ਸਭ ਦਾ ਕਰਤਾਰ - ਵੀਰਪਾਲ ਕੌਰ ਭੱਠਲ
ਉਹ ਗੂੰਗੇ ਦਾ, ਉਹ ਬੋਲ਼ੇ ਦਾ, ਉਹ ਅੰਨੇ ਦਾ, ਉਹ ਕਾਣੇ ਦਾ,
ਜੋ ਕੁਝ ਵੀ ਹੈ ਧਰਤੀ ਉੱਤੇ, ਸਭ ਉਸ ਪਰਵਰਦਿਗਾਰ ਦਾ ਏ।
ਉਹ ਪੰਛੀਆਂ ਦਾ, ਉਹ ਰੁੱਖਾਂ ਦਾ, ਉਹ ਮੱਛੀ ਦਾ, ਉਹ ਪਾਣੀ ਦਾ,
ਉਹ ਮਿੱਟੀ, ਪੱਥਰ, ਪੌਣ ਦਾ ਵੀ, ਇੱਕੋ ਰੰਗ ਪਿਆਰ ਦਾ ਏ।
ਉਹ ਚੰਗਿਆਂ ਦਾ, ਉਹ ਮਾੜਿਆਂ ਦਾ, ਉਹ ਉੱਚਿਆਂ ਦਾ, ਉਹ ਨੀਵਿਆਂ ਦਾ,
ਉਹ ਕਿੰਨਰਾਂ ਦਾ, ਫ਼ਕੀਰਾਂ ਦਾ, ਹਰ ਜਿਉਂਦੇ ਕਿਰਦਾਰ ਦਾ ਏ।
ਉਹ ਬੁਰਾ ਕਿਸੇ ਦਾ ਚਾਹੁੰਦਾ ਨਹੀਂ, ਉਹ ਸਭ ਦੇ ਲੇਖ ਸਵਾਰਦਾ ਏ,
ਉਹ ਰਾਜੇ ਦਾ, ਭਿਖਾਰੀ ਦਾ, ਇੱਕੋ ਜਿਹੀ ਮਿਹਰ ਉਤਾਰਦਾ ਏ।
ਨਾ ਮੰਦਰ ਦਾ, ਨਾ ਮਸਜਿਦ ਦਾ, ਨਾ ਕਿਸੇ ਇੱਕ ਦਰਬਾਰ ਦਾ,
ਜਿੱਥੇ ਦਿਲ ਵਿੱਚ ਨੂਰ ਜਗ ਪਏ, ਰੱਬ ਉਸੇ ਦਰਬਾਰ ਦਾ ਏ।
ਵੀਰਪਾਲ ਆਖੇ, ਨਾ ਰੱਬ ਨੂੰ ਵੰਡੋ, ਉਹ ਸਭ ਦੇ ਅੰਦਰ ਵੱਸਦਾ ਏ,
ਉਹ ਆਪ ਨਹੀਂ ਕਿਸੇ ਇੱਕ ਦਾ, ਉਹ ਸਾਰੇ ਸੰਸਾਰ ਦਾ ਏ।
ਮੇਰੇ ਅੰਦਰ... - ਵੀਰਪਾਲ ਭੱਠਲ
ਮੇਰੇ ਅੰਦਰ ਬੱਚਾ ਵੀ ਹੈ, ਮੇਰੇ ਅੰਦਰ ਜਵਾਨ ਵੀ ਹੈ,
ਮੇਰੇ ਅੰਦਰ ਚੁੱਪ ਵੀ ਹੈ, ਮੇਰੇ ਅੰਦਰ ਜ਼ੁਬਾਨ ਵੀ ਹੈ।
ਮੇਰੇ ਅੰਦਰ ਰੱਬ ਵੀ ਵੱਸਦਾ, ਮੇਰੇ ਅੰਦਰ ਸ਼ੈਤਾਨ ਵੀ ਹੈ,
ਮੇਰੇ ਅੰਦਰ ਨੂਰ ਵੀ ਹੈ, ਮੇਰੇ ਅੰਦਰ ਤੂਫ਼ਾਨ ਵੀ ਹੈ।
ਮੇਰੇ ਅੰਦਰ ਗੀਤਾ ਵੀ ਹੈ, ਮੇਰੇ ਅੰਦਰ ਕੁਰਾਨ ਵੀ ਹੈ,
ਮੇਰੇ ਅੰਦਰ ਬਾਈਬਲ ਵੀ ਹੈ, ਮੇਰੇ ਅੰਦਰ ਗਿਆਨ ਵੀ ਹੈ।
ਮੇਰੇ ਅੰਦਰ ਜਾਨਵਰ ਵੀ ਹੈ, ਮੇਰੇ ਅੰਦਰ ਇਨਸਾਨ ਵੀ ਹੈ,
ਮੇਰੇ ਅੰਦਰ ਰਹਿਮ ਵੀ ਹੈ, ਮੇਰੇ ਅੰਦਰ ਅਭਿਮਾਨ ਵੀ ਹੈ।
ਮੇਰੇ ਅੰਦਰ ਧਰਤੀ ਵੀ ਹੈ, ਮੇਰੇ ਅੰਦਰ ਅਸਮਾਨ ਵੀ ਹੈ,
ਮੇਰੇ ਅੰਦਰ ਕਰਮ ਵੀ ਹੈ, ਮੇਰੇ ਅੰਦਰ ਵਿਧਾਨ ਵੀ ਹੈ।
ਮੇਰੇ ਅੰਦਰ ਪੱਥਰ ਵੀ ਹੈ, ਮੇਰੇ ਅੰਦਰ ਪ੍ਰਾਣ ਵੀ ਹੈ,
ਮੇਰੇ ਅੰਦਰ ਕਾਮ, ਕ੍ਰੋਧ, ਲੋਭ, ਹੰਕਾਰ, ਧਿਆਨ ਵੀ ਹੈ।
ਜਾਤਾਂ, ਪਾਤਾਂ, ਧਰਮਾਂ ਪਿੱਛੇ ਮਨ ਲੜਦਾ ਸ਼ੈਤਾਨ ਵੀ ਹੈ,
'ਵੀਰਪਾਲ' ਦੇ ਅੰਦਰ ਬੈਠਾ ਇੱਕ ਸੱਚਾ ਇਨਸਾਨ ਵੀ ਹੈ।
ਵਿਰਹ ਦਾ ਸਫ਼ਰ - ਵੀਰਪਾਲ ਭੱਠਲ
ਨਾ ਤੂੰ ਮਿਲਿਆ, ਨਾ ਰਾਹ ਆਸਾਨ ਹੋਇਆ,
ਮੇਰਾ ਹਰ ਕਦਮ ਹੀ ਇੱਕ ਇਮਤਿਹਾਨ ਹੋਇਆ।
ਚੁੱਪ ਨੇ ਜੋ ਮੇਰੇ ਅੰਦਰ ਘਰ ਬਣਾ ਲਿਆ ਸੀ,
ਉਹੀ ਮੇਰਾ ਸਭ ਤੋਂ ਸੱਚਾ ਬਿਆਨ ਹੋਇਆ।
ਮੈਂ ਤੇਰੇ ਨਾਮ ਨੂੰ ਦਿਲ ਵਿੱਚ ਲੁਕਾ ਕੇ ਰੱਖਿਆ,
ਉਹੀ ਮੇਰਾ ਆਪਣਾ ਸਾਰਾ ਜਹਾਨ ਹੋਇਆ।
ਜਦੋਂ ਵੀ ਝਾਤ ਮਾਰੀ ਆਪਣੇ ਅੰਦਰ ਮੈਂ,
ਉਥੇ ਤੇਰਾ ਹੀ ਇਕ ਸਾਫ਼ ਨਿਸ਼ਾਨ ਹੋਇਆ।
ਤੇਰੀ ਯਾਦਾਂ ਨੇ ਹੀ ਰਾਹ ਮੇਰੇ ਚੱਲਣ ਸਿਖਾਏ,
ਵਿਰਹ ਵੀ ਮੇਰੇ ਲਈ ਇਕ ਅਰਮਾਨ ਹੋਇਆ।
ਹਰ ਸੁਪਨਾ ਮੇਰਾ ਤੇਰੇ ਨਾਂ ਨਾਲ ਜੁੜਿਆ,
ਹਰ ਖ਼ੁਆਬ ਮੇਰਾ ਇਕ ਅਣਕਹਾ ਫ਼ਰਮਾਨ ਹੋਇਆ।
ਨਜ਼ਰੀਆ - ਵੀਰਪਾਲ ਕੌਰ ਭੱਠਲ'
ਹੁਣ ਚੰਗੇ ਤੋਂ ਅਸੀਂ ਮਾੜੇ ਸੱਜਣਾਂ ਕਿੰਜ ਹੋ ਗਏ ,
ਦੱਸ ਮਿੱਠੇ ਤੋਂ ਅਸੀਂ ਖਾਰੇ ਸੱਜਣਾ ਕਿੰਜ ਹੋ ਗਏ ।
ਕਹਿੰਦਾ ਸੀ ਤੂੰ ਤੇਰੇ ਵਰਗਾ ਹੋਰ ਨਹੀਂ ਕੋਈ
ਹੁਣ ਦੱਸ ਸੱਜਣਾ ਸਾਡੇ ਵਰਗੇ ਸਾਰੇ ਕਿੰਜ ਹੋ ਗਏ ।
ਕਹਿੰਦਾ ਸੀ ਤੂੰ ਪੱਥਰ ਉੱਤੇ ਵਾਅਦੇ ਲੀਕ ਮੇਰੇ ,
ਹੁਣ ਦੱਸ ਸੱਜਣਾ ਵਾਅਦੇ ਸਾਡੇ ਲਾਰੇ ਕਿੰਜ ਹੋ ਗਏ ।
ਜੰਨਤ ਜਿਹਾ ਸਕੂਨ ਮੇਰੇ ਕੋਲ ਆਉਂਦਾ ਸੀ ਤੈਨੂੰ
ਹੁਣ ਦੱਸ ਸੱਜਣਾ ਸਾਡੇ ਨਰਕ ਦੁਆਰੇ ਕਿੰਜ ਹੋ ਗਏ ।
ਰੱਬ ਦੇ ਵਰਗੀ ਦੀਦ ਮੇਰੀ ਕਦੇ ਲੱਗਦੀ ਸੀ ਤੈਨੂੰ ,
ਮੱਥੇ ਲੱਗੇ ਸੱਜਣਾ ਅਸੀਂ ਹੁਣ ਮਾੜੇ ਕਿੰਜ ਹੋ ਗਏ ।
ਇਕਦਮ ਸਾਡੇ ਵਿੱਚ ਇੰਨੀਆਂ ਕਮੀਆਂ ਕੱਢ ਤੀਆਂ ,
ਚੰਨ ਦੇ ਟੁਕੜੇ ਵਰਗੇ ਟੁੱਟੇ ਤਾਰੇ ਕਿੰਜ ਹੋ ਗਏ ।
ਕਦੇ ਖ਼ੁਸ਼ੀਆਂ ਦੀ ਵਜ੍ਹਾ ਟੋਹ -ਟੋਹ ਮੈਨੂੰ ਦਿੰਦਾ ਸੀ,
ਹੁਣ ਹਾਸੇ ਮੇਰੇ ਦੱਸ ਅੰਗਿਆਰੇ ਕਿੰਜ ਹੋ ਗਏ ।
ਵੀਰਪਾਲ 'ਸਮੁੰਦਰ ਕਹਿੰਦਾ ਸੀ ਤੂੰ ਇਸ਼ਕੇ ਦਾ
ਫੇਰ ਦੱਸੀ ਸੱਜਣਾਂ ਗ਼ੈਰ ਕਿਨਾਰੇ ਕਿੰਜ ਹੋ ਗਏ।
ਵੀਰਪਾਲ ਕੌਰ ਭੱਠਲ'
ਗੁਰੂ ਦੇ ਲਾਲ - ਵੀਰਪਾਲ ਕੌਰ ਭੱਠਲ
ਅਸੀਂ ਪੁੱਤਰ ਹਾਂ ਦਸ਼ਮੇਸ਼ ਦੇ ,
ਕਹਿਣ ਸੂਬੇ ਨੂੰ ਲਾਲ ਲੱਗੇ
ਸਾਥੋ ਡਰਦਾ ਕਿ ਡਰਾਉਣਾ ਏ,
ਬੱਚੇ ਵੱਡੇ ਕਰਨ ਸਵਾਲ ਲੱਗੇ ।
ਸਾਡੀ ਉਮਰ ਨਿਆਣੀ ਵੇਖ ਨਾ,
ਸਜ਼ਾ ਕਰ ਮਨ ਆਈ ਤੈਅ,
ਕਰ ਮਨ ਦੀ ਇੱਛਾਂ ਪੂਰੀਆਂ,
ਕਿੱਤੇ ਮਨ ਚ ਜਾਣ ਨਾ ਰਹਿ ।
ਰਾਜਭਾਗ ਦਾ ਲਾਲਚ ਦੇਸ਼ ਸਾਨੂੰ ,
ਨਾ ਬੱਚਿਆਂ ਵਾਂਗ ਬੜਿਆ ।
ਸੀਸ ਕੱਟ ਭਾਵੇਂ ਚਿਣ ਨੀਹਾਂ ਵਿੱਚ,
ਦੇ ਬੰਦ-ਬੰਦ ਭਾਵੇਂ ਕਟਾ ।
ਸਿਰ ਖਾਲਸੇ ਦਾ ਨਹੀਂ ਝੁਕਣ ਦਿੰਦੇ,
ਕਿਹਾ ਲਾਲਾ ਫਤਹਿ ਬੁਲਾਅ ।
ਵੀਰਪਾਲ ਭੱਠਲ ਫਿਰ ਇਸ ਤਰਾਂ,
ਗਏ ਲਾਲ ਸ਼ਹੀਦੀ ਪਾ ।
ਵੀਰਪਾਲ ਕੌਰ ਭੱਠਲ
ਦੀਵਾਲੀ ਆ ਗਈ - ਵੀਰਪਾਲ ਕੌਰ ਭੱਠਲ
ਸਵਰਗ ਜਿਹੀ ਹੋਈ ਹੈ ਧਰਤੀ
ਹਰ ਥਾਂ ਮਹਿਕ ਖਿੰਡਾਈ
ਚਾਅ ਦਿਲਾਂ ਦੇ ਲੈਣ ਹੁਲਾਰੇ
ਖੁਸ਼ੀਆਂ ਲੈ ਕੇ ਆਈ
ਗ਼ਮਾਂ ਦੇ ਬੱਦਲ ਝੜ ਗਏ ਸਾਰੇ
ਖੁਸ਼ੀ ਦੀ ਨ੍ਹੇਰੀ ਛਾ ਗਈ
ਦੀਵਾਲੀ ਆ ਗਈ
ਦੀਵਾਲੀ ਆ ਗਈ ਦੀਵਾਲੀ ਆ ਗਈ
ਘਰ ਘਰ ਦੇ ਵਿੱਚ ਖ਼ੁਸ਼ੀਆਂ ਖੇੜੇ
ਰੌਣਕ ਵਿੱਚ ਬਾਜ਼ਾਰਾਂ
ਇਉਂ ਜਾਪੇ ਜਿਵੇਂ ਪੱਤਝੜ ਪਿੱਛੋਂ
ਆਈਆਂ ਪਰਤ ਬਹਾਰਾਂ
ਰੋਂਦਿਆਂ ਤਾਈਂ ਹਾਸੇ ਦੇ
ਖੁਸ਼ੀਆਂ ਵਿੱਚ ਝੂਮਣ ਲਾ ਗਈ
ਦੀਵਾਲੀ ਆ ਗਈ
ਦੀਵਾਲੀ ਆ ਗਈ ਦੀਵਾਲੀ ਆ ਗਈ
ਚਾਨਣ ਚਾਨਣ ਹੋਈ ਧਰਤੀ
ਨੂਰ ਅਰਸ਼ ਤੋਂ ਵਰ੍ਹਦਾ
ਫੁੱਲਝੜੀਆਂ ਤੇ ਚੱਲਣ ਪਟਾਕੇ
ਰੱਬ ਵੀ ਸਿਜਦੇ ਕਰਦਾ
ਸਾਰੇ ਕਹਿੰਦੇ ਹੈਪੀ ਦੀਵਾਲੀ
ਨਫ਼ਰਤ ਦਿਲੋਂ ਮਿਟਾ ਗਈ
ਦੀਵਾਲੀ ਆ ਗਈ
ਦੀਵਾਲੀ ਆ ਗਈ ਦੀਵਾਲੀ ਆ ਗਈ
ਚਾਵਾਂ ਦੇ ਨਾਲ ਕਰੀ ਸਫ਼ਾਈ
ਮਾਂ ਲੱਛਮੀ ਨੇ ਆਉਣਾ
"ਵੀਰਪਾਲ ਭੱਠਲ ਨੇ ਸਭ ਨਾ
ਰਲ ਮਿਲ ਜਸ਼ਨ ਮਨਾਉਣਾ
ਲੱਛਮੀ ਮਾਤਾ ਜਗਤ ਵਿਧਾਤਾ
ਘਰ ਘਰ ਫੇਰਾ ਪਾ ਗਈ
ਦੀਵਾਲੀ ਆ ਗਈ
ਦੀਵਾਲੀ ਆ ਗਈ ਦੀਵਾਲੀ ਆ ਗਈ
ਵੀਰਪਾਲ ਕੌਰ ਭੱਠਲ
ਬਾਬਲੇ ਦੀ ਪੱਗ - ਵੀਰਪਾਲ ਕੌਰ ਭੱਠਲ
ਤੇਰੇ ਪਿਆਰ ਲਈ ਕਿਵੇਂ ਪੈਰਾਂ ਵਿੱਚ ਰੋਲ਼ ਦਿਆਂ
ਦੱਸ ਚਿੱਟੀ ਬਾਬਲੇ ਦੀ ਪੱਗ ਨੂੰ
ਹਿੱਕ ਤਾਣ ਤਾਣ ਮੇਰੇ ਤੁਰਦੇ ਨੇ ਵੀਰ
ਫੇਰ ਦੇਣਗੇ ਜਵਾਬ ਕੀ ਵੇ ਜੱਗ ਨੂੰ
ਤੇਰੀ ਮੇਰੀ ਗੱਲ ਜਦੋਂ ਪਿੰਡ ਵਿੱਚ ਉੱਡੂ
ਰੱਸਾ ਵੀਰ ਮੇਰੇ ਗਲ਼ ਨੂੰ ਵੇ ਪਾ ਲੈਣਗੇ
ਆਹ ਧੀ ਸਰਦਾਰਾਂ ਦੀ ਨੇ ਚੰਨ ਚਾੜ੍ਹਤਾ
ਵੇ ਕਿਵੇਂ ਸੁਣੂ ਮੇਰਾ ਬਾਪੂ ਜਦੋਂ ਲੋਕ ਕਹਿਣਗੇ।
. ਮਾਪਿਆਂ ਦੀ ਇੱਜ਼ਤ ਤਮਾਸ਼ਾ ਬਣ ਜਾਊ
ਲੋਕ ਲੈਣਗੇ ਸਵਾਦ ਗੱਲਾਂ ਕਰਕੇ
ਖਾਣਗੇ ਸ਼ਰੀਕਾਂ ਦੇ ਵੇ ਤਾਂਨ੍ਹੇ ਨੋਚ ਨੋਚ
ਸਿਰ ਝੁਕਜੂ ਵੀਰਾਂ ਦਾ ਮੇਰੇ ਕਰਕੇ
ਧੌਣ ਉੱਚੀ ਕਰ ਜਿਹੜੇ ਤੁਰਦੇ ਨੇ ਅੱਜ
ਕੱਲ੍ਹ ਚਾਰ ਬੰਦਿਆਂ ਚ ਦੱਸ ਕਿੱਦਾਂ ਬਹਿਣਗੇ
ਆਹ ਧੀ ਸਰਦਾਰਾਂ ਦੀ ਨੇ ਚੰਨ ਚਾੜ੍ਹਤਾ
ਵੇ ਕਿਵੇਂ ਸੁਣੂ ਮੇਰਾ ਬਾਪੂ ਜਦੋਂ ਲੋਕ ਕਹਿਣਗੇ
ਪੁੱਤਾਂ ਨਾਲੋਂ ਵੱਧ ਬਾਪੂ ਮੇਰੇ ਉੱਤੇ ਮਾਣ ਕਰੇ
ਲਾਡਲੀ ਆਂ ਭੈਣ ਮੈਂ ਭਰਾਵਾਂ ਦੀ
ਮਾਂ ਦੇ ਸੰਸਕਾਰ ਕਿਵੇਂ ਮਿੱਟੀ ਵਿਚ ਰੋਲ਼ਾਂ
ਕਿਵੇ ਚਾੜ੍ਹ ਦਿਆਂ ਬਲੀ ਓਹਦੇ ਚਾਵਾਂ ਦੀ
ਮਾਪਿਆਂ ਦੇ ਉੱਤੇ ਉਦੋਂ ਦੱਸ ਕੀ ਬੀਤੂਗੀ
ਜਦੋਂ ਚਾਵਾਂ ਵਾਲੇ ਉਨ੍ਹਾਂ ਦੇ ਵੇ ਮਹਿਲ ਢਹਿਣਗੇ
ਆਹ ਧੀ ਸਰਦਾਰਾਂ ਦੀ ਨੇ ਚੰਨ ਚਾੜ੍ਹਤਾ
ਵੇ ਕਿਵੇਂ ਸੁਣੂ ਮੇਰਾ ਬਾਪੂ ਜਦੋਂ ਲੋਕ ਕਹਿਣਗੇ
ਵੀਰਪਾਲ ਭੱਠਲ ਦੇ ਨਾਲ ਸੋਹਣਿਆ
ਵੇ ਕਿਤੇ ਵੇਖੀ ਨਾ ਤੂੰ ਲੋਕਾਂ ਵਾਲੀ ਕਰਦੀ
ਘਰੋਂ ਭੱਜ ਤੇਰੇ ਨਾਲ ਜਾ ਨਹੀਂ ਸਕਦੀ
ਵਿਆਹ ਕੇ ਮੈਨੂੰ ਲੈ ਜਾ ਜਦੋਂ ਮਰਜ਼ੀ
ਹੱਥੀਂ ਜਦੋਂ ਤੋਰਨਗੇ ਡੋਲੀ ਮੇਰੀ ਮਾਪੇ
ਪਤਾ ਸੁਤਾ ਫਿਰ ਮੇਰਾ ਲੈਂਦੇ ਰਹਿਣਗੇ
ਆਹ ਧੀ ਸਰਦਾਰਾਂ ਦੀ ਨੇ ਚੰਨ ਚਾੜ੍ਹਤਾ
ਵੇ ਕਿਵੇਂ ਸੁਣੂ ਮੇਰਾ ਬਾਪੂ ਜਦੋਂ ਲੋਕ ਕਹਿਣਗੇ
ਡਿਊਟ - ਮੁਲਾਕਾਤ - ਵੀਰਪਾਲ ਕੌਰ ਭੱਠਲ
ਮੁੰਡਾ ) ਘਰੇ ਬਹਾਨਾ ਮਾਰ ਕੇ ਕੋਈ ,
ਅੱਜ ਮਿਲਣ ਮੈਨੂੰ ਆਈਂ ਤੂੰ ।
ਮੈਂ ਕੋਈ ਗੱਲ ਜ਼ਰੂਰੀ ਕਰਨੀ ,
ਨਾਲ ਨਾ ਕੋਈ ਲਿਆਈਂ ਤੂੰ ।
ਕੁੜੀ )ਫੋਨ ਉਤੇ ਗੱਲ ਕਰ ਸਕਦੇ ਆਂ ,
ਮਿਲਣਾ ਕੀ ਜ਼ਰੂਰੀ ਆ।
ਅੱਜ ਤਾਂ ਸੱਜਣਾ ਮਿਲਣਾ ਮੁਸ਼ਕਲ,
ਮੇਰੀ ਵੀ ਮਜ਼ਬੂਰੀਆ ।
ਮੁੰਡਾ) ਲੱਗਦਾ ਮੈਨੂੰ ਪਿਆਰ ਨੀ ਕਰਦੀ,
ਜੇ ਕਰਦੀ ਤਾਂ ਨਾਂਹ ਕਹਿੰਦੀ ਨਾ ।
ਅੱਧੇ ਬੋਲ ਤੇ ਭੱਜੀ ਆਉਂਦੀ ,
ਪੈਰ ਜੁੱਤੀ ਤੇਰੇ ਪੈਂਦੀ ਨਾ ।
ਕੁੜੀ) ਨਾ ਵੇ ਅੜਿਆ ਇੰਝ ਨਾ ਸੋਚੀਂ ,
ਕੱਲ੍ਹ ਪੇਪਰ ਤੇ ਅੱਜ ਪੜ੍ਹਦੀਆਂ ।
ਦਿਲ ਚੀਰ ਕੇ ਦੱਸ ਦਿਖਾਵਾਂ ਤੈਨੂੰ ,
ਕਿੰਨੀ ਮੁਹੱਬਤ ਕਰਦੀਆਂ ।
ਮੁੰਡਾ) ਅੱਛਾ ਇਹ ਗੱਲ ਹੈ ਤਾਂ ਆਜਾ ,
ਮੁਹੱਬਤ ਸਾਬਤ ਕਰਕੇ ਜਾਈਂ।
ਮੈਂ ਜੋ ਬੋਲੂੰਗਾ ਕਰਨਾ ਪਊਗਾ ,
ਫੇਰ ਨਾ ਮੂੰਹ ਬਣਾਈ ।
ਕੁੜੀ )ਜੇ ਫੋਨ ਕੱਟੇਂਗਾ ਸੋਚਾਂਗੀ ,
ਕਿ ਕਿਵੇਂ ਕਿੱਦਾਂ ਏ ਆਉਣਾ।
ਘਰੇ ਬਹਾਨਾ ਮੰਮੀ ਨੂੰ ਵੀ,
ਪੈਣਾ ਏ ਕੋਈ ਲਾਉਣਾ ।
ਮੁੰਡਾ) ਚੰਗਾ ਬਾਏ ਲਵ ਯੂ ,
ਕਿਸ ਯੂ ਮਿਸ ਯੂ ਮੇਰੀ ਜਾਨ ।
ਮੈਂ ਵੇਟ ਕਰੂੰਗਾ ਤੇਰੀ ,
ਗੌਡ ਬਲੈੱਸ ਯੂ ਮੇਰੀ ਜਾਨ ।
ਕੁੜੀ )ਜਾਨ ਤਲੀ ਤੇ ਧਰ ਕੇ ਆਈ ,
ਛੇਤੀ ਦੱਸ ਕੀ ਗੱਲ ਕਰਨੀ ਸੀ।
ਵੀਰਪਾਲ ਦੇ ਨਾਲ ਸੋਹਣਿਆ,
ਕਿਹੜੀ ਮੁਸ਼ਕਲ ਹੱਲ ਕਰਨੀ ਸੀ ।
ਮੁੰਡਾ )ਮੈਂ ਰਾਤ ਨੂੰ ਮਿਲਣ ਆਉਣਾ ਅੱਜ ,
ਗੁੱਸੇ ਰਹਿ ਚਾਹੇ ਰਾਜ਼ੀ ਤੂੰ ।
ਆਹ ਭੱਠਲ" ਨੀਂਦ ਦੀ ਫੜ ਦਵਾਈ ,
ਜਾ ਘਰਦਿਆਂ ਨੂੰ ਪਾਦੀ ਤੂੰ।
ਕੁੜੀ )ਇਹ ਪਿਉ ਮੇਰੇ ਦੀ ਚਿੱਟੀ ਪੱਗ ਏ,
ਨੀਂਦ ਦੀ ਕੱਲੀ ਦਵਾਈ ਨਾ।
ਇੱਕ ਗੱਲ ਆਖਾਂ ਆਪਣੀ ਭੈਣ ਤੋਂ ,
ਲੈ ਕੇ ਹੁਣ ਕੁਝ ਖਾਈਂ ਨਾ
ਅਧਿਕਾਰ - ਵੀਰਪਾਲ ਕੌਰ ਭੱਠਲ
ਫੇਰ ਕੀ ਹੋਇਆ ਜੇ ਕੋਈ ਵਿਧਵਾ ,
ਅੱਖ ਵਿੱਚ ਸੁਰਮਾ ਪਾ ਲੈਂਦੀ ਏ ।
ਲੋਕਾਂ ਦਾ ਕਿਉਂ ਢਿੱਡ ਦੁਖਦਾ ,
ਜੇ ਖ਼ੁਦ ਨੂੰ ਸਜਾ ਲੈਂਦੀ ਏ ।
ਬੁੱਢੀ ਤਾਂ ਨਹੀਂ ਹੋਈ ਉਹੋ ,
ਨਾ ਹੀ ਇੱਛਾ ਜਿਊਣ ਦੀ ਮੁੱਕੀ ।
ਨਾ ਹੀ ਇੱਛਾ ਖਾਣ ਦੀ ਮੁੱਕੀ।
ਨਾ ਹੀ ਇੱਛਾ ਪਾਉਣ ਦੀ ਮੁੱਕੀ ।
ਪਤੀ ਮਰਨ ਤੋਂ ਬਾਅਦ ਉਸ ਦੀ ,
ਜ਼ਿੰਦਗੀ ਤਾਂ ਨ੍ਹੀਂ ਰੁਕ ਜਾਂਦੀ ।
ਇਹ ਗੱਲ ਮੰਨਿਆ ਵੱਖਰੀ ਆ,
ਉਹ ਦੁਨੀਆਂ ਸਾਹਵੇਂ ਝੁਕ ਜਾਂਦੀ ।
ਇਹ ਥੋਨੂੰ ਕੀਹਨੇ ਹੱਕ ਦਿੱਤਾ ਏ,
ਉਹਦੇ ਤੇ ਉਂਗਲ ਚੁੱਕਣ ਦਾ।
ਉਹਦੇ ਬਾਰੇ ਕੁੱਝ ਮਾੜਾ ਬੋਲਣ,
ਤੇ ਮਾੜੀ ਅੱਖ ਰੱਖਣ ਦਾ।
ਜਦ ਉਹਦੀ ਥਾਂ ਧੀ ਥੋਡੀ ਹੋਈ ,
ਆਪਣੇ ਫੇਰ ਵਿਚਾਰ ਦਿਓੰ ।
ਦੁਨੀਆਂ ਉਹਨੂੰ ਮਾਰੂ ਤਾਹਨੇ,
ਤੁਸੀਂ ਜਿਵੇਂ ਅੱਜ ਮਾਰ ਦਿਓੰ ।
ਦਿਲ ਵਿੱਚ ਉਹਦੇ ਚਾਅ ਨਾ ਮਾਰੋ,
ਬੇਸ਼ੱਕ ਗੋਲੀ ਮਾਰ ਦਿਓ ।
ਸੋਚ ਬਦਲ ਕੇ ਆਪਣੀ,
ਜਿਉਣ ਦਾ ਉਹਨੂੰ ਵੀ ਅਧਿਕਾਰ ਦਿਓ ।
ਵੀਰਪਾਲ ਨੇ ਜੋ ਗੱਲ ਆਖੀ ,
ਹੱਡ ਬੀਤੀ ਤੇ ਜੱਗ ਬੀਤੀਆਂ ।
ਇਹ ਤਾਂ ਦਰਦ ਪਛਾਣੂ ਉਹੀ,
ਜੀਹਦੇ ਉੱਤੇ ਵੱਧ ਬੀਤੀਆਂ।
ਹਵਾਵਾਂ - ਵੀਰਪਾਲ ਕੌਰ ਭੱਠਲ
ਭੈਣਾਂ ਅਤੇ ਭਰਾ ਭਰਾਵਾਂ ਨੇ ਵੀ ,
ਛੱਡਿਆ ਸਾਥ ਸੀ ਸਾਹਵਾਂ ਨੇ ਵੀ ।
ਜਿਥੇ ਸਾਨੂੰ ਲੋੜ ਪਈ ,
ਉੱਥੇ ਛੱਡਿਆ ਸਾਥ ਦੁਅਵਾਂ ਨੇ ਵੀ।
ਭਾਗਾਂ ਵਾਲੇ ਬੇਭਾਗੇ ਹੋਂ ਗਏ,
ਛੱਡਿਆ ਸਾਥ ਇੱਛਾਵਾਂ ਨੇ ਵੀ
ਬੌਣੀਆਂ ਸੀ ਜੋ ਸਾਡੇ ਅੱਗੇ ,
ਘੇਰਿਅਾ ੳੁਨ੍ਹਾਂ ਬਲਾਵਾਂ ਨੇ ਵੀ ।
ਵੇਖ ਮੁਸੀਬਤ ਸਾਡੇ ਉੱਤੇ,
ਬਦਲਿਆ ਰੁਖ਼ ਹਵਾਵਾਂ ਨੇ ਵੀ ।
ਕੱਲੇ ਤੇ ਕਮਜ਼ੋਰ ਵੇਖ ਕੇ ,
ਫਾਇਦਾ ਚੱਕਿਆ ਕਾਵਾਂ ਨੇ ਵੀ।
ਠੋਕਰਾਂ ਖਾ ਕੇ ਆਈਆਂ ਅਕਲਾਂ ,
ਦਿੱਤੀ ਜ਼ਿੰਦਗੀ ਬਦਲ ਸੁਝਾਵਾਂ ਨੇ ਵੀ ।
ਧੁੱਪਾਂ ਵਿੱਚ ਪਕਾਇਆ ਹੌਸਲਾ ,
ਛੱਡਿਆ ਸਾਥ ਸੀ ਛਾਂਵਾਂ ਨੇ ਵੀ ।
ਘੁੱਪ ਹਨੇਰਾ ਰੋਕ ਨਾ ਸਕਿਆ ,
ਉਲਝਾਇਆ ਸੀ ਰਾਹਵਾਂ ਨੇ ਵੀ ।
ਟੁਕੜਿਆਂ ਦੇ ਵਿੱਚ ਵੰਡ ਗਈ ਹਿੰਮਤ ,
ਸ਼ੁਰੂ ਕਰਤਾ ਮਰਨਾ ਚਾਹਵਾਂ ਨੇ ਵੀ ।
ਵੀਰਪਾਲ ਭੱਠਲ "ਨੂੰ ਆਖ ਬੇਵਫ਼ਾ,
ਛੱਡ ਦਿੱਤਾ ਸਾਥ ਵਫਾਵਾਂ ਨੇ ਵੀ ।
ਕਲਮ ਬਣੀ ਮੇਰੇ ਵਜ੍ਹਾ ਜਿਉਣ ਦੀ ,
ਦਿੱਤਾ ਸਾਥ ਕਵਿਤਾਵਾਂ ਨੇ ਵੀ ।