Ravinder-Singh-Kundra

ਜ਼ਾਲਿਮ ਅਤੇ ਜ਼ੁਲਮ - ਰਵਿੰਦਰ ਸਿੰਘ ਕੁੰਦਰਾ

ਜ਼ਾਲਿਮ ਅਤੇ ਜ਼ੁਲਮ ਦਾ, ਰਿਸ਼ਤਾ ਹੈ ਕਿੰਨਾ ਅਜੀਬ,
ਦੋਨੋਂ ਸਦਾ ਹੀ ਲੋਚਦੇ, ਰਹਿਣਾ ਆਪੋ ਵਿੱਚ ਕ਼ਰੀਬ।

ਮਜ਼ਲੂਮ ਜੇਕਰ ਨਾ ਮਿਲੇ, ਤਾਂ ਤੜਪ ਜਾਂਦਾ ਹੈ ਜ਼ਾਲਿਮ,
ਕਿਸਮਤ ਨੂੰ ਫਿਰੇ ਕੋਸਦਾ, ਹਾਏ ਮੇਰੇ ਖੋਟੇ ਨਸੀਬ!

ਮਜਬੂਰ ਆਪਣੀ ਜ਼ਾਤ ਤੋਂ, ਹੰਤਾ ਲੱਭੇ ਸਦਾ ਸ਼ਿਕਾਰ,
ਅੱਛਾਈ ਅਤੇ ਬੁਰਾਈ ਦਾ, ਫ਼ਰਕ ਨਾ ਸਮਝੇ ਬਦੀਦ।

ਕਰਮ ਅਤੇ ਭਰਮ ਦੇ, ਨਰੜ ਦੇ ਐਸੇ ਜਾਲ ਵਿੱਚ,
ਸ਼ਾਂਤੀ ਨੂੰ ਜਾਵੇ ਭਾਲਦਾ, ਕੁਕਰਮ ਨਾ ਦੇਖੇ ਪਲੀਤ।

ਚਾਲ ਅਤੇ ਚਲਣ ਦਾ, ਦੁਰਮੇਲ ਕੁਦਰਤ ਪਰਖਦੀ,
ਇੱਕੋ ਵਜੂਦ ਵਿੱਚ ਢਾਲ਼ ਕੇ, ਇੱਕ ਰਫ਼ੀਕ 'ਤੇ ਇੱਕ ਰਕ਼ੀਬ।

ਜ਼ੁਲਮ ਰਾਹੀਂ ਨਾਪੇ ਜ਼ਾਲਿਮ, ਸਾਇਆ ਕੋਈ ਪਿਆਰ ਦਾ,
ਅਨੋਖਾ ਪਟਵਾਰੀ ਜ਼ੁਲਮ ਦਾ, ਘੜੀਸੀ ਫਿਰੇ ਅਪਣੀ ਜਰੀਬ।

ਨਾ ਮਿਲੇ ਫਿਰ ਚੈਨ ਉਸਨੂੰ, ਢੋਈ ਨਾ ਕਿਧਰੇ ਲੱਭਦੀ,
ਨਾ ਅਰਸ਼ 'ਤੇ ਨਾ ਫ਼ਰਸ਼ 'ਤੇ, ਬਣੇ ਕੋਈ ਉਸਦਾ ਮੁਰੀਦ।

ਜ਼ਾਲਿਮ ਅਤੇ ਜ਼ੁਲਮ ਦਾ, ਰਿਸ਼ਤਾ ਹੈ ਕਿੰਨਾ ਅਜੀਬ,
ਦੋਨੋਂ ਸਦਾ ਹੀ ਲੋਚਦੇ, ਰਹਿਣਾ ਆਪੋ ਵਿੱਚ ਕ਼ਰੀਬ।

ਰਵਿੰਦਰ ਸਿੰਘ ਕੁੰਦਰਾ
ਕਵੈਂਟਰੀ ਯੂ ਕੇ

ਜੂਠਾਂ - ਰਵਿੰਦਰ ਸਿੰਘ ਕੁੰਦਰਾ

ਜੂਠਾਂ ਨਿਗਲ਼ ਗਈਆਂ ਨੇ ਸਾਰੀ, ਪਾਕ ਪਵਿੱਤਰ ਸੰਗਤ ਦੀ ਜੂਠ,
ਸ਼ਾਮ ਸਵੇਰੇ ਕਰ ਅਰਦਾਸਾਂ, ਬੋਲਦੀਆਂ ਰਹੀਆਂ ਕੋਰਾ ਝੂਠ।

ਸ਼ਾਕਾਹਾਰੀ ਮਸੰਦ ਕਹਾ ਕੇ, ਢੋਰਾ, ਸੁੱਸਰੀ ਵਿੱਚੇ ਹੀ ਖਾ ਗਏ,
ਬੇਹੀਆਂ ਅਤੇ ਸੁੱਕੀਆਂ ਰੋਟੀਆਂ, ਮਰੜ ਮਰੜ ਕੇ ਸਭ ਚਬਾ ਗਏ।

ਬਾਬਾ! ਤੇਰੇ ਫ਼ਲਸਫ਼ੇ ਨੂੰ ਵੀ, ਖਾ ਗਏ ਨੇ ਇਹ ਵੇਚ ਕੇ ਚੋਰ,
ਨਹੀਂ ਰਹੀ ਹੁਣ ਕੋਈ ਕੀਮਤ, ਤਿਲ ਫੁੱਲ ਵਰਗੀ ਇੱਥੇ ਹੋਰ।

ਬੀਬੇ ਦਾਹੜਿਆਂ ਵਾਲੇ ਮਖੌਟੇ, ਪਹਿਨ ਨਿਕਲਦੇ ਸਰੇ ਬਜ਼ਾਰ,
ਪੈਰੀਂ ਪਾਣੀ ਪੈਣ ਨਾ ਦੇਵਣ, ਕਾਲ਼ਖਾਂ ਮਲ਼ੇ ਚਿਹਰੇ ਬਦਕਾਰ।

ਬੇਈਮਾਨੀ ਨੂੰ ਬੂਰ ਪੈ ਗਿਆ, ਬੂਰੇ ਨੇ ਕਰ ਦਿੱਤੀ ਕਮਾਲ,
ਆਪਣੇ ਪਾਪਾਂ ਨੂੰ ਢਕਣ ਲਈ, ਚੱਲਦੇ ਰਹੇ ਹਰ ਗੰਦੀ ਚਾਲ।

ਹਜ਼ਾਰਾਂ ਹੋਰ ਘਪਲਿਆਂ ਵਾਂਗੂੰ, ਹੋਵੇਗੀ ਹੁਣ ਬੀਣ 'ਤੇ ਛਾਣ,
ਕਮੇਟੀ ਹੁਣ ਦਰਿਆਫਤ ਕਰੇਗੀ, ਕਿਸ ਨੇ ਖਾਧਾ ਬੂਰਾ ਛਾਣ।

ਰੁਲ਼ ਜਾਵੇਗਾ ਮਸਲਾ ਸਾਰਾ, ਫੇਰ ਇੱਕ ਵਾਰੀ ਘੱਟੇ ਮਿੱਟੀ,
ਚੜ੍ਹ ਕਮੇਟੀ ਦੀ ਘਨੇੜੀ, ਇਹ ਗੁੱਥੀ ਨਹੀਂ ਜਾਣੀ ਨਜਿੱਠੀ।

ਮੁਕੱਦਮ, ਮੁਲਜ਼ਮ, ਗਵਾਹ, ਅਰਦਲੀ, ਹੋ ਜਾਣਗੇ ਸਭ ਇੱਕ ਪਾਸੇ,
ਘਾਲ਼ੇ ਮਾਲ਼ੇ ਦਾ ਲਾ ਕੇ ਲੰਗਰ, ਬੈਠ ਛਕਣਗੇ ਸਭ ਇੱਕ ਬਾਟੇ।

ਰਵਿੰਦਰ ਸਿੰਘ ਕੁੰਦਰਾ
ਕਵੈਂਟਰੀ ਯੂ ਕੇ

ਨਾਕਾਮੀਆਂ - ਰਵਿੰਦਰ ਸਿੰਘ ਕੁੰਦਰਾ

ਕੰਧਾਂ ਉੱਤੇ ਲਿਖਿਆ, ਪੜ੍ਹਿਆ ਨਾ ਗਿਆ,
ਹੱਡ ਬੀਤੀ ਦਾ ਦੁੱਖ ਵੀ, ਜਰਿਆ ਨਾ ਗਿਆ।

ਸੁਪਨੇ ਸੀ ਬੜੇ, ਪਰ ਸਾਕਾਰ ਨਾ ਹੋਏ,
ਤਾਬੀਰ ਦਾ ਦਰਸ ਵੀ, ਕਰਿਆ ਨਾ ਗਿਆ।

ਨਾ ਅੱਖਰ ਹੀ ਜੁੜੇ, ਨਾ ਬੰਦ ਹੀ ਬਣੇ,
ਪਿਆਰ ਦਾ ਕੋਈ ਗੀਤ, ਘੜਿਆ ਨਾ ਗਿਆ।

ਨਾ ਬਣੀ ਤਹਿਰੀਰ, ਕੋਈ ਮਨ ਭਾਉਂਦੀ,
ਬਹਿਰ ਦਾ ਲੜ ਕੋਈ, ਫੜਿਆ ਨਾ ਗਿਆ।

ਲਹਿਰਾਂ 'ਤੇ ਛੱਲਾਂ ਦੇ, ਬੜੇ ਝੱਲੇ ਦੁਫੇੜੇ,
'ਤੇ ਕਿਨਾਰੇ ਤਰਫ਼ ਕਦੀ, ਤਰਿਆ ਨਾ ਗਿਆ।

ਸ਼ਿਕਸ਼ਤਾਂ ਦੀਆਂ ਕੰਧਾਂ, ਦਰ ਕੰਧਾਂ ਹੀ ਮਿਲੀਆਂ,
ਮੰਜ਼ਿਲ 'ਤੇ ਪੈਰ ਕਦੀ, ਧਰਿਆ ਨਾ ਗਿਆ।

ਕਈ ਤਰੀਕੇ 'ਤੇ ਹਰਬੇ, ਲੱਖ ਵਰਤ ਕੇ ਦੇਖੇ,
ਕਾਮਯਾਬੀ ਦਾ ਕੋਈ ਪੌਡਾ, ਚੜ੍ਹਿਆ ਨਾ ਗਿਆ।

ਤੀਲੇ 'ਤੇ ਡੱਖੇ ਕਈ, ਰੱਖ ਬੁਣ ਕੇ ਤੱਕੇ,
ਸਿਰ ਢਕਣ ਲਈ ਆਲ੍ਹਣਾ, ਸਰਿਆ ਨਾ ਗਿਆ।

ਚੜ੍ਹਦੀਆਂ 'ਤੇ ਢਹਿੰਦੀਆਂ, ਸੋਚਾਂ ਦੇ ਸਹਾਰੇ,
ਰਿਸ਼ਤਾ ਸਫਲਤਾਵਾਂ ਨਾਲ, ਵਰਿਆ ਨਾ ਗਿਆ।

ਕੰਧਾਂ ਉੱਤੇ ਲਿਖਿਆ, ਪੜ੍ਹਿਆ ਨਾ ਗਿਆ,
ਹੱਡ ਬੀਤੀ ਦਾ ਦੁੱਖ ਵੀ, ਜਰਿਆ ਨਾ ਗਿਆ।

ਰਵਿੰਦਰ ਸਿੰਘ ਕੁੰਦਰਾ
ਕਵੈਂਟਰੀ ਯੂ ਕੇ

ਫਿਹਲ ਹੋ ਗਈ ਪੰਜਾਬੀ - ਰਵਿੰਦਰ ਸਿੰਘ ਕੁੰਦਰਾ

ਫਿਹਲ ਹੋ ਗਈ ਪੰਜਾਬ ਵਿੱਚ, ਲੋਕੋ ਪੰਜਾਬੀ,
ਸਾਡੇ ਸਭਿਆਚਾਰ ਦੀ, ਹੋ ਰਹੀ ਬਰਬਾਦੀ।

ਪੱਛਮੀ ਕਲਚਰ ਸਾਡੇ 'ਤੇ, ਹੋ ਗਿਆ ਹੈ ਭਾਰੀ,
ਅੰਗਰੇਜ਼ੀ ਬੋਲਣ ਪੜ੍ਹਨ ਦੀ, ਸਾਨੂੰ ਲੱਗੀ ਬਿਮਾਰੀ।

ਸਕੂਲ ਕੌਲਿਜ ਯੂਨੀਵਰਸਿਟੀਆਂ, ਧੜਾ ਧੜ ਖੁੱਲ੍ਹਣ,
ਸਾਰੇ ਰਲਮਿਲ ਪੰਜਾਬੀ ਦੀਆਂ, ਅੱਜ ਵੱਖੀਆਂ ਖੁੱਲਣ।

ਬਿਹਾਰੀ ਭਈਏ ਫਰਲ ਫ਼ਰਲ, ਪੰਜਾਬੀ ਬੋਲਣ,
ਪੰਜਾਬੀ ਟੁੱਟੀ ਹਿੰਦੀ ਬੋਲ, ਪੰਜਾਬੀ ਨੂੰ ਰੋਲਣ।

ਪੰਜਾਬੀ ਬੋਲਣ ਉੱਤੇ ਲੱਗਦੇ, ਸਕੂਲੀਂ ਜੁਰਮਾਨੇ,
ਇਸ ਦਾ ਰਸਤਾ ਰੋਕਣ ਕਈ, ਨਿੱਤ ਨਵੇਂ ਬਹਾਨੇ।

ਪੰਜਾਬੀ ਉੱਤੇ ਖੋਜਾਂ ਅੱਜ, ਅੰਗਰੇਜ਼ੀ ਵਿੱਚ ਹੁੰਦੀਆਂ,
ਪੰਜਾਬੀ ਦੀਵਾਨੇ ਰੋ ਰੋ ਕੇ, ਕਰਨ ਅੱਖਾਂ ਚੁੰਨ੍ਹੀਆਂ।

ਪੰਜਾਬੀ ਡਾਕਦਾਰਾਂ ਦੇ ਬੱਚੇ, ਹੁਣ ਵਿਦੇਸ਼ੀਂ ਪੜ੍ਹਦੇ,
ਪੰਜਾਬੀ ਦਾ ਖੱਟਿਆ ਖਾ ਕੇ ਵੀ, ਇਸ ਕੋਲ ਨਾ ਖੜ੍ਹਦੇ।

ਪੈਸੇ ਦੇ ਹੀ ਜ਼ੋਰ 'ਤੇ, ਅੱਜ ਡਿਗਰੀਆਂ ਵਿਕਦੀਆਂ,
ਸਨਮਾਨਾਂ ਦੀ ਦੌੜ ਵਿੱਚ, ਕਈ ਹਸਤੀਆਂ ਡਿਗਦੀਆਂ।

ਜਿੱਡਾ ਵੱਡਾ ਦਰਦੀ ਦਿਸੇ, ਓਡਾ ਹਤਿਆਰਾ,
ਪੜਦੇ ਪਿੱਛੇ ਕਰਦਾ ਫਿਰੇ, ਹਰ ਕੋਝਾ ਕਾਰਾ।

ਫਿਹਲ ਹੋ ਗਈ ਪੰਜਾਬ ਵਿੱਚ, ਲੋਕੋ ਪੰਜਾਬੀ,
ਸਾਡੇ ਸਭਿਆਚਾਰ ਦੀ, ਹੋ ਰਹੀ ਬਰਬਾਦੀ।

ਰਵਿੰਦਰ ਸਿੰਘ ਕੁੰਦਰਾ
ਕਵੈਂਟਰੀ ਯੂ ਕੇ

ਚੱਲ ਹਊ ਪਰੇ। - ਰਵਿੰਦਰ ਸਿੰਘ ਕੁੰਦਰਾ

ਮੈਂ ਕਿਸੇ ਵੱਲ੍ ਦੇਖਿਆ, ਉਹ ਮੂੰਹ ਫੇਰ ਕੇ ਮੁੜ ਗਿਆ।
ਚੱਲ ਹਊ ਪਰੇ।
ਮੇਰੇ ਤੋਂ ਨਾਤਾ ਤੋੜ ਕੇ ਉਹ, ਹੋਰ ਕਿਸੇ ਨਾਲ ਜੁੜ ਗਿਆ।
ਚੱਲ ਹਊ ਪਰੇ।
ਹਾਰ ਜਿੱਤ ਦੀ ਖੇਡ ਵਿੱਚ, ਹਰਾ ਮੈਨੂੰ ਕੋਈ ਤੁਰ ਗਿਆ।
ਚੱਲ ਹਊ ਪਰੇ।
ਪਲ਼ੀ ਪਲ਼ੀ ਸੀ ਜੋੜਿਆ, ਪਰ ਪੂਰਾ ਕੁੱਪਾ ਰੁੜ੍ਹ ਗਿਆ।
ਚੱਲ ਹਊ ਪਰੇ।
ਤੀਰ ਸੀ ਤਿੱਖਾ ਦਾਗਿਆ, ਤੁੱਕੇ ਦੀ ਤਰ੍ਹਾਂ ਭੁਰ ਗਿਆ।
ਚੱਲ ਹਊ ਪਰੇ।
ਕੁਰਬਾਨ ਕੀਤਾ ਜੋ ਕੋਲ ਸੀ, ਪਰ ਕੌਡੀ ਵੀ ਨਾ ਮੁੱਲ ਪਿਆ।
ਚੱਲ ਹਊ ਪਰੇ।
ਗਿਣੀਆਂ ਅਨੇਕਾਂ ਗਿਣਤੀਆਂ, ਗਿਣਤੀ ਹੀ ਸਾਰੀ ਭੁੱਲ ਗਿਆ।
ਚੱਲ ਹਊ ਪਰੇ।
ਅੱਖ ਚੋਂ ਮੋਤੀ ਉਮਗਿਆ, ਅਚਾਨਕ ਮਿੱਟੀ ਵਿੱਚ ਰੁਲ਼ ਗਿਆ।
ਚੱਲ ਹਊ ਪਰੇ।
ਮੈਂ ਤਾਂ ਰਿੱਧੀ ਖ਼ੀਰ ਸੀ, ਪਰ ਦਲ਼ੀਆ ਬਣ ਉੱਬਲ਼ ਗਿਆ।
ਚੱਲ ਹਊ ਪਰੇ।
ਚੱਲ ਹਊ ਪਰੇ।

ਰਵਿੰਦਰ ਸਿੰਘ ਕੁੰਦਰਾ
ਕਵੈਂਟਰੀ ਯੂ ਕੇ

ਛਲੇਡਾ ਜੱਫੀ - ਰਵਿੰਦਰ ਸਿੰਘ ਕੁੰਦਰਾ

ਪੈ ਗਈ ਜੱਫੀ ਛਲੇਡਿਆਂ ਦੀ, ਜੋ ਰੰਗ ਬਦਲਣ ਦਿਨ ਰਾਤੀ,
ਨਿੱਤ ਬਣਾਉਂਦੇ ਲੋਕਾਂ ਨੂੰ ਬੁੱਧੂ, ਰੱਖਣ ਦੁਨੀਆ ਨੂੰ ਪਾਟੀ।

ਪੈਰ ਪੈਰ 'ਤੇ ਤੋਲਦੇ ਫੱਕੜ, ਬੰਨ੍ਹਣ ਝੂਠ ਪੁਲੰਦੇ,
ਬਕਦੇ ਜੋ ਵੀ ਮੂੰਹ ਵਿੱਚ ਆਉਂਦਾ, ਕਰਦੇ ਗੰਦੇ ਧੰਦੇ।

ਉਸੇ ਜ਼ਬਾਨੋਂ ਇੱਕ ਦੂਜੇ ਨੂੰ, ਗਾਲ੍ਹਾਂ ਕੱਢਣੋਂ ਨਹੀਂ ਥੱਕਦੇ,
ਉਸੇ ਹੀ ਮੂੰਹੋਂ ਉਸੇ ਹੀ ਵੇਲੇ, ਜਾਣ ਇੱਕ ਦੂਜੇ ਤੋਂ ਸਦਕੇ।

ਨਾ ਕੋਈ ਇਨ੍ਹਾਂ ਦਾ ਯਾਰ ਹੈ ਯਾਰੋ, ਨਾ ਕੋਈ ਇਨ੍ਹਾਂ ਦਾ ਸੰਗੀ,
ਮਤਲਬ ਕੱਢਣ ਲਈ ਇਨ੍ਹਾਂ ਨੇ, ਸ਼ਰਮ ਹੈ ਛਿੱਕੇ ਟੰਗੀ।

ਪਾਕਿਸਤਾਨੀ ਜ਼ਿਹਨੀਅਤ ਦੀ, ਕਸਰ ਨਾ ਕੋਈ ਰੱਖੀ,
ਡੱਡੂਆਂ ਦੀ ਪੰਸੇਰੀ ਹੋ ਗਈ, ਇੱਕੋ ਛਪੜੀ ਵਿੱਚ ਕੱਠੀ।

ਮਾਰ ਟਪੂਸੀਆਂ ਕਰਨਗੇ ਹੁਣ ਇਹ, ਰਾਜਨੀਤੀ ਹੋਰ ਗੰਦੀ,
ਹਾਰੇ ਹੋਏ ਜੁਆਰੀਆਂ ਦੀ ਹੁਣ, ਦੇਖੋ ਲੱਗੀ ਕਿੰਝ ਮੰਡੀ।

ਉਚੀ ਜ਼ਾਤ ਅਤੇ ਵੱਡੇ ਹੋਣ ਦੇ, ਦਮਗਜੇ ਮਾਰੀ ਜਾਂਦੇ,
ਬਾਜਵੇ ਵਰਗੇ ਬੇ ਵਜਾਹ ਹੀ, ਗਰੀਬਾਂ ਦੀ ਖਿੱਲੀ ਉਡਾਂਦੇ।

ਹਰ ਮਸਲੇ ਅਤੇ ਹਰ ਅਸੂਲ 'ਤੇ, ਕੁਰਬਾਨ ਹੋਣ ਨੂੰ ਕਾਹਲ਼ੇ,
ਅੰਦਰ ਖਾਤੇ ਜ਼ਮੀਰਾਂ ਵੇਚਣ ਦੇ, ਕਰਦੇ ਘਾਲ਼ੇ ਮਾਲ਼ੇ।

ਸੰਜੀਦਾ ਅਤੇ ਵਿਸ਼ਵਾਸੀ ਲੋਕੀ, ਕਿੱਧਰ ਨੂੰ ਹੁਣ ਜਾਵਣ,
ਕਿਸ ਦੇ ਲਈ ਹੁਣ ਤਾੜੀਆਂ ਮਾਰਨ, ਕਿਸ ਨੂੰ ਹੁਣ ਨਕਾਰਨ।

ਰਵਿੰਦਰ ਸਿੰਘ ਕੁੰਦਰਾ
ਕਵੈਂਟਰੀ ਯੂ ਕੇ

ਇਲਾਜ-ਏ-ਮੋਤੀਆ - ਰਵਿੰਦਰ ਸਿੰਘ ਕੁੰਦਰਾ

ਗਿਆ ਸਜਾਖਾ ਹੱਸਦਾ ਖੇਡਦਾ, ਮੁੜ ਕੇ ਆਇਆ ਕਾਣਾ,
ਕੁੱਝ ਹੀਂ ਘੰਟਿਆਂ ਦੇ ਵਿੱਚ ਦੇਖੋ, ਕੀ ਵਰਤ ਗਿਆ ਭਾਣਾ।

ਵਸਦੀ ਰਸਦੀ ਦੁਨੀਆ ਮੇਰੀ, ਪਲਾਂ ਵਿੱਚ ਰਹਿ ਗਈ ਅੱਧੀ,
ਸੱਜੀ ਬਾਂਹ ਤਾਂ ਪੂਰੀ ਦਿਸਦੀ, ਪਰ ਅੱਧੀ ਦਿਸੇ ਨਾ ਖੱਬੀ।

ਹੱਥ ਜੇ ਪਾਵਾਂ ਦੋ ਚੀਜ਼ਾਂ ਨੂੰ, ਇਕ ਹੱਥੋਂ ਛੁੱਟ ਜਾਵੇ,
ਕਿਉਂ ਨਹੀਂ ਇਕ ਪਾਸਾ ਦਿਸਦਾ, ਸਮਝ ਕੋਈ ਨਾ ਆਵੇ।

ਤੁਰਦਾ ਵੀ ਮੈਂ ਵਿੰਗਾ ਵਿੰਗਾ, ਇੱਕ ਪਾਸੇ ਨੂੰ ਜਾਵਾਂ,
ਲੱਭਣ ਤੇ ਵੀ ਨਹੀਂ ਹੈ ਲੱਭਦਾ, ਖ਼ੁਦ ਅਪਣਾ ਪਰਛਾਵਾਂ।

ਮੱਛਰ ਜਿਹੇ ਕਈ ਘੁੰਮਦੇ ਲੱਗਣ, ਮੈਨੂੰ ਆਪਣੇ ਦੁਵਾਲੇ,
ਭੰਬੂ ਤਾਰਿਆਂ ਦੇ ਵੱਸ ਮੇਰੀ, ਜਾਨ ਹੋ ਗਈ ਹਵਾਲੇ।

ਬੁਰਕੀ ਮੂੰਹ ਵਿੱਚ ਪੈਣ ਬਜਾਏ, ਕੰਨ ਵਿਚ ਪੈਂਦੀ ਜਾਪੇ,
ਹਾਏ ਉਏ ਰੱਬਾ ਕਿੰਨੇ ਪੈ ਗਏ, ਇੱਕੋ ਵਾਰੀ ਸਿਆਪੇ।

ਆਰਜ਼ੀ ਜਿਹੀ ਇਹ ਹਾਲਤ ਮੇਰੀ, ਸਹਿਣ ਤੋਂ ਹੋ ਗਈ ਔਖੀ,
ਔਖਾ ਵਕਤ ਕਢਾ ਦੇ ਰੱਬਾ, ਜਾਨ ਫਿਰ ਹੋ ਜਾਏ ਸੌਖੀ!

ਨਿਆਮਤੇ ਨਜ਼ਰ ਦੇ ਉੱਤੇ ਹੈ ਇਹ, ਰੱਬ ਦੀ ਨਜ਼ਰੇ ਇਨਾਇਤ,
ਦੇਣ ਵਾਲੇ ਨੇ ਜ਼ਰਾ ਨਾ ਕੀਤੀ, ਮੂਲੋਂ ਕੋਈ ਕਿਫਾਇਤ।

ਪੁੱਛੋ ਜ਼ਰਾ ਉਨ੍ਹਾਂ ਲੋਕਾਂ ਨੂੰ, ਜਿਨ੍ਹਾਂ ਸੰਗ ਰੱਬ ਨੇ ਕੀਤਾ ਧੋਖਾ,
ਪੂਰੇ ਅੰਗ ਨਾ ਦੇ ਕੇ ਉਨ੍ਹਾਂ ਦਾ, ਜਿਉਣਾ ਕੀਤਾ ਔਖਾ।

ਅਸਲੀ ਕੀਮਤ ਹਰ ਚੀਜ਼ ਦੀ, ਉਦੋਂ ਸਮਝ ਹੈ ਆਂਦੀ,
ਅਚਾਨਕ ਜਦੋਂ ਉਹ ਕਿਸੇ ਵੀ ਵੇਲੇ, ਹੱਥੋਂ ਹੈ ਖੁਸ ਜਾਂਦੀ।

ਸ਼ਾਬਾਸ਼ ਮੇਰੇ ਸਬੂਤੇ ਅੰਗੋ, ਕੰਮ ਰੱਖੋ ਤੁਸੀਂ ਜਾਰੀ,
ਤੁਹਾਡੇ ਵਲੋਂ ਜ਼ਰਾ ਵੀ ਢਿੱਲ ਮੱਠ, ਜਾਂਦੀ ਨਹੀਂ ਸਹਾਰੀ।

ਸਾਬਤੇ ਅੰਗਾਂ ਵਾਲਿਓ ਜ਼ਰਾ ਕੁ, ਅੰਗ ਹੀਣਾਂ ਵੱਲ ਦੇਖੋ,
ਉਹਨਾਂ ਦੀ ਵੀ ਸਲਾਮਤੀ ਵਾਸਤੇ, ਹਰ ਥਾਂ ਮੱਥੇ ਟੇਕੋ।

ਰਵਿੰਦਰ ਸਿੰਘ ਕੁੰਦਰਾ
ਕਵੈਂਟਰੀ ਯੂ ਕੇ

ਨਰਕਾਂ ਦੇ ਦਰਵਾਜ਼ੇ ਉੱਤੇ - ਰਵਿੰਦਰ ਸਿੰਘ ਕੁੰਦਰਾ

ਨਰਕਾਂ ਦੇ ਦਰਵਾਜ਼ੇ ਉੱਤੇ, ਜਦੋਂ ਕਿਸੇ ਨੇ ਦਸਤਕ ਦਿੱਤੀ,
ਧਰਮਰਾਜ ਦੇ ਅਰਦਲੀ ਨੇ, ਖੋਲ੍ਹ ਕੁੰਡਾ ਦਰਿਆਫਤ ਕੀਤੀ।

ਕੀ ਦੇਖੇ ਇੱਕ ਕੁੱਬਾ ਬੁੱਢੜਾ, ਹੱਥ ਜੋੜ ਲਾਚਾਰ ਖੜ੍ਹਾ ਹੈ,
ਲੱਗਦੈ ਦੂਰੋਂ ਚੱਲ ਕੇ ਆਇਆ, ਥੱਕ ਟੁੱਟਾ ਪਰੇਸ਼ਾਨ ਬੜਾ ਹੈ।

ਪੁੱਛਿਆ ਬਾਬਾ! ਕਿਹਨੂੰ ਮਿਲਣੈ, ਕਿਹੜੇ ਕੰਮ ਤੂੰ ਇੱਥੇ ਆਇਆ,
ਕਿਸ ਨੇ ਤੈਨੂੰ ਭੁੱਲ ਭੁਲੇਖੇ, ਇਸ ਪਾਸੇ ਦਾ ਰਾਹ ਦਿਖਲਾਇਆ?

ਬੋਲਿਆ ਬੁੱਢੜਾ, ਕਾਕਾ ਜੀ, ਮੈਨੂੰ ਕਿਤੇ ਨਹੀਂ ਮਿਲਦੀ ਢੋਈ,
ਸਵਰਗੀਂ ਵੜਨ ਦੀ ਕੋਸ਼ਿਸ਼ ਵਿੱਚ, ਮੇਰੇ ਨਾਲ ਕੀ ਕੀ ਨਹੀਂ ਹੋਈ।

ਧੱਕੇ ਮਾਰ ਕੇ ਮੈਨੂੰ ਕੱਢਿਆ, ਕਹਿੰਦੇ ਤੇਰੀ ਇੱਥੇ ਥਾਂ ਨਹੀਂ,
ਚੰਗੇ ਬੰਦਿਆਂ ਦੀ ਸੂਚੀ ਵਿੱਚ, ਤੇਰਾ ਕਹਿੰਦੇ ਕੋਈ ਨਾਂ ਨਹੀਂ।

ਬਹੁਤ ਹੀ ਮੈਂ ਦਲੀਲਾਂ ਦਿੱਤੀਆਂ, ਆਪਣੇ ਸਾਰੇ ਕਾਰੇ ਦੱਸੇ,
ਪਰ ਉਹ ਮੇਰੀਆਂ ਗੱਲਾਂ ਸੁਣ ਕੇ, ਮਾਰ ਠਹਾਕੇ ਸਾਰੇ ਹੱਸੇ।

ਕਹਿੰਦੇ ਤੇਰੇ ਸਤਾਏ ਹੋਇਆਂ ਨੇ, ਤੇਰੀਆਂ ਸਾਨੂੰ ਦੱਸੀਆਂ ਕਰਤੂਤਾਂ,
ਨਰਕਾਂ ਵਿੱਚ ਡੇਰੇ ਲਾਏ ਹੋਏ ਨੇ, ਤੇਰੇ ਵਰਗਿਆਂ ਕਈ ਮਨਹੂਸਾਂ।

ਜਾਹ ਜਾਕੇ ਉਨ੍ਹਾਂ ਨੂੰ ਟੱਕਰ, ਖੁਸ਼ ਤੂੰ ਉੱਥੇ ਬਹੁਤ ਰਹੇਂਗਾ,
ਆਪਣੇ ਵਰਗੇ ਪਾਪੀਆਂ ਦੇ ਵਿੱਚ, ਰੱਜ ਤਸੀਹੇ ਖ਼ੂਬ ਜਰੇਂਗਾ।

ਇੰਨੀ ਸੁਣ ਕੇ ਅਰਦਲੀ ਅੰਦਰੋਂ, ਲੈ ਆਇਆ ਰਜਿਸਟਰ ਮੋਟਾ,
ਪੜ੍ਹ ਪੜ੍ਹ ਕੇ ਬੁੱਢੜੇ ਨੂੰ ਕਹਿੰਦਾ, ਬਾਬਾ ਤੂੰ ਤਾਂ ਬਹੁਤ ਹੈਂ ਖੋਟਾ।

ਮੱਕਾਰੀਆਂ ਤੇਰੀਆਂ ਬਹੁਤ ਦਰਜ ਨੇ, ਕਿਹੜੀ ਕਿਹੜੀ ਦੱਸਾਂ ਤੈਨੂੰ,
ਸੌਂਹ ਰੱਬ ਦੀ ਸਭ ਦੱਸਣ ਵਿੱਚ, ਸ਼ਰਮ ਬਹੁਤ ਹੀ ਆਉਂਦੀ ਮੈਨੂੰ।

ਅਸੀਂ ਤਾਂ ਅੱਗੇ ਹੀ ਸਤੇ ਹੋਏ ਆਂ, ਤੇਰੇ ਵਰਗੇ ਬਹੁਤਿਆਂ ਹੱਥੋਂ,
ਨਿਤਾ ਪ੍ਰਤੀ ਖਰੂਦ ਨੇ ਕਰਦੇ, ਰੋਅਬ ਜਮਾਉਂਦੇ ਸਭ 'ਤੇ ਉੱਤੋਂ।

ਕੇ ਪੀ, ਪੀ ਕੇ ਖੌਰੂ ਪਾਵੇ, ਆਲਮ ਦਾ ਕੀ ਕਰਾਂ ਇਜ਼ਹਾਰ,
ਕੱਠੇ ਹੋ ਕੇ ਸਾਰੇ ਕਰਦੇ, ਗੁੰਡਾਗਰਦੀ ਸਰੇ ਬਾਜ਼ਾਰ।

ਹੋਰ ਵੀ ਕਈ ਨੇ ਤੇਰੇ ਸਾਥੀ, ਮੁਕੱਦਮੇਂ ਜਿਨ੍ਹਾਂ 'ਤੇ ਚੱਲ ਰਹੇ ਨੇ,
ਬੇਕਸੂਰਾਂ ਦੀਆਂ ਬੇਅੰਤ ਫਾਈਲਾਂ, ਸਵਰਗਾਂ ਵਾਲੇ ਘੱਲ ਰਹੇ ਨੇ।

ਸਾਡੇ ਕੋਲੋਂ ਸਾਂਭ ਨਹੀਂ ਹੁੰਦੇ, ਪਹਿਲਾਂ ਹੀ ਤੇਰੇ ਵਰਗੇ ਪਾਪੀ,
ਘਾਣ ਜਿਨ੍ਹਾਂ ਮਨੁੱਖਤਾ ਦਾ ਕੀਤਾ, ਮਾਤਲੋਕ ਵਿੱਚ ਦਿਨ 'ਤੇ ਰਾਤੀ।

ਧਰਮਰਾਜ ਦੇ ਪੇਸ਼ ਕਰਨ ਲਈ, ਸਾਨੂੰ ਡਾਢੀ ਮੁਸ਼ਕਿਲ ਆਉਂਦੀ,
ਪੈਰ ਪੈਰ 'ਤੇ ਅੜਦੇ ਰੋਜ਼ ਹੀ, ਸਾਡੀ ਤਾਂ ਹੁਣ ਪੇਸ਼ ਨਹੀਂ ਜਾਂਦੀ।

ਤੇਰਾ ਅਤੇ ਬੇਅੰਤੇ ਦਾ ਨਾਂ, ਲੈਕੇ ਨਿੱਤ ਦਿਨ ਧੌਂਸ ਜਮਾਉਂਦੇ,
ਇੱਥੇ ਵੀ ਰਿਸ਼ਵਤਾਂ ਸਿਫਾਰਸ਼ਾਂ, ਵਰਤਣ ਦੀਆਂ ਸਕੀਮਾਂ ਲਾਉਂਦੇ।

ਏਸੇ ਲਈ ਹੀ ਧਰਮਰਾਜ ਨੇ, ਸਾਨੂੰ ਦਿੱਤੀਆਂ ਨੇ ਸਖ਼ਤ ਹਦਾਇਤਾਂ,
ਤੈਨੂੰ ਇੱਥੇ ਵੜਨ ਨਹੀਂ ਦੇਣਾ, ਭਾਵੇਂ ਕਰੇਂ ਤੂੰ ਲੱਖ ਸ਼ਿਕਾਇਤਾਂ।

ਰੋ ਪਿੱਟ ਭਾਵੇ ਮਿੰਨਤਾਂ ਕਰ ਲੈ, ਚੱਲਣੀਆਂ ਨਹੀਂ ਮੋਮੋਠਗਣੀਆਂ,
ਮਾਤ ਲੋਕ ਵਾਂਗ ਤੇਰੀਆਂ ਚਾਲਾਂ, ਇੱਥੇ ਆਕੇ ਨਹੀਂ ਪੁੱਗਣੀਆਂ।

ਤੇਰੀ ਗਤੀ ਹੁਣ ਕਿਤੇ ਨਹੀਂ ਹੋਣੀ, ਜੂਨਾਂ ਚਾਹੇ ਲੱਖ ਤੂੰ ਘੁੰਮ ਲੈ,
ਲੇਖਾ ਹੈ ਤੇਰਾ ਬਹੁਤ ਹੀ ਲੰਬਾ, ਮੁੱਕਦੀ ਗੱਲ ਤੂੰ ਸਾਥੋਂ ਸੁਣ ਲੈ।

ਚੱਲ ਤੂੰ ਇੱਥੋਂ ਤੁਰਦਾ ਬਣ ਹੁਣ, ਸਾਨੂੰ ਕੰਮ ਨੇ ਹੋਰ ਬਥੇਰੇ,
ਤੇਰੇ ਨਾਲ ਅਸੀਂ ਬੁਰੀ ਕਰਾਂਗੇ, ਜੇ ਮੁੜ ਆਇਆ ਇਸ ਦਰ ਨੇੜੇ।

ਰਵਿੰਦਰ ਸਿੰਘ ਕੁੰਦਰਾ
ਕਵੈਂਟਰੀ ਯੂ ਕੇ
12 ਮਈ, 2023

ਸਿੱਖ ਨਿਗਲ਼ੇ ਗਏ - ਰਵਿੰਦਰ ਸਿੰਘ ਕੁੰਦਰਾ

ਵੱਡੇ ਵੱਡੇ ਖ਼ਾਨਦਾਨੀ, ਢੁੱਠਾਂ ਵਾਲੇ ਖੱਬੀਖਾਨ,
ਜੁੱਤੀਆਂ ਨੂੰ ਫੜੀ ਹੱਥ, ਭੱਜੇ ਚੱਲੀ ਜਾਂਦੇ ਨੇ।
ਇੱਕ ਦੂਜੇ ਕੋਲੋਂ ਅੱਗੇ, ਲੰਘਣ ਦੀ ਹੋੜ੍ਹ ਵਿੱਚ,
ਆਪਣੇ ਹੀ ਟੱਬਰਾਂ ਦੇ, ਗਿੱਟੇ ਛਿੱਲੀ ਜਾਂਦੇ ਨੇ।
ਢੱਠੀਆਂ ਨੇ ਪੱਗਾਂ ਅਤੇ ਢਿਲਕਦੀਆਂ ਢੁੱਠਾਂ ਨਾਲ,
ਖਿਝ ਖਿਝ ਦੂਜਿਆਂ ਦੇ ਢੁੱਗਾਂ ਧਰੀ ਜਾਂਦੇ ਨੇ।
ਚੁਸਤੀ ਚਲਾਕੀ 'ਤੇ ਮੱਕਾਰੀਆਂ ਦੇ ਬੱਲ ਬੂਤੇ,
ਆਪਣੀਆਂ ਇੱਜ਼ਤਾਂ ਦੇ ਸੌਦੇ ਕਰੀ ਜਾਂਦੇ ਨੇ।
ਕੱਛ 'ਤੇ ਕਛਹਿਰਿਆਂ ਦੀ ਲਾਜ ਇਹਨਾਂ ਵੇਚ ਛੱਡੀ,
ਆਪਣੇ ਹੀ ਨਾਲ਼ਿਆਂ 'ਚ ਫਸ ਡਿੱਗੀ ਜਾਂਦੇ ਨੇ।
ਸਵੇਰੇ ਰੰਗ ਹੋਰ ਅਤੇ ਸ਼ਾਮ ਨੂੰ ਕੋਈ ਹੋਰ ਹੁੰਦਾ,
ਰਾਤ ਦੇ ਹਨੇਰੇ, ਮੂੰਹ ਕਾਲ਼ੇ ਕਰੀ ਜਾਂਦੇ ਨੇ।
ਚੜ੍ਹਦੇ ਨੇ ਅੱਕੀਂ ਅਤੇ, ਉੱਤਰਦੇ ਪਲ਼ਾਹੀਂ ਜਾ ਕੇ,
ਲਾਹਣਤੀ ਪੈੜਾਂ ਪਾ ਕੇ, ਮਾਣ ਕਰੀ ਜਾਂਦੇ ਨੇ।
ਜਿਹੜੇ ਇੱਕ ਦੂਜਿਆਂ ਨੂੰ, ਪਾਣੀ ਪੀ ਪੀ ਕੋਸਦੇ ਸੀ,
ਸਾਂਝੀਆਂ ਸਟੇਜਾਂ ਉੱਤੇ, ਫੱਸ ਬੈਠੀ ਜਾਂਦੇ ਨੇ।
ਗੌਵਾਂ ਵਾਲੇ ਜੌਂ ਅੱਜ, ਭੁੱਜਦੇ ਨੇ ਐਸੇ ਦੇਖੇ,
ਗਿੱਲੇ ਪਿੱਲੇ ਸਭ ਅੱਜ, ਭੱਠੀ ਝੋਕੀ ਜਾਂਦੇ ਨੇ।
ਅਸੂਲਾਂ ਅਤੇ ਕਦਰਾਂ ਦੀ, ਪੇਸ਼ ਨਹੀਂ ਜਾਂਦੀ ਕੋਈ,
ਫਲਸਫੇ ਬੇਚਾਰੇ ਅੱਜ, ਲੁਕੀ ਛਿਪੀ ਜਾਂਦੇ ਨੇ।
ਠੁੱਸ ਹੋਏ ਕਾਰਤੂਸ, ਆਪਣੀਆਂ ਤੋਪਾਂ ਵਿੱਚੋਂ,
ਬੇਗਾਨੀ ਤੋਪੇ ਚੱਲਣੇ ਦੀ, ਝਾਕ ਰੱਖੀ ਜਾਂਦੇ ਨੇ।
ਕਿਹੜੇ ਖੂਹੇ ਪੈਣ ਹੁਣ, ਇੱਜ਼ਤਾਂ 'ਤੇ ਸ਼ਾਨਾਂ ਅੱਜ,
ਆਮ ਸਿੱਖ ਆਪਸੀ, ਸਵਾਲ ਕਰੀ ਜਾਂਦੇ ਨੇ।
ਕਿਹਨਾਂ ਪਿੱਛੇ ਲੱਗ ਅਸੀਂ, ਜਿੰਦੜੀਆਂ ਰੋੜ੍ਹ ਲਈਆਂ,
ਸ਼ਰਮ ਦੇ ਨਾਲ, ਅੰਦਰੇ ਹੀ ਮਰੀ ਜਾਂਦੇ ਨੇ।
ਮੁਸਕੜੀਂ ਹੱਸਦਾ, ਸ਼ੈਤਾਨ ਇੱਕ ਪਾਸੇ ਹੋ ਕੇ,
ਆਪਣਾ ਹੀ ਘਾਣ ਸਿੱਖ, ਆਪੇ ਕਰੀ ਜਾਂਦੇ ਨੇ।
ਨਿਗਲ਼ੇ ਨੇ ਗਏ ਕਈ, ਥੋੜ੍ਹੇ ਜਿਹੇ ਬਚੇ ਜਿਹੜੇ,
ਦੇਖਿਓ ਉਹ ਕਿਵੇਂ, ਭੱਜ ਛੁਰੀ ਥੱਲੇ ਆਉਂਦੇ ਨੇ।

ਰਵਿੰਦਰ ਸਿੰਘ ਕੁੰਦਰਾ
ਕਵੈਂਟਰੀ ਯੂ ਕੇ
6 ਮਈ, 2023

ਜੇ ਰੁਕੇ ਨਾ ਮੇਰੀ ਕਲਮ - ਰਵਿੰਦਰ ਸਿੰਘ ਕੁੰਦਰਾ



ਜੇ ਰੁਕੇ ਨਾ ਮੇਰੀ ਕਲਮ, ਤਾਂ ਫੇਰ ਮੈਂ ਕੀ ਕਰਾਂ,
ਜ਼ਮੀਰ ਵਧਾਵੇ ਕਦਮ, ਤਾਂ ਤੁਰਨੋਂ ਕਿਉਂ ਡਰਾਂ।

ਹਰ ਰੋਜ਼ ਤਮਾਸ਼ਾ ਹੁੰਦਾ, ਹੈ ਮੇਰੇ ਸਾਹਮਣੇ,
ਡਿੱਠਿਆ ਕਰਾਂ ਅਣਡਿੱਠ, ਤਾਂ ਮੈਂ ਡੁੱਬ ਮਰਾਂ।

ਅੱਖੀਂ ਦੇਖ ਕੇ ਮੱਖੀ, ਨਿਗਲ਼ੀ ਨਹੀਂ ਜਾਂਦੀ,
ਭਰਿਆ ਦੁੱਧ ਕਟੋਰਾ, ਬੇਸ਼ੱਕ ਰੋੜ੍ਹ ਧਰਾਂ।

ਕਾਲਾ ਕੋਝਾ ਝੂਠ, ਨਿੱਤ ਲਲਕਾਰਦਾ,
ਤਲਵਾਰੀ ਕਲਮ ਚਲਾਵਾਂ, ਇਸ ਦਾ ਕਤਲ ਕਰਾਂ।

ਉੱਚੇ ਮਹਿਲਾਂ ਮੇਰਾ, ਸੂਰਜ ਰੋਕ ਲਿਆ,
ਮੇਰੀ ਝੁੱਗੀ ਉੱਤੇ ਹੁਣ, ਪਸਰੀ ਰਹਿੰਦੀ ਛਾਂ।

ਸ਼ਾਲਾ! ਮੇਰੀ ਕਲਮ, ਕੋਈ ਜਾਦੂ ਕਰ ਜਾਵੇ,
ਮੇਰੇ ਆਲ਼ੇ ਦੁਆਲ਼ੇ, ਪੱਧਰੀ ਹੋ ਜਾਏ ਥਾਂ।

ਝੁਲਦੇ ਝੱਖੜ ਮੈਨੂੰ, ਕਦੀ ਡੁਲਾ ਜਾਂਦੇ,
ਸਹਾਰਾ ਦੇਵੇ ਇਹ ਡੱਕਾ, 'ਤੇ ਮੈਂ ਧੀਰ ਧਰਾਂ।

ਜਵਾਰ ਭਾਟੇ ਜਿਹੇ ਜਜ਼ਬੇ, ਜਜ਼ਬ ਵੀ ਤਾਂ ਹੁੰਦੇ,
ਜੇ ਚੱਪੂ ਕਲਮ ਕਰਾਵੇ, ਸਰ ਸਾਗਰ ਮਹਾਂ।

ਕਹਿਣੀ ਅਤੇ ਕਰਨੀ 'ਤੇ, ਪੂਰੇ ਉੱਤਰਨ ਲਈ,
ਝੱਲਣੀਆਂ ਨੇ ਪੈਂਦੀਆਂ, ਡਾਢੀਆਂ ਮੁਸ਼ਕਲਾਂ।

ਕਿਸੇ ਮੁਸ਼ਕਲ ਦਾ ਹੱਲ, ਜੇ ਮੇਰੀ ਕਲਮ ਕਰੇ,
ਤਾਂ ਮੈਂ ਇਸ ਨੂੰ ਵਾਹੁਣੋਂ, ਕੰਨੀ ਕਿਉਂ ਕਤਰਾਂ।

ਜੇ ਰੁਕੇ ਨਾ ਮੇਰੀ ਕਲਮ, ਤਾਂ ਫੇਰ ਮੈਂ ਕੀ ਕਰਾਂ,
ਜ਼ਮੀਰ ਵਧਾਵੇ ਕਦਮ, ਤਾਂ ਤੁਰਨੋਂ ਕਿਉਂ ਡਰਾਂ।

ਰਵਿੰਦਰ ਸਿੰਘ ਕੁੰਦਰਾ
ਕਵੈਂਟਰੀ ਯੂ ਕੇ