਸਾਡੇ ਕੋਈ ਕਾਨੂੰਨ ਹੀ ਨਹੀਂ ਹਨ। ਇਸ ਲਈ ਕਾਰਪੋਰੇਸ਼ਨਾਂ ਨੂੰ ਇਸ ਪ੍ਰਦੂਸ਼ਣ ਦੀ ਜ਼ਿੰਮੇਵਾਰੀ ਉਠਾਉਣ ਲਈ ਕਿਸ ਤਰ੍ਹਾਂ ਮਜ਼ਬੂਰ ਕੀਤਾ ਜਾ ਸਕੇਗਾ? ਜਿਵੇਂ ਪਹਿਲਾਂ ਕਿਹਾ ਗਿਆ ਹੈ ਕਿ ਅਜੇ ਇਹ ਪਤਾ ਨਹੀਂ ਕਿ ਪੁਲਾੜ ਵਿੱਚ ਮਾਈਨਿੰਗ ਲਿਜਾਣ ਲਈ ਕਿੰਨਾ ਸਮਾਂ ਲੱਗੇਗਾ। ਇਸ ਲਈ ਪੁਲਾੜ ਵਿੱਚ ਮਾਈਨਿੰਗ ਲਿਜਾ ਕੇ ਧਰਤੀ ਦੇ ਵਾਤਾਵਰਨ ਨੂੰ ਬਚਾਉਣ ਦੇ ਦਾਅਵਿਆਂ ਦਾ ਕੋਈ ਅਰਥ ਨਹੀਂ ਹੈ। ਦੁਨੀਆ ਭਰ ਦੇ ਵਿਗਿਆਨੀਆਂ ਅਤੇ ਵਾਤਾਵਰਨ ਦੇ ਮਾਹਰਾਂ ਦਾ ਕਹਿਣਾ ਹੈ ਕਿ ਧਰਤੀ ਦੇ ਵਾਤਾਵਰਨ ਨੂੰ ਬਚਾਉਣ ਲਈ ਫੌਰੀ ਐਕਸ਼ਨ ਲੈਣ ਦੀ ਲੋੜ ਹੈ। ਜੇ ਫੌਰੀ ਐਕਸ਼ਨ ਨਾ ਲਿਆ ਗਿਆ ਤਾਂ ਆਲਮੀ ਤਪਸ਼ (ਗਲੋਬਲ ਵਾਰਮਿੰਗ) ਦਾ ਵਰਤਾਰਾ ਉਸ ਪੱਧਰ ਤੱਕ ਪਹੁੰਚ ਜਾਵੇਗਾ, ਜਿੱਥੋਂ ਵਾਪਸ ਪਰਤਣਾ ਮੁਸ਼ਕਿਲ ਹੋ ਜਾਏਗਾ। ਇਸ ਲਈ ਕੁੱਝ ਦਹਾਕਿਆਂ ਬਾਅਦ ਪੁਲਾੜ ਵਿੱਚ ਮਾਈਨਿੰਗ ਲਿਜਾ ਕੇ ਆਲਮੀ ਤਪਸ਼ ਅਤੇ ਮੌਸਮਾਂ ਦੀ ਤਬਦੀਲੀ (ਕਲਾਈਮੇਟ ਚੇਂਜ) ਨੂੰ ਹੱਲ ਕਰਨ ਦੇ ਕੀਤੇ ਜਾ ਰਹੇ ਦਾਅਵਿਆਂ ਨਾਲ ਇਕ ਝੂਠੀ ਉਮੀਦ ਜਗਾਈ ਜਾ ਰਹੀ ਹੈ ਕਿ ਅਸੀਂ ਪੁਲਾੜ ਵਿੱਚ ਜਾ ਕੇ ਇਹ ਮਸਲੇ ਹੱਲ ਕਰ ਲਵਾਂਗੇ, ਅਤੇ ਸਾਨੂੰ ਧਰਤੀ `ਤੇ ਕੋਈ ਐਕਸ਼ਨ ਲੈਣ ਦੀ ਲੋੜ ਨਹੀਂ ਹੈ। ਇਕ ਤਰ੍ਹਾਂ ਨਾਲ ਇਹ ਦਾਅਵੇ ਜੋ ਕੁੱਝ ਹੁਣ ਚੱਲ ਰਿਹਾ ਹੈ, ਉਸ ਨੂੰ ਤਿਵੇਂ ਦਾ ਤਿਵੇਂ ਚੱਲਦਾ ਰੱਖਣ ਦਾ ਸੁਨੇਹਾ ਦੇ ਰਹੇ ਹਨ, ਤਾਂਕਿ ਕਾਰਪੋਰੇਸ਼ਨਾਂ ਧਰਤੀ ਦੇ ਵਾਤਾਵਰਨ ਦਾ ਨੁਕਸਾਨ ਕਰਦਿਆਂ ਹੋਇਆਂ ਆਪਣਾ ਮੁਨਾਫਾ ਕਮਾਉਣ ਦਾ ਕੰਮ ਜਾਰੀ ਰੱਖ ਸਕਣ।

ਸਭ ਤੋਂ ਵੱਡੀ ਗੱਲ ਇਹ ਹੈ ਕਿ ਪੁਲਾੜ ਵਿੱਚ ਮਾਈਨਿੰਗ ਕਰਨ ਬਾਰੇ ਯੋਜਨਾਵਾਂ ਬਣਾਉਣ ਵਾਲੀਆਂ ਕਾਰਪੋਰੇਸ਼ਨਾਂ, ਪੁਲਾੜ ਵਿੱਚਲੇ ਖਣਿਜ ਸ੍ਰੋਤਾਂ ਨੂੰ ਕੱਢਣ ਦੀਆਂ ਹੱਕਦਾਰ ਕਿਵੇਂ ਹਨ। ਸੰਨ 1967 ਵਿੱਚ ਯੂਨਾਈਟਿਡ ਨੇਸ਼ਨ ਦੀ ਅਗਵਾਈ ਵਿੱਚ ਪੁਲਾੜ ਬਾਰੇ ਇਕ ਸੰਧੀ ਹੋਈ ਸੀ ਜਿਸ ਨੂੰ ਆਊਟਰ ਸਪੇਸ ਟ੍ਰੀਟੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਸੰਧੀ `ਤੇ ਜਨਵਰੀ 1967 ਵਿੱਚ ਯੂ. ਕੇ., ਅਮਰੀਕਾ, ਸਾਬਕਾ ਸੋਵੀਅਤ ਯੂਨੀਅਨ ਅਤੇ 57 ਹੋਰ ਦੇਸ਼ਾਂ ਨੇ ਸਾਈਨ ਕੀਤੇ ਸਨ ਅਤੇ ਇਹ ਅਕਤੂਬਰ 1967 ਵਿੱਚ ਲਾਗੂ ਹੋਈ ਸੀ। ਇਸ ਸੰਧੀ ਵਿੱਚ ਇਹ ਕਿਹਾ ਗਿਆ ਹੈ ਕਿ ਇਕ ਤਾਂ ਕੋਈ ਵੀ ਦੇਸ਼ ਪੁਲਾੜ ਵਿੱਚ ਵੈਪਨਜ਼ ਆਫ ਮਾਸ ਡਿਸਟ੍ਰਕਸ਼ਨ (ਬਹੁਤ ਥੋੜ੍ਹੇ ਸਮੇਂ ਵਿੱਚ ਬਹੁਤ ਵੱਡੀ ਪੱਧਰ `ਤੇ ਤਬਾਹੀ ਮਚਾ ਸਕਣ ਦੀ ਸਮਰੱਥਾ ਵਾਲੇ ਹਥਿਆਰ ਜਿਵੇਂ ਪਰਮਾਣੂ ਹਥਿਆਰ, ਰਸਾਇਣਕ ਹਥਿਆਰ, ਬਾਇਓਲੌਜੀਕਲ ਵੈਪਨਜ਼) ਨਹੀਂ ਰੱਖ ਸਕਦਾ। ਦੂਸਰਾ ਕੋਈ ਵੀ ਦੇਸ਼ ਪੁਲਾੜ ਦੇ ਕਿਸੇ ਵੀ ਹਿੱਸੇ `ਤੇ ਆਪਣੀ ਪ੍ਰਭੂਸੱਤਾ (ਸੌਵਰਨਿਟੀ) ਦਾ ਐਲਾਨ ਨਹੀਂ ਕਰ ਸਕਦਾ। ਇਸ ਦਾ ਭਾਵ ਹੈ ਕਿ ਇਸ ਸੰਧੀ ਅਨੁਸਾਰ ਪੁਲਾੜ (ਸਪੇਸ) ਸਾਰੀ ਮਨੁੱਖਤਾ ਦੀ ਸਾਂਝੀ ਥਾਂ ਹੈ। ਜੇ ਪੁਲਾੜ ਸਾਰੀ ਮਨੁੱਖਤਾ ਦੀ ਸਾਂਝੀ ਥਾਂ ਹੈ ਤਾਂ ਕੁੱਝ ਕੁ ਕਾਰਪੋਰੇਸ਼ਨਾਂ ਪੁਲਾੜ ਦੇ ਖਣਿਜ ਪਦਾਰਥ ਨੂੰ ਕਿਵੇਂ ਕੱਢ ਸਕਦੀਆਂ ਹਨ? ਇਸ ਸਮੇਂ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਜਾਂ ਕਾਰਪੋਰੇਸ਼ਨਾਂ ਕੋਲ ਇਹ ਸਮਰੱਥਾ ਨਹੀਂ ਹੈ ਕਿ ਉਹ ਪੁਲਾੜ ਵਿੱਚ ਜਾ ਕੇ ਮਾਈਨਿੰਗ ਕਰ ਸਕਣ। ਪਰ ਹੋ ਸਕਦਾ ਹੈ ਕਿ ਭਵਿੱਖ ਵਿੱਚ ਕਿਸੇ ਸਮੇਂ ਉਹ ਪੁਲਾੜ ਵਿੱਚ ਮਾਈਨਿੰਗ ਕਰਨ ਦੇ ਕਾਬਲ ਹੋ ਜਾਣ। ਪਰ ਉਦੋਂ ਤੱਕ ਸ਼ਾਇਦ ਉਹਨਾਂ ਵੱਲੋਂ ਮਾਈਨਿੰਗ ਕਰਨ ਲਈ ਕੁੱਝ ਨਹੀਂ ਬਚੇਗਾ। ਇਸ ਲਈ ਇਹ ਸਵਾਲ ਉਠਾਇਆ ਜਾ ਰਿਹਾ ਹੈ ਕਿ ਕੀ ਇਸ ਸਮੇਂ ਪੁਲਾੜ ਵਿੱਚ ਮਾਈਨਿੰਗ ਕਰਨ ਦੀਆਂ ਯੋਜਨਾਵਾਂ ਮੁੱਠੀ ਭਰ ਕਾਰਪੋਰੇਸ਼ਨਾਂ ਵਲੋਂ ਬਹੁਗਿਣਤੀ ਮਨੁੱਖਤਾ ਦੇ ਪੁਲਾੜ ਵਿਚਲੇ ਹੱਕਾਂ ਦੀ ਲੁੱਟ ਕਰਨ ਦੇ ਬਰਾਬਰ ਨਹੀਂ?

ਪਰ ਲੱਗਦਾ ਹੈ ਕਿ ਕਾਰਪੋਰੇਸ਼ਨਾਂ ਇਸ ਸੰਧੀ ਵਿਚਲੀਆਂ ਚੋਰ ਮੋਰੀਆਂ ਦਾ ਫਾਇਦਾ ਉਠਾ ਕੇ ਇਸ ਨੂੰ ਆਪਣੇ ਪੱਖ ਵਿੱਚ ਵਰਤਣ ਲਈ ਅਮਰੀਕਾ ਦੀ ਸਰਕਾਰ ਕੋਲ ਲੌਬੀ ਕਰ ਰਹੀਆਂ ਹਨ। ਉਦਾਹਰਨ ਲਈ ਇਹ ਆਊਟਰ ਸਪੇਸ ਸੰਧੀ ਇਹ ਗੱਲ ਤਾਂ ਕਹਿੰਦੀ ਹੈ ਕਿ ਕੋਈ ਵੀ ਦੇਸ਼ ਪੁਲਾੜ ਦੇ ਕਿਸੇ ਹਿੱਸੇ `ਤੇ ਆਪਣੀ ਪ੍ਰਭੂਸੱਤਾ ਨਹੀਂ ਜਤਾ ਸਕਦਾ, ਪਰ ਉੱਥੋਂ ਦੇ ਵਸੀਲਿਆਂ ਬਾਰੇ ਇਹ ਸਪਸ਼ਟ ਰੂਪ ਵਿੱਚ ਕੁੱਝ ਨਹੀਂ ਕਹਿੰਦੀ। ਇਸ ਅਸਪਸ਼ਟਤਾ ਦਾ ਫਾਇਦਾ ਉਠਾਉਂਦਿਆਂ ਅਮਰੀਕਾ ਨੇ ਸੰਨ 2015 ਵਿੱਚ ਕਮਰਸ਼ੀਅਲ ਸਪੇਸ ਲਾਂਚ ਕੰਪੈਟੈਟਿਵ ਐਕਟ ਆਫ 2015 ਪਾਸ ਕੀਤਾ। ਇਸ ਕਾਨੂੰਨ ਨੇ ਇਹ ਕਾਨੂੰਨੀ ਬਣਾ ਦਿੱਤਾ ਕਿ ਪ੍ਰਾਈਵੇਟ ਅਦਾਰਿਆਂ ਵੱਲੋਂ ਪੁਲਾੜ ਤੋਂ ਵਸੀਲੇ ਲਿਆਂਦੇ ਜਾ ਸਕਦੇ ਹਨ, ਅਤੇ ਇਸ ਨਾਲ 1967 ਦੀ ਆਊਟਰ ਸਪੇਸ ਟ੍ਰੀਟੀ ਦੀ ਉਲੰਘਣਾ ਨਹੀਂ ਹੁੰਦੀ। ਬੈਲਜੀਅਮ, ਰੂਸ, ਬਰਾਜ਼ੀਲ ਵਰਗੇ ਕਈ ਦੇਸ਼ਾਂ ਨੇ ਇਸ `ਤੇ ਕੁੱਝ ਸਵਾਲ ਉਠਾਏ ਹਨ, ਪਰ ਇਸ ਕਾਨੂੰਨ ਨੇ ਇਨ੍ਹਾਂ ਕਾਰਪੋਰੇਸ਼ਨਾਂ ਵੱਲੋਂ ਪੁਲਾੜ ਵਿੱਚ ਮਾਈਨਿੰਗ ਆਦਿ ਕਰਨ ਲਈ ਰਾਹ ਖੋਲ੍ਹ ਦਿੱਤਾ ਹੈ।  ਕੁੱਝ ਲੋਕ ਮੰਗ ਕਰ ਰਹੇ ਹਨ ਕਿ ਪੁਲਾੜ ਦੇ ਸੰਬੰਧ ਵਿੱਚ ਇਹ ਜੋ "ਨਵਾਂ ਯੁੱਗ" ਸ਼ੁਰੂ ਹੋਇਆ ਹੈ, ਇਸ ਨੂੰ ਦੇਖਦਿਆਂ ਸਾਨੂੰ ਇੰਟਰਨੈਸ਼ਨਲ ਪੱਧਰ `ਤੇ ਪੁਲਾੜ ਬਾਰੇ ਨਵੇਂ ਕਾਨੂੰਨ ਬਣਾਉਣ ਦੀ ਲੋੜ ਹੈ। ਪਰ ਕਾਰਪੋਰੇਸ਼ਨਾਂ ਦੇ ਨੁਮਾਇੰਦੇ ਇਹ ਕਹਿ ਰਹੇ ਹਨ ਕਿ ਇਸ ਦੀ ਲੋੜ ਨਹੀਂ। ਪੁਲਾੜ ਦੇ ਮਾਮਲਿਆ ਨਾਲ ਨਿਪਟਣ ਲਈ 1967 ਦੀ ਆਊਟਰ ਸਪੇਸ ਟ੍ਰੀਟੀ ਹੀ ਕਾਫੀ ਹੈ। ਉਹ ਇਹ ਇਸ ਲਈ ਕਹਿ ਰਹੇ ਹਨ, ਕਿਉਂਕਿ ਇਹ ਟ੍ਰੀਟੀ ਉਨ੍ਹਾਂ ਦੇ ਹੱਕ ਵਿੱਚ ਕੰਮ ਕਰਦੀ ਹੈ। ਜਿਹੜੀਆਂ ਚੀਜ਼ਾਂ ਬਾਰੇ ਇਹ ਟ੍ਰੀਟੀ ਸਪਸ਼ਟ ਰੂਪ ਵਿੱਚ ਕੁੱਝ ਨਹੀਂ ਕਹਿੰਦੀ, ਉਹ ਉਨ੍ਹਾਂ ਦੀ ਵਿਆਖਿਆ ਉਹ ਆਪਣੇ ਢੰਗ ਨਾਲ ਕਰ ਸਕਦੇ ਹਨ।

ਇਹਨਾਂ ਪੁਲਾੜ ਉਡਾਣਾਂ ਦੀ ਕਾਮਯਾਬੀ ਦੇ ਸੰਬੰਧ ਵਿੱਚ ਸੋਚਣ ਵਾਲੀ ਅਗਲੀ ਗੱਲ ਹੈ, ਪੁਲਾੜ ਵਿੱਚ ਬਸਤੀਆਂ ਵਸਾਉਣ ਦੀਆਂ ਯੋਜਨਾਵਾਂ। ਸਪੇਸ ਐਕਸ ਦੇ ਮਾਲਕ ਐਲਨ ਮਸਕ ਦੀ ਯੋਜਨਾ ਵਿੱਚ ਮੰਗਲ ਗ੍ਰਹਿ `ਤੇ ਬਸਤੀ ਵਸਾਉਣਾ ਵੀ ਸ਼ਾਮਲ ਹੈ। ਉਸ ਦੀ ਸੋਚ ਹੈ ਕਿ ਧਰਤੀ ਤੀਜੀ ਸੰਸਾਰ ਜੰਗ ਜਾਂ ਇਸ ਤਰ੍ਹਾਂ ਦੇ ਕਿਸੇ ਹੋਰ ਕਾਰਨ ਕਰਕੇ ਖਤਮ ਹੋ ਸਕਦੀ ਹੈ। ਇਸ ਲਈ ਸਾਡੇ ਕੋਲ ਪਲੈਨ ਬੀ ਹੋਣੀ ਚਾਹੀਦੀ ਹੈ, ਜਿਸ ਅਧੀਨ ਕੁੱਝ ਲੋਕ ਧਰਤੀ ਤੋਂ ਦੂਰ ਪੁਲਾੜ ਵਿੱਚ ਬਸਤੀ ਵਿੱਚ ਰਹਿੰਦੇ ਹੋਣ ਤਾਂ ਕਿ ਧਰਤੀ ਦੇ ਖਾਤਮੇ ਕਾਰਨ ਸ਼ੁਰੂ ਹੋਣ ਵਾਲਾ "ਅੰਧਕਾਰ ਦਾ ਯੁੱਗ (ਡਾਰਕ ਏਜਜ਼)" ਜ਼ਿਆਦਾ ਦੇਰ ਨਾ ਰਹਿ ਸਕੇ। ਉਸ ਨੇ ਇਹ ਗੱਲ ਸੰਨ 2018 ਵਿੱਚ ਇਕ ਪਬਲਿਕ ਸਮਾਗਮ ਵਿੱਚ ਬੋਲਦਿਆਂ ਇਸ ਤਰ੍ਹਾਂ ਕਹੀ ਸੀ, "ਮੰਗਲ ਗ੍ਰਹਿ `ਤੇ ਆਪਣੇ ਆਪ ਨੂੰ ਕਾਇਮ ਰੱਖ ਸਕਣ ਵਾਲਾ ਬੇਸ ਬਣਾਉਣਾ ਮਹੱਤਵਪੂਰਨ ਹੈ, ਕਿਉਂਕਿ ਮੰਗਲ ਗ੍ਰਹਿ ਧਰਤੀ ਤੋਂ ਕਾਫੀ ਦੂਰ ਹੈ, ਅਤੇ ਇਸ ਲਈ ਇਸ ਦੇ ਚੰਦ ਉਪਰਲੇ ਬੇਸ ਦੇ ਮੁਕਾਬਲੇ ਬਚਣ ਦੇ ਜ਼ਿਆਦਾ ਮੌਕੇ ਹਨ। ਜੇ ਤੀਜ਼ੀ ਸੰਸਾਰ ਜੰਗ ਲੱਗਦੀ ਹੈ ਤਾਂ ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਕਿਸੇ ਹੋਰ ਥਾਂ `ਤੇ ਮਨੁੱਖੀ ਸਭਿਅਤਾ ਦਾ ਗੁਜ਼ਾਰੇਯੋਗ ਬੀਜ ਮੌਜੂਦ ਹੋਵੇ, ਜਿਹੜਾ ਇਸ (ਮਨੁੱਖੀ ਸਭਿਅਤਾ) ਨੂੰ ਵਾਪਸ ਲਿਆ ਸਕੇ ਅਤੇ ਅੰਧਕਾਰ ਦੇ ਯੁੱਗ (ਡਾਰਕ ਏਜਜ਼) ਦੇ ਅਰਸੇ ਨੂੰ ਘੱਟ ਕਰ ਸਕੇ।"

ਮਸਕ ਦੇ ਇਸ ਬਿਆਨ `ਤੇ ਪਹਿਲਾ ਸਵਾਲ ਤਾਂ ਇਹ ਉੱਠਦਾ ਹੈ ਕਿ 'ਮਨੁੱਖੀ ਸਭਿਅਤਾ ਦੇ ਗੁਜ਼ਾਰੇਯੋਗ ਬੀਜ' ਵਿੱਚ ਸ਼ਾਮਲ ਲੋਕ ਕੌਣ ਹੋਣਗੇ? ਕੀ ਉਹ ਦੁਨੀਆ ਦੇ ਆਮ ਲੋਕ ਹੋਣਗੇ ਜਾਂ ਅਰਬਾਂਪਤੀ ਅਤੇ ਖਰਬਾਂਪਤੀ। ਪੁਲਾੜ ਵਿੱਚ ਸੈਰ-ਸਪਾਟੇ ਲਈ ਜਾਣ ਵਾਸਤੇ ਉਪ੍ਰੋਕਤ ਦੱਸੀਆਂ ਟਿਕਟਾਂ ਦੀਆਂ ਕੀਮਤਾਂ ਨੂੰ ਦੇਖਦਿਆਂ ਤਾਂ ਇਹ ਹੀ ਕਿਹਾ ਜਾ ਸਕਦਾ ਹੈ ਕਿ ਉਹ ਅਰਬਾਂ-ਖਰਬਾਂ ਪਤੀ ਅਮੀਰ ਲੋਕ ਹੋਣਗੇ। ਇਸ ਬਾਰੇ ਦੂਸਰਾ ਸਵਾਲ ਇਹ ਹੈ ਕਿ ਸਮੁੱਚੀ ਮਨੁੱਖਤਾ ਦੀ ਸਾਂਝੀ ਮਲਕੀਅਤ ਪੁਲਾੜ ਵਿੱਚ ਇਹ ਬਸਤੀਆਂ ਵਸਾਉਣ ਦਾ ਹੱਕ ਇਹਨਾਂ ਅਮੀਰਾਂ ਅਤੇ ਕਾਰਪੋਰੇਸ਼ਨਾਂ ਨੂੰ ਕਿਸ ਨੇ ਦਿੱਤਾ ਹੈ? ਇਸ ਦੇ ਨਾਲ ਹੀ ਮਸਕ ਦੇ ਇਸ ਬਿਆਨ ਤੋਂ ਇਹ ਨਤੀਜਾ ਵੀ ਕੱਢਿਆ ਜਾ ਸਕਦਾ ਹੈ ਕਿ ਪੁਲਾੜ ਵਿੱਚ ਪਹੁੰਚਣ ਦੀ ਇਹ ਨਵੀਂ ਦੌੜ ਇਕ ਤਰ੍ਹਾਂ ਨਾਲ ਪੁਲਾੜ ਉੱਪਰ ਕਾਰਪੋਰੇਸ਼ਨਾਂ ਵੱਲੋਂ ਬਸਤੀਵਾਦੀ ਢੰਗ ਨਾਲ ਕਬਜ਼ਾ ਕਰਨ ਦੀ ਦੌੜ ਵੀ ਹੈ।

ਅਖੀਰ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਪੁਲਾੜ ਯਾਤਰਾ ਨਾਲ ਸੰਬੰਧਿਤ ਸ਼ੁਰੂ ਹੋਏ ਇਸ "ਨਵੇਂ ਯੁੱਗ" ਦਾ ਮਕਸਦ ਸਿਰਫ ਅਮੀਰਾਂ ਲਈ ਸੈਰ-ਸਪਾਟਾ ਜਾਂ ਸ਼ੁਗਲ ਮੇਲਾ ਨਹੀਂ ਹੈ। ਸਗੋਂ ਇਹ ਯੁੱਗ ਸਮੁੱਚੀ ਮਨੁੱਖਤਾ ਦੀ ਸਾਂਝੀ ਮਲਕੀਅਤ ਉੱਪਰ ਨਿੱਜੀ ਕਾਰਪਰੇਸ਼ਨਾਂ ਦੇ ਕਬਜ਼ੇ ਲਈ ਰਸਤਾ ਖੋਲ੍ਹ ਰਿਹਾ ਹੈ। ਇਸ ਦੇ ਨਾਲ ਹੀ ਕਾਰਪੋਰੇਸ਼ਨਾਂ ਵੱਲੋਂ ਸ਼ੁਰੂ ਕੀਤੀ ਪੁਲਾੜ ਦੌੜ ਕਾਰਨ ਵਾਤਾਵਰਨ ਵਿੱਚ ਫੈਲਣ ਵਾਲੇ ਪ੍ਰਦੂਸ਼ਣ ਦੇ ਨਤੀਜੇ ਮਨੁੱਖਤਾ ਲਈ ਚੰਗੇ ਨਹੀਂ ਹੋਣਗੇ। ਇਸ ਲਈ ਆਮ ਲੋਕਾਂ ਵਲੋਂ ਪੁਲਾੜ ਯਾਤਰਾ ਨਾਲ ਸੰਬੰਧਿਤ ਇਸ "ਨਵੇਂ ਯੁੱਗ" ਦੇ ਵੱਖ ਵੱਖ ਪਹਿਲੂਆਂ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ।***

ਇਸ ਲੇਖ ਵਿੱਚ ਵਰਤੀ ਜਾਣਕਾਰੀ ਦੇ ਸ੍ਰੋਤਾਂ ਬਾਰੇ ਜਾਣਨ ਲਈ www.sukhwanthundal.wordpress.com `ਤੇ ਜਾਉ।

ਸਮਾਜਕ ਸਰੋਕਾਰਾਂ ਦਾ ਫਿਲਮਸਾਜ਼ : ਨਕੁਲ ਸਾਹਨੀ - ਸੁਖਵੰਤ ਹੁੰਦਲ

(ਡਾਕੂਮੈਂਟਰੀ ਫਿਲਮਸਾਜ਼ ਨਕੁਲ ਸਾਹਨੀ ਨਵੰਬਰ ਮਹੀਨੇ ਵਿੱਚ ਕੈਨੇਡਾ ਦੀ ਫੇਰੀ 'ਤੇ ਆ ਰਿਹਾ ਹੈ। ਪੇਸ਼ ਹੈ ਉਸ ਦੀ ਸੰਖੇਪ ਜਾਣਪਛਾਣ।)

ਡਾਕੂਮੈਂਟਰੀ ਫਿਲਮਸਾਜ਼ ਨਕੁਲ ਸਾਹਨੀ ਡਾਕੂਮੈਂਟਰੀ ਫਿਲਮਸਾਜ਼ੀ ਦੇ ਖੇਤਰ ਵਿੱਚ ਪਿਛਲੇ ਡੇਢ ਦਹਾਕੇ ਤੋਂ ਸਰਗਰਮੀ ਨਾਲ ਕੰਮ ਕਰ ਰਿਹਾ ਹੈ। ਹੁਣ ਤੱਕ ਉਹ ਫਿਰਕਾਪ੍ਰਸਤੀ, ਅਣਖ ਖਾਤਰ ਕੀਤੇ ਜਾਂਦੇ ਕਤਲਾਂ, ਮਜ਼ਦੂਰਾਂ ਦੇ ਹੱਕਾਂ ਅਤੇ ਸਮਾਜਕ ਨਿਆਂ ਦੇ ਹੋਰ ਮੁੱਦਿਆਂ 'ਤੇ ਕੁੱਝ ਮਹੱਤਵਪੂਰਨ ਫਿਲਮਾਂ ਬਣਾ ਚੁੱਕਾ ਹੈ।

ਦਿੱਲੀ ਦੇ ਜੰਮਪਲ ਨਕੁਲ ਨੇ ਸੰਨ 2005-06 ਵਿੱਚ ਫਿਲਮ ਐਂਡ ਟੈਲੀਵਿਯਨ ਇੰਸਟੀਚਿਊਟ, ਪੂਨੇ ਤੋਂ ਫਿਲਮ ਡਾਇਰੈਕਸ਼ਨ ਦਾ ਡਿਪਲੋਮਾ ਪਾਸ ਕੀਤਾ। ਫਿਲਮ ਐਂਡ ਟੈਲੀਵਿਯਨ ਇੰਸਟੀਚਿਊਟ ਵਿੱਚ ਹੁੰਦਿਆਂ ਉਸ ਨੇ ਕੁਝ ਛੋਟੀਆਂ ਫਿਲਮਾਂ ਬਣਾਈਆਂ। ਉੱਥੋਂ ਪੜ੍ਹਾਈ ਮੁਕਾਉਣ ਤੋਂ ਬਾਅਦ ਉਸ ਨੇ ਆਪਣੀ ਪਹਿਲੀ ਲੰਬੀ ਡਾਕੂਮੈਂਟਰੀ ਪੰਜਾਬ ਦੇ ਛੇਹਰਟਾ ਖੇਤਰ ਵਿੱਚ ਕੱਪੜੇ ਦੀਆਂ ਮਿੱਲਾਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਦੇ ਇਤਿਹਾਸ 'ਤੇ ਬਣਾਈ।

ਸੰਨ 2012 ਵਿੱਚ ਉਸ ਵੱਲੋਂ ਬਣਾਈ ਫਿਲਮ "ਇੱਜ਼ਤ ਨਗਰ ਕੀ ਅਸੱਭਿਆ ਬੇਟੀਆਂ' ਉੱਤਰੀ ਭਾਰਤ ਵਿੱਚ 'ਅਣਖ ਖਾਤਰ ਹੁੰਦੇ ਕਤਲਾਂ' ਦਾ ਵਿਰੋਧ ਕਰ ਰਹੀਆਂ ਨੌਜਵਾਨ ਕੁੜੀਆਂ ਦੇ ਸੰਘਰਸ਼ ਅਤੇ ਖੱਪ ਪੰਚਾਇਤਾਂ ਵੱਲੋਂ ਜਾਰੀ ਕੀਤੇ ਜਾਂਦੇ ਫਰਮਾਨਾਂ ਨੂੰ ਕੇਂਦਰ ਵਿੱਚ ਰੱਖ ਕੇ ਬਣਾਈ ਗਈ ਹੈ। ਇਸ ਫਿਲਮ ਵਿੱਚ ਪੰਜ ਜਾਟ ਕੁੜੀਆਂ ਦੀ ਕਹਾਣੀ ਦੱਸੀ ਗਈ ਹੈ ਜਿਹਨਾਂ ਨੇ ਵਿਆਹਾਂ ਦੇ ਮਾਮਲੇ ਵਿੱਚ ਆਪਣੀ ਮਰਜ਼ੀ ਦੇ ਸਾਥੀ ਚੁਣਨ ਦੀ ਅਜ਼ਾਦੀ ਨੂੰ ਦਬਾਉਣ ਲਈ ਸਮਾਜ ਵੱਲੋਂ ਪਰੰਪਰਾ ਅਤੇ ਸ਼ੁੱਧੀ ਦੇ ਨਾਂ 'ਤੇ ਵਰਤੀ ਜਾਂਦੀ ਹਿੰਸਾ ਵਿਰੁੱਧ ਲੜਨ ਦਾ ਹੌਂਸਲਾ ਕੀਤਾ ਹੈ। ਇਨ੍ਹਾਂ ਔਰਤਾਂ ਦੀ ਕਹਾਣੀ ਅਤੇ ਖੱਪ ਪੰਚਾਇਤਾਂ ਦੀ ਸੋਚ, ਫਰਮਾਨਾਂ ਅਤੇ ਹਿੰਸਾ ਨੂੰ ਆਹਮੋ ਸਾਹਮਣੇ ਰੱਖ ਕੇ ਫਿਲਮ ਅਜੋਕੇ ਭਰਤੀ ਸਮਾਜ ਵਿੱਚਲੇ ਦੋਗਲੇਪਣ, ਜਾਤਪਾਤ, ਲਿੰਗਕ ਵਿਤਕਰੇ ਅਤੇ ਮਰਦਾਨਗੀ ਧੋਂਸ ਨੂੰ ਬਹੁਤ ਹੀ ਸ਼ਕਤੀਸ਼ਾਲੀ ਢੰਗ ਨਾਲ ਨੰਗਾ ਕਰਦੀ ਹੈ।

ਹੁਣ ਤੱਕ ਇਹ ਫਿਲਮ ਦੁਨੀਆ ਦੇ ਕਈ ਇੰਟਰਨੈਸ਼ਨਲ ਫਿਲਮ ਫੈਸਟੀਵਲਾਂ ਵਿੱਚ ਦਿਖਾਈ ਜਾ ਚੁੱਕੀ ਹੈ, ਜਿਨ੍ਹਾਂ ਵਿੱਚੋਂ ਪ੍ਰਮੁੱਖ ਹਨ: ਮੁੰਬਈ ਇੰਟਰਨੈਸ਼ਨਲ ਫਿਲਮ ਫੈਸਟੀਵਲ, ਫਿਲਮ ਸਾਊਥ ਏਸ਼ੀਆ (ਨੇਪਾਲ), ਮਿੰਨੀਐਪਲਿਸ ਸੇਂਟ ਪਾਲ ਇੰਟਰਨੈਸ਼ਨਲ ਫਿਲਮ ਫੈਸਟੀਵਲ, ਕੇਰਲਾ ਦਾ ਦਸਵਾਂ ਇੰਟਰਨੈਸ਼ਨਲ ਡਾਕੂਮੈਂਟਰੀ ਐਂਡ ਸ਼ਾਰਟ ਫਿਲਮ ਫੈਸਟੀਵਲ।

ਜਨਵਰੀ 2015 ਵਿੱਚ ਰਿਲੀਜ਼ ਹੋਈ ਉਸ ਦੀ ਅਗਲੀ ਫਿਲਮ 'ਮੁਜੱਫਰ ਨਗਰ ਬਾਕੀ ਹੈ' ਸੰਨ 2013 ਵਿੱਚ ਮੁੱਜਫਰ ਨਗਰ ਵਿੱਚ ਮੁਸਲਮਾਨ ਵਿਰੋਧੀ ਹਿੰਸਾ 'ਤੇ ਕੇਂਦਰਿਤ ਹੈ। ਇਸ ਫਿਲਮ ਵਿੱਚ ਸਾਹਨੀ ਇਸ ਹਿੰਸਾ ਪਿੱਛੇ ਕੰਮ ਕਰਦੇ ਅਤੇ ਇਸ ਹਿੰਸਾ ਤੋਂ ਪ੍ਰਭਾਵਿਤ ਸਿਆਸੀ ਅਤੇ ਸਮਾਜਕ ਵਰਤਾਰਿਆਂ ਨੂੰ ਉਜਾਗਰ ਕਰਦਾ ਹੈ। ਫਿਲਮ ਵਿੱਚ ਜਿੱਥੇ ਸੰਨ 2013 ਵਿੱਚ ਵਾਪਰੀ ਹਿੰਸਾ ਅਤੇ ਉਸ ਦੇ ਮਾਰੂ ਨਤੀਜਆਂ ਨੂੰ ਰਿਕਾਰਡ ਕੀਤਾ ਗਿਆ ਹੈ, ਉਸ ਦੇ ਨਾਲ ਨਾਲ ਇਸ ਕਤਲੇਆਮ ਦੇ ਵੱਖ ਵੱਖ ਪੱਖਾਂ - ਔਰਤ ਵਿਰੁੱਧ ਲਿੰਗਕ ਹਿੰਸਾ, ਫਿਰਕੂ ਵੰਡੀਆਂ ਨੂੰ ਉਭਾਰਨ ਵਿੱਚ ਬੀ ਜੇ ਪੀ-ਆਰ ਆਰ ਐੱਸ ਐੱਸ ਵਰਗੀਆਂ ਹਿੰਦੂ ਰਾਸ਼ਟਰਵਾਦੀ ਸੰਸਥਾਂਵਾਂ ਦੀ ਭੂਮਿਕਾ, ਹਿੰਦੂਤਵਾ ਸਿਆਸਤ ਵਿੱਚ ਵਿਲੀਨ ਹੁੰਦੀ ਜਾਤੀ ਪਛਾਣ, ਇਸ ਇਲਾਕੇ ਵਿੱਚੋਂ ਸ਼ਕਤੀਸ਼ਾਲੀ ਭਾਰਤੀ ਕਿਸਾਨ ਯੂਨੀਅਨ ਦੀ ਟੁੱਟ-ਭੱਜ ਅਤੇ ਦਲਿਤ ਸਿਆਸਤ ਦੀਆਂ ਕਈ ਤਹਿਆਂ ਅਤੇ ਮੁਸਲਮਾਨ ਭਾਈਚਾਰੇ ਦੀ ਬੇਗਾਨਗੀ- ਨੂੰ ਘੋਖਣ ਦਾ ਯਤਨ ਵੀ ਕੀਤਾ ਗਿਆ ਹੈ। 

ਅਗਸਤ 2015 ਵਿੱਚ ਦਿੱਲੀ ਯੂਨੀਵਰਸਿਟੀ ਵਿੱਚ ਇਸ ਫਿਲਮ ਨੂੰ ਦਿਖਾਏ ਜਾਣ ਦੇ ਇਕ ਪ੍ਰੋਗਰਾਮ ਨੂੰ ਵਿਦਿਆਰਥੀਆਂ ਦੀ ਸੱਜੇ ਪੱਖੀ ਜਥੇਬੰਦੀ ਅਖਿਲ ਭਾਰਤੀਆ ਵਿਦਿਆਰਥੀ ਪ੍ਰੀਸ਼ਦ ਨੇ ਭੰਗ ਕਰ ਦਿੱਤਾ ਸੀ ਅਤੇ ਫਿਲਮਸਾਜ਼ ਅਤੇ ਯੂਨੀਵਰਸਿਟੀ ਦੇ ਹੋਰ ਪ੍ਰੋਫੈਸਰਾਂ ਨੂੰ ਆਪਣੇ ਹਮਲੇ ਦਾ ਸ਼ਿਕਾਰ ਬਣਾਇਆ ਸੀ। ਇਸ ਤੋਂ ਬਾਅਦ ਇਸ ਦੇ ਵਿਰੋਧ ਵਿੱਚ ਅਤੇ ਵਿਚਾਰਾਂ ਦੀ ਅਜ਼ਾਦੀ ਦੀ ਹਿਮਾਇਤ ਵਿੱਚ ਪੂਰੇ ਹਿੰਦੁਸਤਾਨ ਵਿੱਚ ਇਸ ਫਿਲਮ ਦੇ 200 ਸ਼ੋਆਂ ਦਾ ਪ੍ਰਬੰਧ ਕੀਤਾ ਗਿਆ। ਉਸ ਤੋਂ ਬਾਅਦ ਹੁਣ ਤੱਕ ਇਹ ਫਿਲਮ ਦੇਸ਼ ਅਤੇ ਵਿਦੇਸ਼ ਵਿੱਚ ਕਈ ਜਾਣੇ ਪਛਾਣੇ ਫਿਲਮ ਫੈਸਟੀਵਲਾਂ ਅਤੇ ਸਮਾਗਮਾਂ ਵਿੱਚ ਦਿਖਾਈ ਜਾ ਚੁੱਕੀ ਹੈ।

ਸੰਨ 2016 ਬਣੀ ਸਾਹਨੀ ਦੀ ਅੱਧੇ ਘੰਟੇ ਦੀ ਛੋਟੀ ਫਿਲਮ 'ਕੈਰਾਨਾ ਸੁਰਖੀਆਂ ਕੇ ਬਾਅਦ' ਸਿਆਸਤਦਾਨਾਂ ਵੱਲੋਂ ਪੱਛਮੀ ਉੱਤਰ ਪ੍ਰਦੇਸ਼ ਦੇ ਖੇਤਰ ਵਿੱਚ ਝੂਠੀਆਂ ਖਬਰਾਂ ਫੈਲਾ ਕੇ ਹਿੰਦੂਆਂ ਅਤੇ ਮੁਸਲਮਾਨਾਂ ਵਿਚਕਾਰ ਤਣਾਅ ਅਤੇ ਝਗੜੇ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਦਾ ਪਾਜ਼ ਉਘਾੜਦੀ ਹੈ। ਜੂਨ 2016 ਵਿੱਚ ਇਸ ਇਲਾਕੇ ਦੇ ਭਾਰਤੀ ਜਨਤਾ ਪਾਰਟੀ ਦੇ ਐੱਮ ਪੀ ਹੁਕਮ ਸਿੰਘ ਨੇ ਦਾਅਵਾ ਕੀਤਾ ਸੀ ਕਿ ਇਸ ਇਲਾਕੇ ਦੇ 346 ਹਿੰਦੂ ਪਰਿਵਾਰ ਇਹ ਇਲਾਕਾ ਛੱਡ ਕੇ ਚਲੇ ਗਏ ਹਨ, ਕਿਉਂਕਿ ਮੁਸਲਮਾਨ ਬਹੁਗਿਣਤੀ ਵਾਲੇ ਇਸ ਇਲਾਕੇ ਵਿੱਚ ਮੁਸਲਮਾਨਾਂ ਵੱਲੋਂ ਹਿੰਦੂਆਂ ਨੂੰ ਤੰਗ ਕੀਤਾ ਜਾ ਰਿਹਾ ਹੈ। ਪਰ ਜਲਦੀ ਇਸ ਗੱਲ ਦਾ ਪਤਾ ਲੱਗ ਗਿਆ ਕਿ ਉਸ ਵੱਲੋਂ ਦਿੱਤੀ ਗਈ 346 ਹਿੰਦੂਆਂ ਦੀ ਲਿਸਟ ਝੂਠੀ ਸੀ। ਫਿਲਮ ਵਿੱਚ ਇਸ ਇਲਾਕੇ ਦੇ ਕਈ ਮੁਸਲਮਾਨ, ਹਿੰਦੂ, ਜੈਨ ਆਦਿ ਧਰਮਾਂ ਦੇ ਲੋਕਾਂ ਨੂੰ ਇੰਟਰਵਿਊ ਕੀਤਾ ਗਿਆ ਹੈ। ਇੰਟਰਵਿਊਆਂ ਵਿੱਚ ਇਹ ਲੋਕ ਇਲਾਕੇ ਦੇ ਸਿਆਸਤਦਾਨਾਂ ਵੱਲੋਂ ਆਪਣੇ ਸੌੜੇ ਹਿੱਤਾਂ ਲਈ ਫੈਲਾਈਆਂ ਜਾਂਦੀਆਂ ਝੂਠੀਆਂ ਖਬਰਾਂ ਦਾ ਖੰਡਨ ਕਰਨ ਦੇ ਨਾਲ ਨਾਲ ਇਲਾਕੇ ਦੇ ਲੋਕਾਂ ਦੇ ਅਸਲੀ ਮੁੱਦਿਆਂ ਨੂੰ ਸਾਹਮਣੇ ਲਿਆਉਂਦੇ ਹਨ।

ਸੰਨ 2017 ਵਿੱਚ ਬਣਾਈ ਉਸ ਦੀ ਵੀਹ ਮਿੰਟ ਦੀ ਛੋਟੀ ਫਿਲਮ 'ਸਵਿਤਰੀ ਭੈਣਾਂ' ਅਜ਼ਾਦੀ ਕੂਚ ਮਾਰਚ ਵਿੱਚ ਹਿੱਸਾ ਲੈ ਰਹੀਆਂ ਦੋ ਦਲਿਤ ਭੈਣਾਂ - ਲਕਸ਼ਮੀਬੈਨ ਅਤੇ ਮਧੂਬੈਨ- 'ਤੇ ਕੇਂਦਰਿਤ ਹੈ। ਜੁਲਾਈ 2016 ਵਿੱਚ ਗੁਜਰਾਤ ਦੇ ਕਸਬੇ ਊਨਾ ਵਿੱਚ ਇਕ ਦਲਿਤ ਪਰਿਵਾਰ ਦੇ 7 ਜੀਆਂ ਨੂੰ ਗਊ ਰੱਖਸ਼ਕਾਂ ਵੱਲੋਂ ਜਨਤਕ ਤੌਰ 'ਤੇ ਕੁੱਟਿਆ ਗਿਆ ਸੀ। ਜਦੋਂ ਇਸ ਮਾਰਕੁੱਟ ਵੀਡੀਓ ਸੋਸ਼ਲ ਮੀਡੀਏ 'ਤੇ ਲੋਕਾਂ ਵੱਲੋਂ ਵੱਡੀ ਗਿਣਤੀ ਵਿੱਚ ਦੇਖੀ ਗਈ ਤਾਂ ਇਸ ਘਟਨਾ ਵਿਰੁੱਧ ਪੂਰੇ ਸੂਬੇ ਵਿੱਚ ਬਹੁਤ ਸਾਰੇ ਪ੍ਰਦਰਸ਼ਨ ਹੋਏ। ਇਸ ਘਟਨਾ ਤੋਂ ਇਕ ਸਾਲ ਬਾਅਦ ਗੁਜਰਾਤ ਵਿੱਚ ਦਲਿਤਾਂ ਵੱਲੋਂ 'ਅਜ਼ਾਦੀ ਕੂਚ' ਯਾਤਰਾ ਦਾ ਪ੍ਰਬੰਧ ਕੀਤਾ ਗਿਆ। ਇਹ ਯਾਤਰਾ ਗੁਜਰਾਤ ਦੇ ਕਈ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਵਿੱਚ ਦੀ ਲੰਘੀ। ਫਿਲਮ 'ਸਵਿਤਰੀ ਭੈਣਾਂ' ਇਸ ਯਾਤਰਾ ਵਿੱਚ ਹਿੱਸਾ ਲੈ ਰਹੀਆਂ ਦੋ ਭੈਣਾਂ ਦੇ ਤਜਰਬੇ ਨੂੰ ਰਿਕਾਰਡ ਕਰਦੀ ਹੈ। ਇਕ ਪਾਸੇ ਇਹ ਫਿਲਮ ਦਲਿਤ ਅੰਦੋਲਨ ਵਿੱਚ ਇਨ੍ਹਾਂ ਦੋ ਭੈਣਾਂ ਦੇ ਲੀਡਰ ਬਣ ਕੇ ਉਭਰਨ ਦੀ ਨਿੱਜੀ ਕਹਾਣੀ ਅਤੇ ਜੱਦੋਜਹਿਦ ਨੂੰ ਰਿਕਾਰਡ ਕਰ ਕੇ ਇਸ ਜੱਦੋਜਹਿਦ ਵਿੱਚ ਔਰਤਾਂ ਵੱਲੋਂ ਪਾਏ ਯੋਗਦਾਨ ਨੂੰ ਉਭਾਰਦੀ ਹੈ, ਦੂਜੇ ਪਾਸੇ ਹੋਰ ਔਰਤਾਂ ਨੂੰ ਆਪਣੇ ਹੱਕਾਂ ਲਈ ਜੱਦੋਜਹਿਦ ਕਰਨ ਲਈ ਪ੍ਰੇਰਨਾ ਦਿੰਦੀ ਹੈ।

ਡਾਕੂਮੈਂਟਰੀ ਫਿਲਮਸਾਜ਼ੀ ਤੋਂ ਬਿਨਾਂ ਨਕੁਲ ਸਾਹਨੀ ਪੱਛਮੀ ਉੱਤਰ ਪ੍ਰਦੇਸ਼ ਵਿੱਚ ਇਕ ਚੱਲ-ਚਿੱਤਰ ਅਭਿਆਨ ਨਾਂ ਦਾ ਇਕ ਗਰੁੱਪ ਵੀ ਚਲਾ ਰਿਹਾ ਹੈ। ਇਸ ਗਰੁੱਪ ਦਾ ਮਕਸਦ ਮੁੱਖ ਧਾਰਾ ਮੀਡੀਏ ਵੱਲੋਂ ਅਣਗੌਲੇ ਮੁੱਦਿਆਂ ਨੂੰ ਉਭਾਰਨਾ ਅਤੇ ਜਨਤਕ ਵਿਚਾਰ ਚਰਚਾ ਦੇ ਕੇਂਦਰ ਵਿੱਚ ਲਿਆਉਣਾ ਹੈ। ਇਸ ਮਕਸਦ ਨੂੰ ਪੂਰਾ ਕਰਨ ਲਈ ਗਰੁੱਪ ਆਮ ਲੋਕਾਂ ਨਾਲ ਸੰਬੰਧਤ ਮਸਲਿਆਂ 'ਤੇ ਛੋਟੀਆਂ ਡਾਕੂਮੈਂਟਰੀ ਫਿਲਮਾਂ, ਨਿਊਜ਼ ਫੀਚਰ, ਮੁਲਾਕਾਤਾਂ ਅਤੇ ਲਾਈਵ ਬ੍ਰਾਡਕਾਸਟ ਪ੍ਰੋਗਰਾਮ ਤਿਆਰ ਕਰਦਾ ਹੈ। ਇਸ ਤਰ੍ਹਾਂ ਦੇ ਪ੍ਰੋਗਰਾਮ ਤਿਆਰ ਕਰਨ ਦੇ ਨਾਲ ਨਾਲ ਗਰੁੱਪ ਸਥਾਨਕ ਲੋਕਾਂ ਨੂੰ ਇਸ ਤਰ੍ਹਾਂ ਦੇ ਪ੍ਰੋਗਰਾਮ ਤਿਆਰ ਕਰਨ ਲਈ ਸਿਖਲਾਈ ਵੀ ਦਿੰਦਾ ਹੈ, ਤਾਂ ਕਿ ਉਹ ਵੀਡੀਓ ਰਾਹੀਂ ਆਪਣੀ ਗੱਲ ਆਪ ਕਹਿ ਸਕਣ।

ਇਹ ਖੁਸ਼ੀ ਦੀ ਗੱਲ ਹੈ ਕਿ ਇਸ ਨਵੰਬਰ ਵਿੱਚ ਨਕੁਲ ਸਾਹਨੀ ਕੈਨੇਡਾ ਦੀ ਫੇਰੀ 'ਤੇ ਆ ਰਿਹਾ ਹੈ। ਕੈਨੇਡਾ ਵਿੱਚ ਉਹ ਆਪਣੀ ਫੇਰੀ ਦੀ ਸ਼ੁਰੂਆਤ, 2 ਨਵੰਬਰ 2019 ਨੂੰ ਯੂਨੀਵਰਿਸਟੀ ਆਫ ਬ੍ਰਿਟਿਸ਼ ਕੋਲੰਬੀਆ ਵਿੱਚ 'ਪੈਟਰਨਜ਼ ਆਫ ਪੁਲੀਟੀਕਲ ਵਾਇਲੈਂਸ: 35 ਯੀਅਰਜ਼ ਸਿੰਸ 1984' ਨਾਂ ਦੇ ਸਮਾਗਮ ਵਿੱਚ ਹਿੱਸਾ ਲੈ ਕੇ ਕਰੇਗਾ। ਇਸ ਸਮਾਗਮ ਵਿੱਚ ਉਸ ਦੀ ਫਿਲਮ ਮੁਜੱਫਰ ਨਗਰ ਬਾਕੀ ਹੈ ਦਿਖਾਈ ਜਾਏਗੀ ਅਤੇ ਸਾਹਨੀ ਨਾਲ ਗੱਲਬਾਤ ਕੀਤੀ ਜਾਵੇਗੀ। ਸੈਂਟਰ ਫਾਰ ਇੰਡੀਆ ਐਂਡ ਸਾਊਥ ਏਸ਼ੀਆ ਰਿਸਰਚ ਵੱਲੋਂ ਕੀਤੇ ਜਾ ਰਹੇ ਇਸ ਸਮਾਗਮ ਬਾਰੇ ਹੋਰ ਜਾਣਕਾਰੀ ਇਸ ਵੈੱਬਸਾਈਟ ਤੋਂ ਲਈ ਜਾ ਸਕਦੀ ਹੈ: https://cisar.iar.ubc.ca/events/event/patterns-of-political-violence/।

ਕੈਨੇਡਾ ਦੇ ਯੂਨੀਵਰਸਿਟੀ ਖੇਤਰ ਵਿੱਚ ਨਕੁਲ ਸਾਹਨੀ ਦਾ ਦੂਸਰਾ ਪ੍ਰੋਗਰਾਮ 22 ਨਵੰਬਰ 2019 ਨੂੰ ਯੂਨੀਵਰਸਿਟੀ ਆਫ ਟਰਾਂਟੋ, ਮਿਸੀਸਾਗਾ ਵਿਖੇ ਹੋਵੇਗਾ। ਸੈਂਟਰ ਫਾਰ ਸਾਊਥ ਏਸ਼ੀਅਨ ਸਿਵਿਲਾਈਜੇਸ਼ਨ ਵੱਲੋਂ ਕਰਵਾਏ ਜਾ ਰਹੇ ਇਸ ਪ੍ਰੋਗਰਾਮ ਵਿੱਚ ਸਾਹਨੀ ਦੀ ਫਿਲਮ ਮੁਜੱਫਰ ਨਗਰ ਬਾਕੀ ਹੈ ਦਿਖਾਈ ਜਾਵੇਗੀ ਅਤੇ ਸਾਹਨੀ ਨਾਲ ਗੱਲਬਾਤ ਕੀਤੀ ਜਾਵੇਗੀ। ਯੂਨੀਵਰਸਿਟੀ ਆਫ ਟਰਾਂਟੋ ਦੇ ਇਸ ਪ੍ਰੋਗਰਾਮ ਬਾਰੇ ਹੋਰ ਜਾਣਕਾਰੀ ਇਸ ਵੈੱਬਸਾਈਟ ਤੋਂ ਲਈ ਜਾ ਸਕਦੀ ਹੈ:  https://www.eventbrite.ca/e/muzaffarnagar-baaqi-hai-tickets-73689991749

ਯੂਨੀਵਰਸਿਟੀਆਂ ਦੇ ਦਾਇਰੇ ਤੋਂ ਬਿਨਾਂ ਨਕੁਲ ਸਾਹਨੀ ਦੇ ਕਮਿਊਨਿਟੀ ਪ੍ਰੋਗਰਾਮ ਸਰੀ ਵਿੱਚ 3 ਨਵੰਬਰ ਨੂੰ, ਕੈਲਗਰੀ ਵਿੱਚ 15 ਨਵੰਬਰ ਨੂੰ, ਵਿਨੀਪੈੱਗ ਵਿੱਚ 17 ਨਵੰਬਰ ਨੂੰ ਅਤੇ ਟਰਾਂਟੋ ਵਿੱਚ 24 ਨਵੰਬਰ ਨੂੰ ਹੋਣਗੇ। ਇਨ੍ਹਾਂ ਪ੍ਰੋਗਰਾਮਾਂ ਵਿੱਚ ਸਾਹਨੀ ਦੀ ਡਾਕੂਮੈਂਟਰੀ 'ਇੱਜ਼ਤ ਨਗਰ ਕੀ ਅਸੱਭਿਆ ਬੇਟੀਆਂ' ਦਿਖਾਈ ਜਾਵੇਗੀ ਅਤੇ ਸ੍ਰੋਤਿਆਂ ਨੂੰ ਨਕੁਲ ਸਾਹਨੀ ਨਾਲ ਸਵਾਲ-ਜਵਾਬ ਕਰਨ ਦਾ ਮੌਕਾ ਮਿਲੇਗਾ। ਇਨ੍ਹਾਂ ਪ੍ਰੋਗਰਾਮ ਬਾਰੇ ਹੋਰ ਜਾਣਕਾਰੀ ਲਈ ਸਰੀ ਵਿੱਚ (604-644-2470), ਕੈਲਗਰੀ ਵਿੱਚ (403-455-4220 ਜਾਂ 403-681-8689), ਵਿਨੀਪੈੱਗ ਵਿੱਚ (204-914-0355 ਜਾਂ 204-488-6960) ਅਤੇ ਟਰਾਂਟੋ ਵਿੱਚ (416-704-0745 ਜਾਂ 416-881-7202) 'ਤੇ ਫੋਨ ਕੀਤਾ ਜਾ ਸਕਦਾ ਹੈ।

ਨੋਟ: ਇਹ ਲੇਖ ਨਕੁਲ ਸਾਹਨੀ ਵੱਲੋਂ ਭੇਜੀ ਜਾਣਕਾਰੀ ਅਤੇ ਵਿੱਕੀਪੀਡੀਏ 'ਤੇ ਮਿਲਦੀ ਜਾਣਕਾਰੀ ਦੇ ਆਧਾਰ 'ਤੇ ਲਿਖਿਆ ਗਿਆ ਹੈ।

ਵੱਖ ਵੱਖ ਸ਼ਹਿਰਾਂ ਵਿੱਚ ਹੋਣ ਵਾਲੇ ਪ੍ਰੋਗਰਾਮਾਂ ਬਾਰੇ ਹੋਰ ਵੇਰਵੇ ਕੱਲ੍ਹ ਦਿੱਤੇ ਜਾਣਗੇ।

ਫਿਲਮ ਪਦਮਾਵਤ ਦੇ ਡਾਇਰੈਕਟਰ ਸੰਜੇ ਲੀਲਾ ਭੰਸਾਲੀ ਦੇ ਨਾਮ ਫਿਲਮ ਅਦਾਕਾਰਾ ਸਵਰਾ ਭਾਸਕਰ ਦਾ ਖੁੱਲ੍ਹਾ ਖੱਤ।

ਅੰਗਰੇਜ਼ੀ ਤੋਂ ਅਨੁਵਾਦ - ਸੁਖਵੰਤ ਹੁੰਦਲ


ਪਿਆਰੇ ਭੰਸਾਲੀ ਜੀ,

ਸਭ ਤੋਂ ਪਹਿਲਾਂ ਤੁਹਾਡੇ ਵਲੋਂ ਆਪਣਾ ਸ਼ਾਹਕਾਰ ''ਪਦਮਾਵਤ" ૶ ਰਿਲੀਜ਼ ਕਰਨ ਲਈ ਵਧਾਈਆਂ। ਬੇਸ਼ੱਕ ਇਸ ਵਿੱਚੋਂ ਤੁਹਾਨੂੰ ਬਿਹਾਰੀ, ਖੂਬਸੂਰਤ ਦੀਪਿਕਾ ਪਦੁਕੋਨ ਦੀ ਨੰਗੀ ਕਮਰ ਅਤੇ 70 ਹੋਰ ਸ਼ਾਟ ਕੱਟਣੇ ਪਏ। ਫਿਰ ਵੀ ਤੁਸੀਂ ਹਰ ਇਕ ਦਾ ਸਿਰ ਮੋਢਿਆਂ 'ਤੇ ਅਤੇ ਨੱਕਾਂ ਨੂੰ ਸਾਬਤ ਸਬੂਤ ਰੱਖਦੇ ਹੋਏ ਇਸ ਨੂੰ ਰਿਲੀਜ਼ ਕਰਨ ਵਿੱਚ ਕਾਮਯਾਬ ਹੋ ਗਏ। ਅਤੇ ਅੱਜ ਦੇ ਇਸ 'ਸਹਿਣਸ਼ੀਲ' ਭਾਰਤ ਵਿੱਚ, ਜਿੱਥੇ ਲੋਕਾਂ ਨੂੰ ਮੀਟ ਖਾਣ ਦੇ ਮਾਮਲਿਆਂ ਵਿੱਚ ਕਤਲ ਕਰ ਦਿੱਤਾ ਜਾਂਦਾ ਹੈ, ਅਤੇ ਮਰਦ ਸ਼ਾਨ ਦੀ ਪੁਰਾਣੀ ਧਾਰਨਾ ਦਾ ਬਦਲਾ ਲੈਣ ਲਈ ਸਕੂਲ ਦੇ ਬੱਚਿਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ, ਤੁਹਾਡੀ ਫਿਲਮ ਦਾ ਰਿਲੀਜ਼ ਹੋਣਾ, ਇਕ ਸਲਾਹੁਣਯੋਗ ਘਟਨਾ ਹੈ, ਅਤੇ ਇਸ ਲਈ ਇਕ ਵਾਰ ਫੇਰ ਵਧਾਈਆਂ।

ਤੁਹਾਡੀ ਸਾਰੀ ਕਾਸਟ ૶ ਮੁੱਖ ਅਤੇ ਸਹਾਇਕ- ਵਲੋਂ ਬਹੁਤ ਵਧੀਆ ਪੇਸ਼ਕਾਰੀ ਲਈ ਵੀ ਵਧਾਈਆਂ। ਫਿਲਮ ਇਕ ਦੇਖਣ ਨੂੰ ਅਸਚਰਜ ਤਾਂ ਹੈ ਹੀ। ਪਰ ਫਿਰ ਤੁਹਾਡੇ ਵਰਗੇ ਪ੍ਰਤਿਭਾਸ਼ਾਲੀ ਕਲਾਕਾਰ, ਜੋ ਜਿਸ ਚੀਜ਼ ਨੂੰ ਵੀ ਛੋਂਹਦਾ ਹੈ ਉਸ ਤੇ ਆਪਣੀ ਛਾਪ ਛੱਡਦਾ ਹੈ, ਤੋਂ ਇਸ ਸਭ ਕੁਝ ਦੀ ਆਸ ਹੀ ਸੀ।

ਹਾਂ ਸਰ ਆਪਾਂ ਦੋਵੇਂ ਇਕ ਦੂਜੇ ਨੂੰ ਜਾਣਦੇ ਹਾਂ। ਮੈਨੂੰ ਪਤਾ ਨਹੀਂ ਕਿ ਤੁਹਾਨੂੰ ਯਾਦ ਹੋਏਗਾ ਕਿ ਮੈਂ ਤੁਹਾਡੀ ਫਿਲਮ ਗੁਜ਼ਾਰਿਸ਼ ਵਿੱਚ ਇਕ ਛੋਟਾ ਜਿਹਾ ਰੋਲ ਕੀਤਾ ਸੀ। ਸਹੀ ਕਹਿਣਾ ਹੋਵੇ ਤਾਂ ਦੋ ਸੀਨਾਂ ਜਿੱਡਾ ਲੰਬਾ ਰੋਲ। ਮੈਨੂੰ ਤੁਹਾਡੇ ਨਾਲ ਆਪਣੀਆਂ ਲਾਈਨਾਂ ਬਾਰੇ ਸੰਖੇਪ ਗੱਲਬਾਤ ਕਰਨਾ ਅਤੇ ਤੁਹਾਡੇ ਵਲੋਂ ਇਹਨਾਂ ਲਾਈਨਾਂ ਬਾਰੇ ਮੇਰੀ ਰਾਇ ਪੁੱਛੇ ਜਾਣਾ   ਯਾਦ ਹੈ। ਮੈਨੂੰ ਯਾਦ ਹੈ ਕਿ ਪੂਰਾ ਇਕ ਮਹੀਨਾ ਮੈਨੂੰ ਇਸ ਗੱਲ ਦਾ ਮਾਣ ਰਿਹਾ ਕਿ ਸੰਜੇ ਲੀਲਾ ਭੰਸਾਲੀ ਨੇ ਮੇਰੇ ਕੋਲੋਂ ਮੇਰੀ ਰਾਇ ਪੁੱਛੀ ਸੀ। ਮੈਨੂੰ ਯਾਦ ਹੈ ਜਦੋਂ ਤੁਸੀਂ ਇਕ ਸੀਨ ਵਿੱਚ ਇਕ ਜੂਨੀਅਰ ਆਰਟਿਸਟ ਨੂੰ ਸੀਨ ਸਮਝਾਇਆ ਸੀ ਅਤੇ ਦੂਜੇ ਸੀਨ ਵਿੱਚ ਜਿੰਮੀ ਜਿੱਬ ਉਪਰੇਟਰ ਨੂੰ, ਇਕ ਖਾਸ ਸ਼ਾਟ ਬਾਰੇ ਕੁਝ ਨਿੱਕਾ ਵਿਸਥਾਰ। ਮੈਨੂੰ ਇਹ ਸੋਚਣਾ ਯਾਦ ਹੈ, ''ਵਾਹ! ਇਹ ਬੰਦਾ ਆਪਣੀ ਫਿਲਮ ਦੇ ਹਰ ਨਿੱਕੇ ਵਿਸਥਾਰ ਦਾ ਖਿਆਲ ਰੱਖਦਾ ਹੈ।" ਸ਼੍ਰੀ ਮਾਨ ਜੀ, ਮੈਂ ਤੁਹਾਡੇ ਤੋਂ ਬਹੁਤ ਪ੍ਰਭਾਵਿਤ ਹੋਈ ਸੀ।

ਤੁਹਾਡੀਆਂ ਫਿਲਮਾਂ ਦੇਖਣ ਦੀ ਸ਼ੁਕੀਨ ਮੈਂ ਇਸ ਗੱਲ 'ਤੇ ਹੈਰਾਨ ਹੁੰਦੀ ਹਾਂ ਕਿ ਤੁਸੀਂ ਕਿਵੇਂ ਆਪਣੀ ਹਰ ਫਿਲਮ ਵਿੱਚ ਹੱਦਾਂ ਉਲੰਘਦੇ ਹੋ ਅਤੇ ਕਿਸ ਤਰ੍ਹਾਂ ਸਿਤਾਰੇ ਤੁਹਾਡੇ ਯੋਗ ਨਿਰਦੇਸ਼ਨ ਅਧੀਨ ਬਹੁਤ ਜ਼ਬਰਦਸਤ ਅਤੇ ਡੂੰਘੇ ਅਦਾਕਾਰ ਬਣ ਜਾਂਦੇ ਹਨ। ਤੁਸੀਂ ਮਹਾਂਕਾਵਿਕ ਪਿਆਰ ਬਾਰੇ ਮੇਰੇ ਵਿਚਾਰਾਂ ਨੂੰ ਬਦਲਿਆ ਹੈ ਅਤੇ ਮੈਂ ਉਸ ਦਿਨ ਬਾਰੇ ਕਲਪਨਾ ਕਰਦੀ ਹਾਂ ਜਿਸ ਦੀ ਇਕ ਮੁੱਖ ਨਾਇਕਾ ਵਜੋਂ ਮੈਂ ਤੁਹਾਡੇ ਨਿਰਦੇਸ਼ਨ ਹੇਠ ਕੰਮ ਕਰਾਂਗੀ।

ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦੀ ਹਾਂ ਕਿ ਮੈਂ ਤੁਹਾਡੀ ਫਿਲਮ ਦੇ ਹੱਕ ਵਿੱਚ ਲੜੀ ਸੀ ਜਦੋਂ ਇਸ ਦਾ ਨਾਂ ਪਦਮਾਵਤੀ ਸੀ। ਮੈਂ ਇਹ ਮੰਨਦੀ ਹਾਂ ਕਿ ਮੈਂ ਟਵਿਟਰ ਟਾਇਮਲਾਈਨ 'ਤੇ ਲੜੀ ਸੀ, ਕਿਸੇ ਜੰਗ ਦੇ ਮੈਦਾਨ ਵਿੱਚ ਨਹੀਂ ਅਤੇ ਮੈਂ ਟਰੋਲਾਂ ਨਾਲ ਲੜੀ ਸੀ ਕਿਸੇ ਜੰਨੂਨੀ ਅਤੇ ਖਬਤੀ ਮੁਸਲਮਾਨਾਂ ਨਾਲ ਨਹੀਂ; ਪਰ ਫਿਰ ਵੀ ਮੈਂ ਤੁਹਾਡੇ ਲਈ ਲੜੀ ਸੀ। ਮੈਂ ਟੀ ਵੀ ਕੈਮਰਿਆਂ 'ਤੇ ਉਹ ਗੱਲਾਂ ਕਹੀਆਂ ਜਿਹੜੀਆਂ ਮੈਂ ਸੋਚਦੀ ਸੀ ਕਿ ਤੁਸੀਂ ਨਹੀਂ ਕਹਿ ਸਕਦੇ ਕਿਉਂਕਿ ਤੁਹਾਡੇ 185 ਕਰੋੜ ਦਾਅ 'ਤੇ ਲੱਗੇ ਹੋਏ ਸਨ।

ਸਬੂਤ ਲਈ ਤੁਸੀਂ ਇਹ ਦੇਖ ਸਕਦੇ ਹੋ:

ਅਤੇ ਮੈਂ ਜੋ ਕਿਹਾ ਸੱਚ ਮੁੱਚ ਹੀ ਉਸ 'ਤੇ ਯਕੀਨ ਕਰਦੀ ਸੀ। ਮੈਂ ਸੱਚ ਮੁੱਚ ਹੀ ਯਕੀਨ ਕਰਦੀ ਸੀ ਅਤੇ ਹੁਣ ਵੀ ਕਰਦੀ ਹਾਂ ਕਿ ਤੁਹਾਨੂੰ ਅਤੇ ਇਸ ਦੇਸ਼ ਦੇ ਕਿਸ ਵੀ ਹੋਰ ਵਿਅਕਤੀ ਨੂੰ ਉਸ ਦਾ ਸੈੱਟ ਜਲਾਏ ਜਾਣ ਤੋਂ ਬਿਨਾਂ, ਉਸ 'ਤੇ ਹਮਲਾ ਕੀਤੇ ਜਾਣ ਤੋਂ ਬਿਨਾਂ, ਉਸ ਦੇ ਅੰਗ ਕੱਟੇ ਜਾਣ ਤੋਂ ਬਿਨਾਂ ਜਾਂ ਉਸ ਦੀ ਜ਼ਿੰਦਗੀ ਖਰਾਬ ਕੀਤੇ ਜਾਣ ਤੋਂ ਬਿਨਾਂ ਉਹ ਕਹਾਣੀ ਦੱਸਣ ਦਾ ਹੱਕ ਹੈ ਜਿਹੜੀ ਕਹਾਣੀ ਉਹ ਦੱਸਣਾ ਚਾਹੁੰਦਾ ਹੈ, ਉਸ ਢੰਗ ਨਾਲ ਦੱਸਣ ਦਾ ਹੱਕ ਹੈ ਜਿਸ ਢੰਗ ਨਾਲ ਉਹ ਦੱਸਣਾ ਚਾਹੁੰਦਾ ਹੈ, ਹੀਰੋਇਨ ਦਾ ਉਨਾ ਕੁ ਢਿੱਡ ਦਿਖਾਉਣ ਦਾ ਹੱਕ ਹੈ ਜਿੰਨਾ ਕੁ ਢਿੱਡ ਉਹ ਦਿਖਾਉਣਾ ਚਾਹੁੰਦਾ ਹੈ।

ਇਸ ਦੇ ਨਾਲ ਹੀ, ਆਮ ਤੌਰ 'ਤੇ, ਲੋਕਾਂ ਨੂੰ ਫਿਲਮਾਂ ਬਣਾ ਸਕਣ ਅਤੇ ਰਿਲੀਜ਼ ਕਰਨ ਦਾ ਹੱਕ ਹੋਣਾ ਚਾਹੀਦਾ ਹੈ ਅਤੇ ਬੱਚਿਆਂ ਨੂੰ ਸੁਰੱਖਿਆ ਨਾਲ ਸਕੂਲ ਜਾਣ ਦਾ। ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਮੈਂ ਸੱਚਮੁੱਚ ਕਾਮਨਾ ਕਰਦੀ ਸੀ ਕਿ ਤੁਹਾਡੀ ਫਿਲਮ ਬਹੁਤ ਜ਼ਿਆਦਾ ਕਾਮਯਾਬ ਹੋਵੇ, ਬਲਾਕਬਸਟਰ ਬਣੇ ਅਤੇ ਬਾਕਸ ਆਫਿਸ 'ਤੇ ਸਾਰੇ ਰਿਕਾਰਡ ਤੋੜ ਦੇਵੇ, ਜਿਸ ਤੋਂ ਹੋਣ ਵਾਲੀ ਆਮਦਨ ਕਰਨੀ ਸੈਨਾ ਅਤੇ ਉਨ੍ਹਾਂ ਦੇ ਸਾਥੀ ਦਹਿਸ਼ਤਗਰਦਾਂ ਦੇ ਮੂੰਹ ਉੱਪਰ ਇਕ ਚਪੇੜ ਹੋਵੇ। ਇਸ ਲਈ ਬਹੁਤ ਜੋਸ਼ ਨਾਲ ਅਤੇ ਇਕ ਉਪਾਸ਼ਕ ਦੇ ਉਤਸ਼ਾਹ ਨਾਲ ਮੈਂ ਪਦਮਾਵਤ ਲਈ ਪਹਿਲੇ ਦਿਨ ਅਤੇ ਪਹਿਲੇ ਸ਼ੋਅ ਦੀਆਂ ਟਿਕਟਾਂ ਬੁੱਕ ਕਰਵਾਈਆਂ ਅਤੇ ਆਪਣੇ ਸਾਰੇ ਪਰਿਵਾਰ ਅਤੇ ਆਪਣੇ ਰਸੋਈਏ ਨੂੰ ਫਿਲਮ ਦੇਖਣ ਲੈ ਕੇ ਗਈ।

ਸ਼ਾਇਦ ਫਿਲਮ ਨਾਲ ਇਸ ਤਰ੍ਹਾਂ ਦਾ ਲਗਾਉ ਅਤੇ ਇਸ ਬਾਰੇ ਇਸ ਤਰ੍ਹਾਂ ਦਾ ਫਿਕਰ ਹੋਣ ਕਰਕੇ ਮੈਂ ਇਸ ਨੂੰ ਦੇਖ ਕੇ ਬਹੁਤ ਹੈਰਾਨ ਹੋਈ ਹਾਂ। ਸ਼ਾਇਦ ਇਸ ਹੀ ਕਰਕੇ ਮੈਂ ਤੁਹਾਨੂੰ ਲਿਖਣ ਦੀ ਖੁੱਲ੍ਹ ਲੈ ਰਹੀ ਹਾਂ ਅਤੇ ਤੁਹਾਨੂੰ ਲਿਖਣ ਲਈ ਉਤਾਵਲੀ ਹੋ ਰਹੀ ਹਾਂ। ਮੈਂ ਸਪਸ਼ਟ ਅਤੇ ਸਿੱਧੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੀ, ਭਾਵੇਂ ਕਿ ਕਹਿਣ ਵਾਲਾ ਬਹੁਤ ਕੁਝ ਹੈ।

' ਸ਼੍ਰੀ ਮਨ ਜੀ ਬਲਾਤਕਾਰ ਦਾ ਸ਼ਿਕਾਰ ਹੋਣ ਦੇ ਬਾਵਜੂਦ ਵੀ ਔਰਤਾਂ ਨੂੰ ਜੀਣ ਦਾ ਹੱਕ ਹੈ। 

' ਉਨ੍ਹਾਂ ਦੇ ਪਤੀਆਂ, ਮਰਦ 'ਰੱਖਿਅਕਾਂ' 'ਮਾਲਕਾਂ', 'ਉਨ੍ਹਾਂ ਦੀ ਲਿੰਗਤਾ ਨੂੰ ਕੰਟਰੋਲ ਕਰਨ ਵਾਲਿਆਂ' ... ਤੁਹਾਡੀ ਨਜ਼ਰ ਵਿੱਚ ਮਰਦ ਜੋ ਵੀ ਹੋਣ, ਦੀ ਮੌਤ ਹੋਣ ਬਾਅਦ ਔਰਤਾਂ ਨੂੰ ਜੀਣ ਦਾ ਹੱਕ ਹੈ।

' ਔਰਤਾਂ ਨੂੰ ਸੁਤੰਤਰ ਹੋ ਕੇ ਜੀਣ ਦਾ ਹੱਕ ਹੈ ૶ ਬੇਸ਼ੱਕ ਉਨ੍ਹਾਂ ਦੇ ਮਰਦ ਜ਼ਿੰਦਾ ਹੋਣ ਜਾਂ ਨਾ।

' ਔਰਤਾਂ ਨੂੰ ਜੀਣ ਦਾ ਹੱਕ ਹੈ। ਬੱਸ।

ਅਸਲ ਵਿੱਚ ਇਹ ਬਹੁਤ ਬੁਨਿਆਦੀ ਗੱਲ ਹੈ।

ਕੁਝ ਹੋਰ ਬੁਨਿਆਦੀ ਨੁਕਤੇ:

' ਔਰਤਾਂ ਤੁਰਦੀਆਂ ਫਿਰਦੀਆਂ ਯੋਨੀਆਂ ਨਹੀਂ ਹਨ।

' ਹਾਂ ਔਰਤਾਂ ਦੇ ਯੋਨੀਆਂ ਹੁੰਦੀਆਂ ਹਨ, ਪਰ ਉਹ ਇਸ ਤੋਂ ਵੱਧ ਹੁੰਦੀਆਂ ਹਨ। ਇਸ ਲਈ ਉਨ੍ਹਾਂ ਦੀ ਸਾਰੀ ਜ਼ਿੰਦਗੀ ਉਨ੍ਹਾਂ ਦੀ ਯੋਨੀ ਦੁਆਲੇ ਕੇਂਦਰਿਤ ਨਹੀਂ ਹੋਣੀ ਚਾਹੀਦੀ, ਇਸ ਨੂੰ ਕੰਟਰੋਲ ਕਰਨ ਲਈ, ਇਸ ਦੀ ਰੱਖਿਆ ਕਰਨ ਲਈ, ਇਸ ਦੀ ਸ਼ੁਧਤਾ ਕਾਇਮ ਰੱਖਣ ਲਈ (ਸ਼ਾਇਦ 13ਵੀਂ ਸਦੀ ਵਿੱਚ ਇਸ ਤਰ੍ਹਾਂ ਹੁੰਦਾ ਹੋਵੇ, ਪਰ ਇੱਕੀਵੀਂ ਸਦੀ ਵਿੱਚ ਸਾਨੂੰ ਇਨ੍ਹਾਂ ਸੀਮਤ ਵਿਚਾਰਾਂ ਨੂੰ ਨਹੀਂ ਮੰਨਣਾ ਚਾਹੀਦਾ। ਇਹ ਪੱਕਾ ਹੈ ਕਿ ਸਾਨੂੰ ਉਨ੍ਹਾਂ ਦੀ ਮਹਿਮਾ ਨਹੀਂ ਗਾਉਣੀ ਚਾਹੀਦੀ।)

' ਇਹ ਬਹੁਤ ਵਧੀਆ ਹੋਵੇਗਾ ਜੇ ਯੋਨੀ ਦਾ ਸਤਿਕਾਰ ਹੋਵੇ, ਪਰ ਜੇ ਬਦਕਿਸਮਤੀ ਨਾਲ ਅਜਿਹਾ ਨਾ ਹੋਵੇ, ਤਾਂ ਔਰਤ ਜੀਣਾ ਜਾਰੀ ਰੱਖ ਸਕਦੀ ਹੈ। ਉਸ ਨੂੰ ਮੌਤ ਦੀ ਸਜ਼ਾ ਨਹੀਂ ਮਿਲਣੀ ਚਾਹੀਦੀ ਕਿਉਂਕਿ ਕਿਸੇ ਹੋਰ ਵਿਅਕਤੀ ਨੇ ਉਸ ਦੀ ਮਰਜ਼ੀ ਤੋਂ ਬਿਨਾਂ ਉਸ ਦੀ ਯੋਨੀ ਦਾ ਤ੍ਰਿਸਕਾਰ ਕੀਤਾ ਹੈ।

' ਯੋਨੀ ਤੋਂ ਬਾਹਰ ਵੀ ਜ਼ਿੰਦਗੀ ਹੈ, ਅਤੇ ਇਸ ਲਈ ਬਲਾਤਕਾਰ ਤੋਂ ਬਾਅਦ ਵੀ ਜ਼ਿੰਦਗੀ ਹੋ ਸਕਦੀ ਹੈ। (ਮੈਨੂੰ ਪਤਾ ਹੈ ਕਿ ਮੈਂ ਦੁਹਰਾਅ ਰਹੀ ਹਾਂ, ਪਰ ਇਸ ਨੁਕਤੇ ਨੂੰ ਜਿੰਨੀ ਵਾਰੀ ਵੀ ਦੁਹਰਾਇਆ ਜਾਵੇ ਉਹ ਘੱਟ ਹੈ।)

' ਸਮੁੱਚੇ ਰੂਪ ਵਿੱਚ ਯੋਨੀ ਤੋਂ ਬਾਅਦ ਵੀ ਜ਼ਿੰਦਗੀ ਵਿੱਚ ਬਹੁਤ ਕੁਝ ਹੈ।

ਤੁਸੀਂ ਹੈਰਾਨ ਹੋਵੋਗੇ ਕਿ ਮੈਂ ਯੋਨੀ ਬਾਰੇ ਵਾਰ ਵਾਰ ਕਿਉਂ ਗੱਲ ਕਰ ਰਹੀ ਹਾਂ। ਕਿਉਂਕਿ ਸ਼੍ਰੀ ਮਾਨ ਜੀ ਮੈਂ ਤੁਹਾਡੀ ਸ਼ਾਹਕਾਰ ਦੇਖ ਕੇ ਇਹ ਹੀ ਮਹਿਸੂਸ ਕੀਤਾ। ਮੈਂ ਇਕ ਯੋਨੀ ਦੀ ਤਰ੍ਹਾਂ ਮਹਿਸੂਸ ਕੀਤਾ। ਮੈਂ ਮਹਿਸੂਸ ਕੀਤਾ ਕਿ ਮੈਨੂੰ ਸਿਰਫ ਯੋਨੀ ਤੱਕ ਮਨਫੀ ਕਰ ਦਿੱਤਾ ਗਿਆ ਹੈ। ਮੈਂ ਮਹਿਸੂਸ ਕੀਤਾ ਕਿ ਪਿਛਲੇ ਸਾਲਾਂ ਵਿੱਚ ਜਿਹੜੀਆਂ ਵੀ ''ਛੋਟੀਆਂ ਜਿਹੀਆਂ" ਪ੍ਰਾਪਤੀਆ ਔਰਤਾਂ ਅਤੇ ਔਰਤਾਂ ਦੀਆਂ ਲਹਿਰਾਂ ਨੇ ਪ੍ਰਾਪਤ ਕੀਤੀਆਂ ਹਨ- ਜਿਵੇਂ ਵੋਟ ਪਾਉਣ ਦਾ ਹੱਕ, ਜਾਇਦਾਦ ਦੀਆਂ ਮਾਲਕ ਬਣਨ ਦਾ ਹੱਕ, ਵਿਦਿਆ ਦਾ ਹੱਕ, ਇਕੋ ਜਿਹੇ ਕੰਮ ਲਈ ਇਕੋ ਜਿਹੀ ਤਨਖਾਹ ਦਾ ਹੱਕ, ਗਰਭਵਤੀ ਹੁੰਦੇ ਸਮੇਂ ਛੁੱਟੀ ਦਾ ਹੱਕ, ਵਿਸ਼ਾਖਾ ਫੈਸਲਾ, ਬੱਚਿਆਂ ਨੂੰ ਗੋਦ ਲੈਣ ਦਾ ਹੱਕ ૶ ਇਨ੍ਹਾਂ ਸਾਰੀਆਂ ਦੀ ਕੋਈ ਤੁਕ ਨਹੀਂ; ਕਿਉਂਕਿ ਅਸੀਂ ਬੁਨਿਆਦੀ ਗੱਲ 'ਤੇ ਵਾਪਸ ਆ ਗਏ ਹਾਂ।

ਅਸੀਂ ਵਾਪਸ ਬੁਨਿਆਦੀ ਸਵਾਲ 'ਤੇ ਆ ਗਏ ਹਾਂ ૶ ਜੀਣ ਦਾ ਹੱਕ। ਤੁਹਾਡੀ ਫਿਲਮ ਨੇ ਸਾਨੂੰ ਮੱਧ ਕਾਲ ਦੇ ਹਨ੍ਹੇਰੇ ਸਮਿਆਂ ਦੇ ਉਸ ਬੁਨਿਆਦੀ ਸਵਾਲ 'ਤੇ ਲਿਆ ਖੜ੍ਹਾ ਕੀਤਾ ਹੈ ૶ ਕੀ ਔਰਤਾਂ ૶ ਵਿਧਵਾ, ਬਲਾਤਕਾਰ ਦਾ ਸ਼ਿਕਾਰ, ਜਵਾਨ, ਬੁੱਢੀਆਂ, ਗਰਭਵਤੀ, ਗਭਰੇਟ ... ਨੂੰ ਜੀਣ ਦਾ ਹੱਕ ਹੈ?

ਮੈਂ ਸਮਝਦੀ ਹਾਂ ਕਿ ਜੌਹਰ ਅਤੇ ਸਤੀ ਸਾਡੇ ਸਮਾਜਕ ਇਤਿਹਾਸ ਦਾ ਹਿੱਸਾ ਹਨ। ਇਹ ਬੀਤੀਆਂ ਸਨ। ਮੈਂ ਸਮਝਦੀ ਹਾਂ ਕਿ ਉਹ ਸਨਸਨੀਖੇਜ਼, ਸਦਮਾ-ਜਨਕ ਨਾਟਕੀ ਵਰਤਾਰੇ ਹਨ ਜਿਨ੍ਹਾਂ ਨੂੰ ਸ਼ਾਨਦਾਰ, ਜ਼ੋਰਦਾਰ ਅਤੇ ਗਜ਼ਬਦਾਰ ਨਜ਼ਾਰਿਆਂ ਵਿੱਚ ਪੇਸ਼ ਕੀਤਾ ਜਾ ਸਕਦਾ ਹੈ, ਖਾਸ ਕਰਕੇ ਤੁਹਾਡੇ ਵਰਗੇ ਪ੍ਰਬੀਨ ਫਿਲਮਸਾਜ਼ ਵਲੋਂ ૶ ਪਰ 19ਵੀਂ ਸਦੀ ਵਿੱਚ ਅਮਰੀਕਾ ਵਿੱਚ ਚਿੱਟੇ ਲੋਕਾਂ ਦੀਆਂ ਭੀੜਾਂ ਵਲੋਂ ਕਾਲੇ ਲੋਕਾਂ ਦੇ ਸਮੂਹਿਕ ਕਤਲ (ਲਿੰਚਿੰਗ) ਵੀ ਇਸ ਤਰ੍ਹਾਂ ਦੇ ਵਰਤਾਰੇ ਹਨ- ਸਨਸਨੀਖੇਜ, ਸਦਮਾਜਨਕ ਨਾਟਕੀ ਸਮਾਜਕ ਵਰਤਾਰੇ। ਕੀ ਇਸ ਦਾ ਮਤਲਬ ਹੈ ਕਿ ਨਸਲਵਾਦ ਉੱਪਰ ਕੋਈ ਨਜ਼ਰੀਆ ਰੱਖੇ ਬਿਨਾਂ ਕੋਈ ਇਸ 'ਤੇ ਫਿਲਮ ਬਣਾ ਦੇਵੇ? ਜਾਂ ਨਸਲੀ ਨਫਰਤ 'ਤੇ ਕੋਈ ਟਿੱਪਣੀ ਕੀਤੇ ਬਿਨਾਂ? ਇਸ ਤੋਂ ਬਦਤਰ ਕੀ ਕੋਈ ਗਰਮ-ਖੂਨ, ਸ਼ੁਧਤਾ, ਬਹਾਦਰੀ ਦੀ ਵਿਕ੍ਰਿਤ ਧਾਰਨਾ ਦੇ ਚਿੰਨ ਵਜੋਂ ਸਮੂਹਿਕ ਕਤਲਾਂ (ਲਿੰਚਿੰਗ) ਨੂੰ ਵਡਿਆਉਂਦੀ ਫਿਲਮ ਬਣਾ ਦੇਵੇ- ਮੈਨੂੰ ਪਤਾ ਨਹੀਂ, ਮੈਨੂੰ ਬਿਲਕੁਲ ਪਤਾ ਨਹੀਂ ਕਿ ਕੋਈ ਇਸ ਤਰ੍ਹਾਂ ਦੇ ਘਿਨਾਉਣੇ ਨਫਰਤ ਭਰੇ ਜੁਰਮ ਨੂੰ ਕਿਵੇਂ ਵਡਿਆ ਸਕਦਾ ਹੈ।

ਸ਼੍ਰੀ ਮਾਨ ਜੀ ਮੈਨੂੰ ਯਕੀਨ ਹੈ ਕਿ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਕੇ ਸਤੀ ਅਤੇ ਜੌਹਰ ਅਜਿਹੀਆਂ ਰੀਤਾਂ ਹਨ ਜਿਹਨਾਂ ਨੂੰ ਵਡਿਆਇਆ ਨਹੀਂ ਜਾ ਸਕਦਾ। ਮੈਨੂੰ ਯਕੀਨ ਹੈ ਤੁਸੀਂ ਇਸ ਗੱਲ ਨਾਲ ਸਹਿਮਤ ਹੋਵੋਗੇ ਕਿ ਅਣਖ, ਕੁਰਬਾਨੀ, ਸ਼ੁਧਤਾ ਦਾ ਕਿਸੇ ਵੀ ਤਰ੍ਹਾਂ ਦਾ ਪੁਰਾਤਨ ਵਿਚਾਰ ਔਰਤਾਂ ਅਤੇ ਮਰਦਾਂ ਨੂੰ ਇਸ ਤਰ੍ਹਾਂ ਦੀਆਂ ਰੀਤਾਂ ਵਿੱਚ ਸ਼ਾਮਲ ਹੋਣ ਅਤੇ ਉਨ੍ਹਾਂ ਦਾ ਸਮਰਥਨ ਕਰਨ ਲਈ ਮਜ਼ਬੂਰ ਨਹੀਂ ਕਰ ਸਕਦਾ; ਅਤੇ ਬੁਨਿਆਦੀ ਤੌਰ 'ਤੇ ਫੀਮੇਲ ਜੈਨੀਟਲ ਮਿਊਟੀਲੇਸ਼ਨ (ਐੱਫ ਜੀ ਐੱਮ) ਅਤੇ ਅਣਖ ਖਾਤਰ ਕੀਤੇ ਜਾਂਦੇ ਕਤਲਾਂ ਵਾਂਗ ਸਤੀ ਅਤੇ ਜੌਹਰ  ਵੀ ਪਿੱਤਰਸੱਤਾ, ਔਰਤਾਂ ਨਾਲ ਨਫਰਤ ਕਰਨ ਵਾਲੇ ਅਤੇ ਸੰਦੇਹਜਨਕ ਵਿਚਾਰਾਂ ਦੀ ਜ਼ੱਦ ਵਿੱਚ ਆਉਂਦੀਆਂ ਹਨ। ਅਜਿਹੀ ਮਾਨਸਿਕਤਾ ਜੋ ਇਹ ਵਿਸ਼ਵਾਸ ਕਰਦੀ ਹੈ ਕਿ ਔਰਤ ਦੀ ਕੀਮਤ ਉਸ ਦੀ ਯੋਨੀ ਵਿੱਚ ਹੈ, ਕਿ ਔਰਤਾਂ ਦੀ ਜ਼ਿੰਦਗੀ ਦੀ ਕੋਈ ਕੀਮਤ ਨਹੀਂ ਜੇ ਉਹ ਆਪਣੇ ਮਰਦ ਮਾਲਕਾਂ ਦੇ ਕੰਟਰੋਲ ਵਿੱਚ ਨਹੀਂ ਜਾਂ ਉਨ੍ਹਾਂ ਦੇ ਸਰੀਰ ਕਿਸੇ ਅਜਿਹੇ ਮਰਦ ਦੀ ਛੋਹ ਜਾਂ ਨਜ਼ਰ ਨਾਲ 'ਅਪਵਿੱਤਰ' ਹੋ ਜਾਂਦਾ ਹੈ ਜਿਹੜੇ ਮਰਦ ਕੋਲ ਔਰਤ ਦੀ 'ਮਾਲਕੀ' ਜਾਂ 'ਕੰਟਰੋਲ' ਦੀ ਸਮਾਜਕ ਪ੍ਰਵਾਨਗੀ ਨਾ ਹੋਵੇ।


ਸਤੀ, ਜੌਹਰ, ਐੱਫ ਜੀ ਐੱਮ, ਅਣਖ ਖਾਤਰ ਕੀਤੇ ਜਾਂਦੇ ਕਤਲ ਵਰਗੀਆਂ ਰੀਤਾਂ ਨੂੰ ਵਡਿਆਉਣਾ ਨਹੀਂ ਚਾਹੀਦਾ ਕਿਉਂਕਿ ਉਹ ਸਿਰਫ ਔਰਤਾਂ ਤੋਂ ਬਰਾਬਰੀ ਦਾ ਹੱਕ, ਉਨ੍ਹਾਂ ਦੀ ਵਿਅਕਤੀਗਤ ਹੋਂਦ ਹੀ ਨਹੀਂ ਖੋਂਹਦੀਆਂ ਸਗੋਂ ਉਹ ਔਰਤਾਂ ਦੀ ਇਨਸਾਨੀਅਤ ਖੋਹ ਲੈਂਦੀਆਂ ਹਨ। ਅਤੇ ਇਹ ਗਲਤ ਹੈ। ਅਸੀਂ ਇਹ ਮੰਨ ਸਕਦੇ ਹਾਂ ਕਿ ਇਹ ਅਜਿਹਾ ਨੁਕਤਾ ਹੈ ਜਿਸ ਬਾਰੇ ਸੰਨ 2018 ਵਿੱਚ ਗੱਲ ਕਰਨ ਦੀ ਲੋੜ ਨਹੀਂ; ਪਰ ਜ਼ਾਹਰਾ ਤੌਰ 'ਤੇ ਅਜਿਹਾ ਕਰਨ ਦੀ ਲੋੜ ਹੈ। ਪੱਕਾ ਹੈ ਕਿ ਤੁਸੀਂ ਐੱਫ ਜੀ ਐੱਮ ਜਾਂ ਅਣਖ ਖਾਤਰ ਕੀਤੇ ਜਾਂਦੇ ਕਤਲਾਂ ਨੂੰ ਵਡਿਆਉਣ ਵਾਲੀ ਫਿਲਮ ਬਣਾਉਣ ਬਾਰੇ ਨਹੀਂ ਸੋਚੋਗੇ।

ਸ਼੍ਰੀ ਮਾਨ ਜੀ ਤੁਸੀਂ ਕਹੋਗੇ ਕਿ ਮੈਂ ਹੱਦ ਤੋਂ ਜ਼ਿਆਦਾ ਪ੍ਰਤੀਕਰਮ ਕਰ ਰਹੀ ਹਾਂ ਅਤੇ ਮੈਨੂੰ ਇਸ ਫਿਲਮ ਨੂੰ ਇਸ ਦੇ ਸੰਦਰਭ ਵਿੱਚ ਦੇਖਣ ਦੀ ਲੋੜ ਹੈ। ਇਹ ਕਹਾਣੀ 13ਵੀਂ ਸਦੀ ਦੇ ਲੋਕਾਂ ਬਾਰੇ ਹੈ। ਅਤੇ 13ਵੀਂ ਸਦੀ ਵਿੱਚ ਜ਼ਿੰਦਗੀ ਇਸ ਤਰ੍ਹਾਂ ਦੀ ਹੀ ਸੀ ૶ ਇਕ ਤੋਂ ਵੱਧ ਔਰਤਾਂ ਨਾਲ ਵਿਆਹ ਪ੍ਰਵਾਨ ਸਨ, ਮੁਸਲਮਾਨ ਪਸ਼ੂ ਸਨ ਜੋ ਮੀਟ ਅਤੇ ਔਰਤਾਂ ਨੂੰ ਹਾਬੜ ਕੇ ਪੈਂਦੇ ਸਨ, ਅਤੇ ਇੱਜ਼ਤਦਾਰ ਹਿੰਦੂ ਔਰਤਾਂ ਆਪਣੇ ਪਤੀਆਂ ਦੀ ਚਿਖਾ ਵਿੱਚ ਖੁਸ਼ੀ ਖੁਸ਼ੀ ਛਾਲ ਮਾਰ ਦਿੰਦੀਆਂ ਸਨ, ਅਤੇ ਜੇ ਸਸਕਾਰ 'ਤੇ ਨਾ ਜਾ ਸਕਦੀਆਂ ਹੋਣ, ਉਹ ਇਕ ਚਿਖਾ ਬਾਲ ਕੇ ਉਸ ਵਿੱਚ ਛਾਲ ਮਾਰ ਦਿੰਦੀਆਂ ਸਨ૶ ਅਸਲ ਵਿੱਚ ਉਹ ਸਮੂਹਿਕ ਆਤਮਹੱਤਿਆ ਦੇ ਵਿਚਾਰ ਨੂੰ ਏਨਾ ਜ਼ਿਆਦਾ ਪਸੰਦ ਕਰਦੀਆਂ ਸਨ ਕਿ ਉਹ ਆਪਣੇ ਹਾਰ ਸ਼ਿੰਗਾਰ ਕਰਨ ਦੇ ਮੌਕਿਆਂ 'ਤੇ ਇਸ ਬਾਰੇ ਖੁਸ਼ੀ ਖੁਸ਼ੀ ਗੱਲ ਕਰਦੀਆਂ ਸਨ। ਤੁਸੀਂ ਮੈਨੂੰ ਕਹੋਗੇ ''ਸੱਚ ਨੂੰ ਦੇਖ"।

ਨਹੀਂ ਸ਼੍ਰੀ ਮਾਨ ਜੀ ਆਪਣੀਆਂ ਜ਼ਾਲਮਾਨਾ ਰੀਤਾਂ ਵਾਲਾ 13ਵੀਂ ਸਦੀ ਦਾ ਰਾਜਸਥਾਨ ਤੁਹਾਡੇ ਵਲੋਂ ਪਦਮਾਵਤ ਫਿਲਮ ਲਈ ਅਪਣਾਈ ਗਈ ਗਾਥਾ ਲਈ ਸਿਰਫ ਇਕ ਇਤਿਹਾਸਕ ਸੈਟਿੰਗ ਹੈ। ਤੁਹਾਡੀ ਫਿਲਮ ਦਾ ਸੰਦਰਭ ਇੱਕੀਵੀਂ ਸਦੀ ਦਾ ਇੰਡੀਆ ਹੈ; ਜਿੱਥੇ ਪੰਜ ਸਾਲ ਪਹਿਲਾਂ, ਦੇਸ਼ ਦੀ ਰਾਜਧਾਨੀ ਵਿੱਚ ਇਕ ਚਲਦੀ ਬੱਸ ਵਿੱਚ ਇਕ ਕੁੜੀ ਦਾ ਸਮੂਹਿਕ ਬਲਾਤਕਾਰ ਕੀਤਾ ਗਿਆ ਸੀ। ਆਪਣੀ ਇੱਜ਼ਤ ਲੁੱਟੇ ਜਾਣ 'ਤੇ ਉਸ ਨੇ ਆਤਮਹੱਤਅਿਾ ਨਹੀਂ ਕੀਤੀ ਸੀ, ਸ਼੍ਰੀ ਮਾਨ ਜੀ। ਉਹ ਆਪਣੇ ਛੇ ਬਲਾਤਕਾਰੀਆਂ ਨਾਲ ਲੜੀ ਸੀ। ਉਹ ਏਨੀ ਜਾਣ ਨਾਲ ਲੜੀ ਕਿ ਉਨ੍ਹਾਂ ਦਰਿੰਦਿਆਂ ਵਿੱਚੋਂ ਇਕ ਨੇ ਉਸ ਦੀ ਯੋਨੀ ਵਿੱਚ ਲੋਹੇ ਦੇ ਸਰੀਆ ਧੱਕ ਦਿੱਤਾ ਸੀ। ਉਸ ਦੀ ਲਾਸ਼ ਸੜਕ 'ਤੇ ਮਿਲੀ ਸੀ ਜਿਸ ਦੀਆਂ ਆਂਦਰਾਂ ਬਾਹਰ ਨਿਕਲੀਆਂ ਹੋਈਆਂ ਸਨ। ਏਨਾ ਵਾਸਤਵਿਕ ਵਿਸਥਾਰ ਦੇਣ ਲਈ ਮੁਆਫੀ ਮੰਗਦੀ ਹਾਂ; ਸ਼੍ਰੀ ਮਾਨ ਜੀ, ਪਰ ਤੁਹਾਡੀ ਫਿਲਮ ਦਾ ਅਸਲ 'ਸੰਦਰਭ' ਇਹ ਹੈ।  

ਤੁਹਾਡੀ ਫਿਲਮ ਰਿਲੀਜ਼ ਹੋਣ ਤੋਂ ਇਕ ਹਫਤਾ ਪਹਿਲਾਂ ਹਰਿਆਣੇ ਦੇ ਸ਼ਹਿਰ ਜੀਂਦ ਵਿੱਚ ਇਕ ਪੰਦਰਾਂ ਸਾਲਾਂ ਦੀ ਦਲਿਤ ਕੁੜੀ ਨਾਲ ਕਰੂਰ ਢੰਗ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ ਸੀ; ਜਿਹੜਾ ਜੁਰਮ ਨਿਰਭੈਆ ਦੇ ਬਲਾਤਕਾਰ ਨਾਲ ਬੁਰੀ ਤਰ੍ਹਾਂ ਰਲਦਾ ਮਿਲਦਾ ਸੀ।

ਤੁਸੀਂ ਜਾਣਦੇ ਹੀ ਹੋ ਕਿ ਸਤੀ ਅਤੇ ਔਰਤਾਂ ਦੇ ਕੀਤੇ ਜਾਂਦੇ ਬਲਾਤਕਾਰ ਇਕੋ ਮਾਨਸਿਕਤਾ ਦੇ ਦੋ ਪਾਸੇ ਹਨ। ਇਕ ਬਲਾਤਕਾਰੀ ਇਕ ਔਰਤ ਨੂੰ ਕੰਟਰੋਲ ਕਰਨ ਲਈ ਉਸ ਦੇ ਗੁਪਤ ਅੰਗਾਂ ਦਾ ਤ੍ਰਿਸਕਾਰ ਅਤੇ ਉਨ੍ਹਾਂ 'ਤੇ ਹਮਲਾ ਕਰਦਾ ਹੈ, ਉਨ੍ਹਾਂ ਨਾਲ ਜ਼ਬਰਦਸਤੀ ਕਰਦਾ ਹੈ, ਉਨ੍ਹਾਂ ਨੂੰ ਕੱਟਦਾ/ਵੱਢਦਾ ਹੈ, ਉਸ 'ਤੇ ਭਾਰੂ ਪੈਂਦਾ ਹੈ ਜਾਂ ਉਸ ਨੂੰ ਖਤਮ ਕਰ ਦਿੰਦਾ ਹੈ। ਸਤੀ-ਜੌਹਰ ਦੇ ਸਮਰਥਕ ਜਾਂ ਹਿਮਾਇਤੀ ਔਰਤ ਨੂੰ ਮੁਕੰਮਲ ਤੌਰ 'ਤੇ ਨਸ਼ਟ ਕਰਨ ਦੀ ਕੋਸ਼ਿਸ਼ ਕਰਦੇ ਹਨ ਜੇ ਉਸ ਦੇ ਗੁਪਤ ਅੰਗਾਂ ਦਾ ਤ੍ਰਿਸਕਾਰ ਕਰ ਦਿੱਤਾ ਗਿਆ ਹੋਵੇ ਜਾਂ ਉਸ ਦੇ ਗੁਪਤ ਅੰਗ 'ਸਹੀ' ਮਰਦ ਮਾਲਕ ਦੇ ਕੰਟਰੋਲ ਵਿੱਚ ਨਾ ਰਹੇ ਹੋਣ। ਦੋਹਾਂ ਕੇਸਾਂ ਵਿੱਚ ਕੋਸ਼ਿਸ਼ ਇਹ ਹੀ ਹੁੰਦੀ ਹੈ ਕਿ ਔਰਤ ਨੂੰ ਬੱਸ ਉਸ ਦੇ ਗੁਪਤ ਅੰਗਾਂ ਤੱਕ ਸੀਮਤ ਕਰ ਦਿੱਤਾ ਜਾਵੇ।

ਕਲਾ ਦਾ ਸੰਦਰਭ, ਕਿਸੇ ਵੀ ਕਲਾ ਦਾ, ਉਹ ਸਮਾਂ ਅਤੇ ਥਾਂ ਹੁੰਦੀ ਹੈ ਜਦੋਂ ਇਹ ਸਿਰਜਿਆ ਅਤੇ ਮਾਣਿਆ (ਕੰਜ਼ਿਊਮ ਕੀਤਾ) ਜਾਂਦਾ ਹੈ। ਤ    ਾਂ ਹੀ ਸਮੂਹਿਕ-ਬਲਾਤਕਾਰਾਂ ਦੀ ਭਰਮਾਰ ਵਾਲਾ ਇੰਡਿਆ, ਬਲਾਤਕਾਰ ਦਾ ਸਮਰਥਨ ਕਰਨ ਵਾਲੀ ਮਾਨਸਿਕਤਾ, ਪੀੜਤ 'ਤੇ ਦੋਸ਼ ਧਰਨ ਵਾਲਾ ਸਮਾਜ ਤੁਹਾਡੀ ਫਿਲਮ ਦਾ ਅਸਲ ਸੰਦਰਭ ਹੈ। ਇਸ ਸੰਦਰਭ ਵਿੱਚ ਜ਼ਰੂਰੀ ਸੀ ਸ੍ਰੀ ਮਾਨ ਜੀ ਕਿ ਤੁਸੀਂ ਆਪਣੀ ਫਿਲਮ ਵਿੱਚ ਸਤੀ ਅਤੇ ਜੌਹਰ ਦੀ ਕੋਈ ਨਾ ਕੋਈ ਆਲੋਚਨਾ ਪੇਸ਼ ਕਰਦੇ। 

ਤੁਸੀਂ ਕਹੋਗੇ ਕਿ ਤੁਸੀਂ ਫਿਲਮ ਦੇ ਸ਼ੁਰੂ ਵਿੱਚ ਇਕ ਬਿਆਨ ਲਿਖਿਆ ਹੈ ਕਿ ਫਿਲਮ ਸਤੀ ਜਾਂ ਜੌਹਰ ਦਾ ਸਮਰਥਨ ਨਹੀਂ ਕਰਦੀ। ਜ਼ਰੂਰ ਸ਼੍ਰੀ ਮਾਨ ਜੀ, ਪਰ ਇਸ ਤੋਂ ਬਾਅਦ ਤੁਸੀਂ ਪੌਣੇ ਤਿੰਨ ਘੰਟੇ ਰਾਜਪੂਤਾਂ ਦੀ ਅਣਖ ਅਤੇ ਇੱਜ਼ਤਦਾਰ ਰਾਜਪੂਤ ਔਰਤਾਂ ਦੀ ਮਹਿਮਾ ਦਾ ਗਾਣ ਕੀਤਾ ਹੈ ਜਿਹੜੀਆਂ ਔਰਤਾਂ ਉਨ੍ਹਾਂ ਦੁਸ਼ਮਣ ਮਰਦਾਂ ਤੋਂ ਛੋਹੇ ਜਾਂਣ ਦੀ ਥਾਂ ਅੱਗ ਦੀਆਂ ਲਪਟਾਂ ਵਿੱਚ ਖੁਸ਼ੀ ਖੁਸ਼ੀ ਕੁਰਬਾਨ ਹੋ ਗਈਆਂ ਜਿਹੜੇ ਮਰਦ ਉਨ੍ਹਾਂ ਦੇ ਪਤੀ ਨਹੀਂ ਸਨ ਪਰ ਮੁਸਲਮਾਨ ਸਨ।


ਤੁਹਾਡੀ ਕਹਾਣੀ ਦੇ 'ਚੰਗੇ' ਕਿਰਦਾਰਾਂ ਨੇ ਤਿੰਨ ਵਾਰੀ ਤੋਂ ਜ਼ਿਆਦਾ ਵਾਰ ਸਤੀ/ਜੌਹਰ ਦੇ ਇਕ ਮਾਣ ਵਾਲੀ ਚੋਣ ਹੋਣ ਬਾਰੇ ਗੱਲ ਕੀਤੀ, ਤੁਹਾਡੀ ਹੀਰੋਈਨ ૶ ਜੋ ਸੁੰਦਰਤਾ, ਅਕਲ ਅਤੇ ਚੰਗਿਆਈ ਦਾ ਮੁੱਜਸਮਾ ਸੀ- ਨੇ ਆਪਣੇ ਪਤੀ ਤੋਂ ਜੌਹਰ ਕਰਨ ਦੀ ਇਜਾਜ਼ਤ ਮੰਗੀ, ਕਿਉਂਕਿ ਉਹ ਉਸ ਦੀ ਇਜਾਜ਼ਤ ਤੋਂ ਬਿਨਾਂ ਮਰ ਵੀ ਨਹੀਂ ਸਕਦੀ ਸੀ; ਉਸ ਤੋਂ ਛੇਤੀ ਬਾਅਦ ਉਸ ਨੇ ਸੱਚ ਅਤੇ ਝੂਠ, ਧਰਮ ਅਤੇ ਅਧਰਮ ਵਿਚਕਾਰ ਜੰਗ ਬਾਰੇ ਇਕ ਲੰਮਾ ਭਾਸ਼ਣ ਦਿੱਤਾ ਅਤੇ ਸਮੂਹਿਕ ਸਤੀ ਨੂੰ ਸੱਚ ਅਤੇ ਧਰਮ ਦਾ ਰਸਤਾ ਦੱਸਿਆ। 

ਫਿਰ ਅਖੀਰ 'ਤੇ, ਸਾਹ ਰੋਕਣ ਵਾਲੇ ਸ਼ਾਟ ਵਿੱਚ, ਦੁਰਗਾ ਮਾਤਾ ਵਾਂਗ ਲਾਲ ਕੱਪੜਿਆਂ ਵਿੱਚ ਸੱਜੀਆਂ ਸੈਂਕੜੇ ਔਰਤਾਂ ਜੌਹਰ ਦੀ ਅੱਗ ਵਿੱਚ ਕੁੱਦ ਗਈਆਂ ਜਦੋਂ ਕਿ ਜੰਨੂਨੀ ਸਾਇਕੋਪਾਥ ਮੁਸਲਮਾਨ ਖਲਨਾਇਕ ਉਨ੍ਹਾਂ ਦੇ ਸਾਹਮਣੇ ਸੀ ਅਤੇ ਉਹ ਥਰਥਰਾਉਂਦਾ ਸੰਗੀਤ ૶ ਜਿਸ ਵਿੱਚ ਇਕ ਤਰਾਨੇ ਜਿੰਨੀ ਤਾਕਤ ਸੀ। ਇਸ ਸ਼ਾਟ ਨੇ ਦਰਸ਼ਕਾਂ ਨੂੰ ਰੋਅਬਦਾਰ ਢੰਗ ਇਸ ਅਮਲ ਦੀ ਸ਼ਲਾਘਾ ਕਰਨ ਲਈ ਭਰਮਾ ਲਿਆ। ਸ਼੍ਰੀ ਮਾਨ ਜੀ, ਜੇ ਇਹ ਸਤੀ ਅਤੇ ਜੌਹਰ ਦੀ ਵਡਿਆਈ ਨਹੀਂ ਤਾਂ ਮੈਨੂੰ ਸੱਚਮੁੱਚ ਨਹੀਂ ਪਤਾ ਕਿ ਇਹ ਕੀ ਹੈ।

ਮੈਂ ਤੁਹਾਡਾ ਅੰਤ ਦੇਖ ਕੇ ਬਹੁਤ ਬੇਚੈਨ ਮਹਿਸੂਸ ਕੀਤਾ, ਇਕ ਗਰਭਵਤੀ ਔਰਤ ਅਤੇ ਛੋਟੀ ਜਿਹੀ ਕੁੜੀ ਨੂੰ ਅੱਗ ਵਿੱਚ ਜਾਂਦੇ ਦੇਖ ਕੇ। ਮੈਨੂੰ ਆਪਣੀ ਹੋਂਦ ਨਜਾਇਜ਼ ਲੱਗੀ ਕਿਉਂਕਿ ਰੱਬ ਨਾ ਕਰੇ ਜੇ ਮੇਰੇ ਨਾਲ ਕੁਝ ਅਭਾਗਾ ਵਰਤ ਜਾਵੇ ਤਾਂ ਮੈਂ ਉਸ ਅੱਗ ਦੀ ਖਾਈ ਤੋਂ ਬਾਹਰ ਰਹਿਣ ਲਈ ਜੋ ਕੁਝ ਵੀ ਮੇਰੇ ਵੱਸ 'ਚ ਹੋਇਆ ਕਰਾਂਗੀ, ਭਾਵੇਂ ਇਸ ਦਾ ਅਰਥ ਸਾਰੀ ਉਮਰ ਲਈ ਖਿਲਜੀ ਵਰਗੇ ਦਰਿੰਦੇ ਦੀ ਗੁਲਾਮ ਬਣ ਕੇ ਨਾ ਰਹਿਣਾ ਪਵੇ। ਉਸ ਵੇਲੇ ਮੈਂ ਮਹਿਸੂਸ ਕੀਤਾ ਕਿ ਮੇਰੇ ਵਲੋਂ ਮੌਤ ਦੀ ਥਾਂ ਜ਼ਿੰਦਗੀ ਨੂੰ ਚੁਣਨਾ ਗਲਤ ਸੀ। ਜੀਣ ਦੀ ਖਾਹਿਸ਼ ਰੱਖਣਾ ਗਲਤ ਸੀ। ਸ਼੍ਰੀ ਮਾਨ ਜੀ, ਇਹ ਹੈ ਸਿਨਮੇ ਦੀ ਤਾਕਤ।

ਖਾਸ ਤੌਰ 'ਤੇ ਤੁਹਾਡਾ ਸਿਨਮਾ ਪ੍ਰੁੇਰਨਾਮਈ, ਵੇਗਮਈ ਅਤੇ ਸ਼ਕਤੀਸ਼ਾਲੀ ਹੈ। ਇਹ ਦਰਸ਼ਕਾਂ ਨੂੰ ਭਾਵਨਾਵਾਂ ਦੇ ਉਤਰਾਵਾਂ ਚੜ੍ਹਾਵਾਂ ਵਿੱਚ ਲਿਜਾ ਸਕਦਾ ਹੈ। ਇਹ ਸੋਚ 'ਤੇ ਅਸਰ ਪਾ ਸਕਦਾ ਹੈ, ਇਸ ਲਈ ਸ਼੍ਰੀ ਮਾਨ ਜੀ ਤੁਹਾਨੂੰ ਤੁਹਾਡੇ ਲਈ ਆਪਣੀ ਫਿਲਮ ਵਿੱਚ ਪੇਸ਼ ਕੀਤੀ ਅਤੇ ਕਹੀ ਹੋਈ ਗੱਲ ਲਈ ਜ਼ਿੰਮੇਵਾਰ ਹੋਣਾ ਜ਼ਰੂਰੀ ਹੈ।

ਬਹੁਤ ਹੀ ਮੁਸ਼ਕਿਲ ਨਾਲ ਕੁੱਝ ਭਾਰਤੀ ਸੁਧਾਰਕਾਂ, ਅਤੇ ਸੂਬਿਆਂ ਦੀਆਂ ਬ੍ਰਿਟਿਸ਼ ਕਾਲੋਨੀਅਲ ਸਰਕਾਰਾਂ ਅਤੇ ਰਿਆਸਤੀ ਸਰਕਾਰਾਂ ਨੇ 1829 ਅਤੇ 1861 ਵਿਚਕਾਰ ਆਪਣੇ ਫੈਸਲਿਆਂ ਨਾਲ ਸਤੀ ਨੂੰ ਖਤਮ ਕੀਤਾ ਅਤੇ ਇਸ ਨੂੰ ਜੁਰਮ ਕਰਾਰ ਦਿੱਤਾ। ਇਸ ਤੋਂ ਅੱਗੇ ਜਾ ਕੇ ਆਜ਼ਾਦ ਭਾਰਤ ਵਿੱਚ 1988 ਵਿੱਚ ਪਾਸ ਹੋਏ ਸਤੀ ਪ੍ਰੀਵੈਨਸ਼ਨ ਐਕਟ ਨੇ ਸਤੀ ਵਿੱਚ ਮਦਦ ਕਰਨ, ਇਸ ਲਈ ਸ਼ਹਿ ਦੇਣ ਅਤੇ ਇਸ ਨੂੰ ਵਡਿਆਉਣ ਨੂੰ ਜੁਰਮ ਮੰਨਿਆ। ਇਸ ਔਰਤ ਵਿਰੋਧੀ ਮੁਜਰਮਾਨਾ ਰੀਤ ਨੂੰ ਬਿਨਾਂ ਸੋਚੇ ਸਮਝੇ ਵਡਿਆਉਣ ਦੇ ਆਪਣੇ ਅਮਲ ਲਈ ਤੁਹਾਨੂੰ ਜੁਆਬ ਦੇਣਾ ਪਏਗਾ, ਸ਼੍ਰੀ ਮਾਨ ਜੀ। ਟਿਕਟ ਖ੍ਰੀਦ ਕੇ ਫਿਲਮ ਦੇਖਣ ਵਾਲੇ ਇਕ ਦਰਸ਼ਕ ਵਜੋਂ ਮੈਨੂੰ ਤੁਹਾਨੂੰ ਇਹ ਪੁੱਛਣ ਦਾ ਅਧਿਕਾਰ ਹੈ ਤੁਸੀਂ ਇਹ ਕਿਵੇਂ ਅਤੇ ਕਿਉਂ ਕੀਤਾ।

ਤੁਸੀਂ ਇਸ ਗੱਲ ਤੋਂ ਸੁਚੇਤ ਹੀ ਹੋਵੋਗੋ ਕਿ ਇੰਡਿਆ ਦੇ ਆਧੁਨਿਕ ਇਤਿਹਾਸ ਵਿੱਚ ਜੌਹਰ ਵਰਗੀਆਂ ਹੋਰ ਘਟਨਾਵਾਂ ਵਾਪਰੀਆਂ ਹਨ। ਇੰਡੀਆ ਅਤੇ ਪਾਕਿਸਤਾਨ ਦੀ ਖੂਨੀ ਵੰਡ ਸਮੇਂ 75,000 ਦੇ ਕਰੀਬ ਔਰਤਾਂ ਨਾਲ ਬਲਾਤਕਾਰ ਹੋਇਆ ਸੀ, ਅਗਵਾ ਕੀਤੀਆਂ ਗਈਆਂ ਸਨ ਅਤੇ 'ਦੂਜੇ' ਧਰਮਾਂ ਦੇ ਮਰਦਾਂ ਵਲੋਂ ਗਰਭਵਤੀ ਕੀਤੀਆਂ ਗਈਆਂ ਸਨ। ਔਰਤਾਂ ਵਲੋਂ ਆਪਣੀ ਮਰਜ਼ੀ ਨਾਲ ਅਤੇ ਦੂਜਿਆਂ ਦੀ ਸਹਾਇਤਾ ਨਾਲ ਆਤਮਹੱਤਿਆਵਾਂ ਕਰਨ ਦੀਆਂ ਕਈ ਘਟਨਾਵਾਂ ਵਾਪਰੀਆਂ ਸਨ, ਕਈ ਕੇਸਾਂ ਵਿੱਚ 'ਦੂਜੇ' ਧਰਮਾਂ ਦੇ ਮਰਦਾਂ ਵਲੋਂ ਛੋਹੇ ਜਾ ਸਕਣ ਤੋਂ ਪਹਿਲਾਂ ਪਤੀਆਂ ਅਤੇ ਬਾਪਾਂ ਨੇ ਖੁਦ ਆਪਣੀਆਂ ਪਤਨੀਆਂ ਅਤੇ ਧੀਆਂ ਦੇ ਸਿਰ ਵੱਢੇ ਸਨ।

ਪੰਜਾਬ ਵਿੱਚ ਠੋਆ ਖਾਲਸਾ ਦੇ ਦੰਗਿਆਂ ਤੋਂ ਬੱਚ ਜਾਣ ਵਾਲੇ ਬੀਰ ਬਹਾਦੁਰ ਸਿੰਘ ਨੇ ਔਰਤਾਂ ਵਲੋਂ ਪਿੰਡ ਦੇ ਖੂਹ ਵਿੱਚ ਛਾਲਾਂ ਮਾਰ ਕੇ ਆਤਮਹੱਤਿਆਵਾਂ ਕਰਨ ਦੇ ਇਕ ਦ੍ਰਿਸ਼ ਦਾ ਵਰਨਣ ਕੀਤਾ ਹੈ। ਉਸ ਦਾ ਕਹਿਣਾ ਹੈ, ਕਿ ਅੱਧੇ ਘੰਟੇ ਵਿੱਚ ਹੀ ਖੂਹ ਭਰ ਗਿਆ ਸੀ। ਉੱਪਰ ਵਾਲੀਆਂ ਔਰਤਾਂ ਬਚ ਗਈਆਂ। ਉਸ ਦੀ ਮਾਂ ਵੀ ਬਚ ਗਈ। 1998 ਵਿੱਚ ਛਪੀ ਦੀ ਅਦਰ ਸਾਈਡ ਆਫ ਸਾਈਲੈਂਸ ਦੀ ਲੇਖਕਾ ਯਾਦ ਕਰਕੇ ਦਸਦੀ ਹੈ ਕਿ ਸਿੰਘ ਆਪਣੀ ਮਾਂ ਵਲੋਂ ਆਪਣੀ ਬਚਦੀ ਜ਼ਿੰਦਗੀ ਲਈ ਜ਼ਿੰਦਾ ਰਹਿਣ ਕਾਰਨ ਸ਼ਰਮ ਮੰਨਦਾ ਸੀ। ਇਹ ਇੰਡੀਅਨ ਇਤਿਹਾਸ ਦੇ ਕਾਲੇ ਪੰਨਿਆਂ ਦੀ ਗੱਲ ਹੈ ਅਤੇ ਇਸ ਨੂੰ ਸ਼ਰਮ, ਘਿਰਣਾ, ਉਦਾਸੀ, ਪੁਨਰ ਵਿਚਾਰ, ਸੰਵੇਦਨਸ਼ੀਲਤਾ, ਸੂਖਮਤਾ ਨਾਲ ਯਾਦ ਕਰਨਾ ਚਾਹੀਦਾ ਹੈ ਨਾ ਕਿ ਬਿਨਾਂ ਸੋਚੀ ਸਮਝੀ ਸਨਸਨੀਖੇਜ ਵਡਿਆਈ ਨਾਲ। ਵੰਡ ਦੀਆਂ ਇਹ ਦੁਖਾਂਤਕ ਕਹਾਣੀਆਂ ਵੀ ਤੁਹਾਡੀ ਫਿਲਮ ਪਦਮਾਵਤ ਦਾ ਘੱਟ ਜ਼ਾਹਰ ਸੰਦਰਭ ਹਨ।

ਮਿਸਟਰ ਭੰਸਾਲੀ ਮੈਂ ਸ਼ਾਂਤੀ ਨਾਲ ਗੱਲ ਖਤਮ ਕਰਾਂਗੀ; ਕਾਮਨਾ ਕਰਦੀ ਹਾਂ ਕਿ ਤੁਸੀਂ ਜਿਸ ਤਰ੍ਹਾਂ ਦੀਆਂ ਫਿਲਮਾਂ ਬਣਾਉਣਾ ਚਾਹੁੰਦੇ ਹੋ ਉਸ ਤਰ੍ਹਾਂ ਦੀ ਬਹੁਤ ਸਾਰੀਆਂ ਫਿਲਮਾਂ ਬਣਾਉ, ਅਤੇ ਤੁਹਾਨੂੰ ਉਨ੍ਹਾਂ ਨੂੰ ਸ਼ਾਂਤਮਈ ਮਾਹੌਲ ਵਿੱਚ ਬਣਾਉਣ ਅਤੇ ਰਿਲੀਜ਼ ਕਰਨ ਦੀ ਇਜਾਜ਼ਤ ਹੋਵੇ; ਤੁਹਾਡੇ ਅਦਾਕਾਰ, ਤੁਹਾਡੇ ਪ੍ਰੋਡਿਊਸਰ, ਤੁਹਾਡੇ ਸਟੂਡੀਓ ਅਤੇ ਤੁਹਾਡੇ ਦਰਸ਼ਕ ਧਮਕੀਆਂ ਅਤੇ ਭੰਨਤੋੜ ਤੋਂ ਸੁਰੱਖਿਅਤ ਰਹਿਣ। ਮੈਂ ਤੁਹਾਡੇ ਪ੍ਰਗਟਾਵੇ ਦੀ ਅਜ਼ਾਦੀ ਲਈ ਟਰੋਲਾਂ (ਆਨਲਈਨ ਲੜਨ ਅਤੇ ਤੰਗ ਕਰਨ ਵਾਲਿਆਂ) ਅਤੇ ਟੈਲੀਵਿਜ਼ਨ ਦੇ ਟਿੱਪਣੀਕਾਰਾਂ ਨਾਲ ਲੜਨ ਦਾ ਵਾਅਦਾ ਕਰਦੀ ਹਾਂ; ਪਰ ਮੈਂ ਤੁਹਾਨੂੰ ਉਸ ਕਲਾ ਬਾਰੇ ਸਵਾਲ ਪੁੱਛਣ ਦਾ ਵੀ ਵਾਅਦਾ ਕਰਦੀ ਹਾਂ ਜਿਹੜੀ ਕਲਾ ਤੁਸੀਂ ਜਨਤਾ ਲਈ ਬਣਾਉਂਦੇ ਹੋ। ਇਸ ਸਮੇਂ ਦੌਰਾਨ ਆਉ ਆਪਾਂ ਉਮੀਦ ਕਰੀਏ ਕਿ ਕਿਸੇ ਵੀ ਕਰਨੀ ਸੈਨਾ ਜਾਂ ਕਿਸੇ ਮਰਨੀ ਸੈਨਾ ਦੇ ਕਿਸੇ ਜੰਨੂਨੀ ਮੈਂਬਰ ਨੂੰ ਇਹ ਮੰਗ ਕਰਨ ਦਾ ਵਿਚਾਰ ਨਾ ਆਏ ਕਿ ਸਤੀ ਦੀ ਰੀਤ ਨੂੰ ਜੁਰਮ ਦੇ ਘੇਰੇ ਵਿੱਚੋਂ ਬਾਹਰ ਕੱਢਿਆ ਜਾਣਾ ਚਾਹੀਦਾ ਹੈ!

ਸੱਚੇ ਦਿਲੋਂ,

ਸਵਰਾ ਭਾਸਕਰ
ਜ਼ਿੰਦਗੀ ਦੀ ਖਾਹਿਸ਼ਮੰਦ


ਸਵਰਾ ਭਾਸਕਰ ਹਿੰਦੀ ਫਿਲਮ ਇੰਡਸਟਰੀ ਦੀ ਇਨਾਮ ਜੇਤੂ ਅਦਾਕਾਰਾ ਹੈ, ਜਿਸ ਨੇ ਅੱਗੇ ਦਿੱਤੀਆਂ ਫਿਲਮਾਂ ਵਿੱਚ ਅਦਾਕਾਰੀ ਕੀਤੀ ਹੈ: ਅਨਾਰਕਲਈ ਆਫ ਅਰਾਹ (2017), ਨਿਲ ਬਟੇ ਸੰਨਾਟਾ (2016), ਪ੍ਰੇਮ ਰਤਨ ਧਨ ਪਾਇਓ (2015), ਤਨੂ ਵੈਡਜ ਮੰਨੂ ਰਿਟਰਨਜ਼, (2015), ਰਾਂਝਨਾ (2013) ਅਤੇ ਤਨੂ ਵੈਡਜ਼ ਮੰਨੂ (2011)।       

ਉੱਤਰੀ  ਅਮਰੀਕਾ ਵਿੱਚ ਪੰਜਾਬੀ ਵਿਕੀਪੀਡਿਆ ਦੀ ਪਹਿਲੀ ਵਰਕਸ਼ਾਪ - ਹਰਪ੍ਰੀਤ ਸੇਖਾ

26 ਅਗਸਤ ਨੂੰ ਸਰੀ ਪਬਲਿਕ ਲਾਇਬ੍ਰੇਰੀ ਦੀ ਨਿਊਟਨ ਬ੍ਰਾਂਚ ਵਿੱਚ ਵਿੱਚ ਔਨਲਾਈਨ ਮੈਗਜ਼ੀਨ ਵਤਨ ਵੱਲੋਂ ਪੰਜਾਬੀ ਵਿਕੀਪੀਡਿਆ ਦੀ ਪਹਿਲੀ ਵਰਕਸ਼ਾਪ ਦਾ ਪ੍ਰਬੰਧ ਕੀਤਾ ਗਿਆ। ਉੱਤਰੀ ਅਮਰੀਕਾ ਵਿੱਚ ਪੰਜਾਬੀ ਵਿਕੀਪੀਡੀਆ ਬਾਰੇ ਇਸ ਤਰ੍ਹਾਂ ਦੀ ਇਹ ਪਹਿਲੀ ਵਰਕਸ਼ਾਪ ਸੀ।

ਵਰਕਸ਼ਾਪ ਦੇ ਸ਼ੁਰੂ ਵਿੱਚ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਵਿੱਚ ਪੰਜਾਬੀ ਅਧਿਆਪਕ ਅਤੇ ਪੰਜਾਬੀ ਵਿਕੀਪੀਡਿਆ ਲਈ ਸਰਗਰਮੀ ਨਾਲ ਯੋਗਦਾਨ ਪਾ ਰਹੇ ਸੁਖਵੰਤ ਹੁੰਦਲ ਨੇ ਵਿਕੀਪੀਡਿਆ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਦੱਸਿਆ। ਉਨ੍ਹਾਂ ਕਿਹਾ ''ਵਿਕੀਪੀਡੀਆ ਇਸ ਸਮੇਂ ਗਿਆਨ ਹਾਸਲ ਕਰਨ, ਗਿਆਨ ਇਕੱਤਰ ਕਰਨ, ਗਿਆਨ ਸੰਭਾਲਣ ਵਿੱਚ ਇਕ ਇਨਕਲਾਬੀ ਤਬਦੀਲੀ ਲਿਆ ਰਿਹਾ ਹੈ। ਇਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ।"

ਪੰਜਾਬੀ ਵਿਕੀਪੀਡੀਏ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਉਹਨਾਂ ਕਿਹਾ, ''ਇਸ ਦੀ ਮਹੱਤਤਾ ਨੂੰ ਸਮਝਾਉਣ ਲਈ ਮੈਂ ਵਿਕੀਪੀਡੀਆ ਦੇ ਬਾਨੀ ਜਿੰਮੀ ਵੇਲਜ਼ ਦੇ ਸ਼ਬਦਾਂ ਨੂੰ ਥੋੜ੍ਹਾ ਜਿਹਾ ਬਦਲ ਕੇ ਦੁਹਰਾਉਣਾ ਚਾਹੁੰਦਾ ਹਾਂ। ਕਲਪਨਾ ਕਰੋ ਕਿ 'ਦੁਨੀਆ ਦਾ ਸਾਰਾ ਗਿਆਨ ਪੰਜਾਬੀ ਵਿੱਚ ਉਪਲਬਧ ਹੋਵੇ ਅਤੇ ਇਸ ਗਿਆਨ ਤਕ ਹਰ ਪੰਜਾਬੀ ਦੀ ਪਹੁੰਚ ਹੋਵੇ।' ਜਿਸ ਦਿਨ ਅਜਿਹਾ ਹੋਵੇਗਾ, ਉਹ ਦਿਨ ਪੰਜਾਬੀ ਲੋਕਾਂ, ਪੰਜਾਬੀ ਬੋਲੀ, ਅਤੇ ਪੰਜਾਬੀ ਸਭਿਆਚਾਰ ਲਈ ਇਕ ਮਾਣਮੱਤਾ ਦਿਨ ਹੋੇਵੇਗਾ। ਪੰਜਾਬੀ ਪੜ੍ਹ ਸਕਣ ਵਾਲਾ ਹਰ ਵਿਅਕਤੀ ਦੁਨੀਆ ਦੇ ਵਿਸ਼ਾਲ ਗਿਆਨ ਤੱਕ ਆਪਣੀ ਮਾਂ ਬੋਲੀ ਵਿੱਚ ਪਹੁੰਚ ਕਰ ਸਕੇਗਾ। ਆਮ ਪੰਜਾਬੀ ਬੰਦੇ ਕੋਲ ਉਨ੍ਹਾਂ ਲੋਕਾਂ ਨੂੰ ਚੁਣੌਤੀ ਦੇਣ ਲਈ ਸਾਧਨ ਹੋਵੇਗਾ ਜਿਹੜੇ ਲੋਕ ਗਿਆਨ ਨੂੰ ਮੁੱਠੀ ਭਰ ਲੋਕਾਂ ਦੀ ਮਲਕੀਅਤ ਰੱਖਣਾ ਚਾਹੁੰਦੇ ਹਨ। ਹਰ ਇਕ ਪੰਜਾਬੀ ਆਪਣੀ ਮਾਂ ਬੋਲੀ ਦੀ ਵਰਤੋਂ ਕਰਦਿਆਂ ਆਪਣੇ ਵਿਰਸੇ, ਆਪਣੇ ਇਤਿਹਾਸ ਅਤੇ ਪਿਛੋਕੜ ਨਾਲ ਜੁੜਨ ਦੇ ਨਾਲ ਨਾਲ ਦੁਨੀਆ ਦੇ ਗਿਆਨ ਨਾਲ ਜੁੜ ਸਕੇਗਾ ਅਤੇ ਉਸ ਲਈ ਦੁਨੀਆ ਨੂੰ ਵਿਸ਼ਵ ਨਜ਼ਰੀਏ ਨਾਲ ਦੇਖ ਸਕਣ ਦੀਆਂ ਸੰਭਾਵਨਾਵਾਂ ਪੈਦਾ ਹੋਣਗੀਆਂ।"

ਇਸ ਤੋਂ ਬਾਅਦ ਦਿੱਲੀ ਯੂਨੀਵਰਸਿਟੀ ਵਿੱਚ ਐਮ ਫਿੱਲ ਦੇ ਵਿਦਿਆਰਥੀ ਅਤੇ ਵਿਕੀਪੀਡੀਆ ਦੇ ਪ੍ਰਬੰਧਕ ਸਤਦੀਪ ਗਿੱਲ ਨੇ ਵਿਕੀਪੀਡਿਆ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਬੋਲੀ ਨੂੰ ਬਚਾਉਣ ਲਈ ਵਿਕੀਪੀਡਿਆ ਬਹੁਤ ਮਹੱਤਵਪੂਰਨ ਟੂਲ ਹੈ ਅਤੇ ਅੱਜ ਦੇ ਇੰਟਰਨੈੱਟ ਦੇ ਯੁੱਗ ਵਿੱਚ ਪੰਜਾਬੀ ਲਈ ਇੰਟਰਨੈੱਟ ਉੱਤੇ ਆਪਣੀ ਥਾਂ ਬਣਾਉਣਾ ਜ਼ਰੂਰੀ ਹੈ। ਇਸ ਤੋਂ ਬਾਅਦ  ਉਨ੍ਹਾਂ ਨੇ ਵਿੱਕੀਪੀਡੀਏ ਉੱਪਰ ਜਾਣਕਾਰੀ ਪਾਉਣ ਦੇ ਵੱਖ ਵੱਖ ਪੱਖਾਂ ਬਾਰੇ ਦੱਸ ਕੇ ਵਿਕੀਪੀਡੀਆ ਉੱਪਰ ਜਾਣਕਾਰੀ ਪਾਉਣ ਦੀ ਮੁੱਢਲੀ ਟ੍ਰੇਨਿੰਗ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਸਮੇਂ 25 ਦੇ ਕਰੀਬ ਸੰਪਾਦਕ ਪੰਜਾਬੀ ਵਿਕੀਪੀਡੀਏ ਉੱਪਰ ਕੰਮ ਕਰ ਰਹੇ ਹਨ, ਜਿਹਨਾਂ ਵਿੱਚ ਬਹੁਤੇ 30 ਸਾਲਾਂ ਤੋਂ ਘੱਟ ਉਮਰ ਦੇ ਹਨ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਪੰਜਾਬੀ ਵਿਕੀਪੀਡੀਏ ਦੀ ਤਰੱਕੀ ਲਈ ਸੰਪਾਦਕਾਂ ਦੀ ਗਿਣਤੀ ਵਿੱਚ ਹੋਰ ਵਾਧਾ ਹੋਣਾ ਜ਼ਰੂਰੀ ਹੈ।

ਫਿਰ ਉਨ੍ਹਾਂ ਨੇ ਵਿਕੀਪੀਡੀਆ ਦੇ ਸਹਿਯੋਗੀ ਪ੍ਰੋਜੈਕਟਾਂ ૶ ਵਿਕਸ਼ਨਰੀ ਅਤੇ ਵਿਕੀ ਸ੍ਰੋਤ- ਬਾਰੇ ਦੱਸਿਆ। ਇਹ ਦੋਵੇਂ ਪ੍ਰੋਜੈਕਟ ਸ਼ੁਰੂਆਤੀ ਦੌਰ ਵਿੱਚ ਹਨ। ਵਿਕਸ਼ਨਰੀ ਪ੍ਰੋਜੈਕਟ ਇਕ ਬਹੁਭਾਸ਼ਾਈ ਡਿਕਸ਼ਨਰੀ ਬਣਾਉਣ ਦਾ ਪ੍ਰੋਜੈਕਟ ਹੈ ਅਤੇ ਵਿਕੀਸ੍ਰੋਤ ਪੰਜਾਬੀ ਕਿਤਾਬਾਂ ਨੂੰ ਪੀ ਡੀ ਐੱਫ ਅਤੇ ਲਿਖਤ ਦੇ ਫਾਰਮੈੱਟ ਵਿੱਚ ਆਨਲਾਈਨ ਪਾਉਣ ਦਾ ਪ੍ਰੋਜੈਕਟ ਹੈ ਤਾਂ ਕਿ ਇਹ ਕਿਤਾਬਾਂ ਦੁਨੀਆ ਭਰ ਵਿੱਚ ਲੋਕਾਂ ਤੱਕ ਪਹੁੰਚ ਸਕਣ। ਇਸ ਪ੍ਰੋਜੈਕਟ ਵਿੱਚ ਕਿਤਾਬਾਂ ਪਵਾਉਣ ਲਈ ਲੇਖਕਾਂ ਨੂੰ ਇਕ ਖਾਸ ਕਾਪੀਰਾਈਟ ਅਧੀਨ ਆਪਣੀਆਂ ਕਿਤਾਬਾਂ ਇਸ ਪ੍ਰੋਜੈਕਟ ਲਈ ਰਿਲੀਜ਼ ਕਰਨੀਆਂ ਪੈਣਗੀਆਂ।  

ਇਸ ਵਰਕਸ਼ਾਪ ਵਿੱਚ 40 ਦੇ ਕਰੀਬ ਲੋਕਾਂ ਨੇ ਭਾਗ ਲਿਆ ਅਤੇ ਬਹੁਤ ਉਤਸ਼ਾਹ ਨਾਲ ਵਿਕੀਪੀਡੀਏ ਦੇ ਵੱਖ ਵੱਖ ਪੱਖਾਂ ਬਾਰੇ ਸਵਾਲ ਪੁੱਛੇ। ਇਸ ਤਰ੍ਹਾਂ ਦੇ ਦੋ-ਪਾਸੀ ਅਦਾਨ ਪ੍ਰਦਾਨ ਨੇ ਵਰਕਸ਼ਾਪ ਨੂੰ ਦਿਲਚਸਪ ਬਣਾਈ ਰੱਖਿਆ।

ਸਤਿਆਜੀਤ ਰੇਅ ਦਾ ਸਿਨੇਮਾ - ਸੁਖਵੰਤ ਹੁੰਦਲ

ਸਤਿਆਜੀਤ ਰੇਅ ਦਾ ਨਾਂ ਦੁਨੀਆ ਦੇ ਬਿਹਤਰੀਨ ਫਿਲਮਸਾਜ਼ਾਂ ਵਿੱਚ ਆਉਂਦਾ ਹੈ। ਉਸ ਨੇ ਆਪਣੇ ਚਾਰ ਦਹਾਕਿਆਂ ਦੇ ਕਰੀਬ ਲੰਮੇ ਫਿਲਮ ਕੈਰੀਅਰ ਦੌਰਾਨ 35 ਦੇ ਲਗਭਗ ਫੀਚਰ ਅਤੇ ਡਾਕੂਮੈਂਟਰੀ ਫਿਲਮਾਂ ਬਣਾਈਆਂ। ਉਸ ਦੀਆਂ ਇਹ ਫਿਲਮਾਂ ਭਾਰਤੀ ਵਪਾਰਕ ਫਿਲਮ ਸਨਅਤ ਵਿੱਚ ਬਣਾਈਆਂ ਜਾ ਰਹੀਆਂ ਫਿਲਮਾਂ ਤੋਂ ਇਕਦਮ ਹਟਵੀਆਂ ਸਨ। ਉਸ ਦਾ ਵਿਚਾਰ ਸੀ ਕਿ ਫਿਲਮਾਂ ਦਾ ''ਪ੍ਰੇਰਣਾ ਸ੍ਰੋਤ ਜ਼ਿੰਦਗੀ ਹੋਣੀ ਚਾਹੀਦੀ ਹੈ ਅਤੇ ਉਹਨਾਂ ਦੀਆਂ ਜੜ੍ਹਾਂ ਜ਼ਿੰਦਗੀ ਵਿੱਚ ਹੋਣੀਆਂ ਚਾਹੀਦੀਆਂ ਹਨ"। (1) ਇਸ ਲਈ ਉਸ ਦੀਆਂ ਸਾਰੀਆਂ ਫਿਲਮਾਂ ਬੰਗਾਲੀ/ਭਾਰਤੀ ਲੋਕਾਂ ਦੀ ਜ਼ਿੰਦਗੀ ਦੀ ਯਥਾਰਥਵਾਦੀ ਪੇਸ਼ਕਾਰੀ ਕਰਦੀਆਂ ਹਨ ਅਤੇ ਉਹਨਾਂ ਦੀ ਸਮਾਜਕ ਸਰੋਕਾਰਾਂ ਦੇ ਸਿਨਮੇ ਵਿੱਚ ਇਕ ਵਿਸ਼ੇਸ਼ ਥਾਂ ਹੈ। ਉਸ ਦੀਆਂ ਫਿਲਮਾਂ ਨੇ ਭਾਰਤ ਵਿੱਚ ਸਮਾਜਕ ਸਰੋਕਾਰਾਂ ਬਾਰੇ ਫਿਲਮ ਬਣਾਉਣ ਵਾਲਿਆਂ ਉੱਤੇ ਇਕ ਅਹਿਮ ਪ੍ਰਭਾਵ ਪਾਇਆ ਹੈ। ਬਹੁਤ ਸਾਰੇ ਲੋਕ ਸਤਿਆਜੀਤ ਰੇਅ ਨੂੰ ਭਾਰਤ ਵਿੱਚ ਸਮਾਜਕ ਸਰੋਕਾਰਾਂ ਦੇ ਸਿਨੇਮਾ ਦਾ ''ਗੁਰੂ" ਜਾਂ ''ਮੋਢੀ" ਸਮਝਦੇ ਹਨ। (2)

ਉਸ ਦੀਆਂ ਫਿਲਮਾਂ ਬਾਰੇ ਚਰਚਾ ਕਰਨ ਤੋਂ ਪਹਿਲਾਂ ਉਸ ਦੇ ਫਿਲਮਸਾਜ਼ ਬਣਨ ਤੋਂ ਪਹਿਲਾਂ ਦੇ ਜੀਵਨ ਉੱਤੇ ਇਕ ਸੰਖੇਪ ਝਾਤ ਮਾਰਨੀ ਜ਼ਰੂਰੀ ਹੈ। (3) ਇਸ ਤੋਂ ਸਾਨੂੰ ਇਹ ਪਤਾ ਲੱਗੇਗਾ ਕਿ ਉਸ ਨੇ ਜਿਸ ਤਰ੍ਹਾਂ ਦੀਆਂ ਫਿਲਮਾਂ ਬਣਾਈਆਂ ਉਸ ਤਰ੍ਹਾਂ ਦੀਆਂ ਫਿਲਮਾਂ ਬਣਾਉਣ ਵੱਲ ਉਸ ਨੂੰ ਕਿਹੜੀਆਂ ਚੀਜ਼ਾਂ ਨੇ ਰੁਚਿਤ ਕੀਤਾ ਅਤੇ ਫਿਲਮਸਾਜ਼ੀ ਦੇ ਆਪਣੇ ਚਾਰ ਦਹਾਕਿਆਂ ਦੇ ਸਫਰ ਦੀ ਸ਼ੁਰੂਆਤ ਕਰਨ ਲਈ ਉਸ ਨੇ ਕਿਸ ਤਰ੍ਹਾਂ ਦੀ ਤਿਆਰੀ ਕੀਤੀ ਅਤੇ ਉਸ ਸਮੇਂ ਉਸ ਕੋਲ ਕਿਸ ਕਿਸਮ ਦਾ ਹੁਨਰ ਅਤੇ ਯੋਗਤਾਵਾਂ ਸਨ।

ਸਤਿਆਜੀਤ ਰੇਅ ਦਾ ਜਨਮ ਸੰਨ 1921 ਵਿੱਚ ਹੋਇਆ। ਉਸ ਦੇ ਪਰਿਵਾਰ ਦੇ ਸਾਹਿਤ ਅਤੇ ਕਲਾ ਨਾਲ ਡੂੰਘੇ ਸੰਬੰਧ ਸਨ। ਉਸ ਦਾ ਦਾਦਾ ਉਪੇਂਦਰਾ ਕਿਸ਼ੋਰ ਰੇਅ ਇਕ ਲੇਖਕ, ਕਲਾਕਾਰ ਅਤੇ ਇਕ ਬਹੁਤ ਵਧੀਆ ਪਿਆਨੋਵਾਦਕ ਸੀ। ਉਹ ਹਿੰਦੁਸਤਾਨ ਵਿੱਚ ਹਾਫ-ਟੋਨ ਬਲਾਕ ਪ੍ਰਿੰਟਿੰਗ ਦਾ ਮੋਢੀ ਸੀ ਅਤੇ ਰਬਿੰਦਰਨਾਥ ਟੈਗੋਰ ਦਾ ਦੋਸਤ ਸੀ। ਨਤੀਜੇ ਵਜੋਂ ਟੈਗੋਰ ਰੇਅ ਪਰਿਵਾਰ ਦੇ ਘਰ ਆਮ ਆਉਂਦਾ ਜਾਂਦਾ ਸੀ। ਸਤਿਆਜੀਤ ਰੇਅ ਦਾ ਪਿਤਾ ਸੁਕੂਮਾਰ ਰੇਅ ਇਕ ਜਾਣਿਆ ਪਛਾਣਿਆ ਬੰਗਾਲੀ ਲੇਖਕ, ਪੇਂਟਰ ਅਤੇ ਫੋਟੋਗ੍ਰਾਫੀ ਦੀ ਕਲਾ ਦਾ ਮਾਹਰ ਸੀ। ਉਹ ਬੱਚਿਆਂ ਲਈ ਲਿਖਦਾ ਸੀ ਅਤੇ ਉਨ੍ਹਾਂ ਲਈ ਇਕ ਰਸਾਲਾ ਕੱਢਦਾ ਸੀ। ਪਰ ਸਤਿਆਜੀਤ ਰੇਅ ਨੂੰ ਆਪਣੇ ਪਿਤਾ ਦਾ ਸਾਥ ਬਹੁਤ ਦੇਰ ਨਾ ਮਿਲ ਸਕਿਆ। ਉਹ ਅਜੇ ਢਾਈ-ਤਿੰਨ ਸਾਲ ਦਾ ਹੀ ਸੀ ਜਦੋਂ ਉਸ ਦੇ ਪਿਤਾ ਦੀ ਮੌਤ ਹੋ ਗਈ। ਨਤੀਜੇ ਵਜੋਂ ਸਤਿਆਜੀਤ ਰੇਅ ਅਤੇ ਉਸ ਦੀ ਮਾਂ ਨੂੰ ਰੇਅ ਦੇ ਮਾਮਿਆਂ ਕੋਲ ਰਹਿਣਾ ਪਿਆ। ਪਰ ਸਤਿਆਜੀਤ ਰੇਅ ਦੀ ਮਾਂ ਆਪਣੇ ਭਰਾਵਾਂ ਉੱਤੇ ਕਿਸੇ ਤਰ੍ਹਾਂ ਦਾ ਬੋਝ ਨਹੀਂ ਬਣਨਾ ਚਾਹੁੰਦੀ ਸੀ, ਇਸ ਲਈ ਆਪਣੇ ਭਰਾਵਾਂ ਕੋਲ ਰਹਿੰਦੀ ਹੋਈ ਵੀ ਉਹ ਆਪਣਾ ਗੁਜ਼ਾਰਾ ਚਲਾਉਣ ਅਤੇ ਆਪਣੇ ਪੁੱਤਰ ਦੀ ਪਰਵਰਿਸ਼ ਕਰਨ ਲਈ ਇਕ ਵਿਧਵਾ ਆਸ਼ਰਮ ਵਿੱਚ ਸਿਲਾਈ ਕਢਾਈ ਦਾ ਕੰਮ ਸਿਖਾਉਂਦੀ ਸੀ। (4)

ਉੱਨੀ ਸਾਲ ਦੀ ਉਮਰ ਵਿੱਚ ਸਤਿਆਜੀਤ ਰੇਅ ਨੇ ਕਲਕੱਤਾ ਯੂਨੀਵਰਸਿਟੀ ਤੋਂ ਬੀ ਏ ਪਾਸ ਕੀਤੀ ਅਤੇ ਬੀ ਏ ਵਿੱਚ ਉਸ ਦੀ ਪੜ੍ਹਾਈ ਦਾ ਮੁੱਖ ਵਿਸ਼ਾ ਇਕਨਾਮਿਕਸ ਸੀ। ਇਸ ਤੋਂ ਬਾਅਦ ਸੰਨ 1940 ਵਿੱਚ ਉਹ ਰਬਿੰਦਰਨਾਥ ਟੈਗੋਰ ਵਲੋਂ ਸਥਾਪਤ ਕੀਤੀ ਸ਼ਾਂਤੀਨਿਕੇਤਨ ਯੂਨੀਵਰਸਿਟੀ ਵਿੱਚ ਪੜ੍ਹਨ ਚਲਾ ਗਿਆ। ਇੱਥੇ ਉਸ ਦੀ ਪੜ੍ਹਾਈ ਦਾ ਮੁੱਖ ਵਿਸ਼ਾ ਫਾਈਨ ਆਰਟਸ ਸੀ ਅਤੇ ਇਹ ਪੜ੍ਹਾਈ ਖਤਮ ਕਰਨ ਲਈ ਉਸ ਨੂੰ ਪੰਜ ਸਾਲ ਲੱਗਣੇ ਸਨ। ਪਰ ਉਸ ਨੇ ਢਾਈ ਕੁ ਸਾਲਾਂ ਬਾਅਦ ਆਪਣੀ ਡਿਗਰੀ ਪੂਰੇ ਕੀਤੇ ਬਿਨਾਂ ਹੀ ਸ਼ਾਂਤੀਨਿਕੇਤਨ ਛੱਡ ਦਿੱਤਾ। ਸ਼ਾਂਤੀਨਿਕੇਤਨ ਵਿੱਚ ਪੜ੍ਹਦੇ ਸਮੇਂ ਸੰਨ 1941 ਵਿੱਚ ਰੇਅ ਨੇ ਹਿੰਦੁਸਤਾਨ ਦੀ ਟਕਸਾਲੀ ਕਲਾ (ਕਲਾਸੀਕਲ ਆਰਟ) ਨੂੰ ਖੁਦ ਦੇਖਣ ਲਈ ਦੋ ਹੋਰ ਵਿਦਿਆਰਥੀਆਂ ਨਾਲ ਮਿਲ ਕੇ ਹਿੰਦੁਸਤਾਨ ਦੇ ਵੱਖ ਵੱਖ ਹਿੱਸਿਆਂ ਦੀ ਯਾਤਰਾ ਕੀਤੀ। ਇਸ ਸਮੇਂ ਦੌਰਾਨ ਉਸ ਨੇ ਅਜੰਤਾ, ਇਲੋਰਾ, ਐਲੀਫੈਂਟਾ, ਸਾਂਚੀ, ਖੁਜਰਾਹੋ, ਆਦਿ ਥਾਂਵਾਂ 'ਤੇ ਜਾ ਕੇ ਮੂਰਤੀਕਲਾ ਨੂੰ ਦੇਖਿਆ। ਇਸ ਟੂਰ ਨੇ ਜ਼ਰੂਰ ਹੀ ਉਸ ਦੀ ਫਿਲਮਸਾਜ਼ੀ ਦੀ ਕਲਾ ਨੂੰ ਰੂਪ ਦੇਣ ਵਿੱਚ ਹਿੱਸਾ ਪਾਇਆ ਹੋਵੇਗਾ। ਇਸ ਦਾ ਅੰਦਾਜ਼ਾ ਰੇਅ ਵਲੋਂ ਬਾਅਦ ਵਿੱਚ ਇਸ ਬਾਰੇ ਦਿੱਤੇ ਇਕ ਬਿਆਨ ਤੋਂ ਲਗਦਾ ਹੈ, ਜਿਸ ਵਿੱਚ ਉਸ ਨੇ ਕਿਹਾ ਸੀ ''ਫਿਲਮ ਨਿਰਦੇਸ਼ਕ ਇਹਨਾਂ ਮੂਰਤੀਆਂ ਤੋਂ ਕਾਫੀ ਕੁਝ ਸਿੱਖ ਸਕਦੇ ਹਨ।" (5) 

ਸੰਨ 1943 ਵਿੱਚ ਸ਼ਾਂਤੀਨਿਕੇਤਨ ਛੱਡਣ ਤੋਂ ਬਾਅਦ ਰੇਅ ਕਲਕੱਤੇ ਦੀ ਇਕ ਐਡਵਰਟਾਇਜ਼ਿੰਗ ਏਜੰਸੀ ਡੀ ਜੇ ਕੀਮਰ ਵਿੱਚ ਐਡਵਰਟਾਇਜ਼ਿੰਗ ਆਰਟਿਸਟ ਵਜੋਂ ਕੰਮ ਕਰਨ ਲੱਗਾ। ਛੇਤੀ ਹੀ ਉਹ ਇਸ ਕੰਪਨੀ ਦਾ ਆਰਟ ਡਾਇਰੈਕਟਰ ਬਣ ਗਿਆ ਅਤੇ ਇਸ ਏਜੰਸੀ ਨਾਲ 1956 ਤੱਕ ਰਿਹਾ। ਇਸ ਹੀ ਸਮੇਂ ਦੌਰਾਨ ਰੇਅ ਇਸ ਕੰਪਨੀ ਦੇ ਇਕ ਅਸਿਸਟੈਂਟ ਮੈਨੇਜਰ ਵਲੋਂ ਸ਼ੁਰੂ ਕੀਤੀ ਸਿਗਨਟ ਪ੍ਰੈੱਸ ਨਾਲ ਕਿਤਾਬਾਂ ਦੀ ਸਮੱਗਰੀ ਦੀ ਵਿਆਖਿਆ ਕਰਨ ਲਈ ਚਿੱਤਰ ਬਣਾਉਣ ਅਤੇ ਕਿਤਾਬਾਂ ਦੇ ਸਰਵਰਕ ਬਣਾਉਣ ਦਾ ਕੰਮ ਕਰਦਾ ਰਿਹਾ। ਉਸ ਨੇ ਬੰਗਾਲੀ ਦੇ ਕਿੰਨੇ ਹੀ ਮਸ਼ਹੂਰ ਲੇਖਕਾਂ ਦੀਆਂ ਕਿਤਾਬਾਂ ਦੇ ਸਰਵਰਕ ਬਣਾਏ। ਇਹਨਾਂ ਕਿਤਾਬਾਂ ਵਿੱਚੋਂ ਇਕ ਸੀ ਬਿਭੂਤੀ ਭੂਸ਼ਨ ਬੈਨਰਜੀ ਦਾ ਨਾਵਲ ਪਾਥੇਰ ਪੰਚਲੀ (ਸੜਕ ਦਾ ਗੀਤ), ਜਿਸ 'ਤੇ ਬਾਅਦ ਵਿੱਚ ਉਸ ਨੇ ਆਪਣੀ ਪਹਿਲੀ ਫਿਲਮ ਬਣਾਈ।

ਆਪਣੀ ਪੜ੍ਹਾਈ ਦੇ ਸਮੇਂ ਤੋਂ ਹੀ ਸਤਿਆਜੀਤ ਰੇਅ ਨੂੰ ਫਿਲਮਾਂ ਦੇਖਣ ਦਾ ਸ਼ੌਕ ਸੀ। ਉਹ ਦੇਖਣ ਨੂੰ ਫਿਲਮ ਦੀ ਚੋਣ ਕਰਨ ਸਮੇਂ ਇਸ ਗੱਲ ਨੂੰ ਧਿਆਨ ਵਿੱਚ ਰੱਖਦਾ ਸੀ ਕਿ ਉਸ ਫਿਲਮ ਦਾ ਨਿਰਦੇਸ਼ਕ ਕੌਣ ਸੀ ਨਾ ਕਿ ਇਸ ਗੱਲ ਨੂੰ ਕਿ ਉਸ ਫਿਲਮ ਦਾ ਹੀਰੋ ਜਾਂ ਹੀਰੋਈਨ ਕੌਣ ਸੀ। ਵੱਖ ਵੱਖ ਡਾਇਰੈਕਟਰਾਂ ਦੀਆਂ ਫਿਲਮਾਂ ਦੇਖਣ ਤੋਂ ਬਾਅਦ ਉਹ ਉਹਨਾਂ ਦੇ ਵੱਖਰੇ ਵੱਖਰੇ ਸਟਾਇਲਾਂ ਦੀ ਤੁਲਨਾ ਕਰਦਾ। ਇਸ ਸਮੇਂ ਦੌਰਾਨ ਉਸ ਨੇ ਸੰਸਾਰ ਦੇ ਜਿਹੜੇ ਫਿਲਮ ਨਿਰਦੇਸ਼ਕਾਂ ਦੀਆਂ ਫਿਲਮਾਂ ਦੇਖੀਆਂ ਉਹਨਾਂ ਵਿੱਚੋਂ ਕੁਝ ਦੇ ਨਾਂ ਇਸ ਪ੍ਰਕਾਰ ਹਨ: ਕਾਪਰਾ, ਜੌਹਨ ਫੋਰਡ, ਅਰਨਸਟ ਲੂਬਿਚ, ਹਸਟਨ, ਮਾਈਲਸਟੋਨ, ਵਾਈਲਡਰ, ਵਿਲੀਅਮ ਵਾਈਲਰ, ਆਈਜ਼ਨਸਟਾਈਨ ਅਤੇ ਪੁਦੋਵਕਿਨ। ਸਤਿਆਜੀਤ ਰੇਅ ਅਨੁਸਾਰ, ਜ਼ਿੰਦਗੀ ਦੇ ਇਸ ਪੜਾਅ 'ਤੇ ਫਿਲਮਾਂ ਵਿੱਚ ਉਸ ਦੀ ਦਿਲਚਸਪੀ ਇਕ ਸ਼ੌਕੀਆ ਦਿਲਚਸਪੀ ਨਾ ਰਹਿ ਕੇ ਇਕ ਗੰਭੀਰ ਦਿਲਚਸਪੀ ਬਣ ਚੁੱਕੀ ਸੀ। ਇਸ ਦੇ ਨਾਲ ਹੀ ਉਸ ਨੂੰ ਫਿਲਮ ਵਿੱਚ ਇਕ ਨਿਰਦੇਸ਼ਕ ਦੇ ਰੋਲ ਦੀ ਮਹੱਤਤਾ ਸਮਝ ਆ ਗਈ ਸੀ। ਇਸ ਬਾਰੇ ਉਹ ਲਿਖਦਾ ਹੈ ''ਅਚਾਨਕ ਮੈਨੂੰ ਅਹਿਸਾਸ ਹੋਇਆ ਕਿ ਡਾਇਰੈਕਟਰ ਅਜਿਹਾ ਵਿਅਕਤੀ ਹੈ ਜਿਹੜਾ ਕਿਸੇ ਵਿਸ਼ੇਸ਼ ਫਿਲਮ ਨੂੰ ਉਸ ਦੀ ਵਿਸ਼ੇਸ਼ਤਾ ਪ੍ਰਦਾਨ ਕਰਦਾ ਹੈ। ਉਸ ਦਾ ਪ੍ਰਭਾਵ ਸਟੂਡੀਓ, ਸਿਤਾਰਿਆਂ ਅਤੇ ਕਹਾਣੀ ਤੋਂ ਵੀ ਵੱਧ ਹੁੰਦਾ ਹੈ।" (6)

ਫਿਲਮਾਂ ਦੇਖਣ ਦੇ ਨਾਲ ਨਾਲ ਉਹ ਫਿਲਮਾਂ ਬਾਰੇ ਮਿਲਦੀਆਂ ਵੱਧ ਤੋਂ ਵੱਧ ਕਿਤਾਬਾਂ ਪੜ੍ਹਨ ਦੀ ਕੋਸ਼ਿਸ਼ ਕਰਦਾ ਜਿਹਨਾਂ ਵਿੱਚ ਆਈਜ਼ਨਸਟਾਈਨ ਅਤੇ ਪੁਦੋਵਕਿਨ ਦੀਆਂ ਲਿਖਤਾਂ ਵੀ ਸ਼ਾਮਲ ਸਨ। ਫਿਲਮ ਦੇਖਦੇ ਵਕਤ ਉਹ ਹਾਲ ਦੇ ਹਨ੍ਹੇਰੇ ਵਿੱਚ ਹੀ ਫਿਲਮ ਦੇ ਵੱਖ ਵੱਖ ਪਹਿਲੂਆਂ ਬਾਰੇ ਨੋਟ ਲੈਂਦਾ। ਉਹਨਾਂ ਦਿਨਾਂ ਵਿੱਚ ਕਲਕੱਤੇ ਵਿੱਚ ਸੰਸਾਰ ਪ੍ਰਸਿੱਧ ਨਿਰਦੇਸ਼ਕਾਂ ਦੀਆਂ ਫਿਲਮਾਂ ਘੱਟ ਲਗਦੀਆਂ ਸਨ। ਇਸ ਘਾਟ ਨੂੰ ਪੂਰਾ ਕਰਨ ਲਈ ਸੰਨ 1947 ਵਿੱਚ ਉਸ ਨੇ ਚਿਦੰਨਦਾ ਦਾਸ ਗੁਪਤਾ ਨਾਲ ਮਿਲ ਕੇ ਕਲਕੱਤਾ ਫਿਲਮ ਸੁਸਾਇਟੀ ਦੀ ਸਥਾਪਨਾ ਕੀਤੀ।

1946 ਦੇ ਕਰੀਬ ਉਹ ਸ਼ੌਕੀਆ ਤੌਰ 'ਤੇ ਫਿਲਮਾਂ ਦੀਆਂ ਸਕਰਿਪਟਾਂ ਲਿਖਣ ਲੱਗ ਪਿਆ। ਫਿਲਮਾਂ ਬਾਰੇ ਪੜ੍ਹਨ ਦੇ ਸ਼ੌਕ ਦੌਰਾਨ ਉਸ ਨੇ ਰੈਨੇ ਕਲੇਅਰ ਦੀ ਪ੍ਰਕਾਸ਼ਤ ਹੋਈ ਸਕਰਿਪਟ ਦਾ ਗੋਸਟ ਗੋਜ਼ ਵੈੱਸਟ ਅਤੇ ਜੌਹਨ ਗਾਸਨਰ ਅਤੇ ਡਿਊਡਲੀ ਨਿਕੋਲਸ ਵਲੋਂ ਸੰਪਾਦਤ ਕੀਤੀ ਅਤੇ 1943 ਵਿੱਚ ਛਪੀ ਟੁਵੰਟੀ ਬੈੱਸਟ ਫਿਲਮ ਪਲੇਅਜ਼ ਨਾਮੀ ਕਿਤਾਬ ਪੜ੍ਹ ਲਈ ਸੀ। ਜਦੋਂ ਉਸ ਨੂੰ ਪਤਾ ਲੱਗਦਾ ਕਿ ਕਿਸੇ ਚੰਗੀ ਸਾਹਿਤਕ ਕ੍ਰਿਤ ਦੇ ਆਧਾਰ 'ਤੇ ਬਣੀ ਕੋਈ ਫਿਲਮ ਆਉਣ ਵਾਲੀ ਹੈ ਤਾਂ ਉਹ ਉਸ ਕਿਤਾਬ ਨੂੰ ਪੜ੍ਹ ਕੇ ਉਸ ਬਾਰੇ ਫਿਲਮ ਸਕਰਿਪਟ ਲਿਖਦਾ। ਫਿਰ ਜਦੋਂ ਫਿਲਮ ਆਉਂਦੀ ਤਾਂ ਉਸ ਨਾਲ ਆਪਣੀ ਲਿਖੀ ਸਕਰਿਪਟ ਦੀ ਤੁਲਨਾ ਕਰਦਾ। ਇਸ ਤਰ੍ਹਾਂ ਕਰਕੇ ਉਸ ਨੂੰ ਆਪਣੀ ਲਿਖੀ ਸਕਰਿਪਟ ਦੀਆਂ ਕਮੀਆਂ ਅਤੇ ਚੰਗਿਆਈਆਂ ਬਾਰੇ ਜਾਣਨ ਦਾ ਮੌਕਾ ਮਿਲਦਾ।

1950 ਵਿੱਚ ਕੀਮਰ ਐਡਵਰਟਾਈਜ਼ਿੰਗ ਏਜੰਸੀ ਵਲੋਂ ਸਤਿਆਜੀਤ ਰੇਅ ਹੋਰ ਸਿਖਲਾਈ ਲਈ 5 ਕੁ ਮਹੀਨਿਆਂ ਲਈ ਲੰਡਨ ਗਿਆ। ਇਸ ਫੇਰੀ ਦੌਰਾਨ ਕੰਮ ਦੀ ਸਿਖਲਾਈ ਦੇ ਨਾਲ ਨਾਲ ਰੇਅ ਨੇ ਲੰਡਨ ਵਿੱਚ ਦੁਨੀਆ ਦੇ ਪ੍ਰਸਿੱਧ ਫਿਲਮ ਨਿਰਦੇਸ਼ਕਾਂ ਦੀਆਂ 100 ਦੇ ਕਰੀਬ ਫਿਲਮਾਂ ਦੇਖੀਆਂ। ਇਹਨਾਂ ਸੌ ਫਿਲਮਾਂ ਵਿੱਚੋਂ ਇਕ ਸੀ ਇਟਾਲੀਅਨ ਫਿਲਮ ਨਿਰਦੇਸ਼ਕ ਵਿਟੋਰੀਓ ਡੀ ਸੀਕਾ ਦੀ ਫਿਲਮ ਬਾਈਸਾਈਕਲ ਥੀਵਜ਼ (ਸਾਈਕਲ ਚੋਰ)। ਇਸ ਫਿਲਮ ਨੇ ਰੇਅ ਨੂੰ ਬਹੁਤ ਪ੍ਰਭਾਵਿਤ ਕੀਤਾ ਅਤੇ ਉਸ ਨੂੰ ਆਪਣੀਆਂ ਫਿਲਮਾਂ ਬਣਾਉਣ ਲਈ ਰਸਤਾ ਦਿਖਾ ਦਿੱਤਾ। ਇਸ ਤਜਰਬੇ ਨੂੰ ਰੇਅ ਇਸ ਤਰ੍ਹਾਂ ਬਿਆਨ ਕਰਦਾ ਹੈ:

(ਜਦੋਂ) ਮੈਂ ਥਿਏਟਰ ਤੋਂ ਬਾਹਰ ਆਇਆ ਤਾਂ ਮੇਰਾ ਮਨ ਪੱਕੀ ਤਰ੍ਹਾਂ ਬਣ ਚੁੱਕਾ ਸੀ। ਮੈਂ ਇਕ ਫਿਲਮਸਾਜ਼ ਬਣਾਂਗਾ। ਇਕ ਪੱਕੀ ਨੌਕਰੀ ਛੱਡਣ ਦਾ ਡਰ ਲੱਥ ਗਿਆ ਸੀ। ਮੈਂ ਆਪਣੀ ਫਿਲਮ ਬਿਲਕੁਲ ਉਸ ਤਰ੍ਹਾਂ ਬਣਾਵਾਂਗਾ ਜਿਸ ਤਰ੍ਹਾਂ ਡੀ ਸੀਕਾ ਨੇ ਆਪਣੀ ਫਿਲਮ ਬਣਾਈ ਸੀ: ਗੈਰ-ਪੇਸ਼ਾਵਰ ਅਦਾਕਾਰਾਂ ਨਾਲ, ਤੁਛ ਵਸੀਲਿਆਂ ਦੀ ਵਰਤੋਂ ਕਰਕੇ, ਅਤੇ ਅਸਲੀ ਲੋਕੇਸ਼ਨਾਂ 'ਤੇ ਸ਼ੂਟਿੰਗ ਕਰਕੇ। ਜਿਸ ਪਿੰਡ ਦਾ ਬਿਭੂਤੀਭੂਸ਼ਨ ਨੇ (ਆਪਣੇ ਨਾਵਲ ਵਿੱਚ) ਬਹੁਤ ਹੀ ਪਿਆਰੇ ਢੰਗ ਨਾਲ ਵਰਨਣ ਕੀਤਾ ਸੀ, ਉਹ ਪਿੰਡ ਫਿਲਮ ਦੇ ਪਿਛੋਕੜ ਵਿੱਚ ਹੋਵੇਗਾ ਜਿਸ ਤਰ੍ਹਾਂ ਡੀ ਸੀਕਾ ਦੀ ਫਿਲਮ ਵਿੱਚ ਰੋਮ ਦੇ ਬਾਹਰੀ ਇਲਾਕੇ ਸਨ। (7)

ਇਸ ਫਿਲਮ ਦੀ ਸਕਰਿਪਟ 'ਤੇ ਟਿੱਪਣੀ ਕਰਦਿਆਂ ਰੇਅ ਲਿਖਦਾ ਹੈ:

(ਜ਼ੈਵਾਤੀਨੀ) ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਹੈ ਇਨਸਾਨਾਂ ਦੀ ਤੀਖਣ ਸਮਝ ਅਤੇ ਅਜਿਹੀ 'ਚੇਨ ਟਾਇਪ' ਕਹਾਣੀ ਘੜਨ ਦੀ ਯੋਗਤਾ ਜਿਹੜੀ ਆਮ ਵਪਾਰਕ ਸਿਨਮੇ ਦੇ 90 ਮਿੰਟ ਦੇ ਸਮੇਂ ਵਿੱਚ ਬਹੁਤ ਸੋਹਣੀ ਤਰ੍ਹਾਂ ਫਿੱਟ ਹੁੰਦੀ ਹੈ। ਪਲਾਟ ਦੀ ਸਾਧਾਰਨਤਾ ਸ਼ਿੱਦਤ ਭਰਪੂਰ ਟਰੀਟਮੈਂਟ ਦਾ ਮੌਕਾ ਦਿੰਦੀ ਹੈ, ਜਦੋਂ ਕਿ ਦਿਲਚਸਪ ਅਤੇ ਵਿਸ਼ਵਾਸਯੋਗ ਘਟਨਾਵਾਂ ਅਤੇ ਪਾਤਰ ਦਿਲਚਸਪੀ ਕਾਇਮ ਰੱਖਦੇ ਹਨ૴ ਪ੍ਰਚਲਿਤ (ਪਾਪੂਲਰ) ਮਾਧਿਅਮ ਲਈ ਸਭ ਤੋਂ ਚੰਗੀ ਪ੍ਰੇਰਣਾ ਜ਼ਿੰਦਗੀ ਤੋਂ ਆਉਣੀ ਚਾਹੀਦੀ ਹੈ ਅਤੇ ਉਸ ਦੀਆਂ ਜੜ੍ਹਾਂ ਇਸ (ਜ਼ਿੰਦਗੀ) ਵਿੱਚ ਹੋਣੀਆਂ ਚਾਹੀਦੀਆਂ ਹਨ। ਕੋਈ ਵੀ ਪਾਲਸ਼ ਕੀਤੀ ਤਕਨੀਕ ਨਕਲੀ ਥੀਮ ਅਤੇ ਬੇਈਮਾਨ ਟਰੀਟਮੈਂਟ ਤੋਂ ਬਚਾਅ ਨਹੀਂ ਕਰ ਸਕਦੀ। ਇਹ ਜ਼ਰੂਰੀ ਹੈ ਕਿ ਭਾਰਤੀ ਫਿਲਮਸਾਜ਼ ਜ਼ਿੰਦਗੀ ਕੋਲ ਜਾਵੇ, ਯਥਾਰਥ ਕੋਲ ਜਾਵੇ। ਉਸ ਦਾ ਆਦਰਸ਼ ਡੀ ਸੀਕਾ ਹੋਣਾ ਚਾਹੀਦਾ ਹੈ, ਡੀਮੀਲ ਨਹੀਂ। (8)

ਇਸ ਫਿਲਮ ਦੇ ਸੰਬੰਧ ਵਿੱਚ ਉਸ ਨੇ ਲੰਡਨ ਤੋਂ ਆਪਣੇ ਇਕ ਦੋਸਤ ਨੂੰ ਖੱਤ ਲਿਖਿਆ ਜਿਸ ਵਿੱਚ ਉਹ ਕਹਾਣੀ ਦੱਸਣ ਦੀ ਪਹੁੰਚ ਬਾਰੇ ਗੱਲ ਕਰਦਾ ਹੈ। ਉਸ ਅਨੁਸਾਰ,

ਸਾਰੀ ਰਵਾਇਤੀ ਪਹੁੰਚ (ਜਿਸ ਦੀਆਂ ਉਦਾਹਰਨਾਂ ਵਧੀਆ ਤੋਂ ਵਧੀਆ ਅਮਰੀਕਨ ਅਤੇ ਬ੍ਰਿਟਿਸ਼ ਫਿਲਮਾਂ ਵਿੱਚ ਮਿਲਦੀਆਂ ਹਨ) ਗਲਤ ਹੈ। ਕਿਉਂਕਿ ਰਵਾਇਤੀ ਪਹੁੰਚ ਤੁਹਾਨੂੰ ਦਸਦੀ ਹੈ ਕਿ ਕਹਾਣੀ ਦੱਸਣ ਦੇ ਸਭ ਤੋਂ ਵਧੀਆ ਢੰਗ ਵਿੱਚ ਕਹਾਣੀ ਨਾਲ ਸਿੱਧੀ ਤਰ੍ਹਾਂ ਸੰਬੰਧਤ ਪੱਖਾਂ ਤੋਂ ਬਿਨਾਂ ਬਾਕੀ ਸਭ ਕਾਸੇ ਨੂੰ ਇਕ ਪਾਸੇ ਰੱਖ ਦੇਣਾ ਚਾਹੀਦਾ ਹੈ, ਜਦੋਂ ਕਿ ਉਸਤਾਦ ਦਾ ਕੰਮ ਸਪਸ਼ਟ ਤੌਰ 'ਤੇ ਦਿਖਾਉਂਦਾ ਹੈ ਕਿ ਜੇ ਤੁਹਾਡਾ ਥੀਮ ਜ਼ਬਰਦਸਤ ਅਤੇ ਸਰਲ ਹੋਵੇ, ਤਾਂ ਤੁਸੀਂ ਅਪ੍ਰਸੰਗਕ ਲਗਦੇ ਸੈਂਕੜੇ ਵਿਸਥਾਰ (ਕਹਾਣੀ ਵਿੱਚ) ਸ਼ਾਮਲ ਕਰ ਸਕਦੇ ਹੋ, ਜਿਹੜੇ ਥੀਮ ਨੂੰ ਅਸਪਸ਼ਟ ਕਰਨ ਦੀ ਥਾਂ ਉਸ ਨੂੰ ਹੋਰ ਉਗਾੜਨ ਵਿੱਚ ਮਦਦ ਕਰਦੇ ਹਨ, ਅਤੇ ਇਸ ਦੇ ਨਾਲ ਨਾਲ ਅਸਲੀਅਤ ਦੇ ਭਰਮ ਨੂੰ ਹੋਰ ਵਧੀਆ ਢੰਗ ਨਾਲ ਸਿਰਜਦੇ ਹਨ। (9)

ਰੇਅ ਦੇ ਉੱਪਰ ਦਿੱਤੇ ਵਿਚਾਰਾਂ ਤੋਂ ਅਸੀਂ ਸਹਿਜੇ ਹੀ ਦੇਖ ਸਕਦੇ ਹਾਂ ਕਿ ਬਾਈਸਾਈਕਲ ਥੀਵਜ਼ (ਸਾਈਕਲ ਚੋਰ) ਨੇ ਉਸ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕੀਤਾ। ਸਤੰਬਰ 1950 ਵਿੱਚ ਰੇਅ ਲੰਡਨ ਤੋਂ ਵਾਪਸ ਆ ਗਿਆ। ਉਸ ਸਮੇਂ ਤੱਕ ਉਹ ਇਕ ਫਿਲਮਸਾਜ਼ ਬਣਨ ਲਈ ਪੂਰੀ ਤਰ੍ਹਾਂ ਤਿਆਰ ਹੋ ਚੁੱਕਾ ਸੀ।

ਰੇਅ ਦੀ ਪਹਿਲੀ ਫਿਲਮ ਪਾਥੇਰ ਪੰਚਲੀ (ਸੜਕ ਦਾ ਗੀਤ) ਬਿਭੂਤੀ ਭੂਸ਼ਨ ਬੈਨਰਜੀ ਦੇ ਇਸੇ ਨਾਂ ਦੇ ਨਾਵਲ 'ਤੇ ਆਧਾਰਿਤ ਸੀ। ਬੰਗਾਲੀ ਦਾ ਇਹ ਨਾਵਲ ਪਹਿਲੀ ਵਾਰ 1928 ਵਿੱਚ ਇਕ ਅਖਬਾਰ ਵਿੱਚ ਲੜੀਵਾਰ ਛਪਿਆ ਸੀ। ਇਹ ਨਾਵਲ ਬੰਗਾਲ ਦੇ ਇਕ ਪਿੰਡ ਵਿੱਚ ਇਕ ਗਰੀਬ ਪਰਿਵਾਰ ਦੇ ਜੀਵਨ 'ਤੇ ਕੇਂਦਰਿਤ ਹੈ। ਇਸ ਪਰਿਵਾਰ ਵਿੱਚ ਇਕ ਛੋਟਾ ਬੱਚਾ ਅੱਪੂ, ਉਸ ਦੀ ਵੱਡੀ ਭੈਣ ਦੁਰਗਾ, ਬੱਚਿਆਂ ਦੀ ਮਾਂ ਸਰਬਾਜਿਆ, ਬੱਚਿਆਂ ਦਾ ਪਿਤਾ ਹਰੀਹਰ ਅਤੇ ਹਰੀਹਰ ਦੀ ਵਿਧਵਾ ਭੂਆ ਇੰਦੀਰ ਠਾਕੁਰਿਨ ਸ਼ਾਮਲ ਹਨ। ਅਤਿ ਦੀ ਗਰੀਬੀ ਹਢਾਉਂਦੇ ਇਸ ਪਰਿਵਾਰ ਨੂੰ ਜ਼ਿੰਦਾ ਰੱਖਣ ਲਈ ਹਰੀਹਰ ਕਮਾਈ ਕਰਨ ਲਈ ਪਿੰਡ ਛੱਡ ਸ਼ਹਿਰ ਚਲਾ ਜਾਂਦਾ ਹੈ ਅਤੇ ਜਦੋਂ ਉਹ ਵਾਪਸ ਆਉਂਦਾ ਹੈ ਤਾਂ ਉਸ ਦੀ ਬੇਟੀ ਦੁਰਗਾ ਅਤੇ ਵਿਧਵਾ ਭੂਆ ਦੀ ਮੌਤ ਹੋ ਚੁੱਕੀ ਹੁੰਦੀ ਹੈ। (10) 1950ਵਿਆਂ ਦੇ ਸ਼ੁਰੂ ਵਿੱਚ ਜਦੋਂ ਇਸ ਨਾਵਲ ਦਾ ਸੰਖੇਪ ਕਿਤਾਬੀ ਰੂਪ ਛਪਿਆ ਤਾਂ ਉਸ ਦਾ ਸਰਵਰਕ ਸਤਿਆਜੀਤ ਰੇਅ ਨੇ ਬਣਾਇਆ ਸੀ। ਉਸ ਹੀ ਸਮੇਂ ਉਸ ਦੇ ਮਨ ਵਿੱਚ ਇਸ ਨਾਵਲ 'ਤੇ ਫਿਲਮ ਬਣਾਉਣ ਦਾ ਵਿਚਾਰ ਆਇਆ ਅਤੇ ਉਸ ਨੇ ਇਸ ਉੱਤੇ ਫਿਲਮ ਬਣਾਉਣ ਦੇ ਹੱਕ ਲੇਖਕ ਦੇ ਪਰਿਵਾਰ ਤੋਂ 6000 ਰੁਪਏ ਵਿੱਚ ਖ੍ਰੀਦ ਲਏ। (11) ਇਸ ਦੇ ਨਾਲ ਹੀ ਸ਼ੁਰੂ ਹੋ ਗਿਆ ਆਪਣੇ ਇਸ ਵਿਚਾਰ ਨੂੰ ਸਿਰੇ ਚਾੜ੍ਹਨ ਦਾ ਉਸ ਦਾ ਸੰਘਰਸ਼।

ਫਿਲਮ ਦਾ ਖਾਕਾ ਤਿਆਰ ਕਰਨ ਤੋਂ ਬਾਅਦ ਰੇਅ ਨੇ ਫੈਸਲਾ ਕੀਤਾ ਕਿ ਉਹ ਆਪਣੀ ਇਸ ਫਿਲਮ ਵਿੱਚ ਕੁਦਰਤੀ ਸੈਟਿੰਗ ਦੀ ਵਰਤੋਂ ਕਰੇਗਾ ਅਤੇ ਵੱਧ ਤੋਂ ਵੱਧ ਨਵੇਂ ਜਾਂ ਗੈਰ-ਪੇਸ਼ਾਵਰ ਐਕਟਰਾਂ ਨੂੰ ਲਏਗਾ। ਫਿਲਮੀ ਸਿਤਾਰਿਆਂ ਨੂੰ ਆਪਣੀਆਂ ਫਿਲਮਾਂ ਵਿੱਚ ਨਾ ਲੈਣ ਪਿੱਛੇ ਕੰਮ ਕਰਦੇ ਉਸ ਦੇ ਵਿਚਾਰਾਂ ਵਿੱਚ ਇਕ ਵਿਚਾਰ ਇਹ ਸੀ ਕਿ ਫਿਲਮੀ ਸਿਤਾਰੇ ਪਾਤਰਾਂ ਨੂੰ ਆਪਣੀਆਂ ਪਹਿਲੀਆਂ ਫਿਲਮਾਂ ਵਿੱਚ ਕਾਮਯਾਬੀ ਨਾਲ ਖੇਡੇ ਗਏ ਪਾਤਰਾਂ ਅਨੁਸਾਰ ਢਾਲਣ ਦੀ ਕੋਸ਼ਿਸ਼ ਕਰਦੇ ਹਨ। (12) ਇਸ ਫੈਸਲੇ ਤੋਂ ਬਾਅਦ ਉਸ ਨੇ ਇਸ ਫਿਲਮ ਲਈ ਫਾਈਨੈਂਸਰ, ਖਾਸ ਕਰਕੇ ਫਿਲਮ ਡਿਸਟ੍ਰੀਬਿਊਟਰ, ਲੱਭਣੇ ਸ਼ੁਰੂ ਕਰ ਦਿੱਤੇ। ਉਹ ਇਨਾਂ ਫਾਈਨੈਂਸਰਾਂ ਨੂੰ ਜਾ ਕੇ ਦੱਸਦਾ ਕਿ ਇਸ ਫਿਲਮ ਨੂੰ ਯਥਾਰਥਵਾਦੀ ਢੰਗ ਨਾਲ ਫਿਲਮਾਉਣ ਲਈ ਕੈਮਰੇ ਦੀ ਵਰਤੋਂ ਕਿਸ ਤਰ੍ਹਾਂ ਕਰੇਗਾ। ਉਹ ਉਹਨਾਂ ਨੂੰ ਸਕੈੱਚ ਦਿਖਾਉਂਦਾ ਤਾਂ ਕਿ ਉਹਨਾਂ ਨੂੰ  ਫਿਲਮ ਦੇ ਮੁੱਖ ਸ਼ਾਟਾਂ ਦੀ ਬਣਤਰ ਦਾ ਪਤਾ ਲੱਗ ਸਕੇ। ਪਰ ਫਾਈਨੈਂਸਰਾਂ ਨੂੰ ਇਹ ਸਾਰੀਆਂ ਗੱਲਾਂ ਅਪ੍ਰਸੰਗਕ ਲੱਗਦੀਆਂ। ਉਹ ਉਸ ਨੂੰ ਪੁੱਛਦੇ ਕਿ ਇਸ ਫਿਲਮ ਵਿੱਚ ਕਿਹੜੇ ਕਿਹੜੇ ਸਿਤਾਰੇ ਕੰਮ ਕਰਨਗੇ? ਇਸ ਫਿਲਮ ਦੇ ਗੀਤ ਕੌਣ ਲਿਖੇਗਾ? ਇਸ ਫਿਲਮ ਵਿੱਚ ਨਾਚ ਕਿੱਥੇ ਕਿੱਥੇ ਦਿਖਾਏ ਜਾਣਗੇ? ਇਹਨਾਂ ਸਵਾਲਾਂ ਦੇ ਜੁਆਬ ਵਿੱਚ ਜਦੋਂ ਰੇਅ ਦਸਦਾ ਕਿ ਉਹ ਇਕ ਵੱਖਰੀ ਕਿਸਮ ਦੀ ਫਿਲਮ ਬਣਾ ਰਿਹਾ ਹੈ ਤਾਂ ਫਾਈਨੈਂਸਰਾਂ ਦਾ ਹੁੰਗਾਰਾ ਨਾਂਹ ਵਿੱਚ ਹੁੰਦਾ। ਉਹਨਾਂ ਵਿੱਚੋਂ ਕੋਈ ਵੀ ਇਸ ਵੱਖਰੀ ਕਿਸਮ ਦੀ ਫਿਲਮ ਉੱਤੇ ਪੈਸੇ ਲਾ ਕੇ ਆਪਣੀ ਪੂੰਜੀ ਨੂੰ ਖਤਰੇ ਵਿੱਚ ਨਹੀਂ ਸੀ ਪਾਉਣਾ ਚਾਹੁੰਦਾ। ਨਤੀਜੇ ਵਜੋਂ ਰੇਅ ਨੂੰ 30 ਤੋਂ ਵੱਧ ਫਾਈਨੈਂਸਰਾਂ ਵਲੋਂ ਨਾਂਹ ਵਿੱਚ ਜੁਆਬ ਮਿਲਿਆ। (13)

ਫਿਰ ਉਸ ਨੇ ਆਪਣੀ ਪੂੰਜੀ ਨਾਲ ਫਿਲਮ ਦੀ ਸ਼ੂਟਿੰਗ ਸ਼ੁਰੂ ਕਰਨ ਦਾ ਫੈਸਲਾ ਕੀਤਾ। ਉਸ ਕੋਲ ਕੁਝ ਜਮ੍ਹਾਂ ਹੋਏ ਪੈਸੇ ਸਨ। ਇਸ ਦੇ ਨਾਲ ਨਾਲ ਉਸ ਨੇ ਆਪਣੀਆਂ ਆਰਟ ਦੀਆਂ ਕਿਤਾਬਾਂ, ਰਿਕਾਰਡਾਂ ਆਦਿ ਨੂੰ ਵੇਚ ਦਿੱਤਾ ਤਾਂ ਕਿ ਫਿਲਮ ਸ਼ੁਰੂ ਕਰਨ ਲਈ ਪੈਸੇ ਇਕੱਤਰ ਕੀਤੇ ਜਾ ਸਕਣ। (14) ਇਸ ਤਰ੍ਹਾਂ ਇਕੱਤਰ ਹੋਏ ਪੈਸਿਆਂ ਨਾਲ ਉਸ ਨੇ ਫਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ। ਉਸ ਨੇ ਸੋਚਿਆ ਕਿ ਫਿਲਮ ਦੀ ਮੁਢਲੀ ਸ਼ੂਟਿੰਗ ਕਰ ਜਦੋਂ ਉਹ ਪ੍ਰਿੰਟ ਡਿਸਟ੍ਰੀਬਿਊਟਰਾਂ ਨੂੰ ਦਿਖਾਏਗਾ ਤਾਂ ਉਹਨਾਂ ਵਿੱਚੋਂ ਕੋਈ ਨਾ ਕੋਈ ਫਿਲਮ 'ਤੇ ਪੈਸੇ ਲਾਉਣ ਲਈ ਰਾਜ਼ੀ ਹੋ ਜਾਵੇਗਾ। ਪਰ ਉਸ ਨੂੰ ਇਸ ਵਿੱਚ ਕੋਈ ਵੱਡੀ ਕਾਮਯਾਬੀ ਨਾ ਮਿਲੀ। ਫਿਲਮ ਦੀ ਸ਼ੂਟਿੰਗ ਦੌਰਾਨ ਇਕ ਪੜਾਅ ਅਜਿਹਾ ਆਇਆ ਕਿ ਸ਼ੂਟਿੰਗ ਚਲਦੀ ਰੱਖਣ ਲਈ ਰੇਅ ਨੂੰ ਆਪਣੀ ਪਤਨੀ ਦੇ ਕੁਝ ਗਹਿਣੇ ਵੀ ਗਿਰਵੀ ਰੱਖਣੇ ਪਏ। (15) ਅਖੀਰ ਵਿੱਚ ਰੇਅ ਨੇ ਪੈਸਿਆਂ ਲਈ ਪੱਛਮੀ ਬੰਗਾਲ ਦੀ ਸਰਕਾਰ ਤੱਕ ਪਹੁੰਚ ਕੀਤੀ। ਬੇਸ਼ੱਕ ਉਸ ਸਮੇਂ ਸਰਕਾਰ ਵਲੋਂ ਫਿਲਮਾਂ 'ਤੇ ਪੈਸਾ ਲਾਉਣ ਦੀ ਕੋਈ ਰਵਾਇਤ ਨਹੀਂ ਸੀ, ਫਿਰ ਵੀ ਪੱਛਮੀ ਬੰਗਾਲ ਦੀ ਸਰਕਾਰ ਨੇ ਫਿਲਮ ਦੇ ਪ੍ਰੋਡਕਸ਼ਨ ਲਈ 2 ਲੱਖ ਰੁਪਏ ਦੇਣ ਦਾ ਫੈਸਲਾ ਕੀਤਾ ਅਤੇ ਸਰਕਾਰ ਫਿਲਮ ਦੀ ਪ੍ਰੋਡਿਊਸਰ ਅਤੇ ਮਾਲਕ ਬਣ ਗਈ। (16)

ਸੰਨ 1954 ਦੇ ਅਖੀਰ 'ਤੇ, ਜਦੋਂ ਫਿਲਮ ਪੂਰੀ ਹੋਣ ਦੇ ਨੇੜੇ ਸੀ, ਨਿਊਯੌਰਕ ਤੋਂ ਸੱਦਾ ਆਇਆ ਕਿ ਫਿਲਮ ਦਾ ਵਰਲਡ ਪ੍ਰੀਮੀਅਮ ਮਿਊਜ਼ੀਅਮ ਆਫ ਮਾਡਰਨ ਆਰਟ ਵਿਖੇ ਕੀਤਾ ਜਾਵੇ ਅਤੇ ਫਿਲਮ ਦੀ ਸਕਰੀਨਿੰਗ ਦੀ ਤਰੀਕ ਅਪ੍ਰੈਲ 1955 ਵਿੱਚ ਰੱਖੀ ਗਈ। ਇਸ ਸੱਦੇ ਨਾਲ ਫਿਲਮ ਨੂੰ ਛੇਤੀ ਤੋਂ ਛੇਤੀ ਖਤਮ ਕਰਨ ਦੀ ਲੋੜ ਪੈਦਾ ਹੋ ਗਈ ਅਤੇ ਫਿਲਮ ਸਕਰੀਨਿੰਗ ਦੀ ਮਿੱਥੀ ਤਰੀਕ 'ਤੇ ਸਬਟਾਇਟਲਾਂ ਤੋਂ ਬਿਨਾਂ ਨਿਊਯੌਰਕ ਪਹੁੰਚ ਗਈ। ਉੱਥੇ ਫਿਲਮ ਨੂੰ ਚੰਗਾ ਹੁੰਗਾਰਾ ਮਿਲਿਆ। ਫਿਲਮ ਦੀ ਸਕਰੀਨਿੰਗ ਤੋਂ ਬਾਅਦ ਮਿਊਜ਼ੀਅਮ ਆਫ ਮਾਡਰਨ ਆਰਟ ਦੇ ਨੁਮਾਇੰਦੇ ਮਾਰਟਿਨ ਵ੍ਹੀਲਰ ਨੇ ਤਾਰ ਰਾਹੀਂ ਫਿਲਮ ਬਾਰੇ ਸੰਦੇਸ਼ ਭੇਜਿਆ, ''ਸੰਵੇਦਨਸ਼ੀਲ ਫੋਟੋਗ੍ਰਾਫੀ ਦੀ ਜਿੱਤ”। (17) ਬਾਅਦ ਵਿੱਚ ਨਿਊਯੌਰਕ ਦੇ ਪੰਜ ਐਵਨਿਊ ਦੇ ਇਕ ਸਿਨੇਮਾ ਵਿੱਚ ਇਹ ਫਿਲਮ 8 ਮਹੀਨੇ ਲੱਗੀ ਰਹੀ। (18)  ਕੱਲਕੱਤੇ ਵਿੱਚ ਪਾਥੇਰ ਪਾਂਚਲੀ 26 ਅਗਸਤ 1955 ਨੂੰ ਰਿਲੀਜ਼ ਹੋਈ। ਸ਼ੁਰੂ ਸ਼ੁਰੂ ਵਿੱਚ ਫਿਲਮ ਦੇਖਣ ਵਾਲੇ ਦਰਸ਼ਕਾਂ ਦੀ ਗਿਣਤੀ ਘੱਟ ਰਹੀ ਪਰ ਜਲਦੀ ਹੀ ਦਰਸ਼ਕਾਂ ਦੀ ਗਿਣਤੀ ਵਿੱਚ ਜ਼ੋਰਦਾਰ ਵਾਧਾ ਹੋ ਗਿਆ ਅਤੇ ਫਿਲਮ ਪੂਰੀ ਕਾਮਯਾਬੀ ਨਾਲ 13 ਹਫਤੇ ਤੱਕ ਚੱਲਦੀ ਰਹੀ। ਪੱਛਮੀ ਬੰਗਾਲ ਦੇ ਪੇਂਡੂ ਖੇਤਰਾਂ ਵਿੱਚ ਵੀ ਫਿਲਮ ਨੂੰ ਚੰਗਾ ਹੁੰਗਾਰਾ ਮਿਲਿਆ। ਸੰਨ 1956 ਵਿੱਚ ਕਾਨਜ਼ ਫਿਲਮ ਫੈਸਟੀਵਲ ਵਿਖੇ ਜੱਜਾਂ ਨੇ ਇਸ ਨੂੰ ਸਪੈਸ਼ਲ ਇਨਾਮ ਦਿੱਤਾ ਅਤੇ ਕਿਹਾ ਕਿ ਇਹ ''ਫੈਸਟੀਵਲ ਦੀ ਸਭ ਤੋਂ ਵਧੀਆ ਮਨੁੱਖੀ ਦਸਤਾਵੇਜ਼" ਹੈ। (19) ਬਾਅਦ ਵਿੱਚ ਫਿਲਮ ਨੂੰ ਦੇਸ਼ ਵਿਦੇਸ਼ ਵਿੱਚ ਕਈ ਇਨਾਮ ਮਿਲੇ ਅਤੇ ਆਪਣੀ ਪਹਿਲੀ ਫਿਲਮ ਨਾਲ ਹੀ ਸਤਿਆਜੀਤ ਰੇਅ ਦੁਨੀਆ ਦੇ ਵਧੀਆ ਫਿਲਮ ਨਿਰਦੇਸ਼ਕਾਂ ਵਿੱਚ ਜਾਣਿਆ ਜਾਣ ਲੱਗਾ।

ਫਿਲਮ ਦੀ ਪ੍ਰੋਡਿਊਸਰ, ਪੱਛਮੀ ਬੰਗਾਲ ਦੀ ਸਰਕਾਰ ਵੀ ਘਾਟੇ ਵਿੱਚ ਨਾ ਰਹੀ। ਸਭ ਤੋਂ ਪਹਿਲਾਂ ਫਿਲਮ ਦੀ ਰਿਲੀਜ਼ ਤੋਂ ਬਾਅਦ ਪੱਛਮੀ ਬੰਗਾਲ ਵਿੱਚੋਂ ਹੀ ਸਰਕਾਰ ਨੇ ਫਿਲਮ 'ਤੇ ਲਾਈ ਆਪਣੀ ਪੂੰਜੀ ਤੋਂ ਦੁੱਗਣੀ ਰਕਮ ਕਮਾ ਲਈ। ਇਸ ਤੋਂ ਬਾਅਦ ਵਿਦੇਸ਼ਾਂ ਵਿੱਚ ਫਿਲਮ ਦੇ ਹੋਣ ਵਾਲੇ ਸ਼ੋਆਂ ਤੋਂ ਵੀ ਸਰਕਾਰ ਨੂੰ ਕਾਫੀ ਰਕਮ ਪ੍ਰਾਪਤ ਹੋਈ। ਇਕ ਅੰਦਾਜ਼ੇ ਮੁਤਾਬਕ ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਦੇ ਪਹਿਲੇ ਪੰਜ ਸਾਲਾਂ ਦੌਰਾਨ ਪੱਛਮੀ ਬੰਗਾਲ ਦੀ ਸਰਕਾਰ ਨੂੰ ਦੇਸ਼ ਅਤੇ ਵਿਦੇਸ਼ ਵਿੱਚੋਂ ਇਸ ਫਿਲਮ ਦੇ ਬਦਲੇ 8 ਲੱਖ ਰੁਪਏ ਦੀ ਆਮਦਨ ਹੋਈ ਜਿਹੜੀ ਕਿ ਸਰਕਾਰ ਵਲੋਂ ਲਾਈ ਪੂੰਜੀ ਦਾ 4 ਗੁਣਾਂ ਸੀ। (20) 

ਬੇਸ਼ੱਕ ਸੰਨ 1955 ਵਿੱਚ ਭਾਰਤ ਦੇ ਰਾਸ਼ਟਰਪਤੀ ਨੇ ਪਾਥੇਰ ਪੰਚਲੀ ਨੂੰ ਗੋਲਡ ਮੈਡਲ ਦਿੱਤਾ ਸੀ ਪਰ ਭਾਰਤੀ ਸਰਕਾਰ ਦੇ ਕਈ ਉੱਚ ਅਧਿਕਾਰੀ ਵਿਦੇਸ਼ਾਂ ਵਿੱਚ ਫਿਲਮ ਦੀ ਕਾਮਯਾਬੀ ਤੋਂ ਖੁਸ਼ ਨਹੀਂ ਸਨ। ਉਹਨਾਂ ਦਾ ਖਿਆਲ ਸੀ ਕਿ ਫਿਲਮ ਵਿੱਚ ਪੱਛਮੀ ਬੰਗਾਲ ਦੇ ਇਕ ਪੇਂਡੂ ਗਰੀਬ ਪਰਿਵਾਰ ਦੇ ਜੀਵਨ ਦਾ ਯਥਾਰਥਵਾਦੀ ਚਿਤਰਨ ਵਿਦੇਸ਼ਾਂ ਵਿੱਚ ਭਾਰਤ ਦੀ ਭੈੜੀ ਤਸਵੀਰ ਪੇਸ਼ ਕਰਦਾ ਹੈ। ਕਿਹਾ ਜਾਂਦਾ ਹੈ ਕਿ ਕਲਕੱਤੇ ਵਿੱਚ ਫਿਲਮ ਦੇਖਣ ਤੋਂ ਬਾਅਦ ਭਾਰਤ ਦੇ ਇਕ ਉੱਚ ਅਧਿਕਾਰੀ ਨੇ ਸਤਿਆਜੀਤ ਰੇਅ ਨੂੰ ਪੁੱਛਿਆ ਸੀ ਕਿ, ਕੀ ਫਿਲਮ ਵਿੱਚ ਇਸ ਤਰ੍ਹਾਂ ਦੀ ਗਰੀਬੀ ਦਿਖਾਉਣਾ ਦੁਨੀਆ ਦੀਆਂ ਅੱਖਾਂ ਵਿੱਚ ਭਾਰਤ ਦੀ ਬੇਇੱਜ਼ਤੀ ਵਾਲੀ ਗੱਲ ਨਹੀਂ ਹੈ? ਇਸ ਦੇ ਜੁਆਬ ਵਿੱਚ ਰੇਅ ਨੇ ਕਿਹਾ ਕਿ ਜੇ ਤੁਹਾਡੇ ਲਈ ਇਸ ਤਰ੍ਹਾਂ ਦੀ ਗਰੀਬੀ ਨੂੰ ਸਹਿਣਾ ਬੇਇੱਜ਼ਤੀ ਵਾਲੀ ਗੱਲ ਨਹੀਂ ਤਾਂ ਮੇਰੇ ਲਈ ਇਸ ਨੂੰ ਫਿਲਮ ਵਿੱਚ ਦਿਖਾਉਣਾ ਬੇਇੱਜ਼ਤੀ ਵਾਲੀ ਗੱਲ ਕਿਸ ਤਰ੍ਹਾਂ ਹੋ ਗਈ। (21)

ਇਸ ਸਮੇਂ ਪਾਥੇਰ ਪੰਚਲੀ ਬਣੀ ਨੂੰ 70 ਸਾਲ ਦੇ ਕਰੀਬ ਹੋ ਗਏ ਹਨ ਅਤੇ ਇੰਨੇ ਸਮੇਂ ਬਾਅਦ ਵੀ ਇਸ ਨੂੰ ਦੁਨੀਆ ਦੀ ਇਕ ਬਿਹਤਰੀਨ ਫਿਲਮ ਮੰਨਿਆ ਜਾਂਦਾ ਹੈ। ਫਿਲਮਾਂ ਨਾਲ ਸੰਬੰਧਤ ਲੇਖਕ/ਵਿਦਵਾਨ/ਫਿਲਮ ਨਿਰਦੇਸ਼ਕ/ਪੱਤਰਕਾਰ ਆਦਿ ਸਮੇਂ ਸਮੇਂ ਇਸ ਬਾਰੇ ਕੁੱਝ ਨਾ ਕੁੱਝ ਕਹਿੰਦੇ ਰਹਿੰਦੇ ਹਨ। ਇਕ ਵਿਦਵਾਨ ਦੇ ਅੰਦਾਜ਼ੇ ਅਨੁਸਾਰ ਅੱਜ ਵੀ ਇਹ ਫਿਲਮ ਹਰ ਰੋਜ਼ ਦੁਨੀਆ ਵਿੱਚ ਕਿਤੇ ਨਾ ਕਿਤੇ ਇਕ ਵਾਰ ਜ਼ਰੂਰ ਦਿਖਾਈ ਜਾਂਦੀ ਹੈ। (22)  ਸੰਨ 2011 ਸਤਿਆਜੀਤ ਰੇਅ ਬਾਰੇ ਛਪੀ ਇਕ ਕਿਤਾਬ ਦੀ ਭੂਮਿਕਾ ਲਿਖਦਿਆਂ ਫਿਲਮ ਨਿਰਦੇਸ਼ਕ ਸ਼ਿਆਮ ਬੈਨੇਗਿਲ ਨੇ ਪਾਥੇਰ ਪੰਚਲੀ ਬਾਰੇ ਲਿਖਿਆ ਸੀ ਕਿ ਇਹ ਫਿਲਮ ਬਣਾ ਕੇ, ਸਤਿਆਜੀਤ ਰੇਅ ਨੇ ਉਸ ਸੱਚੇ ਨੂੰ ਚਕਨਾਚੂਰ ਕਰ ਦਿੱਤਾ ਸੀ, ਜਿਸ ਸੱਚੇ ਨੇ ਅਵਾਜ਼ ਵਾਲੀਆਂ ਫਿਲਮਾਂ ਦੀ ਸ਼ੁਰੂਆਤ ਤੋਂ ਲੈ ਕੇ ਭਾਰਤੀ ਫਿਲਮਕਾਰਾਂ ਨੂੰ ਜਕੜਿਆ ਹੋਇਆ ਸੀ। (23)  ਸੰਨ 1992 ਵਿੱਚ ਰੇਅ ਬਾਰੇ ਲਿਖੇ ਇਕ ਲੇਖ ਵਿੱਚ ਪ੍ਰਸਿੱਧ ਫਿਲਮ ਅਤੇ ਰੰਗਮੰਚ ਅਦਾਕਾਰ ਅਤੇ ਫਿਲਮ ਆਲੋਚਕ ਉੱਤਪਲ ਦੱਤ ਨੇ ਲਿਖਿਆ ''ਪਾਥੇਰ ਪੰਚਲੀ ਵਿੱਚ ਕਿਸੇ ਵਾਧੂ ਸ਼ਬਦ ਦੀ ਵਰਤੋਂ ਕੀਤੇ ਬਿਨਾਂ ਇਕ ਬਹੁਤ ਵੱਡੇ ਸ਼ੋਸ਼ਣ ਦੀ ਕਹਾਣੀ ਦੱਸੀ ਗਈ ਹੈ। ਅਤੇ ਅਸੀਂ ਇਸ ਵਿੱਚ ਗਰੀਬਾਂ ਲਈ ਉਸ (ਰੇਅ) ਦੇ ਫਿਕਰ ਨੂੰ ਮਹਿਸੂਸ ਕਰ ਸਕਦੇ ਹਾਂ।" (24) ਇਕ ਹੋਰ ਥਾਂ ਸਤਿਆਜੀਤ ਰੇਅ ਉੱਤੇ ਇਸ ਫਿਲਮ ਵਿੱਚ ਭਾਰਤ ਦੀ ਗਰੀਬੀ ਦਿਖਾ ਕੇ ਵਿਦੇਸ਼ਾਂ ਵਿੱਚ ਭਾਰਤ ਦੀ ਭੈੜੀ ਤਸਵੀਰ ਦਿਖਾਉਣ ਦੇ ਲਾਏ ਜਾਂਦੇ ਇਲਜ਼ਾਮ ਦਾ ਜੁਆਬ ਦਿੰਦਿਆਂ ਦੱਤ ਨੇ ਲਿਖਿਆ ਹੈ ਕਿ ਇਸ ਫਿਲਮ ਰਾਹੀਂ,''ਰੇਅ ਨੇ ਭਾਰਤੀ ਆਰਟਿਸਟਾਂ ਨੂੰ ਉਹਨਾਂ ਦੀ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਇਆ ਹੈ ਕਿ ਉਹਨਾਂ ਨੂੰ ਹਮੇਸ਼ਾਂ ਸੱਚੇ ਰਹਿਣਾ ਚਾਹੀਦਾ ਹੈ। ਇਹ ਸਿਰਫ ਉਹਨਾਂ ਦਾ ਹੱਕ ਹੀ ਨਹੀਂ, ਸਗੋਂ ਉਹਨਾਂ ਦਾ ਫਰਜ਼ ਹੈ ਕਿ ਉਹ ਗਰੀਬੀ ਵੱਲ ਧਿਆਨ ਦੇਣ ਅਤੇ ਇਸ ਨੂੰ ਨੰਗਾ ਕਰਨ। ਇਸ ਨੂੰ ਸਾਰਿਆਂ ਦੇ ਸਾਹਮਣੇ ਨਸ਼ਰ ਕਰਨ ਤਾਂ ਕਿ ਇਸ ਦੇ ਵਹਿਸ਼ੀਪੁਣੇ ਉੱਤੇ ਵਿਚਾਰ ਹੋ ਸਕੇ।” (25)

ਪਾਥੇਰ ਪੰਚਲੀ ਤੋਂ ਬਾਅਦ ਰੇਅ ਨੇ ਆਪਣੀ ਨੌਕਰੀ ਛੱਡ ਦਿੱਤੀ ਅਤੇ ਉਹ ਆਪਣਾ ਸਾਰਾ ਸਮਾਂ ਫਿਲਮਸਾਜ਼ੀ ਵੱਲ ਦੇਣ ਲੱਗਾ ਅਤੇ ਹਰ ਸਾਲ ਇਕ ਫਿਲਮ ਬਣਾਉਣ ਲੱਗਾ। ਸੰਨ 1955 ਤੋਂ ਲੈ ਕੇ ਸੰਨ 1989 ਤੱਕ ਉਸ ਨੇ ਅੱਗੇ ਦਿੱਤੀਆਂ ਫਿਲਮਾਂ ਬਣਾਈਆਂ: ਪਾਥੇਰ ਪੰਚਲੀ, ਅਪਰਾਜੀਤੋ, ਪਾਰਸ਼ ਪੱਥਰ, ਜਲਸਾਘਰ, ਅੱਪੂ ਸੰਸਾਰ, ਦੇਵੀ, ਤੀਨ ਕੰਨਿਆ, ਰਬਿੰਦਰਨਾਥ ਟੈਗੋਰ, ਕੰਚਨਜੰਗਾ, ਅਭੀਆਨ, ਮਹਾਂਨਗਰ, ਚਾਰੂਲਤਾ, ਟੂ, ਕਪੁਰਸ਼-ਓ-ਮਹਾਂਪੁਰਸ਼, ਨਾਇਕ, ਚਿੜੀਆਖਾਨਾ, ਗੋਪੀ ਗਣੇ ਬੱਘਾ ਬਣੇ, ਅਰਨਾਇਰ ਦਿਨ ਰਾਤਰੀ, ਪ੍ਰਤੀਦਵੰਦੀ, ਸੀਮਾਬੱਧਾ, ਸਿੱਕਮ, ਦੀ ਇਨਰ ਆਈ, ਅਸਾਨੀ ਸੰਕਟ, ਸੋਨਾਰ ਕੇਲਾ, ਜਨ ਅਰਾਨਿਆ, ਬਾਲਾ, ਸ਼ਤਰੰਜ ਕੇ ਖਿਲਾੜੀ, ਜੋ ਬਾਬਾ ਫੇਲੂਨਾਥ, ਹੀਰਾਕ ਰਾਜਾਰ ਦੇਸ, ਪੀਕੂ, ਸਦਗਤੀ, ਘਰੇ ਬਾਰੇ, ਸਕੂਮਾਰ ਰੇਅ ਅਤੇ ਗਣਾਸ਼ਤਰੂ। ਇਹਨਾਂ ਵਿੱਚੋਂ ਸ਼ਤਰੰਜ ਕੇ ਖਿਲਾੜੀ ਅਤੇ ਸਦਗਤੀ ਹਿੰਦੀ ਵਿੱਚ ਹਨ ਅਤੇ ਬਾਕੀ ਬੰਗਾਲੀ ਵਿੱਚ। ਇਹਨਾਂ ਫਿਲਮਾਂ ਲਈ ਜ਼ਿੰਦਗੀ ਨਾਲ ਜੁੜੀਆਂ ਕਹਾਣੀਆਂ ਲੱਭਣ ਲਈ ਰੇਅ ਨੇ ਸਾਹਿਤ ਨੂੰ ਆਧਾਰ ਬਣਾਇਆ ਹੈ। ਕੁੱਝ ਇਕ ਫਿਲਮਾਂ ਨੂੰ ਛੱਡ ਕੇ, ਉਸ ਦੀਆਂ ਫਿਲਮਾਂ ਦੇ ਸਕਰੀਨ-ਪਲੇਅ ਬੰਗਾਲੀ ਜਾਂ ਹਿੰਦੀ ਨਾਵਲਾਂ/ਕਹਾਣੀਆਂ ਦੇ ਆਧਾਰ ਉੱਤੇ ਲਿਖੇ ਗਏ ਹਨ। ਬੇਸ਼ੱਕ ਰੇਅ ਦੀ ਫਿਲਮਸਾਜ਼ੀ ਨੂੰ ਪੂਰੀ ਤਰ੍ਹਾਂ ਸਮਝਣ ਲਈ ਇਹਨਾਂ ਸਾਰੀਆਂ ਫਿਲਮਾਂ ਬਾਰੇ ਵਿਸਥਾਰ ਵਿੱਚ ਗੱਲ ਕਰਨ ਦੀ ਲੋੜ ਹੈ ਪਰ ਇਕ ਲੇਖ ਵਿੱਚ ਅਜਿਹਾ ਕਰਨਾ ਸੰਭਵ ਨਹੀਂ। ਇਸ ਲਈ ਇਹਨਾਂ ਵਿੱਚੋਂ ਕੁਝ ਚੋਣਵੀਆਂ ਫਿਲਮਾਂ ਬਾਰੇ ਗੱਲ ਕੀਤੀ ਜਾਵੇਗੀ ਤਾਂ ਕਿ ਪਾਠਕ ਨੂੰ ਰੇਅ ਦੀ ਫਿਲਮਸਾਜ਼ੀ ਦੀ ਇਕ ਝਲਕ ਮਿਲ ਸਕੇ।

ਅਪਰਾਜੀਤੋ (ਅਜਿੱਤ) ਅਤੇ ਅੱਪੂ ਸੰਸਾਰ ਪਾਥੇਰ ਪੰਚਲੀ ਨਾਲ ਮਿਲਕੇ ਅੱਪੂ ਤ੍ਰੈਲੜੀ ਦੇ ਤੌਰ 'ਤੇ ਜਾਣੀਆਂ ਜਾਂਦੀਆਂ ਹਨ। ਇਹਨਾਂ ਵਿੱਚੋਂ ਅੱਪੂ ਅਤੇ ਉਸ ਦੇ ਪਰਿਵਾਰ ਦੀ ਪਾਥੇਰ ਪੰਚਲੀ ਤੋਂ ਬਾਅਦ ਦੀ ਜ਼ਿੰਦਗੀ ਦਿਖਾਈ ਗਈ ਹੈ। ਇਹ ਬਿਭੂਤੀ ਭੂਸ਼ਨ ਬੈਨਰਜੀ ਦੇ ਅਗਲੇ ਨਾਵਲ ਅਪਰਾਜੀਤੋ 'ਤੇ ਆਧਾਰਤਿ ਹਨ। ਫਿਲਮ ਪਾਥੇਰ ਪੰਚਲੀ ਦੇ ਅਖੀਰ 'ਤੇ ਅੱਪੂ ਦਾ ਪਿਤਾ ਹਰੀਹਰ ਪਿੰਡ ਵਿੱਚ ਗੁਜ਼ਾਰਾ ਨਾ ਹੁੰਦਾ ਹੋਣ ਕਰਕੇ ਆਪਣੇ ਬਚਦੇ ਪਰਿਵਾਰ (ਅੱਪੂ ਅਤੇ ਉਸ ਦੀ ਮਾਂ ਸਰਬਜਿਆ) ਨਾਲ ਪਿੰਡ ਛੱਡ ਕੇ ਬਨਾਰਸ ਸ਼ਹਿਰ ਜਾਣ ਦਾ ਫੈਸਲਾ ਕਰ ਲੈਂਦਾ ਹੈ। ਅਪਰਾਜੀਤੋ ਵਿੱਚ ਅੱਪੂ ਦਾ ਬਚਪਨ ਬਨਾਰਸ ਸ਼ਹਿਰ ਵਿੱਚ ਬੀਤਦਾ ਦਿਖਾਇਆ ਜਾਂਦਾ ਹੈ। ਉੱਥੇ ਨਮੂਨੀਏ ਨਾਲ ਉਸ ਦੇ ਪਿਤਾ ਦੀ ਮੌਤ ਹੋ ਜਾਂਦੀ ਹੈ। ਅੱਪੂ ਅਤੇ ਉਸ ਦੀ ਮਾਂ ਵਾਪਸ ਆਪਣੇ ਪਿੰਡ ਆ ਜਾਂਦੇ ਹਨ। ਪਰ ਅੱਪੂ ਪਿੰਡ ਨਹੀਂ ਰਹਿੰਦਾ ਸਗੋਂ ਪੜ੍ਹਨ ਲਈ ਕਲਕੱਤੇ ਆ ਜਾਂਦਾ ਹੈ। ਇੱਥੇ ਉਹ ਕਾਲਜ ਵਿੱਚ ਪੜ੍ਹਦਾ ਵੀ ਹੈ ਅਤੇ ਆਪਣਾ ਗੁਜ਼ਾਰਾ ਕਰਨ ਲਈ ਛੋਟਾ ਮੋਟਾ ਕੰਮ ਵੀ ਕਰਦਾ ਹੈ। ਪਿੰਡ ਵਿੱਚ ਇਕੱਲੀ ਰਹਿ ਰਹੀ ਅੱਪੂ ਦੀ ਮਾਂ ਉਸ ਦੀ ਉਡੀਕ ਕਰਦੀ ਹੈ। ਫਿਰ ਉਹ ਬੀਮਾਰ ਰਹਿਣ ਲੱਗਦੀ ਹੈ। ਜਦੋਂ ਤੱਕ ਅੱਪੂ ਆਪਣੀ ਪੜ੍ਹਾਈ ਮੁਕਾ ਪਿੰਡ ਪਰਤਦਾ ਹੈ ਤਾਂ ਉਦੋਂ ਤੱਕ ਉਸ ਦੀ ਮਾਂ ਦੀ ਮੌਤ ਹੋ ਚੁੱਕੀ ਹੁੰਦੀ ਹੈ। ਪਿੰਡ ਵਾਲੇ ਉਸ ਨੂੰ ਪਿੰਡ ਵਿੱਚ ਰਹਿ ਕੇ ਆਪਣਾ ਪਿਤਾ ਪੁਰਖੀ ਪੁਰੋਹਿਤ ਦਾ ਕਿੱਤਾ ਅਪਨਾਅ ਕੇ ਪਿੰਡ ਰਹਿਣ ਲਈ ਕਹਿੰਦੇ ਹਨ, ਪਰ ਉਹ ਪਿੰਡ ਛੱਡ ਵਾਪਸ ਕਲਕੱਤੇ ਆ ਜਾਂਦਾ ਹੈ। ਅਤੇ ਫਿਲਮ ਅਪਾਰਜੀਤੋ ਖਤਮ ਹੁੰਦੀ ਹੈ।

ਅੱਪੂ ਸੰਸਾਰ ਅੱਪੂ ਦੀ ਕਲਕੱਤੇ ਦੀ ਜ਼ਿੰਦਗੀ ਤੋਂ ਸ਼ੁਰੂ ਹੁੰਦੀ ਹੈ। ਅੱਪੂ ਉੱਥੇ ਇਕ ਕਲਰਕ ਲੱਗਾ ਹੋਇਆ ਹੈ। ਉਹ ਇਕ ਲੇਖਕ ਬਣਨਾ ਚਾਹੁੰਦਾ ਹੈ। ਉਹ ਆਪਣੇ ਦੋਸਤ ਪੁੱਲੂ ਨਾਲ ਉਸ ਦੇ ਪਿੰਡ ਉਸ ਦੀ ਇਕ ਰਿਸ਼ਤੇਦਾਰ ਕੁੜੀ ਅਰਪਨਾ ਦੇ ਵਿਆਹ 'ਤੇ ਜਾਂਦਾ ਹੈ। ਵਿਆਹ ਵਾਲੇ ਦਿਨ ਪਤਾ ਲੱਗਦਾ ਹੈ ਕਿ ਮੁੰਡੇ ਵਿੱਚ ਕੋਈ ਦਿਮਾਗੀ ਨੁਕਸ ਹੈ ਅਤੇ ਉਸ ਨਾਲ ਅਰਪਨਾ ਦਾ ਵਿਆਹ ਨਹੀਂ ਕੀਤਾ ਜਾ ਸਕਦਾ। ਆਪਣੇ ਦੋਸਤ ਦੇ ਕਹਿਣ 'ਤੇ ਅੱਪੂ ਉਸ ਨਾਲ ਵਿਆਹ ਕਰਵਾ ਲੈਂਦਾ ਹੈ ਅਤੇ ਉਸ ਨੂੰ ਲੈ ਕੇ ਕਲਕੱਤੇ ਆ ਜਾਂਦਾ ਹੈ। ਪਰ ਉਸ ਦੀ ਵਿਆਹੁਤਾ ਜ਼ਿੰਦਗੀ ਬਹੁਤਾ ਚਿਰ ਨਹੀਂ ਕੱਢਦੀ। ਅਰਪਨਾ ਦੀ ਆਪਣੇ ਪਹਿਲੇ ਪੁੱਤਰ ਨੂੰ ਜਨਮ ਦਿੰਦਿਆਂ ਮੌਤ ਹੋ ਜਾਂਦੀ ਹੈ। ਗਮ ਵਿੱਚ ਅੱਪੂ ਆਪਣੇ ਪੁੱਤਰ ਨੂੰ ਉਸ ਦੇ ਨਾਨਕਿਆਂ ਕੋਲ ਛੱਡ ਕੇ ਜ਼ਿੰਦਗੀ ਤੋਂ ਸਨਿਆਸ ਲੈ ਲੈਂਦਾ ਹੈ। ਉਹ ਪੰਜ ਸਾਲਾਂ ਤੱਕ ਹਿੰਦੁਸਤਾਨ ਦੇ ਵੱਖ ਵੱਖ ਹਿੱਸਿਆਂ ਵਿੱਚ ਭਟਕਦਾ ਫਿਰਦਾ ਹੈ। ਪੁੱਲੂ ਉਸ ਨੂੰ ਫਿਰ ਲੱਭ ਲੈਂਦਾ ਹੈ ਅਤੇ ਉਸ ਨੂੰ ਘਰ ਵਾਪਸ ਲੈ ਆਉਂਦਾ ਹੈ।

ਇਸ ਤ੍ਰੈਲੜੀ ਦੀ ਸਾਧਾਰਨ ਜਾਪਦੀ ਕਹਾਣੀ ਰਾਹੀਂ ਰੇਅ, ਬਿਨਾਂ ਕਿਸੇ ਉੱਚੀ ਸੁਰ ਦੇ, ਇਕ ਗਰੀਬ ਬੰਗਾਲੀ ਪਰਿਵਾਰ ਦੀਆਂ ਦੋ ਪੀੜ੍ਹੀਆਂ ਦੇ ਜੀਵਨ ਦੀਆਂ ਕਠਿਨਾਈਆਂ ਦਾ ਬਿਆਨ ਬਾਖੂਬੀ ਨਾਲ ਕਰਦਾ ਹੈ। ਇਕ ਬੰਗਾਲੀ ਪਰਿਵਾਰ 'ਤੇ ਕੇਂਦਰਿਤ ਇਹਨਾਂ ਫਿਲਮਾਂ ਰਾਹੀਂ ਦਰਸ਼ਕਾਂ ਨੂੰ ਹਿੰਦੁਸਤਾਨ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਸਾਧਾਰਣ ਲੋਕਾਂ ਦੇ ਜੀਵਨ ਦੀ ਹਕੀਕਤ ਦੇ ਦਰਸ਼ਨ ਹੁੰਦੇ ਹਨ ਅਤੇ ਇਹਨਾਂ ਵਿੱਚ ਦਿਖਾਈ ਗਈ ਹਕੀਕਤ ਵਪਾਰਕ ਹਿੰਦੀ ਸਿਨੇਮਾ ਵਿੱਚ ਦਿਖਾਈ ਜਾਂਦੀ ਹਕੀਕਤ ਤੋਂ ਬਿਲਕੁਲ ਵੱਖਰੀ ਹੈ। ਰੇਅ ਇਸ ਹਕੀਕਤ ਨੂੰ ਕਿੰਨੇ ਸ਼ਕਤੀਸ਼ਾਲੀ ਢੰਗ ਨਾਲ ਦਿਖਾਉਂਦਾ ਹੈ, ਇਸ ਗੱਲ ਦੀ ਸਮਝ ਸਾਨੂੰ ਫਿਲਮ ਆਲੋਚਕ ਰਿਚਰਡ ਫਿਲਪਸ ਦੇ ਇਹਨਾਂ ਸ਼ਬਦਾਂ ਤੋਂ ਮਿਲਦੀ ਹੈ:

૴ ਅੱਪੂ ਸੰਸਾਰ ਵਿਚਲੇ ਅਮਿੱਟ ਛਾਪ ਛੱਡਣ ਵਾਲੇ ਕਈ ਪਲਾਂ ਵਿੱਚ ਇਕ ਪਲ ਉਹ ਹੈ ਜਦੋਂ ਅੱਪੂ ਨੌਕਰੀ ਲਈ ਇਕ ਛੋਟੀ ਫੈਕਟਰੀ ਦੇ ਮੈਨੇਜਰ ਕੋਲ ਇੰਟਰਵਿਊ ਲਈ ਜਾਂਦਾ ਹੈ। ਨੌਕਰੀ ਕਾਹਦੀ ਹੈ? ਖਾਣੇ ਦੀਆਂ ਛੋਟੀਆਂ ਸ਼ੀਸ਼ੀਆਂ 'ਤੇ ਹੱਥ ਨਾਲ ਲੇਬਲ ਲਿਖਣ ਦੀ। ਇੰਟਰਵਿਊ ਹੁੰਦੀ ਹੈ ਅਤੇ ਅੱਪੂ ਨੂੰ ਕੰਮ ਵਾਲੇ ਕਮਰੇ ਵਿੱਚ ਲਿਜਾਇਆ ਜਾਂਦਾ ਹੈ ਜੋ ਕਿ ਇਕ ਹਨ੍ਹੇਰੇ ਅਤੇ ਗੰਦੇ ਨਰਕ ਵਰਗੇ ਖੁੱਡੇ ਤੋਂ ਵੱਧ ਕੁੱਝ ਨਹੀਂ। ਕੋਈ ਬੋਲ ਨਹੀਂ ਬੋਲਿਆ ਜਾਂਦਾ ਅਤੇ ਨਾ ਹੀ ਕੈਮਰਾ ਕੋਈ ਹਰਕਤ ਕਰਦਾ ਹੈ। ਇਕ ਕਾਮੇ ਦੀ ਖਾਲ੍ਹੀ ਨਿਗ੍ਹਾ ਡਾਇਲਾਗ ਦੇ ਹਜ਼ਾਰ ਸ਼ਬਦਾਂ ਤੋਂ ਕਿਤੇ ਵੱਧ ਕਹਿ ਜਾਂਦੀ ਹੈ, ਇਸ ਆਤਮਾ ਦਾ ਨਾਸ਼ ਕਰਨ ਵਾਲੀ ਨੌਕਰੀ ਬਾਰੇ ਹੀ ਨਹੀਂ, ਸਗੋਂ ਉਸ ਸਿਸਟਮ ਬਾਰੇ ਵੀ ਜੋ ਇਸ ਤਰ੍ਹਾਂ ਦੀ ਦੁਰਦਸ਼ਾ ਪੈਦਾ ਕਰਦਾ ਹੈ। (26)

ਫਿਲਪਸ ਅਨੁਸਾਰ ਇਸ ਤ੍ਰੈਲੜੀ ਦੀ ਸਭ ਤੋਂ ਵੱਡੀ ਸ਼ਕਤੀ ਇਹ ਹੈ ਕਿ ਇਹਨਾਂ ਫਿਲਮਾਂ ਦੇ ਪਾਤਰਾਂ ਵਿੱਚ ਆਸ਼ਾ ਦੀ ਚਿਣਗ ਕਦੇ ਨਹੀਂ ਮਰਦੀ। ਉਸ ਦੇ ਆਪਣੇ ਸ਼ਬਦਾਂ ਵਿੱਚ:
 
ਇਹਨਾਂ ਫਿਲਮਾਂ ਦੀ ਮਹਾਨਤਾ, ਸਰੋਦੀ ਸਿਨਮੈਟੋਗਰਾਫੀ, ਐਕਟਰਾਂ ਦੀ ਅਦਾਕਾਰੀ ਦੀ ਇਮਾਨਦਾਰੀ ਅਤੇ ਰਵੀ ਸ਼ੰਕਰ ਦੇ ਸ਼ਿੱਦਤ ਭਰਪੂਰ ਸੰਗੀਤ ਕਰਕੇ ਨਹੀਂ ਹੈ, ਸਗੋਂ ਇਹ ਰੇਅ ਦੇ ਯੂਨੀਵਰਸਲ ਥੀਮਾਂ ਅਤੇ ਅੰਤਰੀਵੀ ਆਸ਼ਾਵਾਦ ਕਰਕੇ ਹੈ। ਤ੍ਰੈਲੜੀ ਵਿਚਲੇ ਅਸਾਧਾਰਣ ਦੁਖਾਂਤਾਂ, ਅਤੇ ਅਜਿਹੇ ਦੁਖਾਂਤ ਬਹੁਤ ਹਨ, ਦੇ ਬਾਵਜੂਦ ਰੇਅ ਹਮੇਸ਼ਾਂ ਉਮੀਦ ਦੀ ਕਿਰਨ ਦਿਖਾਉਂਦਾ ਹੈ ਕਿ ਉਸ ਦੇ ਕਿਰਦਾਰਾਂ ਸਾਹਮਣੇ ਦਰਪੇਸ਼ ਕਿੰਨੀਆਂ ਮੁਸ਼ਕਿਲਾਂ ਦੇ ਬਾਵਜੂਦ ਇਕ ਦੂਸਰੇ ਦਾ ਖਿਆਲ ਰੱਖਣ ਵਾਲੇ ਅਸਲੀ ਮਨੁੱਖੀ ਰਿਸ਼ਤੇ ਸਾਰੀਆਂ ਔਖਿਆਈਆਂ 'ਤੇ ਜਿੱਤ ਹਾਸਲ ਕਰ  ਲੈਣਗੇ। (27)

ਪਾਥੇਰ ਪੰਚਲੀ ਵਾਂਗ ਅਪਰਾਜੀਤੋ ਅਤੇ ਅੱਪੂ ਸੰਸਾਰ ਨੂੰ ਵੀ ਅੰਤਰਰਾਸ਼ਟਰੀ ਪੱਧਰ 'ਤੇ ਕਈ ਇਨਾਮ ਮਿਲੇ। ਅਪਰਾਜੀਤੋ ਨੂੰ 1957 ਵਿੱਚ ਵੈਨਿਸ ਫਿਲਮ ਫੈਸਟੀਵਲ ਵਿੱਚ ਦੁਨੀਆ ਦੀ ਸਭ ਤੋਂ ਵਧੀਆ ਫੀਚਰ ਫਿਲਮ ਹੋਣ ਲਈ ਗੋਲਡਨ ਲਾਇਨ ਅਵਾਰਡ ਦਿੱਤਾ ਗਿਆ ਅਤੇ ਅਮਰੀਕਾ ਵਿੱਚ ਸੈਲਜ਼ਨਿੱਕ ਗੋਲਡਨ ਟਰਾਫੀ ਮਿਲੀ। 1959 ਵਿੱਚ ਬਣੀ ਅੱਪੂ ਸੰਸਾਰ ਨੂੰ ਉਸ ਸਾਲ ਭਾਰਤ ਦੇ ਰਾਸ਼ਟਰਪਤੀ ਵਲੋਂ ਗੋਲਡ ਮੈਡਲ ਦਿੱਤਾ ਗਿਆ। ਸੰਨ 1960 ਵਿੱਚ ਲੰਡਨ ਫਿਲਮ ਫੈਸਟੀਵਲ ਵਿੱਚ ਸਭ ਤੋਂ ਵਧੀਆ ਮੌਲਿਕ ਅਤੇ ਕਲਪਨਾਸ਼ੀਲ ਫਿਲਮ ਹੋਣ ਦਾ ਖਿਤਾਬ ਦਿੱਤਾ ਗਿਆ। ਅਮਰੀਕਾ ਦੇ ਨੈਸ਼ਨਲ ਬੋਰਡ ਆਫ ਰਿਵੀਊ ਆਫ ਮੋਸ਼ਨ ਪਿਕਚਰਜ਼ ਨੇ ਇਸ ਨੂੰ ਉਸ ਸਾਲ ਦੀ ਸਭ ਤੋਂ ਵਧੀਆ ਵਿਦੇਸ਼ੀ ਫਿਲਮ ਐਲਾਨਿਆ। ਇਸ ਹੀ ਸਾਲ ਇਸ ਨੂੰ ਐਡਿਨਬਰਾ ਫਿਲਮ ਫੈਸਟੀਵਲ ਵਿੱਚ ਡਿਪਲੋਮਾ ਆਫ ਮੈਰਿਟ ਪ੍ਰਾਪਤ ਹੋਇਆ। (28)  

ਅਪਰਾਜੀਤੋ ਅਤੇ ਅੱਪੂ ਸੰਸਾਰ ਦੇ ਵਿਚਕਾਰ ਸੰਨ 1958 ਵਿੱਚ ਬਣਾਈ ਫਿਲਮ ਜਲਸਾ ਘਰ ਦਾ ਮੁੱਖ ਕਿਰਦਾਰ ਇਕ ਜਗੀਰਦਾਰ ਹੈ। ਸੰਗੀਤ ਦਾ ਰਸੀਆ ਇਹ ਜਗੀਰਦਾਰ ਇਕੱਲਾ ਇਕ ਵੱਡੀ ਸਾਰੀ ਹਵੇਲੀ ਵਿੱਚ ਰਹਿ ਰਿਹਾ ਹੈ। ਇਕ ਵਕਤ ਸੀ ਜਦੋਂ ਉਸ ਦੀ ਜਗੀਰਦਾਰੀ ਦੀ ਸ਼ਾਨੋਸ਼ੌਕਤ ਦਾ ਪੂਰਾ ਜਲੌਅ ਸੀ ਪਰ ਵਰਤਮਾਨ ਸਮੇਂ ਵਿੱਚ ਜਗੀਰਦਾਰੀ ਢਹਿਢੇਰੀ ਹੋ ਰਹੀ ਹੈ। ਬੈਂਕਾਂ ਨੇ ਉਸ ਨੂੰ ਹੋਰ ਕਰਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਲਈ ਹੁਣ ਉਸ ਦੇ ਖਰਚੇ ਖਾਨਦਾਨੀ ਗਹਿਣੇ ਵੇਚ ਕੇ ਚੱਲ ਰਹੇ ਹਨ। ਇਹਨਾਂ ਗਹਿਣਿਆਂ ਦਾ ਵੀ ਬੱਸ ਹੁਣ ਆਖਰੀ ਡੱਬਾ ਰਹਿ ਗਿਆ ਹੈ। ਉਸ ਲਈ ਦੁੱਖ ਦੀ ਗੱਲ ਇਹ ਹੈ ਕਿ ਪਿੰਡ ਵਿੱਚ ਨਵਾਂ ਉੱਠ ਰਿਹਾ ਵਪਾਰੀ ਅਤੇ ਸੂਦਖੋਰ ਬਾਣੀਆ ਗੰਗੂਲੀ ਸੰਗੀਤ ਦੇ ਸਰਪ੍ਰਸਤ ਵਜੋਂ ਉਸ ਦੀ ਸਰਦਾਰੀ ਨੂੰ ਚੁਣੌਤੀ ਦੇ ਰਿਹਾ ਹੈ। ਨਤੀਜੇ ਵਜੋਂ ਉਹ ਆਖਰੀ ਵਾਰ ਇਕ ਬਹੁਤ ਵੱਡਾ ਸੰਗੀਤ ਦਾ ਜਲਸਾ ਕਰਵਾਉਣਾ ਚਾਹੁੰਦਾ ਹੈ ਅਤੇ ਉਸ ਵਿੱਚ ਪਿੰਡ ਦੇ ਪਤਵੰਤਿਆ ਨੂੰ ਸੱਦ ਕੇ ਇਹ ਦਿਖਾਉਣਾ ਚਾਹੁੰਦਾ ਹੈ ਕਿ ਸੰਗੀਤ ਦਾ ਅਸਲੀ ਸਰਪ੍ਰਸਤ ਅਤੇ ਪਾਰਖੂ ਉਹ ਹੈ ਗੰਗੂਲੀ ਨਹੀਂ। ਇਸ ਆਖਰੀ ਜਲਸਾ ਕਰਵਾਉਣ 'ਤੇ ਉਹ ਆਪਣੀ ਬੱਚਦੀ ਸਾਰੀ ਪੂੰਜੀ ਲਾ ਦਿੰਦਾ ਹੈ ਅਤੇ ਆਪਣੇ ਆਪ ਨੂੰ ਦੀਵਾਲੀਆ ਕਰ ਲੈਂਦਾ ਹੈ।

ਇਸ ਫਿਲਮ ਵਿੱਚ ਰੇਅ ਨੇ ਬੰਗਾਲ ਵਿੱਚ ਢਹਿਢੇਰੀ ਹੁੰਦੀ ਜਾ ਰਹੀ ਜਗੀਰਦਾਰੀ ਦਾ ਸਰਲ ਪਰ ਬਾਰੀਕ ਢੰਗ ਨਾਲ ਵਿਸ਼ਲੇਸ਼ਣ ਕੀਤਾ ਹੈ। ਉਸ ਨੇ ਦਿਖਾਇਆ ਹੈ ਕਿ ਕਿਸ ਤਰ੍ਹਾਂ ਬੰਗਾਲ ਦੇ ਬਦਲਦੇ ਪੇਂਡੂ ਸਮਾਜ ਵਿੱਚ  ਜਗੀਰਦਾਰੀ ਦੀ ਥਾਂ ਸੂਦਖੋਰ ਅਤੇ ਵਪਾਰੀ ਜਮਾਤ ਸਥਾਪਤ ਹੋ ਰਹੀ ਹੈ। ਜਗੀਰਦਾਰਾਂ ਵਲੋਂ ਸਵਾਰੀ ਲਈ ਰੱਖੇ ਹਾਥੀਆਂ ਦੀ ਸ਼ਾਨੋਸ਼ੌਕਤ ਨੂੰ ਨਵੀਂ ਸੂਦਖੋਰ ਅਤੇ ਵਪਾਰੀ ਜਮਾਤ ਦੀਆਂ ਕਾਰਾਂ ਦੀ ਧੂੜ ਮਿੱਟੀ ਦੇ ਅੰਬਾਰਾਂ ਨਾਲ ਢੱਕ ਰਹੀ ਹੈ। ਉਤਪਲ ਦੱਤ ਅਨੁਸਾਰ ਜਲਸਾ ਘਰ ਇਕ ''ਸ਼ਾਹਕਾਰ" ਫਿਲਮ ਹੈ। ਇਸ ਫਿਲਮ ਦਾ ਮੁੱਖ ਕਿਰਦਾਰ - ''ਇਕੱਲਤਾ ਦਾ ਮਾਰਿਆ, ਸ਼ਰਾਬੀ, ਵੱਡੀ ਸਾਰੀ ਹਵੇਲੀ ਵਿੱਚ ਇਕੱਲਾ ਰਹਿ ਰਿਹਾ ਜਗੀਰਦਾਰ ਜ਼ਿੰਦਗੀ ਅਤੇ ਆਪਣੇ ਦੂਸਰੇ ਲੋਕਾਂ ਤੋਂ ਟੁੱਟਿਆ ਹੋਇਆ ਹੈ। ਜਗੀਰਦਾਰ ਦੇ ਪੀੜਤ ਚਿਹਰੇ ਉੱਤੇ ਬਰਬਾਦੀ ਲਿਖੀ ਜਾਪਦੀ ਹੈ ਜਿਸ ਦਾ ਗੁਮਾਨ ਉਸ ਦੇ ਦੀਵਾਲੀਏਪਣ ਦੇ ਬਰਾਬਰ ਹੈ। ਇਸ ਫਿਲਮ ਵਿੱਚ ਬਦਲ ਰਹੇ ਸਮਾਜਕ ਰਿਸ਼ਤਿਆਂ ਦਾ ਇਤਿਹਾਸ ਉਸ ਤਰ੍ਹਾਂ ਦੀ ਨਿਸ਼ਚਿਤਿਤਾ ਨਾਲ ਪਕੜਿਆ ਗਿਆ ਹੈ ਜਿਸ ਤਰ੍ਹਾਂ ਦੀ ਨਿਸ਼ਚਿਤਿਤਾ ਸ਼ੈਕਸਪੀਅਰ ਦੀਆਂ ਲਿਖਤਾਂ ਵਿੱਚ ਮਿਲਦੀ ਹੈ।" (29) ਦੱਤ ਪਾਠਕਾਂ ਨੂੰ ਇਹ ਵੀ ਯਾਦ ਦਿਵਾਉਂਦਾ ਹੈ ਕਿ ਜਿਸ ਸਮੇਂ ਰੇਅ ਜਲਸਾ ਘਰ  ਵਿੱਚ ਹਿੰਦੁਸਤਾਨ ਦੀ ਜਗੀਰਦਾਰੀ ਦੀਆਂ ਡਗਮਗਾਉਂਦੀਆਂ ਹਵੇਲੀਆਂ ਦਾ ਚਿਤਰਣ ਕਰ ਰਿਹਾ ਸੀ, ਉਸ ਸਮੇਂ ਵਪਾਰਕ ਹਿੰਦੀ ਫਿਲਮਾਂ ਵਿੱਚ ਜਗੀਰਦਾਰਾਂ ਦੀ ਦਯਾ ਅਤੇ ਦਿਆਲਤਾ ਦੇ ਸੋਹਲੇ ਗਾਏ ਜਾ ਰਹੇ ਸਨ।

ਵਹਿਮਾਂ ਭਰਮਾਂ ਨੇ ਭਾਰਤੀ ਸਮਾਜ ਨੂੰ ਕਾਫੀ ਮਜ਼ਬੂਤੀ ਨਾਲ ਜਕੜਿਆ ਹੋਇਆ ਹੈ। ਸੰਨ 1960 ਵਿੱਚ ਆਪਣੀ ਫਿਲਮ ਦੇਵੀ ਰਾਹੀਂ ਸਤਿਆਜੀਤ ਰੇਅ ਵਹਿਮਾਂ ਭਰਮਾਂ ਦੀ ਇਸ ਜਕੜ ਨੂੰ ਘੋਖਣ ਸਮਝਣ ਦਾ ਯਤਨ ਕਰਦਾ ਹੈ। ਫਿਲਮ ਬੰਗਾਲੀ ਹਿੰਦੂ ਪਰਿਵਾਰ ਵਿੱਚ ਇਕ ਨਵੀਂ ਵਿਆਹ ਕੇ ਆਈ ਨੂੰਹ ਦਮੋਆਈ ਬਾਰੇ ਹੈ ਜੋ ਪਿੰਡ ਵਿੱਚ ਆਪਣੇ ਸਹੁਰੇ ਪਰਿਵਾਰ ਵਿੱਚ ਰਹਿ ਰਹੀ ਹੈ ਅਤੇ ਉਸ ਦਾ ਪਤੀ ਸ਼ਹਿਰ ਵਿੱਚ ਪੜ੍ਹਾਈ ਕਰ ਰਿਹਾ ਹੈ। ਪਿੰਡ ਵਿੱਚ ਦਮੋਆਈ ਦੇ ਸਹੁਰੇ ਤੋਂ ਬਿਨਾਂ ਦਮੋਆਈ ਦਾ ਜੇਠ, ਜੇਠਾਣੀ ਅਤੇ ਉਹਨਾਂ ਦਾ 4-5 ਸਾਲ ਦਾ ਪੁੱਤਰ ਖੋਖਾ ਰਹਿ ਰਿਹਾ ਹੈ। ਖੋਖੇ ਦਾ ਆਪਣੀ ਮਾਂ ਦੇ ਨਾਲੋਂ ਆਪਣੀ ਚਾਚੀ ਨਾਲ ਜ਼ਿਆਦਾ ਪਿਆਰ ਹੈ। ਦਮੋਆਈ ਦਾ ਬਹੁਤਾ ਵਕਤ ਆਪਣੇ ਸਹੁਰੇ ਦੀ ਸੇਵਾ ਅਤੇ ਖੋਖੇ ਦੀ ਸੰਭਾਲ ਵਿੱਚ ਗੁਜ਼ਰਦਾ ਹੈ ਅਤੇ ਉਹ ਸ਼ਹਿਰ ਗਏ ਆਪਣੇ ਪਤੀ ਨਾਲ ਖਤਾਂ ਨਾਲ ਸੰਪਰਕ ਰੱਖਦੀ ਹੈ। ਇਕ ਰਾਤ ਦਮੋਆਈ ਦੇ ਸਹੁਰੇ ਨੂੰ ਸੁਫਨਾ ਆਉਂਦਾ ਹੈ ਕਿ ਦਮੋਆਈ ਕਾਲੀ ਮਾਤਾ ਦਾ ਅਵਤਾਰ ਹੈ। ਉਹ ਉੱਠ ਕੇ ਦਮੋਆਈ ਦੇ ਪੈਰੀਂ ਪੈ ਜਾਂਦਾ ਹੈ ਅਤੇ ਆਪਣੇ ਵੱਡੇ ਪੁੱਤਰ ਨੂੰ ਵੀ ਦਮੋਆਈ ਅੱਗੇ ਮੱਥਾ ਟੇਕਣ ਨੂੰ ਕਹਿੰਦਾ ਹੈ। ਵੱਡਾ ਪੁੱਤਰ ਬਿਨਾਂ ਕੋਈ ਸਵਾਲ ਪੁੱਛਿਆਂ ਦਮੋਆਈ ਨੂੰ ਦੇਵੀ ਮੰਨ ਲੈਂਦਾ ਹੈ।  ਸਵੇਰ ਹੋਣ 'ਤੇ ਦਮੋਆਈ ਨੂੰ ਪਿੰਡ ਦੇ ਬ੍ਰਾਹਮਣ ਦੀ ਮਦਦ ਨਾਲ ਪਿੰਡ ਵਿੱਚ ਕਾਲੀ ਮਾਤਾ ਦੇ ਅਵਤਾਰ ਵਜੋਂ ਇਕ ਦੇਵੀ ਦੇ ਤੌਰ 'ਤੇ ਸਥਾਪਤ ਕਰ ਦਿੱਤਾ ਜਾਂਦਾ ਹੈ। ਇਕ ਬਹੁਤ ਹੀ ਬੀਮਾਰ ਬੱਚਾ ਉਸ ਅੱਗੇ ਲਿਆਂਦਾ ਜਾਂਦਾ ਹੈ ਅਤੇ ਜਦੋਂ ਬੱਚੇ ਦੇ ਮੂੰਹ ਵਿੱਚ ਉਸ ਦੇ ਮੰਦਰ ਦਾ ਚਰਨਾਮਤ ਪਾਇਆ ਜਾਂਦਾ ਹੈ ਤਾਂ ਉਹ ਠੀਕ ਹੋ ਜਾਂਦਾ ਹੈ। ਇਸ ਨਾਲ ਉਸ ਦੇ ਕਰਨੀ ਵਾਲੀ ਹੋਣ ਦੀ ਗੱਲ ਸਭ ਪਾਸੀਂ ਧੁੰਮ ਜਾਂਦੀ ਹੈ ਅਤੇ ਦੂਰ ਦੂਰ ਤੋਂ ਲੱਖਾਂ ਦੀ ਗਿਣਤੀ ਵਿੱਚ ਲੋਕ ਉਸ ਦੇ ਦਰਸ਼ਨ ਕਰਨ ਅਤੇ ਬੀਮਾਰ ਬੱਚਿਆਂ/ਲੋਕਾਂ ਲਈ ਚਰਨਾਮਤ ਲੈਣ ਆ ਜਾਂਦੇ ਹਨ। ਅੰਤ ਵਿੱਚ ਇਕ ਦਿਨ ਦਮੋਆਈ ਦੇ ਜੇਠ ਦਾ ਪੁੱਤਰ ਖੋਖਾ ਬੀਮਾਰ ਹੋ ਜਾਂਦਾ ਹੈ। ਉਸ ਨੂੰ ਡਾਕਟਰ ਦੇ ਲੈ ਕੇ ਜਾਣ ਦੀ ਥਾਂ ਦਮੋਆਈ ਦੀ ਗੋਦ ਵਿੱਚ ਰੱਖ ਦਿੱਤਾ ਜਾਂਦਾ ਹੈ। ਪਰ ਦੇਵੀ ਬਣੀ ਦਮੋਆਈ ਦੇ ਚਰਨਾਮਤ ਨਾਲ ਖੋਖਾ ਠੀਕ ਨਹੀਂ ਹੁੰਦਾ ਅਤੇ ਉਸ ਦੀ ਮੌਤ ਹੋ ਜਾਂਦੀ ਹੈ। ਇਸ ਸਦਮੇ ਨੂੰ ਨਾ ਸਹਾਰਦੀ ਹੋਈ ਦਮੋਆਈ ਪਾਗਲ ਹੋ ਜਾਂਦੀ ਹੈ ਅਤੇ ਦਰਿਆ ਵਿੱਚ ਛਾਲ ਮਾਰ ਕੇ ਖੁਦਕਸ਼ੀ ਕਰ ਲੈਂਦੀ ਹੈ।

ਇਸ ਫਿਲਮ ਰਾਹੀਂ ਰੇਅ ਬਹੁਤ ਸਪਸ਼ਟਤਾ ਨਾਲ ਦਿਖਾਉਂਦਾ ਹੈ ਕਿ ਅੰਧਵਿਸ਼ਵਾਸਾਂ ਦਾ ਪਸਾਰ ਕਿਸ ਤਰ੍ਹਾਂ ਹੁੰਦਾ ਹੈ। ਲੋਕਾਂ ਦੇ ਮਨਾਂ ਵਿੱਚ ਪੁਰਾਣੇ ਧਾਰਮਿਕ ਵਿਸ਼ਵਾਸਾਂ ਦੀ ਏਡੀ ਵੱਡੀ ਜਕੜ ਹੈ ਕਿ ਉਹ ਇਕ ਇਨਸਾਨ ਨੂੰ ਦੇਵਤਾ ਸਥਾਪਤ ਕੀਤੇ ਜਾਣ ਦੇ ਕਾਰਜ ਨੂੰ ਬਿਨਾਂ ਕੋਈ ਸਵਾਲ ਕੀਤਿਆਂ ਸਵੀਕਾਰ ਕਰ ਲੈਂਦੇ ਹਨ। ਜੇ ਕੋਈ ਸਵਾਲ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਦੇ ਜੁਆਬ ਵਿੱਚ ਕੋਈ ਸਬੂਤ ਦੇਣ ਦੀ ਲੋੜ ਨਹੀਂ ਪੈਂਦੀ ਸਗੋਂ ਧਾਰਮਿਕ ਗ੍ਰੰਥਾਂ ਵਿੱਚੋਂ ਪੜ੍ਹ ਕੇ ਸੁਣਾਈਆਂ ਗਈਆਂ ਕੁਝ ਟੂਕਾਂ ਸਵਾਲ ਨੂੰ ਅਰਥਹੀਣ ਕਰਨ ਲਈ ਕਾਫੀ ਹੁੰਦੀਆਂ ਹਨ। ਫਿਲਮ ਇਹ ਦਿਖਾਉਣ ਵਿੱਚ ਕਾਮਯਾਬ ਰਹਿੰਦੀ ਹੈ ਕਿ ਇਸ ਤਰ੍ਹਾਂ ਦੇ ਅੰਧਵਿਸ਼ਵਾਸਾਂ ਨੂੰ ਫੈਲਾਉਣ ਵਿੱਚ ਭਾਰਤੀ ਸਮਾਜ ਵਿਚਲੀ ਪਿਤਰਸੱਤਾ ਵਾਲੀ ਵਿਵਸਥਾ ਵੀ ਵੱਡਾ ਯੋਗਦਾਨ ਪਾਉਂਦੀ ਹੈ। ਜੇ ਪਰਿਵਾਰ ਦੇ ਮੁਖੀ ਪਿਤਾ ਨੇ ਕਹਿ ਦਿੱਤਾ ਕਿ ਦਮੋਆਈ ਇਕ ਦੇਵੀ ਹੈ ਤਾਂ ਉਸ ਦਾ ਵੱਡਾ ਪੁੱਤਰ ਬਿਨਾਂ ਕੋਈ ਸਵਾਲ ਕੀਤਿਆਂ ਆਪਣੇ ਪਿਤਾ ਦੀ ਗੱਲ ਮੰਨ ਲੈਂਦਾ ਹੈ ਕਿਉਂਕਿ ਇਹ ਉਸ ਦਾ ਫਰਜ਼ ਹੈ ਅਤੇ ਮਜ਼ਬੂਰੀ ਵੀ ਕਿਉਂਕਿ ਪਰਿਵਾਰ ਦੀ ਸਾਰੀ ਤਾਕਤ ਪਿਤਾ ਦੇ ਹੱਥ ਵਿੱਚ ਕੇਂਦਰਿਤ ਹੈ। ਫਿਲਮ ਤੋਂ ਇਹ ਸੁਨੇਹਾ ਵੀ ਬਹੁਤ ਸਪਸ਼ਟਤਾ ਨਾਲ ਮਿਲਦਾ ਹੈ ਕਿ ਵਹਿਮਾਂ ਭਰਮਾਂ ਅਤੇ ਅੰਧਵਿਸ਼ਵਾਸਾਂ ਦੇ ਮੱਕੜਜਾਲ ਕਾਰਨ ਨਿਕਲਣ ਵਾਲੇ ਮਾੜੇ ਨਤੀਜਿਆਂ ਦਾ ਵੱਡਾ ਖਾਮਿਆਜ਼ਾ ਸਾਧਣ-ਹੀਣ ਅਤੇ ਸੱਤਾ-ਵਿਹੂਣੇ ਲੋਕ ਭੁਗਤਦੇ ਹਨ। ਨਵੀਂ ਸਥਾਪਤ ਕੀਤੀ ਦੇਵੀ ਤੋਂ ਆਪਣੇ ਬੱਚਿਆਂ ਦਾ ਇਲਾਜ ਕਰਵਾਉਣ ਆਉਣ ਵਾਲੇ ਬਹੁਗਿਣਤੀ ਲੋਕ ਗਰੀਬ ਹਨ। ਪਿਤਰੀ ਵਿਵਸਥਾ ਵਾਲੇ ਦਮੋਆਈ ਦੇ ਪਰਿਵਾਰ ਵਿੱਚ ਖੋਖੇ, ਖੋਖੇ ਦੀ ਮਾਂ ਅਤੇ ਦਮੋਆਈ ਕੋਲ ਬਹੁਤ ਘੱਟ ਤਾਕਤ ਹੈ। ਨਤੀਜੇ ਵਜੋਂ ਖੋਖਾ ਆਪਣੀ ਜਾਨ ਗਵਾ ਲੈਂਦਾ ਹੈ, ਉਸ ਦੀ ਮਾਂ ਆਪਣਾ ਬੇਟਾ ਖੋਹ ਦਿੰਦੀ ਹੈ ਅਤੇ ਦਮੋਆਈ ਤੋਂ ਪਹਿਲਾਂ ਦੇਵੀ ਬਣਾ ਕੇ ਉਸ ਦੀ ਇਨਸਾਨੀਅਤ ਖੋਹ ਲਈ ਜਾਂਦੀ ਹੈ ਅਤੇ ਅੰਤ ਵਿੱਚ ਉਹ ਪਾਗਲ ਹੋ ਕੇ ਆਪਣੀ ਜਾਨ ਗਵਾ ਬਹਿੰਦੀ ਹੈ।

ਉਤਪਲ ਦੱਤ ਦੇਵੀ ਨੂੰ ਰੇਅ ਦੀ ਇਕ ਇਨਕਲਾਬੀ ਫਿਲਮ ਮੰਨਦਾ ਹੈ। ਉਸ ਅਨੁਸਾਰ, ''ਭਾਰਤੀ ਸੰਦਰਭ ਵਿੱਚ ਦੇਵੀ ਇਕ ਇਨਕਲਾਬੀ ਫਿਲਮ ਹੈ। ਇਹ ਧਰਮ ਦੀ ਉਸ ਤਰ੍ਹਾਂ ਦੀ ਸਮਝ ਨੂੰ ਚੁਣੌਤੀ ਦਿੰਦੀ ਹੈ, ਜਿਸ ਤਰ੍ਹਾਂ ਦੀ ਸਮਝ ਭਾਰਤੀ ਪੇਂਡੂ ਇਲਾਕਿਆਂ ਵਿੱਚ ਸਦੀਆਂ ਤੋਂ ਚੱਲੀ ਆ ਰਹੀ ਹੈ। ਇਹ ਉਸ ਕਾਲੇ ਜਾਦੂ ਉੱਤੇ ਸਿੱਧਾ ਹਮਲਾ ਹੈ, ਜਿਸ ਨੂੰ ਇਸ ਦੇਸ਼ ਵਿੱਚ ਈਸ਼ਵਰਤਾ ਸਮਝਿਆ ਜਾਂਦਾ ਹੈ। ਜੇ ਭਾਰਤੀ ਟੈਲੀਵਿਜ਼ਨ 'ਤੇ ਗੰਵਾਰ ਢੰਗ ਨਾਲ ਬਣਾਈ ਰਮਾਇਣ ਅਤੇ ਮਹਾਂਭਾਰਤ ਦਿਖਾਉਣ ਦੀ ਥਾਂ ਦੇਵੀ ਨੂੰ ਵਾਰ ਵਾਰ ਦਿਖਾਇਆ ਜਾਂਦਾ ਤਾਂ ਹੋ ਸਕਦਾ ਹੈ ਕਿ ਸਾਨੂੰ ਅੱਜ ਅਯੁਧਿਆ ਵਿੱਚ ਬਾਨਰ ਸੈਨਾ ਦੀਆਂ ਹਿੰਸਕ ਉਪੱਦਰਤਾਵਾਂ ਬਾਰੇ ਗੱਲਬਾਤ ਕਰਨ ਦੀ ਲੋੜ ਨਾ ਪੈਂਦੀ"। (30)

ਸਤਿਆਜੀਤ ਰੇਅ ਨੇ ਬੰਗਾਲ ਦੇ ਪੇਂਡੂ ਜੀਵਨ ਦੇ ਨਾਲ ਨਾਲ ਬੰਗਾਲ ਦੇ ਸ਼ਹਿਰੀ ਜੀਵਨ ਨੂੰ ਵੀ ਆਪਣੀਆਂ ਫਿਲਮਾਂ ਵਿੱਚ ਪੇਸ਼ ਕੀਤਾ ਹੈ। ਸ਼ਹਿਰੀ ਜੀਵਨ ਬਾਰੇ ਬਣਾਈਆਂ ਉਸ ਦੀਆਂ ਫਿਲਮਾਂ ਵਿੱਚੋਂ ਕੁਝ ਹਨ: ਮਹਾਂਨਗਰ, ਪ੍ਰਤੀਦਵੰਦੀ, ਸੀਮਾਬੱਧਾ (ਕੰਪਨੀ ਲਿਮਟਿਡ), ਜਣਾ ਅਰਾਣਿਆ (ਦਲਾਲ ਜਾਂ ਮਿਡਲ ਮੈਨ)। ਪ੍ਰਤੀਦਵੰਦੀ, ਸੀਮਾਬੱਧਾ ਅਤੇ ਜਣਾ ਅਰਾਣਿਆ ਕਲਕੱਤਾ-ਤ੍ਰੈਲੜੀ ਦੇ ਤੌਰ 'ਤੇ ਜਾਣੀਆਂ ਜਾਂਦੀਆਂ ਹਨ ਅਤੇ ਇਹ ਕ੍ਰਮਵਾਰ 1970, 1971 ਅਤੇ 1975 ਵਿੱਚ ਬਣਾਈਆਂ ਗਈਆਂ ਸਨ ਅਤੇ ਇਹ ਫਿਲਮਾਂ ਉਸ ਸਮੇਂ ਦੇ ਕਲਕੱਤੇ ਦੇ ਜੀਵਨ ਨਾਲ ਸੰਬੰਧਤ ਹਨ।

ਇਹਨਾਂ ਫਿਲਮਾਂ ਵਿੱਚ ਸਤਿਆਜੀਤ ਰੇਅ 1960ਵਿਆਂ ਦੇ ਅਖੀਰ 'ਤੇ ਅਤੇ 1970ਵਿਆਂ ਦੇ ਸ਼ੁਰੂ ਦੇ ਕਲਕੱਤੇ ਦੇ ਜੀਵਨ ਨੂੰ ਚਿਤਰਣ ਅਤੇ ਸਮਝਣ ਦਾ ਯਤਨ ਕਰਦਾ ਹੈ। ਫਿਲਮ ਪ੍ਰਤੀਦਵੰਦੀ ਦਾ ਮੁੱਖ ਕਿਰਦਾਰ, ਸਿਧਾਰਥ, ਇਕ ਬੇਰੁਜ਼ਗਾਰ ਨੌਜਵਾਨ ਹੈ। ਉਹ ਨੌਕਰੀ ਲੱਭਣ ਲਈ ਵੱਖ ਵੱਖ ਇੰਟਰਵਿਊਆਂ 'ਤੇ ਜਾਂਦਾ ਹੈ ਪਰ ਕਾਮਯਾਬ ਕਿਤੇ ਵੀ ਨਹੀਂ ਹੁੰਦਾ। ਕਲਕੱਤੇ ਤੋਂ ਬਾਹਰ ਇਕ ਦੁਰੇਡੀ ਥਾਂ 'ਤੇ ਇਕ ਦਵਾਈਆਂ ਦੇ ਸੇਲਜ਼ਮੈਨ ਦੀ ਨੌਕਰੀ ਮਿਲ ਰਹੀ ਹੈ ਪਰ ਉਹ ਇਹ ਨੌਕਰੀ ਕਰਨੀ ਨਹੀਂ ਚਾਹੁੰਦਾ। ਪਰ ਹੌਲੀ ਹੌਲੀ ਉਸ ਨੂੰ ਅਹਿਸਾਸ ਹੋਣਾ ਸ਼ੁਰੂ ਹੋ ਜਾਂਦਾ ਹੈ ਕਿ ਕਲਕੱਤੇ ਵਿੱਚ ਉਸ ਨੂੰ ਨੌਕਰੀ ਨਹੀਂ ਮਿਲੇਗੀ। ਹੁਣ ਉਸ ਦੇ ਕੋਲ ਤਿੰਨ ਰਸਤੇ ਹਨ। ਇਕ ਉਹ ਆਪਣੇ ਛੋਟੇ ਨਕਸਲਾਈਟ ਭਰਾ ਵਾਂਗ ਇਸ ਸਿਸਟਮ ਨੂੰ ਬਦਲਣ ਲਈ ਸੰਘਰਸ਼ ਕਰੇ। ਪਰ ਉਸ ਕੋਲ ਨਾ ਅਜਿਹਾ ਕਰਨ ਦਾ ਹੌਂਸਲਾ ਹੈ ਅਤੇ ਨਾ ਹੀ ਉਹ ਇਸ ਲਹਿਰ ਤੋਂ ਪੂਰੀ ਤਰ੍ਹਾਂ ਪ੍ਰਭਾਵਿਤ ਹੈ। ਦੂਸਰਾ ਰਸਤਾ ਇਹ ਹੈ ਕਿ ਉਹ ਆਪਣੀ ਭੈਣ ਵਾਂਗ ਇਸ  ਭ੍ਰਿਸ਼ਟ ਦੁਨੀਆ ਵਿੱਚ ਕਾਮਯਾਬ ਹੋਣ ਲਈ ਆਪਣੇ ਆਪ ਨੂੰ ਵੇਚੇ ਅਤੇ ਸਿਸਟਮ ਦਾ ਆਗਿਆਕਾਰ ਬਣੇ। ਉਸ ਦੀ ਭੈਣ ਨੌਕਰੀ ਕਰ ਰਹੀ ਹੈ ਅਤੇ ਆਪਣੀ ਨੌਕਰੀ 'ਤੇ ਤਰੱਕੀ ਕਰਨ ਲਈ ਆਪਣੇ ਹੁਸਨ ਦੀ ਵਰਤੋਂ ਕਰਨ ਵਿੱਚ ਉਸ ਨੂੰ ਕੋਈ ਝਿਜਕ ਨਹੀਂ ਹੈ। ਪਰ ਸਿਧਾਰਥ ਅਜਿਹਾ ਕਰਨ ਲਈ ਵੀ ਤਿਆਰ ਨਹੀਂ। ਉਸ ਕੋਲ ਤੀਸਰਾ ਰਸਤਾ ਇਹ ਹੈ ਕਿ ਉਹ ਦੁਰੇਡੀ ਥਾਂ 'ਤੇ ਦਵਾਈਆਂ ਦੀ ਸੇਲਜ਼ਮੈਨ ਦੀ ਨੌਕਰੀ ਲੈ ਲਵੇ। ਅਖੀਰ ਵਿੱਚ ਉਹ ਇਹ ਨੌਕਰੀ ਲੈਣ ਦਾ ਫੈਸਲਾ ਕਰਦਾ ਹੈ।  
 
ਫਿਲਮ ਸੀਮਾਬੱਧਾ (ਕੰਪਨੀ ਲਿਮਟਿਡ) ਪੱਖੇ ਬਣਾਉਣ ਵਾਲੀ ਇਕ ਕੰਪਨੀ ਦੇ ਨੌਜਵਾਨ ਮਾਰਕੀਟਿੰਗ ਮੈਨੇਜਰ ਦੀ ਕੰਮ ਦੀ ਜ਼ਿੰਦਗੀ 'ਤੇ ਆਧਾਰਿਤ ਹੈ। ਇਸ ਨੌਜਵਾਨ ਕੋਲ ਕੰਮ ਤਾਂ ਹੈ ਪਰ ਉਸ ਨੂੰ ਤਰੱਕੀ ਚਾਹੀਦੀ ਹੈ। ਇਹ ਤਰੱਕੀ ਲੈਣ ਲਈ ਉਸ ਨੂੰ ਆਪਣੀ ਇਮਾਨਦਾਰੀ ਦਾਅ 'ਤੇ ਲਾਉਣੀ ਪੈਂਦੀ ਹੈ। ਫਿਲਮ ਦੇ ਅਖੀਰ 'ਤੇ ਉਹ ਤਰੱਕੀ ਕਰ ਉੱਚਾ ਅਹੁਦਾ ਤਾਂ ਹਾਸਲ ਕਰ ਲੈਂਦਾ ਹੈ ਪਰ ਇਕ ਇਨਸਾਨ ਦੇ ਤੌਰ 'ਤੇ ਹੇਠਾਂ ਡਿਗ ਜਾਂਦਾ ਹੈ।

ਫਿਲਮ ਜਣਾ-ਅਰਾਣਿਆ ਦਾ ਮੁੱਖ ਪਾਤਰ ਸੋਮਨਾਥ ਨਾਂ ਦਾ ਇਕ ਬੇਰੁਜ਼ਗਾਰ ਨੌਜਵਾਨ ਹੈ। ਉਹ ਕੰਮ ਲੱਭਣ ਲਈ ਅਰਜ਼ੀਆ ਦਿੰਦਾ ਹੈ। ਪਰ ਜਦੋਂ ਉਸ ਨੂੰ ਪਤਾ ਚਲਦਾ ਹੈ ਕਿ ਨੌਕਰੀ ਦੀਆਂ 10 ਅਸਾਮੀਆਂ ਲਈ ਇਕ ਲੱਖ ਅਰਜ਼ੀਆਂ ਆਈਆਂ ਹਨ ਤਾਂ ਉਸ ਨੂੰ ਅਹਿਸਾਸ ਹੁੰਦਾ ਹੈ ਕਿ ਨੌਕਰੀ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ। ਉਹ ਕਮਿਸ਼ਨ ਏਜੰਟ (ਦਲਾਲ) ਦੇ ਰੂਪ ਵਿੱਚ ਆਪਣੀ ਬਿਜ਼ਨਿਸ ਸ਼ੁਰੂ ਕਰ ਲੈਂਦਾ ਹੈ। ਉਸ ਦਾ ਕੰਮ ਆਰਡਰ ਲੈਣੇ ਅਤੇ ਮਿਲੇ ਹੋਏ ਆਰਡਰਾਂ ਦੀ ਪੂਰਤੀ ਲਈ ਮਾਲ ਸਪਲਾਈ ਕਰਨਾ ਅਤੇ ਆਪਣਾ ਕਮਿਸ਼ਨ ਕਮਾਉਣਾ ਹੈ। ਇਹ ਮਾਲ ਕੁੱਝ ਵੀ ਹੋ ਸਕਦਾ ਹੈ - ਉਸ ਦੇ ਉਸਤਾਦ ਦੇ ਕਹਿਣ ਅਨੁਸਾਰ ਇਕ ਨਿੱਕੀ ਜਿਹੀ ਸੂਈ ਤੋਂ ਲੈ ਕੇ ਹਾਥੀ ਤੱਕ। ਪਰ ਬਿਜ਼ਨਿਸ ਵਿੱਚ ਪੂਰੀ ਤਰ੍ਹਾਂ ਖੁੱਭ ਜਾਣ 'ਤੇ ਸੋਮਨਾਥ ਨੂੰ ਗਿਆਨ ਹੁੰਦਾ ਹੈ ਕਿ ਮਾਲ ਦਾ ਅਰਥ ਸੂਈ ਤੋਂ ਲੈ ਕੇ ਹਾਥੀ ਤੱਕ ਹੀ ਸੀਮਤ ਨਹੀਂ ਇਸ ਦਾ ਅਰਥ ਇਨਸਾਨ ਦੀ ਦਲਾਲੀ ਵੀ ਹੋ ਸਕਦਾ ਹੈ। ਫਿਲਮ ਦੇ ਅਖੀਰ 'ਤੇ ਇਕ ਵੱਡੀ ਮਿੱਲ ਦਾ ਅਫਸਰ ਉਸ ਨੂੰ ਇਕ ਵੱਡਾ ਆਰਡਰ ਦੇਣ ਲਈ ਤਿਆਰ ਹੈ। ਪਰ ਇਹ ਆਰਡਰ ਉਸ ਨੂੰ ਤਾਂ ਹੀ ਮਿਲ ਸਕਦਾ ਹੈ ਜੇ ਉਹ ਅਫਸਰ ਦੀ ਰਾਤ ਰੰਗੀਨ ਬਣਾਉਣ ਲਈ ਕੁੜੀ ਸਪਲਾਈ ਕਰੇ। ਬੇਸ਼ੱਕ ਸੋਮਨਾਥ ਪਹਿਲਾਂ ਇਹ ਕਰਨ ਤੋਂ ਝਿਜਕਦਾ ਹੈ ਪਰ ਸਮਾਂ ਆਉਣ 'ਤੇ ਇਸ ਆਰਡਰ ਨੂੰ ਵੀ ਪੂਰਾ ਕਰ ਦਿੰਦਾ ਹੈ। 'ਤੇ ਹਾਲਤ ਕੁੱਝ ਇਸ ਤਰ੍ਹਾਂ ਦੇ ਬਣਦੇ ਹਨ ਕਿ ਉਸ ਵਲੋਂ ਅਫਸਰ ਨੂੰ ਸਪਲਾਈ ਕੀਤੀ ਜਾਣ ਵਾਲੀ ਕੁੜੀ ਉਸ ਦੇ ਦੋਸਤ ਦੀ ਭੈਣ ਹੁੰਦੀ ਹੈ ਜੋ ਆਪਣੀ ਗਰੀਬੀ ਤੋਂ ਤੰਗ ਆ ਕੇ ਨਵੀਂ ਨਵੀਂ ਇਸ ਧੰਦੇ ਵਿੱਚ ਆਈ ਹੈ।

ਇਹਨਾਂ ਤਿੰਨਾਂ ਫਿਲਮਾਂ ਰਾਹੀਂ ਰੇਅ ਕਲਕੱਤੇ ਦੇ ਉਸ ਸਮੇਂ ਦੇ ਭ੍ਰਿਸ਼ਟ ਜੀਵਨ, ਆਰਥਿਕ ਮੰਦਹਾਲੀ, ਸਿਆਸੀ ਅਤੇ ਕਾਰਪੋਰੇਟ ਦੁਨੀਆ ਦੀ ਅਨੈਤਿਕਤਾ, ਸਭਿਆਚਾਰਕ ਗਿਰਾਵਟ ਨੂੰ ਦਰਸ਼ਕਾਂ ਦੇ ਸਾਹਮਣੇ ਲਿਆਉਂਦਾ ਹੈ। ਇਹਨਾਂ ਫਿਲਮਾਂ ਤੋਂ ਇਹ ਸੰਕੇਤ ਸਪਸ਼ਟ ਮਿਲਦਾ ਹੈ ਕਿ ਇਸ ਸਮਾਜ ਵਿੱਚ ਇਮਾਨਦਾਰ ਇਨਸਾਨ ਲਈ ਕੋਈ ਥਾਂ ਨਹੀਂ। ਜੇ ਇਕ ਵਿਅਕਤੀ ਨੇ ਇਸ ਜੀਵਨ ਵਿੱਚ ਰਹਿਣਾ ਅਤੇ ਕਾਮਯਾਬ ਹੋਣਾ ਹੈ ਤਾਂ ਉਸ ਨੂੰ ਭ੍ਰਿਸ਼ਟ ਬਣਨਾ ਪਵੇਗਾ। ਫਿਲਮ ਜਣਾ ਅਰਾਣਿਆ ਬਾਰੇ ਗੱਲਬਾਤ ਕਰਦਿਆਂ ਰੇਅ ਉਸ ਸਮੇਂ ਦੀ ਆਪਣੀ ਹਾਲਤ ਬਾਰੇ ਇੰਝ ਦਸਦਾ ਹੈ, ''ਮੈਨੂੰ ਸਭ ਪਾਸੇ ਭ੍ਰਿਸ਼ਟਾਚਾਰ, ਘੋਰ ਭ੍ਰਿਸ਼ਟਾਚਾਰ ਨਜ਼ਰ ਆ ਰਿਹਾ ਸੀ। ਅਤੇ ਮੈਂ ਮਹਿਸੂਸ ਕਰਦਾ ਸੀ ਕਿ ਇਸ ਦਾ ਕੋਈ ਹੱਲ ਨਹੀਂ।" (31)
ਇਹਨਾਂ ਫਿਲਮਾਂ ਵਿੱਚ ਇਹ ਗੱਲ ਵੀ ਉਭਰ ਕੇ ਸਾਹਮਣੇ ਆਉਂਦੀ ਹੈ ਕਿ ਕਲਕੱਤੇ ਦੇ ਸਮਾਜ ਵਿੱਚ ਵੱਧ ਰਹੇ ਇਸ ਭ੍ਰਿਸ਼ਟਾਚਾਰ ਦਾ ਕਾਰਨ ਵਿਅਕਤੀਆਂ ਦੀ ਨਿੱਜੀ ਕਮਜ਼ੋਰੀ ਨਹੀਂ ਸਗੋਂ ਉਹਨਾਂ ਦਾ ਭ੍ਰਿਸ਼ਟ ਹੋਣਾ ਸਮਾਜਕ ਤਾਣੇਬਾਣੇ ਦੀ ਦੇਣ ਹੈ। ਫਿਲਮ ਸੀਮਾਬੱਧ (ਕੰਪਨੀ ਲਿਮਟਿਡ) ਵਿੱਚ ਵਿਖਾਏ ਗਏ ਕਾਰਪੋਰੇਟ ਕਲਚਰ ਵਿੱਚ ਮੁੱਖ ਜ਼ੋਰ ਵਿਅਕਤੀਗਤ ਕਾਮਯਾਬੀ 'ਤੇ ਦਿੱਤਾ ਜਾਂਦਾ ਹੈ ਕਿਸੇ ਹੋਰ ਚੰਗੀ ਕਦਰ ਕੀਮਤ 'ਤੇ ਨਹੀਂ। ਨਤੀਜੇ ਵਜੋਂ ਇਸ ਫਿਲਮ ਦਾ ਮੁੱਖ ਪਾਤਰ ਆਪਣੀ ਵਿਅਕਤੀਗਤ ਕਾਮਯਾਬੀ ਲਈ ਉਹ ਕੁਝ ਕਰਨ ਲਈ ਤਿਆਰ ਹੋ ਜਾਂਦਾ ਹੈ ਜੋ ਉਸ ਨੂੰ ਵੱਡਾ ਅਹੁਦਾ ਤਾਂ ਦਿਵਾ ਦਿੰਦਾ ਹੈ ਪਰ ਉਸ ਨੂੰ ਉਸ ਦੀਆਂ ਆਪਣੀਆਂ ਅੱਖਾਂ ਅੱਗੇ ਬੌਣਾ ਕਰ ਦਿੰਦਾ ਹੈ। ਇਸ ਪਾਤਰ ਦੀ ਅਜਿਹੀ ਸਥਿਤੀ 'ਤੇ ਟਿੱਪਣੀ ਕਰਦਾ ਹੋਇਆ ਰੇਅ ਕਹਿੰਦਾ ਹੈ,
ਯਕੀਨੀ ਤੌਰ 'ਤੇ ਇਹ ਸਿਸਟਮ ਹੀ ਹੈ ਜੋ ਉਸ ਨੂੰ ਉਸ ਤਰ੍ਹਾਂ ਦਾ ਬਣਾਉਂਦਾ ਹੈ ਜਿਸ ਤਰ੍ਹਾਂ ਦਾ ਉਹ ਹੈ। ਉਹ ਇਕ ਬਿਊਰੋਕਰੈਟਿਕ ਅਤੇ ਵਪਾਰਕ ਮਸ਼ੀਨ ਦਾ ਪੁਰਜ਼ਾ ਹੈ, ਜਿਸ ਵਿੱਚ ਇਕ ਵਿਅਕਤੀ ਦੀ ਆਪਣੀ ਹੋਂਦ ਦੀ ਕੋਈ ਥਾਂ ਨਹੀਂ। ਜੇ ਤੁਸੀਂ ਸਮਾਜ ਵਿੱਚ ਰਹਿਣਾ ਚਾਹੁੰਦੇ ਹੋ ਤਾਂ ਤੁਸੀਂ ਬਹੁਤ ਛੇਤੀ ਉਸ ਸਮਾਜ ਦੇ ਪੈਟਰਨ ਦਾ ਅੰਗ ਬਣ ਜਾਂਦੇ ਹੋ ਅਤੇ ਉਹ ਤੁਹਾਨੂੰ ਉਹ ਕੁੱਝ ਬਣਾ ਦਿੰਦਾ ਹੈ ਜੋ ਸ਼ਾਇਦ ਤੁਸੀਂ ਪਹਿਲਾਂ ਨਹੀਂ ਹੁੰਦੇ। ਇਸ ਆਦਮੀ ਦੇ ਦੋ ਪਾਸੇ ਹਨ: ਇਕ ਪਾਸੇ ਉਸ ਦੀਆਂ ਆਪਣੀਆਂ ਨਿੱਜੀ ਭਾਵਨਾਵਾਂ ਹਨ ਅਤੇ ਉਸ ਦੀ ਜ਼ਮੀਰ ਹੈ। ਪਰ ਸਿਸਟਮ ਉਸ ਨੂੰ ਇਹਨਾਂ ਨੂੰ ਤਿਲਾਂਜ਼ਲੀ ਦੇਣ ਲਈ ਮਜ਼ਬੂਰ ਕਰਦਾ ਹੈ ਅਤੇ ਸਿਰਫ ਆਪਣੀ ਸੁਰੱਖਿਆ ਅਤੇ ਤਰੱਕੀ ਵਾਸਤੇ ਸੋਚਣ ਲਈ ਕਹਿੰਦਾ ਹੈ। (32)
ਇਸ ਹੀ ਤਰ੍ਹਾਂ ਫਿਲਮ ਜਣਾ ਅਰਾਣਿਆ (ਦਲਾਲ) ਵਿੱਚ ਦਿਖਾਇਆ ਗਿਆ ਹੈ। ਦਲਾਲੀ ਦਾ ਬਿਜ਼ਨਿਸ ਕਰਨਾ ਸ਼ੁਰੂ ਕਰਨ ਤੋਂ ਪਹਿਲਾਂ ਇਸ ਫਿਲਮ ਦਾ ਮੁੱਖ ਪਾਤਰ ਸੋਮਨਾਥ ਇਕ ਆਮ ਅਤੇ ਇਮਾਨਦਾਰ ਆਦਮੀ ਹੈ। ਪਰ ਦਲਾਲੀ ਦਾ ਕਾਰੋਬਾਰ ਅਤੇ ਇਸ ਕਾਰੋਬਾਰ ਦਾ ਸਭਿਆਚਾਰ ਹੌਲੀ ਹੌਲੀ ਉਸ ਦੇ ਚਰਿੱਤਰ ਨੂੰ ਇਕ ਅਜਿਹੀ ਨਿਵਾਣ 'ਤੇ ਲੈ ਜਾਂਦਾ ਹੈ ਕਿ ਉਹ ਆਪਣੇ ਦੋਸਤ ਦੀ ਭੈਣ ਦੀ ਦਲਾਲੀ ਕਰਨ ਲਈ ਵੀ ਤਿਆਰ ਹੋ ਜਾਂਦਾ ਹੈ। ਇਕ ਦਲਾਲ ਤੋਂ ਦੱਲਾ ਬਣਨ ਦੀ ਪ੍ਰਕ੍ਰਿਆ ਦਾ ਵਿਸ਼ਲੇਸ਼ਣ ਜਿਸ ਸੂਖਮਤਾ ਨਾਲ ਇਸ ਫਿਲਮ ਵਿੱਚ ਦਿਖਾਇਆ ਗਿਆ ਹੈ ਉਸ ਤਰ੍ਹਾਂ ਦਾ ਵਿਸ਼ਲੇਸ਼ਣ ਹੁਣ ਤੱਕ ਬਣੀ ਕਿਸੇ ਹੋਰ ਭਾਰਤੀ ਫਿਲਮ ਵਿੱਚ ਦੇਖਣ ਨੂੰ ਨਹੀਂ ਮਿਲਦਾ।
ਸਤਿਆਜੀਤ ਰੇਅ ਦੇ ਆਲੋਚਕਾਂ ਦੀ ਇਕ ਆਮ ਧਾਰਨਾ ਹੈ ਕਿ ਉਸ ਦੀਆਂ ਫਿਲਮਾਂ ਵਿੱਚ ਸਮਕਾਲੀ ਸਿਆਸਤ ਬਾਰੇ ਸਿੱਧੀ ਟਿੱਪਣੀ ਨਹੀਂ ਹੁੰਦੀ ਅਤੇ ਬੇਸ਼ੱਕ ਕਈ ਫਿਲਮਾਂ ਵਿੱਚ ਸਮਕਾਲੀ ਸਿਆਸਤ ਦੀਆਂ ਖਾਮੀਆਂ ਵੱਲ ਗੁੱਝਾ ਇਸ਼ਾਰਾ ਜ਼ਰੂਰ ਹੁੰਦਾ ਹੈ। ਰੇਅ ਦੇ ਆਪਣੇ ਸ਼ਬਦਾਂ ਵਿੱਚ, ਉਸ ਦੀਆਂ ਫਿਲਮਾਂ ਵਿੱਚ ''ਇਨਕਲਾਬ ਵੱਲ ਸੰਕੇਤ ਜ਼ਰੂਰ ਹੁੰਦਾ ਹੈ।૴ (ਕਈ ਫਿਲਮਾਂ ਵਿੱਚ) ਇਹ ਭਾਵਨਾ ਹੁੰਦੀ ਹੈ ਕਿ ਜਿਸ ਤਰ੍ਹਾਂ ਦੀਆਂ ਸਥਿਤੀਆਂ ਹਨ, ਉਸ ਤਰ੍ਹਾਂ ਦੀਆਂ ਸਥਿਤੀਆਂ ਲੰਮੀ ਦੇਰ ਤੱਕ ਨਹੀਂ ਚੱਲ ਸਕਦੀਆਂ।" (33) ਪਰ 1980 ਵਿੱਚ ਬਣੀ ਫਿਲਮ ਹੀਰਕ ਰਾਜਰ ਦੇਸੇ (ਹੀਰਿਆਂ ਦਾ ਦੇਸ਼ ਜਾਂ ਹੀਰਿਆਂ ਦੇ ਰਾਜੇ ਦਾ ਦੇਸ਼) ਇਸ ਪੱਖ ਤੋਂ ਬਿਲਕੁਲ ਵੱਖਰੀ ਫਿਲਮ ਹੈ। ਇਸ ਫਿਲਮ ਵਿੱਚ ਰੇਅ ਨੇ ਖੁਲ੍ਹੇਆਮ ਦਿਖਾਇਆ ਹੈ ਕਿ ਜਿਹੜਾ ਰਾਜ ਲੋਕਾਂ ਦੀ ਭਲਾਈ ਲਈ ਕੰਮ ਨਹੀਂ ਕਰਦਾ, ਉਸ ਰਾਜ ਨੂੰ ਮਜ਼ਦੂਰਾਂ ਅਤੇ ਕਿਸਾਨਾਂ ਵਲੋਂ ਇਕੱਠੇ ਹੋ ਕੇ ਬਦਲ ਦੇਣਾ ਚਾਹੀਦਾ ਹੈ। ਤਾਂ ਹੀ ਉਤਪਲ ਦੱਤ ਇਸ ਫਿਲਮ ਨੂੰ ਸ਼ਰੇਆਮ ਰੂਪ ਵਿੱਚ ''ਇਕ ਸਿਆਸੀ ਫਿਲਮ" ਮੰਨਦਾ ਹੈ। (34)
ਹੀਰਕ ਰਾਜਰ ਦੇਸੇ ਇਕ ਪਰੀ ਕਹਾਣੀ ਦੇ ਤੌਰ 'ਤੇ ਪੇਸ਼ ਕੀਤੀ ਗਈ ਫਿਲਮ ਹੈ। ਹੀਰਿਆਂ ਦੀਆਂ ਖਾਣਾਂ ਵਾਲੇ ਦੇਸ਼ ਵਿੱਚ ਖਾਣਾਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਉਹਨਾਂ ਦੀ ਮਿਹਨਤ ਦਾ ਪੂਰਾ ਮੁੱਲ ਨਹੀਂ ਮਿਲਦਾ ਅਤੇ ਕਿਸਾਨਾਂ ਨੂੰ ਸਰਕਾਰ ਦਾ ਟੈਕਸ ਭਰਨ ਲਈ ਭੁੱਖੇ ਰਹਿਣਾ ਪੈਂਦਾ ਹੈ। ਗਾਇਕਾਂ ਨੂੰ ਆਪਣੀ ਮਰਜ਼ੀ ਦੇ ਗੀਤ ਗਾਉਣ ਦੀ ਖੁੱਲ੍ਹ ਨਹੀਂ ਅਤੇ ਅਧਿਆਪਕਾਂ ਨੂੰ ਆਪਣੀ ਮਰਜ਼ੀ ਦਾ ਪੜ੍ਹਾਉਣ ਦੀ। ਰਾਜੇ ਦੇ ਮੰਤਰੀ ਉਸ ਦੇ ਜੀਅ ਹਜ਼ੂਰੀਏ ਹਨ। ਉਹ ਹਰ ਗੱਲ ਵਿੱਚ ਰਾਜੇ ਦੀ ਹਾਂ ਵਿੱਚ ਹਾਂ ਮਿਲਾਉਂਦੇ ਹਨ ਅਤੇ ਇਸ ਦੇ ਇਵਜ ਵਿੱਚ ਹੀਰਿਆਂ ਦੇ ਹਾਰ (ਦੇਸ਼ ਦੀ ਦੌਲਤ ਵਿੱਚੋਂ ਆਪਣਾ ਹਿੱਸਾ) ਪ੍ਰਾਪਤ ਕਰਕੇ ਖੁਸ਼ ਹੁੰਦੇ ਹਨ। ਰਾਜੇ ਦੇ ਮੁੱਖ ਵਿਗਿਆਨੀ ਨੇ ਇਕ ਅਜਿਹਾ ਢੰਗ ਲੱਭ ਲਿਆ ਹੈ ਜਿਸ ਰਾਹੀਂ ਲੋਕਾਂ ਦੇ ਦਿਮਾਗ ਸਾਫ  (ਬ੍ਰੇਨ ਵਾਸ਼) ਕੀਤੇ ਜਾ ਸਕਦੇ ਹਨ ਅਤੇ ਲੋਕਾਂ ਦੇ ਦਿਮਾਗਾਂ ਵਿੱਚ ਉਹ ਗੱਲਾਂ ਭਰੀਆਂ ਜਾ ਸਕਦੀਆਂ ਹਨ ਜੋ ਰਾਜਾ ਚਾਹੇ। ਰਾਜ-ਕਵੀ ਵਿਗਿਆਨੀ ਨੂੰ ਰਾਜੇ ਦਾ ਜਸਗਾਨ ਕਰਦੀਆਂ ਕਵਿਤਾਵਾਂ ਲਿਖ ਦਿੰਦਾ ਹੈ ਜੋ ਵਿਗਿਆਨੀ ਲੋਕਾਂ ਦੇ ਦਿਮਾਗਾਂ ਵਿੱਚ ਭਰ ਦਿੰਦਾ ਹੈ। ਨਤੀਜੇ ਵਜੋਂ ਮਜ਼ਦੂਰ ਅਤੇ ਕਿਸਾਨ ਅੱਧਭੁੱਖੇ ਰਹਿ ਕੇ ਰਾਜੇ ਲਈ ਕੰਮ ਕਰਦੇ ਹਨ ਅਤੇ ਰਾਜੇ ਦੇ ਗੁਣ ਗਾਉਂਦੇ ਰਹਿੰਦੇ ਹਨ। ਰਾਜਾ ਬੜੇ ਮਾਣ ਨਾਲ ਕਹਿੰਦਾ ਹੈ ਕਿ ''ਹੀਰਿਆਂ ਦੇ ਦੇਸ਼ ਦਾ ਰਾਜਾ (ਆਪਣੀ ਪਰਜਾ ਨੂੰ) ਮਾਰਦਾ ਨਹੀਂ, ਉਸ ਨੂੰ ਜੇਲ੍ਹਾਂ ਦੀ ਲੋੜ ਨਹੀਂ, ਉਹ ਲੋਕਾਂ ਨੂੰ ਬਰਛਿਆਂ 'ਤੇ ਨਹੀਂ ਟੰਗਦਾ ਅਤੇ ਨਾ ਹੀ ਲੋਕਾਂ ਨੂੰ ਜ਼ਿੰਦਾ ਜਲਾਉਂਦਾ ਹੈ। ਉਸ ਦੇ ਦੇਸ਼ ਵਿੱਚ ਤਾਂ ਇਕ ਹੀ ਸਜ਼ਾ ਹੈ- (ਬ੍ਰੇਨ ਵਾਸ਼ਿੰਗ)"। ਭਵਿੱਖ ਵਿੱਚ ਉਪਜਣ ਵਾਲੀ ਬਗਾਵਤ ਨੂੰ ਖਤਮ ਕਰਨ ਲਈ ਉਹ ਸਕੂਲ ਬੰਦ ਕਰ ਦਿੰਦਾ ਹੈ ਅਤੇ ਕਿਤਾਬਾਂ ਸਾੜ ਦਿੰਦਾ ਹੈ ਕਿਉਂਕਿ ਉਸ ਦਾ ਯਕੀਨ ਹੈ ਕਿ ਗਿਆਨ ਲੋਕਾਂ ਨੂੰ ਚੰਗੇ ਅਤੇ ਮਾੜੇ ਵਿੱਚ ਫਰਕ ਕਰਨ ਦੀ ਚੇਤਨਾ ਦਿੰਦਾ ਹੈ, ਲੋਕਾਂ ਨੂੰ ਬਗਾਵਤ ਕਰਨ ਲਈ ਉਕਸਾਉਂਦਾ ਹੈ।
ਇਸ ਤਰ੍ਹਾਂ ਲੋਕਾਂ ਦੀ ਬ੍ਰੇਨਵਾਸ਼ਿੰਗ ਕਰਕੇ ਰਾਜਾ ਆਪਣੇ ਰਾਜ ਨੂੰ ਹਿੰਸਾ ਦਾ ਸਹਾਰਾ ਲਏ ਬਿਨਾਂ ਚਲਾਉਣ ਵਿੱਚ ਕਾਮਯਾਬ ਰਹਿੰਦਾ ਹੈ। ਪਰ ਇਹ ਕਾਮਯਾਬੀ ਹਮੇਸ਼ਾਂ ਨਹੀਂ ਰਹਿੰਦੀ। ਉਸ ਦੇਸ਼ ਦਾ ਇਕ ਅਧਿਆਪਕ ਬ੍ਰੇਨ ਵਾਸ਼ਿੰਗ ਹੋਣ ਤੋਂ ਪਹਿਲਾਂ ਦੇਸ਼ ਤੋਂ ਬਾਹਰ ਨੱਸ ਜਾਂਦਾ ਹੈ ਅਤੇ ਆਪਣੇ ਪੜ੍ਹਾਏ ਬੱਚਿਆਂ ਨੂੰ ਇਹ ਸੰਦੇਸ਼ ਦਿੰਦਾ ਹੈ ਕਿ ਉਹ ਉਸ ਵਲੋਂ ਦਿੱਤੇ ਗਿਆਨ ਨੂੰ ਨਾ ਭੁੱਲਣ। ਬੱਚੇ ਆਪਣੇ ਅਧਿਆਪਕ ਦੇ ਸਬਕ ਨੂੰ ਯਾਦ ਰੱਖਦੇ ਹਨ ਕਿ ''ਜੇ ਰਾਜਾ ਆਪਣੀ ਪਰਜਾ ਦਾ ਦੁਸ਼ਮਣ ਬਣ ਜਾਵੇ ਤਾਂ ਹਾਲਤ ਬਹੁਤ ਖਤਰਨਾਕ ਬਣ ਜਾਂਦੇ ਹਨ। ਮਨੁੱਖ ਕੜਕਦੀ ਬਿਜਲੀ ਤੋਂ ਡਰਦਾ ਹੈ ਪਰ ਰਾਜੇ ਦਾ ਗੁੱਸਾ (ਕੜਕਦੀ ਬਿਜਲੀ ਤੋਂ) ਜ਼ਿਆਦਾ ਖਤਰਨਾਕ ਹੁੰਦਾ ਹੈ। ਬਿਜਲੀ ਇਕ ਥਾਂ ਡਿੱਗਦੀ ਹੈ, ਪਰ ਰਾਜੇ ਦਾ ਗੁੱਸਾ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਬਰਬਾਦ ਕਰਦਾ ਹੈ।૴ ਇਸ ਲਈ ਜੇ ਲੋਕਾਂ ਨੇ ਮਰਨਾ ਹੀ ਹੈ ਤਾਂ ਰਾਜੇ ਦਾ ਹੁਕਮ ਮੰਨਦਿਆਂ ਮਰਨ ਦੀ ਥਾਂ (ਲੜਦਿਆਂ ਮਰਨਾ ਚਾਹੀਦਾ ਹੈ)।"  ਇਕ ਗਾਇਕ ਬ੍ਰੇਨਵਾਸ਼ ਹੋਣ ਤੋਂ ਇਨਕਾਰ ਕਰ ਦਿੰਦਾ ਹੈ ਅਤੇ ਗਾਉਂਦਾ ਹੈ, ''ਦੇਖੋ ਕਿੰਨੇ ਅਜੀਬ ਦਿਨ ਆ ਗਏ ਹਨ, ਇਕ ਭਲੇ ਇਨਸਾਨ ਨੂੰ ਟੁੱਟੇ ਘਰਾਂ ਵਿੱਚ ਰਹਿਣਾ ਪੈ ਰਿਹਾ ਹੈ ਜਦੋਂ ਕਿ ਜ਼ਾਲਮ ਸਿੰਘਾਸਣ 'ਤੇ ਬੈਠਾ ਹੈ।" ਇਹ ਅਧਿਆਪਕ ਆਪਣੇ ਵਿਦਿਆਰਥੀਆਂ ਦੀ ਮਦਦ ਨਾਲ ਮਜ਼ਦੂਰਾਂ ਅਤੇ ਕਿਸਾਨਾਂ ਨੂੰ ਜਥੇਬੰਦ ਕਰਦਾ ਹੈ ਜੋ ਅੰਤ ਵਿੱਚ ਹੀਰਿਆਂ ਦੇ ਰਾਜੇ ਦੇ ਦਮਨ ਭਰਪੂਰ ਰਾਜ ਦਾ ਖਾਤਮਾ ਕਰ ਦਿੰਦੇ ਹਨ।
ਇਸ ਤਰ੍ਹਾਂ ਇਸ ਫਿਲਮ ਵਿੱਚ ਸਤਿਆਜੀਤ ਰੇਅ ਹਾਕਮਾਂ ਵਲੋਂ ਲੋਕਾਂ ਨੂੰ ਕੰਟਰੋਲ ਵਿੱਚ ਰੱਖਣ ਦੇ ਨਵੇਂ ਢੰਗਾਂ ਦਾ ਭੇਤ ਖੋਲ੍ਹਦਾ ਹੈ। ਉਹ ਦਿਖਾਉਂਦਾ ਹੈ ਕਿ ਸਮਾਜ ਵਿੱਚ ਗਿਆਨ, ਵਿਦਿਆ ਅਤੇ ਤਕਨੌਲੌਜੀ ਦੀ ਕਿੰਨੀ ਮਹੱਤਤਾ ਹੈ। ਹਾਕਮ ਲੋਕਾਂ ਦੀ ਅਸਹਿਮਤੀ, ਵਿਰੋਧ ਅਤੇ ਬਗਾਵਤ ਨੂੰ ਕੰਟਰੋਲ ਕਰਨ ਲਈ ਕਿਸ ਤਰ੍ਹਾਂ ਗਿਆਨ, ਵਿਦਿਆ ਅਤੇ ਤਕਨੌਲੌਜੀ ਦੀ ਵਰਤੋਂ ਕਰਦੇ ਹਨ। ਸਮਾਜ ਵਿੱਚ ਲੋਕ ਘੋਲਾਂ ਅਤੇ ਸੰਘਰਸ਼ਾਂ ਨੂੰ ਜਥੇਬੰਦ ਕਰਨ ਲਈ ਗਿਆਨ, ਵਿਦਿਆ ਅਤੇ ਤਕਨੌਲੌਜੀ ਨੂੰ ਹਾਕਮਾਂ ਦੇ ਸ਼ਿਕੰਜੇ 'ਚੋਂ ਅਜ਼ਾਦ ਕਰਾਉਣਾ ਕਿੰਨਾ ਜ਼ਰੂਰੀ ਹੈ। ਅੱਜ ਦੁਨੀਆ ਭਰ ਵਿੱਚ ਸੂਚਨਾ, ਸੰਚਾਰ ਅਤੇ ਤਕਨੌਲੌਜੀ ਦਾ ਜਿਸ ਤਰ੍ਹਾਂ ਦਾ ਸਿਲਸਿਲਾ ਪੈਦਾ ਹੋ ਚੁੱਕਾ ਹੈ ਅਤੇ ਗਾਲਬ ਧਿਰਾਂ ਜਿਸ ਤਰ੍ਹਾਂ ਇਸ ਸਿਲਸਿਲੇ ਦੀ ਵਰਤੋਂ ਕਰਦੀਆਂ ਹਨ, ਉਸ ਨੂੰ ਦੇਖਦਿਆਂ ਅਸੀਂ ਇਹ ਕਹਿ ਸਕਦੇ ਹਾਂ ਕਿ ਇਸ ਫਿਲਮ ਦੀ ਅੱਜ ਵੀ ਉਨੀ ਪ੍ਰਸੰਗਕਤਾ ਹੈ ਜਿੰਨੀ ਸਾਢੇ 4 ਦਹਾਕੇ ਪਹਿਲਾਂ ਸੀ ਜਦੋਂ ਰੇਅ ਨੇ ਇਹ ਫਿਲਮ ਬਣਾਈ ਸੀ।
1977 ਵਿੱਚ ਬਣਾਈ ਗਈ ਫਿਲਮ ਸ਼ਤਰੰਜ ਕੇ ਖਿਲਾੜੀ ਰੇਅ ਦੀ ਪਹਿਲੀ ਹਿੰਦੀ ਫਿਲਮ ਸੀ ਜੋ ਮੁਨਸ਼ੀ ਪ੍ਰੇਮ ਚੰਦ ਦੀ ਇਸ ਹੀ ਨਾਂ ਦੀ ਕਹਾਣੀ 'ਤੇ ਆਧਾਰਤਿ ਹੈ। ਇਸ ਵਿੱਚ ਸੰਨ 1856 ਵਿੱਚ ਈਸਟ ਇੰਡਿਆ ਕੰਪਨੀ ਵਲੋਂ ਅਵਧ ਰਾਜ ਨੂੰ ਆਪਣੇ ਕਬਜ਼ੇ ਵਿੱਚ ਲੈਣ ਦੀ ਇਤਿਹਾਸਕ ਘਟਨਾ ਨੂੰ ਫਿਲਮਾਇਆ ਗਿਆ ਹੈ।
ਇਸ ਫਿਲਮ ਦੇ ਮੁੱਖ ਪਾਤਰ ਅਵਧ ਦੇ ਦੋ ਨਵਾਬ/ਜਗੀਰਦਾਰ ਹਨ ਜੋ ਆਪਣਾ ਸਾਰਾ ਸਮਾਂ ਸ਼ਤਰੰਜ ਖੇਡਣ ਵਿੱਚ ਬਿਤਾਉਂਦੇ ਹਨ। ਉਹਨਾਂ ਨੂੰ ਆਪਣੇ ਘਰ ਅਤੇ ਰਾਜ ਦੇ ਕਿਸੇ ਵੀ ਕਾਰਜ ਵਿੱਚ ਦਿਲਚਸਪੀ ਨਹੀਂ। ਅਵਧ ਦਾ ਸੁਲਤਾਨ ਨਵਾਬ ਵਾਜਿਦ ਅਲੀ ਖਾਨ ਆਪਣਾ ਜ਼ਿਆਦਾ ਵਕਤ ਨਮਾਜ ਪੜ੍ਹਨ, ਆਪਣੀਆਂ 400 ਰਖੇਲਾਂ ਦੇ ਸਾਥ ਵਿੱਚ ਆਨੰਦ ਮਾਣਨ, ਪਤੰਗ ਉਡਾਉਣ ਅਤੇ ਸ਼ਿਅਰੋ ਸ਼ਾਇਰੀ ਕਰਨ ਵਿੱਚ ਗੁਜ਼ਾਰਦਾ ਹੈ। ਉਸ ਨੂੰ ਰਾਜਭਾਗ ਚਲਾਉਣ ਵਿੱਚ ਕੋਈ ਦਿਲਚਸਪੀ ਨਹੀਂ। ਅਵਧ ਦੇ ਆਮ ਲੋਕ ਫਿਰ ਵੀ ਉਸ ਨੂੰ ਪਿਆਰ ਕਰਦੇ ਹਨ ਅਤੇ ਉਹਨਾਂ ਨੂੰ ਸੁਲਤਾਨ ਵਿਰੁੱਧ ਕੋਈ ਸ਼ਿਕਾਇਤ ਨਹੀਂ। ਉਹ ਵੀ ਆਪਣਾ ਸਮਾਂ ਕੁੱਕੜਾਂ ਅਤੇ ਭੇਡੂਆਂ ਦੀਆਂ ਲੜਾਈਆਂ ਦਾ ਤਮਾਸ਼ਾ ਦੇਖਦੇ ਹੋਏ ਗੁਜ਼ਾਰਦੇ ਹਨ।
ਓਪਰੀ ਨਜ਼ਰੇ ਦੇਖਿਆਂ ਹਰ ਪਾਸੇ ਆਨੰਦ ਮੰਗਲ ਜਾਪਦਾ ਹੈ। ਪਰ ਇਹ ਸਚਾਈ ਨਹੀਂ, ਕਿਉਂਕਿ ਇਸ ਤਰ੍ਹਾਂ ਦੇ ਮਾਹੌਲ ਵਿੱਚ ਕੰਪਨੀ ਬਹਾਦਰ (ਈਸਟ ਇੰਡੀਆ ਕੰਪਨੀ) ਅਵਧ ਨੂੰ ਹੜਪਣ ਦੇ ਮਨਸੂਬੇ ਬਣਾ ਰਹੀ ਹੈ। ਉਹ ਅਵਧ ਨਾਲ ਕੀਤੇ ਅਹਿਦਨਾਮੇ ਵਿੱਚ ਮੋਰੀਆਂ ਲੱਭ ਰਹੀ ਹੈ ਤਾਂ ਕਿ ਉਸ ਅਹਿਦਨਾਮੇ ਤੋਂ ਮੁਕਰਿਆ ਜਾ ਸਕੇ ਅਤੇ ਅਵਧ ਨੂੰ ''ਚੈਰੀ" ਵਾਂਗ ਤੋੜ ਕੇ ਆਪਣੇ ਮੂੰਹ ਵਿੱਚ ਪਾਇਆ ਜਾ ਸਕੇ।
ਅਖੀਰ 7 ਫਰਵਰੀ 1856 ਨੂੰ ਕੰਪਨੀ ਬਹਾਦਰ ਬਿਨਾਂ ਕੋਈ ਗੋਲੀ ਚਲਾਇਆਂ ਅਵਧ ਨੂੰ ਆਪਣੇ ਅਧੀਨ ਕਰਨ ਵਿੱਚ ਕਾਮਯਾਬ ਹੋ ਜਾਂਦੀ ਹੈ। ਕਿਸੇ ਪਾਸੇ ਕੋਈ ਵਿਰੋਧ ਨਹੀਂ ਹੁੰਦਾ, ਕੋਈ ਸਵਾਲ ਨਹੀਂ ਪੁੱਛਿਆ ਜਾਂਦਾ। ਸਿਰਫ ਇਕ 13-14 ਸਾਲਾਂ ਦਾ ਮੁੰਡਾ ਸਵਾਲ ਕਰਦਾ ਹੈ ਕਿ ਅਵਧ 'ਤੇ ਅੰਗਰੇਜ਼ਾਂ ਦਾ ਰਾਜ ਹੋ ਗਿਆ ਪਰ ਕਿਤੇ ਕੋਈ ਗੋਲੀ ਨਹੀਂ ਚੱਲੀ।
ਇਸ ਫਿਲਮ ਵਿੱਚ ਰੇਅ ਨਿਰਣਾਇਕ ਬਣੇ ਬਿਨਾਂ ਇਕ ਪਾਸੇ ਉਸ ਸਮੇਂ ਦੇ ਹਿੰਦੁਸਤਾਨੀ ਹਾਕਮਾਂ, ਨਵਾਬਾਂ ਅਤੇ ਅਮੀਰਜ਼ਾਦਿਆਂ ਵਿੱਚ ਆਈ ਗਿਰਾਵਟ ਦਾ ਚਿਤਰਣ ਕਰਦਾ ਹੈ ਅਤੇ ਦੂਸਰੇ ਪਾਸੇ ਈਸਟ ਇੰਡੀਆ ਕੰਪਨੀ ਦੀਆਂ ਛਾਤਰ ਸਕੀਮਾਂ ਦੀਆਂ ਵੱਖ ਵੱਖ ਤਹਿਆਂ ਨੂੰ ਖੋਲ੍ਹਦਾ ਹੈ। ਫਿਲਮ ਹਿੰਦੁਸਤਾਨ ਦੇ ਇਤਿਹਾਸ ਦੇ ਇਕ ਖਾਸ ਸਮੇਂ ਬਾਰੇ ਜਾਣਕਾਰੀ ਦੇਣ ਦੇ ਨਾਲ ਨਾਲ ਸਾਨੂੰ ਅੱਜ ਦੇ ਸਮਿਆਂ ਬਾਰੇ ਵੀ ਮਹੱਤਵਪੂਰਨ ਸੁਨੇਹਾ ਦਿੰਦੀ ਹੈ। ਸਾਨੂੰ ਪਹਿਲਾ ਸੁਨੇਹਾ ਇਹ ਮਿਲਦਾ ਹੈ ਕਿ ਜੇ ਆਮ ਲੋਕ ਆਪਣੇ ਦੇਸ਼ ਦੀ ਸਿਆਸਤ ਤੋਂ ਉਦਾਸੀਨ ਰਹਿਣਗੇ, ਆਪਣੇ ਨੇਤਾਵਾਂ ਤੋਂ ਕੋਈ ਜਵਾਬਦੇਹੀ ਨਹੀਂ ਮੰਗਣਗੇ ਤਾਂ ਨੇਤਾ ਆਪਣੀਆਂ ਕਮਜ਼ੋਰੀਆਂ ਕਾਰਨ ਜਾਂ ਆਪਣੇ ਹਿਤਾਂ ਲਈ ਕਿਸੇ ਕੋਲ ਵੀ ਦੇਸ਼ ਨੂੰ ਹਾਰ ਦੇਣਗੇ ਜਾਂ ਵੇਚ ਦੇਣਗੇ। ਦੂਸਰਾ ਮਹੱਤਵਪੂਰਨ ਸੁਨੇਹਾ ਸਾਨੂੰ ਕਾਰਪੋਰੇਸ਼ਨਾਂ ਦੇ ਰੋਲ ਬਾਰੇ ਮਿਲਦਾ ਹੈ। ਇਸ ਫਿਲਮ ਵਿੱਚ ਜਿਸ ਤਰ੍ਹਾਂ ਈਸਟ ਇੰਡੀਆ ਕੰਪਨੀ ਦੇ ਰੋਲ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ ਉਸ ਤੋਂ ਸਾਨੂੰ ਅੱਜ ਦੀਆਂ ਕਾਰਪੋਰੇਸ਼ਨਾਂ ਬਾਰੇ ਕਾਫੀ ਕੁਝ ਸਿੱਖਣ ਨੂੰ ਮਿਲ ਸਕਦਾ ਹੈ। ਇਸ ਫਿਲਮ ਵਿੱਚ ਦਿਖਾਇਆ ਗਿਆ ਹੈ ਕਿ ਈਸਟ ਇੰਡੀਆ ਕੰਪਨੀ ਦਾ ਮੁੱਖ ਮਕਸਦ ਅਵਧ ਨੂੰ ਆਪਣੇ ਰਾਜ ਵਿੱਚ ਸ਼ਾਮਲ ਕਰਨਾ ਹੈ। ਅਜਿਹਾ ਕਰਨ ਲਈ ਉਹ ਕੋਈ ਵੀ ਢੰਗ ਵਰਤਣ ਲਈ ਤਿਆਰ ਹੈ। ਉਸ ਨੂੰ ਆਪਣੇ ਵਲੋਂ ਕੀਤੇ ਅਹਿਦਨਾਮਿਆਂ ਦੀ ਕੋਈ ਪਰਵਾਹ ਨਹੀਂ। ਜੇ ਉਸ ਦੇ ਕੀਤੇ ਅਹਿਦਨਾਮੇ ਉਸ ਦੇ ਮਕਸਦ ਦੇ ਰਾਹ ਵਿੱਚ ਰੁਕਾਵਟ ਬਣਦੇ ਹਨ ਤਾਂ ਉਹ ਉਹਨਾਂ ਨੂੰ ਤੋੜ ਕੇ ਆਪਣੀ ਪਸੰਦ ਦੇ ਨਵੇਂ ਅਹਿਦਨਾਮੇ ਬਣਾਉਣ ਲਈ ਤਿਆਰ ਹੈ। ਆਪਣੇ ਨਵੇਂ ਅਹਿਦਨਾਮਿਆਂ 'ਤੇ ਦਸਤਖਤ ਕਰਵਾਉਣ ਲਈ ਜੇ ਉਸ ਨੂੰ ਤਾਕਤ ਦੀ ਵਰਤੋਂ ਕਰਨ ਦੀ ਵੀ ਲੋੜ ਹੋਵੇ ਤਾਂ ਉਹ ਅਜਿਹਾ ਕਰਨ ਲਈ ਤਿਆਰ ਹੈ। ਆਪਣੇ ਕਾਰਜਾਂ ਨੂੰ ਸਹੀ ਸਿੱਧ ਕਰਨ ਲਈ ਉਹ ਅਵਧ ਦੇ ਸੁਲਤਾਨ ਉੱਪਰ ਪਰਜਾ ਦੀ ਭਲਾਈ ਨੂੰ ਅਣਗੌਲਿਆਂ ਕਰਨ ਦਾ ਇਲਜ਼ਾਮ ਲਾਉਂਦੀ ਹੈ ਪਰ ਆਮ ਪਰਜਾ ਦੀ ਭਲਾਈ ਉਸ ਦਾ ਮਕਸਦ ਨਹੀਂ।
ਅਜੋਕੀਆਂ ਕਾਰਪੋਰੇਸ਼ਨਾਂ ਵੀ ਕੁਝ ਇਸ ਤਰ੍ਹਾਂ ਹੀ ਵਰਤਾਅ ਕਰਦੀਆਂ ਹਨ। ਉਹਨਾਂ ਦਾ ਮਕਸਦ ਸਾਰੀ ਦੁਨੀਆਂ ਨੂੰ ਆਪਣੇ ਸ਼ੇਅਰਹੋਲਡਰਾਂ ਦੇ ਰਾਜ ਦੇ ਅਧੀਨ ਲਿਆਉਣਾ ਹੈ। ਅਜਿਹਾ ਕਰਨ ਲਈ ਉਹ ਹਰ ਰੋਜ਼ ਕਈ ਅਹਿਦਨਾਮੇ ਕਰਦੀਆਂ ਹਨ ਅਤੇ ਕਈ ਅਹਿਦਨਾਮੇ ਤੋੜਦੀਆਂ ਹਨ। ਉਹਨਾਂ ਦਾ ਮੁੱਖ ਮਕਸਦ ਆਪਣੇ ਸ਼ੇਅਰਹੋਲਡਰਾਂ ਦੀ ਸੇਵਾ ਕਰਨਾ ਹੈ ਆਮ ਲੋਕਾਂ ਦੀ ਨਹੀਂ। ਬੇਸ਼ੱਕ ਆਪਣੇ ਅਸਲੀ ਮੰਤਵਾਂ ਨੂੰ ਲੁਕਾਉਣ ਲਈ ਉਹ ''ਜ਼ਿੰਮੇਵਾਰ ਕਾਰਪੋਰੇਸ਼ਨਾਂ" ਵਰਗੀ ਭਾਸ਼ਾ ਵਰਤ ਕੇ ਆਮ ਲੋਕਾਂ ਦੀ ਭਲਾਈ ਦੀ ਗੱਲ ਵੀ ਕਰਦੀਆਂ ਰਹਿੰਦੀਆਂ ਹਨ।

ਸਦਗਤੀ ਰੇਅ ਵਲੋਂ ਹਿੰਦੀ ਵਿੱਚ ਬਣਾਈ ਦੂਸਰੀ ਫਿਲਮ ਹੈ। ਇਹ ਵੀ ਪ੍ਰੇਮਚੰਦ ਦੀ ਕਹਾਣੀ 'ਤੇ ਆਧਾਰਤ ਹੈ। ਟੈਲੀਵਿਜ਼ਨ ਲਈ ਬਣਾਈ ਇਸ ਛੋਟੀ ਫਿਲਮ ਵਿੱਚ ਰੇਅ ਹਿੰਦੁਸਤਾਨ ਦੇ ਸਦੀਆਂ ਪੁਰਾਣੇ ਜਾਤਪਾਤ ਪ੍ਰਬੰਧ ਦੀ ਇਕ ਦਿਲ-ਕੰਬਾਊ ਤਸਵੀਰ ਪੇਸ਼ ਕਰਦਾ ਹੈ। ਫਿਲਮ ਦਾ ਮੁੱਖ ਪਾਤਰ ਦੁਖੀਆ, ਇਕ ਦਲਿਤ ਹੈ। ਦੁਖੀਏ ਨੇ ਆਪਣੀ ਧੀ ਦੀ ਮੰਗਣੀ ਲਈ ਸ਼ੁਭ ਅਵਸਰ ਕਢਵਾਉਣ ਲਈ ਪਿੰਡ ਦੇ ਬ੍ਰਾਹਮਣ ਘਾਸੀਰਾਮ ਤੋਂ ਘਰ ਵਿੱਚ ਪੂਜਾ ਦੀ ਰਸਮ ਕਰਵਾਉਣੀ ਹੈ। ਇਸ ਮਕਸਦ ਲਈ ਉਹ ਬ੍ਰਾਹਮਣ ਨੂੰ ਆਪਣੇ ਘਰ ਸੱਦਣ ਲਈ ਉਸ ਦੇ ਘਰ ਜਾਂਦਾ ਹੈ। ਬ੍ਰਾਹਮਣ ਉਸ ਦੇ ਘਰ ਆਏ ਦਾ ਫਾਇਦਾ ਲੈਣ ਲਈ ਪਹਿਲਾਂ ਉਸ ਨੂੰ ਵਿਹੜਾ ਸਾਫ ਕਰਨ ਲਈ ਕਹਿੰਦਾ ਹੈ, ਫਿਰ ਇਕ ਅੰਦਰ ਤੋਂ ਦੂਸਰੇ ਅੰਦਰ ਤੂੜੀ ਢੋਣ ਲਈ ਕਹਿੰਦਾ ਹੈ ਅਤੇ ਅੰਤ ਵਿੱਚ ਉਸ ਨੂੰ ਇਕ ਬਹੁਤ ਵੱਡਾ ਅਤੇ ਸਖਤ ਲੱਕੜ ਦਾ ਮੁੱਢ ਪਾੜਨ ਲਈ ਕਹਿੰਦਾ ਹੈ।  ਦੁਖੀਆ ਬੀਮਾਰ ਉੱਠਿਆ ਹੈ ਅਤੇ ਉਸ ਨੇ ਸਵੇਰ ਦਾ ਕੁੱਝ ਵੀ ਨਹੀਂ ਖਾਧਾ। ਪਰ ਉਹ ਬ੍ਰਾਹਮਣ ਵਲੋਂ ਕਰਨ ਲਈ ਦਿੱਤੀ ਬੇਗਾਰ ਤੋਂ ਨਾਂਹ ਨਹੀਂ ਕਰ ਸਕਦਾ ਕਿਉਂਕਿ ਉਸ ਦੀ ਜਾਤ ਦੇ ਲੋਕ ਸਦੀਆਂ ਤੋਂ ਬ੍ਰਾਹਮਣਾਂ ਦੀਆਂ ਬੇਗਾਰਾਂ ਕਰਦੇ ਆਏ ਹਨ। ਦੁਖੀਆ ਸਖਤ ਧੁੱਪ ਵਿੱਚ ਲੱਕੜ ਦੇ ਮੁੱਢ ਨੂੰ ਪਾੜਨ ਲਈ ਪੂਰਾ ਤਾਣ ਲਾ ਦਿੰਦਾ ਹੈ। ਪਰ ਬੀਮਾਰੀ ਨਾਲ ਹੋਈ ਕਮਜ਼ੋਰੀ ਤੋਂ ਪੀੜਤ ਅਤੇ ਭੁੱਖਾ ਹੋਣ ਦੇ ਬਾਵਜੂਦ ਏਨਾ ਜ਼ੋਰ ਲਾ ਕੇ ਕੰਮ ਕਰਨ ਨਾਲ ਉਸ ਦੀ ਉੱਥੇ ਮੌਤ ਹੋ ਜਾਂਦੀ ਹੈ।

ਇਸ ਫਿਲਮ ਰਾਹੀਂ ਸਾਡੇ ਸਾਹਮਣੇ ਜਾਤਪਾਤ ਦੇ ਦੋ ਪਹਿਲੂ ਬਹੁਤ ਹੀ ਖੂਬਸੂਰਤੀ ਨਾਲ ਉਜਾਗਰ ਹੁੰਦੇ ਹਨ। ਸਭ ਤੋਂ ਪਹਿਲੀ ਗੱਲ ਤਾਂ ਇਹ ਸਾਹਮਣੇ ਆਉਂਦੀ ਹੈ ਕਿ ਜਾਤਪਾਤ ਪ੍ਰਬੰਧ ਉੱਚੀਆਂ ਜਾਤੀਆਂ ਵਲੋਂ ਦਲਿਤ ਮਜ਼ਦੂਰਾਂ ਦੇ ਸ਼ੋਸ਼ਣ ਕਰਨ ਲਈ ਵਰਤਿਆ ਜਾਣਾ ਵਾਲਾ ਇਕ ਵੱਡਾ ਹਥਿਆਰ ਹੈ। ਜਦੋਂ ਬ੍ਰਾਹਮਣ ਘਾਸੀਰਾਮ ਆਪਣੀ ਘਰਵਾਲੀ ਨੂੰ ਕਹਿੰਦਾ ਹੈ ਕਿ ਜੇ ਦੁਖੀਏ ਦੀ ਥਾਂ ਇਹ ਕੰਮ ਕਰਨ ਲਈ ਕਿਸੇ ਹੋਰ ਮਜ਼ਦੂਰ ਨੂੰ ਸੱਦਣਾ ਹੁੰਦਾ ਹੈ ਤਾਂ ਸਾਨੂੰ ਉਸ ਨੂੰ ਇਕ ਰੁਪਈਆ ਮਜ਼ਦੂਰੀ ਦੇਣੀ ਪੈਣੀ ਸੀ। ਇਹ ਇਕ ਡਾਇਲਾਗ ਸਪਸ਼ਟ ਕਰ ਦਿੰਦਾ ਹੈ ਕਿ ਜ਼ਾਤਪਾਤ ਪ੍ਰਬੰਧ ਰਾਹੀਂ ਉੱਚੀਆਂ ਜਾਤੀਆਂ ਨੇ ਸਦੀਆਂ ਤੋਂ ਦਲਿਤਾਂ ਦੀ ਮਜ਼ਦੂਰੀ ਨੂੰ ਆਪਣੇ ਨਾਮ ਕਰਵਾਇਆ ਹੋਇਆ ਹੈ।

ਇਸ ਫਿਲਮ ਰਾਹੀਂ ਜਾਤਪਾਤ ਦਾ ਦੂਸਰਾ ਪਹਿਲੂ ਜੋ ਸਾਡੇ ਸਾਹਮਣੇ ਆਉਂਦਾ ਹੈ ਉਹ ਹੈ ਜਾਤਪਾਤ ਕਾਰਨ ਦਲਿਤਾਂ ਨੂੰ ਇਨਸਾਨ ਨਾ ਸਮਝਿਆ ਜਾਣਾ। ਸਤਿਆਜੀਤ ਰੇਅ ਦੀ ਜੀਵਨੀ ਲਿਖਣ ਵਾਲੇ ਐਂਡਰਿਊ ਰੌਬਿਨਸਨ ਅਨੁਸਾਰ ਇਹ ਫਿਲਮ ਦਿਖਾਉਂਦੀ ਹੈ ਕਿ ਇਸ ਫਿਲਮ ਦਾ ਮੁੱਖ ਪਾਤਰ ਦਲਿਤ ਦੁਖੀਆ ਅਤੇ ਉਸ ਦੀ ਘਰਵਾਲੀ ਝੁਰੀਆ ''ਅਣਮਨੁੱਖੀ ਹਾਲਤਾਂ ਵਿੱਚ ਮਨੁੱਖਾਂ ਵਾਂਗ" ਜੀਉਣ ਲਈ ਜੱਦੋਜਹਿਦ ਕਰ ਰਹੇ ਹਨ। ਪਰ ਫਿਲਮ ਵਿੱਚ ਦਰਸ਼ਕ ਸਾਹਮਣੇ ਇਹ ਸੱਚ ਵਾਰ ਵਾਰ ਉਜਾਗਰ ਹੁੰਦਾ ਹੈ ਕਿ ਉਹ ਇਸ ਸਮਾਜ ਵਿੱਚ ਮਨੁੱਖਾਂ ਵਾਂਗ ਨਹੀਂ ਜੀਅ ਸਕਦੇ। ਦੁਖੀਏ ਦੀ ਮੌਤ ਤੋਂ ਬਾਅਦ ਪਿੰਡ ਦੇ ਦੂਸਰੇ ਦਲਿਤ ਦੁਖੀਏ ਦੀ ਮੌਤ 'ਤੇ ਗੁੱਸੇ ਹੋਣ ਕਾਰਨ ਉਸ ਦੀ ਲਾਸ਼ ਨੂੰ ਚੁੱਕਣ ਤੋਂ ਇਨਕਾਰ ਕਰ ਦਿੰਦੇ ਹਨ। ਬ੍ਰਾਹਮਣ ਘਾਸੀਰਾਮ ਦੁਖੀਏ ਦੀ ਲਾਸ਼ ਨੂੰ ਹੱਥ ਨਹੀਂ ਲਾ ਸਕਦਾ ਕਿਉਂਕਿ ਅਜਿਹਾ ਕਰਨ ਨਾਲ ਉਹ ਭਿੱਟਿਆ ਜਾਵੇਗਾ। ਇਸ ਸਥਿਤੀ ਵਿੱਚ ਜਿਸ ਢੰਗ ਨਾਲ ਉਹ ਰਾਤ ਦੇ ਹਨ੍ਹੇਰੇ ਵਿੱਚ ਦੁਖੀਏ ਦੀ ਲਾਸ਼ ਦੀ ਲੱਤ ਨੂੰ ਰੱਸੀ ਬੰਨ ਕੇ ਉਸ ਨੂੰ ਘਸੀਟ ਕੇ ਸ਼ਮਸ਼ਾਨ ਘਾਟ ਤੱਕ ਲੈ ਕੇ ਜਾਂਦਾ ਹੈ, ਉਸ ਤੋਂ ਇਹ ਗੱਲ ਬੜੇ ਭਿਆਨਕ ਢੰਗ ਨਾਲ ਉਜਾਗਰ ਹੁੰਦੀ ਹੈ ਕਿ ਜਿਉਣਾ ਤਾਂ ਕੀ, ਜਾਤਪਾਤ ਵਾਲੇ ਭਾਰਤੀ ਸਮਾਜ ਵਿੱਚ ਦਲਿਤ ਮਨੁੱਖਾਂ ਵਾਂਗ ਮਰ ਵੀ ਨਹੀਂ ਸਕਦੇ। ਫਿਲਮ ਦਾ ਇਹ ਆਖਰੀ ਦ੍ਰਿਸ਼ ਦਰਸ਼ਕਾਂ ਨੂੰ ਸੁੰਨ ਕਰ ਦਿੰਦਾ ਹੈ ਅਤੇ ਉਹਨਾਂ ਦੇ ਮਨਾਂ ਉੱਤੇ ਜਾਤਪਾਤ ਦੇ ਘਿਨਾਉਣੇਪਨ ਦੀ ਅਮਿੱਟ ਛਾਪ ਛੱਡ ਜਾਂਦਾ ਹੈ।

ਸੰਨ 1989 ਵਿੱਚ ਬਣਾਈ ਗਈ ਫਿਲਮ ਗਣਸ਼ਤਰੂ (ਜਨਤਾ ਦਾ ਦੁਸ਼ਮਣ) ਨਾਰਵੇ ਦੇ ਨਾਟਕਕਾਰ ਹੈਨਰਿਕ ਇਬਸਨ ਦੇ ਨਾਟਕ ''ਐਨਮੀ ਆਫ ਦਾ ਪੀਪਲ' 'ਤੇ ਆਧਾਰਤ ਹੈ। 1820 ਵਿੱਚ ਲਿਖੇ ਗਏ ਇਸ ਨਾਟਕ ਦੀ ਕਹਾਣੀ ਨੂੰ ਰੇਅ ਨੇ 1980ਵਿਆਂ ਦੇ ਹਿੰਦੁਸਤਾਨ ਦੀਆਂ ਹਾਲਤਾਂ ਦੇ ਅਨੁਸਾਰ ਢਾਲਿਆ ਹੈ। ਫਿਲਮ ਵਿੱਚ ਇਕ ਫਰਜ਼ੀ ਸ਼ਹਿਰ ਚੰਦੀਪੁਰ ਦੇ ਡਾਕਟਰ ਨੂੰ ਪਤਾ ਲੱਗਦਾ ਹੈ ਕਿ ਧਰਤੀ ਹੇਠਲੇ ਸੀਵਰੇਜ ਦੀ ਪਾਈਪ ਫਟਣ ਕਾਰਨ ਸਥਾਨਕ ਮੰਦਿਰ ਦਾ ਪਾਣੀ ਪ੍ਰਦੂਸ਼ਤ ਹੋ ਗਿਆ ਹੈ। ਇਹ ਪ੍ਰਦੂਸ਼ਤ ਪਾਣੀ ਮੰਦਿਰ ਜਾਣ ਵਾਲੇ ਸ਼ਰਧਾਲੂਆਂ ਵਲੋਂ ਚਰਨਾਮਤ ਦੇ ਤੌਰ 'ਤੇ ਪੀਤਾ ਜਾ ਰਿਹਾ ਹੈ। ਨਤੀਜੇ ਵਜੋਂ ਸ਼ਹਿਰ ਵਿੱਚ ਪੀਲੀਏ (ਜਾਂਡਿਸ) ਦੀ ਬੀਮਾਰੀ ਦੇ ਕੇਸ ਸਾਹਮਣੇ ਆ ਰਹੇ ਹਨ। ਇਸ ਸਥਿਤੀ ਬਾਰੇ ਜੇ ਕੁੱਝ ਨਾ ਕੀਤਾ ਗਿਆ ਤਾਂ ਸ਼ਹਿਰ ਵਿੱਚ ਪੀਲੀਏ ਦੀ ਮਹਾਂਮਾਰੀ ਫੈਲਣ ਦਾ ਖਤਰਾ ਹੈ। ਇਸ ਲਈ ਡਾਕਟਰ ਦਾ ਸੁਝਾਅ ਹੈ ਕਿ ਲੋਕਾਂ ਨੂੰ ਇਸ ਪ੍ਰਦੂਸ਼ਣ ਬਾਰੇ ਛੇਤੀ ਤੋਂ ਛੇਤੀ ਸੂਚਿਤ ਕੀਤਾ ਜਾਵੇ, ਸ਼ਹਿਰ ਦੀ ਸਰਕਾਰ ਧਰਤੀ ਹੇਠਲੇ ਫਟੇ ਪਾਈਪ ਦੀ ਮੁਰੰਮਤ ਕਰੇ ਅਤੇ ਜਿੰਨਾ ਚਿਰ ਤੱਕ ਇਹ ਮੁਰੰਮਤ ਮੁਕੰਮਲ ਨਹੀਂ ਹੁੰਦੀ ਉਨੀ ਦੇਰ ਤੱਕ ਮੰਦਿਰ ਨੂੰ ਬੰਦ ਕਰ ਦਿੱਤਾ ਜਾਵੇ।

ਡਾਕਟਰ ਦੇ ਇਸ ਸੁਝਾਅ ਦਾ ਮੰਦਿਰ ਦੇ ਮਾਲਕ, ਸ਼ਹਿਰ ਦੀ ਮਿਉਂਸਿਪੈਲਟੀ ਦੇ ਚੇਅਰਮੈਨ ਅਤੇ ਸ਼ਰਧਾਲੂਆਂ ਵਲੋਂ ਪੁਰਜ਼ੋਰ ਵਿਰੋਧ ਹੋਣਾ ਸ਼ੁਰੂ ਹੋ ਜਾਂਦਾ ਹੈ। ਮੰਦਿਰ ਦਾ ਮਾਲਕ ਆਪਣੇ ਧਾਰਮਿਕ ਵਿਸ਼ਵਾਸਾਂ ਦੇ ਆਧਾਰ 'ਤੇ ਕਹਿੰਦਾ ਹੈ ਕਿ ਮੰਦਰ ਦਾ 'ਚਰਨਾਮਤ' ਕਦੇ ਪ੍ਰਦੂਸ਼ਤ ਹੋ ਹੀ ਨਹੀਂ ਸਕਦਾ। ਡਾਕਟਰ ਮੰਦਿਰ ਦੇ ਪਾਣੀ ਨੂੰ ਪਰਦੂਸ਼ਤ ਕਹਿ ਕੇ ਉਸ ਦੇ ਅਤੇ ਮੰਦਰ ਦੇ ਸ਼ਰਧਾਲੂਆਂ ਦੇ ਧਾਰਮਿਕ ਵਿਸ਼ਵਾਸਾਂ ਨੂੰ ਠੇਸ ਪਹੁੰਚਾ ਰਿਹਾ ਹੈ। ਧਾਰਮਿਕ ਵਿਸ਼ਵਾਸਾਂ ਦੇ ਨਾਲ ਨਾਲ ਉਸ ਨੂੰ ਇਸ ਗੱਲ ਦਾ ਵੀ ਫਿਕਰ ਹੈ ਕਿ ਜੇ ਮੰਦਿਰ ਬੰਦ ਕਰ ਦਿੱਤਾ ਗਿਆ ਤਾਂ ਮੰਦਿਰ ਨੂੰ ਹਰ ਰੋਜ਼ ਲੱਖਾਂ ਦੇ ਹਿਸਾਬ ਨਾਲ ਚੜ੍ਹਨ ਵਾਲੇ ਚੜ੍ਹਾਵੇ ਦਾ ਨੁਕਸਾਨ ਜਰਨਾ ਪਵੇਗਾ। ਮਿਉਂਸਿਪੈਲਟੀ ਦੇ ਚੇਅਰਮੈਨ ਨੂੰ ਇਸ ਗੱਲ ਦਾ ਫਿਕਰ ਹੈ ਕਿ ਫਟੇ ਹੋਏ ਪਾਈਪ ਦੀ ਮੁਰੰਮਤ ਕਰਨ ਲਈ ਮਿਉਂਸਿਪੈਲਟੀ ਨੂੰ ਵੱਡਾ ਖਰਚ ਕਰਨਾ ਪਵੇਗਾ। ਇਸ ਦੇ ਨਾਲ ਹੀ ਉਸ ਨੂੰ ਇਹ ਵੀ ਫਿਕਰ ਹੈ ਕਿ ਹਰ ਰੋਜ਼ ਵੱਡੀ ਗਿਣਤੀ ਵਿੱਚ ਬਾਹਰਲੀਆਂ ਥਾਂਵਾਂ ਤੋਂ ਸ਼ਰਧਾਲੂ ਮੰਦਿਰ ਦੇ ਦਰਸ਼ਨਾਂ ਲਈ ਆਉਂਦੇ ਹਨ, ਅਤੇ ਸ਼ਹਿਰ ਦੀ ਟੂਰਿਸਟ ਇੰਡਸਟਰੀ ਦੀ ਤਰੱਕੀ ਵਿੱਚ ਹਿੱਸਾ ਪਾਉਂਦੇ ਹਨ। ਜੇ ਮੰਦਿਰ ਬੰਦ ਹੋ ਗਿਆ ਤਾਂ ਸ਼ਹਿਰ ਦੇ ਵਪਾਰਕ ਹਿਤਾਂ ਨੂੰ ਨੁਕਸਾਨ ਪਹੁੰਚੇਗਾ। ਇਹਨਾਂ ਕਾਰਨਾਂ ਕਰਕੇ ਸ਼ਹਿਰ ਵਿੱਚ ਡਾਕਟਰ ਦੇ ਸੁਝਾਅ ਦਾ ਵੱਡਾ ਵਿਰੋਧ ਹੁੰਦਾ ਹੈ ਅਤੇ ਉਸ ਨੂੰ 'ਜਨਤਾ ਦਾ ਦੁਸ਼ਮੁਣ' ਗਰਦਾਨ ਦਿੱਤਾ ਜਾਂਦਾ ਹੈ।

ਗਣਸ਼ਤਰੂ ਧਾਰਮਿਕ ਅੰਧ ਵਿਸ਼ਵਾਸਾਂ ਅਤੇ ਤਰਕ ਦੇ ਵਿਰੋਧ ਨੂੰ ਉਭਾਰ ਕੇ ਸਾਹਮਣੇ ਲਿਆਉਂਦੀ ਹੈ। ਇਸ ਵਿੱਚ ਇਹ ਵੀ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਸਮਾਜ ਦੀਆਂ ਹੋਰ ਸੱਤਾਧਾਰੀ ਧਿਰਾਂ - ਸਿਆਸੀ ਨੇਤਾ, ਵਪਾਰੀ, ਮੀਡੀਆ- ਆਦਿ ਆਪਣੇ ਆਪਣੇ ਹਿਤਾਂ ਕਾਰਨ ਧਾਰਮਿਕ ਨੇਤਾਵਾਂ ਨਾਲ ਮਿਲ ਕੇ ਕੰਮ ਕਰਦੇ ਹਨ। ਨਤੀਜੇ ਵਜੋਂ ਅੰਧਵਿਸ਼ਵਾਸਾਂ ਵਿਰੁੱਧ ਤਰਕ ਅਤੇ ਵਿਗਿਆਨ ਦੀ ਗੱਲ ਕਰਨ ਵਾਲੇ ਲੋਕਾਂ ਨੂੰ ਇਕ ਵੱਡੀ ਕੀਮਤ ਚੁਕਾਉਣੀ ਪੈਂਦੀ ਹੈ। ਫਿਲਮ ਇਹ ਵੀ ਸਪਸ਼ਟ ਕਰਦੀ ਹੈ ਕਿ ਅੰਧਵਿਸ਼ਵਾਸਾਂ ਨਾਲ ਭਰੇ ਹੋਏ ਸਮਾਜ ਵਿੱਚ ਤਰਕ ਅਤੇ ਵਿਗਿਆਨ ਦੀ ਗੱਲ ਕਿਸੇ ਵੀ ਵਿਅਕਤੀ ਵਲੋਂ ਇਕੱਲਿਆਂ ਵਿਅਕਤੀਗਤ ਪੱਧਰ 'ਤੇ ਨਹੀਂ ਕੀਤੀ ਜਾ ਸਕਦੀ। ਅਜਿਹੀ ਗੱਲ ਸਮਾਜ ਵਿੱਚ ਇਕ ਮਜ਼ਬੂਤ ਪ੍ਰੋਗਰੈਸਿਵ ਲਹਿਰ ਦੀ ਉਸਾਰੀ ਨਾਲ ਹੀ ਕੀਤੀ ਜਾ ਸਕਦੀ ਹੈ।     

ਸ਼ਤਰੰਜ ਕੇ ਖਿਲਾੜੀ ਅਤੇ ਸਦਗਤੀ ਨੂੰ ਛੱਡ ਕੇ ਰੇਅ ਦੀਆਂ ਸਾਰੀਆਂ ਫਿਲਮਾਂ ਬੰਗਾਲੀ ਵਿੱਚ ਹਨ। ਆਪਣੀਆਂ ਫਿਲਮਾਂ ਵਿੱਚ ਉਸ ਨੇ ਬੰਗਾਲ ਦੇ ਜੀਵਨ ਦੇ ਵੱਖ ਵੱਖ ਪਹਿਲੂਆਂ ਦਾ ਚਿਤਰਣ ਅਤੇ ਵਿਸ਼ਲੇਸ਼ਣ ਕੀਤਾ ਹੈ। ਉਹ ਬੰਗਾਲ ਦੇ ਜੀਵਨ ਨੂੰ ਬਾਰੀਕੀ ਨਾਲ ਘੋਖ ਕੇ ਸਮੁੱਚੀ ਦੁਨੀਆਂ ਨੂੰ ਦੇਖਣ ਅਤੇ ਸਮਝਣ ਦਾ ਯਤਨ ਕਰਦਾ ਹੈ। ਇਸ ਲਈ ਕਈ ਵਿਦਵਾਨਾਂ ਨੇ ਉਸ ਦੀ ਇਸ ਪਹੁੰਚ ਦੀ ''ਤ੍ਰੇਲ ਦੇ ਤੁਪਕੇ ਵਿੱਚ ਸਾਗਰ" ਦੇਖਣ ਨਾਲ ਤੁਲਨਾ ਕੀਤੀ ਹੈ। ਆਪਣੀਆਂ ਫਿਲਮਾਂ ਦੇ ਵਿਸ਼ੇ ਚੁਣਨ ਸਮੇਂ ਉਸ ਦੀ ਹਮੇਸ਼ਾਂ ਇਹ ਕੋਸ਼ਿਸ਼ ਹੁੰਦੀ ਸੀ ਕਿ ਉਹ ਆਪਣੇ ਆਪ ਨੂੰ ਦੁਹਰਾਏ ਨਾ। ਨਤੀਜੇ ਵਜੋਂ ਉਸ ਦੀਆਂ ਫਿਲਮਾਂ ਦੇ ਵਿਸ਼ਿਆਂ ਦਾ ਘੇਰਾ ਕਾਫੀ ਮੋਕਲਾ ਹੈ। ਉਸ ਦੀਆਂ ਫਿਲਮਾਂ ਦੇ ਵਿਸ਼ੇ ਬੰਗਾਲ ਦੇ ਭੂਤ, ਵਰਤਮਾਨ, ਪੇਂਡੂ ਅਤੇ ਸ਼ਹਿਰੀ ਜੀਵਨ ਨਾਲ ਸੰਬੰਧਤ ਹਨ ਅਤੇ ਇਹਨਾਂ ਵਿਸ਼ਿਆਂ ਬਾਰੇ ਉਸ ਨੇ ਚਾਰ ਦਹਾਕਿਆਂ ਦੇ ਕਰੀਬ ਲਗਾਤਾਰ ਫਿਲਮਾਂ ਬਣਾਈਆਂ ਹਨ। ਇਸ ਲਈ ਉਸ ਦੀਆਂ ਫਿਲਮਾਂ ਬੰਗਾਲ ਦੇ ਜੀਵਨ ਨੂੰ ਸਮਝਣ ਅਤੇ ਜਾਣਨ ਦਾ ਇਕ ਵੱਡਮੁੱਲਾ ਖਜ਼ਾਨਾ ਹਨ।

ਆਪਣੀਆਂ  ਫਿਲਮਾਂ ਵਿੱਚ ਰੇਅ ਜ਼ਿੰਦਗੀ ਨੂੰ ਦੇਖਣ ਲਈ ਇਕ ਮਾਨਵਵਾਦੀ ਅਤੇ ਯਥਾਰਥਵਾਦੀ ਪਹੁੰਚ ਅਪਣਾਉਂਦਾ ਹੈ। ਉਸ ਦੀ ਦਿਲਚਸਪੀ ਕਿਸੇ ਇਕ ਪਾਤਰ ਦੇ ਨਿੱਜੀ ਗੁਣ ਜਾਂ ਔਗੁਣ ਦੇਖਣ ਵਿੱਚ ਨਹੀਂ ਸਗੋਂ ਉਹਨਾਂ ਸਮਾਜਕ ਸ਼ਕਤੀਆਂ ਨੂੰ ਸਮਝਣ ਵਿੱਚ ਹੈ ਜਿਹੜੀਆਂ ਸ਼ਕਤੀਆਂ ਉਸ ਪਾਤਰ ਨੂੰ ਘੜਨ ਵਿੱਚ ਯੋਗਦਾਨ ਪਾਉਂਦੀਆਂ ਹਨ। ਉਸ ਦੇ ਆਪਣੇ ਸ਼ਬਦਾਂ ਵਿੱਚ ''ਖਲਨਾਇਕ ਉਸ ਨੂੰ ਬੋਰ" ਕਰਦੇ ਹਨ। (35) ਇਸ ਲਈ ਉਹ ਆਪਣੇ ਪਾਤਰਾਂ ਨੂੰ ਹਮਦਰਦੀ ਨਾਲ ਚਿਤਰਦਾ ਹੈ ਅਤੇ ਉਸ ਦੀਆਂ ਫਿਲਮਾਂ ਵਿੱਚ ਕੋਈ ਖਲਨਾਇਕ ਜਾਂ ਨਾਇਕ ਨਜ਼ਰ ਨਹੀਂ ਆਉਂਦਾ। ਸਮਾਜਕ ਸਰੋਕਾਰਾਂ ਦੇ ਸਿਨਮੇ ਲਈ ਇਸ ਗੱਲ ਦੀ ਬਹੁਤ ਮਹੱਤਤਾ ਹੈ ਕਿਉਂਕਿ ਜਦੋਂ ਕਿਸੇ ਫਿਲਮ ਜਾਂ ਕਲਾਕ੍ਰਿਤ ਵਿੱਚ ਕਿਸੇ ਇਕ ਪਾਤਰ ਨੂੰ ਖਲਨਾਇਕ ਬਣਾ ਕੇ ਪੇਸ਼ ਕੀਤਾ ਜਾਂਦਾ ਹੈ ਤਾਂ ਦਰਸ਼ਕ ਨੂੰ ਇਹ ਸੁਨੇਹਾ ਮਿਲਦਾ ਹੈ ਕਿ ਸਮਾਜ ਵਿੱਚ ਜੋ ਕੁੱਝ ਬੁਰਾ ਹੋ ਰਿਹਾ ਹੈ ਉਹ ਉਸ ਪਾਤਰ ਦੇ ਮਾੜੇ ਵਤੀਰੇ ਕਰਕੇ ਹੈ। ਪਾਤਰ ਦੇ ਬੁਰੇ ਵਤੀਰੇ ਨੂੰ ਘੜਨ ਵਾਲੀਆਂ ਸਮਾਜਕ, ਆਰਥਿਕ, ਸਿਆਸੀ ਅਤੇ ਸਭਿਆਚਾਰਕ ਸ਼ਕਤੀਆਂ ਦਰਸ਼ਕ ਦੇ ਸਾਹਮਣੇ ਆਉਣ ਤੋਂ ਲੁਕੀਆਂ ਰਹਿੰਦੀਆਂ ਹਨ। ਖਲਨਾਇਕਾਂ ਦੀ ਪੇਸ਼ਕਾਰੀ ਤੋਂ ਪਰਹੇਜ਼ ਕਰਕੇ ਸਤਿਆਜੀਤ ਰੇਅ ਆਪਣੀਆਂ ਫਿਲਮਾਂ ਵਿੱਚ ਇਹਨਾਂ ਸ਼ਕਤੀਆਂ ਦੀ ਨਿਸ਼ਾਨਦੇਹੀ ਕਰਨ ਵਿੱਚ ਕਾਮਯਾਬ ਹੋਇਆ ਹੈ। ਐਰਿਕ ਬਾਰਨਾਓ ਅਤੇ ਐੱਸ ਕ੍ਰਿਸ਼ਨਾਸਵਾਮੀ ਅਨੁਸਾਰ:

ਇਤਿਹਾਸਕ ਸੱਚ ਨੂੰ ਪੇਸ਼ ਕਰਨ ਤੋਂ ਟਾਲਾ ਵੱਟਣ ਅਤੇ ਉਸ ਨੂੰ ਧੁੰਦਲਾ ਕਰਨ ਲਈ ਖਲਨਾਇਕ (ਦੀ ਸਿਰਜਣਾ) ਇਕ ਬਹੁਤ ਪੁਰਾਣਾ ਤਰੀਕਾ ਹੈ। ਰੇਅ ਨੇ ਆਪਣੀਆਂ ਕਲਾਕ੍ਰਿਤਾਂ ਵਿੱਚ ਉਹਨਾਂ ਜਟਿਲ ਜੁਗਤਾਂ ਦੀ ਛਾਣਬੀਣ ਕੀਤੀ ਹੈ, ਜਿਹੜੀਆਂ ਜੁਗਤਾਂ ਸਥਾਪਤੀ ਆਪਣੇ ਰੁਤਬੇ ਨੂੰ ਮਾਨਤਾ ਦੇਣ ਅਤੇ ਮਜ਼ਬੂਤ ਕਰਨ ਲਈ ਵਰਤਦੀ ਹੈ ਅਤੇ ਜਿਹਨਾਂ ਰਾਹੀਂ ਹਾਕਮਾਂ ਅਤੇ ਪਰਜਾ ਵਿੱਚ ਸਹਿਮਤੀ ਉਤਪੰਨ ਹੁੰਦੀ ਹੈ ਅਤੇ ਜਿਹੜੀਆਂ ਜੁਗਤਾਂ ਇਕ ਲੰਮੇ ਸਮੇਂ ਤੋਂ ਦੋਹਾਂ ਧਿਰਾਂ ਦੀ ਸੂਝ ਦਾ ਹਿੱਸਾ ਬਣਨ ਤੋਂ ਦੂਰ ਰਹੀਆਂ ਸਨ। (36) 

ਸਤਿਆਜੀਤ ਰੇਅ ਅਜਿਹੀਆਂ ਫਿਲਮਾਂ ਤਾਂ ਬਣਾ ਸਕਿਆ ਕਿਉਂਕਿ ਉਹ ਇਹ ਸਮਝਦਾ ਸੀ ਕਿ ਇਕ ਫਿਲਮਸਾਜ਼ ਦਾ ਮਕਸਦ ਪੈਸਾ ਕਮਾਉਣਾ ਅਤੇ ਤੜਕ ਭੜਕ ਵਾਲੀ ਠਾਠਦਾਰ ਜ਼ਿੰਦਗੀ ਜੀਉਣਾ ਨਹੀਂ ਸਗੋਂ ਉਸ ਦਾ ਕੰਮ ਸਮਾਜ ਦੇ ਯਥਾਰਥ ਨੂੰ ਪੇਸ਼ ਕਰਨਾ ਹੈ ਤਾਂਕਿ ਲੋਕ ਆਪਣੀ ਜ਼ਿੰਦਗੀ ਦੀਆਂ ਕੌੜੀਆਂ ਹਕੀਕਤਾਂ ਨੂੰ ਸਮਝ ਸਕਣ। ਇਸ ਦੇ ਨਾਲ ਹੀ ਉਸ ਨੂੰ ਇਸ ਗੱਲ ਦਾ ਵਿਸ਼ਵਾਸ ਸੀ ਕਿ ਸਚਾਈ ਨਾਲ ਜੁੜੇ ਰਹਿਣ ਵਾਲੇ ਕਲਾਕਾਰਾਂ ਨੂੰ ਮਿਲਣ ਵਾਲੇ ਮਾਨ ਸਨਮਾਨ ਫੋਕੀ ਸ਼ਾਨੋਸ਼ੌਕਤ ਨਾਲ ਜੁੜੇ ਹੋਏ ਮਾਨਾਂ ਸਨਮਾਨਾਂ ਤੋਂ ਵੱਖਰੇ ਹੁੰਦੇ ਹਨ। ਇੱਥੇ ਮੈਂ ਰੇਅ ਵਲੋਂ ਪਹਿਲੀਆਂ ਦੋ ਫਿਲਮਾਂ ਬਣਾਉਣ ਤੋਂ ਬਾਅਦ ਸੰਨ 1958 ਵਿੱਚ ਲਿਖੇ ਇਕ ਲੇਖ ਵਿੱਚੋਂ ਕੁਝ ਹਿੱਸੇ ਸਾਂਝੇ ਕਰਨਾ ਚਾਹੁੰਦਾ, ਜਿਹਨਾਂ ਤੋਂ ਸਾਨੂੰ ਰੇਅ ਦੇ ਇਨ੍ਹਾਂ ਵਿਚਾਰਾਂ ਬਾਰੇ ਜਾਣਕਾਰੀ ਮਿਲਦੀ ਹੈ। ਪ੍ਰਾਬਲਮਜ਼ ਆਫ ਬੰਗਾਲੀ ਫਿਲਮਮੇਕਰਜ਼ (ਬੰਗਾਲੀ ਫਿਲਮਸਾਜ਼ਾਂ ਦੀਆਂ ਸਮੱਸਿਆਵਾਂ) ਨਾਮੀ ਇਸ ਲੇਖ ਵਿੱਚ ਰੇਅ ਲਿਖਦਾ ਹੈ:

ਸੱਚਮੁੱਚ ਹੀ ਗੰਭੀਰ, ਸਮਾਜਕ ਤੌਰ 'ਤੇ ਚੇਤਨ ਫਿਲਮਸਾਜ਼ ਲੰਮੇ ਸਮੇਂ ਤੱਕ ਕਾਲਪਨਿਕ ਸੰਸਾਰ (ਫੈਂਟਸੀ) ਵਿੱਚ ਨਹੀਂ ਵਿਚਰ ਸਕਦਾ। ਉਸ ਲਈ ਜ਼ਰੂਰੀ ਹੋ ਜਾਂਦਾ ਹੈ ਕਿ ਆਪਣੇ ਸਮੇਂ ਦੀ ਸਚਾਈ ਦੀ ਚੁਣੌਤੀ ਨੂੰ ਕਬੂਲ ਕਰੇ, ਤੱਥਾਂ ਨੂੰ ਵਿਚਾਰੇ, ਉਹਨਾਂ ਦੀ ਛਾਣਬੀਣ ਕਰੇ, ਉਹਨਾਂ ਨੂੰ ਸੂਖਮਤਾ ਨਾਲ ਦੇਖੇ ਅਤੇ ਉਸ ਵਿੱਚੋਂ ਫਿਲਮ ਬਣਾਉਣ ਦੀ ਸਮੱਗਰੀ ਚੁਣੇ।

ਇਹ ਗੱਲ ਮੈਂ ਪੂਰੇ ਭਰੋਸੇ ਨਾਲ ਕਹਿੰਦਾ ਹਾਂ ਕਿਉਂਕਿ ਮੈਂ ਆਪਣੇ ਨਿਰਮਾਣ ਜਿਹੇ ਢੰਗ ਨਾਲ ਅਜਿਹਾ ਹੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ, ਅਤੇ ਮੈਂ ਇਸ ਤੋਂ ਜਾਣਿਆ ਹੈ ਕਿ ਕਈ ਵਾਰ ਸਮਝੌਤਾ ਨਾ ਕਰਨ ਦੇ ਵੀ ਫਾਇਦੇ ਹੁੰਦੇ ਹਨ, ਅਤੇ ਹਮੇਸ਼ਾਂ ਅਜਿਹਾ ਕਰਕੇ ਵਿਅਕਤੀ ਨੂੰ ਖੁਸ਼ੀ ਮਿਲਦੀ ਹੈ।...

ਅੱਜ ਅਸੀਂ ਜਿਸ ਸਥਿਤੀ ਦਾ ਸਾਹਮਣਾ ਕਰ ਰਹੇ ਹਾਂ, ਉਹ ਇਸ ਤਰ੍ਹਾਂ ਹੈ: ਬੰਗਾਲ ਵਿੱਚ ਕੰਮ ਕਰਦੇ ਹੋਏ ਨੈਤਿਕ ਅਤੇ ਕਲਾਤਮਕ ਤੌਰ 'ਤੇ ਸਾਡੀ ਅਜਿਹੀਆਂ ਫਿਲਮਾਂ ਬਣਾਉਣ ਦੀ ਜ਼ਿੰਮੇਵਾਰੀ ਬਣਦੀ ਹੈ, ਜਿਹਨਾਂ ਫਿਲਮਾਂ ਦੀਆਂ ਜੜ੍ਹਾਂ ਸਾਡੇ ਸੂਬੇ ਦੀ ਮਿੱਟੀ ਨਾਲ ਜੁੜੀਆਂ ਹੋਣ। ਦੂਸਰੀ ਗੱਲ ਇਹ ਹੈ ਕਿ ਆਪਣੇ ਦਰਸ਼ਕਾਂ ਦੇ ਸੁਭਾਅ ਅਤੇ ਸਾਡੇ ਕੋਲ ਮੌਜੂਦ ਵਸੀਲਿਆਂ ਨੂੰ ਦੇਖਦੇ ਹੋਏ, ਸਾਡੀ ਅਗਲੀ ਜ਼ਿੰਮੇਵਾਰੀ ਇਹ ਬਣਦੀ ਹੈ ਕਿ ਅਸੀਂ ਸਰਲ ਪਹੁੰਚ ਅਪਣਾਈਏ। 'ਵੱਡੀਆਂ' ਕਹਾਣੀਆਂ ਅਤੇ ਵੱਡੇ ਸਿਤਾਰਿਆਂ ਦੀ ਲੋੜ ਨਹੀਂ। ਜਨਤਕ ਪੱਧਰ ਤੱਕ ਲੋਕਾਂ ਤੱਕ ਪਹੁੰਚਣ ਦੀ ਸਮੱਸਿਆ ਦਾ ਇਸ ਸਮੇਂ ਕੋਈ ਹੱਲ ਨਹੀਂ ਲੱਭਿਆ ਜਾ ਸਕਦਾ, ਅਤੇ ਇਹ ਸਮੱਸਿਆ ਸਾਡੇ ਨਾਲ ਉਤਨੀ ਦੇਰ ਤੱਕ ਰਹੇਗੀ, ਜਿੰਨੀ ਦੇਰ ਤੱਕ ਵੱਡੀ ਪੱਧਰ 'ਤੇ ਨਿਰੱਖਰਤਾ (ਅਨਪੜ੍ਹਤਾ) ਰਹੇਗੀ। ਜੇ ਸਰਲ-ਪਰ-ਗੰਭੀਰ ਪਹੁੰਚ ਮੁੱਠੀ ਭਰ ਵਿਅਕਤੀਗਤ ਨਿਰਦੇਸ਼ਕਾਂ ਤੱਕ ਸੀਮਤ ਰਹਿਣ ਦੀ ਬਜਾਏ ਇਕ ਲਹਿਰ ਬਣ ਜਾਵੇ ਤਾਂ ਇਹ ਸੰਭਾਵਨਾ ਹੈ ਕਿ ਲੋਕਾਂ ਦੀ ਰੁਚੀ ਨੂੰ ਬਦਲਿਆ ਜਾ ਸਕਦਾ ਹੈ, ਜਿਸ ਕਰਕੇ ਉਹ ਪੁਰਾਣੀ ਰੁਚੀ ਨੂੰ ਰੱਦ ਕਰਕੇ ਨਵੀਂ ਰੁਚੀ ਨੂੰ ਅਪਣਾ ਲੈਣ૴

ਸਾਨੂੰ ਬਹੁਤ ਜਲਦੀ ਲਾਭ ਹੋਣ ਦੀ ਉਮੀਦ ਨਹੀਂ। ਨਿੱਜੀ ਤੌਰ 'ਤੇ ਖੁਸ਼ਕਿਸਮਤੀ ਨਾਲ ਮੇਰੀਆਂ ਪਹਿਲੀਆਂ ਦੋ ਫਿਲਮਾਂ ਚੰਗੀਆਂ ਗਈਆਂ ਹਨ, ਪਰ ਜਿਹੜੀ ਗੱਲ ਸੱਚੀ ਹੀ ਮਹੱਤਵਪੂਰਨ ਅਤੇ ਚਾਅ ਵਾਲੀ ਹੈ, ਉਹ ਛੇਤੀ ਹੋਣ ਵਾਲਾ ਫਾਇਦਾ ਨਹੀਂ, ਸਗੋਂ ਉਸ ਵਿਸ਼ਵਾਸ ਦੀ ਪੁਸ਼ਟੀ ਹੈ ਜਿਹੜਾ ਵਿਚਾਰ ਇਕ ਕਲਾਕਾਰ ਵਜੋਂ ਮੈਨੂੰ ਬਹੁਤ ਪਿਆਰਾ ਹੈ: ਸਚਾਈ ਨਾਲ ਵਿਆਹੀ ਹੋਈ ਕਲਾ ਅਖੀਰ ਵਿੱਚ ਜ਼ਰੂਰ ਹੀ ਆਪਣੇ ਪੁਰਸਕਾਰ ਦਿਵਾਉਂਦੀ ਹੈ।(37)

ਅੰਤ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਸਤਿਆਜੀਤ ਰੇਅ ਨੇ ਵਪਾਰਕ ਹਿੰਦੁਸਤਾਨੀ ਸਿਨਮੇ ਵਲੋਂ ਬਣਾਈਆਂ ਜਾਂਦੀਆਂ 'ਮਸਾਲਾ' ਫਿਲਮਾਂ ਦੇ ਫਾਰਮੂਲੇ ਤੋਂ ਹਟਵੀਆਂ ਫਿਲਮਾਂ ਬਣਾਈਆਂ। ਹਿੰਦੁਸਤਾਨ ਦੇ ਸੰਦਰਭ ਵਿੱਚ ਉਸ ਨੇ ਸਥਾਪਤ ਕੀਤਾ ਕਿ ਸੰਚਾਰ ਦੇ ਸ਼ਕਤੀਸ਼ਾਲੀ ਮਾਧਿਅਮ- ਫਿਲਮਾਂ- ਦਾ ਮਕਸਦ ਸਿਰਫ ਲੋਕਾਂ ਨੂੰ ਹਲਕਾ ਫੁਲਕਾ ਮਨੋਰੰਜਨ ਦੇ ਕੇ ਪੈਸੇ ਕਮਾਉਣਾ ਹੀ ਨਹੀਂ ਹੈ ਸਗੋਂ ਇਸ ਮਾਧਿਅਮ ਨੂੰ ਜ਼ਿੰਦਗੀ ਨੂੰ ਸਮਝਣ ਅਤੇ ਵਧੀਆ ਬਣਾਉਣ ਲਈ ਵਰਤਿਆ ਜਾ ਸਕਦਾ ਹੈ ਅਤੇ ਵਰਤਿਆ ਜਾਣਾ ਚਾਹੀਦਾ ਹੈ।l

__________
ਹਵਾਲੇ:

1. Robinson, Andrew (1989). Satyajit Ray: The Inner Eye .  (p. 52) Berkley: University of California Press.
2. Ray, Bibekananda (2005). Conscience Of The Race .  New Delhi: Publications Division, Ministry Of Information And Broadcasting, India. and Datta, Sangeeta (2002). Shyam Benegal.  London: British Film Institute.
3. ਸਤਿਆਜੀਤ ਰੇਅ ਦੀ ਜ਼ਿੰਦਗੀ ਬਾਰੇ ਜਾਣਕਾਰੀ ਐਂਡਰਿਊ ਰੌਬਿਨਸਨ ਵਲੋਂ ਰੇਅ ਦੀ ਲਿਖੀ ਜੀਵਨੀ 'ਸਤਿਆਜੀਤ ਰੇਅ: ਇਨਰ ਆਈ', ਐਰਿਕ ਬਾਰਨਾਓ ਅਤੇ ਐੱਸ ਕ੍ਰਿਸ਼ਨਾਸਵਾਮੀ ਦੀ ਕਿਤਾਬ 'ਇੰਡੀਅਨ ਫਿਲਮ' ਅਤੇ ਸਤਿਆਜੀਤ ਰੇਅ ਦੀ ਕਿਤਾਬ 'ਅਵਰ ਫਿਲਮਜ਼, ਦੇਅਰ ਫਿਲਮਜ਼' ਵਿੱਚੋਂ ਲਈ ਗਈ ਹੈ। ਜਿੱਥੇ ਇਹਨਾਂ ਵਿੱਚੋਂ ਕਿਸੇ ਕਿਤਾਬ ਵਿੱਚੋਂ ਸਿੱਧਾ ਹਵਾਲਾ ਦਿੱਤਾ ਗਿਆ ਹੈ, ਉੱਥੇ ਕਿਤਾਬ ਬਾਰੇ ਨੋਟ ਦੇ ਕੇ ਸਫਾ ਨੰਬਰ ਦਿੱਤਾ ਗਿਆ ਹੈ।
4. Barnow, Erik and S. Krishnaswamy (1980). Indian Film.  (p. 220) Oxford: Oxford University Press.
5. Robinson, Andrew (1989). (p. 51).
6. Ray, Satyajit (1976). Our films, their films.  (p. 4) Calcutta: Orient Longman Limited.
7. Robinson, Andrew (1989). (p. 71).
8. Robinson, Andrew (1989). (p. 72).
9. Robinson, Andrew (1989). (p. 72).
10. Robinson, Andrew (1989), and Ray, Bibekananda (2005).
11. Barnow, Erik and S. Krishnaswamy (1980).
12. Barnow, Erik and S. Krishnaswamy (1980).
13. Barnow, Erik and S. Krishnaswamy (1980).
14. Barnow, Erik and S. Krishnaswamy (1980).
15. Robinson, Andrew (1989).
16. Barnow, Erik and S. Krishnaswamy (1980).
17. Robinson, Andrew (1989), (p. 83).
18. Ray, Bibekananda (2005).
19. Barnow, Erik and S. Krishnaswamy (1980).
20. Barnow, Erik and S. Krishnaswamy (1980).
21. Dutt, Utpal (1994). Towards A Heroic Cinema.  Calcutta: M.C. Sarkar & Sons Private Ltd..
22. Ray, Bibekananda (2005).
23. Quoted in, Ramachandran Venkatraman’s blog post. Deep focus-Reflections on cinema by Satyajit Ray. Downloaded on October 14, 2016 from:  http://www.venkinesis.in/2013/08/deep-focus-reflections-on-cinema-by.html
24. Dutt, Utpal (1994). (p. 41).
25. Dutt, Utpal (1994). (p. 34).
26. Phillips, Richard (August 2, 2001). “Art wedded to truth must, in the end, have its rewards”: The Apu Trilogy, written and directed by Satyajit Ray. World Socialist Web Site. Downloaded on October 14, 2016 from:  http://www.wsws.org/en/articles/2001/08/sff2-a02.html
27. Phillips, Richard (August 2, 2001). 
28. Barnow, Erik and S. Krishnaswamy (1980) and Ray, Bibekananda (2005).
29. Dutt, Utpal (1994).
30. Dutt, Utpal (1994). (p. 37).
31. Robinson, Andrew (1989). (p. 207).
32. Thomsen, Christen Braad. Satyajit Ray on the ‘Calcutto Triology’. TV Multiversity. Downloaded on October 14, 2016 from: http://tvmultiversity.blogspot.ca/2010/12/satyajit-ray-on-calcutta-trilogy.html
33. Barnow, Erik and S. Krishnaswamy (1980). (p. 236).
34. Robinson, Andrew (1989). (p. 188).
35. Barnow, Erik and S. Krishnaswamy (1980).
36. Barnow, Erik and S. Krishnaswamy (1980). (p. 235)
37. Ray, Satyajit (1976). Our films, their films.  (p. 41-43)