Ravinder-Singh-Kundra

ਮੇਰੇ ਵਰਗੇ ਬੰਦੇ - ਰਵਿੰਦਰ ਸਿੰਘ ਕੁੰਦਰਾ

ਸ਼ੁਕਰ ਹੈ ਦੁਨੀਆ ਦੇ ਵਿੱਚ ਨੇ, ਕੁੱਝ ਮੇਰੇ ਵਰਗੇ ਬੰਦੇ,
ਜਿਨ੍ਹਾਂ ਦੇ ਸਦਕੇ  ਚੱਲਦੇ ਨੇ ਕੁੱਝ, ਮੇਰੇ ਕੰਮ ’ਤੇ  ਧੰਦੇ।

ਸਾਹ ਮੈਨੂੰ ਕੁੱਝ ਸੁੱਖ ਦਾ ਆਉਂਦਾ, ਜੇ ਕੋਈ ਅੱਖ ਮਿਲਾਵੇ,
ਹੈਰਤ ਹੁੰਦੀ  ਹੈ ਮਨ ਦੇ ਵਿੱਚ, ਕੋਈ ਅੱਖ  ਬਚਾ ਜੇ ਲੰਘੇ।

ਅਜੀਬ ਹੈ ਦੁਨੀਆ ਚਾਲਾਂ ਚੱਲਦੀ, ਸਮਝ ਨਹੀਂ ਕੋਈ ਪੈਂਦੀ,
ਖੋਹ ਲੈਣ ਲਈ  ਸਭ ਨੇ ਤਕੜੇ, ਦੇਣ ਵੇਲੇ  ਸਭ  ਨੰਗੇ।

ਮੂੰਹ ’ਤੇ ਹੋਰ ਪਰ ਪਿੱਠ ਪਿੱਛੇ, ਕੱਢ ਲੈਣ ਉਹ ਛੁਰੀਆਂ,
ਖੋਟੀ  ਨੀਅਤ  ਦੇ ਕੁੱਝ ਪਾਂਧੀ, ਲੁੱਟਦੇ  ਲਾ ਲਾ  ਫੰਧੇ।

ਵਿਰਲਾ ਹੀ ਕੋਈ ਸਾਊ ਦਿਸਦਾ, ਬਹੁਤੇ ਦਿਸਣ ਫ਼ਰੇਬੀ,
ਪੈਰ, ਪੈਰ ’ਤੇ  ਧੋਖੇ  ਦਿੰਦੇ,  ਕਈ  ਚਾਲਬਾਜ਼  ਲਫੰਗੇ।

ਸੂਰਤ ਮੋਮਨ ਸੀਰਤ ਕਾਫ਼ਰ,  ਤਰਕੋਂ ਤਰਜ਼ ਹੈ ਵੱਖਰੀ,
ਪਏ ਨੇ ਮੇਰੇ ਕਈ ਹੀ  ਵਾਰੀ, ਐਸਿਆਂ ਦੇ ਨਾਲ ਪੰਗੇ।

ਵਿਰਲੇ ਹੀ ਨੇ ਜੋ ਨਾ ਪਹਿਨਣ, ਚਿਹਰਿਆਂ ਉੱਤੇ ਮਖੌਟੇ,
ਚਿੱਟੇ ਦਿਨ ਦੀ ਤਰ੍ਹਾਂ ਜਿਨ੍ਹਾਂ ਦੇ, ਚਮਕਣ ਕਰਮ ਨਿਸ਼ੰਗੇ।

ਸਿਰ ਝੁਕਾਵਾਂ ਮੈਂ ਉਨ੍ਹਾਂ ਲਈ, ਜੋ ਕਹਿਣੀ ਕਰਨੀ ਦੇ ਪੱਕੇ,
ਸ਼ਮ੍ਹਾਂ  ਦੀ  ਖ਼ਾਤਿਰ  ਜਲ  ਮਰਦੇ ਨੇ, ਐਸੇ  ਕਈ ਪਤੰਗੇ।

ਸ਼ੁਕਰ ਹੈ  ਦੁਨੀਆ  ਦੇ ਵਿੱਚ ਨੇ, ਕੁੱਝ  ਮੇਰੇ ਵਰਗੇ ਬੰਦੇ,
ਜਿਨ੍ਹਾਂ ਦੇ  ਸਦਕੇ  ਚੱਲਦੇ ਨੇ  ਕੁੱਝ, ਮੇਰੇ  ਕੰਮ ’ਤੇ ਧੰਦੇ।

ਤਾਰ ਮੇਰੇ ਦਿਲ ਵਾਲੇ - ਰਵਿੰਦਰ ਸਿੰਘ ਕੁੰਦਰਾ

ਸਾਂਭੇ ਹੋਏ ਨੇ ਸਾਰੇ,
ਤਾਰ ਓਹੀ ਦਿਲ ਵਾਲੇ,
ਛੇੜਿਆ ਜਿਨਾਂ ਨੇ ਕਦੀ ਰਾਗ,
ਤੇਰੇ ਪਿਆਰ ਦਾ ।

ਤਰਜ਼ ਉਹੀ ਫੇਰ ਉਠੀ,
ਹੇਕ ਜਿਹੀ ਬਣ ਕੇ ਤੇ,
ਚਾੜ੍ਹਿਆ ਸੀ ਜਿਸ ਨੇ ਖ਼ੁਮਾਰ,
ਤੇਰੇ ਪਿਆਰ ਦਾ।

ਇਹ ਚਸ਼ਮਾ ਹੈ ਜ਼ਮਜ਼ਮੀ,
ਫੁੱਟੀਆਂ ਫੁਹਾਰਾਂ ਵਾਲਾ,
ਵਗਦਾ ਰਹੇਗਾ ਲਗਾਤਾਰ,
ਤੇਰੇ ਪਿਆਰ ਦਾ ।

ਬਾਗ਼ 'ਤੇ ਬਗੀਚੇ,
ਰੰਗੀਨ ਬਣ ਨਿੱਖਰੇ ਨੇ,
ਮਹਿਕਾਂ ਬਖੇਰੇ ਗੁਲਜ਼ਾਰ,
ਤੇਰੇ ਪਿਆਰ ਦਾ ।

ਰਾਤ ਅਤੇ ਦਿਨ ਵਾਲਾ,
ਸਮਾਂ ਇੱਕੋ ਜਿਹਾ ਜਾਪੇ,
ਸੱਜਰੀ ਸਵੇਰ ਹੈ ਨਿਖਾਰ,
ਤੇਰੇ ਪਿਆਰ ਦਾ ।

ਸ਼ਾਲਾ ਤੇਰੇ ਰੂਪ ਦੀ ਨਾ,
ਧੁੱਪ ਕਦੀ ਹੋਵੇ ਮੱਠੀ,
ਸੇਕਦਾ ਰਹਾਂ ਮੈਂ ਅੰਗਿਆਰ,
ਤੇਰੇ ਪਿਆਰ ਦਾ।

ਮਜਬੂਰੀਆਂ - ਰਵਿੰਦਰ ਸਿੰਘ ਕੁੰਦਰਾ

ਮਜਬੂਰੀਆਂ ਦੀ ਦਾਸਤਾਂ, ਬੜੀ ਹੈ ਲੰਬੀ ਚੌੜੀ,
ਯਾਦ  ਕੋਈ  ਨਾ  ਮਿੱਠੀ, ਸਭ  ਹੈ ਕੌੜੀ ਕੌੜੀ।

ਸ਼ੁਰੂ  ਕਰਾਂ  ਮੈਂ  ਕਿੱਥੋਂ,  ਅਤੇ  ਨਬੇੜਾਂ  ਕਿੱਥੇ,
ਉੱਬਲੀ , ਰਿੱਝੀ ਜਾਵੇ, ਇਹ ਦੁੱਖਾਂ  ਦੀ ਤੌੜੀ।

ਸਾਹ ਨਹੀਂ ਆਉਂਦੇ ਸੌਖੇ, ਇਨ੍ਹਾਂ ਹਵਾਵਾਂ  ਵਿੱਚੋਂ,
ਖੁੱਲ੍ਹੀ  ਫ਼ਿਜ਼ਾਂ ਵੀ ਲੱਗਦੀ, ਹੈ ਹੁਣ ਸੌੜੀ ਸੌੜੀ।

ਖ਼ੌਫ਼ਨਾਕ ਨੇ ਸੈਰਗਾਹਾਂ, ਸੜਕਾਂ, ਪਗਡੰਡੀਆਂ,
ਕਿੱਥੇ ਹੈ ਉਹ ਜ਼ਿੰਦਗੀ, ਜੋਜਾਂਦੀ ਸੀ ਦੌੜੀ ਦੌੜੀ।

ਗਿਰਹਾ ਅਤੇ ਗਰਾਹੀ, ਦਾ ਸੀ ਰਿਸ਼ਤਾ ਗੂਹੜਾ,
ਸਾਂਝਾਂ ਨੇ ਸਭ ਟੁੱਟੀਆਂ, ਕਰੀਏ ਬਹੁੜੀ ਬਹੁੜੀ।

ਤਰਸਯੋਗ ਹੈ ਹਾਲਤ, ਅੱਜ ਮਨੁੱਖ ਦੀ ਇੰਨੀ,
ਦੁੱਖ ਦੇ ਖੂਹ ਚੋਂ ਨਿਕਲਣ, ਦੀ ਨਾ ਲੱਭੇ ਪੌੜੀ।

ਅਧੀਨਤਾ ਦੀ ਜ਼ੱਦ ਵਿੱਚ, ਅੱਜ ਸੁਪਨੇ ਵੀ ਕੋਝੇ,
ਮਟਕਣ ਤੋਂ ਵੀ ਡਰਦੀ, ਅੱਜ ਹਰ ਅੱਖ ਬਲੌਰੀ।

ਖਰਚੇ ਅਤੇ ਕਮਾਈਆਂ,  ਸਭ ਨੇ ਤਹਿਸ ਨਹਿਸ,
ਖਾਲੀ  ਹੈ  ਜਾਂ  ਭਰੀ,  ਭਾਵੇਂ  ਹੈ  ਕੋਈ  ਤਜੌਰੀ।

ਸਾਕਾਰ ਹੋਣ ਤੋਂ  ਸੁਪਨੇ,  ਅੱਜ ਨੇ  ਸਭ ਅਧੂਰੇ,
ਜਸ਼ਨ ਰੌਣਕਾਂ ਖੁਸ਼ੀਆਂ ਦੀ, ਬੰਦ ਪਈ ਹੈ ਦੌਰੀ।

ਕੰਧਾਂ ਓਹਲੇ ਪਰਦੇਸ ਅੱਜ, ਹੈ ਘਰ ਘਰ ਬਣਿਆ,
ਦੂਜੇ  ਪਾਸੇ  ਝਾਕਣ  ਲਈ, ਲੱਭੇ  ਕੋਈ ਤਾਂ ਮੋਰੀ।

ਬਾਹਰ ਕਦਮ ਟਿਕਾਉਣਾ, ਹੈ ਨਹੀਂ ਖ਼ਤਰਿਉਂ ਖਾਲੀ,
ਲੁਕਣ  ਇੱਕ  ਦੂਜੇ  ਪਿੱਛੇ, ਬਣੇ  ਨਾ  ਕੋਈ ਮੋਹਰੀ।

ਮਜਬੂਰੀਆਂ  ਦੀ  ਦਾਸਤਾਂ,  ਬੜੀ  ਹੈ  ਲੰਬੀ  ਚੌੜੀ,
ਯਾਦ   ਕੋਈ   ਨਾ   ਮਿੱਠੀ,  ਸਭ  ਹੈ  ਕੌੜੀ  ਕੌੜੀ।

ਦੀਵੇ ਥੱਲੇ ਹਨੇਰਾ - ਰਵਿੰਦਰ ਸਿੰਘ ਕੁੰਦਰਾ

ਲੋਅ ਭਾਵੇਂ ਲੱਖ ਤਿੱਖੀ ਦੇਵੇ, ਪਰ ਪੈਰਾਂ ਵਿੱਚ ਹਨੇਰਾ,
ਦੀਵਾ ਵੀ  ਬੇਵੱਸ  ਹੋ  ਜਾਂਦਾ, ਛੱਡ  ਬਹਿੰਦਾ ਹੈ ਜੇਰਾ।

ਬੰਦਾ  ਇਸ ਤੋਂ  ਉਲਟ  ਬੜਾ ਹੈ, ਅਭਿਮਾਨੀ ਹੰਕਾਰੀ,
ਅਲਪ ਬੁੱਧ ਦਾ ਵਾਜਾ ਅਪਣਾ, ਵਜਾਂਦਾ ਫਿਰੇ ਘਨੇਰਾ।

ਦੇਖੇ ਨੇ ਕਈ ਅਕਲਾਂ ਵੰਡਦੇ, ਪਰ ਆਪਣਾ ਖਾੱਨਾ ਖਾਲੀ,
ਜੀਵਨ ਜਾਚ ਜਗਤ ਨੂੰ ਦੱਸਣ, ਪਰ ਚੌੜ ਹੈ ਝੁੱਗਾ ਵਿਹੜਾ।

ਆਪਣੇ  ਘਰ  ਜੋਗੀ  ਹੈ  ਬੁੱਧੂ, ਬਾਹਰ  ਸਿੱਧ  ਕਹਾਵੇ,
ਸੁਆਹ ਤੋਂ ਸੱਖਣਾ ਚੁੱਲ੍ਹਾ ਉਸਦਾ, ਸ਼ਾਮ ਹੋਵੇ ਜਾਂ ਸਵੇਰਾ।

ਬਹੁਤੀ  ਅਕਲ  ਵੀ ਹੈ ਅਜ਼ਾਬੀ, ਨਾ ਸਾਂਭ ਸਕੇ  ਹਰ ਕੋਈ,
ਪਿਆਲਾ ਵੀ ਜਦ ਭਰ ਕੇ ਉੱਛਲੇ, ਕਰ ਜਾਵੇ ਲੱਗ ਲਬੇੜਾ।

ਥੋਥਾ ਚਨਾ  ਛਣ ਛਣ ਛਣਕੇ, ਊਣਾ ਘੜਾ  ਵੀ ਬਹੁਤਾ,
ਅਕਲ ਬੇਅਕਲੇ ਮਾਨਸ ਦਾ, ਕੁਦਰਤ ਹੀ ਕਰੇ ਨਬੇੜਾ।

ਮੂਰਖ ਦੇ ਨਾਲ ਮੱਥਾ ਲਾਉਣਾ,  ਪੈਂਦਾ ਬੜਾ ਹੈ ਮਹਿੰਗਾ,
ਚੁੱਪ ਕਰਕੇ  ਇੱਕ  ਪਾਸੇ ਹੋਣਾ, ਸੌਖਿਆਂ ਹੀ  ਮੁੱਕੇ ਝੇੜਾ।

ਜ਼ਿੰਦਗੀ ਦੇ  ਕਈ ਕੌੜ  ਤਜਰਬੇ,  ਕਿਹੜੇ  ਕਿਹੜੇ ਦੱਸਾਂ,
ਅੜਬ ਅਦੀਬਾਂ ਦੇ ਵਿੱਚ ਘਿਰ ਕੇ, ਦਿਲ ਦੁਖਦਾ ਬੜਾ ਹੈ ਮੇਰਾ।

ਤੇਗ਼ ਤਪੱਸਿਆ 'ਤੇ ਚਾਦਰ  - ਰਵਿੰਦਰ ਸਿੰਘ ਕੁੰਦਰਾ

ਤੇਗ਼  ਤਪੱਸਿਆ  ਦਾ  ਧਨੀ,
ਕੋਈ ਹੋਰ ਨਹੀਂ ਤੇਗ਼ ਬਹਾਦਰ ਹੈ।
ਐਵੇਂ ਨਹੀਂ ਜੱਗ 'ਤੇ ਨਾਂ ਉਸ ਦਾ,
ਜਿਹਨੂੰ ਕਹਿੰਦੇ ਹਿੰਦ ਦੀ ਚਾਦਰ ਹੈ।

ਚਾਦਰ  ਦੇ  ਰੰਗ  ਨਿਆਰੇ  ਨੇ,
ਸਾਰੇ  ਹੀ ਜਾਨ ਤੋਂ  ਪਿਆਰੇ ਨੇ।
ਪਰਦਾ ਹੈ ਭੋਲੀਆਂ ਇੱਜ਼ਤਾਂ ਦਾ,
ਨਾਮ ਬਾਣੀ ਦੀਆਂ ਸਿਫਤਾਂ ਦਾ।
ਸ਼ਾਂਤੀ ਦਾ  ਭਰਿਆ  ਸਾਗਰ ਹੈ।
ਐਵੇਂ ਨਹੀਂ ਜੱਗ 'ਤੇ ਨਾਂ ਉਸ ਦਾ,
ਜਿਹਨੂੰ ਕਹਿੰਦੇ ਹਿੰਦ ਦੀ ਚਾਦਰ ਹੈ।

ਚਾਦਰ  ਬਣ  ਜਾਵੇ  ਢਾਲ  ਕਦੀ,
ਖੜ੍ਹੇ ਹੱਸ ਮਜ਼ਲੂਮ ਦੇ ਨਾਲ ਕਦੀ।
ਸਭ ਕੁੱਝ ਹੀ ਦਾਅ 'ਤੇ ਲਾ ਦੇਵੇ,
ਜ਼ਾਲਮ ਅੱਗੇ  ਹਿੱਕ ਡਾਹ  ਦੇਵੇ।
ਨਾ ਸੱਚ ਕਹਿਣੋਂ ਕਦੀ ਨਾਬਰ ਹੈ।
ਐਵੇਂ ਨਹੀਂ ਜੱਗ 'ਤੇ ਨਾਂ ਉਸ ਦਾ,
ਜਿਹਨੂੰ ਕਹਿੰਦੇ ਹਿੰਦ ਦੀ ਚਾਦਰ ਹੈ।

ਵਚਨਾਂ 'ਤੇ  ਬਚਨਾਂ ਦਾ  ਪੂਰਾ ਹੈ,
ਮੈਦਾਨੇ  ਜੰਗ  ਵਿੱਚ  ਸੂਰਾ ਹੈ।
ਭੈਅ  ਕਿਸੇ  ਨੂੰ  ਨਾ  ਦੇਵੇ,
ਕੋਈ ਦੇਵੇ ਤਾਂ ਫਿਰ ਲਾਹ ਦੇਵੇ।
ਮਕਤਲ ਤੱਕ ਚੱਲ ਕੇ ਖ਼ੁਦ ਪਹੁੰਚੇ,
ਇੱਕ  ਐਸਾ  ਨੇਕ  ਮੁਸਾਫਿਰ  ਹੈ,
ਐਵੇਂ ਨਹੀਂ ਜੱਗ 'ਤੇ ਨਾਂ ਉਸ ਦਾ,
ਜਿਹਨੂੰ ਕਹਿੰਦੇ ਹਿੰਦ ਦੀ ਚਾਦਰ ਹੈ।

ਤੇਗ਼ ਤਪੱਸਿਆ ਦਾ ਧਨੀ,
ਕੋਈ ਹੋਰ ਨਹੀਂ ਤੇਗ਼ ਬਹਾਦਰ ਹੈ।
ਐਵੇਂ ਨਹੀਂ ਜੱਗ 'ਤੇ ਨਾਂ ਉਸ ਦਾ,
ਜਿਹਨੂੰ ਕਹਿੰਦੇ ਹਿੰਦ ਦੀ ਚਾਦਰ ਹੈ।

ਰਵਿੰਦਰ ਸਿੰਘ ਕੁੰਦਰਾ

ਆਦਮ ਬੋ ਬਈ ਆਦਮ ਬੋ - ਰਵਿੰਦਰ ਸਿੰਘ ਕੁੰਦਰਾ

ਆਦਮ  ਬੋ  ਬਈ  ਆਦਮ  ਬੋ, ਦੂਰੋਂ  ਹੀ  ਤੇਰੀ  ਆਵੇ ਬੋ।
ਨਿਗਲ ਜਾਵਾਂਗਾ ਸਾਬਤਾ ਤੈਨੂੰ, ਬਚ ਕੇ ਜ਼ਰਾ ਤੂੰ ਪਰੇ ਖਲੋ।

ਕਿਸ ਦੇ ਦੀਵੇ ਦਾ ਜਿੰਨ ਹਾਂ ਮੈਂ, ਇਹ ਨਹੀਂ ਦੱਸਾਂਗਾ ਮੈਂ ਤੈਨੂੰ।
ਕਿਸੇ ਨੂੰ ਵੀ ਨਹੀਂ ਮੈਂ ਛੱਡਦਾ, ਕਿਉਂ ਕਰ ਬਖਸ਼ਾਂ ਫੇਰ ਮੈਂ ਤੈਨੂੰ।
ਚੰਦਰੀ ਮੇਰੀ ਭੁੱਖ ਹੈ ਡਾਢੀ, ਪੈਂਦੀ ਰਹਿੰਦੀ ਢਿੱਡ ਵਿੱਚ ਖੋਹ।
ਨਿਗਲ ਜਾਵਾਂਗਾ ਸਾਬਤਾ ਤੈਨੂੰ, ਬਚ ਕੇ ਜ਼ਰਾ ਤੂੰ ਪਰੇ ਖਲੋ।
ਆਦਮ ਬੋ ਬਈ ਆਦਮ ਬੋ........

ਭਾਈ ਭੈਣ  ਤੂੰ ਮੇਰੇ  ਮਾਰੇ, ਪੁਰਖੇ  ਗਏ ਸਭ  ਹਾੜ੍ਹੇ ਕੱਢਦੇ।
ਪਿਆ ਰਹਿਨੈ ਤੂੰ ਸਾਡੇ ਪਿੱਛੇ, ਡਰ ਕੇ ਰਹੇ ਅਸੀਂ ਤੈਥੋਂ ਭੱਜਦੇ।
ਝੱਲਿਆ ਬੜਾ ਹੀ ਘਾਣ ਅਸਾਂ ਨੇ, ਅੱਤ ਗਈ ਹੁਣ ਬਹੁਤੀ ਹੋ।
ਨਿਗਲ ਜਾਵਾਂਗਾ ਸਾਬਤਾ ਤੈਨੂੰ, ਬਚ ਕੇ ਜ਼ਰਾ ਤੂੰ ਪਰੇ ਖਲੋ।
ਆਦਮ ਬੋ ਬਈ ਆਦਮ ਬੋ ...........

ਤਦਬੀਰਾਂ ਤੂੰ ਬਹੁਤ ਬਣਾਈਆਂ, ਤਕਨੀਕਾਂ ਤੂੰ ਬਹੁਤ ਘੁਮਾਈਆਂ।
ਹਰ ਤਰ੍ਹਾਂ ਦੇ ਹਰਬੇ ਵਰਤੇ, ਸਾਨੂੰ ਰੱਜ ਕੇ ਤੋਹਮਤਾਂ ਲਾਈਆਂ।
ਸਾਇੰਸਾਂ ਦੀ ਤੂੰ ਚੜ੍ਹ ਘਨੇੜੀ, ਮਨਸੂਬੇ ਲਏ ਕਈ ਨਵੇਂ ਪਰੋ।
ਨਿਗਲ ਜਾਵਾਂਗਾ ਸਾਬਤਾ ਤੈਨੂੰ, ਬਚ ਕੇ ਜ਼ਰਾ ਤੂੰ ਪਰੇ ਖਲੋ।
ਆਦਮ ਬੋ ਬਈ ਆਦਮ ਬੋ ...........

ਜੀਅ ਜੰਤ ਸਭ ਤੈਥੋਂ ਡਰਦੇ, ਰਹਿੰਦੇ ਸਦਾ ਤੇਰਾ ਪਾਣੀ ਭਰਦੇ।
ਰੱਬ ਨੂੰ ਵੀ ਤੂੰ ਰਿਸ਼ਵਤ ਦੇ ਕੇ, ਦੇਖਿਆ ਅਸੀਂ ਆਪਣੇ ਵੱਲ ਕਰਦੇ।
ਉਸ ਨੂੰ ਵੀ ਮੈਂ ਦੱਸ ਦੇਵਾਂਗਾ, ਜੇ ਕਮਾਇਆ ਮੇਰੇ ਨਾਲ ਧਰੋ।
ਨਿਗਲ ਜਾਵਾਂਗਾ ਸਾਬਤਾ ਤੈਨੂੰ, ਬਚ ਕੇ ਜ਼ਰਾ ਤੂੰ ਪਰੇ ਖਲੋ।

ਆਦਮ ਬੋ ਬਈ ਆਦਮ ਬੋ, ਦੂਰੋਂ ਹੀ ਤੇਰੀ ਆਵੇ ਬੋ।
ਨਿਗਲ ਜਾਵਾਂਗਾ ਸਾਬਤਾ ਤੈਨੂੰ, ਬਚ ਕੇ ਜ਼ਰਾ ਤੂੰ ਪਰੇ ਖਲੋ।
ਆਦਮ ਬੋ ਬਈ ਆਦਮ ਬੋ ...........

ਵਿਸਾਖੀ ਮਨਾ ਸੱਜਣਾ -  ਰਵਿੰਦਰ ਸਿੰਘ ਕੁੰਦਰਾ

ਆ ਸੱਜਣਾ ਕੁੱਝ ਗਾ ਸੱਜਣਾ, ਵਿਸਾਖੀ ਅੱਜ ਮਨਾ ਸੱਜਣਾ ।
ਤੈਨੂੰ ਮੌਕਾ ਰੱਬ ਨੇ ਦਿੱਤਾ ਹੈ, ਅੱਜ ਰੱਜ ਕੇ ਖੁਸ਼ੀ ਮਨਾ ਸੱਜਣਾ ।

ਆਹ ਦੇਖ ਤੇਰੀ ਇਹ ਮਿਹਨਤ ਅੱਜ,  ਕਿੰਨੇ ਰੰਗ ਲਿਆਈ ਹੈ,
ਐਵੇਂ ਨਹੀਂ ਤੇਰੇ ਚਿਹਰੇ 'ਤੇ, ਅੱਜ ਲਾਲੀ ਡਾਢੀ ਛਾਈ ਹੈ।
ਕਈ ਔਖੀਆਂ ਰਾਤਾਂ ਜਾਗ ਜਾਗ, ਤੂੰ ਕੀਤੀ ਖ਼ੂਬ ਕਮਾਈ ਹੈ,
ਕਰਜ਼ੇ ਨੇ ਤੇਰੇ ਸਿਰ ਚੜ੍ਹ ਕੇ,  ਤੇਰੀ ਅਸਲੋਂ ਹੋਸ਼ ਭੁਲਾਈ ਹੈ।
ਪਰ ਸਿਦਕ ਕਦੀ ਨਾ ਹਾਰੀਂ ਤੂੰ, ਚੱਲਦਾ ਜਾਹ ਆਪਣੇ ਰਾਹ ਸੱਜਣਾ,
ਤੈਨੂੰ ਮੌਕਾ ਰੱਬ ਨੇ ਦਿੱਤਾ ਹੈ, ਅੱਜ ਰੱਜ ਕੇ ਖੁਸ਼ੀ ਮਨਾ ਸੱਜਣਾ ।
ਆ ਸੱਜਣਾ ਕੁੱਝ ਗਾ ਸੱਜਣਾ ......

ਅੱਜ ਹਰ ਪਾਸੇ ਹੀ ਖ਼ੁਸ਼ੀਆਂ ਨੇ, ਤੇ ਮੇਲਿਆਂ ਰੌਣਕ ਲਾਈ ਹੈ,
ਬੱਚੇ ਨੱਢੇ ਤੇ ਬੁੱਢਿਆਂ ਨੇ, ਪਾ ਭੰਗੜੇ ਧਰਤ ਹਿਲਾਈ ਹੈ।
ਰੰਗ ਬਰੰਗੀਆਂ ਚੁੰਨੀਆਂ ਨੇ, ਸਤਰੰਗੀ ਪੀਂਘ ਚੜ੍ਹਾਈ ਹੈ,
ਮਤਵਾਲੇ ਚਿਹਰੇ ਦੇਖ ਦੇਖ,  ਹਰ ਅੱਖ ਗਈ ਨਸ਼ਿਆਈ ਹੈ ।
ਕੁੱਦ ਜਾਹ ਤੂੰ ਵੀ ਇਸ ਮੇਲੇ ਵਿੱਚ, ਕੁੱਝ ਆਪਣਾ ਰੰਗ ਦਿਖਾ ਸੱਜਣਾ,
ਤੈਨੂੰ ਮੌਕਾ ਰੱਬ ਨੇ ਦਿੱਤਾ ਹੈ, ਅੱਜ ਰੱਜ ਕੇ ਖੁਸ਼ੀ ਮਨਾ ਸੱਜਣਾ ।
ਆ ਸੱਜਣਾ ਕੁੱਝ ਗਾ ਸੱਜਣਾ .....

ਮਿਹਰ ਤੇਰੇ ਤੇ ਦਾਤੇ ਦੀ, ਹੋਵੇਗੀ ਦੂਣ ਸਵਾਈ ਹੀ,
ਜੇ ਯਾਦ ਰੱਖੇਂਗਾ ਸੱਜਣਾ ਤੂੰ,  ਗੁਰੂਆਂ ਦੀ ਘਾਲ ਕਮਾਈ ਵੀ।
ਬਾਟੇ ਦਾ ਅੰਮ੍ਰਿਤ ਮਿਲਿਆ ਸੀ, ਤੂੰ ਸਿਰ ਦੀ ਬਾਜ਼ੀ ਲਾਈ ਸੀ,
ਏਸੇ ਦਿਨ ਦਸਮੇਸ਼ ਪਿਤਾ, ਇੱਕ ਪਿਰਤ ਨਵੀਂ ਹੀ ਪਾਈ ਸੀ।
ਆ ਫੇਰ ਗੁਰੂ ਦੇ ਦਰ ਆਕੇ, ਸਿੱਖੀ ਦਾ ਸਿਦਕ ਨਿਭਾ ਸੱਜਣਾ,
ਤੈਨੂੰ ਮੌਕਾ ਰੱਬ ਨੇ ਦਿੱਤਾ ਹੈ, ਅੱਜ ਰੱਜ ਕੇ ਖੁਸ਼ੀ ਮਨਾ ਸੱਜਣਾ ।

ਆ ਸੱਜਣਾ ਕੁੱਝ ਗਾ ਸੱਜਣਾ, ਵਿਸਾਖੀ ਅੱਜ ਮਨਾ ਸੱਜਣਾ ।
ਤੈਨੂੰ ਮੌਕਾ ਰੱਬ ਨੇ ਦਿੱਤਾ ਹੈ, ਅੱਜ ਰੱਜ ਕੇ ਖੁਸ਼ੀ ਮਨਾ ਸੱਜਣਾ ।

ਦਿਲ ਦੀ ਗੱਲ - ਰਵਿੰਦਰ ਸਿੰਘ ਕੁੰਦਰਾ

ਹੱਸਦੇ ਰਹਿਣਾ ਹਾਸੇ ਵੰਡਣਾ, ਹੈ ਇਹ ਮੇਰੀ ਖ਼ਸਲਤ,
ਸਿਰ ਸੁੱਟ ਕੇ ਚੱਲਦੇ ਜਾਣਾ, ਮੇਰੀ ਹੈ ਇਹ ਫ਼ਿਤਰਤ।

ਹਾਸਾ ਦੇਖ ਕਿਸੇ ਦਾ ਦੁਨੀਆ, ਲਾਵੇ ਗ਼ਲਤ ਅੰਦਾਜ਼ੇ,
ਚਿਹਰੇ ਪਿੱਛੇ ਕੋਈ ਨਾ ਦੇਖੇ, ਦਿਲ ਦੇ ਘੋਰ ਅਜ਼ਾਬੇ।

ਔਖੇ ਪਲ ਤੇ ਬਿਖੜੇ ਪੈਂਡੇ, ਬਣਦੇ ਰਹੇ ਮੇਰੇ ਸਾਥੀ,
ਯਾਦਾਂ ਨੇ ਸਭ ਮੇਰਾ ਵਿਰਸਾ, ਕੀ ਖੁਸ਼ੀ ਤੇ ਕੀ ਉਦਾਸੀ।

ਉੱਠ ਕੇ ਡਿੱਗਣਾ ਡਿੱਗ ਕੇ ਉੱਠਣਾ, ਰਿਹਾ ਚਲਣ ਹੈ ਮੇਰਾ,
ਸਾਥੀ ਮੇਰਾ ਘੱਟ ਚਾਨਣ ਬਣਿਆ, ਬਹੁਤਾ ਘੁੱਪ ਹਨੇਰਾ।

ਇਸ ਦੁਨੀਆਂ ਵਿੱਚ ਆਉਣਾ ਸੌਖਾ, ਪਰ ਨਾ ਜੀਣਾ ਸੌਖਾ,
ਨਿੱਤ ਦਿਨ ਹੱਲ ਕਰਨਾ ਪੈਂਦਾ, ਹਰ ਇੱਕ ਮਸਲਾ ਔਖਾ।

ਰਿਸ਼ਤੇ ਨਾਤੇ ਸਹੁਰੇ ਮਾਪੇ, ਦੇ ਨਾ ਸਕੇ ਹੱਕ ਮੈਨੂੰ,
ਦਰਦ ਵੰਡਾਇਆ ਸਭ ਦਾ ਪਰ, ਦਰਦ ਮਿਲੇ ਬੱਸ ਮੈਨੂੰ ।

ਪਿੱਛੇ ਮੁੜ ਕੇ ਤੱਕਣਾ ਮੈਨੂੰ, ਪਰ ਜ਼ਰਾ ਨਹੀਂ ਭਾਉਂਦਾ,
ਔਕੜਾਂ ਦਰੜ ਕੇ ਪੈਰਾਂ ਥੱਲੇ, ਸਵਾਦ ਅਨੋਖਾ ਆਉਂਦਾ।

ਬਹੁਤੀ ਤਾਂ ਹੁਣ ਲੰਘ ਗਈ, ਭਾਵੇਂ ਥੋੜ੍ਹੀ ਰਹਿ ਗਈ,
ਪਰ ਮੁੜ ਜੀਵਣ ਦੀ ਸੱਧਰ, ਚੁੱਪੀ ਵਿੱਚ ਕੁੱਛ ਕਹਿ ਗਈ।

ਆ ਜਿੰਦੇ ਲੱਗ ਮੇਰੇ ਸੀਨੇ, ਦੇ ਜਾਹ ਕੋਈ ਦਿਲਾਸਾ,
ਹੋਰ ਨਹੀਂ ਜੇ ਸਰਦਾ ਤੈਥੋਂ, ਹੱਸ ਜਾਹ ਝੂਠਾ ਹਾਸਾ।

ਸੁਣਾ ਮੈਨੂੰ ਜਾਂ ਸੁਣ ਜਾਹ ਮੈਥੋਂ, ਗੱਲ ਕੋਈ ਧੁਰ ਦਿਲ ਦੀ,
ਜੋ ਅੱਜ ਤੱਕ ਨਾ ਲਬ ਤੇ ਆਈ, ਰਹੀ ਅੰਦਰ ਮੇਰਾ ਛਿੱਲਦੀ।

ਜ਼ਿੰਦਗੀ ਦਾ ਕਾਰਵਾਂ - ਰਵਿੰਦਰ ਸਿੰਘ ਕੁੰਦਰਾ ਕਵੈਂਟਰੀ ਯੂ ਕੇ

ਮੰਜ਼ਲ ਦਰ ਮੰਜ਼ਲ ਸਰਕਦਾ, ਸੀ ਜ਼ਿੰਦਗੀ ਦਾ ਕਾਰਵਾਂ,
ਝੱਖੜ ਕੁੱਝ ਐਸਾ ਝੁੱਲਿਆ, ਘਨਘੋਰ ਹੋਇਆ ਆਸਮਾਂ।

ਰਸਤਿਆਂ ਨੂੰ ਰਸਤੇ ਭੁੱਲ ਗਏ, ਕੱਖਾਂ ਵਾਂਗੂੰ ਰੁਲ ਗਏ,
ਪੱਥ ਪਰਦਸ਼ਕ ਮਨੁੱਖ ਦੇ, ਚਲਦੇ ਸੀ ਕਦੀ ਸਭ ਤੋਂ ਅਗਾਂਹ।

ਕਿਸਮਤ ਸਿਤਾਰੇ ਡੁੱਬ ਗਏ, ਸੁੰਨ ਹੋ ਗਏ ਅਰਸ਼ ਫ਼ਰਸ਼,
ਸਿਵਿਆਂ ਦੀ ਲੋਅ ਵਿੱਚ ਸੇਕ ਸੀ, ਅਲੋਪ ਹੋਈਆਂ ਕਹਿਕਸ਼ਾਂ।

ਵਗੀ ਸੀ ਐਸੀ ਵਾ ਕੋਈ, ਖੁਸ਼ਕ ਹਲਕ ਸਭ ਹੋ ਗਏ,
ਸਾਹਾਂ ਨੂੰ ਨਰੜਿਆ ਖੌਫ਼ ਨੇ, ਰੂਹਾਂ ਹੋ ਗਈਆਂ ਦਾਗ਼ਦਾਂ।

ਸੂਲ਼ਾਂ ਦੇ ਸੱਲ ਨਾਸੂਰ ਹੋਏ, ਨਜ਼ਰਾਂ ਦੇ ਨੇਜ਼ੇ ਬਣ ਗਏ,
ਤਿਣਕੇ ਵੀ ਵੱਖੀਆਂ ਪੱਛ ਗਏ, ਹੰਝੂਆਂ ਦੇ ਵਹਿ ਤੁਰੇ ਸੁਆਂ।

ਮਨੁੱਖ ਨੇ ਉਡਣਾ ਲੋਚਿਆ, ਪਰ ਨਾ ਪਰ ਕੋਈ ਨਿੱਕਲੇ,
ਚਾਰਾ ਨਾ ਕੋਈ ਚੱਲਿਆ, ਦਿਸਿਆ ਨਾ ਕੋਈ ਨਵਾਂ ਜਹਾਂ।

ਪਰਿੰਦੇ ਪਰਵਾਜ਼ਾਂ ਭੁੱਲ ਗਏ, ਚੁੰਝਾਂ ਤੋਂ ਚੋੱਗੇ ਥਿੜ੍ਹਕ ਗਏ,
ਬੋਟ ਤੁਰ ਗਏ ਤੜਪਦੇ, ਉਜੜ ਗਏ ਸਭ ਆਸ਼ਿਆਂ।

ਕੋਈ ਕਹਿਰ ਬਣ ਕੇ ਉਭਰਿਆ, ਦਇਆ ਵੀ ਖੋਹ ਕੇ ਲੈ ਗਿਆ,
ਕਰੋੜਾਂ ਹੀ ਜਾਨਾਂ ਲੈ ਕੇ ਵੀ, ਮਾਰੇ ਠਹਾਕੇ 'ਤੇ ਕਹਿਕਹਾਂ।

ਮਜੂਮੀਂ ਮੂੰਹ ਛੁਪਾ ਗਏ, ਔਲੀਏ ਹੋ ਗਏ ਅਲੋਪ,
ਵਰ ਸਰਾਪੀਂ ਬਦਲ ਗਏ, ਨਾ ਕੰਮ ਆਈਆਂ ਆਜਜ਼ਾਂ।

ਸਵਾਲ 'ਤੇ ਸਵਾਲ ਦਾ, ਹਰ ਇੱਕ ਜਵਾਬ ਖ਼ਾਮੋਸ਼ ਹੈ,
ਕਦ ਬਣੇਗਾ ਕੌਣ, ਕਿਵੇਂ, ਕਾਰਵਾਂ ਦਾ ਰਹਿਨੁਮਾ।

ਮੰਜ਼ਲ ਦਰ ਮੰਜ਼ਲ ਸਰਕਦਾ, ਸੀ ਜ਼ਿੰਦਗੀ ਦਾ ਕਾਰਵਾਂ,
ਝੱਖੜ ਕੁੱਝ ਐਸਾ ਝੁੱਲਿਆ, ਘਨਘੋਰ ਹੋਇਆ ਆਸਮਾਂ।

ਰਵਿੰਦਰ ਸਿੰਘ ਕੁੰਦਰਾ ਕਵੈਂਟਰੀ ਯੂ ਕੇ

ਘਰ ਤੋਂ ਘਰ ਤੱਕ - ਰਵਿੰਦਰ ਸਿੰਘ ਕੁੰਦਰਾ

ਘਰ ਤੋਂ ਘਰ ਤੱਕ ਦਾ, ਮੇਰਾ ਇਹ ਸਫ਼ਰ।
ਰੁਕੇ ਨਾ ਕਦੀ ਵੀ, ਚੱਲੇ ਬੇ ਖ਼ਬਰ।

ਉੱਚੇ ਨੀਵੇਂ ਪੈਂਡੇ, ਸਮੇਂ ਦੀ ਕੋਝੀ ਮਾਰ,
ਝੱਲਦੀ ਹਾਂ ਸਭ ਹੀ, ਬੇ ਤਹਾਸ਼ਾ ਪੁਰ ਸਬਰ।

ਵਿਰਸੇ ਵਿੱਚ ਮਿਲਿਆ, ਜੋ ਪੀੜਾਂ ਦਾ ਪਰਾਗਾ,
ਝੁਲਸਿਆ ਕੜਾਹੀ ਨੇ, ਦਿਖਾ ਆਪਣਾ ਅਸਰ।

ਕੁੱਝ ਯਾਦਾਂ ਨੇ ਪੱਲੇ, ਸਿਰ ਪੋਟਲੀ ਪਲਾਂ ਦੀ,
ਸਾਂਭ ਸਾਂਭ ਚੱਲਾਂ ਮੈਂ, ਬੋਚ ਬੋਚ ਪੈਰ ਧਰ।

ਚੱਲਦੇ ਹੀ ਰਹਿਣਾ, ਹੈ ਇਹ ਕਰਮ ਮੇਰਾ,
ਜੋ ਵਿਰਸੇ ਵਿੱਚ ਮਿਲਿਆ, ਟਲੇ ਨਾ ਰੱਤੀ ਭਰ।

ਮੁੱਠੀ ਇੱਕ ਚੁੱਕਾਂ, ਤੇ ਦੂਜੀ ਹੈ ਤਿਆਰ,
ਚੁੱਕੇ ਨਾ ਚੁਕਾਇਆਂ, ਉਮਰਾਂ ਦਾ ਇਹ ਕਰ।

ਇੱਕ ਗੇੜ ਮੁੱਕਦਾ, ਤੇ ਦੂਜਾ ਹੈ ਖੜਾ ਸਿਰ,
ਵਾਟ ਹੈ ਲੰਬੀ ਪਰ, ਜੀਵਨ ਹੈ ਮੁਕਤਸਰ।

ਦਾਤੇ ਦੀ ਦਾਤੀ ਦੀ, ਹੈ ਝੋਲੀ ਸਦਾ ਖ਼ਾਲੀ,
ਦਿੱਤਾ ਹੈ ਜੋ ਮਿਲਿਆ, ਮੁਰੱਵਤ ਦਾ ਹਰ ਵਰ।

ਲੱਭਿਆ ਬੜਾ ਹੀ, ਪਰ ਮਿਲਿਆ ਨਾ ਕੋਈ,
ਕਦਮ ਦਰ ਕਦਮ ਜੋ, ਬਣੇ ਹਮਸਫ਼ਰ।

ਘਰ ਤੋਂ ਘਰ ਤੱਕ ਦਾ, ਮੇਰਾ ਇਹ ਸਫ਼ਰ।
ਰੁਕੇ ਨਾ ਕਦੀ ਵੀ, ਚੱਲੇ ਬੇ ਖ਼ਬਰ।
 ਕਵੈਂਟਰੀ ਯੂ ਕੇ  /  ਸੰਪਰਕ : +44 7748 772308