Dr-Gurvinder-Singh-Dhaliwal-Canada

10 ਦਸੰਬਰ : ਮਨੁੱਖੀ ਹੱਕਾਂ ਦੇ 77ਵੇਂ ਵਰ੍ਹੇ 'ਤੇ ਵਿਸ਼ੇਸ਼ - ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ - ਡਾ. ਗੁਰਵਿੰਦਰ ਸਿੰਘ

ਇਤਿਹਾਸਿਕ ਤੌਰ 'ਤੇ ਮਨੁੱਖੀ ਹੱਕਾਂ ਦੇ ਪ੍ਰਸੰਗ ਨੂੰ ਵਾਚਣਾ ਜ਼ਰੂਰੀ ਹੈ। ਦੂਜੀ ਵਿਸ਼ਵ ਜੰਗ (1939 ਤੋਂ 1945) ਵਿੱਚ ਲੱਖਾਂ ਦੀ ਗਿਣਤੀ ਵਿੱਚ ਮੌਤਾਂ ਹੋਈਆਂ ਸਨ। ਯਹੂਦੀਆਂ ਦੀ ਵੱਡੀ ਪੱਧਰ ’ਤੇ ਨਸਲਕੁਸ਼ੀ ਹੋਈ ਸੀ। ਜਰਮਨ ਦੇ ਤਾਨਾਸ਼ਾਹ ਅਡੋਲਫ ਹਿਟਲਰ ਨੇ ਲੱਖਾਂ ਹੀ ਲੋਕਾਂ ਨੂੰ ਅਣ-ਮਨੁੱਖੀ ਤਸੀਹੇ ਦੇ ਕੇ ਉਨ੍ਹਾਂ ਨੂੰ ਜਿਉਣ ਦੇ ਅਧਿਕਾਰ ਤੋਂ ਵਾਂਝੇ ਕਰ ਦਿੱਤਾ ਸੀ। ਦੂਜੇ ਸੰਸਾਰ ਜੰਗ ਵਿੱਚ ਹੋਏ ਭਿਆਨਕ ਮਨੁੱਖੀ ਕਤਲੇਆਮ ਅਤੇ ਤਬਾਹੀ ਨੂੰ ਵੇਖਦੇ ਹੋਏ ਤੇ ਤੀਜੇ ਸੰਸਾਰ ਜੰਗ ਦੇ ਖੌਫ ਨਾਲ ਖਦਸ਼ਿਆਂ ਨੂੰ ਰੱਦ ਕਰਨ ਲਈ ਸੰਨ 1945 ਵਿੱਚ, ਸੰਯੁਕਤ ਰਾਸ਼ਟਰ ਸੰਘ ਦੀ ਸਥਾਪਨਾ ਕੀਤੀ ਗਈ ਸੀ, ਜਿਸ ਦਾ ਉਦੇਸ਼ ਕੌਮਾਂਤਰੀ ਪੱਧਰ ਤੇ ਸ਼ਾਂਤੀ, ਸੁਰੱਖਿਆ ਤੇ ਸਥਿਰਤਾ ਦਾ ਮਾਹੌਲ ਕਾਇਮ ਕਰਨਾ, ਸਭਿਆਚਾਰਕ ਤੇ ਆਰਥਿਕ ਸਾਂਝ ਕਾਇਮ ਕਰਨਾ ਅਤੇ ਵੱਖ-ਵੱਖ ਰਾਸ਼ਟਰਾਂ ਦਰਮਿਆਨ ਮੇਲ-ਜੋਲ ਦੀ ਸਥਾਪਨਾ ਕਰਨਾ ਨਿਰਧਾਰਤ ਕੀਤਾ ਗਿਆ। 10 ਦਸੰਬਰ 1948 ਨੂੰ ਮਨੁੱਖੀ ਅਧਿਕਾਰਾਂ ਦੇ ਆਲਮੀ ਐਲਾਨਨਾਮੇ (ਯੂਨੀਵਰਸਲ ਡਿਕਲੇਰੇਸ਼ਨ ਆਫ ਹਿਊਮਨ ਰਾਈਟਸ) ਨੂੰ ਸੰਯੁਕਤ ਰਾਸ਼ਟਰ ਸੰਘ ਦੇ 58 ਮੈਂਬਰ ਦੇਸ਼ਾਂ ਨੇ, ਸਿਧਾਂਤਕ ਰੂਪ ਵਿੱਚ ਅਪਣਾਇਆ। ਵਿਸ਼ਵ ਸ਼ਾਂਤੀ ਦੇ ਨਾਲ-ਨਾਲ ਮਨੁੱਖੀ ਸੁਤੰਤਰਤਾ ਦੀ ਅਹਿਮੀਅਤ ਦੇ ਮੱਦੇ ਨਜ਼ਰ 10 ਦਸੰਬਰ ਨੂੰ ਮਾਨਵੀ ਹੱਕਾਂ ਦੀ ਘੋਸ਼ਣਾ ਕੀਤੀ ਗਈ, ਜਿਸ ਦੇ ਅੰਤਰਗਤ ਜੀਵਨ, ਸੁਤੰਤਰਤਾ, ਸੁਰੱਖਿਆ, ਕਾਨੂੰਨੀ ਸਮਾਨਤਾ, ਸੰਪਤੀ , ਵਿਦਿਆ ਪ੍ਰਾਪਤੀ, ਧਾਰਮਿਕ ਆਜ਼ਾਦੀ ਅਤੇ ਨਿਆਂ ਪ੍ਰਾਪਤੀ ਆਦਿ ਦੇ ਅਧਿਕਾਰ ਸ਼ਾਮਿਲ ਹਨ। ਮਨੁੱਖੀ ਅਧਿਕਾਰਾਂ ਦੇ ਐਲਾਨਨਾਮੇ ਦੀਆਂ ਕੁੱਲ 30 ਧਾਰਾਵਾਂ ਹਨ ਜੋ ਅੰਤਰਰਾਸ਼ਟਰੀ ਮਨੁੱਖੀ ਅਧਿਕਾਰਾਂ ਦੇ ਕਾਨੂੰਨ ਦਾ ਅਹਿਮ ਅੰਗ ਹਨ। 4 ਦਸੰਬਰ, 1950 ਨੂੰ ਸੰਯੁਕਤ ਰਾਸ਼ਟਰ ਜਨਰਲ ਦੀ 317ਵੀਂ ਅਸੈਂਬਲੀ ਵਿੱਚ ਮਤਾ ਨੰਬਰ 423 (5) ਪਾਸ ਕੀਤਾ ਗਿਆ ਅਤੇ ਉਸ ਤੋਂ ਬਾਦ ਹਰ ਸਾਲ 10 ਦਸੰਬਰ ਦਾ ਦਿਨ ਮਨੁਖੀ ਅਧਿਕਾਰ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਮਨੁੱਖੀ ਅਧਿਕਾਰ ਤੋਂ ਭਾਵ ਹੈ ਕਿ 'ਸਾਫ-ਸੁਥਰੀ ਤੇ ਸੁਰੱਖਿਅਤ ਜੀਵਨ- ਸ਼ੈਲੀ ਵਾਸਤੇ ਸਾਰੇ ਮਨੁੱਖਾਂ ਨੂੰ ਸਮਾਨ ਰੂਪ ਵਿੱਚ ਸਹੂਲਤਾਂ ਹਾਸਿਲ ਹੋਣ।'' ਇਸ ਤੋਂ ਘੱਟ ਪ੍ਰਾਪਤੀ ਵਿਦਰੋਹ ਦੀ ਜਨਮਦਾਤੀ ਹੈ ਤੇ ਇਸ ਤੋਂ ਵੱਧ ਹੱਕ ਮਾਨਣਾ, ਅਧਿਕਾਰਾਂ ਦੇ ਨਾਂ ਤੇ ਦੂਜਿਆਂ ਦਾ 'ਸ਼ੋਸ਼ਣ' ਹੁੰਦਾ ਹੈ।
      ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਤਹਿਜ਼ੀਬ ਦੇ ਹਜ਼ਾਰਾਂ ਸਾਲਾਂ ਦਾ ਸਫ਼ਰ ਤੈਅ ਕਰਨ ਦੇ ਦਾਅਵੇ ਕਰਨ ਮਗਰੋਂ ਵੀ ਮਨੁੱਖ 'ਜੀਓ ਤੇ ਜਿਓਣ ਦਿਓ' ਦੇ ਸਿਧਾਂਤ ਦਾ ਧਾਰਨੀ ਨਹੀਂ ਹੋ ਸਕਿਆ। ਆਪਣੇ ਤੋਂ ਕਮਜ਼ੋਰ ਨੂੰ ਲੁੱਟਣ ਦੀ ਭਿਆਨਕ ਬਿਰਤੀ ਨੇ ਉਸਨੂੰ ਸ਼ੈਤਾਨਾਂ ਦੀ ਕਤਾਰ ਵਿੱਚ ਲਿਆ ਖੜ੍ਹਾ ਕੀਤਾ ਹੈ। ਸਿੱਖੀ ਦੇ ਦ੍ਰਿਸ਼ਟੀਕੋਣ ਤੋਂ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦੀ ਤਰਜ਼ 'ਤੇ ਜੇਕਰ 'ਪਰਾਇਆ ਹੱਕ', ਖੋਹਣ ਵਾਲਿਆਂ ਲਈ ਗਾਂ ਤੇ ਸੂਰ ਦਾ ਮਾਸ ਖਾਣ ਦੀ ਪਰਖ ਕੀਤੀ ਜਾਵੇ, ਤਾਂ ਅੱਜ ਮਨੁੱਖਾਂ ਦੀ ਵੱਡੀ ਗਿਣਤੀ ਵਿੱਚ ਅਜਿਹੀ ਸੋਚ ਹੀ ਨਜ਼ਰ ਆਉਂਦੀ ਹੈ। ਗੁਰਬਾਣੀ ਮਨੁੱਖ ਨੂੰ ਪੀੜਿਤ ਅਤੇ ਕਮਜ਼ੋਰ ਵਰਗ ਨਾਲ ਖੜਨ ਦੀ ਪ੍ਰੇਰਨਾ ਦਿੰਦੀ ਹੈ ਅਤੇ ਜਾਲਮ ਵਿਰੁੱਧ ਡਟਣ ਲਈ ਹਲੂਣਾ ਦਿੰਦੀ ਹੈ। ਦੂਜੇ ਪਾਸੇ ਦੋ ਵਿਸ਼ਵ ਯੁੱਧਾਂ ਦਾ ਕਾਰਨ ਬਣੀ ਵਿਚਾਰਧਾਰਾ 'ਤਾਕਤਵਰ ਨੂੰ ਹੀ ਜਿਓਣ ਦਾ ਹੱਕ ਹੈ' ਕਾਰਨ ਹੋ ਚੁੱਕੀ ਤਬਾਹੀ ਤੋਂ ਸਬਕ ਨਾ ਸਿਖਦਿਆਂ, ਅਜਿਹੀ ਸੋਚ ਨੂੰ ਤਿਆਗਣ ਦੀ ਬਜਾਇ ਮਨੁੱਖ ਨੇ ਵਧੇਰੇ ਅਪਣਾਉਣਾ ਸ਼ੁਰੂ ਕਰ ਦਿੱਤਾ ਹੈ। ਯੂ.ਐਨ.ਓ. ਦੇ ਘੋਸ਼ਣਾ ਪੱਤਰ 'ਚ ਸ਼ਾਮਿਲ ਜੀਵਨ, ਸੁਤੰਤਰਤਾ, ਸੁਰੱਖਿਆ, ਕਾਨੂੰਨੀ ਸਮਾਨਤਾ, ਵਿਦਿਆ ਪ੍ਰਾਪਤੀ ਤੇ ਧਾਰਮਿਕ ਆਜ਼ਾਦੀ ਵਰਗੇ ਕੌਮਾਂਤਰੀ ਮਾਨਵੀ ਅਧਿਕਾਰ 'ਮਹਿਜ਼ ਘੋਸ਼ਣਾ' ਹੀ ਬਣ ਕੇ ਰਹਿ ਗਏ ਹਨ। ਦਸ਼ਾ ਇਹ ਹੈ ਕਿ ਤਕੜਾ ਮੁਲਕ ਮਾੜੇ ਮੁਲਕ ਤੋਂ ਅਤੇ ਤਾਕਤਵਰ ਮਨੁੱਖ ਕਮਜ਼ੋਰ ਮਨੁੱਖ ਤੋਂ ਹੱਕ ਖੋਹ ਕੇ, 'ਵਿਸ਼ਵ ਸ਼ਕਤੀ ' ਬਣਨ ਦੀ ਕੋਝੀ ਸਾਜਿਸ਼ ਵਿੱਚ ਗ੍ਰਸਿਆ ਹੋਇਆ ਹੈ।
      ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਬਿਲਕੁਲ ਸਿੱਧਾ, ਸਪੱਸ਼ਟ ਤੇ ਵਿਹਾਰਕ ਉਤਰ ਇਹ ਹੈ ਕਿ ਅਨਿਆਂ ਦੀ ਦੁਖਾਂਤਕ ਕਹਾਣੀ ਦਾ ਅੰਤ ਉਦੋਂ ਤੱਕ ਨਹੀਂ ਹੋਵੇਗਾ, ਜਦ ਤੱਕ ਕੁਰਸੀਦਾਰਾਂ ਨੂੰ ਆਪਣੇ ਹੱਡਾਂ 'ਤੇ ਬੇਦੋਸ਼ਿਆਂ ਦੀ ਤਰ੍ਹਾਂ ਸਿਤਮ ਝੱਲਣੇ ਨਹੀਂ ਪੈਂਦੇ। ਜਿੰਨਾਂ ਚਿਰ ਸ਼ਾਸਕ ਖੁਦ ਤਸ਼ੱਦਦ ਦਾ ਸ਼ਿਕਾਰ ਨਹੀਂ ਹੁੰਦਾ, ਉਨ੍ਹਾਂ ਚਿਰ ਉਹ ਕੀ ਜਾਣੇ ਕਿ ਵਧੀਕੀ ਤੇ ਬੇਇਨਸਾਫ਼ੀ ਕੀ ਹੁੰਦੀ ਹੈ। ਇਸ ਸੰਦਰਭ ਵਿੱਚ 6ਵੀਂ ਸਦੀ 'ਚ ਬਣੇ ਮਿਸਰ ਬਾਦਸ਼ਾਹ ਨੋਸ਼ਰਵਾ ਦੀ ਘਟਨਾ ਜ਼ਿਕਰਯੋਗ ਹੈ। ਛੋਟੀ ਉਮਰ 'ਚ ਜਦ ਉਹ ਉਸਤਾਦ ਕੋਲ ਪੜ੍ਹਨ ਵਾਸਤੇ ਜਾਂਦਾ ਸੀ, ਤਾਂ ਇਕ ਦਿਨ ਵਾਪਰੀ ਘਟਨਾ ਨੇ ਉਸਦੇ ਮਨ ਅੰਦਰ ਬੜਾ ਰੋਸ ਪੈਦਾ ਕਰ ਦਿੱਤਾ। ਹੋਇਆ ਇਉਂ ਕਿ ਉਸਤਾਦ ਨੇ ਉਸ ਨੂੰ ਕੋਲ ਬੁਲਾਇਆ ਤੇ ਬਗੈਰ ਕਿਸੇ ਕਾਰਨ ਹੀ ਮੂੰਹ 'ਤੇ ਚਪੇੜ ਮਾਰ ਦਿੱਤੀ । ਰਾਜਕੁਮਾਰ ਦਾ ਮਨ ਬੜਾ ਦੁਖੀ ਹੋਇਆ ਤੇ ਉਸ ਨੇ ਤੈਅ ਕਰ ਲਿਆ ਕਿ ਜਿਸ ਦਿਨ ਉਹ ਗੱਦੀ ਤੇ ਬੈਠਿਆ,ਤਾਂ ਉਸਤਾਦ ਤੋਂ ਇਸ ਗੁਸਤਾਖ਼ੀ ਦਾ ਜੁਆਬ ਜ਼ਰੂਰ ਮੰਗੇਗਾ। ਜਵਾਨ ਹੋਣ 'ਤੇ ਰਾਜ ਸੱਤਾ ਸੰਭਾਲਣਾ ਮਗਰੋਂ ਬਾਦਸ਼ਾਹ ਨੋਸ਼ਰਵਾ ਨੇ ਦਰਬਾਰ ਵਿੱਚ ਉਸਤਾਦ ਨੂੰ ਪੇਸ਼ ਕਰਨ ਦਾ ਹੁਕਮ ਦਿੱਤਾ। ਰਾਜ ਸਭਾ ਵਿੱਚ ਹਾਜ਼ਰ ਹੋਣ 'ਤੇ ਗੁਰੂ ਨੂੰ ਰਾਜੇ ਨੇ ਕਰੜਾਈ ਨਾਲ ਪੁੱਛਿਆ , ''ਉਸਤਾਦ ਜੀ! ਮੈਨੂੰ ਤੁਹਾਡਾ ਥੱਪੜ ਅਜੇ ਤੱਕ ਨਹੀਂ ਭੁੱਲਿਆ। ਜੁਆਬ ਦੇਵੋ ਕਿ ਤੁਸੀ ਮੈਨੂੰ ਬਿਨਾਂ ਗਲਤੀ ਦੇ ਸਜ਼ਾ ਕਿਉਂ ਦਿੱਤੀ?'' ਬਾਦਸ਼ਾਹ ਦੀ ਇਹ ਗੱਲ ਸੁਣਦਿਆਂ ਸਾਰ ਉਸਤਾਦ ਦੇ ਚਿਹਰੇ ਤੇ ਜੇਤੂ ਮੁਸਕਾਨ ਖਿੱਲਰ ਗਈ ਤੇ ਫ਼ਖਰ ਨਾਲ ਆਖਣ ਲੱਗਿਆ ,'' ਰਾਜਾ! ਹੁਣ ਮੇਰਾ ਸਬਕ ਪੂਰਾ ਹੋ ਗਿਆ ਹੈ। ਦਰਅਸਲ , ਪੜ੍ਹਦਿਆਂ ਮੈਂ ਤੈਨੂੰ ਕਈ ਵਾਰ ਸਜ਼ਾ ਦਿੱਤੀ , ਪਰ ਉਹ ਤੈਨੂੰ ਚੇਤੇ ਨਹੀਂ, ਪਰ ਉਹ ਚਪੇੜ ਨਹੀਂ ਭੁੱਲੀ, ਜਿਹੜੀ ਬੇਕਸੂਰਿਆਂ ਤੈਨੂੰ ਮਾਰੀ ਗਈ। ਮੇਰਾ ਮਕਸਦ ਹੀ ਇਹੋ ਸੀ ਕਿ ਤੂੰ ਆਪਣੇ ਨਾਲ ਹੋਈ ਇਸ ਜ਼ਿਆਦਤੀ ਨੂੰ ਨਾ ਭੁੱਲੇਂ, ਤਾਂ ਕਿ ਰਾਜਾ ਬਣਨ ਮਗਰੋਂ ਕਿਸੇ ਨਿਰਦੋਸ਼ ਨੂੰ ਸਜ਼ਾ ਨਾ ਦੇਵੇ।''
ਕਾਸ਼ ! ਅੱਜ ਦੇ ਵਿਵਾਦਤ ਕੌਮਾਂਤਰੀ ਆਗੂਆਂ ਨੇ ਇਕ-ਇਕ ਥੱਪੜ ਖਾਧਾ ਹੁੰਦਾ, ਤਾਂ ਅੱਜ ਕਿਸੇ ਬੇਕਸੂਰ ਨੂੰ ਸਜ਼ਾ ਨਾ ਮਿਲਦੀ, ਕਿਸੇ ਨਾਲ ਅਨਿਆਂ ਨਾ ਹੁੰਦਾ, ਜਿਵੇਂ ਨਿਰਦੋਸ਼ ਬਾਦਸ਼ਾਹ ਦੇ ਵੱਜੀ ਚਪੇੜ ਦਾ ਅਸਰ ਇਹ ਹੋਇਆ ਕਿ ਸਾਰੀ ਉਮਰ ਉਸ ਨੇ ਕਿਸੇ ਨਿਰਦੋਸ਼ ਨਾਲ ਵਧੀਕੀ ਨਹੀਂ ਕੀਤੀ। ਇਥੋਂ ਤੱਕ ਕਿ ਕਿਹਾ ਜਾਂਦਾ ਹੈ ਕਿ ਰਾਜੇ ਨੋਸ਼ਰਵਾ ਨੂੰ ਸ਼ਿਕਾਰ ਦੌਰਾਨ ਮਹੱਲ ਤੋਂ ਦੂਰ ਵਿਚਰਦਿਆਂ, ਇਕ ਵਾਰ ਉਸਨੂੰ ਲੂਣ ਦੀ ਲੋੜ ਪਈ, ਤਾਂ ਰਾਜੇ ਨੇ ਸਿਪਾਹੀ ਨੂੰ ਆਦੇਸ਼ ਦਿੱਤਾ ਕਿ ਨਗਰ ਤੋਂ ਲੂਣ ਲਿਆਉਣਾ ਹੈ, ਪਰ ਮੁਫ਼ਤ ਨਹੀਂ, ਉਸ ਦੀ ਪੂਰੀ ਕੀਮਤ ਦੇਣੀ ਹੈ। "ਜਿਸ ਦੇਸ਼ ਦਾ ਮੁਖੀ ਬਾਗ ਦਾ ਇਕ ਫੁੱਲ ਤੋੜੇਗਾ, ਉਸ ਦੇ ਮੰਤਰੀ ਸਾਰਾ ਬਗੀਚਾ ਉਜਾੜ ਦੇਣਗੇ।" ਮਾਨਵੀ ਹੱਕਾਂ ਦੀ ਰਾਖੀ ਤੇ ਬੇਗੁਨਾਹਾਂ ਲਈ ਨਿਆਂ ਦੀ ਅਜੋਕੀ ਸਿਆਸੀ ਸਥਿਤੀ ਦੇ ਸੰਦਰਭ ਵਿੱਚ ਇਹ ਵੱਡੀ ਘਾਟ ਨਜ਼ਰ ਆ ਰਹੀ ਹੈ।
     ਕਿਸੇ ਵੀ ਲੋਕਤੰਤਰ ਦੀ ਬੁਨਿਆਦ ਮਨੁੱਖੀ ਅਧਿਕਾਰਾਂ 'ਤੇ ਟਿੱਕੀ ਹੁੰਦੀ ਹੈ, ਪਰ ਮੁੱਢਲੇ ਮਾਨਵੀਂ ਹੱਕਾਂ ਦੀ ਉਲੰਘਣਾ ਕਾਰਨ ਦੁਨੀਆ ਦੇ ਲੋਕਰਾਜਾਂ ਦੀ ਨੀਂਹ ਨਸ਼ਟ ਹੋ ਰਹੀ ਹੈ। ਭਾਰਤ ਦੀ ਗੱਲ ਕਰੀਏ ਤਾਂ ਉਥੋਂ ਦੀਆਂ ਜੇਲਾਂ ਅੰਦਰ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਨੌਜਵਾਨ ਅਤੇ ਹੋਰ ਐਕਟਵਿਸਟ ਜਿਸ ਤਰ੍ਹਾਂ ਸੜ ਰਹੇ ਹਨ, ਇਹ ਇਸ ਦੀ ਮੂੰਹ ਬੋਲਦੀ ਤਸਵੀਰ ਹੈ। ਇਥੋਂ ਤੱਕ ਕਿ ਚੁਣੇ ਹੋਏ ਐਮਪੀ ਨੂੰ ਜੇਲ 'ਚੋਂ ਜ਼ਮਾਨਤ ਦੇਣ ਦਾ ਵਿਰੋਧ ਕਰਕੇ, ਪੰਜਾਬ ਸਰਕਾਰ ਨੇ ਮਨੁੱਖੀ ਹੱਕਾਂ 'ਤੇ ਇੱਕ ਵਾਰ ਫਿਰ ਡਾਕਾ ਮਾਰਿਆ ਹੈ। ਪਿੱਛੋਂਕੜ ਵਿੱਚ ਨਜ਼ਰ ਮਾਰੀਏ ਤਾਂ ਪੰਜਾਬ ਦੀ ਧਰਤੀ 'ਤੇ ਗੈਰ-ਕਾਨੂੰਨੀ ਤਰੀਕੇ ਨਾਲ ਅਗਵਾ ਕੀਤੇ ਹਜ਼ਾਰਾਂ ਸਿੱਖ ਨੌਜਵਾਨਾਂ ਨੂੰ ਪੁਲਿਸ ਹਿਰਾਸਤ ਵਿੱਚ ਝੂਠੇ-ਮੁਕਾਬਲਾ ਬਣਾ ਕੇ ਸ਼ਰੇਆਮ ਕਤਲ ਕਰ ਦੇਣ ਤੋਂ ਵੱਡਾ ਭਿਆਨਕ ਕਤਲੇਆਮ ਹੋਰ ਕੀ ਹੋਵੇਗਾ? ਸਿਤਮਜ਼ਰੀਫੀ ਦੇਖੋ ਕਿ ਆਪਣੇ ਗੁਨਾਹਾਂ 'ਤੇ ਪਰਦਾ ਪਾਉਣ ਲਈ ਉਹਨਾਂ ਲਾਸ਼ਾਂ ਨੂੰ ਵਾਰਸਾਂ ਹਵਾਲੇ ਕਰਨ ਦੀ ਬਜਾਇ, ਲਾਵਾਰਿਸ ਕਹਿ ਕੇ ਇਕੱਠਿਆਂ ਹੀ ਅੱਗ 'ਚ ਸਾੜ ਦਿੱਤਾ ਗਿਆ। 
   ਅੱਜ ਤੋਂ 30 ਸਾਲ ਪਹਿਲਾਂ, ਜਦ ਮਨੁੱਖੀ ਅਧਿਕਾਰਾਂ ਦੀ ਆਵਾਜ਼ ਬੁਲੰਦ ਕਰਨ ਵਾਲਾ ਯੋਧਾ ਭਾਈ ਜਸਵੰਤ ਸਿੰਘ ਖਾਲਸਾ ਮਾਨਵਤਾ ਦੇ ਕਾਤਲਾਂ ਦੀ ਇਸ ਘਿਣਾਉਣੀ ਚਾਲ ਨੂੰ ਬੇਨਕਾਬ ਕਰਦਾ ਹੈ, ਤਾਂ ਉਸਨੂੰ 6 ਸਤੰਬਰ 1995 ਨੂੰ ਅਗਵਾ ਕਰਨ ਮਗਰੋਂ, ਅਨੇਕਾਂ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਜਾਂਦਾ ਹੈ। ਉਸ ਮਹਾਨ ਵਿਅਕਤੀ ਦਾ ਦੋਸ਼ ਕੀ ਸੀ? ਸਿਰਫ਼ ਏਨਾ ਕਿ ਉਸ ਨੇ ਮਨੁੱਖੀ ਹੱਕਾਂ ਲਈ ਸੱਚ ਦੀ ਦੁਹਾਈ ਦਿੱਤੀ ਤੇ ਉਸਨੂੰ ਸਰਕਾਰੀ ਝੂਠ ਦਾ ਹਨੇਰਾ ਬਰਦਾਸ਼ਤ ਨਹੀਂ ਕਰ ਸਕਿਆ। ਸ਼ਹੀਦ ਖਾਲੜਾ ਦਾ ਕਥਨ ਗੌਰ ਕਰਨ ਵਾਲਾ ਹੈ ਕਿ ਸਿੱਖ ਨੂੰ ਗੁਰੂ ਸਾਹਿਬ ਨੇ ਦੁਨੀਆ ਦੇ ਮਨੁੱਖੀ ਹੱਕ ਬਚਾਉਣ ਦੀ ਤਾਕਤ ਦਿੱਤੀ ਹੈ, ਪਰ ਜੇਕਰ ਉਹ ਆਪਣੇ ਹੱਕ ਵੀ ਨਾ ਬਚਾ ਸਕਿਆ, ਤਾਂ ਫਿਰ ਦੁਨੀਆਂ ਦੇ ਹੱਕਾਂ ਦੀ ਰਾਖੀ ਕੀ ਕਰੇਗਾ? ਇਸ ਆਵਾਜ਼ ਨੂੰ ਅੱਜ ਮੁੜ ਬੁਲੰਦ ਕਰਨ ਦੀ ਲੋੜ ਹੈ।
      ਪ੍ਰਸਿੱਧ ਚਿੰਤਕ ਗੋਲਡ ਸਮਿਥ ਦਾ ਕਥਨ ਹੈ , ''ਮਾੜੇ ਤੇ ਗਰੀਬਾਂ ਉਤੇ ਕਨੂੰਨ ਰਾਜ ਕਰਦਾ ਹੈ ਤੇ ਤਕੜੇ ਤੇ ਅਮੀਰ ਕਾਨੂੰਨ 'ਤੇ ਰਾਜ ਕਰਦੇ ਹਨ।''  ਭਾਰਤ ਵਿੱਚ 31 ਅਕਤੂਬਰ 1984 ਨੂੰ ਇੰਦਰਾ ਗਾਂਧੀ ਦੀ ਹਤਿਆ ਮਗਰੋਂ ਵਾਪਰੇ ਸਭ ਤੋਂ ਵੱਡੇ ਨਰ- ਸੰਹਾਰ 'ਸਿੱਖ ਨਸਲਕੁਸ਼ੀ' ਦੇ ਰੂਪ ਵਿੱਚ ਮਿਲਦਾ ਹੈ, ਜਦ ਖਾਸ ਫਿਰਕੇ ਦੇ ਲੋਕਾਂ 'ਤੇ ਅਣ-ਮਨੁੱਖੀ ਤਸ਼ੱਦਦ ਕੀਤਾ ਗਿਆ। ਧੀਆਂ -ਭੈਣਾਂ ਦੀ ਅਸਮਤ ਲੁੱਟੀ ਗਈ, ਹਜ਼ਾਰਾਂ ਦੀ ਗਿਣਤੀ ਵਿੱਚ ਬੇਕਸੂਰ ਸਿੱਖਾਂ ਨੂੰ ਗਲਾਂ ਵਿੱਚ ਟਾਇਰ ਪਾ ਕੇ, ਅੱਗ ਲਾ ਕੇ ਜਿਉਂਦੇ-ਜੀ ਸਾੜਿਆ ਗਿਆ। ਇਸ ਖੂਨੀ ਸਾਕੇ ਦੇ ਚਸ਼ਮਦੀਦ ਗਵਾਹ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਨਾਸਿਰਫ਼ ਮੂਕ-ਦਰਸ਼ਕ ਬਣੇ ਸ਼ੈਤਾਨੀਅਤ ਦਾ ਨੰਗਾ ਨਾਚ ਵੇਖਦੇ ਰਹੇ, ਸਗੋਂ ਸਿੱਖਾਂ ਦੀ ਨਸਲਕੁਸ਼ੀ ਕਰਨ ਵਾਲੇ ਦੋਸ਼ੀਆਂ ਨੂੰ ਹੱਲਾ-ਸ਼ੇਰੀ ਦਿੰਦਿਆਂ, ਜਬਰ -ਜ਼ੁਲਮ ਵਿੱਚ ਪੂਰੀ ਤਰ੍ਹਾਂ ਸ਼ਰੀਕ ਵੀ ਹੋਏ। ਇਹਨਾਂ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਲਈ ਨਿਯੁਕਤ ਰੰਗਾਨਾਥ ਕਮਿਸ਼ਨ, ਕੁਸਮ ਲਤਾ ਜਾਂਚ ਸਮਿਤੀ, ਵੇਦ ਮਰਵਾਹ ਰਿਪੋਰਟ ਆਦਿ ਨੇ ਪੁਲਿਸ ਦੁਆਰਾ ਹੁੱਲੜਬਾਜ਼ਾਂ ਦਾ ਸਾਥ ਦੇਣ 'ਤੇ ਕਾਰਵਾਈ ਕਰਨ ਦੀ ਮਹਿਜ਼ ਸਿਫਾਰਸ਼ ਕੀਤੀ, ਪਰ ਦੁੱਖ ਦੀ ਗੱਲ ਇਹ ਹੈ ਕਿ ਦੋਸ਼ੀ 41 ਸਾਲ ਮਗਰੋਂ ਵੀ ਨਿਆਇਕ ਹਿਰਾਸਤ ਤੋਂ ਮੁਕਤ ਹਨ। ਨਸਲਕੁਸ਼ੀ ਸਰਕਾਰੀ ਅੱਤਵਾਦ' ਦੀ ਮੂੰਹ ਬੋਲਦੀ ਤਸਵੀਰ ਸੀ, ਜਿਸ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਮਿਲਣ ਕਰ ਕੇ ਹੀ, ਦੇਸ਼ ਵਿੱਚ ਬਾਬਰੀ ਮਸਜਿਦ ਕਾਂਡ, ਗੁਜਰਾਤ ਕਤਲੇਆਮ, ਉੜੀਸਾ ਕਾਂਡ, ਮਨੀਪੁਰ ਕਾਂਡ ਅਤੇ ਅਨੇਕਾਂ ਹੋਰ ਦੁਖਾਂਤ ਵਾਪਰੇ। ਥਾਂ-ਥਾਂ ਤੇ ਜਿਹੜੇ ਵੀ ਸਮੂਹਿਕ ਜਬਰ-ਜਨਾਹ ਹੋਏ ਅਤੇ ਅੱਜ ਵੀ ਹੋ ਰਹੇ ਹਨ, ਇਨ੍ਹਾਂ ਦਾ ਮੁੱਢ ਸਿੱਖ ਨਸਲਕੁਸ਼ੀ ਦੇ ਦੁੱਖਾਂ ਤੋਂ ਹੀ ਬੱਝਿਆ। ਇੰਨੇ ਭਿਆਨਕ ਅੱਤਿਆਚਾਰ ਕਾਰਨ ਸਿੱਖ ਮਾਨਸਿਕਤਾ ਵਿੱਚ ਲੋਕ ਮੁਹਾਵਰਾ ਵੀ ਅਜਿਹਾ ਬਣ ਚੁੱਕਿਆ ਸੀ ਕਿ 'ਭੰਡਾ ਭੰਡਾਰੀਆ ਕਿੰਨਾ ਕੁ ਭਾਰ? ਇਕ ਲਾਸ਼ ਚੁੱਕ ਲਾ ਦੂਜੀ ਨੂੰ ਤਿਆਰ।' ਸਮੁੱਚੇ ਭਾਰਤ ਦੇ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਵਾਲਾ ਪੰਜਾਬ ਪਿਛਲੇ ਕਈ ਦਹਾਕਿਆਂ ਤੋਂ ਮਾਨਵੀ ਹੱਕਾਂ ਤੋਂ ਵਾਂਝਾ ਰਿਹਾ ਹੈ।ਸਿੱਖਾਂ ਨੂੰ 'ਅੱਤਵਾਦੀ' ਤੇ 'ਵੱਖਵਾਦੀ' ਕਹਿ ਕੇ ਥਾਣਿਆਂ ਵਿੱਚ ਅਕਹਿ ਕਹਿਰ ਤੇ ਤਸ਼ੱਦਦ ਦਾ ਸ਼ਿਕਾਰ ਬਣਾਇਆ ਗਿਆ। 
      ਪੰਜਾਬ ਦੀ ਧਰਤੀ ਤੇ ਹੋਏ ਪੁਲਿਸ ਅਤਿਆਚਾਰ ਨੂੰ ਦੁਨੀਆ ਦੇ ਸਾਹਮਣੇ ਪੇਸ਼ ਕਰਨ ਲਈ ਮਾਨਵ ਅਧਿਕਾਰ ਸੰਗਠਨਾਂ ਨੇ ਕਈ ਰਿਪੋਰਟਾਂ ਪੇਸ਼ ਕੀਤੀਆਂ, ਜਿਨ੍ਹਾਂ 'ਚੋ 'ਰਿਪੋਰਟ ਟੂ ਨੇਸ਼ਨ- ਅਪਰੇਸ਼ਨ ਪੰਜਾਬ' ਤੇ 'ਸਟੇਟ ਟੈਰਰਿਜ਼ਮ ਇਨ ਪੰਜਾਬ' ਪ੍ਰਮੁੱਖ ਹਨ। ਇਹਨਾਂ ਰਿਪੋਰਟਾਂ ਵਿੱਚ ਪੁਲਸ ਅਤੇ ਅਰਧ- ਸੈਨਿਕ ਦਲਾਂ ਦੁਆਰਾ ਬੇਕਸੂਰ ਲੋਕਾਂ 'ਤੇ ਕੀਤੇ ਤਸ਼ੱਦਦ ਦੀ ਕਹਾਣੀ ਬਿਆਨ ਕੀਤੀ ਗਈ ਹੈ। ਇਸ ਦੌਰਾਨ ਲਾਪਤਾ ਲੋਕਾਂ ਬਾਰੇ ਤਾਲਮੇਲ ਕਮੇਟੀ ਦੀ ਹੋਈ ਨਿਆਂ ਕਨਵੈਨਸ਼ਨ ਵਿੱਚ ਪਾਸ ਕੀਤੇ ਮਤਿਆਂ 'ਚੋਂ ਇਕ ਮਹੱਤਵਪੂਰਨ ਇਹ ਵੀ ਸੀ ਕਿ ਸੀ.ਬੀ.ਆਈ. ਦੁਆਰਾ ਸੁਪਰੀਮ ਕੋਰਟ ਅੱਗੇ ਪੇਸ਼ ਕੀਤੀ ਰਿਪੋਰਟ ਦੇ ਆਧਾਰ 'ਤੇ ਲਾਸ਼ਾਂ ਨੂੰ ਸਮੂਹਿਕ ਤੌਰ 'ਤੇ ਸਾੜਨ ਦੇ ਦੋਸ਼ ਵਿੱਚ, ਪੰਜਾਬ ਪੁਲਸ ਦੇ ਸਾਬਕਾ ਮੁਖੀ ਕੇ.ਪੀ.ਐਸ ਗਿੱਲ ਤੇ ਉਸ ਵੇਲੇ ਦੇ ਸਿਆਸੀ ਪ੍ਰਭੂਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਵੱਡੇ ਪੱਧਰ 'ਤੇ ਹੋਏ ਇਸ ਕਤਲੇਆਮ ਬਦਲੇ ਉਹਨਾਂ ਉਪਰ ਨਿਊਰਮਬਰਗ ਟਰਾਇਲ ਵਾਂਗ ਮੁਕੱਦਮੇ ਚਲਾਏ ਜਾਣ, ਜਿਵੇਂ ਇੰਗਲੈਂਡ ਨੇ ਸਾਬਕਾ ਤਾਨਾਸ਼ਾਹ ਜਨਰਲ ਅਗਸਤੋ-ਪਿਨੋਸ਼ੋ ਨੂੰ ਗ੍ਰਿਫ਼ਤਾਰ ਕੀਤਾ, ਉਵੇਂ ਹੀ ਇਹਨਾਂ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ, ਪਰ ਅਫਸੋਸ ਕਿ ਮਾਨਵੀ ਹੱਕਾਂ ਦੇ ਅਪਰਾਧੀਆਂ ਨੂੰ ਭਾਰਤੀ ਕਾਨੂੰਨ ਨੇ ਸਜ਼ਾਵਾਂ ਨਾ ਦਿੱਤੀਆਂ, ਬਲਕਿ ਉਹ ਕੁਦਰਤੀ ਮੌਤ ਮਰੇ। ਸ਼ਰਮਨਾਕ ਗੱਲ ਇਹ ਹੈ ਕਿ ਪੰਜਾਬ ਤੇ ਭਾਰਤ ਦੇ ਹਾਕਮਾਂ ਸਮੇਤ ਖੱਬੇ ਪੱਖੀ ਪਾਰਟੀਆਂ ਨੇ ਵੀ ਬੁਚੜਾਂ' ਦੀ ਮੌਤ 'ਤੇ ਕਸੀਦੇ ਪੜ੍ਹੇ ਤੇ ਮਨੁੱਖੀ ਹੱਕਾਂ ਦੇ ਸਿਧਾਂਤਾਂ ਨੂੰ ਕਲੰਕਤ ਕੀਤਾ।
     ਕੌਮਾਂਤਰੀ ਮਨੁੱਖੀ ਅਧਿਕਾਰਾਂ ਦੀ ਗੱਲ ਕਰੀਏ ਤਾਂ ਅੱਜ ਤੋਂ 350 ਸਾਲ ਪਹਿਲਾਂ ਨੌਵੇਂ ਗੁਰੂ ਨਾਨਕ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ ਨੇ ''ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ।।'' ਦੇ ਅਨੁਸਾਰ ਨਾ ਡਰ ਦੇਣ ਤੇ ਨਾ ਡਰ ਸਹਿਣ ਦਾ ਸਿਧਾਂਤ ਦਿੱਤਾ ਹੈ। ਅੱਜ ਕੌਮਾਂਤਰੀ ਪੱਧਰ 'ਤੇ ਜੇਕਰ ਯੂਐਨਓ ਲਈ ਮਨੁੱਖੀ ਅਧਿਕਾਰਾਂ ਦੀ ਸਭ ਤੋਂ ਢੁਕਵੀ ਮਿਸ਼ਨ ਸਟੇਟਮੈਂਟ ਹੋ ਸਕਦੀ ਹੈ, ਤਾਂ ਉਹ ਇਹੀ ਹੈ। ਇਸ ਸਿਧਾਂਤ ਦੀ ਦੇਣ ਗੁਰੂ ਸਾਹਿਬ ਨੇ ਸਾਢੇ ਤਿੰਨ ਸਦੀਆਂ ਪਹਿਲਾਂ ਦਿੱਤੀ। ਅੱਜ ਇਸ ਨੂੰ ਮੁਕੰਮਲ ਰੂਪ ਵਿੱਚ ਅਪਨਾਉਣ ਦੀ ਲੋੜ ਹੈ। ਅਜੋਕੇ ਸਮੇਂ ਪੂਰੇ ਸੰਸਾਰ ਵਿੱਚ ਮਨੁੱਖੀ ਹੱਕਾਂ ਦੀ ਜਾਗਰੂਕਤਾ, ਕ੍ਰਾਂਤੀਕਾਰੀ ਸ਼ਕਲ ਅਖਤਿਆਰ ਕਰ ਰਹੀ ਹੈ। ਪ੍ਰਸਿੱਧ ਚਿੰਤਕ ਰੂਸੋ ਦੇ ਵਿਚਾਰ ਅਨੁਸਾਰ ਮਨੁੱਖ ਨੂੰ, ਮੁੱਢਲੇ ਅਧਿਕਾਰਾਂ ਸਹਿਤ ਸੁਤੰਤਰ ਜਿਉਣ ਦਾ ਹੱਕ ਹਾਸਿਲ ਹੋਣਾ ਲਾਜ਼ਮੀ ਹੈ। ਮਨੁੱਖ ਨੂੰ ਮੂਲ ਅਧਿਕਾਰਾਂ ਤੋਂ ਸਖਣਾ ਰੱਖਣਾ ਬਗ਼ਾਵਤ ਨੂੰ ਜਨਮ ਦੇਣਾ ਹੈ ਤੇ ਅਜਿਹੀ ਸਥਿਤੀ ਵਿੱਚ ਅਧਿਕਾਰ ਮੰਗਣ ਦੀ ਥਾਂ, ਖੋਹਣ ਦੀ ਭਾਵਨਾ ਜਾਗ ਉਠਦੀ ਹੈ। 
    ਅਜਿਹੀਆਂ ਹਾਲਤਾਂ ਵਿੱਚ ਮਨੁੱਖੀ ਅਧਿਕਾਰਾਂ ਦੇ ਪ੍ਰਸੰਗ 'ਚ ਯਾਦ ਪਹਿਚਾਣ ਅਤੇ ਸੰਸਥਾਂਵਾਂ ਦੇ ਸੰਵਾਦ 'ਤੇ ਵਿਚਾਰ-ਚਰਚਾ ਜ਼ਰੂਰੀ ਹੈ। ਆਓ ! ਵੱਧ-ਚੜ ਕੇ 10 ਦਸੰਬਰ ਦਿਨ ਐਤਵਾਰ ਨੂੰ, ਸਰੀ ਦੇ ਤਾਜ ਕਨਵੈਂਸ਼ਨ ਸੈਂਟਰ ਵਿੱਚ ਪਹੁੰਚੀਏ ਅਤੇ ਮਨੁੱਖੀ ਹੱਕਾਂ ਨੂੰ ਸਮਰਪਤ ਵਿਸ਼ੇਸ਼ ਸਮਾਗਮ ਵਿੱਚ ਸ਼ਾਮਿਲ ਹੋਈਏ ਅਤੇ ਵਿਚਾਰਾਂ ਕਰੀਏ ਕਿ ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਮਨੁੱਖੀ ਹੱਕਾਂ ਦੀ ਆਜ਼ਾਦੀ ਦੇ ਰਾਖੇ ਹਨ, ਨਾ ਕਿ ਕੈਨੇਡਾ ਦੇ ਅਪਰਾਧੀ ਅਤੇ ਕਾਤਿਲ। ਗੁਰੂ ਨਾਨਕ ਜਹਾਜ਼ ਮਨੁੱਖੀ ਹੱਕਾਂ ਦੀ ਆਜ਼ਾਦੀ ਦਾ ਸੰਘਰਸ਼ ਹੈ, ਨਾ ਕਿ ਕੈਨੇਡਾ ਦਾ ਇਮੀਗਰੇਸ਼ਨ ਅਪਰਾਧ। ਸਾਡੀ ਪਛਾਣ ਸਾਊਥ ਏਸ਼ੀਅਨ ਨਹੀਂ ਹੈ। ਕੈਨੇਡਾ ਦੇ ਮਿਊਜ਼ੀਅਮ ਤੇ ਯੂਨੀਵਰਸਿਟੀਆਂ ਵਿੱਚ overcaste ਦੇ ਨਾਮ 'ਤੇ ਸਿੱਖ ਸਮਾਜ ਵਿੱਚ ਵੰਡੀਆਂ ਪਾਉਣ ਦੀ ਸਾਜਿਸ਼ ਹੈ। ਗੁਰੂ ਨਾਨਕ ਜਹਾਜ਼ ਹੈਰੀਟੇਜ ਸੁਸਾਇਟੀ ਅਤੇ ਵਣਜਾਰਾ ਨੋਮੈਡ ਕਲੈਕਸ਼ਨਜ ਵੱਲੋਂ ਇਸ ਵਿਚਾਰ ਚਰਚਾ ਚ ਸ਼ਾਮਿਲ ਹੋਣ ਲਈ ਸਾਰਿਆਂ ਨੂੰ ਖੁੱਲਾ ਸੱਦਾ ਹੈ। ਸਮਾਗਮ ਦੀ ਵਧੇਰੇ ਜਾਣਕਾਰੀ ਲਈ ਡਾ ਗੁਰਵਿੰਦਰ ਸਿੰਘ ਨਾਲ 604-825-1550 ਅਤੇ ਰਾਜ ਸਿੰਘ ਭੰਡਾਲ ਨਾਲ 778-855-8696 'ਤੇ ਸੰਪਰਕ ਕੀਤਾ ਜਾ ਸਕਦਾ ਹੈ  

ਸਿੱਖ ਨਸਲਕੁਸ਼ੀ ਦੇ 41ਵੇਂ ਵਰ੍ਹੇ 'ਤੇ ਵਿਸ਼ੇਸ਼ਸਿੱਖਾਂ ਵੱਲੋਂ ਖ਼ੂਨਦਾਨ ਲਹਿਰ ਰਾਹੀਂ ਇਤਿਹਾਸਕ ਭੂਮਿਕਾ 'ਉਹ ਖ਼ੂਨ ਡੋਲ ਕੇ ਜਾਨਾਂ ਲੈ ਰਹੇ ਸਨ, ਅਸੀਂ  ਖ਼ੂਨ ਦਾਨ ਕਰ ਕੇ ਜਾਨਾਂ ਬਚਾ ਰਹੇ ਹਾਂ" ਡਾ. ਗੁਰਵਿੰਦਰ ਸਿੰਘ

ਕੈਨੇਡਾ ਦੇ ਕੋਨੇ-ਕੋਨੇ 'ਚ ਇਨੀਂ-ਦਿਨੀਂ ਮਾਨਵਵਾਦ ਨੂੰ ਸਮਰਪਿਤ ਮਹਾਨ ਮੁਹਿੰਮ 'ਸਿੱਖ ਕੌਮ ਵੱਲੋਂ  ਖ਼ੂਨਦਾਨ  ' ਜ਼ੋਰਾਂ 'ਤੇ ਹੈ। ਦੇਸ਼ ਦੇ ਹਰੇਕ ਵੱਡੇ ਸ਼ਹਿਰ 'ਚ ਸੈਂਕੜੇ ਸਿੱਖ ਇਸਤਰੀਆਂ ਅਤੇ ਆਦਮੀ ਖੂਨਦਾਨ ਕਰਕੇ ਲੋਕਾਂ ਦੀਆਂ ਜਾਨਾਂ ਬਚਾ ਰਹੇ ਹਨ। ਕੈਨੇਡੀਅਨ ਬਲੱਡ ਸਰਵਿਸਜ਼ ਵਲੋਂ ਇਸ ਕਾਰਜ ਨੂੰ 'ਦੇਸ਼ 'ਚ ਸਭ ਤੋਂ ਵੱਡੀ  ਖ਼ੂਨਦਾਨ   ਲਹਿਰ' ਕਰਾਰ ਦਿੰਦਿਆਂ ਸਨਮਾਨਿਤ ਕੀਤਾ ਗਿਆ ਹੈ। ਇਸ ਉਪਰਾਲੇ ਦਾ ਜ਼ਿਕਰ ਕੈਨੇਡਾ ਦੀ ਪਾਰਲੀਮੈਂਟ ਤੋਂ ਲੈ ਕੇ ਸੂਬਿਆਂ ਦੀਆਂ ਵਿਧਾਨ ਸਭਾਵਾਂ ਤੱਕ, ਮਨੁੱਖੀ ਹੱਕਾਂ ਨਾਲ ਜੁੜੇ ਲੋਕਾਂ ਦੇ ਪ੍ਰਤੀਨਿਧ ਅਕਸਰ ਕਰਦੇ ਹਨ। ਸਿੱਖ ਨਸਲਕੁਸ਼ੀ 1984 ਦੇ ਦੁਖਾਂਤ ਨੂੰ ਯਾਦ ਕਰਦਿਆਂ ਕੈਨੇਡਾ ਵਿਚ ਸਿੱਖਾਂ ਵੱਲੋਂ ਖ਼ੂਨਦਾਨ ਲਹਿਰ ਰਾਹੀਂ ਇਤਿਹਾਸਕ ਸੇਵਾ 27ਵੇਂ ਵਰ੍ਹੇ ਦੀਆਂ ਬਰੂਹਾਂ 'ਤੇ ਪਹੁੰਚ ਚੁੱਕੀ ਹੈ। ਇਸ ਮੁਹਿੰਮ ਨਾਲ ਕੈਨੇਡਾ ਦੀ ਧਰਤੀ 'ਤੇ ਹੁਣ ਤੱਕ ਖ਼ੂਨਦਾਨ ਰਾਹੀਂ  2 ਲੱਖ ਤੋਂ ਵੱਧ ਜਾਨਾਂ ਬਚਾਈਆਂ ਜਾ ਚੁੱਕੀਆਂ ਹਨ! ਦਰਅਸਲ ਕੈਨੇਡਾ ਭਰ 'ਚ ਇਹ ਉਪਰਾਲਾ 1999 'ਚ ਅਰੰਭ ਹੋਇਆ ਸੀ ਅਤੇ 31 ਅਕਤੂਬਰ 202 ਤੱਕ, 2 ਲੱਖ ਤੋਂ ਵੱਧ ਜਾਨਾਂ ਸਿੱਖ ਕੌਮ ਵਲੋਂ ਕੀਤੇ ਖੂਨਦਾਨ ਰਾਹੀਂ ਬਚਾਈਆਂ ਜਾ ਚੁੱਕੀਆਂ ਹਨ। ਵੈਨਕੂਵਰ, ਟਰਾਂਟੋ, ਮਾਂਟਰੀਅਲ, ਐਡਮਿੰਟਨ, ਕੈਲਗਰੀ, ਵਿਨੀਪੈੱਗ, ਸਰੀ, ਐਬਸਫੋਰਡ, ਕਲੋਨਾ, ਕੈਮਲੂਪਸ, ਵਿਲੀਅਮਸ ਲੇਕ, ਸਸਕੈਚਵਿਨ, ਵਿਕਟੋਰੀਆ ਅਤੇ ਕੈਨੇਡਾ ਦੀ ਰਾਜਧਾਨੀ ਔਟਵਾ ਤੱਕ ਇਸ ਲਹਿਰ 'ਚ ਲੋਕਾਂ ਨੇ ਬੇਮਿਸਾਲ ਉਤਸ਼ਾਹ ਵਿਖਾਇਆ ਹੈ। ਸੰਸਾਰ ਪੱਧਰ 'ਤੇ ਕੌਮੀ ਅਕਸ ਮਹਾਨ ਰੂਪ 'ਚ ਉਜਾਗਰ ਕਰਨ ਲਈ ਜਿਥੇ ਇਹ ਉਪਰਾਲਾ ਇਤਿਹਾਸਕ ਹੈ, ਉਥੇ 41 ਸਾਲ ਪਹਿਲਾਂ ਹੋਈ ਸਿੱਖ ਨਸਲਕੁਸ਼ੀ ਦੀ ਪੀੜਾ ਨੂੰ ਵੀ ਸੰਸਾਰ ਸਾਹਮਣੇ ਰੱਖਣ ਦਾ ਬਿਹਤਰੀਨ ਤਰੀਕਾ ਹੈ।
       ਅੱਜ ਜਦੋਂ ਸੰਸਾਰ ਭਰ ਵਿੱਚ ਸਿੱਖ ਕੌਮ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦਾ 350ਸਾਲਾਸ਼ਹੀਦੀ ਦਿਹਾੜਾ ਮਨਾਉਂਦਿਆਂ, ਜ਼ੁਲਮ ਖਿਲਾਫ ਗੁਰੂ ਸਾਹਿਬ ਵੱਲੋਂ ਉਠਾਈ ਆਵਾਜ਼ ਅਤਿ ਧਾਰਮਿਕ ਆਜ਼ਾਦੀ ਲਈ ਦਿੱਤੀ ਸ਼ਹਾਦਤ ਨੂੰ ਮਾਨਵਵਾਦ ਅਤੇ ਸਰਬੱਤ ਦੇ ਭਲੇ ਦਾ ਮੈਨੀਫੈਸਟੋ ਬਣਾ ਰਹੀ ਹੈ, ਉਦੋਂ ਸਾਰਿਆਂ ਨੂੰ ਮਿਲ ਕੇ ਭਾਰਤੀ ਹੁਕਮਰਾਨਾਂ ਦੇ ਜਬਰ-ਜ਼ੁਲਮ ਦੇ ਏਜੰਡੇ ਖ਼ਿਲਾਫ਼ ਲੜਨ ਦੀ ਲੋੜ ਹੈ। ਸਿੱਖ ਨਸਲਕੁਸ਼ੀ ਖ਼ਿਲਾਫ਼ ਖੂਨਦਾਨ ਮੁਹਿੰਮ ਕੇਵਲ ਸਿੱਖਾਂ ਲਈ ਇਨਸਾਫ਼ ਦੀ ਮੁਦਈ ਨਹੀਂ, ਬਲਕਿ ਦੇਸ਼ ਅੰਦਰ ਹੋਰਨਾਂ ਘੱਟ ਗਿਣਤੀਆਂ, ਮੂਲ ਵਾਸੀਆਂ, ਦੱਬੇ ਕੁਚਲੇ ਲੋਕਾਂ ਅਤੇ ਸਰਕਾਰੀ ਜਬਰ ਦਾ ਸ਼ਿਕਾਰ ਬਣ ਰਹੇ ਭਾਈਚਾਰਿਆਂ ਨਾਲ ਖੜ੍ਹਨ ਲਈ ਵੀ ਦ੍ਰਿੜ੍ਹ ਇਰਾਦੇ ਦੀ ਅਲੰਬਰਦਾਰ ਹੈ। ਇੱਥੋਂ ਤੱਕ ਕਿ ਸੰਸਾਰ ਦੇ ਕਿਸੇ ਵੀ ਕੋਨੇ 'ਚ ਹੋ ਰਹੇ ਜਬਰ-ਜ਼ੁਲਮ ਖਿਲਾਫ਼ ਸਿੱਖ ਕੌਮ ਵਲੋਂ ਆਵਾਜ਼ ਬੁਲੰਦ ਕਰਨਾ ਇਸ ਮੁਹਿੰਮ ਦਾ ਕੇਂਦਰ-ਬਿੰਦੂ ਹੈ।
       ਕੈਨੇਡੀਅਨ ਲੋਕ ਜਦੋਂ ਦੇਸ਼ 'ਚ ਥਾਂ-ਥਾਂ 'ਤੇ ਲੱਗੇ ਖੂਨਦਾਨ ਕੈਂਪਾਂ 'ਚ ਸਿੱਖਾਂ ਦੇ ਵਲੰਟੀਅਰ ਪਰਿਵਾਰਾਂ, ਯੂਨੀਵਰਸਿਟੀ 'ਚ ਪੜ੍ਹਦੇ ਨੌਜਵਾਨ ਲੜਕੇ-ਲੜਕੀਆਂ ਅਤੇ ਬੁੱਧੀਜੀਵੀਆਂ ਤੋਂ ਏਨੇ ਵੱਡੇ ਹੁੰਗਾਰੇ ਦਾ ਕਾਰਨ ਪੁਛਦੇ ਹਨ, ਤਾਂ ਸਭ ਨੂੰ ਇੱਕੋ ਹੀ ਜਵਾਬ ਮਿਲਦਾ ਹੈ ਕਿ 'ਸਰਬੱਤ ਦਾ ਭਲਾ' ਮੰਗਣ ਵਾਲੀ ਕੌਮ ਖੂਨ ਲੈਣ 'ਚ ਨਹੀਂ, ਖੂਨ ਦੇਣ 'ਚ ਵਿਸ਼ਵਾਸ ਰੱਖਦੀ ਹੈ। ਇਸ ਲਹਿਰ ਨੇ ਕੈਨੇਡਾ ਭਰ ਦੇ ਮੀਡੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ, ਜਿਸ ਦੌਰਾਨ ਸਿੱਖਾਂ ਨੇ ਵੱਡੀ ਗਿਣਤੀ 'ਚ ਖੂਨਦਾਨ ਕਰਦਿਆਂ ਨਾ ਸਿਰਫ਼ ਜਾਨਾਂ ਹੀ ਬਚਾਈਆਂ ਹਨ, ਸਗੋਂ ਭਾਈ ਘਨ੍ਹਾਈਆ ਅਤੇ ਭਗਤ ਪੂਰਨ ਸਿੰਘ ਦੇ ਮਾਨਵੀ ਸੇਵਾ ਦੇ ਸੁਨੇਹੇ ਨੂੰ ਹੋਰਨਾਂ ਕੌਮਾਂ ਤੱਕ ਵੀ ਪਹੁੰਚਾਇਆ ਹੈ।  
       ਅਜਿਹੀਆਂ ਅਨੇਕਾਂ ਮਿਸਾਲਾਂ ਹਨ, ਜਿਨ੍ਹਾਂ ਦੌਰਾਨ ਜਿੱਥੇ ਵੀ ਮਨੁੱਖਤਾ ਨੂੰ ਖੂਨ ਦੀ ਲੋੜ ਪਈ, ਤਾਂ ਸਿੱਖ ਕੌਮ ਨੇ ਸਭ ਤੋਂ ਅੱਗੇ ਹੋ ਕੇ ਹੱਦਾਂ-ਸਰਹੱਦਾਂ, ਰੰਗ-ਨਸਲ, ਜਾਤ- ਫ਼ਿਰਕੇ ਨੂੰ ਇਕ ਪਾਸੇ ਰੱਖਦਿਆਂ ਖੂਨਦਾਨ ਦੀ ਲਹਿਰ ਚਲਾਉਂਦਿਆਂ ਹੋਇਆਂ ਅਣਗਿਣਤ ਜਾਨਾਂ ਬਚਾਈਆਂ। ਕੈਨੇਡਾ ਦੇ ਕਈ ਹਾਈਵੇਅ ਅਤੇ ਰਾਸ਼ਟਰੀ ਮਾਰਗਾਂ 'ਤੇ ਨਵੰਬਰ ਮਹੀਨੇ ਖੂਨਦਾਨ ਕਰਕੇ ਜਾਨਾਂ ਬਚਾਉਣ ਦਾ ਸੁਨੇਹਾ ਦੇਣ ਦੀ ਪਿਰਤ ਕਾਫ਼ੀ ਸਮੇਂ ਤੋਂ ਜਾਰੀ ਹੈ। ਖੂਨ ਡੋਲ੍ਹ ਕੇ ਅਤੇ ਜਾਨਾਂ ਲੈ ਕੇ ਜ਼ੁਲਮ ਕਰਨ ਵਾਲਿਆਂ ਦੀ ਕੋਹਝੀ ਅਸਲੀਅਤ ਦੁਨੀਆ ਅੱਗੇ ਰੱਖਣ ਦਾ ਇਸ ਤੋਂ ਬਿਹਤਰੀਨ ਢੰਗ ਕੀ ਹੋ ਸਕਦਾ ਹੈ ਕਿ ਨਸਲਕੁਸ਼ੀ ਦੀ ਪੀੜ੍ਹਤ ਸਿੱਖ ਕੌਮ ਨਾਲ ਸਬੰਧਤ ਲੋਕ, ਅੱਜ ਵੀ ਜਦੋ-ਜਹਿਦ ਕਰਦੇ ਖ਼ੂਨਦਾਨ ਦੇ ਕੇ ਲੱਖਾਂ ਜਾਨਾਂ ਬਚਾ ਰਹੇ ਹਨ। ਇਹ ਨਸਲਕੁਸ਼ੀ ਕਿਉਂ ਅਤੇ ਕਿਵੇਂ ਹੈ, ਇਸ ਬਾਰੇ ਕਾਵਿਕ ਸ਼ਬਦ ਹਨ ;
"ਨਸਲਕੁਸ਼ੀ"
ਜਦ ਸੱਤਾ ਦੇ ਸਿੰਘਾਸਣ ਉੱਪਰ
ਆ ਬੈਠਣ ਆਦਮਖ਼ੋਰ
ਦਹਾੜਨ ਲਹੂ ਪਿਆਸੇ ਮੁਕੱਦਮ
ਆਦਮ-ਬੋ ਕਰ ਰਹੀ ਹੋਵੇ ਜਨੂੰਨੀ ਭੀੜ
ਸਭ ਸ਼ੈਤਾਨ ਟੁੱਟ ਪੈਣ ਬੇਗੁਨਾਹਾਂ 'ਤੇ
ਖੇਡਣ ਲਾਚਾਰ ਅਤੇ ਬੇਵੱਸਾਂ ਦੀ
ਖ਼ੂਨ ਦੀ ਹੋਲੀ
ਅਤੇ ਧਰਤ ਭਾਰਤ ਦੀ
ਥਾਂ-ਥਾਂ ਹੋ ਜਾਏ ਲਹੂ-ਲੁਹਾਣ....
ਹੋਰ ਕਿਸਨੂੰ ਆਖੋਗੇ ਨਸਲਕੁਸ਼ੀ?

ਜਦ ਰੱਖਿਅਕ ਹੀ ਬਣ ਜਾਣ ਭੱਖਿਅਕ
ਘੜਨ ਸਾਜਿਸ਼ ਖੁਰਾ-ਖੋਜ ਮਿਟਾਉਣ ਦੀ
ਕਰਨ ਜਨੂੰਨੀਆਂ ਦੀ ਪੁਸ਼ਤ-ਪਨਾਹੀ
ਦੇਣ ਖੁੱਲ੍ਹ ਮੌਤ ਦੇ ਤਾਂਡਵ ਦੀ
ਦਿਸੇ ਜਿਥੇ ਵੀ 'ਖਾਸ' ਨਸਲ ਦਾ ਸ਼ਖਸ
ਜਿਉਂਦੇ-ਜੀ ਸਾੜਨ ਸ਼ਰੇ-ਬਾਜ਼ਾਰ
ਨਾ ਬਖ਼ਸ਼ਣ ਉਸਦਾ ਘਰ ਪਰਿਵਾਰ...
ਹੋਰ ਕਿਸਨੂੰ ਆਖੋਗੇ ਨਸਲਕੁਸ਼ੀ?

ਜਦ ਸਰਕਾਰੀ ਅੱਤਵਾਦ ਦਾ ਹੋਵੇ ਨੰਗਾ-ਨਾਚ
ਆਕਾਸ਼ ਨੂੰ ਛੂਹ ਜਾਣ ਜਨੂੰਨੀ ਨਾਹਰਿਆਂ ਦੇ ਭਾਂਬੜ
'ਮਖੌਟਾਧਾਰੀ ਨਕਲਚੀ' ਪਾਵੇ ਬਲਦੀ 'ਤੇ ਤੇਲ
ਤੇ ਚੀਖ- ਚੀਖ ਆਖੇ 'ਖੂਨ ਦਾ ਬਦਲਾ ਖੂਨ'
ਇੱਕ- ਦੋ ਨਹੀਂ ਸੈਂਕੜੇ -ਹਜ਼ਾਰਾਂ ਦਾ ਖੂਨ
ਬੁੱਢੀ ਮਾਂ ਦਾ ਖੂਨ
ਬਿਰਧ ਬਾਪ ਦਾ ਖੂਨ
ਜਵਾਨ ਪੁੱਤ ਦਾ ਖੂਨ
ਮੁਟਿਆਰ ਧੀ ਦਾ ਖੂਨ
ਅਣਜੰਮੇ ਜੀਅ ਦਾ ਖੂਨ....
'ਇਕੋ ਸ਼ਕਲ' ਦਾ ਖੂਨ,
'ਇਕੋ ਨਸਲ' ਦਾ ਖੂਨ...
ਦੱਸੋ ਹੋਰ ਕਿਸਨੂੰ ਆਖੋਗੇ ਨਸਲਕੁਸ਼ੀ?

ਜਦ ਨਿਸ਼ਾਨਾ ਬਣੇ 'ਇੱਕ ਹੀ ਕੌਮ'
ਅਰਥਹੀਣ ਹੋ ਜਾਏ ਇਹ ਤਰਕ ਕਿ
ਕਿਹੜੀ ਹੈ ਉਸਦੀ ਸਿਆਸੀ ਜਮਾਤ?
ਕਿਹੜੀ ਹੈ ਉਸਦੀ ਵਿਚਾਰਧਾਰਾ?
ਕਿਹੜਾ ਹੈ ਉਸਦਾ ਵਪਾਰ-ਕਾਰੋਬਾਰ?
ਕੀ ਉਹ ਹੈ ਆਸਤਿਕ ਜਾਂ ਨਾਸਤਿਕ?
ਕੀ ਉਹ ਹੈ ਅਕਾਲੀ ਜਾਂ ਕਾਂਗਰਸੀ?
ਕੀ ਉਹ ਹੈ ਸੱਜੇਪੱਖੀ ਜਾਂ ਖੱਬੇਪੱਖੀ?
ਕੀ ਉਹ ਹੈ ਕਲੀਨਸ਼ੇਵ ਜਾਂ ਅੰਮ੍ਰਿਤਧਾਰੀ?
ਕੀ ਉਹ ਹੈ ਮਿਸ਼ਨਰੀ ਜਾਂ ਟਕਸਾਲੀ?
ਕੀ ਉਹ ਹੈ ਫੰਡਮੈਂਟਲਿਸਟ ਜਾਂ ਮਾਡਰੇਟ?
ਉਹ ਹੋਏ ਚਾਹੇ ਕਿਸੇ ਵੀ ਸ਼ਕਲ-ਸੂਰਤ 'ਚ
ਉਸ ਦੀ ਹੋਂਦ ਮਿਟਾਉਣ ਲਈ ਬੱਸ ਏਨਾ ਹੀ ਕਾਫੀ
ਕਿ ਉਹ ਹੈ ਸਰਬੱਤ ਦਾ ਭਲਾ ਮੰਗਣ ਵਾਲਾ 'ਸਿੱਖ'
ਉਸ ਦੀ ਅਲਖ ਮੁਕਾਉਣ ਲਈ ਬੱਸ ਏਨਾ ਹੀ ਬਹੁਤ ਕਿ
ਉਹ ਹੈ ਪੰਜਾਬ ਦਾ ਜਾਇਆ, ਗੁਰਮੁੱਖੀ ਦਾ ਪੁੱਤਰ
ਉਸ ਦੇ ਕਤਲ ਲਈ ਬੱਸ ਏਨੀ ਪਛਾਣ ਹੀ ਬਹੁਤ ਕਿ
ਉਸਨੇ ਹੱਥ 'ਚ ਪਹਿਨਿਆ ਹੈ 'ਕੜਾ'...
ਹੋਰ ਕਿਸਨੂੰ ਆਖੋਗੇ ਨਸਲਕੁਸ਼ੀ?

ਜਦ ਇੱਕ ਨਸਲ 'ਤੇ ਆ ਝਪਟਣ ਸਾਰੇ ਸ਼ੈਤਾਨ'
ਹੋਏ ਸਭ ਦਾ ਇਕ ਨਿਸ਼ਾਨਾ ਇਕ ਐਲਾਨ
ਹੈ ਮਿਟਾਉਣਾ ਸਿੱਖ ਕੌਮ ਦਾ ਨਾਮੋ-ਨਿਸ਼ਾਨ
ਇਕ ਕਹੇ 'ਜਦ ਡਿੱਗੇ ਵੱਡਾ ਰੁੱਖ,
ਤਾਂ ਕੰਬਦੀ ਹੈ ਧਰਤੀ'
ਦੂਜਾ ਕਹੇ 'ਪੀੜਤ ਖ਼ੁਦ ਹੀ ਹੈ ਦੋਸ਼ੀ
ਤੇ ਪੀੜਤ ਲਈ ਹੈ 'ਸਬਕ' ਵੱਡਾ ਰੁੱਖ ਡੇਗਣ ਦਾ
ਜਦ ਬਘਿਆੜਾਂ ਦੀ ਇੱਕ ਢਾਣੀ ਵਲੋਂ
ਲਹੂ ਪਿਆਸਾ ਭਿਅੰਕਰ ਰਾਜੀਵ
ਐਲਾਨ ਦਿੱਤਾ ਜਾਏ 'ਭਾਰਤ ਰਤਨ'
ਤੇ ਬਘਿਆੜਾਂ ਦੀ ਦੂਜੀ ਢਾਣੀ ਵਲੋਂ
ਕੱਟੜਪੰਥੀ ਨਾਨਾ ਦੇਸ਼ਮੁਖ
ਐਲਾਨ ਦਿੱਤਾ ਜਾਏ 'ਭਾਰਤ ਰਤਨ'
ਤੇ ਜਿਹੜੇ ਚੜ੍ਹ ਗਏ ਫਾਂਸੀਆਂ,
ਭੇਜੇ ਗਏ ਕਾਲੇਪਾਣੀਆਂ ਨੂੰ,
ਉਡਾਏ ਗਏ ਤੋਪਾਂ ਸਾਹਵੇਂ,
ਡੱਕੇ ਗਏ ਜੇਲ੍ਹਾਂ ਦੀਆਂ ਸਲਾਖਾਂ ਪਿਛੇ,
ਸ਼ਹੀਦ ਹੋਏ ਹੱਦਾ-ਸਰਹੱਦਾਂ ਦੀ ਰਾਖੀ ਕਰਦਿਆਂ,
ਉਨ੍ਹਾਂ ਨੂੰ ਮਿਲੇ ਇਹ 'ਇਨਾਮ'..
ਨਸਲਕੁਸ਼ੀ! ਨਸਲਕੁਸ਼ੀ!! ਨਸਲਕੁਸ਼ੀ!!!
      ਸਿਤਮਜ਼ਰੀਫੀ ਦੀ ਇਸ ਤੋਂ ਵੱਡੀ ਮਿਸਾਲ ਕੀ ਹੋਵੇਗੀ ਕਿ ਹਜ਼ਾਰਾਂ ਬੇਕਸੂਰ ਸਿੱਖਾਂ ਦੇ ਕਤਲੇਆਮ ਦੀ ਕਾਂਗਰਸ ਆਗੂ ਤੇ ਦੇਸ਼ ਦਾ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਵੱਡੇ ਦਰਖਤ ਦੇ ਡਿਗਣ 'ਤੇ ਧਰਤੀ ਕੰਬਣ ਨਾਲ ਤੁਲਣਾ ਕਰ ਰਿਹਾ ਹੋਵੇ। ਦੂਜੇ ਪਾਸੇ ਦੇਸ਼ ਦੀ ਫਿਰਕੂ ਜਥੇਬੰਦੀ ਆਰਐਸਐਸ ਦਾ ਵੱਡਾ ਆਗੂ ਨਾਨਾ ਜੀ ਦੇਸ਼ਮੁੱਖ ਸਿੱਖ ਕਤਲੇਆਮ ਦੇ ਦੋਸ਼ ਸਿੱਖਾਂ ਦੇ ਹੀ ਸਿਰ ਮੜਦਾ ਹੋਇਆ, ਸਿੱਖ ਕੌਮ ਨੂੰ 'ਸਬਕ ਲੈਣ' ਦੀ ਨਸੀਹਤ ਦੇ ਰਿਹਾ ਹੋਵੇ ਅਤੇ ਅਜਿਹੀ ਨਸਲਕੁਸ਼ੀ ਨੂੰ ਆਪਣੀ ਸੌੜੀ ਸੋਚ ਅਧੀਨ ਜਾਇਜ਼ ਠਹਿਰਾ ਰਿਹਾ ਹੋਵੇ। ਜੇਕਰ ਅਜਿਹੇ ਲੋਕ 'ਭਾਰਤ ਰਤਨ' ਵਰਗੇ ਦੇਸ਼ ਦੇ ਸਭ ਤੋਂ ਵੱਡੇ ਅਖੌਤੀ ਪੁਰਸਕਾਰਾਂ ਨਾਲ ਸਨਮਾਨੇ ਜਾਂਦੇ ਹਨ, ਤਾਂ ਫਿਰ ਸਭ ਤੋਂ ਵੱਧ ਫਾਂਸੀ ਚੜ੍ਹਨ ਵਾਲੇ, ਕਾਲੇਪਾਣੀ ਦੀਆਂ ਸਜ਼ਾ ਕੱਟਣ ਵਾਲੇ, ਉਮਰ ਕੈਦਾਂ ਭੋਗਣ ਵਾਲੇ ਅਤੇ ਜਾਨਾਂ ਕੁਰਬਾਨ ਕਰਨ ਵਾਲੇ ਸ਼ਹੀਦ ਸਿੱਖ ਅਤੇ ਸੱਚੇ ਸੁੱਚੇ ਸੂਰਬੀਰ ਤਾਂ 'ਦੇਸ਼ ਧਰੋਹੀ' ਹੀ ਕਹੇ ਜਾ ਸਕਦੇ ਹਨ। ਅਫ਼ਸੋਸ ਇਸ ਗੱਲ ਦਾ ਹੈ ਕਿ ਇਸ ਹਮਾਮ 'ਚ ਸਾਰੇ ਹੀ ਨੰਗੇ ਹਨ। ਜੇਕਰ ਕਾਂਗਰਸ ਨੇ ਦਰਬਾਰ ਸਾਹਿਬ 'ਤੇ ਹਮਲਾ ਕੀਤਾ, ਤਾਂ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਹਲਾਸ਼ੇਰੀ ਦਿੱਤੀ। ਜੇ ਕਾਂਗਰਸ ਦੇ ਰਾਜ 'ਚ ਸਿੱਖ ਕਤਲੇਆਮ ਹੋਇਆ, ਤਾਂ ਭਾਜਪਾ ਦੇ ਰਾਜ 'ਚ ਮੁਸਲਿਮ ਵਿਰੋਧੀ ਕਤਲੇਆਮ ਹੋਇਆ।
       ਅੱਜ ਇਹ ਅਤਕਥਨੀ ਨਹੀਂ ਕਿ ਕੈਨੇਡਾ ਤੋਂ ਅਰੰਭ ਹੋਏ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੇ ਸੰਤਾਪ ਨੂੰ ਕੌਮਾਂਤਰੀ ਮੰਚ ਤੇ ਮਹਾਂ-ਦੁਖਾਂਤ ਦੇ ਰੂਪ ਵਿੱਚ ਪੇਸ਼ ਕਰਨ ਵਾਲੀ  ਖ਼ੂਨਦਾਨ   ਲਹਿਰ ਅਸਟ੍ਰੇਲੀਆ, ਅਮਰੀਕਾ, ਫਰਾਂਸ, ਇੰਗਲੈਂਡ ਅਤੇ ਦੁਨੀਆ ਦੇ ਕਰੀਬ 122 ਦੇਸ਼ਾਂ 'ਚ ਫੈਲ ਚੁੱਕੀ ਹੈ। ਉਹ ਦਿਨ ਦੂਰ ਨਹੀਂ ਜਦੋਂ ਯੂਨਾਇਟਡ ਨੇਸ਼ਨ 'ਚ ਮਨੁੱਖੀ ਅਧਿਕਾਰਾਂ ਲਈ ਸਮਰਪਿਤ ਕਾਰਜਾਂ ਦੀ ਸੂਚੀ 'ਚ ਸਿੱਖ ਕੌਮ ਦੀ ਖੂਨਦਾਨ ਲਹਿਰ ਦਾ ਜ਼ਿਕਰਯੋਗ ਥਾਂ ਹੋਵੇਗਾ।
        ਸਯੰਕਤ ਰਾਸ਼ਟਰ 'ਚ ਜਦੋਂ ਕਿਤੇ ਮਾਨਵਵਾਦੀ ਸੇਵਾ ਦੇ ਮਹਾਨ ਕਾਰਜ ਦੀ ਗੱਲ ਤੁਰੇਗੀ, ਉਦੋਂ ਹੀ ਨਵੰਬਰ ਉਨੀ ਸੌ ਚੁਰਾਸੀ ਵਿੱਚ ਭਾਰਤ ਅੰਦਰ ਹਜ਼ਾਰਾਂ ਬੇਕਸੂਰ ਸਿੱਖਾਂ ਦੇ ਲਹੂ ਡੋਲਣ ਵਾਲਿਆਂ ਨੂੰ ਲਾਹਣਤਾਂ ਵੀ ਪਾਈਆਂ ਜਾਣਗੀਆਂ ਅਤੇ 41 ਸਾਲਾਂ ਮਗਰੋਂ ਵੀ ਕਾਤਲਾਂ ਨੂੰ ਸਜ਼ਾਵਾਂ ਨਾ ਦੇਣ ਲਈ ਭਾਰਤ ਦੀਆਂ ਹੁਣ ਤੱਕ ਦੀਆਂ ਸਰਕਾਰਾਂ ਨੂੰ ਸ਼ਰਮਸਾਰ ਹੋਣਾ ਪਵੇਗਾ। ਕੈਨੇਡਾ ਦੀ ਧਰਤੀ 'ਤੇ ਖੂਨਦਾਨ ਦੀ ਮੁਹਿੰਮ ਚਲਾਉਣ ਵਾਲੀ ਮਹਾਨ ਵਿਚਾਰਧਾਰਾ ਉਕਤ ਸਾਰੇ ਦੋਸ਼ੀਆਂ ਨੂੰ ਸਜ਼ਾਵਾਂ ਲਈ ਦ੍ਰਿੜ ਹੈ। ਇੱਕ ਦਿਨ ਜ਼ਰੂਰ ਆਵੇਗਾ, ਜਦੋਂ ਕੌਮਾਂਤਰੀ ਭਾਈਚਾਰਾ ਇਨਸਾਫ਼ ਲਈ 'ਹਾਅ ਦਾ ਨਾਅਰਾ' ਮਾਰੇਗਾ।
          ਅੱਜ ਲੋੜ ਇਸ ਗੱਲ ਦੀ ਹੈ ਕਿ ਕੌਮ ਦੇ ਚਿੰਤਕ ਅਤੇ ਵਿਦਵਾਨ ਆਪਣਾ ਫਰਜ਼ ਪਛਾਣਦੇ ਹੋਏ ਮਹਾਨ ਉਪਰਾਲਿਆਂ ਨੂੰ ਉਤਸ਼ਾਹਿਤ ਕਰਨ ਅਤੇ ਸਥਾਪਤੀ ਦੀ ਧੱਕੇਸ਼ਾਹੀ ਖਿਲਾਫ਼ ਲਿਖਣ। ਸਿੱਖ ਕੌਮ ਦੇ ਅਕਸ ਨੂੰ ਜੇਕਰ ਸਾਡਾ ਮੀਡੀਆ ਦੁਨੀਆ ਸਾਹਮਣੇ ਸਹੀ ਰੂਪ ਵਿੱਚ ਪੇਸ਼ ਕਰੇਗਾ, ਤਾਂ ਕੌਮ ਦੀ ਪਨੀਰੀ ਇਸ ਪਾਸੇ ਵੱਲ ਹੋਰ ਵੀ ਰੁਚਿਤ ਹੋਵੇਗੀ। ਅਜਿਹੇ ਮੌਕੇ 'ਤੇ ਸਹਿਣ ਸ਼ਕਤੀ, ਪਰਉਪਕਾਰ ਅਤੇ ਮਾਨਵੀ ਹੱਕਾਂ ਪ੍ਰਤੀ ਚੇਤਨਾ ਮੂਲ ਸਰੋਕਾਰ ਬਣ ਕੇ ਕੌਮ ਦੀ ਸਰਬੱਤ ਦੇ ਭਲੇ ਦੀ ਅਰਦਾਸ ਮਨਜ਼ੂਰ ਕਰਵਾਉਣਗੇ।
        ਸਿੱਖ ਨਸਲਕੁਸ਼ੀ ਖ਼ਿਲਾਫ਼  ਖ਼ੂਨਦਾਨ   ਮੁਹਿੰਮ ਕੇਵਲ ਸਿੱਖਾਂ ਲਈ ਇਨਸਾਫ਼ ਦੀ ਮੁਦਈ ਨਹੀਂ, ਬਲਕਿ ਦੇਸ਼ ਅੰਦਰ ਹੋਰਨਾਂ ਘੱਟ ਗਿਣਤੀਆਂ, ਮੂਲ ਵਾਸੀਆਂ, ਦੱਬੇ ਕੁਚਲੇ ਲੋਕਾਂ ਅਤੇ ਸਰਕਾਰੀ ਜਬਰ ਦਾ ਸ਼ਿਕਾਰ ਬਣ ਰਹੇ ਭਾਈਚਾਰਿਆਂ ਨਾਲ ਖੜ੍ਹਨ ਲਈ ਵੀ ਦ੍ਰਿੜ੍ਹ ਇਰਾਦੇ ਦੀ ਅਲੰਬਰਦਾਰ ਹੈ। ਇੱਥੋਂ ਤੱਕ ਕਿ ਸੰਸਾਰ ਦੇ ਕਿਸੇ ਵੀ ਕੋਨੇ 'ਚ ਹੋ ਰਹੇ ਜਬਰ-ਜ਼ੁਲਮ ਖਿਲਾਫ਼ ਸਿੱਖ ਕੌਮ ਵਲੋਂ ਆਵਾਜ਼ ਬੁਲੰਦ ਕਰਨਾ ਇਸ ਮੁਹਿੰਮ ਦਾ ਕੇਂਦਰ-ਬਿੰਦੂ ਹੈ।
          ਆਓ, ਇਨਸਾਨੀਅਤ ਦਾ ਘਾਣ ਕਰਨ ਵਾਲੀਆਂ ਸਰਕਾਰਾਂ ਅਤੇ ਨਸਲਕੁਸ਼ੀ ਦੇ ਦੋਸ਼ੀਆਂ ਖਿਲਾਫ਼, ਸਿੱਖ ਕੌਮ ਵੱਲੋਂ ਆਰੰਭੀ  ਖ਼ੂਨਦਾਨ   ਮੁਹਿੰਮ ਦਾ ਹਿੱਸਾ ਬਣੀਏ ਅਤੇ ਸੰਸਾਰ ਵਿੱਚ 'ਨਾ ਡਰੋ ਨਾ ਡਰਾਓ' ਅਤੇ 'ਜੀਓ ਅਤੇ ਜਿਓਣ ਦਿਓ' ਦੇ ਮਹਾਨ ਸੰਕਲਪ ਦੇ ਧਾਰਨੀ ਹੋ ਕੇ, 'ਸਰਬੱਤ' ਦੇ ਹੱਕਾਂ ਦੇ ਪਹਿਰੇਦਾਰ ਬਣੀਏ।

113ਵੇਂ ਸਥਾਪਨਾ ਵਰ੍ਹੇ 'ਤੇ ਵਿਸ਼ੇਸ਼ ਅਮਰੀਕਾ ਵਿੱਚ ਸਿੱਖਾਂ ਦੀ ਪਹਿਲੀ ਸੰਸਥਾ : ਪੈਸੇਫਿਕ ਕੋਸਟ ਖ਼ਾਲਸਾ ਦੀਵਾਨ ਸੁਸਾਇਟੀ ਸਟਾਕਟਨ, ਕੈਲੀਫੋਰਨੀਆ - ਡਾ ਗੁਰਵਿੰਦਰ ਸਿੰਘ

ਅਮਰੀਕਾ ਵਿੱਚ ਸਿੱਖਾਂ ਦੀ ਪਹਿਲੀ ਸੰਸਥਾ ਪੈਸੇਫਿਕ ਕੋਸਟ ਖ਼ਾਲਸਾ ਦੀਵਾਨ ਸੁਸਾਇਟੀ ਸਟਾਕਟਨ ਗੁਰਦੁਆਰਾ ਸਾਹਿਬ ਦੀ ਸਥਾਪਨਾ 1912 ਵਿਚ ਕੀਤੀ ਗਈ। ਸਿੱਖੀ ਵਿਰਸੇ, ਗੁਰਬਾਣੀ ਦੀ ਪ੍ਰੇਰਨਾ ਅਤੇ ਜ਼ੁਲਮ ਖ਼ਿਲਾਫ਼ ਲੜਨ ਦੀ ਭਾਵਨਾ ਗਦਰੀ ਬਾਬਿਆਂ ਨੂੰ ਆਰੰਭ ਵਿਚ ਇੱਥੋਂ ਹੀ ਮਿਲੀ, ਜਿਸ ਨੇ ਅੱਗੇ ਜਾ ਕੇ ਗ਼ਦਰ ਲਹਿਰ ਨੂੰ ਜਨਮ ਦਿੱਤਾ। ਇਉਂ ਗ਼ਦਰ ਪਾਰਟੀ, ਗ਼ਦਰ ਲਹਿਰ ਅਤੇ ਗ਼ਦਰ ਅਖ਼ਬਾਰ ਦੀ ਪ੍ਰੇਰਨਾ-ਸਰੋਤ ਖ਼ਾਲਸਾ ਦੀਵਾਨ ਸੁਸਾਇਟੀ ਸਟਾਕਟਨ ਹੋ ਨਿਬੜਦੀ ਹੈ। ਦਰਅਸਲ ਉੱਤਰੀ ਅਮਰੀਕਾ ਦੀ ਧਰਤੀ 'ਤੇ ਪੰਜਾਬੀ ਵੀਹਵੀਂ ਸਦੀ ਦੇ ਆਰੰਭ ਵਿੱਚ ਵਸਣੇ ਸ਼ੁਰੂ ਹੋਏ। ਬੇਸ਼ੱਕ ਉਨ੍ਹਾਂ ਦਾ ਆਉਣਾ ਰੋਜ਼ੀ-ਰੋਟੀ ਦੀ ਭਾਲ ਦਾ ਮਸਲਾ ਬਣਿਆ, ਪਰ ਕੈਨੇਡਾ ਅਤੇ ਅਮਰੀਕਾ ਆ ਕੇ ਉਨ੍ਹਾਂ ਮਿਹਨਤ-ਮੁਸ਼ੱਕਤ ਨਾਲ ਨਵੇਂ ਇਤਿਹਾਸ ਸਿਰਜ ਦਿੱਤੇ। ਪੈਸੇਫਿਕ ਰੇਲਵੇ ਲਈ ਲਾਈਨਾਂ ਵਿਛਾਉਣ, ਖਾਣਾਂ ਵਿਚੋਂ ਧਾਤਾਂ ਲਈ ਖੁਦਾਈ ਕਰਨ ਅਤੇ ਜੰਗਲ ਕੱਟਣ ਆਦਿ ਦੇ ਸਖ਼ਤ ਕੰਮਾਂ ਨੂੰ ਪੰਜਾਬੀਆਂ ਨੇ ਚੁਣੌਤੀ ਸਹਿਤ ਅਪਣਾਇਆ। ਉਨ੍ਹਾਂ ਆਪਣੀ ਰਿਹਾਇਸ਼ ਘੋੜਿਆਂ ਦੀਆਂ ਬਾਰਨਾਂ ਅਤੇ ਬੰਕ ਹਾਊਸਾਂ ਵਿਚ ਕੀਤੀ ਅਤੇ ਅਨੇਕਾਂ ਮੁਸ਼ਕਿਲਾਂ ਦੇ ਬਾਵਜੂਦ ਹੌੌਂਸਲਾ ਨਾ ਹਾਰਿਆ।
ਨਸਲਵਾਦ ਅਤੇ ਬਸਤੀਵਾਦੀ ਦੈਂਤ ਨਾਲ ਲੜਦਿਆਂ ਹੋਇਆਂ ਵੀ ਮੋਢੀ ਸਿੱਖ ਆਗੂਆਂ ਨੇ ਕਦੇ ਹੌਂਸਲਾ ਨਾ ਛੱਡਿਆ ਅਤੇ ਸਦਾ ਚੜ੍ਹਦੀ ਕਲਾ ਵਿੱਚ ਰਹੇ। ਨਿੱਕੀਆਂ ਨਿੱਕੀਆਂ ਕੁੱਲੀਆਂ ਵਿਚ ਵਸਦੇ ਪੰਜਾਬੀਆਂ ਨੇ ਮਿਹਨਤ ਮੁਸ਼ੱਕਤ ਦੇ ਨਾਲ-ਨਾਲ, ਧਾਰਮਿਕ ਭਾਵਨਾ ਦੀ ਪੂਰਤੀ ਲਈ ਗੁਰਬਾਣੀ ਦਾ ਓਟ ਆਸਰਾ ਲੈ ਕੇ ਕਿਰਤ ਕਰਨ, ਵੰਡ ਛਕਣ ਅਤੇ ਨਾਮ ਜਪਣ ਦਾ ਉਪਦੇਸ਼ ਵਿਦੇਸ਼ਾਂ ਵਿਚ ਰਹਿੰਦਿਆਂ ਵੀ ਹਿਰਦੇ ਵਿਚ ਵਸਾਇਆ ਹੋਇਆ ਸੀ। ਤਨ ਦੀ ਖ਼ੁਰਾਕ ਲਈ ਜਿੱਥੇ ਰੁੱਖੀ-ਸੁੱਖੀ ਖਾ ਕੇ ਵੀ ਸਦਾ ਚੜ੍ਹਦੀ ਕਲਾ ਵਿਚ ਰਹਿੰਦੇ, ਉੱਥੇ ਆਤਮਾ ਦੀ ਖ਼ੁਰਾਕ ਵਜੋੋਂ ਗੁਰਬਾਣੀ ਦਾ ਆਸਰਾ ਲੈਣ ਲਈ ਭਾਈ ਅਰਜੁਨ ਸਿੰਘ ਮਲਿਕ ਵੱਲੋੋਂ 1904 ਵਿਚ ਕੈਨੇਡਾ ਦੀ ਧਰਤੀ ਤੇ ਪਹਿਲੀ ਵਾਰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਆ ਕੇ ਕੌਮੀ ਉਪਕਾਰ ਕੀਤਾ ਗਿਆ।
ਹੁਣ ਉਨ੍ਹਾਂ ਇਕ ਅਜਿਹੀ ਸਾਂਝੀ ਜੱਥੇਬੰਦੀ ਦੀ ਲੋੜ ਮਹਿਸੂਸ ਕੀਤੀ, ਜਿਸ ਰਾਹੀਂ ਧਾਰਮਿਕ ਭਾਵਨਾਵਾਂ ਦੇ ਨਾਲ-ਨਾਲ ਸਭਿਆਚਾਰਕ ਰਿਸ਼ਤਿਆਂ, ਸਮਾਜਿਕ ਸੰਬੰਧਾਂ ਅਤੇ ਭਾਸ਼ਾਈ ਸਾਂਝ ਦੀਆਂ ਲੋੜਾਂ ਪੂਰੀਆਂ ਕੀਤੀਆਂ ਜਾ ਸਕਣ। 22 ਜੁਲਾਈ 1906 ਨੂੰ ਕੈਨੇਡਾ ਦੀ ਧਰਤੀ ਤੇ "ਖਾਲਸਾ ਦੀਵਾਨ ਸੁਸਾਇਟੀ" ਵੈਨਕੂਵਰ ਜੱਥੇਬੰਦੀ ਦੀ ਨੀਂਹ ਰੱਖੀ ਗਈ, ਜਿਸ ਨੇ ਅੱਗੇ ਜਾ ਕੇ ਨਾ ਸਿਰਫ਼ ਸਿੱਖਾਂ ਲਈ ਧਾਰਮਿਕ ਮੰਚ ਹੀ ਪ੍ਰਦਾਨ ਕੀਤਾ, ਸਗੋਂ ਵਿਦੇਸ਼ਾਂ ਦੀ ਧਰਤੀ ਤੋੋਂ ਅਨਿਆਂ, ਜ਼ੁਲਮ, ਧੱਕੇਸ਼ਾਹੀ, ਬੇਇਨਸਾਫ਼ੀ ਅਤੇ ਅਣਮਨੁੱਖੀ ਵਰਤਾਰੇ ਖਿਲਾਫ਼ ਇਤਿਹਾਸਕ ਸੰਘਰਸ਼ ਨੂੰ ਵੀ ਜਨਮ ਦਿੱਤਾ।
ਇੱਥੇ ਇਹ ਦੱਸਣਾ ਵਾਜਬ ਹੋਏਗਾ ਕਿ ਖ਼ਾਲਸਾ ਦੀਵਾਨ ਸੰਸਥਾਂਵਾਂ ਦਾ ਜਨਮ ਸਿੰਘ ਸਭਾ ਲਹਿਰ ਦੇ ਵਿੱਚੋਂ ਹੋਇਆ ਹੈ। ਪਹਿਲਾਂ ਸੰਨ 1873 ਨੂੰ ਸਿੰਘ ਸਭਾ ਲਹਿਰ, ਸਿੱਖਾਂ ਦੀ ਪੁਨਰ-ਸੁਰਜੀਤੀ ਦੇ ਰੂਪ ਵਿੱਚ ਆਰੰਭ ਹੋਈ, ਜਿਸ ਨੇ ਸਮੇਂ ਦੇ ਈਸਾਈ ਮਿਸ਼ਨਰੀਆਂ ਅਤੇ ਆਰੀਆ ਸਮਾਜੀਆਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਦਿਆਂ, ਸਿੱਖਾਂ ਨੂੰ ਆਪਣੇ ਇਤਿਹਾਸ, ਵਿਰਸੇ ਅਤੇ ਗੁਰਬਾਣੀ ਨਾਲ ਜੁੜਨ ਲਈ ਉਤਸ਼ਾਹਤ ਕੀਤਾ। ਸਿੰਘ ਸਭਾ ਲਹਿਰ ਵਿੱਚੋਂ ਜਨਮੀਆਂ ਸੰਸਥਾਵਾਂ ਵਿੱਚੋਂ ਇੱਕ ਪ੍ਰਮੁੱਖ ਸੰਸਥਾ 'ਖ਼ਾਲਸਾ ਦੀਵਾਨ' ਸੀ, ਜਿਸ ਨੇ ਵਿੱਦਿਆ ਦਾ ਪ੍ਰਚਾਰ ਕੀਤਾ ਅਤੇ ਵਿਦੇਸ਼ਾਂ ਵਿੱਚ ਗੁਰਦੁਆਰੇ ਕਾਇਮ ਕਰਨ ਵਿਚ ਵੱਡੀ ਭੂਮਿਕਾ ਨਿਭਾਈ।
ਵੀਹਵੀਂ ਸਦੀ ਦੇ ਆਰੰਭ ਵਿੱਚ ਕੈਨੇਡਾ, ਅਮਰੀਕਾ, ਹਾਂਗਕਾਂਗ ਸਮੇਤ ਵੱਖ-ਵੱਖ ਦੇਸ਼ਾਂ 'ਚ ਸਥਾਪਤ ਹੋਏ ਮੁੱਢਲੇ ਗੁਰਦੁਆਰਿਆਂ ਦੇ ਨਾਂ 'ਖ਼ਾਲਸਾ ਦੀਵਾਨ' ਹੀ ਮਿਲਦੇ ਹਨ। ਇਹ ਗੁਰਦੁਆਰੇ ਅੱਗੇ ਜਾ ਕੇ ਦੇਸ਼ ਦੀ ਗੁਲਾਮੀ ਦੀਆਂ ਜ਼ੰਜੀਰਾਂ ਕੱਟਣ ਦਾ ਆਧਾਰ ਬਣੇ। ਇਹ ਵੀ ਸੱਚ ਹੈ ਕਿ ਸਿੰਘ ਸਭਾ ਲਹਿਰ 'ਚੋਂ ਪੈਦਾ ਹੋਏ ਇਕ ਧੜੇ ਦੀ ਸਰਕਾਰ ਪੱਖੀ ਸੋਚ ਅਤੇ ਚੀਫ਼ ਖ਼ਾਲਸਾ ਦੀਵਾਨ ਦੀ ਅੰਗਰੇਜ਼ਾਂ ਪੱਖੀ ਪਹੁੰਚ ਦਾ, ਕੈਨੇਡਾ ਅਮਰੀਕਾ ਆਦਿ ਦੀਆਂ ਖ਼ਾਲਸਾ ਦੀਵਾਨ ਜਥੇਬੰਦੀਆਂ ਨੇ ਸਖ਼ਤ ਵਿਰੋਧ ਕੀਤਾ ਸੀ।
ਖ਼ਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਸੇਵਾਦਾਰਾਂ ਵੱਲੋਂ, ਸਮੇਂ-ਸਮੇਂ ਦੀਆਂ ਸਰਕਾਰਾਂ ਖ਼ਿਲਾਫ਼ ਸਿੱਖ ਸੰਘਰਸ਼ ਦੇ ਯੋਧਿਆਂ ਦੀ, ਕੁਰਬਾਨੀ ਦੀ ਵਿਰਾਸਤ ਤੋਂ ਸੇਧ ਲੈ ਕੇ, ਵਤਨ ਨੂੰ ਅੰਗਰੇਜ਼ਾਂ ਦੀ ਗ਼ੁਲਾਮੀ ਤੋੋਂ ਮੁਕਤ ਕਰਵਾਉਣ ਲਈ ਜਨ-ਸ਼ਕਤੀ ਅਤੇ ਮਾਲੀ ਸਹਾਇਤਾ ਰਾਹੀਂ, ਆਜ਼ਾਦੀ ਦੀਆਂ ਲਹਿਰਾਂ ਦੀ ਅਗਵਾਈ ਕੀਤੀ ਜਾਂਦੀ ਰਹੀ।
ਇਸ ਵਿਚ ਕੋਈ ਅਤਿਕਥਨੀ ਨਹੀਂ ਕਿ ਸੰਨ 1906 ਵਿਚ ਵੈਨਕੂਵਰ ਸ਼ਹਿਰ ਅੰਦਰ ਪਹਿਲੀ ਕੇਂਦਰੀ ਸੰਸਥਾ 'ਖ਼ਾਲਸਾ ਦੀਵਾਨ ਸੁਸਾਇਟੀ' ਦੀ ਸਥਾਪਨਾ ਨੇ ਅਜਿਹੇ ਬੀਜ ਬੀਜੇ, ਜਿਨ੍ਹਾਂ ਸਦਕਾ ਮਗਰੋਂ ਗ਼ਦਰ ਪਾਰਟੀ, ਗ਼ਦਰ ਅਖ਼ਬਾਰ ਅਤੇ ਗ਼ਦਰ ਲਹਿਰ ਸਥਾਪਤ ਹੋਏ। ਦੂਸਰੇ ਸ਼ਬਦਾਂ ਵਿਚ ਕੈਨੇਡਾ ਦੇ ਮੋਢੀ ਸਿੱਖਾਂ ਦੀ ਪ੍ਰੇਰਨਾ ਸਦਕਾ ਹੀ ਅਮਰੀਕਾ ਵਿਚ ਅੱਧਾ ਦਹਾਕਾ ਮਗਰੋਂ ਗ਼ਦਰ ਲਹਿਰ ਦਾ ਮੁੱਢ ਬੱਝਿਆ। ਇੱਥੇ ਵਿਚਾਰਨ ਵਾਲੀ ਵੱਡੀ ਗੱਲ ਇਹ ਹੈ ਕਿ ਕਈ ਇਤਿਹਾਸਕਾਰ ਕੈਨੇਡਾ ਤੋਂ ਗੁਰਬਾਣੀ ਅਤੇ ਸਿੱਖ ਵਿਰਾਸਤ ਤੋਂ ਸੇਧ ਲੈ ਕੇ ਸ਼ੁਰੂ ਹੋਏ, ਨਸਲਵਾਦ ਅਤੇ ਬਸਤੀਵਾਦ ਵਿਰੋਧੀ ਅਤੇ ਆਜ਼ਾਦੀ ਦੇ ਹੱਕ ਦੇ ਸੰਘਰਸ਼ ਨੂੰ, ਗ਼ਦਰ ਪਾਰਟੀ ਦਾ ਸੰਘਰਸ਼ ਕਹਿ ਕੇ ਬਿਆਨਦੇ ਹਨ, ਜਦ ਕਿ ਗ਼ਦਰ ਪਾਰਟੀ ਤਾਂ ਉਸਤੋਂ ਕਈ ਵਰ੍ਹੇ ਮਗਰੋਂ ਕਾਇਮ ਹੁੰਦੀ ਹੈ। ਅਸੀਂ ਇਹ ਤਾਂ ਕਹਿ ਸਕਦੇ ਹਾਂ ਕਿ ਗ਼ਦਰ ਲਹਿਰ ਤੇ ਗ਼ਦਰ ਪਾਰਟੀ ਦੇ ਪ੍ਰੇਰਨਾ-ਸਰੋਤ ਕੈਨੇਡਾ ਦੇ ਸਿੱਖ ਯੋਧੇ ਸਨ, ਪਰ ਇਹ ਕਹਿਣਾ ਉਚਿਤ ਨਹੀਂ ਹੋਏਗਾ ਕਿ ਗ਼ਦਰ ਲਹਿਰ ਤੋਂ ਮੋਢੀ ਸਿੱਖ ਅਤੇ ਆਜ਼ਾਦੀ ਘੁਲਾਟੀਏ ਪ੍ਰੇਰਿਤ ਅਤੇ ਪ੍ਰਭਾਵਿਤ ਹੋਏ।
ਉੱਤਰੀ ਅਮਰੀਕਾ ਦੀ ਧਰਤੀ 'ਤੇ ਨਸਲਵਾਦ ਅਤੇ ਬਸਤੀਵਾਦ ਖ਼ਿਲਾਫ਼ ਲੜਨ ਵਾਲੇ ਮੋਢੀ ਸਿੱਖ ਯੋਧੇ ਭਾਈ ਭਾਗ ਸਿੰਘ ਭਿੱਖੀਵਿੰਡ, ਭਾਈ ਬਲਵੰਤ ਸਿੰਘ ਖੁਰਦਪੁਰ, ਭਾਈ ਮੇਵਾ ਸਿੰਘ ਲੋਪੋਕੇ, ਭਾਈ ਬਦਨ ਸਿੰਘ ਦਲੇਲ ਸਿੰਘ ਵਾਲਾ, ਬਾਬੂ ਹਰਨਾਮ ਸਿੰਘ ਸਾਹਰੀ, ਬੱਬਰ ਕਰਮ ਸਿੰਘ ਦੌਲਤਪੁਰ, ਭਾਈ ਈਸ਼ਰ ਸਿੰਘ ਢੁੱਡੀਕੇ, ਭਾਈ ਜਗਤ ਸਿੰਘ ਸੁਰ ਸਿੰਘ, ਬੱਬਰ ਹਰੀ ਸਿੰਘ ਸੂੰਢ, ਭਾਈ ਬੀਰ ਸਿੰਘ ਬਾਹੋਵਾਲ, ਬੱਬਰ ਕਰਮ ਸਿੰਘ ਝਿੰਗੜਾਂ, ਭਾਈ ਜਵੰਦ ਸਿੰਘ ਨੰਗਲ, ਭਾਈ ਉਤਮ ਸਿੰਘ ਹਾਂਸ ਅਤੇ ਭਾਈ ਮਿੱਤ ਸਿੰਘ ਪੰਡੋਰੀ ਸਮੇਤ ਅਨੇਕਾਂ ਸੂਰਮੇ, ਵੀਹਵੀਂ ਸਦੀ ਦੇ ਪਹਿਲੇ ਦਹਾਕੇ ਤੋਂ ਹੀ ਬਿ੍ਟਿਸ਼ ਸਾਮਰਾਜ ਦੀ ਗੁਲਾਮੀ ਅਤੇ ਵਿਦੇਸ਼ਾਂ 'ਚ ਹੋ ਰਹੇ ਨਸਲੀ ਵਿਤਕਰੇ ਖ਼ਿਲਾਫ਼ ਜੂਝਦੇ ਰਹੇ। ਉਨ੍ਹਾਂ ਬਰਾਬਰੀ ਤੇ ਆਜ਼ਾਦੀ ਲਈ ਸਰਕਾਰੀ ਜਬਰ ਨਾਲ ਟੱਕਰ ਲੈਂਦਿਆਂ ਆਜ਼ਾਦੀ ਦਾ ਮੁੱਢ ਬੰਨਿਆ |
ਚਿੱਟੇ ਨਸਲਵਾਦ ਦੀਆਂ ਅਮਰੀਕਾ ਅੰਦਰ ਵਾਪਰਨ ਵਾਲੀਆਂ ਪ੍ਰਮੁੱਖ ਘਟਨਾਵਾਂ 'ਚੋਂ ਬੈਲਿੰਗਹੈਮ 'ਚ 4 ਸਤੰਬਰ 1907 ਨੂੰ ਭਾਰਤੀਆਂ 'ਤੇ ਯੋਜਨਾਬੱਧ ਹਮਲਾ ਕਰਕੇ, ਸੈਂਕੜਿਆਂ ਦੀ ਗਿਣਤੀ 'ਚ ਉਨ੍ਹਾਂ ਨੂੰ ਸ਼ਹਿਰੋਂ ਬਾਹਰ ਕੱਢਣਾ ਅਤੇ ਪੋਰਟਲੈਂਡ ਨੇੜਲੀ ਸੈਂਟਜ਼ੋਨ ਮਿੱਲ 'ਚ ਅਮਰੀਕੀ ਮਜ਼ਦੂਰਾਂ ਵੱਲੋਂ ਹਮਲਾ ਕੀਤਾ ਜਾਣਾ ਅਤੇ ਪੁਲਿਸ ਵੱਲੋਂ ਰੱਖਿਆ ਦੇ ਪ੍ਰਬੰਧ ਨਾ ਕਰਨਾ ਆਜ਼ਾਦੀ ਲਈ ਹਲੂਣਾ ਪੈਦਾ ਕਰਨ ਵਾਲੇ ਤੱਤ ਕਹੇ ਜਾ ਸਕਦੇ ਹਨ | ਇਕ ਹੋਰ ਘਟਨਾ, ਜਿਸ ਦਾ ਜ਼ਿਕਰ ਗ਼ਦਰ ਪਾਰਟੀ ਦੇ ਪ੍ਰਧਾਨ ਬਾਬਾ ਸੋਹਨ ਸਿੰਘ ਭਕਨਾ ਆਪਣੀ ਆਤਮਕਥਾ 'ਜੀਵਨ ਸੰਗਰਾਮ' ਵਿਚ ਵੀ ਕਰਦੇ ਹਨ, ਅਨੁਸਾਰ ਇਕ ਵਾਰ ਸੰਤ ਤੇਜਾ ਸਿੰਘ ਮਸਤੂਆਣਾ ਕੈਨੇਡਾ ਤੋਂ ਅਮਰੀਕਾ ਉਨ੍ਹਾਂ ਕੋਲ ਪੁੱਜੇ | ਪੋਰਟਲੈਂਡ ਸ਼ਹਿਰ ਵਿਚ ਉਹ ਦੋਵੇਂ 'ਅਮਰੀਕਨ' ਹੋਟਲ 'ਚ ਖਾਣਾ ਖਾਣ ਪੁੱਜੇ, ਪਰ ਹੋਟਲ ਵਾਲਿਆਂ ਉਨ੍ਹਾਂ ਨੂੰ ਦਾਖ਼ਲ ਨਾ ਹੋਣ ਦਿੱਤਾ | ਇਸ ਤਰ੍ਹਾਂ ਹੀ ਉਹ ਕਿਸੇ ਮਿੱਲ 'ਚ ਕੰਮ ਲੈਣ ਵਾਸਤੇ ਗਏ ਤਾਂ ਸੁਪਰਡੈਂਟ ਨੇ ਕਿਹਾ, 'ਕੰਮ ਤਾਂ ਬਹੁਤ ਹੈ ਪਰ ਤੁਹਾਡੇ ਲਈ ਨਹੀਂ' | ਇਸ ਦਾ ਕਾਰਨ ਪੁੱਛਣ 'ਤੇ ਉਸ ਨੇ ਭਾਰਤ ਦੇਸ਼ ਦੀ ਆਬਾਦੀ ਬਾਰੇ ਪੁੱਛ ਲਿਆ | ਬਾਬਾ ਭਕਨਾ ਵਲੋਂ ਇਸ ਦਾ ਉੱਤਰ '30 ਕਰੋੜ' ਦਿੱਤੇ ਜਾਣ 'ਤੇ ਅੱਗਿਉਂ ਉਸ ਨੇ ਦੁਬਾਰਾ ਪੁੱਛਿਆ, '30 ਕਰੋੜ ਆਦਮੀ ਹਨ ਜਾਂ ਭੇਡਾਂ? ਜੇ ਤੁਸੀਂ 30 ਕਰੋੜ ਹੁੰਦੇ ਤਾਂ ਗੁਲਾਮ ਕਿਸ ਤਰ੍ਹਾਂ ਰਹਿੰਦੇ?'
ਦਰਅਸਲ ਇਨ੍ਹਾਂ ਘਟਨਾਵਾਂ ਨੇ ਹੀ ਅਜਿਹੇ ਹਾਲਾਤ ਪੈਦਾ ਕੀਤੇ ਕਿ ਉੱਤਰੀ ਅਮਰੀਕਾ 'ਚ ਖੁਸ਼ਹਾਲ ਜੀਵਨ ਜਿਊਣ ਲਈ ਆਏ ਗ਼ਦਰੀ ਬਾਬਿਆਂ ਨੇ ਆਪਣੇ ਸੁੱਖ-ਆਰਾਮ ਤਿਆਗ ਕੇ ਆਜ਼ਾਦੀ ਦੇ ਸੰਘਰਸ਼ ਦਾ ਰਾਹ ਅਪਣਾ ਲਿਆ | ਕੈਨੇਡਾ ਦੀਆਂ ਇਨਕਲਾਬੀ ਜੱਥੇਬੰਦੀਆਂ ਵੱਲੋਂ ਸਮੇਂ-ਸਮੇਂ ਕੱਢੇ ਗਏ ਪਰਚਿਆਂ ਤੋਂ ਪ੍ਰੇਰਨਾ ਲੈ ਕੇ ਅਤੇ ਵਿਸ਼ੇਸ਼ ਕਰ ਕੇ ਖ਼ਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੀ ਇਤਿਹਾਸਕ ਦੇਣ ਅਤੇ ਜਾਗਰੂਕ ਲਹਿਰ ਤੋਂ ਸੇਧ ਲੈ ਕੇ, ਅਮਰੀਕਾ ਵਿਚ ਅਜਿਹੇ ਅਮਲ ਅਧੀਨ ਬਾਬਾ ਬਿਸਾਖਾ ਸਿੰਘ ਦਦੇਹਰ ਅਤੇ ਬਾਬਾ ਜਵਾਲਾ ਸਿੰਘ ਠੱਠੀਆਂ ਨੇ ਉਥੇ ਵਸਦੇ ਇਨਕਲਾਬੀਆਂ ਨੂੰ ਜੱਥੇਬੰਦ ਕਰਨਾ ਆਰੰਭ ਕਰ ਦਿੱਤਾ।
ਖ਼ਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੀ ਤਰਜ਼ 'ਤੇ ਹੀ ਅਮਰੀਕਾ ਵਿੱਚ ਸਿੱਖਾਂ ਦੀ ਪਹਿਲੀ ਸੰਸਥਾ ਪੈਸੇਫਿਕ ਕੋਸਟ "ਖ਼ਾਲਸਾ ਦੀਵਾਨ ਸੁਸਾਇਟੀ" ਸਟੌਕਟਨ ਗੁਰਦੁਆਰਾ ਸਾਹਿਬ ਦੀ ਸਥਾਪਨਾ 1912 ਵਿਚ ਕੀਤੀ ਗਈ। ਵੈਨਕੂਵਰ ਵਰਗੀ ਕੌਮੀ ਜੱਥੇਬੰਦੀ ਖਾਲਸਾ ਦੀਵਾਨ ਸੁਸਾਇਟੀ ਕਾਇਮ ਹੋਣ ਮਗਰੋਂ, ਬਾਬਾ ਸੋਹਣ ਸਿੰਘ ਭਕਨਾ ਨੇ ਹੋਰਨਾਂ ਦੇਸ਼- ਭਗਤਾਂ ਨਾਲ ਮਿਲ ਕੇ ਅਤੇ ਆਜ਼ਾਦੀ- ਪਸੰਦ ਸਮੂਹ ਭਾਈਚਾਰਿਆਂ ਨੂੰ ਇਕ ਸੂਤਰ ਵਿਚ ਪਰੋਦਿਆਂ, 21 ਅਪ੍ਰੈਲ 1913 ਨੂੰ ਆਸਟਰੀਆ ਵਿਖੇ ‘ਹਿੰਦੀ ਐਸੋਸੀਏਸ਼ਨ ਆਫ਼ ਪੈਸੇਫਿਕ ਕੋਸਟ' ਨਾਂ ਦੀ ਜੱਥੇਬੰਦੀ ਕਾਇਮ ਕੀਤੀ, ਜਿਸ ਦਾ ਅੱਗੇ ਜਾ ਕੇ ਨਾਂ ‘ਗ਼ਦਰ ਪਾਰਟੀ ਮਸ਼ਹੂਰ ਹੋਇਆ। ਗ਼ਦਰ ਪਾਰਟੀ ਦੇ ਮੁੱਖ ਮੰਤਵ ਬਾਰੇ ਭਾਈ ਹਰਨਾਮ ਸਿੰਘ ਟੁੰਡੀਲਾਟ ਲਿਖਦੇ ਹਨ ਕਿ ਅੰਗਰੇਜ਼ਾਂ ਨੂੰ ਭਾਰਤ 'ਚੋਂ ਕੱਢ ਕੇ, ਧਰਮ ਨਿਰਪੱਖ ਤੇ ਜਮਹੂਰੀ ਰਾਜ ਸਥਾਪਤ ਕਰਨਾ ਗ਼ਦਰ ਪਾਰਟੀ ਦਾ ਉਦੇਸ਼ ਸੀ ਜਿਸ ਵਿਚ ਕਿਸਾਨ, ਜਗੀਰਦਾਰੀ ਤੇ ਸਰਮਾਏਦਾਰੀ ਦੇ ਆਪਸੀ ਆਰਥਿਕ ਵਿਤਕਰਿਆਂ ਨੂੰ ਖ਼ਤਮ ਕਰਨਾ, ਉਪਰੰਤ ਲੋਕ ਭਲਾਈ ਕਾਰਜਾਂ ਨੂੰ ਪਹਿਲ ਦੇਣਾ ਸੀ | ਪਾਰਟੀ ਦੇ ਨਿਯਮਾਂ ਅਨੁਸਾਰ ਇਸ ਦਾ ਦਾਇਰਾ ਏਨਾ ਵਿਸ਼ਾਲ ਸੀ ਕਿ ਆਜ਼ਾਦੀ ਦਾ ਹਰ ਪ੍ਰੇਮੀ, ਬਿਨਾਂ ਜਾਤਪਾਤ ਜਾਂ 'ਦੇਸ਼ ਕੌਮ' ਦੇ ਲਿਹਾਜ਼ ਨਾਲ ਇਸ ਵਿਚ ਸ਼ਾਮਿਲ ਹੋ ਸਕਦਾ ਹੈ | ਗ਼ਦਰ ਪਾਰਟੀ ਦੇ ਕੌਮਾਂਤਰੀ ਰਾਜਨੀਤੀ 'ਚ ਸਥਾਨ ਦਾ ਮੁਲਾਂਕਣ ਇਸ ਦੇ ਫ਼ਰਜ਼ਾਂ ਅਤੇ ਬੁਨਿਆਦੀ ਢਾਂਚੇ ਦੇ ਇਸ ਆਧਾਰ 'ਤੇ ਹੋ ਸਕਦਾ ਹੈ ਕਿ 'ਦੁਨੀਆ ਦੇ ਕਿਸੇ ਵੀ ਹਿੱਸੇ 'ਚ ਜਿੱਥੇ ਕਿਤੇ ਗ਼ੁਲਾਮੀ ਵਿਰੁੱਧ ਜੰਗ ਛਿੜੇ, ਤਾਂ ਗ਼ਦਰ ਪਾਰਟੀ ਦੇ ਸਿਪਾਹੀ ਦਾ ਫ਼ਰਜ਼ ਬਣਦਾ ਹੋਵੇਗਾ ਕਿ ਉਹ ਆਜ਼ਾਦੀ ਤੇ ਬਰਾਬਰੀ ਦੇ ਹਾਮੀਆਂ ਦੀ ਹਰ ਤਰ੍ਹਾਂ ਸਹਾਇਤਾ ਕਰੇ |
ਪ੍ਰੋ: ਜਗਜੀਤ ਸਿੰਘ 'ਗ਼ਦਰ ਪਾਰਟੀ ਲਹਿਰ' ਵਿਚ ਲਿਖਦੇ ਹਨ ਕਿ ਗ਼ਦਰ ਪਾਰਟੀ ਨੇ ਹੀ 'ਪੰਚਾਇਤੀ ਰਾਜ' ਦੇ ਨਿਸ਼ਾਨੇ ਨੂੰ ਸਾਰੀ ਦੁਨੀਆ ਵਿਚ ਅਸਲੀ ਵਰਤੋਂ ਵਿਚ ਆਉਣ ਵਾਲਾ ਅਗਾਂਹ-ਵਧੂ ਰਾਜਸੀ ਆਦਰਸ਼ ਪ੍ਰਵਾਨ ਕੀਤਾ | ਜੇਕਰ ਭਾਰਤ ਦੇ ਸਮਕਾਲੀ ਰਾਸ਼ਟਰੀ ਨੇਤਾ, ਗ਼ਦਰ ਪਾਰਟੀ ਵਾਂਗ ਇਨਕਲਾਬੀ ਰਾਹ ਫੜਦੇ, ਤਾਂ ਆਜ਼ਾਦੀ ਦੀ ਲਹਿਰ ਜ਼ਿਆਦਾ ਅਸਰਪਾਊ ਹੋ ਸਕਦੀ ਸੀ | ਗ਼ਦਰ ਪਾਰਟੀ ਨੇ ਸ਼ਬਦ ‘ਗ਼ਦਰ' ਨੂੰ ਇਨਕਲਾਬੀ ਸਰੂਪ ਅਤੇ ਵਿਆਪਕ ਅਰਥਾਂ ਵਾਲਾ ਮੰਨਿਆ ਹੈ। ‘ਗ਼ਦਰ' ਦੇ ਛਪਣ ਤੋਂ ਪਹਿਲਾਂ ਕੈਨੇਡਾ ਦੇ ਸਮਾਚਾਰ ਪੱਤਰਾਂ ਵਿਚ ਬਾਗ਼ੀ ਸੋਚ ਮੌਜੂਦ ਸੀ। ਗ਼ਦਰ ਪਾਰਟੀ ਨੇ ਸਿਧਾਂਤਕ ਰੂਪ ਵਿਚ, ਸੰਸਾਰ ਭਰ ਦੀਆਂ ਇਨਕਲਾਬੀ ਲਹਿਰਾਂ ਅਤੇ ਕ੍ਰਾਂਤੀਕਾਰੀ ਸੰਘਰਸ਼ ਨੂੰ 'ਗ਼ਦਰ' ਕਹਿ ਕੇ ਪ੍ਰਵਾਨ ਕੀਤਾ ਹੈ।1 ਨਵੰਬਰ 1913 ਨੂੰ ਸਾਨਫਰਾਂਸਿਸਕੋ ਤੋਂ ਹਫ਼ਤਾਵਾਰੀ ਉਰਦੂ ਸਮਾਚਾਰ ਪੱਤਰ ‘ਗ਼ਦਰ' ਨਿਕਲਿਆ।
ਗੁਰਮੁਖੀ ਵਿਚ ਪੰਜਾਬੀ ਦਾ ਹਫ਼ਤਾਵਾਰੀ ‘ਗ਼ਦਰ' ਦਸੰਬਰ 1913 ਵਿਚ ਸ਼ੁਰੂ ਹੋਇਆ, ਜਿਸ ਦੇ ਸੰਪਾਦਕ ਨੌਜਵਾਨ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਸਨ। 'ਗ਼ਦਰ ਪ੍ਰੈੱਸ' ਛਾਪੇ ਖਾਨੇ ਤੋਂ ਪ੍ਰਕਾਸ਼ਿਤ ਅਤੇ 'ਯੁਗਾਂਤਰ ਆਸ਼ਰਮ' ਤੋਂ ਨਿਕਲੇ 'ਗ਼ਦਰ ਅਖ਼ਬਾਰ' ਨੇ ਨਾ ਸਿਰਫ਼ ਭਾਰਤੀਆਂ ਨੂੰ ਹੀ, ਬਲਕਿ ਦੁਨੀਆ ਭਰ ਦੇ ਇਨਕਲਾਬੀਆਂ ਨੂੰ ਮਨੁੱਖੀ ਹੱਕਾਂ ਲਈ ਲੜਨ ਅਤੇ ਆਜ਼ਾਦੀ ਹਾਸਲ ਕਰਨ ਲਈ ਪ੍ਰੇਰਿਤ ਕੀਤਾ | ਪੰਜਾਬੀ ਭਾਸ਼ਾ ਤੇ ਗੁਰਮੁਖੀ ਲਿੱਪੀ 'ਚ ਨਿਕਲਣ ਵਾਲੇ ਹਫ਼ਤਾਵਾਰੀ 'ਗ਼ਦਰ' ਦਾ ਸੰਪਾਦਨ ਕਾਰਜ ਕਰਦਿਆਂ ਨੌਜਵਾਨ ਗ਼ਦਰੀ ਯੋਧੇ ਸ: ਸਰਾਭਾ ਨੇ ਪਾਠਕਾਂ ਨੂੰ ਏਨਾ ਪ੍ਰਭਾਵਿਤ ਕੀਤਾ ਕਿ 'ਗ਼ਦਰ' ਵਿਚਲੀਆਂ ਲਿਖਤਾਂ ਪੜ੍ਹਨ ਲਈ ਕੈਨੇਡਾ ਤੇ ਅਮਰੀਕਾ ਰਹਿੰਦੇ ਸਿਰਫ਼ ਪੰਜਾਬੀਆਂ ਨੇ ਹੀ ਗੁਰਮੁਖੀ ਲਿੱਪੀ ਨਹੀਂ ਸਿੱਖੀ, ਸਗੋਂ ਭਾਰਤ ਅੰਦਰ ਹੋਰਨਾਂ ਬੋਲੀਆਂ ਵਾਲੇ ਪਾਠਕ ਵੀ ਪੰਜਾਬੀ ਭਾਸ਼ਾ ਨਾਲ ਜੁੜ ਗਏ |
ਸਹੀ ਅਰਥਾਂ 'ਚ 'ਗ਼ਦਰ' ਪੰਜਾਬੀ ਅਖ਼ਬਾਰ ਹੱਕ, ਸੱਚ ਤੇ ਆਜ਼ਾਦੀ ਦੇ ਸੰਕਲਪ ਨੂੰ ਪੇਸ਼ ਕਰਨ ਵਾਲਾ, ਪੰਜਾਬੀ ਪੱਤਰਕਾਰੀ ਦਾ ਥੰਮ ਕਿਹਾ ਜਾ ਸਕਦਾ ਹੈ। ਪੰਜਾਬੀ ਹਫ਼ਤਵਾਰੀ ‘ਗ਼ਦਰ' ਦੇ ਸ਼ੁਰੂ ਦੇ ਅੰਕਾਂ ਵਿਚ ਗੁਰਬਾਣੀ ਦੀ ਪੰਕਤੀ ਨੂੰ, ਕੁਝ ਕੁ ਬਦਲਵੇਂ ਰੂਪ 'ਚ "ਜੇ ਚਿਤ ਪ੍ਰੇਮ ਖੇਲਣ ਦਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ॥" ਵਿਚਕਾਰ ਲਿਖ ਕੇ ਦੋਹਾਂ ਨੁੱਕਰਾਂ ਉੱਤੇ ‘ਬੰਦੇ' ਅਤੇ ‘ਮਾਤਰਮ' ਲਿਿਖਆ ਮਿਲਦਾ ਹੈ। ਇਹ ਉਸ ਸਮੇਂ ਦੇ ਅੰਕ ਹਨ, ਜਦੋਂ ਪੰਜਾਬੀ ਸਮਾਚਾਰ ਪੱਤਰ ਦੇ ਸੰਪਾਦਕ ਸ਼ਹੀਦ ਕਰਤਾਰ ਸਿੰਘ ਸਰਾਭਾ ਸਨ। ਕੁਝ ਸਮੇਂ ਮਗਰੋਂ ਗ਼ਦਰੀ ਯੋਧਿਆਂ ਦੇ ਦੇਸ਼ ਜਾ ਕੇ ਕੁਰਬਾਨੀ ਕਰਨ ਲਈ ਤੱਤਪਰ ਹੁੰਦਿਆਂ ਸ਼ਹੀਦੀਆਂ ਪਾਈਆਂ ਜਾਂ ਲੰਮੀਆਂ ਸਜ਼ਾਵਾਂ ਕੱਟੀਆਂ। ਇਨ੍ਹਾਂ ਯੋਧਿਆਂ ਤੋਂ ਮਗਰੋਂ ‘ਗ਼ਦਰ' ਦੀ ਦਿਖ 'ਚ ਵੱਡੀਆਂ ਤਬਦੀਲੀਆਂ ਕੀਤੀਆਂ ਗਈਆਂ ਅਤੇ ਇਸ ਦਾ ਮੁੱਖ ਪੰਨੇ ਬਦਲ ਦਿੱਤਾ ਗਿਆ। ਗੁਰਬਾਣੀ ਦੀ ਤੁਕ ਹਟਾ ਕੇ, ਉਸ ਦੀ ਜਗ੍ਹਾ ‘ਐ ਮਰਦਾਨੋ ਹਿੰਦੀ ਜਵਾਨੋੋ ਜਲਦੀ ਲੋ ਹਥਿਆਰ' ਲਿਖ ਦਿੱਤੀ ਗਈ। ‘ਗ਼ਦਰ' ਸਮਾਚਾਰ ਪੱਤਰ ਦੇ ਮੁੱਖ ਪੰਨੇ ਅਤੇ ਰੂਪ ਵਿਚ ਅਜਿਹੀਆਂ ਤਬਦੀਲੀਆਂ ਸੁਭਾਵਿਕ ਨਹੀਂ ਹੋਈਆਂ, ਸਗੋਂ ਯੋਜਨਾਬੱਧ ਢੰਗ ਨਾਲ ਲਿਆਦੀਆਂ ਗਈਆਂ।
ਗ਼ਦਰ ਪਾਰਟੀ ਨੂੰ ਦੋਫਾੜ ਕਰਨ ਵਾਲੇ ਮੌਕਾ ਪ੍ਰਸਤ ਰਾਮ ਚੰਦਰ ਨੇ ਪਹਿਲੇ ਸਫ਼ੇ 'ਤੇ ਸੰਪਾਦਕ ਵਜੋਂ ਆਪਣਾ ਨਾਂ ਵੀ ਲਿਖਣਾ ਸ਼ੁਰੂ ਕਰ ਦਿੱਤਾ ਤੇ ਮਗਰੋਂ ਪਾਰਟੀ ਤੋਂ ਅਲਹਿਦਾ ਹੋ ਕੇ, ਪਾਰਟੀ ਦੇ ਪਰਚੇ ਦੇ ਸਮਾਨਾਂਤਰ, ਉਸੇ ਹੀ ਨਾਂ 'ਤੇ ਵੱਖਰਾ ਹਿੰਦੁਸਤਾਨ ਗ਼ਦਰ ਵੀ ਕੱਢਿਆ। ਆਰੰਭ 'ਚ ਇਸ ਅਖ਼ਬਾਰ ਨਾਲ ਸੰਬੰਧਿਤ ਹੋਣ ਵਾਲੇ ‘ਗ਼ਦਰ' ਸਮਾਚਾਰ ਪੱਤਰ ਦੇ ਪੰਜਾਬੀ ਅੰਕ ਦੇ ਸੰਪਾਦਕ ਕਰਤਾਰ ਸਿੰਘ ਸਰਾਭਾ ਰਹੇ ਤੇ ਹੋਰਨਾਂ ਇਨਕਲਾਬੀ ਲਿਖਾਰੀਆਂ 'ਚ ਹਰਨਾਮ ਸਿੰਘ ਟੁੰਡੀਲਾਟ, ਭਾਈ ਸੰਤੋਖ ਸਿੰਘ ਧਰਦਿਓ, ਭਗਵਾਨ ਸਿੰਘ ਪ੍ਰੀਤਮ, ਮੁਨਸ਼ਾ ਸਿੰਘ ਦੁਖੀ, ਕਰਤਾਰ ਸਿੰਘ ਲਤਾੜਾ, ਬਸੰਤ ਸਿੰਘ ਚੌਂਦਾ, ਮਹਿਬੂਬ ਅਲੀ, ਇਨਾਇਤ ਖਾਂ, ਰਾਮ ਚੰਦਰ, ਖੇਮ ਚੰਦ ਦਾਸ, ਮੋਹਨ ਲਾਲ, ਪਿਰਥੀ ਸਿੰਘ ਆਜ਼ਾਦ, ਬਿਸ਼ਨ ਸਿੰਘ ਸਦਾ ਸਿੰਘ ਵਾਲਾ ਅਤੇ ਨਿਧਾਨ ਸਿੰਘ ਮਹੇਸ਼ਰੀ ਵੀ ਸਮੇਂ-ਸਮੇਂ ‘ਗ਼ਦਰ ਨਾਲ ਜੁੜੇ ਰਹੇ। ਜ਼ਿਆਦਾਤਰ ਲਿਖਾਰੀ ਆਪਣੇ ਉਪਨਾਮ ਜਾਂ ਤਖ਼ੱਲਸ ਆਦਿ ਦੀ ਵਰਤੋਂ ਹੀ ਕਰਦੇ ਸਨ।
ਗਦਰੀ ਬਾਬਿਆਂ ਦੀ ਦੁਖੀਆ, ਗ਼ਦਰ ਦਾ ਸਿਪਾਹੀ, ਪ੍ਰੀਤਮ, ਫ਼ਕੀਰ, ਪੰਜਾਬੀ ਸਿੰਘ, ਸੇਵਕ, ਬਾਗ਼ੀ, ਜਾਚਕ, ਇਕਬਾਲ, ਹਮਦਮ, ਅਜ਼ਾਦ, ਯਕਦਮ, ਨਾਸਤਕ, ਸੱਚ, ਹਿੰਦ ਸੇਵਕ ਅਤੇ ਨਿਧੜਕ ਆਦਿ ਫ਼ਰਜ਼ੀ ਨਾਮਾਂ ਅਧੀਨ ‘ਗ਼ਦਰ' ਵਿਚਲੀ ਰਚਨਾ ਦਾ ਉਦੇਸ਼ ਜਿੱਥੇ ਇਕ ਪਾਸੇ ਵਿਅਕਤੀਗਤ ਪ੍ਰਸਿੱਧੀ ਦੀ ਥਾਂ, ਲਹਿਰ ਦੇ ਮਨੋਰਥ ਨੂੰ ਉਜਾਗਰ ਕਰਨਾ ਸੀ, ਉੱਥੇ ਦੂਜੇ ਪਾਸੇ ਰਾਜਸੀ ਹਾਲਤਾਂ ਨੂੰ ਸਮਝਦਿਆਂ ਗ਼ਦਰੀਆਂ ਦੀ ਪਛਾਣ ਗੁਪਤ ਰੱਖਣਾ ਸੀ। ਇਨ੍ਹਾਂ ਲਿਖਾਰੀਆਂ ਦਾ ਉਦੇਸ਼ ਪਰਵਾਸੀ ਭਾਰਤੀਆਂ ਵਿਚ ਰਾਜਨੀਤਕ ਚੇਤਨਾ ਪੈਦਾ ਕਰਕੇ ਆਜ਼ਾਦੀ ਦੀ ਲੜਾਈ ਲਈ ਮਾਹੌਲ ਪੈਦਾ ਕਰਨਾ ਸੀ। ਪੰਜਾਬੀ ਹਫ਼ਤਵਾਰੀ ‘ਗ਼ਦਰ' ਦੇ ਪਰਚੇ ਪੱਤਰਕਾਰੀ ਵਿਚ ਅਜਿਹੇ ਮਹੱਤਵ ਦੇ ਲਖਾਇਕ ਹਨ, ਜੋ ਅਗਲੀਆਂ ਪੀੜ੍ਹੀਆਂ ਅੰਦਰ ਚੇਤਨਾ ਪੈਦਾ ਕਰਨ ਲਈ ਮੀਲ ਪੱਥਰ ਸਾਬਤ ਹੋਏ। ‘ਗ਼ਦਰ' ਸਮਾਚਾਰ ਪੱਤਰ ਦਾ ਇਕੋ-ਇਕ ਨਿਸ਼ਾਨਾ ਆਜ਼ਾਦੀ ਸੀ ਅਤੇ ਇਸ ਦੀ ਪ੍ਰਾਪਤੀ ਲਈ ਗ਼ਦਰ ਨੇ ਦੁਨੀਆਂ ਭਰ ਦੇ ਆਜ਼ਾਦੀ ਪਸੰਦ ਭਾਰਤੀਆਂ ਨੂੰ ਜਥੇਬੰਦ ਕੀਤਾ।
‘ਗ਼ਦਰ' ਲਹਿਰ ਕੇਵਲ ਅਮਰੀਕਾ ਜਾਂ ਕੈਨੇਡਾ ਤੱਕ ਸੀਮਤ ਨਾ ਰਹਿ ਕੇ ਦੁਨੀਆਂ ਦੇ ਕੋਨੇ-ਕੋਨੇ ਤੱਕ ਫੈਲ ਗਈ। ਜਿਉਂ ਹੀ ਗ਼ਦਰ ਲਹਿਰ ਵਧੀ ਤੇ ਜਨਤਾ ਵਿਚ ਇਨਕਲਾਬ ਆਇਆ, ਸਮਾਚਾਰ ਪੱਤਰ ਦੀ ਖਪਤ ਵਧਦੀ ਗਈ, ਸਮਾਚਾਰ ਪੱਤਰ ਦੇ ਉਰਦੂ ਤੇ ਪੰਜਾਬੀ ਤੋਂ ਇਲਾਵਾ ਹਿੰਦੀ, ਗੁਜਰਾਤੀ, ਬੰਗਾਲੀ, ਪਸਤੋ, ਨੇਪਾਲੀ ਵਿਚ ਵੀ ਸਪੈਸ਼ਲ ਨੰਬਰ ਨਿਕਲਣ ਲੱਗੇ ਪਏ, ਸਮਾਚਾਰ ਪੱਤਰ ਕਈ ਹਜ਼ਾਰਾਂ ਦੀ ਗਿਣਤੀ ਵਿਚ ਛਾਪਿਆ ਤੇ ਵੰਡਿਆ ਜਾਣ ਲੱਗਾ, ਕਿਹਾ ਜਾਂਦਾ ਹੈ ਕਿ 1916 ਵਿਚ ਇਹ ਹਫ਼ਤੇ ਦਾ ਦਸ ਲੱਖ ਛਪਣ ਲੱਗ ਪਿਆ ਸੀ। ਇੱਥੇ ਯਾਦ ਰੱਖਣ ਵਾਲੀ ਗੱਲ ਹੈ ਕਿ ਇਹ ਸਾਰੇ ਸਫਰ ਦੀ ਆਰੰਭਤਾ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਸਟਾਕਟਨ ਤੋਂ ਹੋਈ।
ਮਾਣ ਵਾਲੀ ਗੱਲ ਹੈ ਕਿ ਅੰਤਰਰਾਸ਼ਟਰੀ ਪੱਧਰ 'ਤੇ ਬਰਾਬਰੀ ਤੇ ਮਾਨਵੀ ਹੱਕਾਂ ਦੀ ਪਹਿਰੇਦਾਰ ਸੰਸਥਾ ਖਾਲਸਾ ਦੀਵਾਨ ਸੁਸਾਇਟੀ ਸਟਾਕਟਨ ਗੁਰਦੁਆਰਾ ਸਾਹਿਬ ਦੀ ਮਹਾਨ ਦੇਣ ਦੀ ਗੱਲ ਕਰਨੀ ਜਿਥੇ ਵੱਡਾ ਮਹੱਤਵ ਰੱਖਦੀ ਹੈ, ਉਥੇ ਇਹ ਵੀ ਵਿਚਾਰਨ ਦੀ ਲੋੜ ਹੈ ਕਿ ਗ਼ਦਰੀ ਬਾਬਿਆਂ ਨੇ ਜਿਸ ਮੰਤਵ ਲਈ ਕੁਰਬਾਨੀਆਂ ਦਿੱਤੀਆਂ ਸਨ, ਉਹ ਅਜੇ ਵੀ ਸੰਪੂਰਨ ਨਹੀਂ ਹੋਇਆ | ਇਸ ਦੀ ਪ੍ਰਤੱਖ ਮਿਸਾਲ ਗ਼ਦਰ ਪਾਰਟੀ ਦੇ ਬਾਨੀ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਦੇ 'ਆਜ਼ਾਦ ਭਾਰਤ' 'ਚ ਕਹੇ ਇਨ੍ਹਾਂ ਸ਼ਬਦਾਂ ਤੋਂ ਹੋ ਜਾਂਦੀ ਹੈ ਕਿ ਮੇਰੀ ਪਿੱਠ 'ਚ ਅੰਗਰੇਜ਼ ਕੁੱਬ ਨਹੀਂ ਪਾ ਸਕੇ, ਪਰ ਆਪਣਿਆਂ ਨੇ ਜ਼ਰੂਰ ਪਾ ਦਿੱਤਾ।
ਸਾਮਰਾਜੀ ਤਾਕਤਾਂ, ਫ਼ਿਰਕਾਪ੍ਰਸਤੀ, ਪਰਿਵਾਰਵਾਦ, ਭਿ੍ਸ਼ਟਾਚਾਰ, ਡੰਡਾ-ਤੰਤਰ ਅਤੇ ਬੁਰਜ਼ੂਆ ਢਾਂਚਾ ਕਿਸੇ ਨਾ ਕਿਸੇ ਰੂਪ ਵਿਚ ਕਾਇਮ ਹੈ | ਪੰਚਾਇਤੀ ਰਾਜ ਦੀ ਥਾਂ ਭਾਈ-ਭਤੀਜਾਵਾਦ ਨੇ ਮੱਲੀ ਹੋਈ ਹੈ | ਅਜੇ ਵੀ ਗ਼ਦਰੀ ਬਾਬਿਆਂ ਦੇ ਪਰਿਵਾਰਾਂ ਨੂੰ ਉਹ ਜੱਦੀ ਸੰਪਤੀਆਂ ਮੋੜੀਆਂ ਨਹੀਂ ਗਈਆਂ, ਜੋ ਅੰਗਰੇਜ਼ਾਂ ਵੇਲੇ ਸਰਕਾਰਾਂ ਵੱਲੋਂ ਕੁਰਕ ਕੀਤੀਆਂ ਗਈਆਂ ਸਨ | ਗ਼ਦਰੀ ਯੋਧਿਆਂ ਦੇ ਪਿੰਡ ਪੱਧਰ 'ਤੇ ਅਜਿਹੇ ਯਾਦਗਾਰੀ ਸਥਾਨ ਨਜ਼ਰ ਨਹੀਂ ਆਉਂਦੇ, ਜੋ ਉਨ੍ਹਾਂ ਦੀ ਘਾਲਣਾ ਬਾਰੇ ਅਗਲੀਆਂ ਪੀੜ੍ਹੀਆਂ ਨੂੰ ਉਤਸ਼ਾਹਿਤ ਕਰ ਸਕਣ | ਵਿਦੇਸ਼ਾਂ ਜਾਂ ਦੇਸ਼ ਅੰਦਰ ਸਰਕਾਰੀ ਇਮਾਰਤਾਂ ਅੰਦਰ ਢੁਕਵੇਂ ਰੂਪ 'ਚ ਗ਼ਦਰੀ ਯੋਧਿਆਂ ਦੀਆਂ ਤਸਵੀਰਾਂ ਨਜ਼ਰ ਨਹੀਂ ਆਉਂਦੀਆਂ | ਗ਼ਦਰੀ ਬਾਬਿਆਂ 'ਚੋਂ 90 ਫ਼ੀਸਦੀ ਪੰਜਾਬੀ ਤੇ ਵਿਸ਼ੇਸ਼ ਕਰਕੇ ਸਿੱਖ ਹੋਣ ਦੇ ਬਾਵਜੂਦ, ਉਨ੍ਹਾਂ ਨੂੰ ਸਿੱਖ ਵਿਰਸੇ, ਇਤਿਹਾਸ, ਸਿੱਖ ਸੱਭਿਆਚਾਰ ਅਤੇ ਗੁਰਬਾਣੀ ਤੋਂ ਵੱਖ ਕਰਕੇ ਨਿਰੇ ਖੱਬੀ ਪੱਖੀ ਅਤੇ ਮਾਰਕਸੀ ਧਾਰਨਾ ਦੇ ਪਾਂਧੀ ਬਣਾ ਕੇ ਪੇਸ਼ ਕਰਨਾ ਇਤਿਹਾਸ ਨਾਲ ਖਿਲਵਾੜ ਵੀ ਹੈ ਅਤੇ ਆਪਣੀ ਵਿਰਾਸਤ ਨਾਲ ਧ੍ਰੋਹ ਕਮਾਉਣਾ ਵੀ। ਇਸ ਤੋਂ ਵੀ ਖ਼ਤਰਨਾਕ ਗੱਲ ਇਹ ਹੈ ਕਿ ਅੱਜ ਭਾਰਤ ਫਾਸ਼ੀਵਾਦ ਦੀ ਜਿਸ ਮੋੜ 'ਤੇ ਪਹੁੰਚ ਚੁੱਕਿਆ ਹੈ, ਉਹ ਅੰਗਰੇਜ਼ ਸਾਮਰਾਜ ਤੋਂ ਵੀ ਖ਼ਤਰਨਾਕ ਹੈ। ਅੰਗਰੇਜ਼ਾਂ ਅੱਗੇ ਮੁਆਫ਼ੀਆਂ ਮੰਗਣ ਵਾਲੇ ਸਾਵਰਕਰ ਨੂੰ ਅੱਜ ਦੇਸ਼ ਭਗਤ ਕਰਾਰ ਦਿੱਤਾ ਜਾ ਰਿਹਾ ਹੈ, ਜਦਕਿ ਮਨੁੱਖੀ ਹੱਕਾਂ ਲਈ ਲੜਨ ਵਾਲੇ ਯੋਧਿਆਂ ਦੇ ਵਾਰਿਸ ਜੇਲ੍ਹਾਂ 'ਚ ਬੰਦ ਹਨ।
ਗ਼ਦਰੀ ਬਾਬਿਆਂ ਨੇ ਭਾਰਤ ਨੂੰ ਧਰਮ-ਨਿਰਪੱਖ ਦੇਸ਼ ਬਣਾਉਣ ਦਾ ਸੁਪਨਾ ਲਿਆ ਸੀ, ਪਰ ਅੱਜ ਸਾਵਰਕਰੀ ਸੋਚ ਦੇ ਪਾਂਧੀ ਭਾਰਤ ਨੂੰ 'ਹਿੰਦੂ ਰਾਸ਼ਟਰ' ਬਣਾਉਣ ਲਈ ਬਜ਼ਿੱਦ ਹਨ। ਅਜਿਹੀ ਫ਼ਿਰਕੂ ਸੋਚ ਦਾ ਹੀ ਨਤੀਜਾ ਸੀ ਕਿ ਪੰਜਾਬ ਸੰਤਾਲੀ ਵੇਲੇ ਉਜਾੜਿਆ ਗਿਆ ਅਤੇ ਦੋ ਟੋਟਿਆਂ ਵਿੱਚ ਵੰਡ ਦਿੱਤਾ ਗਿਆ। ਦੱਸ ਲੱਖ ਤੋਂ ਵੱਧ ਲੋਕਾਂ ਦੀਆਂ ਜਾਨਾਂ ਗਈਆਂ, ਜਿਨ੍ਹਾਂ ਵਿਚ ਸਮੂਹ ਪੰਜਾਬੀ ਸਨ ਜ਼ਿਆਦਾਤਰ ਸਿੱਖ, ਮੁਸਲਮਾਨ ਅਤੇ ਹਿੰਦੂ ਭਾਈਚਾਰੇ ਨਾਲ ਵੀ ਸਬੰਧਿਤ ਸਨ। ਇਕ ਪਾਸੇ ਮੁਸਲਮਾਨਾਂ ਨੂੰ ਉਨ੍ਹਾਂ ਦਾ ਰਾਸ਼ਟਰ ਅਤੇ ਦੂਜੇ ਪਾਸੇ ਵੱਡੀ ਗਿਣਤੀ 'ਚ ਹਿੰਦੂਆਂ ਨੂੰ ਅਸਿੱਧੇ ਤੌਰ 'ਤੇ 'ਹਿੰਦੂ ਰਾਸ਼ਟਰ' ਸੌਂਪਿਆ ਗਿਆ, ਜੋ ਕਿ ਅੱਜ ਪ੍ਰਤੱਖ ਰੂਪ ਚ ਨਜ਼ਰ ਆ ਰਿਹਾ ਹੈ। ਸਭ ਤੋਂ ਵੱਡੇ ਧੱਕੇ ਦਾ ਸ਼ਿਕਾਰ ਹੋਏ ਸਭ ਤੋਂ ਵੱਧ ਸ਼ਹੀਦੀਆਂ ਦੇਣ ਵਾਲੇ ਕਾਲੇ ਪਾਣੀਆਂ ਦੀਆਂ ਸਜ਼ਾਵਾਂ ਕੱਟਣ ਵਾਲੀ ਜੇਲ੍ਹਾਂ ਚ ਬੰਦ ਰਹਿਣ ਵਾਲੇ ਸਿੱਖ। ਗ਼ਦਰੀ ਬਾਬਿਆਂ ਦੀ ਗੱਲ ਕਰਦਿਆਂ ਇਹ ਦਰਦ ਮਹਿਸੂਸ ਹੋ ਰਿਹਾ ਹੈ ਕਿ ਅੱਜ ਕਹਿਣ ਨੂੰ ਤਾਂ ਭਾਰਤ ਆਜ਼ਾਦ ਹੈ, ਪਰ ਹਿੰਦ ਰਾਸ਼ਟਰ ਵਿੱਚ ਘੱਟਗਿਣਤੀਆਂ ਗੁਲਾਮ ਹਨ। ਉਨ੍ਹਾਂ ਵਿੱਚੋਂ ਸਿੱਖਾਂ ਦੀ ਤ੍ਰਾਸਦੀ ਇਹ ਹੈ ਕਿ ਵੱਡੀਆਂ ਕੌਮਾਂ ਨੇ ਤਾਂ ਆਪਣੇ ਦੇਸ਼ ਬਣਾ ਲਏ, ਪਰ ਸਿੱਖ ਬੇਘਰੇ ਰੁਲ ਰਹੇ ਹਨ। ਇਥੋਂ ਤੱਕ ਕਿ ਅਮਰੀਕਾ ਕੈਨੇਡਾ ਵਿੱਚ ਵੱਸਦੇ ਸਿੱਖਾਂ ਦੇ ਉੱਪਰ ਵੀ ਹਮਲੇ ਕੀਤੇ ਜਾ ਰਹੇ ਹਨ। ਇਹ ਗੱਲ ਅਲੱਗ ਹੈ ਕਿ ਇਹਨਾਂ ਦੇਸ਼ਾਂ ਨੇ ਇਸ ਨੂੰ ਵਿਦੇਸ਼ੀ ਦਖਲ ਅੰਦਾਜ਼ੀ ਦੇ ਨਾਂ ਹੇਠ ਚੁਣੌਤੀ ਦਿੰਦਿਆਂ ਅਖੌਤੀ ਭਾਰਤੀ ਸਟੇਟ ਨੂੰ ਸ਼ੀਸ਼ਾ ਵਿਖਾਇਆ ਹੈ ਅਤੇ ਸਖਤ ਕਦਮ ਚੁੱਕੇ ਹਨ। ਅਜਿਹੀ ਧੱਕੇਸ਼ਾਹੀ ਖਿਲਾਫ ਲੜਨਾ ਹੀ ਗਦਰੀ ਬਾਬਿਆਂ ਦੀ ਸੋਚ ਤੇ ਪਹਿਰਾ ਦੇਣਾ ਕਿਹਾ ਜਾ ਸਕਦਾ ਹੈ।
ਗੁਰਦੁਆਰਾ ਸਾਹਿਬ ਦੀਆਂ ਤਸਵੀਰਾਂ।
ਗਦਰ ਅਖਬਾਰ ਛਾਪਣ ਵਾਲੀ ਇਤਿਹਾਸਿਕ ਪ੍ਰਿੰਟਿੰਗ ਪ੍ਰੈਸ।

ਕੈਨੇਡਾ ਦੇ ਸੂਬੇ ਬ੍ਰਿਟਿਸ਼ ਕਲੰਬੀਆ ਦੀ ਸਰਕਾਰ ਵੱਲੋਂ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ 30ਵੀਂ ਸ਼ਹੀਦੀ ਵਰੇਗੰਢ 'ਤੇ 6 ਸਤੰਬਰ,2025 ਨੂੰ 'ਜਸਵੰਤ ਸਿੰਘ ਖਾਲੜਾ ਦਿਹਾੜਾ' ਐਲਾਨਿਆ ਗਿਆ - (ਡਾ. ਗੁਰਵਿੰਦਰ ਸਿੰਘ)

ਮਨੁੱਖੀ ਅਧਿਕਾਰਾਂ ਦੀ ਚੈਂਪੀਅਨ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ 30ਵੇਂ ਸ਼ਹੀਦੀ ਦਿਹਾੜੇ 'ਤੇ ਬੀਸੀ, ਕੈਨੇਡਾ ਸਰਕਾਰ ਵੱਲੋਂ  ਵਿਕਟੋਰੀਆ, ਬੀਸੀ ਲੈਜਿਸਲੇਸ਼ਨ ਵਿੱਚ ਸ਼ਹੀਦ ਜਸਵੰਤ ਸਿੰਘ ਖਾਲੜਾ ਨੂੰ ਸਮਰਪਿਤ ਪ੍ਰੋਕਲੇਮੇਸ਼ਨ ਜਾਰੀ ਕੀਤਾ ਗਿਆ। ਅੱਜ ਬੀਸੀ ਸਰਕਾਰ ਵੱਲੋਂ ਲੈਫਟੀਨੈਂਟ ਗਵਰਨਰ ਅਤੇ ਅਟਾਰਨੀ ਜਰਨਲ ਤੇ ਡਿਪਟੀ ਪ੍ਰੀਮੀਅਰ ਦੇ ਦਫਤਰ ਵੱਲੋਂ ਜਾਰੀ ਐਲਾਨਨਾਮੇ ਵਿੱਚ 6 ਸਤੰਬਰ, 2025 ਦਾ ਦਿਨ  ਬੀਸੀ ਕੈਨੇਡਾ ਵਿੱਚ 'ਜਸਵੰਤ ਸਿੰਘ ਖਾਲੜਾ ਦਿਹਾੜਾ' ਐਲਾਨਿਆ ਗਿਆ ਹੈ।  ਬੀਸੀ ਸਰਕਾਰ ਵਲੋਂ ਸ਼ਹੀਦ ਖਾਲੜਾ ਨੂੰ ਯਾਦ ਕਰਦਿਆਂ ਐਲਾਨਨਾਮਾ ਸ਼ਲਾਘਾਯੋਗ ਕਦਮ ਹੈ। ਮਨੁੱਖੀ ਅਧਿਕਾਰਾਂ ਨੂੰ ਸਮਰਪਿਤ ਸੋਚ ਧਾਰਨੀ ਜਥੇਬੰਦੀਆਂ ਅਤੇ ਸਿੱਖ ਭਾਈਚਾਰਾ, ਵਿਸ਼ੇਸ਼ ਤੌਰ 'ਤੇ ਸਵਾਗਤ ਕੀਤਾ ਹੈ। ਜ਼ਿਕਰਯੋਗ ਹੈ ਕਿ 30 ਸਾਲ ਪਹਿਲਾਂ ਸ਼ਹੀਦ ਜਸਵੰਤ ਸਿੰਘ ਖਾਲੜਾ ਨੂੰ ਮਨੁੱਖੀ ਅਧਿਕਾਰਾਂ ਦੇ ਹੱਕ ਅਤੇ 25 ਹਜ਼ਾਰ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲੇ ਬਣਾਉਂਣ ਮਗਰੋਂ ਲਾਵਾਰਸ ਲਾਸ਼ਾਂ ਕਰਾਰ ਦੇ ਕੇ ਖੁਰਦ ਬੁਰਦ ਕਰਨ ਦੇ ਮਾਮਲੇ ਵਿੱਚ ਕੌਮਾਂਤਰੀ ਪੱਧਰ 'ਤੇ ਆਵਾਜ਼ ਉਠਾਉਣ ਕਰਕੇ, ਪੰਜਾਬ ਪੁਲਿਸ ਵੱਲੋਂ ਅਗਵਾ ਕਰਕੇ ਸ਼ਹੀਦ ਕਰ ਦਿੱਤਾ ਗਿਆ ਸੀ।
 ਬੀਸੀ ਸਰਕਾਰ ਵੱਲੋਂ ਸ. ਜਸਵੰਤ ਸਿੰਘ ਖਾਲੜਾ ਯਾਦਗਾਰੀ ਦਿਹਾੜੇ 'ਤੇ ਐਲਾਨਨਾਮੇ ਵਿੱਚ ਲਿਖਿਆ ਗਿਆ ਹੈ ਕਿ ਇਥੋਂ ਦੀ ਸਰਕਾਰ ਮਨੁੱਖੀ ਅਧਿਕਾਰਾਂ ਦੀ ਤਰਜਮਾਨੀ ਕਰਦੀ ਹੈ ਅਤੇ ਸਿੱਖਾਂ ਦੇ ਵਿਸ਼ੇਸ਼ ਯੋਗਦਾਨ ਦੀ ਕਦਰ ਕਰਦੀ ਹੈ। ਸ਼ਹੀਦ ਜਸਵੰਤ ਸਿੰਘ ਖਾਲੜਾ ਅੰਤਰਰਾਸ਼ਟਰੀ ਪੱਧਰ 'ਤੇ ਮਨੁੱਖੀ ਅਧਿਕਾਰਾਂ ਦੇ ਖੇਤਰ ਵਿੱਚ ਸਤਿਕਾਰਤ ਸ਼ਖਸੀਅਤ ਹਨ, ਜਿਸ ਕਰਕੇ 6 ਸਤੰਬਰ, 2025 ਦਾ ਦਿਨ ਬੀਸੀ ਕੈਨੇਡਾ ਵਿੱਚ 'ਸ਼ਹੀਦ ਜਸਵੰਤ ਸਿੰਘ ਖਾਲੜਾ ਦਿਹਾੜਾ ਘੋਸ਼ਿਤ ਕੀਤਾ ਜਾ ਰਿਹਾ ਹੈ।

 'ਪੰਥ ਰਤਨ' ਭਾਈ ਦਿੱਤ ਸਿੰਘ ਗਿਆਨੀ - ਡਾ. ਗੁਰਵਿੰਦਰ ਸਿੰਘ

''ਸਿੱਖੀ ਸੋਚ ਫੈਲਾਉਣ ਲਈ, ਬਹਿ ਮਤਾ ਪਕਾਇਆ।
ਸਿੰਘ ਸਭਾ ਬਣਾਉਣ ਦਾ, ਫੁਰਮਾਨ ਅਲਾਇਆ।

ਗੁਰਬਾਣੀ ਨੂੰ ਸਮਝਣਾ, ਇਤਿਹਾਸ ਵੀ ਲਿਖਣਾ।
ਮਨਮਤਿ ਕਿਵੇਂ ਤਿਆਗਣੀ, ਗੁਰੂਆਂ ਤੋਂ ਸਿੱਖਣਾ।

ਡੇਢ ਸਦੀ ਪਹਿਲਾਂ ਤਦੇ, ਸਿੰਘ ਅੱਗੇ ਆਏ।
ਲਹਿਰ ਚਲਾਈ ਸਿੰਘ ਸਭਾ, ਸਭ ਵੈਰ ਮੁਕਾਏ।

'ਮਹਾਂ-ਗਿਆਨੀ' ਦਿੱਤ ਸਿੰਘ, ਸੰਵਾਦ ਰਚਾਏ।
ਵਹਿਮ ਪਖੰਡ ਮਿਟਾਉਣ ਲਈ, ਲੱਖ ਕਸ਼ਟ ਉਠਾਏ।

'ਸਾਧੂ' ਦਿਆ ਨੰਦ ਜਦ, ਪੰਜਾਬ ਸੀ ਆਇਆ।
ਸਿੱਖਾਂ ਨੂੰ ਭਰਮਾਉਣ ਲਈ, ਉਸ ਝੂਠ ਫੈਲਾਇਆ।

ਧਨੀ ਕਲਮ ਦਾ ਦਿੱਤ ਸਿੰਘ, ਤਦ ਅੱਗੇ ਆਇਆ।
'ਵਿਪਰ ਨਹੀਂ', ਅਸੀਂ ਸਿੱਖ ਹਾਂ', ਇਹ ਸੱਚ ਸੁਣਾਇਆ।

'ਸਾਧੂ' ਨੂੰ ਵੰਗਾਰ ਕੇ, ਛੱਡਿਆ ਜੈਕਾਰਾ।
ਸਾਡਾ ਗੁਰੂ ਗ੍ਰੰਥ ਸਾਹਿਬ, ਤਾਰੇ ਸੰਸਾਰਾ।

''ਨਿੰਦਿਆ ਕਰੇਂ ਤੂੰ ਗੁਰੂ ਦੀ, ਊਂ ਰਿਸ਼ੀ ਕਹਾਵੇਂ।
ਘੜ ਸ਼ੁੱਧੀ ਦੀਆਂ ਸਾਜਿਸ਼ਾਂ, ਜਨਤਾ ਭਰਮਾਵੇਂ।

ਕਰ ਮੇਰੇ ਨਾਲ ਗੋਸ਼ਟੀ, ਜੇ ਸੱਚਾ ਸਾਧੂ।
ਛੱਡ ਭੜਕਾਉਣਾ ਨਹੀਂ ਤਾਂ, ਰੱਖ ਮੂੰਹ 'ਤੇ ਕਾਬੂ।''

ਰੀਸ ਗਿਆਨੀ 'ਹੰਸ' ਦੀ, ਕੀ ਕਰੂ 'ਟਟੀਹਰੀ'।
ਗਿੱਦੜ ਅਤੇ ਸ਼ੇਰ ਦੀ, ਨਾ ਹੋਏ ਸਕੀਰੀ।

ਦਿਆ ਨੰਦ ਦੀ ਸੋਚ ਸੀ, ਬੱਸ ਰੌਲਾ-ਗੌਲਾ।
ਦੋ ਲਫਜ਼ਾਂ ਵਿੱਚ ਸਿੰਘ ਨੇ, ਕਰ ਦਿੱਤਾ ਹੌਲਾ।

ਦਿੱਤ ਸਿੰਘ ਜੀ ਤਿੰਨ ਦਫਾ, ਕਰ ਗੋਸ਼ਟਿ ਜਿੱਤੇ।
'ਸਤਿਆਰਥ' ਦੇ ਕੁਫ਼ਰ ਸਭ, ਪਾ ਦਿੱਤੇ ਛਿੱਥੇ।

ਸਿੰਘ ਸਭੀਆਂ' ਦੀ ਲੋੜ ਹੈ, ਅੱਜ ਮੁੜਕੇ ਭਾਈ।
ਜਿਹਨਾਂ ਗਾਫ਼ਿਲ ਨੀਂਦਰੋਂ, ਸਿੱਖ ਕੌਮ ਜਗਾਈ।''

(ਭਾਈ ਹਰਪਾਲ ਸਿੰਘ ਲੱਖਾ)

6 ਸਤੰਬਰ 1914 : ਸ਼ਹੀਦੀ ਦਿਹਾੜੇ 'ਤੇ ਵਿਸ਼ੇਸ਼ ਕੈਨੇਡਾ ਦੀ ਧਰਤੀ 'ਤੇ ਸ਼ਹੀਦ ਹੋਣ ਵਾਲੇ ਪਹਿਲੇ ਸਿੱਖ ਯੋਧੇ ਭਾਈ ਭਾਗ ਸਿੰਘ ਭਿਖੀਵਿੰਡ ਤੇ ਭਾਈ ਬਤਨ ਸਿੰਘ ਦਲੇਲ ਸਿੰਘ ਵਾਲਾ  604 825 1550 - ਡਾ. ਗੁਰਵਿੰਦਰ ਸਿੰਘ

ਕੈਨੇਡਾ ਦੇ ਪਹਿਲੇ ਗੁਰਦੁਆਰਾ ਸਾਹਿਬ ਖਾਲਸਾ ਦੀਵਾਨ ਸੁਸਾਇਟੀ ਸੈਕਿੰਡ ਐਵੀਨਿਊ ਵੈਨਕੂਵਰ ਦੇ ਮੁੱਖ ਸੇਵਾਦਾਰ ਭਾਈ ਭਾਗ ਸਿੰਘ ਭਿਖੀਵਿੰਡ ਅਤੇ ਭਾਈ ਬਤਨ ਸਿੰਘ ਦਲੇਲ ਸਿੰਘ ਵਾਲਾ ਕੈਨੇਡਾ ਦੀ ਧਰਤੀ ਤੇ ਸ਼ਹੀਦ ਹੋਣ ਵਾਲੇ ਪਹਿਲੇ ਸਿੱਖ ਯੋਧੇ ਹਨ। ਸ਼ਹੀਦ ਭਾਈ ਭਾਗ ਸਿੰਘ ਭਿੱਖੀਵਿੰਡ, ਅੰਮ੍ਰਿਤਸਰ ਨਾਲ ਸਬੰਧਤ ਸਨ, ਜਿਹਨਾਂ ਕੈਨੇਡਾ ਆ ਕੇ ਜਿੱਥੇ ਖਾਲਸਾ ਦੀਵਾਨ ਸੁਸਾਇਟੀ ਦੀ ਸਥਾਪਨਾ 'ਚ ਮੁੱਖ ਭੂਮਿਕਾ ਨਿਭਾਈ, ਉਥੇ ਗ਼ਦਰ ਲਹਿਰ ਦੇ ਸੰਘਰਸ਼ ਵਿਚ ਵੀ ਮਹਾਨ ਆਗੂ ਵਜੋਂ ਉੱਭਰੇ। ਆਪ ਜੀ ਦਾ ਜਨਮ 1872 ਈਸਵੀ ਨੂੰ ਸਾਂਝੇ ਪੰਜਾਬ ਦੀ ਲਾਹੌਰ ਜਿਲੇ ਦੇ ਪਿੰਡ ਭਿੱਖੀਵਿੰਡ ਵਿੱਚ ਹੋਇਆ। ਆਪ ਦੇ ਪਿਤਾ ਦਾ ਨਾਂ ਭਾਈ ਨਰਾਇਣ ਸਿੰਘ ਸੰਧੂ ਅਤੇ ਮਾਤਾ ਦਾ ਨਾਮ ਬੀਬੀ ਮਾਨ ਕੌਰ ਸੀ । ਆਪ ਚਾਰ ਭੈਣ ਭਰਾਵਾਂ 'ਚੋਂ ਸਭ ਤੋਂ ਛੋਟੇ ਸਨ। ਆਪਣੇ ਕਰੀਬ 20 ਸਾਲ ਦੀ ਉਮਰ 'ਚ ਫੌਜ ਵਿੱਚ ਨੌਕਰੀ ਕੀਤੀ। ਪੰਜ ਸਾਲਾਂ ਮਗਰੋਂ ਆਪ ਫੌਜੀ ਨੌਕਰੀ ਛੱਡ ਕੇ, ਹਾਂਗਕਾਂਗ ਚਲੇ ਗਏ, ਜਿੱਥੇ ਪੁਲਿਸ ਵਿੱਚ ਮੁਲਾਜ਼ਮ ਰਹੇ। ਫਿਰ ਚੀਨ ਦੇ ਸ਼ਹਿਰ ਸ਼ੰਘਾਈ ਚਲੇ ਗਏ ਅਤੇ ਉਥੇ ਵੀ ਕੁਝ ਸਮਾਂ ਪੁਲਿਸ 'ਚ ਸੇਵਾਵਾਂ ਦਿੱਤੀਆਂ।
ਸੰਨ 1906 ਵਿੱਚ ਭਾਈ ਭਾਗ ਸਿੰਘ ਕੈਨੇਡਾ ਆ ਗਏ ਅਤੇ ਇਥੇ ਭਾਈ ਸੁੰਦਰ ਸਿੰਘ ਜੀ ਦੇ ਪ੍ਰਭਾਵ ਅਧੀਨ ਸਿੱਖੀ ਜੀਵਨ-ਜਾਚ ਨਾਲ ਇੱਕ-ਮਿਕ ਹੋ ਗਏ। ਆਪ ਜੀ 22 ਜੁਲਾਈ 1906 ਨੂੰ ਕੈਨੇਡਾ ਵਿੱਚ ਬਣਾਈ ਗਈ ਖਾਲਸਾ ਦੀਵਾਨ ਸੁਸਾਇਟੀ ਦੇ ਸੇਵਾਦਾਰ ਬਣੇ। 28 ਜੂਨ 1908 ਨੂੰ ਅੰਮ੍ਰਿਤ ਛਕਿਆ ਅਤੇ ਪੂਰਨ ਸਿੰਘ ਸਜ ਗਏ। 13 ਮਾਰਚ 1909 ਨੂੰ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਰਜਿਸਟਰਡ ਹੋਈ, ਜਿਸ ਦਾ ਸੰਵਿਧਾਨ ਪ੍ਰੋਫੈਸਰ ਤੇਜਾ ਸਿੰਘ ਜੀ ਨੇ ਲਿਖਿਆ। ਸੰਵਿਧਾਨ ਅਨੁਸਾਰ ਅੰਮ੍ਰਿਤਧਾਰੀ ਤੇ ਨਸ਼ਾ ਮੁਕਤ ਜੀਵਨ ਵਾਲੇ ਗੁਰਸਿੱਖ ਹੀ ਸੁਸਾਇਟੀ ਦੇ ਪ੍ਰਬੰਧਕ ਬਣ ਸਕਦੇ ਸਨ। ਭਾਈ ਭਾਗ ਸਿੰਘ ਜੀ ਪਹਿਲਾਂ ਸੁਸਾਇਟੀ ਦੇ ਮੁੱਖ ਸਕੱਤਰ ਅਤੇ ਖਜਾਨਚੀ ਰਹੇ ਅਤੇ ਮਗਰੋਂ 1910 ਵਿੱਚ ਆਪ ਇਸ ਸੰਸਥਾ ਦੇ ਪ੍ਰਧਾਨ ਬਣੇ।
ਕੈਨੇਡਾ ਵਿੱਚ ਪ੍ਰਵਾਸੀ ਪੰਜਾਬੀਆਂ ਦੇ ਪਰਿਵਾਰਾਂ ਨੂੰ ਲਿਆਉਣ ਦੀ ਮੁਹਿੰਮ ਵਿੱਚ ਭਾਈ ਭਾਗ ਸਿੰਘ ਮੋਹਰੀ ਸਨ। ਆਪ ਜੀ ਦੀ ਸੁਪਤਨੀ ਬੀਬੀ ਹਰਨਾਮ ਕੌਰ ਅਤੇ ਭਾਈ ਬਲਵੰਤ ਸਿੰਘ ਜੀ ਸਿੰਘਣੀ ਬੀਬੀ ਕਰਤਾਰ ਕੌਰ ਕੈਨੇਡਾ ਵਿੱਚ 21 ਜਨਵਰੀ 1912 ਲੰਮੇ ਸੰਘਰਸ਼ ਮਗਰੋਂ ਪਹੁੰਚੇ ਅਤੇ ਲੋਕਾਂ ਲਈ ਰਾਹ ਖੋਲ੍ਹੇ। ਇਥੇ ਆਪ ਜੀ ਦੀ ਪਤਨੀ ਬੀਬੀ ਹਰਨਾਮ ਕੌਰ ਨੇ 21 ਜਨਵਰੀ 1914 ਨੂੰ ਧੀ ਬੀਬੀ ਕਰਮ ਕੌਰ ਨੂੰ ਜਨਮ ਦਿੱਤਾ, ਜੋ ਕਿ ਕੈਨੇਡਾ ਦੀ ਧਰਤੀ 'ਤੇ ਜਨਮ ਲੈਣ ਵਾਲੀ 'ਪਹਿਲੀ ਸਿੱਖ ਬੱਚੀ' ਕਹੀ ਜਾ ਸਕਦੀ ਹੈ। ਧੀ ਦੇ ਜਨਮ ਵੇਲੇ ਆਈਆਂ ਜਿਸਮਾਨੀ ਮੁਸ਼ਕਿਲਾਂ ਨਾਲ ਜੂਝਦੇ ਹੋਏ ਬੀਬੀ ਹਰਨਾਮ ਕੌਰ ਜੀ ਦੀ 28 ਸਾਲ ਦੀ ਉਮਰ ਵਿੱਚ ਚਲਾਣਾ ਕਰ ਗਏ। ਇਸ ਮਗਰੋਂ ਭਾਈ ਭਾਗ ਸਿੰਘ ਜੀ 'ਤੇ 26 ਮਹੀਨੇ ਦੇ ਪੁੱਤਰ ਜੋਗਿੰਦਰ ਸਿੰਘ ਅਤੇ ਨੌ ਦਿਨਾਂ ਦੀ ਧੀ ਕਰਮ ਕੌਰ ਦੀ ਦੀ ਵੱਡੀ ਇਸ ਜ਼ਿੰਮੇਵਾਰੀ ਆਣ ਪਈ। ਇੱਕ ਪਾਸੇ ਆਪ ਬੱਚਿਆਂ ਦੀ ਦੇਖਭਾਲ ਕਰਦੇ ਅਤੇ ਦੂਜੇ ਪਾਸੇ ਸਾਂਝੇ ਮਸਲਿਆਂ ਵਿੱਚ ਕੌਮ ਦੀ ਅਗਵਾਈ ਕਰਦੇ।
ਕੈਨੇਡਾ ਦੀ ਧਰਤੀ 'ਤੇ ਭਾਈ ਭਾਗ ਸਿੰਘ ਨੇ ਬਸਤੀਵਾਦ ਅਤੇ ਨਸਲਵਾਦ ਖ਼ਿਲਾਫ਼ ਜ਼ੋਰਦਾਰ ਆਵਾਜ਼ ਉਠਾਈ। ਨਫਰਤ ਅਤੇ ਵਿਤਕਰੇ ਅਧੀਨ ਕੈਨੇਡਾ ਦੀ ਧਰਤੀ ਤੋਂ ਮੋੜੇ ਗਏ 'ਗੁਰੂ ਨਾਨਕ ਜਹਾਜ਼' ਦੇ ਮੁਸਾਫ਼ਰਾਂ ਦੇ ਹੱਕ ਵਿੱਚ ਭਾਈ ਸਾਹਿਬ ਨੇ ਵਡਮੁੱਲੀ ਅਗਵਾਈ ਦਿੱਤੀ। ਇਸ ਤੋਂ ਇਲਾਵਾ ਕੈਨੇਡਾ 'ਚੋਂ ਭਾਰਤੀਆਂ ਨੂੰ ਕੱਢ ਕੇ ਹਾਂਡੂਰਸ ਭੇਜਣ ਦੀ ਕਾਰਵਾਈ ਦਾ ਵਿਰੋਧ ਕਰਨਾ, ਸਾਬਕਾ ਬਰਤਾਨਵੀ ਫ਼ੌਜੀਆਂ ਦੇ ਤਮਗੇ, ਇਨਸਿਗਨੀਆ ਆਦਿ ਅੱਗ ਵਿੱਚ ਸੜਨਾ ਅਤੇ ਬਰਤਾਨੀਆ ਦੇ ਬਾਦਸ਼ਾਹ ਜਾਰਜ ਪੰਜਵੇਂ ਦੀ ਤਾਜਪੋਸ਼ੀ ਦੇ ਸਮਾਗਮਾਂ ਦਾ ਵਿਰੋਧ ਆਦਿ ਦਲੇਰਾਨਾ ਕਾਰਜ ਵੀ ਭਾਈ ਭਾਗ ਸਿੰਘ ਜੀ ਦੀ ਅਗਵਾਈ ਵਿੱਚ ਹੀ ਹੋਏ।
ਸ਼ਹੀਦ ਭਾਈ ਬਤਨ ਸਿੰਘ ਦਲੇਲ ਸਿੰਘ ਵਾਲਾ ਪਿੰਡ ਨਾਲ ਸਬੰਧਤ ਸਨ, ਜਿਹਨਾਂ ਕੈਨੇਡਾ ਵਿਚ ਰਹਿੰਦਿਆਂ ਹੋਇਆਂ ਭਾਰਤ ਵਿਚਲੇ ਬਸਤੀਵਾਦ ਖ਼ਿਲਾਫ਼ ਇਨਕਲਾਬੀ ਸਰਗਰਮੀਆਂ ਜਾਰੀ ਰੱਖੀਆਂ ਅਤੇ ਸ਼ਹੀਦੀ ਪਾਈ। ਕਈ ਇਤਿਹਾਸਕਾਰਾਂ ਨੇ ਆਪ ਦਾ ਨਾਂ ਬਦਨ ਸਿੰਘ ਲਿਖਿਆ ਹੈ, ਜਦ ਕਿ ਕੁਝ ਨੇ ਨਾਂ ਬਤਨ ਸਿੰਘ, (ਭਾਵ ਵਤਨ, ਦੇਸ) ਲਿਖਿਆ ਹੈ। ਖ਼ੈਰ ਨਾਂ ਤੋਂ ਵੀ ਵੱਡੀ ਗੱਲ ਇਹ ਹੈ ਕਿ ਉਨ੍ਹਾਂ ਜਿੱਥੇ ਸ਼ਹਾਦਤ 'ਵਤਨ' ਲਈ ਦਿੱਤੀ, ਉੱਥੇ ਆਪਣਾ 'ਬਦਨ' ਭਾਵ ਤਨ ਵੀ ਕੌਮ ਲਈ ਸਮਰਪਿਤ ਕਰ ਦਿੱਤਾ। ਆਪ ਜੀ ਦਾ ਜਨਮ 1864 ਈਸਵੀ ਵਿੱਚ ਜ਼ਿਲਾ ਮਾਨਸਾ ਦੇ ਪਿੰਡ ਦਲੇਲ ਸਿੰਘ ਵਾਲਾ ਵਿਖੇ ਸ. ਬਘੇਲ ਸਿੰਘ ਜਵੰਦਾ ਦੇ ਘਰ ਬੀਬੀ ਜਿਉਣੀ ਦੀ ਕੁੱਖੋਂ ਹੋਇਆ। ਆਪ ਤਿੰਨ ਭਰਾ ਸਨ ਅਤੇ ਖੇਤੀਬਾੜੀ ਕਰਦੇ ਸਨ। ਮਗਰੋਂ ਭਾਈ ਸਾਹਿਬ ਫੌਜ ਵਿੱਚ ਭਰਤੀ ਹੋ ਗਏ ਅਤੇ ਕੁਝ ਸਮਾਂ ਬਰਮਾ ਵਿੱਚ ਵੀ ਸੇਵਾ ਕੀਤੀ। ਪੰਜ ਸਾਲ ਮਗਰੋਂ ਨੌਕਰੀ ਛੱਡ ਕੇ ਪਿੰਡ ਆ ਗਏ ਤੇ ਫਿਰ ਹਾਂਗਕਾਂਗ ਵਿਖੇ 1902 ਵਿੱਚ ਜੇਲ੍ਹ ਵਾਰਡ ਦੀ ਨੌਕਰੀ ਕੀਤੀ।
ਭਾਈ ਬਤਨ ਸਿੰਘ ਦਲੇਲ ਸਿੰਘ ਵਾਲਾ 1907 ਵਿੱਚ ਕੈਨੇਡਾ ਆ ਗਏ, ਜਿੱਥੇ ਨਿਊ ਵੈਸਟਮਿਨਿਸਟਰ ਦੀ ਫਰੇਜ਼ਰ ਮਿੱਲ ਵਿੱਚ ਨੌਕਰੀ ਕੀਤੀ। ਆਪ ਅਣਥਕ ਮਿਹਨਤ ਕਰਦੇ ਸਨ। ਜਦੋਂ ਆਪ ਸ਼ਹੀਦ ਹੋਏ, ਉਦੋਂ ਤੱਕ ਆਪ ਅਣਵਿਆਹੇ ਸਨ। ਆਪ ਨੂੰ ਕੈਨੇਡਾ ਵਿੱਚ ਬਤਨ ਸਿੰਘ ਮਹੀਆਂਵਾਲਾ ਕਰਕੇ ਸੱਦਿਆ ਜਾਂਦਾ ਸੀ, ਕਿਉਂਕਿ ਆਪ ਨੂੰ ਪਿੰਡ ਰਹਿੰਦਿਆਂ ਮੱਝਾਂ ਰੱਖਣਾ ਦਾ ਭਰਪੂਰ ਸ਼ੌਕ ਸੀ। ਆਪ ਦਾਨੀ ਬਿਰਤੀ ਦੇ ਮਾਲਕ ਸਨ। ਭਾਈ ਬਤਨ ਸਿੰਘ ਭਸੌੜ ਵਿਖੇ ਖਾਲਸਾ ਸਕੂਲ ਵਿੱਚ ਲੜਕੀਆਂ ਲਈ ਵੱਧ-ਚੜ੍ਹ ਕੇ ਸਹਿਯੋਗ ਦਿੰਦੇ ਰਹੇ।ਪ੍ਰੋਫੈਸਰ ਸੰਤ ਤੇਜਾ ਸਿੰਘ ਜੀ ਦੀ ਅਗਵਾਈ ਵਿੱਚ ਬਣੀ 'ਗੁਰੂ ਨਾਨਕ ਮਾਈਨਿੰਗ ਐਂਡ ਟਰਸਟ ਕੰਪਨੀ' ਵਿੱਚ ਭਾਈ ਬਤਨ ਸਿੰਘ ਨੇ ਡਾਇਰੈਕਟਰ ਦੀ ਸੇਵਾ ਨਿਭਾਈ ਅਤੇ ਦਾਨੀ ਵਜੋਂ ਸਹਿਯੋਗ ਵੀ ਦਿੱਤਾ। ਆਪ ਸਮਰਪਤ ਗੁਰਸਿੱਖ ਸਨ ਅਤੇ ਗੁਰੂ ਘਰ ਦੇ ਪ੍ਰੇਮੀ ਸਨ।  ਭਾਈ ਭਾਗ ਸਿੰਘ ਅਤੇ ਭਾਈ ਬਤਨ ਸਿੰਘ 'ਤੇ ਗੁਰੂ ਨਾਨਕ ਜਹਾਜ਼' ਨੂੰ ਕੈਨੇਡਾ ਤੋਂ ਵਾਪਿਸ ਮੋੜਨ ਦੀ ਘਟਨਾ ਦਾ ਡੂੰਘਾ ਅਸਰ ਪਿਆ ਸੀ। 23 ਮਈ 1914 ਨੂੰ ਬਾਬਾ ਗੁਰਦਿੱਤ ਸਿੰਘ ਸਰਹਾਲੀ ਦੀ ਅਗਵਾਈ 'ਚ 'ਗੁਰੂ ਨਾਨਕ ਜਹਾਜ਼' ਦੇ ਵੈਨਕੂਵਰ ਪੁੱਜਣ 'ਤੇ ਕੈਨੇਡਾ ਸਰਕਾਰ ਨੇ ਮੁਸਾਫਿਰਾਂ ਨੂੰ ਕੈਨੇਡਾ ਦਾਖਿਲ ਹੋਣ ਤੋਂ ਰੋਕ ਦਿੱਤਾ। ਉੱਤਰੀ ਅਮਰੀਕਾ 'ਚ ਵਸਦੇ ਸਾਰੇ ਗਦਰੀ ਯੋਧਿਆਂ ਅੰਦਰ, ਇਸ ਘਟਨਾ ਨੇ ਰੋਸ ਦੀ ਲਹਿਰ ਪੈਦਾ ਕਰ ਦਿੱਤੀ। 6 ਜੁਲਾਈ,1914 ਨੂੰ ਬੀ.ਸੀ. ਅਪੀਲ ਕੋਰਟ ਨੇ ਜਹਾਜ਼ ਦੇ ਸਵਾਰਾਂ ਖਿਲਾਫ਼ ਫੈਸਲਾ ਸੁਣਾ ਕੇ, ਉਨ੍ਹਾਂ ਨੂੰ ਵਾਪਿਸ ਮੋੜਨ ਦਾ ਰਾਹ ਪੱਧਰਾ ਕਰ ਦਿੱਤਾ। ਅਜਿਹੀ ਸਥਿਤੀ ਵਿੱਚ ਇਹਨਾਂ ਯੋਧਿਆਂ ਨੇ ਫੈਸਲਾ ਕੀਤਾ ਕਿ 'ਗੁਰੂ ਨਾਨਕ ਜਹਾਜ਼' ਦੇ ਵਾਪਿਸ ਜਾਣ ਤੋਂ ਪਹਿਲਾਂ, ਇਸ ਦੇ ਸਵਾਰਾਂ ਰਾਹੀਂ, ਭਾਰਤ ਅੰਦਰ ਗਦਰ ਲਹਿਰ ਦਾ ਸਾਹਿਤ ਤੇ ਹਥਿਆਰ ਭੇਜੇ ਜਾਣ ਦਾ ਯਤਨ ਕੀਤਾ ਜਾਵੇ। ਇਸ ਮਕਸਦ ਲਈ ਭਾਈ ਭਾਗ ਸਿੰਘ ਹੋਰਨਾਂ ਭਾਈਆਂ ਸਮੇਤ ਕੈਨੇਡਾ ਦੀ ਸਰਹੱਦ ਪਾਰ ਕਰਕੇ ਅਮਰੀਕਾ 'ਚ ਦਾਖਿਲ ਹੋਏ, ਜਿਥੋਂ ਹਥਿਆਰ ਖਰੀਦ ਕੇ 17 ਜੁਲਾਈ 2014 ਨੂੰ ਵਾਪਿਸ ਚੱਲ ਪਏ। ਕੈਨੇਡਾ ਦੇ ਸ਼ਹਿਰ ਐਬਸਫੋਰਡ 'ਚ ਸੁੂਮਸ ਬਾਰਡਰ ਨੇੜਲੀਆਂ ਝਾੜੀਆਂ ਰਾਹੀਂ ਦਾਖਿਲ ਹੁੰਦਿਆਂ, ਭਾਈ ਭਾਗ ਸਿੰਘ ਅਤੇ ਉਹਨਾਂ ਦੇ 32 ਸਾਲ ਦੇ ਪੁੱਤਰ ਜੋਗਿੰਦਰ ਸਿੰਘ, ਭਾਈ ਬਲਵੰਤ ਸਿੰਘ ਜੀ ਅਤੇ ਭਾਈ ਮੇਵਾ ਸਿੰਘ ਤੇ ਕਈ ਹੋਰ ਗਦਰੀ ਆਗੂ ਹਥਿਆਰਾਂ ਸਣੇ ਗ੍ਰਿਫ਼ਤਾਰ ਕਰ ਲਏ ਗਏ।
ਉਧਰ ਵੈਨਕੂਵਰ ਵਿੱਚ ਨਸਲਵਾਦੀ ਬ੍ਰਿਟਿਸ਼ ਕੈਨੇਡੀਅਨ ਸਰਕਾਰ ਨੇ ਗੁਰੂ ਨਾਨਕ ਜਹਾਜ਼ ਨੂੰ ਧੱਕੇ ਨਾਲ ਵਾਪਸ ਮੋੜਨ ਦਾ ਫੈਸਲਾ ਲੈ ਲਿਆ, ਜਿਸ ਨੂੰ ਚੁਣੌਤੀ ਦਿੰਦਿਆਂ ਅਮਰੀਕਾ ਦੀ ਜੇਲ੍ਹ 'ਚੋਂ ਹੀ ਭਾਈ ਭਾਗ ਸਿੰਘ ਨੇ ਆਪਣੇ ਵਕੀਲ ਰਾਹੀਂ ਇਮੀਗ੍ਰੇਸ਼ਨ ਵਿਭਾਗ ਦੇ ਮੁਖੀ ਮੈਲਕਮ ਰੀਡ ਅਤੇ ਗੁਰੂ ਨਾਨਕ ਜਹਾਜ਼ ਦਾ ਕੇਸ ਲੜ ਰਹੇ ਸਰਕਾਰੀ ਵਕੀਲ ਨੂੰ ਟੈਲੀਗਰਾਮ ਭੇਜੀ ਕਿ ਉਹ (ਭਾਈ ਭਾਗ ਸਿੰਘ) ਗੁਰੂ ਨਾਨਕ ਜਹਾਜ਼ ਦੇ ਪਟੇਦਾਰ ਹਨ। ਇਸ ਕਰਕੇ ਉਹਨਾਂ ਦੀ ਸਹਿਮਤੀ ਤੋਂ ਬਿਨਾਂ ਗੁਰੂ ਨਾਨਕ ਜਹਾਜ਼ ਵਾਪਸ ਨਾ ਭੇਜਿਆ ਜਾਏ। ਕਿਸੇ ਵੀ ਹਾਲਤ ਵਿੱਚ ਜੇਕਰ ਕੈਨੇਡਾ ਸਰਕਾਰ ਮੁਸਾਫਰਾਂ ਨੂੰ ਜਬਰੀ ਵਾਪਸ ਭੇਜਦੀ ਭੇਜਦੀ ਹੈ, ਤਾਂ ਮੁਸਾਫਰਾਂ ਦੇ ਖਰਚ ਵਜੋਂ 35 ਹਜ਼ਾਰ ਡਾਲਰ ਅਦਾ ਕੀਤਾ ਜਾਏ।
ਭਾਈ ਭਾਗ ਸਿੰਘ ਵੱਲੋਂ ਗੁਰੂ ਨਾਨਕ ਜਹਾਜ਼ ਨੂੰ ਵਾਪਸ ਨਾ ਮੋੜਨ ਦੀ ਕਾਨੂੰਨੀ ਚਾਰਾਜੋਈ ਦੀ ਜਿੱਥੇ ਸਰਕਾਰੀ ਧੱਕੇਸ਼ਾਹੀ ਰਾਹੀਂ ਪਰਵਾਹ ਨਾ ਕੀਤੀ ਗਈ, ਉਥੇ ਦੂਜੇ ਪਟੇਦਾਰ ਭਾਈ ਹਸਨ ਰਹੀਮ (ਅਸਲ ਨਾਂ ਸ਼ਗੁਨ ਵਰਮਾ) ਨੂੰ ਮੱਲੋ-ਜੋਰੀ ਜਹਾਜ਼ ਭੇਜਣ ਲਈ ਪ੍ਰਵਾਨਗੀ ਵਾਸਤੇ ਤਿਆਰ ਕਰ ਕੇ 23 ਜੁਲਾਈ 1914 ਨੂੰ ਗੁਰੂ ਨਾਨਕ ਜਹਾਜ਼ ਕੈਨੇਡਾ ਤੋਂ ਮੋੜ ਦਿੱਤਾ। ਭਾਈ ਭਾਗ ਸਿੰਘ ਅਤੇ ਉਹਨਾਂ ਦੇ ਸਾਥੀ 30 ਜੁਲਾਈ 1914 ਨੂੰ ਜੇਲ੍ਹ 'ਚੋਂ ਰਿਹਾ ਹੋ ਕੇ ਵੈਨਕੂਵਰ ਪਹੁੰਚੇ। ਭਾਈ ਸਾਹਿਬ ਅੰਦਰ ਜਹਾਜ਼ ਜਬਰੀ ਕੈਨੇਡਾ ਤੋਂ ਮੋੜੇ ਜਾਣ ਦੀ ਘਟਨਾ ਦਾ ਡੂੰਘਾ ਰੋਸ ਸੀ।
4 ਅਗਸਤ 1914 ਨੂੰ ਪਹਿਲਾ ਵਿਸ਼ਵ ਯੁੱਧ ਸ਼ੁਰੂ ਹੁੰਦਿਆਂ ਸਾਰ ਕੈਨੇਡਾ ਤੇ ਅਮਰੀਕਾ ਦੇ ਬਹੁਤ ਸਾਰੇ ਗਦਰੀ ਬਾਬੇ, ਭਾਰਤ ਨੂੰ ਆਜ਼ਾਦ ਕਰਾਉਣ ਲਈ ਰਵਾਨਾ ਹੋਣ ਲੱਗੇ, ਤਾਂ ਸਰਕਾਰੀ ਪਿੱਠੂ ਤੇ ਕੌਮੀ ਗੱਦਾਰ ਬੇਲੇ ਜਿਆਣ ਨੇ ਹਿੰਦੁਸਤਾਨੀ ਬ੍ਰਿਟਿਸ਼ ਸਰਕਾਰ ਦੀ ਏਜੰਟ ਹਾਪਕਿਨਸਨ ਦੀ ਸ਼ਹਿ 'ਤੇ ਵਹਿਸ਼ੀਆਨਾ ਕਾਰਾ ਕੀਤਾ। ਇਹ ਘਟਨਾ 5 ਸਤੰਬਰ 1914 ਈਸਵੀ ਦੀ ਹੈ। ਸਥਾਨ ਖ਼ਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦਾ ਸੈਕਿੰਡ ਐਵੀਨਿਊ 'ਤੇ ਬਣਿਆ ਪਹਿਲਾ ਗੁਰਦੁਆਰਾ ਸੀ। ਸਮਾਂ ਸ਼ਾਮ ਦੇ ਕਰੀਬ ਸੱਤ ਵੱਜਣ 'ਚ ਕੁਝ ਕੁ ਮਿੰਟ ਬਾਕੀ ਸਨ। ਅਰਜਨ ਸਿੰਘ ਨਾਂ ਦੇ ਇੱਕ ਵਿਅਕਤੀ ਦੇ ਸਸਕਾਰ ਮਗਰੋਂ ਪਾਠ ਦਾ ਭੋਗ ਪੈ ਚੁੱਕਾ ਸੀ। ਅਰਜਨ ਸਿੰਘ ਬੇਲਾ ਜਿਆਣ ਦੇ ਧੜੇ ਦਾ ਬੰਦਾ ਸੀ, ਜੋ ਕਿ ਅੰਗਰੇਜ਼ ਸਰਕਾਰ ਦੇ ਟਾਊਟ ਸਨ ਅਤੇ ਸਰਕਾਰ ਤੋਂ ਬਾਗੀ ਸਿੱਖ ਆਗੂਆਂ ਦੇ ਖਿਲਾਫ ਭੁਗਤਦੇ ਸਨ। ਬੇਲਾ ਤੇ ਉਸਦੇ ਸਾਥੀ ਸਮਝਦੇ ਸਨ ਕਿ ਭਾਈ ਭਾਗ ਸਿੰਘ ਅਤੇ ਉਹਨਾਂ ਦੇ ਧੜੇ ਵੱਲੋਂ ਅਰਜਨ ਸਿੰਘ ਦਾ ਕਤਲ ਕੀਤਾ ਗਿਆ ਹੈ।
ਜਦੋਂ ਹੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਅਰਦਾਸ ਹੋਣ ਲੱਗੀ, ਤਾਂ ਖ਼ਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਪ੍ਰਧਾਨ ਭਾਈ ਭਾਗ ਸਿੰਘ ਭਿੱਖੀਵਿੰਡ ਦੇ ਪਿੱਛੇ ਬੈਠੇ ਗ਼ੱਦਾਰ ਬੇਲੇ ਜਿਆਣ ਨੇ ਦੋਵਾਂ ਹੱਥਾਂ 'ਚ ਪਿਸਤੌਲ ਫੜ ਲਈ ਅਤੇ ਭਾਈ ਭਾਗ ਸਿੰਘ ਦੀ ਪਿੱਠ 'ਤੇ ਗੋਲੀਆਂ ਦੀ ਵਾਛੜ ਕਰ ਦਿੱਤੀ। ਇਹ ਵੇਖਦਿਆਂ ਸਾਰ ਹੀ ਅਰਦਾਸ 'ਚ ਖੜ੍ਹੇ ਯੋਧੇ ਭਾਈ ਬਤਨ ਸਿੰਘ ਦਲੇਲ ਸਿੰਘ ਵਾਲਾ ਨੇ ਜਾਨ ਦੀ ਪ੍ਰਵਾਹ ਨਾ ਕਰਦਿਆਂ, ਹਤਿਆਰੇ ਨੂੰ ਧੌਣੋਂ ਜਾ ਦਬੋਚਿਆ।ਬੇਲਾ ਜਿਆਣ ਨੇ ਆਪਣਾ ਪਿਸਤੌਲ ਭਾਈ ਬਤਨ ਸਿੰਘ ਵੱਲ ਕਰ ਕੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ, ਜਿਨ੍ਹਾਂ 'ਚੋਂ ਚਾਰ ਗੋਲ਼ੀਆਂ ਬਤਨ ਸਿੰਘ ਦੇ ਲੱਗੀਆਂ। ਦੀਵਾਨ ਹਾਲ ਅੰਦਰ ਸੁਸਾਇਟੀ ਦੇ ਪ੍ਰਧਾਨ ਭਾਈ ਭਾਗ ਸਿੰਘ ਨੂੰ ਬਚਾਉਂਦਿਆਂ, ਭਾਈ ਬਤਨ ਸਿੰਘ ਵੀ ਗੰਭੀਰ ਜ਼ਖਮੀ ਹੋ ਗਏ ਅਤੇ ਦੋਵੇਂ ਸਿੱਖ ਯੋਧੇ ਅਗਲੇ ਦਿਨ ਭਾਵ 6 ਸਤੰਬਰ 1914 ਨੂੰ ਸ਼ਹੀਦੀਆਂ ਪਾ ਗਏ। ਗੁਰਦੁਆਰੇ ਅੰਦਰ ਮੌਜੂਦ ਸੰਗਤ ਵਿਚੋਂ ਕਈ ਹੋਰ ਵਿਅਕਤੀ ਜ਼ਖਮੀ ਵੀ ਹੋਏ, ਜਿਹਨਾਂ ਵਿੱਚ ਭਾਈ ਦਲੀਪ ਸਿੰਘ ਫਾਲਾ, ਭਾਈ ਬਲਵੰਤ ਸਿੰਘ ਖੁਰਦਪੁਰ ਦਾ ਸਨਬੰਧੀ ਭਾਈ ਉੱਤਮ ਸਿੰਘ ਨੂਰਪੁਰੀ, ਭਾਈ ਲਾਭ ਸਿੰਘ, ਭਾਈ ਬਤਨ ਸਿੰਘ ਕਾਹਰੀ, ਸੋਹਣ ਲਾਲ ਪਿੰਡ ਔਲਖ ਤੇ ਜਵਾਲਾ ਸਿੰਘ ਸ਼ੇਖ ਦੌਲਤ ਆਦਿ ਦਰਜਨ ਤੋਂ ਵੱਧ ਸਿੱਖ ਸ਼ਾਮਿਲ ਸਨ।
ਇਹ ਘਟਨਾ ਕੈਨੇਡਾ ਦੇ ਸਿੱਖ ਇਤਿਹਾਸ ਦਾ ਲਹੂ ਭਿੱਜਿਆ ਪੰਨਾ ਸੀ, ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸਿੱਖ ਆਗੂਆਂ ਨੂੰ ਸ਼ਹੀਦ ਕੀਤਾ ਗਿਆ ਹੋਵੇ। ਹਤਿਆਰੇ ਬੇਲੇ ਜਿਆਣ ਨੂੰ ਚਾਹੇ ਗ੍ਰਿਫ਼ਤਾਰ ਵੀ ਕਰ ਲਿਆ, ਪਰ ਮਗਰੋਂ ਸਰਕਾਰੀ ਮੁਖ਼ਬਰ ਹੋਣ ਕਰ ਕੇ ਉਸ ਨੂੰ ਰਿਹਾਅ ਕਰ ਦਿੱਤਾ ਗਿਆ। ਸਿਤਮਜ਼ਰੀਫੀ ਇਸ ਗੱਲ ਦੀ ਸੀ ਕਿ ਵੈਨਕੂਵਰ ਦੀ ਅਦਾਲਤ ਵਿੱਚ 3 ਨਵੰਬਰ ਤੋਂ 6 ਨਵੰਬਰ,1914 ਤੱਕ ਚੱਲੀ ਸੁਣਵਾਈ ਦੁਆਰਾ ਜੱਜ ਆਇਲੇ ਮੌਰੀਸਨ ਨੇ ਜਿਊਰੀ ਨੂੰ ਕਿਹਾ ਕਿ ਮੁਜਰਿਮ ਬੇਲਾ ਜਿਆਣਾ ਬਰੀ ਹੋਣਾ ਚਾਹੀਦਾ ਹੈ, ਕਿਉਂਕਿ ਉਸ ਨੇ 'ਆਤਮ ਰੱਖਿਆ' ਲਈ ਗੋਲੀ ਚਲਾਈ। ਕੈਨੇਡਾ ਦੀ ਅਦਾਲਤ ਦੇ ਜੱਜ ਲਈ ਇਸ ਤੋਂ ਸ਼ਰਮਨਾਕ ਗੱਲ ਕੀ ਹੋ ਸਕਦੀ ਸੀ! ਜਿਊਰੀ ਨੇ ਬੇਲੇ ਜਿਆਣ ਨੂੰ ਬੇਕਸੂਰ ਕਰਾਰ ਦੇ ਕੇ ਬਰੀ ਕਰ ਦਿੱਤਾ। ਉਧਰ ਸਿੱਖਾਂ ਅੰਦਰ ਇਸ ਗੱਲ ਦਾ ਭਾਰੀ ਰੋਸ ਸੀ ਅਤੇ ਇਸ ਦੌਰਾਨ ਸਿੱਖ ਯੋਧੇ ਭਾਈ ਜਗਤ ਸਿੰਘ ਮਹਿਰਾ ਭੂਤਵਿੰਡ ਨੇ ਵੈਨਕੂਵਰ ਦੀ ਗ੍ਰੈਨਵਿਲ ਸਟਰੀਟ 'ਤੇ ਹਿੰਦੂ ਸਟੋਰ ਵਿੱਚ ਦੁਸ਼ਟ ਬੇਲਾ ਜਿਆਣ ਅਤੇ ਉਹਦੇ ਸਾਥੀਆਂ 'ਤੇ ਗੋਲੀਆਂ ਚਲਾਈਆਂ। ਬੇਲਾ ਤਾਂ ਬਚ ਗਿਆ, ਪਰ ਉਸ ਦਾ ਇਕ ਸਾਥੀ ਰਤਨ ਉਰਫ ਪ੍ਰਤਾਪ ਕੋਟਲੀ ਮਾਰਿਆ ਗਿਆ, ਜਦਕਿ ਦੂਸਰਾ ਜ਼ਖਮੀ ਹੋ ਗਿਆ।
ਭਾਈ ਭਾਗ ਸਿੰਘ ਅਤੇ ਭਾਈ ਬਤਨ ਸਿੰਘ ਨੂੰ ਸ਼ਹੀਦ ਕਰਨ ਵਾਲਾ ਬੇਲਾ ਜਿਆਣ ਡਰ ਦਾ ਮਾਰਿਆ 1 ਜੂਨ 1916 ਨੂੰ ਭਾਰਤ ਭੱਜ ਗਿਆ, ਜਿੱਥੇ 19 ਸਾਲ ਮਗਰੋਂ ਬੱਬਰ ਅਕਾਲੀ ਭਾਈ ਹਰੀ ਸਿੰਘ ਸੂੰਢ ਨੇ ਸਾਥੀਆਂ ਸਮੇਤ, ਦੁਸ਼ਟ ਗੱਦਾਰ ਬੇਲਾ ਜਿਆਣ ਉਸ ਦੇ ਜੱਦੀ ਪਿੰਡ ਨੇੜੇ ਹੀ 9 ਦਸੰਬਰ 1933 ਨੂੰ ਸੋਧਿਆ। ਭਾਈ ਭਾਗ ਸਿੰਘ ਅਤੇ ਭਾਈ ਬਤਨ ਸਿੰਘ ਦੀ ਸ਼ਹਾਦਤ ਵੇਲੇ ਵਿਸ਼ਵਾਸੀ ਸਿੱਖ ਭਾਈ ਮੇਵਾ ਸਿੰਘ ਲੋਪੋਕੇ ਸੰਗਤਾਂ ਵਿੱਚ ਮੌਜੂਦ ਸਨ, ਜਿਨ੍ਹਾਂ ਦੇ ਹਿਰਦੇ ਨੂੰ ਇਸ ਘਟਨਾ ਨੇ ਵਲੂੰਧਰ ਦਿੱਤਾ। ਭਾਈ ਮੇਵਾ ਸਿੰਘ ਨੇ 21 ਅਕਤੂਬਰ 1914 ਨੂੰ ਵੈਨਕੂਵਰ ਦੀ ਕਚਹਿਰੀ 'ਚ ਅੰਗਰੇਜ਼- ਭਾਰਤੀ ਵਿਲੀਅਮ ਹਾਪਕਿਨਸਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ।  ਭਾਈ ਭਾਗ ਸਿੰਘ ਅਤੇ ਭਾਈ ਬਦਨ ਸਿੰਘ ਨੂੰ ਸ਼ਹੀਦ ਕਰਨ ਲਈ ਮੁੱਖ ਜਿੰਮੇਵਾਰ ਨੂੰ ਸੋਧਣ ਕਰਕੇ ਗ੍ਰਿਫਤਾਰ ਕੀਤੇ ਗਏ ਭਾਈ ਮੇਵਾ ਸਿੰਘ ਖਿਲਾਫ 30 ਅਕਤੂਬਰ 1914 ਨੂੰ ਮੁਕੱਦਮੇ ਦੀ ਸੁਣਵਾਈ ਲਈ, ਬੀ.ਸੀ. ਸੁਪਰੀਮ ਕੋਰਟ ਦੇ ਜੱਜ ਆਈਲੇ ਮੌਰੀਸਨ ਵਲੋਂ 12 ਮੈਂਬਰੀ ਜਿਊਰੀ ਚੁਣੀ ਗਈ। ਬਣਾਉ ਪੱਖ ਦੇ ਵਕੀਲ ਵੁੱਡਜ਼ ਅਤੇ ਸਰਕਾਰੀ ਵਕੀਲ ਟੇਲਰ ਸਨ। ਅਦਾਲਤ 'ਚ ਇੱਕ ਹਜ਼ਾਰ ਦੇ ਕਰੀਬ ਲੋਕ ਹਾਜ਼ਰ ਸਨ, ਜਿੰਨਾਂ 'ਚੋਂ ਚਾਰ ਕੁ ਹੀ ਭਾਰਤੀ ਸਨ। ਇਸ ਮੌਕੇ 'ਤੇ ਭਾਈ ਮੇਵਾ ਸਿੰਘ ਨੇ ਜੋ ਬਿਆਨ ਦਿੱਤੇ, ਉਹ ਬਹਾਦਰੀ ਨੇ ਨਿਡੱਰਤਾ ਪੱਖੋਂ ਖਾਸ ਅਹਿਮੀਅਤ ਰੱਖਦੇ ਸਨ। ਅਦਾਲਤ ਵਿਚ ਅਨੁਵਾਦਕ ਡਾਲਟਨ ਵਲੋਂ, ਭਾਈ ਸਾਹਿਬ ਦੇ ਬਿਆਨ ਜੱਜ ਅੱਗੇ ਰੱਖੇ ਗਏ :
"..ਮੇਰੀ ਜ਼ਬਾਨ ਵਿੱਚ ਐਸੇ ਸ਼ਬਦ ਨਹੀਂ, ਜੋ ਬਿਆਨ ਕਰ ਸਕਣ ਕਿ ਵੈਨਕੂਵਰ ਵਿੱਚ ਮੈਨੂੰ ਕਿਹੜੇ-ਕਿਹੜੇ ਦੁੱਖ, ਮੁਸੀਬਤਾਂ ਅਤੇ ਪ੍ਰੇਸ਼ਾਨੀਆਂ ਝੱਲਣੀਆਂ ਪਈਆਂ ਹਨ... ਅਸੀਂ ਸਿੱਖ ਗੁਰਦੁਆਰੇ 'ਚ ਅਰਦਾਸ ਕਰਨ ਜਾਂਦੇ ਹਾਂ, ਪਰ ਇਨ੍ਹਾਂ ਪਾਪੀਆਂ ਨੇ ਗੁਰੁਦਆਰੇ 'ਚ ਗੋਲੀ ਚਲਾਕੇ ਅਤੇ ਭਾਈ ਭਾਗ ਸਿੰਘ ਦਾ ਕਤਲ ਕਰਕੇ, ਗੁਰਦੁਆਰੇ ਦੀ ਪਵਿੱਤਰਤਾ ਭੰਗ ਕੀਤੀ ਹੈ। ਇਨ੍ਹਾਂ ਪਾਪੀਆਂ ਨੇ ਦੋ ਮਾਸੂਮ ਬੱਚਿਆਂ ਨੂੰ ਯਤੀਮ ਬਣਾਇਆ ਹੈ। ਦੁਸ਼ਟਾਂ ਵਲੋਂ ਗੁਰਦੁਆਰੇ 'ਚ ਕੀਤੇ ਇਨ੍ਹਾਂ ਕਾਰਿਆਂ ਨੇ ਮੇਰੇ ਸੀਨੇ 'ਚ ਅੱਗ ਲਾ ਦਿੱਤੀ ਹੈ।..ਮੈਂ ਆਪਣੇ ਭਾਈਚਾਰੇ ਅਤੇ ਆਪਣੇ ਧਰਮ ਦੀ ਅਣਖ ਅਤੇ ਇੱਜ਼ਤ ਲਈ, ਹਾਪਕਿਨਸਨ ਦਾ ਕਤਲ ਕੀਤਾ ਹੈ। ਮੈਂ ਇਹ ਸਭ ਕੁਝ ਬਰਦਾਸ਼ਤ ਨਹੀਂ ਸੀ ਕਰ ਸਕਦਾ। ਜੱਜ ਸਾਹਿਬ, ਜੇ ਇਹ ਸਭ ਕੁਝ ਤੁਹਾਡੇ ਚਰਚ ਵਿੱਚ ਹੋਇਆ ਹੁੰਦਾ, ਤਾਂ ਤੁਸੀਂ ਈਸਾਈਆਂ ਨੇ ਵੀ ਬਰਦਾਸ਼ਤ ਨਹੀਂ ਸੀ ਕਰਨਾ, ਕਿਉਂਕਿ ਅਜਿਹਾ ਕਰਨ ਨਾਲ ਤੁਸੀਂ ਆਪਣੇ ਆਪ ਨੂੰ ਮੁਰਦਾ ਕੌਮ ਸਮਝਣਾ ਸੀ। ਕਿਸੇ ਸਿੱਖ ਲਈ ਵੀ ਗੁਰਦੁਆਰੇ 'ਚ ਇਹ ਸਭ ਕੁਝ ਹੁੰਦਾ ਵੇਖਣ ਨਾਲੋਂ, ਮਰ ਜਾਣਾ ਚੰਗਾ ਹੈ।" ਭਾਈ ਭਾਗ ਸਿੰਘ ਅਤੇ ਭਾਈ ਬਦਨ ਸਿੰਘ ਦੀ ਸ਼ਹਾਦਤ ਦਾ ਬਦਲਾ ਲੈਂਦਿਆਂ ਭਾਈ ਮੇਵਾ ਸਿੰਘ ਨੇ 11 ਜਨਵਰੀ 1915 ਨੂੰ ਹੱਸਦਿਆਂ- ਹੱਸਦਿਆਂ ਫਾਂਸੀ ਦਾ ਰੱਸਾ ਚੁੰਮ ਕੇ ਸ਼ਹੀਦੀ ਪਾਈ।
ਕੈਨੇਡਾ ਦੀ ਧਰਤੀ ਤੇ ਸ਼ਹੀਦ ਹੋਣ ਵਾਲੇ ਪਹਿਲੇ ਸਿੱਖ ਯੋਧੇ ਭਾਗ ਸਿੰਘ ਭਿਖੀਵਿੰਡ ਅਤੇ ਭਾਈ ਬਤਨ ਸਿੰਘ ਦਲੇਲ ਸਿੰਘ ਵਾਲਾ ਜਿੱਥੇ ਕੌਮੀ ਸ਼ਹੀਦ ਹਨ, ਉੱਥੇ ਹੀ ਗ਼ਦਰ ਲਹਿਰ ਨਾਲ ਸਬੰਧਿਤ ਮਹਾਨ ਸੂਰਬੀਰ ਵੀ ਹਨ, ਜਿਨ੍ਹਾਂ ਨੇ ਕੈਨੇਡਾ ਦੀ ਧਰਤੀ ਤੇ ਆ ਕੇ ਦੌਲਤ -ਸ਼ੋਹਰਤ ਕਮਾਉਣ ਦੀ ਥਾਂ ਦੇਸ- ਕੌਮ ਦੀ ਸੇਵਾ ਨੂੰ ਪਹਿਲ ਦਿੱਤੀ। ਇਨ੍ਹਾਂ ਸ਼ਹੀਦਾਂ ਨੇ ਘਰ-ਬਾਰ ਉਜਾੜ ਕੇ ਕੌਮੀ ਘਰ ਬਣਾਉਣ ਲਈ ਹਰ ਕੁਰਬਾਨੀ ਦਿੱਤੀ। ਅੱਜ 'ਕੈਨੇਡਾ-ਅਮਰੀਕਾ' ਅੰਦਰ ਅਸੀਂ ਜਿਸ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ, ਉਸ ਦੇ ਸੰਘਰਸ਼ ਪਿੱਛੇ ਇਨ੍ਹਾਂ ਯੋਧਿਆਂ ਦਾ ਡੁੱਲ੍ਹਿਆ ਲਹੂ ਹੀ ਹੈ। ਦੂਜੇ ਪਾਸੇ ਭਾਰਤ ਵਿੱਚੋਂ ਫਿਰੰਗੀਆਂ ਨੂੰ ਕੱਢਣ ਲਈ ਜਿਹਨਾਂ ਨੇ ਖ਼ੂਨ ਦਾ ਕਤਰਾ- ਕਤਰਾ ਵਹਾ ਦਿੱਤਾ, ਉਹ ਇਹੀ ਗ਼ਦਰੀ ਯੋਧੇ ਅਤੇ ਸ਼ਹੀਦ ਸਨ। ਅੱਜ ਲਾਲ ਕਿਲੇ 'ਤੇ ਜਿਹੜਾ ਝੰਡਾ ਝੁੱਲਦਾ ਹੈ, ਉਸ ਦੀਆਂ ਨੀਂਹਾਂ 'ਚ ਵੀ ਗਦਰੀ ਬਾਬਿਆਂ ਦੀਆਂ ਮਾਸ ਤੇ ਹੱਡੀਆਂ ਮੌਜੂਦ ਹਨ, ਹਾਲਾਂਕਿ ਇਨ੍ਹਾਂ ਮਹਾਨ ਯੋਧਿਆਂ ਦੀਆਂ ਕੁਰਬਾਨੀਆਂ ਨੂੰ ਅੱਜ ਦੇ ਫਾਸ਼ੀਵਾਦੀ ਹਾਕਮਾਂ ਨੇ ਮੂਲੋਂ ਹੀ ਵਿਸਾਰ ਦਿੱਤਾ ਹੈ।
ਅਹਿਮ ਸਵਾਲ ਇਹ ਹਨ ਕਿ ਕੀ ਇਹ ਸ਼ਹੀਦ ਕੇਵਲ ਕੈਨੇਡਾ ਦੇ ਹੀ ਸ਼ਹੀਦ ਹਨ? ਅੱਜ ਪੰਜਾਬ 'ਚ ਖਾਸ ਕਰਕੇ ਅਤੇ ਭਾਰਤ 'ਚ ਆਮ ਕਰਕੇ ਇਨ੍ਹਾਂ ਸ਼ਹੀਦਾਂ ਬਾਰੇ ਲੋਕਾਂ ਨੂੰ ਇਤਿਹਾਸਕ ਜਾਣਕਾਰੀ ਕਿਉਂ ਨਹੀਂ ਦਿੱਤੀ ਜਾ ਰਹੀ? ਕਿਸੇ ਵੀ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ 'ਚ ਇਨ੍ਹਾਂ ਦੀਆਂ ਜੀਵਨੀਆਂ ਬਾਰੇ ਪੜ੍ਹਾਇਆ ਕਿਉਂ ਨਹੀਂ ਜਾਂਦਾ? ਕੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਿਲੇਬਸ 'ਚ ਇਨ੍ਹਾਂ ਨਾਲ ਸੰਬੰਧਤ ਪਾਠਕ੍ਰਮ ਸ਼ਾਮਿਲ ਹੈ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਕਿਤਾਬਾਂ 'ਚ ਉਚੇਰੇ ਰੂਪ 'ਚ ਮੋਢੀ ਸਿੱਖ ਸ਼ਹੀਦਾਂ ਦੀਆਂ ਬਾਹਰਲੇ ਦੇਸ਼ਾਂ 'ਚ ਕੀਤੀਆਂ ਕੁਰਬਾਨੀਆਂ ਬਾਰੇ ਕਿੰਨਾ ਕੁ ਜ਼ਿਕਰ ਮਿਲਦਾ ਹੈ ? ਪੰਜਾਬ ਸਰਕਾਰ ਨੇ ਮਹਾਨ ਗ਼ਦਰੀ ਯੋਧਿਆਂ ਦੀਆਂ ਸ਼ਹੀਦੀਆਂ ਦੇ ਦਿਹਾੜੇ ਮਨਾਉਣ ਦਾ ਕਦੇ ਕੋਈ ਸੰਕਲਪ ਲਿਆ ਹੈ ? ਜੇਕਰ ਉਕਤ ਸਾਰੇ ਸੁਆਲਾਂ ਦਾ ਜਵਾਬ 'ਨਾਂਹ' ਵਿੱਚ ਹੈ, ਤਾਂ ਭਾਰਤ ਜਾਂ ਪੰਜਾਬ ਦੀਆਂ ਸਰਕਾਰਾਂ, ਕੇਂਦਰੀ ਸਿੱਖ ਸੰਸਥਾਵਾਂ ਅਤੇ ਦੇਸ਼ ਭਗਤਾਂ ਦੇ ਨਾਂ ਵੇਚਣ ਵਾਲੀਆਂ ਅਖੌਤੀ ਸੱਭਿਆਚਾਰਕ ਸੰਸਥਾਵਾਂ ਆਦਿ ਸਾਰੇ ਦੋਸ਼ੀ ਹਨ।  ਚਾਹੀਦਾ ਇਹ ਹੈ ਕਿ ਆਜ਼ਾਦੀ ਦੇ ਸੰਘਰਸ਼ ਲਈ ਸ਼ਹੀਦੀਆਂ ਪਾਉਣ ਵਾਲੇ ਗਦਰੀ ਯੋਧਿਆਂ ਦੇ ਇਤਿਹਾਸ, ਨਵੇਂ ਸਿਰਿਓਂ ਸਹੀ ਅਤੇ ਤੱਥਾਂ ਅਧਾਰਤ ਲਿਖਵਾਏ ਜਾਣ। ਹਰ ਜਾਗਰੂਕ ਲੇਖਕ, ਪੱਤਰਕਾਰ, ਬੁੱਧੀਜੀਵੀ ਤੇ ਇਤਿਹਾਸਕਾਰ ਨੂੰ ਵੀ ਸ਼ਹੀਦ ਯੋਧਿਆਂ ਬਾਰੇ ਨਾਟਕ, ਲੇਖ, ਕਵਿਤਾਵਾਂ ਤੇ ਖੋਜ ਪੁਸਤਕਾਂ ਤਿਆਰ ਕਰਕੇ ਆਪੋ-ਆਪਣਾ ਯੋਗਦਾਨ ਪਾਉਣ ਦੀ ਲੋੜ ਹੈ। ਸ਼ਹੀਦ ਭਾਈ ਭਾਗ ਸਿੰਘ ਅਤੇ ਸ਼ਹੀਦ ਭਾਈ ਬਤਨ ਸਿੰਘ ਨੇ ਕੌਮ ਦੇ ਸੁਨਿਹਰੀ ਭਵਿੱਖ ਲਈ ਆਪਣਾ ਵਰਤਮਾਨ ਕੁਰਬਾਨ ਕੀਤਾ। ਅਫਸੋਸ ਇਸ ਗੱਲ ਦਾ ਵੀ ਹੈ ਕਿ ਜਿਸ ਅਸਥਾਨ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ 'ਸੈਕਿੰਡ ਐਵਨਿਊ' ਵੈਨਕੂਵਰ ਵਿਖੇ, ਇਨ੍ਹਾਂ ਸਿੱਖ ਸੂਰਬੀਰਾਂ ਦੀ ਸ਼ਹੀਦੀ ਹੋਈ, ਉਸ ਇਤਿਹਾਸਕ ਜਗ੍ਹਾ ਨੂੰ ਵੀ ਗ਼ੈਰ-ਜ਼ਿੰਮੇਵਾਰ ਅਤੇ ਬੁੱਧੀਹੀਣ ਪ੍ਰਬੰਧਕਾਂ ਨੇ ਸੱਤਰਵਿਆਂ ਵਿੱਚ ਵੇਚ ਛੱਡਿਆ। ਇਹ ਨਾ ਪੂਰਾ ਹੋਣ ਵਾਲਾ ਘਾਟਾ ਹੈ ਅਤੇ ਇਤਿਹਾਸ ਉਸ ਮੌਕੇ ਦੇ ਗੁਮਰਾਹ ਆਗੂਆਂ ਦੀ ਇਸ ਗੁਸਤਾਖੀ ਲਈ ਉਨ੍ਹਾਂ ਨੂੰ ਸਦਾ ਲਾਹਨਤਾਂ ਪਾਉਂਦਾ ਰਹੇਗਾ।
ਮਹਾਨ ਸ਼ਹੀਦ ਭਾਈ ਭਾਗ ਸਿੰਘ ਭਿੱਖੀਵਿੰਡ ਅਤੇ ਭਾਈ ਬਤਨ ਸਿੰਘ ਦਲੇਲ ਸਿੰਘ ਵਾਲਾ ਨੇ ਸਥਾਪਤੀ ਖ਼ਿਲਾਫ਼ ਸ਼ਹੀਦੀਆਂ ਪਾਈਆਂ। ਅਜੋਕੇ ਸਮੇਂ ਵੀ ਫਾਸ਼ੀਵਾਦੀ ਤਾਕਤਾਂ ਖ਼ਿਲਾਫ਼ ਇਕਮੁੱਠ ਹੋ ਕੇ ਲੜਨ ਦੀ ਲੋੜ ਹੈ। ਅੱਜ ਦਾ ਸਮਾਂ ਉਸ ਤੋਂ ਵੀ ਭਿਆਨਕ ਹੈ, ਕਿਉਂਕਿ ਅੱਜ ਦੀ ਸਰਕਾਰ ਫਾਸ਼ੀਵਾਦ ਅਤੇ ਮਨੂਵਾਦ ਦੇ ਢਹੇ ਚੜ੍ਹ ਕੇ ਘੱਟ ਗਿਣਤੀਆਂ 'ਤੇ ਜ਼ੁਲਮ ਢਾਹ ਰਹੀ ਹੈ, ਉਸ ਖ਼ਿਲਾਫ਼ ਇਨ੍ਹਾਂ ਮਹਾਨ ਯੋਧਿਆਂ ਦੀ ਸੋਚ ਅਪਣਾਉਂਦਿਆਂ ਹੋਇਆ ਸੰਘਰਸ਼ ਕਰਨਾ ਹਰ ਸੁਚੇਤ ਵਿਅਕਤੀ ਦਾ ਫਰਜ਼ ਬਣਦਾ ਹੈ। ਭਾਈ ਭਾਗ ਸਿੰਘ ਅਤੇ ਭਾਈ ਬਤਨ ਸਿੰਘ ਦੇ ਸ਼ਹੀਦੀ ਦਿਹਾੜੇ 'ਤੇ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਸਰੀ ਵੱਲੋਂ 7 ਸਤੰਬਰ, ਦਿਨ ਐਤਵਾਰ ਨੂੰ ਸਵੇਰੇ 11 ਤੋਂ 12 ਵਜੇ ਸ਼ਹੀਦੀ ਸਮਾਗਮ ਕਰਨ ਦਾ ਉਪਰਾਲਾ ਕੀਤਾ ਗਿਆ ਹੈ, ਜਿੱਥੇ ਸਿੱਖ ਸੰਗਤਾਂ ਨੂੰ ਵੱਧ-ਚੜ੍ਹ ਕੇ ਸ਼ਾਮਲ ਹੋਣਾ ਚਾਹੀਦਾ ਹੈ। 

1 ਸਤੰਬਰ 1923 : ਸ਼ਹੀਦੀ ਦਿਹਾੜੇ 'ਤੇ ਵਿਸ਼ੇਸ਼- ਕੈਨੇਡਾ ਤੋਂ ਪੰਜਾਬ ਜਾ ਕੇ ਸ਼ਹੀਦ ਹੋਣ ਵਾਲੇ ਮਹਾਨ ਯੋਧੇ  ਬਾਣੀ ਤੇ ਬਾਣੇ ਦੀ ਧਾਰਨੀ ਬਬਰ ਅਕਾਲੀ ਸ਼ਹੀਦ ਭਾਈ ਕਰਮ ਸਿੰਘ ਦੌਲਤਪੁਰ - ਡਾ. ਗੁਰਵਿੰਦਰ ਸਿੰਘ

ਬਬਰ ਅਕਾਲੀ ਲਹਿਰ ਦੇ ਮਹਾਨ ਯੋਧੇ ਸ਼ਹੀਦ ਭਾਈ ਕਰਮ ਸਿੰਘ 'ਬਬਰ ਅਕਾਲੀ' ਦਾ ਨਾਂ ਇਤਿਹਾਸ ਦੇ ਪੰਨਿਆਂ' ਤੇ ਸੁਨਹਿਰੀ ਅੱਖ਼ਰਾਂ 'ਚ ਦਰਜ ਹੈ, ਜਿਨ੍ਹਾਂ ਕੈਨੇਡਾ ਤੋਂ ਪੰਜਾਬ ਜਾ ਕੇ 'ਬਬਰ ਅਕਾਲੀ' ਅਖ਼ਬਾਰ ਕੱਢਿਆ ਅਤੇ ਲੋਕਾਂ ਵਿੱਚ ਇਨਕਲਾਬੀ ਚੇਤਨਾ ਦਾ ਛੱਟਾ ਦਿੱਤਾ। ਗੁਲਾਮੀ ਦੀਆਂ ਜੰਜੀਰਾਂ ਤੋੜਨ ਲਈ 'ਬਬਰ ਅਕਾਲੀ' ਸ਼ਹੀਦ ਭਾਈ ਕਰਮ ਸਿੰਘ 'ਚੀਫ਼ ਐਡੀਟਰ' ਨੇ 102 ਸਾਲ ਪਹਿਲਾਂ, ਐਬਸਫੋਰਡ ਤੋਂ ਪੰਜਾਬ ਜਾ ਕੇ ਸ਼ਹੀਦੀ ਪਾਈ। ਆਪ 'ਬਬਰ ਅਕਾਲੀ ਲਹਿਰ' ਦੀ ਜਿੰਦ-ਜਾਨ ਸਨ ਅਤੇ ਇਸ ਜਥੇਬੰਦੀ ਨੂੰ 'ਬਬਰ ਅਕਾਲੀ' ਨਾਂ ਵੀ ਆਪ ਜੀ ਦੀ ਹੀ ਦੇਣ ਹੈ। ਲੇਖ ਦੇ ਸ਼ੁਰੂ ਵਿੱਚ ਇਹ ਗੱਲ ਸਪਸ਼ਟ ਕਰਨੀ ਜ਼ਰੂਰੀ ਹੈ ਕਿ ਲੇਖ ਵਿੱਚ ਸ਼ਬਦ 'ਬਬਰ ਅਕਾਲੀ' ਹੀ ਵਰਤਿਆ ਜਾ ਰਿਹਾ ਹੈ, ਕਿਉਂਕਿ ਜੋ ਅਖਬਾਰ ਭਾਈ ਕਰਮ ਸਿੰਘ ਚੀਫ਼ ਐਡਟਰ ਵੱਲੋਂ ਅਖਬਾਰ ਗਿਆ, ਉਸ ਵਿੱਚ ਬਬਰ ਅਕਾਲੀ ਹੀ ਲਿਖਿਆ ਗਿਆ ਹੈ। ਉਸ ਵਿੱਚ ਬਬਰ ਸ਼ਬਦ ਉਪਰ ਅੱਧਕ ਨਹੀਂ। ਬਬਰ ਦਾ ਅਰਥ ਸ਼ੇਰ ਹੈ, ਜਦਕਿ 'ਬੱਬਰ' ਦਾ ਅਰਥ ਢਿੱਡ ਹੈ। 'ਮਹਾਨ ਸਿੱਖ ਵਿਦਵਾਨ ਭਾਈ ਕਾਹਨ ਸਿੰਘ ਨਾਭਾ ਜੀ ਦੀ ਲਿਖਤ 'ਗੁਰ ਸ਼ਬਦ ਰਤਨਾਗਰ ਮਹਾਨ ਕੋਸ਼' ਦੇ ਪੰਨਾ 36 ਉੱਤੇ ਦਰਜ ਹੈ ; 'ਬਬਰ' ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸ ਦੇ ਅਰਥ ਹਨ ਸ਼ੇਰ ਤੇ 'ਅਕਾਲੀ' ਪੰਜਾਬੀ ਭਾਸ਼ਾ ਦਾ ਸ਼ਬਦ ਹੈ, ਜਿਸ ਦੇ ਅਰਥ ਹਨ- ਕਾਲ, ਸਮਾਂ ਭਾਵ ਮੌਤ ਤੋਂ ਰਹਿਤ ਜਾਂ ਅਮਰ। ਇਸ ਲਈ ਉਹ ਜੀਵ, ਜਿਸ ਵਿੱਚ ਬਬਰ ਸ਼ੇਰ ਵਾਲੀਆਂ ਸਾਰੀਆਂ ਸਿਫ਼ਤਾਂ, ਯਾਨੀ ਕਹਿਰ ਭਰਪੂਰ ਹਮਲਾ ਤੇ ਖ਼ੂਨੀ ਤੇ ਮੌਤ ਵਲੋਂ ਨਿੱਡਰ ਹੋਵੇ, ਨੂੰ 'ਬਬਰ ਅਕਾਲੀ' ਆਖਿਆ ਜਾਂਦਾ ਹੈ।'ਬਬਰ ਅਕਾਲੀਆਂ ਦਾ ਇਤਿਹਾਸ' ਪੁਸਤਕ ਦੀ ਭੂਮਿਕਾ ਵਿੱਚ ਡਾ. ਬਖਸ਼ੀਸ਼ ਸਿੰਘ ਨਿੱਝਰ, ਬਬਰ ਅਕਾਲੀ ਸ਼ਬਦਾਵਲੀ ਬਾਰੇ ਪੰਨਾ ਇੱਕ 'ਤੇ ਹਵਾਲਾ ਸਾਂਝਾ ਕਰਦੇ ਹਨ ;
''ਕਮਲ ਜਿਉਂ ਮਾਇਆ ਵਿਚ ਹੈ ਅਲੋਪ ਸਦਾ,
ਸਭ ਦਾ ਸਨੇਹੀ ਚਾਲ ਸਭ ਤੋਂ ਨਰਾਲੀ ਹੈ।
ਕਰਕੇ ਕਮਾਈ ਖਾਵੇ ਮੰਗਣਾ ਹਰਾਮ ਜਾਣੇ,
ਭਾਣੇ ਵਿਚ ਵਿਪਤਾ ਨੂੰ ਮੰਨੇ ਖੁਸ਼ਹਾਲੀ ਹੈ।
ਸਵਾਰਥ ਤੋਂ ਬਿਨਾਂ ਗੁਰਦਵਾਰਿਆਂ ਦਾ ਚੌਕੀਦਾਰ,
ਧਰਮ ਦੀ ਜੰਗ ਲਈ ਚੜੇ ਮੁਖ ਲਾਲੀ ਹੈ।
ਪੂਜੇ ਨ ਅਕਾਲ ਬਿਨਾਂ ਹੋਰ ਕੋਈ ਦੇਵੀ ਦੇਵ,
ਸਿੱਖ ਦਸਮੇਸ਼ ਦਾ, ਸੋ ਕਹੀਏ ਅਕਾਲੀ ਹੈ।''
ਭਾਈ ਕਰਮ ਸਿੰਘ (ਪਹਿਲਾ ਨਾਂ ਨਰੈਣ ਸਿੰਘ ਥਾਂਦੀ ) ਦਾ ਮੁਢਲਾ ਜੀਵਨ :
ਪੰਜਾਬ ਦੀ ਧਰਤੀ 'ਤੇ ਨਵਾਂਸ਼ਹਿਰ ਨੇੜੇ ਅਤੇ ਅੱਜ-ਕੱਲ੍ਹ ਸ਼ਹੀਦ ਭਗਤ ਸਿੰਘ ਨਗਰ 'ਚ ਪੈਂਦੇ ਪਿੰਡ ਦੌਲਤਪੁਰ ਵਿੱਚ 20 ਮਾਰਚ 1880 ਨੂੰ ਭਾਈ ਨੱਥਾ ਸਿੰਘ ਥਾਂਦੀ ਦੇ ਘਰ ਬੀਬੀ ਦੁੱਲੀ ਦੀ ਕੁੱਖੋਂ ਜਨਮੇ ਕਰਮ ਸਿੰਘ ਦਾ ਪਹਿਲਾ ਨਾਂ ਨਰੈਣ ਸਿੰਘ ਸੀ। ਆਪ ਬਲਾਚੌਰ ਦੇ ਸਕੂਲ ਤੋਂ ਆਰੰਭਿਕ ਵਿੱਦਿਆ ਹਾਸਿਲ ਕਰਨ ਮਗਰੋਂ ਇਲਾਕੇ ਦੇ ਪਹਿਲੇ ਅੰਗਰੇਜ਼ੀ ਸਕੂਲ, ਗੌਰਮੈਂਟ ਹਾਈ ਸਕੂਲ ਰਾਹੋਂ ਪੜੇ ਅਤੇ 1896 ਚ ਦਸਵੀਂ ਦੀ ਪ੍ਰੀਖਿਆ 16 ਸਾਲ ਦੀ ਉਮਰ ਵਿੱਚ, ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਪਾਸ ਕੀਤੀ। 18 ਸਾਲ ਦੀ ਉਮਰ ਵਿੱਚ ਸੰਨ 1898 'ਚ ਬ੍ਰਿਟਿਸ਼ ਫੌਜ 'ਚ ਭਰਤੀ ਹੋ ਗਏ। ਭਾਈ ਨਰੈਣ ਸਿੰਘ ਨੇ ਅੰਗਰੇਜ਼ਾਂ ਦੀ ਫੌਜ 'ਚ ਗ਼ੁਲਾਮੀ ਅਤੇ ਜਲਾਲਤ ਭਰੇ ਵਤੀਰੇ ਤੋਂ ਦੁਖੀ ਹੋ ਕੇ ਨੌਕਰੀ ਛੱਡ ਦਿੱਤੀ। ਇਸ ਦੌਰਾਨ ਮਹਾਨ ਸਿੱਖ ਸ਼ਖ਼ਸੀਅਤ ਬਾਬਾ ਕਰਮ ਸਿੰਘ ਹੋਤੀ ਮਰਦਾਨ ਤੋਂ ਪ੍ਰਭਾਵਿਤ ਹੋ ਕੇ ਆਪ ਧਾਰਮਿਕ ਰੁਚੀਆਂ ਵੱਲ ਪ੍ਰੇਰਿਤ ਹੋ ਗਏ।
ਪੰਜਾਬ ਤੋਂ ਸੰਨ 1907 ਵਿੱਚ ਐਬਸਫੋਰਡ, ਕੈਨੇਡਾ ਪਹੁੰਚਣਾ :
ਕੈਨੇਡਾ ਦੇ ਮੋਢੀ ਸਿੱਖਾਂ 'ਚ ਗਿਣੇ ਜਾਂਦੇ ਭਾਈ ਵਰਿਆਮ ਸਿੰਘ ਥਾਂਦੀ ਨੇ ਭਾਈ ਨਰੈਣ ਸਿੰਘ ਥਾਂਦੀ ਤੇ ਉਨ੍ਹਾਂ ਦੇ ਭਰਾ ਭਾਈ ਹਰੀ ਸਿੰਘ ਥਾਂਦੀ ਨੂੰ ਸੰਨ 1907 ਵਿਚ ਕੈਨੇਡਾ ਸੱਦ ਲਿਆ। ਥਾਂਦੀ ਪਰਿਵਾਰ ਦੀ ਐਬਸਫੋਰਡ ਵਿੱਚ ਰਹਿ ਰਹੀ ਬਜ਼ੁਰਗ ਬੀਬੀ ਆਸੀ (ਆਸੋ) ਕੌਰ ਥਾਂਦੀ ਨੇ ਇਸ ਲੇਖਕ ਨੂੰ ਦੱਸਿਆ ਕਿ ਐਬਸਫੋਰਡ 'ਚ ਬਾਬਾ ਨਰੈਣ ਸਿੰਘ ਥਾਂਦੀ, ਬਾਬਾ ਸੁੰਦਰ ਸਿੰਘ ਥਾਂਦੀ ਅਤੇ ਬਾਬਾ ਹਰੀ ਸਿੰਘ ਥਾਂਦੀ ਨੇ ਸੰਘਰਸ਼ਮਈ ਜੀਵਨ ਸ਼ੁਰੂ ਕੀਤਾ। ਥਾਂਦੀ ਪਰਿਵਾਰਾਂ ਨਾਲ ਸਬੰਧਿਤ ਬੀਬੀ ਆਸੀ ਕੌਰ ਥਾਂਦੀ ਅਨੁਸਾਰ 1907 ਉਹ ਸਮਾਂ ਸੀ, ਜਦੋਂ ਕੈਨੇਡਾ ਬ੍ਰਿਟਿਸ਼ ਸਾਮਰਾਜ ਦੀ ਬਸਤੀ ਸੀ ਅਤੇ ਇਥੇ ਨਸਲਵਾਦ ਦਾ ਬੋਲਬਾਲਾ ਸੀ ਤੇ ਉਹਨਾਂ ਦੇ ਬਜ਼ੁਰਗਾਂ ਨੇ ਨਸਲਵਾਦ ਦਾ ਡੱਟ ਕੇ ਮੁਕਾਬਲਾ ਕੀਤਾ। ਇਤਿਹਾਸਿਕ ਹਵਾਲਿਆਂ ਅਨੁਸਾਰ ਜਿਸ ਵੇਲੇ ਕੈਨੇਡਾ ਵਸਦੇ ਭਾਰਤੀਆਂ ਨੂੰ ਇਥੋਂ ਕੱਢ ਕੇ ਹਾਂਡੂਰਸ ਭੇਜਿਆ ਜਾ ਰਿਹਾ ਸੀ, ਉਸ ਵੇਲੇ ਪ੍ਰੋਫੈਸਰ ਸੰਤ ਤੇਜਾ ਦੀ ਅਗਵਾਈ ਵਿਚ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਆਗੂਆਂ ਨੇ ਕੈਨੇਡਾ ਸਰਕਾਰ ਦੇ ਅਜਿਹੇ ਨਸਲਵਾਦੀ ਫੈਸਲਾ ਦਾ ਜ਼ੋਰਦਾਰ ਵਿਰੋਧ ਕੀਤਾ। ਅਜਿਹਾ ਸਮੇਂ ਭਾਈ ਨਰੈਣ ਸਿੰਘ ਥਾਂਦੀ ਨੇ ਸਰਗਰਮ ਭੂਮਿਕਾ ਨਿਭਾਈ ਅਤੇ ਨਸਲਵਾਦੀ ਸਰਕਾਰੀ ਨੀਤੀਆਂ ਖਿਲਾਫ਼ ਆਵਾਜ਼ ਉਠਾਈ। ਆਪ ਨੇ ਸੰਤ ਤੇਜਾ ਸਿੰਘ ਦੁਆਰਾ ਸਥਾਪਿਤ 'ਗੁਰੂ ਨਾਨਕ ਮਾਈਨਿੰਗ ਐਡ ਟਰੱਸਟ ਕੰਪਨੀ' ਵਿਚ ਵੀ ਹਿੱਸਾ ਪਾਇਆ ਅਤੇ ਵੱਧ ਚੜ੍ਹ ਕੇ ਭਾਈਚਾਰੇ ਦੀ ਸੇਵਾ ਕੀਤੀ।
ਬ੍ਰਿਟਿਸ਼ ਫੌਜ ਦੀਆਂ ਵਰਦੀਆਂ ਅਤੇ ਮੈਡਲ ਫੂਕਣੇ :
ਕੈਨੇਡਾ 'ਚ ਆ ਵਸੇ ਸਾਬਕਾ ਸਿੱਖ ਫੌਜੀਆਂ ਨੇ ਬ੍ਰਿਟਿਸ਼ ਨਸਲਵਾਦ ਅਤੇ ਬਸਤੀਵਾਦ ਤੋਂ ਤੰਗ ਆ ਕੇ 3 ਅਕਤੂਬਰ 1909 ਨੂੰ, ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ 'ਚ ਅੰਗਰੇਜ਼ਾਂ ਵਲੋਂ ਮਿਲੇ ਤਮਗੇ, ਵਰਦੀਆਂ, ਇਨਸਿਗਨੀਏ ਅਤੇ ਸਰਟੀਫਿਕੇਟ ਸਾੜੇ। ਤਦ ਭਾਈ ਨਰੈਣ ਸਿੰਘ ਵਲੋਂ ਵੀ ਅੰਗਰੇਜ਼ ਫੌਜ ਦੇ ਸਾਬਕਾ ਸਿਪਾਹੀ ਹੋਣ ਦੇ ਨਾਤੇ ਬਸਤੀਵਾਦ ਅਤੇ ਨਸਲਵਾਦ ਖਿਲਾਫ ਰੋਸ ਪ੍ਰਗਟਾਇਆ ਗਿਆ। ਇਥੋਂ ਤੱਕ ਕਿ ਬਰਤਾਨੀਆਂ ਦੇ ਬਾਦਸ਼ਾਹ ਜਾਰਜ ਪੰਜਵੇਂ ਦੀ ਤਾਜਪੋਸ਼ੀ ਦੇ ਜਸ਼ਨਾਂ ਸਬੰਧੀ ਸਤੰਬਰ 1912 ਨੂੰ, ਕੈਨੇਡਾ ਨੇ ਸਿੱਖ ਯੋਧਿਆਂ ਨੇ ਵਿਰੋਧ ਪ੍ਰਗਟਾਇਆ ਅਤੇ ਅੰਗਰੇਜ਼ੀ ਦੀ ਗ਼ੁਲਾਮੀ ਖਿਲਾਫ਼ ਝੰਡਾ ਚੁਕਿਆ। ਇੱਥੇ ਇਹ ਗੱਲ ਗੌਰ ਕਰਨ ਵਾਲੀ ਹੈ ਕਿ ਵਿਰਾਸਤੀ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਐਬਸਫੋਰਡ ਵਿਖੇ ਘੋੜਿਆਂ ਤੇ ਸਵਾਰ ਸਿੱਖ ਫ਼ੌਜੀਆਂ ਦੇ ਬੁੱਤ ਤਾਂ ਲਗਾਏ ਗਏ ਹਨ, ਪਰ ਇਨ੍ਹਾਂ ਸਾਬਕਾ ਫ਼ੌਜੀਆਂ ਵੱਲੋਂ ਅੰਗਰੇਜ਼ਾਂ ਤੋਂ ਮਿਲੇ ਤਗ਼ਮੇ ਅਤੇ ਵਰਦੀਆਂ ਸਾੜਨ ਦਾ ਕਿਧਰੇ ਜ਼ਿਕਰ ਨਹੀਂ ਮਿਲਦਾ। ਇਹ ਅੱਜ ਦੀ ਪੀੜ੍ਹੀ ਨੂੰ 'ਅਧੂਰਾ ਇਤਹਾਸ' ਸਿਖਾਉਣ ਤੇ ਪੜ੍ਹਾਉਣ ਦੀ 'ਇਤਿਹਾਸਕ ਊਣਤਾਈ ਕਹੀ ਜਾ ਸਕਦੀ ਹੈ। ਇਹ ਹੋ ਵੀ ਉਸ ਥਾਂ 'ਤੇ ਰਹੀ ਹੈ, ਜੋ ਸ਼ਹੀਦ ਭਾਈ ਕਰਮ ਸਿੰਘ ਬਬਰ ਅਕਾਲੀ ਅਤੇ ਸਾਬਕਾ ਸਿੱਖ ਫ਼ੌਜੀ ਦਾ ਅਸਥਾਨ ਹੈ। ਅਜਿਹੀ ਇਤਿਹਾਸਕ ਭੁੱਲ ਨੂੰ ਤੁਰੰਤ ਦਰੁਸਤ ਕਰਨਾ ਬਹੁਤ ਜ਼ਰੂਰੀ ਹੈ। ਉੱਤਰੀ ਅਮਰੀਕਾ ਦੀ ਧਰਤੀ 'ਤੇ ਸੰਨ 1913 'ਚ ਉੱਠੀ ਗ਼ਦਰ ਲਹਿਰ ਵਿਚ ਭਾਈ ਨਰੈਣ ਸਿੰਘ ਥਾਂਦੀ ਲਗਾਤਾਰ ਸਰਗਰਮ ਰਹੇ। ਆਪ ਜੀ ਦੀ ਸ਼ਖਸੀਅਤ ਦਾ ਇੱਕ ਅਣਗੋਲਿਆ ਪੱਖ ਇਹ ਹੈ ਕਿ ਆਪ ਕੈਨੇਡਾ ਦੀ ਧਰਤੀ 'ਤੇ 'ਗ਼ਦਰ' ਅਖ਼ਬਾਰ ਲਈ ਹਰ ਤਰ੍ਹਾਂ ਸਹਿਯੋਗ ਜੁਟਾਉਣ 'ਚ ਵੀ ਮੋਹਰੀ ਰਹੇ। 'ਗਦਰ' ਅਖ਼ਬਾਰ ਦੀ ਇਸ ਚਿਣਗ ਦਾ ਹੀ ਨਤੀਜਾ ਸੀ ਕਿ ਆਪ ਨੇ ਪੰਜਾਬ ਜਾ ਕੇ 'ਬਬਰ ਆਕਾਲੀ ਦੁਆਬਾ' ਅਖ਼ਬਾਰ ਕੱਢਿਆ। ਕੈਨੇਡਾ ਦੀ ਧਰਤੀ ਤੋਂ 23 ਜੁਲਾਈ 1914 ਨੂੰ 'ਗੁਰੂ ਨਾਨਕ ਜਹਾਜ਼' ਨੂੰ ਮੁਸਾਫਿਰਾਂ ਸਮੇਤ ਵਾਪਿਸ ਭਾਰਤ ਮੋੜੇ ਜਾਣ ਦੀ ਨਸਲੀ ਘਟਨਾ ਮਗਰੋਂ, ਗ਼ਦਰੀ ਬਾਬਿਆ ਅੰਦਰ ਫਿਰੰਗੀਆਂ ਖਿਲਾਫ਼ ਰੋਹ ਹੋਰ ਸਿਖਰਾਂ ਨੂੰ ਛੂਹ ਗਿਆ ਸੀ। ਅਜਿਹੇ ਸਮੇਂ ਕੈਨੇਡਾ ਅਤੇ ਅਮਰੀਕਾ ਤੋਂ ਵੱਡੀ ਗਿਣਤੀ 'ਚ ਗ਼ਦਰੀ ਯੋਧੇ ਵਤਨ ਪਰਤ ਕੇ, ਅੰਗਰੇਜ਼ਾਂ ਨੂੰ ਦੇਸ਼ 'ਚੋਂ ਕੱਢਣ ਲਈ ਤਿਆਰ ਹੋਏ।
ਐਬਸਫੋਰਡ ਸਥਿਤ ਨਿੱਜੀ ਜ਼ਮੀਨ ਕੌਮ ਲੇਖੇ ਲਾ ਕੇ ਪੰਜਾਬ ਵਾਪਸੀ :
ਐਬਟਸਫੋਰਡ ਵਾਸੀ ਭਾਈ ਨਰੈਣ ਸਿੰਘ ਥਾਂਦੀ 'ਪੰਥ ਵਸੇ ਮੈਂ ਉਜੜਾਂ' ਦੀ ਸੋਚ ਦੇ ਧਾਰਨੀ ਸਨ। ਉਹਨਾਂ ਨੇ ਫੈਸਲਾ ਕੀਤਾ ਕਿ ਦੇਸ਼ ਦੀਆਂ ਗੁਲਾਮੀ ਦੀਆਂ ਜ਼ੰਜੀਰਾਂ ਤੋੜਨ ਲਈ ਪੰਜਾਬ ਪਰਤਣਾ ਜ਼ਰੂਰੀ ਹੈ। ਐਬਸਫੋਰਡ ਸ਼ਹਿਰ 'ਚ ਸਾਊਥ ਫਰੇਜ਼ਰ ਵੇਅ 'ਤੇ ਆਪ ਦੀ, ਆਪ ਦੇ ਭਰਾ ਹਰੀ ਸਿੰਘ ਥਾਂਦੀ ਤੇ ਪੇਂਡੂ ਭਾਈ ਸੁੰਦਰ ਸਿੰਘ ਥਾਂਦੀ ਦੀ ਪੌਣੇ ਕੁ ਚਾਰ ਏਕੜ ਦੇ ਕਰੀਬ ਸਾਂਝੀ ਜ਼ਮੀਨ ਸੀ, ਜਿਸ ਦੀ ਉਸ ਸਮੇਂ ਵੀ ਬਹੁਤ ਕੀਮਤ ਸੀ ਤੇ ਅੱਜ ਤਾਂ ਕੋਈ ਅੰਤ ਹੀ ਨਹੀਂ। ਆਪਣੇ ਭਾਈਆਂ ਸਮੇਤ ਭਾਈ ਕਰਮ ਸਿੰਘ ਨੇ ਨਿੱਜੀ ਜ਼ਮੀਨ ਸਿੱਖ ਕੌਮ ਤੇ ਗੁਰਦੁਆਰਾ ਸਾਹਿਬ ਲਈ ਭੇਟ ਕਰਦਿਆਂ ਸਮੂਹ ਭਾਈਆਂ ਨੂੰ ਕਿਹਾ ਕਿ ਜੇਕਰ ਉਹ ਵਤਨ ਜਾ ਕੇ ਸ਼ਹੀਦੀ ਪਾ ਗਏ, ਤਾਂ ਉਨ੍ਹਾਂ ਦੀ ਜ਼ਮੀਨ 'ਤੇ ਗੁਰਦੁਆਰਾ ਸਾਹਿਬ ਉਸਾਰ ਦਿੱਤਾ ਜਾਵੇ। ਭਾਈ ਕਰਮ ਸਿੰਘ ਬਬਰ ਨੇ ਪੰਜਾਬ ਜਾ ਕੇ ਅੰਗਰੇਜ਼ ਹਕੂਮਤ ਖ਼ਿਲਾਫ਼ ਸੰਘਰਸ਼ ਕਰਦਿਆਂ ਪੁਲਿਸ ਮੁਕਾਬਲਾ ਵਿਚ ਸ਼ਹੀਦੀ ਪ੍ਰਾਪਤ ਕੀਤੀ। ਆਪ ਦੀ ਇੱਛਾ ਅਨੁਸਾਰ, ਆਪ ਦੀ ਅਤੇ ਥਾਂਦੀ ਭਰਾਵਾਂ ਦੀ ਜ਼ਮੀਨ 'ਤੇ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਐਬਸਫੋਰਡ ਸੰਨ 1982 ਵਿੱਚ ਉਸਾਰਿਆ ਗਿਆ ਹੈ। ਭਾਈ ਸਾਹਿਬ ਕਰਮ ਸਿੰਘ ਬਬਰ ਅਕਾਲੀ ਦੀ ਸ਼ਹਾਦਤ ਦਾ ਇਤਿਹਾਸ ਗੁਰਦੁਆਰਾ ਸਾਹਿਬ ਵਿਖੇ ਨਿਸ਼ਾਨ ਸਾਹਿਬ ਦੇ ਕੋਲ ਲਿਖਿਆ ਹੋਇਆ ਹੈ। ਕੈਨੇਡਾ ਤੋਂ ਪੰਜਾਬ ਪਰਤਦਿਆਂ ਹੀ ਆਪ ਨੂੰ ਹੋਰਨਾਂ ਗ਼ਦਰੀਆਂ ਵਾਂਗ ਜੂਹ-ਬੰਦ ਕਰ ਦਿੱਤਾ ਗਿਆ। ਸੰਨ 1918 'ਚ ਇਹ ਪਾਬੰਦੀ ਹਟਦਿਆਂ ਸਾਰ ਹੀ ਆਪ ਸਰਗਰਮ ਹੋ ਗਏ ਅਤੇ ਥਾਂ-ਥਾਂ ਸਿਆਸੀ ਕਾਨਫਰੰਸਾਂ ਕਰਨ ਲੱਗੇ।
ਅੰਗਰੇਜ਼ਾਂ ਦੇ ਪਿੱਠੂ ਮਹੰਤਾਂ ਤੋਂ ਗੁਰਦੁਆਰੇ ਆਜ਼ਾਦ ਕਰਵਾਉਣੇ :
ਬਬਰ ਅਕਾਲੀ ਕਰਮ ਸਿੰਘ ਸਮੇਤ ਸਮੂਹ ਜੁਝਾਰੂ ਸਿੱਖਾਂ ਦਾ ਮਨੋਰਥ ਅੰਗਰੇਜ਼ਾਂ ਦੇ ਪਿੱਠੂ ਮਹੰਤਾਂ ਤੋਂ ਗੁਰਦੁਆਰੇ ਆਜ਼ਾਦ ਕਰਾਉਣਾ ਸੀ। ਅੰਗਰੇਜ਼ਾਂ ਦੇ ਪਿੱਠੂ ਮਹੰਤ ਨਰੈਣ ਦਾਸ ਨੇ ਜਦੋਂ 21 ਫਰਵਰੀ 1921 ਨੂੰ ਨਨਕਾਣਾ ਸਾਹਿਬ ਵਿਖੇ ਡੇਢ ਸੌ ਤੋਂ ਵੱਧ ਸਿੱਖਾਂ ਨੂੰ ਸ਼ਹੀਦ ਕਰਵਾਇਆ, ਤਾਂ ਆਪ ਦਾ ਖੂਨ ਖੌਲ ਉੱਠਿਆ। ਆਪ ਨੇ 21 ਮਾਰਚ 1921 ਨੂੰ ਨਨਕਾਣਾ ਸਾਹਿਬ ਪਹੁੰਚ ਕੇ ਭਾਈ ਆਸਾ ਸਿੰਘ ਭੁਕੜੁਦੀ ਤੇ ਹੋਰਨਾਂ ਸਾਥੀਆਂ ਸਮੇਤ ਅੰਮ੍ਰਿਤ ਛਕਿਆ ਅਤੇ ਗੁਰੂ ਗ੍ਰੰਥ ਸਾਹਿਬ ਤੋਂ ਆਗਿਆ ਲੈ ਕੇ 'ਨਰੈਣ' ਸਿੰਘ ਨਾਂ ਬਦਲ ਕੇ 'ਕਰਮ ਸਿੰਘ' ਨਾਂ ਰੱਖ ਲਿਆ। ਕੁਝ ਇਤਿਹਾਸਕਾਰਾਂ ਦਾ ਮੱਤ ਹੈ ਕਿ ਆਪ ਪਹਿਲਾਂ ਤੋਂ ਹੀ ਅੰਮ੍ਰਿਤਧਾਰੀ ਸਿੱਖ ਸਨ ਅਤੇ ਲੰਮਾ ਸਮਾਂ ਰੋਪੋਸ਼ ਰਹਿਣ ਕਾਰਨ ਜਾਣੇ-ਅਣਜਾਣੇ ਹੋ ਜਾਂਦੀਆਂ ਭੁੱਲਾਂ-ਚੁੱਕਾਂ ਨੂੰ ਧਿਆਨ ਵਿੱਚ ਰੱਖਦਿਆਂ, ਦੁਬਾਰਾ ਪਾਹੁਲ ਲਿਆ ਸੀ। ਇੱਥੇ ਇਤਿਹਾਸ ਦਾ ਇੱਕ ਹੋਰ ਮਹੱਤਵਪੂਰਨ ਪੱਖ ਇਹ ਵੀ ਹੈ ਕਿ ਇੱਕ ਪਾਸੇ ਲਾਜਪਤ ਰਾਏ ਦੁਸ਼ਟ ਨਰੈਣੂ ਮਹੰਤ ਦੇ ਹੱਕ 'ਚ ਵਕੀਲ ਵਜੋਂ ਕੇਸ ਲੜ ਰਿਹਾ ਸੀ, ਦੂਜੇ ਪਾਸੇ ਭਾਈ ਕਰਮ ਸਿੰਘ ਬਬਰ ਅਕਾਲੀ ਸਾਥੀਆਂ ਸਮੇਤ ਨਰੈਣੂ ਵਰਗੇ ਮਹੰਤਾਂ ਤੋਂ ਗੁਰਦੁਆਰੇ ਆਜ਼ਾਦ ਕਰਾਉਣ ਦੀ ਲੜਾਈ ਲੜ ਰਹੇ ਸੀ। ਆਪ ਚਾਬੀਆਂ ਦੇ ਮੋਰਚੇ ਤੋਂ ਲੈ ਕੇ ਵੱਖ- ਵੱਖ ਅਕਾਲੀ ਮੋਰਚਿਆਂ ਵਿੱਚ ਸ਼ਾਮਿਲ ਹੋਏ। ਜਦੋਂ ਭਾਈ ਕਰਮ ਸਿੰਘ ਦੌਲਤਪੁਰ, ਭਾਈ ਕਰਮ ਸਿੰਘ ਝਿੰਗੜ ਅਤੇ ਹੋਰਨਾਂ ਯੋਧਿਆਂ ਨੇ ਮਹਿਸੂਸ ਕੀਤਾ ਕਿ ਨਿਰੇ ਸ਼ਾਂਤਮਈ 'ਗਾਂਧੀਵਾਦੀ' ਤਰੀਕਿਆਂ ਦੀ ਥਾਂ, ਹਥਿਆਰਬੰਦ ਸੰਘਰਸ਼ ਹੀ ਜ਼ਾਲਮ ਫਿਰੰਗੀਆਂ ਨੂੰ ਭਾਂਜ ਦੇ ਸਕਦਾ ਹੈ, ਤਾਂ ਆਪ ਨੇ 'ਖੰਡਾ ਖੜਕਾਉਣ' ਦਾ ਫੈਸਲਾ ਕੀਤਾ। ਇਸ ਦੇ ਪ੍ਰਤੀਕਰਮ ਵਜੋਂ ਭਾਈ ਕਰਮ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਖਿਲਾਫ਼ ਅੰਗਰੇਜ਼ ਸਰਕਾਰ ਨੇ ਵਰੰਟ ਜਾਰੀ ਕਰਦਿਆਂ, ਇਨ੍ਹਾਂ ਨੂੰ ਗ੍ਰਿਫ਼ਤਾਰ ਕਰਵਾਉਣ ਲਈ ਉਸ ਸਮੇਂ ਹਜ਼ਾਰ ਤੋਂ 2000 ਰੁਪਏ ਤੱਕ ਦੇ ਇਨਾਮ ਰੱਖੇ ਤੇ ਬਬਰ ਅਕਾਲੀਆਂ ਦੇ ਸਿਰਾਂ ਦੇ ਮੁੱਲ ਪਾਏ।
ਪੰਜਾਬ ਵਿੱਚ 'ਸਿੱਖ ਰਾਜ' ਅਤੇ ਭਾਰਤ ਵਿੱਚ 'ਸਵਰਾਜ' ਦੀ ਕਾਇਮੀ ਲਈ ਸੰਘਰਸ਼ :
ਸ਼ਹੀਦ ਭਾਈ ਕਰਮ ਸਿੰਘ ਬਬਰ ਸਮੇਤ ਸਮੂਹ ਬਬਰ ਅਕਾਲੀਆਂ ਦੀ ਸੋਚ ਬਾਰੇ 'ਬਬਰ ਅਕਾਲੀ ਟਰਾਇਲ ਕੇਸ' 1924 ਪੰਨਾ 8 ਉਪਰ ਲਿਖਿਆ ਮਿਲਦਾ ਹੈ ਕਿ 1921 ਦੇ ਆਖਰੀ ਹਿੱਸੇ ਵਿੱਚ ਬਬਰ ਅਕਾਲੀਆਂ ਨੇ ਦੁਆਬੇ ਵਿੱਚ, ਅੰਗਰੇਜ਼ ਸਰਕਾਰ ਵਿਰੁੱਧ ਭੜਕਾਊ ਤਕਰੀਰਾਂ ਨਾਲ ਜਨਤਾ ਨੂੰ ਬਾਗ਼ੀ ਬਣਾ ਦਿੱਤਾ ਅਤੇ ਅੰਗਰੇਜ਼ ਸਰਕਾਰ ਨੂੰ ਭਾਰਤ ਵਿੱਚੋਂ ਕੱਢ ਕੇ, ਪੰਜਾਬ ਵਿੱਚ ਸਿੱਖ ਰਾਜ ਅਤੇ ਭਾਰਤ ਵਿੱਚ ਸਵਰਾਜ ਕਾਇਮ ਹੋਣ ਦਾ ਐਲਾਨ ਕੀਤਾ। (ਕਿਤਾਬ 'ਬੱਬਰ ਅਕਾਲੀਆਂ ਦਾ ਇਤਿਹਾਸ', ਡਾ. ਬਖਸ਼ੀਸ਼ ਸਿੰਘ ਨਿੱਝਰ ਪੰਨਾ 14) 23 ਮਾਰਚ 1921 ਤੋਂ ਲੈ ਕੇ 21 ਮਈ 19 ਤੱਕ ਹੁਸ਼ਿਆਰਪੁਰ ਅਤੇ ਹੋਰਨਾ ਵੱਖ ਵੱਖ ਥਾਵਾਂ 'ਤੇ ਹੋਈਆਂ ਸਿੱਖ ਵਿਦਿਅਕ ਕਾਨਫਰੰਸਾਂ ਦੌਰਾਨ ਬਬਰ ਅਕਾਲੀ ਸਿੱਖ ਗੱਭਰੂਆਂ ਵੱਲੋਂ-ਵੱਖਰੇ ਤੌਰ 'ਤੇ ਮਤੇ ਪਾਸ ਕੀਤੇ ਗਏ। 'ਬਬਰ ਅਕਾਲੀਆਂ ਦਾ ਇਤਿਹਾਸ' ਕਿਤਾਬ ਦੇ ਪੰਨਾ 31 ਅਨੁਸਾਰ, 'ਪਹਿਲਾ ਬਬਰ ਅਕਾਲੀ ਵਿਦਰੋਹ ਕੇਸ', ''ਭਾਰਤ ਦੀ ਆਜ਼ਾਦੀ ਦੀ ਸਿੱਖਾਂ ਵੱਲੋਂ ਜੰਗ ਦਾ ਮੁਕਦਮਾ, 'ਫਸਟ ਅਕਾਲੀ ਕੌਂਸਪਰੇਸੀ 1921' ਦੇ ਸਰਲੇਖ ਹੇਠ, ਮਿਸਟਰ ਪੀ ਜੇ ਰਸਟ ਨੇ ਸੁਣਿਆ ਸੀ, ਜੋ ਲਾਹੌਰ ਵਿਖੇ ਸਪੈਸ਼ਲ ਮੈਜਿਸਟਰੇਟ ਸੀ। ਇਸ ਸਿੱਖ ਵਿਦਿਅਕ ਇਕੱਤਰਤਾ ਵਿੱਚ ਸਾਰੇ ਭਾਰਤ ਦੇ ਸਿੱਖ ਲੀਡਰਾਂ ਨੇ ਹਿੱਸਾ ਲਿਆ ਸੀ, ਪਰ ਕੁਝ ਸਿੱਖ ਗਭਰੂਆਂ ਨੇ ਇੱਕ ਵੱਖਰੀ ਇਕੱਤਰਤਾ ਕੀਤੀ ਸੀ, ਜਿਸ ਵਿੱਚ ਇਹ ਮਤਾ ਇਹ ਪਾਸ ਕੀਤਾ ਗਿਆ ਸੀ ਸਿੱਖਾਂ ਦੀ ਵੱਖਰੇ ਪੋਲੀਟੀਕਲ ਸਟੇਟਸ ਲਈ ਜਦੋ-ਜਹਿਦ ਕੀਤੀ ਜਾਵੇ।'' ਦੇਸ ਪੰਜਾਬ ਨੂੰ ਅੰਗਰੇਜ਼ਾਂ ਵੱਲੋਂ ਗੁਲਾਮ ਬਣਾਏ ਜਾਣ ਦੇ ਸੰਬੰਧ ਵਿੱਚ ਸ਼ਹੀਦ ਭਾਈ ਕਰਮ ਸਿੰਘ ਦੌਲਤਪੁਰ ਅਤੇ ਸਮੂਹ ਬਬਰ ਅਕਾਲੀਆਂ ਦੇ ਸ਼ਬਦਾਂ ਨੂੰ 'ਬੱਬਰ ਅਕਾਲੀ' ਕਿਤਾਬ ਵਿੱਚ ਲੇਖਕ ਪ੍ਰਿੰਸੀਪਲ ਨਿਹਾਲ ਸਿੰਘ ਰਸ ਨੇ ਪੰਨਾ 38 'ਤੇ ਬਿਆਨ ਕਰਦਿਆਂ ਲਿਖਿਆ ਹੈ, ''ਖਾਲਸਾ ਜੀ! ਇਹ ਸਰਕਾਰ ਅੰਗਰੇਜ਼ੀ, ਜਿਸ ਨੇ ਮਹਾਰਾਜਾ ਦਲੀਪ ਸਿੰਘ ਨਾਲ ਧੋਖਾ ਕਰਕੇ ਪੰਜਾਬ ਦਾ ਰਾਜ ਸੰਭਾਲ ਲਿਆ ਹੈ।'' 'ਬਬਰ ਅਕਾਲੀ ਟਰਾਇਲ' ਦੌਰਾਨ ਅਦਾਲਤੀ ਬਿਆਨਾਂ ਵਿੱਚ ਇਹ ਦਰਜ ਮਿਲਦਾ ਹੈ ਕਿ ਸਿੱਖਾਂ ਵਿੱਚ ਵਿਸ਼ਵਾਸ ਪੱਕਾ ਹੋ ਗਿਆ ਹੈ ਕਿ ਸਿੱਖ ਰਾਜ, ਜੋ 70 ਵਰੇ ਪਹਿਲਾਂ ਅੰਗਰੇਜ਼ਾਂ ਨੇ ਖੋਹ ਲਿਆ ਸੀ ਉਹ ਮੁੜ ਕਾਇਮ ਹੋ ਰਿਹਾ ਹੈ। ਇਸ ਲਹਿਰ ਦੇ ਵੱਡੇ ਅੱਡੇ ਪਰਾਗਪੁਰ, ਕੋਟ ਫਤੂਹੀ, ਜੱਸੋਵਾਲ, ਡੋਮੇਲੀ, ਪੰਡੋਰੀ ਨਿੱਜਰਾਂ ਵਿੱਚ ਕਾਇਮ ਹੋ ਗਏ ਹਨ ਅਤੇ ਬਬਰ ਅਕਾਲੀਆਂ ਨੇ 'ਆਪਣੀ ਹਾਈਕੋਰਟ' ਵੀ ਕਾਇਮ ਕਰ ਲਈ, ਜਿੱਥੇ ਬੜੇ ਵੱਡੇ ਕੰਮਾਂ ਦੇ ਫੈਸਲੇ ਬਬਰ ਅਕਾਲੀਆਂ ਦੀ ਕੌਂਸਲ ਵਿੱਚ ਲਏ ਜਾਂਦੇ। ਇਹ ਆਜ਼ਾਦੀ ਦੀ ਲਹਿਰ ਸੰਨ 1920 ਜਾਂ 21 ਈਸਵੀ ਦੀ ਅੰਤ ਵਿੱਚ ਹੋਂਦ ਵਿੱਚ ਆਈ ਸੀ, ਜੋ ਅੰਗਰੇਜ਼ ਸਰਕਾਰ ਦੇ ਸਿੱਖਾਂ ਵਿਰੁੱਧ ਕੀਤੇ ਗਏ ਅੱਤਿਆਚਾਰਾਂ ਦਾ ਬਦਲਾ ਲੈਣ ਦੀ ਭਾਵਨਾ ਨਾਲ ਹੋਂਦ ਵਿੱਚ ਆਈ ਸੀ। ਖਾਲਿਸਤਾਨ ਬਣਨ ਬਣਾਉਣ ਦਾ ਇਹ ਸਭ ਤੋਂ ਪਹਿਲਾਂ ਸਿੱਖ ਗੱਭਰੂਆਂ ਦਾ ਖਿਆਲ ਸੀ।'' (ਬੱਬਰ ਅਕਾਲੀਆਂ ਦਾ ਇਤਿਹਾਸ', ਡਾ. ਬਖਸ਼ੀਸ਼ ਸਿੰਘ ਨਿੱਝਰ, ਪੰਨਾ 16-17)
'ਬਬਰ ਅਕਾਲੀ ਦੁਆਬਾ' ਅਖ਼ਬਾਰ ਕੱਢਣ ਦਾ ਫੈਸਲਾ :
ਭਾਈ ਕਰਮ ਸਿੰਘ ਜਿਥੇ ਮਹਾਨ ਸੂਰਬੀਰ ਸਨ, ਉਥੇ ਸੱਚ 'ਤੇ ਡੱਟਣ ਵਾਲੇ ਨਿਧੜਕ ਪੱਤਰਕਾਰ ਵੀ ਸਨ।ਇਤਿਹਾਸਕ ਵੇਰਵਿਆਂ ਅਨੁਸਾਰ ਮਈ,1922 ਨੂੰ ਬਲਾਚੌਰ ਦੇ ਨਜ਼ਦੀਕ ਪਿੰਡ ਕੌਲਗੜ੍ਹ ਵਿਚ ਮੀਟਿੰਗ ਕੀਤੀ ਗਈ, ਜਿਸ ਵਿਚ ਕਰਮ ਸਿੰਘ ਦੌਲਤਪੁਰ, ਆਸਾ ਸਿੰਘ ਭੁਕੜੁਦੀ, ਉਦੇ ਸਿੰਘ ਰਾਮਗੜ੍ਹ, ਜਥੇਦਾਰ ਦਲੀਪ ਸਿੰਘ ਸਾਦੜਾਂ, ਹਰਨਾਮ ਸਿੰਘ ਗੜ੍ਹੀ ਕਾਨੂੰਗੋਆਂ ਤੇ ਉਦੈ ਸਿੰਘ ਦੌਲਤਪੁਰ ਜੁਝਾਰੂ ਇਕੱਠੇ ਹੋਏ। ਉਨ੍ਹਾਂ ਫ਼ੈਸਲਾ ਕੀਤਾ ਕਿ ਹੁਣ ਸਮਾਂ ਆ ਗਿਆ ਹੈ ਕਿ 'ਅਖਬਾਰ' ਦੀ ਵਰਤੋਂ ਕਰਕੇ ਆਜ਼ਾਦੀ ਦਾ ਵਿਰੋਧ ਕਰਨ ਵਾਲਿਆਂ ਨੂੰ ਨੱਥ ਪਾਈ ਜਾਵੇ। ਇਸ ਮੌਕੇ 'ਤੇ ਭਾਈ ਸਾਹਿਬ ਨੇ ਪ੍ਰੇਰਿਆ ਕਿ 'ਗਦਰ ਦੀ ਗੂੰਜ' ਅੱਜ ਤੱਕ ਲੋਕਾਂ ਦੇ ਦਿਲਾਂ ਵਿਚ ਵਸੀ ਹੋਈ ਹੈ, ਜਿਸ ਤੋਂ ਸੇਧ ਲੈ ਕੇ ਅਖਬਾਰ ਕੱਢਣਾ ਚਾਹੀਦਾ ਹੈ। ਭਾਈ ਕਰਮ ਸਿੰਘ ਦੌਲਤਪੁਰ ਨੇ ਦ੍ਰਿੜ ਨਿਸ਼ਚਾ ਕਰ ਲਿਆ ਕਿ ਉਨ੍ਹਾਂ ਦਾ ਕੈਨੇਡਾ ਵਾਲਾ ਤਜਰਬਾ ਇਸ ਗੱਲ ਦਾ ਗਵਾਹ ਹੈ ਕਿ 'ਗਦਰ' ਅਖਬਾਰ ਨੇ ਉਹ ਕੰਮ ਕੀਤਾ, ਜਿਹੜਾ ਭਾਸ਼ਣਾਂ ਤੋਂ ਕਿਤੇ ਵੱਧ ਅਸਰਦਾਰ ਹੋਇਆ ਸੀ। ਅਖਬਾਰ ਲਈ ਲੋੜੀਂਦਾ ਧਨ ਜਗੀਰਦਾਰਾਂ, ਨੰਬਰਦਾਰਾਂ ਤੇ ਸ਼ਾਹੂਕਾਰਾਂ ਕੋਲੋਂ ਹੀ ਕਿਉਂ ਨਾ ਖੋਹਣਾ ਪਵੇ, ਪਰ ਅਖਬਾਰ ਜ਼ਰੂਰ ਕੱਢਣਾ ਚਾਹੀਦਾ ਹੈ। ਆਖ਼ਰ ਇਸ ਫ਼ੈਸਲੇ ਨੂੰ ਅੰਜਾਮ ਦਿੰਦਿਆਂ 3 ਜੁਲਾਈ,1922 ਬਬਰ ਅਕਾਲੀਆਂ ਨੇ ਸਰਕਾਰੀ ਖ਼ਜ਼ਾਨੇ ਵਿੱਚੋ 575 ਰੁਪਏ ਦੀ ਰਕਮ ਖੋਹੀ, ਜਿਸ ਨਾਲ ਇੱਕ ਸਾਈਕਲੋ-ਸਟਾਈਲ ਮਸ਼ੀਨ ਅਤੇ ਹਥਿਆਰ ਖ਼ਰੀਦੇ। ਇਸ 'ਚੋਂ ਸੌ ਰੁਪਏ ਨਾਲ ਲਾਹੌਰ ਤੋਂ ਪ੍ਰੈਸ ਮਸ਼ੀਨ ਖਰੀਦੀ ਗਈ ਤੇ ਬਾਕੀ ਰਾਸ਼ੀ ਨਾਲ ਜਥੇਬੰਦੀ ਦੀ ਸਰਗਰਮੀ ਆਦਿ ਦੇ ਹੋਰਨਾਂ ਕੰਮਾਂ ਤੋਂ ਇਲਾਵਾ ਪਰਚੇ ਛਾਪਣ ਅਤੇ ਹਥਿਆਰ ਖਰੀਦਣ ਦਾ ਪ੍ਰਬੰਧ ਕੀਤਾ ਗਿਆ। 'ਬਬਰ ਅਕਾਲੀ ਲਹਿਰ ਦਾ ਇਤਿਹਾਸ' ਕਿਤਾਬ ਵਿੱਚ ਮਿਲਖਾ ਸਿੰਘ ਨਿੱਝਰ ਪੰਨਾ 135 'ਤੇ ਲਿਖਦੇ ਹਨ ਕਿ ਇਸ ਕਾਰਜ ਵਿੱਚ ਵਕੀਲ ਰਾਮ ਸਿੰਘ ਧਾਰੋਵਾਲ ਤੋਂ ਇਲਾਵਾ ਮਹਾਨ ਲੇਖਕ ਐਸ. ਐਸ. ਚਰਨ ਸਿੰਘ ਸ਼ਹੀਦ ('ਜਥੇਦਾਰ' ਅਖਬਾਰ) ਅਤੇ ਕੈਨੇਡਾ ਤੋਂ ਗਏ ਬਸੰਤ ਸਿੰਘ ਦਾ ਭਰਪੂਰ ਸਹਿਯੋਗ ਰਿਹਾ।
'ਗੁਰੂ ਗ੍ਰੰਥ ਸਾਹਿਬ' ਦੀ ਆਗਿਆ ਨਾਲ ਅਖਬਾਰ ਦਾ ਨਾਮਕਰਨ:
ਐਡੀਟਰ ਕਰਮ ਸਿੰਘ ਦੇ ਨਾਂ ਥੱਲੇ 'ਸਫ਼ਰੀ ਪ੍ਰੈਸ' ਨਾਂ ਰੱਖ ਕੇ ਪਹਿਲਾ ਪਰਚਾ ਛਾਪਿਆ ਜਾਂਦਾ ਸੀ। ਇਸ ਦੌਰਾਨ ਭਾਈ ਕਰਮ ਸਿੰਘ ਦੌਲਤਪੁਰ ਵੱਲੋਂ ਹੋਰਨਾਂ ਜੁਝਾਰੂਆਂ ਨਾਲ ਮਿਲ ਕੇ 22 ਅਗਸਤ,1922 ਵਿਚ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਇਕੱਤਰਤਾ ਕੀਤੀ ਗਈ। ਇਸ ਦੌਰਾਨ ਪਰਚੇ ਦਾ ਨਾਂ 'ਬਬਰ ਅਕਾਲੀ ਦੁਆਬਾ' ਰੱਖਿਆ ਗਿਆ। 'ਬਬਰ ਅਕਾਲੀ' ਅਖਬਾਰ ਦੇ ਮੁੱਢ ਵਿੱਚ 'ਸ੍ਰੀ ਅਕਾਲ ਜੀ ਸਹਾਇ॥' ਅਤੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਭਗਤ ਕਬੀਰ ਜੀ ਦਾ ਸਲੋਕ ਲਿਖਿਆ ਜਾਂਦਾ;
"ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤੁ॥
ਪੁਰਜਾ ਪੁਰਜਾ ਕਟਿ ਮਰੈ ਕਬਹੂ ਨਾ ਛਾਡੈ ਖੇਤੁ॥"
ਕੁਝ ਇਤਿਹਾਸਕਾਰ ਬਬਰ ਅਕਾਲੀ ਅਖ਼ਬਾਰ ਕੱਢਣ ਦੀ ਮਿਤੀ 20 ਜਾਂ 21ਅਗਸਤ 1922 ਵੀ ਲਿਖਦੇ ਹਨ। ਬਬਰ ਅਕਾਲੀ' ਅਖ਼ਬਾਰ ਨਿਰੋਲ ਜੁਝਾਰੂ ਅਕਾਲੀਆਂ ਦਾ ਸੀ, ਜਿਸ ਵਿਚ ਜੋਸ਼ੀਲੇ ਲੇਖ, ਕਵਿਤਾਵਾਂ ਤੇ ਸਿੱਖ ਇਤਿਹਾਸ ਦੇ ਗੌਰਵਮਈ ਵਿਰਸੇ ਨਾਲ ਸੰਬੰਧਤ ਲਿਖਤਾਂ ਪ੍ਰਕਾਸ਼ਿਤ ਕੀਤੀਆਂ ਜਾਂਦੀਆਂ। ਇਸੇ ਅਖ਼ਬਾਰ ਦੇ ਨਾਂ ਸਦਕਾ ਭਾਈ ਕਰਮ ਸਿੰਘ ਦੌਲਤਪੁਰ ਦੇ ਨਾਂ ਨਾਲ 'ਬਬਰ ਅਕਾਲੀ' ਸ਼ਬਦ ਜੁੜ ਗਿਆ।
'ਬਬਰ ਅਕਾਲੀ' ਜਥੇਬੰਦੀ ਕਾਇਮ ਕਰਨ ਵਿੱਚ ਭਾਈ ਕਰਮ ਸਿੰਘ ਦੀ ਭੂਮਿਕਾ :
ਸਮੂਹ ਜੁਝਾਰੂਆਂ ਨੂੰ ਇੱਕ ਮੰਚ 'ਤੇ ਇਕੱਠਾ ਕਰਕੇ ਸ਼ਹੀਦਾਂ ਦੀ ਮਹਾਨ ਜਥੇਬੰਦੀ ਨੂੰ 'ਬਬਰ ਅਕਾਲੀ' ਜਥੇ ਦਾ ਨਾਂ ਦੇਣ ਦਾ ਸਿਹਰਾ ਸ਼ਹੀਦ ਭਾਈ ਕਰਮ ਸਿੰਘ 'ਬਬਰ ਅਕਾਲੀ' ਦੇ ਸਿਰ ਬੱਝਦਾ ਹੈ। ਬਬਰ ਅਕਾਲੀ ਲਹਿਰ ਦੇ ਇਤਿਹਾਸ ਦਾ ਜ਼ਿਕਰਯੋਗ ਪੱਖ ਹੈ ਕਿ 'ਚੱਕਰਵਰਤੀ ਜਥੇ' ਦੇ ਆਗੂ ਭਾਈ ਕਿਸ਼ਨ ਸਿੰਘ ਗੜਗੱਜ ਜਦੋਂ ਅਖ਼ਬਾਰ ਦੇ ਪ੍ਰਭਾਵ ਤੋਂ ਜਾਣੂ ਹੋਏ, ਤਾਂ ਉਹ ਐਡੀਟਰ ਕਰਮ ਸਿੰਘ ਨਾਲ ਵਿਚਾਰ ਵਟਾਂਦਰੇ ਲਈ ਅਗਸਤ 1922 ਦੇ ਤੀਜੇ ਹਫ਼ਤੇ ਮਿਲੇ। ਉਸ ਸਮੇਂ ਤੱਕ ਬਬਰ ਅਕਾਲੀ ਦੋਆਬਾ ਦੇ ਦੋ ਅੰਕ ਪ੍ਰਕਾਸ਼ਤ ਹੋ ਚੁੱਕੇ ਸਨ, ਜਿਨ੍ਹਾਂ ਦੀ ਇਲਾਕੇ ਚ ਭਰਪੂਰ ਚਰਚਾ ਹੋ ਰਹੀ ਸੀ। ਇਕ ਇਤਿਹਾਸਕ ਹਵਾਲੇ ਅਨੁਸਾਰ ਭਾਈ ਕਿਸ਼ਨ ਸਿੰਘ ਗੜਗੱਜ ਅਤੇ ਭਾਈ ਕਰਮ ਸਿੰਘ ਬਬਰ ਦੇ ਜਥਿਆਂ ਵਿਚ ਮੁਲਾਕਾਤ, ਕੈਨੇਡਾ ਤੋਂ ਹੀ ਗਏ ਭਾਈ ਕਰਮ ਸਿੰਘ ਝਿੰਗੜ ਦੇ ਉਪਰਾਲੇ ਨਾਲ, ਬਬਰ ਆਸਾ ਸਿੰਘ ਦੇ ਪਿੰਡ ਭੁਕੜੁਦੀ ਵਿੱਚ ਹੋਈ, ਜਿੱਥੇ ਭਾਈ ਕਿਸ਼ਨ ਸਿੰਘ ਗੜਗੱਜ ਨੇ ਬਬਰ ਅਕਾਲੀ ਦੋਆਬਾ ਅਖ਼ਬਾਰ ਕੱਢਣ ਲਈ ਭਾਈ ਕਰਮ ਸਿੰਘ ਦੌਲਤਪੁਰ ਦੀ ਭਰਪੂਰ ਸ਼ਲਾਘਾ ਕੀਤੀ। (ਹਵਾਲਾ : ਬਬਰ ਅਕਾਲੀ ਲਹਿਰ ਦਾ ਇਤਿਹਾਸ, ਲੇਖਕ ਮਿਲਖਾ ਸਿੰਘ ਨਿੱਝਰ, ਪੰਨਾ 127) ਇਕ ਹੋਰ ਇਤਿਹਾਸਕ ਹਵਾਲੇ ਅਨੁਸਾਰ ਦੋਹਾਂ ਜਥਿਆਂ ਵਿਚਕਾਰ ਮਿਲਣੀ ਸੰਤ ਠਾਕਰ ਸਿੰਘ ਗੁੱਜਰਵਾਲ ਦੀ ਕੁਟੀਆ ਵਿਚ 21 ਅਗਸਤ 1922 ਨੂੰ ਹੋਈ। (ਕਿਤਾਬ : ਬਬਰ ਅਕਾਲੀ, ਲੇਖਕ ਪ੍ਰਿੰਸੀਪਲ ਨਿਹਾਲ ਸਿੰਘ ਰਸ, ਪੰਨਾ 55) ਨਿਚੋੜ ਇਹ ਹੈ ਕਿ ਜਥੇਦਾਰ ਕਰਮ ਸਿੰਘ ਬਬਰ ਅਤੇ ਜਥੇਦਾਰ ਕਿਸ਼ਨ ਸਿੰਘ ਗੜਗੱਜ ਦੇ ਦੋਵੇਂ ਜਥੇ ਇਕ ਮੰਚ ਤੇ ਇਕੱਠੇ ਹੋਏ ਤੇ ਸਾਂਝਾ ਜਥੇਬੰਦਕ ਢਾਂਚਾ ਕਾਇਮ ਹੋਇਆ।
ਇਸ ਮੌਕੇ 'ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਅਤੇ ਸਾਰੇ ਜੁਝਾਰੂਆਂ ਨੇ ਅਰਦਾਸ ਕਰ ਕੇ ਅਹਿਮ ਫ਼ੈਸਲੇ ਲਏ ਅਤੇ ਮਿਲ ਕੇ ਸਾਂਝਾ ਜਥਾ ਬਣਾ ਕੇ ਇਕਮੁੱਠ ਹੁੰਦਿਆਂ, ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ। ਪਹਿਲਾ ਫੈਸਲਾ ਜਥੇਬੰਦੀ ਦੇ ਨਾਂ ਦਾ ਸੀ, ਜਿਸ ਮੁਤਾਬਕ 'ਬਬਰ ਅਕਾਲੀ' ਅਖ਼ਬਾਰ ਦਾ ਪ੍ਰਭਾਵਸ਼ਾਲੀ ਨਾਂ ਮੁੱਖ ਰਖਦਿਆਂ, ਨਵੀਂ ਜਥੇਬੰਦੀ ਦਾ ਨਾਂ 'ਬਬਰ ਅਕਾਲੀ ਜਥਾ' ਐਲਾਨਿਆ ਗਿਆ। ਇਹ ਬਿਲਕੁਲ ਉਸੇ ਤਰ੍ਹਾਂ ਸੀ, ਜਿਵੇਂ 'ਗ਼ਦਰ' ਅਖ਼ਬਾਰ ਨੂੰ ਮੁੱਖ ਰੱਖ ਕੇ ਲਹਿਰ ਦਾ ਨਾਂ 'ਗ਼ਦਰ ਲਹਿਰ' ਮਕਬੂਲ ਹੋਇਆ ਸੀ। ਸਰਬਸੰਮਤੀ ਨਾਲ ਇਹ ਵੀ ਫੈਸਲਾ ਹੋਇਆ ਭਾਈ ਕਰਮ ਸਿੰਘ ਜਥੇ ਵਿੱਚ 'ਬਬਰ ਅਕਾਲੀ' ਕਰਕੇ ਜਾਣੇ ਜਾਣਗੇ ਤੇ ਬਾਕੀ ਸਾਰੇ 'ਬਬਰ ਅਕਾਲੀ ਜਥੇ' ਦੇ ਮੈਂਬਰ ਹੋਣਗੇ। ਜਥੇਬੰਦੀ ਨੇ ਇਹ ਵੀ ਫ਼ੈਸਲਾ ਲਿਆ ਕਿ ਅਖ਼ਬਾਰ 'ਤੇ ਸੰਪਾਦਕ ਦਾ ਨਾਂ ਕਰਮ ਸਿੰਘ ਬਬਰ ਹੀ ਰਹੇਗਾ ਤੇ ਇਸ ਵਿਚਲੇ ਲੇਖ ਭਾਈ ਕਿਸ਼ਨ ਸਿੰਘ ਬਬਰ ਵੱਲੋਂ ਸੰਪਾਦਤ ਕੀਤੇ ਜਾਣਗੇ। ਬਬਰ ਅਕਾਲੀ ਜਥੇ ਦੀ ਵਰਕਿੰਗ ਕਮੇਟੀ ਦਾ ਪ੍ਰਧਾਨ ਭਾਈ ਕਿਸ਼ਨ ਸਿੰਘ ਬਬਰ (ਗੜਗੱਜ) ਨੂੰ ਚੁਣਿਆ ਗਿਆ, ਜਦਕਿ ਮਾਸਟਰ ਦਲੀਪ ਸਿੰਘ ਗੋਸਲ ਇਸ ਦੇ ਸਕੱਤਰ ਅਤੇ ਕੈਨੇਡਾ ਤੋਂ ਗਏ ਬਬਰ ਕਰਮ ਸਿੰਘ ਝਿੰਗੜ ਖ਼ਜ਼ਾਨਚੀ ਬਣੇ। ਬਬਰ ਅਕਾਲੀ ਜਥੇ ਦੀ ਵਰਕਿੰਗ ਕਮੇਟੀ ਦੇ ਹੋਰਨਾਂ ਮੈਂਬਰਾਂ ਵਿੱਚ 'ਚੀਫ ਐਡੀਟਰ' ਭਾਈ ਕਰਮ ਸਿੰਘ ਬਬਰ, ਬਾਬੂ ਸੰਤਾ ਸਿੰਘ ਅਤੇ ਭਾਈ ਉਦੈ ਸਿੰਘ ਰਾਮਗੜ੍ਹ ਝੁੰਗੀਆਂ ਚੁਣੇ ਗਏ।
'ਬਬਰ ਅਕਾਲੀ' ਜਥੇਬੰਦੀ ਦੀ ਮਰਿਆਦਾ ਅਤੇ ਨਿਯਮ :
ਬਬਰ ਅਕਾਲੀ ਸ਼ਹੀਦ ਭਾਈ ਕਰਮ ਸਿੰਘ ਦੌਲਤਪੁਰ ਦੀ ਜੀਵਨ ਅਤੇ ਸ਼ਖਸੀਅਤ ਬਾਰੇ ਜਾਣਨ ਸਮੇਂ ਉਹਨਾਂ ਦੀ ਜਥੇਬੰਦੀ ਦੀ ਮਰਿਆਦਾ ਤੇ ਨਿਯਮ ਗੌਰ ਕਰਨ ਯੋਗ ਹਨ। ਬਬਰ ਅਕਾਲੀ ਜਥੇ ਵਿੱਚ ਵਿਸ਼ੇਸ਼ ਮਰਿਯਾਦਾ ਤੇ ਨਿਯਮ ਬਣਾਏ ਗਏ ਸਨ, ਜਿਹਨਾਂ ਦੀ ਪਾਲਣਾ ਹਰ ਬਬਰ ਅਕਾਲੀ ਲਈ ਲਾਜ਼ਮੀ ਸੀ। 'ਬੱਬਰ ਅਕਾਲੀਆਂ ਦਾ ਇਤਿਹਾਸ' (ਲੇਖਕ ਡਾਕਟਰ ਬਖਸ਼ੀਸ਼ ਸਿੰਘ ਨਿੱਝਰ) ਪੰਨਾ 2 ਅਨੁਸਾਰ 'ਹਰ ਬਬਰ ਅਕਾਲੀ ਨੂੰ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ, ਨਿਯਮ ਅਨੁਸਾਰ ਸਵੇਰੇ, ਸ਼ਾਮ ਪੜਨੀ ਜ਼ਰੂਰੀ ਹੈ। ਬਬਰ ਅਕਾਲੀ ਆਪਣੀ ਪਾਰਟੀ ਜਾਂ ਮੈਂਬਰ ਦਾ ਵਿਰੋਧ ਨਹੀਂ ਕਰੇਗਾ। ਵਾਰਦਾਤ ਵੇਲੇ ਕਿਸੇ ਇਸਤਰੀ ਦੀ ਇੱਜ਼ਤ ਨੂੰ ਹੱਥ ਨਹੀਂ ਪਾਵੇਗਾ। ਕਿਸੇ ਧਰਮ, ਜਾਤ-ਪਾਤ ਨਾਲ ਵਿਤਕਰਾ ਨਹੀਂ ਕਰੇਗਾ। ਹਮਲਾ ਕਰਨ ਸਮੇਂ ਕਿਸੇ ਵੀ ਵਾਰਦਤ ਵਾਲੀ ਥਾਂ ਤੋਂ ਕੋਈ ਸ਼ੈ ਚੋਰੀ ਨਹੀਂ ਕਰੇਗਾ, ਜਥੇਦਾਰ ਦੀ ਆਗਿਆ ਬਿਨਾ ਕੋਈ ਕਦਮ ਨਹੀਂ ਚੁੱਕੇਗਾ। ਜਥੇਬੰਦੀ ਨਾਲ ਗਦਾਰੀ ਨਹੀਂ ਕਰੇਗਾ ਅਤੇ ਕੋਈ ਭੇਦ ਬਾਹਰ ਨਹੀਂ ਕੱਢੇਗਾ।
ਬਾਣੀ ਤੇ ਬਾਣੇ ਦੀ ਧਾਰਨੀ ਬਬਰ ਅਕਾਲੀ ਯੋਧੇ ਸ਼ਹੀਦ ਭਾਈ ਕਰਮ ਸਿੰਘ ਦੌਲਤਪੁਰ ਸੁਰਮਈ ਰੰਗ ਦਾ ਦਸਤਾਰਾ ਸਜਾਉਂਦੇ ਸਨ। ਇਸ ਤੋਂ ਇਲਾਵਾ ਕਕਾਰ ਵਜੋਂ ਆਪ ਤਿੰਨ ਫੁਟੀ ਕਿਰਪਾਨ ਪਹਿਨਦੇ ਸਨ। ਬੱਬਰ ਅਕਾਲੀਆਂ ਦੇ ਲਿਬਾਸ ਬਾਰੇ ਕਿਤਾਬ 'ਬੱਬਰ ਅਕਾਲੀ ਲਹਿਰ ਅਤੇ ਇਸ ਦੇ ਆਗੂ' (ਲੇਖਕ ਗੁਰਬਚਨ ਸਿੰਘ) ਦੇ ਪੰਨਾ 15 ਉਪਰ ਅੰਕਿਤ ਹੈ ਕਿ ਬਬਰ ਅਕਾਲੀ ਜਥੇ ਦੇ ਮੈਂਬਰ ਸੱਤ ਬਾਣੀਆਂ ਦੇ ਨਿਤਨੇਮੀ ਤੇ ਪੰਜ-ਕਕਾਰਾਂ ਦੀ ਰਹਿਤ ਦੇ ਧਾਰਨੀ ਸਨ। ਉਹ ਆਦਮੀ ਨੂੰ ਜਥੇ ਦਾ ਮੈਂਬਰ ਬਿਲਕੁਲ ਨਹੀਂ ਸੀ ਬਣਾਇਆ ਜਾਂਦਾ, ਜੋ ਗੁਰਸਿੱਖੀ ਅਸੂਲਾਂ ਵਿੱਚ ਢਿੱਲੜ ਹੋਵੇ ਅਤੇ ਇਸ ਅਰਸੇ ਵਿੱਚ ਵੀ ਚੱਕਰਵਰਤੀ 'ਅਕਾਲੀ ਲਿਬਾਸ' ਰੱਖਦੇ ਸਨ ਅਤੇ 'ਸੁਰਮਈ ਦਸਤਾਰੇ' ਕਦੇ ਨਹੀਂ ਸਨ ਬਦਲਦੇ। ਇੱਥੇ ਜ਼ਿਕਰ ਯੋਗ ਹੈ ਕਿ ਪਹਿਲੀ ਵਾਰ ਨੌ ਇੰਚ ਤੋਂ ਲੰਮੀ ਕਿਰਪਾਨ ਰੱਖਣ 'ਤੇ ਕਾਨੂੰਨੀ ਪਾਬੰਦੀ ਅੰਗਰੇਜ਼ ਕਾਲ ਦੌਰਾਨ, ਬਬਰ ਅਕਾਲੀ ਜਥੇਬੰਦੀ ਦੇ ਮੈਂਬਰਾਂ ਕਾਰਨ ਲਗਾਈ ਗਈ ਸੀ। ('ਬੱਬਰ ਅਕਾਲੀ', ਲੇਖਕ ਪ੍ਰਿੰਸੀਪਲ ਨਿਹਾਲ ਸਿੰਘ ਰਸ, ਪੰਨਾ 17)
ਸ਼ਹੀਦ ਕਰਮ ਸਿੰਘ ਬਬਰ ਅਕਾਲੀ ਦੀ ਜੁਝਾਰੂ ਕਵਿਤਾ:
ਜੁਝਾਰੂ ਕਵੀ ਜਥੇਦਾਰ ਕਰਮ ਸਿੰਘ ਬੱਬਰ ਗੁਰੂ ਗੋਬਿੰਦ ਸਿੰਘ ਜੀ ਦੇ ਖ਼ਾਲਸਈ ਫ਼ਲਸਫ਼ੇ ਤੋਂ ਸੇਧ ਲੈ ਕੇ ਗ਼ੁਲਾਮੀ ਖ਼ਿਲਾਫ਼ ਲੜਨ ਅਤੇ ਜ਼ਾਲਮਾਂ ਨੂੰ ਸੋਧਣ ਲਈ ਕਾਵਿ ਰਚਨਾਵਾਂ ਲਿਖਦੇ। ਅਜਿਹੀ ਮਹਾਨ ਸੋਚ ਕਾਰਨ ਹੀ ਉਹਨਾਂ ਦੇ 'ਬਬਰ ਅਕਾਲੀ' ਪਰਚੇ ਵਿੱਚ ਲੇਖ ਅਤੇ ਕਵਿਤਾਵਾਂ ਮੁਰਦਾ ਦਿਲਾਂ 'ਚ ਰੂਹ ਫੂਕ ਦਿੰਦੀਆਂ ਸਨ। 'ਬਬਰ ਕੱਢ ਵਰੰਟ ਤੂੰ ਜ਼ਾਲਮਾਂ ਦੇ, ਹੱਥੀਂ ਆਪਣੀ ਦਫ਼ਾ ਲਗਾ ਭਾਈ' ਅਤੇ 'ਕਰਮ ਸਿੰਘ ਹੁਣ ਬਬਰ ਦਾ ਰੂਪ ਧਾਰੋ, ਵੇਲਾ ਆ ਗਿਆ ਧੂਮ ਧੁਮਾਵਣੇ ਦਾ' ਵਰਗੇ ਅਨੇਕਾਂ ਕਾਵਿ-ਬੰਦ ਜੁਝਾਰੂ ਸੋਚ ਪ੍ਰਗਟਾਉਂਦੇ ਸਨ। ਹੋਰ ਮਿਸਾਲਾਂ ਹਨ ;
"ਸ਼ਾਂਤਮਈ ਨੇ ਕੁਝ ਸਵਾਰਿਆ ਨਾ,
ਕੰਮ ਸ਼ੁਰੂ ਕਰਦੇ ਦੂਜੇ ਦਾ ਭਾਈ।
ਤੁਖਮ ਛੋੜ ਨਹੀਂ ਹੁਣ ਜ਼ਾਲਮਾਂ ਦਾ,
ਜਿਨ੍ਹਾਂ ਦਿੱਤੇ ਹਨ ਲੋਕ ਸਤਾ ਭਾਈ।
'ਕਰਮ ਸਿੰਘ' ਕਰਤਾਰ ਦੀ ਓਟ ਲੈ ਕੇ,
ਹੁਣ ਜ਼ਾਲਮਾਂ ਵੰਡੀਆਂ ਪਾ ਭਾਈ।"
ਆਪ ਦੀਆਂ ਕਵਿਤਾਵਾਂ ਦਾ ਲੋਕਾਂ 'ਤੇ ਡੂੰਘਾ ਅਸਰ ਪਿਆ ਅਤੇ ਥਾਂ-ਥਾਂ ਲੋਕ ਅੰਗਰੇਜ਼ਾਂ ਖਿਲਾਫ਼ ਲਾਮਬੰਦ ਹੋਣ ਲੱਗੇ। 'ਖੰਡਾ ਪਕੜੋ ਸ਼ੇਰੋ', 'ਬੂਟੇ ਦੇਸ਼ ਆਜ਼ਾਦੀ ਦੇ', 'ਝੋਲੀ ਚੁੱਕ ਨਹੀਂ ਛੱਡਣੇ ਅਤੇ 'ਅੱਖਾਂ ਖੋਲੋ' ਆਦਿਕ ਕੁਝ ਮਿਸਾਲਾਂ ਹਨ। ਜਿਵੇਂ ਕਿ ;
''ਪਕੜੋ ਖੰਡਾ ਸ਼ੇਰੋ, ਆਖੇ ਬੱਬਰ ਪੁਕਾਰ।
ਖੰਡਾ ਪਕੜੋ, ਸਾਣ ਤੇ ਲਾਉ, ਤੇਜ਼ ਕਰੋ ਇਹਦੀ ਧਾਰ।
ਬਿਨਾਂ ਖੰਡਿਓਂ ਨਾ ਮਿਲੇ, ਆਜ਼ਾਦੀ ਆਖੇ ਬਬਰ ਵੰਗਾਰ।''
''ਪੰਥ ਖਾਲਸਾ ਅਰਜ਼ ਗੁਜ਼ਾਰਦਾ ਹਾਂ
ਕਿਉਂ ਨਹੀਂ ਸਮਝਦਾ ਇਹਨਾਂ ਦੀ ਚਾਲ ਜਲਦੀ।
ਸ਼ਾਂਤੀ ਨਾਲ ਨਹੀਂ ਪਾਜੀਆਂ ਬਾਜ਼ ਆਉਣਾ
ਕਰੀਏ ਤੇਜ਼ ਤਲਵਾਰ ਦੀ ਧਾਰ ਜਲਦੀ।''
ਬੱਬਰ ਅਕਾਲੀ ਭਾਈ ਕਰਮ ਸਿੰਘ ਦੌਲਤਪੁਰ ਦੀਆਂ ਕਵਿਤਾਵਾਂ ਸਿੱਖੀ ਜਜ਼ਬਾ 'ਤੇ ਅਧਾਰਤ ਹੁੰਦੇ ਸਨ। ਆਪਣੇ ਭਾਸ਼ਣਾ ਵਿੱਚ 'ਜ਼ਫਰਨਾਮੇ' ਵਿੱਚੋਂ ਹਵਾਲੇ ;
''ਚੂੰ ਕਾਰ ਅਜ਼ ਹਮਾਂ ਹੀਲਤੇ ਦਰ ਗੁਜ਼ਸ਼ਤ।।
 ਹਲਾਲ ਅਸਤੋ ਬੁਰਦਨ ਬ ਸ਼ਮਸ਼ੀਰ ਦਸਤ।।
     ਇਸ ਦੇ ਨਾਲ ਹੀ ਹੋਰ ਮਿਸਾਲਾ ਜਿਵੇਂ ਕਿ ;
 ''ਅਸ ਕਿਰਪਾਨ ਖੰਡੋ ਖੜਗ ਤੁਬਕ ਤਬਰ ਅਰ ਤੀਰ।।
  ਸੈਫ ਸਰੋਹੀ ਸੈਹਿਬੀ ਜੇਹੀ ਹਮਾਰੇ ਪੀਰ।।"
   ਦੇ ਕੇ, ਲੋਕਾਂ ਨੂੰ ਸੰਘਰਸ਼ ਤੇ ਆਜ਼ਾਦੀ ਦੇ ਰਾਹ 'ਤੇ ਤੋਰਨ ਲਈ ਬਬਰ ਅਕਾਲੀਆਂ ਦੀਆਂ ਤਕਰੀਰਾਂ, ਜੋਸ਼ ਭਰਪੂਰ ਹੁੰਦੀਆਂ। (ਇਤਿਹਾਸਕ ਹਵਾਲਾ 'ਬਬਰ ਅਕਾਲੀ ਲਹਿਰ ਦਾ ਇਤਿਹਾਸ' ਲੇਖਕ ਮਿਲਖਾ ਸਿੰਘ ਬਬਰ, ਪੰਨਾ 47-49)
ਬਬਰ ਅਕਾਲੀਆਂ ਦਾ ਲੋਕ ਪੱਖੀ ਰਾਜ ਪ੍ਰਬੰਧ:
ਬਬਰ ਅਕਾਲੀਆਂ ਵੱਲੋਂ ਐਲਾਨ ਕੀਤਾ ਗਿਆ ਉਹਨਾਂ ਦੇ ਹੁੰਦਿਆਂ ਕਿ ਕੋਈ ਵੀ ਠੇਕੇਦਾਰ ਸ਼ਰਾਬ ਤੇ ਸੜਕਾਂ ਦੁਆਲੇ ਲੱਗੇ ਅੰਬਾਂ ਦਾ ਤੇ ਜਾਮਣਾਂ ਦਾ ਠੇਕਾ ਨਹੀਂ ਲਵੇਗਾ। ਇਸ ਦਾ ਅਸਰ ਇਹ ਹੋਇਆ ਕਿ 1922-23 ਦੌਰਾਨ ਕਿਸੇ ਵੀ ਠੇਕੇਦਾਰ ਨੇ ਜਾਮਣਾਂ ਅਤੇ ਅੰਬਾਂ ਦਾ ਠੇਕਾ ਲੈਣ ਦੀ ਹਿੰਮਤ ਨਾ ਕੀਤੀ। ਭਾਈ ਕਰਮ ਸਿੰਘ ਬਬਰ ਅਕਾਲੀ ਨੇ ਦੌਲਤਪੁਰ ਵਿਖੇ ਨਾਨਕ ਸ਼ਾਹੀ ਇੱਟਾਂ ਨਾਲ ਖੂਹ ਪਟਵਾਇਆ ਅਤੇ ਲੋਕਾਂ ਨੂੰ ਸਾਫ ਸੁਥਰੇ ਪਾਣੀ ਦੀਆਂ ਸੇਵਾਵਾਂ ਦਿੱਤੀਆਂ। ਪਿੰਡ ਵਿੱਚ ਸਹਿਕਾਰੀ ਬੈਂਕ ਬਣਾ ਕੇ ਲੋਕ ਸੇਵਾਵਾਂ ਨੂੰ ਹੋਰ ਮਜ਼ਬੂਤ ਕੀਤਾ। ਅਗਾਂਹ ਵਧੂ ਸੋਚ ਅਨੁਸਾਰ ਪਿੰਡ ਵਿੱਚ ਇੰਜਣ ਲਾ ਕੇ ਆਟਾ ਪੀਹਣ ਵਾਲੀ ਚੱਕੀ ਸਥਾਪਿਤ ਕੀਤੀ। ਜੁਝਾਰੂ ਸੋਚ ਅਧੀਨ ਭੋਰੇ ਤੋਂ ਖੂਹ ਤੱਕ ਜਾਣ ਲਈ, ਦੋ ਸੁਰੰਗਾਂ ਅਤੇ ਹਥਿਆਰ ਬੰਦ ਸਮਾਨ ਦੀ ਤਿਆਰੀ ਦਾ ਪ੍ਰਬੰਧ ਕੀਤਾ। ਕਿਸਾਨੀ ਖੇਤਰ ਨੂੰ ਮਜ਼ਬੂਤ ਕਰਨ ਲਈ ਇਲਾਕੇ ਦੇ ਕਿਰਤੀਆਂ ਕਿਸਾਨਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ। ਇਨ੍ਹਾਂ ਬਬਰਾਂ ਦੀ ਲੋਕ ਪ੍ਰਿਅਤਾ ਦਾ ਅਸਰ ਘੱਟ ਕਰਨ ਲਈ ਅੰਗਰੇਜ਼ਪ੍ਰਸਤ ਜ਼ੈਲਦਾਰਾਂ, ਨੰਬਰਦਾਰਾਂ, ਸਫੈਦਪੋਸ਼ਾਂ ਤੇ ਜਗੀਰਦਾਰਾਂ ਨੇ ਬਬਰਾਂ ਦੀ ਕਿਰਦਾਰਕੁਸ਼ੀ ਦੀਆਂ ਸਾਜਿਸ਼ਾਂ ਰਚੀਆਂ। ਸਰਕਾਰੀ ਸ਼ੈਅ ਉੱਪਰ ਅਖੌਤੀ 'ਅਮਨ ਕਮੇਟੀਆਂ' ਬਣਾਉਣ, ਨਾਚ-ਗਾਉਣ ਅਤੇ ਭੋਗ-ਵਿਲਾਸ ਦਾ ਪ੍ਰਚਾਰ ਕਰਨ ਅਤੇ ਰਾਤਾਂ ਨੂੰ ਦਿਖਾਵੇ ਮਾਤਰ ਪਹਿਰਾ ਲਾਉਣ ਵਾਲੇ ਮਸ਼ਵਰਿਆਂ ਨਾਲ, ਬਬਰਾਂ ਖ਼ਿਲਾਫ਼ ਲੋਕਾਂ ਨੂੰ ਭੜਕਾਉਣ ਦੇ ਕਾਰੇ ਸ਼ੁਰੂ ਕਰ ਦਿੱਤੇ ਗਏ। ਇਸ ਤੋਂ ਮੰਦਭਾਗੀ ਗੱਲ ਕੀ ਹੋ ਸਕਦੀ ਹੈ 'ਲੋਕਾਂ ਦੇ ਹੱਕਾ ਲਈ ਲੜਨ ਵਾਲੇ' ਯੋਧਿਆਂ ਖਿਲਾਫ਼ ਹੀ ਲੋਕ ਲਾਮਬੰਦ ਹੋਣੇ ਸ਼ੁਰੂ ਹੋ ਗਏ। ਇਹ ਵਰਤਾਰੇ ਮੁਰਦਾ ਜ਼ਮੀਰ ਅਤੇ ਗ਼ੁਲਾਮ ਮਾਨਸਿਕਤਾ ਦੇ ਪ੍ਰਤੱਖ ਸਬੂਤ ਸਨ। ਦੂਜੇ ਪਾਸੇ ਇਹ ਵੀ ਸੱਚ ਹੈ ਕਿ ਬਬਰ ਅਕਾਲੀਆਂ ਦੇ ਅਜਿਹੀਆਂ ਅਮਨ ਕਮੇਟੀਆਂ ਤੇ ਅਖੌਤੀ ਸੱਭਿਆਚਾਰਕ ਮੇਲਿਆਂ ਦੇ ਪਾਜ ਉਧੇੜੇ ਅਤੇ ਕਈ ਵਾਰ ਉਹਨਾਂ ਦੀਆਂ ਸਟੇਜਾਂ ਤੇ ਹੀ ਜਾ ਕੇ, ਲੋਕਾਂ ਨੂੰ ਲਾਮਬੱਧ ਕੀਤਾ ਅਤੇ ਹਲੂਣੇ ਦਿੱਤੇ।
ਜਥੇਬੰਦੀ ਦੇ ਅਨੁਸ਼ਾਸਨ : ਬੱਚਿਆਂ ਅਤੇ ਔਰਤਾਂ 'ਤੇ ਹਮਲੇ ਨਾ ਕਰਨਾ :
12 ਜਨਵਰੀ,1923 ਨੂੰ 'ਬਬਰ ਅਕਾਲੀ ਦੁਆਬਾ' ਅਖਬਾਰ ਵਿੱਚ ਜੁਝਾਰੂਆਂ ਦੀਆਂ ਚਿੱਠੀਆਂ ਛਾਪੀਆਂ, ਇਨ੍ਹਾਂ ਵਿੱਚ ਜਲੰਧਰ ਦੇ ਜ਼ਿਲ੍ਹਾ ਵਿਚ ਬੱਬਰਾਂ ਵੱਲੋਂ ਟੋਡੀਆਂ ਨੂੰ ਸੋਧਣ ਦੇ ਦਾ ਐਲਾਨ ਛਾਪਿਆ ਗਿਆ ਸੀ। ਜਥੇਬੰਦੀ ਦੇ ਅਨੁਸ਼ਾਸਨ ਨੂੰ ਮੁੱਖ ਰੱਖਦਿਆਂ 25 ਨਵੰਬਰ,1922 ਨੂੰ ਇਕ ਬੈਠਕ 'ਚ ਮੈਂਬਰਾਂ ਨੂੰ ਔਰਤਾਂ ਅਤੇ ਬੱਚਿਆਂ ਉਤੇ ਹਮਲੇ ਨਾ ਕਰਨ ਦੀ ਹਦਾਇਤ ਤੋਂ ਇਲਾਵਾ, ਝੋਲੀ-ਚੁੱਕਾਂ ਨੂੰ ਸੋਧਣ ਦੀ ਜਿੰਮੇਵਾਰੀ ਲਈ ਬਬਰ ਕਰਮ ਸਿੰਘ ਦੌਲਤਪੁਰ, ਧੰਨਾ ਸਿੰਘ ਅਤੇ ਉਦੈ ਸਿੰਘ ਦੇ ਨਾਮ ਦਾ ਮਤਾ ਪਾਸ ਕੀਤਾ ਗਿਆ। 11 ਮਾਰਚ,1923 ਨੂੰ ਨੰਗਲ ਸਾਮਾਂ ਪਿੰਡ ਦਾ ਲੰਬਰਦਾਰ ਸੋਧਿਆ।19 ਮਾਰਚ,1923 ਨੂੰ ਸੀਆਈਡੀ ਸਿਪਾਹੀ ਲਾਭ ਸਿੰਘ ਨੂੰ ਡਾਨਸੀਵਾਲ ਪਿੰਡ ਵਿਚ ਖਤਮ ਕੀਤਾ। 21 ਮਾਰਚ,1923 ਨੂੰ ਪਿੰਡ ਕੌਲਗੜ੍ਹ, ਸਭਸ ਨਗਰ ਵਿਖੇ ਅੰਗਰੇਜ਼ ਪ੍ਰਸਤਾਂ ਨੂੰ ਸੋਧਣ ਦੀ ਜਿੰਮੇਵਰੀ ਲੈਣ ਦਾ ਬਬਰ ਅਕਾਲੀਆਂ ਦਾ ਦੂਜਾ ਐਲਾਨ 'ਬਬਰ ਅਕਾਲੀ' ਅਖਬਾਰ ਵਿੱਚ ਪ੍ਰਕਸ਼ਿਤ ਕੀਤਾ ਗਿਆ। ਭਾਈ ਕਰਮ ਸਿੰਘ ਬਬਰ ਅਕਾਲੀ ਨੇ ਆਪਣਾ ਜੀਵਨ ਲੋਕਾਂ ਦੀ ਆਜ਼ਾਦੀ ਲਈ ਸਮਰਪਿਤ ਕੀਤਾ। 20 ਮਈ,1923 ਨੂੰ ਹਿਯਾਤਪੁਰ ਰੁੜਕੀ ਦੇ ਦੋ ਅੰਗਰੇਜ਼-ਪ੍ਰਸਤ ਰਲਾ ਅਤੇ ਦਿੱਤੂ ਨੂੰ ਕੌਮੀ ਯੋਧਿਆਂ ਨਾਲ ਗ਼ੱਦਾਰੀ ਕਰਨ ਤੋਂ ਬਾਜ਼ ਨਾ ਆਉਣ ਕਾਰਨ ਖੁਦ ਬਬਰ ਅਕਾਲੀ ਨੇ ਸੋਧਿਆ। ਹਿਯਾਤਪੁਰ ਰੁੜਕੀ ਭਾਈ ਕਰਮ ਸਿੰਘ ਬਬਰ ਅਕਾਲੀ ਦਾ ਨਾਨਕਾ ਪਿੰਡ ਸੀ। ਇਸੇ ਦੌਰਾਨ ਕੁਝ ਅੰਗਰੇਜ਼-ਪ੍ਰਸਤ ਸੰਪਰਦਾਰਵਾਂ ਨੇ ਬਬਰ ਅਕਾਲੀਆਂ ਦੀਆਂਕਾਰਵਾਈਆਂ ਵਿਰੁੱਧ ਮਤੇ ਪਾਸ ਕੀਤੇ।
ਬਬਰ ਅਕਾਲੀਆਂ ਦਾ ਚੀਫ ਖਾਲਸਾ ਦੀਵਾਨੀਏ ਧੜੇ ਵੱਲੋਂ ਵਿਰੋਧ :
ਬਬਰ ਅਕਾਲੀ ਯੋਧਿਆਂ ਨੇ ਅਗਸਤ,1922 ਦੇ ਗੁਰੂ ਕੇ ਬਾਗ ਦੇ ਮੋਰਚੇ ਸਮੇਂ ਸ਼ਾਂਤਮਈ ਅਕਾਲੀਆਂ ਉੱਪਰ ਪੁਲਿਸ ਦੇ ਤਸ਼ੱਦਦ ਬਾਰੇ, ਸ਼੍ਰੋਮਣੀ ਗੁਰੁਦਆਰਾ ਪ੍ਰਬੰਧਕ ਕਮੇਟੀ ਨੂੰ ਅੰਗਰੇਜ਼ ਸਰਕਾਰ ਵਿਰੁੱਧ ਹਥਿਆਰਬੰਦ ਸੰਘਰਸ਼ ਛੇੜਣ ਲਈ ਆਖਿਆ ਗਿਆ, ਪਰ ਨਰਮ-ਖਿਆਲੀ ਅਕਾਲੀ ਆਗੂਆਂ ਵੱਲੋਂ ਇਹ ਗੱਲ ਨਾ ਮੰਨੀ ਗਈ। ਦੂਜੇ ਪਾਸੇ ਜੁਝਾਰੂ ਬਬਰ ਅਕਾਲੀਆਂ ਨੇ ਆਪਣੀਆਂ ਕਾਰਵਾਈਆਂ ਜਾਰੀ ਰੱਖੀਆਂ ਅਤੇ ਇਕ ਖੁੱਲ੍ਹੀ ਚਿੱਠੀ ਗਵਰਨਰ ਪੰਜਾਬ ਦੇ ਨਾਲ ਲਿਖਦਿਆਂ ਕਿਹਾ, "ਐ ਗਵਰਨਰ ਪੰਜਾਬ! ਤੇਰੀਆਂ ਬੇਇਨਸਾਫ਼ੀਆਂ ਅਤੇ ਜ਼ੁਲਮਾਂ ਤੋਂ ਤੰਗ ਆ ਕੇ, ਬਬਰ ਅਕਾਲੀਆਂ ਨੇ ਆਪਣਾ ਸ਼ਾਂਤਮਈ ਦਾ ਰਾਹ ਤਿਆਗ ਕੇ, ਹੁਣ ਤਲਵਾਰ ਦਾ ਰਸਤਾ ਫੜਿਆ ਹੈ।" ਝੋਲੀ ਚੁੱਕਾਂ ਦੇ ਸੋਧੇ ਲੱਗਣ ਕਾਰਨ ਨਰਮ-ਖ਼ਿਆਲੀ ਅਕਾਲੀ ਅਤੇ ਚੀਫ਼ ਖ਼ਾਲਸਾ ਦੀਵਾਨ ਵਾਲੇ ਬਬਰਾਂ ਦਾ ਵਿਰੋਧ ਕਰਨ ਲੱਗੇ। ਬੇਸ਼ੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਬਰਾਂ ਦੇ ਮੁਕੱਦਮੇ ਵੀ ਲੜੇ, ਪਰ ਇਹ ਵੀ ਸੱਚ ਹੈ ਕਿ 29 ਮਈ,1923 ਨੂੰ ਸ਼੍ਰੋਮਣੀ ਕਮੇਟੀ ਨੇ ਬਬਰ ਅਕਾਲੀਆਂ ਨੂੰ ਪੰਥ ਵਿਰੋਧੀ ਘੋਸ਼ਿਤ ਕਰ ਦਿੱਤਾ। ਦੁਖਦਾਈ ਪੱਖ ਇਹ ਹੈ ਕਿ ਸਰਕਾਰ ਨੂੰ ਖੁਸ਼ ਕਰਨ ਲਈ ਇਹ ਮਤਾ ਪਾਸ ਕੀਤਾ ਗਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੱਬਰਾਂ ਦੀ ਕਤਲਾਂ ਦੀ ਪਾਲਿਸੀ ਦੀ ਨਿਖੇਧੀ ਕਰਦੀ ਹੈ ਤੇ ਪੰਥ ਅੱਗੇ ਅਪੀਲ ਕਰਦੀ ਹੈ ਕਿ ਕੋਈ ਸੱਜਣ ਇਨ੍ਹਾਂ ਦੀ ਸਹਾਇਤਾ ਨਾ ਕਰੇ, ਸਗੋਂ ਇਨ੍ਹਾਂ ਨੂੰ ਦੇਸ਼ ਤੇ ਕੌਮ ਲਈ ਹਾਨੀਕਾਰਕ ਸਮਝੇ। (ਹਵਾਲਾ ਕਿਤਾਬ 'ਬਬਰ ਅਕਾਲੀ', ਲੇਖਕ ਪ੍ਰਿੰਸੀਪਲ ਨਿਹਾਲ ਸਿੰਘ ਰਸ, ਪੰਨਾ 135)
'ਬਬਰ ਅਕਾਲੀ' ਅਖਬਾਰ ਦਾ ਡੂੰਘਾ ਪ੍ਰਭਾਵ :
'ਬਬਰ ਅਕਾਲੀ' ਅਖ਼ਬਾਰ ਰਾਹੀਂ ਸਿੱਖ ਪਲਟਣਾਂ, ਸਕੂਲਾਂ, ਕਾਲਜਾਂ ਆਦਿ ਤੋਂ ਇਲਾਵਾ ਬਾਹਰਲੇ ਪ੍ਰਾਂਤਾਂ ਵਿੱਚ ਵੀ ਅੰਗਰੇਜ਼ਾਂ ਦੇ ਵਿਰੁੱਧ ਜ਼ਬਰਦਸਤ ਪ੍ਰਚਾਰ ਕੀਤਾ ਗਿਆ ਅਤੇ ਦੇਸ਼ਵਾਸੀਆਂ ਨੂੰ ਅੰਗਰੇਜ਼ਾਂ ਖ਼ਿਲਾਫ਼ ਬਗ਼ਾਵਤ ਕਰਨ ਲਈ ਪ੍ਰੇਰਿਆ ਗਿਆ। ਅੰਗਰੇਜ਼ ਸਰਕਾਰ ਵੱਲੋਂ ਸਾਈਕਲੋ ਸਟਾਈਲ ਮਸ਼ੀਨਾਂ ਚੁੱਕਣ ਅਤੇ ਅਖ਼ਬਾਰ ਜ਼ਬਤ ਕਰਨ ਦੀਆਂ ਅਨੇਕਾਂ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਛਾਪੇ ਮਾਰਨ 'ਤੇ ਪੁਲਸ ਦੇ ਹੱਥ ਕੁਝ ਨਾ ਲੱਗਦਾ, ਕਿਉਂਕਿ 'ਬਬਰ ਅਕਾਲੀ' ਅਖ਼ਬਾਰ ਕਦੇ ਇੱਕ ਥਾਂ ਤੋਂ ਅਤੇ ਕਿਸੇ ਦੂਜੀ ਥਾਂ ਤੋਂ ਪ੍ਰਕਾਸ਼ਿਤ ਕੀਤਾ ਜਾਂਦਾ ਸੀ। ਗੁਪਤ ਤੌਰ 'ਤੇ ਬਬਰ ਅਕਾਲੀ ਅਖ਼ਬਾਰ ਛਾਪਣ ਦੇ ਮੁੱਖ ਕੇਂਦਰ ਕੋਟ ਫਤੂਹੀ, ਪੰਡੋਰੀ ਕੋਠੀ, ਫਤਹਿਪੁਰ ਜੱਸੋਵਾਲ ਅਤੇ ਗੁਰਦੁਆਰਾ ਕਿਸ਼ਨਪੁਰ ਵਿੱਚ ਕਾਇਮ ਸਨ, ਪਰ ਇਸਦੇ ਬਾਵਜੂਦ ਇਨ੍ਹਾਂ ਪਰਚਿਆਂ ਨੂੰ 'ਉਡਾਰੂ ਪ੍ਰੈਸ' ਰਾਹੀਂ ਖੁਫ਼ੀਆ ਢੰਗ ਨਾਲ ਖਾਸ ਟਿਕਾਣਿਆਂ 'ਤੇ ਪਹੁੰਚਾਇਆ ਜਾਂਦਾ ਤੇ ਫ਼ੌਜਾਂ ਤੱਕ ਡਾਕ ਰਾਹੀਂ ਦੂਰ-ਦੁਰਾਡੇ ਭੇਜਿਆ ਜਾਂਦਾ। ਮਗਰੋਂ ਪੁਲਿਸ ਦੀ ਸਰਗਰਮੀ ਵਧ ਜਾਣ ਕਰਕੇ ਪਰਚਾ ਛਾਪਣ ਲਈ ਇੱਕ ਹੋਰ ਸਾਈਕਲੋ-ਸਟਾਈਲ ਮਸ਼ੀਨ ਖ਼ਰੀਦੀ ਗਈ। ਇੱਕ ਮਸ਼ੀਨ ਜਲੰਧਰ ਨੇੜੇ ਅਤੇ ਦੂਜੀ ਕੰਢੀ ਦੇ ਇਲਾਕੇ ਵਿੱਚ ਰੱਖੀ ਗਈ, ਤਾਂ ਕਿ ਲੋੜ ਪੈਣ ’ਤੇ ਦੋਵਾਂ ’ਚੋਂ ਕਿਸੇ ਵੀ ਥਾਂ ਤੋਂ ਪਰਚਾ ਛਾਪ ਲਿਆ ਜਾਵੇ। ਇਸ ਤਰ੍ਹਾਂ ਦੀਆਂ ਕਈ ਕਾਰਵਾਈਆਂ ਬੱਬਰ ਅਕਾਲੀ ਯੋਧਿਆਂ ਦੀ ਗੁਰੀਲਾ ਨੀਤੀ ਦਾ ਪ੍ਰਗਟਾਵਾ ਵੀ ਕਰਦੀਆਂ ਹਨ। ਅਗਸਤ 1922 ਤੋਂ ਮਈ 1923 ਤੱਕ ਬੱਬਰ ਅਕਾਲੀ ਅਖ਼ਬਾਰ ਦੇ ਪੰਦਰਾਂ ਅੰਕ ਛਾਪੇ ਗਏ। ਇਹਨਾਂ ਵਿਚ ਵਿਸਾਖੀ, ਮਾਘੀ ਤੇ ਕਲਗੀਧਰ ਅੰਕ ਵੀ ਸ਼ਾਮਲ ਸਨ।
ਬਬਰ ਅਕਾਲੀ ਭਾਈ ਕਰਮ ਸਿੰਘ ਜੀ ਦੀ ਸ਼ਹਾਦਤ:
ਬਬਰ ਅਕਾਲੀ ਲਹਿਰ ਦੇ ਨਾਇਕ ਭਾਈ ਕਰਮ ਸਿੰਘ ਬਬਰ ਅੰਗਰੇਜ਼ ਹਕੂਮਤ ਖ਼ਿਲਾਫ਼ ਇਨਕਲਾਬੀ ਸੰਘਰਸ਼ ਕਰਦਿਆਂ, 1 ਸਤੰਬਰ 1923 ਨੂੰ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਬਬੇਲੀ ਵਿਖੇ, ਪੁਲਿਸ ਮੁਕਾਬਲਾ ਵਿਚ ਸ਼ਹੀਦ ਹੋਏ। ਇਸ ਮੌਕੇ ਆਪ ਦੇ ਨਾਲ ਭਾਈ ਮਹਿੰਦਰ ਸਿੰਘ ਪੰਡੋਰੀ, ਭਾਈ ਗੰਗਾ ਸਿੰਘ, ਭਾਈ ਉਦੇ ਸਿੰਘ ਰਾਮਗੜੂ ਝੁੰਗੀਆਂ ਅਤੇ ਭਾਈ ਬਿਸ਼ਨ ਸਿੰਘ ਮਾਂਗਟਾਂ ਨੇ ਵੀ ਸ਼ਹੀਦੀਆਂ ਪਾਈਆਂ। ਸੱਤਵੇਂ ਪਾਤਸ਼ਾਹ ਗੁਰੂ ਹਰਰਾਏ ਸਾਹਿਬ ਜੀ ਦਾ ਅਸਥਾਨ ਗੁਰਦੁਆਰਾ ਚੌਂਤਾਂ ਸਾਹਿਬ, ਇਹਨਾਂ ਬਬਰ ਅਕਾਲੀ ਯੋਧਿਆਂ ਦਾ ਸ਼ਹੀਦੀ ਅਸਥਾਨ ਹੈ। ਬਬਰ ਅਕਾਲੀ ਯੋਧਿਆਂ ਦੀਆਂ ਸ਼ਹਾਦਤਾਂ ਬਾਰੇ ਲੋਕ ਮਨਾਂ ਵਿੱਚ ਇਹ ਸ਼ਬਦ ਪ੍ਰਚਲਤ ਹੋ ਚੁੱਕੇ ਸਨ ;
''ਲਾੜੀ ਮੌਤ ਨੂੰ ਕਰਨ ਪ੍ਰਣਾਮ ਚੱਲੇ,
ਸੇਹਰੇ ਲਟਕਦੇ ਬਬਰ ਅਕਾਲੀਆਂ ਦੇ''
ਸ਼ਹੀਦ ਭਾਈ ਕਰਮ ਸਿੰਘ ਬਬਰ ਅਕਾਲੀ ਅਤੇ ਉਨ੍ਹਾਂ ਦੇ ਸਾਥੀ ਯੋਧਿਆਂ ਦੀਆਂ ਸ਼ਹੀਦੀਆਂ ਸਦਕਾ ਹੀ ਦੇਸ਼ ਦੀਆਂ ਅੰਗਰੇਜ਼ਾਂ ਤੋਂ ਗ਼ੁਲਾਮੀ ਦੀਆਂ ਜ਼ੰਜੀਰਾਂ ਟੁੱਟੀਆਂ। ਪਰ ਅੱਜ ਦੁਖਦਾਈ ਗੱਲ ਇਹ ਹੈ ਕਿ ਨਵ-ਬਸਤੀਵਾਦ ਅਤੇ ਫਾਸ਼ੀਵਾਦ ਦੀਆਂ ਲੋਕ ਵਿਰੋਧੀ ਤਾਕਤਾਂ ਭਾਰਤ ਵਿੱਚ ਸੱਤਾ 'ਤੇ ਕਾਬਜ਼ ਹਨ। ਅਜੋਕੀ ਫਾਸ਼ੀਵਾਦੀ ਸਟੇਟ ਖਿਲਾਫ਼ ਘੱਟ ਗਿਣਤੀਆਂ ਹੱਕਾਂ ਲਈ ਜੂਝ ਰਹੀਆਂ ਹਨ। ਗ਼ਦਰੀ ਸ਼ਹੀਦ ਭਾਈ ਕਰਮ ਸਿੰਘ ਬਬਰ ਅਕਾਲੀ ਤੇ ਉਨ੍ਹਾਂ ਵਰਗੇ ਅਨੇਕਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਕਾਰਨ ਮਿਲੀ ਸੱਤਾਂ 'ਤੇ ਕਾਬਜ਼ ਫਾਸ਼ੀਵਾਦੀਆਂ ਨੂੰ ਤੱਕ ਕੇ ਮੂੰਹੋਂ ਇਹੀ ਨਿਕਲਦਾ ਹੈ; 'ਸ਼ੇਰਾਂ ਦੀਆਂ ਮਾਰਾਂ 'ਤੇ ਗਿੱਦੜ ਦੀਆਂ ਕਲੋਲਾਂ'। ਘੱਟ ਗਿਣਤੀਆਂ ਦੀ ਦੁਸ਼ਮਣ ਅੱਜ ਦੀ ਫਾਸ਼ੀਵਾਦੀ ਸਰਕਾਰ ਖ਼ਿਲਾਫ਼ ਆਵਾਜ਼ ਬੁਲੰਦ ਕਰਨਾ ਹੀ ਮਹਾਨ ਸ਼ਹੀਦ ਭਾਈ ਕਰਮ ਸਿੰਘ ਬਬਰ ਅਕਾਲੀ ਨੂੰ ਸੱਚੀ ਸ਼ਰਧਾਂਜਲੀ ਹੈ।
ਸ਼੍ਰੋਮਣੀ ਕਮੇਟੀ ਵੱਲੋਂ ਬਬਰ ਅਕਾਲੀ ਯੋਧਿਆਂ ਖ਼ਿਲਾਫ਼ ਪਾਸ ਕੀਤੇ ਮਤੇ ਤੁਰੰਤ ਹਟਾਉਣ ਦੀ ਲੋੜ
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸ਼ਹੀਦ ਭਾਈ ਕਰਮ ਸਿੰਘ ਬਬਰ ਨੇ ਆਪਣੀ ਜਾਨ ਦੇ ਕੇ ਸਾਨੂੰ ਸਰਦਾਰੀਆਂ ਬਖ਼ਸ਼ੀਆਂ ਹਨ, ਪਰ ਅਸੀਂ ਇਸ ਮਹਾਨ ਯੋਧੇ ਨੂੰ ਵਿਸਾਰ ਚੁੱਕੇ ਹਾਂ। ਸਕੂਲਾਂ ਦੀਆਂ ਪਾਠ ਪੁਸਤਕਾਂ ਵਿੱਚ ਇਨ੍ਹਾਂ ਬੱਬਰ ਅਕਾਲੀਆਂ ਅਤੇ ਗਦਰੀ ਯੋਧਿਆਂ ਦਾ ਇਤਿਹਾਸ ਪੜ੍ਹਾਇਆ ਨਹੀਂ ਜਾਂਦਾ। ਦੂਜੇ ਪਾਸੇ ਇਹ ਗੱਲ ਜ਼ਰੂਰ ਮਾਣ ਵਾਲੀ ਹੈ ਕਿ ਪਿੰਡ ਦੌਲਤਪੁਰ, ਵਿੱਚ ਬਬਰ ਸ਼ਹੀਦਾਂ ਦੀ ਯਾਦ 'ਚ ਉਸਾਰੇ ਗਏ ਸਮਾਰਕ ਸਭ ਲਈ ਪ੍ਰੇਰਨਾ ਸਰੋਤ ਹਨ। ਇੱਥੇ 57 ਬੱਬਰ ਸ਼ਹੀਦਾਂ ਦੀ ਵਿਰਾਸਤ ਵਜੋਂ ਇਨ੍ਹਾਂ ਦੇ ਹਥਿਆਰਾਂ ਅਤੇ ਸਾਹਿਤ ਨੂੰ ਸੰਭਾਲ ਕੇ ਰੱਖਿਆ ਹੈ, ਜੋ ਕਿ ਸੰਘਰਸ਼ ਦੇ ਰਾਹ 'ਤੇ ਚੱਲਣ ਅਤੇ ਜ਼ੁਲਮ ਖ਼ਿਲਾਫ਼ ਡਟਣ ਵਾਲਿਆਂ ਲਈ ਚਾਨਣ ਮੁਨਾਰੇ ਹਨ।
'ਬਬਰ ਅਕਾਲੀ ਲਹਿਰ' ਦੀ ਸ਼ਤਾਬਦੀ ਅਤੇ 'ਬਬਰ ਅਕਾਲੀ ਅਖ਼ਬਾਰ' ਦੇ 102ਵੇਂ ਸਥਾਪਨਾ ਦਿਹਾੜੇ ਦੇ ਸਮਾਗਮਾਂ ਦੀ ਸੰਪੂਰਨਤਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਫ਼ਰਜ਼ ਬਣਦਾ ਹੈ ਕਿ ਉਹ 1922-23 ਦੌਰਾਨ ਬਬਰ ਅਕਾਲੀ ਯੋਧਿਆਂ ਖ਼ਿਲਾਫ਼ ਪਾਸ ਕੀਤੇ ਮਤੇ ਰੱਦ ਕਰੇ ਅਤੇ ਇਸ ਇਤਿਹਾਸਕ ਗ਼ਲਤੀ ਨੂੰ ਤੁਰੰਤ ਦਰੁਸਤ ਕਰੇ। ਅਜਿਹਾ ਪਹਿਲਾਂ ਹੀ ਹੋ ਜਾਣਾ ਚਾਹੀਦਾ ਸੀ। ਬਬਰ ਅਕਾਲੀ ਅਖ਼ਬਾਰ ਦੇ ਸੰਪਾਦਕ ਭਾਈ ਕਰਮ ਸਿੰਘ ਦੌਲਤਪੁਰ ਅਤੇ ਸਮੂਹ ਬਬਰਾਂ ਦੀ ਮਹਾਨ ਸ਼ਹਾਦਤ ਨੂੰ ਯਾਦ ਕਰਦੇ ਹੋਏ, ਸ਼੍ਰੋਮਣੀ ਕਮੇਟੀ ਨੂੰ ਅਜਿਹੇ ਮੰਦਭਾਗੇ ਮਤੇ ਤੁਰੰਤ ਹਟਾਉਣ ਦੀ ਲੋੜ ਹੈ। ਬਬਰ ਅਕਾਲੀ ਸ਼ਹੀਦ ਦੇ 102ਵੇਂ ਸ਼ਹੀਦੀ ਸਮਾਗਮ ਮੌਕੇ, ਸਮੁੱਚੇ ਤੌਰ 'ਤੇ ਮਤੇ ਪਾਸ ਕਰਕੇ ਅਜਿਹੀਆਂ ਇਤਿਹਾਸਿਕ ਗਲਤੀਆਂ ਨੂੰ ਦੂਰ ਕਰਨ ਅਤੇ ਮਹਾਨ ਸ਼ਹੀਦ ਦੇ ਸੁਨਹਿਰੀ ਇਤਿਹਾਸ ਨੂੰ ਉਜਾਗਰ ਕਰਨ ਦੀ ਲੋੜ ਹੈ।
ਕੋਆਰਡੀਨੇਟਰ, ਪੰਜਾਬੀ ਸਾਹਿਤ ਸਭਾ ਮੁਢਲੀ
ਐਬਟਸਫੋਰਡ, ਕੈਨੇਡਾ
604 825 1550

ਨਹੀਂਓਂ ਲੱਭਣੇ ਲਾਲ ਗੁਆਚੇ... ਦਸਤਾਰਧਾਰੀ ਤੂਫਾਨ ਸਿੰਘ (Turband Tornado Singh) ਬਾਬਾ ਫੌਜਾ ਸਿੰਘ (1 ਅਪ੍ਰੈਲ 1911 - 14 ਜੁਲਾਈ 2025) ਕਿਸੇ ਨਹੀਂ ਬਣ ਜਾਣਾ.. - ਡਾ. ਗੁਰਵਿੰਦਰ ਸਿੰਘ

114 ਸਾਲਾ ਬਜ਼ੁਰਗ, ਮੈਰਾਥਨ ਦੌੜਾਂ ਦਾ ਬਾਦਸ਼ਾਹ ਸਿੱਖ ਦੌੜਾਕ ਦਸਤਾਰਧਾਰੀ ਤੂਫ਼ਾਨ ਸਿੰਘ (Turband Tornado Singh) ਦੇ ਨਾਂ ਨਾਲ ਜਾਣੇ ਜਾਂਦੇ ਬਾਬਾ ਫੌਜਾ ਸਿੰਘ ਪੰਜਾਬ ਦੇ ਬਿਆਸ ਪਿੰਡ 'ਚ ਸਦੀਵੀ ਵਿਛੋੜਾ ਦੇ ਗਏ ਹਨ। ਉਹ ਸੈਰ ਕਰਦਿਆਂ ਇੱਕ ਹਾਦਸੇ ਦੀ ਲਪੇਟ ਵਿੱਚ ਆ ਗਏ, ਜੋ ਜਾਨ ਲੇਵਾ ਸਾਬਤ ਹੋਇਆ। ਇਸ ਤੋਂ ਵੀ ਦੁਖਦਾਈ ਤੇ ਸ਼ਰਮਨਾਕ ਗੱਲ ਇਹ ਹੈ ਕਿ ਉਹਨਾਂ ਨੂੰ ਟੱਕਰ ਮਾਰਨ ਵਾਲਾ ਜ਼ਾਲਮ ਰੁਕਿਆ ਨਹੀਂ, ਬਲਕਿ ਘਟਨਾ ਥਾਂ ਤੋਂ ਦੌੜ ਗਿਆ। ਬਾਬਾ ਫੌਜਾ ਸਿੰਘ ਨੂੰ ਟੱਕਰ ਮਾਰਨ ਵਾਲੀ ਗੱਡੀ ਦੇ ਡਰਾਈਵਰ ਵਜੋਂ ਹੁਣ ਪੁਲਿਸ ਨੇ ਕੈਨੇਡਾ ਤੋਂ ਗਏ 30 ਸਾਲਾ ਅੰਮ੍ਰਿਤਪਾਲ ਢਿੱਲੋ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਦਾ ਪਿੰਡ ਦਾਸੂਪੁਰ ਨੇੜੇ ਕਰਤਾਰਪੁਰ, ਜਲੰਧਰ ਹੈ। ਇਸ ਵਿਅਕਤੀ ਨੇ ਮੰਨਿਆ ਹੈ ਕਿ ਹਾਦਸਾ ਉਸ ਕੋਲੋਂ ਹੋਇਆ ਹੈ, ਪਰ ਉਸਨੂੰ ਇਹ ਨਹੀਂ ਸੀ ਪਤਾ ਕਿ ਹਾਦਸੇ ਦਾ ਸ਼ਿਕਾਰ ਵਿਸ਼ਵ ਦੌੜਾਕ ਸਿੱਖ ਬਾਬਾ ਫੌਜਾ ਸਿੰਘ ਹੈ। ਦੋਸ਼ੀ ਅੰਮ੍ਰਿਤਪਾਲ ਢਿੱਲੋਂ ਹਫਤਾ ਪਹਿਲਾਂ ਕੈਨੇਡਾ ਤੋਂ ਪੰਜਾਬ ਗਿਆ ਸੀ ਅਤੇ ਉਸ ਨੂੰ ਉਸਦੇ ਪਿੰਡ ਤੋਂ ਹੀ ਗ੍ਰਿਫਤਾਰ ਕੀਤਾ ਗਿਆ। ਇਹ ਕਹਿਣਾ ਵੀ ਮੰਦਭਾਗਾ ਹੈ ਕਿ ਉਸ ਨੂੰ ਮਗਰੋਂ ਪਤਾ ਲੱਗਿਆ ਕਿ ਹਾਦਸੇ ਚ ਕੌਣ ਮਾਰਿਆ ਗਿਆ। ਚਾਹੇ ਹਾਦਸੇ ਦਾ ਸ਼ਿਕਾਰ ਕੋਈ ਵੀ ਹੋਇਆ ਹੋਵੇ, ਫਰਜ਼ ਬਣਦਾ ਸੀ ਉੱਥੇ ਰੁਕਣਾ ਤੇ ਹਸਪਤਾਲ ਪਹੁੰਚਾਉਣਾ, ਪਰ ਢੀਠਤਾਈ ਦੀ ਹੱਦ ਹੈ ਕਿ ਮ੍ਰਿਤਕ ਬਾਰੇ ਪਤਾ ਲੱਗਣ ਤੋਂ ਬਾਅਦ ਵੀ ਖੁਦ ਆ ਕੇ ਜਿੰਮੇਵਾਰੀ ਨਹੀਂ ਕਬੂਲੀ, ਬਲਕਿ ਕਥਿਤ ਦੋਸ਼ੀ ਨੂੰ ਫੜਿਆ ਗਿਆ। ਇਹ ਕਲੰਕ ਉਸਦੇ ਮੱਥਿਓਂ ਮਰਨ ਤੱਕ ਨਹੀਂ ਲਹਿਣਾ। ਦਰਦਨਾਕ ਗੱਲ ਇਹ ਹੈ ਕਿ ਜਿਹੜਾ ਵਿਅਕਤੀ ਦੁਨੀਆ ਭਰ 'ਚ ਪੰਜਾਬੀਆਂ ਅਤੇ ਸਿੱਖਾਂ ਦਾ ਨਾਂ ਰੌਸ਼ਨ ਕਰਦਾ ਰਿਹਾ, ਉਹ ਪੰਜਾਬ ਦੀ ਧਰਤੀ 'ਤੇ 'ਹਿਟ ਐਂਡ ਰਨ' ਦਾ ਸ਼ਿਕਾਰ ਹੋ ਕੇ ਜਾਨ ਗਵਾ ਬੈਠਾ, ਅੱਤ ਮੰਦਭਾਗੀ, ਨਿੰਦਣਯੋਗ ਅਤੇ ਦੁਖਦਾਈ ਘਟਨਾ।
     ਇਰਾਦੇ ਦੇ ਪੱਕੇ, ਸਿਰੜੀ ਅਤੇ ਬੁਲੰਦ ਹੌਸਲੇ ਬਾਲੇ ਬਾਬਾ ਫੌਜਾ ਸਿੰਘ ਅਨੇਕਾਂ ਹੀ ਵਿਅਕਤੀਆਂ ਦੇ ਪ੍ਰੇਰਨਾ-ਸਰੋਤ ਸਨ। ਸੰਨ 1990 ਤੋਂ ਪੱਕੇ ਤੌਰ 'ਤੇ ਇੰਗਲੈਂਡ 'ਚ ਵਾਸਾ ਕਰਨ ਵਾਲੇ ਬਾਬਾ ਫੌਜਾ ਸਿੰਘ, ਅੱਜ ਕੱਲ ਬਿਆਸ ਰਹਿ ਰਹੇ ਸਨ ਅਤੇ ਹਮੇਸ਼ਾ ਚੜਦੀ ਕਲਾ ਚ ਰਹਿਣ ਵਾਲੀ ਸ਼ਖਸੀਅਤ ਸਨ। ਉਹਨਾਂ 1 ਅਪ੍ਰੈਲ 2025 ਨੂੰ ਆਪਣਾ 115ਵਾਂ ਜਨਮ ਦਿਨ ਮਨਾਇਆ ਸੀ ਅਤੇ ਉਤਸ਼ਾਹ ਨਾਲ ਚੜਦੀ ਕਲਾ ਵਿੱਚ ਨਜ਼ਰ ਆ ਰਹੇ ਸਨ। ਬਾਬਾ ਫੌਜਾ ਸਿੰਘ ਦੇ ਵਿਛੋੜੇ ਨੇ ਦਿਲ ਨੂੰ ਬੇਹਦ ਗਹਿਰੀ ਸੱਟ ਮਾਰੀ ਹੈ, ਪਰ ਉਹ ਕਿਸੇ ਬਿਮਾਰੀ ਨਾਲ ਸੰਸਾਰ ਤੋਂ ਨਹੀਂ ਗਏ, ਬਲਕਿ ਸੈਰ ਕਰਦਿਆਂ ਹੋਇਆਂ ਗੁਰੂ ਚਰਨਾਂ 'ਚ ਜਾ ਬਿਰਾਜੇ। ਉਹਨਾਂ ਨੇ 'ਸੈਰ ਦਾ ਇਸ਼ਕ' ਆਖਰੀ ਦਮ ਤੱਕ ਕਾਇਮ ਰੱਖਿਆ।
       ਬੇਬਾਕ, ਬੇਫਿਕਰ ਅਤੇ ਬੇਪਰਵਾਹ ਬਾਬਾ ਫੌਜਾ ਸਿੰਘ ਵਾਹਿਗੁਰੂ ਦੀ ਧੁਨ ਵਿੱਚ ਮਸਤ ਰਹਿੰਦੇ ਸਨ। ਕੌਮਾਂਤਰੀ ਸਿੱਖ ਦੌੜਾਕ ਬਾਬਾ ਫੌਜਾ ਸਿੰਘ ਦੀਆਂ ਕੈਨੇਡਾ ਫੇਰੀਆਂ ਦੌਰਾਨ ਵੱਖ-ਵੱਖ ਮੁੱਦਿਆਂ 'ਤੇ ਉਹਨਾਂ ਨਾਲ ਵਿਚਾਰਾਂ ਕਰਨ ਦਾ ਸੁਭਾਗ ਮਿਲਿਆ। ਉਨਾਂ ਆਪਣੀ ਸਫਲਤਾ ਦਾ ਭੇਦ 'ਜ਼ਬਾਨ 'ਤੇ ਕਾਬੂ' ਨੂੰ ਕਰਾਰ ਦਿੱਤਾ। ਇਹ ਗੱਲ ਦੋਵੇਂ ਪਾਸਿਓਂ ਠੀਕ ਸੀ, ਖਾਣ ਪੀਣ ਪੱਖੋਂ ਵੀ ਆਪਣੀ ਜੀਭ 'ਤੇ ਕਾਬੂ ਅਤੇ ਬੋਲਣ ਪੱਖੋਂ ਵੀ ਕੰਟਰੋਲ। ਬਾਬਾ ਫੌਜਾ ਸਿੰਘ ਨੇ ਦੁਨੀਆ ਭਰ ‘ਚ ਦਸਤਾਰ ਤੇ ਸਿੱਖੀ ਦਾ ਨਾਮ ਰੌਸ਼ਨ ਕੀਤਾ ਤੇ ਅਨੇਕਾਂ ਮਨੁੱਖਾਂ ਨੂੰ ਹਿੰਮਤ ਦੀ ਪ੍ਰੇਰਨਾ ਬਖਸ਼ੀ।
     ਬਾਬਾ ਫੌਜਾ ਸਿੰਘ ਦੇ ਮੁਤਾਬਿਕ ਉਹਨਾਂ ਦਾ ਦਾ ਜਨਮ 1 ਅਪ੍ਰੈਲ 1911 ਨੂੰ ਬਿਆਸ ਪਿੰਡ, ਜ਼ਿਲ੍ਹਾ ਜਲੰਧਰ  ਵਿੱਖੇ ਹੋਇਆ ਸੀ। ਇਹ ਤਾਰੀਖ ਹੀ ਉਹਨਾਂ ਦੇ ਪਾਸਪੋਰਟ ਉਪਰ ਹੈ, ਬੇਸ਼ੱਕ ਦੇਸ਼ ਦੀ ਵੰਡ ਤੋਂ ਪਹਿਲਾਂ ਦੇ ਹਾਲਾਤ ਕਾਰਨ ਉਹਨਾਂ ਦਾ ਜਨਮ ਪ੍ਰਮਾਣ ਪੱਤਰ ਨਹੀਂ ਮਿਲ ਸਕਿਆ ਸੀ।ਇੱਕ ਟੈਲੀਵਿਜ਼ਨ ਇੰਟਰਵਿਊ ਦੌਰਾਨ ਉਹਨਾਂ ਮੇਰੇ ਨਾਲ ਆਪਣੇ ਬਚਪਨ ਬਾਰੇ  ਸੰਜੀਦਾ ਗੱਲਾਂ ਕੀਤੀਆਂ ਅਤੇ ਦੱਸਿਆ ਕਿ ਉਹਨਾਂ ਦੀਆਂ ਲੱਤਾਂ ਜਨਮ ਤੋਂ ਹੀ ਕਮਜ਼ੋਰ ਸਨ ਅਤੇ ਸਰੀਰ ਦਾ ਭਾਰ ਚੁੱਕਣ ਤੋਂ ਵੀ ਅਸਮਰਥ ਸਨ। ਉਹ ਇਸ ਨੂੰ ਰੱਬੀ ਕਰਾਮਾਤ ਹੀ ਮੰਨਦੇ ਸਨ ਕਿ ਜਿਹੜਾ ਬਾਲਕ ਜ਼ਿੰਦਗੀ ਦੇ ਪੰਜ ਵਰ੍ਹੇ ਚੰਗੀ ਤਰ੍ਹਾਂ ਨਹੀਂ ਚੱਲਿਆ, ਉਹ ਬਜ਼ੁਰਗੀ ਦੀ ਉਮਰ 'ਚ ਜਾ ਕੇ, ਜ਼ਿੰਦਗੀ ਦੀ ਦੌੜ ਵਿੱਚ ਸਾਰਿਆਂ ਨੂੰ ਪਿੱਛੇ ਛੱਡ ਜਾਏਗਾ। ਬਾਬਾ ਫੌਜਾ ਸਿੰਘ ਦਾ ਕੱਦ 5 ਫੁਟ 8 ਇੰਚ ਤੇ ਸਰੀਰਕ ਵਜ਼ਨ  52 ਕਿਲੋਗ੍ਰਾਮ ਸੀ।
    ਨਿਰਮਲ ਤੇ ਨਿਰਛਲ ਸੋਚ ਦੇ ਧਾਰਨੀ, ਸਾਦ ਮੁਰਾਦੇ ਅਤੇ ਸਰਲ ਸੁਖੈਨ ਖਿਆਲਾਂ ਵਾਲੇ ਬਾਬਾ ਫੌਜਾ ਸਿੰਘ ਬੇਹਦ ਮਿਲਣਸਾਰ ਮਨੁੱਖ ਸਨ। ਇੰਗਲੈਂਡ ਵਾਸੀ ਲਿਖਾਰੀ ਡਾ. ਗੁਰਦੀਪ ਸਿੰਘ ਜਗਬੀਰ ਲਿਖਦੇ ਹਨ ਕਿ ਜ਼ਿੰਦਗੀ ਦੇ ਕਈ ਉਤਾਰ ਚੜਾਓ ਦੇਖਣ ਤੋਂ ਬਾਅਦ 1990 ਦੇ ਦਹਾਕੇ ਵਿੱਚ ਭਾਈ ਫੌਜਾ ਸਿੰਘ ਇੰਗਲੈਂਡ ਆ ਗਏ ਅਤੇ ਲੰਡਨ ਦੇ ਇਲਫੋਰਡ ਵਿੱਖੇ ਆਪਣੇ ਇੱਕ ਪੁੱਤਰ ਨਾਲ ਕਾਫੀ ਸਮਾਂ ਰਹਿੰਦੇ ਰਹੇ। ਉਹਨਾਂ ਕਈ ਉਮਰ ਵਰਗਾਂ ਵਿੱਚ ਕਈ ਵਿਸ਼ਵ ਰਿਕਾਰਡ ਤੋੜੇ ਕੇ ਆਪਣੇ ਨਾਮ ਕੀਤੇ। 2003 ਸਾਲ ਦੇ ਦੌਰਾਨ ਲੰਡਨ ਮੈਰਾਥਨ  ਦੇ ਲਈ ਉਹਨਾਂ ਦਾ ਨਿੱਜੀ ਸਭ ਤੋਂ ਵਧੀਆ ਸਮਾਂ 6 ਘੰਟੇ 2 ਮਿੰਟ ਹੈ ਜੋ ਕਿ ਆਪਣੇ ਆਪ ਦੇ ਵਿੱਚ ਇੱਕ ਰਿਕਾਰਡ ਹੈ। ਬਾਬਾ ਫੌਜਾ ਸਿੰਘ ਨੇ ਸਾਲ 2000 ਦੇ ਦੌਰਾਨ ਲੰਡਨ ਮੈਰਾਥਨ ਦੇ ਲਈ ਆਪਣੀ ਪਹਿਲੀ ਦੌੜ, ਦੌੜੀ ਸੀ ਅਤੇ ਬੜੀ ਆਸਾਨੀ ਦੇ ਨਾਲ 20 ਕਿਲੋਮੀਟਰ ਤੱਕ ਦੌੜ ਕੇ ਇਹ ਪੈਂਡਾ ਤੈਅ ਕੀਤਾ ਸੀ। 93 ਸਾਲ ਦੀ ਉਮਰ ਵਿੱਚ, 90 ਤੋਂ ਵੱਧ ਉਮਰ ਵਰਗ ਵਾਲੀ ਮੈਰਾਥਨ, ਭਾਈ ਫੌਜਾ ਸਿੰਘ ਨੇ 6 ਘੰਟੇ ਅਤੇ 54 ਮਿੰਟ ਵਿੱਚ ਪੂਰੀ ਕੀਤੀ, ਜੋ ਕਿ ਦੁਨੀਆ ਦੇ ਸਭ ਤੋਂ ਵਧੀਆ ਮੈਰਾਥਨ ਨਾਲੋਂ 58 ਮਿੰਟ ਤੇਜ਼ ਸੀ।
    ਮੈਰਾਥਨ ਦੌੜਾਂ ਦੇ ਬਾਦਸ਼ਾਹ ਬਾਬਾ ਫੌਜਾ ਸਿੰਘ ਨੂੰ 2004, 2008 ਤੇ 2012 ਦੀਆਂ ਓਲੰਪਿਕ ਖੇਡਾਂ ਦੀ ਮਿਸ਼ਾਲ ਲੈ ਕੇ ਦੌੜਨ ਦਾ ਮਾਣ ਮਿਲਿਆ। 100 ਸਾਲ ਦੀ ਉਮਰ ਵਿੱਚ, ਪਗੜੀਧਾਰੀ ਝੱਖੜ ਬਾਬਾ ਫ਼ੌਜਾ ਸਿੰਘ ਨੇ ਕੈਨੇਡਾ ਦੇ ਬਿਰਚਮਾਉਂਟ ਸਟੇਡੀਅਮ ਵਿੱਖੇ ਆਯੋਜਿਤ ਵਿਸ਼ੇਸ਼ ਓਂਟਾਰੀਓ ਮਾਸਟਰਜ਼ ਐਸੋਸੀਏਸ਼ਨ ਇਨਵੀਟੇਸ਼ਨਲ ਮੀਟ ਵਿੱਚ 'ਇੱਕ ਦਿਨ ਵਿੱਚ ਅੱਠ ਵਿਸ਼ਵ ਰਿਕਾਰਡ' ਆਪਣੇ ਨਾਮ ਕੀਤੇ। ਆਯੋਜਕਾਂ ਵੱਲੋਂ ਮਿੱਥੇ ਸਮੇਂ ਦੇ ਮੁਤਾਬਿਕ, 100 ਮੀਟਰ 23.14 ਵਿੱਚ, 200 ਮੀਟਰ 52.23 ਵਿੱਚ , 400 ਮੀਟਰ 2:13.48 ਵਿੱਚ, 5:32.18 ਵਿੱਚ ,800 ਮੀਟਰ 11:27.81 ਵਿੱਚ, 1500 ਮੀਟਰ , 11:53.45 ਵਿੱਚ , 3000 ਮੀਟਰ 24:52.47 ਵਿੱਚ , ਅਤੇ 5000 ਮੀਟਰ, 49:57.39 ਵਿੱਚ ਦੌੜ ਕੇ ਇੱਕ ਦਿਨ ਵਿੱਚ ਪੰਜ ਵਿਸ਼ਵ ਰਿਕਾਰਡ ਆਪਣੇ ਨਾਮ ਕੀਤੇ। 16 ਅਕਤੂਬਰ 2011 ਨੂੰ, ਭਾਈ ਫ਼ੌਜਾ ਸਿੰਘ ਸਿੰਘ ਨੂੰ ਟੋਰਾਂਟੋ ਵਾਟਰਫਰੰਟ ਮੈਰਾਥਨ, 8:11:06 ਸਮੇਂ ਵਿੱਚ ਪੂਰੀ ਕਰਨ ਦੇ ਲਈ, 'ਪਹਿਲਾ 100 ਸਾਲਾ ਦਾ ਵਿਅਕਤੀ' ਬਣਨ ਦਾ ਮਾਣ ਹਾਸਲ ਹੋਇਆ। ਇੱਕ ਵਾਰ ਜਦੋਂ ਬਾਬਾ ਫੌਜਾ ਸਿੰਘ ਨੂੰ ਮਾਨ-ਸਨਮਾਨ ਅਤੇ ਅਵਾਰਡਾਂ ਬਾਰੇ ਪੁੱਛਿਆ, ਤਾਂ ਉਹਨਾਂ ਕਿਹਾ ਕਿ ਮੈਂ ਇਹਨਾਂ ਸੰਸਾਰਕ ਮਾਨ-ਸਨਮਾਨਾਂ ਦੀ ਥਾਂ, ਲੋਕਾਂ ਵੱਲੋਂ ਮਿਲੇ ਬੇਅੰਤ ਅਤੇ ਅਥਾਹ ਸਤਿਕਾਰ ਅਤੇ ਵਿਸ਼ੇਸ਼ ਕਰਕੇ ਦੁਨੀਆ ਭਰ ਦੇ ਸਿੱਖਾਂ ਵੱਲੋਂ ਮਿਲੇ ਪਿਆਰ ਨੂੰ 'ਸਭ ਤੋਂ ਵੱਡਾ ਅਵਾਰਡ' ਮੰਨਦਾ ਹਾਂ।
      ਸਹਿਜਤਾ, ਸੁਹਿਰਦਤਾ ਅਤੇ ਸਾਦਗੀ ਦੀ ਮੂਰਤ ਬਾਬਾ ਫੌਜਾ ਸਿੰਘ ਨੇ ਸੰਸਾਰ ਭਰ ਵਿੱਚ ਸਿੱਖੀ ਦਾ ਝੰਡਾ ਉੱਚਾ ਕੀਤਾ। ਉਹਨਾਂ ਦੀ ਦਸਤਾਰ 'ਤੇ ਸਜੇ ਖੰਡੇ ਦੀ ਤਸਵੀਰ ਨੇ ਸੰਸਾਰ ਭਰ ਵਿੱਚ ਸਿੱਖਾਂ ਦੀ ਪਛਾਣ ਨੂੰ ਚਾਰ ਚੰਨ ਲਾਏ ਹਨ। ਬੇਸ਼ਕ ਉਹ ਜਿਸਮਾਨੀ ਤੌਰ 'ਤੇ ਸੰਸਾਰ ਤੋਂ ਚਲੇ ਗਏ ਹਨ, ਪਰ ਉਹਨਾਂ ਦੀ ਯਾਦ ਤਾਜ਼ਾ ਰੱਖਣ ਲਈ ਦਰਬਾਰ ਸਾਹਿਬ ਅੰਮ੍ਰਿਤਸਰ ਸਥਿਤ ਕੇਂਦਰੀ ਸਿੱਖ ਅਜਾਇਬ ਘਰ ਵਿਖੇ ਬਾਬਾ ਫੌਜਾ ਸਿੰਘ ਦੀ ਤਸਵੀਰ ਸੁਸ਼ੋਭਤ ਕਰਨੀ ਚਾਹੀਦੀ ਹੈ, ਤਾਂ ਕਿ ਆਉਣ ਵਾਲੀਆਂ ਸਿੱਖ ਨਸਲਾਂ ਮਹਾਨ ਦਸਤਾਰਧਾਰੀ ਤੂਫਾਨ ਅਤੇ ਮੈਰਾਥਾਨ ਦੌੜਾਂ ਦੇ ਬਾਦਸ਼ਾਹ ਬਾਬਾ ਫੌਜਾ ਸਿੰਘ ਤੋਂ ਪ੍ਰੇਰਨਾ ਲੈ ਸਕਣ ਅਤੇ ਉਹਨਾਂ ਦੀ ਨਾਕਸ਼ੇ-ਕਦਮਾਂ 'ਤੇ ਚਲ ਸਕਣ! ਬੇਸ਼ੱਕ 14 ਜੁਲਾਈ 2025 ਨੂੰ ਬਾਬਾ ਫੌਜਾ ਸਿੰਘ ਦੇ ਅਕਾਲ ਚਲਾਣੇ ਨਾਲ ਸੰਸਾਰ ਭਰ 'ਚ ਵਸਦੇ ਪੰਜਾਬੀਆਂ ਵਿੱਚ ਸੋਗ ਦੀ ਲਹਿਰ ਹੈ। ਸਾਡੀ ਸਭਨਾਂ ਦੀ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਹੈ ਕਿ ਬਾਬਾ ਫੌਜਾ ਸਿੰਘ ਵਰਗੀਆਂ ਰੂਹਾਂ ਦਾ ਪਿਆਰ ਸਦਾ ਬਖਸ਼ਦੇ ਰਹਿਣ ਅਤੇ ਉਨਾਂ ਦੀ ਦੇਣ ਨੂੰ ਅਸੀਂ ਸਦਾ ਦਿਲਾਂ ਵਿੱਚ ਕਾਇਮ ਰੱਖੀਏ!

158ਵੇਂ ਸਥਾਪਨਾ ਦਿਹਾੜੇ 'ਤੇ ਵਿਸ਼ੇਸ਼ - ਵਸਦਾ ਰਹੇ ਕੈਨੇਡਾ ਪੁੱਤ ਪਰਦੇਸੀਆਂ ਲਈ! - ਡਾ. ਗੁਰਵਿੰਦਰ ਸਿੰਘ

ਪਹਿਲੀ ਜੁਲਾਈ ਦਾ ਦਿਹਾੜਾ ਹਰ ਸਾਲ, ਕੈਨੇਡਾ ਦੇ ਸਥਾਪਨਾ ਦਿਹਾੜੇ ਵਜੋਂ ਮਨਾਇਆ ਜਾਂਦਾ ਹੈ। 1 ਜੁਲਾਈ 1867 ਈਸਵੀ ਨੂੰ ਕਾਨਫੈਡਰੇਸ਼ਨ ਰਾਹੀਂ ਕੈਨੇਡੀਅਨ ਪ੍ਰੋਵਿੰਸ ਇਕੱਠੇ ਹੋ ਕੇ, ਸੰਯੁਕਤ ਕੈਨੇਡਾ ਦੇ ਰੂਪ 'ਚ ਉੱਭਰੇ ਸਨ, ਜਿਸ ਵਿੱਚ ਮਗਰੋਂ ਹੋਰ ਪ੍ਰੋਵਿੰਸ ਵੀ ਜੁੜਦੇ ਗਏ, ਜਿਸ ਦੇ ਆਧਾਰ 'ਤੇ ਇਸ ਦਿਹਾੜੇ ਨੂੰ 'ਕੈਨੇਡਾ ਡੇਅ' ਵਜੋਂ ਮਨਾਏ ਜਾਣ ਦੀ ਪਿਰਤ ਪਈ। 'ਕੈਨੇਡਾ' ਸ਼ਬਦ ਮੂਲਵਾਸੀ ਅਰੋਕਵੀਨ ਭਾਈਚਾਰੇ ਦੇ ਲੋਕਾਂ ਦੀ ਬੋਲੀ ਤੋਂ ਆਇਆ ਹੈ, ਅਸਲ ਸ਼ਬਦ 'ਕਨਾਟਾ' ਹੈ, ਜਿਸ ਦਾ ਅਰਥ ਹੈ 'ਪਿੰਡ'। ਕਹਿਣ ਨੂੰ ਚਾਹੇ ਕੈਨੇਡਾ ਨੂੰ 'ਪਰਵਾਸੀਆਂ ਦੀ ਧਰਤੀ' ਕਹਿ ਕੇ ਪ੍ਰਚਾਰਿਆ ਜਾਂਦਾ ਹੈ, ਪਰ ਅਸਲ ਵਿੱਚ ਇਹ ਇੰਡਿਜਿਨਸ ਭਾਈਚਾਰਿਆਂ ਦੀ ਧਰਤੀ ਹੈ, ਜੋ ਕਿ ਇੱਥੋਂ ਦੇ ਮੂਲ ਵਸਨੀਕ ਹਨ। ਜਦੋਂ ਤੋਂ ਯੂਰਪੀਅਨ ਕੌਮਾਂ ਨੇ ਚਰਚ ਦੇ ਆਦੇਸ਼ 'ਤੇ ਕੈਨੇਡਾ ਆ ਕੇ ਇਨ੍ਹਾਂ ਮੂਲਵਾਸੀ ਲੋਕਾਂ 'ਤੇ ਜਬਰ ਢਾਹੁਣੇ ਸ਼ੁਰੂ ਕੀਤੇ, ਉਦੋਂ ਤੋਂ ਕੈਨੇਡੀਅਨ ਇਤਿਹਾਸ ਇੱਥੋਂ ਦੀਆਂ ਮੂਲ ਕੌਮਾਂ ਦੀ ਬੋਲੀ ਅਤੇ ਸੱਭਿਆਚਾਰ ਦੀ ਨਸਲਕੁਸ਼ੀ ਦਾ ਇਤਿਹਾਸ ਬਣ ਗਿਆ।
    "ਧਰਤ ਕੈਨੇਡਾ ਦਾ ਪੜ੍ਹੋ, ਦੁਖਦਾਈ ਇਤਿਹਾਸ।
     ਹਮਲਾਵਰ ਮਾਲਕ ਬਣੇ, ਮਾਲਕ ਬਣ ਗਏ ਦਾਸ।"
     ਚਾਹੇ ਇਹ ਨਸਲਵਾਦ ਇੱਕ ਤੋਂ ਦੋ ਸਦੀਆਂ ਪਹਿਲਾਂ ਦੇ ਇਤਿਹਾਸ ਦਾ ਕਾਲਾ ਵਰਕਾ ਹੈ, ਪਰ ਅੱਜ ਵੀ ਇਸਦਾ ਕਲੰਕ ਕੈਨੇਡਾ ਨੂੰ ਸ਼ਰਮਸ਼ਾਰ ਕਰ ਰਿਹਾ ਹੈ। ਇਹ ਵੀ ਸੱਚ ਹੈ ਕਈ 'ਅਖੌਤੀ ਲੋਕਰਾਜੀ' ਦੇਸ਼ਾਂ 'ਚ ਮੌਜੂਦਾ ਸਮੇਂ ਇਹੋ-ਜਿਹੇ ਜ਼ੁਲਮ ਜਾਰੀ ਹਨ, ਪਰ ਫਾਸ਼ੀਵਾਦੀ ਸਰਕਾਰਾਂ ਸ਼ਰਮਸਾਰ ਹੋਣ ਦੀ ਥਾਂ ਦਿਨੋਂ-ਦਿਨ ਲੋਕਾਂ 'ਤੇ ਤਸ਼ੱਦਦ ਵਧਾ ਰਹੀਆਂ ਹਨ। ਕੈਨੇਡਾ ਦੇ ਇਤਿਹਾਸ ਦੇ ਕਾਲੇ ਅਧਿਆਇ ਬਾਰੇ ਤਤਕਾਲੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 22 ਸਤੰਬਰ 2017 ਨੂੰ ਸੰਯੁਕਤ ਰਾਸ਼ਟਰ ਵਿੱਚ ਬੋਲਦਿਆਂ ਕਿਹਾ ਸੀ ਕਿ ਕੈਨੇਡਾ ਅਜੂਬਿਆਂ ਦੀ ਧਰਤੀ ਨਹੀਂ, ਬਲਕਿ 12 ਲੱਖ ਮੂਲਵਾਸੀਆਂ ਸਬੰਧੀ ਨਾਕਾਮੀਆਂ, ਅਪਮਾਨ ਅਤੇ ਬਦਸਲੂਕੀ ਦੇ ਇਤਿਹਾਸ ਤੋਂ ਪ੍ਰਭਾਵਤ ਹੈ, ਜਿਸ ਨੂੰ ਕੌਮਾਂਤਰੀ ਭਾਈਚਾਰਾ ਮਨੁੱਖੀ ਅਧਿਕਾਰਾਂ ਦੇ ਮਾਪਦੰਡਾਂ ਅਨੁਸਾਰ ਸੁਧਾਰਨ ਦੀ ਆਸ ਕਰਦਾ ਹੈ। ਕੈਨੇਡਾ ਦਿਹਾੜਾ ਅਜਿਹੀਆਂ ਗ਼ਲਤੀਆਂ ਦੇ ਪਛਤਾਵੇ ਦਾ ਢੁਕਵਾਂ ਦਿਹਾੜਾ ਹੈ।
   ਦਰਅਸਲ 17ਵੀਂ ਸਦੀ ਵਿੱਚ ਕੈਨੇਡਾ ‘ਚ ਫਰਾਂਸ ਬਸਤੀਵਾਦ ਦੇ ਨਾਲ ਹੀ ਮੂਲਵਾਸੀ ਲੋਕਾਂ ਦਾ ਤਬਾਹੀ ਦਾ ਮੁੱਢ ਬੰਨ੍ਹਿਆ ਜਾ ਚੁੱਕਿਆ ਸੀ। ਇੰਗਲੈਂਡ ਚਰਚ, ਰੋਮਨ ਕੈਥੋਲਿਕ ਅਤੇ ਯੂਨਾਈਟਿਡ ਚਰਚ ਸਮੇਤ ਕਈ ਬਸਤੀਵਾਦੀ ਤੇ ਨਸਲਵਾਦੀ ਤਾਕਤਾਂ ਨੇ ਕੈਨੇਡਾ ਦੇ ਨੇਟਿਵ ਲੋਕਾਂ ਨੂੰ ਨਿਸ਼ਾਨਾ ਬਣਾਇਆ।18 ਵੀਂ ਅਤੇ 19ਵੀਂ ਸਦੀ ਦੇ ਦੌਰ ‘ਚ ਇਨ੍ਹਾਂ ਈਸਾਈ ਚਰਚਾਂ ਨੇ ਮੂਲਵਾਸੀਆਂ ਦੀ ਵਿਰਾਸਤ , ਬੋਲੀ ਤੇ ਪਛਾਣ ਖਤਮ ਕਰਨ ਲਈ ਰੈਜ਼ੀਡੈਂਸ਼ੀਅਲ ਅਤੇ ਬੋਰਡਿੰਗ ਸਕੂਲਾਂ ਦਾ ਪੱਤਾ ਖੇਡਿਆ, ਜਿਥੇ ਕਿ ਮੂਲਵਾਸੀਆਂ ਦੇ ਬੱਚਿਆਂ ਨੂੰ ਗ਼ੁਲਾਮ ਬਣਾ ਕੇ ਉਨ੍ਹਾਂ ਦਾ ਹਰ ਪੱਖੋਂ ਸ਼ੋਸ਼ਣ ਕੀਤਾ ਜਾਂਦਾ ਸੀ।
    ਓਟਾਰੀਓ ‘ਚ ਫਰੈਂਟਫੋਰਡ ਦੇ ਸਿਕਸ ਨੇਸ਼ਨ ਆਫ਼ ਗੋਲਡਨ ਰਿਵਰ ਦੇ ਮੂਲਵਾਸੀਆਂ ਨੂੰ 1834 ਵਿੱਚ ਮੋਹਾਵਕ ਇਨਸਟੀਟਿਊਟ ਆਫ਼ ਰੈਜ਼ੀਡੈਂਸ਼ੀਅਲ ਸਕੂਲ ਰਾਹੀਂ , ਬੜੇ ਸ਼ਾਤੁਰਾਨਾ ਢੰਗ ਨਾਲ ਕਾਬੂ ਕੀਤਾ ਗਿਆ ਸੀ। ਤਰਕ ਇਹ ਦਿੱਤਾ ਗਿਆ ਕਿ 'ਪਿਛੜੇ ਲੋਕਾਂ ਦੇ ਬੱਚਿਆਂ ਨੂੰ ਸਭਿਅਕ’ ਬਣਾਉਣ ਲਈ ਇਹ ਸਕੂਲ ਖੋਲੇ ਗਏ ਹਨ, ਪਰ ਅਸਲ ਵਿੱਚ ਮੂਲਵਾਸੀਆਂ ਦੀ ਬੋਲੀ ਤੇ ਸਭਿਆਚਾਰ ਦਾ 'ਬੀ ਨਾਸ਼' ਕਰਨ ਦੀ ਇਹ ਨਸਲਵਾਦੀ ਸਾਜ਼ਿਸ਼ ਸੀ। ਅਠਾਰਵੀਂ ਸਦੀ ਤੋਂ ਲੈ ਕੇ ਵੀਹਵੀਂ ਸਦੀ ਤੱਕ ਇਹ ਸਿਲਸਿਲਾ ਚਲਦਾ ਰਿਹਾ। ਇਨ੍ਹਾਂ ਰੈਜ਼ੀਡੈਂਸ਼ੀਅਲ ਅਤੇ ਬੋਰਡਿੰਗ ਸਕੂਲਾਂ ਵਿੱਚ ਬੱਚਿਆਂ ਦੇ ਲਿੰਗਕ ਸ਼ੋਸ਼ਣ ਤੋਂ ਲੈ ਕੇ ਹੱਤਿਆਵਾਂ ਤੱਕ ਦੀਆਂ ਜਾਬਰਾਨਾਂ ਘਟਨਾਵਾਂ ਦੇ ਵੇਰਵੇ ਮਿਲਦੇ ਹਨ। ਇਕ ਖੋਜ ਅਨੁਸਾਰ ਰੋਮਨ ਕੈਥੋਲਿਕ ਚਰਚ ਵੱਲੋਂ 44, ਇੰਗਲੈਂਡ ਚਰਚ ਵੱਲੋਂ 21, ਯੂਨਾਈਟਿਡ ਚਰਚ ਵੱਲੋਂ 13 ਅਤੇ ਕਈ ਹੋਰਨਾਂ ਵੱਲੋਂ ਵੀ ਅਜਿਹੇ ਕਰੀਬ 139 ਸਕੂਲ ਖੋਲੇ ਗਏ ਸਨ, ਜੋ ਕਿ 20ਵੀਂ ਸਦੀ ਤੱਕ ਚਲਦੇ ਰਹੇ। ਮੂਲਵਾਸੀ ਲੋਕਾਂ ਦੇ ਡੇਢ ਲੱਖ ਬੱਚਿਆਂ ਨੂੰ ਇਨ੍ਹਾਂ ‘ਚ ਬੰਦ ਰੱਖਿਆ ਗਿਆ, ਜਿਨ੍ਹਾਂ ‘ਚ 3200 ਤੋਂ ਲੈ ਕੇ 6000 ਤੋਂ ਵੱਧ ਮੌਤਾਂ ਜਾਂ ਹਤਿਆਵਾਂ ਹੋਈਆਂ।
    ਚਾਹੇ ਕੈਨੇਡਾ ਦੇ ਮੂਲਵਾਸੀ ਲੰਮੇ ਸਮੇਂ ਤੋਂ ਇਹ ਆਖਦੇ ਆ ਰਹੇ ਹਨ ਕਿ ਉਨ੍ਹਾਂ ਦੇ ਹਜ਼ਾਰਾਂ ਬੱਚੇ ਰੈਜ਼ੀਡੈਂਸ਼ੀਅਲ ਸਕੂਲਾਂ ਦੀ ਧਰਤੀ 'ਚ ਦਫਨ ਕਰ ਦਿੱਤੇ ਗਏ ਸਨ, ਪਰ ਹਰ ਵਾਰ ਇਸ ਹਕੀਕਤ  ਨੂੰ ਹਮੇਸ਼ਾ ਦਬਾਉਣ ਦੀ ਹੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਸੰਨ 2021 ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਕੈਮਲੂਪਸ ਵਿੱਚ ਕੈਥਲਿਕ ਚਰਚ ਅਤੇ ਡੋਮੀਨੀਅਨ ਕੈਨੇਡਾ ਦੀ ਸਰਕਾਰ ਵੱਲੋਂ ਸਥਾਪਤ ਕੀਤੇ ਗਏ ਰੈਜ਼ੀਡੈਂਸ਼ੀਅਲ ਸਕੂਲ ਦੀ ਜਗ੍ਹਾ ਤੋਂ 215 ਬੱਚਿਆਂ ਦੀ ਸਰੀਰਕ ਅੰਗ ਮਿਲਣ ਨਾਲ ਇੰਡਿਜਨਸ ਭਾਈਚਾਰੇ ਅੰਦਰ ਗੁੱਸੇ ਦੀ ਲਹਿਰ ਫੈਲ ਗਈ ਸੀ। ਕਿਹਾ ਜਾਂਦਾ ਹੈ ਕਿ ਇਸ ਸਕੂਲ ਵਿੱਚ ਪੰਜ ਸੌ ਤੋਂ ਵੱਧ ਮੂਲਵਾਸੀ ਬੱਚੇ ਸਨ, ਜਿੱਥੇ ਉਨ੍ਹਾਂ ਨੂੰ ਆਪਣੇ ਵਿਰਸੇ, ਬੋਲੀ ਅਤੇ ਪਛਾਣ ਭੁਲਾ ਕੇ, ਜਬਰੀ ਇਸਾਈ ਬਣਾਇਆ ਜਾਂਦਾ ਸੀ ਅਤੇ ਇੰਗਲਿਸ਼ ਪੜ੍ਹਾਈ ਜਾਂਦੀ ਸੀ। ਇਸ ਸਕੂਲ 1890 ਤੋਂ  1969 ਤੱਕ ਚਲਦਾ ਰਿਹਾ, ਜਿਸ ਵਿਚ ਮੂਲਵਾਸੀ ਬੱਚਿਆਂ ਦੇ ਜਿਸਮਾਨੀ ਸੋਸ਼ਣ ਤੋਂ ਲੈ ਕੇ ਹੱਤਿਆਵਾਂ ਤੱਕ, ਹਰ ਤਰ੍ਹਾਂ ਦਾ ਘਿਨਾਉਣਾ ਅਪਰਾਧ ਹੋਇਆ। ਇਸ ਤੋਂ ਇਲਾਵਾ ਕੈਮਲੂਪਸ ਤੋਂ  215 ਬੱਚਿਆਂ ਦੇ ਸਰੀਰਕ ਅੰਗ ਅਤੇ ਪਿੰਜਰ ਮਿਲਣ 'ਤੇ ਪਛਤਾਵੇ ਵਜੋਂ ਕੈਨੇਡਾ ਦਾ ਝੰਡਾ ਨੀਵਾਂ ਕੀਤਾ ਗਿਆ।
      ਕੈਨੇਡਾ ਵਸਦੇ ਸਿੱਖ ਭਾਈਚਾਰੇ ਨੇ 'ਸਿੱਖ ਰਾਈਡਰਜ਼' ਦੀ ਨਾਂ ਹੇਠ ਮੋਟਰਸਾਈਕਲਾਂ ਤੇ ਸਵਾਰ ਹੋ ਕੇ, ਕੈਮਲੂਪਸ ਪਹੁੰਚ ਕੇ ਇਨ੍ਹਾਂ ਪੀੜਤ ਲੋਕਾਂ ਨਾਲ ਹਮਦਰਦੀ ਜਿਤਾਈ, ਜਿਸ ਲਈ ਇੰਡਿਜਨਸ ਵੱਲੋਂ ਸਿੱਖਾਂ ਨੂੰ ਆਪਣੇ ਹਮਦਰਦ ਜਾਣਦਿਆਂ ਧੰਨਵਾਦ ਕੀਤਾ ਗਿਆ ਅਤੇ ਦੁੱਖ ਵਿੱਚ ਸ਼ਰੀਕ ਮੰਨਿਆ ਗਿਆ। ਕੈਨੇਡਾ ਦੇ ਸੂਬੇ ਸਸਕੈਚਵਨ ਵਿੱਚ ਰਿਜਾਈਨਾ ਸ਼ਹਿਰ ਦੇ ਨੇੜਿਓਂ ਇਕ ਹੋਰ ਰੈਜ਼ੀਡੈਂਸ਼ੀਅਲ ਸਕੂਲ ਦੀ ਜਗ੍ਹਾ ਤੋਂ 751 ਮੂਲਵਾਸੀ ਬੱਚਿਆਂ ਦੇ ਸਰੀਰਕ ਅੰਗ ਮਿਲਣ ਕਾਰਨ ਰੋਹ ਸਿਖਰ 'ਤੇ ਪਹੁੰਚਿਆ। ਪੜਤਾਲ ਅਨੁਸਾਰ ਇਨ੍ਹਾਂ ਮ੍ਰਿਤਕ ਬੱਚਿਆਂ ਦੀ ਘੱਟ ਤੋਂ ਘੱਟ ਉਮਰ, ਤਿੰਨ ਸਾਲ ਤੱਕ ਦੀ ਸੀ, ਜੋ ਕਿ ਹਿਰਦਾ ਵਲੂੰਧਰਨ ਵਾਲਾ ਸੱਚ ਸੀ।
        ਇਹ ਰੈਜ਼ੀਡੈਂਸ਼ੀਅਲ ਸਕੂਲ 1899 ਤੋਂ  ਲੈ ਕੇ 1997 ਤਕ ਚੱਲਿਆ, ਜਿਸ ਦੇ ਜ਼ੁਲਮ ਦੀ ਦਾਸਤਾਨ ਬੜੀ ਲੰਮੀ ਹੈ। ਬ੍ਰਿਟਿਸ਼ ਕੋਲੰਬੀਆ ਦੇ ਕਰਿੱਨਬਰੁਕ ਸ਼ਹਿਰ ਦੇ ਰੈਜ਼ੀਡੈਂਸ਼ੀਅਲ ਸਕੂਲ ਤੋਂ 182 ਬੱਚਿਆਂ ਦੇ ਅੰਗ ਮਿਲਣ ਨਾਲ ਮਾਤਮ ਹੋਰ ਵੀ ਡੂੰਘਾ ਹੋ ਗਿਆ।ਇਹ ਸ਼ਹਿਰ ਬ੍ਰਿਟਿਸ਼ ਕੋਲੰਬੀਆ ਅਤੇ ਅਲਬਰਟਾ ਦੀ ਸਰਹੱਦ 'ਤੇ ਕੈਲਗਰੀ ਤੋਂ ਥੋੜ੍ਹੀ ਦੂਰ ਤੇ ਪੈਂਦਾ ਹੈ, ਜਿੱਥੇ ਇਸ ਰੈਜ਼ੀਡੈਂਸ਼ੀਅਲ ਸਕੂਲ ਵਿਚ ਮੂਲ ਨਿਵਾਸੀ ਬਚਿਆ ਦਾ ਅੰਤਾਂ ਦਾ ਸ਼ੋਸ਼ਣ ਕੀਤਾ ਜਾਂਦਾ ਸੀ ਅਤੇ ਬੱਚਿਆਂ ਦੀਆਂ ਹੱਤਿਆਵਾਂ ਉੱਘੀਆਂ ਹਸਤੀਆਂ ਵੱਲੋਂ ਕੀਤੀਆਂ ਜਾਂਦੀਆਂ ਸਨ। ਅਜਿਹੇ ਹੋਰ ਅਨੇਕਾਂ ਰੈਜ਼ੀਡੈਂਸ਼ੀਅਲ ਸਕੂਲਾਂ ਦੀਆਂ ਕਬਰਾਂ ਪੁੱਟਣ ਨਾਲ ਹੋਰ ਤਲਖ ਹਕੀਕਤਾਂ ਸਾਹਮਣੇ ਆਉਣ ਦੇ ਆਸਾਰ ਹਨ।
     ਫੈਡਰੇਸ਼ਨ ਆਫ ਸੋਵੇਰੀਅਨ ਇੰਡਿਜਨਸ ਫਰਸਟ ਨੇਸ਼ਨਜ਼, ਕਾਓਐਸਿਸ ਫਸਟ ਨੇਸ਼ਨ ਅਤੇ ਹੋਰਨਾਂ ਵੱਲੋਂ ਮੂਲਵਾਸੀ ਭਾਈਚਾਰਿਆਂ ਨੇ ਨਿਸ਼ਚਾ ਕੀਤਾ ਹੈ ਕਿ ਜਦੋਂ ਤਕ ਉਹ ਰੈਜ਼ੀਡੈਂਸ਼ੀਅਲ ਸਕੂਲਾਂ ਦੇ ਥਾਵਾਂ 'ਤੇ ਸਮੂਹ ਕਬਰਾਂ ਪੁੱਟ ਕੇ ਬੱਚਿਆਂ ਦੀਆਂ ਸਾਰੀਆਂ ਲਾਸ਼ਾਂ ਨਹੀਂ ਕਢਵਾ ਲੈਂਦੇ, ਓਦੋਂ ਤੱਕ ਉਹ ਚੈਨ ਨਾਲ ਨਹੀਂ ਬੈਠਣਗੇ। ਮੂਲ ਨਿਵਾਸੀ ਭਾਈਚਾਰੇ ਦੇ ਨਸਲਵਾਦ ਵਿੱਚ ਸ਼ਾਮਿਲ ਰੌਇਲ ਕੈਨੇਡੀਅਨ ਮੌਂਟੇਡ ਪੁਲਿਸ ਵੱਲੋਂ ਸਕੂਲਾਂ ‘ਚ ਭਰਤੀ ਕਰਨ ਲਈ ਮੂਲਵਾਸੀਆਂ ਦੇ ਬੱਚੇ ਜਬਰੀ ਚੁੱਕੇ ਜਾਂਦੇ ਸਨ। ਪੁਲਿਸ ਦੀਆਂ ਨਸਲਵਾਦੀ ਤੇ ਧੱਕੇਸ਼ਾਹੀ ਦੀਆਂ ਰੌਂਗਟੇ ਖੜੇ ਕਰਨ ਵਾਲੀ ਦਰਦਨਾਕ ਕਹਾਣੀਆਂ ਕੈਨੇਡਾ ਦੀ ਆਰ.ਸੀ. ਐਮ. ਪੀ. ਦਾ ਕਾਲਾ ਇਤਿਹਾਸ ਹਨ। ਇੱਕ ਹੋਰ ਜ਼ਿਕਰਯੋਗ ਗੱਲ ਹੈ ਕਿ ਆਰ ਸੀ ਐੱਮ ਪੀ ਦੇ ਮੂਲ ਵਾਸੀਆਂ ‘ਤੇ ਤਸ਼ੱਦਦ ਦੀ ਬ੍ਰਿਟਿਸ਼ ਕੋਲੰਬੀਆ ਚ ਵਾਪਰੀ ‘ਗਸਟੈਫਸਨ ਲੇਕ’ ਵਾਲੀ ਜ਼ਾਲਮਾਨਾ ਘਟਨਾ ਇਤਿਹਾਸ ਦੇ ਪੰਨਿਆਂ ਤੋਂ ਕਦੀ ਵੀ ਮਿਟ ਨਹੀਂ ਸਕੇਗੀ, ਜਿਸ ਵਿੱਚ ਕੈਨੇਡਾ ਦੇ ਮੂਲਵਾਸੀ ਭਾਈਚਾਰੇ ਦੇ ਲੋਕਾਂ ਉਪਰ ਹਜ਼ਾਰਾਂ ਗੋਲੀਆਂ ਚਲਾ ਕੇ ਉਨ੍ਹਾਂ ਦੀ ਜੱਦੀ-ਪੁਸ਼ਤੀ ਜ਼ਮੀਨ 'ਤੇ ਉਨ੍ਹਾਂ ਦੇ ਰਵਾਇਤੀ  ਤਿਉਹਾਰ ਰੋਕਣ ਦੀ ਸਾਜ਼ਿਸ਼ ਰਚੀ ਗਈ ਅਤੇ ਪੂੰਜੀਪਤੀਆਂ ਦਾ ਪੱਖ ਪੂਰਿਆ ਗਿਆ। ਬੀ.ਸੀ. ਦੇ ਤਤਕਾਲੀ ਅਟਾਰਨੀ ਜਨਰਲ ਉੱਜਲ ਦੁਸਾਂਝ ਦੀ ਅਗਵਾਈ ਵਿੱਚ ਹੋਇਆ ਇਹ ‘ਆਰ ਸੀ ਐੱਮ ਪੀ ਦਾ ਪੁਲਿਸ ਅਪ੍ਰੇਸ਼ਨ’ ਕੈਨੇਡਾ ਦੇ ਇਤਿਹਾਸ ਵਿੱਚ, ਕਿਸੇ ਛੋਟੇ ਜਿਹੇ ਮੂਲਵਾਸੀ ਸਮੂਹ ‘ਤੇ ਹੋਈ, ਹੁਣ ਤੱਕ ਦੀ ਸਭ ਤੋਂ ਵੱਡੀ ਹਥਿਆਰਬੰਦ ਪੁਲਿਸ ਕਾਰਵਾਈ ਮੰਨੀ ਜਾਂਦੀ ਹੈ।
       ਵੈਨਕੂਵਰ ਦੇ ਉਤਰ ਪੂਰਬ ਵਾਲੇ ਪਾਸੇ 450 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਮੂਲਵਾਸੀ ਲੋਕਾਂ ਦੀ ਜਗ੍ਹਾ ਗਸਟੈਫਸਨ ਲੇਕ ‘ਤੇ ਛੋਟੇ ਜਿਹੇ ਮੂਲਵਾਸੀ ਵਿਅਕਤੀਆਂ ਦੇ ਗਰੁੱਪ ਉੱਪਰ ਮੌਕੇ ਦੇ ਅਟਾਰਨੀ ਜਰਨਲ ਉਜੱਲ ਦੁਸਾਂਝ ਦੇ ਹੁਕਮ ਅਧੀਨ, 15 ਸਤੰਬਰ 1995 ਨੂੰ ਵੱਡੀ ਹਥਿਆਰਬੰਦ ਕਾਰਵਾਈ ਹੋਈ ਸੀ। ਦੁਸਾਂਝ ਨੇ ਖ਼ੁਦ ਮੰਨਿਆ ਕਿ ਛੋਟੇ ਜਿਹੇ 'ਮਿਲੀਟੈਂਟ ਗਰੁਪ' ਨੂੰ ਖਿਦੇਣਨ ਲਈ ਇਹ ਕਾਰਵਾਈ ਅਤਿ ਜ਼ਰੂਰੀ ਸੀ, ਪਰ ਮੂਲਵਾਸੀਆਂ ‘ਤੇ ਏਡੀ ਵੱਡੀ ਫੌਜੀ ਤਾਕਤ ਨੂੰ ਵਰਤਣ ਦੀ ਕਾਰਵਾਈ ਦੀ ਕੈਨੇਡਾ ਭਰ ਦੀਆਂ ਸਮੂਹ ਮਨੁੱਖੀ ਅਧਿਕਾਰ ਜਥੇਬੰਦੀਆਂ ਅਤੇ ਇੰਡੀਜੀਨੀਅਸ ਸੰਸਥਾਵਾਂ ਸਦਾ ਹੀ ਨਿੰਦਾ ਕਰਦੀਆਂ ਹਨ।
      ਇਹ ਗੱਲ ਹੋਰ ਵੀ ਦੁਖਾਂਤਕ ਹੈ ਕਿ ਇੱਕ ਰੰਗਦਾਰ ਭਾਈਚਾਰੇ ਦੇ ਵਿਅਕਤੀ ਦੀ ਅਗਵਾਈ ਵਿੱਚ ਆਰਸੀਐਮਪੀ ਦੀ ਇਹ ਨਸਲਵਾਦੀ ਅਤੇ ਨਫਰਤ ਭਰੀ ਕਾਰਵਾਈ ਹੋਈ, ਜਿਸ ਦੀ ਅਜੇ ਤੱਕ ਉੱਜਲ ਦੁਸਾਂਝ ਨੇ ਮਾਫ਼ੀ ਮੰਗ ਕੇ ਕਲੰਕ ਨੂੰ ਮਿਟਾਉਣ ਦੀ ਕਦੇ ਵੀ ਕੋਸ਼ਿਸ਼ ਨਹੀਂ ਕੀਤੀ। ਕੈਨੇਡਾ ਵਿਚ ਮੂਲ ਵਾਸੀਆਂ ਪ੍ਰਤੀ ਨਸਲਵਾਦ ਦੀਆਂ ਹੋਰ ਵੀ ਅਨੇਕਾਂ ਘਟਨਾਵਾਂ ਹਨ, ਜਿਨ੍ਹਾਂ ਵਿੱਚ ਆਰਸੀਐਮਪੀ ਨੇ ਵਿਤਕਰੇ ਵਾਲੀ ਪਹੁੰਚ ਦੀ ਵਰਤੋਂ ਕੀਤੀ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮੂਲਵਾਸੀਆਂ ਨਾਲ ਕੈਨੇਡਾ ਦੀ ਧਰਤੀ 'ਤੇ ਹੋਈ ਨਸਲਕੁਸ਼ੀ ਦਾ ਦੁਖਾਂਤ ਨਾ-ਭੁੱਲਣਯੋਗ ਅਤੇ ਨਾ-ਬਖ਼ਸ਼ਣਯੋਗ ਹੈ।
      ਅੱਜ ਦੀ ਤਾਰੀਖ਼ ਵਿੱਚ ਵੀ ਇਹ ਨਸਲਵਾਦ ਜਾਰੀ ਹੈ। ਅਸੀਂ ਭੁੱਲੀਏ ਨਾ ਕਿ ਸਾਡੇ ਵੱਡਿਆਂ-ਵਡੇਰਿਆਂ 'ਗ਼ਦਰੀ ਬਾਬਿਆਂ' ਨੇ ਕੈਨੇਡਾ ਦੀ ਧਰਤੀ 'ਤੇ ਮੂਲਵਾਸੀਆਂ ਨੂੰ 'ਵੱਡਿਆਂ' ਵਜੋਂ ਸਤਿਕਾਰ ਦਿੱਤਾ ਸੀ। ਅੱਜ ਸਾਡਾ ਫ਼ਰਜ਼ ਵੀ ਬਣਦਾ ਹੈ ਕਿ ਇਨ੍ਹਾਂ ਦੇ ਦੁੱਖ ਵੰਡਾਓਣ ਲਈ ਵਧ- ਚੜ੍ਹ ਕੇ ਅੱਗੇ ਆਈਏ। 'ਲਾਲ ਭਾਰਤੀ' (ਰੈੱਡ ਇੰਡੀਅਨ) ਵਰਗੇ ਅਪਮਾਨਜਨਕ  ਸ਼ਬਦਾਂ ਨਾਲ ਸੰਬੋਧਨ ਕਰਨ ਵਾਲੀ ਨਸਲਵਾਦੀ ਅਤੇ ਜਾਤੀਵਾਦੀ ਵਿਤਕਰੇ ਵਾਲੀ  ਸੋਚ ਤਿਆਗ ਕੇ, ਇੰਡਿਜਨਸ ਭਾਈਚਾਰੇ ਦਾ ਸਤਿਕਾਰ ਕਰੀਏ ਕਿਉਂਕਿ :
‘ਰੰਗ ਨਸਲ ਦਾ ਵਿਤਕਰਾ, ਮਾਨਵਵਾਦ ਖਿਲਾਫ਼।
ਭਿੰਨ-ਭੇਦ ਦੇ ਲੱਛਣੀ, ਜੀਵਨ ਬਣੇ ਸਰਾਪ।’
      ਪਹਿਲੀ ਜੁਲਾਈ, ਕੈਨੇਡਾ ਦਿਹਾੜੇ 'ਤੇ ਮੂਲ ਵਾਸੀ ਲੋਕਾਂ ਦਾ ਹਾਰਦਿਕ ਧੰਨਵਾਦ ਹੈ, ਜਿਨ੍ਹਾਂ ਦੀ ਧਰਤੀ 'ਤੇ ਅੱਜ ਦੁਨੀਆਂ ਭਰ ਦੇ ਲੋਕ ਬਹੁ-ਸੱਭਿਆਚਾਰਕ, ਬਹੁ- ਧਰਮੀ, ਬਹੁ-ਰੰਗੀ ਢਾਂਚੇ ਅਤੇ ਮਨੁੱਖੀ ਅਧਿਕਾਰਾਂ ਦਾ ਆਨੰਦ ਮਾਣ ਰਹੇ ਹਨ।
     ਕੈਨੇਡਾ ਦਿਹਾੜੇ 'ਤੇ ਕੈਨੇਡਾ ਵਸਦੇ ਪੰਜਾਬੀ ਭਾਈਚਾਰੇ ਦੇ ਇਤਿਹਾਸਕ ਸਫ਼ਰ ਬਾਰੇ ਸੰਖੇਪ ਰੂਪ ਵਿੱਚ ਵਿਚਾਰ ਕਰਨਾ ਲਾਹੇਵੰਦ ਹੋਏਗਾ। ਇਹ ਜਾਨਣਾ ਵੀ ਜ਼ਰੂਰੀ ਹੈ ਕਿਹੜੇ ਕਾਰਨਾਂ ਕਰਕੇ ਆਪਣੀ ਜੰਮਣ ਭੋਇੰ ਛੱਡ ਕੇ ਪੰਜਾਬੀ, ਕੈਨੇਡਾ ਆ ਵਸੇ। ਪੰਜਾਬ ਤੋਂ ਕੈਨੇਡਾ ਸਣੇ ਉੱਤਰੀ ਅਮਰੀਕਾ 'ਚ ‘ਪੰਜਾਬੀ ਡਾਇਸਪੋਰਾ' ਦੀ ਵਿਸ਼ਾਲ ਪੱਧਰ ਤੇ ਪਛਾਣ 1897 ਤੋਂ ਬਾਅਦ ਬਣਨੀ ਸ਼ੁਰੂ ਹੁੰਦੀ ਹੈ, ਜਦੋਂ ਬ੍ਰਿਟਿਸ਼ ਫ਼ੌਜ ਦੇ ਸਾਬਕਾ ਸਿੱਖ ਸਿਪਾਹੀ ਪ੍ਰਸ਼ਾਂਤ ਮਹਾਂਸਾਗਰ ਦੇ ਕਿਨਾਰੇ 'ਤੇ ਵਸਦੀ ਖ਼ੂਬਸੂਰਤ ਧਰਤੀ ਨੂੰ ਆਪਣਾ ਟਿਕਾਣਾ ਬਣਾਉਂਦੇ ਹਨ। ਸਭਿਆਚਾਰਕ ਪਛਾਣ ਅਤੇ ਭਾਸ਼ਾ ਨੂੰ, ਹਰ ਥਾਂ ਨਾਲ ਲਿਜਾਉਣ ਵਾਲੇ ਸਿੱਖਾਂ ਦੇ ਕੈਨੇਡਾ ਅਤੇ ਅਮਰੀਕਾ 'ਚ ਪਹਿਲਾਂ ਵਸੇ ਬਜ਼ੁਰਗਾਂ ਨੂੰ, ਚਾਹੇ ਬੇਗਾਨੀ ਧਰਤੀ 'ਤੇ ਅਨੇਕਾਂ ਨਸਲੀ ਹਮਲਿਆਂ ਅਤੇ ਭਾਸ਼ਾਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਉਹ ਆਪਣੀ ਜ਼ੁਬਾਨ ਤੇ ਪਛਾਣ ਕਾਇਮ ਰੱਖਦੇ ਹਨ। ਅਸਲ ਵਿਚ ਗ਼ੁਲਾਮੀ ਦਾ ਅਹਿਸਾਸ ਇਨ੍ਹਾਂ ਲੋਕਾਂ ਨੂੰ ਉਸ ਵੇਲੇ ਹੁੰਦਾ ਹੈ, ਜਦੋਂ 30 ਕਰੋੜ ਆਬਾਦੀ ਵਾਲੇ ਦੇਸ਼ ਦੇ ਵਾਸੀਆਂ ਨੂੰ ਮੁੱਠੀ ਭਰ ਅੰਗਰੇਜ਼ਾਂ ਵੱਲੋਂ ਗ਼ੁਲਾਮ ਬਣਾਏ ਜਾਣ ਦੇ ਕਿੱਸੇ ਮਿਹਣੇ ਤੇ ਤਾਅਨੇ ਬਣ ਕੇ ਪੰਜਾਬੀਆਂ ਦੇ ਸੀਨੇ ਚੀਰਦੇ ਹਨ, ਤਦ ਉਨ੍ਹਾਂ ਦੇ ਵਲੂੰਧਰੇ ਮਨਾਂ 'ਚੋਂ ਇਹ ਬੋਲ ਵਾਰ-ਵਾਰ ਨਿਕਲਦੇ ਹਨ,
‘ਦੇਸ ਪੈਣ ਧੱਕੇ, ਬਾਹਰ ਮਿਲੇ ਢੋਈ ਨਾ,
ਸਾਡਾ ਪਰਦੇਸੀਆਂ ਦਾ, ਦੇਸ ਕੋਈ ਨਾ।'
              ਕੈਨੇਡਾ ਵਿਚ ਪੰਜਾਬੀ ਡਾਇਸਪੋਰਾ ਦੇ ਸੰਦਰਭ ਵਿਚ 20ਵੀਂ ਸਦੀ ਦੇ ਆਰੰਭ ਵਿਚ ਉੱਠੀ ਗ਼ਦਰ ਲਹਿਰ ਖਾਸ ਮਹੱਤਵ ਰੱਖਦੀ ਹੈ, ਕਿਉਂਕਿ ਇਹ ਪਹਿਲੀ ਅਜਿਹੀ ਤਹਿਰੀਕ ਸੀ, ਜਿਸ ਨੇ ਕੈਨੇਡਾ ਤੇ ਅਮਰੀਕਾ ਵਿਚ ਹੀ ਨਹੀਂ, ਬਲਕਿ ਦੁਨੀਆਂ ਭਰ ਵਿਚ ਖਿੰਡੇ ਪੰਜਾਬੀਆਂ ਨੂੰ ਜੱਥੇਬੰਦ ਕਰਨ 'ਚ ਇਤਿਹਾਸਕ ਭੂਮਿਕਾ ਨਿਭਾਈ। ਇਸ ਸਬੰਧ ਵਿਚ 1909 ਵਿਚ ਕੈਨੇਡਾ ਦੇ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਦੇ ਪਹਿਲੇ ਸਥਾਨ, ਤੇ ਸਾਬਕਾ ਸਿੱਖ ਫ਼ੌਜੀਆਂ ਨੇ ਇਕੱਠਿਆਂ ਹੋ ਕੇ ਅੰਗਰੇਜ਼ਾਂ ਵੱਲੋਂ ਦਿੱਤੇ ਮੈਡਲ, ਇਨਸਿਗਨੀਏ ਅਤੇ ਵਰਦੀਆਂ ਸਾੜਦਿਆਂ, ਇਕ ਵਾਰ ਫੇਰ ਗ਼ੁਲਾਮੀ ਦਾ ਜੂਲ ਗਲ਼ੋਂ ਲਾਹੁਣ ਲਈ ਐਲਾਨੇ-ਏ-ਜੰਗ ਕੀਤਾ।                ਗੁਰੂ ਨਾਨਕ ਜਹਾਜ਼ ਨੂੰ ਕੈਨੇਡਾ ਦੀ ਧਰਤੀ ਤੋਂ ਮੋੜਨਾ ਨਸਲਵਾਦ ਦਾ ਇੱਕ ਨਸਲਵਾਦ ਦਾ ਇੱਕ ਭਿਆਨਕ ਵਰਤਾਰਾ ਸੀ। ਕੈਨੇਡਾ ਦੀ ਧਰਤੀ 'ਤੇ ਆਣ ਵਸੇ ਪੰਜਾਬੀ ਅਜ਼ਾਦੀ ਦੀ ਲਹਿਰ ਵਿਚ ਕੁੱਦਣ ਵਾਸਤੇ, ਕਰੜੀ ਮਿਹਨਤ ਸਦਕਾ ਕਾਇਮ ਕੀਤੀਆਂ ਆਪਣੀਆਂ ਜ਼ਮੀਨਾਂ ਜਾਇਦਾਦਾਂ ਅਤੇ ਡਾਲਰਾਂ ਨੂੰ ਤਿਆਗਦੇ ਹੋਏ, ਫ਼ਾਂਸੀਆਂ ਦੇ ਹਾਰ ਆਪਣੇ ਗਲਾਂ ਵਿਚ ਪਵਾ ਗਏ। ਜਿਹੜੇ ਇਹ ਆਖਦੇ ਹਨ ਕਿ ਪੰਜਾਬੀਆਂ ਦੇ ਵਿਦੇਸ਼ਾਂ ਵਿਚ ਵਸਣ ਲਈ ਰੋਜ਼ੀ-ਰੋਟੀ ਲਈ ਅਤੇ ਆਰਥਿਕਤਾ ਹੀ ਮੁੱਖ ਕਾਰਨ ਹਨ, ਉਹ ਇਹ ਵਿਸਾਰ ਦਿੰਦੇ ਹਨ ਕਿ ਪੰਜਾਬੀਆਂ ਦੇ ਘਰੋਂ ਬੇਘਰ ਹੋ ਕੇ ਮੁੜ ਬੇਗਾਨੀ ਧਰਤੀ ਤੋਂ ਉੱਜੜਨ ਅਤੇ ਦੇਸ਼ ਵਾਸੀਆਂ ਲਈ ਘਰ ਵਸਾਉਣ ਪਿੱਛੇ, ਧਨ ਦੌਲਤ ਨੂੰ ਤਿਆਗਣ ਅਤੇ ਸ਼ਹੀਦੀਆਂ ਪਾਉਣ ਦੀ ਮੂਲ ਭਾਵਨਾ ਹੀ ਕੰਮ ਕਰਦੀ ਹੈ।
         ਕੈਨੇਡਾ ਵਿਚ ਭਾਰਤ ਦੀ ਵੰਡ ਤੋਂ ਬਾਅਦ ਪੰਜਾਬ ਦੀ ਧਰਤੀ ਤੋਂ ਆ ਵਸੇ ਪੰਜਾਬੀਆਂ ਲਈ ਅਜਿਹੇ ਕਾਰਨ ਨਜ਼ਰ ਆਉਂਦੇ ਹਨ, ਜਿਨ੍ਹਾਂ ਵਿਚ ਦੇਸ਼ ਅੰਦਰ ਨਵੀਂ ਸਾਮਰਾਜਵਾਦ ਨੀਤੀ ਅਧੀਨ ਪੈਦਾ ਹੋਏ ਬੁਰਜ਼ੂਆ ਢਾਂਚੇ ਦੀ ਧੱਕੇਸ਼ਾਹੀ, ਗ਼ੁਲਾਮੀ ਦੇ ਬਦਲਵੇਂ ਰੂਪ ਵਿਚ ਭਾਰੂ ਹੋਈ ਮਿਲਦੀ ਹੈ। ਪੰਜਾਬ ਛੱਡ ਕੇ ਕੈਨੇਡਾ ਆ ਵਸੇ ਪੰਜਾਬੀਆਂ ਦੇ ਤੁਲਨਾਤਮਕ ਜੀਵਨ ਸੰਘਰਸ਼, ਸਰਕਾਰੀ ਜਬਰ ਅਤੇ ਧੱਕੇਸ਼ਾਹੀਆਂ ਬਾਰੇ ਗੰਭੀਰ ਪ੍ਰਗਟਾਵੇ ਕਰਦਿਆਂ ਲੋਕ ਗਾਇਕ ਗਿੱਲ ਹਰਦੀਪ ਦੀਆਂ ਗਾਈਆਂ ਤੇ ਗੀਤਕਾਰ ਸੁਤਵਿੰਦਰ ਸਿੱਧੂ ਦੀਆਂ ਲਿਖੀਆਂ ਇਹ ਸਤਰਾਂ 'ਕੁੱਜੇ ਵਿੱਚ ਸਮੁੰਦਰ' ਬੰਦ ਕਰਨ ਦੇ ਤੁਲ ਕਹੀਆਂ ਜਾ ਸਕਦੀਆਂ ਹਨ :
"ਵੇ ਪੁੱਤਾ ਕੰਮ ਕਰਨਾ ਤਾਂ ਉਂਝ ਔਖਾ ਈ ਹੋਣਾ ਏ।
ਪਰ ਠਾਣਿਆਂ ਵਿੱਚ ਕੁੱਟ ਖਾਵਣ ਤੋਂ ਤਾਂ ਸੌਖਾ ਈ ਹੋਣਾ ਏ।
ਔਖੇ ਝਲਣੇ ਪਟੇ ਘੋਟਣੇ ਮਾਸਪੇਸ਼ੀਆਂ ਲਈ।
ਵਸਦਾ ਰਹੇ ਕੈਨੇਡਾ ਮੇਰੇ ਪੁੱਤ ਪਰਦੇਸੀਆਂ ਲਈ।"
        70ਵਿਆਂ ਤੋਂ ਪੰਜਾਬ ਦੀ ਧਰਤੀ ਤੋਂ ਕੈਨੇਡਾ ਵਸੇ ਪੰਜਾਬੀਆਂ ਲਈ ਇਸ ਖਿੱਤੇ ਦੀ ਚੋਣ ਆਰਜ਼ੀ ਰੂਪ ਵਿਚ ਨਹੀਂ ਹੁੰਦੀ, ਸਗੋਂ ਪੱਕੇ ਵਾਸੀਆ ਵਜੋਂ ਉਹ ਇੱਥੇ ਆ ਕੇ ਆਪਣਾ ‘ਨਵਾਂ ਘਰ' ਵਸਾਉਂਦੇ ਹਨ। ਪੰਜਾਬੀ ਆਪਣੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਪਰਿਪੇਖ 'ਚ ਪਛਾਣ ਕਾਇਮ ਕਰਨ ਲਈ 1971 ਦੀ ਕੈਨੇਡਾ ਦੀ ਸਭਿਆਚਾਰਕ ਨੀਤੀ ਦਾ ਭਰਪੂਰ ਫਾਇਦਾ ਉਠਾਉਂਦੇ ਹੋਏ, ਨਵੇਂ ਸੰਘਰਸ਼ ਦੇ ਰਾਹ ਤੁਰਦੇ ਹਨ। ਪਿਛਲੇ ਸਵਾ ਸੌ ਸਾਲ ਵਿਚ ਕੈਨੇਡਾ ਵਸਦੇ ਪੰਜਾਬੀਆਂ ਨੇ ਵਪਾਰ, ਕਾਰੋਬਾਰ ਅਤੇ ਖੇਤੀ ਖੇਤਰ ਵਿਚ ਵੀ ਵੱਡੀਆਂ ਮੱਲਾਂ ਮਾਰੀਆਂ ਹਨ। ਅੱਜ ਜਿੱਥੇ ਟਰੱਕ ਅਤੇ ਟੈਕਸੀ ਸਨਅਤ ਵਿਚ ਪੰਜਾਬੀਆਂ ਦੀ ਚੜ੍ਹਤ ਹੈ, ਉੱਥੇ ਕੈਨੇਡਾ ਦੇ ਹਜ਼ਾਰਾਂ ਏਕੜਾਂ 'ਚ ਲੱਖਾਂ ਟਨ ਬਲਿਊਬੇਰੀ, ਰਸਬੇਰੀ ਅਤੇ ਸਟਰਾਬੇਰੀ ਸਮੇਤ ਅਨੇਕਾਂ ਫਸਲਾਂ ਉਗਾ ਕੇ ਕੈਨੇਡਾ ਦੀ ਆਰਥਿਕਤਾ ਨੂੰ ਹੁਲਾਰਾ ਦੇ ਰਹੇ ਹਨ।
      ਅਹਿਮ ਗੱਲ ਇਹ ਹੈ ਕਿ ਕੈਨੇਡਾ ਵਿਚ ਪੰਜਾਬੀ ਡਾਇਸਪੋਰਾ ਦੀ ਦੇਣ ਮੂਲ ਪੰਜਾਬ ਲਈ ਵੀ ਜ਼ਿਕਰਯੋਗ ਹੈ, ਕਿਉਂਕਿ ਬਹੁਤਾਤ ਕੈਨੇਡੀਅਨ ਪੰਜਾਬੀ ਇੱਥੇ ਆ ਕੇ ਨਾ ਸਿਰਫ਼ ਘਰ, ਕੋਠੀਆਂ ਅਤੇ ਜ਼ਮੀਨ ਜਾਇਦਾਦਾਂ ਤੇ ਹੀ ਲੱਖਾਂ ਡਾਲਰ ਖਰਚਦੇ ਹਨ, ਬਲਕਿ ਸਕੂਲਾਂ, ਹਸਪਤਾਲਾਂ, ਸਟੇਡੀਅਮਾਂ, ਖੇਡ ਮੇਲਿਆਂ ਅਤੇ ਮੈਡੀਕਲ ਕੈਂਪਾਂ ਵਿਚ ਵੀ ਆਪਣਾ ਵਿੱਤੋਂ ਵੱਧ ਹਿੱਸਾ ਪਾਉਂਦੇ ਹਨ। ਇਹ ਗੱਲ ਵੱਖਰੀ ਹੈ ਕਿ ਕੁਝ ਲੋਕ ਅਜਿਹੇ ਵੀ ਹਨ, ਜਿਹੜੇ ਇੱਥੇ ਆ ਕੇ ਵਿਆਹਾਂ-ਸ਼ਾਦੀਆਂ ਅਤੇ ਹੋਰ ਜਸ਼ਨਾਂ ਵਿਚ ਸ਼ੋਹਰਤ ਦੀ ਭੁੱਖ ਕਰਕੇ, ਲੱਖਾਂ ਡਾਲਰ ਨਸ਼ਿਆਂ ਤੇ ਰੋੜ੍ਹ ਕੇ ਹੋਰਨਾਂ ਨੂੰ ਵੀ ਕਲੰਕਿਤ ਕਰਦੇ ਹਨ। ਅਖੀਰ ਵਿੱਚ ਕਿਹਾ ਜਾ ਸਕਦਾ ਹੈ ਕਿ ਕੈਨੇਡਾ ਦਿਹਾੜਾ ਮਨਾਉਂਦੇ ਹੋਏ ਇਹ ਨਾ ਭੁੱਲੀਏ ਕਿ ਇਸ ਧਰਤੀ ਦੇ ਅਸਲੀ ਮਾਲਕ ਮੂਲ ਨਿਵਾਸੀ ਹਨ ਅਤੇ ਇਥੇ ਆ ਕੇ ਵਸੀਆਂ ਕੌਮਾਂ ਸਦਾ ਹੀ ਉਹਨਾਂ ਦੀਆਂ ਦੇਣਦਾਰ ਹਨ।

ਕੋਆਰਡੀਨੇਟਰ, ਪੰਜਾਬੀ ਸਾਹਿਤ ਸਭਾ ਮੁੱਢਲੀ (ਰਜਿ.)
ਐਬਟਸਫੋਰਡ, ਕੈਨੇਡਾ।
ਫੋਨ : 604-825-1550

10 ਦਸੰਬਰ 1957 : ਬਰਸੀ 'ਤੇ ਵਿਸ਼ੇਸ਼- ਪੰਜਾਬੀ ਸਾਹਿਤ ਜਗਤ ਦੀ ਮਹਾਨ ਸ਼ਖਸੀਅਤ ਡਾਕਟਰ ਭਾਈ ਵੀਰ ਸਿੰਘ ਜੀ - ਡਾ. ਗੁਰਵਿੰਦਰ ਸਿੰਘ

ਭਾਈ ਵੀਰ ਸਿੰਘ ਆਧੁਨਿਕ ਪੰਜਾਬੀ ਸਾਹਿਤ ਦੇ ਮੋਢੀ ਸਾਹਿਤਕਾਰ ਹਨ | ਭਾਈ ਵੀਰ ਸਿੰਘ ਦਾ ਜਨਮ 5 ਦਸੰਬਰ 1872 ਨੂੰ ਅੰਮ੍ਰਿਤਸਰ ਵਿਚ ਡਾਕਟਰ ਚਰਨ ਸਿੰਘ ਦੇ ਘਰ ਹੋਇਆ। ਭਾਈ ਵੀਰ ਸਿੰਘ ਦੇ ਪਿਤਾ ਸਰਦਾਰ ਚਰਨ ਸਿੰਘ ਜੀ ਹਿੰਦੀ , ਸੰਸਕ੍ਰਿਤ ਅਤੇ ਬ੍ਰਜ ਭਾਸ਼ਾ ਦੇ ਉੱਚ ਕੋਟੀ ਦੇ ਵਿਦਵਾਨ ਸਨ ਅਤੇ ਸਿੰਘ ਸਭਾ ਲਹਿਰ ਦੇ ਸੰਚਾਲਕ ਮੋਢੀਆਂ ਵਿੱਚੋਂ ਇੱਕ ਸਨ| ਬਚਪਨ ਤੋਂ ਹੀ ਸਿੰਘ ਸਭਾ ਲਹਿਰ ਦਾ ਭਾਈ ਸਾਹਿਬ ਵੀਰ ਸਿੰਘ ’ਤੇ ਡੂੰਘਾ ਪ੍ਰਭਾਵ ਸੀ। ਇਸ ਪ੍ਰਭਾਵ ਦਾ ਅਸਰ ਇਹ ਸੀ ਕਿ ਮੈਟ੍ਰਿਕ ਦੀ ਪੜਾਈ ਖਤਮ ਕਰਦੇ ਹੀ ਆਪ ਦੀਆਂ ਪੰਜਾਬ ਵਿੱਚ ਸਿੱਖ ਧਾਰਮਿਕ ਗਤੀਵਿਧੀਆਂ ਸ਼ੁਰੂ ਹੋ ਗਈਆਂ ਅਤੇ ਆਪ ਜਲਦ ਹੀ ਸਿੱਖ ਧਾਰਮਿਕ ਲਹਿਰਾਂ ਦੇ ਆਗੂ ਦੇ ਰੂਪ ਵਿੱਚ ਅੱਗੇ ਗਏ। ਸਿੰਘ ਸਭਾ ਅੰਮ੍ਰਿਤਸਰ ਦੇ ਵਜੀਰ ਸਿੰਘ ਵੱਲੋਂ ਭਾਈ ਵੀਰ ਸਿੰਘ ਦੇ ਸਹਿਯੋਗ ਨਾਲ ਆਰੰਭੀ ‘ਵਜ਼ੀਰ ਹਿੰਦ ਪ੍ਰੈਸ' ਨੇ ਪੰਜਾਬੀ ਪੱਤਰਕਾਰੀ ਦੇ ਇਤਿਹਾਸ ਵਿਚ ਅਹਿਮ ਭੂਮਿਕਾ ਨਿਭਾਈ।
ਭਾਈ ਵੀਰ ਸਿੰਘ ਵੱਲੋਂ 1892 ਵਿਚ ਖਾਲਸਾ ਟਰੈਕਟ ਸੁਸਾਇਟੀ ਦੇ ਪੰਦਰ੍ਹਾਂ-ਰੋਜ਼ਾ ਪੱਤਰ 'ਨਿਰਗੁਣਆਰਾ' ਦੇ ਛਪਣ ਨਾਲ ਪੰਜਾਬੀ ਦੇ ਪਾਠਕਾਂ ਦੀ ਗਿਣਤੀ ਲੱਖਾਂ ਤੱਕ ਪਹੁੰਚ ਗਈ। ਸਿੰਘ ਸਭਾ ਲਹਿਰ ਦੇ ਅਸਰ ਦਾ ਨਤੀਜਾ ਹੀ ਸੀ ਕਿ ਪੰਜਾਬੀ ਪੱਤਰਕਾਰੀ ਦੇ ਆਰੰਭਿਕ ਦੌਰ 'ਚ ਸਭ ਤੋਂ ਵੱਧ ਸਮਾਂ ਛਪਣ ਵਾਲਾ ਹਫ਼ਤਾਵਾਰੀ ‘ਖਾਲਸਾ ਸਮਾਚਾਰ', 17 ਨਵੰਬਰ 1899 ਨੂੰ ‘ਵਜ਼ੀਰ ਹਿੰਦ ਪ੍ਰੈੱਸ' ਵੱਲੋਂ ਭਾਈ ਵੀਰ ਸਿੰਘ ਦੇ ਸਹਿਯੋਗ ਨਾਲ ਆਰੰਭ ਹੋਇਆ। ਭਾਈ ਸਾਹਿਬ ਵੀਰ ਸਿੰਘ ਦੀ ਪੰਜਾਬੀ ਸਾਹਿਤ 'ਚ ਆਮਦ ਤੋਂ ਪਹਿਲਾਂ ਪੰਜਾਬੀ ਵਾਕ ਬਣਤਰ, ਸ਼ਬਦਾਵਲੀ, ਠੇਠਤਾ ਅਤੇ ਰਵਾਨੀ ਦੇ ਨਮੂਨੇ ਟਾਵੇਂ-ਟਾਵੇਂ ਮਿਲਦੇ ਹਨ | ਪੰਜਾਬੀ ਵਿਚ ਨਿੱਕੀ ਕਵਿਤਾ, ਨਾਵਲ, ਨਾਟਕ, ਜੀਵਨੀ ਸਾਹਿਤ, ਅਨੁਵਾਦ ਅਤੇ ਸੰਪਾਦਨ ਕਾਰਜਾਂ ਸਮੇਤ, ਅਨੇਕਾਂ ਹੋਰ ਸਾਹਿਤ-ਰੂਪਾਂ ਰਾਹੀਂ ਭਾਈ ਸਾਹਿਬ ਨੇ ਮਾਂ-ਬੋਲੀ ਦਾ ਖਜ਼ਾਨਾ ਭਰਪੂਰ ਕਰ ਦਿੱਤਾ |
ਪੰਜਾਬੀ ਪੱਤਰਕਾਰੀ ਦਾ ਮੁੱਢ ਬੰਨਣ ਅਤੇ ਮੂੰਹ-ਮੁਹਾਂਦਰਾ ਨਿਖਾਰਨ ਵਿਚ ਵੀ ਭਾਈ ਵੀਰ ਸਿੰਘ ਦੀ ਦੇਣ ਅੱਖੋਂ ਪਰੋਖੇ ਨਹੀਂ ਕੀਤੀ ਜਾ ਸਕਦੀ | ਗੁਰਬਾਣੀ ਸਾਹਿਤ ਦੀ ਵਿਆਖਿਆ ਅਤੇ ਗੁਰੂ ਸਾਹਿਬਾਨ ਤੋਂ ਲੈ ਕੇ, ਮਹਾਨ ਸਿੱਖ ਸ਼ਖ਼ਸੀਅਤਾਂ ਬਾਰੇ ਵਡਮੁੱਲਾ ਸਾਹਿਤ ਭਾਈ ਵੀਰ ਸਿੰਘ ਦੀ ਇਤਿਹਾਸਕ ਦੇਣ ਹੈ |1898 ਵਿਚ ਪ੍ਰਕਾਸ਼ਿਤ ਨਾਵਲ 'ਸੁੰਦਰੀ' ਨਾਲ ਪੰਜਾਬੀ ਪਾਠਕਾਂ ਦੀ ਗਿਣਤੀ ਵਿਚ ਚੋਖਾ ਵਾਧਾ ਹੀ ਨਹੀਂ ਹੋਇਆ, ਸਗੋਂ ਪੰਜਾਬੀ ਸਾਹਿਤ ਅੰਦਰ ਅਥਾਹ ਸੰਭਾਵਨਾਵਾਂ ਨੇ ਵੀ ਜਨਮ ਲਿਆ | ਮਗਰੋਂ ਨਾਵਲ ਬਿਜੈ ਸਿੰਘ, ਸਤਵੰਤ ਕੌਰ, ਮਹਾਂਕਾਵਿ ਰਾਣਾ ਸੂਰਤ ਸਿੰਘ, ਕਾਵਿ-ਸੰਗ੍ਰਹਿ ; ਲਹਿਰਾਂ ਦੇ ਹਾਰ, ਮਟਕ ਹੁਲਾਰੇ, ਕੰਬਦੀ ਕਲਾਈ, ਪ੍ਰੀਤ ਵੀਣਾ ਤੇ ਮੇਰੇ ਸਾਈਆਂ ਜੀਉ, ਨਾਟਕ ; ਰਾਜਾ ਲੱਖ ਦਾਤਾ ਸਿੰਘ, ਵੱਡ-ਅਕਾਰੀ ਜੀਵਨੀ ਸਾਹਿਤ ; ਬਾਬਾ ਨੌਧ ਸਿੰਘ, ਸੰਤ ਬਿਮਲਾ ਸਿੰਘ, ਭਰਥਰੀ ਹਰੀ ਜੀਵਨ ਅਤੇ ਨੀਤੀ ਸਾਹਿਤ, ਬਾਲ-ਸਾਹਿਤ ਵਿਚ ਗੁਰ ਬਾਲਮ ਸਾਖੀਆਂ, ਦੇਵੀ ਪੂਜਨ ਪੜਤਾਲ ਅਤੇ ਸੰਤ ਗਾਥਾ ਤੋਂ ਇਲਾਵਾ ਗੁਰੂ ਨਾਨਕ ਚਮਤਕਾਰ , ਅਸ਼ਟ ਗੁਰੂ ਚਮਤਕਾਰ , ਕਲਗੀਧਰ ਚਮਤਕਾਰ ਗਦ ਰਚਨਾਵਾਂ, ਪੁਰਾਤਨ ਜਨਮਸਾਖੀ , ਕਬਿਤ , ਸਵਈਏ ਭਾਈ ਗੁਰਦਾਸ , ਜੀਵਨ ਭਾਈ ਗੁਰਦਾਸ , ਭਗਤ ਰਤਨਾਵਲੀ , ਗੁਰੂ ਗ੍ਰੰਥ ਕੋਸ਼, ਸੰਥਿਆ ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਜਾਬੀ ਗ੍ਰੰਥ ਸਟੀਕ ਆਦਿ ਖੋਜ ਸੰਪਾਦਨਾ ਨਾਲ ਸੰਬੰਧਿਤ ਸਾਹਿਤਕ ਰਚਨਾਵਾਂ ਰਾਹੀਂ ਨਿਆਣੇ ਤੋਂ ਸਿਆਣੇ ਤੱਕ, ਹਰ ਵਰਗ ਦੇ ਪੰਜਾਬੀ ਪਾਠਕ ਨੂੰ ਭਾਈ ਵੀਰ ਸਿੰਘ ਨੇ ਪੰਜਾਬੀ ਸਾਹਿਤ ਅਤੇ ਗੁਰਮੁਖੀ ਲਿੱਪੀ ਨਾਲ ਜੋੜਿਆ | ਆਪ ਨੇ ਸਾਲ 1901 ਵਿੱਚ ਚੀਫ਼ ਖਾਲਸਾ ਦੀਵਾਨ ਦੀ ਸਥਾਪਨਾ ਕੀਤੀ ।1908 ਵਿੱਚ ਸਿੱਖ ਵਿੱਦਿਅਕ ਕਾਨਫਰੰਸਾਂ ਰਾਹੀਂ ਪੰਜਾਬੀ ਸਾਹਿਤ ਦੀ ਦੁਨੀਆਂ ਵਿੱਚ ਇਨਕਲਾਬ ਲੈਂ ਆਂਦਾ।
ਭਾਈ ਵੀਰ ਸਿੰਘ ਨੇ ਪੰਜਾਬੀ ਸਾਹਿਤ ਨੂੰ ਸੰਸਾਰ ਪੱਧਰ ਤੱਕ ਲਿਜਾਣ ਵਾਸਤੇ ਜਿੱਥੇ ਪੰਜਾਹ ਤੋਂ ਵੱਧ ਕਿਤਾਬਾਂ ਲਿਖੀਆਂ ਅਤੇ ਅਨੇਕਾਂ ਨਵੇਂ ਸਾਹਿਤ ਰੂਪਾਂ ਨੂੰ ਪੰਜਾਬੀ ਸਾਹਿਤ ਵਿਚ ਲਿਆਂਦਾ, ਉੱਥੇ ਪੰਜਾਬੀ ਸਾਹਿਤ ਦੀ ਝੋਲੀ ਵਿਚ ਕਈ ਹੋਰ ਮਹਾਨ ਸਾਹਿਤਕਾਰ ਪਾਕੇ ਅਜਿਹਾ ਉਪਕਾਰ ਕੀਤਾ, ਜੋ ਸ਼ਬਦਾਂ ਵਿਚ ਬਿਆਨ ਨਹੀਂ ਹੋ ਸਕਦਾ | ਆਪਣੇ ਸਮਿਆਂ ਵਿਚ ਸੰਸਾਰ ਪੱਧਰ ਦੇ ਸਾਹਿਤ ਦੇ ਚੋਟੀ ਦੇ ਲਿਖਾਰੀ ਪ੍ਰੋ. ਪੂਰਨ ਸਿੰਘ ਵਲੋਂ ਮਾਂ ਬੋਲੀ ਪੰਜਾਬੀ ਵਿਚ ਲਿਖਣਾ ਅਤੇ ਸਿਖਰਲੇ ਪੱਧਰ ਦੀਆ ਲਿਖਤਾਂ ਪੰਜਾਬੀ ਸਾਹਿਤ ਦੇ ਖਜ਼ਾਨੇ 'ਚ ਪਾਉਣਾ, ਭਾਈ ਸਾਹਿਬ ਸਦਕਾ ਹੀ ਸੰਭਵ ਹੋ ਸਕਿਆ | ਲੋਕ ਮੁਹਾਵਰੇ 'ਚ ਮਾਖਿਓਂ ਮਿੱਠੀ ਪੰਜਾਬੀ ਕਵਿਤਾ ਦਾ ਲਿਖਾਰੀ ਧਨੀ ਰਾਮ ਚਾਤਿ੍ਕ, ਭਾਈ ਸਾਹਿਬ ਦੀ ਪ੍ਰੇਰਨਾ ਅਤੇ ਸਹਿਯੋਗ ਸਦਕਾ ਹੀ ਗੁਰਮੁਖੀ ਦੇ ਵਿਹੜੇ ਦਾ ਗੁਲਾਬ ਬਣਿਆ |
ਇਥੇ ਹੀ ਬੱਸ ਨਹੀਂ, ਲੋਕ-ਸਾਹਿਤ ਦੇ ਧਨੀਆਂ ਤੋਂ ਲੈ ਕੇ ਪੱਤਰਕਾਰ, ਨਾਵਲਕਾਰ, ਨਾਟਕਕਾਰ ਅਤੇ ਅਨੇਕਾਂ ਕਲਾਕਾਰ ਭਾਈ ਵੀਰ ਸਿੰਘ ਦੇ ਥਾਪੜੇ ਅਤੇ ਹੱਲਾਸ਼ੇਰੀ ਸਦਕਾ, ਪੰਜਾਬੀ ਅੰਬਰ ਦੇ ਸਿਤਾਰੇ, ਚੰਦ ਅਤੇ ਸੂਰਜ ਬਣੇ| ਭਾਈ ਵੀਰ ਸਿੰਘ 1890ਵਿਆਂ ਤੋਂ ਲੈਕੇ 1950ਵਿਆਂ ਤੱਕ ਪੰਜਾਬੀ ਸਾਹਿਤ ਖੇਤਰ ਦੀ ਅਗਵਾਈ ਕਰਦੇ ਰਹੇ ਅਤੇ ਨਿਰੰਤਰ ਕਲਮ ਚਲਾਉਂਦਿਆਂ ਸਾਹਿਤਕ ਸੇਵਾ ਨਿਭਾਉਂਦੇ ਰਹੇ | ਸਾਲ 1949 ਵਿੱਚ ਪੰਜਾਬ ਯੂਨੀਵਰਸਿਟੀ ਨੇ ਆਪ ਨੂੰ 'ਡਾਕਟਰ ਆਫ਼ ਓਰੀਐਂਟਲ ਲਰਨਿੰਗ' ਦੀ ਡਿਗਰੀ ਪ੍ਰਦਾਨ ਕੀਤੀ। ਸਾਲ 1952 ਵਿੱਚ ਆਪਨੂੰ ਪੰਜਾਬ ਵਿਧਾਨ ਪਰਿਸ਼ਦ ਦਾ ਆਂਨਰੇਰੀ ਮੈਂਬਰ ਨਾਮਜ਼ਦ ਕੀਤਾ ਗਿਆ। ਸਾਲ 1954 ਵਿੱਚ ਆਪ ਨੂੰ ਯਾਦਗਾਰੀ ਅਭਿਨੰਦਨ ਗ੍ਰੰਥ ਭੇਟ ਕੀਤਾ ਗਿਆ ਅਤੇ ਆਪ ਨੂੰ ਪਦਮ ਭੂਸ਼ਣ ਦੀ ਉਪਾਧੀ ਦੇ ਨਾਲ ਸਨਮਾਨਤ ਕੀਤਾ ਗਿਆ।ਅੱਧੀ ਸਦੀ ਤੋਂ ਵਧ ਦੇ ਸਮੇਂ ਤਕ ਪੰਜਾਬੀ ਸਾਹਿਤ ਜਗਤ ਦੀ ਮਹਾਨ ਅਤੇ ਅਣਥਕ ਸੇਵਾ ਨਿਭਾ ਕੇ ਇਸ ਦਰਵੇਸ਼ ਸੰਤ ਕਵੀ,ਸਾਹਿਤਕਾਰ ਅਤੇ ਮਹਾਨ ਚਿੰਤਕ ਨੇ 10 ਜੂਨ 1957 ਵਾਲੇ ਦਿਨ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ, ਸਾਨੂੰ ਸਦੀਵੀਂ ਵਿਛੋੜਾ ਦੇ ਦਿੱਤਾ।
        ਪੰਜਾਬੀ ਸਾਹਿਤ ਦੇ ਗਗਨ-ਮੰਡਲ ਦੇ ਧਰੂ ਤਾਰੇ , ਪੰਜਾਬੀ ਮਾਂ-ਬੋਲੀ ਦੇ ਲਾਡਲੇ ਸਾਹਿਤਕਾਰ, ਪੰਜਾਬੀ ਸਾਹਿਤ, ਗੁਰਮਤਿ ਸਾਹਿਤ ਤੇ ਵਲਵਲੇ ਭਰਪੂਰ ਕਵਿਤਾ ਦੇ ਭੰਡਾਰੇ ਭਰਪੂਰ ਕਰਨ ਵਾਲੇ ਕੋਮਲ ਭਾਵੀ, ਮਿੱਠ ਬੋਲੜੇ, ਪ੍ਰੇਮ-ਭਿੱਜੇ, ਰਹੱਸਵਾਦੀ ਅਤੇ ਉੱਚੀ ਬਿਰਤੀ ਵਾਲੇ ਮਹਾਨ ਵਿਦਵਾਨ ਭਾਈ ਵੀਰ ਸਿੰਘ ਆਧੁਨਿਕ ਪੰਜਾਬੀ ਸਾਹਿਤ ਦੇ ਪਿਤਾਮਾ ਕਹੇ ਜਾ ਸਕਦੇ ਹਨ।
ਕੁਦਰਤ ਤੇ ਕਾਦਰ ਦੇ ਰੰਗ ਵਿੱਚ ਰੰਗੀਆਂ ਦਾ ਰਚੇਤਾ ਛੋਟੀਆਂ ਕਵਿਤਾਵਾਂ ਦੇ ਵੱਡਾ ਕਵੀ, ਪੰਜਾਬੀ ਦੇ ਵਰਡਜ਼ਬਰਥ, ਮਿਲਟਨ ਅਤੇ ਦਾਂਤੇ ਕਹੇ ਜਾ ਸਕਣ ਦੇ ਸਮਰੱਥ ਮਹਾਂਕਵੀ ਭਾਈ ਵੀਰ ਸਿੰਘ ਦਾ ਸਾਹਿਤਕ ਮੁਲਾਂਕਣ ਅਜੇ ਤੱਕ ਸਹੀ ਢੰਗ ਨਾਲ ਹੋ ਹੀ ਨਹੀਂ ਸਕਿਆ।ਸਮਕਾਲੀਆਂ ਵਿਚੋਂ ਜੋ ਦੇਣ ਮਹਾਂਕਵੀ ਰਵਿੰਦਰ ਨਾਥ ਟੈਗੋਰ ਦੀ ਬੰਗਾਲੀ ਸਾਹਿਤ ਨੂੰ ਹੈ, ਉਸ ਪੱਧਰ ਦੀ ਹੀ ਦੇਣ ਭਾਈ ਵੀਰ ਸਿੰਘ ਦੀ ਪੰਜਾਬੀ ਨੂੰ ਹੈ | ਬੇਸ਼ੱਕ ਇਹ ਸੱਚ ਹੈ ਕਿ ਟੈਗੋਰ ਦੀ ਆਮਦ ਤੱਕ ਬੰਗਾਲੀ ਭਾਸ਼ਾ ਵਿਚ ਵਿਦਿਅਕ ਪਾਸਾਰ, ਵਿਸ਼ਵ ਵਿਦਿਆਲੇ ਅਤੇ ਸਾਹਿਤਕ ਫੈਲਾਓ ਉੱਚ ਪੱਧਰ 'ਤੇ ਸੀ, ਜਿਸਨੇ ਟੈਗੋਰ ਨੂੰ ਵਿਸ਼ਵ-ਪ੍ਰਸਿੱਧ ਕਰਨ 'ਚ ਅਹਿਮ ਭੂਮਿਕਾ ਨਿਭਾਈ, ਦੂਜੇ ਪਾਸੇ ਪੰਜਾਬੀ ਖੇਤਰ 'ਚ ਭਾਈ ਵੀਰ ਸਿੰਘ ਦੀ ਆਮਦ ਤੱਕ ਵਿਦਿਅਕ ਅਤੇ ਸਾਹਿਤਕ ਪੱਧਰ 'ਤੇ ਵੱਡੀ ਘਾਟ ਸੀ | ਲਾਹੌਰ ਯੂਨੀਵਰਸਿਟੀ ਵਿਚ ਪੰਜਾਬੀ ਦੀ ਪੜ੍ਹਾਈ ਤਾਂ ਕਿਤੇ ਮਗਰੋਂ ਸ਼ੁਰੂ ਹੋਈ | ਅਜਿਹੇ ਸਮੇਂ ਭਾਈ ਵੀਰ ਸਿੰਘ ਵਲੋਂ ਪੰਜਾਬੀ ਬੋਲੀ ਅਤੇ ਗੁਰਮੁਖੀ ਲਿਪੀ ਦੀ ਸਾਹਿਤ ਸਿਰਜਣਾ ਲਈ ਚੋਣ ਕਰਨਾ, ਇਨਕਲਾਬੀ ਕਦਮ ਕਿਹਾ ਜਾ ਸਕਦਾ ਹੈ |
ਭਾਈ ਵੀਰ ਸਿੰਘ ਦੇ ਸਮਕਾਲੀ ਅਲਾਮਾ ਇਕਬਾਲ ਨੂੰ ਉਰਦੂ ਸਾਹਿਤ 'ਚ 'ਸ਼ਾਇਰ-ਏ-ਮਿੱਲਤ' ਦਾ ਦਰਜਾ ਹਾਸਿਲ ਹੈ | ਵਿਦੇਸ਼ ਤੋਂ ਉੱਚ-ਪੱਧਰੀ ਪੜ੍ਹਾਈ ਕਰਨ ਮਗਰੋਂ ਡਾ. ਇਕਬਾਲ ਨੇ ਸਾਹਿਤ ਸਿਰਜਣਾ ਲਈ ਉਰਦੂ ਦੀ ਚੋਣ ਕੀਤੀ, ਹਾਲਾਂਕਿ ਉਹ ਪੰਜਾਬੀ ਸੀ, ਪਰ ਉਸਨੇ ਪੰਜਾਬੀ ਵਿਚ ਨਹੀਂ ਲਿਖਿਆ | ਇਸ ਦੇ ਬਾਵਜੂਦ ਉਰਦੂ ਪ੍ਰੇਮੀਆਂ ਨੇ 'ਸ਼ਾਇਰ-ਏ-ਮਿੱਲਤ' ਭਾਵ ਕੌਮੀ ਸ਼ਾਇਰ ਦਾ ਮਾਣ ਦੇ ਕੇ ਡਾ. ਇਕਬਾਲ ਨੂੰ ਸਿਰਮੌਰ ਲਿਖਾਰੀ ਪ੍ਰਵਾਨਿਆ | ਡਾ. ਭਾਈ ਵੀਰ ਸਿੰਘ ਵੀ ਸਰਦੇ-ਪੁਜਦੇ ਪਰਿਵਾਰ ਵਿਚੋਂ ਸਨ | ਭਾਸ਼ਾ ਪੱਖੋਂ ਅੰਗਰੇਜ਼ੀ, ਹਿੰਦੀ, ਸੰਸਕ੍ਰਿਤ, ਉਰਦੂ, ਫਾਰਸੀ ਦੇ ਗਿਆਤਾ ਸਨ | ਪਰਿਵਾਰਿਕ ਪਿਛੋਕੜ ਕਰਕੇ ਉੱਚ ਪੱਧਰੀ ਸਾਇੰਸ ਵਿੱਦਿਆ ਲਈ ਇੰਗਲੈਂਡ ਦੀ ਕਿਸੇ ਵੀ ਯੂਨੀਵਰਸਿਟੀ ਵਿਚ ਜਾ ਸਕਦੇ ਸਨ | ਅੰਗਰੇਜ਼ੀ ਵਿਚ ਸਾਹਿਤ ਲਿਖ ਕੇ ਉੱਚਾ ਨਾਂ ਕਮਾ ਸਕਦੇ ਸਨ |
ਇਹਨਾਂ ਸੁਨਹਿਰੀ ਮੌਕਿਆਂ ਦੇ ਬਾਵਜੂਦ ਭਾਈ ਵੀਰ ਸਿੰਘ ਨੇ 'ਪੰਜਾਬੀ ਸਪੂਤ ਹੋਣ ਦਾ ਸਬੂਤ' ਦਿੰਦਿਆਂ ਪੰਜਾਬੀ ਬੋਲੀ, ਸਾਹਿਤ ਅਤੇ ਗੁਰਮੁਖੀ ਲਿੱਪੀ ਦਾ ਰਾਹ ਚੁਣਿਆ ਅਤੇ ਸਾਰੀ ਜ਼ਿੰਦਗੀ ਪੰਜਾਬੀ ਨੂੰ ਸਮਰਪਿਤ ਕਰ ਦਿੱਤੀ | ਇਹ ਕੋਈ ਛੋਟੀ ਗੱਲ ਨਹੀਂ ਸੀ, ਬਲਕਿ ਪੰਜਾਬੀ ਸਾਹਿਤ ਖੇਤਰ ਨੂੰ ਵੀਹਵੀਂ ਸਦੀ 'ਚ ਉੱਚੇ ਪੱਧਰ ਤੱਕ ਲਿਜਾਣ ਦਾ ਵੱਡਾ ਉਪਰਾਲਾ ਸੀ | ਭਾਈ ਵੀਰ ਸਿੰਘ ਨੂੰ ਸੰਨ 1956 ਵਿਚ ਕਾਵਿ ਰਚਨਾ 'ਮੇਰੇ ਸਾਈਆਂ ਜੀਉ' ਲਈ ਸਾਹਿਤ ਅਕੈਡਮੀ ਪੁਰਸਕਾਰ ਮਿਲਿਆ | 'ਸ਼ੋ੍ਰਮਣੀ ਸਾਹਿਤਕਾਰ' ਵਜੋਂ ਪੰਜਾਬੀ ਵਿਚ ਇਹ ਪੁਰਸਕਾਰ ਲੈਣ ਵਾਲੇ ਪਹਿਲੇ ਸਾਹਿਤਕਾਰ ਭਾਈ ਵੀਰ ਸਿੰਘ ਹੀ ਹਨ |
ਜਿਥੇ 1950ਵਿਆਂ ਵਿਚ ਇਕ ਪਾਸੇ ਭਾਈ ਵੀਰ ਸਿੰਘ ਨੂੰ ਭਾਰਤੀ ਸਾਹਿਤ ਅਕੈਡਮੀ ਪੁਰਸਕਾਰ ਮਿਲਦਾ ਹੈ, ਉਥੇ ਦੂਜੇ ਪਾਸੇ ਪੰਜਾਬੀ ਸਾਹਿਤ 'ਚ ਇਕ ਵਿਸ਼ੇਸ਼ ਧੜੇ ਵਲੋਂ ਉਹਨਾਂ ਖਿਲਾਫ਼ ਈਰਖਾ ਦਾ ਦੌਰ ਵੀ ਇਥੋਂ ਹੀ ਸ਼ੁਰੂ ਹੁੰਦਾ ਹੈ | ਪੰਜਾਬੀ ਸਾਹਿਤ ਦੇ ਅਣਥੱਕ ਸੇਵਾਦਾਰ ਨੂੰ ਸਮਕਾਲੀ 'ਸਾਹਿਤ ਮਾਫ਼ੀਆ' ਭੰਡਣ ਲੱਗਦਾ ਹੈ | ਸਾਹਿਤਕ ਸੂਝ-ਬੂਝ ਤੋਂ ਸੱਖਣੇ ਲੋਕ ਉਦੋਂ ਤੋਂ ਲੈ ਕੇ ਹੁਣ ਤੱਕ ਭਾਈ ਵੀਰ ਸਿੰਘ ਨੂੰ ਮਿਥ ਕੇ ਭੰਡਦੇ ਆ ਰਹੇ ਹਨ | ਸਵੈ-ਨਿਰਧਾਰਤ ਆਲੋਚਨਾ ਪੈਮਾਨੇ 'ਤੇ ਭਾਈ ਵੀਰ ਸਿੰਘ ਨੂੰ ਰੱਦ ਕਰਨ ਵਾਲੇ ਇਹ ਆਲੋਚਕ ਦੋਸ਼ ਲਾਉਂਦੇ ਹਨ ਕਿ ਭਾਈ ਵੀਰ ਸਿੰਘ ਪਿਛਾਂਹ-ਖਿੱਚੂ ਲੇਖਕ ਹੈ, ਉਸਦੀ ਸ਼ਾਇਰੀ ਸਮਕਾਲੀ ਹਾਲਤਾਂ ਦੀ ਵਿਆਖਿਆ ਨਹੀਂ ਕਰਦੀ, ਫੋਕਾ ਰੋਮਾਂਸਵਾਦ ਬਿਆਨ ਕਰਦੀ ਹੈ, ਭਾਈ ਵੀਰ ਸਿੰਘ ਸਿੱਖੀ ਪ੍ਰਤੀ ਭਾਵੁਕ ਹੋ ਕੇ ਲਿਖਦਾ ਹੈ, ਉਹ ਅੰਗਰੇਜ਼ ਸਾਮਰਾਜ ਦੀ ਆਲੋਚਨਾ ਨਹੀਂ ਕਰਦਾ, ਆਜ਼ਾਦੀ ਦੀ ਗੱਲ ਨਹੀਂ ਕਰਦਾ ਅਤੇ ਉਹ 'ਪੰਜਾਬ ਦੇ ਤਾਣੇ-ਪੇਟੇ ਨੂੰ ਲੀਰੋ-ਲੀਰ' ਕਰਦਾ ਹੈ |
ਦਰਅਸਲ ਭਾਈ ਵੀਰ ਸਿੰਘ ਦੀ ਸਾਹਿਤਕ ਦੇਣ ਨੂੰ ਛੁਟਿਆਉਣ ਲਈ 'ਸਾਹਿਤ ਮਾਫ਼ੀਆ' ਯੋਜਨਾਬੱਧ ਢੰਗ ਨਾਲ ਪ੍ਰਚਾਰ ਕਰਦਾ ਆ ਰਿਹਾ ਹੈ | ਅਜਿਹਾ ਬਿਰਤਾਂਤ ਸਿਰਜ ਕੇ ਮਾਫ਼ੀਆ ਭਾਈ ਸਾਹਿਬ ਨੂੰ ਆਧੁਨਿਕ ਪੰਜਾਬੀ ਸਾਹਿਤ ਦੇ ਮੋਢੀ ਲਿਖਾਰੀ ਵਜੋਂ ਬਣਦੀ ਥਾਂ ਖੋਹਣ ਵਿਚ ਕਿਸੇ ਹੱਦ ਤੱਕ ਸਫ਼ਲ ਵੀ ਹੋਇਆ ਹੈ | ਪੰਜਾਬੀ ਵਿਦਿਅਕ ਅਦਾਰਿਆਂ, ਸਾਹਿਤਕ ਸੰਸਥਾਵਾਂ, ਕਾਲਜਾਂ ਅਤੇ ਯੂਨੀਵਰਸਿਟੀਆਂ 'ਤੇ ਪਿਛਲੀ ਅੱਧੀ ਸਦੀ ਤੋਂ ਵੱਧ ਸਮੇਂ ਤੱਕ, ਇਹੀ ਮਾਫ਼ੀਆ ਕਾਬਜ਼ ਚੱਲਿਆ ਆ ਰਿਹਾ ਹੈ | ਅਜਿਹੇ ਈਰਖਾਲੂ ਆਲੋਚਕਾਂ ਵਲੋਂ ਭਾਈ ਵੀਰ ਸਿੰਘ ਵਿਰੁੱਧ ਨਫ਼ਰਤ ਫੈਲਾਉਣ 'ਚ ਸਫਲ ਹੋਣ ਦਾ ਕਾਰਨ ਇਹ ਵੀ ਹੈ ਕਿ ਭਾਈ ਸਾਹਿਬ ਦੀ ਸਾਹਿਤਕ ਦੇਣ ਤੋਂ ਜਾਣੂੰ ਲਿਖਾਰੀਆਂ ਦੀ ਜਾਂ ਤਾਂ ਗਿਣਤੀ ਹੀ ਨਿਗੂਣੀ ਹੈ ਅਤੇ ਜਾਂ ਫਿਰ ਉਹ 'ਸਾਹਿਤ ਮਾਫ਼ੀਆ' ਨਾਲ ਟੱਕਰ ਲੈਣ ਤੋਂ ਡਰਦੇ ਹਨ | ਹੈਰਾਨੀ ਵਾਲੀ ਗੱਲ ਇਹ ਹੈ ਕਿ ਭਾਈ ਵੀਰ ਸਿੰਘ ਦੇ 'ਪੰਜਾਬੀ ਦੇ ਮਹਾਨ ਵਿਦਵਾਨ' ਹੋਣ ਦੇ ਬਾਵਜੂਦ, 'ਪੰਜਾਬੀ ਦੇ ਹੀ ਲੇਖਕਾਂ ਤੇ ਆਲੋਚਕਾਂ ਦੀਆਂ ਜੁੰਡਲੀਆਂ' ਉਹਨਾਂ ਨੂੰ ਨਫ਼ਰਤ ਕਿਉਂ ਕਰਦੀਆਂ ਹਨ ਅਤੇ ਛੁਟਿਆ ਕਿਉਂ ਰਹੀਆਂ ਹਨ?
ਅਸਲ ਵਿੱਚ ਭਾਈ ਵੀਰ ਸਿੰਘ ਦੇ ਸਾਹਿਤ ਨਾਲ ਈਰਖਾ ਕਰਨ ਦਾ ਸਭ ਤੋਂ ਵੱਡਾ ਕਾਰਨ ਉਹਨਾਂ ਦਾ ਸਿੱਖੀ ਤੋਂ ਪ੍ਰੇਰਿਤ ਹੋਣਾ ਹੈ | ਭਾਈ ਵੀਰ ਸਿੰਘ ਦੀਆਂ ਲਿਖਤਾਂ ਦਾ ਮਨੋਰਥ ਨਿਸ਼ਚਿਤ ਰੂਪ ਵਿਚ ਪੰਜਾਬੀ ਬੋਲੀ ਦਾ ਪ੍ਰਚਾਰ ਅਤੇ ਗੁਰਮੁਖੀ ਲਿਪੀ ਨੂੰ ਪ੍ਰਫੁਲਤ ਕਰਨਾ ਹੈ | ਚਾਹੇ ਕਵਿਤਾ ਹੋਵੇ, ਚਾਹੇ ਨਾਵਲ, ਚਾਹੇ ਕਹਾਣੀ ਤੇ ਚਾਹੇ ਨਾਟਕ, ਭਾਈ ਵੀਰ ਸਿੰਘ ਪਾਠਕਾਂ ਨੂੰ ਪੰਜਾਬੀ ਪੜ੍ਹਨ ਲਈ ਪ੍ਰੇਰਦੇ ਹਨ | ਇਥੇ ਉਹ ਖੁੱਲ੍ਹ ਦਿਲੀ ਨਾਲ ਸਵਿਕਾਰਦੇ ਹਨ ਕਿ ਉਹਨਾਂ ਦੀ ਪ੍ਰੇਰਨਾ ਸਿੱਖੀ ਜੀਵਨ ਜਾਚ ਅਤੇ ਗੁਰੂ ਗ੍ਰੰਥ ਸਾਹਿਬ ਹਨ | ਗੁਰਮੁਖੀ ਲਿਪੀ ਅਤੇ ਪੰਜਾਬੀ ਬੋਲੀ ਰਾਹੀਂ ਸਿੱਖੀ ਵਿਰਾਸਤ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਂਦੇ ਹੋਏ ਭਾਈ ਵੀਰ ਸਿੰਘ ਨਾਵਲ 'ਸੁੰਦਰੀ' ਦੀ ਭੂਮਿਕਾ ਵਿੱਚ ਲਿਖਦੇ ਹਨ,''ਇਸ ਪੁਸਤਕ ਦੇ ਲਿਖਣ ਤੋਂ ਸਾਡਾ ਤਾਤਪਰਜ ਇਹ ਹੈ ਕਿ ਪੁਰਾਣੇ ਸਮਾਚਾਰ ਪੜ੍ਹ-ਸੁਣ ਕੇ ਸਿੱਖ ਲੋਕ ਆਪਣੇ ਧਰਮ ਵਿਚ ਪੱਕੇ ਹੋਣ, ਪਰਮੇਸ਼ਰ ਦੀ ਭਗਤੀ ਤੇ ਜਗਤ ਦੇ ਵਿਹਾਰ, ਦੋਹਾਂ ਨੂੰ ਨਿਭਾਉਣ, ਕੁਰੀਤੀਆਂ ਦਾ ਤਿਆਗ ਹੋਵੇ, ਧਰਮ ਦਾ ਵਾਧਾ ਹੋਵੇ, ਆਪਣੇ ਉੱਤਮ ਅਸੂਲ ਪਿਆਰੇ ਲੱਗਣ, ਆਪਣੇ ਵਿਚ ਜਥੇਬੰਦ ਹੋਕੇ ਸਿੰਘ, ਦੂਜੀਆਂ ਕੌਮਾਂ ਨੂੰ ਇਕ ਰਸ ਜਾਣ ਕੇ, ਕਿਸੇ ਨਾਲ 'ਅਤਿ ਵੈਰ ਤੇ ਕਿਸੇ ਨਾਲ ਅਤਿ ਮੋਹ ਨਾ ਕਰਨ', ਸਗੋਂ 'ਮਾਨਸ ਕੀ ਜਾਤਿ ਸਭੈ ਏਕੈ ਪਹਿਚਾਨਬੋ' ਵਾਲੀ ਗੁਰੂ ਸਿੱਖਿਆ ਪੁਰ ਟੁਰ ਕੇ, ਅਟੱਲ ਰਹਿਣ |''
ਇਹ ਸੱਚ ਹੈ ਕਿ ਭਾਈ ਸਾਹਿਬ ਨੇ ਜਦੋਂ ਪੰਜਾਬੀ ਸਾਹਿਤ ਖੇਤਰ 'ਚ ਪੈਰ ਧਰਿਆ, ਉੱਦੋਂ ਇਕ ਪਾਸੇ ਈਸਾਈ ਮਿਸ਼ਨਰੀ ਤੇ ਦੂਜੇ ਪਾਸੇ ਆਰੀਆ ਸਮਾਜੀ ਸਿੱਖੀ 'ਤੇ ਹਮਲੇ ਕਰ ਕਹੇ ਸਨ | ਸਾਰੀਆਂ ਤਾਕਤਾਂ ਇਕੱਠੀਆਂ ਹੋ ਕੇ ਸਿੱਖੀ, ਪੰਜਾਬੀ ਅਤੇ ਗੁਰਮੁਖੀ ਨੂੰ ਖਤਮ ਕਰਨ 'ਤੇ ਤੁਲੀਆਂ ਸਨ | ਉਦੋਂ ਸਿੰਘ ਸਭਾ ਲਹਿਰ ਨੇ ਇਹਨਾਂ ਤਾਕਤਾਂ ਨਾਲ ਟੱਕਰ ਲਈ ਅਤੇ ਆਰੀਆ ਸਮਾਜ ਤੇ ਈਸਾਈ ਮਿਸ਼ਨਰੀਆਂ ਨੂੰ ਨੱਥ ਪਾਈ | ਪ੍ਰੋ. ਗੁਰਮੁਖ ਸਿੰਘ, ਗਿਆਨੀ ਦਿੱਤ ਸਿੰਘ, ਭਾਈ ਕਾਹਨ ਸਿੰਘ ਨਾਭਾ ਸਮੇਤ ਸਮੂਹ ਸਿੰਘ ਸਭੀਏ, ਕਲਮ ਦੇ ਤਲਵਾਰੀਏ ਬਣ ਕੇ ਸਿੱਖੀ ਤੇ ਪੰਜਾਬੀ ਨੂੰ ਖਤਮ ਕਰਨ ਵਾਲੀਆਂ ਤਾਕਤਾਂ ਖਿਲਾਫ਼ ਡਟੇ | ਭਾਈ ਵੀਰ ਸਿੰਘ ਇਸ ਲਹਿਰ ਨੂੰ ਅਗਲੇ ਪੜਾਓ ਤੱਕ ਲੈ ਕੇ ਗਏ।
ਭਾਈ ਵੀਰ ਸਿੰਘ ਦੇ ਪ੍ਰਚਾਰ ਦੇ ਪ੍ਰਭਾਵ ਸਦਕਾ ਹੀ ਕਈ ਸਿੱਖ ਵਿਦਵਾਨ ਆਰੀਆ ਸਮਾਜ ਨੂੰ ਛੱਡ ਕੇ, ਆਪਣੇ ਸਿੱਖੀ ਵਿਰਸੇ ਨਾਲ ਜੁੜੇ | ਉਹਨਾਂ ਲੇਖਕਾਂ ਨੇ ਗੁਰਮੁਖੀ ਲਿੱਪੀ ਅਤੇ ਪੰਜਾਬੀ ਭਾਸ਼ਾ ਵਿਚ ਲਿਖਣਾ ਸ਼ੁਰੂ ਕੀਤਾ | ਉਦੋਂ ਤੋਂ ਹੀ ਆਰੀਆ ਸਮਾਜੀਆਂ ਅੰਦਰ ਭਾਈ ਵੀਰ ਸਿੰਘ ਪ੍ਰਤੀ ਨਫ਼ਰਤ ਬਣੀ ਹੋਈ ਸੀ, ਜੋ ਕਿ ਧਨੀ ਰਾਮ ਚਾਤਿ੍ਕ ਅਤੇ ਪ੍ਰੋ. ਪੂਰਨ ਸਿੰਘ ਨੂੰ ਭਾਈ ਵੀਰ ਸਿੰਘ ਦੇ ਪੰਜਾਬੀ ਸਾਹਿਤ ਖੇਤਰ 'ਚ ਲਿਆਉਣ ਕਰਕੇ ਸਿਖਰ 'ਤੇ ਪਹੁੰਚ ਗਈ | ਆਰੀਆ ਸਮਾਜੀਆਂ ਨੇ ਹੀ ਗੁਰਮੁਖੀ ਲਿਪੀ ਦੀ ਥਾਂ ਦੇਵਨਾਗਰੀ ਲਿਪੀ ਅਤੇ ਪੰਜਾਬੀ ਦੀ ਥਾਂ ਹਿੰਦੀ ਨੂੰ ਅਪਨਾਉਣ 'ਤੇ ਜ਼ੋਰ ਦਿੱਤਾ ਸੀ |
ਅੱਜ-ਕੱਲ੍ਹ ਵੀ ਜੋ 'ਇਕ ਭਾਸ਼ਾ ਇਕ ਰਾਸ਼ਟਰ' ਦਾ ਨਾਅਰਾ ਦਿੱਤਾ ਜਾ ਰਿਹਾ ਹੈ, ਉਹ ਅਸਲ ਵਿਚ 'ਆਰੀਆ ਸਮਾਜੀ ਬਿਰਤਾਂਤ ਦਾ ਹੀ ਸੰਗਠਿਤ ਰੂਪ' ਹੈ | ਇਸ ਦਾ ਸ਼ਿਕਾਰ ਕਈ ਦੇਸ਼ ਭਗਤ ਪੰਜਾਬੀ ਵੀ ਹੋਏ, ਜਿਹੜੇ ਆਰੀਆ ਸਮਾਜ ਦੇ ਪ੍ਰਚਾਰ ਅਧੀਨ ਪੰਜਾਬੀ ਦੀ ਥਾਂ ਹਿੰਦੀ ਨੂੰ ਅਪਨਾਉਣ ਅਤੇ ਗੁਰਮੁਖੀ ਦੀ ਥਾਂ ਦੇਵਨਾਗਰੀ ਵਿਚ ਲਿਖਣ ਨੂੰ ਪ੍ਰਚਾਰਦੇ ਰਹੇ | ਭਾਈ ਵੀਰ ਸਿੰਘ ਨੇ ਅਜਿਹੇ ਸਮੇਂ 'ਕਲਮ ਨੂੰ ਪੰਜਾਬੀ ਤੇ ਗੁਰਮੁਖੀ ਦੇ ਬਚਾਓ ਲਈ ਤਲਵਾਰ' ਬਣਾ ਕੇ ਵਰਤਿਆ ਅਤੇ ਵਿਰੋਧੀ ਤਾਕਤਾਂ ਨਾਲ ਟੱਕਰ ਲੈਂਦੇ ਹੋਏ, ਉਹ ਪੰਜਾਬੀ ਬੋਲੀ ਦੇ ਯੋਧੇ ਬਣ ਕੇ ਨਿੱਤਰੇ |
ਕੀ ਗੁਰਬਾਣੀ ਸਾਹਿਤ ਅਤੇ ਸਿੱਖ ਵਿਰਾਸਤ ਤੋਂ ਪ੍ਰੇਰਨਾ ਲੈਣ ਵਾਲਾ ਵਿਅਕਤੀ ਪੰਜਾਬੀ ਸਾਹਿਤਕਾਰ ਨਹੀਂ ਹੋ ਸਕਦਾ? ਇਹ ਬਿਰਤਾਂਤ ਨਿਰਾ ਪਾਖੰਡ ਅਤੇ ਦੰਭ ਹੈ | ਸੰਸਾਰ ਦੇ ਸਰਵੋਤਮ ਸਾਹਿਤ ਵੱਲ ਨਿਗ੍ਹਾ ਮਾਰੀਏ, ਤਾਂ ਸਾਨੂੰ ਇਸ ਦਾ ਉੱਤਰ ਸਹਿਜੇ ਹੀ ਮਿਲ ਜਾਂਦਾ ਹੈ | ਇੰਗਲੈਂਡ ਦਾ ਮਹਾਂਕਵੀ ਮਿਲਟਨ ਅਤੇ ਇਟਲੀ ਦਾ ਮਹਾਂ-ਕਵੀ ਦਾਂਤੇ ਇਸਦੀ ਮਿਸਾਲ ਹਨ | ਦੋਵੇਂ ਸੰਸਾਰ ਸਾਹਿਤ ਦੇ ਮੰਨੇ-ਪ੍ਰਮੰਨੇ ਲਿਖਾਰੀ ਹਨ | ਜੌਹਨ ਮਿਲਟਨ ਦੀ ਲਿਖਤ 'ਪੈਰਾਈੲਜ਼ ਲੌਸਟ' ਵਿਸ਼ਵ ਸਾਹਿਤ ਦਾ ਸ਼ਾਹਕਾਰ ਮੰਨੀ ਜਾਂਦੀ ਹੈ | ਇਉਂ ਹੀ ਦਾਂਤੇ ਦੀ ਲਿਖਤ 'ਡਿਵਾਈਨ ਕਾਮੇਡੀ' ਨੂੰ ਸਾਹਿਤ ਜਗਤ ਵਿਚ ਉੱਚਾ ਥਾਂ ਹਾਸਿਲ ਹੈ | ਇਹ ਦੋਵੇਂ ਲਿਖਤਾਂ ਬਾਈਬਲ 'ਤੇ ਆਧਾਰਿਤ ਹਨ | ਦਾਂਤੇ ਅਤੇ ਮਿਲਟਨ ਈਸਾਈਅਤ ਤੋਂ ਪ੍ਰੇਰਿਤ ਹਨ | ਇਸ ਦੇ ਬਾਵਜੂਦ ਉਹਨਾਂ ਦੀ ਸਾਹਿਤਕ ਸ਼ਖ਼ਸੀਅਤ ਨੂੰ ਛੁਟਿਆਉਣ ਦਾ ਕੋਈ ਹੀਆ ਨਹੀਂ ਕਰਦਾ | ਦੋਵੇਂ ਮਹਾਂਕਵੀ ਵਜੋਂ ਜਾਣੇ ਜਾਂਦੇ ਹਨ | ਜੇਕਰ ਮਿਲਟਨ ਤੇ ਦਾਂਤੇ ਬਾਈਬਲ ਤੋਂ ਪ੍ਰੇਰਨਾ ਲੈ ਕੇ ਸੰਸਾਰ ਪੱਧਰ 'ਤੇ ਮਹਾਨ ਸਾਹਿਤਕਾਰ ਬਣ ਸਕਦੇ ਹਨ, ਤਾਂ ਫਿਰ ਭਾਈ ਵੀਰ ਸਿੰਘ ਗੁਰੂ ਗ੍ਰੰਥ ਸਾਹਿਬ ਤੋਂ ਪ੍ਰੇਰਨਾ ਲੈ ਕੇ ਮਹਾਂਕਵੀ ਕਿਉਂ ਨਹੀਂ ਬਣ ਸਕਦੇ? ਭਾਈ ਸਾਹਿਬ ਦੀ ਲਿਖਤ ਗੁਰਬਾਣੀ ਦੀ ਜੀਵਨ ਜਾਚ ਨੂੰ ਪੰਜਾਬੀ ਸਾਹਿਤ ਖੇਤਰ ਵਿਚ, ਵੱਖ-ਵੱਖ ਸਾਹਿਤਕ ਰੂਪਾਕਾਰਾਂ ਰਾਹੀਂ ਪੇਸ਼ ਕਰਦੀ ਹੋਈ ਅਮਰ ਹੋ ਨਿਬੜਦੀ ਹੈ | ਇਉਂ ਭਾਈ ਵੀਰ ਸਿੰਘ ਪੰਜਾਬੀ ਵਿਚ ਮਿਲਟਨ ਅਤੇ ਦਾਂਤੇ ਵਾਂਗ ਕੱਦਾਵਰ ਤੇ ਸਿਰਮੌਰ ਵਿਦਵਾਨ ਹੋ ਨਿਬੜਦੇ ਹਨ |
ਪੱਛਮੀ ਸਾਹਿਤ ਪਰੰਪਰਾ ਤੋਂ ਮਗਰੋਂ ਭਾਰਤੀ ਸਾਹਿਤ ਪਰੰਪਰਾ ਵੱਲ ਨਿਗ੍ਹਾ ਮਾਰੀਏ, ਤਾਂ ਇਥੇ ਹੀ ਅਨੇਕਾਂ ਮਿਸਾਲਾਂ ਹਨ | ਮਹਾਂਕਵੀ ਤੁਲਸੀ ਦਾਸ ਹੋਣ ਜਾਂ ਮਹਾਂਕਵੀ ਸੂਰਦਾਸ, ਇਹਨਾਂ ਨੂੰ ਸਾਹਿਤ ਵਿਚ ਉੱਚਾ ਦਰਜਾ ਹਾਸਿਲ ਹੈ | ਜੇ ਤੁਲਸੀ ਦਾਸ ਸ੍ਰੀ ਰਾਮ ਦੇ ਗੁਣਗਾਨ ਕਰਕੇ ਤੇ ਰਾਮਾਇਣ ਲਿਖਕੇ ਮਹਾਂਕਵੀ ਹੋ ਸਕਦੇ ਹਨ, ਜੇ ਸੂਰਦਾਸ ਸ੍ਰੀ ਕ੍ਰਿਸ਼ਨ ਬਾਰੇ ਲਿਖਕੇ ਮਹਾਂਕਵੀ ਹੋ ਸਕਦੇ ਹਨ ਤਾਂ ਕੀ ਭਾਈ ਵੀਰ ਸਿੰਘ ਗੁਰੂ ਨਾਨਕ ਚਮਤਕਾਰ, ਅਸ਼ਟ ਗੁਰੂ ਚਮਤਕਾਰ ਅਤੇ ਕਲਗੀਧਰ ਚਮਤਕਾਰ ਲਿਖ ਕੇ, ਮਹਾਂਕਵੀ ਨਹੀਂ ਹੋ ਸਕਦੇ? ਦੋਹਰੇ ਮਾਪਦੰਡ ਭਾਈ ਵੀਰ ਸਿੰਘ ਲਈ ਹੀ ਕਿਉਂ?
ਇਥੇ ਹੀ ਬੱਸ ਨਹੀਂ ਅਖੌਤੀ ਖੱਬੇ ਪੱਖੀ ਆਲੋਚਕ ਭਾਈ ਵੀਰ ਸਿੰਘ ਨੂੰ ਸਿੱਖੀ ਪ੍ਰਤੀ ਉਪਭਾਵੁਕ ਹੋ ਕੇ ਲਿਖਣ ਵਾਲਾ ਗਰਦਾਨਦੇ ਹਨ | ਦੂਜੇ ਪਾਸੇ ਅਜਿਹੇ ਆਲੋਚਕਾਂ ਦੀ ਆਪਣੀ ਲਿਖਤ ਖੱਬੇ ਪੱਖੀ ਫਲਸਫੇ ਪ੍ਰਤੀ ਹੱਦੋਂ ਵੱਧ ਉਪ-ਭਾਵੁਕਤਾ 'ਚੋਂ ਪੈਦਾ ਹੁੰਦੀ ਹੈ | ਅਖੌਤੀ ਅਗਾਂਹ ਵਧੂ ਪਹੁੰਚ ਦਾ ਨਾਂ ਵਰਤ ਕੇ ਇਹ ਲੇਖਕ ਆਪਣੇ ਘੜੇ ਮਾਪ-ਦੰਡ ਪੂਰੀ ਕੱਟੜਤਾ ਨਾਲ ਪ੍ਰਚਾਰਦੇ ਹਨ | ਇਹਨਾਂ ਦੀਆਂ ਕਵਿਤਾਵਾਂ, ਕਹਾਣੀਆਂ, ਨਾਵਲ, ਨਾਟਕ ਆਦਿ ਰੂਸੀ ਲਿਖਤਾਂ ਦੀ ਕੱਚ-ਘਰੜ ਨਕਲ ਤੋਂ ਵੱਧ ਕੁਝ ਨਹੀਂ | 'ਦਿੱਤਾ ਹੈ' ਅਤੇ 'ਸਿੱਧ ਕਰਨਾ ਹੈ' ਆਦਿ ਸੰਦ ਇਹਨਾਂ ਦੀ ਆਲੋਚਨਾ ਦਾ ਅਧਾਰ ਹਨ | ਜੋ ਲਿਖਤ ਇਹਨਾਂ ਦੇ ਢਾਂਚੇ 'ਚ ਫਿੱਟ ਨਹੀਂ, ਉਹ ਲਿਖਤ ਮਿਆਰੀ ਨਹੀਂ ਅਤੇ ਜੋ ਲਿਖਤ ਕੱਟੜਤਾ ਨਾਲ ਖੱਬੇ ਪੱਖੀ ਮਾਪਦੰਡ ਦੇ ਚੌਖਟੇ 'ਚ ਢੁਕਦੀ ਹੈ, ਉਹੀ ਮਿਆਰੀ ਹੈ |
ਇਹਨਾਂ ਸਾਹਿਤ ਮਾਫੀਏ ਦੇ ਕੱਟੜਵਾਦੀਆਂ ਦੀ ਜੁੰਡਲੀ ਭਾਈ ਵੀਰ ਸਿੰਘ ਨੂੰ ਤਾਂ ਸਿੱਖੀ ਪ੍ਰਤੀ ਭਾਵੁਕ ਦੱਸਦੀ ਹੈ, ਪਰ ਇਹਨਾਂ ਨੂੰ ਆਪਣੀ ਭਾਵੁਕਤਾ ਨਜ਼ਰ ਨਹੀਂ ਆਉਂਦੀ | ਉਂਝ ਵੀ ਜੇਕਰ ਇਹ ਲੇਖਕ ਤੇ ਆਲੋਚਕ ਪੱਛਮੀ ਢਾਂਚੇ ਨੂੰ ਅਪਨਾ ਕੇ ਖ਼ੁਦ ਨੂੰ ਸਹੀ ਦੱਸਦੇ ਹਨ, ਤਾਂ ਭਾਈ ਵੀਰ ਸਿੰਘ ਤੇ ਉਹਨਾਂ ਦੇ ਰਾਹ 'ਤੇ ਚੱਲਣ ਵਾਲੇ ਧਰਾਤਲ ਪੱਧਰ 'ਤੇ ਗੁਰਬਾਣੀ ਤੇ ਵਿਰਸੇ ਨੂੰ ਅਪਨਾ ਕੇ ਗ਼ਲਤ ਕਿਵੇਂ ਹਨ? ਇਹਨਾਂ ਕੱਚ-ਘਰੜ ਆਲੋਚਕਾਂ ਦੀ ਸੋਚ ਤਾਂ 'ਘਰ ਦਾ ਜੋਗੀ ਜੋਗੜਾ, ਬਾਹਰਲਾ ਜੋਗੀ ਸਿੱਧ' ਵਾਲੀ ਹੈ |
ਭਾਈ ਵੀਰ ਸਿੰਘ 'ਤੇ ਅੱਜ ਕੱਲ੍ਹ ਦੇ ਹੀਰ-ਵੰਨੇ ਵਾਲੇ ਨਵੇਂ 'ਚੁੰਝ ਵਿਦਵਾਨ' ਇਹ ਦੋਸ਼ ਵੀ ਲਾਉਂਦੇ ਹਨ ਕਿ ਭਾਈ ਸਾਹਿਬ ਨੇ 'ਪੰਜਾਬ ਦੇ ਫੈਬਰਿਕ' ਭਾਵ ਤਾਣੇ ਪੇਟੇ ਨੂੰ ਤਹਿਸ ਨਹਿਸ ਕੀਤਾ | ਇਸ ਦੋਸ਼ ਦਾ ਅਧਾਰ ਅਖੌਤੀ ਆਲੋਚਕ ਭਾਈ ਸਾਹਿਬ ਦਾ ਸਿੱਖੀ ਨੂੰ ਸਮਰਪਿਤ ਹੋਣਾ ਮੰਨਦੇ ਹਨ | ਇਹ ਦੋਸ਼ ਨਿਰਮੂਲ ਹੈ ਤੇ ਸਾਜਿਸ਼ੀ ਢੰਗ ਨਾਲ ਮੜਿ੍ਆ ਗਿਆ ਹੈ | ਪਹਿਲੀ ਗੱਲ ਤਾਂ ਇਹ ਹੈ ਕਿ ਸਿੱਖੀ ਨੇ ਪੰਜਾਬ ਦਾ ਫੈਬਰਿਕ ਨਸ਼ਟ ਨਹੀਂ ਕੀਤਾ, ਸਗੋਂ ਮਜ਼ਬੂਤ ਕੀਤਾ ਹੈ | ਗੁਰੂ ਗ੍ਰੰਥ ਸਾਹਿਬ ਵਾਹਦ ਇਕੋ-ਇਕ ਸੋਮਾ ਹਨ, ਜੋ ਰੰਗ, ਨਸਲ, ਜਾਤ, ਫਿਰਕੇ, ਬੋਲੀ ਤੇ ਖੇਤਰ ਆਦਿ ਤੋਂ ਉੱਪਰ ਹੋਕੇ, ਸਭ ਨੂੰ ਇਕ ਲੜੀ ਵਿਚ ਜੋੜਦੇ ਹਨ | ਸਿੱਖੀ ਤਾਂ ਮਨੂਵਾਦੀ ਵਿਤਕਰੇ, ਊਚ ਨੀਚ, ਛੂਆ-ਛਾਤ, ਵਰਣ-ਵੰਡ ਆਦਿ ਨੂੰ ਰੱਦ ਕਰਕੇ, ਸਭ ਨੂੰ ਬਰਾਬਰਤਾ ਦਿੰਦੀ ਹੈ | ਭਾਈ ਵੀਰ ਸਿੰਘ ਦੀ ਹਰ ਲਿਖਤ ਵੀ ਜਿਥੇ ਉਕਤ ਗੌਰਵਮਈ ਵਿਰਸੇ 'ਤੇ ਫਖ਼ਰ ਮਹਿਸੂਸ ਕਰਨਾ ਸਿਖਾਉਂਦੀ ਹੈ, ਉਥੇ ਵਿਤਕਰਿਆਂ ਦੀਆਂ ਵਲਗਣਾਂ ਵੀ ਤੋੜਦੀ ਹੈ |
ਭਾਈ ਸਾਹਿਬ ਨੇ ਪੰਜਾਬ ਦਾ ਤਾਣਾ ਪੇਟਾ ਗ਼ਰਕ ਨਹੀਂ ਕੀਤਾ, ਸਗੋਂ ਗ਼ਰਕ ਹੋਣੋ ਬਚਾਇਆ ਹੈ | ਗੁਰਮੁਖੀ ਸਾਹਿਤ ਵਿਚ ਲਾਲਾ ਧਨੀ ਰਾਮ ਚਾਤਿ੍ਕ ਦਾ ਪ੍ਰਵੇਸ਼ ਕਰਵਾਉਣ ਵਾਲੇ ਕੋਈ ਹੋਰ ਨਹੀਂ, ਸਗੋਂ ਭਾਈ ਵੀਰ ਸਿੰਘ ਹਨ | ਉਸ ਸਮੇਂ ਆਰੀਆ ਸਮਾਜੀ ਪੰਜਾਬ ਵਿਚ ਜਾ ਕੇ ਇਥੋਂ ਦੇ ਪੰਜਾਬੀ ਹਿੰਦੂ ਨੂੰ ਪੰਜਾਬੀ ਨਾਲੋਂ ਤੋੜ ਰਹੇ ਸਨ, ਪਰ ਭਾਈ ਵੀਰ ਸਿੰਘ ਪੰਜਾਬੀ ਹਿੰਦੂ ਨੂੰ ਵੀ ਪੰਜਾਬੀ ਨਾਲ ਜੋੜ ਰਹੇ ਸਨ | ਇਉਂ ਭਾਈ ਸਾਹਿਬ ਨੇ ਮਜ਼ਹਬੀ ਵਲਗਣਾਂ ਤੋਂ ਉੱਪਰ, ਪੰਜਾਬ ਤੇ ਪੰਜਾਬੀ ਦੀ ਫੈਬਰਿਕ ਨੂੰ ਮਜ਼ਬੂਤ ਕਰਨ 'ਚ ਵੱਡੀ ਭੂਮਿਕਾ ਨਿਭਾਈ ਹੈ |
ਜਿੱਥੇ ਪੰਜਾਬ ਦੀ ਵੰਡ ਤੋਂ ਪਹਿਲਾਂ ਦੇ ਆਰੀਆਂ ਸਮਾਜੀ ਤੱਤ ਭਾਈ ਵੀਰ ਸਿੰਘ ਦੇ ਪੰਜਾਬੀ ਪ੍ਰਚਾਰ ਤੋਂ ਈਰਖਾ ਖਾਂਦੇ ਸਨ, ਉੱਥੇ ਪੰਜਾਬ ਦੀ ਵੰਡ ਮਗਰੋਂ ਉਹਨਾਂ 'ਚੋਂ ਹੀ ਬਹੁਤੇ ਅਖੌਤੀ ਪੱਬੇ ਪੱਖੀ ਬਣ ਕੇ, ਭਾਈ ਸਾਹਿਬ ਨੂੰ ਰੱਦ ਕਰਨ ਲਈ ਹੋਰ ਕਾਰਨ ਲੱਭਣ ਤੁਰ ਪਏ | ਉਦੋਂ ਤੋਂ ਲੈ ਕੇ ਹੁਣ ਤੱਕ ਇਹ ਕੋਸ਼ਿਸ਼ਾਂ ਜਾਰੀ ਹਨ | ਉਹ ਦੋਸ਼ ਲਾਉਂਦੇ ਹਨ ਕਿ ਭਾਈ ਵੀਰ ਸਿੰਘ ਨੇ ਸਮਕਾਲੀ ਹਾਲਤਾਂ ਬਾਰੇ ਕਿਉਂ ਨਹੀਂ ਲਿਖਿਆ ਅਤੇ ਅੰਗਰੇਜ਼ਾਂ ਖਿਲਾਫ਼ ਕੁੱਝ ਕਿਉਂ ਨਹੀਂ ਬੋਲਿਆ? ਦੋਸ਼ ਲਾਇਆ ਜਾਂਦਾ ਹੈ ਕਿ ਜੋ ਜ਼ੁਲਮ ਤੇ ਧੱਕੇਸ਼ਾਹੀ ਵੇਖ ਕੇ ਚੁੱਪ ਰਹੇ, ਉਹ ਸਾਹਿਤਕਾਰ ਨਹੀਂ | ਇਹ ਪਰਿਭਾਸ਼ਾ ਸਹੀ ਹੈ, ਪਰ ਇਹ ਸਾਹਿਤ ਮਾਫ਼ੀਆ ਆਪਣੇ ਵਰਗ ਦੇ ਲੇਖਕਾਂ 'ਤੇ ਅਜਿਹੀ ਪਰਿਭਾਸ਼ਾ ਲਾਗੂ ਨਹੀਂ ਕਰਦਾ | ਅਜਿਹੀ ਅਸਾਹਿਤਕ ਬੇਈਮਾਨੀ ਦੀ ਇਕ ਉਦਾਹਰਣ ਇਹ ਹੈ ਕਿ 1984 ਵਿਚ ਦਿੱਲੀ ਸਮੇਤ ਭਾਰਤ ਦੇ ਕੋਨੇ ਕੋਨੇ 'ਚ ਹੋਏ ਸਿੱਖ ਕਤਲੇਆਮ ਵੇਲੇ ਅਖੌਤੀ ਅਗਾਂਹ ਵਧੂ ਲੇਖਕਾਂ ਦੀ ਢਾਣੀ ਦੇ ਮੋਢੀਆਂ ਦੀ ਬੰਦ ਜ਼ੁਬਾਨ! ਦਿੱਲੀ ਵਿਚ ਜਦੋਂ ਸਿੱਖ ਨਸਲਕੁਸ਼ੀ ਹੋ ਰਹੀ ਸੀ ਤੇ ਹਜ਼ਾਰਾਂ ਸਿੱਖ ਮਾਰੇ ਜਾ ਰਹੇ ਸਨ, ਧੀਆਂ ਦੇ 'ਗੈੱਗ ਰੇਪ' ਹੋ ਰਹੇ ਸਨ, ਉਸ ਵੇਲੇ ਦਿੱਲੀ ਵਿਚ ਹੀ ਕਵਿੱਤਰੀ ਅੰਮਿ੍ਤਾ ਪ੍ਰੀਤਮ ਵੀ ਮੌਜੂਦ ਸੀ | ਉਸਨੇ ਇਸ ਦੇ ਖਿਲਾਫ਼ ਇਕ ਸ਼ਬਦ ਵੀ ਨਹੀਂ ਬੋਲਿਆ |
ਅਫ਼ਸੋਸ ਕਿ ਭਾਈ ਵੀਰ ਸਿੰਘ ਨੂੰ ਕਟਿਹਰੇ 'ਚ ਖੜ੍ਹਾ ਕਰਨ ਵਾਲਾ 'ਸਾਹਿਤ ਮਾਫ਼ੀਆ' ਅੰਮਿ੍ਤਾ ਪ੍ਰੀਤਮ ਦੀ ਚੁੱਪ 'ਤੇ ਖਾਮੋਸ਼ ਰਹਿੰਦਾ ਹੈ | ਮੰਨ ਲੈਂਦੇ ਹਾਂ ਕਿ ਅਖੌਤੀ ਅਗਾਂਹ ਵਧੂਆਂ ਨੂੰ ਸਿੱਖ ਕਤਲੇਆਮ ਬਾਰੇ ਬੋਲਣ 'ਤੇ ਤਕਲੀਫ ਹੁੰਦੀ ਹੈ, ਪਰ ਜਦੋਂ ਭਾਰਤ 'ਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ, ਉਦੋਂ ਵੀ ਖੱਬੇ ਪੱਖੀ ਚੁੱਪ ਰਹੇ | ਚੁੱਪ ਹੀ ਨਹੀਂ, ਬਲਕਿ ਐਮਰਜੈਂਸੀ ਦੀ ਹਮਾਇਤ ਕਰਦੇ ਰਹੇ | ਪਰ ਭਾਈ ਵੀਰ ਸਿੰਘ ਸਮਕਾਲੀ ਸਰਕਾਰ ਖਿਲਾਫ ਨਾਂ ਬੋਲਣ ਕਰਕੇ ਸਾਹਿਤਕਾਰ ਦਾ ਫਰਜ਼ ਨਹੀਂ ਨਿਭਾ ਰਹੇ | ਅਜਿਹਾ ਦੋਗਲਾਪਣ ਸਾਹਿਤ ਮਾਫੀਏ ਦਾ ਕਿਰਦਾਰ ਹੈ!
ਭਾਈ ਸਾਹਿਬ ਵੀਰ ਸਿੰਘ ਦੇ ਸਮਕਾਲੀ ਰਵਿੰਦਰ ਨਾਥ ਟੈਗੋਰ ਅਤੇ ਡਾ. ਮੁਹੰਮਦ ਇਕਬਾਲ ਦੀ ਗੱਲ ਕਰੀਏ, ਤਾਂ ਉਹਨਾਂ ਦੀ ਸਮਕਾਲੀ ਭੂਮਿਕਾ ਬਾਰੇ ਖੱਬੇ ਪੱਖੀ ਚੁੱਪ ਹਨ | ਮਹਾਂਕਵੀ ਟੈਗੋਰ ਨੇ ਜਾਰਜ ਪੰਜਵੇਂ ਦੀ ਭਾਰਤ ਫੇਰੀ ਮੌਕੇ 'ਜਨ ਗਨ ਮਨ' ਗੀਤ ਲਿਖਿਆ, ਜੋ ਕਿ ਪ੍ਰਸ਼ੰਸਾ ਮਈ ਸਾਹਿਤ ਦਾ ਹੀ ਰੂਪ ਸੀ | ਜਾਰਜ ਪੰਚਮ ਦੀ ਆਮਦ 'ਤੇ ਲਿਖਿਆ ਇਹ ਗੀਤ ਅੱਜ ਭਾਰਤ ਦਾ ਰਾਸ਼ਟਰੀ ਗੀਤ ਹੈ | ਖੱਬੇ ਪੱਖੀ ਇਹ ਸੱਚ ਬਿਆਨ ਕਰਨ ਤੋਂ ਗੁਰੇਜ ਕਰਦੇ ਹਨ | ਟੈਗੋਰ ਨੂੰ ਅੰਗਰੇਜ਼ਾਂ ਵਲੋਂ 'ਸਰ' ਦਾ ਖਿਤਾਬ ਮਿਲਿਆ ਸੀ, ਜੋ ਕਿ ਉਹ ਵੱਡੇ ਹਮਾਇਤੀ ਨੂੰ ਦਿਆ ਕਰਦੇ ਸਨ | ਇਹ ਸਹੀ ਹੈ ਕਿ ਜਲਿ੍ਆਂ ਵਾਲਾ ਬਾਗ਼ ਦੇ ਸਾਕੇ ਵੇਲੇ ਟੈਗੋਰ ਨੇ ਇਹ ਖਿਤਾਬ ਵਾਪਿਸ ਕੀਤਾ ਸੀ | ਇਸ ਤੋਂ ਇਲਾਵਾ ਟੈਗੋਰ ਦੀ ਕੋਈ ਵੀ ਲਿਖਤ ਅੰਗਰੇਜ਼ ਸਾਮਰਾਜ ਖਿਲਾਫ਼ ਨਹੀਂ, ਪਰ ਟੈਗੋਰ ਦੀ ਕਾਮਰੇਡ ਸਹੁੰ ਖਾਂਦੇ ਹਨ, ਜਦਕਿ ਭਾਈ ਵੀਰ ਸਿੰਘ ਨੂੰ ਬੁਰੀ ਤਰ੍ਹਾਂ ਭੰਡਦੇ ਹਨ | ਡਾ. ਮੁਹੰਮਦ ਇਕਬਾਲ ਨੂੰ ਮੁਸਲਿਮ 'ਕੌਮ ਦੇ ਸ਼ਾਇਰ' ਦਾ ਰੁਤਬਾ ਦਿੰਦੇ ਹਨ, ਜਦਕਿ ਇਕਬਾਲ ਨੇ ਆਪਣੀ ਲਿਖਤ ਵਿਚ ਕਿਧਰੇ ਵੀ ਅੰਗਰੇਜ਼ ਸਾਮਰਾਜ ਨੂੰ ਨਹੀਂ ਨਿੰਦਿਆ | ਵੱਡੇ-ਵੱਡੇ ਸਾਹਿਤਕਾਰ ਉਸਦੇ ਸ਼ੇਅਰ ਪੜ੍ਹਦੇ ਹੋਏ ਅਸ਼-ਅਸ਼ ਕਰਦੇ ਹਨ, ਪਰ ਡਾ. ਇਕਬਾਲ ਦੀ ਅੰਗਰੇਜ਼ਾਂ ਖਿਲਾਫ਼ ਚੁੱਪ 'ਤੇ ਖਾਮੋਸ਼ ਰਹਿੰਦੇ ਹਨ |
ਹੁਣ ਗੱਲ ਭਾਈ ਵੀਰ ਸਿੰਘ ਦੀ ਕਰਦੇ ਹਾਂ | ਅੱਜ ਦੀ ਤਾਰੀਖ਼ ਵਿਚ ਅਸੀ ਸਪੱਸ਼ਟ ਹਾਂ ਕਿ ਅੰਗਰੇਜ਼ਾਂ ਨੇ ਭਾਰਤ ਨੂੰ ਬਸਤੀ ਬਣਾ ਕੇ ਜਿਵੇਂ ਲੁੱਟਿਆ, ਲੋਕਾਂ 'ਤੇ ਜੋ ਕਹਿਰ ਢਾਹਿਆਂ, ਜਲਿ੍ਆਂ ਵਾਲਾ ਬਾਗ ਕਾਂਢ ਕਰਕੇ ਸੈਂਕੜੇ ਬੈਕਸੂਰ ਮਾਰੇ ਅਤੇ ਪੰਜਾਬ ਅਤੇ ਭਾਰਤ ਦੇ ਜਿਵੇਂ ਟੁਕੜੇ ਕੀਤੇ, ਉਹ ਨਾਮੁਆਫ਼ ਕਰਨ ਯੋਗ ਗੁਨਾਹ ਹਨ | ਇਹ ਵੀ ਸੱਚ ਹੈ ਕਿ 1849 ਵਿਚ ਪੰਜਾਬ ਨੂੰ ਗ਼ੁਲਾਮ ਬਣਾਉਣ ਲਈ ਅੰਗਰੇਜ਼ਾਂ ਨਾਲ ਪੂਰਬੀਆਂ ਨੇ ਮਿਲ ਕੇ, ਸਿੱਖ ਰਾਜ ਖਤਮ ਕੀਤਾ, ਜਿਸ ਦਾ ਸਿੱਖਾਂ ਅੰਦਰ ਲਗਾਤਾਰ ਰੋਸ ਸੀ | ਸਿੰਘ ਸਭਾ ਲਹਿਰ ਦੌਰਾਨ ਵੀ ਇਹ ਵਰਤਾਰਾ ਝਲਕਦਾ ਹੈ | ਭਾਈ ਵੀਰ ਸਿੰਘ ਦਾ ਜਲਿ੍ਆ ਵਾਲਾ ਬਾਗ਼ ਸਾਕੇ ਬਾਰੇ ਨਾ ਲਿਖਣਾ ਜਾਂ ਅੰਗਰੇਜ਼ਾਂ ਦਾ ਵਿਰੋਧ ਨਾ ਕਰਨਾ ਵੀ ਉਸੇ ਪ੍ਰਸੰਗ ਦਾ ਹਿੱਸਾ ਹੈ | ਇਸ ਦੇ ਬਾਵਜੂਦ ਭਾਈ ਸਾਹਿਬ ਦੀ ਉਕਤ ਪਹੁੰਚ 'ਤੇ ਅਸਹਿਮਤੀ ਪ੍ਰਗਟਾਉਣਾ ਜਾਇਜ਼ ਹੈ ਤੇ ਆਲੋਚਨਾ ਕਰਨੀ ਸਹੀ ਹੈ, ਪਰ ਇਸ ਆਧਾਰ 'ਤੇ ਭਾਈ ਵੀਰ ਸਿੰਘ ਨਾਲ ਈਰਖਾ ਕਰਨੀ ਅਤੇ ਆਪਣੇ ਖੇਮੇ ਦੇ ਲੇਖਕਾਂ ਦੀ ਪੁਸ਼ਤ-ਪਨਾਹੀ ਕਰਨੀ, ਦੋਗਲੀ ਪਹੁੰਚ ਹੀ ਕਹੀ ਜਾਵੇਗੀ |
ਇਹ ਦੋਹਰੇ ਮਾਪਦੰਡ ਇਉਂ ਹੀ ਹਨ ਜਿਵੇਂ ਕਿ ਪੰਜਾਬ ਅੰਦਰ ਖਾੜਕੂਵਾਦ ਦੇ ਦੌਰ ਸਮੇਂ ਖੱਬੇ ਪੱਖੀਆਂ ਦੀ ਇਕ ਢਾਣੀ ਦਾ ਨਾਅਰਾ ਸੀ ਕਿ ਪੰਜਾਬ ਵਿਚ ਖ਼ਾਲਿਸਤਾਨ ਉਹਨਾਂ ਦੀਆਂ ਲਾਸ਼ਾਂ 'ਤੇ ਬਣੇਗਾ | ਅੱਜ ਪੂਰਾ ਭਾਰਤ 'ਹਿੰਦੂ ਰਾਸ਼ਟਰ' ਬਣਨ ਜਾ ਰਿਹਾ ਹੈ, ਹੁਣ ਉਹਨਾਂ ਦੀਆਂ ਲਾਸ਼ਾਂ ਕਿਧਰੇ ਨਹੀਂ ਵਿਛੀਆਂ, ਸਗੋਂ ਉਹਨਾਂ ਦੇ ਜਿਉਂਦੇ ਜੀਅ ਹੀ ਹਿੰਦੂ ਰਾਸ਼ਟਰ ਕਾਇਮ ਹੋ ਰਿਹਾ ਹੈ | ਇਉਂ ਹੀ ਭਾਈ ਵੀਰ ਸਿੰਘ ਬਾਰੇ ਦੋਗਲਾਪਣ ਸਰਾਸਰ ਬੇਇਨਸਾਫੀ ਅਤੇ ਬੇਈਮਾਨੀ ਹੈ | ਭਾਈ ਵੀਰ ਸਿੰਘ ਆਧੁਨਿਕ ਪੰਜਾਬੀ ਸਾਹਿਤ ਨੂੰ ਕੌਮਾਂਤਰੀ ਪੱਧਰ ਤੱਕ ਲਿਜਾਣ 'ਚ ਵੀਹਵੀਂ ਸਦੀ ਦੇ ਮੁੱਢ ਤੋਂ ਲੈ ਕੇ ਅੱਧੀ ਸਦੀ ਤੱਕ ਸਰਗਰਮ ਰਹਿੰਦੇ ਹਨ | ਪੰਜਾਬੀ ਦੇ ਵਰਡਜ਼ਬਰਥ, ਮਿਲਟਨ ਅਤੇ ਦਾਂਤੇ ਕਹੇ ਜਾ ਸਕਣ ਦੇ ਸਮਰੱਥ ਮਹਾਂਕਵੀ ਭਾਈ ਵੀਰ ਸਿੰਘ ਦਾ ਸਾਹਿਤਕ ਮੁਲਾਂਕਣ ਅਜੇ ਤੱਕ ਸਹੀ ਢੰਗ ਨਾਲ ਹੋ ਹੀ ਨਹੀਂ ਸਕਿਆ | ਭਾਈ ਵੀਰ ਸਿੰਘ ਦੇ ਜਨਮ ਦਿਹਾੜਾ ਮਨਾਉਂਦੇ ਹੋਏ, ਨਵੇਂ ਸਿਰਿਓਂ ਇਹ ਕਾਰਜ ਆਰੰਭਣ ਦੀ ਲੋੜ ਹੈ | ਭਾਈ ਸਾਹਿਬ ਦੀ ਸਾਹਿਤਕ ਦੇਣ ਨੂੰ ਰੱਦ ਕਰਨ 'ਤੇ ਤੁਲੀਆਂ ਤਾਕਤਾਂ ਦਾ ਦਲੀਲ ਪੂਰਨ ਜਵਾਬ ਦੇਣਾ ਜ਼ਰੂਰੀ ਹੋ ਗਿਆ ਹੈ | 'ਸਾਹਿਤ ਮਾਫ਼ੀਆ' ਦੀਆਂ ਸਾਜਿਸ਼ਾਂ ਨੂੰ ਜੱਗ-ਜਾਹਿਰ ਕਰਕੇ ਹੀ ਭਾਈ ਵੀਰ ਸਿੰਘ ਖਿਆਫ਼ ਝੂਠਾ ਬਿਰਤਾਂਤ ਨਕਾਰਿਆ ਜਾ ਸਕਦਾ ਹੈ।
ਕੋਆਰਡੀਨੇਟਰ, ਪੰਜਾਬੀ ਸਹਿਤ ਸਭਾ ਮੁਢਲੀ
ਐਬਸਫੋਰਡ, ਬੀਸੀ, ਕੈਨੇਡਾ।