Mohinder Singh Mann

ਬੋਲੀਆਂ - ਮਹਿੰਦਰ ਸਿੰਘ ਮਾਨ

ਰੱਬ ਉਨ੍ਹਾਂ ਦੇ ਮਨਾਂ ਵਿੱਚ ਵੱਸਦਾ,
ਖੌਰੇ ਲੋਕੀਂ ਮੰਦਰਾਂ ਚੋਂ ਕੀ ਭਾਲਦੇ?
ਆਪ ਮਾਇਆ ਬਿਨਾਂ ਪੈਰ ਨਾ ਪੁੱਟਦੇ,
ਸਾਨੂੰ ਬਾਬੇ ਕਹਿੰਦੇ ਮਾਇਆ ਨਾਗਣੀ।
ਲੋਕਾਂ ਨੂੰ ਆਪਸ ਵਿੱਚ ਲੜਾ ਕੇ,
ਆਪ ਨੇਤਾ ਕੱਠੇ ਹੋ ਕੇ ਮਜ਼ੇ ਲੁੱਟਦੇ।
ਪਾਣੀ ਪੀਣ ਨੂੰ ਵੀ ਲੱਭਣਾ ਨਹੀਂ,
ਜੇ ਨਾ ਬੰਦੇ ਨੇ ਅਕਲ ਵਰਤੀ।
ਹੁਣ ਬੰਦਾ ਠੰਢੀ ਛਾਂ ਭਾਲਦਾ ਫਿਰੇ,
ਚਾਰੇ, ਪਾਸੇ ਰੁੱਖਾਂ ਨੂੰ ਜੜ੍ਹੋਂ ਪੁੱਟ ਕੇ।
ਲੋਕੀਂ ਇਸ ਨੂੰ ਖਰੀਦਣ ਤੋਂ ਡਰਦੇ,
ਘਰੇਲੂ ਗੈਸ ਸਲੰਡਰ ਦਾ ਮੁੱਲ ਸੁਣ ਕੇ।
ਲੋਕਾਂ ਦੇ ਦਿਲਾਂ 'ਚ ਪਿਆਰ ਨਾ ਰਿਹਾ,
ਹੁਣ ਨਾਂ ਦੇ ਰਹਿ ਗਏ ਰਿਸ਼ਤੇ।

ਮਹਿੰਦਰ ਸਿੰਘ ਮਾਨ
ਚੈਨਲਾਂ ਵਾਲੀ ਕੋਠੀ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਰਿਹਾਇਸ਼
ਨਵਾਂ ਸ਼ਹਿਰ-144514
ਫੋਨ  9915803554

ਚਰਿੱਤਰਵਾਨ ਰਾਵਣ - ਮਹਿੰਦਰ ਸਿੰਘ ਮਾਨ

ਚਰਿੱਤਰਵਾਨ ਰਾਵਣ
ਰਾਮ ਵੇਲੇ ਦੇ ਜਿਸ ਰਾਵਣ ਨੇ
ਸੀਤਾ ਦਾ ਹਰਣ ਕੀਤਾ ਸੀ,
ਉਸ ਨੇ ਦਸ ਮਹੀਨੇ ਉਸ ਨੂੰ
ਆਪਣੀ ਕੈਦ 'ਚ ਰੱਖਿਆ ਸੀ।
ਉਸ ਨੇ ਸੀਤਾ ਦੀ ਇੱਜ਼ਤ
ਮਿੱਟੀ 'ਚ ਨਹੀਂ ਸੀ ਰੋਲੀ।
ਫਿਰ ਵੀ ਉਸ ਦੇ ਪੁਤਲੇ ਬਣਾ ਕੇ
ਸਾੜੇ ਹਰ ਸਾਲ ਜਨਤਾ ਭੋਲ਼ੀ।
ਅੱਜ ਦੇ ਰਾਵਣ ਹਜ਼ਾਰਾਂ ਨਾਰਾਂ ਦੀ
ਇੱਜ਼ਤ ਮਿੱਟੀ 'ਚ ਜਾਣ ਰੋਲ਼ੀ।
ਉਨ੍ਹਾਂ ਨੂੰ ਅਕਲ ਦੇਣ ਲਈ 
ਅੱਗੇ ਨਾ ਆਵੇ ਸੂਰਮਾ ਕੋਈ।
ਉਹ ਬੜੀ ਸ਼ਾਨੋ ਸ਼ੌਕਤ ਨਾਲ
ਸਮਾਜ ਵਿੱਚ ਰਹਿ ਰਹੇ ਨੇ।
'ਸਾਨੂੰ ਕਿਸੇ ਦਾ ਡਰ ਨਹੀਂ,'
ਆਪਣੇ ਮੂੰਹੋਂ ਕਹਿ ਰਹੇ ਨੇ।
ਪਹਿਲਾਂ ਹੋਏ ਚਰਿੱਤਰਵਾਨ ਰਾਵਣ ਤੇ
ਲੋਕੋ ਚਿੱਕੜ ਸੁੱਟਣਾ ਛੱਡੋ।
ਅੱਜ ਦੇ ਚਰਿੱਤਰਹੀਣ ਰਾਵਣਾਂ ਦਾ
ਸਾਰੇ ਰਲ ਕੇ ਫਾਹਾ ਵੱਢੋ।

ਮਹਿੰਦਰ ਸਿੰਘ ਮਾਨ
ਚੈਨਲਾਂ ਵਾਲੀ ਕੋਠੀ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਰਿਹਾਇਸ਼
ਨਵਾਂ ਸ਼ਹਿਰ-144514
ਫੋਨ  9915803554

 

ਪਾਣੀ ਦੀ ਦੁਰਵਰਤੋਂ - ਮਹਿੰਦਰ ਸਿੰਘ ਮਾਨ

ਜਾਨਵਰਾਂ ਤੇ ਪੰਛੀਆਂ ਤੋਂ ਮਨੁੱਖ ਹੈ ਵੱਧ ਸਿਆਣਾ,
ਪਰ ਸਹੀ ਪਾਸੇ ਦਿਮਾਗ ਨਾ ਵਰਤੇ ਇਹ ਮਰਜਾਣਾ।
ਮੂੰਹ ਧੋਣ ਤੇ ਬੁਰਸ਼ ਕਰਨ ਵੇਲੇ ਸਵੇਰੇ ਉੱਠ ਕੇ,
ਇਹ ਪਾਣੀ ਦੀਆਂ ਦੋ ਬਾਲਟੀਆਂ ਹਟੇ ਸੁੱਟ ਕੇ।
ਨਹਾਉਣ ਤੇ ਕਪੜੇ ਧੋਣ ਲਈ ਵਰਤੇ ਬਹੁਤ ਪਾਣੀ,
ਪਤਾ ਨਹੀਂ ਇਸ ਚੰਦਰੇ ਨੂੰ ਅਕਲ ਕਦੋਂ ਆਣੀ।
ਇਸ ਨੇ ਆਪਣੇ ਘਰ 'ਚ ਆਰ ਓ ਲੁਆ ਲਿਆ,
ਇਹ ਪਾਣੀ ਸਾਫ ਘੱਟ ਕਰੇ,ਵੇਸਟ ਕਰੇ ਜ਼ਿਆਦਾ।
ਉਦਯੋਗਾਂ ਦਾ ਪਾਣੀ ਇਹ ਦਰਿਆਵਾਂ 'ਚ ਸੁੱਟੇ,
ਕੂੜਾ ਕਰਕਟ ਤੇ ਲਿਫਾਫੇ ਨਦੀਆਂ, ਨਾਲਿਆਂ 'ਚ ਸੁੱਟੇ।
ਇਨ੍ਹਾਂ ਦਾ ਪਾਣੀ ਪੀਣਯੋਗ ਨਾ ਇਸ ਨੇ ਛੱਡਿਆ,
ਕੀਟਨਾਸ਼ਕ ਤੇ ਨਦੀਨਨਾਸ਼ਕ ਵਰਤ ਕੇ ਨਾ ਅੱਕਿਆ।
ਇਹ ਵੱਧ ਪਾਣੀ ਵਾਲੀਆਂ ਫਸਲਾਂ ਖੇਤਾਂ 'ਚ ਬੀਜੀ ਜਾਵੇ,
ਫਸਲੀ ਵਿਭਿੰਨਤਾ ਇਹ ਅਪਨਾਉਣਾ ਨਾ ਚਾਹਵੇ।
ਇਹ ਧਰਤੀ ਚੋਂ ਅੰਨ੍ਹੇਵਾਹ ਪਾਣੀ ਕੱਢੀ ਜਾਵੇ,
ਦਿਨੋ ਦਿਨ ਇਸ ਦਾ ਪੱਧਰ ਡੂੰਘਾ ਹੋਈ ਜਾਵੇ।
ਇਸ ਨੂੰ ਕੈਂਸਰ ਹੋਈ ਜਾਵੇ ਦੂਸ਼ਿਤ ਪਾਣੀ ਪੀ ਕੇ,
ਵਿਚਾਰੇ ਜਾਨਵਰ ਤੇ ਪੰਛੀ ਵੀ ਇਸ ਨੇ ਤੰਗ ਕੀਤੇ।
ਸੰਭਲ ਜਾ, ਜੇ ਸੰਭਲ ਹੁੰਦਾ, ਹੈ ਹਾਲੇ ਵੀ ਵੇਲਾ,
ਨਹੀਂ ਤਾਂ ਛੱਡਣਾ ਪੈਣਾ ਤੈਨੂੰ ਜੱਗ ਵਾਲਾ ਮੇਲਾ।

ਮਹਿੰਦਰ ਸਿੰਘ ਮਾਨ
ਚੈਨਲਾਂ ਵਾਲੀ ਕੋਠੀ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਰਿਹਾਇਸ਼
ਨਵਾਂ ਸ਼ਹਿਰ-144514
ਫੋਨ  9915803554

ਜੋ ਬੈਠੇ ਕਰਕੇ ਬੰਦ - ਮਹਿੰਦਰ ਸਿੰਘ ਮਾਨ

ਜੋ ਬੈਠੇ ਕਰਕੇ ਬੰਦ ਬੂਹੇ, ਬਾਰੀਆਂ,
ਲੱਗਣ ਉਨ੍ਹਾਂ ਨੂੰ ਭੱਜ ਕੇ ਬੀਮਾਰੀਆਂ।
ਕਰਦੇ ਜੋ ਸੇਵਾ ਮਾਪਿਆਂ ਦੀ ਦਿਲ ਲਾ ਕੇ,
ਪਾ ਲੈਣ ਉਹ ਜੀਵਨ 'ਚ ਖੁਸ਼ੀਆਂ ਸਾਰੀਆਂ।
ਫਿਰ ਭਾਲਿਓ ਨਾ ਠੰਢੀਆਂ ਛਾਵਾਂ ਤੁਸੀਂ,
ਛਾਂ ਵਾਲੇ ਰੁੱਖਾਂ ਤੇ ਚਲਾ ਕੇ ਆਰੀਆਂ।
ਉੱਥੇ ਪੁੱਜਣ ਤੋਂ ਡਰ ਰਹੇ ਨੇ ਬੰਦੇ ਵੀ,
ਅੱਜ ਕੱਲ੍ਹ ਨੇ ਜਿੱਥੇ ਪੁੱਜ ਗਈਆਂ ਨਾਰੀਆਂ।
ਜੇ ਪੈਸਾ ਹੋਵੇ ਕੋਲ, ਭੱਜੇ ਆਣ ਸਭ,
ਅੱਜ ਕੱਲ੍ਹ ਬਿਨਾਂ ਪੈਸੇ ਨਾ ਰਿਸ਼ਤੇਦਾਰੀਆਂ।
ਯਾਰੀ ਨਿਭਾਵਾਂ ਨਾਲ ਤੇਰੇ ਕਿੰਝ ਮੈਂ,
ਸਿਰ ਤੇ ਮੇਰੇ ਨੇ ਹੋਰ ਜ਼ਿੰਮੇਵਾਰੀਆਂ।
ਖੁਸ਼ ਸਾਨੂੰ ਵੇਖਣ ਦੀ ਉਨ੍ਹਾਂ ਦੀ ਇੱਛਾ ਸੀ,
ਸਾਡੇ ਲਈ ਜਾਨਾਂ ਜਿਨ੍ਹਾਂ ਨੇ ਵਾਰੀਆਂ।

ਮਹਿੰਦਰ ਸਿੰਘ ਮਾਨ
ਸਲੋਹ ਰੋਡ, ਚੈਨਲਾਂ ਵਾਲੀ ਕੋਠੀ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਰਿਹਾਇਸ਼
ਨਵਾਂ ਸ਼ਹਿਰ-144514
ਫੋਨ   9915803554

ਮੁੰਡੇ ਨਸ਼ੇ ਦੇ ਆਦੀ - ਮਹਿੰਦਰ ਸਿੰਘ ਮਾਨ

ਲੱਤ ਮਾਰ ਕੇ ਦੁੱਧ ਤੇ ਘਿਓ ਨੂੰ,
ਮੁੰਡੇ ਨਸ਼ੇ ਦੇ ਆਦੀ ਹੋਏ ਬੇਲੀ।
ਉੱਥੋਂ ਕੱਢ ਲੈਂਦੇ ਨੇ ਝੱਟ ਪੈਸੇ,
ਜਿੱਥੇ ਪਿਓ ਨੇ ਹੋਣ ਲਕੋਏ ਬੇਲੀ।
ਕਿਤੇ ਮਾਂ ਨੂੰ ਜ਼ਖਮੀ ਕੀਤਾ ਨਸ਼ੇ ਕਰਕੇ,
ਕਿਤੇ ਪਿਓ ਨਾਲ ਵੱਧ, ਘੱਟ ਹੋਏ ਬੇਲੀ।
ਆਪ ਰੁਲਦੇ, ਮਾਂ-ਪਿਓ ਨੂੰ ਰੋਲਦੇ,
ਜ਼ਮੀਨਾਂ ਵੇਚ ਕੇ ਵਿਹਲੇ ਹੋਏ ਬੇਲੀ।
ਜਦ ਮਿਲੇ ਨਾ ਪੈਸੇ ਉਧਾਰੇ ਕਿਸੇ ਤੋਂ,
ਬੱਚਿਆਂ ਵਾਂਗ ਉੱਚੀ, ਉੱਚੀ ਰੋਏ ਬੇਲੀ।
ਆਪੇ ਹੰਝੂ ਇਨ੍ਹਾਂ ਨੇ ਗਲ਼ ਪਾਏ,
ਕਿਹੜਾ ਇਨ੍ਹਾਂ ਦੀਆਂ ਅੱਖਾਂ ਧੋਏ ਬੇਲੀ।
ਕਈ ਮਰੇ ਨਸ਼ੇ ਦੀ ਘਾਟ ਕਰਕੇ,
ਕਈ ਵੱਧ ਨਸ਼ੇ ਦੀ ਡੋਜ ਨਾਲ ਮੋਏ ਬੇਲੀ।
ਕਿਵੇਂ ਨਸ਼ਿਆਂ ਨੂੰ ਪਏ ਠੱਲ੍ਹ ਇੱਥੇ,                      
ਨਸ਼ਾ ਤਸਕਰਾਂ ਨਾਲ ਨੇਤਾ ਰਲੇ ਹੋਏ ਬੇਲੀ।

ਮਹਿੰਦਰ ਸਿੰਘ ਮਾਨ
ਸਲੋਹ ਰੋਡ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਰਿਹਾਇਸ਼
ਨਵਾਂ ਸ਼ਹਿਰ-144514
ਫੋਨ  9915803554

ਸਾਰਿਆਂ ਦਾ ਅੰਨਦਾਤਾ - ਮਹਿੰਦਰ ਸਿੰਘ ਮਾਨ

ਸਾਡਾ ਸਾਰਿਆਂ ਦਾ ਅੰਨਦਾਤਾ ਕਿਸਾਨ ਹੈ,

ਪਰ ਇਹ ਗੱਲ ਸਮਝਦਾ ਨਾ ਹੁਕਮਰਾਨ ਹੈ।

ਖੇਤਾਂ ਵਿੱਚ ਉਹ ਦਿਨ-ਰਾਤ ਕੰਮ ਕਰੇ,

ਆਪਣੇ ਢਿੱਡ ਦਾ ਵੀ ਨਾ ਉਹ ਫ਼ਿਕਰ ਕਰੇ।

ਜਦ ਤੱਕ ਫਸਲ ਉਸ ਦੇ ਘਰ ਨਾ ਆਵੇ,

ਉਸ ਦੇ ਖਰਾਬ ਹੋਣ ਦੀ ਉਸ ਨੂੰ ਚਿੰਤਾ ਸਤਾਵੇ।

ਜਦ ਉਸ ਦੀ ਫਸਲ ਮੰਡੀ ਦੇ ਵਿੱਚ ਰੁਲੇ,

ਹੁਕਮਰਾਨ ਤੇ ਉਸ ਨੂੰ ਡਾਢਾ ਗੁੱਸਾ ਚੜ੍ਹੇ।

ਕੌਡੀਆਂ ਦੇ ਭਾਅ ਉਸ ਨੂੰ ਇਹ ਵੇਚਣੀ ਪਵੇ,

ਲਾਗਤ ਦਾ ਮੁੱਲ ਵੀ ਨਾ ਉਸ ਨੂੰ ਮਿਲੇ।

ਕਰਜ਼ਾ ਲੈ ਕੇ ਉਹ ਫਸਲ ਬੀਜੇ ਤੇ ਵੱਢੇ,

ਇਹ ਨਾ ਮੁੜੇ,ਤਾਂ ਉਹ ਖ਼ੁਦਕੁਸ਼ੀ ਕਰੇ।

ਆਓ ਸਾਰੇ ਰਲ ਕੇ ਕਿਸਾਨ ਨੂੰ ਬਚਾਈਏ,

ਉਸ ਨੂੰ ਬਚਾਣ ਵਿੱਚ ਆਪਣਾ ਹਿੱਸਾ ਪਾਈਏ।

ਵੇਲਾ ਬੀਤ ਗਿਆ ਫਿਰ ਹੱਥ ਨਹੀਂ ਆਣਾ,

ਵੇਲਾ ਸੰਭਾਲ ਲਓ, ਪਿੱਛੋਂ ਪਏ ਨਾ ਪਛਤਾਣਾ ।

ਮਹਿੰਦਰ ਸਿੰਘ ਮਾਨ

ਸਲੋਹ ਰੋਡ

ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਰਿਹਾਇਸ਼

ਚੈਨਲਾਂ ਵਾਲੀ ਕੋਠੀ

ਨਵਾਂ ਸ਼ਹਿਰ-144514 

ਫੋਨ     9915803554  

ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ - ਮਹਿੰਦਰ ਸਿੰਘ ਮਾਨ

1582 ਈਸਵੀ ਵਿੱਚ ਗੁਰੂ ਅਰਜਨ ਦੇਵ ਜੀ
ਗੁਰਗੱਦੀ ਤੇ ਹੋ ਗਏ ਬਿਰਾਜਮਾਨ ਸੀ।
ਉਨ੍ਹਾਂ ਦੇ ਵੱਡੇ ਭਰਾ ਪ੍ਰਿਥੀ ਚੰਦ ਤੋਂ
ਇਹ ਗੱਲ ਰਤਾ ਨਾ ਹੋਈ ਸਹਾਰ ਸੀ।
ਉਸ ਨੇ ਚੰਦੂ ਦੇ ਨਾਲ ਰਲ ਕੇ
ਉਨ੍ਹਾਂ ਵਿਰੁੱਧ ਕਈ ਸਾਜ਼ਿਸ਼ਾਂ ਰਚੀਆਂ ਸੀ।
ਉਨ੍ਹਾਂ ਨੇ ਜਹਾਂਗੀਰ ਕੋਲ ਜਾ ਕੇ
ਗੁਰੂ ਜੀ ਵਿਰੁੱਧ ਗੱਲਾਂ ਕੀਤੀਆਂ ਝੂਠੀਆਂ ਸੀ।
ਗੁਰੂ ਜੀ ਨੇ ਚੰਦੂ ਦੀ ਧੀ ਦੇ ਰਿਸ਼ਤੇ ਨੂੰ
ਹਰਗੋਬਿੰਦ ਵਾਸਤੇ ਕੀਤਾ ਇਨਕਾਰ ਸੀ।
ਇਸੇ ਕਰਕੇ ਦਿਲ ਦਾ ਮਾੜਾ ਚੰਦੂ
ਉਨ੍ਹਾਂ ਨਾਲ ਰੱਜ ਕੇ ਖਾਂਦਾ ਖ਼ਾਰ ਸੀ।
ਜਹਾਂਗੀਰ ਦੇ ਕਹਿਣ ਤੇ ਅੱਤ ਦੀ ਗਰਮੀ 'ਚ
ਉਨ੍ਹਾਂ ਨੂੰ ਤੱਤੀ ਤਵੀ ਤੇ ਬਿਠਾਇਆ ਗਿਆ ਸੀ।
ਫਿਰ ਵੀ ਜ਼ਾਲਮਾਂ ਨੂੰ ਚੈਨ ਨਾ ਮਿਲਿਆ
ਫਿਰ ਸੀਸ ਤੇ ਗਰਮ ਰੇਤਾ ਪਾਇਆ ਗਿਆ ਸੀ।
ਫਿਰ ਵੀ ਉਨ੍ਹਾਂ ਨੇ ਸੀ ਨਾ ਕੀਤੀ, ਅਡੋਲ ਰਹੇ
ਤੇ ਉਨ੍ਹਾਂ ਨੇ ਸਿਦਕ ਨਾ ਹਾਰਿਆ ਸੀ।
"ਤੇਰਾ ਭਾਣਾ ਮੀਠਾ ਲਾਗੈ" ਕਹਿ ਉਨ੍ਹਾਂ ਨੇ
ਆਪਾ ਧਰਮ ਦੀ ਖਾਤਰ ਵਾਰਿਆ ਸੀ।

ਮਹਿੰਦਰ ਸਿੰਘ ਮਾਨ
ਸਲੋਹ ਰੋਡ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਰਿਹਾਇਸ਼
ਚੈਨਲਾਂ ਵਾਲੀ ਕੋਠੀ
ਨਵਾਂ ਸ਼ਹਿਰ-144514
ਫੋਨ  9915803554

ਬੰਦਾ ਹੀ ਬੰਦੇ ਦਾ ਦਾਰੂ ਆ - ਮਹਿੰਦਰ ਸਿੰਘ ਮਾਨ

ਮੇਰੀ ਵੱਡੀ ਭੈਣ ਨੂੰ ਕੁੱਝ ਮਹੀਨਿਆਂ ਤੋਂ ਧੁੰਦਲਾ ਦਿਖਾਈ ਦੇ ਰਿਹਾ ਸੀ। ਅੱਖਾਂ ਚੈੱਕ ਕਰਵਾਉਣ ਤੋਂ ਪਤਾ ਲੱਗਾ ਕਿ ਉਸ ਦੀਆਂ ਦੋਹਾਂ ਅੱਖਾਂ ਵਿੱਚ ਚਿੱਟਾ ਮੋਤੀਆ ਉੱਤਰ ਆਇਆ ਸੀ।
ਕੱਲ੍ਹ ਉਸ ਨੇ ਜਲੰਧਰ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਆਪਣੀ ਇੱਕ ਅੱਖ ਦਾ ਅਪਰੇਸ਼ਨ ਕਰਵਾ ਲਿਆ ਸੀ। ਅੱਜ ਮੈਂ ਆਪਣੇ ਦੋਸਤ ਰਵੀ ਨਾਲ ਉਸ ਦੀ ਖਬਰ ਲੈਣ ਲਈ ਜਲੰਧਰ ਉਸ ਦੇ ਸਹੁਰੇ ਘਰ ਆਇਆ ਹੋਇਆ ਸੀ।
ਉਸ ਦੀ ਖਬਰ ਲੈ ਕੇ ਤੇ ਚਾਹ-ਪਾਣੀ ਪੀ ਕੇ ਮੈਂ ਆਪਣੇ ਦੋਸਤ ਨਾਲ ਆਪਣੀ ਗੱਡੀ ਵਿੱਚ ਵਾਪਸ ਆਪਣੇ ਪਿੰਡ ਨੂੰ ਚੱਲ ਪਿਆ। ਜਦੋਂ ਅਸੀਂ ਬਹਿਰਾਮ ਦੇ ਲਾਗੇ ਪਹੁੰਚੇ, ਤਾਂ ਅਸੀਂ ਦੇਖਿਆ ਕਿ ਇੱਕ ਸਕੂਟਰ ਸਵਾਰ ਸੜਕ ਦੇ ਇੱਕ ਪਾਸੇ ਡਿੱਗਿਆ ਪਿਆ ਸੀ। ਆਪਣੇ ਦੋਸਤ ਦੇ ਕਹਿਣ ਤੇ ਮੈਂ ਗੱਡੀ ਰੋਕ ਲਈ। ਗੱਡੀ ਤੋਂ ਉੱਤਰ ਕੇ ਅਸੀਂ ਦੇਖਿਆ ਕਿ ਸਕੂਟਰ ਸਵਾਰ ਦਾ ਸਕੂਟਰ ਬਿਜਲੀ ਦੇ ਖੰਭੇ ਵਿੱਚ ਵੱਜ ਗਿਆ ਸੀ ਅਤੇ ਡਿੱਗ ਪਿਆ ਸੀ। ਅਸੀਂ ਉਸ ਨੂੰ ਹਿਲਾ-ਜੁਲਾ ਕੇ ਦੇਖਿਆ, ਉਹ ਬੇਸੁਰਤ ਸੀ। ਪਤਾ ਨਹੀਂ ਉਸ ਦੇ ਸੱਟਾਂ ਕਿੱਥੇ, ਕਿੱਥੇ ਲੱਗੀਆਂ ਸਨ।  ਜਦੋਂ ਉਸ ਦੀ ਜੇਬ ਚੋਂ ਬਟੂਆ ਕੱਢ ਕੇ ਫਰੋਲਿਆ, ਤਾਂ ਉਸ ਵਿੱਚੋਂ ਆਧਾਰ ਕਾਰਡ ਮਿਲਿਆ। ਆਧਾਰ ਕਾਰਡ ਤੋਂ ਪਤਾ ਲੱਗਾ ਕਿ ਉਸ ਦਾ ਨਾਂ ਅਜਮੇਰ ਸਿੰਘ ਸੀ ਤੇ ਪਿਤਾ ਦਾ ਨਾਂ ਝਲਮਣ ਸਿੰਘ ਸੀ। ਉਹ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਬੜਵਾ ਦਾ ਵਸਨੀਕ ਸੀ। ਅਸੀਂ ਉਸ ਨੂੰ ਚੁੱਕ ਕੇ ਆਪਣੀ ਗੱਡੀ ਵਿੱਚ ਪਾ ਲਿਆ ਤੇ ਨਵਾਂ ਸ਼ਹਿਰ ਦੇ ਰਾਜਾ ਹਸਪਤਾਲ ਵਿੱਚ ਪਹੁੰਚ ਗਏ। ਮੁੱਢਲੀ ਪੁੱਛਗਿੱਛ ਪਿੱਛੋਂ ਉਸ ਨੂੰ ਇਲਾਜ ਲਈ ਦਾਖਲ ਕਰ ਲਿਆ ਗਿਆ।
ਮੈਂ ਆਪਣੀ ਭਘੌਰਾਂ ਵਾਲੀ ਮਾਸੀ ਦੇ ਮੁੰਡੇ ਨੂੰ ਫੋਨ ਕਰਕੇ ਆਖਿਆ," ਜੀਤੇ ਤੂੰ ਛੇਤੀ ਨਾਲ ਬੜਵੇ ਝਲਮਣ ਸਿੰਘ ਦੇ ਘਰ ਜਾ ਕੇ ਆ। ਉਸ ਦੇ ਮੁੰਡੇ ਅਜਮੇਰ ਸਿੰਘ ਦਾ ਬਹਿਰਾਮ ਦੇ ਲਾਗੇ ਸਕੂਟਰ ਬਿਜਲੀ ਦੇ ਖੰਭੇ ਵਿੱਚ ਵੱਜ ਗਿਆ ਆ ਤੇ ਉਸ ਦੇ ਗੁੱਝੀਆਂ ਸੱਟਾਂ ਲੱਗ ਗਈਆਂ ਆਂ। ਮੈਂ ਤੇ ਮੇਰੇ ਦੋਸਤ ਨੇ ਉਸ ਨੂੰ ਨਵਾਂ ਸ਼ਹਿਰ ਦੇ ਰਾਜਾ ਹਸਪਤਾਲ 'ਚ ਦਾਖਲ ਕਰਾ ਦਿੱਤਾ ਆ। ਅਸੀਂ ਉਸ ਦੇ ਘਰਦਿਆਂ ਦੇ ਆਣ ਪਿੱਛੋਂ ਹੀ ਹਸਪਤਾਲ ਚੋਂ ਜਾ ਸਕਦੇ ਆਂ। ਜੀਤੇ ਇਹ ਪੁੰਨ ਦਾ ਕੰਮ ਤੂੰ ਜ਼ਰੂਰ ਕਰ ਦੇ।"
ਜੀਤੇ ਨੇ ਕੋਈ ਨਾਂਹ ਨੁੱਕਰ ਨਾ ਕੀਤੀ। ਜੀਤੇ ਦੇ ਬੜਵੇ ਪਹੁੰਚ ਕੇ ਸੁਨੇਹਾ ਦੇਣ ਪਿੱਛੋਂ ਅੱਧੇ ਘੰਟੇ ਵਿੱਚ ਅਜਮੇਰ ਸਿੰਘ ਦੀ ਪਤਨੀ ਤੇ ਉਸ ਦਾ ਪੁੱਤਰ ਰਾਜਾ ਹਸਪਤਾਲ ਪਹੁੰਚ ਗਏ। ਅਜਮੇਰ ਸਿੰਘ ਨੂੰ ਬੇਸੁਰਤ ਹੋਇਆ ਦੇਖ ਕੇ ਉਸ ਦੀ ਪਤਨੀ ਦੇ ਹੰਝੂ ਨਹੀਂ ਰੁਕ ਰਹੇ ਸਨ। ਫਿਰ ਵੀ ਉਹ ਹੌਸਲਾ ਕਰਕੇ ਬੋਲੀ," ਭਾ ਜੀ, ਤੁਹਾਡਾ ਬਹੁਤ, ਬਹੁਤ ਧੰਨਵਾਦ। ਤੁਸੀਂ ਸਮੇਂ ਸਿਰ ਇਨ੍ਹਾਂ ਨੂੰ ਚੁੱਕ ਕੇ ਹਸਪਤਾਲ ਲੈ ਆਏ। ਲੱਗੀਆਂ ਸੱਟਾਂ ਸਮਾਂ ਪਾ ਕੇ ਠੀਕ ਹੋ ਜਾਣਗੀਆਂ। ਸਾਡਾ ਪਰਿਵਾਰ ਤੁਹਾਡਾ ਇਹ ਅਹਿਸਾਨ ਕਦੇ ਨਹੀਂ ਭੁਲਾਏਗਾ।"
"ਭੈਣ ਜੀ, ਅਹਿਸਾਨ ਵਾਲੀ ਕੋਈ ਗੱਲ ਨਹੀਂ। ਬੰਦਾ ਹੀ ਬੰਦੇ ਦਾ ਦਾਰੂ ਆ। ਜੇ ਬੰਦਾ ਮੁਸੀਬਤ ਵੇਲੇ ਕੰਮ ਨਾ ਆਇਆ, ਫੇਰ ਬੰਦਾ ਬਣਨ ਦਾ ਕੀ ਫਾਇਦਾ? ਹੁਣ ਅਸੀਂ ਚੱਲਦੇ ਆਂ। ਕਿਸੇ ਦਿਨ ਫੇਰ ਆਵਾਂਗੇ।" ਏਨਾ ਕਹਿ ਕੇ ਮੈਂ ਤੇ ਮੇਰਾ ਦੋਸਤ ਹਸਪਤਾਲ ਚੋਂ ਬਾਹਰ ਆ ਗਏ।

ਮਹਿੰਦਰ ਸਿੰਘ ਮਾਨ
ਸਲੋਹ ਰੋਡ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਰਿਹਾਇਸ਼
ਚੈਨਲਾਂ ਵਾਲੀ ਕੋਠੀ
ਨਵਾਂ ਸ਼ਹਿਰ-9915803554

ਅਣਗਹਿਲੀ / ਮਿੰਨੀ ਕਹਾਣੀ - ਮਹਿੰਦਰ ਸਿੰਘ ਮਾਨ

ਜਸਵਿੰਦਰ ਸਿੰਘ ਦੇ ਮੁੰਡੇ ਅਜਮੇਰ ਨੇ ਦਸਵੀਂ ਜਮਾਤ ਦੇ ਪੇਪਰ ਪਾਏ ਹੋਏ ਸਨ। ਅੱਜ ਦਸਵੀਂ ਜਮਾਤ ਦਾ ਨਤੀਜਾ ਨਿਕਲਿਆ ਸੀ। ਸ਼ਾਮ ਨੂੰ ਜਦੋਂ ਸ਼ਹਿਰ ਤੋਂ ਜਸਵਿੰਦਰ ਸਿੰਘ ਕੰਮ ਤੋਂ ਘਰ ਵਾਪਸ ਆਇਆ, ਤਾਂ ਉਸ ਨੇ ਦੇਖਿਆ ਕਿ ਅਜਮੇਰ ਮੂੰਹ ਲਟਕਾਈ ਬੈਠਾ ਸੀ।
ਜਸਵਿੰਦਰ ਸਿੰਘ ਨੇ ਅਜਮੇਰ ਨੂੰ ਪੁੱਛਿਆ," ਪੁੱਤ ਕੀ ਗੱਲ ਹੋਈ? ਬੜਾ ਚੁੱਪ, ਚੁੱਪ ਬੈਠਾਂ।"
" ਪਾਪਾ ਜੀ, ਮੈਂ ਦਸਵੀਂ ਜਮਾਤ ਚੋਂ ਫੇਲ੍ਹ ਹੋ ਗਿਆਂ।" ਅਜਮੇਰ ਨੇ ਰੋਂਦੇ, ਰੋਂਦੇ ਨੇ ਆਖਿਆ।
" ਪੁੱਤ ਤੂੰ ਕਿਹੜਾ ਸਾਰਾ ਸਾਲ ਪੜ੍ਹਿਆਂ? ਟੀਚਰਾਂ ਦਾ ਦੱਸਿਆ ਕੰਮ ਨਾ ਤੂੰ ਕਦੇ ਕਾਪੀਆਂ 'ਚ ਕੀਤਾ, ਨਾ ਕਦੇ ਕੁੱਝ ਯਾਦ ਕੀਤਾ। ਆਪਣੀ ਅਣਗਹਿਲੀ ਕਰਕੇ ਤੂੰ ਫੇਲ੍ਹ ਹੋਇਆਂ। ਹੁਣ ਰੋਣ ਦਾ ਕੀ ਫਾਇਦਾ?" ਜਸਵਿੰਦਰ ਸਿੰਘ ਨੇ ਆਖਿਆ।
" ਪਾਪਾ ਜੀ, ਹੁਣ ਮੈਨੂੰ ਮਾਫ ਕਰ ਦਿਉ। ਮੈਨੂੰ ਸਕੂਲ ਤੋਂ ਪੜ੍ਹਨ ਤੋਂ ਨਾ ਹਟਾਇਉ। ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਐ। ਐਤਕੀਂ ਮੈਂ ਦਿਲ ਲਾ ਕੇ ਪੜ੍ਹਾਗਾ। ਤੁਹਾਨੂੰ ਪਾਸ ਹੋ ਕੇ ਤੇ ਚੰਗੇ ਨੰਬਰ ਲੈ ਕੇ ਦੱਸਾਂਗਾ।" ਅਜਮੇਰ ਨੇ ਵਿਸ਼ਵਾਸ ਨਾਲ ਆਖਿਆ।
" ਪੁੱਤ, ਅਣਗਹਿਲੀ ਕਰਨ ਨਾਲ ਵੱਡੇ, ਵੱਡੇ ਕੰਮ ਖਰਾਬ ਹੋ ਜਾਂਦੇ ਆ। ਤੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ, ਮੇਰੇ ਲਈ ਇਹੋ ਬਹੁਤ ਆ।" ਅਜਮੇਰ ਨੂੰ ਗਲ਼ ਨਾਲ ਲਾਂਦੇ ਹੋਏ ਜਸਵਿੰਦਰ ਸਿੰਘ ਨੇ ਆਖਿਆ।

ਮਹਿੰਦਰ ਸਿੰਘ ਮਾਨ
ਸਲੋਹ ਰੋਡ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਰਿਹਾਇਸ਼
ਚੈਨਲਾਂ ਵਾਲੀ ਕੋਠੀ
ਨਵਾਂ ਸ਼ਹਿਰ-9915803554

ਟੱਪੇ - ਮਹਿੰਦਰ ਸਿੰਘ ਮਾਨ

ਲੋਹੇ ਦਾ ਕਿੱਲ ਬੱਲੀਏ,
ਬੱਚੇ ਰੱਖੀਏ ਚੰਡ ਕੇ ਸਦਾ
ਬਹੁਤੀ ਦਈਏ ਨਾ ਢਿੱਲ ਬੱਲੀਏ।
ਕੋਠੇ ਤੇ ਚਿੜੀਆਂ ਨੇ,
ਇਹ ਰਹਿਣ ਸਲਾਮਤ ਸਦਾ
ਕਾਫੀ ਚਿਰ ਪਿੱਛੋਂ ਦਿੱਸੀਆਂ ਨੇ।
ਅੰਬਰ ਤੇ ਫਿਰ ਘਟਾ ਛਾਈ ਏ,
ਰੱਬ ਕਰਕੇ ਮੀਂਹ ਨਾ ਪਵੇ
ਪਹਿਲਾਂ ਹੀ ਹੋਈ ਬਹੁਤ ਤਬਾਹੀ ਏ।
ਬੱਸ ਅੱਡੇ ਤੋਂ ਤੁਰ ਪਈ ਏ,
ਖੜੀਆਂ ਸਵਾਰੀਆਂ ਨੇ ਔਖੀਆਂ
ਇਹ ਪੂਰੀ ਭਰੀ ਹੋਈ ਏ।
ਪੱਥਰ ਸੜਕ ਵਿਚਕਾਰ ਪਿਆ,
ਏਨੀ ਮਹਿੰਗਾਈ ਦੇ ਵਿੱਚ
ਜਿਉਣ ਦਾ ਕੋਈ ਮਜ਼ਾ ਨਾ ਰਿਹਾ।
ਕੁਰੱਪਸ਼ਨ ਵਿਰੁੱਧ ਮੁਹਿੰਮ ਚੱਲ ਰਹੀ,
ਲੋਕਾਂ ਦੇ ਜਾਇਜ਼ ਕੰਮ ਵੀ
ਕਰਨੋਂ ਹੱਟ ਗਏ ਅਫਸਰ ਕਈ।
ਬਦਲਾਅ ਹੋਇਆ ਲੱਗਦਾ ਏ,
ਲੋਕਾਂ ਨੂੰ ਘਰ ਬਣਾਉਣ ਲਈ
ਰੇਤਾ ਬੜਾ ਔਖਾ ਮਿਲਦਾ ਏ।

ਮਹਿੰਦਰ ਸਿੰਘ ਮਾਨ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਰਿਹਾਇਸ਼
ਚੈਨਲਾਂ ਵਾਲੀ ਕੋਠੀ
ਨਵਾਂ ਸ਼ਹਿਰ-9915803554