Kehar Sharif

ਗੁਰੂ ਨਾਨਕ ਦੇਵ ਜੀ ਦਾ ਸਮਾਂ ਤੇ ਸਿਖਿਆਵਾਂ  - ਕੇਹਰ ਸ਼ਰੀਫ਼

ਕਿਸੇ ਵੀ ਦਿਹਾੜੇ ਦਾ ਮਹੱਤਵ ਉਸ ਦਿਨ ਨਾਲ ਜੁੜੇ ਘਟਨਾਕ੍ਰਮ ਕਰਕੇ ਹੁੰਦਾ ਹੈ। ਅੱਜ ਉਸ ਦਿਹਾੜੇ ਦੀ  ਗੱਲ ਕੀਤੀ ਜਾਣੀ ਹੈ, ਜਿਸ ਦਿਹਾੜੇ ਬਾਬਾ ਨਾਨਕ ਇਸ ਜਗਤ ਵਿਚ ਆਏ, ਪਰ ਇਕ ਗੱਲ ਏਥੇ ਸਾਫ ਕਰ ਦਿੱਤੀ ਜਾਵੇ ਕਿ ਅੱਜ ਵਿਚਾਰ ਕਰਦਿਆਂ ਥੋਥੀਆਂ ਸਾਖੀਆਂ ਜੋ ਬਹੁਤੀਆਂ ਝੂਠ ਤੇ ਅਧਾਰਤ ਹਨ, ਸੱਪ ਵਲੋਂ ਬਾਬੇ ਦੇ ਚਿਹਰੇ ਤੇ ਛਾਂ ਕਰਨ ਦੀ, ਵਿਹਲੜਾਂ ਨੂੰ ਭੋਜਨ ਛਕਾਉਣ ਦੀ ਜਾਂ ਹੋਰ ਬਹੁਤ ਸਾਰੀਆਂ ਅਜਿਹੀਆਂ ਘੜੀਆਂ ਹੋਈਆਂ  ਸਾਖੀਆਂ ਬਾਰੇ ਵਿਚਾਰ ਕਰਨ ਤੇ ਸਮਾਂ ਬਰਬਾਦ ਕਰਨਾ ਚੰਗਾ ਨਹੀਂ ਲਗਦਾ।
ਬਾਬਾ ਨਾਨਕ ਜੀ ਦੇ ਆਗਮਨ ਤੇ  ਭਾਈ ਗੁਰਦਾਸ ਜੀ ਨੇ ਲਿਖਿਆ :

ਸਤਿਗੁਰ ਨਾਨਕ ਪ੍ਰਗਟਿਆਂ, ਮਿਟੀ ਧੁੰਦ ਜੱਗ ਚਾਨਣ ਹੋਆ
ਜਿਉਂ ਕਰ ਸੂਰਜ  ਨਿਕਲਿਆ  ਤਾਰੇ ਛਪੇ  ਅੰਧੇਰ ਪਲੋਆ ॥
       
          ਧੁੰਦ ਭਰੀ ਸਥਿਤੀ ਅਜਿਹੀ ਹੀ ਹੁੰਦੀ ਹੈ ਜਿਸ ਵਿੱਚ ਨਜ਼ਰ ਹੀ ਕੁੱਝ ਨਹੀਂ ਆਉਂਦਾ, ਇਹਨੂੰ ਦੂਰ ਕਰਨ ਵਾਸਤੇ ਤਾਂ ਸੂਰਜ ਦੀ ਲੋੜ ਪੈਂਦੀ ਹੈ। ਉਦੋਂ ਦੇ ਅਜਿਹੇ ਮਾੜੇ ਸਮੇਂ ਵਿੱਚ ਬਾਬਾ ਨਾਨਕ ਸੂਰਜ ਬਣਕੇ ਆਏ ਜਿਨ੍ਹਾ ਨੇ ਲੋਕਾਂ ਦੇ ਮਨਾਂ ਤੋਂ ਵਹਿਮਾਂ ਭਰਮਾ, ਟੂਣੇ-ਟਾਮਣਾਂ ਅਤੇ ਆਪਣੇ ਆਪ ਤੇ ਬੇਵਿਸ਼ਵਾਸੀ ਦਾ ਆਲਮ ਰੋਕਣ ਵਾਸਤੇ ਲੋਕਾਂ ਨੂੰ ਜਗਾਉਣ ਦੇ ਰਾਹੇ ਪਾਉਣ ਦਾ ਕਾਰਜ ਆਰੰਭਿਆ
         ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪ੍ਰੈਲ 1469 ਨੂੰ ਰਾਇ ਭੋਇ ਦੀ ਤਲਵੰਡੀ ਵਿਖੇ ਵਿਖੇ ਹੋਇਆ (ਜੋ ਹੁਣ ਪਾਕਿਸਤਾਨ ਵਿਚ ਹੈ ਅਤੇ ਜਿਸਨੂੰ ਹੁਣ ਨਨਕਾਣਾ ਸਾਹਿਬ ਆਖਿਆ ਜਾਂਦਾ ਹੈ), । ਇਨ੍ਹਾਂ ਦੀ ਮਾਤਾ ਦਾ ਨਾਂ ਤ੍ਰਿਪਤਾ ਸੀ ਇਹਨਾਂ ਦੇ ਪਿਤਾ,  ਮਹਿਤਾ ਕਾਲੂ ਜੋ ਪਿੰਡ ਤਲਵੰਡੀ ਵਿਖੇ ਮਾਲ ਮਹਿਕਮੇ ਦੇ ਪਟਵਾਰੀ ਸਨ ਅਤੇ ਉਸ ਇਲਾਕੇ ਦੇ ਇੱਕ ਮੁਸਲਮਾਨ ਜਿਮੀਂਦਾਰ ਰਾਇ ਬੁਲਾਰ ਹੇਠ ਨੌਕਰੀ ਕਰਦੇ ਸਨ। ਇਨ੍ਹਾਂ ਦੀ ਵੱਡੀ ਭੈਣ ਦਾ ਨਾਂ ਬੇਬੇ ਨਾਨਕੀ ਸੀ ।
        ਬੇਬੇ ਨਾਨਕੀ ਦਾ ਵਿਆਹ ਜੈ ਰਾਮ ਨਾਲ ਸੁਲਤਾਨਪੁਰ ਲੋਧੀ ਵਿਖੇ ਹੋਇਆ ਜੋ ਲਾਹੌਰ ਦੇ ਗਵਰਨਰ ਦੌਲਤ ਖ਼ਾਨ ਦੇ ਮੋਦੀਖਾਨੇ ਵਿੱਚ ਕੰਮ ਕਰਦੇ ਸਨ। ਗੁਰੂ ਨਾਨਕ ਦਾ ਵੱਡੀ ਭੈਣ ਨਾਲ ਕਾਫ਼ੀ ਪਿਆਰ ਹੋਣ ਕਾਰਨ ਪੁਰਾਤਨ ਰਸਮਾਂ ਮੁਤਾਬਕ ਉਹ ਵੀ ਸੁਲਤਾਨਪੁਰ ਆਪਣੇ ਜੀਜੇ ਦੇ ਘਰ ਰਹਿਣ ਚਲੇ ਗਏ। ਉੱਥੇ ਉਹ 16 ਸਾਲ ਦੀ ਉਮਰ ਵਿੱਚ ਮੋਦੀਖਾਨੇ ਵਿੱਚ ਹੀ ਕੰਮ ਕਰਨ ਲੱਗ ਪਏ। ਪੁਰਾਤਨ ਜਨਮ-ਸਾਖੀਆਂ ਮੁਤਾਬਕ ਇਹ ਸਮਾਂ ਗੁਰੂ ਨਾਨਕ ਲਈ ਇੱਕ ਰਚਨਾਤਮਕ ਸਮਾਂ ਸੀ ਅਤੇ ਇਸ ਦੌਰਾਨ ਹੀ ਇਨ੍ਹਾਂ ਦੀ ਅਕਾਲ ਪੁਰਖ ਨੂੰ ਮਿਲਣ ਦੀ ਤਾਂਘ ਵਧੀ।
         1475 ਈ: ਵਿੱਚ ਆਪ ਨੂੰ ਗੋਪਾਲ ਪੰਡਿਤ ਕੋਲ ਪੜ੍ਹਨ ਭੇਜਿਆ ਗਿਆ। ਪੰਡਿਤ ਨਾਲ ਹੋਏ ਵਿਚਾਰ ਵਟਾਂਦਰੇ ਨੂੰ ਆਪ ਨੇ ਆਪਣੀ ਰਚਨਾ 'ਪੱਟੀ' ਵਿੱਚ ਦਰਜ਼ ਕੀਤਾ ਹੈ। 1478 ਈ: ਵਿੱਚ ਪੰਡਿਤ ਬ੍ਰਿਜਨਾਥ ਸ਼ਰਮਾ ਪਾਸ ਸੰਸਕ੍ਰਿਤ ਪੜ੍ਹਨ ਭੇਜਿਆ ਗਿਆ। ਉਸ ਨਾਲ ਵੀ ਗੁਰੂ ਜੀ ਨੇ ਸੁਚੱਜਾ ਵਿਚਾਰ ਵਟਾਂਦਰਾ  ਕੀਤਾ। 1480 ਈ: ਵਿੱਚ ਫ਼ਾਰਸੀ ਪੜ੍ਹਨ ਲਈ ਕੁਤਬ ਦੀਨ ਮੌਲਾਨਾ ਪਾਸ ਭੇਜਿਆ ਗਿਆ। ਕਿਹਾ ਜਾਂਦਾ ਹੈ ਕਿ ਇਸ ਸਮੇਂ ਆਪ ਨੇ 'ਸੀਹਰਫੀ' ਉਚਾਰੀ ਜੋ ਜਨਮ ਸਾਖੀਆਂ ਵਿੱਚ ਮਿਲਦੀ ਹੈ।
          ਹੁਣ ਹਾਲਤ ਕੀ ਨੇ ਕਿ ਗੁਰੂ ਘਰਾਂ ਅੰਦਰ ਸ਼ਰਧਾਪੂਰਵਕ ਵਿਸ਼ੇਸ਼ ਸਮਾਗਮ ਕੀਤੇ ਜਾ ਰਹੇ ਹਨ। ਗੁਰੂ ਬਾਬੇ ਦੀਆਂ ਸਿੱਖਿਆਵਾਂ ਬਾਰੇ ਵਿਚਾਰਾਂ ਕਰਕੇ, ਉਨ੍ਹਾਂ ਦੀਆਂ ਸਿਖਿਆਵਾਂ ਨਾਲ ਜੁੜਨ ਦਾ ਸੱਦਾ ਦਿੱਤਾ ਜਾ ਰਿਹਾ ਹੈ, ਉਨ੍ਹਾਂ ਤੇ ਅਮਲ ਕਰਕੇ ਇਸ ਦੁਨੀਆਂ ਦੇ ਜੋ ਆਮ ਕੁਚੱਜੇ ਵਹਿਣ ਨੇ ਉਨ੍ਹਾਂ ਨੂੰ ਮਨੁੱਖਵਾਦੀ ਧਾਰਾ ਵੱਲ ਮੋੜਨ ਦੇ ਸੱਦੇ ਦਿੱਤੇ ਜਾ ਰਹੇ ਹਨ। ਇਹ ਕਾਰਜ ਬਹੁਤ ਔਖਾ ਹੈ, ਪਰ ਇੱਥੇ ਗੱਲ ਕਰਦਿਆਂ ਸਾਨੂੰ ਇਹ ਵੀ ਤਾਂ ਸੋਚਣਾ ਚਾਹੀਦਾ ਹੈ ਕਿ ਸਮਾਜ ਦੀ ਵਿਗੜ ਰਹੀ ਧਾਰਾ ਨੂੰ ਸਹੀ ਰਸਤੇ ਵੱਲ ਮੋੜਨਾ ਕੋਈ ਸੌਖਾਂ ਕੰਮ ਤਾਂ ਨਹੀਂ ਹੁੰਦਾ। ਇਸ ਬਾਰੇ ਸਖਤ ਮਿਹਨਤ-ਮੁਸ਼ੱਕਤ ਤਾਂ ਕਰਨੀ ਹੀ ਪਵੇਗੀ, ਸੋ, ਇਹ ਭਲਾਂ ਸੌਖਾ ਕਾਰਜ ਕਿਵੇਂ ਹੋ ਸਕਦਾ ਹੈ? ਪਰ ਇਨ੍ਹਾਂ ਸਿਖਿਆਵਾਂ ਨਾਲ ਜੁੜੇ ਬਗੈਰ ਅਤੇ  ਉਨ੍ਹਾਂ ਉੱਤੇ ਅਮਲ ਕੀਤੇ ਬਿਨਾਂ ਸਭ ਵਿਖਿਆਨ ਥੋਥੇ ਹਨ ਜਿਵੇਂ ਆਮ ਹੀ ਕਿਹਾ ਜਾਂਦਾ ਹੈ ਕਿ ਕੋਈ ਵੀ ਥੀਊਰੀ ਜਾਂ ਵਿਚਾਰ ਜਦੋਂ ਤੱਕ ਉਸ ਉੱਤੇ ਹੁੰਦੇ ਅਮਲ ਨੂੰ ਨਾ ਪਰਖਿਆ ਜਾਵੇ ਉਸ ਦਾ ਪੂਰਾ ਸੱਚ ਪੱਲੇ ਨਹੀਂ ਪੈਂਦਾ। ਜੋ ਸੱਚ ਨੂੰ ਨਾ ਪਰਖੇ ਜਾਂ ਹੁੰਘਾਲੇ ਉਹ ਕਾਹਦਾ ਵਿਚਾਰ? ਲੋੜ ਹੈ ਅੱਜ ਦੀ ਸਥਿਤੀ ਤੇ ਘੋਖਵੀਂ ਤੇ ਡੂੰਘੀ ਨਜ਼ਰ ਮਾਰਨ ਦੀ ਵਿਚਾਰਨ ਤੇ ਪਰਖ ਕਰਨ ਦੀ।
         ਅੱਜ ਦਾ ਸਮਾਂ ਉਸ ਸਮੇਂ ਤੋਂ ਬਹੁਤ ਵੱਖਰਾ ਹੈ ਜਿਸ ਸਮੇਂ ਬਾਬਾ ਨਾਨਕ ਦਾ ਇਸ ਜੱਗ ਵਿੱਚ ਆਗਮਨ ਹੋਇਆ ਸੀ। ਉਦੋਂ ਸਮਾਜ ਅੰਦਰ ਸਿਰੇ ਦੀ ਗੁਰਬਤ ਸੀ, ਹਰ ਪਾਸੇ ਧੁੰਦ ਹੀ ਧੁੰਦ ਸੀ ਵਹਿਮਾਂ ਭਰਮਾਂ ਵਿੱਚ ਸਾਡਾ ਸਮਾਜ ਗਰਕਿਆ ਪਿਆ ਸੀ, (ਸੈਂਕੜੇ ਸਾਲ ਬੀਤ ਜਾਣ ਤੋਂ ਬਾਅਦ ਵੀ ਅਸੀਂ ਅਜੇ ਉਸੇ ਜਿੱਲਣ ਵਿਚ ਫਸੇ ਬੈਠੇ ਹਾਂ) ਬ੍ਰਾਹਮਣੀ ਮੱਤ ਵਲੋਂ ਦਿੱਤੀ ਵਿਤਕਰੇ ਭਰਪੂਰ ਅਣਮਨੁੱਖੀ ਸੋਚ ਜਾਤ-ਪਾਤ (ਵਰਣ-ਵਿਵਸਥਾ) ਦੇ ਅਧਾਰ 'ਤੇ ਮਨੁੱਖ ਦੇ ਚੰਗੇ ਮੰਦੇ ਹੋਣ ਦੀ ਪਰਖ ਕੀਤੀ ਜਾਂਦੀ ਸੀ। ਤਕੜਾ ਮਾੜੇ ਨੂੰ ਦਬਾਈ ਜਾ ਰਿਹਾ ਸੀ,  ਮਾੜੇ ਦਾ ਜੀਣ ਬਹੁਤ ਔਖਾ ਸੀ। ਦਸਾਂ ਨੌਹਾਂ ਦੀ ਕਿਰਤ ਕਰਨ ਵਾਲਾ ਹੀ ਸਭ ਤੋਂ ਔਖਾ ਜੀਵਨ ਬਸਰ ਕਰਦਾ ਸੀ, ਵਿਹਲੜ ਉਦੋਂ ਵੀ ਅੱਜ ਦੇ ਵਿਹਲੜਾਂ ਵਾਂਗ ਹੀ ਮੌਜਾਂ ਮਾਣਦੇ ਸਨ। ਆਪਣੇ ਆਪ ਨੂੰ ਸਮਾਜ ਦੀ ਅਗਵਾਈ ਕਰਨ ਵਾਲੇ ਸੰਤ -ਮਹਾਤਮਾਂ ਕਹਾਉਂਦੇ ਲੋਕ ਪਖੰਡਾਂ ਵਿੱਚ ਗਲਤਾਨ ਸਨ ਜਿਵੇਂ ਅੱਜ ਹਨ, ਆਪਣੀ ਹੀ ਪੂਜਾ ਕਰਵਾਈ ਜਾਂਦੇ ਹਨ। ਉਨ੍ਹਾਂ ਨੂੰ ਸਮਾਜ ਨਾਲੋਂ ਵੱਧ ਆਪਣੇ ਸੁੱਖਾਂ ਭਰੇ ਜੀਵਨ ਦਾ ਫਿਕਰ ਸੀ। ਉਨ੍ਹਾਂ ਵਿੱਚੋਂ ਬਹੁਤ ਸਾਰੇ ਇਸ ਜੀਵਨ ਅਤੇ ਜਹਾਨ ਵਲੋਂ ਉਦਾਸ ਤੇ ਉਪਰਾਮ ਹੋਏ ਪਹਾੜੀ ਜਾ ਚੜ੍ਹੇ, ਭਗਤੀ ਦੀਆਂ ਗੱਲਾਂ ਕਰਨ ਲੱਗੇ। ਪਰ ਜੀਣ ਦੇ ਸਾਰੇ ਸਾਧਨ ਉਹ ਫੇਰ ਵੀ ਉਸ ਸਮਾਜ ਤੋਂ ਹੀ ਮੰਗਦੇ ਰਹੇ ਜਿਸ ਨੂੰ ਤਿਆਗਣ ਦਾ ਉਹ ਪਾਖੰਡ ਕਰਦੇ ਸਨ। ਪਰ ਜਿਸ ਸਮਾਜ ਨੂੰ ਚੰਗੀ ਅਗਵਾਈ ਦੀ ਲੋੜ ਹੋਵੇ ਜੇ ਉਦੋਂ ਆਪਣੇ ਆਪ ਨੂੰ ਸੇਧ ਦੇਣ ਵਾਲੇ ਵੀ ਸੇਧ ਹੀਣ ਹੋ ਜਾਣ ਤਾਂ ਉਸ ਸਮਾਜ ਨੂੰ ਢਹਿੰਦੀਆਂ ਕਲਾਂ ਵੱਲ ਜਾਣ ਤੋਂ ਕੋਈ ਨਹੀਂ ਰੋਕ ਸਕਦਾ। ਉਦੋਂ ਹਾਲਤ ਵੀ ਇਵੇਂ ਦੀ ਹੀ ਸੀ, ਤੇ ਹੋਇਆ ਵੀ ਇਵੇਂ ਹੀ ਸੀ।
          ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਬਾਬਾ ਨਾਨਕ ਅਜਿਹੇ ਨਾਥ ਜੋਗੀਆਂ ਦੇ ਡੇਰਿਆਂ ਤੇ ਪਹੁੰਚੇ ਉਨ੍ਹਾਂ ਨਾਲ ਵਿਚਾਰਾਂ ਕੀਤੀਆਂ, ਉਨ੍ਹਾਂ ਨੂੰ ਠੀਕ ਰਾਹ ਦੀ ਦੱਸ ਪਾਈ। ਇਹ ਗੱਲਾਂ-ਬਾਤਾਂ ਜਿਨ੍ਹਾਂ ਨੂੰ ਗੋਸ਼ਟਿ  ਭਾਵ ਵਿਚਾਰ ਵਟਾਂਦਰਾ ਕਰਨਾ ਵੀ ਕਿਹਾ ਜਾਂਦਾ ਹੈ। ਅੱਜ ਸੋਚਦੇ ਹਾਂ ਕਿ ਇੱਥੋਂ ਹੀ ਅੱਜ ਦੀ ਗੋਸ਼ਟੀ, ਸੈਮੀਨਾਰ ਵਿਚਾਰ-ਵਟਾਂਦਰੇ ਆਦਿ ਦੀ ਸ਼ੁਰੂਆਤ ਹੋਈ ਹੋਵੇਗੀ, ਕਿ ਦੂਜੇ ਦੀ ਗੱਲ ਸੁਣਨੀ ਤੇ ਆਪਣੀ ਕਹਿਣੀ ਵਾਲੀ ਰਵਾਇਤ ਤੁਰੀ, ਜੋ ਅੱਜ ਦੇ ਸੰਸਾਰ ਅੰਦਰ ਹਰ ਪਾਸੇ ਹੀ ਵਰਤੀ ਜਾ ਰਹੀ ਹੈ। ਇਸੇ ਕਰਕੇ ਤਾਂ ਬਾਬੇ ਨਾਨਕ ਨੇ ਕਿਹਾ ਸੀ :-


ਜਬ ਲਗ ਦੁਨੀਆਂ ਰਹੀਏ ਨਾਨਕ
ਕਿਛੁ  ਸੁਣੀਐਂ,   ਕਿਛੁ  ਕਹੀਐ ॥

ਅਜਿਹੀ ਸਥਿਤੀ ਬਾਰੇ ਕਿਸੇ ਕਵੀ ਮਨ ਨੇ ਦੁੱਖ ਪ੍ਰਗਟ ਕਰਦਿਆਂ ਲਿਖਿਆ ਕਿ ਬਾਬੇ ਨੇ ਸਿੱਧਾਂ ਦੇ ਮਨ ਤਾਂ ਬਦਲੇ ਪਰ ਅਸੀਂ ਆਪਣੇ ਮਨਾਂ ਤੇ ਡੇਰਿਆਂ ਵਿਚ ਚਾਨਣ ਹੋਣ ਹੀ ਨਹੀਂ ਦੇਣਾ ਚਾਹੁੰਦੇ । ਕਵੀ ਕਹਿੰਦਾ ਹੈ :-


ਛੱਟਾ ਤਾਰਿਆਂ ਦਾ ਸੁੱਟਿਆ ਹਨੇਰਿਆਂ ਦੇ ਵਿਚ
ਲੱਖਾਂ ਕਿਰਨਾਂ  ਬਖੇਰੀਆਂ  ਸਵੇਰਿਆਂ ਦੇ ਵਿਚ

ਸਿੱਧਾਂ ਜੋਗੀਆਂ ਦੇ ਅੰਬਰਾਂ 'ਚ ਤਾਰੇ ਚਾਹੜ ਦਿੱਤੇ
ਲੋਅ ਫੇਰ ਵੀ ਨਾ  ਹੋਈ ਸਾਡੇ  ਡੇਰਿਆਂ ਦੇ ਵਿਚ।

ਸਾਡੇ ਹੁਣ ਦੇ ਡੇਰੇ ਤਾਂ ਵੰਡਦੇ ਹੀ ਹਨੇਰਾ ਹਨ- ਇਨ੍ਹਾਂ ਤੋਂ ਬਚਣ ਦਾ ਹੋਕਾ ਦੇਣਾ ਸਾਡਾ ਫ਼ਰਜ਼ ਹੈ।

ਗੁਰੂ ਜੀ ਤਿੱਬਤ, ਲੰਕਾ ਅਤੇ ਅਰਬ ਦੇਸ਼ਾਂ ਵਿੱਚ ਵੀ ਗਏ। ਉੱਘੇ ਧਰਮ ਅਸਥਾਨਾਂ ਵਿੱਚ ਜਾ ਕੇ ਪੰਡਤਾਂ, ਮੁਲਾਣਿਆਂ ਅਤੇ ਆਮ ਲੋਕਾਂ ਨੂੰ ਅਸਲੀ ਧਰਮ ਦੀ ਸੋਝੀ ਕਰਵਾਈ। ਸੰਸਾਰ ਦੇ ਧਾਰਮਿਕ ਆਗੂਆਂ ਵਿਚੋਂ ਸਭ ਤੋਂ ਵੱਧ ਸਫਰ ਕਰਨ ਵਾਲੇ ਆਪ ਹੀ ਸਨ। ਆਪ ਨੇ ਬਾਣੀ ਰਾਹੀਂ ਥਾਂ-ਥਾਂ ਤੇ ਪ੍ਰਚਾਰ ਕੀਤਾ। ਆਪ ਨੇ ਕਾਵਿ ਰਚਨਾ ਬਚਪਨ ਤੋਂ ਹੀ ਆਰੰਭ ਕਰ ਦਿੱਤੀ ਸੀ।  1480 ਈ: ਵਿੱਚ ਸਮਾਜੀ ਸੰਸਕਾਰ ਦੀ ਪੂਰਤੀ ਲਈ ਬੁਲਾਏ ਗਏ ਪ੍ਰੋਹਤ ਨੂੰ ਗੁਰੂ ਜੀ ਨੇ ਜੰਝੂ ਬਾਰੇ ਗਿਆਨ ਦਿੱਤਾ। ਇਸ ਤਰ੍ਹਾਂ ਬਚਪਨ ਤੋਂ ਆਪ ਦਾ ਕਾਵਿ ਸਫਰ ਆਰੰਭ ਹੁੰਦਾ ਹੈ ਤੇ ਸਮਾਂ ਬੀਤਣ ਨਾਲ ਇਸ ਦਾ ਵਿਕਾਸ ਹੁੰਦਾ ਹੈ।
             ਬਾਬਾ ਨਾਨਕ ਬਚਪਨ ਤੋਂ ਹੀ ਅਜਿਹੇ ਕਿਰਦਾਰ ਨਾਲ ਵਿਚਰਨ ਲੱਗੇ ਕਿ ਉਨ੍ਹਾਂ ਦਾ ਹਰ ਕਾਰਜ ਹੀ ਨਵਾਂ ਅਤੇ ਨਵੇਕਲਾ ਸੀ। ਉਦੋਂ ਦੀ ਸਮਾਜਿਕ ਰੀਤ ਸੀ ਕਿ ਜਦੋਂ ਬੱਚੇ ਨੂੰ ਸਮਾਜ ਵਿੱਚ ਸ਼ਾਮਲ ਕੀਤਾ ਜਾਂਦਾ ਸੀ ਤਾਂ ਬ੍ਰਾਹਮਣੀ ਰੀਤਾਂ ਅਨੁਸਾਰ ਉਸਦੇ ਗਲ ਵਿੱਚ ਜਨੇਊ ਪਾਇਆ ਜਾਂਦਾ ਸੀ। ਸੂਤ ਦੀ ਵੱਟੀ ਡੋਰ ਨੂੰ ਹੀ ਜਨੇਊ ਕਿਹਾ ਜਾਂਦਾ ਹੈ। ਜਦੋਂ ਪਿਤਾ ਕਾਲੂ ਅਤੇ ਮਾਤਾ ਤ੍ਰਿਪਤਾ ਨੇ ਆਪਣੇ ਘਰ ਪੰਡਿਤ ਨੂੰ ਬੁਲਾ ਕੇ ਨਾਨਕ ਦੇ ਗਲ ਜਨੇਊ ਪਾਉਣ ਵਾਸਤੇ ਕਿਹਾ ਤਾਂ ਬਾਬੇ ਨਾਨਕ ਨੇ ਅਜਿਹੇ ਜਨੇਊ ਦੀ ਮੰਗ ਕੀਤੀ ਕਿ ਜੋ ਦਇਆ ਭਰਪੂਰ ਹੋਵੇ, ਸਬਰ, ਸੰਜਮ ਤੇ ਸੰਤੋਖ ਵਾਲਾ ਹੋਵੇ, ਜੋ ਟੁੱਟੇ ਨਾ, ਜੋ ਜਲ਼ੇ ਨਾ ਤੇ ਮੈਲ਼ਾ ਨਾ ਹੋਵੇ ਆਦਿ ਤੇ ਪੰਡਿਤ ਨੂੰ ਕਿਹਾ :-


ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ
ਏਹੁ  ਜਨੇਊ  ਜੀਅ  ਕਾ  ਹਈ  ਤਾਂ  ਪਾਂਡੇ  ਘਤੁ ।

          ਇਸ ਤਰ੍ਹਾਂ ਸਬਰ, ਸੰਤੋਖ, ਸੰਜਮ ਵਾਲੇ ਅਤੇ ਨਾ ਜਲਣ ਵਾਲੇ ਤੇ ਨਾ ਮੈਲ਼ਾ ਹੋਣ ਵਾਲੇ ਤੇ ਨਾ ਟੁੱਟਣ ਵਾਲੇ ਜਨੇਊ ਦੀ ਮੰਗ ਕਰਕੇ ਬਾਬੇ ਨਾਨਕ ਨੇ ਸੂਤ ਦੇ ਵੱਟੇ ਧਾਗਿਆਂ ਵਾਲੇ ਜਨੇਊ ਨੂੰ ਹੀ ਰੱਦ ਕਰ ਦਿੱਤਾ। ਪਰ ਪੰਡਤ ਅਜਿਹੇ ਜਨੇਊ ਬਾਰੇ ਜਾਣਦਾ ਹੀ ਕੁੱਝ ਨਹੀਂ ਸੀ ਜਿਹੜਾ ਬਾਬੇ ਨਾਨਕ ਨੇ ਮੰਗਿਆ। ਉਸ ਸਮੇਂ ਦਲੀਲ ਨਾਲ ਰਵਾਇਤੀ ਕਿਸਮ ਦੇ ਜਨੇਊ ਨੂੰ ਪਾਉਣ ਤੋਂ ਕੀਤੀ ਗਈ ਨਾਂਹ ਵਿਚੋਂ ਨਵਾਂ ਵਿਚਾਰ ਨਵਾਂ ਰਾਹ ਭਾਵ ਸਿੱਖੀ ਦੇ ਰਾਹ  ਦੀ ਧਾਰਾ ਫੁੱਟਦੀ ਹੈ, ਇਹ ਸਾਨੂੰ ਅੱਜ ਸਮਝਣਾ ਸੌਖਾ ਹੈ, ਉਦੋਂ ਭਾਵੇਂ ਔਖਾ ਲੱਗਿਆ ਹੋਵੇ। ਫਰਜ਼ ਕਰੋ ਬਾਬਾ ਨਾਨਕ ਉਸ ਦਿਨ ਜਦੋਂ ਪਿਤਾ ਕਾਲੂ ਜੀ ਨੇ ਪੰਡਿਤ ਨੂੰ ਘਰ ਸੱਦਿਆ ਜੇ ਉਦੋਂ ਪੰਡਿਤ ਦੇ ਕਹੇ ਜਨੇਊ ਪਾ ਲੈਂਦੇ ਤਾਂ ਕੀ ਅੱਜ ਇਹ ਸਥਿਤੀ ਹੁੰਦੀ ਜਿਸ ਵਿੱਚ ਆਪਾਂ ਸਾਰੇ ਗੁਜ਼ਰ ਰਹੇ ਹਾਂ, ਆਪਾਂ ਰਲਕੇ ਬੈਠਦੇ ਹਾਂ, ਸਾਂਝੀਆਂ ਵਿਚਾਰਾਂ ਕਰਦੇ ਹਾਂ ਇਹ ਉਸ ਦਿਨ ਬਾਬਾ ਨਾਨਕ ਵਲੋਂ ਰਵਾਇਤੀ ਕਿਸਮ ਦੇ ਜਨੇਊ ਪਾਉਣ ਤੋਂ ਕੀਤੀ ਗਈ ਨਾਂਹ ਦਾ ਸਿੱਟਾ ਹੀ ਹੈ ਕਿ ਇਹ ਨਵਾਂ ਰਾਹ ਤੁਰਿਆ ਜੋ ਸਿੱਖੀ ਦਾ ਰਾਹ ਬਣ ਗਿਆ। ਇੱਥੇ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਬਾਬਾ ਨਾਨਕ ਤੋਂ ਪਹਿਲਾਂ ਰਵਿਦਾਸ ਜੀ, ਕਬੀਰ ਜੀ ਨੇ ਵੀ ਇਸ ਖੋਟ ਅਤੇ  ਵਿਤਕਰੇ ਭਰੇ ਬ੍ਰਾਹਮਣੀ ਰਾਹ ਨੂੰ ਰੱਦ ਕੀਤਾ ਅਤੇ ਭਗਤੀ ਲਹਿਰ ਦੇ ਬਾਕੀ ਰਹਿਬਰ ਜਾਂ ਹੋਰ ਭਗਤ ਉਸ ਸਮੇਂ ਦੇ ਝੂਠੇ ਬ੍ਰਾਹਮਣੀ ਕਰਮ ਕਾਂਡਾ ਨੂੰ ਰੱਦ ਕਰਨ ਵਾਲੇ ਸਭ ਤੋਂ ਪਹਿਲੇ ਸਨ। ਇਸੇ ਰਾਹ ਨੂੰ ਬਾਬਾ ਨਾਨਕ ਨੇ ਅੱਗੇ ਤੋਰਿਆ। ਬਹੁਤ ਸਾਰੇ ਸੂਝਵਾਨ ਇਸ ਮੱਤ ਦਾ ਪੱਕੇ ਹਮਾਇਤੀ ਹਨ ਕਿ ਭਗਤੀ ਲਹਿਰ ਹੀ ਸਿਖਰ ਹੀ ਸਿੱਖ ਲਹਿਰ ਦੀ ਬੁਨਿਆਦ ਬਣੀ ਸੀ। ਇਸ ਦਾ ਸਬੂਤ ਹੀ ਹੈ ਸਿੱਖਾਂ ਦੇ ਧਾਰਮਿਕ ਗ੍ਰੰਥ ਵਿਚ ਭਗਤ ਬਾਣੀ ਦਾ ਸ਼ਾਮਲ ਹੋਣਾ। ਗੁਰੂਆਂ ਤੇ ਭਗਤਾਂ ਦੀ ਸਾਂਝੀ ਮੱਤ ਜੋ ਸਾਨੂੰ ਆਪਣੀ ਸੋਚ ਦਾ ਹਿੱਸਾ ਬਣਾ ਲੈਣੀ ਚਾਹੀਦੀ ਹੈ ਕਿ ਜਿਹੜੀ ਵੀ ਗੱਲ ਦਲੀਲ ਭਰਪੂਰ ਨਹੀਂ ਜਾਂ ਤਰਕ ਸੰਗਤ ਨਹੀਂ ਉਸ ਨੂੰ ਹੌਸਲੇ ਨਾਲ ਰੱਦ ਕਰ ਸਕੀਏ  ਤਾਂ ਕਿ ਅਸੀਂ ਨੇਰ੍ਹਾ ਢੋਣ ਤੋਂ ਬਚ ਸਕੀਏ, ਕਿਸੇ ਵੀ ਗੱਲ ਬਾਰੇ ਸਹੀ ਫੈਸਲਾ ਲੈ ਸਕੀਏ। ਇਹ ਨਾਨਕ ਦਾ ਰਾਹ ਹੈ ਜੋ ਜੱਗ ਚਾਨਣ ਕਰਦਾ ਹੈ। ਪਰ ਬਹੁਤ ਵਾਰ ਅਸੀਂ ਇਸ ਦਲੀਲ ਭਰੇ ਰਾਹ ਤੋਂ ਪਾਸੇ ਜਾਂਦਿਆਂ ਅਣਜਾਣੇ ਹੀ ਵਹਿਮਾਂ-ਭਰਮਾਂ ਵਾਲੇ ਰਾਹ ਤੁਰ ਪੈਂਦੇ ਹਾਂ, ਇਸ ਵਿੱਚ ਔਖ ਨਹੀਂ, ਲੋਕ ਟੋਕਦੇ ਨਹੀਂ, ਕਿਉਂਕਿ ਪੈੜ ਵਿੱਚ ਪੈੜ ਰੱਖਣੀ ਸੌਖੀ ਹੁੰਦੀ ਹੈ। ਪਰ ਇਹ ਰਾਹ ਫੇਰ ਨਾਨਕ ਦਾ ਰਾਹ ਨਹੀਂ। ਨਵੇਂ ਰਾਹੇ ਤੁਰਨ ਕਰਕੇ ਤਾਂ ਬਾਬਾ ਨਾਨਕ ਨੂੰ ਸਮਾਜ ਅੰਦਰ ਜੀਅ ਰਹੇ ਦੰਭੀਆਂ ਨੇ ਕੁਰਾਹੀਆਂ ਤੱਕ ਕਿਹਾ। ਇੱਥੋਂ ਹੀ ਪਤਾ ਲਗਦਾ ਹੈ ਕਿ ਚੱਲ ਰਹੀ ਰੀਤ ਦੀ ਥਾਵੇਂ ਨਵਾਂ ਰਾਹ ਪਾਉਣਾ ਸੌਖਾ ਨਹੀਂ ਸਗੋਂ ਬਹੁਤ ਹੀ ਔਖਾ ਹੁੰਦਾ ਹੈ। ਇਸ ਬਾਰੇ ਬਹੁਤ ਕੁੱਝ ਸੁਣਨਾ ਤੇ ਸਹਿਣਾ ਪੈਂਦਾ ਹੈ।
          ਬ੍ਰਾਹਮਣੀ ਸਮਾਜ ਵਲੋਂ ਔਰਤ ਨੂੰ ਪੈਰ ਦੀ ਜੁੱਤੀ ਕਹਿਣ ਅਤੇ ਅਜਿਹੇ ਹੀ ਕੁਲੈਹਣੇ ਹੋਰ ਨਹੋਰਿਆਂ ਦਾ ਵਿਰੋਧ ਕੀਤਾ। ਸਦੀਆਂ ਤੋਂ ਦੁਰਕਾਰੀ ਅਤੇ ਲਤਾੜੀ ਜਾ ਰਹੀ ਔਰਤ ਦੇ ਸਵੈਮਾਣ ਦੇ ਹੱਕ 'ਚ ਬਾਬੇ ਨੇ ਅਵਾਜ਼ ਬੁਲੰਦ ਕੀਤੀ ਤੇ ਕਿਹਾ :-


ਭੰਡਿ ਜੰਮੀਐ ਭੰਡ ਨਿੰਮੀਐ
ਭੰਡਿ   ਮੰਗਣੁ  ਵੀਆਹੁ॥
ਭੰਡਹੁ   ਹੋਵੈ   ਦੋਸਤੀ
ਭੰਡਹੁ   ਚਲੈ   ਰਾਹੁ ॥
ਭੰਡੁ ਮੂਆ ਭੰਡੁ ਭਾਲੀਐ
ਭੰਡਿ   ਹੋਵੇ   ਬੰਧਾਨ ॥
ਸੋ ਕਿਉਂ ਮੰਦਾ ਆਖੀਐ
ਜਿਤਿ   ਜੰਮੈ   ਰਾਜਾਨ ॥

          ਅੱਜ ਦੇ ਸਮੇਂ ਸਾਨੂੰ ਆਪਣੇ ਜੀਵਨ ਆਪਣੇ ਘਰ ਤੇ ਆਪਣੇ ਸਮਾਜ ਜਾਂ ਆਪਣੇ ਆਲ਼ੇ-ਦੁਆਲ਼ੇ ਨਿਗਾਹ ਮਾਰ ਕੇ ਦੇਖਣਾ ਚਾਹੀਦਾ ਹੈ ਕਿ ਦਰਅਸਲ ਹੋ ਕੀ ਰਿਹਾ ਹੈ? ਕੀ ਬਾਬਾ ਨਾਨਕ ਵਲੋਂ ਆਪਣੇ ਸਮੇਂ ਵਿੱਚ ਲੋਕਾਈ ਨੂੰ ਦਿੱਤੇ ਉਪਦੇਸ਼ ਲੋਕਾਂ ਨੇ ਆਪਣੇ ਜੀਵਨ ਵਿੱਚ ਅਪਣਾਏ ਵੀ ਹਨ, ਜਾਂ ਫੇਰ ਅੱਜ ਅਸੀਂ ਢੋਲਕੀਆਂ-ਛੈਣੇ ਕੁੱਟਣ ਤੇ ਹੀ ਜੋਰ ਲਾਈ ਜਾ ਰਹੇ ਹਨ। ਕਿ ਬਾਬਾ ਨਾਨਕ ਹੀ ਫੇਰ ਆਵੇ ਤੇ ਉਹ ਹੀ ਸਭ ਕੁੱਝ ਕਰੇ। ਕੀ ਅਸੀਂ ਜਦੋਂ ਕਦੇ ਕੋਈ ਭਲਾਈ ਦਾ ਕੰਮ ਕਰਦੇ ਹਾਂ ਉਹ ਆਪਣੇ ਦਿਲੋਂ-ਮਨੋਂ ਕਰਦੇ ਹਾਂ ਜਾਂ ਸਮਾਜ ਵਿੱਚ ਆਪਣੀ ਟੌਹਰ ਬਨਾਉਣ ਖਾਤਰ ਜਾਂ ਦਿਖਾਵੇ ਵਾਸਤੇ ਹੀ ਕਰਦੇ ਹਾਂ। ਜੇ ਅਜਿਹਾ ਹੈ ਤਾਂ ਅਸੀਂ ਬਾਬੇ ਨਾਲ ਵੀ ਤੇ ਆਪਣੇ ਲੋਕਾਂ ਨਾਲ ਵੀ ਧੋਖਾ ਹੀ ਕਰ ਰਹੇ ਹੁੰਦੇ ਹਾਂ ਜੇ ਅਸਲ ਕਹਿਣਾ ਹੋਵੇ ਤਾਂ ਇੰਜ ਕਿਹਾ ਜਾ ਸਕਦਾ ਹੈ ਕਿ ਦਰਅਸਲ ਅਸੀਂ ਆਪਣੇ ਆਪ ਨਾਲ ਹੀ ਧੋਖਾ ਕਰ ਰਹੇ ਹੁੰਦੇ ਹਾਂ। ਜੋ ਬਾਬੇ ਦੀ ਸਿੱਖਿਆ ਨਹੀਂ ਸਗੋਂ ਉਸਦੇ ਉਲਟ ਹੈ।
           ਬਾਬੇ ਨਾਨਕ ਦੀਆਂ ਸਿਖਿਆਵਾਂ ਬਾਰੇ ਸੋਚਦਿਆਂ ਸਾਨੂੰ ਇਸ ਗੱਲ ਵੱਲ ਬਹੁਤ ਸੁਚੇਤ ਹੋਣਾ ਚਾਹੀਦਾ ਹੈ ਕਿ ਕੀ ਘਰ ਪਰਿਵਾਰ ਅੰਦਰ ਰਹਿੰਦੇ ਹੋਏ ਆਪਣਾ ਧਰਮ ਪਾਲਦੇ ਹਾਂ, ਆਪਣੇ ਮਾਤਾ ਪਿਤਾ, ਆਪਣੇ  ਜੀਵਨ ਸਾਥੀ ਜਾਂ ਜੀਵਨ ਸਾਥਣ ਨੂੰ ਬਣਦਾ ਮਾਣ ਸਤਿਕਾਰ ਦੇ ਰਹੇ ਹਾਂ, ਕਿਧਰੇ ਮਨ ਵਿੱਚ ਇਸ ਨੂੰ ਵਾਧੂ ਦਾ ਪੁਆੜਾ ਤਾਂ ਨਹੀਂ ਸਮਝ ਰਹੇ? ਕੀ ਬੱਚਿਆਂ ਪ੍ਰਤੀ ਜਾਂ ਉਨ੍ਹਾਂ ਦੇ ਭਵਿੱਖ ਪ੍ਰਤੀ ਚਿੰਤਾਵਾਨ ਹੁੰਦੇ ਹੋਏ ਵੀ ਚਿੰਤਾ ਮੁਕਤ ਜੀਵਨ ਬਿਤਾਉਣ ਦੀ ਕੋਸ਼ਿਸ਼ ਕਰਦੇ ਹਾਂ, ਜਾਂ ਫੇਰ ਇੱਥੇ ਵੀ ਲੋਕ ਦਿਖਾਵਾ ਕਰਕੇ ਹੀ ਬੁੱਤਾ ਸਾਰਿਆ ਚਾਹੁੰਦੇ ਹਾਂ। ਕੀ ਅਸੀਂ ਬ੍ਰਾਹਮਣੀ ਮੱਤ ਵਲੋਂ ਸਿਰਜੇ ਜਾਤ ਪਾਤ ਵਾਲੇ ਅਣਮਨੁੱਖੀ, ਦੰਭੀ ਅਤੇ ਵਿਤਕਰੇ ਭਰੀ,  ਮਨੁੱਖਾਂ ਨੂੰ ਹੀਣੇ ਕਰਨ ਵਾਲੀ ਸੋਚ ਤੋਂ ਖਹਿੜਾ ਛੁਡਵਾ ਲਿਆ ਹੈ?  ਜੇ ਨਹੀਂ ਤਾਂ ਫੇਰ ਆਪਣੀ ਸੋਚ ਦੀ ਪੀੜ੍ਹੀ ਹੇਠ ਸੋਟਾ ਫੇਰਨ ਦਾ ਜਤਨ ਕਰੀਏ ਤੇ ਬਾਬੇ ਦੀ ਸਿੱਖਿਆ ਦੇ ਗਜ਼ ਨਾਲ ਆਪਣੇ ਅਮਲ ਪਰਖੀਏ। ਜੇ ਊਣੇ ਹੋਈਏ ਤਾਂ ਆਪਣੇ ਆਪ ਤੇ ਆਪਣੇ ਅਮਲਾਂ ਨੂੰ ਸੁਧਾਰਨ ਦਾ ਜਤਨ ਕਰੀਏ।
            ਅੱਜ ਦੇ ਸਾਡੇ ਸਮਾਜਿਕ ਰਿਸ਼ਤੇ ਬਹੁਤ ਹੀ ਗੰਧਲੇ ਹੋ ਗਏ ਹਨ। ਜਾਇਦਾਦਾਂ ਜਾਂ ਕਿਸੇ ਹੋਰ ਗੱਲ ਨੂੰ ਲੈ ਕੇ ਜਾਂ ਹਊਮੈਂ ਖਾਤਰ ਭੈਣਾਂ-ਭਰਾਵਾਂ ਦੇ ਝਗੜੇ ਵੇਲੇ ਸਾਨੂੰ ਕਿਉਂ ਯਾਦ ਨਹੀਂ ਆਉਂਦਾ ਬੇਬੇ ਨਾਨਕੀ ਤੇ ਬਾਬੇ ਨਾਨਕ ਦਾ ਪਿਆਰ ਤੇ ਸਤਿਕਾਰ ਭਰਿਆ ਰਿਸ਼ਤਾ। ਇਸੇ ਹੀ ਤਰ੍ਹਾਂ ਜਦੋਂ ਨਿੱਤ ਦਿਨ ਸੱਸ-ਨੂੰਹ, ਅਤੇ ਨਣਦ ਭਰਜਾਈ ਦੇ ਰਿਸ਼ਤੇ ਦੀਆਂ ਗੁੰਝਲਾਂ ਭਰੀਆਂ ਕਹਾਣੀਆਂ ਸੁਣਦੇ ਹਾਂ ਤਾਂ ਕਿਉਂ ਸਾਨੂੰ ਨਹੀਂ ਚੇਤਾ ਆਉਂਦਾ ਬੇਬੇ ਨਾਨਕੀ ਤੇ ਮਾਤਾ ਸੁਲੱਖਣੀ ਜੋ ਨਣਦ ਭਰਜਾਈ ਵੀ ਸਨ ਪਰ ਅਸਲ ਵਿੱਚ ਭੈਣਾਂ ਵਰਗਾ ਮੋਹ ਭਰਿਆ ਰਿਸ਼ਤਾ ਨਿਭਾਉਂਦੀਆਂ ਰਹੀਆਂ ਹਨ, ਜਦੋਂ ਬਾਬਾ ਨਾਨਕ ਦਾ ਸਹੁਰਾ ਪਰਿਵਾਰ ਸੁਲੱਖਣੀ ਬਾਰੇ ਫਿਕਰਮੰਦ ਹੋ ਕੇ ਨਾਨਕ ਦੇ ਪਰਿਵਾਰ ਨੂੰ ਆਪਣੀ ਧੀ ਬਾਰੇ ਫਿਕਰਮੰਦੀ ਬਾਰੇ ਕੁੱਝ ਆਖਦਾ ਹੈ ਤਾਂ ਬੇਬੇ ਨਾਨਕੀ ਹੀ ਸੁਲੱਖਣੀ ਬਾਰੇ ਉਨ੍ਹਾਂ ਨੂੰ ਬੇਫਿਕਰੇ ਹੋਣ ਦੀ ਆਖਦੀ ਹੈ। ਕੀ ਨਾਨਕ ਨਾਮ ਲੇਵਿਆਂ ਵਾਲੇ ਪਰਿਵਾਰਾਂ ਦੇ ਲੋਕ ਅੱਜ ਦੀਆਂ ਨਣਦਾਂ ਤੇ ਭਰਜਾਈਆਂ ਲਈ ਬੇਬੇ ਨਾਨਕੀ ਤੇ ਸੁਲੱਖਣੀ ਦੇ ਰਿਸ਼ਤੇ ਨੂੰ ਆਪਣਾ ਆਦਰਸ਼ ਨਹੀਂ ਬਣਾ ਸਕਦੀਆਂ? ਇਹ ਸਾਂਝਾਂ ਤੇ ਮੋਹ ਭਰਿਆ ਚਿੰਤਾ ਮੁਕਤ ਜੀਵਨ ਦਾ ਰਾਹ ਹੈ ਫੇਰ ਕਿਉਂ ਨਾ ਅਪਣਾਇਆ ਜਾਵੇ? ਕਿਉਂ ਨਾ ਅਜਿਹੀ ਸੋਚ ਦੇ ਲੜ ਲੱਗਿਆ ਜਾਵੇ? ਇਸੇ ਤਰ੍ਹਾਂ ਮਾਤਾ ਤ੍ਰਿਪਤਾ ਤੇ ਸੁਲੱਖਣੀ ਦਾ ਸੱਸ ਨੂੰਹ ਵਾਲਾ ਰਿਸ਼ਤਾ ਵੀ ਸਾਡੇ ਸਮਾਜ ਵਿੱਚ ਸੱਸਾਂ ਬਣਨ ਵਾਲੀਆਂ ਬੀਬੀਆਂ ਨੂੰ ਕਿਉਂ ਚੇਤੇ ਨਹੀਂ ਆਉਂਦਾ? ਇਹਦੇ ਵਿੱਚ ਭਲਾਂ ਔਕੜ ਕੀ ਹੈ? ਕਿਉਂ ਸਾਨੂੰ ਨਿੱਤ ਪੜ੍ਹਨ ਨੂੰ ਮਿਲਦਾ ਹੈ ਸੱਸ ਵਲੋਂ ਨੂੰਹ ਉੱਤੇ ਹੁੰਦੇ ਜੁਲਮ ਬਾਰੇ ਜਾਂ ਫੇਰ ਨਣਾਨ ਵਲੋਂ ਭਰਜਾਈ ਨਾਲ ਹੁੰਦੇ ਵਿਤਕਰੇ ਬਾਰੇ। ਕੀ ਹੈ ਇਹ ਸੋਚੀਏ ਤਾਂ ਸਹੀ ਕਿ ਅਸੀਂ ਕਿਹੜੇ ਰਾਹ ਪਏ ਹੋਏ ਹਾਂ? ਕੀ ਇਹ ਬਾਬੇ ਨਾਨਕ ਦੇ ਰਾਹ ਨੂੰ ਨਕਾਰਨ ਵਾਲਾ ਰਾਹ ਨਹੀਂ? ਸੋਚੀਏ ਤਾਂ ਸਹੀ।
          ਬਾਬੇ ਨਾਨਕ ਦੀ ਸੋਚ ਨੂੰ ਅਪਨਾਉਣ ਵਾਲੇ ਸੱਚ ਦਾ ਸਾਥ ਦਿੰਦੇ ਹਨ। ਪਰ ਅੱਜ ਸਾਡੇ ਸਮਾਜ ਦੀ ਖਾਸ ਕਰਕੇ ਧਾਰਮਿਕ ਪੱਧਰ ਤੇ ਅਗਵਾਈ ਕਰਨ ਵਾਲਿਆਂ ਵਿਚੋਂ ਬਹੁਤੇ ਆਪ ਬਾਬੇ ਨਾਨਕ ਦੀ ਸੋਚ ਨਾਲ ਨਹੀਂ ਜੁੜੇ ਹੋਏ। ਜੇ ਉਨ੍ਹਾਂ ਨੂੰ ਆਪਣੇ ਸਵਾਰਥਾਂ ਖਾਤਰ ਇਹ ਕੁੱਝ ਕਰਨ ਵਾਲੇ ਭੇਖੀ ਜਾਂ ਦੰਭੀ ਕਿਹਾ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ? ਅਜਿਹੇ ਲੋਕਾਂ ਨੇ ਮਨੁੱਖਾਂ ਵਿੱਚ ਬ੍ਰਾਮਣੀ ਮੱਤ ਦੀ ਤਰਕ ਵਿਹੂਣੀ ਸੋਚ ਵਲੋਂ ਜਾਤ-ਪਾਤ ਤੇ ਅਧਾਰਤ ਪਾਈਆਂ ਵੰਡੀਆਂ ਮਿਟਣ ਨਹੀਂ ਦਿੱਤੀਆਂ । ਸਿਤਮ ਇੱਥੋਂ ਤੱਕ ਕਿ ਇਨ੍ਹਾਂ ਨੇ ਤਾਂ ਗੁਰੂ ਦੇ ਘਰ ਵੀ ਜਾਤ-ਪਾਤ ਦੇ ਅਧਾਰ ਤੇ ਵੰਡ ਲਏ, ਇਹ ਹੋਇਆ ਵੀ ਜਾਤ ਅਭਿਮਾਨੀਆਂ ਦੀ ਘਟੀਆਂ ਮਾਨਸਿਕਤਾ ਕਰਕੇ, ਅਫਸੋਸ ਕਿ ਅਜਿਹੇ ਲੋਕ ਆਪਣੇ ਆਪ ਨੂੰ ਬਾਬੇ ਨਾਨਕ ਦੇ ਨਾਮ ਲੇਵਾ ਵੀ ਆਖਦੇ ਹਨ। ਕੀ ਅਜਿਹੇ ਵਿਤਕਰੇ ਭਰਪੂਰ ਜੀਵਨ ਜੀਅ ਰਹੇ ਲੋਕਾਂ ਨੂੰ ਬਾਬੇ ਨਾਨਕ ਦੀ ਸੋਚ ਦੇ ਵਾਰਿਸ ਕਿਹਾ ਜਾ ਸਕਦਾ ਹੈ ? ਬਿਲਕੁੱਲ ਨਹੀਂ। ਕਦੇ ਵੀ ਨਹੀਂ !!
           ਚਾਨਣ ਦੀ ਲੋਅ ਗਿਆਨ ਬਣ ਪਸਰੀ। ਅਗਿਆਨ ਦੀ ਧੁੰਦ ਸਹਿਜੇ ਸਹਿਜੇ ਘਟਣ ਲੱਗੀ। ਦੂਜਿਆ ਦਾ ਹੱਕ ਮਾਰ ਕੇ ਜੀਊਣ ਵਾਲੇ ਮਲਕ ਭਾਗੋ ਨੂੰ ਫਿਟਕਾਰਿਆ ਅਤੇ ਹੱਕ ਹਲਾਲ ਦੀ ਸੁੱਚੀ ਕਿਰਤ ਕਰਨ ਵਾਲੇ ਭਾਈ ਲਾਲੋ ਨੂੰ ਸਤਿਕਾਰਿਆ ਅਤੇ ਉੱਚਾ ਦਰਸਾਇਆ। ਬਾਬਾ ਨਾਨਕ ਨੇ ਮਲਕ ਭਾਗੋ ਵਲੋਂ ਜ਼ਬਰ-ਜੁਲਮ ਅਤੇ ਠੱਗੀ ਦੇ ਜ਼ੋਰ ਇਕੱਠੇ ਕੀਤੇ ਮਾਹਲ-ਪੂੜਿਆਂ ਨੂੰ ਲੱਤ ਮਾਰ ਕੇ ਭਾਈ ਲਾਲੋ ਵਲੋਂ ਦਸਾਂ ਨੌਹਾਂ ਦੀ ਸੁੱਚੀ ਕਿਰਤ ਕਰਕੇ ਕਮਾਈ ਕੋਧਰੇ ਦੀ ਰੋਟੀ ਨੂੰ ਭਾਗ ਲਾਏ। ਲੁੱਟ ਦਾ ਮਾਲ ਛਕਣ ਵਾਲੇ ਅਤੇ ਕਿਰਤ ਕਰਕੇ ਖਾਣ ਵਾਲਿਆਂ ਦੇ ਫਰਕ ਨੂੰ ਦਰਸਾਇਆ, ਕਿਰਤ ਅਤੇ ਕਿਰਤੀ ਦੋਹਾਂ ਨੂੰ ਵਡਿਆਇਆ ਤੇ ਸਤਿਕਾਰਿਆ।
           ਕਦੇ ਵੀ ਹੱਥੀਂ ਡੱਕਾ ਭੰਨ ਕੇ ਦੂਹਰਾ ਨਾ ਕਰਨ ਵਾਲੇ ਆਪੇ ਬਣੇ ਅੱਜ ਦੇ "ਮਹਾਂਪੁਰਸ'' ਲੋਕਾਂ ਨੂੰ ਸੱਚੀ ਕਿਰਤ ਕਰਨ ਦਾ ਸੁਨੇਹਾ ਦਿੰਦੇ ਫਿਰਦੇ ਹਨ। ਮੱਤਾਂ ਦਿੰਦੇ ਫਿਰਦੇ ਇਹ ਐਸ਼ ਧਾਰੀ ਸਾਧ-ਸੰਤ ਪਰ ਆਪ ਇਸ ਅਮਲ ਤੋਂ ਸੱਖਣੇ ਹਨ ਬਿਲਕੁੱਲ ਕੋਰੇ। ਸਗੋਂ ਆਪ ਰਾਜਿਆਂ-ਰਜਵਾੜਿਆਂ ਵਾਲਾ ਜੀਵਨ ਬਤੀਤ ਕਰ ਰਹੇ ਹਨ, ਮਹੱਲਾਂ ਵਰਗੇ ਆਪਣੇ ਡੇਰੇ ਉਸਾਰਦੇ ਹਨ। ਆਪਣਿਆਂ ਡੇਰਿਆਂ ਵਿੱਚ ਹੀ ਆਪਣੇ ਜਾਤੀ ਸੇਵਾਦਾਰ ਰੱਖਦੇ ਹਨ। ਇਹ ਨਾਮ ਜਪਾਉਣ ਵਾਲੇ ਨਹੀਂ ਮਹਿੰਗੇ ਭਾਅ ਨਾਮ ਵੇਚਣ ਵਾਲੇ ਹਨ। ਗੁਰੂ ਬਾਬਾ ਨਾਨਕ ਗਿਆਨ ਵੰਡਣ ਤੁਰੇ ਉਦਾਸੀਆਂ ਦੇ ਰੂਪ ਵਿੱਚ ਸਫਰ ਕਰਦੇ ਆਪਣੇ ਸਾਥੀ ਮਰਦਾਨੇ ਨਾਲ ਦੂਰ ਦੁਰਾਡੇ ਤੱਕ ਪਹੁੰਚੇ। ਜਿੱਥੇ ਵੀ ਗਏ ਲੋਕਾਂ ਨੂੰ ਸੰਵਾਦ ਰਾਹੀਂ ਵਿਚਾਰ ਦੇ ਲੜ ਲਾਉਣ ਦਾ ਜਤਨ ਕੀਤਾ। ਸੂਝ ਵਿਹੂਣੇ ਲੋਕਾਂ ਦੇ ਹਨੇਰੇ ਮਨਾਂ ਵਿੱਚ ਸੂਝ ਦੇ , ਗਿਆਨ ਦੇ ਦੀਵੇ ਬਾਲੇ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਦੈਵੀ ਸੰਦੇਸ਼ ਨੂੰ ਦੂਰ ਦੁਰਾਡੇ ਤੱਕ ਪਹੁੰਚਾਉਣ ਵਾਸਤੇ  ਸੰਸਾਰ-ਯਾਤਰਾ ਆਰੰਭ ਕੀਤੀ, ਜਿਨ੍ਹਾਂ ਨੂੰ ਉਦਾਸੀਆਂ ਕਿਹਾ ਜਾਂਦਾ ਹੈ ਬਾਬੇ ਨਾਨਕ ਵਲੋਂ ਕੀਤੀਆਂ ਉਦਾਸੀਆਂ ਬਾਰੇ ਭਾਈ ਗੁਰਦਾਸ  ਜੀ ਦਾ ਕਥਨ ਹੈ:


ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤਿ ਚਲਾਈ।
ਚੜ੍ਹਿਆ ਸੋਧਣਿ ਧਰਤਿ ਲੁਕਾਈ॥ (ਵਾਰ 1:24)

ਇਨ੍ਹਾਂ ਉਦਾਸੀਆਂ ਬਾਰੇ ਦਾ ਥੋੜਾ ਜਿਹਾ ਵੇਰਵਾ- ਜੋ ਗੁਰਮਤ ਪ੍ਰਕਾਸ਼ ਵਿਚੋਂ ਧਨਵਾਦ ਸਹਿਤ ਲਿਆ ਹੈ:

ਪਹਿਲੀ ਉਦਾਸੀ ਜੋ ਪੂਰਬ ਵਾਲੀ ਉਦਾਸੀ ਕਹੀ ਜਾਂਦੀ ਹੈ
 
ਪ੍ਰੋ. ਸਾਹਿਬ ਸਿੰਘ ਜੀ ਅਨੁਸਾਰ ਪਹਿਲੀ ਉਦਾਸੀ ਦਾ ਸਮਾਂ 8 ਸਾਲ ਦਾ ਬਣਦਾ ਹੈ ਸੰਨ 1507 ਤੋਂ 1515 ਈ. ਤਕ । ਇਸ ਯਾਤਰਾ ਦੌਰਾਨ ਆਪ ਜੀ ਨੇ ਛੇ-ਸੱਤ ਹਜ਼ਾਰ ਮੀਲ ਦਾ ਸਫ਼ਰ ਕੀਤਾ। ਇਸ ਉਦਾਸੀ ਵਿਚ ਬਾਬਾ ਨਾਨਕ ਨੇ ਪ੍ਰਸਿੱਧ ਹਿੰਦੂ ਤੀਰਥਾਂ ਹਰਿਦੁਆਰ, ਗੋਰਖ ਮਤਾ, ਅਯੁੱਧਿਆ, ਪ੍ਰਯਾਗ, ਬਨਾਰਸ, ਗਯਾ, ਜਗਨਨਾਥਪੁਰੀ,
 ਮਦੁਰਾਈ, ਰਾਮੇਸ਼੍ਵਰਮ, ਸੋਮਨਾਥ, ਦਵਾਰਕਾ, ਪੁਸ਼ਕਰ, ਮਥਰਾ, ਬਿੰਦਰਾਬਨ ਅਤੇ ਕੁਰੂਕਸ਼ੇਤਰ ਆਦਿ ਤੋਂ ਇਲਾਵਾ ਸਿੰਗਲਾ ਦੀਪ, ਸਿੱਕਮ, ਆਸਾਮ, ਬੰਗਾਲ, ਉੜੀਸਾ, ਦਰਾਵੜ ਦੇਸ਼ ਬੰਬਈ, ਔਰੰਗਾਬਾਦ, ਉਜੈਨ, ਕੱਛ, ਅਜਮੇਰ ਆਦਿ ਸਥਾਨਾਂ ਦੀ ਯਾਤਰਾ ਕੀਤੀ। ਇਸ ਉਦਾਸੀ ਦੌਰਾਨ ਹੀ ਸਤਿਗੁਰੂ ਜੀ ਨੇ ਆਪਣੇ ਅਧਿਆਤਮਕ ਅਨੁਭਵਾਂ ਨੂੰ ਇਕ ਸੁਨਿਸ਼ਚਿਤ ਤੇ ਵਿਧੀਵਤ ਜੀਵਨਦਰਸ਼ਨ ਦਾ ਰੂਪ ਦਿੱਤਾ ਅਤੇ ਇਸ ਦੇ ਪ੍ਰਚਾਰ ਲਈ ਕੇਂਦਰ ਸਥਾਪਤ ਕਰਨ ਦੀ ਯੋਜਨਾ ਬਣਾਈ। ਇਸ ਉਦਾਸੀ ਤੋਂ ਵਾਪਸ ਆ ਕੇ ਆਪ ਜੀ ਆਪਣੇ ਕੁਝ ਕੁ ਪ੍ਰਮੁੱਖ ਸਿੱਖ ਸ਼ਰਧਾਲੂਆਂ ਦੀ ਸਹਾਇਤਾ ਨਾਲ ਗੁਰਦਾਸਪੁਰ ਜ਼ਿਲ੍ਹੇ ਵਿਚ ਰਾਵੀ ਦੇ ਕੰਢੇ 'ਤੇ ਇਕ ਨਵਾਂ ਪਿੰਡ ਕਰਤਾਰਪੁਰ ਵਸਾਇਆ। ਜਦੋਂ ਇਥੇ ਇਕ ਛੋਟੀ ਜਿਹੀ ਧਰਮਸ਼ਾਲ ਬਣ ਗਈ ਤਾਂ ਆਪ ਜੀ ਦੇ ਮਾਤਾ-ਪਿਤਾ ਵੀ ਇਥੇ ਹੀ ਆ ਗਏ। ਭਾਈ ਮਰਦਾਨਾ ਜੀ ਦਾ ਪਰਵਾਰ ਵੀ ਇਥੇ ਹੀ ਆ ਵੱਸਿਆ। ਕੁਝ ਚਿਰ ਸਤਿਗੁਰੂ ਜੀ ਨਗਰ ਵਸਾਉਣ ਦੇ ਆਹਰ ਵਿਚ ਰੁੱਝੇ ਰਹੇ ਪਰੰਤੂ ਛੇਤੀ ਹੀ ਦੂਜੀ ਉਦਾਸੀ ਲਈ ਚੱਲ ਪਏ।

ਇੱਥੇ ਚੇਤੇ ਰੱਖਣ ਵਾਲੀ ਗੱਲ ਹੈ ਕਿ ਜਗਨਨਾਥ ਪੁਰੀ ਦੇ ਮੰਦਰਾਂ ਵਿਚ ਜਦੋਂ ਬਾਬੇ ਨੇ ਆਰਤੀਆਂ ਹੁੰਦੀਆਂ ਦੇਖੀਆਂ ਤਾਂ ਆਪ ਆਰਤੀ ਲਿਖੀ :


ਗਗਨ ਮੈਂ ਥਾਲੁ ਰਵਿ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ॥
ਧੂਪੁ ਮਲ ਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੁਲੰਤ ਜੋਤੀ ॥ 1॥
ਕੈਸੀ ਆਰਤੀ ਹੋਇ ਭਵ ਖੰਡਨਾ ਤੇਰੀ ਆਰਤੀ

ਦੂਜੀ ਉਦਾਸੀ ਉੱਤਰ ਦੀ

ਦੂਜੀ ਉਦਾਸੀ ਦੋ-ਤਿੰਨ ਕੁ ਸਾਲਾਂ ਦੀ ਸੀ। ਪ੍ਰੋ. ਸਾਹਿਬ ਸਿੰਘ ਅਨੁਸਾਰ ਇਹ ਉਦਾਸੀ ਸੰਨ 1517 ਤੋਂ 1518 ਤਕ ਦੀ ਸੀ। ਇਸ ਉਦਾਸੀ ਦੌਰਾਨ ਗੁਰੂ ਜੀ ਨੇ ਜੰਮੂ ਤੇ ਕਸ਼ਮੀਰ ਦੀ ਯਾਤਰਾ ਕੀਤੀ। ਆਪ ਗਿਆਨ ਕੋਟ ਅਤੇ ਜੰਮੂ ਤੋਂ ਹੁੰਦੇ ਹੋਏ ਪਹਿਲਾਂ ਵੈਸ਼ਨੋ ਦੇਵੀ ਗਏ, ਫਿਰ ਮਟਨ ਵਿਚ ਅਮਰਨਾਥ ਤੇ ਉਸ ਤੋਂ ਵੀ ਪਰ੍ਹੇ ਬਰਫ਼ਾਂ ਲੱਦੀ ਪਰਬਤ ਮਾਲਾ ਉਂਤੇ, ਜਿਥੇ ਕੁਝ ਸਿੱਧਾਂ ਨਾਲ ਆਪ ਜੀ ਦਾ ਸੰਵਾਦ ਹੋਇਆ।

ਭਾਈ ਗੁਰਦਾਸ ਜੀ ਦਾ ਕਥਨ ਹੈ:


-ਫਿਰਿ ਜਾਇ ਚੜ੍ਹਿਆ ਸੁਮੇਰ ਪਰਿ ਸਿਧਿ ਮੰਡਲੀ ਦ੍ਰਿਸਟਿ ਆਈ।
(ਵਾਰ 1:28)
-ਸਬਦਿ ਜਿਤੀ ਸਿਧਿ ਮੰਡਲੀ...। (ਵਾਰ 1:31)

ਤੀਜੀ ਉਦਾਸੀ ਪੱਛਮ ਵਲ ਕੀਤੀ

ਤੀਜੀ ਉਦਾਸੀ (ਸੰਨ 1518 ਤੋਂ 1521) ਤਕ ਹੈ, ਆਪ ਜੀ ਕਰਤਾਰਪੁਰ ਤੋਂ ਪੱਛਮ (ਮੱਧ ਪੂਰਬ) ਦੇ ਦੇਸ਼ਾਂ ਦੀ ਯਾਤਰਾ ਲਈ ਚੱਲੇ।

ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ:


ਬਾਬਾ ਫਿਰਿ ਮੱਕੇ ਗਇਆ ਨੀਲ ਬਸਤ੍ਰ ਧਾਰੇ ਬਨਵਾਰੀ। (ਵਾਰ 1:32)

ਓਪਰੀਆਂ ਧਰਤੀਆਂ ਓਪਰੇ ਲੋਕ ਪਰ ਸਤਿਗੁਰੂ ਜੀ ਨੂੰ ਤਾਂ ਕੁਝ ਵੀ ਓਪਰਾ ਨਹੀਂ ਸੀ ਲੱਗਦਾ। ਸਾਰੇ ਹੀ ਆਪਣੇ ਸਨ। ਇਸ ਵਾਰ ਆਪ ਜੀ ਕਰਤਾਰਪੁਰ ਤੋਂ  ਤੁਰੇ ਤਾਂ ਕਸੂਰ, ਪਾਕਪਟਨ, ਤੁਲੰਭਾ, ਮੁਲਤਾਨ, ਬਹਾਵਲਪੁਰ, ਸ਼ੱਖਰ ਆਦਿ ਕਈ ਥਾਵਾਂ ਤੋਂ ਹੁੰਦੇ ਹੋਏ ਮੁਸਲਿਮ ਹਾਜ਼ੀਆਂ ਦੇ ਕਾਫ਼ਿਲੇ ਵਿਚ ਸ਼ਾਮਿਲ ਹੋ ਕੇ ਮਕਰਾਨ ਦੇ ਇਲਾਕੇ ਵਿਚ ਪੁੱਜੇ। ਫਿਰ ਮੱਕੇ ਗਏ। ਮੱਕੇ ਹਾਜ਼ੀਆਂ ਨਾਲ ਗੁਰੂ ਜੀ ਦਾ ਵਿਚਾਰ-ਵਟਾਂਦਰਾ ਹੋਇਆ। ਰੁਕਨਦੀਨ ਨਾਲ ਬਹਿਸ ਹੋਈ।  ਫਿਰ ਮਦੀਨੇ ਗਏ, ਫਿਰ ਬਸਰੇ ਤੇ ਬਸਰੇ ਤੋਂ ਕਰਬਲਾ, ਫਿਰ ਬਗ਼ਦਾਦ।

ਇਸ ਫੇਰੀ ਵਿਚ ਬਾਬਾ ਨਾਨਕ  ਜੀ ਦੇ ਜਿਹੜੇ ਚਿਤਰ ਮਿਲਦੇ ਹਨ ਉਨ੍ਹਾਂ ਵਿਚ ਬਾਬਾ ਨਾਨਕ ਨੇ ਸੇਲੀ ਟੋਪੀ ਪਹਿਨੀ ਹੋਈ ਹੁੰਦੀ ਹੈ। ਇਹ ਗੱਲ ਸੁਭਾਵਕ ਹੀ ਲਗਦੀ ਹੈ ਕਿਉਂਕਿ ਮੱਕਾ ਜਾਂ ਮਦੀਨਾ ਜਾਣ ਦੀ ਇਜਾਜ਼ਤ ਵੀ ਸਿਰਫ ਮੁਸਲਮਾਨਾਂ ਨੂੰ ਹੀ ਸੀ ਉਹੋ ਜਿਹਾ ਰੂਪ ਧਾਰਨਾ ਕੋਈ ਅਲੋਕਾਰ ਗੱਲ ਨਹੀਂ ਲਗਦੀ।

ਇਸ ਫੇਰੀ ਦਾ ਵਰਨਣ ਭਾਈ ਗੁਰਦਾਸ ਜੀ ਨੇ ਕੀਤਾ ਹੈ:

ਭਾਈ ਗੁਰਦਾਸ ਜੀ ਨੇ ਬਾਲੇ ਵਾਲਾ ਭੁਲੇਖਾਂ ਵੀ ਕੱਢਿਆ ਹੈ ਜਦੋਂ ਉਹ ਲਿਖਦੇ ਹਨ


ਫਿਰਿ ਬਾਬਾ ਗਇਆ ਬਗਦਾਦਿ ਨੋ ਬਾਹਰਿ ਜਾਇ ਕੀਆ ਅਸਥਾਨਾ। ਇਕੁ ਬਾਬਾ ਅਕਾਲ ਰੂਪੁ ਦੂਜਾ ਰਬਾਬੀ
 ਮਰਦਾਨਾ।         (ਵਾਰ 1:35)

ਰਾਗ ਨੂੰ ਹਰਾਮ ਸਮਝੇ ਜਾਣ ਵਾਲੇ ਸ਼ਹਿਰ ਵਿਚ ਕੀਰਤਨ, ਸੱਤ ਜ਼ਿਮੀਂ, ਅਸਮਾਨ ਮੰਨਣ ਵਾਲਿਆਂ ਨੂੰ 'ਪਾਤਾਲਾ ਪਾਤਾਲ, ਲਖ ਆਗਾਸਾ ਆਗਾਸ' ਦੱਸਦੇ ਹੋਏ ਫਿਰ ਬਗ਼ਦਾਦ ਤੋਂ ਇਸਫਰਾਨ, ਤਹਿਰਾਨ, ਮਸਤੱਕ ਬੁਖ਼ਾਰਾ ਤੇ ਸਮਰਕੰਦ ਹੁੰਦੇ ਹੋਏ ਕਾਬੁਲ ਤੇ ਜਲਾਲਾਬਾਦ ਦੇ ਰਸਤੇ ਰਾਵਲਪਿੰਡੀ ਦੇ ਲਾਗੇ ਹਸਨ ਅਬਦਾਲ ਪੁੱਜੇ। ਫਿਰ ਐਮਨਾਬਾਦ ਤੋਂ ਕਰਤਾਰਪੁਰ। ਇਸ ਉਦਾਸੀ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮੁਸਲਿਮ ਵਿਸ਼ਵਾਸਾਂ, ਰਹੁਰੀਤਾਂ ਤੇ ਧਰਮ-ਗ੍ਰੰਥਾਂ ਦਾ ਡੂੰਘਾ ਅਧਿਐਨ ਕੀਤਾ ਕਿਹਾ ਜਾਂਦਾ ਹੈ। ਐਮਨਾਬਾਦ ਬਾਬਰ ਦਾ ਹਮਲਾ ਹੋਇਆ, ਜਿਸ ਦਾ ਵਰਣਨ ਆਪ ਜੀ ਨੇ ਆਪਣੀ ਬਾਣੀ ਵਿਚ ਕੀਤਾ।

ਬਾਬਰ ਦੇ ਹਮਲੇ ਵੇਲੇ ਸੱਚੇ ਕਹੇ ਜਾਂਦੇ ਸਿਰਜਣਹਾਰ ਨੂੰ ਵੀ ਮਿਹਣਾ ਮਾਰਦਿਆ ਆਖਿਆ ਸੀ :-


ਖੁਰਾਸਾਨ  ਖਸਮਾਨਾ  ਕੀਆ
ਹਿੰਦੁਸਤਾਨੁ     ਡਰਾਇਆ ॥
ਆਪੈ ਦੋਸੁ ਨਾ ਦੇਈ ਕਰਤਾ
ਜਮੁ ਕਰਿ ਮੁਗਲੁ ਚੜਾਇਆ ॥
ਏਤੀ  ਮਾਰ ਪਈ  ਕੁਰਲਾਣੈ
ਤੈ  ਕੀ ਦਰਦੁ  ਨ ਆਇਆ ॥
----
ਕਲਿ ਕਾਤਿ  ਰਾਜੇ ਕਾਸਾਈ
ਧਰਮੁ ਪੰਖ ਕਰਿ ਉਡਰਿਆ ॥

ਉਸ ਸਮੇਂ ਜਿਹੜੇ ਬ੍ਰਾਹਮਣ (ਪੰਡਿਤ) ਤੇ ਮੌਲਵੀ ਲੋਕਾਂ ਨੂੰ ਅੰਧ ਵਿਸ਼ਵਾਸ ਦੇ ਚੱਕਰ ਵਿਚ ਪਾਕੇ ਆਪਣੇ ਆਪ ਨੂੰ ਰੱਬ ਦੇ ਨੇੜੇ ਦੱਸਦੇ ਅਤੇ ਲੋਕਾਂ ਨੂੰ ਰੱਬ ਨਾਲ ਮੇਲਣ ਦੀ ਦਲਾਲੀ ਕਰਨ ਦਾ ਦੰਭ ਰਚਦੇ ਸਨ ਬਾਬੇ ਨਾਨਕ ਨੇ ਉਨ੍ਹਾਂ ਨੂੰ ਕਾਫਰ ਕਹਿੰਦੇ ਹੋਏ ਭੰਡਿਆ :-


ਕੂੜੁ  ਬੋਲਿ ਮੁਰਦਾਰੁ  ਖਾਇ ॥
ਅਵਰੀ ਨੋ ਸਮਝਾਵਣਿ ਜਾਇ ॥

ਅਤੇ ਜਿਹੜੇ ਪਖੰਡੀ ਆਪਣੇ ਆਪ 'ਚ ਗਿਆਨਵਾਨ ਹੋਣ ਦਾ ਦਾਅਵਾ ਕਰਦੇ ਸਨ, ਪਰ ਕਿਰਤ ਕਰਨ ਤੋਂ ਮੰਗਣਾਂ ਬੇਹਤਰ ਸਮਝਦੇ ਸਨ। ਅਸਲੀ ਜੀਵਨ ਤੋਂ ਭੱਜ ਰਹੇ ਸਨ, ਉਨ੍ਹਾਂ ਨੂੰ ਦੁਰਕਾਰਿਆ, ਫਿਟਕਾਰਿਆ ਅਤੇ ਸੌ ਸੌ ਲਾਅਨਤਾਂ ਪਾਉਂਦਿਆਂ ਕਿਹਾ ਸੀ :-


ਗਿਆਨ  ਵਿਹੂਣਾ ਗਾਵੈ ਗੀਤ  ॥
ਭੁਖੇ   ਮੁਲਾਂ   ਘਰੇ  ਮਸੀਤਿ   ॥
ਮਖਟੂ ਹੋਇ  ਕੈ ਕੰਨ ਪੜਾਏ   ॥
ਫਕਰੁ ਕਰੇ ਹੋਰੁ ਜਾਤਿ ਗਵਾਏ ॥
ਗੁਰੁ ਪੀਰੁ ਸਦਾਏ ਮੰਗਣ ਜਾਇ ॥

ਪਰ ਅੱਜ ਦਾ ਇਹ ਐਸ਼ ਭੋਗਦਾ ਸਾਧ ਲਾਣਾ ਆਪਣੀਆਂ ਮਹਿੰਗੀਆਂ ਯਾਤਰਾਵਾਂ ਰਾਹੀਂ ਧਨ ਇਕੱਠਾ ਕਰਨ ਹੀ ਨਿਕਲਦਾ ਹੈ। ਦੂਰ-ਦੁਰਾਡੇ ਤੱਕ ਕੀਤੇ ਸਫਰਾਂ ਨਾਲ ਮਾਲਾਮਾਲ ਹੋ ਕੇ ਮੁੜਦੇ ਹਨ ਇਹ ਅੱਜ ਦੇ ਬਾਬੇ। ਸੋਚੋ ਤਾਂ ਸਹੀ ਕੀ ਅਜਿਹੇ ਲੋਕ ਸਾਡੇ ਸਮਾਜ ਦੇ ਆਦਰਸ਼ ਬਣ ਸਕਦੇ ਹਨ। ਨਹੀਂ ਇਹ ਬਾਬੇ ਦੇ ਨਾਂ ਤੇ ਸਿਰਫ ਸੁਆਹ ਵੇਚ ਕੇ ਸਾਡੇ ਘਰਾਂ ਦਾ ਸੋਨਾ ਲੁੱਟ ਕੇ ਲੈ ਜਾਂਦੇ ਹਨ। ਇਨ੍ਹਾਂ ਦਾ ਰਾਹ ਬਾਬੇ ਨਾਨਕ ਦਾ ਰਾਹ ਨਹੀਂ। ਇਸ ਪਾਸਿਉਂ ਸੁਚੇਤ ਹੋ ਕੇ ਸਾਡੇ ਸਮਾਜ ਨੂੰ  ਆਪਣੇ ਮਨਾਂ ਦੇ ਹਨੇਰੇ ਨੂੰ ਦੂਰ ਕਰਨ ਦੇ ਜਤਨ ਕਰਨੇ ਚਾਹੀਦੇ ਹਨ। ਆਪਣੇ ਮੱਥਿਆਂ ਦੀ ਕਾਰ ਸੇਵਾ ਕਰਕੇ ਆਪਣੇ ਮੱਥਿਆਂ ਨੂੰ ਨਿਰਮਲ ਕਰਨ ਦਾ ਜਤਨ ਕਰੀਏ। ਤਾਂ ਕਿ ਸਾਨੂੰ ਕਾਲੇ ਚਿੱਟੇ ਦਾ ਫਰਕ ਨਜ਼ਰ ਆ ਸਕੇ, ਸੋਚੀਏ ਤਾਂ ਸਹੀ । ਬਾਣੀ ਵੀ ਮੱਤ ਦਿੰਦੀ ਹੈ ਸੁਣੋ ਤਾਂ ਸਹੀ :


ਮੂਰਖੈ ਸੰਗ ਨਾ ਲੂਝੀਐ ਪੜ ਅੱਖਰ ਆਪੈ ਬੂਝੀਐ

ਸੋਚੀਏ ਤਾਂ ਸਹੀ ਜਿਸ ਬਾਬੇ ਨੇ ਲੋਕਾਂ ਨੂੰ ਆਪਸੀ ਭਾਈਚਾਰੇ ਦਾ ਸਿਧਾਂਤ ਦਿੱਤਾ, ਕਿਸੇ ਨੂੰ ਵੀ ਬੇਗਾਨਾ ਨਾ ਸਮਝਿਆ ਉਸਦੇ ਬਹੁਗਿਣਤੀ ਪੈਰੋਕਾਰ ਕਿਵੇਂ ਵਿਹਲੜਾਂ ਦੇ ਦਰ ਮੱਥੇ ਰਗੜੀ ਜਾਂਦੇ ਹਨ। ਬਾਬੇ ਨਾਨਕ ਨੇ ਸੁੱਚੀ-ਸੱਚੀ ਅਤੇ ਦਸਾਂ ਨੌਹਾਂ ਦੀ ਕਿਰਤ ਕਰਨ ਵਾਲੇ ਭਾਈ ਲਾਲੋ ਨੂੰ ਮਾਣ ਬਖਸ਼ਿਆ ਪਰ ਅੱਜ ਉਸ ਲਾਲੋ ਦੇ ਭਾਈਵੰਦਾਂ ਨੂੰ ਨੀਚ ਕਹਿ ਕੇ ਉਨ੍ਹਾਂ ਦੀ ਦੁਰਗਤ ਕੀਤੀ ਜਾਂਦੀ  ਹੈ, ਕਿਉਂ ?  ਆਖਰ ਕਿਉਂ??? ਦਸਾਂ ਨੌਹਾਂ ਦੀ ਕਿਰਤ ਕਰਨ ਵਾਲੇ  ਲੋਕਾਂ ਤੋਂ ਬਿਨਾਂ ਕੌਣ ਕੱਢਦਾ ਹੈ ਦਸਵੰਧ ਕਿਸੇ ਹੋਰ ਵਾਸਤੇ ? ਇਹ ਹੀ ਵੰਡ ਛਕਣ ਦਾ ਅਸੂਲ ਅਪਣਾਉਂਦੇ ਹਨ। ਮਲਕ ਭਾਗੋ ਦੇ ਯਾਰ ਅੱਜ ਵੀ ਸਮਾਜ ਅਤੇ ਬਹੁਤੇ ਥਾਵੀਂ ਧਰਮ ਤੇ ਵੀ ਕਾਬਜ ਹਨ। ਧਾਰਮਿਕ ਸਥਾਨਾਂ ਅੰਦਰ ਹੁੰਦੇ ਝਗੜੇ ਇਸ ਦੀ ਮੂੰਹੋਂ ਬੋਲਦੀ ਤਸਵੀਰ ਹਨ। ਨਾਨਕ ਦਾ ਰਾਹ ਸੱਚੇ -ਸੁੱਚੇ ਜੀਵਨ ਦਾ ਹੋਕਾ ਦਿੰਦਾ ਹੈ । ਪਰ ਕੀ ਅਸੀਂ ਉਸ ਸੱਚ ਦੇ ਲੜ ਲੱਗਣ ਜੋਗੇ ਹੋ ਗਏ ਹਾਂ ? ਕੀ ਅੱਜ ਦੇ ਸੱਜਣ ਠੱਗ ਸਾਡੇ ਸਮਾਜ ਦੀ ਅਗਵਾਈ ਕਰਦੇ ਸਾਨੂੰ ਨਜ਼ਰ ਨਹੀਂ ਆਉਂਦੇ? ਵੰਡੇ ਹੋਏ ਮਨਾਂ ਨੂੰ ਜੋੜਨਾ ਹੀ ਨਾਨਕ ਦੀ ਸਿੱਖਿਆ ਹੈ, ਅਸੀਂ ਇਸ ਰਾਹੇ ਪੈਂਦੇ ਕਿਉਂ ਨਹੀਂ? ਜਾਂ ਸਵਾਲ ਹੈ ਕਦੋਂ ਪਵਾਂਗੇ??
          ਅਸੀਂ ਸਾਰੇ ਹੀ ਗੁਰੂਆਂ ਵਲੋਂ ਜਾਤ-ਪਾਤ ਖਤਮ ਕਰਨ ਦੇ ਬੜੇ ਪ੍ਰਵਚਨ ਸੁਣਦੇ-ਸੁਣਾਉਂਦੇ ਹਾਂ - ਪਰ ਆਪ ਅਸੀਂ ਇਸ ਬਾਰੇ ਕੋਈ ਜਤਨ ਨਹੀਂ ਕਰਦੇ - ਜੇ ਇਸ ਕੋਹੜ ਨੂੰ ਖਤਮ ਕਰਨਾ  ਹੈ ਤਾਂ ਇਹ ਵੀ ਆਪਣੇ ਆਪ ਤੋਂ ਹੀ ਸ਼ੁਰੂ ਕਰਨਾ ਪਵੇਗਾ। ਪਹਿਲਾਂ ਆਪਣੇ ਮਨਾਂ ਵਿੱਚ ਝਾਕੀਏ, ਅੰਦਰ ਪਿਆ ਗੰਦ ਹੂੰਝ ਕੇ ਬਾਹਰ ਸੁੱਟਣ ਦਾ ਜਤਨ ਕਰੀਏ ਤੇ ਦੇਖੀਏ ਕਿ ਅਸੀਂ ਕਿਹੜੇ ਰਾਹ ਤੁਰ ਰਹੇ ਹਾਂ। ਆਉ ਸਾਰੇ ਰਲ ਕੇ ਹੰਭਲਾ ਮਾਰੀਏ ਤੇ ਸੱਚ ਦੇ ਰਾਹ ਵਾਲੇ ਪਾਂਧੀ ਬਣੀਏ। ਅਸੀਂ ਆਪਣੇ ਆਪ ਨੂੰ ਵੱਡੇ ਤੋਂ ਵੱਡਾ ਦੱਸਣ ਦਾ ਭਰਮ ਪਾਲ਼ਦੇ ਹਾਂ ਪਰ ਦੇਖੋ ਤਾਂ ਸਹੀ ਕਿ ਬਾਬਾ ਨਾਨਕ ਨੇ ਸਾਨੂੰ ਆਪਣਾ ਰਾਹ ਸਪਸ਼ਟ ਕਰਦਿਆਂ ਕੀ ਕਿਹਾ ਸੀ, ਕਿ :


ਨੀਚਾਂ  ਅੰਦਰ  ਨੀਚ   ਜਾਤਿ  ਨੀਚੀ  ਹੂੰ  ਅਤਿ  ਨੀਚ
ਨਾਨਕ ਤਿਨ ਕੇ ਸੰਗਿ ਸਾਥ ਵੱਡਿਆਂ ਸਿਉ ਕਿਆ ਰੀਸ ॥

ਇਹ ਸੁਣਨ ਤੋਂ ਬਾਅਦ ਤਾਂ ਸਭ ਨੂੰ ਸਮਝ ਪੈ ਹੀ ਜਾਣੀ ਚਾਹੀਦਾ ਹੈ ਕਿ ਬਾਬਾ ਕਿਹੜੇ ਪਾਸੇ ਖੜ੍ਹਦਾ ਹੈ ਫੇਰ  ਸਾਡਾ ਰਾਹ ਤੇ ਸਾਡੇ ਰਾਹ ਦੇ ਸੰਗੀ ਸਾਥੀ ਕੌਣ ਹਨ। ਜੇ ਅਸੀਂ ਨਾਨਕ ਦੇ ਰਾਹ ਨੂੰ ਅਪਨਾਉਣਾ ਹੈ ਤਾਂ ਔਕੜਾਂ ਜਰੂਰ ਆਉਣਗੀਆਂ ਪਰ ਅਸੀਂ ਆਪਣੇ ਫਰਜ਼ਾਂ ਦੇ ਲੜ ਲੱਗੇ ਬਿਨਾਂ ਸੁਰਖਰੂ ਨਹੀਂ ਹੋ ਸਕਦੇ । ਜ਼ਿੰਦਗੀ ਨੂੰ ਸੌਖਿਆਂ ਅਤੇ ਸੁਰਖਰੂ ਕਰਨ ਦਾ ਇਹ ਹੀ ਰਾਹ ਹੈ।
        ਆਪਣੇ ਜੀਵਨ ਦੇ ਅੰਤਿਮ ਅੱਠ-ਦਸ ਵਰ੍ਹੇ ਆਪ ਜੀ ਨੇ ਕਰਤਾਰਪੁਰ ਵਿਖੇ ਨਿਵਾਸ ਕੀਤਾ। ਜਿਥੇ ਆਪ ਜੀ ਨਿਤਨੇਮ, ਕਥਾ-ਕੀਰਤਨ ਤੇ ਭਜਨ-ਬੰਦਗੀ ਕਰਦੇ ਅਤੇ ਹਰ ਕਿਸੇ ਨੂੰ ਚੰਗਾ  ਜੀਵਨ ਬਿਤਾਉਣ ਦਾ ਸੁਨੇਹਾ ਦਿੰਦੇ  ਭਾਈ ਗੁਰਦਾਸ ਜੀ ਕਰਤਾਰਪੁਰ ਦੀ ਧਰਮਸ਼ਾਲਾ ਦਾ ਵਰਣਨ ਕਰਦੇ ਫ਼ੁਰਮਾਉਂਦੇ ਹਨ :-
       ਗਿਆਨੁ ਗੋਸਟਿ ਚਰਚਾ ਸਦਾ ਅਨਹਦਿ ਸਬਦਿ ਉਠੇ ਧਨੁਕਾਰਾ। (ਵਾਰ 1;38) ਇਥੇ ਹੀ ਆਪ ਜੀ ਦਾ  ਦੀਦਾਰ ਕਰਨ ਭਾਈ ਲਹਿਣਾ ਜੀ ਆਏ। ਦੀਦਾਰ ਐਸਾ ਹੋਇਆ ਕਿ ਭਾਈ ਲਹਿਣਾ ਜੀ ਆਪ ਦੇ ਹੋ ਕੇ ਰਹਿ ਗਏ। ਦੋਵੇਂ ਇਕ ਜੋਤ ਹੋ ਗਏ। ਭਾਈ ਲਹਿਣਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅੰਗ ਬਣ ਕੇ ਸ੍ਰੀ ਗੁਰੂ ਅੰਗਦ ਦੇਵ ਜੀ ਹੋ ਨਿਬੜੇ। 7 ਸਤੰਬਰ, ਸੰਨ 1539 ਨੂੰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਆਪਣਾ ਜੋਤਿ ਰੂਪੀ ਨੂਰ ਭਾਈ ਲਹਿਣਾ ਜੀ (ਸ੍ਰੀ ਗੁਰੂ ਅੰਗਦ ਦੇਵ ਜੀ) ਵਿਚ ਟਿਕਾ ਕੇ ਅਕਾਲ ਸਤਿ ਵਿਚ ਸਮਾ ਗਏ।
         ਕੋਸ਼ਿਸ਼ ਕਰਨੀ ਚਹੀਦਾ ਹੈ ਕਿ ਸੱਚ ਦੇ ਰਾਹ ਪਈਏ, ਬਾਬੇ ਨਾਨਕ ਦੀਆਂ ਜੀਵਨ ਸੁਆਰਦੀਆਂ ਸਮਝੌਤੀਆਂ  ਦੇ ਲੜ ਲੱਗੀਏ, ਚੰਗੇ ਜੀਵਨ ਦੀ ਜੁਗਤ ਕਿ ਕੀ ਕਰੀਏ ਤੇ ਕੀ ਨਾ ਕਰੀਏ ਸਾਨੂੰ ਸਾਡੀ ਮਾਂ ਬੋਲੀ ਦੇ ਪਹਿਲੇ ਕਵੀ ਬਾਬਾ ਸ਼ੇਖ ਫਰੀਦ ਜੀ ਇਉਂ ਦੱਸਦੇ ਹਨ :

 
ਜੇ  ਤੂ  ਅਕਲਿ ਲਤੀਫ  ਕਾਲੇ ਲਿਖ  ਨਾ ਲੇਖੁ
ਆਪਿਨੜੈ ਗਿਰਿਵਾਨ ਮੈ ਸਿਰ ਨੀਵਾ ਕਰ ਦੇਖੁ ॥

       ਅੱਜ ਸਾਡਾ ਕੀ ਹਾਲ ਹੈ - ਵਿਹਲੜ ਵੀ ਆਪਣੇ ਆਪ ਨੂੰ ਸੰਤ ਆਖੀ ਜਾ ਰਹੇ ਹਨ- ਅਜਿਹੇ ਇਨ੍ਹਾਂ ਨਕਲੀ ਸਾਧਾਂ-ਸੰਤਾਂ ਦੇ ਵੱਗ ਤੁਰੇ ਫਿਰਦੇ ਹਨ- ਮਾਫ ਕਰਨਾ ਵੱਗ ਸ਼ਬਦ ਆਮ ਕਰਕੇ ਪਸ਼ੂਆਂ ਲਈ ਰਾਖਵਾਂ ਹੈ - ਪਸ਼ੂਆਂ ਦੇ ਵੱਗ ਹੀ ਆਖੇ ਜਾਂਦੇ ਹਨ - ਪਰ ਜਿਸ ਸਮਾਜ ਜਿਸ ਭਾਈਚਾਰੇ ਕੋਲ ਸਾਧਾਂ ਦੇ ਵੱਗ ਹੋਣ ਉਨ੍ਹਾਂ ਦਾ ਕੀ ਹਾਲ ਹੋ ਸਕਦਾ ਹੈ ਇਹ ਸਭ ਨੇ ਰਲ ਕੇ ਸੋਚਣਾ ਹੈ।
         ਆਉ ਜਤਨ ਕਰੀਏ ਆਪਣੇ ਮਨ ਅੰਦਰ ਝਾਕਣ ਦਾ ਅਤੇ ਆਪਣੇ ਜੀਵਨ ਨੂੰ ਬਾਬੇ ਵਲੋਂ ਦਿੱਤੀ ਸੋਚ ਧਾਰਾ ਤੇ ਸੁਚੱਜੀ ਜੀਵਨ ਜਾਚ ਅਤੇ ਜੀਵਨ ਜੁਗਤ ਨਾਲ ਜੋੜਨ ਦਾ।

22 Nov. 2018

ਪੰਜਾਬੀਉ! ਮਸਲੇ ਵਿਚਾਰੋ, ਕੀ ਹੋਵੇ - 'ਏਜੰਡਾ ਪੰਜਾਬ' - ਕੇਹਰ ਸ਼ਰੀਫ਼

ਬਚਪਨ ਤੋਂ ਗੱਲਾਂ / ਗੀਤ ਸੁਣਦੇ ਆ ਰਹੇ ਹਾਂ - ਰੰਗਲੇ ਪੰਜਾਬ ਦੀਆਂ। ਪਰ ਹੁਣ ਇਸ ਰੰਗਲੇ ਪੰਜਾਬ ਨੂੰ "ਕੰਗਲੇ ਪੰਜਾਬ'' (ਜਿਵੇਂ ਹੁਣ ਕਿਹਾ ਜਾਂਦਾ ਹੈ) ਵਿਚ ਬਦਲਣ ਦਾ ਦੋਸ਼ੀ ਕੌਣ ਹੈ? ਇਹ ਸਫਰ ਬਹੁਤ ਲੰਬਾ ਹੈ। ਦੋਸ਼ੀ ਬਹੁਤ ਸਾਰੀਆਂ ਧਿਰਾਂ ਹੋ ਸਕਦੀਆਂ ਹਨ। ਪਰ ਸੋਚਣਾ ਤਾਂ ਪਵੇਗਾ ਹੀ ਕਿ ਇਹ "ਭਾਣਾ'' ਕਿਵੇਂ ਤੇ ਕਿਉਂ ਵਾਪਰਿਆ? ਪੰਜਾਬ ਚੌਤਰਫੇ ਹਮਲੇ ਥੱਲੇ ਕਿਵੇਂ ਅੱਪੜਿਆ ? ਆਈ ਬਿਪਤਾ ਦੇਖ ਕੇ ਵੀ ਪੰਜਾਬੀ ਸਮੇਂ ਸਿਰ ਜਾਗਣ ਤੋਂ ਅਵੇਸਲੇ ਕਿਉਂ ਰਹੇ? ਸਾਡੇ ਬੁੱਧੀਜੀਵੀ ਕੱਛੂਕੁੰਮੇ ਦੀ ਜੂਨੇ ਪੈ ਕੇ ਆਪਣੀ "ਅਣਖੀ ਗਰਦਣ'' ਲਕੋ ਕੇ ਕਿਉਂ ਜੀਵਨ ਬਸਰ ਕਰਨ ਲੱਗੇ ਕਿ ਉਨ੍ਹਾਂ ਨੂੰ "ਤੱਤੀ ਵਾਅ'' ਨਾ ਲੱਗੇ- ਜਿਨ੍ਹਾਂ ਲੋਕਾਂ ਦੇ ਦੁੱਖਾਂ ਦਰਦਾਂ ਬਾਰੇ ਪੰਜਾਬੀਆਂ ਨੂੰ ਸੁਚੇਤ ਕਰਦਿਆਂ, ਪੰਜਾਬ ਨੂੰ ਜਗਾ ਕੇ ਮਸਲੇ ਹੱਲ ਕਰਨ ਦਾ ਰਾਹ ਦੱਸਣਾ ਸੀ - ਉਹ ਅਵੇਸਲੇ ਕਿਉਂ ਹੋ ਗਏ, ਵਕਤ ਸਿਰ ਜਾਗੇ ਕਿਉਂ ਨਾ? ਲੋਕਾਂ ਨੂੰ ਜਗਾਇਆ ਕਿਉਂ ਨਾ? ਸਦਾ ਹੀ ਆਮ ਲੋਕਾਂ, ਕਿਰਤੀਆਂ-ਮਿਹਨਤਕਸ਼ਾਂ ਦੇ ਭਲੇ ਵਾਸਤੇ ਲੜਨ ਵਾਲੀਆਂ ਖੱਬੀਆਂ ਧਿਰਾਂ ਆਪਸ ਵਿਚ ਹੀ ਕਿਉਂ ਉਲਝੀਆਂ ਰਹੀਆਂ? ਕਾਮੇ ਕਿਰਤੀਆਂ ਦੀ ਕੋਈ ਵੀ ਸਾਂਝੀ ਲੋਕ ਲਹਿਰ ਕਿਉਂ ਨਾ ਉਸਾਰ ਸਕੀਆਂ? ਆਪ ਵੀ ਇਕੱਠੀਆਂ ਨਾ ਹੋ ਸਕੀਆਂ। ਪੰਜਾਬ ਲੁੱਟਿਆ /ਕੁੱਟਿਆ ਜਾਂਦਾ ਰਿਹਾ ਪਰ ਰਾਖੀ ਕਰਨ ਵਾਲੀਆਂ ਲੋਕ ਧਿਰਾਂ ਵੰਡੀਆਂ ਹੋਈਆਂ ਇਕ ਦੂਜੇ ਦਾ ਵਿਰੋਧ ਕਰਦੀਆਂ ਰਹੀਆਂ। ਦਰਅਸਲ ਇਹ ਪੰਜਾਬ ਵਾਸਤੇ, ਆਪਣੇ ਹੱਕਾਂ ਖਾਤਰ ਲੜਾਕੂ ਸੁਭਾਅ ਵਾਲੇ ਰਵਾਇਤੀ ਪੰਜਾਬੀ ਸੁਭਾਅ ਦੇ ਹਾਣ ਦੇ ਨਾਂ ਹੋ ਸਕੇ। ਸਮਾਂ, ਅਜੇ ਵੀ ਪੰਜਾਬ ਖਾਤਰ ਲੜਨ ਵਾਲੇ ਲੋਕਾਂ ਵਲ ਦੇਖ ਰਿਹਾ ਹੈ। ਕਿਸੇ ਵੀ ਸਾਂਝੀ ਲੋਕ ਲਹਿਰ ਦੇ ਆਸਰੇ ਹੱਕਾਂ ਖਾਤਰ ਲੜਨ ਤੋਂ ਬਿਨਾਂ ਪੰਜਾਬ ਨੇ ਮੁੜ ਟਹਿਕਣਾ ਨਹੀਂ। ਇਹ ਕੰਮ ਸਿਰਫ ਸਰਕਾਰ ਦਾ ਹੀ ਨਹੀਂ ਹਰ ਪੰਜਾਬੀ ਇਸ ਵਿਚ ਆਪਣੇ ਢੰਗ ਨਾਲ ਸ਼ਾਮਲ ਹੋਵੇ- ਸਰਕਾਰ ਲੋਕਾਂ ਦੀ ਮੱਦਦ ਲਵੇ।
ਪੰਜਾਬ ਅੰਦਰ ਲੰਬੇ ਸਮੇਂ ਤੋਂ ਲੋਕਤੰਤਰੀ ਪ੍ਰਣਾਲੀ ਰਾਹੀਂ ਚੁਣੇ ਜਾਣ ਤੋਂ ਬਾਅਦ ਜਿੱਤਦੇ ਸਿਆਸੀ ਨੇਤਾ ਅਤੇ ਉਨ੍ਹਾਂ ਦੀਆਂ ਸਿਆਸੀ ਪਾਰਟੀਆਂ ਅਤੇ ਵਾਰੋ-ਵਾਰੀ ਸਰਕਾਰਾਂ ਚਲਾਉਣ ਵਾਲੀਆਂ ਪਾਰਟੀਆਂ ਆਮ ਕਰਕੇ ਆਪਣੇ ਤੇ ਆਪਣੇ 'ਕੋੜਮੇਂ' ਦਾ ਬਹੁਤਾ ਫਿਕਰ ਕਰਦੇ ਰਹੇ ਹਨ। ਇਹੀ ਪਾਰਟੀਆਂ ਪੰਜਾਬ ਨੂੰ ਇੱਥੋਂ ਤੱਕ ਪਹੁੰਚਾਉਣ ਦੀਆਂ ਮੁੱਖ ਦੋਸ਼ੀ ਹਨ। ਲੋਕਾਂ ਨਾਲ ਕੀਤੇ ਵਾਅਦੇ ਵਫਾ ਨਾ ਹੋਏ, ਸਗੋਂ  ਉਨ੍ਹਾਂ ਨੂੰ "ਸੇਵਾ'' ਦੇ ਝੂਠ ਥੱਲੇ ਦੱਬੀ ਰੱਖਿਆ। ਪੰਜਾਬੀਆਂ ਦੇ ਹੱਥੋਂ ਕਿਉਂ ਗੁਆਚ ਗਈ "ਸਰਬੱਤ ਦੇ ਭਲੇ ਵਾਲੀ ਮਾਨਸਿਕਤਾ''? ਇਸ ਕਰਕੇ ਹੀ ਪੰਜਾਬ ਆਪਣੀ ਟਹਿਕ ਗੁਆ ਗਿਆ ਤੇ ਲੋਕ ਇਸਨੂੰ ਫਿਲਮਾਂ ਰਾਹੀ "ਉਡਤਾ ਪੰਜਾਬ'' ਕਹਿਣ ਤੱਕ ਪਹੁੰਚ ਗਏ। ਜਿਸ ਨਾਲ ਪੰਜਾਬ ਦਾ ਸਿਰ ਝੁਕਿਆ, ਨੀਵਾਂ ਹੋਇਆ। ਪੰਜਾਬ ਦੇ ਸਿਰ ਨਸ਼ੇੜੀ ਹੋਣ ਦਾ ਕਲੰਕ ਲਾ ਦਿੱਤਾ ਗਿਆ। ਇਸ ਦਾ ਜੁੰਮੇਵਾਰ ਕੌਣ ਸੀ, ਇਸ ਵਿਚ ਕਿੰਨਾ ਸੱਚ ਤੇ ਕਿੰਨਾ ਝੂਠ ਸੀ ਨਿਖੇੜਿਆ ਨਾ ਗਿਆ। ਹਾਕਮਾਂ ਨੂੰ ਇਹ ਤਾਂ ਦੱਸਣਾ ਹੀ ਪਵੇਗਾ - ਕਿ  ਰੰਗਲੇ ਪੰਜਾਬ ਨੂੰ "ਚਿੱਟਾ'' ਕਿਹੜੀਆਂ ਸ਼ਕਤੀਆਂ ਨੇ ਕੀਤਾ ? ਜਿਨ੍ਹਾਂ ਦੇ ਜੁੰਮੇ ਰੋਕਣ ਦੀ ਜੁੰਮੇਵਾਰੀ ਸੀ ਉਨ੍ਹਾਂ ਨੇ ਕਿਉਂ ਨਾ ਰੋਕਿਆ - ਪੰਜਾਬ ਦੇ ਪੁੱਤਾਂ ਦੀਆਂ ਅਜਾਈਂ ਜਾਨਾਂ ਗਵਾ ਦਿੱਤੀਆਂ।
ਪਿਛਲੇ ਲੰਬੇ ਸਮੇਂ ਤੋਂ ਅਜਿਹਾ ਕਿਉਂ ਹੋਇਆ ਕਿ ਪੰਜਾਬ ਤੇ ਇਥੋਂ ਦੇ ਮਿਹਨਤੀ ਲੋਕ ਗਰੀਬ ਹੁੰਦੇ ਗਏ ਤੇ ਸਿਆਸਤਦਾਨ ਅਮੀਰ ਤੋਂ ਅਮੀਰ ਹੁੰਦੇ ਗਏ। ਉਨ੍ਹਾਂ ਦਾ ਕਿਸੇ ਨੇ ਲੇਖਾ-ਜੋਖਾ ਕਿਉਂ ਨਾ ਕੀਤਾ? ਇਸ ਕਰਕੇ ਇਹ ਕੁੱਝ ਬਿਨਾ ਰੋਕ-ਟੋਕ ਚੱਲੀ ਗਿਆ ਕਿ ਚੋਰ ਤੇ ਕੁੱਤੀ ਰਲੇ ਹੋਏ ਸਨ?  ਇਸ ਬਾਰੇ ਕੋਈ ਨਿਰਪੱਖ ਕਮਿਸ਼ਨ ਬਣੇ ਜੋ 6 ਮਹੀਂਨੇ ਤੋਂ ਇਕ ਸਾਲ ਦੇ ਅੰਦਰ ਅੰਦਰ ਪਿਛਲੇ 15 ਕੁ ਸਾਲ ਦੇ ਸਮੇਂ ਅੰਦਰ ਆਮਦਨ ਤੋਂ ਸੈਕੜੇ ਗੁਣਾਂ ਵੱਧ ਜਾਇਦਾਦ ਬਨਾਉਣ ਵਾਲਿਆਂ ਪੰਜਾਬ ਦੇ ਸਿਆਸਤਦਾਨਾਂ/ ਅਫਸਰਸ਼ਾਹਾਂ ਤੇ ਹੋਰ ਵੀ ਕਈਆਂ ਦੀਆਂ ਜਾਇਦਾਦਾਂ ਨੂੰ ਲੱਭ (ਜੋ ਔਖਾ ਕੰਮ ਨਹੀਂ) ਕੇ ਸਾਰੀਆਂ ਜਾਇਦਾਦਾਂ ਨੀਲਾਮ ਕਰੇ, ਇਸ ਨਾਲ ਪੰਜਾਬ ਦਾ ਕੁੱਲ ਕਰਜਾ ਉੱਤਰ ਸਕਦਾ ਹੈ। ਇਹ ਕਿਵੇਂ ਹੋਇਆ ਕਿ ਕੱਲ੍ਹ ਤੱਕ ਜਿਹੜੇ ਸਾਈਕਲ ਖਰੀਦਣ ਜੋਗੇ ਨਹੀਂ ਸਨ- ਉਨ੍ਹਾਂ ਦਾ ਨਾਂ ਸੈਕੜੇ ਕਰੋੜਾਂ ਦੀਆਂ ਜਾਇਦਾਦਾਂ ਵਾਲਿਆ ਵਿਚ ਬੋਲਦਾ ਹੈ। ਲੋਕ ਤਾਂ ਆਮ ਹੀ ਗੱਲਾਂ ਕਰਦੇ ਹਨ - ਸਰਕਾਰਾਂ ਨੂੰ ਇਸ ਦਾ ਕਿਉਂ ਨਹੀਂ ਪਤਾ ਲਗਦਾ। ਵਿਧਾਨਕਾਰਾਂ ਵਾਸਤੇ ਸਾਲ ਮਗਰੋਂ ਨਹੀਂ ਹਰ 6 ਮਹੀਨੇ ਬਾਅਦ ਆਮਦਨ ਖਰਚ ਦਾ ਹਿਸਾਬ ਪੇਸ਼ ਕਰਨਾ ਲਾਜ਼ਮੀ ਹੋਵੇ - ਜਿਸ ਦੀ ਜਾਂਚ ਕਰਕੇ ਰਿਪੋਰਟ ਜਨਤਕ ਵੀ ਕੀਤੀ ਜਾਵੇ।
ਪੰਜਾਬ ਨੂੰ ਪਿਆਰ ਕਰਨ ਵਾਲੇ ਸੂਝਵਾਨ, ਜਾਗਰੂਕਾਂ ਨੇ ਹੁਣੇ ਜਹੇ "ਚਿੱਟੇ ਦੇ ਵਿਰੋਧ ਵਿਚ ਕਾਲਾ-ਹਫਤਾ - ਮਰੋ ਜਾਂ ਵਿਰੋਧ ਕਰੋ'' ਦਾ ਸੱਦਾ ਦਿੱਤਾ- ਨਸ਼ਿਆਂ ਦੇ ਵਿਰੋਧੀ ਪੰਜਾਬ ਦਰਦੀ ਲੋਕਾਂ ਨੇ ਵੱਡਾ ਹੁੰਗਾਰਾ ਭਰਿਆ, ਇਹ ਲਹਿਰ ਲਗਾਤਾਰ ਅੱਗੇ ਵਧਦੀ ਵੇਖ ਸਰਕਾਰ ਨੇ ਵਿਚ ਹੀ  "ਡੋਪ ਟੈਸਟ'' ਵਾਲਾ ਬੇ-ਮਤਲਬਾ "ਜੁਮਲਾ'' ਰੋੜ੍ਹ ਦਿੱਤਾ। ਸਰਕਾਰ ਨੂੰ ਚਾਹੀਦਾ ਹੈ ਕਿ "ਠੇਕੇ ਦੀਆਂ ਬੋਤਲਾਂ'' ਵਿਚੋਂ ਮਿਲਦੇ ਟੈਕਸ ਨਾਲ ਸਾਹ ਨਾ ਲਵੇ ਠੇਕਿਆਂ ਤੇ ਵਿਕਦਾ ਨਸ਼ਾ ਵੀ ਬੰਦ ਕਰਨ ਦਾ ਸੋਚੇ, ਨਹੀਂ ਤਾਂ ਡੋਪ ਟੈਸਟ ਦਾ ਅਰਥ ਹੀ ਕੋਈ ਨਹੀਂ। ਨਸ਼ਿਆਂ ਦੇ ਖਿਲਾਫ ਉੱਠੀ ਲਹਿਰ ਜਾਰੀ ਰਹੇ ਤਾਂ ਪੰਜਾਬ ਦੇ ਉਜਲੇ ਭਵਿੱਖ ਦੀ ਆਸ ਕੀਤੀ ਜਾ ਸਕਦੀ ਹੈ। ਅਗਲਾ ਫੌਰੀ ਚੁੱਕਣ ਵਾਲਾ ਕਦਮ ਹੈ ਕਿ ਨਸ਼ਿਆਂ ਦੇ ਸਮਗਲਰਾਂ ਦੀਆਂ ਜਾਇਦਾਦਾਂ ਦੀ ਤੇਜੀ ਨਾਲ ਘੋਖ ਪੜਤਾਲ ਕਰਕੇ - ਇਹ ਸਾਬਤ ਹੋ ਜਾਣ 'ਤੇ ਕਿ ਜਾਇਦਾਦਾਂ ਮਾੜੇ ਧੰਦਿਆਂ ਨਾਲ ਬਣਾਈਆਂ ਗਈਆਂ ਹਨ ਤੁਰੰਤ ਜਬਤ ਕੀਤੀਆਂ ਜਾਣ। ਪੰਜਾਬ ਬਚੇਗਾ ਤੇ ਮਾੜੇ ਧੰਦੇ ਵਾਲਿਆਂ ਨੂੰ ਸੁਨੇਹਾ ਜਾਵੇਗਾ ਕਿ ਉਹ ਇਹ ਰਾਹ ਛੱਡਣ।
ਪੰਜਾਬੀਆਂ ਨੇ ਬਹੁਤ ਸਮਾਂ ਗੁਜ਼ਾਰ ਦਿੱਤਾ ਹੈ ਹਾਕਮਾਂ ਦੇ ਝੂਠੇ ਅਤੇ ਧੋਖੇ ਭਰੇ ਲਾਰਿਆਂ ਵੱਲ ਦੇਖਦਿਆਂ - ਲੋਕਾਂ ਵਲੋਂ ਦਿੱਤੀ ਰਾਜ ਸ਼ਕਤੀ ਹੱਥਾਂ ਵਿਚ ਹੋਣ ਕਰਕੇ ਹਾਕਮ ਤਾਂ ਮਾਲਾ ਮਾਲ ਹੋ ਗਏ ਪੰਜਾਬ ਅਤੇ ਪੰਜਾਬੀ ਲੁੱਟੇ ਗਏ ਗਰੀਬ ਹੋ ਗਏ। ਪੰਜਾਬ ਦੀ ਨੌਜਵਾਨ ਪੀੜੀ ਠੱਗੀ ਗਈ - ਕਿਸਾਨ, ਮਜ਼ਦੂਰ , ਮੁਲਾਜ਼ਮ  ਹਰ ਤਬਕੇ ਨੂੰ ਬਰਬਾਦੀ ਵਾਲੇ ਰਾਹ ਵੱਲ ਧੱਕ ਦਿੱਤਾ ਗਿਆ। ਭ੍ਰਿਸ਼ਟਾਚਾਰ ਹਾਕਮਾਂ ਦੀ ਹਿੱਸੇਦਾਰੀ ਤੋਂ ਬਿਨਾਂ ਇਕ ਦਿਨ ਵੀ ਨਹੀਂ ਚੱਲ ਸਕਦਾ। ਅਫਸਰ ਕਦੇ ਵੀ ਭ੍ਰਿਸ਼ਟ ਨਹੀਂ ਹੋ ਸਕਦਾ ਜੇ ਉਸਦਾ ਸਿਆਸੀ ਆਕਾ ਹਿੱਸਾ-ਪੱਤੀ ਮੰਗਣ ਵਾਲਾ ਬੇਈਮਾਨ ਨਾ ਹੋਵੇ। ਮੰਤਰੀਆਂ-ਸੰਤਰੀਆ ਦੀ ਇਸ ਹਿੱਸੇਦਾਰੀ ਨੂੰ  ਸਮਝ ਕੇ ਲੋਕਾਂ ਨੂੰ ਵੀ ਸਮਝਾਉਣਾ ਪਵੇਗਾ, ਜਾਗਣਾ ਪਵੇਗਾ।
ਹਰ ਵਾਰ ਹੀ ਚੋਣਾਂ ਲੰਘਾ ਕੇ ਅਗਲੀਆਂ ਚੋਣਾਂ ਦੀ ਉਡੀਕ ਕਰਨ ਲੱਗ ਪੈਣਾ ਇਹ ਭਲਾਂ ਕਿੱਥੋਂ ਦਾ ਲੋਕ ਰਾਜ ਕਿਹਾ ਜਾ ਸਕਦਾ ਹੈ? ਲੋਕ ਰਾਜ ਤਾਂ ਲੋਕਾਂ ਦੀ ਰਾਜ-ਕਾਜ ਵਿਚ ਰੋਜ਼ਾਨਾ ਦੀ ਸ਼ਮੂਲੀਅਤ ਹੀ ਹੋ ਸਕਦੀ ਹੈ। ਆਜ਼ਾਦੀ ਤੋਂ ਅੱਜ ਤੱਕ ਇਸ ਪਾਸੇ ਕੋਈ ਕਦਮ ਨਹੀਂ ਪੁੱਟਿਆ ਗਿਆ। ਆਮ ਲੋਕ ਵੋਟ ਬਾਰੇ ਕਿੰਨਾ ਜਾਣਦੇ ਹਨ - ਸਿਆਸੀ ਪਾਰਟੀਆਂ ਇਸ ਬਾਰੇ ਲੋਕਾਂ ਨੂੰ ਸੁਚੇਤ ਹੋਣ ਹੀ ਨਹੀਂ ਦੇਣਾ ਚਾਹੁੰਦੀਆਂ। ਹਰ ਵਾਰ ਪਿਛਲੀਆਂ ਚੋਣਾਂ ਵਿਚ ਕੀਤੇ ਵਾਅਦੇ ਭੁੱਲ ਕੇ ਨਵੇਂ ਨਾਅਰੇ ਘੜ ਕੇ ਵੋਟਾਂ 'ਲੁੱਟਣਾ' ਹੀ ਸਿਆਸੀ ਪਾਰਟੀਆਂ ਦਾ 'ਧਰਮ' (ਤੇ ਸ਼ੁਗਲ) ਹੋ ਗਿਆ ਜਾਪਦਾ ਹੈ। ਇਸ ਨੂੰ ਬਦਲੇ ਬਿਨਾਂ ਲੋਕਤੰਤਰ ਦੀ ਰਾਖੀ ਨਹੀਂ ਹੋ ਸਕਦੀ। ਸਵਾਲ ਹੈ ਰਾਖੀ ਕਰੇਗਾ ਕੌਣ? ਜਵਾਬ ਹੈ - ਤੁਸੀਂ, ਲੋਕ !!
ਲੋਕ ਰਾਜ ਹਾਕਮਾਂ ਦਾ ਨਹੀਂ, ਲੋਕਾਂ ਦਾ ਹੁੰਦਾ ਹੈ- ਹਾਕਮ ਥੋੜ ਚਿਰੇ - ਕੱਚੇ ਸੇਵਾਦਾਰ ਹੁੰਦੇ ਹਨ। ਇੱਥੇ ਸੋਚਣ ਦੀ ਗੱਲ ਹੈ ਕਿ ਕੋਈ ਵਿਅਕਤੀ 30-35 ਜਾਂ ਇਸ ਤੋਂ ਵੀ ਵੱਧ ਸਾਲ ਕੰਮ ਕਰਦਾ ਹੈ ਸੇਵਾਮੁਕਤੀ ਤੋਂ ਬਾਅਦ ਉਸਨੂੰ ਪੈਨਸ਼ਨ ਕਿਉਂ ਨਾ ਮਿਲੇ? ਜਦੋਂ ਕਿ ਕਿਸੇ ਵਿਧਾਨਕਾਰ ਜਾਂ ਸੰਸਦ ਮੈਂਬਰ (ਜੋ ਸਰਕਾਰੀ ਮੁਲਾਜਮ ਵੀ ਨਹੀਂ ਹੁੰਦਾ - ਕੱਚਾ (ਸਮਾਂ ਵੱਧ) ਸੇਵਾਦਾਰ ਹੁੰਦਾ ਹੈ ਉਹ ਕਿਸੇ ਵਿਧਾਨ ਸਭਾ ਜਾਂ ਪਾਰਲੀਮੈਂਟ ਵਿਚ ਸਿਰਫ ਪੰਜ ਸਾਲ ਬੈਠ ਕੇ ਕਿਉਂ ਤੇ ਕਿਵੇਂ ਜ਼ਿੰਦਗੀ ਭਰ ਵਾਸਤੇ ਮੋਟੀ ਰਕਮ ਦੇ ਰੂਪ ਵਿਚ ਪੈਨਸ਼ਨ ਲੈਣ ਦਾ ਹੱਕਦਾਰ ਬਣ ਜਾਂਦਾ ਹੈ? ਇਹ ਵੀ ਲੋਕਾਂ ਨੂੰ ਦੱਸਿਆ ਜਾਵੇ ਕਿ ਉਹ ਆਪਣੀਆਂ ਤਨਖਾਹਾਂ-ਭੱਤਿਆਂ ਵਿਚੋਂ ਕਿੰਨੇ ਪੈਸੇ ਆਪਣੀ ਪੈਨਸ਼ਨ ਦੇ ਕਟਵਾਉਂਦੇ ਹਨ) ਅਜਿਹੇ "ਸੇਵਾਦਾਰ'' ਕਿਉਂ ਆਪਣੀ ਤਨਖਾਹ ਜਾਂ ਹੋਰ ਸੱਖ-ਸਹੂਲਤਾਂ ਵੀ ਆਪ ਹੀ ਮਿੱਥਣ? ਅਜਿਹੇ ਕੱਚੇ ਸੇਵਾਦਾਰਾਂ ਵਾਸਤੇ ਕਿਉਂ ਨਾ ਕੋਈ ਤਨਖਾਹ/ਭੱਤਾ ਕਮਿਸ਼ਨ ਜਾਂ ਅਜਿਹੀ ਸੰਸਥਾ ਹੋਵੇ ਜੋ ਉਨ੍ਹਾਂ ਨੂੰ ਮਿਲਣ ਵਾਲੇ "ਸੇਵਾ ਫਲ'' ਦਾ ਫੈਸਲਾ ਕਰੇ। ਚੋਣਾਂ ਲੜਨ ਵਾਲੇ  ਲੋਕ ਸੇਵਾ ਕਰਨ ਦਾ ਵਚਨ ਦੇ ਕੇ ਚੋਣਾਂ ਲੜਦੇ ਹਨ - ਚੋਣਾਂ ਜਿੱਤਦਿਆਂ ਹੀ ਆਜ਼ਾਦੀ ਤੋਂ ਪਹਿਲਾਂ ਵਾਲੀਆਂ ਰਿਆਸਤਾਂ ਦੇ ਰਾਜਿਆਂ ਵਰਗੇ ਵਿਹਾਰ ਦੇ ਚਾਲ-ਚਲਣ ਵਾਲੇ ਬਣ ਜਾਂਦੇ ਹਨ। ਲੋਕਾਂ ਨੂੰ ਪੁੱਛੇ ਬਿਨਾਂ ਹੀ ਸਭ ਤੋਂ ਵੱਧ ਸਹੂਲਤਾਂ ਪ੍ਰਾਪਤ ਕਰਦੇ ਹਨ। ਦੁਨੀਆਂ ਦੀ ਹਰ ਸਹੂਲਤ ਉਹ ਮਾਣਦੇ ਹਨ - ਕਿਉਂ? ਕੀ ਹਰ ਮਿਹਨਤਕਸ਼ ਨਾਗਰਿਕ ਨੂੰ ਉਹ ਸਹੂਲਤਾਂ ਪ੍ਰਾਪਤ ਹਨ ਜੋ ਸਾਡੇ ਅੱਜ ਦੇ "ਚੁਣੇ ਹੋਏ'' ਲੋਕ ਨੁਮਾਂਇੰਦੇ (ਅਖੌਤੀ ਸੇਵਾਦਾਰ) ਮਾਣਦੇ ਹਨ ?- ਜੇ ਨਹੀਂ ਤਾਂ ਇਹ "ਸੁਪਰ ਨਾਗਰਿਕ'' ਕਿਸ "ਸੰਵਿਧਾਨਕ ਮਰਿਆਦਾ'' ਅਧੀਨ ਅਣਗਿਣਤ ਸੁੱਖ-ਸੁਵਿਧਾਵਾਂ ਮਾਣਦੇ ਹਨ। ਇਹ ਵੀ ਤਾਂ ਲੋਕਾਂ ਨੂੰ ਦੱਸਿਆ ਜਾਣਾ ਚਾਹੀਦਾ ਹੈ।
ਵਿਧਾਨਕਾਰ "ਮਨਮਰਜ਼ੀ'' ਪੱਧਰ ਦੀਆਂ ਸਿਹਤ ਸੇਵਾਵਾਂ ਕਿਉਂ ਮਾਣਦੇ ਹਨ? ਕਿਉਂ ਉਨ੍ਹਾਂ ਨੂੰ ਦੇਸ ਪ੍ਰਦੇਸ ਜਿੱਥੇ ਉਹ ਚਾਹੁਣ ਇਲਾਜ ਕਰਵਾਉਣ ਦੀਆਂ ਸਹੂਲਤਾਂ ਮਿਲਦੀਆਂ ਹਨ - ਕੀ ਹਰ ਨਾਗਰਿਕ ਲਈ ਇਹ ਸਹੂਲਤਾਂ ਹਨ? ਜੇ ਨਹੀਂ ਤਾਂ ਕਿਉਂ ਨਹੀਂ? ਵਿਧਾਨਕਾਰਾਂ ਵਾਸਤੇ ਇਹ ਲਾਜ਼ਮੀ ਕੀਤਾ ਜਾਵੇ ਕਿ ਬੀਮਾਰੀ ਵੇਲੇ ਉਨ੍ਹਾਂ ਦਾ ਇਲਾਜ ਵੀ ਆਮ ਨਾਗਰਿਕਾਂ ਵਾਂਗ ਸਿਰਫ ਸਰਕਾਰੀ ਹਸਪਤਾਲ ਵਿਚ ਹੀ ਹੋਵੇ, ਕਿਉਂਕਿ ਸੰਵਿਧਾਨ ਹਰ ਸ਼ਹਿਰੀ ਨੂੰ ਬਰਾਬਰ ਸਮਝਦਾ ਹੈ। ਜੇ ਉਹ ਪ੍ਰਾਈਵੇਟ ਹਸਪਤਾਲ ਜਾਂ ਪਰਦੇਸ ਵਿਚ ਇਲਾਜ ਕਰਵਾਉਣਾ ਚਾਹੁਣ ਤਾਂ ਲੋਕਾਂ ਦੇ ਪੈਸੇ ਨਾਲ ਨਹੀਂ ਉਹ ਆਪਣੇ ਪੈਸੇ ਨਾਲ ਕਰਵਾਉਣ। ਲੋਕ ਰਾਜ ਨਾਲ ਕੀਤਾ ਜਾ ਰਿਹਾ ਇਹ ਮਖੌਲ ਬੰਦ ਹੋਣਾ ਚਾਹੀਦਾ ਹੈ।
ਹਾਕਮਾਂ ਨੂੰ ਚਾਹੀਦਾ ਹੈ ਕਿ ਚੋਣਾਂ ਵੇਲੇ ਆਪਣੇ ਵਲੋਂ ਕੀਤੇ ਵਾਅਦੇ ਨਿਭਾਉਣ - ( ਜੋ ਅੱਜ ਤੱਕ ਕਦੇ ਵੀ ਨਿਭਾਏ ਨਹੀਂ ਗਏ ਪਰ ਹਕੂਮਤਾਂ ਕਰਨ ਵਾਲੇ ਇਹ ਮੰਨਣ ਲਈ ਤਿਆਰ ਨਹੀਂ) ਇਹ ਉਨ੍ਹਾਂ ਦੀ ਕਾਨੂੰਨੀ ਤੇ ਇਖਲਾਕੀ ਜੁੰਮੇਵਾਰੀ ਬਣ ਜਾਂਦੀ ਹੈ। ਜੇ ਉਹ ਅਜਿਹਾ ਨਹੀਂ ਕਰਦੇ ਜਾਂ ਆਪਣੇ ਹੀ ਕੀਤੇ ਵਾਅਦੇ ਨੂੰ "ਜੁਮਲਾ'' ਆਖ ਕੇ ਲੋਕਾਂ ਨੂੰ ਟਰਕਾ ਦੇਣ ਤਾਂ  ਅਜਿਹੀ ਸਥਿਤੀ ਵਿਚ ਕੋਈ ਨਾ ਕੋਈ ਕਾਨੂੰਨੀ ਨਿਯਮ ਬਨਾੳਣੇ ਚਾਹੀਦੇ ਹਨ ਕਿ ਕੋਈ ਵੀ ਸਿਆਸੀ ਧਿਰ ਅਜਿਹਾ ਨਾ ਕਰ ਸਕੇ। ਇਸ ਬਾਰੇ ਸੋਚਿਆ ਜਾਣਾ ਚਾਹੀਦਾ ਹੈ। ਦੇਸ਼ ਦੇ ਸੂਝਵਾਨਾਂ / ਬੁੱਧੀਜੀਵੀਆਂ ਨੂੰ ਇਸ ਬਾਰੇ ਗੰਭੀਰਤਾ ਨਾਲ ਬਹਿਸ ਛੇੜਨੀ ਚਾਹੀਦੀ ਹੈ।
ਵਿਰੋਧੀ ਸਿਆਸੀ ਪਾਰਟੀਆਂ ਵਲੋਂ ਹਕੂਮਤ ਦੇ ਗਲਤ ਫੈਸਲਿਆਂ ਬਾਰੇ ਵਿਰੋਧ ਹੀ ਨਹੀਂ ਕਰਨਾ ਹੁੰਦਾ ਸਗੋਂ ਸਰਕਾਰ ਦੀਆਂ ਲੋਕ ਵਿਰੋਧ ਦੀਆਂ ਨੀਤੀਆਂ ਦੇ ਵਿਰੋਧ ਵਿਚ ਲੋਕ ਪੱਖੀ ਬਦਲਵੀਆਂ ਨੀਤੀਆ ਦਾ ਖਾਕਾ ਵੀ ਲੋਕਾਂ ਅਤੇ ਸਰਕਾਰਾਂ ਅੱਗੇ ਪੇਸ਼ ਕਰਨਾ ਹੁੰਦਾ ਹੈ ਤਾਂ ਜੋ ਲੋਕ ਪੱਖੀ, ਲੋਕਤੰਤਰੀ ਨੀਤੀਆਂ ਬਨਾਉਣ ਵਿਚ ਮੱਦਦ ਹੋ ਸਕੇ। ਹੁਣ ਮਸਲਿਆਂ ਦੀ ਸਿਰਫ ਚਿੰਤਾ ਹੀ ਕਾਫੀ ਨਹੀਂ ਸਗੋਂ ਚਿੰਤਨ ਕਰਨਾ ਤੇ ਹੱਲ ਦੱਸਣਾ ਜਰੂਰੀ ਹੈ। (ਇਹਨੂੰ ਕਹਿੰਦੇ ਹਨ ਜੀ ਬਦਲਵੀਂ ਸਿਆਸਤ) ਪਰ ਰਿਵਾਜ਼ ਹੀ ਪੈ ਗਿਆ ਕਿ ਵਿਰੋਧ ਭਰਿਆ ਬਿਆਨ ਜਾਂ ਦੋ-ਚਾਰ ਲੀਰਾਂ ਦੇ ਪੁਤਲੇ ਬਣਾ ਕੇ ਕਿਸੇ ਲੀਡਰ ਦਾ ਨਾਂ ਰੱਖ ਕੇ ਫੂਕ ਦੇਣ ਨਾਲ ਹੀ ਸਬਰ ਕਰ / ਕਰਾ ਲਿਆ ਜਾਂਦਾ ਹੈ। ਇਹ ਰਾਹ ਆਪਣੇ ਆਪ ਨਾਲ ਧੋਖਾ ਹੈ। ਲੋਕਾਂ ਦੀ ਸ਼ਕਤੀ ਨੂੰ ਅਜਾਈਂ ਨਸ਼ਟ ਕਰਨਾ ਵੀ ਹੈ। ਇਸ ਦੀ ਥਾਂ ਲੋਕਾਂ ਨੂੰ ਲੋਕਤੰਤਰ ਬਾਰੇ ਸਿੱਖਿਅਤ ਕਰਨਾ ਪਵੇਗਾ।
ਕਿਸਾਨੀ ਸੰਕਟ ਵਿਚੋਂ ਗੁਜ਼ਰ ਰਹੀ ਹੈ। ਪਿਛਲੇ ਲੰਬੇ ਸਮੇਂ ਤੋਂ ਕਰਜ਼ਾ ਮਾਰੇ ਕਿਸਾਨਾਂ ਦੀਆਂ ਬਹੁਤ ਖੁਦਕੁਸ਼ੀਆਂ ਹੋਈਆਂ ਹਨ। ਖੁਦਕੁਸ਼ੀਆਂ ਕਰ ਗਏ ਕਿਸਾਨਾਂ ਦੇ ਪਰਵਾਰਾਂ ਦੀਆਂ ਮੁਸੀਬਤਾਂ ਪਹਿਲਾਂ ਤੋਂ ਵੀ ਵਧ ਗਈਆਂ ਹਨ। ਖੁਦਕੁਸ਼ੀਆਂ ਵਾਲੇ ਪਾਸਿਉਂ ਕਿਸਾਨਾਂ ਨੂੰ ਰੋਕਣ ਵਾਸਤੇ ਬਹੁਤੇ ਗੰਭੀਰ ਜਤਨ ਨਹੀਂ ਹੋਏ - ਜੋ ਹੋਣੇ ਚਾਹੀਦੇ ਹਨ। ਸਰਕਾਰਾਂ ਔਖੀਆਂ ਹਾਲਤਾਂ ਹੰਢਾ ਰਹੇ ਕਿਸਾਨਾਂ ਦੀਆਂ ਮੱਦਦਗਾਰ ਹੋਣ। ਸਰਕਾਰੀ ਬਿਆਨਾਂ ਨੂੰ ਅਮਲ ਵਿਚ ਵੀ ਲਿਆਉਣਾ ਚਾਹੀਦਾ ਹੈ। ਕਿਸਾਨ-ਮਜਦੂਰ ਰਲ ਕੇ ਬਹੁਤ ਮਿਹਨਤ ਕਰਦੇ ਹਨ ਪਰ ਫਸਲ / ਮਿਹਨਤ ਦਾ ਪੂਰਾ ਮੁੱਲ ਨਹੀਂ ਮਿਲ ਰਿਹਾ। ਸਰਕਾਰ ਨੂੰ ਚਾਹੀਦਾ ਹੈ ਕਿਸਾਨਾਂ ਨੂੰ ਉਨ੍ਹਾਂ ਦੀ ਮਿਹਨਤ ਦਾ ਮੁੱਲ ਮਿਲੇ ਤੇ ਜੀਊਣ ਯੋਗ ਹਾਲਤਾਂ ਵੀ ਮਿਲਣ। ਦੁੱਖਾਂ ਦੇ ਮਾਰੇ ਉਹ ਜੂਨ ਪੂਰੀ ਹੀ ਨਾ ਕਰਨ - ਖੁਸ਼ੀ ਨਾਲ ਜਿੰਦਗੀ ਹੰਢਾਉਣ। ਸਮਾਜਿਕ ਪੱਖੋਂ ਹਾਲਾਤ ਬਦਲਣ ਵਾਸਤੇ ਕਿਸਾਨ ਆਪ ਵੀ ਜਤਨ ਕਰਨ। ਸਮਾਜਿਕ ਕਾਰਜਾਂ (ਵਿਆਹਾਂ, ਮਰਨਿਆਂ/ਪਰਨਿਆਂ 'ਤੇ) ਦੇ ਖਰਚੇ ਘਟਾਉਣੇ ਪੈਣਗੇ। ਵਿਆਹਾਂ ਨੂੰ ਮੇਲੇ ਨਹੀਂ ਪਰਵਾਰਕ ਕਾਰਜ ਹੀ ਰੱਖਣਾ ਚਾਹੀਦਾ ਹੈ। ਇਸ ਵਾਸਤੇ ਮੈਰਿਜ ਪੈਲਸਾਂ ਦੇ ਖਰਚੇ ਛੱਡ ਕੇ ਜੰਝਘਰਾਂ ਦੀ ਵਰਤੋਂ ਹੋ ਸਕਦੀ ਹੈ ਜੋ ਸਸਤੀ ਹੋਵੇਗੀ।
ਧਰਤੀ ਅਤੇ ਵਾਤਾਵਰਣ ਨੂੰ ਬਚਾਉਣ ਵਾਸਤੇ ਕਿਸੇ ਪਾਸਿਉਂ  ਕੋਈ ਚੰਗੀ ਅਗਵਾਈ ਨਹੀਂ ਮਿਲ ਰਹੀ। ਪੰਜਾਬ ਅੰਦਰ ਪਾਣੀ ਦਾ ਸੰਕਟ ਹਰ ਰੋਜ਼ ਬਦ ਤੋਂ ਬਦਤਰ ਹੁੰਦਾ ਜਾ ਰਿਹਾ ਹੈ। ਯੁਨੈਸਕੋ ਜਿਸਦਾ ਭਾਰਤ ਵੀ ਮੈਂਬਰ ਹੈ ਸਰਕਾਰਾਂ ਵਲੋਂ ਨਾਗਰਿਕਾਂ ਲਈ ਦਿੱਤਾ ਜਾਣ ਵਾਲਾ ਸਾਫ ਤੇ ਸ਼ੱਧ ਪਾਣੀ ਵੀ ਮਨੁੱਖੀ ਅਧਿਕਾਰਾਂ ਵਿਚ ਗਿਣਦੀ ਹੈ। ਕੀ ਸਰਕਾਰਾਂ ਆਪਣੇ ਨਾਗਰਿਕਾਂ ਨੂੰ ਪ੍ਰਦੂਸ਼ਿਤ / ਗੰਦਾ, ਜ਼ਹਿਰਾਂ ਰਲਿਆਂ ਪਾਣੀ ਦੇ ਕੇ ਮਨੁੱਖੀ ਅਧਿਕਾਰਾਂ ਦਾ ਉਲੰਘਣ ਨਹੀਂ ਕਰ ਰਹੀਆਂ? ਇਸ ਬਾਰੇ ਮਨੁੱਖੀ ਅਧਿਕਾਰ ਜਥੇਬੰਦੀਆਂ ਨੂੰ ਵੀ ਸਰਗਰਮ ਹੋ ਕੇ ਲੋਕਾਂ ਨਾਲ ਖੜ੍ਹਨਾ ਪਵੇਗਾ ਤੇ ਸਰਕਾਰਾਂ ਨੂੰ ਇਸ ਬਿਪਤਾ ਤੋਂ ਨਿਯਾਤ ਪਾਉਣ ਵਾਸਤੇ ਸੁਝਾਅ ਦੇਣੇ ਚਾਹੀਦੇ ਹਨ। ਫੇਰ ਸਰਕਾਰਾਂ ਉਨ੍ਹਾਂ ਸੁਝਾਵਾਂ 'ਤੇ ਅਮਲ ਕਰਨ।
ਨਾਲ ਹੀ ਕਿਸਾਨੀ ਨੇ ਜੇ ਪੰਜਾਬ ਨੂੰ ਬੰਜਰ ਹੋਣੋਂ ਬਚਾਉਣਾ ਹੈ ਤਾਂ ਝੋਨਾ ਲਾਉਣਾ ਉਦੋਂ ਤੱਕ ਬੰਦ ਕਰਨਾ ਚਾਹੀਦਾ ਹੈ ਜਦੋਂ ਤੱਕ ਘੱਟ ਤੋਂ ਘੱਟ ਪਾਣੀ ਨਾਲ ਝੋਨਾ ਪਾਲਣ ਵਾਲਾ ਕੋਈ ਬੀਜ ਜਾਂ ਤਕਨੀਕ ਨਹੀਂ ਆ ਜਾਂਦੀ। ਅਗਲੀਆਂ ਪੀੜ੍ਹੀਆਂ ਨੂੰ ਪਾਣੀ ਤੋਂ ਮਹਿਰੂਮ ਨਾ ਕਰੋ। ਨਾਲ ਹੀ ਸਰਕਾਰ ਫਸਲਾਂ ਬਾਰੇ ਬਦਲਵੀਂ ਕਿਸਾਨ ਪੱਖੀ ਨੀਤੀ ਬਣਾਵੇ ਕਿ ਜਿਹੜੇ ਕਿਸਾਨ ਬਦਲਵੀਆਂ ਫਸਲਾਂ ਬੀਜਣ ਉਨ੍ਹਾਂ ਫਸਲਾਂ ਦੀ ਖਰੀਦਾਰੀ ਦੀ ਸਰਕਾਰ ਵਲੋਂ 100 ਫੀਸਦੀ ਗਰੰਟੀ ਕੀਤੀ ਜਾਵੇ - ਬਦਲਵੀਂ ਫਸਲ ਵਿਚ ਘਾਟਾ ਪੈਣ ਦੀ ਸੂਰਤ ਵਿਚ ਸਰਕਾਰ ਕੋਈ ਫੰਡ ਕਾਇਮ ਕਰਕੇ ਕਿਸਾਨਾਂ ਦਾ ਘਾਟਾ ਪੂਰਾ ਕਰੇ, ਇਸ ਨਾਲ ਪੰਜਾਬ ਵਿਚ ਲਗਾਤਾਰ ਪੈਦਾ ਹੁੰਦੇ ਜਾ ਰਹੇ ਪਾਣੀ ਦੇ ਸੰਕਟ ਤੋਂ ਬਚਣ ਦਾ ਰਾਹ ਵੀ ਮਿਲ ਸਕਦਾ ਹੈ।
ਸਾਡੇ ਦੇਸ਼ ਵਿਚ ਜੁਰਮਾਂ ਨਾਲ ਸਿੱਝਣ ਵਾਸਤੇ ਬਿਨਾਂ ਸੋਚੇ ਹੀ ਮੰਗ ਕਰ ਦਿੱਤੀ ਜਾਂਦੀ ਹੈ - 'ਇਹਦੇ ਵਾਸਤੇ ਮੌਤ ਦੀ ਸਜ਼ਾ ਦਾ ਕਾਨੂੰਨ ਬਣਾਉ'। ਇਹ ਗਲਤ ਰਾਹ ਹੀ ਕਿਹਾ ਜਾ ਸਕਦਾ। ਦੁਨੀਆਂ ਵਿਚ ਮੌਤ ਦੀ ਸਜ਼ਾ ਖਤਮ ਕਰਨ ਦੀ ਲਹਿਰ ਚੱਲ ਰਹੀ ਹੈ। ਮੌਤ ਦੀ ਸਜ਼ਾ ਕਿਸੇ ਮਸਲੇ ਦਾ ਹੱਲ ਨਹੀਂ !!- "ਸਟੇਟ" ਨੂੰ ਕਿਸੇ ਦੀ ਜਾਨ ਲੈਣ ਦਾ ਹੱਕ ਵੀ ਨਹੀਂ ਹੋਣਾ ਚਾਹੀਦਾ। ਅਸੀਂ ਮੱਧਯੁੱਗ ਵਿਚ ਨਹੀਂ ਰਹਿ ਰਹੇ। ਇਹ 21 ਵੀਂ ਸਦੀ ਅਤੇ ਸੱਭਿਆ ਸਮਾਜ ਦੀ ਨਿਸ਼ਾਨੀ ਵੀ ਨਹੀਂ ਕਹੀ ਜਾ ਸਕਦੀ। ਹਾਂ, ਸਰਕਾਰ ਵਲੋਂ ਇਸ ਤਰ੍ਹਾਂ ਦੀਆਂ ਖੋਖਲੀਆਂ ਗੱਲਾਂ ਕਰਕੇ ਲੋਕਾਂ ਅੰਦਰ ਭੰਬਲਭੂਸਾ ਪੈਦਾ ਕੀਤਾ ਜਾ ਸਕਦਾ ਹੈ। ਮਸਲੇ ਤਾਂ ਸਾਹਮਣੇ ਹਨ ਹੱਲ ਸੱਭਿਅਕ ਹੋਣਾ ਚਾਹੀਦਾ ਹੈ। ਮੌਤ ਦੀ ਸਜ਼ਾ ਦੇ ਥਾਵੇਂ ਉਮਰ ਭਰ ਵਾਸਤੇ ਸਖ਼ਤੀ ਵਾਲੀ ਲਟਕਵੀਂ ਕੈਦ ਕਿਉਂ ਨਹੀਂ ਸੋਚੀ ਜਾ ਸਕਦੀ- ਮੁਜਰਮ ਵੀ ਤਿਲ ਤਿਲ ਹੋ ਕੇ ਮਰੇ, ਕੀਤੇ ਜੁਰਮ ਦੀ ਸਜ਼ਾ ਭੁਗਤੇ।

- ਲੋਕੋ ਜਾਗੋ - ਆਪਣਾ ਏਕਾ ਕਰੋ- ਫ਼ਰਜ਼ ਤਾਂ ਤੁਸੀਂ ਨਿਭਾ ਰਹੇ ਹੋ - ਆਪਣੇ ਹੱਕਾਂ ਬਾਰੇ ਵੀ ਜਾਣੋ ਤੇ ਸੁਚੇਤ ਹੋਵੋ।
ਮਸਲਿਆਂ ਦੀ ਬੁਨਿਆਦ ਜਾਣਕੇ ਉਨ੍ਹਾਂ ਦਾ ਹੱਲ ਦੱਸਣਾ ਜਰੂਰੀ ਹੈ।
- ਪੰਜਾਬੀਆਂ ਨੂੰ ਪੰਜਾਬੀ ਤੇ ਪੰਜਾਬੀਅਤ (ਪੰਜਾਬ ਦੀ ਹਸਤੀ) ਨਾਲੋਂ ਤੋੜਨ ਦੇ ਜਤਨ ਹੋ ਰਹੇ ਹਨ- ਪੰਜਾਬ ਵਿਚ ਪੂਰਨ ਤੌਰ ਤੇ ਪੰੰਜਾਬੀ ਬੋਲੀ
ਤੇ ਪੰਜਾਬੀ ਭਾਸ਼ਾ ਨੂੰ ਪਰਫੁਲਤ ਕਰਨ ਵਾਸਤੇ, ਪੰਜਾਬੀ ਭਾਸ਼ਾ ਐਕਟ ਪੂਰਨ ਤੌਰ 'ਤੇ ਲਾਗੂ ਕਰਵਾਉਣ ਦੇ ਜਤਨ ਕਰਨੇ।
- ਆਉਣ ਵਾਲੀਆਂ ਪੀੜੀਆਂ ਵਾਸਤੇ ਵਿਗਿਆਨਕ ਤਰੀਕੇ ਨਾਲ  ਪੰਜਾਬੀ ਭਾਸ਼ਾ ਵਿਚ ਮਿਆਰੀ ਸਿੱਖਿਆ ਦਾ ਪਰਬੰਧ ਕਰਨਾ। ਅਤੇ ਹੱਥੀਂ ਕੰਮ
ਕਰਨ ਵਾਲੀ ਤਕਨੀਕ ਦਾ ਗਿਆਨ ਦੇਣਾ- ਸਭ ਤੋਂ ਵੱਡੀ ਗੱਲ ਕਿ ਕੰਮ ਦਾ ਸੱਭਿਆਚਾਰ ਮੁੜ ਪੈਦਾ ਕਰਨਾ ਹੈ।
-  ਸਮਾਜ ਦੇ ਹਰ ਵਿਅਕਤੀ ਵਾਸਤੇ ਬਰਾਬਰ ਵਿਦਿਆ + ਸਿਹਤ ਤੇ ਹੋਰ ਜੀਊਣਯੋਗ ਸਹੂਲਤਾਂ ਦੇਣ ਦਾ ਪ੍ਰਬੰਧ ਕਰਨਾ।
-  ਪੜ੍ਹਾਈ ਖਤਮ ਹੁੰਦਿਆਂ ਹੀ ਹਰ ਕਿਸੇ ਨੂੰ ਉਸਦੀ ਯੋਗਤਾ ਅਨੁਸਾਰ ਰੁਜ਼ਗਾਰ ਦੇਣਾ ਲਾਜ਼ਮੀ ਹੋਵੇ। ਰੁਜ਼ਗਾਰ ਨਾ ਮਿਲਣ ਦੀ ਹਾਲਤ ਵਿਚ
ਬੇਰੁਜ਼ਗਾਰੀ ਦੇ ਸਮੇਂ ਗੁਜ਼ਾਰੇ ਯੋਗ ਭੱਤਾ ਦਿੱਤਾ ਜਾਵੇ। ਇਸ ਨਾਲ ਨੌਜਵਾਨ ਬੇਗਾਨਗੀ ਦੀ ਭਾਵਨਾ ਦੇ ਸ਼ਿਕਾਰ ਹੋਣੋਂ ਬਚ ਜਾਣਗੇ।
-  ਕਿਸਾਨਾਂ- ਮਜ਼ਦੂਰਾਂ ਭਾਵ ਹਰ ਮਿਹਨਤਕਸ਼ ਨੂੰ ਮਿਹਨਤ ਦਾ ਪੂਰਾ ਮੁੱਲ ਦੇਣਾ। ਬਾਅਦ ਵਿਚ ਹਰ ਕਾਮੇ ਨੂੰ ਪੈਨਸ਼ਨ ਮਿਲੇ ਤਾਂ ਕਿ ਕਿਸੇ ਨੂੰ
ਨੂੰ ਵੀ  ਬੁਢਾਪੇ ਵਿਚ ਆਪਣੇ ਹੀ ਬੱਚਿਆਂ ਜਾਂ  ਕਿਸੇ ਦੂਸਰੇ ਦੇ ਹੱਥਾਂ ਵਲ ਦੇਖਣਾ ਨਾ ਪਵੇ। ਭਾਵ ਕਿ ਵੈੱਲਫੇਅਰ ਸਟੇਟ ਹੋਵੇ।
-  ਹਰ ਕਾਮੇ ਵਾਸਤੇ ਪੈਨਸ਼ਨ ਦਾ ਪ੍ਰਬੰਧ ਕਰਨ ਨਾਲ ਭ੍ਰਿਸ਼ਟਾਚਾਰ ਵੀ ਘੱਟ ਕੀਤਾ ਜਾ ਸਕਦਾ ਹੈ। ਫੇਰ ਕਿਸੇ ਨੂੰ ਗਲਤ ਰਾਹ ਅਪਣਾ ਕੇ
ਰੀਟਾਇਰ ਹੋਣ ਤੋਂ ਬਾਅਦ ਦੇ ਸਮੇਂ ਵਾਸਤੇ ਗਲਤ ਢੰਗਾਂ ਨਾਲ ਮਾਇਆ ਇਕੱਠੀ ਨਹੀਂ ਕਰਨੀ ਪਵੇਗੀ।
-  ਟਰਾਂਸਪੋਰਟ ਅਜਿਹਾ ਖੇਤਰ ਹੈ ਜਿੱਥੋਂ ਸਰਕਾਰ ਨੂੰ ਬਹੁਤ ਆਮਦਨ ਹੋ ਸਕਦੀ ਹੈ - ਪਰ ਪਹਿਲਾਂ ਟਰਾਂਸਪੋਰਟ ਦੀ ਨੀਤੀ ਬਦਲ ਕੇ 90
ਫੀਸਦੀ ਸਰਕਾਰੀ ਅਤੇ 10 ਫੀਸਦੀ ਪ੍ਰਾਈਵੇਟ ਵਾਲੀ ਵੰਡ ਕਰਨੀ ਬਹੁਤ ਜਰੂਰੀ ਹੈ। ਸਰਕਾਰ ਸਿਰਫ ਧਨਾਢਾਂ ਨੂੰ ਪਾਲਣਾ ਬੰਦ ਕਰੇ।
-  ਪੰਜਾਬ ਅੰਦਰ ਭਾਰੀ ਸਨਅਤ ਦੇ ਨਾਲ ਹੀ ਖੇਤੀਬਾੜੀ ਅਧਾਰਤ ਸਨਅਤ ਦਾ ਨਿਰਮਾਣ ਤੇ ਪਸਾਰ ਖੇਤੀ ਸੰਕਟ ਤੋਂ ਬਾਹਰ ਨਿਕਲਣ
ਵਿਚ ਸਹਾਈ ਹੋ ਸਕਦਾ ਹੈ - ਲੋੜ ਹੈ ਸਰਕਾਰ ਵਲੋਂ ਲੋਕਾਂ ਦੇ ਭਲੇ ਵਾਲੀ ਇੱਛਾਸ਼ਕਤੀ ਦੀ।
ਪੰਜਾਬੀਆਂ ਨੇ ਬਹੁਤ ਸਮਾਂ ਗੁਜ਼ਾਰ ਦਿੱਤਾ ਹੈ ਹਾਕਮਾਂ ਦੇ ਝੂਠੇ ਅਤੇ ਧੋਖੇਭਰੇ ਲਾਰਿਆਂ ਵੱਲ ਦੇਖਦਿਆਂ - ਜਿਸ ਸਮੇਂ ਅੰਦਰ ਰਾਜ ਸ਼ਕਤੀ ਹੱਥਾਂ ਵਿਚ ਹੋਣ ਕਰਕੇ ਹਾਕਮ ਤਾਂ ਮਾਲਾ ਮਾਲ ਹੋ ਗਏ ਪੰਜਾਬ ਅਤੇ ਪੰਜਾਬੀ ਲੁੱਟੇ ਗਏ। ਪੰਜਾਬ ਦੀ ਨੌਜਵਾਨ ਪੀੜੀ ਠੱਗੀ ਗਈ - ਬਰਬਾਦੀ ਦੇ ਰਾਹੇ ਪਾਈ ਗਈ। ਭ੍ਰਿਸ਼ਟਾਚਾਰ ਹਾਕਮਾਂ ਦੀ ਹਿੱਸੇਦਾਰੀ ਤੋਂ ਬਿਨਾਂ ਇਕ ਦਿਨ ਵੀ ਨਹੀਂ ਚੱਲ ਸਕਦਾ। ਇਸ ਹਿੱਸੇਦਾਰੀ ਨੂੰ ਹਾਕਮ ਲੈਣਾ ਬੰਦ ਕਰ ਦੇਣ ਤਾਂ ਇਹ ਸਮੱਸਿਆ ਹੱਲ ਹੋਣ ਵੱਲ ਵਧਿਆ ਜਾ ਸਕਦਾ ਹੈ । ਜਿਸ ਮਹਿਕਮੇ ਵਿਚ ਭ੍ਰਿਸ਼ਟਾਚਾਰ ਹੋਵੇ ਉਸ ਮਹਿਕਮੇ ਦੇ ਮੰਤਰੀ ਨੂੰ ਇਸ ਦਾ ਜ਼ੁਮੇਵਾਰ ਸਮਝਿਆ ਜਾਣਾ ਚਾਹੀਦਾ ਹੈ, ਕਿਉਂਕਿ ਉਸ ਨੇ ਸਾਫ ਸੁਥਰਾ ਪ੍ਰਸ਼ਾਸਨ ਦੇਣ ਦੀ ਕਸਮ "ਖਾਧੀ'' ਹੁੰਦੀ ਹੈ - ਉਹ ਆਪਣੀ ਕਸਮ ਨੂੰ ਚੇਤੇ ਰੱਖੇ ਤਾਂ ਕਿਧਰੇ ਵੀ ਭ੍ਰਿਸ਼ਟਾਚਾਰ ਨਹੀਂ ਹੋ ਸਕਦਾ।
"ਸੇਵਾ'' ਦੀ ਝੂਠੀ ਡੌਂਡੀ ਪਿੱਟਣ ਅਤੇ ਹਕੂਮਤ ਕਰਨ ਵਾਲੇ ਸਿਆਸੀ ਲੋਕਾਂ ਆਪਣੇ ਕੀਤੇ ਵਾਅਦੇ ਨਾ ਨਿਭਾਏ। ਲੰਡੂ ਕਿਸਮ ਦੇ ਗੀਤਕਾਰਾਂ (?) /ਗਾਇਕਾਂ ਜਿਨ੍ਹਾਂ ਨੇ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੇ ਹਿੰਸਾ ਦੇ ਰਾਹ ਤੋਰਨ ਵਾਲੇ ਕੁਕਰਮ ਵਿਚ ਬਹੁਤ ਵਾਧਾ ਕੀਤਾ ਇਨ੍ਹਾਂ ਦੇ ਬਣੇ ਮਹੱਲਾਂ ਦੀਆਂ ਨੀਹਾਂ ਵਿਚ  ਹਿੰਸਾ ਤੇ ਨਸ਼ਿਆਂ ਨੂੰ ਉਤਸ਼ਾਹਿਤ ਕਰਨ ਵਾਸਤੇ ਕੀਤੀ ਕਮਾਈ ਸ਼ਾਮਲ ਹੈ - ਇਨ੍ਹਾਂ ਪੈਸੇ ਦੇ ਲੋਭੀਆਂ ਨੇ ਪੰਜਾਬ ਦੇ ਖਿਲਾਫ ਗੁਨਾਹ ਕੀਤਾ/ਪਾਪ ਕੀਤਾ ਹੈ - ਮਾਇਆ ਮਗਰ ਦੌੜਨ ਵਾਲੇ ਅਜਿਹੇ ਲੋਕਾਂ ਬਾਰੇ ਬਾਬਾ ਨਾਨਕ ਨੇ ਸਾਨੂੰ ਕੀ ਆਖਿਆ ਹੈ -
"ਪਾਪਾਂ ਬਾਝੋਂ ਹੋਇ ਨਾਹੀਂ ਮੋਇਆਂ ਸਾਥ ਨਾ ਜਾਈ।'' ਪੈਸੇ ਦੀ ਅੰਨ੍ਹੀ ਦੌੜ ਵਿਚ ਗੁਆਚਿਆਂ ਵਿਚੋਂ ਹੈ ਕਿਸੇ ਨੂੰ ਚੇਤਾ ਬਾਬੇ ਦੇ ਬੋਲਾਂ ਦਾ? ਬਿਲਕੁੱਲ ਨਹੀਂ। ਜੇ ਬੋਲ ਚੇਤੇ ਹੋਣ ਤਾਂ ਇਹ ਇਸ ਰਾਹੇ ਹੀ ਨਾ ਤੁਰਨ। ਸਿਆਸਤਦਾਨ ਇਸ ਰਾਹੇ ਤੁਰਨ ਵਾਲੇ ਸਭ ਤੋਂ ਮੋਹਰੀ ਹਨ।
ਪੰਜਾਬੀਆਂ ਨੂੰ ਆਪਣੇ ਭਰਾਤਰੀ ਰਿਸ਼ਤਿਆਂ 'ਤੇ ਬਹੁਤ ਮਾਣ ਹੁੰਦਾ ਸੀ, ਪਰ ਹਰ ਕਿਸੇ ਤੋਂ ਕਿਸੇ ਤਰ੍ਹਾਂ ਵੀ ਅੱਗੇ ਲੰਘ ਜਾਣ ਦੀ ਦੌੜ ਵਿਚ  ਅਸੀਂ ਆਪਣੇ ਹੀ ਦੋਸ਼ੀ ਬਣ ਗਏ ਹਾਂ। ਜਿੱਥੇ ਹੋਰ ਖੇਤਰਾਂ ਵਿਚ ਗੰਧਲਾਪਨ ਆਇਆ ਹੈ , ਰਿਸ਼ਤੇ ਵੀ ਗੰਧਲ ਗਏ ਹਨ। ਸਮਾਜਕ ਮਹੌਲ ਹੁਣ ਇੱਥੋਂ ਤੱਕ ਨਿੱਘਰ ਗਿਆ ਹੈ ਕਿ ਰਿਸ਼ਤੇਦਾਰ ਤਾਂ ਦੂਰ ਦੀ ਗੱਲ ਭੈਣਾਂ-ਭਰਾਵਾਂ ਦੇ ਰਿਸ਼ਤੇ ਸਵਾਰਥੀ ਹੋ ਕੇ ਤਾਰ ਤਾਰ ਹੋ ਰਹੇ ਹਨ- ਇਸੇ ਸਵਾਰਥੀ ਬਿਰਤੀ ਕਰਕੇ ਹਰ ਕੋਈ ਦੂਜੇ ਤੋਂ ਕਿਸੇ ਵੀ ਤਰੀਕੇ ਨਾਲ ਭਾਵ ਕੂਹਣੀ ਮਾਰ ਕੇ ਅੱਗੇ ਲੰਘਿਆ ਚਾਹੁੰਦਾ ਹੈ।
ਅੰਨ੍ਹੇ ਮੁਨਾਫਿਆਂ ਦੇ ਲੋਭੀਆਂ ਵਲੋਂ ਪੰਜਾਬ ਦੀ ਨੌਜਵਾਨੀ ਨੂੰ ਹੀ ਨਹੀਂ  ਧਰਤੀ ਨੂੰ ਵੀ ਖਾਦਾਂ ਤੇ ਕੀਟਨਾਸ਼ਕ ਸਪਰੇਆਂ ਨਾਲ "ਨਸ਼ੇ'' ਤੇ ਲਾ ਦਿੱਤਾ ਗਿਆ ਹੈ। ਕੀ ਕਿਸਾਨਾਂ ਨੂੰ ਇਸ ਬਾਰੇ ਦੱਸਿਆ ਜਾਂਦਾ ਹੈ ਕਿ ਜਿਹੜੀਆਂ ਖਾਦਾਂ ਤੇ ਸਪਰੇਆਂ ਉਹ ਵਰਤ ਰਹੇ ਹਨ - ਉਹ ਧਰਤੀ ਵਿਚ ਜਜ਼ਬ ਹੋ ਕੇ ਧਰਤੀ ਵਿਚਲੇ ਪਾਣੀ ਨੂੰ ਜ਼ਹਿਰੀ ਕਰਕੇ ਮਨੁੱਖੀ ਜਾਨ ਵਾਸਤੇ ਖਤਰਾ ਪੈਦਾ ਕਰ ਰਹੀਆਂ ਹਨ। ਕਿਹੜੇ ਖਤਰਨਾਕ ਤੱਤ ਹਨ ਜੋ ਰਸਾਇਣਕ ਤੱਤਾਂ ਰਾਹੀਂ ਪਾਣੀ ਵਿਚੋਂ ਫੇਰ ਮਨੁੱਖੀ ਸਰੀਰਾਂ ਵਿਚ ਸ਼ਾਮਲ ਹੋ ਰਹੇ ਹਨ, ਬੀਮਾਰੀਆਂ ਦੇ ਰੂਪ ਵਿਚ ਬਾਹਰ ਨਿਕਲਦੇ ਹਨ? ਕੀ ਸਰਕਾਰ ਨੇ ਕਦੇ ਕੋਈ ਅਜਿਹਾ ਸਰਵੇਖਣ ਕਰਵਾ ਕੇ ਲੋਕਾਂ ਨੂੰ ਸੁਚੇਤ ਕਰਕੇ ਇਸ ਤੋਂ ਬਚਾਉਣ ਦੇ ਕੋਈ ਜਤਨ ਕੀਤੇ ਹਨ? ਵਾਤਾਵਰਣ ਨੂੰ ਪ੍ਰਦੂਸ਼ਿਤ / ਪਲੀਤ ਕਰਨ ਵੇਲੇ ਸਾਨੂੰ ਬਾਬੇ ਨਾਨਕ ਦੇ ਬੋਲ "ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ।।'' ਕਿਉਂ ਚੇਤੇ ਨਹੀਂ ਰਹਿੰਦੇ?
ਹਰ ਜੁਰਮ ਬਾਰੇ ਅਵਾਗੌਣ ਸਖਤ ਕਾਨੂੰਨਾਂ ਦੀ ਲੋੜ ਨਹੀਂ ਸਗੋਂ ਸਮਾਜਿਕ ਮਾਹੌਲ ਸੁਧਾਰਨ ਦੀ ਲੋੜ ਹੈ- ਸਿਆਸਤਦਨਾਂ, ਅਫਸਰਸ਼ਾਹਾਂ ਤੇ ਹਰ ਨਾਗਰਿਕ ਦੀ ਮਾਨਸਿਕਤਾ ਬਦਲਣ ਦੀ ਲੋੜ ਹੈ। ਪੁਲੀਸ ਹਰ ਨਾਗਰਿਕ ਦੀ ਰਾਖੀ ਵਾਸਤੇ ਹੋਵੇ - ਨਾ ਕਿ ਕੁੱਝ ਗਿਣੇ ਚੁਣੇ ਆਪਣੇ ਆਪ ਨੂੰ "ਪਤਵੰਤੇ'' ਕਹਾਉਣ ਵਾਲਿਆਂ ਦੀ ਰਾਖੀ ਲਈ। ਹਰ ਨਾਗਰਿਕ ਪਤਵੰਤਾ ਕਿਉਂ ਨਾ ਹੋਵੇ? ਸੋ ਇਹ ਇਕ ਨੰਬਰ ਦੇ ਤੇ ਦੋ ਨੰਬਰ ਦੇ ਸ਼ਹਿਰੀ ਬਨਾਉਣ ਵਾਲੀ ਕਵਾਇਦ ਬੰਦ ਹੋਵੇ (ਸੰਵਿਧਾਨ ਪੱਖੋਂ ਵੀ ਇਹ ਗਲਤ ਹੈ)। ਸਮਾਜ ਅੰਦਰ ਡਰ-ਭੈਅ ਮੁਕਤ ਮਾਹੌਲ ਪੈਦਾ ਕੀਤਾ ਜਾਵੇ- ਫੇਰ ਕਿਸੇ ਨੂੰ ਵੀ ਵਾਧੂ ਸੁਰੱਖਿਆ ਦੀ ਲੋਂੜ ਨਹੀਂ ਪਵੇਗੀ। ਅਸਲੋਂ ਹੈਰਾਨ ਕਰਨ ਵਾਲੀ ਗੱਲ ਕਿ ਆਪਣੇ ਆਪ ਨੂੰ "ਧਾਰਮਿਕ ਸੇਵਾਦਾਰ'' (?) ਕਹਾਉਣ ਵਾਲੇ  ਵੀ ਆਪਣੇ ਵਾਸਤੇ ਸੁਰੱਖਿਆ ਦੀ ਮੰਗ ਕਰਦੇ ਹਨ? ਕੀ ਇਨ੍ਹਾਂ ਨੂੰ ਆਪਣੇ ਇਸ਼ਟ 'ਤੇ ਵੀ ਭਰੋਸਾ ਨਹੀਂ? ਸੋਚਣ ਵਾਲੀ ਗੱਲ ਇਹ ਵੀ ਹੈ ਕਿ ਇਨ੍ਹਾਂ "ਪਤਵੰਤੇ'' ਸਮਝੇ ਜਾਣ ਵਾਲਿਆਂ ਉੱਤੇ ਅਜਾਈਂ ਕੀਤੇ ਜਾਂਦੇ ਖਰਚ ਦੇ ਪੈਸੇ ਬਚਾ ਕੇ ਲੋਕਾਂ ਲਈ ਬਣਦੀਆਂ ਮੁਸੀਬਤਾਂ ਦੇ ਹੱਲ ਕਰਨ ਵਾਸਤੇ ਖਰਚ ਕੀਤੇ ਜਾਣੇ।
ਪੰਜਾਬ ਚਿਰਾਂ ਤੋਂ ਚੌਤਰਫੇ ਹਮਲੇ ਦੀ ਮਾਰ ਹੇਠ ਹੈ - ਇਸ ਨੂੰ ਆਪੋ ਆਪਣੀਆਂ ਪਾਰਟੀਆਂ ਦੇ ਨਹੀਂ ਪੰਜਾਬ ਦੇ ਹਿਤੈਸ਼ੀ ਹਮਦਰਦ ਬਣਕੇ ਅੱਗੇ ਆਉ - ਆਪੋ ਆਪਣੀ ਪੈਂਠ ਬਣਾਉਣ ਵਾਲੇ ਹੀਰੋਵਾਦ ਨੇ ਤਾਂ ਪੰਜਾਬ ਦਾ ਪਹਿਲਾਂ ਹੀ ਬਹੁਤ ਨੁਕਸਾਨ ਕਰ ਦਿੱਤਾ ਹੈ। ਨਾ ਇੱਥੇ ਚੱਜ ਦੀ ਵਿੱਦਿਆ ਨੀਤੀ, ਨਾ ਖੇਤੀਬਾੜੀ ਬਾਰੇ ਕੋਈ ਕਿਸਾਨ ਦੇ ਭਲੇ ਵਾਲੀ ਨੀਤੀ, ਨਾ ਹੀ ਸੱਭਿਆਚਾਰਕ ਨੀਤੀ ਜੋ ਸਾਡੀ ਜੀਵਨ ਜਾਚ ਨੂੰ ਸਮੇਂ ਦੇ ਹਾਣ ਦੀ ਬਣਾ ਸਕੇ। ਵਿੱਦਿਅਕ ਅਦਾਰਿਆਂ ਨੂੰ ਸਰਕਾਰ ਦੀ ਕਿਰਪਾ ਨਾਲ ਜਲੇਬੀਆਂ-ਪਕੌੜੇ ਵੇਚਣ ਵਾਲਿਆਂ ਮੁਨਾਫੇਖੋਰਾਂ ਨੇ ਅਗਵਾ ਕੀਤਾ ਹੋਇਆ ਹੈ।  ਨਿਰੋਲ ਮੁਨਾਫੇ ਖਾਤਰ "ਹਲਵਾਈਆਂ'' ਵਲੋਂ ਖੋਲੀ੍ਹਆਂ "ਯੂਨੀਵਰਸਿਟੀਆਂ'' ਕਿਹੜੇ ਜੀਨੀਅਸ ਪੈਦਾ ਕਰਨਗੀਆਂ- ਸਾਫ ਹੈ ਕਿ ਇਨ੍ਹਾਂ ਦੀ ਪਿੱਠ 'ਤੇ ਹਕੂਮਤੀ ਧਿਰਾਂ ਦਾ ਹੱਥ ਹੁੰਦਾ ਹੈ। ਗਿਆਨ ਵਿਹੂਣੀ ਵਿੱਦਿਆ ਦੇ ਕੇ ਸਿਰਫ "ਡਿਗਰੀਆ'' ਵੰਡੀਆਂ ਜਾ ਰਹੀਆਂ ਹਨ। ਪ੍ਰਾਈਵੇਟ ਅਦਾਰੇ ਲੋਕਾਂ ਦੀ ਲੁੱਟ ਕਰ ਰਹੇ ਹਨ? ਕਿਉਂ ਨਹੀਂ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੇ ਅਧਿਆਪਕਾਂ ਦੀਆਂ ਤਨਖਾਹਾਂ ਬਰਾਬਰ, ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਮਨਮਰਜ਼ੀ ਦੀਆਂ ਸਰਕਾਰੀ ਸਕੂਲਾਂ ਨਾਲੋਂ ਕਿਤੇ ਵੱਧ ਤੇ ਅਧਿਆਪਕਾਂ ਦੀਆਂ ਤਨਖਾਹਾਂ ਘੱਟ ਕਿਉਂ ਹਨ? ਪੰਜਾਬ ਅੰਦਰ ਬਹੁਤ ਸਾਰੇ ਮਹਿਕਮਿਆਂ ਅੰਦਰ ਲੱਖਾਂ ਹੀ ਅਸਾਮੀਆਂ ਸਮੇਤ ਅਧਿਆਪਕਾਂ ਦੇ ਖਾਲੀ ਹੋਣ ਬਾਰੇ ਨਿੱਤ ਪੜ੍ਹਦੇ ਹਾਂ, ਲੱਖਾਂ ਹੀ ਸਿੱਖਿਅਤ ਨੌਜਵਾਨ ਵਿਹਲੇ ਫਿਰ ਰਹੇ ਹਨ - ਕੰਮ ਹੋਣ ਦੇ ਬਾਵਜੂਦ ਵਿਹਲੇ ਹੱਥਾਂ ਨੂੰ ਕੰਮ ਕਿਉਂ ਨਹੀਂ ਦਿੱਤਾ ਜਾ ਰਿਹਾ? ਨੌਜਵਾਨਾਂ ਅੰਦਰ ਬੇਰੋਜ਼ਗਾਰੀ ਵੱਡਾ ਕਾਰਨ ਹੈ ਉਹ ਤਣਾਅ ਭਰੀ ਸਥਿਤੀ ਦਾ ਸਾਹਮਣਾ ਕਰਦਿਆਂ ਕਈ ਵਾਰ ਹਾਰੇ ਜਹੇ ਮਹਿਸੂਸ ਕਰਕੇ, ਢਹਿੰਦੀਆਂ ਕਲਾਂ ਦੇ  ਸ਼ਿਕਾਰ ਹੋ ਕੇ, ਹਾਲਤਾਂ ਦਾ ਮੁਕਾਬਲਾ ਨਾ ਕਰਨ ਦੀ ਸੂਰਤ ਵਿਚ ਨਸ਼ਿਆਂ ਵੱਲ ਵੀ ਵਧ ਜਾਂਦੇ ਹਨ- ਸਿੱਧੇ ਤੌਰ 'ਤੇ ਸਰਕਾਰ ਇਸਦੀ ਜੁੰਮੇਵਾਰ ਹੈ।
ਕੁਰਾਹੇ ਪਏ ਮਾੜੀ ਕਿਸਮ ਦੇ "ਗੀਤਕਾਰਾਂ'' ਅਤੇ "ਗਾਇਕਾਂ'' ਨੂੰ ਜਿਹੜੇ ਇਸੇ ਪੰਜਾਬ ਦਾ ਅੰਨ ਖਾਂਦੇ ਹਨ ਵੀ ਸੋਚਣਾ ਪਵੇਗਾ ਤੇ ਉਨ੍ਹਾਂ ਨੂੰ ਵੀ ਬਦਬੋ ਮਾਰਦਾ ਲੱਚਰ ਗਾਇਕੀ ਵਾਲਾ ਲੁੱਚ ਤਲਣਾ ਬੰਦ ਕਰਨਾ ਪਵੇਗਾ। ਪਿਛਲੇ ਸਮੇਂ ਵਿਚ ਉੱਭਰੇ ਇਹ ਅਸਲੋਂ ਫੁਕਰੇ ਤੇ ਨਾਸ਼ੁਕਰੇ ਗਾਇਕ/ਗਾਇਕਾਵਾਂ ਜੋ ਆਪਣੇ ਆਪ ਨੂੰ "ਸੈਲੀਬਰਿਟੀ'' ਕਹਾਉਣਾ ਪਸੰਦ ਕਰਨ ਲੱਗ ਪਏ /ਪਈਆਂ ਹਨ ਇਨ੍ਹਾਂ ਦੀ ਗਾਇਕੀ ਸੁਣਨੀ ਵੀ ਲੋਕਾਂ ਨੂੰ ਬੰਦ ਕਰਨੀ ਪਵੇਗੀ।  ਸੁੱਚੀਆਂ ਕਲਮਾਂ ਫੜੀ ਬੈਠੇ ਤੇ ਸੱਭਿਅਕ ਸ਼ਬਦ ਲਿਖ ਰਹੇ ਗੀਤਕਾਰਾਂ ਨੂੰ ਆਪਣੇ ਸੱਭਿਆਚਾਰਕ ਰੀਤ ਦੇ ਵਿਹੜੇ ਗੰਦ ਪਾਉਣ ਵਾਲੀਆਂ ਕੰਜਰ ਕਲਮਾਂ ਦੇ ਖਿਲਾਫ ਉੱਠਣਾ ਪਵੇਗਾ।  ਜਿਹੜੇ ਆਪਣੀਆਂ ਮਾਵਾਂ -ਭੈਣਾਂ ਨਾਲ ਬੈਠ ਕੇ ਆਪਣੇ ਗਾਏ ਗੀਤ ਨਹੀਂ ਸੁਣ ਸਕਦੇ, ਉਹੀ ਗੰਦ ਸਮਾਜ ਨੂੰ ਪਰੋਸ ਰਹੇ ਹਨ।-  ਪੰਜਾਬ ਦੀ ਸੱਭਿਆਚਾਰਕ ਰੀਤ ਤੋਂ ਟੁੱਟੇ "ਗੀਤ'' ਲਿਖਣ ਤੇ ਗਾਉਣ ਵਾਲੇ ਸਭ ਤੋਂ ਵੱਡੇ ਦੋਸ਼ੀ ਹਨ- ਉਨ੍ਹਾਂ ਨੂੰ ਵੀ ਪੰਜਾਬ ਵਿਰੋਧੀ ਲਾਅਨਤੀਆਂ ਵਿਚ ਹੀ ਗਿਣਨਾ ਪਵੇਗਾ ਜਿਨ੍ਹਾਂ ਨੇ ਪੰਜਾਬੀ ਸੱਭਿਆਚਾਰ ਨੂੰ ਨਸ਼ਿਆਂ ਤੇ ਹਥਿਆਰਾਂ ਦੇ ਪੈਰਾਂ ਹੇਠ ਰੋਲ ਕੇ ਆਪਣੇ ਘਰ ਭਰੇ ਹਨ- ਉਹ ਬਿਨਾਂ ਕਿਸੇ ਸ਼ੱਕ ਪੰਜਾਬ ਨੂੰ ਚਿੱਕੜ ਵਿਚ ਫਸਾਉਣ ਦੇ ਦੋਸ਼ੀ ਹਨ। ਸ਼ਰਮ ਉਹ ਅਜੇ ਵੀ ਨਹੀਂ ਕਰ ਰਹੇ- ਇਨ੍ਹਾਂ ਦੀਆਂ "ਚਿੱਟੀਆਂ ਕੋਠੀਆਂ'' ਦੀ ਜਾਂਚ ਪੜਤਾਲ ਵੀ ਜਰੂਰ ਹੋਵੇ - ਕੀ ਇਹ ਸਿਰਫ ਗਾਇਕੀ ਦੀ ਕਮਾਈ ਹੀ ਹੈ? ਜਾਂ ਕੁੱਝ ਹੋਰ ਵੀ ਹੈ। ਪਤਾ ਤਾਂ  ਲੱਗੇ, ਲੋਕਾਂ ਨੂੰ ਇਨ੍ਹਾਂ ਦੇ ਅਸਲ ਚਿਹਰੇ ਦਿਸਣ।
ਪੰਜਾਬ ਅੰਦਰ ਡੇਰਾਵਾਦ ਨੇ ਵੱਖੋ ਵੱਖ "ਧਰਮਾਂ'' ਦੇ ਨਾਂ ਹੇਠ ਲੋਕਾਂ ਨੂੰ ਵਹਿਮਾਂ ਭਰਮਾਂ ਵੱਲ ਧੱਕਿਆ ਹੈ। ਇਹੋ ਵਹਿਮ-ਭਰਮ ਵੱਡੀ ਜੋਕ ਬਣਕੇ ਲਾਅਨਤ ਦੇ ਰੂਪ ਵਿਚ ਪੰਜਾਬ ਨੂੰ ਚੰਬੜੀ ਹੋਈ ਹੈ। ਡੇਰਿਆਂ ਵਿਚ "ਸੱਭਿਆਚਾਰਕ'' ਮੇਲਿਆਂ ਦੇ ਨਾਂ 'ਤੇ ਨਾਮਵਰ ਗਵੱਈਆਂ ਉੱਪਰ ਨੋਟਾਂ ਦੀਆਂ ਬੋਰੀਆਂ, ਝੋਲੇ ਭਰ ਭਰ ਕੇ ਸੁੱਟੇ ਜਾਂਦੇ ਹਨ- ਕੀ ਕਦੇ ਕਿਸੇ ਸਰਕਾਰੀ ਜੁੰਮੇਵਾਰ ਨੇ ਕਿਸੇ ਵੀ ਡੇਰੇਦਾਰ ਨੂੰ ਜਾ ਕੇ ਪੁੱਛਿਆ ਹੈ - ਇਹ ਨੋਟਾਂ ਦੀਆਂ ਬੋਰੀਆਂ ਕਿਹੜੇ ਰਾਹੋਂ ਆਈਆਂ?  ਉਨ੍ਹਾਂ ਦੀ ਆਮਦਨ ਦੇ ਕੀ ਸਾਧਨ ਹਨ? ਕੀ ਇਨ੍ਹਾਂ ਡੇਰਿਆਂ ਨੂੰ ਕਮਾਈ ਕਰਦੀਆਂ ਦੁਕਾਨਾਂ ਵਾਲੇ ਕਾਨੂੰਨ ਹੇਠ ਨਹੀਂ ਲਿਆਉਣਾ ਚਾਹੀਦਾ ? ਪਤਾ ਸਰਕਾਰਾਂ ਨੂੰ ਵੀ ਹੈ ਕਿ ਇਨ੍ਹਾਂ ਡੇਰਿਆਂ ਵਿਚ ਕਿਹੜੇ ਕਿਹੜੇ "ਧੰਦੇ'' ਹੁੰਦੇ ਹਨ? ਪਰ 'ਮੂੰਹ ਖਾਵੇ ਅੱਖਾਂ ਸ਼ਰਮਾਣ' ਵਾਲੀ ਹਾਲਤ ਹੈ ਇਨ੍ਹਾਂ ਸਿਆਸੀ ਲੀਡਰਾਂ ਦੀ। ਸਾਰੀਆਂ ਹੀ ਧਨਾਢ ਪਾਰਟੀਆਂ ਦੇ ਢੁੱਠਾਂ ਵਾਲੇ ਲੀਡਰ ਇਨ੍ਹਾਂ ਡੇਰੇਦਾਰਾਂ ਤੋਂ ਵੋਟਾਂ ਦੀ ਭੀਖ ਮੰਗਣ ਜਾਂਦੇ ਹਨ - ਬਲਾਤਕਾਰੀ ਰਾਮ ਰਹੀਮ ਵਰਗਿਆਂ ਤੋਂ ਵੀ। ਇਹ ਲੀਡਰ ਫੇਰ ਉਨ੍ਹਾਂ "ਡੇਰੇਦਾਰਾਂ'' ਦੇ ਕੰੰਮ ਵੀ ਤਾਂ ਆਉਂਦੇ ਹਨ। ਮੁਫਤ ਵਿਚ ਇਹ ਡੇਰੇਦਾਰ ਵੀ ਨਹੀਂ ਵਰਤ ਹੁੰਦੇ। ਪਰ ਇਹ ਪੰਜਾਬ ਅੰਦਰ  ਸਿਹਤਮੰਦ ਭਾਈਚਾਰਕ ਸਾਂਝ ਦੇ ਜੜ੍ਹੀਂ ਤੇਲ ਦੇਣ ਵਾਲੇ ਅੱਡੇ ਹਨ। ਸਰਕਾਰ ਨੂੰ ਇਨ੍ਹਾਂ ਵਲ ਧਿਆਨ ਦੇਣਾ ਚਾਹੀਦਾ ਹੈ। ਡੇਰੇ ਧਰਮਾਂ ਦੀ ਬਦਨਾਮੀ ਦਾ ਕਾਰਨ ਵੀ ਬਣਦੇ ਹਨ।
ਪੰਜਾਬ ਅੰਦਰ ਲੋਕਪੱਖੀ ਮੀਡੀਏ ਨੂੰ ਤਕੜਾ ਕਰਨ ਦੀ ਲੋੜ ਹੈ - ਤਾਂ ਕਿ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ ਅਤੇ ਸਮਾਜ ਦੇ ਹੋਰ ਮਿਹਨਤਕਸ਼ ਤਬਕਿਆਂ ਦੀਆਂ ਆਪਣੀਆਂ ਹੱਕੀ ਮੰਗਾਂ ਵਾਲੀਆਂ ਲਹਿਰਾਂ ਦੇ ਉਭਾਰ ਨੂੰ ਆਮ ਲੋਕਾਂ ਤੱਕ ਪਹੁੰਚਾਇਆ ਜਾ ਸਕੇ। ਇਸ ਨਾਲ ਸਮਾਜ ਅੰਦਰ ਭਾਈਚਾਰਕ ਸਾਂਝ ਹੋਰ ਤਕੜੀ ਹੋਵੇਗੀ। ਲੋਕ ਪੱਖੀ ਸਾਹਿਤ ਨੂੰ ਵੀ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਆਮ ਬੰਦੇ ਨੂੰ ਸਮਾਜਕ ਮਸਲਿਆਂ ਬਾਰੇ ਚੇਤੰਨ ਕਰਨਾ ਸਾਡੇ ਬੁੱਧੀਜੀਵੀਆਂ ਦਾ ਕਾਰਜ ਹੋਣਾ ਚਾਹੀਦਾ ਹੈ। ਲੋਕ ਸੇਵਾ ਦਾ ਇਹ ਅਸਲੀ ਰਾਹ ਹੈ।

ਪੰਜਾਬ ਦੇ ਸੂਝਵਾਨੋਂ, ਪੰਜਾਬ ਦੇ ਦਰਦੀਉ - ਪੰਜਾਬੀਉ !!
ਪੰਜਾਬ ਦੀ ਧਰਤੀ ਨੂੰ ਪਿਆਰ ਕਰਨ ਵਾਲਿਉਂ ਮਹੱਬਤੀ ਪੰਜਾਬ ਦੀ ਮੁੜ ਸਿਰਜਣਾ ਵਾਸਤੇ ਇਕੱਠੇ ਹੋ ਕੇ ਲੱਕ ਬੰਨੇ ਬਿਨਾਂ ਨਹੀਂ ਸਰਨਾ।  ਬਾਬੇ ਨਾਨਕ ਦੇ, ਭਗਤ ਸਿੰਘ, ਸਰਾਭੇ ਵਰਗੇ ਸ਼ਹੀਦਾ ਤੇ ਅਣਗਿਣਤ ਹੋਰ ਸੂਰਬੀਰਾਂ ਵਾਲੇ ਪੰਜਾਬ ਦੇ ਹਰ ਖਿੱਤੇ ਨੂੰ "ਮੁਨਾਫਿਆਂ ਦੀ ਕੈਂਸਰ'' ਨੇ ਪਲੀਤ ਕਰ ਦਿੱਤਾ ਗਿਆ ਹੈ -  ਪੰਜਾਬ ਦੀਆਂ ਅਗਲੀਆਂ ਪੀੜੀਆਂ ਨੂੰ ਬਚਾ ਲਵੋ - ਬਚਾ ਲਵੋ।
ਕਿਸ਼ਤਾਂ ਵਿਚ ਉੱਜੜ ਰਹੇ , ਬਰਬਾਦ ਹੋ ਰਹੇ / ਮਰ ਰਹੇ ਪੰਜਾਬ, ਨੂੰ ਬਚਾਉਣ ਦਾ ਸਵਾਲ ਹੈ ਇਸ ਕਰਕੇ :
ਪੰਜਾਬ ਦੇ ਸੋਹਣੇ ਭਵਿੱਖ ਵਾਸਤੇ ਕੀਤੇ ਜਾਣ ਵਾਲੇ ਚੌਤਰਫੇ ਸੰਘਰਸ਼ ਦੀ ਰੂਪ-ਰੇਖਾ ਉਲੀਕੋ - ਜਿਸ ਨਾਲ ਆਉਣ ਵਾਲੀਆਂ ਪੀੜ੍ਹੀਆਂ ਫੇਰ ਰੰਗਲੇ ਪੰਜਾਬ ਦੀਆਂ ਵਾਸੀ ਹੋਣ। ਇਹ ਤਾਂ ਕੁੱਝ ਨੁਕਤੇ ਹੀ ਹਨ ਸੂਝਵਾਨਾਂ ਨੂੰ ਰਲ਼ ਕੇ ਪੂਰਾ "ਏਜੰਡਾ ਪੰਜਾਬ'' ਤਿਆਰ ਕਰਨਾ ਪਵੇਗਾ।
= ਇਹ ਇਕ ਅਰਜ਼ ਹੈ, ਤਰਲਾ ਹੈ ਪੰਜਾਬ ਦੇ ਮੋਹ ਵਿਚ ਭਿੱਜੇ ਹੋਏ ਦਾ। ਪ੍ਰੋ. ਮੋਹਨ ਸਿੰਘ ਦੀ ਕਵਿਤਾ ਵੀ ਕਹਿੰਦੀ ਹੈ :

ਉੱਠੋ ਕਿ ਉੱਠ ਕੇ ਦੇਸ਼ ਦਾ ਮੂੰਹ-ਮੱਥਾ ਡੌਲ਼ੀਏ
ਮੁੜ ਕੇ  ਪੰਜਾਬ ਸਾਜੀਏ, ਨਾਨਕ  ਦੇ ਖ਼ਾਬ ਦਾ।
ਪੱਤਝੜ  ਤੋਂ  ਬਚਾਈਏ  ਧਰਤੀ  ਪੰਜਾਬ  ਦੀ
ਖੇੜੇ ਦੇ ਵਿੱਚ ਲਿਆਈਏ ਮੁੜ ਫੁੱਲ ਗੁਲਾਬ ਦਾ।
 
 Email : ksharif@arcor.de
ਸੰਪਰਕ : 0049 173 3546050

ਬੇਗਮਪੁਰਾ ਸਹਰ ਕਾ ਨਾਉ ..... - ਕੇਹਰ ਸ਼ਰੀਫ਼

ਗੁਰੂ ਰਵਿਦਾਸ ਜੀ ਦਾ ਆਗਮਨ ਉਸ ਸਮੇਂ ਹੋਇਆ ਜਦੋਂ ਸਮਾਜ ਦੇ ਸਮਾਜਕ, ਰਾਜਨੀਤਕ  ਹਾਲਤ ਬਹੁਤ ਭੈੜੇ ਸਨ। ਆਪਣੇ ਆਪ ਨੂੰ ਧਾਰਮਕ ਤੇ ਸਮਾਜਕ ਅਖਵਾਉਂਦੇ ਆਗੂ ਚਰਿਤ੍ਰਹੀਣਤਾ ਦੀਆਂ ਨੀਵਾਣਾਂ ਵਿਚ ਵਹਿ ਗਏ ਸਨ। ਰਾਜਸੀ ਸ਼ਕਤੀ ਵੱਡੇ ਜਗੀਰਦਾਰਾਂ, ਭੂਮੀਪਤੀਆਂ ਦੇ ਹੱਥਾਂ ਵਿਚ ਸੀ, ਜੋ ਰਾਜ-ਭਾਗ ਦੇ ਨਸ਼ੇ ਨਾਲ ਗੁੱਟ ਸਨ। ਅਜਿਹੇ ਸਮੇਂ ਜਦੋਂ ਲੋਕ ਕਰਮ-ਕਾਂਡਾਂ ਵਿਚ ਫਸ ਕੇ ਅੰਧ-ਵਿਸ਼ਵਾਸੀ ਹੋ ਚੁੱਕੇ ਸਨ। ਰਾਜਿਆਂ ਤੇ ਅਮੀਰਾਂ ਵਲੋਂ ਗਰੀਬਾਂ, ਨਿਤਾਣਿਆਂ ਉੱਤੇ ਜੋ ਜ਼ੁਲਮ ਹੁੰਦੇ ਸਨ ਉਹ 'ਰੱਬ ਦੀ ਰਜ਼ਾ', 'ਪਿਛਲੇ ਜਨਮਾਂ ਦਾ ਫਲ' ਆਖ ਕੇ ਜਰੀ ਜਾ ਰਹੇ ਸਨ। ਕਿਉਂਕਿ ਚਾਨਣ ਦੀ ਅਣਹੋਂਦ ਉਨ੍ਹਾਂ ਨੂੰ ਹਨੇਰ ਢੋਈ ਜਾਣ ਲਈ ਮਜਬੂਰ ਕਰੀ ਜਾ ਰਹੀ ਸੀ। ਇਸ ਨੂੰ ਮਨੁੱਖੀ ਜ਼ਿੰਦਗੀ ਕਹੀ ਜਾਣਾ ਐਵੇਂ ਦਿਲ ਨੂੰ ਝੂਠਾ ਧਰਵਾਸ ਦੇਣ ਵਾਲੀ ਗੱਲ ਹੀ ਸੀ।
ਭਗਤੀ ਲਹਿਰ ਦਾ ਆਰੰਭ ਅਨਿਆਂ ਅਤੇ ਮਨੁੱਖਾਂ ਦੇ ਦਰਮਿਆਨ ਪਾਈਆਂ ਵੰਡੀਆਂ ਦੇ ਖਿਲਾਫ ਸੀ। ਇਸ ਲਹਿਰ ਦੇ ਆਗੂਆਂ ਵਲੋਂ ਲੋਕਾਂ ਅੰਦਰ ਆਤਮ ਵਿਸ਼ਵਾਸ ਪੈਦਾ ਕਰਨ ਦਾ ਜਤਨ ਕੀਤਾ ਗਿਆ। ਸ਼ੁਰੂ ਵਿਚ ਭਾਵੇਂ ਤੋਰ ਮੱਠੀ ਹੀ ਸੀ ਪਰ ਬਾਅਦ ਵਿਚ ਕਾਫੀ ਲੋਕ ਇਸ ਲਹਿਰ ਨਾਲ ਜੁੜਦੇ ਗਏ। ਇਸੇ ਲਹਿਰ ਅਧੀਨ ਰਾਮਾਨੁਜ ਵਰਗੇ ਬੁੱਧੀਮਾਨ ਵਲੋਂ ਲੋਕਾਂ ਦੀ ਅੰਤਰ ਆਤਮਾ ਨੂੰ ਟੁੰਬਣ ਦਾ ਜਤਨ ਆਰੰਭਣਾਂ ਅਤੇ ਉਸ ਜਤਨ ਨੂੰ ਲਹਿਰ ਬਨਾਉਣ ਵਲ ਵਧਾਉਣਾ ਉਨ੍ਹਾਂ ਦਾ ਜੀਵਨ ਆਦਰਸ਼ ਹੋ ਗਿਆ ਸੀ। ਆਮ ਤੌਰ ਤੇ ਰਾਮਾਨੰਦ ਜੀ ਨੂੰ ਹੀ ਰਵਿਦਾਸ ਜੀ ਦਾ ਗੂਰੂ ਮੰਨਿਆ ਜਾਂਦਾ ਹੈ ਪਰ ਕੁੱਝ ਲੋਕ ਇਸ ਨਾਲ ਸਹਿਮਤ ਨਹੀਂ। ਕਈ ਲੋਕ ਹੋਰ ਗੱਲਾਂ ਵੀ ਲਿਖਦੇ ਹਨ ਜੋ ਮੰਨਣਯੋਗ ਨਹੀਂ। ਭੁਲੇਖਾ ਪਾਊ ਲੋਕ ਤਾਂ ਅਸਲੋਂ ਹੀ ਨਾ ਮੰਨਣਯੋਗ ਰਵਿਦਾਸ ਜੀ ਦੇ ਸਮਕਾਲੀ ਅਤੇ ਗੁਰਭਾਈ ਕਬੀਰ ਜੀ ਨੂੰ ਹੀ ਰਵਿਦਾਸ ਜੀ ਦਾ ਗੁਰੂ ਲਿਖ ਗਏ ਹਨ। ਜਦੋਂ ਕਿ ਕਬੀਰ ਜੀ ਰਾਮਾਨੰਦ ਦੇ 12 ਪ੍ਰਮੱਖ ਚੇਲਿਆਂ ਵਿਚੋਂ ਹੀ ਸਨ ਅਤੇ ਗੁਰੂ ਰਵਿਦਾਸ ਜੀ ਤੋਂ ਛੋਟੀ ਉਮਰ ਦੇ ਸਨ। ਗੁਰੂ ਰਵਿਦਾਸ ਜੀ ਅਜਿਹੇ ਦਾਰਸ਼ਨਿਕ ਸਨ ਜਿਨ੍ਹਾਂ ਨੇ ਨਵੀਂ ਸੋਚ ਤੇ ਨਵੇਂ ਫਲਸਫੇ ਨੂੰ ਜਨਮ ਦਿੱਤਾ ਜੋ ਸਮੇਂ ਦੀ ਉਂਗਲ ਫੜਕੇ ਸਮੇਂ ਦੀ ਅਗਵਾਈ ਕਰਦੀ ਸੀ। ਝੂਠੇ ਕਰਮ-ਕਾਂਡਾਂ, ਪਾਖੰਡਾਂ ਤੇ ਅੰਧ ਵਿਸ਼ਵਾਸਾਂ ਤੋਂ ਦੂਰ ਮਨੁੱਖੀ ਮੋਹ ਦਾ ਪ੍ਰਚਾਰ ਕਰਨਾ ਉਸ ਸੋਚ ਦਾ ਮਨੋਰਥ ਸੀ। ਮਨੁੱਖ ਨੂੰ ਉਸਦੀ ਜਨਮ ਜਾਤ, ਬਰਾਦਰੀ  ਕਰਕੇ ਨਹੀਂ ਸਗੋਂ ਉਸਦੇ ਕੰਮਾਂ ਕਰਕੇ ਚੰਗਾ ਜਾਂ ਬੁਰਾ, ਖਰਾ ਜਾਂ ਖੋਟਾ ਮਿੱਥਣਾ ਬਣਦਾ ਹੈ। ਅਖੌਤੀ ਉੱਚੀ ਜਾਤ ਬ੍ਰਾਹਮਣ ਆਪਣੇ ਆਪ ਨੂੰ ਰੱਬ ਦੇ ਨੇੜੇ ਦੱਸਦੇ ਸਨ। ਪਰ, ਗੁਰੂ ਰਵਿਦਾਸ ਜੀ ਨੇ ਇਸ ਨੂੰ ਬੇਹੂਦਾ ਦੱਸਦਿਆਂ ਰੱਦ ਕੀਤਾ ਤੇ ਸਾਰੇ ਮਨੁੱਖਾਂ ਦੇ ਬਰਾਬਰ ਹੋਣ ਦੀ ਗੱਲ ਵਾਰ ਵਾਰ ਦੁਹਰਾਈ, ਅਤੇ ਕਿਹਾ :-
 
ਏਕੇ ਮਾਟੀ ਕੇ ਸਭਿ ਭਾਂਡੇ, ਸਭਕਾ ਏਕੈ ਸਿਰਜਨਹਾਰਾ।

ਇਸ ਕਰਕੇ ਹੀ ਅਖੌਤੀ ਉੱਚ ਜਾਤੀਆਂ ਵਾਲੇ ਕਾਫੀ ਸਾਰੇ ਜੋ ਵੱਡੀਆਂ ਜਾਇਦਾਦਾਂ ਦੇ ਮਾਲਕ ਸਨ ਅਤੇ ਨਾਲ ਹੀ ਰਾਜ ਭਾਗ 'ਤੇ ਵੀ ਕਾਬਜ਼ ਸਨ ਦੇ ਬੇਹੂਦਗੀ ਭਰੇ ਗੁੱਸੇ ਦਾ ਰਵਿਦਾਸ ਜੀ ਨੂੰ ਵਾਰ ਵਾਰ ਸ਼ਿਕਾਰ ਹੋਣਾ ਪਿਆ। ਕਈ ਵਾਰ ਕਰੜੀਆਂ ਪ੍ਰੀਖਿਆਵਾਂ ਵਿਚੋਂ ਗੁਜ਼ਰਨਾ ਪਿਆ ਪਰ ਉਨ੍ਹਾਂ ਨੇ ਕਦੇ ਵੀ ਹੌਸਲਾ ਨਾ ਹਾਰਿਆ ਤੇ ਸੱਚ ਦਾ ਪੱਲਾ ਨਾ ਛੱਡਿਆ। ਸਦਾ ਹੀ ਮੁਸੀਬਤਾਂ ਦਾ ਸਾਹਸ ਅਤੇ ਦਲੇਰੀ ਨਾਲ ਮੁਕਾਬਲਾ ਕੀਤਾ। ਹਰ ਵਾਰ ਹੀ ਹੋਰ ਜ਼ਿਆਦਾ ਲੋਕਾਂ ਦਾ ਵਿਸ਼ਵਾਸ ਜਿੱਤਦੇ ਰਹੇ। ਮਨੂੰ ਵਲੋਂ "ਖੋਜੀ" ਵਰਣ ਵੰਡ (ਮਨੁੱਖਾਂ ਵਿਚਕਾਰ ਵਿਤਕਰੇ ਅਤੇ ਵਿੱਥਾਂ ਵਾਲੀ ਗੈਰ-ਇਨਸਾਨੀ ਬਾਂਦਰ ਵੰਡ) ਦੇ ਆਸਰੇ  ਜਾਤ-ਪਾਤ ਵਰਗਾ ਸਮਾਜੀ ਕੋਹੜ ਪੈਦਾ ਹੋਇਆ ਅਤੇ ਇਸਦੇ ਸਦਕਾ ਬ੍ਰਾਹਮਣਵਾਦ (ਸਮਾਜੀ ਕੋਹੜ) ਵਰਗੇ ਭੈੜ ਨੇ ਜਨਮ ਲਿਆ। ਜਿਸ ਬ੍ਰਾਹਮਣਵਾਦ ਨੇ ਝੂਠ ਦੀ ਗੁੰਡਾਗਰਦੀ ਭਰੀ ਦਹਿਸ਼ਤ ਦੇ ਸਹਾਰੇ ਆਮ ਲੋਕਾਂ ਨੂੰ ਗਧੀਗੇੜ 'ਚ ਪਾ ਕੇ ਆਪਣੇ ਤੋਰੀ-ਫੁਲਕੇ ਨੂੰ ਮਹਿਫੂਜ਼ ਰੱਖਿਆ। ਪਰ, ਗੁਰੂ ਸਾਹਿਬ ਦੀ ਤਿੱਖੀ ਸੂਝ ਨੇ ਇਨ੍ਹਾਂ "ਗੁੱਝੇ ਭੇਦਾਂ'' ਦੀ ਰਮਜ਼ ਪਛਾਣੀ ਤੇ ਡਟਵਾਂ ਵਿਰੋਧ ਕੀਤਾ। ਇਸ ਸੱਚ ਦੇ ਸਦਕਾ ਹੀ ਕੁੱਝ ਸਮੇਂ ਬਾਅਦ ਗੁਰੂ ਰਵਿਦਾਸ ਜੀ ਨਾਲ ਲੋਕਾਂ ਦੀ ਵੱਧ ਗਿਣਤੀ ਜੁੜਨ ਲੱਗ ਪਈ। ਰਵਿਦਾਸ ਜੀ ਦੇ ਆਗਮਨ ਬਾਰੇ ਭਾਈ ਗੁਰਦਾਸ ਜੀ ਦਸਵੀਂ ਵਾਰ ਵਿਚ ਲਿਖਦੇ ਹਨ :-

ਭਗਤੁ ਭਗਤੁ ਜਗਿ ਵਜਿਆ ਚਹੁ  ਚਕਾਂ ਦੇ ਵਿਚਿ ਚਮਿਰੇਟਾ ।।
ਪਾਹਣਾ ਗੰਢੇ  ਰਾਹ ਵਿਚ  ਕੁਲਾ  ਧਰਮ  ਢੋਇ ਢੇਰ ਸਮੇਟਾ ।।
ਜਿਉਂ  ਕਰ   ਮੈਲੇ   ਚੀਥੜੇ  ਹੀਰਾ  ਲਾਲ  ਅਮੋਲ  ਪਲੇਟਾ ।।
ਚਹੁੰ ਵਰਨਾ ਉਪਦੇਸ ਦਾ ਗਿਆਨ ਧਿਆਨ ਕਰ ਭਗਤ ਸਹੇਟਾ ।।

ਭਾਈ ਕਾਹਨ ਸਿੰਘ ਰਵਿਦਾਸ ਜੀ ਬਾਰੇ ਆਪਣੇ 'ਮਹਾਨ ਕੋਸ਼' (ENCYCLOPEDIA OF SIKH LITRATURE) ਵਿਚ ਲਿਖਦੇ ਹਨ, 'ਕਾਸ਼ੀ ਦਾ ਵਸਨੀਕ ਚਮਾਰ, ਜੋ ਰਾਮਾਨੰਦ ਦਾ ਚੇਲਾ ਸੀ। ਇਹ ਗਿਆਨ ਦੇ ਬਲ ਕਰਕੇ ਪਰਮਹੰਸ ਪਦਵੀ ਨੂੰ ਪ੍ਰਾਪਤ ਹੋਇਆ। ਰਵਿਦਾਸ ਕਬੀਰ ਦਾ ਸਮਕਾਲੀ ਸੀ ਇਸ ਨੂੰ ਬਹੁਤ ਪੁਸਤਕਾਂ ਵਿਚ ਰੈਦਾਸ ਵੀ ਲਿਖਿਆ ਹੋਇਆ ਹੈ। ਰਵਿਦਾਸ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ'।

ਕਬੀਰ ਜੀ ਆਪਣੇ ਸਮਕਾਲੀ ਰਵਿਦਾਸ ਜੀ ਬਾਰੇ ਇੰਜ ਲਿਖਦੇ ਹਨ :-

ਹਰਿ ਸੋ ਹੀਰਾ ਛਾਡਿ ਕੇ ਕਰਹਿ ਆਨ ਕੀ ਆਸ ।
ਤੇ ਨਰ ਦੋਜਕ  ਜਾਹਿਗੇ  ਸਤਿ  ਭਾਖੇ ਰਵਿਦਾਸ ।।

ਕਬੀਰ ਜੀ ਨੇ ਆਪਣੀ ਬਾਣੀ ਵਿਚ ਇਹ ਵੀ ਫ਼ਰਮਾਇਆ ਹੈ :-

ਅਵਲਿ ਅਲਹ ਨੂਰ ਉਪਾਇਆ ਕੁਦਰਤਿ ਕੇ ਸਭੁ ਬੰਦੇ
ਏਕ ਨੂਰ ਤੇ ਸਭ ਜਗ ਉਪਜਿਆ ਕਉਨ ਭਲੇ ਕੋ ਮੰਦੇ ।
 
ਏਸੇ ਨੂੰ ਹੀ ਰਵਿਦਾਸ ਜੀ ਦੀ ਬਾਣੀ ਵਿਚੋਂ ਦੇਖਦਿਆ ਹੇਠਾਂ ਲਿਖਿਆ ਵਿਚਾਰ ਲੱਭਦਾ ਹੈ :-

ਏਕੇ ਮਾਟੀ ਕੇ ਸਭਿ ਭਾਂਡੇ ਸਭਕਾ ਏਕੈ ਸਿਰਜਣਹਾਰਾ ।

ਉਸ ਵੇਲੇ ਦੀਆਂ ਅਖੌਤੀ ਉੱਚੀਆਂ ਜਾਤਾਂ ਨੇ ਆਪਣੇ ਆਪ ਨੂੰ ਸਮਾਜ ਦਾ ਪਵਿੱਤਰ ਤੇ ਸੁਪਰ ਅੰਗ ਆਖਣਾ ਸ਼ੁਰੂ ਕਰ ਦਿੱਤਾ। ਆਪਣੇ ਆਪ ਨੂੰ ਉੱਚਾ ਹੋਣ ਦਾ ਧੋਖੇ ਭਰਿਆ, ਝੂਠਾ ਬਹਾਨਾ ਲਾ ਕੇ ਸਮਾਜ ਦੇ ਕਮਜ਼ੋਰ ਵਰਗ ਭਾਵ ਗਰੀਬਾਂ (ਸ਼ੂਦਰਾਂ) ਨੂੰ ਗਿਆਨ ਭੰਡਾਰਾਂ ਤੋਂ ਸਦਾ ਹੀ ਦੂਰ ਰੱਖਿਆ। ਪੜ੍ਹਨਾ-ਲਿਖਣਾ ਜਾਂ ਮਹਾਂਪੁਰਸ਼ਾਂ ਦੀਆਂ ਪਵਿੱਤਰ ਲਿਖਤਾਂ ਸ਼ੂਦਰਾਂ ਲਈ ਵਰਜਿਤ ਕਰ ਦਿੱਤੀਆਂ ਗਈਆਂ। ਕੋਈ ਵੇਦਾਂ ਆਦਿ ਦਾ ਪਾਠ ਸੁਣਦਾ ਤਾਂ ਉਸਦੇ ਕੰਨਾਂ ਵਿਚ ਸਿੱਕਾ ਢਾਲਿਆ ਜਾਂਦਾ। ਉਨ੍ਹਾਂ ਨੂੰ ਸਮਾਜ ਦਾ ਗੰਦ ਆਖਿਆ ਜਾਣ ਲੱਗਾ। ਰਹਿਣ ਵਾਸਤੇ ਪਿੰਡਾਂ ਸ਼ਹਿਰਾਂ ਤੋਂ ਬਾਹਰ ਵੱਖਰੀਆਂ ਬਸਤੀਆਂ ਵਲ ਧੱਕੇ ਗਏ। ਸਹੂਲਤਾਂ ਰਹਿਤ, ਨਫਰਤਾਂ ਭਰੇ ਜੀਵਨ ਨੇ ਇਸ ਵਰਗ ਅੰਦਰ ਸਦਾ ਲਈ ਹੀਣ ਭਾਵਨਾ ਪੈਦਾ ਕਰ ਦਿੱਤੀ। ਇਸੇ ਊਚ-ਨੀਚ ਦੇ ਵਿਤਕਰੇ ਭਰੇ ਅਮਲ ਨੇ ਮਨੁੱਖਾਂ ਅੰਦਰ ਪਾੜੇ ਤੇ ਵਿੱਥਾਂ ਪੈਦਾ ਕਰ ਦਿੱਤੀਆਂ, ਜੋ ਅਜੋਕੇ ਸਮਾਜ ਅੰਦਰ ਵੀ ਵੱਖੋ-ਵੱਖ ਰੂਪਾਂ ਵਿਚ ਵੇਖੇ ਜਾ ਸਕਦੇ ਹਨ। ਯਾਦ ਰੱਖਣਾ ਚਾਹੀਦਾ ਹੈ ਕਿ ਇਨ੍ਹਾਂ ਵਿੱਥਾਂ ਵਿਤਕਰਿਆਂ ਨੂੰ ਮੇਟੇ ਬਿਨਾਂ ਸਮਾਜ ਸੋਹਣਾ ਨਹੀਂ ਬਣ/ਅਖਵਾ ਸਕਦਾ।

ਰਵਿਦਾਸ ਜੀ ਨਫਰਤ ਦੀ ਥਾਂ ਦੋਸਤੀ ਤੇ ਮੁਹੱਬਤ ਦਾ ਪ੍ਰਚਾਰ ਕਰਦੇ ਹੋਏ ਕਹਿੰਦੇ ਹਨ :

ਮੁਸਲਮਾਨ   ਸੋਂ  ਦੋਸਤੀ,   ਹਿੰਦੂ   ਸੇ  ਕਰ  ਪ੍ਰੀਤ
ਰਵਿਦਾਸ ਜੋਤਿ ਸਭ ਰਾਮ ਕੀ, ਸਭ ਹੈ ਆਪਣੇ ਮੀਤ
........

ਮੰਦਿਰ ਮਸਜਿਦ ਦੋ ਏਕ ਹੈਂ
ਇਨ ਮਹਿ ਅੰਤਰ ਨਾਹਿ ।
ਰਵਿਦਾਸ ਰਾਮ ਰਹਿਮਾਨ ਕਾ
ਝਗੜਾ  ਕੋਊ  ਨਾਹਿ ।
ਰਵਿਦਾਸ ਹਮਾਰੋ ਰਾਮ ਜੋਇ
ਸੋਈ   ਹੈ   ਰਹਿਮਾਨ ।
ਕਾਬਾ  ਕਾਸੀ  ਜਾਨੀਹਿ
ਦੋਉ   ਏਕ   ਸਮਾਨ ।।

ਜਾਤ-ਪਾਤ ਦੇ ਬ੍ਰਾਹਮਣੀ ਵਿਚਾਰਾਂ ਦਾ ਭਾਂਡਾ ਉਦੋਂ ਫੁੱਟਦਾ ਹੈ ਜਦੋਂ ਰਵਿਦਾਸ ਜੀ ਦੇ ਇਹ ਵਿਚਾਰ ਪੜ੍ਹਦੇ ਹਾਂ :-

ਰਵਿਦਾਸ ਜਨਮ ਕੇ ਕਾਰਨੈ, ਹੋਤ ਨਾ ਕੋਊ ਨੀਚ
ਨਰ ਕੂੰ ਨੀਚ ਕਰ ਡਾਰਿਹੌ, ਓਛੈ ਕਰਮ ਕੌ ਕੀਚ ।
.......

ਊਂਚੇ  ਕੁਲ  ਕੇ  ਕਾਰਨੇ,  ਬ੍ਰਾਹਮਣ   ਕੋਯ   ਨ  ਹੋਯ
ਜਉ ਜਾਨਹਿ ਬ੍ਰਹਮ ਆਤਮਾ, ਰਵਿਦਾਸ ਬ੍ਰਾਹਮਨ ਸੋਇ ।

ਉਸ ਸਮੇਂ ਸ਼ੂਦਰ ਕਹੇ ਜਾਂਦਿਆਂ ਦੀ ਸਥਿਤੀ ਨੂੰ ਪੇਸ਼ ਕਰਦਿਆਂ ਪਾਖਰ ਸਿੰਘ ਨੇ ਆਪਣੀ ਪੁਸਤਕ "ਮਨੁੱਖਤਾ ਦਾ ਚਾਨਣ ਮੁਨਾਰਾ- ਗੁਰੂ ਰਵਿਦਾਸ" ਵਿਚ ਲਿਖਿਆ ਹੈ ਕਿ 'ਉਨ੍ਹਾਂ ਤੋਂ ਵਗਾਰ ਲਈ ਜਾਂਦੀ ਸੀ ਤੇ ਇਨਕਾਰ ਕਰਨ ਵਾਲਿਆਂ ਉੱਤੇ ਅਕਹਿ ਤੇ ਅਸਹਿ ਜੁ਼ਲਮ ਢਾਏ ਜਾਂਦੇ ਸਨ। ਵੱਖ ਵੱਖ ਧਰਮਾਂ, ਰੰਗਾਂ ਤੇ ਜਿਣਸਾਂ ਦੇ ਮਨੁੱਖਾਂ ਨੂੰ ਏਕਤਾ ਦੀ ਲੜੀ ਵਿਚ ਪਰੋ ਕੇ  'ਸਾਰੇ ਮਨੁੱਖ ਭਰਾ ਭਰਾ ਹਨ' ਦਾ ਸੰਦੇਸ਼ ਦਿੱਤਾ। ਗੁਰੂ ਰਵਿਦਾਸ ਦੇ ਸਮੇਂ ਅੱਤਿਆਚਾਰਾਂ ਦੀ ਹੱਦ ਹੋ ਗਈ ਸੀ ਜੇ ਕਮਜ਼ੋਰ ਜਾਂ ਗਰੀਬ ਆਦਮੀ ਤੋਂ ਕੋਈ ਗਲਤੀ ਹੋ ਜਾਂਦੀ ਤਾਂ ਉਸਨੂੰ ਵੱਧ ਤੋਂ ਵੱਧ ਅਣਮਨੁੱਖੀ ਸਜ਼ਾ ਦਿੱਤੀ ਜਾਂਦੀ। ਕਿਸੇ ਬ੍ਰਾਹਮਣ ਦੇ ਨੇੜਿਉਂ ਹੋ ਕੇ ਲੰਘਣਾ ਜਾਂ ਬ੍ਰਾਹਮਣ ਨੂੰ ਧਰਮ ਸਬੰਧੀ ਕੁੱਝ ਕਹਿਣਾ ਜਾਂ ਅਖੌਤੀ ਉੱਚੀ ਜਾਤ ਦੇ ਕਿਸੇ ਵੱਡੇ ਜਾਂ ਛੋਟੇ ਕੰਮ ਤੋਂ ਇਨਕਾਰ ਕਰਨਾ ਇਹ ਗਲਤੀਆਂ ਜਾਂ ਬਦਤਮੀਜ਼ੀਆਂ ਗਿਣੀਆਂ ਜਾਂਦੀਆਂ ਸਨ। ਪਰ ਅਖੌਤੀ ਜਾਤਾਂ ਨਾਲ ਸਬੰਧਤ ਭਾਵ ਬ੍ਰਾਹਮਣਾਂ ਨੂੰ ਵੱਡੇ ਤੋਂ ਵੱਡਾ ਗੁਨਾਹ, ਗਲਤੀ ਅਤੇ ਪਾਪ ਵੀ ਬਖਸ਼ ਦਿੱਤਾ ਜਾਂਦਾ ਸੀ। ਇਨ੍ਹਾਂ ਹੀ ਬੇਇਨਸਾਫੀਆਂ ਨੇ ਗੁਰੂ ਜੀ ਦੇ ਮਨ ਅੰਦਰ ਆਪਣੇ ਮਾਰਗ ਪ੍ਰਤੀ ਦ੍ਰਿੜਤਾ ਪੈਦਾ ਕੀਤੀ। ਉਨ੍ਹਾਂ ਸੰਘਰਸ਼ਮਈ ਜੀਵਨ ਤੋਂ ਭੱਜਣ ਦਾ ਜਤਨ ਨਾ ਕੀਤਾ ਸਗੋਂ ਘਰ-ਬਾਰ ਛੱਡਕੇ ਤੁਰੇ ਫਿਰਦੇ ਸਾਧਾਂ ਨੂੰ ਜੀਵਨ ਤੋਂ ਉਪਰਾਮ ਹੋ ਚੁੱਕੇ ਵਿਅਕਤੀ ਦੱਸਿਆ ਅਤੇ ਆਪ ਖੁਦ ਗ੍ਰਿਹਸਥ ਦਾ ਜੀਵਨ ਬਿਤਾਇਆ। ਆਪਣੇ ਜੀਵਨ ਤਜ਼ਰਬੇ ਨੂੰ ਫਿਲਾਸਫੀ ਵਿਚ ਬਦਲਿਆ ਅਤੇ ਜੀਵੇ ਜਾ ਰਹੇ ਵਿਦਰੋਹ ਨੂੰ ਆਪਣੇ ਲੋਕਾਂ 'ਚ ਰਹਿ ਕੇ ਬਾਣੀ ਰੂਪ ਸ਼ਬਦਾਂ ਵਿਚ ਢਾਲਿਆ ਜਿਸ ਵਿਚ ਉਨ੍ਹਾਂ ਨੇ ਪ੍ਰਭੂ ਪ੍ਰੇਮ ਦੇ ਨਾਲ ਹੀ ਸਮਾਜਿਕ ਅਤੇ ਰਾਜਨੀਤਕ ਵਿਤਕਰਿਆਂ ਦੇ ਖਿਲਾਫ ਲੜਨ ਦਾ ਸੱਦਾ ਦਿੱਤਾ, ਜੋ ਤਕੜੇ ਵਲੋਂ ਮਾੜੇ 'ਤੇ ਕੀਤੇ ਜਾ ਰਹੇ ਜਬਰ, ਅਨਿਆਂ ਦੇ ਖਿਲਾਫ ਵਿਦਰੋਹ ਸੀ ਅਤੇ ਆਪ ਇਸ ਦੀ ਅਗਵਾਈ ਕੀਤੀ।

ਰਵਿਦਾਸ ਜੀ ਦੀ ਬਾਣੀ ਵਿਚ ਨਿਮਰਤਾ ਭਰੇ ਸਮਰਪਣ ਦੀ ਭਾਵਨਾ ਦੇ ਕਾਫੀ ਥਾਵੇਂ ਦਰਸ਼ਨ ਹੁੰਦੇ ਹਨ, ਇਸ ਵਾਸਤੇ ਉਨ੍ਹਾਂ ਦੀ ਬਾਣੀ ਹੀ ਪੇਸ਼ ਕੀਤੀ ਜਾ ਸਕਦੀ ਹੈ :

ਤੁਮ ਚੰਦਨ ਹਮ ਇਰੰਡ ਬਾਪੂਰੇ ਸੰਗ ਤੁਮਾਰੇ ਵਾਸਾ।
ਨੀਚ ਰੂਖ ਤੇ ਉਚ ਭੲੈ ਹੈ ਗੰਧ ਸੁਗੰਧ ਨਿਵਾਸਾ।।
ਮਾਧਉ ਸਤ ਸੰਗਤਿ ਸਰਨਿ ਤੁਮਾਰੀ।।
ਹਮ   ਅਉਗਨ   ਤੁਮ   ਉਪਕਾਰੀ।।
........
ਜਉ ਤੁਮ ਗਿਰਿਵਰ ਤਉ ਹਮ ਮੋਰਾ ।।
ਜਉ ਤੁਮ ਚੰਦ ਤਉ  ਭਏ ਹੋ ਚਕੋਰਾ।।
...........
ਜਉ ਤੁਮ ਦੀਵਰਾ ਤਉ ਹਮ ਬਾਤੀ ।।
ਜਉ ਤੁਮ ਤੀਰਥ  ਤਉ ਹਮ ਜਾਤੀ ।।
.........
ਤੋਹੀ ਮੋਹੀ ਮੋਹੀ ਤੋਹੀ ਅੰਤਰੁ ਕੈਸਾ ।
ਕਨਕ  ਕਟਿਕ  ਜਲ  ਤਰੰਗ  ਜੈਸਾ ।

ਗੁਰੂ ਰਵਿਦਾਸ ਜੀ ਨੇ ਬਹੁਤ ਸਾਰੀ ਬਾਣੀ ਦੀ ਰਚਨਾ ਕੀਤੀ ਪਰ ਉਹ ਸਾਰੀ ਦੀ ਸਾਰੀ ਅਜੇ ਤੱਕ ਵੀ ਇਕੱਠੀ ਨਹੀਂ ਕੀਤੀ ਜਾ ਸਕੀ, ਅਤੇ ਨਾ ਹੀ ਖੋਜੀ ਵਿਦਵਾਨਾਂ ਨੇ ਇਸ ਨੂੰ ਲੱਭਣ ਦੇ ਗੰਭੀਰ ਜਤਨ ਹੀ ਕੀਤੇ । ਹੋਰ ਭਗਤਾਂ ਅਤੇ ਗੁਰੂਆਂ ਦੀ ਬਾਣੀ ਦੇ ਨਾਲ ਹੀ ਗੁਰੂ ਰਵਿਦਾਸ ਜੀ ਦੀ ਬਾਣੀ ਸੋਲ੍ਹਾਂ ਰਾਗਾਂ ਸਿਰੀ ਰਾਗੁ, ਰਾਗੁ ਗਉੜੀ, ਆਸਾ, ਗੂਜਰੀ, ਸੋਰਠਿ, ਧਨਾਸਰੀ, ਜੈਤਸਰੀ, ਰਾਗੁ ਸੂਹੀ, ਬਿਲਾਬਲੁ, ਰਾਗੁ ਗੋਂਡ, ਰਾਮਕਲੀ, ਰਾਗੁ ਮਾਰੂ, ਰਾਗੁ ਕੇਦਾਰਾ, ਭੇਰਉ, ਬਸੰਤੁ, ਮਲਾਰੁ ਵਿਚ 40 ਪਦ  ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕੀਤੇ ਗਏ।
ਗੁਰੂ ਰਵਿਦਾਸ ਜੀ ਨੇ ਕਿਰਤ ਕਰਨ ਨੂੰ ਬਹੁਤ ਮਹੱਤਵ ਦਿੱਤਾ। ਖੁਦ ਆਪਣੇ ਵਡੇਰਿਆਂ ਵਲੋਂ ਕੀਤੇ ਜਾਂਦੇ ਜੁੱਤੀਆਂ ਗੰਢਣ ਦੇ ਕਿੱਤੇ ਨੂੰ ਅਪਣਾ ਕੇ ਆਪਣਾ ਜੀਵਨ ਨਿਰਬਾਹ ਕਰਨ ਲੱਗੇ। ਉਹ ਕੰਮ ਕਰਨ ਨੂੰ ਮਨ ਦੀ ਸ਼ਾਂਤੀ ਅਤੇ ਸਰੀਰ ਲਈ ਜ਼ਰੂਰੀ ਸਮਝਦੇ ਸਨ। ਕਿਰਤ ਕਰਨੀ ਉਨ੍ਹਾਂ ਲਈ ਮਿਹਣਾ ਨਹੀਂ ਸੀ ਜਿਵੇਂ ਕਿ ਅਜ ਕਲ ਦੇ "ਸੰਤਾਂ" ਲਈ ਹੈ ਕਿ ਧਾਰਮਕ ਸ਼ਰਧਾ ਅਧੀਨ ਲੋਕਾਂ ਵਲੋਂ ਕੀਤੇ ਗਏ ਦਾਨ ਦੇ ਪੈਸਿਆਂ ਨਾਲ ਐਸ਼ ਦਾ ਜੀਵਨ ਗੁਜ਼ਾਰੋ ਤੇ ਆਪ ਡੱਕਾ ਭੰਨ ਕੇ ਦੂਹਰਾ ਨਾ ਕਰੋ। ਲੋਕਾਂ ਦੀ ਦਸਾਂ ਨੌਹਾਂ ਦੀ ਕੀਤੀ ਮਿਹਨਤ ਦੇ ਆਸਰੇ ਪੰਜ ਤਾਰਾ ਸਹੂਲਤਾਂ ਵਾਲੇ ਮਹੱਲਾਂ ਵਰਗੇ ਧਾਰਮਕ ਸਥਾਨ ਉਸਾਰ ਕੇ ਉਹਨੂੰ ਕੁਟੀਆ ਆਖੀ ਜਾਣਾ ਤੇ ਵਧੀਆ ਜੀਵਨ ਜੀਊਣਾ। ਉਂਜ ਵੀ ਅਜੋਕੇ ਸਮੇਂ 'ਚ ਸੰਤ ਸ਼ਬਦ ਦੇ ਅਰਥਾਂ ਨੂੰ ਅਸਲੋਂ ਵਿਗਾੜ ਦਿੱਤਾ ਗਿਆ ਹੈ। ਹੁਣ ਤਾਂ ਦਰ ਦਰ ਟੁੱਕ ਮੰਗਦੇ ਪਖੰਡੀਆਂ ਨੂੰ ਹੀ ਲੋਕ ਸੰਤ ਆਖੀ ਜਾ ਰਹੇ ਹਨ। ਅਸੀਂ ਗੁਰਬਾਣੀ ਰਾਹੀਂ 'ਸੰਤ' ਦੇ ਸਿਰਜੇ ਸੰਕਲਪ ਦੇ ਕਦੇ ਵੀ ਸਹੀ ਅਰਥ ਕਰਕੇ ਦੇਖਣ ਦੇ ਜਤਨ ਨਹੀਂ ਕੀਤੇ।
ਗੁਰੂ ਰਵਿਦਾਸ ਜੀ ਨੇ ਆਰਤੀ ਲਿਖਦਿਆਂ ਕੋਈ ਰਵਾਇਤੀ ਗੱਲ ਨਹੀਂ ਕੀਤੀ ਸਗੋਂ ਇਕ ਨਵਾਂ ਵਿਚਾਰ ਪੇਸ਼ ਕੀਤਾ, ਸੱਚ ਦੀ ਖੋਜ ਦਾ ਨਵਾਂ ਰਾਹ। ਇਹ ਵੀ ਸੰਭਵ ਹੈ ਕਿ ਬਾਅਦ ਵਿਚ ਗੁਰੂ ਨਾਨਕ ਦੇਵ ਜੀ ਵਲੋਂ ਆਰਤੀ ਲਿਖਣ ਵੇਲੇ ਉਸ ਸਮੇਂ ਦੇ ਹਾਲਤ ਤੋਂ ਇਲਾਵਾ ਪਹਿਲਾਂ ਹੀ ਗੁਰੂ ਰਵਿਦਾਸ ਵਲੋਂ ਲਿਖੀ ਗਈ ਆਰਤੀ ਤੋਂ ਵੀ ਪ੍ਰਭਾਵਿਤ ਹੋਏ ਹੋਣ। ਕਿਉਂਕਿ 'ਸੋਢੀ ਮਿਹਰਬਾਨ ਵਾਲੀ ਪੋਥੀ' ਸੱਚ ਖੰਡ (ਪੁਰਾਤਨ ਜਨਮ ਸਾਖੀ ਦੇ ਨਾਂ ਹੇਠ ਖਾਲਸਾ ਕਾਲਜ ਅਮ੍ਰਿਤਸਰ ਵਲੋਂ ਛਪੀ ਪੁਸਤਕ) ਅਨੁਸਾਰ ਗੁਰੂ ਨਾਨਕ ਦੇਵ ਜੀ ਆਪਣੀ ਬਾਣੀ ਦੇ ਨਾਲ ਨਾਲ ਨਾਮਦੇਵ, ਕਬੀਰ, ਤ੍ਰਿਲੋਚਨ, ਰਵਿਦਾਸ, ਧੰਨਾ ਅਤੇ ਬੇਣੀ ਦੀ ਬਾਣੀ ਵੀ ਗਾਇਆ ਕਰਦੇ ਸਨ। ਅਤੇ ਇਸ ਤਰ੍ਹਾਂ ਹੀ 'ਜਪੁ' ਬਾਰੇ ਵੀ ਆਖਿਆ ਜਾ ਸਕਦਾ ਹੈ। ਇਸ ਸਬੰਧੀ ਡਾ: ਕੁਲਵੰਤ ਕੌਰ ਆਪਣੀ ਪੁਸਤਕ 'ਬਾਣੀ ਭਗਤ ਰਵਿਦਾਸ ਇਕ ਅਧਿਅਨ' ਵਿਚ ਲਿਖਦੇ ਹਨ,-'ਰਵਿਦਾਸ ਬਾਣੀ ਵਿਚਲੇ ਹੁਣ ਤੱਕ ਦੇ ਬ੍ਰਹਮ ਨਿਰੂਪਣ ਤੋਂ ਸਪਸ਼ਟ ਹੈ ਕਿ ਜਿਹੜੇ ਵਿਚਾਰ ਗੁਰੂ ਨਾਨਕ ਦੇਵ ਨੇ 'ਜਪੁ' ਜੀ ਦੇ ਮੂਲ ਮੰਤਰ ਰਾਹੀਂ ਫ਼ਰਮਾਨ ਕੀਤੇ ਹਨ, ਭਗਤ ਰਵਿਦਾਸ ਉਹੋ ਜਹੇ ਵਿਚਾਰ ਉਨ੍ਹਾਂ ਤੋਂ ਵੀ ਪਹਿਲਾਂ ਪ੍ਰਗਟਾ ਚੁੱਕੇ ਸਨ। ਅੰਤਰ ਕੇਵਲ ਏਨਾ ਹੈ ਕਿ ਜਿੱਥੇ ਗੁਰੂ ਨਾਨਕ ਨੇ ਇਹਨਾਂ ਨੂੰ ਸੁਨਿਸ਼ਚਿਤ ਰੂਪ ਵਿਚ ਪੇਸ਼ ਕੀਤਾ ਹੈ ਉੱਥੇ ਰਵਿਦਾਸ ਬਾਣੀ ਵਿਚ ਇਹ ਇਧਰ ਉੱਧਰ ਖਿਲਰੇ ਪਏ ਹਨ ਅਤੇ ਇਹਨਾਂ ਨੂੰ ਸੁਜਤਨ ਇਕੱਠਿਆਂ ਕਰਨਾ ਪੈਂਦਾ ਹੈ'

ਰਵਿਦਾਸ ਬਾਣੀ ਵਿਚ ਮਨੁੱਖੀ ਮੂਲ਼ ਬਾਰੇ ਵਿਖਿਆਨ ਵੀ ਦੇਖਣ ਯੋਗ ਹਨ :-

ਜਲ ਕੀ ਭੀਤਿ ਪਵਨ ਕਾ ਥੰਭਾ
ਰਕਤ ਬੂੰਦ ਕਾ  ਗਾਰਾ।
ਹਾਡ ਮਾਸ ਨਾੜੀ ਕੋ ਪਿੰਜਰੁ
ਪੰਖੀ   ਬਸੈ  ਬਿਚਾਰਾ ।

ਮਨੁੱਖ ਦਾ ਹਾਲ ਕੀ ਹੈ ਕਿਵੇਂ ਉਸਨੂੰ ਵਿਕਾਰਾਂ ਨੇ ਰੋਲਿਆ ਹੋਇਆ ਹੈ :-

ਮਾਟੀ  ਕੋ  ਪੁਤਰਾ  ਕੈਸੇ  ਨਚੁਤ  ਹੈ
ਦੇਖੈ ਦੇਖੈ ਸੁਨੇ ਬੋਲੈ ਦਉਰਿਓ ਫਿਰਤੁ ਹੈ ।ਰਹਾਉ।
ਜਬ ਕਛੁ ਪਾਵੈ ਤਬ ਗਰਬੁ ਕਰਤੁ ਹੈ।
ਮਾਇਆ ਗਈ ਤਬ ਰੋਵਨੁ ਲਗਤੁ ਹੈ।

ਗੁਰੂ ਰਵਿਦਾਸ ਜੀ ਦੇ ਸਮੇਂ (ਅਤੇ ਬਾਅਦ ਵਿਚ ਵੀ) ਸ਼ੈਤਾਨ ਕਿਸਮ ਦੇ ਬ੍ਰਾਹਮਣਾਂ ਵਲੋਂ ਬੜੀਆਂ ਹੀ ਗਲਤ ਲਿਖਤਾਂ ਛਾਪੀਆਂ ਗਈਆਂ ਹੋਣਗੀਆਂ, ਕਿਉਂਕਿ ਬ੍ਰਾਹਮਣਵਾਦ ਧੋਖੇ ਭਰਿਆ ਹਨੇਰਾ ਅਤੇ ਝੂਠ ਦੀ ਧੁੰਦ ਸੀ। ਜਿਸ ਧੁੰਦ ਵਿਚੋਂ ਸੱਚ ਦਾ ਚਾਨਣ ਹੱਥ ਵਿਚ ਫੜ ਕੇ ਰਵਿਦਾਸ ਜੀ ਨੇ ਪਾਰ ਲੰਘਣ ਦਾ ਜਤਨ ਆਰੰਭਿਆ। ਹੁਣ ਤੱਕ ਵੀ ਰਵਿਦਾਸ ਜੀ ਦੇ ਜਨਮ ਤਾਰੀਖ, ਸਵਰਗ ਸਿਧਾਰਨ ਦਾ ਸਥਾਨ ਆਦਿ ਗੱਲਾਂ ਬਾਰੇ ਘਚੌਲੇ ਪਏ ਹੋਏ ਹਨ, ਮਰਨ ਸਥਾਨ ਬਾਰੇ ਵੀ ਅਜਿਹੇ ਵਿਚਾਰ ਸੁਣਨ ਨੂੰ ਮਿਲਦੇ ਹਨ- ਜੋ ਸ਼ਰਾਰਤ ਤੋਂ ਵੱਧ ਕੁੱਝ ਨਹੀਂ। ਰਵਿਦਾਸ ਜੀ ਸਬੰਧੀ ਗੁਰੂ ਜਾਂ ਭਗਤ ਹੋਣ ਦੀ ਚਰਚਾ ਸਦਾ ਹੀ ਚਲੀ ਰਹੀ ਹੈ। ਪਰ ਵਿਦਵਾਨਾਂ ਨੇ ਸਿਰ ਜੋੜ ਬੈਠ ਕੇ ਗਲਤ ਨਿਰਣਿਆਂ ਨੂੰ ਰੱਦ ਕਰਨ ਅਤੇ ਠੀਕ ਨੂੰ ਪ੍ਰਚਾਰਨ ਦੇ ਜਤਨ ਨਹੀਂ ਕੀਤੇ ਜੋ ਬੜੀ ਦੇਰ ਪਹਿਲਾਂ ਹੀ ਗੰਭੀਰਤਾ ਨਾਲ ਹੋਣੇ ਚਾਹੀਦੇ ਸਨ।
ਹੋਰ ਮਹਾਂਪੁਰਸ਼ਾਂ ਵਾਂਗ ਹੀ ਰਵਿਦਾਸ ਜੀ ਦੇ ਜੀਵਨ ਨਾਲ ਵੀ ਬਹੁਤ ਸਾਰੀਆਂ ਬੇਹੂਦਾ, ਮਨਘੜਤ ਅਤੇ ਭੁਲੇਖਾਪਾਊ ਸਾਖੀਆਂ ਜੋੜ ਦਿੱਤੀਆਂ ਹੋਈਆਂ ਹਨ। ਜਿਨ੍ਹਾਂ ਵਿਚੋਂ ਬਹੁਤੀਆਂ ਤਰਕਹੀਣ ਪਰ ਅੰਧਵਿਸ਼ਵਾਸ ਉੱਤੇ ਹੀ ਅਧਾਰਤ ਹਨ ਜਿਨ੍ਹਾਂ ਦਾ ਦਲੀਲ ਜਾਂ ਸੱਚ ਨਾਲ ਕੋਈ ਵਾਸਤਾ ਨਹੀਂ। ਗੁਰੂ ਰਵਿਦਾਸ ਜੋ ਉਮਰ ਭਰ ਜਗਤ ਨੂੰ ਸੁੱਚੀ ਸੋਚ ਨਾਲ ਰੁਸ਼ਨਾਉਣ ਦਾ ਚਾਨਣ ਵੰਡਦੇ ਰਹੇ ਉਨ੍ਹਾ ਦੇ ਜੀਵਨ ਨਾਲ ਅੰਧ ਵਿਸ਼ਵਾਸ ਨੂੰ ਤਕੜਿਆਂ ਕਰਨ ਵਾਲੀਆਂ ਝੂਠੀਆਂ ਕਹਾਣੀਆਂ ਜੋੜਨਾ ਉਸ ਸਮੇਂ ਦੇ ਬ੍ਰਾਹਮਣਵਾਦੀਆਂ ਦੀ ਸ਼ਰਾਰਤ ਸੀ ਜੋ ਅਜੇ ਤੱਕ ਵੀ ਕਾਇਮ ਹੈ, ਜਿਸ ਦੇ ਸਿੱਟੇ ਵਜੋਂ ਕਈ ਭੁਲੇਖੇ ਕਾਇਮ ਹੋਏ ਵੱਡੀ ਲੋੜ ਉਨ੍ਹਾਂ ਭੁਲੇਖਿਆਂ ਨੂੰ ਦੂਰ ਕਰਨ ਦੀ ਹੈ, ਉਨ੍ਹਾਂ ਨੂੰ ਨਕਾਰਨ ਦੀ ਹੈ। ਅਜੇ ਤੱਕ ਸਾਡੇ ਵਿਦਵਾਨ ਇਸ ਵਿਚ ਕਾਮਯਾਬ ਨਹੀਂ ਹੋਏ।
ਗੁਰੂ ਰਵਿਦਾਸ ਜੀ ਦੇ ਵਿਚਾਰਾਂ ਅਤੇ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਕਈ ਰਾਜੇ, ਰਾਣੀਆਂ ਅਤੇ ਸਮਾਜ ਵਿਚਲੇ ਉੱਚ ਵਰਗਾਂ ਦੇ ਕਾਫੀ ਲੋਕ ਉਨ੍ਹਾਂ ਦੀ ਅਗਵਾਈ ਕਬੂਲ ਕਰਦਿਆਂ ਉਨ੍ਹਾਂ ਦਾ ਮਾਣ ਸਨਮਾਨ ਵੀ ਕਰਨ ਲੱਗੇ। ਇਹ ਕਦਮ ਉਸ ਸਮੇਂ ਬਹੁਤ ਹੀ ਦਲੇਰੀ ਭਰਿਆ ਸੀ। ਇਸੇ ਨੂੰ ਦੇਖਦਿਆਂ ਗੁਰੂ ਸਾਹਿਬ ਨੇ ਲਿਖਿਆ :
 
ਐਸੀ   ਲਾਲ    ਤੁਝ   ਬਿਨੁ    ਕਉਨੁ   ਕਰੇ
ਗਰੀਬ ਨਿਵਾਜੁ ਗੁਸਈਆ ਮੇਰੇ ਮਾਥੇ ਛਤ੍ਰ ਧਰੇ।

ਜਿਹੜੇ ਲੋਕ ਰਵਿਦਾਸ ਜੀ ਦੀ ਬਾਣੀ ਤੋਂ ਵਾਕਿਫ ਹਨ ਉਨ੍ਹਾਂ ਨੂੰ ਪਤਾ ਹੈ ਕਿ ਰਵਿਦਾਸ ਜੀ ਨੇ ਆਪਣੇ ਹਰ ਵਿਚਾਰ ਨੂੰ ਦਲੀਲ ਸਹਿਤ ਪੇਸ਼ ਕੀਤਾ ਹੈ, ਫੇਰ ਇਹ ਝੂਠੀਆਂ ਸਾਖੀਆਂ ਕਿਵੇਂ ਉੱਗ ਪਈਆਂ? ਕਿਉਂਕਿ ਉਸ ਸਮੇਂ ਇਤਿਹਾਸ ਅਤੇ ਸਾਹਿਤ  ਦੀ 'ਸਿਰਜਣਾ' (ਜਾਂ ਭੰਨਤੋੜ) ਕਰਨੀ ਬ੍ਰਾਹਮਣਾਂ ਦੇ ਹੱਥ-ਵਸ ਸੀ। ਉਨ੍ਹਾਂ ਨੇ ਆਪਣੇ ਆਪ ਨੂੰ ਸੂਤ ਬੈਠਦੀਆਂ 'ਨੇਰ੍ਹ-ਗੁਬਾਰ ਗੱਲਾਂ ਪ੍ਰਚਲਤ ਕਰ ਦਿੱਤੀਆਂ। ਮਿਸਾਲ ਵਜੋਂ ਇਕ ਹੀ ਗੱਲ ਕਰਨੀ ਇੱਥੇ ਕਾਫੀ ਹੈ, ਕਿਹਾ ਜਾਂਦਾ ਹੈ ਕਿ ਰਵਿਦਾਸ ਜੀ ਕਿਸੇ ਨੂੰ ਆਪਣਾ ਚੇਲਾ ਬਨਾਉਣ ਵੇਲੇ ਜਾਂ ਆਏ ਮਹਿਮਾਨਾਂ ਦੀ ਸੇਵਾ ਕਰਨ ਲਈ ਜੁੱਤੀਆਂ ਗੰਢਣ ਸਮੇਂ ਵਰਤੇ ਜਾਣ ਵਾਲੇ ਕੂੰਡੇ ਦਾ ਗੰਦਾ ਪਾਣੀ ਹੀ ਪੇਸ਼ ਕਰਦੇ ਸਨ ਜੋ ਉਨ੍ਹਾਂ ਦੇ ਭਗਤ ਅਤੇ ਮਹਿਮਾਨ ਖੁਸ਼ੀ ਨਾਲ ਕਬੂਲ ਕਰ ਲੈਂਦੇ ਸਨ। ਦਲੀਲ ਨਾਲ ਪਰਖੀਏ ਤਾਂ ਇਹ ਗੱਲ ਸੱਚ ਨਹੀਂ, ਕਿਸੇ ਅਰਧ ਪਾਗਲ ( ਜਾਂ ਮਹਾਂ ਸ਼ਰਾਰਤੀ) ਦਾ ਆਪੇ ਘੜਿਆ ਝੂਠ ਹੈ। ਕਿਸੇ ਸਾਧਾਰਨ ਵਿਅਕਤੀ ਬਾਰੇ ਵੀ ਸੋਚੀਏ ਕਿ ਜਿਸ ਦੇ ਘਰ ਕੋਈ ਮਹਿਮਾਨ ਆਵੇ ਤਾਂ ਆਪਣੇ ਵਿਤ ਅਨੁਸਾਰ ਸੇਵਾ ਕਰਨ ਦਾ ਖਾਹਸ਼ਮੰਦ ਹੁੰਦਾ ਹੈ। ਕਿਸੇ ਨੂੰ ਪਾਣੀ ਪੇਸ਼ ਕਰਨ ਲੱਗਿਆਂ ਗਲਾਸ ਨੂੰ ਚੰਗੀ ਤਰ੍ਹਾਂ ਸਾਫ ਕਰਕੇ ਜਲ ਪੇਸ਼ ਕੀਤਾ ਜਾਂਦਾ ਹੈ। ਜੇ ਸਾਧਾਰਨ ਜਹੀ ਬੁੱਧੀ ਵਾਲੇ ਲੋਕ ਵੀ ਇੰਜ ਕਰਦੇ ਹਨ ਤਾਂ ਰਵਿਦਾਸ ਜੀ ਵਰਗੇ ਮਹਾਂਪੁਰਸ਼ ਤੋਂ ਮਹਿਮਾਨਾਂ ਜਾਂ ਆਪਣੇ ਭਗਤਾਂ ਦੀ ਜੁੱਤੀਆਂ ਭਿਉਣ ਵਾਲੇ ਕੂੰਡੇ ਦੇ ਗੰਦੇ ਪਾਣੀ ਨਾਲ ਕੀਤੀ ਜਾਂਦੀ ਸੇਵਾ ਵਾਲੀ "ਸਾਖੀ" ਨੂੰ ਕਿਵੇਂ ਕਬੂਲ ਕੀਤਾ ਜਾ ਸਕਦਾ ਹੈ? ਬ੍ਰਾਮਣਵਾਦੀਆਂ ਵਲੋਂ ਬੇ ਹਯਾਈ ਦੀਆਂ ਹੱਦਾ ਪਾਰ ਕਰਦਿਆਂ ਕਦੇ ਗੁਰੂ ਰਵਿਦਾਸ ਜੀ ਨੂੰ ਪਿਛਲੇ ਜਨਮ ਦਾ ਸਰਾਪਿਆ ਹੋਇਆ ਬ੍ਰਾਹਮਣ ਹੋਣ ਦਾ ਪ੍ਰਚਾਰ ਵੀ ਕੀਤਾ ਜਾਂਦਾ ਹੈ। ਪਿਛਲੇ ਜਨਮ ਦੇ ਨਾਂ 'ਤੇ ਝੂਠ ਦਾ ਗੁਤਾਵਾ ਕੀਤਾ ਜਾਂਦਾ ਹੈ। ਇਸ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਝੂਠੀਆਂ ਤੇ ਬੇ-ਸਿਰ ਪੈਰ ਸਾਖੀਆਂ ਸੁਣਨ ਨੂੰ ਮਿਲਦੀਆਂ ਹਨ। ਕਈ 'ਪ੍ਰਚਾਰਕ' ਵੀ ਮਾਇਆ ਦੇ ਲੋਭ 'ਚ ਅਜਿਹਾ ਕਮਲ਼ ਕੁੱਟਦੇ ਸੁਣੇ ਜਾ ਸਕਦੇ ਹਨ।
ਸਮਾਜ ਅੰਦਰ ਚੌਧਰ ਦੇ ਬੋਲਬਾਲੇ ਨੇ ਆਮ ਸਮਾਜਕ ਲਹਿਰਾਂ ਦਾ ਵਿਰਸਾ ਸਾਂਭਣ ਦੀ ਥਾਂ ਜਾਂ ਤਾਂ ਉਨ੍ਹਾਂ ਨੂੰ ਅਣਗੌਲਿਆਂ ਕਰ ਦਿੱਤਾ ਜਾਂ ਫੇਰ ਆਪਣੇ ਸੌੜੇ ਮਨੋਰਥਾਂ ਖਾਤਰ ਵਰਤਣ ਦਾ ਹੀ ਜਤਨ ਕੀਤਾ। ਇਨ੍ਹਾਂ ਮਤਲਬ ਪ੍ਰਸਤ 'ਚੌਧਰੀਆਂ' ਨੇ ਲੋਕਾਂ ਨੂੰ ਜੋੜਨ ਵਾਲੀਆਂ ਲਹਿਰਾਂ ਦੇ ਵਿਰਸੇ ਨੂੰ ਵਰਤਦਿਆ ਇਨ੍ਹਾਂ ਦੀ ਗਲਤ ਵਿਆਖਿਆ ਕਰਕੇ ਲੋਕਾਂ ਅੰਦਰ ਵਿੱਥਾਂ ਪਾਈਆਂ। ਗੁਰੂਆਂ, ਪੀਰਾਂ ਤੇ ਭਗਤਾਂ ਵਲੋਂ ਦਿੱਤਾ ਮਨੁੱਖਵਾਦ ਦਾ ਫਲਸਫਾ ਅਸੀਂ ਰੁਮਾਲਿਆਂ ਥੱਲੇ ਹੀ ਢਕ ਦਿੱਤਾ। ਉਨ੍ਹਾਂ ਦਾ ਸਾਰੀ ਮਨੁੱਖਤਾ ਨੂੰ ਕਲਾਵੇ ਵਿਚ ਲੈਂਦਾ ਵਿਚਾਰ ਅਸੀਂ ਹਿੱਸਿਆਂ ਵਿਚ ਵੰਡ ਛੱਡਿਆ। ਵੰਡ ਕੇ ਕੀਤੀਆਂ ਫਾੜੀਆਂ ਨੂੰ ਸਮੁੱਚਤਾ ਦਾ ਨਾਂ ਦੇ ਕੇ ਦਿਲ ਨੂੰ ਰਾਜ਼ੀ ਕਰਨ ਲੱਗੇ। ਸਾਡੀਆਂ ਆਪਣੇ ਤੱਕ ਸੀਮਤ ਲਾਲਸਾਵਾਂ ਨੇ ਮਹਾਂਪੁਰਸ਼ਾਂ ਦੇ ਵਿਚਾਰਾਂ ਨੂੰ ਪਰਖਣ, ਸਮਝਣ-ਸਮਝਾਉਣ, ਨਾਪਣ-ਤੋਲਣ ਦੀ ਥਾਵੇਂ ਉਨ੍ਹਾਂ ਤੇ ਕਬਜਾ ਕੀਤਾ। ਇਸੇ ਕਬਜਾਵਾਦੀ ਰੁਚੀ ਤੋਂ ਦੁਖੀ ਹੋ ਕੇ ਡਾ: ਧਰਮ ਪਾਲ ਸਿੰਗਲ ਨੇ ਆਪਣੀ ਪੁਸਤਕ 'ਸੰਤ ਸ਼ਿਰੋਮਣੀ ਰਵਿਦਾਸ' ਵਿਚ ਲਿਖਿਆ ਹੈ ਕਿ "ਬਾਲਮੀਕ ਮਹਾਨ ਕਵੀ ਤੇ ਰਿਸ਼ੀ ਹੋਏ ਹਨ ਪਰ ਉਨ੍ਹਾਂ ਦਾ ਜਨਮ ਦਿਨ ਮਨਾਉਣ ਦਾ ਕੰਮ ਸਿਰਫ ਸਫਾਈ ਮਜ਼ਦੂਰ ਹੀ ਕਰਦੇ ਹਨ। ਕਬੀਰ ਰੱਬ ਰੂਪ ਹੋ ਚੁੱਕੇ ਮਹਾਨ ਚਿੰਤਕ, ਦਾਰਸ਼ਨਿਕ ਤੇ ਸੰਤ ਕਵੀ ਹੋਏ ਹਨ ਪਰ ਉਹ ਸਿਰਫ ਜੁਲਾਹਿਆਂ ਦੇ ਜਾਂ ਕਬੀਰ ਪੰਥੀਆਂ ਦੇ, ਨਾਮਦੇਵ ਛੀਂਬਿਆਂ ਦੇ, ਗੁਰੂ ਨਾਕ ਦੇਵ ਸਿੱਖਾਂ ਦੇ ਸੈਨ ਕੇਵਲ ਨਾਈਆਂ ਦੇ ਅਤੇ ਗੁਰੂ ਰਵਿਦਾਸ  ਕੇਵਲ ਚਮਾਰਾਂ ਦੇ ਗੁਰੂ ਤੇ ਮਹਾਂਪੁਰਸ਼ ਬਣ ਕੇ ਰਹਿ ਗਏ ਹਨ।" ਇਨ੍ਹਾਂ ਗੱਲਾਂ ਵਲ ਧਿਆਨ ਦੇਣ ਦੀ ਸਖਤ ਲੋੜ ਹੈ, ਇਹ ਵੰਡੀਆਂ ਹੀ ਹਨ ਜੋ ਨਫਰਤ ਨੂੰ ਜਨਮ ਦਿੰਦੀਆਂ ਹਨ। ਇਹ ਨਫਰਤ ਹੀ ਮਨੁੱਖਾਂ ਵਿਚ ਵਿੱਥਾਂ ਪੈਦਾ ਕਰ ਦਿੰਦੀ ਹੈ। ਅਸੀਂ ਚੱਲੀਆਂ ਸਾਂਝੀਆਂ ਸਮਾਜਕ ਲਹਿਰਾਂ ਦੇ ਵਾਰਸ ਨਾ ਬਣ ਸਕੇ। ਹੋਰ ਤਾਂ ਹੋਰ ਅਸੀਂ ਤਾਂ ਭਗਤੀ ਲਹਿਰ ਦਾ ਵਿਰਸਾ ਵੀ ਨਾ ਸੰਭਾਲ ਸਕੇ। ਸਮਾਜ ਵਿਚ ਸਮੇਂ ਸਮੇਂ ਵਾਪਰਦੇ ਫਿਰਕੂ ਦੁਖਾਂਤ (ਫਸਾਦ) ਇਨ੍ਹਾਂ ਸਾਂਝੀਆਂ ਲਹਿਰਾਂ ਦੇ ਵਾਰਸ ਬਣਨ ਵਲ ਵਰਤੀ ਗਈ ਅਣਗਹਿਲੀ ਦਾ ਵੀ ਸਿੱਟਾ ਕਹੇ ਜਾ ਸਕਦੇ ਹਨ।
ਗੁਰੂ ਰਵਿਦਾਸ ਦੀ ਬਾਣੀ ਵਿਚ ਸਿਰਜੇ 'ਬੇਗਮਪੁਰੇ' ਦੇ ਸੰਲਕਪ ਦਾ ਰਾਜਨੀਤਕ ਮਹੱਤਵ ਸਮਝਣਾ ਅੱਜ ਦੀ ਬੜੀ ਵੱਡੀ ਲੋੜ ਹੈ। ਉਹ ਤੰਗਦਸਤੀਆਂ ਵਾਲੇ ਭੈੜੇ ਰਾਜ ਤੋਂ ਪਰ੍ਹਾਂ ਦੀ ਗੱਲ ਕਰਦੇ ਹਨ, ਜਿੱਥੇ ਭੈਅ, ਦੁੱਖ ਤੇ ਚਿੰਤਾ ਦਾ ਨਿਸ਼ਾਨ ਤੱਕ ਨਾ ਹੋਵੇ। ਲੋਕ ਇਕ ਦੂਜੇ ਨੂੰ ਪਿਆਰ ਕਰਨ। ਸਭ ਰਲ ਮਿਲ ਕੇ, ਇਕ ਦੂਜੇ ਦਾ ਹੋ ਕੇ ਹਰ ਕਿਸੇ ਦਾ ਦੁੱਖ ਸੁਖ ਵੰਡਾਉਣ। ਇਸ ਗੱਲ ਨੂੰ ਵਰਤਮਾਨ 'ਚ ਰੱਖ ਕੇ ਸੋਚਣਾ ਤੇ ਸਮਝਣਾ ਕੋਈ ਔਖੀ ਗੱਲ ਨਹੀਂ। ਅਸੀਂ ਨਿੱਤ ਦੁੱਖੜੇ ਜਰ ਰਹੇ ਹਾਂ। ਇਹ ਕਿਸੇ ਸਮਾਜੀ, ਰਾਜਸੀ ਤੇ ਆਰਥਕ ਪ੍ਰਬੰਧ ਦੀ ਹੀ ਦੇਣ ਹੈ ਜੋ ਸਾਨੂੰ ਸਭ ਨੂੰ ਮੁਸੀਬਤਾਂ ਭਰੀ ਜ਼ਿੰਦਗੀ ਦੇ ਗਧੀ-ਗੇੜ 'ਚ ਪਾਈ ਫਿਰਦਾ ਹੈ। ਨਿੱਤ ਹੰਢਾਈਆਂ ਜਾ ਰਹੀਆਂ ਇਨ੍ਹਾਂ ਮੁਸੀਬਤਾਂ ਦੇ ਪਿੱਛੇ ਕੰਮ ਕਰਦੇ ਕਾਰਨਾਂ ਨੂੰ ਲੱਭਣਾਂ ਫੇਰ ਇਨ੍ਹਾਂ ਤੋਂ ਛੁਟਕਾਰਾ ਪਾਉਣ ਬਾਰੇ ਸੋਚਣਾ ਅਤੇ ਮਨੁੱਖਵਾਦੀ, ਦੁੱਖਾਂ-ਫਿਕਰਾਂ ਤੇ ਮੁਸੀਬਤਾਂ ਰਹਿਤ ਮੁਹੱਬਤ ਭਰੇ 'ਬੇਗਮਪੁਰੇ' ਦੀ ਸਿਰਜਣਾ ਸਾਡਾ ਮਨੋਰਥ ਹੋਣਾ ਚਾਹੀਦਾ ਹੈ।

ਬੇਗਮਪੁਰਾ  ਸਹਰ   ਕਾ  ਨਾਉ।।
ਦੁੱਖ ਅੰਦੋਹੁ  ਨਹੀਂ ਤਿਹਿ ਠਾਉ।।
ਨਾ ਤਸਵੀਸ  ਖਿਰਾਜੁ  ਨਾ ਮਾਲੁ।।
ਖਉਫੁ ਨ ਖਤਾ ਨ ਤਰਸੁ ਜੁਵਾਲੁ।।
ਅਬ ਮੋਹਿ ਖੂਬ ਵਤਨ ਗਹ ਪਾਈ।।
ਉਹਾਂ  ਖੈਰਿ   ਸਦਾ  ਮੇਰੇ  ਭਾਈ।।
ਕਾਇਮੁ ਦਾਇਮੁ ਸਦਾ ਪਾਤਿਸਾਹੀ।।
ਦੋਮ  ਨ   ਸੇਮ  ਏਕ  ਸੋ  ਆਹੀ।।
ਆਬਾਦਾਨ     ਸਦਾ     ਮਸਹੂਰ।।
ਊਹਾਂ   ਗਨੀ    ਬਸਹਿ   ਮਾਮੂਰ।।
ਤਿਉਂ ਤਿਉ ਸੈਲ ਕਰਹਿ ਜਿਉ ਭਾਵੈ।।
ਮਰਹਮ  ਮਹਲ  ਨ  ਕੋ  ਅਟਕਾਵੇ।।
ਕਹਿ  ਰਵਿਦਾਸ   ਖਲਾਸ  ਚਮਾਰਾ।।
ਜੋ  ਹਮ  ਸਹਿਰੀ ਸੋ  ਮੀਤੁ ਹਮਾਰਾ।।

ਅੱਜ ਦਾ ਇਨਸਾਨ ਵਿਖਾਵੇ ਦਾ ਬਹੁਤ ਆਦੀ ਹੋ ਗਿਆ ਹੈ, ਭਾਵ ਵਿਖਾਵਾ ਸਾਡਾ ਅੱਜ ਦਾ ਨਵਾਂ ਫੈਸ਼ਨ ਬਣ ਗਿਆ ਹੈ। ਭਗਤੀ ਤੇ ਧਾਰਮਕ ਸਮਾਗਮ ਵੀ ਵਿਖਾਵੇ ਦੀ ਭੇਟ ਹੋ ਜਾਂਦੇ ਹਨ। ਆਪੋ ਆਪਣੇ ਥਾਂ ਸਿਰਫ ਟੱਲੀਆਂ, ਘੜਿਆਲਾਂ ਤੇ ਛੈਣੇ ਬਜਾ ਕੇ, ਉੱਚੀ ਉੱਚੀ ਕੀਰਤਨ, ਜਗਰਾਤੇ ਕਰਕੇ ਕੁੱਝ ਨਹੀਂ ਬਣਨਾ ਸਰਨਾ, ਗੱਲ ਤਾਂ ਅਮਲ ਦੀ ਹੈ। ਮਨੋਰਥ ਰਹਿਤ ਫੋਕੀ ਭਗਤੀ ਦੀ ਥਾਂ ਮਨੁੱਖਤਾ ਦੀ ਦੁੱਖਾਂ, ਕਸ਼ਟਾਂ ਤੋਂ ਮੁਕਤੀ ਦਾ ਪ੍ਰਗਟਾਵਾ ਹੋਣਾ ਅਤੇ ਇਸ ਵਾਸਤੇ ਜਰੂਰੀ ਹੈ। ਇਹ ਸਭ ਕੁੱਝ ਮਨੁੱਖਤਾ ਦੀਆਂ ਹੱਦਾਂ ਦੇ ਅੰਦਰ ਰਹਿ ਕੇ ਹੀ ਹੋਣਾ ਚਾਹੀਦਾ ਹੈ।
ਲੋਕ ਹਰ ਸਾਲ ਹੀ ਕਿਸੇ ਮਹਾਂਪੁਰਸ਼ ਦੀ ਯਾਦ ਵਿਚ ਸਿਰਫ ਇਕ ਦਿਨ ਇਕੱਠੇ ਹੁੰਦੇ ਹਨ, ਜਨਮ ਪੁਰਬ ਮਨਾਉਣ ਦਾ ਜਤਨ ਕਰਦੇ ਹਨ। ਆਮ ਕਰਕੇ ਆਪੋ ਆਪਣੀ ਗੱਲ ਦਾ ਰੌਲਾ ਪਾ ਕੇ ਘਰੋ-ਘਰੀ ਤੁਰ ਜਾਂਦੇ ਹਨ। ਕਿਸੇ ਮਹਾਂਪਰਸ਼ ਦੀ ਯਾਦ ਸਿਰਫ ਇਕ ਦਿਨ? ਕੀ ਇਹ ਕਾਫੀ ਹੈ? ਨਹੀਂ, ਇਹ ਕੁੱਝ ਕਾਫੀ ਨਹੀਂ। ਇਹ ਕੁੱਝ ਵਿਖਾਵਾ ਹੈ ਜਿਸ ਦੇ ਗੁਰੂ ਰਵਿਦਾਸ ਜੀ ਵਿਰੋਧੀ ਸਨ।
ਗੁਰੂ ਰਵਿਦਾਸ ਜੀ ਨੂੰ ਸਹੀ ਤੌਰ ਤੇ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਉਨ੍ਹਾਂ ਵਲੋਂ ਸਿਰਜੇ ਬੇਗਮਪੁਰੇ (ਗਮਾਂ, ਦੁੱਖਾਂ ਤੋਂ ਰਹਿਤ) ਦੇ ਸੰਕਲਪ ਜਿਸਨੂੰ ਅੱਜ ਦੀ ਸੋਚ ਵਾਲੀ ਭਾਸ਼ਾ ਵਿਚ ਸਮਾਜਵਾਦੀ ਪ੍ਰਬੰਧ ਕਿਹਾ ਜਾਂਦਾ ਹੈ ਨੂੰ ਆਪਣੀ ਸੋਚ ਨਾਲ ਬੰਨ੍ਹ ਕੇ, ਨਿੱਤ ਦਿਹਾੜੀ ਆਪਣੇ ਮੱਥੇ 'ਚ ਰੱਖ ਕੇ, ਇਹਦੇ 'ਤੇ ਅਮਲ ਕਰਨਾ। ਬਦੀ ਦਾ ਰਾਜ, ਕੋਹਝ ਦੀਆਂ ਸ਼ਕਤੀਆਂ, ਭਰਮਾਂ ਤੇ ਅੰਧਵਿਸ਼ਵਾਸ ਫੈਲਾਉਣ ਵਾਲੀਆਂ ਤਾਕਤਾਂ ਦੇ ਖਾਤਮੇ ਵਲ ਵਧਣਾ ਹੀ ਮਨੁੱਖਤਾ ਦੀ ਸਭ ਤੋਂ ਵੱਡੀ ਅਤੇ ਚੰਗੀ ਸੇਵਾ ਹੈ। ਇਹ ਹੀ ਗੁਰੂ ਰਵਿਦਾਸ ਜੀ ਨੂੰ ਯਾਦ ਕਰਨਾ ਤੇ ਸੱਚੀ ਸ਼ਰਧਾਂਜਲੀ ਹੋ ਸਕਦੀ ਹੈ। ਅਸੀਂ ਨਿੱਤ ਚੇਤੇ  ਕਰੀਏ ਤੇ ਸੰਸਾਰ ਅੰਦਰ ਗੁਰੂ ਰਵਿਦਾਸ ਜੀ ਦਾ ਦਿੱਤਾ ਸੁਨੇਹਾ ਪਹੁੰਚਾਈਏ। ਉਨ੍ਹਾਂ ਦਾ ਸੁਨੇਹਾ ਕਿ :-

ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਅੰਨ
ਬੜੇ ਛੋਟੇ ਸਭ ਸਮ ਬਸੇ ਰਵਿਦਾਸ ਰਹੇ ਪ੍ਰਸੰਨ।

30 Jan. 2018

ਨੌਜਵਾਨ ਇੰਜਨੀਅਰ, ਸਮਾਜਕ ਅਤੇ ਰਾਜਨੀਤਕ ਕਾਰਕੁਨ ਸੌਰਭ ਰਾਏ ਦਾ ਪ੍ਰਧਾਨਮੰਤਰੀ ਨੂੰ ਖ਼ਤ

"ਹਰਿਆਣਾ ਦੀ ਨਿਰਭੈਆ ਅਤੇ ਹਰਿਆਣਾ ਦੀ ਅਸੰਵੇਦਨਸ਼ੀਲ ਸਰਕਾਰ''

- ਸੌਰਭ ਰਾਏ
ਅਨੁਵਾਦ - ਕੇਹਰ ਸ਼ਰੀਫ਼

ਸ਼੍ਰੀਮਾਨ ਪ੍ਰਧਾਨਮੰਤਰੀ ਨਰੇਂਦਰ ਮੋਦੀ ਜੀ,

ਹਰਿਆਣਾ ਸੂਬੇ ਵਿਚ ਤੁਹਾਡੀ ਪਾਰਟੀ (ਭਝਫ) ਦੀ ਸਰਕਾਰ ਹੈ। ਕੀ ਸਿਰਫ 5 ਦਿਨਾਂ ਦੇ ਅੰਦਰ 7-7 ਦਰਿੰਦਗੀ ਭਰੇ ਬਲਾਤਕਾਰਾਂ ਨਾਲ ਤੁਹਾਡਾ ਕਲੇਜਾ ਨਹੀਂ ਫਟਿਆ? (ਇਹ ਤਾਂ ਉਹ ਅੰਕੜੇ ਹਨ ਜੋ ਬਾਹਰ ਆਏ ਹਨ ਜਿਨ੍ਹਾਂ ਦੀ ਾਂੀ੍ਰ ਦਰਜ਼ ਹੋਈ ਹੈ, ਹੋਰ ਪਤਾ ਨਹੀਂ ਕਿੰਨੀਆਂ ਘਟਨਾਵਾਂ ਦੀ ਪੁਲੀਸ ਪ੍ਰਸ਼ਾਸਨ ਰੀਪੋਰਟ ਵੀ ਦਰਜ਼ ਨਹੀਂ  ਕਰਦਾ)।
ਉਂਜ ਬਲਾਤਕਾਰ ਦਾ ਕੋਈ ਪੈਮਾਨਾ ਤਾਂ ਨਹੀਂ ਹੁੰਦਾ ਪਰ ਇਕ 15 ਸਾਲਾਂ ਦੀ ਬੱਚੀ ਗੁਰੂਗ੍ਰਾਮ ਅੰਦਰ ਨਿਰਭੈਆ ਵਰਗੀ ਦਯਾਹੀਣ ਅਤੇ ਦਰਦਨਾਕ ਹਾਦਸੇ ਦਾ ਸ਼ਿਕਾਰ ਹੋ ਗਈ,  ਜਿਵੇਂ ਕਿ ਦਿੱਲੀ ਅੰਦਰ 2012 ਤੋਂ ਬਾਅਦ ਨਿਰਭੈਆ ਨਾਮ ਕਿਸੇ ਖਾਸ ਸੰਦਰਭ ਵਿਚ ਦੇਖਿਆ ਜਾਣ ਲੱਗਾ ਅਤੇ ਬਹੁਤ ਹੀ ਆਮ ਜਿਹਾ ਹੋ ਗਿਆ।
ਤੁਸੀਂ ਹਰ ਛੋਟੇ ਵੱਡੇ ਮੁੱਦੇ 'ਤੇ ਟਵੀਟ ਕਰਦੇ ਹੋ, ਮਨ ਕੀ ਬਾਤ ਕਰਦੇ ਹੋ ਅਤੇ ਫੇਸਬੁੱਕ 'ਤੇ ਲਾਈਵ ਵੀ ਹੁੰਦੇ ਹੋ। ਇੱਥੋਂ ਤੱਕ ਕਿ ਅਸੀਂ ਤੁਹਾਨੂੰ 2012 ਵਿਚ ਦਿੱਲੀ ਵਿਖੇ ਨਿਰਭੈਆ ਕਾਂਡ ਦੇ ਬਹਾਨੇ ਰਾਜਨੀਤੀ ਕਰਦਿਆਂ ਵੀ ਦੇਖਿਆ ਹੈ ਅਤੇ ਉਸ ਵੇਲੇ ਦੀ ਸਰਕਾਰ ਨੂੰ ਵੋਟ ਨਾ ਦੇਣ ਦੀ ਅਪੀਲ ਕਰਦਿਆਂ ਵੀ ਦੇਖਿਆ। ਅਤੇ ਘੱਟ-ਵੱਧ ਲੋਕਾਂ ਨੇ ਇਸ 'ਤੇ ਅਮਲ ਵੀ ਇਸ ਵਾਸਤੇ ਕੀਤਾ ਸੀ ਕਿ ਕੀ ਪਤਾ ਕੋਈ ਚੰਗਾ ਸ਼ਾਸਨ ਦੇਣ ਵਾਲਾ ਬਾਬੂ ਸਰਕਾਰ 'ਚ ਆਵੇ ਅਤੇ ਸਭ ਕੁੱਝ ਅਚਾਨਕ ਠੀਕ ਹੋ ਜਾਵੇ।
ਪਰ ਇੱਥੇ ਤਾਂ ਅਸਲੋਂ ਉਲਟਾ ਹੀ ਹੋ ਗਿਆ, ਚੰਗਾ ਸ਼ਾਸਨ ਤਾਂ ਦੂਰ ਦੀ ਗੱਲ, ਸਰਕਾਰ ਅਤੇ ਮੀਡੀਆ ਬਲਾਤਕਾਰ  ਬਾਰੇ ਦੱਸਣਾ ਵੀ ਕਰਨਾ ਪਸੰਦ ਨਹੀਂ ਕਰਦੇ। ਮਨੋਹਰ ਲਾਲ ਖੱਟਰ ਜੋ ਕਿ ਸੂਬੇ ਦੇ ਮੁਖੀ ਹਨ ਉਨ੍ਹਾਂ ਦਾ ਬਿਆਨ 5ਵੇਂ ਬਲਾਤਕਾਰ ਜੋ ਕਿ ਹਰਿਆਣਾ ਦੇ ਫਤਿਹਾਬਾਦ ਵਿਚ ਹੋਇਆ ਉਸ ਤੋਂ ਬਾਅਦ ਆਇਆ ਹੈ! ਅਤੇ ਜੋ ਆਇਆ ਉਹ ਵੀ ਊਲ-ਜਲੂਲ, ਜਿਹੜਾ ਕਿ ਮਰੱਹਮ ਦੀ ਥਾਂ ਦੁਖਿਆਰੀ ਦੇ ਪਰਵਾਰ ਵਾਸਤੇ ਜਖ਼ਮ ਨੂੰ ਡੂੰਘਾ ਕਰਨ ਦਾ ਕੰਮ ਕਰਦਾ ਹੈ।
ਤੁਹਾਨੂੰ ਇਸ ਸਮੇਂ ਆ ਕੇ ਬਿਆਨ ਦੇਣਾ ਚਾਹੀਦਾ ਹੈ ਅਤੇ ਸਰਕਾਰ ਨੂੰ ਸਖ਼ਤ ਕਦਮ ਚੁੱਕਣ ਵਾਸਤੇ ਹੁਕਮ ਦੇਣਾ ਚਾਹੀਦਾ ਹੈ ਅਤੇ ਪਰਵਾਰ ਦਾ ਦੁੱਖ ਵੰਡਾਉਣਾ ਚਾਹੀਦਾ ਹੈ ਜਿਸ ਨਾਲ ਦੁਖੀ ਧਿਆਣੀ ਅਤੇ ਉਸਦੇ ਪਰਵਾਰ ਨੂੰ ਘੱਟੋ ਘੱਟ ਇਨਸਾਫ ਮਿਲਣ ਦੀ ਉਮੀਦ ਤਾਂ ਜਾਗੇ। ਪਰ ਮੈਂ ਹੈਰਾਨ ਤੇ ਪ੍ਰੇਸ਼ਾਨ ਹਾਂ ਕਿ ਤੁਸੀਂ ਚੁੱਪ ਕਿਉਂ ਧਾਰੀ ਹੋਈ ਹੈ?
ਅਖਬਾਰਾਂ ਦੇ ਪੰਨਿਆਂ 'ਤੇ ਤਾਂ ਸਮਝੋ ਜਿਵੇਂ ਜੰਗ ਸ਼ੁਰੂ ਹੋ ਗਈ ਹੈ, ਹੁਣ ਅਜਿਹੀਆਂ ਖ਼ਬਰਾਂ ਨੂੰ ਤਾਂ ਅਖਬਾਰਾਂ ਵਿਚ ਥਾਂ ਵੀ ਨਹੀਂ ਮਿਲਦੀ। ਅਜਿਹਾ ਕਿਉਂ? ਜਾਂ ਪੱਤਰਕਾਰੀ ਉੱਤੇ ਹਕੂਮਤ ਦਾ ਕਬਜ਼ਾ ਹੈ?
ਹਾਂ, ਇਕ ਅਖਬਾਰ (ਨਾਮ ਨਹੀਂ ਲੈਣਾ ਚਾਹਾਂਗਾ) ਵਿਚ ਮਂੈ ਇਸ ਵਾਰਦਾਤ ਬਾਰੇ ਜਰੂਰ ਪੜ੍ਹਿਆ ਸੀ ਪਰ ਉਸਨੇ ਵੀ ਕਿਧਰੇ ਅੱਠਵੇਂ ਜਾਂ ਨੌਵੇਂ ਸਫੇ 'ਤੇ ਇਕ ਛੋਟੇ ਜਹੇ ਕਾਲਮ ਵਿਚ ਖ਼ਬਰ ਛਾਪਣ ਨਾਲੋਂ ਖਬਰ ਦੱਬੀ ਹੋਈ ਜਾਪਦੀ ਸੀ।
ਮੈਨੂੰ ਯਾਦ ਹੈ 2012 ਵਿਚ ਹੋਏ ਨਿਰਭੈਆ ਕਾਂਡ ਦਾ ਸਮਾਂ। ਲੋਕ ਦਿੱਲੀ ਦੀਆਂ ਸੜਕਾਂ 'ਤੇ ਉਤਰ ਆਏ ਸਨ ਪੀੜਤ ਨੂੰ ਇਨਸਾਫ ਦੁਆਉਣ ਦੇ ਵਾਸਤੇ ਅਤੇ ਵਿਰੋਧੀ ਧਿਰ ਨੇ ਵੀ ਉਸ ਸਮੇਂ ਸਰਕਾਰ ਦੇ ਵਿਰੁੱਧ ਚੰਗੀ-ਖਾਸੀ ਭੁਮਿਕਾ ਨਿਭਾਈ ਸੀ ਉਸ ਵਿਰੋਧ ਦੇ ਸਮੇਂ। ਪਰ ਦਾਦ ਦੇਣੀ ਪਵੇਗੀ ਉਸ ਸਮੇਂ ਵਾਲੀ ਸਰਕਾਰ ਵਲੋਂ ਚੁੱਕੇ ਕਦਮਾਂ ਦੀ ਵੀ ਕਿ ਵਿਰੋਧ ਦਾ ਲਾਪ੍ਰਵਾਹੀ ਨਾਲ ਜਵਾਬ ਦੇਣ ਦਾ ਅਤੇ ਆਪਣੀ ਅਸਮਰਥਾ ਜਾਂ ਕਮਜ਼ੋਰੀ ਵਿਖਾਉਣ ਦੀ ਥਾਂ  ਦ੍ਰਿੜਤਾ ਨਾਲ ਆਪਣੇ ਫ਼ਰਜ਼ ਦੀ ਪਾਲਣਾ ਕੀਤੀ ਅਤੇ ਨਿਰਭੈਆ ਦੀ ਜਾਨ ਬਚਾਉਣ ਲਈ ਸਫਦਰਜੰਗ ਹਸਪਤਾਲ ਵਿਖੇ ਡਾਕਟਰਾਂ ਨੇ ਆਪਣਾ ਖੂਨ-ਪਸੀਨਾ ਇਕ ਕਰ ਦਿੱਤਾ ਅਤੇ ਉੱਚੀ ਡਾਕਟਰੀ ਸਹਾਇਤਾ ਦੇਣ ਦੀ ਖਾਤਰ ਦਿੱਲੀ ਅਤੇ ਕੇਂਦਰ ਸਰਕਾਰ ਨੇ ਦੁਖਿਆਰੀ ਧਿਆਣੀ ਨੂੰ ਸਿੰਘਾਪੁਰ ਦੇ ਮਾਉਂਟ ਏਲਿਜ਼ਾਵਿਥ ਹਸਪਤਾਲ ਭੇਜ ਕੇ  ਉਸ ਦਾ ਇਲਾਜ਼ ਵੀ ਕਰਵਾਇਆ, ਪਰ ਉਸਦੀ ਜ਼ਿੰਦਗੀ ਬਚਾਉਣ ਵਿਚ ਕਾਮਯਾਬ ਨਾ ਹੋ ਸਕੇ।
ਮਰਨ ਤੋਂ ਬਾਅਦ ਉਸਦੀ (ਨਿਰਭੈਆ) ਲਾਸ਼ ਨੂੰ ਪ੍ਰਪਤ ਕਰਨ ਅਤੇ ਸਨਮਾਨ ਦੇਣ ਵਾਸਤੇ ਉਸ ਵੇਲੇ ਦੇ ਪ੍ਰਧਾਨਮੰਤਰੀ ਡਾ. ਮਨਮੋਹਨ ਸਿੰਘ, ਕਾਂਗਰਸ ਦੀ ਪ੍ਰਧਾਨ ਸ਼੍ਰੀਮਤੀ ਸੋਨੀਆਂ ਗਾਂਧੀ ਖੁਦ ਦਿੱਲੀ ਹਵਾਈ ਅੱਡੇ 'ਤੇ ਗਏ ਸਨ। ਦਿੱਲੀ ਦੀ ਉਸ ਵੇਲੇ ਦੀ ਮੁੱਖਮੰਤਰੀ ਸ਼੍ਰੀਮਤੀ ਸ਼ੀਲਾ ਦੀਖਸ਼ਿਤ ਸਮੇਤ ਕੇਂਦਰੀ ਮੰਤਰੀ ਸ਼੍ਰੀ ਆਰ ਪੀ ਐੱਨ ਸਿੰਘ ਆਦਿ ਨੇਤਾ ਉਸਦੇ ਦਾਹ ਸਸਕਾਰ ਤੱਕ ਪਰਵਾਰ ਦੇ ਨਾਲ ਖੜ੍ਹੇ ਰਹੇ ਅਤੇ ਉਨ੍ਹਾਂ ਦਾ ਦੁੱਖ ਵੰਡਾਇਆ। ਉਸਤੋਂ ਤੁਰੰਤ ਬਾਅਦ ਸਰਕਾਰ ਨੇ ਨਿਰਭੈਆ ਦੇ ਨਾਮ 'ਤੇ ਕਈ ਸਾਰੀਆਂ ਯੋਜਨਾਵਾਂ ਦਾ ਐਲਾਨ ਕੀਤਾ ਜਿਸ ਨਾਲ ਕਿਸੇ ਵੀ ਪਰਵਾਰ ਜਾ ਸਮਾਜ ਨੂੰ ਇਸ ਤਰ੍ਹਾਂ ਦੇ ਦਰਦ/ ਮੁਸੀਬਤ ਦਾ ਸਾਹਮਣਾ ਨਾ ਕਰਨਾ ਪਵੇ। 2013 ਵਿਚ ਕੇਂਦਰ ਸਰਕਾਰ ਨੇ ਆਪਣੇ ਬੱਜਟ ਵਿਚ ਇਕ ਰਾਸ਼ਟਰੀ ਕੋਸ਼ ਦਾ ਵੀ ਐਲਾਨ ਕੀਤਾ ਜਿਸ ਦਾ ਨਾਮ ਨਿਰਭੈਆ ਫੰਡ ਰੱਖਿਆ ਗਿਆ ਜਿਸਦਾ ਬੱਜਟ ਹਜ਼ਾਰਾਂ ਕਰੋੜ ਤੋਂ ਸ਼ਰੂ ਕੀਤਾ ਗਿਆ। ਤਾਜ਼ਾ ਜਾਣਕਾਰੀ ਦੇ ਹਿਸਾਬ ਨਾਲ ਉਸ ਫੰਡ ਵਿਚ ਜਮਾਂ ਰਾਸ਼ੀ ਨੂੰ ਕਿਸੇ ਵੀ ਤਰੀਕੇ ਨਾਲ ਔਰਤਾਂ ਦੀ ਸੁਰੱਖਿਆ ਜਾਂ ਔਰਤਾਂ ਨੂੰ ਸ਼ਕਤੀਸ਼ਾਲੀ ਬਨਾਉਣ ਵਾਸਤੇ ਬਹੁਤਾ ਖਰਚ ਨਹੀਂ ਕੀਤਾ ਗਿਆ ਉਹ ਜਿਵੇਂ ਸੀ, ਉਵੇਂ ਹੀ ਪਿਆ ਹੈ। ਉਸ ਵਿਚੋਂ ਕੁੱਝ ਰਕਮ ਕਢਵਾ ਕੇ ਸਾਲ 2017 ਦੇ ਅੰਤ ਸਮੇਂ ਖਰਚ ਕੀਤੀ ਗਈ।
ਸਾਲ 2017 ਦੇ ਆਰੰਭ 'ਚ ਮਿਲੇ ਅੰਕੜਿਆਂ ਦੇ ਹਿਸਾਬ ਨਾਲ ਨਿਰਭੈਆ ਕੋਸ਼ ਵਿਚ ਪਈ ਪੂਰੀ ਰਕਮ ਦਾ 16% ਹੀ ਖਰਚ ਹੋਇਆ ਸੀ ਜੋ ਕਿ ਆਪਣੇ ਆਪ ਵਿਚ ਹੀ ਚਿੰਤਾ ਦਾ ਸਬੱਬ ਬਣਦਾ ਅਤੇ ਸਰਕਾਰ ਦੀ ਚੌਕਸੀ ਨੂੰ ਦਰਸਾਉਂਦਾ ਹੈ।
ਨਿਰਭੈਆ ਅਤੇ ਉਸਦੇ ਪਰਵਾਰ ਦਾ ਸਾਥ ਕਾਂਗਰਸ ਸਰਕਾਰ ਨੇ ਸਿਰਫ ਉਸ ਸਮੇਂ ਹੀ ਨਹੀਂ ਦਿੱਤਾ ਸੀ ਬਲਕਿ ਉਸਤੋਂ ਬਾਅਦ ਦੇ ਸਾਲਾਂ ਤੱਕ ਉਨ੍ਹਾਂ ਦੇ ਦੁੱਖ ਸੁਖ ਦੇ ਸਾਥੀ ਵੀ ਰਹੇ। 2012 ਤੋਂ ਬਾਅਦ 2014 ਤੱਕ ਸਰਕਾਰ ਜਾਣ ਤੋਂ ਬਾਅਦ ਵੀ ਉਨ੍ਹਾਂ ਦੇ ਪਰਵਾਰ ਦੀ ਦੇਖਭਾਲ਼ ਦੀ ਜੁੰਮੇਵਾਰੀ ਕਾਂਗਰਸ ਪਾਰਟੀ ਵਲੋਂ ਵਰਤਮਾਨ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਨਿਰਭੈਆ ਦੇ ਪਰਵਾਰ ਦੀ ਦੇਖਭਾਲ ਦਾ ਜਿੰਮਾ ਚੁੱਕਿਆ ਅਤੇ ਉਨ੍ਹਾਂ ਨੇ ਨਿਰਭੈਆ ਦੇ ਇਕ ਭਰਾ ਨੂੰ ਰਾਏਬਰੇਲੀ ਦੇ ਫਲਾਈਂਗ ਸਕੂਲ (ਇੰਦਰਾ ਗਾਂਧੀ ਰਾਸ਼ਟਰੀ ਉਡਾਣ ਅਕੈਡਮੀ) ਤੋਂ ਪਾਇਲਿਟ ਦੀ ਸਿਖਲਾਈ ਦਵਾਈ, ਅਤੇ ਦੂਜੇ ਭਰਾ ਨੂੰ ਪੁਣੇ ਸਥਿਤ ਇਕ ਸੰਸਥਾ ਵਿਚ ਇੰਜਨੀਅਰਿੰਗ ਲਈ ਦਾਖਲਾ ਦਿਵਾਉਣ ਵਿਚ ਸਹਾਇਤਾ ਕੀਤੀ। ਇਨ੍ਹਾਂ ਗੱਲਾਂ ਦਾ ਖੁਲਾਸਾ ਖੁਦ ਨਿਰਭੈਯਾ ਦੇ ਪਰਵਾਰ ਵਾਲਿਆਂ ਨੇ ਕੀਤਾ ਹੈ।
ਹੁਣ ਜਦ ਨਿਰਭੈਆ ਕਾਂਡ ਨੂੰ ਕਾਫੀ ਸਾਲ ਬੀਤ ਗਏ ਹਨ, ਨਿਰਭੈਆ ਦੀ ਮਾਂ ਅਜੇ ਵੀ ਇਨਸਾਫ ਵਾਸਤੇ ਮੰਗ ਕਰ  ਰਹੀ ਹੈ, ਪਰ ਸਰਕਾਰ ਉਨ੍ਹਾਂ ਨੂੰ ਡੰਡਿਆਂ, ਲਾਠੀਆਂ ਅਤੇ ਜ਼ੋਰ-ਜਬਰਦਸਤੀ ਨਾਲ ਪਿੱਛੇ ਧੱਕ ਉਨ੍ਹਾਂ ਨੂੰ ਉਨ੍ਹਾਂ ਦਾ ਹੱਕ ਨਹੀਂ ਦੇਣਾ ਚਾਹੁੰਦੀ।
ਪਰ ਮੋਦੀ ਜੀ, ਮੈਂ ਤੁਹਾਥੋਂ ਪੁੱਛਣਾ ਚਾਹੁੰਦਾ ਹਾਂ, ਤੁਸੀਂ ਕੀ ਕਰ ਰਹੇ ਹੋ ਅਤੇ ਤੁਹਾਡੇ ਮੰਤਰੀ ਤਾਂ ਇਸ ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਸਮਝ ਹੀ ਨਹੀਂ ਰਹੇ। ਇਹ ਹਾਲਤ ਉਦੋਂ ਹਨ ਜਦੋਂ ਕਿ ਸਰਕਾਰੀ ਆਂਕੜਿਆਂ ਦੇ ਅਨੁਸਾਰ ਸਾਲ 2016 ਵਿਚ ਸਿਰਫ ਹਰਿਆਣਾ ਸੂਬੇ ਦੇ ਅੰਦਰ 1298 ਬਲਾਤਕਾਰ ਦੇ ਕੇਸ ਦਰਜ ਹੋਏ ਅਤੇ ਨਾਲ ਹੀ ਕਲੰਕ ਦਾ ਸਿਹਰਾ ਵੀ ਹਰਿਆਣੇ ਦੇ ਸਿਰ ਹੀ ਬੱਝਾ ਕਿ ਹਰਿਅਣਾ ਗੈਂਗਰੇਪ ਦੇ ਮਾਮਲੇ ਵਿਚ ਦੇਸ਼ ਵਿਚ ਪਹਿਲੇ ਨੰਬਰ ਦਾ ਰਾਜ ਹੈ। ਇਹ ਉਸ ਸੂਬੇ ਦੀ ਅਸਲੀਅਤ ਹੈ ਜਿੱਥੇ ਤੁਸੀਂ ਖੁਦ "ਬੇਟੀ ਬਚਾਉ, ਬੇਟੀ ਪੜ੍ਹਾਉ'' ਦਾ ਨਾਅਰਾ ਦਿੱਤਾ ਸੀ।
ਹਰਿਆਣਾ ਪੁਲੀਸ ਪ੍ਰਸ਼ਾਸਨ ਦੇ ਇਕ ਉੱਚ ਅਧਿਕਾਰੀ ਨੇ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ "ਇਹ ਘਟਨਾਵਾਂ ਤਾਂ ਜਨਮ-ਜਨਮਾਂਤਰ ਤੋਂ ਸਾਡੇ ਸਮਾਜ ਅੰਦਰ ਵਾਪਰ ਰਹੀਆਂ ਹਨ, ਪੁਲੀਸ ਦਾ ਕੰਮ ਤਾਂ ਕੇਵਲ ਅਪਰਾਧੀਆਂ ਨੂੰ ਫੜਨ ਦਾ ਹੈ'', ਅਤੇ ਸਰਕਾਰ ਨੇ ਉਸਨੂੰ ਸੱਦ ਕੇ ਉਸ ਤੋਂ ਇਸ ਬਾਰੇ ਪੁੱਛਣ ਦੇ ਮਾਮਲੇ ਵਿਚ ਚੁੱਪ ਧਾਰੀ ਹੋਈ ਹੈ। ਜਿਵੇਂ ਕਿ ਕੋਈ ਆਵੇਗਾ ਤੇ ਉਨ੍ਹਾਂ ਪਰਵਾਰਾਂ ਨੂੰ ਨਿਆਂ ਦਾ ਰਸਤਾ ਦਿਖਾਵੇਗਾ। ਸਿਰਫ ਬੇਟੀ ਬਚਾਉ ਦਾ ਨਾਅਰਾ ਦੇਣ ਨਾਲ ਬੇਟੀਆਂ ਨੂੰ ਇੱਜਤ ਨਹੀਂ ਨਹੀਂ ਮਿਲਦੀ ਸਾਹਿਬ, ਬਲਕਿ ਉਸ ਵਾਸਤੇ ਵਿਕਾਸ ਬਰਾਲਾ ਵਰਗੇ ਲੋਕਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਵੀ ਵਿਖਾਉਣਾ ਹੁੰਦਾ ਹੈ, ਜੋ ਕਿ ਖੁਦ ਹਰਿਆਣਾ ਦੀ ਭਾਜਪਾ ਦੇ ਪ੍ਰਧਾਨ ਦਾ ਬੇਟਾ ਹੈ ਅਤੇ ਚੰਡੀਗੜ੍ਹ ਵਿਚ ਲੜਕੀਆਂ ਦਾ ਪਿੱਛਾ ਕਰਨ ਦੇ ਮਾਮਲੇ ਵਿਚ ਮੁੱਖ ਮੁਲਜ਼ਮ ਹੈ ਅਤੇ ਜ਼ਮਾਨਤ 'ਤੇ ਬਾਹਰ ਘੁੰਮ ਰਿਹਾ ਹੈ। ਇਸ ਤਰ੍ਹਾਂ ਕਰਨ ਨਾਲ ਲੋਕਾਂ ਦੇ ਮਨ ਅੰਦਰ ਸਰਕਾਰ ਪ੍ਰਤੀ ਸਨਮਾਨ ਅਤੇ ਆਪਣੀ ਸੁਰੱਖਿਆ ਨੂੰ ਲੈ ਕੇ ਲੋਕ ਭਰਸੇਮੰਦ ਨਜ਼ਰ ਆਉਣਗੇ।
ਮੋਦੀ ਜੀ, ਇਕ ਗੱਲ ਅਸੀਂ ਦੱਸ ਦੇਣਾ ਚਾਹੁੰਦੇ ਹਾਂ, ਦਿੱਲੀ ਦੀ ਗੱਦੀ ਕਿਸੇ ਦੀ ਸਕੀ ਨਹੀਂ ਹੋਈ, ਸਮੇਂ ਦਾ ਕੋਈ ਪਤਾ ਨਹੀਂ ਤੇ ਉਹ ਖਿਸਕ ਜਾਂਦੀ ਹੈ।
ਆਸ ਹੈ ਹੈ ਤੁਸੀਂ ਖੁਦ ਨੂੰ ਪ੍ਰਧਾਨਸੇਵਕ ਕਹਾਉਣ ਵਾਸਤੇ ਹੀ ਪ੍ਰਧਾਨਮੰਤਰੀ ਨਹੀਂ ਬਣੇ ਇਸ ਦੇਸ਼ ਦੀਆਂ ਤਕਲੀਫਾਂ ਅਤੇ ਮੁਸੀਬਤਾਂ ਨੂੰ ਆਪਣਾ ਸਮਝਣ ਵਾਸਤੇ ਵੀ ਭਾਰਤ ਦੀ ਪ੍ਰਤੀਨਿਧਤਾ ਕਰ ਰਹੇ ਹੋ।

ਧੰਨਵਾਦ

ਸੌਰਭ ਰਾਏ
ਸਮਾਜਕ ਅਤੇ ਰਾਜਨੀਤਕ ਕਾਰਕੁਨ
ਅਭਿਅੰਤਾ ਇਰੈਕਸਨ ਗਲੋਬਲ ਲਿਮਟਿਡ
Email : saurabh.leo100 @gmail.com

23 Jan. 2018

ਲੀਹੋਂ ਲੱਥ ਚੁੱਕੀ ਹੈ 'ਆਮ ਆਦਮੀ ਪਾਰਟੀ' - ਕੇਹਰ ਸ਼ਰੀਫ

ਕੋਈ ਵੀ ਸਿਆਸੀ ਨਿਜ਼ਾਮ ਕਿਸੇ ਵੀ ਦੇਸ਼ ਦੀ ਹੋਣੀ ਭਾਵ ਦਸ਼ਾ ਤੇ  ਦਿਸ਼ਾ ਨੂੰ ਗਤੀ ਪ੍ਰਦਾਨ ਕਰਨ ਦਾ ਚਾਲਕ ਹੁੰਦਾ ਹੈ। ਦੇਸ਼ ਦੇ ਲੋਕਾਂ ਦੀ ਖੁਸ਼ਹਾਲੀ ਅਤੇ ਬਦਹਾਲੀ ਦਾ ਵੀ ਇਹ ਜੁੰਮੇਵਾਰ ਹੁੰਦਾ ਹੈ। ਲੋਕਾਂ ਨੂੰ ਤਣਾਅ ਜਾਂ ਡਰ-ਭੈਅ ਤੋਂ  ਰਹਿਤ ਜਿੰਦਗੀ ਜੀਊਣ ਦੇ ਮੌਕੇ ਪੈਦਾ ਕਰਨੇ ਵੀ ਉਸ ਦੀ ਜੁੰਮੇਵਾਰੀ ਹੁੰਦੀ ਹੈ। ਅਜਿਹੇ ਸਿਆਸੀ ਪ੍ਰਬੰਧ ਨੂੰ ਚਲਾਉਣ ਵਾਸਤੇ ਸਿਆਸੀ ਪਾਰਟੀਆਂ ਦਾ ਗਠਨ ਹੁੰਦਾ ਹੈ ਜੋ ਆਪਣੇ ਲੋਕਾਂ ਦੀ ਪ੍ਰਤੀਨਿਧਤਾ ਕਰਦੀਆਂ ਹਨ। ਇਸ ਕਰਕੇ ਬਹੁਤ ਜਰੂਰੀ ਹੈ ਪਾਰਟੀਆਂ ਦੀ ਅਗਵਾਈ ਕਰਨ ਵਾਲੇ ਆਗੂ ਸੂਝਵਾਨ, ਇਮਾਨਦਾਰ ਅਤੇ ਸਿਆਸਤ ਦੇ ਅਰਥ ਅਤੇ ਲੋਕਾਂ ਦਾ ਦਰਦ ਸਮਝਣ ਵਾਲੇ ਹੋਣੇ ਚਾਹੀਦੇ ਹਨ।
ਕਿਸੇ ਵੀ ਸਿਆਸੀ ਪਾਰਟੀ ਦੇ ਆਪਣੇ ਉਦੇਸ਼ ਤੇ ਆਦਰਸ਼ ਹੁੰਦੇ ਹਨ। ਲੋਕਾਂ ਨਾਲ ਪ੍ਰਤੀਬੱਧਤਾ ਵਾਲੇ ਨੇਤਾ ਆਪਣੇ ਸਿਆਸੀ, ਸਮਾਜੀ ਅਤੇ ਵਿਅਕਤੀਗਤ ਅਨੁਭਵ ਨੂੰ ਲੋਕ ਸੇਵਾ ਦੇ ਅਰਪਣ ਕਰ ਦਿੰਦੇ ਹਨ ਤਾਂ ਕਿ ਜਿਸ ਲੋਕਾਈ ਵਾਸਤੇ ਉਨ੍ਹਾਂ ਨੇ ਸਿਆਸਤ ਵਿਚ ਦਾਖਲਾ ਲਿਆ ਹੁੰਦਾ ਹੈ ਉਸ ਨੂੰ ਤੁਰ ਰਹੇ ਸਮੇਂ ਦੇ ਹਾਣ ਵਾਲਾ ਕਰਕੇ ਆਪਣੇ ਮਿੱਥੇ ਨਿਸ਼ਾਨੇ ਦੀ ਪ੍ਰਪਤੀ ਵੱਲ ਵਧਦੇ ਰਹਿਣ। ਲੋਕਾਂ ਦੇ ਕਾਫਲਿਆਂ ਨੂੰ ਆਪਣੇ ਨਾਲ ਜੋੜ ਸਕਣ। ਪਹਿਲਾਂ ਤੋਂ ਚੱਲ ਰਹੇ ਰਾਜ ਪ੍ਰਬੰਧ ਦੇ ਮੁਕਾਬਲੇ ਲੋਕ ਪੱਖੀ ਜਮਹੂਰੀ ਪ੍ਰਬੰਧ ਜੋ ਲੋਕਾਂ ਵਾਸਤੇ ਹੋਵੇ ਦੇ ਸਕਦੇ ਹੋਣ। ਸਮਾਂ ਵਿਹਾ ਚੁੱਕੇ 'ਮਾਡਲਾਂ' ਦੀ ਥਾਂ ਬਦਲਵਾਂ ਲੋਕ ਪੱਖੀ ਰਾਜ ਪ੍ਰਬੰਧ ਕਾਇਮ ਕਰ ਸਕਣ। ਨਹੀਂ ਤਾਂ ਦੂਜਿਆਂ ਨੂੰ ਰਵਾਇਤੀ ਪਾਰਟੀਆਂ ਕਹਿਣ ਵਾਲੇ ਆਪ ਵੀ ਜਲਦੀ ਹੀ ਰਵਾਇਤੀ ਪਾਰਟੀਆਂ ਵਰਗਾ ਰੂਪ ਧਾਰ ਲੈਂਦੇ ਹਨ।
'ਆਮ ਆਦਮੀ ਪਾਰਟੀ' ਵੀ ਕੁੱਝ ਅਜਿਹੀ ਸੋਚ ਲੈ ਕੇ ਭਾਰਤ ਦੇ ਸਿਆਸੀ ਚਿਤ੍ਰਪੱਟ ਤੇ ਆਈ ਸੀ। ਕਿਹਾ ਗਿਆ ਸੀ ਕਿ ਅਸੀਂ ਰਾਜ ਪ੍ਰਬੰਧ (ਸਿਸਟਮ) ਬਦਲਣ ਆਏ ਹਾਂ। ਇਹ ਪਾਰਟੀ ਜੰਮੀ ਤਾਂ ਸੀ ਅੰਨਾ ਹਜਾਰੇ ਦੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਵਿਚੋਂ - ਰਾਜ ਸੱਤਾ ਤਾਂ "ਪੈਰਾਂ ਹੇਠ ਬਟੇਰਾ'' ਆ ਜਾਣ ਵਾਲੀ ਗੱਲ ਹੋਈ। ਬਦਲਵੀਂ ਸਿਆਸਤ ਦਾ ਰੌਲ਼ਾ ਪਾਉਣ ਵਾਲੇ ਸਮੁੱਚਤਾ ਵਿਚ ਅਜੇ ਤੱਕ ਤਾਂ ਆਪਣੇ ਕਹੇ 'ਤੇ ਪੂਰਾ ਨਹੀਂ ਉਤਰ ਸਕੇ। ਹਾਂ, ਜੇ ਕੋਈ ਇਹ ਕਹੇ ਕਿ ਉਨ੍ਹਾਂ ਨੇ ਕੁੱਝ ਵੀ ਨਹੀਂ ਕੀਤਾ ਤਾਂ ਇਹ ਵੀ ਗਲਤ ਹੋਵੇਗਾ। ਦਿੱਲੀ ਵਿਚ ਦੋ ਪੱਖਾਂ ਤੋਂ ਆਪ ਦੀ ਸਰਕਾਰ ਦਾ ਕੰਮ ਸਲਾਹੁਣਯੋਗ ਹੈ, ਵਿੱਦਿਆ ਅਤੇ ਸਿਹਤ ਦੇ ਖੇਤਰ ਵਿਚ ਕਾਫੀ ਕੁੱਝ ਕੀਤਾ। ਪਰ ਦਿੱਲੀ ਵਿਚ ਜਿਸ ਕੀਤੇ ਕਾਰਜ ਦੀਆਂ ਢੋਲ ਬਜਾ ਕੇ ਹਰ ਥਾਵੇਂ ਸਿਫਤਾਂ ਕਰ ਰਹੇ ਹਨ ਉਸੇ ਨੂੰ ਪੰਜਾਬ ਵਿਚ ਹੋਰ ਪਾਰਟੀਆਂ ਵਾਂਗ ਹੀ ਡਟ ਕੇ ਭੰਡਦੇ ਵੀ ਸਨ, - ਆਖਰ ਕਿਉਂ?  ਜਦੋਂ ਪੰਜਾਬ ਵਿਚ ਅਕਾਲੀ-ਭਾਜਪਾ ਸਰਕਾਰ ਦੀਆਂ ਐਂਬੂਲੈਂਸ ਗੱਡੀਆਂ ਜਾਂ ਲੜਕੀਆਂ ਨੂੰ ਵੰਡੇ ਸਾਈਕਲ ਜਾਂ ਕਈ ਕਿਸਮ ਦੇ ਕਾਰਡਾਂ ਉੱਤੇ ਪ੍ਰਕਾਸ਼ ਸਿੰਘ ਬਾਦਲ (ਉਸ ਵੇਲੇ ਦੇ ਮੁੱਖਮੰਤਰੀ) ਦੀ ਫੋਟੋ ਲਗਦੀ ਸੀ ਤਾਂ ਗਲਤ, ਕਿਹਾ ਗਿਆ (ਜੋ ਗਲਤ ਹੀ ਸੀ) ਪਰ ਦਿੱਲੀ ਦੇ ਮੁਹੱਲਾ ਕਲੀਨਿਕ ਦੇ ਬਾਹਰ ਕੇਜਰੀਵਾਲ ਦੀਆਂ ਵੱਡ ਆਕਾਰੀ ਤਸਵੀਰਾਂ ਕਿਵੇਂ ਠੀਕ ਹੋਈਆਂ? ਕੀ ਇਹ ਕਿਸੇ ਰਵਾਇਤੀ ਪਾਰਟੀ ਦੀ ਕਾਪੀ (ਨਕਲ) ਨਹੀਂ। ਲੋਕਾਂ ਦੇ ਟੈਕਸਾਂ ਵਾਲੇ ਪੈਸੇ ਖਰਚਣ ਵੇਲੇ ਵਿਅਕਤੀ ਵਿਸ਼ੇਸ਼ ਦੀ ਖਾਹਮਖਾਹ ਦੀ ਵਡਿਆਈ ਕਿਉਂ ਤੇ ਕਿਵੇਂ ਜਾਇਜ਼ ਆਖੀ ਜਾ ਸਕਦੀ ਹੈ? ਗੱਲ ਕਿ ਨੈਤਿਕਤਾ ਪੱਖੋਂ 'ਆਪ' ਉਹ ਕੁੱਝ ਨਹੀਂ ਕਰ ਸਕੀ ਜਿਸਦਾ ਵਾਅਦਾ ਕਰਕੇ ਸਿਆਸੀ ਪਿੜ ਵਿਚ ਉਤਰੀ ਸੀ। ਹੁਣ ਬਹੁਤ ਕੁੱਝ ਬਦਲ ਗਿਆ "ਹਮ ਯੇਹ ਬਰਦਾਸ਼ਤ ਨਹੀਂ ਕਰੇਂਗੇ, ਵੋਹ ਬਰਦਾਸ਼ਤ ਨਹੀਂ ਕਰੇਂਗੇ'' ਇਹ ਸਭ ਫੋਕੀਆਂ ਫੜ੍ਹਾਂ ਅਤੇ ਬੇਅਰਥੀਆਂ ਗੱਲਾਂ ਹੋ ਨਿੱਬੜੀਆਂ, ਹੋਰ ਕੁੱਝ ਵੀ ਨਹੀਂ।
ਆਪ ਬਾਰੇ ਵਿਚਾਰ ਕਰਦਿਆਂ ਇੱਥੇ ਦੋ ਵੱਡੇ ਮਸਲੇ ਵਿਚਾਰੇ ਜਾ ਸਕਦੇ ਹਨ ਜੋ ਬਹੁਤ ਮਹੱਤਵਪੂਰਨ ਹਨ। ਇਹ 'ਆਮ ਆਦਮੀ ਪਾਰਟੀ' ਵਲੋਂ ਲੋਕਾਂ ਨਾਲ ਵਾਅਦੇ ਵੀ ਕੀਤੇ ਗਏ ਸਨ।  ਅੰਨਾ ਹਜਾਰੇ ਦੇ ਅੰਦੋਲਨ ਵੇਲੇ ਵੱਡਾ ਮੁੱਦਾ ਭ੍ਰਿਸ਼ਟਾਚਾਰ ਸੀ, ਇਸ ਵਾਸਤੇ 'ਲੋਕਪਾਲ' ਬਾਰੇ ਚਰਚਾ ਹੁੰਦੀ ਸੀ। ਜਿਵੇਂ ਹਰ ਮਰਜ਼ ਦੀ 'ਦਵਾਈ' ਸਿਰਫ ਲੋਕਪਾਲ ਹੀ ਹੋਵੇ। ਪਰ ਜੰਤਰ ਮੰਤਰ 'ਤੇ ਲੋਕ ਪਾਲ ਦੇ ਤਿਆਰ ਕੀਤੇ ਡਰਾਫਟ ਨੂੰ ਪਾਸ ਕਰਨ ਵੇਲੇ ਬਦਲ ਦਿੱਤਾ ਗਿਆ। ਇਹ ਦੋਸ਼ ਵੀ ਉਹੀ ਲੋਕ ਲਾਉਂਦੇ ਹਨ ਜਿਨ੍ਹਾਂ ਪਹਿਲਾ 'ਲੋਕਪਾਲ' ਵਾਲਾ ਖਰੜਾ (ਡਰਾਫਟ) ਲਿਖਿਆ ਸੀ। ਪਰ ਕੇਜਰੀਵਾਲ ਦੀ ਅਗਵਾਈ ਵਿਚ ਵਿਧਾਨ ਸਭਾ ਵਲੋਂ ਪਾਸ ਹੋਰ ਕੀਤਾ ਗਿਆ- ਆਖਰ ਕਿਉਂ? ਪਾਸ ਕਰਨ ਤੋਂ ਪਹਿਲਾਂ ਆਪਣੇ ਕਰਾਕੁਨਾਂ (ਵਲੰਟੀਅਰਜ਼) ਨੂੰ ਕਿਉਂ ਨਹੀਂ ਪੁੱਛਿਆ (ਡਰਾਫਟ ਲਿਖਣ ਵਾਲਿਆਂ ਨੂੰ ਵੀ ਪੁੱਛਣਾ ਚਾਹੀਦਾ ਸੀ)। ਸੁਪਰੀਮਕੋਰਟ ਵਲੋਂ ਵੀ ਉੱਪ ਰਾਜਪਾਲ ਨੂੰ ਕਾਫੀ ਅਹਿਮੀਅਤ ਦਿੱਤੀ ਗਈ ਹਰ ਕੰਮ ਉਸਦੀ ਮੰਨਜੂਰੀ ਨਾਲ ਹੀ ਹੋਵੇਗਾ। ਇਸ ਕਰਕੇ ਸਭ ਜਾਣਦੇ ਹਨ ਕਿ ਕੇਂਦਰ ਦੀ ਸਰਕਾਰ ਆਪਣੇ ਲੈਫਟੀਨੈਂਟ ਗਵਰਨਰ ਰਾਹੀਂ 'ਆਪ' ਦੀ ਸਰਕਾਰ ਵਲੋਂ ਪਾਸ ਕੀਤੇ ਮਤਿਆਂ ਅਤੇ ਕਾਨੂੰਨ ਬਣਨ ਵਾਲੇ ਬਿੱਲਾਂ ਨੂੰ  ਸੌਖਿਆਂ ਹੀ ਹਾਂਅ ਨਹੀਂ ਕਰਦਾ। ਕੀ ਲੋਕਾਂ ਦੇ ਅੱਖੀਂ ਘੱਟਾ ਪਾਉਣ ਵਾਸਤੇ ਹੀ ਮਤਾ ਪਾਸ ਕਰ ਦਿੱਤਾ ਗਿਆ ਸੀ। ਫੇਰ ਉਸਦੀ ਪੈਰਵੀ ਕੀਹਨੇ ਕਰਨੀ ਸੀ - ਸਿਰ ਹੇਠ ਬਾਂਹ ਰੱਖ ਕੇ ਸੌਂ ਗਏ। ਇਸ ਬਾਰੇ ਅਜੇ ਤੱਕ ਡੱਕਾ ਭੰਨ ਕੇ ਦੂਹਰਾ ਨਹੀਂ ਕੀਤਾ। ਲੋਕ ਅੰਦੋਲਨ ਦੀ ਆਸ ਰੱਖਦੇ ਸਨ। ਅਗਲੀਆਂ ਚੋਣਾਂ ਤੱਕ ਉਡੀਕ ਕਰਨੀ ਬੁਰਜੂਆ ਪਾਰਟੀਆਂ ਦਾ ਕੰਮ ਹੁੰਦਾ ਹੈ। ਲੋਕ ਪੱਖੀ ਸਿਆਸਤ ਕਰਨ ਵਾਲੇ ਮਤਾ ਪਾਸ ਕਰਨ ਤੋਂ ਬਾਅਦ ਚੁੱਪ ਨਹੀਂ ਕਰ ਜਾਂਦੇ ਸਗੋਂ ਉਸ 'ਤੇ ਅਮਲ ਕਰਵਾਉਣ ਵਾਸਤੇ ਅੰਦੋਲਨ ਵੀ ਕਰਦੇ ਹਨ - ਇਸ ਬਾਰੇ ਉਹ ਬੇਪ੍ਰਵਾਹ ਕਿਉਂ ਹੋ ਗਏ? ਕਿਉਂ ਉੱਕ ਗਏ? ਕੀ ਕਾਰਨ ਹੋ ਸਕਦੇ ਹਨ?
ਦੂਜਾ ਮਹੱਤਵਪੂਰਨ ਮੁੱਦਾ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦਵਾਉਣਾ ਸੀ (ਅਤੇ ਅਜੇ ਵੀ ਹੈ) ਤਾਂ ਕਿ ਚੁਣੀ ਹੋਈ ਸਰਕਾਰ ਆਪਣੀ ਮਰਜ਼ੀ ਨਾਲ ਕੰਮ ਕਰ ਸਕੇ - (ਇਸ ਵੇਲੇ ਤੱਕ ਦਿੱਲੀ ਦੀ ਸਰਕਾਰ ਕੋਲ ਕਿੰਨੇ ਕੁ ਅਧਿਕਾਰ ਹਨ?) ਯਾਦ ਰਹੇ ਸਮੇਂ ਸਮੇਂ ਭਾਜਪਾ ਤੇ ਕਾਂਗਰਸ ਵੀ ਦਿੱਲੀ ਨੂੰ ਪੂਰੇ ਰਾਜ ਦਾ ਦਰਜਾ ਦੇਣ ਦੀ ਮੰਗ ਕਰਦੀਆਂ ਰਹੀਆਂ ਹਨ - ਹੁਣ ਸ਼ਾਇਦ ਉਨ੍ਹਾਂ ਵਾਸਤੇ ਇਹ ਮੁੱਦਾ ਨਹੀਂ। ਪਰ ਕੇਜਰੀਵਾਲ ਦੀ ਸਰਕਾਰ ਵਾਰ ਵਾਰ ਉੱਪ ਰਾਜਪਾਲ ਨਾਲ ਹੀ ਉਲਝਦੀ ਰਹੀ। ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦਿਵਾਉਣ ਵਾਸਤੇ ਅੰਦੋਲਨ ਦੇ ਰਾਹ ਕਿਉਂ ਨਾ ਪਈ। ਕੀ ਆਪ ਦਾ ਵੀ ਰਵਾਇਤੀ ਪਾਰਟੀਆਂ ਵਰਗਾ ਹੀ ਵਤੀਰਾ ਨਹੀਂ ਹੋ ਗਿਆ? ਕਹਿਣ ਨੂੰ ਆਪਣੇ ਆਪ ਨੂੰ ਬਦਲਵੀ ਸਿਆਸਤ ਦੇ ਆਪੇ ਹੀ ਚੈਪੀਅਨ ਕਹੀ ਜਾਣਾ ਜਚਦਾ ਨਹੀਂ- ਕਿਉਂਕਿ ਇਹ ਸੱਚ ਨਹੀਂ। (ਆਪੇ ਹੀ ਮੈਂ ਰੱਜੀ ਪੁੱਜੀ ਆਪੇ ਮੇਰੇ ਬੱਚੇ ਜੀਣ) ਸੱਚ ਤਾਂ ਦਿੱਲੀ ਨੂੰ ਪੂਰਾ ਰਾਜ ਬਨਾਉਣ ਵਾਸਤੇ ਅੰਦੋਲਨ ਕਰਨਾ ਹੀ ਹੋਣਾ ਚਾਹੀਦਾ ਸੀ। ਆਪ ਨੇ ਲੋਕਾਂ ਨਾਲ ਇਹ ਵਾਅਦ ਕੀਤਾ ਸੀ- ਪੁੱਛਿਆ ਤਾਂ ਇਹ ਵੀ ਜਾ ਸਕਦਾ ਹੈ ਕਿ ਅਗਲੀਆਂ ਚੋਣਾਂ ਵਿਚ ਇਸ ਮਸਲੇ ਬਾਰੇ ਕੀ ਜਵਾਬ ਦੇਣਗੇ?
ਜਮਹੂਰੀ ਪਰਬੰਧ ਅੰਦਰ ਕਿਸੇ ਵੀ ਪਾਰਟੀ ਦਾ ਚਰਿਤਰ ਲੋਕਰਾਜੀ ਹੋਣਾ ਚਾਹੀਦਾ ਹੈ, ਭਾਵ ਕਿਸੇ ਵੀ ਪਾਰਟੀ ਦੇ ਅੰਦਰਲੀ  ਜਮਹੂਰੀਤ ਦਾ ਹੋਣਾ ਲਾਜ਼ਮੀ ਹੁੰਦਾ ਹੈ। ਇਸ ਦਾ ਅਰਥ ਇਹ ਹੈ ਕਿ ਪਾਰਟੀ ਦੇ ਅਹੁਦੇਦਾਰਾਂ ਦੀ ਪਾਰਟੀ ਦੀ ਹੋਈ ਮੈਂਬਰਸਿੱਪ ਦੇ ਅਧਾਰ 'ਤੇ ਚੋਣ ਹੋਵੇ। ਅਜੇ ਤੱਕ ਆਮ ਆਦਮੀ ਪਾਰਟੀ ਇਸ ਰਾਹੇ ਨਹੀਂ ਪੈ ਸਕੀ। ਬਾਕੀ ਦੀਆਂ ਸਿਆਸੀ ਧਨਾਢ ਪਾਰਟੀਆਂ (ਬੁਰਜੂਆ ਪਾਰਟੀਆਂ) ਭਾਜਪਾ, ਕਾਂਗਰਸ, ਅਕਾਲੀ ਦਲ ਬਗੈਰਾ ਵਾਂਗ ਉੱਪਰੋਂ ਹੀ ਅਹੁਦੇਦਾਰ ਥਾਪੇ ਜਾਂਦੇ ਹਨ। ਅਜੇ ਤੱਕ ਕਿਸੇ ਵੀ ਪੱਧਰ 'ਤੇ "ਆਪ'' ਦੀ ਕਦੇ ਚੋਣ ਨਹੀਂ ਹੋਈ। ਅਹੁਦੇਦਾਰ "ਹਾਈਕਮਾਂਡ'' ਵਲੋਂ ਹੀ ਥਾਪੇ ਜਾਂਦੇ ਹਨ (ਇਹ ਸੂਬੇਦਾਰ ਹੀ ਕਹੇ ਜਾ ਸਕਦੇ ਹਨ)। ਫੇਰ ਇਹ ਕਿਹੜਾ ਜਮਹੂਰੀ ਜਾਂ 'ਬਦਲਵੀ ਸਿਆਸਤ' (?) ਵਾਲਾ ਰਾਹ ਹੋਇਆ। ਪੰਜ ਸਾਲ ਲੰਘ ਗਏ ਹਨ ਹੁਣ ਤਾਂ ਇਸ ਬਾਰੇ ਸੋਚਿਆ ਹੀ ਜਾਣਾ ਚਾਹੀਦਾ ਹੈ। ਵਲੰਟੀਅਰਾਂ ਨੂੰ ਪੁੱਛ ਕੇ ਹਰ ਕੰਮ ਕਰਨ ਦੀਆਂ ਗੱਲਾਂ "ਟਾਹਰਾਂ'' ਹੋ ਗਈਆਂ। ਲੋਕਾਂ ਨੂੰ ਜੁਮਲਿਆਂ ਨਾਲ ਪਰਚਾਅ ਕੇ ਚੋਣਾਂ ਜਿੱਤ ਲੈਣੀਆਂ ਹੋਰ ਗੱਲ ਹੈ - ਵਾਅਦਿਆਂ ਦੀ ਪੂਰਤੀ ਵਾਸਤੇ ਸੰਘਰਸ਼ ਕਰਨਾ ਹੋਰ ਗੱਲ। ਕਿਸੇ ਪਾਰਟੀ ਦਾ ਵਿਧਾਨ ਪਾਰਟੀ ਲਈ ਜ਼ਾਬਤਾ ਕਾਇਮ ਕਰਦਾ ਹੈ। ਪ੍ਰੋਗਰਾਮ ਪਾਰਟੀ ਅੰਦਰ ਅਨੁਸਾਸ਼ਨ ਕਾਇਮ ਰੱਖਣ ਅਤੇ ਸੇਧ ਦੇਣ ਵਾਸਤੇ ਹੁੰਦਾ ਹੈ - ਪਰ ਇਸ ਪਾਰਟੀ ਵਾਲੇ ਵਿਧਾਨ, ਪ੍ਰੋਗਰਾਮ ਵਰਗੇ ਦਸਤਾਵੇਜਾਂ ਨੂੰ ਜਾਣਦੇ ਹੀ ਕੁੱਝ ਨਹੀਂ। ਪਾਰਟੀ ਵਿਧਾਨ ਕਹਿੰਦਾ ਹੈ ਇਕ ਵਿਅਕਤੀ ਕੋਲ ਦੋ ਅਹੁਦੇ ਨਹੀਂ ਹੋ ਸਕਦੇ, ਪਰ ਸ਼੍ਰੀਮਾਨ ਕੇਜਰੀਵਾਲ ਸ਼ੁਰੂ ਤੋਂ ਹੀ ਦੋ ਅਹੁਦਿਆਂ ਤੇ ਬਿਰਾਜਮਾਨ ਹਨ - ਕਿਉਂ? ਕੋਈ ਨਹੀਂ ਕੁਸਕਦਾ। ਪਿਛਲੀਆਂ ਚੋਣਾਂ ਵੇਲੇ ਬੜੇ ਜੋਰ-ਸ਼ੋਰ ਨਾਲ ਕਿਹਾ ਗਿਆ - ਅਖੇ ਸਾਡੀ ਪਾਰਟੀ ਦਾ ਵਿਧਾਨ ਕਿਸੇ ਹੋਰ ਸਿਆਸੀ ਪਾਰਟੀ ਨਾਲ ਗੱਠਜੋੜ ਕਰਨ ਦੀ ਇਜਾਜ਼ਤ ਨਹੀ ਦਿੰਦਾ, ਮਨਪ੍ਰੀਤ ਦੀ ਪੀਪਲਜ਼ ਪਾਰਟੀ ਨਾਲ ਹੋਣ ਵਾਲਾ ਸਮਝੌਤਾ ਇਸੇ ਹੰਕਾਰ ਥੱਲੇ ਰੱਦ ਕੀਤਾ ਸੀ। ਫੇਰ ਪਾਰਟੀ ਵਿਧਾਨ ਵਿਚ ਤਬਦੀਲੀ ਕੀਤੇ ਬਿਨਾਂ ਹੀ ਲੁਧਿਆਣੇ ਵਾਲੇ ਬੈਂਸਾਂ ਨਾਲ ਸਮਝੌਤਾ ਕਰ ਵੀ ਲਿਆ। ਇਸ ਦਾ ਕੀ ਰਾਜ਼ ਹੋ ਸਕਦਾ ਹੈ? ਇਹ ਸਮਝੌਤਾ ਸੀ ਕਿ ਸੌਦਾ ਸੀ? ਕੀ ਪਾਰਟੀ ਦੇ ਲੀਡਰਾਂ ਨੇ ਆਪਣੇ ਵਲੰਟੀਅਰਾਂ ਨੂੰ ਇਸ ਬਾਰੇ ਦੱਸਿਆ? ਜਾਂ ਉਨ੍ਹਾਂ ਤੋਂ ਮੰਨਜ਼ੂਰੀ ਲਈ, ਜਿਸਦਾ ਉਹ ਆਮ ਪ੍ਰਚਾਰ ਕਰਦੇ ਥੱਕਦੇ ਹੀ ਨਹੀਂ ਸਨ।
ਪੰਜਾਬ ਨੇ ਆਮ ਆਦਮੀ ਪਾਰਟੀ ਦੀਆਂ ਜੜ੍ਹਾਂ ਲਾਉਣ ਦਾ ਕੰਮ ਕੀਤਾ ਪਰ, ਦਿੱਲੀ ਵਾਲਿਆਂ ਇਸ ਚਾਰ ਮੈਂਬਰੀਂ ਪਾਰਲੀਮੈਂਟ ਗਰੁੱਪ ਨੂੰ ਚੱਲਣ ਹੀ ਨਾ ਦਿੱਤਾ। ਦੋ ਮੈਂਬਰ ਪਾਰਟੀ ਤੋਂ ਸਸਪੈਂਡ ਕਰ ਦਿੱਤੇ, ਨਾ ਉਨ੍ਹਾਂ ਨੂੰ ਪਾਰਟੀ 'ਚੋਂ ਕੱਢਿਆ ਨਾ ਮੋੜ ਕੇ ਲਿਆਉਣ ਵਾਸਤੇ ਗੱਲ ਕੀਤੀ। ਹੁਣ ਦੋ ਤਾਂ ਸਿਰਫ ਤਨਖਾਹ ਹੀ ਲੈ ਰਹੇ ਹਨ। ਪੰਜਾਬ 'ਚੋਂ ਆਪ ਦੇ ਚੁਣੇ ਹੋਏ ਚਾਰ ਮੈਂਬਰਾਂ ਵਿਚੋਂ ਜੇ ਕੋਈ ਪਾਰਲੀਮੈਂਟ ਵਿਚ ਮਸਲੇ ਚੁੱਕ ਰਿਹਾ ਉਹ ਸਿਰਫ ਧਰਮਵੀਰ ਗਾਂਧੀ ਹੀ ਹੈ - ਜੋ ਆਪਣੇ ਹਲਕੇ ਵਾਸਤੇ ਅਤੇ ਨਾਲ ਹੀ ਪੰਜਾਬ ਦੇ ਮਸਲੇ ਵੀ ਚੁੱਕਦਾ ਹੈ। ਭਗਵੰਤ ਮਾਨ ਪਹਿਲਾਂ ਕੁੱਝ ਸਮੇਂ ਵਾਸਤੇ ਹੀ ਸਰਗਰਮ ਰਿਹਾ ਪਰ ਹੁਣ ਉਹ ਗੱਲ ਨਹੀਂ। ਹੁਣ ਉਹ ਪੰਜਾਬ ਪਾਰਟੀ ਦਾ ਪ੍ਰਧਾਨ ਬਣਾਇਆ ਹੋਇਆ ਹੈ ਪਰ ਪਾਰਟੀ ਨੂੰ ਸਾਂਭਣਾ, ਅਗਵਾਈ ਦੇਣੀ ਸ਼ਾਇਦ ਉਸ ਦੇ ਵਸ ਦਾ ਕੰਮ ਨਹੀਂ। ਚੰਗਾ ਹੋਵੇ ਜੇ ਅਜੇ ਵੀ ਪੰਜਾਬ ਦੀ ਪ੍ਰਧਾਨਗੀ ਪਾਰਟੀ ਨੂੰ ਸਿਆਸੀ ਅਤੇ ਜਥੇਬੰਦਕ ਪੱਖੋਂ ਅਗਵਾਈ ਦੇ ਸਕਣ ਵਾਲੇ ਦੇ ਹਵਾਲੇ ਕਰ ਦਿੱਤੀ ਜਾਵੇ ਭਾਵੇਂ ਕਿ ਚਾਹੀਦਾ ਤਾਂ ਇਹ ਹੈ ਕਿ ਥੱਲੇ ਦੀ ਇਕਾਈ ਤੋਂ ਕਂਦਰੀ ਕਮੇਟੀ ਤੱਕ ਚੋਣਾਂ ਕਰਵਾਕੇ ਪਾਰਟੀ ਨੂੰ ਜਮਹੂਰੀ ਬਣਾਇਆ ਜਾਵੇ। ਸ਼ਾਇਦ ਇਹ ਪਾਰਟੀ 'ਤੇ ਕਾਬਜ ਲੋਕਾਂ ਨੂੰ ਪੁੱਗਦਾ ਨਹੀਂ - ਪਾਰਟੀ ਨਾਲ ਜੁੜੇ ਕਾਰਕੁਨਾਂ ਨੂੰ ਇਸ ਸਬੰਧੀ ਆਪਣੀ ਆਵਾਜ਼ ਉਠਾਉਣੀ ਚਾਹੀਦੀ ਹੈ। ਆਮ ਹੀ ਕਿਹਾ ਜਾਂਦਾ ਹੈ ਸਾਡੀ ਤਾਂ ਅੰਦੋਲਨ ਦੀ ਪਾਰਟੀ ਹੈ- ਜਦੋਂ ਆਪਣੀ ਗੱਲ ਹੋਵੇ ਤਾਂ 'ਸਿਰ ਸੁੱਟ ਅੰਦੋਲਨ' ਚੱਲ ਪੈਂਦਾ ਹੈ।
ਪਿਛਲੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਲੋਕਾਂ ਦਾ ਮਨ ਸੀ ਕਿ 'ਆਪ' ਜਿੱਤ ਜਾਵੇ, ਐਨ ਆਰ ਆਈਜ਼ ਨੇ ਵਿਤੋਂ ਵੱਧ ਜ਼ੋਰ ਲਾਇਆ ਪਰ ਧੜੇਬੰਦੀ ਤੇ ਜ਼ਾਤੀ ਗਰਜ਼ਾਂ ਵਿਚ ਫਸੇ 'ਆਪ' ਦੇ "ਲੀਡਰਾਂ'' ਨੇ ਆਪਣੀਆਂ ਸਿਆਸੀ ਚਾਲਾਂ ਚੱਲਕੇ ਪੰਜਾਬੀਆਂ ਨੂੰ ਨਿਰਾਸ਼ ਕੀਤਾ। ਹਾਲਾਂਕਿ ਬਾਹਰ ਵਸਦੇ ਪੰਜਾਬੀਆਂ ਨੇ ਆਮ ਆਦਮੀ ਪਾਰਟੀ ਦੇ ਖਜ਼ਾਨੇ ਮਾਇਆ ਨਾਲ ਉੱਛਲਣ ਲਾ ਦਿੱਤੇ। ਮਿਹਨਤ ਕਰਕੇ ਪੰਜਾਬ ਅੰਦਰ ਪਾਰਟੀ ਖੜ੍ਹੀ ਕਰਨ ਵਾਲੇ ਸੁੱਚਾ ਸਿੰਘ ਛੋਟੇਪੁਰ ਉੱਤੇ ਲਾਏ ਦੋਸ਼ ਅਜੇ ਤੱਕ ਲੋਕਾਂ ਨੂੰ ਦੱਸੇ ਹੀ ਨਾ ਗਏ। ਪਰ ਛੋਟੇਪੁਰ ਨੂੰ ਪਾਰਟੀ 'ਚੋਂ ਕੱਢ ਦਿੱਤਾ। ਰੌਲਾ ਦੋ ਲੱਖ ਰੁਪਏ ਦਾ ਪੈਂਦਾ ਰਿਹਾ। ਕਮਾਲ ਦੇਖੋ ਕਿ ਉਸ ਸਮੇਂ ਪੰਜਾਬ ਦੇ ਥਾਪੇ ਨਵੇਂ ਪ੍ਰਧਾਨ ਘੁੱਗੀ ਨੂੰ ਰੌਲ਼ਾ ਪਾਉਣ ਦੇ ਬਾਵਜੂਦ ਵੀ "ਸਬੂਤਾਂ'' (?) ਵਾਲੀ ਵੀਡੀਉ ਨਾ ਵਿਖਾਈ ਗਈ। ਪਰ ਦਿੱਲੀ ਵਾਲਿਆਂ 'ਤੇ ਯੌਨ ਸੋਸ਼ਣ ਦੇ ਨਾਲ ਹੀ ਕਰੋੜਾਂ ਦੇ ਘਪਲਿਆਂ ਦੇ ਦੋਸ਼ ਲੱਗੇ, ਕਿਸੇ ਨੇ ਅਜੇ ਤੱਕ ਵੀ ਜਾਂਚ ਨਹੀਂ ਕੀਤੀ - ਪਰ ਉਹ ਲੋਕ "ਹਾਈ ਕਮਾਂਡ'' ਵਿਚ ਹਨ, ਸ਼ਾਇਦ ਇਸ ਕਰਕੇ ਜਾਂਚ ਤੋਂ ਬਚੇ ਹੋਏ ਹਨ। ਫੇਰ ਪਾਰਦਰਸ਼ਤਾ ਦੇ ਅਰਥਾਂ ਦਾ ਖੁਲਾਸਾ ਕੌਣ ਕਰੇਗਾ? ਸੋਚਣਾ ਤਾਂ ਬਣਦਾ ਹੀ ਹੈ।
"ਆਪ'' ਵਿਚ ਬਹੁਤ ਕੁੱਝ ਹੈ ਜਿਸ ਬਾਰੇ ਸੋਚਣ ਦੀ ਲੋੜ ਹੈ। ਪੰਜਾਬ ਵਿਧਾਨ ਸਭਾ ਅੰਦਰ ਵਿਰੋਧੀ ਧਿਰ ਹੋਣ ਕਰਕੇ ਬਹੁਤ ਵੱਡੀ ਜੁੰਮੇਵਾਰੀ ਹੈ 'ਆਪ' ਵਾਲਿਆਂ ਦੀ, ਕਿ ਉਹ ਲੋਕਾਂ ਦੀ ਆਵਾਜ਼ ਬਣਕੇ ਵਿਧਾਨ ਸਭਾ ਵਿਚ ਜਾਣ। ਪਰ ਹਾਲ ਦੀ ਘੜੀ ਤੱਕ ਲਗਦਾ ਨਹੀਂ ਕਿ ਉਹ ਇਸ ਜੁੰਮੇਵਾਰੀ ਨੂੰ ਨਿਭਾਉਣ ਦੇ ਯੋਗ ਹਨ। ਜਦੋਂ ਲੋਕਾਂ ਦੇ ਮਸਲਿਆਂ ਦੇ ਥਾਂ ਆਪਣੇ ਜਾਤੀ ਮਸਲਿਆਂ ਨੂੰ ਪਹਿਲ ਦੇਣ ਲੱਗ ਪੈਣ ਤਾਂ ਲੋਕ ਕੀ ਆਸ ਰੱਖਣ? ਵਿਧਾਨ ਸਭਾ ਦੇ ਅੰਦਰ ਮਸਲੇ ਚੁੱਕਣ ਨਾਲੋਂ ਵਾਕ-ਆਊਟ ਵਰਗਾ ਰਾਹ ਭਾਲ ਕੇ ਬਾਹਰ ਖੜ੍ਹੇ ਹੋ ਕੇ ਕੀ ਖੱਟਣਗੇ? ਲੋਕਾਂ ਦੇ ਮਸਲੇ ਕੌਣ ਚੁੱਕੂ? ਵਿਧਾਨ ਸਭਾ ਦੇ ਸਪੀਕਰ+ਮੁੱਖਮੰਤਰੀ  ਨਾਲ ਮਿਲ ਕੇ ਅਸੰਬਲੀ ਸੈਸ਼ਨ ਲੰਬੇ ਕਰਵਾਉਣ ਤਾਂ ਕਿ ਲੋਕਾਂ ਦੇ ਮਸਲੇ ਵਿਚਾਰੇ ਜਾਣ। ਵਾਕ ਆਊਟ ਦਾ ਰਾਹ ਬਿਲਕੁੱਲ ਕਿਸੇ ਸੂਰਤ ਵਿਚ ਵੀ ਨਾ ਅਪਨਾਉਣ। ਅਕਾਲੀ ਤਾਂ ਇਹ ਹੀ ਚਾਹੁੰਦੇ ਹਨ ਕਿ ਆਪ ਵਾਲੇ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣ ਜੋਗੇ ਹੀ ਨਾ ਰਹਿਣ। ਉਹ ਅਕਾਲੀਆਂ ਦੀ ਚਾਲ ਨੂੰ ਸਮਝਣ ਤੋਂ ਅਸਮਰੱਥ ਹਨ। ਲੋਕਾਂ ਨੇ ਇਨ੍ਹਾਂ ਨੂੰ ਵਿਧਾਨ ਸਭਾ ਦੇ ਅੰਦਰ ਭੇਜਿਆ ਹੈ - ਸੈਰ-ਸਪਾਟੇ ਦੇ ਬਹਾਨੇ ਬਾਹਰ ਖੜ੍ਹਨ ਵਸਤੇ ਨਹੀਂ ਭੇਜਿਆ।
ਪਾਰਟੀ ਅੰਦਰਲੀ ਧੜੇਬੰਦੀ ਪਾਰਟੀ ਦੇ ਪੱਧਰ 'ਤੇ ਅੰਦਰ ਬਹਿ ਕੇ ਵਿਚਾਰੀ ਜਾਣੀ ਚਾਹੀਦੀ ਹੈ। ਜਿਨ੍ਹਾਂ ਨੂੰ ਵੱਡੇ ਅਹੁਦਿਆਂ ਦਾ ਲਾਲਚ ਹੈ ਉਨ੍ਹਾਂ ਨੂੰ ਵੀ ਸਮਝਾਉਣਾ ਚਾਹੀਦਾ ਹੈ। ਦੂਜੀਆਂ ਪਾਰਟੀਆਂ ਵਲੋਂ 'ਆਪ' ਅੰਦਰ "ਡੈਪੂਟੇਸ਼ਨ'' 'ਤੇ ਆਏ ਕੁੱਝ ਵੀ ਕਰ ਸਕਦੇ ਹਨ। ਕਿਸੇ ਵੀ ਪਾਰਟੀ ਲਈ ਪਾਰਟੀ ਦੀ ਏਕਤਾ ਬਹੁਤ ਵੱਡੀ ਗੱਲ ਹੁੰਦੀ ਹੈ। ਪਰ ਇੱਥੇ ਅਹੁਦੇ ਦਬਕੇ ਨਾਲ ਨਾ ਲਏ ਜਾਣ। ਪਾਰਟੀ ਅੰਦਰ ਫੂਲਕਾ ਸਾਹਿਬ ਨਾਲ ਜੋ ਹੋਈ ਨਹੀਂ ਹੋਣੀ ਚਾਹੀਦੀ ਸੀ। ਸੂਝ-ਸਿਆਣਪ ਪੱਖੋਂ ਉਹ ਮਹੱਤਵਪੂਰਨ ਅਤੇ ਸਾਊ ਵੀ ਹਨ। ਅਜਿਹੇ ਲੋਕਾਂ ਨੂੰ ਹਾਸ਼ੀਏ 'ਤੇ ਨਹੀਂ ਧੱਕਣਾ ਚਾਹੀਦਾ। ਕੀ ਕੋਈ ਜਵਾਬ ਦੇ ਸਕਦਾ ਹੈ ਕਿ ਜਿਸਨੂੰ ਵਿਧਾਨ ਸਭਾ ਦੇ ਗਰੁੱਪ ਅੰਦਰ 'ਵਿੱਪ' ਦਾ ਅਹੁਦਾ ਮਿਲਿਆ ਸੀ ਉਸਨੇ ਹੋਰ ਵੱਡਾ ਅਹੁਦਾ ਕਿਵੇਂ ਤੇ ਕਿਹੜੇ 'ਦਬਕੇ' ਨਾਲ ਪ੍ਰਾਪਤ ਕੀਤਾ?
ਪਿਛਲੇ ਸਮੇਂ ਤੋਂ ਰਾਜ ਸਭਾ ਅੰਦਰ ਜਾਣ ਦਾ ਕਈਆਂ ਵਿਚਾਲ਼ੇ ਘੋਲ ਚੱਲ ਰਿਹਾ ਸੀ। ਇਸ ਬਾਰੇ ਕਿਹਾ ਜਾ ਰਿਹਾ ਸੀ ਕਿ ਜਿਨ੍ਹਾਂ 'ਤੇ ਕਿਸੇ ਵੀ ਚੋਣਾਂ ਸਮੇਂ ਟਿਕਟਾਂ ਵੇਚਣ ਦੇ ਦੋਸ਼ ਲੱਗੇ ਹੋਣ ਅਜਿਹੇ ਲੋਕ ਬਿਲਕੁੱਲ ਰਾਜ ਸਭਾ ਵਿਚ ਨਹੀਂ ਭੇਜੇ ਜਾਣੇ ਚਾਹੀਦੇ। ਕੁਮਾਰ ਵਿਸ਼ਵਾਸ ਕਾਫੀ ਦੇਰ ਤੋਂ ਆਪਣੇ ਆਪ ਨੂੰ ਪਾਰਟੀ ਦਾ ਮੋਢੀ ਮੈਂਬਰ ਦੱਸ ਕੇ ਰਾਜ ਸਭਾ ਲਈ ਮੈਂਬਰੀ ਤੇ ਆਪਣਾ ਹੱਕ ਜਤਾਈ ਜਾ ਰਿਹਾ ਸੀ। ਪੱਤਰਕਾਰ ਤੋਂ ਨੇਤਾ ਬਣੇ ਆਸ਼ੂਤੋਸ਼ ਦਾ ਨਾਂ ਵੀ ਚੁਣੇ ਜਾਣ ਵਾਲਿਆਂ ਵਿਚ ਬੋਲਦਾ ਸੀ। ਪਰ ਪਾਰਟੀ ਦੇ ਦੋ ਵੱਡੇ ਲੀਡਰਾਂ ਵਲੋਂ ਆਪਣਿਆਂ ਨੂੰ ਛੱਡਕੇ ਪਾਰਟੀ ਤੋਂ ਬਾਹਰਲੇ ਸਰਮਾਏਦਾਰ ਲੋਕਾਂ ਵੱਲ ਪਹੁੰਚ ਕੀਤੀ ਗਈ? ਪਰ ਕਿਉਂ? ਕੀ 'ਆਪ' ਅੰਦਰ ਅਕਲਮੰਦਾ ਦਾ ਏਨਾ ਕਾਲ਼ ਪੈ ਗਿਆ ਹੋਇਆ ਕਿ ਗੈਰ ਪਾਰਟੀ ਮੈਂਬਰਾਂ ਨੂੰ ਰਾਜ ਸਭਾ ਵਾਸਤੇ ਨਾਮਜ਼ਦ ਕਰ ਦਿੱਤਾ ਗਿਆ? ਕਾਰਨ ਯੋਗਤਾ ਨਹੀਂ ਕੁੱਝ ਹੋਰ ਲਗਦਾ ਹੈ। ਕੀ ਇਸ ਬਾਰੇ ਪਾਰਟੀ 'ਵਲੰਟੀਅਰਜ਼' ਨੂੰ ਪੁੱਛਿਆ ਗਿਆ? ਪੰਜਾਬ ਵਿਚ ਆਪਣੇ 'ਅਨੈਤਿਕ ਕਾਰਨਾਮਿਆਂ' ਕਰਕੇ ਪਾਰਟੀ ਦੀ ਰੱਜ ਕੇ ਬਦਨਾਮੀ ਅਤੇ ਹਾਰ ਦੇ ਜੁੰਮੇਵਾਰ ਸੰਜੇ ਸਿੰਘ ਨੂੰ ਕਿਸ "ਖੁਬੀ'' ਕਰਕੇ ਨਾਮਜ਼ਦ ਕੀਤਾ ਗਿਆ । ਸਿਰਫ ਉੱਪਰਲਿਆਂ ਦਾ ਆਗਿਆਕਾਰੀ (ਯੈੱਸ ਮੈਨ) ਹੋਣਾ ਹੀ ਸਭ ਤੋਂ ਵੱਡੀ ਖੂਬੀ ਗਿਣੀ ਜਾਂਦੀ ਹੈ ਇਸ ਪਾਰਟੀ ਵਿਚ? ਯੈੱਸ ਮੈਨ ਨਾ ਬਣਨ ਵਾਲੇ ਆਪਣੇ ਹੀ ਪਾਰਟੀਉਂ ਬਾਹਰ ਕੀਤਿਆਂ ਨੂੰ ਹੁਣ ਤੱਕ ਵਾਪਸ ਪਾਰਟੀ ਅੰਦਰ ਮੋੜ ਕੇ ਲਿਆਉਣ ਦੇ ਜਤਨ ਕਿਉਂ ਨਹੀਂ ਕੀਤੇ ਗਏ? ਆਪਣੀ ਹੀ ਪਾਰਟੀ ਦੀ ਅਨੁਸਾਸ਼ਨੀ ਕਮੇਟੀ ਦੇ ਮੁਖੀ ਨੂੰ ਸ਼ਾਇਦ ਇਹ ਹੀ ਪਾਰਟੀ ਬਾਹਰ ਕੱਢ ਸਕਦੀ ਹੈ- ਤੇ ਇਨ੍ਹਾਂ ਨੇ ਕੱਢਿਆ ਵੀ - ਬੁੱਧੀਜੀਵੀ, ਦਰਵੇਸ਼ ਮਨੁੱਖ ਡਾ. ਦਲਜੀਤ ਸਿੰਘ (ਹੁਣ ਸਵਰਗਵਾਸੀ) ਨੂੰ । ਕਿਸੇ ਵੀ ਸਿਆਸੀ ਪਾਰਟੀ ਨੂੰ "ਪ੍ਰਾਈਵੇਟ ਲਿਮਟਿਡ'' ਬਣਾ ਕੇ ਨਹੀਂ ਚਲਾਇਆ ਜਾ ਸਕਦਾ। ਆਮ ਆਦਮੀ ਪਾਰਟੀ ਦੀ "ਲੀਡਰਸ਼ਿੱਪ'' ਇਸ ਨੂੰ ਇਵੇਂ ਹੀ ਚਲਾਉਣ ਵਾਸਤੇ ਜਤਨਸ਼ੀਲ ਹੈ। ਇਹ 'ਬਦਲਵੀ ਸਿਆਸਤ' ਵਾਲੇ ਜੁਮਲੇ ਨੂੰ ਕਦੋਂ ਦੇ ਭੁੱਲ ਚੁੱਕੇ ਹਨ। ਕਿਸੇ ਵੀ ਲੋਕਰਾਜੀ ਜਾਂ ਕਹੀਏ ਸਵਰਾਜ ਦੇ ਸਿਧਾਂਤ ਨੂੰ ਪਰਣਾਈ ਪਾਰਟੀ ਵਾਸਤੇ ਇਹ ਘਾਤਕ ਰਾਹ ਹੈ। ਬੁਨਿਆਦੀ ਸਿਧਾਂਤ ਵਾਲੀ ਲੀਹੋਂ ਲੱਥ ਚੁੱਕੀ ਹੈ ਇਹ ਪਾਰਟੀ। ਜਿਸ ਕਰਕੇ ਅਗਲੇ ਸਮੇਂ ਪਾਰਟੀ ਦਾ ਹੋਰ ਖਿਲਾਰਾ ਪੈਣ ਦੀਆਂ ਸੰਭਾਵਨਾਵਾਂ ਵੀ ਹਨ। ਕੁਮਾਰ ਵਿਸ਼ਵਾਸ ਵਰਗੇ "'ਆਪ ਦੇ ਸ਼ਹੀਦ'' ਚੁੱਪ-ਚਾਪ ਨਹੀਂ ਬੈਠਣ ਲੱਗੇ- ਲੋਕ ਸਭਾ ਵਾਲਾ ਲਾਲੀਪੌਪ ਉਹਨੂੰ ਪੁੱਗਣਾ ਨਹੀਂ? ਉਹ ਜਾਵੇਗਾ, ਸਵਾਲ ਇਹ ਹੈ ਕਿ ਉਹ ਕਦੋਂ ਕੁ ਅਤੇ ਉਸਦੇ ਨਾਲ ਕਿੰਨੇ ਕੁ ਹੋਰ ਜਾਣਗੇ।
'ਆਮ ਆਦਮੀ ਪਾਰਟੀ' ਨੇ ਜੇ ਮੁੜ ਲੀਹ 'ਤੇ ਆਉਣਾ ਹੈ ਤਾਂ ਜਤਨ ਕੀਤੇ ਜਾਣੇ ਚਾਹੀਦੇ ਹਨ ਕਿ ਉਹ ਸੂਝਵਾਨ ਲੋਕ ਜਿਨ੍ਹਾਂ ਪਾਰਟੀ ਉਸਾਰਨ ਵਿਚ ਯੋਗਦਾਨ ਪਾਇਆ ਕਿਸੇ ਵੀ ਕਾਰਨ ਪਾਰਟੀ ਨੇ ਬਾਹਰ ਕੱਢੇ ਹੋਏ ਹਨ ਜਾਂ ਸਸਪੈਂਡ/ਮੁਅੱਤਲ ਕੀਤੇ ਹੋਏ ਹਨ ਉਨ੍ਹਾਂ ਨਾਲ ਵਿਚਾਰ-ਵਟਾਂਦਰਾ ਕਰਕੇ ਉਨ੍ਹਾਂ ਨੂੰ ਵਾਪਸ ਲਿਆਂਦਾ ਜਾਵੇ। ਇਸ ਨਾਲ ਪਾਰਟੀ ਨੂੰ ਬਹੁਤ ਫਾਇਦਾ ਹੋਵੇਗਾ। ਪਾਰਟੀ ਮੈਂਬਰਾਂ ਦੇ ਆਸਰੇ ਹੀ ਉਸਰਦੀ ਹੈ ਪਰ ਨਾਲ ਹੀ ਸੇਧ ਦੇਣ ਵਾਲੇ ਸੂਝਵਾਨ ਆਗੂ ਵੀ ਚਾਹੀਦੇ ਹਨ। ਇਸ ਸਮੇਂ ਸੂਝਵਾਨ ਆਗੂਆਂ ਦੀ ਘਾਟ ਬਾਰੇ ਗੱਲ ਕਰਦਿਆਂ ਕਈ ਸਿਆਸੀ ਟਿੱਪਣੀਕਾਰ ਆਮ ਆਦਮੀ ਪਾਰਟੀ ਦੀ ਤੁਲਨਾ 'ਸ਼ਿਵ ਜੀ ਦੀ ਬਰਾਤ' ਨਾਲ ਵੀ ਕਰਦੇ ਹਨ। ਇਸ ਤੋਂ ਬਚਣ ਦੀ ਲੋੜ ਹੈ। ਪਾਰਟੀ ਨੂੰ ਅੰਦਰੂਨੀ ਜਮਹੂਰੀਅਤ ਬਾਰੇ ਵੀ ਨਹੀਂ ਭੁੱਲਣਾ ਚਾਹੀਦਾ ਤਾਂ ਕਿ ਪਾਰਟੀ ਲੋਕਰਾਜੀ ਕਦਰਾਂ-ਕੀਮਤਾਂ ਵਾਲੀ ਵੀ ਹੋਵੇ। ਆਮ ਆਦਮੀ ਪਾਰਟੀ ਅਜੇ ਤੱਕ ਬਦਲਵੀਂ ਸਿਆਸਤ ਜਾਂ ਬਦਲਵੇਂ ਪ੍ਰਬੰਧ ਦੇ ਨਾਅਰੇ ਤੱਕ ਹੀ ਮਸਾਂ ਪਹੁੰਚੀ ਹੈ - ਅਮਲ ਵਿਚ ਇਸ ਤੋਂ ਬਹੁਤ ਦੂਰ ਹੈ। ਆਪਣੇ ਜ਼ਾਤੀ ਫਾਇਦਿਆਂ ਵਾਸਤੇ ਲੜਨਾ ਜਾਂ ਫੇਰ ਲੋਕ ਹਿਤਾਂ ਵਾਸਤੇ ਸਿਆਸਤ ਕਰਨੀ ਇਸ ਵਿਚ ਬਹੁਤ ਵੱਡਾ ਫਰਕ ਹੁੰਦਾ ਹੈ, ਬੱਸ ਇਸ ਨੂੰ ਸਮਝਣ ਵਾਲੀ