Kehar Sharif

ਸ਼ਰਧਾਂਜਲੀ ਸਮਾਗਮ ਮੌਕੇ ☬: ਅਲਵਿਦਾ -  ਸੁਭਾਸ਼ ਜੋਸ਼ੀ - ਕੇਹਰ ਸ਼ਰੀਫ਼

ਬਲਾਚੌਰ ਦੇ ਨਾਲ ਲਗਦਾ ਪਿੰਡ ਹੈ ਸਿਆਣਾ (ਹੁਣ ਸ਼ਾਇਦ ਇਹ ਬਲਾਚੌਰ ਦੀ ਹੱਦ ਦੇ ਅੰਦਰ ਹੀ ਹੈ)। ਇਸ ਪਿੰਡ ਦੇ ਦੇਸ਼ ਭਗਤ ਸਨ ਬ੍ਰਹਮਾ ਨੰਦ ਸੰਤੋਸ਼ੀ, ਬਿਨਾਂ ਲੋਭ ਲਾਲਚ, ਸਬਰ-ਸੰਤੋਖ ਵਾਲੇ, ਨਿਰਸੁਆਰਥ ਪੱਕੇ ਕਾਂਗਰਸੀ । ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਵੇਲੇ, ਗਿਆਨੀ ਜ਼ੈਲ ਸਿੰਘ ਨਾਲ ਜੇਲਾਂ ਕੱਟਣ ਵਾਲੇ, ਗਿਆਨੀ, ਜੋ ਬਾਅਦ 'ਚ ਦੇਸ਼ ਦੇ ਰਾਸ਼ਟਰਪਤੀ ਬਣੇ । ਕਿਸੇ ਅੱਗੇ ਹੱਥ ਅੱਡਣ ਤੋਂ ਨਾਬਰ ਬ੍ਰਹਮਾ ਨੰਦ ਆਪਣੇ ਜੇਲ ਸਾਥੀ ਗਿਆਨੀ ਜੈਲ ਸਿੰਘ ਦੇ ਮੁੱਖਮੰਤਰੀ ਹੁੰਦਿਆਂ ਆਪਣੇ ਪੜ੍ਹੇ ਲਿਖੇ ਪੁੱਤਰ ਭਗੀਰਥ ਲਈ ਨੌਕਰੀ ਤੱਕ ਲਈ ਨਾ ਕਹਿ ਸਕੇ। ਪਰ ਬ੍ਰਹਮਾਨੰਦ ਜੀ ਦੇ ਸਿਦਕ ਪਿੱਛੇ ਉਨ੍ਹਾਂ ਦੀ ਪਤਨੀ (ਸੁਭਾਸ਼ ਦੀ ਮਾਤਾ ਜੀ) ਦਾ ਬਹੁਤ ਯੋਗਦਾਨ ਰਿਹਾ ਜੋ ਅਧਿਆਪਕਾ ਸੀ। ਇਹ ਪਰਵਾਰਕ ਪਿਛੋਕੜ ਦੱਸਣਾ ਜਰੂਰੀ ਹੈ । ਪਿਛਲੇ ਦਿਨੀਂ ਸਾਡਾ ਬਹੁਤ ਪਿਆਰਾ ਦੋਸਤ/ਸੱਜਣ/ਭਰਾਵਾਂ ਵਰਗਾ ਸੁਭਾਸ਼ ਜੋਸ਼ੀ (ਬਲਾਚੌਰ ਤੋਂ ਕਈਆਂ ਅਖਬਾਰਾਂ ਦਾ ਪੱਤਰ ਪ੍ਰੇਰਕ ਰਿਹਾ) ਸਦੀਵੀ ਵਿਛੋੜਾ ਦੇ ਗਿਆ ਉਹ ਇਸ ਦੇਸ਼ ਭਗਤ ਬ੍ਰਹਮਾ ਨੰਦ ਸੰਤੋਸ਼ੀ ਦਾ ਹੀ ਵੱਡਾ ਪੁੱਤਰ ਸੀ।

            ਪਹਿਲਾਂ ਸਵੇਰ ਵੇਲੇ ਸੁਭਾਸ਼ ਆਪਣੇ ਪਿਤਾ ਦੀ ਮੱਦਦ ਕਰਦਾ ਕਿਉਂਕਿ ਬ੍ਰਹਮਾ ਨੰਦ ਹੋਰਾਂ ਕੋਲ ਅਖਬਾਰਾਂ ਦੀ ਏਜੰਸੀ ਸੀ, ਸਵੇਰੇ ਸੰਤੋਸ਼ੀ ਹੋਰੀਂ ਤਾਂ ਭੱਦੀ ਰੋਡ ਸੜਕ ਦੇ ਕੰਢੇ ਲਗਦੀ ਸਬਜ਼ੀ ਮੰਡੀ ਵਿਖੇ ਸਬਜ਼ੀ ਦੀ ਬੋਲੀ ਲਾਉਣ ਦਾ ਕਾਰਜ ਕਰਦੇ। ਇਸ ਸਮੇਂ ਸੁਭਾਸ਼ ਘਰਾਂ ਤੱਕ ਅਖਬਾਰਾਂ ਪਹੁੰਚਾਉਣ ਦਾ ਕੰਮ ਕਰਦਾ। (ਬਾਅਦ ਵਿਚ ਇਹ ਕਾਰਜ / ਸਹਾਇਤਾ ਭਗੀਰਥ ਵੀ ਕਰਦਾ ਰਿਹਾ) ਸਵੇਰੇ ਇਸ ਦੁਕਾਨ ਦੇ ਸਾਹਮਣੇ ਅਖ਼ਬਾਰਾਂ ਪੜ੍ਹਨ ਵਾਲਿਆਂ ਅਤੇ ਉਨ੍ਹਾ 'ਤੇ ਬਹਿਸ ਕਰਨ ਵਾਲਿਆਂ ਦਾ ਇੱਥੇ ਇਕੱਠ ਹੁੰਦਾ, ਹਰ ਕੋਈ ਆਪਣੀ ਸੋਚ  ਅਨੁਸਾਰ ਗੱਲ ਕਰਦਾ। ਇਹ ਬਹਿਸਣ ਵਾਲੇ ਇਥੋਂ ਬਹਿਸਦੇ ਹੋਏ ਸਾਹਮਣੇ ਕਾਮਰੇਡ ਮਨੋਹਰ ਲਾਲ ਦੀ ਦੁਕਾਨ ਅੱਗੇ ਵੀ ਸਿਸ਼ਤ ਘੋਟਦੇ।

ਬ੍ਰਹਮਾ ਨੰਦ ਸੰਤੋਸ਼ੀ ਅਖਬਾਰਾਂ ਨੂੰ ਖਬਰਾਂ ਵੀ ਭੇਜਦੇ, ਹਿੰਦ ਸਮਾਚਾਰ, ਪ੍ਰਤਾਪ ਬਗੈਰਾ ਨੂੰ। ਨਾਲ ਹੀ "ਅਜੀਤ" ਅਖ਼ਬਾਰ ਨੂੰ ਵੀ ਖ਼ਬਰਾਂ ਭੇਜਦੇ, ਪਰ ਪੰਜਾਬੀ ਅਖਬਾਰ ਨੂੰ ਭੇਜਦੇ ਉਰਦੂ ਵਿਚ ਲਿਖ ਕੇ । "ਅਜੀਤ" ਅਖ਼ਬਾਰ ਨਾਲ ਜੁੜਨ ਦਾ ਕਾਰਨ ਸੀ ਕਿ ਅਜੀਤ ਦੇ ਮਾਲਕ/ਸੰਪਾਦਕ ਸਾਧੂ ਸਿੰਘ ਹਮਦਰਦ ਹੋਰਾਂ ਦਾ ਬਲਾਚੌਰ ਸਹੁਰਾ ਪਿੰਡ ਸੀ। (ਬੀਬੀ ਨਿਰੰਜਣ ਕੌਰ, ਮਾਤਾ ਸਰਦਾਰ ਬਰਜਿੰਦਰ ਸਿੰਘ ਹਮਦਰਦ ਦਾ ਪੇਕਾ ਪਿੰਡ ਬਲਾਚੌਰ) ਇਸ ਜਾਣ-ਪਛਾਣ ਦੇ ਨਾਲ ਹੀ ਦੋਹਾਂ ਦਾ ਕਾਂਗਰਸੀ ਹੋਣਾ ਵੀ ਸਬੱਬ ਬਣ ਗਿਆ। ਉਸ ਸਮੇਂ ਸੰਤੋਸ਼ੀ ਜੀ ਇਕੱਲੇ ਹੀ ਖ਼ਬਰਾਂ ਨਹੀਂ ਸਨ ਭੇਜਦੇ ਮੈਂ ਵੀ (ਇਨ੍ਹਾਂ ਸਤਰਾਂ ਦਾ ਲੇਖਕ) "ਨਵਾਂ ਜ਼ਮਾਨਾ" ਨੂੰ ਕਮਿਉਨਿਸਟ ਪਾਰਟੀ ਦੀਆਂ ਖਬਰਾਂ ਭੇਜਦਾ ਹੁੰਦਾ ਸੀ। ਇਹ 1975-76 ਦੀਆਂ ਗੱਲਾਂ ਹਨ। 1978 ਵਿਚ ਜਦੋਂ "ਪੰਜਾਬੀ ਟ੍ਰਿਬਿਊਨ" ਸ਼ੁਰੂ ਹੋਇਆ ਤਾਂ ਛੇਤੀ ਹੀ ਸਰਦਾਰ ਬਰਜਿੰਦਰ ਸਿੰਘ ਹਮਦਰਦ ਹੋਰਾਂ ਵਲੋਂ ਬਲਾਚੌਰ ਤੋਂ ਮੈਨੂੰ "ਪੰਜਾਬੀ ਟ੍ਰਿਬਿਊਨ" ਦਾ ਪੱਤਰ ਪ੍ਰੇਰਕ ਬਣਾ ਦਿੱਤਾ ਗਿਆ। ਇਸ ਤਰ੍ਹਾਂ ਬਲਾਚੌਰ ਤੋਂ ਉਸ ਸਮੇਂ ਅਸੀਂ ਦੋ ਪੱਤਰ ਪ੍ਰੇਰਕ ਸਾਂ। 1980 ਵਿਚ ਮੈਂ ਪਰਦੇਸ ਆ ਗਿਆ ਉਦੋਂ ਸੁਭਾਸ਼ ਨੂੰ ਬਲਾਚੌਰ ਤੋਂ "ਪੰਜਾਬੀ ਟ੍ਰਿਬਿਊਨ" ਦਾ ਪੱਤਰ ਪ੍ਰੇਰਕ ਬਣਾਇਆ ਗਿਆ। ਇਹ ਕਾਰਜ ਉਸਨੇ ਆਪਣੇ ਆਖਰੀ ਸਾਹਾਂ ਤੱਕ ਕੀਤਾ।

       ਬ੍ਰਹਮਾ ਨੰਦ ਸੰਤੋਸ਼ੀ ਜੀ ਤੋਂ ਬਾਅਦ ਸਾਰਾ ਕਾਰਜ ਸੁਭਾਸ਼ ਦੇ ਮੋਢਿਆਂ 'ਤੇ ਆ ਪਿਆ। ਇਲਾਕੇ ਦੇ ਜਿੰਨੇ ਵੀ ਸਿਆਸੀ ਕਾਰਕੁਨ, ਮੁਲਾਜ਼ਮ ਜਥੇਬੰਦੀਆਂ ਦੇ ਲੋਕ ਤੇ ਸਾਹਿਤ ਨਾਲ ਜੁੜੇ ਲੋਕ ਸੁਭਾਸ਼ ਦੀ ਦੁਕਾਨ 'ਤੇ ਹੀ ਜੁੜਦੇ। ਸਾਡੇ ਵਰਗੇ ਬਹੁਤ ਸਾਰੇ ਸੁਭਾਸ਼ ਕੋਲ ਹੀ ਹੁੰਦੇ। ਇਕ ਦੂਜੇ ਨਾਲ ਬਹਿਸਾਂ ਹੁੰਦੀਆਂ। ਸੁਭਾਸ਼ ਸਾਡੇ ਬੈਠਣ ਦਾ ਲਾਹਾ ਲੈਂਦਾ ਅਖਬਾਰਾਂ ਨੂੰ ਭੇਜਣ ਵਾਲੀਆਂ ਖ਼ਬਰਾਂ ਲਿਖਵਾ ਲੈਦਾ। ਇੰਨੇ ਸਾਲਾਂ ਦਾ ਸਾਥ ਬੜਾ ਯਾਦ ਆਉਂਦਾ। ਪਿਛਲੇ ਸਾਲਾਂ 'ਚ ਕਦੇ ਬਿਨਾਂ ਕਿਸੇ ਕਾਰਨ ਉਹ ਮੈਨੂੰ ਫੋਨ ਕਰਕੇ ਜਾਂ ਮਿਸ ਕਾਲ ਰਾਹੀਂ ਕਹਿੰਦਾ "ਫੋਨ ਕਰੀਂ ਗੱਲ ਕਰਨੀ ਐਂ"। ਜਦੋਂ ਵੀ ਵਾਪਸ ਮੈਂ ਫੋਨ ਕਰਦਾ ਤਾਂ ਕਹਿੰਦਾ "ਮਨ ਗੱਲਾਂ ਕਰਨ ਨੂੰ ਕਰਦਾ ਸੀ, ਨਾਲੇ ਇਕ ਦੂਜੇ ਦਾ ਹਾਲ-ਚਾਲ ਪਤਾ ਲੱਗ ਜਾਂਦਾ। ਕਦੇ ਫੋਨ ਕਰਦਾ ਰਿਹਾ ਕਰ।"

           ਮੈਂ ਜਦੋਂ ਵੀ ਦੇਸ਼ ਜਾਂਦਾ ਤਾਂ ਸੁਭਾਸ਼ ਨੂੰ ਮਿਲਣਾ ਜਰੂਰੀ ਹੁੰਦਾ ਸੀ। ਉਹਨੂੰ ਬੜਾ ਚਾਅ ਚੜ੍ਹਦਾ, ਆਪਣਾ ਹਰ ਕੰਮ ਛੱਡ ਕੇ ਨਾਲ ਤੁਰ ਪੈਂਦਾ, ਕਿਸੇ ਦਫਤਰ ਕੰਮ ਹੋਵੇ ਤਾਂ ਉਹਨੇ ਝੱਟ ਕਹਿਣਾ "ਚੱਲ ਮੈਂ ਐੱਸ ਡੀ ਐੱਮ ਨੂੰ ਕਹਿ ਦਿੰਨਾ"। ਉਸ ਸਾਊ ਬੰਦੇ ਨੂੰ ਸਾਰੀ ਉਮਰ ਚੁਸਤੀਆਂ-ਚਲਾਕੀਆਂ ਨਾ ਆਈਆਂ। ਪੈਸੇ ਵਲੋਂ ਮੈਨੂੰ ਪਤਾ ਨਹੀਂ ਪਰ ਭਰਪੂਰ ਸੋਭਾ ਖੱਟ ਗਿਆ ਜਹਾਨ ਨੂੰ ਅਲਵਿਦਾ ਕਹਿਣ ਤੱਕ। ਇਲਾਕੇ ਦੇ ਲੋਕ ਉਹਨੂੰ ਲੰਬੇ ਸਮੇਂ ਤੱਕ ਯਾਦ ਰੱਖਣਗੇ।

      ਦੋ ਮਹੀਨੇ ਪਹਿਲਾਂ ਮੈਂ ਬਲਾਚੌਰ ਗਿਆ ਸੀ ਪਰ ਸੁਭਾਸ਼ ਨਾਲ ਮੇਲੇ ਨਾ ਹੋ ਸਕੇ, ਮੇਰੀ ਸਿਹਤ ਬਹੁਤੀ ਠੀਕ ਨਾ ਰਹਿਣ   ਕਰਕੇ ਮਿਲਣ ਤੋਂ ਕੰਨੀ ਕਤਰਾਈ। ਬਹੁਤ ਸਾਰੀਆਂ ਯਾਦਾਂ ਨੇ ਉਹ ਹਮੇਸ਼ਾ ਭਲੇ ਦਿਨਾਂ ਦਾ ਚੇਤਾ ਕਰਵਾਉਂਦੀਆਂ ਰਹਿਣਗੀਆਂ। ਚੰਗੇ ਸੱਜਣ ਹੀ ਜ਼ਿੰਦਗੀ ਦਾ ਸਰਮਾਇਆ ਹੁੰਦੇ ਹਨ, ਮੇਰੇ ਵਰਗੇ ਲੋਕ ਉਸ ਸਰਮਾਏ ਤੋਂ ਮਹਿਰੂਮ ਹੋ ਕੇ ਇਸ ਪੱਖੋਂ  ਗਰੀਬ ਹੋ ਗਏ ਮਹਿਸੂਸ ਕਰਦੇ ਹਨ।

     ਸਦੀਵੀ ਵਿਛੋੜਾ ਦੇ ਗਏ ਮਿੱਤਰ ਪਿਆਰੇ ਸੁਭਾਸ਼ ਜੋਸ਼ੀ ਨੂੰ ਇੰਨਾ ਹੀ ਕਹਿਣਾ ਕਿ ਅਗਲੀ ਵਾਰ ਜਦੋਂ ਵੀ ਮੈਂ ਬਲਾਚੌਰ ਆਇਆ ਤੂੰ ਤਾਂ ਭਾਵੇਂ ਨਹੀਂ ਹੋਣਾਂ ਪਰ  ਤੇਰੀ ਯਾਦ ਜਰੂਰ ਨਾਲ ਰਹੇਗੀ। ਯਾਦਾਂ ਦਾ ਜ਼ਿੰਦਗੀ ਨੂੰ ਬਹੁਤ ਸਹਾਰਾ ਹੁੰਦਾ ਹੈ।

ਏਕਤਾ ਕਮਜ਼ੋਰ ਨਹੀਂ ਹੋਰ ਮਜਬੂਤ ਕਰਨ ਦੀ ਲੋੜ  - ਕੇਹਰ ਸ਼ਰੀਫ਼

ਕਿਸਾਨ ਸੰਘਰਸ਼ ਅਜੇ ਖਤਮ ਨਹੀਂ ਹੋਇਆ, ਚੱਲ ਰਿਹਾ ਹੈ। ਰਹਿੰਦੇ ਮਸਲਿਆਂ ਬਾਰੇ ਫੈਸਲਿਆਂ ਤੱਕ ਪਹੁੰਚਣ ਲਈ ਬਹੁਤ ਕੁੱਝ ਵਿਚਾਰਨਾ ਅਜੇ ਬਾਕੀ ਹੈ। ਸੰਘਰਸ਼ ਕਰਨ ਵਾਲੀ ਧਿਰ ਜੇਤੂ ਰਹੀ ਹੈ, ਸਵਾਲ ਇੱਥੇ ਵੀ ਪੈਦਾ ਹੁੰਦਾ ਹੈ ਕਿ ਕੀ ਧੱਕਾ ਕਰਨ ਵਾਲਿਆਂ ਨੇ ਹਾਰ ਕਬੂਲ ਕਰ ਲਈ ਹੈ ? ਮਿਹਨਤਕਸ਼ਾਂ ਦੇ ਖਿਲਾਫ ਆਪਣੀ ਹੂੜਮੱਤ ਵਾਲੀ ਭੁੱਲ ਸਵੀਕਾਰ ਕਰ ਲਈ ਹੈ? ਨਹੀਂ, ਅਜਿਹਾ  ਨਹੀਂ ਹੋਇਆ । ਏਸੇ ਨੂੰ ਤਾਂ ਲੋਕਾਂ ਦੇ ਵਿਰੋਧ ਵਿਚ ਸੱਤਾ ਦਾ ਗਰੂਰ ਕਿਹਾ ਜਾਂਦਾ ਹੈ। ਝੂਠੇ ਗਰੂਰ ਨਾਲ ਭਰੀ ਧੱਕੜ ਸਿਆਸਤ ਤੋਂ ਵੱਧ ਖਤਰਨਾਕ ਹੋਰ ਕੁੱਝ ਵੀ ਨਹੀਂ ਹੁੰਦਾ।
      ਕਿਸਾਨ ਸੰਘਰਸ਼ ਦੇ ਸਮੇਂ ਮਿਹਨਤਕਸ਼ ਲੋਕਾਂ ਅੰਦਰ ਲੋਹੜਿਆਂ ਦੀ ਏਕਤਾ ਬਣੀ। 32 ਕਿਸਾਨ ਜਥੇਬੰਦੀਆਂ ਦੀ ਅਗਵਾਈ ਜੁੜੀ। ਸਮਾਜ ਦੇ ਹਰ ਤਬਕੇ ਸਨਅਤੀ ਮਜ਼ਦੂਰਾਂ, ਖੇਤ ਮਜ਼ਦੂਰਾਂ, ਚਿੱਟਕੱਪੜੀਏ ਮੁਲਾਜਮਾਂ, ਛੋਟੇ ਵਪਾਰੀਆਂ, ਦੁਕਾਨਦਾਰਾਂ ਭਾਵ ਹਰ ਕਿਸੇ ਦਾ ਸਾਥ ਮਿਲਿਆ। ਪਰਦੇਸੀਂ ਵਸਦੇ ਭਾਰਤੀਆਂ ਦੀਆਂ ਸ਼ੁਭਇਛਾਵਾਂ ਰਾਹੀਂ ਸਾਥ ਮਿਲਿਆ, ਪੰਜਾਬੀਆਂ ਦਾ ਖਾਸ ਕਰਕੇ ਭਰਵਾਂ ਹੁੰਗਾਰਾ ਜਿੱਤ ਦੀ ਕਾਮਨਾ ਕਰਦਾ ਰਿਹਾ। ਅੰਦੋਲਨ ਕਰ ਰਹੇ ਮਿਹਨਤਕਸ਼ਾਂ ਨੇ ਹਕੂਮਤੀ ਜਬਰ ਨਾਲ ਹਰ ਮੌਸਮ ਦਾ ਜਬਰ ਵੀ ਜਿਗਰੇ ਨਾਲ ਝੱਲਿਆ।
       ਸੱਤਾ ਨੂੰ ਲੋਕ ਪੌੜੀ ਲਾਉਣ ਅਤੇ ਉਸ ਤੱਕ ਪਹੁੰਚਣ ਦੀ ਲੋੜ ਤਾਂ ਹੈ, ਪਰ ਸਮੇਂ ਦੀ ਨਜ਼ਾਕਤ ਨੂੰ ਭਾਂਪਣਾ ਉਸ ਤੋਂ ਵੀ ਜ਼ਰੂਰੀ ਹੈ । 22ਕਿਸਾਨ ਜਥੇਬੰਦੀਆਂ ਵਲੋਂ "ਸੰਯੁਕਤ ਸਮਾਜ ਮੋਰਚਾ" ਕਾਇਮ ਕਰ ਲਿਆ। ਪਹਿਲੇ ਹੀ ਦਿਨ 32 ਤੋਂ 22 ਤੇ ਆ ਡਿਗਣਾ ਕੀ ਦਰਸਾਉਂਦਾ ਹੈ? ਏਕਤਾ ਤਾਂ ਪਹਿਲਾਂ ਤੋਂ ਕਮਜ਼ੋਰ ਹੋ ਗਈ। ਕਿਸਾਨ ਸੰਘਰਸ਼ ਦੀ ਏਕਤਾ ਦੀ ਜਿੱਤ ਦਾ ਹੋਕਾ ਤਾਂ ਸਮਾਜ ਵਿਚ ਪਏ ਹਰ ਕਿਸਮ ਦੇ ਖੱਪਿਆਂ ਨੂੰ ਦੂਰ ਕਰਨ ਦਾ ਹੋਣਾ ਸੀ, ਪਰ ਇੱਥੇ ਸੱਤਾ 'ਤੇ ਝੱਟ/ਪੱਟ ਕਬਜ਼ੇ ਦੀ ਸਿਆਸਤ ਅੱਗੇ ਆ ਗਈ । ਸਮਾਜ ਅੰਦਰਲੀਆਂ ਵੰਡੀਆਂ ਦੂਰ ਕਰਨਾ ਸਮੇਂ ਦੀ ਮੰਗ ਸੀ/ਹੈ। ਸੰਘਰਸ਼ ਦੌਰਾਨ ਜਾਤ ਤੇ ਧਰਮ ਅਧਾਰਤ ਵਖਰੇਵੇਂ ਬਹੁਤ ਹੱਦ ਤੱਕ ਘੱਟ ਹੋਏ, ਲੋੜ ਸੀ ਬਣੀ ਇਸ ਏਕਤਾ ਦਾ ਪ੍ਰਚਾਰ ਕਰਨ ਦੀ। ਮਿਹਨਤਕਸ਼ ਲੋਕਾਂ ਦਾ ਏਕਾ ਹਰ ਜਬਰ ਦਾ ਮੁਕਾਬਲਾ ਕਰਨ ਵਾਸਤੇ ਲੋੜੀਂਦਾ ਸੀ/ਹੈ ਤੇ ਰਹੇਗਾ। ਹਰ ਮਸਲਾ ਹਿੰਸਾ ਨਾਲ ਹੱਲ ਕਰਵਾਉਣ ਦੀਆਂ ਟਾਹਰਾਂ ਮਾਰਨ ਵਾਲੇ ਸਰਕਾਰ ਪ੍ਰਸਤ ਖਰੂਦੀਆਂ ਦੇ ਟੋਲੇ ਨੂੰ ਸਾਂਝੇ ਕਿਸਾਨੀ ਸੰਘਰਸ਼ ਦੀ ਅਗਵਾਈ ਕਰਨ ਵਾਲਿਆਂ ਨੇ ਦੱਸ ਦਿੱਤਾ ਕਿ ਸ਼ਾਂਤ ਰਹਿ ਕੇ ਵੀ ਸੰਘਰਸ਼ ਲੜਿਆ ਤੇ ਜਿਤਿਆ ਜਾ ਸਕਦਾ ਹੈ। ਇਹ ਸਾਡਾ ਇਤਹਾਸ ਵੀ ਹੈ ਅਤੇ ਵਿਰਸਾ ਵੀ ਜਿਸ ਨੂੰ ਚੇਤੇ ਰੱਖਣ ਤੇ ਸਾਂਭਣ ਦੀ ਲੋੜ ਹੈ।
      ਇਸ ਸ਼ਾਂਤਮਈ ਅੰਦੋਲਨ ਨੇ ਆਪਣੇ ਸਬਰ ਨਾਲ ਜਬਰ ਨੂੰ ਹਰਾਇਆ ਹੀ ਨਹੀਂ ਸਗੋਂ ਦੁਨੀਆਂ ਭਰ ਦੇ ਮੁਲਕਾਂ ਅਤੇ ਦੁਨੀਆਂ ਦੇ ਵੱਡੇ ਸੋਚਵਾਨਾਂ ਵਲੋਂ ਹਮਾਇਤ ਵਿਚ ਸ਼ਾਬਾਸ਼ ਦੀਆਂ ਆਵਾਜ਼ਾਂ ਤੇ ਬਿਆਨ ਵੀ ਸੁਣੇ।  ਇਸ ਸੰਘਰਸ਼ ਵਿਚ ਸ਼ਾਮਲ ਸਾਰੇ ਲੋਕ ਇਸੇ ਸਮਾਜ ਦਾ ਅੰਗ ਹੋਣ ਕਰਕੇ ਇਸਦੀ ਬਿਹਤਰੀ ਲਈ ਲੜੇ। ਹੁਣ ਇਸ ਬਣੀ ਹੋਈ ਏਕਤਾ ਨੂੰ ਵਧਾਇਆ ਜਾਣਾ ਚਾਹੀਦਾ ਹੈ। ਪਰ ਤੀਜਾ ਹਿੱਸਾ ਜਥੇਬੰਦੀਆਂ ਤਾਂ ਇਸ ਮੋਰਚੇ ਤੋਂ ਬਾਹਰ ਹਨ। ਕਈ ਲੋਕ ਵਿਰੋਧੀ ਸਿਆਸੀ ਧਿਰਾਂ ਇਸ ਵੰਡ ਦਾ ਫਾਇਦਾ ਵੀ ਉਠਾਉਣ ਦਾ ਜਤਨ ਕਰਨਗੀਆਂ । ਸੋਚਣ ਤੇ ਵਿਚਾਰਨ ਦਾ ਮਸਲਾ ਇਹ ਹੀ ਹੈ ਕਿ ਇਸ ਤੋਂ ਕਿਵੇਂ ਬਚਿਆ ਜਾਵੇ, ਕਿਉਂਕਿ ਸੰਘਰਸ਼ ਤਾਂ ਅਜੇ ਵੀ ਜਾਰੀ ਹੈ।
    ਲੋਕ ਆਪਣੇ ਦੁੱਖਾਂ ਭਰੇ ਜੀਵਨ ਤੋਂ ਨਿਜਾਤ ਪਾਉਣਾ ਚਾਹੁੰਦੇ ਹਨ, ਰਾਹ ਕੋਈ ਲੱਭਦਾ ਨਹੀਂ। ਇਸ ਨਾਲ ਲੋਕਾਂ ਅੰਦਰ ਚਿੰਤਾ ਹੋਰ ਵਧ ਜਾਂਦੀ ਹੈ। ਚਿੰਤਾ ਤਾਂ ਹਰ ਵਿਅਕਤੀ ਕਰਦਾ ਹੈ, ਇਸ ਵੇਲੇ ਦੀਆਂ ਸਥਿਤੀਆਂ ਚਿੰਤਨ ਕਰਨ ਵਾਲੇ ਸੂਝਵਾਨਾਂ ਦਾ ਰਾਹ ਤੱਕਦੀਆਂ ਹਨ ਜੋ ਪੰਜਾਬ ਨੂੰ ਇਸ ਚਿੱਕੜ ਭਰੇ ਸੰਕਟ ਵਿੱਚੋਂ ਕੱਢ ਸਕਣ। ਇਸ ਚਿੰਤਾ ਤੋਂ ਅੱਗੇ ਸਵਾਲ ਪੈਦਾ ਹੁੰਦਾ ਹੈ ਕਿ ਸਾਡੇ ਸੋਚਵਾਨ ਲੋਕ (ਵੱਡੇ ਸਿਰਾਂ ਵਾਲੇ)  ਹੁਣ ਕਿੱਥੇ ਹਨ? ਉਹ ਲੋਕਾਂ ਨੂੰ ਰਾਹ ਦੱਸਦੇ ਨਜ਼ਰ ਨਹੀਂ ਆਉਂਦੇ। ਇਹ ਸਮਾਂ ਹੈ ਜਦੋਂ ਉਨ੍ਹਾਂ ਨੂੰ ਅੱਗੇ ਆ ਕੇ ਪੰਜਾਬ 'ਚ ਰਾਜ ਕਰਨ ਵਾਲਿਆਂ ਵਲੋਂ ਪੰਜਾਬ ਸਿਰ ਪਾਏ ਪੁਆੜਿਆਂ ਦੇ ਕਾਰਨ ਦੱਸਦਿਆਂ ਇਸ ਦਾ ਹੱਲ ਦੱਸਣ ਵਾਸਤੇ ਆਪਣੀ ਅਗਵਾਈ ਦੇਣ ਦਾ ਜਤਨ ਕਰਨਾ ਚਾਹੀਦਾ ਹੈ।  ਪੰਜਾਬ ਦੇ ਸੂਝਵਾਨੋਂ, ਸੋਚਵਾਨੋਂ ਜਾਗੋ ਤੇ ਅੱਗੇ ਆਉ ਇਹ ਪੰਜਾਬ ਤੁਹਾਡਾ ਤੇ ਤੁਹਾਡੇ ਬੱਚਿਆਂ ਦਾ ਵੀ ਹੈ। ਆਉਣ ਵਾਲੇ ਕੱਲ੍ਹ ਤੁਹਾਡੇ ਬੱਚਿਆਂ ਨੇ ਤੇ ਪੰਜਾਬ ਨੇ ਤੁਹਾਥੋਂ ਸਵਾਲ ਪੁੱਛਣੇ ਹਨ, ਫੇਰ ਕੀ ਜਵਾਬ ਦਿਉਂਗੇ ਕਿ ਮੁਸੀਬਤ ਵੇਲੇ ਤੁਸੀ ਕਿਸੇ ਧਿਰ ਦੇ ਪਿਛਲੱਗ ਕਿਉਂ ਬਣੇ ਜਾਂ ਚੁੱਪ ਕਿਉਂ ਰਹੇ? ਆਪਣੇ ਲੋਕਾਂ ਨੂੰ ਅਗਵਾਈ ਕਿਉਂ ਨਾ ਦਿੱਤੀ ? ਪੰਜਾਬ ਨੂੰ ਅੱਜ ਤੁਹਾਡੀ ਅਗਵਾਈ ਦੀ ਲੋੜ ਹੈ ਜਿਵੇਂ ਮੱਧਯੁੱਗ ਅੰਦਰ ਭਗਤੀ ਲਹਿਰ ਨੇ ਸਮਾਜ ਦੀਆਂ ਕਮਜ਼ੋਰ ਧਿਰਾਂ ਨੂੰ ਹਿੰਮਤ ਦਿੱਤੀ, ਜਿਸ ਦਾ ਅਗਲਾ ਰੂਪ ਸਿੱਖ ਲਹਿਰ ਬਣਦੀ ਹੈ। ਜਿਵੇਂ ਆਜ਼ਾਦੀ ਦੀ ਲਹਿਰ ਵੇਲੇ ਗਦਰ ਪਾਰਟੀ, ਭਗਤ ਸਿੰਘ ਦੀ ਲਹਿਰ ਤੇ ਹੋਰ ਬਹੁਤ ਸਾਰੇ ਗਰੁੱਪਾਂ ਨੇ ਸਮਾਜ ਨੂੰ ਹਲੂਣ ਕੇ ਅਗਵਾਈ ਦਿੱਤੀ, ਬਸਤੀਵਾਦੀਆਂ ਦੀ ਗੁਲਾਮੀ ਪਰ੍ਹਾਂ ਵਗਾਹ ਮਾਰੀ। ਕੀ ਅੱਜ ਉਹੋ ਜਹੀ ਸਥਿਤੀ ਨਹੀਂ ਬਣ ਗਈ ਕਿ ਕਾਰਪੋਰੇਟੀਆਂ ਦੀ ਗੁਲਾਮੀ ਤੋਂ ਨਿਜਾਤ ਪਾਈ ਜਾਵੇ☬? ਸਮਾਂ ਤੁਹਾਨੂੰ ਆਵਾਜ਼ਾਂ ਮਾਰ ਰਿਹਾ ਹੈ।

 ਅਸੂਲੋਂ ਸੱਖਣੀਆਂ ਲਾਲਸਾਵਾਂ ਦੀ ਡੰਗੀ ਸਿਆਸਤ  – ਕੇਹਰ ਸ਼ਰੀਫ਼

ਪੰਜਾਬ ਅੰਦਰ ਹੋਣ ਵਾਲੀਆਂ ਚੋਣਾਂ ਦਾ ਐਲਾਨ ਤਾਂ ਅਜੇ ਨਹੀਂ ਹੋਇਆ ਪਰ ਕਈ ਸਿਆਸੀ ਧਿਰਾਂ ਕਈ ਚਿਰ ਤੋਂ ਚੋਣ ਪ੍ਰਚਾਰ ਵਿਚ ਜੁਟੀਆਂ ਹੋਈਆਂ ਹਨ। ਇਹ ਲੋਕ, ਜਮਹੂਰੀਅਤ ਦੇ ਜਾਪ ਕਰਨ ਦਾ ਢੌਂਗ ਕਰਦੇ ਹਨ, ਜਦੋਂ ਇਹ ਚੋਣਾਂ ਤੋਂ ਪਹਿਲਾਂ ਸੂਬੇ ਦੇ ਮੁੱਖ ਮੰਤਰੀ ਉਮੀਦਵਾਰ ਦਾ ਐਲਾਨ ਕਰਨ ਦੀ ਮੰਗ ਕਰਦੇ ਹਨ, ਇਹ ਕਰਮ ਗੈਰ-ਜਮਹੂਰੀ ਹੈ। ਮੁੱਖ ਮੰਤਰੀ ਚੁਣੇ ਹੋਏ ਵਿਧਾਨਕਾਰਾਂ ਨੇ ਚੁਣਨਾ ਹੁੰਦਾ ਹੈ। ਪਰ ਆਪਣੇ ਆਪ ਨੂੰ "ਸਿਆਣੇ" ਆਖਣ ਵਾਲੇ ਵੀ ਇਹੋ ਰਟ ਦੁਹਰਾਈ ਜਾ ਰਹੇ ਹਨ। ਐਲਾਨ ਹੋ ਵੀ ਰਹੇ ਹਨ, ਸੁਖਬੀਰ ਸਿੰਘ ਬਾਦਲ ਆਪ ਹੀ ਆਪਣੇ ਸਿਰ 'ਤੇ ਹੱਥ ਰੱਖਕੇ ਆਪਣੇ ਆਪ ਨੂੰ ਬਾਦਲ ਅਕਾਲੀ ਦਲ ਵਲੋਂ ਮੁੱਖ ਮੰਤਰੀ ਦਾ ਚਿਹਰਾ ਆਖ ਰਿਹਾ ਹੈ, ਲੋਕਾਂ 'ਚ ਭੁਲੇਖਾ ਪਾਉਣ ਵਾਸਤੇ ਵੱਡੇ ਬਾਦਲ ਦਾ ਨਾਂ ਵੀ ਲੈ ਦਿੰਦਾ। ਕਈ ਸਿਆਸੀ ਨੇਤਾ ਤਾਂ ਮਾਨਸਿਕ ਰੋਗੀਆਂ ਵਰਗਾ ਵਿਹਾਰ ਕਰ ਰਹੇ ਹਨ। ਲੋਕ ਇਸ ਬਾਰੇ ਵੀ ਜ਼ਰੂਰ ਸੋਚਣ ।
      ਸਿਆਸੀ ਸ਼ਰੀਕੇ ਦੀ ਮੁਕਾਬਲੇਬਾਜ਼ੀ ਨੀਵਾਣਾਂ ਵੱਲ ਵਧਦੀ ਵੀ ਦੇਖੀ ਜਾ ਸਕਦੀ ਹੈ। ਕਿਸੇ ਨੂੰ ਕਾਲਾ ਕਹਿਣਾ, ਕਿਸੇ ਨੂੰ ਰਿਸ਼ਤਾ ਕਰਨ ਦਾ ਮਿਹਣਾ ਮਾਰਨਾ ਬਦਮਗਜ਼ੀ ਪੈਦਾ ਕਰਨ ਵਾਲੀਆਂ ਗੱਲਾਂ ਹਨ। ਹਰ ਪਾਰਟੀ ਵਿਚ ਕਿਸੇ ਦੂਸਰੀ ਪਾਰਟੀ ਦਾ ਕੰਡਮ ਹੋਇਆ ਮਾਲ "ਸ਼ਾਨੋ-ਸ਼ੌਕਤ" ਨਾ ਆ ਰਿਹਾ। ਅਕਾਲੀ ਦਲ ਬਾਦਲ ਦਾ ਪ੍ਰਧਾਨ, 'ਸ਼੍ਰੋਮਣੀ ਗੱਪਾਂ' ਵਿਚ ਮਸਤ ਹੈ, ਦਾਲ ਦੀ ਥਾਂ ਆਲੂ ਦੇਣ ਦੇ ਐਲਾਨ ਹੋ ਰਹੇ ਹਨ। "ਰੱਜੇ-ਪੁੱਜੇ ਲੀਡਰ" ਪੰਜਾਬੀਆਂ ਨੂੰ ਸਮਝ ਕੀ ਰਹੇ ਹਨ ਭਲਾਂ ?
   ਕਹੀ ਜਾਣ ਵਾਲੀ ਆਮ ਆਦਮੀ ਪਾਰਟੀ ਦਾ ਖਾਸ ਬੰਦਾ ਕੇਜਰੀਵਾਲ ਕਿੰਨਾ ਕੁ ਅਸੂਲ ਪ੍ਰਸਤ ਹੈ ਸਾਰੇ ਹੀ ਜਾਣਦੇ ਹਨ। ਪਿਛਲੀਆਂ ਚੋਣਾਂ ਦੇ ਸਮੇਂ ਪਰਦੇਸੀ ਭਾਰਤੀਆਂ ਖਾਸ ਕਰਕੇ ਪੰਜਾਬੀਆਂ ਵਲੋਂ ਇਸ ਪਾਰਟੀ ਨੂੰ ਦਿੱਤੇ ਗਏ ਦੱਸੇ ਜਾਂਦੇ ਹਜ਼ਾਰਾਂ ਕਰੋੜ ਰੁਪਏ ਦਾ ਅੱਜ ਤੱਕ ਕਿਸੇ ਨੂੰ ਹਿਸਾਬ ਹੀ ਨਹੀਂ ਦਿੱਤਾ। ਉਹ ਪੈਸਾ ਕਿੱਥੇ ਗਿਆ ? ਦੱਸਦੇ ਹੀ ਨਹੀਂ। ਪਰਦੇਸਾਂ ਅੰਦਰ ਡਾਲਰ ਇਕੱਠੇ ਕਰਨ ਆਮ ਆਦਮੀ ਪਾਰਟੀ ਦੇ ਵਲੰਟੀਅਰ ਖੁਦ, ਪਰ ਜੇਲ੍ਹ ਜਾਵੇ ਸੁਖਪਾਲ ਖਹਿਰਾ, ਪਾਰਟੀ ਆਪਣਾ ਪੱਲਾ ਹੀ ਝਾੜ ਲਵੇ, ਫੇਰ ਇਹ ਪੈਸਾ ਗਿਆ ਕਿੱਥੇ, ਇਹ ਵੀ ਨਹੀਂ ਦੱਸਦੇ। ਇਹ ਹਨ ਅੱਜ ਦੇ "ਸੱਚ ਪੁੱਤਰ", ਜੋ ਵਾਰ ਵਾਰ ਝੂਠ ਬੋਲਕੇ ਸੱਚ ਸਾਬਤ ਕਰਨ ਵਾਸਤੇ ਗੋਇਬਲਜ਼ ਵਾਲੀ ਜੁਗਤ ਦੇ ਪੈਰੋਕਾਰ ਹਨ। ਇਸ ਪਾਰਟੀ ਦਾ ਸਰਵੇ-ਸਰਵਾ ਕੇਜਰੀਵਾਲ ਹੀ ਹੈ, ਬਾਕੀ ਤਾਂ ਉਹਦੇ ਗੜਵਈ ਹੀ ਵਿਖਾਈ ਦਿੰਦੇ ਹਨ। ਨਿਰੇ ਅੰਧ-ਭਗਤ, ਪਿੱਛੇ ਤੁਰਨ ਵਾਲੇ, ਸਤਿ-ਬਚਨ ਕਹਿ ਕੇ ਆਪਣੇ ਵਾਸਤੇ ਟਿਕਟ/ਅਹੁਦਾ ਭਾਲਣ ਵਾਲੇ। ਇਸ ਚੁਟਕਲੇ ਦਾ ਦੂਜਾ ਪਾਸਾ ਇਹ ਹੈ ਕਿ ਆਪ ਵਾਲਿਆਂ ਵਲੋਂ ਵੀ "ਗਰੰਟੀਆਂ" ਦੇ ਰੂਪ 'ਚ ਨਾਅਰੇ ਪੰਜਾਬ ਦਾ "ਭਲਾ" ਕਰਨ ਦੇ ਲੱਗ ਰਹੇ ਹਨ।
      ਇੱਥੇ ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਭਗਵੰਤ ਮਾਨ ਜੋ ਪੰਜਾਬ 'ਚ ਆਮ ਆਦਮੀ ਪਾਰਟੀ ਦਾ ਪ੍ਰਧਾਨ ਅਤੇ ਲੋਕ ਸਭਾ ਅੰਦਰ ਪਾਰਟੀ ਦਾ ਇਕਲੌਤਾ ਪਾਰਲੀਮੈਂਟ ਮੈਂਬਰ ਹੈ, ਉਹ ਕਈ ਮਹੀਨਿਆਂ ਤੋਂ ਆਪਣੇ ਆਪ ਨੂੰ ਮੁੱਖਮੰਤਰੀ ਅਹੁਦੇ ਦਾ ਉਮੀਦਵਾਰ ਐਲਾਨਣ ਲਈ ਕੇਜਰੀਵਾਲ ਅੱਗੇ ਤਰਲੇ ਮਾਰ ਰਿਹਾ ਹੈ, ਪਰ ਉਹਦੇ ਹਿੱਸੇ ਦੀਆਂ ਗਾਜਰਾਂ ਹੋਰ ਦੂਰ ਹੋਈ ਜਾ ਰਹੀਆਂ। ਆਪ ਦੇ ਬਹੁਤ ਸਾਰੇ ਕਾਰਕੁਨ ਵੀ ਭਗਵੰਤ ਨੂੰ ਉਮੀਦਵਾਰ ਐਲਾਨਣ ਦੀ ਮੰਗ ਕਰਦੇ ਹਨ। ਇਸ ਦਬਾਅ ਨੂੰ ਬਣਾਈ ਰੱਖਣ ਵਾਸਤੇ ਕੇਜਰੀਵਾਲ ਦੇ ਇਕੱਠਾਂ ਵਿਚ ਭਗਵੰਤ ਮਾਨ ਦੇ ਹੱਕ 'ਚ ਨਾਅਰੇ ਲਾਏ/ਲੁਆਏ ਜਾਂਦੇ ਹਨ। ਪਰ, ਸੂਤਰਾਂ ਦੇ ਜਾਣਕਾਰ ਦੱਸਦੇ ਹਨ ਕਿ ਕੇਜਰੀਵਾਲ ਖੁਦ ਇਸ ਅਹੁਦੇ ਵਾਸਤੇ ਦਿਲਚਸਪੀ ਰੱਖਦਾ ਹੈ। ਪੰਜਾਬ ਅੰਦਰ ਦਿੱਲੀ ਵਲੋਂ ਥਾਪਿਆ "ਇੰਚਾਰਜ" ਜਰਨੈਲ ਸਿੰਘ ਕਿਧਰੇ ਨਜ਼ਰ ਨਹੀਂ ਆਉਂਦਾ, ਉਹਦੇ ਥਾਂ ਰਾਘਵ ਚੱਢਾ ਵਿਖਾਈ ਦਿੰਦਾ ਹੈ । (ਕਈ ਸਿਆਸੀ ਟਿੱਪਣੀਕਾਰ ਇਸੇ ਨੂੰ ਦੁਰਗੇਸ਼ ਪਾਠਕ ਦਾ ਪੁੱਨਰ ਜਨਮ ਜਾਂ ਉਸਦੀ ਘਸਮੈਲ਼ੀ ਜਹੀ ਕਾਰਬਨ ਕਾਪੀ ਆਖ ਰਹੇ ਹਨ) ਫੇਰ ਦਿੱਲੀ ਵਾਲੇ ਸਿਸੋਦੀਆ ਤੇ ਕੇਜਰੀਵਾਲ ਮਸਲੇ ਭਟਕਾਉਣ ਵਾਸਤੇ ਹਰ ਹਰਬਾ ਵਰਤ ਕੇ ਅਤਿ ਦਾ ਜ਼ੋਰ ਲਾ ਰਹੇ ਹਨ। ਉਵੇਂ ਹੀ ਜਿਵੇਂ ਇਹ ਆਪਣੀਆਂ ਐਨਜੀਓਜ਼ ਚਲਾਉਂਦੇ ਰਹੇ ਹਨ, ਸ਼ਾਇਦ ਉਸੇ ਤਰਜ਼ 'ਤੇ ਪੰਜਾਬ ਨੂੰ ਚਲਾਉਣ ਦੇ ਚਾਹਵਾਨ ਹਨ। ਅੰਨ੍ਹੇ-ਵਾਹ ਸਕੀਮਾਂ ਦੇ ਐਲਾਨ ਕਰ ਰਹੇ ਹਨ, ਮੁਫਤ ਬਿਜਲੀ, ਬਾਲਗ ਬੀਬੀਆਂ ਵਾਸਤੇ ਹਜ਼ਾਰ ਰੁਪਏ ਮਹੀਨਾਂ ਤੇ ਹੋਰ ਕਈ ਕੁੱਝ – ਪਰ ਆਪ ਦੀ ਸਰਕਾਰ ਵਲੋਂ ਦਿੱਲੀ ਅੰਦਰ ਵਸਦੀਆਂ ਕਿੰਨੀਆਂ ਬਾਲਗ ਬੀਬੀਆਂ ਨੂੰ ਮਹੀਨੇ ਦੇ ਕਿੰਨੇ ਪੈਸੇ ਮਿਲਦੇ ਹਨ, ਕੋਈ ਨਹੀਂ ਦੱਸਦਾ । ਪੰਜਾਬ ਵਿਧਾਨ ਸਭਾ ਅੰਦਰ ਆਮ ਆਦਮੀ ਪਾਰਟੀ ਵਿਰੋਧੀ ਧਿਰ ਵਜੋਂ ਅਤਿ ਦੀ ਨਾਲਾਇਕ ਸਾਬਤ ਹੋਈ ਹੈ। ਮੁੱਦੇ ਤਾਂ ਹੋਰ ਵੀ ਹਨ ਪਰ ਇਹ ਆਪਣੀ ਤੂਤੀ ਬੋਲਦੇ ਹਨ। ਸਿਆਸੀ ਲੋਕ ਅਸਲ ਮੁੱਦਿਆਂ 'ਤੇ ਖੁੱਲ੍ਹ ਕੇ ਨਹੀਂ ਬੋਲ ਰਹੇ, ਲੋਕਾਂ ਨੂੰ ਭਟਕਾ ਰਹੇ ਹਨ। ਅਸਲ ਮੁੱਦਿਆਂ ਨੂੰ ਭਟਕਾ ਦੇਣਾ ਲੋਕਾਂ ਨਾਲ ਧੋਖਾ ਹੁੰਦਾ ਹੈ।
          ਇਸ ਦੇਸ਼ ਵਿਚ ਬੇਗਾਨੇ ਮਾਡਲ ਦੀ ਬਹੁਤ ਗੱਲ ਹੁੰਦੀ ਹੈ। ਪਹਿਲਾਂ ਦੇਸ਼ ਅੰਦਰ ਖੋਖਲੇ ਗੁਜਰਾਤ ਮਾਡਲ ਦਾ ਬਹੁਤ ਭਰਮ ਫੈਲਾਇਆ ਗਿਆ ਸੀ। ਪੰਜਾਬ ਅੰਦਰ ਆਮ ਆਦਮੀ ਪਾਰਟੀ ਵਲੋਂ ਦਿੱਲੀ ਮਾਡਲ ਦੀ ਵੀ ਚਰਚਾ ਹੈ। ਦਿੱਲੀਉਂ ਚੰਡੀਗੜ ਆਈ ਕਾਂਗਰਸ ਦੀ ਸਾਬਕਾ ਵਿਧਾਇਕਾ ਅਲਕਾ ਲਾਂਬਾ ਨੇ ਦਿੱਲੀ ਮਾਡਲ ਦਾ ਹੀਜ-ਪਿਆਜ਼ ਨੰਗਾ ਕੀਤਾ। ਉਹਨੇ ਪ੍ਰੈੱਸ ਵਾਰਤਾ ਵਿਚ ਕਿਹਾ ਕਿ ਦਿੱਲੀ ਅੰਦਰ ਬੇਰੁਜ਼ਗਾਰੀ ਦੀ ਦਰ ਬਹੁਤ ਜ਼ਿਆਦਾ ਹੈ, ਵੱਡੀ ਗਿਣਤੀ ਵਿਚ ਵਿਧਇਕਾਂ 'ਤੇ ਭ੍ਰਿਸ਼ਟਾਚਾਰ ਦੇ ਮਾਮਲੇ ਦਰਜ਼ ਹਨ, ਲੋਕ ਪਾਲ ਦਾ ਦਫਤਰ ਇਕ ਸਾਲ ਤੋਂ ਬੰਦ ਹੈ, ਬਿਜਲੀ 6.50 ਰੁਪਏ ਯੂਨਿਟ ਦੇ ਹਿਸਾਬ ਮਿਲ ਰਹੀ ਹੈ, ਔਰਤਾਂ ਵੱਡੀ ਭਾਰੀ ਗਿਣਤੀ ਵਿਚ ਬੇ-ਰੁਜ਼ਗਾਰ ਹਨ ਆਦਿ। ਅਜਿਹਾ ਮਾਡਲ ਪੰਜਾਬ ਦਾ ਕੀ ਸਵਾਰੇਗਾ ? ਯਾਦ ਰਹੇ ਅੱਜ ਦੇ ਦਿਹਾੜੇ ਦਿੱਲੀ ਦੇ ਸਕੂਲਾਂ ਦੇ ਅਧਿਆਪਕ ਆਪਣੀਆਂ ਤਨਖਾਹਾਂ ਲੈਣ ਲਈ ਧਰਨੇ ਮਾਰ ਰਹੇ ਹਨ। ਪੰਜਾਬ ਕਾਂਗਰਸ ਦਾ ਪ੍ਰਧਾਨ ਉੱਥੋਂ ਦੇ ਅਧਿਆਪਕਾਂ ਦਾ ਸਾਥ ਦੇ ਰਿਹਾ, ਧਰਨੇ 'ਚ ਬੈਠ ਰਿਹਾ। ਕੇਜਰੀਵਾਲ ਪੰਜਾਬ ਦੇ ਲੋਕਾਂ ਨੂੰ ਮੁੰਗੇਰੀ ਲਾਲ ਦੇ ਸੁਪਨੇ ਵੇਚ ਰਿਹਾ। ਚੰਗਾ ਹੋਵੇ ਜੇ ਦੋਵੇਂ ਨੇਤਾ ਆਪੋ-ਆਪਣੇ ਸੂਬੇ ਦੇ ਲੋਕਾਂ ਨੂੰ ਇਨਸਾਫ ਦੇਣ ਬਾਰੇ ਲੜਨ। ਬਿਨ ਮਤਲਬੀਆਂ ਟਪੱਲਾਂ ਮਾਰਨ ਦੀ ਹੈ ਕੋਈ ਤੁਕ ?
       ਕੇਜਰੀਵਾਲ ਗਰੰਟੀਆਂ "ਵੰਡ" ਰਿਹਾ ਹੈ ਪਰ ਇਕ ਗਰੰਟੀ ਉਹ ਨਹੀਂ ਦੇ ਰਿਹਾ ਅਤੇ ਨਾ ਹੀ ਦੇ ਸਕਦਾ ਹੈ ਕਿ ਆਪ ਦੇ ਜਿੱਤੇ ਵਿਧਾਇਕ ਲੋਕ ਰਾਇ ਦਾ ਫੇਰ ਅਪਮਾਨ ਨਹੀਂ ਕਰਨਗੇ, ਜੇ ਜਿੱਤ ਜਾਣ ਤਾਂ ਜਿੱਤਣ ਤੋਂ  ਬਾਅਦ ਉਹ ਆਪ ਨਾਲ ਹੀ ਰਹਿਣਗੇ, ਕਾਂਗਰਸ ਜਾਂ ਕਿਸੇ ਹੋਰ ਪਾਰਟੀ ਵਿਚ ਨਹੀਂ ਜਾਣਗੇ। ਆਪ ਵਾਲੇ ਇਸ ਵਾਰ ਜੇ ਪਹਿਲਾਂ ਜਿੰਨੀਆਂ ਸੀਟਾਂ ਲੈ ਜਾਣ ਤਾਂ ਇਹ ਉਨ੍ਹਾਂ ਦੀ ਬਹੁਤ ਵੱਡੀ ਪ੍ਰਾਪਤੀ ਹੋਵੇਗੀ। ਇਸ ਪਾਰਟੀ ਦਾ "ਕੌਮੀ ਕਨਵੀਨਰ" ਸਵੈ ਕੇਂਦਰੀਕਰਨ ਦੀ ਬੀਮਾਰੀ ਦਾ ਸ਼ਿਕਾਰ ਹੈ, ਪਾਰਟੀ ਦਾ ਹਰ ਬੰਦਾ ਉਹਦੇ ਸਾਹਮਣੇ ਬੌਨਾ ਹੈ, ਪਾਰਟੀ ਨੂੰ ਚਾਰ ਐਮਪੀ ਦੇਣ ਵਾਲੇ ਪੰਜਾਬ ਦੇ ਕਾਰਕੁਨ ਵੀ ਉਹਦੇ ਅੱਗੇ ਵਿਛੇ ਪਏ ਹਨ, ਕਿਹੜੀਆਂ ਗਰਜਾਂ ਦੇ ਮਾਰੇ ਹੋਏ ਆਪਣੇ ਆਪ ਨੂੰ "ਅਣਖੀ“, "ਬਹਾਦਰ“, "ਇਮਾਨਦਾਰ" ਕਹਿਣ-ਦੱਸਣ ਵਾਲੇ ਇਹ ਕੌਣ ਲੋਕ ਹਨ? ਇਨ੍ਹਾਂ "ਬਹਾਦਰਾਂ 'ਤੇ ਤਾਂ ਤਰਸ ਹੀ ਕੀਤਾ ਜਾ ਸਕਦਾ।
        ਪੰਜਾਬ ਸਿਰ ਤਿੰਨ ਲੱਖ ਕਰੋੜ ਰੁਪਏ ਦਾ ਕਰਜ਼ਾ ਹੈ, ਕਾਫੀ ਸਾਰੀਆਂ ਗਹਿਣੇ ਰੱਖੀਆਂ ਜਾਇਦਾਦਾਂ ਵੀ ਹਨ ਜਿਨ੍ਹਾਂ ਦਾ ਅਸਾਸਾ ਦੋ ਲੱਖ ਕਰੋੜ ਰੁਪਏ ਦੱਸਿਆ ਜਾ ਰਿਹਾ ਹੈ, ਕਿਸਾਨਾਂ ਤੇ ਮਜ਼ਦੂਰਾਂ ਦੇ ਸਿਰ ਵੀ ਕਾਫੀ ਕਰਜ਼ੇ ਹਨ, ਬੇਰੋਜ਼ਗਾਰੀ ਸਿਖਰਾਂ 'ਤੇ ਹੈ, ਕਿਵੇਂ ਅਤੇ ਕਿੱਥੇ ਨਵੇਂ ਕੰਮ ਪੈਦਾ ਕਰਨੇ ਹਨ, ਸੱਭਿਅਚਾਰਕ  ਤੇ ਭਾਸ਼ਾਈ ਮਸਲੇ ਹਨ, ਸਿਹਤ ਤੇ ਸਿੱਖਿਆ ਦੇ ਖੇਤਰ ਧਿਆਨ ਮੰਗਦੇ ਹਨ, ਹੋਈਆਂ ਬੇ-ਅਦਬੀਆਂ ਦਾ ਇਨ੍ਹਾਂ ਕੋਲ ਕੀ ਹੱਲ ਹੈ? 2015 ਵਿਚ ਹੋਈਆਂ ਬੇ-ਅਦਬੀਆਂ 2021 ਵਿਚ ਵੀ ਲਟਕਦਾ ਮਸਲਾ ਹੈ, ਹਕੂਮਤਾਂ ਕਰਨ ਵਾਲਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਮਹਿੰਗਾਈ ਅਸਮਾਨ ਛੂਹ ਰਹੀ ਹੈ, ਗਰੀਬ ਦਾ ਜੀਊਣਾ ਔਖਾ ਹੋਇਆ ਪਿਆ। ਹੁਣ ਤੱਕ ਦੇ ਚੱਲ ਰਹੇ ਖੇਤੀ ਮਾਡਲ ਨੂੰ ਬਦਲਣ ਦਾ ਸਵਾਲ ਹੈ, ਜ਼ਹਿਰ ਰਹਿਤ ਭਾਵ ਜੈਵਿਕ (ਕੁਦਰਤੀ) ਖੇਤੀ ਲਈ ਇਨ੍ਹਾਂ ਕੋਲ ਕੀ ਪਲੈਨ ਹੈ ? ਇਨ੍ਹਾਂ ਸਭ ਗੱਲਾਂ 'ਤੇ ਸਿਆਸਤਦਾਨ ਨਹੀਂ ਬੋਲ ਰਹੇ। ਕਿਉਂ ਨਹੀਂ ਬੋਲ ਰਹੇ ? ਕੈਪਟਨ ਨੇ ਬਾਦਲਾਂ ਵਾਲੀਆਂ ਨੀਤੀਆਂ ਚਾਲੂ ਰੱਖਕੇ ਸਾਢੇ ਚਾਰ ਸਾਲ ਪੰਜਾਬ ਨੂੰ ਬਰਬਾਦ ਕੀਤਾ। ਹੁਣ, ਕੈਪਟਨ ਦੇ ਬੀਜੇ ਹੋਏ ਕੰਡੇ ਚੰਨੀ, ਪਰਗਟ ਵਰਗਿਆਂ ਨੂੰ ਚੁਗਣ ਵਾਸਤੇ ਕਿਹਾ ਜਾ ਰਿਹਾ ।
     ਕੈਪਟਨ ਨੇ ਆਪਣੀ ਪਾਰਟੀ ਬਣਾ ਲਈ ਹੈ। ਭਾਜਪਾ ਨਾਲ ਸਮਝੌਤਾ ਕਰਕੇ ਮੋਦੀ ਤੋਂ ਆਪਣੇ ਵਾਸਤੇ ਪ੍ਰਚਾਰ ਕਰਵਾਉਣ ਦਾ ਚਾਹਵਾਨ ਹੈ। ਕੈਪਟਨ ਨੂੰ ਤਾਂ ਇੰਨਾ ਹੀ ਕਿਹਾ ਜਾ ਸਕਦਾ ਕਿ ਉਹ ਚੇਤੇ ਰੱਖੇ ਕਿ ਮੋਦੀ ਨੇ ਅਮਰੀਕਾ ਜਾ ਕੇ ਟਰੰਪ ਲਈ ਵੀ  ਪ੍ਰਚਾਰ ਕੀਤਾ ਸੀ, ਉਹਦਾ ਹਸ਼ਰ ਕੀ ਹੋਇਆ, ਸਭ ਜਾਣਦੇ ਹਨ, ਕੈਪਟਨ ਆਪਣੇ ਨਾਲ ਵਾਲਿਆਂ ਤੋਂ ਹੀ ਪੁੱਛ ਲਵੇ।
           ਅਜੇ ਉਡੀਕ ਕਰਨੀ ਪਵੇਗੀ ਕਿ ਕਿਹੜੀਆਂ ਹੋਰ ਧਿਰਾਂ ਇਸ ਚੋਣ ਮੈਦਾਨ ਵਿਚ ਨਿੱਤਰਦੀਆਂ ਹਨ ਤੇ ਉਹ ਕਿਹੜੇ ਮੁੱਦੇ ਵਿਚਾਰ ਅਧੀਨ ਲੈ ਕੇ ਆਉਂਦੇ ਹਨ। ਕਿਸਾਨਾਂ ਦਾ ਸੰਘਰਸ਼ ਜਿੱਤ ਤੋਂ ਬਾਅਦ ਅਗਲੇ ਪੜਾਵਾਂ ਵੱਲ ਵਧੇਗਾ। ਉਹ ਵੀ ਧਿਰ ਬਣਨਗੇ ਜਾਂ ਫੇਰ ਵੱਖੋ-ਵੱਖ ਧਿਰਾਂ ਨਾਲ ਜੁੜਨਗੇ। ਕਿਸਾਨ ਸੰਘਰਸ਼ ਦੀ ਹੋਈ ਜਿੱਤ ਨੇ ਪੰਜਾਬ ਦੇ ਭਵਿੱਖ ਨੂੰ ਰਾਹ ਦੱਸਣਾ ਹੈ। ਜਿੱਤ ਵਿਚੋਂ ਜੋ ਰਾਹ ਦਿਸਦਾ ਹੈ ਉਹ ਹੈ ਲੋਕ ਪੱਖੀ ਧਿਰਾਂ ਦੀ ਸਿਰ ਜੋੜਵੀਂ ਏਕਤਾ ਤੇ ਸੰਘਰਸ਼ ।
      ਕਈ ਸਿਆਸੀ ਪਾਰਟੀਆਂ ਗੱਠਜੋੜਾਂ ਦੇ ਨਾਂ 'ਤੇ ਡੀਲ ਕਰ ਰਹੀਆਂ ਹਨ। ਲੋਕਾਂ ਨੂੰ ਲਾਲਚੀ ਲੋਭੀ ਸਿਆਸੀ ਗਿਰਝਾਂ ਤੋਂ ਬਚਣ ਵਾਸਤੇ ਸੁਚੇਤ ਰਹਿਣ ਦੀ ਲੋੜ ਹੈ।  ਲੋਕ ਭਾਖਿਆ ਇਹ ਹੈ ਕਿ ਇਸ ਵਾਰ ਪੰਜਾਬ ਅੰਦਰ ਕਿਸੇ ਵੀ ਦਲ ਨੂੰ ਸਰਕਾਰ ਬਨਾਉਣ ਜੋਗੀਆਂ ਸੀਟਾਂ ਨਹੀਂ ਆਉਣ ਲੱਗੀਆਂ। ਲਟਕਵੀਂ ਅਸੰਬਲੀ ਦੀ ਆਸ ਹੈ। ਸਿਆਸੀ ਪਾਰਟੀਆਂ ਭਵਿੱਖ ਵਿਚ ਬਣਨ ਵਾਲੀ ਸਰਕਾਰ 'ਤੇ ਆਪਣੇ ਵਲੋਂ ਕਬਜਾ ਕਰਨ ਲਈ ਹਰ ਹਰਬਾ ਵਰਤਣ ਵਿਚ ਵਿਅਸਥ ਹਨ ।   
ਸੰਪਰਕ : +491733546050

 ਰੂੜੀਵਾਦੀ ਮਾਨਸਿਕਤਾ ਬਨਾਮ ਪੰਜਾਬ ਦਾ ਨਵਾਂ ਮੁੱਖਮੰਤਰੀ - ਚਰਨਜੀਤ ਸਿੰਘ ਚੰਨੀ !! - ਕੇਹਰ ਸ਼ਰੀਫ਼

ਪੰਜਾਬ ਨੂੰ "ਰਾਜਾਸ਼ਾਹੀ  ਮਾਨਸਿਕਤਾ ਦੀ ਵਿਅਕਤੀਵਾਦੀ ਵਲਗਣ" ਚੋਂ ਕੱਢ ਕੇ ਪੰਜਾਬ ਅੰਦਰ ਹਕੂਮਤ ਕਰ ਰਹੀ ਪਾਰਟੀ ਨੇ ਗਰੀਬ ਪਰਵਾਰ ਵਿਚ ਜਨਮੇ ਕਿਰਤੀ ਵਰਗ ਦੇ ਪੜ੍ਹੇ ਲਿਖੇ ਨੌਜਵਾਨ ਚਰਨਜੀਤ ਸਿੰਘ ਚੰਨੀ  ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਹੈ। ਪਰ ਦੋ ਦਿਨ ਤੋਂ ਭੈਂਗੀ ਸਿਆਸਤ ਤੇ ਟੀਰੀ ਸੋਚ ਵਾਲੇ ਲੋਕ ਜਿਵੇਂ ਚੰਨੀ ਨਾਲ ਘਟੀਆ ਜਹੇ ਵਿਸ਼ੇਸ਼ਣ ਜੋੜ ਕੇ ਹੀਣਤਾ ਭਰੇ ਸੰਬੋਧਨ ਕਰ ਰਹੇ ਹਨ, ਉਸਤੋਂ ਪਤਾ ਲਗਦਾ ਹੈ ਕਿ ਸਾਡੇ ਸਮਾਜ ਅੰਦਰ ਬਹੁਤੇ ਲੋਕ "ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ।।" ਦੇ ਬਰਾਬਰੀ ਭਰੇ ਹੋੱਕੇ ਦਾ ਪੱਲਾ ਨਹੀਂ ਫੜ ਸਕੇ, ਇਸ ਸੋਚ ਨੂੰ  ਅਮਲ 'ਚ ਅਪਣਾ ਨਹੀਂ ਸਕੇ, ਇਸ ਦੇ ਲੜ ਅਜੇ ਤੱਕ ਨਹੀਂ ਲੱਗ ਸਕੇ। ਸੋਚਣ-ਸਮਝਣ ਤੋਂ ਅਸਮਰੱਥ ਬਹੁਤੇ ਅਜੇ ਵੀ ਨਾ-ਬਰਾਬਰੀ ਵਾਲੀ ਮਨੂਵਾਦੀ ਵਰਣ ਵੰਡ / ਇਨਸਾਨਾਂ ਅੰਦਰ ਬਿਨਾਂ ਕਿਸੇ ਕਾਰਨ ਵੱਡੇ, ਛੋਟੇ ਦਾ ਪਾੜਾ ਪਾਉਣ ਵਾਲੀ ਦੱਕਿਆਨੂਸੀ ਸੋਚ ਦੇ ਸ਼ਿਕਾਰ ਹਨ। ਇਹ ਲੋਕ ਕਦੋਂ ਸੋਚਣਾ ਅਤੇ ਉਸ ਉੱਤੇ ਅਮਲ ਕਰਨਾ ਸ਼ੁਰੂ ਕਰਨਗੇ ਜੋ ਪੰਜਾਬ ਦੀ ਇਸ ਧਰਤੀ ਨੂੰ "ਪੰਜਾਬ ਵਸਦਾ ਗੁਰਾਂ ਦੇ ਨਾਂ 'ਤੇ " ਪ੍ਰਚਾਰਦੇ  ਹਨ। ਕੀ ਗਰੀਬ ਘਰ ਜੰਮ ਕੇ ਸਮਰੱਥਾਵਾਨ, ਗਿਆਨਵਾਨ ਹੋਣਾ ਸੌਖਾ ਹੁੰਦਾ ਹੈ ? ਸ਼੍ਰੀ ਚੰਨੀ ਪਿਛਲੇ ਮੁੱਖਮੰਤਰੀਆ ਅਤੇ ਡਿਪਟੀ ਮੁੱਖਮੰਤਰੀਆਂ ਤੋਂ ਵੱਧ ਪੜ੍ਹਿਆ-ਲਿਖਿਆ  ਸੂਝਵਾਨ ਇਨਸਾਨ ਹੈ। ਪਤਾ ਲੱਗ ਰਿਹਾ ਕਿ ਅਜੇ ਉਹ ਪੀ ਐਚ ਡੀ ਕਰ ਰਿਹਾ ਹੈ। ਇਹ ਬਹੁਤ ਵੱਡੀ ਗੱਲ ਹੈ ਲਗਾਤਾਰ ਸਿੱਖਦੇ ਰਹਿਣਾ ਅਤੇ ਗਿਆਨ ਦੇ ਲੜ ਲੱਗੇ ਰਹਿਣਾ। ਇਹ ਤਾਂ ਆਤਮ ਵਿਸ਼ਵਾਸ ਦਾ ਧਾਰਨੀ ਮਨੁੱਖ ਹੀ ਕਰ ਸਕਦਾ ਹੈ।
      ਪੰਜਾਬ ਤੋਂ ਬਾਹਰ ਰਹਿਣ ਵਾਲੇ ਲੋਕ ਹੈਰਾਨ ਹਨ  ਤੇ ਪੁੱਛਦੇ ਹਨ ਕੀ ਸਿੱਖਾਂ ਵਿਚ ਵੀ ਜਾਤ-ਪਾਤ ਹੁੰਦੀ ਹੈ? ਸਿਆਣਿਆਂ ਦਾ ਜਵਾਬ ਹੁੰਦਾ ਹੈ ਸਿਧਾਂਤਕ ਪੱਖੋਂ ਤਾਂ ਨਹੀਂ ਪਰ ਅਮਲ ਵਿਚ ਬਾਕੀ ਫਿਰਕਿਆਂ ਵਾਂਗ ਹੀ ਹੈ। ਫੇਰ ਗੁਰੂ ਸਾਹਿਬਾਨ ਦੀਆਂ ਸਿਖਿਆਵਾਂ ਦਾ ਕੀ ਬਣਿਆਂ ? ਕੀ ਅੰਧਵਿਸ਼ਵਾਸੀ, ਕਰਮਕਾਂਡੀ ਤੇ ਜਾਤ-ਪਾਤੀ ਲੋਕਾਂ ਨੂੰ ਸਿੱਖ ਮੰਨਿਆਂ ਜਾਣਾ ਚਾਹੀਦਾ ਹੈ ? ਸਿੱਖ ਗੁਰੂ ਦੇ ਕਹਾਉਣਾ ਅਤੇ ਅਮਲ ਵਰਣਵੰਡ ਵਾਲੀ "ਵਿਚਾਰਧਾਰਾ" 'ਤੇ ਕਰਨਾ, ਇਹ ਗਲਤ ਹੀ ਨਹੀਂ ਆਤਮਘਾਤੀ ਰਾਹ / ਕੁਰਾਹੇ ਪਾਉਣ ਵਾਲੀ ਜੀਵਨ ਜਾਚ ਹੈ ਜੋ ਇਨਸਾਨ ਨੂੰ ਇਨਸਾਨ ਹੀ ਨਹੀਂ ਰਹਿਣ ਦਿੰਦੀ । ਇਹ ਜੀਵਨ ਜਾਚ ਦੁੱਧ ਵਿਚ ਕਾਂਜੀ ਘੋਲਣ ਵਰਗੀ ਹੈ, ਜਿਸ ਤੋਂ ਬਾਅਦ ਦੁੱਧ, ਦੁੱਧ ਨਹੀਂ ਰਹਿੰਦਾ। ਆਪਣੇ ਆਪ ਨੂੰ ਸਿੱਖ ਸਕਾਲਰ / ਸਿੱਖ ਬੁੱਧੀਜੀਵੀ ਕਹਿਣ-ਕਹਾਉਣ ਵਾਲਿਆਂ ਵਲੋਂ ਇਹ ਸਵਾਲ ਉਭਾਰਿਆ ਜਾਣਾ ਚਾਹੀਦਾ ਹੈ, ਜੇ ਉਹ ਸੱਚਮੁੱਚ ਬੁੱਧੀਜੀਵੀ ਹਨ ਫੇਰ ਇਸ ਸਵਾਲ ਦਾ ਜਵਾਬ  ਵੀ ਦੇਣਾ ਚਾਹੀਦਾ ਹੈ, ਤਾਂ ਜੋ ਜਾਣੇ-ਅਣਜਾਣੇ ਹਨੇਰੇ ਵਿਚ ਟੱਕਰਾਂ ਮਾਰ / ਵਿਚਰ ਰਹੇ ਲੋਕ ਚਾਨਣ ਦੇ ਲੜ ਲੱਗ ਸਕਣ।
     ਆਪਣੇ ਆਪ ਨੂੰ ਮੱਲੋਮੱਲੀ "ਪੰਥ ਦੀ ਪਾਰਟੀ" ਕਹਿਣ ਵਾਲੇ ਪਿਛਲੇ ਕਿੰਨੇ ਸਮੇਂ ਤੋਂ ਸਿਆਸੀ ਬਿਆਨਬਾਜ਼ੀ ਵਿਚ ਕਹਿੰਦੇ ਆ ਰਹੇ ਹਨ ਕਿ ਜੇ ਚੋਣਾਂ ਵਿਚ ਅਸੀਂ  ਜਿੱਤੇ ਤਾਂ ਅਸੀਂ "ਦਲਿੱਤ" (ਕਿਰਤੀ ਲੋਕ ਕਿਉਂ ਨਹੀਂ ਕਹਿੰਦੇ), ਡਿਪਟੀ ਸੀ ਐਮ ਬਣਾਵਾਂਗੇ । ਭਲਾਂ ਆਪ ਇਹੋ ਕੌਣ ਹਨ ਜੋ ਜਗਤ ਪਾਲ ਕਿਰਤੀ ਵਰਗ ਨੂੰ ਹੀਣੇ ਸਮਝ ਰਹੇ ਹਨ ? ਕੀ ਇਨ੍ਹਾਂ ਸਿਆਸੀ ਧੰਦੇਬਾਜਾਂ ਨੂੰ ਪਤਾ ਹੈ ਮਹਾਂਪੁਰਸ਼ ਕਬੀਰ ਜੀ ਨੇ ਬਰਾਬਰੀ ਨੂੰ ਕਿਨ੍ਹਾਂ ਸ਼ਬਦਾਂ ਵਿਚ ਪੇਸ਼ ਕੀਤਾ ਹੈ, ਜੇ ਨਹੀਂ ਜਾਣਦੇ ਤਾਂ ਸੁਣੋ ਕਬੀਰ ਜੀ ਨੇ ਕਿਹਾ ਸੀ " ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ ॥ ਤਉ ਆਨ ਬਾਟ ਕਾਹੇ ਨਹੀ ਆਇਆ ॥ ਹੁਣ ਤਾਂ ਦੂਜਿਆਂ ਨੂੰ ਆਪਣੇ  ਆਪ ਤੋਂ ਨੀਵੇਂ ਸਮਝਣ ਵਾਲਿਆਂ ਵਲੋਂ ਕਬੀਰ ਸਾਹਿਬ ਅੱਗੇ ਪੇਸ਼ ਹੋ ਕੇ  ਦਲੀਲ ਨਾਲ ਜਵਾਬ ਦੇਣਾ ਪਵੇਗਾ ਕਿ ਉਹ ਬਾਕੀ ਮਨੁੱਖੀ ਵਰਗ ਤੋਂ ਵੱਖਰੇ ਤੇ ਅਖੌਤੀ ਉੱਚੇ ਕਿਵੇ ਤੇ ਕਿਉਂ ਹੋ ਗਏ ? ਉਹ ਕਿਹੜੇ  ਵੱਖਰੇ ਰਾਹੋਂ ਆਏ ਹਨ? ਸਮਾਜ ਅੰਦਰ ਧਾਰਮਿਕ ਰਹਿਬਰ ਬਣ ਕੇ ਵਿਚਰਨ ਵਾਲਿਆਂ ਦੀ ਕੋਈ ਜੁੰਮੇਵਾਰੀ/ਜਵਾਬਦੇਹੀ ਵੀ ਹੁੰਦੀ ਹੈ, ਅਜਿਹੇ ਸਮੇਂ ਉਨ੍ਹਾ ਦਾ ਬੋਲਣਾ, ਸੱਚ ਉੱਤੇ ਪਹਿਰਾ ਦੇਣਾ ਵੀ ਜਰੂਰੀ ਹੁੰਦਾ ਹੈ। ਚੁੱਪ ਰਹਿ ਕੇ ਉਹ ਆਪਣੇ ਫ਼ਰਜ਼ ਤੋਂ ਕੋਤਾਹੀ ਅਤੇ ਸਮੇਂ ਨੂੰ ਧੋਖਾ ਦੇਣ ਦਾ ਜਤਨ ਕਰਦੇ ਹਨ।
      ਅੱਜ ਦਾ ਯੁੱਗ ਇਨ੍ਹਾਂ ਆਪਣੇ ਆਪ ਨੂੰ ਉੱਚੇ ਸਮਝਣ ਵਾਲਿਆਂ ਤੋਂ ਜਵਾਬ ਮੰਗਦਾ ਹੈ ਕਿ ਬਾਬਾ ਨਾਨਕ ਤਾਂ ਆਪਣੇ ਆਪ ਨੂੰ "ਨੀਚਾਂ ਅੰਦਰ ਨੀਚ ਜਾਤ ਨੀਚੀ ਹੂੰ ਅਤਿ ਨੀਚ, ਨਾਨਕ ਤਿਨ ਕੇ ਸੰਗਿ ਸਾਥ ਵੱਡਿਆਂ ਸਿਉ ਕਿਆ ਰੀਸ" ਨੂੰ ਆਪਣੀ ਪਹਿਚਾਣ ਬਣਾਉਂਦੇ ਹਨ। ਉਹ ਮਲਕ ਭਾਗੋ ਨੂੰ ਨਕਾਰ ਕੇ ਭਾਈ ਲਾਲੋ ਨੂੰ ਆਪਣਾ ਦੱਸਦੇ ਹਨ। ਇਹ ਕੌਣ ਲੋਕ ਹਨ ਜੋ ਬਾਬੇ ਦੇ ਉਪਦੇਸ਼ਾਂ ਨੂੰ ਭੁੱਲ ਕੇ ਸਿਆਸੀ ਤਿਕੜਮਬਾਜ਼ੀਆਂ ਕਰ ਰਹੇ ਹਨ, ਕਾਹਦੀ ਖਾਤਰ ? ਇਸ ਤਰ੍ਹਾਂ ਪਦਾਰਥਾਂ ਦੇ ਢੇਰ ਤਾਂ ਤੁਸੀਂ ਲਾ ਲਵੋਗੇ, ਪਰ ਬਾਬੇ ਨਾਲੋਂ ਤੁਹਾਡਾ ਰਿਸ਼ਤਾ ਟੁੱਟ ਜਾਵੇਗਾ।
     ਕਈ "ਸਿਆਸਤਦਾਨ" ਆਪਣੇ ਆਪ ਨੂੰ ਆਪ ਹੀ ਗਰੀਬ-ਗੁਰਬੇ ਦੇ ਆਗੂ ਦੱਸਣ ਲੱਗ ਪੈਂਦੇ ਹਨ, ਪਰ ਸਿਆਸਤ ਨੂੰ ਧੰਦਾ ਸਮਝ ਕੇ ਆਪੇ ਹੀ ਆਪਣੇ ਕਿਰਤੀ ਵਰਗ ਨੂੰ ਛੱਡ ਕੇ ਸਾਧਨ ਭਰਪੂਰ ਲੋਕਾਂ ਦੇ ਬਣ ਬਹਿੰਦੇ ਹਨ ਅਤੇ ਆਰਥਿਕ ਮੁਫਾਦ ਖਾਤਰ ਜਾਤ ਅਭਿਮਾਨੀਆਂ ਦੀ ਰਾਖੀ ਦਾ ਚੀਕ-ਚਿਹਾੜਾ ਪਾਉਣ ਲੱਗ ਪੈਂਦੇ ਹਨ। ਅਜਿਹੇ ਲੋਕਾਂ ਦੀ ਉਲਝੀ ਮਾਨਸਿਕ ਅਵਸਥਾ ਸਮਾਜ ਨੂੰ ਬੀਮਾਰ ਸੋਚ ਤੋਂ ਬਿਨਾਂ ਕੁੱਝ ਨਹੀਂ ਦੇ ਸਕਦੀ।  
         ਜੇ ਇਨਸਾਨ ਹੋ ਤਾਂ ਇਨਸਾਨਾਂ ਵਾਲੀ ਗੱਲ ਕਰੋ, ਇਨਸਾਨੀਅਤ ਨੂੰ ਪਿਆਰ ਕਰੋ, ਨਫਰਤਾਂ ਵੰਡਣ ਵਾਲੇ ਹਮੇਸ਼ਾ ਤ੍ਰਿਸਕਾਰ ਦੇ ਭਾਗੀ ਬਣਦੇ ਹਨ। ਜੰਮ ਜੰਮ ਸਿਆਸਤਾਂ ਕਰੋ, ਪਰ ਭੁੱਲੋ ਨਾ ਤੁਸੀਂ ਇਸ ਸਮਾਜ ਦਾ ਅੰਗ ਹੋ। ਸਮਾਜ ਅੰਦਰ ਚੰਗੇ ਵਿਚਾਰਾਂ ਦਾ ਪ੍ਰਵਾਹ ਤੁਹਾਡੀ ਵੀ ਜੁੰਮੇਵਾਰੀ ਹੈ । ਪਤਾ ਹੋਣ ਦੇ ਬਾਵਜੂਦ ਕੋਈ ਵੀ ਗਲਤ ਕੰਮ ਕਰਨ ਲੱਗਿਆਂ ਅਤੇ ਨਿੰਦਿਆਂ ਦੇ ਵਿਹੜੇ ਬੈਠ, ਮੁਹੱਬਤਾਂ ਵੱਲ ਪਿੱਠ ਕਰਕੇ ਨਫਰਤ ਭਰੀ ਸੋਚ ਦੇ ਵੱਸ ਪੈ ਕੇ ਕਿਸੇ ਭਲੇਪੁਰਸ਼ ਵੱਲ ਝੂਠੀ ਉਂਗਲ ਚੁੱਕਣ ਤੋਂ ਪਹਿਲਾਂ ਆਪਣੇ ਵਲ ਨਿਗਾਹ ਮਾਰ ਲਿਉ, ਬਾਬਾ ਫਰੀਦ ਜੀ ਦਾ ਕਿਹਾ ਆਪਣੇ ਚੇਤੇ ਵਿਚੋਂ ਨਾ ਭੁਲਾਇਉ । ਬਾਬਾ ਫਰੀਦ ਜੀ ਨੇ ਕਿਹਾ ਸੀ -

ਫਰੀਦਾ, ਜੇ ਤੂ ਅਕਲਿ ਲਤੀਫੁ ਕਾਲੇ ਲਿਖ ਨਾ ਲੇਖ ॥
ਆਪਨੜੈ  ਗਿਰੀਵਾਨ  ਮਹਿ ਸਿਰੁ ਨੀਵਾਂ ਕਰਿ ਦੇਖੁ ॥

ਦਰਦ ਪੰਜਾਬੀ ਦਾ - ਕੇਹਰ ਸ਼ਰੀਫ਼

ਦੇਖ  ਲੈ   ਪੰਜਾਬੀਏ   ਨੀ   ਪੁੱਤ   ਤੇਰੇ   ਲਾਡਲੇ
ਇਨ੍ਹਾਂ ਨੂੰ ਤਾਂ ਤੇਰੀ  ਹੀ ਸਿਆਣ  ਭੁੱਲੀ ਜਾਂਦੀ ਐ।

ਨਾਮ ਤੇਰਾ ਜਪਦੇ ਆ ਬਹਿ ਕੇ ਜਿਹੜੇ ਦਿਨੇ ਰਾਤੀਂ
ਅੱਖਰਾਂ ਦੀ  ਉਨ੍ਹਾਂ  ਨੂੰ  ਪਛਾਣ  ਭੁੱਲੀ  ਜਾਂਦੀ  ਐ।

ਮਨੁੱਖਤਾ ਦਾ ਪਿੱਟਦੀ ਢੰਡੋਰਾ ਜਿਹੜੀ ਅੱਠੇ ਪਹਿਰ
ਉਹੋ  ਈ  ਲੋਕਾਈ  ਇਨਸਾਨ   ਭੁੱਲੀ  ਜਾਂਦੀ  ਐ।

ਅੱਗੇ ਹੋਣਾ  ਕੀ ਐ ਇਹੋ ਕੋਈ ਵੀ  ਨਹੀਂ ਜਾਣਦਾ
ਭਵਿੱਖ ਦੀ ਜੁਆਨੀ  ਵਰਤਮਾਨ ਭੁੱਲੀ  ਜਾਂਦੀ ਐ।

ਕਿਵੇਂ  ਦਦਿਔਰੇ,  ਪਤਿਔਰੇ  ਤੇ  ਨਨਿਔਰੇ   ਕਹੂ
ਜਿਹੜੀ ਪੀੜ੍ਹੀ  ਆਪਣੀ ਜ਼ੁਬਾਨ  ਭੁੱਲੀ  ਜਾਂਦੀ ਐ।

ਕੱਖੋਂ   ਹੌਲੇ  ਰਿਸ਼ਤੇ   ਤੇ  ਮਰ   ਰਿਹਾ  ਮੋਹ  ਵੇਖ
ਭਾਬੀ ਨੂੰ  ਤਾਂ  ਆਪਣੀ ਨਣਾਨ  ਭੁੱਲੀ  ਜਾਂਦੀ ਐ।

ਸੁਹਜ ਭਰੀਆਂ ਪੈੜਾਂ ਦਾ ਸਿਰਜਕ - ਪ੍ਰੋ. ਲਖਬੀਰ ਸਿੰਘ - ਕੇਹਰ ਸ਼ਰੀਫ਼

ਮਨੁੱਖ ਦਾ ਇਸ ਸੰਸਾਰ 'ਤੇ ਆਉਣਾ ਜੇ ਸਬੱਬ ਹੈ ਤਾਂ ਤੁਰ ਜਾਣਾ ਵੀ ਅਟੱਲ ਸੱਚਾਈ ਹੈ। ਯਾਦ ਰਹਿਣਯੋਗ ਇਹ ਕਿ ਜਾਣ ਵਾਲਾ ਕਿਵੇਂ ਜੀਵਿਆ। ਕੀ ਉਹ ਸਮਾਜਿਕ ਜੀਵ ਬਣਕੇ ਸਮਾਜ ਵਾਸਤੇ ਫਿਕਰਮੰਦ ਹੋਇਆ ਜਾਂ ਫੇਰ ਆਪਣੀ ਫਿਕਰਮੰਦੀ ਨਾਲ ਹੀ ਜੂਨ ਪੂਰੀ ਕਰ ਗਿਆ, ਅੱਜ ਦੀ ਬਹੁਗਿਣਤੀ ਅੰਤਰਮੁਖੀ ਤੇ ਸਵੈਮੁਖੀ ਹੋ ਕੇ ਜੀਊਣ ਵਿਚ ਮਸਤ ਹੈ ਜੋ ਗੈਰਕੁਦਰਤੀ ਹੋਣ ਦੇ ਨਾਲ ਸਮਾਜ ਦੇ ਭਵਿੱਖ ਵਾਸਤੇ ਨੁਕਸਾਨਦੇਹ ਹੈ।
     ਬਹੁਤ ਥੋੜੇ ਲੋਕ ਹੁੰਦੇ ਹਨ ਜੋ ਦੂਜਿਆਂ ਦੇ ਫਿਕਰ ਵਿਚ ਆਪਣਾ ਫਿਕਰ ਸ਼ਾਮਲ ਸਮਝਦੇ ਹਨ, ਇਸ ਕਰਕੇ ਉਨ੍ਹਾਂ ਨੂੰ ਸਮਾਜ ਦਰਦੀ ਕਿਹਾ ਜਾਂਦਾ ਹੈ। ਪ੍ਰੋ. ਲਖਬੀਰ ਸਿੰਘ ਵਰਗੇ ਲੋਕ ਸਮਾਜ ਦੇ ਦੁੱਖ ਦੂਰ ਕਰਨ ਦੀ ਕੋਸ਼ਿਸ਼ ਕਰਦੇ ਹਨ, ਉਹ ਆਪਣੇ ਵਰਗੇ ਲੋਕਾਂ ਨੂੰ ਜੋੜ ਕਾਫਲਿਆਂ ਦੀ ਸ਼ਕਲ ਬਣਾ ਕੇ ਸਾਹਮਣੇ ਦਿਸਦੀਆਂ ਸਮੱਸਿਆਵਾਂ ਦਾ ਹੱਲ ਲੱਭਣ ਦੇ ਜਤਨ ਕਰਦੇ ਹਨ। ਸਵਾਲ ਵਿਰਸੇ ਦੀ ਭਵਿੱਖਮੁਖੀ ਸਾਂਭ-ਸੰਭਾਲ ਦਾ ਹੋਵੇ,  ਮਾਂ ਬੋਲੀ ਪ੍ਰਤੀ ਸਮਾਜ ਅੰਦਰ ਹਾਂ ਪੱਖੀ ਹੁੰਗਾਰਾ ਪੈਦਾ ਕਰਨ ਦਾ ਹੋਵੇ ਜਾਂ ਫੇਰ ਜੀਊਣ ਨੂੰ ਸੌਖਿਆਂ ਰੱਖਣ ਵਾਸਤੇ ਵਾਤਾਵਰਣ ਪ੍ਰਤੀ ਚੇਤਨਾ ਪੈਦਾ ਕਰਨ ਦਾ ਹੋਵੇ। ਹਵਾ ਨੂੰ ਸਾਫ ਰੱਖਣ ਵਾਸਤੇ ਵੱਧ ਤੋਂ ਦਰੱਖਤ ਲਾਉਣ ਦਾ ਹੋਵੇ ਇਸ ਵਾਸਤੇ ਲਖਬੀਰ ਸਿੰਘ ਨੇ ਆਪਣੀ ਸੀਮਾ, ਸਮਰੱਥਾ ਤੋਂ ਬਹੁਤ ਜ਼ਿਆਦਾ ਇਸ ਵਾਸਤੇ ਕੰਮ ਕੀਤਾ ਕਿ ਉਹ ਜ਼ਿੰਦਗੀ ਨੂੰ ਪਿਆਰ ਕਰਨ ਵਾਲਿਆਂ ਵਿਚੋਂ ਸੀ।
        ਮਨੁੱਖਤਾ ਨੂੰ ਪਿਆਰ ਕਰਨ ਦਾ ਹੋਕਾ ਸਾਡੇ ਵਡੇਰਿਆਂ ਦੀ ਸੱਭਿਅਚਾਰਕ ਰੀਤ ਰਹੀ ਹੈ ਉਹ ਇਸ ਰੀਤ ਦਾ ਵਾਹਕ ਬਣਕੇ ਪਿੰਡ ਪਿੰਡ ਹੋਕਾ ਦਿੰਦਾ ਫਿਰਿਆ, ਬਹੁਤ ਸਾਰੇ ਲੋਕ ਉਸ ਦੇ ਮਿਸ਼ਨ ਨਾਲ ਜੁੜੇ, 'ਪਹਿਲ' ਵਰਗੀ ਸਮਾਜ ਸੇਵੀ ਸੰਸਥਾ ਬਣਾ ਉਸਨੇ ਸਮਾਜ ਅੰਦਰ ਜਾਗਰੂਕਤਾ ਪੈਦਾ ਕਰਨ ਲਈ ਪ੍ਰਚਾਰ ਦੇ ਮਾਧਿਅਮ ਰਾਹੀਂ ਆਪਣਾ ਸੁਨੇਹਾ ਲੋਕਾਂ ਤੱਕ ਪਹੁੰਚਾਇਆ। ਸਮਾਜ ਪ੍ਰਤੀ ਆਪਣਾ ਫ਼ਰਜ਼ ਨਿਭਾਉਣਾ ਉਸਨੂੰ ਸਦਾ ਯਾਦ ਰਿਹਾ। ਨਾਮੁਰਾਦ ਬੀਮਾਰੀ ਨਾਲ ਲੜਦਿਆਂ ਵੀ ਉਹ ਚੜ੍ਹਦੀਕਲਾ ਵਿਚ ਰਿਹਾ, ਪਰ ਆਖਰ ਸਦੀਵੀ ਵਿਛੋੜਾ ਦੇ ਗਿਆ।
       ਅਜਿਹੇ ਲੋਕ ਆਪਣੇ ਕੀਤੇ ਕੰਮਾਂ ਕਰਕੇ ਹਮੇਸ਼ਾ ਜ਼ਿੰਦਾ ਰਹਿੰਦੇ ਹਨ। ਪ੍ਰੋ. ਲਖਬੀਰ ਸਿੰਘ ਜ਼ੀੰਦਗੀ ਨੂੰ ਅੰਤਾਂ

"ਮੀਡੀਆ ਪੰਜਾਬ" ਜਰਮਨੀ  ਵਲੋਂ ਸਦੀਵੀ ਵਿਛੋੜਾ ਦੇ ਗਏ ਪ੍ਰੋ. ਲਖਬੀਰ ਸਿੰਘ ਨੂੰ ਸ਼ਰਧਾਂਜਲੀ - ਕੇਹਰ ਸ਼ਰੀਫ਼

ਸੁਹਜ ਭਰੀਆਂ ਪੈੜਾਂ ਦਾ ਸਿਰਜਕ - ਪ੍ਰੋ. ਲਖਬੀਰ ਸਿੰਘ - ਕੇਹਰ ਸ਼ਰੀਫ਼                                                                         
ਮਨੁੱਖ ਦਾ ਇਸ ਸੰਸਾਰ 'ਤੇ ਆਉਣਾ ਜੇ ਸਬੱਬ ਹੈ ਤਾਂ ਤੁਰ ਜਾਣਾ ਵੀ ਅਟੱਲ ਸੱਚਾਈ ਹੈ। ਯਾਦ ਰਹਿਣਯੋਗ ਇਹ ਕਿ ਜਾਣ ਵਾਲਾ ਕਿਵੇਂ ਜੀਵਿਆ। ਕੀ ਉਹ ਸਮਾਜਿਕ ਜੀਵ ਬਣਕੇ ਸਮਾਜ ਵਾਸਤੇ ਫਿਕਰਮੰਦ ਹੋਇਆ ਜਾਂ ਫੇਰ ਆਪਣੀ ਫਿਕਰਮੰਦੀ ਨਾਲ ਹੀ ਜੂਨ ਪੂਰੀ ਕਰ ਗਿਆ, ਅੱਜ ਦੀ ਬਹੁਗਿਣਤੀ ਅੰਤਰਮੁਖੀ ਤੇ ਸਵੈਮੁਖੀ ਹੋ ਕੇ ਜੀਊਣ ਵਿਚ ਮਸਤ ਹੈ ਜੋ ਗੈਰਕੁਦਰਤੀ ਹੋਣ ਦੇ ਨਾਲ ਸਮਾਜ ਦੇ ਭਵਿੱਖ ਵਾਸਤੇ ਨੁਕਸਾਨਦੇਹ ਹੈ।
     ਬਹੁਤ ਥੋੜੇ ਲੋਕ ਹੁੰਦੇ ਹਨ ਜੋ ਦੂਜਿਆਂ ਦੇ ਫਿਕਰ ਵਿਚ ਆਪਣਾ ਫਿਕਰ ਸ਼ਾਮਲ ਸਮਝਦੇ ਹਨ, ਇਸ ਕਰਕੇ ਉਨ੍ਹਾਂ ਨੂੰ ਸਮਾਜ ਦਰਦੀ ਕਿਹਾ ਜਾਂਦਾ ਹੈ। ਪ੍ਰੋ. ਲਖਬੀਰ ਸਿੰਘ ਵਰਗੇ ਲੋਕ ਸਮਾਜ ਦੇ ਦੁੱਖ ਦੂਰ ਕਰਨ ਦੀ ਕੋਸ਼ਿਸ਼ ਕਰਦੇ ਹਨ, ਉਹ ਆਪਣੇ ਵਰਗੇ ਲੋਕਾਂ ਨੂੰ ਜੋੜ ਕਾਫਲਿਆਂ ਦੀ ਸ਼ਕਲ ਬਣਾ ਕੇ ਸਾਹਮਣੇ ਦਿਸਦੀਆਂ ਸਮੱਸਿਆਵਾਂ ਦਾ ਹੱਲ ਲੱਭਣ ਦੇ ਜਤਨ ਕਰਦੇ ਹਨ। ਸਵਾਲ ਵਿਰਸੇ ਦੀ ਭਵਿੱਖਮੁਖੀ ਸਾਂਭ-ਸੰਭਾਲ ਦਾ ਹੋਵੇ,  ਮਾਂ ਬੋਲੀ ਪ੍ਰਤੀ ਸਮਾਜ ਅੰਦਰ ਹਾਂ ਪੱਖੀ ਹੁੰਗਾਰਾ ਪੈਦਾ ਕਰਨ ਦਾ ਹੋਵੇ ਜਾਂ ਫੇਰ ਜੀਊਣ ਨੂੰ ਸੌਖਿਆਂ ਰੱਖਣ ਵਾਸਤੇ ਵਾਤਾਵਰਣ ਪ੍ਰਤੀ ਚੇਤਨਾ ਪੈਦਾ ਕਰਨ ਦਾ ਹੋਵੇ। ਹਵਾ ਨੂੰ ਸਾਫ ਰੱਖਣ ਵਾਸਤੇ ਵੱਧ ਤੋਂ ਦਰੱਖਤ ਲਾਉਣ ਦਾ ਹੋਵੇ ਇਸ ਵਾਸਤੇ ਲਖਬੀਰ ਸਿੰਘ ਨੇ ਆਪਣੀ ਸੀਮਾ, ਸਮਰੱਥਾ ਤੋਂ ਬਹੁਤ ਜ਼ਿਆਦਾ ਇਸ ਵਾਸਤੇ ਕੰਮ ਕੀਤਾ ਕਿ ਉਹ ਜ਼ਿੰਦਗੀ ਨੂੰ ਪਿਆਰ ਕਰਨ ਵਾਲਿਆਂ ਵਿਚੋਂ ਸੀ।
        ਮਨੁੱਖਤਾ ਨੂੰ ਪਿਆਰ ਕਰਨ ਦਾ ਹੋਕਾ ਸਾਡੇ ਵਡੇਰਿਆਂ ਦੀ ਸੱਭਿਅਚਾਰਕ ਰੀਤ ਰਹੀ ਹੈ ਉਹ ਇਸ ਰੀਤ ਦਾ ਵਾਹਕ ਬਣਕੇ ਪਿੰਡ ਪਿੰਡ ਹੋਕਾ ਦਿੰਦਾ ਫਿਰਿਆ, ਬਹੁਤ ਸਾਰੇ ਲੋਕ ਉਸ ਦੇ ਮਿਸ਼ਨ ਨਾਲ ਜੁੜੇ, 'ਪਹਿਲ' ਵਰਗੀ ਸਮਾਜ ਸੇਵੀ ਸੰਸਥਾ ਬਣਾ ਉਸਨੇ ਸਮਾਜ ਅੰਦਰ ਜਾਗਰੂਕਤਾ ਪੈਦਾ ਕਰਨ ਲਈ ਪ੍ਰਚਾਰ ਦੇ ਮਾਧਿਅਮ ਰਾਹੀਂ ਆਪਣਾ ਸੁਨੇਹਾ ਲੋਕਾਂ ਤੱਕ ਪਹੁੰਚਾਇਆ। ਸਮਾਜ ਪ੍ਰਤੀ ਆਪਣਾ ਫ਼ਰਜ਼ ਨਿਭਾਉਣਾ ਉਸਨੂੰ ਸਦਾ ਯਾਦ ਰਿਹਾ। ਨਾਮੁਰਾਦ ਬੀਮਾਰੀ ਨਾਲ ਲੜਦਿਆਂ ਵੀ ਉਹ ਚੜ੍ਹਦੀਕਲਾ ਵਿਚ ਰਿਹਾ, ਪਰ ਆਖਰ ਸਦੀਵੀ ਵਿਛੋੜਾ ਦੇ ਗਿਆ।
       ਅਜਿਹੇ ਲੋਕ ਆਪਣੇ ਕੀਤੇ ਕੰਮਾਂ ਕਰਕੇ ਹਮੇਸ਼ਾ ਜ਼ਿੰਦਾ ਰਹਿੰਦੇ ਹਨ। ਪ੍ਰੋ. ਲਖਬੀਰ ਸਿੰਘ ਜ਼ਿੰਦਗੀ ਨੂੰ ਅੰਤਾਂ ਦਾ ਪਿਆਰ ਕਰਨ ਵਾਲੇ ਸਮਾਜ ਦੇ ਰਾਹ ਦਸੇਰੇ ਮਹਾਨ ਵਿਅਕਤੀ ਵਜੋਂ ਯਾਦ ਕੀਤਾ ਜਾਂਦਾ ਰਹੇਗਾ।

ਅਣਡਿੱਠੀਆਂ ਰਾਹਾਂ ਤੇ ਤੁਰ ਗਏ ਯਾਰ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ - ਬਲਦੇਵ ਸਿੰਘ ਬਾਜਵਾ ਜਰਮਨੀ
ਪ੍ਰੋ. ਲਖਬੀਰ ਸਿੰਘ ਮੇਰੇ ਉਹਨਾਂ ਮਿੱਤਰਾਂ ਵਿੱਚ ਸ਼ਾਮਿਲ ਸਨ ਜੋ ਕਈ ਵਾਰ ਖਾਮੋਸ਼ ਰਹਿ ਕਿ ਵੀ ਤੁਹਾਡੇ ਚੰਗੇ ਦੀ ਕਾਮਨਾ ਕਰਦੇ ਹਨ । ਲਖਬੀਰ ਦਾ ਬੇਵਕਤ ਤੁਰ ਜਾਣਾ ਪਰਿਵਾਰ ਨੂੰ ਹੀ ਨਹੀਂ ਮਿੱਤਰਾਂ ਨੂੰ ਵੀ ਵੱਡਾ ਘਾਟਾ ਪਾ ਗਿਆ। ਮੈਂ ਰਣਧੀਰ ਕਾਲਜ ਕਪੂਰਥਲਾ 1982 ਦੇ ਸਾਰੇ ਬੈਂਚ ਵੱਲੋਂ ਅਣਡਿੱਠੀਆਂ ਰਾਹਾਂ ਤੇ ਤੁਰ ਗਏ ਯਾਰ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ । ਪਰਿਵਾਰ ਵਾਸਤੇ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਹਾਂ

------------------------------------------------------------

                                                     ਨਾਮ ਫ਼ਕੀਰ ਤਹੈਂ ਦਾ ਬਾਹੂ,
                                       ਕਬਰ  ਜਿਨ੍ਹਾਂ  ਦੀ  ਜੀਵੇ ਹੂ ।                

ਸਾਡੇ ਚੇਤਿਆਂ ਵਿਚ ਸਦਾ ਹੀ ਜੀਵੰਤ - ਪ੍ਰੋ. ਲਖਬੀਰ ਸਿੰਘ - ਗੁਰਦੀਸ਼ ਪਾਲ ਕੌਰ ਬਾਜਵਾ                                       
ਆਵਾਗਮਨ ਸੰਸਾਰ ਦਾ ਨਿਯਮ ਹੈ, - ਜੋ ਆਇਆ ਸੋ ਚਲਸੀ ਸਭੁ ਕੋਈ ਆਈ ਵਾਰੀਆਂ|| ਸਭ ਨੇ ਇਸ ਸੰਸਾਰ ਆਵਾਗਮਨ ਤੋਂ ਰੁਖਸਤੀ ਲੈਣੀ ਹੈ ਪਰ ਬੇਵਕਤੀ ਰੁਖਸਤੀ ਮਨ ਨੂੰ ਵਲੂੰਧਰ ਕੇ ਧਰ ਦੇਂਦੀ ਹੈ ।
       ਸਾਡੇ ਸਤਿਕਾਰਤ ਪ੍ਰੋ. ਲਖਬੀਰ ਸਿੰਘ ਜੀ ਸੰਸਾਰ ਆਵਾਗਮਨ ਤੋਂ ਪਿਆਨਾ ਕਰ ਗਏ ਅਤੇ ਆਪਣੇ ਪਿਛੇ ਨਾ ਭਰਨ ਵਾਲਾ ਇਕ ਖਲਾਅ ਛੱਡ ਗਏ । ਸਮਾਜ ਦਰਦੀ ਤੇ ਵਾਤਾਵਰਣ ਪ੍ਰੇਮੀ ਕੁਦਰਤ ਚੋਂ ਕਾਦਰ ਨੂੰ ਨਿਹਾਰਨ ਦੀਆਂ ਗੱਲਾਂ ਕਰਨ ਵਾਲਾ ਭਲਾ ਪੁਰਖ ਸਰੀਰਕ ਤੌਰ ਤੇ ਲੰਮੀ ਵੇਦਨਾ ਨੂੰ, ਇੱਕ ਐਸੀ ਪੀੜ੍ਹ ਨੂੰ ਸਹਾਦਰਾ ਹੋਇਆ ਆਪਣੀ ਦਰਦ ਗਾਥਾ ਨੂੰ ਕਲਮਬੰਦ ਇਸ ਭਾਵਨਾ ਨਾਲ ਕਰਦਾ ਰਿਹਾ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਐਸੇ ਕੈਂਸਰ ਨਾਲ ਪੀੜ੍ਹਤ ਲੋਕਾਂ ਲਈ ਹਿੰਮਤ ਤੇ ਦੁੱਖ ਨੂੰ ਜਰਨ ਤਾਕਤ ਦੂਣੀ ਹੋਵੇ । ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨਾਲ ਚੌਂਦਾ ਸਾਲ ਜੰਗ ਲਾਈ ਰੱਖਣੀ ਤੇ ਆਪ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣਾ ਕਿਸੇ ਦਲੇਰ ਮਰਦ ਦਾ ਹੀ ਕੰਮ ਹੋ ਸਕਦਾ । ਜਦੋਂ ਵੀ ਕਦੇ ਫੋਨ ਤੇ ਗੱਲ ਹੋਣੀ ਸਰੀਰ ਭਾਵੇਂ ਦਰਦ ਨਾਲ ਭੰਨਿਆਂ ਹੁੰਦਾ ਪਰ ਆਵਾਜ਼ ਤੋਂ ਕੋਈ ਅੰਦਾਜਾ ਨਹੀਂ ਲਾ ਸਕਦਾ ਸੀ।
       ਪ੍ਰੋ. ਲਖਬੀਰ ਸਿੰਘ ਜੀ ਨਾਲ 30 ਸਾਲ ਦਾ ਮੇਰਾ ਅਟੁੱਟ ਸੰਬੰਧ ਰਿਹਾ, ਐਨੇ ਲੰਮੇ ਸਮੇਂ ਵਿੱਚ ਜੀਵਨ ਵਿੱਚ ਆਏ ਸਭ ਉਤਰਾਅ ਚੜਾਅ ਦੇ ਉਹ ਸਾਖਸ਼ੀ ਰਹੇ ਹਮੇਸ਼ਾ ਬੇਜਿਝਕ ਉਨ੍ਹਾਂ ਨਾਲ ਗੱਲ ਕੀਤੀ ਜੀਵਨ ਦੇ ਹਰ ਮਸਲੇ ਦਾ ਹਲ ਉਹਨਾਂ ਕੋਲ ਹੁੰਦਾ । ਅਜੇ ਤੱਕ ਉਹ ਕੱਲ ਦੀ ਗੱਲ ਲੱਗਦੀ ਹੈ ਕਿ ਜਦੋਂ ਉਹਨਾਂ ਦਾ ਪਹਿਲੀ ਵਾਰ ਕੈਂਸਰ ਹੋਣ ਦਾ ਪਤਾ ਲੱਗਾ ਅਸੀਂ ਮੈਂ ਤੇ ਰਮਨਪ੍ਰੀਤ ਹਸਪਤਾਲ ਵਿੱਚ ਹੀ ਸਾਂ ਜਦੋਂ ਡਾਕਟਰ ਰਿਪੋਰਟ ਲੈ ਕੇ ਆ ਗਿਆਂ ਜਿੰਦਗੀ ਮੌਤ ਦੀ ਗੱਲ ਸੀ, ਘਰ ਪਰਿਵਾਰ ਦੀਆਂ ਚੂਲ਼ਾਂ ਹਿੱਲ ਜਾਂਦੀਆਂ ਹਨ ਸਭ ਬੇ-ਜ਼ੁਬਾਨੇ ਹੋ ਗਏ ਹਰਵਿੰਦਰ ਮੈਡਮ ਵਲ ਵੇਖ ਕੇ ਸਭ ਦੀਆਂ ਅੱਖਾਂ ਹੂੰਝਆਂ ਵਿੱਚ ਤਰ ਸਨ ਛੋਟੇ ਬੱਚੇ ਲਿਆਕਤ, ਬਘੇਸ਼ਵਰ ਬੇਖਬਰ ਖੇਡ ਰਹੇ ਸਨ ਪਰ ਇੱਕ ਬੰਦਾ ਪਹਾੜ ਵਰਗੇ ਜਿਗਰੇ ਵਾਲਾ ਅਡੋਲ ਸੀ ਉਹ ਸੀ ਪ੍ਰੋ. ਲਖਬੀਰ ਸਿੰਘ ਉਹ ਸਭ ਵੱਲ ਵੇਖ ਕੇ ਕਹਿ ਰਿਹਾ ਸੀ ਫਿਰ ਕੀ ਹੋਇਆ ... ਆਪਾ ਲੜੇਂਗੇ ਤੇ ਜਿੱਤਾਂਗੇ ।
ਮੈਂ ਅੱਜ ਵੀ ਸੋਚਦੀ ਹਾਂ ਸਰ ਲੜੇ ਤੇ ਜਿੱਤੇ ਉਹ ਹਾਰੇ ਨਹੀਂ।
    ਲੰਬੀ ਜੱਦੋਜਹਿਦ ਕੋਈ ਰਹੱਸਭਰੀਆਂ ਗੱਲਾਂ ਨਹੀਂ ਸਨ ਸਾਰਾ ਸੰਸਾਰ ਸਾਰਾ ਸਮਾਜ ਇਸ ਕਰਮ ਯੁੱਧ ਨੂੰ ਵੇਖ ਰਹਿਆਂ ਸੀ । ਉਹ ਸੂਰਮਾਂ ਇੱਕ ਸੂਰਮਗਾਥਾ ਲਿਖ ਰਿਹਾ ਸੀ ।  ਕੋਈ ਸਿਸਟਮ ਹਮਦਰਦ ਬਣ ਕੇ ਨਾ ਬਹੁੜਿਆਂ ਨਾ ਸਰਕਾਰ ਨਾ ਕੋਈ ਮੈਡੀਕਲ ਸੰਸਥਾਂ ਪਰ ਪ੍ਰੋ. ਲਖਬੀਰ ਸਿੰਘ ਜੀ ਦੀ ਕਮਾਈ ਦੋਸਤ ਮਿੱਤਰ ਕਾਲਜ ਸਟਾਫ, ਵਿਦਿਆਰਥੀ ਉਹਨਾਂ ਨਾਲ ਮੋਢਾ ਜੋੜ ਕੇ ਖੜੇ ਰਹੇ । ਐਮ.ਏ ਪੰਜਾਬੀ ਕਰਦਿਆਂ ਅਸੀਂ ਮੁੰਡੇ ਕੁੜੀਆਂ ਦਾ ਪਹਿਲਾਂ ਗਰੁੱਪ ਜਿਨ੍ਹਾਂ ਨੂੰ ਪ੍ਰੋ. ਸਾਹਿਬ ਦੀ ਰਹਿਨੁਮਾਈ ਪ੍ਰਾਪਤ ਹੋਈ, ਉਹ ਸਮਾਂ ਜਦੋਂ  ਸਾਰੇ ਅਧਿਆਪਕ ਚੜ੍ਹਦੇ ਤੋਂ ਚੜ੍ਹਦੇ ਗਿਆਨ ਭਰਭੂਰ ਸਮਾਂ ਸੀ, ਡਾ. ਟੀ. ਆਰ ਸ਼ਿੰਗਾਰੀ, ਡਾ. ਥਿੰਦ, ਪ੍ਰੋ.ਅਗਨੀਹੋਤਰੀ, ਪ੍ਰੋ.ਭੱਟੀ ਹੋਰ ਬਹੁਤ ਸਤਿਕਾਰਤ ਨਾਮ ਜਿੰਨ੍ਹਾਂ ਨੇ ਜੀਵਨ ਜਾਂਚ ਸਿਖਾਈ ਇੱਕ ਵਕਫੇ ਤੋਂ ਬਾਅਦ ਉਹਨਾਂ ਨਾਲ ਸੰਪਰਕ ਘਟਿਆ ।  ਪਰ ਅਧਿਆਪਕ ਜੋ ਨਾ ਚੇਤਿਆਂ ਵਿੱਚੋਂ ਨਾ ਸੰਪਰਕ ਵਿੱਚੋਂ ਕਦੀ ਮਨਫੀ ਹੋਇਆ ਉਹ ਸੀ ਪ੍ਰੋ☬ ਲਖਬੀਰ ਸਿੰਘ।
     ਅਸੀਂ ਕੋਸ਼ਿਸ਼ ਵੀ ਕੀਤੀ ਕਿ ਸਮਾਂ ਨਹੀ, ਵਿਹਲੇ ਨਹੀਂ ਹਾਂ ਪਰ ਉਸ ਰੁਝੇਵੇਂ ਭਰਪੂਰ ਅਧਿਆਪਕ ਕੋਲ ਸਦਾ ਹੀ ਮੇਰੇ ਲਈ ਸਮਾਂ ਸੀ , ਉਹ ਫਿਰ ਯਾਦ ਕਰਦੇ  ਮੈਨੂੰ ਫਿਰ ਲੱਭ ਹੀ ਲੈਂਦੇ । ਕੁਝ ਕੁ ਸਮਾਂ ਪਹਿਲਾਂ ਦੀ ਗੱਲ ਉਹਨਾਂ ਦੇ ਬੇਟੇ ਨੇ ਦੱਸਿਆ ਹੁਣ ਬਹੁਤ ਨਾਜੁਕ ਘੜ੍ਹੀ ਹੈ ਉਹਨਾਂ ਨੂੰ ਵੈਂਟੀਲੇਟਰ ਤੇ ਰੱਖਿਆ । ਮੇਰੀ ਹੈਰਾਨੀ ਦੀਆ ਸਾਰੀਆਂ ਹੱਦਾਂ ਪਾਰ ਹੋ ਗਈਆਂ, ਉਹਨਾਂ ਦਾ ਅਗਲੇ ਦਿਨ ਮੈਨੂੰ ਫੋਨ ਆਇਆਂ ਕਹਿੰਦੇ ਡਾਕਟਰਾਂ ਤਾਂ ਮੈਨੂੰ ਰਾਤੀਂ ਤੋਰ ਹੀ ਦਿੱਤਾ ਸੀ, ਉਹਨਾਂ ਮੈਨੂੰ ਆਖਿਆਂ ਜਦੋਂ ਮੈਂ ਬੇਸੁਰਤ ਸੀ ਮੇਰੀਆਂ ਅੱਖਾਂ ਸਾਹਵੇਂ ਤੁਹਾਡੇ, ਮੇਰੇ ਸਾਰੇ ਵਿਦਿਆਰਥੀਆਂ ਦੇ ਚਿਹਰੇ ਕਾਲਜ ਤੇ ਉਹ ਸਮਾਂ ਘੁੰਮ ਰਿਹਾ ਸੀ ।  ਮੈਂ ਸਵੇਰੇ ਆਪ ਸਾਹ ਲੈਣ ਲੱਗ ਪਿਆਂ ।  ਮੈਨੂੰ ਲੱਗਾ ਮੈਂ ਉੱਠਣਾ, ਮੈਂ ਸੋਚਿਆਂ ਮੈ ਅਜੇ ਬੜੇ ਕੰਮ ਕਰਨੇ ਹਨ ।
      ਸਾਰਾ ਜੀਵਨ ਉਹਨਾਂ ਪਹਿਲਾ ਹੀ ਸਮਾਜ ਭਲਾਈ ਦੇ ਕੰਮਾਂ ਨੂੰ ਸਮਰਪਿਤ ਕੀਤਾ ਸੀ । ਬਿਮਾਰੀ ਨੇ ਉਹਨਾਂ ਦਾ ਰਾਹ ਰੋਕਿਆਂ, ਉਹਨਾਂ ਚੌਦਾਂ ਸਾਲ ਹੋਣੀ ਨੂੰ ਪੱਲਾ ਨਹੀ ਫੜਾਇਆਂ ।  ਮੈਡਮ ਹਰਵਿੰਦਰ ਜੀ ਦਾ ਹਰ ਪਲ ਤੇ ਸਾਥ ਉਹ ਕਹਿੰਦੇ ਸੀ ਉਹਨਾਂ ਦਾ ਵੱਡਾ ਹੌਸਲਾ ਸੀ । ਕਈ ਵਾਰ ਇਸ ਗੱਲ ਤੋਂ ਭਾਵੁਕ ਵੀ ਹੁੰਦੇ ਸਨ ਕਿ ਤੁਹਾਡੀ ਮੈਡਮ ਮੇਰੇ ਤੋਂ ਵੀ ਵੱਧ ਤਕਲੀਫ ਹੰਢਾਂ ਰਹੀ ਹੈ ਪਰ ਕਦੀ ਇਸ ਗੱਲ ਦਾ ਸ਼ਿਕਵਾ ਨਹੀਂ ਕਰਦੀ । ਧਰਤੀ ਵਾਂਗ ਸਭ ਸਹੀ ਜਾਂਦੀ ਹੈ ।
       ਮੇਰੇ ਹਸਬੈਂਡ ਨਾਲ ਉਹਨਾਂ ਦੇ ਭਰਾਵਾਂ ਵਰਗੇ ਸੰਬੰਧ ਸਨ ਮੇਰਾ ਫੋਨ ਬੰਦ ਹੋਣ ਤੇ ਘੰਟੀ ਉਹਨਾਂ ਦੇ ਫੋਨ ਤੇ ਵੱਜਦੀ ਮੇਰੇ ਵੋੱਲੋਂ ਬਹਾਨਿਆਂ ਦੀ ਲੰਮੀ ਕਤਾਰ .... ਉਹ ਸਦਾ ਮੈਨੂੰ ਫੋਨ ਕਰਦੇ । ਉਹਨਾਂ ਦੇ ਤੁਰ ਜਾਣ ਤੋਂ ਬਾਅਦ ਮੈਂ ਉਹਨਾਂ ਨੂੰ ਕਈ ਵਾਰ ਫੋਨ ਕੀਤਾ ।  ਪਹਿਲੀ ਵਾਰ ਕਾਲ ਮਿਸ ਅੱਗੋਂ ਕਿਸੇ ਨੇ ਫੋਨ ਨਹੀਂ ਚੁੱਕਿਆਂ ਇਹ ਮੈਨੂੰ ਵੀ ਪਤਾ ਸੀ ਪਰ ਯਕੀਨ ਐਨੀ ਛੇਤੀ ਆਉਦਾ ਨਹੀਂ ।  ਲਿਆਕਤਬੀਰ ਨੇ ਦੱਸਿਆਂ ਕਿ ਉਸ ਤੋਂ ਅਟੈਂਡ ਨਹੀ ਹੋ ਸਕਿਆਂ ਮੈਂ ਉਹਦੇ ਫੋਨ ਤੇ ਫੋਨ ਕਰਦੀ ਤਾਂ ਉਹ ਗੱਲ ਕਰ ਸਕਦਾ ਸੀ ।
      "ਅਸਾਂ ਹਿੰਮਤ ਯਾਰ ਬਣਾਈ" ਲਿਖੀ  ਪ੍ਰੋ. ਲਖਬੀਰ ਸਿੰਘ ਜੀ ਦੀ ਪੁਸਤਕ  ਹਿੰਮਤ ਅਤੇ ਹੌਸਲੇ ਦਾ ਦੂਜਾ ਨਾਂ ਹੈ। ਉਹਨਾਂ ਮੈਨੂੰ ਪੀ.ਡੀ.ਐਫ ਭੇਜੀ ਪੁਸਤਕ ਰੂਪ ਵਿੱਚ ਮੈਨੂੰ ਅਜੇ ਮਿਲੀ ਨਹੀਂ, ਮੈ ਚਾਹੁੰਦੀ ਆਉਣ ਵਾਲੇ ਸਮੇਂ ਵਿੱਚ ਇਹ ਕਿਤਾਬ ਸਭ ਦੇ ਹੱਥਾਂ ਵਿੱਚ ਪੁੰਹਚਾਵਾਂ। ਅੱਜ ਤੋਂ 21 ਸਾਲ ਪਹਿਲਾਂ ਸਰ ਮੇਰੇ ਕੋਲ ਜਰਮਨੀ ਮੇਰੇ ਘਰ ਆਏ ਸਦਾ ਹੀ ਕਹਿੰਦੇ ਰਹੇ ਮੈ ਫਿਰ ਆਵਾਗਾਂ ਪਰ ਸਮਾਂ ਨਾ ਬਣਿਆਂ । ਪਿਛਲੇ ਸਾਲ ਉਹਨਾਂ ਦਾ ਵੱਡਾ ਬੇਟਾ ਲਿਆਕਤਬੀਰ ਕੁਦਰਤੀ ਮੇਰੇ ਕੋਲ ਜਰਮਨੀ ਆਇਆਂ ਅਸੀਂ ਬੈਠ ਕੇ ਸਰ ਬਾਰੇ ਬਹੁਤ ਗੱਲਾਂ ਕੀਤੀਆਂ । ਬਾਜਵਾ ਸਾਹਿਬ ਬਾਰ ਬਾਰ ਇਹੀ ਕਹਿੰਦੇ ਰਹੇ ਕਿ ਲਿਆਕਤਬੀਰ ਹਰ ਪਾਸਿਉ ਸ. ਲਖਬੀਰ ਸਿੰਘ ਦੀ ਪਰਛਾਈ ਹੈ । ਸਚਾਈ ਵਿੱਚ ਹੈ ਵੀ ਇਸ ਤਰਾਂ ਹੀ ਹੈ । ਪਾਪਾ ਦੇ ਅਧੂਰੇ ਕੰਮਾਂ ਨੂੰ ਪੂਰਾ ਕਰਨਾ ਉਸਦਾ ਟੀਚਾ ਹੈ,ਵਾਹਿਗੁਰੂ ਉਸ ਨੂੰ ਤਾਕਤ ਦੇਵੇ ।
ਪ੍ਰੋ. ਲਖਬੀਰ ਸਿੰਘ ਹੋਰੀਂ ਭਾਵੇਂ ਜਿਸਮਾਨੀ ਤੌਰ 'ਤੇ ਸਾਥੋਂ ਵਿਛੜ ਗਏ ਹਨ ਲਿਖਦਿਆਂ ਵੀ ਆਹ ਨਿਕਲਦੀ ਹੈ। ਜਦੋਂ ਪੰਜਾਬ ਪਰਤਾਂਗੇ ਤਾਂ ਇਹ ਖਲਾਅ ਤਾਂ ਸਾਡੇ ਲਈ ਕਦੀਂ ਨਹੀਂ ਭਰੇਗਾ  ਪਰ ਉਨ੍ਹਾਂ ਦੇ ਵਿਚਾਰ ਸਾਡੇ ਰਾਹ ਦਸੇਰਾ ਬਣੇ ਰਹਿਣਗੇ, ਅਸੀਂ ਉਨ੍ਹਾਂ ਨੂੰ ਯਾਦ ਕਰਦੇ ਰਵ੍ਹਾਂਗੇ।
ਮੁੱਖ ਸੰਪਾਦਕ, ਮੀਡੀਆ ਪੰਜਾਬ
-------------------          
ਦਰਦ ਨਾਲ ਜੂਝਦੇ ਦਰਦਮੰਦ ਦਾ ਵਿਛੋੜਾ - ਡਾ. ਨਵਜੋਤ
ਵੈਸੇ ਤਾਂ ਕਿਸੇ ਵੀ ਇਨਸਾਨ ਦਾ ਇਸ ਫ਼ਾਨੀ ਦੁਨੀਆ ਤੋਂ ਜਾਣਾ ਤਕਲੀਫ਼ਦੇਹ ਹੁੰਦਾ ਹੈ ਪਰ ਇਕ ਵਧੀਆ ਇਨਸਾਨ, ਜ਼ਿੰਦਗੀ ਨਾਲ ਜੂਝਣ ਵਾਲੇ ਸਿਰੜੀ ਯੋਧੇ ਦਾ ਜਾਣਾ ਸਮਾਜ ਲਈ ਬਹੁਤ ਵੱਡਾ ਘਾਟਾ ਹੈ। ਅਜੋਕੇ ਮਸ਼ੀਨੀ ਮਾਨਸਿਕਤਾ ਵਾਲੇ ਯੁੱਗ ਵਿਚ ਜਦੋਂ ਸਰਮਾਇਆ ਹੀ ਆਮ ਬੰਦੇ ਦਾ ਧਰਮ ਹੋਵੇ, ਜ਼ਮੀਰ ਦੀ ਆਵਾਜ਼ ’ਤੇ ਸਾਬਤਕਦਮੀ ਪਹਿਰਾ ਦੇਣ ਵਾਲੇ ਲੋਕ ਬਹੁਤ ਘੱਟ ਮਿਲਦੇ ਹਨ। ਪਿਛਲੇ ਪੰਦਰਾਂ ਸਾਲ ਤੋਂ ਕੋਮਲਭਾਵੀ ਲਖਬੀਰ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨਾਲ ਦਸਤਪੰਜਾ ਲੈ ਰਿਹਾ ਸੀ। ਮੌਤ ਉਸ ਨੂੰ ਧੂਹ ਰਹੀ ਸੀ ਪਰ ਜਿਸ ਬਹਾਦਰੀ ਨਾਲ ਉਹ ਜ਼ਿੰਦਗੀ ਤੇ ਮੌਤ ਦੀ ਲੜਾਈ ਲੜਿਆ, ਉਹ ਕਾਬਲੇ ਤਾਰੀਫ਼ ਹੈ। ਆਖ਼ਰ ਛੇ ਅਗਸਤ ਸਵੇਰੇ ਛੇ ਵੱਜ ਕੇ ਵੀਹ ਮਿੰਟ ’ਤੇ ਜ਼ਿੰਦਗੀ ਹਾਰ ਗਈ ਅਤੇ ਚੰਦਰੀ ਮੌਤ ਜਿੱਤ ਗਈ।
     ਸਵੱਛ ਰੂਹ ਦਾ ਮਾਲਕ, ਮਾਨਵ ਹਿਤੈਸ਼ੀ ਇਨਸਾਨ, ਲੱਖਾਂ ਲੋਕਾਂ ਦਾ ਵੀਰ ਸੀ ਪ੍ਰੋ. ਲਖਬੀਰ ਸਿੰਘ। ਅਪਾਰ ਮਿਠਾਸ ਤੇ ਨਿਮਰਤਾ ਉਸ ਦੇ ਸੁਭਾਅ ਦਾ ਸਦੀਵੀ ਅੰਗ ਸੀ। ਗੋਰਾ ਨਿਛੋਹ ਰੰਗ, ਛੇ ਫੁੱਟ ਉੱਚਾ ਕੱਦ, ਹਮੇਸ਼ਾ ਹੱਸਦਾ ਮੁਸਕਰਾਉਂਦਾ ਚਿਹਰਾ ਹਰ ਵੇਲੇ ਹਰ ਕਿਸੇ ਦੇ ਕੰਮ ਆਉਣ ਦੇ ਭਾਵ ਨਾਲ ਓਤਪੋਤ ਸੀ। ਉਸ ਦੇ ਜ਼ਿਹਨ ਵਿਚ ਚੇਤਨਾ ਦੀ ਮਘਦੀ ਚਿਣਗ ਸੀ, ਜੋ ਉਸ ਦੀ ਅਸੀਮ ਸੋਚ ਨੂੰ ਸਦਾ ਪਰਵਾਜ਼ ਬਖ਼ਸ਼ਦੀ ਰਹੀ।
ਬੜਾ ਉੱਚਾ ਤੇ ਸੁੱਚਾ ਆਦਰਸ਼ ਸੀ ਉਸ ਦੇ ਸਾਹਮਣੇ। ਜ਼ਿੰਦਗੀ ਨੂੰ ਮੁਹੱਬਤ ਕਰਨ ਵਾਲਾ ਇਨਸਾਨ ਸੀ ਉਹ ਤਾਂ। ਸੱਜਣ-ਫੱਬਣ ਦਾ ਸ਼ੌਕ, ਵਧੀਆ ਖਾਣ ਦਾ ਸ਼ੌਕੀਨ। ਜਨੂੰਨ ਦੀ ਹੱਦ ਤਕ ਜ਼ਿੰਦਗੀ ਨੂੰ ਇਸ਼ਕ ਕਰਨ ਵਾਲਾ ਇਨਸਾਨ ਸਮੁੱਚੀ ਕਾਇਨਾਤ ਨੂੰ ਇਸ਼ਕ ਕਰ ਸਕਦਾ ਸੀ।
ਲਖਬੀਰ ਇਕ ਸ਼ੂਕਦਾ ਵਗਦਾ ਦਰਿਆ ਸੀ, ਜੋ ਆਪਣੇ ਰਾਹਵਾਂ ਦਾ ਹਰ ਟੋਆ- ਟਿੱਬਾ ਢਾਹ ਆਪਣੀ ਮੰਜ਼ਿਲ ਵੱਲ ਵਧਦਾ ਹੀ ਜਾਂਦਾ ਸੀ। ਸੇਵਾ ਉਸ ਦਾ ਪਰਮ ਧਰਮ ਸੀ। ਲੋੜਵੰਦਾਂ ਦੇ ਕੰਮ ਆਉਣਾ ਉਸ ਦੀ ਰੂਹ ਦੀ ਖ਼ੁਰਾਕ ਸੀ। ਉਹ ਹਮੇਸ਼ਾ ਦਰਦਮੰਦਾਂ ਦੇ ਦਰਦ ਨੂੰ ਘਟਾਉਣ ਦੇ ਆਹਰ ’ਚ ਲੱਗਾ ਰਹਿੰਦਾ ਸੀ। ਲੋੜਾਂ ਤੇ ਥੁੜਾਂ ਮਾਰੀ ਲੋਕਾਈ ਦੇ ਜ਼ਖ਼ਮਾਂ ’ਤੇ ਫੇਹੇ ਰੱਖਣ ਦੀ ਕੋਸ਼ਿਸ਼ ਕਰਦਾ। ਇਸ ਸਭ ਕਾਸੇ ਵਿੱਚੋਂ ਉਸ ਨੂੰ ਸਕੂਨ ਮਿਲਦਾ ਸੀ। ਇਸ ਸਕੂਨ ਵਿੱਚੋਂ ਕਿਸੇ ਨਸ਼ੇ ਦਾ ਅਹਿਸਾਸ ਹੁੰਦਾ ਉਹ ਇਲਾਹੀ ਨਸ਼ਾ ਜਿਸ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਅਨੇਕਾਂ ਵਾਰ ਖ਼ੂਨਦਾਨ ਹੀ ਨਹੀਂ ਕੀਤਾ ਸਗੋਂ ਹਜ਼ਾਰਾਂ ਲੋਕਾਂ ਨੂੰ ਇਸ ਨੇਕ ਕੰਮ ਲਈ ਪ੍ਰੇਰਿਤ ਵੀ ਕੀਤਾ।
ਉਹ ਸਮੁੱਚੀ ਕਾਇਨਾਤ ਨੂੰ ਪਿਆਰ ਕਰਨ ਵਾਲਾ ਸੀ। ਉਸ ਨੇ ਨੌਂ-ਦਸ ਲੱਖ ਦਰੱਖ਼ਤ ਲਗਵਾ ਕੇ ਲੋਕਾਂ ਨੂੰ ਵਾਤਾਵਰਨ ਸ਼ੁੱਧਤਾ ਤੋਂ ਜਾਣੂ ਕਰਵਾਇਆ ਸੀ। ਭਰੂਣ ਹੱਤਿਆ, ਏਡਜ਼ ਅਤੇ ਕੈਂਸਰ ਵਰਗੀਆਂ ਮਾਰੂ ਬਿਮਾਰੀਆਂ ਬਾਰੇ ਜਨ ਸਧਾਰਨ ਨੂੰ ਚੇਤਨ ਕਰਵਾਉਣਾ ਉਸ ਦੇ ਤਰਜੀਹੀ ਕੰਮਾਂ ’ਚੋਂ ਸੀ। ਉਹ ਤਾਉਮਰ ਕੀਟਨਾਸ਼ਕ ਦਵਾਈਆਂ ਤੇ ਜ਼ਹਿਰੀਲੀਆਂ ਰਸਾਇਣਕ ਖਾਦਾਂ ਖ਼ਿਲਾਫ਼ ਦੁਹਾਈਆਂ ਪਾਉਂਦਾ ਰਿਹਾ।
ਨਸ਼ਿਆਂ ਕਾਰਨ ਪੰਜਾਬ ਦੀ ਜਵਾਨੀ ਦਾ ਹੋ ਰਿਹਾ ਘਾਣ ਉਸ ਤੋਂ ਜਰਿਆ ਨਹੀਂ ਸੀ ਜਾਂਦਾ। ਉਹ ਲੱਕ ਬੰਨ੍ਹ ਕੇ ਸਮਾਜ ਨੂੰ ਸੋਹਣਾ-ਸੁਨੱਖਾ ਬਣਾਉਣ ਦੇ ਸੁਪਨੇ ਵੇਖਦਾ ਸੀ। ਉਹ ਹਊਮੈ ਮੁਕਤ ਇਨਸਾਨ ਸੀ। ਲੋਕਾਂ ਲਈ ਜੀਊਣ ਵਾਲਾ ਅਭਿਮਾਨ ਮੁਕਤ ਆਪੇ ਹੀ ਹੋ ਜਾਂਦਾ ਹੈ। ਉਹ ਇਕ ਵਧੀਆ ਇਨਸਾਨ ਹੀ ਨਹੀਂ ਸਗੋਂ ਪ੍ਰਤੀਬੱਧ ਅਧਿਆਪਕ, ਵਫ਼ਾਦਾਰ ਪਤੀ ਤੇ ਜ਼ਿੰਮੇਵਾਰ ਬਾਪ ਸੀ।
ਪਿਆਰ ਸਤਿਕਾਰ ਅਤੇ ਦੁੱਖ ਦੇ ਮਿਲੇ-ਜੁਲੇ ਅਨੁਭਵ ਮੈਨੂੰ ਪੰਦਰਾਂ ਸਾਲ ਪਿੱਛੇ ਧੂਹ ਕੇ ਲਈ ਜਾ ਰਹੇ ਨੇ। ਕੁਲਹਿਣੀ ਬਿਮਾਰੀ ਦੌਰਾਨ ਤਕਲੀਫ਼ ਨੂੰ ਜਰਨ ਦੀ ਅਥਾਹ ਸਮਰੱਥਾ ਮੈਂ ਲਖਬੀਰ ਵਿਚ ਵੇਖੀ। ਦੂਜਿਆਂ ਦੇ ਦਰਦ ਨੂੰ ਵੰਡਾਉਣ ਵਾਲਾ ਹਰ ਘੜੀ ਆਪਣੇ ਸਮੁੱਚੇ ਦਰਦ ਨੂੰ ਸਿਦਕ ਨਾਲ ਪੀਂਦਾ ਰਿਹਾ। ਅੰਤਾਂ ਦੀ ਸਰੀਰਕ ਤਕਲੀਫ਼ ਵਿਚ ਵੀ ਉਹ ਸ਼ਾਂਤ ਗੰਭੀਰ ਅਤੇ ਮੁਸਕਰਾ ਕੇ ਦੂਜਿਆਂ ਦੀ ਹਿੰਮਤ ਵਧਾਉਂਦਾ ਸੀ। ਔਖੇ ਵੇਲੇ ਜ਼ਿੰਦਗੀ ਕਿਵੇਂ ਜੀਵੀਦੀ ਹੈ, ਇਹ ਉਹ ਬਹਾਦਰ ਵੀਰ ਦੱਸ ਗਿਆ ਹੈ। ਪੰਜਾਬੀ ਦੇ ਆਦਿ ਕਵੀ ਅਤੇ ਮਹਾਨ ਸੂਫ਼ੀ ਬਾਬਾ ਫ਼ਰੀਦ ਜੀ ਨੇ ਦਰਵੇਸ਼ ਰੂਹਾਂ ਬਾਰੇ ਫੁਰਮਾਇਆ ਹੈ ਕਿ ਉਨ੍ਹਾਂ ਦਾ ਜੇਰਾ ਰੁੱਖਾਂ ਵਰਗਾ ਚਾਹੀਦਾ ਹੈ ਜੋ ਖ਼ੁਦ ਧੁੱਪ-ਛਾਂ ਝੇਲ ਕੇ ਦੂਜਿਆਂ ਨੂੰ ਠੰਢੀਆਂ ਛਾਵਾਂ ਵੰਡਦੇ ਹਨ, ‘‘ਦਰਵੇਸਾਂ ਨੋ ਲੋੜੀਐ ਰੁਖਾਂ ਦੀ ਜੀਰਾਂਦਿ।’’ ਪ੍ਰੋ. ਲਖਬੀਰ ਸਿੰਘ ਵੀ ਤਾਂ ਅਜਿਹਾ ਹੀ ਸੀ। ਇਹ ਜੀਰਾਂਦ ਦੂਜਿਆਂ ਤੋਂ ਆਪਾ ਵਾਰਨ ਵਾਲੇ ਵਿਚ ਹੀ ਆ ਸਕਦੀ ਹੈ।
‘ਪਹਿਲ’ ਨਾਂ ਦੀ ਸੰਸਥਾ ਰਾਹੀਂ ਉਸ ਨੇ ਸਮਾਜ ਸੇਵਾ ਦੇ ਕੰਮ ਕਰਨ ਦੀ ਪਹਿਲ ਕੀਤੀ, ਜਿਸ ਤੋਂ ਸਮਾਜ ਦੇ ਵੱਡੀ ਗਿਣਤੀ ਲੋਕਾਂ ਨੇ ਸੇਧ ਲਈ। ਅਧਿਆਪਕ ਹੋਣ ਦੇ ਨਾਤੇ ਉਸ ਨੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵੱਲ ਧਿਆਨ ਦਿੱਤਾ। ਵਿਦਿਆਰਥੀਆਂ ’ਚ ਸਾਹਿਤ ਦੀ ਚੇਟਕ ਪੈਦਾ ਕਰਨ ਦਾ ਕੰਮ ਉਸ ਨੇ
ਬੜੀ ਸ਼ਿੱਦਤ ਨਾਲ ਕੀਤਾ। ਖ਼ੁਦ ਸਮਾਜ ਸੇਵਾ ਦੇ ਜਜ਼ਬੇ ਨਾਲ ਲਬਰੇਜ਼ ਇਸ ਹਸਤੀ ਨੇ ਆਪਣੇ ਵਿਦਿਆਰਥੀਆਂ ਨੂੰ ਵੀ ਹਮੇਸ਼ਾ ਦੂਜਿਆਂ ਦੇ ਕੰਮ ਆਉਣ ਦਾ ਵੱਲ ਸਿਖਾਇਆ। ਉਸ ਦੀ ਸ਼ਖ਼ਸੀਅਤ ਤੇ ਵਿਚਾਰਧਾਰਾ ਉਸ ਦੇ ਅੰਗਸੰਗ ਰਹਿਣ ਵਾਲਿਆਂ ਤੇ ਚਾਹੁਣ ਵਾਲਿਆਂ ਨੂੰ ਹਮੇਸ਼ਾ ਸੇਧ ਦਿੰਦੀ ਰਹੇਗੀ।
ਲਖਬੀਰ ਵਰਗੇ ਜ਼ਹੀਨ ਇਨਸਾਨ ਸਦਾ ਨਹੀਂ ਜੰਮਦੇ। ਸਰੀਰਕ ਕਸ਼ਟ ਦੇ ਦੌਰਾਨ ਲਖਬੀਰ ਸਮਾਜ ਸੇਵਾ ’ਚ ਪਹਿਲਾਂ ਤੋਂ ਵੀ ਵੱਧ ਤਾਕਤ ਨਾਲ ਜੁਟਿਆ। ਲੰਮੀ ਤਪੱਸਿਆ ਅਤੇ ਘਾਲਣਾ ਤੋਂ ਬਾਅਦ ਮਿਲੀ ਲੋਕਾਈ ਦੀ ਮੁਹੱਬਤ ਲਖਬੀਰ ਦੀ ਬੇਨਜ਼ੀਰ ਕਮਾਈ ਹੈ। ਅੱਜ ਲਖਬੀਰ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਅਸੀਂ ਸਭ ਉਸ ਨੂੰ ਚਾਹੁਣ ਵਾਲੇ, ਉਸ ਦੇ ਕੰਮਾਂ ਨੂੰ ਪਿਆਰਨ ਵਾਲੇ ਉਸ ਦੀ ਜੀਵਨ ਦ੍ਰਿਸ਼ਟੀ ਨੂੰ ਸਤਿਕਾਰਨ ਵਾਲੇ ਉਸ ਦੇ ਲੋਕ ਹਿਤਕਾਰੀ ਜੀਵਨ ਤੋਂ ਪ੍ਰੇਰਨਾ ਲਈਏ।
- ਪ੍ਰਿੰਸੀਪਲ, ਲਾਇਲਪੁਰ ਖ਼ਾਲਸਾ ਕਾਲਜ ਫਾਰ ਵਿਮੈਨ, ਜਲੰਧਰ।
  ਸੰਪਰਕ : 81468-2804
----------------------
ਬਹੁਤਾ ਰੋਣਗੇ ਦਿਲਾਂ ਦੇ ਜਾਨੀ... ! - ਡਾ.ਰਾਮ ਮੂਰਤੀ
                                                                                    
ਪ੍ਰੋ. ਲਖਬੀਰ ਸਿੰਘ ਦਾ ਜਨਮ 14 ਜੂਨ 1962 ਨੂੰ ਮਾਤਾ ਸ਼੍ਰੀਮਤੀ ਹਰਭਜਨ ਕੌਰ ਅਤੇ ਪਿਤਾ ਸ.ਅਜੀਤ ਸਿੰਘ ਦੇ ਘਰ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਜਾਤੀ ਕੇ ਵਿਖੇ ਹੋਇਆ। ਉਨ੍ਹਾਂ ਐਮ.ਏ.ਪੰਜਾਬੀ ਅਤੇ ਐਮ.ਫਿਲ ਦੀਆਂ ਡਿਗਰੀਆਂ ਹਾਸਿਲ ਕੀਤੀਆਂ ਅਤੇ ਡੀ.ਏ.ਵੀ.ਕਾਲਜ ਜਲੰਧਰ ਵਿਖੇ ਬਤੌਰ ਪੰਜਾਬੀ ਪ੍ਰਾਧਿਆਪਕ ਪੜ੍ਹਾਉਣ ਲੱਗ ਪਏ। ਉਨ੍ਹਾਂ ਆਪਣੀ ਨੌਕਰੀ ਅਨੁਸ਼ਾਸਨ ਵਿਚ ਰਹਿ ਕੇ ਬੜੀ ਸਿਦਕਦਿਲੀ ਨਾਲ ਕੀਤੀ। ਇਹ ਉੱਚਾ ਲੰਮਾਂ ਗੋਰਾ ਨਿਛੋਹ ਗੱਭਰੂ ਬੜਾ ਮਿੱਠ ਬੋਲੜਾ ਸੀ ਤੇ ਹਮੇਸ਼ਾ ਮੁਸਕਰਾ ਕੇ ਗੱਲ ਕਰਦਾ ਸੀ ਤੇ ਪਹਿਲੀ ਮੁਲਾਕਾਤ ਵਿਚ ਹੀ ਦੂਸਰੇ ਦਾ ਮਨ ਮੋਹ ਲੈਂਦਾ ਸੀ।
ਇਹ 1993 ਦੀ ਘਟਨਾਂ ਹੈ ਜਦੋਂ ਮੇਰਾ ਪ੍ਰੋ.ਲਖਬੀਰ ਸਿੰਘ ਨਾਲ ਇਸ ਕਾਲਜ ਦੇ ਪੰਜਾਬੀ ਵਿਭਾਗ ਵਿਚ ਮੇਲ ਹੋਇਆ। ਮੈਂ ਉਸ ਕਾਲਜ ਵਿਚ ਐਮ.ਏ.ਪੰਜਾਬੀ ਵਿਚ ਦਾਖ਼ਲਾ ਲੈਣਾ ਸੀ ਤੇ ਉੱਥੇ ਮੈਨੂੰ ਕੋਈ ਨਹੀਂ ਸੀ ਜਾਣਦਾ। ਦਾਖ਼ਲੇ ਦੀਆਂ ਆਖ਼ਰੀ ਤਾਰੀਖ਼ਾਂ ਚੱਲ ਰਹੀਆਂ ਸਨ। ਮੇਰੇ ਪਿੰਡ ਮੱਲ੍ਹੀਆਂ ਖੁਰਦ ਵਿਖੇ ਉਨ੍ਹਾਂ ਦੀ ਛੋਟੀ ਭੈਣ ਸ਼੍ਰੀਮਤੀ ਰਣਜੀਤ ਕੌਰ ਮੇਰੇ ਵੱਡੇ ਭਰਾ ਵਰਗੇ ਮਿੱਤਰ ਸ਼੍ਰੀ ਪ੍ਰਦੀਪ ਕੁਮਾਰ ਉਰਫ ਦੀਨਾਂ ਨਾਥ ਚਮਦਲ ਨਾਲ ਵਿਆਹੀ ਹੋਈ ਹੈ। ਉਨ੍ਹਾਂ ਪ੍ਰੋ. ਲਖਬੀਰ ਕੋਲ ਮੇਰੀ ਸਿਫਾਰਿਸ਼ ਕਰ ਦਿੱਤੀ। ਪੁੱਛਦਾ ਪੁਛਾਉਂਦਾ ਜਦੋਂ ਮੈਂ ਪੰਜਾਬੀ ਵਿਭਾਗ ਪੁੱਜਾ ਤਾਂ ਕੁਦਰਤੀ ਉਹ ਡਾ.ਟੀ.ਆਰ.ਸ਼ੰਗਾਰੀ ਦੇ ਬਿਲਕੁਲ ਸਾਹਮਣੇ ਵਾਲੀ ਕੁਰਸੀ 'ਤੇ ਬੈਠੇ ਸਨ। ਮੈਂ ਉਨ੍ਹਾਂ ਦੇ ਕੰਨ ਵਿਚ ਜਾ ਕੇ ਕਿਹਾ ਕਿ ਮੈਂ ਮੱਲ੍ਹੀਆਂ ਤੋਂ ਆਇਆ ਹਾਂ। ਉਨ੍ਹਾਂ ਡਾ. ਸ਼ੰਗਾਰੀ ਜੋ ਉਸ ਵੇਲੇ ਵਿਭਾਗ ਦੇ ਮੁਖੀ ਸਨ ਕੋਲ ਮੇਰੀ ਸਿਫਾਰਿਸ਼ ਕਰ ਦਿੱਤੀ। ਪਰ ਡਾ. ਸ਼ੰਗਾਰੀ ਇਨਸਾਫ ਪਸੰਦ ਸਨ ਤੇ ਉਨ੍ਹਾਂ ਪ੍ਰਵੇਸ਼ ਪ੍ਰੀਖਿਆ ਰਾਹੀਂ ਆਉਣ ਦੀ ਸ਼ਰਤ ਰੱਖ ਦਿੱਤੀ। ਪ੍ਰਵੇਸ਼ ਪ੍ਰੀਖਿਆ ਹੋਈ ਤੇ ਮੇਰਾ ਦਾਖ਼ਲਾ ਵੀ ਹੋ ਗਿਆ। ਮੇਰੇ ਪਿੰਡ ਰਿਸ਼ਤੇਦਾਰੀ ਹੋਣ ਸਦਕਾ ਪ੍ਰੋ. ਲਖਬੀਰ ਸਿੰਘ ਮੇਰਾ ਉਚੇਚਾ ਧਿਆਨ ਰੱਖਣ ਲੱਗ ਪਏ।
      ਉਨ੍ਹਾਂ ਦਿਨਾਂ ਵਿਚ ਹੀ ਉਨ੍ਹਾਂ ਨੇ ਆਪਣੇ ਕੁਝ ਸਹਿਯੋਗੀ ਪ੍ਰਧਿਆਪਕਾਂ ਅਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ 'ਪਹਿਲ' ਸੰਸਥਾ ਦਾ ਗਠਨ ਕੀਤਾ। ਇਹ ਸੰਸਥਾ ਸਮਾਜ ਭਲਾਈ ਦੇ ਕੰਮ ਨੂੰ ਸਮਰਪਿਤ ਸੀ। ਵਾਤਾਵਰਣ ਨੂੰ ਵਧ ਰਹੇ ਪ੍ਰਦੂਸ਼ਣ ਤੋਂ ਬਚਾਉਣ ਲਈ ਵੱਡੀ ਗਿਣਤੀ ਵਿਚ ਰੁੱਖ ਲਗਾਉਣੇ, ਖ਼ੂਨਦਾਨ ਕੈਂਪ ਲਗਾਉਣੇ, ਕੈਂਸਰ ਨਾਲ ਪੀੜਿਤ ਮਰੀਜ਼ਾਂ ਦੇ ਇਲਾਜ ਲਈ ਦਵਾਈਆਂ ਦਾ ਪ੍ਰਬੰਧ ਕਰਵਾਉਣਾਂ, ਵਾਤਾਵਰਣ ਸੁਰੱਖਿਆ ਲਈ ਸੈਮੀਨਾਰਾਂ ਤੇ ਕਾਨਫਰੰਸਾਂ ਦਾ ਆਯੋਜਨ ਕਰਨਾਂ, ਸਾਖਰਤਾ ਅਭਿਆਨ ਵਿਚ ਆਪਣੀ ਮੋਹਰੀ ਭੂਮਿਕਾ ਨਿਭਾਉਣਾ ਇਸ ਸੰਸਥਾ ਦੇ ਕੰਮਾਂ ਵਿਚ ਸ਼ਾਮਿਲ ਸੀ।
ਪ੍ਰੋ. ਲਖਬੀਰ ਸਿੰਘ ਨੂੰ ਅਜਿਹੀ ਸੇਵਾ ਕਰਨ ਦਾ ਜਨੂੰਨ ਜਿਹਾ ਸੀ। ਕਾਲਜ ਡਿਊਟੀ ਤੋਂ ਬਾਅਦ ਉਨ੍ਹਾਂ ਦਾ ਸੁਰਮਈ ਰੰਗ ਦਾ ਵੈਸਪਾ ਸਕੂਟਰ ਜਲੰਧਰ ਅਤੇ ਪੰਜਾਬ ਦੇ ਹੋਰ ਦੂਰ ਦੁਰੇਡੇ ਇਲਾਕਿਆਂ ਵਿਚ ਅੱਧੀ ਅੱਧੀ ਰਾਤ ਤੱਕ ਦੌੜਦਾ ਰਹਿੰਦਾ। ਜਲੰਧਰ ਸ਼ਹਿਰ ਦੀ ਭਲਾਈ ਲਈ ਪ੍ਰਸਾਸ਼ਨ ਨਾਲ ਮਿਲਣੀਆਂ, ਪਿੰਡਾਂ ਸ਼ਹਿਰਾਂ ਵਿਚ ਖੂਨਦਾਨ ਕੈਂਪਾਂ ਦਾ ਆਯੋਜਨ, ਰੇਡੀਓ ਤੇ ਦੂਰਦਰਸ਼ਨ ਦੇ ਪ੍ਰੋਗਰਾਮ ਉਸ ਦਾ ਵਿਹਲ ਨਾ ਲੱਗਣ ਦਿੰਦੇ। ਉਹ ਸਾਨੂੰ ਵੀ ਇਸ ਸੇਵਾ ਵਿਚ ਲੱਗ ਜਾਣ ਦੀ ਪ੍ਰੇਰਣਾਂ ਅਕਸਰ ਦਿੰਦੇ ਰਹਿੰਦੇ। ਉਹ ਮੈਨੂੰ ਪਹਿਲ ਨਾਲ ਪੱਕੇ ਤੌਰ 'ਤੇ ਜੋੜਨਾਂ ਚਾਹੁੰਦੇ ਸਨ ਪਰ ਉਨ੍ਹਾਂ ਦੇ ਥਕਾਵਟ ਭਰੇ ਰੁਝੇਵਿਆਂ ਨੂੰ ਵੇਖ ਕੇ ਮੈਂ ਜਕਦਾ ਹੀ ਰਿਹਾ ਤੇ ਉਨ੍ਹਾਂ ਤੋਂ ਵਲ਼ ਭੰਨ ਕੇ ਲੰਘਣ ਲੱਗ ਪਿਆ। ਪਰ ਗਾਹੇ ਬਗਾਹੇ ਉਹ ਮੈਨੂੰ ਫੜ ਹੀ ਲੈਂਦੇ ਤੇ ਹਸਦਿਆਂ ਹੋਇਆਂ ਆਖਦੇ, "ਜਿੰਨਾਂ ਮਰਜ਼ੀ ਦੌੜ ਲੈ ਪੁੱਤਰਾ ਮੈਂ ਨੀ ਤੈਨੂੰ ਛੱਡਣਾਂ!" ਇਸ ਤਰ੍ਹਾਂ ਮੇਰੇ ਜਿਹੇ ਸੁਸਤ ਤੇ ਆਲਸੀ ਇਨਸਾਨ ਤੋਂ ਵੀ ਉਹ ਚੋਖਾ ਕੰਮ ਕਰਵਾ ਗਏ। ਉਨ੍ਹਾਂ ਦੀ ਅਗ਼ਵਾਈ ਵਿਚ ਅਸੀਂ ਆਪਣੇ ਪਿੰਡ ਵਿਚ ਵੀ ਖੂਨਦਾਨ ਕੈਂਪ ਆਯੋਜਿਤ ਕੀਤੇ। ਉਨ੍ਹਾਂ ਨੇ ਹੀ ਮੇਰਾ ਮਰਨ ਉਪਰੰਤ ਅੱਖਾਂ ਦਾਨ ਕਰਨ ਦਾ ਫਾਰਮ ਭਰਿਆ ਅਤੇ ਇਸਸ ਸਬੰਧੀ ਕਾਰਡ ਬਣਵਾ ਕੇ ਦਿੱਤਾ। ਉਹ ਮੈਨੂੰ ਜਦ ਵੀ ਮਿਲਦੇ, ਇਹੋ ਆਖ਼ਦੇ, "ਕੁਝ ਕਰ ਯਾਰ … ਤੂੰ ਕਰ ਸਕਦਾਂ! ਤੇਰੇ 'ਚ ਬੜਾ ਪੁਟੈਂਸ਼ੀਅਲ ਏ … ਆ ਜਾ ਮੇਰੇ ਨਾਲ!" ਪਰ ਮੈਂ ਉਨ੍ਹਾਂ ਦਾ ਇਹ ਸੱਦਾ ਕਬੂਲ ਕਰਨ ਤੋਂ ਡਰਦਾ ਸਾਂ ਤੇ ਡਰਦਾ ਹੀ ਰਿਹਾ। ਆਪਣੀ ਨੌਕਰੀ ਦੀ ਸਮੱਸਿਆ ਕਰਕੇ ਮੈਂ ਚਾਹੁੰਦਾ ਹੋਇਆ ਵੀ ਪਹਿਲ ਦਾ ਪੱਕਾ ਮੈੰਬਰ ਨਾ ਬਣ ਸਕਿਆ।
     ਪ੍ਰੋ. ਲਖਬੀਰ ਸਿੰਘ ਇਕ ਦਿਨ ਜਦੋਂ ਸਮਾਜ ਸੇਵਾ ਦੇ ਕਾਰਜ ਲ ਘਰੋਂ ਤੁਰਨ ਹੀ ਵਾਲਾ ਸੀ ਤਾਂ ਉਸ ਨੂੰ  ਇਕ ਜ਼ਬਰਦਸਤ ਛਿੱਕ ਆ ਗਈ ਜਿਸ ਨਾਲ ਉਸ ਦੀ ਰੀੜ ਦੀ ਹੱਡੀ ਨੂੰ ਝਟਕਾ ਲੱਗਾ ਤੇ ਇਕ ਮਣਕਾ ਟੁੱਟ ਗਿਆ। ਡਾਕਟਰੀ ਜਾਂਚ ਤੋਂ ਬਾਅਦ ਬੋਨ ਕੈਂਸਰ ਦੀ ਪਛਾਣ ਕੀਤੀ ਗਈ। ਅਸਲ ਵਿਚ ਇਹ ਛਿੱਕ ਮੌਤ ਰਾਣੀ ਦੀ ਛਿੱਕ ਸੀ ਜੋ ਉਸ ਨੂੰ ਯਾਦ ਕਰ ਰਹੀ ਸੀ। ਪਰ ਲਖਬੀਰ ਆਪਣੇ ਆਰੰਭੇ ਕਾਰਜ ਵਿਚੇ ਛੱਡ ਇੰਝ ਕਿਵੇਂ ਜਾ ਸਕਦਾ ਸੀ ? ਉਸ ਨੇ ਪੂਰੇ ਚੌਦਾਂ ਸਾਲ ਮੌਤ ਨਾਲ ਅਠਖੇਲੀਆਂ ਕੀਤੀਆਂ। ਆਪਣੇ ਆਰੰਭ ਕੀਤੇ ਅਨੇਕਾਂ ਕਾਰਜ ਸੰਪੂਰਨ ਕੀਤੇ।ਸਮਾਜ ਸੇਵਾ ਦੇ ਕਾਰਜਾਂ ਦੇ ਨਾਲ ਨਾਲ ਆਪਣੇ ਦੋ ਬੇਟਿਆਂ ਲਿਆਕਤਵੀਰ ਸਿੰਘ ਤੇ ਬਾਗੇਸ਼ਵਰ ਸਿੰਘ ਨੂੰ ਪੜ੍ਹਾਇਆ-ਲਿਖਾਇਆ ਤੇ ਜਿਊਣਯੋਗ ਬਣਾਇਆ। ਮੌਤ ਬਥੇਰੇ ਤਰਲੇ ਕਰਦੀ ਰਹੀ ਕਿ ਆ ਜਾ, ਆ ਜਾ! ਪਰ ਇਸ ਸੂਰਮੇ ਮਨੁੱਖ ਨੇ ਮੌਤ ਦੀਆਂ ਵੀ ਗੋਡਣੀਆਂ ਲਗਵਾ ਦਿੱਤੀਆਂ ਤੇ ਉਸ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਅਖਿਆ, "ਲਖਬੀਰ ਨੂੰ ਲੈ ਜਾਣਾਂ ਇੰਨਾਂ ਸੌਖਾ ਨਹੀਂ।" ਮੈਨੂੰ ਨਹੀਂ ਲਗਦਾ ਕਿ ਕਿਸੇ ਮਨੁੱਖ ਨੂੰ ਲਿਜਾਣ ਵਿਚ ਮੌਤ ਦਾ ਇੰਨਾਂ ਜ਼ੋਰ ਲੱਗਾ ਹੋਊ। ਅਜਿਹੇ ਸਿਰੜੀ ਮਨੁੱਖ ਦੁਨੀਆਂ 'ਤੇ ਕਦੇ ਕਦੇ ਆਉਂਦੇ ਹਨ।
     ਜਦੋਂ ਮੈਂ ਪ੍ਰਫੈਸਰ ਸਾਹਿਬ ਦੇ ਅਜਿਹੇ ਜੀਵਨ ਸੰਘਰਸ਼ ਨੂੰ ਵੇਖਦਾ ਹਾਂ ਤਾਂ ਮੈਨੂੰ ਰੂਸੀ ਲੇਖਕ ਬੋਰਿਸ ਪੋਲੇਵੋਈ ਦੇ ਨਾਵਲ 'ਅਸਲੀ ਇਨਸਾਨ ਦੀ ਕਹਾਣੀ' ਦੇ ਨਾਇਕ 'ਅਲੈਕਸੀ ਮਾਰਸੀਯੇਵ' ਦਾ ਚੇਤਾ ਆ ਜਾਂਦਾ ਹੈ ਜੋ ਇਕ ਪਾਇਲਟ ਸੀ ਤੇ ਦੂਜੀ ਸੰਸਾਰ ਜੰਗ ਵੇਲੇ ਭਿਆਨਕ ਹਾਦਸੇ ਤੋਂ ਬਾਅਦ ਉਸ ਦੀਆਂ ਦੋਵੇਂ ਲੱਤਾਂ ਕੱਟੀਆਂ ਜਾਂਦੀਆਂ  ਹਨ। ਉਸ ਨੂੰ ਜਹਾਜ਼ ਉਡਾਉਣ ਦੇ ਅਯੋਗ ਕਰਾਰ ਦਿੱਤਾ ਜਾਂਦਾ ਹੈ ਪਰ ਉਹ ਆਪਣੇ ਸਿਰੜ ਦੇ ਬਲਬੂਤੇ ਕਠਿਨ ਮਿਹਨਤ ਕਰ ਕੇ ਲੱਕੜ ਦੀਆਂ ਲੱਤਾਂ ਨਾਲ ਦੁਬਾਰਾ ਜਹਾਜ਼ ਉਡਾਉਣ ਵਿਚ ਕਾਮਯਾਬ ਹੋ ਜਾਂਦਾ ਹੈ। ਇਹੋ ਜਿਹੀ ਕਹਾਣੀ ਹੈ ਸਾਡੇ ਇਸ ਮਹਿਬੂਬ ਅਧਿਆਪਕ ਦੀ। ਉਨ੍ਹਾਂ ਨੇ ਸਿੱਧ ਕਰ ਦਿਖਾਇਆ ਕਿ ਮਨੁੱਖ ਦੇ ਪੱਕੇ ਸਿਰੜ ਤੇ ਅਕੀਦੇ ਅੱਗੇ ਮੌਤ ਵੀ ਹਾਰ ਜਾਂਦੀ ਹੈ।
ਪੌਫ਼ੈਸਰ ਲਖਬੀਰ ਸਿੰਘ ਦੇ ਜਾਣ ਦਾ ਸਮਾਜ ਸੇਵਾ ਵਿਚ ਲੱਗੀਆਂ ਧਿਰਾਂ ਨੂੰ ਵੱਡਾ ਘਾਟਾ ਪਿਆ ਹੈ। ਉਨ੍ਹਾਂ ਦੇ ਰਿਸ਼ਤੇਦਾਰਾਂ, ਦੋਸਤਾਂ ਸਨੇਹੀਆਂ ਨੇ ਉਨ੍ਹਾਂ ਦੀ ਔਖੇ ਵੇਲੇ ਸਹਾਇਤਾਂ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਸਦਕੇ ਜਾਈਏ ਉਨ੍ਹਾਂ ਦੀ ਜੀਵਨ ਸਾਥਣ ਸ਼੍ਰੀਮਤੀ ਹਰਵਿੰਦਰ ਕੌਰ ਦੇ ਜਿਸਨੇ ਉਨ੍ਹਾਂ ਦੀ ਸੇਵਾ ਕਰਦਿਆਂ ਪਿਛਲੇ ਚੌਦਾਂ ਸਾਲਾਂ ਵਿਚ ਸ਼ਾਇਦ ਹੀ ਕਦੇ ਰੱਜ ਕੇ ਸੌਂ ਦੇਖਿਆ ਹੋਵੇ। ਪ੍ਰੋ.ਸਾਹਿਬ ਦੇ ਜਾਣ 'ਤੇ ਅੱਜ ਉਨ੍ਹਾਂ ਦੀ ਮਿੱਤਰ ਮੰਡਲ਼ੀ ਤੇ ਵਿਦਿਆਰਥੀ ਡਾਹਢੇ ਉਦਾਸ ਹਨ। ਆਓ! ਉਨ੍ਹਾਂ ਦੇ ਨਕਸ਼ੇ ਕਦਮਾਂ 'ਤੇ ਚੱਲਦਿਆਂ ਸਮਾਜ ਸੇਵਾ ਦੇ ਇਸ ਮਹਾਨ ਕਾਰਜ ਨੂੰ ਅੱਗੇ ਤੋਰੀਏ! ਇਹੋ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
--------------------          
ਸਦਾ ਚੜ੍ਹਦੀ ਕਲਾ ਵਿੱਚ ਰਹਿਣ ਵਾਲੇ ਜਾਂਬਾਜ਼ ਪ੍ਰੋ. ਲਖਬੀਰ ਸਿੰਘ ਨੂੰ ਸ਼ਰਧਾਂਜਲੀ - ਡਾ. ਗੁਰਵਿੰਦਰ ਸਿੰਘ
ਹਜ਼ਾਰਾਂ ਨੌਜਵਾਨਾਂ ਦੇ ਪ੍ਰੇਰਨਾ ਸਰੋਤ, ਹੌਸਲੇ ਦੀ ਅਨੋਖੀ ਮਿਸਾਲ ਅਤੇ ਚੜ੍ਹਦੀ ਕਲਾ ਭਰਪੂਰ ਸ਼ਖ਼ਸੀਅਤ ਦੇ ਮਾਲਕ ਪ੍ਰੋਫ਼ੈਸਰ ਲਖਵੀਰ ਸਿੰਘ ਸਦੀਵੀ ਵਿਛੋੜਾ ਦੇ ਗਏ ਹਨ। ਕਰੀਬ 15 ਸਾਲ ਤੋਂ ਕੈਂਸਰ ਦੀ ਨਾਮੁਰਾਦ ਬਿਮਾਰੀ ਨੂੰ ਹਰਾਉਂਦੇ ਆ ਰਹੇ ਇਸ ਮਹਾਨ ਸ਼ਖ਼ਸ ਨੇ ਅੱਜ ਜੀਵਨ ਦੀ ਹਰ ਚੁਣੌਤੀ 'ਤੇ ਜਿੱਤ ਹਾਸਲ ਕਰ ਲਈ ਹੈ। ਦਿੱਲੀ ਦੇ ਕੈਂਸਰ ਹਸਪਤਾਲ 'ਚ ਪ੍ਰੋਫੈਸਰ ਸਾਹਿਬ ਨੇ ਆਖ਼ਰੀ ਸਵਾਸ ਲਏ। ਅਖੀਰ ਤਕ ਆਪ ਜੀ ਦਾ ਮੁਸਕਰਾਉਂਦਾ ਚਿਹਰਾ ਸਭ ਲਈ ਹਿੰਮਤ ਦਾ ਪ੍ਰਤੀਕ ਬਣਿਆ ਰਿਹਾ। ਪਿੱਛੇ ਪਰਿਵਾਰ ਦੀ ਹਿੰਮਤ ਦੀ ਵੀ ਕੋਈ ਮਿਸਾਲ ਨਹੀਂ। ਮਾਣਯੋਗ ਭੈਣ ਜੀ ਅਤੇ ਦੋਵੇਂ ਬੱਚਿਆਂ ਨੇ ਸੇਵਾ ਦੀ ਮਿਸਾਲ ਕਾਇਮ ਕੀਤੀ। ਸੰਨ 1988 ਤੋਂ ਲੈ ਕੇ ਹੁਣ ਤਕ ਪ੍ਰੋਫ਼ੈਸਰ ਸਾਹਿਬ ਨਾਲ ਅਟੁੱਟ ਸਾਂਝ ਕਾਇਮ ਰਹੀ।
ਕੁਝ ਸਮਾਂ ਪਹਿਲਾਂ ਪੰਜਾਬ ਫੇਰੀ ਦੌਰਾਨ ਜਲੰਧਰ 'ਚ ਉਨ੍ਹਾਂ ਦੇ ਗ੍ਰਹਿ ਵਿਖੇ ਬਿਤਾਏ ਪਲ ਅਭੁੱਲ ਯਾਦਾਂ ਦਾ ਖ਼ਜ਼ਾਨਾ ਬਣੇ। "ਅਸਾਂ ਹਿੰਮਤ ਯਾਰ ਬਣਾਈ" ਕਿਤਾਬ ਅਣਗਿਣਤ ਨੌਜਵਾਨਾਂ ਨੂੰ ਚੜ੍ਹਦੀ ਕਲਾ ਦੀ ਪ੍ਰੇਰਨਾ ਦੇਣ ਵਾਲੀ ਮਹਾਨ ਲਿਖਤ ਹੋ ਨਿੱਬੜੀ।
     ਅੱਜ ਹਜ਼ਾਰਾਂ ਵਿਦਿਆਰਥੀਆਂ ਅਤੇ 'ਪਹਿਲ' ਸੰਸਥਾ ਦੇ ਵਲੰਟੀਅਰਾਂ ਅੰਦਰ ਜਿੱਥੇ ਸੋਗ ਦੀ ਲਹਿਰ ਹੈ,  ਉਥੇ ਹਜ਼ਾਰਾਂ ਨੌਜਵਾਨਾ ਵੱਲੋਂ ਪ੍ਰੋਫ਼ੈਸਰ ਸਾਹਿਬ ਦਾ ਧੰਨਵਾਦ ਹੈ, ਜਿਨ੍ਹਾਂ ਦੀ ਜ਼ਿੰਦਗੀ ਪ੍ਰੋ. ਲਖਵੀਰ ਸਿੰਘ ਜੀ ਹੁਰਾਂ ਬਦਲ ਦਿੱਤੀ । ਐਸੇ ਵਿਅਕਤੀ ਅਮਰ ਰਹਿੰਦੇ ਹਨ ਅਤੇ ਮੁਸ਼ਕਿਲਾਂ 'ਤੇ ਫਤਿਹ ਪਾ ਕੇ ਆਪਣਾ ਕਾਰਜ ਨੇਪਰੇ ਚਾੜ੍ਹ ਕੇ ਜੇਤੂ ਹੋ, ਇਸ ਸੰਸਾਰ ਨੂੰ ਛੱਡ ਜਾਂਦੇ ਹਨ । ਪ੍ਰੋਫ਼ੈਸਰ ਸਾਹਿਬ ਦੀ  ਪ੍ਰੇਰਨਾ ਅਤੇ  ਪਿਆਰ, ਮਹਾਨ ਸੌਗਾਤ ਵਜੋਂ ਹਮੇਸ਼ਾ ਹੀ ਜੀਵਨ ਭਰ ਲਈ ਸੰਭਾਲਣ ਯੋਗ ਖ਼ਜ਼ਾਨਾ ਹਨ। ਅੱਜ ਆਪਣੇ ਮਾਣਯੋਗ ਪ੍ਰੋਫੈਸਰ ਲਖਵੀਰ ਸਿੰਘ ਹੁਰਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਮਨ ਬਹੁਤ ਭਰਿਆ ਹੈ, ਪਰ ਹੌਸਲੇ ਉਤਸ਼ਾਹ ਅਤੇ ਹਿੰਮਤ ਨਾਲ, ਕਿਉਂਕਿ ਪ੍ਰੋਫ਼ੈਸਰ ਸਾਹਿਬ ਸਦਾ ਹੀ ਆਖਦੇ  ਸਨ :
"ਹਾਸ਼ਮ ਫਤਹਿ ਨਸੀਬ ਉਨ੍ਹਾਂ ਨੂੰ
 ਜਿਨ੍ਹਾਂ ਹਿੰਮਤ ਯਾਰ ਬਣਾਈ।"
----------
ਤੁਰ ਗਿਆ ਦਿਲਾਂ ਦਾ ਜਾਨੀ - ਪ੍ਰੋ. ਲਖਵੀਰ ਸਿੰਘ - ਪਵਨ ਪ੍ਰਵਾਸੀ , ਜਰਮਨ

ਸੰਨ 91  ਦੀ ਗੱਲ ਆ ਜਦੋਂ ਪ੍ਰੋ. ਲਖਵੀਰ ਸਿੰਘ ਸਾਨੂੰ ਡੀ ਏ ਵੀ ਕਾਲਜ ਜਲੰਧਰ ਪੜ੍ਹਾਉਂਦੇ ਸੀ ਤੇ ਉਹ ਹਮੇਸ਼ਾ ਉਹ ਪੰਜਾਬੀ ਬੋਲਦੇ ਜਿਸ ਨੂੰ ਅਸੀਂ ਹੇਠ ਕਹਿੰਦੇ ਹਾਂ। ਪ੍ਰੋਫੈਸਰ ਸਾਹਿਬ ਹਮੇਸ਼ਾ ਇਹ ਕਹਿੰਦੇ ਸੀ ਕਿ ਜੇ ਜਿਉਣਾ ਹੈ ਤਾਂ ਮੜਕ ਦੇ ਨਾਲ। ਉਹਨਾਂ ਨੇ ਆਪਣੀ ਜ਼ਿੰਦਗੀ ਬੇਸ਼ੱਕ ਥੋੜ੍ਹੀ ਜਿਉਈਂ, ਪਰ ਮਾਣੀ ਪੂਰੀ ਸ਼ਿੱਦਤ ਨਾਲ। ਉਹਨਾਂ ਬਹੁਤ ਸਾਰੇ ਕਾਰਜ ਕੀਤੇ ਜੋ ਹਰ ਇਕ ਦੇ ਵੱਸ ਨਹੀਂ ਸੀ। ਪਰ ਲਗਭਗ 12 ਸਾਲ ਤੋਂ ਉਹ ਬੋਨ ਕੈਂਸਰ ਵਰਗੀ ਲਾਇਲਾਜ ਬਿਮਾਰੀ ਨਾਲ ਪੀੜਤ ਸੀ ਇਥੇ ਉਨ੍ਹਾਂ ਇਹ ਸਾਬਤ ਕੀਤਾ ਕਿ ਵਿਅਕਤੀ ਵਿੱਚ ਲੜਣ ਦਾ ਮਾਦਾ ਹੋਵੇ ਤਾਂ ਉਹ ਮੌਤ ਸਾਹਮਣੇ ਵੀ ਖੜ੍ਹ ਸਕਦਾ । ਇਸ ਮੌਤ ਦੇ ਜਮਦੂਤਾਂ ਨੂੰ ਤਕਰੀਬਨ 12 ਸਾਲ ਇੰਤਜ਼ਾਰ ਕਰਨਾ ਪਿਆ, ਕਿਉਂਕਿ ਪ੍ਰਫੈਸਰ ਸਾਹਿਬ ਨੇ ਹਰ ਵਾਰ ਆਈ ਮੌਤ ਨੂੰ ਵੰਗਾਰ ਕੇ ਪਰ੍ਹਾਂ ਕਰ ਦਿੱਤਾ ਸੀ।  ਇਨ੍ਹਾਂ ਬਾਰਾਂ ਸਾਲਾਂ ਵਿੱਚ ਪਤਾ ਨਹੀਂ ਮੌਤ ਕਿੰਨੀ ਵਾਰ ਉਨ੍ਹਾਂ ਨੂੰ ਲੈਣ ਆਈ ਤੇ ਹਰ ਵਾਰ ਹਾਰ ਗਈ। ਪਰ ਇਸ ਵਾਰ ਮੌਤ ਜਿੱਤ ਗਈ ਤੇ ਸਾਡੇ ਕੋਲੋਂ ਪ੍ਰੋ. ਲਖਵੀਰ ਸਿੰਘ ਜੀ ਨੂੰ ਸਦਾ ਲਈ ਲੈ ਕੇ ਚਲੀ ਗਈ ।
ਤੁਸੀਂ ਤੇ ਤੁਰ ਗਏ ਪਰ ਤੁਹਾਡਾ ਚੇਤਾ, ਤੁਹਾਡੀਆਂ ਕਹੀਆਂ ਗੱਲਾਂ ਅਤੇ ਤੁਹਾਡੇ ਉਹ ਪੰਜਾਬੀ ਮਾਂ ਬੋਲੀ ਜਾਂ ਸਮਾਜ ਲਈ ਕੀਤੇ ਕੰਮ ਹਮੇਸ਼ਾ ਤੁਹਾਨੂੰ ਚਮਕਦੇ ਤਾਰਿਆਂ ਵਿਚੋਂ ਨਿਹਾਰਦੇ ਰਹਿਣਗੇ। ਸਲਾਮ ਤੁਹਾਨੂੰ ਤੁਹਾਡੇ ਹੌਸਲੇ ਨੂੰ ਜਿਥੇ ਗਏ ਹੋ ਓਥੇ ਵੀ ਹੱਸਦੇ ਰਹਿਣਾ।
ਤੁਹਾਨੂੰ ਚੇਤੇ ਕਰਦਾ
ਪਵਨ ਪ੍ਰਵਾਸੀ , ਜਰਮਨ
---------------

ਵੇਲੇ ਦਾ ਰਾਗ - ਕੇਹਰ ਸ਼ਰੀਫ਼