Ujagar Singh

ਕੋਟ ਫੱਤੇ ਦੇ ਟਿੱਬਿਆਂ ਦੀ ਕੰਡਿਆਈ ਵਿੱਚੋਂ ਉਗਿਆ ਗੁਲਾਬ ਦਾ ਫ਼ੁੱਲ : ਗੋਪਾਲ ਸਿੰਘ  - ਉਜਾਗਰ ਸਿੰਘ

ਤੰਗੀਆਂ ਤਰੁਸ਼ੀਆਂ ਬੁਲੰਦ ਹੌਸਲਿਆਂ ਅੱਗੇ ਬੌਣੀਆਂ ਹੋ ਜਾਂਦੀਆਂ ਹਨ, ਜਦੋਂ ਇਨਸਾਨ ਆਪਣੀ ਜ਼ਿੰਦਗੀ ਦਾ ਟੀਚਾ ਨਿਸਚਤ ਕਰਕੇ ਮਸਤ ਹਾਥੀ ਦੀ ਚਾਲ ਤੁਰਦਾ ਹੋਇਆ ਨਿੱਕੀਆਂ-ਮੋਟੀਆਂ ਅੜਚਣਾਂ ਨੂੰ ਮਧੋਲ ਕੇ ਅੱਗੇ ਵੱਧਦਾ ਜਾਂਦਾ ਹੈ। ਜੇਕਰ ਇਨਸਾਨ ਦਾ ਇਰਾਦਾ ਦ੍ਰਿੜ੍ਹ ਅਤੇ ਇੱਛਾ ਸ਼ਕਤੀ ਮਜ਼ਬੂਤ ਹੋਵੇ, ਤਾਂ ਵਿੰਗੇ ਟੇਡੇ ਰਾਹਾਂ ਦੇ ਵਿੰਗ ਵਲ ਕਦੀਂ ਵੀ ਰਸਤਾ ਨਹੀਂ ਰੋਕ ਸਕਦੇ। ਸਗੋਂ ਪਗਡੰਡੀਆਂ ਉਸ ਦੇ ਅੱਗੇ ਰਸਤੇ ਬਣ ਜਾਂਦੀਆਂ ਹਨ। ਕੋਟ ਫੱਤੇ ਦੇ ਟਿੱਬਿਆਂ ਦੀਆਂ ਪਗਡੰਡੀਆਂ ਨੂੰ ਵਿਸ਼ਾਲ ਮਨਮੋਹਕ ਵਾਤਾਵਰਨ ਵਾਲੇ ਰਸਤਿਆਂ ਵਿੱਚ ਬਦਲਣ ਵਾਲਾ ਮਾਨਸਾ ਦੇ ਟਿੱਬਿਆਂ ਦਾ ਰਾਹੀ ਗੋਪਾਲ ਸਿੰਘ ਹੈ, ਜਿਹੜਾ ਰੇਤਲੇ ਇਲਾਕੇ ਦੀਆਂ ਪਗਡੰਡੀਆਂ ‘ਤੇ ਤੁਰਦਾ ਹੋਇਆ, ਕਾਹੀ ਤੇ ਕੰਡਿਆਈ ਦੇ ਫ਼ੁੱਲਾਂ ਵਿੱਚੋਂ ਗੁਲਾਬ ਦਾ ਫ਼ੁੱਲ ਬਣਕੇ ਸਮਾਜਿਕਤਾ ਦੀ ਖ਼ੁਸ਼ਬੋ ਫੈਲਾ ਰਿਹਾ ਹੈ। ਭਾਵੇਂ ਸਮਾਜਿਕ ਤੇ ਪਰਿਵਾਰਿਕ ਹਾਲਾਤ ਉਸ ਅੱਗੇ ਪਹਾੜ ਬਣਕੇ ਖੜ੍ਹਦੇ ਰਹੇ ਪ੍ਰੰਤੂ ਗੋਪਾਲ ਸਿੰਘ ਦੇ ਸਿਰੜ੍ਹ, ਮਿਹਨਤ ਅਤੇ ਦ੍ਰਿੜ੍ਹ ਇਰਾਦੇ ਨੇ ਪਹਾੜਾਂ ਦਾ ਸੀਨਾ ਚੀਰ ਕੇ ਆਪਣਾ ਰਸਤਾ ਆਪ ਬਣਾਇਆ। ਸਮਾਜਿਕ ਅਤੇ ਘਰੇਲੂ ਹਾਲਾਤ ਉਸ ਦੇ ਅੱਗੇ ਵਧਦੇ ਕਦਮਾ ਦੀ ਰਫ਼ਤਾਰ ਨੂੰ ਰਵਾਂ ਹੋਣ ਵਿੱਚ ਰੁਕਾਵਟ ਨਹੀਂ ਬਣ ਸਕੇ, ਸਗੋਂ ਦਾਦੇ ਦੀ ਹੱਲਾਸ਼ੇਰੀ ਨਿਸ਼ਾਨੇ ਦੀ ਪ੍ਰਾਪਤੀ ਦਾ ਰਾਹ ਸੌਖਾ ਕਰਦੀ ਰਹੀ। ਉਹ ਆਪਣੇ ਨਿਸ਼ਾਨੇ ਦੀ ਪ੍ਰਾਪਤੀ ਲਈ ਲਗਨ ਨਾਲ ਜਦੋਜਹਿਦ ਕਰਦਾ ਰਿਹਾ ਤਾਂ ਜੋ ਆਪਣੇ ਦਾਦੇ ਦੀ ਸ਼ਾਬਾਸ਼ ਦਾ ਮੁੱਲ ਮੋੜ ਸਕੇ। ਪਿੰਡਾਂ ਵਿੱਚ ਆਮ ਤੌਰ ‘ਤੇ ਬੱਚਿਆਂ ਨੂੰ ਸਹੀ ਅਗਵਾਈ ਦੀ ਘਾਟ ਰਹਿੰਦੀ ਹੈ, ਪ੍ਰੰਤੂ ਉਸ ਦੀ ਇਸ ਘਾਟ ਨੂੰ ਪਿੰਡ ਦੇ ਪਰਉਪਕਾਰੀ ਲੋਕਾਂ ਨੇ ਪੂਰਿਆਂ ਕੀਤਾ। ਉਸ ਨੇ ਪਿੰਡ ਕੋਟਫੱਤਾ ਦੇ ਸਰਕਾਰੀ ਸਕੂਲ ਤੋਂ 1982 ਵਿੱਚ ਦਸਵੀਂ ਪਾਸ ਕਰਕੇ ਨੌਕਰੀ ਕਰਨ ਦਾ ਮਨ ਬਣਾਇਆ। ਨੌਕਰੀ ਦੀ ਪ੍ਰਾਪਤੀ ਲਈ ਉਸ ਦੇ ਇੱਕ  ਗੁਆਂਢੀ ਨੇ ਉਸ ਨੂੰ ਪੰਜਾਬੀ ਤੇ ਅੰਗਰੇਜ਼ੀ ਦੀ ਸਟੈਨੋਗ੍ਰਾਫ਼ੀ ਦੀ ਸਿੱਖਿਆ ਲੈਣ ਦੀ ਸਲਾਹ ਦਿੱਤੀ। ਫਿਰ ਗੋਪਾਲ ਸਿੰਘ ਨੇ ਸਟੈਨੋਗ੍ਰਾਫ਼ੀ ਦੀ ਸਿੱਖਿਆ ਲੈ ਲਈ ਪ੍ਰੰਤੂ ਹੋਰ ਕੋਈ ਨੌਕਰੀ ਨਾ ਮਿਲੀ, ਮਰਦਾ ਕੀ ਨਹੀਂ ਕਰਦਾ ਦੇ ਸਿਧਾਂਤ ਦੀ ਪਹਿਰੇਦਾਰੀ ਕਰਦਾ ਹੋਇਆ, ਅਗਸਤ 1984 ਵਿੱਚ ਉਹ ਲੋਕ ਨਿਰਮਾਣ ਵਿਭਾਗ ਵਿੱਚ  ਬੇਲਦਾਰ ਭਰਤੀ ਹੋ ਗਿਆ।  ਉਹ ਸਮਝਦਾ ਸੀ ਕਿ ਚਲਦੀ ਦਾ ਨਾਮ ਹੀ ਗੱਡੀ ਹੁੰਦਾ ਹੈ, ਇਸ ਲਈ ਉਹ ਆਪਣੀ ਜ਼ਿੰਦਗੀ ਵਿੱਚ ਖੜੋਤ ਨਹੀਂ ਲਿਆਉਂਣੀ ਚਾਹੁੰਦਾ ਸੀ।  ਦਫ਼ਤਰ ਦੇ ਨਰਮ ਦਿਲ ਮਦਦਗਾਰ ਅਧਿਕਾਰੀ ਨੇ ਉਸ ਦੀ ਕਾਬਲੀਅਤ ਵੇਖਕੇ ਦਫ਼ਤਰ ਵਿੱਚ ਟਾਈਪ ਦਾ ਕੰਮ ਕਰਨ ਦੀ ਡਿਊਟੀ ਲਾ ਦਿੱਤੀ। ਪ੍ਰੰਤੂ ਜਿਵੇਂ ਆਮ ਹੁੰਦਾ ਹੈ, ਦਫ਼ਤਰਾਂ ਵਿੱਚ ਕੁਝ ਮੁਲਾਜ਼ਮਾ ਨੂੰ ਇਕ ਬੇਲਦਾਰ ਦਾ ਦਫ਼ਤਰੀ ਕੰਮ ਕਰਨਾ ਰੜਕਣ ਲੱਗ ਪਿਆ। ਫ਼ਿਰ ਉਸ ਨੂੰ ਸੜਕਾਂ ਦੇ ਟੋਏ ਟਿੱਬੇ ਭਰਨ ਲਈ ਬੇਲਦਾਰ ਦਾ ਕੰਮ ਕਰਨ ਲਈ ਭੇਜ ਦਿੱਤਾ ਗਿਆ।
     ਗੋਪਾਲ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕ੍ਰਿਤ ਕਰਨ ਦੇ ਸਿਧਾਂਤ ਦੀ ਪਹਿਰੇਦਾਰੀ ਕਰਦਿਆਂ, ਕ੍ਰਿਤ ਨੂੰ ਉਸ ਨੇ ਖਿੜੇ ਮੱਥੇ ਪ੍ਰਵਾਨ ਕਰਦਿਆਂ ਆਪਣੀ ਡਿਊਟੀ ਤਨਦੇਹੀ ਨਾਲ ਕੀਤੀ। ਬੇਲਦਾਰੀ ਕਰਦੇ ਸਮੇਂ ਉਸ ਦੇ ਮਨ ਵਿੱਚ ਹੋਰ ਕੁਝ ਅਹੁਦਾ ਪ੍ਰਾਪਤ ਕਰਨ ਦੀ ਚਿਣਗ ਪੈਦਾ ਹੋ ਗਈ। ਉਸ ਸਮੇਂ ਕਿਸੇ ਦੇ ਯਾਦ ਚੇਤੇ ਵੀ ਨਹੀਂ ਸੀ ਕਿ ਗੋਪਾਲ ਸਿੰਘ ਇੱਕ ਦਿਨ ਆਪਣੀ ਕਾਬਲੀਅਤ ਨਾਲ ਪੀ.ਸੀ.ਐਸ. ਅਧਿਕਾਰੀ ਬਣਕੇ ਸਮਾਜਿਕ ਕੁਰੀਤੀਆਂ ਦੇ ਟੋਏ ਟਿੱਬੇ ਭਰਦਾ ਹੋਇਆ ਗ਼ਰੀਬ ਲੋਕਾਂ ਦੀ ਆਵਾਜ਼ ਬਣਕੇ ਸਫ਼ਲ ਪ੍ਰਸ਼ਾਸਨਿਕ ਅਧਿਕਾਰੀ ਸਾਬਤ ਹੋਵੇਗਾ।
    ਪੀ.ਸੀ.ਐਸ.ਬਣਕੇ ਲੋਕ ਸੇਵਾ ਕਰਨ ਦੀ ਪ੍ਰਵਿਰਤੀ ਨੂੰ ਚਾਰ ਚੰਨ ਉਦੋਂ ਲੱਗ ਗਏ ਜਦੋਂ ਇੱਕ ਵਾਰ ਉਹ ਆਪਣੇ ਸਰਟੀਫੀਕੇਟ ਅਟੈਸਟ ਕਰਵਾਉਣ ਲਈ ਕਚਹਿਰੀਆਂ ਵਿੱਚ ਆਪਣੇ ਪਿੰਡ ਦੇ ਇੱਕ ਮੁਲਾਜ਼ਮ ਕੋਲ ਗਿਆ ਤਾਂ ਇੱਕ ਪੁਲਿਸ ਅਧਿਕਾਰੀ ਨੇ ਉਸ ਮੁਲਾਜ਼ਮ ਨੂੰ ਸਲੂਟ ਮਾਰੀ। ਪੁਲਿਸ ਅਧਿਕਾਰੀ ਦੀ ਸਲੂਟ ਗੋਪਾਲ ਸਿੰਘ ਦੇ ਦਿਲ ਨੂੰ ਟੁੰਬ  ਗਈ। ਗੋਪਾਲ ਸਿੰਘ ਵਿੱਚ ਉਸ ਮੁਲਾਜ਼ਮ ਦੀ ਤਰ੍ਹਾਂ ਬਣਨ ਦੀ ਚੇਸ਼ਟਾ ਐਸੀ ਉਤਪਨ ਹੋ ਗਈ ਕਿ ਉਸਦੀ ਮਿਹਨਤ ਕਰਨ ਦੀ ਰਫ਼ਤਾਰ ਛੜੱਪੇ ਮਾਰਨ ਲੱਗ ਗਈ। ਗੋਪਾਲ ਸਿੰਘ ਦੀ ਮਿਹਨਤ ਰੰਗ ਲਿਆਈ, ਉਹ ਉਸੇ ਮੁਲਾਜ਼ਮ ਦੀ ਥਾਂ ਕੋਰਟ ਵਿੱਚ ਨੌਕਰ ਹੋ ਗਿਆ। ਗੋਪਾਲ ਸਿੰਘ ਦੀ ਕਿਸਮਤ ਹਮੇਸ਼ਾ ਇਮਤਿਹਾਨ ਲੈਂਦੀ ਰਹੀ, ਜਿਹੜੀ ਕੋਰਟ ਵਿੱਚ ਉਹ ਕੰਮ ਕਰ ਰਿਹਾ ਸੀ, ਉਹ ਕੋਰਟ ਹੀ ਟੁੱਟ ਗਈ। ਉਸ ਦੀ ਵੀ ਨੌਕਰੀ ਚਲੀ ਗਈ ਪ੍ਰੰਤੂ ਉਸ ਨੇ ਹੌਸਲਾ ਨਹੀਂ ਛੱਡਿਆ। ਲਗਾਤਾਰ ਮਿਹਨਤ ਕਰਦਾ ਰਿਹਾ ਤਾਂ ਫਿਰ ਉਸ ਦੀ ਚੋਣ ਲੋਕ ਨਿਰਮਾਣ ਵਿੱਚ ਹੋ ਗਈ। ਇਹ ਵੀ ਨੌਕਰੀ ਬਹੁਤੀ ਦੇਰ ਚਲ ਨਾ ਸਕੀ। ਉਹ ਦੁਬਾਰਾ ਜੁਡੀਸ਼ੀਅਲ ਕੋਰਟ ਵਿੱਚ ਐਡਹਾਕ ਸਟੈਨੋ ਲੱਗ ਗਿਆ। ਉਸ ਤੋਂ ਬਾਅਦ ਉਸ ਦੀ ਰੈਗੂਲਰ ਤੌਰ ‘ਤੇ ਚੋਣ ਲੋਕ ਨਿਰਮਾਣ ਵਿਭਾਗ ਵਿੱਚ ਬਤੌਰ ਕਲਰਕ ਹੋ ਗਈ। ਫਿਰ ਦਫ਼ਤਰ ਦੇ ਇੱਕ ਅਧਿਕਾਰੀ ਨੇ ਉਸ ਨੂੰ ਅੱਗੇ ਪੜ੍ਹਨ ਲਈ ਪ੍ਰੇਰਿਆ। ਉਸ ਤੋਂ ਬਾਅਦ ਗੋਪਾਲ ਸਿੰਘ ਨੇ ਲਗਾਤਾਰ ਪ੍ਰਾਈਵੇਟ ਉਮੀਦਵਾਰ ਦੇ ਤੌਰ ‘ਤੇ ਬੀ.ਏ., ਐਮ.ਏ. ਰਾਜਨੀਤੀ ਸ਼ਾਸਤਰ, ਐਮ.ਏ.ਪੰਜਾਬੀ ਅਤੇ ਐਲ.ਐਲ.ਬੀ.ਪਾਸ ਕਰ ਲਈਆਂ। ਕਲਰਕ ਦੀ ਨੌਕਰੀ ਨਾਲ ਆਰਥਿਕ ਮਜ਼ਬੂਤੀ ਤਾਂ ਮਿਲੀ ਪ੍ਰੰਤੂ ਗੋਪਾਲ ਸਿੰਘ ਵਿੱਚ ਅਧਿਕਾਰੀ ਬਣਨ ਦਾ ਉਤਸ਼ਾਹ ਮੱਠਾ ਨਹੀਂ ਹੋਇਆ। ਲੋਕ ਨਿਰਮਾਣ ਵਿਭਾਗ ਵਿੱਚੋਂ ਛੁੱਟੀ ਲੈ ਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਆਈ.ਏ.ਐਸ.ਕੋਚਿੰਗ ਸੈਂਟਰ ਵਿੱਚ ਕੋਚਿੰਗ ਲੈਣ ਲਈ ਆ ਗਿਆ। ਦਫ਼ਤਰ ਵਾਲਿਆਂ ਨੇ ਤਨਖ਼ਾਹ ਦੇਣੀ ਬੰਦ ਕਰ ਦਿੱਤੀ ਤਾਂ ਉਹ ਅੱਧ ਵਿਚਾਲੇ ਕੋਚਿੰਗ ਛੱਡ ਕੇ ਦਫ਼ਤਰ ਹਾਜ਼ਰ ਹੋ ਗਿਆ। ਪ੍ਰੰਤੂ ਪੀ.ਸੀ.ਐਸ.ਬਣਨ ਦੀ ਚਿਣਗ ਘਟਣ ਦੀ ਥਾਂ ਵਧਦੀ ਰਹੀ।  ਜਦੋਜਹਿਦ ਦੇ ਸਮੇਂ ਦੌਰਾਨ ਦੋਸਤਾਂ ਮਿੱਤਰਾਂ, ਅਮੀਰ, ਗ਼ਰੀਬ, ਦੌਲਤਮੰਦ ਅਤੇ ਹਰ ਵਿਅਕਤੀ ਦਾ ਬਹੁਤ ਸਹਿਯੋਗ ਰਿਹਾ। ਮਿਹਨਤੀ ਹੋਣ ਕਰਕੇ ਉਸ ਦੀ 1993 ਵਿੱਚ ਚੋਣ ਡਿਪਟੀ ਕਮਿਸ਼ਨਰ ਬਠਿੰਡਾ ਦੇ ਦਫ਼ਤਰ ਵਿੱਚ ਬਤੌਰ ਸਟੈਨੋ ਹੋ ਗਈ। ਉਥੇ ਉਸ ਨੇ ਐਸ.ਡੀ.ਐਮ. ਅਤੇ ਡਿਪਟੀ ਕਮਿਸ਼ਨਰ ਦਾ ਪੀ.ਏ ਅਤੇ ਸੁਪਰਇਨਟੈਂਡੈਂਟ ਰੈਵਨਿਊ ਦੇ ਤੌਰ ‘ਤੇ ਕੰਮ ਕੀਤਾ। ਇਸ ਦੌਰਾਨ ਉਸ ਦੀ ਪੀ.ਸੀ.ਐਸ.ਬਣਨ ਦੀ ਇੱਛਾ ਸ਼ਕਤੀ ਨੂੰ ਹੋਰ ਉਤਸ਼ਾਹ ਮਿਲਿਆ ਕਿਉਂਕਿ ਉਹ ਅਧਿਕਾਰੀਆਂ ਨੂੰ ਕੰਮ ਕਰਦਿਆਂ ਅਤੇ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਕਰਦਿਆਂ ਵੇਖਦਾ ਸੀ। ਫਿਰ ਉਸ ਨੇ 1993 ਵਿੱਚ ਪੀ.ਸੀ.ਐਸ. ਦਾ ਇਮਤਿਹਾਨ ਦਿੱਤਾ। ਪ੍ਰੰਤੂ ਸਫ਼ਲ ਨਾ ਹੋ ਸਕਿਆ। ਗੋਪਾਲ ਸਿੰਘ ਨੂੰ ਮਹਿਸੂਸ ਹੋਇਆ ਕਿ ਮਿਹਨਤ ਦਾ ਕੋਈ ਬਦਲ ਨਹੀਂ ਹੋ ਸਕਦਾ, ਇਸ ਲਈ ਉਸ ਨੇ ਮਿਹਨਤ ਕਰਨੀ ਨਾ ਛੱਡੀ। ਇਸ ਤੋਂ ਇਲਾਵਾ ਉਸ ਨੇ ਬਚਪਨ ਵਿੱਚ ‘‘ਕਿੰਗ ਬਰੂਸ ਐਂਡ ਸਪਾਈਡਰ’’ ਦੀ ਕਹਾਣੀ ਸੁਣੀ ਹੋਈ ਸੀ, ਇਸ ਲਈ ਉਹ ਵਾਰ ਵਾਰ ਬੀ.ਡੀ.ਪੀ.ਓ ਅਤੇ ਪੀ.ਸੀ.ਐਸ.ਦਾ ਇਮਤਿਹਾਨ ਦਿੰਦਾ ਰਿਹਾ। ਉਸ ਨੇ 1998 ਵਿੱਚ ਵੀ ਇਮਤਿਹਾਨ ਦਿੱਤਾ ਪਰ ਗੱਲ ਨਾ ਬਣੀ ਪ੍ਰੰਤੂ 2014 ਵਿੱਚ ਉਸ ਦੀ ਚੋਣ ਹੋ ਗਈ। ਇਹ ਚੋਣ ਵੀ ਕੋਰਟ ਕਚਹਿਰੀਆਂ ਦੇ ਚਕਰ ਵਿੱਚ ਪੈ ਗਈ ਅਤੇ ਹਾਈ ਕੋਰਟ ਵਿੱਚ ਕੇਸ ਹੋ ਗਿਆ।  ਹਾਈ ਕੋਰਟ ਨੇ 2016 ਵਿੱਚ ਸਟੇਅ ਖੋਲ੍ਹੀ, ਜਿਸ ਤੋਂ ਬਾਅਦ ਉਸ ਦੀ ਮਿਹਨਤ ਨੂੰ ਬੂਰ ਪਿਆ। ਪੀ.ਸੀ.ਐਸ.ਬਣਨ ਤੋਂ ਬਾਅਦ ਉਸ ਨੇ ਬਹੁਤ ਸਾਰੇ ਮਹੱਤਵਪੂਰਨ ਅਹੁਦਿਆਂ ‘ਤੇ ਕੰਮ ਕੀਤਾ, ਜਿਨ੍ਹਾਂ ਵਿੱਚ ਡਿਪਟੀ ਕਮਿਸ਼ਨਰ ਦੇ ਅਸਿਟੈਂਟ ਕਮਿਸ਼ਨਰ ਜਨਰਲ, ਅਸਿਸਟੈਂਟ ਕਮਿਸ਼ਨਰ ਸ਼ਿਕਾਇਤਾਂ, ਐਸ.ਡੀ.ਐਮ., ਡਿਪਟੀ ਸਕੱਤਰ ਪੰਜਾਬ ਸਰਕਾਰ ਅਤੇ ਸੰਯੁਕਤ ਸਕੱਤਰ ਲੋਕ ਸੰਪਰਕ ਵਿਭਾਗ ਵਰਣਨਯੋਗ ਹਨ। ਉਹ ਜੁਲਾਈ 2018 ਤੋਂ ਸਤੰਬਰ 2021 ਤੱਕ ਐਸ.ਡੀ.ਐਮ.ਮਲੋਟ ਰਿਹਾ, ਜਿਥੇ ਉਸ ਦੀ ਕਾਰਗੁਜ਼ਾਰੀ ਨੇ ਇਲਾਕੇ ਦੇ ਲੋਕਾਂ ਦਾ ਦਿਲ ਜਿੱਤ ਲਿਆ। ਸਾਹਿਤਕ ਦਿਲ ਹੋਣ ਕਰਕੇ ਲੋਕ ਮਸਲਿਆਂ ਨੂੰ ਮਾਨਵੀ ਪੱਖ ਤੋਂ ਵਿਚਾਰ ਕੇ ਫ਼ੈਸਲੇ ਕਰਦਾ ਰਿਹਾ ਸੀ। ਗੋਪਾਲ ਸਿੰਘ ਦਾ ਇਕ ਕਾਵਿ ਸੰਗ੍ਰਹਿ ‘ਕਸਕ’ ਵੀ ਪ੍ਰਕਾਸ਼ਤ ਹੋਇਆ ਹੈ। ਉਹ ਫ਼ਰਵਰੀ 2024 ਵਿੱਚ ਸੇਵਾ ਮੁਕਤ ਹੋਇਆ ਹੈ।
   ਗੋਪਾਲ ਸਿੰਘ ਦਾ ਜਨਮ ਮਾਤਾ ਭੋਲੋ ਕੌਰ ਤੇ ਪਿਤਾ ਬਾਬੂ ਸਿੰਘ ਦੇ ਘਰ ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਟ ਫੱਤਾ ਵਿੱਚ 15 ਫਰਵਰੀ  1966 ਨੂੰ ਹੋਇਆ ਸੀ। ਉਸ ਦਾ ਵਿਆਹ  ਸੁਰਿੰਦਰ ਕੌਰ ਨਾਲ ਹੋਇਆ, ਜੋ ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਵਿਖੇ ਅਸਿਸਟੈਂਟ ਪ੍ਰੋਫ਼ੈਸਰ ਸੇਵਾ ਨਿਭਾ ਰਹੇ ਹਨ।  ਉਨ੍ਹਾਂ ਦੇ ਦੋ ਲੜਕੇ ਕੈਪਟਨ ਮਿਰਾਜਿੰਦਰ ਸਿੰਘ ਅਤੇ  ਨੂਰਿੰਦਰ ਸਿੰਘ ਹਨ। ਨੂਰਿੰਦਰ ਸਿੰਘ ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ ਪਟਿਆਲਾ ਵਿਚ ਐਲ.ਐਲ.ਬੀ.ਕਰ ਰਿਹਾ ਹੈ।
ਸੰਪਰਕ: ਗੋਪਾਲ ਸਿੰਘ:9780888780
ਤਸਵੀਰ: ਗੋਪਾਲ ਸਿੰਘ
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com

ਬਲਵਿੰਦਰ ਕੌਰ ਚੱਠਾ ਦੀ ਪੁਸਤਕ ‘ਨੈਤਿਕਤਾ’ ਬੱਚਿਆਂ ਲਈ ਪ੍ਰੇਰਨਾਸ੍ਰੋਤ - ਉਜਾਗਰ ਸਿੰਘ

ਬਲਵਿੰਦਰ  ਕੌਰ ਚੱਠਾ ਦੀ ਸੰਪਾਦਿਤ ਕੀਤੀ ਪੁਸਤਕ ਪੰਜਾਬ ਦੀ ਖ਼ੁਸ਼ਹਾਲੀ, ਤਰੱਕੀ, ਸਮਾਜਿਕ ਅਤੇ ਸਭਿਅਚਾਰਕ ਪ੍ਰਫੁਲਤਾ ਲਈ ਬਿਹਤਰੀਨ ਸਾਬਤ ਹੋ ਸਕਦੀ ਹੈ, ਬਸ਼ਰਤੇ ਇਹ ਪੁਸਤਕ ਪੰਜਾਬ ਦੀ ਨਵੀਂ ਪੀੜ੍ਹੀ ਨੂੰ ਘਰਾਂ/ਸਕੂਲਾਂ ਵਿੱਚ ਪੜ੍ਹਾਈ ਜਾਵੇ। ਇਹ ਪੁਸਤਕ ਇਨਸਾਨ ਨੂੰ ਸੰਪੂਰਨ ਬਣਾਉਣ ਵਿੱਚ ਵੀ ਸਹਾਈ ਹੋਵੇਗੀ। ਵੈਸੇ ਨੈਤਿਕਤਾ ਸਮਾਜ ਦੇ ਹਰ ਵਰਗ ਬੱਚੇ, ਵਿਦਿਆਰਥੀ, ਨੌਜਵਾਨ ਅਤੇ ਬਜ਼ੁਰਗਾਂ ਲਈ ਵੀ ਜ਼ਰੂਰੀ ਹੈ, ਜੇਕਰ ਬੱਚਿਆਂ ਵਿੱਚ ਨੈਤਿਕਤਾ ਦਾ ਗੁਣ ਆ ਜਾਵੇ ਤਾਂ ਭਵਿਖ ਵਿੱਚ ਸਮੁੱਚਾ ਸਮਾਜ ਹੀ ਨੈਤਿਕਤਾ ਦਾ ਪਹਿਰੇਦਾਰ ਬਣ ਜਾਵੇਗਾ। ਨੌਜਵਾਨ ਵਰਗ ਪੰਜਾਬ/ਦੇਸ਼ ਦਾ ਭਵਿਖ ਸੁਨਹਿਰਾ ਬਣਾ ਸਕਦਾ ਹੈ। ਇਸੇ ਮੰਤਵ ਨਾਲ ਇਹ ਪੁਸਤਕ ਬਲਵਿੰਦਰ ਕੌਰ ਚੱਠਾ ਨੇ ਸੰਪਾਦਿਤ ਕੀਤੀ ਹੈ। ਇਹ ਪੁਸਤਕ ਬੱਚਿਆਂ ਨੂੰ ਘਰਾਂ ਵਿੱਚ ਪੜ੍ਹਾਉਣ ਲਈ ਮਾਪਿਆਂ ਦਾ ਸਹਿਯੋਗ ਤੇ ਸਾਥ ਅਤੇ ਸਕੂਲਾਂ ਵਿੱਚ ਸਲੇਬਸ ਦਾ ਹਿੱਸਾ ਬਣਾਉਣ ਵਿੱਚ ਪੰਜਾਬ ਸਰਕਾਰ ਅਤੇ ਖਾਸ ਤੌਰ ‘ਤੇ ਬਿਓਰੋਕਰੇਸੀ ਨੂੰ ਜ਼ਿੰਮੇਵਾਰੀ ਮਹਿਸੂਸ ਕਰਨ ਦੀ ਲੋੜ ਹੋਵੇਗੀ। ਪੰਜਾਬ ਦੇ ਵਰਤਮਾਨ ਹਾਲਾਤ ਅਜਿਹੇ ਹਨ ਕਿ ਪੰਜਾਬੀ ਉਦਮੀ ਹੋਣ ਕਰਕੇ ਸਿਰਫ਼ ਆਰਥਿਕ ਤੌਰ ‘ਤੇ ਮਜ਼ਬੂਤ ਹੋਣ ਦੇ ਮਕਸਦ ਨਾਲ ਬੱਚਿਆਂ ਨੂੰ ਪੜ੍ਹਾਈ ਕਰਵਾਉਂਦੇ ਹਨ। ਅੱਖਰੀ ਪੜ੍ਹਾਈ ਮੈਡੀਕਲ, ਆਰਟਸ, ਇੰਜਿਨੀਅਰਿੰਗ ਅਤੇ ਭਾਵੇਂ ਕਿਸੇ ਵੀ ਫੀਲਡ ਦੀ ਹੋਵੇ ਉਹ ਰੋਜ਼ੀ ਰੋਟੀ ਲਈ ਤਾਂ ਸਹਾਈ ਹੋ ਸਕਦੀ ਹੈ ਪ੍ਰੰਤੂ ਨੈਤਿਕ ਜ਼ਿੰਦਗੀ ਜਿਓਣ ਵਿੱਚ ਮਦਦਗਾਰ ਨਹੀਂ ਹੋ ਸਕਦੀ ਕਿਉਂਕਿ ਵਿਓਪਾਰ ਜਾਂ ਕਾਰੋਬਾਰ ਭਾਵੇਂ ਉਹ ਕਿਸੇ ਕਿਸਮ ਦਾ ਹੋਵੇ ਉਸ ਵਿੱਚ ਨੈਤਿਕਤਾ ਦੇ ਅਸੂਲਾਂ ਨੂੰ ਛਿੱਕੇ ‘ਤੇ ਟੰਗ ਦਿੱਤਾ ਜਾਂਦਾ ਹੈ ਪ੍ਰੰਤੂ ਜੇਕਰ ਨੈਤਿਕਤਾ ਅਪਣਾਈ ਜਾਵੇ ਤਾਂ ਵਿਓਪਾਰ ਸਮੇਤ ਸਾਰੇ ਕਾਰਜ ਸੁਚੱਜੇ ਢੰਗ ਨਾਲ ਚਲ ਸਕਦੇ ਹਨ। ਜ਼ਿੰਦਗੀ ਵਿੱਚ ਪੈਸਾ ਮੁੱਢਲੀ ਜ਼ਰੂਰਤ ਹੈ ਪ੍ਰੰਤੂ ਸਭ ਕੁਝ ਨਹੀਂ, ਪੈਸਾ ਕਮਾਉਣ ਲਈ ਝੂਠ, ਫ਼ਰੇਬ, ਧੋਖ਼ੇ ਅਤੇ ਬੇਈਮਾਨੀ ਭਾਰੂ ਹੁੰਦੀ ਹੈ। ਨੈਤਿਕਤਾ ਇਨ੍ਹਾਂ ਸਾਰੀਆਂ ਅਲਾਮਤਾਂ ਤੋਂ ਖਹਿੜਾ ਛੁਡਾਉਂਦੀ ਹੈ। ਨੈਤਿਕਤਾ ਦੇ ਅਸੂਲਾਂ ‘ਤੇ ਚਲਣ ਨਾਲ ਇਨਸਾਨੀਅਤ ਤੇ ਸਮਾਜ ਸੰਤੁਸ਼ਟ, ਸ਼ਾਂਤ ‘ਤੇ ਖ਼ੁਸ਼ਹਾਲ ਹੋਣਗੇ। ਇਹ ਪੁਸਤਕ ਇਸ ਮੰਤਵ ਲਈ ਇੱਕ ਅਮੁਲ ਖ਼ਜ਼ਾਨਾ ਹੈ, ਇਸ ਵਿੱਚ ਅਨੇਕਾਂ ਅਜਿਹੇ ਗੁਰ ਦੱਸੇ ਗਏ ਹਨ, ਜਿਹੜੇ ਨੈਤਿਕਤਾ ਦਾ ਪੱਲਾ ਫੜ੍ਹਨ ਦੀ ਤਾਕੀਦ ਕਰਦੇ ਹਨ। ਅਜੋਕੇ ਸਮੇਂ ਹਰ ਖੇਤਰ ਵਿੱਚ ਤੇਜ਼ੀ ਨਾਲ ਤਬਦੀਲੀ ਹੋ ਰਹੀ ਹੈ, ਤਬਦੀਲੀ ਵਿਕਾਸ ਦੀ ਨਿਸ਼ਾਨੀ ਹੁੰਦੀ ਹੈ। ਇਸ ਤਬਦੀਲੀ ਦਾ ਲਾਭ ਨੈਤਿਕਤਾ ਨਾਲ ਲਿਆ ਜਾ ਸਕਦਾ ਹੈ।  ਪੁਸਤਕ ਵਿੱਚ ਦੱਸਿਆ ਗਿਆ ਹੈ, ਨੈਤਿਕਤਾ ਸਿਰਫ ਇੱਕ ਸ਼ਬਦ ਹੀ ਨਹੀਂ ਸਗੋਂ ਇਸ ਵਿੱਚ ਸਮੁੱਚਾ ਵਿਅਕਤਿਤਵ ਆ ਜਾਂਦਾ ਹੈ। ਵਿਅਕਤਿਤਵ ਵਿੱਚ ਸਾਡਾ, ਸਲੀਕਾ, ਵਿਵਹਾਰ, ਵਫ਼ਾਦਾਰੀ, ਪਿਆਰ-ਸਤਿਕਾਰ, ਸਭਿਆਚਾਰ, ਰਹਿਣ-ਸਹਿਣ, ਵਿਸ਼ਵਾਸ, ਨਿਮਰਤਾ, ਭਾਈਚਾਰਕ ਸਾਂਝ, ਮਿਠਾਸ, ਇਮਾਨਦਾਰੀ, ਸੱਚ ਬੋਲਣਾ, ਕਿਰਤ ਕਰਨਾ, ਮੁਆਫ਼ ਕਰਨਾ, ਬੋਲਚਾਲ, ਖਾਣ-ਪੀਣ ਅਤੇ ਹੋਰ ਬਹੁਤ ਸਾਰੀਆਂ ਕੀਮਤੀ ਪਰੰਪਰਾਵਾਂ ਦਾ ਸਮੂਹ ਆ ਜਾਂਦਾ ਹੈ, ਜਿਹੜਾ ਜ਼ਿੰਦਗੀ ਦਾ ਅਸਲ ਮਕਸਦ ਪੂਰਾ ਕਰਦਾ ਹੈ। ਇਸ ਦੀ ਪੂਰਤੀ ਲਈ ਇਹ ਪੁਸਤਕ ਅਤਿਅੰਤ ਸਾਰਥਿਕ ਹੋ ਸਕਦੀ ਹੈ। ਬਲਵਿੰਦਰ ਕੌਰ ਚੱਠਾ ਨੇ ਇਸ ਪੁਸਤਕ ਨੂੰ ਦੋ ਭਾਗਾਂ ਵਿੱਚ ਵੰਡਿਆ ਹੈ। ਪਹਿਲੇ ਭਾਗ ਵਿੱਚ ਨੈਤਿਕਤਾ ਬਾਰੇ ਜਾਣਕਾਰੀ ਦੇਣ ਲਈ ਲੇਖ ਅਤੇ ਦੂਜੇ ਭਾਗ ਵਿੱਚ ਮਿੰਨੀ ਕਹਾਣੀਆਂ ਹਨ। ਪੁਸਤਕ ਵਿੱਚ ਨੈਤਿਕਤਾ ਬਾਰੇ 29 ਛੋਟੇ-ਛੋਟੇ ਲੇਖ, 30 ਕਹਾਣੀਆਂ ਅਤੇ ਅਖ਼ੀਰ ਵਿੱਚ ਜ਼ਿੰਦਗੀ ਜਿਓਣ ਦੇ ਹੁਨਰ ਸਿੱਖਣ ਬਾਰੇ ਦੱਸਿਆ ਗਿਆ ਹੈ, ਜਿਨ੍ਹਾਂ ਵਿੱਚ ਦੋਸਤੀ, ਸੱਚਾਈਆਂ, ਹਰੇਕ ਚੀਜ਼ ਦੀ ਮਹੱਤਤਾ, ਸੱਚ ਤਾਂ ਬੋਲੋ, ਪਰ ਕਦੇ ਵੀ ਕਿਸੇ ਦਾ ਨੁਕਸਾਨ ਨਾ ਕਰੋ, ਨੈਤਿਕਤਾ ਦੀ ਅਹਿਮੀਅਤ ਅਤੇ ਕੁਝ ਸਵਾਲ ਜਵਾਬ ਹਨ। ਇਨ੍ਹਾਂ ਲੇਖਾਂ ਅਤੇ ਕਹਾਣੀਆਂ ਨੂੰ ਪੜ੍ਹਨ ਤੋਂ ਬਾਅਦ ਬੱਚਿਆਂ ਦੇ ਕੋਮਲ ਮਨਾਂ ‘ਤੇ ਗਹਿਰਾ ਪ੍ਰਭਾਵ ਪਵੇਗਾ ਤੇ ਫਿਰ ਉਹ ਸਾਰੀ ਉਮਰ ਸਚਾਈ ਦੇ ਮਾਰਗ ‘ਤੇ ਚਲਣ ਦਾ ਪ੍ਰਣ ਕਰਨਗੇ। ਹਰ ਲੇਖ ਵਿੱਚ ਉਸ ਲੇਖ ਦੇ ਵਿਸ਼ੇ ‘ਤੇ ਅਧਾਰਤ ਅਖ਼ੀਰ ਵਿੱਚ ਕੁਝ ਪ੍ਰਸ਼ਨ ਦਿੱਤੇ ਹੋਏ ਹਨ। ਉਨ੍ਹਾਂ ਪ੍ਰਸ਼ਨਾ ਦੇ ਉਤਰ ਖਾਲ੍ਹੀ ਥਾਵਾਂ ਛੱਡਕੇ ਬਚਿਆਂ ਦੇ ਭਰਨ ਲਈ ਦਿੱਤੇ ਗਏ ਹਨ। ਜਦੋਂ ਬੱਚੇ ਇਹ ਖਾਲ੍ਹੀ ਥਾਵਾਂ ਭਰਨਗੇ ਤਾਂ ਉਨ੍ਹਾਂ ਵਿੱਚ ਇਹ ਗੁਣ ਘਰ ਕਰ ਜਾਣਗੇ, ਕਿਉਂਕਿ ਖਾਲ੍ਹੀ ਥਾਵਾਂ ਲੇਖ ਨੂੰ ਪੜ੍ਹੇ ਅਤੇ ਸਮਝੇ ਬਿਨਾਂ ਨਹੀਂ ਭਰੇ ਜਾ ਸਕਦੇ, ਫਿਰ ਲੇਖ ਦਾ ਮੰਤਵ ਪੂਰਾ ਹੋ ਜਾਵੇਗਾ। ਪੁਸਤਕਾਂ ਵਿੱਚ ਲਿਖਿਆ ਬੱਚਿਆਂ ਲਈ ਰੱਬ ਦੇ ਬਰਾਬਰ ਹੁੰਦਾ ਹੈ। ਜਦੋਂ ਬੱਚਿਆਂ ਨੂੰ ਕਿਸੇ ਸਵਾਲ ਦੇ ਜਵਾਬ ਦੀ ਸਾਰਥਿਕਤਾ ਬਾਰੇ ਪੁਛਿਆ ਜਾਂਦਾ ਹੈ ਤਾਂ ਉਹ ਇਹੋ ਕਹਿੰਦੇ ਹਨ ਕਿ ਪੁਸਤਕ ਵਿੱਚ ਲਿਖਿਆ ਹੋਇਆ ਹੈ। ਇਸ ਲਈ ਇਹ ਪੁਸਤਕ ਬੱਚਿਆਂ ਉਪਰ ਗਹਿਰਾ ਪ੍ਰਭਾਵ ਪਾ ਸਕਦੀ ਹੈ। ਨੈਤਿਕ ਕਦਰਾਂ ਕੀਮਤਾਂ ਨਰੋਏ ਤੇ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਅਤਿਅੰਤ ਜ਼ਰੂਰੀ ਹਨ। ਮਾਪਿਆਂ ਅਤੇ ਅਧਿਆਪਕਾਂ ਨੂੰ ਬੱਚਿਆਂ ਦੇ ਪ੍ਰੇਰਨਸ੍ਰੋਤ ਬਣਨਾ ਚਾਹੀਦਾ ਹੈ। ਨੈਤਿਕਤਾ ਨੂੰ ਸਿਖਾਉਣ ਤੇ ਉਸ ‘ਤੇ ਅਮਲ ਕਰਨ ਲੲਂੀ ਅਧਿਆਪਕ ਅਤੇ ਮਾਪੇ ਮਹੱਤਵਪੂਰਨ ਯੋਗਦਾਨ ਪਾ ਸਕਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਨੈਤਿਕਤਾ ਦਾ ਆਧਾਰ ਹੈ।  ‘ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਨੈਤਿਕਤਾ ਦਾ ਸੰਕਲਪ’ ਸਿਰਲੇਖ ਵਾਲੇ ਲੇਖ ਵਿੱਚ ਦੱਸਿਆ ਗਿਆ ਹੈ ਕਿ ਸਚਾਈ, ਆਚਾਰ, ਪਿਆਰ, ਸ਼ਹਿਸ਼ੀਲਤਾ, ਭਾਈਚਾਰਕ ਸਾਂਝ, ਕਿਰਤ ਕਰਨੀ, ਸੇਵਾ, ਇਮਾਨਦਾਰੀ, ਆਗਿਆਕਾਰੀ, ਮੰਦਾ ਨਾ ਬੋਲਣਾ, ਸੰਜਮਤਾ, ਸੂਰਬੀਰਤਾ, ਸਵੈਭਰੋਸੇਯੋਗਤਾ, ਖਿਮਾ ਕਰਨੀ, ਘੁਮੰਢ ਨਾ ਕਰਨਾ, ਧੀਰਜ, ਸਵੈ ਪੜਚੋਲ ਅਤੇ ਇਸਤਰੀ ਦਾ ਸਨਮਾਨ ਕਰਨਾ ਵਰਗੀਆਂ ਬੇਸ਼ਕੀਮਤੀ ਸਿਖਿਆਵਾਂ ਦੀ ਜਾਣਕਾਰੀ ਮਿਲਦੀ ਹੈ। ਇਹ ਸਭ ਨੈਤਿਕਤਾ ਦੇ ਹੀ ਨੁਕਤੇ ਹਨ। ਇਨ੍ਹਾਂ ‘ਤੇ ਅਮਲ ਕਰਨਾ ਜ਼ਰੂਰੀ ਹੈ। ਧਰਮ ਕਿਸੇ ਦਾ ਬੁਰਾ ਨਹੀਂ ਕਰਦਾ। ਇਸ ਲਈ ਧਰਮ ਅਤੇ ਨੈਤਿਕਤਾ ਇੱਕ ਦੂਜੇ ਦੇ ਪੂਰਕ ਹਨ।
     ਦੂਜੇ ਭਾਗ ਕਹਾਣੀਆਂ ਵਿੱਚ ਵੀ ਲੇਖਾਂ ਵਾਲੇ ਵਿਸ਼ੇ ਹੀ ਹਨ, ਜਿਹੜੇ ਨੈਤਿਕਤਾ ਦਾ ਜੀਵਨ ਜਿਓਣ ਦੀ ਸਿਖਿਆ ਦਿੰਦੇ ਹਨ ਪ੍ਰੰਤੂ ਲੇਖਾਂ ਨਾਲੋਂ ਇਕ ਅੰਤਰ ਇਹ ਹੈ ਕਿ ਕਹਾਣੀਆਂ ਪੜ੍ਹਨ ਦਾ ਬੱਚਿਆਂ ਨੂੰ ਸ਼ੌਕ ਹੁੰਦਾ ਹੈ ਅਤੇ ਇਹ ਦਿਲਚਸਪ ਵੀ ਹੁੰਦੀਆਂ ਹਨ। ਕਹਾਣੀਆਂ ਪੜ੍ਹਨ ਵਿੱਚ ਬੱਚੇ ਜ਼ਿਆਦਾ ਦਿਲਚਸਪੀ ਲੈਂਦੇ ਹਨ। ਕਹਾਣੀਆਂ ਵਿੱਚ ਕੁਝ ਨੁਕਤਿਆਂ ਬਾਰੇ ਦੱਸਿਆ ਗਿਆ ਹੈ ਕਿ ਜਿਵੇਂ ਜ਼ਿੰਦਗੀ ਲਈ ਸਾਹ ਜ਼ਰੂਰੀ ਹੁੰਦੇ ਹਨ, ਉਸੇ ਤਰ੍ਹਾਂ ਨੈਤਿਕਤਾ ਵੀ ਸਫਲਤਾ ਲਈ ਜ਼ਰੂਰੀ ਹੁੰਦੀ ਹੈ। ਕੁਝ ਕਹਿਣ ਤੋਂ ਪਹਿਲਾਂ ਸੋਚੋ, ਸੱਚ ਹੀ ਸੁਣੋ, ਅਹਿਸਾਨ ਦਾ ਬਦਲਾ ਨਾ ਲਵੋ, ਸੱਚ ਉਹ ਜੋ ਦੂਸਰਿਆਂ ਦਾ ਭਲਾ ਕਰੇ, ਇਮਾਨਦਾਰੀ ਚੰਗੀ ਨੀਤੀ ਹੈ, ਕਿਸੇ ਬਾਰੇ ਰਾਏ ਬਣਾਉਣ ਤੋਂ ਪਹਿਲਾਂ ਸੋਚੋ, ਜ਼ਿੰਮੇਵਾਰੀ ਮਹਿਸੂਸ ਕਰੋ, ਦੂਸਰਿਆਂ ਦੀ ਮਦਦ ਕਰੋ, ਕਿਰਤ ਕੋਈ ਵੱਡੀ ਛੋਟੀ ਨਹੀਂ ਹੁੰਦੀ, ਸੱਚ ਦਾ ਇਨਾਮ,  ਪਿਆਰ ਸਭ ਤੋਂ ਵੱਡਾ ਤੋਹਫ਼ਾ, ਖੋਟੀ ਨੀਅਤ ਬਨਾਮ ਖ਼ਰੀ ਨੀਅਤ, ਆਪਣੇ ਆਪ ਨੂੰ ਸੁਧਾਰੋ, ਮਾਂ ਦੀ ਸੇਵਾ, ਨਿਮਰਤਾ, ਆਲੋਚਨਾ ਕਰਨ ਤੋਂ ਪਹਿਲਾਂ ਸੋਚੋ ਅਤੇ ਅਫ਼ਵਾਹ ਆਦਿ ਕਹਾਣੀਆਂ ਵਿੱਚ ਵੀ ਨੈਤਿਕਤਾ ਦੀ ਸਿੱਖਿਆ ਦਿੱਤੀ ਗਈ ਹੈ। ਜਗਤ ਪੰਜਾਬੀ ਸਭਾ ਨੇ ਨੈਤਿਕਤਾ ਨਾਲ ਸੰਬੰਧਤ ਪਹਿਲਾਂ ਵੀ ਅੱਧਾ ਦਰਜਨ ਦੇ ਕਰੀਬ ਪੁਸਤਕਾਂ ਪ੍ਰਕਾਸ਼ਤ ਕੀਤੀਆਂ ਹਨ। ਇਹ ਪੁਸਤਕ ਵੀ ਉਸੇ ਲੜੀ ਦਾ ਹਿੱਸਾ ਹੈ। ਇਸ ਸ਼ੁਭ ਕਾਰਜ ਲਈ ਉਹ ਵਧਾਈ ਦੇ ਪਾਤਰ ਹਨ।
 148 ਪੰਨਿਆਂ, 225 ਰੁਪਏ ਭਾਰਤੀ ਤੇ 10 ਪੌਂਡ ਕੀਮਤ ਵਾਲੀ ਇਹ ਪੁਸਤਕ ਅਸੀਮ ਪਬਲੀਕੇਸ਼ਨ ਬ੍ਰਾਮਪਟਨ ਕੈਨੇਡਾ ਨੇ ਪ੍ਰਕਾਸ਼ਤ ਕੀਤੀ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
  ਮੋਬਾਈਲ-94178 13072
  ujagarsingh48@yahoo.com

ਵਿਸ਼ਵ ਪੰਜਾਬੀ ਕਾਨਫ਼ਰੰਸ ਲਾਹੌਰ : ਲਹਿੰਦੇ ਤੇ ਚੜ੍ਹਦੇ ਪੰਜਾਬ ਦੀ ਵਿਰਾਸਤੀ ਗਲਵਕੜੀ - ਉਜਾਗਰ ਸਿੰਘ

ਸਾਹਿਤ, ਸੰਗੀਤ ਤੇ ਸਲੀਕਾ ਰੂਹ ਦੀ ਖ਼ੁਰਾਕ ਹੁੰਦੇ ਹਨ। ਇਸ ਰੂਹ ਦੀ ਖ਼ੁਰਾਕ ਦਾ ਮਾਧਿਅਮ ਬੋਲੀ ਹੁੰਦੀ ਹੈ। ਕਿਸੇ ਦੀ ਦੇਸ਼ ਦਾ ਸਭਿਆਚਾਰ ਉਸ ਦੇਸ਼ ਦੀ ਖ਼ੁਸ਼ਹਾਲੀ ਤੇ ਸੁੰਦਰਤਾ ਦਾ ਪ੍ਰਤੀਕ ਹੁੰਦਾ ਹੈ। ਸਭਿਆਚਾਰ ਵਿੱਚ ਭਾਵੇਂ ਖਾਣ ਪੀਣ, ਰਹਿਣ ਸਹਿਣ, ਪਹਿਰਾਵਾ ਅਤੇ ਹੋਰ ਬਹੁਤ ਕੁਝ ਸ਼ਾਮਲ ਹੁੰਦਾ ਹੈ ਪ੍ਰੰਤੂ ਸਾਹਿਤ ਤੇ ਸੰਗੀਤ ਇਸਦੇ ਬਹੁਤ ਹੀ ਮਹੱਤਵਪੂਰਨ ਅੰਗ ਹੁੰਦੇ ਹਨ, ਜਿਹੜੇ ਮਨੁੱਖ ਦੀ ਮਾਨਸਿਕ ਤ੍ਰਿਪਤੀ ਕਰਦੇ ਹਨ। ਜਿਹੜਾ ਮਨੁੱਖ ਮਾਨਸਿਕ ਤੌਰ ‘ਤੇ ਮਜ਼ਬੂਤ ਹੋਵੇਗਾ ਉਸਦਾ ਵਿਵਹਾਰ, ਰਹਿਣ ਸਹਿਣ ਅਤੇ ਮੇਲ ਮਿਲਾਪ ਸਮਾਜ ਵਿੱਚ ਸਦਭਾਵਨਾ ਪੈਦਾ ਕਰੇਗਾ। ਇਸ ਸਦਭਾਵਨਾ ਦੀ ਮੂੰਹ ਬੋਲਦੀ ਤਸਵੀਰ ਤਿੰਨ ਰੋਜ਼ਾ 18 ਜਨਵਰੀ 2025 ਤੋਂ 21 ਜਨਵਰੀ 2025 ਤੱਕ ਪਾਕਿਸਤਾਨ ਦੇ ਲਾਹੌਰ ਸ਼ਹਿਰ ਦੇ ‘ਪਾਕਿ ਹੈਰੀਟਾਈਜ ਡੈਵਿਸ ਹੋਟਲ’ ਵਿੱਚ ਆਯੋਜਤ ਵਿਸ਼ਵ ਪੰਜਾਬੀ ਕਾਨਫ਼ਰੰਸ ਵੇਖਣ ਨੂੰ ਮਿਲਦੀ ਰਹੀ। ਇਹ ਕਾਨਫ਼ਰੰਸ ਪੰਜਾਬੀ ਸਭਿਆਚਾਰ ਦੀ ਵਿਲੱਖਣ ਤਸਵੀਰ ਪੇਸ਼ ਕਰਦੀ ਹੋਈ ਆਪਸੀ, ਪਿਆਰ, ਸਤਿਕਾਰ, ਸਲੀਕਾ ਅਤੇ ਮਿਲਵਰਤਨ ਦਾ ਪ੍ਰਤੀਕ ਬਣਕੇ ਸਾਹਮਣੇ ਆਈ ਹੈ। ਇੱਕ ਕਿਸਮ ਨਾਲ ਦੋ ਦੇਸ਼ਾਂ ਦੇ ਰਾਜਦੂਤਾਂ ਦੀ ਕਾਨਫਰੰਸ ਬਣ ਗਈ ਸੀ। ਇਸ ਕਾਨਫ਼ਰੰਸ ਤੋਂ ਇਉਂ ਮਹਿਸੂਸ ਹੋ ਰਿਹਾ ਸੀ ਕਿ ਜਿਵੇਂ ਜੁਗਾਂ ਤੋਂ ਵਿਛੜੇ ਵਿਰਾਸਤੀ ਪਰਿਵਾਰ ਮੁੜ ਆਪਣੀ ਵਿਰਾਸਤ ਨਾਲ ਇੱਕਮਿਕ ਹੋ ਕੇ ਗਲਵਕੜੀ ਪਾ ਰਹੇ ਹੋਣ। ਇਹ ਵੀ ਲੱਗ ਰਿਹਾ ਸੀ ਜਿਵੇਂ ਪੰਜਾਬ ਦੇ ਵਿਰਾਸਤੀ ਪਿੰਡ ਵਿੱਚ ਮੇਲਾ ਲੱਗਿਆ ਹੋਵੇ, ਜਿਸ ਵਿੱਚ ਸੰਗੀਤ ਦੀ ਛਹਿਬਰਾਂ ਲੱਗੀਆਂ ਹੋਣ ਜੋ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਦੀ ਤਰਜਮਾਨੀ ਕਰਦੀਆਂ ਸਨ। ਪ੍ਰੇਮ ਪਿਆਰ ਦੇ ਵਹਿਣ ਵਿੱਚ ਵਹਿੰਦਿਆਂ ਪੰਜਾਬੀ ਦੇ ਪ੍ਰੇਮੀ ਸਭਿਆਚਾਰ ਦੀ ਵਿਰਾਸਤ ਵਿੱਚ ਡੁਬਕੀਆਂ ਲਾਉਣ ਲੱਗ ਗਏ।
           ਦੋਹਾਂ ਪੰਜਾਬਾਂ ਦੇ ਫ਼ਨਕਾਰਾਂ ਨੇ ਸਾਂਝੀਵਾਲਤਾ ਦੇ ਗੀਤਾਂ ਨਾਲ ਐਸਾ ਰੰਗ ਬੰਨਿ੍ਹਆਂ ਕਿ ਦਰਸ਼ਕ ਸਰਸ਼ਾਰ ਹੋ ਕੇ ਭਾਵਕਤਾ ਦੇ ਵਹਿਣ ਵਿੱਚ ਵਹਿ ਗਏ। ਹਰਵਿੰਦਰ ਦਾ ਗੀਤ ਜਾਰੀ ਕੀਤਾ ਗਿਆ। ਪੰਮੀ ਬਾਈ ਅਤੇ ਆਰਿਫ਼ ਲੋਹਾਰ ਦੀ ਜੁਗਲਬੰਦੀ ਨੇ ਪੁਰਾਤਨ ਵਿਰਾਸਤ ਨੂੰ ਯਾਦ ਕਰਵਾ ਦਿੱਤਾ। ਸੁਖੀ ਬਰਾੜ, ਡੌਲੀ ਗੁਲੇਰੀਆ, ਪੰਮੀ ਬਾਈ, ਸਤਨਾਮ ਪੰਜਾਬੀ, ਆਰਿਫ਼ ਲੋਹਾਰ, ਅਕਰਮ ਰਾਹੀ, ਇਮਰਾਨ ਸ਼ੌਕਤ ਅਲੀ, ਖਤੀਜਾ, ਅਸਲਮ ਬਾਹੂ ਵੀਰ ਸਿਪਾਹੀ ਦੇ  ਗੀਤਾਂ ਨੂੰ ਸੁਣਕੇ ਪੰਜਾਬੀਆਂ ਦੇ ਚਿਹਰੇ ਟਹਿਕਣ ਲੱਗ ਪਏ। ਬਾਬਾ ਨਜਮੀ ਨੇ ‘ਇਕਬਾਲ ਪੰਜਾਬੀ ਦਾ’ ਗਾ ਕੇ ਅਤੇ ਇਲਿਅਸ ਘੁੰਮਣ ਨੇ ਸੰਵੇਦਨਸ਼ੀਲ ਤਕਰੀਰ ਕਰਕੇ ਜੋਸ਼ ਭਰ ਦਿੱਤਾ। ਤ੍ਰੈਲੋਚਨ ਲੋਚੀ ਨੇ ਬਹੁਤ ਹੀ ਭਾਵਪੂਰਤ ਢੰਗ ਨਾਲ ‘ਜ਼ਾਲਮ ਕਹਿਣ ਬਲਾਵਾਂ ਹੁੰਦੀਆਂ, ਕੁੜੀਆਂ ਤਾਂ ਕਵਿਤਾਵਾਂ ਹੁੰਦੀਆਂ’ ਨਾਲ ਮਾਹੌਲ ਭਾਵਕ ਕਰ ਦਿੱਤਾ। ਇਸ ਭਾਈਚਾਰਕ ਸਾਂਝ ਵਿੱਚ ਸਾਹਿਤ, ਕਲਾ, ਸੰਗੀਤ, ਪੱਤਰਕਾਰੀ, ਅਦਾਕਾਰੀ ਅਤੇ ਵਿਦਵਤਾ ਦੇ ਮੁਜੱਸਮੇ ਅਦੀਬ ਆਪਣੇ ਦਿਲ ਦੀਆਂ ਕੁੰਦਰਾਂ ਵਿੱਚੋਂ ਖੁੱਸੀਆਂ ਯਾਦਾਂ ਨੂੰ ਤਾਜ਼ਾ ਕਰਦੇ ਹੋਏ ਆਨੰਦਿਤ ਹੋ ਰਹੇ ਸਨ। ਪੰਜਾਬ ਤੇ ਪੰਜਾਬੀਅਤ ਦਾ ਝੰਡਾ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਅਦੀਬਾਂ ਨੇ ਬੁਲੰਦ  ਕੀਤਾ। ਇਸ ਕਾਨਫ਼ਰੰਸ ਵਿੱਚ ਪੰਜਾਬੀ ਭਾਸ਼ਾ ਦੀ ਸ਼ੁਰੂਆਤ ਕਰਕੇ ਇਸਨੂੰ ਅਮੀਰ ਕਰਨ ਵਾਲੇ ਸੂਫ਼ੀਇਜ਼ਮ ਸਾਹਿਤ ਦੇ ਧੁਰੰਦਰ ਵਿਦਵਾਨਾ ਦੀ ਸਾਹਿਤਕ ਦੇਣ ਨੂੰ ਸਲਾਮ ਕਰਦਿਆਂ ਸੰਜੀਦਾ ਪਰਿਚਰਚਾ ਕੀਤੀ ਗਈ। ਸੁਖਦੇਵ ਸਿੰਘ ਸਿਰਸਾ ਅਤੇ ਡਾ.ਸੁਜਿੰਦਰ ਸਿੰਘ ਸੰਘਾ ਨੇ ਸੂਫ਼ੀਇਜ਼ਮ ਤੇ ਖੋਜੀ ਪਰਚੇ ਪੜ੍ਹੇ ਜਿਨ੍ਹਾਂ ਤੇ ਭਰਪੂਰ ਚਰਚਾ ਹੋਈ। 34ਵੀਂ ਵਿਸ਼ਵ ਪੰਜਾਬੀ ਕਾਨਫ਼ਰੰਸ ਵਿੱਚ ਭਾਰਤ ਤੋਂ 65 ਸੰਗੀਤ, ਸਾਹਿਤ ਤੇ ਕਲਾ ਪ੍ਰੇਮੀਆਂ ਦਾ ਕਾਫ਼ਲਾ ਹੁੰਮ-ਹੁੰਮਾ ਤੇ ਗੱਜ ਵਜਾਕੇ ਪਹੁੰਚਿਆ ਸੀ, ਜਿਵੇਂ ਉਹ ਨਾਨਕ ਛੱਕ ਤੇ ਗਏ ਹੋਏ ਗਦ-ਗਦ ਹੋ ਰਹੇ ਹੋਣ। ਦੂਜੇ ਪਾਸੇ ਵੀ ਆਪਣੇ ਪੇਕਿਆਂ ਦੇ ਮੇਲ ਨੂੰ ਦਿਲ ਦੇ ਢੋਲਕੀ ਛੈਣਿਆਂ ਨਾਲ ਤੇਲ ‘ਚੋ ਕੇ ਸੁਆਗਤ ਕੀਤਾ ਗਿਆ। ਦੋਹਾਂ ਪਾਸਿਆਂ ਦੇ ਅਦੀਬਾਂ ਨੂੰ ਚਾਅ ਚੜ੍ਹਿਆ ਪਿਆ ਸੀ, ਜਿਵੇਂ ਨਜ਼ਦੀਕੀ ਸੰਬੰਧੀ ਦੇ ਵਿਆਹ ਦਾ ਆਨੰਦ ਮਾਣ ਰਹੇ ਹੋਣ। ਚੜ੍ਹਦੇ ਪੰਜਾਬ ਦੇ ਜਥੇ ਦੀ ਅਗਵਾਈ ਭਾਰਤੀ ਚੈਪਟਰ ਦੇ ਕੋਆਰਡੀਨੇਟਰ ਸਹਿਜਪ੍ਰੀਤ ਸਿੰਘ ਮਾਂਗਟ, ਭਾਰਤੀ ਚੈਪਟਰ ਦੇ ਚੇਅਰਮੈਨ ਡਾ.ਦੀਪਕ ਮਨਮੋਹਨ ਸਿੰਘ ਅਤੇ ਉਘੇ ਕਵੀ ਅਤੇ ਪੰਜਾਬੀ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ.ਗੁਰਭਜਨ ਸਿੰਘ ਗਿੱਲ ਕਰ ਰਹੇ ਸਨ। ਪ੍ਰੇਮੀਆਂ ਦਾ ਇਹ ਕਾਫ਼ਲਾ ਪਾਕਿਸਤਾਨ ਦੇ ਸਾਬਕਾ ਵਜ਼ੀਰ ਫ਼ਖ਼ਰ ਜ਼ਮਾਨ ਦੇ ਸੱਦੇ ‘ਤੇ ਲਾਹੌਰ ਪਹੁੰਚਿਆ ਸੀ। ਅਨੀਤਾ ਸ਼ਬਦੀਸ਼ ਨੇ ਬਹੁਤ ਹੀ ਭਾਵਪੂਰਤ ਨਾਟਕ ‘ਗੁੰਮਸ਼ੁਦਾ ਔਰਤ’ ਜੋ ਔਰਤਾਂ ਦੇ ਸ਼ਸ਼ਤੀਕਰਨ ਦਾ ਸੰਦੇਸ਼ ਦਿੰਦਾ ਸੀ, ਖੇਡਿਆ ਗਿਆ, ਜਿਸਨੇ ਦੋਵਾਂ ਦੇਸ਼ਾਂ ਦੇ ਪੰਜਾਬੀ ਪ੍ਰੇਮੀਆਂ ਦੀਆਂ ਅੱਖਾਂ ਵਿੱਚ ਪਿਆਰ ਦੇ ਹੰਝੂ ਵਹਿਣ ਲਾ ਦਿੱਤੇ। ਲਾਹੌਰ ਸ਼ਹਿਰ ਵਿੱਚ ਰੌਣਕਾਂ ਲੱਗ ਗਈਆਂ। ਇਸੇ ਕਰਕੇ ਕਹਿੰਦੇ ਹਨ, ਜਿਸਨੇ ਲਾਹੌਰ ਨਹੀਂ ਵੇਖਿਆ ਉਹ ਜੰਮਿਆਂ ਹੀ ਨਹੀਂ। ਲਾਹੌਰ ਵਿੱਚੋਂ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਮਾਹਿਰਾਂ ਦੇ ਪਿਆਰ ਦੀ ਖ਼ੁਸ਼ਬੋ ਆ ਰਹੀ ਸੀ। ਦਿਨ ਭਰ ਸੂਫ਼ੀਇਜ਼ਮ  ਵਰਗੇ ਬਹੁਤ ਹੀ ਗੰਭੀਰ ਵਿਸ਼ਿਆਂ ‘ਤੇ ਵਿਚਾਰ ਵਟਾਂਦਰੇ ਹੁੰਦੇ ਤੇ ਹਰ ਰੋਜ਼ ਸ਼ਾਮ ਨੂੰ ਇੱਕ ਨਹੀਂ ਸਗੋਂ ਵੱਖੋ-ਵੱਖਰੀਆਂ ਮਹਿਫ਼ਲਾਂ ਸਜਦੀਆਂ, ਜਿਨ੍ਹਾਂ ਵਿੱਚ ਸੰਗੀਤਕ ਤੇ ਸਾਹਿਤਕ ਰੂਹਾਂ ਆਪਣੇ ਕਲਾਮ ਪੇਸ਼ ਕਰਦੀਆਂ।  ਫ਼ਖ਼ਰ ਤੇ ਮਾਣ ਵਾਲੀ ਗੱਲ ਹੈ ਕਿ ਪਾਕਿਸਤਾਨ ਵਿੱਚ ਪੰਜਾਬੀ ਜ਼ਬਾਨ ਦਾ ਪਰਚਮ ਲਹਿਰਾ ਰਿਹਾ ਹੈ। ਲਹਿੰਦੇ ਪੰਜਾਬ ਦੇ ਪੰਜਾਬੀਆਂ ਨੇ ਤਹੱਈਆ ਕੀਤਾ ਹੋਇਆ ਹੈ ਕਿ ਪੰਜਾਬੀ ਜ਼ੁਬਾਨ ਆਪਣੀ ਮਾਂ ਦੀ ਤਰ੍ਹਾਂ ਸਾਂਭ ਕੇ ਰੱਖਣਗੇ ਤੇ ਘਰਾਂ ਵਿੱਚ ਪੰਜਾਬੀ ਬੋਲੀ ਜਾਵੇਗੀ। ਇਹ ਵੀ ਖ਼ੁਸ਼ੀ ਦੀ ਗੱਲ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਨਾਮ ‘ਤੇ ਲਹਿੰਦੇ ਪੰਜਾਬ ਵਿੱਚ ਯੂਨੀਵਰਸਿਟੀ ਸਥਾਪਤ ਕੀਤੀ ਹੋਈ ਹੈ।
    ਇਸ ਮੌਕੇ ‘ਤੇ ਫ਼ਖ਼ਰ ਜ਼ਮਾਨ ਨੇ ਆਪਣੇ ਭਾਸ਼ਣ ਵਿੱਚ ਕਿਹਾ ਹੈ ਕਿ ਦੁੱਖ ਦੀ ਗੱਲ ਹੈ ਕਿ ਪੰਜਾਬੀ ਜ਼ੁਬਾਨ ਨੂੰ ਬਿਗਾਨਿਆਂ ਨਾਲੋਂ ਆਪਣਿਆਂ ਤੋਂ ਵਧੇਰੇ ਖ਼ਤਰਾ ਹੈ। ਡਾ.ਦੀਪਕ ਮਨਮੋਹਨ ਸਿੰਘ ਨੇ ਆਪਣੇ ਭਾਸ਼ਣ ਵਿੱਚ ਕਿਹਾ ਹੈ ਕਿ ਲਾਹੌਰ ਨੇ ਪੰਜਾਬੀ ਬੋਲੀ, ਤਹਿਜ਼ੀਬ ਤੇ ਭਾਸ਼ਾ ਨੂੰ ਸਾਂਭ ਕੇ ਰੱਖਿਆ ਹੋਇਆ ਹੈ। ਪ੍ਰੋ.ਗੁਰਭਜਨ ਸਿੰਘ ਗਿੱਲ ਨੇ ਵਿਸ਼ਵ ਪੰਜਾਬੀ ਕਾਨਫ਼ਰੰਸ ਦੀ ਸ਼ੁਰੂਆਤ ਤੋਂ ਲੈ ਕੇ ਇਸ ਦੀ ਸਫਲਤਾ ਲਈ ਯੋਗਦਾਨ ਪਾਉਣ ਵਾਲੇ ਪੰਜਾਬੀਆਂ ਨੂੰ ਯਾਦ ਕੀਤਾ। ਆਮ ਤੌਰ ‘ਤੇ ਵਿਸ਼ਵ ਪੰਜਾਬੀ ਕਾਨਫ਼ਰੰਸਾਂ ‘ਤੇ ਕਿੰਤੂ-ਪ੍ਰੰਤੂ ਕੀਤੇ ਜਾਂਦੇ ਰਹੇ ਹਨ ਕਿ ਉਨ੍ਹਾਂ ਵਿੱਚ ਵਿਦੇਸ਼ਾਂ ਵਿੱਚ ਸੈਰ ਕਰਨ ਦੇ ਬਹਾਨੇ ਲੋਕ ਜਾਂਦੇ ਹਨ ਅਤੇ ਉਨ੍ਹਾਂ ਦਾ ਪੰਜਾਬੀ ਸਾਹਿਤ ਤੇ ਸੰਗੀਤ ਨਾਲ ਕੋਈ ਵਾਸਤਾ ਨਹੀਂ ਹੁੰਦਾ ਪ੍ਰੰਤੂ ਲਾਹੌਰ ਵਾਲੀ ਵਿਸ਼ਵ ਪੰਜਾਬੀ ਕਾਨਫ਼ਰੰਸ ਵਿੱਚ ਚੋਟੀ ਦੇ ਸਾਹਿਤਕਾਰ, ਸੰਗੀਤਕਾਰ, ਗਾਇਕ, ਅਦਾਕਾਰ ਅਤੇ ਪੱਤਰਕਾਰ ਸ਼ਾਮਲ ਹੋਏ, ਜਿਹੜੇ ਜਾਣੇ ਪਛਾਣੇ ਵਿਅਕਤੀ ਹਨ। ਇਸ ਕਾਨਫ਼ਰੰਸ ਦੀ ਸਫਲਤਾ ਨੇ ਝੰਡੇ ਗੱਡ ਦਿੱਤੇ ਹਨ।  ਭਾਰਤ ਤੋਂ ਸ਼ਾਮਲ ਹੋਏ ਵਿਦਵਾਨਾਂ ਵਿੱਚ ਜੰਗ ਬਹਾਦਰ ਗੋਇਲ, ਸੁਖਦੇਵ ਸਿੰਘ ਸਿਰਸਾ, ਦਰਸ਼ਨ ਸਿੰਘ ਬੁੱਟਰ, ਗੁਰਪ੍ਰੀਤ ਸਿੰਘ ਤੂਰ, ਕਾਹਨ ਸਿੰਘ ਪੰਨੂੰ, ਸੁਨੀਤਾ ਧੀਰ, ਬਲਕਾਰ ਸਿੱਧੂ, ਪੰਮੀ ਬਾਈ, ਖਾਲਿਦ ਹੁਸੈਨ, ਅਨੀਤਾ ਸ਼ਬਦੀਸ਼ ਆਦਿ। ਪੱਤਰਕਾਰਾਂ ਵਿੱਚ ਨਵਦੀਪ ਸਿੰਘ ਗਿੱਲ ਅਤੇ ਜਗਤਾਰ ਸਿੰਘ ਭੁਲਰ। ਇਸ ਮੌਕੇ ‘ਤੇ ਲਹਿੰਦੇ ਪੰਜਾਬ ਦੇ ਅਬਦੁਲ ਕਦੀਮ, ਡਾ.ਕੁਦਸੀ, ਬੁਸ਼ਰਾ ਏਜਾਜ, ਬਾਬਾ ਨਜਮੀ, ਬਾਬਾ ਗੁਲਾਮ ਹੁਸੈਨ ਹੈਦਰ, ਰਾਜਾ ਸਾਦਿਕ ਉਲਾ ਖ਼ਾਨ, ਖਾਲਿਦ ਏਜਾਜ਼ ਮੁਫ਼ਤੀ, ਸ਼ਾਇਦਾ ਬਾਨੋ ਅਤੇ ਪੱਤਰਕਾਰਾਂ ਵਿੱਚ ਭੁਲੇਖਾ ਅਖ਼ਬਾਰ ਦੇ ਸੰਪਾਦਕ ਮੁਦੱਸਰ ਇਕਬਾਲ ਬੱਟ, ਪੰਚਮ ਅਖ਼ਬਾਰ ਦੇ ਮੁੱਖ ਸੰਪਾਦਕ ਮਕਸੂਦ ਸਾਕਿਬ ਅਤੇ ਸੁਗਰਾ ਸਦੇਫ਼ ਸ਼ਾਮਲ ਸਨ। ਪੰਜਾਬੀ ਭਾਸ਼ਾ ਦੇ ਬੋਲਬਾਲੇ ਨੇ ਅਗਲੇ ਪੰਜਾਹ ਸਾਲਾਂ ਵਿੱਚ ਪੰਜਾਬੀ ਖ਼ਤਮ ਹੋਣ ਦੀਆਂ ਅਫ਼ਵਾਹਾਂ ਨੂੰ ਝੁਠਲਾ ਦਿੱਤਾ। ਇਸ ਤੋਂ ਇਲਾਵਾ ਇੰਗਲੈਂਡ, ਕੈਨੇਡਾ ਅਤੇ ਅਮਰੀਕਾ ਵਿੱਚ ਵਿਸ਼ਵ ਪੰਜਾਬੀ ਕਾਨਫ਼ਰੰਸਾਂ ਲਗਾਤਾਰ ਹੁੰਦੀਆਂ ਰਹਿੰਦੀਆਂ ਹਨ। ਇਸੇ ਲੜੀ ਸੰਬੰਧੀ 1993 ਵਿੱਚ ਪਟਿਆਲਾ ਵਿਖੇ ਵੇਦ ਪ੍ਰਕਾਸ਼ ਗੁਪਤਾ ਚੇਅਰਮੈਨ ਪੰਜਾਬ ਰਾਈਟਰਜ਼ ਐਂਡ ਕਲਚਰਲ ਫੋਰਮ ਅਤੇ ਸ੍ਰ.ਬੇਅੰਤ ਸਿੰਘ ਤਤਕਾਲੀ ਮੁੱਖ ਮੰਤਰੀ ਪੰਜਾਬ ਵੱਲੋਂ ਸਾਂਝੇ ਤੌਰ ‘ਇੰਡੋ-ਪਾਕਿ ਮੁਸ਼ਾਇਰਾ’ ਥਾਪਰ ਇਨਸਟੀਚਿਊਟ ਵਿਖੇ ਆਯੋਜਤ ਕੀਤਾ ਗਿਆ ਸੀ, ਜਿਸ ਵਿੱਚ ਚੋਟੀ ਦੇ ਪਾਕਿਸਤਾਨ ਅਤੇ ਭਾਰਤ ਦੇ ਸ਼ਾਇਰਾਂ ਨੇ ਹਿੱਸਾ ਲਿਆ ਸੀ। ਫਿਰ 2004 ਵਿੱਚ ਪਟਿਆਲਾ ਵਿਖੇ ਹੀ ਇੰਡੋ-ਪਾਕਿ ਖੇਡਾਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਦੀ ਪੰਜਾਬ ਸਰਕਾਰ ਵੇਲੇ 2004 ਵਿੱਚ ਆਯੋਜਤ ਕੀਤੀਆਂ ਗਈਆਂ ਸਨ। ਪਾਕਿਸਤਾਨ ਤੇ ਭਾਰਤ ਵਿੱਚ ਅਜਿਹੀਆਂ ਸਰਗਰਮੀਆਂ ਮਹੱਤਵਪੂਰਨ ਹਨ ਕਿਉਂਕਿ ਇਨ੍ਹਾਂ ਦੇ ਹੋਣ ਨਾਲ ਦੋਹਾਂ ਦੇਸ਼ਾਂ ਵਿੱਚ ਸਦਭਾਵਨਾ ਵੱਧਦੀ ਹੈ, ਜਿਸਦੀ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਲੋਕਾਂ ਲਈ ਅਤਿਅੰਤ ਜ਼ਰੂਰੀ ਹੈ ਕਿਉਂਕਿ ਇਨ੍ਹਾਂ ਲੋਕਾਂ ਦੀਆਂ ਆਂਦਰਾਂ ਜੁੜੀਆਂ ਹੋਈਆਂ ਹਨ।
  ਵਿਸ਼ਵ ਪੰਜਾਬੀ ਕਾਨਫ਼ਰੰਸ ਲਾਹੌਰ ਵਿੱਚ ਇੱਕ ਹੋਰ ਖ਼ੁਸ਼ਨੁਮਾ ਫ਼ੈਸਲਾ ਕੀਤਾ ਗਿਆ, ਜਿਸ ਅਨੁਸਾਰ ਪੰਜਾਬੀ ਭਾਸ਼ਾ ਨੂੰ ਪ੍ਰਫ਼ੁਲਤ ਕਰਨ ਲਈ 12 ਨੁਕਾਤੀ  ਪ੍ਰੋਗਰਾਮ ਦਾ ਐਲਾਨ ਦੋਹਾਂ ਦੇਸ਼ਾਂ ਲਈ ਕੀਤਾ ਗਿਆ, ਜਿਸ ਵਿੱਚ ਮੁੱਖ ਤੌਰ ‘ਤੇ ਪੰਜਾਬੀ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਵਿੱਚ ਪ੍ਰਾਇਮਰੀ ਤੋਂ ਲਾਜ਼ਮੀ ਵਿਸ਼ੇ ਦੇ ਤੌਰ ‘ਤੇ ਪੜ੍ਹਾਈ ਜਾਵੇ, ਪੰਜਾਬੀ ਨੂੰ ਪੰਜਾਬ ਵਿੱਚ ਸਰਕਾਰੀ ਭਾਸ਼ਾ ਵਜੋਂ ਮਾਣਤਾ ਦਿੱਤੀ ਜਾਵੇ, ਦਸ ਹਜ਼ਾਰ ਅਧਿਆਪਕ ਭਰਤੀ ਕੀਤੇ ਜਾਣ, ਗਲੀਆਂ ਤੇ ਸੜਕਾਂ ਦੇ ਨਾਮ ਪੰਜਾਬੀ ਵਿੱਚ ਲਿਖੇ ਜਾਣ, ਪੰਜਾਬੀ ਦੇ ਅਖ਼ਬਾਰਾਂ ਤੇ ਰਸਾਲਿਆਂ ਨੂੰ ਆਰਥਿਕ ਮਦਦ ਦਿੱਤੀ ਜਾਵੇ ਅਤੇ ਦਫ਼ਤਰਾਂ ਤੇ ਘਰਾਂ ਵਿੱਚ ਪੰਜਾਬੀ ਬੋਲੀ ਜਾਵੇ ਆਦਿ ਸ਼ਾਮਲ ਹਨ।
   ਇਸ ਕਾਨਫ਼ਰੰਸ ਵਿੱਚ ਚੜ੍ਹਦੇ ਪੰਜਾਬ ਤੋਂ ਸਤਿਨਾਮ ਮਾਣਕ ਦੀ ਪੁਸਤਕ ‘ਬਾਤਾਂ ਵਾਹਗਿਓਂ ਪਾਰ ਦੀਆਂ (ਸਫ਼ਰਨਾਮਾ )’, ਸਰਬਜੀਤ ਜੱਸ ਦੀ ਪੁਸਤਕ ‘ਲਸਕੀ ਹੋਈ ਅੱਖ(ਕਵਿਤਾ)’, ਗੁਰਭਜਨ ਸਿੰਘ ਗਿੱਲ ਦੀ ਮੇਰੇ ਪੰਜ ਦਰਿਆ (ਗੀਤ) , ਜੰਗ ਬਹਾਦਗ ਗੋਇਲ ਦੀ ‘ਸਾਹਿਤ ਸੰਜੀਵਨੀ (ਵਾਰਤਕ)’, ਸਹਿਜਪ੍ਰੀਤ ਸਿੰਘ ਮਾਂਗਟ ਦੀ  ‘ਸਹਿਜ ਮਤੀਆਂ (ਕਵਿਤਾ)’, ਤ੍ਰੈਲੋਚਨ ਲੋਚੀ ਦੀ ‘ਦਿਲ ਦਰਵਾਜ਼ੇ (ਗ਼ਜ਼ਲਾਂ)’, ਨਵਦੀਪ ਸਿੰਘ ਗਿੱਲ ਦੀ ‘ਪੰਜ-ਆਬ ਦੇ ਸ਼ਾਹ ਅਸਵਾਰ (ਦੋਹਾਂ ਪੰਜਾਬਾਂ ਦੇ ਖਿਡਾਰੀਆਂ ਦੇ ਰੇਖਾ ਚਿਤਰ)’ ਅਤੇ ਹਰਮੀਤ ਵਿਦਿਆਰਥੀ ਦੀ ‘ਮੈਂ ਚਸ਼ਮਦੀਦ (ਕਵਿਤਾਵਾਂ)’ ਦੀਆਂ ਪੁਸਤਕਾਂ ਦੇ ਸ਼ਾਹਮੁਖੀ ਐਡੀਸ਼ਨ ਲੋਕ ਅਰਪਨ ਕੀਤੇ ਗਏ। ਲਹਿੰਦੇ ਪੰਜਾਬ ਦੀ ਬਿਹਤਰੀਨ ਸ਼ਾਇਰਾ ਬੁਸ਼ਰਾ ਇਜ਼ਾਜ਼ ਦੀ ਪੁਸਤਕ ‘ਮੈਂ ਪੂਣੀ ਕੱਤੀ ਰਾਤ ਦੀ (ਕਵਿਤਾ)’  ਦਾ ਗੁਰਮੁਖੀ ਐਡੀਸ਼ਨ ਲੋਕ ਅਰਪਨ ਕੀਤਾ ਗਿਆ। ਸ਼ਾਲਾ ਅਜਿਹੀਆਂ ਵਿਸ਼ਵ ਪੰਜਾਬੀ ਕਾਨਫ਼ਰੰਸਾਂ ਹੁੰਦੀਆਂ ਰਹਿਣ!
ਤਸਵੀਰਾਂ: ਵਿਸ਼ਵ ਪੰਜਾਬੀ ਕਾਨਫਰੰਸ ਲਾਹੌਰ
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
  ਮੋਬਾਈਲ-94178 13072
  ujagarsingh48@yahoo.com

ਰਵਿੰਦਰ ਸਿੰਘ ਸੋਢੀ ਦਾ ਕਾਵਿ ਸੰਗ੍ਰਹਿ ‘ਰਾਵਣ ਹੀ ਰਾਵਣ’ ਸਮਾਜਿਕ ਸਰੋਕਾਰਾਂ ਦਾ ਪ੍ਰਤੀਕ - ਉਜਾਗਰ ਸਿੰਘ

ਰਵਿੰਦਰ ਸਿੰਘ ਸੋਢੀ ਸਰਬੰਗੀ ਸਾਹਿਤਕਾਰ ਹੈ। ਉਹ ਪੰਜਾਬੀ ਦਾ ਅਧਿਆਪਕ ਰਿਹਾ ਹੈ। ਇਸ ਲਈ ਉਸਦੀ ਸਾਹਿਤ ਦੇ ਹਰ ਰੂਪ ਦੀ ਮੁਹਾਰਤ ਹੈ। ਉਸਨੇ ਸਾਹਿਤ ਦੇ ਸਾਰੇ ਰੂਪਾਂ ‘ਤੇ ਹੱਥ ਅਜਮਾਇਆ ਹੈ। ਮੁੱਖ ਤੌਰ ‘ਤੇ ਉਹ ਵਾਰਤਕਾਰ ਹੈ। ਉਸ ਦੀਆਂ ਡੇਢ ਦਰਜਨ ਪੁਸਤਕਾਂ ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਵਿੱਚ ਪ੍ਰਕਾਸ਼ਤ ਹੋ ਚੁੱਕੀਆਂ ਹਨ, ਪ੍ਰੰਤੂ ਉਸਨੇ ਬਹੁਤੇ ਨਾਟਕ ਲਿਖੇ ਹਨ। ਉਸ ਦੀਆਂ ਨਾਟਕ, ਆਲੋਚਨਾ, ਖੋਜ, ਜੀਵਨੀ, ਕਹਾਣੀ ਅਤੇ ਕਵਿਤਾ ਦੀਆਂ ਪੁਸਤਕਾਂ ਸਾਹਿਤਕ ਖੇਤਰ ਵਿੱਚ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ ਹਨ। ਕਵੀ ਹੋਣ ਕਰਕੇ ਉਸ ਦੀ ਵਾਰਤਕ ਰਸਦਾਇਕ ਹੁੰਦੀ ਹੈ। ਉਸ ਦੀਆਂ ਕਵਿਤਾ ਦੀਆਂ ਦੋ ਪੁਸਤਕਾਂ ‘ਧੰਨਵਾਦ!  ਧੰਨਵਾਦ! ਧੰਨਵਾਦ!’ ਅਤੇ ‘ਅੱਧਾ ਅੰਬਰ ਅੱਧੀ ਧਰਤੀ’ ਪ੍ਰਕਾਸ਼ਤ ਹੋ ਚੁੱਕੀਆਂ ਹਨ। ਚਰਚਾ ਅਧੀਨ ‘ਰਾਵਣ ਹੀ ਰਾਵਣ’ ਉਸਦਾ ਤੀਜਾ ਕਾਵਿ ਸੰਗ੍ਰਹਿ ਹੈ। ਇਸ ਕਾਵਿ ਸੰਗ੍ਰਹਿ ਵਿੱਚ 43 ਰਚਨਾਵਾਂ, ਜਿਨ੍ਹਾਂ ਵਿੱਚ 18 ਗ਼ਜ਼ਲਾਂ, 19 ਕਵਿਤਾਵਾਂ ਅਤੇ 6 ਗੀਤ ਸ਼ਾਮਲ ਹਨ। ਕਵੀ ਨੇ ਸਮਾਜਿਕ ਅਲਾਮਤਾਂ ਨੂੰ ਰਾਵਣ ਦਾ ਦਰਜਾ ਦਿੱਤਾ ਹੈ। ਸਮਾਜ ਆਪਣੇ ਅੰਦਰਲੇ ਰਾਵਣ ਨੂੰ ਤਾਂ ਮਾਰਦਾ ਨਹੀਂ ਪ੍ਰੰਤੂ ਹਰ ਸਾਲ ਰਾਵਣ ਦੇ ਪੁਤਲੇ ਨੂੰ ਸਾੜ ਕੇ ਬਹਾਦਰੀ ਦਾ ਪ੍ਰਗਟਾਵਾ ਕਰਦਾ ਹੈ। ਕਾਵਿ ਸੰਗ੍ਰਹਿ ਦੇ ਨਾਮ ਵਾਲੀ ਕਵਿਤਾ ‘ਰਾਵਣ ਹੀ ਰਾਵਣ’ ਸਮਾਜ ਵਿੱਚ ਅਨੇਕ ਤਰ੍ਹਾਂ ਦੇ ਰਾਵਣਾ ਬਾਰੇ ਜਾਣਕਾਰੀ ਦਿੰਦੀ ਹੈ, ਜਿਸ ਤੋਂ ਪਤਾ ਲਗਦਾ ਹੈ ਸਮਾਜ, ਸਮਾਜਿਕ ਬੁਰਾਈਆਂ ਵਿੱਚ ਬੁਰੀ ਤਰ੍ਹਾਂ ਗ੍ਰਹਿਸਤ ਹੋ ਚੁੱਕਿਆ ਹੈ। ਬਿਲਕੁਲ ਏਸੇ ਤਰ੍ਹਾਂ ‘ਅੱਜ ਦੇ ਡਾਇਨਾਸੋਰ’ ਕਵਿਤਾ ਵਿੱਚ ਦਰਸਾਇਆ ਗਿਆ ਹੈ ਕਿ ਸੰਸਾਰ ਵਿੱਚ ਰਾਜਨੀਤਕ ਲੋਕ ਆਪੋ ਆਪਣੀ ਮਾਨਸਿਕਤਾ ਨੂੰ ਖੁਰਾਕ ਦੇਣ ਲਈ ਇਨਸਾਨੀਅਤ ਦਾ ਘਾਣ ਕਰ ਰਹੇ ਹਨ। ਕਵੀ ਨੇ ਸੰਸਾਰ ਦੇ ਰਾਜਨੀਤਕ ਲੋਕਾਂ ਦੀਆਂ ਆਪਣੇ ਹਿੱਤਾਂ ਦੀ ਪੂਰਤੀ ਲਈ ਕੀਤੀਆਂ ਗਈਆਂ ਅਤੇ ਕੀਤੀਆਂ ਜਾ ਰਹੀਆਂ ਕੋਝੀਆਂ ਹਰਕਤਾਂ ਦਾ ਪਰਦਾ ਫਾਸ਼ ਕੀਤਾ ਹੈ।  ਸਮਾਜ, ਸਰਕਾਰਾਂ ਤੇ ਪਰਮਾਤਮਾ ਵੀ ਅਮੀਰਾਂ ਨੂੰ ਹੋਰ ਅਮੀਰ ਬਣਾ ਰਿਹਾ ਹੈ, ਗ਼ਰੀਬਾਂ ‘ਤੇ ਤਸ਼ੱਦਦ ਹੋ ਰਹੇ ਹਨ, ਜ਼ਾਤਪਾਤ ਦਾ ਬੋਲਬਾਲਾ ਹੈ, ਇਸਦੇ ਨਾਲ ਹੀ ਕਵੀ ਲੋਕਾਂ ਨੂੰ ਆਪਣੇ ਹੱਕਾਂ ਲਈ ਜਾਗ੍ਰਤ ਵੀ ਕਰ ਰਿਹਾ ਹੈ। ਲੋਕਾਂ ਲਈ ਹੁਣ ਬਰਦਾਸ਼ਤ ਕਰਨਾ ਅਸੰਭਵ ਹੋ ਗਿਆ ਹੈ। ਧਰਤੀ ਹੇਠਲਾ ਪਾਣੀ ਖ਼ਤਮ ਹੋ ਰਿਹਾ, ਬਿਰਧ ਘਰ ਬਣ ਰਹੇ ਹਨ, ਸ਼ਾਹੀ ਲੰਗਰ ਬਣ ਰਹੇ ਹਨ, ਰਿਸ਼ਤੇ ਨਿਭਾਏ ਨਹੀਂ ਜਾ ਰਹੇ, ਤਾਹਨੇ ਮਿਹਣਿਆਂ ਦਾ ਜ਼ੋਰ ਹੈ, ਕਵੀ ਲੋਕਾਈ ਨੂੰ ਕਹਿ ਰਿਹਾ ਹੈ ਕਿ ਹੁਣ ਇਨ੍ਹਾਂ ਅਲਾਮਤਾਂ ਤੋਂ ਖਹਿੜਾ ਛੁਡਾ ਲਓ ਸਮਾਂ ਲੰਘੇ ਤੋਂ ਬਾਅਦ ਵਿੱਚ ਪਛਤਾਉਣ ਦਾ ਕੋਈ ਲਾਭ ਨਹੀਂ ਹੋਵੇਗਾ। ਰੁੱਖਾਂ ਨੂੰ ਬਚਾਈਏ, ਪੰਛੀਆਂ ਦੇ ਰੈਣ ਬਸੇਰੇ ਨਾ ਉਜਾੜੀਏ, ਨਸ਼ੇ ਤੋਂ ਜਵਾਨੀ ਨੂੰ ਬਚਾਈਏ, ਔਰਤ ‘ਤੇ ਮਾੜੀ ਨਜ਼ਰ ਨਾ ਰੱਖੀਏ, ਸਗੋਂ ਇੱਜ਼ਤ ਕਰੀਏ, ਦਾਜ ਬੰਦ ਕਰੀਏ, ਪਾਣੀ ਪਲੀਤ ਹੋਣ ਤੋਂ ਬਚਾਈਏ, ਸਰਵਣ ਪੁੱਤਰ ਬਣੀਏਂ, ਦੋਸਤੀ ਵਧਾਈਏ, ਭੀਖ ਨਾ ਮੰਗੀਏ, ਝੂਠ ਫਰੇਬ ਤੋਂ ਬਚੀਏ, ਇਹ ਸਭ ਖੁਦਕਸ਼ੀ ਦੇ ਬਰਾਬਰ ਹਨ।
     ਇਸ ਕਾਵਿ ਸੰਗ੍ਰਹਿ ਦੀ ਸਭ ਤੋਂ ਪਹਿਲੀ ਕਵਿਤਾ ‘ਕੈਦ ਕਰੋ, ਕੈਦ ਕਰੋ’ ਸਿਰਲੇਖ ਵਾਲੀ ਹੈ, ਜੋ ਸਾਰੀ ਦੀ ਸਾਰੀ ਸਿੰਬਾਲਿਕ ਹੈ। ਜੇ ਇਉਂ ਕਹਿ ਲਿਆ ਜਾਵੇ ਕਿ ਇਸ ਕਾਵਿ ਸੰਗ੍ਰਹਿ ਦਾ ਸਾਰ ਹੈ, ਤਾਂ ਵੀ ਕੋਈ ਅਤਕਥਨੀ ਨਹੀਂ। ਇਸ ਕਵਿਤਾ ਵਿੱਚ  ਰੁੱਤਾਂ, ਰੁੱਖਾਂ, ਥੋਹਰਾਂ ਦੇ ਸਿੰਬਲਾਂ ਰਾਹੀਂ ਸਮਾਜ ਵਿੱਚ ਵਾਪਰ ਰਹੀਆਂ ਅਣਹੋਣੀਆਂ ਨੂੰ ਰੋਕਣ ਦੀ ਤਾਕੀਦ ਕੀਤੀ ਗਈ ਹੈ। ਬਜ਼ੁਰਗਾਂ ਦੀ ਅਣਵੇਖੀ, ਪਤੀ ਪਤਨੀ ਦੇ ਸੰਬੰਧ, ਡੇਰਿਆਂ ਦੇ ਦੁਸ਼ਕਰਮ, ਧਰਮਾਂ ਦੇ ਪਖੰਡ, ਬੇਜ਼ਮੀਰੇ ਲੋਕਾਂ, ਧੋਖੇਬਾਜ਼ਾਂ, ਪ੍ਰਵਾਸ ਵਿੱਚ ਜਾਣ ਲਈ ਜ਼ਾਹਲੀ ਵਿਆਹ, ਨੰਗੇਜ਼ਵਾਦ, ਟੱਬਰਾਂ ਦਾ ਟੁੱਟਣਾ, ਸਿਆਸਤ ਵਿੱਚ ਪਰਿਵਾਰਵਾਦ, ਮਿਲਾਵਟ, ਰਿਸ਼ਵਤ, ਸਿਖਿਆ ਵਿੱਚ ਨਿਘਾਰ, ਜੁਗਾੜਾਂ ਨਾਲ ਮਾਨ ਸਨਮਾਨ ਪ੍ਰਾਪਤ ਕਰਨੇ, ਵਿਦੇਸ਼ੀ ਰਾਵਣਾਂ ਆਦਿ ਬਾਰੇ ਬਾਕਮਾਲ ਟਿਪਣੀਆਂ ਕੀਤੀਆਂ ਹਨ। ਪੰਜਾਬੀ ਵਿਦੇਸ਼ਾਂ ਵਿੱਚ ਵੀ ਆਪਣੀਆਂ ਆਦਤਾਂ ਤੋਂ ਬਾਜ ਨਹੀਂ ਆਉਂਦੇ, ਵਿਦਿਆਰਥੀਆਂ ਦਾ ਸ਼ੋਸ਼ਣ ਕਰਦੇ ਹਨ।  ਸਰਕਾਰਾਂ ਦੀਆਂ ਵਿਸੰਗਤੀਆਂ ਤੇ ਵਿਅੰਗ ਕਸਿਆ ਗਿਆ ਹੈ। ਨੌਜਵਾਨਾਂ ਅਤੇ ਮੁਟਿਆਰਾਂ ਦੀਆਂ ਹਰਕਤਾਂ ਚਿੰਤਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਇਸ ਕਵਿਤਾ ਤੋਂ ਬਾਅਦ ਗ਼ਜ਼ਲਾਂ ਫਿਰ ਕਵਿਤਾਵਾਂ ਤੇ ਗੀਤ ਦਿੱਤੇ ਗਏ ਹਨ। ਇਹ ਤਰਤੀਵ ਅਖ਼ੀਰ ਤੱਕ ਚਲਦੀ ਹੈ ਤਾਂ ਜੋ ਕਾਵਿ ਸੰਗ੍ਰਹਿ ਦਿਲਚਸਪ ਬਣਿਆਂ ਰਹੇ। ਕਾਵਿ ਸੰਗ੍ਰਹਿ ਆਕਾਰ ਵਿੱਚ ਭਾਵੇਂ ਛੋਟਾ ਹੈ ਪ੍ਰੰਤੂ ਵਿਸ਼ੇ, ਵਿਚਾਰ, ਅਰਥ ਅਤੇ ਵਿਅੰਗ ਵੱਡੇ ਹਨ, ਜਿਹੜੇ ਪਾਠਕਾਂ ਨੂੰ ਝੰਜੋੜਦੇ ਹਨ। ਕਵੀ ਨੇ ਸਿਰਫ ਦੇਸ਼ ਦੇ ਮੁੱਦੇ ਹੀ ਚੁੱਕੇ ਨਹੀਂ ਸਗੋਂ ਸੰਸਾਰ ਵਿੱਚ ਜੋ ਵਾਪਰ ਰਿਹਾ ਹੈ, ਉਸਨੂੰ ਦ੍ਰਿਸ਼ਟਾਂਤਿਕ ਰੂਪ ਵਿਚ ਕਵਿਤਾਵਾਂ, ਗ਼ਜ਼ਲਾਂ ਤੇ ਗੀਤਾਂ ਰਾਹੀਂ ਦਰਸਾ ਦਿੱਤਾ ਹੈ। ਸ਼ਾਇਰ ਨੌਜਵਾਨਾਂ ਨੂੰ ਮਿਹਨਤ ਕਰਨ ਲਈ ਪ੍ਰੇਰਦਾ ਹੋਇਆ ਵਾਤਾਵਰਨ ਨੂੰ ਸਵੱਛ ਬਣਾਉਣ ਲਈ ਰੁੱਖ ਲਗਾਉਣ ਦੀ ਤਾਕੀਦ ਵੀ ਕਰਦਾ ਹੈ। ਪਰਵਾਸ ਦੇ ਸੰਤਾਪ ਦੀ ਗੱਲ ਕਰਦਾ ਦੇਸ਼ ਦੇ ਮੋਹ, ਬੇਘਰਿਆਂ ਲਈ ਘਰਾਂ, ਭੁੱਖਮਰੀ, ਬਲਾਤਕਾਰ ਅਤੇ ਬਜ਼ੁਰਗਾਂ ਦਾ ਨਿੱਘ ਮਾਨਣ ਦੀ ਗੱਲ ਕਰਦਾ ਹੈ। ‘ਸਦੀਵੀ ਸੱਚ’ ਅਤੇ ‘ਅੱਜ ਦੇ ਬੇਦਾਵੀਏ’ ਕਵਿਤਾਵਾਂ ਵਿੱਚ ਜ਼ੁਲਮ ਨੂੰ ਸਹਿਣ ਦੀ ਥਾਂ ਮੁਕਾਬਲਾ ਕਰਨ, ਕੁਰਬਾਨੀ ਦੇਣ, ਲੋਕਾਈ ਦਾ ਦਰਦ ਮਹਿਸੂਸ ਕਰਨ, ਗੁਰੂ ਤੋਂ ਬੇਮੁੱਖ ਹੋਣ ਦਾ ਲਗਾਤਾਰ ਜ਼ਾਰੀ ਰਹਿਣ, ਗੋਲਕਾਂ ਦੀ ਲੁੱਟ ਤੇ ਲੁੱਟ ਪਿੱਛੇ ਆਪਸੀ ਲੜਾਈਆਂ ਦਾ ਜ਼ਿਕਰ ਕਰਦਿਆਂ ਸਿੱਖੀ ਦੇ ਬਚਾਅ ਲਈ ਨਵੀਂ ਪਨੀਰੀ ਨੂੰ ਸਿੱਖੀ ਅਤੇ ਆਪਣੀ ਵਿਰਾਸਤ ਨਾਲ ਜੁੜਨ ਦੀ ਸਲਾਹ ਦਿੱਤੀ ਗਈ ਹੈ। ਕਵੀ ਅੱਗੋਂ ਆਪਣੀਆਂ ਕਵਿਤਾਵਾਂ ਵਿੱਚ ਲਿਖਦਾ ਹੈ ਕਿ ਧੋਖੇਬਾਜ ਅਧਰਮੀ ਲੋਕ ਧਰਮ ਨੂੰ ਨੁਕਸਾਨ ਪਹੁੰਚਾ ਰਹੇ ਹਨ, ਸਿਆਸਤਦਾਨ ਵੋਟਾਂ ਨੂੰ ਖ੍ਰੀਦ ਕੇ ਗ਼ਰੀਬਾਂ ਦੀ ਗ਼ਰੀਬੀ ਦਾ ਨਜ਼ਾਇਜ਼ ਲਾਭ ਉਠਾ ਰਹੇ ਹਨ, ਪਰਿਵਾਰਵਾਦ ਪ੍ਰਫੁਲਤ ਹੋ ਰਿਹਾ, ਜੁਮਲੇ ਛੱਡ ਕੇ ਲੋਕਾਈ ਨੂੰ ਵਹਿਮਾ ਭਰਮਾ ਦੇ ਜਾਲ ਵਿੱਚ ਫਸਾਈ ਜਾਂਦੇ ਹਨ, ਸਰਕਾਰੀ ਤੰਤਰ ਕੁੰਭ ਕਰਨ ਦੀ ਨੀਂਦ ਸੁੱਤੈ, ਸਿਹਤ ਵਿਓਪਾਰ ਬਣ ਗਿਆ, ਮਿਲਾਵਟ ਭਾਰੂ ਹੈ , ਲੋਕਾਂ ਨੂੰ ਸਿਵਕਸੈਂਸ ਨਹੀਂ, ਮਜ਼ਦੂਰ ਦਿਵਸ ਹੋਟਲਾਂ ਦੀ ਸ਼ਾਨ ਹਨ ਅਤੇ ਵਕੀਲ ਤੇ ਅਦਾਲਤਾਂ ਲੋਕਾਂ ਨਾਲ ਇਨਸਾਫ ਨਹੀਂ ਕਰ ਰਹੀਆਂ। ਲੋਕ ਨਿਰਮੋਹੀ ਹੋ ਗਏ, ਅਮੀਰ ਲੋਕਾਂ ਦਾ ਫ਼ੈਸ਼ਨ ‘ਤੇ ਜ਼ੋਰ ਗ਼ਰੀਬਾਂ ਕੋਲ ਤਨ ਢੱਕਣ ਦੀ ਹਿੰਮਤ ਨਹੀਂ, ਵਿਖਾਵਾ ਪ੍ਰਧਾਨ, ਗ਼ਰੀਬ ਰੱਬ ਦੀ ਰਜ਼ਾ ਵਿੱਚ ਹੁੰਦੇ ਹੋਏ ਹਰ ਹਾਲਤ ਵਿੱਚ ਜੀਵਨ ਬਸਰ ਕਰਦੇ ਹਨ। ਬਲਾਤਕਾਰੀ ਧੀਆਂ ਬਚਾਉਣ ਦੇ ਨਾਹਰੇ ਮਾਰ ਰਹੇ ਹਨ, ਕਾਨੂੰਨ ਤੋੜਨ ਵਾਲੇ ਕਾਨੂੰਨ ਬਣਾ ਰਹੇ ਹਨ, ਡੇਰਿਆਂ ਵਾਲੇ ਧਰਮ ਦੀ ਆੜ ਵਿੱਚ ਜਨਤਾ ਨੂੰ ਕੁਰਾਹੇ ਪਾ ਕੇ ਇਸਤਰੀਆਂ ਨੂੰ ਸਬਜਬਾਗ ਵਿਖਾਕੇ ਮੌਜਾਂ ਮਾਣਦੇ ਹਨ, ਗ਼ਰੀਬ ਦੀ ਤਰੱਕੀ ਬਰਦਾਸ਼ਤ ਨਹੀਂ, ਅਬਲਾ ਨੂੰ ਸਜ਼ਾ, ਗੁਨਾਹਗਾਰ ਨੂੰ ਫਲ, ਸਿਆਸਤਦਾਨ ਤੇ ਅਫਸਰਸ਼ਾਹੀ ਇੱਕਮਿਕ, ਅਮੀਰ ਗ਼ਰੀਬ ਦਾ ਪਾੜਾ ਵੱਧ ਰਿਹਾ, ਸਰਹੱਦਾਂ ਦੀ ਰਾਖੀ ਕਰਨ ਵਾਲਿਆਂ ਦਾ ਮੁੱਲ ਨਹੀਂ ਪੈ ਰਿਹਾ, ਵਾੜ ਖੇਤ ਨੂੰ ਖਾ ਰਹੀ ਹੈ, ਰਾਜਸੀ ਲੋਕ ਆਗੂ ਨਹੀਂ ਰਹੇ ਪ੍ਰੰਤੂ ਲਾਲ ਗੋਦੜੀਆਂ ਵਿੱਚੋਂ ਰੌਸ਼ਨੀ ਦਿੰਦੇ ਹਨ। ਕਵੀ ਅਨੁਸਾਰ ਸਰਕਾਰਾਂ ਦੀ ਕਾਰਗੁਜ਼ਾਰੀ ਅਮਲੀ ਰੂਪ ਵਿੱਚ ਨਹੀਂ ਸਿਰਫ ਅਖ਼ਬਾਰਾਂ ਦੇ ਇਸ਼ਤਿਹਾਰਾਂ ਵਿੱਚ ਹੈ, ਹਾਲਾਤ ਇਤਨੇ ਮਾੜੇ ਹੋ ਗਏ ਹਨ ਕਿ ਸਾਰੇ ਪਾਸੇ ਅੰਧੇਰਾ ਹੀ ਵਿਖਾਈ ਦਿੰਦਾ ਹੈ, ਲੋਕ ਮਖੌਟੇ ਪਾਈ ਫਿਰਦੇ ਹਨ, ਅੰਦਰੋਂ ਬਾਹਰੋਂ ਇੱਕ ਨਹੀਂ, ਦੋਸਤੀ ਦੇ ਨਾਮ ਨੂੰ ਕਲੰਕਿਤ ਕਰ ਦਿੱਤਾ, ਠੱਗੀ ਠੋਰੀ ਤੇ ਜ਼ੋਰ ਹੈ, ਮਿੰਟਾਂ ਵਿੱਚ ਪਾਸਾ ਬਦਲ ਜਾਂਦੇ ਹਨ, ਔਰਤਾਂ ਦੇ ਮਾਨਸਿਕ ਬਲਾਤਕਾਰ ਘਰਾਂ, ਰਿਸ਼ਤੇਦਾਰੀਆਂ ਅਤੇ ਬਾਹਰ ਵੀ ਹੁੰਦੇ ਹਨ, ਅੱਗ ਲਾਈ ਡੱਬੂ ਕੰਧ ‘ਤੇ, ਗ਼ਰੀਬਾਂ ਦਾ ਕਬਾੜਾ ਦੂਜੇ ਘਰ ਲੱਗੀ ਅੱਗ ਬਸੰਤਰ ਦਿਸਦੀ ਹੈ, ਸਹਿਜਤਾ ਤੇ ਸ਼ਹਿਨਸ਼ੀਲਤਾ ਪਰ ਲਾ ਕੇ ਉਡ ਗਈ, ਵਿਰਾਸਤ ਦਾ ਮੋਹ ਪ੍ਰਵਾਸ ਵਿੱਚ ਜ਼ਿਆਦਾ ਹੁੰਦੈ, ਜ਼ਿਆਦਾ ਖੁਲ੍ਹਦਿਲੀ ਨੁਕਸਾਨ ਕਰਦੀ ਹੈ ਅਤੇ ਦਿੱਲੀ ਦੇ ਹਾਕਮ ਨਿਰਮੋਹੀ ਸਾਬਤ ਹੁੰਦੇ ਹਨ। ਗੀਤਾਂ ਅਤੇ ਕੁਝ ਗ਼ਜ਼ਲਾਂ ਵਿੱਚ ਰੋਮਾਂਸਵਾਦ ਦੀ ਝਲਕ ਵੀ ਪੈਂਦੀ ਹੈ। ਅਖ਼ੀਰ ਵਿੱਚ ਕਿਹਾ ਜਾ ਸਕਦਾ ਹੈ ਕਿ ਰਵਿੰਦਰ ਸਿੰਘ ਸੋਢੀ ਨੇ ਆਪਣੀਆਂ ਰਚਨਾਵਾਂ ਵਿੱਚ ਲੋਕਾਈ ਦੇ ਦਰਦ ਨੂੰ ਪ੍ਰਗਟਾਇਆ ਹੈ। ਇਹ ਵੀ ਕਿਹਾ ਜਾ ਸਕਦਾ ਹੈ ਕਿ ਕਵੀ ਨੇ ਆਪਣੀਆਂ ਵਾਰਤਕ ਦੀਆਂ ਪੁਸਤਕਾਂ ਦੀ ਤਰ੍ਹਾਂ ਕਾਵਿਕ ਰੂਪ ਵਿੱਚ ਵੀ ਲੋਕਾਂ ਦੇ ਹੱਕਾਂ ਦੀ ਪ੍ਰਤੀਨਿਧਤਾ ਕੀਤੀ ਹੈ।
      80 ਪੰਨਿਆਂ, 130 ਰੁਪਏ ਕੀਮਤ ਵਾਲਾ ਕਾਵਿ ਸੰਗ੍ਰਹਿ ‘ਰਾਵਣ ਹੀ ਰਾਵਣ’ ਜੇ.ਪੀ.ਪਬਲੀਕੇਸ਼ਨ ਘਲੌੜੀ ਗੇਟ ਪਟਿਆਲਾ ਨੇ ਪ੍ਰਕਾਸ਼ਤ ਕੀਤਾ ਹੈ।
ਸੰਪਰਕ ਰਵਿੰਦਰ ਸਿੰਘ ਸੋਢੀ : 0016043692371
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
  ਮੋਬਾਈਲ-94178 13072
  ujagarsingh48@yahoo.com

ਟਰੰਪ ਦੀ ਟੀਮ ’ਚ ਪੰਜ ਭਾਰਤੀ ਅਮਰੀਕਨਾ ਦੀ ਬੱਲੇ-ਬੱਲੇ - ਉਜਾਗਰ ਸਿੰਘ

ਅਮਰੀਕਾ ਦੇ ਨਵੇਂ ਚੁਣੇ ਗਏ 47ਵੇਂ ਰਾਸ਼ਟਰਪਤੀ ਡੋਨਾਲਡ ਟਰੰਪ 20 ਜਨਵਰੀ ਨੂੰ ਦੂਜੀ ਵਾਰ ਰਾਸ਼ਟਰਪਤੀ ਦੇ ਅਹੁਦੇ ਦੀ ਸਹੁੰ ਚੁੱਕਣ ਜਾ ਰਹੇ ਹਨ। ਉਨ੍ਹਾਂ ਦੀ ਟੀਮ ਵਿੱਚ ਫਿਲਹਾਲ 5 ਭਾਰਤੀ ਮੂਲ ਦੇ ਅਮਰੀਕੀਆਂ ਲੈਫ਼.ਕਰਨਲ ਤੁਲਸੀ ਗਵਾਰਡ, ਵਿਵੇਕ ਗਨਪਥੀ ਰਾਮਾਸਵਾਮੀ, ਸ੍ਰੀ ਰਾਮ ਕ੍ਰਿਸ਼ਨਨ, ਜੈ (ਜਯੰਤ) ਭੱਟਾਚਾਰੀਆ ਅਤੇ  ਹਰਮੀਤ ਕੌਰ ਢਿਲੋਂ ਨੂੰ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਪੰਜਾਂ ਵਿੱਚ ਦੋ ਇਸਤਰੀਆਂ ਤੁਲਸੀ ਗਵਾਰਡ ਅਤੇ ਹਰਮੀਤ ਕੌਰ ਢਿਲੋਂ ਹਨ।  ਭਾਰਤੀ ਮੂਲ ਦੇ ਅਮਰੀਕਨ ਕਯਸ਼ਪ ਪ੍ਰਮੋਦ ਵਿਨੋਦ ਪਟੇਲ ਜੋ ਅਮਰੀਕਾ ਵਿੱਚ ਕੈਸ ਪਟੇਲ ਦੇ ਨਾਮ ਨਾਲ ਜਾਣੇ ਜਾਂਦੇ ਹਨ, ਉਨ੍ਹਾਂ ਨੂੰ ਫ਼ੈਡਰਲ ਬਿਓਰੋ ਆਫ਼ ਇਨਵੈਸਟੀਗੇਸ਼ਨ (ਐਫ਼.ਬੀ.ਆਈ.) ਦਾ ਡਾਇਰੈਕਟਰ ਨਿਯੁਕਤ ਕੀਤਾ ਹੈ। ਅਮਰੀਕਾ ਦੇ ਪ੍ਰਬੰਧਕੀ ਢਾਂਚੇ ਵਿੱਚ ਇਹ ਸਭ ਤੋਂ ਉਚਾ ਅਹੁਦਾ ਹੈ। ਕੈਸ ਪਟੇਲ ਦਾ ਕੈਰੀਅਰ ਵਿਲੱਖਣ ਹੈ। ਉਹ ਸ਼ਾਨਦਾਰ ਵਕੀਲ, ਜਾਂਚ ਕਰਤਾ ਅਤੇ ਅਮਰੀਕਾ ਦਾ ਫਸਟ ਯੋਧਾ ਹੈ। ਉਸਨੇ ਭਰਿਸ਼ਟਾਚਾਰ ਵਿਰੋਧੀ ਰੂਸ ਦੀ ਧੋਖ਼ੇਬਾਜ਼ੀ ਦਾ ਪਰਦਾ ਫਾਸ਼ ਕਰਨ ਵਿੱਚ ਮੁੱਖ ਭੂਮਿਕਾ ਨਿਭਾਈ ਸੀ। ਉਸ ਦੇ ਮਾਪੇ 1970 ਵਿੱਚ ਅਫ਼ਰੀਕਾ ਤੋਂ ਕੈਨੇਡਾ ਫਿਰ ਅਮਰੀਕਾ ਆਏ ਸਨ। 44 ਸਾਲਾ ਕੈਸ ਪਟੇਲ ਦਾ ਜਨਮ 25 ਫਰਵਰੀ 1980 ਨੂੰ ਅਮਰੀਕਾ ਦੇ ਗਾਰਡਨ ਸ਼ਹਿਰ ਨਿਊਯਾਰਕ ਵਿੱਚ ਭਾਰਤੀ ਗੁਜਰਾਤੀ ਇਮੀਗਰੈਂਟਸ ਮਾਪਿਆਂ ਦੇ ਘਰ ਹੋਇਆ, ਜਿਸਨੂੰ ਲਿਟਲ ਇੰਡੀਆ (ਕੂਈਨਜ਼ ਨਿਊਯਾਰਕ) ਕਿਹਾ ਜਾਂਦਾ ਹੈ। ਡੋਨਾਲਡ ਟਰੰਪ ਦੀ ਪਹਿਲੀ ਟਰਮ ਵਿੱਚ ਉਹ 2017 ਵਿੱਚ ਅਮਰੀਕੀ ਰੱਖਿਆ ਸਕੱਤਰ ਦੇ ਨੈਸ਼ਨਲ ਸੀਨੀਅਰ ਡਿਪਟੀ ਡਾਇਰੈਕਟਰ ਰੱਖਿਆ ਵਿੱਚ ਚੀਫ਼ ਆਫ਼ ਸਟਾਫ਼ ਨਿਯੁਕਤ ਸੀ। ਕੈਸ ਪਟੇਲ ਨੇ ਗਾਰਡਨ ਸਿਟੀ ਹਾਈ ਸਕੂਲ ਤੋਂ ਗ੍ਰੈਜੂਏਸ਼ਨ ਕੀਤੀ। ਇਸ ਤੋਂ ਬਾਅਦ 2002 ਵਿੱਚ ਰਿਚਮੰਡ ਯੂਨੀਵਰਸਿਟੀ ਤੋਂ  ਗ੍ਰੈਜੂਏਸ਼ਨ ਡਿਗਰੀ ਹਿਸਟਰੀ ਅਤੇ ਇਨ ਕਰਿਮੀਨਲ ਜਸਟਿਸ ਵਿੱਚ ਪਾਸ ਕੀਤੀਆਂ।  2004 ਵਿੱਚ ਯੂਨੀਵਰਸਿਟੀ ਕਾਲਜ ਲੰਡਨ ਤੋਂ ਸਰਟੀਫ਼ੀਕੇਟ ਆਫ਼ ਇੰਟਰਨੈਸ਼ਨਲ ਲਾਅ ਪ੍ਰਾਪਤ ਕੀਤਾ। ਉਸਨੇ ਕਾਨੂੰਨ ਦੀ ਡਿਗਰੀ ਪੇਸ ਯੂਨੀਵਰਸਿਟੀ ਸਕੂਲ ਆਫ਼ ਲਾਅ ਨਿਊਯਾਰਕ ਤੋਂ ਪਾਸ ਕੀਤੀ।


 ਡੋਨਾਲਡ ਟਰੰਪ ਨੇ 43 ਸਾਲਾ ਤੁਲਸੀ ਗਵਾਰਡ ਨੂੰ ਨੈਸ਼ਨਲ ਇਨਟੈਲੀਜੈਂਸ ਦਾ ਡਾਇਰੈਕਟਰ ਬਣਾਕੇ ਮਹੱਤਵਪੂਰਨ ਕੰਮ ਦਿੱਤਾ ਹੈ। ਤੁਲਸੀ ਗਵਾਰਡ ਦਾ ਪਿਛੋਕੜ ਆਰਮੀ ਦਾ ਹੈ। ਉਹ ਅਮਰੀਕਾ ਵਿੱਚ 9/11 ਦੇ ਹੋਏ ਹਮਲੇ ਤੋਂ ਬਾਅਦ ਆਰਮੀ ਨੈਸ਼ਨਲ ਗਾਰਡ ਵਿੱਚ ਸ਼ਾਮਲ ਹੋ ਗਈ ਸੀ। ਉਹ ਪਲਾਟੂਨ ਲੀਡਰ ਵਜੋਂ ਮੱਧ ਪੂਰਵ ਵਿੱਚ ਤਾਇਨਾਤ ਰਹੀ ਹੈ। ਉਸਨੇ ਆਪਣਾ ਸਿਆਸੀ ਕੈਰੀਅਰ 2006 ਵਿੱਚ ਸੈਨੇਟਰ ਵੈਟਰਨ ਅਫ਼ੇਅਰ ਕਮੇਟੀ ਦੇ ਉਸ ਸਮੇਂ ਦੇ ਚੇਅਰਮੈਨ ਸੈਨੇਟਰ ਡੇਨੀਅਲ ਅਕਾਕਾ ਲਈ ਇੱਕ ਵਿਧਾਨਿਕ ਸਹਾਇਕ ਵਜੋਂ ਕੰਮ ਕਰਕਦਿਆਂ ਸ਼ੁਰੂ ਕੀਤਾ ਸੀ। ਤੁਲਸੀ ਗਵਾਰਡ ਪਹਿਲੀ ਵਾਰ ਮਹਿਜ 21 ਸਾਲ ਦੀ ਉਮਰ ਵਿੱਚ ਹਵਾਈ ਹਾਊਸ ਆਫ਼ ਰਿਪ੍ਰਜੈਂਟੇਟਿਵ (ਪ੍ਰਤੀਨਿਧੀ ਸਭਾ) ਲਈ ਚੁਣੀ ਗਈ ਸੀ। ਉਹ 2013 ਤੋਂ 2021 ਤੱਕ ਹਵਾਈ ਦੇ ਦੂਜੇ ਜ਼ਿਲ੍ਹੇ ਦੀ ਕਾਂਗਰਸ ਮੈਂਬਰ ਰਹੀ ਹੈ। ਉਹ ਅਮਰੀਕੀ ਕਾਂਗਰਸ ਦੀ ਪਹਿਲੀ ਹਿੰਦੂ ਮੈਂਬਰ ਹੈ, ਜੋ ਚਾਰ ਵਾਰ ਵਿਮੈਨ ਕਾਂਗਰਸ ਰਹੀ ਹੈ। ਤੁਲਸੀ ਗਵਾਰਡ ਦਾ ਜਨਮ ਅਮਰੀਕੀ ਸਮੋਆ ਵਿੱਚ ਹੋਇਆ ਸੀ। ਉਸਦਾ ਪਾਲਣ ਪੋਸ਼ਣ ਹਵਾਈ ਵਿੱਚ ਹੋਇਆ ਪ੍ਰੰਤੂ ਉਸਨੇ ਆਪਣਾ ਬਚਪਨ ਫਿਲਪੀਨ ਵਿੱਚ ਬਿਤਾਇਆ। ਉਹ ਪਹਿਲਾਂ ਡੈਮੋਕਰੈਟਿਕ ਪਾਰਟੀ ਵਿੱਚ ਕੰਮ ਕਰਦੀ ਸੀ। ਉਸਨੇ 2020 ਵਿੱਚ ਅਮਰੀਕੀ ਰਾਸ਼ਟਰਪਤੀ ਦੀ ਚੋਣ ਲਈ ਨਾਮਜ਼ਦਗੀ ਦਾਖ਼ਲ ਕੀਤੀ ਸੀ ਪ੍ਰੰਤੂ ਫਿਰ ਉਹ ਜੋ ਬਾਇਡਨ ਦੇ ਹੱਕ ਵਿੱਚ ਵਿਦਡਰਾਅ ਕਰ ਗਈ ਸੀ। ਪਿਛਲੇ ਸਾਲ ਉਸਨੇ ਡੈਮੋਕਰੈਟਿਕ ਪਾਰਟੀ ਤੋਂ ਅਸਤੀਫ਼ਾ ਦੇ ਕੇ ਰਿਪਬਲਿਕਨ ਪਾਰਟੀ ਜਾਇਨ ਕਰ ਲਈ ਸੀ। ਤੁਲਸੀ ਗਵਾਰਡ ਭਗਵਦ ਗੀਤਾ ਨੂੰ ਆਪਣਾ ਅਧਿਆਤਮਿਕ ਮਾਰਗ ਦਰਸ਼ਕ ਮੰਨਦੀ ਹੈ। ਉਸਨੇ 2013 ਵਿੱਚ ਭਗਵਦ ਗੀਤਾ ਗ੍ਰੰਥ ‘ਤੇ ਹੱਥ ਰੱਖਕੇ ਸਹੁੰ ਚੁੱਕੀ ਸੀ ਤੇ 2014 ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਉਹ ਅਮਰੀਕਾ ਦੇ ਦੌਰੇ ‘ਤੇ ਗਏ ਸਨ, ਉਨ੍ਹਾਂ ਨੂੰ ਭਗਵਦ ਗੀਤਾ ਭੇਂਟ ਕੀਤੀ ਸੀ।
   ਡਾ.ਜੈ (ਜਯੰਤ) ਭੱਟਾਚਾਰੀਆ ਭਾਰਤੀ ਮੂਲ ਦੇ ਅਮਰੀਕੀ ਵਿਗਿਆਨੀ ਨੂੰ ਦੇਸ਼ ਦੀ ਚੋਟੀ ਦੀ ਸੰਸਥਾ ਦਾ ਡਾਇਰੈਕਟਰ ਨੈਸ਼ਨਲ ਇਨਸਟੀਚਿਊਟ ਆਫ਼ ਹੈਲਥ ਨਿਯੁਕਤ ਕੀਤਾ ਹੈ। ਜੈ ਭੱਟਾਚਾਰੀਆਂ ਇੱਕ ਮੰਨੇ ਪ੍ਰਮੰਨੇ ਵਿਗਿਆਨੀ ਹਨ, ਉਨ੍ਹਾਂ ਨੇ ਕਰੋਨਾ ਕਾਲ ਵਿੱਚ ਮਹੱਤਵਪੂਰਨ ਕੰਮ ਕੀਤਾ ਸੀ। ਉਹ ਅਮਰੀਕਾ ਦੀ ਕੋਵਿਡ ਪਾਲਿਸੀ ਦਾ ਕਰਿਟਿਕ ਰਿਹਾ ਹੈ। ਜੈ ਭੱਟਾਚਾਰੀਆ ਨੈਸ਼ਨਲ ਬਿਓਰੋ ਆਫ਼ ਇਕਨਾਮਿਕਸ ਰਿਸਰਚ ਐਂਡ ਐਨ ਇਨਸਟੀਚਿਊਟ ਆਫ਼ ਹੈਲਥ ਕੈਪੀਟੋਲ ਦਾ ਪ੍ਰੋਫ਼ੈਸਰ ਅਤੇ ਰਿਸਰਚ ਐਸੋਸੀਏਟ ਰਿਹਾ ਹੈ। ਉਹ ਪ੍ਰਾਇਮਰੀ ਯੂ.ਐਸ.ਪਬਲਿਕ ਫ਼ੰਡ ਮੈਡੀਕਲ ਰਿਸਰਚ ਲਈ 47.3 ਬਿਲੀਅਨ ਬਜਟ ਵਾਲੇ ਕੰਮ ਦੀ ਸੁਪਰਵੀਜਨ ਕਰਨਗੇ। ਇਸ ਸੰਸਥਾ ਦੀਆਂ 27 ਇਨਸਟੀਚਿਊਟ ਹਨ। ਉਨ੍ਹਾਂ ਆਰਟਸ ਵਿੱਚ ਬੀ.ਏ.ਆਨਰਜ਼ ਤੇ ਐਮ.ਏ ਪਾਸ ਕੀਤੀਆਂ, ਫਿਰ 1997 ਵਿੱਚ ਸਟੈਂਨਫ਼ੋਰਡ ਯੂਨੀਵਰਸਿਟੀ ਦੇ ਸਕੂਲ ਆਫ਼ ਮੈਡੀਸਨ ਤੋਂ ਡਿਗਰੀ ਕੀਤੀ। 2000 ਵਿੱਚ ਇਕਨਾਮਿਕਸ ਵਿੱਚ ਡਾਕਟਰੇਟ ਕੀਤੀ ਸੀ। ਜਯੰਤ ਭੱਟਾਚਾਰੀਆ ਦਾ ਜਨਮ 1968 ਵਿੱਚ ਕਲਕੱਤਾ ਵਿਖੇ ਹੋਇਆ। ਉਸਨੇ  ਮੁੱਢਲੀ ਪੜ੍ਹਾਈ ਕਲਕੱਤਾ ਵਿੱਚੋਂ ਪ੍ਰਾਪਤ ਕੀਤੀ। ਉਸਨੇ ਆਪਣਾ ਕੈਰੀਅਰ 1998 ਵਿੱਚ ਆਰਥ ਸ਼ਾਸਤਰੀ ਦੇ ਤੌਰ ਤੇ ਸ਼ੁਰੂ ਕੀਤਾ। ਉਹ 2006 ਤੋਂ 2008 ਤੱਕ ਰਿਸਰਚ ਫ਼ੈਲੋ ਰਹੇ।
   ਡੋਨਾਲਡ ਟਰੰਪ ਫੈਡਰਲ ਸਰਕਾਰ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਚਿੰਤਾਤੁਰ ਹਨ। ਇਸ ਲਈ ਉਨ੍ਹਾਂ ਨੇ ਵਿਵੇਕ ਰਾਮਾ ਸਵਾਮੀ ਨੂੰ ਗਵਰਨਮੈਂਟ ਐਫ਼ੀਸ਼ੈਂਸੀ, ਸਰਕਾਰੀ ਖ਼ਰਚੇ ਘਟਾਉਣ ਵਾਲਾ (ਰੀਕਨਸਟਰਕਸ਼ਨ ਆਫ਼ ਫ਼ੈਡਰਲ ਏਜੰਸੀਜ਼) ਮਹੱਤਪੂਰਨ ਵਿਭਾਗ ਦਾ ਕੰਮ ਸੌਂਪਿਆ ਹੈ। ਉਹ ਐਲਨ ਮਸਕ ਦੇ ਨਾਲ ਕੰਮ ਕਰਨਗੇ। 39 ਸਾਲਾ ਵਿਵੇਕ ਰਾਮਾ ਸਵਾਮੀ ਅਮਰੀਕਾ ਦਾ ਵੱਡਾ ਉਦਮੀ ਹੈ, ਜਿਹੜਾ ਅਮਰੀਕਾ ਦੇ 2024 ਦੀ 100 ਅਮੀਰ ਵਿਅਕਤੀਆਂ ਦੀ ਸੂਚੀ ਵਿੱਚ ਸ਼ਾਮਲ ਹੈ। ਉਸਨੇ 2014 ਵਿੱਚ ‘ਰੋਇਵਾਂਟ ਸਾਇੰਸਜ਼ ਲਿਮਟਿਡ’ ਮਲਟੀਨੈਸ਼ਨਲ ਹੈਲਥ ਕੇਅਰ ਕੰਪਨੀ ਬਣਾਈ ਸੀ। ਇਸ ਕੰਪਨੀ ਦਾ ਮੁੱਖ ਦਫ਼ਤਰ ਨਿਊਯਾਰਕ ਵਿੱਚ ਹੈ। ਇਸ ਖੇਤਰ ਦਾ ਉਹ ਵੱਡਾ ਕਾਰੋਬਾਰੀ ਹੈ। ਉਸਦਾ ਸਮੁੱਚਾ ਬਾਇਓਟੈਕ ਅਤੇ ਵਿਤੀ ਕਾਰੋਬਾਰ 960 ਮਿਲੀਅਨ ਦਾ ਹੈ। ਇਸ ਲਈ ਡੋਨਾਲਡ ਟਰੰਪ ਨੇ ਉਸਦੀ ਕਾਬਲੀਅਤ ਦਾ ਲਾਭ ਉਠਾਉਣ ਲਈ ਇਹ ਜ਼ਿੰਮੇਵਾਰੀ ਦਿੱਤੀ ਹੈ। ਫ਼ੈਡਰਲ ਸਰਕਾਰ ਦੀ ਆਰਥਿਕ ਹਾਲਤ ਮਜ਼ਬੂਤ ਕਰਨ ਦੀ ਜ਼ਿੰਮੇਵਾਰੀ ਵਿਵੇਕ ਰਾਮਾਸਵਾਮੀ ਨੇ ਸਵੈ-ਇੱਛਾ ਨਾਲ ਲਈ ਹੈ। ਫਰਵਰੀ 2023 ਵਿੱਚ ਉਸਨੇ 2024 ਦੀ ਰਾਸ਼ਟਰਪਤੀ ਚੋਣ ਲਈ ਨਾਮਜ਼ਦਗੀ ਦਾਖਲ ਕੀਤੀ ਸੀ, ਪ੍ਰੰਤੂ ਜਨਵਰੀ 2024 ਵਿੱਚ ਵਿਦਡਰਾਅ ਕਰ ਗਿਆ ਸੀ। ਉਹ ਹਾਰਵਰਡ ਯੂਨੀਵਰਸਿਟੀ ਦੀ ਪੋਲੀਟੀਕਲ ਯੂਨੀਅਨ ਦਾ ਪ੍ਰਧਾਨ ਵੀ ਰਿਹਾ ਹੈ। ਵਿਵੇਕ ਰਾਮਾ ਸਵਾਮੀ ਦਾ ਜਨਮ 9 ਅਗਸਤ 1985 ਨੂੰ ਭਾਰਤੀ ਇਮੀਗਰੈਂਟਸ ਮਾਪਿਆਂ ਮਾਤਾ ਗੀਥਾ ਰਾਮਾ ਸਵਾਮੀ ਅਤੇ ਪਿਤਾ ਵੀ.ਜੀ.ਰਾਮਾ ਸਵਾਮੀ ਦੇ ਘਰ ਹੋਇਆ। ਉਸਦਾ ਪਰਿਵਾਰ ਕੇਰਲਾ ਰਾਜ ਦੇ ਤਾਮਿਲ ਸਾਈਕਿੰਗ ਬ੍ਰਾਹਮਣ ਪਰਿਵਾਰ ਨਾਲ ਸੰਬੰਧ  ਰੱਖਦਾ ਹੈ। ਉਹ ਹਾਰਡਰਡ ਯੂਨੀਵਰਸਿਟੀ ਵਿੱਚ ਪੜ੍ਹਿਆ ਹੈ। ਵਿਵੇਕ ਰਾਮਾ ਸਵਾਮੀ ਨੇ ਬੀ.ਏ.ਬਾਇਆਲੋਜੀ ਵਿਸ਼ੇ ਵਿੱਚ ਅਤੇ ਲਾਅ ਯੇਲ ਯੂਨੀਵਰਸਿਟੀ ਤੋਂ ਪਾਸ ਕੀਤੀ।  ਉਸਦਾ ਵਿਆਹ ਅਪੂਰਵਾ.ਟੀ.ਰਾਮਾਸਵਾਮੀ ਨਾਲ ਹੋਇਆ। ਇਸ ਸਮੇਂ ਉਹ ਓਹੀਓ ਰਾਜ ਦੇ ਸਿਨਸਿਨਾਟੀ ਸ਼ਹਿਰ ਵਿੱਚ ਰਹਿੰਦੇ ਹਨ।
   ਇਸੇ ਤਰ੍ਹਾਂ ਭਾਰਤੀ ਮੂਲ ਦੇ ਅਮਰੀਕੀ ਸ੍ਰੀ ਰਾਮ ਕ੍ਰਿਸ਼ਨਨ ਨੂੰ ਆਰਟੀਫ਼ੀਸ਼ੀਅਲ ਇਨਟੈਲੀਜੈਂਸ ਬਾਰੇ ਵਾਈਟ ਹਾਊਸ ਦਾ ਸੀਨੀਅਰ ਨੀਤੀ ਸਲਾਹਕਾਰ ਨਿਯੁਕਤ ਕੀਤਾ ਹੈ। ਉਹ ਵਾਈਟ ਹਾਊਸ ਆਫਿਸ ਆਫ਼ ਸਾਇੰਸ ਐਂਡ ਟੈਕਨਾਲੋਜੀ ਪਾਲਿਸੀ ਵਿੱਚ ਆਫ਼ੀਸ਼ੀਅਲ ਇਨਟੈਲੀਜੈਂਸ ਲਈ ਸੀਨੀਅਰ ਨੀਤੀ ਸਲਾਹਕਾਰ ਵਜੋਂ ਜੋ ਡੇਵਿਡ.ਓ .ਸਾਕਸ ਨਾਲ ਕੰਮ ਕਰਨਗੇ। ਉਹ ਪੌਡਕਾਸਟਰ, ਲੇਖਕ ਅਤੇ ਪ੍ਰੋਡਕਟ ਮੈਨੇਜਰ ਵੀ ਰਹੇ ਹਨ। ਉਹ ਪਹਿਲਾਂ ਮਾਈਕ੍ਰੋਸਾਫਟ, ਟਵਿਟਰ, ਯਾਹੂ, ਫੇਸ ਬੁੱਕ ਤੇ ਸਨੈਪ ਉਤਪਾਦ ਟੀਮਾਂ ਦੀ ਅਗਵਾਈ ਕਰ ਚੁੱਕੇ ਹਨ। ਸ੍ਰੀ ਰਾਮ ਕ੍ਰਿਸ਼ਨਨ ਆਦਰੇਸੇਨ ਹੋਰੋਵਿਟਜ਼ ਕੰਪਨੀ ਵਿੱਚ 2021 ਵਿੱਚ ਸ਼ਾਮਲ ਹੋਏ। ਉਸ ਨੇ ਆਪਣੀ ਪਤਨੀ ਆਰਤੀ ਰਾਮ ਮੂਰਥੀ ਨਾਲ ਰਲਕੇ ‘ਕਲੱਬ ਟਾਕ ਸ਼ੋ’ ਸ਼ੁਰੂ ਕੀਤਾ ਸੀ, ਜਿਹੜਾ ਬਹੁਤ ਹੀ ਹਰਮਨ ਪਿਆਰਾ ਬਣ ਗਿਆ। ਸਾਲ 2023 ਵਿੱਚ ਉਸਨੂੰ ਕੰਪਨੀ ਦੇ ਲੰਦਨ ਦਫ਼ਤਰ ਦਾ ਇਨਚਾਰਜ ਲਗਾਇਆ ਗਿਆ। ਉਹ ਸਾਫ਼ਟਵੇਅਰ ਇੰਜਿਨੀਅਰ ਹਨ ਅਤੇ ਸਿਲੀਕੋਨ ਵੈਲੀ ਵਿੱਚ ਜਾਣਿਆਂ ਪਛਾਣਿਆਂ ਨਾਮ ਹੈ।
  ਉਸਦਾ 1984 ਵਿੱਚ ਚਨਈ ਤਾਮਿਲਨਾਡੂ ਵਿੱਚ ਜਨਮ ਹੋਇਆ। ਉਹ ਮਧ ਵਰਗ ਦੇ ਪਰਿਵਾਰ ਵਿੱਚੋਂ ਹੈ। ਉਸਨੇ 1990 ਵਿੱਚ ਆਪਣੇ ਪਿਤਾ ਨੂੰ ਕੰਪਿਊਟਰ ਖ੍ਰੀਦਣ ਲਈ ਮਨਾਇਆ, ਉਸ ਕੋਲ ਇੰਟਰਨੈਟ ਨਹੀਂ ਸੀ ਪ੍ਰੰਤੂ ਉਹ ਕੋਡਿੰਗ ਪੁਸਤਕਾਂ ਲੈ ਕੇ ਸਿੱਖਦਾ ਰਿਹਾ। ਇਥੇ ਹੀ ਉਸਦਾ ਆਰਤੀ ਨਾਲ ਮੇਲ ਹੋਇਆ, ਜੋ ਵਿਆਹ ਵਿੱਚ ਬਦਲ ਗਿਆ। ਉਸਨੇ 2001 ਤੋਂ 2005 ਤੱਕ ਐਸ.ਆਰ.ਐਮ.ਯੂਨੀਵਰਸਿਟੀ ਤੋਂ ਬੀ.ਟੈਕ ਦੀ ਡਿਗਰੀ ਕੀਤੀ ਤੇ ਫਿਰ ਅਮਰੀਕਾ ਆ ਗਿਆ। 2007 ਵਿੱਚ ਉਸਨੇ ਆਪਣਾ ਕੈਰੀਅਰ ਮਾਈਕਰੋਸਾਫਟ ਵਿੱਚ ਬਤੌਰ ਪ੍ਰੋਗਰਾਮ ਮੈਨੇਜਰ ਵਿਸ਼ਾਲ ਸਟੂਡੀਓ ਤੋਂ ਸ਼ੁਰੂ ਕਰਕੇ ਇੰਟਰਨੈਟ ਨੂੰ ਆਪਣਾ ਕੈਰੀਅਰ ਬਣਾਇਆ। ਫਰਵਰੀ 2021 ਵਿੱਚ ਉਹ ਅਮਰੀਕਨ ਵੈਂਚਰ ਕੈਪੀਟਲ ਫਰਮ ‘ਐਂਡਰਸਨ ਹੋਰਵਿਟਜ’ ਵਿੱਚ ਜਨਰਲ ਪਾਟਨਰ ਨਿਯੁਕਤ ਹੋ ਗਿਆ। ਉਹ ਆਪਣੀ ਪਤਨੀ ਆਰਤੀ ਰਾਮਮੂਰਥੀ ਨਾਲ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ‘ਦਾ ਆਰਤੀ ਤੇ ਸ੍ਰੀਰਾਮ ਸ਼ੋਅ ’ਦੀ ਮੇਜ਼ਬਾਨੀ ਕੀਤੀ।
    ਹਰਮੀਤ ਕੌਰ ਢਿਲੋਂ ਨੂੰ  ਨਿਆਂ ਵਿਭਾਗ ਵਿੱਚ ਸਿਵਲ ਰਾਈਟਸ ਲਈ ਸਹਾਇਕ ਅਟਾਰਨੀ ਜਨਰਲ ਨਿਯੁਕਤ ਕੀਤਾ ਗਿਆ ਹੈ। ਹਰਮੀਤ ਕੌਰ ਢਿਲੋਂ ਪੰਜਾਬਣ/ਜੱਟ ਸਿੱਖ ਭਾਈਚਾਰੇ ਨਾਲ ਸੰਬੰਧ ਰੱਖਦੀ ਹੈ।   ਜੁਲਾਈ 2024 ਵਿੱਚ ਜਦੋਂ ਡੋਨਾਲਡ ਟਰੰਪ ‘ਤੇ ਇੱਕ ਚੋਣ ਜਲਸੇ ਵਿੱਚ ਹਮਲਾ ਹੋਇਆ ਸੀ, ਉਸ ਤੋਂ ਬਾਅਦ ਹਰਮੀਤ ਕੌਰ ਢਿਲੋਂ ਨੇ ਇੱਕ ਹੋਰ ਜਲਸੇ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਿੱਖ ਪਰੰਪਰਾਵਾਂ ਅਨੁਸਾਰ ਉਸਦੀ ਸਿਹਤਯਾਬੀ, ਜਿੱਤ ਅਤੇ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਸੀ। ਉਸਨੇ ਆਪਣਾ ਕੈਰੀਅਰ ਸੰਵਿਧਾਨਿਕ ਅਹੁਦਿਆਂ ਤੋਂ ਸ਼ੁਰੂ ਕੀਤਾ ਸੀ।  ਉਹ ਡੋਨਾਲਡ ਟਰੰਪ ਲਈ ਕਾਨੂੰਨੀ ਵੋਟਾਂ ਦੀ ਗਿਣਤੀ ਨੂੰ ਯਕੀਨੀ ਬਣਾਉਣ ਲਈ ਲੜ ਰਹੀ ਸੀ। ਉਹ ਵਰਜੀਨੀਆ ਸਟੇਟ ਦੇ ਡਾਰਮਾਊਥ ਕਾਲਜ ਅਤੇ ਲਾਅ ਸਕੂਲ ਯੂਨੀਵਰਸਿਟੀ ਦੀ ਗ੍ਰੈਜੂਏਟ ਹੈ। ਉਹ ਯੂ.ਐਸ.ਫੋਰਥ ਸਰਕਟ ਕੋਰਟ ਆਫ਼ ਅਪੀਲਜ਼ ਵਿੱਚ ਕਲਰਕ ਰਹੀ ਹੈ। ਉਹ ਰਿਪਬਲਿਕਨ ਪਾਰਟੀ ਦੀ ਪ੍ਰਧਾਨਗੀ ਦੀ ਚੋਣ ਵੀ ਲੜੀ ਪ੍ਰੰਤੂ ਅਸਫਲ ਰਹੀ ਸੀ। ਉਹ ਸਿਵਲ ਰਾਈਟਸ ਕਾਰਕੁਨ ਅਤੇ ਫਰੀ ਸਪੀਚ ਦੀ ਆਜ਼ਾਦੀ ਦੀ ਸਪੋਰਟਰ ਹੈ। ਕੋਵਿਡ ਦੌਰਾਨ ਇਸਾਈਆਂ ਦੀਆਂ ਪ੍ਰੇਅਰ ਮੀਟਿੰਗਾਂ ਤੇ ਲਗਾਈਆਂ ਪਾਬੰਦੀਆਂ ਵਿਰੁਧ ਉਨ੍ਹਾਂ ਦੀ ਵਕੀਲ ਸੀ। ਉਹ ‘ਢਿਲੋਂ ਲਾਅ ਗਰੁਪ’ ਦੀ ਇੱਕ ਸੰਸਥਾਪਕ ਅਤੇ ਸੀਨੀਅਰ ਪਾਰਟਨਰ ਹੈ।
   ਹਰਮੀਤ ਕੌਰ ਦਾ ਜਨਮ 2 ਅਪ੍ਰੈਲ 1969 ਨੂੰ ਪਿਤਾ ਤੇਜਪਾਲ ਸਿੰਘ ਦੇ ਘਰ ਚੰਡੀਗੜ੍ਹ ਵਿੱਚ ਹੋਇਆ ਸੀ। ਉਸਦਾ ਪਰਿਵਾਰ ਧਾਰਮਿਕ ਖਿਆਲਾਂ ਵਾਲਾ ਸੀ ਤੇ ਉਹ ਕੀਰਤਨ ਕਰਨ ਜਾਣਦੀ ਹੈ। ਉਸਦਾ ਵਿਆਹ ਸਰਵਜੀਤ ਸਿੰਘ ਨਾਲ ਰੰਧਾਵਾ ਨਾਲ ਹੋਇਆ ਸੀ, ਜੋ ਸਵਰਗਵਾਸ ਹੋ ਚੁੱਕੇ ਹਨ।
 ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
  ਮੋਬਾਈਲ-94178 13072
  ujagarsingh48@yahoo.com

ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਦੇ ਅਸਤੀਫ਼ੇ ਤੋਂ ਬਾਅਦ ਵੀ ਭੰਬਲਭੂਸੇ ਵਿੱਚ - ਉਜਾਗਰ ਸਿੰਘ

ਭਾਵੇਂ ਮੁਕਤਸਰ ਵਿਖੇ ਮਾਘੀ ਦੇ ਮੇਲੇ ‘ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਧੜੇ ਦੀ ਕਾਨਫ਼ਰੰਸ ਆਸ ਤੋਂ ਜ਼ਿਆਦਾ ਸਫ਼ਲ ਰਹੀ ਹੈ ਪ੍ਰੰਤੂ ਅਜੇ ਵੀ ਸ਼੍ਰੋਮਣੀ ਅਕਾਲੀ ਦਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫ਼ੈਸਲੇ ਨੂੰ ਅਧੂਰਾ ਪ੍ਰਵਾਨ ਕਰਨ ਕਰਕੇ ਭੰਬਲਭੂਸੇ ਵਿੱਚ ਹੈ। ਸਿੱਖਾਂ ਦੀ ਪ੍ਰਤੀਨਿਧਤਾ ਕਰਨ ਲਈ ਇੱਕ ਹੋਰ ਨਵਂੀਂ ਪਾਰਟੀ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਬਣ ਗਈ ਹੈ। ਦੇਸ਼ ਦੀ ਸਭ ਤੋਂ ਪੁਰਾਣੀ ਰੀਜਨਲ ਪਾਰਟੀ ਅੱਜ ਕਲ੍ਹ ਡਾਵਾਂਡੋਲ ਹੋ ਕੇ ਲੜਖੜਾ ਰਹੀ ਹੈ। ਪਾਰਟੀ ਧੜੇਬੰਦੀ ਕਰਕੇ ਖਖੜੀਆਂ-ਖਖੜੀਆਂ ਹੋਈ ਪਈ ਹੈ। ਇਸ ਦਾ ਮੁੱਖ ਕਾਰਨ ਨੇਤਾਵਾਂ ਦੀ ਖੁਦਗਰਜ਼ੀ ਹੈ। ਆਜ਼ਾਦੀ ਦੇ ਸੰਗਰਾਮ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਤੇ ਜੇਲ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਨੇਤਾਵਾਂ ਅਤੇ ਵਰਕਰਾਂ ਨੇ ਦਿੱਤੀਆਂ/ਕੱਟੀਆਂ ਸਨ। ਅੱਜ ਇਸ ਪਾਰਟੀ  ਅਤੇ ਇਸਦੇ ਨੇਤਾਵਾਂ ਦੀ ਪੁਜੀਸ਼ਨ ਤਰਸਯੋਗ ਹੋਈ ਪਈ ਹੈ। ਆਪਸੀ ਖਹਿਬਾਜ਼ੀ, ਹਓਮੈ, ਖੁੰਦਕ ਅਤੇ ਬੇਇਤਫਾਕੀ ਪਾਰਟੀ ਦੇ ਅਸਫਲ ਹੋਣ ਦੀ ਜ਼ਿੰਮੇਵਾਰ ਹੈ। ਸੁਖਬੀਰ ਸਿੰਘ ਬਾਦਲ ਦਾ ਅਸਤੀਫ਼ਾ ਪ੍ਰਵਾਨ ਹੋਣ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਦੇ ਵੱਖ-ਵੱਖ ਧੜਿਆਂ ਵਿੱਚ ਏਕਤਾ ਹੋਣ ਦੀ ਸੰਭਾਵਨਾ ਵਿਖਾਈ ਨਹੀਂ ਦੇ ਰਹੀ, ਕਿਉਂਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਨੂੰ ਸੰਪੂਰਨ ਰੂਪ ਵਿੱਚ ਲਾਗੂ ਨਹੀਂ ਕੀਤਾ ਗਿਆ। 2 ਦਸੰਬਰ 2024 ਨੂੰ ਸ੍ਰੀ ਅਕਾਲ ਤਖ਼ਤ ਤੋਂ ਪੰਜ ਸਿੰਘ ਸਾਹਿਬਾਨ ਨੇ ਸੁਖਬੀਰ ਸਿੰਘ ਬਾਦਲ ਨੂੰ ਧਾਰਮਿਕ ਤਨਖ਼ਾਹ ਲਾਉਣ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਅਸਤੀਫ਼ਾ ਤਿੰਨ ਦਿਨਾ ਵਿੱਚ ਪ੍ਰਵਾਨ ਕਰਨ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਨਵੇਂ ਸਿਰੇ ਤੋਂ ਮੈਂਬਰਸ਼ਿਪ ਸ਼ੁਰੂ ਕਰਕੇ 6 ਮਹੀਨੇ ਵਿੱਚ ਨਵਾਂ ਪ੍ਰਧਾਨ ਚੁਣਨ ਲਈ ਕਿਹਾ ਗਿਆ ਸੀ। ਸੁਖਬੀਰ ਸਿੰਘ ਬਾਦਲ ਨੇ 14 ਨਵੰਬਰ 2024 ਵਿੱਚ ਅਸਤੀਫ਼ਾ ਦਿੱਤਾ ਸੀ। ਉਸਦੇ ਅਸਤੀਫ਼ਾ ਦੇਣ ਤੋਂ 55 ਦਿਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਜ਼ਾਰੀ ਹੋਣ ਤੋਂ 39 ਦਿਨ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਸੁਖਬੀਰ ਸਿੰਘ ਬਾਦਲ ਦਾ ਅਸਤੀਫ਼ਾ ਤਾਂ ਜਕੋ ਤਕੋ ਕਰਦਿਆਂ ਪ੍ਰਵਾਨ ਕਰ ਲਿਆ ਪ੍ਰੰਤੂ ਅਕਾਲੀ ਦਲ ਦੀ ਨਵੀਂ ਭਰਤੀ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮਨਾਮਾ ਪ੍ਰਵਾਨ ਨਹੀਂ ਕੀਤਾ ਸਗੋਂ ਆਪਣੇ ਧੜੇ ਦੇ ਮੈਂਬਰਾਂ ਨੂੰ ਹੀ ਭਰਤੀ ਕਰਨ ਲਈ ਹਦਾਇਤਾਂ ਤੁਰੰਤ ਕਰਕੇ 20 ਜਨਵਰੀ 2025 ਤੋਂ 28 ਫ਼ਰਵਰੀ 2025 ਤੱਕ ਤੱਤ ਭੜੱਤੀ ਵਿੱਚ ਸਿਰਫ 38 ਦਿਨਾ ਵਿੱਚ 25 ਲੱਖ ਮੈਂਬਰ ਬਣਾਉਣ ਦੇ ਹੁਕਮ ਜ਼ਾਰੀ ਕਰ ਦਿੱਤੇ। 1 ਮਾਰਚ 2025 ਨੂੰ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਚੋਣ ਦਾ ਵੀ ਐਲਾਨ ਕਰ ਦਿੱਤਾ। ਜਦੋਂ ਕਿ ਐਨੀ ਵੱਡੀ ਐਕਸਰਸਾਈਜ਼ ਇਤਨੇ ਘੱਟ ਸਮੇਂ ਵਿੱਚ ਸੰਭਵ ਹੀ ਨਹੀਂ। ਸਿਆਸੀ ਪਾਰਟੀਆਂ ਆਮ ਤੌਰ ‘ਤੇ ਮੈਂਬਰਸ਼ਿਪ ਸਿਰਫ਼ ਕਾਗਜ਼ੀ ਕਾਰਵਾਈ ਨਾਲ ਕਰਦੀਆਂ ਹਨ। ਚੋਣਵੇਂ ਨੇਤਾਵਾਂ ਨੂੰ ਫਾਰਮ ਭਰਨ ਲਈ ਦਿੱਤੇ ਜਾਂਦੇ ਹਨ, ਉਹ ਘਰ ਬੈਠੇ ਹੀ ਫ਼ਰਜ਼ੀ ਵਿਅਕਤੀਆਂ ਦੇ ਫਾਰਮ ਭਰਕੇ ਨਿਸਚਤ ਕੀਤੀ ਫੀਸ ਆਪਣੇ ਕੋਲੋਂ ਹੀ ਭਰ ਦਿੰਦੇ ਹਨ। ਅਕਾਲੀ ਵੀ ਇਸੇ ਤਰ੍ਹਾਂ ਕਰੇਗਾ ਕਿਉਂਕਿ ਪ੍ਰਣਾਲੀ ਅਨੁਸਾਰ ਫਾਰਮ ਭਰਨ ਦਾ ਸਮਾਂ ਹੀ ਨਹੀਂ। ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਤਾਂ ਫਾਰਮਾ ਦੇ ਨਾਲ ਆਧਾਰ ਕਾਰਡ ਲਗਵਾਉਣ ਲਈ ਕਿਹਾ ਸੀ। ਸ਼੍ਰੋਮਣੀ ਅਕਾਲੀ ਦਲ ਦੇ ਦੂਜੇ ਧੜੇ ਜਿਸਨੂੰ ਬਾਗੀ ਕਿਹਾ ਜਾਂਦਾ ਹੈ, ਉਨ੍ਹਾਂ ਦੇ ਕਿਸੇ ਵੀ ਮੈਂਬਰ ਨੂੰ ਨਵੀਂ ਭਰਤੀ ਕਰਵਾਉਣ ਵਾਲੇ ਨੇਤਾਵਾਂ ਦੀ ਸੂਚੀ  ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਨਾਮਜਦ ਕੀਤੇ ਦੋ ਮੈਂਬਰ ਮਨਪ੍ਰੀਤ ਸਿੰਘ ਇਆਲੀ ਅਤੇ ਸੰਤਾ ਸਿੰਘ ਉਮੈਦਪੁਰੀ ਨੇ ਭਰਤੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਸ੍ਰੀ ਅਕਾਲ ਤਖ਼ਤ ਵੱਲੋਂ ਜਿਹੜੀ 7 ਮੈਂਬਰੀ ਕਮੇਟੀ ਬਣਾਈ ਗਈ ਸੀ, ਉਸ ਵਿੱਚੋਂ ਤਾਂ ਸਿਰਫ ਮੈਂਬਰ  ਹਰਜਿੰਦਰ ਸਿੰਘ ਧਾਮੀ ਅਤੇ ਮਨਪ੍ਰੀਤ ਸਿੰਘ ਇਆਲੀ ਨੂੰ ਹੀ ਨਵੀਂ ਸੂਚੀ ਵਿੱਚ ਰੱਖਿਆ ਗਿਆ ਹੈ। ਗੁਰਪ੍ਰਤਾਪ ਸਿੰਘ ਵਡਾਲਾ, ਪ੍ਰੋ ਕ੍ਰਿਪਾਲ ਸਿੰਘ ਬਡੂੰਗਰ ਅਤੇ ਇੱਕ ਹੋਰ ਬੀਬੀ ਸਤਵੰਤ ਕੌਰ ਨੂੰ ਵੀ ਸੂਚੀ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਹੁਣ ਜਿਹੜੀ ਨਵੇਂ ਮੈਂਬਰਾਂ ਦੀ ਭਰਤੀ ਹੋਵੇਗੀ ਉਹ ਪਹਿਲਾਂ ਡੈਲੀਗੇਟ ਚੁਣਨਗੇ ਤੇ ਫਿਰ ਉਹ ਡੈਲੀਗੇਟ ਨਵਾਂ ਪ੍ਰਧਾਨ ਚੁਣਨਗੇ। ਸੁਖਬੀਰ ਸਿੰਘ ਬਾਦਲ ਦਾ ਅਸਤੀਫ਼ਾ ਪ੍ਰਵਾਨ ਕਰਦਿਆਂ ਹੀ ਪ੍ਰੈਸ ਕਾਨਫ਼ਰੰਸ ਵਿੱਚ ਨਵੀਂ ਮੈਂਬਰਸ਼ਿਪ ਬਣਾਉਣ ਵਾਲੇ ਨੇਤਾਵਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ। ਇਸ ਦਾ ਅਰਥ ਹੈ ਕਿ ਸੂਚੀ ਪਹਿਲਾਂ ਹੀ ਬਣਾਈ ਹੋਈ ਸੀ। ਅਜਿਹੇ ਹਾਲਾਤ ਵਿੱਚ ਸੁਖਬੀਰ ਸਿੰਘ ਬਾਦਲ ਦੇ ਦੁਬਾਰਾ ਪ੍ਰਧਾਨ ਬਣਨ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ? ਕਿਉਂਕਿ ਮੈਂਬਰਸ਼ਿਪ ਬਣਾਉਣ ਵਾਲੇ ਨੇਤਾ ਉਸਦੇ ਆਪਣੇ ਧੜੇ ਨਾਲ ਹੀ ਸੰਬੰਧਤ ਹਨ। ਪੰਚਾਇਤ ਦਾ ਕਹਿਣਾ ਸਿਰ ਮੱਥੇ ਪ੍ਰੰਤੂ ਪ੍ਰਨਾਲਾ ਉਥੇ ਦਾ ਉਥੇ ਹੀ ਵਾਲੀ ਗੱਲ ਹੋ ਰਹੀ ਹੈ। ਏਥੇ ਇਹ ਵੀ ਦੱਸਣਾ ਠੀਕ ਸਮਝਦਾ ਹਾਂ ਕਿ ਸਿਆਸੀ ਪਾਰਟੀਆਂ ਦੀ ਭਰਤੀ ਦੀ ਪ੍ਰਕ੍ਰਿਆ ਦੀ ਕੀ ਪ੍ਰਣਾਲੀ ਹੁੰਦੀ ਹੈ? ਮੈਂ ਪਿਛਲੇ 45 ਸਾਲ ਤੋਂ ਸਿਆਸੀ ਪਾਰਟੀਆਂ ਦੀ ਭਰਤੀ ਦੀ ਪ੍ਰਣਾਲੀ ਬਾਰੇ ਨੇੜਿਉਂ ਵੇਖਦਾ ਆ ਰਿਹਾ ਹਾਂ। ਜਿਹੜੇ ਭਰਤੀ ਕਰਨ ਲਈ ਨੇਤਾਵਾਂ ਨੂੰ ਅਖ਼ਤਿਆਰ ਦਿੱਤੇ ਜਾਂਦੇ ਹਨ, ਉਹ ਆਪਣੇ ਵਿਸ਼ਵਾਸ਼ ਪਾਤਰਾਂ ਨੂੰ ਮੈਂਬਰਸ਼ਿਪ ਬਣਾਉਣ ਲਈ ਮੈਂਬਰ ਬਣਨ ਦੇ ਫਾਰਮ ਉਪਲਭਧ ਕਰਵਾਉਂਦੇ ਹਨ, ਵਿਰੋਧੀਆਂ ਨੂੰ ਮੈਂਬਰਸ਼ਿਪ ਫਾਰਮ ਦਿੱਤਾ ਹੀ ਨਹੀਂ ਜਾਂਦਾ। ਜਦੋਂ ਕਿਸੇ ਕੋਲ ਮੈਂਬਰਸ਼ਿਪ ਫਾਰਮ ਹੀ ਨਹੀਂ ਹੋਵੇਗਾ ਤਾਂ ਉਹ ਮੈਂਬਰ ਕਿਵੇਂ ਬਣਨਗੇ? ਬਾਕਾਇਦਾ ਫਾਰਮਾ ‘ਤੇ ਸੀਰੀਅਲ ਨੰਬਰ ਲੱਗਿਆ ਹੁੰਦਾ ਹੈ। ਭਾਵ ਨੇਤਾ ਆਪਣੀ ਮਰਜ਼ੀ ਦੇ ਮੈਂਬਰ ਹੀ ਬਣਾਉਣਗੇ ਤੇ ਫਿਰ ਉਹ ਹੀ ਡੈਲੀਗੇਟਾਂ ਦੀ ਚੋਣ ਕਰਨਗੇ। ਉਹ ਡੇਲੀਗੇਟ ਬਲਾਕ, ਜ਼ਿਲ੍ਹਾ ਅਤੇ ਰਾਜ ਪੱਧਰ ਦੇ ਅਹੁਦੇਦਾਰਾਂ ਦੀ ਚੋਣ ਕਰਨਗੇ। ਜਦੋਂ ਮੈਂਬਰ ਹੀ ਸੁਖਬੀਰ ਸਿੰਘ ਬਾਦਲ ਦੇ ਇੱਕੋ ਧੜੇ ਦੇ ਹੋਣਗੇ ਫਿਰ ਪ੍ਰਧਾਨ ਤਾਂ ਉਹ ਹੀ ਬਣੇਗਾ, ਜਿਸਨੂੰ ਸੁਖਬੀਰ ਸਿੰਘ ਬਾਦਲ ਚਾਹੇਗਾ। ਹੋਰ ਕਿਸੇ ਦੇ ਪ੍ਰਧਾਨ ਬਣਨ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਅਕਾਲੀ ਫੁੱਟ ਦਾ ਸ਼ਿਕਾਰ ਰਹੇਗਾ। ਸੁਖਬੀਰ ਸਿੰਘ ਬਾਦਲ ਨੂੰ 2008 ਵਿੱਚ ਉਸਦੇ ਪਿਤਾ ਸਵਰਗਵਾਸੀ ਸ੍ਰ.ਪਰਕਾਸ਼ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦਾ ਆਪਣੀ ਥਾਂ ਪ੍ਰਧਾਨ ਨਾਮਜ਼ਦ ਕੀਤਾ ਸੀ। 2012 ਵਿੱਚ ਅਕਾਲੀ ਸ਼੍ਰੋਮਣੀ ਅਕਾਲੀ ਦਲ ਦੀ ਦੁਬਾਰਾ ਸਰਕਾਰ ਬਣ ਗਈ ਉਸਦਾ ਸਿਹਰਾ ਸੁਖਬੀਰ ਸਿੰਘ ਬਾਦਲ ਨੂੰ ਦਿੱਤਾ ਗਿਆ। ਸੁਖਬੀਰ ਸਿੰਘ ਬਾਦਲ ਨੂੰ ਉਪ ਮੁੱਖ ਮੰਤਰੀ ਵੀ ਬਣਾਇਆ ਗਿਆ। ਉਸਦੇ ਉਪ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਹੁੰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ, ਜਿਨ੍ਹਾਂ ਦੇ ਦੋਸ਼ੀਆਂ ਨੂੰ ਸਜਾਵਾਂ ਨਹੀਂ ਮਿਲੀਆਂ।  2015 ਵਿੱਚ ਸਥਿਤੀ ਇਹ ਬਣ ਗਈ ਕਿ ਸ਼੍ਰੋਮਣੀ ਅਕਾਲੀ ਦਲ ਦੇ ਨੇਤਾਵਾਂ ਦਾ ਪਿੰਡਾਂ ਵਿੱਚ ਵੜਨਾ ਅਸੰਭਵ ਹੋ ਗਿਆ। ਜਦੋਂ 2017 ਵਿੱਚ ਪੰਜਾਬ ਵਿਧਾਨ ਸਭਾ ਦੀਆਂ ਚੋਣਾ ਹੋਈਆਂ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਸਿਰਫ਼ 15 ਵਿਧਾਇਕ ਚੋਣ ਜਿੱਤ ਸਕੇ। ਸ਼੍ਰੋਮਣੀ ਅਕਾਲੀ ਦਲ ਦਾ ਅਕਸ ਨੀਵੇਂ ਪੱਧਰ ‘ਤੇ ਚਲਾ ਗਿਆ ਅਤੇ 2022  ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸਿਰਫ ਤਿੰਨ ਵਿਧਾਇਕ ਚੋਣ ਜਿੱਤ ਸਕੇ। ਉਨ੍ਹਾਂ ਵਿੱਚੋਂ ਇੱਕ ਵਿਧਾਇਕ ਪਾਰਟੀ ਛੱਡ ਗਿਆ।  ਲੋਕ ਸਭਾ ਦੀਆਂ ਚੋਣਾਂ ਵਿੱਚ ਅਕਾਲੀ ਦਲ ਦਾ ਇੱਕ ਉਮੀਦਵਾਰ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਹੀ ਜਿੱਤ ਸਕੇ, ਬਾਕੀ ਸਾਰੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ। ਲੋਕ ਸਭਾ ਚੋਣਾਂ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੇ ਵਿਰੁੱਧ ਬਗਾਵਤ ਹੋ ਗਈ। ਉਸਨੂੰ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਛੱਡਣ ਲਈ ਕਿਹਾ ਗਿਆ ਪ੍ਰੰਤੂ ਸੁਖਬੀਰ ਸਿੰਘ ਬਾਦਲ ਅੜੇ ਰਹੇ ਅਤੇ ਬਗਾਬਤ ਕਰਨ ਵਾਲੇ ਨੇਤਾਵਾਂ ਨੂੰ ਪਾਰਟੀ ਵਿੱਚੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਗਿਆ। ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਿੱਚ ਵੱਖਰਾ ਅਕਾਲੀ ਦਲ ਬਣ ਗਿਆ। ਫਿਰ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਸੁਧਾਰ ਲਹਿਰ ਦਾ ਮੁੱਖੀ ਬਣਾ ਦਿੱਤਾ ਗਿਆ। ਸੁਧਾਰ ਲਹਿਰ ਵਾਲੇ ਆਪਣੇ ਆਪ ਨੂੰ ਉਸੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੀ ਸਮਝਦੇ ਹਨ। ਸੁਧਾਰ ਲਹਿਰ ਵਾਲਿਆਂ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਮਿਲਕੇ ਸੁਖ਼ਬੀਰ ਸਿੰਘ ਬਾਦਲ ਵੱਲੋਂ ਪੰਥਕ ਹਿੱਤਾਂ ਦੀ ਤਰਜਮਾਨੀ ਕਰਨ ਵਿੱਚ ਕੀਤੀਆਂ ਗਈਆਂ ਗ਼ਲਤੀਆਂ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ‘ਤੇ ਬੁਲਾਕੇ ਸਜਾ ਦੇਣ ਲਈ ਕਿਹਾ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪੰਜਾ ਸਿੰਘ ਸਾਹਿਬਾਨ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਸਾਰੇ ਮੰਤਰੀ ਸਾਹਿਬਾਨ ਨੂੰ ਸੁਖਬੀਰ ਸਿੰਘ ਬਾਦਲ ਸਮੇਤ ਸ਼੍ਰੀ ਅਕਾਲ ਤਖ਼ਤ ‘ਤੇ ਬੁਲਾਕੇ ਉਨ੍ਹਾਂ ਦੇ ਗੁਨਾਹਾਂ ਬਾਰੇ ਪੁਛਿਆ ਗਿਆ। ਸੁਖਬੀਰ ਸਿੰਘ ਬਾਦਲ ਨੇ ਵੀ ਆਪਣੇ ਗੁਨਾਹ ਪ੍ਰਵਾਨ ਕੀਤੇ। ਜਿਸ ਕਰਕੇ ਉਨ੍ਹਾਂ ਸਮੇਤ ਸਾਰੇ ਸਾਬਕਾ ਮੰਤਰੀ ਸਾਹਿਬਾਨ ਨੂੰ ਧਾਰਮਿਕ ਤਨਖ਼ਾਹ 30 ਅਗਸਤ ਨੂੰ ਲਗਾਈ ਗਈ। ਸੁਖਬੀਰ ਸਿੰਘ ਸਮੇਤ ਸਾਰਿਆਂ ਨੇ ਧਾਰਮਿਕ ਤਨਖ਼ਾਹ ਪੂਰੀ ਕਰ ਲਈ। ਧਾਰਮਿਕ ਤਨਖ਼ਾਹ ਪੂਰੀ ਕਰਦਿਆਂ ਸੁਖਬੀਰ ਸਿੰਘ ਬਾਦਲ ‘ਤੇ ਜਾਨ ਲੇਵਾ ਹਮਲਾ ਵੀ ਹੋਇਆ, ਜਿਸ ਵਿੱਚ ਉਹ ਵਾਲ਼ ਵਾਲ਼ ਬਚ ਗਏ। ਪ੍ਰੰਤੂ ਸੁਖਬੀਰ ਸਿੰਘ ਬਾਦਲ ਵਾਲੇ ਧੜੇ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫ਼ੈਸਲੇ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਵਿਰੁੱਧ ਉਸਦੇ ਕਿਸੇ ਰਿਸ਼ਤੇਦਾਰ ਦੀ 18 ਸਾਲ ਪੁਰਾਣੀ ਸ਼ਿਕਾਇਤ ਨੂੰ ਮੁੱਖ ਰੱਖਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਰਾਹੀਂ ਆਪਣੇ ਅਹੁਦੇ ਦੀ ਵਰਤੋਂ ਕਰਨ ‘ਤੇ ਰੋਕ ਲਗਾ ਦਿੱਤੀ। ਹਾਲਾਂ ਕਿ ਸ਼ਿਕਾਇਤ ਕਰਤਾ ਨੂੰ ਪਹਿਲਾਂ ਇਸੇ ਕੇਸ ਵਿੱਚ ਕਚਹਿਰੀ ਵਿੱਚੋਂ ਸਜ਼ਾ ਹੋ ਗਈ ਸੀ ਤੇ ਉਹ ਕੈਦ ਕੱਟਕੇ ਬਾਹਰ ਆਇਆ ਹੈ। ਭਾਵ ਦੋਸ਼ੀ ਦੋਸ਼ ਲਗਾ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸਦੀ ਸ਼ਿਕਾਇਤ ‘ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਫ਼ਰਜ਼ ਨਿਭਾਉਣ ਤੋਂ ਰੋਕ ਰਹੀ ਹੈ। ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਕਹਿ ਚੁੱਕੇ ਹਨ ਕਿ ਕਿਸੇ ਵੀ ਤਖ਼ਤ ਦੇ ਜਥੇਦਾਰ ਵਿਰੁੱਧ ਕੋਈ ਵੀ ਸ਼ਿਕਾਇਤ ਦਾ ਫ਼ੈਸਲਾ ਕਰਨ ਦਾ ਅਧਿਕਾਰ ਸ੍ਰੀ ਅਕਾਲ ਤਖ਼ਤ ਕੋਲ ਹੈ ਪ੍ਰੰਤੂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਟਕਰਾਓ ਲੈ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਦਾ ਰੱਬ ਹੀ ਰਾਖਾ ਹੈ।
ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰ
 ਮੋਬਾਈਲ-94178 13072
  ujagarsingh48@yahoo.com

ਕਾਲਮ ਨਵੀਸ ਸਿੱਖਿਆ ਸ਼ਾਸ਼ਤਰੀ : ਡਾ.ਸਰਬਜੀਤ ਸਿੰਘ ਛੀਨਾ - ਉਜਾਗਰ ਸਿੰਘ

ਆਮ ਤੌਰ ‘ਤੇ ਕਿਹਾ ਜਾਂਦਾ ਹੈ ਕਿ ਸ਼ਹਿਰੀ ਵਿਦਿਆਰਥੀ ਪੜ੍ਹਾਈ ਵਿੱਚ ਮੱਲਾਂ ਮਾਰਦੇ ਹਨ ਕਿਉਂਕਿ ਉਨ੍ਹਾਂ ਨੂੰ ਪੜ੍ਹਾਈ ਕਰਨ ਦੀਆਂ ਪੂਰੀਆਂ ਆਧੁਨਿਕ ਸਹੂਲਤਾਂ ਉਪਲਭਧ ਹੁੰਦੀਆਂ ਹਨ। ਇਹ ਵੀ ਸਮਝਿਆ ਜਾਂਦਾ ਹੈ ਕਿ ਸ਼ਹਿਰੀਆਂ ਵਿੱਚ ਪ੍ਰਤਿੱਭਾ ਵੀ ਜ਼ਿਆਦਾ ਹੁੰਦੀ ਹੈ। ਇਹ ਬਿਲਕੁਲ ਸਚਾਈ ਹੈ ਕਿ ਪਿੰਡਾਂ ਦੇ ਵਿਦਿਆਰਥੀਆਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਨਹੀਂ ਮਿਲਦੀਆਂ ਪ੍ਰੰਤੂ ਇਸ ਵਿੱਚ ਕੋਈ ਸਚਾਈ ਨਹੀਂ ਕਿ ਪਿੰਡਾਂ ਦੇ ਵਿਦਿਆਰਥੀਆਂ ਵਿੱਚ ਪ੍ਰਤਿਭਾ ਨਹੀਂ ਹੁੰਦੀ। ਪ੍ਰਤਿਭਾ ਪਿੰਡਾਂ ਦੇ ਵਿਦਿਆਰਥੀਆਂ ਵਿੱਚ ਸ਼ਹਿਰਾਂ ਦੇ ਵਿਦਿਆਰਥੀਆਂ ਦੇ ਬਰਾਬਰ ਹੁੰਦੀ ਹੈ ਪ੍ਰੰਤੂ ਪੜ੍ਹਾਈ ਦੇ ਚੰਗੇ ਮੌਕੇ ਨਾ ਮਿਲਣ ਕਰਕੇ ਕਈ ਵਾਰ ਪਿੰਡਾਂ ਦੇ ਬੱਚੇ ਪਛੜ ਜਾਂਦੇ ਹਨ ਕਿਉਂਕਿ ਉਨ੍ਹਾਂ ਨੂੰ ਆਪੋ ਆਪਣੇ ਪਰਿਵਾਰਾਂ ਨਾਲ ਘਰੇਲੂ ਕੰਮ ਵੀ ਕਰਵਾਉਂਣੇ ਪੈਂਦੇ ਹਨ। ਪਿੰਡਾਂ ਦੇ ਕਈ ਵਿਦਿਆਰਥੀਆਂ ਨੇ ਸ਼ਹਿਰਾਂ ਦੇ ਵਿਦਿਆਰਥੀਆਂ ਨਾਲੋਂ ਵਧੇਰੇ ਸਫਲਤਾ ਪ੍ਰਾਪਤ ਕੀਤੀ ਹੈ। ਏਥੇ ਮੈਂ ਤੁਹਾਨੂੰ  ਇੱਕ ਅਜਿਹੇ ਵਿਅਕਤੀ ਨੂੰ ਮਿਲਾਉਣ ਜਾ ਰਿਹਾ ਹਾਂ, ਜਿਸ ਦੀ ਕਾਬਲੀਅਤ ਦੀ ਧਾਂਕ ਸੰਸਰ ਵਿੱਚ ਖੇਤੀਬਾੜੀ ਖੇਤਰ ਦੇ ਮਾਹਿਰ ਵਿਗਿਆਨਂੀ/ਅਧਿਆਪਕ ਅਤੇ ਕਾਲਮ ਨਵੀਸ ਦੇ ਤੌਰ ‘ਤੇ ਪਈ ਹੋਈ ਹੈ। ਉਨ੍ਹਾਂ ਨੂੰ ਖੇਤੀਬਾੜੀ ਅਧਿਆਪਕ/ਵਿਗਿਆਨੀ ਦੇ ਤੌਰ ‘ਤੇ ਸੰਸਾਰ ਵਿੱਚ ਯੂਨੈਸਕੋ ਵਰਗੀਆਂ ਸੰਸਥਾਵਾਂ ਦੇ ਸਮਾਗਮਾ ਵਿੱਚ ਵਿਸ਼ੇਸ਼ ਤੌਰ ‘ਤੇ ਬੁਲਾਇਆ ਜਾਂਦਾ ਰਿਹਾ ਹੈ। ਉਹ ਲਗਪਗ ਇਕ ਦਰਜਨ ਸੰਸਾਰ ਦੇ ਦੇਸ਼ਾਂ ਵਿੱਚ ਆਪਣੀ ਕਾਬਲੀਅਤ ਦਾ ਸਿੱਕਾ ਜਮ੍ਹਾ ਚੁੱਕੇ ਹਨ। ਉਹ ਮਹਾਨ ਮਾਹਿਰ ਖੇਤੀਬਾੜੀ/ਵਿਗਿਆਨਂੀ/ਅਧਿਆਪਕ ਡਾ.ਸਰਬਜੀਤ ਸਿੰਘ ਛੀਨਾ ਹਨ, ਜਿਨ੍ਹਾਂ ਦਾ ਪਿਛੋਕੜ ਗੁਰਦਾਸਪੁਰ ਜ਼ਿਲ੍ਹੇ ਦੀ ਧਾਰੀਵਾਲ ਤਹਿਸੀਲ ਦੇ ਪਿੰਡ  ਲਹਿਲ ਕਲਾਂ ਦਾ ਹੈ। ਉਹ ਇੱਕ ਨਹੀਂ ਸਗੋਂ ਤਿੰਨ ਵਿਸ਼ਿਆਂ ਅਰਥ ਸ਼ਾਸ਼ਤਰ, ਸਮਾਜ ਵਿਗਿਆਨ ਅਤੇ ਖੇਤੀਬਾੜੀ ਦੇ ਮਾਹਿਰ ਹਨ। ਉਹ ਅਜੇ ਵੀ ਇਸ ਵਡੇਰੀ ਉਮਰ ਵਿੱਚ ਕਾਰਜਸ਼ੀਲ ਹਨ। ਇਨ੍ਹਾਂ ਤਿੰਨਾ ਵਿਸ਼ਿਆਂ ‘ਤੇ ਉਨ੍ਹਾਂ ਦੇ ਅਰਥ ਭਰਪੂਰ ਲੇਖ ਅਖ਼ਬਾਰਾਂ ਦਾ ਸ਼ਿੰਗਾਰ ਬਣਦੇ ਹਨ। ਉਹ ਆਪਣੀ ਉਮਰ ਤੋਂ ਵੀ ਵੱਧ 81 ਪੁਸਤਕਾਂ ਪ੍ਰਕਾਸ਼ਤ ਕਰਵਾ ਚੁੱਕੇ ਹਨ। ਉਨ੍ਹਾਂ ਦੀਆਂ ਬਹੁਤੀਆਂ ਪੁਸਤਕਾਂ ਅੰਗਰੇਜ਼ੀ ਵਿੱਚ ਹਨ ਪ੍ਰੰਤੂ ਕਈ ਪੁਸਤਕਾਂ ਪੰਜਾਬੀ ਅਤੇ ਹੋਰ ਭਾਰਤੀ ਭਾਸ਼ਾਵਾਂ ਵਿੱਚ ਅਨੁਵਾਦ ਕਰਕੇ ਪ੍ਰਕਾਸ਼ਤ ਕੀਤੀਆਂ ਗਈਆਂ ਹਨ। ਉਨ੍ਹਾਂ ਦੀ ਇੱਕ ਅੰਗਰੇਜ਼ੀ ਦੀ ਪੁਸਤਕ “Sikh Martyrs of eighteenth century” ਪਾਠਕਾਂ ਖਾਸ ਤੌਰ ‘ਤੇ ਸਿੱਖ ਜਗਤ ਵਿੱਚ ਬਹੁਤ ਹੀ ਹਰਮਨ ਪਿਆਰੀ ਹੋਈ ਹੈ। ਇਹ ਪੁਸਤਕ ਉਨ੍ਹਾਂ ਨੇ ਹਰਬੰਸ ਕੌਰ ਸੰਧੂ ਦੀ ‘ਅਠਾਰਵੀਂ ਸਦੀ ਦੇ ਸ਼ਹੀਦ’ ਪੁਸਤਕ ਦਾ ਅੰਗਰੇਜ਼ੀ ਵਿੱਚ ਅਨੁਵਾਦ ਕੀਤਾ ਹੈ। ਪ੍ਰਵਾਸ ਵਿੱਚ ਪੰਜਾਬੀਆਂ ਦੀ ਨਵੀਂ ਪੀੜ੍ਹੀ ਜਿਹੜੀ ਪੰਜਾਬੀ ਭਾਸ਼ਾ ਦੀ ਬਹੁਤੀ ਮਾਹਿਰ ਨਹੀਂ ਹੈ, ਉਨ੍ਹਾਂ ਨੂੰ ਆਪਣੀ ਵਿਰਾਸਤ ਨਾਲ ਜੋੜਨ ਲਈ ਇਹ ਪੁਸਤਕ ਲਾਭਦਾਇਕ ਸਾਬਤ ਹੋਵੇਗੀ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀਆਂ ਸੰਸਥਾਵਾਂ ਨੂੰ ਇਹ ਪੁਸਤਕ ਪ੍ਰਵਾਸ ਵਿਚਲੀਆਂ ਲਾਇਬਰੇਰੀਆਂ ਅਤੇ ਖਾਸ ਕਰਕੇ ਗੁਰੂ ਘਰਾਂ ਦੀਆਂ ਲਾਇਬਰੇਰੀਆਂ ਵਿੱਚ ਭੇਜਣੀ ਚਾਹੀਦੀ ਹੈ ਤਾਂ ਜੋ ਨੌਜਵਾਨ ਪੀੜ੍ਹੀ ਇਸ ਦਾ ਲਾਭ ਉਠਾ ਸਕੇ।
      ਡਾ.ਸਰਬਜੀਤ ਸਿੰਘ ਛੀਨਾ ਪੰਜਾਬ ਦੀ ਸਭ ਤੋਂ ਪੁਰਾਣੀ ਤੇ ਸਰਵੋਤਮ ਵਿਦਿਅਕ ਸੰਸਥਾ  ਖਾਲਸਾ ਕਾਲਜ ਅੰਮ੍ਰਿਤਸਰ ਵਿੱਚੋਂ ਡੀਨ ਫੈਕਲਿਟੀ ਆਫ਼ ਐਗਰੀਕਲਚਰ ਅਤੇ ਮੁੱਖੀ ਇਕਨਾਮਿਕਸ ਤੇ ਸੋਸ਼ਿਆਲੋਜੀ ਵਿਭਾਗ 2004 ਵਿੱਚ ਸੇਵਾ ਮੁਕਤ ਹੋਏ ਹਨ। ਉਹ ਬਹੁ-ਪੱਖੀ ਅਤੇ ਬਹੁੁ-ਦਿਸ਼ਾਵੀ ਸ਼ਖਸੀਅਤ ਦੇ ਮਾਲਕ ਹਨ। ਡਾ.ਸਰਬਜੀਤ ਸਿੰਘ ਛੀਨਾ ਪਹਿਲੇ ਕਾਲਜ ਅਧਿਆਪਕ ਹਨ, ਜਿਨ੍ਹਾਂ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸੈਨਟ ਤੇ ਸਿੰਡੀਕੇਟ ਦੇ ਮੈਂਬਰ ਬਣਾਇਆ ਗਿਆ। ਆਮ ਤੌਰ ‘ਤੇ ਯੂਨੀਵਰਸਿਟੀ ਦੇ ਪ੍ਰੋਫ਼ੈਸਰਾਂ ਨੂੰ ਹੀ ਸਿੰਡੀਕੇਟ ਦੇ ਮੈਂਬਰ ਬਣਾਇਆ ਜਾਂਦਾ ਹੈ। ਉਹ ਚੀਫ਼ ਖਾਲਸਾ ਦੀਵਾਨ  ਦੀ ਐਜੂਕੇਸ਼ਨ ਕਮੇਟੀ ਦੇ ਆਨਰੇਰੀ ਸਕੱਤਰ ਵੀ ਹਨ।  ਉਹ ਅਜਿਹੇ ਪਹਿਲੇ ਖੇਤੀਬਾੜੀ ਵਿਦਿਅਕ ਮਾਹਿਰ ਹਨ, ਜਿਨ੍ਹਾਂ ਨੂੰ ਲਗਪਗ ਦੇਸ਼ ਅਤੇ ਵਿਦੇਸ਼ ਦੀਆਂ ਵਿਦਿਅਕ ਸੰਸਥਾਵਾਂ ਨੇ ਮਹੱਤਵਪੂਰਨ ਅਹੁਦੇ ਦੇ ਕੇ ਮਾਨ ਸਨਮਾਨ ਦਿੱਤਾ ਹੋਇਆ ਹੈ। ਯੂਨੈਸਕੋ ਦੀਆਂ ਅੱਧੀ ਦਰਜਨ ਸੰਸਥਾਵਾਂ ਦੇ ਸੈਮੀਨਾਰਾਂ ਵਿੱਚ ਹਿੱਸਾ ਲਿਆ, ਜਿਨ੍ਹਾਂ ਵਿੱਚ ਕਲਚਰਲ ਹੈਰੀਟੇਜ ਐਂਡ ਪੀਸ ਐਜੂਕੇਸ਼ਨ ਵਰਣਨਯੋਗ ਹੈ। ਉਨ੍ਹਾਂ ਦੀ ਪ੍ਰਤਿਭਾ ਦਾ ਪ੍ਰਗਟਾਵਾ ਇਸ ਗੱਲ ਤੋਂ ਵੀ ਹੁੰਦਾ ਹੈ ਕਿ 2018 ਵਿੱਚ ਉਨ੍ਹਾਂ ਨੂੰ ਗਰੀਸ ਦੇ ਸ਼ਹਿਰ ਏਥਨਜ਼ ਵਿੱਚ ‘ਕਨਫ਼ੈਡਰੇਸ਼ਨ ਆਫ਼ ਯੂਨੈਸਕੋ ਕਲੱਬਜ਼’ ਦੀ ਕਾਨਫ਼ਰੰਸ ਵਿੱਚ ਬੁਲਾਇਆ ਗਿਆ ਸੀ। 2017 ਵਿੱਚ ਉਹ ਭਾਰਤ ਵਿੱਚ ‘ਕਨਫ਼ੈਡਰੇਸ਼ਨ ਆਫ਼ ਯੂਨੈਸਕੋ ਕਲੱਬਜ਼’ ਦੇ ਪ੍ਰਧਾਨ ਚੁਣੇ ਗਏ ਸਨ। 2015 ਵਿੱਚ ਉਹ ਰੋਮਾਨੀਆ ਵਿੱਚ ‘ਸਸਟੇਨੇਬਲ ਡਿਵੈਲਪਮੈਂਟ’ ਕਾਨਫਰੰਸ ਵਿੱਚ ਹਿੱਸਾ ਲੈਣ ਲਈ ਗਏ ਸਨ। ਇਨਸਟੀਚਿਊਟ ਆਫ਼  ਸੋਸ਼ਲ ਸਾਇੰਸਜ਼ ਨਿਊ ਦਿੱਲੀ ਵੱਲੋਂ ਉਨ੍ਹਾਂ ਨੂੰ  2008 ਵਿੱਚ ਪੰਜਾਬ ਦੀਆਂ ਪੰਚਾਇਤੀ ਚੋਣਾਂ ਦੀ ਰਿਸਰਚ ਸਟੱਡੀ ਕਰਨ ਲਈ ਨਿਯੁਕਤ ਕੀਤਾ ਗਿਆ। 2023 ਵਿੱਚ ਉਹ ਅਕਾਲ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਹਿਊਮੈਨਟੀਜ਼ ਅਤੇ ਸੋਸ਼ਲ ਸਾਇੰਸਜ਼ ਦੀ ਫੈਕਲਟੀ ਦੇ ਬਤੌਰ ਪ੍ਰੋਫ਼ੈਸਰ ਐਮਰੇਟਿਸ ਸਨ। 2019 ਵਿੱਚ ਸਾਹਿਤ ਕੇਂਦਰ ਗੁਰਦਾਸਪੁਰ ਨੇ ਉਨ੍ਹਾਂ ਦੀ ਸੇਵਾਵਾਂ ਦੀ ਕਦਰ ਕਰਦੇ ਹੋਏ ‘ਲਾਈਫ਼ ਟਾਈਮ ਅਚੀਵਮੈਂਟ ਅਵਾਰਡ’ ਦੇ ਕੇ ਸਨਮਾਨਤ ਕੀਤਾ ਸੀ। 2016 ਵਿੱਚ ਪੰਜਾਬ ਦੇ ਦਿਹਾਤੀ ਇਲਾਕਿਆਂ ਵਿੱਚ ਖੇਤੀ ਤੇ ਅਧਾਰਤ ਫਸਲਾਂ ਦੀ ਪ੍ਰਾਸੈਸਿੰਗ ਨੂੰ ਸਥਾਪਤ ਕਰਨ ਦੇ ਰਸਤੇ ਵਿੱਚ ਆਉਣ ਵਾਲੀਆਂ ਰੁਕਾਵਟਾਂ ਨੂੰ ਦੂਰ ਕਰਨ ਦੀ ਸਟੱਡੀ ਕਰਨ ਕਰਕੇ ਇੰਡੀਅਨ ਕਾਊਂਸਲ ਆਫ਼ ਸੋਸ਼ਲ ਸਾਇੰਸਜ਼ ਰਿਸਰਚ ਨਿਊ ਦਿੱਲੀ ਨੇ ‘ਸੀਨੀਅਰ ਫ਼ੈਲੋਸ਼ਿਪ’ ਅਤੇ 2013 ਵਿੱਚ ‘ਪ੍ਰਾਜੈਕਟ  ਡਾਇਰੈਕਟਰ ਆਫ ਦਾ ਪ੍ਰੋਜੈਕਟ ਆਫ਼ ਡੇਅਰੀ ਕੋਆਪ੍ਰੇਟਿਵਜ਼ ਇਨ ਪੰਜਾਬ’ ਬਣਾ ਕੇ ਸਨਮਾਨਤ ਕੀਤਾ। ਵਿਦਿਅਕ ਮਾਹਿਰ ਹੋਣ ਕਰਕੇ ਉਨ੍ਹਾਂ ਨੇ ਦਿਹਾਤੀ ਬੱਚਿਆਂ ਦੀ ਬਿਹਤਰੀ ਲਈ ਇੱਕ ਹਾਈ ਸਕੂਲ ਅਤੇ ਇੱਕ ਆਈ.ਟੀ.ਆਈ. ਵਿਦਿਅਕ ਸੰਸਥਾਵਾਂ ਸਥਾਪਤ ਕੀਤੀਆਂ ਜਿਹੜੀਆਂ  ‘ਯੂਨੀਵਰਸਲ ਗਰੁਪ ਆਫ਼  ਇਨਸਟੀਚਿਊਟਸ’ ਅਧੀਨ ਕੰਮ ਕਰ ਰਹੀਆਂ ਹਨ। ਡਾ.ਸਰਬਜੀਤ ਸਿੰਘ ਛੀਨਾ ਇਸ ਸੰਸਥਾ ਦੇ ਚੇਅਰਮੈਨ ਹਨ।  ਵਰਤਮਾਨ ਸਮੇਂ ਜਦੋਂ ਭਾਰਤ ਵਿੱਚ ਖੇਤੀਬਾੜੀ ਦਾ ਕਿੱਤਾ ਘਾਟੇ ਵਿੱਚ ਜਾ ਰਿਹਾ ਹੈ ਅਤੇ ਸਰਕਾਰਾਂ ਵੱਲੋਂ ਕਿਸਾਨਾ ਦੀ ਬਾਂਹ ਨਹੀਂ ਫੜੀ ਜਾ ਰਹੀ, ਸਗੋਂ ਕਿਸਾਨੀ ਨੂੰ ਖ਼ਤਮ  ਕਰਨ ਦੀਆਂ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ ਤਾਂ ਅਜਿਹੇ ਨਾਜ਼ਕ ਸਮੇਂ ਡਾ.ਸਰਬਜੀਤ ਸਿੰਘ ਛੀਨਾ ਵਰਗੇ ਖੇਤੀਬਾੜੀ ਮਾਹਿਰ ਦੀਆਂ ਸੇਵਾਵਾਂ ਦਾ ਲਾਭ ਫਸਲੀ ਵਿਭਿੰਨਤਾ ਲਈ ਸੁਝਾਅ ਲੈ ਕੇ ਅਗਵਾਈ ਲੈਣ ਦੀ ਲੋੜ ਹੈ। ਆਪਣੇ ਤੌਰ ‘ਤੇ ਉਹ ਖੇਤੀਬਾੜੀ ਅਤੇ ਹੋਰ ਸਮਾਜਿਕ ਸਰੋਕਾਰਾਂ ਨਾਲ ਸੰਬੰਧਿਤ ਲੇਖ ਲਿਖਕੇ ਅਖ਼ਬਾਰਾਂ ਵਿੱਚ ਪ੍ਰਕਾਸ਼ਤ ਕਰਵਾਉਂਦੇ ਰਹਿੰਦੇ ਹਨ। ਪੰਜਾਬ ਸਰਕਾਰ ਨੂੰ ਅਜਿਹੇ ਖੇਤੀਬਾੜੀ ਵਿਗਿਆਨੀਆਂ ਦੀ ਕਾਬਲੀਅਤ ਦਾ ਲਾਭ ਉਠਾਉਣ ਦੇ ਉਪਰਾਲੇ ਕਰਨੇ ਚਾਹੀਦੇ ਹਨ ਕਿਉਂਕਿ ਸਰਕਾਰੀ ਸਹਿਯੋਗ ਤੋਂ ਬਿਨਾ ਕਿਸਾਨੀ ਪ੍ਰਫੁਲਤ ਨਹੀਂ ਹੋ ਸਕਦੀ।
    ਸਰਬਜੀਤ ਸਿੰਘ ਛੀਨਾ ਦਾ ਜਨਮ 20 ਮਾਰਚ 1944 ਨੂੰ ਚੱਕ ਨੰਬਰ 96, ਜ਼ਿਲ੍ਹਾ ਸਰਗੋਧਾ ਸਾਂਝੇ ਪੰਜਾਬ (ਅੱਜ ਕਲ੍ਹ ਪਾਕਿਸਤਾਨ) ਵਿੱਚ ਮਾਤਾ ਰਣਜੀਤ ਕੌਰ ਛੀਨਾ ਤੇ ਪਿਤਾ ਰਛਪਾਲ ਸਿੰਘ ਛੀਨਾ ਦੇ ਘਰ ਹੋਇਆ। ਦੇਸ਼ ਦੀ ਵੰਡ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਗੁਰਦਾਸਪੁਰ ਜ਼ਿਲ੍ਹੇ ਦੀ ਧਾਰੀਵਾਲ ਤਹਿਸੀਲ ਦੇ ਪਿੰਡ ਲਹਿਲ ਕਲਾਂ ਵਿੱਚ ਆ ਕੇ ਵਸ ਗਿਆ। ਉਨ੍ਹਾਂ ਨੇ ਮੁੱਢਲੀ ਦਸਵੀਂ ਤੱਕ ਦੀ ਪੜ੍ਹਾਈ  ਮਿਸ਼ਨ ਹਾਈ ਸਕੂਲ ਧਾਰੀਵਾਲ, ਬੀ.ਏ.ਸਰਕਾਰੀ ਕਾਲਜ ਗੁਰਦਾਸਪੁਰ ਅਤੇ ਐਮ.ਏ.ਖਾਲਸਾ ਕਾਲਜ ਅੰਮ੍ਰਿਤਸਰ ਤੋਂ ਪਾਸ ਕੀਤੀ। ਪੜ੍ਹਨ ਜਾਣ ਲਈ ਉਹ ਆਪਣੇ ਪਿੰਡ ਤੋਂ ਪੈਦਲ ਤੁਰ ਕੇ ਜਾਂਦੇ ਸਨ। ਅਧਿਆਪਕਾਂ ਦੀ ਮਾਰ ਵੀ ਬਰਦਾਸ਼ਤ ਕਰਨੀ ਪਈ। ਉਹ ਸਕੂਲ ਜਾਣ ਤੋਂ ਡਰਦੇ ਰਹਿੰਦੇ ਸਨ। ਉਨ੍ਹਾਂ ਦਾ ਜੀਵਨ ਵੀ ਜਦੋਜਹਿਦ ਵਾਲਾ ਹੈ ਕਿਉਂਕਿ ਪਰਿਵਾਰ ਨੂੰ ਸਾਂਝੇ ਪੰਜਾਬ ਤੋਂ ਵਰਤਮਾਨ ਭਾਰਤ (ਪੰਜਾਬ) ਵਿੱਚ ਆ ਕੇ ਸੈਟਲ ਹੋਣ ਲਈ ਸਖ਼ਤ ਮਿਹਨਤ ਕਰਨੀ ਪਈ। ਪੜ੍ਹਾਈ ਦੌਰਾਨ ਉਨ੍ਹਾਂ ਨੂੰ ਆਪਣੇ ਪਰਿਵਾਰ ਦੇ ਨਾਲ ਖੇਤੀਬਾੜੀ ਦਾ ਕੰਮ ਵੀ ਕਰਨਾ ਪੈਂਦਾ ਸੀ। ਉਹ ਖੁਦ ਹਲ ਵੀ ਵਾਹੁੰਦੇ ਅਤੇ ਗੋਡੀ ਕਰਦੇ ਰਹੇ। ਉਨ੍ਹਾਂ ਨੂੰ ਆਪਣਾ ਕੈਰੀਅਰ ਬਣਾਉਣ ਲਈ ਬੜੀ ਸਖ਼ਤ ਮਿਹਨਤ ਕਰਨੀ ਪਈ।  ਪ੍ਰੋ.ਸਰਬਜੀਤ ਸਿੰਘ ਛੀਨਾ ਦੀਆਂ ਪ੍ਰਾਪਤੀਆਂ ਤੋਂ ਸਪਸ਼ਟ ਹੁੰਦਾ ਹੈ ਕਿ ਮਿਹਨਤ, ਲਗਨ ਅਤੇ ਦ੍ਰਿੜ੍ਹਤਾ ਇਨਸਾਨ ਨੂੰ ਬੁਲੰਦੀਆਂ ‘ਤੇ ਪਹੁੰਚਾਉਣ ਵਿੱਚ ਵੱਡਾ ਯੋਗਦਾਨ ਪਾਉਂਦੀ ਹੈ। ਅੱਜ ਦੀ ਨੌਜਵਾਨ ਪੀੜ੍ਹੀ ਜਿਹੜੀ ਵਾਈਟ ਕਾਲਰ ਨੌਕਰੀਆਂ ਦੇ ਪਿੱਛੇ ਭੱਜੀ ਫਿਰਦੀ ਹੈ ਤੇ ਵਿਦੇਸ਼ ਦੇ ਵਿੱਚ ਸੈਟਲ ਹੋਣ ਲਈ ਤਤਪਰ ਹੈ, ਉਨ੍ਹਾਂ ਨੂੰ ਡਾ.ਸਰਬਜੀਤ ਸਿੰਘ ਛੀਨਾਂ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਪੰਜਾਬ ਵਿੱਚ ਆਪਣੇ ਕਾਰੋਬਾਰ ਸਥਾਪਤ ਕਰਨ ਦੀ ਲੋੜ ਹੈ।
ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰ
 ਮੋਬਾਈਲ-94178 13072
ujagarsingh48@yahoo.com

‘ਸਤ ਰੋਜ਼ਾ ਨੈਸ਼ਨਲ ਥੇਟਰ ਫੈਸਟੀਵਲ’ ਥੇਟਰ ਵਿਰਾਸਤ ਦਾ ਪਹਿਰੇਦਾਰ ਬਣਿਆਂ - ਉਜਾਗਰ ਸਿੰਘ

ਪਟਿਆਲਾ ਸਭਿਆਚਾਰਿਕ, ਵਿਦਿਅਕ, ਸਮਾਜਿਕ ਤੇ ਸਪੋਰਟਸ ਦੇ ਖੇਤਰ ਵਿੱਚ ਸਰਗਰਮੀਆਂ ਦਾ ਕੇਂਦਰ ਰਿਹਾ ਹੈ।  ਨਾਟਕ ਦੇ ਖੇਤਰ ਵਿੱਚ ਹਰਪਾਲ ਟਿਵਾਣਾ, ਰਾਜ ਬੱਬਰ ਅਤੇ ਨਿਰਮਲ ਰਿਸ਼ੀ ਪਟਿਆਲਾ ਦੀ ਸ਼ਾਨ ਰਹੇ ਹਨ। ਨਾਟਕ ਲੇਖਕਾਂ ਵਿੱਚ ਡਾ.ਹਰਚਰਨ ਸਿੰਘ ਤੇ ਸੁਰਜੀਤ ਸਿੰਘ ਸੇਠੀ ਵਿਸ਼ੇਸ਼ ਤੌਰ ‘ਤੇ ਵਰਣਨਯੋਗ ਹਨ। ਥੇਟਰ ਫਿਲਮ ਕਲਾਕਾਰਾਂ ਲਈ ਟ੍ਰੇਨਿੰਗ ਸੈਂਟਰ ਹੁੰਦਾ ਹੈ। ਹਰਪਾਲ ਟਿਵਾਣਾ, ਰਾਜ ਬੱਬਰ, ਨਿਰਮਲ ਰਿਸ਼ੀ ਅਤੇ ਸੁਨੀਤਾ ਧੀਰ ਥੇਟਰ ਨੇ ਪੰਜਾਬੀ ਫਿਲਮਾ ਵਿੱਚ ਨਾਮ ਕਮਾਇਆ ਹੈ। ਹਰਪਾਲ ਟਿਵਾਣਾ ਤੋਂ ਬਾਅਦ ਪਟਿਆਲਾ ਵਿੱਚ ਨਾਟਕ ਖੇਡਣ ਦੀ ਪ੍ਰਵਿਰਤੀ ਨੂੰ ਲਗਾਤਾਰ ਚਾਲੂ ਰੱਖਣ ਵਿੱਚ ਪਰਮਿੰਦਰ ਪਾਲ ਕੌਰ ਦਾ ਯੋਗਦਾਨ ਵਿਸ਼ੇਸ਼ ਤੌਰ ‘ਤੇ ਵਰਣਨਯੋਗ ਹੈ। ਹੋਰ ਵੀ ਬਹੁਤ ਸਾਰੇ ਨਵੇਂ ਉਭਰ ਰਹੇ ਨਾਟਕਕਾਰ ਵਧੀਆ ਕਾਰਜ ਕਰ ਰਹੇ ਹਨ। ਪਰਮਿੰਦਰ ਪਾਲ ਕੌਰ ਨੇ ਫਿਲਮਾ ਵਿੱਚ ਵੀ ਅਦਾਕਾਰੀ ਕੀਤੀ ਹੈ ਪ੍ਰੰਤੂ ਪਿਛਲੇ 40 ਸਾਲ ਤੋਂ ਪਟਿਆਲਾ ਹੀ ਨਹੀਂ ਸਗੋਂ ਸਮੁੱਚੇ ਦੇਸ਼ ਵਿੱਚ ਲਗਾਤਾਰ ਨਾਟਕ ਦੀ ਪਰੰਪਰਾ ਨੂੰ ਬਰਕਰਾਰ ਰੱਖ ਰਹੇ ਹਨ। ਪਰਮਿੰਦਰ ਪਾਲ ਕੌਰ ਡਾਇਰੈਕਟਰ ਕਲਾਕ੍ਰਿਤੀ ਪਟਿਆਲਾ ਵਿਖੇ ਲੰਬੇ ਸਮੇਂ ਤੋਂ ਹਰ ਸਾਲ ‘ਨੈਸ਼ਨਲ ਥੇਟਰ ਫੈਸਟੀਵਲ’ ਕਰਵਾਉਂਦੇ ਆ ਰਹੇ ਹਨ। ਕਲਾਕ੍ਰਿਤੀ ਸੰਸਥਾ ਦੇ ਉਦਮ ਸਦਕਾ ਇਸ ਸਾਲ ਵੀ 7 ਨਵੰਬਰ ਤੋਂ 13 ਨਵੰਬਰ ਤੱਕ ‘ਸਰਬਤ ਦਾ ਭਲਾ ਟਰੱਸਟ’ ਅਤੇ ‘ਨਾਰਥ ਜੋਨ ਕਲਚਰ ਸੈਂਟਰ ਪਟਿਆਲਾ’ ਦੇ ਸਹਿਯੋਗ ਨਾਲ ਪਟਿਆਲਾ ਵਿਖੇ ਸੱਤ ਰੋਜ਼ਾ ‘ਪ੍ਰੀਤਮ ਸਿੰਘ ਓਬਰਾਏ ਯਾਦਗਾਰੀ ਨੈਸ਼ਨਲ ਥੀਏਟਰ ਫ਼ੈਸਟੀਵਲ’ ਆਯੋਜਤ ਕੀਤਾ ਗਿਆ। ਇਸ ਥੇਟਰ ਫ਼ੈਸਟੀਵਲ ਵਿੱਚ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ 125 ਕਲਾਕਾਰਾਂ ਨੇ ਨਾਟਕਾਂ ਵਿੱਚ ਹਿੱਸਾ ਲਿਆ ਅਤੇ ਬਿਹਤਰੀਨ ਅਦਾਕਾਰੀ ਦੇ ਰੰਗ ਖਿਲਾਰੇ।  ਇਸ ਫੈਸਟੀਵਲ ਵਿੱਚ ਸੱਤ ਨਾਟਕ ਰੱਬ ਦੀ ਬੁਕਲ, ਬੁੱਢਾ ਮਰ  ਗਿਆ, ਇੱਕ ਰਾਗ ਦੋ ਸਵਰ, ਕੋਸ਼ਿਸ਼, ਪੁਕਾਰ, ਮਹਾਂਰਥੀ ਅਤੇ ਟੈਕਸ ਫ੍ਰੀ ਅਤੇ ਦੋ ਨ੍ਰਿਤ ਇੱਕ ਅਰਸ਼ਦੀਪ ਕੌਰ ਭੱਟੀ ਦਾ ਕਥਕ ਡਾਂਸ ਅਤੇ ਦੂਜਾ ਪੱਛਵੀਂ ਬੰਗਾਲ ਕਲਾਕਾਰਾਂ ਵੱਲੋਂ ਪੇਸ਼ ਕੀਤਾ ਗਿਆ।  ਕਲਾਕਾਰਾਂ ਨੇ ਆਪੋ ਆਪਣੇ ਰਾਜ ਦੇ ਸਭਿਅਚਾਰ ਦੀਆਂ ਰੰਗ ਬਰੰਗੀਆਂ ਵੰਨਗੀਆਂ ਰਾਹੀਂ ਸਮਾਜਿਕ ਸਰੋਕਾਰਾਂ ਦੀ ਪ੍ਰਤੀਨਿਧਤਾ ਕਰਦਿਆਂ ਬਾ ਕਮਾਲ ਪੇਸ਼ਕਾਰੀ ਕੀਤੀ ਗਈ। ਇਨ੍ਹਾਂ ਨਾਟਕਾਂ ਦੇ ਕਲਾਕਾਰਾਂ ਦੀ ਅਦਾਕਾਰੀ ਦੀਆਂ ਕਲਾਤਮਿਕ ਛੋਹਾਂ ਦੀ ਮਹਿਕ ਨਾਲ ਪਟਿਆਲਵੀ ਅਸ਼ ਅਸ਼ ਕਰ ਉਠੇ। ਕਲਾਕਾਰਾਂ ਦੀ ਕਲਾ ਦੀ ਖ਼ੁਸਬੂ ਨੇ ਪਟਿਆਲਾ ਦਾ ਵਾਤਵਰਨ ਮਹਿਕਣ ਲਾ ਦਿੱਤਾ। ਇਸ ਫ਼ੈਸਟੀਵਲ ਦੇ ਉਦਘਾਟਨੀ ਸਮਾਗਮ ਦੀ ਸ਼ੁਰੂਆਤ ਨੈਸ਼ਨਲ ਅਵਾਰਡੀ ਅਰਸ਼ਦੀਪ ਕੌਰ ਭੱਟੀ ਡਾਂਸਨਰ ਨੇ ਕਥਕ ਡਾਂਸ ਦੀ ਬਾਕਮਾਲ ਪੇਸ਼ਕਾਰੀ ਕੀਤੀ, ਜਿਸਨੇ ਦਰਸ਼ਕਾਂ ਦੇ ਦਿਲ ਜਿੱਤ ਲਏ। ਸਮਾਪਤੀ ਸਮਾਰੋਹ ਵਿੱਚ ਸਫਿਨਿਕਸ ਡਾਂਸ ਕ੍ਰਿੀਏਸ਼ਨ ਗਰੁਪ ਕਲਕੱਤਾ ਨੇ ਅਰੁਨਵ ਬਰਮਨ ਦੀ ਨਿਰਦੇਸ਼ਨਾ ਹੇਠ ‘ਤੇਜਾ ਤੁਰੀਆ’ ਡਾਂਸ ਦੀ ਪੇਸ਼ਕਾਰੀ ਕੀਤੀ ਗਈ।  ਇਸ ਡਾਂਸ ਦੀ ਪੇਸ਼ਕਾਰੀ ਮਹਾਂਭਾਰਤ ਦੀਆਂ ਇਸਤਰੀਆਂ ਗੰਧਾਰੀ, ਸਿਖੰਡੀ, ਦਰੋਪਦੀ, ਹਿਡਿੰਬਾ ਅਤੇ ਚਿਤਰਾਂਗਦਾ ਵਰਗੀਆਂ ਇਸਤਰੀ  ਪਾਤਰਾਂ ਦੇ ਰੂਪ ਵਿੱਚ ਸਾਸਵਤਾ ਇਸ਼ਾਨੀ, ਸੁਭਾਰਸੀ, ਸ੍ਰੀਲੇਖਾ ਅਤੇ ਇੰਦਰਜੀਤ ਨੇ ਨਿਭਾਈ, ਜਿਸਨੇ ਦਰਸ਼ਕਾਂ ਨੂੰ ਮੰਤਰ ਮੁਗਧ ਕਰ ਦਿੱਤਾ। ਆਪਣੀ ਪ੍ਰਤਿਭਾ ਦੇ ਰੰਗ ਬਖੇਰਦਿਆਂ ਦਰਸ਼ਕਾਂ ਨੂੰ ਮੋਹ ਲਿਆ।
    ਪ੍ਰਸਿੱਧ ਕਹਾਣੀਕਾਰ ਵੀਨਾ ਵਰਮਾ ਦੀ ਕਹਾਣੀ ‘ਰੱਬ ਦੀ ਰਜਾਈ’ ‘ਤੇ ਅਧਾਰਤ ਵਿਨੋਦ ਕੌਸ਼ਲ ਦਾ ਨਿਰਦੇਸ਼ਤ ਕੀਤਾ ਨਾਟਕ ਆਰਟੀਫੈਕਟ ਗਰੁੱਪ ਨੇ ਖੇਡਿਆ। ਇਸ ਸੋਲੋ ਨਾਟਕ ਵਿੱਚ ਕਲਾਕ੍ਰਿਤੀ ਦੀ ਡਾਇਰੈਕਟਰ ਪ੍ਰਮਿੰਦਰ ਪਾਲ ਕੌਰ ਦੀ ਅਦਾਕਾਰੀ ਨੇ ਦਰਸ਼ਕਾਂ ਨੂੰ ਕੀਲ ਕੇ ਰੱਖ ਦਿੱਤਾ। ਨਾਟਕ ਵਿੱਚ ਇੱਕ ਔਰਤ ਨੂੰ ਉਸਦਾ ਪਤੀ ਛੱਡਕੇ ਪਰਵਾਸ ਵਿੱਚ ਚਲਾ ਜਾਂਦਾ ਹੈ। ਇਸ ਤ੍ਰਾਸਦੀ ਵਿੱਚ ਉਸ ਔਰਤ ਦਾ ਰੋਲ ਪਰਮਿੰਦਰ ਪਾਲ ਕੌਰ ਨੇ ਕੀਤਾ, ਪਰਮਿੰਦਰ ਪਾਲ ਕੌਰ ਦੀ ਭਾਵਕਤਾ ਵਾਲੀ ਅਦਾਕਾਰੀ ਨੇ ਪੰਜਾਬ ਦੀਆਂ ਉਨ੍ਹਾਂ ਔਰਤਾਂ ਦੀ ਦ੍ਰਿਸ਼ਟਾਂਤਿਕ ਰੂਪ ਵਿੱਚ ਤਸਵੀਰ ਖਿਚ ਕੇ ਰੱਖ ਦਿੱਤੀ, ਜਿਹੜੀਆਂ ਪਤੀਆਂ ਦੇ ਪਰਵਾਸ ਵਿੱਚ ਜਾਣ ਤੋਂ ਬਾਅਦ ਜ਼ਿੰਦਗੀ ਜਿਓਣ ਲਈ ਜਦੋਜਹਿਦ ਕਰਦੀਆਂ ਬੱਚਿਆਂ ਨੂੰ ਪਾਲਦੀਆਂ ਹਨ। ਇਹ ਸੰਤਾਪ ਪੰਜਾਬ ਵਿੱਚ ਭਾਰੂ ਪੈ ਰਿਹਾ ਹੈ। ਦਰਸ਼ਕ ਪਿੰਨ ਡਰਾਪ ਸਾਈਲੈਂਸ ਨਾਲ ਪਰਮਿੰਦਰ ਪਾਲ ਕੌਰ ਦੀ ਪੇਸ਼ਕਾਰੀ ਦਾ ਆਨੰਦ ਮਾਣਦੇ ਰਹੇ। ‘ਮੰਚ ਆਪ ਸਭ ਕਾ’ ਨਵੀਂ ਦਿੱਲੀ ਵੱਲੋਂ ‘ਬੁੱਢਾ ਮਰ ਗਿਆ’ ਕਾਮੇਡੀ ਪਲੇਅ ਖੇਡਿਆ ਗਿਆ, ਜਿਸ ਵਿੱਚ ਇੱਕ ਬਾਗ ਦੇ ਮਾਲਕ ਛਕੋਰੀ ਨੇ ਮਰਨ ਤੋਂ ਬਾਅਦ ਵੀ  ਆਪਣੇ ਬਾਗ ਦਾ ਮੋਹ ਨਹੀਂ ਛੱਡਿਆ 30 ਸਾਲ ਭੂਤ ਬਣਕੇ ਬਾਗ ਦੇ ਦਰੱਖਤਾਂ ‘ਤੇ ਘੁੰਮਦਾ ਰਿਹਾ। ਇੱਕ ਬੁੱਢਾ ਆਦਮੀ ਬਾਗ ਦੀ ਰਾਖੀ ਕਰਦਾ ਹੈ, ਉਸਦਾ ਪੋਤਾ ਤੇ ਆਪਣੀ ਪਤਨੀ ਨਾਲ ਉਸ ਕੋਲ ਰਹਿੰਦੇ ਹਨ, ਉਹ ਦੋਵੇਂ ਦਾਦਾ ਨੂੰ ਲੰਬੇ ਸਮੇਂ ਤੱਕ ਜਿੰਦਾ ਰੱਖਣ ਲਈ ਰਣਨੀਤੀ ਬਣਾਉਂਦੇ ਹਨ ਤਾਂ ਜੋ ਬਾਗ ਦਾ ਖੇਤ ਉਨ੍ਹਾਂ ਕੋਲ ਰਹੇ। ਇਸ ਨਾਟਕ ਦੇ ਨਿਰਦੇਸ਼ਕ ਦਿਨੇਸ਼ ਅਹਲਾਵਤ ਅਤੇ ਲੇਖਕ ਮਨੋਜ ਮਿੱਤਰਾ ਹਨ। ਅਦਾਕਾਰਾਂ ਦੀ ਕਲਾਕਾਰੀ ਨੇ ਦਰਸ਼ਕਾਂ ਨੂੰ ਮੋਹ ਲਿਆ। ਇਹ ਨਾਟਕ ਮਾਨਵਤਾ ਦੀ ਲਾਲਚੀ ਪ੍ਰਵਿਰਤੀ ਦਾ ਪ੍ਰਗਟਾਵਾ ਕਰਦਾ ਹੈ। ‘ਏਕ ਰਾਗ ਦੋ ਸਵਰ’ ਦੇਸ ਰਾਜ ਮੀਨਾਂ ਦੀ ਨਿਰਦੇਸ਼ਨਾ ਵਿੱਚ ਖੇਡਿਆ ਗਿਆ। ਇਸ ਨਾਟਕ ਵਿੱਚ ਇੱਕ ਪਤੀ ਪਤਨਂੀ ਘਰੇਲੂ ਜ਼ਿੰਦਗੀ ਵਿੱਚ ਕਲੇਸ਼ ਰੱਖਦੇ ਸਨ। ਉਨ੍ਹਾਂ ਨੂੰ ਸਿੱਧੇ ਰਸਤੇ ‘ਤੇ ਪਾਉਣ ਲਈ ਇੱਕ ਦੋਸਤ ਦੀ ਤਰਕੀਬ ਦੋਹਾਂ ਨੂੰ ਇੱਕ ਦੂਜੇ ਦੇ ਨੇੜੇ ਲੈ ਆਈ, ਜਿਸ ਕਰਕੇ ਉਸ ਪਰਿਵਾਰ ਦਾ ਭਵਿਖ ਸ਼ਾਂਤਮਈ ‘ਤੇ ਸੁਨਹਿਰਾ ਹੋ ਗਿਆ।  ਪਤੀ ਤੇ ਪਤਨੀ ਇਕ ਕਾਰ ਦੇ ਦੋ ਪਹੀਏ ਹੁੰਦੇ ਹਨ, ਜੇਕਰ ਇੱਕ ਖ਼ਰਾਬ ਹੋ ਜਾਵੇ ਤਾਂ ਪਰਿਵਰਿਕ ਕਾਰ ਚਲਦੀ ਨਹੀਂ ਰਹਿ ਸਕਦੀ। ਇਹ ਨਾਟਕ ਪਤੀ ਪਤਨਂੀ ਨੂੰ ਪਿਆਰ ਨਾਲ ਰਹਿਣ ਦੀ ਪ੍ਰੇਰਨਾ ਦੇ ਗਿਆ। ਇਸ ਪਰਿਵਾਰਿਕ ਨਾਟਕ ਦਾ ਦਰਸ਼ਕਾਂ ਨੇ ਖ਼ੂਬ ਆਨੰਦ ਮਾਣਿਆਂ। ‘ਕੋਸ਼ਿਸ਼’ ਨਾਟਕ ਸੰਦੀਪ ਮੋਰੇ ਦੀ ਨਿਰਦੇਸ਼ਨਾ ਹੇਠ ਖੇਡਿਆ ਗਿਆ। ਇਸ ਨਾਟਕ ਰਾਹੀਂ ਜ਼ਿੰਦਗੀ ਵਿੱਚ ਰੋਜ਼ਾਨਾਂ ਦੀ ਨੱਠ ਭੱਜ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਪੇਸ਼ ਕੀਤਾ ਗਿਆ। ਨਾਟਕ ਵਿੱਚ ਅਦਾਕਾਰਾਂ ਦੀ ਕਲਾਕਾਰੀ ਨੇ ਇਹ ਸਾਬਤ ਕਰ ਦਿੱਤਾ ਕਿ ਜ਼ਿੰਦਗੀ ਦੀ ਸਫ਼ਲਤਾ ਲਈ ਕੋਸ਼ਿਸ਼ ਹੀ ਇੱਕੋ ਇੱਕ ਰਾਹ ਹੈ। ਸੰਦੀਪ ਮੋਰੇ, ਨਦੀਤਾ ਬਸਨੀਕ ਅਤੇ ਨਿਸ਼ਾ ਖ਼ੁਰਾਨਾ ਦੀ ਅਦਾਕਾਰੀ ਨੇ ਦਰਸ਼ਕਾਂ ਨੂੰ ਆਪਣੇ ਨਾਲ ਜੋੜ ਕੇ ਰੱਖਿਆ। ਬਲਾਤਕਾਰ ਪੀੜਤਾਂ ਦੀ ਜ਼ਿੰਦਗੀ ਬਾਰੇ ਡਾ. ਵਿਕਾਸ ਕਪੂਰ ਦੀ ਨਿਰਦੇਸ਼ਨਾ ਹੇਠ ਦਿਲ ਨੂੰ ਛੂਹਣ ਵਾਲਾ ‘ਪੁਕਾਰ’ ਨਾਟਕ ਖੇਡਿਆ ਗਿਆ। ਇਹ ਨਾਟਕ ਬਹੁਤ ਹੀ ਸੰਵੇਦਨਸ਼ੀਲ ਹੋਣ ਕਰਕੇ ਦਰਸ਼ਕਾਂ ਨੂੰ ਭਾਵਕ ਕਰ ਗਿਆ। ਨਾਟਕ ਦੀ ਪੇਸ਼ਕਾਰੀ ਇਤਨੀ ਬਾਕਮਾਲ ਸੀ ਕਿ ਦਰਸ਼ਕ ਪੂਰਾ ਸਮਾਂ  ਇੱਕਚਿਤ ਹੋ ਕੇ ਨਾਟਕ ਵੇਖਦੇ ਰਹੇ ਤੇ ਕੋਈ ਦਰਸ਼ਕ ਆਪਣੀ ਸੀਟ ਤੋਂ ਹਿਲਿਆ ਨਹੀਂ। ਨਾਟਕ ਨੇ ਦਰਸ਼ਕਾਂ ‘ਤੇ ਇਹ ਪ੍ਰਭਾਵ ਦਿੱਤਾ ਕਿ ਸਮਾਜ ਬਲਾਤਕਾਰ ਪੀੜਤਾਂ ਨੂੰ ਕਟਹਿਰੇ ਵਿੱਚ ਕਿਉਂ ਖੜ੍ਹਾ ਕਰਦਾ ਹੈ ਤੇ ਮਰਦ ਹੈਵਾਨੀਅਤ ਵਾਲਾ ਵਿਵਹਾਰ ਕਿਉਂ ਕਰਦੇ ਹਨ? ਡਾ.ਨੀਤੂ ਪਰਿਹਾਰ, ਅਸ਼ਿਮ ਸ੍ਰੀਮਾਲੀ, ਨੇਹਾ ਮਹਿਤਾ, ਅੰਤਿਮਾ ਵਿਆਸ, ਖ਼ੁਸ਼ੀ ਵਿਆਸ, ਇਸ਼ਿਤਾ ਧਾਰੀਵਾਲ, ਪਵਨ ਪਰਿਹਾਰ,  ਭਰਤ ਮੇਵਾੜਾ, ਗੌਰਵ ਅਤੇ ਇੰਦਰਜੀਤ ਸਿੰਘ ਗੌੜ  ਦੀ ਅਦਾਕਾਰੀ ਨੇ ਦਰਸ਼ਕਾਂ ਨੂੰ ਕੀਲ ਕੇ ਰੱਖਿਆ। ਨੈਸ਼ਨਲ ਥੇਟਰ ਫੈਸਟੀਵਲ ਦੇ ਛੇਵੇਂ ਦਿਨ ਅਭਿਸ਼ੇਕ ਮੋਦਗਿਲ ਦੁਆਰਾ ਨਿਰਦੇਸ਼ਤ ਕੀਤਾ ਨਾਟਕ ‘ਮਹਾਂਰਥੀ’ ਖੇਡਿਆ ਗਿਆ। ਇਹ ਨਾਟਕ ਮਹਾਂ ਭਾਰਤ ਦੀ ਵਿਥਿਆ ‘ਤੇ ਅਧਾਰਤ ਹੈ। ਇਸ ਨਾਟਕ ਨੇ ਵੀ ਦਰਸ਼ਕਾਂ ਦ ਮਨ ਮੋਹ ਲਏ। ਦਿਵਿਆਂਸ਼ ਸ਼ਿਵਨਾਨੀ, ਦੇਵੇਂਦਰ ਸਵਾਮੀ, ਸਧਾਂਸ਼ੂ ਸ਼ੁਕਲਾ, ਵਿਵੇਕ ਜਾਖੜ, ਰਿਤਿਕਾ, ਯਸ਼ਵਿਨੀ, ਰੋਸ਼ਿਕ, ਨਿਸ਼ਾਂਤ, ਮੋਹਿਤ ਤੇ ਸ਼ਵੇਤਾ ਚੌਲਾਗਾਈ ਨੇ ਸ਼ਾਨਦਾਰ ਅਦਾਕਾਰੀ ਕਰਕੇ ਦਰਸ਼ਕਾਂ ਵੀ ਵਾਹਵਾ ਖੱਟੀ।  ਡਰਾਮਾਟਰਜੀ ਆਰਟਸ ਐਂਡ ਕਲਚਰ ਸੋਸਾਇਟੀ ਦਿੱਲੀ ਦੇ ਕਲਾਕਾਰਾਂ ਵੱਲੋਂ ‘ਟੈਕਸ ਫ੍ਰੀ’ ਨਾਟਕ ਪੇਸ਼ ਕੀਤਾ ਗਿਆ, ਜਿਸਦੀ ਨਿਰਦੇਸ਼ਨਾ ਸੁਨੀਲ ਚੌਹਾਨ ਨੇ ਕੀਤੀ। ਇਹ ਨਾਟਕ ਚਾਰ ਅੰਨ੍ਹੇ ਨੌਜਵਾਨਾਂ ਦੀ ਜ਼ਿੰਦਗੀ ਦੀ ਜਦੋਜਹਿਦ ‘ਤੇ ਅਧਾਰਤ ਸੀ, ਜਿਸ ਰਾਹੀਂ ਦਰਸਾਇਆ ਗਿਆ ਕਿ ਜ਼ਿੰਦਗੀ ਨੂੰ ਖੁਲ੍ਹ ਕੇ ਜੀਣਾ ਹੀ ਅਸਲ ਜ਼ਿੰਦਗੀ ਹੈ। ਇਸ ਨਾਟਕ ਤੋਂ ਪ੍ਰੇਰਨਾ ਮਿਲਦੀ ਹੈ ਕਿ ਜਦੋਂ ਅੰਨ੍ਹੇ ਵਿਅਕਤੀ ਬਾਖ਼ੂਬੀ ਜ਼ਿੰਦਗੀ ਜੀਅ ਸਕਦੇ ਹਨ ਤਾਂ ਹਰ ਇਨਸਾਨ ਨੂੰ ਆਪਣੀ ਜ਼ਿੰਦਗੀ ਦੇ ਸੁਨਹਿਰੀ ਪਲਾਂ ਨੂੰ ਹਰ ਔਖਿਆਈ ਦਾ ਮੁਕਾਬਲਾ ਕਰਦਿਆਂ ਜਿਉਣਾ ਚਾਹੀਦਾ। ਅਕਰਮ ਖ਼ਾਨ, ਕੁਸ਼ਲ ਦੇਵਗਨ, ਸੁਜਲ ਕੁਮਾਰ, ਪ੍ਰਦੀਪ ਕੁਮਾਰ ਅਤੇ ਰਾਘਵ ਸ਼ੁਕਲਾ ਨੇ ਅੰਨ੍ਹੇ ਕਲਾਕਾਰਾਂ ਦੀ ਭੂਮਿਕਾ ਖ਼ੂਬਸੂਰਤੀ ਨਾਲ ਨਿਭਾਈ। ਐਸ.ਪੀ.ਸਿੰਘ ਓਬਰਾਏ ਮੈਨੇਜਿੰਗ ਡਾਇਰੈਕਟਰ ਸਰਬੱਤ ਦਾ ਭਲਾ ਟਰੱਸਟ, ਗੁਰਜੀਤ ਸਿੰਘ ਓਬਰਾਏ, ਜੱਸਾ ਸਿੰਘ ਸੰਧੂ, ਡਾ.ਰਾਜ ਬਹਾਦਰ, ਜਸਟਿਸ ਐਮ.ਐਮ.ਐਸ.ਬੇਦੀ, ਡਾ.ਧਰਮਵੀਰ ਗਾਂਧੀ, ਮਨਜੀਤ ਸਿੰਘ ਨਾਰੰਗ, ਅਵਤਾਰ ਸਿੰਘ ਅਰੋੜਾ, ਪਰਮਿੰਦਰਪਾਲ ਕੌਰ, ਸੁਨੀਤਾ ਧੀਰ, ਡਾ.ਮਨਮੋਹਨ ਸਿੰਘ ਕਾਰਡੀਆਲੋਜਿਸਟ, ਡਾ.ਸਰਬਜਿੰਦਰ ਸਿੰਘ, ਰਾਵਿੰਦਰ ਸ਼ਰਮਾ, ਭੁਪਿੰਦਰ ਸਿੰਘ ਸੋਫ਼ਤ, ਦੀਪਕ ਕੰਪਾਨਂੀ ਤੇ ਅਕਸ਼ਯ ਗੋਪਾਲ, ਮਨਦੀਪ ਸਿੰਘ ਸਿੱਧੂ ਡੀ.ਆਈ.ਜੀ , ਪਦਮ ਸ਼੍ਰੀ ਪਰਾਣ ਸਭਰਵਾਲ ਅਤੇ ਡਾ.ਸਵਰਾਜ ਸਿੰਘ ਨੇ ਕਲਾਕਾਰਾਂ ਦੀ ਅਦਾਕਾਰੀ ਦਾ ਆਨੰਦ ਮਾਣਿਆਂ। ਮੰਜੂ ਮਿੱਢਾ ਅਰੋੜਾ ਨੇ ਸਾਰੇ ਸਮਾਗਮਾਂ ਦੀ ਬਾਕਮਾਲ ਐਂਕਰਿੰਗ ਕੀਤੀ। ਇਸ ਨੈਸ਼ਨਲ ਥੇਟਰ ਫ਼ੈਸਵੀਵਲ ਦੀ ਸਫ਼ਲਤਾ ਦਾ ਸਿਹਰਾ ਪ੍ਰਮਿੰਦਰ ਪਾਲ ਕੌਰ ਅਤੇ ਉਸਦੀ ਕਲਾਕ੍ਰਿਤੀ ਦੀ ਟੀਮ ਅਤੇ ਜੱਸਾ ਸਿੰਘ ਸੰਧੂ ਤੇ ਉਸਦੀ ਸਰਬੱਤ ਦਾ ਭਲਾ ਦੀ ਟੀਮ ਨੂੰ ਜਾਂਦਾ ਹੈ।
    ਖਚਾ ਖਚ ਭਰੇ ਨਾਰਥ ਜੋਨ ਕਲਚਰ ਸੈਂਟਰ ਦੇ ਕਾਲੀਦਾਸ ਆਡੋਟੋਰੀਅਮ ਵਿੱਚ ਪਟਿਆਲਵੀਆਂ ਨੇ ਇੱਕ ਹਫ਼ਤਾ ਨਾਟਕਾਂ ਦਾ ਖ਼ੂਬ ਆਨੰਦ ਮਾਣਿਆਂ ਅਤੇ ਦਰਸ਼ਕਾਂ ਦੀ ਸ਼ਾਬਾਸ਼ ਨੇ ਅਦਾਕਾਰਾਂ ਦਾ ਉਤਸ਼ਾਹ ਵਧਾਇਆ। ਇਹ ਨੈਸ਼ਨਲ ਥੇਟਰ ਫ਼ੈਸਟੀਵਲ ਪਟਿਆਲਵੀਆਂ ਦੀਆਂ ਯਾਦਾਂ ਦਾ ਸਰਮਾਇਆ ਬਣ ਗਿਆ। 2025 ਦੇ ਨੈਸ਼ਨਲ ਥੇਟਰ ਫੈਸਟੀਵਲ ਦੀ ਉਮੀਦ ਨਾਲ ਇਹ ਫੈਸਟੀਵਲ ਸਮਾਪਤ ਹੋਇਆ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
  ਮੋਬਾਈਲ-94178 13072
  ujagarsingh48@yahoo.com

ਟੀ.ਵੀ.ਕੱਟਾਮਨੀ ਦੀ ਵਿਦਿਅਕ ਸਵੈ-ਜੀਵਨੀ ‘ਜੰਗਲੀ ਉਪ-ਕੁਲਪਤੀ ਦੀ ਕਥਾ’ ਪ੍ਰੇਰਨਾਦਾਇਕ  - ਉਜਾਗਰ ਸਿੰਘ

ਟੀ.ਵੀ.ਕੱਟੀਮਨੀ ਸਾਬਕਾ ਉਪ-ਕੁਲਪਤੀ ‘ਇੰਦਰਾ ਗਾਂਧੀ ਰਾਸ਼ਟਰੀ ਜਨਜਾਤੀ ਵਿਸ਼ਵਵਿਦਿਆਲਾ, ਅਮਰਕੰਟਕ’ ਦੀ ਸਵੈ-ਜੀਵਨੀ ‘ਜੰਗਲੀ ਉਪ-ਕੁਲਪਤੀ ਦੀ ਕਥਾ’ ਵਿਦਿਆਰਥੀਆਂ/ਅਧਿਆਪਕਾਂ/ਵਿਦਿਆ ਸ਼ਾਸ਼ਤਰੀਆਂ ਅਤੇ ਖਾਸ ਤੌਰ ‘ਤੇ ਖੋਜੀਆਂ ਲਈ ਆਪਣਾ  ਵਿਦਿਅਕ ਕੈਰੀਅਰ ਬਣਾਉਣ ਵਾਸਤੇ ਪ੍ਰੇਰਨਦਾਇਕ ਸਾਬਤ ਹੋਵੇਗੀ। ਟੀ.ਵੀ.ਕੱਟੀਮਨੀ ਹਿੰਦੀ ਦੇ ਪ੍ਰੋਫ਼ੈਸਰ ਵਿਦਵਾਨ ਸਾਹਿਤਕਾਰ ਹਨ, ਜਿਨ੍ਹਾਂ ਨੇ ਹੁਣ ਤੱਕ 18 ਪੁਸਤਕਾਂ ਲਿਖਿਆਂ ਹਨ, ਜਿਹੜੀਆਂ ਉਸਦੀ ਵਿਦਵਤਾ ਦਾ ਪ੍ਰਮਾਣ ਹਨ। ਭਾਰਤ ਇੱਕ ਵਿਸ਼ਾਲ, ਬਹੁ  ਭਾਸ਼ਾਈ, ਨਸਲੀ, ਜ਼ਾਤਪਾਤ, ਰੰਗ/ਰੂਪ ਅਤੇ ਕੌਮੀ ਅਨੇਕਤਾ ਵਿੱਚ ਏਕਤਾ ਕਹਾਉਣ ਵਾਲਾ ਦੇਸ਼ ਹੈ। ਭਾਰਤ ਦੇ ਲੋਕ ਆਦਿਵਾਸੀਆਂ/ਕਬੀਲਿਆਂ ਦੇ ਲੋਕਾਂ ਪ੍ਰਤੀ ਉਸਾਰੂ ਸੋਚ ਨਹੀਂ ਰੱਖਦੇ, ਉਨ੍ਹਾਂ ਨੂੰ ਜੰਗਲੀ ਤੱਕ ਕਿਹਾ ਜਾਂਦਾ ਹੈ। ਦੇਸ ਨੂੰ ਆਜ਼ਾਦ ਹੋਇਆਂ ਭਾਵੇਂ 78 ਸਾਲ ਹੋ ਗਏ ਹਨ ਪ੍ਰੰਤੂ ਅਜੇ ਤੱਕ ਵੀ ਹਰ ਤਰ੍ਹਾਂ ਦਾ ਨਸਲੀ/ਰੰਗ ਭੇਦ ਬਰਕਰਾਰ ਹੈ। ਚਰਚਾ ਅਧੀਨ ਸਵੈ-ਜੀਵਨੀ ‘ਜੰਗਲੀ ਉਪ-ਕੁਲਪਤੀ ਦੀ ਕਥਾ’ ਵੀ ਇੱਕ ਆਦਿਵਾਸੀ ਸਿੱਖਿਆ ਸ਼ਾਸ਼ਤਰੀ ਸਾਬਕਾ ਉਪ-ਕੁਲਪਤੀ ਦੀ ਯੂਨੀਵਰਸਿਟੀ ਵਿੱਚ ਵਿਦਿਅਕ ਵਾਤਵਰਨ ਬਣਾਉਣ ਲਈ ਜ਼ਿੰਦਗੀ ਦੇ ਸੰਘਰਸ਼ ਦੀ ਕਹਾਣੀ ਹੈ। ਇਹ ਸਵੈ-ਜੀਵਨੀ ‘ਜੰਗੀਕਥੇ’ ਸਿਰਲੇਖ ਅਧੀਨ ਕੰਨੜ ਭਾਸ਼ਾ ਵਿੱਚ ਪ੍ਰਕਾਸ਼ਤ ਹੋਈ ਸੀ। ਇਸਦਾ ਤੇਲਗੂ, ਤਾਮਿਲ ਅਤੇ ਹਿੰਦੀ ਵਿੱਚ ਅਨੁਵਾਦ ਹੋ ਚੁੱਕਾ ਹੈ, ਮਰਾਠੀ ਵਿੱਚ ਪ੍ਰਕਾਸ਼ਨਾ ਅਧੀਨ ਹੈ। ਇਹ ਵਿਦਿਅਕ ਸਵੈ-ਜੀਵਨੀ ਨੂੰ ਪੰਜਾਬੀ ਰੂਪ ਜ਼ਮੀਰਪਾਲ ਕੌਰ ਸੰਧੂ ਬਾਜਵਾ ਨੇ ਦਿੱਤਾ ਹੈ। ਜ਼ਮੀਰਪਾਲ ਕੌਰ ਸੰਧੂ ਬਾਜਵਾ ਦਾ ਪੰਜਾਬੀ ਰੂਪ ਪੜ੍ਹਕੇ ਇਉਂ ਮਹਿਸੂਸ ਹੋ ਰਿਹਾ ਹੈ, ਜਿਵੇਂ ਇਹ ਪੰਜਾਬੀ ਦੀ ਮੌਲਿਕ ਸਵੈ-ਜੀਵਨੀ ਹੋਵੇ। ਅਨੁਵਾਦਕ ਨੇ ‘ਜੰਗਲੀ ਉਪ ਕੁਲਪਤੀ ਦੀ ਕਥਾ’ ਦੀ ਰੂਹ ਪੰਜਾਬੀ ਰੂਪ ਵਿੱਚ ਪ੍ਰਵੇਸ਼ ਕਰ ਦਿੱਤੀ ਹੈ। ਇਹੋ ਅਨੁਵਾਦਕਾ ਦੀ ਕਮਾਲ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਇਸ ਸਵੈ-ਜੀਵਨੀ ਦਾ ਨਾਮ ਹੀ ਪੁਸਤਕ ਪੜ੍ਹਨ ਲਈ ਦਿਲਚਸਪੀ ਪੈਦਾ ਕਰਦਾ ਹੈ। ਜਦੋਂ ਪਾਠਕ ਪੜ੍ਹਨ ਲੱਗਦਾ ਹੈ ਤਾਂ ਅੱਧ  ਵਿਚਕਾਰ ਪੂਰੀ ਪੜ੍ਹੀ ਬਿਨਾ ਛੱਡ ਨਹੀਂ ਸਕਦਾ। ਇਸ ਸਵੈ-ਜੀਵਨੀ ਦਾ ਆਮ ਜੀਵਨੀਆਂ ਨਾਲੋਂ ਫ਼ਰਕ ਹੈ ਕਿ ਇਸ ਵਿੱਚ ਟੀ.ਵੀ.ਕੱਟੀਮਨੀ ਨੇ ਮੱਧ  ਪ੍ਰਦੇਸ਼ ਦੀ ‘ਇੰਦਰਾ ਗਾਂਧੀ ਰਾਸ਼ਟਰੀ ਜਨਜਾਤੀ ਵਿਸ਼ਵਵਿਦਿਆਲਾ, ਅਮਰਕੰਟਕ’ ਦਾ ਉਪ-ਕੁਲਪਤੀ ਨਿਯੁਕਤ ਹੋਣ ਤੋਂ ਬਾਅਦ, ਵਿਦਿਆਲਾ ਦੀ ਉਸਾਰੀ ਅਤੇ ਉਸਨੂੰ ਸਥਾਪਤ ਕਰਨ ਸਮੇਂ ਆਦਿਵਾਸੀ ਹੋਣ ਕਰਕੇ ਜਿਹੜੀਆਂ ਮੁਸ਼ਕਲਾਂ ਪੇਸ਼ ਆਈਆਂ ਸਨ, ਉਨ੍ਹਾਂ ਬਾਰੇ ਵਿਆਖਿਆ ਨਾਲ ਕੀਤੀ ਜਦੋਜਹਿਦ ਦਾ ਵਰਣਨ ਕੀਤਾ ਹੈ। ਇਨ੍ਹਾਂ ਮੁਸ਼ਕਲਾਂ ‘ਤੇ ਕਾਬੂ ਪਾ ਕੇ ਸਫ਼ਲਤਾ ਦੇ ਝੰਡੇ ਗੱਡਣ ਦੀ ਕਹਾਣੀ ਨੂੰ ਦਿਲਚਸਪ ਢੰਗ ਨਾਲ ਲਿਖਿਆ ਹੈ। ਜੀਵਨੀਕਾਰ ਨੇ ਇਸ ਪੁਸਤਕ ਨੂੰ 25 ਛੋਟੇ-ਵੱਡੇ ਭਾਗਾਂ ਵਿੱਚ ਵੰਡਿਆ ਹੈ, ਜਿਨ੍ਹਾਂ ਵਿੱਚ ਪੂਰੀ ਕਹਾਣੀ ਵਰਣਨ ਕੀਤੀ ਹੈ। ਇਹ ਸਵੈ-ਜੀਵਨੀ ਪੜ੍ਹਨ ਤੋਂ ਇਹ ਪਤਾ ਲੱਗਦਾ ਹੈ ਕਿ ਜੇਕਰ ਕਿਸੇ ਇਨਸਾਨ ਦਾ ਇਰਾਦਾ ਮਜ਼ਬੂਤ, ਨਿਸ਼ਾਨਾ ਨਿਸਚਤ, ਦਿਲ ਸਾਫ਼ ਹੋਵੇ ਤਾਂ ਬੁਲੰਦੀਆਂ ‘ਤੇ ਪਹੁੰਚਣ ਨੂੰ ਕੋਈ ਰੋਕ ਨਹੀਂ ਸਕਦਾ। ਭਾਵੇਂ ਅਨੇਕਾਂ ਅੜਿਚਣਾ ਆਉਂਦੀਆਂ ਹੋਣ, ਇੱਥੋਂ ਤੱਕ ਕਿ ਪਹਾੜ ਵੀ ਸਰ ਕੀਤੇ ਜਾ ਸਕਦੇ ਹਨ। ਇਹ ਜੰਗਲਾਂ ਵਿੱਚ ਘਿਰਿਆ ਅਤੇ ਆਦਿਵਾਸੀ ਇਲਾਕੇ ਵਿੱਚ ਯੂਨੀਵਰਸਿਟੀ ਕੰਪਲੈਕਸ ਟੀ.ਵੀ.ਕੱਟੀਮਨੀ ਦੀ ਉਸਾਰੂ ਸੋਚ ਦਾ ਪ੍ਰਤੀਕ ਬਣਕੇ ਆਦਿਵਾਸੀਆਂ ਦੀ ਪ੍ਰਤਿਭਾ ਵਿੱਚ ਵਾਧਾ ਕਰਦਾ ਹੈ। ਟੀ.ਵੀ.ਕੱਟੀਮਨੀ ਦੀ ਜੀਵਨੀ ਪੜ੍ਹਨ ਤੋਂ ਇਹ ਪਤਾ ਲੱਗਦਾ ਹੈ ਕਿ ਉਹ ਮੁੱਖ ਤੌਰ ‘ਤੇ ਆਪਣੇ ਆਦਿਵਾਸੀਆਂ ਦੀ ਜਦੋਜਹਿਦ ਵਾਲੀ ਰੱਬ ਦੇ ਆਸਰੇ ਛੱਡੀ ਅਵੇਸਲੀ ਜ਼ਿੰਦਗੀ ਨੂੰ ਬਿਹਤਰੀਨ ਬਣਾਉਣੀ ਚਾਹੁੰਦਾ ਹੈ। ਉਹ ਚਾਹੁੰਦਾ ਹੈ ਕਿ ਸਮਾਜ ਦੀ ਅਣਗਹਿਲੀ, ਉਨ੍ਹਾਂ ਦੀ ਆਪਣੀ ਲਾਪ੍ਰਵਾਹੀ, ਅਵੇਸਲਾਪਨ ਦਾ ਸ਼ਿਕਾਰ ਅਤੇ ਮੌਜੀ ਸੁਭਾਅ ਦੇ ਇਹ ਲੋਕ ਜਿਹੜੇ ਸਰਕਾਰੀ ਸਹੂਲਤਾਂ ਤੋਂ ਕੋਹਾਂ ਦੂਰ ਜੰਗਲਾਂ ਵਿੱਚ ਰਹਿੰਦੇ ਹੋਏ, ਜੰਗਲੀ ਬੂਟੀਆਂ ਦੀ ਖ਼ੁਰਾਕ ਨਾਲ ਜੀਵਨ ਬਸਰ ਕਰਦੇ ਹਨ, ਉਨ੍ਹਾਂ ਨੂੰ ਵੀ ਬਾਕੀ ਸਮਾਜ ਦੀ ਤਰ੍ਹਾਂ ਆਜ਼ਾਦੀ ਦੀਆਂ ਬਰਕਤਾਂ ਦਾ ਲਾਭ ਮੁਹੱਈਆ ਕਰਵਾਇਆ ਜਾਵੇ। ਇਸ ਕਰਕੇ ਹੀ ਉਸਨੇ ਯੂਨੀਵਰਸਿਟੀ ਦਾ ਪਹਿਲਾਂ ਵੱਖ-ਵੱਖ ਵਿਭਾਗ ਖੋਲ੍ਹਕੇ, ਉਨ੍ਹਾਂ ਦੀ ਉਸਾਰੀ ਵਿੱਚ ਨਿੱਜੀ ਦਿਲਚਸਪੀ ਲੈਂਦਿਆਂ ਵਿਕਾਸ ਕੀਤਾ ਤੇ ਫਿਰ ਉਸ ਯੂਨੀਵਰਸਿਟੀ ਦੇ ਸੀਮਤ ਸਾਧਨਾ ਰਾਹੀਂ, ਜੰਗਲੀ ਲੋਕਾਂ ਦੀ ਭਲਾਈ ਕਰਨ ਨੂੰ ਪਹਿਲ ਦਿੱਤੀ, ਭਾਵੇਂ ਉਸਨੂੰ ਜੰਗਲੀ/ ਕਾਲਾ/ ਆਦਿਵਾਸੀ ਕਹਿਕੇ ਨਿੰਦਿਆ ਵੀ ਗਿਆ। ਉਸਨੇ ਆਪਣੇ ਸਮਾਜਕ ਸਟੇਟਸ ਨੂੰ ਦਾਅ ‘ਤੇ ਲਾ ਕੇ ਆਦਿਵਾਸੀਆਂ ਦੀ ਸਮਾਜਿਕ, ਆਰਥਿਕ, ਸਭਿਅਚਾਰਿਕ ਅਤੇ ਵਿਦਿਅਕ ਹਾਲਤ ਸੁਧਾਰਨ ਲਈ ਸਖ਼ਤ ਤੋਂ ਸਖ਼ਤ ਕਦਮ ਚੁੱਕੇ ਸਨ। ਮੁੱਖ ਮੰਤਵ ਤਾਂ ਕੱਟਾਮਨੀ ਦਾ ਇਹੋ ਸੀ ਕਿ ਆਦਿਵਾਸੀ ਲੋਕਾਂ ਦੀ ਬਿਹਤਰੀ ਲਈ ਹਰ ਕਦਮ ਚੁੱਕਿਆ ਜਾਵੇ ਕਿਉਂਕਿ ਸਰਕਾਰ ਨੇ ਉਨ੍ਹਾਂ ਦੇ ਸਮਤੁਲ ਵਿਕਾਸ ਲਈ ਇਹ ਯੂਨੀਵਰਸਿਟੀ ਸਥਾਪਤ ਕੀਤੀ ਸੀ। ਯੂਨੀਵਰਸਿਟੀ ਦੀ ਉਸ ਸਮੇਂ ਦੀ ਸਥਿਤੀ ਅਤੇ ਜੀਵਨੀਕਾਰ ਨੇ ਜੋ ਸੁਪਨੇ ਸਿਰਜੇ ਉਨ੍ਹਾਂ ਬਾਰੇ ਬਾਕਮਾਲ ਢੰਗ ਨਾਲ ਜਾਣਕਾਰੀ ਦਿੱਤੀ ਹੈ, ਕਿਉਂਕਿ ਆਦਿਵਾਸੀ ਇਲਾਕੇ ਦੇ ਵਿੱਚ ਇਹ ਯੂਨੀਵਰਸਿਟੀ ਬਿਲਕੁਲ ਨਵੀਂ ਬਣੀ ਸੀ, ਇਸ ਦਾ ਢਾਂਚਾ ਉਸਾਰਨ ਲਈ ਯੋਗ ਢੰਗ ਨਾਲ ਤਰਤੀਬ ਦੇਣੀ ਜ਼ਰੂਰੀ ਸੀ। ਟੀ.ਵੀ.ਕੱਟੀਮਨੀ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਸ਼ਹਿਨਸ਼ੀਲਤਾ ਰੱਖਦੇ ਹੋਏ ਤਰਤੀਬ ਅਨੁਸਾਰ ਯੂਨੀਵਰਸਿਟੀ ਦੇ ਹਿੱਤ ਲਈ ਸਾਰੇ ਕਦਮ ਚੁੱਕੇ, ਜਿਨ੍ਹਾਂ ਵਿੱਚ ਸਫ਼ਾਈ ਦੇ ਨਾਕਸ ਪ੍ਰਬੰਧਾਂ ਅਤੇ ਉਨ੍ਹਾਂ ਨੂੰ ਠੀਕ ਕਰਨ ਲਈ ਰਸਤੇ ਵਿੱਚ ਆ ਰਹੀਆਂ ਮੁਸ਼ਕਲਾਂ ਅਤੇ ਸੀਨੀਅਰ ਫੈਕਲਟੀ ਮੈਂਬਰਾਂ ਵੱਲੋਂ ਸਹਿਯੋਗ ਨਾ ਦੇਣਾ, ਇੱਥੋਂ ਤੱਕ ਕਿ ਵਿਅੰਗ ਨਾਲ ਸਫ਼ਾਈ ਲਈ ਉਪ-ਕੁਲਪਤੀ ਨੂੰ ਭਾਰਤ ਰਤਨ ਵਰਗਾ ਸਰਵੋਤਮ ਸਨਮਾਨ ਲੈਣਾਂ ਵੀ ਕਿਹਾ ਗਿਆ ਪ੍ਰੰਤੂ ਉਹ ਪਿੱਛੇ ਨਹੀਂ ਹਟੇ, ਸਗੋਂ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਸਹਿਯੋਗ ਨਾਲ ਸਫ਼ਾਈ ਪ੍ਰਬੰਧ ਕਾਬਲੇਤਾਰੀਫ਼ ਕੀਤੇ। ਯੂਨੀਵਰਸਿਟੀ ਕੰਪਲੈਕਸ ਵਿੱਚ ਪੀਣ ਵਾਲੇ ਪਾਣੀ ਦੀ ਘਾਟ ਪੂਰੀ ਕਰਨ ਲਈ ਕੁਦਰਤੀ ਸੋਮਿਆਂ/ਨਾਲਿਆਂ ‘ਤੇ ਬੰਨ੍ਹ ਮਾਰਕੇ ਝੀਲ ਬਣਾਈ ਤੇ ਪਾਣੀ ਦੀ ਸਮੱਸਿਆ ਖ਼ਤਮ ਹੋਣ ਦੇ ਨਾਲ ਸੈਰਗਾਹ ਬਣ ਗਈ। 374 ਏਕੜ ਦੇ ਕੰਪਲੈਕਸ ਵਿੱਚ ਸਜਾਵਟੀ/ ਫਲਦਾਰ ਰੁੱਖ/ਪੌਦੇ ਲਗਵਾ ਕੇ ਪੰਜ ਸਾਲਾਂ ਵਿੱਚ ਮਨਮੋਹਕ ਹਰਿਆਵਲ ਵਾਲਾ ਵਾਤਾਵਰਨ ਬਣਾਇਆ। ਜੰਗਲੀ ਇਲਾਕਾ ਹੋਣ ਕਰਕੇ ਜੜ੍ਹੀਆਂ ਬੂਟੀਆਂ ਬਹੁਤ ਹੁੰਦੀਆਂ ਹਨ, ਜਿਹੜੀਆਂ ਬਹੁਤੀਆਂ ਮਾਨਵਤਾ ਦੀਆਂ ਬਿਮਾਰੀਆਂ ਤੋਂ ਰੋਕ ਥਾਮ ਲਈ ਕੰਮ ਆਉਂਦੀਆਂ ਹਨ। ਇਸ ਮੰਤਵ ਲਈ ਜੜ੍ਹੀ ਬੂਟੀ ਬਾਗ ਦੀ ਸਥਾਪਨਾ ਕੀਤੀ ਗਈ, ਲੁਪਤ ਹੋ ਰਹੀਆਂ ਜੜ੍ਹੀਆਂ ਬੂਟੀਆਂ ਨੂੰ ਸਾਂਭਣ ਦਾ ਕਾਰਜ਼ ਕੀਤਾ ਗਿਆ ਅਤੇ ਯੂਨੀਵਰਸਿਟੀ ਦੇ ਅਧਿਆਪਕਾਂ ਨੂੰ ਨਵੇਂ ਸਥਾਨਕ ਲੋੜਾਂ ਅਨੁਸਾਰ ਵਿਭਾਗ ਖੋਲ੍ਹਕੇ ਲੋਕਾਂ ਦੇ ਹਿਤਾਂ ਦਾ ਧਿਆਨ ਰੱਖਣ ਦੀ ਜ਼ਿੰਮੇਵਾਰੀ ਨਿਭਾਈ।  ਕਿਸਾਨਾਂ ਨੂੰ ਖੇਤੀਬਾੜੀ ਕਰਨ ਲਈ ਉਤਸ਼ਾਹਤ ਕਰਨ ਲਈ ਸਰਕਾਰਾਂ ਨਾਲ ਤਾਲਮੇਲ ਕਰਕੇ ਯੂਨੀਵਰਸਿਟੀ ਵਿੱਚ ਖੇਤੀ ਵਿਗਿਆਨ ਕੇਂਦਰ ਖੋਲਿ੍ਹਆ ਗਿਆ, ਜਿਸਦਾ ਆਲੇ ਦੁਆਲੇ ਦੇ ਲੋਕਾਂ ਨੇ ਫਾਇਦਾ ਉਠਾਇਆ। ਟੀ.ਵੀ.ਕੱਟੀਮਨੀ ਦੀ ਸਥਾਨਕ ਲੋਕਾਂ ਨਾਲ ਹੋ ਰਹੇ ਸ਼ੋਸ਼ਣ ਲਈ ਹਮਦਰਦੀ, ਉਨ੍ਹਾਂ ਦੀ ਆਰਥਿਕ ਹਾਲਤ ਮਜ਼ਬੂਤ ਕਰਨ ਦੇ ਉਪਰਾਲੇ ਸਲਾਹੁਣਯੋਗ ਹਨ। ਇੱਕ ਉਪ-ਕੁਲਪਤੀ ਕਿਤਨੀ ਦਿਲਚਸਪੀ ਲੈ ਕੇ ਯੂਨੀਵਰਸਿਟੀ ਅਤੇ ਸਥਾਨਕ ਲੋਕਾਂ ਦੀ ਸਥਾਪਤੀ ਲਈ ਸੰਵੇਦਨਸ਼ੀਲ ਹੈ, ਭਾਵੇਂ ਉਸਦੀ ਕਿਰਦਾਰਕੁਸ਼ੀ ਵੀ ਕੀਤੀ ਜਾ ਰਹੀ ਹੈ। ਵਿਸ਼ਵਵਿਦਿਆਲੇ ਨੂੰ ਰਾਸ਼ਟਰੀ ਰੂਪ ਦੇਣ ਲਈ ਕੀਤੇ ਗਏ ਕਾਰਜਾਂ ਦਾ ਵਿਵਰਣ ਅਤੇ ਉਪ-ਕੁਲਪਤੀ ਵਿਰੋਧੀ ਕੁਝ ਲੋਕਾਂ ਦੀਆਂ ਘਟੀਆਂ ਹਰਕਤਾਂ ਬਾਰੇ ਜਾਣਕਾਰੀ ਤੱਥਾਂ ਦੇ ਨਾਲ ਦਿੱਤੀ ਗਈ ਹੈ। ਇਸ ਤੋਂ ਇਹ ਵੀ ਸਾਬਤ ਹੁੰਦਾ ਹੈ ਕਿ ਇਮਾਨਦਾਰੀ ਨਾਲ ਕੀਤਾ ਕੰਮ ਹਮੇਸ਼ਾ ਸਹੀ ਹੁੰਦਾ ਹੈ। ਉਪ-ਕੁਲਪਤੀ ਸਥਾਨਕ ਆਦਿਵਾਸੀਆਂ ਦੀਆਂ ਲੋੜਾਂ, ਰੋਜ਼ਗਾਰ ਅਤੇ ਕਲਾ ਦੀ ਪਹਿਚਾਣ ਕਰਕੇ ਉਨ੍ਹਾਂ ਨੂੰ ਰੋਜ਼ਗਾਰ ਅਤੇ ਮਨੋਰੰਜਨ ਲਈ ਪਲਾਸ਼ ਟਰਾਈਬਲ ਗਰੁਪ ਦੀ ਸਥਾਪਨਾ ਅਤੇ ਗੋਂਡੀ ਕਲਾ ਦੀ ਪ੍ਰਫੁਲਤਾ ਲਈ ਚਿਤਰਕਲਾ ਨੂੰ ਉਤਸ਼ਾਹਤ ਕੀਤਾ ਗਿਆ। ਯੂਨੀਵਰਸਿਟੀ ਵਿੱਚ ਰੋਜ਼ਗਾਰ ਦੇਣ ਵਾਲੇ ਵਿਭਾਗਾਂ ਦੀ ਸਥਾਪਨਾ ਕੀਤੀ ਗਈ। ਯੂਨੀਵਰਸਿਟੀ ਵਿੱਚ ਕੰਮ ਕਰਨ ਵਾਲਿਆਂ ਵਿੱਚ ਸਾਂਝ, ਮਿਲਵਰਤਨ ਤੇ ਸਹਿਯੋਗ ਬਣਾਉਣ ਲਈ ਦੀਵਾਲੀ, ਹੋਲੀ ਅਤੇ ਨਵਾਂ ਸਾਲ ਇਕੱਠਿਆਂ ਮਨਾਉਣੇ ਸ਼ੁਰੂ ਕੀਤੇ।  ਆਦਿਵਾਸੀਆਂ ਦੇ ਬੱਚਿਆਂ ਨੂੰ ਪ੍ਰਾਇਮਰੀ ਤੋਂ ਪੜ੍ਹਾਉਣ ਲਈ  ਏਕਲਵਿਆ ਕਿੰਡਰਗਾਰਟਨ, ਆਦਿਵਾਸੀ ਸਕੂਲ ਅਤੇ ਕੇਂਦਰੀ ਵਿਦਿਆਲਾ ਸਰਕਾਰ ਤੋਂ ਪ੍ਰਵਾਨਗੀ ਲੈ ਕੇ ਚਾਲੂ ਕੀਤੇ ਤਾਂ ਜੋ ਉਨ੍ਹਾਂ ਦੇ ਸਮਾਜਿਕ ਸਟੇਟਸ ਨੂੰ ਵਧਾਇਆ ਜਾ ਸਕੇ। ‘ਜੈੈਪਾਲ ਸਿੰਘ ਮੁੰਡਾ ਖੇਡ ਕੰਪਲੈਕਸ’ ਦੀ ਬਿਹਤਰੀਨ ਉਸਾਰੀ ਅਤੇ ਰਸਤੇ ਦੀਆਂ ਰੁਕਾਵਟਾਂ ਦਾ ਵਰਣਨ, ‘ਰਾਮਦਿਆਲ ਮੁੰਡਾ ਕੇਂਦਰੀ ਪੁਸਤਕਾਲਾ’ ਦੀ ਉਸਾਰੀ ਤੇ ਉਸ ਵਿੱਚ ਗੋਂਡੀ ਚਿੱਤਰਕਾਰੀ ਕਰਵਾਕੇ ਆਦਿਵਾਸੀਆਂ ਦੀ ਕਲਾ ਨੂੰ ਪ੍ਰਦਰਸ਼ਤ ਕੀਤਾ ਗਿਆ। ਵਿਸ਼ਵਵਿਦਿਆਲਾ ਵਿੱਚ ਠੇਕੇਦਾਰੀ ਪ੍ਰਣਾਲੀ ਨਾਲ ਮੈਸ ਬਣਾਉਣ ਤੇ ਚਲਾਉਣ ਦੀਆਂ ਉਲਝਣਾਂ ਦਾ ਪ੍ਰਗਟਾਵਾ ਕੀਤਾ ਗਿਆ ਹੈ। ਆਦਿਵਾਸੀਆਂ ਵਿੱਚ ਵਿਗਿਆਨ ਬਾਰੇ ਚੇਤਨਤਾ ਅਤੇ ਨਵੀਨਤਾ ਸੰਬੰਧੀ ਚੁੱਕੇ ਗਏ ਕਦਮਾ ਦੀ ਜਾਣਕਾਰੀ ਦਿੱਤੀ ਹੈ ਕਿਉਂਕਿ ਵਿਗਿਆਨ ਤੋਂ ਬਿਨਾ ਤਰੱਕੀ ਸੰਭਵ ਨਹੀਂ। ਆਦਿਵਾਸੀਆਂ ਦੀਆਂ ਬੀਮਾਰੀਆਂ ਅਤੇ ਉਨ੍ਹਾਂ ਦੇ ਇਲਾਜ਼ ਲਈ  ਖੋਜਾਂ ਅਤੇ ਸਿਹਤ ਸਹੂਲਤਾਂ ਦੇ ਪ੍ਰਬੰਧ ਸਰਕਾਰ ਨਾਲ ਤਾਲਮੇਲ ਕਰਕੇ ਕੀਤੇ ਗਏ। ਬਾਰੇ ਜਾਣਕਾਰੀ ਦਿੱਤੀ ਗਈ ਹੈ। ਆਦਿਵਾਸੀਆਂ ਨੂੰ ਦਿੱਤੀ ਜਾ ਰਹੀ ਵਿਦਿਅਕ ਅੱਖਰੀ ਪੜ੍ਹਾਈ ਦੇ ਨਤੀਜਿਆ ਅਤੇ ਇਨ੍ਹਾਂ ਦੇ ਮੁਲਾਂਕਣ ਦੇ ਪ੍ਰਬੰਧਾਂ ਵਿੱਚ ਸੁਧਾਰ ਦੀਆਂ ਤਰਕੀਬਾਂ ਦੱਸੀਆਂ ਗਈਆਂ। ਅਮਰਕੰਟਕ ਇਲਾਕੇ ਵਿੱਚ ਕੰਨੜ ਭਾਸ਼ਾ ਦੇ ਪ੍ਰਸਾਰ ਤੇ ਸੰਚਾਰ ਦੇ ਢੰਗ ਤਰੀਕੇ ਦਰਸਾਏ ਗਏ ਹਨ। ਟੀ.ਵੀ.ਕੱਟਾਮਨੀ ਨੇ ਰਾਸ਼ਟਰਪਤੀ ਨਾਲ ਨਾਰਵੇ ਅਤੇ ਸਵੀਡਨ ਦੀ ਯਾਤਰਾ ਸੰਬੰਧੀ ਜਾਣਕਾਰੀ ਦਿੱਤੀ ਹੈ, ਜਿਸ ਸਮੇਂ ਦੋਵੇਂ ਦੇਸ਼ਾਂ ਵਿੱਚ ਅਮਰਕੰਟਕ ਯੂਨੀਵਰਸਿਟੀ ਦੇ ਐਮ.ਓ.ਯੂ ‘ਤੇ ਇੱਕ ਆਦਿਵਾਸੀ ਨੂੰ ਦਸਤਖਤ ਕਰਨ ਦਾ ਮਾਣ ਮਿਲਿਆ। ਇਸ ਤੋਂ ਇਲਾਵਾ ਰਾਸ਼ਟਰਪਤੀ ਭਵਨ ਵਿੱਚ ਸਾਲਾਨਾ ਮੀਟਿੰਗ ਵਿੱਚ ਸ਼ਾਮਲ ਹੋਣ ਦੇ ਮੌਕੇ ਬਾਰੇ ਵੀ ਵਿਸਤਰਿਤ ਜਾਣਕਾਰੀ ਦਿੱਤੀ ਹੈ। ਮਣੀਪੁਰ ਵਿਚਲੇ ਯੂਨੀਵਰਸਿਟੀ ਦੇ ਰੀਜਨਲ ਕੇਂਦਰ ਦੀ ਰਾਜਨੀਤੀ ਅਤੇ ਇੱਥੋਂ ਦੀਆਂ ਮੈਤੀ , ਨਾਗਾ ਤੇ ਕੁਕੀ ਜਨਜਾਤੀ ਦੇ ਸਭਿਅਚਾਰ , ਰਹਿਣ ਸਹਿਣ, ਖਾਣ ਪੀਣ, ਪਹਿਨਣ ਦੀ ਸਿਆਸਤ ਅਤੇ ਵਿਦਿਆਰਥੀਆਂ ਦੀ ਰਾਜਨੀਤੀ ਬਾਰੇ ਦੱਸਿਆ ਗਿਆ ਹੈ ਕਿਵੇਂ ਉਹ ਉਪ-ਕੁਲਪਤੀ ਨੂੰ ਬੰਧਕ ਬਣਾਕੇ ਦਬਾਓ ਨਾਲ ਆਪਣੀਆਂ ਮੰਗਾਂ ਮਨਵਾਉਣ ਦਾ ਯਤਨ ਕਰਦੇ ਹਨ। ਇਸ ਇਲਾਕੇ ਵਿੱਚ ਸੰਘ ਦੀਆਂ ਸਿੱਖਿਆ ਬਾਰੇ ਸਰਗਰਮੀਆਂ ਅਤੇ ਉਨ੍ਹਾਂ ਦਾ ਦ੍ਰਿਸ਼ਟੀਕੋਣ ਦਰਸਾਇਆ ਗਿਆ ਹੈ। ਟੀ.ਵੀ.ਕੱਟੀਮਨੀ ਨੇ ਦੱਸਿਆ ਉਨ੍ਹਾਂ ਨੂੰ ਕ੍ਰਿਸਚੀਅਨ ਕਹਿ ਕੇ ਭੰਡਿਆ ਗਿਆ ਤੇ ਇਹ ਪ੍ਰਚਾਰ ਕੀਤਾ ਗਿਆ ਕਿ ਉਹ ਹਿੰਦੂਆਂ ਨੂੰ ਕ੍ਰਿਸਚੀਅਨ ਬਣਾ ਰਿਹਾ ਹੈ। ਇਸ ਯੂਨੀਵਰਸਿਟੀ ਦੀ ਘਟੀਆ ਸਿਆਸਤ ਬਾਰੇ ਵੀ ਵਿਸਤਾਰ ਨਾਲ ਦੱਸਿਆ ਗਿਆ ਕਿ ਉਸਨੂੰ ਫੇਲ੍ਹ ਕਰਨ ਲਈ ਸਾਜ਼ਸ਼ਾਂ ਹੋਈਆਂ ਪ੍ਰੰਤੂ ਉਹ ਸਫ਼ਲਤਾ ਨਾਲ ਬਚਕੇ ਨਿਕਲਦਾ ਰਿਹਾ। ਜੀਵਨੀਕਾਰ ਨੇ ਜਨਜਾਤੀਆਂ ਦੇ ਲੋਕਾਂ ਦੀ ਜਨਸੰਖਿਆ, ਸੁਭਾਅ, ਵਿਵਹਾਰ, ਰਹਿਣ ਸਹਿਣ, ਖਾਣ ਪੀਣ ਬਾਰੇ ਸੰਪੂਰਨ ਜਾਣਕਾਰੀ ਦਿੱਤੀ ਹੈ। ਜ਼ਮੀਰਪਾਲ ਕੌਰ ਸੰਧੂ ਬਾਜਵਾ ਨੇ ਇਸ ਸਵੈ-ਜੀਵਨੀ ਦਾ ਪੰਜਾਬੀ ਰੂੁਪ  ਕਰਦਿਆਂ ਕਮਾਲ ਦੀ ਸ਼ਬਦਾਵਲੀ ਵਰਤੀ ਹੈ, ਜਿਹੜੀ ਆਦਿਵਾਸੀਆਂ ਦੀ ਮਾਨਸਿਕਤਾ ਦਾ ਹੂਬਹੂ ਪ੍ਰਗਟਾਵਾ ਕਰਦੀ ਹੈ।
200 ਪੰਨਿਆਂ, 360 ਰੁਪਏ ਕੀਮਤ ਵਾਲੀ ਇਹ ਸਵੈ-ਜੀਵਨੀ ਕੈਲੀਬਰ ਪਬਲੀਕੇਸ਼ਨ ਪਟਿਆਲਾ ਨੇ ਪ੍ਰਕਾਸ਼ਤ ਕੀਤੀ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ                                                                                                             
ਮੋਬਾਈਲ-94178 13072
ujagarsingh48@yahoo.com

ਪੰਜਾਬੀਓ/ਕਿਸਾਨ ਭਰਾਵੋ ਜਗਜੀਤ ਸਿੰਘ ਡੱਲੇਵਾਲ ਨੂੰ ਬਚਾ ਲਓ: ਪੰਜਾਬ ਬਚ ਜਾਵੇਗਾ  - ਉਜਾਗਰ ਸਿੰਘ

ਭਾਰਤ ਦੇ ਕਿਸਾਨ ਮੰਦਹਾਲੀ ਦੇ ਦੌਰ ਵਿੱਚੋਂ ਗੁਜ਼ਰ ਰਹੇ ਹਨ। ਇਸ ਕਰਕੇ ਕਿਸਾਨੀ ਦਾ ਭਵਿਖ਼ ਖ਼ਤਰੇ ਵਿੱਚ ਪਿਆ ਹੋਇਆ ਹੈ। ਭਾਰਤ ਖਾਸ ਤੌਰ ‘ਤੇ ਪੰਜਾਬ ਦੇ ਕਿਸਾਨਾ ਦੇ ਲਈ ਜ਼ਿੰਦਗੀ ਮੌਤ ਦਾ ਸਵਾਲ ਬਣ ਗਿਆ ਹੈ, ਕਿਉਂਕਿ ਕੇਂਦਰ ਸਰਕਾਰ ਨੇ ਐਮ.ਐਸ.ਪੀ. ਦੀ ਕਾਨੂੰਨੀ ਗਰੰਟੀ ਦੇਣ ਦੀ ਥਾਂ ਪੁਰਾਣੇ ਤਿੰਨ ਖੇਤੀ ਕਾਨੂੰਨਾਂ ਦਾ ਨਵਾਂ ਰੂਪ ਬਣਾਕੇ ਰਾਜਾਂ ਨੂੰ ਪ੍ਰੋਸਕੇ ਦੇ ਦਿੱਤਾ ਹੈ। ਪੰਜਾਬ ਖੇਤੀ ਪ੍ਰਧਾਨ ਸੂਬਾ ਹੈ। ਇਸ ਲਈ ਪੰਜਾਬ ਦਾ ਕਿਸਾਨ ਤਬਾਹ ਹੋ ਜਾਵੇਗਾ, ਜਿਸਦਾ ਹੋਰ ਸਮਾਜ ਵਰਗਾਂ ‘ਤੇ ਪ੍ਰਭਾਵ ਪੈਣਾ ਕੁਦਰਤੀ ਹੈ, ਕਿਉਂਕਿ ਬਹੁਤੇ ਹੋਰ ਕਿਤੇ ਕਿਸਾਨਾ ਦੀ ਆਰਥਿਕਤਾ ਨਾਲ ਜੁੜੇ ਹੋਏ ਹਨ। ਜੇ ਕਿਸਾਨ ਖ਼ੁਸ਼ਹਾਲ ਹੋਵੇਗਾ ਤਾਂ ਪੰਜਾਬ ਖ਼ੁਸ਼ਹਾਲ ਹੋਵੇਗਾ। ਰਾਜ ਸਰਕਾਰਾਂ ਵੀ ਕਸੂਤੀ ਸਥਿਤੀ ਵਿੱਚ ਫਸ ਗਈਆਂ ਹਨ ਪ੍ਰੰਤੂ ਜਿਥੇ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਹਨ, ਉਥੇ ਤਾਂ ਇਹ ਨਵਾਂ ਰੂਪ ਲਾਗੂ ਹੋ ਜਾਣ ਦੀ ਪੂਰੀ ਸੰਭਾਵਨਾ ਬਣ ਗਈ ਹੈ। ਜਿਹੜੇ ਕਿਸਾਨ ਖੇਤਾਂ ਵਿੱਚ ਹੋਣੇ ਚਾਹੀਦੇ ਹਨ, ਅੱਜ ਦਿਨ ਮਜ਼ਬੂਰੀ ਵਸ ਉਹ ਸੜਕਾਂ ‘ਤੇ ਰੁਲ ਰਹੇ ਹਨ। ਹਰ ਵਿਓਪਾਰੀ ਕਿਸਾਨ ਦੀਆਂ ਫ਼ਸਲਾਂ ਅਤੇ ਉਨ੍ਹਾਂ ਦੇ ਉਤਪਾਦਨ ਤੋਂ ਬਣੀਆਂ ਵਸਤਾਂ ‘ਤੇ ਲਾਭ ਹੀ ਨਹੀਂ ਲੈ ਰਿਹਾ ਸਗੋਂ ਉਨ੍ਹਾਂ ਦੀਆਂ ਮਜ਼ਬੂਰੀਆਂ ਨੂੰ ਵੀ ਵਰਤ ਰਿਹਾ ਹੈ। ਇਕੱਲਾ ਕਿਸਾਨ ਹੈ, ਜਿਸਨੂੰ ਆਪਣੀ ਉਪਜ ਦਾ ਮੁੱਲ ਲੈਣ ਲਈ ਮੰਡੀ ਵਿੱਚ ਜਾਣਾ ਪੈਂਦਾ ਹੈ, ਜਿਥੇ ਵਾਜਬ ਕੀਮਤ ਨਹੀਂ ਮਿਲ ਰਹੀ। ਕਿਸਾਨ ਨੂੰ ਬਾਕੀ ਖੇਤੀ ਉਤਪਾਦਨ ਤੋਂ ਬਣੀਆਂ ਜ਼ਰੂਰੀ ਵਸਤੂ ਨੂੰ ਲੈਣ ਲਈ ਵਿਓਪਾਰੀ ਕੋਲ ਜਾਣਾ ਪੈਂਦਾ ਹੈ। ਫ਼ਸਲਾਂ ਦੇ ਵਾਜਬ ਮੁੱਲ ਨਾ ਮਿਲਣਾ, ਖਾਦਾਂ ਤੇ ਕੀਟਨਾਸ਼ਕਾਂ ਵਿੱਚ ਮਿਲਾਵਟ ਤੇ ਮਹਿੰਗਾਈ ਕਿਸਾਨਾ ਦੀ ਆਰਥਿਕ ਹਾਲਤ ਡਾਵਾਂਡੋਲ ਕਰ ਰਹੀਆਂ ਹਨ। ਦੁੱਖ ਦੀ ਗੱਲ ਹੈ ਕਿ ਆਪਣੇ ਹੱਕਾਂ ਦੀ ਪੂਰਤੀ ਲਈ ਕਿਸਾਨ ਸੰਸਥਾਵਾਂ ਇੱਕਮੁੱਠ ਹੋਣ ਦੀ ਥਾਂ ਆਪੋ ਆਪਣੀਆਂ ਡਫ਼ਲੀਆਂ ਵਜਾ ਰਹੀਆਂ ਹਨ। ਅਜਿਹੇ ਹਾਲਾਤ ਵਿੱਚ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਨੇ ਆਪਣੀ ਸੰਸਥਾ ਅਤੇ ਕਿਸਾਨ ਨੇਤਾ ਸਵਰਨ ਸਿੰਘ ਪੰਧੇਰ ਦੇ ਨਾਲ ਮਿਲਕੇ ਬਾਕੀ ਕਿਸਾਨ ਸੰਸਥਾਵਾਂ ਨੂੰ ਭਰੋਸੇ ਵਿੱਚ ਲੈਣ ਤੋਂ ਬਿਨਾ ਹੀ ਖਨੌਰੀ ਸਰਹੱਦ ‘ਤੇ 26 ਨਵੰਬਰ 2024 ਨੂੰ ਕਿਸਾਨਾ ਦੀਆਂ ਜ਼ਾਇਜ ਮੰਗਾਂ ਮੰਨਵਾਉਣ  ਲਈ ਮਰਨ ਵਰਤ ਸ਼ੁਰੂ ਕਰ ਦਿੱਤਾ। ਜਗਜੀਤ ਸਿੰਘ ਡੱਲੇਵਾਲ ਦੀ ਭੁੱਖ ਹੜਤਾਲ ਅਤੇ ਕੈਂਸਰ ਦੀ ਬੀਮਾਰੀ ਕਰਕੇ ਹਾਲਤ ਚਿੰਤਾਜਨਕ ਬਣੀ ਹੋਈ ਹੈ। ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਮੁੱਖ ਰਖਦਿਆਂ ਪੰਜਾਬੀ ਅਤੇ ਸਮੁੱਚਾ ਕਿਸਾਨ ਭਾਈਚਾਰਾ ਗਹਿਰੀ ਚਿੰਤਾ ਵਿੱਚ ਡੁੱਬਿਆ ਹੋਇਆ ਹੈ। ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ, ਦੂਜੇ ਪਾਸੇ ਕਿਸਾਨ ਨੇਤਾ ਦੀ ਸਿਹਤ ਦਿਨ-ਬਦਿਨ ਖ਼ਰਾਬ ਹੁੰਦੀ ਜਾ ਰਹੀ ਹੈ। ਹਾਲਾਂ ਕਿ ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨ ਅੰਦੋਲਨ ਨੂੰ ਖ਼ਤਮ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਦ ਗੁਰਪੁਰਵ ਵਾਲੇ ਪਵਿਤਰ ਦਿਨ ਐਲਾਨ ਕੀਤਾ ਸੀ ਕਿ ਤਿੰਨ ਖੇਤੀ ਕਾਨੂੰਨ ਵਾਪਸ ਲੈ ਲਏ ਹਨ, ਕਿਸਾਨਾ ਦੀਆਂ ਬਾਕੀ ਰਹਿੰਦੀਆਂ ਮੰਗਾਂ ਕੇਂਦਰ ਸਰਕਾਰ ਹਮਦਰਦੀ ਨਾਲ ਵਿਚਾਰ ਕਰਕੇ ਪ੍ਰਵਾਨ ਕਰ ਲਵੇਗੀ ਪ੍ਰੰਤੂ ਲੰਬਾ ਸਮਾਂ ਬੀਤਣ ਤੋਂ ਬਾਅਦ ਵੀ ਕੇਂਦਰ ਸਰਕਾਰ ਨੇ ਕੋਈ ਸਾਰਥਿਕ ਕਦਮ ਨਹੀਂ ਚੁੱਕਿਆ, ਸਗੋਂ ਤਿੰਨ ਕੇਂਦਰੀ ਕਾਨੂੰਨਾ ਨੂੰ ਨਵੇਂ ਰੂਪ ਅਧੀਨ ਵਾਪਸ ਲਿਆਂਦੇ ਜਾ ਰਹੇ ਹਨ। ਇਸ ਸਾਰੀ ਅਸਫਲਤਾ ਵਿੱਚ ਇਕੱਲੀ ਕੇਂਦਰ ਸਰਕਾਰ ਹੀ ਨਹੀਂ ਸਗੋਂ ਕਿਸਾਨ ਜਥੇਬੰਦੀਆਂ ਵੀ ਇੱਕਮੁੱਠ ਨਾ ਰਹਿਣ ਕਰਕੇ ਜ਼ਿੰਮੇਵਾਰ ਹਨ। ਪਹਿਲੀ ਗੱਲ ਤਾਂ ਇਹ ਹੈ ਕਿ ਕਿਸਾਨ ਜਥੇਬੰਦੀਆਂ ਦੇ ਇੱਕ ਧੜੇ ਨੇ 2022 ਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲੜਨ ਦਾ ਫ਼ੈਸਲਾ ਕਰਕੇ ਕਿਸਾਨਾ ਦੀ ਏਕਤਾ ਨੂੰ ਤਾਰਪੀਡੋ ਕੀਤਾ ਸੀ। ਜਿਸਦਾ ਪ੍ਰਭਾਵ ਗ਼ਲਤ ਗਿਆ, ਕਿ ਕਿਸਾਨ ਨੇਤਾ, ਕਿਸਾਨਾ ਦੀ ਭਲਾਈ ਲਈ ਨਹੀਂ ਸਗੋਂ ਸਿਆਸੀ ਤਾਕਤ ਲਈ ਅੰਦੋਲਨ ਕਰ ਰਹੇ ਸਨ। ਕੇਂਦਰ ਸਰਕਾਰ ਤਾਂ ਪਹਿਲਾਂ ਹੀ ਚਾਹੁੰਦੀ ਸੀ ਕਿ ਕਿਸਾਨ ਜਥੇਬੰਦੀਆਂ ਵਿੱਚ ਫੁੱਟ ਪੈ ਜਾਵੇ। ਇਸ ਮੰਤਵ ਵਿੱਚ ਕੇਂਦਰ ਸਰਕਾਰ ਸਫਲ ਹੋ ਗਈ ਹੈ। ਜਦੋਂ ਕਿਸੇ ਸੰਸਥਾ ਵਿੱਚ ਫੁੱਟ ਪੈ ਜਾਵੇ ਤਾਂ ਉਸਦੇ ਅੰਦੋਲਨ ਦਾ ਅਸਫਲ ਹੋਣਾ ਕੁਦਰਤੀ ਹੈ। ਪੰਜਾਬ ਵਿੱਚ ਕਿਸਾਨਾ ਦੀਆਂ 32 ਜਥੇਬੰਦੀਆਂ ਹਨ, ਇਹ ਇਤਨੀਆਂ ਜਥੇਬੰਦੀਆਂ ਕਿਉਂ ਬਣੀਆਂ ਕਿਉਂਕਿ ਇਨ੍ਹਾਂ ਦੇ ਵਿਚਾਰਾਂ ਵਿੱਚ ਵਖਰੇਵਾਂ ਹੈ? ਇਕੱਲਾ ਵਖਰੇਵਾਂ ਹੀ ਨਹੀਂ ਚੌਧਰ ਦਾ ਮਸਲਾ ਵੀ ਹੈ, ਭਾਵੇਂ ਉਦੇਸ਼ ਸਾਰਿਆਂ ਦਾ ਇੱਕੋ ਹੈ। ਸੋਚਣ ਵਾਲੀ ਗੱਲ ਹੈ, ਜਦੋਂ ਕਿਸਾਨਾ ਦਾ ਉਦੇਸ਼ ਇੱਕ ਹੈ ਤਾਂ ਸਾਰੇ ਇੱਕਮਤ ਕਿਉਂ ਨਹੀਂ ਹੁੰਦੇ? ਗੱਲ ਉਥੇ ਹੀ ਆ ਕੇ ਖੜ੍ਹ ਗਈ, ਹਰ ਜਥੇਬੰਦੀ ਕਿਸੇ ਵੀ ਸਮੱਸਿਆ ਦੇ ਹੱਲ ਦਾ ਕਰੈਡਿਟ ਖੁਦ ਲੈਣੀ ਚਾਹੁੰਦੀ ਹੈ। ਜਦੋਂ ਪਿਛਲੇ ਕਿਸਾਨ ਅੰਦੋਲਨ ਵਿੱਚ ਸਾਰੇ ਇਕੱਠੇ ਹੋ ਸਕਦੇ ਸਨ ਤਾਂ ਇਨ੍ਹਾਂ ਜਿਹੜੀਆਂ ਦੋ ਡੱਲੇਵਾਲ ਤੇ ਪੰਧੇਰ ਜਥੇਬੰਦੀਆਂ ਨੇ ਅੰਦੋਲਨ ਸ਼ੁਰੂ ਕੀਤਾ ਹੈ, ਅੰਦੋਲਨ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਨੂੰ ਨਾਲ ਲੈ ਕੇ ਚਲਣ ਲਈ ਕਿਉਂ ਨਹੀਂ ਕੋਸ਼ਿਸ਼ ਕੀਤੀ ਸੀ? ਜੇ ਕੋਸ਼ਿਸ਼ ਵਿੱਚ ਅਸਫਲ ਹੋਏ ਤਾਂ ਫਿਰ ਇਕੱਲਿਆਂ ਅੰਦੋਲਨ ਸ਼ੁਰੂ ਨਹੀਂ ਸੀ ਕਰਨਾ ਚਾਹੀਦਾ। ਮਰਨ ਵਰਤ ਕਿਸੇ ਸਮੱਸਿਆ ਦਾ ਹਲ ਨਹੀਂ ਹੁੰਦਾ। ਗੱਲਬਾਤ ਹੀ ਇੱਕੋ-ਇੱਕ ਰਾਹ ਸਮਝੌਤਾ ਕਰਨ ਦਾ ਹੁੰਦਾ ਹੈ। ਇਹ ਤਾਂ ਮੰਨਿਆਂ ਜਾ ਸਕਦਾ ਹੈ ਕਿ ਅੰਦੋਲਨ ਸ਼ੁਰੂ ਕਰਨ ਵਾਲੇ ਕਿਸਾਨ, ਕਿਸਾਨ ਸਮੱਸਿਆਵਾਂ ਦਾ ਹੱਲ ਚਾਹੁੰਦੇ ਹਨ ਪ੍ਰੰਤੂ ਇਕੱਲਿਆਂ ਕੁਝ ਵੀ ਪ੍ਰਾਪਤ ਕਰਨਾ ਅਸੰਭਵ ਹੈ। ਹੁਣ ਐਨ ਮੌਕੇ ‘ਤੇ ਬਾਕੀ ਜਥੇਬੰਦੀਆਂ ਨੂੰ ਨਾਲ ਚਲਣ ਲਈ ਕਿਹਾ ਜਾ ਰਿਹਾ ਹੈ। ਬਾਕੀ ਜਥੇਬੰਦੀਆਂ ਉਨ੍ਹਾਂ ਨਾਲ ਇਸ ਕਰਕੇ ਨਹੀਂ ਚਲ ਰਹੀਆਂ, ਕਿਉਂਕਿ ਜੇਕਰ ਕੇਂਦਰ ਸਰਕਾਰ ਨੇ ਮੰਗਾਂ ਮੰਨ ਲਈਆਂ ਤਾਂ ਕਰੈਡਿਟ ਅੰਦੋਲਨ ਸ਼ੁਰੂ ਵਾਲੀਆਂ ਜਥੇਬੰਦੀਆਂ ਨੂੰ ਜਾਵੇਗਾ। ਅੰਦੋਲਨ ਕਰ ਰਹੀਆਂ ਜਥੇਬੰਦੀਆਂ ਤੋਂ ਇਲਾਵਾ ਬਾਕੀ ਜਥੇਬੰਦੀਆਂ ਕਿਸਾਨੀ ਦਾ ਭਲਾ ਤਾਂ ਚਾਹੁੰਦੀਆਂ ਹਨ ਪ੍ਰੰਤੂ ਉਨ੍ਹਾਂ ਦੀ ਪੋਜ਼ੀਸ਼ਨ ਸੱਪ ਦੇ ਮੂੰਹ ਵਿੱਚ ਕੋਹੜ ਕਿਰਲੀ ਵਾਲੀ ਬਣੀ ਹੋਈ ਹੈ। ਅੱਗੇ ਖੂਹ ਤੇ ਪਿੱਛੇ ਖਾਈ ਹੈ, ਉਹ ਜਾਣ ਤਾਂ ਕਿਧਰ ਜਾਣ। ਜੇਕਰ ਦੂਰ ਅੰਦੇਸ਼ੀ ਨਾਲ ਵੇਖਿਆ ਜਾਵੇ ਤਾਂ ਦੋ ਧੜਿਆਂ ਦੀ ਗੱਲ ਨੂੰ ਕੇਂਦਰ ਸਰਕਾਰ ਦਾ ਮੰਨਣਾ ਅਸੰਭਵ ਲੱਗਦਾ ਹੈ, ਹਾਂ ਜੇਕਰ ਸਾਰੇ ਇੱਕਮਤ ਹੋ ਜਾਣ ਫਿਰ ਤਾਂ ਕੁਝ ਪ੍ਰਾਪਤ ਕੀਤਾ ਜਾ ਸਕਦਾ ਹੈ। ਸਵਾਲ ਤਾਂ ਉਹੀ ਮੁੜ-ਘਿੜ ਕਰੈਡਿਟ ਦਾ ਆਉਂਦਾ ਹੈ। ਪੰਜਾਬੀਆਂ ਖਾਸ ਤੌਰ ‘ਤੇ ਕਿਸਾਨਾ ਨੂੰ ਯਾਦ ਹੋਵੇਗਾ ਮਰਹੂਮ ਦਰਸ਼ਨ ਸਿੰਘ ਫੇਰੂਵਾਲ ਨੇ ਚੰਡੀਗੜ੍ਹ ਅਤੇ ਹੋਰ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦੇਣ ਲਈ ਕੇਂਦਰ ਸਰਕਾਰ ਦੇ ਵਿਰੁੱਧ ਮਰਨ ਵਰਤ ਰੱਖਿਆ ਸੀ। 70 ਦਿਨ ਬਾਅਦ ਉਹ ਸਵਰਗ ਸਿਧਾਰ ਗਏ ਸਨ। ਕੇਂਦਰ ਸਰਕਾਰ ਦੇ ਅਜੇ ਤੱਕ ਕੰਨਾਂ ‘ਤੇ ਜੂੰ ਨਹੀਂ ਸਰਕੀ, ਪਰਨਾਲਾ ਉਥੇ ਦਾ ਉਥੇ ਹੀ ਹੈ। ਦਰਸ਼ਨ ਸਿੰਘ ਫੇਰੂਮਾਨ ਦੇ ਸਸਕਾਰ ‘ਤੇ ਜਾਣ ਤੋਂ ਵੀ ਲੋਕਾਂ ਨੂੰ ਰੋਕਿਆ ਗਿਆ ਸੀ। ਉਦੋਂ ਤੋਂ ਅੱਜ ਤੱਕ ਦਰਸ਼ਨ ਸਿੰਘ ਫੇਰੂਮਾਨ ਨੂੰ ਕਿਸੇ ਨੇ ਯਾਦ ਤੱਕ ਨਹੀਂ ਕੀਤਾ। ਅਜੇ ਵੀ ਕਿਸਾਨ ਨੇਤਾ ਅੰਤਰਝਾਤ ਮਾਰਕੇ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਵਿੱਚ ਵਿਚਾਲੇ ਪੈ ਕੇ ਖ਼ਤਮ ਕਰਵਾ ਦੇਣ, ਉਨ੍ਹਾਂ ਦੀ ਆਹੂਤੀ ਨਾ ਦਿੱਤੀ ਜਾਵੇ। ਪੰਜਾਬ ਨੇ ਪਹਿਲਾਂ ਹੀ ਬਹੁਤ ਸੰਤਾਪ ਭੋਗਿਆ ਹੈ। ਕਿਸਾਨ ਤਾਂ ਪਹਿਲਾਂ ਹੀ ਕਿਸਾਨ ਮਾਰੂ ਨੀਤੀਆਂ ਕਰਕੇ ਮਾਰੇ ਪਏ ਹਨ। ਸਰਕਾਰ ਤਾਂ ਉਨ੍ਹਾਂ ਨੂੰ ਮਾਰਨਾ ਹੀ ਚਾਹੁੰਦੀ ਹੈ, ਫਿਰ ਆਪ ਹੀ ਕਿਉਂ ਮਰਿਆ ਜਾਵੇ? ਤੁਸੀਂ ਕਿਸਾਨ ਭਰਾਵੋ ਇਹ ਸੋਚੋ ਕਿ ਸੜਕਾਂ ਤਾਂ ਹਰਿਆਣਾ ਸਰਕਾਰ ਨੇ ਰੋਕੀਆਂ ਹੋਈਆਂ ਹਨ, ਪ੍ਰਚਾਰ ਸੁਪਰੀਮ ਕੋਰਟ ਤੱਕ ਇਹ ਕੀਤਾ ਜਾ ਰਿਹਾ ਹੈ ਕਿ ਕਿਸਾਨਾ ਨੇ ਰਸਤੇ ਰੋਕੇ ਹੋਏ ਹਨ। ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ‘ਤੇ ਜਗਜੀਤ ਸਿੰਘ ਡੱਲੇਵਾਲ ਨੂੰ ਹਸਪਤਾਲ ਦਾਖ਼ਲ ਕਰਵਾਉਣ ਦਾ ਹੁਕਮ ਕਰਕੇ, ਇੱਕ ਹੋਰ ਨਵੀਂ ਸਮੱਸਿਆ ਖੜ੍ਹੀ ਕਰ ਦਿੱਤੀ ਹੈ। ਜੇ ਸਰਕਾਰ ਜ਼ਬਰਦਸਤੀ ਕਰੇਗੀ ਤਾਂ ਹਾਲਾਤ ਖ਼ਰਾਬ ਹੋਣ ਦੇ ਖ਼ਦਸ਼ੇ ਹਨ। ਪੰਜਾਬ ਸਰਕਾਰ ਵੀ ਕਸੂਤੀ ਫਸ ਗਈ ਹੈ। ਜੇ ਕਿਸਾਨਾ ਨੇ ਇਨਸਾਫ਼ ਲੈਣਾ ਹੈ ਤਾਂ ਪਹਿਲਾਂ ਦੀ ਤਰ੍ਹਾ ਸਾਰੇ ਇੱਕਮੁੱਠ ਹੋ ਕੇ ਯੋਜਨਾਬੱਧ ਢੰਗ ਨਾਲ ਅੰਦੋਲਨ ਸ਼ੁਰੂ ਕੀਤਾ ਜਾਵੇ। ਪਹਿਲੇ ਅੰਦੋਲਨ ਵਿੱਚ ਤਾਂ ਸੰਸਾਰ ਵਿੱਚੋਂ ਕਿਸਾਨ ਅੰਦੋਲਨ ਨੂੰ ਪੂਰੀ ਸਮਾਜਿਕ ਅਤੇ ਆਰਥਿਕ ਸਪੋਰਟ ਸੀ। ਸਮਾਜ ਦਾ ਹਰ ਵਰਗ ਵਿਓਪਾਰੀ, ਪੱਲੇਦਾਰ, ਆੜ੍ਹਤੀਆ, ਗ਼ਰੀਬ, ਅਮੀਰ, ਮਜ਼ਦੂਰ ਇਥੋਂ ਤੱਕ ਕਿ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਹਰ ਇਨਸਾਨ ਇੱਕ ਦੂਜੇ ਤੋਂ ਮੂਹਰੇ ਹੋ ਪਵਿਤਰ ਕਾਰਜ਼ ਸਮਝਦਿਆਂ ਸ਼ਾਮਲ ਹੁੰਦਾ ਸੀ। ਅੱਜ ਉਹ ਪੋਜ਼ੀਸ਼ਨ ਨਹੀਂ ਹੈ। ਲੋਕ ਸੜਕਾਂ ਰੋਕਣ ਨੂੰ ਵੀ ਚੰਗਾ ਨਹੀਂ ਸਮਝ ਰਹੇ। ਭਾਵੇਂ 30 ਦਸੰਬਰ ਦੀ ਹੜਤਾਲ ਪੂਰਨ ਸਫਲ ਰਹੀ ਹੈ। ਜੇ ਹੜਤਾਲ ਕਰਨ ਲਈ ਇਕੱਠੇ ਹੋ ਸਕਦੇ ਤਾਂ ਵੈਸੇ ਕਿਉਂ ਨਹੀਂ? ਆਪੋ ਆਪਣੀ ਡਫਲੀ ਵਜਾਉਣ ਨਾਲ ਸਫਲਤਾ ਬਿਲਕੁਲ ਨਹੀਂ ਮਿਲ ਸਕਦੀ। ਅਜੇ ਵੀ ਡੁਲ੍ਹੇ ਬੇਰਾਂ ਦਾ ਕੁਝ ਨਹਂੀਂ ਵਿਗੜਿਆ, ਜਗਜੀਤ ਸਿੰਘ ਡੱਲੇਵਾਲ ਦੀ ਜ਼ਿੰਦਗੀ ਨੂੰ ਬਚਾ ਲਓ। ਪੰਜਾਬੀਆਂ ਦੀ ਆਰਥਿਕ ਹਾਲਤ ਹੁਣ ਵੀ ਬਹੁਤੀ ਚੰਗੀ ਨਹੀਂ ਜੇ ਮੰਦਭਾਗੀ ਘਟਨਾ ਵਾਪਰ ਗਈ ਤਾਂ ਹੋਰ ਨਿਘਾਰ ਹੋ ਜਾਵੇਗਾ। ਪੰਜਾਬ ਦੇ ਬੁੱਧੀਜੀਵੀਆਂ ਨੇ ਜਿਵੇਂ ਪਹਿਲੇ ਕਿਸਾਨ ਅੰਦਲਨ ਵਿੱਚ ਭੂਮਿਕਾ ਨਿਭਾਈ ਸੀ ਹੁਣ ਵੀ ਉਨ੍ਹਾਂ ਨੂੰ ਦਖ਼ਲਅੰਦਾਜ਼ੀ ਕਰਕੇ ਇਹ ਮਰਨ ਵਰਤ ਖ਼ਤਮ ਕਰਵਾਉਣਾ ਚਾਹੀਦਾ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ                                                                                                             
ਮੋਬਾਈਲ-94178 13072
ujagarsingh48@yahoo.com