ਨਸ਼ਾ ਯੁੱਧ - ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ
ਨਸ਼ਿਆਂ ਦਾ ਹੜ੍ਹ ਦੁਨੀਆ ਉੱਤੇ ਕਦੀ ਨਹੀਂ ਮੁੱਕਣਾ,
ਸੱਚ ਨੂੰ ਮੰਨਣ ਲਈ ਹਰ ਸਿਰ ਨੂੰ ਹੈ ਪੈਣਾ ਝੁਕਣਾ।
ਸੌਂਹਾਂ ਖਾ ਖਾ ਯੁੱਧ ਜਿੰਨੇ ਤੁਸੀਂ ਮਰਜ਼ੀ ਛੇੜੋ,
ਨਾਹਰੇਬਾਜ਼ੀ ਨਾਲ ਇਸਦਾ ਕਦੀ ਰਾਹ ਨਹੀਂ ਰੁਕਣਾ।
ਬੇਈਮਾਨੀ ਦਾ ਖ਼ੂਨ ਵਹਿ ਰਿਹੈ ਰਗ ਰਗ ਦੇ ਵਿੱਚ,
ਖਰਾ ਅਨੋਖਾ ਸਿਸਟਮ ਤੁਹਾਡੇ ਨੇੜੇ ਨਹੀਂ ਢੁਕਣਾ।
ਕਾਲ਼ੇ ਧੰਦਿਆਂ ਵਾਲੇ ਕਰਦੇ ਵਧ ਵਧ ਕਾਰੇ,
ਜਿਹੜੇ ਚਾਹੁੰਦੇ ਹਰ ਰੋਜ਼ ਧਨ ਕਰਨਾ ਦੁੱਗਣਾ।
ਸਰਕਾਰੀ ਅਤੇ ਗੈਰ ਸਰਕਾਰੀ ਤੰਤਰ ਸਭ ਖੋਟੇ,
ਨਹੀਂ ਚਾਹੁੰਦਾ ਜ਼ਮੀਰ ਦਾ ਭਾਰ ਕੋਈ ਵੀ ਚੁੱਕਣਾ।
ਜਿੱਥੇ ਜਨਤਾ ਸ਼ਰਾਬ ਅਫੀਮ ਨੂੰ ਨਸ਼ਾ ਨਹੀਂ ਮੰਨਦੀ,
ਉਸ ਦਾ ਬੇੜਾ ਹਰ ਹਾਲ ਮੰਝਧਾਰ 'ਚ ਡੁੱਬਣਾ।
ਬੁਰੀ ਅਲਾਮਤ ਕਿਸੇ ਦੀ ਮਿੱਤਰ ਕਦੀ ਨਹੀਂ ਹੁੰਦੀ,
ਅੱਗ ਲਾਉਣ ਵਾਲ਼ੇ ਦਾ ਘਰ ਵੀ ਇੱਕ ਦਿਨ ਫੁਕਣਾ।
ਦ੍ਰਿੜ੍ਹਤਾ ਅਤੇ ਦਿਆਨਤਦਾਰੀ ਹਰ ਪੱਖੋਂ ਹੈ ਜ਼ਰੂਰੀ,
ਸਾਦਾ ਜ਼ਿੰਦਗੀ ਨਾਲ਼ ਹੀ ਆਖ਼ਰ ਹਰ ਨਾੱਤਾ ਪੁੱਗਣਾ।
ਜ਼ਿੰਦਗੀ ਦੀ ਬਹੁ ਮੁੱਲੀ ਕੀਮਤ ਕੋਈ ਪਾ ਨ੍ਹੀਂ ਸਕਦਾ,
ਤੋਬਾ ਕਰਕੇ ਛੱਡ ਦਿਓ ਨਸ਼ੇ ਨੂੰ ਪੀਣਾ, ਡੁੰਗਣਾ।
ਨਹੀਂ ਤਾਂ ਨਸ਼ਿਆਂ ਦਾ ਇਹ ਹੜ੍ਹ ਕਦੀ ਨਹੀਂ ਮੁੱਕਣਾ,
ਸੱਚ ਨੂੰ ਮੰਨਣ ਲਈ ਹਰ ਸਿਰ ਨੂੰ ਹੈ ਪੈਣਾ ਝੁਕਣਾ।
ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ
ਕਵੀ 'ਤੇ ਕਵਿਤਾ - ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ
ਕਦੀ ਕਹਿਣ ਤੇ ਕਵਿਤਾ ਜੇਕਰ,
ਕਵੀ ਆਈ 'ਤੇ ਆ ਹੀ ਜਾਵੇ,
ਰੋਕਣਾ ਉਸ ਨੂੰ ਬੜਾ ਹੀ ਔਖਾ,
ਕਿਸੇ ਵੀ ਕੀਮਤ ਕਿਸੇ ਵੀ ਦਾਅਵੇ।
ਉੱਤਰੀ ਇੱਕ ਦਿਨ ਮੈਨੂੰ ਵੀ ਜਦ,
ਐਸੀ ਕਾਹਲੀ ਜਿਹੀ ਇੱਕ ਕਵਿਤਾ,
ਬੰਦਾ ਇੱਕ ਅੜਿੱਕੇ ਆ ਗਿਆ,
ਜਿਸ 'ਤੇ ਜਾ ਦਾਗੀ ਮੈਂ ਕਵਿਤਾ।
ਚਲੇ ਜਾ ਰਹੇ ਸੀ ਕਿਸੇ ਰਸਤੇ,
ਜਦੋਂ ਇਹ ਵਾਕਿਆ ਸੀ ਹੋਇਆ,
ਜਦੋਂ ਮੈਂ ਪਹਿਲਾ ਮਿਸਰਾ ਉਸ ਨੂੰ,
ਝੱਟ ਸੁਣਾਉਣ ਲਈ ਸੀ ਛੋਹਿਆ।
ਮਿਸਰੇ 'ਤੇ ਉਸਦੀ ਵਾਹ ਵਾਹ ਨਾਲ,
ਮੇਰਾ ਹੌਸਲਾ ਹੋਰ ਵੀ ਵਧਿਆ,
ਕਵਿਤਾ ਦਾ ਅਗਲਾ ਸ਼ਿਅਰ ਮੈਂ,
ਪਹਿਲੇ ਦੇ ਨਾਲ ਹੀ ਝੱਟ ਜੜਿਆ।
ਸੁਣਨੇ ਵਾਲਾ ਐਨੇ ਚਿਰ ਵਿੱਚ,
ਦੋ ਕੁ ਕਦਮ ਪਿੱਛੇ ਰਹਿ ਗਿਆ,
ਮੈਂ ਖੂਬ ਵੇਗ ਵਿੱਚ ਆਕੇ,
ਸਾਰੀ ਆਪਣੀ ਕਵਿਤਾ ਕਹਿ ਗਿਆ।
ਪਰ ਕੋਈ ਦਾਦ ਵਾਲਾ ਹੋਰ ਜੁਮਲਾ,
ਨਾ ਸੁਣ ਮੈਨੂੰ ਹੋਈ ਹੈਰਾਨੀ,
ਪਿੱਛੇ ਮੁੜ ਕੇ ਜਦ ਮੈਂ ਦੇਖਿਆ,
ਗਾਇਬ ਸੀ ਮੇਰੇ ਰਾਹ ਦਾ ਜਾਨੀ।
ਅੱਗੇ ਪਿੱਛੇ ਦੇਖਣ 'ਤੇ ਵੀ,
ਜਦ ਉਹ ਮੈਨੂੰ ਮੁੜ ਨਾ ਲੱਭਿਆ,
ਹੈਰਾਨੀ ਜਿਹੀ ਦੇ ਆਲਮ ਵਿੱਚ,
ਮੈਂ ਇਕੱਲਾ ਹੀ ਅੱਗੇ ਨੂੰ ਵਧਿਆ।
ਪਹੁੰਚਿਆ ਇੱਕ ਪੰਡਾਲ ਦੇ ਵਿੱਚ,
ਜਿੱਥੇ ਕਵੀ ਦਰਬਾਰ ਸੀ ਲੱਗਿਆ,
ਖਚਾ ਖਚ ਭਰੇ ਇਸ ਪੰਡਾਲ ਵਿੱਚ,
ਬੈਠਣ ਨੂੰ ਥਾਂ ਮਸੀਂ ਸੀ ਲੱਭਿਆ।
ਸਟੇਜ ਤੋਂ ਇੱਕ ਨਾਮਵਰ ਕਵੀ,
ਕਵਿਤਾ ਆਪਣੀ ਸੁਣਾ ਰਿਹਾ ਸੀ,
ਨਾਲ ਨਾਲ ਆਪਣੇ ਉਹ ਸੋਹਲੇ,
ਖ਼ੁਦ ਹੀ ਉੱਚੀ ਗਾ ਰਿਹਾ ਸੀ।
ਬਹੁਤੀ ਦੇਰ ਉਸ ਦੀ ਇਹ ਨੀਤੀ,
ਮੈਂ ਸਹਿਣ ਨਾ ਕਰ ਸਕਿਆ,
ਖੜ੍ਹਾ ਹੋ ਕੇ ਮੈਂ ਉਸ ਦੇ ਅੱਗੇ,
ਕੁੱਛ ਕਹਿਣ ਲਈ ਅੱਗੇ ਵਧਿਆ।
ਬੇਨਤੀ ਕੀਤੀ ਭਾਈ ਸਾਹਿਬ ਜੀ,
ਆਪਣੇ ਸੋਹਲੇ ਹੀ ਨਾ ਗਾਵੋ,
ਤੁਹਾਡੀ ਧਾਕ ਖ਼ੁਦ ਹੀ ਬੱਝੇਗੀ,
ਸਿਰਫ ਆਪਣੀ ਕਵਿਤਾ ਹੀ ਸੁਣਾਵੋ।
ਤੱਤਾ ਜਿਹਾ ਕੁੱਛ ਹੋ ਕੇ ਉਸਨੇ,
ਮੇਰੇ ਵੱਲ ਕੁੱਝ ਇਵੇਂ ਸੀ ਤੱਕਿਆ,
ਜਿਵੇਂ ਕਿਸੇ ਕੰਡਿਆਲੀ ਵਾੜ 'ਚ,
ਬਿੱਲਾ ਹੋਵੇ ਕਸੂਤਾ ਫਸਿਆ।
ਕਹਿਣ ਲੱਗਾ ਤੈਨੂੰ ਕੀ ਪਤਾ ਹੈ,
ਕਿੰਨੀ ਬੜੀ ਮਸ਼ਹੂਰੀ ਹੈ ਮੇਰੀ,
ਮੈਨੂੰ ਬੜੇ ਇਨਾਮ ਮਿਲੇ ਹਨ,
ਹਰ ਪਾਸੇ ਚਰਚਾ ਹੈ ਮੇਰੀ।
ਮੇਰੀਆਂ 'ਤੇ ਕਵਿਤਾਵਾਂ ਲੋਕੀਂ,
ਥਾਂ ਥਾਂ ਉੱਤੇ ਗਾਉਂਦੇ ਫਿਰਦੇ,
ਮੇਰੇ ਸਿਰ 'ਤੇ ਕਈ ਲੋਕਾਂ ਦੇ,
ਕਾਰੋਬਾਰ ਵੀ ਬੜੇ ਨੇ ਗਿੜਦੇ।
ਇੰਨਾ ਸੁਣ ਕੇ ਮਹਿਫਲ ਦੇ ਵਿੱਚ,
ਐਸਾ ਹੜ੍ਹ ਹਾਸੇ ਦਾ ਆਇਆ,
ਕਵੀਆਂ ਵਿੱਚ ਕਵੀਆਂ ਨੂੰ ਦੇਖ ਕੇ,
ਮੇਰਾ ਦਿਲ ਹੋਰ ਵੀ ਘਬਰਾਇਆ।
ਇੰਨੇ ਕਵੀ ਇੰਨੀਆਂ ਕਵਿਤਾਵਾਂ,
ਹਰ ਇੱਕ ਦੇ ਪਿੱਛੇ ਢੇਰ ਕਿਤਾਬਾਂ,
ਕੌਣ ਪੜ੍ਹੇਗਾ ਦੂਜੇ ਦੇ ਕਿੱਸੇ,
ਜਿਸ ਦੇ ਖ਼ੁਦ ਨੇ ਬੇ ਹਿਸਾਬਾਂ।
ਤਰਸ ਆਇਆ ਮੈਨੂੰ ਉਨ੍ਹਾਂ ਉੱਤੇ,
ਜੋ ਦਿਨ ਰਾਤ ਨੇ ਲਿਖਦੇ ਜਾਂਦੇ,
ਫੇਰ ਆਪਣੀਆਂ ਕਿਤਾਬਾਂ ਵੇਚਣ ਲਈ,
ਲੋਕਾਂ ਅੱਗੇ ਤਰਲੇ ਨੇ ਪਾਂਦੇ।
ਨਾ ਜਾਣੇ ਇਸ ਦੁਨੀਆ ਉੱਤੇ,
ਕਿੰਨੇ ਵਾਹ ਵਾਹ ਲੱਭਦੇ ਲੱਭਦੇ,
ਸੁਪਨਿਆਂ ਵਾਂਗੂੰ ਸੁਪਨੇ ਹੋ ਗਏ,
ਅਣਜਾਣ ਰਾਹਾਂ ਦੇ ਘੱਟੇ ਫੱਕਦੇ।
ਕਈ ਸੁਪਨੇ ਵੀ ਹਕੀਕਤ ਲੱਗਦੇ,
ਕਈ ਹਕੀਕਤਾਂ ਸੁਪਨਿਆਂ ਵਰਗੀਆਂ,
ਸਮਝ ਤੋਂ ਬਾਹਰ ਨੇ ਕਈ ਕਹਾਣੀਆਂ,
ਜੋ ਕਈ ਨਦੀਆਂ ਵਾਂਗ ਨੇ ਵਗਦੀਆਂ।
ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ
ਰੇਖਾਵਾਂ - ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ
ਰੇਖਾਵਾਂ ਅਕਸਰ ਬਰੀਕ ਜਿਹੀਆਂ,
ਕਿਤੇ ਤਿੱਖੀਆਂ ਸ਼਼ਮਸ਼ੀਰ ਜਿਹੀਆਂ,
ਅਟੱਲ ਅਤੇ ਅਹਿੱਲ ਜਿਹੀਆਂ,
ਕਿਤੇ ਜੀਵਨ ਦੀ ਅਖੀਰ ਜਿਹੀਆਂ,
ਕਦੀ ਤਿੱਖੀਆਂ ਵਾਂਗਰ ਤੀਰਾਂ ਦੇ,
ਕਦੀ ਝੁਕੀਆਂ ਵਾਂਗ ਫ਼ਕੀਰਾਂ ਦੇ,
ਕਦੀ ਵਿੰਗੀਆਂ ਟੇਢੀਆਂ ਵਾਲ ਜਿਹੀਆਂ,
ਕਦੀ ਸਿੱਧੀਆਂ ਵਾਂਗ ਸਤੀਰ ਜਿਹੀਆਂ।
ਦਿਲ, ਹੱਥਾਂ ਅਤੇ ਮੱਥਿਆਂ ਦੇ,
ਅਣ ਉਘੜੇ ਲੇਖ ਸਮਝਾਵਣ ਲਈ,
ਅੱਖਾਂ ਵਿੱਚ ਅੱਖਾਂ ਨੂੰ ਪਾ ਕੇ,
ਦੱਸਣ ਵਾਲੀ ਤਕਦੀਰ ਜਿਹੀਆਂ।
ਲੋਕਾਂ ਨੂੰ ਲੋਕਾਂ ਤੋਂ ਵੰਡ ਕੇ ਤੇ,
ਗਾਹ ਧਰਤ ਪਾਤਾਲ ਦੇ ਕਈ ਖ਼ਾਕੇ,
ਸਮੁੰਦਰ ਆਕਾਸ਼ ਵੀ ਸਰ ਕਰਕੇ,
ਅੜ ਜਾਂਦੀਆਂ ਬਣ ਬਲਬੀਰ ਜਿਹੀਆਂ।
ਕੋਈ ਲਛਮਣ ਦੀ ਦਿੱਤੀ ਕਾਰ ਜਿਹੀਆਂ,
ਕੋਈ ਸੀਤਾ ਦੇ ਸਤ ਸਤਿਕਾਰ ਜਿਹੀਆਂ,
ਕਈ ਮਰਯਾਦਾਵਾਂ ਦੀ ਹੱਦ ਜਿਹੀਆਂ,
ਕਈ ਇੱਜ਼ਤਾਂ ਦੀ ਲਕੀਰ ਜਿਹੀਆਂ।
ਨਫ਼ਰਤਾਂ ਦੇ ਬੁਣੇ ਕਈ ਜਾਲ਼ ਜਿਹੀਆਂ,
ਧਰਮਾਂ ਦੇ ਪਾਏ ਭੁਚਾਲ਼ ਜਿਹੀਆਂ,
ਕਈ ਸੁੱਚੇ ਰਿਸ਼ਤਿਆਂ ਦੀ ਪੀੜ ਜਿਹੀਆਂ,
ਭੈਣਾਂ ਦੇ ਸੋਹਣੇ ਵੀਰ ਜਿਹੀਆਂ।
ਰੇਖਾਵਾਂ ਅਕਸਰ ਬਰੀਕ ਜਿਹੀਆਂ,
ਕਿਤੇ ਤਿੱਖੀਆਂ ਸ਼਼ਮਸ਼ੀਰ ਜਿਹੀਆਂ,
ਅਟੱਲ ਅਤੇ ਅਹਿੱਲ ਜਿਹੀਆਂ,
ਕਿਤੇ ਜੀਵਨ ਦੀ ਅਖੀਰ ਜਿਹੀਆਂ,
ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ
ਜੀਭ ਦੇ ਸੁਆਦ - ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ
ਮਿਰਚ ਮਸਾਲਾ ਪੂਰਾ ਬਹੁਤ ਜ਼ਰੂਰੀ ਹੈ,
ਨਹੀਂ ਤਾਂ ਰੋਟੀ ਫਿੱਕੀ ਅਤੇ ਅਧੂਰੀ ਹੈ।
ਸਵਾਦਾਂ ਨੇ ਹੈ ਪੱਟੀ ਦੁਨੀਆ ਰੱਜ ਰੱਜ ਕੇ,
ਹਰੇਕ ਤੋਂ ਅੱਗੇ ਹੁੰਦੇ ਲੋਕੀਂ ਭੱਜ ਭੱਜ ਕੇ।
ਕੋਈ ਕਹਿੰਦਾ ਮੇਰੀ ਵਧੀਆ ਤਰਕਾਰੀ ਹੈ,
ਤੇ ਦੂਜਾ ਕਹਿੰਦਾ ਮੇਰੀ ਇਸ 'ਤੇ ਸਰਦਾਰੀ ਹੈ।
ਘੁਮਿਆਰੀ ਭਾਂਡਾ ਅਪਣਾ ਸਦਾ ਸਲਾਹੁੰਦੀ ਹੈ,
ਦੂਜੇ ਦੀ ਭੰਡੀ ਕਰਕੇ ਰੋਅਬ ਜਮਾਉਂਦੀ ਹੈ।
ਉਹ ਵੀ ਮੌਕਾ ਸੀ ਰੁੱਖੀ ਹੀ ਮਿਲਦੀ ਸੀ,
ਲੂਣ ਦੀ ਚੁਟਕੀ ਨਾਲ ਤਬੀਅਤ ਖਿਲਦੀ ਸੀ।
ਗੰਢੇ ਅਤੇ ਅਚਾਰ ਹੀ ਬੜੀ ਨਿਆਮਤ ਸਨ,
ਗੁੜ ਦੀ ਰੋੜੀ ਖਾ ਕੇ ਹੋ ਜਾਂਦੇ ਸੀ ਪਰਸੰਨ।
ਬਰਗਰ, ਪੀਜ਼ੇ, ਨੂਡਲ, ਸਾਨੂੰ ਪੱਟ ਗਏ,
ਚਲਾਕ ਚਲਾਕੀ ਕਰਕੇ ਖੱਟੀ ਖੱਟ ਗਏ।
ਪਤਾ ਨੀਂ ਚੱਲਿਆ ਜੀਭ ਨੇ ਧੋਖਾ ਕਦ ਦਿੱਤਾ,
ਕਿਸ ਦੇ ਪਿੱਛੇ ਲੱਗ ਕੇ ਝੁੱਗਾ ਪੱਟ ਦਿੱਤਾ।
ਸਿਹਤਾਂ ਵਿਗੜੀਆਂ ਢੇਰ ਬੀਮਾਰੀਆਂ ਲੱਗ ਗਈਆਂ,
ਉਲਟੀਆਂ ਪੁਲਟੀਆਂ ਆਦਤਾਂ ਹਰ ਘਰ ਵੜ ਗਈਆਂ।
ਵਫਾਦਾਰੀ ਨਿਭਾਉਂਦੇ ਸਭ ਅੰਗ ਨਿਢਾਲ ਹੋਏ,
ਬੇਵਫ਼ਾਈ ਜੀਭ ਦੀ ਸਹਿੰਦੇ ਹਾਲੋਂ ਬੇਹਾਲ ਹੋਏ।
ਮੋੜ ਮੁੜ ਗਏ ਹਾਂ ਬਹੁਤ ਹੁਣ ਮੋੜਾ ਨਹੀਂ ਪੈਣਾ,
ਖੁਸ ਗਿਆ ਹੈ ਸਿਹਤ ਦਾ ਅਤਿ ਸੁੰਦਰ ਗਹਿਣਾ।
ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ
ਜੰਗ 'ਤੇ ਜੰਗ - ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ
ਹਰ ਇੱਕ ਜ਼ੁਬਾਨ 'ਤੇ, ਖ਼ੂਨ ਦਾ ਬਦਲਾ ਖ਼ੂਨ ਹੈ,
ਬਾਤਚੀਤ ਦੇ ਹਰ ਕੇਂਦਰ ਦਾ, ਇਹੀ ਸਿਰਫ ਮਜ਼ਮੂਨ ਹੈ।
ਬਲੈਕ ਆਊਟ ਅਤੇ ਬੰਕਰਾਂ ਦੇ ਸਿਲਸਿਲੇ ਦਾ ਜ਼ੋਰ ਹੈ,
ਸੰਜੀਦਗੀ ਦੀ ਸੋਚ ਨਹੀਂ, ਬਦਲੇ ਦਾ ਭਾਰੀ ਜਨੂੰਨ ਹੈ।
ਬੇ ਕਸੂਰੀ ਮਾਸੂਮ ਜਾਨਾਂ, ਜਾਂਦੀਆਂ 'ਤੇ ਰੁਲ਼ਦੀਆਂ,
ਸ਼ਾਸਕਾਂ ਦੇ ਹੱਥ 'ਚ ਪੈਸਾ, ਤਾਕਤ ਅਤੇ ਕਾਨੂੰਨ ਹੈ।
ਅਰਸ਼ ਤੋਂ ਬਰਸੇ ਅੰਗਾਰੇ, ਅਮਨ ਦਾ ਇਲਾਜ ਨਹੀਂ ,
ਭੁੱਲ ਕੇ ਵੀ ਨਾ ਸਮਝੋ ਕਿ, ਇਹ ਕੋਈ ਮਾਜੂਨ ਹੈ।
ਲਾਉਣ ਤੇ ਬੁਝਾਉਣ ਲਈ, ਖੜਪੰਚ ਕਈ ਨੇ ਕਾਹਲੇ,
ਵਹਿਮ ਨਾ ਰੱਖਿਓ ਕੋਈ, ਕਿ ਸਾਡਾ ਕੋਈ ਮਗ਼ਨੂਨ ਹੈ।
ਬਿਨਾ ਛੱਤ 'ਤੇ ਬਿਨਾ ਘਰ ਦੇ, ਰੜੇ ਹੀ ਜਿਹੜਾ ਬੈਠਾ ਹੈ,
ਜੰਗ ਦੀ ਚੱਕੀ ਵਿੱਚ ਪਿਸਦਾ, ਮਾਸੂਮ ਅਤੇ ਮਜ਼ਲੂਮ ਹੈ।
ਹਰ ਜੰਗ ਦੇ ਮਗਰੋਂ ਤੋਬਾ, ਅਤੇ ਹਰ ਤੋਬਾ ਦੇ ਪਿੱਛੋਂ ਜੰਗ,
ਇਹ ਕਿਹੜੀ ਹੈ ਸਿਆਣਪ, 'ਤੇ ਇਹ ਕਿਹੜਾ ਸਕੂਨ ਹੈ?
ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ
ਦੋਗਲੀ ਨੀਤੀ - ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ
ਜ਼ਬਰਦਸਤੀ ਪਿਆਰ ਵੀ ਨਿਭਾਏ ਨਹੀਂ ਜਾਂਦੇ,
ਧੌਂਸ ਨਾਲ ਝੂਠ ਦੇ ਸੱਚ ਬਣਾਏ ਨਹੀਂ ਜਾਂਦੇ।
ਵਕਤੀ ਰਿਉੜੀਆਂ ਵੰਡ ਕੇ ਨੰਗੇ ਭੁੱਖੇ ਲੋਕਾਂ ਨੂੰ,
ਔੜਾਂ ਵਿੱਚ ਸਬਜ਼ ਬਾਗ ਦਿਖਾਏ ਨਹੀਂ ਜਾਂਦੇ।
ਭੁੱਖ ਅੰਬਾਂ ਦੀ ਬਾਖੜੀਆਂ ਨਾਲ ਮਿਟ ਨਹੀਂ ਸਕਦੀ,
ਸੁਪਨੇਂ ਸੁਰਗਾਂ ਦੇ ਨਰਕਾਂ ਵਿੱਚ ਦਿਖਾਏ ਨਹੀਂ ਜਾਂਦੇ।
ਬਿਨਾ ਸੂਰਜ ਤੋਂ ਉਜਾਲੇ ਕਦੀ ਵੀ ਨਹੀਂ ਦਿਸਦੇ,
ਹਨੇਰੇ ਵੇਚ ਕੇ ਵਪਾਰ ਸਦਾ ਚਲਾਏ ਨਹੀਂ ਜਾਂਦੇ।
ਮਿੱਠੀਆਂ ਤੇਰੀਆਂ ਗੱਲਾਂ ਤੇ ਯਕੀਨ ਕਿਵੇਂ ਕਰੀਏ?
ਇਵੇਂ ਬੇਈਮਾਨ ਇਰਾਦੇ ਸਦਾ ਛੁਪਾਏ ਨਹੀਂ ਜਾਂਦੇ।
ਹਕੂਮਤ ਹੋਵੇਗੀ ਭਾਵੇਂ ਤੇਰੀ ਇਸ ਸ਼ਹਿਰ ਦੇ ਉੱਤੇ,
ਪਰ ਰਾਜ ਹਿਰਦਿਆਂ ਉੱਤੇ ਇੰਝ ਚਲਾਏ ਨਹੀਂ ਜਾਂਦੇ।
ਹੈ ਤੂੰ ਖੁਸ਼ ਕਿ ਤੇਰਾ ਜ਼ਿਕਰ ਹੈ ਹਰ ਜ਼ੁਬਾਨ ਉੱਤੇ,
ਪਰ ਤਲਖ਼ ਸ਼ਬਦਾਂ ਨਾਲ ਮਲ੍ਹਮ ਬਣਾਏ ਨਹੀਂ ਜਾਂਦੇ।
ਭਾਵੇਂ ਚੱਲਦੀ ਹੈ ਹਨੇਰੀ ਅੱਜ ਤੇਰੇ ਹੁਕਮਾਂ ਦੀ,
ਪਰ ਚਿਰਾਗ ਉਮੀਦਾਂ ਦੇ ਇੰਝ ਬੁਝਾਏ ਨਹੀਂ ਜਾਂਦੇ।
ਕਹਿਣ ਨੂੰ ਤਾਂ ਤੂੰ ਹੈਂ ਸਵਾਰ ਹੰਕਾਰ ਦੇ ਰੱਥ 'ਤੇ,
ਕਾਠ ਦੇ ਘੋੜੇ ਇਵੇਂ ਸਰਪਟ ਦੌੜਾਏ ਨਹੀਂ ਜਾਂਦੇ।
ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ
ਪ੍ਰਤਿੱਗਿਆ - ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ
ਮਜ਼ਲੂਮਾਂ ਦੀ ਕਹਾਣੀ, ਮੈਂ ਲਿਖਦਾ ਰਹਾਂਗਾ,
ਜਦ ਤੱਕ ਹੈ ਜ਼ਿੰਦਗਾਨੀ, ਮੈਂ ਲਿਖਦਾ ਰਹਾਂਗਾ।
ਕੋਈ ਚਾਹੇ ਕਿੰਨਾ ਵੀ, ਨਿੱਤ ਪਿਆ ਮੈਨੂੰ ਕੋਸੇ,
ਪਰ ਮਾਸੂਮਾਂ ਦੀ ਪ੍ਰੇਸ਼ਾਨੀ, ਮੈਂ ਲਿਖਦਾ ਰਹਾਂਗਾ।
ਸਫੇਦ ਸੂਰਤਾਂ ਵਿੱਚ, ਸਿਆਹ ਛੁਪੇ ਹਿਰਦੇ,
ਨਕਲੀ ਇਹ ਮਖੌਟੇ, ਮੈਂ ਖਿੱਚਦਾ ਰਹਾਂਗਾ।
ਚੱਲਣ ਹਨੇਰੀਆਂ ਜਾਂ, ਝੱਲਾਂ ਹੜ੍ਹਾਂ ਦੀਆਂ ਮਾਰਾਂ,
ਮੈਂ ਡੁੱਬ ਕੇ ਵੀ ਤਰਨਾ, ਫੇਰ ਸਿੱਖਦਾ ਰਹਾਂਗਾ।
ਕੋਈ ਚਾਹੇ ਜੇ ਬਣਨਾ, ਮੇਰਾ ਸੱਚਾ ਹਮਸਫਰ,
ਮੈਂ ਉਨ੍ਹਾਂ ਦੀਆਂ ਰਾਹਾਂ 'ਚ, ਵਿਛਦਾ ਰਹਾਂਗਾ।
ਨਿੱਜੀ ਸੋਚਾਂ 'ਤੇ ਜਜ਼ਬਿਆਂ, ਉੱਤੇ ਅਮਲ ਕਰਕੇ,
ਮੈਂ ਹਰ ਕਦਮ ਉੱਤੇ, ਬੱਸ ਥਿਰਕਦਾ ਰਹਾਂਗਾ।
ਥਿੜਕਿਆ ਕਿਤੇ ਜੇ ਮੈਂ, ਜ਼ਮੀਰ ਤੋਂ ਆਪਣੀ,
ਤਾਂ ਮਲੀਨ ਆਤਮਾ ਨੂੰ, ਪਟਿਰਕਦਾ ਰਹਾਂਗਾ।
ਮੈਨੂੰ ਯਕੀਨ ਹੈ ਪੂਰਾ, 'ਤੇ ਇਰਾਦੇ ਮੇਰੇ ਪੱਕੇ,
ਕੱਚਿਆਂ ਤੋਂ ਕਰ ਕਿਨਾਰਾ, ਮੈਂ ਖਿਸਕਦਾ ਰਹਾਂਗਾ।
ਸ਼ਾਲਾ ਰਹੇ ਮੈਨੂੰ ਸਦਾ, ਸਹਾਰਾ ਮੇਰੇ ਗੁਰੂ ਦਾ,
ਉਹਦੇ ਨਕਸ਼ੇ ਕਦਮਾਂ 'ਤੇ, ਮੈਂ ਨਿਵਦਾ ਰਹਾਂਗਾ।
ਮਜ਼ਲੂਮਾਂ ਦੀ ਕਹਾਣੀ, ਮੈਂ ਲਿਖਦਾ ਰਹਾਂਗਾ,
ਜਦ ਤੱਕ ਹੈ ਜ਼ਿੰਦਗਾਨੀ, ਮੈਂ ਲਿਖਦਾ ਰਹਾਂਗਾ।
ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ
ਨਿਗਾਹਾਂ ਕਿਤੇ ਨਿਸ਼ਾਨੇ ਕਿਤੇ - ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ
ਕੀ ਕੀ ਨੇ ਜ਼ਮਾਨੇ ਦੀਆਂ, ਸੈਨਤਾਂ ਅਤੇ ਅਦਾਵਾਂ,
ਨਿਸ਼ਾਨੇ 'ਤੇ ਕੋਈ ਹੋਰ ਨੇ, ਪਰ ਕਿਸੇ ਹੋਰ 'ਤੇ ਨਿਗਾਹਾਂ।
ਰਸਤੇ ਕਈ ਹੋ ਸਕਦੇ ਨੇ, ਮੰਜ਼ਿਲ ਸਿਰਫ ਇੱਕ ਦੇ,
ਭਟਕਾਈਆਂ ਜਾ ਰਹੀਆਂ ਨੇ, ਰਾਹੀਆਂ ਦੀਆਂ ਰਾਹਵਾਂ।
ਦੌਰ ਹੈ ਜ਼ਿੰਦਗੀ ਦਾ, ਕਿਸ਼ਤੀਆਂ ਜਿਵੇਂ ਮੰਝਧਾਰ ਵਿੱਚ,
ਡੁੱਬਦੇ ਨੂੰ ਬਚਾਉਣ ਲਈ, ਨਾ ਉਠਦੀਆਂ ਕੋਈ ਬਾਹਵਾਂ।
ਜੋੜ ਅਤੇ ਤੋੜ ਨਿੱਤ ਨਵੇਂ, ਹੀ ਬਣਦੇ ਅਤੇ ਵਿਗੜਦੇ,
ਹਰ ਵਕਤੀ ਗੱਠਜੋੜ ਦਾ, ਨਿਚੋੜ ਹੈ ਨਕਦ ਨਾਮਾ।
ਫੋਕੇ ਨੇ ਦਾਅਵੇ ਦੁਨੀ ਦੇ, ਝੂਠੇ ਨੇ ਵਾਅਦੇ ਮੁਨੀ ਦੇ,
ਤੁਲੇ ਹੋਏ ਸਭ ਮੁੰਨਣ 'ਤੇ, ਇੱਕ ਦੂਜੇ ਦੀਆਂ ਜਟਾਵਾਂ।
ਦੱਸਦੇ ਜੋ ਮਾਇਆ ਨਾਗਣੀ, ਆਪਣੇ ਹੀ ਸੇਵਕਾਂ ਨੂੰ,
ਆਪਣੀਆਂ ਹੀ ਭਰੀ ਬੈਠੇ ਨੇ, ਗੋਲ੍ਹਕਾਂ ਅਤੇ ਗੁਫਾਵਾਂ।
ਗੁਲਾਮਾਂ ਦੀਆਂ ਮੁਸ਼ੱਕਤਾਂ 'ਤੇ, ਸੰਸਥਾਵਾਂ ਚੱਲਦੀਆਂ,
ਮਾਲਕਾਂ ਦੀਆਂ ਵੱਧ ਰਹੀਆਂ, ਨਿੱਤ ਮੋਟੀਆਂ ਤਨਖਾਹਾਂ।
ਸੱਚ ਨੂੰ ਤੁੜਕਾ ਝੂਠ ਦਾ, ਅਤੇ ਝੂਠ ਨੂੰ ਟੀਕਾ ਸੱਚ ਦਾ,
ਬੇਚਾਰੇ ਬੀਮਾਰ ਈਮਾਨ ਦੀ, ਮੈਂ ਜਾਨ ਕਿਵੇਂ ਬਚਾਵਾਂ।
ਅੱਖੋਂ ਪਰੋਖੇ ਨਹੀਂ ਹੁੰਦਾ, ਜੋ ਧੋਖਾ ਨਿੱਤ ਹੁੰਦਾ ਦਿਸਦਾ,
ਬੇਵੱਸ ਅੱਖਾਂ ਨੂੰ ਮੁੰਦ ਕੇ, ਮੈਂ ਝੱਟ ਕਿਵੇਂ ਲੰਘਾਵਾਂ।
ਟੀਰੀ ਅੱਖ ਦੇ ਨਾਲ ਕਦੀ, ਨਿਸ਼ਾਨੇ ਨਹੀਂ ਫੁੰਡ ਹੋਣਗੇ,
ਫੁੱਟੇਗੀ ਕੈਰ੍ਹੀ ਅੱਖ ਜੋ ਲੋਚੇ, ਸਦਾ ਪੁੱਠਾ ਕਾਰਨਾਮਾ।
ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ
ਕਿਸਾਨੀ ਫੁੱਟ - ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ
ਅੰਨ ਦਾਤਾ ਦੇ ਅੰਨ੍ਹੇ ਲੀਡਰ,
ਅੰਧਰਾਤੇ ਦਾ ਸ਼ਿਕਾਰ ਹੋ ਗਏ।
ਇਨ੍ਹਾਂ ਦੇ ਪਿੱਛੇ ਲੱਗ ਕੇ ਭੋਲ਼ੇ,
ਮਜ਼ਦੂਰ, ਕਿਸਾਨ ਖੁਆਰ ਹੋ ਗਏ।
ਚੌਧਰਾਂ ਅਤੇ ਪੈਸੇ ਦੀ ਖ਼ਾਤਰ,
ਪੈਰ ਪੈਰ 'ਤੇ ਵਿਕਦੇ ਜਾਵਣ,
ਪਾਟੋਧਾੜ ਧੜਾ ਧੜ ਹੋਵਣ,
ਇੱਕ ਦੂਜੇ 'ਤੇ ਲੂਤੀਆਂ ਲਾਵਣ।
ਕਿਸਾਨ ਲੀਡਰਾਂ ਦੀ ਸੋਚ ਦਾ ਦਾਇਰਾ,
ਦਿਨ ਬਦਿਨ ਹੁੰਦਾ ਜਾਵੇ ਸੌੜ੍ਹਾ,
ਸਮੇਂ ਦੇ ਹਾਣੀ ਬਣਨ ਤੋਂ ਸੱਖਣੇ,
ਕਰਨਗੇ ਝੁੱਗਾ ਸਭ ਦਾ ਚੌੜਾ।
ਪਰੌਂਠੇ ਖਾ ਮਰਨ ਵਰਤ ਨ੍ਹੀਂ ਪੁੱਗਦੇ,
ਡਰਾਮੇ ਬਹੁਤੇ ਦਿਨ ਨ੍ਹੀਂ ਚੱਲਦੇ,
ਸੱਚ ਤਾਂ ਸਾਹਮਣੇ ਆ ਹੀ ਜਾਂਦਾ,
ਝੂਠ ਦੇ ਪੈਰ ਕਿਤੇ ਨ੍ਹੀਂ ਖੱਲ੍ਹਦੇ।
ਆਪਣੀ ਜ਼ਾਤ ਦੇ ਆਪੇ ਦੁਸ਼ਮਣ,
ਹੋਰ ਨੂੰ ਫਿਰ ਕੀ ਦੋਸ਼ ਦੇਣਗੇ,
ਖੁਦ ਨੂੰ ਸ਼ੀਸ਼ੇ ਵਿੱਚ ਦੇਖ ਕੇ,
ਆਪਣੀ ਹੀ ਜ਼ਮੀਰ ਕੋਹਣਗੇ।
ਅੰਨ ਦਾਤਾ ਦੀ ਪਰਿਭਾਸ਼ਾ ਹੁਣ,
ਬਦਲਦੀ ਜਾਂਦੀ ਨਿੱਤ ਨਵੀਂ,
ਫਸਲਾਂ ਹੁਣ ਜੱਟ ਨਹੀਂ ਬੀਜੇਗਾ,
ਏ ਆਈ ਦੀ ਹੁਣ ਨਹੀਂ ਕਮੀ।
ਅੰਨ ਤਾਂ ਧਰਤੀ ਵਿੱਚੋਂ ਉੱਗੂ,
ਪਰ ਤਤਾ ਤਤਾ ਕੋਈ ਕਰੂ ਅਡਾਣੀ,
ਧਨਾਢ ਦੇ ਹੱਥ ਹੀ ਕੋਠੀ ਹੋਊ,
'ਤੇ ਹਰ ਕੋਠੀ ਦਾ ਦਾਣਾ ਪਾਣੀ।
ਮਰੋੜ ਮਰੋੜ ਸੰਢਿਆਂ ਦੀਆਂ ਪੂਛਾਂ,
ਜੱਟ ਮਿੱਟੀ ਵਿੱਚ ਮਿੱਟੀ ਹੋ ਗਿਆ,
ਜੱਟ ਦੀ ਜ਼ਾਤ ਹੀ ਖਤਮ ਹੋਣ ਦਾ,
ਸਿਲਸਿਲਾ ਸਮਝੋ ਸ਼ੁਰੂ ਹੋ ਗਿਆ।
ਨਾ ਹੁਣ ਆਕੜਾਂ ਨਾ ਹੁਣ ਬੱਕਰੇ,
ਨਾ ਮੁੱਛਾਂ ਦੇ ਤਾਅ ਹੁਣ ਰਹਿਣੇ,
ਰਹਿੰਦੀਆਂ ਖੂੰਹਦੀਆਂ ਜ਼ਮੀਨਾਂ ਵੀ,
ਜਦੋਂ ਵਿਕ ਗਈਆਂ, ਜਾਂ ਪਈਆਂ ਗਹਿਣੇ।
ਹਰ ਜੱਟ ਹੁਣ ਮਜ਼ਦੂਰ ਬਣੇਗਾ,
ਹੱਥ ਅੱਡਣ ਲਈ ਹੋਊ ਮਜਬੂਰ,
ਅੰਨ ਦਾਤਾ ਹੁਣ ਠੂਠਾ ਚੁੱਕ ਕੇ,
ਦਾਨ ਦਾ ਪਾਤਰ ਬਣੂ ਜ਼ਰੂਰ।
ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ
ਖੁਸ਼ੀਆਂ ਦੇ ਢੋਲ ਵੱਜ ਗਏ - ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ
ਖੁਸ਼ੀਆਂ ਦੇ ਢੋਲ ਵੱਜ ਗਏ,
ਸਾਲ ਬਾਅਦ ਫਿਰ ਆਈ ਏ ਵਿਸਾਖੀ।
ਮੇਲੇ ਅਤੇ ਖਾੜੇ ਲੱਗ ਗਏ,
ਪਾ ਲੈ ਭੰਗੜੇ 'ਤੇ ਗਾ ਲੈ ਗੀਤ ਸਾਥੀ।
ਸੋਨੇ ਰੰਗੇ ਖੇਤਾਂ ਉੱਤੇ ਨਵਾਂ ਰੂਪ ਆਇਆ ਏ,
ਦੇਖ ਦੇਖ ਜਿਹਨੂੰ ਹਰ ਦਿਲ ਨਸ਼ਿਆਇਆ ਏ,
ਭਾਰੀਆਂ ਮੁਸ਼ੱਕਤਾਂ ਦਾ ਮੁੱਲ ਰੱਬ ਪਾਇਆ ਏ।
ਹੱਥ ਫੜ ਲੈ ਤੂੰ ਯਾਰਾ ਹੁਣ ਦਾਤੀ,
ਖੁਸ਼ੀਆਂ ਦੇ ਢੋਲ ਵੱਜ ਗਏ,
ਸਾਲ ਬਾਅਦ ਫਿਰ ਆਈ ਏ ਵਿਸਾਖੀ।
ਮੇਲੇ ਅਤੇ ਖਾੜੇ ਲੱਗ ਗਏ,
ਪਾ ਲੈ ਭੰਗੜੇ ਤੇ ਗਾ ਲੈ ਗੀਤ ਸਾਥੀ।
ਕੀਤੀਆਂ ਮੁਸ਼ੱਕਤਾਂ ਦਾ ਮੁੱਲ ਤਾਹੀਉਂ ਪਵੇਗਾ,
ਸਾਂਭੇਂਗਾ ਕਮਾਈ ਤਾਂ ਸਿਫਤ ਜੱਗ ਕਰੇਗਾ,
ਸਿਆਣਪਾਂ ਦੇ ਨਾਲ ਜੇ ਤੂੰ ਪੈਰ ਅੱਗੇ ਧਰੇਂਗਾ।
ਚੰਗੀ ਲੰਘ ਜਾਵੇ ਤੇਰੀ ਇਹ ਹਿਆਤੀ,
ਖੁਸ਼ੀਆਂ ਦੇ ਢੋਲ ਵੱਜ ਗਏ,
ਸਾਲ ਬਾਅਦ ਫਿਰ ਆਈ ਏ ਵਿਸਾਖੀ।
ਮੇਲੇ ਅਤੇ ਖਾੜੇ ਲੱਗ ਗਏ,
ਪਾ ਲੈ ਭੰਗੜੇ ਤੇ ਗਾ ਲੈ ਗੀਤ ਸਾਥੀ।
ਸਿੱਖੀ ਨੂੰ ਬਚਾਉਣ ਦੀ ਵੀ ਜ਼ਿੰਮੇਦਾਰੀ ਤੇਰੀ ਐ,
ਚੱਲਦੀਆਂ ਚਾਲਾਂ ਕੀਤੀ ਕਾਫੀ ਹੇਰਾਫੇਰੀ ਐ,
ਖ਼ਾਲਸੇ ਦੀ ਸਾਖ ਅੱਜ ਮੂਰਖਾਂ ਨੇ ਘੇਰੀ ਐ।
ਪੜ੍ਹ ਮੁੜ ਕੇ ਤੂੰ ਗੁਰੂਆਂ ਦੀ ਸਾਖੀ,
ਖੁਸ਼ੀਆਂ ਦੇ ਢੋਲ ਵੱਜ ਗਏ,
ਸਾਲ ਬਾਅਦ ਫਿਰ ਆਈ ਏ ਵਿਸਾਖੀ।
ਮੇਲੇ ਅਤੇ ਖਾੜੇ ਲੱਗ ਗਏ,
ਪਾ ਲੈ ਭੰਗੜੇ ਤੇ ਗਾ ਲੈ ਗੀਤ ਸਾਥੀ।
ਅਜ਼ਾਦੀ ਲਈ ਸ਼ਹਾਦਤਾਂ ਦੀ ਯਾਦ ਤੂੰ ਭੁਲਾਈਂ ਨਾ,
ਇਸ ਦਿਨ ਗਵਾਚੇ ਕਿੰਨੇ ਵੀਰ ਤੂੰ ਗਵਾਈਂ ਨਾ,
ਦੇਖੀਂ ਕਿਤੇ ਭੁੱਲ ਕੇ ਵੀ ਲਾਜ ਤੂੰ ਲਵਾਈਂ ਨਾ,
ਹੈ ਜ਼ਰੂਰੀ ਸਦਾ ਵਿਰਸੇ ਦੀ ਰਾਖੀ,
ਖੁਸ਼ੀਆਂ ਦੇ ਢੋਲ ਵੱਜ ਗਏ,
ਸਾਲ ਬਾਅਦ ਫਿਰ ਆਈ ਏ ਵਿਸਾਖੀ।
ਮੇਲੇ ਅਤੇ ਖਾੜੇ ਲੱਗ ਗਏ,
ਪਾ ਲੈ ਭੰਗੜੇ ਤੇ ਗਾ ਲੈ ਗੀਤ ਸਾਥੀ।
ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ ਕੇ