Avtar Singh Sauja

ਛਾਪੇਮਾਰੀ - ਅਵਤਾਰ ਸਿੰਘ ਸੌਜਾ

ਮਾਸਟਰ ਕੁਲਦੀਪ ਸਿੰਘ ਮਿਹਨਤੀ ਹੋਣ ਦੇ ਨਾਲ਼-ਨਾਲ਼ ਪਿੰਡ ਵਾਸੀਆਂ ਵੱਲੋਂ ਵੀ ਪੂਰਾ ਸਤਿਕਾਰਿਆ ਜਾਂਦਾ ਸੀ। ਸਤਿਕਾਰ ਵੀ ਕਿਉਂ ਨਾ ਹੋਵੇ, ਹਰ ਸਾਲ ਸਕੂਲ ਦਾ 100 ਪ੍ਰਤੀਸ਼ਤ ਨਤੀਜਾ, ਸਕੂਲ ਦੀ ਵਧੀਆ ਦਿੱਖ ਬਨਾਉਣ ਅਤੇ ਹਰ ਕੰਮ ਲੋਕਾਂ ਨੂੰ ਨਾਲ ਲੈ ਕੇ ਕਰਨਾ। ਛੁੱਟੀ ਵਾਲੇ ਦਿਨ ਵੀ ਮਾਸਟਰ ਜੀ ਕਈ ਵਾਰ ਸਕੂਲ ਆ ਜਾਂਦੇ ਸੀ ਕਿ ਸਕੂਲ ਦੀ ਆਲੇ-ਦੁਆਲੇ ਦੀ ਸਾਫ਼- ਸਫ਼ਾਈ ਵਗੈਰਾ ਕਰਾ ਦੇਵਾਂ ਕਿਉਂਕਿ ਸਕੂਲ ਸਮੇਂ ਦੌਰਾਨ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਹੋਣ ਤੋਂ ਡਰਦੇ ਸੀ।ਅੱਜ ਐਤਵਾਰ ਦੀ ਛੁੱਟੀ ਸੀ ਅਤੇ ਮਾਸਟਰ ਕੁਲਦੀਪ ਘਰ ਬੈਠਾ ਅਖ਼ਬਾਰ ਪੜ੍ਹ ਰਿਹਾ ਸੀ।ਉਹਨਾਂ ਦਾ ਛੋਟਾ ਬੇਟਾ ਵੀ ਕੋਲ ਹੀ ਬੈਠਾ ਸੀ ।ਬੱਚੇ ਨੇ ਅਖ਼ਬਾਰ ਦਾ ਇੱਕ ਪੇਜ ਚੁੱਕਿਆ ਅਤੇ ਹੌਲੀ -ਹੌਲੀ ਪੜ੍ਹਨ ਲੱਗਾ ।ਅਚਾਨਕ ਉਸਨੇ ਆਪਣੇ ਪਿਤਾ ਨੂੰ ਪੁੱਛਿਆ,''ਪਾਪਾ! ਤੁਹਾਡੇ ਸਕੂਲ ਵੀ ਪੁਲਿਸ਼ ਆਈ ਸੀ?'' ਮਾਸਟਰ ਜੀ ਨੂੰ ਉਸਦੀ ਗੱਲ ਸਮਝ ਨਹੀਂ ਆਈ । ਉਹਨਾਂ ਹੈਰਾਨ ਹੋ ਕੇ ਕਿਹਾ,''ਨਹੀਂ ਬੇਟਾ!૴ਪਰ ਤੁਸੀਂ ਇਹ ਕਿਉਂ ਪੁੱਛ ਰਹੇ ਓ?'' ਬੇਟਾ ਅਖ਼ਬਾਰ ਦੀ ਉਹ ਸੁਰਖੀ ਆਪਣੇ ਪਿਤਾ ਨੂੰ ਦਿਖਾਉਣ ਲੱਗਾ ਜਿਸਤੇ ਵੱਡੇ-ਵੱਡੇ ਅੱਖਰਾਂ ਵਿੱਚ ਛਪਿਆ ਸੀ 'ਸਕੂਲਾਂ 'ਤੇ ਅਚਨਚੇਤ ਛਾਪੇ'। 'ਤੇ ਬੱਚਾ ਅੱਗੇ ਬੋਲਣ ਲੱਗਾ ,''ਪਾਪਾ! ਛਾਪਾ ਤਾਂ ਪੁਲਿਸ ਮਾਰਦੀ ਹੁੰਦੀ ਹੈ , ਮੈਂ ਟੀਵੀ 'ਤੇ ਦੇਖਿਆ ਏ ਜੋ ਕੋਈ ਗਲਤ ਕੰਮ ਕਰਦਾ ਏ ਜਾਂ ਜੇਲ 'ਚੋਂ ਭੱਜ ਜਾਂਦਾ ਹੈ ਉਸਨੂੰ ਫੜਨ ਲਈ।'' ਮਾਸਟਰ ਜੀ ਨੂੰ ਪਹਿਲਾਂ ਤਾਂ ਕੋਈ ਗੱਲ ਨਾ ਔੜੀ ਪਰ ਸੋਚਣ ਲੱਗੇ ਜੇ ਬੱਚੇ ਨੂੰ ਜਵਾਬ ਨਾ ਸਮਝਾਇਆ ਫਿਰ ਵੀ ਗਲਤ ਹੈ।ਉਹ ਕਹਿਣ ਲੱਗੇ,''ਬੇਟਾ ਜੀ ! ਜਿਸ ਤਰ੍ਹਾਂ ਤੁਸੀਂ ਵੀ ਸਕੂਲ ਪੜ੍ਹਦੇ ਓ। ਤੁਹਾਡੇ ਟੀਚਰ ਹਰ ਰੋਜ ਤੁਹਾਨੂੰ ਸਵੇਰ ਦੀ ਸਭਾ ਵੇਲੇ ਦੇਖਦੇ ਹਨ ਕਿ ਅੱਜ ਕੌਣ ਆਇਆ ਜਾ ਤੁਹਾਡੀ ਸਾਫ਼- ਸਫ਼ਾਈ , ਵਰਦੀ ,ਕੰਮਕਾਜ ਦਾ ਨਿਰੀਖਣ ਕਰਦੇ ਨੇ ਉਸੇ ਤਰ੍ਹਾਂ ਅਧਿਆਪਕਾਂ ਅਤੇ ਸਕੂਲਾਂ ਦਾ ਵੀ ਵਿਭਾਗ ਜਾਂ ਸਰਕਾਰ ਵੱਲੋਂ ਨਿਰੀਖਣ ਹੁੰਦਾ !'' ਬੱਚੇ ਨੇ ਝੱਟ ਅਗਲਾ ਸਵਾਲ ਕੱਢ ਮਾਰਿਆ ,''ਪਰ ਪਾਪਾ ਇਹ ਛਾਪੇਮਾਰੀ ਕਿਉਂ ਲਿਖਿਆ?'' ਉਸਦੇ ਇਸ ਸਵਾਲ ਨੇ ਹੁਣ ਸੱਚੀ ਮਾਸਟਰ ਜੀ ਨੂੰ ਨਿਰ ਉੱਤਰ ਕਰ ਦਿੱਤਾ। ਉਹ ਬਹਾਨਾ ਜਾ ਬਣਾ ਕੇ ਬਾਹਰ ਚਲੇ ਗਏ। ਸੋਚਦੇ ਜਾ ਰਹੇ ਸੀ ਅਖਬਾਰ ਦੀ ਪਹਿਲੇ ਪੰਨੇ ਉੱਤੇ ਛਪੀ ਸੁਰਖੀ ਬਾਰੇ ਜਿਸ ਵਿੱਚ ਜਿਸ ਛਾਪੇਮਾਰੀ ਬਾਰੇ ਲਿਖਿਆ ਗਿਆ ਸੀ, ਵਿੱਚ 99.97 ਪ੍ਰਤੀਸ਼ਤ ਅਧਿਆਪਕ ਆਪਣੀ ਡਿਊਟੀ 'ਤੇ ਹਾਜਰ ਪਾਏ ਗਏ ਸੀ ਅਤੇ ਕੇਵਲ 0.03 ਪ੍ਰਤੀਸ਼ਤ ਗੈਰਹਾਜਰ ਤੇ ਸੁਰਖੀਆਂ ਵਿੱਚ ਉਹਨਾਂ 99.97 ਪ੍ਰਤੀਸ਼ਤ ਹਾਜ਼ਰ ਅਧਿਆਪਕਾਂ ਨੂੰ ਸਾਬਾਸ਼ੇ ਦੇਣ ਦੀ ਥਾਂ ਉਹਨਾਂ 0.03 ਪ੍ਰਤੀਸ਼ਤ ਵਾਲਿਆਂ ਦੀ ਹੀ ਗੱਲ ਸੀ।ਮਾਸਟਰ ਜੀ ਲੰਬਾ ਜਾ ਹੌਂਕਾ ਲੈ ਕੇ 0.03 ਪ੍ਰਤੀਸ਼ਤ ਵਾਲਿਆਂ ਪ੍ਰਤੀ ਰੋਸਾ ਕਰਦੇ ਮਨ ਦੀਆਂ ਭਾਵਨਾਵਾਂ ਦਾ ਦਰਦ ਅੰਦਰ ਹੀ ਖਿੱਚ ਗਏ।ਮਾਸਟਰ ਜੀ ਨੁੰ ਆਪਣੇ ਨਾਲ਼ ਕੁੱਝ ਦਿਨ ਪਹਿਲਾਂ ਬੀਤੀ ਘਟਨਾ ਯਾਦ ਆ ਗਈ।ਕੁੱਝ ਦਿਨਾਂ ਪਹਿਲਾਂ ਦੀ ਗੱਲ ਹੈ ਮਾਸਟਰ ਕੁਲਦੀਪ ਜਦੋਂ ਸਕੂਲ ਦੇ ਗੇਟ ਅੰਦਰ ਦਾਖਲ ਹੋਏ ਤਾਂ ੳਹਨਾਂ ਦੀ ਲੱਤ ਚੋਂ ਵਗ ਰਹੇ ਖੂਨ ਨੂੰ ਦੇਖ, ਸਕੂਲ ਵਿੱਚ ਆਪਣੇ ਬੱਚੇ ਨੂੰ ਛੱਡਣ ਆਏ ਸੋਹਣੇ ਨੇ ਭੱਜ ਕੇ ਮਾਸਟਰ ਜੀ ਦਾ ਸਕੂਟਰ ਫੜਿਆ ਅਤੇ ਪੁੱਛਣ ਲੱਗਾ ਕਿ ਕੀ ਗੱਲ ਹੋ ਗਈ ਮਾਸਟਰ ਜੀ, ਇਹ ਸੱਟ ਕਿਵੇਂ ਲੱਗੀ? ਮਾਸਟਰ ਜੀ ਬੋਲੇ,'' ਬਸ ਭਾਈ ਰਸਤੇ 'ਚ ਸਕੂਟਰ ਦਾ ਟਾਇਰ ਫਿਸ਼ਲ ਗਿਆ ਅਤੇ ਗਿਰ ਜਾਣ ਕਾਰਨ ਇਹ ਸੱਟ ਲੱਗ ਗਈ। ਸਕੂਲੋਂ ਲੇਟ ਨਾ ਹੋ ਜਾਵਾਂ ਇਸ ਲਈ ਰਸਤੇ 'ਚ ਕਿਤੇ ਰੁਕਿਆ ਨਹੀਂ।'' ਸੋਹਣਾ ਕਹਿਣ ਲੱਗਾ,''ਫਿਰ ਕੀ ਹੋਇਆ ਸੀ ਮਾਸਟਰ ਜੀ ਜਾਨ ਤੋਂ ਉਪਰ ਕੀ ਏ૴ਰਸਤੇ 'ਚ ਮਲ੍ਹਮ ਪੱਟੀ ਕਰਾ ਕੇ ਪੰਜ ਦਸ ਮਿੰਟ ਲੇਟ ਹੋ ਜਾਂਦੇ ਤਾਂ ਕੀ ਸੀ।ਹਰ ਰੋਜ ਵੀ ਤਾਂ ਸਵੇਰੇ ਸਕੂਲ ਲੱਗਣ ਤੋਂ ਪਹਿਲਾਂ ਅਤੇ ਛੁੱਟੀ ਤੋਂ ਬਾਅਦ ਘੰਟੇ ਦੋ ਘੰਟੇ ਵੱਧ ਲਗਾ ਜਾਂਦੇ ਓ ।'' ਮਾਸਟਰ ਜੀ ਕਹਿਣ ਲੱਗੇ,'' ਨਾ ਭਰਾਵਾ ਡਰ ਲਗਦਾ! ਅੱਜ ਕੱਲ੍ਹ ਸਖਤਾਈ ਬਹੁਤ ਏ ਮਹਿਕਮੇ ਦੀ, ਇੱਕ-ਇੱਕ ਸਕਿੰਟ ਦਾ ਹਿਸਾਬ ਦੇਣਾ ਪੈਂਦਾ ਏ, ਵੇਸੇ ਵੀ ਹੁਣ ਇਸ ਉਮਰੇ ਹੋਰ ਕੋਈ ਰੁਜ਼ਗਾਰ ਕਰਨ ਜੋਗੇ ਵੀ ਨਹੀਂ , ਸੋ ਮੈਂ ਇਵੇਂ ਹੀ ਆ ਗਿਆ।'' ਸੋਹਣਾਂ ਅੰਦਰੋਂ ਦੂਜੇ ਸਟਾਫ ਮੈਬਰਾਂ ਨੂੰ ਬੁਲਾ ਕੇ ਲਿਆਇਆ ਅਤੇ ਮਾਸਟਰ ਜੀ ਦੀ ਮਲਮ ਪੱਟੀ ਕਰਨ ਲੱਗੇ।ਸੋਹਣਾ ਮਾਸਟਰ ਜੀ ਦੀ ਹਾਲਤ ਸਥਿਰ ਦੇਖ ਕੇ ਬੋਲਿਆ,''ਮਾਸਟਰ ਜੀ, ਤੁਸੀਂ ਵੀ ਜ਼ਿਆਦਾ ਈ ਟੈਂਸ਼ਨ ਲੈਂਦੇ ਓ! ਹੋਰ ਸਰਕਾਰੀ ਜਾਂ ਗੈਰਸਰਕਾਰੀ ਮਹਿਕਮਿਆਂ ਵਿੱਚ ਤਾਂ ਲਗਦੀ ਨੀ ਇਹ ਸਖਤਾਈ ? ਮਾਸਟਰ ਜੀ ਬੋਲੇ  ਭਾਈ ਜਰੂਰ ਹੁੰਦੀ ਹੋਵੇਗੀ , ਹੋਵੇ ਵੀ ਕਿਉਂ ਨਾ ? ਸਰਕਾਰ ਤਾਂ ਸਭਨਾ ਲਈ ਇੱਕੋ ਜਿਹੀ ਏ। ਪਰ ਫਿਰ ਸੋਚਦੇ ਹੋਰ ਕਿਸੇ ਵੀ ਸਰਕਾਰੀ ਵਿਭਾਗ ਦੀ ਛਾਪੇਮਾਰੀ ਦੀ ਖ਼ਬਰ ਅਖਬਾਰ ਦੀ ਸੁਰਖੀ ਕਿਉਂ ਨਹੀਂ ਬਣਦੀ।ਸੋਹਣਾ ਵੀ ਮਾਸਟਰ ਜੀ ਦੇ ਭੋਲੇ ਸੁਭਾਅ ਅਤੇ ਛਾਪੇਮਾਰੀ ਬਾਰੇ ਖਿਆਲਾਂ ਵਿੱਚ ਖੋਇਆ ਮਨੋਂ ਮਨੀ ਆਪਣੀ ਫਾਈਲ ਜੋ ਪਿਛਲੇ ਤਿੰਨ ਸਾਲ ਤੋਂ ਸਰਕਾਰੀ ਦਫਤਰਾਂ ਦੇ ਚੱਕਰ ਲਗਾ ਰਹੀ ਸੀ, ਬਾਰੇ ਸੋਚਣ ਲੱਗਾ।

ਅਵਤਾਰ ਸਿੰਘ ਸੌਜਾ ,
ਪਿੰਡ-ਸੌਜਾ, ਡਾਕਖਾਨਾ-ਕਲੇਹਮਾਜਰਾ,  ਤਹਿਸੀਲ ਨਾਭਾ, ਜਿਲ੍ਹਾ-ਪਟਿਆਲਾ
 ਮੋਬਾਇਲ ਨੰ 98784 29005

ਮੂਰਖਤਾ ਦੀ ਦੌੜ - ਅਵਤਾਰ ਸਿੰਘ ਸੌਜਾ

ਕਹਿੰਦੇ ਹਨ ਕਿ ਜਿੰਦਗੀ ਇੱਕ ਦੌੜ ਹੈ ਜਿਸ ਵਿੱਚ ਇਨਸਾਨ ਹਰ ਰੋਜ ਆਪਣੀਆਂ ਲੋੜਾਂ 'ਤੇ ਇਛਾਵਾਂ ਨਾਲ ਦੌੜ ਲਗਾਉਂਦਾ ਹੈ।ਕਈ ਵਾਰ ਜਿੱਤਦਾ ਹੈ ,ਕਈ ਵਾਰ ਨਿਰਾਸਾ ਪੱਲੇ ਪੈਂਦੀ ਹੈ।ਇਹ ਦੌੜ ਵੀ ਜਿੰਦਗੀ ਦੇ ਪੜਾਵਾਂ ਵਾਂਗ ਵੱਖੋ ਵੱਖਰੀ ਹੈ,ਪੈਸੇ ਦੀ ਦੌੜ ,ਦੂਜਿਆਂ ਤੋਂ ਅੱਗੇ ਨਿਕਲਣ ਦੀ ਦੌੜ,ਸੌਹਰਤ ਪ੍ਰਾਪਤੀ ਦੀ ਦੌੜ ਵਗੈਰਾ ૶ਵਗੈਰਾ।ਵੈਸੇ ਲੋੜ ਇਸ ਕੋਸ਼ਿਸ਼ ਦੀ ਹੈ ਕਿ ਇਸ ਦੌੜ ਤੋਂ ਪਰੇ ਆਪਣੇ ਖੁਦ ਨਾਲ ਹੀ ਮੁਕਾਬਲਾ ਕੀਤਾ ਜਾਵੇ ਕਿ ਕੱਲ੍ਹ ਮੇਰੇ ਵਿੱਚ ਕੀ ਕਮੀ ਰਹਿ ਗਈ ,ਅੱਜ ਮੈਂ ਉਸਨੂੰ ਸੁਧਾਰ ਪਾਇਆ ਹਾਂ ਜਾਂ ਨਹੀਂ ,ਬੀਤੀ ਕੱਲ੍ਹ ਨਾਲੋਂ ਮੈਂ ਅੱਜ ਕਿੰਨਾ ਬੇਹਤਰ ਕਰ ਪਾਇਆ ਹਾਂ।ਪਰ ਰੋਜਾਨਾ ਜਿੰਦਗੀ ਵਿੱਚ ਵਿਚਰਦੇ ਹੋਏ ਕਈ ਵਾਰ ਨਾ ਚਾਹੁੰਦੇ ਹੋਏ ਵੀ ਇਨਸਾਨ ਇਸ ਦੌੜ ਵਿੱਚ ਸ਼ਾਮਿਲ ਹੋ ਜਾਂਦਾ ਹੈ।
      ਜਤਿੰਦਰ ਰੋਜਾਨਾ ਵਾਂਗ ਕੰਮ ਤੇ ਜਾਂਦੇ ਹੋਏ ਆਪਣੇ ਮੋਟਰਸਾਈਕਲ ਤੇ ਜਦੋਂ ਪਿੰਡਾਂ ਵਿੱਚੋਂ ਲੰਘਦਾ ਹੋਇਆ ਮੇਨ ਰੋਡ 'ਤੇ ਜਾ ਰਿਹਾ ਸੀ ਤਾਂ ਅੱਗੇ ਫੌਜੀ ਜਾਵਾਨਾਂ ਦੇ ਟਰੱਕ ਜਾ ਰਹੇ ਸੀ। ਥੌੜੀ ਦੇਰ ਬਾਅਦ ਚਲਦੇ ਚਲਦੇ ਉਹਨਾਂ ਟਰੱਕਾਂ ਸਿਗਨਲ ਦੇ ਕੇ ਸੜਕ ਦੇ ਖੱਬੇ ਪਾਸੇ ਸੜਕ ਕਿਨਾਰੇ ਰੁਕਣਾ ਸ਼ੁਰੂ ਕਰ ਦਿੱਤਾ। ਕਿਉਂਕਿ ਜਤਿੰਦਰ ਉਹਨਾਂ ਟਰੱਕਾਂ ਦੇ ਬਿਲਕੁੱਲ ਪਿੱਛੇ ਚਲ ਰਿਹਾ ਸੀ ,ਉਸਨੂੰ ਟਰੱਕਾਂ ਨੂੰ ਓਵਰਟੇਕ ਕਰਕੇ ਅੱਗੇ ਲੰਗਣਾ ਪੈਣਾ ਸੀ ਜਿਵੇਂ ਹੀ ਉਹ ਟਰੱਕਾਂ ਦੇ ਰੁਕੇ ਕਾਫਲੇ ਦੇ ਕੋਲੋਂ ਦੀ ਉਹਨਾਂ ਨੂੰ ਪਾਰ ਕਰਦਾ ਅੱਧ ਵਿਚਕਾਰ ਪਹੁੰਚਿਆਂ ,ਪਿੱਛੋਂ ਆ ਰਹੀ ਬਸ ਦਾ ਡ੍ਰਾਇਵਰ ਸਾਈਡ ਦੇਣ ਲਈ ਹੌਰਨ ਤੇ ਹੌਰਨ ਵਜਾਉਣ ਲੱਗਾ।ਲੰਘਣ ਲਈ ਰਸਤਾ ਪੂਰਾ ਪੂਰਾ ਸੀ ਕਿਉਂਕਿ ਇੱਕ ਪਾਸੇ ਟਰੱਕਾਂ ਦਾ ਕਾਫਲਾ ਸੀ ਤੇ ਦੂਜੇ ਪਾਸੇ ਸੜਕ ਡਿਵਾਇਡਰ।ਜਤਿੰਦਰ ਨੇ ਰਸਤਾ ਨਾ ਹੋਣ ਕਾਰਣ ਉਪਰ ਹੱਥ ਕਰਕੇ ਸਾਈਡ ਲਈ ਉਡੀਕ ਕਰਣ ਦਾ ਇਸ਼ਾਰਾ ਕੀਤਾ ਪਰ ਬਸ ਡ੍ਰਾਇਵਰ ਜਿਆਦਾ ਹੀ ਕਾਹਲੀ ਵਿੱਚ ਸੀ,ਉਹ ਲਗਾਤਾਰ ਹੌਰਨ ਵਜਾ ਰਿਹਾ ਸੀ ਜਿਵੇਂ ਕਹਿ ਰਿਹਾ ਹੋਵੇ ਕਿ ਮੈਂ ਉਡੀਕ ਨੀ ਕਰ ਸਕਦਾ ।ਆਖਰ ਕੁੱਝ ਸਕਿੰਟਾਂ ਬਾਅਦ ਟਰੱਕਾਂ ਦਾ ਕਾਫਲਾ ਸਮਾਪਤ ਹੋ ਗਿਆ ਤੇ ਜਤਿੰਦਰ ਨੇ ਆਪਣਾ ਮੋਟਰਸਾਈਕਲ ਸਾਈਡ ਕੀਤਾ ਤੇ ਬਸ ਨੂੰ ਲੰਘਣ ਲਈ ਰਸਤਾ ਮਿਲ ਗਿਆ। ਪਰ ਬਸ ਵਾਲੇ ਨੇ ਬਸ ਹੌਲੀ ਕਰਕੇ ਜਤਿੰਦਰ ਕੇ ਕੋਲ ਲੈ ਆਂਦੀ ਅਤੇ ਖਿੜਕੀ ਚੋਂ ਕੰਡਕਟਰ ਬਾਹਰ ਮੂੰਹ ਕੱਢ ਬੋਲਣ ਲੱਗਾ,'ਬੁਲੇਟ ਈ ਆ ਉਏ..ਜਹਾਜ ਤਾਂ ਨੀ! ਭੇਜ ਦਿੰਦੇ ਆਂ ਘਰ ਦੇ ਵਿਹਲੜਾ ਨੂੰ ਲੈ ਕੇ ਅਵਾਰਾ ਗਰਦੀਆਂ ਲਈ!'' ਉਸਦੀ ਗੱਲ ਸੁਣ ਜਤਿੰਦਰ ਨੂੰ ਬੁਰਾ ਲੱਗਾ ਕਿ ਪਹਿਲੀ ਗੱਲ ਉਹ ਆਪਣੇ ਕਿੱਤੇ ਤੇ ਜਾ ਰਿਹਾ ਹੈ ਅਵਾਰਾ ਗਰਦੀ ਲਈ ਨਹੀਂ ਜਿਸ ਲਈ ਉਸਨੇ ਦਿਨ ਰਾਤ ਮਿਹਨਤ ਕੀਤੀ ਹੈ ਅਤੇ ਉਸੇ ਮਿਹਨਤ ਦੀ ਕਮਾਈ ਨਾਲ ਉਸਨੇ ਆਪਣਾ ਮੋਟਰਸਾਈਕਲ ਖਰੀਦਿਆ ਹੈ।ਬਾਕੀ ਉਹ ਟਰੈਫਿਕ ਨਿਯਮਾਂ ਦੀ ਪਾਲਣਾ ਕਰ ਰਿਹਾ ਸੀ।ਜਤਿੰਦਰ ਕੁੱਝ ਨਾ ਬੋਲਿਆ ਅਤੇ ਉਸਨੇ ਹੱਥ ਨਾਲ ਹੀ ਕੰਡਕਟਰ ਨੂੰ ਅੱਗੇ ਜਾਣ ਦਾ ਇਸ਼ਾਰਾ ਕੀਤਾ। ਖਿੜਕੀ ਚੋਂ ਬਸ ਦਾ ਡ੍ਰਾਈਵਰ ਵੀ ਇੰਜਣ ਤੇ ਬੈਠੇ ਬੰਦੇ ਨਾਲ ਉਸ ਵੱਲ ਦੇਖ ਬੁੜਬੁੜਾਉਂਦਾ ਨਜਰ ਆ ਰਿਹਾ ਸੀ ਤੇ ਕੰਡਕਟਰ ਨੇ ੳਸਨੂੰ ਚੁੱਪ ਦੇਖ ਫਿਰ ਘੁਰੀ ਵੱਟੀ ਅਤੇ ਕੁੱਝ ਬੋਲਿਆ ਪਰ ਹਵਾ ਕਾਰਣ ਉਸਦੀ ਪੂਰੀ ਆਵਾਜ ਸੁਣਾਈ ਨਾ ਦਿੱਤੀ ਬਸ ਏਨਾ ਕੁ ਸੁਣਿਆ ਕਿ ਦੋ ਟਾਈਰੇ ਲੈ ਕੇ ਰੀਸਾਂ ਗੱਡੀਆਂ ਦੀਆਂ ਨੀ ਕਰੀਦੀਆਂ। ਕਹਿੰਦੇ ਨੇ ਪੰਜਾਬੀ ਖੂਨ ਦੇ ਗਰਮ ਹੁੰਦੇ ਹਨ ਪਹਿਲਾਂ ਤਾਂ ਉਹ ਕਿਸੇ ਨੂੰ ਕੁੱਝ ਬੋਲਦੇ ਨਹੀਂ ਪਰ ਜੇ ਕੋਈ ਬਿਨਾਂ ਮਤਲਬ ਸਿਰ ਚੜ੍ਹੇ ਫਿਰ ਸਹਿੰਦੇ ਵੀ ਨਹੀਂ। ਸਾਂਤ ਸੁਭਾੳੇ ਦੇ ਮਾਲਕ ਜਤਿੰਦਰ ਦਾ, ਉਸ ਕੰਡਕਟਰ ਤੇ ਡ੍ਰਾਈਵਰ ਦੀਆਂ ਗੱਲਾਂ ਸੁਣ ਕਦੋਂ ਖੁਨ ਕਦੋਂ ਉਬਾਲਾ ਖਾ ਗਿਆ ਉਸਨੂੰ ਆਪ ਪਤਾ ਨਹੀਂ ਲੱਗਾ ਅਤੇ ਉਸਦੇ ਹੱਥਾਂ ਨੇ ਮੋਟਰਸਾਈਕਲ ਦੀ ਰੇਸ ਖਿਚੀ ਅਤੇ ਬੰਬੂਕਾਟ ਫਿਲਮ ਵਾਂਗ ਉਸ ਲਾਰੀ (ਬਸ) ਨੂੰ ਪਿੱਛੇ ਛੱਡ ਦਿੱਤਾ। ਇਹ ਦੇਖ ਬਸ ਦੇ ਡ੍ਰਾਈਵਰ ਨੂੰ ਹੋਰ ਖੁੰਦਕ ਆ ਗਈ ਤੇ ਉਸਨੇ ਰੇਸ ਦੇ ਕੇ ਬਸ ਮੋਟਰ ਸਾਈਕਲ ਦੇ ਬਰਾਬਰ ਲੈ ਆਂਦੀ। ਇੱਕ ਦੌੜ ਲੱਗ ਪਈ ।ਜਤਿੰਦਰ ਨੇ ਰੇਸ਼ ਵਧਾਈ ਤੇ ਬਸ ਨੂੰ ਕਾਫੀ ਪਿੱਛੇ ਛੱਡ ਦਿਤਾ।ਬਸ ਡ੍ਰਾਈਵਰ ਜੋਰ ਲਾ ਰਿਹਾ ਸੀ ।ਜਦੋਂ ਬਸ ਕੋਲੋਂ ਦੀ ਅੱਗੇ ਲੰਘ ਜਾਂਦੀ ਵਿੱਚ ਬੈਠੀਆਂ ਸਵਾਰੀਆਂ ਦੇ ਚਿਹਰੇ ਤੇ ਵੀ ਖੁਸ਼ੀ ਆ ਜਾਂਦੀ ਜੋ ਸੀਸੇ ਚੋਂ ਬਾਹਰ ਦੇਖਦੇ ਕਿ ਮੋਟਰ ਸਾਈਕਲ ਵਾਲਾ ਪਿੱਛੇ ਰਹਿ ਗਿਆ।ਜਿਵੇਂ ਸਵਾਰੀਆਂ ਦਾ ਵੀ ਜੋਰ ਲੱਗਾ ਹੋਵੇ ਰੇਸ ਲਾਉਣ ਵਿੱਚ। ਪਰ ਅਚਾਨਕ ਜਤਿੰਦਰ ਮਨ ਅੰਦਰੋਂ ਆਵਾਜ ਆਈ ਕਿ ਮੈਂ ਉਸ ਬਸ ਦੇ ਡ੍ਰਾਈਵਰ ਅਤੇ ਕੰਡਕਟਰ ਦੀ ਮੂਰਖਤਾ ਪਿੱਛੇ ਲੱਗ ਇਹ ਕੀ ਕਰ ਰਿਹਾ ਹਾਂ? ਉਸ ਬਸ ਵਿੱਚ ਕਿੰਨੀਆਂ ਹੀ ਸਵਾਰੀਆਂ ਹਨ ਜਿਹਨਾਂ ਨੂੰ ਡ੍ਰਾਈਵਰ ਦੀ ਥੋੜ੍ਹੀ ਜਿਹੀ ਲਾਪਰਵਾਹੀ ਕਾਰਨ ਨੁਕਸਾਨ ਪਹੁੰਚ ਸਕਦਾ ਹੈ। ਜਤਿੰਦਰ ਨੇ ਮੋਟਰਸਾਈਕਲ ਦੀ ਰੇਸ ਘਟਾਈ ਤੇ ਬਸ ਨੂੰ ਅੱਗੇ ਲੰਘਾ ਦਿੱਤਾ। ਡ੍ਰਾਈਵਰ ਹੁਣ ਵੀ ਹੌਰਨ ਵਜਾਉਂਦਾ ਜਾ ਰਿਹਾ ਸੀ ਜਿਵੇਂ ਇਸ ਮੂਰਖਤਾ ਦੀ ਦੌੜ ਵਿੱਚ ਆਪਣੀ ਜਿੱਤ ਦਾ ਐਲਾਨ ਕਰ ਰਿਹਾ ਹੋਵੇ। ਪਰ ਜਤਿੰਦਰ ਦੇ ਚਿਹਰੇ ਤੇ ਖੁਸ਼ੀ ਸੀ ਕਿ ਉਸਨੇ ਸਮਝ ਤੋਂ ਕੰਮ ਲਿਆ।ਉਸਤੋਂ ਇੱਕ ਗਲਤੀ ਜਰੂਰ ਹੋ ਗਈ ਕਿ ਉਸ ਬਸ ਦਾ ਨੰਬਰ ਨੋਟ ਕਰਨਾ ਯਾਦ ਨਹੀਂ ਰਿਹਾ ਤਾਂ ਕਿ ਉਸਦੇ ਸੰਬੰਧਿਤ ਦਫਤਰ ਨੂੰ ਉਸਦੀ ਗਲਤ ਡ੍ਰਾਈਵਿੰਗ ਬਾਰੇ ਦੱਸ ਸਕੇ ਕਿ ਭਵਿੱਖ ਵਿੱਚ ਉਹ ਦੁਬਾਰਾ ਇਹੋ ਜੀ ਗਲਤੀ ਨਾ ਕਰਣ। ਜਤਿੰਦਰ ਨੂੰ ਇੱਕ ਸਿਕਵਾ ਬਸ ਵਿੱਚ ਬੈਠੀਆਂ ਸਵਾਰੀਆਂ ਨਾਲ ਵੀ ਸੀ ਜੋ ਆਪ ਇਸ ਮੂਰਖਤਾ ਵਾਲੀ ਰੇਸ ਦਾ ਮਜਾ ਲੈ ਰਹੀਆਂ ਸਨ ਬਜਾਏ ਇਸਦੇ ਕਿ ਉਹਨਾਂ ਡ੍ਰਾਈਵਰ ਤੇ ਕੰਡਕਟਰ ਨੂੰ ਰੋਕਣ ਜੋ ਕਿ ਆਪਣੀ ਹਊਮੈ ਕਾਰਣ ਸਭ ਦੀ ਜਾਨ ਖਤਰੇ ਵਿੱਚ ਪਾ ਰਹੇ ਸੀ।ਸਾਇਦ ਇਹੀ ਗਲਤ ਡਰਾਇਵਿੰਗ ਅਤੇ ਮੂਰਖਤਾ ਭਰੀ ਦੌੜ ਕਾਰਣ ਰੋਜਾਨਾ ਸੜਕਾਂ ਤੇ ਅਨੇਕਾਂ ਹਾਦਸੇ ਵਾਪਰਦੇ ਹਨ ।ਲੋੜ ਹੈ ਜਤਿੰਦਰ ਵਾਂਗ ਸਮਝਦਾਰੀ ਤੋਂ ਕੰਮ ਲੈਣ ਦੀ। ਬਿਨਾਂ ਜਾਣਕਾਰੀ ਅਤੇ ਟਰੇਨਿੰਗ ਦੇ ਰੱਖੇ ਡ੍ਰਾਈਵਰ ਵੀ ਦੂਸਰਿਆਂ ਦੀ ਜਾਨ ਨੂੰ ਖਤਰੇ ਵਿੱਚ ਪਾਉਂਦੇ ਹਨ।
    
ਅਵਤਾਰ ਸਿੰਘ ਸੌਜਾ
ਮੋਬਾਇਲ ਨੰ 98784 29005

ਪਿੰਡ - ਸੌਜਾ ,ਡਾਕ-ਕਲੇਹਮਾਜਰਾ, ਤਹਿਸੀਲ-ਨਾਭਾ, ਜਿਲ੍ਹਾ- ਪਟਿਆਲਾ

ਸੰਗਤ ਦੀ ਰੰਗਤ - ਅਵਤਾਰ ਸਿੰਘ ਸੌਜਾ

ਤਾਰਾ ਸਿਉਂ ਰੋਜਾਨਾ ਆਪਣੇ ਖੱਚਰ ਰੇਹੜੇ ਤੇ ਸ਼ਹਿਰ ਜਾਂਦਾ ਸੀ ਅਤੇ ਪਿੰਡ ਦੇ ਲੋਕਾਂ ਦਾ ਛੋਟਾ ਮੋਟਾ ਰਸਦ ਸਾਮਾਨ ਲੱਦ ਲਿਆਉਂਦਾ ਸੀ। ਬਦਲੇ ਵਿੱਚ ਮਿਲੀ ਮਿਹਨਤ ਮਜੂਰੀ ਨਾਲ ਉਹ ਆਪਣੇ ਘਰ ਦਾ ਗੁਜਾਰਾ ਚਲਾਉਂਦਾ ਸੀ। ਉਸਦੀਆਂ ਦੋਵੇਂ ਧੀਆਂ ਵਿਆਹੀਆਂ ਗਈਆਂ ਸਨ ਅਤੇ ਪੁੱਤਰ ਸ਼ਹਿਰ ਕਿਸੇ ਕਾਰਖਾਨੇ ਵਿੱਚ ਮਜਦੂਰੀ ਦਾ ਕੰਮ ਕਰਦਾ ਸੀ।ਘਰ ਦਾ ਗੁਜਾਰਾ ਵਧੀਆ ਚੱਲੀ ਜਾ ਰਿਹਾ ਸੀ। ਉਂਝ ਸੁਭਾੳੇ ਦਾ ਬਹੁਤ ਵਧੀਆ ਇਨਸਾਨ ਸੀ ਤਾਰਾ ਪਰ ਇੱਕ ਐਬ ਸੀ ਉਸ ਵਿੱਚ।ਉਹ ਸ਼ਾਮ ਨੂੰ ਕੰਮ ਕਾਰ ਨਿਬੇੜ ਕੇ ਸੌਣ ਤੋਂ ਪਹਿਲਾਂ ਪਿੰਡ ਤੋਂ ਬਾਹਰ ਠੇਕੇ ਤੇ ਜਾਂਦਾ ,ਆਪਣਾ ਰੇਹੜਾ ਸੜਕ ਤੇ ਖੜਾ ਉੱਥੇ ਇੱਕ ਦੋ ਮਿੰਟ ਆਪਣੇ ਯਾਰ ਬੇਲੀਆਂ ਨਾਲ ਗੱਲਾਂ ਮਾਰਦਾ,ਉਹਨਾਂ ਦੀ ਸੰਗਤ ਕਾਰਣ ਹੀ ਉਸਨੂੰ ਵੀ ਪੀਣ ਦੀ ਆਦਤ ਪੈ ਗਈ ਅਤੇ ਉਹ ਉੱਥੋਂ ਦਾਰੂ ਦਾ ਪਊਆ ਖਰੀਦਦਾ ਅਤੇ ਘਰ ਆ ਕੇ ਪੀ ਕੇ ,ਰੋਟੀ ਖਾ ਸੋਂ ਜਾਂਦਾ ।ਕਿਸੇ ਨਾਲ ਨਾ ਲੜਾਈ ਨਾ ਝਗੜਾ, ਨਾ ਬੋਲ ਕਬੋਲ। ਇਸੇ ਕਰਕੇ ਘਰਦਿਆਂ ਨੂੰ ਵੀ ਉਸ ਦਾ ਪੀਣਾ ਚੁਭਦਾ ਨਹੀਂ ਸੀ ਕਿ ਉਹ ਪੀ ਕੇ ਕਿਸੇ ਨੂੰ ਤੰਗ ਨਹੀਂ ਸੀ ਕਰਦਾ ਪਰ ਸਾਰੇ ਉਸਨੂੰ ਟੋਕਦੇ ਜਰੂਰ ਰਹਿੰਦੇ ਸੀ ਕਿ ਉਹ ਪੀਣੀ ਛੱਡ ਦੇਵੇ।ਉਹ ਵੀ ਅੱਗਿਓ ਹੱਸ ਕੇ ਕਹਿ ਦਿੰਦਾ ਚੰਗਾ ਬਾਈ ਅੱਜ ਅੱਜ ਏ, ਕੱਲ੍ਹ ਤੋਂ ਨੀ ਪੀਣੀ ਪਰ ਕੱਲ੍ਹ ਆਉਣ ਤੇ ਆਪਣੀ ਕਹੀ ਗੱਲ ਫਿਰ ਭੁੱਲ ਜਾਂਦਾ।
     ਹੌਲੀ ਹੌਲੀ ਰੋਜ ਘਰਦਿਆਂ ਦੀ ਰੋਕ ਟੋਕ ਕਾਰਣ ਉਸਦਾ ਵੀ ਮਨ ਮੰਨ ਗਿਆ ਕਿ ਹੁਣ ਉਸਨੂੰ ਦਾਰੂ ਛੱਡਣ ਵਿੱਚ ਹੀ ਭਲਾਈ ਹੈ ਕਿਉਂਕਿ ਦਿਨੋਂ ਦਿਨ ਉਸਦਾ ਸਰੀਰ ਕਮਜੋਰਾ ਪੈ ਰਿਹਾ ਸੀ। ਲੱਤਾਂ ਵੀ ਕੰਬਣ ਲੱਗ ਪਈਆਂ ਸੀ। ਸੋ ਮਨ ਨੂੰ ਮਾਰਦਾ ਹੋਇਆ ਉਸਨੇ ਹੌਲੀ ਹੌਲੀ ਪੀਣੀ ਘਟਾ ਦਿੱਤੀ ਤੇ ਫਿਰ ਬਿਲਕੁੱਲ ਛੱਡ ਦਿੱਤੀ।ਤਾਰਾ ਤਾਂ ਸੋਫੀ ਬਣ ਗਿਆ ਪਰ ਹੁਣ ਨਵੀਂ ਮੁਸਕਿਲ ਆ ਖੜ੍ਹੀ ਹੋਈ।ਹੋਇਆ ਇਹ ਕਿ ਹੁਣ ਦਾਰੂ ਛੱਡਣ ਤੋਂ ਬਾਅਦ ਜਦੋਂ ਕੁੱਝ ਦਿਨਾਂ ਬਾਅਦ ਉਹ ਆਪਣਾ ਖੱਚਰ ਰੇਹੜਾ ਲੈ ਕੇ ਠੇਕੇ ਅੱਗਿਓਂ ਲੰਘਿਆ ਤਾਂ ਖੱਚਰ ਨੇ ਰੇਹੜਾ ਠੇਕੇ ਅੱਗੇ ਰੋਕ ਲਿਆ। ਤਾਰਾ ਬਥੇਰੀਆਂ ਆਵਾਜਾਂ ਲਗਾਵੇ,ਪੁਚਕਾਰੇ ਅੱਗੇ ਜਾਣ ਲਈ ਪਰ ਖੱਚਰ ਟਸ ਤੋਂ ਮਸ ਨਾ ਹੋਵੇ।ਜਿਵੇਂ ਉਸਨੂੰ ਕੁਝ ਯਾਦ ਕਰਾ ਰਿਹਾ ਹੋਵੇ ਕਿ ਤਾਰਿਆ ਤੂੰ ਕੁੱਝ ਭੁਲ ਰਿਹਾ। ਆਖਿਰ ਨੂੰ ਤਾਰੇ ਨੇ ਅੱਗੇ ਹੋ ਉਸਦੀ ਲਗਾਮ ਫੜ ਕੇ ਤੋਰਿਆ ਅਤੇ ਘਰ ਤੱਕ ਲੈ ਕੇ ਆਇਆ।ਉਸਨੇ ਘਰ ਆ ਕੇ ਇਹ ਗੱਲ ਜਦੋਂ ਘਰਦਿਆਂ ਨੂੰ ਦੱਸੀ ਤਾਂ ਪਹਿਲਾਂ ਤਾਂ ਸਾਰੇ ਹੱਸਣ ਲੱਗੇ ਫਿਰ ਉਸਦੀ ਘਰ ਵਾਲੀ ਬੋਲੀ,'' ਦੇਖੋ ਜੀ ! ਸਿਆਣੇ ਕਹਿੰਦੇ ਨੇ ਜਿਹੋ ਜੀ ਸੰਗਤ, ਉਹੋ ਜੀ ਰੰਗਤ।ਏਸ ਜਾਨਵਰ ਤੇ ਵੀ ਸੰਗਤ ਦੀ ਰੰਗਤ ਚੜ੍ਹ ਗਈ ਏ!ਤੁਸੀਂ ਰੋਜਾਨਾ ਠੇਕੇ ਅੱਗੇ ਰੁਕਦੇ ਸੀ ,ਥੋੜਾ ਸਮਾਂ ਉੱਥੇ ਗੱਲਾਂ ਬਾਤਾਂ ਮਾਰਦੇ ਸੀ ਇਹ ਵੀ ਉਸ ਸੁਭਾੳੇ ਦਾ ਆਦੀ ਹੋ ਗਿਆ ।ਤੁਸੀਂ ਤਾਂ ਦਾਰੂ ਛੱਡ ਦਿੱਤੀ ਇਸ ਬੇਜੁਬਾਨ ਜਾਨਵਰ ਨੂੰ ਥੋੜਾ ਪਤਾ!  ਹੁਣ ਤੁਹਾਨੂੰ ਕੁੱਝ ਦਿਨ ਉਹੀ ਕਰਣਾ ਪੈਣਾ ਜੋ ਪਹਿਲਾਂ ਕਰਦੇ ਸੀ ,ਇੱਕ ਵਾਰ ੳੱਥੇ ਦੀ ਲੰਘਦੇ ਹੋਏ ਹੇਠਾਂ ਉੱਤਰ ਕੇ ਝੂਠੀ ਗੇੜਾ ਲਾ ਆਇਆ ਕਰੋ ਠੇਕੇ ਦਾ ! '' ਇਹ ਸੁਣ ਸਾਰੇ ਹੱਸਣ ਲੱਗੇ।
ਅਗਲੇ ਦਿਨ ਜਦੋਂ ਫਿਰ ਤਾਰਾ ਸਿਉਂ ਠੇਕੇ ਅੱਗਿਓਂ ਲੰਘਿਆ ,ਫਿਰ ਉਹੀਓ ਹੋਇਆ। ਤਾਰੇ ਨੇ ਸੋਚਿਆ ਕਿਉਂ ਨਾ ਘਰਵਾਲੀ ਦੀ ਹਾਸੇ ਵਿੱਚ ਕਹੀ ਗੱਲ ਨੂੰ ਅਜਮਾ ਲਿਆ ਜਾਵੇ।ਉਹ ਰੇਹੜੇ ਤੋਂ ਉੱਤਰ ਕੇ ਠੇਕੇ ਵੱਲ ਗਿਆ ਅਤੇ ਉੱਥੇ ਦੋ-ਚਾਰ ਮਿੰਟ ਰੁਕ ਕੇ ਵਾਪਸ ਆ ਗਿਆ ਤੇ ਬੋਲਿਆ,'' ਚਲ ਭਾਈ ਚੱਲੀਏ ਘਰ! ਆਪਣਾ ਕੰਮ ਹੋ ਗਿਆ।'' ਏਨਾ ਕਹਿਣ ਦੀ ਦੇਰ ਸੀ ਕਿ ਖੱਚਰ ਨੇ ਰੇਹੜਾ ਤੋਰ ਲਿਆ। ਤਾਰਾ ਸਿਉਂ ਹੱਸਦਾ ਜਾਵੇ ਨਾਲੇ ਸੋਚਦਾ ਜਾਵੇ ਕਿ ਬਾਈ ਐਵੇਂ ਤਾਂ ਨੀ ਸਿਆਣਿਆ ਕਿਹਾ ਸੰਗਤ ਰੰਗਤ ਦਿਖਾਉਂਦੀ ਹੈ,ਉਸਦੇ ਮੁਹੋਂ ਆਪ ਮੁਹਾਰੇ ਨਿਕਲ ਗਿਆ, ਸੱਚ ਹੈ ਬਾਈ ਸੱਚ ਹੈ।
   
  ਅਵਤਾਰ ਸਿੰਘ ਸੌਜਾ    ਮੋਬਾਇਲ ਨੰ 98784 29005
    ਪਿੰਡ ૶ਸੌਜਾ ,ਡਾਕ-ਕਲੇਹਮਾਜਰਾ, ਤਹਿਸੀਲ-ਨਾਭਾ, ਜਿਲ੍ਹਾ- ਪਟਿਆਲਾ

'ਤੇ ਅੰਦਰਲਾ ਹੀਰੋ ਮੋਇਆ ਗਿਆ - ਅਵਤਾਰ ਸਿੰਘ ਸੌਜਾ

ਆਪਣੇ ਦੋਸਤਾਂ ਮਿੱਤਰਾਂ ਵਿੱਚ ਸਭ ਤੋਂ ਵੱਧ ਮਿਹਨਤੀ ਸੀ , ਸੁੱਖੀ। ਜੋ ਕੰਮ ਕਰਦਾ ਪੂਰੀ ਵਾਹ ਲਾ ਦਿੰਦਾ। ਪੜ੍ਹਾਈ ਲਿਖਾਈ ਵੀ ਪੂਰੀ ਮਿਹਨਤ ਨਾਲ ਕੀਤੀ ਅਤੇ ਪਰਮਾਤਮਾ ਦੀ ਮਿਹਰ ਨਾਲ ਸਰਕਾਰੀ ਦਫਤਰ ਵਿੱਚ ਵਧੀਆ ਨੌਕਰੀ ਲੱਗ ਗਈ। ਉੱਥੇ ਵੀ ਉਸਨੇ ਆਪਣੇ ਕਿੱਤੇ ਪ੍ਰਤੀ ਪੂਰੀ ਲਗਨ,ਮਿਹਨਤ ਸਦਕਾ ਜਲਦੀ ਹੀ ਆਪਣੀ ਵੱਖਰੀ ਪਛਾਣ ਬਣਾ ਲਈ। ਸਾਡੇ ਸਮਾਜ ਦੀ ਇੱਕ ਭਿਆਨਕ ਤ੍ਰਾਸਦੀ ਹੈ ਜੋ ਉਪਰ ਵੱਲ ਵਧਦਾ ਲੋਕ ਉਸਦੀਆਂ ਲੱਤਾਂ ਖਿਚਣੀਆਂ ਸ਼ੁਰੂ ਕਰ ਦਿੰਦੇ ਹਨ । ਸੁੱਖੀ ਵੀ ਇਸਦਾ ਸ਼ਿਕਾਰ ਹੋ ਗਿਆ। ਉਸਦੀ ਵਧਦੀ ਪ੍ਰਸ਼ਿੱਧੀ ਦੇਖ ਨਾਲ ਦੇ ਸਹਿਕਰਮੀ ਉਸ ਤੋਂ ਖਾਰ ,ਹੀਣ ਭਾਵਨਾ ਰੱਖਣ ਲੱਗ ਪਏ।ਹਰ ਗੱਲ 'ਤੇ ਉਸਨੂੰ ਨੀਵਾਂ ਦਿਖਾਉਣ ਦੀ ਗੱਲ ਕਰਦੇ। ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਬਣਾ ਉਸ ਬਾਰੇ ਝੂਠਾ ਪ੍ਰਚਾਰ ਕਰਦੇ। ਪਰ ਸੁੱਖੀ ਦੀ ਸੋਚ ਅਲੱਗ ਸੀ। ਉਹ ਸਭ ਨੂੰ ਨਾਲ ਲੈ ਕੇ ਚੱਲਣ ਵਾਲਾ ਸੀ। ਉਸਨੇ ਆਪਣੇ ਜੀਵਨ ਨੂੰ ਇਸ ਸਿਧਾਂਤ 'ਤੇ ਢਾਲਿਆ ਸੀ ਕਿ ਕਿਸੇ ਦਾ ਮਾੜਾ ਨੀ ਕਰਨਾ,ਝੁਠ ਦਾ ਸਹਾਰਾ ਨੀ ਲੈਣਾ, ਬਸ ਮਿਹਨਤ ਕਰਨੀ ਹੈ ,ਮਿਹਨਤ ਲਈ ਨਾਂਹ ਨੀ ਕਰਨੀ । ਹੌਲੀ ਹੌਲੀ ਉਸਨੂੰ ਵੀ ਪਤਾ ਲੱਗਣ ਲੱਗ ਗਿਆ ਕਿ ਲੋਕ ਉਸ ਨੂੰ ਕਿਸ ਤਰ੍ਹਾਂ ਝੂਠਾ ਬਦਨਾਮ ਕਰਨ ਜਾਂ ਥੱਲੇ ਲਾਉਣ ਦੀਆਂ ਸਾਜਿਸ਼ਾਂ ਕਰਦੇ ਨੇ ਪਰ ਉਹ ਕਦੇ ਘਬਰਾਇਆ ਨਹੀਂ। ਉਹ ਹਸ ਕੇ ਇਹਨਾਂ ਗੱਲਾਂ ਨੂੰ ਟਾਲ ਦਿੰਦਾ ਅਖੇ ਜੋ ਉਹਨਾਂ ਸਿੱਖਿਆ ਉਹ ਉਹਨਾਂ ਨੂੰ ਕਰਨ ਦਿਓ ਜੋ ਮੈਂ ਸਿੱਖਿਆ ਉਹ ਮੈਂ ਕਰਾਂਗਾ।ਉਹ ਅਕਸਰ ਕਹਿੰਦਾ ਕਿ ਮੇਰਾ ਪਰਮਾਤਮਾ ਹਰ ਵਕਤ ਮੇਰੇ ਨਾਲ ਹੈ ਸੋ ਇਸ ਗੱਲ ਦਾ ਮੈਂਨੂੰ ਕੋਈ ਫਰਕ ਨਹੀਂ ਪੈਂਦਾ ਕੌਣ ਮੇਰੇ ਨਾਲ ਹੈ ਅਤੇ ਕੌਣ ਵਿਰੋਧ 'ਚ। ਹੌਲੀ ਹੌਲੀ ਇਸ ਸਭ ਵਰਤਾਰੇ ਦਾ ਅਸਰ ਸੁੱਖੀ ਦੇ ਸੁਭਾਓ 'ਤੇ ਵੀ ਪੈਣ ਲੱਗਾ।ਸਾਂਤ ਸੁਭਾ ਵਾਲਾ ਸੁੱਖੀ ਹੁਣ ਕਦੇ ਵੀ ਉਸ ਨਾਲ ਜਾਂ ਕਿਸੇ ਨਾਲ ਗਲਤ ਹੁੰਦਾ ਦੇਖਦਾ ,ਉੱਥੇ ਬੋਲਣ ਲੱਗ ਪਿਆ,ਵਿਰੋਧ ਕਰਨ ਲੱਗ ਪਿਆ। ਵਿਰੋਧੀ ਹੋਰ ਖਾਰ ਰੱਖਣ ਲੱਗ ਪਏ। ਪਰ ਨਾਲ ਹੀ ਉਸਨੇ ਆਪਣੀ ਮਿਹਨਤ ਨਾ ਛੱਡੀ ।ਹਰ ਕੰਮ ਇਮਨਾਦਾਰੀ ਨਾਲ ,ਨਿਪੁੰਨਤਾ ਨਾਲ ਕਰਦਾ ਗਿਆ।ਕਦੇ ਕਦੇ ਇਕੱਲਾ ਬੈਠਦਾ ਤਾਂ ਉਹ ਸੋਚਣ ਲੱਗ ਪੈਂਦਾ ਕਿ ਆਖਰ ਕਿਉਂ ਲੋਕੀ ਇਸ ਤਰ੍ਹਾਂ ਕਰਦੇ ਨੇ ਜਦੋਂ ਕਿ ਉਹ ਕਿਸੇ ਬਾਰੇ ਇਸ ਤਰ੍ਹਾਂ ਦੀ ਸੋਚ ਨਹੀਂ ਰੱਖਦਾ। ਉਸਨੂੰ ਆਪਣੇ ਅੰਦਰ ਇੱਕ ਅਜੀਬ ਜਿਹੀ ਭਾਵਨਾ ਮਹਿਸੂਸ ਹੋਣ ਲੱਗੀ ਜਿਵੇਂ ਕਿ ਉਸਦੇ ਅੰਦਰ ਇੱਕ ਹੀਰੋ, ਨਾਇਕ ਹੋਵੇ ਜੋ ਸੱਚਾਈ ਲਈ ਪੂਰੇ ਸਮਾਜ ਨਾਲ ਲੜ ਸਕਦਾ ਹੋਵੇ। ਉਸਨੂੰ ਆਪਣੀ ਇਸ ਭਾਵਨਾ ਕਰਕੇ ਮਾਣ ਜਾ ਵੀ ਮਹਿਸੂਸ ਹੁੰਦਾ।
ਸੂਰੂ ਤੋਂ ਹੀ ਹਰ ਕੰਮ ਵਿੱਚ ਅੱਵਲ ਰਿਹਾ ਸੁੱਖੀ ,ਵਿਦਿਆਰਥੀ ਹੁੰਦਿਆਂ ਵੀ ਆਪਣੇ ਅਧਿਆਪਕਾਂ ਦਾ ਚਹੇਤਾ ਸੀ। ਨਾ ਕਿਸੇ ਦੀ ਸਿਕਾਇਤ ,ਨਾ ਕਿਸੇ ਕੋਲ ਉਸਦੀ ਕੋਈ ਸਿਕਾਇਤ। ਜਿਵੇਂ ਰੱਬ ਨੇ ਕਿਸੇ ਅਲੱਗ ਹੀ ਮਿੱਟੀ ਦਾ ਬਣਾ ਕੇ ਭੇਜਿਆ ਹੋਵੇ। ਕਿਸੇ ਨੂੰ ਮਾੜਾ ਚੰਗਾ ਬੋਲਣਾ, ਜਵਾਬ ਦੇਣਾ ਤਾਂ ਸਿੱਖਿਆ ਹੀ ਨਹੀਂ ਸੀ। ਸੋਚਦਾ ਬੋਲ ਕੇ ਕਿਸੇ ਨੂੰ ਕੀ ਜਵਾਬ ਦੇਣਾ ਜਵਾਬ ਆਪਣੇ ਕੰਮ ਨਾਲ ਦੇਵਾਂਗਾ। ਜੋ ਆਪਣੇ ਅਧਿਆਪਕਾਂ,ਮਾਪਿਆਂ ਤੋਂ ਸਿੱਖਿਆ ,ਉਸਨੂੰ ਅਪਾਣੇ ਜੀਵਨ ਵਿੱਚ ਢਾਲ ਲਿਆ। ਦੋਗਲੇਪਣ ਤੋਂ ਕੋਹਾਂ ਦੂਰ ਸੀ,ਕਿਉਂਕਿ ਕਹਿਣੀ ਅਤੇ ਕਰਨੀ ਵਿੱਚ ਸੁਮੇਲ ਸੀ।
ਕੁੱਝ ਸਮੇਂ ਬਾਅਦ ਸੁੱਖੀ ਦਾ ਤਬਾਦਲਾ ਹੋਰ ਥਾਂ ਹੋ ਗਿਆ ।ਸਭ ਕੁੱਝ ਨਵਾਂ ਸੀ। ਸਹਿਕਰਮੀ ਵੀ ਬਹੁਤ ਮੇਲ ਜੋਲ ਵਾਲੇ ਉਸਦੇ ਵਰਗੇ ਹੀ ਸੁਭਾਅ ਵਾਲੇ ਸੀ। ਉਹਨਾਂ ਨਾਲ ਜਲਦ ਹੀ ਉਹ ਘੁਲਮਿਲ ਗਿਆ। ਪੁਰਾਣਾ ਕੱਟਿਆ ਨਰਕ ਹੋਲੀ ਹੋਲ਼ੀ ਤਜੁਰਬਾ ਬਣ ਗਿਆ ਅਤੇ ਉਸਤੋਂ ਸਬਕ ਲੈ ਕੇ ਉਹ ਅੱਗੇ ਵਧਣ ਲੱਗਾ। ਪਰ ਹੋਲ਼ੀ ਹੌਲੀ ਇੱਥੇ ਵੀ ਕੁੱਝ ਨਵੇਂ ਕਰਮਚਾਰੀ ਆੁੳਂਦੇ ਗਏ, ਪੁਰਾਣੇ ਬਦਲਦੇ ਗਏ । ਹੁਣ ਫਿਰ ਉਹੀ ਸਭ ਕੁੱਝ ਫਿਰ ਤੋਂ ਦੁਹਰਾਇਆ ਜਾਣ ਲੱਗਾ ਪਰ ਹੁਣ ਸੁੱਖੀ ਇਹਨਾਂ ਸਭ ਦਾ ਆਦੀ ਹੋ ਚੁਕਿਆ ਸੀ ਅਤੇ ਇਸ ਤਰ੍ਹਾਂ ਦੀ ਕਿਸੇ ਵੀ ਹਾਲਾਤ ਦਾ ਸਾਹਮਣਾ ਕਰ ਸਕਦਾ ਸੀ। ਮਹਿਕਮੇ ਵਿੱਚ ਚਲਦੀ ਭ੍ਰਿਸਟਾਚਾਰੀ ਅਤੇ ਕੰਮਚੋਰੀ ਤੋਂ ਉਹ ਚੰਗੀ ਤਰ੍ਹਾਂ ਵਾਕਫ ਸੀ।ਪਰ ਉਸਨੇ ਆਪਣੇ ਆਪ ਨੂੰ ਇਹਨਾਂ ਗੱਲਾਂ ਤੋਂ ਦੂਰ ਹੀ ਰੱਖਿਆ ਸੀ। ਕਹਿੰਦੇ ਹਨ ਕਿ ਸਮਾਂ ਬਹੁਤ ਬਲਵਾਨ ਹੁੰਦਾ ਹੈ ,ਹਾਲਾਤ ਬੰਦੇ ਨੂੰ ਬਦਲਣ ਲਈ ਮਜਬੂਰ ਕਰ ਦਿੰਦੇ ਹਨ। ਸੁੱਖੀ ਨਾਲ ਵੀ ਅਜਿਹਾ ਹੀ ਵਾਪਰਿਆ। ਅਸ਼ੂਲਾਂ 'ਤੇ ਜਿੰਦਗੀ ਜਿਉਣ ਵਾਲਾ ਬੰਦਾ ਕਦੋਂ ਸਮਾਜ ਦੀ ਗੰਦਗੀ 'ਚ ਲਿਬੜ ਗਿਆ ਉਸ ਨੂੰ ਆਪ ਵੀ ਪਤਾ ਨਾ ਲੱਗਿਆ। ਹੋਇਆ ਇਹ ਕਿ ਇੱਕ ਨਵੇਂ ਮਿਲੇ ਪ੍ਰਾਜੈਕਟ ਬਾਰੇ ਵੱਡੇ ਬਾਬੂ ਨੇ ਸਭ ਕਰਮਚਾਰੀਆਂ ਨੂੰ ਸਮਝਾ ਕਿ ਡਿਊਟੀਆਂ ਲਗਾ ਦਿੱਤੀਆਂ। ਸਭ ਆਪਣੇ ਕੰਮ ਲੱਗ ਗਏ। ਸੁੱਖੀ ਵੀ ਆਪਣੀ ਸੌਂਪੀ ਜਿੰਮੇਵਾਰੀ ਤਨਦੇਹੀ ਨਾਲ ਨਿਭਾਉਣ ਲੱਗਾ ਪਰ ਉਸਨੂੰ ਪਤਾ ਨਹੀਂ ਸੀ ਕਿ ਜੋ ਕੰਮ ਕਰਾਇਆ ਜਾ ਰਿਹਾ ਉਸ ਵਿੱਚ ਉਹ ਸਭ ਸ਼ਾਮਿਲ ਸਨ ਜਿਹਨਾਂ ਨਾਲ ਉਹ ਨਰਕ ਵਾਲੀ ਜਿੰਦਗੀ ਕੱਟ ਅੱਗੇ ਵਧਿਆ ਸੀ। ਪਰ ਜਦੋਂ ਕੀਤੇ ਜਾ ਰਹੇ ਕੰਮ ਨਾਲ ਆਮ ਲੋਕਾਂ ਨਾਲ ਹੋ ਰਹੀ ਬੇਇਨਸਾਫੀ ਬਾਰੇ ਪਤਾ ਲੱਗਿਆ, ਸੁੱਖੀ ਨੇ ਇਸ ਕੰਮ ਕਰਨ ਤੋਂ ਮਨਾਂ੍ਹ ਕਰ ਦਿੱਤਾ ਅਤੇ ਵਿਰੋਧ ਕਰਨ ਲੱਗਾ। ਜਿਵੇਂ ਉਸਦੇ ਅੰਦਰੋਂ ਉਹ ਸੁੱਤਾ ਹੀਰੋ ਜਾਂ ਨਾਇਕ ਜਾਗ ਪਿਆ ਹੋਵੇ ਜਿਸ ਬਾਰੇ ਉਹ ਅਕਸਰ ਸੋਚਿਆ ਕਰਦਾ ਸੀ।ਉਹ ਆਪਣੇ ਹੱਥੀਂ ਗਲਤ ਕੰਮ ਕਰਨ ਬਾਰੇ ਸੋਚਣਾ ਤਾਂ ਦੂਰ ਪਰ ਇੱਥੇ ਤਾਂ ਸ਼ਰੇਆਮ ਉਸਨੂੰ ਗਲਤ ਕੰੰਮ ਜਿਸ ਬਾਰੇ ਉਸਨੂੰ ਪਤਾ ਵੀ ਨਹੀਂ ਸੀ ਦਾ ਭਾਗੀਦਾਰ ਬਣਾਇਆ ਜਾ ਰਿਹਾ ਸੀ।
ਸਭ ਨਾਲ ਦੇ ਸਾਥੀ ਸਮਝਾਉਣ ਲੱਗੇ ਕਿ ਬਹੁਤਾ ਗੁੱਸਾ ਕਰਨ ਦਾ ਕੋਈ ਫਾਇਦਾ ਨਹੀਂ ਇੱਥੇ ਇਸੇ ਤਰ੍ਹਾਂ ਹੀ ਚਲਦਾ।ਤੂੰ ਸ਼ਾਇਦ ਪਹਿਲੀ ਵਾਰ ਦੇਖ ਰਿਹਾ ਹੈ ਇਸ ਲਈ ਤੈਂਨੂੰ ਥੋੜਾ ਅਲੱਗ ਜਾ ਲੱਗ ਰਿਹਾ ।ਹੌਲ਼ੀ ਹੌਲੀ ਆਦਤ ਬਣਾ ਲੈ। ਇਹ ਸਭ ਕੁੱਝ ਚਲਦਾ ਰਹਿੰਦਾ ,ਬਹੁਤਾ ਰੌਲਾ ਨਾ ਪਾ,ਕਿਸੇ ਨੀ ਸੁਨਣੀ ਤੇਰੀ। ਬਾਕੀ ਜੇ ਨਹੀਂ ਮੰਨਣੀ ਜਾ ਕਰ ਲੈ ਜੋ ਤੂੰ ਕਰਨਾ, ਏਨਾ ਕਹਿ ਸਭ ਮਸ਼ਕਰੀਆਂ ਹੱਸ਼ਣ ਲੱਗ ਪਏ। ਗੁੱਸੇ ਨਾਲ  ਭਰਿਆ ਸੁੱਖੀ ਚੁਪਚਾਪ ਘਰ ਆ ਗਿਆ। ਸੋਚਣ ਲੱਗਾ ਇਹ ਕਿਹੋ ਜਿਹੇ ਲੋਕ ਨੇ। ਭੋਰਾ ਵੀ ਸ਼ਰਮ ਨਹੀਂ। ਫਿਰ ਸੋਚਿਆ ਚਲੋ ਕੋਈ ਨੀ ਸਾਰੇ ਇਕੋ ਜਿਹੇ ਨਹੀਂ ਹੁੰਦੇ ,ਉਪਰਲੇ ਅਧਿਕਾਰੀਆਂ ਨਾਲ ਗੱਲ ਕਰਾਂਗਾ। ਪਰ ਉਪਰੋਂ ਵੀ ਕੋਈ ਪੁਖਤਾ ਹੱਲ ਨਾ ਹੋਇਆ।ਹੁਣ ਉਹ ਚੁਪ ਸੀ।ਮਨ ਮਾਰ ਲਿਆ। ਪਰ ਕੁੱਝ ਦਿਨਾਂ ਬਾਅਦ ਪਤਾ ਲੱਗਾ ਕਿ ਸਹਿਕਰਮੀਆਂ ਨੇ ਉਸ ਹੋ ਰਹੇ ਗਲਤ ਕੰੰਮ ਲਈ ਸੁੱਖੀ ਨੂੰ ਹੀ ਬਦਨਾਮ ਕਰ ਦਿੱਤਾ ਅਤੇ ਬੁਰਾ ਭਲਾ ਕਿਹਾ। ਉਸਨੇ ਸੋਚਿਆ ਕਿ ਸਾਇਦ ਹੁਣ ਵੇਲਾ ਆ ਗਿਆ ਏ ਉਸਨੂੰ ਵੀ ਆਪਣੇ ਆਪ ਨੂੰ ਬਦਲ ਲੈਣਾ ਚਾਹੀਦਾ ਹੈ ਸਮੇਂ ਮੁਤਾਬਕ। ਬਹੁਤ ਚੱਲ ਪਿਆ ਸੱਚਾਈ ਦੇ ਰਸਤੇ 'ਤੇ। ਯੁੱਗ ਭਾਵ ਕਲਯੁੱਗ ਅਨੁਸਾਰ ਉਸਨੂੰ ਵੀ ਆਪਣੀ ਜੀਵਨ ਸ਼ੈਲੀ ਬਦਲਣੀ ਪਵੇਗੀ ਨਹੀਂ ਤਾਂ ਲੋਕਾਂ ਦੀ ਨਫਰਤ 'ਤੇ ਹੀਣ ਭਾਵਨਾ ਹੀ ਮਿਲੇਗੀ ਕਿਉਂਕਿ  ਅਸੀਂ ਆਧੁਨਿਕ ਜਮਾਨੇ ਦੇ ਲੋਕ ਸੱਚ ਬਰਦਾਸ਼ਤ ਨਹੀਂ ਕਰ ਸਕਦੇ ,ਪਰ ਝੂਠ ਨੂੰ ਘੰਟਿਆਂ ਬੱਧੀ ਸੁਣ ਸਕਦੇ ਹਾਂ,ਸਲਾਹਉਂਦੇ ਹਾਂ।
ਅਗਲੇ ਦਿਨ ਉਸਨੇ ਪਹਿਲੀ ਵਾਰ ਜਿੰਦਗੀ ਦੇ ਅਸ਼ੂਲਾਂ ਨੂੰ ਸ਼ੂਲੀ ਟੰਗ ,ਆਪਣੀ ਜਮੀਰ ਮਾਰ ਕਿਸੇ ਹੋਰ ਦੇ ਕੀਤੇ  ਵਧੀਆ ਕੰਮ ਦਾ ਝੂਠਾ ਪ੍ਰਚਾਰ ਕਿ ਇਹ ਮੈਂ ਕੀਤਾ ਹੈ, ਆਪਣੇ ਨਾਂ ਹੇਠ ਕੀਤਾ। ਚਮਤਕਾਰ ਹੋ ਗਿਆ।ਕੁੱਝ ਨੂੰ ਉਸਦਾ ਝੁਠ ਪਤਾ ਵੀ ਲੱਗ ਗਿਆ ਪਰ ਫਿਰ ਵੀ ਸਾਰੇ ਉਸਦੀ ਖੂਬ ਪ੍ਰਸ਼ੰਸ਼ਾ ਕਰ ਰਹੇ ਸੀ,ਸ਼ਾਬਾਸੇ ਦੇ ਰਹੇ ਸੀ। ਸੁੱਖੀ ਨੇ ਲੰਮਾ ਹੌਂਕਾ ਲਿਆ ਅਤੇ ਮਨੋਂ ਮਨੀ ਸੋਚਣ ਲੱਗਾ ," ਵਾਹ ਉਏ ਸਮਾਜ ਦੇ ਲੋਕੋ! ਸ਼ਦਕੇ ਜਾਵਾਂ ਤੁਹਾਡੇ!" ਅਤੇ ਉਸਦੇ ਬੁੱਲਾਂ ਅੁੱਤੇ ਹਲਕੀ ਜਿਹੀ ਮੁਸਕਾਨ ਆ ਗਈ। ਫਿਰ ਉਹ ਆਪਣੇ ਅੰਦਰਲੇ ਉਸ ਹੀਰੋ /ਨਾਇਕ ਬਾਰੇ ਸੋਚਣ ਲੱਗਾ ਜੋ ਗਲਤ ਹੁੰਦਿਆਂ ਦੇਖ ਜਾਗ ਪੈਂਦਾ ਸੀ ਪਰ ਹੁਣ ਉਹ ਅੰਦਰਲਾ ਹੀਰੋ ਮਰ ਚੁੱਕਾ ਸੀ ਜਾਂ ਕਹਿ ਲਓ ਸਮਾਜਿਕ ਵਰਤਾਰੇ ਨੇ ਉਸਦਾ ਕਤਲ ਕਰ ਦਿੱਤਾ ਸੀ 'ਤੇ ਅੱਜ ਸੁੱਖੀ ਵੀ ਉਸ ਮਰ ਚੁੱਕੇ ਅੰਦਰਲੇ ਹੀਰੋ ਦੀ ਲਾਸ਼ 'ਤੇ ਬੈਠਾ ਉਹਨਾਂ ਸਹਿਕਰਮੀਆਂ ਨਾਲ ਉੱਚੀ ਉੱਚੀ ਗੱਪਾਂ ਮਾਰ ਰਿਹਾ ਸੀ, ਹਸ ਖੇਡ ਰਿਹਾ ਸੀ। ਇਹੋ ਹੈ ਸਾਡੇ ਸਮਾਜ ਦਾ ਭਿਆਨਕ ਆਧੁਨਿਕ ਸੱਚ ਜਿੱਥੇ ਚੰਗਿਆਈ, ਮਾਨਵੀਂ ਗੁਣ ਅਤੇ ਸੱਚਾਈ ਬਣ ਚੁੱਕੇ ਹਨ ,ਇੱਕ ਜਿਉਂਦੀ ਸੜਦੀ ਲਾਸ਼! ਇਹ ਦੇਣ ਸਾਡੇ ਸਮਾਜ ਦੀ ਹੈ।

ਅਵਤਾਰ ਸਿੰਘ ਸੌਜਾ ,
ਪਿੰਡ-ਸੌਜਾ, ਡਾਕਖਾਨਾ-ਕਲੇਹਮਾਜਰਾ,
 ਤਹਿਸੀਲ ਨਾਭਾ, ਜਿਲ੍ਹਾ-ਪਟਿਆਲਾ
ਮੋਬਾਇਲ ਨੰ 98784 29005

30 Oct. 2018

'ਵਧ ਰਿਹਾ ਵੀਡਿਓ ਵਾਇਰਲ ਕਲਚਰ' - ਅਵਤਾਰ ਸਿੰਘ ਸੌਜਾ

ਇੰਟਰਨੈੱਟ ਦਾ ਯੁੱਗ ਸਿੱਖਰ ਛੁਹ ਰਿਹਾ ਹੈ।ਪੂਰੀ ਦੁਨੀਆਂ ਇੱਕ ਪਰਿਵਾਰ ਬਣ ਚੁੱਕੀ ਹੈ। ਅੱਜ ਤੋਂ ਕਈ ਸਾਲ ਪਹਿਲਾਂ ਜਿੱਥੇ ਇੱਕ ਪਿੰਡ ਤੋਂ ਦੂਜੇ ਪਿੰਡ ਚਿੱਠੀ ਪਹੁੰਚਦਿਆਂ ਸਾਲਾਂ ਦਾ ਸਮਾਂ ਲੱਗ ਜਾਂਦਾ ਸੀ, ਅੱਜ ਸਕਿੰਟਾਂ ਵਿੱਚ ਗੱਲ ਪਹੁੰਚ ਵੀ ਜਾਂਦੀ ਹੈ ,ਸੁਣੀ ਵੀ ਜਾਂਦੀ ਹੈ ਅਤੇ ਦੇਖੀ ਵੀ ਜਾ ਸਕਦੀ ਹੈ।ਜਿਵੇਂ ਜਿਵੇਂ ਸੋਸਲ ਮੀਡੀਆ ਦਾ ਦਾਇਰਾ ਵਧ ਰਿਹਾ ਹੈ, ਇੱਕ ਆਧੁਨਿਕ ਵਰਤਾਰਾ ਦਿਨੋਂ ਦਿਨ ਵਧਦਾ ਜਾ ਰਿਹਾ ਹੈ, ਵੀਡਿਓ ਵਾਈਰਲ ਕਲਚਰ। ਕਿਸੇ ਬਿਮਾਰੀ ਵਾਂਗ ਜਾਂ ਵਾਇਰਸ ਵਾਂਗ ਲੋਕਾਂ ਦੀਆਂ ਤਰ੍ਹਾਂ ਤਰ੍ਹਾਂ ਦੀਆਂ ਵੀਡਿਓ ਬਣਾ ਕੇ ਉਹਨਾਂ ਦੁਆਰਾ ਆਪ ਜਾਂ ਹੋਰਨਾਂ ਦੁਆਰਾ ਸੋਸਲ ਮੀਡੀਆ 'ਤੇ ਵਾਈੲਲ ਕੀਤੀਆਂ ਜਾਂ ਰਹੀਆਂ ਹਨ। ਰੋਜਾਨਾ ਅਜਿਹੀਆਂ ਵਾਇਰਲ ਹੁੰਦੀਆਂ ਵੀਡਿਓਜ ਦੀ ਗਿਣਤੀ ਲੱਖਾਂ -ਕਰੋੜਾਂ ਵਿੱਚ ਹੈ। ਬਿਨਾਂ ਸੋਚੇ ਸਮਝੇ ਕਿ ਉਸ ਭੇਜੀ ਜਾ ਰਹੀ ਵੀਡਿਓ ਵਾਲੇ ਇਨਸਾਨਾਂ ਜਾਂ ਉਸਨੂੰ ਦੇਖਣ ,ਸੁਨਣ ਵਾਲੇ ਇਨਸਾਨਾਂ ਉਪਰ ਉਸਦਾ ਕੀ ਪ੍ਰਭਾਵ ਪਏਗਾ,ਇਹੋ ਜਿਹੀਆਂ ਵੀਡਿਓਜ ਵਾਰ ਵਾਰ ਸੋਸਲ ਮੀਡੀਆ 'ਤੇ ਘੁੰਮਦੀਆਂ ਰਹਿੰਦੀਆਂ ਹਨ।ਕੁੱਝ ਹਾਲਤਾਂ ਵਿੱਚ ਜਿਵੇਂ ਕਿ ਕਿਸੇ ਲੋੜਵੰਦ ਦੀ ਸਹਾਇਤਾ ਲਈ ਜਾਂ ਕਿਸੇ ਦੁਆਰਾ ਕੀਤੇ ਵਧੀਆ ਕੰਮ ਲਈ ਦੂਜੇ ਨੂੰ ਪ੍ਰੇਰਿਤ ਕਰਨ ਲਈ ਭੇਜੀਆਂ ਜਾਂਦੀਆਂ ਵੀਡਿਓਜ ਦੀ ਸਾਰਥਿਕਤਾ ਮੰਨਣਯੋਗ ਹੈ ਪਰ ਹਰ ਚੀਜ ਦੀ, ਹਰ ਘਟਨਾ ਦੀ ਵੀਡਿਓ ਬਣਾ ਕੇ ਭੇਜੀ ਜਾਣਾ ਜਿੱਥੇ ਵੀਡਿਓ ਬਨਾਉਣ ਵਾਲੇ ਦਾ ਖੁਦ ਦਾ ਸਮਾਂ ਬਰਬਾਦ ਹੁੰਦਾ ਹੈ,ਨਾਲ ਹੀ ਉਸਨੂੰ ਦੇਖਣ ਵਾਲੇ ਲੋਕਾਂ ਦਾ ਵੀ ਸਮਾਂ ਖਰਾਬ ਹੁੰਦਾ ਹੈ। ਇਹ ਇੱਕ ਗਲਤ ਵਰਤਾਰਾ ਹੈ। ਇੱਕ ਉਦਾਹਰਨ ਲੈਂਦੇ ਹਾਂ ,ਕਈ ਵਾਰ ਅਸੀਂ ਸੜਕ ਤੇ ਕੋਈ ਦੁਰਘਟਨਾ ਘਟੀ ਦੇਖਦੇ ਹਾਂ, ਕੋਈ ਦੁਰਘਟਨਾ ਦਾ ਸ਼ਿਕਾਰ ਸੜਕ 'ਤੇ ਪਿਆ ਕੁਰਲਾ ਰਿਹਾ ਹੋਵੇ ,ਆਪਣੀ ਜਾਨ ਬਚਾਉਣ ਲਈ ਸੰਘਰਸ਼ ਕਰ ਰਿਹਾ ਹੋਵੇ ਤਾਂ ਬਜਾਏ ਇਸਦੇ ਕਿ ਉੱਥੇ ਇਕੱਠੇ ਹੋਏ ਲੋਕ ਉਸਦੀ ਸਹਾਇਤਾ ਕਰਨ,ਡਾਕਟਰ ਨੂੰ ਸੂਚਿਤ ਕਰਨ ਜਾਂ ਆਪ ਹਿੰਮਤ ਕਰਕੇ ਦਰਘਟਨਾਂ ਦੇ ਸ਼ਿਕਾਰ ਨੂੰ ਹਸਪਤਾਲ ਲੈ ਕੇ ਜਾਣ, ਉਹ ਆਪਣੀਆਂ ਜੇਬਾਂ 'ਚੋਂ ਮੋਬਾਇਲ ਕੱਢਦੇ ਹਨ ਕਿਸੇ ਨੂੰ ਸੂਚਿਤ ਕਰਨ ਲਈ ਨਹੀਂ ਪਰ ਕੇਵਲ ਉਸਦੀਆਂ ਫੋਟੋਜ ਲੈਣ ਲਈ ਜਾਂ ਵੀਡਿਓਜ ਬਨਾਉਣ ਲਈ। ਜਦੋਂ ਕਿ ਹੋਣਾ ਤਾਂ ਇਹ ਚਾਹੀਦਾ ਸੀ ਕਿ ਜਲਦ ਤੋਂ ਜਲਦ ਉਸਨੂੰ ਡਾਕਟਰੀ ਸਹਾਇਤਾ ਲਈ ਲੈ ਜਾ ਕੇ ਉਸਦੀ ਜਾਨ ਬਚਾਈ ਜਾ ਸਕੇ। ਕੁਦਰਤੀ ਹੈ ਜਦੋਂ ਅਸੀਂ ਫੋਨ ਵਿੱਚ ਰੁਝੇ ਹੁੰਦੇ ਹਾਂ ਤਾਂ ਸਾਡਾ ਦਿਮਾਗ ਸਿੱਧਾ ਇਸਦੀਆਂ ਤਰੰਗਾਂ ਦੇ ਸੰਪਰਕ ਵਿੱਚ ਹੁੰਦਾ ਹੈ ਅਤੇ ਇਸ ਕਰਕੇ ਸਾਡੀ ਸੋਚ ਸ਼ਕਤੀ ਵੀ ਸੀਮਤ ਹੂੰਦੀ ਹੈ।ਜੇਕਰ ਅਸੀਂ ਅਜਿਹੇ ਸਮੇਂ ਸਮਝ ਤੋਂ ਕੰਮ ਲੈਂਦੇ ਹੋਏ ਫੋਨ ਦੀ ਵਰਤੋਂ ਛੱਡ ਆਪਣੀ ਸੋਚ ਤੋਂ ਕੰਮ ਲਈਏ ਤਾਂ ਕਿੰਨੇ ਹੀ ਅਜਿਹੇ ਦੁਰਘਟਨਾਵਾਂ ਦੇ ਮਾਮਲਿਆਂ ਵਿੱਚ ਆਪਣੀ ਸੂਜ ਬੂਝ ਰਾਹੀਂ ਲੋੜਵੰਦਾਂ ਦੀ ਸਹਾਇਤਾ ਕਰਕੇ ਉਹਨਾਂ ਦੀ ਜਾਨ ਬਚਾ ਸਕਦੇ ਹਾਂ।
ਆਪਣੀ ਨਿੱਜੀ ਜਿੰਦਗੀ ਜਿਉਣ ਦਾ ਅਧਿਕਾਰ ਹਰ ਮਨੁੱਖ ਨੂੰ ਸਾਡੇ ਸੰਵਿਧਾਨ ਰਾਹੀਂ ਮਿਲਿਆ ਹੈ ਪ੍ਰੰਤੂ ਇਹ ਵੀਡਿਓ ਵਾਇਰਲ ਕਲਚਰ ਹਰ ਇੱਕ ਦੀ ਨਿੱਜਤਾ ਵਿੱਚ ਹੱਦੋਂ ਵੱਧ ਬੇਲੋੜੀ ਦਖਲਅੰਦਾਜੀ ਕਰ ਰਿਹਾ ਹੈ। ਸਵੇਰ ਤੋਂ ਲੈ ਕੇ ਰਾਤ ਹੁੰਦਿਆਂ ਜਿੰਨੀਆਂ ਰੋਜਾਨਾਂ ਦੀਆਂ ਤਰਾਂ੍ਹ ਤਰ੍ਹਾਂ ਦੀਆਂ ਵਾਇਰਲ ਵੀਡਿਓਜ ਸੋਸਲ ਮੀਡੀਆ 'ਤੇ ਆ ਰਹੀਆਂ ਹਨ ਉਸਨੂੰ ਦੇਖ ਕੇ ਤਾਂ ਇੰਝ ਲਗਦਾ ਹੈ ਜਿਵੇਂ ਲੋਕ ਵਿਹਲੇ ਹੀ ਹਨ  ਅਤੇ ਸਾਰਾ ਦਿਨ ਕੈਮਰਾ ਲੈ ਹੀ ਘੁੰਮ ਰਹੇ ਹੋਣ। ਹੁਣ ਤਾਂ ਅਜਿਹਾ ਭਿਆਨਕ ਸਮਾਂ ਆ ਗਿਆ ਜਾਪਦਾ ਹੈ ਹੈ ਕਿ ਜੇਕਰ ਤੁਸੀਂ ਆਪਣੇ ਪਰਿਵਾਰ ਨਾਲ ਕਿਤੇ ਬਾਹਰ ਘੁੰਮਣ ਜਾਂਦੇ ਹੋ ਉਦੋਂ ਵੀ ਡਰ ਲਗਦਾ ਹੈ ਪਤਾ ਨਹੀਂ ਕੌਣ ਤੁਹਾਡੀ ਕਿਸ ਤਰ੍ਹਾਂ ਦੀ ਵੀਡਿਓ ਬਣਾ ਕੇ ਅੱਗੇ ਭੇਜ ਦੇਵੇ, ਬੇਮਤਲਬੀ ਇਹ ਸੋਚੇ ਬਿਨਾਂ ਕਿ ਹਰ ਵਿਅਕਤੀ ਦੀ ਸਮਾਜ ਵਿੱਚ ਆਪਣੀ ਨਿੱਜੀ ਜਿੰਦਗੀ ਹੈ ਅਤੇ ਹਰ ਵਿਅਕਤੀ ਦੀ ਸਮਾਜ ਵਿੱਚ ਇੱਕ ਪਛਾਣ ਜਾਂ ਰੁਤਬਾ ਬਣਿਆ ਹੂੰਦਾ ਹੈ। ਵੀਡਿਓ ਵਾਈਰਲ ਕਰਨ ਵਾਲੇ ਦੀ ਛੋਟੀ ਜਿਹੀ ਨਾ ਸਮਝੀ ਉਸ ਵਿਅਕਤੀ ਦੀ ਇੱਜਤ ਮਾਣ ਨੂੰ ਪਲਾਂ ਵਿੱਚ ਤਬਾਹ ਕਰ ਸਕਦਾ ਹੀ। ਜਰੂਰੀ ਨਹੀਂ ਹੁੰਦਾ ਹਰ ਰਿਸ਼ਤਾ ਗਲਤ ਹੋਵੇ ਪਰ ਇਹੋ ਜਿਹੇ ਲੋਕ ਕਿਸੇ ਦੀ ਵੀ ਨਿੱਜੀ ਜਿੰਦਗੀ ਜਾਂ ਰਿਸਤੇ ਨੂੰ ਗਲਤ ਢੰਗ ਨਾਲ ਪੇਸ਼ ਕਰਕੇ, ਉਹਨਾਂ ਦੀ ਪੂਰੀ ਜਿੰਦਗੀ ਨਾਲ ਖਿਲਵਾੜ ਕਰ ਦਿੰਦੇ ਹਨ।
ਲੋਕਾਂ ਨੂੰ ਡਰਾੁੳਣ ਲਈ ਮਾਰਕਾਟ ,ਵਹਿਮਾਂ ਭਰਮਾਂ ਵਾਲੀਆਂ ਵੀਡਿਓਜ, ਗਲਤ ਕੰਮਾਂ ਵੱਲ ਪ੍ਰੇਰਦੀਆਂ ਵੀਡਿਓਜ ਆਦਿ ਵੀ ਇੱਕ ਭਿਆਨਕ ਬਿਮਾਰੀ ਵਾਂਗ ਹਨ ਜਿਹਨਾਂ ਦਾ ਇਲਾਜ ਜੇਕਰ ਸਮੇਂ ਸਿਰ ਨਾ ਕੀਤਾ ਗਿਆ ਤਾਂ ਇਹ ਪੂਰੇ ਸਮਾਜ ਲਈ ਘਾਤਕ ਸਿੱਧ ਹੋ ਸਕਦੀਆਂ ਹਨ।ਪੰਜੇ ਉਗਲ਼ਾਂ ਬਰਾਬਰ ਨਹੀਂ ਹੁੰਦੀਆਂ ।ਬਹੁਤ ਸਾਰੀਆਂ ਵੀਡਿਓਜ ਅਜਿਹੀਆਂ ਵੀ ਹੁੰਦੀਆਂ ਹਨ ਜੋ ਸਮਾਜ ਨੂੰ ਚੰਗਾ ਸੁਨੇਹਾ ਦਿੰਦੀਆਂ ਹਨ ਜਾਂ ਕਿਸੇ ਗਲਤ ਰਸਤੇ 'ਤੇ ਚੱਲ ਰਹੇ ਇਨਸਾਨ ਦੇ ਜੀਵਨ ਨੂੰ ਸਹੀ ਸੇਧ ਦਿੰਦੀਆਂ ਹਨ। ਬਸ ਲੋੜ ਇਹ ਹੈ ਕਿ ਅਸੀਂ ਕੋਈ ਵੀ ਅਜਿਹੀ ਵੀਡਿਓ ਅੱਗੇ ਭੇਜਣ ਤੋਂ ਪਹਿਲਾਂ ਉਸਦੀ ਪ੍ਰਮਾਣਿਕਤਾ ,ਉਸਦਾ ਮਨੋਰਥ ,ਉਸਦਾ ਦੂਜਿਆਂ ਉੱਪਰ ਚੰਗਾ ਜਾਂ ਮਾੜਾ ਪ੍ਰਭਾਵ ਜਰੂਰ ਸੋਚੀਏ ਤਾਂ ਕਿ ਉਸਦਾ ਲੋਕ ਮਨਾਂ ਉਪਰ ਸਕਾਰਾਤਮਕ ਪ੍ਰਭਾਵ ਜਾਵੇ। ਕਿਸੇ ਵੀ ਮੁਸ਼ਕਿਲ ਨਾਲ ਘਿਰੇ ਇਨਸਾਨ ਖਾਸ਼ ਕਰਕੇ ਕਿਸੇ ਮਾੜੀ ਘਟਨਾ ਦੇ ਸ਼ਿਕਾਰ ਇਨਸਾਨ ਦੀ ਵੀਡਿਓ ਬਨਾਉਣ ਦੀ ਥਾਂ ਉਸਦੀ ਸਮੇਂ ਸਿਰ ਮਦਦ ਕਰੋ। ਕੋਈ ਵੀ ਅਜਿਹੀ ਵੀਡਿਓ ਨਾ ਫੈਲਾਈ ਜਾਵੇ ਜੋ ਕਿਸੇ ਦੀ ਨਿੱਜਤਾ, ਮਾਣ ਸਤਿਕਾਰ ਨੂੰ ਠੇਸ ਪਹੁੰਚਾਵੇ ਜਾਂ ਲੋਕ ਮਨਾਂ ਵਿੱਚ ਆਪਸੀ ਵੈਰ ਵਿਰੋਧ ,ਨਫਰਤ ਨੂੰ ਵਧਾਵੇ।
ਤੁਹਾਡੀ ਥੋੜੀ੍ਹ ਜਿਹੀ ਸਾਵਧਾਨੀ ਕਿਸੇ ਦੀ ਜਿੰਦਗੀ ਸੰਵਾਰ ਸਕਦੀ ਹੈ। ਤੈਕਨਾਲੌਜੀ ਦਾ ਵਿਕਾਸ ਵਰਦਾਨ ਵੀ ਹੈ,ਪਰ ਜੇਕਰ ਇਸਨੂੰ ਸੋਚ ਸਮਝ ਕੇ ਨਹੀਂ ਵਰਤਾਂਗੇ ਤਾਂ ਇਹ ਸ਼ਰਾਪ ਵੀ ਬਣ ਸਕਦਾ ਹੈ।ਇਹ ਸਾਡੀ ਸੋਚ ਅਤੇ ਵਰਤੋਂ ਉੱਤੇ ਨਿਰਭਰ ਕਰਦਾ ਹੈ । ਸੋ ਅਗਲੀ ਵਾਰ ਕੋਈ ਵੀ ਵੀਡਿਓ ਅੱਗੇ ਭੇਜਣ ਤੋਂ ਪਹਿਲਾਂ ਸੋਚਿਓ ਜਰੂਰ......ਧੰਨਵਾਦ।

ਅਵਤਾਰ ਸਿੰਘ ਸੌਜਾ ,
ਪਿੰਡ-ਸੌਜਾ, ਡਾਕਖਾਨਾ-ਕਲੇਹਮਾਜਰਾ,
 ਤਹਿਸੀਲ ਨਾਭਾ, ਜਿਲ੍ਹਾ-ਪਟਿਆਲਾ
ਮੋਬਾਇਲ ਨੰ 98784 29005

ਹਾਸਾ ਵਿਕਾਓ ਹੈ! - ਅਵਤਾਰ ਸਿੰਘ ਸੌਜਾ

ਪੁਰਾਣੇ ਸਮਿਆਂ ਵਿੱਚ ਲੋਕੀਂ ਖੁੱਲ੍ਹਾ ਖਾਂਦੇ ਸੀ ਅਤੇ ਖੁੱਲ੍ਹਾਂ ਹਸਦੇ ਸੀ, ਜਿਹੜਾ ਯੋਗਾ ਅੱਜ ਅੰਤਰਰਾਸ਼ਟਰੀ ਪੱਧਰ 'ਤੇ ਜੋਰ ਸ਼ੋਰ ਨਾਲ ਪ੍ਰਚਾਰ ਰਾਹੀਂ ਲੋਕਾਂ ਨੂੰ ਸਿਖਾਇਆਂ ਜਾ ਰਿਹਾ ਹੈ। ਉਹ ਪੁਰਾਣੇ ਲੋਕੀਂ ਹੱਥੀ ਕੰਮ ਕਰਦੇ ਜਾਂ ਇੱਕ ਦੂਜੇ ਨਾਲ ਹਾਸਾ ਮਖੋਲ ਕਰਦੇ ਆਪਣੇ ਫੇਫੜਿਆਂ ਨੂੰ ਖੋਲ ਲੈਂਦੇ ਸੀ। ਸੱਥਾਂ ਵਿੱਚ ਪਿੰਡ ਦੇ ਬੱਚੇ ਕੀ, ਨੌਜਵਾਨ ਕੀ, 'ਤੇ ਬਜੁਰਗ ਕੀ, ਸਭ ਇੱਕ ਦੂਜੇ ਨਾਲ ਖੁੱਲ੍ਹ ਖੁੱਲ੍ਹ ਕੇ ਹੱਸਦੇ ਖੇਡਦੇ। ਉਮਰਾਂ ਦੇ ਪੜਾਂਵਾਂ ਦਾ ਅੰਤਰ ਬਹੁਤਾ ਨਹੀਂ ਸੀ। ਘਰ੍ਹਾਂ ਦੀਆਂ ਔਰਤਾਂ , ਤੀਆਂ 'ਤੇ ਹੋਰ ਤਿੱਥ ਤਿਉਹਾਰਾਂ ਨੂੰ ਆਂਢ ਗੁਆਂਢ ਦੀਆਂ ਔਰਤਾਂ ਨਾਲ ਮਿਲ ਬੈਠਦੀਆਂ, ਸਹੁਰੇ ਘਰ ਵਸਦੀਆਂ ਧੀਆਂ ਇਹਨਾਂ ਤਿੱਥ ਤਿਉਹਾਂਰਾਂ ਵੇਲੇ ਪੇਕਿਆਂ ਨੂੰ ਫੇਰੀ ਪਾਉਂਦੀਆਂ ਅਤੇ ਦੁੱਖ ਸੁੱਖ ਕਰਦੀਆਂ । ਉਹ ਸਮਾਂ ਸੱਚ ਮੁੱਚ ਹੀ ਸਵਰਗ ਵਾਂਗ ਜਾਪਦਾ ਸੀ। ਲੋਕ ਅਨਪੜ੍ਹ ਸੀ ਪਰ ਦਿਲਾਂ ਦੇ ਸੱਚੇ ਸੀ। ਤਰੱਕੀ ਨਹੀਂ ਸੀ ਹੋਈ ਪਰ ਦੋ ਵੇਲੇ ਦੀ ਰੋਟੀ ਸਭ ਹੱਸ ਖੇਡ ਖਾਂਦੇ ਸੀ। ਮਨੋਰੰਜਨ ਦੇ ਸਾਧਨ ਬਹੁਤੇ ਨਹੀਂ ਸਨ ਪਰ ਜੀ ਪਰਚਾਵਾ ਸਭ ਦਾ ਵਧੀਆ ਹੂੰਦਾ ਸੀ। ਲੋਕੀਂ ਚੁਸਤ ਚਲਾਕ ਬਹੁਤੇ ਨਹੀਂ ਸਨ ਪਰ ਸਿਆਣਪ ਸਭ ਕੋਲ ਸੀ। ਨੈਤਿਕ ਆਦਤਾਂ ਵਾਲੇ ਸੈਮੀਨਾਰ ਕਿਤੇ ਨਹੀਂ ਲਗਦੇ ਸੀ ਪਰ ਰਿਸ਼ਤਿਆਂ ਦੀ ਕਦਰ ਸਭ ਨੂੰ ਸੀ।
ਜਿਉਂ ਜਿਉਂ ਇਨਸਾਨ ਸਿਆਣਾ ਬਣਦਾ ਗਿਆ , ਤਰੱਕੀ  ਤੇ ਵਿਕਾਸ ਕਰਦਾ ਗਿਆ । ਪਤਾ ਨਹੀਂ ਉਹ ਖੁਸ਼ੀ, ਉਹ ਖੁੱਲ੍ਹ ਕੇ ਹੱਸਣਾ ਹੀ ਭੁੱਲ ਗਿਆ ਕਿਤੇ ਸਾਇਦ। ਸਵੇਰੇ ਸ਼ਾਮ ਪਿੰਡਾਂ ਸ਼ਹਿਰਾਂ ਦੇ ਪਾਰਕਾਂ ਵਿੱਚ ਕੁੱਝ ਲੋਕ ਜਰੂਰ ਉੱਚੀਂ ਉੱਚੀ ਹੱਸਣ ਵਾਲਾ ਨਕਲੀ ਹਾਸਾ ਹਸਦੇ, ਯੋਗਾ ਕਰਦੇ ਨਜ਼ਰ ਆੁੳਂਦੇ ਹਨ, ਪਰ ਅਸਲ ਜਿੰਦਗੀ ਚੋਂ ਆਪ ਮੁਹਾਰੇ ਫੁੱਟਣ ਵਾਲਾ ਹਾਸਾ ਲਗਭਗ ਬੁੱਲਾਂ 'ਤੋਂ ਕਿਧਰੇ ਉਡ ਗਿਆ ਜਾਪਦਾ ਹੈ । ਆਖਿਰ ਕੀ ਕਾਰਨ ਹੈ? ਕਿਉਂ ਹੁਣ ਹਾਸਾ ਵਿਕਾਓ ਹੋ ਗਿਆ। ਸ਼ਹਿਰਾਂ, ਪਿੰਡਾਂ ਵਿੱਚ, ਟੀ.ਵੀ 'ਤੇ ਹਾਸਰਸ ਕਵੀ, ਪ੍ਰੋਗਰਾਮਾਂ ਵਿੱਚ ਆਪਣੀਆਂ ਜੁਗਲਬੰਦੀਆਂ ਰਾਹੀਂ ਇਨਸਾਨ ਨੂੰ ਦੋ ਘੜੀ ਹਸਾਉਣ ਦੀ ਹਿੰਮਤ ਕਰਦੇ ਹਨ ਪਰ ਕੁੱਝ ਪਲਾਂ ਪਿੱਛੋਂ ਪਤਾ ਨਹੀਂ ਕਿਉਂ ਫਿਰ ਉਹ ਹਾਸਾ ਗਾਇਬ ਜਾਂਦਾ ਹੈ। ਕਿਸੇ ਸਾਥੀ ਨਾਲ ਹੱਸ਼ਣ ਵਾਲੀ ਗੱਲ ਵੀ ਕਰੋ ਤਾਂ ਅਗਲਾ ਵੀ ਬਸ ਬੁੱਲਾਂ ਵਿੱਚ ਹਲਕਾ ਜਿਹਾ ਮੁਸਕਰਾ ਕੇ ਹੀ ਸਾਰ ਦਿੰਦਾ ਹੈ। ਨਜਰ ਲੱਗ ਗਈ ਜਾਪਦੀ ਹੈ ਸਾਡੇ ਹਾਸਿਆਂ ਨੂੰ। ਕੀ ਸਾਡੀ ਜਿੰਦਗੀ ਏਨੀ ਭਾਰ ਬਣ ਚੁੱਕੀ ਹੈ ਸਾਡੇ 'ਤੇ ਕਿ ਸਾਡੇ ਅੰਦਰੋਂ ਫੁੱਟਦੇ ਹਾਸਿਆਂ ਦੇ ਫੁਹਾਰਿਆਂ ਨੂੰ ਵੀ ਦਬਾ ਰਹੀ ਹੈ।
ਅਖਿਰ ਕਿਉਂ ਇਨਸਾਨ ਹੱਸਣਾ ਭੁੱਲ ਗਿਆ ਹੈ। ਕਾਰਣ ਅਨੇਕਾਂ ਹੋਣਗੇ। ਜਿੰਦਗੀ ਦੁੱਖਾਂ ਅਤੇ ਸੁੱਖਾਂ ਦੀ ਨਗਰੀ ਸੀ ਪਰ ਅਸੀਂ ਆਪਣੀ ਸੋਚ ਨਾਲ ਇਸਨੂੰ ਦੁੱਖਾਂ ਦੀ ਨਗਰੀ ਹੀ ਬਣਾ ਲਿਆ ਹੈ। ਸਾਨੂੰ ਸੋਚਣ ਦੀ ਲੋੜ ਹੈ ਕਿ ਅਸੀਂ ਜਿੰਦਗੀ ਕੱਟ ਰਹੇ ਹਾਂ ਜਾਂ ਜਿੰਦਗੀ ਜੀ ਰਹੇ ਹਾਂ। ਦੋਨਾਂ ਗੱਲਾਂ ਵਿੱਚ ਬਹੁਤ ਫਰਕ ਹੈ।ਦੁੱਖ ਅਤੇ ਸੁੱਖ ਨਾਲ ਨਾਲ ਹੀ ਚਲਦੇ ਰਹਿੰਦੇ ਹਨ। ਜਿੰਦਗੀ ਦੇ ਰਸਤੇ 'ਤੇ ਚਲਦਿਆ ਹਰ ਇਨਸਾਨ ਨੂੰ ਬਹੁਤ ਸਾਰੇ ਦੁੱਖਾਂ ,ਹਾਦਸਿਆਂ ,ਸਦਮਿਆਂ ਨੂੰ ਸਹਿਣਾ ਪੈਂਦਾ ਹੈ ਪਰ ਜਿਸ ਤਰ੍ਹਾਂ ਕਹਿੰਦੇ ਹਨ ਕਿ ਰਾਤ ਦਾ ਪਰਛਾਂਵਾਂ ਕਦੇ ਸੂਰਜ ਨੂੰ ਹਮੇਸ਼ਾ ਲਈ ਨਹੀਂ ਢੱਕ ਸਕਿਆ ਉਸੇ ਤਰ੍ਹਾਂ ਇਹ ਦੁੱਖ ਦੇ ਬੱਦਲ ਵੀ ਹਮੇਸ਼ਾਂ ਲਈ ਸਾਡੀਆਂ ਖੁਸ਼ੀਆਂ, ਸਾਡੇ ਸੁੱਖਾਂ ਨੂੰ ਸਾਡੇ ਤੋਂ ਨਹੀਂ ਖੋ ਸਕਦੇ।ਜੇਕਰ ਜਿੰਦਗੀ ਵਿੱਚ ਦੁੱਖ ਦੀ ਘੜੀ ਆਈ ਹੈ ਤਾਂ ਉਸਨੂੰ ਕੱਟਣ ਸਹਿਣ ਕਰਨ ਦੀ ਸਕਤੀ ਵੀ ਪਰਮਾਤਮਾ ਦਿੰਦਾ ਹੈ ਅਤੇ ਉਸੇ ਦੀ ਮਿਹਰ ਨਾਲ ਅੱਗੇ ਸੁੱਖ ਵੀ ਦੇਖਣ ਨੂੰ ਮਿਲਦਾ ਹੈ। ਕਹਿੰਦੇ ਹਨ ਦੁੱਖ ਵੰਡਣ ਨਾਲ ਵੀ ਘਟ ਜਾਂਦਾ ਹੈ ਪਰ ਹਕੀਕਤ ਤਾਂ ਇਹ ਹੈ ਕਿ ਆਧੂਨਿਕ ਯੁੱਗ ਵਿੱਚ ਨਾਂ ਤਾਂ ਅਸੀਂ ਆਪਣਾ ਦੁੱਖ ਕਿਸੇ ਨਾਲ ਵੰਡ ਕੇ ਰਾਜੀ ਹਾਂ ਨਾ ਹੀ ਕਿਸੇ ਕੋਲ ਏਨਾ ਸਮਾਂ ਹੈ ਕਿ ਉਹ ਸਾਡੇ ਦੁੱਖ ਤਕਲੀਫ ਨੂੰ ਸਮਝ ਸਕੇ ਜਾਂ ਸਾਡਾ ਦੁੱਖ ਹਲਕਾ ਕਰਕੇ ਸਾਡੇ ਚਿਹਰੇ 'ਤੇ ਮੁਸਕਾਨ ਲਿਆ ਸਕੇ। ਸ਼ਾਇਦ ਦੁਨੀਆਂ ਵਿੱਚ ਤੁਹਾਡਾ ਸਭ ਤੋਂ ਵਧੀਆਂ ਦੋਸਤ ਸਾਥੀ ਵੀ ਉਹੀ ਇਨਸਾਨ ਹੀ ਹੈ ਜੋ ਤੁਹਾਨੂੰ ਰੋਂਦਿਆਂ ਨੂੰ ਵੀ ਹਸਾ ਸਕਣ ਦੀ, ਦੁੱਖ ਭੁਲਾਉਣ ਦੀ ਤਾਕਤ ਰੱਖਦਾ ਹੋਵੇ। ਹੱਸਦਿਆਂ ਨੂੰ ਤਾਂ ਕੋਈ ਵੀ ਰੁਲਾ ਸਕਦਾ ਹੈ । ਇਹ ਤਾਂ ਗੱਲ ਹੋਈ ਉਸ ਹਾਸੇ ਦੀ ਜਿਸਨੂੰ ਅਜਿਹੇ ਦੁੱਖ ਦੀ ਮਾਰ ਪੈਂਦੀ ਹੈ ਜਿਸਤੇ ਇਨਸਾਨ ਦਾ ਕੋਈ ਵਸ ਨਹੀਂ ਚਲਦਾ ।ਪ੍ਰੰਤੂ ਕੁੱਝ ਦੁੱਖ ਇਨਸਾਨ ਨੇ ਖੁਦ ਹੀ ਆਪ ਸਹੇੜੇ ਹੋਏ ਹਨ, ਜਿਸ ਕਰਕੇ ਉਹ ਦਿਨ ਰਾਤ ਸੜਦਾ ਰਹਿੰਦਾ ਹੈ,ਹੱਸਣਾ ਭੁੱਲ ਗਿਆ ਹੈ। ਇਸ ਵਿੱਚ ਸਭ ਤੋਂ ਵੱਡਾ ਦੁੱਖ ਮਨੁੱਖ ਦੀਆਂ ਫਾਲਤੂ ਦੀਆਂ ਇਛਾਵਾਂ ਦਾ ਹੈ। ਮਨੁੱਖ ਦਾ ਸਭ ਤੋਂ ਵੱਡਾ ਗਹਿਣਾ ਉਸਦਾ ਸਬਰ ਸੰਤੋਖ ਹੈ। ਜਿਸਨੇ ਸਬਰ ਕਰ ਲਿਆ ਸਮਝੋ ਜੱਗ ਜਿੱਤ ਲਿਆ। ਪਰ ਇਹ ਦੁਨੀਆਂ ਦਾ ਸਭ ਤੋਂ ਔਖਾ ਕੰਮ ਵੀ ਹੈ। ਬਹੁਤ ਔਖਾ ਮਨ ਨੂੰ ਮਾਰਨਾ । ਕਹਿੰਦੇ ਹਨ ਜੋ ਸਾਡੀ ਕਿਸਮਤ ਵਿੱਚ ਲਿਖਿਆ ਕੋਈ ਖੋਹ ਨਹੀਂ ਸਕਦਾ,ਜੋ ਨਹੀਂ ਲਿਖਿਆ ਕੋਈ ਦੇ ਨਹੀਂ ਸਕਦਾ। ਫਿਰ ਪਤਾ ਨਹੀਂ ਕਿਉਂ ਇਨਸਾਨ ਉਹਨਾਂ ਚੀਜਾਂ ਦੀ ਦਿਨ ਰਾਤ ਲਾਲਛਾ ਕਰਦਾ ਹੈ ।ਦੂਜੇ ਕੋਲ ਜੋ ਚੀਜ ਹੈ ਉਸਨੂੰ ਦੇਖ ਕੇ ਸੜਦਾ ਰਹਿੰਦਾ ਹੈ। ਅਤੇ ਦੁੱਖ ਭੋਗਦਾ ਹੈ। ਸੰਤੁਸਟੀ ਕਿਸੇ ਨੂੰ ਨਹੀਂ ਹੈ, ਜੋ ਪੈਦਲ ਚੱਲ ਰਿਹਾ ਹੈ,ਉਹ ਸਾਇਕਲ ਵਾਲੇ ਨੂੰ ਦੇਖ ਲਾਲਛਾ ਕਰਦਾ ਹੈ ਕਿ ਕਦੋਂ ਉਹ ਸਾਇਕਲ 'ਤੇ ਜਾਵੇਗਾ, ਸਾਇਕਲ ਵਾਲਾ ਸੋਚਦਾ ਹੈ ਕਦੋਂ ਮੋਟਰ ਸਾਇਕਲ ਜਾਂ ਸਕੂਟਰ ਲੈ ਲਵਾਂ, ਸਕੂਟਰ /ਮੋਟਰ ਸਾਈਕਲ ਵਾਲਾ ਸੋਚਦਾ ਹੈ ਕਦੋਂ ਗੱਡੀ ਲੈ ਲਵਾਂ ਭਾਵੇਂ ਛੋਟੀ ਹੀ ਹੋਵੇ, ਛੋਟੀ ਗੱਡੀ ਵਾਲਾ ਸੋਚਦਾ ਹੈ ਕਦੋਂ ਇਸਤੋਂ ਮਹਿੰਗੀ ਵੱਡੀ ਗੱਡੀ ਲਵਾਂ, ਇਸ ਤਰ੍ਹਾਂ ਇਹ ਮਨੁੱਖੀ ਮਨ ਕਦੇ ਸ਼ਾਂਤ ਨਹੀਂ ਹੁੰਦਾ ਅਤੇ ਇਹਨਾਂ ਲਾਲਛਾਵਾਂ ਵਿੱਚ ਦੁੱਖ ਭੋਗਦਾ ਹੈ। ਜੋ ਕੁੱਝ ਪਰਮਤਾਮਾ ਨੇ ਬਖਸ਼ਿਆ ਹੈ ਉਸਦੀ ਖੁਸ਼ੀ ਕਦੇ ਨਹੀਂ ਮਾਣਦਾ।ਨਤੀਜਾ ਇਹ ਹੂੰਦਾ ਹੈ ਕਿ ਬੁੱਲਾਂ ਤੋਂ ਹਾਸਾ ਸਦਾ ਲਈ ਗਾਇਬ ਹੋ ਜਾਂਦਾ ਹੈ।
ਲੋੜ ਹੈ ਆਧੂਨਿਕ ਸਮੇਂ ਵਿੱਚ ਆਪਣੀ ਜਿੰਦਗੀ ਨੂੰ ਗੁਲਜਾਰ ਬਨਾਉਣ ਦੀ। ਅਕਸਰ ਕਥਾਵਾਂ ਵਿੱਚ ਸੁਣਦੇ ਹਾਂ ਕਿ ਮਨੁੱਖ ਚੁਰਾਸੀ ਲੱਖ ਜੂਨਾਂ ਵਿੱਚੋਂ ਲੰਘਣ ਮਗਰੋਂ ਇਨਸਾਨੀ ਜੂਨ 'ਚ ਆਉਂਦਾ ਹੈ,ਪਤਾ ਨਹੀਂ ਸੱਚ ਹੈ ਜਾਂ ਨਹੀਂ ਪਰ ਕਿਉਂ ਨਾ ਅਸੀਂ ਇਸ ਜੀਵਨ ਨੂੰ ਹੀ ਆਪਣਾ ਸੋਹਣਾ ਜੀਵਨ ਬਣਾ ਲਈਏ ਤੇ ਜੀਉਂਈਏ। ਨਾ ਕਿਸੇ ਨਾਲ ਈਰਖਾ ,ਨਾ ਸਾੜਾ ,ਨਾ ਕਿਸੇ ਦੀਆਂ ਗੱਲਾਂ ਦਾ ਗੁੱਸਾ ।ਆਪਣੇ ਆਪ ਵਿੱਚ ਮਸਤ ਰਹਿਣਾ ,ਉਸ ਅਲਬੇਲੇ ਫਕੀਰ ਵਾਗੂੰ ਜੋ ਕੁੱਝ ਵੀ ਨਾ ਹੁੰਦੇ ਹੋਏ ਆਪਣੀ ਮਸਤੀ ਵਿੱਚ ਨੱਚਦਾ ਹੈ, ਟੱਪਦਾ ਹੈ ,ਗਾਉਂਦਾ ਹੈ ਅਤੇ ਪਰਮਾਤਮਾ ਦਾ ਸ਼ੁੱਕਰ ਮਨਾਉਂਦਾ ਹੈ ।ਪੈਂਡਾ ਔਖਾ ਏ ਪਰ ਕੋਸ਼ਿਸ਼ ਕਰਕੇ ਜਰੂਰ ਦੇਖਿਓ ਬਹੁਤ ਖੁਸ਼ੀ ਮਿਲੇਗੀ। ਛੋਟੀਆਂ ਛੋਟੀਆਂ ਗੱਲਾਂ 'ਚੋਂ ਖੁਸ਼ੀ ਲੱਭਣ ਦੀ ਕੋਸ਼ਿਸ਼ ਕਰੀਏ।ਹਰ ਦਿਨ ਆਪਣੀ ਆਪਣੀ ਮਿਹਨਤ ਕਰਦੇ ਹੋਏ ਸਿਕਵੇ ਛੱਡ ਆਪ ਹੱਸੀਏ 'ਤੇ ਲੋਕਾਂ ਦੇ ਚਿਹਰਿਆਂ 'ਤੇ ਵੀ ਮੁਸ਼ਕਾਨ ਲਿਆਈਏ। ਅੰਤ ਵਿੱਚ ,"
ਹਾਸਾ ਵਿਕਾਓ ਹੈ! ਹਾਸਾ ਵਿਕਾਓ ਹੈ!
ਪਰ ਬਹੁਤਾ ਮਹਿੰਗਾ ਵੀ ਨਹੀਂ!
ਖਰਚ ਕਰਨੇ ਪੈਣਗੇ ਦੋਸਤੋ ਕੁੱਝ !
ਮਸਤੀ ਦੇ ਪਲ , ਫਕੀਰੀਆਂ 'ਦੇ ਰਸਤੇ 'ਤ ਚਲ!
ਛੱਡਣੇ ਪੈਣਗੇ ਦੋਸਤੋ!
ਈਰਖਾ, ਸਾੜਾ 'ਤੇ ਗੁੱਸੇ ਗਿਲੇ ,ਸਿੱਕਵੇ ਦੀਆਂ ਬਾਤਾਂ ਰਲ!
ਮੁੱਕਦੀ ਗੱਲ ਜੇ ਲਾਉਣੇ ਹਾਸਿਆਂ ਦੇ ਖੰਭ ਤੁਸੀਂ !
ਸਬਰ ਪੱਲੇ ਬੰਨ੍ਹ ਰਹੋ ਹਰਦਮ ਇਹ ਕਹਿੰਦੇ ਕਿ
" ਮਨ ਮੇਰੇ ਹਰ ਗੱਲ ਦਾ ਚਾਓ ਹੈ"
ਹਾਸਾ ਵਿਕਾਓ ਹੈ ਜੀ ਹਾਸਾ ਵਿਕਾਓ ਹੈ...!
ਬਸ ਖਰੀਦਣਾ ਆਉਣਾ ਚਾਹੀਦਾ ਏ ਜੀ...!
ਹਾਸਾ ਵਿਕਾਓ ਹੈ!!

ਅਵਤਾਰ ਸਿੰਘ ਸੌਜਾ ,
ਪਿੰਡ-ਸੌਜਾ, ਡਾਕਖਾਨਾ-ਕਲੇਹਮਾਜਰਾ,
 ਤਹਿਸੀਲ ਨਾਭਾ, ਜਿਲ੍ਹਾ-ਪਟਿਆਲਾ
ਮੋਬਾਇਲ ਨੰ 98784 29005